Mor Pankh (Ghazals Collection) : Gurbhajan Gill

ਮੋਰ ਪੰਖ (ਗ਼ਜ਼ਲ ਸੰਗ੍ਰਹਿ) : ਗੁਰਭਜਨ ਗਿੱਲ




ਬਹੁਤਿਆਂ ਪੱਲੇ ਏਸੇ ਕਰਕੇ ਸੰਘਣੀ ਰੌਣਕ ਤਾਂ ਨਹੀਂ ਹੁੰਦੀ । ਜੜ੍ਹ ਪਰਿਵਾਰ ਸੰਭਾਲਣ ਵਾਲੀ ਬੁੱਕਲ ਧਰਤੀ ਮਾਂ ਨਹੀਂ ਹੁੰਦੀ । ਅੰਬਰ ਵੱਲ ਨੂੰ ਝਾਕਣ ਵਾਲੇ, ਵਾਂਗ ਸਫ਼ੈਦਿਆਂ ਚੀਰੇ ਜਾਵਣ, ਬੋਹੜਾਂ, ਪਿੱਪਲਾਂ, ਪਿਲਕਣ ਵਰਗੀ, ਹਰ ਬੂਟੇ ਦੀ ਛਾਂ ਨਹੀਂ ਹੁੰਦੀ ।

ਅਪਣੀ ਜਾਚੇ ਉਹ ਤਾਂ ਵੱਡੇ

ਅਪਣੀ ਜਾਚੇ ਉਹ ਤਾਂ ਵੱਡੇ ਘਰ ਜਾਂਦਾ ਹੈ । ਵਿਚ ਸਮੁੰਦਰ ਜਾ ਕੇ ਦਰਿਆ ਮਰ ਜਾਂਦਾ ਹੈ । ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ, ਬੇਸ਼ਰਮਾਂ ਦਾ ਨੀਵੀਂ ਪਾ ਕੇ ਸਰ ਜਾਂਦਾ ਹੈ । ਇਹ ਜੋ ਆਤਿਸ਼ਬਾਜ਼ੀ ਸਾਨੂੰ ਵੇਚ ਰਿਹਾ ਏ, ਅਪਣੀ ਚੀਚੀ ਝੁਲਸ ਜਾਣ ਤੇ ਡਰ ਜਾਂਦਾ ਹੈ । “ਅੱਤ' ਨੂੰ 'ਅੰਤ' ਬਣਾਵੇ ਆਖ਼ਰ ਕਹਿਰ ਖ਼ੁਦਾਈ, ਜਬਰ ਜਰਦਿਆਂ ਸਬਰ ਪਿਆਲਾ ਭਰ ਜਾਂਦਾ ਹੈ । ਮਾਂ ਬੋਲੀ, ਮਾਂ ਜਣਨੀ, ਧਰਤੀ ਮਾਤਾ ਕੋਲੋਂ, ਟੁੱਟ ਕੇ ਬੰਦਾ, ਮਰਦਾ ਮਰਦਾ ਮਰ ਜਾਂਦਾ ਹੈ । ਬਹੁਤੀ ਵਾਰੀ ਜਾਗਦਿਆਂ ਨਹੀਂ ਹਿੰਮਤ ਪੈਂਦੀ, ਸੁਪਨੇ ਅੰਦਰ ਜੋ ਕੁਝ ਬੰਦਾ ਕਰ ਜਾਂਦਾ ਹੈ । ਸੋਚ ਵਿਚਾਰਾਂ ਕਰਦਾ ਡੁੱਬਿਆਂ ਵੇਖ ਲਵੋ ਮੈਂ, ਸੱਖਣਾ ਭਾਂਡਾ ਪਾਣੀ ਉੱਤੇ ਤਰ ਜਾਂਦਾ ਹੈ । ਉੱਚੀ ਉੱਚੀ ਬੋਲ ਰਿਹਾ ਏਂ, ਇਹ ਨਾ ਭੁੱਲੀਂ, ਦਿਲ ਮਾਸੂਮ ਪਰਿੰਦਾ, ਏਦਾਂ ਡਰ ਜਾਂਦਾ ਹੈ । ਮਿਲ ਕੇ ਵੀ ਨਾ ਮਿਲਣਾ ਹੈ ਕੁਝ ਇਸ ਤਰ੍ਹਾਂ ਹੀ, ਜਿਉਂ ਤਿੱਤਲੀ ਅੰਗਿਆਰ ਤੇ ਕੋਈ ਧਰ ਜਾਂਦਾ ਹੈ । ਰੱਬਾ ! ਰੱਬਾ ! ਕੂਕਦਿਆਂ ਪਿੰਡ ਮਰ ਚੱਲੇ ਨੇ, ਕਾਲ਼ਾ ਬੱਦਲ ਸ਼ਹਿਰਾਂ ਉੱਤੇ ਵਰ੍ਹ ਜਾਂਦਾ ਹੈ । ਆਮ ਕਹਾਵਤ ਪਹਿਲਾਂ ਵਾਲੀ ਬਦਲ ਗਈ ਏ, ਅਕਲ ਮਿਲੇ, ਲੱਕੜੀ ਬਿਨ ਲੋਹਾ ਤਰ ਜਾਂਦਾ ਹੈ । ਦਿਲ ਨੂੰ ਦੌਲਤ ਏਨੀ ਵੀ ਨਾ ਬਖਸ਼ ਦਿਆ ਕਰ, ਛੋਟਾ ਬਰਤਨ, ਕੰਢਿਆਂ ਤੀਕਰ ਭਰ ਜਾਂਦਾ ਹੈ । ਤੀਰ ਅਤੇ ਤਲਵਾਰ ਜਿਸਮ ਨੂੰ ਕੁਝ ਨਹੀਂ ਕਹਿੰਦੇ, ਅਪਣੀ ਨਜ਼ਰੋਂ ਗਿਰ ਕੇ ਬੰਦਾ ਮਰ ਜਾਂਦਾ ਹੈ । ਡੋਲ ਰਿਹਾ ਮਨ ਟਿਕ ਜਾਂਦੈ, ਮੈਂ ਕੀਕਣ ਦੱਸਾਂ, ਤੇਰਾ ਇਕ ਧਰਵਾਸਾ ਕੀ ਕੁਝ ਕਰ ਜਾਂਦਾ ਹੈ ।

ਜੇ ਤੁਰਿਐਂ ਆਪਣੇ ਤੋਂ ਪਾਰ ਜਾਵੀਂ

ਜੇ ਤੁਰਿਐਂ ਆਪਣੇ ਤੋਂ ਪਾਰ ਜਾਵੀਂ । ਸਦੀਵੀ ਜਿੱਤ ਖ਼ਾਤਰ ਹਾਰ ਜਾਵੀਂ । ਜੁਰਾਬਾਂ ਵਾਂਗ ਲਾਹ ਲਈਂ ਰੁਤਬਿਆਂ ਨੂੰ, ਜਦੋਂ ਵੀ ਰੂਹ ਦੇ ਦਰਬਾਰ ਜਾਵੀਂ । ਜੇ ਤਰਨਾ ਜਾਣਦਾ ਨਹੀਂ ਫੇਰ ਸੁਣ ਲੈ, ਨਦੀ ਦੇ ਨਾ ਕਦੇ ਵਿਚਕਾਰ ਜਾਵੀਂ । ਵਰ੍ਹੀਂ ਘਨਘੋਰ ਬੱਦਲ ਬਣ ਕੇ ਏਨਾ, ਤੂੰ ਬਲ਼ਦੇ ਹਿਰਦਿਆਂ ਨੂੰ ਠਾਰ ਜਾਵੀਂ । ਕਦੇ ਵੀ ਜਿਸਮ ਨੂੰ ਮਿਲ ਕੇ ਨਾ ਪਰਤੀਂ, ਜਦੋਂ ਜਾਵੇਂ ਤਾਂ ਰੂਹ ਦੇ ਪਾਰ ਜਾਵੀਂ । ਸਮਾਂ ਜੇ ਜਾਗਦੇ ਮਿਲਦਾ ਨਹੀਂ ਤਾਂ, ਕਦੇ ਸੁਪਨੇ 'ਚ ਗੇੜਾ ਮਾਰ ਜਾਵੀਂ । ਤੂੰ ਰੁੱਸ ਕੇ ਜਾਣ ਦੀ ਸੋਚੀਂ ਕਦੇ ਨਾ, ਖ਼ੁਸ਼ੀ ਦੇ ਨਾਲ ਲੱਖਾਂ ਵਾਰ ਜਾਵੀਂ । ਜੇ ਅਨਹਦ ਨਾਦ ਚਾਹੇਂ ਰੂਹ 'ਚ ਗੂੰਜੇ, ਸਦੀਵੀ ਚੁੱਪ ਨੂੰ ਟੁਣਕਾਰ ਜਾਵੀਂ ।

ਦਰਿਆ ਝੀਲਾਂ ਤਲਖ ਸਮੁੰਦਰ

ਦਰਿਆ ਝੀਲਾਂ ਤਲਖ ਸਮੁੰਦਰ । ਕੀ ਕੁਝ ਬੰਦਿਆ ਤੇਰੇ ਅੰਦਰ । ਇਸ ਮੰਡੀ ਵਿਚ ਥੋੜੇ ਗੁਰਮੁਖ, ਤੋੜਨ ਬਹੁਤੇ ਦਿਲ ਦਾ ਮੰਦਰ । ਬਾਤ ਗੁਰੂ ਦੀ ਮੰਨਦੇ ਹੀ ਨਾ, ਮੁੰਦਰਾਂ ਵਾਲੇ ਨਾਥ ਮਛੰਦਰ । ਝੂਠ ਬੋਲਦੇ, ਤੱਕਦੇ, ਸੁਣਦੇ, ਗਾਂਧੀ ਤੇਰੇ ਤਿੰਨੇ ਬੰਦਰ । ਜ਼ਿੰਦਗੀ ਮੌਤ ਰੋਜ਼ਾਨਾ ਦੱਸੇ, ਮੈਂ ਉਸਦੇ, ਉਹ ਮੇਰੇ ਅੰਦਰ । ਖ਼ੁਸ਼ਬੂ ਕੌਣ ਲੁਕਾ ਸਕਦਾ ਏ, ਭਾਵੇਂ ਮਾਰੋ ਕਿੰਨੇ ਜੰਦਰ । ਬਾਜ਼ ਉਡਾਰੀ ਮਾਰਨ ਮਗਰੋਂ, ਲੱਭੇ ਮੁੜ ਕੇ ਰੁੱਖ ਦੀ ਕੰਦਰ । ਯਾਰ ਅਮੋਲਕ* ਦਿਲ ਨਾ ਛੱਡੀ, ਮੈਂ ਧੜਕਾਂਗਾ ਤੇਰੇ ਅੰਦਰ । ਪਿਆਰ ਗੁਆਚਾ ਲੱਭਦੇ ਫਿਰੀਏ, ਕਦੇ ਸ਼ਿਕਾਗੋ ਕਦੇ ਜਲੰਧਰ । *ਪੰਜਾਬ ਟਾਈਮਜ਼ ਸ਼ਿਕਾਗੋ ਦਾ ਸੰਪਾਦਕ ਅਮੋਲਕ ਸਿੰਘ ਜੰਮੂ

ਠੋਕਰਾਂ ਨਾ ਮਾਰ ਸ਼ੀਸ਼ਾ ਚੂਰ ਨਾ ਕਰ

ਠੋਕਰਾਂ ਨਾ ਮਾਰ ਸ਼ੀਸ਼ਾ ਚੂਰ ਨਾ ਕਰ । ਅਕਸ ਨੂੰ ਤੂੰ ਆਪਣੇ ਤੋਂ ਦੂਰ ਨਾ ਕਰ । ਬੇਗੁਨਾਹ ਚਿੜੀਆਂ ਨੂੰ ਮਾਰੇਂ ਸ਼ੁਗਲ ਖ਼ਾਤਰ, ਪਾਪ ਦੇ ਕਾਸੇ ਨੂੰ ਇਉਂ ਭਰਪੂਰ ਨਾ ਕਰ । ਜ਼ੁਲਮ ਹੁੰਦਾ ਵੇਖ ਕੇ ਇਹ ਕੁਝ ਨਾ ਬੋਲੇ, ਚਿੱਤ ਨੂੰ ਏਨਾ ਵੀ ਤੂੰ ਮਖ਼ਮੂਰ ਨਾ ਕਰ । ਤਰਸ ਦਾ ਪਾਤਰ, ਤੂੰ ਬਣਕੇ ਖ਼ੁਦ ਵਿਚਾਰਾ, ਜ਼ਿੰਦਗੀ ਦੇ ਅਰਥ ਨੂੰ ਬੇਨੂਰ ਨਾ ਕਰ । ਪਰਖ਼ ਜੇ ਤੈਨੂੰ ਅਜੇ ਦੁਸ਼ਮਣ ਦੀ ਨਹੀਓਂ, ਇਹ ਗਰੀਬੀ ਜ਼ਿਹਨ ਦੀ ਮਸ਼ਹੂਰ ਨਾ ਕਰ । ਬਿਰਖ਼ ਬੂਟੇ ਆਕੜੇ ਸਭ ਟੁੱਟ ਜਾਂਦੇ, ਤੂੰ ਵੀ ਆਪਣੇ ਆਪ ਨੂੰ ਮਗਰੂਰ ਨਾ ਕਰ । ਪਹੁੰਚ ਜਾਵਣ ਨਾ ਕਿਤੇ ਹਥਿਆਰ ਤੀਕਰ, ਤਰਲਿਆਂ ਨੂੰ ਹੋਰ ਤੂੰ ਮਜਬੂਰ ਨਾ ਕਰ ।

ਹੰਝੂਆਂ ਨਾਲ ਮੈਂ ਸੱਤੇ ਸਾਗਰ ਭਰ

ਹੰਝੂਆਂ ਨਾਲ ਮੈਂ ਸੱਤੇ ਸਾਗਰ ਭਰ ਆਇਆ ਹਾਂ । ਦਰਦ ਸੁਣਾ ਕੇ ਪਾਣੀ ਖ਼ਾਰੇ ਕਰ ਆਇਆ ਹਾਂ । ਦੀਦ ਤੇਰੀ ਦੀ ਖ਼ਾਤਰ ਧਰਤ ਆਕਾਸ਼ ਵੀ ਗਾਹਿਆ, ਹਸਰਤ ਦੇ ਦਰਿਆ ਨੂੰ ਵੀ ਮੈਂ ਤਰ ਆਇਆ ਹਾਂ । ਜਿੱਤਣ ਵਾਲੀ ਰੀਝ ਬਣਾਵੇ ਬੰਦਿਓਂ ਘੋੜਾ, ਏਸੇ ਕਰਕੇ ਜਿੱਤੀ ਬਾਜ਼ੀ ਹਰ ਆਇਆ ਹਾਂ । ਪੀਰ ਫ਼ਕੀਰ ਧਿਆਏ, ਜੋ ਵੀ ਰਾਹ ਵਿਚ ਆਏ, ਹੁਣ ਤੱਕ ਜੋ ਨਾ ਕੀਤਾ, ਉਹ ਵੀ ਕਰ ਆਇਆ ਹਾਂ । ਚੂਰੀ ਵਾਲੇ ਪਿੰਜਰੇ ਦੁਸ਼ਮਣ ਵੰਨ-ਸੁਵੰਨੇ, ਸ਼ੁਕਰ ਮਨਾ ਤੂੰ, ਸਾਬਤ ਮੁੜ ਕੇ ਘਰ ਆਇਆ ਹਾਂ । ਠੀਕਰ ਹੋ ਕੇ ਟੁੱਟਿਆਂ, ਜੁੜਿਆਂ, ਸਾਬਤ ਮੁੜਿਆਂ, ਤੇਰੇ ਦਮ ਤੇ ਕਿੰਨੇ ਸਦਮੇ ਜਰ ਆਇਆ ਹਾਂ । ਜਿੱਥੇ ਆਪਾਂ ਦੋਵੇਂ ਪਹਿਲੀ ਵਾਰ ਮਿਲੇ ਸੀ, ਓਸ ਜਗ੍ਹਾ ਚੌਮੁਖੀਆ ਦੀਵਾ ਧਰ ਆਇਆ ਹਾਂ ।

ਤੂੰ ਉਮੀਦਾਂ ਨੂੰ ਹਮੇਸ਼ਾਂ ਨਾਲ਼ ਰੱਖੀ

ਤੂੰ ਉਮੀਦਾਂ ਨੂੰ ਹਮੇਸ਼ਾਂ ਨਾਲ਼ ਰੱਖੀ । ਨੇਰ੍ਹੀਆਂ ਗਲੀਆਂ ’ਚ ਦੀਵਾ ਬਾਲ਼ ਰੱਖੀਂ । ਜੇ ਉਡਾਰੀ ਭਰਨ ਲੱਗੈਂ, ਅਰਸ਼ ਵੱਲ ਤਾਂ, ਪਿੰਡ ਦਾ ਚੇਤਾ ਵੀ ਨਾਲ਼ੋ ਨਾਲ਼ ਰੱਖੀ । ਤੂੰ ਕਦੇ ਵੀ ਤੇਜ਼ ਦੌੜਨ ਦਾ ਨਾ ਸੋਚੀਂ, ਜਿੱਤ ਜਾਵੇਗਾ, ਤੂੰ ਇੱਕ ਚਾਲ ਰੱਖੀਂ । ਨੇਰ੍ਹਿਆਂ ਤੋਂ ਤੂੰ ਡਰੀਂ ਨਾ ਰਾਤ ਵੇਲੇ, ਚੇਤਿਆਂ ਵਿਚ ਤਾਰਿਆਂ ਦਾ ਥਾਲ਼ ਰੱਖੀਂ । ਠਰਨਗੇ ਜਜ਼ਬੇ ਜਦੋਂ ਵੀ ਦੂਰ ਜਾ ਕੇ, ਦਿਲ ਦੇ ਅੰਦਰ ਯਾਦ ਮੇਰੀ ਬਾਲ਼ ਰੱਖੀਂ । ਸੁਣਨਗੇ ਤੈਨੂੰ ਨਿਰੰਤਰ ਲੋਕ ਸਾਰੇ, ਬੋਲ ਸੁੱਚੇ ਤੇ ਸਹੀ ਸੁਰ ਤਾਲ ਰੱਖੀਂ । ਪਹੁੰਚ ਜਾਵੇਂਗਾ ਤੂੰ ਆਪੇ ਸਿਖ਼ਰ ਉੱਤੇ, ਸਿਰਫ਼ ਨੀਂਦਰ ਅੱਖੀਆਂ ਚੋਂ ਟਾਲ਼ ਰੱਖੀਂ । ਕੱਚ ਦੇ ਟੋਟੇ ਕਦੇ ਰੱਖੀਂ ਨਾ ਘਰ ਵਿਚ, ਸੱਚ ਦੇ ਹੀਰੇ ਨੂੰ ਛਾਤੀ ਨਾਲ਼ ਰੱਖੀਂ ।

ਕੋਠੇ ਉੱਪਰ ਮੰਜਾ ਡਾਹ ਕੇ ਅਰਸ਼ 'ਚ

ਕੋਠੇ ਉੱਪਰ ਮੰਜਾ ਡਾਹ ਕੇ ਅਰਸ਼ 'ਚ ਜਗਦੇ ਤਾਰੇ ਵੇਖ । ਬਾਤ ਬਤੌਲੀ ਪਾਵੇਂਗਾ ਜਦ, ਭਰਦੇ ਕਿਵੇਂ ਹੁੰਗਾਰੇ ਵੇਖ । ਬੰਦ ਕਮਰੇ ਵਿਚ ਕੈਦੀਆਂ ਵਾਂਗੂੰ, ਕਿੰਨੀ ਉਮਰ ਗੁਜ਼ਾਰ ਲਈ, ਜਗਦੇ ਬੁਝਦੇ ਜੁਗਨੂੰ ਉੱਡਦੇ ਬਾਹਰ ਖਲੋ ਕੇ ਸਾਰੇ ਵੇਖ । ਅਪਣੀ ਅੱਗ ਵਿਚ ਸੜਦਾ ਬੰਦਾ, ਮੁੱਕਦਾ ਮੁੱਕਦਾ ਮੁੱਕ ਜਾਂਦੈ, ਢੇਰ ਸਵਾਹ ਦਾ ਹੋ ਗਏ ਕਿੱਦਾਂ, ਸੂਹੇ ਸੁਰਖ਼ ਅੰਗਾਰੇ ਵੇਖ । ਬਿਰਖ਼ਾਂ ਕੋਲ ਖਲੋ ਕੇ ਗੱਲਾਂ ਕਰਿਆ ਕਰ ਤੂੰ ਸ਼ਾਮ ਢਲੇ, ਕੱਲ੍ਹ-ਮੁ-ਕੱਲ੍ਹੇ ਚੁੱਪ ਚੁਪੀਤੇ, ਕਿਵੇਂ ਖਲੋਤੇ ਸਾਰੇ ਵੇਖ । ਰੋਜ਼ ਸਵੇਰੇ ਬਾਗ਼ ਬਗੀਚੇ, ਫੁੱਲ-ਪੱਤੀਆਂ ਨੂੰ ਮਿਲਿਆ ਕਰ, ਆਪਸ ਵਿਚ ਗੁਫ਼ਤਗੂ ਕਰਦੇ ਮਹਿਕਾਂ ਭਰੇ ਕਿਆਰੇ ਵੇਖ । ਹੋਰ ਕਿਸੇ ਦੀ ਸੂਰਤ ਵੇਖਣ ਨੂੰ ਤੂੰ ਤਰਸੇਂ ਦਿਨ ਤੇ ਰਾਤ, ਕੁਝ ਪਲ ਸ਼ੀਸ਼ੇ ਕੋਲ ਖਲੋ ਕੇ, ਤੂੰ ਵੀ ਆਪਣੇ ਬਾਰੇ ਵੇਖ । ਅੰਬਰ ਗੰਗਾ ਵਿਚੋਂ ਗੁੰਮੀਆਂ, ਪੈੜਾਂ ਲੱਭਦਾ ਰਹਿੰਦਾ ਏਂ, ਉਨ੍ਹਾਂ ਨੂੰ ਵੀ ਟੋਲ਼ ਕਿ ਜਿਹੜੇ ਫੁੱਲ ਬਣੇ ਨਾ ਤਾਰੇ ਵੇਖ । ਸੁਖ ਦੇ ਦੁੱਖ ਦੇ ਸੰਗੀ ਸਾਥੀ, ਹੌਕੇ, ਸੁਪਨੇ, ਅੱਥਰੇ ਚਾਅ, ਬਣੀਂ ਸਿਕੰਦਰ ਪਿੱਛੋਂ, ਪਹਿਲਾਂ ਜੋ ਜੋ ਪੋਰਸ ਹਾਰੇ ਵੇਖ ।

ਵੇਖ ਲਵੋ ਇਹ ਚੰਚਲ ਮਨ ਕੀ ਕਰਦਾ ਹੈ

ਵੇਖ ਲਵੋ ਇਹ ਚੰਚਲ ਮਨ ਕੀ ਕਰਦਾ ਹੈ । ਬਾਤਾਂ ਪਾ ਕੇ ਆਪ ਨੂੰ ਗਾਰੇ ਭਰਦਾ ਹੈ । ਤੇਰੇ ਨਾਲ ਤੁਰਦਿਆਂ ਜਾਪੇ ਏਸ ਤਰਾਂ, ਜੀਕੂੰ ਵਗਦੀ ਨੈਂ ਉੱਤੇ ਫੁੱਲ ਤਰਦਾ ਹੈ । ਦੁਨੀਆਂਦਾਰੀ ਜੱਗ ਝਮੇਲੇ ਤੋਂ ਹਟ ਕੇ, ਆਪਣੇ ਵਿਚ ਗੁਆਚਣ ਨੂੰ ਜੀਅ ਕਰਦਾ ਹੈ । ਪੱਤਿਆਂ ਵਿਚ ਦੀ ਵੇਖੀ ਰਾਤੀਂ ਚੰਦਰਮਾ, ਕੀਕਣ ਧਰਤੀ ਉੱਤੇ ਚਾਨਣ ਝਰਦਾ ਹੈ । ਆਪਣੇ ਜਾਲ 'ਚ ਆਪ ਸ਼ਿਕਾਰੀ ਫਸ ਜਾਵੇ, ਕਿਸੇ ਮਾਰਿਆਂ ਬੰਦਾ ਕਿੱਥੇ ਮਰਦਾ ਹੈ । ਪੂਜਣਯੋਗ ਬਣਾਉਦੇ ਲੋਕੀਂ ਓਹੀ ਥਾਂ, ਪੈਰ ਸੂਰਮਾ ਜਿਸ ਧਰਤੀ ਤੇ ਧਰਦਾ ਹੈ । ਹੇ ਸ਼ਬਦਾਂ ਦੀ ਦੇਵੀ! ਗ਼ਜ਼ਲ ਲਿਖਾ ਐਸੀ, ਜਿਉਂ ਹਿਰਨੋਟਾ ਜਾਂਦਾ ਚੁੰਗੀਆਂ ਭਰਦਾ ਹੈ ।

ਅਕਲਾਂ ਦਾ ਇਹ ਭਰਮ ਜਖ਼ੀਰਾ

ਅਕਲਾਂ ਦਾ ਇਹ ਭਰਮ ਜਖ਼ੀਰਾ ਅਪਣੇ ਪੱਲੇ ਰਹਿਣ ਦਿਉ । ਪਾਗਲ ਨੂੰ ਵੀ ਬੋਲਣ ਦੇਵੋ, ਜੋ ਕਹਿੰਦਾ ਏ ਕਹਿਣ ਦਿਉ । ਇਹ ਦੱਸੇਗਾ ਹੋਈ ਬੀਤੀ, ਜੋ ਜੋ ਇਸ ਦੇ ਨਾਲ ਪਿਛਾਂਹ, ਫੇਰ ਤੁਰੇਗਾ ਨਾਲ ਤੁਹਾਡੇ ਕੁਝ ਪਲ ਲਾਗੇ ਬਹਿਣ ਦਿਉ । ਇਸ ਜੰਗਲ ਦਾ 'ਨ੍ਹੇਰਾ ਮੇਟਣ ਤੋਂ ਨਾ ਮੈਨੂੰ ਰੋਕੋ ਹੁਣ, ਬਾਂਸ ਲੁਕਾਈ ਬੈਠੇ ਅਗਨੀ, ਇਨ੍ਹਾਂ ਦੇ ਸੰਗ ਖਹਿਣ ਦਿਉ । ਤਲਖ਼ ਗ਼ਮਾਂ ਦੀ ਤੇਜ਼ ਹਨੇਰੀ, ਵਗਦੀ ਵਗਦੀ ਰੁਕ ਜਾਣੀ, ਹੰਝੂਆਂ ਦੀ ਬਰਸਾਤ ਵਰ੍ਹੀ ਹੈ, ਧੂੜਾਂ ਥੱਲੇ ਬਹਿਣ ਦਿਉ । ਵਸਲਾਂ ਦੀ ਪਰਿਕਰਮਾ ਕਰਦੇ ਕਿੰਨੀ ਉਮਰ ਗੁਜ਼ਾਰ ਲਈ, ਹਿਜਰਾਂ ਵੇਲੇ ਕੱਲ੍ਹਿਆਂ ਛੱਡੋ, ਇਹ ਤਲਖ਼ੀ ਖ਼ੁਦ ਸਹਿਣ ਦਿਉ । ਦਰਿਆ ਵਾਂਗੂੰ ਸਫ਼ਰ ਨਿਰੰਤਰ, ਜੀਵਨ ਵਿਚ ਰਫ਼ਤਾਰ ਭਰੋ, ਅੱਥਰੇ ਦਿਲ ਨੂੰ ਰੋਕੋ ਨਾ ਹੁਣ, ਜਿੱਧਰ ਵਹਿੰਦੈ ਵਹਿਣ ਦਿਉ । ਦਿਲ-ਛਤਰੀ ਤੇ ਆਸ ਕਬੂਤਰ ਚਾਹੁੰਦੇ ਨੇ ਸੁਸਤਾਉਣਾ ਜੇ, ਮਾਰ ਗੁਲੇਲ ਉਡਾਵੋ ਨਾ ਹੁਣ, ਬਹਿੰਦੇ ਨੇ ਤਾਂ ਬਹਿਣ ਦਿਉ ।

ਐਵੇਂ ਕਰੀ ਜਾਵੇਂ ਕਾਹਨੂੰ ਮੇਰੇ

ਐਵੇਂ ਕਰੀ ਜਾਵੇਂ ਕਾਹਨੂੰ ਮੇਰੇ ਆਉਣ ਦੀ ਉਡੀਕ । ਕਦੋਂ ਧਰਤੀ ਨੇ ਚੁੰਮੀ, ਟੁੱਟੇ ਤਾਰਿਆਂ ਦੀ ਲੀਕ । ਕਿਵੇਂ ਤੁਰਾਂ ਤੇਰੇ ਨਾਲ ਹੋਇਆ ਪਹੁੰਚਣਾ ਮੁਹਾਲ, ਤੇਰੇ ਮੇਰੇ ਵਿਚਕਾਰ ਲਾਂਘਾ ਵਾਲ ਤੋਂ ਬਰੀਕ । ਕਦੇ ਭੁੱਲ ਕੇ ਵੀ ਮੈਨੂੰ ਨਾ ਤੂੰ ਰਿਸ਼ਤੇ 'ਚ ਬੰਨੀਂ, ਮੇਰੇ ਆਉਣ ਦਾ ਨਾ ਪਤਾ, ਨਾ ਹੀ ਜਾਣ ਦੀ ਤਰੀਕ । ਮੇਰੀ ਬੇਬਸੀ ਨੂੰ ਜਾਣ, ਮੇਰੇ ਹੌਕੇ ਨੂੰ ਪਛਾਣ, ਤੈਨੂੰ ਕਿਵੇਂ ਮੈਂ ਸੁਣਾਵਾਂ, ਫਸੀ ਗਲ਼ੇ ਵਿਚ ਚੀਕ । ਕਾਲ਼ੀ ਰਾਤ ਦਾ ਹਨੇ੍ਹਰਾ ਪਿੱਛਾ ਕਰੀ ਜਾਵੇ ਮੇਰਾ, ਅੱਖ ਬਦਲੀ ਚਿਰਾਗਾਂ ਕੌਣ ਆਵੇ ਨਜ਼ਦੀਕ । ਚੱਲ ਛੱਡ ਤੂੰ ਮੁਹੱਬਤਾਂ ਦੇ ਕਿੱਸਿਆਂ ਨੂੰ ਛੱਡ, ਸਮਾਂ ਕਰੇਗਾ ਨਿਤਾਰਾ ਕਿਹੜਾ ਗਲਤ ਹੈ ਜਾਂ ਠੀਕ । ਜਿਹੜਾ ਸੁਪਨਾ ਲਿਆ ਸੀ, ਕੱਠੇ ਬਹਿ ਕੇ ਆਪਾਂ ਦੋਹਾਂ, ਦੱਸ ਮੇਰੇ ਤੋਂ ਬਗੈਰ, ਕਿਹੜਾ ਕਰੂ ਤਸਦੀਕ । ਚਲੋ ! ਜਿੰਨਾ ਚਿਰ ਤੁਰੇ, ਟੁੱਟੇ ਜੁੜੇ, ਭਾਵੇਂ ਭੁਰੇ, ਹੁਣ ਦਿਲ ਵਿਚੋਂ ਕੱਢ, ਮੈਨੂੰ ਹੋਰ ਨਾ ਧਰੀਕ ।

ਮਰਤਬਾਨ ਵਿਚ ਬੰਦਾ ਕਿੱਦਾਂ ਬਹਿ

ਮਰਤਬਾਨ ਵਿਚ ਬੰਦਾ ਕਿੱਦਾਂ ਬਹਿ ਸਕਦਾ ਹੈ । ਦਿਲ ਦੀ ਦਰਦ ਕਹਾਣੀ ਕਿਸ ਨੂੰ ਕਹਿ ਸਕਦਾ ਹੈ । ਕਿਸੇ ਪਹਾੜੀ ਟੀਸੀ ਤੋਂ ਬਰਫ਼ਾਨੀ ਤੋਦਾ, ਤਪਸ਼ ਬਿਨਾਂ ਕਿੰਜ ਪਾਣੀ ਬਣ ਕੇ ਵਹਿ ਸਕਦਾ ਹੈ । ਮੇਰੇ ਦਿਲ ਦਰਿਆ ਦੇ ਹੜ੍ਹ ਨੂੰ ਤੂੰ ਹੀ ਸਮਝੇਂ, ਤੇਰੀ ਉਂਗਲੀ ਛੂਹ ਕੇ ਥੱਲੇ ਲਹਿ ਸਕਦਾ ਹੈ । ਘਰ ਨੂੰ ਕਬਰਾਂ ਵਾਂਗ ਬਣਾ ਕੇ ਅੰਦਰ ਨਾ ਬਹਿ, ਜੀਂਦਾ ਬੰਦਾ ਕੱਲ੍ਹਾ ਕਿੱਥੇ ਰਹਿ ਸਕਦਾ ਹੈ । ਨਾਲ ਵਿਰੋਧੀ ਲੜਦੇ ਵੇਲੇ ਇਹ ਨਾ ਭੁੱਲੀ, ਆਪਣੀ ਤਾਕਤ ਨਾਲ ਵੀ ਬੰਦਾ ਢਹਿ ਸਕਦਾ ਹੈ । ਦਿਲ ਦੇ ਬੂਹੇ ਏਦਾਂ, ਖੁੱਲ੍ਹੇ ਛੱਡਿਆ ਨਾ ਕਰ, ਇਨ੍ਹਾਂ ਵਿਚੋਂ ਲੰਘ ਕੇ ਦੁਸ਼ਮਣ ਸ਼ਹਿ* ਸਕਦਾ ਹੈ । ਦਿਲ ਤੇ ਜਿੰਨਾ ਭਾਰ ਨੂੰ ਜਿੰਦੇ ਪਾ ਦੇਂਦੀ ਏ, ਇਹ ਮਾਸੂਮ ਪਰਿੰਦਾ ਕਿੱਦਾਂ ਸਹਿ ਸਕਦਾ ਹੈ । *ਲੁਕ ਛਿਪ ਕੇ ਬਹਿਣਾ

ਵਰ੍ਹਦੇ ਮੀਂਹ ਵਿਚ ਉੱਡਣ-ਖਟੋਲਾ

ਵਰ੍ਹਦੇ ਮੀਂਹ ਵਿਚ ਉੱਡਣ-ਖਟੋਲਾ, ਉੱਡਿਆ ਜਾਂਦਾ ਵਾਹੋ ਦਾਹ । ਚੀਰ ਕੇ ਬੱਦਲ, ਤੇਜ਼ ਹਵਾਵਾਂ, ਦੀਨ ਦੁਨੀ ਤੋਂ ਬੇਪ੍ਰਵਾਹ । ਮੈਂ ਧਰਤੀ ਦਾ ਆਦਮ ਕੈਸਾ, ਪੁੱਠੀਆਂ ਸਿੱਧੀਆਂ ਸੋਚ ਰਿਹਾ, ਆਪੇ ਜੋੜਾਂ, ਤੋੜਾਂ ਖ਼ੁਦ ਨੂੰ, ਤੇਜ਼ ਧੜਕਣਾਂ ਸਾਹੋ ਸਾਹ । ਅਗਨ ਪਰਿੰਦੇ ਦੇ ਖੰਭਾਂ ਤੇ, ਕਰਾਂ ਸਵਾਰੀ ਦਿਨ ਤੇ ਰਾਤ, ਹੇ ਵਿਗਿਆਨ ! ਤੇਰੇ ਸਿਰ ਸਿਹਰਾ, ਕਿੰਨੀ ਲਈ ਮੈਂ ਦੁਨੀਆਂ ਗਾਹ । ਮਨ ਮਸਤਕ ਵਿਚ ਬੀਜ ਖ਼ਵਾਬ ਦਾ, ਪੁੰਗਰਦਾ ਹੈ ਦਿਨ ਤੇ ਰਾਤ, ਪੈਰਾਂ ਨੂੰ ਨਾ ਤੁਰਨੋਂ ਵਰਜੋ, ਕਰਨ ਦਿਉ ਪੈਂਡੇ ਅਸਗਾਹ । ਜਿਹੜੇ ਮੱਥੇ ਦੀਵਾ ਬਲਦਾ, ਉਸਦਾ ਹੁਣ ਨਾ ਫ਼ਿਕਰ ਕਰੋ, ਪੈਰ ਪਛਾਨਣਗੇ ਖ਼ੁਦ ਆਪੇ, ਮੰਜ਼ਿਲ ਵੱਲ ਨੂੰ ਜਾਂਦਾ ਰਾਹ । ਕਾਇਨਾਤ ਦਾ ਚੱਕਰ ਲਾ ਕੇ ਜਦ ਮੈਂ ਮੁੜਿਆ ਧਰਤੀ 'ਤੇ, ਬਿਰਖ ਬਰੂਟਿਆਂ ਮੱਥਾ ਚੁੰਮਿਆ, ਹੇਠ ਵਿਛਾਇਆ ਮਖ਼ਮਲ ਘਾਹ । ਦੋਸਤੀਆਂ ਤੇ ਰਿਸ਼ਤੇ ਨਾਤੇ, ਅੰਬਰ ਧਰਤੀ ਵਾਂਗ ਬਣੇ, ਜਦ ਵੀ ਅੰਦਰ ਝਾਤੀ ਮਾਰਾਂ, ਮੂੰਹੋਂ ਨਿਕਲੇ ਵਾਹ ਬਈ ਵਾਹ ।

ਤੂੰ ਮਿਲੀ ਮੁੱਦਤ ਦੇ ਪਿੱਛੋਂ ਅੱਜ ਮੈਨੂੰ

ਤੂੰ ਮਿਲੀ ਮੁੱਦਤ ਦੇ ਪਿੱਛੋਂ ਅੱਜ ਮੈਨੂੰ । ਰੂਹ ਖਿੜੀ ਹੈ, ਹੋ ਗਿਆ ਏ ਰੱਜ ਮੈਨੂੰ । ਜਿਸ ਤਰ੍ਹਾਂ ਤੀਰਥ ਪਵਿੱਤਰ ਯਾਤਰੂ ਨੂੰ, ਤੇਰਾ ਮਿਲਣਾ ਇਉਂ ਮੁਕੰਮਲ ਹੱਜ ਮੈਨੂੰ । ਆ ਕਿ ਮੇਰੇ ਦਿਲ ਦੀ ਧੜਕਣ ਤੇਜ਼ ਹੋਵੇ, ਆ ਮੇਰੇ ਸੀਨੇ 'ਚ ਆ ਕੇ ਵੱਜ ਮੈਨੂੰ । ਅਲਫ਼ ਨੰਗੀ ਰੀਝ ਨੂੰ ਤੂੰ ਪੂਰ ਛੇਤੀ, ਆਪਣੀ ਗਲਵੱਕੜੀ ਵਿਚ ਕੱਜ ਮੈਨੂੰ । ਮੈਂ ਕਿਸੇ ਜੰਗਲ ਦਾ ਜੀਕੂੰ ਆਦਿਵਾਸੀ, ਦੱਸ ਆ ਕੇ ਜੀਣ ਵਾਲਾ ਚੱਜ ਮੈਨੂੰ । ਸੱਚ ਦੀ ਬਸਤੀ 'ਚ ਹੋ ਜਾਂ ਰਹਿਣ ਜੋਗਾ, ਕੱਚ ਵਾਲੇ ਪਾ ਕੇ ਛੱਟਣ ਛੱਜ ਮੈਨੂੰ । ਲੋਕ ਮੈਨੂੰ ਨੀਮ ਪਾਗਲ ਕਹਿ ਰਹੇ ਨੇ, ਪਿਆਰ ਤੇਰੇ ਦੀ ਲਗਾ ਕੇ ਬੱਜ ਮੈਨੂੰ ।

ਬਹੁਤ ਬਣਦੇ ਯਾਰ ਅੱਜ ਕੱਲ੍ਹ ਮਹਿਫ਼ਲਾਂ

ਬਹੁਤ ਬਣਦੇ ਯਾਰ ਅੱਜ ਕੱਲ੍ਹ ਮਹਿਫ਼ਲਾਂ ਵਿਚ । ਲੱਭਣੇ ਸੌਖੇ ਨਹੀਂ ਉਹ ਮੁਸ਼ਕਿਲਾਂ ਵਿਚ । ਰੇਤਲੇ ਪੈਡੇ ਸੁਕਾਉਂਦੇ ਸਾਹ ਨੇ ਮੇਰੇ, ਤੂੰ ਸਵਾਂਤੀ ਬੂੰਦ ਬਣ ਕੇ ਮਿਲ ਥਲਾਂ ਵਿਚ । ਛਾਂਗ ਲੈ, ਪਰ ਜੜ੍ਹ ਸਲਾਮਤ ਰਹਿਣ ਦੇਵੀਂ, ਹੋਊਂ ਮੈਂ ਹਰਿਆਵਲਾ ਵੇਖੀਂ ਪਲਾਂ ਵਿਚ । ਤੂੰ ਨਦੀ ਵਿਚ ਵਹਿ ਰਹੇ ਪਾਣੀ ਨੂੰ ਵੇਖੀਂ, ਖੇਡਦਾ ਕਿੱਦਾਂ ਏ ਆਪੇ ਕਲਵਲਾਂ ਵਿਚ । ਐ ਮੁਹੱਬਤ ! ਇਹ ਤੇਰਾ ਅੰਦਾਜ਼ ਕੀਹ ਏ, ਗਰਕਦਾ ਜਾਂਦਾ ਹਾਂ ਮੈਂ ਹੀ ਦਲਦਲਾਂ ਵਿਚ । ਕਾਫ਼ਲੇ ਨੂੰ ਬਹਿਣ ਨਾ ਦੇਹ, ਤੋਰ ਅੱਗੇ, ਨੀਂਦ ਸ਼ਾਮਲ ਹੋ ਨਾ ਜਾਵੇ ਹਲਚਲਾਂ ਵਿਚ । ਭੇਡ ਵਾਂਗੂੰ ਇਹ ਮਿਆਂਕਣ ਸਿੱਖ ਜਾਊ, ਸ਼ੇਰ ਬਹਿਣੀ ਬਹਿ ਗਿਆ ਜੇ ਬੁਜ਼ਦਿਲਾਂ ਵਿਚ । ਮਨਫ਼ੀਆਂ ਵੰਗਾਰ ਜੇਕਰ ਬਣਦੀਆਂ ਨਾ, ਤੂੰ ਕਦੋਂ ਹੋਣਾ ਸੀ ਮੇਰੇ ਹਾਸਿਲਾਂ ਵਿਚ ।

ਧਰਤ ਬੇਗਾਨੀ, ਕੋਈ ਨਾ ਮੈਨੂੰ, ਲੈ ਕੇ

ਧਰਤ ਬੇਗਾਨੀ, ਕੋਈ ਨਾ ਮੈਨੂੰ, ਲੈ ਕੇ ਨਾਮ ਬੁਲਾਵੇ । ਏਸੇ ਕਰਕੇ ਮਨ ਦਾ ਚੰਬਾ, ਖਿੜੇ ਨਹੀਂ, ਮੁਰਝਾਵੇ । ਖੁੱਲ੍ਹੀਆਂ ਡੁੱਲ੍ਹੀਆਂ ਸੜਕਾਂ ਏਥੇ, ਲੰਮ-ਸਲੰਮੇ ਪੈਂਡੇ, ਏਥੋਂ ਇਕ ਵੀ ਸੜਕ-ਸਲੇਟੀ, ਸਾਡੇ ਪਿੰਡ ਨਾ ਜਾਵੇ । ਰੇਸ ਕੋਰਸੀਂ ਸਰਪੱਟ ਦੌੜਨ, ਅੱਥਰੇ ਘੋੜੇ ਵੇਖੋ, ਥੈਲੀ-ਸ਼ਾਹ ਕਿਉਂ ਜੇਤੂ ਬਣਦੇ, ਜਦੋਂ ਨਤੀਜਾ ਆਵੇ । ਪਿੰਡ ਜਾ ਕੇ ਚੰਨ ਚੜ੍ਹਿਆ, ਕੋਠੇ ਬਹਿ ਕੇ ਤੱਕਣਾ ਚਾਹਾਂ, ਪਤਾ ਨਹੀਂ ਕਦ ਘੜੀ ਸੁਲੱਖਣੀ ਮੇਰੇ ਭਾਗੀਂ ਆਵੇ । ਵੰਨ ਸੁਵੰਨੇ ਬਿਰਖ਼ ਬਰੂਟੇ, ਫੁੱਲ ਪੱਤੀਆਂ ਖ਼ੁਸ਼ਬੋਈਆਂ, ਸਭ ਕੁਝ ਹੁੰਦਿਆਂ ਸੁੰਦਿਆਂ, ਚੇਤੇ ਆਉਂਦੇ ਨੇ ਅੰਬ ਸਾਵੇ । ਕੱਲ-ਮੁ-ਕੱਲ੍ਹ ਚੂੜੇ ਡੁਸਕਣ, ਸੱਖਣੇ ਪਲੰਘ ਪੰਘੂੜੇ, ਕਿਸ਼ਤਾਂ ਵਿਚ ਤਕਸੀਮ ਦਿਹਾੜੀ ਨੀਂਦ ਕਿਸ ਤਰ੍ਹਾਂ ਆਵੇ । ਤੁਸੀਂ ਕਹੋਗੇ 'ਮਨ ਦਾ ਰੋਗੀ' ਪਤਾ ਨਹੀਂ ਕੀ ਬੋਲੇ, ਕਰਕ ਕਲੇਜੇ ਵਾਲੀ ਦੱਸੋ ਕਿਹੜਾ ਵੈਦ ਮਿਟਾਵੇ ।

ਅੰਬਰ ਦੇ ਵਿਚ ਤਾਰੀ ਲਾਉਂਦਿਆਂ

ਅੰਬਰ ਦੇ ਵਿਚ ਤਾਰੀ ਲਾਉਂਦਿਆਂ ਧਰਤ ਆਵਾਜ਼ਾਂ ਮਾਰਦੀ । ਨਜ਼ਰ ਸਦਾ ਬੋਟਾਂ ਵੱਲ ਰਹਿੰਦੀ, ਪਰ ਕੂੰਜਾਂ ਦੀ ਡਾਰ ਦੀ । ਧਰਤ ਪਰਾਈ ਤੇ ਮਨ ਵੱਸਦੇ, ਦੋ ਦੋ ਫਾੜੀ ਹੋਏ ਨੇ, ਮਹੀਂਵਾਲਾਂ ਨੂੰ ਭੁੱਲਦੀ ਹੀ ਨਾ ਸੋਹਣੀ ਨਦੀਓਂ ਪਾਰ ਦੀ । ਸੁਪਨੇ ਰੀਝਾਂ ਅਤੇ ਤਰੰਗਾਂ, ਟੁਕੜੇ ਟੁਕੜੇ ਆਸਾਂ ਨੇ, ਸ਼ਾਮ ਸਵੇਰੇ ਚੀਰੀ ਜਾਵੇ, ਤੇਜ਼ ਧਾਰ ਤਲਵਾਰ ਦੀ । ਵਤਨਾਂ ਦੀ ਮਿੱਟੀ ਸੰਗ ਹੁਣ ਤਾਂ ਰਿਸ਼ਤਾ ਕੇਵਲ ਏਨਾ ਹੈ, ਸੌਦੇ ਨਾਲ ਜਿਵੇਂ ਘਰ ਆਵੇ, ਇਕ ਕਾਤਰ ਅਖ਼ਬਾਰ ਦੀ । ਹੱਡ ਮਾਸ ਦੇ ਬੰਦੇ ਦਾ ਤਾਂ ਵਜ਼ਨ ਮਸ਼ੀਨਾਂ ਤੋਲਦੀਆਂ, ਅਜੇ ਮਸ਼ੀਨ ਬਣੀ ਨਾ ਕੋਈ, ਰੂਹ ਦੇ ਉਤਲੇ ਭਾਰ ਦੀ । ਪਾਣੀ ਮੰਨ ਕੇ ਭਰਮ ਜਲੀ ਨੂੰ, ਮਿਰਗ ਪਿਆਸੇ ਬਹੁਤ ਮਰੇ, ਲਿਸ਼ਕਣਹਾਰ ਬਰੇਤੀ ਬੀਬਾ, ਬੇੜੀਆਂ ਨਹੀਓਂ ਤਾਰਦੀ । ਤਖ਼ਤ ਲਾਹੌਰ ਅਜੇ ਵੀ ਸੂਲੀ ਟੰਗੇ ਪੁੱਤਰ ਦੁੱਲਿਆਂ ਨੂੰ, ਸਦੀਆਂ ਮਗਰੋਂ ਅੱਜ ਵੀ ਤਪਦੀ ਧਰਤੀ ਸਾਂਦਲ ਬਾਰ ਦੀ ।

ਬਿਰਧ ਸਰੀਰ, ਬੇਗਾਨੀ ਧਰਤੀ

ਬਿਰਧ ਸਰੀਰ, ਬੇਗਾਨੀ ਧਰਤੀ, ਰਹਿ ਗਏ ਕੱਲ-ਮੁ-ਕੱਲ੍ਹੇ । ਖੱਟੀ ਖੱਟਣ ਆਏ ਸੀ ਪਰ, ਖ਼ਾਲੀ ਹੋ ਗਏ ਪੱਲੇ । ਹਰ ਵੇਲੇ ਇਹ ਸੂਲ ਕਲੇਜੇ ਅੰਦਰ ਧਸਦੀ ਜਾਵੇ, ਪੁੱਤ ਪੋਤਰੇ ਦੱਸਦੇ ਹੀ ਨਹੀਂ, ਆਏ ਕਿੱਥੇ ਚੱਲੇ । ਘਰ ਬਨਵਾਸੀ, ਅਜਬ ਉਦਾਸੀ, ਮਨ-ਮੰਦਰ ਦੇ ਵਿਹੜੇ, ਇਕਲਾਪੇ ਦੀ ਲੜੇ ਦੋਮੂੰਹੀਂ, ਚੜ੍ਹ ਚੜ੍ਹ ਕਰਦੀ ਹੱਲੇ । ਸਭ ਕੁਝ ਹੁੰਦਿਆਂ ਸੁੰਦਿਆਂ ਏਥੇ, ਹਰ ਪਲ ਝੋਰਾ ਖਾਵੇ, ਚਾਅ ਤੇ ਖੁਸ਼ੀਆਂ ਚੱਟ ਗਏ ਨੇ ਰੂਹ ਦੇ ਰੋਗ ਅਵੱਲੇ । ਪਿੰਡ ਗਿਆਂ ਤੇ ਕੌਣ ਪਛਾਣੇ, ਨਾ ਚਾਚਾ ਨਾ ਤਾਇਆ, ਚੌਕ ਚੁਰਸਤੇ, ਗਲੀਆਂ ਕੂਚੇ, ਸ਼ੀਹਾਂ ਪੱਤਣ ਮੱਲੇ । ਰੂਹ ਨੂੰ ਨਹੀਂ ਤਸੱਲੀ ਦੇਂਦੇ ਸੋਨਾ, ਹੀਰੇ, ਮੋਤੀ, ਜੋ ਦੇਂਦੇ ਸੀ ਆਪ ਬਣਾਏ ਘਾਹ ਦੀ ਤਿੜ ਦੇ ਛੱਲੇ । ਗੋਰੀ ਧਰਤੀ, ਕੋਰੇ ਰਿਸ਼ਤੇ, ਰੀਝ ਦਿਲੇ ਵਿਚ ਇੱਕੋ, ਪੁੱਤਰ ਸਾਡਾ ਅਸਥ ਅਖ਼ੀਰੀ, ਕੀਰਤਪੁਰ ਨੂੰ ਘੱਲੇ ।

ਐਟਮ ਦਾ ਵਣਜ ਕਰਦੇ

ਐਟਮ ਦਾ ਵਣਜ ਕਰਦੇ, ਘੁੱਗੀਆਂ ਉਡਾ ਰਹੇ ਨੇ । ਮਕਤਲ 'ਚੋਂ ਗੀਤ ਗਾਉਂਦੇ, ਇਹ ਕੌਣ ਜਾ ਰਹੇ ਨੇ । ਸਾਡਾ ਵਿਕਾਸ ਕਹਿ ਕੇ, ਕਰਦੇ ਵਿਨਾਸ਼ ਨਿਸ ਦਿਨ, ਇਹ ਮੰਡੀਆਂ ਦੇ ਤਾਜ਼ਰ, ਕੀ ਗੁਲ ਖਿਲਾ ਰਹੇ ਨੇ । ਸਾਡੇ ਘਰਾਂ ਦੇ ਮੱਥੇ, ਦਹਿਸ਼ਤ-ਨਿਵਾਸ ਲਿਖ ਕੇ, ਸੁੱਤੇ ਅੰਗਾਰਿਆਂ ਨੂੰ ਇਹ ਕਿਉਂ ਜਗਾ ਰਹੇ ਨੇ । ਦਾਨਵ ਦੇ ਨਾਲ ਮਾਨਵ ਸਦੀਆਂ ਤੋਂ ਖਹਿ ਰਿਹਾ ਸੀ, ਹੁਣ ਇੱਕੋ ਵੇਸ ਪਾ ਕੇ, ਇਹ ਕੌਣ ਆ ਰਹੇ ਨੇ । ਸਾਡੇ ਮਨਾਂ ਦੇ ਅੰਦਰ, ਹੁਣ ਅਜਬ ਖ਼ਲਬਲੀ ਹੈ, ਸੀਤਲ ਸਰੋਵਰਾਂ ਨੂੰ, ਇਹ ਕੌਣ ਤਾਅ ਰਹੇ ਨੇ । ਸੁਣਦੇ ਨਾ ਰੁਦਨ ਮਨ ਦਾ, ਡਾਲਰ ਦੀ ਛਣਕ ਸੁਣਦੇ, ਕਿੰਜ ਕਹੀਏ ਗਾਫ਼ਲਾਂ ਨੂੰ, ਉਹ ਕੀ ਗੁਆ ਰਹੇ ਨੇ । ਧਰਤੀ ਵੀਰਾਨ ਕਰਕੇ, ਸ਼ਾਤਰ ਦਿਮਾਗ ਵਾਲੇ, ਵਿਗਿਆਨ ਦੇ ਬਹਾਨੇ, ਮੰਗਲ ਨੂੰ ਜਾ ਰਹੇ ਨੇ ।

ਨਦੀ ਤੂਫ਼ਾਨੀ ਉੱਛਲੀ ਸੀ

ਨਦੀ ਤੂਫ਼ਾਨੀ ਉੱਛਲੀ ਸੀ ਹੁਣ ਟਿਕ ਕੇ ਬਹਿ ਗਈ ਏ । ਤੁਰਦੀ ਤੁਰਦੀ ਬਾਤ ਵਿਚਾਰੀ ਅੱਧ ਵਿਚ ਰਹਿ ਗਈ ਏ । ਮੀਟ ਲਵਾਂ ਜੋ ਅੱਖੀਆਂ ਅੱਗੇ ਤਾਰੇ ਤੁਰਦੇ ਨੇ, ਖੋਲ੍ਹਾਂ ਤਾਂ ਫਿਰ ਜਾਪੇ ਡਾਰ ਹਵਾ ਵਿਚ ਛਹਿ ਗਈ ਏ । ਸਿਰ ਤੇ ਪੈਰ ਗੁਆਚ ਗਏ ਧੜ ਲੱਭਦਾ ਫਿਰਦਾ ਹੈ, ਮੋਮੀ ਜਿਸਮ ਦੇ ਨਾਲ ਅਗਨ ਜਿਉਂ ਨੇੜਿਓਂ ਖਹਿ ਗਈ ਏ । ਆਪਣੀ ਧੜਕਣ ਰੋਕੀਂ, ਮੈਨੂੰ ਫਿਰ ਮਹਿਸੂਸ ਕਰੀਂ, ਖ਼ੁਸ਼ਬੂ ਜਾਂਦੀ ਜਾਂਦੀ, ਮੇਰੇ ਕੰਨ ਵਿਚ ਕਹਿ ਗਈ ਏ । ਤੇਜ਼ ਹਵਾ ਦੇ ਬੁੱਲੇ ਅੱਗੇ ਘੁੰਮਣਘੇਰ ਜਿਵੇਂ, ਜਿੰਦ ਮਿੱਟੀ ਦੀ ਢੇਰੀ ਏਦਾਂ ਪਲ ਵਿਚ ਢਹਿ ਗਈ ਏ । ਤੇਜ਼ ਤੂਫ਼ਾਨ ਦੇ ਸਾਹਵੇਂ ਰੁੱਖ ਸਭ ਡਿੱਗ ਪਏ ਨੇ, ਪਰ, ਤੇਰੇ ਦਮ ਤੇ ਜਿੰਦ ਮੇਰੀ ਸਭ ਸਦਮੇ ਸਹਿ ਗਈ ਏ । ਸ਼ੁਕਰ ਮਨਾਵਾਂ ਤੇਰਾ ਜਿੰਦੇ ਕਿੰਜ ਧੰਨਵਾਦ ਕਰਾਂ, ਦੋਚਿੱਤੀ ਦੋਮੂੰਹੀਂ ਜਿਹੜੀ ਮਗਰੋਂ ਲਹਿ ਗਈ ਏ ।

ਜੀਅ ਭਰ ਤੱਕਿਆ ਤੈਨੂੰ ਨਕਸ਼ ਨਿਹਾਰ

ਜੀਅ ਭਰ ਤੱਕਿਆ ਤੈਨੂੰ ਨਕਸ਼ ਨਿਹਾਰ ਲਏ ਨੇ । ਉਹ ਪਲ ਸਾਰੇ ਸਾਹਾਂ ਵਿਚ ਉਤਾਰ ਲਏ ਨੇ । ਤੈਨੂੰ ਛੋਹ ਕੇ ਆਈ ਜਿਸਨੂੰ ਪੌਣ ਲਿਆਈ, ਉਸ ਖ਼ੁਸ਼ਬੂ ਨੂੰ ਕੁੰਡੇ ਜੰਦਰੇ ਮਾਰ ਲਏ ਨੇ । ਤੇਰੇ ਆਵਣ ਦੀ ਸੋਅ ਰਾਤੀਂ ਸੁਪਨੇ ਦਿੱਤੀ, ਮੈਂ ਦਿਨ ਚੜ੍ਹਨੋਂ ਪਹਿਲਾਂ, ਰਾਹ ਬੁਹਾਰ ਲਏ ਨੇ । ਯਾਦ ਤੇਰੀ ਦੀ ਮੱਥੇ ਗਿੱਲੀ ਪੱਟੀ ਕਰਕੇ, ਤਪਦੇ ਜਜ਼ਬੇ ਕਰ ਮੈਂ ਠੰਢੇ ਠਾਰ ਲਏ ਨੇ । ਨਿਰਮਲ ਨੀਰ ਵਿਚਾਰਾ ਰਸਤਾ ਭੁੱਲ ਨਾ ਜਾਵੇ, ਵਗਦੇ ਪਾਣੀ ਉੱਪਰ ਦੀਵੇ ਤਾਰ ਲਏ ਨੇ । ਹੋ ਜਾਵੇਗੀ ਫ਼ੁੱਲਾਂ ਤੀਕ ਰਸਾਈ ਮੇਰੀ, ਤਾਹੀਓਂ ਪਹਿਲਾਂ ਬੁੱਕਲ ਦੇ ਵਿਚ ਖ਼ਾਰ ਲਏ ਨੇ । ਦਿਨ ਚੜ੍ਹਦੇ ਦੀ ਲਾਲੀ ਵਰਗਾ ਮੱਥਾ ਤੱਕਦੇ, ਸੱਚ ਜਾਣੀਂ ਮੈਂ ਅਪਣੇ ਭਾਗ ਸੰਵਾਰ ਲਏ ਨੇ ।

ਰੀਝ ਕਦੇ ਵੀ ਦਿਲ ਤੇ ਉੱਤੇ ਭਾਰ ਨਹੀਂ

ਰੀਝ ਕਦੇ ਵੀ ਦਿਲ ਤੇ ਉੱਤੇ ਭਾਰ ਨਹੀਂ ਹੁੰਦੀ । ਇਸ ਦੀ ਕੀਮਤ ਕਮਦਿਲਿਆਂ ਤੋਂ ਤਾਰ ਨਹੀਂ ਹੁੰਦੀ । ਐਸੀ ਕਾਵਿ-ਕਿਤਾਬ ਬੇਅਰਥਾ ਸ਼ਬਦੀ ਜੰਗਲ ਹੈ, ਜਿਸ ਨੂੰ ਪੜ੍ਹ ਕੇ ਦਿਲ ਵਿਚ ਹਾਹਾਕਾਰ ਨਹੀਂ ਹੁੰਦੀ । ਬਾਜ਼ ਉਡਾਰੀ ਭਰਦਾ, ਤਰਦਾ ਉੱਚੇ ਅੰਬਰੀਂ ਵੇਖ, ਸੂਰਮਿਆਂ ਦੀ ਧਰਤੀ ਉੱਤੇ ਵਾਹਰ ਨਹੀਂ ਹੁੰਦੀ । ਸ਼ੇਰ ਦਹਾੜੇ ਜੰਗਲ ਅੰਦਰ ਕੱਲ-ਮੁ-ਕੱਲਾ ਵੇਖ, ਨਿਰਭਉ ਮਨ ਦੇ ਅੰਦਰ ਬੈਠੀ ਗਾਰ ਨਹੀਂ ਹੁੰਦੀ । ਰੱਤ ਦੇ ਛਿੱਟੇ ਪੂੰਝ ਰਿਹਾ ਏਂ ਰੱਤ ਦੇ ਨਾਲ ਕਿਓਂ, ਅਗਨ ਅਗਨ ਦੇ ਨਾਲ ਕਦੇ ਵੀ ਠਾਰ ਨਹੀਂ ਹੁੰਦੀ । ਤੇਰਾ ਨੂਰ ਇਲਾਹੀ ਮੇਰੇ ਅੰਦਰ ਜਗਦਾ ਹੈ, ਰੂਹ ਤੋਂ ਰੂਹ ਵਿਚਕਾਰ ਕਦੇ ਵੀ ਤਾਰ ਨਹੀਂ ਹੁੰਦੀ । ਇੱਕੋ ਵਾਰ ਪਰਖ਼ ਲੈ ਮੇਰੇ ਸਿਦਕ ਸਬੂਤੇ ਨੂੰ, ਵਾਰੀ ਵਾਰੀ ਇਹ ਜ਼ਿੰਦਗਾਨੀ ਵਾਰ ਨਹੀਂ ਹੁੰਦੀ । ਆਪਣਿਆਂ ਦੇ ਹੱਥਾਂ ਵਿਚ ਗੁਲਦਸਤੇ ਹੁੰਦੇ ਨੇ, ਸੱਜਣਾਂ ਦੇ ਹੱਥ ਦੋਧਾਰੀ ਤਲਵਾਰ ਨਹੀਂ ਹੁੰਦੀ ।

ਗ਼ਜ਼ਲ ਕਾਹਦੀ ਕਿ ਜਿਸ ਨੂੰ ਸੁਣ ਕੇ

ਗ਼ਜ਼ਲ ਕਾਹਦੀ ਕਿ ਜਿਸ ਨੂੰ ਸੁਣ ਕੇ ਦਿਲ ਸਰਸ਼ਾਰ ਨਾ ਹੋਵੇ । ਕਰੇ ਪਰਵਾਜ਼ ਬਿਨ ਖੰਭਾਂ ਤੋਂ, ਅੰਬਰ ਪਾਰ ਨਾ ਹੋਵੇ । ਹਿਸਾਬੀ ਤੇ ਕਿਤਾਬੀ ਜ਼ਿੰਦਗੀ ਵਾਲੇ ਨਾ ਇਹ ਜਾਨਣ, ਹਮੇਸ਼ਾਂ ਦੋ 'ਚ ਦੋ ਜੋੜਨ ਦਾ ਉੱਤਰ ਚਾਰ ਨਾ ਹੋਵੇ । ਜਿੰਨ੍ਹਾਂ ਹਰ ਸਾਲ ਲੀਲ੍ਹਾ ਕਰਦਿਆਂ ਉਮਰਾ ਗੁਆ ਦਿੱਤੀ, ਉਨ੍ਹਾਂ ਤੋਂ ਰੂਹ 'ਚ ਬੈਠਾ ਇਕ ਰਾਵਣ ਮਾਰ ਨਾ ਹੋਵੇ । ਅਸੀਂ ਸ਼ਬਦਾਂ ਹਵਾਲੇ ਵੇਦਨਾ ਕਰੀਏ ਤੇ ਕਿਓਂ ਮਰੀਏ, ਜੋ ਤਿਤਲੀ ਮਰਨ ਦਾ ਰੂਹਾਂ ਦੇ ਉੱਤੇ ਭਾਰ ਨਾ ਹੋਵੇ । ਤੁਸੀਂ ਜੇਤੂ ਸਿਕੰਦਰ ਹੋ, ਪਰ ਇਹ ਵੀ ਬਾਤ ਨਾ ਭੁੱਲਿਓ, ਕਦੇ ਵੀ ਜਿੱਤ ਨਾ ਦੇਵੇ ਮਜ਼ਾ ਜੋ ਹਾਰ ਨਾ ਹੋਵੇ । ਬੜਾ ਹੰਕਾਰਿਆ, ਕਾਮੀ, ਕਰੋਧੀ ਨਾਗ ਲਾਲਚ ਦਾ, ਹਜ਼ਾਰਾਂ ਵਾਰ ਚਾਹ ਕੇ ਵੀ ਇਹ ਮੈਥੋਂ ਮਾਰ ਨਾ ਹੋਵੇ । ਤੁਸੀਂ ਗੱਤੇ ਨੂੰ ਭਾਵੇਂ ਲਿਸ਼ਕਣੇ ਵਰਕੀਂ ਸਜਾ ਲੈਣਾ, ਕੋਈ ਕਿਰਪਾਨ ਨਹੀਂ ਕਹਿੰਦਾ ਜੇ ਤਿੱਖੀ ਧਾਰ ਨਾ ਹੋਵੇ । ਮੈਂ ਅਪਣੇ ਆਪ ਨੂੰ ਵੇਖਾਂ ਤਾਂ ਦੱਸੋ ਕਿਸ ਤਰ੍ਹਾਂ ਵੇਖਾਂ, ਜੇ ਮੇਰੇ ਮਨ ਦਾ ਸ਼ੀਸ਼ਾ ਰੂਹ ਦੇ ਅੰਦਰਵਾਰ ਨਾ ਹੋਵੇ ।

ਉਦੋਂ ਤੀਕਰ ਨਹੀਂ ਸੌਣਾ ਜਦੋਂ ਤੱਕ

ਉਦੋਂ ਤੀਕਰ ਨਹੀਂ ਸੌਣਾ ਜਦੋਂ ਤੱਕ ਰਾਤ ਬਾਕੀ ਹੈ । ਸ਼ਹੀਦਾਂ ਦੇ ਲਹੂ ਦੀ ਸੁਣ ਲਵੋ ਇਹ ਬਾਤ ਬਾਕੀ ਹੈ । ਨਹੀਂ ਹੋਣਾ ਕਦੇ ਨੀਵਾਂ ਇਹ ਪਰਚਮ ਹੱਕ ਤੇ ਸੱਚ ਦਾ, ਜਦੋਂ ਤੱਕ ਧਰਤ ਉੱਤੇ ਇਕ ਵੀ ਸੁਕਰਾਤ ਬਾਕੀ ਹੈ । ਹਨ੍ਹੇਰਾ ਇਹ ਡਰਾਉਣਾ ਤਾਂ, ਹੈ ਕੁਝ ਪਲ ਦਾ ਪ੍ਰਾਹੁਣਾ ਹੀ, ਇਹਦੀ ਬੁੱਕਲ ਚੋਂ ਆਪਾਂ ਲੱਭਣੀ ਪ੍ਰਭਾਤ ਬਾਕੀ ਹੈ । ਲੰਮੇਰੇ ਯੁੱਧ ਅੰਦਰ ਯਾਦ ਰੱਖਣਾ ਹੈ ਜ਼ਰੂਰੀ ਇਹ, ਸਦੀਵੀ ਜਿੱਤ ਖ਼ਾਤਰ ਦੁਸ਼ਮਣਾਂ ਨੂੰ ਮਾਤ ਬਾਕੀ ਹੈ । ਉਦੋਂ ਤੱਕ ਸੂਲੀਆਂ ਤੇ ਸੱਚ ਖ਼ਾਤਰ ਲਟਕਣਾ ਪੈਣੈਂ, ਜਦੋਂ ਤੱਕ ਧਰਤ ਉੱਤੇ ਕਾਤਲਾਂ ਦੀ ਜ਼ਾਤ ਬਾਕੀ ਹੈ । ਹਨ੍ਹੇਰੇ ਘਰ 'ਚ ਜਨਮੇ ਨੂਰ ਲਈ ਸਦੀਆਂ ਤੋਂ ਤਰਸੇ ਜੋ, ਉਨ੍ਹਾਂ ਨੂੰ ਜ਼ਿੰਦਗੀ ਦੀ ਜੀਣ ਜੋਗੀ ਝਾਤ ਬਾਕੀ ਹੈ । ਅਸਾਡੇ ਪੁਰਖ਼ਿਆਂ ਨੂੰ ਫ਼ਾਂਸੀਆਂ ਤੇ ਸੂਲੀਆਂ ਮਿਲੀਆਂ, ਤੇਰੀ ਝੋਲੀ 'ਚ ਦੱਸੀਂ ਹੋਰ ਕੀਹ ਖ਼ੈਰਾਤ ਬਾਕੀ ਹੈ ।

ਤੇਰਾ ਰੁੱਸ ਕੇ ਜਾਣਾ ਕੀ ਕੁਝ ਕਰ ਜਾਂਦਾ

ਤੇਰਾ ਰੁੱਸ ਕੇ ਜਾਣਾ ਕੀ ਕੁਝ ਕਰ ਜਾਂਦਾ ਹੈ । ਮੇਰੇ ਚਾਰ ਚੁਫ਼ੇਰੇ ’ਨੇਰ੍ਹਾ ਭਰ ਜਾਂਦਾ ਹੈ । ਤੇਰੇ ਮਗਰੋਂ ਮੇਰੀ ਹਾਲਤ ਹੋਈ ਜੀਕਣ, ਫੁੱਲ-ਡੋਡੀ ਅੰਗਿਆਰ ਤੇ ਕੋਈ ਧਰ ਜਾਂਦਾ ਹੈ । ਸ਼ਾਹ-ਰਗ ਤੋਂ ਵੀ ਨੇੜੇ ਵਾਲੇ ਜਦ ਮੂੰਹ ਮੋੜਨ, ਅਪਣੇ ਸਾਹ ਹੀ ਗਿਣਦਾ ਬੰਦਾ ਮਰ ਜਾਂਦਾ ਹੈ । ਧਰਤ ਤਰੇੜਾਂ ਮਾਰੀ ਵਾਂਗੂੰ ਸਹਿਕ ਰਿਹਾ ਹਾਂ, ਰੋਜ਼ ਸਮੁੰਦਰ ਉੱਤੇ ਬੱਦਲ ਵਰ੍ਹ ਜਾਂਦਾ ਹੈ । ਮੇਰੇ ਦਿਲ ਦੀ ਧੜਕਣ ਤੇਰੇ ਸਾਹੀਂ ਜੀਵੇ, ਲੱਕੜੀ ਨਾਲ ਹਮੇਸ਼ਾਂ ਲੋਹਾ ਤਰ ਜਾਂਦਾ ਹੈ । ਵਰੇ੍ਹ ਛਿਮਾਹੀ ਕਦੇ ਕਦਾਈਂ ਮਿਲ ਜਾਇਆ ਕਰ, ਮਨ ਦਾ ਸੱਖਣਾ ਭਾਂਡਾ ਏਦਾਂ ਭਰ ਜਾਂਦਾ ਹੈ । ਪੈੜਾਂ ਵਿਚੋਂ ਤੇਰੇ ਨਕਸ਼ ਨਿਹਾਰ ਰਿਹਾ ਹਾਂ, ਜਿਹੜਾ ਰਸਤਾ ਸਿੱਧਾ ਤੇਰੇ ਘਰ ਜਾਂਦਾ ਹੈ ।

ਰਾਤ ਹਨੇਰੀ, ਠੱਕਾ ਵਗਦਾ, ਦੀਵੇ

ਰਾਤ ਹਨੇਰੀ, ਠੱਕਾ ਵਗਦਾ, ਦੀਵੇ ਲਾਟਾਂ ਡੋਲਦੀਆਂ । ਅੱਖਾਂ ਵਿਚੋਂ ਖ਼੍ਵਾਬ ਗੁਆ ਕੇ, ਹੁਣ ਇਹ ਕਿਸ ਨੂੰ ਟੋਲਦੀਆਂ ? ਜਿਹੜੀ ਥਾਂ ਤੋਂ ਮੇਰੀ ਮੂਰਤ ਲਾਹ ਕੇ ਤੂੰ ਖ਼ੁਸ਼ ਹੋਈ ਸੈਂ, ਓਸੇ ਥਾਂ ਤੋਂ ਖਾਲੀ ਕੰਧਾਂ, ਸੁਣ ਤੂੰ ਕੀ ਕੁਝ ਬੋਲਦੀਆਂ ? ਜਿਸਮ ਗੁਆਚਾ, ਰੂਹ ਵੀ ਦਾਗੀ, ਨਜ਼ਰਾਂ ਅੰਦਰ ਖੋਟ ਭਰੀ, ਕਿੱਦਾਂ ਚੁੱਕੀ ਫਿਰਦੀ ਏਂ, ਤਸਵੀਰਾਂ ਆਪਣੇ ਢੋਲ ਦੀਆਂ । ਫੁੱਲ ਮੋਤੀਆ, ਚਿੱਟੇ ਵਸਤਰ ਰੂਹ ਤੇਰੀ ਬੇਚੈਨ ਕਿਉਂ, ਜਿਉਂ ਆਵਾਜ਼ਾਂ ਢੋਲ ਦੇ ਅੰਦਰੋਂ, ਆਵਣ ਉਸਦੇ ਪੋਲ ਦੀਆਂ । ਜ਼ਰਦ ਵਸਾਰ ਜਿਹਾ ਰੰਗ ਤੇਰਾ, ਦੱਸਦੈ ਅੰਦਰੋਂ ਸੱਖਣੀ ਏ, ਰੂਹ ਦਾ ਭਾਰ ਕਦੇ ਵੀ ਬੀਬਾ, ਤੱਕੜੀਆਂ ਨਹੀਂ ਤੋਲਦੀਆਂ । ਅਪਣੀ ਬੁੱਕਲ ਅੰਦਰ ਝਾਕੀਂ, ਵੇਖੀ ਮਨ ਦੇ ਸ਼ੀਸ਼ੇ ਨੂੰ, ਚਿੰਤਾ ਚਿਖ਼ਾ ਬਰਾਬਰ ਬਹਿ ਕੇ, ਕੱਠੀਆਂ ਦੁੱਖ ਸੁਖ ਫ਼ੋਲਦੀਆਂ । ਤੇਜ਼ ਤੁਰਨ ਦੀ ਆਦਤ ਤੇਰੀ, ਰੂਹ ਨੂੰ ਅਕਸਰ ਡੰਗ ਜਾਵੇ, ਤੂੰ ਕਾਹਲੀ ਵਿਚ ਕਦੇ ਨਾ ਵੇਖੇ, ਵਸਤਾਂ ਅਪਣੇ ਕੋਲ ਦੀਆਂ । ਤੇਜ਼ ਧੜਕਣਾਂ ਤੇਰੇ ਦਿਲ ਦੀ ਇੱਚੀ-ਬਿੱਚੀ ਜਾਣਦੀਆਂ, ਸਮਝੀਂ ਨਾ ਅਣਜਾਣ ਇਨ੍ਹਾਂ ਨੂੰ, ਜੇ ਨਹੀਂ ਮੂੰਹੋਂ ਬੋਲਦੀਆਂ । ਭਰ ਵਗਦੇ ਦਰਿਆ ਦੇ ਕੰਢੇ ਬੈਠ ਕਦੇ ਤੂੰ ਸਹਿਜ ਮਤੇ, ਵੇਖੀਂ ਕਲਵਲ ਜਲ ਦੀਆਂ ਲਹਿਰਾਂ, ਸਾਹੀਂ ਸੰਦਲ ਘੋਲ਼ਦੀਆਂ ।

ਵੀਹਵੀਂ ਸਦੀ ਗੁਜ਼ਾਰਨ ਮਗਰੋਂ ਬੰਦੇ

ਵੀਹਵੀਂ ਸਦੀ ਗੁਜ਼ਾਰਨ ਮਗਰੋਂ ਬੰਦੇ ਦੇ ਤੂੰ ਕਾਰੇ ਵੇਖ । ਸ਼ਹਿਰ ਵਸਾਉਣ ਦੀ ਖ਼ਾਤਰ ਲਾਏ, ਜੰਗਲ ਦੇ ਵਿਚ ਆਰੇ ਵੇਖ । ਦਰਦ ਮਿਰੇ ਦੀ ਹਾਥ ਪਾਉਣ ਲਈ, ਲੰਘੀ ਰੂਹ ਦੇ ਦੁਆਰ ਜ਼ਰੂਰ, ਟੁੱਟਦੇ ਤਾਰੇ ਦੀ ਅੱਖ ਵਿਚੋਂ, ਅੱਥਰੂ ਮਣ ਮਣ ਭਾਰੇ ਵੇਖ । ਨਿਰਮਲ ਨੀਰ ਚਸ਼ਮਿਓਂ ਤੁਰਦਾ, ਰਾਹ ਵਿਚ ਮੈਲ਼ਾ ਕਰਦਾ ਕੌਣ, ਹੁਕਮ ਹਕੂਮਤ ਨੌਕਰਸ਼ਾਹੀ, ਕੀਤੇ ਸਾਗਰ ਖ਼ਾਰੇ ਵੇਖ । ਕਾਲੀ ਰਾਤ ਹਨ੍ਹੇਰੀ ਫਿਰ ਵੀ, ਲੀਕ ਸੁਨਹਿਰੀ ਵਾਹ ਜਾਂਦੇ, ਜੁਗਨੂੰ, ਅੰਬਰੀਂ ਪੈਲਾਂ ਪਾਉਂਦੇ, ਭਰਦੇ ਕਿਵੇਂ ਹੁੰਗਾਰੇ ਵੇਖ । ਧੁੱਪਾਂ ਛਾਵਾਂ ਸੌ 'ਚੋਂ ਅੱਸੀ ਲੋਕਾਂ ਤੀਕ ਨਾ ਪਹੁੰਚਦੀਆਂ, ਮਹਿਲਾਂ ਵਾਲਿਆ! ਅੱਗ ਬਗੂਲੇ, ਤੂੰ ਵੀ ਕੁੱਲੀਆਂ ਢਾਰੇ ਵੇਖ । ਮੱਥੇ ਵਿਚ ਲਿਆਕਤ, ਡੌਲਿਆਂ ਅੰਦਰ ਮੱਛੀਆਂ ਸਹਿਕਦੀਆਂ, ਏਸ ਨਸਲ ਦੀ ਅੱਖ 'ਚ ਬਲ਼ਦੇ, ਸੂਹੇ ਸੁਰਖ਼ ਅੰਗਾਰੇ ਵੇਖ । ਤੇਰਾ ਸੂਚਕ-ਅੰਕ ਵਿਖਾਏ ਘੜੀ ਮੁੜੀ ਜਿਸ ਭਾਰਤ ਨੂੰ, ਉਸ ਦੀ ਚਮਕ ਬੁਝਾ ਦਿੱਤੇ ਨੇ ਅੰਬਰ ਵਿਚਲੇ ਤਾਰੇ ਵੇਖ ।

ਸਮਾਂ ਹੈ ਰੁਕ ਗਿਆ, ਚੱਲਦੀ ਘੜੀ ਹੈ

ਸਮਾਂ ਹੈ ਰੁਕ ਗਿਆ, ਚੱਲਦੀ ਘੜੀ ਹੈ । ਕਿਸੇ ਦੀ ਮਹਿਕ ਬੂਹੇ ਤੇ ਖੜ੍ਹੀ ਹੈ । ਮੈਂ ਉਸਦਾ ਹਮਸਫ਼ਰ ਹਾਂ ਹੁਣ ਸਦੀਵੀ, ਕਿ ਜਿਸਦੀ ਯਾਦ ਦੀ ਉਂਗਲੀ ਫੜੀ ਹੈ । ਜੋ ਉਸਦੇ ਨੇਤਰਾਂ ਅੰਦਰ ਲਿਖੀ ਸੀ, ਉਹਦੀ ਬੇਚਾਰਗੀ ਮੈਂ ਹੀ ਪੜ੍ਹੀ ਹੈ । ਮੈਂ ਉਸ ਧੂੰਏਂ 'ਚੋਂ ਹਾਲੇ ਨਿਕਲਿਆ ਨਾ, ਕਿ ਜਿਸ ਥਾਂ ਰਾਂਗਲੀ ਚੁੰਨੀ ਸੜੀ ਹੈ । ਬੇਗਾਨੀ ਅੱਗ ਵਿਚ ਤਪਦਾ ਹਾਂ ਹੁਣ ਤਕ, ਇਸੇ ਲਈ ਰੂਹ ਵਿਚ ਤਲਖ਼ੀ ਬੜੀ ਹੈ । ਗਲਾ ਘੁੱਟ ਕੇ ਮੁਹੱਬਤ ਦਾ ਗਈ ਜੋ, ਮਿਰੇ ਲਈ ਲਾਸ਼ ਹੈ, ਤੁਰਦੀ ਮੜ੍ਹੀ ਹੈ । ਕਦੇ ਵੀ ਅਰਥ ਨਾ ਪੱਲੇ ਪਏ ਨੇ, ਮੈਂ ਪੋਥੀ ਵਕਤ ਦੀ ਜਦ ਵੀ ਪੜ੍ਹੀ ਹੈ ।

ਗੁਰੁ ਤੇਰੇ ਪੁੱਤਰਾਂ ਤੇ ਇਹ ਵੀ ਦਿਨ

ਗੁਰੁ ਤੇਰੇ ਪੁੱਤਰਾਂ ਤੇ ਇਹ ਵੀ ਦਿਨ ਆਉਣਾ ਸੀ । ਹੱਟੀਆਂ ਤੋਂ ਇਨ੍ਹਾਂ ਦਸਤਾਰਾਂ ਬੰਨਵਾਉਣਾ ਸੀ । ਕੰਧ ਸਰਹੰਦ, ਚਮਕੌਰ ਸਾਨੂੰ ਪੁੱਛਦੀ ਹੈ, ਕੱਚਾ ਸੀ ਯਕੀਨ ਜੇ ਤਾਂ ਏਥੇ ਕਾਹਨੂੰ ਆਉਣਾ ਸੀ । ਝੂਠ ਦੀ ਮੁਥਾਜੀ, ਸਾਰਾ ਦਿਨ ਕਰੀ ਜਾਣ ਜਿਹੜੇ, ਇਹੋ ਜਹੇ ਨਿਗੱਲਿਆਂ ਤੋਂ, ਗੁਰੂ ਕੀਹ ਕਰਾਉਣਾ ਸੀ । ਤਲੀ ਉੱਤੇ ਸੀਸ ਵਾਲੀ ਫ਼ੋਟੋ ਘਰੀਂ ਟੰਗ ਦੱਸ, ਪੱਥਰਾਂ ਦੇ ਅੱਗੇ ਸਿੰਘਾ! ਮੱਥਾ ਕਿਉਂ ਘਸਾਉਣਾ ਸੀ । ਗੁਰੂ ਵਾਲੇ ਪੰਥ ਨੂੰ, ਗਰੰਥ ਗੁਰੂ ਭੁੱਲ ਗਿਆ, ਲਾਈ ਜ਼ੁੰਮੇਵਾਰੀ ਸਾਡੀ ਪੜ੍ਹਨਾ ਪੜ੍ਹਾਉਣਾ ਸੀ । ਗੁਰੂ ਵਾਲਾ ਸ਼ਬਦ ਜਿੰਨ੍ਹਾਂ ਦਿਲ 'ਚੋਂ ਵਿਸਾਰ ਦਿੱਤਾ, ਮੰਦਰਾਂ 'ਚ ਜਾ ਕੇ ਉਨ੍ਹਾਂ ਟੱਲ ਹੀ ਵਜਾਉਣਾ ਸੀ । ਯਾਰੜੇ ਤਾਂ ਸੁੱਤੇ ਪਏ ਨੇ ਨਰਮ ਗਦੇਲਿਆਂ ਤੇ, ਹਾਲ ਤੂੰ ਮੁਰੀਦਾਂ ਵਾਲਾ ਕਿਸਨੂੰ ਸੁਣਾਉਣਾ ਸੀ ।

ਯਾਦਾਂ ਵਾਲੇ ਉੱਡਣੇ ਪੰਛੀ

ਯਾਦਾਂ ਵਾਲੇ ਉੱਡਣੇ ਪੰਛੀ, ਜਦ ਵਿਹੜੇ ਵਿਚ ਆ ਜਾਂਦੇ ਨੇ । ਉੱਡਦੇ ਬਹਿੰਦੇ, ਚੁੱਪ ਚੁਪੀਤੇ, ਦਿਲ ਦੀ ਤਾਰ ਹਿਲਾ ਜਾਂਦੇ ਨੇ । ਬਸਤਾ ਇਕ ਬੈਠਣ ਲਈ ਬੋਰੀ, ਸਭ ਕੁਝ ਮੋਢੇ ਤੇ ਟਿਕ ਜਾਵੇ, ਜਦੋਂ ਜਮਾਤੀ ਪੰਜਵੀਂ ਵਾਲੇ, ਹੁਣ ਵੀ ਚੇਤੇ ਆ ਜਾਂਦੇ ਨੇ । ਪੂੰਝੇ ਸਣੇ ਸਲੇਟ ਤਖ਼ਤੀਆਂ, ਕਲਮ ਦਵਾਤ ਸਿਆਹੀ ਸਭ ਕੁਝ, ਵਿੰਗੇ ਟੇਢੇ ਊੜੇ ਐੜੇ, ਰੂਹ ਮੇਰੀ ਨਸ਼ਿਆ ਜਾਂਦੇ ਨੇ । ਤੁਰ ਗਈਆਂ ਨੇ ਕੂੰਜਾਂ ਕਿੱਥੇ, ਦੋ ਦੋ ਗੁੱਤਾਂ ਫੁੱਲਾਂ ਵਾਲੀਆਂ, ਭਾਵੇਂ ਉਨ੍ਹਾਂ ਪਿੰਡਾਂ ਵੱਲ ਨੂੰ, ਅਜੇ ਪੁਰਾਣੇ ਰਾਹ ਜਾਂਦੇ ਨੇ । ਚਾਕੂ ਨਾਲ ਕਲਮ ਨੂੰ ਘੜ ਕੇ ਜਿਵੇਂ ਗਿਆਨੀ ਜੀ ਸੀ ਲਿਖਦੇ, ਪੈਂਤੀ ਅੱਖਰ ਜਗਦੇ ਬੁਝਦੇ, ਹੁਣ ਵੀ ਰਾਹ ਰੁਸ਼ਨਾ ਜਾਂਦੇ ਨੇ । ਅੰਗਰੇਜ਼ੀ ਦੇ ਪੂਰਨਿਆਂ ਤੇ ਲਿਖਣਾ ਭਾਵੇਂ ਸਿੱਖ ਨਹੀਂ ਸਕਿਆ, ਇਨ੍ਹਾਂ ਬਦਲੇ ਖਾਧੀ ਕੁੱਟ ਦੇ, ਚੇਤੇ ਕੰਬਣੀ ਲਾ ਜਾਂਦੇ ਨੇ । ਜ਼ਰਬਾਂ ਤੇ ਤਕਸੀਮਾਂ ਨੂੰ ਮੈਂ ਜ਼ਿੰਦਗੀ ਵਿਚੋਂ ਖ਼ਾਰਜ ਰੱਖਿਐ, ਏਸੇ ਕਰਕੇ ਸ਼ਾਇਦ ਮੇਰੇ ਅੰਬਰ ਵੱਲ ਨੂੰ ਰਾਹ ਜਾਂਦੇ ਨੇ । ਛੱਪੜ ਕੰਢੇ ਪੋਚ ਕੇ ਫੱਟੀਆਂ, ਸੂਰਜ ਕੋਲੋਂ ਧੁੱਪਾਂ ਮੰਗਦੇ, ਮੁੰਡੇ ਕੁੜੀਆਂ ਵੇਖ ਲਵਾਂ ਜਦ, ਉਮਰ ਥਕੇਵਾਂ ਲਾਹ ਜਾਂਦੇ ਨੇ । ਅਪਣੇ ਘਰ ਤੋਂ ਪਰਦੇਸਾਂ ਤਕ, ਰੁਲ ਗਏ ਊੜੇ ਜੂੜੇ ਸਾਰੇ, ਵੇਖਣ ਨੂੰ ਜੋ ਜੁਗਨੂੰ ਲੱਗਦੇ, ਚਿੱਤ ਨੂੰ ਕਰ ਗੁੰਮਰਾਹ ਜਾਂਦੇ ਨੇ । ਉਨ੍ਹਾਂ ਜੇਡ ਨਿਕਰਮਾ ਕਿਹੜਾ ਹੋਵੇਗਾ ਇਸ ਧਰਤੀ ਉੱਤੇ, ਮਾਲ-ਖ਼ਜ਼ਾਨੇ ਬਚਪਨ ਵਾਲੇ, ਜਿਹੜੇ ਲੋਕ ਭੁਲਾ ਜਾਂਦੇ ਨੇ ।

ਵਧ ਰਹੇ ਮਜ਼ਲੂਮ ਧੱਕੇ ਸਹਿਣ ਵਾਲੇ

ਵਧ ਰਹੇ ਮਜ਼ਲੂਮ ਧੱਕੇ ਸਹਿਣ ਵਾਲੇ । ਘਟ ਰਹੇ ਨੇ ਪਰਬਤਾਂ ਸੰਗ ਖਹਿਣ ਵਾਲੇ । ਠਾਕ ਦੇਵ ਜੀਭ ਭਾਵੇਂ ਜ਼ਹਿਰ ਦੇਵੋ, ਚੁੱਪ ਨਹੀਂ ਰਹਿੰਦੇ ਕਦੇ ਸੱਚ ਕਹਿਣ ਵਾਲੇ । ਅਰਸ਼ ਦਾ ਹੀ ਅੰਗ ਨੇ ਤਾਰੇ ਇਹ ਸਾਰੇ, ਤੇਰੇ ਹੱਥਾਂ ਤੋਂ ਨਹੀਂ ਇਹ ਲਹਿਣ ਵਾਲੇ । ਚੰਨ, ਧਰਤੀ, ਸੁਪਨਿਆਂ ਦੀ ਰੀਸ ਨਾ ਕਰ, ਇਹ ਨਹੀਂ ਟਿਕ ਕੇ ਕਦੇ ਵੀ ਬਹਿਣ ਵਾਲੇ । ਸੀਸ ਤਲੀਆਂ ਤੇ ਟਿਕਾ ਜੋ ਤੁਰ ਰਹੇ ਨੇ, ਇਹ ਨਹੀਂ ਸੌਖੇ ਕਿਸੇ ਤੋਂ ਢਹਿਣ ਵਾਲੇ । ਛੱਪੜਾਂ ਦੇ ਪਾਣੀਆਂ! ਤੂੰ ਕੁਝ ਨਹੀਂ ਹੈ, ਨੀਰ ਹੁੰਦੇ ਨੇ ਨਿਰੰਤਰ ਵਹਿਣ ਵਾਲੇ । ਸ਼ਹਿਰ ਵਿਚ ਕਮਰਾ, ਕਿਰਾਇਆ, ਕੁਰਸੀਆਂ ਨੇ, ਘਾਬਰੇ ਫਿਰਦੇ ਨੇ ਏਥੇ ਰਹਿਣ ਵਾਲੇ ।

ਜਲ ਨਦੀ ਦਾ ਇਹ ਨਿਰੰਤਰ ਵਹਿ

ਜਲ ਨਦੀ ਦਾ ਇਹ ਨਿਰੰਤਰ ਵਹਿ ਰਿਹਾ ਹੈ । ਤੁਰਦੇ ਰਹਿਣਾ, ਜਿੰਦਗੀ ਨੂੰ ਕਹਿ ਰਿਹਾ ਹੈ । ਹੋਰ ਕਿੰਨਾ ਚਿਰ ਬਹੋਗੇ ਬਣਕੇ ਪੱਥਰ, ਵਹਿੰਦਾ ਪਾਣੀ ਕੰਢਿਆਂ ਨੂੰ ਕਹਿ ਰਿਹਾ ਹੈ । ਬਰਫ਼ ਦੀ ਚੋਟੀ ਹਿਮਾਲਾ ਸੀ ਕਦੇ ਜੋ, ਓਸ ਦਾ ਹੰਕਾਰ ਖ਼ੁਰ ਕੇ ਢਹਿ ਰਿਹਾ ਹੈ । ਅੱਖੀਆਂ 'ਚੋਂ ਮਰ ਰਿਹਾ ਸ਼ਰਮਾਂ ਦਾ ਪਾਣੀ, ਧਰਤ ਵਿੱਚੋਂ ਵੀ ਉਹ ਥੱਲੇ ਲਹਿ ਰਿਹਾ ਹੈ । ਤਰਲ ਹੋ ਕੇ ਬਰਫ਼ ਤਾਂ ਸਾਗਰ 'ਚ ਪਹੁੰਚੀ, ਆਲਸੀ ਮਨ ਪਰ ਅਜੇ ਘਰ ਬਹਿ ਰਿਹਾ ਹੈ । ਪਾਣੀ ਅੰਦਰ ਅਗਨ ਚਾਨਣ ਰਹਿਣ ਕੱਠੇ, ਬਣ ਕੇ ਬਿਜਲੀ “ਰੱਬ” ਕਿੱਥੇ ਰਹਿ ਰਿਹਾ ਹੈ । ਭਾਫ਼ ਬਣਕੇ ਉੱਡਦਾ ਅੰਬਰ 'ਚ ਪਾਣੀ, ਗਰਜਦਾ ਬੱਦਲ ਸੁਣੋ ਕੀ ਕਹਿ ਰਿਹਾ ਹੈ ।

ਇੱਕ ਦੋ ਕਦਮ ਤੁਰਨ ਤੋਂ ਜਿਹੜਾ

ਇੱਕ ਦੋ ਕਦਮ ਤੁਰਨ ਤੋਂ ਜਿਹੜਾ ਡਰਦਾ ਹੈ । ਤੇਰੇ ਸਾਹੀਂ ਸੱਤ ਸਮੁੰਦਰ ਤਰਦਾ ਹੈ । ਹੱਕ, ਸੱਚ, ਇਨਸਾਫ਼, ਸ਼ਹਾਦਤ ਅੰਤ ਪੜਾਅ, ਨਾਲ ਬੀਮਾਰੀ ਕਦੋਂ ਬਹਾਦਰ ਮਰਦਾ ਹੈ । ਖੇਡ ਅਨਾਰ ਅਗਨ ਦੇ ਫੜ ਕੇ ਰਾਤ ਦਿਨੇ, ਜੇ ਤੇਰਾ ਚਿੱਤ ਜੁਗਨੂੰ ਕੋਲੋਂ ਡਰਦਾ ਹੈ । ਦੋਸ਼ ਨਣਦ ਨੂੰ ਸੋਹਣੀ ਦੇਵੇ ਸੌ ਵਾਰੀ, ਬਿਨ ਵਿਸ਼ਵਾਸ਼ੋਂ ਘੜਾ ਝਨਾਂ ਵਿਚ ਖ਼ਰਦਾ ਹੈ । ਸੋਨੇ ਦੇ ਪਿੰਜਰੇ ਵਿਚ ਹਰ ਪਰਦੇਸੀ ਜੀਅ, ਅਪਣੇ ਪਿੰਡ ਦੀ ਮਿੱਟੀ ਚੇਤੇ ਕਰਦਾ ਹੈ । ਆਲਮਗੀਰ ਕਹਾਉਂਦਾ ਹੋਇਆ ਬੰਦਾ ਵੀ, ਆਖ਼ਰ ਅਪਣੀ ਨਜ਼ਰੋਂ ਡਿੱਗ ਕੇ ਮਰਦਾ ਹੈ । ਮੇਰਾ ਮੁੱਲ ਦਵਾਨੀ ਵੀ ਨਹੀਂ, ਬਿਨ ਤੇਰੇ, ਤੇਰੇ ਕੋਲੋਂ ਕਿਹੜੀ ਗੱਲ ਦਾ ਪਰਦਾ ਹੈ ।

ਸੁਣ ਰਿਹਾ ਹਾਂ ਗੀਤ ਵਿਚ

ਸੁਣ ਰਿਹਾ ਹਾਂ ਗੀਤ ਵਿਚ ਸੁਰ-ਤਾਲ ਤੇਰੇ । ਮੈਂ ਬਰਾਬਰ ਤੁਰ ਰਿਹਾ ਹਾਂ ਨਾਲ ਤੇਰੇ । ਕਿਉਂ ਤੇਰੇ ਬੋਲਾਂ 'ਚੋਂ ਜਾਵੇ ਕੰਬਣੀ ਨਾ, ਮੈਂ ਖਲੋਤਾ ਹਾਂ ਜਦੋਂ ਹੁਣ ਨਾਲ ਤੇਰੇ । ਤੂੰ ਚਿਰਾਗਾਂ ਨੂੰ ਬੁਝਾ ਕੇ ਖ਼ੁਸ਼ ਜੇ ਹੋਇਓਂ, ਉਮਰ ਭਰ ਰਹਿਣੈ ਹਨ੍ਹੇਰਾ ਨਾਲ ਤੇਰੇ । ਜਾਗਣਾ ਪੈਣੈ ਨਿਰੰਤਰ, ਜੇ ਤੂੰ ਚਾਹੁੰਨੈਂ, ਚੰਨ ਤੇ ਸੂਰਜ ਵੀ ਚਮਕਣ ਨਾਲ ਤੇਰੇ । ਆਪਣੇ ਤੂੰ ਸਫ਼ਰ ਦਾ ਲੇਖਾ ਕਰੀ ਜਾਹ, ਵਕਤ ਨੇ ਗਿਣਨੇ ਨਹੀਂ ਇਹ ਸਾਲ ਤੇਰੇ । ਗੌਰ ਕਰਕੇ ਵੇਖ ਖ਼ੁਦ ਤੋਂ ਦੂਰ ਹੋ ਕੇ, ਤੁਰ ਰਿਹਾ ਹੈ ਜਿਸਮ ਵੀ ਕੀਹ ਨਾਲ ਤੇਰੇ ? ਖ਼ੁਦ ਹੀ ਖ਼ੁਦ ਦੇ ਨਾਲ ਵੀ ਕਿਉਂ ਝੂਠ ਬੋਲੇ, ਕਿੰਜ ਸੁਧਰਨਗੇ ਭਲਾ ਦੱਸ ਹਾਲ ਤੇਰੇ ।

ਕਿਤਾਬਾਂ ਜੋ ਨਹੀਂ ਕਰ ਸਕਦੀਆਂ

ਕਿਤਾਬਾਂ ਜੋ ਨਹੀਂ ਕਰ ਸਕਦੀਆਂ, ਆਵਾਜ਼ ਕਰਦੀ ਹੈ । ਇਹੀ ਆਵਾਜ਼ ਤਾਂ ਸਭ ਕੋਰਿਆਂ ਸ਼ਬਦਾਂ ਦੀ ਵਰਦੀ ਹੈ । ਬੜੀ ਬਲਵਾਨ ਭਾਵੇਂ ਬਾਦਸ਼ਾਹੀ ਹੈ ਹਨ੍ਹੇਰੇ ਦੀ, ਤੁਸੀਂ ਇਹ ਵੇਖ ਲੈਣਾ, ਦੀਵਿਆਂ ਤੋਂ ਬਹੁਤ ਡਰਦੀ ਹੈ । ਇਹ ਰਾਵਣ ਢੇਰ ਹੋ ਜਾਵੇ, ਦੁਸਹਿਰਾ ਫੇਰ ਨਾ ਆਵੇ, ਕਈ ਸਦੀਆਂ ਪੁਰਾਣੀ ਰੀਝ ਹੁਣ ਜੀਂਦੀ ਨਾ ਮਰਦੀ ਹੈ । ਮੈਂ ਸੁਪਨੇ ਬੀਜਦਾਂ, ਖੇਤੀਂ ਕਿਆਰੇ ਆਪ ਸਿੰਜਦਾ ਹਾਂ, ਪਛਾਣੋ ਕੌਣ ਜੋ, ਉੱਗਦੀ ਅੰਗੂਰੀ ਫ਼ਸਲ ਚਰਦੀ ਹੈ । ਮੈਂ ਤੇਰੀ ਗਰਮਜੋਸ਼ੀ ਦਾ ਹੁੰਗਾਰਾ ਕਿਸ ਤਰ੍ਹਾਂ ਦੇਵਾਂ, ਕਿ ਮਨ ਦੇ ਪਾਲਿਆਂ ਵਿਚ ਖ਼ੁਦ ਮਿਰੀ ਔਕਾਤ ਠਰਦੀ ਹੈ । ਕਦੇ ਪੌਣਾਂ 'ਚ ਘੁਲ ਜਾਵੇ, ਕਦੇ ਸ਼ਬਦਾਂ 'ਚ ਮਿਲ ਜਾਵੇ, ਇਹ ਸੁੱਚੀ ਅਗਨ ਹੀ ਫੁੱਲਾਂ 'ਚ ਸੂਹੇ ਰੰਗ ਭਰਦੀ ਹੈ । ਬੜੇ ਤੂਫ਼ਾਨ, ਝੱਖੜ, ’ਨੇਰ੍ਹੀਆਂ ਦਾ ਕਹਿਰ ਹੈ ਫਿਰ ਵੀ, ਗ਼ਜ਼ਲ ਮੇਰੀ ਇਹ ਵੇਖੋ ਚਾਨਣਾ ਗਲੀਆਂ 'ਚ ਕਰਦੀ ਹੈ ।

ਕਈ ਸਦੀਆਂ ਪੁਰਾਣੀ ਰੀਤ

ਕਈ ਸਦੀਆਂ ਪੁਰਾਣੀ ਰੀਤ ਓਹੀ ਪਾਲਦੇ । ਜਿਹੜੇ ਲੋਕ ਹੁੰਦੇ ਸੂਹੇ ਅੰਗਿਆਰ ਨਾਲ ਦੇ । ਸੀਸ ਤਲੀ ਉੱਤੇ ਧਰਨਾ ਦੀਵਾਨਗੀ ਨਹੀਂ, ਟਾਂਵੇਂ ਮਰਦ ਅਗੰਮੜੇ ਹੀ ਲੱਜ ਪਾਲਦੇ । ਮੇਰੇ ਪੈਰਾਂ 'ਚ ਅੜਿੱਕਾ ਓਹੀ ਲੋਕ ਨੇ ਬਣੇ, ਜਿਹੜੇ ਕਹਿਣ ਮੈਨੂੰ ਸਦਾ ਅਸੀਂ ਤੇਰੇ ਨਾਲ ਦੇ । ਇਹ ਆਏ ਕਿੱਥੋਂ, ਚੱਲੇ ਦਿਸ਼ਾਹੀਣ ਕਾਫ਼ਲੇ, ਕਿਵੇਂ ਬਣੇ ਨੇ ਗੁਲਾਮ ਸਾਰੇ ਸਮਾਂ ਕਾਲ ਦੇ । ਕਿੱਦਾਂ ਫ਼ਿਕਰਾਂ ਨੇ ਵਿੰਨਿਆ ਹੈ ਰੁੱਖ ਦਾ ਤਣਾ, ਹੋਏ ਛਾਨਣੀ ਨੇ ਪੱਤਰ ਹਰੇਕ ਡਾਲ ਦੇ । ਜਿਹੜਾ ਅੱਖ਼ਰਾਂ ਦੀ ਅਉਧ ਵੇਲੇ ਜੂਠ ਮਾਂਜਦਾ, ਖ਼ੁਆਬ ਅੱਖਾਂ ਵਿਚੋਂ ਪੜ੍ਹੋ ਕਦੇ ਓਸ ਬਾਲ ਦੇ । ਸਾਡੀ ਹੋਸ਼ ਅਤੇ ਜੋਸ਼ ਨੂੰ ਸਵਾਦਾਂ ਘੇਰਿਆ, ਅਸੀਂ ਦਿਲ ਦੀ ਅੰਗੀਠੜੀ ਨੂੰ ਕਿੱਦਾਂ ਬਾਲਦੇ ।

ਬਚਪਨ ਦੇ ਪਰਛਾਵੇਂ ਮੈਨੂੰ

ਬਚਪਨ ਦੇ ਪਰਛਾਵੇਂ ਮੈਨੂੰ ਫੜਨੇ ਚੰਗੇ ਲੱਗਦੇ ਨੇ । ਚੋਰੀ ਸਾਂਭ ਸੰਭਾਲੇ ਪੱਤਰ ਪੜ੍ਹਨੇ ਚੰਗੇ ਲੱਗਦੇ ਨੇ । ਮੇਰੇ ਵਾਂਗ ਉਮਰ ਦੇ ਪੰਜਵੇਂ ਡੰਡੇ ਤੇ ਨੇ ਬੈਠੀਆਂ ਜੋ, ਮੋਰਨੀਆਂ ਦੇ ਖੰਭੀ ਤਾਰੇ ਜੜਨੇ ਚੰਗੇ ਲੱਗਦੇ ਨੇ । ਮੈਂ ਵਕਤਾਂ ਦਾ ਘਾੜਨਹਾਰਾ ਮੇਰੀ ਜ਼ਿੰਮੇਵਾਰੀ ਏ, ਗ਼ਜ਼ਲਾਂ ਦੇ ਸ਼ਿਅਰਾਂ ਵਿਚ ਹੀਰੇ ਮੜ੍ਹਨੇ ਚੰਗੇ ਲੱਗਦੇ ਨੇ । ਕਲਗੀ ਪੈਸਾ, ਪੌੜੀ, ਰੁਤਬੇ, ਏਨੇ ਮੇਰੇ ਪਾਸ ਨਹੀਂ, ਏਸੇ ਕਰਕੇ ਪਰਬਤ ਪੈਰੀਂ ਚੜ੍ਹਨੇ ਚੰਗੇ ਲੱਗਦੇ ਨੇ । ਨਿੱਕੀਆਂ ਨਿੱਕੀਆਂ ਜੰਗਾਂ ਛੇੜਾਂ, ਮੇਰਾ ਬਿਲਕੁਲ ਸ਼ੌਕ ਨਹੀਂ, ਲੰਮੇ ਯੁੱਧ ਨਿਰੰਤਰ ਮੈਨੂੰ, ਲੜਨੇ ਚੰਗੇ ਲੱਗਦੇ ਨੇ । ਰੰਗ ਬਰੰਗੇ ਪੈੱਨ-ਪੈਨਸਿਲਾਂ, ਸ਼ਾਨਾਂ ਭਾਵੇਂ ਮੇਜ਼ ਦੀਆਂ, ਅਪਣੇ ਹੱਥੀਂ ਕਲਮਾਂ, ਕਾਨੇ ਘੜਨੇ ਚੰਗੇ ਲੱਗਦੇ ਨੇ । ਮੇਰੇ ਅੰਦਰ ਬੈਠਾ ਬੱਚਾ, ਚਾਂਭਲਦੈ, ਜਦ ਵੇਖ ਲਵੇ, ਰਾਤ ਦੇ ਕੇਸੀਂ ਜੁਗਨੂੰ ਇਸਨੂੰ ਅੜਨੇ ਚੰਗੇ ਲੱਗਦੇ ਨੇ ।

ਮੁਹੱਬਤ ਦਾ ਕੋਈ ਵੀ ਨਾਂ ਨਹੀਂ ਹੁੰਦਾ

ਮੁਹੱਬਤ ਦਾ ਕੋਈ ਵੀ ਨਾਂ ਨਹੀਂ ਹੁੰਦਾ । ਜਿਵੇਂ ਖ਼ੁਸ਼ਬੂ ਦਾ ਕੋਈ ਥਾਂ ਨਹੀਂ ਹੁੰਦਾ । ਨਵੇਂ ਘਰ ਔਖ ਨਾ ਮਹਿਸੂਸ ਹੋਵੇ, ਮੈਂ ਤੇਰੇ ਸੁਪਨਿਆਂ ਵਿਚ ਤਾਂ ਨਹੀਂ ਹੁੰਦਾ । ਜੋ ਮਮਤਾ ਦੀ ਕਣੀ ਅੱਖਾਂ 'ਚ ਹੈ ਨਹੀਂ, ਅਜਿਹੇ ਬੁੱਤ ਦਾ ਨਾਂ ਮਾਂ ਨਹੀਂ ਹੁੰਦਾ । ਨਿਰੰਤਰ ਤੁਰਨ ਦਾ ਆਦੀ ਹਾਂ ਚਿਰ ਤੋਂ, ਇਸੇ ਕਰਕੇ ਮੈਂ ਇੱਕੋ ਥਾਂ ਨਹੀਂ ਹੁੰਦਾ । ਮੈਂ ਖ਼ੁਦ ਵੀ ਬਿਰਖ਼ ਇਕ ਹਰਿਆਵਲਾ ਹਾਂ, ਕਦੇ ਵੀ ਮੈਂ ਕਿਸੇ ਦੀ ਛਾਂ ਨਹੀਂ ਹੁੰਦਾ । ਤੂੰ ਮੇਰੀ ਚੁੱਪ ਨੂੰ ਵੀ ਸਮਝਿਆ ਕਰ, ਜੇ ਨਾ ਬੋਲਾਂ ਤਾਂ ਮਤਲਬ ਨਾਂਹ ਨਹੀਂ ਹੁੰਦਾ । ਮੇਰਾ ਵਿਰਸਾ ਹੈ ਤੁਰਦਾ ਨਾਲ ਮੇਰੇ, ਮੇਰਾ ਮੱਥਾ ਇਸੇ ਲਈ, ’ਠਾਂਹ ਨਹੀਂ ਹੁੰਦਾ ।

ਫਿਰਦੇ ਨੇ ਦਨਦਨਾਉਂਦੇ

ਫਿਰਦੇ ਨੇ ਦਨਦਨਾਉਂਦੇ ਅੰਨ੍ਹੀ ਮਚਾਉਣ ਵਾਲੇ । ਕਿੱਧਰ ਗਏ ਇਨ੍ਹਾਂ ਤੋਂ, ਮੁਕਤੀ ਦਿਵਾਉਣ ਵਾਲੇ । ਦਹਿਲੀਜ਼ ਓਪਰੀ ਤੇ ਕਰਦੇ ਨੇ ਦੀਪ ਮਾਲਾ, ਕੱਚੇ ਬਨੇਰਿਆਂ ਤੋਂ ਦੀਵੇ ਬੁਝਾਉਣ ਵਾਲੇ । ਸਾਥੋਂ ਆਵਾਜ਼ ਲੈ ਕੇ, ਸਾਥੋਂ ਹੀ ਸ਼ਬਦ ਲੈ ਕੇ, ਸਾਨੂੰ ਪਛਾਣਦੇ ਨਾ, ਇਹ ਗੀਤ ਗਾਉਣ ਵਾਲੇ । ਚੁੰਧਿਆਈ ਨਜ਼ਰ ਵਾਲੇ, ਵੀਰਾਂ ਨੂੰ ਥਹੁ ਨਾ ਲੱਗੇ, ਅੰਨ੍ਹੀ ਗਲੀ 'ਚ ਫਿਰਦੇ ਰਸਤਾ ਦਿਖਾਉਣ ਵਾਲੇ । ਕਿੱਧਰ ਤੋਂ ਆ ਰਹੇ ਨੇ, ਕਿੱਧਰ ਨੂੰ ਜਾ ਰਹੇ ਨੇ, ਦੱਸਦੇ ਨਾ ਕਾਫ਼ਲੇ ਨੂੰ, ਜੈਕਾਰੇ ਲਾਉਣ ਵਾਲੇ । ਬਗਲੇ ਦੇ ਵੇਸ ਵਾਲੇ, ਅਮਨਾਂ ਦਾ ਦੇਣ ਹੋਕਾ, ਵੱਸਦੇ ਘਰਾਂ ਨੂੰ ਏਥੇ ਮਕਤਲ ਬਣਾਉਣ ਵਾਲੇ । ਫੇਰਨ ਬੁਹਾਰੀਆਂ ਜੋ ਬੇਗਮ ਦੇ ਮਹਿਲ ਅੰਦਰ, ਲੋਕਾਂ ਨੂੰ ਭਰਮ ਪਾਉਂਦੇ ਬਾਗੀ ਕਹਾਉਣ ਵਾਲੇ ।

ਥਲਾਂ ਵਿਚ ਭਰਮ ਜਲ ਜੋ ਦੂਰ ਦੇ ਨੇ

ਥਲਾਂ ਵਿਚ ਭਰਮ ਜਲ ਜੋ ਦੂਰ ਦੇ ਨੇ । ਭੁਲੇਖੇ ਸਭ ਨਜ਼ਰ ਦੇ, ਨੂਰ ਦੇ ਨੇ । ਮੁਹੱਬਤ ਵਾਸਤੇ ਤਰਲੇ ਨੇ ਸਾਰੇ, ਕਦੋਂ ਕਾਵਾਂ ਨੂੰ ਚੂਰੀ ਚੂਰਦੇ ਨੇ । ਸਿਰਫ਼ ਵਿਸ਼ਵਾਸ ਦਰਿਆ ਪਾਰ ਜਾਵੇ, ਨਿਕੰਮੇ ਬਹਿ ਕਿਨਾਰੇ ਝੂਰਦੇ ਨੇ । ਕਿਉਂ ਮੈਂ ਦੋਸ਼ ਦੇਵਾਂ ਸ਼ੀਸ਼ਿਆਂ ਨੂੰ, ਮੇਰੇ ਹੀ ਐਬ ਮੈਨੂੰ ਘੂਰਦੇ ਨੇ । ਤੂੰ ਮੈਨੂੰ ਇਸ ਤਰ੍ਹਾਂ ਕਿਉਂ ਮਿਲ ਰਿਹਾ ਏਂ, ਜਿਵੇਂ ਕੁਈ ਸਾਕ ਹੁੰਦੇ ਦੂਰ ਦੇ ਨੇ । ਜਿੰਨ੍ਹਾਂ ਨੂੰ ਮਿਲਦਿਆਂ ਮੈਂ ਬਾਲ ਬਣ ਜਾਂ, ਇਹ ਸਾਰੇ ਯਾਰ ਪਹਿਲੇ ਪੂਰ ਦੇ ਨੇ । ਫ਼ਲਾਂ ਦੇ ਨਾਲ ਭਰ ਦੇਵੇਗਾ ਝੋਲੀ, ਇਹ ਸਭ ਇਕਰਾਰਨਾਮੇ ਬੂਰ ਦੇ ਨੇ ।

ਲਗਾਇਆ ਜ਼ੋਰ ਨੇਰ੍ਹੀ ਨੇ ਬਥੇਰਾ

ਲਗਾਇਆ ਜ਼ੋਰ ਨੇਰ੍ਹੀ ਨੇ ਬਥੇਰਾ । ਅਜੇ ਵੀ ਆਲ੍ਹਣਾ ਕਾਇਮ ਹੈ ਮੇਰਾ । ਇਹ ਸ਼ੀਸ਼ਾ ਸਿਰਫ਼ ਚਿਹਰਾ ਜਾਣਦਾ ਹੈ, ਨਹੀਂ ਪੜ੍ਹ ਸਕਣ ਲੱਗਾ ਮਨ ਇਹ ਮੇਰਾ । ਤੂੰ ਮੈਥੋਂ ਦੂਰ ਭਾਵੇਂ ਹੋਰ ਹੋ ਜਾ, ਗੁਆਈਂ ਨਾ ਕਦੇ ਵਿਸ਼ਵਾਸ ਮੇਰਾ । ਉਡਾਰੀ ਮਾਰ ਗਏ ਨੇ ਖਾ ਕੇ ਚੂਰੀ, ਬਿਨਾਂ ਕਾਵਾਂ ਦੇ ਸੁੰਨਾ ਹੈ ਬਨੇਰਾ । ਹਵਾ ਵਿਚ ਬੇਵਿਸਾਹੀ ਘੁਲ਼ ਗਈ ਹੈ, ਹੈ ਇਸ ਵਿਚ ਦੋਸ਼ ਸਾਡਾ ਵੀ ਬਥੇਰਾ । ਇਹ ਦਿੱਲੀ ਨਗਰ ਵਰਮੀ ਵਾਂਗਰਾਂ ਹੈ, ਪੁਰਾਣਾ ਏਸ ਥਾਂ ਨਾਗਾਂ ਦਾ ਡੇਰਾ । ਹਨ੍ਹੇਰੀ ਰਾਤ ਦੀ ਬੁੱਕਲ 'ਚ ਮੈਂ ਹਾਂ, ਮੇਰਾ ਹੀ ਨਾਮ ਹੈ ਚੜ੍ਹਦਾ ਸਵੇਰਾ ।

ਕਰਕ ਕਲੇਜੇ ਵਾਲੀ

ਕਰਕ ਕਲੇਜੇ ਵਾਲੀ ਇਹ ਸਭ ਜਾਣਦੀਆਂ । ਸੋਚਾਂ ਤਾਹੀਓਂ ਚੁੱਪ ਦੇ ਤੰਬੂ ਤਾਣਦੀਆਂ । ਉੱਚੀ ਉੱਚੀ ਟਾਹਰਾਂ ਮਾਰਾਂ ਮਰਿਆਂ ਨੂੰ, ਕਬਰਾਂ ਵੀ ਨਹੀਂ ਮੇਰੀ ’ਵਾਜ਼ ਪਛਾਣਦੀਆਂ । ਬਚਪਨ ਗਲੀ-ਮੁਹੱਲੇ ਅੰਦਰ ਵੜਦਾਂ ਜਦ, ਘੇਰ ਖਲੋਵਣ ਕੁੜੀਆਂ ਚਿੜੀਆਂ ਹਾਣ ਦੀਆਂ । ਖੜ੍ਹਾ ਖਲੋਤਾ ਰਾਂਝਣ ਯਾਰ ਵਿਸਾਰਨ ਜੋ, ਉਹ ਹੀਰਾਂ ਨਹੀਂ ਕਦੇ ਜਵਾਨੀ ਮਾਣਦੀਆਂ । ਸ਼ਹਿਰ-ਸਮੁੰਦਰ ਖ਼ਾਰਾ ਪਾਣੀ ਪੀਂਦੇ ਹਾਂ, ਆ ਗਈਆਂ ਨੇ ਜਾਚਾਂ ਮਹੁਰਾ ਖਾਣ ਦੀਆਂ । ਹੋਰ ਘੜੀ ਪਲ ਬਹਿ ਜਾ, ਕਹਿ ਜਾ ਇੱਕ ਅੱਧ ਬੋਲ, ਆਉਣ ਸਾਰ ਹੀ ਗੱਲਾਂ ਕਰਦੈਂ ਜਾਣ ਦੀਆਂ । ’ਕੱਲੀ ਕਾਰੀ ਕੁੜੀ ਖੇਤ ਨੂੰ ਤਾਂ ਤੁਰਦੀ, ਨਾਲ ਤੁਰਦੀਆਂ ਪੈੜਾਂ ਜੇ ਸਵੈਮਾਣ ਦੀਆਂ ।

ਅਪਣੀ ਛਾਂ ਵਿਚ ਉਲਝਿਆ

ਅਪਣੀ ਛਾਂ ਵਿਚ ਉਲਝਿਆ, ਹੋਇਆ ਵੇਖੋ ਕਹਿਰ । ਮਰਿਆ ਕੁੰਡੀ ਮਾਰ ਕੇ, ਖਾ ਕੇ ਮਨ ਦਾ ਜ਼ਹਿਰ । ਵਾਹੋਦਾਹੀ ਦੌੜਦੇ ਸਰਪਟ ਦਿਨ ਤੇ ਰਾਤ, ਕਿੱਥੋਂ ਕਿੱਧਰ ਜਾ ਰਿਹਾ, ਅੰਨਾ ਬੋਲਾ ਸ਼ਹਿਰ । ਕੰਢੇ ਕੋਈ ਬਿਰਖ਼ ਨਾ, ਸੜਕਾਂ ਸਾਹੋ ਸਾਹ, ਵਰ੍ਹਦੀ ਅਗਨੀ ਅੰਬਰੋਂ, ਸਿਰ ਤੇ ਸਿਖ਼ਰ ਦੁਪਹਿਰ । ਵੇਖ ਸਮੁੰਦਰ ਖੌਲਦਾ, ਵੇਖੋ ਕਰੋ ਧਿਆਨ, ਪਰਤੇ ਪੱਥਰ ਚੱਟ ਕੇ ਪਾਣੀ ਉਤਲੀ ਲਹਿਰ । ਸਾਏ ਲੰਮ ਸਲੰਮੜੇ, ਸਮਝ ਭੁਲੇਖੇ ਵਾਂਗ, ਦਿਨ ਜਾਂਦਾ ਸਮਝਾ ਗਿਆ, ਮੈਨੂੰ ਪਿਛਲੇ ਪਹਿਰ । ਅੰਦਰ ਵੱਲ ਨੂੰ ਅੱਥਰੂ, ਡਿੱਗਣ ਜਦੋਂ ਹਜ਼ਾਰ, ਖ਼ੁਦ ਅੱਖਾਂ ਸਮਝਾਉਂਦੀਆਂ, ਮਨ ਅੰਦਰਲੀ ਗਹਿਰ । ਤੂੰ ਸ਼ਬਦਾਂ ਨੂੰ ਤੋੜ ਨਾ, ਅਰਥਾਂ ਤੋਂ ਨਾ ਹੋੜ, ਕੋਲੋਂ ਕੁਝ ਵੀ ਜੋੜ ਨਾ, ਸੱਚ ਦੀ ਇੱਕੋ ਬਹਿਰ ।

ਅੱਧੀ ਰਾਤੀਂ ਜਾਗ ਕੇ

ਅੱਧੀ ਰਾਤੀਂ ਜਾਗ ਕੇ, ਮੈਨੂੰ ’ਵਾਜਾਂ ਮਾਰਦੇ । ਸੁਪਨੇ ਜਿਉਂ ਹਿਰਨੋਟੜੇ, ਦੁੱਲੇ ਵਾਲੀ ਬਾਰ ਦੇ । ਬਾਬਰ ਜਾਬਰ ਮਰ ਗਿਆ, ਜਹਾਂਗੀਰ ਕੀਹ ਕਰ ਗਿਆ, ਜ਼ਾਲਮ ਔਰੰਗਜ਼ੇਬ ਤੋਂ, ਆਪਾਂ ਤਾਂ ਨਹੀਂ ਹਾਰਦੇ । ਉਸਨੂੰ ਕੋਈ ਨਾ ਮਾਰਦਾ, ਆਪੇ ਜਾਵੇ ਹਾਰਦਾ, ਜਿਹੜਾ ਬੰਦਾ ਦੱਬਿਆ, ਥੱਲੇ ਰੂਹ ਦੇ ਭਾਰ ਦੇ । ਜਾਪਣ ਵਾਜਾਂ ਮਾਰਦੇ, ਬਾਬੇ ਦਾਦੇ ਵਾਂਗਰਾਂ, ਬਿਰਖ ਬਰੂਟੇ ਵੇਖਦਾਂ, ਜਦ ਵੀ ਰਾਵੀ ਪਾਰ ਦੇ । ਮਨ ਦੇ ਬੇਲੇ ਰੇਸ਼ਮਾਂ, ਸਾਹੀਂ ਸ਼ੌਕਤ ਮਹਿਕਦਾ, ਬੋਲ ਮਲੰਗੀ ਵਾਲੜੇ, ਰੂਹ ਮੇਰੀ ਨੂੰ ਠਾਰਦੇ । ਪਾਰ ਝਨਾਉਂ ਰਹਿੰਦੀਆਂ, ਹੀਰਾਂ ਰੋ ਰੋ ਕਹਿੰਦੀਆਂ, ਦਿਲ ਦੇ ਜਾਨੀ ਰਾਂਝਣੇ, ਹੁਣ ਕਿਉਂ ਜਾਨੋਂ ਮਾਰਦੇ । ਇੰਟਰਨੈੱਟ ਨਾ ਜਾਣਦੇ, ਨਾ ਇਹ ਫ਼ੋਨ ਪਛਾਣਦੇ, ਆਉਂਦੇ ਪਾਰ ਸਮੁੰਦਰੋਂ, ਪੰਛੀ ਵੇਖੋ ਡਾਰ ਦੇ ।

ਲੰਮ ਸਲੰਮੀਆਂ ਸੜਕਾਂ ਉੱਤੇ

ਲੰਮ ਸਲੰਮੀਆਂ ਸੜਕਾਂ ਉੱਤੇ, ਪੈੜਾਂ ਪਿਛਲੇ ਪਹਿਰ ਦੀਆਂ । ਜਿਉਂ ਉਸਤਾਦ ਧਰਤ ਤੇ ਲਿਖੀਆਂ, ਗ਼ਜ਼ਲਾਂ ਲੰਮੀ ਬਹਿਰ ਦੀਆਂ । ਚੰਨ ਚਾਨਣੀ ਰਾਤ ਸਮੁੰਦਰ ਬੜੇ ਉਛਾਲੇ ਖਾਂਦਾ ਹੈ, ਕੋਈ ਨਾ ਸੁਣਦਾ ਦਰਦ ਕਹਾਣੀਆਂ, ਪਾਣੀ ਉਤਲੀ ਲਹਿਰ ਦੀਆਂ । ਦਿਲ ਦੇ ਬੂਹੇ ਤੋਂ ਮੁੜ ਗਈਆਂ, ਜਦੋਂ ਹੁੰਗਾਰਾ ਮਿਲਿਆ ਨਾ, ਬੇਕਦਰਾਂ ਦੇ ਵਿਹੜੇ ਅੰਦਰ ਰੀਝਾਂ ਵੀ ਨਹੀਂ ਠਹਿਰਦੀਆਂ । ਖੌਫ਼ ਮਨਾਂ ਦਾ ਵੇਖੋ ਯਾਰੋ, ਕਿੱਥੋਂ ਤੱਕ ਆ ਪਹੁੰਚਾ ਹੈ, ਅੰਦਰੋਂ ਕੁੰਡੀ ਲਾ ਕੇ ਸੌਂਦੀਆਂ, ਗਲੀਆਂ ਮੇਰੇ ਸ਼ਹਿਰ ਦੀਆਂ । ਮੇਰੇ ਵਿਚਲਾ ਰਾਵਣ ਮੈਥੋਂ ਏਸੇ ਕਰਕੇ ਮਰਦਾ ਨਹੀਂ, ਉਹ ਵੀ ਜਾਣ ਗਿਆ ਏ ਬਾਤਾਂ, ਮੇਰੇ ਕੀਤੇ ਕਹਿਰ ਦੀਆਂ । ਜਨਮ ਘੜੀ ਤੋਂ ਅੱਜ ਤੀਕਣ ਮੈਂ, ਅੰਮ੍ਰਿਤ ਬੂੰਦ ਨਹੀਂ ਵੇਖੀ, ਮੈਨੂੰ ਮਾਰ ਮੁਕਾਉਣਗੀਆਂ ਕਿੰਜ, ਇੱਕ ਦੋ ਘੁੱਟਾਂ ਜ਼ਹਿਰ ਦੀਆਂ । ਬੋਹੜਾਂ ਪਿੱਪਲਾਂ ਵਰਗੇ ਬਾਬੇ, ਬੁੱਝ ਲੈਂਦੇ ਸਨ ਵੇਖਦਿਆਂ, ਸੁਰਮੇ ਰੰਗੀ ਬਦਲੋਟੀ ਚੋਂ, ਚਾਲਾਂ ਅੰਬਰੀ ਗਹਿਰ ਦੀਆਂ ।

ਰਾਤ ਹਨ੍ਹੇਰੀ ਰੁੱਖਾਂ ਵਿਚ ਦੀ ਜਿਉਂ

ਰਾਤ ਹਨ੍ਹੇਰੀ ਰੁੱਖਾਂ ਵਿਚ ਦੀ ਜਿਉਂ ਚੰਨ ਪਾਵੇ ਝਾਤ ਜਹੀ । ਸ਼ੁਕਰ ਓਸਦਾ ਦਿੱਤੀ ਜਿਸਨੇ ਜ਼ਿੰਦਗੀ ਵੀ ਸੌਗਾਤ ਜਹੀ । ਅੱਖੀਆਂ ਵਿਚੋਂ ਖੁਸ਼ੀਆਂ ਵਾਲੇ ਅੱਥਰੂ ਮੈਥੋਂ ਰੁਕਦੇ ਨਹੀਂ, ਤਪਦੀ ਧਰਤੀ ਉੱਤੇ ਕਿਣਮਿਣ, ਜਿਉਂ ਵਰ੍ਹਦੀ ਬਰਸਾਤ ਜਹੀ । ਤੂੰ ਮੇਰੇ ਸਾਹਾਂ ਵਿਚ ਰਮ ਜਾ, ਫੁੱਲ ਪੱਤੀਆਂ ਵਿਚ ਮਹਿਕ ਜਿਵੇਂ, ਨਾਲੋ ਨਾਲ ਰਹੀਂ ਤੂੰ ਮੇਰੇ, ਬਣ ਸੁੱਚੇ ਜਜ਼ਬਾਤ ਜਹੀ । ’ਨ੍ਹੇਰੇ ਤੇ ਚਾਨਣ ਵਿਚ ਦੱਸੋ, ਕਰਾਂ,ਨਿਖੇੜਾ ਕਿੱਸਰਾਂ ਮੈਂ, ਮੇਰੇ ਹਿੱਸੇ ਆਈ ਜ਼ਿੰਦਗੀ, ਪੂਰੇ ਚੰਨ ਦੀ ਰਾਤ ਜਹੀ । ਦੂਰ ਕਿਸੇ ਘਰ ਜੰਮੀ ਜਾਈ, ਜਦ ਤੋਂ ਸਾਡੇ ਘਰ ਆਈ, ਸਾਡੇ ਘਰ ਦੇ ਅੰਦਰ ਹਰ ਪਲ ਰਹਿੰਦੀ ਹੈ ਪ੍ਰਭਾਤ ਜਹੀ । ਤੇਰੇ ਨਾਲ ਸ਼ਿਕਾਇਤ, ਸ਼ਿਕਵਾ, ਕਰਾਂ ਕਿਉਂ ਮੈਂ ਜਿੰਦੜੀਏ, ਹਰ ਇਕ ਨੂੰ ਖ਼ੈਰਾਤ ਹੈ ਮਿਲਦੀ ਓਸੇ ਦੀ ਔਕਾਤ ਜਹੀ । ਕਿੰਨੀ ਵਾਰੀ ਆਖਿਐ ਇਸ ਨੂੰ, ਹੁਣ ਤਾਂ ਮੇਰੇ ਮਗਰੋਂ ਲਹੁ, ਮੇਰਾ ਪਿੱਛਾ ਛੱਡਦੀ ਹੀ ਨਾ, ਖ਼ੁਦਗਰਜ਼ੀ ਕਮਜ਼ਾਤ ਸਹੀ ।

ਆਸ ਬੇਗਾਨੀ ਤੇ ਜੇ ਰਹਿੰਦੇ

ਆਸ ਬੇਗਾਨੀ ਤੇ ਜੇ ਰਹਿੰਦੇ, ਹੁਣ ਨੂੰ ਆਪਾਂ ਮਰ ਜਾਣਾ ਸੀ । ਮਿੱਟੀ ਦਾ ਇਹ ਕੱਚਾ ਭਾਂਡਾ, ਕਣੀਆਂ ਦੇ ਵਿਚ ਖ਼ਰ ਜਾਣਾ ਸੀ । ਭਾਵੇਂ ਕਹਿਣ ਸਮੁੰਦਰੋਂ ਡੂੰਘਾ, ਪਾਰ ਕਿਨਾਰਾ ਕਿਹੜੀ ਗੱਲ ਸੀ, ਜੇਕਰ ਸਾਥ ਨਿਭਾਉਂਦੀ ਤਾਂ ਮੈਂ ਦਿਲ ਦਰਿਆ ਨੂੰ ਤਰ ਜਾਣਾ ਸੀ । ਤੇਰੇ ਨਾਲ ਤੁਰਦਿਆਂ, ਤੈਨੂੰ ਕੀ ਦੱਸਾਂ ਮੈਂ ਖ਼ੁਸ਼ਬੂ ਜਹੀਏ, ਦਿਲ ਦਾ ਖ਼ਾਲੀ ਕਾਸਾ ਮੇਰਾ, ਨਾਲ ਮੁਹੱਬਤ ਭਰ ਜਾਣਾ ਸੀ । ਇਹ ਤਾਂ ਤੇਰੇ ਨਿੱਘ ਦਾ ਹੀ ਪ੍ਰਤਾਪ, ਧੜਕਣਾਂ ਧੜਕਦੀਆਂ ਨੇ, ਨਹੀਂ ਤਾਂ ਹੁਣ ਨੂੰ ਇਹ ਦਿਲ ਮੇਰਾ, ਠਰਦਾ ਠਰਦਾ ਠਰ ਜਾਣਾ ਸੀ । ਜੰਗਲੀ ਜੰਤ ਜਨੌਰਾਂ ਦੀ ਹੁਣ ਗਿਣਤੀ ਵਧੀ ਮੈਦਾਨਾਂ ਅੰਦਰ, ਪਹਿਰਾ ਨਾ ਹੁੰਦਾ ਤਾਂ ਇਨ੍ਹਾਂ ਫ਼ਸਲਾਂ ਤਾਈਂ ਚਰ ਜਾਣਾ ਸੀ । ਬਿਰਖ਼ਾਂ ਨਾਲ ਗੁਫ਼ਤਗੂ ਕਰਦੇ, ਬੀਤ ਰਹੇ ਨੇ ਦਿਨ ਤੇ ਰਾਤਾਂ, ਬਾਤ ਮੁਕਾਏ ਬਿਨ ਦੱਸੋ ਮੈਂ, ਕਿਹੜੇ ਵੇਲੇ ਘਰ ਜਾਣਾ ਸੀ । ਚਾਨਣ ਦੀ ਤਸਵੀਰ ਬਣੀ ਤੂੰ, ’ਨੇਰ੍ਹੇ ਵਿਚ ਲਕੀਰ ਬਣੀ ਤੂੰ, ਜੇ ਤੂੰ ਮੇਰੇ ਨਾਲ ਨਾ ਹੁੰਦੀ, ਮੈਂ ਤਾਂ ਕੱਲ੍ਹਿਆਂ ਡਰ ਜਾਣਾ ਸੀ ।

ਦੋ ਅੱਖਾਂ ਵਿਚ ਇੱਕੋ ਚਿਹਰਾ ਆਵੇ

ਦੋ ਅੱਖਾਂ ਵਿਚ ਇੱਕੋ ਚਿਹਰਾ ਆਵੇ ਵਾਰੋ ਵਾਰ । ਉਸ ਤੋਂ ਮਗਰੋਂ ਸੁਪਨਾ ਹੋਵੇ ਪੌਣਾਂ ਤੇ ਅਸਵਾਰ । ਫੁੱਲ-ਪੱਤੀਆਂ ਵਿਚ ਰੰਗ ਤੇ ਖ਼ੁਸ਼ਬੂ, ਜੀਕੂ ਰਹਿਣ ਇਕੱਠੇ, ਧੜਕਣ ਵਿਚ ਪਰੋ ਲੈ ਮੈਨੂੰ, ਦੋ ਸਾਹਾਂ ਵਿਚਕਾਰ । ਜਾਂ ਹੰਨੇ ਜਾਂ ਬੰਨੇ ਹੋ ਜਾ, ਦੋਚਿੱਤੀ ਤੋਂ ਅੱਗੇ, ਮਾਰ ਮੁਕਾਵੇਗੀ ਇਹ ਤੈਨੂੰ, ਦੋ ਧਾਰੀ ਤਲਵਾਰ । ਬੋਟ ਬਣੇ ਹੁਣ ਸੁਪਨ ਪਰਿੰਦੇ, ਅੰਬਰ ਗਾਹੁਣਾ ਚਾਹੁੰਦੇ, ਇਨ੍ਹਾਂ ਦੇ ਖੰਭਾਂ ਨੂੰ ਐਵੇਂ, ਗੰਢਾਂ ਨਾ ਤੂੰ ਮਾਰ । ਜ਼ਿੰਦਗੀ ਮੌਤ ਵਿਚਾਲੇ ਅੰਤਰ, ਅੱਖ ਪਲਕਾਰੇ ਜਿੰਨਾ, ਪੈਰਾਂ ਹੇਠ ਧਰਤ ਦੀ ਥਾਵੇਂ, ਕੱਸੀ ਹੋਈ ਤਾਰ । ਵਿਚ ਕਲਾਵੇ ਸਰਬ-ਸ੍ਰਿਸ਼ਟੀ ਲੈ ਸਕਦੇ ਆਂ ਰਲ਼ ਕੇ, ਸਾਥ ਦਏਂ ਤਾਂ ਦੋ ਤੋਂ ਬਾਹਾਂ, ਹੋ ਜਾਵਣ ਫਿਰ ਚਾਰ । ਮੇਰੇ ਨਾਲ ਬਰਾਬਰ ਤੁਰਦੀ, ਹੋਠੀਂ ਜੰਦਰੇ ਲਾਵੇਂ, ਦਿਲ ਬੇਦੋਸ਼ੇ ਪੰਛੀ ਨੂੰ ਤੂੰ ਇਸ ਮੌਤੇ ਨਾ ਮਾਰ ।

ਰੁੱਤ ਬਸੰਤੀ ਟਾਹਣੀ ਟਾਹਣੀ

ਰੁੱਤ ਬਸੰਤੀ ਟਾਹਣੀ ਟਾਹਣੀ, ਫੁੱਟਿਆ ਵੇਖ ਫੁਟਾਰਾ । ਕਿਵੇਂ ਬਨਸਪਤ ਗਾਉਂਦੀ ਗ਼ਜ਼ਲਾਂ, ਸੁਣਦਾ ਆਲਮ ਸਾਰਾ । ਨਰਮ ਕਰੂੰਬਲ ਮਗਰੋਂ ਵੇਖੀਂ, ਏਸੇ ਥਾਂ ਫੁੱਲ ਆਉਣੇ, ਫ਼ਲ ਅਣਗਿਣਤ ਪੁਆ ਕੇ ਲੈ ਝੋਲੀ, ਧਰ ਨਾ ਜੜ੍ਹ ਤੇ ਆਰਾ । ਝੂੰਮਦੀਆਂ ਲਗਰਾਂ ਨੂੰ ਲੋਰੀਆਂ ਦੇਂਦੀਆਂ ਵੇਖ ਹਵਾਵਾਂ, ਸਿਰ ਤੋਂ ਪੈਰਾਂ ਤੀਕ ਵਜਦ ਵਿਚ ਆਵੇ ਤਨ ਮਨ ਸਾਰਾ । ਸੁੱਤੇ ਬਿਰਖ਼ ਜਗਾਵੇ ਮੌਸਮ, ਜਾਗਣ ਦਾ ਇਹ ਵੇਲਾ, ਹੁਣ ਦੇ ਪਲ ਨੂੰ ਜਾਣ, ਮਾਣ ਲੈ, ਆਉਣਾ ਨਹੀਂ ਦੁਬਾਰਾ । ਹੋਰ ਮਹੀਨੇ ਤੀਕਰ ਵੇਖੀਂ, ਇਨ੍ਹਾਂ ਬਿਰਖਾਂ ਥੱਲੇ, ਸ਼ਰਨ ਲਵੇਗਾ, ਹਰ ਇਕ ਆਦਮ ਧੁੱਪ ਤੋਂ ਡਰਦਾ ਮਾਰਾ । ਧਰਤੀ ਸੂਰਜ ਮਿਲ ਕੇ ਪਹਿਲਾਂ, ਬੀਜ ਬਣਾਉਂਦੇ ਬੂਟਾ, ਆਖਣ ਪੌਣਾਂ ਨਾਲ ਮਿਲਾਂ, ਬਣ ਮਹਿਕਾਂ ਦਾ ਵਣਜਾਰਾ । ਹੋਰ ਛਿਮਾਹੀ ਤੀਕਰ ਪੱਤਝੜ, ਵੇਖ ਉਦਾਸ ਨਾ ਹੋਵੀਂ, ਕੁਦਰਤ ਵਾਲੀ ਪਾਠਸ਼ਾਲ 'ਚੋਂ ਸਬਕ ਪੜ੍ਹੀਂ ਤੂੰ ਸਾਰਾ ।

ਝੀਲ ਬਲੌਰੀ ਨੈਣਾਂ ਅੰਦਰ ਸੁਪਨੇ

ਝੀਲ ਬਲੌਰੀ ਨੈਣਾਂ ਅੰਦਰ ਸੁਪਨੇ ਤਰਦੇ ਵੇਖ ਰਿਹਾ ਹਾਂ । ਮੰਜਿਲ ਦੇ ਸਿਰਨਾਵੇਂ ਵੱਲ ਨੂੰ, ਹਿੰਮਤ ਕਰਦੇ ਵੇਖ ਰਿਹਾ ਹਾਂ । ਕੱਚੇ ਘਰੀਂ ਗੁਆਚੇ ਹੋਏ, ਫ਼ਿਕਰੀਂ ਵਿੱਧੇ ਬਹੁਤ ਲੋਕੀਂ, ਥੱਕੇ ਟੁੱਟੇ, ਹਾਰੇ ਹੁੱਟੇ, ਰਾਹ ਵਿਚ ਮਰਦੇ ਵੇਖ ਰਿਹਾ ਹਾਂ । ਪੰਜੀਂ ਸਾਲੀਂ ਆਉਂਦੇ ਇਹ ਜੋ, ਚਿੱਟੇ, ਨੀਲੇ, ਪੀਲੇ ਘੋੜੇ, ਖੇਤਾਂ ਵਿਚੋਂ ਹਰੇ ਅੰਗੂਰੀ ਸੁਪਨੇ ਚਰਦੇ ਵੇਖ ਰਿਹਾ ਹਾਂ । ਇਕ ਓਂਕਾਰ ਦੀ ਨਿਰਮਲ ਧਾਰਾ, ਕਾਲੀ ਬੇਈਂ ਦੇ ਵਿਚ ਗੁੰਮੀ, ਲੱਭਦੇ ਨੇ ਬਲਬੀਰ* ਤੇ ਬਹੁਤੇ ਗੱਲਾਂ ਕਰਦੇ ਵੇਖ ਰਿਹਾ ਹਾਂ । ਸਫ਼ਰ ਨਾਲ ਜੋ ਕਰਨ ਗੁਫ਼ਤਗੂ, ਮੰਜ਼ਿਲ ਨੂੰ ਵੀ ਓਹੀ ਵਰਦੇ, ਰਾਹ ਵਿਚ ਬੈਠੇ ਜਿਹੜੇ ਓਹੀ, ਹੌਕੇ ਭਰਦੇ ਵੇਖ ਰਿਹਾ ਹਾਂ । ਪਾਰ ਝਨਾਉਂ ਰਹਿੰਦੀ ਸੋਹਣੀ, ਮਹੀਂਵਾਲ ਦੇ ਦਿਲ ਨੂੰ ਮੋਹਣੀ, ਦਿਲ ਦੀ ਲਗਨ ਮਿਲਣ ਦੀ ਜਿਸ ਨੂੰ ਨਦੀਆਂ ਤਰਦੇ ਵੇਖ ਰਿਹਾ ਹਾਂ । ਡਰ ਨਹੀਂ ਕਿਸੇ ਪਰਾਏ ਕੋਲੋਂ, ਡਰ ਹੈ ਆਪਣੇ ਸਾਏ ਕੋਲੋਂ, ਘਰ ਦੇ ਭੇਤੀ ਕੋਲੋਂ ਬੰਦੇ, ਆਪੇ ਡਰਦੇ ਵੇਖ ਰਿਹਾ ਹਾਂ । *ਸੰਤ ਸੀਚੇਵਾਲ

ਇਕ ਦੂਜੇ ਤੋਂ ਮਸ਼ੀਨਾਂ ਦੂਰ ਸਾਨੂੰ

ਇਕ ਦੂਜੇ ਤੋਂ ਮਸ਼ੀਨਾਂ ਦੂਰ ਸਾਨੂੰ ਕਰਦੀਆਂ ਨੇ । ਮਹਿਕਦੀ ਧੜਕਣ ਨੂੰ ਖੋਹ ਕੇ ਆਪ ਉਹ ਥਾਂ ਭਰਦੀਆਂ ਨੇ । ਹੁਣ ਝਨਾਂ ਦੇ ਪਾਣੀਆਂ ਵਿਚ ਨਾ ਹੀ ਸੋਹਣੀ ਨਾ ਘੜਾ ਹੈ, ਹੌਕਿਆਂ ਦੀ ਜੂਨ ਪਈਆਂ, ਬੇੜੀਆਂ ਹੀ ਤਰਦੀਆਂ ਨੇ । ਖੇਤ 'ਚੋਂ ਫ਼ਸਲਾਂ ਸੁਕਾਵਣ ਤੇ ਘਰਾਂ 'ਚੋਂ ਰੌਣਕਾਂ ਵੀ, ਫੋਕੀਆਂ ਰਸਮਾਂ ਹੀ ਸਾਡੇ ਸੁਪਨਿਆਂ ਨੂੰ ਚਰਦੀਆਂ ਨੇ । ਗਗਨ ਚੁੰਮਦੇ ਭਵਨ ਦੇ ਵਣਜਾਰਿਆਂ ਨੂੰ ਕੌਣ ਪੁੱਛੇ ? ਜੰਮਣੋਂ ਪਹਿਲਾਂ ਹੀ ਸਾਡੇ, ਕਿਉਂ ਉਮੀਦਾਂ ਮਰਦੀਆਂ ਨੇ । ਫ਼ੈਲਦੇ ਬਾਜ਼ਾਰ ਸਾਨੂੰ ਸੁੰਨ ਕਰ ਦੇਣਾ ਹੈ ਆਖ਼ਿਰ, ਮਾਪਿਆਂ ਦੇ ਵਾਂਗ ਦੇਣਾ, ਨਿੱਘ ਕੰਧਾਂ ਘਰ ਦੀਆਂ ਨੇ । ਧਰਤ ਦਾ ਹੈ ਧਰਮ ਜੀਕੂੰ, ਝਟਕਿਆਂ ਨੂੰ ਸਹਿਣ ਕਰਨਾ, ਮਾਵਾਂ ਧੀਆਂ, ਭੈਣਾਂ, ਏਦਾਂ ਰੋਜ਼ ਸਦਮੇ ਜਰਦੀਆਂ ਨੇ । ਜ਼ਿੰਦਗੀ ਲੋਹਾਰ ਦੀ ਭੱਠੀ 'ਚ ਜੀਕੂੰ ਸੁਰਖ਼ ਲੋਹਾ, ਅਗਨ ਦੇ ਫੁੱਲਾਂ ਤੇ ਬਹਿਣੋਂ ਤਿਤਲੀਆਂ ਵੀ ਡਰਦੀਆਂ ਨੇ ।

ਝੰਬਿਆ ’ਨ੍ਹੇਰੀ ਨੇ ਮੈਨੂੰ

ਝੰਬਿਆ ’ਨ੍ਹੇਰੀ ਨੇ ਮੈਨੂੰ ਇਹ ਗਿਲਾ ਕੋਈ ਨਹੀਂ । ਕਿਉਂਕਿ ਇਹ ਸਭ ਜਾਣਦਾ ਤੇਰੇ ਸਿਵਾ ਕੋਈ ਨਹੀਂ । ਸਭ ਜ਼ਬਾਨੀ-ਖ਼ਰਚ ਕਰਕੇ ਲੋਕ ਆਪਣੇ ਰਾਹ ਪਏ, ਜਾਣਦਾ ਹਾਂ ਵਰ੍ਹਦੀਆਂ ਵਿਚ, ਠਹਿਰਦਾ ਕੋਈ ਨਹੀਂ । ਅਜਨਬੀ ਜਹੇ ਸ਼ਹਿਰ ਵਿਚ ਫਿਰਦਾਂ ਗੁਆਚਾ ਰਾਤ ਦਿਨ, ਦਰਦ ਵਿੰਨੇ ਪੰਖਣੂ ਨੂੰ ਪੁੱਛਦਾ ਕੋਈ ਨਹੀਂ । ਸੱਚ ਦੀ ਸੌਗਾਤ ਨੂੰ ਮੈਂ ਧਰਮ ਵਾਂਗੂੰ ਸਾਂਭਿਐ, ਇਸ ਤਰ੍ਹਾਂ ਦੀ ਵਸਤ ਏਥੇ ਭਾਲ਼ਦਾ ਕੋਈ ਨਹੀਂ । ਟਾਹਣੀਆਂ ਵਿਚਕਾਰ ਬਹਿ, ਪੰਛੀ ਹਮੇਸ਼ਾਂ ਸੋਚਦੈ, ਪੱਤਿਆਂ ਦੀ ਢਾਲ ਓਹਲੇ, ਹੁਣ ਬਲਾ ਕੋਈ ਨਹੀਂ । ਓਸ ਦੇ ਮੱਥੇ ਤੇ ਕਾਲੇ ਦਾਗ ਦੀ ਤਸਵੀਰ ਹੈ, ਤੋੜ ਕੇ ਸ਼ੀਸ਼ੇ ਨੂੰ ਜਿਹੜਾ ਆਖਦੈ ਕੋਈ ਨਹੀਂ । ਮੈਂ ਜਦੋਂ ਵੀ ਆਪਣੇ ਪਰਛਾਵਿਆਂ ਵਿਚ ਉਲਝਿਆਂ, ਉੱਠਿਆਂ ਖ਼ੁਦ ਨੂੰ ਇਹ ਕਹਿ ਕੇ, ਚੱਲ ਭਰਾ! ਕੋਈ ਨਹੀਂ । ਅਜਬ ਘੁੰਮਣਘੇਰ ਅੰਦਰ ਜਦ ਘਿਰਾਂ ਮੈਂ ਸਮਝ ਲਾਂ, ਹੁਣ ਮਿਰਾ ਹਮਦਰਦ ਏਥੇ ਮੇਰੇ ਬਿਨ ਕੋਈ ਨਹੀਂ ।

ਤੋੜ ਨਿਭਾਉਣਾ ਜਿਸਦਾ ਵੀ

ਤੋੜ ਨਿਭਾਉਣਾ ਜਿਸਦਾ ਵੀ ਕਿਰਦਾਰ ਨਹੀਂ ਹੈ । ਪਿਆਰ-ਮੁਹੱਬਤ ਮੇਰੀ ਦਾ ਹੱਕਦਾਰ ਨਹੀਂ ਹੈ । ਜਿਸ ਦੇ ਪੱਲੇ ਰੇਤ ਬਰੇਤੀ ਸਾਂਭ ਲਵੇ ਉਹ, ’ਕੱਲੀ ਇਸ ਤੋਂ ਉੱਸਰਨੀ ਦੀਵਾਰ ਨਹੀਂ ਹੈ । ਕੌਣ ਕਰੇ ਵਿਸ਼ਵਾਸ ਤੇਰੇ ਬੋਲਾਂ ਦਾ ਏਥੇ, ਅੱਖਾਂ ਵਿੱਚ ਤਾਂ ਕਤਰਾ ਵੀ ਸਤਿਕਾਰ ਨਹੀਂ ਹੈ । ਅਸਲੀ ਪਿਆਰ ਮੁਹੱਬਤ ਤਾਂ ਸਿਰ ਚੜ੍ਹ ਕੇ ਬੋਲੇ, ਜੀਭ ਨੂੰ ਕਹਿਣਾ ਪੈਂਦਾ, ਦੂਜੀ ਵਾਰ ਨਹੀਂ ਹੈ । ਵਗਦੇ ਪਾਣੀ ਅੰਦਰ ਮੱਛੀਆਂ ਤੈਰਦੀਆਂ ਨੇ, ਇਨ੍ਹਾਂ ਜਾਣਾ ਹੁੰਦਾ ਦੂਜੇ ਪਾਰ ਨਹੀਂ ਹੈ । ਜ਼ਾਲਮ ਨਾਲ ਬਾਰਾਤੀ ਬਣਿਆ ਬੈਠਾ ਏ ਜੋ, ਕਿਸੇ ਮੁਆਫ਼ੀ ਦਾ ਵੀ ਉਹ ਹੱਕਦਾਰ ਨਹੀਂ ਹੈ । ਉਸ ਧਰਤੀ ਦੀ ਅਜ਼ਮਤ ਕੌਣ ਸੰਭਾਲੇਗਾ ਫਿਰ, ਜਿੱਥੇ ਸੁੱਚੇ ਰਿਸ਼ਤੇ ਖ਼ਾਤਰ ਪਿਆਰ ਨਹੀਂ ਹੈ ।

ਬੰਦ ਨੇ ਬੂਹੇ ਅਤੇ ਬਾਰੀਆਂ

ਬੰਦ ਨੇ ਬੂਹੇ ਅਤੇ ਬਾਰੀਆਂ ਸਾਡੇ ਪਿੰਡ ਨੂੰ ਕੀਹ ਹੋਇਆ ਹੈ । ਸ਼ਹਿਰਾਂ ਵਾਂਗੂ ਤੜਪ ਨਹੀਂ ਹੈ, ਹਰ ਘਰ ਜੀਕੂੰ ਅੱਧ ਮੋਇਆ ਹੈ । ਬੰਦ ਕਮਰਿਆਂ ਅੰਦਰ ਜਾਲ਼ੇ, ਹੋਠਾਂ ਉੱਪਰ ਲੱਗੇ ਤਾਲ਼ੇ, ਤੇਲ ਦੀ ਥਾਂ ਤੇ ਖ਼ੂਨ ਬਰੂਹੀਂ, ਕਿਸ ਨੇ ਏਥੇ ਕਿਉਂ ਚੋਇਆ ਹੈ ? ਪਿੱਪਲ ਥੱਲੇ ਤੀਆਂ ਤੇ ਨਾ ਗਿੱਧੇ ਦੇ ਪਿੜ ਅੰਦਰ ਧੀਆਂ, ਬਾਪੂ ਵਰਗਾ ਬਿਰਖ਼ ਬਰੋਟਾ, ਆਰੀ ਹੱਥੋਂ ਕਿਉਂ ਮੋਇਆ ਹੈ ? ਤੇਰੇ ਪੱਲੇ ਚਾਨਣ ਚਾਨਣ, ਮੇਰੇ ਪੱਲੇ ’ਨ੍ਹੇਰਾ ਈ ’ਨ੍ਹੇਰਾ, ਪਿੰਡ ਕਿਉਂ ਨਾ ਕਰੇ ਸ਼ਿਕਾਇਤ, ਭੇਦਭਾਵ ਇਹ ਕਿਉਂ ਹੋਇਆ ਹੈ ? ਕਈ ਵਾਰੀ ਮੈਂ ਦਸਤਕ ਦਿੱਤੀ, ਕਿਸੇ ਹੁੰਗਾਰਾ ਹੀ ਨਹੀਂ ਭਰਿਆ, ਸਮਝ ਨਾ ਆਵੇ ਆਪਣਿਆਂ ਨੇ, ਘਰ ਦਾ ਬੂਹਾ ਕਿਉਂ ਢੋਇਆ ਹੈ ? ਹਰ ਇਕ ਚਮਕਣਹਾਰ ਨਾ ਹੀਰਾ, ਸਦਾ ਭੁਲੇਖੇ ਖਾਹ ਨਾ ਵੀਰਾ, ਗੋਦੜੀਆਂ ਦੇ ਲਾਲਾਂ ਦਾ ਮੂੰਹ, ਦੱਸ ਭਲਾ ਕਿਸ ਨੇ ਧੋਇਆ ਹੈ ? ਸੂਰਜ ਆਖੇ ਜਾਗੋ ਜਾਗੋ, ਅੱਖਾਂ ਖੋਲ੍ਹੋ ਸੌਣ ਵਾਲਿਓ, ਭੁੱਲ ਨਾ ਜਾਇਓ ਨਾਲ ਤੁਹਾਡੇ, ਨ੍ਹੇਰੇ ਅੰਦਰ ਕੀਹ ਹੋਇਆ ਹੈ ?

ਧਰਤੀ ਮਾਂ ਦੀ ਗੋਦ ਭਰੀ ਹੈ

ਧਰਤੀ ਮਾਂ ਦੀ ਗੋਦ ਭਰੀ ਹੈ, ਅੱਜ ਦਿਨ ਭਾਗਾਂ ਵਾਲ਼ਾ । ਉਹ ਵੀ ਫੁੱਲ ਗੁਲਾਬੀ ਹੋਇਆ ਜਿਸਦਾ ਰੰਗ ਸੀ ਕਾਲ਼ਾ । ਸੱਚ ਨੂੰ ਹਿੱਕ ਦੇ ਨਾਲ ਲਗਾ ਕੇ, ਤੁਰਨਾ ਬਿਲਕੁਲ ਏਦਾਂ, ਦੌੜ ਦੌੜੀਏ ਜੀਕੂੰ ਗਲ਼ ਪਾ, ਉਸਤਰਿਆਂ ਦੀ ਮਾਲ਼ਾ । ਜੇ ਤੂੰ ਸਾਡੇ ਨਾਲ ਤੁਰ ਪਿਐਂ, ਵੇਖੀਂ ਮੂੰਹ ਨਾ ਖੋਲ੍ਹੀ, ਵੱਡਿਆਂ ਦੇ ਦਰਬਾਰ 'ਚ ਰੱਖੀ ਹੋਠਾਂ ਉੱਤੇ ਤਾਲ਼ਾ । ਸਿਖ਼ਰ ਦੁਪਹਿਰੇ ਕਾਂਬਾ ਛਿੜਿਐ, ਦੰਦੋੜਿਕੇ ਵੱਜਣ, ਸਮਝ ਪਵੇ ਨਾ ਕਿਵੇਂ ਲੁਕਾਵਾਂ, ਅਪਣੇ ਮਨ ਦਾ ਪਾਲ਼ਾ । ਸਰਬ ਸਮੇਂ ਦੀ ਚੱਕੀ ਅੰਦਰ ਦਾਣੇ ਦਲੀਆ ਹੋਏ, ਨਾਲ ਧੁਰੇ ਤੇ ਜੁੜਿਆ, ਬਚਿਆ, ਪੰਜ ਸੱਤ ਦਾਣੇ ਗਾਲ਼ਾ । ਜ਼ਿੰਦਗੀ ਦੀ ਰਫ਼ਤਾਰ ਨਿਰੰਤਰ ਮੰਜ਼ਿਲ ਤੀਕ ਪੁਚਾਵੇ, ਕਦਮਾਂ ਪੈਰੀਂ ਬੰਨ੍ਹ ਬਿਜਲੀਆਂ ਲਾ ਨਾ ਐਵੇਂ ਟਾਲ਼ਾ । ਨੂਰੋ-ਨੂਰ ਦੀਵਾਰ ਅਚਾਨਕ ਐਵੇਂ ਤਾਂ ਨਹੀਂ ਹੋਈ, ਸੇਕ ਸਹਿੰਦਿਆਂ ਉਮਰ ਗੁਜ਼ਾਰੀ ਦੱਸਦੈ ਮੈਨੂੰ ਆਲ਼ਾ ।

ਉਹ ਨਹੀਂ ਨੇੜੇ ਜੇ ਮੇਰੇ ਦੂਰ ਵੀ ਨਾ

ਉਹ ਨਹੀਂ ਨੇੜੇ ਜੇ ਮੇਰੇ ਦੂਰ ਵੀ ਨਾ । ਜੇ ਨਹੀਂ ਲਿਸ਼ਕੰਦੜੀ, ਬੇਨੂਰ ਵੀ ਨਾ । ਜੇ ਨਹੀਂ ਮੰਜ਼ਿਲ ਮਿਲੀ ਤਾਂ ਸੋਚ ਖ਼ੁਦ ਤੂੰ, ਥੱਕ ਕੇ ਹੋਇਆ ਕਦੇ ਤੂੰ ਚੂਰ ਵੀ ਨਾ । ਦੁੱਧ ਪੀਣੇ ਮਜਨੂੰਆਂ ਤੂੰ ਹਾਰ ਜਾਣੈਂ, ਰੱਤ ਦਾ ਕਾਸਾ ਤੇਰਾ ਭਰਪੂਰ ਵੀ ਨਾ । ਸਫ਼ਰ ਨੂੰ ਪੈਰੀਂ ਸਜਾ ਲੈ ਸਿਖ਼ਰ ਖ਼ਾਤਰ, ਰਾਹ 'ਚ ਬਹਿ ਕੇ ਇਸ ਤਰ੍ਹਾਂ ਤੂੰ ਝੂਰ ਵੀ ਨਾ । ਕਿਸ਼ਤੀਆਂ ਵਾਲੇ ਘਰਾਂ ਨੂੰ ਪਰਤ ਗਏ ਨੇ, ਪਾਰ ਲੰਘਣ ਵਾਲਾ ਆਇਆ ਪੂਰ ਵੀ ਨਾ । ਅੱਗ ਜਿਸ ਲਾਈ ਸੀ ਏਥੋਂ ਤੁਰ ਗਿਆ ਉਹ, ਬੇ ਵਜ਼੍ਹਾ ਵਗਦੀ ਹਵਾ ਤੂੰ ਘੂਰ ਵੀ ਨਾ । ਤੇਰੇ ਘਰ ਕਿੰਜ ਰੌਸ਼ਨੀ ਦਾ ਵਾਸ ਹੋਵੇ, ਦੀਵਿਆਂ ਬਿਨ ਹੁੰਦਾ ਕਿਧਰੇ ਨੂਰ ਵੀ ਨਾ ।

ਛੱਡ ਪਗਡੰਡੀ ਸੜਕੀਂ ਚੜ ਪਏ

ਛੱਡ ਪਗਡੰਡੀ ਸੜਕੀਂ ਚੜ੍ਹ ਪਏ ਪਿੰਡ ਚੱਲੇ ਹੁਣ ਸ਼ਹਿਰਾਂ ਨੂੰ । ਸਾਫ਼ ਹਵਾ ਦੇ ਬੁੱਲੇ ਛੱਡ ਕੇ, ਡੀਕਣਗੇ ਹੁਣ ਜ਼ਹਿਰਾਂ ਨੂੰ । ਗ਼ਮ ਦਾ ਦਰਿਆ ਰੋੜ੍ਹੀ ਜਾਵੇ, ਕੱਚਾ ਪੱਕਾ ਇੱਕੋ ਭਾਅ ਸੋਹਣੀ ਡਰਦੀ, ਹੁਣ ਨਹੀਂ ਤਰਦੀ, ਇਸ਼ਕ-ਝਨਾਂ ਦੀਆਂ ਲਹਿਰਾਂ ਨੂੰ । ਮੈਂ ਦਰਿਆ ਹਾਂ, ਮੇਰੀ ਮਰਜ਼ੀ, ਕਿੱਧਰ ਚਾਹਾਂ ਜਾ ਸਕਦਾਂ, ਹੁਕਮ ਸੁਣਾਈ ਜਾਹ ਤੂੰ ਅਪਣਾ, ਸਭ ਸਰਕਾਰੀ ਨਹਿਰਾਂ ਨੂੰ ! ਤੇਰੇ ਸਿਰ ਤੇ ਅਸੀਂ ਖੜੇ੍ਹ ਹਾਂ, ਫਿਰ ਘਬਰਾਵੇਂ ਪੁੱਤਰਾ ਕਿਓਂ, ਬੋਹੜਾਂ ਤੇ ਪਿੱਪਲਾਂ ਦੇ ਮੂੰਹੋਂ, ਸੁਣਦਾ ਸਿਖ਼ਰ ਦੁਪਹਿਰਾਂ ਨੂੰ । ਨਿੱਤਰੇ ਪਾਣੀ ਵਿੱਚੋਂ ਅਪਣਾ, ਚਿਹਰਾ ਵੇਖੇ ਡਰ ਜਾਵੇਂ, ਮਨ ਵਿਚ ਚੁੱਕੀ ਫਿਰਦਾ ਹੈਂ ਕਿਉਂ, ਵੰਨ ਸੁਵੰਨੀਆਂ ਗਹਿਰਾਂ ਨੂੰ । ਖਿੱਲਰੇ ਮਨ ਨੂੰ ਕੌਣ ਸੰਭਾਲੇ, ਕਵਿਤਾ ਪੁੱਛਦੀ ਗੀਤਾਂ ਨੂੰ, ਮੇਰੀ ਪੀੜ ਸਮਝ ਨਾ ਆਵੇ, ਹੁਣ ਗ਼ਜ਼ਲਾਂ ਦੀਆਂ ਬਹਿਰਾਂ ਨੂੰ । ਬੋਤਲਬੰਦ ਪਾਣੀ ਦੀ ਕੀਮਤ ਵਧ ਚੱਲੀ ਦੁੱਧ ਗੜਵੀ ਤੋਂ, ਨਜ਼ਰ ਕਿਉਂ ਨਾ ਪਰਖ਼ੇ ਤੇਰੀ ਮੰਡੀ ਵਾਲੇ ਕਹਿਰਾਂ ਨੂੰ ।

ਚੁੱਪ ਕਰ ਤੂੰ, ਪੂੰਝ ਅੱਖਾਂ ਕੁਝ ਤਾਂ ਬੋਲ!

ਚੁੱਪ ਕਰ ਤੂੰ, ਪੂੰਝ ਅੱਖਾਂ ਕੁਝ ਤਾਂ ਬੋਲ! ਲਾਟ ਹੈਂ, ’ਨੇਰ੍ਹੀ ਤੋਂ ਡਰ ਕੇ, ਤੂੰ ਨਾ ਡੋਲ! ਤੂੰ ਕਦੇ ਉਪਰਾਮਤਾ ਨੇੜੇ ਨਾ ਜਾਵੀਂ, ਮੈਂ ਜਦੋਂ ਬੈਠਾਂ ਤੇਰੀ ਧੜਕਣ ਦੇ ਕੋਲ । ਇਹ ਨਹੀਂ ਹੈ ਵਣਜ ਵਾਧੇ ਘਾਟਿਆਂ ਦਾ, ਪਿਆਰ ਤਾਂ ਮਿਲਦਾ ਸਦਾ ਸਾਹਾਂ ਦੇ ਤੋਲ ! ਤੂੰ ਜ਼ਰਾ ਮਹਿਸੂਸ ਕਰ ਮੇਰੀ ਮੁਹੱਬਤ, ਬੰਦ ਕਰ ਅੱਖਾਂ ਤੇ ਮੂੰਹੋਂ ਕੁਝ ਨਾ ਬੋਲ ! ਤੂੰ ਮੇਰੇ ਤੋਂ ਦੂਰ ਨਾ ਹੋਵੀਂ ਕਦੇ ਵੀ, ਨਾ ਕਦੇ ਖ਼ਾਲੀ ਕਰੀਂ ਤੂੰ ਮੇਰੀ ਝੋਲ ! ਆਦਮੀ 'ਕੱਲ੍ਹਾ ਇਕਹਿਰਾ ਕੁਝ ਨਹੀਂ ਹੈ, ਜੇ ਨਹੀਂ ਸੁੱਚੀ ਮੁਹੱਬਤ ਉਸ ਦੇ ਕੋਲ ! ਜੇ ਕਦੇ ਮੈਨੂੰ ਮਿਲਣ ਨੂੰ ਜੀਅ ਕਰੇ ਤਾਂ, ਲੱਭ ਲਈਂ ਮੈਨੂੰ ਤੂੰ ਅਪਣੀ ਰੂਹ ਦੇ ਕੋਲ !

ਮੌਤ ਹੱਥੋਂ ਹੋ ਰਿਹਾ ਏ ਜ਼ਿੰਦਗੀ ਦਾ

(ਸਵਾਤ ਘਾਟੀ ਦੀ ਗਾਇਕਾ ਸ਼ਬਾਨਾਂ ਦੇ ਨਾਂ ਜਿਸ ਨੂੰ ਗਾਉਣ ਤੇ ਨੱਚਣ ਬਦਲੇ ਕਤਲ ਕੀਤਾ ਗਿਆ ।) ਮੌਤ ਹੱਥੋਂ ਹੋ ਰਿਹਾ ਏ ਜ਼ਿੰਦਗੀ ਦਾ ਇਮਤਿਹਾਨ । ਹੋਰ ਕਿਸ ਨੂੰ ਆਖਦੇ ਨੇ ਨਰਕ, ਦੱਸੋ ਮਿਹਰਬਾਨ । ਬੋਲਦਾ ਕੋਈ ਨਹੀਂ, ਨਾ ਚੀਖ਼ ਸੁਣਦੀ ਹੈ ਕਿਤੇ, ਜੀਭ ਨੂੰ ਤੰਦੂਆ ਕਿਉਂ ਹੈ, ਕੁੱਲ ਆਲਮ ਬੇਜ਼ਬਾਨ । ਧਰਮ ਤੇ ਇਖ਼ਲਾਕ ਦੋਵੇਂ ਅਰਥਹੀਣੇ ਹੋ ਗਏ, ਅਰਥ ਮਨਮਰਜ਼ੀ ਦੇ ਕਰਕੇ, ਦੱਸਦੈ ਸਾਨੂੰ ਸ਼ੈਤਾਨ । ਤਿਤਲੀਆਂ ਨੂੰ ਖੰਭ ਫੜਕਣ ਦੀ ਮਨਾਹੀ ਕਰ ਦਿਉ, ਇਹ ਭਲਾ ਕਿਹੜੀ ਸ਼ਰੀਅਤ, ਇਹ ਭਲਾ ਕਿਹੜਾ ਵਿਧਾਨ । ਨੂੜ ਕੇ ਬਾਹਾਂ ਤੇ ਲੱਤਾਂ, ਕੋੜਿਆਂ ਦੀ ਮਾਰ ਹੇਠ, ਮੂਧੜੇ ਮੂੰਹ ਧਰਤ ਉੱਤੇ, ਸਹਿਕਦੀ ਮਾਸੂਮ ਜਾਨ । ਕਿਹੜਿਆਂ ਮਦਰੱਸਿਆਂ ਤੋਂ ਨਾਗ ਪੜ੍ਹਕੇ ਆਏ ਨੇ, ਡੰਗਦੇ ਧੀਆਂ ਤੇ ਭੈਣਾਂ, ਇਹ ਅਨੋਖੇ ਤਾਲਿਬਾਨ । ਕੁੱਲ ਆਲਮ ਘੂਕ ਸੁੱਤਾ, ਜ਼ੁਲਮ ਹੁੰਦਾ ਵੇਖ ਕੇ, ਜ਼ੁਲਮ ਕਰਨਾ, ਸਹਿਣਾ ਕਰਨਾ, ਕੁਫ਼ਰ ਹੈ ਦੱਸੇ ਕੁਰਾਨ ।

ਜੋ ਮਨੁੱਖੀ ਜਾਨ ਲੈਂਦਾ, ਓਸ ਨੂੰ ਸਮਝੋ

ਜੋ ਮਨੁੱਖੀ ਜਾਨ ਲੈਂਦਾ, ਓਸ ਨੂੰ ਸਮਝੋ ਹੈਵਾਨ । ਦੇਸ਼ ਭਗਤੋ, ਖ਼ੁਦ ਪ੍ਰਸਤੋ, ਕਰ ਦਿਓ ਫੌਰੀ ਐਲਾਨ । ਤਰਕ ਬੁੱਧੀ ਨੂੰ ਸੰਭਾਲੋ, ਫਿਰ ਨਿਸ਼ਾਨਾ ਸੇਧਿਓ, ਤੀਰ ਤੰਦੀ ਚਾੜ੍ਹ ਰੱਖੋ, ਅਕਲ ਦੀ ਕੱਸ ਕੇ ਕਮਾਨ । ਕਤਲਗਾਹ ਵਿਚ ਕਾਤਲਾਂ ਨੂੰ ਇਹ ਸੁਨੇਹਾ ਦੇ ਦਿਓ, ਮਰਨ ਮਾਰਨ ਤੋਂ ਅਗਾਂਹ ਹੈ, ਜ਼ਿੰਦਗੀ ਕਬਰਾਂ ਸਮਾਨ । ਇਹ ਭੁਲੇਖਾ ਦੂਰ ਕਰਨਾ ਵੀ ਤਾਂ ਸਾਡਾ ਧਰਮ ਹੈ, ਜ਼ਿੰਦਗੀ ਨੂੰ ਮਸਲ ਸਕਦਾ ਨਾ ਕਦੇ ਕੋਈ ਸ਼ੈਤਾਨ । ਤੂੰ ਖ਼ੁਦਾਈ ਰਹਿਮਤਾਂ ਨੂੰ, ਜ਼ਹਿਮਤਾਂ 'ਚੋਂ ਢੂੰਡ ਨਾਂਹ, ਸਾਬਰਾਂ ਤੇ ਜਬਰ ਕਰਨਾ, ਹੈ ਭਲਾ ਕਿਹੜਾ ਈਮਾਨ । ਏਸ ਧਰਤੀ ਨੂੰ ਸਿਖਾਓ, ਮਹਿਕਦੇ ਜੀਵਨ ਦਾ ਗੀਤ, ਜ਼ਰਦ ਹੋਠਾਂ ਤੇ ਟਿਕਾਉ ਫੇਰ ਤੋਂ ਵੰਝਲੀ ਦੀ ਤਾਨ । ਜੋ ਨਹੀਂ ਬੋਲੇ ਅਜੇ ਤਾਂ ਹੋਰ ਬੋਲੋਗੇ ਕਦੋਂ, ਮਿਟ ਰਿਹਾ ਏ ਧਰਤ ਉੱਤੋਂ ਅਦਲ ਦਾ ਨਾਮੋ-ਨਿਸ਼ਾਨ । ਅਗਨ ਬਾਣਾਂ ਧਰਤੀ ਵਿੰਨੀ, ਚੁੱਪ ਹੈ ਅਸਮਾਨ ਵੇਖ, ਛਾਨਣੀ ਹੋਏ ਨੇ ਪੱਤੇ ਭਰ ਗਏ ਪੰਛੀ ਉਡਾਨ ।

ਨੋਚਦੈ ਮਾਸੂਮ ਜਿੰਦਾਂ, ਵਕਤ ਹੋਇਆ

ਨੋਚਦੈ ਮਾਸੂਮ ਜਿੰਦਾਂ, ਵਕਤ ਹੋਇਆ ਕਹਿਰਵਾਨ । ਬੋਲਦਾ ਹੈ ਇਹ ਹਮੇਸ਼ਾਂ, ਜ਼ੁਲਮ ਦੀ ਇੱਕੋ ਜ਼ਬਾਨ । ਫੇਰਦਾ ਹੈਂ ਕਿਉਂ ਸੁਹਾਗਾ, ਅਕਲ ਦੇ ਹਰ ਲਫ਼ਜ਼ ਤੇ, ਤੋੜ ਕੇ ਦੀਵੇ ਨੂੰ ਸਮਝੇ, ਕਿਉਂ ਭਲਾ ਏਸੇ ਨੂੰ ਸ਼ਾਨ ? ਤੂੰ ਭਲਾ ਕਿਹੜੇ ਭੁਲੇਖੇ, ਕੰਧਾਂ ਕੋਠੇ ਢਾਹ ਰਿਹੈ, ਧਮਕ ਨਾ ਮਹਿਲਾਂ 'ਚ ਪੁੱਜੇ, ਘੂਕ ਸੁੱਤਾ ਹੁਕਮਰਾਨ । ਫ਼ਸਲ ਵੇਚੇਂ ਤੇ ਖ਼ਰੀਦੇਂ, ਤੋਪ ਗੋਲੇ ਤੇ ਬੰਦੂਕ, ਤੇਰੇ ਸਿਰ ਤੇ ਚੱਲਦੀ ਹੈ, ਕੁਫ਼ਰ ਦੀ ਸ਼ਾਹੀ ਦੁਕਾਨ । ਮੌਤ ਨੇ ਤਾਂਡਵ ਬਥੇਰਾ ਏਸ ਥਾਂ ਹੁਣ ਕਰ ਲਿਐ, ਰੋਕ ਹੁਣ ਇਸ ਨੂੰ ਭਰਾਵਾ, ਜੇ ਹੈਂ ਸੱਚਾ ਮੁਸਲਮਾਨ । ਏਸ ਥਾਂ ਤੇ ਬੀਜਦੇ ਸੀ ਜੋ ਕਦੇ ਸੁੱਚੇ ਗੁਲਾਬ, ਲੋੜ ਹੈ ਲੱਭਣ ਦੀ ਸਾਰੇ, ਉਸ ਨਸਲ ਦੇ ਬਾਗਬਾਨ । ਹੱਥ ਵਿਚ ਹਥਿਆਰ ਲੈ ਕੇ ਫਿਰ ਰਿਹੈਂ, ਤੂੰ ਸੁਣ ਜ਼ਰਾ, ਅੱਤ ਮਗਰੋਂ ਅੰਤ ਹੁੰਦੈ, ਖ਼ਾਕ ਵਿਚ ਮਿਲਦੈ ਗੁਮਾਨ ।

ਵੀਰਵਾਰ ਨੂੰ ਜਗਦੇ ਦੀਵੇ, ਸਾਡੇ ਪਿੰਡ

ਵੀਰਵਾਰ ਨੂੰ ਜਗਦੇ ਦੀਵੇ, ਸਾਡੇ ਪਿੰਡ ਦਰਗਾਹਾਂ ਅੰਦਰ । ਪਰ ਬਾਕੀ ਦਿਨ ਘੁੱਪ ਹਨ੍ਹੇਰਾ, ਰਹਿੰਦਾ ਸਾਰੇ ਰਾਹਾਂ ਅੰਦਰ । ਹਾੜ੍ਹ, ਸਿਆਲ, ਪੱਤਝੜਾਂ ਮਗਰੋਂ, ਰੁੱਤ ਬਸੰਤੀ ਕੀਹਦੀ ਖ਼ਾਤਰ, ਸਾਡੇ ਲਈ ਹਰ ਵਰਕਾ ਜ਼ਖ਼ਮੀ, ਸਾਰੇ ਬਾਰਾਂ-ਮਾਹਾਂ ਅੰਦਰ । ਟੱਲੀਆਂ ਦੀ ਟੁਣਕਾਰ ਗੁਆਚੀ, ਵਿਚ ਸਿਆੜਾਂ ਸੁਪਨੇ ਮੋਏ, ਚਿੰਤਾ ਚਿਖ਼ਾ ਬਰਾਬਰ ਧੁਖ਼ਦੀ, ਆਉਂਦੇ ਜਾਂਦੇ ਸਾਹਾਂ ਅੰਦਰ । ਮੱਛੀਆਂ ਖ਼ਾਤਰ ਜਾਲ਼ ਵਿਛਾਉਂਦੇ, ਵਿਰਲੇ ਟਾਂਵੇਂ ਪਾਰ ਲੰਘਾਉਂਦੇ, ਬਣੇ ਸਿਆਸਤਦਾਨਾਂ ਵਰਗੇ, ਬਹੁਤੇ ਲੋਕ ਮਲਾਹਾਂ ਅੰਦਰ । ਬਿਰਖ਼ ਬਰੂਟੇ ਮੁੱਕਦੇ ਜਾਂਦੇ, ਵੱਡੀ ਬੁੱਕਲ ਵਾਲੇ ਬਾਬੇ, ਜੋ ਭਰਦੇ ਸੀ ਜਗਤ-ਕਲਾਵਾ, ਇਨ੍ਹਾਂ ਦੋਹਾਂ ਬਾਹਾਂ ਅੰਦਰ । ਇਸ ਮੌਸਮ ਵਿਚ ਰੂਹ ਦੇ ਰਿਸ਼ਤੇ, ਕਿਉਂ ਲੱਭਦੈ ਤੂੰ ਭੋਲ਼ੇ ਪੰਛੀ, ਪਿਆਰ ਮੁਹੱਬਤ ਗਰਜ਼ੀਂ ਬੱਧੇ, ਭਰ ਗਈ ਖੋਟ ਨਿਗਾਹਾਂ ਅੰਦਰ । ਅਪਣੇ ਘਰ ਤੇ ਚੌਗਿਰਦੇ ਨੂੰ ਜੇਕਰ ਰੌਸ਼ਨ ਕਰਨਾ ਚਾਹੇਂ, ਮਮਟੀ ਬਾਲ ਚਿਰਾਗ, ਗੁਆ ਨਾ, ਬਹੁਤਾ ਵਕਤ ਸਲਾਹਾਂ ਅੰਦਰ ।

ਧਰਤ ਤੇ ਆਇਆ ਜਦੋਂ ਵੀ

ਧਰਤ ਤੇ ਆਇਆ ਜਦੋਂ ਵੀ, ਹੈ ਕਿਤੇ ਵੀ ਜ਼ਲਜ਼ਲਾ । ਮੇਰਾ ਘਰ, ਬੂਹਾ, ਬਨੇਰਾ, ਸਹਿਮਿਆ, ਫਿਰ ਕੰਬਿਆ । ਟਾਹਣੀਆਂ ਦੇ ਦਿਲ 'ਚ ਹਾਲੇ, ਕੰਬਣੀ ਓਸੇ ਤਰ੍ਹਾਂ, ਮੁੱਦਤਾਂ ਪਹਿਲਾਂ ਸੀ ਏਥੋਂ, ਵਾ-ਵਰੋਲਾ ਗੁਜ਼ਰਿਆ । ਉਹ ਜੋ ਬੈਠੀ ਹੈ ਸਵੈਟਰ ਬੁਣਨ ਤੜਕੇ ਜਾਗ ਕੇ, ਉੱਨ ਦਾ ਗੋਲਾ ਵਿਚਾਰੀ ਦਾ ਅਜੇ ਤੱਕ ਉਲਝਿਆ । ਨੀਰ ਨਦੀਆਂ ਦਾ ਵਹੇ ਨਿਰਮਲ ਨਿਰੰਤਰ ਰਾਤ ਦਿਨ, ਤੇਰੇ ਘਰ ਖ਼ਾਰਾ ਬਣੇ ਕਿਉਂ, ਮੈਂ ਸਮੁੰਦਰ ਨੂੰ ਕਿਹਾ । ਬਾਲਕਾ ਜੰਗਲ 'ਚ ਤੇ ਚਾਰੇ ਹੀ ਪਾਸੇ ਰਾਤ ਸੀ, ਸਹਿਮ ਜਾਵਾਂ ਸੋਚ ਕੇ, ਉਹ ਡਰ ਕੇ ਕਿਉਂ ਨਾ ਚੀਕਿਆ ? ਜਾਲ਼ ਹੈ ਵਿਛਿਆ ਚੁਫ਼ੇਰੇ, ਚੋਗ ਦਾ ਲਾਲਚ ਨਾ ਕਰ, ਤੈਨੂੰ ਘੇਰਨ ਵਾਸਤੇ ਬੈਠੇ ਸ਼ਿਕਾਰੀ ਭੋਲਿਆ । ਪੰਜ ਸਾਲਾਂ ਬਾਅਦ, ਭੇਡਾਂ ਸਮਝ ਕੇ ਪੁਚਕਾਰਦੈ, ਮੁੰਨ ਕੇ ਫਿਰ ਪਰਤ ਜਾਵੇ, ਕੈਂਚੀਆਂ ਦਾ ਕਾਫ਼ਲਾ ।

ਮਾਲੀ ਨੂੰ ਵਿਸ਼ਵਾਸ ਨਹੀਂ ਹੁਣ

ਮਾਲੀ ਨੂੰ ਵਿਸ਼ਵਾਸ ਨਹੀਂ ਹੁਣ, ਬਾਗ਼ ਬਹਾਰਾਂ ਉੱਤੇ । ਪਹਿਰੇਦਾਰ ਬਿਠਾ ਦਿੱਤੇ ਉਸ ਫੁੱਲਾਂ ਖ਼ਾਰਾਂ ਉੱਤੇ । ਬਾਗ ਬਗੀਚਾ, ਜੰਗਲ ਬੂਟਾ, ਆਰੀ ਚੀਰੀ ਜਾਵੇ, ਘੁੱਗੀਆਂ ਮੋਰ ਸੰਭਾਲੀਂ ਵਾਹ ਕੇ ਦਰ ਦੀਵਾਰਾਂ ਉੱਤੇ । ਆਲ੍ਹਣਿਆਂ ਨੂੰ ਛੱਡ ਕੇ ਕੂੰਜਾਂ ਗਈਆਂ ਦੇਸ ਦਸੌਰੀਂ, ਨਜ਼ਰ ਸਵੱਲੀ ਲੱਗਦੀ ਨਹੀਓਂ ਹੁਣ ਗੁਲਜ਼ਾਰਾਂ ਉੱਤੇ । ਬੇੜੀ ਭੰਵਰ ਹਵਾਲੇ ਕਰਕੇ ਆਪ ਸਲਾਮਤ ਪਰਤੇ, ਮਾਣ ਕਰੇਂ ਤੂੰ ਕਾਹਦਾ ਜਿੰਦੇ, ਆਪਣੇ ਯਾਰਾਂ ਉੱਤੇ । ਅੱਧੀ ਰਾਤ ਗੁਜ਼ਾਰ ਲਈ ਏ, ਬਾਕੀ ਵੀ ਲੰਘ ਜਾਊ, ਤੁਰਦੀ ਤੁਰਦੀ ਨਿੱਕੀ ਸੂਈ, ਪਹੁੰਚੀ ਬਾਰਾਂ ਉੱਤੇ । ਇੱਕ ਇਕੱਲੇ ਕੋਲੋਂ ਖ਼ਤਰਾ, ਕਦ ਗਿਣਦੀ ਏ ਕੁਰਸੀ, ਕਹਿਰ ਵਰ੍ਹਾਵੇ ਸਦਾ ਹਕੂਮਤ ਲੰਮੀਆਂ ਡਾਰਾਂ ਉੱਤੇ । ਜਿੱਤਾਂ ਵਾਲੇ ਹਾਰ ਪੁਆ ਕੇ ਘਰੋ ਘਰੀ ਜਾ ਸੁੱਤੇ, ਮੈਂ ਰਖਵਾਲੀ ਬੈਠ ਗਿਆ ਹਾਂ ਹੋਈਆਂ ਹਾਰਾਂ ਉੱਤੇ ।

ਮੋਹ ਮੁਹੱਬਤ ਪਾਰਦਰਸ਼ੀ ਹੈ

ਮੋਹ-ਮੁਹੱਬਤ ਪਾਰਦਰਸ਼ੀ ਹੈ ਤਾਂ ਫਿਰ ਟੁੱਟੇ ਨਹੀਂ । ਪਿੰਜਰੇ 'ਚੋਂ ਪਿਆਰ-ਕੈਦੀ ਵੇਖ ਲੈ ਛੁੱਟੇ ਨਹੀਂ । ਤੂੰ ਜੋ ਮਾਰੇ ਤੀਰ ਸਾਰੇ ਅੱਜ ਤੱਕ ਮਹਿਫੂਜ਼ ਨੇ, ਜੀਭ ਦੰਦਾਂ ਹੇਠ ਹੈ ਪਰ, ਹਿੱਕ 'ਚੋਂ ਪੁੱਟੇ ਨਹੀਂ । ਰੁੱਖ ਜੋ ਹਰਿਆਵਲੇ ਨੂੰ ਚੱਟਦੀ ਹੈ ਅਮਰ ਵੇਲ, ਉਸ ਦੀ ਬੁੱਕਲ ਬਹਿਣ ਵਾਲੇ, ਫੇਰ ਤੋਂ ਫੁੱਟੇ ਨਹੀਂ । ਜਿਹੜੇ ਪਲ ਮਾਣੇ ਕਦੇ ਸੀ ਤੂੰ ਤੇ ਮੈਂ ਰਲ ਬੈਠ ਕੇ, ਸਾਂਭ ਲਏ ਦਿਲ-ਪੋਟਲੀ ਵਿਚ, ਵੇਖ ਲੈ, ਸੁੱਟੇ ਨਹੀਂ । ਭਰਮ ਸੀ ਤੈਨੂੰ ਕਿ ਖੰਭਾਂ ਤੋਂ ਬਿਨਾ ਕੀਹ ਕਰਨਗੇ, ਇਹ ਪਰਿੰਦੇ ਉੱਡਦੇ, ਹਾਰੇ ਨਹੀਂ, ਹੁੱਟੇ ਨਹੀਂ । ਧਰਤ ਤੇ ਕਿਹੜਾ ਗਿਰਾਂ ਹੈ, ਲੱਭਦਾ ਮੈਂ ਖਪ ਗਿਆਂ, ਲੋਕ ਜਿੱਥੇ ਹਾਕਮਾਂ, ਲੁੱਟੇ ਨਹੀਂ, ਕੁੱਟੇ ਨਹੀਂ । ਬਦਲਦੀ ਪੌਸ਼ਾਕ ਕੁਰਸੀ, ਦੰਦ ਓਹੀ ਨੇ ਜਨਾਬ, ਬਾਬਰਾਂ ਵੇਲੇ ਤੋਂ ਜਿਹੜੇ, ਅੱਜ ਤੱਕ ਟੁੱਟੇ ਨਹੀਂ ।

ਕੱਚ ਦੇ ਟੋਟੇ ਕਦੇ ਨਾ ਗੱਡੀਂ

ਕੱਚ ਦੇ ਟੋਟੇ ਕਦੇ ਨਾ ਗੱਡੀਂ, ਤੂੰ ਦੀਵਾਰਾਂ ਉੱਤੇ ਹੁਣ । ਪੰਛੀਆਂ ਵੱਲੋਂ ਹਰਫ਼ ਨਾ ਆਵੇ, ਮੇਰੇ ਯਾਰਾਂ ਉੱਤੇ ਹੁਣ । ਸਿਰ ਤੋਂ ਪੈਰਾਂ ਤੀਕ ਫ਼ੈਲਿਆ, ਆਪਣੇ ਮਨ ਦਾ ’ਨੇਰ੍ਹਾ ਹੀ, ਪਤਾ ਨਹੀਂ ਕਿਉਂ ਦੀਵੇ ਧਰਦੇ ਲੋਕ ਮਜ਼ਾਰਾਂ ਉੱਤੇ ਹੁਣ । ਧਰਤੀ ਮਾਂ ਦੀ ਧੂੜ ਪਰਸੀਏ, ਨੰਗੇ ਪੈਰੀਂ ਤੁਰੀਏ, ਆ, ਭੁੱਲ ਨਾ ਜਾਵੇ ਜਾਚ ਤੁਰਨ ਦੀ, ਫਿਰਦਿਆਂ ਕਾਰਾਂ ਉੱਤੇ ਹੁਣ । ਚੌਕ ਚੁਰਸਤੇ ਨਾਕਿਆਂ ਮੱਲੇ, ਕੁੱਲ ਜ਼ਬਾਨਾਂ ਠਾਕੀਆਂ ਨੇ, ਉਂਗਲੀ ਕੌਣ ਉਠਾਏ ਤਖ਼ਤਾਂ ਤੇ ਦਰਬਾਰਾਂ ਉੱਤੇ ਹੁਣ । ਉੱਤਰ ਦੱਖਣ ਪੂਰਬ, ਪੱਛਮ, ਕਿੱਧਰ ਨੂੰ ਦੱਸ ਜਾਵਾਂ ਮੈਂ, ਚੌਵੀਂ ਘੰਟੇ ਪਹਿਰੇਦਾਰੀ, ਇਨ੍ਹਾਂ ਚਾਰਾਂ ਉੱਤੇ ਹੁਣ । ਅੱਖ ਪਲਕਾਰੇ ਦੇ ਵਿਚ ਭੁੱਲਣ ਉਮਰੋਂ ਲੰਮੇ ਵਾਅਦੇ ਸਭ, ਵਿਰਲੇ ਬੰਦੇ ਪਹਿਰਾ ਦਿੰਦੇ, ਕੌਲ ’ਕਰਾਰਾਂ ਉੱਤੇ ਹੁਣ । ਘਰ ਦੀ ਰਾਖੀ ਖ਼ਾਤਰ ਖ਼ੁਦ ਵੀ ਆਪਣੀ ਨੀਂਦ ਤਿਆਗੀਂ ਤੂੰ, ਮਗਰੋਂ ਰੋਸ ਕਰੀਂ ਨਾ ਐਵੇਂ, ਚੌਂਕੀਦਾਰਾਂ ਉੱਤੇ ਹੁਣ । ਗਰਮੀ ਸਰਦੀ ਸਾਰੇ ਮੌਸਮ ਸਿਰ ਉੱਤੋਂ ਦੀ ਲੰਘੇ ਨੇ, ਸਿੱਖ ਗਿਆਂ ਹਾਂ ਮੈਂ ਵੀ ਤੁਰਨਾ, ਨੰਗੀਆਂ ਤਾਰਾਂ ਉੱਤੇ ਹੁਣ ।

ਅਪਣੇ ਹੀ ਘਰ ਗੁਆਚਿਆਂ

ਅਪਣੇ ਹੀ ਘਰ ਗੁਆਚਿਆਂ ਇਹ ਵੀ ਕਮਾਲ ਹੈ । ਮੁੱਦਤ ਤੋਂ ਮੈਨੂੰ ਆਪਣੇ ਆਪੇ ਦੀ ਭਾਲ ਹੈ । ਪੈਰਾਂ 'ਚ ਘੁੰਮਣਘੇਰ ਹੈ, ਮੱਥੇ 'ਚ ਖ਼ਲਬਲੀ, ਅਜ਼ਲਾਂ ਤੋਂ ਭਟਕਣ ਤੁਰ ਰਹੀ, ਸਾਹਾਂ ਦੇ ਨਾਲ ਹੈ । ਪਾਣੀ 'ਚ ਤਰਦੀ ਮਛਲੀਏ ਹੁਣ ਸਾਵਧਾਨ ਹੋ, ਮਾਛੀ ਵਿਛਾਇਆ ਤੇਰੇ ਲਈ, ਹਰ ਥਾਂ ਤੇ ਜਾਲ ਹੈ । ਤੂੰ ਦਾਣਿਆਂ ਨੂੰ ਚੋਗ ਨਾ ਸਮਝੀਂ ਪਰਿੰਦਿਆ, ਤੇਰੇ ਸ਼ਿਕਾਰ ਵਾਸਤੇ, ਦੁਸ਼ਮਣ ਦੀ ਚਾਲ ਹੈ । ਤੁਰਦਾ ਤਾਂ ਅੱਗੇ ਆ ਖੜੇ੍ਹ ਦੀਵਾਰ ਦਰ ਦੀਵਾਰ, ਬਾਕੀ ਤੂੰ ਆਪ ਸੋਚ ਲੈ, ਕਿੱਦਾਂ ਦਾ ਹਾਲ ਹੈ । ਬਿੰਦੂ ਦੁਆਲੇ ਤੁਰ ਰਿਹਾਂ, ਮੁੱਕਣ ਨਾ ਫ਼ਾਸਲੇ, ਕਿੱਦਾਂ ਦਾ ਗੀਤ ਗਾ ਰਿਹਾਂ ਨਾ ਸੁਰ ਨਾ ਤਾਲ ਹੈ । ਤੇਰੀ ਅਵਾਜ਼ ਸੁਣਦਿਆਂ ਮੈਨੂੰ ਹੈ ਜਾਪਦਾ, ’ਕੱਲਾ ਨਹੀਂ ਹਾਂ, ਮਹਿਕ ਮੇਰੇ ਨਾਲ ਨਾਲ ਹੈ ।

ਦਿਲ ਦੇ ਬੂਹੇ ਖੋਲ੍ਹ ਕੇ ਮੇਰੀ ਤਪਦੀ

ਦਿਲ ਦੇ ਬੂਹੇ ਖੋਲ੍ਹ ਕੇ ਮੇਰੀ ਤਪਦੀ ਰੂਹ ਨੂੰ ਠਾਰਦਾ । ਅੱਧੀ ਰਾਤੀਂ ਸੁਪਨੇ ਦੇ ਵਿਚ ਕਿਹੜਾ ’ਵਾਜਾਂ ਮਾਰਦਾ । ਸੁੱਤਉਨੀਂਦੀ ਭੀੜ ਦੇ ਅੰਦਰ ਇੱਕੋ ਚਿਹਰਾ ਜਾਗ ਰਿਹਾ, ਸਿਰ ਤੇ ਪਾਟੀ ਚੁੰਨੀ ਭਾਵੇਂ, ਫਿਰ ਵੀ ਨਹੀਓ ਹਾਰਦਾ । ਤੈਨੂੰ ਵੇਖਣ ਸਾਰ ਮੇਰੇ ਚਿਹਰੇ ਤੇ ਰੌਣਕ ਆ ਜਾਵੇ, ਟਾਹਣੀ ਹਰੀ ਕਚੂਰ ਦੇ ਉੱਤੇ, ਚਿਹਰਾ ਜਿਉਂ ਗੁਲਨਾਰ ਦਾ । ਵਿੱਛੜਨ ਵੇਲੇ ਤੂੰ ਤਾਂ ਮੈਥੋਂ ਵਾਪਸ ਸਭ ਕੁਝ ਲੈ ਗਈ ਸੀ, ਕਿੱਦਾਂ ਚੇਤੇ ਰੱਖਦਾ ਜੇ ਨਾ, ਰੂਹ ਵਿਚ ਨਕਸ਼ ਉਤਾਰਦਾ । ਚਿੜੀਆਂ ਵਾਲੀ ਮੌਤ ਗੰਵਾਰਾਂ ਖ਼ਾਤਰ ਜੀਕੂੰ ਹਾਸਾ ਹੈ, ਜ਼ਿੰਦਗੀ ਨਾਲ ਮਜ਼ਾਕਾਂ ਕਰਦਾ, ਹਰ ਵਰਕਾ ਅਖ਼ਬਾਰ ਦਾ । ਮਾਰੂਥਲ ਵਿਚ ਰਾਤ ਪਈ ਜਦ, ਚਾਰ ਚੁਫ਼ੇਰ ਹਨ੍ਹੇਰਾ ਸੀ, ਲਿਸ਼ਕਣਹਾਰ ਬਰੇਤੀ ਉੱਤੇ ਕਿੱਦਾਂ ਕਿਸ਼ਤੀ ਤਾਰਦਾ । ਮੈਂ ਵੀ ਏਸ ਗਲੀ ਦੇ ਵਿਚੋਂ, ਚੁੱਪ ਕੀਤੇ ਲੰਘ ਜਾਣਾ ਸੀ, ਵਕਤ ਗੁਆਚਾ ਜੇ ਨਾ ਮੈਨੂੰ ਪਿੱਛੋਂ 'ਵਾਜ਼ਾਂ ਮਾਰਦਾ ।

ਗਰਜ਼ ਬਿਨਾ ਨਾ ਭਰਦਾ ਕੋਈ ਹੁੰਗਾਰਾ ਹੈ

ਗਰਜ਼ ਬਿਨਾ ਨਾ ਭਰਦਾ ਕੋਈ ਹੁੰਗਾਰਾ ਹੈ । ਸਾਡੇ ਪਿੰਡ ਤੋਂ ਤੇਰਾ ਸ਼ਹਿਰ ਨਿਆਰਾ ਹੈ । ਪਲਕਾਂ ਪਿੱਛੇ ਡੱਕਿਆ ਜਿਵੇਂ ਸਮੁੰਦਰ ਸੀ, ਤਾਂਹੀਓਂ ਹੰਝੂ ਮਣ ਮਣ ਨਾਲੋਂ ਭਾਰਾ ਹੈ । ਅੰਬਰ ਕਾਲ-ਕਲੂਟਾ ਓਸੇ ਧੂੰਏਂ ਨਾਲ, ਫ਼ੌਜਾਂ ਲੈ ਕੇ ਚੜ੍ਹਿਆ ਨੀਲਾ ਤਾਰਾ ਹੈ । ਨਰਮ ਕਰੂੰਬਲ ਬਿਰਖ਼ ਬਰੋਟਾ ਕਿੰਜ ਬਣਦੀ, ਗਲੀ ਗਲੀ ਵਿਚ ਚੱਲਦਾ ਏਥੇ ਆਰਾ ਹੈ । ਸ਼ਹਿਰ ਬੰਬਈਓਂ ਲੈ ਕੇ ਧੁਰ ਅਮਰੀਕਾ ਤੀਕ, ਹਰ ਥਾਂ ਸਾਗਰ ਇੱਕੋ ਜਿੰਨਾ ਖ਼ਾਰਾ ਹੈ । ਸਾਹਾਂ ਵਾਲੀ ਡੋਰ ਸਲਾਮਤ ਏਸੇ ਲਈ, ਇਹ ਜੋ ਤੇਰਾ ਫ਼ੇਰ ਮਿਲਣ ਦਾ ਲਾਰਾ ਹੈ । ਸੁਪਨੇ ਵਿੱਚ ਵੀ ਉਹਦੀਆਂ ਖ਼ੈਰਾਂ ਮੰਗਦਾਂ ਮੈਂ, ਜਿਸ ਨਗਰੀ ਵਿੱਚ ਵੱਸਦਾ ਯਾਰ ਪਿਆਰਾ ਹੈ ।

ਕਿੰਨੇ ਚੋਰ ਲੁਕਾਏ ਨੇ ਮੈਂ, ਮਨ ਮੰਦਰ

ਕਿੰਨੇ ਚੋਰ ਲੁਕਾਏ ਨੇ ਮੈਂ, ਮਨ ਮੰਦਰ ਦੀ ਬਾਰੀ ਅੰਦਰ । ਚੋਰ-ਸਿਪਾਹੀ ਲੁਕਣ ਮਚਾਈ, ਖੇਡਣ ਚਾਰ ਦੀਵਾਰੀ ਅੰਦਰ । ਦੋਧੇ ਵਸਤਰ ਉੱਜਲੇ ਚਿਹਰੇ, ਖੇਡ ਰਹੇ ਜੂਏ ਦੀ ਬਾਜ਼ੀ, ਲੋਕ ਰਾਜ ਦੇ ਪਰਦੇ ਉਹਲੇ, ਭਾਰੀ ਪਹਿਰੇਦਾਰੀ ਅੰਦਰ । ਆਰ ਪਾਰ ਸਤਰੰਗੀਆਂ ਰੀਝਾਂ, ਸੂਹਾ ਸਾਲੂ, ਰੇਸ਼ਮ ਡੋਰਾਂ, ਵੇਖੋ ਕਿੰਨੇ ਸੁਪਨੇ ਬੁਣਦੀ, ਨਾਨੀ ਮਾਂ ਫੁਲਕਾਰੀ ਅੰਦਰ । ਮਨ ਦੀ ਅੱਥਰੀ ਰੀਝ ਮਿਰਗਣੀ, ਤੇਰੇ ਦਮ ਤੇ ਚੁੰਗੀਆਂ ਭਰਦੀ, ਪੌਣਾਂ ਤੇ ਅਸਵਾਰ, ਸਮੁੰਦਰ ਤਰਦੀ ਇੱਕੋ ਤਾਰੀ ਅੰਦਰ । ਮੇਰੀ ਹਿੱਕੜੀ ਫਸਿਆ ਹੌਕਾ, ਨਾ ਬਾਹਰ ਨਾ ਅੰਦਰ ਜਾਵੇ, ਕਰਕ-ਕਲੇਜੇ ਕੌਣ ਪਛਾਣੇ, ਤੁਧ ਬਿਨ ਦੁਨੀਆਂ ਸਾਰੀ ਅੰਦਰ । ਇਹ ਤਾਂ ਟਾਹਣੀ ਕੇਰੇ ਅੱਥਰੂ, ਤਰੇਲ ਦੇ ਤੁਪਕੇ ਨਾ ਤੂੰ ਸਮਝੀਂ, ਮੋਤੀ ਬਣ ਕੇ ਡਲ੍ਹਕ ਰਹੇ ਜੋ, ਫ਼ੁੱਲਾਂ ਵਾਲੀ ਖ਼ਾਰੀ ਅੰਦਰ । ਇਕ ਰੁਕਮਣੀ, ਦੂਜੀ ਰਾਧਾ, ਗੋਪੀਆਂ ਜੀਕੂੰ ਹਾਰ ਹਮੇਲਾਂ, ਛਣਕਣ, ਲੱਭਣ ਅਪਣਾ ਚਿਹਰਾ, ਇੱਕੋ ਕ੍ਰਿਸ਼ਨ ਮੁਰਾਰੀ ਅੰਦਰ । ਅਣਖੋਂ ਹੀਣੇ ਬਣੇ ਸਵੱਲੇ, ਛੱਡਿਆ ਕੱਖ ਨਾ ਸਾਡੇ ਪੱਲੇ, ਹਿੰਮਤ ਹਾਰ, ਗੰਡੋਏ ਬਣ ਗਏ, ਰੀਂਘ ਰਹੇ ਲਾਚਾਰੀ ਅੰਦਰ । ਉੱਡਣੇ ਪੰਛੀ ਪਿੰਜਰੇ ਪਾਉਂਦੇ, ਮਨਮਰਜ਼ੀ ਦਾ ਗੀਤ ਸੁਣਾਉਂਦੇ, ਛਣਕਣਿਆਂ ਜਹੇ ਬੰਦੇ ਸ਼ਾਮਲ, ਨਵੇਂ ਰਾਗ ਦਰਬਾਰੀ ਅੰਦਰ ।

ਜ਼ਹਿਰ ਪਰੁੱਚੀ ਪੌਣ ਦਾ ਪਹਿਰਾ

ਜ਼ਹਿਰ ਪਰੁੱਚੀ ਪੌਣ ਦਾ ਪਹਿਰਾ, ਹੋਇਆ ਦੁਨੀਆ ਸਾਰੀ ਦੇ ਵਿਚ । ਦਾਨਿਸ਼ਵਰ ਜੋ ਉੱਤੋਂ ਦਿਸਦੇ, ਰੁੱਝੇ ਮਾਰੋ ਮਾਰੀ ਦੇ ਵਿਚ । ਜੋ ਤੂੰ ਮੈਥੋਂ ਸੁਣਨਾ ਚਾਹੇ, ਓਹੀ ਬਾਤ ਸੁਣਾਵਾਂਗਾ ਮੈਂ, ਦਿਲ ਦੀ ਕੌਣ ਸੁਣਾਵੇ ਏਥੇ, ਅੱਜ ਕੱਲ੍ਹ ਦੁਨੀਆਦਾਰੀ ਦੇ ਵਿਚ । ਲੋਕਾਂ ਵਿਹੜੇ ਸੁਰਖ਼ ਗੁਲਾਬੀ, ਮਹਿਕਦੀਆਂ ਖ਼ੁਸ਼ਬੋਈਆਂ, ਪੱਤੀਆਂ, ਫੁੱਲਾਂ ਦੇ ਰੰਗ ਕਾਲੇ ਕਿਉਂ ਨੇ, ਮਨ ਦੀ ਭਰੀ ਕਿਆਰੀ ਦੇ ਵਿਚ । ਸਾਵਧਾਨ ਹੋ ਰਹਿਣਾ ਪੈਂਦੇ, ਹਾਂ, ਹਾਂ, ਜੀ, ਜੀ, ਕਹਿਣਾ ਪੈਂਦੇ, ਦਖ਼ਲ ਬਾਜ਼ਾਰੀ ਵਧਦਾ ਜਾਵੇ, ਕਿਉਂ ਮਿੱਤਰਾਂ ਦੀ ਯਾਰੀ ਦੇ ਵਿਚ । ਆਤਮ ਨਾਲ ਗਿਲਾਨੀ ਕਰਦੇ, ਰਹਿੰਦੇ ਠੰਢੇ ਹੌਕੇ ਭਰਦੇ, ਬਹੁਤੇ ਲੋਕੀਂ ਫਸੇ ਪਏ ਨੇ, ਅੱਜ ਕੱਲ੍ਹ ਏਸ ਬੀਮਾਰੀ ਦੇ ਵਿਚ । ਵਾਂਗ ਸਿਆਸਤਦਾਨਾਂ ਦੇ ਹੁਣ, ਧਰਮੀਆਂ ਦੇ ਵੀ ਸੌ ਸੌ ਚਿਹਰੇ, ਹਰ ਇਕ ਹਰਕਤ ਸ਼ੱਕੀ ਹੋਈ, ਮੰਡੀ ਚੋਰ ਬਾਜ਼ਾਰੀ ਦੇ ਵਿਚ ।

ਜਿਵੇਂ ਹਥਿਆਰ ਪਾਗਲ ਹੋ ਰਹੇ ਨੇ

ਜਿਵੇਂ ਹਥਿਆਰ ਪਾਗਲ ਹੋ ਰਹੇ ਨੇ । ਸਮੁੱਚੇ ਦੇਸ਼ ਮਕਤਲ ਹੋ ਰਹੇ ਨੇ । ਗੁਆਚੀ ਪੈੜ ਮੇਰੀ ਘਰ ਦੇ ਅੰਦਰ, ਭਲਾ ਕਿਉਂ ਸ਼ਹਿਰ ਜੰਗਲ ਹੋ ਰਹੇ ਨੇ । ਤੂੰ ਮੈਨੂੰ ਰੋਣ ਦੇਹ ਇੱਕ ਵਾਰ ਖੁੱਲ੍ਹ ਕੇ, ਇਹ ਹੰਝੂ ਬਹੁਤ ਬਿਹਬਲ ਹੋ ਰਹੇ ਨੇ । ਗੁਆਚੇ ਪੁਰਖਿਆਂ ਨੂੰ ਢੂੰਡਦਾ ਹਾਂ, ਬਰੋਟੇ ਅੱਖੋਂ ਓਝਲ ਹੋ ਰਹੇ ਨੇ । ਜਿੰਨ੍ਹਾਂ ਨੇ ਸਿਖ਼ਰ ਉੱਤੇ ਪਹੁੰਚਣਾ ਸੀ, ਭਲਾ ਕਿਉਂ ਪੈਰ ਬੋਝਲ ਹੋ ਰਹੇ ਨੇ । ਦਿਲਾਂ ਨੂੰ ਅਕਲ ਸਿੱਧੇ ਰਾਹ ਨਾ ਪਾਏ, ਇਹ ਖ਼ੁਦ ਦੇ ਨਾਲ ਵਲ਼ ਛਲ਼ ਹੋ ਰਹੇ ਨੇ । ਮੇਰਾ ਧੰਨਵਾਦ ਕੀਹ ਕਰਨੈਂ ਕਿਸੇ ਨੇ, ਅਜੇ ਸ਼ਿਕਵੇ ਮੁਸਲਸਲ ਹੋ ਰਹੇ ਨੇ ।

ਰਾਤ ਬਰਾਤੇ ਅਚਨਚੇਤ ਮੈਂ

ਰਾਤ ਬਰਾਤੇ ਅਚਨਚੇਤ ਮੈਂ ਅੰਬਰੋਂ ਟੁੱਟਿਆ ਤਾਰਾ ਹਾਂ । ਨਕਸ਼ ਪਛਾਣ ਧਰਤੀਏ ਮੇਰੇ, ਦੱਸ ਮੈਂ ਕੀਹਦੇ ਵਰਗਾ ਹਾਂ । ਏਸ ਮੁਸਾਫ਼ਰਖਾਨੇ ਅੰਦਰ ਭਾਂਤ-ਸੁਭਾਂਤ ਮੁਸਾਫ਼ਰ ਨੇ, ਰੌਲੇ ਰੱਪੇ ਅੰਦਰ ਘਿਰਿਆ, ਮੈਂ ਤਾਂ ਕੱਲ-ਮੁ-ਕੱਲ੍ਹਾ ਹਾਂ । ਚੁੱਪ ਚੁਪੀਤੇ ਜਿਵੇਂ ਖਲੋਤੇ ਸੜਕਾਂ ਕੰਢੇ ਕੋਸ ਮੀਨਾਰ, ਵਕਤ ਗੁਆਚੇ ਹੱਥੋਂ ਬਚਿਆ, ਸਦੀਆਂ ਲੰਮਾ ਕਿੱਸਾ ਹਾਂ । ਸੋਚ ਵਿਚਾਰਾਂ ਨੂੰ ਜੇ ਲਕਬਾ ਮਾਰ ਗਿਐ ਤਾਂ ਦਿਲ ਨਾ ਹਾਰ, ਤੈਨੂੰ ਆਪੇ ਤੁਰਨਾ ਪੈਣੈ, ਮੈਂ ਤਾਂ ਕੇਵਲ ਜੇਰਾ ਹਾਂ । ਮੇਰੇ ਸਾਹਵੇਂ ਬਹਿ ਕੇ ਮਨ ਦੇ ਚਿਹਰੇ ਨੂੰ ਤੂੰ ਆਪੇ ਵੇਖ, ਸਭ ਕੁਝ ਸਾਫ਼ ਵਿਖਾਵਾਂ ਅੰਦਰੋਂ, ਮੈਂ ਤਾਂ ਬਿਲਕੁਲ ਸ਼ੀਸ਼ਾ ਹਾਂ । ਜਿਸ ਦੀ ਤੋਰ ਤੂਫ਼ਾਨਾਂ ਬੱਧੀ, ਗ਼ਰਜ਼ਾਂ ਖ਼ਾਤਰ ਨੌਕਰੀਆਂ, ਤੋਰ ਮਟਕਣੀ ਭੁੱਲਿਆ ਜਿਹੜਾ, ਮੈਂ ਉਹ ਬੁੱਢਾ ਦਰਿਆ ਹਾਂ । ਮੇਰੇ ਅੰਦਰ ਤਲਖ਼ ਸਮੁੰਦਰ, ਹਰ ਪਲ ਬੇਬਸ ਤੜਪ ਰਿਹਾ, ਮਰਿਆ ਜਾਣ ਲਇਓ ਨਾ ਮੈਨੂੰ, ਚੁੱਪ ਕੀਤਾ ਜੇ ਬੈਠਾ ਹਾਂ ।

ਦਿਸਦਾ ਨਹੀਂ ਪਰ ਮਹਿਕ ਵਾਂਗੂੰ

ਦਿਸਦਾ ਨਹੀਂ ਪਰ ਮਹਿਕ ਵਾਂਗੂੰ ਨਾਲ ਨਾਲ ਹੈ । ਮੈਨੂੰ ਵੀ ਓਸ ਸਖ਼ਸ਼ ਦੀ, ਸਦੀਆਂ ਤੋਂ ਭਾਲ ਹੈ । ਜਿੱਤਾਂ ਤਾਂ ਇਹ ਹੈ ਜਿੱਤਦਾ, ਹਾਰਾਂ ਤਾਂ ਹਾਰਦਾ, ਮੇਰਾ ਹਮੇਸ਼ਾਂ ਸਾਹਮਣਾ, ਸ਼ੀਸ਼ੇ ਦੇ ਨਾਲ ਹੈ । ਪੈਰਾਂ 'ਚ ਬੱਝੀਆਂ ਬਿੱਲੀਆਂ ਤੇ ਰੂਹ 'ਚ ਭਟਕਣਾ, ਮੇਰੇ ਚੁਫ਼ੇਰ ਫ਼ੈਲਿਆ ਕੀਹ ਮਾਇਆ ਜਾਲ ਹੈ । ਅੱਗੇ ਨੂੰ ਜਦ ਵੀ ਦੌੜਦਾਂ, ਪਿੱਛੇ ਨੂੰ ਬਿਰਖ਼ ਜਾਣ, ਮੇਰੇ ਬਰਾਬਰ ਤੁਰ ਸਕੇ, ਕਿਸ ਦੀ ਮਜ਼ਾਲ ਹੈ । ਅਪਣੇ ਵੀ ਮੈਨੂੰ ਦੇ ਰਹੇ, ਦੂਰੋਂ ਹੀ ਦਿਲਬਰੀ, ਪੁੱਛਣ ਨਾ ਨੇੜ ਆਣ ਕੇ, ਕੀਹ ਹਾਲ ਚਾਲ ਹੈ । ਰਿਸ਼ਤੇ ਪਿਆਰ ਖੋਟ ਦੇ ਹਮਨਾਮ ਬਣ ਗਏ, ਪਿੱਤਲ ਦੇ ਜ਼ੇਵਰਾਂ ਤੇ ਜਿਓਂ ਸੋਨੇ ਦੀ ਝਾਲ ਹੈ । ਸੁੰਘਾਂ ਤਾਂ ਮਹਿਕ ਵਾਂਗਰਾਂ, ਵੇਖਾਂ ਤਾਂ ਚਾਂਦਨੀ, ਛੋਹਾਂ ਤਾਂ ਰੰਗ ਬੋਲਦੇ, ਇਹ ਵੀ ਕਮਾਲ ਹੈ ।

ਤਪਦੇ ਥਲ ਦੇ ਉੱਪਰੋਂ ਰੁੱਤਾਂ ਜਾਂਦੀਆਂ

ਤਪਦੇ ਥਲ ਦੇ ਉੱਪਰੋਂ ਰੁੱਤਾਂ ਜਾਂਦੀਆਂ ਆਉਂਦੀਆਂ ਰਹਿੰਦੀਆਂ ਨੇ । ਪੌਣਾਂ ਤੇ ਅਸਵਾਰ ਬਦਲੀਆਂ ਕਿਉਂ ਤਰਸਾਉਂਦੀਆਂ ਰਹਿੰਦੀਆਂ ਨੇ । ਜਿਵੇਂ ਸ਼ਰੀਂਹ ਦੀਆਂ ਫ਼ਲੀਆਂ ਪੱਤਝੜ ਮਗਰੋਂ ਸੁੱਕੀਆਂ ਛਣਕਦੀਆਂ, ਜੀਅ ਪਰਚਾਵੇ ਖ਼ਾਤਰ ਰੁੱਖ ਨੂੰ ਗੀਤ ਸੁਣਾਉਂਦੀਆਂ ਰਹਿੰਦੀਆਂ ਨੇ । ਸ਼ਾਹੀ ਕਿਲ੍ਹਿਆਂ ਅੰਦਰ ਜਿਸ ਥਾਂ ਹਾਕਮ ਜ਼ੁਲਮ ਕਮਾਉਂਦੇ ਸੀ, ਸਦੀਆਂ ਮਗਰੋਂ ਵੀ ਉਸ ਥਾਂ ਤੋਂ, ਕੂਕਾਂ ਆਉਂਦੀਆਂ ਰਹਿੰਦੀਆਂ ਨੇ । ਧਰਤੀ ਜਿੱਡੀ ਕੈਨਵਸ ਉੱਤੇ ਨਕਸ਼ ਬਹਾਰਾਂ ਵਾਲੇ ਵੇਖ, ਫੁੱਲ ਪੱਤੀਆਂ ਖ਼ੁਸ਼ਬੋਈਆਂ ਜਿਥੇ ਪੈਲਾਂ ਪਾਉਂਦੀਆਂ ਰਹਿੰਦੀਆਂ ਨੇ । ਚੁੱਪ ਦੀ ਜੂਨ ਪਵੀਂ ਨਾ ਵੇਖੀ, ਤੁਰੀਂ ਨਿਰੰਤਰ ਸਫ਼ਰਾਂ ਤੇ, ਬਿਰਖ਼ਾਂ ਵਿਚ ਦੀ ਤੇਜ਼ ਹਵਾਵਾਂ ਅਕਸਰ ਗਾਉਂਦੀਆਂ ਰਹਿੰਦੀਆਂ ਨੇ । ਪਿੰਜਣ ਨੂੰ ਤੇ ਕੱਤਣ ਛੱਲੀਆਂ, ਬੁਣਦੀਆਂ ਖੱਡੀ ਰਾਤ ਦਿਨੇ, ਪੁੱਤਰ ਦੂਰ ਗਏ ਪਰ ਮਾਵਾਂ, ਖੇਸ ਉਣਾਉਂਦੀਆਂ ਰਹਿੰਦੀਆਂ ਨੇ । ਕੰਡਿਆਂ ਦੇ ਵਿਚ ਅੜ ਕੇ ਜਿੱਥੇ ਪਾਟੀ ਚੁੰਨੀ ਸ਼ਗਨਾਂ ਦੀ, ਓਸੇ ਥਾਂ ਤੋਂ ਪੀੜਾਂ ਤੁਰ ਕੇ, ਹੁਣ ਵੀ ਆਉਂਦੀਆਂ ਰਹਿੰਦੀਆਂ ਨੇ ।

ਸਾਡੇ ਵਿਹੜੇ ਖਿੜਿਆ ਜਿਹੜਾ

ਸਾਡੇ ਵਿਹੜੇ ਖਿੜਿਆ ਜਿਹੜਾ, ਬੂਟਾ ਇੱਕ ਅਨਾਰ ਦਾ । ਪਤਾ ਨਹੀਂ ਕਿਉਂ ਲੰਘਦਾ ਰਾਹੀ, ਇਸ ਤੇ ਪੱਥਰ ਮਾਰਦਾ । ਸੁਰਖ਼ ਨਹੀਂ, ਇਹ ਪੀਲਾ ਵੀ ਨਹੀਂ, ਦੋਹਾਂ ਦੇ ਵਿਚਕਾਰ ਜਿਹਾ, ਮੇਰੇ ਸੁਪਨੇ ਤੋਂ ਵੀ ਸੋਹਣਾ, ਮੁੱਖੜਾ ਹੈ ਗੁਲਨਾਰ ਦਾ । ਮੰਜ਼ਿਲ ਤੀਕ ਪੁਚਾਵੇਗਾ ਜਾਂ ਰਾਹ ਵਿਚ ਰਾਤ ਗੁਜ਼ਾਰੇਗਾ, ਦੱਸ ਦੇਂਦਾ ਏ ਜਾਣੂੰ ਬੰਦਾ, ਕਦਮਾਂ ਦੀ ਰਫ਼ਤਾਰ ਦਾ । ਰੁੱਖ ਦੀ ਟਾਹਣੀ, ਮੇਰੇ ਕੰਨ ਵਿਚ, ਆਖ ਗਈ ਏ ਬੈਠੀਂ ਨਾ, ਸਾਵਧਾਨ ਹੋ, ਨੇੜੇ ਲੁਕਿਐ, ਵੈਰੀ ਉੱਡਦੀ ਡਾਰ ਦਾ । ਤਰੇਲ 'ਚ ਭਿੱਜੇ ਘਾਹ ਦੇ ਉੱਤੇ, ਫੁੱਲ ਕਿਰਨ ਜੋ ਬਿਰਖ਼ਾਂ ਤੋਂ, ਸਭ ਤੋਂ ਸੋਹਣਾ ਮੰਜ਼ਰ ਹੁੰਦੈ, ਏਹੀ ਘਰ-ਗੁਲਜ਼ਾਰ ਦਾ । ਬਹਿ ਜਾਵੇ ਤਾਂ ਬੰਦਾ ਐਵੇਂ, ਥੱਕਿਆ ਟੁੱਟਿਆ ਰਹਿੰਦਾ ਹੈ, ਵਾਹੋਦਾਹੀ ਤੁਰਦਾ ਰਾਹੀ, ਪੈਂਡੇ ਤੋਂ ਨਹੀਂ ਹਾਰਦਾ । ਚੇਤੇ ਆਵੇਂ, ਖਿੜੇ ਚੰਬੇਲੀ, ਮਰੂਆ ਮਹਿਕੇ ਸਾਹਾਂ ਵਿਚ, ਸ਼ਾਮ ਸਵੇਰੇ ਵੇਖਾਂ ਚਿਹਰਾ, ਸੱਜਰਾ ਸੋਹਣੇ ਯਾਰ ਦਾ ।

ਰੁਕ ਗਈ ਤਾਜ਼ੀ ਹਵਾ ਤੇ

ਰੁਕ ਗਈ ਤਾਜ਼ੀ ਹਵਾ ਤੇ ਬਿਰਖ ਸਾਰੇ ਸੌਂ ਗਏ । ਜਿਸ ਤਰ੍ਹਾਂ ਤੁਰਦੇ ਮੁਸਾਫ਼ਿਰ, ਥੱਕੇ ਹਾਰੇ ਸੌਂ ਗਏ । ਹੈ ਖੜ੍ਹੀ ਓਥੇ ਦੀ ਓਥੇ ਬਾਤ ਹਾਲੇ ਤੀਕ ਵੀ, ਸੁਣ ਰਹੇ ਸੀ ਬਾਲ ਜੋ, ਭਰਦੇ ਹੁੰਗਾਰੇ ਸੌਂ ਗਏ । ਰਾਤ ਬੋਝਲ ਹੋ ਰਹੀ ਹੈ, ਦਰਦ ਸੁੱਤਾ ਜਾਗਦੈ, ਤੁਰ ਗਏ ਨੇ ਸੁਣਨ ਵਾਲੇ, ਚੰਨ ਤਾਰੇ ਸੌਂ ਗਏ । ਮੈਂ ਮੁਕੰਮਲ ਹੋਣ ਤੋਂ ਪਹਿਲਾਂ ਹੀ ਠੀਕਰ ਹੋ ਗਿਆਂ, ਸਫ਼ਰ ਮੁੱਕਣ ਤੋਂ ਵੀ ਪਹਿਲਾਂ, ਲੋਕ ਸਾਰੇ ਸੌਂ ਗਏ । ਦਰਦ-ਗਾਥਾ ਕਹਿਣ ਵਾਲੇ ਹੰਝ ਵੀ ਪਥਰਾ ਗਏ, ਪਲਕ 'ਚੋਂ ਡੁੱਲ੍ਹਣ ਤੋਂ ਪਹਿਲਾਂ ਹੀ ਵਿਚਾਰੇ ਸੌਂ ਗਏ । ਦੁਸ਼ਮਣਾਂ ਦੀ ਫੌਜ ਵਿਚ ’ਨ੍ਹੇਰਾ ਵੀ ਸ਼ਾਮਿਲ ਹੋ ਗਿਐ, ਮੈਂ ਇਕੱਲਾ ਲੜ ਰਿਹਾਂ, ਸੱਜਣ ਪਿਆਰੇ ਸੌਂ ਗਏ । ਮੁਕਤੀਆਂ ਦੇ ਦਾਨ ਦਾ ਲਾਰਾ ਹੰਢਾ ਕੇ ਉਮਰ ਭਰ, ਬਿਨ ਮਸੀਹਾ ਵੇਖਿਆਂ, ਛੰਨਾਂ ਤੇ ਢਾਰੇ ਸੌਂ ਗਏ ।

ਸਾਂਭੀ ਰੱਖ ਤੂੰ ਦਿਲ ਦੇ ਅੰਦਰ

ਸਾਂਭੀ ਰੱਖ ਤੂੰ ਦਿਲ ਦੇ ਅੰਦਰ ਸੱਜਣਾਂ ਦੀ ਤਸਵੀਰ । ਤਾਂ ਹੀ ਮਿਲਣੀ ਰਾਂਝਿਆ ਤੈਨੂੰ ਆਪਣੀ ਰੂਹ ਦੀ ਹੀਰ । ’ਨੇਰ੍ਹੀ ਦੇ ਵਿਚ ਉੱਡ ਕੇ, ਉਲਝੇ ਕੰਡਿਆਂ ਦੇ ਸੰਗ ਖਹਿ ਕੇ, ਦਿਲ ਦੀ ਹਾਲਤ ਹੋਈ ਜੀਕੂੰ ਅੱਧੋਰਾਣੀ ਲੀਰ । ਪਿਆਰ ਮੁਹੱਬਤ ਵਾਲੇ ਵੈਰੀ, ਬਦਲੇ ਤਾਂ ਨਹੀਂ ਹਾਲੇ, ਹੁਣ ਵੀ ਕੈਦੋ ਦੀ ਅੱਖ ਅੰਦਰ ਉਹੀ ਪੁਰਾਣਾ ਟੀਰ । ਦਿਲ ਦੀ ਧੜਕਣ ਰੁਕ ਜਾਂਦੀ ਹੈ ਮੇਰੀ ਵਾਘੇ ਜਾ ਕੇ, ਧਰਤੀ ਦੀ ਹਿੱਕ ਜਦ ਵੀ ਵੇਖਾਂ ਚਾਕੂ ਵਾਲਾ ਚੀਰ । ਰਾਂਝਣ ਯਾਰ ਦੀ ਕੌਣ ਵਕਾਲਤ ਕਰਦਾ ਧਰਤੀ ਉੱਤੇ, ਖੇੜਿਆਂ ਦੇ ਹੱਕ ਭੁਗਤ ਗਏ ਨੇ, ਵੇਖੋ ਪੰਜੇ ਪੀਰ । ਮੇਰੀ ਅੱਖ 'ਚੋਂ ਕਿਰਿਆ ਅੱਥਰੂ, ਲੱਭੋ, ਦੱਸੋ, ਕਿੱਥੇ, ਰੇਤੇ ਅੰਦਰ ਕਣੀਆਂ ਜੀਕੂੰ, ਇਕ ਦਮ ਜਾਵਣ ਜੀਰ । ਜਿਸ ਨੂੰ ਦੁਨੀਆਂ ਆਖੇ ਮੇਲਾ, ਇਹ ਤਾਂ ਨਿਰਾ ਝਮੇਲਾ, ਤੜਕਸਾਰ ਪਰਭਾਤੀ ਗਾਉਂਦਾ, ਲੰਘਿਆ ਮਸਤ ਫ਼ਕੀਰ ।

’ਵਾ ਵਰੋਲਾ, ਤੇਜ਼ ਨੇਰ੍ਹੀ

’ਵਾ-ਵਰੋਲਾ, ਤੇਜ਼ ’ਨੇਰ੍ਹੀ, ਕੁਝ ਨੇ ਝੱਖੜ ਆਖਿਆ । ਕੌਣ ਸੀ ਜੋ ਬਿਜਲੀਆਂ, ਪੈਰਾਂ 'ਚ ਬੰਨ੍ਹ ਕੇ ਲੰਘਿਆ । ਫੁੱਲ-ਡੋਡੀ ਨੂੰ ਪਰੋ ਕੇ ਸੀਖ ਵਿਚ ਕਿਉਂ ਸੋਚਦੈਂ, ਏਸ ਟਾਹਣੀ ਤੇ ਕਿਉਂ ਨਹੀਂ, ਸੁਰਖ਼ ਸੁਪਨਾ ਟਹਿਕਿਆ । ਚੌਕ ਦੇ ਬੁੱਤਾਂ ਨੂੰ ਐਵੇਂ ਸ਼ੁਗਲ ਖ਼ਾਤਰ ਪੂਜ ਨਾ, ਕੀਹ ਕਰੇਂਗਾ ਜੇ ਇਨ੍ਹਾਂ ਤੈਥੋਂ ਤੇਰਾ ਸਿਰ ਮੰਗਿਆ । ਬਿਰਖ਼ ਨੂੰ ਵੇਖੀਂ ਦੁਪਹਿਰੇ ਵੇਖੀਂ ਪੂਰੇ ਗੌਰ ਨਾਲ, ਕਿਸ ਤਰ੍ਹਾਂ ਬਾਬਲ ਤਿਰੇ ਸਿਰ ਬਾਂਹ ਪਸਾਰੀ ਫ਼ੈਲਿਆ । ਤੇਰਿਆਂ ਹੋਠਾਂ ਤੇ ਮੇਰਾ ਨਾਮ ਸੀ ਜਾਂ ਹੋਰ ਕੁਝ, ਮੇਰੀ ਧੜਕਣ ਤੇਜ਼ ਹੋਈ ਸੁਣ ਕੇ ਤੇਰਾ ਅਣਕਿਹਾ । ਸ਼ਬਦ ਨੂੰ ਅਰਦਲ 'ਚ ਰੋਕਣ ਦੀ ਹਮਾਕਤ ਨਾ ਕਰੀਂ, ਫੇਰ ਨਾ ਆਖੀਂ ਕਿ ਮੈਨੂੰ ਵਕਤ ਨੇ ਜ਼ਾਲਮ ਕਿਹਾ । ਤੂੰ ਕਦੇ ਵਿਸ਼ਵਾਸ ਨੂੰ ਠੋਕਰ ਨਾ ਮਾਰੀਂ ਭੁੱਲ ਕੇ, ਨਹੀਂ ਤਰੇੜੇ ਬਰਤਨਾਂ ਵਿਚ, ਨੀਰ ਨਿਰਮਲ ਠਹਿਰਦਾ ।

ਤਿਆਗੋ ਛੁਪਣਗਾਹਾਂ ਦੋਸਤੋ

ਤਿਆਗੋ ਛੁਪਣਗਾਹਾਂ ਦੋਸਤੋ ਛੱਡੋ ਗੁਫਾਵਾਂ ਨੂੰ । ਚਲੋ ਹੁਣ ਫ਼ੈਲ ਜਾਈਏ ਧਰਤ ਉੱਤੇ ਚਹੁੰ ਦਿਸ਼ਾਵਾਂ ਨੂੰ । ਤੁਸੀਂ ਖ਼ੁਦ ਵੀ ਚਿਰਾਗਾਂ ਨਾਲ ਰਿਸ਼ਤਾ ਦੂਰ ਦਾ ਰੱਖਿਐ, ਬੁਝਣ ਤੇ ਦੋਸ਼ ਕਿਉਂ ਦਿੰਦੇ ਹੋ ਕਮਜ਼ਰਫ਼ੋ ਹਵਾਵਾਂ ਨੂੰ । ਜਦੋਂ ਵਿਸ਼ਵਾਸ ਦੇ ਪਹਿਰੇ 'ਚ ਸ਼ਾਮਲ ਰੱਤ ਹੋ ਜਾਵੇ, ਮੁਕੱਦਸ ਨਾਮ ਮਿਲ ਜਾਂਦੈ ਉਦੋਂ ਫਿਰ ਆਮ ਥਾਵਾਂ ਨੂੰ । ਚਲੋ ! ਹੁਣ ਧਰਤ ਦੇ ਸਿਰ, ਛਤਰੀਆਂ ਹਰਿਆਲੀਆਂ ਬਣੀਏ, ਤੇ ਲਾਹੀਏ ਪੈਲੀਆਂ ਵਿਚ ਕਾਲੀਆਂ ਅਰਸ਼ੀ ਘਟਾਵਾਂ ਨੂੰ । ਕਦੇ ਵੀ ਭਾਰ ਨਹੀਂ ਹੁੰਦੇ, ਬਿਰਖ ਦਸਤਾਰ ਹੁੰਦੇ ਨੇ, ਸਿਰਾਂ ਤੇ ਕਹਿਰ ਵੇਲੇ ਤਾਣਦੇ ਨੇ ਸੀਤ ਛਾਵਾਂ ਨੂੰ । ਜੇ ਨਿਰਮਲ ਨੀਰ ਨਾ ਖੇਤਾਂ ਦੇ ਮੂੰਹ ਲੱਗਾ ਤਾਂ ਫਿਰ ਤੱਕਿਓ, ਕਦੇ ਵੀ ਬੂਰ ਨਹੀਂ ਪੈਣਾ ਕਦੇ ਫ਼ਸਲਾਂ ਤੇ ਚਾਵਾਂ ਨੂੰ । ਤੁਸੀਂ ਤਾਂ ਮਾਣਦੇ ਹੋ ਸ਼ਹਿਰ ਅੰਦਰ ਮਹਿਕ ਫੁੱਲਾਂ ਦੀ, ਤੇ ਕੀਹਦੇ ਆਸਰੇ ਤੇ ਛੱਡ ਆਏ ਹੋ ਗਿਰਾਵਾਂ ਨੂੰ ।

’ਨੇਰ੍ਹ ਹੈ ਨਾ ਚਾਨਣਾ ਹੈ

’ਨੇਰ੍ਹ ਹੈ ਨਾ ਚਾਨਣਾ ਹੈ, ਅਜਬ ਰੰਗਾ ਘੁਸਮੁਸਾ ਹੈ । ਬਲਦੀਆਂ ਅੱਖਾਂ, ਮਸ਼ਾਲਾਂ, ਬਾਲ ਕਿਹੜਾ ਦੇਖਦਾ ਹੈ ? ਤੁਰਨ ਵੇਲੇ ਰੋਕਿਆ ਤੂੰ, ਦੱਸ ਮੈਨੂੰ ਕੀਹ ਕਿਹਾ ਸੀ, ਅਣਸੁਣੀ ਕੀਤੀ ਦਾ ਪਸ਼ਚਾਤਾਪ ਮੈਨੂੰ ਪੁੱਛਦਾ ਹੈ । ਤੂੰ ਜੋ ਭੁੱਜੇ ਦਾਣਿਆਂ 'ਚੋਂ ਇੱਕ ਮੈਨੂੰ ਅਰਪਿਆ ਸੀ, ਬਹੁਤ ਸਾਲਾਂ ਬਾਅਦ ਮੇਰੇ ਜ਼ਿਹਨ ਅੰਦਰ ਉੱਗ ਪਿਆ ਹੈ । ਤੂੰ ਸਮੁੰਦਰ ਵੱਲ ਜਿੰਨੀ ਤੇਜ਼ ਤੁਰਦੀ ਜਾ ਰਹੀ ਏ, ਨਿਗਲ ਜਾਵੇਗਾ ਇਹ ਤੈਨੂੰ, ਮੈਂ ਨਦੀ ਨੂੰ ਵਰਜਿਆ ਹੈ । ਧਰਤ ਥੱਲੇ ਵੇਖਿਐ ਮੈਂ, ਧੌਲ ਹੈ ਨਾ ਹੋਰ ਕੋਈ, ਇਹ ਤਾਂ ਹਿੰਮਤ ਹੌਸਲਾ ਹੈ ਜੋ ਖਿਲਾਅ ਨੂੰ ਭਰ ਰਿਹਾ ਹੈ । ਪਿਆਰ ਤੇਰਾ ਬਣ ਕਥੂਰੀ ਜੇ ਨਹੀਂ ਤਾਂ ਹੋਰ ਕਿਹੜਾ, ਹਮਸਫ਼ਰ ਸਾਹਾਂ ਦਾ ਮੇਰੇ, ਜੋ ਬਰਾਬਰ ਤੁਰ ਰਿਹਾ ਹੈ । ਬੰਸਰੀ ਦੀ ਹੂਕ ਹੈ ਜਾਂ ਬਾਂਸ ਦਾ ਵਿਰਲਾਪ ਹੈ ਇਹ, ਸ਼ਬਦ ਨੂੰ ਸਾਹੀਂ ਪਰੋ ਜੋ ਜਾਦੂ ਬਣਕੇ ਬੋਲਿਆ ਹੈ । ਪਿੰਡ ਨੂੰ ਜਾਗਣ ਦਾ ਹੋਕਾ, ਕਿੰਜ ਪਹਿਰੇਦਾਰ ਦੇਵੇ, ਦਿਨ ਦੇ ਚਿੱਟੇ ਚਾਨਣੇ ਵਿਚ ਸ਼ਹਿਰ ਵੀ ਸੁੱਤਾ ਪਿਆ ਹੈ ।

ਸਿਆਸਤਦਾਨ ਜਿੱਤਣਗੇ ਤੂੰ ਵੇਖੀਂ

ਸਿਆਸਤਦਾਨ ਜਿੱਤਣਗੇ ਤੂੰ ਵੇਖੀਂ ਲੋਕ ਹਾਰਨਗੇ । ਵਿਚਾਰੇ ਗਾਫ਼ਲੀ ਦਾ ਕਿੱਡਾ ਵੱਡਾ ਮੁੱਲ ਤਾਰਨਗੇ । ਅਸਾਡਾ ਕੌਣ ਦੁਸ਼ਮਣ ਹੈ ਤੇ ਸਾਡਾ ਕੌਣ ਸੱਜਣ ਹੈ, ਇਹ ਮਸਲਾ ਡੂੰਘੀ ਨੀਂਦਰ ਸੌਣ ਵਾਲੇ ਕਦ ਵਿਚਾਰਨਗੇ । ਸਮੁੰਦਰ ਅਗਨ ਦਾ ਭਰਿਆ, ਕਿਸੇ ਅੱਜ ਤੀਕ ਨਾ ਤੁਰਿਆ, ਇਹ ਕਿਸ਼ਤੀ ਕਾਗ਼ਜ਼ਾਂ ਦੀ ਭਾਂਬੜਾਂ ਵਿਚ ਕਿੰਜ ਤਾਰਨਗੇ । ਸਲੀਕਾ ਵੇਖ ਜੰਗਲ ਦਾ, ਵਜਾਉਂਦੇ ਡਉਰੂ ਦੰਗਲ ਦਾ, ਮਦਾਰੀ ਪਾ ਭੁਲੇਖਾ ਨਜ਼ਰ ਦਾ ਸਾਨੂੰ ਹੀ ਚਾਰਨਗੇ । ਨਿਰੰਤਰ ਮੁਫ਼ਤਖ਼ੋਰੀ ਅਣਖ਼ ਨੂੰ ਖੋਰਨ ਦੀ ਸਾਜਿਸ਼ ਹੈ, ਹਕੂਮਤ ਕਰਨ ਵਾਲੇ ਮਿੱਠੀ ਗੋਲੀ ਦੇ ਕੇ ਮਾਰਨਗੇ । ਕਹੋ ਨਾ ਏਸ ਨੂੰ ਚੋਣਾਂ, ਇਹ ਕਿਸ਼ਤਾਂ ਵਿਚ ਹੈ ਰੋਣਾ, ਲੁਟੇਰੇ ਨੂੰ ਲੁਟੇਰੇ ਲੁੱਟ ਖ਼ਾਤਰ ਫਿਰ ਵੰਗਾਰਨਗੇ । ਇਹ ਨੌਸਰਬਾਜ਼ ਨੇ, ਦਿਸਦੇ ਬਣੇ ਬੀਬੇ ਕਬੂਤਰ ਜੋ, ਤੁਹਾਡੇ ਬੋਹਲ ’ਤੇ ਏਹੀ ਹਮੇਸ਼ਾਂ ਚੁੰਝ ਮਾਰਨਗੇ । ਗੁਆਚੇ ਫਿਰ ਰਹੇ ਸਾਰੇ, ਸਿਰਾਂ ਤੇ ਕਰਜ਼ ਨੇ ਭਾਰੇ, ਹੈ ਵੱਡੀ ਪੰਡ ਫ਼ਰਜ਼ਾਂ ਦੀ, ਕਿਵੇਂ ਕਿਸ਼ਤਾਂ ਉਤਾਰਨਗੇ ।

ਸੁਪਨ ਸੁਨੇਹਾ ਲਿਆਉਂਦੇ ਨੇ ਹਰਕਾਰੇ

ਸੁਪਨ ਸੁਨੇਹਾ ਲਿਆਉਂਦੇ ਨੇ ਹਰਕਾਰੇ ਵਾਂਗ । ਮੇਰੇ ਤੱਕ ਨਾ ਪਹੁੰਚਣ ਟੁੱਟੇ ਤਾਰੇ ਵਾਂਗ । ਦਿਨ ਚੜ੍ਹਦੇ ਮੈਂ ਰੋਜ਼ ਉਡੀਕਣ ਬਹਿ ਜਾਨਾਂ, ਚੰਗਾ ਲੱਗਦੈ, ਇਹ ਵੀ ਮਿੱਠੇ ਲਾਰੇ ਵਾਂਗ । ਉੱਡਿਆ ਫਿਰਦਾਂ ਧਰਤੀ ਅੰਬਰ ਰਾਤ ਦਿਨੇ, ਪੌਣ ਸਵਾਰੀ ਕਰਦਾਂ ਵੇਖ ਗੁਬਾਰੇ ਵਾਂਗ । ਤੇਰੀ ਉਹ ਨਿਰਮੋਹੀ ਤੱਕਣੀ ਮਾਰ ਗਈ, ਤਨ ਦੀ ਗੋਲੀ ਚੀਰ ਗਈ ਏ ਆਰੇ ਵਾਂਗ । ਬੂੰਦ ਬੂੂੰਦ ਨੂੰ ਤਰਸ ਰਿਹਾ ਏ ਮਨ ਦਾ ਮੋਰ, ਆਲ ਦੁਆਲੇ ਸ਼ਹਿਰ ਸਮੁੰਦਰ ਖਾਰੇ ਵਾਂਗ । ਆਪਣੀ ਰੂਹ ਦਾ ਭਾਵੇਂ ਆਪ ਸਿਕੰਦਰ ਹਾਂ, ਤੇਰੇ ਸਾਹਵੇਂ ਹਾਂ ਮੈਂ ਪੋਰਸ ਹਾਰੇ ਵਾਂਗ । ਇਹ ਮਨ ਚੰਚਲ ਕਾਬੂ ਦੇ ਵਿਚ ਆਉਂਦਾ ਨਹੀਂ, ਇੱਕੋ ਥਾਂ ਇਹ ਟਿਕਦਾ ਹੀ ਨਹੀਂ ਪਾਰੇ ਵਾਂਗ ।

ਤੁਰ ਰਿਹਾ ਭਾਵੇਂ ਅਗਾਂਹ ਨੂੰ

ਤੁਰ ਰਿਹਾ ਭਾਵੇਂ ਅਗਾਂਹ ਨੂੰ, ਪਿੱਛੇ ਮੁੜ ਮੁੜ ਦੇਖਦਾ ਹੈ । ਬਹੁਤ ਪਹਿਲਾਂ ਕਾਫ਼ਲੇ ਤੋਂ, ਵਿਛੜਿਆ ਇਹ ਜਾਪਦਾ ਹੈ । ਚਿਹਰਿਓਂ ਸੁਕਰਾਤ ਵੀ ਨਾ, ਜਾਪਦਾ ਈਸਾ ਨਹੀਂ ਇਹ, ਕੌਣ ਹੈ ਜੋ ਚੌਕ ਵਿਚਲੀ ਸੂਲੀ ਮੁੜ ਮੁੜ ਚੁੰਮਦਾ ਹੈ । ਆਮ ਲੋਕਾਂ ਦੀ ਨਜ਼ਰ ਵਿਚ, ਨੀਮ ਪਾਗਲ ਕੌਣ ਹੈ ਇਹ, ਆਪ ਆਪਣੀ ਬਾਤ ਦਾ ਭਰ ਕੇ ਹੁੰਗਾਰਾ ਹੱਸਦਾ ਹੈ । ਨਾ ਕਿਤੇ ਪੈੜਾਂ ਨਿਸ਼ਾਨੀ, ਅਰਸ਼ ਦਾ ਨਕਸ਼ਾ ਨਹੀਂ ਹੈ, ਵੇਖ ਲਉ ਉੱਡ ਕੇ ਪਰਿੰਦਾ, ਉਹਨਾਂ ਰਾਹੀਂ ਪਰਤਦਾ ਹੈ । ਮੈਂ ਤੇਰੇ ਵਿਸ਼ਵਾਸ ਤੇ ਧਰਵਾਸ ਪਿੱਛੇ ਆ ਰਿਹਾ ਸਾਂ, ਪਰਤ ਜਾਵਾਂ ਮੈਂ ਪਿਛਾਂਹ, ਦੱਸ ! ਇਹ ਤੂੰ ਮੈਨੂੰ ਕੀਹ ਕਿਹਾ ਹੈ? ਤੂੰ ਮੇਰੇ ਕਲਬੂਤ ਵਿਚੋਂ, ਜਾਨ ਲੈ ਕੇ ਜਦ ਗਿਆ ਸੀ, ਨਬਜ਼ ਓਸੇ ਪਲ ਖਲੋਤੀ, ਜਿਸਮ ਹਾਲੇ ਤੜਫ਼ਦਾ ਹੈ । ਕੌਣ ਔਰੰਗਜ਼ੇਬ ਹੈ ਇਹ, ਤਿੰਨ ਸਦੀਆਂ ਬਾਦ ਵੀ ਜੋ, ਕਬਰ ਵਿੱਚੋਂ ਉੱਠ ਕੇ, ਹਾਲੇ ਵੀ ਜਜ਼ੀਆ ਮੰਗਦਾ ਹੈ ।

ਮਿੱਟੀ ਦਾ ਭਗਵਾਨ ਬਣਾ ਕੇ ਡਰੀ ਗਏ

ਮਿੱਟੀ ਦਾ ਭਗਵਾਨ ਬਣਾ ਕੇ ਡਰੀ ਗਏ । ਉਸ ਦੇ ਚਰਨੀਂ ਦੀਪ ਜਗਾ ਕੇ ਧਰੀ ਗਏ । ’ਨੇਰੇ੍ਹ ਅੰਦਰ ਬੈਠ ਗਏ ਆਂ ਚੁੱਪ ਕਰ ਕੇ, ਚੁੱਪ ਦੇ ਸ਼ੋਰ ਭਿਆਨਕ ਹੱਥੋਂ ਮਰੀ ਗਏ । ਮੜ੍ਹੀਆਂ ਤੀਕ ਪੁਚਾਇਆ ਸਾਨੂੰ ਰਹਿਬਰ ਨੇ, ਜੋ ਜੋ ਸਾਨੂੰ ਆਖਿਆ ਆਪਾਂ ਕਰੀ ਗਏ । ਸਾਡੇ ਉਲਟ ਗਵਾਹੀ ਸਾਥੋਂ ਲੈ ਗਏ ਉਹ, ਘੂਕੀ ਅੰਦਰ ਅਸੀਂ ਹੁੰਗਾਰਾ ਭਰੀ ਗਏ । ਸੱਚ ਬੋਲਣ ਦੀ ਕੀਮਤ ਸੁਣ ਕੇ ਡਰ ਗਏ ਸਾਂ, ਮਨ ਦੇ ਕਾਂਬੇ ਕਾਰਨ ਆਪਾਂ ਠਰੀ ਗਏ । ਜਿੰਨ੍ਹਾਂ ਤੋਂ ਰਖਵਾਲੀ ਖ਼ਾਤਰ ਬੈਠੇ ਸਾਂ, ਸਾਡੇ ਹੁੰਦਿਆਂ ਹਰੀ ਅੰਗੂਰੀ ਚਰੀ ਗਏ । ਏਸ ਨਮੋਸ਼ੀ ਦਾ ਡਰ ਸਾਨੂੰ ਡੋਬ ਗਿਆ, ਸੁਪਨੇ ਦੇ ਵਿਚ ਬਿਨ ਪਾਣੀ ਤੋਂ ਤਰੀ ਗਏ ।

ਵਹਿ ਗਿਆ ਪਾਣੀ ਪੁਲਾਂ ਦੇ ਹੇਠ ਮੁੜ

ਵਹਿ ਗਿਆ ਪਾਣੀ ਪੁਲ਼ਾਂ ਦੇ ਹੇਠ ਮੁੜ ਆਉਂਦਾ ਨਹੀਂ । ਦਿਵਸ ਗੁਜ਼ਰਨ ਬਾਅਦ, ਫੇਰਾ ਫਿਰ ਕਦੇ ਪਾਉਂਦਾ ਨਹੀਂ । ਤਪ ਰਹੀ ਤੰਦੂਰ ਵਾਂਗੂੰ ਧਰਤ ਮੰਗਦੀ ਮੇਘਲਾ, ਮੇਰੇ ਮਨ ਦਾ ਇਹ ਪਪੀਹਾ, ਔੜ ਬਿਨ ਗਾਉਂਦਾ ਨਹੀਂ । ਠਾਰ ਦੇਵੇ ਬਿਰਖ ਬੂਟੇ, ਜਿਸ ਤਰ੍ਹਾਂ ਗੂੜ੍ਹਾ ਸਿਆਲ, ਤੇਰਾ ਇਹ ਕੋਰਾ ਸਲੀਕਾ, ਰੂਹ ਨੂੰ ਭਾਉਂਦਾ ਨਹੀਂ । ਇਹ ਹਮੇਸ਼ਾਂ ਧਰਤ ਲੋੜੇ ਸੁਪਨਿਆਂ ਦੇ ਹਾਣ ਦੀ, ਰੂਹ ਦਾ ਚੰਬਾ ਏਸ ਲਈ ਮੈਂ ਹਰ ਜਗ੍ਹਾ ਲਾਉਂਦਾ ਨਹੀਂ । ਲੱਗਦੇ ਆਸਾਰ ਓਦੋਂ, ਹੁਣ ਤਾਂ ਪਰਲੋਅ ਆਏਗੀ, ਤੂੰ ਜਦੋਂ ਸੁਪਨੇ ਦੇ ਵਿਚ ਵੀ, ਮੇਰੇ ਘਰ ਆਉਂਦਾ ਨਹੀਂ । ਡਰ ਦੇ ਮਾਰੇ, ਕਿਰਚ-ਕੰਡੇ ਗੱਡੇ ਨਾ ਦੀਵਾਰ ਤੇ, ਇਸ ਤਰ੍ਹਾਂ ਦੇ ਵਿਹੜਿਆਂ ਵਿਚ, ਪੈਰ ਚਾਅ ਪਾਉਂਦਾ ਨਹੀਂ । ਤੂੰ ਮੇਰੇ ਸਾਹਾਂ ਦੇ ਨੇੜੇ, ਹੋਰ ਨੇੜੇ ਹੋਰ ਹੋ, ਬਿਨ ਤੇਰੇ ਮੈਂ ਠਰ ਗਿਆ ਹਾਂ, ਕੋਈ ਗਰਮਾਉਂਦਾ ਨਹੀਂ ।

ਮੋਹ ਦੇ ਧਾਗੇ ਸਾਂਭਣ ਤੋਂ ਜਦ ਹਾਰ ਗਏ

ਮੋਹ ਦੇ ਧਾਗੇ ਸਾਂਭਣ ਤੋਂ ਜਦ ਹਾਰ ਗਏ । ਡੁੱਬਦੇ ਤਰਦੇ ਪੁੱਤ ਸਮੁੰਦਰ ਪਾਰ ਗਏ । ਕੱਖ ਕਾਣ ਦੀ ਰਾਖੀ ਮਾਪੇ ਬੈਠੇ ਨੇ, ਆਲ੍ਹਣਿਆਂ 'ਚੋਂ ਬੋਟ ਉਡਾਰੀ ਮਾਰ ਗਏ । ਜਿੰਨ੍ਹਾਂ ਨੂੰ ਮੈਂ ਚੋਗ ਚੁਗਾਏ ਤਲੀਆਂ 'ਤੇ, ਕਹਿਰ ਖ਼ੁਦਾ ਦਾ, ਓਹੀ ਸਾਨੂੰ ਚਾਰ ਗਏ । ਤਨ ਮਨ ਦਾ ਤੰਦੂਰ ਭਖਾ ਕੇ ਬੈਠੇ ਸਾਂ, ਤੇਰੇ ਬੋਲ ਪਿਆਰੇ ਰੂਹ ਨੂੰ ਠਾਰ ਗਏ । ਮੂੰਹ ਵਿਚ ਛੁਰੀਆਂ ਰਾਮ ਬਗਲ ਵਿਚ ਰੱਖਦੇ ਨੇ, ਅੰਬੀਆਂ ਟੁੱਕਦੇ ਤੋਤੇ ਬਣ ਹੁਸ਼ਿਆਰ ਗਏ । ਕਰੀਂ ਉਡੀਕ ਕਦੇ ਨਾ ਬਹਿ ਕੇ ਪੱਤਣਾਂ ਤੇ, ਜਾਵਣ ਵਾਲੇ ਰੂਹ ਤੋਂ ਭਾਰ ਉਤਾਰ ਗਏ । ਕੰਧਾਂ ਚਾਰ ਦੀਵਾਰੀ ਅੰਦਰ ਸਹਿਕਦੀਆਂ, ਘਰ ਦੇ ਮਾਲਕ ਕੁੰਡੇ ਜੰਦਰੇ ਮਾਰ ਗਏ । ਬਾਰ ਪਰਾਏ ਬੈਠੇ ਨੇ, ਪਰ ਮੰਨਦੇ ਨਹੀਂ, ਕਰਨ ਕਮਾਈਆਂ ਜਿੱਥੇ ਸਾਡੇ ਯਾਰ ਗਏ ।

ਤਪਦੇ ਤਨ ਤੇ ਘੜਾ ਡੋਲ਼ ਉਹ

ਤਪਦੇ ਤਨ ਤੇ ਘੜਾ ਡੋਲ਼ ਉਹ ਜਦ ਅੰਗੜਾਈ ਭਰਦੀ ਹੈ । ਬੁੱਝੋ ! ਕਿਸਨੂੰ ਉਸ ਵੇਲੇ ਫਿਰ ਬਿਰਹਣ ਚੇਤੇ ਕਰਦੀ ਹੈ । ਸ਼ੀਸ਼ੇ ਸਨਮੁਖ ਖੜ੍ਹੀ ਖਲੋਤੀ, ਸੰਗਦੀ ਤੱਕਦੀ ਚਿਹਰੇ ਨੂੰ, ਗੁੱਤ ਖੋਲ੍ਹ ਕੇ ਵਾਲ਼ਾਂ ਵਿਚ ਉਂਗਲਾਂ ਦੀ ਕੰਘੀ ਕਰਦੀ ਹੈ । ਮੋਤੀਆ ਵਸਤਰ ਪਹਿਨ ਜਦੋਂ ਉਹ, ਜਲ ਤੇ ਲਹਿਰਾਂ ਵਾਂਗ ਤੁਰੇ, ਲੰਮੀ ਧੌਣ ਉਠਾ ਕੇ ਜਾਪੇ, ਜਲ ਮੁਰਗਾਈ ਤਰਦੀ ਹੈ । ਸੁਪਨਾ ਹੈ ਜਾਂ ਤਲਖ਼ ਹਕੀਕਤ, ਮਾਰੂਥਲ ਦੀ ਭਰਮ ਜਲੀ, ਪਾਣੀ ਲੱਭਦੀ ਜਿਵੇਂ ਮਿਰਗਣੀ, ਨਾ ਜੀਂਦੀ ਨਾ ਮਰਦੀ ਹੈ । ਦਿਨ ਵੇਲੇ ਅੱਗ ਵਾਂਗਰ ਤਪਦੀ, ਠਰ ਜਾਂਦੀ ਹੈ ਰਾਤਾਂ ਨੂੰ, ਆਪਣੀ ਜ਼ਾਤ ਵਿਖਾਲਣ ਖ਼ਾਤਰ ਮਿੱਟੀ ਕੀਹ ਕੀਹ ਕਰਦੀ ਹੈ । ਸੁਰਖ਼ ਲਬਾਂ ਤੇ ਚੁੱਪ ਦਾ ਪਹਿਰਾ, ਚਿਹਰਾ ਬੀਆਬਾਨ ਜਿਹਾ, ਅੱਖਾਂ ਅੰਦਰ ਤਲਖ਼ ਸਮੁੰਦਰ, ਜ਼ਿੰਦਗੀ ਹੌਕੇ ਭਰਦੀ ਹੈ । ਜ਼ੁਲਮ ਕਹੇ ਉਂਝ ਝਟਕੇ ਨੂੰ ਤੇ ਕਰੇ ਹਲਾਲ ਕਸਾਈ ਵਾਂਗ, ਮੈਨੂੰ ਦੱਸੋ ਧਰਮਾਂ ਵਾਲਿਉ, ਇਹ ਕੈਸੀ ਹਮਦਰਦੀ ਹੈ । ਤਪਦੇ ਥਲ ਵਿਚ ਪੈਰੀਂ ਛਾਲੇ, ਸਿਰ ਤੇ ਬਲਦਾ ਸੂਰਜ ਲਾਲ, ਸਫ਼ਰ ਨਿਰੰਤਰ ਮੱਥੇ ਅੰਦਰ, ਹਰ ਪਲ ਅਗਨੀ ਵਰ੍ਹਦੀ ਹੈ ।

ਮੈਂ ਸੁਲਝਾਉਂਦਾ ਉਲਝ ਗਿਆ ਹਾਂ

ਮੈਂ ਸੁਲਝਾਉਂਦਾ ਉਲਝ ਗਿਆ ਹਾਂ, ਤੰਦਾਂ ਉਲਝੀ ਤਾਣੀ ਅੰਦਰ । ਇੱਕ ਵੀ ਤੰਦ ਸਬੂਤੀ ਹੈ ਨਹੀਂ, ਮੇਰੀ ਰਾਮ ਕਹਾਣੀ ਅੰਦਰ । ਸਦੀਆਂ ਮਗਰੋਂ ਬਦਲੀ ਨਹੀਂ ਤਕਦੀਰ ਸਮੇਂ ਦੀ ਏਸੇ ਕਰਕੇ, ਓਹੀ ਰਾਣੀ ਓਹੀ ਰਾਜਾ, ਫਿਰਦੈ ਆਮ ਕਹਾਣੀ ਅੰਦਰ । ਕਿੰਨੇ ਦਰਦ ਪੁਰਾਣੇ ਘੁਲ਼ ਕੇ ਅੱਥਰੂਆਂ ਦੀ ਜੂਨ ਪਏ ਨੇ, ਹੌਕੇ ਭਰਦੇ ਖ਼ਾਲੀ ਥਾਵਾਂ, ਲੰਘਕੇ ਸਾਹਾਂ ਥਾਣੀਂ ਅੰਦਰ । ਕਾਮ ਕ੍ਰੋਧ ਲੋਭ ਤੇ ਮਾਇਆ, ਡੰਗਦਾ ਹੈ ਹੰਕਾਰ ਦਾ ਕੀੜਾ, ਭਾਵੇਂ ਦੱਸਿਆ ਮਾਰਨ ਦਾ ਢੰਗ, ਗੁਰੂਆਂ ਨੇ ਗੁਰਬਾਣੀ ਅੰਦਰ । ਵੱਸਦੀ ਧਰਤੀ ਜੰਤ ਪਰਿੰਦੇ, ਬੜੇ ਭੁਲੇਖੇ ਅੰਦਰ ਉੱਡਦੇ, ਇਸ ਤੋਂ ਕਿਤੇ ਵਚਿੱਤਰ ਦੁਨੀਆਂ, ਵੱਸਦੀ ਹੇਠਾਂ ਪਾਣੀ ਅੰਦਰ । ਜ਼ਿੰਦਗੀ ਕੋਹਲੂ ਨਾਲੋਂ ਜਾਬਰ, ਸਾਰਾ ਖ਼ੂਨ ਨਿਚੋੜ ਲਿਆ ਏ, ਚੂਰਾ ਚੂਰਾ ਰੀਝਾਂ ਸੁਪਨੇ, ਪਿੱਛੇ ਰਹਿ ਗਏ ਘਾਣੀ ਅੰਦਰ । ਮੇਰੇ ਨਾਲ ਬਰਾਬਰ ਮੇਰੀਆਂ ਅੱਖਾਂ ਬੁੱਢੀਆਂ ਹੋ ਰਹੀਆਂ ਨੇ, ਏਸੇ ਕਰਕੇ ਦਿਸਦਾ ਨਾ ਉਹ, ਜੋ ਹਾਣੀ ਨੂੰ ਹਾਣੀ ਅੰਦਰ । ਪੱਤੇ ਵੇਖ ਵਜਾਵਣ ਤਾਲੀ, ਨੱਚੀ ਜਾਵੇ ਨਾਚ ਨਚੱਈਆ, ਪੌਣਾਂ ਛੇੜਨ ਰਾਗ ਇਲਾਹੀ, ਸੁੱਤਾ ਹੈ ਜੋ ਟਾਣ੍ਹੀ ਅੰਦਰ । ਰੂਹ ਦੀ ਚੁੱਪ ਨੂੰ ਸੁਣਨਾ ਹੈ ਤਾਂ ਅੰਤਰ ਧਿਆਨ ਲਗਾ ਕੇ ਬੈਠੀਂ, ਅਨਹਦ ਨਾਦ ਕਦੇ ਨਹੀਂ ਸੁਣਦਾ, ਬਹਿ ਕੇ ਮਿੱਤਰਾ ਢਾਣੀ ਅੰਦਰ ।

ਸਿਖ਼ਰ ਪਹਾੜੀ ਉਤਲੀ ਸੁੱਚੀ ਕੰਦਰ ਹਾਂ

ਸਿਖ਼ਰ ਪਹਾੜੀ ਉਤਲੀ ਸੁੱਚੀ ਕੰਦਰ ਹਾਂ । ਬਿਨਾ ਮੂਰਤੀ ਪਾਕ ਪਵਿੱਤਰ ਮੰਦਰ ਹਾਂ । ਮੈਨੂੰ ਬਾਹਰੋਂ ਲੱਭਦਾ ਹੈਂ ਕਿਉਂ ਰਾਤ ਦਿਨੇ, ਵੇਖ ਜ਼ਰਾ ਤੂੰ, ਮੈਂ ਤਾਂ ਤੇਰੇ ਅੰਦਰ ਹਾਂ । ਮੇਰੇ ਪੱਲੇ ਭਟਕਣ ਤੈਥੋਂ ਬਹੁਤੀ ਹੈ, ਲੋਕਾਂ ਲਈ ਮੈਂ ਭਾਵੇਂ ਸ਼ਾਂਤ ਸਮੁੰਦਰ ਹਾਂ । ਸੁਣਦਾ ਨਾ ਮੈਂ ਚੀਕਾਂ, ਜ਼ਾਲਮ ਤੱਕਦਾ ਨਹੀਂ, ਚੁੱਪ ਰਹਿੰਦਾਂ ਮੈਂ, ਗਾਂਧੀ ਜੀ ਦਾ ਬੰਦਰ ਹਾਂ । ਅੱਥਰੇ ਸੁਪਨੇ ਅਪਣਾ ਨਾਚ ਨਚਾਉਂਦੇ ਨੇ, ਲੋਕਾਂ ਲਈ ਮੈਂ ਭਾਵੇਂ ਮਸਤ ਕਲੰਦਰ ਹਾਂ । ਹੱਕ ਸੱਚ ਇਨਸਾਫ਼ ਗੁਆ ਕੇ ਬੈਠਾ ਜੋ, ਵਕਤ ਦਿਆਂ ਹੋਠਾਂ ਤੇ ਚੁੱਪ ਦਾ ਜੰਦਰ ਹਾਂ । ਆਪਣ ਡਊਰੂ ਆਪ ਵਜਾ ਕੇ ਨੱਚਦਾ ਮੈਂ, ਨਵੀਂ ਨਸਲ ਦਾ ਕੈਸਾ ਅਜਬ ਕਲੰਦਰ ਹਾਂ ।

’ਨੇਰ੍ਹਿਆਂ ਵਿਚ ਸ਼ਹਿਰ ਡੁੱਬਾ

’ਨੇਰ੍ਹਿਆਂ ਵਿਚ ਸ਼ਹਿਰ ਡੁੱਬਾ, ਬੋਲਦਾ ਕੋਈ ਨਹੀਂ ਹੈ । ਗੁੱਲ ਹੋਏ ਦੀਵਿਆਂ ਨੂੰ ਢੂੰਡਦਾ ਕੋਈ ਨਹੀਂ ਹੈ । ਸ਼ਹਿਰ ਵਾਲੇ ਲੋਕ ਅੰਦਰ ਬਹਿ ਵਿਚਾਰਾਂ ਕਰ ਰਹੇ ਨੇ, ਚੋਰ ਨੂੰ ਵੀ ਚੋਰ ਏਥੇ ਆਖਦਾ ਕੋਈ ਨਹੀਂ ਹੈ । ਭਰਮ ਦੀ ਦੀਵਾਰ ਦੇ ਅੰਦਰਲੇ ਕੈਦੀ ਕਿਉਂ ਬਣੇ ਨੇ, ਡਰ ਰਹੇ ਇਕ ਦੂਸਰੇ ਤੋਂ, ਬੋਲਦਾ ਕੋਈ ਨਹੀਂ ਹੈ । ਅਪਣੇ ਮਨ ਦਾ ਡਰ ਹੀ ਸਭ ਦਾ, ਰੋਜ਼ ਪਿੱਛਾ ਕਰ ਰਿਹਾ ਹੈ, ਬਾਹਰਲੇ ਦੁਸ਼ਮਣ ਨੂੰ ਏਥੇ ਗੌਲਦਾ ਕੋਈ ਨਹੀਂ ਹੈ । ਸ਼ੋਰ ਅੰਦਰ ਸ਼ਬਦ ਗੁੰਮੇ, ਅਰਥ ਲੱਭਦੇ ਫਿਰ ਰਹੇ ਨੇ, ਏਸ ਗੁਮਸ਼ੁਦਗੀ ਦੇ ਬਾਰੇ, ਗ਼ਮਜ਼ਦਾ ਕੋਈ ਨਹੀਂ ਹੈ । ਜੇਤੂਆਂ ਦੀ ਭੀੜ ਅੱਗੇ ਬੈਂਡ ਵਾਜੇ ਵੱਜ ਰਹੇ ਨੇ, ਹਾਰਿਆਂ ਦੇ ਕੋਲ ਏਥੇ, ਠਹਿਰਦਾ ਕੋਈ ਨਹੀਂ ਹੈ । ਮੈਂ ਗੁਆਚਾ ਮਨ ਦੀ ਨਗਰੀ, ਬੰਦ ਬੂਹੇ ਚਾਰ ਬੰਨੇ, ਲੱਭਦਾ ਮੈਨੂੰ ਵੀ ਏਥੇ ਮੇਰੇ ਬਿਨ ਕੋਈ ਨਹੀਂ ਹੈ ।

ਜਮਾਤਾਂ ਨੂੰ ਜਦੋਂ ਵੀ ਜ਼ਾਤ ਲਈ

ਜਮਾਤਾਂ ਨੂੰ ਜਦੋਂ ਵੀ ਜ਼ਾਤ ਲਈ ਕੁਰਬਾਨ ਕਰਦੀ ਹੈ । ਸਿਆਸਤ ਇਸ ਤਰ੍ਹਾਂ ਹੀ ਮੁਲਕ ਨੂੰ ਵੀਰਾਨ ਕਰਦੀ ਹੈ । ਇਹ ਹੰਝੂ ਹਾਰ ਬਣ ਜਾਂਦੇ ਨੇ ਮਾਤਾ ਧਰਤ ਦੇ ਗਲਮੇ, ਜਦੋਂ ਚੜ੍ਹਦੀ ਜਵਾਨੀ ਸੀਸ ਨੂੰ ਕੁਰਬਾਨ ਕਰਦੀ ਹੈ । ਇਹ ਕੁਰਸੀ ਆਦਮੀ ਨੂੰ ਤਰਸ-ਪਾਤਰ ਜਦ ਬਣਾ ਦੇਵੇ, ਤਾਂ ਸਮਝੋ ਆਦਮੀਅਤ ਦਾ ਧੁਰੋਂ ਅਪਮਾਨ ਕਰਦੀ ਹੈ । ਕਦੋਂ ਸਰਕਾਰ ਰਹਿਮਤ ਬਖ਼ਸ਼ਦੀ, ਬਿਨ ਮੁੱਲ ਤਾਰੇ ਤੋਂ, ਲਵੇ ਕਿਰਦਾਰ ਦੀ ਭੇਟਾ, ਜਦੋਂ ਸਨਮਾਨ ਕਰਦੀ ਹੈ । ਜਿੰਨ੍ਹਾਂ ਦੀ ਅੱਖ ਵਿਚ ਹੰਝੂ ਵੀ ਅਸਲੀ ਠਹਿਰ ਨਹੀਂ ਸਕਦੇ, ਹਕੂਮਤ ਕਿੰਜ ਸੁੱਚੇ ਮੋਤੀਆਂ ਦਾ ਦਾਨ ਕਰਦੀ ਹੈ । ਜਦੋਂ ਵੀ ਜਬਰ ਹੱਦਾਂ ਪਾਰ ਕਰਕੇ ਸਿਖ਼ਰ ਤੇ ਪਹੁੰਚੇ, ਜਵਾਨੀ ਹਰ ਚੁਣੌਤੀ ਨੂੰ ਉਦੋਂ ਪਰਵਾਨ ਕਰਦੀ ਹੈ । ਸਦਾ ਸੁਖ ਤੇ ਸਹੂਲਤ ਆਦਮੀ ਨੂੰ ਮਾਰ ਦੇਂਦੇ ਨੇ, ਮੁਸੀਬਤ ਆਦਮੀ ਨੂੰ ਹੋਰ ਵੀ ਬਲਵਾਨ ਕਰਦੀ ਹੈ ।

ਉਹਦੀ ਛੋਹ ਜਿਉਂ ਛੋਹ ਬਿਜਲੀ

ਉਹਦੀ ਛੋਹ ਜਿਉਂ ਛੋਹ ਬਿਜਲੀ ਦੀ ਤਾਰ ਗਈ ਏ । ਤੜਪ ਰਿਹਾ ਦਿਲ ਕਰ ਉਹ ਠੰਢਾ ਠਾਰ ਗਈ ਏ । ਹਾਲੇ ਤੱਕ ਵੀ ਕੰਬੀ ਜਾਵੇ ਰੁੱਖ ਦੀ ਟਾਹਣੀ, ਉੱਡ ਕੇ ਜਿਸ ਤੋਂ ਕੂੰਜਾਂ ਵਾਲੀ ਡਾਰ ਗਈ ਏ । ਮੇਰੇ ਸਿਰ ਤੇ ਭਾਰ ਵਧਾ ਗਈ ਪਹਿਲਾਂ ਨਾਲੋਂ, ਉਹ ਤਾਂ ਅਪਣੀ ਰੂਹ ਤੋਂ ਭਾਰ ਉਤਾਰ ਗਈ ਏ । ਜੇ ਮਿਲਣਾ ਪ੍ਰਵਾਨ ਨਹੀਂ ਸੀ, ਕਿਹੜੀ ਗੱਲ ਸੀ, ਆਸਾਂ ਨੂੰ ਕਿਉਂ ਕੁੰਡੇ ਜੰਦਰੇ ਮਾਰ ਗਈ ਏ । ਗੱਲਾਂ ਕਰਦੇ, ਤੁਰਦੇ, ਚੰਨ ਤੇ ਪਹੁੰਚ ਗਏ ਸਾਂ, ਕੱਲਿਆਂ ਮੁੜਦੇ ਮੇਰੀ ਹਿੰਮਤ ਹਾਰ ਗਈ ਏ । ਸਾਹਾਂ ਦੀ ਡੋਰੀ 'ਚੋਂ ਮਣਕੇ ਕਿਰ ਚੱਲੇ ਨੇ, ਮੇਰੀ ਸੁਰਤੀ ਸੱਤ ਸਮੁੰਦਰ ਪਾਰ ਗਈ ਏ । ਉੱਡਦੀ ਧੂੜ ਸੁਨੇਹਾ ਮੈਨੂੰ ਦੇ ਦਿੱਤਾ ਸੀ, ਜਿੱਧਰ ਉਸਦੀ ਘੁੱਗੀ ਰੰਗੀ ਕਾਰ ਗਈ ਏ । ਓਪਰਿਆਂ ਦੇ ਵਾਂਗ ਘੁਮਾ ਕੇ ਗਰਦਨ ਤੁਰ ਗਈ, ਦਿਲ ਵਿਚ ਰਹਿੰਦੀ ਰਹਿੰਦੀ ਕਹਿਰ ਗ਼ੁਜ਼ਾਰ ਗਈ ਏ ।

ਕੱਚ ਕੰਕਰਾਂ ਪੈਰਾਂ ਦੇ ਵਿਚ ਵੱਜਦੇ ਰਹੇ

ਕੱਚ ਕੰਕਰਾਂ ਪੈਰਾਂ ਦੇ ਵਿਚ ਵੱਜਦੇ ਰਹੇ । ਤਾਂਹੀਓ ਆਪਾਂ ਵਾਹੋਦਾਹੀ ਭੱਜਦੇ ਰਹੇ । ਉਤਲੀ ਚਾਦਰ ਸਾਡੇ ਕੱਦ ਤੋਂ ਛੋਟੀ ਸੀ, ਪੈਰ ਕਦੇ ਸਿਰ, ਵਾਰੋ ਵਾਰੀ ਕੱਜਦੇ ਰਹੇ । ਫ਼ਸਲ, ਕਿਆਰੇ ਸੁੱਕੇ ਤਰਸਣ ਪਾਣੀ ਨੂੰ, ਫ਼ੋਕੇ ਬੱਦਲ ਐਵੇਂ ਸਿਰ ਤੇ ਗੱਜਦੇ ਰਹੇ । ਭੁੱਖਣ ਭਾਣੇ ਲੋਕ ਗੁਆਚੇ ਰਾਹਾਂ ਵਿਚ, ਰੱਜੇ ਪੁੱਜੇ ਵਿਹਲੇ ਬਹਿ ਕੇ ਰੱਜਦੇ ਰਹੇ । ਮਰਦੇ ਦਮ ਦੀ ਚੀਖ਼ ਸੁਣੀ ਨਾ ਗਲੀਆਂ ਨੇ, ਪਿੰਡ ਵਿਚ ਸਾਰੀ ਰਾਤ ਸਪੀਕਰ ਵੱਜਦੇ ਰਹੇ । ਅੱਲ੍ਹਾ ਵਾਲੀ ਜ਼ਾਤ ਨਾ ਵੇਖਣ ਖ਼ਲਕਤ 'ਚੋਂ, ਤਲਬਗਾਰ ਜੋ ਸਾਰੀ ਉਮਰਾ ਹੱਜ ਦੇ ਰਹੇ । ਕੱਲ੍ਹ ਪਰਸੋਂ ਕੀਹ ਹੋਇਆ ਜਾਂ ਕੀਹ ਹੋਵੇਗਾ, ਦੇਣਦਾਰ ਤਾਂ ਅਸੀਂ ਹਮੇਸ਼ਾਂ 'ਅੱਜ' ਦੇ ਰਹੇ । ਨੀਹਾਂ ਵਿਚੋਂ ਪਾਕ ਸ਼ਹਾਦਤ ਪੁੱਛਦੀ ਏ, ਤਾਜ ਕਿਉਂ ਨੇ ਟੋਡੀਆਂ ਦੇ ਸਿਰ ਸੱਜਦੇ ਰਹੇ ।

ਕਿਸ ਤੇ ਰੋਸ ਕਰੇਂਗੀ ਜਿੰਦੇ

ਕਿਸ ਤੇ ਰੋਸ ਕਰੇਂਗੀ ਜਿੰਦੇ, ਤੀਰਾਂ ਜਾਂ ਤਲਵਾਰਾਂ ਤੇ । ਟੁੱਟ ਗਿਆ ਹੈ ਮਾਣ ਵੀ ਆਖ਼ਰ, ਜਿਹੜਾ ਸੀ ਦਿਲਦਾਰਾਂ ਤੇ । ਆਮ ਸਾਧਾਰਨ ਬੰਦੇ ਨਾਲੋਂ ਟੁੱਟ ਕੇ ’ਕੱਲ੍ਹਾ ਰਹਿ ਜਾਏਂਗਾ, ਬਹੁਤਾ ਹੀ ਤੂੰ ਨਿਰਭਰ ਰਹਿਨੈਂ ਟੀ.ਵੀ. ਜਾਂ ਅਖ਼ਬਾਰਾਂ ਤੋਂ । ਭੁੱਖਣ ਭਾਣੇ ਕਾਫ਼ਲਿਆਂ ਤੋਂ ਕਿੱਦਾਂ ਜਾਨ ਬਚਾਵੇਂਗਾ, ਤੇਰੇ ਮਹਿਲੀਂ ਪਹੁੰਚ ਗਏ ਜੇ, ਤੁਰਦੇ ਤੁਰਦੇ ਤਾਰਾਂ ਤੇ । ਅੱਖ ਬਚਾ ਕੇ ਲੰਘ ਜਾਂਦਾ ਏਂ, ਚੋਰੀ ਏਸ ਚੁਰਸਤੇ 'ਚੋਂ, ਪੜ੍ਹਦਾ ਕਿਉਂ ਨਹੀਂ ਕੋਲ ਖਲੋ੍ਹ ਕੇ, ਲਿਖਿਐ ਜੋ ਦੀਵਾਰਾਂ ਤੇ । ਅੱਥਰੂ-ਅੱਥਰੂ ਖੇਤੀ ਹੁਣ ਤਾਂ, ਬੰਦ ਮਸ਼ੀਨਾਂ ਸਹਿਕਦੀਆਂ, ਦੇਸ਼ ਮੇਰੇ ਦੀ ਧੜਕਣ ਅੱਜ ਕੱਲ੍ਹ ਨਿਰਭਰ ਹੈ ਬਾਜ਼ਾਰਾਂ ਤੇ । ਸੁਰਖ਼ ਉਨਾਭੀ ਨੇਤਰ ਤੇਰੇ, ਬਣ ਗਏ ਨੀਮ ਗੁਲਾਬੀ ਨੇ, ਉਂਗਲੀ ਉੱਠਦੀ ਨਾ ਹੁਣ ਤੇਰੀ, ਹੁੰਦੇ ਅੱਤਿਆਚਾਰਾਂ ਤੇ । ਤੂੰ ਵੀ ਤਾਂ ਮਸ਼ਗੂਲੇ ਕੀਤੇ, ਹੱਥ ਬੰਨ੍ਹ ਅਰਜ਼ ਗੁਜ਼ਾਰਦਿਆਂ, ਰਾਤੋ ਰਾਤ ਨਹੀਂ ਇਹ ਪਹੁੰਚੇ, ਤਰਲਿਆਂ ਤੋਂ ਹਥਿਆਰਾਂ ਤੇ ।

ਦਿਸਦੀ ਨਹੀਂ ਅਣਦਿਸਦੀ ਸ਼ਕਤੀ

ਦਿਸਦੀ ਨਹੀਂ ਅਣਦਿਸਦੀ ਸ਼ਕਤੀ, ਜਿਉਂ ਬਿਜਲੀ ਦੀ ਤਾਰ ਦੇ ਅੰਦਰ । ਕਿੱਦਾਂ ਤੈਨੂੰ ਦੱਸਾਂ ਹੁਣ ਮੈਂ, ਕੀ ਕੁਝ ਹੈ ਸਰਕਾਰ ਦੇ ਅੰਦਰ । ਲੀਲਾ ਅਪਰਮ ਪਾਰ ਅਪਾਰੀ, ਪਿਆਰ ਮੁਹੱਬਤ ਖ਼ੁਸ਼ਬੂ ਸਾਰੀ, ਹਰ ਗੋਪੀ ਹਾਣੀ ਨੂੰ ਲੱਭਦੀ, ਅਪਣੇ ਕ੍ਰਿਸ਼ਨ ਮੁਰਾਰ ਦੇ ਅੰਦਰ । ਪ੍ਰੇਮ ਦੇ ਢਾਈ ਅੱਖਰ ਹੀ ਨਾ ਕੁੱਲ ਹਯਾਤੀ ਸਮਝ ਪਏ ਨੇ, ਇਸ ਤੋਂ ਅੱਗੇ ਦੱਸ ਤੂੰ ਆਪੇ, ਕੀਹ ਜਾਂਦਾ ਵਿਸਥਾਰ ਦੇ ਅੰਦਰ । ਬੰਦਾ ਤਾਂ ਹਥਿਆਰ ਦੇ ਵਾਂਗੂੰ ਆਪ ਬੇਗਾਨੇ ਹੱਥ ਵਿਚ ਹੁੰਦੇ, ਹੋਰ ਬੜਾ ਕੁਝ ਸ਼ਾਮਲ ਹੁੰਦੈ, ਦਸਤੇ ਬਿਨ ਤਲਵਾਰ ਦੇ ਅੰਦਰ । ਚੋਰ-ਭੁਲਾਈਆਂ, ਲੁਕਣ-ਮਚਾਈਆਂ, ਆਪਣੇ ਨਾਲ ਖੇਡਦੇ ਰਹੀਏ, ਪੇਸ਼ ਕਦੇ ਨਾ ਹੋਈਏ ਆਪਾਂ ਰੂਹ ਵਾਲੇ ਦਰਬਾਰ ਦੇ ਅੰਦਰ । ਸੁਖ ਦੀ ਛਾਂ ਨੇ, ਵੇਖ, ਕਮੀਨਾ ਕਿੰਨਾ ਸਾਨੂੰ ਕਰ ਛੱਡਿਆ ਏ, ਫਿਰਨ ਗੁਆਚੇ ਪੱਗ ਤੇ ਚੁੰਨੀ, ਹੁਣ ਸਾਡੇ ਕਿਰਦਾਰ ਦੇ ਅੰਦਰ । ਪਿੰਡ ਇਕੱਲਾ ਹੀ ਨਾ ਬਸਤੀ, ਬਹੁਤ ਉਚੇਰੀ ਇਸ ਦੀ ਹਸਤੀ, ਲੱਭੋ ਇਸ ਦੇ ਅਰਥ ਗੁਆਚੇ, ਅਪਣੇ ਸਭਿਆਚਾਰ ਦੇ ਅੰਦਰ । ਸ਼ਗਨਾਂ ਦੀ ਫੁਲਕਾਰੀ ਗਾਨੇ, ਚੁੰਨੀਆਂ ਲਾਲ ਪਰਾਂਦੇ ਰੰਗਲੇ, ਸਿਹਰੇ, ਸਿੱਖਿਆ, ਸਾਹੇ-ਚਿੱਠੀ, ਵਿਕਦੈ ਸਭ ਬਾਜ਼ਾਰ ਦੇ ਅੰਦਰ । ਰੱਤ ਡੁੱਲੀ ਤੇ ਅੱਥਰੂ ਸਾਰੇ ਸਫ਼ਿਆਂ ਤੇ ਮਹਿਸੂਸ ਕਰੋਗੇ, ਨਾਲ ਤੁਰੋਗੇ ਜੇਕਰ ਉਸਦੇ, ਜੋ ਛਪਿਐ ਅਖ਼ਬਾਰ ਦੇ ਅੰਦਰ । ਖੜ੍ਹਾ ਖਲੋਤਾ, ਬੈਠਾ ਬੰਦਾ, ਕੋਸ ਮੀਨਾਰ ਤੋਂ ਵਧ ਕੇ ਕੁਝ ਨਾਂਹ, ਮੰਜ਼ਿਲ ਦਾ ਸਿਰਨਾਵਾਂ ਹੁੰਦੈ, ਕਦਮਾਂ ਦੀ ਰਫ਼ਤਾਰ ਦੇ ਅੰਦਰ । ਰਿਸ਼ਤਾ ਬੋਝ ਬੁਝਾਰਤ ਬਣਦੈ, ਸ਼ੱਕ ਹਮੇਸ਼ਾਂ ਤਾਂਡਵ ਕਰਦੇ, ਸਾਂਝੀ ਤੰਦ ਮੁਹੱਬਤ ਵਾਲੀ, ਜੇ ਤਿੜਕੇ ਪਰਿਵਾਰ ਦੇ ਅੰਦਰ । ਅਪਣੀ ਹਾਰ ਪਛਾਨਣ ਦੀ ਥਾਂ, ਦੋਸ਼ ਬੇਗਾਨੇ ਦੇ ਸਿਰ ਧਰੀਏ, ਬਹੁਤੀ ਵਾਰੀ ਡੁੱਬ ਜਾਂਦੇ ਹਾਂ, ਖ਼ੁਦ ਆਪਾਂ ਹੰਕਾਰ ਦੇ ਅੰਦਰ ।

ਅਸਾਂ ਤਾਂ ਬਲਦੇ ਰਹਿਣਾ ਹੈ, ਜਦੋਂ ਤੱਕ

ਅਸਾਂ ਤਾਂ ਬਲਦੇ ਰਹਿਣਾ ਹੈ, ਜਦੋਂ ਤੱਕ ਰਾਤ ਬਾਕੀ ਹੈ । ਚਿਰਾਗਾਂ ਦਾ ਇਹ ਕਹਿਣਾ ਹੈ, ਜਦੋਂ ਤੱਕ ਰਾਤ ਬਾਕੀ ਹੈ । ਅਸਾਂ ਹਰ ਅੱਖ ਦੇ ਸੁਪਨੇ ਦੇ ਵਿਚ ਕੁਝ ਰੰਗ ਨੇ ਭਰਨੇ, ਤੇ ਰੰਗਾਂ ਜਗਦੇ ਰਹਿਣਾ ਹੈ, ਜਦੋਂ ਤੱਕ ਰਾਤ ਬਾਕੀ ਹੈ । ਅਸੀਂ ਤਾਂ ਸਾਬਰਾਂ ਦੀ ਅੰਸ ਬੰਸੋਂ ਹਾਂ ਉਦੈ ਹੋਏ, ਜਬਰ ਕਰਨਾ ਨਾ ਸਹਿਣਾ ਹੈ, ਜਦੋਂ ਤੱਕ ਰਾਤ ਬਾਕੀ ਹੈ । ਅਸੀਂ ਚੇਤਨ ਜਵਾਲਾ ਸੰਗ ਰਾਖੇ ਬਣ ਖਲੋਣਾ ਹੈ, ਤੇ ਭਰਮਾਂ ਨਾਲ ਖਹਿਣਾ ਹੈ, ਜਦੋਂ ਤੱਕ ਰਾਤ ਬਾਕੀ ਹੈ । ਇਹ ਪਾਸਾ ਵੱਟ ਲੈਣਾ ਵੀ ਵਕਾਲਤ ਹੈ ਹਨ੍ਹੇਰੇ ਦੀ, ਫ਼ਰਜ਼ ਦੇ ਨਾਲ ਰਹਿਣਾ ਹੈ, ਜਦੋਂ ਤਕ ਰਾਤ ਬਾਕੀ ਹੈ । ਇਹ ਗ਼ਦਰੀ ਸੂਰਮੇ ਬਾਬੇ, ਸੁਣੋ ਅੱਜ ਵੀ ਨੇ ਕੀ ਕਹਿੰਦੇ, ਤੁਸੀਂ ਚੇਤੰਨ ਰਹਿਣਾ ਹੈ, ਜਦੋਂ ਤੱਕ ਰਾਤ ਬਾਕੀ ਹੈ । ਕਦੇ ਵੀ ਸੀਸ ਵਾਲੀ ਫ਼ੀਸ ਦੇਣੋ ਕਿਰਸ ਨਾ ਕਰਿਉ, ਸ਼ਹੀਦਾਂ ਦਾ ਇਹ ਕਹਿਣਾ ਹੈ, ਜਦੋਂ ਤੱਕ ਰਾਤ ਬਾਕੀ ਹੈ । ਬੜੇ ਹਮਦਰਦ ਏਥੇ ਦੁਸ਼ਮਣੀ ਦੀ ਖੇਡ ਖੇਡਣਗੇ, ਇਨ੍ਹਾਂ ਤੋਂ ਬਚਕੇ ਰਹਿਣਾ ਹੈ, ਜਦੋਂ ਤਕ ਰਾਤ ਬਾਕੀ ਹੈ । ਕਦੇ ਵੀ ਹੱਕ ਤੇ ਇਨਸਾਫ਼ ਨੂੰ ਕੋਈ ਮੇਟ ਨਾ ਸਕਿਆ, ਸੰਭਾਲੋ! ਸੱਚ ਗਹਿਣਾ ਹੈ, ਜਦੋਂ ਤੱਕ ਰਾਤ ਬਾਕੀ ਹੈ ।

ਜਦ ਤੋਂ ਮੈਂ ਰਿਸ਼ਤਾ ਤੋੜਿਆ

ਜਦ ਤੋਂ ਮੈਂ ਰਿਸ਼ਤਾ ਤੋੜਿਆ, ਫ਼ਸਲਾਂ ਜ਼ਮੀਨ ਤੋਂ । ਥੋੜਾ ਹੀ ਫ਼ਰਕ ਰਹਿ ਗਿਆ, ਮੇਰਾ ਮਸ਼ੀਨ ਤੋਂ । ਫੁੰਕਾਰਦਾ ਹੈ ਨਾਗ ਇਹ ਬਣ ਬਣ ਕੇ ਦੇਵਤਾ, ਮੇਰਾ ਭਰੋਸਾ ਉਠ ਗਿਐ ਅਮਨਾਂ ਦੀ ਬੀਨ ਤੋਂ । ਉੱਡਦਾ ਪਰਿੰਦਾ ਵੀ ਸਦਾ, ਕਰਦਾ ਹੈ ਕਾਮਨਾ, ਉੱਜੜੇ ਕਦੇ ਨਾ ਆਲ੍ਹਣਾ, ਇਸ ਸਰ-ਜ਼ਮੀਨ ਤੋਂ । ਹਥਿਆਰ ਚੁੱਕੀ ਫਿਰਨ, ਮਾਰੋ ਮਾਰ ਕਰ ਰਹੇ, ਸਭ ਧਰਤੀਆਂ ਦੇ ਲੋਕ ਹੀ, ਥਿੜਕੇ ਨੇ ਦੀਨ ਤੋਂ । ਸਿਰਜਣ ਪਟੋਲੇ ਗੁੱਡੀਆਂ, ਮਾਵਾਂ ਨੇ ਭੁੱਲੀਆਂ, ਬਣ ਕੇ ਖਿਡੌਣੇ ਆ ਰਹੇ, ਬੱਚਿਆਂ ਲਈ ਚੀਨ ਤੋਂ । ਚੰਬਾ, ਰਵੇਲ ਮਹਿਕਦੇ, ਕਿੱਥੇ ਗੁਆਚ ਗਏ, ਮਿਲਦਾ ਸਕੂਨ ਨਾ ਕਦੇ ਇਸ ਜੈਸਮੀਨ* ਤੋਂ । ਦੀਵਾਰਾਂ ਓਹਲੇ ਸਾਜਿਸ਼ਾਂ, ਖ਼ਤਰਾ ਹਮੇਸ਼ ਹੈ, ਡਰਦਾ ਨਹੀਂ ਮੈਂ ਦੋਸਤੋ, ਪਰਦੇ ਮਹੀਨ ਤੋਂ । ਬੁੱਕਲ 'ਚ ਬਹਿ ਕੇ ਡੰਗਦਾ ਤੇ ਖ਼ੂਨ ਮੰਗਦਾ, ਮੌਲਾ! ਬਚਾਵੀਂ ਦੋਸਤੀ ਐਸੇ ਕਮੀਨ ਤੋਂ । ਪਾਣੀ ਵੀ ਪੁਣ ਕੇ ਪੀ ਰਿਹਾਂ ਤੂੰ ਆਪ ਵੇਖ ਲੈ, ਸਿੱਖੇ ਨੇ ਸਾਰੇ ਸਬਕ ਮੈਂ, ਤੇਰੇ ਯਕੀਨ ਤੋਂ । * ਚੰਬੇਲੀ ਦਾ ਅੰਗਰੇਜ਼ੀ ਨਾਂ

ਲੋਕਾਂ ਦੇ ਮਨ ਉੱਤੇ ਇਸ ਦਾ

ਲੋਕਾਂ ਦੇ ਮਨ ਉੱਤੇ ਇਸ ਦਾ ਭਾਰ ਨਹੀਂ ਹੁਣ । ਕਿਉਂ ਬਿਰਖ਼ਾਂ ਤੇ ਬਹਿੰਦੀ ਆ ਕੇ ਡਾਰ ਨਹੀਂ ਹੁਣ । ਉਸਦੀ ਹੋਂਦ ਗੁਆਚਣ ਦਾ ਅਫ਼ਸੋਸ ਨਾ ਕੋਈ, ਜੋ ਅਪਣੇ ਵਿਸ਼ਵਾਸ ਦਾ ਪਹਿਰੇਦਾਰ ਨਹੀਂ ਹੁਣ । ਏਥੋਂ ਤੱਕ ਤਾਂ ਆਇਆ, ਭਾਵੇਂ ਪਰਤ ਗਿਆ ਏ, ਕਿੱਦਾਂ ਕਹੀਏ, ਉਹ ਜੀ ਸਾਡਾ ਯਾਰ ਨਹੀਂ ਹੁਣ । ਏਸ ਬੇਦਾਵੇ ਨੂੰ ਦੱਸ ਕਿੱਦਾਂ ਪਾੜ ਸਕੇਂਗਾ, ਜੇਕਰ ਤੇਰੀ ਰੂਹ ਦੇ ਉੱਤੇ ਭਾਰ ਨਹੀਂ ਹੁਣ । ਧਰਮ ਖਿਡੌਣੇ ਵਾਂਗ ਬਣਾ ਕੇ ਖੇਡ ਰਿਹੈਂ ਤੂੰ, ਕਾਠ ਦੀ ਹਾਂਡੀ ਚੜ੍ਹਨੀ ਦੂਜੀ ਵਾਰ ਨਹੀਂ ਹੁਣ । ਪੈੜਾਂ ਤੇ ਪਰਛਾਵੇਂ ਕਿੰਜ ਸੰਭਾਲ ਕੇ ਰੱਖੀਏ, ਤੈਨੂੰ ਵੀ ਤਾਂ ਸਾਡੀ ਕੋਈ ਸਾਰ ਨਹੀਂ ਹੁਣ । ਨਕਲੀ ਫੁੱਲ ਬਜ਼ਾਰੋਂ ਲੈ ਕੇ ਬੂਹੇ ਟੰਗਦੇ, ਪੱਤ ਸ਼ਰੀਂਹ ਦੇ ਬਣਦੇ ਬੰਦਨ ਬਾਰ ਨਹੀਂ ਹੁਣ ।

ਬੱਦਲਾਂ ਵਾਂਗੂੰ ਉੱਡਿਆ ਫਿਰਦੈ

ਬੱਦਲਾਂ ਵਾਂਗੂੰ ਉੱਡਿਆ ਫਿਰਦੈ, ਅੱਖਾਂ ਵਿਚ ਸਮੁੰਦਰ ਲੈ ਕੇ । ਧਰਤ ਉਡੀਕੇ ਤੈਨੂੰ ਚਿਰ ਤੋਂ, ਸਿਰ ਤੇ ਪਾਟੀ ਚਾਦਰ ਲੈ ਕੇ । ਰੂਹ ਜ਼ਖ਼ਮੀ ਦਿਲ ਛਾਲੇ ਛਾਲੇ, ਭੋਲੇ ਲੋਕ ਉਡੀਕਣ ਹਾਲੇ, ਦਿਲ ਦੀ ਪੀੜ ਪਛਾਨਣ ਵਾਲਾ, ਆਵੇਗਾ ਹੁਣ ਨਸ਼ਤਰ ਲੈ ਕੇ । ਅੰਬਰ ਵਿਚ ਸ਼ਿਕਾਰੀ ਦੀ ਅੱਖ, ਤੋਂ ਵੀ ਬਚ ਕੇ ਰਹਿਣਾ ਪੈਂਦੈ, ਫਿਰ ਵੀ ਵੇਖ ਪਰਿੰਦੇ ਉੱਡਦੇ, ਖੰਭਾਂ ਅੰਦਰ ਸੌ ਡਰ ਲੈ ਕੇ । ਜਦ ਹੱਥਾਂ ਨੂੰ ਹਾਣ ਬਰਾਬਰ, ਨਾ ਰੁਜ਼ਗਾਰ ਮਿਲੇ ਨਾ ਆਦਰ, ਰਾਜ ਭਵਨ ਵੱਲ ਤੁਰੇ ਜਵਾਨੀ, ਹੱਥਾਂ ਦੇ ਵਿਚ ਪੱਥਰ ਲੈ ਕੇ । ਤਨ ਤੇ ਮਨ ਤੋਂ ਚੋਰੀ ਚੋਰੀ, ਸੌ ਜਨਮਾਂ ਦੀ ਪੀੜ ਇਕੱਠੀ, ਪਰਬਤ ਵੇਖੋ ਚੁੱਕੀ ਫਿਰਦਾਂ, ਅੱਖਾਂ ਦੇ ਵਿਚ ਅੱਥਰ ਲੈ ਕੇ । ਤੀਰ ਅਤੇ ਤਲਵਾਰ, ਕਬੀਲੇ ਜੰਗਲ ਦੇ ਵੀ ਛੱਡ ਚੁੱਕੇ ਨੇ, ਤੂੰ ਹਾਲੇ ਵੀ ਰੂਹ ਨੂੰ ਵਿੰਨੇ, ਏਨੇ ਮਹਿੰਗੇ ਅੱਖਰ ਲੈ ਕੇ । ਪਿਆਰ-ਮੁਹੱਬਤ ਦੇ ਖੰਭ ਨੋਚਣ, ਗਿਣਤੀ-ਮਿਣਤੀ ਦੋਵੇਂ ਰਲ਼ਕੇ, ਉੱਡਦਾ ਹੈ ਵਿਸ਼ਵਾਸ ਉਚੇਰਾ, ਦਿਲ ਤੋਂ ਸੇਧ ਨਿਰੰਤਰ ਲੈ ਕੇ ।

ਸੁਪਨੇ ਦੇ ਵਿਚ ਆ ਕੇ ਤੂੰ

ਸੁਪਨੇ ਦੇ ਵਿਚ ਆ ਕੇ ਤੂੰ ਤੜਪਾਇਆ ਨਾ ਕਰ । ਜੇ ਆਵੇਂ ਤਾਂ ਏਨੀ ਜਲਦੀ ਜਾਇਆ ਨਾ ਕਰ । ਸੁਰ-ਸ਼ਹਿਜ਼ਾਦੀ ਤੈਨੂੰ ਆਖੇ ਸਾਰੀ ਦੁਨੀਆਂ, ਬੇ-ਸੁਰਿਆਂ ਦੇ ਨਾਲ ਆਵਾਜ਼ ਮਿਲਾਇਆ ਨਾ ਕਰ । ਰੋਸੇ ਸ਼ਿਕਵੇ ਰੱਖ ਦਿਆ ਕਰ ਇੱਕ ਪਾਸੇ ਤੂੰ, ਬਿਨਾ ਬੁਲਾਏ ਕੋਲੋਂ ਦੀ ਲੰਘ ਜਾਇਆ ਨਾ ਕਰ । ਤੇਰੇ ਨਾਲ ਬਰਾਬਰ ਹਰ ਥਾਂ ਹਾਜ਼ਰ ਹਾਂ ਮੈਂ, ਕੱਲੀ ਬੈਠੀ ਗਰਦਨ ਨੀਵੀਂ ਪਾਇਆ ਨਾ ਕਰ । ਸਾਜ਼ਾਂ ਨੂੰ ਸੁਰ ਕਰਕੇ ਵਿੱਚੇ ਛੱਡ ਜਾਂਦੀ ਏ, ਪਲ ਕਰਤਾਰੀ ਦੋਚਿੱਤੀ ਵਿਚ ਜ਼ਾਇਆ ਨਾ ਕਰ । ਪਹਿਲਾਂ ਹੀ ਨੇ ਨੈਣ ਕਟਾਰਾਂ ਨਾਲੋਂ ਤਿੱਖੇ, ਸੁਰਮ-ਸਲਾਈ ਮਿਰਗਣੀਏਂ ਤੂੰ ਪਾਇਆ ਨਾ ਕਰ । ਚੁੱਪ ਦੇ ਖ਼ੂਹ ਵਿਚ ਉੱਤਰ ਕੇ ਤੂੰ ਮੁੜਦੀ ਹੀ ਨਹੀਂ, ਕਹਿਰ ਗਰੀਬਾਂ ਉੱਤੇ ਇਹ ਤੂੰ ਢਾਇਆ ਨਾ ਕਰ ।

ਤੁਰ ਪਈਏ, ਰੁਕ ਜਾਈਏ

ਤੁਰ ਪਈਏ, ਰੁਕ ਜਾਈਏ, ਏਦਾਂ ਕਰਦੇ ਰਹੇ । ਦੋਚਿੱਤੀ ਵਿਚ ਘਿਰ ਕੇ, ਬਹੁਤੇ ਮਰਦੇ ਰਹੇ । ਨੈਣਾਂ ਦੇ ਸਰਵਰ ਵਿਚ ਡੁੱਬਦੇ ਵੇਖੇ ਨੇ, ਜਿਹੜੇ ਲੋਕੀਂ ਸੱਤ ਸਮੁੰਦਰ, ਤਰਦੇ ਰਹੇ । ਬੀਜ ਪੋਰ ਕੇ ਜਿਹੜੇ ਲੋਕੀ ਸੌਂ ਜਾਂਦੇ, ਫ਼ਸਲ ਉਨ੍ਹਾਂ ਦੀ ਜੰਤ ਜਾਂਗਲੀ ਚਰਦੇ ਰਹੇ । ਫ਼ਰਕ ਅਜ਼ਾਦ ਗੁਲਾਮ 'ਚ ਕਿੱਦਾਂ ਸਮਝਣਗੇ, ਜਿਹੜੇ ਲੋਕੀਂ ਜਬਰ ਹਮੇਸ਼ਾਂ ਜਰਦੇ ਰਹੇ । ਦੂਸਰਿਆਂ ਲਈ ਨਫ਼ਰਤ ਦੀ ਅੱਗ ਬਾਲਣ ਉਹ, ਮਨ ਦੇ ਪਾਲ਼ੇ ਅੰਦਰ ਜਿਹੜੇ ਠਰਦੇ ਰਹੇ । ਨੰਗੀ ਰੂਹ ਤੋਂ ਡਰਦੇ ਮਾਰੇ ਬਹੁਤੇ ਲੋਕ, ਖਿੜਕੀ ਅੱਗੇ ਕਰਦੇ ਗੂੜ੍ਹੇ ਪਰਦੇ ਰਹੇ । ਸੱਚ ਬੋਲਣ ਦੀ ਕੀਮਤ ਕਿੱਥੋਂ ਤਾਰਾਂਗੇ, ਮੇਰੇ ਵਰਗੇ ਏਸੇ ਗੱਲ ਤੋਂ ਡਰਦੇ ਰਹੇ ।

ਤੇਰੇ ਨੈਣ ਗੁਆਚੇ ਫਿਰਦੇ ਨੇ

ਤੇਰੇ ਨੈਣ ਗੁਆਚੇ ਫਿਰਦੇ ਨੇ, ਇਹ ਨਜ਼ਰਾਂ ਕਿਸ ਨੂੰ ਟੋਲਦੀਆਂ । ਕਈ ਦਿਨ ਦਾ ਇਹ ਮਹਿਸੂਸ ਕਰਾਂ, ਹੁਣ ਕਿਉਂ ਨਹੀਂ ਦੁੱਖ ਸੁਖ ਫੋਲਦੀਆਂ । ਤੇਰੀ ਧੜਕਣ ਅੰਦਰ ਰਹਿੰਦਾ ਹਾਂ, ਮੂੰਹੋਂ ਨਾ ਨਿਕਲੇ ਹਰਫ਼ ਕੁਈ, ਦਿਲ ਮੈਨੂੰ ਪੁੱਛਦਾ ਰਹਿੰਦਾ ਏ, ਹੁਣ ਕਿਉਂ ਨਹੀਂ ਮਹਿਕਾਂ ਬੋਲਦੀਆਂ । ਰੱਖਿਆ ਸੀ ਦੀਵਾ ਮਮਟੀ ਤੇ, ਲੱਗਦਾ ਏ ਜਗਦਾ ਰਹਿਣਾ ਨਹੀਂ, ਮੂੰਹ-ਜ਼ੋਰ ਹਨੇ੍ਹਰੀ ਚੜ੍ਹ ਪਈ ਏ, ਐਵੇਂ ਨਹੀਂ ਲਾਟਾਂ ਡੋਲਦੀਆਂ । ਇਹ ਤੂੰ ਹੀ ਦਿੱਤੀਆਂ ਦਾਤਾਂ ਨੇ, ਮੇਰੇ ਚਾਰ ਚੁਫ਼ੇਰੇ ਰਾਤਾਂ ਨੇ, ਪ੍ਰਭਾਤਾਂ ਕਿਥੇ ਤੁਰ ਗਈਆਂ, ਜੋ ਸਾਹੀਂ ਸੰਦਲ ਘੋਲਦੀਆਂ । ਸੁਰਤਾਲ ਗਵਾਚੇ ਫਿਰਦੇ ਨੇ, ਮਨ ਕਾਬੂ ਦੇ ਵਿਚ ਰਹਿੰਦਾ ਨਹੀਂ, ਇਹ ਸ਼ੋਰ ਸਲੀਕਾ ਮੇਰਾ ਨਹੀਂ, ਆਵਾਜ਼ਾਂ ਸੱਖਣੇ ਢੋਲ ਦੀਆਂ । ਤੂੰ ਬਿਰਖ਼ ਪੁਰਾਣੇ ਛੱਡ ਦਿੱਤੇ, ਨਵਿਆਂ ਤੇ ਪੀਘਾਂ ਪਾ ਲਈਆਂ, ਖੰਭਾਂ ਦੀਆਂ ਡਾਰਾਂ ਬਣਦੀਆਂ ਨਹੀਂ, ਐਵੇਂ ਨਹੀਂ ਕੰਧਾਂ ਬੋਲਦੀਆਂ । ਤੂੰ ਮਾਣ-ਮਰਤਬੇ ਹੁਸਨਾਂ ਦਾ, ਕੁਰਸੀ ਤੇ ਬਹਿ ਹੰਕਾਰ ਨਾ ਕਰ, ਮੈਂ ਜਿੰਨੀਆਂ ਵਸਤਾਂ ਗਿਣੀਆਂ ਨੇ, ਸਭਨਾਂ ਦੀ ਮਿੱਟੀ ਰੋਲਦੀਆਂ । ਤੂੰ ਕਿਹੜੀ ਗੱਲ ਤੋਂ ਡਰਦੀ ਏਂ, ਲੈਂਦੀ ਨਾ ਖੁੱਲ੍ਹ ਕੇ ਹੌਕਾ ਵੀ, ਉਮਰਾਂ ਦਾ ਰੋਗ ਵਿਹਾਝਣ ਉਹ, ਜੋ ਦਿਲ- ਘੁੰਡੀ ਨਾ ਖੋਲ੍ਹਦੀਆਂ । ਮੈਂ ਚੁੱਪ ਦੇ ਭੋਰੇ ਬੈਠ ਗਿਆਂ, ਚੰਗਾ ਨਹੀਂ ਬੋਲਣ ਬਹੁਤਾ ਹੁਣ, ਤੂੰ ਜੋ ਕੁਝ ਦਿੱਤਾ ਸਾਂਭ ਰਿਹਾਂ, ਬੰਨ੍ਹ ਕੰਨੀਆਂ ਅਪਣੀ ਝੋਲ ਦੀਆਂ ।

ਸੁਪਨੇ ਵਿਚ ਤੂੰ ਪਹਿਲਾਂ ਵਾਂਗਰ

ਸੁਪਨੇ ਵਿਚ ਤੂੰ ਪਹਿਲਾਂ ਵਾਂਗਰ ਆਉਂਦੀ ਨਹੀਂ । ਜੇ ਆਵੇਂ ਤਾਂ ਰੂਹ ਮੇਰੀ ਤੜਫ਼ਾਉਂਦੀ ਨਹੀਂ । ਦਿਲ ਦੇ ਸਾਜ਼ ਵਜਾਉਂਦੀ, ਜਿੱਸਰਾਂ ਪਹਿਲਾਂ ਤੂੰ, ਓਸ ਵਜਦ ਵਿਚ ਹੁਣ ਤੂੰ ਤਾਰ ਹਿਲਾਉਂਦੀ ਨਹੀਂ । ਬਿਰਖ਼ ਬਰੂਟੇ ਪੁੱਤਰ ਤਾਲ ਵਜਾਉਂਦੇ ਸੁਣ, ਤੂੰ ਕਿਉਂ ਇਨ੍ਹਾਂ ਨਾਲ ਆਵਾਜ਼ ਮਿਲਾਉਂਦੀ ਨਹੀਂ । ਗ਼ਮ ਦੇ ਰੂੰ ਨੂੰ ਪਿੰਜੀ ਜਾਵੇਂ ਰਾਤ ਦਿਨੇ, ਕੱਤਣ ਲਈ ਕਿਉਂ ਤੂੰ ਚਰਖੇ ਤੰਦ ਪਾਉਂਦੀ ਨਹੀਂ । ਕਿਹੜਾ ਭਾਰ ਸਵਾਰ ਹੋ ਗਿਐ ਰੂਹ ਉੱਤੇ, ਮਰ ਚੱਲੀ ਏਂ, ਗਮ ਤੋਂ ਜਾਨ ਛੁਡਾਉਂਦੀ ਨਹੀਂ । ਕਿਹੜੇ ਖ਼ੂਹ ਵਿਚ ਬੈਠੀ, ਭਰੇਂ ਹੁੰਗਾਰਾ ਨਾਂਹ, ਪਹਿਲਾਂ ਵਾਂਗੂੰ ਹੁਣ ਤੂੰ ਕਿਉਂ ਸ਼ਰਮਾਉਂਦੀ ਨਹੀਂ । ਪਰੂੰ ਪਰਾਰੋਂ ਬਹੁਤਾ ਅੰਬ ਨੂੰ ਬੂਰ ਪਿਆ, ਤੇਰੇ ਮਗਰੋਂ ਬੁਲਬੁਲ ਵੀ ਹੁਣ ਗਾਉਂਦੀ ਨਹੀਂ ।

ਅੱਥਰੂ 'ਕੱਲੇ ਪਾਣੀ ਨਹੀਓਂ

ਅੱਥਰੂ 'ਕੱਲੇ ਪਾਣੀ ਨਹੀਓਂ । ਸੁਣ ਜੇ ਕਥਾ ਸੁਣਾਣੀ ਨਹੀਓਂ । ਮੇਰੇ ਨਾਲ ਬਰਾਬਰ ਤੁਰਦਾ, ਮੈਂ ਵੀ ਮੇਰਾ ਹਾਣੀ ਨਹੀਓਂ । ਨਾਗਣ ਡੰਗ ਚਲਾਉ, ਵੇਖੀਂ, ਇਹ ਕੁਈ ਬੀਬੀ ਰਾਣੀ ਨਹੀਓਂ । ਬੇ-ਗੁਰਿਆਂ ਦੇ ਵਿਹੜੇ ਅੰਦਰ, ਮੇਰੀ ਆਉਣੀ ਜਾਣੀ ਨਹੀਂਓਂ । ਸਿਲ-ਪੱਥਰ ਦੀ ਜੂਨ ਪਵੇਗਾ, ਜੇ ਅੱਖੀਆਂ ਵਿਚ ਪਾਣੀ ਨਹੀਓਂ । ਅੱਗ ਦਾ ਦਰਿਆ ਹੈ ਜ਼ਿੰਦਗਾਨੀ, ਇਹ ਕੋਈ ਰਾਮ-ਕਹਾਣੀ ਨਹੀਓਂ । ਫੁੱਲ, ਖੁਸ਼ਬੋਈ, ਗ਼ਜ਼ਲਾਂ ਦੇ ਸੰਗ, ਮੇਰੀ ਸਾਂਝ ਪੁਰਾਣੀ ਨਹੀਓਂ । ਅੰਬਰਸਰ ਤੋਂ ਧੁਰ ਅਮਰੀਕਾ, ਕਿਹੜੀ ਤੱਕੜੀ ਕਾਣੀ ਨਹੀਓਂ । ਤੂੰ ਜਿੰਨਾ ਘਬਰਾਇਆ ਫਿਰਦੈਂ, ਏਨੀ ਉਲਝੀ ਤਾਣੀ ਨਹੀਓਂ ।

ਕੌਣ ਹੈ ਜੋ ਤੁਰ ਰਿਹਾ ਮੇਰੇ

ਕੌਣ ਹੈ ਜੋ ਤੁਰ ਰਿਹਾ ਮੇਰੇ ਬਰਾਬਰ ਦੋਸਤੋ ! ਜਾਣਦੈ ਮੈਨੂੰ ਤਾਂ ਇਹ, ਮੇਰੇ ਤੋਂ ਬਿਹਤਰ ਦੋਸਤੋ । ਜਿਸਦਿਆਂ ਨੈਣਾਂ 'ਚ ਡੁੱਬੇ, ਪਰਤਦੇ ਨਾ ਮੁੜ ਕਦੇ, ਤਰ ਲਿਐ ਮੈਂ ਤਰ ਲਿਐ, ਉਹ ਵੀ ਸਮੁੰਦਰ ਦੋਸਤੋ । ਜਿਸਮ ਦੀ ਗਰਮੀ ਨੂੰ ਤੂੰ, ਕਹਿੰਨੈਂ ਮੁਹੱਬਤ, ਆਖ ਲੈ, ਪਹੁੰਚਦੇ ਨਾ ਤਨ ਕਦੇ ਵੀ, ਮਨ ਦੇ ਅੰਦਰ ਦੋਸਤੋ । ਸੱਚ ਦਾ ਸੂਲੀ ਨਸੀਬਾ, ਅਜ਼ਲ ਤੋਂ ਮੈਂ ਜਾਣਦਾਂ, ਮੈਂ ਭਲਾ ਦੱਸੋ ਕਦੋਂ ਸਾਂ, ਇਸ ਤੋਂ ਨਾਬਰ ਦੋਸਤੋ । ਤੁਰਨ ਦਾ ਫੁਰਮਾਨ ਕਰਦੈ, ਤੇਜ਼ ਤਿੱਖੀ ਧਾਰ ਤੇ, ਮੋਹ ਮੁਹੱਬਤ ਇੰਜ ਕਿਉਂ, ਬਣਦਾ ਏ ਜਾਬਰ ਦੋਸਤੋ । ਚਾਹੁਣ ਵਾਲੇ ਤੁਰ ਗਏ ਤਾਂ ਰਹਿ ਗਿਆ ਪੱਲੇ ਖਿਲਾਅ, ਜੂਨ ਵਾਂਗੂੰ ਤਪ ਰਿਹਾ ਸਿਰ ਤੇ ਦਸੰਬਰ ਦੋਸਤੋ । ਫ਼ੋਨ ਦੀ ਘੰਟੀ ਸੁਣੇ ਨਾ, ਡਾਕੀਆ ਆਵੇ ਕਦੇ, ਨਾ ਸੁਨੇਹਾ, ਨਾ ਹੀ ਦਸਤਕ, ਨਾ ਪੈਗੰਬਰ ਦੋਸਤੋ ।

ਏਸ ਆਜ਼ਾਦੀ ਅੱਥਰੂ ਦਿੱਤੇ

ਏਸ ਆਜ਼ਾਦੀ ਅੱਥਰੂ ਦਿੱਤੇ, ਜਸ਼ਨ ਮਨਾ ਨਹੀਂ ਹੋਇਆ । ਅੱਖੀਆਂ ਦੀ ਮਜ਼ਬੂਰੀ ਮੈਥੋਂ, ਹੰਝ ਲੁਕਾ ਨਹੀਂ ਹੋਇਆ । ਖਾ ਗਏ ਲੱਖ ਕਰੋੜਾਂ ਰੀਝਾਂ, ਤਖ਼ਤਾਂ ਤਾਜਾਂ ਵਾਲੇ, ਸਾਥੋਂ ਇਕ ਵੀ ਹੌਕਾ ਦਿਲ ਵਿਚ ਦਰਦ ਪਚਾ ਨਹੀਂ ਹੋਇਆ । ਆਈ ਆਜ਼ਾਦੀ ਢੋਲ ਵਜਾਵੇਂ, ਚਾਹਵੇਂ ਰਲ ਕੇ ਨੱਚੀਏ, ਤੇਰੇ ਨਾਲ ਕਦੇ ਵੀ ਮਨ ਦਾ ਮੋਰ ਨਚਾ ਨਹੀਂ ਹੋਇਆ । ਤੇਰੇ ਤੋਂ ਇਨਸਾਫ਼ ਮਿਲੇਗਾ, ਮੇਰੀ ਰੂਹ ਨਾ ਮੰਨੇ, ਧੱਕੇ ਜਰਦੇ ਜਰਦੇ ਮੈਥੋਂ, ਮਨ ਸਮਝਾ ਨਹੀਂ ਹੋਇਆ । ਤੇਰੇ ਝੂਠੇ ਲਾਰੇ ਤੇ ਵਿਸ਼ਵਾਸ ਕਰੇ ਹੁਣ ਕਿਹੜਾ, ਜਦ ਕਿ ਤੈਥੋਂ ਅੱਜ ਤੱਕ ਇਕ ਵੀ ਬੋਲ ਪੁਗਾ ਨਹੀਂ ਹੋਇਆ । ਚਾਰ ਚੁਫ਼ੇਰੇ ਦੁਸ਼ਮਣ ਫ਼ੌਜਾਂ, ਜੇ ਤੂੰ ਅੱਜ ਹੈਂ ਕੱਲ੍ਹਾ, ਤੈਥੋਂ ਵੀ ਤਾਂ ਆਪਣਾ ਟੱਬਰ, ਗਲ ਨੂੰ ਲਾ ਨਹੀਂ ਹੋਇਆ । ਦੇਸ਼ ਦੀ ਖ਼ਾਤਰ ਸੂਲੀ ਚੜ੍ਹ ਗਏ, ਅੰਬਰ ਤਾਰੇ ਬਣ ਗਏ, ਸੂਰਮਿਆਂ ਦਾ ਅੱਜ ਤੱਕ ਸਾਥੋਂ, ਕਰਜ਼ ਚੁਕਾ ਨਹੀਂ ਹੋਇਆ । ਰਾਵੀ ਦੇ ਉਰਵਾਰ ਪਾਰ ਹੜ੍ਹ ਚੜ੍ਹਿਆ ਲੋਕੀਂ ਡੁੱਬੇ, ਆਜ਼ਾਦੀ ਦਾ ਤੋਹਫ਼ਾ ਸਾਥੋਂ ਕਦੇ ਭੁਲਾ ਨਹੀਂ ਹੋਇਆ । ਮੱਥੇ ਤੇ ਕਾਲਖ ਦਾ ਟਿੱਕਾ, ਲਾ ਗਿਆ ਸੰਨ ਸੰਤਾਲੀ, ਪੌਣੀ ਸਦੀ ਗੁਜ਼ਾਰ ਕੇ ਸਾਥੋਂ, ਇਹ ਵੀ ਲਾਹ ਨਹੀਂ ਹੋਇਆ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਗੁਰਭਜਨ ਗਿੱਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ