Gurbhajan Gill ਗੁਰਭਜਨ ਗਿੱਲ
ਗੁਰਭਜਨ ਸਿੰਘ ਗਿੱਲ (ਪ੍ਰੋਃ)ਦਾ ਜਨਮ 2 ਮਈ 1953 ਨੂੰ ਗੁਰਦਾਸਪੁਰ ਜ਼ਿਲ੍ਹੇ ਦੀ ਡੇਰਾ ਬਾਬਾ ਨਾਨਕ ਤਹਿਸੀਲ ਦੇ ਪਿੰਡ ਬਸੰਤ ਕੋਟ (ਨੇੜੇ ਧਿਆਨਪੁਰ )ਵਿਖੇ ਪਿਤਾ ਸਰਦਾਰ ਹਰਨਾਮ ਸਿੰਘ ਗਿੱਲ ਅਤੇ ਮਾਤਾ ਤੇਜ ਕੌਰ ਦੇ ਘਰ ਹੋਇਆ। ਉਸ ਦੇ ਵੱਡੇ ਭੈਣ ਜੀ ਪ੍ਰਿੰਸੀਪਲ ਮਨਜੀਤ ਕੌਰ ਵੜੈਚ(ਕਰਨਾਲ)ਵੱਡੇ ਵੀਰ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ (ਸਿਡਨੀ -ਆਸਟਰੇਲੀਆ)ਤੇ ਪ੍ਰੋ: ਸੁਖਵੰਤ ਸਿੰਘ ਗਿੱਲ (ਬਟਾਲਾ) ਨੇ ਆਪਣੇ ਨਿੱਕੇ ਵੀਰ ਪ੍ਰੋਃ ਗੁਰਭਜਨ ਸਿੰਘ ਗਿੱਲ ਦਾ ਹਮੇਸ਼ਾਂ ਹਰ ਚਾਅ ਪੂਰਾ ਕੀਤਾ ਹੈ।
ਪ੍ਰੋਃ ਗੁਰਭਜਨ ਸਿੰਘ ਗਿੱਲ ਸਮਰੱਥ ਤੇ ਲਗਾਤਾਰ ਕ੍ਰਿਆਸ਼ੀਲ ਪੰਜਾਬੀ ਕਵੀ, ਸਾਹਿਤਕ ਟਿੱਪਣੀਕਾਰ, ਖੇਤੀਬਾੜੀ ਵਿਗਿਆਨ ਸਾਹਿੱਤ ਸੰਪਾਦਕ , ਸੰਸਥਾਗਤ ਪ੍ਰਬੰਧਕ ਅਤੇ ਪੇਂਡੂ ਖੇਡਾਂ ਤੇ ਸਭਿਆਚਾਰਕ ਮੇਲਿਆਂ ਦੇ ਸਰਪ੍ਰਸਤ ਵਜੋਂ ਬਹੁਤ ਹੀ ਸਰਗਰਮ ਸਖਸ਼ੀਅਤ ਹਨ।
ਸਿੱਖਿਆ : ਆਪਣੇ ਪਿੰਡ ਬਸੰਤਕੋਟ ਦੇ ਸਰਕਾਰੀ ਸਕੂਲ ਤੋਂ ਪ੍ਰਾਇਮਰੀ, ਸ਼੍ਰੀ ਬਾਵਾ ਲਾਲ ਹਾਈ ਸਕੂਲ ਧਿਆਨਪੁਰ ਤੋਂ ਦਸਵੀਂ ਤੇ ਗੁਰੂ ਨਾਨਕ ਕਾਲਿਜ ਕਾਲਾ ਅਫਗਾਨਾ(ਗੁਰਦਾਸਪੁਰ) ਤੋਂ ਬੀਏ ਭਾਗ ਪਹਿਲਾ ਪਾਸ ਕਰਕੇ ਉਹ 1971 ਵਿੱਚ ਜੀ ਜੀ ਐੱਨ ਖ਼ਾਲਸਾ ਕਾਲਿਜ ਲੁਧਿਆਣਾ ਵਿੱਚ ਪੜ੍ਹਨ ਆ ਗਏ ਜਿੱਥੋਂ 1974 ਵਿੱਚ ਗਰੈਜੂਏਸ਼ਨ ਕਰਕੇ ਉਨ੍ਹਾਂ 1976 ਚ ਗੌਰਮਿੰਟ ਕਾਲਿਜ ਲੁਧਿਆਣਾ ਤੋਂ ਐੱਮ ਏ ਪੰਜਾਬੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚੋਂ ਦੂਜੀ ਪੁਜ਼ੀਸ਼ਨ ਹਾਸਿਲ ਕਰਕੇ ਪਹਿਲੇ ਦਰਜ਼ੇ ‘ਚ ਪਾਸ ਕੀਤੀ।
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵਿੱਚ ਸੇਵਾਵਾਂ :
1954 ਚ ਸਥਾਪਤ ਹੋਈ ਮਹਾਨ ਸਾਹਿੱਤਕ ਤੇ ਅਕਾਡਮਿਕ ਖੋਜ ਸੰਸਥਾ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਉਹ 1980 ਤੋਂ ਸਾਧਾਰਨ ਮੈਂਬਰ, 1984 ਤੋਂ 1988 ਤੀਕ ਕਾਰਜਕਾਰਨੀ ਮੈਬਰ, 1996 ਤੋਂ 2002 ਤੀਕ ਮੀਤ ਪ੍ਰਧਾਨ, 2002 ਤੋਂ 2008 ਤੀਕ ਸੀਨੀਅਰ ਮੀਤ ਪ੍ਰਧਾਨ ਤੇ 2010 ਤੋਂ 2014 ਤੀਕ ਪ੍ਰਧਾਨ ਰਹੇ। ਵਰਨਣ ਯੋਗ ਗੱਲ ਇਹ ਹੈ ਕਿ ਉਨ੍ਹਾਂ ਤੋਂ ਪਹਿਲਾਂ ਇਸ ਮਹਾਨ ਸੰਸਥਾ ਦੇ ਭਾਈ ਸਾਹਿਬ ਭਾਈ ਜੋਧ ਸਿੰਘ, ਡਾਃ ਮ ਸ ਰੰਧਾਵਾ, ਪ੍ਰੋਃ ਪ੍ਰੀਤਮ ਸਿੰਘ, ਗਿਆਨੀ ਲਾਲ ਸਿੰਘ, ਡਾਃ ਸ ਸ ਜੌਹਲ, ਸਃ ਅਮਰੀਕ ਸਿੰਘ ਪੂਨੀ, ਡਾਃ ਸੁਰਜੀਤ ਪਾਤਰ,ਡਾਃ ਦਲੀਪ ਕੌਰ ਟਿਵਾਣਾ ਵੀ ਪ੍ਰਧਾਨ ਰਹਿ ਚੁਕੇ ਸਨ। ਵਰਤਮਾਨ ਸਮੇਂ ਵੀ ਆਪ ਇਸ ਦੀ ਕਾਰਜਕਾਰਨੀ ਕਮੇਟੀ ਦੇ ਆਜੀਵਨ ਮੈਂਬਰ ਤੇ ਪ੍ਰਕਾਸ਼ਨ ਕਮੇਟੀ ਦੇ ਚੇਅਰਮੈਨ ਹਨ।
ਸੱਭਿਆਚਾਰਕ ਖੇਤਰ ਵਿੱਚ ਕਾਰਜ :
ਪ੍ਰੋਃ ਮੋਹਨ ਸਿੰਘ ਯਾਦਗਾਰੀ ਮੇਲਾ ਕਰਵਾਉਂਦੀ ਸੰਸਥਾ ਪ੍ਰੋਃ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ (ਰਜਿਃ) ਲੁਧਿਆਣਾ ਦੇ ਬਾਨੀਆਂ ਵਿੱਚੋਂ ਇੱਕ ਹਨ ਪ੍ਰੋਃ ਗੁਰਭਜਨ ਸਿੰਘ ਗਿੱਲ। ਇਸ ਸੰਸਥਾ ਦੇ ਉਹ 1978 ਤੋਂ 2014 ਤੀਕ ਜਨਰਲ ਸਕੱਤਰ ਤੇ ਸਕੱਤਰ ਜਨਰਲ ਵਜੋਂ ਕਾਰਜਸ਼ੀਲ ਰਹੇ ਹਨ। ਇਸ ਵਕਤ ਉਹ ਇਸ ਦੇ ਸਰਪ੍ਰਸਤ ਹਨ।
ਖੇਡ ਸੱਭਿਆਚਾਰ ਵਿੱਚ ਯੋਗਦਾਨ :
ਪੇਂਡੂ ਖੇਡਾਂ ਦੀ ਉਲੰਪਿਕਸ ਕਿਲ੍ਹਾ ਰਾਏਪੁਰ, ਗੁੱਜਰਵਾਲ (ਲੁਧਿਆਣਾ) ਤੇ ਬਟਾਲਾ ਨੇੜੇ ਪਿੰਡ ਕੋਟਲਾ ਸ਼ਾਹੀਆ (ਗੁਰਦਾਸਪੁਰ) ਵਿੱਚ ਹੁੰਦੀਆਂ ਕਮਲਜੀਤ ਖੇਡਾਂ ਦੀ ਪ੍ਰਬੰਧਕ ਸੁਰਜੀਤ ਸਪੋਰਟ ਅਸੋਸੀਏਸ਼ਨ ਦੇ ਚੇਅਰਮੈਨ ਵਜੋਂ ਵੀ ਸੇਵਾ ਕਰ ਰਹੇ ਹਨ।
ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰਸਟ ਰਾਏਕੋਟ-ਬੱਸੀਆਂ (ਲੁਧਿਆਣਾ) ਦੇ ਬਾਨੀ ਚੇਅਰਮੈਨ ਵਜੋਂ 2012 ਤੋਂ ਕਾਰਜਸ਼ੀਲ ਹਨ। ਇਸ ਟਰਸਟ ਦੀ ਦੇਖ ਰੇਖ ਹੇਠ ਹੀ ਪੰਜਾਬ ਸਰਕਾਰ ਨੇ 5ਕਰੋੜ 80 ਲੱਖ ਦੀ ਲਾਗਤ ਨਾਲ ਬੱਸੀਆਂ (ਨੇੜੇ ਰਾਏਕੋਟ)ਵਿਖੇ ਜਿੱਥੇ ਪੰਜਾਬ ਦੇ ਆਖ਼ਰੀ ਪ੍ਰਭਸੱਤਾ ਸੰਪੰਨ ਮਹਾਰਾਜਾ ਦਲੀਪ ਸਿੰਘ ਨੇ ਜਲਾਵਤਨੀ ਤੋਂ ਪਹਿਲਾਂ ਪੰਜਾਬ ਵਿੱਚ ਆਖ਼ਰੀ ਰਾਤ ਕੱਟੀ , ਉਨ੍ਹਾਂ ਦੀ ਯਾਦਗਾਰ ਦੀ ਉਸਾਰੀ ਕਰਵਾਈ ਗਈ ਹੈ ਜੋ ਇਸ ਵੇਲੇ ਮਾਲਵੇ ਦੇ ਪ੍ਰਸਿੱਧ ਯਾਤਰਾ ਸਥਾਨ ਵਜੋਂ ਪ੍ਰਸਿੱਧ ਹੈ।
ਅਧਿਆਪਨ :
ਆਪ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਚ 30 ਅਪ੍ਰੈਲ1983 ਤੋਂ 31 ਮਈ 2013 ਤੀਕ ਸੀਨੀਅਰ ਸੰਪਾਦਕ ਰਹੇ। ਇਥੋਂ ਸੇਵਾਮੁਕਤ ਹੋ ਕੇ ਉਹ ਕੁਝ ਸਮਾਂ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ(ਬਠਿੰਡਾ) ਵਿੱਚ ਡਾਇਰੈਕਟਰ ਯੋਜਨਾ ਤੇ ਵਿਕਾਸ ਰਹੇ।
ਇਸ ਤੋਂ ਪਹਿਲਾਂ ਉਹ 1976 ਵਿੱਚ ਗੁਰੂ ਨਾਨਕ ਨੈਸ਼ਨਲ ਕਾਲਿਜ ਦੋਰਾਹਾ ਵਿੱਚ ਪਹਿਲੀ ਵਾਰ ਪੜ੍ਹਾਉਣ ਲੱਗੇ। ਅਗਸਤ 1977 ਤੋਂ ਅਪ੍ਰੈਲ 1983 ਤੀਕ ਲਾਜਪਤ ਰਾਏ ਮੈਮੋਰੀਅਲ ਕਾਲਿਜ ਜਗਰਾਉਂ (ਲੁਧਿਆਣਾ) ਵਿੱਚ ਪੜ੍ਹਾਇਆ।
ਉਨਾਂ ਦੀਆਂ ਰਚਨਾਵਾਂ ਇਹ ਹਨ :
ਸ਼ੀਸ਼ਾ ਝੂਠ ਬੋਲਦਾ ਹੈ (ਕਾਵਿ ਸੰਗ੍ਰਹਿ), ਹਰ ਧੁਖਦਾ ਪਿੰਡ ਮੇਰਾ ਹੈ (ਗਜ਼ਲ ਸੰਗ੍ਰਹਿ), ਸੁਰਖ਼ ਸਮੁੰਦਰ (ਕਾਵਿ ਸੰਗ੍ਰਹਿ), ਦੋ ਹਰਫ਼ ਰਸੀਦੀ (ਗ਼ਜ਼ਲ ਸੰਗ੍ਰਹਿ), ਅਗਨ ਕਥਾ (ਕਾਵਿ ਸੰਗ੍ਰਹਿ), ਮਨ ਦੇ ਬੂਹੇ ਬਾਰੀਆਂ (ਗ਼ਜ਼ਲ ਸੰਗ੍ਰਹਿ), ਧਰਤੀ ਨਾਦ (ਕਾਵਿ ਸੰਗ੍ਰਹਿ), ਖ਼ੈਰ ਪੰਜਾਂ ਪਾਣੀਆਂ ਦੀ (ਹਿੰਦ ਪਾਕ ਰਿਸ਼ਤਿਆਂ ਤੇ ਪੰਜਾਬੀਅਤ ਬਾਰੇ ਕਵਿਤਾਵਾਂ), ਫੁੱਲਾਂ ਦੀ ਝਾਂਜਰ (ਗੀਤ ਸੰਗ੍ਰਹਿ), ਪਾਰਦਰਸ਼ੀ (ਕਾਵਿ ਸੰਗ੍ਰਹਿ), ਮੋਰਪੰਖ (ਗ਼ਜ਼ਲ ਸੰਗ੍ਰਹਿ), ਮਨ ਤੰਦੂਰ (ਕਾਵਿ ਸੰਗ੍ਰਹਿ), ਤਾਰਿਆਂ ਦੇ ਨਾਲ ਗੱਲਾਂ ਕਰਦਿਆਂ (ਸੁਲੱਖਣ ਸਿੰਘ ਸਰਹੱਦੀ ਵੱਲੋਂ ਸੰਪਾਦਿਤ ਗ਼ਜ਼ਲ ਸੰਗ੍ਰਹਿ), ਗੁਲਨਾਰ (ਗ਼ਜ਼ਲ ਸੰਗ੍ਰਹਿ), ਮਿਰਗਾਵਲੀ (ਗ਼ਜ਼ਲ ਸੰਗ੍ਰਹਿ), ਰਾਵੀ ( ਗ਼ਜ਼ਲ ਸੰਗ੍ਰਹਿ), ਸੁਰਤਾਲ (ਗ਼ਜ਼ਲ ਸੰਗ੍ਰਹਿ), ਚਰਖ਼ੜੀ (ਕਵਿਤਾਵਾਂ), ਪਿੱਪਲ ਪੱਤੀਆਂ (ਗੀਤ ਸੰਗ੍ਰਹਿ ), ਜਲ ਕਣ (ਰੁਬਾਈਆਂ), ਪੱਤੇ ਪੱਤੇ ਲਿਖੀ ਇਬਾਰਤ, (ਕੁਦਰਤ ਬਾਰੇ 103 ਰੁਬਾਈਆਂ, ਤੇਜ ਪ੍ਰਤਾਪ ਸਿੰਘ ਸੰਧੂ ਦੇ ਫੋਟੋ ਚਿਤਰਾਂ ਸਮੇਤ (ਕੌਫੀ ਟੇਬਲ ਕਿਤਾਬ) ਛਪ ਚੁਕੀਆਂ ਹਨ।
1973 ਤੋਂ 2023 ਵਿਚਕਾਰ ਉਨ੍ਹਾਂ ਵੱਲੋਂ ਲਿਖੇ ਅੱਠ ਗ਼ਜ਼ਲ ਸੰਗ੍ਰਹਿਾਂ ਹਰ ਧੁਖਦਾ ਪਿੰਡ ਮੇਰਾ ਹੈ, ਮੋਰ ਪੰਖ, ਗੁਲਨਾਰ, ਮਿਰਗਾਵਲੀ, ਰਾਵੀ, ਮਨ ਪਰਦੇਸੀ, ਸੁਰਤਾਲ ਤੇ ਜ਼ੇਵਰ ਨੂੰ ਇੱਕ ਜਿਲਦ ਵਿੱਚ ਅੱਖਰ ਅੱਖਰ ਨਾਮ ਦੇਠ ਪ੍ਰਕਾਸ਼ਿਤ ਕੀਤਾ ਗਿਆ ਹੈ।
ਵਾਤਾਵਰਣ ਬਾਰੇ ਇਕਲੌਤੀ ਵਾਰਤਕ ਪੁਸਤਕ ਕੈਮਰੇ ਦੀ ਅੱਖ ਬੋਲਦੀ 1999 ਚ ਛਪੀ ਸੀ ਜੋ ਪਹਿਲਾਂ ਰੋਜ਼ਾਨਾ ਅਖ਼ਬਾਰ ਅਜੀਤ ਚ ਲਗਾਤਾਰ ਤਿੰਨ ਸਾਲ ਛਪੇ ਲੇਖਾਂ ਤੇ ਸ: ਤੇਜਪ੍ਰਤਾਪ ਸਿੰਘ ਸੰਧੂ ਜੀ ਦੇ ਫੋਟੋ ਚਿਤਰਾਂ ਨਾਲ ਸੁਸੱਜਿਤ ਹੈ।
ਸੰਪਾਦਤ ਮਹੱਤਵ ਪੂਰਨ ਪੁਸਤਕਾਂ :
ਧਰਤ ਵੰਗਾਰੇ ਤਖ਼ਤ ਨੂੰ (ਕਿਸਾਨ ਸੰਘਰਸ਼ ਬਾਰੇ ਕਵਿਤਾਵਾਂ), ਸੂਰਜ ਦੀ ਲਿਸ਼ਕੋਰ (ਲੋਕ ਕਵੀ ਪ੍ਰੀਤਮ ਦਾਸ ਠਾਕੁਰ ਦੀ ਚੋਣਵੀਂ ਸ਼ਾਇਰੀ), ਮਹਿਕ ਪੰਜਾਬ ਦੀ ( ਲੋਕ ਕਵੀ ਕਰਤਾਰ ਸਿੰਘ ਕਵੀ ਦੀ ਰਚਨਾ), ਸਃ ਸੋਭਾ ਸਿੰਘ ਸਿਮਰਤੀ ਗ੍ਰੰਥ ( ਪੁਰਦਮਨ ਸਿੰਘ ਬੇਦੀ ਨਾਲ ਸਹਿ ਸੰਪਾਦਨ), ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਲਈ 50 ਤੋਂ ਵੱਧ ਵਿਗਿਆਨਕ ਪੁਸਤਕਾਂ ਤੋਂ ਇਲਾਵਾ ਸਾਲਾਨਾ ਪੀ ਏ ਯੂ ਡਾਇਰੀ, ਫ਼ਸਲ ਕਲੰਡਰ ਤੇ ਆਡਿਉ ਕੈਸਿਟਸ।, 1985 ਵਿੱਚ ਪੀ ਏ ਯੂ ਵੱਲੋਂ ਤਿਆਰ ਕੀਤੀ ਆਡਿਉ ਕੈਸਿਟ ਬੱਲੀਏ ਕਣਕ ਦੀਏ ਲਈ ਗੀਤ ਲਿਖੇ। ਦੇਸ਼ ਭਰ ਵਿੱਚ ਵਿਗਿਆਨ ਪਸਾਰ ਲਈ ਬਣੀ ਇਸ ਪਹਿਲੀ ਕੈਸਿਟ ਨੂੰ ਪਹਿਲਾ ਪੁਰਸਕਾਰ ਮਿਲਿਆ।,
ਪੰਜਾਬੀ ਲੋਕ ਸੰਗੀਤ ਵਿੱਚ ਹਿੱਸਾ :
ਸ਼੍ਰੀਮਤੀ ਨਰਿੰਦਰ ਬੀਬਾ, ਜਗਮੋਹਨ ਕੌਰ, ਅਮਰਜੀਤ ਗੁਰਦਾਸਪੁਰੀ, ਸੁਰਿੰਦਰ ਸ਼ਿੰਦਾ, ਬਰਕਤ ਸਿੱਧੂ, ਦਿਲਜੀਤ ਕੈਸ, ਅਮਰੀਕ ਸਿੰਘ ਗਾਜ਼ੀਨੰਗਲ, ਹੰਸ ਰਾਜ ਹੰਸ, ਕਸ਼ਮੀਰਾ, ਰਾਮ ਸਿੰਘ ਅਲਬੇਲਾ,ਹਰਭਜਨ ਮਾਨ, ਜਸਬੀਰ ਜੱਸੀ ਗੁਰਦਾਸਪੁਰੀ, ਗੁਰਦੀਪ ਸਿੰਘ ਹੋਸ਼ਿਆਰਪੁਰ, ਸਾਬਰ ਕੋਟੀ, ਪੰਮੀ ਬਾਈ, ਕਰਨੈਲ ਗਿੱਲ, ਪਾਲੀ ਦੇਤਵਾਲੀਆ, ਸੁਰਜੀਤ ਭੁੱਲਰ,ਬਲਧੀਰ ਮਾਹਲਾ, ਲਾਭ ਜੰਜੂਆ, ਸੁਰਜੀਤ ਮਾਧੋਪੁਰੀ, ਜਸਬੀਰ ਸਿੰਘ ਕੂਨਰ ਯੂ ਕੇ,, ਰਣਜੀਤ ਬਾਵਾ, ਕੁਦਰਤ ਸਿੰਘ, ਵਿਜੈ ਯਮਲਾ ਜੱਟ ,ਸੁਰੇਸ਼ ਯਮਲਾ ਜੱਟ, ਪਵਨਦੀਪ ਚੌਹਾਨ ਤੇ ਯਾਕੂਬ ਸਮੇਤ ਕਈ ਹੋਰ ਪ੍ਰਸਿੱਧ ਗਾਇਕਾਂ ਨੇ ਉਨ੍ਹਾਂ ਦੇ ਲਿਖੇ ਗੀਤ ਤੇ ਗ਼ਜ਼ਲਾਂ ਗਾਈਆਂ ਹਨ।
ਅਹੁਦੇਦਾਰੀਆਂ :
ਵਰਤਮਾਨ ਸਮੇਂ ਆਪ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰਸਟ ਬੱਸੀਆਂ -ਰਾਏਕੋਟ (ਲੁਧਿਆਣਾ) ਹਾਕੀ ਉਲੰਪੀਅਨ ਸੁਰਜੀਤ ਸਿੰਘ ਰੰਧਾਵਾ ਦੀ ਯਾਦ ਵਿੱਚ ਬਣੀ ਸੁਰਜੀਤ ਸਪੋਰਟਸ ਅਸੋਸੀਏਸ਼ਨ ਕੋਟਲਾ ਸ਼ਾਹੀਆ(ਬਟਾਲਾ),ਸਃ ਸੋਭਾ ਸਿੰਘ ਮੈਮੋਰੀਅਲ ਫਾਉਂਡੇਸ਼ਨ ਸ਼੍ਰੀ ਹਰਗੋਬਿੰਦਪੁਰ (ਗੁਰਦਾਸਪੁਰ) ਅਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਹਨ।
ਪੁਰਸਕਾਰਾਂ ਦੀ ਸੂਚੀ ਇਹ ਹੈ :
ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਕਵੀ ਪੁਰਸਕਾਰ 2014
ਸ਼ਿਵ ਕੁਮਾਰ ਬਟਾਲਵੀ ਗੋਲਡ ਮੈਡਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 1975
ਭਾਈ ਵੀਰ ਸਿੰਘ ਯਾਦਗਾਰੀ ਕਵਿਤਾ ਪੁਰਸਕਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ 1979
ਸ਼ਿਵ ਕੁਮਾਰ ਪੁਰਸਕਾਰ ਵਿਯਨ ਆਫ਼ ਪੰਜਾਬ ਟੋਰੰਟੋ 1992
ਸ ਸ ਮੀਸ਼ਾ ਪੁਰਸਕਾਰ ਸਿਰਜਣਾ ਕੇਂਦਰ ਕਪੂਰਥਲਾ 2002
ਬਾਵਾ ਬਲਵੰਤ ਪੁਰਸਕਾਰ ਸਾਹਿੱਤ ਟਰਸਟ ਢੁੱਡੀਕੇ (ਮੋਗਾ)1998
ਪ੍ਰੋਃ ਪੂਰਨ ਸਿੰਘ ਪੁਰਸਕਾਰ ਨਵੀਂ ਦਿੱਲੀ 2002
ਗਿਆਨੀ ਸੁੰਦਰ ਸਿੰਘ ਪੁਰਸਕਾਰ ਨਾਭਾ 2002
ਜਨਵਾਦੀ ਪੰਜਾਬੀ ਲੇਖਕ ਮੰਚ ਵੱਲੋਂ ਸਫ਼ਦਰ ਹਾਸ਼ਮੀ ਪੁਰਸਕਾਰ 2003
ਪੰਜਾਬੀ ਲਿਖਾਰੀ ਸਭਾ ਰਾਮਪੁਰ (ਲੁਧਿਆਣਾ) ਵੱਲੋਂ ਸੁਰਜੀਤ ਰਾਮਪੁਰੀ ਪੁਰਸਕਾਰ 2005
ਕਲਮ ਵੱਲੋਂ ਬਲਵਿੰਦਰ ਰਿਸ਼ੀ ਯਾਦਗਾਰੀ ਗ਼ਜ਼ਲ ਪੁਰਸਕਾਰ 2005
ਸਃ ਮੁਖਤਿਆਰ ਸਿੰਘ ਮੰਡ ਪੁਰਸਕਾਰ ਕੈਲਗਰੀ 2010
ਪੰਜਾਬ ਕਲਚਰਲ ਕਲੱਬ ਲੁਧਿਆਣਾ ਵੱਲੋਂ ਸ਼ਾਹ ਹੁਸੈਨ ਯਾਦਗਾਰੀ ਪੁਰਸਕਾਰ 2011
ਗਰੇਵਾਲ ਸਪੋਰਟਸ ਅਸੋਸੀਏਸ਼ਨ ਵੱਲੋਂ ਕਿਲ੍ਹਾ ਰਾਏਪੁਰ ਖੇਡਾਂ ਪੁਰਸਕਾਰ 2012
ਪ੍ਰੋਃ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ(ਰਜਿਃ) ਲੁਧਿਆਣਾ ਵੱਲੋਂ ਪ੍ਰੋਃ ਮੋਹਨ ਸਿੰਘ ਕਵਿਤਾ ਪੁਰਸਕਾਰ 2008
ਮਾਲਵਾ ਸਭਿਆਚਾਰ ਮੰਚ ਲੁਧਿਆਣਾ ਵੱਲੋਂ ਧਨੀ ਰਾਮ ਚਾਤ੍ਰਿਕ ਪੁਰਸਕਾਰ 2014
ਲਿਖਾਰੀ ਸਭਾ ਬਰਨਾਲਾ ਵੱਲੋਂ ਕਰਤਾਰ ਸਿੰਘ ਕੈਂਥ ਯਾਦਗਾਰੀ ਪੁਰਸਕਾਰ 2014
ਰਤਨ ਸਿੰਘ ਹਲਵਾਰਾ ਮੈਮੋਰੀਅਲ ਟਰਸਟ ਹਲਵਾਰਾ ਵੱਲੋਂ ਹਰਿਭਜਨ ਹਲਵਾਰਵੀ ਯਾਦਗਾਰੀ ਪੁਰਸਕਾਰ 2018
ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਜਨਮ 550ਵਾਂ ਸਮਾਰੋਹ ਮੌਕੇ ਗੁਰੂ ਨਾਨਕ ਸਨਮਾਨ 2019
ਸਿੱਖ ਐਜੂਕੇਸ਼ਨਲ ਸੋਸਾਇਟੀ ਚੰਡੀਗੜ੍ਹ ਵੱਲੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਪੁਰਸਕਾਰ 2022
ਲੋਕ ਮੰਚ ਪੰਜਾਬ ਵੱਲੋਂ ਪਹਿਲਾ ਨੰਦ ਲਾਲ ਨੂਰਪੁਰੀ ਯਾਦਗਾਰੀ ਪੁਰਸਕਾਰ 2023
ਫ਼ੈਲੋਸ਼ਿਪ :
ਪੰਜਾਬੀ ਯੂਨੀਵਰਸਿਟੀ ਪਟਿਆਲਾ 2015
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ 2015
ਪ੍ਰੋਃ ਗੁਰਭਜਨ ਸਿੰਘ ਗਿੱਲ ਲੁਧਿਆਣਾ ਸ਼ਹਿਰ ਵਿੱਚ 113 ਐੱਫ, ਸ਼ਹੀਦ ਭਗਤ ਸਿੰਘ ਨਗਰ ,ਪੱਖੋਵਾਲ ਰੋਡ ਲੁਧਿਆਣਾ ਵਿਖੇ ਰਹਿੰਦੇ ਹਨ।- ਤ੍ਰੈਲੋਚਨ ਲੋਚੀ