Punjabi Ghazals/Ghazlan : Gurbhajan Gill

ਪੰਜਾਬੀ ਗ਼ਜ਼ਲਾਂ : ਗੁਰਭਜਨ ਗਿੱਲ

1. ਅੰਬਰਾਂ ਵਿਚ ਤਾਰੀ ਲੱਗਣੀ ਨਹੀਂ, ਜੇ ਖੰਭਾਂ ਵਿਚ ਪਰਵਾਜ਼ ਨਹੀਂ

ਅੰਬਰਾਂ ਵਿਚ ਤਾਰੀ ਲੱਗਣੀ ਨਹੀਂ, ਜੇ ਖੰਭਾਂ ਵਿਚ ਪਰਵਾਜ਼ ਨਹੀਂ।
ਕਬਰਾਂ ਜਹੀ ਚੁੱਪ ਕਿਉਂ ਚਿਹਰੇ ਤੇ, ਹੈ ਬੰਦ ਜ਼ਬਾਨ, ਆਵਾਜ਼ ਨਹੀਂ।

ਕਾਵਾਂ ਦੀ ਅਸਲ ਹਕੀਕਤ ਨੂੰ, ਤੂੰ ਜਾਣਦਿਆਂ ਵੀ ਚੁੱਪ ਰਹਿੰਦੈਂ,
ਸੱਚ ਬੋਲਣ ਤੋਂ ਘਬਰਾ ਜਾਣਾ, ਇਸ ਧਰਤੀ ਦਾ ਅੰਦਾਜ਼ ਨਹੀਂ।

ਚਿੜੀਆਂ ਵੀ ਜਿਸ ਤੋਂ ਸਹਿਮਦੀਆਂ, ਨਾ ਸੁਣੇਂ ਅਪੀਲਾਂ ਰਹਿਮ ਦੀਆਂ,
ਇਹ ਸ਼ਿਕਰਾ ਆਦਮਖ਼ੋਰ ਜਿਹਾ, ਚੋਟੀ ਤੇ ਬੈਠਾ ਬਾਜ਼ ਨਹੀਂ।

ਗਰਜ਼ਾਂ ਲਈ ਫ਼ਰਜ਼ ਭੁਲਾ ਬੈਠਾਂ, ਮੈਂ ਹੌਲੀ ਹੌਲੀ ਗਰਕ ਗਿਆਂ,
ਮੈਂ ਤਾਹੀਉਂ ਚੁੱਪ ਚੁੱਪ ਰਹਿੰਦਾ ਹਾਂ, ਉਂਝ ਤੇਰੇ ਨਾਲ ਨਾਰਾਜ਼ ਨਹੀਂ।

ਮੇਰੀ ਚੁੱਪ ਨੂੰ ਜੋ ਮਿਸਮਾਰ ਕਰੇ, ਤੇ ਰੂਹ ਮੇਰੀ ਸਰਸ਼ਾਰ ਕਰੇ,
ਸਾਹਾਂ ਵਿਚ ਸੰਦਲ ਘੋਲ਼ੇ ਜੋ, ਕਿਉਂ ਵੱਜਦਾ ਇੱਕ ਵੀ ਸਾਜ਼ ਨਹੀਂ।

ਇਹ ਸਾਰਾ ਖੇਲ ਰਚਾਇਆ ਹੈ, ਚੋਰਾਂ ਤੇ ਸਾਧਾਂ ਰਲ ਮਿਲ ਕੇ,
ਸਭ ਜਾਣਦਿਆਂ ਵੀ ਚੁੱਪ ਬੈਠੇ, ਹੁਣ ਇਹ ਗੱਲ ਲੁਕਵਾਂ ਰਾਜ਼ ਨਹੀਂ।

ਤੂੰ ਮਾਣ ਮਰਤਬੇ ਕੁਰਸੀ ਦਾ, ਕਲਗੀ ਦਾ ਕੈਦੀ ਕਿਉਂ ਬਣਿਆ,
ਜੇ ਹੱਕ ਸੱਚ ਤੇ ਇਨਸਾਫ਼ ਲਈ, ਤੂੰ ਦੁੱਧ ਦੀ ਰੱਖਣੀ ਲਾਜ ਨਹੀਂ।

2. ਬੰਸਰੀ ਵਿਚ ਫੂਕ ਮਾਰੀਂ, ਦੇ ਤੂੰ ਇਸਨੂੰ ਜ਼ਿੰਦਗੀ

ਬੰਸਰੀ ਵਿਚ ਫੂਕ ਮਾਰੀਂ, ਦੇ ਤੂੰ ਇਸਨੂੰ ਜ਼ਿੰਦਗੀ।
ਇੱਕ ਲੱਤ ਦੇ ਭਾਰ ਬਾਂਸਾਂ ਬਹੁਤ ਕੀਤੀ ਬੰਦਗੀ।

ਰੁਮਕਦੀ ਵੇਖੀਂ, ਸੁਣੀਂ ਤੂੰ ਆਪ ਗਾਉਂਦੀ ਕਾਇਨਾਤ,
ਇੰਜ ਹੀ ਫੁੱਲਾਂ ’ਚ ਭਰਦੀ ਮਹਿਕ ਵੀ ਤੇ ਤਾਜ਼ਗੀ।

ਮੈਂ ਥਲਾਂ ਵਿਚ ਭਟਕਿਆ ਹਾਂ, ਅੱਜ ਤੀਕਰ ਥਾਂ ਕੁ ਥਾਂ,
ਸਬਰ ਬਿਨ ਮੁੱਕੇ ਕਦੇ ਨਾ ਉਮਰ ਲੰਮੀ ਤਿਸ਼ਨਗੀ।

ਪੌਣ ਹੈ, ਇਹ ਕੌਣ ਹੈ ਜਾਂ ਮਨ ਮੇਰੇ ਦੀ ਭਟਕਣਾ,
ਮੁੱਕਦੀ ਨਹੀਂ ਅੰਤਹੀਣੀ, ਰੋਜ਼ ਦੀ ਆਵਾਰਗੀ।

ਤੇਜ਼ ਤਿੱਖੀ ਧਾਰ ਤੇ ਨਾ ਤੋਰ ਤੂੰ ਤਲਵਾਰ ਤੇ,
ਬਹੁਤ ਮਹਿੰਗੀ ਪੈਣ ਵਾਲੀ ਮੈਨੂੰ ਤੇਰੀ ਦਿਲ-ਲਗੀ।

ਚੂਹੇ ਦੌੜਾਂ ਦਾ ਸਿਕੰਦਰ, ਜੇਤੂ ਵੀ ਚੂਹੇ ਸਮਾਨ,
ਅਸਲ ਸ਼ਕਤੀ ਸਹਿਜ ਤੁਰਦੀ ਆਦਮੀ ਦੀ ਸਾਦਗੀ।

ਮੈਂ ਕਿਸੇ ਮੰਡੀ ਵਿਕਾਊ ਮਾਲ ਵਰਗਾ ਕਿਉਂ ਬਣਾਂ,
ਏਸ ਨੇ ਮੇਰੇ ਤੋਂ ਖੋਹਣੀ, ਅਣਖ਼ ਤੇ ਮਰਦਾਨਗੀ।

3. ਆਟੇ ਦੀ ਇੱਕ ਲੱਪ ਦੇ ਬਦਲੇ ਵਿਕਦੇ ਰਹੀਏ

ਆਟੇ ਦੀ ਇੱਕ ਲੱਪ ਦੇ ਬਦਲੇ ਵਿਕਦੇ ਰਹੀਏ।
ਲੀਹ ਤੋਂ ਲਹਿ ਗਏ ਨੇ ਸਾਡੇ ਅਣਖ਼ਾਂ ਦੇ ਪਹੀਏ।

ਤੇਰੇ ਸਿਰ ਆਸਮਾਨ ਖੜ੍ਹਾ ਛੱਡ ਭਰਮ ਭੁਲੇਖਾ,
ਸੁਣ ਨ੍ਹੀਂ ਚਤਰ ਚਲਾਕੋ ਕਿਸੇ ਟਟੀਹਰੀ ਜਹੀਏ।

ਅੰਨ੍ਹੇ ਗੁੰਗੇ ਬੋਲ਼ੇ ਹੋ ਗਏ ਕੁਰਸੀਆਂ ਵਾਲੇ,
ਸੁਣਦੇ ਨਾ ਫ਼ਰਿਆਦ ਭਲਾ ਜੀ, ਕਿਸ ਨੂੰ ਕਹੀਏ।

ਇੱਕ ਥਾਂ ਖੜ੍ਹੇ ਖਲੋਤੇ ਰਹਿਣਾ, ਮੌਤ ਬਰਾਬਰ,
ਵਗਦੇ ਦਰਿਆ ਵਾਂਗੂ ਆਪਾਂ ਵਗਦੇ ਰਹੀਏ।

ਇੱਕ ਦੂਜੇ ਨੂੰ ਧੁੱਪੇ ਸੁੱਟ ਕੇ ਵੇਖ ਲਿਆ ਏ,
ਆ ਜਾ ਦੋਵੇਂ ਇੱਕ ਦੂਜੇ ਦੀ ਛਾਵੇਂ ਬਹੀਏ।

ਦਰਦ ਪਰੁੱਚਿਉ ਜਾਗੋ, ਰਲ ਕੇ ਹੰਭਲਾ ਮਾਰੋ,
ਜ਼ੋਰਾਵਰ ਦੇ ਜ਼ੋਰ ਜ਼ੁਲਮ ਨੂੰ, ਹੁਣ ਨਾ ਸਹੀਏ।

ਬਾਬਾ ਨਾਨਕ ਜੋ ਲਿਖਿਆ, ਕੰਧਾਂ ਤੋਂ ਪੜ੍ਹ ਕੇ,
ਦੂਸਰਿਆਂ ਦੀ ਸੁਣੀਏ, ਆਪਣੇ ਦਿਲ ਦੀ ਕਹੀਏ।

4. ਸਿਆਸਤਦਾਨ ਜਿੱਤਣਗੇ ਤੂੰ ਵੇਖੀਂ ਲੋਕ ਹਾਰਨਗੇ

ਸਿਆਸਤਦਾਨ ਜਿੱਤਣਗੇ ਤੂੰ ਵੇਖੀਂ ਲੋਕ ਹਾਰਨਗੇ।
ਵਿਚਾਰੇ ਗਾਫ਼ਲੀ ਦਾ ਕਿੱਡਾ ਵੱਡਾ ਮੁੱਲ ਤਾਰਨਗੇ।

ਅਸਾਡਾ ਕੌਣ ਦੁਸ਼ਮਣ ਹੈ ਤੇ ਸਾਡਾ ਕੌਣ ਸੱਜਣ ਹੈ,
ਇਹ ਜਿਹੜੇ ਦਿਨ ਚੜ੍ਹੇ ਸੁੱਤੇ, ਕਦੋਂ ਏਦਾਂ ਵਿਚਾਰਨਗੇ?

ਸਮੁੰਦਰ ਅਗਨ ਦਾ ਭਰਿਆ, ਕਿਸੇ ਅੱਜ ਤੀਕ ਨਾ ਤਰਿਆ,
ਇਹ ਕਿਸ਼ਤੀ ਕਾਗ਼ਜ਼ਾਂ ਦੀ ਭਾਂਬੜਾਂ ਵਿੱਚ ਕਿੰਝ ਤਾਰਨਗੇ?

ਸਲੀਕਾ ਵੇਖ ਜੰਗਲ ਦਾ, ਵਜਾਉਂਦੇ ਡਊਰੂ ਦੰਗਲ ਦਾ,
ਮਦਾਰੀ ਪਾ ਭੁਲੇਖਾ ਨਜ਼ਰ ਦਾ ਸਾਨੂੰ ਹੀ ਚਾਰਨਗੇ।

ਨਿਰੰਤਰ ਮੁਫ਼ਤਖੋਰੀ ਅਣਖ਼ ਨੂੰ ਖੋਰਨ ਦੀ ਸਾਜਿਸ਼ ਹੈ,
ਹਕੂਮਤ ਕਰਨ ਵਾਲੇ ਮਿੱਠੀ ਗੋਲੀ ਦੇ ਕੇ ਮਾਰਨਗੇ।

ਇਹ ਨੌਸਰਬਾਜ਼ ਨੇ ਦਿਸਦੇ ਬਣੇ ਬੀਬੇ ਕਬੂਤਰ ਜੋ,
ਤੁਹਾਡੇ ਬੋਹਲ ਤੇ ਏਹੀ ਹਮੇਸ਼ਾਂ ਚੁੰਝ ਮਾਰਨਗੇ।

ਗੁਆਚੇ ਫਿਰ ਰਹੇ ਸਾਰੇ, ਸਿਰਾਂ ਤੇ ਕਰਜ਼ ਨੇ ਭਾਰੇ,
ਇਹ ਭਾਰੀ ਪੰਡ ਫ਼ਰਜਾਂ ਦੀ, ਕਿਵੇਂ ਕਿਸ਼ਤਾਂ ਉਤਾਰਨਗੇ।

5. ਪਿੰਡ ਗਏ ਨੂੰ ਘੂਰਦੀਆਂ ਨੇ ਧੂੜਾਂ ਅੱਟੀਆਂ ਰਾਹਾਂ

ਪਿੰਡ ਗਏ ਨੂੰ ਘੂਰਦੀਆਂ ਨੇ ਧੂੜਾਂ ਅੱਟੀਆਂ ਰਾਹਵਾਂ
ਵਾਂਗ ਬਗਾਨੇ ਝਾਕਦੀਆਂ ਨੇ ਕੰਧਾਂ ਧੁੱਪਾਂ ਛਾਂਵਾਂ।

ਅਮਰ ਵੇਲ ਨੇ ਘੇਰ ਲਿਆ ਹੈ ਵਾਂਗ ਦਰਖ਼ਤਾਂ ਮੈਨੂੰ
ਸਾਹ ਤੇ ਸੋਚ ਜਕੜ ਲਈ ਜਾਪੇ ਕੱਸੀਆਂ ਲੱਤਾਂ ਬਾਹਵਾਂ।

ਇਸ ਰੁੱਤੇ ਜੇ ਪੌਣ ਉਦਾਸੀ ਨਾ ਕਰ ਸ਼ਿਕਵਾ ਕੋਈ
ਹਉਕੇ ਭਰ ਵਿਰਲਾਪ ਕਰਦਿਆਂ ਸਭ ਰੁੱਖਾਂ ਦੀਆਂ ਛਾਂਵਾਂ।

ਸੁਪਨ ਸਿਰਜਨਾ ਕਰਾਂ ਮੈਂ ਕਿੱਥੇ ਆਲ ਦੁਆਲੇ ਤਾਰਾਂ
ਬੇਆਬਾਦ ਘਰਾਂ ਚੋਂ ਕਿਸਦੀ ਕੁੰਡੀ ਜਾ ਖੜਕਾਵਾਂ।

ਨਾਗ ਜ਼ਹਿਰੀਲੇ ਕੱਢ ਵਰਮੀਆਂ ਬੈਠੇ ਚੌਂਕ ਚੁਰਾਹੇ
ਜ਼ਹਿਰ ਭਿੱਜੀਆਂ ਵਗਦੀਆਂ ਨੇ ਤਾਂ ਹੀ ਸਰਦ ਹਵਾਵਾਂ।

6. ਪੰਜ ਦਰਿਆ ਪੰਜਾਬ ਬਣ ਗਿਆ ਢਾਈ ਦਰਿਆ ਢਾਬ

ਪੰਜ ਦਰਿਆ ਪੰਜਾਬ ਬਣ ਗਿਆ ਢਾਈ ਦਰਿਆ ਢਾਬ
ਪੱਤੀ ਪੱਤੀ ਕਿਰ ਚੱਲਿਆ ਹੈ ਸਾਡਾ ਸੁਰਖ਼ ਗੁਲਾਬ ।

ਖ਼ੌਰੇ ਕਿਸਨੇ ਲਿਖਿਆ ਯਾਰੋ ਜੰਗਲ ਦਾ ਕਾਨੂੰਨ
ਅੱਖਰ ਅੱਖਰ ਖਾਣ ਨੂੰ ਆਏ ਆਦਮ ਖ਼ੋਰ ਕਿਤਾਬ

ਸੰਕਟ ਕਾਲ ‘ਚ ਜੰਮੇ ਜਾਏ ਪੁਛਣਗੇ ਜਦ ਸਾਨੂੰ
ਸਿਵਿਆ ਦੇ ਵਿਸਥਾਰ ਦੇ ਬਾਰੇ ਕਿਹੜਾ ਦੇਊ ਜਵਾਬ

ਸਾਹਾਂ ਦੀ ਇਹ ਡੋਰ ਭੂਤਰੇ ਸਾਨ੍ਹ ਦੇ ਪੈਰੀਂ ਉਲਝੀ
ਮੈਂ ਜਾਣਾਂ ਜਾਂ ਮੌਲਾ ਜਾਣੇ ਹੋਈ ਜੇ ਮੇਰੀ ਬਾਬ

ਬਾਬਾ ਨਾਨਕ ਤੇ ਮਰਦਾਨਾ ਜੋਟੀਦਾਰ ਪੁਰਾਣੇ
ਚੁਸਤ ਮਜੌਰਾਂ ਅੱਜ ਨਿਖੇੜੇ ਬਾਣੀ ਅਤੇ ਰਬਾਬ

ਸਤਿਲੁਜ ਤੇ ਰਾਵੀ ਵਿਚ ਡੁੱਬੀਆਂ ਹੇਕਾਂ, ਚੀਕਾਂ, ਕੂਕਾਂ
ਹੰਝੂਆਂ ਨਾਲ ਬਿਆਸਾ ਭਰਿਆ ਨੱਕੋ-ਨੱਕ ਚਨਾਬ

ਨ੍ਹੇਰੇ ਦੇ ਵਿਚ ਟੋਹ ਟੋਹ ਤੁਰੀਏ ਰੋਜ਼ਾਨਾ ਹੀ ਭੁਰੀਏ
ਸਮਝ ਨਾ ਆਵੇ ਕਦ ਮੁੱਕੇਗਾ ਯਾਰੋ ਚੰਦਰਾ ਖ਼ਾਬ।

7. ਖ਼ੁਰ ਗਿਆ ਜੀ, ਭੁਰ ਗਿਆ ਜੀ, ਕੌਮ ਦਾ ਕਿਰਦਾਰ ਹੈ

ਖ਼ੁਰ ਗਿਆ ਜੀ, ਭੁਰ ਗਿਆ ਜੀ, ਕੌਮ ਦਾ ਕਿਰਦਾਰ ਹੈ।
ਪੁੱਛਦੇ ਮੈਨੂੰ ਅਜੇ ਵੀ, ਕੌਣ ਜ਼ਿੰਮੇਵਾਰ ਹੈ?

ਰਾਹਜ਼ਨਾਂ ਨੂੰ ਰਾਹਬਰਾਂ ਦੀ ਸਰਪ੍ਰਸਤੀ ਹਰ,
ਧਰਮ ਤੇ ਇਖ਼ਲਾਕ ਦਾ ਵੀ ਗਿਰ ਰਿਹਾ ਬਾਜ਼ਾਰ ਹੈ।

ਪੁੱਛਦੇ ਨੇ ਯਾਰ ਬੇਲੀ ਅੱਜ ਕੱਲ੍ਹ ਕੀ ਕਰ ਰਿਹੈਂ,
ਸ਼ੀਸ਼ਾਗਰ ਸਾਂ, ਅੱਜ ਕਲ੍ਹ ਪੱਥਰ ਦਾ ਕਾਰੋਬਾਰ ਹੈ।

ਰਾਹ ਦਿਸੇਰਾ ਹੋਣ ਦਾ ਮੈਂ ਭਰਮ ਕੈਸਾ ਪਾਲਿਆ,
ਰਾਤ ਦਿਨ ਹੀ ਸੁਰਤ ਮੇਰੀ ਚੌਂਕ ਦੇ ਵਿਚਕਾਰ ਹੈ।

ਸੌਂ ਗਿਆ ਜਾਪੇ ਮਸੀਹਾ, ਖ਼ਬਰ ਨਹੀਂ ਇਹ ਡਰ ਗਿਆ,
ਜ਼ਿੰਦਗੀ ਉਪਰਾਮ ਹੈ, ਪਰ ਨਾ ਅਜੇ ਲਾਚਾਰ ਹੈ।

ਨਾ ਕਿਤੇ ਅਰਦਾਸ ਕੋਈ, ਨਾ ਦੁਆ ਨਾ ਕਾਮਨਾ,
ਸ਼ੁਕਰ ਲੋਕੀਂ ਕਰ ਰਹੇ ਨੇ, ਬਾਦਸ਼ਾਹ ਬੀਮਾਰ ਹੈ।

ਮੈਂ ਤੇਰੀ ਹਰ ਪੀੜ ਨੂੰ ਸ਼ਬਦੀਂ ਪਰੋਵਾਂਗਾ ਹਜ਼ੂਰ,
ਨਾਲ ਵਕਤਾਂ ਬਿਨ ਲਿਖੇ ਤੋਂ, ਅਹਿਦ ਹੈ, ਇਕਰਾਰ ਹੈ।

8. ਦੀਵੇ ਨਾਲ ਤੂਫ਼ਾਨ ਲੜਾਈ ਕਰਦਾ ਕਰਦਾ ਹਾਰ ਗਿਆ ਹੈ

ਦੀਵੇ ਨਾਲ ਤੂਫ਼ਾਨ ਲੜਾਈ ਕਰਦਾ ਕਰਦਾ ਹਾਰ ਗਿਆ ਹੈ।
ਸੱਚ ਪੁੱਛੋ ਤਾਂ ਰੂੰ ਦਾ ਫੰਬਾ, ਬਲ਼ ਬਲ਼ ਕੇ ਮੁੱਲ ਤਾਰ ਗਿਆ ਹੈ।

ਧੁੱਪ ਤੇ ਛਾਂ ਵੀ ਮੇਰੇ ਅੰਗ ਸੰਗ, ਦੁੱਖ ਤੇ ਸੁਖ ਵੀ ਮੇਰੀ ਸ਼ਕਤੀ,
ਮੈਂ ਕਿਉਂ ਡਰਾਂ ਹਨ੍ਹੇਰੇ ਕੋਲੋਂ, ਭਾਵੇਂ ਇਹ ਹੰਕਾਰ ਗਿਆ ਹੈ।

ਸ਼ਾਮ ਢਲੇ ਕਿਉਂ ਤੁਰ ਜਾਂਦਾ ਹੈਂ, ਸੂਰਜ ਵਾਂਗੂੰ ਮਾਰ ਕੇ ਬੁੱਕਲ,
ਤਾਰੇ ਰਾਤੀਂ ਪੁੱਛਦੇ ਤੇਰਾ ਕਿੱਧਰ ਮਹਿਰਮ ਯਾਰ ਗਿਆ ਹੈ।

ਇੱਕ ਦੂਜੇ ਨੂੰ ਜੋ ਦਿਲਬਰੀਆਂ ਦਿੱਤੀਆਂ ਸੀ ਉਹ ਮਿੱਟੀ ਹੋਈਆਂ,
ਰੂਹ ਦਾ ਕੋਰਾ ਵਸਤਰ, ਤੇਰਾ ਇੱਕੋ ਸ਼ਬਦ ਲੰਗਾਰ ਗਿਆ ਹੈ।

ਯਾਦਾਂ ਦੀ ਕੰਨੀ ਨੂੰ ਫੜ ਕੇ, ਨਕਸ਼ ਗੁਆਚੇ ਲੱਭਦਾ ਫਿਰਦਾਂ,
ਵੇਖ ਕਿਵੇਂ ਪਰ ਹੀਣਾ ਪੰਛੀ ਦੂਰ ਦੋਮੇਲੋਂ ਪਾਰ ਗਿਆ ਹੈ।

ਵੇਖ ਲਵੋ ਸੰਸਾਰ ਪੰਜਾਬ ’ਚ ਖੋਲ੍ਹਜਬਾੜੇ ਆ ਬੈਠਾ ਏ,
ਨਿੱਕੀਆਂ ਨਿੱਕੀਆਂ ਕਿੰਨੀਆਂ ਹੱਟੀਆਂ, ਵੱਟਿਆਂ ਸਣੇ ਡਕਾਰ ਗਿਆ ਹੈ।

ਆਸਾਂ ਦੀ ਤੰਦ ਟੁੱਟ ਗਈ ਜਾਪੇ, ਕੰਧਾਂ ਡੁਸਕਦੀਆਂ ਨੇ ਦੱਸਿਆ,
ਪੁੱਤ ਪਰਦੇਸੀ ਘਰ ਨੂੰ ਬਾਹਰੋਂ, ਕੁੰਡੇ ਜੰਦਰੇ ਮਾਰ ਗਿਆ ਹੈ।

9. ਪਾਣੀ ਪਹਿਰੇਦਾਰ ਚੁਫ਼ੇਰੇ, ਬਿਰਖ਼ ਇਕੱਲਾ ਨਹੀਂ ਘਬਰਾਉਂਦਾ

ਪਾਣੀ ਪਹਿਰੇਦਾਰ ਚੁਫ਼ੇਰੇ, ਬਿਰਖ਼ ਇਕੱਲਾ ਨਹੀਂ ਘਬਰਾਉਂਦਾ।
ਇਸ ਤੋਂ ਮੈਂ ਵੀ ਲਵਾਂ ਹੌਸਲਾ, ਦਰਦ ਜਦੋਂ ਕਰ ਹੱਲੇ ਆਉਂਦਾ।

ਸ਼ਾਮ ਸਵੇਰੇ ਨਵੀਂ ਕਰੂੰਬਲ, ਆਸ ਦੀ ਟਾਹਣੀ ਇੰਜ ਲਹਿਰਾਵੇ,
ਨਿੱਤਨੇਮੀ ਕਾਦਰ ਜਿਉਂ ਮੈਨੂੰ, ਲਾਗੇ ਬਹਿ ਕੇ ਗੀਤ ਸੁਣਾਉਂਦਾ।

ਜਿਸ ਧਰਤੀ ਨੂੰ ਮੈਂ ਨਹੀਂ ਤੱਕਿਆ, ਨਾ ਹੀ ਸ਼ਾਇਦ ਕਦੇ ਹੈ ਚਿਤਵੀ,
ਸਮਝ ਨਾ ਪੈਂਦੀ, ਕਿਉਂ ਹਰ ਵਾਰੀ, ਓਸੇ ਦਾ ਹੀ ਸੁਪਨ ਜਗਾਉਂਦਾ।

ਚਿੱਠੀ-ਪੱਤਰ ਨਾ ਹਰਕਾਰਾ, ਕਾਗ ਬਨੇਰੇ ਕਿਸ ਥਾਂ ਉੱਤਰੇ,
ਅਜਬ ਸਿਲਸਿਲਾ ਬਣਿਆ ਵੇਖੋ, ਪੌਣਾਂ ਹੱਥ ਸੁਨੇਹਾ ਆਉਂਦਾ।

ਬਲਦੇ ਖੰਭਾਂ ਵਾਲਾ ਪੰਛੀ, ਉੱਡਦਾ ਉੱਡਦਾ ਇਹ ਕਹਿੰਦਾ ਹੈ,
ਬਿਰਖ਼ ਵਿਹੂਣੀ ਧਰਤੀ ਉੱਤੇ ਰੱਬ ਵੀ ਕਹਿੰਦੇ ਪੈਰ ਨਹੀਂ ਪਾਉਂਦਾ।

ਵੇਖ ਸ਼ਰੀਂਹ ਕਿੰਜ ਪੱਤਝੜ ਰੁੱਤੇ, ਵਜਦ ’ਚ ਆ ਫ਼ਲੀਆਂ ਛਣਕਾਵੇ,
ਐਸੇ ਗੀਤ ਇਲਾਹੀ ਦੀ ਰੱਬ, ਬਿਰਖ਼ੀ ਬਹਿ ਕੇ ਤਰਜ਼ ਬਣਾਉਂਦਾ।

ਹਰ ਹਾਲਤ ਵਿਚ ਖਿੜ ਕੇ ਰਹਿ ਤੇ ਜ਼ਿੰਦਗੀ ਦੇ ਰੱਖ ਘੁੰਮਦੇ ਪਹੀਏ,
ਕੰਧ ’ਤੇ ਟੰਗਿਆ ਟਾਈਮ ਪੀਸ ਵੀ ਟਿੱਕ ਟਿੱਕ ਮੈਨੂੰ ਇਹ ਸਮਝਾਉਂਦਾ।

10. ਰੰਗ ਕਿਉਂ ਨਹੀਂ ਭਰਿਆ ਮਿੱਤਰਾ, ਮੱਥੇ ਲੀਕਾਂ ਵਾਹੀਆਂ ਲਈ

ਰੰਗ ਕਿਉਂ ਨਹੀਂ ਭਰਿਆ ਮਿੱਤਰਾ, ਮੱਥੇ ਲੀਕਾਂ ਵਾਹੀਆਂ ਲਈ।
ਬੇਪਰਵਾਹਾ ਕਿੰਜ ਬਲਿਹਾਰੇ ਜਾਵਾਂ, ਲਾਪਰਵਾਹੀਆਂ ਲਈ।

ਸਾਥੋਂ ‘ਰੱਬ’ ਕਹਾਵੇਂ ਤੇ ‘ਯੱਭ’ ਪਾਵੇਂ ਸਾਡੇ ਗਲਮੇ ਲਈ,
ਜ਼ਾਲਮ ਨੂੰ ਪਰਵਾਨਗੀਆਂ ਕਿਉਂ ਥਾਂ ਥਾਂ ਗੱਡੀਆਂ ਫਾਹੀਆਂ ਲਈ।

ਰਾਜ ਘਰਾਣਿਆਂ ਖ਼ਾਤਰ ਤੇਰੇ ਸਭ ਦਰਵਾਜ਼ੇ ਖੁੱਲ੍ਹਦੇ ਨੇ,
ਬੰਦ ਕਿਉਂ ਹੋ ਜਾਂਦੇ ਨੇ ਇਹ, ਗੁਰ-ਮਾਰਗ ਦੇ ਰਾਹੀਆਂ ਲਈ।

ਦੌਲਤਮੰਦ ਨੂੰ ਹੋਰ ਮਸ਼ੀਨਾਂ ਵੰਡੀ ਜਾਵੇਂ ਦੌਲਤ ਲਈ,
ਖੁੰਢੀਆਂ ਕਿਉਂ ਨੇ ਰੰਬੀਆਂ ਯਾਰਾ, ਸਾਡੇ ਪਿੰਡ ਦੇ ਘਾਹੀਆਂ ਲਈ।

ਦਿਲ ਦੀ ਦੌਲਤ ਖਿੱਲਰ ਚੱਲੀ, ਰੂਹ ਨੂੰ ਗੁਰਬਤ ਘੇਰ ਲਿਆ,
ਤਨ ਮੇਰੇ ਨੂੰ ਝੋਰਾ ਲੱਗਾ, ਕੁਝ ਮਰਲੇ ਸਰਸਾਹੀਆਂ ਲਈ।

ਕਲਮ ਦਵਾਤ ਡੁਸਕਦੀ ਵੇਖੀ ਕੱਚੇ ਘਰ ਦੇ ਵਿਹੜੇ ਵਿੱਚ,
ਦੇਸ਼ ਆਜ਼ਾਦ ਗੁਲਾਮ ਬਚਪਨਾ, ਤਰਸੇ ਕਲਮ ਸਿਆਹੀਆਂ ਲਈ।

ਟੁੱਟੀ ਮੰਜੀ ਵਾਣ ਪੁਰਾਣਾ, ਗਾਂਢੇ ਲਾ ਲਾ ਹੰਭ ਗਏ ਹਾਂ,
ਹੁਣ ਤੇ ਸਿਰਫ਼ ਸਹਾਰਾ ਇੱਟਾਂ ਰੱਖੀਆਂ ਦਾ ਹੀ ਬਾਹੀਆਂ ਲਈ।

11. ਏਸ ਫ਼ਿਕਰ ਨੇ ਮਾਰ ਲਿਆ ਹੈ ,ਕਿਹੜਾ ਅੱਜ ਕੱਲ੍ਹ ਕੀ ਕਰਦਾ ਹੈ

ਏਸ ਫ਼ਿਕਰ ਨੇ ਮਾਰ ਲਿਆ ਹੈ ,ਕਿਹੜਾ ਅੱਜ ਕੱਲ੍ਹ ਕੀ ਕਰਦਾ ਹੈ।
ਏਸੇ ਕਰਕੇ ਹਰ ਇੱਕ ਬੰਦਾ ਜੀਂਦਾ ਘੱਟ ਤੇ ਵੱਧ ਮਰਦਾ ਹੈ।

ਇੱਕ ਦੂਜੇ ਤੋਂ ਏਨੀ ਚੋਰੀ ਹੱਦੋਂ ਵਧ ਗਈ ਬੇਵਿਸ਼ਵਾਸੀ,
ਸੱਜੇ ਹੱਥ ਨੂੰ ਖ਼ਬਰ ਨਾ ਕੋਈ, ਖੱਬਾ ਅੱਜ ਕੱਲ੍ਹ ਕੀ ਕਰਦਾ ਹੈ।

ਦਿਲ ਅੰਦਰ ਕਈ ਨਦੀਆਂ ਨਾਲੇ ਤਲਖ਼ ਸਮੁੰਦਰ ਖ਼ੌਰੂ ਪਾਵੇ,
ਗ਼ਮ ਦਾ ਕਿੰਨਾ ਡੂੰਘਾ ਟੋਇਆ ਉੱਛਲਦਾ ਪਰ ਨਿੱਤ ਭਰਦਾ ਹੈ।

ਮੰਜ਼ਿਲ ਵੱਲ ਨੂੰ ਪੈਰ ਨਿਰੰਤਰ ਤੁਰਦੇ ਜਾਂਦੇ ਏਸੇ ਕਰਕੇ,
ਇੱਕ ਰਤਾ ਕੁ ਤੁਰਦਾ ਪਿੱਛੇ, ਦੂਜਾ ਕਦਮ ਅਗਾਂਹ ਧਰਦਾ ਹੈ।

ਸ਼ੀਸ਼ੇ ਅੰਦਰ ਹਰ ਬੰਦਾ ਹੀ ਕਿਓਂ ਨਹੀਂ ਤੱਕਦਾ ਆਪਣਾ ਚਿਹਰਾ,
ਮੇਰਾ ਆਪਣਾ ਆਪਾ ਵੀ ਹੁਣ ਇਸ ਦੇ ਕੋਲੋਂ ਕਿਓਂ ਡਰਦਾ ਹੈ?

ਜਾਨ ਤੋਂ ਪਿਆਰਾ ਆਖਣ ਵਾਲਾ ਅੱਜ ਕੱਲ੍ਹ ਜੋ ਮੂੰਹ ਫੇਰ ਕੇ ਲੰਘਦੈ,
ਦਿਲ ਤਾਂ ਕਰਦੈ ਪੁੱਛ ਲਵਾਂ ਕਿ ਬਿਨ ਸਾਹਾਂ ਤੋਂ ਕਿੰਜ ਸਰਦਾ ਹੈ?

ਵਿੱਚ ਹਨ੍ਹੇਰੇ ਤੀਰ ਚਲਾ ਕੇ ਸਮਝ ਰਹੇ ਹਾਂ ਜਿੱਤ ਲਈ ਬਾਜ਼ੀ,
ਸੋਨੇ ਦੀ ਲੰਕਾ ਵਿੱਚ ਬੈਠਾ ਰਾਵਣ ਏਦਾਂ ਕਿੰਜ ਮਰਦਾ ਹੈ?

12. ਤੁਰ ਰਿਹੈ, ਵੇਖੋ ਸਦਾ, ਮੇਰੇ ਬਰਾਬਰ ਦੋਸਤੋ

ਤੁਰ ਰਿਹੈ, ਵੇਖੋ ਸਦਾ, ਮੇਰੇ ਬਰਾਬਰ ਦੋਸਤੋ ।
ਜ਼ਖ਼ਮ ਦਿਲ ਦਾ ਬਣ ਗਿਆ, ਮੇਰਾ ਤਾਂ ਰਾਹਬਰ ਦੋਸਤੋ ।

ਮੈਂ ਨਹੀਂ ਡਰਦਾ ਕਦੇ ਵੀ ਤੇਜ਼ ਤਿੱਖੇ ਤੀਰ ਤੋਂ,
ਜਿਸਮ ਦੇ ਹਰ ਰੋਮ ਵਿਚ, ਪਹਿਲਾਂ ਹੀ ਨਸ਼ਤਰ ਦੋਸਤੋ ।

ਏਸ ਦਾ ਨਾ ਜੋੜਿਓ, ਰਿਸ਼ਤਾ ਕਿਸੇ ਵੀ ਪੀੜ ਨਾਲ,
ਅੱਥਰੂ ਤਾਂ ਅੱਖ 'ਚੋਂ ਵਹਿੰਦੇ ਨਿਰੰਤਰ ਦੋਸਤੋ ।

ਦੋਸਤਾਂ ਦੀ ਦੋਸਤੀ ਦੇ ਜ਼ਖ਼ਮ ਵੀ ਮੈਨੂੰ ਅਜ਼ੀਜ਼,
ਜਾਣਦੇ ਮੈਨੂੰ ਤਾਂ ਇਹ ਮੇਰੇ ਤੋਂ ਬਿਹਤਰ ਦੋਸਤੋ ।

ਜ਼ਿੰਦਗੀ ਪੱਤਝੜ 'ਚ ਸੰੁਨੀ ਟਾਹਣ ਜਿਉਂ ਖ਼ਾਮੋਸ਼ ਹੈ,
ਫੁੱਲ, ਫਲ, ਪੱਤਹਾਰ ਮਗਰੋਂ ਹੁੰਦੈ ਅਕਸਰ ਦੋਸਤੋ ।

ਟੁੱਟ ਜਾਵੇ ਤੰਦ, ਉਹ ਜੁੜ ਜਾਏ ਕਿਧਰੇ ਹੋਰ ਹੀ,
ਸੁਪਨਿਆਂ ਵਿਚ ਇਸ ਤਰ੍ਹਾਂ ਹੁੰਦਾ ਏ ਅਕਸਰ ਦੋਸਤੋ ।

ਮਿਹਰਬਾਨੋ, ਕਦਰਦਾਨੋ, ਇਹ ਮੁਹੱਬਤ ਦਾ ਕਮਾਲ,
ਬਣ ਗਿਆ ਹਾਂ ਮੈਂ ਕਿਵੇਂ ਕਤਰੇ ਤੋਂ ਸਾਗਰ ਦੋਸਤੋ ।

13. ਜਬਰ ਜ਼ੁਲਮ ਦਾ ਟੋਲਾ ਜਦ ਵੀ, ਹੱਲੇ ਕਰ ਕਰ ਆਉਂਦਾ ਹੈ

ਜਬਰ ਜ਼ੁਲਮ ਦਾ ਟੋਲਾ ਜਦ ਵੀ, ਹੱਲੇ ਕਰ ਕਰ ਆਉਂਦਾ ਹੈ,
ਬੰਦਾ ਸਿੰਘ ਬਹਾਦਰ ਨੂੰ ਤਦ, ਸਰਹੰਦ ਫੇਰ ਬੁਲਾਉਂਦਾ ਹੈ ।

ਤਿੰਨ ਸਦੀਆਂ ਵਿਚ ਰੋਜ਼ ਗਰਕਦੇ, ਏਥੋਂ ਤੱਕ ਹਾਂ ਗਰਕ ਗਏ,
ਹੋਰ 'ਧਰਤ' ਤੋਂ 'ਗੋਬਿੰਦ' ਆਵੇ, ਏਹੋ ਹੀ ਦਿਲ ਚਾਹੁੰਦਾ ਹੈ ।

ਪੋਥੀ ਪੰਥ ਭੁਲਾ ਕੇ ਆਪਾਂ, ਤੁਰ ਪਏ ਆਂ ਜੀ ਕਿਹੜੇ ਰਾਹ,
ਮਨ ਦਾ ਪੰਛੀ ਭਟਕ ਰਿਹਾ ਏ, ਭਾਵੇਂ ਅੰਬਰ ਚਾਹੁੰਦਾ ਹੈ ।

ਧਰਮ ਕਰਮ ਦਾ ਗੂੜ੍ਹਾ ਰਿਸ਼ਤਾ, ਟੁੱਟ ਜਾਵੇ ਤਾਂ ਜੁੜਨ ਮੁਹਾਲ,
ਜੇ ਜੁੜ ਜਾਵੇ, ਕਰਜ਼ ਧਰਤ ਦਾ,ਓਹੀ ਸਿਰ ਤੋਂ ਲਾਹੁੰਦਾ ਹੈ ।

ਪਵਨ ਗੁਰੂ, ਪਾਣੀ ਹੈ ਬਾਬਲ, ਧਰਤੀ ਨੂੰ ਜੋ ਮਾਂ ਸਮਝਣ,
ਉਨ੍ਹਾਂ ਦਾ ਟੱਬਰ ਹੀ ਰਲ ਕੇ, ਛਾਵੇਂ ਮੰਜੇ ਡਾਹੁੰਦਾ ਹੈ ।

ਸਭ ਨੂੰ , ਖ਼ੁਦ ਨੂੰ ਕਿੰਨੀ ਵਾਰੀ ਪੁੱਛਿਆ ਹੈ ਮੈਂ ਘੜੀ ਮੁੜੀ,
ਸਾਡੇ ਅੰਦਰ ਬੈਠਾ ਕਿਹੜਾ, ਸੁਪਨ-ਮਹਿਲ ਜੋ ਢਾਹੁੰਦਾ ਹੈ ।

ਸਾਡੇ ਘਰ ਤੋਂ ਅਮਰੀਕਾ ਤੱਕ, ਜਾਲ ਵਿਛਾਇਆ ਅਣਦਿਸਦਾ,
ਕਿਹੜਾ ਚਤੁਰ ਸ਼ਿਕਾਰੀ ਹੈ ਜੋ ਉਡਣੇ ਪੰਛੀ ਫਾਹੁੰਦਾ ਹੈ ।

14. ਤੇਰੀ ਚੁੱਪ ਦਾ ਪਹਾੜ ਮੇਰੀ ਹਿੱਕ 'ਤੇ ਸਵਾਰ

ਤੇਰੀ ਚੁੱਪ ਦਾ ਪਹਾੜ ਮੇਰੀ ਹਿੱਕ 'ਤੇ ਸਵਾਰ ।
ਜਿੰਦੇ, ਭੋਲਿਆਂ ਪਰਿੰਦਿਆਂ ਨੂੰ ਇੰਜ ਤਾਂ ਨਾ ਮਾਰ ।

ਤੇਰੇ ਸ਼ਹਿਰ ਵਿਚੋਂ ਲੰਘਦਿਆਂ, ਹਰ ਵਾਰੀ ਲੱਗਾ,
ਕਦੇ ਭੁੱਲ ਕੇ ਵੀ ਕਰੀਏ ਨਾ ਦਿਲ ਦਾ ਵਪਾਰ ।

ਮੈਨੂੰ ਸਮਝ ਹੀ ਆਇਆ ਨਾ ਮੁਹੱਬਤਾਂ ਦਾ ਕਿੱਸਾ,
ਇਹ ਤਾਂ ਨਕਦੀ ਦਾ ਸੌਦਾ, ਜੀਹਦੇ ਵਿਚ ਨਾ ਉਧਾਰ ।

ਤੇਰੀ ਯਾਦ ਕਾਹਦੀ ਆਈ, ਗੁੰਮੇ ਹੋਸ਼ ਤੇ ਹਵਾਸ,
ਜਿਵੇਂ ਗਿੱਲੇ ਪਿੰਡੇ ਛੋਹੇ ਨੰਗੀ ਬਿਜਲੀ ਦੀ ਤਾਰ ।

ਅੱਜ ਵਰਿ੍ਹਆਂ ਤੋਂ ਬਾਅਦ ਫਿਰ ਆਈ ਤੇਰੀ ਯਾਦ,
ਜਿਵੇਂ ਸ਼ਾਮੀਂ ਘਰ ਪਰਤੇ ਪਰਿੰਦਿਆਂ ਦੀ ਡਾਰ ।

ਅੱਜ ਉਮਰਾਂ ਦੀ ਪੌਣੀ ਰੋਟੀ ਖਾਣ ਪਿੱਛੋਂ ਲੱਗਾ,
ਕਦੇ ਛੱਡ ਦੇ ਨਾ ਪਿੱਛਾ, ਕੀਤੇ ਕੌਲ ਤੇ ਕਰਾਰ ।

ਘੜੀ ਸਾਹਾਂ ਵਾਲੀ ਟਿਕ-ਟਿਕ ਯਾਦ ਤੈਨੂੰ ਕਰੇ,
ਸਾਨੂੰ ਸਾਹਾਂ ਤੋਂ ਪਿਆਰਿਆ ਤੂੰ ਇੰਜ ਨਾ ਵਿਸਾਰ ।

15. ਹਨੇਰੀ ਰਾਤ ਅੰਦਰ ਵਸਤ ਦਾ ਸਾਇਆ ਨਹੀਂ ਹੁੰਦਾ

ਹਨੇਰੀ ਰਾਤ ਅੰਦਰ ਵਸਤ ਦਾ ਸਾਇਆ ਨਹੀਂ ਹੁੰਦਾ ।
ਇਹਦਾ ਇਹ ਅਰਥ ਤਾਂ ਨਹੀਂ, ਉਸ ਦਾ ਚਿਹਰਾ ਨਹੀਂ ਹੁੰਦਾ ।

ਇਹ ਕੈਸੀ ਤਿਸ਼ਨਗੀ ਲੈ ਕੇ, ਥਲਾਂ ਵਿਚ ਪੌਣ ਹੈ ਫਿਰਦੀ,
ਕਿਸੇ ਡਾਚੀ ਦਾ ਇਕੋ ਥਾਂ ਕਦੇ ਠਹਿਰਾਅ ਨਹੀਂ ਹੁੰਦਾ ।

ਮੁਸੀਬਤ ਧਰਮ ਤੇ ਇਖ਼ਲਾਕ ਦੀ ਹੀ ਪਰਖ ਹੈ ਕਰਦੀ,
ਸਦਾ ਇਕਸਾਰ ਪਾਣੀ ਤੁਰ ਰਿਹਾ, ਦਰਿਆ ਨਹੀਂ ਹੁੰਦਾ ।

ਮੈਂ ਆਪਣੇ ਆਪ ਨੂੰ ਜਦ ਫਾਸਲੇ ਤੋਂ ਵੇਖਣਾ ਚਾਹੁੰਦਾਂ,
ਕਿਸੇ ਸ਼ੀਸ਼ੇ 'ਚ ਮੇਰਾ ਅਕਸ ਵੀ 'ਮੇਰਾ' ਨਹੀਂ ਹੁੰਦਾ ।

ਮੈਂ ਸ਼ਬਦਾਂ ਦੇ ਚਿਰਾਗਾਂ ਨੂੰ ਹਮੇਸ਼ਾ ਬਾਲਦਾਂ ਰਹਿੰਨਾਂ,
ਮੇਰੇ ਰਾਹਾਂ 'ਚ ਨੇਰ੍ਹੇ ਦਾ ਤਦੇ ਪਹਿਰਾ ਨਹੀਂ ਹੁੰਦਾ ।

ਹਕੂਮਤ ਜਬਰ ਕਰਕੇ 'ਸਾਬਰਾਂ' ਦੀ ਸਿਰਜਣਾ ਕਰਦੀ,
ਕਦੇ ਵੀ ਸੂਰਮੇ ਸਿਰ 'ਮੁੱਲ' ਦਾ ਸਿਹਰਾ ਨਹੀਂ ਹੁੰਦਾ ।

ਮੈਂ ਬੀਤੇ ਵਕਤ ਨੂੰ ਫੜਨਾ ਵੀ ਚਾਹਵਾਂ, ਫੜ ਨਹੀਂ ਸਕਦਾ,
ਹਵਾ ਦਾ, ਮਹਿਕ ਦਾ ਜਿਸਮਾਂ ਜਿਹਾ ਪਰਦਾ ਨਹੀਂ ਹੁੰਦਾ ।

16. ਨਜ਼ਰ ਭਰ ਤੂੰ ਵੇਖਿਆ ਇਹ ਦਿਲ ਦੀਵਾਨਾ ਹੋ ਗਿਆ

ਨਜ਼ਰ ਭਰ ਤੂੰ ਵੇਖਿਆ ਇਹ ਦਿਲ ਦੀਵਾਨਾ ਹੋ ਗਿਆ।
ਵਿਛੜਿਆਂ ਤੇਰੇ ਤੋਂ ਭਾਵੇਂ ਇਕ ਜ਼ਮਾਨਾ ਹੋ ਗਿਆ।

ਵੇਖ ਲੈ ਬਿਨ ਬੋਲਿਆਂ ਤੋਂ ਇਹ ਮੁਹੱਬਤ ਦਾ ਕਮਾਲ,
ਧਰਤ ਬਣ ਗਈ ਫ਼ਰਸ਼ ਅੰਬਰ ਸ਼ਾਮਿਆਨਾ ਹੋ ਗਿਆ।

ਜ਼ਿੰਦਗੀ ਦੁਸ਼ਵਾਰ ਰਾਹੀਂ ਤੋਰਦੀ ਹੈ ਜਦ ਕਦੇ,
ਜਾਪਦੈ ਇਹ ਜਿਸਮ ਵੀ ਮਨ ਤੋਂ ਬੇਗਾਨਾ ਹੋ ਗਿਆ।

ਸੱਖਣੀ ਦੀਵਾਰ ਉੱਤੇ ਮੋਰ ਨਾ ਹੁਣ ਬੂਟੀਆਂ,
ਘਰ ਰਹੇ ਨਾ ਘਰ ਇਹ ਜਾਪਣ ਕੈਦਖ਼ਾਨਾ ਹੋ ਗਿਆ।

ਟੋਟਿਆਂ ਵਿਚ ਇਸ ਤਰ੍ਹਾਂ ਕਿਓਂ ਚੀਰਿਆ ਹੈ ਰਾਹਬਰੋ,
ਓਪਰਾ ਕਿਓਂ ਇਸ ਤਰ੍ਹਾਂ ਕੌਮੀ ਤਰਾਨਾ ਹੋ ਗਿਆ।

ਐਟਮੀ ਬਾਰੂਦ ਚੁੱਕੀ ਫਿਰ ਰਹੇ ਨੇ ਤਾਜ਼ਦਾਰ,
ਅਮਨ ਦੀ ਰਾਖੀ ਲਈ ਕੈਸਾ ਬਹਾਨਾ ਹੋ ਗਿਆ।

ਓਸ ਪਿੱਛੋਂ ਸ਼ਬਦ ਹੀ ਮੇਰੀ ਜਗ੍ਹਾ ਕੁਝ ਕਹਿਣਗੇ,
ਜਿਸ ਘੜੀ ਇਸ ਜਿਸਮ ਚੋਂ ਮੇਰਾ ਪਿਆਨਾ ਹੋ ਗਿਆ।

17. ਇਸ ਤਰ੍ਹਾਂ ਕਿਉਂ ਜਾਪਦਾ ਨੀਵਾਂ ਹੈ ਅੰਬਰ ਹੋ ਗਿਆ

ਇਸ ਤਰ੍ਹਾਂ ਕਿਉਂ ਜਾਪਦਾ ਨੀਵਾਂ ਹੈ ਅੰਬਰ ਹੋ ਗਿਆ।
ਮਿਲਣ ਆਇਆ ਧਰਤ ਨੂੰ ਮਿਲ ਕੇ ਬਰਾਬਰ ਹੋ ਗਿਆ।

ਮਾਰ ਕੇ ਆਵਾਜ਼ ਮਗਰੋਂ ਤੂੰ ਸੀ ਮੈਨੂੰ ਕੀ ਕਿਹਾ,
ਯਾਦ ਨਹੀਂ ਪਰ ਵੇਖ ਲੈ ਇਹ ਦਿਲ ਤਾਂ ਕਾਫ਼ਰ ਹੋ ਗਿਆ।

ਝੜ ਗਏ ਪੱਤੇ ਪੁਰਾਣੇ ਫਿਰ ਪੁੰਗਾਰਾ ਪੁੰਗਰਿਆ,
ਕੋਂਪਲਾਂ ਦਾ ਬਦਨ ਹੀ ਰੱਬ ਦਾ ਪੈਗੰਬਰ ਹੋ ਗਿਆ।

ਅੱਥਰੂ ਜਦ ਅੱਖ ਅੰਦਰ ਸੀ ਤਾਂ ਤੁਪਕੇ ਵਾਂਗ ਸੀ,
ਵਹਿ ਗਿਆ ਤਾਂ ਵੇਖ ਲੈ ਪਲ ਵਿੱਚ ਸਮੁੰਦਰ ਹੋ ਗਿਆ।

ਫੇਰ ਧੋਖਾ ਖਾਣ ਮਗਰੋਂ ਕਿਓਂ ਭਲਾ ਖਾਂਦਾ ਵਿਸਾਹ,
ਹੁਣ ਤਾਂ ਇਹ ਦਿਲ ਜਾਪਦੈ ਮੇਰੇ ਤੋਂ ਨਾਬਰ ਹੋ ਗਿਆ।

ਜਾਪਦੈ ਬਾਜ਼ਾਰ ਦੀ ਲੱਗੀ ਹੈ ਇਸ ਨੂੰ ਇਹ ਦੁਆ,
ਰਿਸ਼ਤਿਆਂ ਦਾ ਚਿਹਨ ਚੱਕਰ ਵੀ ਆਡੰਬਰ ਹੋ ਗਿਆ।

ਕੱਢ ਕੇ ਸ਼ੀਸ਼ਾ ਵਿਖਾਇਆ ਮੈਂ ਕਿਹਾ ਕਿ ਵੇਖ ਲਓ,
ਬਦਗੁਮਾਨਾਂ ਸਮਝਿਆ ਸਾਡਾ ਨਿਰਾਦਰ ਹੋ ਗਿਆ।

18. ਨੰਗੇ ਪੈਰ ਤਾਂ ਰੱਦੀ ਚੁਗਦੇ ਰੱਜਿਆਂ ਮੋਢੇ ਬਸਤੇ ਨੇ

ਨੰਗੇ ਪੈਰ ਤਾਂ ਰੱਦੀ ਚੁਗਦੇ ਰੱਜਿਆਂ ਮੋਢੇ ਬਸਤੇ ਨੇ।
ਇੱਕ ਤਾਂ ਪੜ੍ਹਨ ਸਕੂਲੀਂ ਚੱਲੇ ਲਿੱਸਿਆਂ ਦੇ ਵੱਖ ਰਸਤੇ ਨੇ।

ਮੇਰੇ ਦੇਸ਼ ਆਜ਼ਾਦ ਚ ਇੱਕੋ ਵੇਲੇ ਕਿੰਨੇ ਭਾਰਤ ਨੇ,
ਇਕਨਾਂ ਦੇ ਲਈ ਸਿੱਧੀਆਂ ਸੜਕਾਂ ,ਬਾਕੀ ਚੌਂਕ ਚੁਰਸਤੇ ਨੇ।

ਹੁਕਮਰਾਨ ਦੀ ਕਾਲ਼ੀ ਐਨਕ ਵੇਖਣ ਤੋਂ ਇਨਕਾਰੀ ਜਾਪੇ,
ਕੁਰਸੀਧਾਰੀ ਅੰਨ੍ਹੇ ਬੋਲ਼ੇ ਵੇਖ ਲਉ ਕਿੰਨੇ ਮਸਤੇ ਨੇ।

ਕੁਝ ਲੋਕਾਂ ਦੀ ਹਸਤੀ ਤੇ ਖ਼ੁਦਪ੍ਰਸਤੀ ਦੋਵੇਂ ਆਟੇ ਭਾਅ,
ਕੱਚੇ ਘਰ ਦੇ ਕੜੀਆਂ ਬਾਲੇ ਸੁਪਨੇ ਕਿੰਨੇ ਸਸਤੇ ਨੇ।

ਸਾਡੇ ਪਿੰਡ ਦੇ ਛੱਪੜ ਅੰਦਰ ਡੁੱਬਦੇ ਤਰਦੇ ਕਿੰਨੇ ਚਾਅ,
ਗਿਣਨੋਂ ਬਾਹਰੇ ਰੀਝਾਂ ਸੁਪਨੇ ਕਿੰਨੇ ਸੂਰਜ ਅਸਤੇ ਨੇ।

ਇਹ ਤਾਂ ਅਮਨ ਕਾਨੂੰਨ ਦੇ ਰਾਖੇ ਸਾਡੇ ਕੁਝ ਵੀ ਲੱਗਦੇ ਨਾ,
ਵਰਦੀ ਧਾਰ ਬੰਦੂਕਾਂ ਵਾਲੇ ਇਹ ਜੋ ਫਿਰਦੇ ਦਸਤੇ ਨੇ।

ਪੌਣੀ ਸਦੀ ਗੁਜ਼ਾਰਨ ਮਗਰੋਂ ਮੁੜ ਕੇ ਕਿੱਥੇ ਫੇਰ ਖੜ੍ਹੇ,
ਆਜ਼ਾਦੀ ਦੇ ਬੂਹਿਆਂ ਵੱਲ ਨੂੰ ਜਾਂਦੇ ਕਿਹੜੇ ਰਸਤੇ ਨੇ।

19. ਜਾਣ ਵਾਲਿਆ ਤੁਰ ਤਾਂ ਚੱਲਿਐਂ ਇਹ ਨਾ ਕਹਿਰ ਗੁਜ਼ਾਰ ਵੇ ਬੀਬਾ

ਜਾਣ ਵਾਲਿਆ ਤੁਰ ਤਾਂ ਚੱਲਿਐਂ ਇਹ ਨਾ ਕਹਿਰ ਗੁਜ਼ਾਰ ਵੇ ਬੀਬਾ।
ਕੱਲ੍ਹਿਆਂ ਤੋਂ ਨਹੀਂ ਚੁੱਕਿਆ ਜਾਣਾ ਇੱਕ ਅੱਥਰੂ ਦਾ ਭਾਰ ਵੇ ਬੀਬਾ।

ਤੂੰ ਮੋਹ ਤੋੜ ਕੇ ਜਿੱਧਰ ਚੱਲਿਐਂ ਇਹ ਗੱਲ ਮੇਰੀ ਚੇਤੇ ਰੱਖੀਂ,
ਫਰਜ਼ਾਂ ਦੀ ਥਾਂ ਗਰਜ਼ਾਂ ਵਾਲਾ ਵਿਸ਼ ਗੰਦਲਾ ਸੰਸਾਰ ਵੇ ਬੀਬਾ।

ਮੈਂ ਤੇਰੇ ਸਾਹਾਂ ਵਿੱਚ ਹਾਜ਼ਰ ਵਾਜ਼ ਦਏਂਗਾ ਹੋਵਾਂ ਨਾਜ਼ਰ,
ਟੁੱਟਣੀ ਨਹੀਂਓਂ ਦਿਲ ਤੋਂ ਦਿਲ ਦੀ ਇਹ ਅਣਦਿਸਦੀ ਤਾਰ ਵੇ ਬੀਬਾ।

ਹੁਣ ਵੀ ਬੈਠਣ ਮਨ ਦੀ ਮਮਟੀ ਕੂੰਜਾਂ ਦੇਸ ਦਸੌਰੋਂ ਆ ਕੇ,
ਰੂਹ ਨੂੰ ਸੂਲੀ ਟੰਗ ਜਾਂਦੀ ਏ ਇਹ ਕਿਰਨਾਂ ਦੀ ਡਾਰ ਵੇ ਬੀਬਾ।

ਚਾਰ ਚੁਫ਼ੇਰੇ ਘੇਰਾ ਘਿਰਿਆ ਕੱਲ੍ਹੀ ਜਾਨ ਫਸੀ ਵਿੱਚ ਮੁਸ਼ਕਿਲ,
ਇੱਕੋ ਤੰਦ ਮੁਹੱਬਤ ਵਾਲੀ ਲਾ ਸਕਦੀ ਏ ਪਾਰ ਵੇ ਬੀਬਾ।

ਆਪਣੇ ਮਿਲਣ ਮਸਾਂ ਮਰ ਮਰ ਕੇ ਪੱਕਦੀਆਂ ਦੇ ਯਾਰ ਅਨੇਕਾਂ,
ਸੌ ਹੱਥ ਰੱਸਾ ਗੰਢ ਸਿਰੇ ਤੇ ਜ਼ਿੰਦਗੀ ਦਾ ਇਹ ਸਾਰ ਵੇ ਬੀਬਾ।

ਸਾਲ ਛੇਮਾਹੀਂ ਕਦੇ ਕਦਾਈਂ ਇਹ ਵੀ ਪੇਸ਼ੀ ਭੁਗਤ ਲਿਆ ਕਰ,
ਰੂਹ ਦੇ ਅਦਲੀ ਰਾਜੇ ਦਾ ਜੋ ਲੱਗਦਾ ਹੈ ਦਰਬਾਰ ਵੇ ਬੀਬਾ।

20. ਕਿਹੜੇ ਕੰਮ ਆਈਆਂ ਸਾਡੇ ਦੋਸਤੋ ਫ਼ਕੀਰੀਆਂ

ਕਿਹੜੇ ਕੰਮ ਆਈਆਂ ਸਾਡੇ ਦੋਸਤੋ ਫ਼ਕੀਰੀਆਂ।
ਪਹਿਲੀ ਹੀ ਕਤਾਰ ਮੱਲ ਬਹਿੰਦੀਆਂ ਵਜ਼ੀਰੀਆਂ।

ਵੇਖ ਲਉ ਘੁਮਾਈ ਜਾਵੇ ਅਕਲਾਂ ਦੇ ਗੇੜ ਨੂੰ,
ਕਈ ਵਾਰੀ ਜਾਪਦਾ ਹੈ ਬਣ ਗਏ ਭੰਬੀਰੀਆਂ।

ਧਰਮਾਂ ਦੀ ਮੰਡੀ ਵੀ ਨੀਲਾਮ ਘਰ ਹੋ ਗਿਆ,
ਵੇਚਦਾ ਬਾਜ਼ਾਰ ਹੁਣ ਗਧਿਆਂ ਨੂੰ ਪੀਰੀਆਂ।

ਜਿੱਥੇ ਕਿਤੇ ਬਾਗ ਵਿੱਚ ਲਾਲ ਸੂਹੇ ਫੁੱਲ ਨੇ,
ਆ ਗਿਆ ਆਦੇਸ਼ ਬੀਜੋ ਕੇਸਰੀ ਪਨੀਰੀਆਂ।

ਸਾਡੀਆਂ ਹੀ ਰੀਝਾਂ ਨੂੰ ਮਧੋਲਿਆ ਹੈ ਜਿੰਨ੍ਹਾਂ ਨੇ,
ਓਹੀ ਕਹਿਣ ਛੱਡੋ ਹੁਣ ਦਿਲ ਦਿਲਗੀਰੀਆਂ।

ਅੰਬਰਾਂ ਤੇ ਗੁੱਡੀਆਂ ਚੜ੍ਹਾਉਣ ਵਾਲੀ ਰੀਝ ਨੇ,
ਸੂਤੀ ਹੋਈ ਡੋਰ ਨਾਲ ਉਂਗਲਾਂ ਨੇ ਚੀਰੀਆਂ।

ਰੱਖ ਨਾ ਉਮੀਦ ਐਵੇਂ ਦਿਲਾ ਭੋਲ਼ੇ ਪਾਤਸ਼ਾਹ,
ਨੀਤ ਬਦਕਾਰ ਤੇਰੀ ਨੀਤੀਆਂ ਵੀ ਟੀਰੀਆਂ।

21. ਜ਼ਿੰਦਗੀ ਕਿਸ ਦੋਸ਼ ਬਦਲੇ ਦੇ ਗਈ ਕਰੜੀ ਸਜ਼ਾ

ਜ਼ਿੰਦਗੀ ਕਿਸ ਦੋਸ਼ ਬਦਲੇ ਦੇ ਗਈ ਕਰੜੀ ਸਜ਼ਾ।
ਪਹਿਲਾਂ 'ਵਾ ਨੇ ਟਾਹਣ ਤੋੜੇ ਫਿਰ ਜੜ੍ਹਾਂ ਤੋਂ ਪੁੱਟਿਆ।

ਮੇਰੀ ਮਾਂ ਭੁੱਲਦੀ ਨਹੀਂ ਅੱਧੀ ਸਦੀ ਪਹਿਲਾਂ ਦੀ ਬਾਤ,
ਇੱਕ ਛੰਨਾ ਪੋਣੇ ਬੱਧੀ ਰੋਟੀ ਕੁੱਤਾ ਲੈ ਗਿਆ।

ਸਿਰ ਦੀ ਚੁੰਨੀ ਲਾਸ਼ ਪੁੱਤਰ ਦੀ ਤੇ ਪਾ ਅੱਗੇ ਤੁਰੀ,
ਏਸ ਤੋਂ ਵਧ ਕੇ ਭਲਾ ਹੋਵੇਗਾ ਕਿਹੜਾ ਕਰਬਲਾ।

ਕਸਰ ਤੂੰ ਛੱਡੀ ਨਾ ਕੋਈ ਅੱਗ ਲਾ ਕੇ ਐ ਹਵਾ,
ਫੇਰ ਵੀ ਤੂੰ ਵੇਖ ਕਿੱਦਾਂ ਝੂਮਦਾ ਜੰਗਲ ਹਰਾ।

22. ਦਿੱਲੀ ਵਿੱਚ ਦਰਬਾਰੀ ਵੇਖੋ ਦੁੱਧ ਵਿੱਚ ਕਾਂਜੀ ਘੋਲ ਰਹੇ ਨੇ

ਦਿੱਲੀ ਵਿੱਚ ਦਰਬਾਰੀ ਵੇਖੋ ਦੁੱਧ ਵਿੱਚ ਕਾਂਜੀ ਘੋਲ ਰਹੇ ਨੇ।
ਹੋਸ਼ ਹਵਾਸ ਗੁਆ ਬੈਠੇ ਨੇ ਜੋ ਮੂੰਹ ਆਇਆ ਬੋਲ ਰਹੇ ਨੇ।

ਅਜਬ ਖ਼ੁਮਾਰੀ ਦੇ ਵਿੱਚ ਕੁਰਸੀ ਨਾਲ ਹਕੀਕਤ ਤੋੜ ਵਿਛੋੜਾ,
ਧਰਮ ਧਰਾਤਲ ਵਾਲੇ ਪਾਵੇ ਤਾਂਹੀਓਂ ਹੀ ਹੁਣ ਡੋਲ ਰਹੇ ਨੇ।

ਲੱਖੀ ਜੰਗਲ ਬਣੇ ਖਾਲਸਾ ਨਾ ਧਿਰਿਆਂ ਦੀ ਧਿਰ ਬਣ ਜਾਵੇ,
ਲੋਕ ਬਿਠਾਉਂਦੇ ਸਿਰ ਦੇ ਉੱਪਰ ਜਿਹੜੇ ਲੋਕਾਂ ਕੋਲ ਰਹੇ ਨੇ।

ਦੇਸ਼ ਭਗਤੀਆਂ ਦੀ ਪਰਿਭਾਸ਼ਾ ਨਵੀਂ ਇਬਾਰਤ ਸਮਝ ਪਵੇ ਨਾ,
ਅੰਨ੍ਹੀ ਤੇਜ਼ ਹਨ੍ਹੇਰੀ ਕੋਲੋਂ ਡਰ ਕੇ ਦੀਵੇ ਡੋਲ ਰਹੇ ਨੇ।

ਨਾ ਤ੍ਰਿਸ਼ੂਲ ਕਟਾਰਾਂ ਕੋਲੋਂ ਡਰਦੇ ਨਾ ਤਲਵਾਰਾਂ ਕੋਲੋਂ,
ਸੀਸ ਤਲੀ ਤੇ ਧਰ ਕੇ ਸੂਰੇ ਸੱਚ ਦੀ ਤੱਕੜੀ ਤੋਲ ਰਹੇ ਨੇ।

ਲਾਲ ਕਿਲ੍ਹੇ ਦੀ ਕੰਧਾਂ ਉੱਪਰ ਗੇਰੂ ਨਹੀਂ ਇਹ ਸਾਡੀ ਰੱਤ ਹੈ,
ਮੁਗਲਾਂ ਵੇਲੇ ਤੋਂ ਅੱਜ ਤੀਕਰ ਸਾਡੇ ਕਦਮ ਅਡੋਲ ਰਹੇ ਨੇ।

ਗਮਲੇ ਅੰਦਰ ਉੱਗੇ ਪੌਦੇ ਕਰਨ ਟਿਚਕਰਾਂ ਬਿਰਖ਼ਾਂ ਨੂੰ ਅੱਜ,
ਕਲਯੁਗ ਵੇਖੋ, ਤੇਜ਼ ਕੁਹਾੜੇ ਸਾਡੀ ਜੜ੍ਹ ਨੂੰ ਫੋਲ ਰਹੇ ਨੇ।

23. ਸੁੰਗੜੇ ਨੇ ਲੋਕ ਜਿਹੜੇ ਰਲ਼ੇ ਧਨਵਾਨਾਂ ਵਿੱਚ

ਸੁੰਗੜੇ ਨੇ ਲੋਕ ਜਿਹੜੇ ਰਲ਼ੇ ਧਨਵਾਨਾਂ ਵਿੱਚ।
ਰੌਣਕਾਂ ਕਮਾਲ ਮੇਲਾ ਲੱਗਿਆ ਦੁਕਾਨਾਂ ਵਿੱਚ।

ਜ਼ਿੰਦਗੀ ਟਿਊਬ ਰੇਲ ਵਾਗਰਾਂ ਲੰਘਾਈ ਸਾਰੀ,
ਨਜ਼ਰਾਂ ਟਿਕਾਵਾਂ ਕਿਵੇਂ ਉੱਚੇ ਅਸਮਾਨਾਂ ਵਿੱਚ।

ਸੜਕਾਂ ਚੌਮਾਰਗੀ ਛੇ ਮਾਰਗੀ ਤੋਂ ਵੱਧ ਭਾਵੇਂ,
ਜ਼ਿੰਦਗੀ ਦੀ ਗੱਡ ਸਾਡੀ ਹਾਲੇ ਵੀ ਖਤਾਨਾਂ ਵਿੱਚ।

ਕਾਲ਼ੀ ਕਰਤੂਤ ਦਾ ਕਮਾਲ ਚਿੱਟੇ ਦਿਨ ਵੇਖੋ,
ਸੁੰਨੀਆਂ ਨੇ ਸੱਥਾਂ ਭੀੜ ਪਈ ਸ਼ਮਸ਼ਾਨਾਂ ਵਿੱਚ।

ਅਕਲਾਂ ਦੀ ਘਾਟ ਹੈ ਗਿਆਨ ਵਾਲੇ ਮੰਦਰਾਂ 'ਚ,
ਹੈ ਨਹੀਂ ਕਿਰਪਾਨ ਤਿੱਖੀ ਗੱਤੇ ਦੇ ਮਿਆਨਾਂ ਵਿੱਚ।

ਵੇਚਦੇ ਨੇ ਜ਼ਹਿਰ ਤੇ ਸਿਆਸਤਾਂ ਸਵੇਰ ਸ਼ਾਮ,
ਮਾਖਿਓਂ ਮਖ਼ੀਰ ਕਿਵੇਂ ਰੱਖਦੇ ਜ਼ਬਾਨਾਂ ਵਿੱਚ।

ਕਿੱਥੇ ਲਾਇਆ ਡੇਰਾ ਪਿੰਡ ਬੜਾ ਪਿੱਛੇ ਰਹਿ ਗਿਆ ਏ,
ਨੀਂਦਰਾਂ ਗਵਾਚ ਗਈਆਂ ਕੱਚ ਦੇ ਮਕਾਨਾਂ ਵਿੱਚ।

24. ਆਸ ਬੇਗਾਨੀ ʼਤੇ ਜੇ ਰਹਿੰਦੇ, ਹੁਣ ਨੂੰ ਆਪਾਂ ਮਰ ਜਾਣਾ ਸੀ

ਆਸ ਬੇਗਾਨੀ ʼਤੇ ਜੇ ਰਹਿੰਦੇ, ਹੁਣ ਨੂੰ ਆਪਾਂ ਮਰ ਜਾਣਾ ਸੀ।
ਮਿੱਟੀ ਦਾ ਇਹ ਕੱਚਾ ਭਾਂਡਾ, ਕਣੀਆਂ ਦੇ ਵਿੱਚ ਖਰ ਜਾਣਾ ਸੀ।

ਭਾਵੇਂ ਕਹਿਣ ਸਮੁੰਦਰੋਂ ਡੂੰਘਾ, ਪਾਰ ਕਿਨਾਰਾ ਕਿਹੜੀ ਗੱਲ ਸੀ,
ਜੇਕਰ ਸਾਥ ਨਿਭਾਉਂਦੀ ਤਾਂ ਮੈਂ ਦਿਲ ਦਰਿਆ ਨੂੰ ਤਰ ਜਾਣਾ ਸੀ।

ਤੇਰੇ ਨਾਲ ਤੁਰਦਿਆਂ ਤੈਨੂੰ, ਕੀਹ ਦੱਸਾਂ ਮੈਂ ਖ਼ੁਸ਼ਬੂ ਜਹੀਏ,
ਦਿਲ ਦਾ ਖ਼ਾਲੀ ਕਾਸਾ ਮੇਰਾ, ਨਾਲ ਮੁਹੱਬਤ ਭਰ ਜਾਣਾ ਸੀ।

ਇਹ ਤਾਂ ਤੇਰੇ ਨਿੱਘ ਦਾ ਹੀ ਪ੍ਰਤਾਪ, ਧੜਕਣਾਂ ਧੜਕਦੀਆਂ ਨੇ,
ਨਹੀਂ ਤਾਂ ਹੁਣ ਨੂੰ ਇਹ ਦਿਲ ਮੇਰਾ, ਠਰਦਾ ਠਰਦਾ ਠਰ ਜਾਣਾ ਸੀ।

ਜੰਗਲੀ ਜੰਤ ਜਨੌਰਾਂ ਦੀ ਹੁਣ ਗਿਣਤੀ ਵਧੀ ਮੈਦਾਨਾਂ ਅੰਦਰ,
ਪਹਿਰਾ ਨਾ ਹੁੰਦਾ ਤਾਂ ਇਨ੍ਹਾਂ ਫ਼ਸਲਾਂ ਤਾਈਂ ਚਰ ਜਾਣਾ ਸੀ।

ਬਿਰਖਾਂ ਨਾਲ ਗੁਫ਼ਤਗੂ ਕਰਦੇ, ਬੀਤ ਰਹੇ ਨੇ ਦਿਨ ਤੇ ਰਾਤਾਂ,
ਬਾਤ ਮੁਕਾਏ ਬਿਨ ਦੱਸੇ ਮੈਂ, ਕਿਹੜੇ ਵੇਲੇ ਘਰ ਜਾਣਾ ਸੀ।

ਚਾਨਣ ਦੀ ਤਸਵੀਰ ਬਣੀ ਤੂੰ, ਨ੍ਹੇਰੇ ਵਿੱਚ ਲਕੀਰ ਬਣੀ ਤੂੰ,
ਜੇ ਤੂੰ ਮੇਰੇ ਨਾਲ ਨਾ ਹੁੰਦੀ, ਮੈਂ ਤਾਂ ʼਕੱਲਿਆਂ ਡਰ ਜਾਣਾ ਸੀ।

25. ਨਦੀ ਤੂਫ਼ਾਨੀ ਉੱਛਲੀ ਸੀ ਹੁਣ ਟਿਕ ਕੇ ਬਹਿ ਗਈ ਏ

ਨਦੀ ਤੂਫ਼ਾਨੀ ਉੱਛਲੀ ਸੀ ਹੁਣ ਟਿਕ ਕੇ ਬਹਿ ਗਈ ਏ।
ਤੁਰਦੀ ਤੁਰਦੀ ਬਾਤ ਵੀ ਜੀਕੂੰ ਅੱਧ ਵਿੱਚ ਰਹਿ ਗਈ ਏ।

ਮੀਟ ਲਵਾਂ ਜੇ ਅੱਖੀਆਂ ਅੱਗੇ ਤਾਰੇ ਤੁਰਦੇ ਨੇ,
ਖੋਲ੍ਹਾਂ ਤਾਂ ਫਿਰ ਜਾਪੇ ਡਾਰ ਹਵਾ ਵਿੱਚ ਛਹਿ ਗਈ ਏ।

ਸਿਰ ਤੇ ਪੈਰ ਗੁਆਚ ਗਏ ਧੜ ਲੱਭਦਾ ਫਿਰਦਾ ਹੈ,
ਮੋਮੀ ਜਿਸਮ ਦੇ ਨਾਲ ਅਗਨ ਜਿਉਂ ਨੇੜਿਓਂ ਖਹਿ ਗਈ ਏ।

ਸ਼ੁਕਰ ਮਨਾਵਾਂ ਤੇਰਾ ਜਿੰਦੇ ਕਿੰਜ ਧੰਨਵਾਦ ਕਰਾਂ,
ਦੋ ਚਿੱਤੀ ਦੋ ਮੂੰਹੀ ਜਿਹੜੀ ਮਗਰੋਂ ਲਹਿ ਗਈ ਏ।

ਆਪਣੀ ਧੜਕਣ ਰੋਕੀਂ, ਮੈਨੂੰ ਫਿਰ ਮਹਿਸੂਸ ਕਰੀਂ,
ਖ਼ੁਸ਼ਬੂ ਜਾਂਦੀ-ਜਾਂਦੀ, ਮੇਰੇ ਕੰਨ ਵਿੱਚ ਕਹਿ ਗਈ ਏ।

ਤੇਜ਼ ਹਵਾ ਦੇ ਬੁੱਲੇ ਅੱਗੇ ਘੁੰਮਣਘੇਰ ਜਿਵੇਂ,
ਏਦਾਂ ਜਿੰਦ ਮਿੱਟੀ ਦੀ ਢੇਰੀ ਪਲ ਵਿੱਚ ਢਹਿ ਗਈ ਏ।

ਤੇਜ਼ ਤੂਫ਼ਾਨ ਦੇ ਸਾਹਵੇਂ ਰੁੱਖ ਸਭ ਡਿੱਗ ਪਏ ਨੇ, ਪਰ
ਤੇਰੇ ਦਮ ਤੇ ਜਿੰਦ ਮੇਰੀ ਸਭ ਸਦਮੇ ਸਹਿ ਗਈ ਏ।

26. ਧਰਤ ਬੇਗਾਨੀ, ਕੋਈ ਨਾ ਮੈਨੂੰ, ਲੈ ਕੇ ਨਾਮ ਬੁਲਾਵੇ

(ਜਗਦੀਸ਼ ਧਾਲੀਵਾਲ ਦੇ ਨਾਂ)

ਧਰਤ ਬੇਗਾਨੀ, ਕੋਈ ਨਾ ਮੈਨੂੰ, ਲੈ ਕੇ ਨਾਮ ਬੁਲਾਵੇ।
ਏਸੇ ਕਰਕੇ ਮਨ ਦਾ ਚੰਬਾ, ਖਿੜਦਾ ਨਹੀਂ, ਕੁਮਲਾਵੇ।

ਖੁੱਲ੍ਹੀਆਂ-ਡੁੱਲ੍ਹੀਆਂ ਸੜਕਾਂ ਏਥੇ, ਲੰਮ ਸਲੰਮੇ ਪੈਂਡੇ,
ਏਥੋਂ ਇਕ ਵੀ ਸੜਕ ਸਲੇਟੀ, ਸਾਡੇ ਪਿੰਡ ਨਾ ਜਾਵੇ।

ਰੇਸ ਕੋਰਸਾਂ ਸਰੱਪਟ ਦੌੜਨ, ਅੱਥਰੇ ਘੋੜੇ ਵੇਖੋ,
ਥੈਲੀ ਸ਼ਾਹ ਕਿਉਂ ਜੇਤੂ ਬਣਦੇ ਜਦੋਂ ਨਤੀਜਾ ਆਵੇ!

ਚੰਨ ਚੜ੍ਹਿਆ ਪਿੰਡ ਜਾ ਕੇ, ਕੋਠੇ ਚੜ੍ਹ ਕੇ ਤੱਕਣਾ ਚਾਹਾਂ,
ਪਤਾ ਨਹੀਂ ਕਦੋਂ ਘੜੀ ਸੁਲੱਖਣੀ ਮੇਰੇ ਭਾਗੀਂ ਆਵੇ।

ਵੰਨ-ਸੁਵੰਨੇ ਬਿਰਖੁ ਬਰੂਟੇ, ਫੁੱਲ ਪੱਤੀਆਂ ਖੁਸ਼ਬੋਆਂ,
ਸਭ ਕੁਝ ਹੁੰਦਿਆਂ ਸੁੰਦਿਆਂ, ਚੇਤੇ ਆਉਂਦੇ ਨੇ ਅੰਬ ਸਾਵੇ।

ਕੱਲ-ਮੁਕੱਲੇ ਚੂੜੇ ਡੁਸਕਣ, ਸੱਖਣੇ ਪਲੰਘ ਪੰਘੂੜੇ,
ਕਿਸ਼ਤਾਂ ਵਿਚ ਤਕਸੀਮ ਦਿਹਾੜੀ, ਰਾਤੀਂ ਨੀਂਦ ਸਤਾਵੇ।

ਤੁਸੀਂ ਕਹੋਗੇ 'ਮਨ ਦਾ ਰੋਗੀ' ਪਤਾ ਨਹੀਂ ਕੀਹ ਬੋਲੇ,
ਕਰਕ ਕਲੇਜੇ ਵਾਲੀ ਮੇਰੀ, ਕੋਈ ਨਾ ਵੈਦ ਸੁਣਾਵੇ।

27. ਸੁਣ ਰਿਹਾ ਹਾਂ ਗੀਤ ਵੀ, ਸੁਰ ਤਾਲ ਤੇਰੇ

ਸੁਣ ਰਿਹਾ ਹਾਂ ਗੀਤ ਵੀ, ਸੁਰ ਤਾਲ ਤੇਰੇ।
ਮੈਂ ਬਰਾਬਰ ਤੁਰ ਰਿਹਾ ਹਾਂ ਨਾਲ ਤੇਰੇ।

ਕਿਉਂ ਤੇਰੇ ਬੋਲਾਂ 'ਚੋਂ ਜਾਵੇ ਕੰਬਣੀ ਨਾ,
ਮੈਂ ਖਲੋਤਾ ਹਾਂ ਜਦੋਂ ਕਿ ਨਾਲ ਤੇਰੇ।

ਤੂੰ ਚਿਰਾਗਾਂ ਨੂੰ ਬੁਝਾ ਕੇ ਖੁਸ਼ ਨਾ ਹੋਵੀਂ,
ਉਮਰ ਭਰ ਰਹਿਣਾ ਹਨ੍ਹੇਰਾ ਨਾਲ ਤੇਰੇ।

ਜਾਗਣਾ ਪੈਣੈਂ ਨਿਰੰਤਰ ਜੇ ਤੂੰ ਚਾਹੁੰਨੈਂ,
ਸੂਰਜ ਤੇ ਚੰਨ ਚਮਕਣ ਨਾਲ ਤੇਰੇ।

ਆਪਣੇ ਤੂੰ ਸਫ਼ਰ ਦਾ ਲੇਖਾ ਕਰੀ ਜਾਹ,
ਵਕਤ ਨਾ ਗਿਣਦਾ ਕਦੇ ਇਹ ਸਾਲ ਤੇਰੇ।

ਗ਼ੌਰ ਕਰਕੇ ਵੇਖ ਖ਼ੁਦ ਤੋਂ ਦੂਰ ਹੋ ਕੇ,
ਤੁਰ ਰਿਹਾ ਨਾ ਜਿਸਮ ਵੀ ਹੁਣ ਨਾਲ ਤੇਰੇ।

ਖ਼ੁਦ-ਬ-ਖ਼ੁਦ ਦੇ ਨਾਲ ਵੀ ਕਿਉਂ ਝੂਠ ਬੋਲੇਂ,
ਕਿੰਝ ਸੁਧਰਨਗੇ ਭਲਾ ਦੱਸ ਹਾਲ ਤੇਰੇ।

28. ਜੇ ਤੁਰਿਐਂ ਆਪਣੇ ਤੋਂ ਪਾਰ ਜਾਵੀਂ

ਜੇ ਤੁਰਿਐਂ ਆਪਣੇ ਤੋਂ ਪਾਰ ਜਾਵੀਂ।
ਸਦੀਵੀ ਜਿੱਤ ਖ਼ਾਤਰ ਹਾਰ ਜਾਵੀਂ।

ਜੁਰਾਬਾਂ ਵਾਂਗ ਲਾਹ ਲਈਂ ਰੁਤਬਿਆਂ ਨੂੰ,
ਜਦੋਂ ਵੀ ਰੂਹ ਦੇ ਦਰਬਾਰ ਜਾਵੀਂ।

ਜੇ ਤਰਨਾ ਜਾਣਦਾ ਨਹੀਂ, ਫੇਰ ਸੁਣ ਲੈ,
ਨਦੀ ਦੇ ਨਾ ਕਦੇ ਵਿਚਕਾਰ ਜਾਵੀਂ।

ਵਰ੍ਹੀਂ ਘਨਘੋਰ ਬੱਦਲ ਬਣ ਕੇ ਏਨਾ,
ਤੂੰ ਬਲਦੇ ਹਿਰਦਿਆਂ ਨੂੰ ਠਾਰ ਜਾਵੀਂ।

ਕਦੇ ਵੀ ਜਿਸਮ ਨੂੰ ਮਿਲ ਕੇ ਨਾ ਪਰਤੀਂ,
ਜਦੋਂ ਜਾਵੇਂਗਾ ਰੂਹ ਦੇ ਪਾਰ ਜਾਵੀਂ।

ਸਮਾਂ ਜੇ ਜਾਗਦੇ ਮਿਲਦਾ ਨਹੀਂ ਤਾਂ,
ਕਦੇ ਸੁਪਨੇ 'ਚ ਗੇੜਾ ਮਾਰ ਜਾਵੀਂ।

ਤੂੰ ਰੁੱਸ ਕੇ ਜਾਣ ਦੀ ਸੋਚੀਂ ਕਦੇ ਨਾ,
ਖੁਸ਼ੀ ਦੇ ਨਾਲ ਲੱਖਾਂ ਵਾਰ ਜਾਵੀਂ।

ਜੇ ਅਨਹਦ ਨਾਦ ਚਾਹੇਂ ਰੂਹ 'ਚ ਗੂੰਜੇ,
ਸਦੀਵੀ ਚੁੱਪ ਨੂੰ ਟੁਣਕਾਰ ਜਾਵੀਂ।

29. ਯਾਰੀ ਪਾਉਂਦੇ ਨਾ ਜੇ ਰੰਗਲੇ ਚੁਬਾਰਿਆਂ ਦੇ ਨਾਲ਼

ਯਾਰੀ ਪਾਉਂਦੇ ਨਾ ਜੇ ਰੰਗਲੇ ਚੁਬਾਰਿਆਂ ਦੇ ਨਾਲ਼
ਸਾਡੀ ਨਿਭ ਜਾਂਦੀ ਅੱਗ ਦੇ ਅੰਗਾਰਿਆਂ ਦੇ ਨਾਲ਼

ਅਸੀਂ ਤੇਰੇ ਵਾਂਗੂ ਅੰਬਰਾਂ ਨੂੰ ਚੁੰਮ ਲੈਣਾ ਸੀ
ਰਲ਼ ਜਾਂਵਦੇ ਜੇ ਪੀਂਘ ਦੇ ਹੁਲਾਰਿਆਂ ਦੇ ਨਾਲ਼

ਅਸੀਂ ਵੱਖ ਤੁਸੀਂ ਵੱਖ ਸਾਡੀ ਰਲ਼ਦੀ ਨਾ ਅੱਖ
ਕਦੋਂ ਯਾਰੀਆਂ ਪੁਗਾਈਆਂ ਮਹਿਲਾਂ ਢਾਰਿਆਂ ਦੇ ਨਾਲ਼

ਤੁਸੀਂ ਗੁੰਗਿਆਂ ਦੇ ਵਾਂਗ ਚੁੱਪ ਚਾਪ ਬੈਠ ਗਏ
ਬਾਤ ਜਦੋਂ ਮੁੱਕੀ ਮੁੱਕਣੀ ਹੁੰਗਾਰਿਆਂ ਦੇ ਨਾਲ਼

ਕੁਲ ਧਰਤੀ ਦੇ ਮਾਲ ਤੇ ਖਜ਼ਾਨਿਆਂ ਤੋਂ ਵੱਧ
ਜਿਹੜੀ ਘੜੀ ਲੰਘੇ ਸੱਜਣਾਂ ਪਿਆਰਿਆਂ ਦੇ ਨਾਲ਼

ਸਾਨੂੰ ਤਲਖ਼ ਹਕੀਕਤਾਂ ਨੇ ਇਹੀ ਸਮਝਾਇਆ
ਕਦੇ ਜਿ਼ੰਦਗੀ ਨਾ ਤੁਰੇ ਮਿੱਠੇ ਲਾਰਿਆਂ ਦੇ ਨਾਲ਼

ਗੁੰਗੇ ਬੋਲ਼ੇ ਨੂੰ ਕੀ ਸਾਡੀਆਂ ਮੁਸੀਬਤਾਂ ਦੀ ਸਾਰ
ਜਿਹੜਾ ਆਪ ਗੱਲਾਂ ਕਰਦੈ ਇਸ਼ਾਰਿਆਂ ਦੇ ਨਾਲ਼

30. ਕੁਤਰਿਆ ਉਸ ਇਸ ਤਰ੍ਹਾਂ ਸਾਡੇ ਪਰਾਂ ਨੂੰ

ਕੁਤਰਿਆ ਉਸ ਇਸ ਤਰ੍ਹਾਂ ਸਾਡੇ ਪਰਾਂ ਨੂੰ
ਮੁੜਨ ਜੋਗੇ ਨਾ ਰਹੇ ਅਪਣੇ ਘਰਾਂ ਨੂੰ

ਤਾਣ ਚਾਦਰ ਸੌਂ ਗਿਆ ਏ ਸ਼ਹਿਰ ਸਾਰਾ
ਸਾਂਭ ਕੇ ਸੰਕੋਚ ਕੇ ਅਪਣੇ ਡਰਾਂ ਨੂੰ

ਕਹਿਰ ਦਾ ਅਹਿਸਾਸ ਪਹਿਲੀ ਵਾਰ ਹੋਇਆ
ਪਾਲ ਵਿਚ ਗੁੰਮ ਸੁਮ ਖੜ੍ਹੇ ਪੱਕੇ ਘਰਾਂ ਨੂੰ

ਪਿੰਡ ਜਾਗਣਗੇ ਸੰਭਾਲਣਗੇ ਵੀ ਮਿੱਟੀ
ਮੁੜ ਉਸਾਰਨਗੇ ਉਹੀ ਢੱਠੇ ਘਰਾਂ ਨੂੰ

ਕੌਣ ਕਿੱਥੇ ਹੈ ਖਲੋਤਾ ਨਾਲ਼ ਕਿਸਦੇ
ਫੈਸਲਾ ਸਮਿਆਂ ਨੇ ਕਰਨਾ ਆਖਰਾਂ ਨੂੰ

31. ਯਤਨ ਕਰਾਂਗਾ ਮੱਥੇ ਵਿਚਲੀ ਬਲਦੀ ਅੱਗ ਨੂੰ ਠਾਰ ਦਿਆਂ

ਯਤਨ ਕਰਾਂਗਾ ਮੱਥੇ ਵਿਚਲੀ ਬਲਦੀ ਅੱਗ ਨੂੰ ਠਾਰ ਦਿਆਂ
ਆਪਣੇ ਵਿਚਲਾ ਅੱਥਰਾ ਘੋੜਾ ਮਾਰ-ਮਾਰ ਕੇ ਮਾਰ ਦਿਆਂ

ਸਰਦੀ ਰੁੱਤੇ ਸੇਕ ਨਹੀਂ ਪਰ ਜੇਠ ਹਾੜ ਨੂੰ ਤਪਦਾ ਹੈ
ਰੋਜ਼ ਸੋਚਨਾ ਏਸ ਕਿਸਮ ਦੇ ਸੂਰਜ ਨੂੰ ਦਰਕਾਰ ਦਿਆਂ

ਕੋਰੇ ਕਾਗਜ਼ ਤੇ ਨਾ ਐਵੇਂ ਨਵੀਆਂ ਲੀਕਾਂ ਵਾਹ ਦੇਵੇ
ਪੁੱਤਰ ਕੋਲੋਂ ਕਾਪੀ ਖੋਹ ਕੇ ਰੱਦੀ ‘ਚ ਅਖਬਾਰ ਦਿਆਂ

ਵਖਰੇ ਵਖਰੇ ਮੋਰਚਿਆਂ ਤੇ ਵੰਨ ਸੁਵੰਨੇ ਦੁਸ਼ਮਣ ਨੇ
ਇਕ ਕੱਲਾ ਕਿਧਰ-ਕਿਧਰ ਕਿਸ-ਕਿਸ ਨੂੰ ਮੈਂ ਹਾਰ ਦਿਆਂ

ਪੱਥਰਾਂ ਦੀ ਬਰਸਾਤ ‘ਚ ਟੁੱਟੇ ਸ਼ੀਸ਼ੇ ਵਰਗੇ ਸੁਪਨੇ ਸਭ
ਫਿਰ ਵੀ ਪੱਥਰ ਚਾਹੁੰਦੇ ਨੇ, ਮੈਂ ਪੱਥਰਾਂ ਨੂੰ ਸਤਿਕਾਰ ਦਿਆਂ

ਤਲਖ ਤਜ਼ਰਬੇ ਕੋਲ ਗਵਾਹ ਨੇ, ਨਾ ਲਿਖਿਆ ਨਾ ਪੜ੍ਹਿਆ ਹਾਂ
ਯਤਨ ਕਰਾਂਗਾ ਏਦਾਂ ਤਣ ਕੇ ਬਾਕੀ ਰਾਤ ਗੁਜ਼ਾਰ ਦਿਆਂ

ਨਾ ਖ਼ਤ ਆਵੇ ਨਾ ਖ਼ਤ ਜਜਵੇ ਫਿਰ ਵੀ ਸਾਂਝ ਅਜੇ ਬਾਕੀ
ਕੇਹੇ ਧਾਗੇ ਨਾਲ਼ ਜਕੜਿਆ ਸੱਜਣਾਂ ਹੱਦੋਂ ਪਾਰ ਦਿਆਂ

32. ਰਾਮ ਦਾਸ ਗੁਰ ਮੋਹੜੀ ਗੱਡੀ ਜਿਹੜੀ ਥਾਂ ਸਿਫ਼ਤੀ ਦਾ ਘਰ ਹੈ

ਰਾਮ ਦਾਸ ਗੁਰ ਮੋਹੜੀ ਗੱਡੀ ਜਿਹੜੀ ਥਾਂ ਸਿਫ਼ਤੀ ਦਾ ਘਰ ਹੈ।
ਸਰਬ ਕਲਾ ਸੰਪੂਰਨ ਨਗਰੀ ਗੁਰ ਕੇ ਕਾਰਨ ਅੰਮ੍ਰਿਤਸਰ ਹੈ।

ਧਰਮ ਕਰਮ ਲਈ ਹਰਿਮੰਦਰ ਹੈ ਗੁਰ ਅਰਜਨ ਦੀ ਦੂਰ ਦ੍ਰਿਸ਼ਟੀ,
ਮੀਆਂ ਮੀਰ ਬਰਾਬਰ ਬੈਠਾ ਸਰਬ ਕਾਲ ਦਾ ਦੀਦਾ ਵਰ ਹੈ।

ਹਰਗੋਬਿੰਦ ਗੁਰੂ ਦੀ ਪੀਰੀ ਨਾਲ ਖੜ੍ਹੀ ਕ੍ਰਿਪਾਲੂ ਮੀਰੀ,
ਤਖ਼ਤ ਅਕਾਲ ਉਸਾਰਨਹਾਰਾ ਨਿਰਭਉ ਤੇ ਨਿਰਵੈਰੀ ਦਰ ਹੈ।

ਇੱਕ ਮਾਰਗ ਦੇ ਪਾਂਧੀ ਖ਼ਾਤਰ ਚਾਰੇ ਬੂਹੇ ਹਰ ਪਲ ਖੁੱਲ੍ਹੇ,
ਸੁਰਤਿ ਇਕਾਗਰ ਜੇਕਰ ਹੋਵੇ ਸੱਖਣੀ ਝੋਲੀ ਦੇਂਦਾ ਭਰ ਹੈ।

ਬਿਪਰਨਵਾਦੀਆਂ ਵੇਸ ਬਦਲਿਆ ਰਾਖੇ ਬਣ ਗਏ ਸਾਡੇ ਘਰ ਦੇ,
ਅਮਰਵੇਲ ਮੁੜ ਬੇਰੀ ਚੜ੍ਹ ਗਈ ਚੱਟ ਨਾ ਜਾਵੇ ਏਹੀ ਡਰ ਹੈ।

ਸ਼ਬਦ ਗੁਰੂ ਸੰਦੇਸ਼ ਸੁਹਾਵਾ ਸਾਡੀ ਰੂਹ ਦਾ ਪਰਚਮ ਝੂਲੇ,
ਘਰ ਘਰ ਉੱਸਰੇ ਧਰਮਸਾਲ ਦਾ ਗੁਰ ਮੇਰੇ ਨੇ ਦਿੱਤਾ ਵਰ ਹੈ।

ਧਰਤਿ ਗਗਨ ਤੇ ਕੁੱਲ ਸ੍ਰਿਸ਼ਟੀ ਪੱਤੇ ਪੱਤੇ ਗੋਬਿੰਦ ਬੈਠਾ,
ਆਦਿ ਜੁਗਾਦੀ ਜੋਤ ਨਿਰੰਤਰ ਨੂਰ ਨੂਰਾਨੀ ਦਾ ਸਰਵਰ ਹੈ।

33. ਤੂੰ ਮਿਲੀ ਮੁੱਦਤ ਪਿਛੋਂ ਅੱਜ ਮੈਨੂੰ

ਤੂੰ ਮਿਲੀ ਮੁੱਦਤ ਪਿਛੋਂ ਅੱਜ ਮੈਨੂੰ।
ਰੂਹ ਖਿੜੀ ਹੈ, ਹੋ ਗਿਆ ਏ ਰੱਜ ਮੈਨੂੰ।

ਜਿਸ ਤਰ੍ਹਾਂ ਤੀਰਥ ਪਵਿੱਤਰ ਯਾਤਰੂ ਨੂੰ,
ਤੇਰਾ ਮਿਲਣਾ ਇਉਂ ਮੁਕੰਮਲ ਹੱਜ ਮੈਨੂੰ।

ਆ ਕਿ ਮੇਰੇ ਦਿਲ ਦੀ ਧੜਕਣ ਤੇਜ਼ ਹੋਵੇ,
ਆ ਮੇਰੇ ਸੀਨੇ 'ਚ ਆ ਕੇ ਵੱਜ ਮੈਨੂੰ।

ਅਲਫ ਨੰਗੀ ਰੀਝ ਨੂੰ ਤੂੰ ਪੂਰ ਛੇਤੀ,
ਆਪਣੀ ਗਲਵੱਕੜੀ ਵਿਚ ਕੱਜ ਮੈਨੂੰ।

ਮੈਂ ਕਿਸੇ ਜੰਗਲ ਦਾ ਜੀਕੂੰ ਆਦਿਵਾਸੀ,
ਦੱਸ ਆ ਕੇ ਜੀਣ ਵਾਲਾ ਚੱਜ ਮੈਨੂੰ।

ਸੱਚ ਦੀ ਮੰਡੀ 'ਚ ਮੇਰਾ ਗਾਹਕ ਹੀ ਨਹੀਂ,
ਕੱਚ ਵਾਲੇ ਪਾ ਕੇ ਛੱਟਣ ਛੱਜ ਮੈਨੂੰ।

ਲੋਕ ਮੈਨੂੰ ਨੀਮ ਪਾਗਲ ਕਹਿ ਰਹੇ ਨੇ,
ਪਿਆਰ ਤੇਰੇ ਦੇ ਲਗਾ ਕੇ ਬੱਜ ਮੈਨੂੰ।

34. ਮਿੱਟੀ ਦਾ ਭਗਵਾਨ ਬਣਾ ਕੇ ਡਰੀ ਗਏ

ਮਿੱਟੀ ਦਾ ਭਗਵਾਨ ਬਣਾ ਕੇ ਡਰੀ ਗਏ।
ਉਸ ਦੇ ਚਰਨੀਂ ਦੀਪ ਜਗਾ ਕੇ ਧਰੀ ਗਏ।

ਨੇਰ੍ਹੇ ਅੰਦਰ ਬੈਠ ਗਏ ਆਂ ਚੁੱਪ ਕਰ ਕੇ,
ਚੁੱਪ ਦੇ ਸ਼ੋਰ ਭਿਆਨਕ ਹੱਥੋਂ ਮਰੀ ਗਏ।

ਸਾਡੇ ਉਲਟ ਗਵਾਹੀ ਸਾਥੋਂ ਲੈ ਗਏ ਉਹ,
ਘੂਕੀ ਅੰਦਰ ਅਸੀਂ ਹੁੰਗਾਰਾ ਭਰੀ ਗਏ।

ਸੋਚ ਬੋਲਣ ਦੀ ਕੀਮਤ ਸੁਣ ਕੇ ਡਰ ਗਏ ਸਾਂ,
ਮਨ ਦੇ ਕਾਂਬੇ ਕਾਰਨ ਆਪਾਂ ਠਰੀ ਗਏ।

ਜਿਨ੍ਹਾਂ ਤੋਂ ਰਖਵਾਲੀ ਖਾਤਰ ਬੈਠੇ ਸਾਂ,
ਸਾਡੇ ਹੁੰਦਿਆਂ ਹਰੀ ਅੰਗੂਰੀ ਚਰੀ ਗਏ।

ਏਸ ਨਮੋਸ਼ੀ ਦਾ ਡਰ ਸਾਨੂੰ ਡੋਬ ਗਿਆ,
ਸੁਪਨੇ ਦੇ ਵਿਚ ਬਿਨ ਪਾਣੀ ਤੋਂ ਤਰੀ ਗਏ।

35. ਮੇਰੀ ਹਿੱਕ ਵਿਚ ਮਾਰਨ ਖਾਤਰ ਉਸ ਦੇ ਹੱਥ ਵਿਚ ਖੰਜਰ ਹੈ

ਮੇਰੀ ਹਿੱਕ ਵਿਚ ਮਾਰਨ ਖਾਤਰ ਉਸ ਦੇ ਹੱਥ ਵਿਚ ਖੰਜਰ ਹੈ।
ਕਮ ਅਕਲੇ ਨੂੰ ਕਿਹੜਾ ਦੱਸੇ, ਕੀ ਕੁਝ ਮੇਰੇ ਅੰਦਰ ਹੈ।

ਵਿਚ ਅਯੁੱਧਿਆ ਮਸਜਿਦ ਢਾਹ ਕੇ, ਬਾਬਰ ਬੇਘਰ ਕਰ ਦਿੱਤਾ,
ਤੀਨ ਲੋਕ ਦੇ ਮਾਲਕ ਖਾਤਰ, ਜਿਸ ਥਾਂ ਬਣਨਾ ਮੰਦਰ ਹੈ।

ਕਿਹੜੇ ਵੇਲੇ ਚੰਨ ਚੜ੍ਹਦਾ ਤੇ ਟੁੱਟਦੇ ਤਾਰੇ ਕਿੰਜ ਵੇਖਾਂ,
ਸੰਗ ਮਰ-ਮਰ ਦੀ ਧਰਤੀ ਉਤੇ ਕੰਕਰੀਟ ਦਾ ਅੰਬਰ ਹੈ।

ਪੜ੍ਹੀ ਪੜ੍ਹਾਈ ਕੰਮ ਨਾ ਆਈ, ਹੱਥ ਵਿਚ 'ਕੱਲੀਆਂ ਠੀਕਰੀਆਂ,
ਗਿਆਨ ਧਿਆਨ ਦੇ ਨਾਂ 'ਤੇ ਤਣਿਆ, ਕਿਨਾ ਅਜਬ ਅਡੰਬਰ ਹੈ।

ਬਾਹੂਬਲ ਹੀ ਪਰਖ ਰਿਹਾ ਸੀ, ਧੀ ਦੇ ਵਰ ਲਈ ਰਾਜਾ ਵੀ,
ਕਰੇ ਮੁਨਾਦੀ ਧਰਮੀ ਬਾਬਲ, ਓਦਾਂ ਕਹੇ ਸਵੰਬਰ ਹੈ।

ਦਿੱਲੀਏ ਤੇਰੇ ਨੱਕ ਦੇ ਥੱਲੇ, ਅਗਨੀ ਤਾਂਡਵ ਹੋਇਆ ਸੀ,
ਅਜੇ ਚੁਰਾਸੀ ਸੇਕ ਮਾਰਦਾ, ਲਾਟੋ ਲਾਟ ਨਵੰਬਰ ਹੈ।

ਰਿੱਛਾਂ ਵਾਂਗ ਨਚਾਵੇ ਸਾਨੂੰ, ਕੁਰਸੀ ਦਾ ਕਿਰਦਾਰ ਹਮੇਸ਼,
ਇਸ 'ਤੇ ਕਾਬਜ਼ ਹਰ ਯੁਗ ਅੰਦਰ ਸ਼ਾਤਰ ਬੜਾ ਕਲੰਦਰ ਹੈ।

36. ਉਸਲਵੱਟੇ ਲੈਂਦਿਆਂ ਰਾਤ ਗੁਜ਼ਾਰ ਲਈ ਹੈ

ਉਸਲਵੱਟੇ ਲੈਂਦਿਆਂ ਰਾਤ ਗੁਜ਼ਾਰ ਲਈ ਹੈ।
ਤੇਰੀ ਚੁੱਪ ਦੀ ਕਿੰਨੀ ਕੀਮਤ ਤਾਰ ਲਈ ਹੈ।

ਅੱਗ ਦਾ ਦਰਿਆ ਅੱਗੜ ਪਿੱਛੜ ਸੱਜੇ ਖੱਬੇ,
ਕਾਗਜ਼ ਦੀ ਬੇੜੀ ਮੈਂ ਇਸ ਵਿਚ ਤਾਰ ਲਈ ਹੈ।

ਸੇਰ ਕੁ ਆਟਾ, ਲੱਪ ਕੁ ਦਾਲਾਂ, ਬੱਸ ਏਨੇ ਵਿਚ,
ਅਣਖ ਜਿਉਂਦੇ ਜੀਅ ਕਿਉਂ ਇਦਾਂ ਮਾਰ ਲਈ ਹੈ।

ਵਡਪੁਰਖੇ ਦਾ ਪਰਚਮ ਲੈ ਕੇ ਹੁਣ ਨਹੀਂ ਬਹਿਣਾ,
ਮੈਂ ਵੀ ਅਜ ਤੋਂ ਪੱਕੀ ਮਨ ਵਿਚ ਧਾਰ ਲਈ ਹੈ।

ਇਕ ਵਾਰੀ ਟੁਣਕਾ ਕੇ ਰੂਹ ਦਾ ਸਾਜ਼ ਕੁੰਵਾਰਾ,
ਤੂੰ ਵੀ ਮੁੜ ਕੇ ਕਿੱਥੇ ਸਾਡੀ ਸਾਰ ਲਈ ਹੈ।

ਤੂੰ ਕਿਧਰੇ ਵੀ ਬਹਿ ਜਾ, ਮੇਰੇ ਮਗਰੋਂ ਲਹਿ ਜਾ,
ਰੂਹ ਦਾ ਪਲੰਘ ਨਵਾਰੀ ਮੇਰੇ ਯਾਰ ਲਈ ਹੈ।

ਦਿਲ ਦੀ ਤਾਰ ਤਣੀ ਹੈ, ਆ ਜਾ ਕੁਝ ਪਲ ਬਹਿ ਜਾ,
ਕਿੰਨੀ ਬਿਹਬਲ ਇਹ ਯਾਦਾਂ ਦੀ ਡਾਰ ਲਈ ਹੈ।

37. ਮਾਂ ਦੇ ਪੈਰਾਂ ਥੱਲੇ ਜੰਨਤ ਸੁਣੀਂ ਨਹੀਂ, ਮੈਂ ਜਾਣ ਲਈ ਹੈ

ਮਾਂ ਦੇ ਪੈਰਾਂ ਥੱਲੇ ਜੰਨਤ ਸੁਣੀਂ ਨਹੀਂ, ਮੈਂ ਜਾਣ ਲਈ ਹੈ।
ਅਸਲ ਹਕੀਕਤ ਦੁਨੀਆ ਘੁੰਮ ਕੇ ਆਖਰ ਨੂੰ ਪਹਿਚਾਣ ਲਈ ਹੈ।

ਸੁਰ ਸੰਗੀਤ ਤੇ ਸ਼ਬਦ ਸਿਰਜਣਾ, ਇਸ ਦੀ ਲੋਰੀ ਅੱਗੇ ਕੀਹ ਹੈ,
ਮਾਂ ਦੀ ਗੋਦੀ ਦੇ ਵਿਚ ਬਹਿ ਕੇ ਮੈਂ ਇਹ ਖ਼ੁਸ਼ਬੂ ਮਾਣ ਲਈ ਹੈ।

ਉਸ ਵੇਲੇ ਤੋਂ ਤੜਪ ਰਿਹਾ ਹੈ, ਕੀਹ ਦੱਸਾਂ ਮੈਂ ਮਨ ਦੀ ਹਾਲਤ,
ਜਿਹੜੇ ਦਿਨ ਤੋਂ ਮਾਂ ਮੇਰੀ ਨੇ ਚੁੱਪ ਦੀ ਬੁੱਕਲ ਤਾਣ ਲਈ ਹੈ।

ਲੱਭਦੇ ਨਹੀਉਂ ਲਾਲ ਗਵਾਚੇ, ਕਿਰ ਜਾਵਣ ਜਦ ਮਾਣਕ ਮੋਤੀ,
ਲੱਭਦੇ ਲੱਭਦੇ ਕੁੱਲ ਦੁਨੀਆ ਦੀ, ਮਿੱਟੀ ਵੀ ਮੈਂ ਛਾਣ ਲਈ ਹੈ।

ਵਿੱਸਰਿਆ ਸੀ, ਤਾਂ ਹੀ ਦੁੱਖ ਸੀ, ਤੂੰ ਜੋ ਸਬਕ ਸਿਖਾਇਆ ਮੈਨੂੰ,
ਹੁਣ ਮੈਂ ਗੰਢ ਸੰਭਾਲ ਕੇ ਰੱਖੂੰ, ਮਨ ਵਿਚ ਪੱਕੀ ਠਾਣ ਲਈ ਹੈ।

ਇਹ ਤਾਂ ਅਰਥ ਗਵਾਚ ਗਏ ਸੀ ਮਾਂ ਮੇਰੀ ਨੇ ਲੱਭ ਕੇ ਦਿੱਤੇ,
ਸਮਝੀਂ ਨਾ ਤੂੰ ਸ਼ਬਦ ਨਿਗੂਣੇ ਜਾਂ ਕੇਵਲ ਗੁਣਗਾਨ ਨਹੀਂ ਹੈ।

ਮਾਂ ਤੇਰੇ ਚਰਨਾਂ ਵਿਚ ਭੇਟਾ, ਇਹ ਸਤਰਾਂ ਪਰਵਾਨ ਕਰੀਂ ਤੂੰ,
ਧਰਤੀ ਧਰਮ ਬਰਾਬਰ ਤੂੰ ਹੈਂ, ਇਹ ਗੱਲ ਮੈਂ ਪਰਵਾਨ ਲਈ ਹੈ।

38. ਤੂੰ ਤੇ ਮੈਨੂੰ ਆਪ ਕਿਹਾ ਸੀ, ਧਰਤੀ ਧਰਮ ਨਿਭਾਈਏ ਰਲ਼ ਕੇ

ਤੂੰ ਤੇ ਮੈਨੂੰ ਆਪ ਕਿਹਾ ਸੀ, ਧਰਤੀ ਧਰਮ ਨਿਭਾਈਏ ਰਲ਼ ਕੇ।
ਅੱਜ ਹੀ ਤੁਰੀਏ, ਬਹਿ ਨਾ ਝੁਰੀਏ, ਕਿਉਂ ਪਛਤਾਈਏ ਯਾਰੋ ਭਲ਼ਕੇ।

ਮਨ ਮਸਤਕ ਦੇ ਮਾਣਕ ਮੋਤੀ, ਪੋਟਲੀਆਂ ਵਿਚ ਕੈਦ ਕਰੀਂ ਨਾ,
ਇਹ ਪੌਦੇ ਹੀ ਬਿਰਖ ਬਣਨਗੇ, ਵੇਖ ਲਵੀਂ ਮਿੱਟੀ ਵਿਚ ਪਲ਼ ਕੇ।

ਆ ਵਿਸ਼ਵਾਸ ਦੀ ਉਂਗਲੀ ਫੜੀਏ, ਕਦਮ ਕਦੇ ਗੁਮਰਾਹ ਨਾ ਹੋਵੇ,
ਧਰਮ ਥਿੜਕਿਆ ਆਪਣੇ ਪੈਰੋਂ, ਨਫ਼ਰਤ ਦੀ ਅਗਨੀ ਵਿਚ ਬਲ਼ ਕੇ।

ਕੁਰਸੀ ਨਾਚ ਨਚਾਏ ਕੈਸਾ, ਆਦਮ ਨੱਕ ਨਕੇਲਾਂ ਪਾਈਆਂ,
ਬੰਦੇ ਦਾ ਪੁੱਤ ਕੀਹ ਕਰਦਾ ਹੈ, ਸਰਮਾਏ ਦੀ ਜੂਨ 'ਚ ਢਲ਼ ਕੇ।

ਪੀੜ ਪਰਬਤੋਂ ਭਾਰੀ ਹੋ ਗਈ, ਪਿਘਲਣ ਦਾ ਕਿਉਂ ਨਾਂਅ ਨਹੀਂ ਲੈਂਦੀ,
ਨਾਗ-ਵਲੇਵਾਂ ਪਾ ਬੈਠੀ ਹੈ, ਸਾਹ ਘੁਟਦੀ ਹੈ ਸ਼ਾਹ ਰਗ ਵਲ਼ ਕੇ।

ਜ਼ਹਿਰ ਪਰੁੱਚੀ ਪੌਣ ਦਾ ਪਹਿਰਾ, ਰਿਸ਼ਤੇ ਨਾਤੇ ਜਿਉਂ ਅਧਮੋਏ,
ਨਸਲ ਕੁਸ਼ੀ ਵੱਲ ਤੁਰਦੇ ਜਾਈਏ, ਨਾਗ ਨਿਵਾਸਾਂ ਦੇ ਵਿਚ ਪਲ਼ ਕੇ।

ਚਲ ਸ਼ੀਸ਼ੇ ਦੇ ਸਨਮੁਖ ਹੋਈਏ, ਪਰ ਕੁਝ ਹਟਵਾਂ ਦੂਰ ਖਲੋ ਕੇ,
ਬਹੁਤਾ ਨੇੜਿਉਂ ਸੱਚ ਨਹੀਂ ਦਿਸਣਾ, ਵਕਤ ਗਵਾਈਏ ਨਾ ਹੁਣ ਟਲ਼ ਕੇ।

39. ਛਾਂਗੇ ਰੁੱਖ ਦੀ ਟੀਸੀ ਬਹਿ ਕੇ ਸੁਣ ਲਉ ਕੀ ਕੁਝ ਮੋਰ ਬੋਲਦਾ

ਛਾਂਗੇ ਰੁੱਖ ਦੀ ਟੀਸੀ ਬਹਿ ਕੇ ਸੁਣ ਲਉ ਕੀ ਕੁਝ ਮੋਰ ਬੋਲਦਾ।
ਕੱਲ ਮੁ ਕੱਲ੍ਹਾ ਮੁੱਕ ਨਾ ਜਾਵਾਂ ਆਪਣੇ ਵਰਗੇ ਹੋਰ ਟੋਲਦਾ।

ਸੱਤ ਰੰਗੀ ਅਸਮਾਨ ਦੀ ਲੀਲ੍ਹਾ ਖੰਭਾਂ ਅੰਦਰ ਸਗਲ ਸਮੋਈ,
ਮੋਰਨੀਆਂ ਬਿਨ ਦੱਸੋ ਕਿੱਸਰਾਂ ਦਿਲ ਦੇ ਗੁੱਝੇ ਭੇਤ ਖੋਲ੍ਹਦਾ।

ਰੂਹ ਤੇ ਭਾਰ ਪਿਆਂ ਤੇ ਅੱਥਰੂ ਵਹਿਣ ਪਏ ਦਰਿਆ ਦੇ ਵਾਂਗੂੰ,
ਦਿਲ ਦੇ ਵਰਕੇ ਪੀੜ ਪਰੁੱਚੇ,ਤੇਰੇ ਤੋਂ ਬਿਨ ਕੌਣ ਫ਼ੋਲਦਾ।

ਮਨ ਦੇ ਮਹਿਰਮਯਾਰ ਬਿਨਾ ਦੱਸ ਕਿਹੜਾ ਵੈਦ ਨਿਵਾਰੇ ਮਰਜ਼ਾਂ,
ਸਾਹਾਂ ਦੀ ਮਾਲਾ ਦੇ ਮਣਕੇ ,ਥਿੜਕ ਰਹੇ ਚਿੱਤ ਰਹੇ ਡੋਲਦਾ।

ਤੂੰ ਪੁੱਛਿਐ ਕਿ ਮੇਰੇ ਮਗਰੋਂ ਮਨ ਤੇਰੇ ਦੀ ਹਾਲਤ ਕੈਸੀ,
ਦਰਦਾਂ ਵਾਲੀ ਗਠੜੀ ਨੂੰ ਮੈਂ ਤੱਕੜੀ ਦੇ ਵਿੱਚ ਕਿਵੇਂ ਤੋਲਦਾ।

ਸਾਰੀ ਧਰਤ ਵੈਰਾਗਣ ਹੋ ਗਈ ਪੂਰਨ ਪੁੱਤ ਬਰੋਟਿਆਂ ਮਗਰੋਂ,
ਛਾਵਾਂ ਲੱਭਦੀਆਂ ਮਾਵਾਂ ਇੱਛਰਾਂ ਪਾਰੇ ਵਾਂਗੂੰ ਚਿੱਤ ਡੋਲਦਾ।

ਬਹੁਤਾ ਉੱਚੀ ਬੋਲ ਬੋਲ ਕੇ ਜੋ ਕੰਨਾਂ ਦੇ ਦਰ ਖੜਕਾਵੇ,
ਅੰਦਰੋਂ ਬਾਹਰੋਂ ਖਾਲਮ ਖ਼ਾਲੀ ਭੇਤੀ ਹਾਂ ਮੈਂ ਏਸ ਢੋਲ ਦਾ।

40. ਜਿਸ ਦਿਨ ਤੂੰ ਨਜ਼ਰੀਂ ਆ ਜਾਵੇਂ ਓਹੀ ਦਿਵਸ ਗੁਲਾਬ ਦੇ ਵਰਗਾ

ਜਿਸ ਦਿਨ ਤੂੰ ਨਜ਼ਰੀਂ ਆ ਜਾਵੇਂ ਓਹੀ ਦਿਵਸ ਗੁਲਾਬ ਦੇ ਵਰਗਾ।
ਬਾਕੀ ਬਚਦਾ ਹਰ ਦਿਨ ਜੀਕੂੰ ਰੁੱਸ ਗਏ ਦੇਸ ਪੰਜਾਬ ਦੇ ਵਰਗਾ।

ਨਜ਼ਰ ਤੇਰੀ ਵਿੱਚ ਸੂਰਜ ਰੌਸ਼ਨ ਤੋਰ ਜਿਵੇਂ ਦਰਿਆਈ ਲਹਿਰਾਂ,
ਮੱਥਾ ਹੈ ਜਿਓਂ ਨੂਰ ਇਲਾਹੀ, ਗੋਲਮੋਲ ਮਾਹਤਾਬ ਦੇ ਵਰਗਾ।

ਜਿਹੜੀ ਰਾਤ ਆਕਾਸ਼ ਦੇ ਤਾਰੇ ਤੱਕਦਿਆਂ ਤੈਨੂੰ ਬੋਲੇ ਸਾਰੇ,
ਆਪ ਸੁਣੇ ਮੈਂ ਚੰਦ ਨੂੰ ਕਹਿੰਦੇ, ਆਇਆ ਕੌਣ ਜਨਾਬ ਦੇ ਵਰਗਾ।

ਰੋਲ ਦੇਈਂ ਨਾ ਬਿਨ ਪੜ੍ਹਿਆਂ ਤੋਂ, ਅੱਖਰ ਰਾਹ ਰੁਸ਼ਨਾਵਣਹਾਰੇ,
ਹਰ ਪੱਤਰਾ ਗੁਰਮੰਤਰ ਇਸਦਾ, ਪਾਕਿ ਪਵਿੱਤ ਕਿਤਾਬ ਦੇ ਵਰਗਾ।

ਮਰਦਾਨਾ ਬਾਣੀ ਦੇ ਅੰਗ ਸੰਗ, ਮਰਦਾ ਨਾ ਉਹ ਇਸ ਦੇ ਕਰਕੇ,
ਨਾਨਕ ਨਾਲ ਵਜਾਵਣਹਾਰਾ ਕਿਹੜਾ ਸਾਜ਼ ਰਬਾਬ ਦੇ ਵਰਗਾ।

ਥਾਲ ਗਗਨ ਵਿੱਚ ਤਾਰਾ ਮੰਡਲ ਮਹਿਕ ਰਹੀ ਪ੍ਰਕਿਰਤੀ ਪੰਡਿਤ,
ਬ੍ਰਹਿਮੰਡ ਨੇ ਵੀ ਸੁਣਿਆ ਨਾ ਸੀ,ਇਸ ਤੋਂ ਸਾਫ਼ ਜਵਾਬ ਦੇ ਵਰਗਾ।

ਓਸ ਗਿਰਾਂ ਨੂੰ ਰੱਬ ਵੀ ਚਾਹੇ ਨਰਕੋਂ ਸੁਰਗ ਬਣਾ ਨਹੀਂ ਸਕਦਾ,
ਨਸਲਕੁਸ਼ੀ ਲਈ ਮੁੱਖ ਦਰਵਾਜ਼ਾ, ਜਿਸ ਥਾਂ ਜ਼ਹਿਰ ਸ਼ਰਾਬ ਦੇ ਵਰਗਾ।

41. ਵਕਤ ਮਿਲੇ ਤਾਂ ਹਿੰਮਤ ਕਰਕੇ ਬੰਦ ਬੂਹਿਆਂ ਨੂੰ ਖੋਲ੍ਹ ਦਿਆ ਕਰ

ਵਕਤ ਮਿਲੇ ਤਾਂ ਹਿੰਮਤ ਕਰਕੇ ਬੰਦ ਬੂਹਿਆਂ ਨੂੰ ਖੋਲ੍ਹ ਦਿਆ ਕਰ।
ਸ਼ਬਦ ਮਾਸੂਮ ਪਰਿੰਦੇ ਹੁੰਦੇ ,ਮੂੰਹ ਆਇਆਂ ਨੂੰ ਬੋਲ ਦਿਆ ਕਰ।

ਰੂਹ ਦੇ ਸੁੱਚੇ ਮਾਣਕ ਮੋਤੀ, ਜ਼ੀਨਤ ਬਣਦੇ ਕਿਸੇ ਕਿਸੇ ਦੀ,
ਚਹੁੰ ਕੌਡਾਂ ਲਈ ਮਹਿੰਗਾ ਸੌਦਾ, ਸਸਤੇ ਭਾਅ ਨਾ ਤੋਲ ਦਿਆ ਕਰ।

ਦੀਨ ਈਮਾਨ ਵਿਰਾਸਤ ਪੂੰਜੀ ਦਿਲ ਦਰਿਆਵਾ ਖ਼ਰਚ ਲਿਆ ਕਰ,
ਮੱਖੀ ਚੂਸ ਕੰਜੂਸ ਦੇ ਵਾਂਗੂੰ ਬਹੁਤੀ ਨਾ ਗੰਢ ਗੋਲ ਦਿਆ ਕਰ।

ਹਰ ਕਠਿਨਾਈ ਸਦਾ ਚੁਣੌਤੀ, ਸਮਝ ਲਿਆ ਕਰ ਰਮਜ਼ਾਂ ਯਾਰਾ,
ਸ਼ਿਕਵੇ ਨੈਣੀਂ ਅੱਥਰੂ ਬਣਦੇ, ਹਰ ਥਾਵੇਂ ਨਾ ਡੋਲ੍ਹ ਦਿਆ ਕਰ।

ਟਾਕੀ ਦੇ ਵਿੱਚ ਜੁਗਨੂੰ ਜਿਹੜੇ,ਦਿਨੇ ਗਵਾਚਣ ਰਾਤੀਂ ਲੱਭਣ,
ਏਸ ਬੁਝਾਰਤ ਵਿਚਲੇ ਤਾਰੇ ਬੱਚਿਆਂ ਨੂੰ ਵੀ ਟੋਲ ਦਿਆ ਕਰ।

ਕੱਲ੍ਹਿਆਂ ਕੱਲ੍ਹਿਆਂ ਧੁਖ਼ਦੇ ਰਹਿਣਾ, ਫਿਰ ਕਹਿਣਾ ਕਿ ਦਮ ਘੁੱਟਦਾ ਹੈ,
ਗ਼ਮ ਦੀ ਧੂਣੀ ਬਲਣੋਂ ਪਹਿਲਾਂ, ਸੱਜਣਾਂ ਦੇ ਸੰਗ ਫ਼ੋਲ ਦਿਆ ਕਰ।

ਚੰਦਨ ਰੁੱਖੜਾ ਸੀਤਲ ਛਾਵਾਂ ਹੁੰਦਿਆਂ ਤਪਦਾ ਮਨ ਦਾ ਵਿਹੜਾ,
ਵਗਦੀ ਰਹਿ ਲਟਬੌਰੀਏ ਪੌਣੇ, ਸਾਹੀਂ ਸੰਦਲ ਘੋਲ ਦਿਆ ਕਰ।

42. ਜੀਵੇ ਜਾਗੇ ਭਾਵੇਂ ਸਭ ਪਰਿਵਾਰ ਮਿਰਾ

ਜੀਵੇ ਜਾਗੇ ਭਾਵੇਂ ਸਭ ਪਰਿਵਾਰ ਮਿਰਾ।
ਮਾਂ ਬਿਨ ਕੌਣ ਉਤਾਰੇ, ਮਨ ਤੋਂ ਭਾਰ ਮਿਰਾ।

ਨਿੱਕੇ ਜਹੇ ਨੂੰ ਵੇਖੋ, ਬੋਹੜ ਬਣਾ ਗਈ ਉਹ,
ਕੁਲ ਦੁਨੀਆਂ ਵਿੱਚ ਫੈਲ ਗਿਆ ਪਰਿਵਾਰ ਮਿਰਾ।

ਮੇਰੀ ਧਰਤੀ ਅੰਬਰ ਵੀ ਸੀ ਓਹੀ ਉਹ,
ਤੁਰ ਗਈ ਹੈ ਤਾਂ ਸੁੰਗੜਿਆ ਸੰਸਾਰ ਮਿਰਾ।

ਗੁਣੇ, ਗੁਲਗੁਲੇ ਤਲਦੀ ਸਦਾ ਵਿਸਾਖੀ ਨੂੰ,
ਮਾਂ ਦੇ ਮਗਰੋਂ ਖੁੱਸ ਗਿਆ ਅਧਿਕਾਰ ਮਿਰਾ।

ਸ਼ਾਮ ਪਈ ਘਰ ਜਦੋਂ ਕੁਵੇਲੇ ਮੁੜਦਾ ਸਾਂ,
ਸਦਾ ਝਿੜਕਕੇ ਮਾਂ ਕਰਦੀ ਸਤਿਕਾਰ ਮਿਰਾ।

ਉਸ ਦੇ ਪੈਰਾਂ ਹੇਠਾਂ ਜਿਹੜੀ ਜੰਨਤ ਸੀ,
ਮਹਿਕ ਰਿਹਾ ਉਸ ਕਰਕੇ ਹੀ ਘਰ ਬਾਰ ਮਿਰਾ।

ਮਾਂ ਦੇ ਹੁੰਦਿਆਂ, ਇੱਟ ਖੜਿੱਕਾ, ਚੱਲਦਾ ਸੀ,
ਹੁਣ ਨਹੀਂ ਹੁੰਦਾ ਕਿਸੇ ਨਾਲ ਤਕਰਾਰ ਮਿਰਾ।

43. ਟੁੱਟਿਆ ਸੌ ਵਾਰ ਫਿਰ ਵੀ ਟਾਹਣੀਆਂ ’ਤੇ ਜੁੜ ਗਿਆ

ਟੁੱਟਿਆ ਸੌ ਵਾਰ ਫਿਰ ਵੀ ਟਾਹਣੀਆਂ ’ਤੇ ਜੁੜ ਗਿਆ।
ਜ਼ਰਦ ਪੱਤਾ ਕਿਰ ਗਿਆ ਫ਼ਿਰ ਸਬਜ਼ ਪੱਤਾ ਪੁੰਗਰਿਆ।

ਧਰਤ ਅੰਦਰ ਉਗਮਦਾ ਤੇ ਬਿਣਸਦਾ, ਵੇਖੋ ਕਮਾਲ,
ਤੁਰ ਰਿਹਾ ਹੈ ਜ਼ਿੰਦਗੀ, ਤੇਰਾ ਨਿਰੰਤਰ ਕਾਫ਼ਲਾ।

ਮੈਂ ਤੇਰੇ ਤੋਂ ਦੂਰ ਵੀ ਹਾਂ, ਨੇੜ ਵੀ ਧੜਕਣ ਦੇ ਵਾਂਗ,
ਮਨ-ਪਰਿੰਦਾ ਮੌਜ ਅੰਦਰ, ਇੱਕ ਥਾਂ ਨਹੀਂ ਠਹਿਰਦਾ।

ਸੜ ਗਿਆ ਜੰਗਲ ਤੇ ਉਸ ਵਿੱਚ ਰਾਖ਼ ਹੋਇਆ ਬਹੁਤ ਕੁਝ,
ਕਰਮ ਇਹ ਤੇਰਾ ਮੁਹੱਬਤ, ਫੇਰ ਹੈ ਜੰਗਲ ਹਰਾ।

ਅਜਬ ਹੈ ਰਿਸ਼ਤਾ ਸਨੇਹ ਦਾ, ਰੋਜ਼ ਤੁਰਨਾ ਤੇਗ ’ਤੇ,
ਵਾਵਰੋਲੇ ਤੇਜ਼ ਤਿੱਖੇ, ਝੁਲਸਦੀ ਤਪਦੀ ਹਵਾ।

ਐ ਦਿਲਾ ਪੁੱਛੀਂ ਕਦੇ ਤੂੰ, ਇਸ਼ਕ ਨੂੰ ਵਿਸ਼ਵਾਸ ਨਾਲ,
ਚੋਰ ਵਾਂਗੂੰ ਤੂੰ ਕਦੋਂ ਸੈਂ ਏਥੇ ਆ ਕੇ ਬਹਿ ਗਿਆ।

ਖੁੱਲ੍ਹਦੀਆਂ ਸਨ ਖਿੜਕੀਆਂ ਹਰ ਰੋਜ਼ ਰੌਸ਼ਨਦਾਨ ਵੀ,
ਮਨ ਦਾ ਬੂਹਾ, ਤੇਰੇ ਮਗਰੋਂ, ਦਸਤਕਾਂ ਲਈ ਸਹਿਕਦਾ।

44. ਵੇਖ ਲਵੋ ਜੀ, ਸਾਡੇ ਹੁੰਦਿਆਂ, ਸੱਚ ਨੂੰ ਏਥੇ ਡੰਨ ਹੁੰਦੇ ਨੇ

ਵੇਖ ਲਵੋ ਜੀ, ਸਾਡੇ ਹੁੰਦਿਆਂ, ਸੱਚ ਨੂੰ ਏਥੇ ਡੰਨ ਹੁੰਦੇ ਨੇ।
ਜ਼ੋਰ ਜ਼ੁਲਮ ਦੇ ਡੇਰੇ ਮੈਥੋਂ, ਕੱਲ੍ਹਿਆਂ ਕਿੱਥੇ ਭੰਨ ਹੁੰਦੇ ਨੇ।

ਕੰਧਾਂ ਕਰਨ ਚੁਗਲੀਆਂ ਅਕਸਰ, ਵਤਨ ਮੇਰੇ ਵਿੱਚ ਸੁਣਿਆ ਸੀ ਪਰ,
ਅਮਰੀਕਾ ਵਿੱਚ ਅੱਖੀਂ ਤੱਕਿਐ, ਪੌਣਾਂ ਨੂੰ ਵੀ ਕੰਨ ਹੁੰਦੇ ਹਨ।

ਚੰਦਰ ਬੰਸੀ, ਸੂਰਜ ਬੰਸੀ, ਮਾਵਾਂ ਹੀ ਤਾਂ ਜੰਮਦੀਆਂ ਨੇ,
ਧੀਆਂ ਦੀ ਥਾਂ ਪੁੱਤਰ ਹੀ ਕਿਉਂ, ਅੱਖ ਦੇ ਤਾਰੇ ਚੰਨ ਹੁੰਦੇ ਨੇ।

ਸੀਸ ਤਲੇ ’ਤੇ ਧਰਦੇ, ਮਰਦੇ, ਚੌਕ ਚੁਰਸਤੇ ਦੀਵਾ ਧਰਦੇ,
ਏਸ ਨਸਲ ਦੇ ਪੁੱਤਰ ਧੀਆਂ, ਸੱਚੀਂ ਮੁੱਚੀਂ ਧੰਨ ਹੁੰਦੇ ਨੇ।

ਤੂੰ ਮਿਲ ਗਈ, ਦਿਲ ਹੌਲਾ ਕੀਤਾ, ਹੁਣ ਮੈਂ ਵੇਖੀਂ ਤੇਜ਼ ਤੁਰਾਂਗਾ,
ਦਿਲ ਦਰਿਆਈ ਹਡ਼੍ਹ ਦੇ ਪਾਣੀ, ਕੱਲ੍ਹਿਆਂ ਕਿੱਥੇ ਬੰਨ੍ਹ ਹੁੰਦੇ ਨੇ।

ਤੁਰਦੇ ਜਾਈਏ ਚੁੱਪ ਚੁਪੀਤੇ, ਸਿਵਿਆਂ ਦੇ ਵੱਲ ਤੁਰਦੇ ਤੁਰਦੇ,
ਛਲਕ ਰਹੇ ਨੈਣਾਂ ਦੇ ਕੁੱਜੇ, ਓਦਾਂ ਕਿੱਥੇ ਭੰਨ ਹੁੰਦੇ ਨੇ।

ਵਕਤ ਵਿਖਾਏ ਸ਼ੀਸ਼ਾ ਸਭ ਨੂੰ, ਵੇਖੋ ਜਾਂ ਨਾ ਵੇਖੋ, ਮਰਜ਼ੀ,
ਰੂਹ ਦੇ ਦਾਗ ਤੇ ਮੈਲੇ ਚਿਹਰੇ, ਓਦਾਂ ਕਿੱਥੇ ਮੰਨ ਹੁੰਦੇ ਨੇ।

45. ਜੀਅ ਰਿਹਾ ਨਾ ਮਰ ਰਿਹਾ ਹੁਣ ਆਮ ਬੰਦਾ ਕੀਹ ਕਰੇ

ਜੀਅ ਰਿਹਾ ਨਾ ਮਰ ਰਿਹਾ ਹੁਣ ਆਮ ਬੰਦਾ ਕੀਹ ਕਰੇ।
ਬਲ ਰਹੇ ਜੰਗਲ 'ਚ ਦੱਸੋ, ਆਮ ਬੰਦਾ ਕੀਹ ਕਰੇ।

ਜਾਲ ਅੰਦਰ ਜਾਲ ਤੇ ਫਿਰ ਜਾਲ ਅੱਗੇ ਜਾਲ ਨੇ,
ਜਾਲ ਅੰਦਰ ਫਸਣ ਦੀ ਥਾਂ, ਆਮ ਬੰਦਾ ਕੀਹ ਕਰੇ।

ਰਾਹਨੁਮਾ ਵੀ ਆਪ ਭਟਕੇ, ਵੱਜਦੇ ਨੇ ਥਾਂ-ਕੁ-ਥਾਂ,
ਕਾਫ਼ਲੇ ਨੂੰ ਕਹਿਣ ਬੈਠੋ, ਆਮ ਬੰਦਾ ਕੀਹ ਕਰੇ।

ਧਰਮ ਧੁਰਿਉਂ ਲਹਿ ਗਿਆ ਹੈ, ਥਿੜਕਿਆ ਇਖ਼ਲਾਕ ਵੀ,
ਧਰਮਸਾਲਾਂ ਵਿਚ ਜਾ ਕੇ, ਆਮ ਬੰਦਾ ਕੀਹ ਕਰੇ।

ਪਿੰਡ ਦੀ ਫਿਰਨੀ ਤੋਂ ਲੈ ਕੇ ਸ਼ਹਿਰ ਅੰਦਰ ਫੁਟਪਾਥ,
ਡੁਸਕਦੇ ਪਰ ਕੁਸਕਦੇ ਨਾ, ਆਮ ਬੰਦਾ ਕੀਹ ਕਰੇ।

ਚੋਣ ਦੇ ਮੌਸਮ 'ਚ ਹੁਣ ਤੇ ਨਾਅਰਿਆਂ ਦੀ ਭੀੜ ਹੈ,
ਸ਼ੋਰ ਦੇ ਬਾਜ਼ਾਰ ਅੰਦਰ, ਆਮ ਬੰਦਾ ਕੀਹ ਕਰੇ।

46. ਸੁੱਤਿਆਂ ਅੰਦਰ ਸੁਪਨ ਜਗਾਉਂਦੇ ਰਹਿੰਦੇ ਹਾਂ

ਸੁੱਤਿਆਂ ਅੰਦਰ ਸੁਪਨ ਜਗਾਉਂਦੇ ਰਹਿੰਦੇ ਹਾਂ।
ਮਾਚਸ ਉੱਪਰ ਤੀਲੀ ਵਾਂਗੂੰ ਖਹਿੰਦੇ ਹਾਂ।

ਉੱਡਦੀਆਂ ਦੇ ਪਿਛੇ ਫਿਰਨਾ ਸ਼ੌਕ ਨਹੀਂ,
ਪੱਕੇ ਪੈਰੀਂ ਧਰਤੀ ਉਤੇ ਰਹਿੰਦੇ ਹਾਂ।

ਮਾਣ ਨਹੀਂ, ਅਭਿਮਾਨ ਨਹੀਂ, ਵਿਸ਼ਵਾਸੀ ਹਾਂ,
ਬਾਤ ਹਮੇਸ਼ਾ ਦਿਲ ਵਾਲੀ ਹੀ ਕਹਿੰਦੇ ਹਾਂ।

ਨਿੱਕੇ ਨਿੱਕੇ ਹਾਕਮ ਸਾਡੇ ਅੰਦਰ ਨੇ,
ਏਸੇ ਹੀ ਕਮਜ਼ੋਰੀ ਹੱਥੋਂ ਢਹਿੰਦੇ ਹਾਂ।

ਖੁਸ਼ਬੋਈ ਤੇ ਚਾਨਣ ਚਾਨਣ ਹੋ ਜਾਵੇ,
ਜਿਹੜੀ ਵੀ ਥਾਂ ਆਪਾਂ ਰਲ ਕੇ ਬਹਿੰਦੇ ਹਾਂ।

ਦਿਲ ਦੀ ਹਾਲਤ ਪੁੱਛਦਾ ਹੈਂ ਤਾਂ ਸੁਣ ਲੈ ਤੂੰ,
ਸੂਰਜ ਵਾਂਗੂੰ ਅੰਬਰੀਂ ਚੜ੍ਹਦੇ ਲਹਿੰਦੇ ਹਾਂ।
ਕੁਰਸੀ ਸਾਨੂੰ ਕਿੰਨਾ ਵਾਧੂ ਕੀਤਾ ਹੈ,
ਮੰਜਿਆਂ ਵਾਂਗੂੰ ਕਦੇ ਕਦਾਈਂ ਡਹਿੰਦੇ ਹਾਂ।

47. ਸੁਰਮ ਸਲੇਟੀ ਰੰਗ ‘ਚ ਰੂਹ ਨੂੰ ਡੋਬ ਲਿਆ ਦਿਲਦਾਰ ਅਸੀਂ

ਸੁਰਮ ਸਲੇਟੀ ਰੰਗ ‘ਚ ਰੂਹ ਨੂੰ ਡੋਬ ਲਿਆ ਦਿਲਦਾਰ ਅਸੀਂ।
ਕੋਈ ਹੋਰ ਨਹੀਂ ਰੰਗ ਕਰਨਾ ਇਸ ਤੇ ਦੂਜੀ ਵਾਰ ਅਸੀਂ।

ਧੁੱਪਾਂ, ਛਾਵਾਂ, ਵੰਡਦਾ ਸੂਰਜ, ਸਾਡੇ ਹਿੱਸੇ ਰਾਤ ਕਿਓਂ,
ਤਾਰਿਆਂ ਨਾਲ ਯਾਰਾਨੇ ਪਾ ਲਏ ਬਦਲ ਲਿਆ ਪਰਿਵਾਰ ਅਸੀਂ।

ਰੋਜ਼ ਦਿਹਾੜੀ ਤੁਰਦੇ ਤੁਰਦੇ ਵਾਲੋਂ ਨਿੱਕੀ ਪੰਧੀ ਤੇ,
ਵਾਹੋ ਦਾਹੀ ਲੰਘਦੇ ਹਾਂ ਹੁਣ ,ਤੇਗ ਤਿਖੇਰੀ ਧਾਰ ਅਸੀਂ।

ਸੂਰਜ ਤੋਂ ਵੀ ਪਰਲੇ ਪਾਸੇ ਕੌਤਕ ਵੇਖਣ ਜਾਵਾਂਗੇ,
ਹਿੰਮਤ ਨਾਲ ਪੁਗਾਵਾਂਗੇ ਜੇ ਕੀਤਾ ਹੈ ਇਕਰਾਰ ਅਸੀਂ।

ਫੁੱਲਾਂ ਵਿੱਚ ਖ਼ੁਸ਼ਬੋਈ ਜਿਓਂ ਰੰਗ, ਸੁਰ ਸ਼ਬਦੀਂ ਢਲ ਜਾਵਾਂਗੇ,
ਬਣਨਾ ਨਾ ਪਰ ਧਰਤੀ ਉੱਤੇ ਹੁਣ ਬੇਲੋੜਾ ਭਾਰ ਅਸੀਂ।

ਸਗਲ ਸ੍ਰਿਸ਼ਟੀ ਸਾਂਝੀ ਬੁੱਕਲ ਲੀਕ ਵਿਹੂਣੀ ਧਰਤੀ ਜੋੜ,
ਏਸ ਤਰ੍ਹਾਂ ਹੀ ਜੋੜ ਲਵਾਂਗੇ ਦਿਲ ਦੀ ਟੁੱਟੀ ਤਾਰ ਅਸੀਂ।

ਹਮ ਨਸਲਾਂ ਦੀ ਫ਼ਸਲ ਵਧਾਓ ਰੰਗਾਂ ਦੀ ਰਖਵਾਲੀ ਲਈ,
ਮੁੱਕਦੇ ਮੁੱਕਦੇ ਮੁੱਕ ਨਾ ਜਾਈਏ, ਗ਼ਰਜ਼ਾਂ ਤੇ ਅਸਵਾਰ ਅਸੀਂ।

48. ਆਹ ਫੜ ਸੂਰਜ ਮੱਥੇ ਜੜ ਲੈ ਅੰਬਰ ਵਿਚਲੇ ਚੰਨ ਸਿਤਾਰੇ

ਆਹ ਫੜ ਸੂਰਜ ਮੱਥੇ ਜੜ ਲੈ ਅੰਬਰ ਵਿਚਲੇ ਚੰਨ ਸਿਤਾਰੇ।
ਨੂਰੋ ਨੂਰ ਚੁਫ਼ੇਰਾ ਕਰ ਦੇ, ਧਰਤੀ ਮਾਂ ਦੇ ਰਾਜ ਦੁਲਾਰੇ।

ਗਿਠਮੁਠੀਆਂ ਨੇ ਧਰਮ ਕਰਮ ਨੂੰ ਆਪਣੇ ਜੇਡ ਬਣਾ ਹੈ ਧਰਿਆ,
ਜੀਵਨ ਸੇਧ, ਸਮਰਪਣ ਗੁੰਮਿਆ, ਲੁਕਦੇ ਫਿਰਦੇ ਸ਼ਬਦ ਵਿਚਾਰੇ।

ਨਾਈਲਨ ਬੁਣੀ ਜਰਾਬ ਜਹੇ ਨੇ ਹਰ ਇੱਕ ਪੈਰ ਚ ਪੂਰੇ ਨਿਭਦੇ,
ਬੰਦਿਆਂ ਨੂੰ ਕੀ ਹੋਇਆ ਯਾਰੋ, ਕਿੱਧਰ ਤੁਰ ਗਏ ਸਿਰ ਦਸਤਾਰੇ।

ਸ਼ਬਦ ਕਟਹਿਰੇ ਅੰਦਰ ਫਸਿਆ ਰੋਜ਼ ਤਰੀਕਾਂ ਭੁਗਤ ਰਿਹਾ ਹੈ,
ਅੰਨ੍ਹੀ ਨਗਰੀ ਚੌਪਟ ਰਾਜਾ,ਹੱਕ ਸੱਚ ਕਿੱਥੇ ਅਰਜ਼ ਗੁਜ਼ਾਰੇ।

ਬੇ ਗ਼ਮ ਪੁਰ ਦੇ ਨਕਸ਼ ਗੁਆ ਕੇ ਮੇਰੇ ਵਰਗੇ ਕਿੰਨੇ ਪਾਗ਼ਲ,
ਨ੍ਹੇਰ ਗਲੀ ਵਿੱਚ ਫਿਰਨ ਗੁਆਚੇ, ਸੁਰਗਪੁਰੀ ਦੇ ਵੇਚਣ ਲਾਰੇ।

ਕੂੜ ਫਿਰੇ ਪਰਧਾਨ ਅਜੇ ਵੀ ਪੰਜ ਸਦੀਆਂ ਦੇ ਪੈਂਡੇ ਮਗਰੋਂ,
ਹੇ ਇਨਸਾਫ਼ ! ਤੂੰ ਗੁੰਮਿਆ ਕਿੱਥੇ, ਲੱਭਦੇ ਫਿਰਦੇ ਤੈਨੂੰ ਸਾਰੇ।

ਨਿਸ਼ਚੇ ਤੋਂ ਬਿਨ ਭਟਕ ਰਹੇ ਹਾਂ, ਲਟਕ ਰਹੇ ਹਾਂ ਏਸੇ ਕਰਕੇ,
ਪੈਰਾਂ ਹੇਠ ਧਰਤ ਨਾ ਸਾਡੇ,ਬਿਨ ਵਿਸ਼ਵਾਸੋਂ, ਬੇ ਹਥਿਆਰੇ।

49. ਖ਼ੂਨ ਜਿਗਰ ਦਾ ਪਾਉਣਾ ਪੈਂਦਾ ਸ਼ਬਦ ਸਦਾ ਕੁਰਬਾਨੀ ਮੰਗਦੇ

ਖ਼ੂਨ ਜਿਗਰ ਦਾ ਪਾਉਣਾ ਪੈਂਦਾ ਸ਼ਬਦ ਸਦਾ ਕੁਰਬਾਨੀ ਮੰਗਦੇ।
ਜੇ ਬੋਲੋ ਤਾਂ ਜਾਨ ਨੂੰ ਖ਼ਤਰਾ ਨਾ ਬੋਲੋ ਤਾਂ ਸੂਲੀ ਟੰਗਦੇ।

ਹਰ ਪਲ ਜੀਕੂੰ ਇਮਤਿਹਾਨ ਹੈ, ਰਹਿਣਾ ਪੈਂਦੈ ਲੱਤ ਇੱਕੋ ਤੇ,
ਚੌਂਕੀਦਾਰ ਤੋਂ ਸਖ਼ਤ ਨੌਕਰੀ, ਫ਼ਿਕਰ ਚੁਫ਼ੇਰਿਓਂ ਰਹਿੰਦੇ ਡੰਗਦੇ।

ਖਿੱਲਰੇ ਪੁੱਲਰੇ ਸੁਪਨ ਹਜ਼ਾਰਾਂ, ਸ਼ਬਦਾਂ ਨੂੰ ਮੈਂ ਰਹਾਂ ਸੌਂਪਦਾ,
ਦਿਨ ਤੇ ਰਾਤ ਮੈਂ ਚੁਗਦਾ ਰਹਿੰਦਾਂ ਖਿੱਲਰੇ ਟੋਟੇ ਰੰਗਲੀ ਵੰਗ ਦੇ।

ਮਸ਼ਕ ਘਨੱਈਏ ਵਾਲੀ ਮੇਰੇ, ਸ਼ਬਦ ਉਸੇ ਪਲ ਬਣ ਜਾਂਦੇ ਨੇ,
ਵਤਨਾਂ ਦੀ ਰਖਵਾਲੀ ਕਹਿ ਕੇ, ਬਣਨ ਆਸਾਰ ਜਦੋਂ ਵੀ ਜੰਗ ਦੇ।

ਇਹ ਵੈਰੀ ਨੇ ਮਾਨਵਤਾ ਦੇ, ਤਾਰ ਤਾਰ ਫੁਲਕਾਰੀਆਂ ਕਰਦੇ,
ਜੋ ਕਹਿੰਦੇ ਨੇ ਵਤਨ ਹਮਾਰਾ, ਹੋ ਜਾਓ ਸਭ ਇੱਕੋ ਰੰਗ ਦੇ।

ਸੱਚ ਪੁੱਛੋ ਤਾਂ ਤੋਰੀ ਫਿਰਦੀ, ਮਿਰਗ ਨੂੰ ਜੀਕਣ ਗੰਧ ਕਥੂਰੀ,
ਸ਼ਬਦ ਬਿਨਾ ਮੈਂ ਰੁਲ ਜਾਣਾ ਸੀ, ਜ਼ਿੰਦਗੀ ਜਾਂਦੀ ਭਾੜੇ ਭੰਗ ਦੇ।

ਦੇਸ਼ ਆਜ਼ਾਦ ਭਲਾ ਕੀ ਹੋਇਆ ਮੇਰੀ ਰਾਵੀ ਹੋ ਗਈ ਟੁਕੜੇ,
ਪਹਿਲੀ ਵਾਰੀ ਤੱਕਿਆ ਜੱਗ ਨੇ, ਏਨੇ ਟੋਟੇ ਇੱਕੋ ਅੰਗ ਦੇ।

50. ਹੁਣੇ ਹੁਣੇ ਬੱਸ ਚੇਤੇ ਕੀਤਾ, ਓਸੇ ਪਲ ਆਹ ਸੂਰਜ ਚੜ੍ਹਿਆ

ਹੁਣੇ ਹੁਣੇ ਬੱਸ ਚੇਤੇ ਕੀਤਾ, ਓਸੇ ਪਲ ਆਹ ਸੂਰਜ ਚੜ੍ਹਿਆ।
ਕਿਰਨਾਂ ਚਾਰ ਚੁਫ਼ੇਰੇ ਝੁਰਮਟ, ਤੂੰ ਇਹ ਕਿਹੜਾ ਮੰਤਰ ਪੜ੍ਹਿਆ।

ਦਿਨ ਤੇ ਰਾਤ ਮਿਲਾ ਕੇ ਚੌਵੀ, ਘੰਟੇ ਹੁੰਦੇ ਰੋਜ਼ ਦਿਹਾੜੀ,
ਮੇਰੇ ਸਾਹਾਂ ਅੰਦਰ ਧੜਕੇਂ, ਲਾਵੇਂ ਅੱਖ ਘੜੀ ਨਾ ਅੜਿਆ।

ਮਨ ਸਾਂਭਣ ਲਈ ਤਨ ਦੀਵਾਰਾਂ, ਮਨ ਤੇ ਪਹਿਰਾ ਤਨ ਦੀ ਖ਼ਾਤਰ,
ਮਹਿਕ ਤੇਰੀ ਦਾ ਮਾਣਕ ਮੋਤੀ, ਦਿਸਦਾ ਨਹੀਂ ਇਹ ਮੁੰਦਰੀ ਜੜਿਆ।

ਅਜੇ ਝਨਾਂ ਚੋਂ ਆਉਣ ਆਵਾਜ਼ਾਂ, ਪਾਰ ਲੰਘਾ ਦੇ ਸੋਹਣੀ ਨੂੰ ਤੂੰ,
ਵੇ ਵੀਰਾ ਵੇ ਜੀਣ ਜੋਗਿਆ, ਖ਼ੁਰ ਨਾ ਜਾਵੀਂ ਸਿਦਕੀ ਘੜਿਆ।

ਪੀਂਘ ਹੁਲਾਰੇ ਮਾਰ ਭਰ ਦਿਆਂ, ਸੂਰਜ ਤੋਂ ਵੀ ਪਾਰ ਉਡਾਰੀ,
ਤੂੰ ਮਿਲਿਆ ਮਨ ਚੰਬਾ ਖਿੜਿਆ, ਜਾਪੇ ਜਿਉਂ ਹੈ ਚੇਤਰ ਚੜ੍ਹਿਆ।

ਤੇਰੇ ਮੋਹ ਦੀ ਰਿਸ਼ਮ ਸੁਨਹਿਰੀ, ਮਹਿਕ ਰਹੀ ਚੰਬੇਲੀ ਵਾਂਗਰ,
ਵੇਖ ਤੇਰੇ ਅਹਿਸਾਸ ਦੀ ਕੰਨੀ, ਨੂੰ ਮੈਂ ਕਿੰਨਾ ਘੁੱਟ ਕੇ ਫੜਿਆ।

ਦਿਨ ਦੇ ਚਿੱਟੇ ਚਾਨਣ ਅੰਦਰ, ਤੇਰੇ ਨੈਣਾਂ ਕੀ ਨਹੀਂ ਕੀਤਾ,
ਫੇਰ ਪਤਾ ਨਹੀਂ ਕਿਓਂ ਤੂੰ ਸਾਰਾ, ਦੋਸ਼ ਹਨ੍ਹੇਰੇ ਦੇ ਸਿਰ ਮੜ੍ਹਿਆ।

  • ਪੰਜਾਬੀ ਗ਼ਜ਼ਲਾਂ (51-93)
  • ਮੁੱਖ ਪੰਨਾ : ਕਾਵਿ ਰਚਨਾਵਾਂ, ਗੁਰਭਜਨ ਗਿੱਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ