Pippal Pattian (Geet Sangreh) : Gurbhajan Gill
ਪਿੱਪਲ ਪੱਤੀਆਂ (ਗੀਤ-ਸੰਗ੍ਰਹਿ) : ਗੁਰਭਜਨ ਗਿੱਲ
ਸਮਰਪਣ
ਸੁਰ ਸ਼ਬਦ ਸੂਝ ਦਾ ਊੜਾ ਐੜਾ ਪੜ੍ਹਾਉਣ ਵਾਲੇ ਵਿੱਛੜੇ ਪੁਰਖ਼ੇ ਉਸਤਾਦ ਜਸਵੰਤ ਭੰਵਰਾ, ਜਨਾਬ ਸ਼ੌਕਤ ਅਲੀ, ਅਮਰਜੀਤ ਗੁਰਦਾਸਪੁਰੀ ਅਤੇ ਪਿਛਲੇ ਪੰਜਾਹ ਸਾਲ ਤੋਂ ਦੋਸਤੀ ਦੀ ਵੇਲ ਵਰਗੇ ਕੈਨੇਡਾ ਵੱਸਦੇ ਮਹਿਕੰਦੜੇ ਬੇਲੀ ਸੁਰਜੀਤ ਸਿੰਘ ਮਾਧੋਪੁਰੀ ਦੇ ਨਾਮ ****** ਜੇਠ ਹਾੜ੍ਹ ਦੀਆਂ ਲੂਆਂ ਮਗਰੋਂ ਝੜੀਆਂ ਸਾਉਣ ਦੀਆਂ ਆਉਂਦੀਆਂ ਨੇ । ਸਾਵੇਂ ਖੇਡਣ ਧੀਆਂ ਭੈਣਾਂ ਬਿਰਖ਼ੀਂ ਪੀਂਘਾਂ ਪਾਉਂਦੀਆਂ ਨੇ । ਲੰਮੀ ਹੇਕ ਦੇ ਗੀਤ, ਸੁਣਦਿਆਂ ਧਰਤ ਵਜਦ ਵਿੱਚ ਆ ਜਾਵੇ, ਪਿੱਪਲ ਪੱਤੀਆਂ ਸੁਰ ਵਿੱਚ ਲਹਿਰਨ, ਰੂਹ ਨੂੰ ਗੀਤ ਸੁਣਾਉਂਦੀਆਂ ਨੇ । ******
1. ਤੂੰ ਦਸਤਾਰ ਪੰਜਾਬ ਦੀ ਵੀਰਾ
ਤੂੰ ਦਸਤਾਰ ਪੰਜਾਬ ਦੀ ਵੀਰਾ, ਪੈਰ ਨਹੀਂ ਗੁਰਗਾਬੀ ਦਾ । ਅੰਗਰੇਜ਼ੀ ਦੇ ਪਿੱਛੇ ਲੱਗ ਕੇ, ਕਰ ਨਾ ਘਾਣ ਪੰਜਾਬੀ ਦਾ । ਨਾਥ ਜੋਗੀਆਂ ਲਿਖੀ ਪੰਜਾਬੀ, ਸ਼ੇਖ ਫ਼ਰੀਦ ਸੰਵਾਰੀ । ਗੁਰੂਆਂ ਦਿੱਤੀ ਜਿਹੜੀ ਸ਼ਕਤੀ, ਫਿਰਦੇ ਅਸੀਂ ਵਿਸਾਰੀ । ਫ਼ਿਕਰ ਕਰੋ ਵਾਰਿਸ ਦੇ ਦਿੱਤੇ, ਅਕਲ ਭੰਡਾਰ ਦੀ ਚਾਬੀ ਦਾ । ਅੰਗਰੇਜ਼ੀ ਦੇ ਪਿੱਛੇ ਲੱਗ ਕੇ, ਕਰ ਨਾ ਘਾਣ ਪੰਜਾਬੀ ਦਾ । ਬੱਚਿਆਂ ਦੇ ਲਈ ਗੁੰਨ ਕੇ ਮਿੱਟੀ, ਸ਼ਕਲਾਂ ਘੜ ਘੁਮਿਆਰਾ । ਸੋਨਾ ਢਾਲ ਜ਼ਬਾਨ ਦਾ ਗਹਿਣਾ ਸਮੇਂ ਦਾ ਤੂੰ ਸੁਨਿਆਰਾ । ਮਿੱਧ ਨਾ ਪੈਰੀਂ ਸੂਹਾ ਸੁਪਨਾ, ਸੋਹਣੇ ਫੁੱਲ ਗੁਲਾਬੀ ਦਾ । ਅੰਗਰੇਜ਼ੀ ਦੇ ਪਿੱਛੇ ਲੱਗ ਕੇ ਕਰ ਨਾ ਘਾਣ ਪੰਜਾਬੀ ਦਾ । ਹਰ ਧਰਤੀ ਦੀ ਸ਼ਾਨ ਸਲਾਮਤ, ਮਾਂ ਬੋਲੀ ਦੇ ਸਦਕੇ । ਕੌਣ ਮੁਹੱਬਤ ਵੰਡ ਸਕਦਾ ਹੈ, ਮਾਂ ਬੋਲੀ ਤੋਂ ਵਧ ਕੇ । ਮੁੱਲ ਤਾਰਨਾ ਪੈ ਸਕਦਾ ਹੈ, ਫੋਕੀ ਸ਼ਾਨ ਨਵਾਬੀ ਦਾ । ਅੰਗਰੇਜ਼ੀ ਦੇ ਪਿੱਛੇ ਲੱਗ ਕੇ, ਕਰ ਨਾ ਘਾਣ ਪੰਜਾਬੀ ਦਾ । ਮਾਂ ਬੋਲੀ, ਮਾਂ ਧਰਤੀ ਸਾਂਭੋ, ਰਲ਼ ਕੇ ਪੁੱਤਰ ਧੀਆਂ । ਫੁਲਕਾਰੀ ਦੇ ਰੰਗ ਬਚਾਉਣੇ, ਇਸ ਧਰਤੀ ਦੇ ਜੀਆਂ । ਆਪੋ ਆਪਣੇ ਘਰ ਚੋਂ ਲੱਭੋ, ਅਸਲ ਨਿਸ਼ਾਨ ਖ਼ਰਾਬੀ ਦਾ । ਅੰਗਰੇਜ਼ੀ ਦੇ ਪਿੱਛੇ ਲੱਗ ਕੇ ਕਰ ਨਾ ਘਾਣ ਪੰਜਾਬੀ ਦਾ ।
2. ਤੋੜ ਦਿਉ ਜੰਜ਼ੀਰਾਂ
ਤੋੜ ਦਿਉ ਜੰਜ਼ੀਰਾਂ ਪੈਰੋਂ ਤੋੜ ਦਿਉ ਸਾਨੂੰ ਸਾਡਾ ਬਾਲ ਬਚਪਨਾ ਮੋੜ ਦਿਉ । ਕੀ ਕਰਨਾ ਹੈ ਲਾਗੂ ਤੁਸੀਂ ਅਸੂਲਾਂ ਨੂੰ । ਸਾਡੇ ਵਰਗੇ ਤਰਸਣ ਪੜ੍ਹਨ ਸਕੂਲਾਂ ਨੂੰ । ਤੀਜੇ ਨੇਤਰ ਨਾਲ ਅਸਾਂ ਨੂੰ ਜੋੜ ਦਿਉ । ਸਾਨੂੰ ਸਾਡਾ ਬਾਲ ਬਚਪਨਾ ਮੋੜ ਦਿਉ । ਦਿਨ ਚੜ੍ਹਦੇ ਹੀ ਤੁਰੀਏ ਕੰਮਾਂ ਕਾਰਾਂ ਨੂੰ । ਦਿਸਦੇ ਹੀ ਨਾ ਅਸੀਂ ਕਦੇ ਸਰਕਾਰਾਂ ਨੂੰ । ਝੁੱਗੀਆਂ ਵਾਲੇ ਬੱਚੇ ਹੀ ਕਿਉਂ ਰੋੜ੍ਹਦੇ ਓ । ਸਾਨੂੰ ਸਾਡਾ ਬਾਲ ਬਚਪਨਾ ਮੋੜ ਦਿਉ । ਰੱਦੀ ਚੁਗਦਿਆਂ ਸਾਨੂੰ ਰੱਦੀ ਗਿਣਦੇ ਹੋ । ਸਾਨੂੰ ਕਿਹੜੇ ਫੀਤੇ ਦੇ ਸੰਗ ਮਿਣਦੇ ਓ । ਇਹ ਪੈਮਾਨਾ ਹੁਣ ਤੇ ਮਾਲਕੋ ਤੋੜ ਦਿਉ । ਸਾਨੂੰ ਸਾਡਾ ਬਾਲ ਬਚਪਨਾ ਮੋੜ ਦਿਉ । ਇਹ ਸਭ ਮੁਲਕ ਜਗੀਰਾਂ ਕਿਸਦੀ ਖ਼ਾਤਰ ਨੇ । ਦੋ ਡੰਗ ਰੋਟੀਉਂ ਮਾਪੇ ਸਾਡੇ ਆਤੁਰ ਨੇ । ਭਰਮ ਭੁਲੇਖਾ ਭਾਂਡਾ ਹੁਣ ਤੇ ਫੋੜ ਦਿਉ । ਸਾਨੂੰ ਸਾਡਾ ਬਾਲ ਬਚਪਨਾ ਮੋੜ ਦਿਉ । ਸਾਡੇ ਹਿੱਸੇ ਦੱਸੋ ਕਿਹੜੀ ਰਹਿਮਤ ਹੈ? ਜੰਮਣਾ ਮੌਤ ਬਰਾਬਰ, ਜ਼ਿੰਦਗੀ ਜ਼ਹਿਮਤ ਹੈ । ਟੁੱਟੇ ਖੰਭਾਂ ਨੂੰ ਵੀ ਕਿਧਰੇ ਜੋੜ ਦਿਉ । ਸਾਨੂੰ ਸਾਡਾ ਬਾਲ ਬਚਪਨਾ ਮੋੜ ਦਿਉ । ਕੋਈ ਨਾ ਪੁੱਛੇ, ਸਾਡੇ ਦਿਲ ਕੀ ਆਉਂਦਾ ਹੈ । ਅੰਬਰੀਂ ਪੀਂਘ ਚੜ੍ਹਾਈਏ, ਦਿਲ ਤਾਂ ਚਾਹੁੰਦਾ ਹੈ । ਟੁੱਟੀ ਲੱਜ ਨੂੰ ਸਾਡੀ ਖ਼ਾਤਰ ਜੋੜ ਦਿਉ । ਸਾਨੂੰ ਸਾਡਾ ਬਾਲ ਬਚਪਨਾ ਮੋੜ ਦਿਉ । ਕੌਣ ਚੁਰਾ ਕੇ ਲੈ ਗਿਆ ਸਾਡੀਆਂ ਖੇਡਾਂ ਨੂੰ । ਸ਼ਾਤਰ ਰਲ਼ ਕੇ ਮੁੰਨਦੇ ਸਾਰੀਆਂ ਭੇਡਾਂ ਨੂੰ । ਜਿਹੜੀ ਉੱਨ ਉਤਾਰੇ ਕੈਂਚੀ ਤੋੜ ਦਿਉ । ਸਾਨੂੰ ਸਾਡਾ ਬਾਲ ਬਚਪਨਾ ਮੋੜ ਦਿਉ । ਕੌਣ ਸੰਭਾਲੇ ਸਾਨੂੰ ਨਿੱਕਿਆਂ ਬੋਟਾਂ ਨੂੰ । ਆ ਜਾਂਦੇ ਹੋ ਹਰ ਚੌਥੇ ਦਿਨ ਵੋਟਾਂ ਨੂੰ । ਟੁੱਟੇ ਪੱਤਰ ਬਿਰਖ਼ਾਂ ਦੇ ਸੰਗ ਜੋੜ ਦਿਉ । ਸਾਨੂੰ ਸਾਡਾ ਬਾਲ ਬਚਪਨਾ ਮੋੜ ਦਿਉ । ਤੋੜ ਦਿਉ ਜੰਜ਼ੀਰਾਂ ਪੈਰੋਂ ਤੋੜ ਦਿਉ ।
3. ਵੇ ਵੀਰੋ ਵੇ ਅੰਮੜੀ ਜਾਇਓ
ਵੇ ਵੀਰੋ ਵੇ ਅੰਮੜੀ ਜਾਇਉ! ਸਾਨੂੰ ਤੁਰਤ ਹਿਸਾਬ ਦਿਉ । ਸਾਨੂੰ ਡਰ ਕਿਉਂ ਵੱਢ ਵੱਢ ਖਾਵੇ, ਇਸ ਦਾ ਸਾਫ਼ ਜਵਾਬ ਦਿਉ । ਪੜ੍ਹਨ ਸਕੂਲੇ ਜਦ ਵੀ ਜਾਈਏ, ਡਰੀਏ ਜ਼ਾਲਮ ਡਾਰਾਂ ਤੋਂ । ਇੱਜ਼ਤ ਪੱਤ ਦੀ ਰਾਖੀ ਵਾਲੀ, ਆਸ ਨਹੀਂ ਸਰਕਾਰਾਂ ਤੋਂ । ਕਿਉਂ ਨਹੀਂ ਸਾਡੀ ਸ਼ਕਤੀ ਬਣਦੇ, ਪੁੱਤਰੋ ਦੇਸ ਪੰਜਾਬ ਦਿਉ । ਪੰਜ ਸਦੀਆਂ ਤੋਂ ਬਾਦ ਅਜੇ ਵੀ ਕਹਿੰਦੇ ਅਬਲਾ ਨਾਰੀ ਹੈ । ਸ਼ੇਰਾਂ ਜਹੇ ਪੁੱਤ ਜੰਮਣ ਵਾਲੀ, ਅੱਜ ਵੀ ਕਹਿਣ ਵਿਚਾਰੀ ਹੈ । ਕਿੱਧਰ ਨੂੰ ਇਨਸਾਫ਼ ਤੁਰ ਗਿਆ, ਇਸ ਦਾ ਸਾਫ਼ ਜਵਾਬ ਦਿਉ । ਪਿੰਡਾਂ ਤੇ ਸ਼ਹਿਰਾਂ ਵਿੱਚ ਰੁਲਦੀਆਂ, ਇੱਜ਼ਤ ਪੱਤ ਦੀਆਂ ਲੀਰਾਂ ਨੇ । ਹੋਰ ਕਿਸੇ ਨਾ ਡੋਲੀਆਂ ਲੁੱਟੀਆਂ,ਜਦ ਵੀ ਲੁੱਟੀਆਂ ਵੀਰਾਂ ਨੇ । ਧੀ ਨਾ ਭੈਣ ਦਾ ਰਿਸ਼ਤਾ ਚੇਤੇ, ਬਣੇ ਗੁਲਾਮ ਸ਼ਰਾਬ ਦਿਉ । ਸਾਡਾ ਹੱਕ ਵੀ ਇਸ ਧਰਤੀ ਤੇ, ਪੁੱਤਰਾਂ ਜੇਡ ਬਰਾਬਰ ਹੈ । ਕਿਉਂ ਗੁਰੂਆਂ ਦੀ ਧਰਤੀ ਉੱਤੇ, ਅੱਜ ਵੀ ਘੋਰ ਨਿਰਾਦਰ ਹੈ । ਸ਼ਬਦ ਗੁਰੂ ਸਾਡਾ ਵੀ ਓਨਾ, ਸਾਡੇ ਹੱਥ ਕਿਤਾਬ ਦਿਉ । ਬਾਬਲ ਦੀ ਪੱਗ ਮਾਂ ਦੀ ਚੁੰਨੀ, ਜੇ ਕਹਿੰਦੇ ਨੇ ਧੀਆਂ ਨੂੰ । ਸਮਝ ਕਿਉਂ ਨਹੀਂ ਆਉਂਦੀ ਏਥੇ, ਇਸ ਧਰਤੀ ਦੇ ਜੀਆਂ ਨੂੰ । ਪੱਤੀ ਪੱਤੀ ਭੁਰ ਚੱਲੇ ਹੋ, ਗੁੱਛਿਓ ਸੁਰਖ਼ ਗੁਲਾਬ ਦਿਉ । ਵੇ ਵੀਰੋ! ਵੇ ਅੰਮੜੀ ਜਾਇਓ, ਸਾਨੂੰ ਤੁਰਤ ਹਿਸਾਬ ਦਿਉ । ਸਾਨੂੰ ਡਰ ਕਿਉਂ ਵੱਢ ਵੱਢ ਖਾਵੇ, ਇਸ ਦਾ ਸਾਫ਼ ਜਵਾਬ ਦਿਉ ।
4. ਦਰੀਆਂ ਤੇ ਪਾਵਾਂ ਘੁੱਗੀਆਂ ਮੋਰ
ਦਰੀਆਂ ਤੇ ਪਾਵਾਂ ਘੁੱਗੀਆਂ ਮੋਰ ਮੇਰਾ ਕਿਹੜਾ ਹੋਰ, ਵੇ ਪਰਦੇਸੀਆ । ਰੂੰ ਦਾ ਮੈਂ ਸੂਤ ਬਣਾਵਾਂ,ਰੂਹ ਦੇ ਰੰਗ ਵਿੱਚ ਰੰਗਾਵਾਂ । ਪੌਣਾਂ ਨੂੰ ਦਿਆਂ ਸੁਨੇਹੇ, ਦੱਸ ਕੇ ਤੇਰਾ ਸਿਰਨਾਵਾਂ । ਸਾਹਾਂ ਦੀ ਗੰਢੀ ਜਾਵਾਂ ਡੋਰ, ਵੇ ਪਰਦੇਸੀਆ । ਬਹਿੰਦੇ ਜਦ ਆਣ ਬਨੇਰੇ, ਕਾਵਾਂ ਨੂੰ ਚੂਰੀ ਪਾਵਾਂ । ਸੂਤਰ ਦੇ ਖੇਸ ਉਣਾਵਾਂ, ਕੋਰੇ ਨਾ, ਪਿੜੀਆਂ ਪਾਵਾਂ । ਤੇਰੇ ਲਈ ਸਾਂਭੇ ਨਵੇਂ ਨਕੋਰ, ਵੇ ਪਰਦੇਸੀਆ । ਕੱਢਾਂ ਮੈਂ ਜਦੋਂ ਦਸੂਤੀ, ਰੀਝਾਂ ਫੁੱਲ ਕਲੀਆਂ ਪਾਵਾਂ । ਦਿਲ ਕਰਦੈ ਉੱਡ ਕੇ ਆ ਜਾਂ, ਪਿੰਡੇ ਤੇ ਖੰਭ ਜੜਾਵਾਂ । ਚੜ੍ਹਦੀ ਜਦ ਸਾਵਣ ਘਟ ਘਨਘੋਰ, ਵੇ ਪਰਦੇਸੀਆ । ਰੱਤੜੇ ਰੰਗ ਖੱਦਰ ਉੱਤੇ, ਕੱਢਾਂ ਮੈਂ ਜਦ ਫੁਲਕਾਰੀ । ਯਾਦਾਂ ਦੀ ਲੜੇ ਦੋਮੂੰਹੀਂ, ਸੀਨੇ ਵਿੱਚ ਫਿਰਦੀ ਆਰੀ । ਕਿਰ ਚੱਲੇ ਝਾਂਜਰ ਵਿੱਚੋਂ ਬੋਰ, ਵੇ ਪਰਦੇਸੀਆ । ਆ ਜਾ ਘਰ ਜਲਦੀ ਆ ਜਾ, ਤੱਤੜੀ ਨੂੰ ਦਰਸ ਦਿਖਾ ਜਾ । ਸੁੰਨਾ ਏ ਬਾਗ ਬਗੀਚਾ, ਵਿਹੜੇ ਵਿੱਚ ਬੂਟੇ ਲਾ ਜਾ । ਵਾਲਾਂ ਵਿੱਚ ਚਮਕੇ ਚਿੱਟੀ ਕੋਰ, ਵੇ ਪਰਦੇਸੀਆ ।
5. ਨੈਣਾਂ ਦੇ ਪਿੱਛੇ ਇੱਕ ਦਰਿਆ
ਨੈਣਾਂ ਦੇ ਪਿੱਛੇ ਇੱਕ ਦਰਿਆ, ਨੀ ਰੋਕਾਂ ਨਾ ਲਾਈਂ ਏਸ ਨੂੰ । ਖ਼ਵਰੇ ਇਹ ਸਾਂਭੇ ਕਿੰਨੇ ਚਾਅ, ਨੀ ਰੋਕਾਂ ਨਾ ਲਾਈਂ ਏਸ ਨੂੰ । ਇਹਦੇ ਵਿੱਚ ਮਨ ਦਾ ਸੌਦਾ, ਘੁਲ਼ੀਆਂ ਵਿੱਚ ਖ਼ੁਸ਼ੀਆਂ ਗਮੀਆਂ । ਦਰਦਾਂ ਦਾ ਤਲਖ਼ ਸਮੁੰਦਰ, ਦੱਸਦੈ ਇਹ ਸਾਡੀਆਂ ਕਮੀਆਂ । ਅੱਥਰੂ ਨਾ ਆਖ ਕੇ ਬੁਲਾ, ਨੀ ਰੋਕਾਂ ਨਾ ਲਾਈਂ ਏਸ ਨੂੰ । ਅੰਬਰ ਦੀ ਚਾਦਰ ਥੱਲੇ ਧਰਤੀ ਦੀ ਵਿਛੀ ਤਲਾਈ । ਪੌਣਾਂ ਤਾਂ ਦੇਣ ਲੋਰੀਆਂ, ਖ਼ੁਸ਼ਬੂ ਨੇ ਨੀਂਦ ਚੁਰਾਈ । ਫ਼ਿਕਰਾਂ ਦਾ ਵੇਸ ਮੈਂ ਦਿੱਤਾ ਲਾਹ, ਨਾ ਜਿੰਦੇ ਵਹਿਣ ਦੇਈਂ ਏਸ ਨੂੰ । ਗਗਨਾਂ ਤੋਂ ਉੱਤਰਦੇ ਨਾ ਚਾਵਾਂ ਦੇ ਉਡਣ-ਖਟੋਲੇ । ਗੱਲਾਂ ਖ਼ੁਦ ਨਾਲ ਕਰਾਂ ਮੈਂ, ਦੂਜਾ ਜੀਅ ਦੱਸ ਕੀ ਬੋਲੇ ? ਗਲ ਦੇ ਵਿੱਚ ਰੰਗ ਰੰਗੀਲੇ ਫਾਹ, ਨੀ ਮੇਰੇ ਗਲੋਂ ਲਾਹ ਦੇ ਏਸ ਨੂੰ । ਜਾਪੇ ਫੁਲਕਾਰੀ ਕਾਲ਼ੀ, ਅੰਬਰ ਦੇ ਜਿੰਨੇ ਤਾਰੇ । ਜਗਦੇ ਨਾ ਬੁਝਦੇ ਜੁਗਨੂੰ, ਜਾਪਣ ਜਿਉਂ ਕਰਨ ਇਸ਼ਾਰੇ । ਕਹਿੰਦੇ ਸਾਡੇ ਨਾਲ ਰਲ਼ ਜਾਹ, ਤੂੰ ਸੁਸਤੀ ਦੇ ਛੱਡ ਖੇਸ ਨੂੰ ।
6. ਮੇਰੀ ਬਾਤ ਸੁਣੋ ਚਿੱਤ ਲਾ ਕੇ
ਮੇਰੀ ਬਾਤ ਸੁਣੋ ਚਿੱਤ ਲਾ ਕੇ, ਖੇਤਾਂ ਦੇ ਸਰਦਾਰੋ, ਬਰਖ਼ੁਰਦਾਰੋ । ਸਾੜ ਪਰਾਲ਼ੀ, ਕਰਕੇ ਧੂੰਆਂ, ਸਾਹ ਘੁੱਟ ਮਰੋ ਨਾ ਮਾਰੋ, ਪਹਿਰੇਦਾਰੋ । ਆਪੋ ਆਪਣੇ ਪਿੰਡ ਵਿੱਚ ਬਹਿ ਕੇ ਸਭ ਨੂੰ ਕੋਲ ਬੁਲਾਉਣਾ ਤੇ ਸਮਝਾਉਣਾ । ਕੀਤੀ ਜੇਕਰ ਲਾਪਰਵਾਹੀ, ਵੇਲਾ ਹੱਥ ਨਹੀਂ ਆਉਣਾ, ਪਊ ਪਛਤਾਉਣਾ । ਪਹਿਲਾਂ ਈ ਕਹਿਰ ਕਰੋਨਾ ਬੈਠਾ, ਹੱਥ ਅਕਲ ਨੂੰ ਮਾਰੋ,ਨਾ ਕਹਿਰ ਗੁਜ਼ਾਰੋ । ਸਾੜ ਪਰਾਲ਼ੀ, ਧੂੰਆਂ ਕਰਕੇ, ਮੌਤ ਨੂੰ 'ਵਾਜ਼ ਨਾ ਮਾਰੋ, ਵਕਤ ਵਿਚਾਰੋ । ਕੁਤਰ ਪਰਾਲੀ ਖੇਤ 'ਚ ਵਾਹੀਏ, ਸਭਨਾਂ ਨੂੰ ਇਹ ਕਹੀਏ, ਚੁੱਪ ਨਾ ਬਹੀਏ । ਇੱਕ ਦੂਜੇ ਦੀ ਪੀੜ ਪਛਾਣੀਏ, ਵਾਂਗ ਭਰਾਵਾਂ ਰਹੀਏ, ਕਦੇ ਨਾ ਖਹੀਏ । ਕੌੜਾ ਧੂੰਆਂ,ਨਿਰੀ ਬੀਮਾਰੀ,ਬਚਣਾ ਮਨ ਵਿੱਚ ਧਾਰੋ, ਪੁੱਤ ਬਲਕਾਰੋ । ਕਦੇ ਪਰਾਲ਼ੀ ਅੱਗ ਨਾ ਲਾਇਉ, ਸਭ ਨੂੰ ਕਹੋ ਪੁਕਾਰੋ,ਸਿੰਘ ਸਰਦਾਰੋ । ਮਹਿੰਗੇ ਤੱਤ ਅਗਨੀ ਵਿੱਚ ਸਾੜਨ ਵਾਲੀ ਆਦਤ ਛੱਡੀਏ, ਜੜ੍ਹ ਨਾ ਵੱਢੀਏ । ਬਣੇ ਮੁਸੀਬਤ ਸਿਰ ਤੇ ਭਾਰੀ, ਜੇ ਸੌਖਾ ਰਾਹ ਕੱਢੀਏ, ਜਿਦ ਨਾ ਛੱਡੀਏ । ਧਰਤੀ ਮਾਤ ਨਾਰਾਜ਼ ਨਾ ਹੋਵੇ, ਐਸਾ ਜਗਤ ਉਸਾਰੋ,ਆਗਿਆਕਾਰੋ । ਜਿਸ ਦੇ ਖੇਤ 'ਚ ਧੂੰਆਂ ਵੇਖੋ, ਜਾ ਕੇ ਅਰਜ਼ ਗੁਜ਼ਾਰੋ, ਕਸ਼ਟ ਨਿਵਾਰੋ । ਜੋ ਸਮਝੇ ਨਾ ਭਾਈਬੰਦੀ, ਸੱਦ ਪੰਚਾਇਤ ਬੁਲਾਈਏ, ਬਹਿ ਸਮਝਾਈਏ । ਵਾਇਰਸ ਨਾਲ ਜੇ ਧੂੰਆਂ ਰਲ਼ ਗਿਆ, ਮੌਤ ਨਾ ਆਪ ਬੁਲਾਈਏ, ਜਾਨ ਬਚਾਈਏ । ਜੇਕਰ ਜਾਨ, ਜਹਾਨ ਸਲਾਮਤ, ਮੇਰੇ ਸ਼ਬਦ ਵਿਚਾਰੋ, ਚੁੱਪ ਨਾ ਧਾਰੋ । ਸਾੜ ਪਰਾਲ਼ੀ, ਕਰਕੇ ਧੂੰਆਂ, ਸਾਹ ਘੁੱਟ ਮਰੋ ਨਾ ਮਾਰੋ, ਬਰਖ਼ੁਰਦਾਰੋ ।
7. ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਸਿੰਘ ਨੇ ਮੁੱਖ ਤੋਂ ਪੁਕਾਰਦੇ । ਚੇਤੇ ਮੁੜ ਮੁੜ ਆਉਂਦੇ ਸਾਨੂੰ, ਸੋਹਣੇ ਗੁਰ-ਦਰਬਾਰ ਦੇ । ਗੁਰੂ ਨਾਨਕ ਨੇ ਸਭ ਤੋਂ ਵੱਖਰਾ ਧਰਮੀ ਬੂਟਾ ਲਾਇਆ । ਇੱਕੋ ਹੀ ਓਂਕਾਰ ਹੈ ਸਾਡਾ ਮੁੱਖ ਤੋਂ ਸੀ ਫੁਰਮਾਇਆ । ਸ਼ਬਦ ਗੁਰੂ ਦੇ, ਅੱਜ ਵੀ ਸਾਨੂੰ ਡੁੱਬਦਿਆਂ ਨੂੰ ਤਾਰਦੇ । ਕਾਮ, ਕਰੋਧੀ, ਮੋਹ ਦੇ ਲੋਭੀ ਬਣਿਉ ਨਾ ਹੰਕਾਰ ਦੇ । ਅੰਗਦ ਗੁਰ ਨੇ ਸ਼ਬਦ ਗੁਰਮੁਖੀ ਦੇ ਲੜ ਸਾਨੂੰ ਲਾਇਆ । ਅਮਰਦਾਸ ਗੁਰ ਸੰਗਤ ਪੰਗਤ,ਲਾ ਲੰਗਰ ਵਰਤਾਇਆ । ਰਾਮ ਦਾਸ ਗੁਰ ਅੰਬਰਸਰ ਨੂੰ ਘੜਿਆ ਸੋਚ ਵਿਚਾਰਦੇ । ਤਾਂਹੀਂਉਂ ਅੰਬਰਸਰੀਏ ਮੁੜ ਮੁੜ ਗੁਰ ਦਾ ਨਾਮ ਪੁਕਾਰਦੇ । ਪੰਚਮ ਗੁਰ ਨੇ ਹਰਿਮੰਦਰ ਦੀ ਐਸੀ ਬਣਤ ਬਣਾਈ । ਗੁਰੂ ਗਰੰਥ ਸਾਹਿਬ ਦੀ ਏਥੇ ਪਹਿਲੀ ਜੋਤ ਜਗਾਈ । ਚਹੁੰ ਵਰਣਾਂ ਲਈ ਚਾਰ ਨੇ ਬੂਹੇ, ਇਹ ਸੱਚੀ ਸਰਕਾਰ ਦੇ । ਸ਼ੁਭ-ਨੀਤਾਂ ਦੇ ਸੱਚੇ ਸਤਿਗੁਰ ਆਪੇ ਬੇੜੇ ਤਾਰਦੇ । ਹਰਿਗੋਬਿੰਦ ਗੁਰੂ ਨੇ ਪਹਿਲਾਂ ਤਖ਼ਤ ਅਕਾਲ ਬਣਾਇਆ । ਮੀਰੀ ਪੀਰੀ ਦੋ ਕਿਰਪਾਨਾਂ ਪਹਿਨ ਕੇ ਸਬਕ ਪੜ੍ਹਾਇਆ । ਸ਼ਾਸਤਰਾਂ ਦੇ ਰਾਖੇ ਸ਼ਸਤਰ, ਰਲ ਮਿਲ ਕਾਜ ਸੰਵਾਰਦੇ । ਸੂਰਮਿਆਂ ਦੀਆਂ ਵਾਰਾਂ ਗਾਉਂਦੇ, ਵਿੱਚ ਢਾਡੀ ਦਰਬਾਰ ਦੇ । ਹਰਿ ਰਾਏ, ਹਰਕ੍ਰਿਸ਼ਨ ਗੁਰੂ ਨੇ ਕੀਰਤ ਪ੍ਰਭ ਦੀ ਗਾਈ । ਕੀਰਤਪੁਰ ਦੀ ਏਸੇ ਕਰਕੇ ਅੱਜ ਵੀ ਜੱਗ ਰੁਸ਼ਨਾਈ । ਤਪਦੇ ਹਿਰਦੇ ਠਰ ਜਾਂਦੇ ਜਦ ਗੁਰ ਸੀ ਸ਼ਬਦ ਉਚਾਰਦੇ । ਜੜੀ ਬੂਟੀਆਂ ਦੀ ਫੁਲਵਾੜੀ ਹੱਥੀਂ ਆਪ ਸੰਵਾਰਦੇ । ਤੇਗ ਬਹਾਦਰ, ਹਿੰਦ ਦੀ ਚਾਦਰ, ਦੀਨ ਦੁਖੀ ਦਾ ਵਾਲੀ । ਸੀਸ ਨਿਛਾਵਰ ਕਰਕੇ ਕੀਤੀ, ਧਰਮ ਕਰਮ ਰਖਵਾਲੀ । ਧਰਤ ਕਿੰਜ ਅਹਿਸਾਨ ਭੁਲਾਵੇ, ਕੀਤੇ ਪਰਉਪਕਾਰ ਦੇ । ਤੋੜੇ ਬੁਰਜ ਜ਼ੁਲਮ ਦੇ, ਕਿੰਗਰੇ ਭੋਰੇ ਅੱਤਿਆਚਾਰ ਦੇ । ਪੰਥ ਖਾਲਸਾ ਸਿਰਜਣ ਮਗਰੋਂ ਲਾਲ ਧਰਮ ਤੋਂ ਵਾਰੇ । ਸ਼ਬਦ ਗੁਰੂ ਦਾ ਮਾਰਗ ਦੱਸਿਆ, ਗੁਰ ਦਸਮੇਸ਼ ਪਿਆਰੇ । ਚਿੜੀਆਂ ਕੋਲੋਂ ਬਾਜ਼ ਤੁੜਾਏ, ਜੋ ਚਿੜੀਆਂ ਸੀ ਮਾਰਦੇ । ਕੀਹ ਅਹਿਸਾਨ ਗਿਣਾਵਾਂ ਜੀ ਮੈਂ ਨੀਲੇ ਸ਼ਾਹ-ਅਸਵਾਰ ਦੇ ।
8. ਕਰੀਂ ਨਾ ਸਵਾਲ ਕਦੇ
ਕੂੜ ਦੀ ਕਚਹਿਰੀਏ ਤੂੰ ਛੱਡ ਹੰਕਾਰ ਨੂੰ । ਕਰੀਂ ਨਾ ਸਵਾਲ ਕਦੇ ਸੋਹਣੀ ਦਸਤਾਰ ਨੂੰ । ਕਰਨੀ ਕੀ ਇਹਦੀ ਸ਼ਾਹੀ ਤਾਜ ਨੇ ਬਰਾਬਰੀ । ਏਸ ਦਾ ਅਸੂਲ ਰਾਜ ਭਾਗ ਤੋਂ ਹੈ ਨਾਬਰੀ । ਢਾਹੁੰਦੀ ਇਹ ਹਮੇਸ਼ ਸ਼ਹਿਨਸ਼ਾਹੀ ਹੰਕਾਰ ਨੂੰ । ਕਰੀਂ ਨਾ ਸਵਾਲ...... ਦਸਾਂ ਗੁਰਾਂ ਸੌਂਪਿਆ ਖ਼ਜ਼ਾਨਾ ਬਾਣੀ ਬਾਣੇ ਦਾ । ਇੱਕੋ ਫੁਰਮਾਨ ਤਾਣ ਬਣਨਾ ਨਿਤਾਣੇ ਦਾ । ਸਾਡੀ ਹੈ ਜੁਆਬਦੇਹੀ ਸੱਚੀ ਸਰਕਾਰ ਨੂੰ । ਕਰੀਂ ਨਾ ਸਵਾਲ...... ਸਾਡੀ ਦਸਤਾਰ ਹੁੰਦੀ ਜਿਸਮੋਂ ਅਲੱਗ ਨਾ । ਅਣਖ਼ਾਂ ਦੀ ਪੂਣੀ ਬਿਨਾ ਬੱਝੇ ਕਦੇ ਪੱਗ ਨਾ । ਪੜ੍ਹ ਸਾਡੇ ਨੇਤਰਾਂ 'ਚੋਂ ਸਿੱਖੀ ਖੰਡੇਧਾਰ ਨੂੰ । ਕਰੀਂ ਨਾ ਸਵਾਲ...... ਗੁਰੂਆਂ ਦੀ ਬਾਣੀ ਸਾਡੇ ਸਦਾ ਅੰਗ ਸੰਗ ਹੈ । ਕੇਸਾਂ ਤੇ ਸਵਾਸਾਂ ਨਾਲ ਨਿਭ ਜੇ ਉਮੰਗ ਹੈ । ਰੱਬ ਦੀਆਂ ਰੱਖਾਂ ਸਦਾ ਐਸੇ ਸੰਸਾਰ ਨੂੰ । ਕਰੀਂ ਨਾ ਸਵਾਲ......
9. ਪੀਲੀ ਪੀਲੀ ਚੁੰਨੀ ਉੱਤੇ
ਪੀਲ਼ੀ ਪੀਲ਼ੀ ਚੁੰਨੀ ਉੱਤੇ ਵੇਲ ਬੂਟੀਆਂ ਨੀ ਵਿੱਚ ਫੁੱਲ ਟਹਿਕਦੇ । ਦੀਦ ਨੂੰ ਪਿਆਸੇ ਮੇਰੇ ਨੈਣ ਸੋਹਣੀਏਂ ਨੀ ਵੇਖ ਕਿੱਦਾਂ ਸਹਿਕਦੇ । ਮੋਰ ਦਿਆਂ ਖੰਭਾਂ ਉੱਤੇ ਸੱਤ ਰੰਗੀਆਂ ਨੀ ਪੀਂਘਾਂ ਕਿੰਨ੍ਹੇ ਬੰਨੀਆਂ । ਤੇਰੀ ਚੁੰਨੀ ਰੰਗਣੀ ਨੀ ਏਸ ਰੰਗ ਦੀ ਨੀ ਚੱਲ ਫੜ ਕੰਨੀਆਂ । ਸੂਰਜੇ ਦੀ ਟਿੱਕੀ ਵਿੱਚ ਤੇਰਾ ਮੁੱਖੜਾ ਨੀ ਕਿਵੇਂ ਨੂਰੋ ਨੂਰ ਹੈ । ਸੱਚ ਮੰਨੀਂ ਅੱਜ ਤੇ ਸਵੇਰਸਾਰ ਤੋਂ ਨੀ ਓਸੇ ਦਾ ਸਰੂਰ ਹੈ । ਹੱਸਦੀ ਦੇ ਮੂੰਹੋਂ ਜੀਕੂੰ ਫੁੱਲ ਕਿਰਦੇ ਨੀ ਵਾਂਗ ਫੁੱਲਝੜੀਆਂ । ਦੰਦ ਨੇ ਅਨਾਰ ਦਾਣੇ ਜਿਵੇਂ ਰੱਬ ਨੇ ਨੀ ਜੜੀਆਂ ਨੇ ਲੜੀਆਂ । ਕੀਹਦੇ ਨਾਲ ਕਰਾਂ ਨੀ ਮੁਕਾਬਲਾ ਤੂੰ ਦੱਸ ਆਖਾਂ ਕੀ ਜਨਾਬ ਨੂੰ । ਵੇਖ ਕੇ ਤਰੇਲੀ ਕੱਚੀ ਆਈ ਸੋਹਣੀਏਂ ਨੀ ਸੁੱਚੜੇ ਗੁਲਾਬ ਨੂੰ । ਸ਼ਾਂਤ ਜਹੇ ਸਰੋਵਰਾਂ ਦੇ ਵਾਂਗ ਡੂੰਘੀਆਂ ਨੀ ਨੈਣ ਝੀਲਾਂ ਤੇਰੀਆਂ । ਸੁਪਨੇ ਹੁਸੀਨ ਇਨ੍ਹਾਂ ਵਿੱਚ ਤੈਰਦੇ ਨੀ ਕੂੰਜਾਂ ਲਾਉਣ ਫੇਰੀਆਂ । ਏਨੇ ਸਾਰੇ ਰੰਗ ਤੇ ਸੁਗੰਧਾਂ ਸੋਹਣੀਏ ਨਾ ਇੱਕੋ ਥਾਂ ਤੇ ਰੱਖਣਾ । ਫਿਰਦੇ ਲੁਟੇਰੇ ਕੋਈ ਨਾ ਲੈ ਜੇ ਲੁੱਟ ਕੇ ਨੀ ਹੋ ਜੂ ਜੱਗ ਸੱਖਣਾ । ਚੰਨ ਦੀਆਂ ਰਿਸ਼ਮਾਂ ਚੋਂ ਤੈਨੂੰ ਵੇਖਿਆ ਨੀ ਕੱਲ੍ਹ ਲੰਘੀ ਰਾਤ ਨੂੰ । ਓਸ ਪਿੱਛੋਂ ਜਿੰਦ ਮਦਹੋਸ਼ ਹੋ ਗਈ ਨੀ ਪੁੱਛ ਮੇਰੀ ਜ਼ਾਤ ਨੂੰ । ਫੁੱਲ ਵਿੱਚ ਜਿਵੇਂ ਭਾਰ ਤੋਂ ਬਗੈਰ ਨੇ ਨੀ ਰਹਿੰਦੇ ਫੁੱਲ ਵਾਸ਼ਨਾ । ਆ ਜਾ ਏਸ ਜ਼ਿੰਦਗੀ ਦੀ ਦੋਵੇਂ ਕਰੀਏ ਨੀ ਰਲ ਕੇ ਉਪਾਸ਼ਨਾ । ਸੂਰਜੇ ਦੁਆਲੇ ਜਿਵੇਂ ਘੁੰਮੇ ਧਰਤੀ ਨੀ ਕਦੇ ਨਹੀਂਉਂ ਅੱਕਦੀ । ਤੇਰੀ ਪਰਦੱਖਣਾ 'ਚ ਜਿੰਦ ਇਹ ਨਿਮਾਣੀ ਵੀ ਕਦੇ ਨਾ ਥੱਕਦੀ ।
10. ਬਾਗਾਂ ਦੇ ਵਿੱਚ ਕੋਇਲ ਕੂਕਦੀ ਅੰਬੀਂ
ਬਾਗਾਂ ਦੇ ਵਿੱਚ ਕੋਇਲ ਕੂਕਦੀ ਅੰਬੀਂ ਪੈ ਗਿਆ ਬੂਰ ਨੀ ਮਾਏ । ਮਨ ਦਾ ਮਹਿਰਮ ਦਿਸਦਾ ਨਹੀਂਉਂ, ਤਨ ਦਾ ਭਖ਼ੇ ਤੰਦੂਰ ਨੀ ਮਾਏ । ਵੇਖ ਕਿਵੇਂ ਆਹ ਖਿੜਿਆ ਚੰਬਾ ਰੌਣਕ ਟਾਹਣੀ ਟਾਹਣੀ । ਇਸ ਰੁੱਤੇ ਤਾਂ ਦਿਲ ਮਿਲਦੇ ਨੇ, ਮਿਲਣ ਹਾਣ ਨੂੰ ਹਾਣੀ । ਫੁੱਲਾਂ ਦੇ ਰੰਗ ਤਰਸ ਰਹੇ ਨੇ, ਖ਼ੁਸ਼ਬੂ ਦਾ ਘਰ ਦੂਰ ਨੀ ਮਾਏ । ਜੀਅ ਕਰਦਾ ਮੈਂ ਮਹਿਕ ਬਣਾਂ ਤੇ ਰਲ਼ ਜਾਂ ਵਿੱਚ ਹਵਾਵਾਂ । ਸਿਰ ਤੇ ਲੈ ਅੰਬ-ਰਸੀਆ ਚੁੰਨੀ ਅੰਬਰ ਵਿੱਚ ਉੱਡ ਜਾਵਾਂ । ਝਾਂਜਰ ਗੁੰਮ ਸੁੰਮ ਹੁਣ ਤੇ ਬੋਲਣ ਲਈ ਮਜਬੂਰ ਨੀ ਮਾਏ । ਅੰਮੜੀਏ ਨੀ! ਔਖਾ ਹੋ ਗਿਆ ਅਗਨੀ ਸਾਗਰ ਤਰਨਾ । ਕੀ ਬਾਤਾਂ ਦਾ ਅਰਥ ਕਿਸੇ ਜੇ ਨਹੀਂ ਹੁੰਗਾਰਾ ਭਰਨਾ । ਸੁਪਨੇ ਦੇ ਵਿੱਤ ਤੁਰਦੀ ਤੁਰਦੀ ਥੱਕ ਟੁੱਟ ਹੋ ਗਈ ਚੂਰ ਨੀ ਮਾਏ । ਮਾਏ ਨੀ ਮੈਂ ਉੱਡਣਾ ਚਾਹਾਂ ਤਨ ਤੇ ਖੰਭ ਜੜਾ ਦੇ । ਪਰਖ ਸਕਾਂ ਮੈਂ ਖ਼ਰਾ ਤੇ ਖੋਟਾ ਐਸਾ ਸਬਕ ਪੜ੍ਹਾ ਦੇ । ਮੇਰੇ ਨੈਣਾਂ ਦੇ ਵਿੱਚ ਪਾ ਦੇ ਚੰਨ ਸੂਰਜ ਦਾ ਨੂਰ ਨੀ ਮਾਏ ।
11. ਸਾਡਿਆਂ ਸਵਾਲਾਂ ਦੇ ਜਵਾਬ ਸਾਨੂੰ ਮੋੜ ਦੇ
ਸਾਡਿਆਂ ਸਵਾਲਾਂ ਦੇ ਜਵਾਬ ਸਾਨੂੰ ਮੋੜ ਦੇ । ਜ਼ਾਲਮਾ ਤੂੰ ਸਾਡਾ ਹੀ ਪੰਜਾਬ ਸਾਨੂੰ ਮੋੜ ਦੇ । ਮਹਿਲ ਤੂੰ ਸੰਭਾਲ ਸਾਨੂੰ ਢਾਰਿਆਂ 'ਚ ਰਹਿਣ ਦੇ । ਦਿਲ ਵਾਲੀ ਵਾਰਤਾ ਜ਼ਬਾਨ ਨੂੰ ਤੂੰ ਕਹਿਣ ਦੇ । ਪਿਆਰ ਦੇ ਭੁਲੇਖੇ ਦਾ ਬੁਖ਼ਾਰ ਹੁਣ ਲਹਿਣ ਦੇ । ਛੱਡ ਬੇਈਮਾਨਾ! ਬਦਨੀਤੀਆਂ ਤੂੰ ਛੋੜ ਦੇ । ਜ਼ਾਲਮਾ ਤੂੰ ਸਾਡਾ ਹੀ ਪੰਜਾਬ ਸਾਨੂੰ ਮੋੜ ਦੇ । ਸਾਡੇ ਦਰਿਆਵਾਂ ਨੂੰ ਤੂੰ ਪੁੱਠੇ ਰਾਹੇ ਤੋਰ ਨਾ । ਡੋਡੀਆਂ ਗੁਲਾਬ ਦੀਆਂ ਡਾਢਿਆ ਤੂੰ ਭੋਰ ਨਾ । ਹੋ ਗਿਆ ਯਕੀਨ, ਵੈਰੀ ਤੇਰੇ ਬਿਨਾ ਹੋਰ ਨਾ । ਘੱਟਿਆ' ਚ ਰੋਲ ਨਾ ਤੂੰ ਸੁਪਨੇ ਕਰੋੜ ਦੇ । ਜ਼ਾਲਮਾ ਤੂੰ ਸਾਡਾ ਹੀ ਪੰਜਾਬ ਸਾਨੂੰ ਮੋੜ ਦੇ । ਮਾਲਕੀ ਤਿਆਗ, ਅਜ ਠੰਢੇ ਹੌਕੇ ਭਰਦੇ । ਮਰ ਗਏ ਆਂ ਅਸੀਂ ਤੇਰਾ ਚੌਂਕੀਦਾਰਾ ਕਰਦੇ । ਪਾਟੇ ਪਰਨੋਟ ਸਾਥੋਂ ਆਪਣੇ ਹੀ ਘਰ ਦੇ । ਜਿੱਥੇ ਕਿਤੇ ਲਿਖੇ ਸੀ ਕਿਤਾਬ ਸਾਨੂੰ ਮੋੜ ਦੇ । ਜ਼ਾਲਮਾ ! ਤੂੰ ਸਾਡਾ ਹੀ ਪੰਜਾਬ ਸਾਨੂੰ ਮੋੜ ਦੇ । ਸੱਤਾਂ ਦਰਿਆਵਾਂ ਤੋਂ ਸੀ ਪੰਜਾਂ ਉੱਤੇ ਆ ਗਏ । ਚੀਰਿਆ ਤੂੰ ਲੱਕੋਂ, ਅਸੀਂ ਢਾਈਆਂ ਉੱਤੇ ਆ ਗਏ । ਸਾਡੇ ਹੀ ਨਾਲਾਇਕ ਪੁੱਤ, ਸਾਨੂੰ ਵੇਚ ਖਾ ਗਏ । ਤਿੜਕੇ ਯਕੀਨ ਤੂੰ ਪਿਆਰ ਨਾਲ ਜੋੜ ਦੇ । ਵੈਰੀਆ ! ਤੂੰ ਸਾਡਾ ਹੀ ਪੰਜਾਬ ਸਾਨੂੰ ਮੋੜ ਦੇ । ਬਣ ਜਾਣ ਵੇਖੀਂ ਕਿਤੇ ਹੱਥ ਹਥਿਆਰ ਨਾ । ਡਿੱਗਿਆਂ ਨੂੰ ਹੋਰ ਤੂੰ ਕਸੂਤੀ ਮਾਰ ਮਾਰ ਨਾ । ਤੰਦ ਟੁੱਟ ਜਾਵੇ, ਕਾਇਮ ਰਹਿੰਦਾ ਰਾਣੀਹਾਰ ਨਾ । ਸਦਾ ਹੀ ਸਿਆਣੇ, ਮਨ ਬਦੀ ਵੱਲੋਂ ਹੋੜਦੇ । ਜ਼ਾਲਮਾਂ! ਤੂੰ ਸਾਡਾ ਹੀ ਪੰਜਾਬ ਸਾਨੂੰ ਮੋੜ ਦੇ । ਸਾਡੀਆਂ ਜ਼ਮੀਨਾਂ ਤੇ ਬਾਜ਼ਾਰ ਸਾਥੋਂ ਖੋਹ ਨਾ । ਏਸ ਨਾਲੋਂ ਵੱਡਾ ਹੋਰ ਕੋਈ ਵੀ ਧਰੋਹ ਨਾ । ਤੇਰੇ ਨਾਲੋਂ ਘੱਟ ਸਾਨੂੰ, ਦੇਸ਼ ਨਾਲ ਮੋਹ ਨਾ । ਬਾਜ਼ਾਂ ਦੇ ਹਾਂ ਪੁੱਤ, ਭਾਵੇਂ ਜੰਮੇ ਵਿੱਚ ਖੋੜ ਦੇ । ਵੈਰੀਆ! ਤੂੰ ਸਾਡਾ ਹੀ ਪੰਜਾਬ ਸਾਨੂੰ ਮੋੜ ਦੇ । ਕਿੰਨੀਆਂ ਸਤਾਈਆਂ, ਆਈਆਂ ਰਣ ਵਿੱਚ ਚੁੰਨੀਆਂ । ਜਿੰਨ੍ਹਾਂ ਦੀਆਂ ਰੀਝਾਂ ਨੇ ਤੂੰ ਸੂਲਾਂ ਚ ਪਰੁੰਨੀਆਂ । ਆਸਾਂ ਦੇ ਚਿਰਾਗਾਂ ਬਿਨਾ ਅੱਖੀਆਂ ਨੇ ਸੁੰਨੀਆਂ । ਜਿੰਨ੍ਹਾਂ ਦੇ ਨੇ ਹੱਥ ਭਲਾ ਸਭਨਾਂ ਦਾ ਲੋੜਦੇ । ਜ਼ਾਲਮਾ! ਤੂੰ ਸਾਡਾ ਹੀ ਪੰਜਾਬ ਸਾਨੂੰ ਮੋੜ ਦੇ ।
12. ਮੈਥੋਂ ਦੂਰ ਨਹੀਂ ਨਨਕਾਣਾ
ਹਰ ਦਮ ਦੇ ਗੇੜੇ ਦਰਸ ਕਰਾਂ, ਸਾਹਾਂ ਵਿੱਚ ਆਉਣਾ ਜਾਣਾ । ਮੇਰੇ ਮਨ ਮਸਤਕ ਵਿੱਚ ਵੱਸਦਾ ਏ, ਮੈਥੋਂ ਦੂਰ ਨਹੀਂ ਨਨਕਾਣਾ । ਮੱਝੀਆਂ ਦਾ ਛੇੜੂ ਵੇਖ ਰਿਹਾਂ, ਨਾਨਕ ਨੂੰ ਮੱਝੀਆਂ ਚਾਰਦਿਆਂ । ਦੂਜੇ ਦੇ ਮਨ ਨੂੰ ਜਿੱਤਣ ਲਈ, ਖ਼ੁਦ ਆਪਣੇ ਹੱਥੋਂ ਹਾਰਦਿਆਂ । ਮੈਂ ਵੇਖ ਰਿਹਾਂ ਹਾਂ ਰਾਏ ਬੁਲਾਰ, ਵਕਤੋਂ ਵੀ ਵੱਧ ਸਿਆਣਾ । ਮੇਰੇ ਮਨ ਮਸਤਕ ਵਿੱਚ ਵੱਸਦਾ ਏ, ਮੈਥੋਂ ਦੂਰ ਨਹੀਂ ਨਨਕਾਣਾ । ਮਰਦਾਨਾ ਛੇੜੇ ਤਾਨ ਜਦੋਂ, ਜੰਗਲ ਤੇ ਬੇਲੇ ਸੁਣਦੇ ਨੇ । ਤੇ ਸ਼ਬਦ ਇਲਾਹੀ ਨਾਨਕ ਦੇ, ਪੌਣਾਂ 'ਚੋਂ ਜ਼ਹਿਰਾਂ ਪੁਣਦੇ ਨੇ । ਹਿੰਦੂ ਦੀ ਪੱਤਰੀ ਕੂੜ ਕਹੇ, ਤੁਰਕੂ ਨੂੰ ਆਖੇ ਕਾਣਾ । ਮੇਰੇ ਮਨ ਮਸਤਕ ਵਿੱਚ ਵੱਸਦਾ ਏ, ਮੈਥੋਂ ਦੂਰ ਨਹੀਂ ਨਨਕਾਣਾ । ਉਸ ਮਿੱਟੀ ਤੋਂ ਬਲਿਹਾਰੀ ਹਾਂ, ਜਿੱਥੇ ਵੀ ਸੂਰਜ ਉੱਗਦਾ ਹੈ । ਹੱਕ ਸੱਚ ਅਤੇ ਇਨਸਾਫ਼ ਜਿਹਾ, ਜਿਸ ਪਿੰਡ ਨੂੰ ਸੌਦਾ ਪੁੱਗਦਾ ਹੈ । ਨਜ਼ਰਾਂ ਵਿੱਚ ਜਿਥੇ ਫ਼ਰਕ ਨਹੀਂ, ਇੱਕੋ ਜਹੇ ਰੰਕ ਤੇ ਰਾਣਾ । ਮੇਰੇ ਮਨ ਮਸਤਕ ਵਿੱਚ ਵੱਸਦਾ ਏ, ਮੈਥੋਂ ਦੂਰ ਨਹੀ ਨਨਕਾਣਾ । ਉਸ ਜੰਡ ਨੂੰ ਮੇਰਾ ਸੀਸ ਝੁਕੇ, ਜਿਸ ਨਾਲ ਸੀ ਲਛਮਣ ਸਿੰਘ ਸੜਿਆ । ਕੁਰਬਾਨੀ ਬਿਨ ਕੁਝ ਲੱਭੇ ਨਾ, ਜਿਸ ਪਾਠ ਪੜ੍ਹਾਇਆ, ਖ਼ੁਦ ਪੜ੍ਹਿਆ । ਹਰ ਯੁਗ ਵਿੱਚ ਮਹੰਤ ਨਰੈਣੂ ਨੇ, ਏਦਾਂ ਹੀ ਕਹਿਰ ਕਮਾਣਾ । ਕਣ ਕਣ 'ਚੋਂ ਬੋਲੇ ਸਬਕ ਸਦਾ, ਮੇਰੇ ਮਨ ਵਿਚਲਾ ਨਨਕਾਣਾ । ਹੱਦਾਂ ਸਰਹੱਦਾਂ ਸਾਂਭ ਲਵੋ, ਮੈਂ ਵੀਜ਼ੇ ਪਰਮਿਟ ਕੀ ਕਰਨੇ । ਦਿਲ ਅੰਦਰ ਝਾਤੀ ਮਾਰ ਲਵਾਂ, ਜਦ ਚਾਹਾਂ ਦਰਸ਼ਨ ਖ਼ੁਦ ਕਰਨੇ । ਮੈਂ ਆਪਣੇ ਮਨ ਦਾ ਹਾਕਮ ਹਾਂ, ਜਿੱਥੇ ਕੋਈ ਨਾ ਚੌਂਕੀ, ਠਾਣਾ । ਮੇਰੇ ਮਨ ਮਸਤਕ ਵਿੱਚ ਵੱਸਦਾ ਏ, ਮੈਥੋਂ ਦੂਰ ਨਹੀਂ ਨਨਕਾਣਾ ।
13. ਛੇੜ ਮਰਦਾਨਿਆ ਤੂੰ ਸੁਰਾਂ ਰੱਬ ਰੰਗੀਆਂ
ਛੇੜ ਮਰਦਾਨਿਆ ਤੂੰ ਸੁਰਾਂ ਰੱਬ-ਰੰਗੀਆਂ । ਬੋਲ ਪਏ ਰਬਾਬ ਹੁਣ ਚੁੱਪਾਂ ਨਹੀਉਂ ਚੰਗੀਆਂ । ਸੁਰਾਂ ਵਿੱਚ ਦਾਤਾ ਗੰਜ ਬਖ਼ਸ਼, ਫ਼ਰੀਦ ਹੈ । ਸੂਫ਼ੀ ਸ਼ਾਹ ਹੁਸੈਨ ਇਹਦਾ ਬੁੱਲ੍ਹਾ ਵੀ ਮੁਰੀਦ ਹੈ । ਕੋਝੀਆਂ ਸਿਆਸਤਾਂ ਨੇ ਜਾਨਾਂ ਸੂਲੀ ਟੰਗੀਆਂ । ਛੇੜ ਮਰਦਾਨਿਆ ਤੂੰ ਸੁਰਾਂ ਰੱਬ-ਰੰਗੀਆਂ । ਆਪਣੇ ਹੀ ਰੰਗ ਦੇ ਬਣਾਏ ਇਨ੍ਹਾਂ ਰੱਬ ਨੇ । ਚੁੰਨੀਆਂ ਤੇ ਪੱਗਾਂ ਛੱਡ, ਸੋਚਾਂ ਵਿੱਚ ਡੱਬ ਨੇ । ਕਿਹੜਿਆਂ ਕੁਚੱਜਿਆਂ ਲਲਾਰੀਆਂ ਨੇ ਰੰਗੀਆਂ । ਛੇੜ ਮਰਦਾਨਿਆ ਤੂੰ ਸੁਰਾਂ ਰੱਬ-ਰੰਗੀਆਂ । ਬੋਲ ਪਏ ਰਬਾਬ ਸੁਰਤਾਲ ਰਹਿਣ ਲੱਗਦੇ । ਮਨਾਂ 'ਚ ਹਮੇਸ਼ ਹੀ ਚਿਰਾਗ ਰਹਿਣ ਜਗਦੇ । ਵੱਖ ਵੱਖ ਵਹਿਣ ਦੋਵੇਂ, ਗੱਲਾਂ ਨਹੀਉਂ ਚੰਗੀਆਂ । ਛੇੜ ਮਰਦਾਨਿਆਂ ਤੂੰ ਸੁਰਾਂ ਰੱਬ-ਰੰਗੀਆਂ । ਬਿਨਾ ਵਿਸਮਾਦ ਮਨ ਬੜਾ ਹੀ ਉਦਾਸ ਹੈ । ਟੁੱਟੀ ਤਾਰ ਜੋੜ ਬਾਬਾ, ਤੇਰੇ ਤੋਂ ਇਹ ਆਸ ਹੈ । ਪਹਿਲਾਂ ਨਾਲੋਂ ਵੱਧ ਭਾਵੇਂ ਸਾਡੇ ਘਰੀਂ ਤੰਗੀਆਂ । ਛੇੜ ਮਰਦਾਨਿਆ ਤੂੰ ਸੁਰਾਂ ਰੱਬ-ਰੰਗੀਆਂ ਬੋਲ ਪਏ ਰਬਾਬ ਹੁਣ ਚੁੱਪਾਂ ਨਹੀਂਉਂ ਚੰਗੀਆਂ ।
14. ਕਲੀ ਕਿਸਾਨ ਦੀ
ਅੰਦਰੀਂ ਲੋਕ ਤਾੜ 'ਤੇ, ਹਾਕਮ ਬੇਈਮਾਨ ਨੇ, ਪੱਜ ਸ਼ੈਤਾਨ ਨੇ ਕਰੋਨਾ ਦਾ ਬਣਾ ਕੇ । ਚਾਕਰ ਧਨਵਾਨਾਂ ਦੇ, ਗਲ਼ ਘੁੱਟ ਗਏ ਕਿਰਸਾਨਾਂ ਦੇ, ਦਿੱਲੀ ਵਾਲ਼ੇ ਚੋਰੀ ਕਾਲ਼ੇ ਕਾਨੂੰਨ ਲਿਆ ਕੇ । ਗੂੰਜੀ 'ਵਾਜ ਸੱਚ ਦੀ, ਨਿਰਭਉ ਹੋ ਪੰਜਾਬ 'ਚੋਂ, ਦਿੱਤਾ ਰੱਖ ਭਰਾਉ ਭਾਰਤ ਦੇਸ਼ ਹਿਲਾ ਕੇ । ਮਾਰਿਆ ਤੀਰ ਧੁੰਨੀ ਵਿੱਚ ਖਿੱਚ ਕੇ ਕਾਰਪੋਰੇਟ ਦੇ, ਮੋਟੇ ਢਿੱਡਾਂ ਵਾਲੇ ਡਿੱਗ ਪਏ ਗੇੜਾ ਖਾ ਕੇ । ਇਹ ਹਨ ਵਾਰਿਸ ਭਗਤ, ਸਰਾਭੇ ਗਦਰੀ ਬਾਬਿਆਂ ਦੇ, ਜਿੰਨ੍ਹਾਂ ਵਾੜੇ ਸ਼ਹਿਰੀਂ ਬਿਸਵੇਦਾਰ ਭਜਾ ਕੇ । ਵੱਡ ਵਡੇਰੇ ਜਿੰਨ੍ਹਾਂ ਦੇ ਸੀ ਪਰਜਾ ਮੰਡਲੀਏ, ਜੂਝੇ ਤੇਜਾ ਸਿੰਘ ਸੁਤੰਤਰ ਸੰਗ ਹਿੱਕ ਡਾਹ ਕੇ । ਹਰਸਾ ਛੀਨਾ, ਕਿਸ਼ਨਗੜ੍ਹ ਖੜ੍ਹਾ ਜਿੰਨ੍ਹਾਂ ਦੀ ਪਿੱਠ ਪਿੱਛੇ, ਬਹਿ ਗਏ ਮੱਲ ਮੋਰਚੇ ਯੁੱਧ ਮੈਦਾਨ ਬਣਾ ਕੇ । ਅੱਜ ਲੈ ਨਵੀਆਂ ਕਿਰਨਾਂ, ਵੱਖਰਾ ਸੂਰਜ ਚੜ੍ਹਿਆ ਹੈ, ਪੂਰੇ ਵਤਨ ਦੇ ਕਿਰਸਾਨ ਵੀ ਨਾਲ ਰਲ਼ਾ ਕੇ । ਜਿਹੜੇ ਰਹੇ ਫੂਕਦੇ, ਅੱਜ ਤੱਕ ਪੁਤਲੇ ਰਾਵਣ ਦੇ, ਉਨ੍ਹਾਂ ਪੁਤਲੇ ਸਾੜੇ ਹਾਕਮ ਦੇ ਬਣਾ ਕੇ । ਕੁਰਸੀ ਵਾਲੇ ਚੱਲਦੇ ਚਾਲਾਂ, ਇਨ੍ਹਾਂ ਨੂੰ ਪਾੜਨ ਲਈ, ਧੰਨ ਇਹ ਬੰਦੇ ਨੇ ਜੋ ਬੈਠੇ ਜ਼ਬਤ ਬਣਾ ਕੇ । ਜੁੜ ਗਈ ਇਨ੍ਹਾਂ ਸੰਗ ਹਮਦਰਦੀ, ਦੁਨੀਆ ਭਰ ਦੀ ਜੀ, ਗੂੰਜੀ ਯੂ ਐੱਨ ਓ ਵਿੱਚ 'ਵਾਜ਼ ਇਨ੍ਹਾਂ ਦੀ ਜਾ ਕੇ । ਗਿੱਲ ਗੁਰਭਜਨ ਸਿੰਹਾਂ ਇਹ ਅਜੇ ਤੀਕ ਤਾਂ ਸ਼ਾਂਤ ਨੇ, ਹੇਠਲੀ ਉੱਤੇ ਆ ਜੂ, ਤੁਰੇ ਜੇ ਤੇਗ ਉਠਾ ਕੇ ।
15. ਬੋਲੀਆਂ
ਜਿੰਨ੍ਹਾਂ ਚੀਰੀ ਸੀ ਜਵਾਨੀ ਸਾਡੀ, ਉਹ ਆਰੀ ਵਾਲੇ ਫੇਰ ਆ ਗਏ । ਤੇਰੀ ਮੰਨ ਗਏ ਨਿਸ਼ਾਨੇਬਾਜ਼ੀ, ਅਸਾਂ ਵੀ ਭੰਵਾਈ ਕੰਡ ਨਾ । ਘਰੋਂ ਗਿਆ ਸੀ ਧਰਮ ਦੀ ਰਾਖੀ, ਗੋਲੀ ਨੇ ਮਾਸੂਮ ਖਾ ਲਿਆ । ਬਿਨਾ ਗਿਆਨ ਤੋਂ ਗੁਰੂ ਨਹੀਂ ਲੱਭਣਾ, ਭਰਮਾਂ ਚ ਫਿਰੇ ਦੁਨੀਆਂ । ਕਿਹੜੀ ਥਾਂ ਤੇ ਪਲੀਤਾ ਲਾਇਆ, ਪੁੱਤਰ ਬਾਰੂਦ ਬਣ ਗਏ । ਪੁੱਤ ਕਰ ਗਿਆ ਬਿਸਤਰਾ ਖ਼ਾਲੀ, ਆਖਦੇ ਸ਼ਹੀਦ ਹੋ ਗਿਆ । ਰਾਜ ਕਰਦੇ ਕੁਰਸੀਆਂ ਵਾਲੇ, ਲੋਕ ਬੈਠੇ ਸੜਕਾਂ ਤੇ । ਭੱਠੀ ਤਪ ਗਈ ਭੁਨਾ ਲਓ ਦਾਣੇ, ਪੁੱਤਰੋ ਸਿਆਸਤਾਂ ਦਿਓ । ਕਾਹਨੂੰ ਮੁੜ ਕੇ ਪੰਜਾਬ ਤਪਾਇਆ, ਸੇਕਦੇ ਸਿਆਸੀ ਰੋਟੀਆਂ । ਕੀਹਦਾ ਦੇਸ਼ ਹੈ ਤਿਰੰਗਿਆ ਤੂੰ ਦੱਸ ਦੇ, ਪੈਰੋਂ ਨੰਗੇ ਲੋਕ ਪੁੱਛਦੇ । ਮੌਤ ਚੜ੍ਹੇ ਨਾ ਹਨ੍ਹੇਰੀ ਬਣ ਕੇ, ਸਿਵਿਆਂ ਦੇ ਰੁੱਖ ਡੋਲਦੇ । ਸਾਨੂੰ ਭੁੱਲ ਗਏ ਸਵਾਲ ਪੁਰਾਣੇ, ਨਵਿਆਂ ਨੇ ਘੇਰਾ ਪਾ ਲਿਆ । ਮੱਤ ਰਹੀ ਨਾ ਜਵਾਬਾਂ ਜੋਗੀ, ਸਮਾਂ ਬਦਮਾਸ਼ ਹੋ ਗਿਆ । ਬੂਟੇ ਸੁੱਕ ਗਏ ਉਮੀਦਾਂ ਵਾਲੇ, ਵਿਹੜੇ ਚ ਭੂਚਾਲ ਆ ਗਿਆ । ਕਿੱਥੇ ਮਰ ਗਏ ਬਾਗ ਦੇ ਰਾਖੇ, ਪੈਲਾਂ ਪਾਉਂਦੇ ਮੋਰ ਪੁੱਛਦੇ । ਲੋਕ ਜਦੋਂ ਵੀ ਹੱਕਾਂ ਦੀ ਗੱਲ ਕਰਦੇ, ਕੁਰਸੀ ਦੇ ਪਾਵੇ ਡੋਲਦੇ । ਮੁੰਡੇ ਮਰ ਗਏ ਕਮਾਈਆਂ ਕਰਦੇ, ਟਾਕੀ ਵਾਲੇ ਬੂਟ ਨਾ ਜੁੜੇ ।
16. ਹਾਏ ! ਬਾਬਲਾ ਵੇ
ਹਾਏ ! ਬਾਬਲਾ ਵੇ ਧੀਆਂ ਆਖੇਂ ਕਿਓਂ ਵਿਚਾਰੀਆਂ । ਕਿਤੇ ਨਾਨੀ ਕਿਤੇ ਦਾਦੀ ਬਣ ਜਿੰਨ੍ਹਾਂ ਨੇ ਵੇ ਤੇਰੀਆਂ ਕੁਲਾਂ ਨੇ ਉਸਾਰੀਆਂ । ਭੁੱਲ ਜਾਂ ਭੁਲੇਖੇ ਕਿਤੇ ਧੀ ਜੰਮੇ ਡਾਂਟਦਾ । ਗੁੱਡੀਆਂ ਪਟੋਲਿਆਂ ਚੋਂ ਪੁੱਤ ਪੁੱਤ ਛਾਂਟਦਾ । ਭੁੱਲੇਂ ਨਿਰਮੋਹੀਆ ਕਾਹਨੂੰ ਘਰ ਦਾ ਸਲੀਕਾ ਜੀਣ ਧੀਆਂ ਭੈਣਾਂ ਸਾਰੀਆਂ । ਤੇਰੇ ਪਿੰਡ ਇੱਜ਼ਤਾਂ ਤੇ ਪੱਤ ਦੀ ਜੇ ਥਾਂ ਨਹੀਂ । ਏਸ ਦੀ ਕਸੂਰਵਾਰ ’ਕੱਲ੍ਹੀ ਮੇਰੀ ਮਾਂ ਨਹੀਂ । ਬਾਬਲੇ ਦੀ ਪੱਗ ਦੀ ਦੁਹਾਈ ਦੇਵੇਂ ਸਾਨੂੰ, ਜੋ ਨੇ ਪੁੱਤਰਾਂ ਉਤਾਰੀਆਂ । ਮਾਪਿਆਂ ਦੇ ਸਿਰ ਹੁੰਦਾ ਧੀਆਂ ਦਾ ਵੀ ਮਾਣ ਵੇ । ਸਹਿਮੇ ਜੇ ਮਲੂਕ ਜਿੰਦ, ਘਰ ਵੀ ਮਸਾਣ ਵੇ । ਕਬਰਾਂ ਤੇ ਕੁੱਖਾਂ ਨੂੰ ਤੂੰ ਇੱਕੋ ਜਿਹਾ ਕੀਤਾ, ਕਾਹਨੂੰ ਲੱਭ ਲੱਭ ਮਾਰੀਆਂ । ਧੀਆਂ ਪੁੱਤ ਰੱਖਦਾ ਜੇ ਪਹਿਲਾਂ ਇੱਕ ਤੋਲ ਵੇ । ਕਦੇ ਵੀ ਨਾ ਪੁੱਤ ਫੇਰ ਬੋਲਦੇ ਕੁਬੋਲ ਵੇ । ਧੀਆਂ ਤਾਂ ਚੰਬੇਲੀ ਤੇ ਰਵੇਲ ਵੇਲ ਵਾਂਗ ਸਦਾ ਮਹਿਕਾਂ ਨੇ ਖਿਲਾਰੀਆਂ ।
17. ਬੀਬਾ ਸੁੱਚੀ ਮੁਸਕਾਨ
ਬੀਬਾ ਸੁੱਚੀ ਮੁਸਕਾਨ ਸੋਹਣੀ ਸਾਂਭ ਸਾਂਭ ਰੱਖ । ਕਦੇ ਹੋਣ ਨਾ ਤੂੰ ਦੇਵੀਂ, ਇਹਨੂੰ ਜ਼ਿੰਦਗੀ ਤੋਂ ਵੱਖ । ਤੇਰੇ ਰਾਹਾਂ ਵਿੱਚ ਟੋਏ, ਟਿੱਬੇ, ਕੰਡੇ ਬੇਸ਼ੁਮਾਰ । ਧੀਏ! ਆਪ ਤੂੰ ਸਿਆਣੀ, ਪਹਿਲਾਂ ਇਨ੍ਹਾਂ ਨੂੰ ਬੁਹਾਰ । ਕਿਤੇ ਉੱਡ ਉੱਡ ਪੈ ਨਾ ਜਾਣ, ਅੱਖੀਆਂ 'ਚ ਕੱਖ । ਭੈਣੇ! ਭੁੱਲ ਕੇ ਵੀ ਛਾਵੇਂ ਬਹਿ ਕੇ ਧੁੱਪਾਂ ਤੋਂ ਨਾ ਡਰੀਂ । ਚੰਗੀ ਬਾਤ ਦਾ ਹੁੰਗਾਰਾ ਨੀ ਤੂੰ ਜੰਮ ਜੰਮ ਭਰੀਂ । ਏਸ ਮੰਡੀ ਵਿੱਚ ਕੂੜੀਆਂ ਕਹਾਣੀਆਂ ਨੇ ਲੱਖ । ਕਦੇ ਮਾਂ ਵਾਲੀ ਚੁੰਨੀ, ਕਦੇ ਬਾਬਲੇ ਦੀ ਪੱਗ । ਤੇਰੀ ਹੋਰ ਜ਼ੁੰਮੇਵਾਰੀ, ਜਿਹੜੀ ਏਸ ਤੋਂ ਅਲੱਗ । ਰੱਖੀਂ ਜਾਗਦੀ ਜ਼ਮੀਰ, ਨਾਲੇ ਬਾਜ਼ ਵਾਲੀ ਅੱਖ । ਸਾਡਾ ਏਹੀ ਏ ਖ਼ਜ਼ਾਨਾ, ਮਾਣ-ਮੱਤਾ ਇਤਿਹਾਸ । ਤੈਥੋਂ ਸਮਾਂ ਅੱਜ ਕਰਦਾ ਏ ਹੋਰ ਵੱਡੀ ਆਸ । ਭਰ ਸੁਪਨੇ ਚ ਰੰਗ, ਕਰ ਇਹਨੂੰ ਪਰਤੱਖ । ਬੀਬਾ ਸੁੱਚੀ ਮੁਸਕਾਨ ਸੋਹਣੀ ਸਾਂਭ ਸਾਂਭ ਰੱਖ । ਕਦੇ ਹੋਣ ਨਾ ਤੂੰ ਦੇਵੀਂ, ਇਹਨੂੰ ਜ਼ਿੰਦਗੀ ਤੋਂ ਵੱਖ ।
18. ਰੰਗ ਦਿਆ ਚਿੱਟਿਆ
ਰੰਗ ਦਿਆ ਚਿੱਟਿਆ ਤੇ ਦਿਲ ਦਿਆ ਕਾਲ਼ਿਆ । ਮੇਰਾ ਤੂੰ ਪੰਜਾਬ ਬਿਨਾ ਦੰਦਾਂ ਤੋਂ ਹੀ ਖਾ ਲਿਆ । ਦਮ ਘੁੱਟ ਮਾਰੀਆਂ ਤੂੰ ਡੌਲਿਆਂ 'ਚ ਮੱਛੀਆਂ । ਕੀਰਨਿਆਂ, ਵੈਣਾਂ ਰੂਹਾਂ ਸਾਡੀਆਂ ਨੇ ਪੱਛੀਆਂ । ਵੈਰੀਆ ਤੂੰ ਸਾਡੇ ਪਿੰਡ ਡੇਰਾ ਕਾਹਨੂੰ ਲਾ ਲਿਆ । ਮੇਰਾ ਤੂੰ ਪੰਜਾਬ...... ਕਿੱਦਾਂ ਹੁਣ ਪੈਲਾਂ ਪਾਉਣ, ਪੱਟਾਂ ਉੱਤੇ ਮੋਰ ਵੀ । ਫਿਰਦੀ ਗੁਆਚੀ ਇਹ ਜਵਾਨੀ ਭੁੱਲੀ ਤੋਰ ਵੀ । ਸਾਡੇ ਪੁੱਤਾਂ ਧੀਆਂ ਨੂੰ ਤੂੰ ਚਾਟ ਉੱਤੇ ਲਾ ਲਿਆ । ਮੇਰਾ ਤੂੰ ਪੰਜਾਬ..... ਕਦੇ ਹਥਿਆਰ ਸਾਡੇ ਪੁੱਤਾਂ ਨੂੰ ਚੁਕਾਏਂ ਤੂੰ । ਧਰਤੀ-ਧਕੇਲ ਯੋਧੇ, ਮੌਤ ਰਾਹੇ ਪਾਏਂ ਤੂੰ । ਮਾਛੀਆ! ਤੂੰ ਜਾਲ਼ ਹੀ ਬਰੂਹਾਂ ਉੱਤੇ ਲਾ ਲਿਆ । ਮੇਰਾ ਤੂੰ ਪੰਜਾਬ...... ਵੈਰ ਹੈ ਕਮਾਇਆ ਏਥੇ ਜ਼ਹਿਰ ਦੇ ਵਪਾਰੀਆਂ । ਜੜ੍ਹ ਤੋਂ ਜਵਾਨੀ ਚੀਰੀ ਫੇਰ ਫੇਰ ਆਰੀਆਂ । ਹਾਏ ਓ ਕੁਲਹਿਣਿਆ! ਦੁਪਹਿਰੇ ਦੀਵਾ ਬਾਲਿਆ । ਰੰਗ ਦਿਆ ਚਿੱਟਿਆ ਤੇ ਦਿਲ ਦਿਆ ਕਾਲ਼ਿਆ । ਮੇਰਾ ਤੂੰ ਪੰਜਾਬ ਬਿਨਾ ਦੰਦਾਂ ਤੋਂ ਹੀ ਖਾ ਲਿਆ ।
19. ਫੁੱਲ ਵਿੱਚ ਜੀਕੂੰ ਰੰਗ ਖ਼ੁਸ਼ਬੋਈ
ਫੁੱਲ ਵਿੱਚ ਜੀਕੂੰ ਰੰਗ ਖ਼ੁਸ਼ਬੋਈ, ਦੋਹਾਂ ਵਿੱਚ ਲਕੀਰ ਨਾ ਕੋਈ, ਰਹਿਣ ਇਕੱਠੇ, ਜਿਉਂਦੇ ਮਰਦੇ, ਦਿਲ ਨੂੰ ਇਹ ਸਮਝਾਈਏ । ਰੋ ਰੋ ਵਿੱਛੜਾਂਗੇ, ਏਨਾ ਮੋਹ ਨਾ ਜਿੰਦੜੀਏ ਪਾਈਏ । ਹਰ ਰਿਸ਼ਤੇ ਦਾ ਨਾਂ ਨਹੀਂ ਹੁੰਦਾ । ਸਿਰਨਾਵੇਂ ਲਈ ਥਾਂ ਨਹੀਂ ਹੁੰਦਾ । ਪੱਕਾ ਸ਼ਹਿਰ ਗਿਰਾਂ ਨਹੀਂ ਹੁੰਦਾ । ਰੂਹ ਅੰਦਰ ਜੋ ਤੁਰੇ ਨਿਰੰਤਰ, ਉਹ ਵਿਸਮਾਦ ਬਚਾਈਏ । ਰੋ ਰੋ ਵਿੱਛੜਾਂਗੇ । ਆ ਪੌਣਾਂ ਵਿੱਚ ਘੁਲ਼ ਮਿਲ਼ ਜਾਈਏ । ਅੰਬਰ ਨੂੰ ਗਲਵੱਕੜੀ ਪਾਈਏ । ਧਰਤੀ ਦੇ ਸਾਹੀਂ ਘੁਲ਼ ਜਾਈਏ । ਜ਼ਿੰਦਗੀ ਹੈ ਰੰਗਾਂ ਦਾ ਮੇਲਾ, ਇਸ ਦਾ ਜਸ਼ਨ ਮਨਾਈਏ । ਰੋ ਰੋ ਵਿੱਛੜਾਂਗੇ । ਆਈ ਮੁਸੀਬਤ ਤੋਂ ਕੀ ਡਰਨਾ । ਮੌਤੋਂ ਪਹਿਲਾਂ ਹੀ ਕਿਉਂ ਮਰਨਾ । ਛੱਡ ਦੇ ਨੀ ਤੂੰ ਹਾਉਕੇ ਭਰਨਾ । ਅੱਜ ਦਾ ਪਲ ਨਾ ਹੱਥੋਂ ਖਿਸਕੇ, ਇਸ ਦਾ ਸਾਥ ਨਿਭਾਈਏ । ਰੋ ਰੋ ਵਿੱਛੜਾਂਗੇ, ਏਨਾ ਮੋਹ ਨਾ ਜਿੰਦੜੀਏ ਪਾਈਏ।
20. ਸੰਘਰਸ਼ ਬੋਲੀਆਂ
ਉਹਨੂੰ ਲੱਗਦੇ ਅਮੀਰ ਪਿਆਰੇ ਸੁਣੇ ਨਾ ਕਿਸਾਨ ਦੁੱਖੜੇ । ਸਾਡੀ ਹੋਰ ਨਾ ਤ੍ਰਿਸ਼ਨਾ ਕੋਈ, ਇੱਕੋ ਤੇਰੀ ਅੜੀ ਭੰਨਣੀ । ਕਈ ਤੁਰ ਗਏ ਕਈਆਂ ਨੇ ਤੁਰ ਜਾਣਾ ਦਿੱਲੀਏ ਤੂੰ ਮਾਣ ਨਾ ਕਰੀਂ । ਸਾਨੂੰ ਮਾਰ ਕੇ ਮਿਲੂ ਕੀ ਤੈਨੂੰ, ਪੈਸੇ ਨਾਲ ਢਿੱਡ ਭਰ ਲਈਂ । ਤੇਰੀ ਵੱਡਿਆਂ ਘਰਾਂ ਦੇ ਨਾਲ ਯਾਰੀ, ਅੰਨ੍ਹਿਆਂ ਜਹਾਨ ਦਿਆ । ਅਸੀਂ ਆ ਗਏ ਆਂ ਧਰਤੀਆਂ ਵਾਲੇ, ਕਾਗਤਾਂ ਦਾ ਕਿਲ਼੍ਹਾ ਢਾਹੁਣ ਨੂੰ । ਜਿਹੜੇ ਹੁੰਦੇ ਨੇ ਮਸ਼ੀਨੀ ਚੂਚੇ, ਬੰਦੇ ਦੀ ਨਾ ਪੀੜ ਜਾਣਦੇ । ਤੂੰ ਤੇ ਹੱਸਦਾ ਰਾਵਣੀ ਹਾਸਾ, ਹੋਕਾ ਦੇਵੇਂ ਰਾਮ ਰਾਜ ਦਾ । ਸਾਨੂੰ ਏਕਤਾ ਦਾ ਸਬਕ ਪੜ੍ਹਾਇਆ, ਕਾਲਿਆਂ ਕਾਨੂੰਨਾਂ ਨੇ । ਤੈਨੂੰ ਲੱਗਦੇ ਨੇ ਯਾਰ ਪਿਆਰੇ, ਸਾਨੂੰ ਤੂੰ ਉਜਾੜ ਧਰਿਆ । ਸਾਡੀ ਮੰਗ ਨਾ ਹੋਰ ਵੀ ਕੋਈ, ਸਾਨੂੰ ਸਾਡਾ ਹੱਕ ਮੋੜ ਦੇ । ਤੇਰੇ ਦਾਨ ਦੀ ਲੋੜ ਨਾ ਕੋਈ, ਮਿਹਨਤਾਂ ਦਾ ਮੁੱਲ ਮੋੜ ਦੇ । ਤੇਰੇ ਵੈਲੀਆਂ ਦੇ ਨਾਲ ਮੁਲਾਹਜ਼ੇ, ਵੇਖੀਂ ਕਿਤੇ ਸਜ਼ਾ ਬੋਲ ਜੇ । ਸਾਡਾ ਸਬਰ ਪਰਖਣਾ ਛੱਡ ਦੇ, ਸਿੱਧੇ ਮੱਥੇ ਮਿਲ ਯਾਰ ਨੂੰ । ਅਸੀਂ ਸੱਤ ਪੱਤਣਾਂ ਦੇ ਤਾਰੂ, ਬੈਠੇ ਭਾਵੇਂ ਪੱਤਣਾਂ ਤੇ । ਸੀਸ ਤਲੀ ਤੇ ਟਿਕਾਉਣਾ ਸਿਖਿਆ, ਨੱਚ ਨੱਚ ਖੰਡਿਆਂ ਤੇ । ਸੂਹੇ ਰੰਗ ਦਾ ਸੂਰਜਾ ਚੜ੍ਹਿਆ, ਅੰਨ੍ਹਿਆ ਤੂੰ ਵੇਖਦਾ ਨਹੀਂ । ਕਿੰਨੂ ਨਾਲ ਨਾ ਬਰਾਬਰ ਖੜ੍ਹਦਾ, ਤੂੰ ਨਾਗਪੁਰੀ ਸੰਗਤਰਿਆ । ਬਹੁਤਾ ਤੋਲਦੇ, ਮੰਡੀ ਵਿੱਚ ਰੋਲਦੇ, ਛਾਬੇ ਤੇਰੀ ਤੱਕੜੀ ਦੇ । ਜ਼ਹਿਰ ਚੜ੍ਹਿਆ, ਜਾਨ ਤੇ ਬਣੀਆਂ, ਸੁੰਘਿਆ ਸੀ ਫੁੱਲ ਜਾਣ ਕੇ ।
21. ਆ ਜਾ ਮੇਰੇ ਪਿੰਡ ਦੀ ਨੁਹਾਰ ਵੇਖ ਲੈ
ਆ ਜਾ ਮੇਰੇ ਪਿੰਡ ਦੀ ਨੁਹਾਰ ਵੇਖ ਲੈ । ਥੁੜਾਂ ਮਾਰੀ ਓਦਰੀ ਬਹਾਰ ਵੇਖ ਲੈ । ਗੱਭਰੂ ਸੀ ਜਿੱਥੇ ਖੇਡਦੇ ਕਬੱਡੀਆਂ । ਜ਼ਾਤਾਂ ਗੋਤਾਂ ਸਾਰਿਆਂ ਸੀ ਪਿੱਛੇ ਛੱਡੀਆਂ । ਉੱਡ ਗਿਆ ਓਥੋਂ ਤੂੰ ਪਿਆਰ ਵੇਖ ਲੈ । ਕਿੱਕਲੀ ਤੇ ਗਿੱਧਾ ਮੁਟਿਆਰਾਂ ਪਾਉਂਦੀਆਂ । ਪੀਂਘ ਦੇ ਹੁਲਾਰੇ ਸੀ ਆਕਾਸ਼ ਗਾਹੁੰਦੀਆਂ । ਖ਼ਤਰੇ 'ਚ ਕੂੰਜਾਂ ਵਾਲ਼ੀ ਡਾਰ ਵੇਖ ਲੈ । ਸਤਿਨਾਮ ਨਾਲ ਚੜ੍ਹਦੀ ਸਵੇਰ ਸੀ । ਰਹਿ ਰਾਸ ਮਨ 'ਚੋਂ ਮਿਟਾਉਂਦੀ 'ਨ੍ਹੇਰ ਸੀ । ਬਾਝ ਗੁਰੂ ਡੁੱਬਾ ਸੰਸਾਰ ਵੇਖ ਲੈ । ਬਲ਼ਦਾਂ ਦੇ ਗਲ਼ਾਂ ਵਿੱਚ ਗੁੰਮ ਟੱਲੀਆਂ । ਲੱਗਦੈ ਬਹਾਰਾਂ ਏਥੋਂ ਉੱਡ ਚੱਲੀਆਂ । ਫ਼ਸਲਾਂ ਤੇ ਕਰਜ਼ੇ ਦਾ ਭਾਰ ਵੇਖ ਲੈ । ਮੰਜੀ ਡਾਹ ਕੇ ਬਾਬੇ ਬੈਠੇ ਪੋਤਿਆਂ ਸਣੇ । ਪੋਤਰੀ ਇਕੱਲ੍ਹੀ ਬੈਠੀ ਬਾਤ ਨਾ ਬਣੇ । ਇੱਕੋ ਵਿਹੜੇ ਵੱਖਰਾ ਵਿਹਾਰ ਵੇਖ ਲੈ । ਵਿਹਲੀਆਂ ਲਿਆਕਤਾਂ ਨੇ, ਕੰਮ ਕਾਰ ਨਾ । ਏਦਾਂ ਜਾਪੇ ਏਥੇ ਕੋਈ ਸਰਕਾਰ ਨਾ । ਗੱਡੇ ਜਿੰਨਾ ਮਨਾਂ ਉੱਤੇ ਭਾਰ ਵੇਖ ਲੈ । ਨਸ਼ਿਆਂ ਨੇ ਰੋਲ਼ ਦਿੱਤੀਆਂ ਜਵਾਨੀਆਂ । ਸੋਚਦੇ ਨਾ ਪੁੱਤ ਮੇਰੇ ਲਾਭ ਹਾਨੀਆਂ । ਰੂਹਾਂ ਵਿੱਚ ਆ ਗਿਆ ਨਿਘਾਰ ਵੇਖ ਲੈ । ਧੀ ਭੈਣ ਪਿੰਡ ਦੀ ਰਿਵਾਜ ਨਾ ਰਿਹਾ । ਸਹੁੰ ਤੇਰੀ ਪਹਿਲਾਂ ਜਿਹਾ ਸਮਾਜ ਨਾ ਰਿਹਾ । ਡੋਲੀਆਂ ਨੂੰ ਲੁੱਟਦੇ ਕਹਾਰ ਵੇਖ ਲੈ । ਮਹਿੰਗੇ ਅਸੀਂ ਕਰ ਲਏ ਵਿਆਹ ਤੇ ਸ਼ਾਦੀਆਂ । ਰੋਕੇ ਕੌਣ ਦੱਸੋ ਏਥੇ ਬਰਬਾਦੀਆਂ । ਖ਼ਰਚੇ ਫ਼ਜ਼ੂਲ ਬੇਸ਼ੁਮਾਰ ਵੇਖ ਲੈ । ਜਣਾ ਖਣਾ ਆਖੇ ਮੈਂ ਤਾਂ ਬਾਹਰ ਚੱਲਿਆ । ਵੱਖਰੀ ਬੇਗਾਨਗੀ ਬਨੇਰਾ ਮੱਲਿਆ । ਦਿੱਲੀ ਵਿੱਚ ਲੱਗੀ ਤੂੰ ਕਤਾਰ ਵੇਖ ਲੈ । ਆ ਜਾ ਮੇਰੇ ਪਿੰਡ ਦੀ ਨੁਹਾਰ ਵੇਖ ਲੈ । ਥੁੜਾਂ ਮਾਰੀ ਓਦਰੀ ਬਹਾਰ ਵੇਖ ਲੈ ।
22. ਵਿਹੜੇ ਅੰਦਰ ਧੀ
ਵਿਹੜੇ ਅੰਦਰ ਧੀ ਤੇ ਛਾਂ ਲਈ ਬਿਰਖ਼ ਜ਼ਰੂਰੀ ਹੈ । ਖ਼ੁਸ਼ਬੂ ਤੇ ਹਰਿਆਵਲ ਤੋਂ ਬਿਨ ਧਰਤ ਅਧੂਰੀ ਹੈ । ਛਤਰੀ ਵਾਲੇ ਬਿਰਖ਼ਾਂ ਨੂੰ ਕਟਵਾਈ ਜਾਂਦੇ ਹੋ । ਖਿੜਨੋਂ ਪਹਿਲਾਂ ਕਲੀਆਂ ਮਸਲ ਮੁਕਾਈ ਜਾਂਦੇ ਹੋ । ਜ਼ਿੰਦਗੀ ਨਰਕ ਬਣਾਉਣੀ, ਕਰੀ ਤਿਆਰੀ ਪੂਰੀ ਹੈ । ਪਲੰਘ, ਪੰਘੂੜਾ, ਅਰਥੀ ਖੇਡ ਖਿਡੌਣਾ ਕਹਿੰਦੇ ਨੇ ਰੁੱਖਾਂ ਦੇ ਮੁੱਢ ਆਰੀ ਨੂੰ ਹੀ ਪਰਲੋ ਕਹਿੰਦੇ ਨੇ । ਧਰਤ ਤਰੇੜੀ ਵੇਖੋ, ਮੱਥੇ ਪਾ ਲਈ ਘੂਰੀ ਹੈ । ਧੀਆਂ ਧਰਮ ਧਰਤ ਦਾ ਗੁਰੂਆਂ ਨੇ ਫੁਰਮਾਇਆ ਹੈ । ਘੂਕੀ ਦੇ ਵਿੱਚ ਆਪਾਂ ਸੁੱਚਾ ਸਬਕ ਭੁਲਾਇਆ ਹੈ । ਲੱਭਦੇ ਫਿਰੀਏ ਬਾਹਰੋਂ ਅੰਦਰ ਪਈ ਕਸਤੂਰੀ ਹੈ । ਰਾਜ ਭਾਗ ਦੇ ਸੂਰਜ ਤਾਂ ਨਿੱਤ ਚੜ੍ਹਦੇ ਲਹਿੰਦੇ ਨੇ । ਮਿਲਖ ਜਾਗੀਰਾਂ ਠੀਕਰੀਆਂ ਨੂੰ ਮਿਥਿਆ ਕਹਿੰਦੇ ਨੇ । ਕਹਿਣੀ ਤੇ ਕਰਨੀ ਵਿੱਚ ਕਿਉਂ ਕੋਹਾਂ ਦੀ ਦੂਰੀ ਹੈ । ਵਿਹੜੇ ਅੰਦਰ ਧੀ ਤੇ ਛਾਂ ਲਈ ਬਿਰਖ਼ ਜ਼ਰੂਰੀ ਹੈ ।
23. ਗੋਰੇ ਤੁਰ ਗਏ ਕਾਲ਼ੇ ਆ ਗਏ
ਗੋਰੇ ਤੁਰ ਗਏ, ਕਾਲ਼ੇ ਆ ਗਏ, ਸੋਨ ਚਿੜੀ ਨੂੰ ਲੁੱਟ ਕੇ ਖਾ ਗਏ, ਕੀ ਖੱਟਿਆ ਜੀ ਲੋਕ ਰਾਜ ਦਾ ਸੂਹਾ ਸੁਪਨਾ ਪਾਲ਼ ਕੇ । ਡਾਕੂਆਂ ਨੇ ਦਿੱਲੀ ਲੁੱਟੀ, ਦੁਪਹਿਰੇ ਦੀਵਾ ਬਾਲ਼ ਕੇ । ਖ਼ੂਨ ਦਾ ਵੇਖੋ ਬਣ ਗਿਆ ਪਾਣੀ, ਯਾਦ ਕਿਸੇ ਨੂੰ ਨਾ ਕੁਰਬਾਨੀ । ਅਕਲੋਂ ਅੰਨ੍ਹੇ ਦੇਣ ਸੰਥਿਆ, ਅਕਲਾਂ ਦਾ ਨਾ ਮੁੱਲ ਦਵਾਨੀ । ਗੁੰਡੀ ਰੰਨ ਪਰਧਾਨੋ ਬਣ ਗਈ, ਚੋਰ ਉਚੱਕੇ ਪਾਲ਼ ਕੇ । ਡਾਕੂਆਂ ਨੇ ਦਿੱਲੀ ਲੁੱਟੀ....... ਟੋਡੀ ਬੱਚੇ ਕੁਰਸੀ ਬਹਿ ਗਏ, ਅਸਲੀ ਵਾਰਸ ਵੰਡੇ ਰਹਿ ਗਏ । ਇਨਕਲਾਬ ਦੇ ਝੰਡੇ ਪਾਟੇ, ਹੱਥਾਂ ਦੇ ਵਿੱਚ ਡੰਡੇ ਰਹਿ ਗਏ । ਸੱਚੀ ਗੱਲ ਨਿਕਲ ਗਈ ਮੂੰਹੋਂ, ਰੱਖੀ ਅੱਜ ਤੱਕ ਟਾਲ਼ ਕੇ । ਡਾਕੂਆਂ ਨੇ ਦਿੱਲੀ ਲੁੱਟੀ......... ਐਸੀ ਤੇਜ਼ ਹਨ੍ਹੇਰੀ ਵਗੇ, ਬੰਦੇ ਵੇਖੋ ਬਣ ਗਏ ਢੱਗੇ । ਪੈਸੇ ਦੀ ਸਰਦਾਰੀ ਅੱਗੇ, ਹਰ ਕੁਰਸੀ ਦੀ ਬੋਲੀ ਲੱਗੇ । ਸਾਨੂੰ ਕਰਦੇ ਅੰਨ੍ਹੇ ਬੋਲ਼ੇ, ਕੰਨੀਂ ਸਿੱਕਾ ਢਾਲ਼ ਕੇ । ਡਾਕੂਆਂ ਨੇ ਦਿੱਲੀ ਲੁੱਟੀ........ ਸੁਣੋ ਸ਼ਹੀਦਾਂ ਇਹ ਕਹਿਣਾ, ਗਲ਼ੋਂ ਗੁਲਾਮੀ ਨੇ ਤਦ ਲਹਿਣਾ । ਕਸਮਾਂ ਖਾਉ ਹੁਣ ਨਹੀਂ ਬਹਿਣਾ, ਜ਼ੁਲਮ ਵੇਖ ਕੇ ਚੁੱਪ ਨਹੀਂ ਰਹਿਣਾ । ਸੌਣ ਵਾਲਿਓ ਜਾਗ ਪਵੋ ਹੁਣ, ਅੱਖੀਉਂ ਨੀਂਦਰ ਟਾਲ਼ ਕੇ । ਡਾਕੂਆਂ ਨੇ ਦਿੱਲੀ ਲੁੱਟੀ, ਦੁਪਹਿਰੇ ਦੀਵਾ ਬਾਲ਼ ਕੇ ।
24. ਪੁੱਤਰੋ ਪੰਜਾਬ ਦਿਉ
ਪੁੱਤਰੋ ਪੰਜਾਬ ਦਿਉ, ਬੋਲੀ ਨਾ ਵਿਸਾਰਿਉ । ਆਪਣੇ ਹੀ ਪੈਰਾਂ ਤੇ ਕੁਹਾੜੀਆਂ ਨਾ ਮਾਰਿਉ । ਪੁੱਤ ਹੋ ਲਿਆਕਤਾਂ ਦੇ ਮੇਰੇ ਪੰਜ ਪਾਣੀਉ । ਵੇਦਾਂ ਦੇ ਰਚੇਤਾ ਤੁਸੀਂ ਸਮਿਆਂ ਦੇ ਹਾਣੀਉ । ਵੈਰੀਆਂ ਦੇ ਹੱਲਿਆ ਤੋਂ ਵੇਖਿਉ ਨਾ ਹਾਰਿਉ । ਆਪਣੀ ਜ਼ਬਾਨ ਵਿੱਚ ਬੰਦਾ ਸੌਖਾ ਸਿੱਖਦਾ । ਓਪਰੀ ਜ਼ਬਾਨ ਜਿਵੇਂ ਆਟਾ ਹੋਵੇ ਭਿੱਖ ਦਾ । ਸ਼ਬਦਾਂ ਸਹਾਰੇ ਪੜ੍ਹ ਜ਼ਿੰਦਗੀ ਸੰਵਾਰਿਉ । ਮਿਸ਼ਰੀ ਤੋਂ ਮਿੱਠੀ ਬੋਲੀ ਵਰਗੀ ਜੇ ਮਾਂ ਨਹੀਂ । ਓਸ ਘਰ ਆਉਂਦੀ ਕਦੇ ਚਾਵਾਂ ਵਾਲੀ ਛਾਂ ਨਹੀਂ । ਵੇਖਿਓ ਕਮਾਈਆਂ ਕਦੇ ਜੂਏ 'ਚ ਨਾ ਹਾਰਿਓ । ਕਾਹਦੀਆਂ ਕਮਾਈਆਂ ਧੀਆਂ ਪੁੱਤ ਜੇ ਗੁਆ ਲਏ । ਘਰ ਘਾਟ ਛੱਡ ਅਸੀਂ ਕਿੱਥੇ ਮੰਜੇ ਡਾਹ ਲਏ । ਦੂਜੇ ਦੀ ਪੁਆਂਦੀਂ ਕਦੇ ਬਹਿਣਾ ਨਾ ਪਿਆਰਿਉ । ਪੁੱਤਰੋ ਪੰਜਾਬ ਦਿਉ, ਬੋਲੀ ਨਾ ਵਿਸਾਰਿਉ । ਆਪਣੇ ਹੀ ਪੈਰਾਂ ਤੇ ਕੁਹਾੜੀਆਂ ਨਾ ਮਾਰਿਉ ।
25. ਦੱਸ ਤੈਨੂੰ ਆਖਾਂ ਹੁਣ ਕੀ ਵੇ ਸ਼ਰਾਬੀਆ
ਦੱਸ ਤੈਨੂੰ ਆਖਾਂ ਹੁਣ ਕੀ ਵੇ ਸ਼ਰਾਬੀਆ, ਦੱਸ ਤੈਨੂੰ ਆਖਾਂ ਹੁਣ ਕੀ? ਸੂਲੀ ਉੱਤੇ ਟੰਗਿਆ ਏ, ਸਾਨੂੰ ਤੂੰ ਤਲੰਗਿਆ ਵੇ, ਘਰ ਵਿੱਚ ਦੁਖੀ ਸਾਰੇ ਜੀ । ਦੁੱਖਾਂ ਵਿੱਚ ਟੰਗੀ ਜਿੰਦ ਜਦੋਂ ਦੀ ਵਿਆਹੀ ਵੇ । ਨਸ਼ੇ 'ਚ ਗੜੂੰਦ ਕਰੇਂ ਘਰ ਦੀ ਤਬਾਹੀ ਵੇ । ਮੌਤ ਵੱਲ ਜਾਂਦੀ ਪਗਡੰਡੀ ਵਾਲੀ ਲੀਹ ਵੇ ਸ਼ਰਾਬੀਆ, ਦੱਸ ਤੈਨੂੰ ਆਖਾਂ ਹੁਣ ਕੀ? ਆਪਣੀ ਨਾ ਮੇਰੀ ਤੈਨੂੰ ਪੱਤ ਦਾ ਖ਼ਿਆਲ ਨਾ । ਬੱਚਿਆਂ ਨੂੰ ਪੁੱਛੇਂ ਕਦੇ ਉੱਠਦਾ ਸਵਾਲ ਨਾ । ਸ਼ਰਮਾਂ ਨੂੰ ਘੋਲ਼ ਗਿਐਂ ਪੀ ਵੇ ਸ਼ਰਾਬੀਆ, ਦੱਸ ਤੈਨੂੰ ਆਖਾਂ ਹੁਣ ਕੀ? ਜਿੰਨੇ ਮੁਸ਼ਟੰਡੇ ਤੇਰੇ ਜੁੰਡਲੀ ਦੇ ਯਾਰ ਵੇ । ਨਸ਼ਿਆਂ ਦੇ ਘੋੜੇ ਉੱਤੇ ਰਹਿੰਦੇ ਨੇ ਸਵਾਰ ਵੇ । ਚੰਬੜੇ ਨੇ ਵੈਲੀ ਤੈਨੂੰ ਵੀਹ ਵੇ ਸ਼ਰਾਬੀਆ, ਦੱਸ ਤੈਨੂੰ ਆਖਾਂ ਹੁਣ ਕੀ? ਫ਼ਿਕਰਾਂ ਦੀ ਧੁੱਪੇ ਵੇ ਗੁਲਾਬੀ ਰੰਗ ਚੋ ਗਿਆ । ਚੰਨਣ ਦੀ ਗੇਲੀ ਜਿਹਾ ਸਰੀਰ ਮਿੱਟੀ ਹੋ ਗਿਆ । ਮਰ ਚੱਲੀ ਦੰਦੀਆਂ ਨੂੰ ਪੀਹ ਵੇ ਸ਼ਰਾਬੀਆ, ਦੱਸ ਤੈਨੂੰ ਆਖਾਂ ਹੁਣ ਕੀ?
26. ਕਿੱਥੇ ਤੁਰ ਗਈ ਵਤਨ ਮੇਰੇ ਦੀ
ਕਿੱਥੇ ਤੁਰ ਗਈ ਵਤਨ ਮੇਰੇ ਦੀ ਟੁਣਕ ਟੁਣਕ ਟੁਣਕਾਰ । ਓ ਬਾਬਾ ! ਆ ਜੋੜੀਂ, ਤੂੰ ਤੂੰਬੇ ਦੀ ਤਾਰ । ਕੂੜ ਕੁਸੱਤ ਦਾ ਸੌਦਾ ਤੋਲਣ ਪੈਸੇ ਲਈ ਵਣਜਾਰੇ । ਖਾਈ ਜਾਣ ਜ਼ਹਿਰ ਦੀ ਗੋਲ਼ੀ, ਲੋਕੀਂ ਭਰਮਾਂ ਮਾਰੇ । ਘੂਕੀਂ ਸੁੱਤੇ ਘਰ ਦੇ ਮਾਲਕ, ਸੌਂ ਗਿਆ ਚੌਕੀਦਾਰ । ਓ ਬਾਬਾ ! ਆ ਜੋੜੀਂ...... ਧੀ ਭੈਣ ਦੀ ਰੁਲ਼ ਗਈ ਚੁੰਨੀ, ਹੋ ਗਈ ਲੀਰਾਂ ਲੀਰਾਂ । ਅਣਖ਼ੀ ਪੁੱਤਰਾਂ ਦੇ ਹੱਥ ਹੁਣ ਨਾ ਕਲਮਾਂ ਤੇ ਸ਼ਮਸ਼ੀਰਾਂ । ਬੇਗ਼ੈਰਤ ਦੀ ਰੂਹ ਦੇ ਉੱਤੇ ਪੈਂਦਾ ਨਹੀਂ ਹੁਣ ਭਾਰ । ਓ ਬਾਬਾ ! ਆ ਜੋੜੀਂ........ ਜ਼ਿੰਦਗੀ ਮੌਤ ਬਰਾਬਰ ਹੋਈਆਂ, ਕੀ ਬੇਅਣਖ਼ਾ ਜੀਣਾ । ਦਿਨ ਚੜ੍ਹਦੇ ਹੀ ਪੈ ਜਾਂਦਾ ਹੈ ਜ਼ਹਿਰ ਪਿਆਲਾ ਪੀਣਾ । ਧਰਮੀ ਟੀ ਵੀ ਚੈਨਲ ਉੱਤੇ ਨੱਚਦੀ ਨੰਗੀ ਨਾਰ । ਓ ਬਾਬਾ ! ਆ ਜੋੜੀਂ....... ਧਰਤੀ ਧਰਮ ਅਤੇ ਮਰਯਾਦਾ ਰੁਲ਼ ਗਈ ਵਿੱਚ ਬਾਜ਼ਾਰਾਂ । ਦੇਸ਼ ਖਾਣ ਵਿੱਚ ਰੁੱਝੇ ਹਾਕਮ, ਕਿਸ ਨੂੰ ਅਰਜ਼ ਗੁਜ਼ਾਰਾਂ । ਅੰਤਮ ਸਾਹ ਤੱਕ ਚੋਰਾਂ ਤੋਂ ਮੈਂ ਮੰਨਣੀ ਨਹੀਉਂ ਹਾਰ । ਓ ਬਾਬਾ ! ਆ ਜੋੜੀਂ....... ਕਿੱਥੇ ਤੁਰ ਗਈ ਦੇਸ਼ ਮੇਰੇ ਦੀ ਸਿਰਲੱਥ ਅਸਲ ਜਵਾਨੀ । ਧਰਮ ਕਰਮ ਨੂੰ ਪਾਲਣ ਖ਼ਾਤਰ ਜੋ ਵਾਰੇ ਜ਼ਿੰਦਗਾਨੀ । ਰੋਜ਼ ਦਿਹਾੜੀ ਫੁੰਡਦੇ ਏਥੇ ਕੂੰਜੜੀਆਂ ਦੀ ਡਾਰ । ਓ ਬਾਬਾ ! ਆ ਜੋੜੀਂ, ਤੂੰ ਤੂੰਬੇ ਦੀ ਤਾਰ ।
27. ਚੜ੍ਹਦੀ ਜਵਾਨੀ ਕਾਹਨੂੰ ਕੱਖਾਂ ਵਿੱਚ
ਚੜ੍ਹਦੀ ਜਵਾਨੀ ਕਾਹਨੂੰ ਕੱਖਾਂ ਵਿੱਚ ਰੋਲ਼ੇਂ, ਜਾ ਕੇ ਬਹਿ ਗਿਆ ਸਾਧ ਦੇ ਡੇਰੇ । ਵੇ ਟਿਕਟਾਂ ਕਿਉਂ ਦੋ ਮੰਗਦਾ, ਮੈਂ ਨਹੀਂ ਤੁਰਨਾ ਮਲੰਗਾ ਨਾਲ਼ ਤੇਰੇ । ਰੱਬ ਦੇ ਦਲਾਲਾਂ ਤੈਨੂੰ ਕਿਵੇਂ ਭਰਮਾ ਲਿਆ । ਸੁਲਫੇ ਦੇ ਸੂਟੇ ਵਾਲੀ ਪੁੱਠੀ ਚਾਟੇ ਲਾ ਲਿਆ । ਤਾਂ ਹੀ ਹੋਸ਼ ਨਾ ਹਵਾਸ ਵੱਸ ਤੇਰੇ । ਵੇ ਟਿਕਟਾਂ ਕਿਉਂ ਦੋ ਮੰਗਦਾ...... ਖੂਹ ਦੇ ਵਿੱਚ ਪਈਆਂ ਨੇ ਪੜ੍ਹਾਈਆਂ ਬੀਬਾ ਤੇਰੀਆਂ । ਜ਼ੁਲਮਾਂ ਦੀ ਅੱਤ ਵੇਖ ਕਾਲ਼ੀਆਂ ਹਨ੍ਹੇਰੀਆਂ । ਪੈ ਗਏ ਸਾਰਿਆਂ ਪਿੰਡਾਂ ਨੂੰ ਘੇਰੇ । ਵੇ ਟਿਕਟਾਂ ਕਿਉਂ ਦੋ ਮੰਗਦਾ...... ਮਸਤ ਫ਼ਕੀਰ ਸਾਈਂ ਕੰਮ ਦੇ ਨਾ ਕਾਰ ਦੇ । ਚੜ੍ਹਦੀ ਜਵਾਨੀ ਦੀ ਅਣਖ਼ ਏਹੀ ਮਾਰਦੇ । ਆਵੇ ਸਮਝ ਕਿਉਂ ਨਾ ਮਨ ਤੇਰੇ । ਵੇ ਟਿਕਟਾਂ ਕਿਉਂ ਦੋ ਮੰਗਦਾ...... ਚੰਗੇ ਭਲੇ ਗਾਉਂਦੇ ਗਾਉਂਦੇ ਜ਼ੁੰਮੇਵਾਰੀ ਭੁੱਲਿਆ । ਨੱਚਦੇ ਨਚਾਰਾ ਚਾਰ ਛਿੱਲੜਾਂ ਤੇ ਡੁੱਲ੍ਹਿਆ । ਹੋ ਗਏ ਸਿਖ਼ਰ ਦੁਪਹਿਰ ਹਨ੍ਹੇਰੇ, ਵੇ ਟਿਕਟਾਂ ਕਿਉਂ ਦੋ ਮੰਗਦਾ.......
28. ਟੱਪੇ
ਕਰ ਮੈਲ਼ੀ ਨਾ ਤੂੰ ਅੱਖ ਮੁੰਡਿਆ । ਜਿੰਨ੍ਹਾਂ ਪਿੱਛੇ ਤੂੰ ਫਿਰਦੈਂ, ਵੇ ਮੈਂ ਉਨ੍ਹਾਂ ਨਾਲੋਂ ਵੱਖ ਮੁੰਡਿਆ । ਰੁੱਤ ਆ ਗਈ ਵੇ ਫੁਟਾਰੇ ਦੀ । ਜੜ੍ਹ ਜੀਹਦੀ ਮੁੱਢੋਂ ਸੁੱਕ ਗਈ, ਪੁੱਛ ਪੀੜ ਤੂੰ ਵਿਚਾਰੇ ਦੀ । ਕਾਂ ਕੂਕਦਾ ਬਨੇਰੇ ਤੋਂ । ਸੱਜੀ ਅੱਖ ਫਰਕ ਰਹੀ, ਚੇਤੇ ਆ ਰਿਹੈਂ ਸਵੇਰੇ ਤੋਂ । ਠੰਢੀ ਛਾਂ ਵੇ ਸ਼ਹਿਤੂਤਾਂ ਦੀ । ਕਰਕ ਕਲੇਜਾ ਚੀਰਦੀ, ਤੈਨੂੰ ਪਈ ਕਲਬੂਤਾਂ ਦੀ । ਵੇਖ ਰਾਵੀ ਦੀਆਂ ਲਹਿਰਾਂ ਨੂੰ । ਪਿੰਡਾਂ ਵਿੱਚ ਭੰਗ ਭੁੱਜਦੀ, ਵੇ ਤੂੰ ਪਾਲ਼ਦਾ ਏਂ ਸ਼ਹਿਰਾਂ ਨੂੰ । ਆ ਜਾ ਚਰਖ਼ੇ ਨੂੰ ਰਲ਼ ਕੱਤੀਏ । ਦਿਲ ਦਾ ਹਨ੍ਹੇਰ ਮੇਟ ਦੇ, ਸਾਡੇ ਮਾਝੇ ਦੀਏ ਮੋਮਬੱਤੀਏ । ਮੰਜੀ ਟੁੱਟ ਗਈ ਪੁਰਾਣੀ ਵੇ । ਪਲੰਘਾਂ ਤੇ ਸੌਣ ਵਾਲਿਆ, ਇਹਦੀ ਕਦਰ ਨਾ ਜਾਣੀ ਵੇ । ਧੁੱਪ ਲੜਦੀ ਦੁਪਹਿਰਾਂ ਨੂੰ । ਬਿਰਖ਼ਾਂ ਦਾ ਹੌਕਾ ਪੈ ਗਿਆ, ਹੁਣ ਘੋਨ ਮੋਨ ਸ਼ਹਿਰਾਂ ਨੂੰ । ਛਾਂ ਛੁੱਟ ਜੂ ਲਸੂੜੀ ਦੀ । ਹੱਥਕੜੀ ਉਮਰਾਂ ਦੀ, ਕੈਦ ਰੰਗਲੀ ਚੂੜੀ ਦੀ ।
29. ਮੇਰਾ ਖ਼ੂਨ ਨਿਚੋੜ ਕੇ ਤੂੰ
ਮੇਰਾ ਖ਼ੂਨ ਨਿਚੋੜ ਕੇ ਤੂੰ ਸ਼ਗਨਾਂ ਦੀ ਮਹਿੰਦੀ ਲਾਈ ਨੀ । ਖੜ੍ਹਾ ਖਲੋਤਾ ਚਿਣ ਕੇ ਮੈਨੂੰ ਹੱਥੀਂ ਚਿਤਾ ਜਲਾਈ ਨੀ । ਕਿਹੜੇ ਮੂੰਹ ਪ੍ਰਵਾਨ ਕਰੇਂਗੀ, ਜਦ ਕੋਈ ਦੇਊ ਵਧਾਈ ਨੀ । ਜਦ ਸ਼ਗਨਾਂ ਤੋਂ ਵਿਹਲੀ ਹੋਈ ਯਾਦਾਂ ਘੇਰਾ ਪਾਉਣਗੀਆਂ । ਚੰਨ ਚਾਨਣੀ ਲੁਕ ਲੁਕ ਖੇਡੀਆਂ ਖੇਡਾਂ ਚੇਤੇ ਆਉਣਗੀਆਂ । ਓਪਰਿਆਂ ਦੀ ਬੁੱਕਲ ਦੇ ਵਿੱਚ ਬਹਿ ਗਈ ਤੂੰ ਹਤਿਆਰੀਏ ਨੀ । ਜਾਹ! ਤੈਨੂੰ ਵੀ ਚੈਨ ਨਹੀਂ ਮਿਲਣਾ ਯਾਰ ਦਰੋਂ ਦੁਰਕਾਰੀਏ ਨੀ । ਉੱਡਣੇ ਪੰਛੀ ਪਿੰਜਰੇ ਪਾ ਕੇ ਏਦਾਂ ਤੇ ਨਾ ਮਾਰੀਏ ਨੀ । ਜਦੋਂ ਕਦੇ ਘੁੱਗੀਆਂ ਦਾ ਜੋੜਾ ਗੁਟਗੂੰ ਕਰੂ ਬਨੇਰਿਆਂ ਤੇ । ਰਹਿ ਰਹਿ ਤੈਨੂੰ ਗੁੱਸਾ ਆਊ ਤੈਨੂੰ ਮਾਪਿਆਂ ਤੇਰਿਆਂ ਤੇ । ਤਰਸ ਕਰੀਂ ਨਾ ਹਾਏ ਬੇਦਰਦੇ ਉਸ ਪਲ ਕਰਮਾਂ ਮੇਰਿਆਂ ਤੇ । ਬਣ ਬੈਠੀ ਮਹਿਲਾਂ ਦੀ ਰਾਣੀ ਛੱਡ ਕੇ ਸੱਜਣ ਪਿਆਰਾ ਨੀ । ਕੱਖੋਂ ਹੌਲ਼ਾ ਹੋਇਆ ਫਿਰਦਾ ਲਾਲਾਂ ਦਾ ਵਣਜਾਰਾ ਨੀ । ਕਿਸਨੂੰ ਬਾਤ ਸੁਣਾਵੇ ਦਿਲ ਦੀ ਭਰੇ ਨਾ ਕੋਈ ਹੁੰਗਾਰਾ ਨੀ ।
30. ਛੱਡ ਗਿਉਂ ‘ਕੱਲ੍ਹਾ
ਛੱਡ ਗਿਉਂ 'ਕੱਲ੍ਹਾ ਤੇ ਅਵੱਲਾ ਰੋਗ ਲਾ ਲਿਆ । ਨਿੱਕੀ ਜਹੀ ਨਿਮਾਣੀ ਜਿੰਦ ਵਖ਼ਤਾਂ 'ਚ ਪਾ ਲਿਆ । ਪੈ ਗਿਆ ਅੰਗਾਰਾਂ ਉੱਤੇ ਨੰਗੇ ਪੈਰੀਂ ਤੁਰਨਾ । ਉੱਖੜੇ ਨੇ ਤਾਲ ਮੇਰੇ, ਕਾਬੂ ਆਉਂਦੇ ਸੁਰ ਨਾ । ਗ਼ਮਾਂ ਵਾਲੀ ਚਰਖ਼ੀ ਨੂੰ ਵਿਹੜੇ ਵਿੱਚ ਡਾਹ ਲਿਆ । ਕਰ ਕਰ ਚੇਤੇ ਤੈਨੂੰ ਰੋਂਦੀਆਂ ਸਾਰੰਗੀਆਂ । ਸੁਰ-ਸ਼ਹਿਜ਼ਾਦਿਆ ਇਹ ਚੁੱਪਾਂ ਨਹੀਂਉਂ ਚੰਗੀਆਂ । ਕਬਰਾਂ ਨੂੰ ਆਪਣਾ ਤੂੰ ਘਰ ਕਿਉਂ ਬਣਾ ਲਿਆ । ਸਾਡੀਆਂ ਪੁਕਾਰਾਂ ਕੂਕਾਂ ਰੱਬ ਵੀ ਨਾ ਮੰਨੀਆਂ । ਤੂੰ ਵੀ ਤਾਂ ਛੁਡਾ ਕੇ ਤੁਰ ਗਿਉਂ ਚਾਰੇ ਕੰਨੀਆਂ । ਰਾਤ ਦੇ ਹਨ੍ਹੇਰੇ ਵਿੱਚ ਮੁੱਖ ਕਿਉਂ ਲੁਕਾ ਲਿਆ । ਸੂਰਜੇ ਤੋਂ ਪਾਰ ਜਾਂਦੇ ਸੁਰ ਨਹੀਂਉਂ ਲੱਭਦੇ । ਤੇਰੇ ਵਾਲੇ ਗੀਤ ਤੇਰੇ ਬਿਨਾ ਨਹੀਉਂ ਫੱਬਦੇ । ਅਤਾ ਪਤਾ ਦੱਸ ਹੁਣ ਕਿੱਥੇ ਡੇਰਾ ਲਾ ਲਿਆ । ਛੱਡ ਗਿਉਂ 'ਕੱਲ੍ਹਾ ਤੇ ਅਵੱਲਾ ਰੋਗ ਲਾ ਲਾ ਲਿਆ ।
31. ਫੁੱਲਾਂ ਦੀ ਅਰਜ਼ੋਈ
ਫੁੱਲਾਂ ਦੀ ਅਰਜ਼ੋਈ । ਸੂਰਜ ਰਿਸ਼ਮੇ ਆ ਜਾ ਭਰ ਜਾ ਰੰਗਾਂ ਵਿੱਚ ਖ਼ੁਸ਼ਬੋਈ । ਲੱਗਿਆ ਹੈ ਰੰਗਾਂ ਦਾ ਮੇਲਾ । ਸੱਜਣਾਂ ਨੂੰ ਮਿਲਣੇ ਦਾ ਵੇਲਾ । ਹੋ ਨਾ ਜਾਵੇ ਹੋਰ ਕੁਵੇਲ਼ਾ । ਸੁੱਤੀਆਂ ਲਗਰਾਂ ਜਾਗ ਪੈਣ ਫਿਰ ਲਾਹ ਆਲਸ ਦੀ ਲੋਈ । ਆ ਮੇਰੇ ਸਾਹਾਂ ਵਿੱਚ ਲਹਿ ਜਾ । ਮੇਰੀ ਸੁਣ ਜਾ, ਆਪਣੀ ਕਹਿ ਜਾ । ਕੁਝ ਪਲ ਰੰਗਾਂ ਦੇ ਸੰਗ ਰਹਿ ਜਾ । ਤੇਰੇ ਰਾਹਾਂ ਦੇ ਵਿੱਚ ਬੈਠਾਂ, ਤਰੇਲ ਦੇ ਮੋਤੀ ਚੋਈ । ਤੂੰ ਜ਼ਿੰਦਗੀ ਦੀ ਲੋਰ ਜਹੀ ਏਂ । ਦਰਿਆਵਾਂ ਦੀ ਤੋਰ ਜਹੀ ਏਂ । ਤੂੰ ਨਾ ਕਿਸੇ ਵੀ ਹੋਰ ਜਹੀ ਏਂ । ਧੜਕਣ ਵਾਂਗ ਧੜਕ ਜਾ ਦਿਲ ਵਿੱਚ, ਕਰ ਦੇ ਜਿੰਦ ਨਰੋਈ । ਭਾਵੇਂ ਤੇਰਾ ਪੰਧ ਲੰਮੇਰਾ । ਸਬਰ ਕਰਨ ਦਾ ਹੁਣ ਨਹੀਂ ਜੇਰਾ । ਛੱਡ ਦੇ ਹੁਣ ਅੰਬਰ ਤੋਂ ਡੇਰਾ । ਧਰਤ ਉਡੀਕੇ ਤੈਨੂੰ ਚਿਰ ਤੋਂ, ਤੇਲ ਬਰੂਹੀਂ ਚੋਈ । ਫੁੱਲਾਂ ਦੀ ਖ਼ੁਸ਼ਬੋਈ ।
32. ਕਿੱਥੇ ਗਈਆਂ ਵੇ ਜੋਗੀ
ਕਿੱਥੇ ਗਈਆਂ ਵੇ ਜੋਗੀ ਕੱਚ ਦੀਆ ਮੁੰਦਰਾਂ । ਪੁੱਛਦੀ ਖੜ੍ਹੀ ਵੇ ਤੈਨੂੰ ਅੱਜ ਰਾਣੀ ਸੁੰਦਰਾਂ । ਸੱਜਰੀ ਸਵੇਰ ਜਿਹਾ ਮੁੱਖ ਮੁਰਝਾ ਗਿਆ । ਜੰਗਲਾਂ 'ਚੋਂ ਦੱਸ ਵੇ ਤੂੰ ਸ਼ਹਿਰ ਕਾਹਨੂੰ ਆ ਗਿਆ । ਲੱਗਣ ਅਜੀਬ ਤੈਨੂੰ ਸੋਨੇ ਦੀਆਂ ਮੁੰਦਰਾਂ । ਅੱਖਾਂ 'ਚ ਉਦਾਸੀਆਂ ਦਾ ਨੀਰ ਜਾਪੇ ਡੋਲਦਾ । ਚਿੱਤ ਵਾਲੀ ਘੁੰਡੀ ਵੇ ਤੂੰ ਦੱਸ ਕਿਉਂ ਨਹੀਂ ਖੋਲ੍ਹਦਾ । ਕਰ ਦੇ ਤੂੰ ਖ਼ਾਲੀ ਹੁਣ ਦਿਲ ਦੀਆਂ ਕੁੰਦਰਾਂ । ਪੁੱਛ ਮੈਨੂੰ ਪੁੱਛ ਮੇਰੇ ਦਿਲ ਦਾ ਕੀ ਹਾਲ ਸੀ । ਜਦੋਂ ਠੁਕਰਾਇਆ ਵੇ ਤੂੰ ਮੋਤੀਆਂ ਦਾ ਥਾਲ ਸੀ । ਤੈਨੂੰ ਹੀ ਉਡੀਕਦੀ ਸੀ ਤੇਰੀ ਰਾਣੀ ਸੁੰਦਰਾਂ । ਕਰ ਦੇ ਅਧੂਰੀ ਜਿੰਦ ਅੱਜ ਪੂਰੀ ਪੂਰਨਾ । ਚਿਰਾਂ ਪਿੱਛੋਂ ਮਿਲਿਆ ਏ ਅੱਜ ਜਾਈਂ ਦੂਰ ਨਾ । ਸੋਨੇ ਦੀਆਂ ਲਾਹ ਦੇ ਪਾ ਲੈ ਕੱਚ ਦੀਆਂ ਮੁੰਦਰਾਂ । ਲੁੱਛਦੀ ਖੜ੍ਹੀ ਵੇ ਤੇਰੀ ਅੱਜ ਰਾਣੀ ਸੁੰਦਰਾਂ ।
33. ਫੁੱਲ ਤੋੜ ਕੇ ਕਦੇ ਨਾ ਖਾਂਦੇ
ਫੁੱਲ ਤੋੜ ਕੇ ਕਦੇ ਨਾ ਖਾਂਦੇ, ਭੌਰ ਭੁੱਖੇ ਵਾਸ਼ਨਾ ਦੇ । ਕਦੇ ਮੰਦਰੀਂ ਮਸੀਤੀਂ ਨਾ ਜਾਂਦੇ, ਭੌਰ ਭੁੱਖੇ ਵਾਸ਼ਨਾ ਦੇ । ਬਾਗ਼ਾਂ ਤੇ ਬਗੀਚਿਆਂ 'ਚ ਰਹਿਣ ਸਦਾ ਘੁੰਮਦੇ । ਫੁੱਲਾਂ ਅਤੇ ਕਲੀਆਂ ਦੇ ਮੁੱਖ ਰਹਿਣ ਚੁੰਮਦੇ । ਇੱਕੋ ਧੁਨ ਵਿੱਚ ਗੀਤ ਨੇ ਸੁਣਾਂਦੇ ਭੌਰ ਭੁੱਖੇ ਵਾਸ਼ਨਾ ਦੇ । ਲੱਭ ਲੈਂਦੇ ਕੰਡਿਆਂ 'ਚੋਂ ਖਿੜੇ ਹੋਏ ਗੁਲਾਬ ਨੂੰ । ਮਾਣਦੇ ਨੇ ਧਰਤੀ ਦੇ ਰਾਂਗਲੇ ਸ਼ਬਾਬ ਨੂੰ । ਰਹਿੰਦੇ ਅੰਬਰਾਂ 'ਚ ਤਾਰੀਆਂ ਲਗਾਂਦੇ । ਭੌਰ ਭੁੱਖੇ ਵਾਸ਼ਨਾ ਦੇ । ਮਾਣੀ ਹੋਈ ਮਹਿਕ ਦਾ ਹਿਸਾਬ ਨਹੀਂਉਂ ਕਰਦੇ । ਤੇਰੇ ਵਾਂਗ ਲਾਲਚੀ ਭੜੋਲੇ ਨਹੀਂਉਂ ਭਰਦੇ । ਜਿੰਦੇ ਸੁਣ ਕੀ ਫ਼ਕੀਰ ਨੇ ਅਲਾਂਦੇ । ਭੌਰ ਭੁੱਖੇ ਵਾਸ਼ਨਾ ਦੇ । ਦੇਸ ਪਰਦੇਸ ਇਨ੍ਹਾਂ ਕਦੇ ਵੀ ਨਾ ਮੰਨਿਆ । ਰੂਹ ਦਾ ਕਾਨੂੰਨ ਇਨ੍ਹਾਂ ਕਦੇ ਵੀ ਨਾ ਭੰਨਿਆ । ਤਾਂ ਹੀ ਬੋਲ ਇਹ ਇਲਾਹੀ ਨੇ ਸੁਣਾਂਦੇ । ਭੌਰ ਭੁੱਖੇ ਵਾਸ਼ਨਾ ਦੇ, ਫੁੱਲ ਤੋੜ ਕੇ ਕਦੇ ਨਾ ਖਾਂਦੇ ।
34. ਜਿੱਦਾਂ ਮੈਨੂੰ ਮਨੋਂ ਤੂੰ ਵਿਸਾਰਿਆ
ਜਿੱਦਾਂ ਮੈਨੂੰ ਮਨੋਂ ਤੂੰ ਵਿਸਾਰਿਆ, ਏਦਾਂ ਤਾਂ ਬੇਗਾਨੇ ਵੀ ਨਹੀਂ ਕਰਦੇ । ਆਖ਼ਰੀ ਸਵਾਸਾਂ ਵੇਲੇ ਪੁੱਤਰਾ, ਸਿਰ ਮੇਰੇ ਮੋਢਿਆਂ ਤੇ ਧਰ ਦੇ । ਨਿੱਕੇ ਹੁੰਦੇ ਜਿਹੜਾ ਰੋਜ਼ ਰਾਤ ਨੂੰ ਲੱਗਦਾ ਸੀ ਮੇਰੇ ਨਾਲ ਨਾਲ ਵੇ । ਤੇਰਾ ਪੁੱਤ ਕਿੱਥੇ ਹੈ ਗੁਆਚਿਆ, ਪੁੱਛੇ ਮੈਨੂੰ ਹਾੜ੍ਹ ਤੇ ਸਿਆਲ ਵੇ । ਮੰਨਿਆ! ਬਦੇਸ਼ੀਂ ਮੌਜਾਂ ਬਹੁਤੀਆਂ ਮੈਨੂੰ ਵੀ ਹੁੰਗਾਰਾ ਕਦੇ ਭਰ ਦੇ । ਅੰਬਰਾਂ 'ਚ ਜਦੋਂ ਚੰਨ ਮੱਖਣਾ, ਤਾਰਿਆਂ ਦਾ ਰੂਪ ਮਘੇ ਰਾਤ ਨੂੰ । ਧਰਤੀ ਤਰੇੜੀ ਜਿੰਦ ਸਹਿਕਦੀ, ਮੰਗਦੀ ਹਮੇਸ਼ ਬਰਸਾਤ ਨੂੰ । ਆਸਾਂ ਵਾਲਾ ਬੂਰ, ਜੀਵੇਂ, ਝੜੇ ਨਾ, ਰੀਝ ਮੇਰੀ ਫੁੱਲਾਂ ਨਾਲ ਭਰ ਦੇ । ਮੇਰੇ ਨਾਲੋਂ ਵੱਧ ਤੈਨੂੰ ਹੀਰਿਆ, ਪਿੰਡ ਸਾਰਾ ਤੈਨੂੰ ਵੇ ਉਡੀਕਦਾ । ਛੱਡ ਦੇ ਬਹਾਨਾ ਰੁੱਝੇ ਹੋਣ ਦਾ, ਦੱਸ ਪਤਾ ਆਉਣ ਦੀ ਤਰੀਕ ਦਾ । ਤੇਰੇ ਪਿੱਛੋਂ ਸੁੱਕ ਗਿਆ ਪੂਰਨਾ, ਇੱਛਰਾਂ ਦਾ ਬਾਗ ਹਰਾ ਕਰ ਦੇ । ਆਖਾਂ ਕੀ ਮੈਂ ਪੁੱਤਾ ਏਸ ਦੇਸ਼ ਨੂੰ, ਜਿੰਨ੍ਹੇ ਨਾ ਲਿਆਕਤਾਂ ਸੰਭਾਲੀਆਂ । ਰੰਗਲੇ ਬਗੀਚੇ ਤਾਂਹੀਂਉਂ ਉੱਜੜੇ, ਕੀਤੀ ਨਾ ਸੰਭਾਲ ਇਹਦੀ ਮਾਲੀਆਂ । ਚੰਦਰੀ ਸਿਉਂਕ ਸਾਨੂੰ ਖਾ ਲਿਆ, ਰੁੱਖ ਤੇ ਮਨੁੱਖ ਜਾਣ ਮਰਦੇ । ਆਖ਼ਰੀ ਸਵਾਸਾਂ ਵੇਲੇ ਪੁੱਤਰਾ, ਸਿਰ ਮੇਰੇ ਮੋਢਿਆਂ ਤੇ ਧਰ ਦੇ ।
35. ਇਹ ਦੱਸੋ ਜੀ ਹੁਣ ਕੀ ਕਰੀਏ
ਇਹ ਦੱਸੋ ਜੀ ਹੁਣ ਕੀ ਕਰੀਏ, ਕਿਸ ਚੱਪਣੀ ਦੇ ਵਿੱਚ ਡੁੱਬ ਮਰੀਏ, ਪੈਰਾਂ ਵਿੱਚ ਪੈਣ ਜੰਜ਼ੀਰਾਂ ਕਿਉਂ, ਬਾਜ਼ਾਂ ਦੀਆਂ ਉੱਡਦੀਆਂ ਡਾਰਾਂ ਦੇ । ਦੱਸੋ ਜੀ ਕਿੱਧਰ ਤੁਰ ਪਏ ਨੇ, ਰਾਖੇ ਕੰਡਿਆਲੀਆਂ ਤਾਰਾਂ ਦੇ । ਧਰਤੀ ਦੇ ਪੁੱਤ ਲੱਜਪਾਲ ਜਿਹਾ, ਸਾਡਾ ਰਿਸ਼ਤਾ ਹੈ ਸੁਰਤਾਲ ਜਿਹਾ । ਇਹ ਤਖ਼ਤ-ਨਸ਼ੀਨ ਨੂੰ ਕੌਣ ਕਹੇ, ਇਹ ਹੈ ਦਰਿਆ ਦੀ ਚਾਲ ਜਿਹਾ । ਅਸੀਂ ਸ਼ਬਦ-ਸੁਰਾਂ ਦੇ ਸ਼ਹਿਜ਼ਾਦੇ, ਵਣਜਾਰੇ ਨਹੀਂ ਹਥਿਆਰਾਂ ਦੇ । ਮਹਿਕਾਂ ਨੂੰ ਜੰਦਰੇ ਮਾਰੋ ਨਾ, ਹਾੜਾ ਉਇ ਕਹਿਰ ਗੁਜ਼ਾਰੋ ਨਾ । ਅਸੀਂ ਪੱਛੋਂ ਤੇ ਪੁਰਵਈਆ ਹਾਂ, ਸਾਡੇ ਵਿੱਚ ਜ਼ਹਿਰ ਖ਼ਿਲਾਰੋ ਨਾ । ਹੱਦਾਂ ਸਰਹੱਦਾਂ ਆਪਣੀ ਥਾਂ, ਅਸੀਂ ਸਿਰਨਾਵੇਂ ਹਾਂ ਪਿਆਰਾਂ ਦੇ । ਇਹ ਕੈਸੀਆਂ ਲੀਕਾਂ ਵਾਹੀਆਂ ਨੇ, ਜੋ ਖ਼ੂਨ ਦੀਆਂ ਤ੍ਰਿਹਾਈਆਂ ਨੇ । ਕਿਉਂ ਉਲਝੀਆਂ ਡੋਰਾਂ ਪਿਆਰ ਦੀਆਂ, ਸਾਡੇ ਗਲ਼ ਬਣੀਆਂ ਫਾਹੀਆਂ ਨੇ । ਸ਼ੌਕਤ ਭਾਵੇਂ ਗੁਰਦਾਸਪੁਰੀ, ਕਦੇ ਗੀਤ ਸੁਣੋ ਫਨਕਾਰਾਂ ਦੇ । ਅਸੀਂ ਪੌਣੀ ਸਦੀ ਗੁਜ਼ਾਰ ਲਈ, ਰੂਹ ਉੱਤੇ ਏਨਾ ਭਾਰ ਲਈ । ਦਿੱਲੀ ਦਾ ਦਿਲ ਕਿਉਂ ਪਿਘਲੇ ਨਾ, ਕਿਉਂ ਕਦੇ ਲਾਹੌਰ ਨਾ ਸਾਰ ਲਈ । ਕਿਉਂ ਵਰਕੇ ਪੜ੍ਹਦੇ ਰਹਿੰਦੇ ਹਾਂ, ਨਿੱਤ ਰੱਤ ਭਿੱਜੀਆਂ ਅਖ਼ਬਾਰਾਂ ਦੇ । ਦੱਸੋ ਜੀ ਕਿੱਧਰ ਤੁਰ ਪਏ ਨੇ, ਰਾਖੇ ਕੰਡਿਆਲੀਆਂ ਤਾਰਾਂ ਦੇ ।
36. ਟੱਪੇ ਵਕਤ ਦੇ
ਪਹਿਲਾਂ ਊੜਾ ਸੀ ਗੁਆਚ ਗਿਆ । ਸੁੱਤੇ ਸੁੱਤੇ ਆਹ ਕੀ ਹੋ ਗਿਆ, ਸਾਡਾ ਜੂੜਾ ਵੀ ਗੁਆਚ ਗਿਆ । ਸਾਡੇ ਪੁੱਤਰ ਗੁਆਚ ਗਏ । ਬਣਨਾ ਸੀ ਧਿਰ ਜਿੰਨ੍ਹਾਂ ਨੇ, ਉਹ ਤਾਂ ਪੱਤਰਾ ਵਾਚ ਗਏ । ਪੁੱਤ ਚੰਗਾ ਨਹੀਂਉਂ ਤੂੰ ਕੀਤਾ । ਚਾਂਦੀ ਦੀਆਂ ਛਿੱਲੜਾਂ ਲਈ, ਮੈਥੋਂ ਪਰਦਾ ਤੂੰ ਕਿਉਂ ਕੀਤਾ । ਰੋ ਰੋ ਅੱਥਰੂ ਵੀ ਮੁੱਕ ਗਏ ਨੇ । ਤੇਰੇ ਪਿੱਛੋਂ ਪੁੱਤ ਪੂਰਨਾ, ਤੇਰੇ ਬਾਗ ਵੀ ਸੁੱਕ ਗਏ ਨੇ । ਰੁੱਤ ਕਣੀਆਂ ਦੀ ਆ ਗਈ ਏ । ਕੱਚੇ ਘਰ ਚੋਈ ਜਾਂਦੇ ਨੇ, ਸਾਡੀ ਸ਼ਾਮਤ ਆ ਗਈ ਏ । ਸੱਚ ਲਿਖਿਆ ਫ਼ਕੀਰਾਂ ਨੇ । ਧਰਤੀ ਨੂੰ ਪਾੜ ਦੇਂਦੀਆਂ, ਪਾਣੀ ਵਿੱਚ ਵੀ ਲਕੀਰਾਂ ਨੇ । ਪੇਂਜਾ ਪਿੰਜਦਾ ਏ ਰੂੰ ਮਾਹੀਆ । ਜਿੰਦ ਤੰਦੋ ਤੰਦ ਹੋ ਗਈ, ਕਦੋਂ ਵੇਖੇਂਗਾ ਵੇ ਤੂੰ ਮਾਹੀਆ ।
37. ਰੁੱਸ ਰੁੱਸ ਕੇ ਨਾ ਮਾਰ
ਰੁੱਸ ਰੁੱਸ ਕੇ ਨਾ ਮਾਰ ਓ ਸੋਹਣਿਆ ਰੁੱਸ ਰੁੱਸ ਕੇ ਨਾ ਮਾਰ । ਨਿੱਕੀ ਜੇਹੀ ਜਿੰਦੜੀ ਹੈ, ਤਿੱਤਲੀ ਦੇ ਖੰਭ ਜੇਹੀ, ਸਹਿ ਨਹੀਂਉਂ ਸਕਦੀ ਵੇ ਭਾਰ । ਧੁੱਪੇ ਸਿਰ ਤੇ ਛਾਂਵਾਂ ਬਣ ਜਾ । ਤੂੰ ਮੇਰਾ ਸਿਰਨਾਵਾਂ ਬਣ ਜਾ । ਰੀਝਾਂ ਤਾਂ ਪਰਦੇਸਣ ਕੂੰਜਾਂ, ਯਾਦਾਂ ਵਰਗੀ ਡਾਰ । ਕੋਸੀ ਧੁੱਪ ਸਿਆਲ ਦੀ ਵਰਗਾ । ਸੁਰ ਦੇ ਸਾਥੀ ਤਾਲ ਦੇ ਵਰਗਾ । ਤਪਦੀ ਧਰਤੀ ਤੇ ਤੂੰ ਵਰ੍ਹ ਜਾ, ਬਣ ਕੇ ਮੇਘ ਮਲ੍ਹਾਰ । ਇਸ ਜ਼ਿੰਦਗੀ ਦਾ ਕੀ ਭਰਵਾਸਾ । ਕਦ ਵੱਟ ਲੈਣਾ ਇਸ ਨੇ ਪਾਸਾ । ਤੇਰੇ ਰੰਗ ਮਿਲ ਜਾਣ ਜੇ ਮੈਨੂੰ, ਮਹਿਕ ਉੱਠੇ ਗੁਲਜ਼ਾਰ, ਓ ਸੋਹਣਿਆ, ਰੁੱਸ ਰੁੱਸ ਕੇ ਨਾ ਮਾਰ ।
38. ਆਪ ਤੇ ਪੀਂਦੈਂ ਨਿੱਤ ਸ਼ਰਾਬਾਂ
ਆਪ ਤੇ ਪੀਂਦੈਂ ਨਿੱਤ ਸ਼ਰਾਬਾਂ, ਮੈਥੋਂ ਡੁੱਲ੍ਹ ਗਈ ਦਾਲ਼ । ਵੇ ਜੈਤੋ ਦਾ ਕਿਲ੍ਹਾ ਟਪਾ ਦਊਂ, ਜੇ ਕੱਢੀ ਮਾਂ ਦੀ ਗਾਲ਼ । ਮਾੜੇ ਲੇਖ ਲਿਖਾਏ, ਜਿਹੜਾ ਮੈਂ ਤੇਰੇ ਲੜ ਲੱਗੀ । ਮਰੇ ਵਿਚੋਲਾ ਮਾਰੀ ਜਿਸ ਨੇ ਪਿਉ ਮੇਰੇ ਨਾਲ ਠੱਗੀ । ਰੱਬ ਜਾਣਦੈ, ਕੱਟੇ ਕਿੱਦਾਂ ਏਨੇ ਹਾੜ੍ਹ ਸਿਆਲ । ਵੇ ਜੈਤੋ ਦਾ ਕਿਲ੍ਹਾ ਟਪਾ ਦਊਂ....... ਲਾਵਾਂ ਲੈ ਪਛਤਾਈ ਮੋਏ ਸੁਪਨੇ ਰੰਗ ਬਰੰਗੇ । ਤੇਰੀ ਬੋਤਲ ਡੁੱਬੜਿਆ ਵੇ ਟੱਬਰ ਸੂਲੀ ਟੰਗੇ । ਥਾਂ ਥਾਂ ਡਿੱਗਦਾ ਫਿਰਦੈਂ, ਤੇਰੇ ਮੂੰਹ 'ਚੋਂ ਵਗੇ ਘਰਾਲ਼ । ਵੇ ਜੈਤੋ ਦਾ ਕਿਲ੍ਹਾ ਟਪਾ ਦਊਂ........ ਕੰਮ ਕਾਰ ਨੂੰ ਹੱਥ ਨਾ ਲਾਵੇਂ, ਤੁਰਿਆ ਫਿਰਦਾ ਵੇਹਲਾ । ਗੱਲੀਂ ਬਾਤੀਂ ਲੱਖ ਪਤੀ ਤੂੜ, ਪੱਲੇ ਹੈ ਨਹੀਂ ਧੇਲਾ । ਖ਼ੌਰੇ ਕਾਹਦੀ ਸ਼ੇਖ਼ੀ ਮਾਰੇ, ਤੇਰੇ ਜਿਹਾ ਕੰਗਾਲ਼ । ਵੇ ਜੈਤੋ ਦਾ ਕਿਲ੍ਹਾ ਟਪਾ ਦਊਂ......... ਵੈਲੀਆਂ ਨਾਲ ਮੁਲਾਹਜ਼ੇ ਛੱਡ ਦੇ ਠੇਕੇ ਅੱਗੇ ਬਹਿਣਾ । ਕਿਰਤ ਕਮਾਈਆਂ ਕਰਿਆ ਕਰ ਤੂੰ, ਮੰਨ ਲੈ ਮੇਰਾ ਕਹਿਣਾ । ਸੋਨੇ ਵਰਗੀ ਕੰਚਨ ਦੇਹੀ, ਭੰਗ ਦੇ ਭਾਅ ਨਾ ਗਾਲ਼ । ਵੇ ਜੈਤੋ ਦਾ ਕਿਲ੍ਹਾ ਟਪਾ ਦਊਂ..........
39. ਮਾਹੀਆ
ਦਾਣੇ ਰਸ ਗਏ ਅਨਾਰਾਂ ਦੇ । ਕਰਨ ਕਮਾਈਆਂ ਤੁਰ ਗਏ, ਯਾਰ ਕੱਚੇ ਸੀ 'ਕਰਾਰਾਂ ਦੇ । ਤਾਰੇ ਅੰਬਰਾਂ 'ਤੇ ਡਲ਼ਕ ਰਹੇ । ਚੰਨ ਮਾਹੀ ਤੱਕ ਤਾਂ ਸਹੀ, ਹੰਝੂ ਅੱਖੀਆਂ 'ਚੋਂ ਛਲਕ ਰਹੇ । ਅੰਬਾਂ ਤੇ ਬੂਰ ਪਿਆ । 'ਕੱਠੇ ਬਹਿ ਕੇ ਹੱਸਦੇ ਸਾਂ, ਐਸਾ ਮੌਸਮ ਦੂਰ ਗਿਆ । ਅੱਖੀਆਂ 'ਚ ਖ਼ੁਮਾਰ ਨਹੀਂ । ਕਾਹਨੂੰ ਯਾਰਾ ਬਦਲ ਗਿਐਂ, ਪਹਿਲਾਂ ਵਰਗਾ ਪਿਆਰ ਨਹੀਂ । ਛੇਤੀ ਉੱਡ ਕੇ ਜਾਹ ਕਾਵਾਂ । ਜਾਹ ਵੇ ਕਿਤੋਂ ਲੱਭ ਕੇ ਲਿਆ, ਸੋਹਣੇ ਸੱਜਣਾਂ ਦਾ ਸਿਰਨਾਵਾਂ । ਹੌਕੇ ਦੀ ਜੂਨ ਬੁਰੀ । ਵੱਢ ਵੱਢ ਖਾਵੇ ਜਿੰਦ ਨੂੰ, ਬਿਰਹੋਂ ਦੀ ਤੇਜ਼ ਛੁਰੀ । ਰਾਹਾਂ ਵਿੱਚ ਬਹਿ ਗਏ ਆਂ । ਤੇਰੇ ਸੰਗ ਲੱਖ ਵਰਗੇ, ਹੁਣ ਕੱਖ ਦੇ ਨਾ ਰਹਿ ਗਏ ਆਂ ।
40. ਅਸਾਂ ਜੋਗੀ ਬਣ ਜਾਣਾ
ਨੀ ਤੂੰ ਬਣ ਸਾਡੀ ਹੀਰ ਸਾਡੇ ਲੇਖਾਂ ਦੀ ਲਕੀਰ ਵੇਖੀਂ ਮੇਟ ਹੀ ਨਾ ਦੇਵੇ ਹੀਰੇ ਆ ਕੇ ਸੈਦਾ ਕਾਣਾ । ਅਸਾਂ ਜੋਗੀ ਬਣ ਜਾਣਾ । ਵੇਖ ਘੁੱਗੀਆਂ ਦਾ ਜੋੜਾ ਨੀ ਕਲੋਲ ਕਰਦਾ । ਕਿਵੇਂ ਪਿਆਰ ਨਾਲ ਚੁੰਝਾਂ ਕੋਲ਼ ਕੋਲ਼ ਕਰਦਾ । ਤੇਰੇ ਬਿਨਾ ਮੈਂ ਇਕੱਲ੍ਹਾ ਠੰਢੇ ਹੌਕੇ ਭਰਦਾ । ਦੱਸ ਕਦੋਂ ਹੁਣ ਦੋਹਾਂ ਵਿੱਚ ਫ਼ਾਸਲਾ ਮੁਕਾਣਾ । ਅਸਾਂ ਜੋਗੀ ਬਣ ਜਾਣਾ । ਤੈਨੂੰ ਰੱਬ ਦਿੱਤਾ ਸੱਜਰੀ ਸਵੇਰ ਜਿਹਾ ਮੁੱਖ । ਜਦੋਂ ਤੁਰਦੀ ਤਾਂ ਵੇਖ ਕੇ ਹੁਲਾਰੇ ਖਾਣ ਰੁੱਖ । ਤੈਨੂੰ ਰੱਜ ਰੱਜ ਵੇਖਣੇ ਦੀ ਸਦਾ ਰਹੇ ਭੁੱਖ । ਤੇਰੇ ਦਿਲ ਵਿੱਚ ਮਿਲਿਆ ਨਾ ਮੈਨੂੰ ਜੇ ਟਿਕਾਣਾ । ਅਸਾਂ ਜੋਗੀ ਬਣ ਜਾਣਾ । ਨੀ ਮੈਂ ਤੇਰੇ ਪਿੱਛੇ ਛੱਡ ਆਇਆ ਤਖ਼ਤ ਹਜ਼ਾਰਾ । ਮੈਨੂੰ ਪਾਲ਼ੀ ਪਾਲ਼ੀ ਆਖਦਾ ਸਿਆਲ ਪਿੰਡ ਸਾਰਾ । ਵੇਖੀਂ ਮਹਿਲਾਂ ਪਿੱਛੇ ਢਾਹੀਂ ਨਾ ਤੂੰ ਪਿਆਰ ਦਾ ਮੁਨਾਰਾ । ਮੇਰੇ ਬਿਨਾ ਕਿਸੇ ਵੰਝਲੀ ਦਾ ਬੋਲ ਨਹੀਂ ਸੁਨਾਣਾ । ਅਸਾਂ ਜੋਗੀ ਬਣ ਜਾਣਾ । ਪਿਆਰ ਹੁੰਦਾ ਨਹੀਂਉਂ ਗੁੱਡੀ ਤੇ ਪਟੋਲੇ ਵਾਲਾ ਖੇਲ੍ਹ । ਕੌਣ ਦੱਸੇ ਇਹ ਤਾਂ ਤੇਰਾ ਮੇਰਾ ਜਨਮਾਂ ਦਾ ਮੇਲ । ਵੇਖੀਂ ਜ਼ਿੰਦਗੀ ਦੇ ਦੀਵੇ ਵਿੱਚੋਂ ਮੁੱਕ ਜੇ ਨਾ ਤੇਲ । ਮੈਥੋਂ ਤੇਰੇ ਤੋਂ ਬਗੈਰ ਅੱਗੇ ਤੁਰਿਆ ਨਹੀਂ ਜਾਣਾ । ਅਸਾਂ ਜੋਗੀ ਬਣ ਜਾਣਾ ।
41. ਵੇ ਮੈਂ ਤੇਰੇ ਪਿੱਛੇ
ਵੇ ਮੈਂ ਤੇਰੇ ਪਿੱਛੇ ਧਰਤੀ ਅੰਬਰ ਗਾਹ ਲੈਂਦੀ ਆਂ । ਤੂੰ ਫਿਰ ਵੀ ਕਹਿੰਦੈਂ, ਮੈਂ ਕਿਉਂ ਉੱਚੀ ਸਾਹ ਲੈਂਦੀ ਆਂ? ਤੂੰ ਜਿਸਮ ਤੋਂ ਅੱਗੇ ਰੂਹ ਦੇ ਅੰਦਰ ਵੜਿਆ ਕਰ ਵੇ । ਨਾ ਬਿਨਾਂ ਕਾਰਨੋਂ ਸੱਤ ਅਸਮਾਨੇ ਚੜ੍ਹਿਆ ਕਰ ਵੇ । ਮੇਰੇ ਨੈਣਾਂ ਅੰਦਰ ਕੀ ਕੁਝ ਲਿਖਿਐ, ਪੜ੍ਹਿਆ ਕਰ ਵੇ । ਤੇਰੀ ਬੇਕਦਰੀ ਤੱਕ, ਰੀਝਾਂ ਫੇਰ ਦਬਾਅ ਲੈਂਦੀ ਆਂ । ਇਹ ਪਿਆਰ ਬਿਨਾ ਜਿੰਦ, ਜਿਵੇਂ ਨਿਰੰਤਰ ਧੁਖਣੀ ਧੂਣੀ । ਤੇਰਾ ਮਿਲ ਕੇ ਵੀ ਨਾ ਮਿਲਣਾ, ਪੀੜ ਵਧਾਏ ਦੂਣੀ । ਮੇਰੇ ਖ਼ੂਨ ਦਾ ਪਾਣੀ ਬਣਿਆ ਹੋ ਗਈ ਬੱਗੀ ਪੂਣੀ । ਵੇ ਮੈਂ ਯਾਦਾਂ ਕੱਤਣ ਖਾਤਰ ਚਰਖ਼ੀ ਡਾਹ ਲੈਂਦੀ ਆਂ । ਮੈਂ ਪੈਰੋਂ ਲਾਹੀ ਝਾਂਜਰ ਦਿਲ ਨੂੰ ਮਾਰ ਲਿਆ ਏ । ਤਲੀਆਂ 'ਚੋਂ ਗਿੱਧਾ ਕਰ ਮੈਂ ਠੰਢਾ ਠਾਰ ਲਿਆ ਏ । ਤੇਰੀ ਖੁਸ਼ੀ ਦੀ ਖ਼ਾਤਰ ਕੀਹ ਦੱਸਾਂ, ਕੀਹ ਵਾਰ ਲਿਆ ਏ । ਹੁਣ ਚੁੱਪ ਚੁਪੀਤੀ, ਹੌਕੇ ਕੰਠ ਛੁਹਾ ਲੈਂਦੀ ਆਂ । ਮੈਨੂੰ ਨੱਚਣਾ, ਗਾਉਣ ਸਿਖਾਇਆ ਵੇ ਆਹ ਅੱਥਰੇ ਚਾਵਾਂ । ਮੈਨੂੰ ਲੋਰੀਆਂ ਦੇ ਕੇ ਵੱਡਿਆਂ ਕੀਤਾ, ਪੰਜ ਦਰਿਆਵਾਂ । ਵੇ ਤੂੰ ਪਿੰਜਰੇ ਮੈਨੂੰ ਪਾਇਆ, ਲੈ ਕੇ ਚਾਰ ਕੁ ਲਾਵਾਂ । ਹੁਣ ਦਿਲ ਦੀ ਲੋਏ, ਖ਼ੁਦ ਆਪਾ ਰੁਸ਼ਨਾ ਲੈਂਦੀ ਆਂ । ਤੂੰ ਫਿਰ ਵੀ ਕਹਿੰਦੈਂ, ਮੈਂ ਕਿਉਂ ਉੱਚੀ ਸਾਹ ਲੈਂਦੀ ਆਂ ।
42. ਕਿੱਥੇ ਚੜ੍ਹਿਐਂ ਚੰਨਾ ਵੇ
ਕਿੱਥੇ ਚੜ੍ਹਿਐਂ ਚੰਨਾ ਵੇ ਤੂੰ ਬੇਕਦਰਾਂ ਦੇ ਵਿਹੜੇ । ਬੱਧੇ ਸਭਨਾਂ ਦੇ ਪੈਰੀਂ ਜਿੱਥੇ ਬਿਜਲੀ ਦੇ ਗੇੜੇ । ਏਥੇ ਵਿਹਲ ਦੱਸ ਕੀਹਨੂੰ, ਕਰ ਤੂੰ ਬਿਰਖ਼ਾਂ ਨਾਲ ਗੱਲਾਂ । ਤੈਨੂੰ ਦੇਣੈਂ ਹੁੰਗਾਰਾ ਏਥੇ ਸਾਗਰ ਦੀਆਂ ਛੱਲਾਂ । ਵਧ ਗਈ ਰੂਹਾਂ ਤੋਂ ਦੂਰੀ, ਲੋਕੀਂ ਡਾਲਰ ਦੇ ਨੇੜੇ । ਏਥੇ ਕੰਮਾਂ ਦੀ ਚਕਰੀ, ਘੁੰਮੇ ਦਿਨ ਤੇ ਪਹਿ ਰਾਤ । ਏਥੇ ਪਿੰਜਣ ਮਸ਼ੀਨਾਂ, ਰੂੰ ਦੇ ਵਾਂਗੂੰ ਜਜ਼ਬਾਤ । ਡਾਢੀ ਅੱਗ ਨੇ ਪਿਘਲਾਏ, ਪੁੱਤਰ ਮੱਖਣ ਦੇ ਪੇੜੇ । ਏਥੇ ਸਾਹਿਬਾਂ ਨੂੰ ਵਿੰਨ੍ਹਦੇ, ਉਹਦੇ ਮਿਰਜ਼ੇ ਦੇ ਤੀਰ । ਰੋਂਦੀ ਸੋਹਣੀ ਦੀ ਅੱਖ 'ਚੋਂ ਠੱਲ੍ਹਿਆ ਜਾਂਦਾ ਨਹੀਂ ਨੀਰ । ਰੋਵੇ ਰਾਂਝੇ ਦੀ ਵੰਝਲੀ, ਹੀਰਾਂ ਲੈ ਗਏ ਨੇ ਖੇੜੇ । ਵੇ ਤੂੰ ਚੜ੍ਹਿਆ ਕਰ ਓਥੇ, ਜਿੱਥੇ ਕਦਰਾਂ ਵੀ ਪੈਣ । ਤੈਨੂੰ ਗੀਤਾਂ ਵਿੱਚ ਮੜ੍ਹ ਕੇ, ਸ਼ਾਇਰ ਨਾਂ ਤੇਰਾ ਲੈਣ । ਬਣ ਜਾ ਦੌਣੀ ਤੇ ਟਿੱਕਾ, ਮੱਥੇ ਸੁੰਨੇ ਨੇ ਜਿਹੜੇ । ਵੇ ਇਹ ਧਰਤੀ ਅਮਰੀਕਾ, ਸੁਣ ਤੂੰ ਪਹੀਏ ਦੀ ਘੂਕਰ । ਪਾਂਧੀ ਅੰਬਰ ਵੱਲ ਤੁਰ ਪਏ, ਸੁਣ ਤੂੰ ਜਹਾਜ਼ਾਂ ਦੀ ਸ਼ੂਕਰ । ਕਿਸ਼ਤਾਂ, ਕਰਜ਼ੇ ਤੇ ਕਾਹਲੀ, ਏਥੇ ਵੱਸਦੇ ਨੇ ਜਿਹੜੇ । ਕਿੱਥੇ ਚੜ੍ਹਿਐਂ ਚੰਨਾ ਵੇ ਤੂੰ ਬੇਕਦਰਾਂ ਦੇ ਵਿਹੜੇ ।
43. ਸਮਝੇਂ ਤੂੰ ਪੁੱਤਾਂ ਨਾਲ ਸ਼ਾਨ ਮਾਏ ਮੇਰੀਏ
ਡੋਲ ਗਿਆ ਤੇਰਾ ਕਿਉਂ ਈਮਾਨ ਮਾਏ ਮੇਰੀਏ । ਸਮਝੇਂ ਤੂੰ ਪੁੱਤਾਂ ਨਾਲ ਸ਼ਾਨ ਮਾਏ ਮੇਰੀਏ । ਏਨੀ ਤੂੰ ਬੇਰਹਿਮੀ ਨਾਲ ਕੁੱਖ ਵਿਚੋਂ ਤੋਰ ਨਾ । ਡੋਡੀ ਤੂੰ ਗੁਲਾਬ ਵਾਲੀ, ਅੱਗ ਉੱਤੇ ਭੋਰ ਨਾ । ਤੇਰੇ ਤੋਂ ਬਗੈਰ ਮੇਰਾ ਦਰਦੀ ਕੋਈ ਹੋਰ ਨਾ । ਬੰਦ ਕਾਹਨੂੰ ਕੀਤੀ ਤੂੰ ਜ਼ਬਾਨ ਮਾਏ ਮੇਰੀਏ । ਦਾਜ ਤੇ ਦਹੇਜ ਵਾਲੇ ਲੋਭੀਆਂ ਤੋਂ ਡਰ ਨਾ । ਹੰਝੂਆਂ ਨੂੰ ਪੂੰਝ, ਐਵੇਂ ਰੋਜ਼ ਰੋਜ਼ ਮਰ ਨਾ । ਹਿੰਮਤਾਂ ਦੇ ਨਾਲ ਇਹ ਇਲਾਜ ਪੈਣਾ ਕਰਨਾ । ਕਰ ਦੇ ਤੂੰ ਜੰਗ ਦਾ ਐਲਾਨ ਮਾਏ ਮੇਰੀਏ । ਫਿਰਦੀ ਮੁੰਡੀਹਰ ਵਿਚ ਗਲੀਆਂ ਮੁਹੱਲਿਆਂ । ਨੱਥ ਨਹੀਉਂ ਪੈਣੀ, ਇਨ੍ਹਾਂ ਤਾਈਂ ਮਾਏ ਕੱਲ੍ਹਿਆਂ । ਮੁੱਕਣਾ ਨਹੀਂ ਪੈਂਡਾ, ਇਹ ਬਗੈਰ ਕਦੇ ਚੱਲਿਆਂ । ਕੰਮ ਏਹੀ ਆਵੇਗਾ ਗਿਆਨ ਮਾਏ ਮੇਰੀਏ । ਪੁੱਤ ਵੀ ਤਾਂ ਰੋਲਦੇ ਨੇ ਬਾਬਲੇ ਦੀ ਪੱਗ ਨੂੰ । ਮੇਰੇ ਵੱਲੋਂ ਆਖਦੇ ਤੂੰ ਮਾਏ ਸਾਰੇ ਜੱਗ ਨੂੰ । ਆਪ ਹੀ ਬੁਝਾਉ ਇਸ ਅਲੋਕਾਰ ਅੱਗ ਨੂੰ । ਧੀਆਂ ਨਾਲ ਵੱਸਦਾ ਜਹਾਨ ਮਾਏ ਮੇਰੀਏ । ਡੋਲ ਗਿਆ ਤੇਰਾ ਕਿਉਂ ਈਮਾਨ ਮਾਏ ਮੇਰੀਏ ।
44. ਚੰਨ ਮਾਹੀ ਕਿੱਧਰ ਗਿਆ
ਰਾਤ ਹਨ੍ਹੇਰੀ ਬਿਜਲੀ ਕੜਕੇ, ਅੱਖਾਂ ਦੇ ਵਿਚ ਇਹ ਕੀਹ ਰੜਕੇ, ’ਕੱਲ੍ਹੀ ਜਾਨ ਨੂੰ ਲੱਖਾਂ ਕਜੀਏ, ਕੱਟਣੇ ਪਏ ਜਗਰਾਤੇ । ਚੰਨ ਮਾਹੀ ਕਿੱਧਰ ਗਿਆ, ਦੱਸ ਨੀ ਕਾਲ਼ੀਏ ਰਾਤੇ । ਅਤਾ ਪਤਾ ਨਾ ਕੋਈ ਸਿਰਨਾਵਾਂ । ਦੱਸ ਮੈਂ ਚਿੱਠੀਆਂ ਕਿੱਧਰ ਪਾਵਾਂ । ਤੂੰਹੀਓਂ ਬੋਲ ਬਨੇਰਿਓਂ ਕਾਵਾਂ । ਜਾਣ ਵਾਲਿਆ ਇਹ ਕੀ ਕੀਤਾ, ਤੁਰ ਗਿਉਂ ਚੁੱਪ ਚਪਾਤੇ । ਸੁੰਨ ਮਸੁੰਨੇ ਦਿਲ ਦੇ ਵਿਹੜੇ । ਗ਼ਮ ਦੀ ਚਰਖ਼ੀ ਖਾਵੇ ਗੇੜੇ । ਪਰ ਨਾ ਕੋਈ ਤੰਦ ਨਿਬੇੜੇ । ਟੁੱਟਦੀ ਜਾਂਦੀ ਮਾਲ੍ਹ ਮਹਿਰਮਾ, ਪਾ ਗਿਓਂ ਕਿਹੜੇ ਖ਼ਾਤੇ । ਜਿੰਦ ਅਧਮੋਈ ਬੱਗੀ ਪੂਣੀ । ਪੀੜ ਸਵਾਈਓਂ ਹੋ ਗਈ ਦੂਣੀ । ਚੱਟਣੀ ਪੈ ਗਈ ਸਿੱਲ-ਅਲੂਣੀ । ਨੈਣੋਂ ਝੜੀਆਂ, ਵਰ੍ਹ ਵਰ੍ਹ ਖੜ੍ਹੀਆਂ, ਤੂੰ ਵੀ ਰੁਕ ਬਰਸਾਤੇ । ਤੋੜ ਗਿਐਂ ਤੂੰ ਰਿਸ਼ਤਾ ਗੂੜ੍ਹਾ । ਢਿਲਕ ਢਿਲਕ ਪਿਆ ਜਾਵੇ ਜੂੜਾ । ਫਿੱਕਾ ਪੈ ਗਿਆ ਰੰਗਲਾ ਚੂੜਾ । ਪੈਸੇ ਪਿੱਛੇ ਮੋੜ ਗਿਐਂ ਤੂੰ, ਸੁੱਚੇ ਰਿਸ਼ਤੇ ਨਾਤੇ । ਚੰਨ ਮਾਹੀ ਕਿੱਧਰ ਗਿਆ, ਦੱਸ ਨੀ ਕਾਲੀਏ ਰਾਤੇ ।
45. ਇਸ ਦੂਰ ਦੇਸ ਦੀ ਧਰਤੀ 'ਤੇ
ਇਸ ਦੂਰ ਦੇਸ ਦੀ ਧਰਤੀ 'ਤੇ ਮੇਰੇ ਵੀਰੋ ਦੇਸ ਪੰਜਾਬ ਦਿਉ । ਕੀ ਖੱਟਿਆ ਤੇ ਕੀ ਵੱਟਿਆ ਹੈ, ਇਸ ਗੱਲ ਦਾ ਤੁਰਤ ਹਿਸਾਬ ਦਿਓ । ਤੁਸੀਂ ਆਏ ਤਾਂ ਸੀ ਵੀਰ ਮਿਰੇ, ਬੱਚਿਆਂ ਦੀ ਸਾਂਭ ਸੰਭਾਲੀ ਨੂੰ । ਮੰਦਹਾਲੀ ਦੀ ਥਾਂ ਘਰ ਅੰਦਰ, ਵਰ ਲਿਆਉਣ ਲਈ ਖੁਸ਼ਹਾਲੀ ਨੂੰ । ਹੁਣ ਅਜਬ ਜਾਲ ਵਿੱਚ ਫਾਬੇ ਹੋ, ਕਿਉਂ ਬਣੇ ਗੁਲਾਮ ਸ਼ਰਾਬ ਦਿਉ । ਛੱਡ ਦੇਂਦਾ ਬਾਲ ਨਿਆਣਾ ਜਿਉਂ, ਦੇ ਚਾਬੀ ਮੋਟਰ ਕਾਰਾਂ ਨੂੰ । ਤੇ ਨਾਲ 'ਰੀਮੋਟ' ਦੇ ਮੋੜ ਲਵੇ, ਜਿੱਧਰ ਦਿਲ ਕਰੇ ਮੁਹਾਰਾਂ ਨੂੰ । ਕਿਉਂ ਜ਼ਿੰਦਗੀ ਭਟਕਣ ਬਣ ਚੱਲੀ, ਇਸ ਗੱਲ ਦਾ ਤੁਰਤ ਜਵਾਬ ਦਿਉ? ਨਾ ਖ਼ਬਰਸਾਰ ਹੈ ਮਾਪਿਆਂ ਨੂੰ, ਪੁੱਤ ਨੂੰਹਾਂ ਕਿੱਧਰ ਚੱਲੇ ਨੇ । ਇਸ ਚੁੱਪ-ਚੁਪੀਤੀ ਧਰਤੀ ਤੇ, ਬੱਚੇ ਵੀ ਕੱਲ-ਮੁ-ਕੱਲ੍ਹੇ ਨੇ । ਕਿਉਂ ਪੱਤੀ ਪੱਤੀ ਕਿਰ ਚੱਲੇ, ਉਇ ਪੁੱਤਰੋ ਸੁਰਖ਼ ਗੁਲਾਬ ਦਿਓ । ਡਾਲਰ ਜਾਂ ਪੌਂਡ ਰੁੱਪਈਆ ਇਹ, ਮਾਂ ਬਾਪ ਜਦੋਂ ਬਣ ਬਹਿੰਦਾ ਹੈ । ਦੂਜੇ ਦੇ ਦਿਲ ਦੀ ਨਹੀਂ ਸੁਣਦਾ, ਬੱਸ ਆਪਣੀ ਹੀ ਗੱਲ ਕਹਿੰਦਾ ਹੈ । ਜੇ ਚਾਹੋ ਜ਼ਿੰਦਗੀ ਵੇਲ ਵਧੇ, ਤਾਂ ਬੱਚਿਆਂ ਹੱਥ ਕਿਤਾਬ ਦਿਉ । ਮਾਂ ਬੋਲੀ, ਜਣਨੀ, ਮਾਤ ਭੂਮ ਬਿਨ ਉਲਟਾ ਚੱਕਰ ਗਿੜਦਾ ਹੈ । ਇਨ੍ਹਾਂ ਦੇ ਸਾਥ ਬਗੈਰ ਕਦੇ ਨਾ, ਰੂਹ ਦਾ ਚੰਬਾ ਖਿੜਦਾ ਹੈ । ਊੜਾ ਤੇ ਜੂੜਾ ਸਾਂਭ ਲਵੋ, ਓਏ ਪੁੱਤਰੋ! ਗੋਬਿੰਦ ਖ੍ਵਾਬ ਦਿਉ ।
46. ਦੱਸੋ ਗੁਰੂ ਵਾਲਿਓ
ਦੱਸੋ ਗੁਰੂ ਵਾਲਿਓ ਪੰਜਾਬ ਕਿੱਥੇ ਹੈ? ਬਾਣੀ ਨਾਲ ਵੱਜਦੀ ਰਬਾਬ ਕਿੱਥੇ ਹੈ? ਹੱਟੀ ਦੀ ਥਾਂ ਮਾਲ ਤੇ ਪਲਾਜ਼ੇ ਆ ਗਏ । ਪੱਕੇ ਤੇ ਪਕਾਏ ਬਾਹਰੋਂ ਖਾਜੇ ਆ ਗਏ । ਤੂੰਬੀ ਅਲਗੋਜ਼ੇ ਦੀ ਥਾਂ ਵਾਜੇ ਆ ਗਏ । ਮਹਿਕਦਾ ਉਹ ਸੁੱਚੜਾ ਗੁਲਾਬ ਕਿੱਥੇ ਹੈ? ਬਾਣੀ ਨਾਲ ਵੱਜਦੀ... । ਖੱਟਿਆ ਗੁਆਇਆ ਜੋ ਵੀ ਲੇਖਾ ਕੱਢ ਲਉ । ਮਨਾਂ ਵਿਚੋਂ ਆਪਣੇ ਭੁਲੇਖਾ ਕੱਢ ਲਉ । ਨਫ਼ੇ ਨੁਕਸਾਨ 'ਚ ਲਕੀਰ ਕੱਢ ਲਉ । ਦੱਸੋ ਹੋਈ ਬੀਤੀ ਦਾ ਹਿਸਾਬ ਕਿੱਥੇ ਹੈ? ਚੌਵੀ ਘੰਟੇ ਖਾਣਾ ਪੀਣਾ ਐਸ਼ ਕਰਨਾ । ਪਰ ਇਹਦਾ ਪੈਣਾ ਹਰਜਾਨਾ ਭਰਨਾ । ਮਿੱਟੀ ਦਾ ਵਜੂਦ ਖ਼ਰਨਾ ਹੀ ਖਰਨਾ । ਬਾਪੂ ਜਿਹੜੀ ਦੇ ਗਿਆ ਕਿਤਾਬ ਕਿੱਥੇ ਹੈ? ਡੁੰਨ ਵੱਟਾ ਬਣ ਬਹਿ ਕੇ ਨਹੀਉਂ ਸਰਨਾ । ਖ਼ੁਦ ਪੈਣਾ ਹੀਲਾ ਤੇ ਵਸੀਲਾ ਕਰਨਾ । ਜਾਗੇ ਨਾ, ਪੰਜਾਬ, ਮਰਨਾ ਹੀ ਮਰਨਾ । ਚਿਹਰੇ ਤੇ ਜੋ ਹੁੰਦੀ ਸੀ, ਉਹ ਆਬ ਕਿੱਥੇ ਹੈ? ਦੱਸੋ ਗੁਰੂ ਵਾਲਿਓ ਪੰਜਾਬ ਕਿੱਥੇ ਹੈ?
47. ਪੁੱਤ ਪੰਜ ਦਰਿਆਵਾਂ ਦੇ
ਪੁੱਤ ਪੰਜ ਦਰਿਆਵਾਂ ਦੇ, ਭਲਾ ਕਿਉਂ ਨਸ਼ਿਆਂ ਜੋਗੇ ਰਹਿ ਗਏ? ਮਾਏ ਵਰਜ ਨੀ ਪੁੱਤਰਾਂ ਨੂੰ, ਇਹ ਤਾਂ ਰਾਹ ਸਿਵਿਆਂ ਦੇ ਪੈ ਗਏ? ਇਹ ਨੀਂਦ ਤਿਆਗਣ ਨਾ, ਇਨ੍ਹਾਂ ਨੂੰ ਕਿਵੇਂ ਆਵਾਜ਼ਾਂ ਮਾਰਾਂ? ਇਹ ਤਾਂ ਅੰਬਰੋਂ ਲਾਹੁੰਦੇ ਸੀ, ਉਡੰਤਰ ਪੰਖਣੂਆਂ ਦੀਆਂ ਡਾਰਾਂ । ਪੌਣਾਂ ਦੇ ਪੁੱਤਰਾਂ ਜਹੇ, ਭਲਾ ਕਿਉਂ ਢੇਰੀ ਢਾਹ ਕੇ ਬਹਿ ਗਏ? ਮਾਏ ਵਰਜ ਨੀ ਪੁੱਤਰਾਂ ਨੂੰ... । ਬੋਹੜਾਂ ਤੇ ਪਿੱਪਲਾਂ ਦੀਆਂ, ਲੈ ਗਿਆ ਕੌਣ ਛਾਂਗ ਕੇ ਛਾਵਾਂ? ਪੁੱਛਦੀ ਏ ਭੈਣ ਖੜ੍ਹੀ ਵੀਰਨਾ ਕਿਸ ਥਾਂ ਪੀਂਘਾਂ ਪਾਵਾਂ? ਚਾਅ ਅੰਬਰੀਂ ਪਹੁੰਚਣ ਦੇ ਕੁਆਰੇ ਦਿਲ ਅੰਦਰ ਹੀ ਰਹਿ ਗਏ । ਮਾਏ ਵਰਜ ਨੀ ਪੁੱਤਰਾਂ ਨੂੰ... । ਧਰਤੀ ਦਾ ਧਰਮ ਗਿਆ, ਜਵਾਨੀ ਤੁਰ ਪਈ ਉਲਟੇ ਪਾਸੇ । ਦਾਤੇ ਦੇ ਹੱਥ ਵਿਚ ਨੇ, ਭਲਾ ਕਿਉਂ ਖ਼ਾਲਮ ਖ਼ਾਲੀ ਕਾਸੇ । ਸਿੱਧੇ ਰਾਹ ਤੁਰਦੇ ਕਿਉਂ ਕਿਰਤ ਦੀ ਅਸਲੀ ਲੀਹੋਂ ਲਹਿ ਗਏ । ਮਾਏ ਵਰਜ ਨੀ ਪੁੱਤਰਾਂ ਨੂੰ... । ਸਿਦਕੋਂ ਕਿਉਂ ਡੋਲ ਗਈ, ਪੰਜਾਬੀ ਅੱਥਰੀ ਅਮੋੜ ਜਵਾਨੀ? ਜਦ ਡੋਰੀ ਟੁੱਟ ਜਾਵੇ, ਗੁਆਚਣ ਮਣਕੇ, ਰਹੇ ਨਾ ਗਾਨੀ । ਛੱਡ ਸ਼ਬਦ ਪੰਘੂੜੇ ਨੂੰ, ਇਹ ਚੰਦਰੇ ਕਿਹੜੇ ਵਹਿਣੀਂ ਵਹਿ ਗਏ? ਮਾਏ ਵਰਜ ਨੀ ਪੁੱਤਰਾਂ ਨੂੰ, ਇਹ ਤਾਂ ਰਾਹ ਸਿਵਿਆਂ ਦੇ ਪੈ ਗਏ ।
48. ਆ ਤੂੰ ਹੀ ਦੀਵਾ ਧਰ ਜਾ ਨੀ
ਆ ਤੂੰ ਹੀ ਦੀਵਾ ਧਰ ਜਾ ਨੀ, ਮੇਰੇ ਦਿਲ ਦੇ ਉਦਾਸ ਬਨੇਰੇ ਤੇ । ਸਭ ਦੁਨੀਆਂ ਵੈਰੀ ਹੋ ਗਈ ਏ, ਇੱਕ ਆਸ ਬਚੀ ਹੁਣ ਤੇਰੇ ਤੇ । ਸੱਜਣਾਂ ਦੀਆਂ ਨਜ਼ਰਾਂ ਬਦਲ ਗਈਆਂ, ਦਸਤਾਨੇ ਪਾ ਪਾ ਮਿਲਦੇ ਨੇ । ਚੋਭਾਂ ਦੇ ਨਸ਼ਤਰ ਲਾਉਂਦੇ ਨੇ, ਕਿੱਦਾਂ ਦੇ ਮਹਿਰਮ ਦਿਲ ਦੇ ਨੇ । ਵਿਸ਼ਵਾਸ ਰਿਹਾ ਨਾ ਕਿਣਕਾ ਵੀ, ਸੱਜਣਾਂ ਦੇ ਚਾਰ ਚੁਫ਼ੇਰੇ ਤੇ । ਵਣਜਾਂ ਨੇ ਦੁਨੀਆਂ ਖਾ ਲਈ ਏ, ਅੱਖੀਆਂ ਵਿੱਚ ਪਹਿਲਾ ਪਿਆਰ ਨਹੀਂ । ਸਭ ਗਿਣਤੀ ਮਿਣਤੀ ਕਰਦੇ ਨੇ, ਇੱਕ ਦੂਜੇ ਤੇ ਇਤਬਾਰ ਨਹੀਂ । ਇਹ ਦਿਲ ਚੰਦਰਾ ਵੀ ਕਰਦਾ ਨਹੀਂ, ਵਿਸ਼ਵਾਸ ਕਦੀ ਹੁਣ ਮੇਰੇ ਤੇ । ਰਾਤਾਂ ਦੀ ਕਾਲੀ ਨਾਗਣ ਵੀ, ਰਹਿ ਰਹਿ ਕੇ ਮੈਨੂੰ ਡੰਗਦੀ ਏ । ਕਿਉਂ ਜਾਗ ਰਿਹਂੈ ਇਹ ਕਹਿੰਦੀ ਏ ਤੇ ਖ਼ੂਨ ਜਿਗਰ ਦਾ ਮੰਗਦੀ ਏ । ਹੁਣ ਜਾਗਾਂ ਕਿ ਮੈਂ ਸੌਂ ਜਾਵਾਂ, ਇਹ ਛੱਡਿਆ ਫ਼ੈਸਲਾ ਤੇਰੇ ਤੇ । ਅਕਲਾਂ ਦੀ ਦੇਵੀ ਸਰਸਵਤੀ, ਪੈਸੇ ਦੀ ਲੱਛਮੀ ਕਹਿੰਦੇ ਨੇ । ਮਾਂ ਸ਼ਕਤੀ ਦੁਰਗਾ ਵਰਗੀ ਨੂੰ, ਇਹ ਕੁੱਖ 'ਚ ਮਾਰਦੇ ਰਹਿੰਦੇ ਨੇ । ਦਿਨ ਦੀਵੀਂ ਕਾਰੇ ਕਰਦੇ ਨੇ ਪਰ ਲਾਉਂਦੇ ਦੋਸ਼ ਹਨ੍ਹੇਰੇ ਤੇ । ਹੁਣ ਤੂੰ ਹੀ ਦੀਵਾ ਧਰ ਜਾ ਨੀ, ਮੇਰੇ ਦਿਲ ਦੇ ਉਦਾਸ ਬਨੇਰੇ ਤੇ ਸਭ ਦੁਨੀਆਂ ਵੈਰੀ ਹੋ ਗਈ ਨੀ, ਇਕ ਆਸ ਬਚੀ ਏ ਤੇਰੇ ਤੇ?
49. ਐਸਾ ਗਿਉਂ ਸੱਜਣਾ
ਐਸਾ ਗਿਉਂ ਸੱਜਣਾ ਵੇ ਫੇਰ ਖ਼ਬਰਾਂ ਨਾ ਲਈਆਂ । ਰੰਗ ਰੱਤੀਆਂ ਬਹਾਰਾਂ ਤੇਰੇ ਨਾਲ ਤੁਰ ਗਈਆਂ । ਜਦੋਂ ਯਾਦ ਤੇਰੀ ਆਵੇ ਉੱਠੇ ਕਾਲਜੇ 'ਚ ਹੌਲ । ਵੇ ਮੈਂ ਤੇਰੇ ਪਿੱਛੋਂ ਬਣ ਗਈ ਆਂ ਜੱਗ ਦਾ ਮਖ਼ੌਲ । ਵੇ ਤੂੰ ਸਾਰੇ ਭੁੱਲ ਗਿਆ, ਜਿਹੜੇ ਕੀਤੇ ਸੀ ਤੂੰ ਕੌਲ । ਰੀਝਾਂ ਕੰਜਕਾਂ ਕੁਆਰੀਆਂ ਨੇ ਰੁਲ਼ ਖੁਲ਼ ਗਈਆਂ । ਉੱਤੋਂ ਹਾੜ੍ਹ ਦਾ ਮਹੀਨਾ, ਵਗੇ ਅੱਗ ਲੱਗੀ ਪੌਣ । ਕਦੇ ਵੇਖਾਂ ਮੈਂ ਬਨੇਰਾ ਕਦੇ ਬੂਹੇ ਵੱਲ ਧੌਣ । ਵੇ ਮੈਂ ਕੱਲ੍ਹੀ ’ਕਾਰੀ ਜਿੰਦ, ਆਟਾ ਗੁੰਨ ਬੈਠੀ ਤੌਣ । ਵੇ ਮੈ ਰੋਟੀ ਇਕਵਾਸੀ ਵਾਂਗੂੰ, ਤਵੇ ਉੱਤੇ ਪਈ ਆਂ । ਚੰਨ ਮਾਰਦਾ ਨਿਹੋਰੇ, ਜਦੋਂ ਚੜ੍ਹਾਂ ਮੈਂ ਚੁਬਾਰੇ । ਮੇਰੇ ਕੋਲ ਨਾ ਜਵਾਬ, ਵੇ ਸਵਾਲ ਕਿੰਨੇ ਸਾਰੇ । ਤੇਰਾ ਕਿੱਥੇ ਚੰਨ ਮਾਹੀ, ਮੈਨੂੰ ਪੁੱਛਦੇ ਨੇ ਤਾਰੇ । ਦੱਸ ਕੀਹਦੇ ਲਈ ਵਿਛਾਵਾਂ, ਨਵੇਂ ਖੇਸ ਤੇ ਚਤ੍ਹੱਈਆਂ । ਚਲੋ ਮੰਨਿਆ ਕਿ ਵੱਧ ਪਰਦੇਸ ਦੀ ਕਮਾਈ । ਲਈਆਂ ਜੀਹਦੇ ਨਾਲ ਲਾਵਾਂ, ਕਾਹਨੂੰ ਚਿੱਤ 'ਚੋਂ ਭੁਲਾਈ । ਵੇ ਮੈਂ ਪਾਣੀ ਖੁਣੋਂ ਵੇਲ ਵਾਂਗੂੰ ਜਾਵਾਂ ਕੁਮਲਾਈ । ਕਦੇ ਦਿੱਤਾ ਨਹੀਓਂ ਨਿੱਘ ਤੇਰੇ ਡਾਲਰਾਂ ਰੁਪੱਈਆਂ । ਰੰਗ ਰੱਤੀਆਂ ਬਹਾਰਾਂ ਤੇਰੇ ਨਾਲ ਤੁਰ ਗਈਆਂ ।
50. ਇਹ ਵੀ ਦੁੱਖ ਮੇਰੀ ਜਾਨ ਨੂੰ
ਹੋ ਕੇ ਸ਼ਰਾਬੀ ਪਹਿਲਾਂ ਅੱਧੀ ਰਾਤੀਂ ਘਰ ਆਵੇ, ਆਣ ਕੇ ਫੱਕੜ ਪਿਆ ਤੋਲੇ । ਇਹ ਵੀ ਦੁੱਖ ਮੇਰੀ ਜਾਨ ਨੂੰ, ਮੇਰਾ ਦਿਓਰ ਨਾ ਦਰਾਣੀ ਨਾਲ ਬੋਲੇ । ਕਿਹੜੀ ਪੁੱਠੇ ਪੈਰੀ ਜੋ ਪੜ੍ਹਾਉਂਦੀ ਇਹਨੂੰ ਪੱਟੀਆਂ । ਉਹਦੇ ਹੀ ਤੰਦੂਰ ਵਿੱਚ ਪਾਈ ਜਾਵੇ ਖੱਟੀਆਂ । ਗੁੜ ਖਾਵੇ ਚੋਰੀ ਦਾ, ਬੇਸ਼ਰਮੀ ਤੇ ਲੱਕ ਬੱਧਾ, ਰੱਖਦਾ ਬਣਾ ਕੇ ਓਹਲੇ । ਨਿੱਕੇ ਨਿੱਕੇ ਬਾਲ ਤੇ ਨਿਆਣੇ ਇਹਤੋਂ ਡਰਦੇ । ਲੱਗਦੇ ਵਿਹੁ ਦੇ ਵਾਂਗੂੰ ਜੀਅ ਇਹਨੂੰ ਘਰ ਦੇ । ਸਿਰ ਚੜ੍ਹੀ ਜਾਵੇ, ਜਦੋਂ ਕੋਈ ਸਮਝਾਵੇ, ਭੈੜਾ ਕਦੇ ਨਾ ਅੜੀ ਤੋਂ ਡੋਲੇ । ਆਖਦੀ ਨਣਾਨ ਭਾਬੀ ਤੂੰ ਹੀ ਸਿਰ ਚਾੜ੍ਹਿਆ । ਤੇਰਿਆਂ ਹੀ ਲਾਡਾਂ ਇਹਦਾ ਹਾਜ਼ਮਾ ਵਿਗਾੜਿਆ । ਤੱਕਲੇ ਦੇ ਵਾਂਗ ਸਿੱਧਾ ਹੋਜੇਗਾ ਇਹ ਝੱਟ, ਜਦੋਂ ਪੋਤੜੇ ਏਸ ਦੇ ਫੋਲੇ । ਮਿੱਠੀ ਮਿੱਠੀ ਚੂਰੀ ਦਾ ਸਵਾਦ ਇਹਨੂੰ ਪੈ ਗਿਆ । ਲੱਖ ਦਾ ਸੀ ਹੁੰਦਾ, ਹੁਣ ਕੱਖ ਦਾ ਨਾ ਰਹਿ ਗਿਆ । ਚਾਂਦਨੀ ਰਵੇਲ ਵਾਂਗੂੰ ਮਹਿਕਦੀ ਦਰਾਣੀ, ਕਲਮੂੰਹੇਂ ਨੇ ਬਣਾ ਦਿੱਤੀ ਕੋਲ਼ੇ । ਪਿੰਡ ਵਿੱਚ ਕੋਈ ਵੀ ਨਾ ਇਹਨੂੰ ਸਮਝਾਉਂਦਾ ਨੀ । ਕਿਸੇ ਨੂੰ ਨਹੀਂ ਪਤਾ ਕਿੱਥੇ ਜਾਂਦਾ ਕਿੱਥੋਂ ਆਉਂਦਾ ਨੀ । ਜਦੋਂ ਕਦੇ ਪੁੱਛ ਬਹੇ ਦਰਾਣੀ ਇਹਨੂੰ ਕਿੱਥੋਂ ਆਇਐਂ, ਕਰ ਸੁੱਟੇ ਉਹਦੇ ਹੱਡ ਪੋਲੇ । ਫਿਰਦਾ ਨਿਕੰਮਾ ਇਹਨੂੰ ਕੰਮ ਤੇ ਨਾ ਕਾਰ ਨੀ । ਖੌਰੇ ਕਿੰਨੇ ਵਿਹਲੇ ਇਹਦੇ ਜੁੰਡਲੀ ਦੇ ਯਾਰ ਨੀ । ਲੀਡਰੀ ਦਾ ਚੰਦਰਾ ਸਵਾਦ ਇਹਦੇ ਮੂੰਹ ਲੱਗਾ, ਫਿਰਦੈ ਬਣਾ ਕੇ ਟੋਲੇ । ਨੀ ਇਹ ਵੀ ਦੁੱਖ ਮੇਰੀ ਜਾਨ ਨੂੰ, ਮੇਰਾ ਦਿਓਰ ਨਾ ਦਰਾਣੀ ਨਾਲ ਬੋਲੇ ।
51. ਉਹ ਥਾਨ ਸੁਹਾਵੇ ਹੋ ਜਾਂਦੇ
ਉਹ ਥਾਨ ਸੁਹਾਵੇ ਹੋ ਜਾਂਦੇ, ਜਿੰਨੀਂ ਥਾਈਂ ਤਪੀਏ ਬਹਿ ਜਾਂਦੇ । ਜਿਹੜੇ ਬੋਲ ਫ਼ਕੀਰ ਉਚਰਦੇ ਨੇ, ਸਦੀਆਂ ਤਕ ਰੂਹ ਵਿਚ ਲਹਿ ਜਾਂਦੇ । ਸਮਿਆਂ ਤੇ ਕਰਨ ਸਵਾਰੀ ਉਹ, ਜੋ ਜਾਮ ਸ਼ਹਾਦਤ ਪੀਂਦੇ ਨੇ । ਕਰਨੀ ਦੇ ਪੂਰੇ ਸੂਰੇ ਹੀ, ਬਿਨ ਜਿਸਮ ਅਜ਼ਲ ਤੱਕ ਜੀਂਦੇ ਨੇ । ਉਸ ਥਾਂ ਤੇ ਮੇਲੇ ਲੱਗਦੇ ਨੇ, ਜਿਥੇ ਯੋਧੇ ਜ਼ੁਲਮ ਸੰਗ ਖਹਿ ਜਾਂਦੇ । ਉਹ ਥਾਨ ਸੁਹਾਵੇ ਹੋ ਜਾਂਦੇ... । ਮਨ ਬਚਨ ਕਰਮ ਵਿਚ ਢਾਲ ਲਿਆ, ਸਾਡੇ ਪੁਰਖੇ ਬਾਬਿਆਂ ਬਾਣੀ ਨੂੰ । ਸ਼ਬਦਾਂ ਦੇ ਮੱਥੇ ਤਿਲਕ ਧਰੇ, ਜਗ ਜਾਣੇ ਏਸ ਕਹਾਣੀ ਨੂੰ । ਜੋ ਪਰਮ ਪੁਰਖ ਕੇ ਦਾਸੇ ਨੇ, ਪੌਣਾਂ ਨੂੰ ਸੁਨੇਹਾ ਕਹਿ ਜਾਂਦੇ । ਉਹ ਥਾਨ ਸੁਹਾਵੇ ਹੋ ਜਾਂਦੇ... । ਇਹ ਧਰਤ ਲਿਆਕਤ ਵਾਲਿਆਂ ਦੀ, ਜਿਥੇ ਸਭ ਦਾ ਸਾਂਝਾ ਸ਼ਬਦ ਗੁਰੂ । ਜਲ ਪੌਣ ਧਰਤ ਹਰਿਆਲੀ ਦੀ, ਰਖਵਾਲੀ ਕਰਦਾ ਸ਼ਬਦ ਗੁਰੂ । ਆਰੀ ਸੰਗ ਯਾਰੀ ਰੱਖਦੇ ਜੋ, ਖ਼ੁਦਗਰਜ਼ ਪਿਛਾਂਹ ਹੀ ਰਹਿ ਜਾਂਦੇ । ਉਹ ਥਾਨ ਸੁਹਾਵੇ ਹੋ ਜਾਂਦੇ... । ਸੰਜਮ ਦਾ ਸਬਕ ਸੁਣਾ ਦੇਵੋ, ਹੁਣ ਆਪਣੇ ਅੱਥਰੇ ਚਾਵਾਂ ਨੂੰ । ਕੱਲ੍ਹ ਤੱਕ ਜੋ ਕੰਢੇ ਤੋੜਦੇ ਸੀ, ਤੁਸੀਂ ਵੇਖ ਲਵੋ ਦਰਿਆਵਾਂ ਨੂੰ । ਸਾੜੇ ਨਾ ਅਗਨੀ, ਡੁੱਬਦੇ ਨਹੀਂ, ਜੋ ਬਾਣੀ ਸਰਵਰ ਵਹਿ ਜਾਂਦੇ । ਉਹ ਥਾਨ ਸੁਹਾਵੇ ਹੋ ਜਾਂਦੇ... ।
52. ਚਾਰੇ ਪਾਸੇ ਕਿੱਕਰਾਂ
ਚਾਰੇ ਪਾਸੇ ਕਿੱਕਰਾਂ ਤੇ ਵਿਚ ਵਿਚ ਬੇਰੀਆਂ । ਸੂਲੀ ਤੋਂ ਵੀ ਸੂਲ ਬਣੇ, ਮਿਹਰਾਂ ਹੋਣ ਤੇਰੀਆਂ । ਦਿੱਤੇ ਜੋ ਤੂੰ ਦੁੱਖ ਮੈਨੂੰ ਹੱਸ ਕੇ ਸਹਾਰ ਲਾਂ । ਨਜ਼ਰ ਸਵੱਲੀ ਰੱਖੀਂ ਵਿਗੜੀ ਸੰਵਾਰ ਲਾਂ । ਦੌਲਤਾਂ ਨਾ ਮੰਗਾਂ, ਇਹ ਤਾਂ ਮਿੱਟੀ ਦੀਆਂ ਢੇਰੀਆਂ । ਸੂਲ਼ੀ ਤੋਂ ਵੀ ਸੂਲ਼ ਬਣੇ ਮਿਹਰਾਂ ਹੋਣ ਤੇਰੀਆਂ । ਪਿੰਗਲਾ ਪਹਾੜ ਤੇ ਚੜ੍ਹਾਉਂਦਾ ਤੇ ਉਤਾਰਦੈਂ । ਮਿਹਰਬਾਨ ਦਾਤਿਆ ਕਿਉਂ ਐਸੀ ਮਾਰ ਮਾਰਦੈਂ । ਏਸ ਨਾਲੋਂ ਘੱਟ ਤਾਂ ਸਜ਼ਾਵਾਂ ਨੇ ਬਥੇਰੀਆਂ । ਸੂਲੀ ਤੋਂ ਵੀ ਸੂਲ ਬਣੇ ਮਿਹਰਾਂ ਹੋਣ ਤੇਰੀਆਂ । ਤੇਰਾ ਪ੍ਰਤਾਪ ਜਿਹੜਾ ਅੱਜ ਲਿਖ ਗਾ ਰਿਹਾਂ । ਲਾਈ ਜ਼ਿੰਮੇਵਾਰੀ ਦਾਤਾ ਵੇਖ ਲੈ ਨਿਭਾ ਰਿਹਾਂ । ਲੈਂਦੈਂ ਕਿਉਂ ਪ੍ਰੀਖਿਆ ਤੂੰ ਘੜੀ ਮੁੜੀ ਮੇਰੀਆਂ । ਸੂਲ਼ੀ ਤੋਂ ਵੀ ਸੂਲ਼ ਬਣੇ ਮਿਹਰਾਂ ਹੋਣ ਤੇਰੀਆਂ । ਭਾਣੇ ਨੂੰ ਸਹਾਰ ਸਕਾਂ ਇਹੀ ਅਰਦਾਸ ਹੈ । ਦੁੱਖ ਦੇਣ ਵਾਲਿਆਂ, ਦਵਾਈ ਤੇਰੇ ਪਾਸ ਹੈ । ਆਇਆ ਤੇਰੇ ਦਰ ਤੇ ਤੂੰ, ਦੇ ਦੇ ਹੱਲਾਸ਼ੇਰੀਆਂ । ਸੂਲ਼ੀ ਤੋਂ ਵੀ ਸੂਲ਼ ਬਣੇ ਮਿਹਰਾਂ ਹੋਣ ਤੇਰੀਆਂ ।
53. ਬਾਰਾਂ ਸਾਲ ਮੰਗੂ ਚਾਰੇ
ਬਾਰਾਂ ਸਾਲ ਮੰਗੂ ਚਾਰੇ, ਸਾਨੂੰ ਰੱਖਿਆ ਕੁਆਰੇ, ਚੜ੍ਹ ਗਈ ਖੇੜਿਆਂ ਦੀ ਡੋਲੀ । ਨੀ ਹੁਣ ਕਾਹਨੂੰ ਹੰਝੂ ਕੇਰਦੀ, ਉਦੋਂ ਮੂੰਹੋਂ ਨਾ ਚੰਦਰੀਏ ਬੋਲੀ । ਕੱਖ ਪੱਲੇ ਛੱਡਿਆ ਨਾ, ਚੂਚਕੇ ਦੀ ਬੱਚੀਏ । ਰਲ ਗਈ ਰਿਵਾਜ ਨਾਲ ਕੌਲਾਂ ਦੀਏ ਕੱਚੀਏ । ਕੱਚ ਦੇ ਸਮਾਨ ਦੀਆਂ ਕੀਚਰਾਂ ਤੋਂ ਬਚ ਮੈਨੂੰ ਕਹੇ ਹਾਣੀਆਂ ਦੀ ਟੋਲੀ । ਖੇੜਿਆਂ ਦਾ ਕਿਹੋ ਜਿਹਾ ਲੱਗਿਆ ਗਿਰਾਂ ਨੀ । ਦੱਸ ਕਦੇ ਬੁੱਲੀਆਂ ਤੇ ਆਇਐ ਮੇਰਾ ਨਾਂ ਨੀ? ਸਾਲੂ 'ਚ ਲਪੇਟੀਏ ਨੀ, ਹੀਰੀਏ ਸਲੇਟੀਏ, ਤੂੰ ਬਣ ਗਈ ਸੈਦੇ ਦੀ ਗੋਲੀ । ਮਹਿਕ ਤੋਂ ਬਗੈਰ ਦੱਸ ਫੁੱਲ ਕਿਹੜੇ ਕੰਮ ਨੀ । ਕੱਲ੍ਹਾ ਰੰਗ ਰੂਪ ਨਿਰਾ ਹੱਡੀਆਂ ਤੇ ਚੰਮ ਨੀ । ਟੁੱਕ ਟੁੱਕ ਟੁਕੜੇ ਵਜੂਦ ਵਾਲੇ ਮੇਰੇ ਜਿੰਦ ਚਾੜ੍ਹ ਕੇ ਤੱਕੜ ਤੇ ਤੋਲੀ । ਨੀ ਹੁਣ ਕਾਹਨੂੰ ਹੰਝੂ ਕੇਰਦੀ, ਉਦੋਂ ਮੂੰਹੋਂ ਨਾ ਚੰਦਰੀਏ ਬੋਲੀ ।
54. ਧੀ ਦੇ ਘਰ ਵਿਚ ਬੈਠੀਏ ਮਾਏ
ਧੀ ਦੇ ਘਰ ਵਿੱਚ ਬੈਠੀਏ ਮਾਏ ਮੈਨੂੰ ਇਹ ਗੱਲ ਸਮਝ ਨਾ ਆਏ, ਨੂੰਹ ਕੋਲੋਂ, ਪੁੱਤ ਮੰਗਦੀ, ਤੂੰ ਰਤਾ ਨਾ ਸੰਗਦੀ । ਕਿਉਂ ਟੱਬਰ ਸੂਲੀ ਟੰਗਦੀ ਤੂੰ ਪੁੱਤਰ ਮੰਗਦੀ? ਜੇ ਨੂੰਹ ਦੀ ਕੁਖ਼ ਅੰਦਰ ਧੀ ਏ । ਇਸ ਵਿਚ ਉਸਦਾ ਦੋਸ਼ ਵੀ ਕੀਹ ਏ । ਇਹ ਵੀ ਉਸੇ ਰੱਬ ਦਾ ਜੀਅ ਏ । ਚਿੱਟੀ ਚਾਦਰ ਖ਼ਾਨਦਾਨ ਦੀ, ਤੂੰ ਕਿਉਂ ਸੂਹੀ ਰੰਗਦੀ? ਤੂੰ ਰਤਾ ਨਾ ਸੰਗਦੀ । ਪੁੱਤ ਨਾ ਤੈਨੂੰ ਕਦੇ ਬੁਲਾਉਂਦਾ । ਜਦੋਂ ਬੁਲਾਵੇਂ ਸਿਰ ਨੂੰ ਆਉਂਦਾ । ਲੋਕਾਂ ਵਿੱਚ ਸਰਦਾਰ ਕਹਾਉਂਦਾ । ਨੂੰਹ ਆਪਣੀ ਨੂੰ ਤੂੰ ਕਿਉਂ ਮਾਏ, ਬਣ ਕੇ ਨਾਗਣੀ ਡੰਗਦੀ । ਤੂੰ ਪੁੱਤਰ ਮੰਗਦੀ... । ਜੇ ਤੈਨੂੰ ਨਾਨੀ ਨਾ ਜਣਦੀ । ਤੂੰ ਮੇਰੀ ਮਾਂ ਕਿੱਦਾਂ ਬਣਦੀ । ਹੁਣ ਕਿਉਂ ਉਲਟੇ ਤਾਣੇ ਤਣਦੀ । ਘੁੰਮਣ ਘੇਰਾਂ ਦੇ ਵਿਚ ਘਿਰ ਕੇ, ਜ਼ਿੰਦਗੀ ਨਹੀਓਂ ਲੰਘਦੀ । ਤੂੰ ਰਤਾ ਨਾ ਸੰਗਦੀ । ਧਰਤੀ, ਧਰਮ, ਧਰੇਕਾਂ, ਧੀਆਂ । ਸਦਾ ਸੰਭਾਲਣ, ਸਭਨਾਂ ਜੀਆਂ । ਬਿਨ ਮਮਤਾ ਤੋਂ ਆਪਾਂ ਕੀਹ ਆਂ । ਲੋਕ-ਲਾਜ ਦੀ ਸਿਰ ਤੋਂ ਲਾਹ ਦੇ, ਇਹ ਚੁੰਨੀ ਬਦਰੰਗ ਦੀ । ਕਿਉਂ ਸੂਲੀ ਟੰਗਦੀ । ਜਿਹੜੇ ਘਰ ਵਿੱਚ ਧੀ ਤੇ ਮਾਂ ਨਹੀਂ । ਉਸ ਘਰ ਵਿਹੜੇ ਸੰਘਣੀ ਛਾਂ ਨਹੀਂ । ਉਸ ਤੋਂ ਵੱਧ ਬਦਕਿਸਮਤ ਥਾਂ ਨਹੀਂ । ਮਹਿਕਾਂ ਦੀ ਰਖਵਾਲੀ ਕਰ ਤੂੰ, ਬਣ ਕੇ ਚੰਡੀ ਜੰਗ ਦੀ । ਕਿਉਂ ਸੂਲੀ ਟੰਗਦੀ ।
55. ਥਾਂ ਥਾਂ ਫਿਰੇਂ ਭਟਕਦੀ ਕਾਹਨੂੰ
ਥਾਂ ਥਾਂ ਫਿਰੇਂ ਭਟਕਦੀ ਕਾਹਨੂੰ ਕਿੱਧਰ ਗਿਆ ਧਿਆਨ ਨੀ ਜਿੰਦੇ । ਕੀਹ ਤੈਨੂੰ ਸਮਝਾਇਆ ਗੁਰੂਆਂ, ਭੁੱਲ ਗਈ ਅਸਲ ਗਿਆਨ ਨੀ ਜਿੰਦੇ । ਸ਼ਬਦ ਵਣਜਦੇ ਫਿਰਦੇ ਏਥੇ ਵੇਖੋ ਲੱਖਾਂ ਨੇ ਵਿਉਪਾਰੀ । ਗਿਆਨ-ਵਿਹੂਣੀ ਅੰਧੀ ਰੱਯਤ ਦੀ ਇਨ੍ਹਾਂ ਰਲ ਕੇ ਮੱਤ ਮਾਰੀ । ਕਹਿਣ ਤਿਆਗੀ ਪਾਉਣ ਰੇਸ਼ਮੀ, ਵੰਨ ਸੁਵੰਨੇ ਥਾਨ ਨੀ ਜਿੰਦੇ । ਬਾਣੀ ਗੁਰੂ ਸੰਦੇਸ਼ ਭੁਲਾ ਕੇ, ਬਾਣੇ ਨੇ ਦੁਨੀਆਂ ਭਰਮਾਈ । ਨਾਮ ਖੁਮਾਰੀ ਲੱਭਦੇ ਫਿਰਦੇ, ਬਿਨ ਸ਼ਬਦਾਂ ਤੋਂ ਮਾਈ ਭਾਈ । ਅਰਬਦ ਨਰਬਦ ਧੁੰਦੂਕਾਰ 'ਚ ਗਿਆਨ ਦੀ ਡਾਢੀ ਸ਼ਾਮਤ ਆਈ । ਗੂੜ੍ਹ-ਗਿਆਨੀ ਰੁਲਦੇ ਫਿਰਦੇ, ਜਿਉਂ ਹੱਟੀਆਂ ਤੇ ਭਾਨ ਨੀ ਜਿੰਦੇ । ਆਪਣਾ ਮੂਲ ਪਛਾਨਣ ਵਾਲੀ, ਤੂੰ ਕਿਉਂ ਅਸਲੀ ਬਾਤ ਭੁਲਾਵੇਂ । ਕਿਰਤ, ਕਮਾਈਆਂ ਦੀ ਥਾਂ ਬਹਿ ਕੇ ਕਿਉਂ ਤੂੰ ਵਿਹਲਾ ਵਕਤ ਲੰਘਾਵੇਂ । ਅਣਦਿਸਦੇ ਲਈ ਫਿਰੇਂ ਭਟਕਦੀ, ਹੱਥ ਨਹੀਂ ਆਉਣੇ ਪਰਛਾਵੇਂ । ਕਾਇਮ ਨਹੀਂ ਬਹੁਤਾ ਚਿਰ ਰਹਿਣੀ, ਫੋਕੀ ਨਕਲੀ ਸ਼ਾਨ ਨੀ ਜਿੰਦੇ । ਬੋਲੀ ਅਵਰ ਸਿਖਾਉਂਦੇ ਸਿੱਖਦੇ, ਬਾਬਾ ਜੀ ਦੇ ਨਾਮ ਦੇ ਲੇਵਾ । ਧਰਤੀ ਮਾਂ ਦੁਰਕਾਰਨ, ਆਖਣ ਬਾਰ ਪਰਾਏ ਕਰਨੀ ਸੇਵਾ । ਕਿਉਂਕਿ ਧਰਤ ਬੇਗਾਨੀ ਦੇਵੇ, ਮੋਟਾ ਖੁੱਲ੍ਹਾ ਮਿੱਠੜਾ ਮੇਵਾ । ਊੜੇ ਜੂੜੇ ਰੁਲ ਖੁੱਲ੍ਹ ਚੱਲੇ, ਬਣ ਗਏ ਆਂ ਦਰਬਾਨ ਨੀ ਜਿੰਦੇ । ਜੋ ਤੈਨੂੰ ਸਮਝਾਇਆ ਗੁਰੂਆਂ, ਭੁੱਲ ਗਈ ਅਸਲ ਗਿਆਨ ਨੀ ਜਿੰਦੇ ।
56. ਗੂੜ੍ਹੀ ਨੀਂਦਰ ਸੁੱਤੇ
ਗੂੜ੍ਹੀ ਨੀਂਦਰ ਸੁੱਤੇ ਪੁੱਤਰ ਪੰਜ ਦਰਿਆਵਾਂ ਦੇ । ਟੁਕੜੇ ਟੁਕੜੇ ਹੋ ਗਏ ਤਾਂਹੀਉਂ ਅੱਥਰੇ ਚਾਵਾਂ ਦੇ । ਸ਼ੇਰਾਂ ਦੇ ਪੁੱਤ ਸ਼ੇਰ ਕਹਾਵਤ ਝੂਠੀ ਜੱਗ ਦੀ ਏ । ਮਾਂ ਦੇ ਦੁੱਧ ਨੂੰ ਲਾਜ ਰੋਜ਼ਾਨਾ ਏਥੇ ਲੱਗਦੀ ਏ । ਕੱਚੀ ਤੰਦ ਤੋਂ ਕੱਚੇ ਹੋ ਗਏ ਰਿਸ਼ਤੇ ਲਾਵਾਂ ਦੇ । ਟੁਕੜੇ ਟੁਕੜੇ ਹੋ ਗਏ ਤਾਹੀਉਂ ਅੱਥਰੇ ਚਾਵਾਂ ਦੇ । ਸਾਡੀ ਸੀ ਮਰਿਆਦਾ ਸਾਰੇ ਰਲ ਕੇ ਖਾਂਦੇ ਸੀ । ਏਕਸ ਕੇ ਹਮ ਬਾਰਿਕ, 'ਕੱਠੇ ਬੋਲ ਸੁਣਾਂਦੇ ਸੀ । ਜਾਨ ਦੇ ਵੈਰੀ ਹੋ ਗਏ ਜਿਹੜੇ ਸਾਂਝੀ ਸਾਹਵਾਂ ਦੇ । ਟੁਕੜੇ ਟੁਕੜੇ ਹੋ ਗਏ ਤਾਹੀਉਂ ਅੱਥਰੇ ਚਾਵਾਂ ਦੇ । ਚੜ੍ਹੀ ਖੁਮਾਰੀ ਨਸ਼ਿਆਂ ਦੀ ਸਭ ਪੁੱਤਰ ਧੀਆਂ ਨੂੰ । ਕਿਹੜਾ ਬਹਿ ਸਮਝਾਏ, ਗਰਕੇ ਘਰ ਦੇ ਜੀਆਂ ਨੂੰ । ਬਿਰਖ਼ ਸੁਣਾਉਂਦੇ ਬਾਤਾਂ ਜੀ, ਹਰ ਪਿੰਡ ਦੀਆਂ ਰਾਹਵਾਂ ਦੇ । ਟੁਕੜੇ ਟੁਕੜੇ ਹੋ ਗਏ ਤਾਹੀਉਂ ਅੱਥਰੇ ਚਾਵਾਂ ਦੇ । ਮਿੱਟੀ ਖ਼ਾਤਰ ਮਰ ਚੱਲੇ ਇੱਕ ਮਾਂ ਦੇ ਜਾਏ ਨੇ । ਇਸ ਧਰਤੀ ਤੇ ਕੈਸੇ ਉਲਟ ਜ਼ਮਾਨੇ ਆਏ ਨੇ । ਗ਼ਰਜ਼ਾਂ ਵਿੰਨ੍ਹੇ ਰਿਸ਼ਤੇ, ਟੁੱਟ ਗਏ ਮਾਣ ਭਰਾਵਾਂ ਦੇ । ਟੁਕੜੇ ਟੁਕੜੇ ਹੋ ਗਏ ਤਾਹੀਉਂ ਅੱਥਰੇ ਚਾਵਾਂ ਦੇ ।
57. ਪੈਰਾਂ ਥੱਲੇ ਪੱਕੀ ਏ ਜ਼ਮੀਨ
ਪੈਰਾਂ ਥੱਲੇ ਪੱਕੀ ਏ ਜ਼ਮੀਨ ਹੌਲੀ ਨੱਚ ਨੀ । ਖਾ ਜੇ ਨਾ ਮਰੋੜਾ ਤੇਰਾ ਲੱਕ ਨਿਰਾ ਕੱਚ ਨੀ । ਨਰਮ ਸਰੀਰਾਂ ਉੱਤੇ ਕਹਿਰ ਨਾ ਗੁਜ਼ਾਰੀਏ । ਨਜ਼ਰਾਂ ਤੋਂ ਬਚ ਨੀ ਨਖ਼ਰੇਲੋ ਟੂਣੇ-ਹਾਰੀਏ । ਅੱਗ ਦੇ ’ਵਰੋਲੇ ਵਾਂਗੂੰ ਘੁੰਮ ਨਾ ਭੰਬੀਰੀਏ । ਆ ਜੇ ਨਾ ਘੁੰਮੇਰ ਕਿਤੇ ਬਚ ਜਾ ਨੀ ਹੀਰੀਏ । ਨੈਣਾਂ ਦੀ ਗੁਲੇਲ ਏਨੀ ਖਿੱਚ ਕੇ ਨਾ ਮਾਰੀਏ । ਮਾਲਵੇ ਦੋਆਬੇ ਵਿਚ ਤੇਰੇ ਜਹੀ ਹੋਰ ਨਾ । ਮਾਝੇ ਤਕ ਤੱਕਿਆ ਮੈਂ ਤੇਰੇ ਜਹੀ ਤੋਰ ਨਾ । ਪਰੀਆਂ ਦੇ ਦੇਸ ਵਿਚੋਂ ਆਈ ਜਾਪੇਂ ਡਾਰੀਏ । ਗੁੱਤ ਦਾ ਪਰਾਂਦਾ ਕਾਲੇ ਨਾਗ ਵਾਂਗੂੰ ਡੰਗਦਾ । ਜਿਨੂੰ ਜਿਨੂੰ ਡੰਗੇ, ਮੂੰਹੋਂ ਪਾਣੀ ਵੀ ਨਹੀਂ ਮੰਗਦਾ । ਆਰ ਪਾਰ ਤੁਰੀ ਫਿਰੇਂ ਰੂਪ ਦੀ ਕਟਾਰੀਏ । ਪੀਂਘ ਪਾ ਕੇ ਪਿੱਪਲੀਂ ਅਕਾਸ਼ੋਂ ਤਾਰੇ ਤੋੜਦੀ । ਮੱਥੇ ਉੱਤੇ ਚੰਨ ਕਿੱਦਾਂ ਬਿੰਦੀ ਵਾਂਗੂੰ ਜੋੜਦੀ । ਆ ਜਾ ਦੋਵੇਂ ਰਹਿੰਦੀ ਜਿੰਦ, ’ਕੱਠਿਆਂ ਗੁਜ਼ਾਰੀਏ । ਨਜ਼ਰਾਂ ਤੋਂ ਬਚ ਨੀ ਨਖ਼ਰੇਲੋ ਟੂਣੇਹਾਰੀਏ ।
58. ਕਿੱਥੋਂ ਤੁਰੀ ਕਿੱਥੇ ਪਹੁੰਚੀ
ਕਿੱਥੋਂ ਤੁਰੀ ਕਿੱਥੇ ਡੁੱਬੀ ਸਾਡੇ ਪਿਆਰ ਦੀ ਕਹਾਣੀ । ਮੇਰੇ ਹੰਝੂ ਸੁੱਚੇ ਮੋਤੀ, ਤੂੰ ਬਣਾਈ ਜਾਵੇਂ ਪਾਣੀ । ਨੀ ਤੂੰ ਸੁੱਚੀਆਂ ਮੁਹਬੱਤਾਂ ਦਾ ਕੀ ਏ ਮੁੱਲ ਪਾਇਆ ? ਮਹਿਲ ਮੱਲ ਬੈਠੀ, ਕੁੱਲੀ ਦਾ ਖ਼ਿਆਲ ਵੀ ਨਾ ਆਇਆ । ਐਵੇਂ ਏਨਾ ਚਿਰ ਪਾਈ ਰੱਖੀ, ਪਾਣੀ 'ਚ ਮਧਾਣੀ । ਕਿੱਥੋਂ ਤੁਰੀ ਕਿੱਥੇ ਪਹੁੰਚੀ... । ਪੈਸਾ ਦੇਂਦਾ ਦੇ ਸਿਖ਼ਾਲ ਸਭ ਚੋਰ-ਚਤੁਰਾਈਆਂ । ਭੋਲੇ ਪੰਛੀ ਨੂੰ ਗੱਲਾਂ ਇਹ ਸਮਝ ਹੁਣ ਆਈਆਂ । ਜਦੋਂ ਹੰਝੂ ਦਰਿਆ ਦੇ ਵਾਂਗੂੰ ਵਗੇ ਦਿਲ ਥਾਣੀਂ । ਕਿੱਥੋਂ ਤੁਰੀ ਕਿੱਥੇ ਪਹੁੰਚੀ । ਕੱਚੇ ਰੇਤ ਦੇ ਮਹੱਲ ਭਲਾ ਕਿੰਨਾ ਚਿਰ ਰਹਿੰਦੇ । ਜਿਹੜੇ ਲਹਿਰਾਂ ਦੀਆਂ ਠੋਕਰਾਂ ਨੂੰ ਚੌਵੀ ਘੰਟੇ ਸਹਿੰਦੇ । ਹੜ੍ਹ ਯਾਦਾਂ ਵਾਲਾ ਡੋਬੂ, ਚੜ੍ਹ ਆਇਆ ਗਲ ਤਾਣੀਂ । ਕਿੱਥੋਂ ਤੁਰੀ ਕਿੱਥੇ ਪਹੁੰਚੀ... । ਚੇਤੇ ਰੱਖਣਾ ਵੀ ਔਖਾ ਹੁਣ ਭੁੱਲਣਾ ਮੁਹਾਲ । ਕਿਵੇਂ ਸਾਹਾਂ ਤੋਂ ਨਿਖੇੜਾਂ, ਲੰਘੇ ਪਲ ਤੇਰੇ ਨਾਲ । ਬਾਤ ਮੁੱਕੀ ਅਧਵਾਟੇ, ਜਿੰਦ ਹੋ ਗਈ ਅੱਧੋਰਾਣੀ । ਕਿੱਥੋਂ ਤੁਰੀਂ, ਕਿੱਥੇ ਪਹੁੰਚੀ ਸਾਡੇ ਪਿਆਰ ਦੀ ਕਹਾਣੀ ।
59. ਸੋਚੋਂ ਅੰਨ੍ਹਿਆਂ ਤੇ
ਸੋਚੋਂ ਅੰਨ੍ਹਿਆਂ ਤੇ ਅੰਧ-ਵਿਸ਼ਵਾਸ ਨਾ ਕਰੋ । ਨੀਤੋਂ ਕਾਣਿਆਂ ਤੋਂ ਕਦੇ ਚੰਗੀ ਆਸ ਨਾ ਕਰੋ । ਕਰ ਜਿੰਦ ਕੁਰਬਾਨ, ਜੀਹਨੇ ਹੱਕ ਨੂੰ ਪਛਾਤਾ । ਜੀਹਦੇ ਨੇਤਰਾਂ ਦੀ ਜੋਤ, ਤੀਨ ਲੋਕ ਦੀ ਗਿਆਤਾ । ਐਸੇ ਵਿਰਸੇ ਦੇ ਨਾਲ ਉਪਹਾਸ ਨਾ ਕਰੋ । ਕਦੇ ਅੰਨ੍ਹਿਆਂ ਤੇ ਅੰਧ-ਵਿਸ਼ਵਾਸ ਨਾ ਕਰੋ । ਗੁਰੂ ਦੀਖਿਆ ਵੀ ਕਹੇ ਬੱਚਾ ਮੜ੍ਹੀਆਂ ਨਾ ਪੂਜ । ਤੇਰਾ ਪੱਥਰਾਂ ਨੂੰ ਪੂਜਣਾ ਵੀ ਬੜੀ ਵੱਡੀ ਊਜ । ਮੈਨੂੰ ਧਰਤੀ ਦੇ ਪੁੱਤਰੋ, ਉਦਾਸ ਨਾ ਕਰੋ । ਫੋਕੇ ਭਰਮਾਂ ਤੋਂ ਚਾਹਵੇਂ ਜੇ ਤੂੰ ਹੋਵਣਾ ਖਲਾਸ । ਸੁਣ ਨੀਹਾਂ 'ਚ ਖਲੋਤਾ ਕੀਹ ਸੁਣਾਵੇ ਇਤਿਹਾਸ । ਰੱਖੋ ਜਾਗਦੀ ਜ਼ਮੀਰ, ਇਹਦਾ ਨਾਸ ਨਾ ਕਰੋ । ਅਸੀਂ ਪੂਜ ਪੂਜ ਭੁੱਲੇ, ਸੱਚੇ ਗੁਰੂ ਦੀ ਪਛਾਣ । ਜਿਸ ਆਖਿਆ ਸੀ, ਸ਼ਬਦਾਂ ਨੂੰ ਸੱਚਾ ਗੁਰੂ ਜਾਣ । ਗੁਰੂ ਆਪਣੇ ਨੂੰ ਸਿੰਘ ਜੀ ਨਿਰਾਸ਼ ਨਾ ਕਰੋ । ਸੋਚੋਂ ਅੰਨ੍ਹਿਆਂ ਤੇ ਅੰਧ-ਵਿਸ਼ਵਾਸ ਨਾ ਕਰੋ ।
60. ਫ਼ੂਕ ਸ਼ਾਸਤਰ
ਫ਼ੂਕ ਛਕੋ ਤੇ ਛਕਾਉ-ਮੇਰੀ ਮੰਨ ਲਉ ਭਰਾਉ । ਜਿਹੜਾ ਏਸ ਦਾ ਵਿਰੋਧੀ ਉਹਨੂੰ ਕਦੇ ਨਾ ਬੁਲਾਉ । ਕਹੋ ਕਾਣੇ ਤਾਈ ਤੂੰ ਹੈਂ ਵੀਰਾ ਲੱਖ ਨੇਤਰਾ । ਚਾਪਲੂਸੀ ਵਿਚ ਕਰੋ ਨਾ ਕਦੇ ਪਿਛੇਤਰਾ । ਸਾਰੇ ਮੂਰਖਾਂ ਦੀ ਹਊਮੈਂ ਤਾਈਂ ਖੁੱਲ੍ਹੇ ਪੱਠੇ ਪਾਉ । ਨਾਲੇ ਖ਼ੁਦ ਬੁੱਲੇ ਲੁੱਟੋ ਨਾਲੇ ਉਨ੍ਹਾਂ ਨੂੰ ਰਜਾਉ । ਫ਼ੂਕ ਛਕੋ ਤੇ ਛਕਾਉ... ਉਹਨੂੰ ਹੋਰ ਚਮਕਾਉ, ਜੀਹਨੂੰ ਰੂਪ ਦਾ ਗੁਮਾਨ । ਹੋਰ ਉੱਚੀ ਕਰੋ ਉੱਚੀ ਸਦਾ ਕੂੜ ਦੀ ਦੁਕਾਨ । ਕਦੇ ਨੀਵਿਆਂ ਦੇ ਨਾਲ ਪੂਰਾ ਹੱਥ ਨਾ ਮਿਲਾਉ । ਫ਼ੂਕ ਛਕੋ ਤੇ ਛਕਾਉ... ਕਰੋ ਅੜੇ ਥੁੜੇ ਵੇਲੇ ਸਦਾ ਫ਼ੂਕ ਦੀ ਸਵਾਰੀ । ਫ਼ੂਕ ਛਕਦੇ ਹਮੇਸ਼ਾਂ ਏਥੇ ਵੱਡੇ ਅਧਿਕਾਰੀ । ਚਾੜ੍ਹੋ ਅੰਬਰਾਂ ਤੇ ਏਸਰਾਂ ਗੁਬਾਰੇ ਨੂੰ ਫ਼ੈਲਾਉ । ਫ਼ੂਕ ਛਕੋ ਤੇ ਛਕਾਉ... ਸਾਰੇ ਫੂਕ ਦੇ ਗੁਲਾਮ ਏਥੇ ਰਾਜੇ ਅਤੇ ਰਾਣੇ । ਫ਼ੂਕ ਮਾਰਦੀ ਦੇ ਮੱਤ, ਜਿਹੜੇ ਬਣਦੇ ਸਿਆਣੇ । ਜਿਹੜੇ ਅਕਲਾਂ ਦੇ ਪਿੰਗਲੇ, ਪਹਾੜ ਤੇ ਚੜ੍ਹਾਉ । ਫ਼ੂਕ ਛਕੋ ਤੇ ਛਕਾਉ, ਮੇਰੀ ਮੰਨ ਲਉ ਭਰਾਉ ।
61. ਮੈਨੂੰ ਮੈਥੋਂ ਬਚਾਉ
ਮੈਨੂੰ ਬਚਾਉ ਮੈਨੂੰ ਮੈਥੋਂ ਬਚਾਉ । ਓਹਲਾ ਤੇ ਚਾਰ ਦੀਵਾਰੀ ਕੰਧਾਂ ਨੂੰ ਢਾਉ । ਤਕੜੇ ਤੋਂ ਡਰਦਾ ਹਾਂ ਮੈਂ, ਲਿੱਸੇ ਨਾਲ ਸੀਨਾ ਜ਼ੋਰੀ । ਚਿਹਰੇ ਤੇ ਚਿਹਰਾ ਚਾੜ੍ਹਾਂ, ਆਪਣੇ ਤੋਂ ਚੋਰੀ ਚੋਰੀ । ਸੁਣ ਸੁਣ ਕੇ ਮੇਰੀਆਂ ਬਾਤਾਂ, ਧੋਖਾ ਨਾ ਖਾਉ । ਮੈਨੂੰ ਬਚਾਉ ਮੈਨੂੰ ਮੈਥੋਂ ਬਚਾਉ । ਵੇਖਣ ਨੂੰ ਸਾਊ ਬੰਦਾ, ਠੱਗੀ ਹੈ ਮੇਰਾ ਧੰਦਾ । ਆਖ਼ਰ ਨੂੰ ਪੈਂਦਾ ਭਾਵੇਂ, ਮੇਰੇ ਹੀ ਗਲ ਵਿਚ ਫੰਦਾ । ਫਿਰ ਵੀ ਨਾ ਟਲ਼ਦਾ ਹਾਂ ਮੈਂ ਮੇਰੇ ਭਰਾਉ । ਠੱਗਾਂ ਦੀ ਜਿੰਨੀ ਟੋਲੀ, ਬੋਲਦੇ ਮੇਰੀ ਬੋਲੀ । ਅੰਬਰ ਨੂੰ ਟਾਕੀ ਲਾਉਂਦੇ, ਧਰਤੀ ਨੂੰ ਕਰਦੇ ਪੋਲੀ । ਮੇਰੇ ਜਹੇ ਬਹੁਤੇ ਹੋ ਗਏ, ਜਿੱਧਰ ਵੀ ਜਾਉ । ਮੈਨੂੰ ਬਚਾਉ... । ਹੋਵਾਂ ਨਾ ਪੇਸ਼ ਕਦੇ ਵੀ, ਮਨ ਦੀ ਜੋ ਅਸਲ ਕਚਹਿਰੀ । ਮੇਰੀ ਜ਼ਮੀਰ ਹੋ ਗਈ, ਗੂੰਗੀ ਤੇ ਕੰਨੋਂ ਬਹਿਰੀ । ਪੜ੍ਹ ਲਿਖ ਕੀ ਹੋਇਆ ਮੈਨੂੰ, ਆ ਕੇ ਸਮਝਾਉ । ਮੈਨੂੰ ਬਚਾਉ, ਮੈਨੂੰ ਮੈਥੋਂ ਬਚਾਉ ।
62. ਟੱਪੇ
ਏਥੇ ਪੱਤਣ ਮਲਾਹ ਕੋਈ ਨਾ । ਦਿਲ ਦਰਿਆ 'ਚ ਡੁੱਬ ਜਾਹ, ਏਥੇ ਦੂਸਰਾ ਰਾਹ ਕੋਈ ਨਾ । ਮੈਨੂੰ ਅੰਬਰਾਂ ਨੇ ਅੱਜ ਦੱਸਿਆ । ਚੰਨ ਤਾਰਾ ਜਦੋਂ ਨਾ ਚੜ੍ਹੇ, ਉਦੋਂ ਧਰਤੀ ਤੇ ਹੋਏ ਮੱਸਿਆ । ਹੁੰਦਾ ਮਾਣ ਭਰਾਵਾਂ ਦਾ । ਜਿੱਥੇ ਚਾਰ ਦਿਲ ਮਿਲਦੇ, ਰੰਗ ਗੂੜ੍ਹਾ ਹੋਏ ਚਾਵਾਂ ਦਾ । ਭਾਵੇਂ ਹੋਏ ਪਰਦੇਸੀ ਆਂ । ਉੱਤੋਂ ਉੱਤੋਂ 'ਸਾਹਿਬ' ਦਿਸਦੇ, ਅੰਦਰੋਂ ਤਾਂ ਦੇਸੀ ਆਂ । ਖੰਭ ਖੁੱਸ ਚੱਲੇ ਚਾਵਾਂ ਦੇ । ਘੜੀਆਂ ਤੋਂ ਪਹਿਲਾਂ ਜਾਗੀਏ, ਅਸੀਂ ਛਿੰਦੇ ਪੁੱਤ ਮਾਵਾਂ ਦੇ । ਡਗਾ ਢੋਲ ਉੱਤੇ ਲਾ ਢੋਲੀਆ । ਸਾਡੇ 'ਚੋਂ ਪੰਜਾਬ ਨਾ ਮਰੇ, ਤੂੰ ਹਲੂਣ ਕੇ ਜਗਾ ਢੋਲੀਆ ।
63. ਧਰਤ ਬੇਗਾਨੀ
ਧਰਤ ਬੇਗਾਨੀ, ਵੇਖ ਪਰਾਈਆਂ, ਚੋਪੜੀਆਂ ਤੇ ਡੁੱਲਿਓ ਨਾ । ਆਪਣੀ ਬੋਲੀ, ਆਪਣਾ ਵਿਰਸਾ ਕਦੇ ਪੰਜਾਬੀਓ ਭੁੱਲਿਓ ਨਾ । ਪੁੱਤ ਨਾ ਸੌਖੇ ਘਰੋਂ ਤੋਰਨੇ, ਮਾਂ ਕਰਦੀ ਅਰਦਾਸਾਂ । ਬਾਬਲ ਵਿਹੜਾ ਸਦਾ ਉਡੀਕੇ ਕਰਿਓ ਪੂਰੀਆਂ ਆਸਾਂ । ਸੋਨ ਸੁਨਹਿਰੀ ਠੀਕਰੀਆਂ ਨੂੰ ਵੇਖ ਵੇਖ ਕੇ ਫੁੱਲਿਓ ਨਾ । ਆਪਣਾ ਵਿਰਸਾ, ਆਪਣੀ ਬੋਲੀ, ਕਦੇ ਪੰਜਾਬੀਓ ਭੁੱਲਿਓ ਨਾ । ਲੋਰੀ, ਵੈਣ, ਸੁਹਾਗ, ਘੋੜੀਆਂ, ਦੁਖ ਸੁਖ ਦੇ ਨੇ ਪਹੀਏ । ਮਾਂ ਬੋਲੀ ਨਾ ਘਰ ਚੋਂ ਉੱਜੜੇ, ਜਿੱਥੇ ਮਰਜ਼ੀ ਰਹੀਏ । ਸੁੱਚਾ ਰਿਸ਼ਤਾ ਮਾਂ ਜਣਨੀ ਦਾ, ਸੁਪਨੇ ਵਿਚ ਵੀ ਭੁੱਲਿਓ ਨਾ । ਆਪਣੀ ਬੋਲੀ, ਆਪਣਾ ਵਿਰਸਾ, ਕਦੇ ਪੰਜਾਬੀਓ ਭੁੱਲਿਓ ਨਾ । ਤੱਤੀ ਤਵੀ ਲਾਹੌਰ ਦੀ ਭਾਵੇਂ ਦਿੱਲੀ ਚੱਲਦਾ ਆਰਾ । ਸਾਡੇ ਵੱਡਿਆਂ ਦਾ ਸਾਡੇ ਸਿਰ, ਕਰਜ਼ ਬੜਾ ਏ ਭਾਰਾ । ਕੱਚੀ ਗੜ੍ਹੀ ਚਮਕੌਰ ਦੀ, ਸਾਕਾ ਸਰਹੰਦ ਵਾਲਾ ਭੁੱਲਿਓ ਨਾ । ਜਾਨ ਵਾਰ ਕੇ ਲਈ ਯੋਧਿਆਂ, ਮਹਿੰਗੇ ਮੁੱਲ ਸਿਰਦਾਰੀ । ਸਾਡੇ ਘਰ ਨੂੰ ਲੀਰਾਂ ਕਰ ਗਏ, ਚਾਤਰ ਬੜੇ ਵਪਾਰੀ । ਸਾਵਧਾਨ! ਹੁਣ ਫੇਰ ਫਰੰਗੀਆਂ ਵਾਲੀ ਤੱਕੜੀ ਤੁਲਿਓ ਨਾ । ਆਪਣੀ ਬੋਲੀ, ਆਪਣਾ ਵਿਰਸਾ, ਵੇਖ ਪੰਜਾਬੀਓ ਭੁੱਲਿਓ ਨਾ ।
64. ਧੀਆਂ ਦੀਆਂ ਲੋਹੜੀਆਂ
ਗਾਈ ਜਾਉ ਭਾਵੇਂ ਤੁਸੀਂ ਵੀਰਾਂ ਦੀਆਂ ਘੋੜੀਆਂ । ਵੰਡਿਆ ਕਰੋ ਜੀ, ਪਰ, ਧੀਆਂ ਦੀਆਂ ਲੋਹੜੀਆਂ । ਗੁਰੂਆਂ ਦੇ ਆਖੇ ਸੁੱਚੇ ਬੋਲਾਂ ਨੂੰ ਹੈ ਪਾਲਣਾ । ਧੀਆਂ ਤੇ ਧਰੇਕਾਂ ਦੀਆਂ ਛਾਵਾਂ ਨੂੰ ਸੰਭਾਲਣਾ । ਇਨ੍ਹਾਂ ਨੇ ਹੀ ਸੁੱਖਾਂ ਸਦਾ ਵੀਰਾਂ ਦੀਆਂ ਲੋੜੀਆਂ । ਵੰਡਿਆ ਕਰੋ ਜੀ, ਤੁਸੀਂ ਧੀਆਂ ਦੀਆਂ ਲੋਹੜੀਆਂ । ਜਿਹੜੇ ਘਰ ਧੀਆਂ ਵਾਲੀ ਠੰਢੀ ਮਿੱਠੀ ਛਾਂ ਨਹੀਂ । ਓਸ ਘਰ ਰਹਿਮਤਾਂ ਲਈ ਹੁੰਦੀ ਕੋਈ ਥਾਂ ਨਹੀਂ । ਘਰ ਆਈਆਂ ਦੌਲਤਾਂ ਨਾ ਕਿਸੇ ਘਰੋਂ ਮੋੜੀਆਂ । ਵੰਡਿਆ ਕਰੋ ਜੀ ਤੁਸੀਂ ਧੀਆਂ ਦੀਆਂ ਲੋਹੜੀਆਂ । ਪੱਗ ਨਾਲ ਚੁੰਨੀ ਵਿਹੜਾ ਰਲ ਮਿਲ ਮਹਿਕਦਾ । ਧੀਆਂ ਬਿਨਾ ਘਰ ਵੀ ਸਲੀਕੇ ਦੇ ਲਈ ਸਹਿਕਦਾ । ਸਾਂਝ ਦੀਆਂ ਤੰਦਾਂ ਸਦਾ ਰੱਖੜੀ ਨੇ ਜੋੜੀਆਂ । ਵੰਡਿਆ ਕਰੋ ਜੀ, ਤੁਸੀਂ ਧੀਆਂ ਦੀਆਂ ਲੋਹੜੀਆਂ । ਪਿਆਰ ਪਾਣੀ ਪਾਉ ਇਸ ਜ਼ਿੰਦਗੀ ਦੀ ਵੇਲ ਨੂੰ । ਫੁੱਲ ਤਾਹੀਓਂ ਲੱਗਣੇ ਨੇ ਚਾਂਦਨੀ ਰਵੇਲ ਨੂੰ । ਸਦਾ ਪਛਤਾਏ ਜਿੰਨ੍ਹਾਂ ਟਾਹਣੀਆਂ ਨੇ ਤੋੜੀਆਂ । ਵੰਡਿਆ ਕਰੋ ਜੀ, ਤੁਸੀਂ, ਧੀਆਂ ਦੀਆਂ ਲੋਹੜੀਆਂ ।
65. ਹਵਾ ਮਹਿਲ
ਲਾਰੇ ਬਾਜ਼ਾਂ ਝੱਗਾ ਦਿੱਤਾ, ਪਾ ਲਉ ਲੋਕੋ ਪਾ ਲਉ । ਅੱਗਾ ਪਿੱਛਾ ਹੈ ਨਹੀਂ ਜੇ, ਤੇ ਬਾਹਾਂ ਆਪ ਲੁਆ ਲਉ । ਰੋਣ ਧੋਣ ਦੀ ਗੱਲ ਨਾ ਹੋਏ, ਆਖਣ ਏਥੇ ਕੋਈ ਨਾ ਰੋਏ । ਚੌਲ ਤੇ ਆਟਾ ਮੁਫ਼ਤੀਂ ਹੋਏ, ਲੈ ਜਾਉ ਸਾਥੋਂ ਲੋਏ ਲੋਏ । ਸ਼ਾਮ ਢਲੀ ਤੋਂ ਧਰਤੀ ਅੰਬਰ, ਭਾਵੇਂ ਨੇੜ ਕਰਾ ਲਉ । ਕਿਹੜੇ ਕੰਮ ਸਕੂਲ ਪੜ੍ਹਾਈਆਂ, ਹਸਪਤਾਲ ਜੇ ਬਿਨਾ ਦਵਾਈਆਂ । ਸ਼ਹਿਰੀ ਡਾਕਟਰ ਵਾਂਗ ਜਵਾਈਆਂ, ਬਿਨ ਪਾਵੇ ਤੋਂ ਪਲੰਘ ਨਵਾਰੀ, ਡਾਹ ਲਉ ਲੋਕੋ ਡਾਹ ਲਉ । ਨੌਕਰੀਆਂ ਨਾ ਸਾਥੋਂ ਮੰਗੋ, ਘਰ ਆਏ ਹਾਂ ਕੁਝ ਤਾਂ ਸੰਗੋ । ਪਹਿਲਾ ਸਾਡੀ ਝੰਡੀ ਟੰਗੋ, ਹੁਣ ਤਾਂ ਤੁਹਾਡੀ ਆਪ ਹਕੂਮਤ ਕੁਝ ਤਾਂ ਲੋਕੋ ਸਾਹ ਲਉ । ਪਹਿਲਾਂ ਸਾਨੂੰ ਦਿਉ ਵਧਾਈਆਂ, ਤੁਹਾਡੇ ਪਿੰਡ ਸਰਕਾਰਾਂ ਆਈਆਂ । ਚਾਲਾਂ ਜੇਕਰ ਸਮਝ ਨਾ ਆਈਆਂ, ਲਾਰੇ ਲੱਪੇ ਵਾਲੀਆਂ ਫ਼ਸਲਾਂ, ਗਾਹ ਲਉ ਲੋਕੋ ਗਾਹ ਲਉ । ਬੜੀ ਸਿਆਸਤ ਹੋ ਗਈ ਚਾਤਰ, ਪਹਿਲਾਂ ਤੋਂ ਵੀ ਵਧ ਕੇ ਸ਼ਾਤਰ । ਗ਼ਰਜ਼ਾਂ ਵੇਲੇ ਤਰਸ ਦੀ ਪਾਤਰ, ਬਿਨ ਮੰਗੇ ਤੋਂ ਜ਼ਹਿਰ ਪਿਆਲੇ, ਆਹ ਲਉ ਲੋਕੋ ਆਹ ਲਉ ।
66. ਆਪਣੇ ਹੱਥੋਂ ਆਪ ਮਰਦਿਆਂ
ਪਤਨੀ ਬਰਤਾ ਪਤੀ ਬਣਦਿਆਂ, ਚੌਵੀ ਘੰਟੇ ਤਾਣੇ ਤਣਦਿਆਂ, ਭੁੱਖ ਸਤਾਵੇ, ਜੀਅ ਘਬਰਾਵੇ, ਸੀਨੇ ਫਿਰ ਗਈ ਆਰੀ । ਰੱਖ ਕਰਵਾ ਚੌਥ ਦਾ ਵਰਤ ਲਿਆ, ਮੇਰੀ ਮੱਤ ਗਈ ਸੀ ਮਾਰੀ । ਸ੍ਰੀਮਤੀ ਦੀ ਰੀਸ ਕਰਦਿਆਂ, ਆਪਣੇ ਹੱਥੋਂ ਆਪ ਮਰਦਿਆਂ, ਤਾਅਨੇ ਮਿਹਣੇ ਰੋਜ਼ ਜਰਦਿਆਂ, ਡਾਢੀ ਕੀਮਤ ਤਾਰੀ । ਪਤਨੀ ਕੁੱਛੜ ਬਾਲ ਨਿਆਣਾ । ਰੱਬ ਜਾਣੇ ਜਾਂ ਮੈਂ ਹੀ ਜਾਣਾਂ । ਇਹ ਵੀ ਸਮਝੋ ਰੱਬ ਦਾ ਭਾਣਾ । ਚੰਨ ਚੜ੍ਹਨ ਤੱਕ ਭੁੱਖੇ ਰਹਿਣਾ, ਡਾਢੀ ਅਜਬ ਖਵਾਰੀ । ਡੂੰਘਿਉਂ ਡੂੰਘੇ ਪਾਣੀ ਲਹਿਣਾ । ਔਰਤ ਦਾ ਸੰਤੋਖ ਹੈ ਗਹਿਣਾ । ਸਬਰ ਸ਼ੁਕਰ ਵਿਚ ਹਰ ਪਲ ਰਹਿਣਾ । ਚੰਨ ਦੀ ਚਾਨਣੀ ਰਹੇ ਸਲਾਮਤ, ਮੰਗਦੀ ਖ਼ੈਰ ਵਿਚਾਰੀ । ਰੱਖ ਕਰਵਾ ਚੌਥ ਦਾ ਵਰਤ ਲਿਆ ਮੇਰੀ ਮੱਤ ਗਈ ਸੀ ਮਾਰੀ ।
67. ਸ਼ੁਕਰ ਕਰੋ
ਪਹਿਲਾਂ ਦੇਂਦਾ, ਫਿਰ ਖੋਹ ਲੈਂਦਾ । ਮੈਂ ਇਸ ਝਗੜੇ ਵਿੱਚ ਨਹੀਂ ਪੈਂਦਾ । ਆਪੇ ਦੇਂਦਾ, ਆਪੇ ਲੈਂਦਾ । ਦੇਵੇ ਪਰ ਪਛਤਾਉਂਦਾ ਨਹੀਂ, ਤਾਂ ਹੀ ਕਹਿਨਾਂ ਸ਼ੁਕਰ ਕਰੋ । ਕਦੇ ਨਾ ਕਰਦਾ ਸੀਨਾ ਜ਼ੋਰੀ । ਦਾਤੇ ਦੇ ਹੱਥ ਸਾਡੀ ਡੋਰੀ । ਚਾਹਵੇ ਕਰ ਦਏ ਪੋਰੀ ਪੋਰੀ । ਆਪੇ ਲਿਖਦਾ ਤਖ਼ਤੀ ਕੋਰੀ । ਲਿਖੇ ਲਿਖਾਏ ਮੇਟੇ ਆਪੇ, ਫਿਰ ਵੀ ਆਖਾਂ ਸ਼ੁਕਰ ਕਰੋ । ਫੁੱਲਾਂ ਵਿਚ ਖ਼ੁਸ਼ਬੋਈ ਭਰਦਾ । ਰੰਗ ਬਹਾਰਾਂ ਦੇ ਵਿਚ ਭਰਦਾ । ਵੇਖੋ ਰਸੀਆ ਕੀਹ ਕੀਹ ਕਰਦਾ । ਧੜਕਣ ਦੇ ਵਿਚ ਵੱਸਦਾ ਰਸਦਾ । ਦਮ ਦਮ ਹਰ ਦਮ ਸਾਹੀਂ ਵੱਸਦੇ, ਉਸ ਦਾਤੇ ਦਾ ਸ਼ੁਕਰ ਕਰੋ । ਉਸ ਦਾਤੇ ਦੀ ਬੇਪ੍ਰਵਾਹੀ । ਭੁੱਲ ਜਾਏ ਦੇ ਕੇ ਦਾਤ ਇਲਾਹੀ । ਰਾਹੇ ਪਾਵੇ ਭਟਕੇ ਰਾਹੀ । ਬਣ ਜਾਂਦਾ ਹੈ ਸੰਤ ਸਿਪਾਹੀ । ਜ਼ਿੰਦਗੀ ਦੇ ਕਣ ਕਣ ਵਿਚ ਵੱਸੇ, ਕਰ ਅਰਦਾਸਾਂ ਸ਼ੁਕਰ ਕਰੋ ।
68. ਨਿੱਕੇ ਨਿੱਕੇ ਡਰ
ਵੱਡੇ ਵੱਡੇ ਘਰਾਂ ਵਿਚ, ਨਿੱਕੇ ਨਿੱਕੇ ਡਰ ਨੇ । ਕੱਟ 'ਤੇ ਈਮਾਨਦਾਰੀ ਵਾਲੇ ਅਸਾਂ ਪਰ ਨੇ । ਸਿੱਖ ਲਈਆਂ ਚੌਵੀ ਘੰਟੇ ਚੋਰੀਆਂ ਤੇ ਯਾਰੀਆਂ । ਫੇਰੀਏ ਮੁਹੱਬਤਾਂ ਦੀ ਜੜ੍ਹ ਉੱਤੇ ਆਰੀਆਂ । ਨਾਗਾਂ ਦੇ ਮੁਹੱਲੇ ਵਿਚ ਵੀਰੋ ਸਾਡੇ ਘਰ ਨੇ । ਕੱਟ 'ਤੇ ਈਮਾਨਦਾਰੀ ਵਾਲੇ ਅਸਾਂ ਪਰ ਨੇ । ਭਰੇ ਅਖ਼ਬਾਰ ਜੀਕੂੰ ਪਾਣੀ ਬਰਸਾਤ ਦਾ । ਖ਼ਬਰਾਂ 'ਚੋਂ ਪਤਾ ਹੀ ਨਾ ਲੱਗੇ ਦਿਨ ਰਾਤ ਦਾ । ਝੂਠ ਤੇ ਤੂਫ਼ਾਨ ਭਰੇ ਸਫ਼ਿਆਂ ਦੇ ਦਰ ਨੇ । ਕੱਟ 'ਤੇ ਈਮਾਨਦਾਰੀ ਵਾਲੇ ਅਸਾਂ ਪਰ ਨੇ । ਦੁੱਧ ਵਿਚ ਪਾਣੀ ਫਿਰ ਪਾਣੀ 'ਚ ਮਧਾਣੀਆਂ । ਲੱਭੀ ਜਾਣ ਮੱਖਣ, ਵਿਚਾਰੀਆਂ ਸਵਾਣੀਆਂ । ਬੰਦੇ ਕਾਹਦੇ, ਗੱਡੇ ਜੀਕੂੰ ਖੇਤਾਂ ਵਿਚ ਡਰਨੇ । ਕੱਟ 'ਤੇ ਈਮਾਨਦਾਰੀ ਵਾਲੇ ਅਸਾਂ ਪਰ ਨੇ । ਮੰਦਰਾਂ ਮਸੀਤਾਂ, ਗੁਰੂ-ਘਰਾਂ 'ਚ ਸ਼ੈਤਾਨੀਆਂ । ਕਿਹੜੀ ਥਾਂ ਆਜ਼ਾਦ, ਜੋ ਨਾ ਖਾਧੀ ਬੇਈਮਾਨੀਆਂ । ਦੇਵਤੇ ਦੇ ਅੱਗੇ, ਖੋਟੇ ਸਿੱਕੇ ਅਸਾਂ ਧਰਨੇ । ਕੱਟ 'ਤੇ ਈਮਾਨਦਾਰੀ ਵਾਲੇ ਅਸਾਂ ਪਰ ਨੇ ।
69. ਹੁਣ ਹੋਰ ਨਹੀਂ ਤਸੀਹੇ ਸਹਿਣੇ
ਹੁਣ ਹੋਰ ਨਹੀਂ ਤਸੀਹੇ ਸਹਿਣੇ, ਸੋਨ-ਸੰਗਲੀ, ਕੀਹ ਕਰਨੇ ਮੈਂ ਗਹਿਣੇ, ਉਮਰਾਂ ਦਾ ਰੋਣਾ ਪੈ ਗਿਆ ਪੱਲੇ ਵੇ । ਸਾਂਭ ਲੈ ਤੂੰ ਘਰ ਦੌਲਤਾਂ, ਅਸੀਂ ਚੱਲੇ ਵੇ । ਰਾਤਾਂ ਕਾਲੀਆਂ, ਹਨ੍ਹੇਰ ਚੁਫ਼ੇਰੇ, ਲਾ ਲਏ ਚੰਦਰੇ ਗ਼ਮਾਂ ਨੇ ਡੇਰੇ, ਗੱਲ ਵੱਸ ਨਾ ਰਹੀ ਹੁਣ ਮੇਰੇ, ਕੰਡਿਆਂ ਦੇ ਵੱਸ ਜ਼ਿੰਦਗੀ- ਅੰਮੀਏਂ । ਇਹੋ ਜਹੇ ਵਰ ਨਾਲੋਂ ਤਾਂ, ਨਿਜ ਜੰਮੀਏ । ਇਹ ਤਾਂ ਕਾਗਤਾਂ ਦੇ ਰਹਿੰਦਾ ਤੰਬੂ ਤਾਣਦਾ, ਨਾ ਹੀ ਹਾਣ ਦਾ ਨਾ ਦਿਲ ਵਾਲੀ ਜਾਣਦਾ, ਸੋਹਣੇ ਦਾ ਕੀ ਰੂਪ ਚੱਟਣਾ- ਲੋਕੋ, ਚੰਨ ਨੂੰ ਗ੍ਰਹਿਣ ਲੱਗਣੋਂ ਤੁਸੀਂ ਰੋਕੋ । ਕੈਦ ਉਮਰਾਂ ਦੀ ਕੰਤ ਨਿਆਣਾ, ਕਿੱਦਾਂ ਮੰਨ ਲਾਂ ਬਾਬਲਾ ਭਾਣਾ, ਕਿੱਦਾਂ ਦਾ ਜਵਾਈ ਟੋਲਿਆ, ਆਪ ਵੇ । ਧੀਆਂ ਦੇ ਕਿਉਂ ਵੈਰੀ ਬਣਦੇ ਮਾਈ ਬਾਪ ਵੇ ।
70. ਟੱਪੇ ਵਰਤਮਾਨ ਦੇ
ਅੱਗ ਲੱਗ ਚੁਕੀ ਪਾਣੀ ਨੂੰ । ਐਵੇਂ ਨਾ ਰਿੜ੍ਹਕ ਹਾਕਮਾ, ਸਾੜ ਬਹੇਂਗਾ ਮਧਾਣੀ ਨੂੰ । ਸਾਡੇ ਸੁਪਨੇ ਗੁਆਚ ਗਏ । ਏਥੋਂ ਤੱਕ ਰਾਹ ਦੱਸ ਕੇ, ਅੱਗੋਂ ਪੱਤਰਾ ਵਾਚ ਗਏ । ਅੱਖਾ ਭਰ ਭਰ ਛਲਕਦੀਆਂ । ਕੋਈ ਸਾਨੂੰ ਨਹੀਂਉਂ ਦੱਸਦਾ, ਏਥੇ ਖ਼ਬਰਾਂ ਭਲ਼ਕ ਦੀਆਂ । ਜਿੰਦੇ ਸੁਪਨੇ 'ਚ ਕੀ ਕੀਤਾ । ਅੱਖੀਆਂ ਤੋਂ ਓਹਲਾ ਕਰਕੇ, ਬਾਟਾ ਵਿਸ਼ ਵਾਲਾ ਕਿਉਂ ਪੀਤਾ । ਰਾਤਾਂ ਲੰਮੀਆਂ ਸਿਆਲ ਦੀਆਂ । ਤੂੰ ਬੈਠੀ ਕੀ ਸੋਚਦੀ, ਕੂੰਜਾਂ ਉੱਡ ਗਈਆਂ ਨਾਲ ਦੀਆਂ । ਤਾਰਾਂ ਟੁੱਟ ਗਈਆਂ ਸਾਜ਼ ਦੀਆਂ । ਸਮਿਆਂ ਨੇ ਰੋਲ ਦੇਣੀਆਂ, ਹੁਣ ਤਣੀਆਂ ਤਾਜ ਦੀਆਂ । ਚੰਨ ਆਖਦਾ ਏ ਤਾਰਿਆਂ ਨੂੰ । ਧਰਤੀ ਤੇ ਚਲੋ ਚੱਲੀਏ, ਜਾ ਕੇ ਮਿਲੀਏ ਪਿਆਰਿਆਂ ਨੂੰ । ਗੋਲ਼ੀ ਚੱਲਦੀ ਏ ਠਾਹ ਕਰਕੇ । ਦੱਸ ਤੈਨੂੰ ਕੀ ਮਿਲਦਾ, ਸਾਡਾ ਆਲ੍ਹਣਾ ਤਬਾਹ ਕਰਕੇ ।
71. ਪਰਣਾਮ ਸ਼ਹੀਦਾਂ ਨੂੰ
ਧਰਤੀ ਦੀ ਸ਼ਾਨ ਲਈ, ਕੌਮੀ ਸਨਮਾਨ ਲਈ, ਕਹੋ ਵੀਰ ਜਵਾਨਾਂ ਨੂੰ ਭੁੱਲੜ ਇਨਸਾਨਾਂ ਨੂੰ । ਸਭ ਸੀਸ ਝੁਕਾ ਲਈਏ ਪਰਣਾਮ ਸ਼ਹੀਦਾਂ ਨੂੰ । ਤਲੀਆਂ ਤੇ ਸੀਸ ਟਿਕਾ, ਜਿਹੜੇ ਜਾਨਾਂ ਵਾਰ ਗਏ, ਜਾਂਬਾਜ਼ ਮੁਰੀਦਾਂ ਨੂੰ । ਪਰਣਾਮ ਸ਼ਹੀਦਾਂ ਨੂੰ । ਤਵੀਆਂ ਤੇ ਬਹਿੰਦਿਆਂ ਨੂੰ । ਇੱਕੋ ਗੱਲ ਕਹਿੰਦਿਆਂ ਨੂੰ । ਹੱਕ ਸੱਚ ਇਨਸਾਫ਼ ਲਈ, ਲੜਦਾ ਜੋ ਧਰਮੀ ਹੈ । ਮੇਰਾ ਸਹਿਪਾਠੀ ਹੈ, ਮੇਰਾ ਸਹਿਕਰਮੀ ਹੈ । ਇਸ ਪਾਵਨ ਅਗਨੀ ਨੂੰ, ਖ਼ੁਦਦਾਰ ਉਮੀਦਾਂ ਨੂੰ । ਪਰਣਾਮ ਕਰੋ ਸਾਰੇ, ਗੁੰਮਨਾਮ ਸ਼ਹੀਦਾਂ ਨੂੰ । ਆਰੇ ਦੇ ਦੰਦਿਆਂ ਨੂੰ, ਅਣਖ਼ੀਲੇ ਬੰਦਿਆਂ ਨੂੰ । ਖੋਪੜ ਉਤਰਾਉਂਦਿਆਂ ਨੂੰ, ਜੈਕਾਰੇ ਲਾਉਂਦਿਆਂ ਨੂੰ । ਲੋਕੋ ਮੇਰੇ ਪਾਸ ਦਿਉ, ਏਹੀ ਵਿਸ਼ਵਾਸ ਦਿਉ । ਦੁੱਲੇ ਦੇ ਵੱਡਿਆਂ ਨੂੰ, ਸਾਂਦਲ ਤੇ ਫ਼ਰੀਦਾਂ ਨੂੰ । ਪਰਣਾਮ ਕਰੋ ਸਾਰੇ, ਪਰਣਾਮ ਸ਼ਹੀਦਾਂ ਨੂੰ । ਜਦ ਤੀਕ ਜ਼ੁਲਮ ਜੀਂਦਾ, ਹੈ ਸਾਡੀ ਰੱਤ ਪੀਂਦਾ । ਤਦ ਤੀਕਰ ਲੜਨਾ ਹੈ, ਜ਼ਾਲਮ ਤਲਵਾਰਾਂ ਨੂੰ ਵੀਣੀ ਤੋਂ ਫੜਨਾ ਹੈ । ਜੇ ਬੰਧਨ ਨਾ ਟੁੱਟੇ, ਕੀ ਕਰਨਾ ਈਦਾਂ ਨੂੰ । ਜੋ ਸਾਡੇ ਜਾਨਾਂ ਵਾਰ ਗਏ, ਪਰਣਾਮ ਸ਼ਹੀਦਾਂ ਨੂੰ । ਕਹੋ ਭਗਤ ਸਰਾਭਿਆਂ ਨੂੰ । ਤੇ ਗਦਰੀ ਬਾਬਿਆਂ ਨੂੰ । ਜਿਸ ਖ਼ਾਤਰ ਲੜਦੇ ਸੀ, ਫਾਂਸੀ ਤੇ ਚੜ੍ਹਦੇ ਸੀ, ਕਿੱਥੇ ਆਜ਼ਾਦੀ ਗਈ, ਪੱਲੇ ਬਰਬਾਦੀ ਪਈ ਕੋਈ ਧੀਰ ਬੰਨ੍ਹਾਵੇ ਨਾ, ਬੇਚੈਨ ਉਮੀਦਾਂ ਨੂੰ । ਕਿਤਿਉਂ ਵੀ ਸੁਣਦੀ ਨਾ, ਪਰਣਾਮ ਸ਼ਹੀਦਾਂ ਨੂੰ ।
72. ਚਿੱਟਾ ਕੱਪੜਾ ਬਾਜ਼ਾਰ ਵਿੱਚੋਂ ਮੁੱਕ ਚੱਲਿਆ
ਹਟ ਹਾਕਮਾ ਤੇ ਤੂੰ ਵੀ ਟਲ਼ ਸ਼ੇਰ ਬੱਲਿਆ । ਓ ਚਿੱਟਾ ਕੱਪੜਾ ਬਾਜ਼ਾਰ ਵਿੱਚੋਂ ਮੁੱਕ ਚੱਲਿਆ । ਸਹਿਮ ਚੱਟ ਗਿਆ ਸਾਡੇ ਕਿਲਕਾਰੀਆਂ ਤੇ ਹਾਸੇ । ਮੋਰ ਪੈਲ ਪਾਉਣੀ ਭੁੱਲੇ ਸੱਤੇ ਰੰਗ ਨੇ ਉਦਾਸੇ । ਵੇਖ ਮਿੱਧੀ ਜਾਂਦੇ ਘੋੜੇ ਮਾਰ ਅੱਡੀਆਂ ਪਤਾਸੇ । ਮੈਥੋਂ ਅੱਖੀਆਂ ਚ ਜਾਂਦਾ ਨਹੀਂਉਂ ਨੀਰ ਠੱਲ੍ਹਿਆ । ਓ ਚਿੱਟਾ ਕੱਪੜਾ ਬਾਜ਼ਾਰ ਵਿੱਚੋਂ ਮੁੱਕ ਚੱਲਿਆ । ਰੱਤੋ ਰੱਤ ਹੋਈ ਧਰਤੀ ਨੂੰ ਕੀਹਦੇ ਨਾਲ ਧੋਵਾਂ । ਮੁੱਕੇ ਹੰਝੂਆਂ ਦੇ ਖ਼ੂਹ, ਮੈਂ ਸਵੇਰ ਸ਼ਾਮ ਰੋਵਾਂ । ਵੇਖ ਸਿਵਿਆਂ ਚ ਰੌਣਕਾਂ ਮੈਂ ਗੁੰਮ ਸੁੰਮ ਹੋਵਾਂ । ਸਾਡਾ ਘਰ ਬਾਰ ਇੱਲਾਂ ਨੇ ਕਿਉਂ ਆਣ ਮੱਲਿਆ । ਓ ਚਿੱਟਾ ਕੱਪੜਾ ਬਾਜ਼ਾਰ ਵਿੱਚੋਂ ਮੁੱਕ ਚੱਲਿਆ । ਪੰਜ ਪਾਣੀਆਂ ਚ ਜ਼ਹਿਰ ਵਰ੍ਹੇ ਰੱਤੀ ਬਰਸਾਤ । ਕਿੱਥੋਂ ਤੁਰੀ ਕਿੱਥੇ ਪਹੁੰਚੀ ਤਕਰਾਰ ਵਾਲੀ ਬਾਤ । ਵੇਖ ਕਿੱਡੀ ਲੰਮੀ ਹੋ ਗਈ ਏ ਮੁਸੀਬਤਾਂ ਦੀ ਰਾਤ । ਤੀਰਾਂ ਆਪਣੇ ਬੇਗਾਨਿਆਂ ਕਲੇਜਾ ਸੱਲਿਆ । ਓ ਚਿੱਟਾ ਕੱਪੜਾ ਬਾਜ਼ਾਰ ਵਿੱਚੋਂ ਮੁੱਕ ਚੱਲਿਆ । ਟੁੱਟੀ ਕਲਮ ਦਵਾਤ ਲੀਰੋ ਲੀਰ ਹੈ ਕਿਤਾਬ । ਹੇਕਾਂ ਗਲਿਆਂ 'ਚ ਰੋਣ ਕਾਹਨੂੰ ਟੁੱਟ ਗਈ ਰਬਾਬ । ਸਾਡੇ ਪੁੱਤਰਾਂ ਨੂੰ ਅਜੇ ਵੀ ਨਾ ਲੱਗਦਾ ਹਿਸਾਬ । ਖਾਵੇ ਸਾਡਾ ਹੀ ਕਲੇਜਾ, ਕੀਹਨੇ ਦੈਂਤ ਘੱਲਿਆ । ਓ ਚਿੱਟਾ ਕੱਪੜਾ ਬਾਜ਼ਾਰ ਵਿੱਚੋਂ ਮੁੱਕ ਚੱਲਿਆ ।
73. ਸਿਰ ਤੇ ਲੈ ਫੁਲਕਾਰੀ ਮਾਏ
ਸਿਰ ਤੇ ਲੈ ਫੁਲਕਾਰੀ ਮਾਏ! ਪਹਿਲਾਂ ਵੀ ਤੂੰ ਘੱਟ ਨਹੀਂ ਭਾਵੇਂ, ਲੱਗੇਂ ਹੋਰ ਵੀ ਪਿਆਰੀ ਮਾਏ । ਧਰਤੀ, ਤਾਰੇ, ਅੰਬਰ ਗਾਹੁੰਦੇ । ਸ਼ਗਨਾਂ ਦੇ ਪਲ ਰੋਜ਼ ਨਹੀਂ ਆਉਂਦੇ । ਸਤਰੰਗੀ ਅਸਮਾਨ ਦੀ ਲੀਲ੍ਹਾ, ਪਾ ਲੈ ਵਿੱਚ ਪਟਾਰੀ ਮਾਏ । ਸਿਰ ਤੇ ਲੈ ਫੁਲਕਾਰੀ ਮਾਏ । ਵੇਖ ਤੂੰ ਰੱਬ ਨੇ ਦਿੱਤਾ ਕੀਹ? ਰੇਸ਼ਮ ਦੇ ਲੱਛੇ ਜਹੀ ਧੀ । ਸੂਰਜ ਤੋਂ ਲੈ ਧੁੱਪ ਤੇ ਚਾਨਣ, ਰੂਹ ਨੂੰ ਕਰ ਉਜਿਆਰੀ ਮਾਏ । ਸਿਰ ਤੇ ਲੈ ਫੁਲਕਾਰੀ ਮਾਏ । ਅੱਖੀਆਂ ਵਿੱਚ ਖ਼ੁਸ਼ੀਆਂ ਦੇ ਅੱਥਰ । ਵੇਖ ਕਿਸ ਤਰ੍ਹਾਂ ਪਿਘਲੇ ਪੱਥਰ । ਚਾਵਾਂ ਦੇ ਖੰਭਾਂ ਵਿੱਚ ਭਰ ਦੇ, ਅੰਬਰ ਤੀਕ ਉਡਾਰੀ ਮਾਏ । ਸਿਰ ਤੇ ਲੈ ਫੁਲਕਾਰੀ ਮਾਏ । ਧਰਤ ਖਿੜੀ ਅੱਜ ਵਾਂਗ ਸੁਹਾਗਣ । ਮੰਗਦੀ ਲਾਗ ਤੇਰੇ ਤੋਂ ਲਾਗਣ । ਦਿਲ ਦਾ ਬਟੂਆ ਖੋਲ੍ਹ ਨੀ ਛੇਤੀ, ਸ਼ੁਭ ਸ਼ਗਨਾਂ ਦੀ ਵਾਰੀ ਮਾਏ । ਸਿਰ ਤੇ ਲੈ ਫੁਲਕਾਰੀ ਮਾਏ ।
74. ਮੇਰੀ ਰੁਲ਼ਦੀ ਪਈ ਫੁਲਕਾਰੀ
ਮੇਰੀ ਰੁਲ਼ਦੀ ਪਈ ਫੁਲਕਾਰੀ । ਵੇ ਸਾਈਆਂ ਰੁਲ਼ਦੀ ਪਈ ਫੁਲਕਾਰੀ । ਸੱਤ ਸਮੁੰਦਰੋਂ ਪਾਰ ਤੂੰ ਜਾ ਕੇ, ਪਿੱਛੇ ਝਾਤ ਨਾ ਮਾਰੀ । ਕਿਉਂ ਨਹੀਂ ਪਾਉਂਦੀ ਰੰਗ-ਬਰੰਗੇ । ਜਿਸਮ ਮੇਰੇ ਤੋਂ ਉੱਤਰ ਮੰਗੇ । ਮੈਨੂੰ ਖ਼ੁਦ ਪਰਛਾਵਾਂ ਡੰਗੇ । ਕੱਲ-ਮੁ-ਕੱਲ੍ਹੀ ਫਿਰੇ ਰੁਕਮਣੀ, ਰਾਧਾ ਕੋਲ਼ ਮੁਰਾਰੀ । ਭੁੱਜਦੀ ਰੇਤ ਕੜਾਹੀਆਂ ਅੰਦਰ । ਰੀਝਾਂ ਨੂੰ ਕਿੰਜ ਮਾਰਾਂ ਜੰਦਰ । ਠੰਢ ਨਾ ਪਾਉਂਦੇ ਮਸਜਿਦ ਮੰਦਰ । ਨਾ ਰੱਬ ਤੇ ਨਾ ਤੂੰ ਹੀ ਸੁਣਦਾ, ਕਰ ਅਰਦਾਸਾਂ ਹਾਰੀ । ਭੁੱਲ ਗਿਆ ਤੂੰ ਲਈਆਂ ਲਾਵਾਂ । ਕਿਹੜੇ ਚੰਨ ਮੈਂ ਅਰਘ ਚੜ੍ਹਾਵਾਂ । ਕਿੰਜ ਤੁਲਸੀ ਨੂੰ ਪਾਣੀ ਪਾਵਾਂ । ਚੰਨ ਵੇ ਚਾਨਣੀ ਗਈ ਗ੍ਰਹਿਣੀ, ਪੁੱਛੇਂ ਨਾ ਬਾਤ ਹਮਾਰੀ । ਹਾਰੀ ਸੁਣ ਗੱਡੀ ਦੀਆਂ ਚੀਕਾਂ । ਬਦਲੀ ਜਾਵੇਂ ਰੋਜ਼ ਤਰੀਕਾਂ । ਕੰਧਾਂ ਉੱਪਰ ਵਾਹਵਾਂ ਲੀਕਾਂ । ਔਂਸੀਆਂ ਪਾ ਪਾ ਹਾਰ ਗਈ ਮੈਂ, ਆ ਜਾ ਮਾਰ ਉਡਾਰੀ ।
75. ਦੱਸ ਵੇ ਪੁੱਤਰਾ
ਦੱਸ ਵੇ ਪੁੱਤਰਾ ਦੱਸ ਤੂੰ ਮੇਰਾ ਘਰ ਕਿੱਥੇ ਹੈ? ਜਿੱਥੇ ਬੈਠ ਆਰਾਮ ਕਰਾਂ ਉਹ ਦਰ ਕਿੱਥੇ ਹੈ? ਦੂਰ ਦੇਸ ਪਰਦੇਸ ਗੁਆਚੀ ਛਾਂ ਪੁੱਛਦੀ । ਪੁੱਤਰ ਦੇ ਘਰ ਬੇਘਰ ਹੋਈ ਮਾਂ ਪੁੱਛਦੀ । ਵੇ ਪੁੱਤਰਾ ਤੈਨੂੰ ਲਾਡ ਲਡਾਇਆ । ਚਾਈਂ ਪੜ੍ਹਨ ਸਕੂਲੇ ਪਾਇਆ । ਕਦਮ ਕਦਮ ਤੇ ਜੋ ਸਮਝਾਇਆ । ਏਥੇ ਆ ਕੇ ਭੁੱਲ ਗਿਐਂ ਮੈਂ ਤਾਂ ਪੁੱਛਦੀ । ਪੁੱਤਰ ਦੇ ਘਰ ਬੇਘਰ ਹੋਈ ਮਾਂ ਪੁੱਛਦੀ । ਪੁੱਤ ਵਿਆਹੇ ਨੂੰਹਾਂ ਆਈਆਂ । ਉਨ੍ਹਾਂ ਆਣ ਨਕੇਲਾਂ ਪਾਈਆਂ । ਭੁੱਲ ਗਏ ਮਾਪੇ ਚਾਚੀਆਂ ਤਾਈਆਂ । ਬਦਲ ਕੇ ਜਿਹੜਾ ਰੱਖਿਐ ਤੈਥੋਂ ਨਾਂ ਪੁੱਛਦੀ । ਪੁੱਤਰ ਦੇ ਘਰ ਬੇ ਘਰ ਹੋਈ ਮਾਂ ਪੁੱਛਦੀ । ਦੇਸ ਬੇਗਾਨੇ ਕੀਹਦਾ ਡਰ ਹੈ? ਵਹੁਟੀ ਆਖੇ ਮੇਰਾ ਵਰ ਹੈ । ਇਹ ਤਾਂ ਬੁੱਢੀਏ ਮੇਰਾ ਘਰ ਹੈ । ਦੱਸ ਵੇ ਪੁੱਤਰਾ! ਕਿੱਥੇ ਮੇਰੀ ਥਾਂ ਪੁੱਛਦੀ । ਪੁੱਤਰ ਦੇ ਘਰ ਬੇਘਰ ਹੋਈ ਮਾਂ ਪੁੱਛਦੀ । ਅਮਰੀਕਾ ਇੰਗਲੈਂਡ ਕੈਨੇਡਾ । ਖਾ ਗਏ ਮੇਰਾ ਪੁੱਤਰ ਏਡਾ । ਮੇਰੇ ਲਈ ਤਾਂ ਨਿਰਾ ਛਲੇਡਾ । ਬੋਹੜਾਂ ਤੇ ਪਿੱਪਲਾਂ ਜਹੀ ਸੰਘਣੀ ਛਾਂ ਪੁੱਛਦੀ । ਪੁੱਤਰ ਦੇ ਘਰ ਬੇ ਘਰ ਹੋਈ ਮਾਂ ਪੁੱਛਦੀ । ਪੁੱਤ ਪੋਤਰੇ ਬੜੇ ਖਿਡਾਏ । ਪੋਤਰੀਆਂ ਦੇ ਲਾਡ ਲਡਾਏ । ਕੋਈ ਨਾ ਬੀਬੀ ਆਖ ਬੁਲਾਏ । ਬਿਨ ਸਿਰਨਾਵੇਂ ਆਪਣਾ ਸ਼ਹਿਰ ਗਿਰਾਂ ਪੁੱਛਦੀ । ਪੁੱਤਰ ਦੇ ਘਰ ਬੇਘਰ ਹੋਈ ਮਾਂ ਪੁੱਛਦੀ । ਜਿੱਥੇ ਵਾਧੂ ਹੋ ਗਏ ਮਾਪੇ । ਮੈਨੂੰ ਇਹ ਜੱਗ ਕਬਰਾਂ ਜਾਪੇ । ਪੁੱਛੀਂ ਇਹ ਗੱਲ ਖ਼ੁਦ ਨੂੰ ਆਪੇ । ਤੇਰੀ ਅੰਮੜੀ ਤੈਥੋਂ ਅਸਲ ਨਿਆਂ ਪੁੱਛਦੀ । ਪੁੱਤਰ ਦੇ ਘਰ ਬੇਘਰ ਹੋਈ ਮਾਂ ਪੁੱਛਦੀ ।
76. ਵੱਸਦਾ ਰਹੁ ਆਜ਼ਾਦ ਕੈਨੇਡਾ
ਤੇਰੀਆਂ ਖ਼ੁਸ਼ੀਆਂ ਵਿੱਚ ਮੈਂ ਸ਼ਾਮਿਲ, ਵੱਸਦਾ ਰਹੁ ਆਜ਼ਾਦ ਕੈਨੇਡਾ । ਵੰਨ-ਸੁਵੰਨੇ ਧੀਆਂ ਪੁੱਤਰ, ਰੱਖੀਂ ਸਦਾ ਆਬਾਦ ਕੈਨੇਡਾ । ਤੇਰੇ ਮੈਪਲ ਹੇਠਾਂ ਬੈਠੇ ਸਾਡੇ ਬੋਹੜਾਂ ਵਰਗੇ ਬਾਬੇ । ਕਹਿੰਦੇ ਕਦੇ ਉਲਾਰ ਨਾ ਹੋਵਣ ਤੇਰੇ ਘਰ ਇਨਸਾਫ਼ ਦੇ ਛਾਬੇ । ਤੇਰੇ ਜਲ ਵਿੱਚ ਸਾਡੀ ਮਿਸ਼ਰੀ, ਸ਼ਰਬਤ ਬੜਾ ਸੁਆਦ ਕੈਨੇਡਾ । ਤੇਰੀਆਂ ਖ਼ੁਸ਼ੀਆਂ ਵਿੱਚ ਮੈਂ ਸ਼ਾਮਿਲ... ਜਿਸ ਧਰਤੀ ਤੇ ਆਦਰ ਹੋਵੇ ਕਦੇ ਬੇਗਾਨਾ ਦੇਸ ਨਹੀਂ ਹੁੰਦਾ । ਮਨ ਦਾ ਮੋਰ ਜੇ ਪੈਲਾਂ ਪਾਵੇ ਕੋਈ ਵੀ ਥਾਂ ਪਰਦੇਸ ਨਹੀਂ ਹੁੰਦਾ । ਤੇਰੀ ਵੰਨ-ਸੁਵੰਨਤਾ ਵਾਲਾ ਗੂੰਜੇ ਅਨਹਦ ਨਾਦ ਕੈਨੇਡਾ । ਤੇਰੀਆਂ ਖ਼ੁਸ਼ੀਆਂ ਵਿੱਚ ਮੈਂ ਸ਼ਾਮਿਲ....... ਤੇਰੇ ਘਰ ਵਿੱਚ ਵੇਖੀਂ ਕਿਧਰੇ ਲੁੱਟੇ ਨਾ ਕੋਈ ਕਿਰਤ ਕਮਾਈ । ਕੰਮੀਂ ਕਾਰੀਂ ਰੁੱਝੇ ਗੱਭਰੂ ਮੁਟਿਆਰਾਂ ਤੇ ਮਾਈ ਭਾਈ । ਕੁੱਲ ਦੁਨੀਆਂ ਦੇ ਪੁੱਤਰ ਤੇਰੀ ਸ਼ਕਤੀ ਬਣੇ ਫ਼ੌਲਾਦ ਕੈਨੇਡਾ । ਤੇਰੀਆਂ ਖ਼ੁਸ਼ੀਆਂ ਵਿੱਚ ਮੈਂ ਸ਼ਾਮਿਲ....... ਰਹਿਣ ਸਲਾਮਤ ਤੇਰੇ ਵਿਹੜੇ ਸੂਹੇ ਸੁਪਨੇ ਤੇ ਫੁੱਲ ਪੱਤੀਆਂ । ਜੀਵਣ ਜਾਗਣ ਠੰਢੀਆਂ ਛਾਵਾਂ ਵਗਣ ਹਵਾਵਾਂ ਮਹਿਕਾਂ ਮੱਤੀਆਂ । ਮਾਂ-ਬੋਲੀ ਨੂੰ ਭੁੱਲ ਕੇ ਮਾਪੇ ਗੁਆ ਨਾ ਬਹਿਣ ਔਲਾਦ ਕੈਨੇਡਾ । ਤੇਰੀਆਂ ਖ਼ੁਸ਼ੀਆਂ ਵਿੱਚ ਮੈਂ ਸ਼ਾਮਿਲ...... ਜੇ ਪੁੱਤਰਾਂ ਦਾ ਮੋਹ ਟੁੱਟ ਜਾਵੇ ਉਹ ਧਰਤੀ ਫਿਰ ਮਾਂ ਨਹੀਂ ਰਹਿੰਦੀ । ਪੁੱਤਰ ਪੱਤਰ ਜੇ ਝੜ ਜਾਵਣ ਰੁੱਖਾਂ ਪੱਲੇ ਛਾਂ ਨਹੀਂ ਰਹਿੰਦੀ । ਸਾਡੇ ਵੀਰਾਂ ਨੂੰ ਸਮਝਾਈਂ ਫਿਰ ਤੇਰਾ ਧੰਨਵਾਦ ਕੈਨੇਡਾ । ਤੇਰੀਆਂ ਖ਼ੁਸ਼ੀਆਂ ਵਿੱਚ ਮੈਂ ਸ਼ਾਮਿਲ........ ਰੇਸ਼ਮ ਦੇ ਧਾਗੇ ਜਹੇ ਬੱਚੜੇ ਸਾਂਝੇ ਸੁਪਨਿਆਂ ਦੀ ਫੁਲਕਾਰੀ । ਮੇਰੇ ਪਿੰਡ ਦੇ ਧੀਆਂ ਪੁੱਤਰਾਂ ਤੇਰੀ ਸੋਹਣੀ ਧਰਤ ਸਿੰਗਾਰੀ । ਬਿਰਧ ਸਰੀਰਾਂ ਦਾ ਹੱਥ ਸਿਰ 'ਤੇ ਰੱਖੀਂ ਦਿਲ ਵਿੱਚ ਯਾਦ ਕੈਨੇਡਾ । ਤੇਰੀਆਂ ਖ਼ੁਸ਼ੀਆਂ ਵਿੱਚ ਮੈਂ ਸ਼ਾਮਿਲ....... ਸਾਂਝੀ ਰੱਤ ਦੇ ਕਾਰਨ ਦਮਕੇ ਤੇਰੇ ਝੰਡੇ ਵਿੱਚ ਜੋ ਲਾਲੀ । ਵਿਸ਼ਵ ਅਮਨ ਦੇ ਚਿੱਟੇ ਰੰਗ ਨੇ ਤੇਰੀ ਅਜ਼ਮਤ ਸਦਾ ਸੰਭਾਲੀ । ਬੁਰਿਆਂ ਨਾਲ ਯਾਰਾਨੇ ਛੱਡ ਦੇ, ਹੋ ਜਾਏਂਗਾ ਬਰਬਾਦ ਕੈਨੇਡਾ । ਤੇਰੀਆਂ ਖ਼ੁਸ਼ੀਆਂ ਵਿੱਚ ਮੈਂ ਸ਼ਾਮਿਲ........
77. ਸਾਡਾ ਸਾਂਝਾ ਦੁੱਖ ਦਰਿਆ
ਸਰਹੱਦ ਪਾਰ ਖਲੋਤੇ ਮਿੱਤਰਾ ਕਾਹਨੂੰ ਦਿਲ ਭਰਿਆ । ਆਪਾਂ ਦੇਵੇਂ ਵੱਖ ਹਾਂ ਭਾਵੇਂ ਸਾਡਾ ਸਾਂਝਾ ਦੁੱਖ-ਦਰਿਆ । ਦਰਦ ਕਹਾਣੀ ਸਾਂਝੀ ਸਾਡੀ ਸਾਂਝੀਆਂ ਸਾਡੀਆਂ ਪੀੜਾਂ । ਇੱਕ ਦੂਜੇ ਦਾ ਪਿੰਡਾ ਵਿੰਨ੍ਹਿਆ ਸਾਡੇ ਆਪਣੇ ਤੀਰਾਂ । ਸਿੰਮਦੀ ਪੀੜ ਮੇਰੀ ਦੀ ਗਾਥਾ ਇਹ ਵਹਿੰਦਾ ਦਰਿਆ । ਤੇਰੇ ਪਿੰਡ ਵਿੱਚ ਉੱਗੇ ਰੁੱਖ ਦਾ ਮੈਂ ਅਦਨਾ ਪਰਛਾਵਾਂ । ਸੰਨ ਸੰਤਾਲੀ ਖਾ ਗਿਆ ਜਿਸ ਦੇ ਟਾਹਣ ਸਣੇ ਹੀ ਛਾਵਾਂ । ਹੁਣ ਤਾਂ ਤੇਰੀ ਛਾਂ ਬਿਨ ਯਾਰਾ ਰਹਿੰਦਾ ਦਿਲ ਤਪਿਆ । ਸਾਂਝੀ ਹੀਰ ਕੇ ਮਿਰਜ਼ੇ ਸਾਂਝੇ ਸਾਂਝੇ ਸਾਡੇ ਰਾਂਝੇ । ਆਪਾਂ ਹੀ ਦੋਵੇਂ ਕਿਉਂ ਯਾਰਾ ਇੱਕ ਦੂਜੇ ਬਿਨ ਵਾਂਝੇ । ਇੱਕ ਦੂਜੇ ਦੇ ਜ਼ਖ਼ਮਾਂ ਉੱਤੇ ਦੇਈਏ ਮਰ੍ਹਮਾਂ ਲਾ । ਤੇਰੇ ਸ਼ਹਿਰ ਦੇ ਹਾਕਮ ਵਾਂਗੂੰ ਹਾਕਮ ਸਾਡਾ ਚੰਦਰਾ । ਤਾਂਹੀਂਉਂ ਤੇਰੇ ਹੋਠਾਂ ਵਾਂਗੂੰ ਮੇਰੇ ਹੋਠੀਂ ਜੰਦਰਾ । ਲੱਖ ਜੰਜ਼ੀਰਾਂ ਹੋਵਣ ਭਾਵੇਂ ਸਾਨੂੰ ਕੀ ਪਰਵਾਹ । ਹੱਦ ਬੰਦੀਆਂ ਸਾਡੀ ਸਾਂਝ ਦੀ ਕੰਧ ਨਾ ਬੇਮਤਲਬ ਨੇ ਲੀਕਾਂ । ਬੋਲ ਤੇਰੇ ਜਦ ਸਹਿਣ ਤਸੀਹੇ ਮੈਂ ਸੁਣਦਾ ਹਾਂ ਚੀਕਾਂ । 'ਵਾ ਨੂੰ ਕੌਣ ਕਹੇ ਨਾ ਦੱਸੀਂ ਹੱਡੀਆਂ ਦਾ ਤੜਪਾਅ । ਸਰਹੱਦ ਪਾਰ ਖਲੋਤੇ ਮਿੱਤਰਾ ਕਾਹਨੂੰ ਦਿਲ ਭਰਿਆ । ਆਪਾਂ ਦੋਵੇਂ ਵੱਖ ਹਾਂ ਭਾਵੇਂ ਸਾਡਾ ਸਾਂਝਾ ਦੁੱਖ ਦਰਿਆ ।
78. ਸਮੂਹ ਗੀਤ
ਬੰਦ ਦਰਵਾਜ਼ੇ ਅੰਦਰ ਸੋਚੇਂ ਪਤਾ ਨਹੀਂ ਕੀ ਯਾਰ ਹੋ । ਨਿੰਮੋਝੂਣ ਤਬੀਅਤ ਤੇਰੀ ਦੱਸਦੀ ਤੂੰ ਬੇਕਾਰ ਹੋ । ਉਮਰ ਆਪਣੀ ਦੇ ਤੂੰ ਗਿਣ ਲੈ ਕਿੰਨੇ ਵਰ੍ਹੇ ਲੰਘਾਏ । ਹਰ ਰੁੱਤੇ ਤੇਰੀ ਫ਼ਸਲ ਨੂੰ ਲੁੱਟਣ ਕੌਣ ਲੁਟੇਰੇ ਆਏ । ਤੂੰ ਸਕਦੈਂ ਪਹਿਚਾਣ ਕਿ ਉੱਠ ਕੇ ਉਂਗਲ ਨਾਲ ਚਿਤਾਰ ਹੋ । ਤੇਰੇ ਹੱਕ ਨੂੰ ਰੋਜ਼ ਦਿਹਾੜੀ ਕਿਹੜਾ ਛੇੜੀ ਜਾਏ । ਧਰਤੀ ਘੁੰਮੇ ਅਸੀਂ ਖਲੋਤੇ ਕਿਹੜਾ ਗੇੜੀ ਜਾਏ । ਜਨਮ ਸਮੇਂ ਦੀ ਪਹਿਲੀ ਲੋਰੀ ਤੋਂ ਉੱਠ ਪਉ ਹੁਣ ਯਾਰ ਹੋ । ਤੇਰੀ ਲਾਡ ਲਡਿੱਕੀ ਮੱਖਣੀ ਨੂੰ ਪਿਆ ਕਿਹੜਾ ਖਾਏ । ਤੇਰੇ ਘਰ ਤੋਂ ਰੀਝ ਪ੍ਰਾਹੁਣੀ ਬਿਨ ਪਾਣੀ ਮੁੜ ਜਾਏ । ਪਹਿਲਾਂ ਸੁਸਤੀ ਬਹੁਤ ਕਰੀ ਹੁਣ ਉੱਠ ਤੇ ਥਾਪੀ ਮਾਰ ਹੋ । ਤੇਰੇ ਮੇਰੇ ਸਿਰ ਤੇ ਪਗੜੀ ਫਿਕਰਾਂ ਵਿੰਨ੍ਹੀ ਤਾਣੀ । ਡੌਲ਼ੇ ਪਰਖ਼ਣ ਦੀ ਨਾ ਐਵੇਂ ਹੋ ਜੇ ਰੀਝ ਪੁਰਾਣੀ । ਉੱਠ ਸਮਾਂ ਦੁਰਕਾਰੂ ਤੈਨੂੰ ਜੇ ਨਾ ਉੱਠਿਉਂ ਯਾਰ ਹੋ । ਅੰਦਰ ਵੜ ਕੇ ਏਦਾਂ ਆਪਾਂ ਬੈਠੇ ਰਹੇ ਜੇ ਸਾਰੇ । ਮੁੱਕਣਗੇ ਕਿੰਜ ਅੰਬਰ ਵਿੱਚੋਂ ਬੋਦੀ ਵਾਲੇ ਤਾਰੇ । ਨਹਿਸ਼ ਕੁਲਹਿਣੇ ਧਰਤੀ ਤੇ ਪਟਕਾਈਏ ਮੂੰਹ ਦੇ ਭਾਰ ਹੋ ।
79. ਮਾਏ ਨੀ ਮਾਏ
ਮਾਏ ਨੀ ਮਾਏ! ਤੇਰਾ ਪੁੱਤ ਦੱਸਣੋਂ ਸ਼ਰਮਾਏ । ਕੱਢੇ ਜੇ ਆਵਾਜ਼ ਮੂੰਹੋਂ ਪੁੱਤ ਤੇਰਾ ਬਾਂਕੜਾ ਨੀ, ਪੈਣ ਉਹਨੂੰ ਕੁੱਤੇ ਹਲ਼ਕਾਏ । ਕਾਹਦੀ ਨੀ ਉਡੀਕ ਮੇਰੇ ਮੱਥੇ ਉੱਤੋਂ ਤੱਕਦੀ ਏਂ, ਖ਼ਾਲੀ ਹੱਥੀਂ ਘਰ ਨੂੰ ਮੈਂ ਆਉਣਾ । ਸੁਪਨੇ 'ਚ ਰੱਖ ਨਾ ਨੀ ਆਸਾਂ ਦੇ ਅੰਬਾਰ ਲਾ ਕੇ, ਗੱਲੀਂ ਬਾਤੀਂ ਤੈਨੂੰ ਮੈਂ ਰਜਾਉਣਾ । ਕਰਕੇ ਪੜ੍ਹਾਈ ਪੂਰੀ ਡਿਗਰੀ ਨੂੰ ਮਾਰ ਕੱਛੇ, ਪੁੱਤ ਤੇਰਾ ਕਿੱਧਰ ਨੂੰ ਜਾਏ । ਰੋਜ਼ ਰਾਤੀਂ ਅੰਮੀਏਂ ਨੀ, ਗੋਡਿਆਂ 'ਚ ਸਿਰ ਦੇ ਕੇ, ਸੋਚਦੇ ਨੇ ਲੱਖਾਂ ਮੇਰੇ ਯਾਰ ਨੀ । ਬਾਪੂ ਦੀ ਹੰਡਾਲ਼ੀ ਇੱਕ ਖਾਣ ਨੂੰ ਟੱਬਰ ਸਾਰਾ, ਕਿੱਦਾਂ ਮੈਂ ਵੰਡਾਵਾਂ ਉਹਦਾ ਭਾਰ ਨੀ । ਅੱਖੀਆਂ ਨੂੰ ਨੀਵਾਂ ਕਰ ਪੁੱਤ ਤੇਰਾ ਰੋਜ਼ ਮਾਏ, ਸ਼ਾਹਾਂ ਦੀ ਹਵੇਲੀ ਲੰਘ ਜਾਏ । ਮੰਡੀ ਵਿੱਚ ਵਿਕਿਆ ਨੀ ਅੱਜ ਤੇਰੇ ਪੁੱਤ ਜਿਹਾ, ਪੁੱਛ ਨਾ ਤੂੰ ਮੈਨੂੰ ਉਹਦਾ ਨਾਮ ਨੀ । ਸੁੱਟ ਕੇ ਉਦਾਸ ਸਿਰ ਗੋਡਿਆਂ ਦੇ ਭਾਰ ਬੈਠਾ, ਪੁੱਤ ਤੇਰੇ ਵਰਗਾ ਜਵਾਨ ਨੀ । ਹੋਰ ਕਿੰਨੀ ਦੇਰ ਅਜੇ ਓਸ ਏਦਾਂ ਬੈਠੇ ਰਹਿਣਾ ਮੈਨੂੰ ਨਾ ਸਮਝ ਕੋਈ ਆਏ । ਮਾਏ ਨੀ ਤੂੰ ਮਮਤਾ ਨੂੰ ਸਾਂਭ ਰੱਖ ਦਿਲ ਵਿੱਚ ਅਜੇ ਇਹਦੀ ਜਾਪਦੀ ਨਾ ਲੋੜ ਨੀ । ਤੁਰਨਾ ਏਂ ਕਾਫ਼ਲਾ ਜਹਾਨ ਹੋਣੈਂ ਨਾਲ ਇਹਦੇ ਪੁੱਟਣੈਂ ਇਹ ਖੋੜਾਂ ਵਾਲਾ ਬੋੜ੍ਹ ਨੀ । ਮੱਝੀਆਂ ਦੀ ਖ਼ੁਰਲੀ ਤੇ ਪੱਠੇ ਸਾਡਾ ਬਾਪੂ ਪਾਵੇ ਦੁੱਧ ਸਾਰਾ ਉੱਚੇ ਘਰੀਂ ਜਾਏ । ਮਾਏ ਨੀ ਮਾਏ! ਤੇਰਾ ਪੁੱਤ ਦੱਸਣੋਂ ਸ਼ਰਮਾਏ । ਕੱਢੇ ਜੇ ਆਵਾਜ਼ ਮੂੰਹੋਂ ਪੁੱਤ ਤੇਰਾ ਬਾਂਕੜਾ ਨੀ ਪੈਣ ਉਹਨੂੰ ਕੁੱਤੇ ਹਲ਼ਕਾਏ ।
80. ਤੋੜ ਕੇ ਮੁਹੱਬਤਾਂ ਨੂੰ
ਤੋੜ ਕੇ ਮੁਹੱਬਤਾਂ ਨੂੰ, ਜਦੋਂ ਦੀ ਤੂੰ ਗਈ ਏਂ । ਲੱਖ ਦੀ ਸੈਂ ਹੁੰਦੀ ਹੁਣ ਕੱਖ ਦੀ ਨਾ ਰਹੀ ਏਂ । ਵੇਖੀਂ ਤੂੰ ਘੁੰਮਾ ਕੇ ਪਿੱਛੇ ਸਮੇਂ ਬੇਲਿਹਾਜ਼ ਨੂੰ । ਸੁਣੀ ਫੇਰ ’ਕੱਲ੍ਹੀ ਬਹਿ ਕੇ ਆਪਣੀ ਆਵਾਜ਼ ਨੂੰ । ਆਪੇ ਜਾਣ ਲਵੇਗੀ ਤੂੰ ਗਲਤ ਜਾਂ ਸਹੀ ਏਂ । ਮੋਤੀਏ ਦੇ ਫੁੱਲਾਂ ਵਾਲੇ ਦੁੱਧ ਚਿੱਟੇ ਵੇਸ ਨੂੰ । ਕੋਲਿਆਂ ਦੀ ਹੱਟੀ ਔਖਾ ਸਾਂਭਣਾ ਹੈ ਏਸ ਨੂੰ । ਕਿਸੇ ਨੂੰ ਕੀ ਦੋਸ਼ ਏਥੇ ਆਪ ਹੀ ਤਾਂ ਖਹੀ ਏਂ । ਹਾਸਿਆਂ 'ਚ ਸੁਣੀ ਪਹਿਲਾਂ ਵਾਲੀ ਟੁਣਕਾਰ ਨਹੀਂ । ਤਿੱਤਲੀ ਤੇ ਲੱਦਦੇ ਸਿਆਣੇ ਕਦੇ ਭਾਰ ਨਹੀਂ । ਦੱਸ ਮੋਮਬੱਤੀਏ ਕਿਉਂ ਅੱਗ ਨਾਲ ਖਹੀ ਏਂ । ਨਿਰਾ ਪੁਰਾ ਇਹ ਵੀ ਨਹੀਂ ਕਿ ਤੂੰ ਹੀ ਸਾਨੂੰ ਛੱਡਿਆ । ਅਸਾਂ ਵੀ ਬਥੇਰਾ ਤੈਨੂੰ ਦਿਲ ਵਿਚੋਂ ਕੱਢਿਆ । ਚਾਟੀ ਵਿਚ ਅਜੇ ਵੀ ਤੂੰ ਥਿੰਦੇ ਵਾਂਗੂ ਪਈ ਏਂ । ਚੁੱਪ ਦੇ ਸਮੁੰਦਰਾਂ ਦਾ ਹੁੰਦਾ ਕਿਤੇ ਥੱਲਾ ਨਹੀਂ । ਦਿਲ ਦੀ ਸੁਣਾਉਣ ਵਾਲਾ ਹੁੰਦਾ ਕਦੇ ਕੱਲ੍ਹਾ ਨਹੀਂ । ਛੱਡ ਕੇ ਹੁੰਗਾਰਿਆਂ ਨੂੰ ਆਪ ਹੀ ਤਾਂ ਗਈ ਏਂ । ਵਣ ਹਰਿਆਵਲੇ ਨੂੰ ਛੱਡ ਤੋੜ ਯਾਰੀਆਂ । ਰਲ਼ੀ ਉਨ੍ਹਾਂ ਵਿਚ ਜਿੰਨ੍ਹਾਂ ਹੱਥ ਸਦਾ ਆਰੀਆਂ । ਦੱਸੀਏ ਕੀ ਦੁੱਖ ਜਿਹੜਾ ਪਟੜੀ ਤੋਂ ਲਹੀ ਏ ।
81. ਕੱਢ ਕੇ ਮਿਆਨ ਵਿਚੋਂ ਗੁਰੂ ਕਿਰਪਾਨ ਕਿਹਾ
ਕੱਢ ਕੇ ਮਿਆਨ ਵਿਚੋਂ ਗੁਰੂ ਕਿਰਪਾਨ ਕਿਹਾ, ਸਿੱਖੀ ਵਾਲਾ ਮਹਿਲ ਹੈ ਬਣਾਉਣਾ । ਬੰਦਿਆਂ ਚੋਂ ਖੋਟ ਕੱਢ ਕੇ, ਐਸਾ ਪੰਥ ਮੈਂ ਖਾਲਸਾ ਸਜਾਉਣਾ । ਜ਼ਾਲਮਾਂ ਤੋਂ ਡਰੇ ਨਾ ਤੇ ਭਲੇ ਨੂੰ ਡਰਾਵੇ ਨਾ । ਹੱਕ ਦੀ ਕਮਾਈ ਕਰੇ, ਬਦੀਆਂ ਕਮਾਏ ਨਾ । ਗਊ ਤੇ ਗਰੀਬ ਮਸਕੀਨਾਂ ਦੀ ਜੋ ਰਾਖੀ ਕਰੇ, ਸਵਾ ਲੱਖ ਇੱਕ ਨੂੰ ਬਣਾਉਣਾ । ਬੰਦਿਆਂ ਚੋਂ ਖੋਟ ਕੱਢ ਕੇ ....... ਖੰਡੇ ਵਾਲੀ ਧਾਰ ਉੱਤੇ ਆ ਜੋ ਜੀਹਨੇ ਨੱਚਣਾ । ਰਾਤਾਂ ਦੇ ਹਨ੍ਹੇਰ 'ਚ ਮਸ਼ਾਲ ਵਾਂਗੂੰ ਮੱਚਣਾ । ਖੰਡੇ ਨਾਲ ਖਿੱਚ ਕੇ ਲਕੀਰ ਕਿਹਾ ਬਾਜ਼ਾਂ ਵਾਲੇ ਅੰਮ੍ਰਿਤ ਐਸਾ ਹੈ ਛਕਾਉਣਾ । ਬੰਦਿਆਂ 'ਚੋਂ ਖੋਟ ਕੱਢ ਕੇ........ ਸਾਜ ਕੇ ਪਿਆਰੇ ਪੰਜ, ਗੱਜ ਕੇ ਪੁਕਾਰਿਆ । ਮੈਨੂੰ ਵੀ ਬਣਾਉ ਸਿੱਖ, ਮੁੱਖ ਤੋਂ ਉਚਾਰਿਆ । ਤੇਗ ਦੇ ਦੁਲਾਰੇ, ਲੈ ਕੇ ਅੰਮ੍ਰਿਤ ਦਾਤ, ਕਿਹਾ ਲਾਜ ਨਾ ਧਰਮ ਨੂੰ ਲਾਉਣਾ । ਬੰਦਿਆਂ ਚੋਂ ਖੋਟ ਕੱਢ ਕੇ........ ਏਸੇ ਲਈ ਆਨੰਦਪੁਰੀ ਜਿੱਥੇ ਕੇਸਗੜ੍ਹ ਹੈ । ਖ਼ਾਲਸੇ ਦੀ ਲੱਗੀ ਏਥੇ, ਬੜੀ ਡੂੰਘੀ ਜੜ੍ਹ ਹੈ । ਅੱਜ ਤੀਕ ਮਿਟੀ ਨਾ ਤੇ ਪੁੱਟੀ ਗਈ ਇਹ ਕਿਸੇ ਕੋਲ਼ੋਂ, ਮਿਟ ਗਏ ਜੋ ਚਾਹੁੰਦੇ ਸੀ ਮਿਟਾਉਣਾ । ਧੰਨ ਗੁਰੂ ਬਾਜਾਂ ਵਾਲਿਆ, ਤੇਰੇ ਜਿਹਾ ਨਹੀਂ ਜਹਾਨੇ ਫੇਰ ਆਉਣਾ ।
82. ਦੁੱਲਿਆ ਤੂੰ ਅਣਖ਼ਾਂ ਜਗਾ
ਹੋਣੀ ਸਾਡੀ ਰੱਤ ਪੀਂਦੀ ਨਿੱਤ ਛਾਣ ਕੇ । ਦੁੱਲਿਆ ਤੂੰ ਅਣਖ਼ਾਂ ਜਗਾ ਦੇ ਆਣ ਕੇ । ਮੁਗਲਾਂ ਨੇ ਹੁਣ ਭੇਸ ਨੂੰ ਵਟਾ ਲਿਆ । ਪਿੰਡੀ ਵਾਂਗੂੰ ਸਾਰੇ ਪਿੰਡੀਂ ਘੇਰਾ ਪਾ ਲਿਆ । ਲੁੱਟਦੇ ਸਿਆਸਤਾਂ ਦੇ ਤੰਬੂ ਤਾਣ ਕੇ । ਦੁੱਲਿਆ ਤੂੰ ਅਣਖ਼ਾਂ ਜਗਾ ਦੇ ਆਣ ਕੇ । ਦਿੱਲੀ ਤੇ ਲਾਹੌਰ ਵਾਲੇ ਇੱਕੋ ਬਾਤ ਹੈ । ਪਾਪੀਆਂ ਦੀ ਹਰ ਥਾਂ ਤੇ ਇੱਕੋ ਜ਼ਾਤ ਹੈ । ਇਨ੍ਹਾਂ ਦੇ ਹੁੰਦੇ ਨੇ ਇੱਕੋ ਘਰੇ ਨਾਨਕੇ । ਦੁੱਲਿਆ ਤੂੰ ਅਣਖ਼ਾਂ ਜਗਾ ਦੇ ਆਣ ਕੇ । ਲੱਭੇ ਤੈਨੂੰ ਦੁੱਲਿਆ ਵੇ ਭੈਣ ਸੁੰਦਰੀ । ਖ਼ਤਰੇ ’ਚ ਜੀਹਦੀ ਸ਼ਗਨਾਂ ਦੀ ਮੁੰਦਰੀ । ਦਾਜ ਦੇ ਲਈ ਸਹੁਰੇ ਮਿਹਣੇ ਦੇਣ ਜਾਣ ਕੇ । ਦੁੱਲਿਆ ਤੂੰ ਅਣਖ਼ਾਂ ਜਗਾ ਦੇ ਆਣ ਕੇ । ਅਕਬਰ ਪਹਿਲਾਂ ਤੋਂ ਸ਼ੈਤਾਨ ਹੋ ਗਿਆ । ਤੇਰਾ ਵੀ ਕਬੀਲਾ ਬੇਈਮਾਨ ਹੋ ਗਿਆ । ਹੋਏ ਨੇ ਨਿਕੰਮੇ ਬਹੁਤਾ ਸੁਖ ਮਾਣ ਕੇ । ਦੁੱਲਿਆ ਤੂੰ ਅਣਖ਼ਾਂ ਜਗਾ ਦੇ ਆਣ ਕੇ ।
83. ਪੰਜ ਸਦੀਆਂ ਪਰਤ ਕੇ
ਪੰਜ ਸਦੀਆਂ ਪਰਤ ਕੇ ਨਾਨਕ ਪਿਆਰਾ ਵੇਖਿਆ । ਕਿਰਤ ਦਾ ਕਰਤਾਰਪੁਰ ਵੱਖਰਾ ਨਜ਼ਾਰਾ ਵੇਖਿਆ । ਖੇਤਾਂ ਨੂੰ ਵਾਹੁੰਦਾ, ਬੀਜਦਾ ਤੇ ਆਪ ਪਾਲਣਹਾਰ ਹੈ । ਜਪਦਾ ਨਾ ’ਕੱਲ੍ਹੇ ਨਾਮ ਨੂੰ, ਹੱਥੀਂ ਵੀ ਕਰਦਾ ਕਾਰ ਹੈ । ਗ਼ਰਜ਼ਮੰਦਾਂ ਵੰਡਦਾ ਅੰਨ ਦਾ ਭੰਡਾਰਾ ਵੇਖਿਆ । ਕਿਰਤ ਦਾ ਕਰਤਾਰਪੁਰ... । ਕੱਢਦਾ ਸਿਆੜ੍ਹ ਫੇਰ ਖ਼ੁਦ, ਰੂਹਾਂ 'ਚ ਬਾਣੀ ਕੇਰਦਾ । ਮਾਲਾ ਨਾ ’ਕੱਲ੍ਹੀ ਘੁੰਮਦੀ, ਮਨ ਦੇ ਵੀ ਮਣਕੇ ਫੇਰਦਾ । ਰਾਵੀ ਦੇ ਕੰਢੇ ਵਰਤਦਾ ਅਦਭੁਤ ਨਜ਼ਾਰਾ ਵੇਖਿਆ । ਕਿਰਤ ਦਾ ਕਰਤਾਰਪੁਰ... । ਨਿਸ਼ਕਾਮ ਨਿਰਛਲ ਨੀਰ ਨੂੰ ਅੰਗਦ ਬਣਾਇਆ ਲਹਿਣਿਓਂ । ਸੇਵਾ ਹੈ ਏਦਾਂ ਮੌਲਦੀ, ਮਿਲਦਾ ਬਿਨਾ ਕੁਝ ਕਹਿਣਿਓਂ । ਬਿਨ ਬੋਲਿਆਂ ਸਭ ਜਾਣਦਾ, ਐਸਾ ਪਿਆਰਾ ਵੇਖਿਆ । ਕਿਰਤ ਦਾ ਕਰਤਾਰਪੁਰ... । ਪੰਜ ਸਦੀਆਂ ਬਾਦ ਅੱਜ ਰਟਦੇ ਹਾਂ ਤੇਰੇ ਨਾਮ ਨੂੰ । ਛੇੜਦਾ ਨਾ ਸੁਰ ਅੱਲਾਹੀ ਹੁਣ ਕੋਈ ਸੁਬਹ ਸ਼ਾਮ ਨੂੰ । ਸੁਰਤਿ ਦਾ ਤਾਹੀਓਂ ਹੀ ਤਾਂ ਪੈਂਦਾ ਖਿਲਾਰਾ ਵੇਖਿਆ । ਕਿਰਤ ਦਾ ਕਰਤਾਰਪੁਰ... । ਕਿਹੜਾ ਕਹੇ ਮਰਦਾਨਿਆਂ ਤੂੰ ਛੇੜ ਹੁਣ ਰਬਾਬ ਨੂੰ । ਤਾਹੀਓਂ ਸਿਉਂਕ ਲੱਗ ਗਈ ਬਾਬਾ ਤੇਰੇ ਪੰਜਾਬ ਨੂੰ । ਰੂਹਾਂ ਨੂੰ ਚੀਰੀ ਜਾ ਰਿਹਾ, ਭਟਕਣ ਦਾ ਆਰਾ ਦੇਖਿਆ । ਕਿਰਤ ਦਾ ਕਰਤਾਰਪੁਰ... । ਦੇ ਕੇ ਪੰਜਾਲੀ ਬੌਲਦਾਂ ਨੂੰ ਬਾਬਾ ਲਾਉਂਦਾ ਜੋਤਰਾ । ਓਸ ਨੇ ਨਾ ਵੇਖਿਆ ਕਿਹੜਾ ਹੈ ਪੁੱਤ ਜਾਂ ਪੋਤਰਾ । ਇਕ ਹੀ ਓਂਕਾਰ ਦਾ ਨੂਰੀ ਦੁਲਾਰਾ ਵੇਖਿਆ । ਕਿਰਤ ਦਾ ਕਰਤਾਰਪੁਰ... । ਲੋਧੀ ਸਣੇ ਸੁਲਤਾਨਪੁਰ ਬਾਬੇ ਦੀ ਨਗਰੀ ਹੋ ਗਿਆ । ਬੇਈਂ 'ਚੋਂ ਉਚਰੇ ਸ਼ਬਦ ਦਾ ਭੀੜਾਂ 'ਚ ਚਿਹਰਾ ਖੋ ਗਿਆ । ਅੰਨ੍ਹੀ ਰੱਯਤ ਭਟਕਦੀ ਖ਼ੁਰਦਾ ਕਿਨਾਰਾ ਵੇਖਿਆ । ਕਿਰਤ ਦਾ ਕਰਤਾਰਪੁਰ... । ਤੇਰੇ ਵਿਆਹ ਤੇ ਅੱਜ ਵੀ ਹਰ ਸਾਲ ਵਾਜੇ ਵੱਜਦੇ । ਚੜ੍ਹਦੀ ਬਾਰਾਤ ਕੂੜ ਦੀ, ਬੱਦਲ ਸਿਆਸੀ ਗੱਜਦੇ । ਪੇਕੇ ਸੁਲੱਖਣੀ ਮਾਤ ਦੇ ਇਹ ਵੀ ਮੈਂ ਕਾਰਾ ਵੇਖਿਆ । ਕਿਰਤ ਦਾ ਕਰਤਾਰਪੁਰ... । ਪੌਣ ਗੁਰ, ਪਾਣੀ ਪਿਤਾ, ਧਰਤੀ ਨੂੰ ਮਾਤਾ ਕਹਿ ਗਿਆ । ਤੇਜ਼ ਰਫ਼ਤਾਰੀ 'ਚ ਹੁਣ ਉਪਦੇਸ਼ ਪਿੱਛੇ ਰਹਿ ਗਿਆ । ਕਹਿਰ ਦਾ ਤਾਹੀਓਂ, ਦਿਨੇ ਚੜ੍ਹਿਆ ਸਿਤਾਰਾ ਵੇਖਿਆ । ਕਿਰਤ ਦਾ ਕਰਤਾਰਪੁਰ... । ਸਿੱਧਾਂ ਨੇ ਚੋਲੇ ਪਹਿਨ ਕੇ ਤੇਰੀ ਹੀ ਬਾਣੀ ਰੱਟ ਲਈ । ਅੱਚਲ ਵਟਾਲਾ ਛੱਡ ਕੇ, ਥਾਂ-ਥਾਂ ਚਲਾਉਂਦੇ ਹੱਟ ਕਈ । ਭਰਮਾਂ ਦਾ ਭਾਂਡਾ ਭਰ ਗਿਆ, 'ਗੋਸ਼ਟਿ' ਵਿਚਾਰਾ ਵੇਖਿਆ । ਕਿਰਤ ਦਾ ਕਰਤਾਰਪੁਰ... । ਹਾਲੇ ਕੰਧਾਰੀ ਵਲੀ ਦਾ ਹੰਕਾਰ ਨਹੀਓਂ ਟੁੱਟਿਆ । ਅੱਜ ਵੀ ਉਹ ਪਾਣੀਆਂ ਤੇ ਕਰਨ ਕਬਜ਼ੇ ਜੁੱਟਿਆ । 'ਤਰਕ' ਦੀ ਛਾਤੀ ਤੇ ਮੁੜ ਪੱਥਰ ਮੈਂ ਭਾਰਾ ਵੇਖਿਆ । ਕਿਰਤ ਦਾ ਕਰਤਾਰਪੁਰ... । ਮਲਿਕ ਭਾਗੋ ਅੱਜ ਵੀ, ਓਨਾਂ ਹੀ ਟੇਢਾ ਬੋਲਦਾ । ਤੱਕੜੀ ਵਾਲਾ ਵੀ ਮੋਦੀ, ਘੱਟ ਸੌਦਾ ਤੋਲਦਾ । ਉੱਡਦਾ ਅੰਬਰ ’ਚ ਮੈਂ, ਫੂਕੀ ਗੁਬਾਰਾ ਵੇਖਿਆ । ਕਿਰਤ ਦਾ ਕਰਤਾਰਪੁਰ... । ‘ਜਪੁਜੀ’ ਦੀ ਸਿਰਜਣ-ਭੂਮ ਦੇ ਚੇਤੇ ਨਿਰੰਤਰ ਡੰਗਦੇ । ਤਾਹੀਓਂ ਹੀ ਤੇਰੇ ਪੁੱਤ ਸੀ ਰਾਵੀ ਤੋਂ ਲਾਂਘਾ ਮੰਗਦੇ । ਪੂਰੀ ਕਰੀ ਅਰਦਾਸ ਤੂੰ, ਤੇਰਾ ਸਹਾਰਾ ਵੇਖਿਆ । ਕਿਰਤ ਦਾ ਕਰਤਾਰਪੁਰ ਵੱਖਰਾ ਨਜ਼ਾਰਾ ਵੇਖਿਆ ।
ਇਸ ਗੀਤ ਦੀ ਸਿਰਜਣਾ
ਸਾਲ 2008 ਵਿੱਚ ਮੈਂ ਤੇ ਮੇਰੀ ਜੀਵਨ ਸਾਥਣ ਜਸਵਿੰਦਰ ਕੌਰ ਅਮਰੀਕਾ ਵਿੱਚ ਸਾਂ । ਲਾਸ
ਐਂਜਲਸ ਨੇੜੇ ਸੈਨ ਬਰਡੀਨੋ ਸ਼ਹਿਰ ਵਿੱਚ ਸ ਰਛਪਾਲ ਸਿੰਘ ਢੀਂਡਸਾ ਦੇ ਘਰ ਕਰਤਾਰਪੁਰ ਸਾਹਿਬ
ਲਾਂਘੇ ਸਬੰਧੀ ਮੀਟਿੰਗ ਵਿੱਚ ਨਿੱਕੇ ਵੀਰ ਸ੍ਰ. ਹਰਵਿੰਦਰ ਰਿਆੜ ਨੇ ਮੈਨੂੰ ਵੀ ਬੁਲਾ ਲਿਆ ।
ਯੂਨੀਈਟਿਡ ਸਿੱਖ ਮਿਸ਼ਨ ਦੇ ਲਗਪਗ ਪੰਜਾਹ ਸੱਜਣ ਹਾਜ਼ਰ ਸਨ ਉਥੇ ।
ਇਸ ਲਾਂਘੇ ਦਾ ਸੁਪਨਾ ਪੂਰਾ ਕਰਨ ਹਿਤ ਯੂ.ਐੱਨ.ਓ. ਵਿੱਚ ਅਮਰੀਕਾ ਦੇ ਸਾਬਕਾ ਸਫ਼ੀਰ
ਜੌਹਨ ਮੈਕਡਾਨਲਡ ਦੀ ਦੇਖ ਰੇਖ ਹੇਠ ਬਣੇ ਸਬੰਧਿਤ ਦਸਤਾਵੇਜ਼ ਨੂੰ ਜਦ 2012 ’ਚ ਜਰਸੀ ਸਿਟੀ
ਦੇ ਇੱਕ ਹੋਟਲ ਵਿੱਚ ਲੋਕਾਂ ਹਵਾਲੇ ਕੀਤਾ ਗਿਆ ਤਾਂ ਉਸ ਵਕਤ ਵੀ ਮੈਂ ਹਰਵਿੰਦਰ ਰਿਆੜ ਕਾਰਨ
ਉਥੇ ਹਾਜ਼ਰ ਸੀ ।
ਅਗਲੇ ਦਿਨ ਵਿਸ਼ਵ ਪੰਜਾਬੀ ਸਾਹਿੱਤ ਅਕਾਦਮੀ ਕੈਲੇਫੋਰਨੀਆ ਦੇ ਬੁਲਾਵੇ ਤੇ ਮਿਲਪੀਟਸ
(ਬੇ ਏਰੀਆ) ਜਾਣਾ ਸੀ । ਜਹਾਜ਼ ਵਿੱਚ ਚਾਰ ਪੰਜ ਘੰਟੇ ਦਾ ਸਫ਼ਰ ਕਰਦਿਆਂ ਕਰਤਾਰਪੁਰ ਸਾਹਿਬ
ਲਾਂਘਾ ਮੇਰੇ ਸਾਹੀਂ ਤੁਰਦਾ ਰਿਹਾ । ਇਹ ਗੀਤ ਮੈਂ ਉਸੇ ਸਫ਼ਰ ਦੌਰਾਨ ਪੂਰਾ ਕਰਕੇ ਦੂਸਰੇ ਦਿਨ ਕਵੀ
ਦਰਬਾਰ ਵਿੱਚ ਸੁਣਾਇਆ । ਸੁਰਜੀਤ ਪਾਤਰ, ਵਰਿਆਮ ਸਿੰਘ ਸੰਧੂ, ਸੁਖਵਿੰਦਰ ਅੰਮ੍ਰਿਤ,
ਕੁਲਵਿੰਦਰ ਤੇ ਸੁਖਵਿੰਦਰ ਕੰਬੋਜ ਨੇ ਚੰਗਾ ਕਿਹਾ ।
ਮੈਂ ਬਚਪਨ ਤੋਂ ਹੀ ਡੇਰਾ ਬਾਬਾ ਨਾਨਕ ਦਰਬਾਰ ਸਾਹਿਬ ਦੇ ਉੱਚੇ ਬੁਰਜਾਂ ਤੇ ਚੜ੍ਹ ਕੇ
ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਨਿਹਾਰਦਾ ਰਿਹਾ ਹਾਂ ।
ਸੁਪਨਾ ਸੀ ਜੋ 2019 ’ਚ ਪੂਰਾ ਹੋ ਗਿਆ । ਇਸ ਗੀਤ ਦੇ ਤੇਰਾਂ ਬੰਦ ਤੇਰਾਂ ਹੀ ਸਿਰਮੌਰ ਗਾਇਕ
ਰੀਕਾਰਡ ਕਰ ਚੁਕੇ ਹਨ । ਦੋ ਵਾਰ । ਵੱਖ ਵੱਖ ਗਾਇਕ ਵੀ । ਦਿਲ ਕੀਤਾ ਕਿ ਇਹ ਜਾਣਕਾਰੀ ਤੁਹਾਡੇ
ਨਾਲ ਵੀ ਸਾਂਝੀ ਕਰਾਂ ।
ਗੁਰਭਜਨ ਗਿੱਲ
84. ਨਿਰੀ ਮਿੱਟੀ ਦੀ ਹੈ ਮੁੱਠ
ਨਿਰੀ ਮਿੱਟੀ ਦੀ ਹੈ ਮੁੱਠ, ਤੇਰੇ ਬਿਨਾ ਇਹ ਸਰੀਰ। ਸਾਡੀ ਤੇਰੇ ਤੋਂ ਹੀ ਸ਼ੁਰੂ, ਹੋਵੋ ਤੇਰੇ ਤੇ ਅਖ਼ੀਰ। ਤੈਨੂੰ ਧੁੱਪ ਵਿੱਚੋਂ ਲੱਭਾਂ ਕਦੇ ਛਾਵਾਂ ਚੋਂ ਬੁਲਾਵਾਂ। ਓਨਾ ਦੂਰ ਦੂਰ ਹੋਵੇਂ ਜਿੰਨਾ ਕੋਲ ਕੋਲ ਜਾਵਾਂ। ਕਰਾ ਕਿੱਥੇ ਫ਼ਰਿਆਦ, ਨਾ ਬੰਨ੍ਹਾਵੇ ਕੋਈ ਧੀਰ। ਦਿਨ ਚੜ੍ਹਦੇ ਦੀ ਲਾਲੀ ਚੋਂ ਨਿਹਾਰਾਂ ਤੇਰਾ ਮੁੱਖ। ਇੱਕ ਵਾਰ ਤੱਕਾਂ ਲਹਿ ਜੇ ਮੇਰੀ ਉਮਰਾਂ ਦੀ ਭੁੱਖ। ਉਵੇਂ ਸਾਂਭੀ ਫਿਰਾਂ ਅੱਖਾਂ ਵਿੱਚ ਓਹੀ ਤਸਵੀਰ। ਤੇਰੇ ਹਾਸਿਆਂ ਦੀ ਸੁਣੇ ਹਾਲੇ ਤੀਕ ਟੁਣਕਾਰ। ਜਿਵੇਂ ਪਹਿਲੀ ਬਰਸਾਤ, ਵਰ੍ਹੇ ਮੇਘ ਮਲਹਾਰ। ਜਿਵੇਂ ਗਾਏ ਪਰਭਾਤ ਵੇਲੇ ਗਲੀ ਚ ਫ਼ਕੀਰ। ਨਾ ਹੀ ਤਖ਼ਤ ਹਜ਼ਾਰਾ ਨਾ ਮੁਰੱਬਿਆਂ ਦਾ ਮਾਣ। ਸੁੱਚੇ ਪਿਆਰ ਦਾ ਹਮੇਸ਼ ਮੇਰੀ, ਹਿੱਕੜੀ ਚ ਤਾਣ। ਰਹੀਂ ਅੰਗ ਸੰਗ ਉਵੇਂ, ਜੀਕੂੰ ਰਹਿਣ ਖੰਡ ਖ਼ੀਰ। ਜੀਕੂੰ ਫੁੱਲਾਂ ਵਿੱਚ ਰਹਿਣ ਕੱਠੇ ਰੰਗ ਖੁਸ਼ਬੋਈ। ਤੇਰੇ ਮੇਰੇ ਵਿਚਕਾਰ ਹੋਵੋ ਦੂਸਰਾ ਨਾ ਕੋਈ। ਵੱਜੇ ਵੰਝਲੀ, ਵਜਾਵੇ ਰਾਂਝਾ, ਸੁਣੇ ਜੱਟੀ ਹੀਰ। ਨਿਰੀ ਮਿੱਟੀ ਦੀ ਹੈ ਮੁੱਠ ਤੇਰੇ ਬਾਝ ਇਹ ਸਰੀਰ।
85. ਅਮਨ ਗੀਤ
ਸਰਹੱਦਾਂ ਨਾ ਬਾਲ਼ਿਉ, ਮਾਂ ਕਰੇ ਦੁਆਵਾਂ। ਧਰਤੀ ਦੀ ਫ਼ਰਿਆਦ ਹੈ, ਕਦੇ ਬਲ਼ਣ ਨਾ ਛਾਵਾਂ। ਮਿੱਟੀ ਖ਼ਾਤਰ ਅਮਨ ਚੈਨ ਨਾ ਭੱਠੀ ਪਾਇਉ। ਹਾੜ੍ਹਾ ! ਵਤਨਾਂ ਵਾਲਿਉ, ਨਾ ਕਹਿਰ ਕਮਾਇਉ। ਕਰੂ ਕਮਾਈਆਂ ਸੋਚਿਆ, ਪੁੱਤ ਗੱਭਰੂ ਕਰਕੇ। ਸਰਹੱਦਾਂ ਵੱਲ ਤੋਰਿਆ, ਦਿਲ ਪੱਥਰ ਧਰ ਕੇ। ਰੀਝਾਂ ਵਾਲੇ ਖੇਤ ਨਾ, ਹੁਣ ਕਬਰ ਬਣਾਇਉ। ਹਾੜ੍ਹਾ! ਵਤਨਾਂ ਵਾਲਿਉ, ਨਾ ਕਹਿਰ ਕਮਾਇਉ। ਸੱਜ ਵਿਆਹੀ ਨਾਰ ਦਾ, ਹਾਲੇ ਰੰਗਲਾ ਚੂੜਾ। ਸੁੰਨਾ ਹਾਲੇ ਪਿਆ ਹੈ, ਘਰ ਪਲੰਘ ਪੰਘੂੜਾ। ਸਿਰ ਫੁਲਕਾਰੀ ਓਸ ਦੀ, ਨਾ ਫਿੱਕੀ ਪਾਇਉ। ਹਾੜ੍ਹਾ ! ਵਤਨਾਂ ਵਾਲਿਉ, ਨਾ ਕਹਿਰ ਕਮਾਇਉ। ਰੱਤ ਪੀਣੀ ਇਸ ਡੈਣ ਦੀ ਹੈ ਨੀਅਤ ਖੋਟੀ। ਅਸਲੇ ਅਤੇ ਬਾਰੂਦ ਦੀ ਇਹ ਖਾਵੇ ਰੋਟੀ। ਜੰਗ ਮਸਲੇ ਦਾ ਹੱਲ ਨਾ, ਮੇਰੇ ਹਮਸਾਇਉ। ਹਾੜ੍ਹਾ ! ਵਤਨਾਂ ਵਾਲਿਉ, ਨਾ ਕਹਿਰ ਕਮਾਇਉ। ਖਾ ਜਾਂਦਾ ਜੰਗ ਰੌਣਕਾਂ ਦੇ ਘੁੰਮਦੇ ਪਹੀਏ। ਚਹੁੰ ਜੰਗਾਂ ਦਾ ਸੇਕ ਤਾਂ ਹਾਲੇ ਤੱਕ ਸਹੀਏ। ਅਮਨ ਚੈਨ ਦੀ ਰੀਸ ਨਾ, ਖ਼ੁਦ ਨੂੰ ਸਮਝਾਇਉ। ਹਾੜ੍ਹਾ! ਵਤਨਾਂ ਵਾਲਿਉ, ਨਾ ਜੰਗਾਂ ਲਾਇਉ । ਜੀਂਦੇ ਜੀਅ ਨਾ ਮਾਪਿਆਂ ਨੂੰ ਮਾਰ ਮੁਕਾਇਉ।
86. ਹਾਏ ! ਬਾਬਲਾ ਵੇ ਲੈਦੇ
ਹਾਏ ! ਬਾਬਲਾ ਵੇ ਲੈਦੇ ਗੁਲਾਨਾਰੀ ਕੁੜਤੀ। ਜੀਹਦੇ ਵਿੱਚ ਸੋਨੇ ਦੀਆਂ ਤਾਰਾਂ। ਕਿਰਨਾਂ ਮਾਰਦੀਆਂ ਲਿਸ਼ਕਾਰਾਂ। ਉੱਡਣ ਜਿਉਂ ਮੂਨਾਂ ਦੀਆਂ ਡਾਰਾਂ। ਲੈ ਦੇ ਗੁਲਾਨਾਰੀ ਕੁੜਤੀ । ਹਾਏ ! ਬਾਬਲਾ ਵੇ ! ਤੇਰੀ ਜੇਬ ਨੂੰ ਮੈਂ ਜਾਣਦੀ । ਤੈਥੋਂ ਮੰਗਦੀ ਨਾ ਮੈਂ ਲਹਿੰਗਾ। ਤੇਰੀ ਪਹੁੰਚ ਦੇ ਵਿੱਚ ਜੋ ਨਹੀਂਗਾ। ਤੇਰੀ ਜੇਬ ਤੋਂ ਚੋਖਾ ਮਹਿੰਗਾ। ਲੈਦੇ ਗੁਲਾਨਾਰੀ ਕੁੜਤੀ । ਹਾਏ ਬਾਬਲਾ ਵੇ ! ਲਾ ਦੇ ਖੰਭ ਮੇਰੇ ਚਾਵਾਂ ਨੂੰ। ਤੇਰੇ ਘਰ ਦੀ ਕੂੰਜ ਕੁਆਰੀ। ਚਾਹਵੇ ਭਰਨੀ ਦੂਰ ਉਡਾਰੀ। ਪਾ ਦੇ ਮੇਰੇ ਸਿਰ ਫੁਲਕਾਰੀ। ਲੈ ਦੇ ਗੁਲਾਨਾਰੀ ਕੁੜਤੀ। ਹਾਏ ! ਬਾਬਲਾ ਵੇ ! ਲੈ ਦੇ ਚਾਂਦੀ ਦੀਆਂ ਝਾਂਜਰਾਂ। ਪੈਰੀਂ ਪਾ ਕੇ ਮੈਂ ਛਣਕਾਵਾਂ। ਤੇਰਾ ਜੱਸ ਗਿੱਧਿਆਂ ਵਿੱਚ ਗਾਵਾਂ। ਦੂਹਰੀ ਤੀਹਰੀ ਹੁੰਦੀ ਜਾਵਾਂ। ਲੈ ਦੇ ਗੁਲਾਨਾਰੀ ਕੁੜਤੀ। ਹਾਏ ! ਬਾਬਲਾ ਵੇ !ਘਟਾ ਸਿਰ ਉੱਤੇ ਕਾਲੀਆਂ। ਨਿੱਕੜੇ ਦਿਨ ਤੇ ਲੰਮੀਆਂ ਰਾਤਾਂ। ਹੁਣ ਮੈਂ ਪੜ੍ਹ ਗਈ ਬਹੁਤ ਜਮਾਤਾਂ। ਹੁਣ ਕੀ ਹੋਰ ਸੁਣਾਵਾਂ ਬਾਤਾਂ ? ਲੈ ਦੇ ਗੁਲਾਨਾਰੀ ਕੁੜਤੀ।