Khair Panjan Panian Di : Gurbhajan Gill

ਖ਼ੈਰ ਪੰਜਾਂ ਪਾਣੀਆਂ ਦੀ (ਕਾਵਿ ਸੰਗ੍ਰਹਿ) : ਗੁਰਭਜਨ ਗਿੱਲ

ਹਿੰਦ ਪਾਕ ਰਿਸ਼ਤਿਆਂ ਬਾਰੇ ਕਵਿਤਾਵਾਂ ।




ਮੈਂ ਆਜ਼ਾਦੀ ਜਸ਼ਨ ਵਿਚ ਸ਼ਾਮਲ ਨਹੀਂ ਹਾਂ

ਮੈਂ ਅਜੇ ਸਰਹੱਦ ਤੇ, ਗੁੰਮ ਸੁੰਮ ਖੜ੍ਹਾ ਹਾਂ। ਕਾਫ਼ਲੇ ਆਉਂਦੇ ਤੇ ਜਾਂਦੇ ਵੇਖਦਾ ਹਾਂ। ਬਿਰਧ ਬਾਬੇ, ਬਾਲ ਬੱਚੇ, ਗੱਠੜੀਆਂ ਬੱਧਾ ਸਮਾਨ, ਪਰੇਸ਼ਾਨ। ਜਾਨ ਸੁੱਕੀ, ਮਹਿਕ ਮੁੱਕੀ, ਗੁੰਮ ਹੈ ਸਭ ਦੀ ਜ਼ਬਾਨ। ਰਿਸ਼ਤਿਆਂ 'ਚੋਂ ਲੇਸ ਮੁੱਕੀ, ਸਾਂਝ ਦਾ ਨਾਮੋ ਨਿਸ਼ਾਨ। ਰਾਵੀ ਮੈਨੂੰ ਪੁੱਛਦੀ ਹੈ, ਇਹ ਹੈ ਕੈਸਾ ਇਮਤਿਹਾਨ ? ਮੈਂ ਅਜੇ ਸਰਹੱਦ ਤੇ, ਗੁੰਮ ਸੁੰਮ ਖੜ੍ਹਾ ਹਾਂ। ਮੈਂ ਆਜ਼ਾਦੀ ਜਸ਼ਨ ਵਿਚ, ਸ਼ਾਮਲ ਨਹੀਂ ਹਾਂ। ਲਾਸ਼ਾਂ ਦੇ ਅੰਬਾਰ ਲੱਗੇ, ਰਾਵੀਉਂ ਉਰ-ਵਾਰ ਪਾਰ, ਬੇਸ਼ੁਮਾਰ। ਬਿਰਖ਼ ਬੁਟੇ ਸਹਿਮ ਗਏ ਨੇ, ਵੇਖ ਰੱਤ ਰੰਗੀ ਬਹਾਰ। ਪੰਛੀਆਂ ਵਿਚ ਖਲਬਲੀ ਹੈ, ਉੱਡਣਾ ਭੁੱਲੇ ਉਡਾਰ, ਅਵਾਜ਼ਾਰ। ਕਰਬਲਾ ਪੰਜਾਬ ਬਣਿਆਂ ਕਤਲਗਾਹਾਂ ਦਾ ਪਸਾਰ, ਆਰ ਪਾਰ। ਮੈਂ ਅਜੇ ਸਰਹੱਦ ਤੇ, ਗੁੰਮ ਸੁੰਮ ਖੜ੍ਹਾ ਹਾਂ। ਮੈਂ ਆਜ਼ਾਦੀ ਜਸ਼ਨ ਵਿਚ, ਸ਼ਾਮਲ ਨਹੀਂ ਹਾਂ। ਛਾਂਗਿਆਂ ਰੁੱਖਾਂ ਦੇ ਹੇਠਾਂ, ਭਰਿਆ ਪੀਤਾ ਬਹਿ ਰਿਹਾ ਹਾਂ। ਮੈਂ ਅਜੇ ਅੰਬਰ ਦੇ ਹੇਠਾਂ, ਛੱਤ ਤੋਂ ਬਿਨ ਰਹਿ ਰਿਹਾ ਹਾਂ। ਨਾ ਸੁਣੇ ਕੋਈ ਵੀ ਭਾਵੇਂ, ਆਪਣੀ ਗੱਲ ਕਹਿ ਰਿਹਾ ਹਾਂ। ਜ਼ਖ਼ਮ ਜੋ ਦਿੱਤੇ ਸਮੇਂ ਨੇ, ਜੀਭ ਘੁੱਟ ਕੇ ਸਹਿ ਰਿਹਾ ਹਾਂ। ਮੈਂ ਅਜੇ ਸਰਹੱਦ ਤੇ, ਗੁੰਮ ਸੁੰਮ ਖੜ੍ਹਾ ਹਾਂ। ਪਰ ਕਟੇ ਪੰਛੀ ਦੇ ਵਾਂਗੂੰ, ਮੈਂ ਉਡਾਰੀ ਭੁੱਲ ਗਿਆ ਹਾਂ। ਮਨ ਦਾ ਹੈ ਖ਼ਾਲੀ ਕਟੋਰਾ, ਨੀਰ ਅੱਖੋਂ ਡੁੱਲ੍ਹ ਗਿਆ ਹਾਂ। ਸ਼ਹਿਰਦਾਰਾਂ ਦੀ ਸਿਆਸਤ, ਪਿੰਡਾਂ ਵਾਂਗੂੰ ਰੁਲ ਗਿਆ ਹਾਂ। ਵਕਤ ਦੀ ਡਾਢੀ ਕਰੋਪੀ, ਘਰ ਦਾ ਰਾਹ ਵੀ ਭੁੱਲ ਗਿਆ ਹਾਂ। ਮੈਂ ਅਜੇ ਸਰਹੱਦ ਤੇ, ਗੁੰਮ ਸੁੰਮ ਖੜ੍ਹਾ ਹਾਂ। ਬਿਰਖ਼ ਦੇ ਟਾਹਣਾਂ ਨੂੰ ਰੱਖੜੀ ਬੰਨ੍ਹਦੀ ਹੈ, ਵੀਰ ਜਿਸਦਾ ਖਾ ਗਈ ਕਾਲ਼ੀ ਹਨੇਰੀ। ਕੱਚ ਦੇ ਟੁਕੜੇ ਅਜੇ ਵੀ ਚੁਗ ਰਹੀ ਹੈ, ਪਾਟੀ ਚੁੰਨੀ ਵਾਲੀ ਪਿੰਡੋ ਭੈਣ ਮੇਰੀ। ਮੈਂ ਅਜੇ ਉਸ ਮਾਂ ਨੂੰ ਮਿਲਣੈ, ਪੁੱਤ ਜਿਸਦਾ ਅੱਜ ਦੇ ਦਿਨ ਕੀਤਾ ਸੀ ਢੇਰੀ। ਬਾਘੀਆਂ ਪਾਵਾਂ ਮੈਂ ਏਨਾ ਜ਼ਹਿਰ ਖਾ ਕੇ, ਇਹ ਨਹੀਂ ਔਕਾਤ ਮੇਰੀ। ਮੈਂ ਅਜੇ ਸਰਹੱਦ ਤੇ, ਗੁੰਮ ਸੁੰਮ ਖੜ੍ਹਾ ਹਾਂ। ਦਰਦ ਵਾਲੇ ਰੰਗ ਨਾ ਲਹਿੰਦੇ ਦਿਲਾਂ ਤੋਂ, ਇਹ ਨਹੀਂ ਵਸਤਰ ਦੇ ਕੋਈ ਰੰਗ ਕੱਚੇ। ਰੋਣ ਮਗਰੋਂ ਲੈ ਗੁਬਾਰਾ ਪਰਚ ਜਾਵਣ, ਜਿਸ ਤਰ੍ਹਾਂ ਕੱਚੇ ਘਰੀਂ ਅਣਭੋਲ ਬੱਚੇ। ਬਲਦਿਆਂ ਅੰਗਾਰਿਆਂ 'ਤੇ ਨੰਗੇ ਪੈਰੀਂ, ਆਪ ਦੱਸੋ! ਕਿੱਦਾਂ ਮੇਰੀ ਭੈਣ ਨੱਚੇ। ਕਰ ਸਕੇਂ ਪ੍ਰਵਾਨ ਕਰ ਲੈ, ਹੇ ਆਜ਼ਾਦੀ, ਇਹ ਜੋ ਮੇਰੇ ਹੰਝ ਸੱਚੇ। ਮੈਂ ਅਜੇ ਸਰਹੱਦ ਤੇ, ਗੁੰਮ ਸੁੰਮ ਖੜ੍ਹਾ ਹਾਂ। ਮੈਂ ਆਜ਼ਾਦੀ ਜਸ਼ਨ ਵਿਚ, ਸ਼ਾਮਲ ਨਹੀਂ ਹਾਂ।

ਮੀਆਂ ਮੀਰ ਉਦਾਸ ਖੜ੍ਹਾ ਹੈ

ਹਰਿਮੰਦਰ ਦੀ ਨੀਂਹ ਦੇ ਲਾਗੇ, ਮੀਆਂ ਮੀਰ ਉਦਾਸ ਖੜ੍ਹਾ ਹੈ। ਚਹੁੰ ਸਦੀਆਂ ਦੇ ਪੈਂਡੇ ਮਗਰੋਂ, ਅੱਜ ਉਹ ਸਾਨੂੰ ਇਉਂ ਪੁੱਛਦਾ ਹੈ ? ਚਹੁੰ ਬੂਹਿਆਂ ਦੇ ਵਾਲਾ ਮੰਦਰ ਇਹ ਹਰਿਮੰਦਰ। ਝਾਤੀ ਮਾਰੋ ਆਪੇ ਵੇਖੋ ਆਪਣੇ ਅੰਦਰ। ਕੋਈ ਕੋਈ ਬੂਹਾ ਕਿਸੇ ਲਈ ਕਿਉਂ ਬੰਦ ਕਰਦੇ ਹੋ ? ਸਰਬਕਾਲ ਦੀ ਜੋਤ ਨਿਰੰਤਰ ਇਸ ਅੱਗੇ ਕਿਉਂ ਕੰਧ ਕਰਦੇ ਹੋ ? ਸੁਣ ਲਉ ਪੁੱਤਰੋ ! ਤੁਹਾਡੇ ਵਿਰਸੇ ਦਾ ਮੈਂ ਸੋਹਣਿਓਂ, ਚਸ਼ਮਦੀਦ ਖ਼ੁਦ ਆਪ ਗਵਾਹ ਹਾਂ। ਅਰਜਨ ਗੁਰ ਸੀ ਮੇਰੀ ਧੜਕਣ, ਤੇ ਮੈਂ ਉਸਦੇ ਜਿਸਮ ’ਚ ਤੁਰਦੀ ਤੋਰ ਨਿਰੰਤਰ, ਵਾਹਿਗੁਰੂ, ਅੱਲ੍ਹਾ, ਰਾਮ ਦਾ ਦਮ ਦਮ ਤੁਰਦਾ ਸਾਹ ਹਾਂ। ਸੱਚੇ ਗੁਰ ਦਾ ਨਾਮ ਜਪਦਿਆਂ, ਜਿੰਨ੍ਹਾਂ ਸਾਰੀ ਉਮਰ ਬਿਤਾਈ। ਬੂਹੇ ਤੋਂ ਕਿਉਂ ਮੋੜੋ ਭਾਈ। ਇੱਕ ਗੱਲ ਪੱਕੀ ਪੱਲੇ ਬੰਨ੍ਹੋ ! ਹਿੰਦੂ ਮੁਸਲਿਮ ਸਿੱਖ ਕਦੇ ਨਾ ਹੋਣ ਰਬਾਬੀ। ਰੱਬ ਦੇ ਘਰ ਦੀ ਸੱਜਣੋਂ ਏਹੀ ਲੋਕ ਨੇ ਚਾਬੀ। ਮੰਨਿਆ! ਹਾਕਮਾਂ ਗ਼ਰਜ਼ਾਂ ਲਈ ਪੰਜਾਬ ਤਰੇੜੇ। ਕਹਿਰ ਖ਼ੁਦਾ ਦਾ ਬਾਣੀ ਅਤੇ ਰਬਾਬ ਨਿਖੇੜੇ। ਮਰਦਾਨੇ ਨੂੰ ਨਾਨਕ ਨਾਲੋਂ ਵੱਖਰਾ ਕਰਕੇ, ਕਿਹੜੇ ਰੱਬ ਨੂੰ ਖੁਸ਼ ਕਰਦੇ ਹੋ ? ਆਪੋ ਆਪਣੇ ਪਾਪਾਂ ਦੀ ਥਾਂ, ਰਾਗ, ਕਲਾ ਤੇ ਖੁਸ਼ਬੂ ਕੋਲੋਂ ਕਿਉਂ ਡਰਦੇ ਹੋ। ਸੂਰਤ ਨੂੰ ਸੱਚ ਮੰਨੋ, ਰੱਖੋ ਸੀਰਤ ਪੱਲੇ। ਥਿੜਕ ਗਏ ਤਾਂ ਰਹਿ ਜਾਵੋਗੇ ਕੱਲ ਮੁਕੱਲੇ। ਰਾਵੀ ਪਾਰੋਂ ਸਾਜ਼ਾਂ ਅਤੇ ਆਵਾਜ਼ਾਂ ਵਾਲੇ, ਇਹ ਨਹੀਂ ਵਣਜ ਕਮਾਵਣ ਆਏ। ਇਹ ਤਾਂ ਭਾਈ ਲਾਲ ਅਮੁੱਲੇ, ਰਾਤ ਹਨ੍ਹੇਰੀ ਵੇਲੇ ਚਾਨਣ ਵੰਡਣ ਆਏ। ਸਾਂਝੇ ਰੱਬ ਦੀ ਸੱਚੀ ਬਾਣੀ, ਓਸੇ ਦੇ ਹੀ ਦਰ ਵਿਚ ਬਹਿ ਕੇ, ਬੋਲ ਅਗੰਮੀ ਗਾਵਣ ਆਏ। ‘ਚੰਨ’ ਦੀ ਚਾਨਣੀ ਵੱਲੋਂ ਕਿਉਂ ਜੇ ਮੂੰਹ ਪਰਤਾਏ। ਘਰ ਨੂੰ ਕੁੰਡੇ ਜੰਦਰੇ ਲਾਏ। ਸ਼ਬਦ ਸੁਰਤਿ ਤੋਂ ਸੱਖਣਾ ਸ਼ਖਸ ਅਮੀਰ ਨਹੀਂ ਹੈ ? ਰੱਬ ਦਾ ਘਰ ਇਹ ਕਿਸੇ ਲਈ ਜਾਗੀਰ ਹੈ ? ਯਤਨ ਕਰੋ ਕਿ ਨੇਰ੍ਹੇ ਦਾ ਪ੍ਰਕਾਸ਼ ਨਾ ਹੋਵੇ। ਸਾਂਝੀ ਧੜਕਣ ਜੀਵੇ, ਕਦੇ ਵਿਨਾਸ਼ ਨਾ ਹੋਵੇ। ਜਿਸ ਧਰਤੀ ਤੋਂ ਉਹ ਆਏ ਸੀ, ਓਥੇ ਵੀ ਫੁੱਲਾਂ ਦੀ ਇਹ ਹੈ ਫ਼ਸਲ ਅਖ਼ੀਰੀ। ਦੋਹੀਂ ਪਾਸੀਂ ਭਾਰੂ ਅੱਜ ‘ਪੀਰੀ’ ਪੁਰ ਮੀਰੀ। ਚਹੁੰ ਵਰਣਾਂ ’ਚੋਂ ਜਿਹੜਾ ਵੀ ਰੱਬ ਦਾ ਨਾਂ ਗਾਵੇ। ਉਸਨੂੰ ਆਪਣੇ ਕੰਠ ਲਗਾਉ। ਦਸ ਗੁਰੂਆਂ ਤੇ ਗ੍ਰੰਥ ਪੰਥ ਦੀ ਵੇਲ ਵਧਾਉ। ਸੁਣੋ ! ਸੁਣਾਵਾਂ ਗੁਰੂ ਅਰਜਨ ਦੇ ਬਰਖ਼ੁਰਦਾਰੋ ! ਲਾਲ ਰਬਾਬੀ, ਚਾਂਦ ਜਿਹਾਂ ਨੂੰ, ’ਵਾਜਾਂ ਮਾਰੋ। ਹਰਿਮੰਦਰ ਦੀ ਨੀਂਹ ਦੇ ਲਾਗੇ, ਮੀਆਂ ਮੀਰ ਉਦਾਸ ਖੜ੍ਹਾ ਹੈ। ਡੌਰ ਭੌਰਿਆ ਪਰਿਕਰਮਾ ਵੱਲ ਵੇਖ ਰਿਹਾ ਹੈ।

ਜੀਵੇ ਧਰਤੀ ਪੰਜ ਦਰਿਆਵਾਂ ਦੀ

ਜੀਵੇ ਧਰਤੀ ਪੰਜ ਦਰਿਆਵਾਂ ਦੀ, ਸੀਨੇ ਵਿਚ ਬੀਜੇ ਚਾਵਾਂ ਦੀ। ਅੱਜ ਟੁੱਟ ਕੇ ਤੰਦੋ ਤੰਦ ਹੋਈ, ਇਹਦੇ ਤੇਜ਼ ਧੜਕਦੇ ਸਾਹਵਾਂ ਦੀ। ਓਧਰ ਵੀ ਪੀੜਾਂ, ਘੱਟ ਨਹੀਂ, ਏਧਰ ਵੀ ਸੁਪਨ ਕਰੰਡੇ ਗਏ । ਸੂਰਜ ਦੇ ਹੁੰਦਿਆਂ ਸੁੰਦਿਆਂ ਹੀ, ਅਸੀਂ ਸਿਖ਼ਰ ਦੁਪਹਿਰੇ ਵੰਡੇ ਗਏ । ਉਹ ਹੋਰ ਕਿਤਾਬਾਂ ਲੱਭਦੇ ਰਹੇ, ਅਸੀਂ ਹੋਰ ਕਿਤਾਬਾਂ ਪੜ੍ਹਦੇ ਰਹੇ । ਸੋਚਾਂ ਨੂੰ ਨਾਗਾਂ ਵੱਸ ਪਾ ਕੇ, ਅਸੀਂ ਦੋਸ਼ ਹਵਾ ਸਿਰ ਮੜ੍ਹਦੇ ਰਹੇ। ਤੀਜੇ ਦੀ ਚੁੱਕਣਾ ਵਿਚ ਆ ਕੇ, ਅਸੀਂ ਭੁੱਲ ਬੈਠੇ ਸਾਂ ਲੋੜਾਂ ਨੂੰ। ਨੇਰ੍ਹੇ ਵਿਚ ਗਲੀਆਂ ਛਾਣਦਿਆਂ, ਭੁੱਲੇ ਜਾਂ ਘਰ ਦੀਆਂ ਥੋੜਾਂ ਨੂੰ । ਅਸੀਂ ਸਿਰਫ਼ ਕਚੀਚੀਆਂ ਵੱਟਦੇ ਰਹੇ, ਸਾਨੂੰ ਪਿਆਰ ਭਰੱਪਣ ਭੁੱਲ ਗਿਆ। ਤੇ ਸਵਾਹ ਦੀਆਂ ਪੁੜੀਆਂ ਸਾਂਭਦਿਆਂ, ਸਾਡਾ ਘਿਉ ਦਾ ਪੀਪਾ ਡੁੱਲ੍ਹ ਗਿਆ। ਮਹੁਰੇ ਦਾ ਵਣਜ ਵਿਹਾਜਦਿਆਂ, ਰੇਤੇ ਵਿਚ ਖੰਡ ਦੀ ਬੋਰੀ ਗਈ। ਅਸੀਂ ਪਿੱਛੇ ਪਿੱਛੇ ਤੁਰਦੇ ਗਏ, ਇਹ ਨਾਗਣ ਜਿੱਧਰ ਤੋਰੀ ਗਈ। ਵੰਝਲੀ ਦੀ ਥਾਂ ਤੇ ਤੋਪਾਂ ਨੇ, ਜੋ ਬੋਲ ਉਚਾਰੇ, ਸੁਣਦੇ ਰਹੇ । ਇਕ ਦੂਜੇ ਦੇ ਖਣਵਾਦੇ ਨੂੰ, ਅਸੀਂ ਬਿਨਾਂ ਪੋਣੀਓਂ ਪੁਣਦੇ ਰਹੇ। ਮਿਹਣੇ ਦਰ ਮਿਹਣੇ ਦੇਂਦੇ ਰਹੇ, ਅਸੀਂ ਆਹ ਕੀਤਾ, ਤੁਸੀਂ ਆਹ ਕੀਤਾ। ਅੱਗਾਂ ਦੀਆਂ ਖੇਡਾਂ ਖੇਡਦਿਆਂ, ਅਸੀਂ ਆਪਣਾ ਵਕਤ ਤਬਾਹ ਕੀਤਾ। ਫੁੱਲਾਂ ਦੀਆਂ ਖਿੜੀਆਂ ਲੜੀਆਂ ਨੂੰ, ਨਫ਼ਰਤ ਦੇ ਨਾਲ ਸਵਾਹ ਕੀਤਾ। ਰਲ ਜੀਣ ਮਰਨ ਦੀ ਰਹਿਤਲ ਨੂੰ, ਅਸੀਂ ਹੱਥੀਂ ਆਪ ਜ਼ਿਬਾਹ ਕੀਤਾ। ਅਸੀਂ ਸਾਂਝੇ ਚੰਨ ਦੇ ਟੋਟੇ ਕਰ, ਬੱਸ ਤਾਰਿਆਂ ਨਾਲ ਹੀ ਪਰਚ ਗਏ । ਸਦੀਆਂ ਦੀ ਸਾਂਝੀ ਪੂੰਜੀ ਨੂੰ, ਐਟਮ ਦੀ ਖ਼ਾਤਰ ਖ਼ਰਚ ਗਏ । ਅਸੀਂ ਭਰ ਵਗਦੇ ਦਰਿਆਵਾਂ ਦੇ, ਪਾਣੀ ਵਿਚ ਲੀਕਾਂ ਵਾਹ ਲਈਆਂ। ਧੁੱਪਾਂ ਤੇ ਛਾਵਾਂ ਵੰਡ ਲਈਆਂ, ਤੇ ਵੱਖ-ਵੱਖ ਮੰਜੀਆਂ ਡਾਹ ਲਈਆਂ। ਅਸੀਂ ਵੰਡਦੇ ਵੰਡਦੇ ਭੁੱਲ ਗਏ ਸਾਂ, ਮਾਂ ਬੋਲੀ ਤਾਂ ਹੀ ਸਾਂਝੀ ਰਹੀ। ਪਰ ਵਰ੍ਹਿਆਂ ਤੀਕਰ ਪੁੱਤਰਾਂ ਦੇ, ਇਹ ਮੇਲ-ਮਿਲਾਪੋਂ ਵਾਂਝੀ ਰਹੀ। ਸਾਨੂੰ ਛਲਦੀ, ਦਲਦੀ, ਮਲਦੀ ਰਹੀ, ਚੱਕੀ ਸਮਿਆਂ ਦੀ ਬੇਕਿਰਕ ਜਹੀ। ਸਾਹਾਂ ਦੇ ਆਟੇ ਵਿਚ ਰਲ ਗਈ, ਇਸ ਕਰਕੇ ਹੀ ਕੁਝ ਕਿਰਕ ਜਹੀ। ਚਾਵਾਂ, ਦਰਿਆਵਾਂ, ਸਾਹਵਾਂ ਵਿਚ, ਗਲਘੋਟੂ ਧੂੰਆਂ ਆ ਵੜਿਆ। ਸਾਡੇ ਨੀਲ-ਬਲੌਰੀ ਅੰਬਰਾਂ ਤੇ , ਦਿਨ ਦੀਵੀਂ ਕਾਲਾ ਚੰਨ ਚੜ੍ਹਿਆ। ਰਾਤਾਂ ਦੀ ਨੀਂਦਰ ਸਹਿਮ ਗਈ, ਸੁਪਨੇ ਵੀ ਥਰ ਥਰ ਕੰਬਦੇ ਰਹੇ । ਅਸੀਂ ਰੱਸੀਆਂ ਦੇ ਸੱਪ ਮਾਰਨ ਲਈ, ਇੱਕ ਦੂਜੇ ਤਾਈਂ ਡੰਗਦੇ ਰਹੇ । ਅਕਲਾਂ ਨੂੰ ਜੰਦਰੇ ਮਾਰ ਲਏ, ਤੇ ਪਸ਼ੂਆਂ ਵਾਂਗੂੰ ਖਹਿੰਦੇ ਰਹੇ । ਨੇਰ੍ਹੇ ਵਿਚ ਝੱਗੋ ਝੱਗ ਹੋ ਕੇ, ਦੂਜੇ ਨੂੰ ਮੰਦੜਾ ਕਹਿੰਦੇ ਰਹੇ । ਸਰਹੱਦਾਂ, ਹੱਦਾਂ ਬਾਲ ਬਾਲ, ਅਸੀਂ ਲੜ ਲੜ ਮਰ ਮਰ ਵੇਖ ਲਿਆ। ਇਕ ਦੂਜੇ ਦੇ ਘਰ ਸਾੜ ਸਾੜ, ਅਸੀਂ ਕੋਲੇ ਕਰ ਕਰ ਵੇਖ ਲਿਆ। ਇਸ ਅਗਨ ਖੇਡ ਵਿਚ ਹਰ ਵਾਰੀ, ਪੰਜਾਬੀ ਹੀ ਸੀ ਜੀਅ ਮਰਦਾ। ਜੇ ਪੁੱਤਰਾਂ ਨੂੰ ਹੀ ਸ਼ਰਮ ਨਹੀਂ, ਰਾਵੀ ਦਾ ਪਾਣੀ ਕੀਹ ਕਰਦਾ ? ਸਤਿਲੁਜ ਤੇ ਬਿਆਸ ਉਦਾਸ ਜਹੇ, ਜੇਹਲਮ ਨੂੰ ਮਿਲਣੋਂ ਡਰਦੇ ਰਹੇ । ਸੋਹਣੀ ਦੇ ਝਨਾਂ ਨੂੰ ਤਰਨ ਲਈ, ਮਹੀਂਵਾਲ ਤਰਸ ਕੇ ਮਰਦੇ ਰਹੇ । ਦੋ ਚੁੱਲ੍ਹਿਆਂ ਤੇ ਇੱਕ ਟੱਬਰ ਦੀ, ’ਕੱਠੀ ਬਣ ਸਕਦੀ ਰੋਟੀ ਸੀ। ਵਿਚਕਾਹੇ ਬਲਦੀ ਲੀਕ ਜੇਹੀ, ਗੋਰੇ ਦੀ ਨੀਅਤ ਖੋਟੀ ਸੀ। ਅਸੀਂ ਨਫ਼ਰਤ ਨਫ਼ਰਤ ਖੇਡਦਿਆਂ, ਪਿਆਰਾਂ ਦੀ ਬਾਜ਼ੀ ਹਾਰ ਗਏ । ਅਸੀਂ ਕਣਕ ਕਪਾਹਾਂ ਵੇਚ ਵੇਚ, ਤੀਜੇ ਹੱਥ ਬਣ ਹਥਿਆਰ ਗਏ । ਹਥਿਆਰਾਂ ਤੋਂ, ਸਰਕਾਰਾਂ ਤੋਂ, ਧਰਤੀ ਦੇ ਖੇਖਣਹਾਰਾਂ ਤੋਂ। ਇਹ ਪਾਣੀ ਸੁੱਚੇ ਰੱਖਣੇ ਨੇ, ਹੁਣ ਰੱਤ ਦੇ ਵਣਜ ਵਪਾਰਾਂ ਤੋਂ। ਅਸੀਂ ਭਗਤ ਸਿੰਘ ਸਰਦਾਰ ਵਾਂਗ, ਲੈਣੀ ਏ ਗੁੜ੍ਹਤੀ ਦੁੱਲੇ ਤੋਂ। ਤੇ ਸਾਂਝੀ ਲੋਕ ਵਿਰਾਸਤ ਲਈ, ਖਾਣੀ ਏ ਬੁਰਕੀ ਬੁੱਲ੍ਹੇ ਤੋਂ । ਅਸੀਂ ਵਾਰਿਸ ਸ਼ਾਹ ਦੇ ਵਾਰਿਸ ਹਾਂ, ਤੇ ਨਾਨਕ ਦੀ ਸੰਤਾਨ ਵੀ ਹਾਂ। ਅੱਜ ਕਿੱਦਾਂ ਇਹ ਗੱਲ ਭੁੱਲ ਜਾਈਏ, ਕਲਬੂਤ ਅਲੱਗ, ਇੱਕ ਜਾਨ ਵੀ ਹਾਂ। ਵਰ੍ਹਿਆਂ ਦੀ ਕੁੜੱਤਣ ਪੀ ਪੀ ਕੇ, ਹੁਣ ਜਾਨ ਨੂੰ ਸੂਲੀ ਟੰਗਣਾ ਨਹੀਂ। ਇਕ ਦੂਜੇ ਦੀ ਸ਼ੁਭ ਖੈਰ ਬਿਨਾਂ, ਹੁਣ ਜੀਭੋਂ ਕੁੱਝ ਵੀ ਮੰਗਣਾ ਨਹੀਂ। ਇਨ੍ਹਾਂ ਪੰਜ ਦਰਿਆਈ ਪੁੱਤਰਾਂ ਨੂੰ, ਹੁਣ ਸਾਂਝੀ ਧੜਕਣ ਬਰ ਆਵੇ । ਤੇ ਰਿਸ਼ਮ ਰੁਪਹਿਲੀ ਦਿਨ ਚੜ੍ਹਦੇ, ਇਨ੍ਹਾਂ ਦੋਂਹ ਵੀਰਾਂ ਦੇ ਘਰ ਆਵੇ ।

ਗੀਤ

ਕਿੱਥੇ ਗਈਆਂ ਕੂੰਜਾਂ ਏਥੋਂ ਉੱਡ ਗਏ ਨੇ ਮੋਰ ਨੀ। ਬਣਿਆ ਪੰਜਾਬ ਮੇਰਾ ਹੋਰ ਦਾ ਹੀ ਹੋਰ ਨੀ। ਸਾਉਣ ਦੇ ਮਹੀਨੇ 'ਚ ਤਰੇੜੀ ਹੋਈ ਧਰਤੀ। ਪਿੰਡ ਨੇ ਉਦਾਸ ਤੇ ਚੁਫ਼ੇਰ ਚੁੱਪ ਵਰਤੀ। ਵਿਹਲਿਆਂ ਦੀ ਡਾਰ ਫਿਰੇ, ਬੰਦ ਹੋਈ ਭਰਤੀ। ਬਣ ਗਏ ਸਿਆਸੀ ਆਗੂ ਸਾਧੂ ਅਤੇ ਚੋਰ ਨੀ। ਫ਼ਸਲਾਂ ਨੇ ਸਿਰ ਸੁੱਟੇ ਆਡਾਂ ਨੇ ਪਿਆਸੀਆਂ। ਤਪਦੀ ਸਵੇਰ ਸ਼ਾਮਾਂ ਰਾਤਾਂ ਵੀ ਉਦਾਸੀਆਂ। ਪੁੱਤਰਾਂ ਦੇ ਹੱਥ ਵਿਚ ਦਾਰੂ ਤੇ ਗਲਾਸੀਆਂ। ਕਿਹੜੇ ਪਾਸੇ ਲਈ ਜਾਂਦਾ ਮਨ ਵਾਲਾ ਸ਼ੋਰ ਨੀ। ਟੁੱਟ ਗਿਆ ਸਾਕ ਹੁਣ ਚਾਟੀ ਤੇ ਮਧਾਣੀ ਦਾ। ਹਲਦੀ ਤੋਂ ਗੂੜ੍ਹਾ ਰੰਗ ਗਿੱਧਿਆਂ ਦੀ ਰਾਣੀ ਦਾ। ਲੱਭਦਾ ਨਾ ਸਿਰਾ ਕੋਈ ਉਲਝੀ ਕਹਾਣੀ ਦਾ। ਵਰ੍ਹਿਆਂ ਤੋਂ ਗੁੰਮ ਸੁੰਮ ਝਾਂਜਰਾਂ ਦੇ ਬੋਰ ਨੀ। ਸਿੰਜਿਆ ਹਮੇਸ਼ਾਂ ਸਾਨੂੰ ਇਹਦੇ ਪੰਜਾਂ ਪਾਣੀਆਂ। ਦੱਸਦੇ ਮਨੁੱਖ ਅਤੇ ਰੁੱਖ ਸਣੇ ਟਾਹਣੀਆਂ। ਪਾਈ ਜਾਵੇ ਦਿੱਲੀ ਹੁਣ ਹੋਰ ਹੀ ਕਹਾਣੀਆਂ । ਜੱਗ ਨਾਲੋਂ ਵੱਖਰੇ ਕਾਨੂੰਨ ਦੱਸੇ ਹੋਰ ਨੀ। ਨਹੀਉਂ ਅਸੀਂ ਭੁੱਲੇ ਹਾਲੇ ਰਾਵੀ ਤੇ ਚਨਾਬ ਨੂੰ । ਕਰੋ ਨਾ ਖੁਆਰ ਹੋਰ ਜ਼ਖ਼ਮੀ ਪੰਜਾਬ ਨੂੰ । ਖੁਸ਼ਬੂ ਨੂੰ ਤਰਸੇਂਗੀ ਪੁੱਟੀਂ ਨਾ ਗੁਲਾਬ ਨੂੰ । ਵੈਰਨੇ ਖ਼ੁਆਰੀ ਇਹਦੀ ਕਰੀਂ ਨਾ ਤੂੰ ਹੋਰ ਨੀ। ਨੱਥ ਪਾਉਣ ਲੱਗੇ ਵੇਖੋ ਸਾਡੇ ਦਰਿਆਵਾਂ ਨੂੰ । ਛਾਂਗ ਦੇਣਾ ਚਾਹੁੰਦੇ ਨੇ ਉਹ ਜ਼ਿੰਦਗੀ ਦੇ ਚਾਵਾਂ ਨੂੰ। ਸਮਝ ਨਾ ਆਵੇ ਸਾਡੇ ਸਕਿਆਂ ਭਰਾਵਾਂ ਨੂੰ । ਹੱਟੀਆਂ ’ਚ ਬਹਿ ਕੇ ਬੋਲੀ ਬੋਲਦੇ ਨੇ ਹੋਰ ਨੀ।

ਤਾਰਿਆਂ ਦੀ ਗੁਜ਼ਰਗਾਹ

(ਭਾਈ ਘਨੱਈਆ ਜੀ ਦੇ ਨਾਂ) ਉਸ ਦੇ ਹੱਥ ਵਿਚ ਸੌਂਪ ਕੇ ਮੱਲ੍ਹਮ ਦੀ ਡੱਬੀ। ਜ਼ਖ਼ਮੀਆਂ ਲਈ ਪੱਟੀਆਂ ਤੇ ਹੋਰ ਨਿਕ ਸੁਕ । ਉਸ ਨੂੰ ਬੱਸ ਉਸ ਦੇ ਗੁਰੂ ਨੇ ਇਹ ਕਿਹਾ ਸੀ, “ਜ਼ਿੰਦਗੀ ਖ਼ੁਦ ਵੀ ਨਿਰੰਤਰ ਜੰਗ ਲੰਮੀ,” ਬਿਨ ਕਿਸੇ ਹਥਿਆਰ ਦੇ, ਦਸ਼ਮਣਾਂ ਤੇ ਵਾਰ ਦੇ, ਲੜਨ ਦਾ ਇਹ ਵੀ ਅਲੌਕਿਕ ਢੰਗ ਹੀ ਹੈ। ਮਰਨ ਮਾਰਨ ਨਾਲ ਨਾ ਮੁੱਕਦੀ ਕਦੇ ਕੋਈ ਲੜਾਈ। ਤੂੰ ਜਦੋਂ ਵੀ ਜਦ ਕਿਤੇ ਵੀ, ਰੰਗ, ਨਸਲਾਂ, ਜ਼ਾਤ, ਗੋਤਾਂ ਤੋਂ ਪਰੇਡੇ। ਨੇੜ ਜਾਂ ਹੋਵੇ ਦੁਰੇਡੇ। ਜ਼ਖ਼ਮ ਵੇਖੇਂ ਤੁਰਤ ਜਾਵੀਂ। ਓਸ ਥਾਂ ਜ਼ਖਮੀ ਨੂੰ ਜਾ ਕੇ ਮਲ੍ਹਮ ਲਾਵੀਂ। ਜੇ ਕੋਈ ਹੋਵੇ ਪਿਆਸਾ। ਜਾਂ ਦਿਸੇ ਕੋਈ ਨਿਰਾਸਾ। ਓਸ ਦੇ ਮੂੰਹ ਬੂੰਦ ਪਾਵੀਂ। ਜ਼ਿੰਦਗੀ ਦਾ ਗੀਤ ਗਾਵੀਂ। ਉਸ ਨੂੰ ਬੱਸ ਉਸਦੇ ਗੁਰੂ ਨੇ ਇਹ ਕਿਹਾ ਸੀ। ਤੂੰ ਜਦੋਂ ਵੇਖੇਂ ਧਰਤ ਤੇ ਖ਼ੂਨ ਡੁੱਲ੍ਹਿਆ। ਜਾਂ ਕੋਈ ਰਾਹਗੀਰ ਭੁੱਲਿਆ। ਪੌਣ ਵਿਚ ਜ਼ਹਿਰਾਂ ਦੇ ਕਾਰਨ ਸਵਾਸ ਫੁੱਲਿਆ। ਪਾਣੀਆਂ ਵਿਚ ਜਦ ਵੀ ਸਮਝੇਂ ਜ਼ਹਿਰ ਘੁਲਿਆ। ਓਸ ਥਾਂ ਤੇ ਪਹੁੰਚ ਜਾਵੀਂ ਤੇ ਸੁਣਾਵੀਂ। ਪਵਣ ਗੁਰ, ਪਾਣੀ ਪਿਤਾ ਤੇ ਧਰਤ ਮਾਤਾ। ਜੇ ਇਨ੍ਹਾਂ ਤਿੰਨਾਂ ਨੇ ਸਾਡੇ ਨਾਲ ਨਾ ਕੋਈ ਫ਼ਰਕ ਜਾਤਾ। ਕਿਉਂ ਅਸੀਂ ਖੂੰਖਾਰ ਹੋਏ। ਪਾਣੀ ਰੱਤੋ ਰੱਤ ਹੋਏ। ਤੇ ਹਵਾ ’ਚੋਂ ਜ਼ਹਿਰ ਚੋਏ। ਉਸ ਨੂੰ ਬੱਸ ਉਸ ਦੇ ਗੁਰੂ ਨੇ ਇਹ ਕਿਹਾ ਸੀ। ਓਸ ਨੇ ਉਪਦੇਸ਼ ਨੂੰ ਪੱਲੇ ’ਚ ਬੰਨ੍ਹਿਆ। ਹੁਕਮ ਗੁਰ ਦਾ ਸੱਚ ਮੰਨਿਆ। ਸਮਝ ਤੁਰਿਆ, ਕਰ ਲਈ ਉਮਰਾਂ ਦੀ ਖੱਟੀ। ਜ਼ਿੰਦਗੀ ਨੂੰ ਤੋਰ ਮਿਲ ਗਈ ਬਖ਼ਸ਼ ਦਿੱਤੀ ਇਹ ਗੁਰਾਂ ਜੋ ਮੱਲ੍ਹਮ ਪੱਟੀ। ਚੱਲ ਰਿਹਾ ਸੀ ਗੁਰ ਨਿਰੰਤਰ ਅੰਗ ਸੰਗੇ। ਦੇ ਰਿਹਾ ਸੀ ਬਲ ਬਿਨਾਂ ਉਹ ਮੂੰਹੋਂ ਮੰਗੇ। ਹੁਣ ਉਹ ਪੂਰਾ ਕਾਫ਼ਲਾ ਸੀ, ਓਸ ਦੇ ਹੱਥਾਂ 'ਚ ਹੁਣ ਕਿਪਾਨ ਨਹੀਂ ਸੀ। ਤੁਰ ਰਿਹਾ ਸੀ ਮੁਕਤ ਡਰ ਤੋਂ, ਇਕ ਇਕੱਲੀ ਜਾਨ ਨਹੀਂ ਸੀ। ਕੁਝ ਕੁ ਪਲ ਪਹਿਲਾਂ ਸੀ ਜਿਹੜਾ ਕੱਖ ਵਰਗਾ। ਓਹੀ ਬੰਦਾ ਬਣ ਗਿਆ ਸੀ ਲੱਖ ਵਰਗਾ। ਸਭ ਨੂੰ ਇੱਕ ਸਮਝਣ ਦੀ ਸ਼ਕਤੀ। ਉਸ ਦੇ ਹਿਰਦੇ ਬਲ ਰਹੀ ਸੀ ਜੋਤ ਐਸੀ। ਜਿੱਤ ਦਾ ਨਿਸ਼ਚਾ ਗੁਰੂ ਦੀ ਅੱਖ ਵਰਗਾ। ਉਸ ਜਦੋਂ ਸੀ ਵੇਖਿਆ, ਹੱਥ ਤੇ ਹਥਿਆਰ ਦੋਵੇਂ ਲੜ ਰਹੇ ਨੇ, ਮਰ ਰਹੇ ਨੇ। ਸੋਚਦਾ ਸਭ ਲੋਕ ਇਹ ਕੀ ਕਰ ਰਹੇ ਨੇ ? ਹੱਥ ਤਾਂ ਹੁੰਦੈ ਹਮੇਸ਼ਾ ਕਰਮ ਖ਼ਾਤਰ। ਵਰਤਣਾ ਹੁੰਦੈ ਹਮੇਸ਼ਾ ਧਰਮ ਖ਼ਾਤਰ । ਧਰਮ ਤਾਂ ਹੁੰਦੈ ਭਲਾ ਸਰਬੱਤ ਵਾਲਾ। ਹੱਥ ਕਿਉਂ ਬਣਦੈ ਬੇਗਾਨੀ ਮੱਤ ਵਾਲਾ ? ਸੋਚਦਾ ਫਿਰ ਕਿਉਂ ਬਣੇ ਹਥਿਆਰ ਸਾਰੇ। ਇਕ ਦੂਜੇ ਨੂੰ ਰਹੇ ਨੇ ਮਾਰ ਸਾਰੇ। ਜੰਗ ਦੇ ਮੈਦਾਨ ਅੰਦਰ, ਇਕ ਦਿਨ ਸੀ ਅਜਬ ਕੌਤਕ ਵਰਤਿਆ। ਇੱਕ ਪਾਸੇ ਓਸ ਦਾ ਆਪਣਾ ਗੁਰੂ ਸੀ। ਦੂਜੇ ਪਾਸੇ ਮੁਗਲ ਫੌਜਾਂ। ਹੱਥ ਤੇ ਹਥਿਆਰ ਦੋਵੇਂ ਭਿੜ ਰਹੇ ਸਨ। ਉਸ ਦੇ ਮਨ ਅੰਦਰ ਅਨੋਖੀ ਜੰਗ ਸ਼ੁਰੂ ਸੀ। ਮੈਂ ਭਲਾ ਕਿੱਥੇ ਖਲੋਵਾਂ ? ਇੱਕ ਪਾਸੇ ਗੁਰ-ਪਿਆਰਾ। ਦੂਜੇ ਪਾਸੇ ਮੁਗਲ ਫੌਜਾਂ ਹੜ੍ਹ ਦੇ ਵਾਂਗੂੰ, ਦਿਸਦਾ ਨਾ ਦੂਜਾ ਕਿਨਾਰਾ। ਉਹ ਕਦੇ ਕਿਰਪਾਨ ਵੇਖੇ, ਹੱਥ ਪਾਵੇ। ਫੇਰ ਇਕ ਦਮ ਠਹਿਰ ਜਾਵੇ। ਮਨ ਦੀ ਧਰਤੀ ਵਿਚ ਅਨੋਖੀ ਖਲਬਲੀ ਸੀ। ਸ਼ਸਤਰਾਂ ਨੂੰ ਨਾਲ ਲੈ ਕੇ ਮੈਂ ਗੁਰੂ ਦੇ ਮਗਰ ਜਾਵਾਂ। ਕਹਿ ਸੁਣਾਵਾਂ। ਲੈ ਗੁਰੂ ! ਮੈਂ ਆ ਗਿਆ ਹਾਂ। ਪਰ ਨਹੀਂ! ਹਰਗਿਜ਼ ਨਹੀਂ! ਗੁਰੂ ਨੇ ਮੈਨੂੰ ਸੀ ਜਿਹੜਾ ਰਾਹ ਵਿਖਾਇਆ। ਭਟਕਦੇ ਮੱਥੇ ’ਚ ਜਿਹੜਾ ਦੀਪ ਧਰਿਆ, ਤੇ ਗੁਰੂ ਨੇ ਜੋ ਪੜ੍ਹਾਇਆ। ਉਹ ਤਾਂ ਇਸ ਤੋਂ ਬਹੁਤ ਵੱਖ ਹੈ। ਜੋ ਗੁਰੂ ਨੇ ਮੈਨੂੰ ਹੱਥੀਂ ਆਪ ਬਖ਼ਸ਼ੀ, ਉਹ ਤਾਂ ਦੋ ਅੱਖਾਂ ਤੋਂ ਉੱਪਰ ਤੀਜੀ ਅੱਖ ਹੈ। ਹਰ ਕਿਸੇ ਮਾਣਸ ਨੂੰ ਇੱਕ ਪਹਿਚਾਣਦੀ ਹੈ। ਧਰਮ ਕੀ ਹੈ, ਕਰਮ ਕੀ ਹੈ ? ਅੰਦਰੋਂ ਧੁਰ ਜਾਣਦੀ ਹੈ। ਇੱਕ ਹੀ ਓਂਕਾਰ ਦਾ ਜੇ ਸਭ ’ਚ ਵਾਸਾ। ਕਿਉਂ ਮਰੇ ਇਸ ਧਰਤ ਤੇ ਕੋਈ ਪਿਆਸਾ। ਇੱਕ ਹੈ ਓਂਕਾਰ ਮੈਂ ਬਾਣੀ ਪੜ੍ਹਾਂਗਾ। ਮੈਂ ਗੁਰੂ ਦੀ ਫ਼ੌਜ ਵਿਚ ਵੱਖਰਾ ਲੜਾਂਗਾ। ਹੱਥ ਵਿਚ ਲੈ ਮੱਲ੍ਹਮ-ਪੱਟੀ, ਮੋਢਿਆਂ ਤੇ ਮਸ਼ਕ ਪਾਣੀ। ਜ਼ਖ਼ਮੀਆਂ ਦੀ ਓਸ ਨਾ ਜ਼ਾਤੀ ਪਛਾਣੀ। ਪੜ੍ਹ ਰਿਹਾ ਸੀ ਮਨ ’ਚ ਬਾਣੀ। ਦੇ ਰਿਹਾ ਸੀ ਸਭ ਨੂੰ ਪਾਣੀ। ਤੜਫਦੇ ਮੂੰਹਾਂ ਦੇ ਅੰਦਰ ਨੀਰ ਪਾਵੇ। ਜ਼ਖ਼ਮੀਆਂ ਨੂੰ ਮੱਲ੍ਹਮ ਲਾਵੇ। ਜ਼ਾਤ ਗੋਤਾਂ ਧਰਮ ਪਿੱਛੇ ਰਹਿ ਗਏ ਸਨ। ਉਸ ਨੂੰ ਹਰ ਪਲ ਇੰਝ ਸੁਣਦਾ, ਜਿਉਂ ਗੁਰੂ ਜੀ ਕਹਿ ਰਹੇ ਸਨ। ਤੇਰਾ ਕਰੜਾ ਸਭ ਤੋਂ ਵੱਖਰਾ ਇਮਤਿਹਾਨ। ਸ਼ੁਕਰ ਹੈ ਤੂੰ ਸਬਕ ਵੱਲੋਂ ਡੋਲਿਆ ਨਹੀਂ। ਜੰਗ ਦੇ ਮੈਦਾਨ ਵਿਚ ਬੇਗਰਜ਼ ਹੋ ਕੇ, ਤੂੰ ਜਿਵੇਂ ਸੇਵਾ ਨਿਭਾਈ, ਧੰਨ ਹੈਂ ਤੂੰ, ਜਿਸ ਮੇਰਾ ਉਪਦੇਸ਼ ਮਿੱਟੀ ਰੋਲਿਆ ਨਹੀਂ। ਤੂੰ ਜਿਵੇਂ ਦਿਨ ਰਾਤ ਸਾਂਭੀ ਜੁੰਮੇਵਾਰੀ। ਮੈਂ ਤੇਰੇ ਬਲਿਹਾਰ, ਜਾਵਾਂ ਤੈਥੋਂ ਵਾਰੀ। ਜੇ ਕਿਤੇ ਤੂੰ ਮੇਰੇ ਦੱਸੇ ਰਾਹ ਤੋਂ ਕਿਧਰੇ ਥਿੜਕ ਜਾਂਦਾ। ਸੱਚ ਜਾਣੀ! ਮੇਰਾ ਵੀ ਵਿਸ਼ਵਾਸ ਉਸ ਪਲ ਤਿੜਕ ਜਾਂਦਾ। ਤੂੰ ਮੇਰੇ ਵਿਸ਼ਵਾਸ ਦਾ ਸਾਲਮ ਸਬੂਤਾ, ਖ਼ੁਦ ਗਵਾਹ ਹੈਂ। ਅੱਜ ਤੋਂ ਤੂੰ ਆਦਮੀ ਨਹੀਂ ਕਾਲ-ਬੱਧਾ, ਹੋ ਗਿਐਂ ਅਨੰਤ ਤੇ ਅਕਾਲ, ਹੁਣ ਤੂੰ ਆਪ ਰਾਹ ਹੈਂ! ਮਰਨ ਮਾਰਨ ਵਾਲਿਆਂ ਤੋਂ ਬਹੁਤ ਉੱਚਾ, ਜ਼ਿੰਦਗੀ ਦਾ ਸੁਪਨ ਸੁੱਚਾ, ਤਾਰਿਆਂ ਦੀ ਗੁਜ਼ਰਗਾਹ ਹੈਂ!

ਧਰਤੀ ਮਾਏ ਸਾਂਭ ਕੇ ਰੱਖੀਂ

(ਰਾਏ ਅਜ਼ੀਜ਼ ਉੱਲ੍ਹਾ ਖਾਂ ਦੇ ਨਾਂ) ਧਰਤੀ ਮਾਏ ਸਾਂਭ ਕੇ ਰੱਖੀਂ, ਇਹ ਜੋ ਅੱਥਰੂ ਚਾਰ ਕੁ ਮੇਰੇ । ਮੈਂ ਤਾਂ ਚੱਲਿਆਂ ਦੂਰ ਦੇਸ ਤੋਂ, ਸਾਰਾ ਬਾਗ ਹਵਾਲੇ ਤੇਰੇ । ਤੇਰੀ ਕੁਖ਼ ਦਾ ਜੰਮਿਆ ਜਾਇਆ, ਅੱਜ ਅਚਾਨਕ ਤੁਰ ਚੱਲਿਆ ਹਾਂ। ਤੂੰ ਹੀ ਮੈਨੂੰ ਵੱਡਿਆਂ ਕੀਤਾ, ਤੇਰੇ ਹੁੰਦਿਆਂ ਭੁਰ ਚੱਲਿਆ ਹਾਂ। ਮੀਂਹ ਵਾਂਗੂੰ ਘਟਨਾਵਾਂ ਝੰਬਿਆ, ਟਿੱਕੀ ਵਾਂਗੂੰ ਖੁਰ ਚੱਲਿਆ ਹਾਂ। ਅਗਲਾ ਸਫ਼ਰ ਖ਼ਬਰ ਨਹੀਂ ਮੈਨੂੰ, ਕਿੱਥੇ ਜਾ ਕੇ ਲੱਗਣੇ ਡੇਰੇ। ਖੰਭ ਕੁਤਰ ਕੇ ਹੁਕਮ ਸੁਣਾਇਆ, ਚੱਲ ਪੰਛੀਆ ਮਾਰ ਉਡਾਰੀ। ਪੈਰਾਂ ਵਿਚ ਉਲਝੀਆਂ ਡੋਰਾਂ, ਬਣੀ ਮੁਸੀਬਤ ਸਿਰ ਤੇ ਭਾਰੀ। ਕਿਰਚਾਂ ਵਰਗੇ ਬੰਦੇ ਹੋਏ, ਸਾਂਝਾਂ ਦੇ ਮੁੱਢ ਫਿਰ ਗਈ ਆਰੀ। ਆਲ੍ਹਣਿਆਂ ਨੂੰ ਤੋੜ ਤਾੜ ਕੇ, ਬੋਟ ਅਲੂੰਏਂ ਕਾਵਾਂ ਘੇਰੇ । ਨਾ ਪੜਿਆ ਨਾ ਸੁਣਿਆ ਕਿਧਰੇ, ਜੋ ਇਤਿਹਾਸ ਅਸਾਂ ਸੰਗ ਕੀਤਾ। ਦਰਿਆਵਾਂ ਬੰਨ੍ਹ ਮਾਰ ਕੇ, ਕਿਹੜੇ ਯੁਗ ਦਾ ਬਦਲਾ ਲੀਤਾ। ਧਰਮ ਕਰਮ ਨੂੰ ਪਿੱਛੇ ਛੱਡ ਕੇ, ਸਾਡਾ ਖ਼ੂਨ ਪਿਆਲੀਂ ਪੀਤਾ। ਲੀਕਾਂ ਵਾਲੇ ਆਖ ਰਹੇ ਨੇ, ਤੁਸੀਂ ਨਹੀਂ ਕੁਝ ਲੱਗਦੇ ਮੇਰੇ । ਕਾਹਦਾ ਮਾਏ ਮਾਣ ਕਿ ਤੇਰੀ, ਬੁੱਕਲ ਦੇ ਵਿਚ ਰਹਿ ਨਹੀਂ ਸਕਦਾ। ਪਲਕੀਂ ਅੱਥਰੂ ਮਣ ਮਣ ਭਾਰੇ, ਦਰਦ ਕਹਾਣੀ ਕਹਿ ਨਹੀਂ ਸਕਦਾ। ਜਿਸ ਮੰਜੇ ਨੂੰ ਹੱਥੀਂ ਉਣਿਆ, ਉਸਦੀ ਬਾਹੀ ਬਹਿ ਨਹੀਂ ਸਕਦਾ। ਅੱਜ ਤੋਂ ਬਾਅਦ ਨਾ ਏਥੇ ਰਹਿ ਕੇ, ਤੱਕਣੇ ਰਾਤ ਦਿਵਸ ਦੇ ਫੇਰੇ । ਅੰਤਿਮ ਇਸ ਗਲਵੱਕੜੀ ਦਾ ਨਿੱਘ, ਰੱਬ ਵੀ ਮੈਥੋਂ ਖੋਹ ਨਹੀਂ ਸਕਦਾ। ਰਾਤੋ ਰਾਤ ਬਦਲ ਜਾਂ ਅੱਖੀਆਂ, ਏਨਾ ਕਾਫ਼ਰ ਹੋ ਨਹੀਂ ਸਕਦਾ। ਆਓ ਵੀਰਾ! ਰਲ ਕੇ ਰੋਈਏ, ਭਾਰ ਮੈਂ ’ਕੱਲਾ ਢੋਹ ਨਹੀਂ ਸਕਦਾ। ਤਖ਼ਤਾਂ ਵਾਲੇ ਤਖ਼ਤ ਸੰਭਾਲਣ, ਆ ਜਾ ਤੂੰ ਗਲ ਲੱਗ ਜਾ ਮੇਰੇ । ਮੈਂ ਤਾਂ ਚੱਲਿਆ ਦੂਰ ਦੇਸ ’ਤੋਂ ਸਾਰਾ ਬਾਗ ਹਵਾਲੇ ਤੇਰੇ ।

ਸੰਤਾਲੀ ਵੇਲੇ ...

ਸੰਤਾਲੀ ਵੇਲੇ ਉੱਜੜਨ ਦੀ ਗੱਲ, ਮਾਂ ਦੇ ਮਨ ਤੋਂ ਲਹਿੰਦੀ ਨਹੀਂ। ਮੈਂ ਲੱਖ ਵਾਰੀ ਸਮਝਾਇਆ ਏ, ਉਹ ਇਸ ਨੂੰ ਆਜ਼ਾਦੀ ਕਹਿੰਦੀ ਨਹੀਂ। ਇਹ ਧਰਤੀ ਬੇਗਾਨੀ ਮੇਰੇ ਲਈ, ਤੁਸੀਂ ਪੜ੍ਹੇ ਲਿਖੇ ਜੋ ਮਰਜ਼ੀ ਕਹੋ । ਮੇਰੇ ਹਰ ਸਾਹ ਅੰਦਰ ਲਾਟਾਂ ਨੇ, ਤੁਸੀਂ ਬਲਦੀ ਅੱਗ ਦਾ ਸੇਕ ਹੋ । ਮੈਂ ਸਾਫ਼ ਸਾਫ਼ ਸਮਝਾ ਦੇਵਾਂ, ਜੇ ਕੁਝ ਪਲ ਮੇਰੇ ਕੋਲ ਬਹੋ । ਉਹਦੇ ਦਿਲ ਵਿਚ ਬੇਵਿਸ਼ਵਾਸੀ ਜੋ, ਉਹਨੂੰ ਆਖਣ ਤੋਂ ਕਦੇ ਰਹਿੰਦੀ ਨਹੀਂ। ਉਹ ਹਰ ਪਲ ਚੇਤੇ ਕਰਦੀ ਏ, ਉਹ ਵੱਸਦੇ ਰਸਦੇ ਘਰ ਛੱਡੇ । ਜਿੰਨ੍ਹਾਂ 'ਚੋਂ ਗੱਡਾ ਲੰਘਦਾ ਸੀ, ਉਹ ਖੁੱਲ੍ਹ ਮ ਖੁੱਲ੍ਹੇ ਦਰ ਛੱਡੇ । ਉਹ ਘੜੀ ਮੁੜੀ ਇਹ ਪੁੱਛਦੀ ਏ, ਕਿਸ ਚੰਦਰੇ ਸਾਡੇ ਪਰ ਵੱਢੇ । ਉਹਦੇ ਦਿਲ ਵਿਚ ਬਣੀ ਲਕੀਰ ਜਹੀ, ਲੱਖ ਚਾਹਿਆਂ ਫਿੱਕੀ ਪੈਂਦੀ ਨਹੀਂ। ਜਦੋਂ ਬੇਸ਼ਰਮੀ ਦੀ ਪਾਣ ਚੜ੍ਹੀ ਸੀ, ਧਰਮਾਂ ਦੇ ਹਥਿਆਰਾਂ ਨੂੰ। ਤੂੰ ਤੱਕਦਾ ਝੱਗੋ ਝੱਗ ਹੋਏ, ਪਾਗਲਾਂ ਬੰਦਿਆਂ ਦੀਆਂ ਵਾਹਰਾਂ ਨੂੰ। ਜੇ ਤੱਕਦਾ ਤੂੰ ਬਘਿਆੜ ਬਣੇ, ਕੁੱਤਿਆਂ ਹੱਥ ਕੈਦਣ ਨਾਰਾਂ ਨੂੰ। ਜਿੰਨ੍ਹਾਂ ਦੇ ਹੱਥਾਂ ਅੱਜ ਤੱਕ ਵੀ, ਸ਼ਗਨਾਂ ਦੀ ਵੇਖੀ ਮਹਿੰਦੀ ਨਹੀਂ। ਜੋ ਓਧਰ ਵੀ ਧਨਵੰਤੇ ਸੀ, ਉਹ ਏਧਰ ਵੀ ਰਜਵਾੜੇ ਨੇ । ਡਾਢੇ ਦੀ ਸ਼ਾਨ ਸਲਾਮਤ ਹੈ, ਲਿੱਸਿਆਂ ਨੂੰ ਪੈਂਦੇ ਧਾੜੇ ਨੇ । ਮੁਜਰਿਮ ਤੇ ਰਾਜ ਘਰਾਣਿਆਂ ਦੇ, ਰਿਸ਼ਤੇ ਪਹਿਲਾਂ ਤੋਂ ਗਾੜ੍ਹੇ ਨੇ । ਨਿੱਤ ਕੂੜ ਦੀ ਕੰਧ ਤੇ ਵਾਰ ਚੜ੍ਹੇ, ਕਿਉਂ ਸੱਚ ਦੇ ਕੋਲੋਂ ਢਹਿੰਦੀ ਨਹੀਂ। ਉਹ ਅੱਜ ਵੀ ਅੱਖਾਂ ਭਰ ਲੈਂਦੀ, ਕਰ ਯਾਦ ’ਕਵਾਸੀ ਰੋਟੀ ਨੂੰ। ਜੀਅ ਭਰਕੇ ਗੁੱਸਾ ਕੱਢਦੀ ਹੈ, ਤੱਕ ਲਾਠੀ ਅਤੇ ਲੰਗੋਟੀ ਨੂੰ। ਜੋ ਦਿਨ ਦੀਵੀਂ ਨਾ ਜਾਣ ਸਕੀ, ਬਿੱਲੇ ਦੀ ਨੀਅਤ ਖੋਟੀ ਨੂੰ । ਉਹ ਅਨਪੜ੍ਹ ਹੋ ਕੇ ਵੇਖ ਲਵੋ, ਸੱਚ ਕਹਿਣੋਂ ਕਦੇ ਤਰਹਿੰਦੀ ਨਹੀਂ। ਉਹ ਅਕਸਰ ਇਹ ਗੱਲ ਪੁੱਛਦੀ ਹੈ, ਕਿਉਂ ਟੋਡੀ ਬੱਚੇ ਅੱਗੇ ਨੇ । ਜਿੰਨ੍ਹਾਂ ਜ਼ਿੰਦਗੀ ਵਾਰੀ ਦੇਸ਼ ਲਈ, ਕਿਉਂ ਨੁੱਕਰਾਂ ਦੇ ਵਿਚ ਲੱਗੇ ਨੇ । ਕਿਉਂ ਲੋਕਾਂ ਦੇ ਮਨ ਵਿਚ ਬੈਠਾ, ਉਹ ਮੁੜ ਠੱਗੇ ਕਿ ਠੱਗੇ ਨੇ । ਕਿਉਂ ਰਾਜ ਭਵਨ ਦੇ ਮੱਥੇ ਤੋਂ, ਤੋਪਾਂ ਦੀ ਦਹਿਸ਼ਤ ਲਹਿੰਦੀ ਨਹੀਂ। ਮੇਰਾ ਬਾਪੂ ਵੀ ਕੁਝ ਏਦਾਂ ਦੇ, ਕਈ ਹਾਉਕੇ ਲੈ ਕੇ ਦੂਰ ਗਿਆ। ਕਈ ਦਰਦ-ਕਹਾਣੀਆਂ ਹਿੱਕ ਵਿਚ ਲੈ, ਇੱਕ ਸਦੀ ਪੁਰਾਣਾ ਪੂਰ ਗਿਆ। ਉਹ ਤੁਰ ਗਏ ਤਾਂ ਲਿਸ਼ਕੋਰ ਗਈ, ਤੇ ਜ਼ਿੰਦਗੀ ਵਿਚੋਂ ਨੂਰ ਗਿਆ। ਨੇਰ੍ਹੇ ਦੀ ਮਾਚਸ ਸਿੱਲ੍ਹੀ ਤੇ, ਕਿਉਂ ਸੱਚ ਦੀ ਤੀਲੀ ਖਹਿੰਦੀ ਨਹੀਂ ? ਉਹਦੇ ਦਿਲ ਨੂੰ ਡੋਬੂ ਪੈਂਦੇ ਨੇ, ਮੇਰੀ ਵੇਖ ਤਬੀਅਤ ਢਿੱਲੀ ਨੂੰ । ਉਹਨੂੰ ਬੇਹੱਦ ਔਖਾ ਲੱਗਦਾ ਹੈ, ਮੇਰਾ ਆਉਣਾ ਜਾਣਾ ਦਿੱਲੀ ਨੂੰ। ਦੁੱਧ ਜੂਠਾ ਹੀ ਨਾ ਕਰ ਜਾਵੇ, ਉਹ ਰਵ੍ਹੇ ਘੂਰਦੀ ਬਿੱਲੀ ਨੂੰ । ਮੈਂ ਸੀਸ ਝੁਕਾਵਾਂ ਹੋਰ ਕਿਤੇ, ਮਾਂ ਇਹ ਗੱਲ ਹਰਗਿਜ਼ ਸਹਿੰਦੀ ਨਹੀਂ। ਤੂੰ ਚੋਰ ਚੋਰ ਨਾ ਆਖਿਆ ਕਰ, ਮੈਂ ਹੋੜ ਰਿਹਾ, ਮੈਂ ਹਟਕ ਰਿਹਾ। ਉਹ ਅੱਗੋਂ ਮੈਨੂੰ ਕਹਿੰਦੀ ਏ, ਤੂੰ ਏਸੇ ਕਰਕੇ ਭਟਕ ਰਿਹਾ। ਤੂੰ ਦੋਚਿੱਤੀ ਦਾ ਡੰਗਿਆ ਏਂ, ਵਿਚਕਾਰੇ ਤਾਂ ਹੀ ਲਟਕ ਰਿਹਾ। ਜੋ ਅੱਜ ਦੇ ਦਿਨ ਵੀ ਝੂਠ ਕਹੇ, ਉਹ ਮਾਂ ਫਿਰ ਮਾਂ ਵੀ ਰਹਿੰਦੀ ਨਹੀਂ।

ਸਰਹੰਦ ਵਿਚੋਂ ਲੰਘਦਿਆਂ

(ਛੋਟੇ ਸਾਹਿਬਜ਼ਾਦਿਆਂ ਦੀ 300 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ) ਸਰਹੰਦ ਦਾ ਵਿਸਥਾਰ ਹੋ ਗਿਆ। ਹਰ ਬੂਹਾ ਦੀਵਾਰ ਹੋ ਗਿਆ। ਸੁਪਨੇ ਨੀਹਾਂ ਦੇ ਵਿਚ ਚਿਣਦੈ, ਹਰ ਬੰਦਾ ਸਰਕਾਰ ਹੋ ਗਿਆ। ਦੱਸੋ ਗੁਜਰੀ ਮਾਂ ਕਿੱਥੇ ਹੈ ? ਪੋਤਰਿਆਂ ਦੀ ਛਾਂ ਕਿੱਥੇ ਹੈ ? ਠੰਢਾ ਬੁਰਜ ਮਰਮਰੀ ਕੀਤਾ, ਦੱਸੋ ਅਸਲੀ ਥਾਂ ਕਿੱਥੇ ਹੈ ? ਔਰੰਗਜ਼ੇਬ ਉਦਾਸ ਖੜ੍ਹਾ ਹੈ। ਬਿਲਕੁਲ ਸਾਡੇ ਪਾਸ ਖੜ੍ਹਾ ਹੈ। ਇਸ ਨੇ ਜਿਸਦੀ ਅਲਖ ਮੁਕਾਈ, ਉਹ ਤਾਂ ਬਣ ਇਤਿਹਾਸ ਖੜ੍ਹਾ ਹੈ। ਨੀਹਾਂ ਵਿਚ ਵਿਸ਼ਵਾਸ ਖੜ੍ਹਾ ਹੈ। ਫ਼ਰਜ਼ਾਂ ਦਾ ਅਹਿਸਾਸ ਖੜ੍ਹਾ ਹੈ। ਸਰਬ ਸਮੇਂ ਦਾ ਹਾਣੀ ਹੋ ਕੇ, ਵਿਰਸਾ ਬਣ ਧਰਵਾਸ ਖੜ੍ਹਾ ਹੈ। ਆਲਮਗੀਰ ਕਹਾਉਂਦਾ ਦੌਲਤਮੰਦ ਕਿੱਥੇ ਹੈ ? ਇੱਟਾਂ ਚੂਨੇ ਨਾਲ ਉਸਾਰੀ ਕੰਧ ਕਿੱਥੇ ਹੈ ? ਦੋ ਲਾਲਾਂ ਦਾ ਜੋੜਾ ਅੱਜ ਲਲਕਾਰ ਕੇ ਪੁੱਛੇ, ਹੁਕਮ ਹਕੂਮਤ ਤੇ ਸੂਬਾ ਸਰਹੰਦ ਕਿੱਥੇ ਹੈ ? ਮਹਿਰਾ ਮੋਤੀ ਰਾਮ ਜਿਉਂਦਾ ਆਪ ਪਛਾਣੋ। ਹਰ ਲੰਗਰ ਵਿਚ ਸੇਵਾ ਕਰਦੈ ਆਪਣਾ ਜਾਣੋ। ਪੰਥ ਗੁਰਾਂ ਦੇ ਮਾਰਗ ਤੇ ਸੇਵਾ ਵਿਚ ਰੁੱਝਾ, ਸਬਰ ਅਤੇ ਸੰਤੋਖ ਦੀ ਮੂਰਤ ਆਪ ਪਛਾਣੋ। ਅੰਤਰ ਧਿਆਨ ਨੂੰ ਜੋੜੋ ਬਿਰਤੀ ਕਰੋ ਇਕਾਗਰ । ਆਪਣੇ ਮਨ ’ਚੋਂ ਕੱਢੋ ਇਸ ਪਲ ਵਣਜ ਸੌਦਾਗਰ । ਉਸ ਬੰਦੇ ਦੀ ਬੁੱਕਲ ਵਿਚ ਕੀਹ ਨਿੱਘ ਹੋਵੇਗਾ ? ਦਸਮ ਪਿਤਾ ਨੇ ਬਖਸ਼ਿਆ ਜਿਸ ਨੂੰ ਗੰਗਾ ਸਾਗਰ। ਅਸ਼ਰਫੀਆਂ ਦੇ ਟੋਡਰ ਮੱਲ ਸਿਰਦਾਰ ਬਣ ਗਿਆ। ਜ਼ਾਲਮ ਓਸੇ ਪਲ ਧਰਤੀ ਤੇ ਭਾਰ ਬਣ ਗਿਆ। ਵਕਤ ਦੇ ਅੱਥਰੇ ਘੋੜੇ ਨੂੰ ਜਿਸ ਨੱਥ ਪਾਈ ਸੀ, ਰਹਿੰਦੀ ਦੁਨੀਆਂ ਤੀਕਰ “ਸ਼ਾਹ ਕਿਰਦਾਰ” ਬਣ ਗਿਆ। ਤੇਜ਼ ਧਾਰ ਤਲਵਾਰਾਂ ਤੋਂ ਜੋ ਡਰਦਾ ਨਹੀਂ ਹੈ। ਪਰ ਇਹ ਕਾਰਜ ਹਰ ਕੋਈ ਬੰਦਾ ਕਰਦਾ ਨਹੀਂ ਹੈ। ‘ਸ਼ੇਰ ਮੁਹੰਮਦ’ ਅੱਜ ਵੀ ਇਕ ਸਤਿਕਾਰਤ ਨਾਂ ਹੈ, “ਹਾਅ ਦਾ ਨਾਅਰਾ” ਮਾਰਨ ਵਾਲਾ ਮਰਦਾ ਨਹੀਂ ਹੈ। ਕੌਣ ਸੰਭਾਲੇ ਵਰਤਣ ਪਿਛੋਂ ਲਿੱਬੜੇ ਸੰਦ ਨੂੰ। ਘਰ ਵਿਚ ਕਿਹੜਾ ਰੱਖਦੈ ਦੱਸੋ ਐਸੇ ਗੰਦ ਨੂੰ। ਨਾਂ ਨੂੰ ਵੱਟਾ ਲਾਇਆ, ਜਾਬਰ ਨੂੰ ਉਕਸਾਇਆ, ਵਕਤ ਪਿਆ ਦੁਰਕਾਰੇ ਅੱਜ ਵੀ ਸੁੱਚਾ ਨੰਦ ਨੂੰ। ਨਿੱਕੀਆਂ ਜਿੰਦਾਂ ਵੱਡੇ ਸਾਕੇ। ਵਾਰਸ ਬਣ ਗਏ ਆਕੇ ਬਾਕੇ। ਧਾੜਵੀਆਂ ਦਾ ਏਕਾ ਵੇਖੋ, ਸਿਖ਼ਰ ਦੁਪਹਿਰੇ ਮਾਰਨ ਡਾਕੇ । ਗੰਗੂ ਤਾਂ ਲਾਲਚ ਦਾ ਨਾਂ ਹੈ। ਇਹ ਪੈਸੇ ਦੀ ਕਾਲੀ ਛਾਂ ਹੈ। “ਖੇੜੀ ਅਤੇ ਸਹੇੜੀ” ਪਿੰਡ ਨਹੀਂ, ਅੱਜ ਵੀ ਇਹ ਜੰਮਦਾ ਹਰ ਥਾਂ ਹੈ। ਪਾਗਲ ਘੋੜਿਆਂ ਮਿੱਧੀ ਧਰਤੀ ਕਰਨ ਨਿਰਾਦਰ । ਲੀਰਾਂ ਲੀਰਾਂ ਹੋ ਚੱਲੀ ਸੀ ਹਿੰਦ ਦੀ ਚਾਦਰ। ਅੱਥਰੇ ਘੋੜੇ ਦੀ ਜਿਸ ਅੱਗਿਓਂ ਵਾਗ ਫੜੀ ਸੀ, ‘ਵੈਰਾਗੀ’ ਤੋਂ ਬਣ ਗਿਆ ‘ਬੰਦਾ’ ਸ਼ੇਰ ਬਹਾਦਰ । ਚਾਰ ਚੁਫੇਰੇ ਧੁੰਦ ਹੀ ਧੁੰਦ ਹੈ, ਗਰਦ ਗੁਬਾਰ ਵੀ ਹੈ। ਵਿਰਸੇ ਦੇ ਵੱਲ ਪਿੱਠ ਕੀਤੀ ਦਾ ਰੂਹ ਤੇ ਭਾਰ ਵੀ ਹੈ। ਸਾਰੇ ਪੰਛੀ ਚੋਗਾ ਤੇ ਨਹੀਂ ਚੁਗਦੇ ਵੇਖ ਲਵੋ, ਦਸਵੇਂ ਗੁਰੂ ਦੇ ਸੁਪਨੇ ਲੈ ਕੇ, ਉੱਡਦੀ ਡਾਰ ਵੀ ਹੈ। ਆਤਮ ਚਿੰਤਨ ਵੇਲਾ, ਖ਼ੁਦ ਦੇ ਸੰਗ ਬਹਿਣਾ ਸੀ। ਇਹ ਤਾਂ ਸੇਕ ਨਿਰੰਤਰ ਆਪਾਂ ਖ਼ੁਦ ਸਹਿਣਾ ਸੀ। ਢੋਲ ਢਮੱਕੇ ਰੌਲੇ ਰੱਪੇ, ਇਹ ਅੰਦਾਜ਼ ਨਹੀਂ, ਫੁੱਲਾਂ ਨੂੰ ਫੁੱਲ ਅਰਪ ਅਸਾਂ ਅੱਜ ਚੁੱਪ ਬਹਿਣਾ ਸੀ।

ਸਾਡਾ ਸਾਂਝਾ ਦੁੱਖ ਦਰਿਆ

(ਸ੍ਵ. ਪ੍ਰੋ. ਸ਼ਰੀਫ਼ ਕੁੰਜਾਹੀ ਦੇ ਨਾਂ..) ਸਰਹੱਦ ਪਾਰ ਖਲੋਤੇ ਮਿੱਤਰਾ, ਕਾਹਨੂੰ ਦਿਲ ਭਰਿਆ। ਆਪਾਂ ਦੋਵੇਂ ਵੱਖ ਹਾਂ ਭਾਵੇਂ, ਸਾਡਾ ਸਾਂਝਾ ਦੁੱਖ ਦਰਿਆ। ਦਰਦ ਕਹਾਣੀ ਸਾਂਝੀ ਸਾਡੀ, ਸਾਂਝੀਆਂ ਸਾਡੀਆਂ ਪੀੜਾਂ। ਇਕ ਦੂਜੇ ਦਾ ਪਿੰਡਾ ਵਿੰਨ੍ਹਿਆ, ਸਾਡੇ ਆਪਣੇ ਤੀਰਾਂ। ਸਿੰਮਦੀ ਪੀੜ ਮੇਰੀ ਦੀ ਗਾਥਾ, ਇਹ ਵਹਿੰਦਾ ਦਰਿਆ। ਤੇਰੇ ਪਿੰਡ ਵਿਚ ਉੱਗੇ ਰੁੱਖ ਦਾ, ਮੈਂ ਅਦਨਾ ਪਰਛਾਵਾਂ। ਸੰਨ ਸੰਤਾਲੀ ਖਾ ਗਿਆ ਜੀਹਦੇ ਟਾਹਣ ਸਣੇ ਹੀ ਛਾਵਾਂ। ਹੁਣ ਤੇ ਤੇਰੀ ਛਾਂ ਬਿਨ ਯਾਰਾ, ਰਹਿੰਦਾ ਦਿਲ ਤਪਿਆ। ਸਾਂਝੀ ਹੀਰ ਤੇ ਮਿਰਜ਼ੇ ਸਾਂਝੇ, ਸਾਂਝੇ ਸਾਡੇ ਰਾਂਝੇ । ਆਪਾਂ ਹੀ ਦੋਵੇਂ ਕਿਉਂ ਯਾਰਾ, ਇਕ ਦੂਜੇ ਬਿਨ ਵਾਂਝੇ । ਇਕ ਦੂਜੇ ਦੇ ਜ਼ਖ਼ਮਾਂ ਉੱਤੇ, ਦੇਈਏ ਮਲਮਾਂ ਲਾ। ਤੇਰੇ ਸ਼ਹਿਰ ਦੇ ਹਾਕਮ ਵਾਂਗੂੰ, ਹਾਕਮ ਸਾਡਾ ਚੰਦਰਾ। ਤਾਹੀਉਂ ਤੇਰੇ ਹੋਠਾਂ ਵਾਂਗੂੰ, ਮੇਰੇ ਹੋਠਾਂ ਜੰਦਰਾ। ਲੱਖ ਜ਼ੰਜੀਰਾਂ ਹੋਵਣ ਭਾਵੇਂ, ਸਾਨੂੰ ਕੀਹ ਪ੍ਰਵਾਹ। ਹੱਦ ਬੰਦੀਆਂ ਸਾਡੀ ਸਾਂਝ ਦੀ ਕੰਧ ਨਾ, ਬੇ-ਮਤਲਬ ਨੇ ਲੀਕਾਂ। ਬੋਲ ਤੇਰੇ ਜਦ ਸਹਿਣ ਤਸੀਹੇ, ਮੈਂ ਸੁਣਦਾ ਹਾਂ ਚੀਕਾਂ। ਵਾ ਨੂੰ ਕੌਣ ਕਹੇ ਨਾ ਦੱਸੀਂ, ਹੱਡਾਂ ਦਾ ਤੜਪਾਅ । ਸਰਹੱਦ ਪਾਰ ਖਲੋਤੇ ਮਿੱਤਰਾ, ਕਾਹਨੂੰ ਦਿਲ ਭਰਿਆ। ਆਪਾਂ ਦੋਵੇਂ ਵੱਖ ਹਾਂ ਭਾਵੇਂ, ਸਾਡਾ ਸਾਂਝਾ ਦੁੱਖ ਦਰਿਆ।

ਖੰਭ ਖਿੱਲਰੇ ਨੇ ਕਾਵਾਂ ਦੇ

ਖੰਭ ਖਿੱਲਰੇ ਨੇ ਕਾਵਾਂ ਦੇ । ਰੋਕ ਲਉ ਨਿਸ਼ਾਨੇ ਬਾਜ਼ੀਆਂ, ਪੁੱਤ ਮੁੱਕ ਚੱਲੇ ਮਾਵਾਂ ਦੇ । ਕਿੱਥੇ ਉੱਡੀਆਂ ਗੁਟਾਰਾਂ ਨੇ । ਐਤਕੀਂ ਨਾ ਤੀਆਂ ਨੱਚੀਆਂ, ਸਾਡੇ ਪਿੰਡ ਮੁਟਿਆਰਾਂ ਨੇ । ਵੱਜਦਾ ਏ ਢੋਲ ਪਿਆ। ਫੇਰ ਕੀ ਜਵਾਬ ਦਿਓਗੇ, ਸਾਰਾ ਪਿੰਡ ਹੀ ਜੇ ਬੋਲ ਪਿਆ। ਮਾਵਾਂ ਦੀ ਛਾਂ ਖ਼ਤਰੇ । ਗੋਦੀ ਚ ਖਿਡੌਣਾ ਟੁੱਟਿਆ, ਢਿੱਡੋਂ ਜੰਮਦਿਆਂ ਪਏ ਖ਼ਤਰੇ। ਤਲੀਆਂ ਤੇ ਮਹਿੰਦੀ ਏ । ਜਦੋਂ ਵੀ ਕਿਤੇ ਉੱਲੂ ਬੋਲਦੇ, ਮੇਰੀ ਜਾਨ ਤਰਹਿੰਦੀ ਏ । ਲੱਕੜੀ ਵਿਚ ਕਿੱਲ ਠੋਕਾਂ। ਹੜ੍ਹ ਦਰਿਆਵਾਂ ਦੇ, ਕੱਲਾ ਕੱਖ ਮੈਂ ਕਿਵੇਂ ਰੋਕਾਂ। ਅੰਬਾਂ ਨੂੰ ਬੂਰ ਪਿਆ। ਕੱਠੇ ਬਹਿ ਕੇ ਹੱਸਦੇ ਸਾਂ, ਐਸਾ ਮੌਸਮ ਦੂਰ ਗਿਆ। ਪਾਣੀ ਵਿਚ ਗਹਿਰ ਘੁਲੀ। ਚਾਰੇ ਬੰਨੇ ਅੱਗ ਬਲਦੀ, ਵਿਚ ਲੱਗਦੀ ਏ ਜ਼ਹਿਰ ਘੁਲੀ। ਅੱਖੀਆਂ ’ਚ ਖ਼ੁਮਾਰ ਨਹੀਂ। ਕਾਹਨੂੰ ਯਾਰ ਬਦਲ ਗਿਐਂ, ਪਹਿਲਾਂ ਵਰਗਾ ਪਿਆਰ ਨਹੀਂ। ਦਾਣੇ ਰਸ ਗਏ ਅਨਾਰਾਂ ਦੇ। ਤਲੀਆਂ 'ਚੋਂ ਗਿੱਧਾ ਮਰਿਆ, ਸਾਡੇ ਪਿੰਡ ਮੁਟਿਆਰਾਂ ਦੇ। ਅੱਖੀਆਂ ਵਿਚ ਨੀਰ ਨਹੀਂ। ਕਰਨ ਕਮਾਈਆਂ ਤੋਰਿਆ, ਜੀਹਦਾ ਮੁੜਿਆ ਵੀਰ ਨਹੀਂ। ਸੁਪਨੇ ਦਾ ਲੱਕ ਟੁੱਟਿਆ। ਦਿਨ ਦੀਵੀਂ ਸਾਡੇ ਸਾਹਮਣੇ, ਘਰ ਬਾਰ ਗਿਆ ਲੁੱਟਿਆ। ਸਭਨਾਂ ਦੀ ਮਾਂ ਧਰਤੀ। ਡੁੱਬੇਂ ਲੀਕਾਂ ਪਾਉਣ ਵਾਲਿਆ, ਤੂੰ ਤੇ ਚੰਦਰਿਆ ਹੱਦ ਕਰਤੀ।

ਨਵੀਂ ਸਦੀ ਵਿਚ

ਨਵੀਂ ਸਦੀ ਵਿਚ ਇਸ ਧਰਤੀ 'ਤੇ ਰੱਬ ਹੁਣ ਮਿਹਰ ਕਰੇ। ਵਣ ਤ੍ਰਿਣ ਮੌਲਣ ਮਹਿਕਣ ਟਹਿਕਣ ਪੱਲ੍ਹਰਨ ਬਿਰਖ਼ ਹਰੇ। ਅਗਨ ਖੇਡ ਦੀ ਦਾਨਵ ਟੋਲੀ ਤੁਰ ਜਾਏ ਦੂਰ ਪਰੇ । ਘਰ ਦੀਆਂ ਨੁੱਕਰਾਂ ਰੌਸ਼ਨ ਹੋਵਣ ਜਗਣ ਚਿਰਾਗ ਧਰੇ । ਲੰਮ ਸਲੰਮੀ ਰਾਤ ਦੇ ਮਗਰੋਂ ਹੁਣ ਪ੍ਰਭਾਤ ਕਰੇ । ਉਹ ਨਾ ਇਸ ਧਰਤੀ 'ਤੇ ਆਵੇ ਜਿਸ ਤੋਂ ਬਾਲ ਡਰੇ। ਹਰੀ ਅੰਗੂਰੀ ਕਣਕ ਤੇ ਸੁਪਨੇ ਹੁਣ ਨਾ ਮਿਰਗ ਚਰੇ। ਸੱਖ ਮ ਸੱਖਣੇ ਨੈਣਾਂ ਦੇ ਵਿਚ ਚਾਨਣ ਵਾਸ ਕਰੇ । ਚੰਦਰਮਾ ਸੂਰਜ ਤੇ ਦੀਵੇ ਸਨਮੁਖ ਨੇਰ੍ਹ੍ਹ ਮਰੇ । ਜਗਮਗ ਜੋਤ ਧਰਤ ਦੇ ਕੋਨੇ ਨੂਰੋ ਨੂਰ ਕਰੇ । ਲੰਮ ਸਲੰਮੀ ਨੇਰ੍ਹੀ ਜ਼ਿੰਦਗੀ ਸੋਚ ਕੇ ਜੀਅ ਡਰੇ । ਪਿਆਰ ਮੁਹੱਬਤ ਅਮਨ ਦਾ ਪਰਚਮ ਸੁੰਨੇ ਗਗਨ ਭਰੇ । ਇਸ ਧਰਤੀ ਦਾ ਕਿਣਕਾ ਕਿਣਕਾ ਇਹ ਅਰਦਾਸ ਕਰੇ । ਜਿਹੜੀ ਥਾਂ ਬੰਜਰ ਤੇ ਬੇਲਾ ਓਥੇ ਫ਼ਸਲ ਭਰੇ । ਮਾਂ ਦੀ ਗੋਦੀ ਬਾਲ ਅਲੂੰਆਂ ਬੈਠ ਕਲੋਲ ਕਰੇ । ਆਪਣੇ ਘਰ ਚੋਂ ਡਰ ਨਾ ਆਵੇ ਵਿਹੜੇ ਰਹਿਣ ਭਰੇ। ਤੜਕਸਾਰ ਮਾਂ ਪਾਏ ਰਿੜਕਣਾ ਮੱਖਣ ਹੱਥ ਭਰੇ । ਦੁੱਧ ਪੁੱਤ ਰਹਿਣ ਸਲਾਮਤ ਨੂੰਹਾਂ ਧੀਆਂ ਨਾ ਹੋਣ ਪਰੇ। ਭੈਣਾਂ ਹੱਥ ਸੁਹਾਗ ਦਾ ਚੂੜਾ ਬੰਨੜਾ ਆਣ ਵਰੇ । ਤਰੇਲ ਦੇ ਮੋਤੀ ਖਿੱਲਰੇ ਵੇਖੋ ਸ਼ਗਨ ਸਵੇਰੇ ਕਰੇ । ਤਪਦੀ ਧਰਤੀ ਮੀਂਹ ਮੰਗਦੀ ਹੈ ਰੱਜ ਰੱਜ ਮੇਘ ਵਰੇ । ਦੁਸ਼ਮਣ ਦੀ ਵੀ ਅੱਖ ਵਿਚ ਅੱਥਰੂ ਹੁਣ ਨਾ ਜਾਣ ਜਰੇ।

ਅੱਖਰ ਸ਼ਿਲਪੀ

ਉੱਨੀਵੀਂ ਸਦੀ ਦੇ ਅੰਤ ਸਮੇਂ ਦੀ ਬਾਤ ਸੁਣਾਵਾਂ। ਮਿਹਨਤ ਅਤੇ ਮੁਸ਼ੱਕਤ ਕਰਕੇ ਰੋਟੀ ਖਾਂਦੇ, ਮਿਸਤਰੀਆਂ ਦੇ ਇੱਕ ਮੁੰਡੇ ਦਾ, ਨਾਂ ਤਾਂ ਭਾਵੇਂ ਨੂਰਦੀਨ* ਸੀ। ਪਰ ਅੱਜ ਉਸ ਦਾ ਪਤਾ ਟਿਕਾਣਾ, ਨੇਰ੍ਹੇ ਵਿਚ ਗੁਆਚ ਗਿਆ ਹੈ। ਅੰਮ੍ਰਿਤਸਰ ਦਾ ਜੰਮਿਆ ਜਾਇਆ, ਜਾਂ ਫਿਰ ਲਾਗੇ ਕੋਈ ਪਿੰਡ ਸੀ, ਇਸ ਦਾ ਮੈਨੂੰ ਇਲਮ ਨਹੀਂ ਹੈ। ਲੋਕੀਂ ਆਖਣ ਸ਼ਹਿਰ ਕਮਾਈਆਂ, ਕਰਨ ਦੀ ਖ਼ਾਤਰ ਆਇਆ ਹੋਣੈਂ। ਰਹੇ ਠੋਕਦਾ ਮੰਜੀਆਂ ਪੀੜ੍ਹੇ, ਜਾਂ ਫਿਰ ਘੜਦਾ ਗੱਡ ਗਡੀਰੇ। ਰੰਗ ਬਰੰਗੀਆਂ ਚਰਖ਼ੜੀਆਂ ਤੇ ਪੀਲ ਪੰਘੂੜੇ। ਲੱਕੜੀ ਦੇ ਵਿਚ ਜਿੰਦ ਧੜਕਾਉਂਦਾ। ਚਿੱਤਰਕਾਰ ਤੋਂ ਕਿਤੇ ਚੰਗੇਰਾ। ਰੱਬ ਦੇ ਜਿੱਡਾ ਉੱਚ ਉਚੇਰਾ। ਰੰਗਾਂ ਤੋਂ ਬਿਨ ਲੱਕੜੀ ਉੱਤੇ, ਵੇਲਾਂ, ਪੱਤੇ, ਬੂਟੀਆ ਪਾਉਂਦਾ। ਉਸ ਦੀ ਹਸਤ ਕਲਾ ਨੂੰ ਸਿਜਦਾ ਹਰ ਕੋਈ ਕਰਦਾ, ਜੋ ਵੀ ਉਸ ਦੇ ਨੇੜੇ ਆਉਂਦਾ। ਨੂਰਦੀਨ ਨੂੰ ਉਸ ਵੇਲੇ ਦੇ ਦਾਨਿਸ਼ਮੰਦਾਂ ਹਿੱਕ ਨਾਲ ਲਾਇਆ। ਇਹ ਸਮਝਾਇਆ। ਗੱਡ ਗਡੀਰੇ ਚਰਖ਼ੜੀਆਂ ਤੇ ਪੀਲ ਪੰਘੂੜੇ, ਘੜਨੇ ਛੱਡ ਦੇ। ਇਹ ਕੰਮ ਤੇਰੀ ਥਾਂ ਤੇ ਕੋਈ ਵੀ ਕਰ ਸਕਦਾ ਹੈ। ਤੇਰੇ ਕਰਨ ਦੀ ਖ਼ਾਤਰ ਕਾਰਜ ਵੱਡੇ ਵੱਡੇ। ਕਹਿਣ ਸਿਆਣੇ ਓਦੋਂ ਤੀਕ ਮੋਤੀਆਂ ਵਰਗੇ, ਲਿਸ਼ ਲਿਸ਼ਕੰਦੜੇ ਬੋਲ ਗੁਰਮੁਖੀ, ਕੇਵਲ ਪੱਥਰ ਛਾਪੇ ਵਿਚ ਸਨ। ਵਜ਼ੀਰ ਸਿੰਘ ਦੇ ਛਾਪੇਖ਼ਾਨੇ, ਨੂਰਦੀਨ ਨੇ ਡੇਰਾ ਲਾਇਆ। ਲੱਕੜੀ ਦੇ ਵਿਚ ਆਪਣੀ ਸੁਹਜ ਸਿਰਜਣਾ ਭਰ ਕੇ, ਊੜੇ ਐੜੇ ਕੋਲੋਂ ਤੁਰ ਕੇ, ਸੱਸੇ ਪੈਰੀਂ ਬਿੰਦੀ ਤੀਕਰ ਜਿੰਦ ਧੜਕਾਈ। ਸਾਰੀ ਖ਼ਲਕਤ ਵੇਖਣ ਆਈ। ਨੂਰਦੀਨ ਨੂੰ ਇਸ ਗੱਲ ਦਾ ਵੀ ਇਲਮ ਨਹੀਂ ਸੀ। ਮੈਂ ਤਾਂ ਇਸ ਪੰਜਾਬ ਵਿਚ ਵੱਸਦੇ ਲੋਕਾਂ ਖ਼ਾਤਰ, ਵਰਕਾ ਇੱਕ ਇਤਿਹਾਸ ਦਾ ਲਿਖਿਆ। ਨੂਰਦੀਨ ਦਾ ਨੂਰ ਜਦੋਂ ਸ਼ਬਦਾਂ ਵਿਚ ਢਲਿਆ, ਹਰ ਪੰਜਾਬੀ ਦੇ ਮੱਥੇ ਵਿਚ ਸੂਰਜ ਬਲਿਆ। ਸਾਰੇ ਅੱਖਰ ਲੱਕੜੀ ਤੋਂ ਸਿੱਕੇ ਵਿਚ ਢਲ ਗਏ। ਪਾਠ ਪੁਸਤਕਾਂ ਧਰਮ ਗ੍ਰੰਥਾਂ ਤੇ ਹਰ ਥਾਵੇਂ, ਇੱਕ ਨਹੀਂ ਕਈ ਲੱਖ ਕਰੋੜਾਂ ਇਕਦਮ ਸੂਹੇ ਸੂਰਜ ਬਲ ਗਏ । ਨੂਰਦੀਨ ਦਾ ਅਤਾ ਪਤਾ ਜਾਂ ਥਾਂ ਸਿਰਨਾਵਾਂ। ਜਾਂ ਉਸ ਦੇ ਪਿੰਡ ਦਾ ਕੋਈ ਮੱਧਮ ਪਰਛਾਵਾਂ, ਸਾਨੂੰ ਅੱਜ ਕੁਝ ਯਾਦ ਨਹੀਂ ਹੈ। ਉਸਦੀ ਘਾਲ ਕਮਾਈ ਚਿੱਤ ਨਾ ਚੇਤੇ ਕੋਈ। ਪਰ ਇਹ ਪਹਿਲੀ ਵਾਰ ਨਾ ਹੋਈ। ਨੀਂਹ ਵਿਚ ਪਈਆਂ ਇੱਟਾਂ ਦੱਸੋ ਕੌਣ ਫੋਲਦੈ । ਨੂਰਦੀਨ ਤਾਂ ਵੱਡੇ ਘਰ ਦੇ ਵੱਡੇ ਛਾਪੇਖਾਨੇ ਅੰਦਰ, ਇਕ ਅਦਨਾ ਜਿਹਾ ਨਿੱਕਾ ਨੌਕਰ। ਜਿਵੇਂ ਕਿਸੇ ਘਰ ਅੰਦਰ ਸਾਰਾ ਕੂੜਾ ਹੂੰਝੇ, ਮਗਰੋਂ ਨੁੱਕਰੇ ਟਿਕ ਜਾਂਦੀ ਹੈ ਤੀਲ ਦੀ ਬੌਕਰ। ਜਿੰਨ੍ਹਾਂ ਦਿਨਾਂ 'ਚ ਨੂਰਦੀਨ ਨੇ, ਅੱਖਰਾਂ ਦੇ ਵਿਚ ਜਿੰਦ ਧੜਕਾਈ। ਓਦੋਂ ਹਾਲੇ ਬੰਦਾ ਕੇਵਲ ਬੰਦਾ ਹੀ ਸੀ, ਨਹੀਂ ਸੀ ਬਣਿਆ ਜ਼ਹਿਰੀ ਕੀੜਾ, ਹਿੰਦੂ ਮੁਸਲਿਮ ਸਿੱਖ ਈਸਾਈ। ਧਰਮ ਨਸਲ ਦੀ ਦੁਰਵਰਤੋਂ ਦਾ, ਹਾਲੇ ਤੇਜ਼ ਬੁਖ਼ਾਰ ਨਹੀਂ ਸੀ। ਕਈ ਵਾਰੀ ਤਾਂ ਇਉਂ ਲੱਗਦਾ ਹੈ, ਮੀਆਂ ਮੀਰ ਫ਼ਕੀਰ ਦੇ ਵਾਂਗੂੰ, ਨੂਰਦੀਨ ਨੇ ਆਪਣਾ ਸੂਹਾ ਖੂਨ ਬਾਲ ਕੇ, ਸਾਡਾ ਘਰ ਵਿਹੜਾ ਰੁਸ਼ਨਾਇਆ। ਕੁੱਲ ਧਰਤੀ ਦੀ ਦਾਨਿਸ਼ ਨੂੰ ਜਾਮਾ ਪਹਿਨਾਇਆ। ਨੂਰਦੀਨ ਨੂੰ ਅੱਜ ਤੋਂ ਪਹਿਲਾਂ, ਨਾ ਮੈਂ ਜਾਣਾਂ ਨਾ ਪਹਿਚਾਣਾਂ। ਪਰ ਅੱਜ ਮੇਰੀ ਹਾਲਤ ਵੇਖੋ, ਜਿਹੜਾ ਅੱਖਰ ਵੀ ਪੜ੍ਹਦਾ ਹਾਂ। ਹਰ ਅੱਖਰ ਦੇ ਹਰ ਹਿੱਸੇ ਚੋਂ, ਨੂਰੀ ਮੱਥੇ ਵਾਲਾ ਸੂਰਜ, ਨੂਰਦੀਨ ਹੀ ਨੂਰਦੀਨ ਬੱਸ ਚਮਕ ਰਿਹਾ ਹੈ। ਭਾਵੇਂ ਬੁਝਿਆ ਨਿੱਕੀ ਉਮਰੇ, ਅੱਜ ਤੀਕਣ ਵੀ ਸਰਬ ਕਿਤਾਬਾਂ ਦੇ ਵਿਚ ਢਲ ਕੇ, ਚੰਦਰਮਾ ਜਿਓਂ ਦਮਕ ਰਿਹਾ ਹੈ। *ਨੂਰਦੀਨ ਗੁਰਮੁਖੀ ਵਰਣਮਾਲਾ ਨੂੰ ਪੱਥਰ ਛਾਪੇ ਤੋਂ ਬਾਅਦ ਲੱਕੜ ਵਿਚੋਂ ਘੜ ਕੇ ਟਾਈਪ ਫੌਂਟ ਲਈ ਪੈਟਰਨ ਤਿਆਰ ਕਰਨ ਵਾਲਾ ਪਹਿਲਾ ਕਾਰੀਗਰ । ਇਸ ਤੋਂ ਮਗਰੋਂ ਲਾਲਾ ਧਨੀ ਰਾਮ ਚਾਤ੍ਰਿਕ ਅਤੇ ਲਾਲਾ ਗੰਡਾ ਮੱਲ ਨੇ ਗੁਰਮੁਖੀ ਛਾਪੇਖਾਨੇ ਲਈ ਸਿੱਕੇ ਦੇ ਅੱਖਰ ਪ੍ਰਚਲਿਤ ਕੀਤੇ।

ਸਾਡੀ ਤੁਹਾਡੀ ਕਾਹਦੀ ਜੰਗ ਹੈ

ਜਦ ਤੱਕ ਸਾਡੇ ਅਤੇ ਤੁਹਾਡੇ, ਘਰ ਦੇ ਅੰਦਰ ਭੁੱਖ ਤੇ ਨੰਗ ਹੈ। ਦਿਲ ਤੇ ਹੱਥ ਧਰਕੇ ਫਿਰ ਦੱਸਿਓ, ਸਾਡੀ ਤੁਹਾਡੀ ਕਾਹਦੀ ਜੰਗ ਹੈ। ਸਦੀਆਂ ਲੰਮੀ ਸਾਂਝ ਭਰੱਪਣ, ਖੂਹ ਵਿਚ ਸੁੱਟ ਕੇ। ਉਮਰੋਂ ਲੰਮੇ ਖੂਨ ਦੇ ਰਿਸ਼ਤੇ, ਨਦੀ ਰੋੜ੍ਹ ਕੇ। ਕਾਹਦੀ ਖ਼ਾਤਰ ਭਿੜਦੇ ਰਹੀਏ। ਲੰਮਾ ਸਫ਼ਰ ਪਿਆਸ ਕਹਿਰ ਦੀ, ਫਿਰ ਕਿਉਂ ਆਪਾਂ, ਪੁੱਠੇ ਖੂਹ ਜਿਉਂ ਗਿੜਦੇ ਰਹੀਏ। ਮਨਮਤੀਏ ਖਸਮਾਂ ਦੇ ਹੱਥੋਂ ਛਾਂਟੇ ਖਾਈਏ। ਅੱਖੀਆਂ ਉਤੇ ਖੋਪੇ ਚਾੜ੍ਹੀ, ਪੁੱਠੀ ਮਾਲ੍ਹ ਘੁਮਾਈ ਜਾਈਏ। ਇੱਕੋ ਬਿੰਦੂ ਆਲੇ ਦੁਆਲੇ ਪਰਿਕਰਮਾ ਕਰ, ਮਨੋਂ ਸੋਚੀਏ ਸਫ਼ਰ ਮੁਕਾਇਆ। ਪਰ ਇਕੋ ਥਾਂ ਘੁੰਮੀ ਜਾਈਏ। ਇਹ ਨਾ ਸੋਚੀਏ, ਕਿਹੜਾ ਹੈ ਜਿਸ ਨੂੰ ਪੁੱਠੇ ਗੇੜ 'ਚ ਪਾਇਆ। ਕਿੰਨੇ ਮਸਲੇ ਕਿੰਨੀਆਂ ਗਰਜ਼ਾਂ। ਕਿੰਨੇ ਰੋਗ ਤੇ ਕਿੰਨੀਆਂ ਮਰਜ਼ਾਂ। ਸਾਡੇ ਅਤੇ ਤੁਹਾਡੇ ਘਰ ਵਿਚ ਇਕੋ ਜਿਹੀਆਂ। ਦੱਸਿਓ ਜੀ ਫਿਰ ਕਾਹਦੀਆਂ ਮੜਕਾਂ ? ਜੇਕਰ ਸਾਡਾ ਅਤੇ ਤੁਹਾਡਾ ਦੁਸ਼ਮਣ ਇੱਕ ਹੈ, ਆਪਸ ਦੇ ਵਿਚ ਕਾਹਦੀਆਂ ਰੜਕਾਂ ? ਦੋਹੀਂ ਪਾਸੀਂ ਏਨਾ ਆਦਮ ਘਾਣ ਕਰਾ ਕੇ, ਘੜੀ ਮੁੜੀ ਕਿਉਂ ਮਾਰੀਏ ਬੜਕਾਂ ? ਚਲੋ ਉਤਾਰੋ ਟੈਂਕ ਪਹਾੜੋਂ, ਤੋਪਾਂ ਤੇ ਬੰਦੂਕਾਂ ਨੂੰ ਵੀ ਜੰਦਰੋ ਮਾਰੋ। ਧਰਮ ਕਰਮ ਦੀ ਨੇੜ੍ਹੀ ਅੰਦਰ, ਉੱਡਦੇ ਕੱਖ ਕਾਨ ਤੇ ਤੀਲੇ। ਆਪੋ ਆਪਣੀ ਨਜ਼ਰ ਬਚਾਓ। ਜੇਕਰ ਧੁੰਦਲਾ ਧੁੰਦਲਾ ਦਿਸਦੈ, ਅੱਖਾਂ ਦੇ ਵਿਚ ਛੱਟੇ ਮਾਰੋ । ਜਾਂ ਫਿਰ ਆਪਣੀ ਐਨਕ ਲਾਓ। ਹੋਰ ਕਿਸੇ ਦੀ ਉਂਗਲੀ ਫੜ ਕੇ, ਐਵੇਂ ਨਾ ਹੁਣ ਵਕਤ ਗੁਆਉ। ਵੰਨ ਸੁਵੰਨੇ ਵੇਸ ਪਹਿਨ ਕੇ ਇੱਕੋ ਜਿਹਾ ਡੰਗ ਮਾਰਨ ਜ਼ਹਿਰੀ ਨਾਗ ਪੁਰਾਣੇ। ਦੋਧੇ ਵਸਤਰ ਪਾ ਕੇ ਖਾਂਦੇ ਡੱਡੀਆਂ ਮੱਛੀਆਂ, ਅੱਖੀਆਂ ਮੀਟ ਭਗਤੀਆਂ ਕਰਦੇ, ਇੱਕੋ ਲੱਤ ਦੇ ਭਾਰ ਖੜ੍ਹੇ ਹੋ, ਬਣਦੇ ਬਗਲੇ ਬੀਬੇ ਰਾਣੇ। ਅੱਧੀ ਸਦੀ ਪੁਰਾਣੀ ਵੰਡ ਨੂੰ ਚੇਤੇ ਕਰ ਲਓ। ਵੰਡੀਆਂ ਸਨ ਜਦ ਘਰ ਦੀਆਂ ਕੰਧਾਂ। ਵਿਹੜਾ ਵੰਡਿਆ ਵੰਡੀਆਂ ਛੱਤਾਂ। ਪਾਗਲਪਨ ਵਿਚ ਕੀਹ ਨਾ ਹੋਇਆ, ਰਿਸ਼ਤੇ ਹੋ ਗਏ ਬੋਟੀ ਬੋਟੀ ਵਗੀਆਂ ਰੱਤਾਂ। ਅਧਮੋਏ ਜਿਸਮਾਂ ਨੂੰ ਅੱਜ ਵੀ ਚੇਤੇ ਕਰਕੇ, ਅੱਖ ਰੋਂਦੀ ਹੈ। ਅੱਧੇ ਏਧਰ ਅੱਧੇ ਓਧਰ । ਜੰਗ ਦੇ ਗੀਤ ਗਾਉਂਦਿਓ ਲੋਕੋ, ਬਹਿ ਕੇ ਏਨੀ ਗੱਲ ਵਿਚਾਰੋ। ਏਨੀ ਵੱਡੀ ਧਰਤੀ ਉਤੇ, ਕਿਹੜਾ ਹੈ ਜੋ ਸਾਡੀ ਵਾਲੀ ਬੋਲੀ ਬੋਲੇ ? ਸਾਡੇ ਵਾਲੇ ਗੀਤ ਉਚਾਰੇ। ਇੱਕ ਦੂਜੇ ਦੇ ਸਾਹੀਂ ਜਿਹੜਾ ਮਿਸ਼ਰੀ ਘੋਲੇ। ਏਦਾਂ ਸੋਚੋ! ਹਮਸਾਇਆ ਹੈ ਫਿਰ ਵੀ ਆਪਣਾ ਮਾਂ ਜਾਇਆ ਹੈ, ਕਮ-ਅਕਲੀ ਵਿਚ, ਜਾਂ ਫਿਰ ਕਿਸੇ ਦੀ ਚੁੱਕਣਾ ਲੈ ਕੇ, ਸ਼ਕਤੀ ਦੇ ਹੰਕਾਰ 'ਚ ਅੰਨ੍ਹਾ, ਘੜੀ ਮੁੜੀ ਜੇ ਲੜ ਪੈਂਦਾ ਹੈ। ਉਸਨੂੰ ਏਨੀ ਗੱਲ ਸਮਝਾਓ। ਕਿਹੜਾ ਹੈ ਬਈ ਜਿਸਨੂੰ ਸਾਡਾ ਪਿਆਰ ਨਾ ਪੁੱਗੇ। ਨਫ਼ਰਤ ਦੀ ਅੱਗ ਬਾਲ ਸੇਕਦਾ ਸਾਡੇ ਭੁੱਗੇ। ਕਿਸਦੀ ਲੋੜ ਕਿ ਬਲਦੀ ਰਹੇ ਸਰਹੱਦ ਨਿਰੰਤਰ। ਦੋ ਭਾਈ ਮਿਲ ਬੈਠ ਕਦੇ ਨਾ ਹੋਣ ਸੁਤੰਤਰ। ਚਲੋ ਕਿ ਆਪਾਂ ਦੋਵੇਂ ਰਲ ਕੇ, ਉਸ ਸ਼ੈਤਾਨ ਨੂੰ ਨੰਗਾ ਕਰੀਏ। ਅਕਲਾਂ ਵਾਲੇ ਜੋ ਕਹਿੰਦੇ ਨੇ ਲਾਗੂ ਕਰੀਏ। ਸਾਂਝੇ ਦੁਸ਼ਮਣ ਮਾਰਨ ਖ਼ਾਤਰ ਰਲ ਮਿਲ ਜਾਈਏ। ਨਫ਼ਰਤ ਦੀ ਅੱਗ ਸੇਕ ਸੇਕ ਕੇ ਕੀ ਖੱਟਿਆ ਹੈ।

ਗੀਤ

(ਸ੍ਰੀ ਹੰਸ ਰਾਜ ਹੰਸ ਦੇ ਨਾਂ... ਜਿਸ ਦੇ ਕਹਿਣ ਤੇ 'ਮੈਂ ਇਸੇ ਵਿਸ਼ੇ ਤੇ ਲਿਖੀ ਨਜ਼ਮ ਨੂੰ ਉਸਦੇ 14 ਅਗਸਤ 2002 ਨੂੰ। ਵਾਘਾ ਸਰਹੱਦ ਤੇ ਗਾਉਣ ਲਈ ਗੀਤ ਵਿਚ ਢਾਲਿਆ) ਜਦ ਤੱਕ ਸਾਡੇ ਅਤੇ ਤੁਹਾਡੇ, ਘਰ ਦੇ ਅੰਦਰ ਭੁੱਖ ਤੇ ਨੰਗ ਹੈ । ਦਿਲ ਤੇ ਹੱਥ ਧਰਕੇ ਫਿਰ ਦੱਸਿਉ, ਸਾਡੀ ਤੁਹਾਡੀ ਕਾਹਦੀ ਜੰਗ ਹੈ। ਧਰਮਾਂ ਦੇ ਉਹਲੇ ਵਿਚ ਆਪਾਂ, ਲੜਦੇ ਲੜਦੇ ਕਿੱਥੇ ਅੱਪੜੇ । ਇਕ ਦੂਜੇ ਨੂੰ ਜ਼ਖਮੀ ਕੀਤਾ, ਲੀਰਾਂ ਲੀਰਾਂ ਕੀਤੇ ਕੱਪੜੇ । ਅੱਗਾਂ ਅੱਗਾਂ ਖੇਡੀ ਜਾਣਾ, ਇਹ ਖੇਡਣ ਦਾ ਕਿਹੜਾ ਢੰਗ ਹੈ ? ਰਾਵੀ ਅੰਦਰ ਵਗਦਾ ਇਹ ਜੋ, ਅੱਥਰੂ ਅੱਥਰੂ ਖਾਰਾ ਪਾਣੀ। ਇਹ ਤਾਂ ਉਹੀ ਲੋਕ ਜਿੰਨ੍ਹਾਂ ਦੇ, ਅੱਜ ਦੇ ਦਿਨ ਸੀ ਵਿਛੜੇ ਹਾਣੀ। ਉਹ ਸੰਤਾਲੀ ਫੇਰ ਨਾ ਆਵੇ ਸਾਡੀ ਤਾਂ ਬੱਸ ਏਹੋ ਮੰਗ ਹੈ । ਇਹ ਤਾਂ ਨਵੇਂ ਸ਼ਿਕਾਰ ਭਾਲਦੇ, ਵਣਜ ਕਰਨ ਹਥਿਆਰਾਂ ਵਾਲੇ । ਹੁਣ ਆਪਾਂ ਬਾਲਣ ਨਹੀਂ ਬਣਨਾ, ਗਾਈਏ ਗੀਤ ਪਿਆਰਾਂ ਵਾਲੇ । ਮਾਂ ਜਾਏ ਨਾ ਰਹਿਣ ਪਰਾਏ, ਤੋੜ ਦਿਓ ਹੁਣ ਕਾਹਦੀ ਸੰਗ ਹੈ। ਕਲਮਾਂ ਬੁਰਸ਼ਾਂ ਸਾਜ਼ਾਂ ਵਾਲਿਓ, ਆਉ ਰਲ ਕੇ ਇਕ ਥਾਂ ਬਹੀਏ। ਪੰਜ ਦਰਿਆਵਾਂ ਦੀ ਗੁੜ੍ਹਤੀ ਹੈ, ਸਭ ਦੀ ਸੁਣੀਏ, ਸਭ ਨੂੰ ਕਹੀਏ। ਨਾਨਕ, ਸ਼ੇਖ, ਫ਼ਰੀਦ ਤੇ ਬੁੱਲ੍ਹਾ, ਜਦ ਤੱਕ ਦੋਹਾਂ ਦੇ ਅੰਗ ਸੰਗ ਹੈ। ਸਾਡੀ ਤੁਹਾਡੀ ਕਾਹਦੀ ਜੰਗ ਹੈ।

ਗੀਤ

(ਇਸ ਗੀਤ ਦੀਆਂ ਪ੍ਰੇਰਕ ਸਤਰਾਂ ਦੇ ਸ਼ਾਇਰ, ਸਵ. ਸੂਬਾ ਸਿੰਘ ਦੇ ਨਾਂ) ਸ਼ਹਿਰ ਲਾਹੌਰੋਂ ਅੰਬਰਸਰ ਦਾ। ਕਰੀਏ ਪੈਂਡਾ ਘਰ ਤੋਂ ਘਰ ਦਾ। ਧਰਤੀ ਵੰਡੀ ਲੀਕਾਂ ਵਾਹੀਆਂ। ਥਾਂ ਥਾਂ ਆਪੇ ਗੱਡੀਆਂ ਫਾਹੀਆਂ। ਪੀੜਾਂ ਮਿਲ ਗਈਆਂ ਅਣਚਾਹੀਆਂ। ਡੂੰਘਾ ਜ਼ਖ਼ਮ ਕਿਉਂ ਨਹੀਂ ਭਰਦਾ ? ਸ਼ਹਿਰ ਲਾਹੌਰੋਂ ਅੰਬਰਸਰ ਦਾ। ਲਾਟ ਇਨ੍ਹਾਂ ਦੀ ਜੁਗ ਜੁਗ ਜੀਵੇ। ਦੀਵੇ ਚੋਂ ਕਾਂ ਤੇਲ ਨਾ ਪੀਵੇ । ਜਗਦੇ ਰਹਿਣ ਮੁਹੱਬਤੀ ਦੀਵੇ । ਜਿਹੜਾ ਦੂਰ ਹਨੇਰ੍ਹੇ ਕਰਦਾ। ਕਰੀਏ ਪੈਂਡਾ ਘਰ ਤੋਂ ਘਰ ਦਾ। ਚੜ੍ਹੀ ਬਰਾਤ ਸਜੀ ਹੈ ਘੋੜੀ। ਗਾ ਨੀ ਭੈਣੇ ਵੀਰ ਦੀ ਘੋੜੀ। ਰਹੇ ਸਲਾਮਤ ਜੁਗ ਜੁਗ ਤੋੜੀ। ਜੋ ਵੀ ਅਮਨਾਂ ਦੀ ਗੱਲ ਕਰਦਾ। ਕਰੀਏ ਪੈਂਡਾ ਘਰ ਤੋਂ ਘਰ ਦਾ। ਵਾਘਿਓਂ ਪਾਰ ਵੱਸਦਿਆ ਯਾਰਾ ! ਬਾਤ ਮੇਰੀ ਦਾ ਭਰੀਂ ਹੁੰਗਾਰਾ। ਓਦੋਂ ਤੱਕ ਨਹੀਂ ਸੌਂਦਾ ਤਾਰਾ, ਜਦ ਤੀਕਣ ਨੇਰ੍ਹਾ ਨਹੀਂ ਮਰਦਾ। ਸ਼ਹਿਰ ਲਾਹੌਰੋਂ ਅੰਬਰਸਰ ਦਾ, ਕਰੀਏ ਪੈਂਡਾ ਘਰ ਤੋਂ ਘਰ ਦਾ।

ਰਾਜ ਭਾਗ ਵਾਲਿਓ

ਰਾਜ ਭਾਗ ਵਾਲਿਉ ! ਕਮਾਲ ਕਰੀ ਜਾਂਦੇ ਓ। ਜਿੱਥੋਂ ਜੋ ਵੀ ਮਿਲੇ, ਓਹੀ ਮਾਲ ਚਰੀ ਜਾਂਦੇ ਓ। ਮਹਿੰਗੇ ਮੁੱਲ ਲਈਆਂ ਸਾਡੇ ਵੱਡਿਆਂ ਆਜ਼ਾਦੀਆਂ। ਅੱਧੀ ਰਾਤੇ ਧਰਤੀ ਨੂੰ ਵੰਡਿਆ ਫਸਾਦੀਆਂ। ਦਿਨ ਚੜ੍ਹੇ ਝੋਲੀ ਵਿਚ ਪਈਆਂ ਬਰਬਾਦੀਆਂ। ਧਰਮਾਂ ਦੇ ਸਿਰ ਇਲਜ਼ਾਮ ਧਰੀ ਜਾਂਦੇ ਓ ! ਲੋੜਦੇ ਗਰੀਬ ਰੋਟੀ ਕੱਪੜਾ ਮਕਾਨ ਜੀ। ਐਟਮਾਂ ਦੇ ਢੇਰ ਉੱਤੇ ਸੁੱਕਦੀ ਏ ਜਾਨ ਜੀ। ਏਸੇ ਨੂੰ ਹੀ ਆਖਦੇ ਹੋ ਦੀਨ ਤੇ ਈਮਾਨ ਜੀ। ਨਾਲ ਖੁੰਢੀ ਛੁਰੀ ਦੇ ਹਲਾਲ ਕਰੀ ਜਾਂਦੇ ਓ ! ਡਾਂਗ ਨਾਲ ਨਾਪਦੇ ਹੋ ਚੋਰੀਆਂ ਦੇ ਮਾਲ ਨੂੰ। ਸੌਂਪ ਜ਼ੁੰਮੇਵਾਰੀ ਇਨਸਾਫ਼ ਦੀ ਚੰਡਾਲ ਨੂੰ । ਹਰ ਵੇਲੇ ਟਾਲੀ ਜਾਉ ਰੋਟੀ ਦੇ ਸੁਆਲ ਨੂੰ । ਆਖਦੇ ਹੋ ਸਾਨੂੰ ਤੁਸੀਂ ਐਵੇਂ ਮਰੀ ਜਾਂਦੇ ਓ। ਵੇਚਦੇ ਬਾਰੂਦ ਨਾਲੇ ਅਮਨਾਂ ਦੀ ਰਾਗਣੀ। ਦੱਸੋ ਇਹ ਮੀਜ਼ਾਈਲ ਕਿਹੜੀ ਕੋਇਲ ਉੱਤੇ ਦਾਗਣੀ। ਸੁੱਤੀ ਪਈ ਜ਼ਮੀਰ ਦੱਸੋ ਹੋਰ ਕਦੋਂ ਜਾਗਣੀ। ਰਾਜਿਆਂ ਨੂੰ ਤੋਪਾਂ ਦੇ ਦਲਾਲ ਕਰੀ ਜਾਂਦੇ ਓ ! ਰੋਟੀਆਂ ਦੀ ਵੰਡ ਵੇਲੇ ਬਾਂਦਰਾਂ ਦੀ ਸਾਲਸੀ। ਕਿਸੇ ਵੇਲੇ ਸੁਣੀ ਅਸਾਂ ਏਸਰਾਂ ਮਿਸਾਲ ਸੀ। ਤੁਸੀਂ ਵੀ ਤਾਂ ਓਹੀ ਅਪਣਾਈ ਜਾਪੇ ਚਾਲ ਸੀ। ਆਪਣੇ ਹੀ ਘਰਾਂ ਨੂੰ ਨਿਹਾਲ ਕਰੀ ਜਾਂਦੇ ਓ। ਹੀਰ ਹੱਥੋਂ ਕੈਦੋ ਵੇਖੋ ! ਖਾਈ ਜਾਵੇ ਚੂਰੀਆਂ। ਰਾਂਝਿਆ ਭਰਾਵਾ ਚੱਲ ਛੱਡ, ਮੱਝਾਂ ਬੂਰੀਆਂ। ਤੈਨੂੰ ਕਿਹੜਾ ਏਥੇ ਨੇ ਸਿਆਸੀ ਮਜਬੂਰੀਆਂ। ਹੱਕਦਾਰ ਲੁੱਟ ਕੇ ਕੰਗਾਲ ਕਰੀ ਜਾਂਦੇ ਓ।

ਸੰਤਾਲੀ ਮੁੜ ਨਾ ਆਵੇ

ਅੱਥਰੂ ਅੱਥਰੂ ਦਿਲ ਦਾ ਵਿਹੜਾ, ਦੋਹਾਂ ਨੂੰ ਸਮਝਾਵੇ ਕਿਹੜਾ, ਸਾਡੇ ਪੱਲੇ ਪਾਈ ਜਾਂਦੇ ਹਾਉਕੇ ਹੰਝੂ ਹਾਵੇ। ਅੱਜ ਅਰਦਾਸ ਕਰੋ, ਸੰਤਾਲੀ ਮੁੜ ਨਾ ਆਵੇ। ਲੱਕ ਲੱਕ ਹੋਏ ਬਾਜਰੇ ਚਰ੍ਹੀਆਂ। ਰਾਵੀ ਕੰਢੇ ਰੀਝਾਂ ਮਰੀਆਂ। ਕਿਸਨੂੰ ਕੌਣ ਦਏ ਦਿਲਬਰੀਆਂ। ਅੱਧੀ ਸਦੀ ਗੁਜ਼ਾਰ ਕੇ ਪੱਲੇ, ਅੱਜ ਵੀ ਸਿਰਫ਼ ਪਛਤਾਵੇ। ਅੱਜ ਅਰਦਾਸ ਕਰੋ, ਸੰਤਾਲੀ ਮੁੜ ਨਾ ਆਵੇ। ਚੌਧਰ ਤੇ ਕਾਬਜ਼ ਹੈ ਗੁੰਡੀ। ਨ ਰਮੇ ਨੂੰ ਅਮਰੀਕਨ ਸੁੰਡੀ ? ਅੱਜ ਤੱਕ ਸਮਝ ਨਾ ਆਈ ਘੁੰਡੀ । ਧਰਮ ਪੰਖ ਲਾ ਉਡਰਿਆ ਏਥੋਂ, ਕੋਈ ਨਾ ਲੱਭਣ ਜਾਵੇ। ਅੱਜ ਅਰਦਾਸ ਕਰੋ, ਸੰਤਾਲੀ ਮੁੜ ਨਾ ਆਵੇ। ਪੈ ਗਈ ਔੜ, ਗਈ ਹਰਿਆਲੀ। ਚਿਹਰਿਆਂ ਉਤੋਂ ਉੱਡ ਗਈ ਲਾਲੀ। ਫੁੱਲਾਂ ਤੋਂ ਬਿਨ ਸੁੰਨੀ ਡਾਲੀ। ਇਸ ਮੌਸਮ ਵਿਚ ਭਲਾ ਪਪੀਹਾ, ਕਿਹੜਾ ਗੀਤ ਸੁਣਾਵੇ ? ਅੱਜ ਅਰਦਾਸ ਕਰੋ, ਸੰਤਾਲੀ ਮੁੜ ਨਾ ਆਵੇ। ਸੁਰਖ਼ ਲਹੂ ਵਿਚ ਘੁਲਿਆ ਪਾਣੀ। ਚਾਟੀ ਸਣੇ ਉਦਾਸ ਮਧਾਣੀ। ਕੱਲੀ ਤੰਦ ਨਾ ਉਲਝੀ ਤਾਣੀ। ਜੀਂਦੇ ਜੀਅ ਅਸੀਂ ਬੰਦਿਓਂ ਬਣ ਗਏ, ਰਾਜ ਤਖ਼ਤ ਦੇ ਪਾਵੇ। ਅੱਜ ਅਰਦਾਸ ਕਰੋ, ਸੰਤਾਲੀ ਮੁੜ ਨਾ ਆਵੇ।

ਜੰਗਲ ਦੇ ਵਿਚ ਸ਼ੇਰ ਨਾ ਬਣ ਤੂੰ

ਜੰਗਲ ਦੇ ਵਿਚ ਸ਼ੇਰ ਨਾ ਬਣ ਤੂੰ, ਜੱਗ ਤੋਂ ਪਸ਼ੂ ਕਹਾਵੇਂਗਾ। ਜੰਗਲ ਜੋਗਾ ਰਹਿ ਕੇ ਦੱਸ ਤੂੰ ਫਿਰ ਕਿੱਧਰ ਨੂੰ ਜਾਵੇਂਗਾ ? ਦੁਨੀਆਂ ਦੇ ਵਿਚ ਮਾਰ ਮਰੱਈਆ। ਤੇਰੀ ਥੈਲੀ ਵਿਚ ਰੁਪੱਈਆ। ਮੰਨਿਆ ਤੂੰ ਵੱਡਾ ਮੁਲਖ਼ਈਆ। ਏਨੇ ਪੱਥਰ ਬੇੜੀ ਇੱਕੋ, ਸਾਗਰ ਵਿਚ ਡੁੱਬ ਜਾਵੇਂਗਾ। ਏਨੀ ਬਹੁਤੀ ਅੱਤ ਨਾ ਚੰਗੀ। ਕੁੱਲ ਦੁਨੀਆਂ ਸੂਲੀ ਤੇ ਟੰਗੀ। ਧਾਰੇਂ ਨੀਤੀ ਰੰਗ ਬਰੰਗੀ। ਦੂਜੇ ਦੇ ਘਰ ਬਾਲ ਮੁਆਤਾ, ਆਪ ਕਿਵੇਂ ਬਚ ਜਾਵੇਂਗਾ ? ਕਰਦੈਂ ਜਬਰ, ਅਜਾਰੇਦਾਰਾ। ਹਥਿਆਰਾਂ ਦੇ ਸਿਰ ਸਰਦਾਰਾ। ਪੁੱਠੀਆਂ ਮੱਤਾਂ, ਉਲਟਾ ਕਾਰਾ । ਜੇਕਰ ਪਿੱਛੇ ਮੁੜ ਨਾ ਹੋਇਆ, ਅੱਗੇ ਕਿੱਧਰ ਜਾਵੇਗਾ ? ਲਿੱਸਿਆਂ ਤੇ ਤਲਵਾਰ ਚਲਾਵੇਂ। ਲਾਸ਼ਾਂ ਦੇ ਅੰਬਾਰ ਲਗਾਵੇਂ। ਫਿਰ ਤੂੰ ਬੱਗਾ ਸ਼ੇਰ ਕਹਾਵੇਂ। ਸਿਵਿਆਂ ਅੰਦਰ ਮਿੱਟੀ ਉੱਤੇ, ਕਿੱਦਾਂ ਹੁਕਮ ਚਲਾਵੇਂਗਾ ? ਪਹਿਲਾਂ ਤੂੰ ਸ਼ੈਤਾਨ ਸ਼ਿੰਗਾਰੇਂ। ਰੌਲਾ ਪਾ ਲੋਕਾਂ ਨੂੰ ਚਾਰੇਂ । ਫਿਰ ਤੂੰ ਉਸ ਨੂੰ ਫੜਕੇ ਮਾਰੇਂ। ਕਾਠ ਦੀ ਹਾਂਡੀ ਦੇ ਵਿਚ ਦੱਸ ਤੂੰ, ਕਦ ਤੱਕ ਲਾਸ਼ ਪਕਾਵੇਂਗਾ! ਬੁਰਿਆ ਤੂੰ ਕਰਦੈਂ ਬੁਰਿਆਈ। ਮੂੰਹੋ ਆਖੇਂ ਲੋਕ-ਭਲਾਈ। ਮਾਰੇਂ ਡਾਕੇ ਕਹੇਂ ਕਮਾਈ। ਏਨੀ ਦੌਲਤ 'ਕੱਠੀ ਕਰਕੇ, ਫਿਰ ਕਿਹੜਾ ਰੱਜ ਜਾਵੇਂਗਾ ? ਤੇਰੇ ਹੁੰਦਿਆ ਡਰਦੇ ਰਹੀਏ । ਜਾਣਦਿਆਂ ਵੀ, ਕੁਝ ਨਾ ਕਹੀਏ। ਤੇਰਾ ਜਬਰ ਕੁਹਾੜਾ ਸਹੀਏ । ਜੇ ਦਮ ਘੁੱਟ ਕੇ ਮਰ ਗਏ ਆਪਾਂ, ਕਿਸ ਤੇ ਰੋਅਬ ਜਮਾਵੇਂਗਾ ?

ਖ਼ੂਨ ਵਾਲੇ ਹੱਥ ਨਾ ਤੂੰ ਖ਼ੂਨ ਨਾਲ ਧੋ

ਆਪਣੇ ਤੋਂ ਦੂਰ ਜ਼ਰਾ ਹਟ ਕੇ ਖਲੋ ! ਖ਼ੂਨ ਵਾਲੇ ਹੱਥ ਨਾ ਤੂੰ ਖ਼ੂਨ ਨਾਲ ਧੋ । ਬਿੱਲੀਏ ਨੀ ਕਿਹੜੀ ਗੱਲੋਂ ਸ਼ੋਰ ਤੂੰ ਮਚਾਇਆ। ਤੇਰਾ ਹੀ ਪੜ੍ਹਾਇਆ ਦੈਤ ਖਾਣ ਤੈਨੂੰ ਆਇਆ। ਤੇਰੇ ਅੱਗੇ ਆਇਆ, ਤੇਰਾ ਖੱਟਿਆ ਕਮਾਇਆ। ਲੋਕਾਂ ਵਾਲੀ ਗੱਲ ਤੇਰੇ ਨਾਲ ਗਈ ਜੇ ਹੋ ! ਖ਼ੂਨ ਵਾਲੇ ਹੱਥ ਨਾ ਤੂੰ ਖ਼ੂਨ ਨਾਲ ਧੋ । ਜ਼ਿੰਦਗੀ ਤੇ ਡਾਕੇ ਸਦਾ ਮਾਰਦੇ ਚੰਡਾਲ ! ਨਾਗਾਸਾਕੀ, ਹੀਰੋਸ਼ੀਮਾ ਜਾਗਦੇ ਸਵਾਲ ! ਓਸ ਧੂੰਏਂ ਨਾਲ ਹਾਲੇ ਅੱਖੀਆਂ ਨੇ ਲਾਲ ! ਛੱਡਦਾ ਬਾਰੂਦ ਸਦਾ ਗੰਦੀ ਬਦਬੋ ! ਖ਼ੂਨ ਵਾਲੇ ਹੱਥ ਨਾ ਤੂੰ ਖ਼ੂਨ ਨਾਲ ਧੋ । ਦੇਵਤਾ ਸਰੂਪ ਬਣੇਂ ਵਿਚੋਂ ਹੈਂ ਤੂੰ ਨਾਗ। ਸੁਣਦਾ ਨਾ ਕਦੇ ਵੀ ਤੂੰ ਅਮਨਾਂ ਦਾ ਰਾਗ। ਏਨੀ ਵੱਡੀ ਸੱਟ ਖਾ ਕੇ ਹੁਣ ਵੀ ਤੂੰ ਜਾਗ । ਛੱਡ ਸਰਦਾਰੀ, ਭਾਈਚਾਰੇ 'ਚ ਖਲੋ ! ਖ਼ੂਨ ਵਾਲੇ ਹੱਥ ਨਾ ਤੂੰ ਖ਼ੂਨ ਨਾਲ ਧੋ । ਸਮੇਂ ਦੀ ਕਿਤਾਬ ਵਿਚੋਂ ਕਰ ਲੈ ਪੜ੍ਹਾਈ। ਕੌਣ ਜਿੱਤ ਸਕੇ ਹਥਿਆਰਾਂ ਦੀ ਲੜਾਈ। ਲੜਨੀ ਤਾਂ ਲੜ ਤੂੰ ਵਿਚਾਰਾਂ ਦੀ ਲੜਾਈ। ਕਦੇ ਵੀ ਬੰਦੂਕ ਵਿਚੋਂ ਨਿਕਲੇ ਨਾ ਮੋਹ । ਖ਼ੂਨ ਵਾਲੇ ਹੱਥ ਨਾ ਤੂੰ ਖ਼ੂਨ ਨਾਲ ਧੋ । ਦੁਨੀਆਂ 'ਚ ਤੇਰੀ ਪੈਸੇ ਜ਼ੋਰ ਸਰਦਾਰੀ। ਭੈੜਿਆਂ ਦੇ ਨਾਲ ਸਦਾ ਰੱਖਦਾ ਏਂ ਯਾਰੀ। ਉਨ੍ਹਾਂ ਨੇ ਹੀ ਅੱਜ ਤੇਰੀ ਪੱਗ ਹੈ ਉਤਾਰੀ। ਤੇਰੀ ਸ਼ਹਿ ਤੇ ਲਿੱਸਿਆਂ ਨੂੰ ਘੂਰਦੇ ਸੀ ਜੋ । ਖ਼ੂਨ ਵਾਲੇ ਹੱਥ ਨਾ ਤੂੰ ਖ਼ੂਨ ਨਾਲ ਧੋ ।

ਭੰਗੜਾ ਸਿਆਲਕੋਟ ਦਾ

ਹੱਸਦੇ ਗਾਉਂਦੇ ਖੁਸ਼ੀ ਮਨਾਉਂਦੇ, ਨੱਚਦੇ ਧਰਤੀ ਪੈਰ ਨਾ ਲਾਉਂਦੇ। ਨਵੇਂ ਨਕੋਰ ਖੜਕਵੇਂ ਲੀੜੇ, ਬੰਨ੍ਹ ਕੇ ਚਾਦਰੇ ਪਿੜ ਵਿਚ ਆਉਂਦੇ। ਕਹਿੰਦੇ ਢੋਲੀਆ ਡੱਗਾ ਮਾਰ ਤੂੰ, ਲਾ ਦੇ ਸੱਦ ਤੂੰ ਨੂਰ ਓਏ। ਭੰਗੜਾ ਸਿਆਲਕੋਟ ਦਾ ਮਸ਼ਹੂਰ ਓਏ। ਪੱਕੀ ਕਣਕ ਵਿਸਾਖੀ ਆਈ, ਜੱਟਾਂ ਦੇ ਘਰ ਰੌਣਕ ਆਈ। ਘਰ ਦੀ ਕੱਢੀ, ਨਾਗ ਦੀ ਬੱਚੀ, ਪੀ ਕੇ ਦਾਰੂ ਖੁਸ਼ੀ ਮਨਾਈ। ਰੱਬ ਦੀਆਂ ਰੱਖਾਂ ਰਹੇ ਸਲਾਮਤ, ਪੈ ਗਿਆ ਅੰਬਾਂ ਨੂੰ ਬੂਰ ਓਏ। ਭੰਗੜਾ ਸਿਆਲਕੋਟ ਦਾ ਮਸ਼ਹੂਰ ਓਏ। ਲੰਮੀ ਗਰਦਨ ਕਾਲੀ ਗਾਨੀ, ਸੱਪ ਦੀ ਤੋਰ ਤੁਰੇਂ ਮਸਤਾਨੀ। ਮਿਰਗਾਂ ਕੋਲੋਂ ਨੈਣ ਉਧਾਰੇ, ਲੈ ਕੇ ਚਾੜ੍ਹੇ ਤੀਰ ਕਮਾਨੀਂ। ਹਾਰ ਹਮੇਲਾਂ ਵਾਲੀ ਜੱਟੀ, ਤੱਕ ਤੱਕ ਚੜ੍ਹੇ ਸਰੂਰ ਓਏ। ਭੰਗੜਾ ਸਿਆਲਕੋਟ ਦਾ ਮਸ਼ਹੂਰ ਓਏ। ਪੈਰੀਂ ਜੁੱਤੀ ਨਾਰੋਵਾਲ ਦੀ, ਮਿਲੀ ਨਾ ਕਿਤਿਓਂ ਇਹਦੇ ਨਾਲ ਦੀ। ਤੋਰ ਮਟਕਣੀ ਤੁਰਦੈਂ ਗੱਭਰੂਆਂ, ਰੀਸ ਕਰਾਂ ਕੀ ਤੇਰੀ ਚਾਲ ਦੀ। ਲਹੌਰ ਤੇ ਪਸ਼ੌਰ ਇਹਦੀ ਨੋਕ ਤੋਂ ਮੈਂ ਵਾਰਾਂ, ਭਾਵੇਂ ਬਦਲੇ ਵਿਚ ਲੈ ਲਈ ਪਸਰੂਰ ਓਏ। ਭੰਗੜਾ ਸਿਆਲਕੋਟ ਦਾ ਮਸ਼ਹੂਰ ਓਏ। ਨੱਚਦੇ ਲੁੱਡੀਆਂ ਪਾਉਣ ਧਮਾਲਾਂ, ਹੱਥ ਵਿਚ ਸ਼ੀਸ਼ੇ ਕਰਨ ਕਮਾਲਾਂ। ਦਰਿਆਵਾਂ ਨੂੰ ਤੋਰਾਂ ਭੁੱਲੀਆਂ, ਵੇਖ ਵੇਖ ਇਨ੍ਹਾਂ ਦੀਆਂ ਚਾਲਾਂ। ਇਕੋ ਪਛਤਾਵਾ ਮੈਨੂੰ ਵੱਢ ਵੱਢ ਖਾਵੇ, ਜਿਹੜਾ ਹੋ ਗਿਆ ਅੱਖਾਂ ਤੋਂ ਦੂਰ ਓਏ। ਭੰਗੜਾ ਸਿਆਲਕੋਟ ਦਾ ਮਸ਼ਹੂਰ ਓਏ।

ਖੰਭ ਖਿੱਲਰੇ ਨੇ ਕਾਵਾਂ ਦੇ

ਖੰਭ ਖਿੱਲਰੇ ਨੇ ਕਾਵਾਂ ਦੇ । ਰੋਕ ਲਉ ਨਿਸ਼ਾਨੇ ਬਾਜ਼ੀਆਂ, ਪੁੱਤ ਮੁੱਕ ਚੱਲੇ ਮਾਵਾਂ ਦੇ । ਕਿੱਥੇ ਉੱਡੀਆਂ ਗੁਟਾਰਾਂ ਨੇ । ਐਤਕੀਂ ਨਾ ਤੀਆਂ ਨੱਚੀਆਂ, ਸਾਡੇ ਪਿੰਡ ਮੁਟਿਆਰਾਂ ਨੇ । ਵੱਜਦਾ ਏ ਢੋਲ ਪਿਆ। ਫੇਰ ਕੀ ਜਵਾਬ ਦਿਓਗੇ, ਸਾਰਾ ਪਿੰਡ ਹੀ ਜੇ ਬੋਲ ਪਿਆ। ਮਾਵਾਂ ਦੀ ਛਾਂ ਖ਼ਤਰੇ । ਗੋਦੀ ਚ ਖਿਡੌਣਾ ਟੁੱਟਿਆ, ਢਿੱਡੋਂ ਜੰਮਦਿਆਂ ਪਏ ਖ਼ਤਰੇ। ਤਲੀਆਂ ਤੇ ਮਹਿੰਦੀ ਏ । ਜਦੋਂ ਵੀ ਕਿਤੇ ਉੱਲੂ ਬੋਲਦੇ, ਮੇਰੀ ਜਾਨ ਤਰਹਿੰਦੀ ਏ । ਲੱਕੜੀ ਵਿਚ ਕਿੱਲ ਠੋਕਾਂ। ਹੜ੍ਹ ਦਰਿਆਵਾਂ ਦੇ, ਕੱਲਾ ਕੱਖ ਮੈਂ ਕਿਵੇਂ ਰੋਕਾਂ।

ਨਵੀਂ ਸਦੀ ਵਿਚ

ਚੰਦਰਮਾ ਸੂਰਜ ਤੇ ਦੀਵੇ ਸਨਮੁਖ ਨੇਤ੍ਰ ਮਰੇ । ਜਗਮਗ ਜੋਤ ਧਰਤ ਦੇ ਕੋਨੇ ਨੂਰੋ ਨੂਰ ਕਰੇ । ਲੰਮ ਸਲੰਮੀ ਨੇਰ੍ਹੀ ਜ਼ਿੰਦਗੀ ਸੋਚ ਕੇ ਜੀਅ ਡਰੇ । ਪਿਆਰ ਮੁਹੱਬਤ ਅਮਨ ਦਾ ਪਰਚਮ ਸੁੰਨੇ ਗਗਨ ਭਰੇ । ਇਸ ਧਰਤੀ ਦਾ ਕਿਣਕਾ ਕਿਣਕਾ ਇਹ ਅਰਦਾਸ ਕਰੇ । ਜਿਹੜੀ ਥਾਂ ਬੰਜਰ ਤੇ ਬੇਲਾ ਓਥੇ ਫ਼ਸਲ ਭਰੇ । ਮਾਂ ਦੀ ਗੋਦੀ ਬਾਲ ਅਲੂੰਆਂ ਬੈਠ ਕਲੋਲ ਕਰੇ । ਆਪਣੇ ਘਰ ਚੋਂ ਡਰ ਨਾ ਆਵੇ ਵਿਹੜੇ ਰਹਿਣ ਭਰੇ। ਤੜਕਸਾਰ ਮਾਂ ਪਾਏ ਰਿੜਕਣਾ ਮੱਖਣ ਹੱਥ ਭਰੇ । ਦੁੱਧ ਪੁੱਤ ਰਹਿਣ ਸਲਾਮਤ ਨੂੰਹਾਂ ਧੀਆਂ ਨਾ ਹੋਣ ਪਰੇ। ਭੈਣਾਂ ਹੱਥ ਸੁਹਾਗ ਦਾ ਚੂੜਾ ਬੰਨੜਾ ਆਣ ਵਰੇ । ਤਰੇਲ ਦੇ ਮੋਤੀ ਖਿੱਲਰੇ ਵੇਖੋ ਸ਼ਗਨ ਸਵੇਰੇ ਕਰੇ । ਤਪਦੀ ਧਰਤੀ ਮੀਂਹ ਮੰਗਦੀ ਹੈ ਰੱਜ ਰੱਜ ਮੇਘ ਵਰ੍ਹੇ । ਦੁਸ਼ਮਣ ਦੀ ਵੀ ਅੱਖ ਵਿਚ ਅੱਥਰੂ ਹੁਣ ਨਾ ਜਾਣ ਜਰੇ।

ਕਸ਼ਮੀਰ ਮੰਗਦਾ ਆਦਮੀ

ਅੱਧੀ ਰਾਤ ਵੇਲੇ, ਜਦ ਮੈਂ ਲਹੌਰ ਦੇ ਪੰਜ ਤਾਰਾ ਹੋਟਲ ਫਲੈਟੀਜ਼ ਵਿਚ ਚੱਲਦੇ, ਸਮਾਰੋਹ ਤੋਂ ਵਿਹਲਾ ਹੋਇਆ, ਤਾਂ ਬਾਹਰ ਨਿਕਲਦਿਆਂ, ਢਿਚਕੂੰ ਢਿਚਕੂੰ ਕਰਦੇ, ਇੱਕ ਸਾਈਕਲ ਵਾਲੇ ਸ਼ਰਾਬੀ ਨੇ, ਮੈਨੂੰ ਪਿੱਛਿਉਂ ਆਵਾਜ਼ ਮਾਰੀ। ਸਰਦਾਰ ਜੀ! ਕਸ਼ਮੀਰ ਕਦੋਂ ਦਿਓਗੇ ? ਮੈਂ ਕਿਹਾ। ਹੁਣੇ ਹੀ ਦੇਵਾਂ ਕਿ ਸਵੇਰ ਤੀਕ ਸਾਰ ਲਵੇਂਗਾ ? ਬੋਲਿਆ! “ਸਰਦਾਰ ਜੀ ਮਜ਼ਾਖਾਂ ਪਏ ਕਰਦੇ ਓ” । ਮੈਂ ਕਿਹਾ, “ਤੇ ਪਹਿਲਾਂ ਤੂੰ ਕੀਹ ਕੀਤਾ ਸੀ” ? ਮੇਰੇ ਕੋਲ ਤਾਂ ਸਿਰਫ਼ ਮੁਹੱਬਤ ਦੀਆਂ ਮੋਮਬੱਤੀਆਂ ਨੇ। ਜਾਂ ਸ਼ਬਦਾਂ ਦੀ ਜਮ੍ਹਾਂ ਪੂੰਜੀ। ਜੋ ਮੈਂ ਤੇਰੇ ਸ਼ਹਿਰ ਓਹੀ ਲੈ ਕੇ ਆਇਆ ਹਾਂ। ਅਸੀਂ ਮਨਾਂ ਤੇ ਰਾਜ ਕਰਨਾ ਹੈ। ਤਨਾਂ ਤੇ ਨਹੀਂ। ਤਨਾਂ ਵਾਲਿਆਂ ਨੂੰ ਧਰਤੀ ਚਾਹੀਦੀ ਹੈ। ਤੇ ਮਨਾਂ ਵਾਲਿਆਂ ਨੂੰ ਆਜ਼ਾਦ ਸੁਪਨਿਆਂ ਲਈ ਸਰਬ ਸਾਂਝਾ ਅੰਬਰ । ਆ! ਸਾਂਝੇ ਸੁਪਨੇ ਲਈ ਬਗਲਗੀਰ ਹੋਈਏ। ਮੈਂ ਪੁੱਛਿਆ! ਜਵਾਨਾ! ਤੂੰ ਕੰਮ ਕੀਹ ਕਰਦੈਂ ? ਬੋਲਿਆ, ਮਜ਼ਦੂਰੀ ਕਰਨਾਂ, ਸੌ ਰੁਪਈਏ ਦਿਹਾੜੀ ਦੀ। ਏਨਾ ਸੁਣ ਕੇ ਮੈਨੂੰ ਆਪਣੇ ਸ਼ਹਿਰ ਦੇ ਇਹੋ ਜਹੇ ਬਹੁਤੇ ਸਾਰੇ ਲੋਕ ਚੇਤੇ ਆਏ। ਜਿੰਨ੍ਹਾਂ ਦੀ ਦਿਹਾੜੀ ਵੀ ਸੌ ਰੁਪਈਏ ਹੀ ਹੈ। ਇਹਦੇ ਵਾਂਗ ਹੀ ਮੰਗਦੇ ਨੇ ਉਹ ਵੀ, ਕਦੇ ਕਸ਼ਮੀਰ ! ਕਦੇ ਖ਼ਾਲਿਸਤਾਨ। ਕਦੇ ਕੁਝ ! ਕਦੇ ਕੁਝ ! ਜੇ ਨਹੀਂ ਮੰਗਦੇ ਤਾਂ ਕਦੇ ਨਹੀਂ ਮੰਗਦੇ, ਦਿਹਾੜੀ ਵਿਚੋਂ ਘੱਟ ਮਿਲਦਾ ਇੱਕ ਹੋਰ ਸੌ ਰੁਪਈਆ। ਜਿਸਨੂੰ ਦੋਹਾਂ ਮੁਲਕਾਂ ਦੇ ਹਾਕਮ, ਸਰਹੱਦਾਂ ਤੇ ਪਟਾਕੇ ਚਲਾਉਣ ਲਈ, ਪਹਿਲਾਂ ਹੀ ਕਾਟ ਕੱਟ ਕੇ ਰੱਖ ਲੈਂਦੇ ਨੇ।

ਸੁਰਗ ਲੱਭਦਿਆਂ ਨੂੰ

ਨਰਕ ਦਾ ਪਸਾਰਾ ਏਸੇ ਲਈ ਵਧ ਰਿਹਾ ਹੈ। ਕਿਉਂਕਿ ਧਰਤੀ ਤੇ ਵੱਸਦੇ ਬਹੁਤੇ ਲੋਕ ਸੁਰਗ ਕਿਤੋਂ ਹੋਰ ਲੱਭਦੇ ਨੇ। ਸਰਹੱਦਾਂ ਬਹੁਤ ਸੁਰੱਖਿਅਤ ਨੇ ਹੁਣ ਸਰਹੱਦਾਂ ਬਹੁਤ ਸੁਰੱਖਿਅਤ ਨੇ ਕਿਉਂਕਿ ਦੁਸ਼ਮਣ ਹੁਣ ਸਰਹੱਦਾਂ ਥਾਣੀਂ ਨਹੀਂ ਆਉਂਦਾ। ਤੁਹਾਡੇ ਘਰ, ਵਿਹੜੇ, ਰਸੋਈ, ਬੈੱਡਰੂਮ ਜਾਂ ਜਿੱਥੇ ਚਾਹੇ, ਜਦੋਂ ਚਾਹੇ, ਜਿਵੇਂ ਚਾਹੇ ਵੜ ਸਕਦਾ ਹੈ। ਐਨਟੀਨੇ ਦੀ ਛਤਰੀ ਜਾਂ ਕੇਬਲ ਤਾਰ ਰਾਹੀਂ, ਤੁਹਾਡੀ ਥਾਲੀ ਵਿਚੋਂ ਰੋਟੀ ਚੁੱਕ ਕੇ, ਤੁਹਾਡੇ ਹੱਥਾਂ ਵਿਚ, ਆਪਣੀ ਮਰਜ਼ੀ ਦਾ ਕੋਈ ਹੋਰ ਪਕਵਾਨ ਫੜਾ ਸਕਦਾ ਹੈ। ਤੁਹਾਡੇ ਪੁੱਤਰ ਧੀ ਨੂੰ ਜਿਹੋ ਜਿਹਾ ਚਾਹੇ ਬਣਾ ਸਕਦਾ ਹੈ। ਤੁਹਾਡੇ ਸਰੀਰ ਤੇ ਜ਼ਮੀਰ ਨੂੰ, ਕੁਝ ਵੀ ਕਹੇ ਬਗੈਰ, ਆਪਣਾ ਗੁਲਾਮ ਬਣਾ ਸਕਦਾ ਹੈ।

ਆਵਾਜ਼ ਦਿਓ

ਕਬਰਾਂ ਚ ਪਏ ਮੁਰਦਾ ਸਰੀਰੋ, ਆਵਾਜ਼ ਦਿਉ। ਘਰਾਂ ਚ ਟੀ. ਵੀ. ਦੇਖਦੇ ਮਿਹਰਬਾਨ ਵੀਰੋ, ਚੁੱਪ ਨਾ ਬੈਠੋ! ਆਵਾਜ਼ ਦਿਓ। ਨੌਕਰੀ ਕਰਦੀਉ ਮੇਜ਼ ਕੁਰਸੀਉ, ਕੁਝ ਤਾਂ ਕਹੋ। ਜਬਰ ਝੱਲਣ ਨੂੰ ਸਬਰ ਨਾ ਕਹੋ। ਦੂਰ ਦੇਸ ਚੱਲਦੇ ਪਟਾਕੇ, ਜੇ ਅੱਜ ਤੁਹਾਡੇ ਘਰ ਖ਼ਬਰਾਂ ਘੱਲਦੇ ਨੇ, ਤਾਂ ਕੱਲ੍ਹ ਨੂੰ ਚਿੱਟੀਆਂ ਚੁੰਨੀਆਂ ਵੀ ਭੇਜ ਸਕਦੇ ਨੇ।

ਅੱਗ ਦੇ ਖਿਡੌਣੇ

ਜਿੰਨ੍ਹਾਂ ਕੋਲ ਹਥਿਆਰ ਹਨ, ਉਹ ਬਿਲਕੁਲ ਨਹੀਂ ਜਾਣਦੇ, ਕਿ ਉਨ੍ਹਾਂ ਦੇ ਵਿਰੋਧੀਆਂ ਦੇ ਬੱਚੇ ਵੀ, ਖਿਡੌਣਿਆਂ ਨਾਲ ਖੇਡਣਾ ਚਾਹੁੰਦੇ ਨੇ। ਜਿੰਨ੍ਹਾਂ ਕੋਲ ਆਪਣੇ ਦੁਸ਼ਮਣਾਂ ਲਈ, ਅੱਗ ਦੇ ਖਿਡੌਣੇ ਨੇ। ਜੋ ਉਨ੍ਹਾਂ ਦੂਰ ਦੇਸ ਜਾ ਕੇ, ਸ਼ੌਕੀਆ ਚਲੌਣੇ ਨੇ। ਕਿਵੇਂ ਜਾਣ ਸਕਦੇ ਨੇ ? ਕਿ ਬੱਚਿਆ ਲਈ ਖਿਡੌਣੇ ਇਹੋ ਜਹੇ ਨਹੀਂ ਹੁੰਦੇ।

ਆਕੀ ਰਹੇ ਨਾ ਕੋਇ

ਉਨ੍ਹਾਂ ਨੇ ਧਰਤੀ ਤੇ, ਪੂਰਾ ਨਕਸ਼ਾ ਵਾਹਿਆ, ਤੇ ਚਾਹਿਆ। “ਆਕੀ ਰਹੇ ਨਾ ਕੋਇ” ਬਾਕੀ ਰਹੇ ਨਾ ਕੋਇ। ਉਨ੍ਹਾਂ ਧਰਤੀ ਤੇ ਸੁਹਾਗਾ ਫੇਰਿਆ, ਤੇ ਐਲਾਨ ਕੀਤਾ। ਹੁਣ ਧਰਤ ਪੱਧਰੀ ਹੈ, ਕੋਈ ਵੀ ਥਾਂ ਉੱਚੀ ਨੀਵੀਂ ਨਹੀਂ। ਉਨ੍ਹਾਂ ਧਰਤੀ ਵਿਚ ਦਾਣੇ ਨਹੀਂ, ਬਾਰੂਦ ਬੀਜਿਆ, ਤੇ ਆਪਣੇ ਬੱਚਿਆਂ ਨੂੰ ਆਖਿਆ, ਇਸ ਸਾਰੀ ਧਰਤ ਦੇ ਤੁਸੀਂ ਇਕੱਲੇ ਮਾਲਕ ਹੋ। ਪਰ ਇਹ ਭੁੱਲ ਗਏ ਕਿ ਧਰਤੀ ਵਿਚ, ਬਾਰੂਦ ਨਹੀਂ, ਦਾਣੇ ਉੱਗਦੇ ਨੇ, ਤੇ ਜਿਹੜੇ ਬਾਰੂਦ ਬੀਜਦੇ ਨੇ, ਉਨ੍ਹਾਂ ਨੇ ਪੈਲੀਆਂ ਵਿਚੋਂ ਕਦੇ ਵੀ ਫ਼ਸਲਾਂ ਨਹੀਂ ਵੱਢੀਆਂ।

ਜੰਗ ਵਿਚ

ਜੰਗ ਵਿਚ ਹਥਿਆਰ ਨਹੀਂ, ਆਦਮੀ ਮਰਦੇ ਨੇ। ਟੈਂਕ, ਤੋਪਾਂ ਤੇ ਬੰਦੂਕਾਂ, ਫ਼ਸਲਾਂ ਨਹੀਂ, ਮਨੁੱਖਤਾ ਨੂੰ ਚਰਦੇ ਨੇ। ਅਣਲਿਖਿਆ ਇਤਿਹਾਸ ਪੁੱਛਦਾ ਹੈ। ਭਲਾ ਇਹ ਈਸਾ ਦੇ ਵਾਰਿਸ, ਏਦਾਂ ਕਿਉਂ ਕਰਦੇ ਨੇ ? ਹਜ਼ਰਤ ਮੁਹੰਮਦ ਦੀ ਧਰਤੀ ਤੇ, ਕਿਹੋ ਜਿਹਾ ਤਾਂਡਵ ਕਰਦੇ ਨੇ। ਜਿਸ ਨਾਲ ਘਰ ਕਬਰਾਂ ਬਣਦੇ ਨੇ, ਤੇ ਕਬਰਾਂ ਦਾ ਸੰਤਾਪ । ਪਿੱਛੇ ਰਹਿ ਗਏ, ਪੱਥਰ ਹੋਏ ਲੋਕ ਜਰਦੇ ਨੇ।

ਮੈਂ ਉਸ ਕਵੀ ਨੂੰ ਪੁੱਛਾਂਗਾ

ਮੈਂ ਉਸ ਕਵੀ ਨੂੰ ਜ਼ਰੂਰ ਪੁੱਛਾਂਗਾ। ਰਾਤ ਦੇ ਹਨੇਰ੍ਹੇ ਵਿਚ ਤੂੰ ਕਿੱਥੇ ਸੀ ? ਤੇ ਫਿਰ ਜਦੋਂ ਦਿਨ ਦੇ ਚਿੱਟੇ ਚਾਨਣੇ ਵਿੱਚ, ਹਥਿਆਰ ਮਗਰੂਰ ਹੋਏ ਫਿਰ ਰਹੇ ਸਨ, ਤੂੰ ਉਦੋਂ ਕਿੱਥੇ ਲੁਕ ਗਿਆ ਸੀ ? ਮੈਂ ਉਸਦੀਆਂ ਕਵਿਤਾਵਾਂ ਦੀ ਤਲਾਸ਼ੀ ਲਵਾਂਗਾ। ਤੇ ਲੱਭਾਂਗਾ ਉਨ੍ਹਾਂ ਸੁਪਨਿਆਂ ਦੇ ਅਸਥ। ਜੋ ਉਸ ਦੇ ਨਾਲ ਹੀ, ਬਿਨਾਂ ਸੜਿਆਂ ਸਵਾਹ ਹੋ ਗਏ। ਮੈਂ ਉਸ ਕਵੀ ਦੀਆਂ ਕਿਤਾਬਾਂ ਚੋਂ ਲੱਭਾਂਗਾ। ਕਿੱਥੇ ਗਈ ਉਸਦੀ ਭਖ਼ਦੀ ਜੀਵਨ ਚੰਗਿਆੜੀ। ਜੋ ਉਹ ਸਾਨੂੰ ਸੁਪਨਿਆਂ ਦੇ ਭਾਅ ਵੇਚਦਾ ਰਿਹਾ। ਸ਼ਬਦਾਂ ਓਹਲੇ ਲੁਕੇ ਸ਼ਾਇਰ ਨੂੰ, ਜੇ ਮੈਂ ਨਾ ਵੀ ਪੁੱਛ ਸਕਿਆ, ਤਾਂ ਵਕਤ ਜ਼ਰੂਰ ਪੁੱਛੇਗਾ।

ਮੈਂ ਰਾਤ ਨੂੰ ਪੁੱਛਿਆ

ਮੈਂ ਰਾਤ ਨੂੰ ਪੁੱਛਿਆ ਤੂੰ ਦਿਨ ਨਾਲੋਂ ਕਈ ਗੁਣਾ ਕਾਲੀ ਕਿਉਂ ਹੈ ? ਤੇਰੀ ਬੁੱਕਲ ਵਿਚ ਹੀ ਚੋਰ ਲੁਟੇਰੇ, ਤੇ ਹੋਰ ਸਭ ਦੇ ਅਨਸਰ, ਕਿਉਂ ਬਾਘੀਆਂ ਪਾਉਂਦੇ ਨੇ ? ਉਸ ਨੇ ਦਿਨ ਦੇ ਚਿੱਟੇ ਚਾਨਣ ਵਰਗੇ ਸਪਸ਼ਟ ਸ਼ਬਦਾਂ 'ਚ ਕਿਹਾ, ਸੂਰਜ ਦੀ ਮੇਰੇ ਵੱਲ ਪਿੱਠ ਹੈ ਨਾ। ਏਸ ਲਈ। ਇੱਕੋ ਫ਼ਿਕਰੇ ਨਾਲ ਮੇਰੇ ਸਾਹਮਣੇ ਬੜਾ ਕੁਝ ਬੇਪਰਦ ਹੋ ਗਿਆ।

ਵਿਸ਼ਵ ਮੰਡੀ

ਸਮੁੱਚਾ ਵਿਸ਼ਵ ਹੁਣ ਇੱਕ ਮੰਡੀ ਬਣ ਗਿਆ ਹੈ। ਮਹਿੰਗਾਈ ਦੇ ਜ਼ਮਾਨੇ ਵਿਚ, ਸਭ ਕੁਝ ਹੀ ਬੜਾ ਮਹਿੰਗਾ ਹੈ। ਜੇ ਸਸਤਾ ਹੈ ਤਾਂ ਕੇਵਲ ਆਦਮੀ। ਤੇ ਉਸ ਤੋਂ ਵੀ ਸਸਤੀ ਹੈ ਉਸਦੀ ਜ਼ਮੀਰ । ਜੋ ਕਿਸੇ ਵੀ ਮਹਿੰਗੇ ਸਸਤੇ ਭਾਅ, ਖ਼ਰੀਦੀ ਜਾ ਸਕਦੀ ਹੈ। ਕੁਝ ਠੀਕਰੀਆਂ ਬਦਲੇ, ਦੇਸ਼ ਭਗਤੀਆਂ, ਨਾਹਰੇ ਤੇ ਲਾਰੇ, ਖ਼ਰੀਦ-ਵੇਚ ਸਕਦੇ ਹੋ। ਘਰ ਬੈਠਿਆਂ ਹੀ ਤੁਸੀਂ, ਵਿਸ਼ਵ ਮੰਡੀ ਦਾ ਲਾਭ ਉਠਾਉ। ਰਾਤੋ ਰਾਤ ਮਾਲੋਮਾਲ ਹੋ ਜਾਉ।

ਸਾਨ੍ਹ

ਉਹ ਮੁਲਕ ਵਾਂਗ ਨਹੀਂ, ਹੰਕਾਰੇ ਸਾਨ੍ਹ ਵਾਂਗ ਤੁਰ ਫਿਰ ਰਿਹਾ ਹੈ। ਸਾਡੀਆਂ ਬਸਤੀਆਂ ਦੀਆਂ ਕੰਧਾਂ ਨਾਲ ਖਹਿੰਦਾ, ਖੁਰਲੀਆਂ ਢਾਹੁੰਦਾ, ਫ਼ਸਲਾਂ ਮਿੱਧਦਾ, ਚਰਦਾ, ਉਹ ਸ਼ਰੇਆਮ ਘੁੰਮ ਰਿਹਾ ਹੈ। ਉਸ ਦੀ ਪਿੱਠ ਤੇ ਲੱਗਿਆ ‘ਠੱਪਾ, ਸਾਨੂੰ ਬੋਲਣ ਨਹੀਂ ਦਿੰਦਾ। ਕਿਉਂਕਿ ਠੱਪਾ ਲਾਉਣ ਵਾਲੇ, ਮਾਲਕਾਂ ਵਲੋਂ ਘੱਲੇ ਆਟੇ ਨਾਲ, ਸਾਡੇ ਘਰੀਂ ਰੋਟੀ ਪੱਕਦੀ ਹੈ। ਸੜਕਾਂ ਤੇ ਪੁਲ ਉੱਸਰਦੇ ਨੇ। ਨਿਤਾਣੇ ਲੋਕਾਂ ਲਈ ਘਰ ਬਣਦੇ ਨੇ। ਸਕੂਲ, ਕਾਲਿਜ ਤੇ ਹਸਪਤਾਲ ਖੁੱਲ੍ਹਦੇ ਨੇ। ਅੱਡੇ ਹੋਏ ਹੱਥਾਂ ਨਾਲ ਖੈਰਾਤ ਮੰਗਦੇ ਮੰਗਦੇ, ਅਸੀਂ ਏਨੇ ਨਿਹੱਥੇ ਕਿਉਂ ਹੋ ਗਏ ?

ਅਮਰ ਵੇਲ

ਅਮਰ ਵੇਲ ਫੋਟੋ ਵਿਚ ਕਿੰਨੀ ਸੋਹਣੀ ਲੱਗਦੀ। ਪੀਲੀ ਪੀਲੀ ਚਾਨਣ ਰੰਗੀਆਂ ਤਾਰਾਂ ਵਰਗੀ। ਪਰ ਰੁੱਖਾਂ ਦਾ ਸਾਹ ਸਤ ਪੀਵੇ। ਜਦ ਤਕ ਰੁੱਖੜਾ ਸੁੱਕ ਨਹੀਂ ਜਾਂਦਾ, ਤਦ ਤੱਕ ਜੀਵੇ।

ਧਰਤੀ ਗੋਲ ਨਹੀਂ ਹੈ

ਉਹ ਕਹਿੰਦੇ ਰਹੇ, ਧਰਤੀ ਗੋਲ ਹੈ। ਮੈਂ ਕਿਹਾ ਨਹੀਂ, ਧਰਤੀ ਗੋਲ ਨਹੀਂ ਹੈ। ਇਹ ਤਾਂ ਚਿੱਬ ਖੜੱਬੀ ਹੈ। ਏਨੇ ਪ੍ਰਮਾਣੂ ਹੱਲਿਆਂ ਤੋਂ ਬਾਦ, ਕਿਹੜੀ ਮਾਂ ਸਲਾਮਤ ਰਹਿ ਸਕਦੀ ਹੈ ?

ਆਪਣੇ ਤੋਂ ਦੂਰ ਖਲੋ ਕੇ

ਮੈਨੂੰ ਮੇਰੇ ਤੋਂ, ਦੂਰ ਲੈ ਜਾਵੋ। ਇਕ ਫ਼ਾਸਲੇ ਤੋਂ, ਮੈਂ ਖ਼ੁਦ ਨੂੰ ਨਿਹਾਰਨਾ ਚਾਹੁੰਦਾ ਹਾਂ। ਆਪਣੇ ਨਾਲ ਰਹਿ ਰਹਿ ਕੇ, ਮੈਨੂੰ ਆਪਣਾ ਚਿਹਰਾ ਨਹੀਂ ਦਿਸਦਾ। ਲੋਕਾਂ ਵਾਂਗ, ਮੈਂ ਖ਼ੁਦ ਨੂੰ, ਆਪਣੇ ਤੋਂ ਦੂਰ ਜਾ ਕੇ, ਜਾਨਣਾ ਤੇ ਪਛਾਨਣਾ ਚਾਹੁੰਦਾ ਹਾਂ।

ਅੱਜ ਖ਼ੁਸ਼ੀਆਂ ਨੂੰ ਮਾਨਣ ਵੇਲੇ

ਅੱਜ ਖ਼ੁਸ਼ੀਆਂ ਨੂੰ ਮਾਨਣ ਵੇਲੇ, ਤੁਰ ਗਏ ਜਿਹੜੇ ਜਿਹੜੇ ਜੀਅ। ਉਨ੍ਹਾਂ ਨੂੰ ਮੈਂ ਕਿੱਸਰਾਂ ਦੱਸਾਂ ? ਮੈਨੂੰ ਲੱਭਾ ਦੱਸਾਂ ਕੀਹ ? ਕਿੱਥੇ ਗੁੰਮ ਗੁਆਚ ਗਏ ਨੇ, ਰਾਤ ਬਰਾਤੇ ਲੱਭਦਾ ਫਿਰਨਾਂ।

ਸਾਡੇ ਲਈ ਜੰਗ ਹੋਈ ਤਿਆਰ ਵੇ ਹਾਂ

ਰਾਜੇ ਤਾਂ ਹੋ ਗਏ ਅੱਜ ਤੋਂ ਜੰਗਾਂ ਤੋਂ ਵਿਹਲੇ ਜੀ, ਸਾਡੇ ਲਈ ਜੰਗ ਹੋਈ ਤਿਆਰ ਵੇ ਹਾਂ। ਘਰ ਤੋਂ ਤਾਂ ਘੱਲਿਆ ਸੀ ਪੁੱਤਰ ਕਰਨ ਕਮਾਈਆਂ ਨੂੰ, ਦਿਲ ਉੱਤੇ ਰੱਖ ਕੇ ਪੱਥਰ ਭਾਰ ਵੇ ਹਾਂ । ਪਿਛਲੀ ਦੋਮਾਹੀਂ ਛੁੱਟੀ ਵੇਲੇ ਤਾਂ ਵਿਆਹਿਆ ਸੀ, ਹੋਏ ਮਹੀਨੇ ਹਾਲੇ ਚਾਰ ਵੇ ਹਾਂ। ਮਰਿਆ ਨੀ ਮਰਿਆ ਵੀਰਨ, ਮਰਿਆ ਏ ਦੇਸ਼ ਲਈ, ਛਪਿਆ ਨੀ ਨਾਂ ਵੀ ਵਿਚ ਅਖ਼ਬਾਰ ਵੇ ਹਾਂ। ਪੁੱਤਰ ਦੀ ਥਾਂ ਤੇ ਮੁੜਿਆ ਬਕਸਾ ਜਿਹਾ ਵੇਖ ਕੇ, ਰੋਇਆ ਸੀ ਟੱਬਰ ਭੁੱਬਾਂ ਮਾਰ ਵੇ ਹਾਂ। ਅੰਬਰ ਨੂੰ ਛੋਹਣ ਕੀਰਨੇ, ਧਰਤੀ ਵੀ ਕੰਬ ਗਈ ਸੀ, ਡਿੱਗੀ ਗਸ਼ ਖਾ ਕੇ ਉਹਦੀ ਨਾਰ ਵੇ ਹਾਂ। ਰੰਗਲਾ ਨੀ ਰੰਗਲਾ ਚੂੜਾ ਬਾਹਾਂ 'ਚੋਂ ਤਿੜਕ ਗਿਆ, ਚਿਹਰਾ ਵੀ ਹੋਇਆ ਜ਼ਰਦ ਵਿਸਾਰ ਵੇ ਹਾਂ। ਨਿੱਕੀ ਜਿਹੀ ਅਗਨ ਵਰੇਸੇ, ਭਾਣਾ ਕੀ ਵਰਤ ਗਿਆ, ਕਿੱਧਰ ਨੂੰ ਜਾਊ ਇਹ ਮੁਟਿਆਰ ਵੇ ਹਾਂ। ਬਾਪ ਦੀ ਟੁੱਟੀ ਡੰਗੋਰੀ, ਮਾਂ ਦੀ ਅੱਖ ਜੋਤ ਗਈ, ਹੋਇਆ ਜੱਗ ਸਾਰਾ ਅੰਧਕਾਰ ਵੇ ਹਾਂ। ਕਹਿੰਦਾ ਸੀ ਅਗਲੀ ਛੁੱਟੀ ਵੇਲੇ ਜਦ ਆਊਂਗਾ, ਲੱਭਾਂਗਾ ਭੈਣ ਲਈ ਘਰ-ਬਾਰ ਵੇ ਹਾਂ। ਕੰਧਾਂ ਗਲ ਲੱਗ ਲੱਗ ਰੋਵੇ, ਮੂੰਹੋਂ ਨਾ ਬੋਲਦੀ, ਖ਼ਬਰੇ ਦਿਲ ਉੱਤੇ ਕਿੰਨਾ ਭਾਰ ਵੇ ਹਾਂ। ਐਧਰ ਦੀ ਗੋਲੀ ਭਾਵੇਂ ਓਧਰ ਦੀ ਗੋਲੀ ਸੀ, ਪੁੱਤਰ ਤਾਂ ਮੋਏ ਦੋਵੇਂ ਵਾਰ ਵੇ ਹਾਂ। ਕਿੰਨੇ ਪੁੱਤ ਐਧਰ ਮਰ ਗਏ, ਓਧਰ ਦੀ ਖ਼ਬਰ ਨਹੀਂ, ਤੋਪਾਂ ਨੂੰ ਆਇਆ ਨਾ ਡਕਾਰ ਵੇ ਹਾਂ। ਸਿਰ 'ਤੇ ਲੈ ਚਿੱਟੀ ਚੁੰਨੀ ਵਿਧਵਾ ਜਦ ਫਿਰਨਗੀਆਂ, ਧਰਤੀ ਵੀ ਕਿੱਦਾਂ ਚੁੱਕੂ ਭਾਰ ਵੇ ਹਾਂ। ਸੋਚੋ ਵੇ ਸੋਚੋ ਵੀਰੋ, ਇਨ੍ਹਾਂ ਦਾ ਕਾਲਾ ਮੂੰਹ, ਧਰਤੀ 'ਤੇ ਜਿੰਨੇ ਹਥਿਆਰ ਵੇ ਹਾਂ। ਵੋਟਾਂ ਦੇ ਵਣਜਾਂ ਖ਼ਾਤਰ, ਮਸਲੇ ਉਲਝਾਉਣ ਲਈ, ਚਾੜ੍ਹ ਦਿੱਤਾ ਜੰਗ ਦਾ ਬੁਖ਼ਾਰ ਵੇ ਹਾਂ। ਏਧਰ ਤੇ ਓਧਰ ਕਲਮਾਂ ਝੱਗੋਂ ਝੱਗ ਹੋਈਆਂ ਨੇ, ਰੱਤ ਵਿਚ ਭਿੱਜੇ ਅਖ਼ਬਾਰ ਵੇ ਹਾਂ। ਸਾਡੇ ਤਾਂ ਘਰ ਘਰ ਰੋਣੇ ਉਮਰਾਂ ਲਈ ਪੈ ਗਏ ਨੇ, ਹਾਕਮ ਲਈ ਚੋਣ ਪ੍ਰਚਾਰ ਵੇ ਹਾਂ। ਬਹੁਤੇ ਤਾਂ ਲੋਕਾਂ ਖ਼ਾਤਰ ਕਿਰਕਟ ਦਾ ਮੈਚ ਸੀ, ਸਾਡੇ ਲਈ ਲਾਮ ਸੀ ਤੀਜੀ ਵਾਰ ਵੇ ਹਾਂ। ਸਾਨੂੰ ਤਾਂ ਗੋਲੀ ਵਾਂਗੂੰ ਸੀਨੇ ਵਿਚ ਵੱਜਦਾ ਏ, ਰਾਜੇ ਦਾ ਭਾਸ਼ਨ, ਲੱਛੇਦਾਰ ਵੇ ਹਾਂ। ਹਾਕਮ ਤੋਂ ਨਕਦ ਰੁਪਈਏ, ਦੱਸੋ ਜੀ ਕਿੱਦਾਂ ਲਈਏ, ਪੁੱਤਰ ਨਾ ਵਿਕਦੇ ਕਿਸੇ ਬਾਜ਼ਾਰ ਵੇ ਹਾਂ। ਲੱਖਾਂ ਨਹੀਂ ਕਈ ਕਰੋੜਾਂ ਖ਼ਰਚੇ ਬਾਰੂਦ ਲਈ, ਲੀਕਾਂ ਤਾਂ ਉਵੇਂ ਬਰਕਰਾਰ ਵੇ ਹਾਂ। ਪਹਿਲਾਂ ਹਥਿਆਰ ਫੜਾਵੇ, ਮਗਰੋਂ ਫਿਰ ਸੁਲ੍ਹਾ ਕਰਾਵੇ, ਕਿੱਦਾਂ ਦਾ ਚਾਤਰ ਥਾਣੇਦਾਰ ਵੇ ਹਾਂ। ਸਾਡੇ ਹੀ ਮਾਂ ਪਿਉ ਜਾਏ, ਧਰਮਾਂ ਦੀ ਚੁੱਕ ਵਿਚ ਆਏ, ਲੜਦੇ ਨੇ ਅਕਲੀਂ ਜਿੰਦੇ ਮਾਰ ਵੇ ਹਾਂ। ਜਾਗੋ ਵੇ ਜਾਗੋ ਲੋਕੋ, ਏਨੀ ਗੱਲ ਜਾਣ ਲਵੋ, ਬਣਨਾ ਨਹੀਂ ਆਪਾਂ ਹੁਣ ਹਥਿਆਰ ਵੇ ਹਾਂ।

ਗੀਤ

ਸਾਨੂੰ ਮੋੜ ਦਿਓ ਰੰਗਲਾ ਪੰਜਾਬ, ਅਸੀਂ ਨਹੀਂ ਕੁਝ ਹੋਰ ਮੰਗਦੇ । ਸਾਨੂੰ ਮੋੜ ਦਿਓ ਖਿੜਿਆ ਗੁਲਾਬ, ਅਸੀਂ ਨਹੀਂ ਕੁਝ ਹੋਰ ਮੰਗਦੇ । ਮੋੜ ਦਿਓ ਸਾਡੀਆਂ ਵਿਸਾਖੀਆਂ ਤੇ ਲੋਹੜੀਆਂ। ਭੈਣਾਂ ਦੇ ਸੁਹਾਗ ਸੋਹਣੇ ਵੀਰਾਂ ਦੀਆਂ ਘੋੜੀਆਂ। ਮਿੱਠੇ ਗੀਤਾਂ ਵਾਲੀ ਸੁੱਚੜੀ ਕਿਤਾਬ । ਅਸੀਂ ਨਹੀਂ ਕੁਝ ਹੋਰ ਮੰਗਦੇ । ਸੁਰਾਂ ਤੋਂ ਬਗੈਰ ਗੀਤ ਚੰਗੇ ਨਹੀਓਂ ਲੱਗਦੇ। ਬਾਲੇ ਮਰਦਾਨੇ ਬਿਨਾਂ ਰਾਗ ਨਹੀਓਂ ਫੱਬਦੇ। ਕਿਹੜੇ ਕੰਮ ਆਉ ਸੱਖਣੀ ਰਬਾਬ । ਅਸੀਂ ਨਹੀਂ ਕੁਝ ਹੋਰ ਮੰਗਦੇ। ਲੀਰੋ ਲੀਰ ਸਾਲੂ ਤਾਰੋ ਤਾਰ ਫੁਲਕਾਰੀਆਂ। ਫੇਰੋ ਨਾ ਪੰਜਾਬ ਦੇ ਸਰੀਰ ਉਤੇ ਆਰੀਆਂ। ਸ਼ਾਲਾ! ਮੁੱਕ ਜਾਵੇ ਚੰਦਰਾ ਖ਼ਵਾਬ। ਅਸੀਂ ਨਹੀਂ ਕੁਝ ਹੋਰ ਮੰਗਦੇ। ਫਾਂਸੀ ਚੜ੍ਹੇ ਭਗਤ ਸਰਾਭਿਆ ਦੀ ਸਹੁੰ ਹੈ। ਗਦਰੀ ਸ਼ਹੀਦਾਂ ਯੋਧੇ ਬਾਬਿਆਂ ਦੀ ਸਹੁੰ ਹੈ। ਮਾਝਾ ਮਾਲਵਾ ਤੇ ਜਾਗ ਪਏ ਦੋਆਬ । ਅਸੀਂ ਨਹੀਂ ਕੁਝ ਹੋਰ ਮੰਗਦੇ।

ਦਿੱਲੀਉਂ ਸ਼ਹਿਰ ਲਾਹੌਰ

ਅਸੀਂ ਤਾਂ ਦਿੱਲੀਉਂ ਬੱਸ ਤੋਰੀ ਸੀ, ਲੱਖਾਂ ਸ਼ਗਨ ਸਵਾਰਥ ਕਰਕੇ, ਹਾਰ ਹਮੇਲਾਂ ਨਾਲ ਸਜਾ ਕੇ, ਵਾਜੇ ਗਾਜੇ ਬੈਂਡ ਵਜਾ ਕੇ। ਮਨ ਵਿਚ ਇਹ ਸੀ, ਦਿੱਲੀਉਂ ਸ਼ਹਿਰ ਲਾਹੌਰ ਦਾ ਪੈਂਡਾ ਘਟ ਜਾਵੇਗਾ। ਪਰ ਹੁਣ ਵੇਖੋ, ਸਾਡੇ ਸਭ ਦੇ ਹੁੰਦਿਆਂ ਸੁੰਦਿਆਂ, ਰੂਟ ਪਰਮਿਟੋਂ ਲਾਂਭੇ ਲਾਂਭੇ, ਮੂੜ੍ਹ ਡਰੈਵਰ ਬੱਸ ਨੂੰ ਕਿੱਧਰ ਲੈ ਕੇ ਤੁਰ ਪਏ। ਦਿੱਲੀਉਂ ਸ਼ਹਿਰ ਲਾਹੌਰ ਤਾਂ ਸਿੱਧਾ, ਕਾਰਗਿਲ ਤਾਂ ਵਿਚ ਨਹੀਂ ਆਉਂਦਾ।

ਪੰਜ ਦਰਿਆ ਦੇ ਪਾਣੀ ਵਿੱਛੜੇ

ਪੰਜ ਦਰਿਆ ਦੇ ਪਾਣੀ ਵਿੱਛੜੇ, ’ਕੱਠੇ ਜੰਮੇ ਹਾਣੀ ਵਿੱਛੜੇ, ਗੁਰੂ ਘਰਾਂ 'ਚੋਂ ਬਾਂਗ ਸੁਣੇ, ਅੱਜ ਢਹਿ ਗਏ ਤਕੀਏ ਪੀਰਾਂ ਦੇ। ਸਾਡੀ ਪਾਟ ਗਈ ਫੁਲਕਾਰੀ, ਹੱਥਾਂ ਵਿਚ ਟੋਟੇ ਲੀਰਾਂ ਦੇ। ਸੀਸ ਤਲੀ ਧਰ ਸੂਰਮਿਆਂ, ਰਲ ਮੰਗੀ ਦੇਸ਼ ਆਜ਼ਾਦੀ। ਚਾਤਰ ਦੀ ਚਤੁਰਾਈ ਵੇਖੋ, ਪੱਲੇ ਪਾਈ ਬਰਬਾਦੀ । ਅੱਜ ਤੀਕਣ ਸੁਣਦੇ ਹਟਕੋਰੇ, ਨਦੀਉਂ ਵਿੱਛੜੇ ਨੀਰਾਂ ਦੇ। ਸਾਡੀ ਪਾਟ ਗਈ ਫੁਲਕਾਰੀ... ਕਦੇ ਮੁਹੰਮਦ ਨਾਲ ਰਾਮ ਦਾ, ਰੌਲਾ ਨਹੀਂ ਸੀ ਸੁਣਿਆ। ਸ਼ਾਮ ਲਾਲ ਦੇ ਮੱਥੇ ਤੱਕਿਆ, ਮੈਂ ਚੰਨ ਤਾਰਾ ਖੁਣਿਆ। ਜਿਹੜੇ ਫੁੱਲਾਂ ਦੇ ਵਣਜਾਰੇ, ਅੱਜ ਬਣ ਗਏ ਤੇਗਾਂ ਤੀਰਾਂ ਦੇ। ਸਾਡੀ ਪਾਟ ਗਈ ਫੁਲਕਾਰੀ... ਧਰਮ ਕਦੇ ਵੀ ਇਹ ਨਾ ਆਖੇ, ਵਿਰਸੇ ਉੱਪਰ ਤੀਰ ਚਲਾਉ । ਅੰਨ੍ਹੇ ਬੋਲੇ ਹੋ ਕੇ ਐਵੇਂ, ਜੋ ਮੂੰਹ ਆਵੇ ਬੋਲੀ ਜਾਉ । ਸਹਿਜ ਮਤੇ ਨਾਲ ਬਹਿ ਕੇ ਪੜ੍ਹਿਓ, ਉਚਰੇ ਬੋਲ ਫ਼ਕੀਰਾਂ ਦੇ। ਸਾਡੀ ਪਾਟ ਗਈ ਫੁਲਕਾਰੀ... ਭਟਕਦਿਆਂ ਮਰ ਜਾਵਣ ਨਾ ਇਹ, ਬਚਪਨ ਤੋਂ ਜੋ ਨਿੱਖੜੇ ਹਾਣੀ। ਮਿਲੀਏ, ਚਲੋ ਮਿਲਾਈਏ ਜੀਕੂੰ, ਸਤਿਲੁਜ ਨਾਲ ਬਿਆਸ ਦਾ ਪਾਣੀ। ਉਨ੍ਹਾਂ ਨੂੰ ਸਮਝਾਈਏ ਜਿਹੜੇ, ਬਣੇ ਗੁਲਾਮ ਲਕੀਰਾਂ ਦੇ। ਸਾਡੀ ਪਾਟ ਗਈ ਫੁਲਕਾਰੀ, ਹੱਥਾਂ ਵਿਚ ਟੋਟੇ ਲੀਰਾਂ ਦੇ।

ਤੋੜ ਕੇ ਮੁਹੱਬਤਾਂ ਨੂੰ

ਤੋੜ ਕੇ ਮੁਹੱਬਤਾਂ ਨੂੰ ਜਦੋਂ ਦੀ ਤੂੰ ਗਈ ਏਂ। ਲੱਖ ਦੀ ਸੈਂ ਹੁੰਦੀ, ਹੁਣ ਕੱਖ ਦੀ ਨਾ ਰਹੀ ਏਂ। ਵੇਖੀਂ ਤੂੰ ਘੁੰਮਾ ਕੇ ਪਿੱਛੇ ਸਮੇਂ ਬੇ ਲਿਹਾਜ਼ ਨੂੰ। ਸੁਣੀਂ ਫੇਰ ਕੱਲੀ ਬਹਿ ਕੇ, ਆਪਣੀ ਆਵਾਜ਼ ਨੂੰ। ਆਪੇ ਜਾਣ ਲਵੇਂਗੀ ਤੂੰ ਗਲਤ ਜਾਂ ਸਹੀ ਏਂ। ਲੱਖ ਦੀ ਸੈਂ ਹੁੰਦੀ, ਹੁਣ ਕੱਖ ਦੀ ਨਾ ਰਹੀ ਏਂ। ਹਾਸਿਆਂ ’ਚ ਰਹੀ ਪਹਿਲਾਂ ਵਾਲੀ ਟੁਣਕਾਰ ਨਹੀਂ। ਤਿੱਤਲੀ ਤੇ ਲੱਦਦੇ ਸਿਆਣੇ ਕਦੇ ਭਾਰ ਨਹੀਂ । ਦੱਸ ਮੋਮਬੱਤੀਏ, ਕਿਉਂ ਅੱਗ ਨਾਲ ਖਹੀ ਏਂ। ਲੱਖ ਦੀ ਸੈਂ ਹੁੰਦੀ, ਹੁਣ ਕੱਖ ਦੀ ਨਾ ਰਹੀ ਏਂ। ਮੋਤੀਏ ਦੇ ਫੁੱਲਾਂ ਵਾਲੇ ਦੁੱਧ ਚਿੱਟੇ ਵੇਸ ਨੂੰ। ਕੋਲਿਆਂ ਦੀ ਹੱਟੀ ਔਖਾ ਸਾਂਭਣਾ ਹੈ ਏਸ ਨੂੰ। ਕਿਸੇ ਨੂੰ ਕੀ ਦੋਸ਼ ਏਥੇ ਆਪ ਹੀ ਤਾਂ ਬਹੀ ਏਂ। ਲੱਖ ਦੀ ਸੈਂ ਹੁੰਦੀ, ਹੁਣ ਕੱਖ ਦੀ ਨਾ ਰਹੀ ਏਂ। ਮੈਨੂੰ ਕਦੇ ਰਾਹੀਂ, ਜਦੋਂ ਆਉਣ ਯਾਦਾਂ ਤੇਰੀਆਂ। ਰੁੜ੍ਹੀ ਜਾਣ ਹੜ੍ਹ ਅੱਗੇ ਮਿੱਟੀ ਦੀਆਂ ਢੇਰੀਆਂ। ਏਹੀ ਧੰਨਵਾਦ, ਸਾਡੇ ਸਾਹਾਂ ਵਿਚ ਰਹੀ ਏਂ। ਲੱਖ ਦੀ ਸੈਂ ਹੁੰਦੀ, ਹੁਣ ਕੱਖ ਦੀ ਨਾ ਰਹੀ ਏਂ।

ਜਾਣ ਵਾਲਿਆ ਵੇ

ਜਾਣ ਵਾਲਿਆ ਵੇ, ਕਦੇ ਏਸਰਾਂ ਨਹੀਂ ਕਰੀਦਾ। ਨਿਭਣਾ ਨਾ ਹੋਵੇ ਤਾਂ, ਹੁੰਗਾਰਾ ਵੀ ਨਹੀਂ ਭਰੀਦਾ। ਚੁੱਪ ਦੇ ਸਮੁੰਦਰਾਂ ਦਾ ਹੁੰਦਾ ਕਿਤੇ ਥੱਲਾ ਨਹੀਂ। ਦਿਲ ਦੀ ਸੁਣਾਉਣ ਵਾਲਾ, ਹੁੰਦਾ ਕਦੇ ਕੱਲ੍ਹਾ ਨਹੀਂ। ਛੱਡ ਕੇ ਪਿਆਰਿਆਂ ਨੂੰ, ਕੱਲ੍ਹਿਆਂ ਨਹੀਂ ਕਰੀਦਾ। ਨਿਭਣਾ ਨਾ ਹੋਵੇ ਤਾਂ, ਹੁੰਗਾਰਾ ਵੀ ਨਹੀਂ ਭਰੀਦਾ। ਵਣ ਹਰਿਆਵਲੇ ਨੂੰ, ਛੱਡ ਤੋੜ ਯਾਰੀਆਂ। ਉਨ੍ਹਾਂ ਕੋਲ ਬੈਠੈਂ, ਜਿੰਨ੍ਹਾਂ ਹੱਥ ਸਦਾ ਆਰੀਆਂ। ਏਹੋ ਜੇਹੇ ਲੋਕਾਂ ਦਾ ਵਿਸਾਹ ਨਹੀਂਉਂ ਕਰੀਦਾ। ਨਿਭਣਾ ਨਾ ਹੋਵੇ ਤਾਂ, ਹੁੰਗਾਰਾ ਵੀ ਨਹੀਂ ਭਰੀਦਾ। ਨਿਰਾ ਪੁਰਾ ਇਹ ਵੀ ਨਹੀਂ ਕਿ ਤੂੰਹੀਉਂ ਸਾਨੂੰ ਛੱਡਿਆ। ਅਸਾਂ ਵੀ ਚਿਰੋਕਣਾ ਹੈ ਦਿਲ ਵਿਚੋਂ ਕੱਢਿਆ। ਮੱਖਣ ਦਾ ਪੇੜਾ ਕਦੇ ਅੱਗ ਤੇ ਨਹੀਂ ਧਰੀਦਾ। ਨਿਭਣਾ ਨਾ ਹੋਵੇ ਤਾਂ, ਹੁੰਗਾਰਾ ਵੀ ਨਹੀਂ ਭਰੀਦਾ। ਜਾਣ ਵਾਲਿਆ ਵੇ, ਕਦੇ ਏਸਰਾਂ ਨਹੀਂ ਕਰੀਦਾ। ਨਿਭਣਾ ਨਾ ਹੋਵੇ ਤਾਂ, ਹੁੰਗਾਰਾ ਵੀ ਨਹੀਂ ਭਰੀਦਾ।

ਖੂਨਦਾਨ ਤੋਂ ਵੱਡਾ ਕੋਈ ਦਾਨ ਨਹੀਂ

ਖੂਨਦਾਨ ਤੋਂ ਵੱਡਾ ਕੋਈ ਦਾਨ ਨਹੀਂ। ਜੋ ਵੀ ਇਸ ਤੋਂ ਡਰਦੈ, ਉਹ ਇਨਸਾਨ ਨਹੀਂ। ਦੀਨ ਦੁਖੀ ਦੀ ਸੰਕਟ ਵੇਲੇ ਮਦਦ ਕਰੋ । ਲੋੜਵੰਦ ਨੂੰ ਖੂਨ ਦਿਓ ਤੇ ਜਾਨ ਭਰੋ । ਖੂਨ ਦੇਣ ਦਾ ਹੁੰਦਾ ਕੋਈ ਨੁਕਸਾਨ ਨਹੀਂ। ਖੂਨਦਾਨ ਤੋਂ ਵੱਡਾ ਕੋਈ ਦਾਨ ਨਹੀਂ । ਪੈਸੇ ਨਾਲ ਨਾ ਬੰਨ੍ਹੋਂ ਸਾਰੀਆਂ ਚੀਜ਼ਾਂ ਨੂੰ। ਖੂਨਦਾਨ ਦਾ ਪੁੱਛੋ ਮੁੱਲ ਮਰੀਜ਼ਾਂ ਨੂੰ। ਜਿਸ ਦੇ ਦਿਲ ਵਿਚ ਦਰਦ ਨਹੀਂ, ਧਨਵਾਨ ਨਹੀਂ। ਖੂਨਦਾਨ ਤੋਂ ਵੱਡਾ ਕੋਈ ਦਾਨ ਨਹੀਂ। ਜੀਣ ਜੋਗਿਓ ! ਏਨਾ ਚੇਤਾ ਰੱਖ ਲੈਣਾ। ਕਮਜ਼ੋਰਾਂ ਦਾ ਤੁਸੀਂ ਹਮੇਸ਼ਾਂ ਪੱਖ ਲੈਣਾ। ਤਕੜੇ ਨਾਲੇ ਖਲੋਵੇ ਉਹ ਬਲਵਾਨ ਨਹੀਂ। ਖੂਨਦਾਨ ਤੋਂ ਵੱਡਾ ਕੋਈ ਦਾਨ ਨਹੀਂ । ਪੀ ਕੇ ਪਾਣੀ ਜਿਵੇਂ ਧਰਤ ਹਰਿਆਲੀ ਹੈ। ਪਾਣੀ ਪਾਉਂਦਾ ਫਿਰਦਾ ਜੀਕੂੰ ਮਾਲੀ ਹੈ । ਕਿਸੇ ਦੀ ਜਾਨ ਬਚਾਉਣੋ, ਵੱਧ ਸਨਮਾਨ ਨਹੀਂ। ਖੂਨਦਾਨ ਤੋਂ ਵੱਡਾ ਕੋਈ ਦਾਨ ਨਹੀਂ।

ਕੰਧੇ ਸਰਹੰਦ ਦੀਏ

ਕੰਧੇ ਸਰਹੰਦ ਦੀਏ ਅੱਥਰੂ ਨਾ ਕੇਰ ਨੀ। ਦੱਸ ਕਿਹੜੀ ਰਾਤ ਜੀਹਦੀ ਹੋਵੇ ਨਾ ਸਵੇਰ ਨੀ। ਪੰਨੇ ਇਤਿਹਾਸ ਦੇ ਤੂੰ ਫ਼ੋਲ ਪੜ੍ਹ ਵੇਖ ਨੀ। ਸਦਾ ਕੁਰਬਾਨੀ ਲਿਖੀ ਕੌਮਾਂ ਵਾਲੇ ਲੇਖ ਨੀ। ਚੜ੍ਹਿਆ ਆਕਾਸ਼ੀ ਰਹਿੰਦਾ ਸਦਾ ਨਾ ਹਨ੍ਹੇਰ ਨੀ। ਦੱਸ ਕਿਹੜੀ ਰਾਤ ਜੀਹਦੀ ਹੋਵੇ ਨਾ ਸਵੇਰ ਨੀ। ਕਿਹਾ ਫਰਜ਼ੰਦਾਂ ਦਸਮੇਸ਼ ਦੇ ਦੁਲਾਰਿਆਂ। ਝੁਕਣਾਂ ਨਹੀਂ ਅਸਾਂ ਕਦੇ ਨੀਹਾਂ ’ਚ ਖਲਾਰਿਆਂ। ਕਿਲ੍ਹਾ ਹੰਕਾਰ ਵਾਲਾ ਕਰਨਾ ਏਂ ਢੇਰ ਨੀ। ਦੱਸ ਕਿਹੜੀ ਰਾਤ ਜੀਹਦੀ ਹੋਵੇ ਨਾ ਸਵੇਰ ਨੀ। ਪੁੱਛਿਆ ਜੱਲਾਦ ਕੋਲੋਂ ਹੰਝੂ ਕਾਹਨੂੰ ਕੇਰਦਾ? ਜਾਬਰਾ ਤੂੰ ਮਾਲਾ ਕਾਹਨੂੰ ਪੁੱਠੇ ਪਾਸੇ ਫੇਰਦਾ। ਸ਼ੇਰਾਂ ਘਰ ਜੰਮਦੇ ਹਮੇਸ਼ਾਂ ਬਾਂਕੇ ਸ਼ੇਰ ਨੀ। ਦੱਸ ਕਿਹੜੀ ਰਾਤ ਜੀਹਦੀ ਹੋਵੇ ਨਾ ਸਵੇਰ ਨੀ। ਤੇਗ ਦੀ ਬਹਾਦਰੀ ਤੇ ਦਾਦੀ ਦੀਆਂ ਲੋਰੀਆਂ। ਮਾਪਿਆਂ ਨੇ ਜੋੜੀਆਂ ਬਣਾ ਕੇ ਘਰੋਂ ਤੋਰੀਆਂ। ਜ਼ਾਲਮਾਂ ਦੇ ਅੱਗੇ ਸਦਾ ਅੜਦੇ ਦਲੇਰ ਨੀ। ਦੱਸ ਕਿਹੜੀ ਰਾਤ ਜੀਹਦੀ ਹੋਵੇ ਨਾ ਸਵੇਰ ਨੀ ।

ਝੁੱਲ ਉਏ ਤਿਰੰਗਿਆ

ਝੁੱਲ ਉੱਚੇ ਅੰਬਰੀਂ ਤੂੰ ਝੁੱਲ ਓਏ ਤਿਰੰਗਿਆ। ਅਸੀਂ ਤੈਨੂੰ ਖੂਨ ਦਿੱਤਾ ਜਦੋਂ ਵੀ ਤੂੰ ਮੰਗਿਆ। ਲਾਲੀ, ਹਰਿਆਲੀ, ਚਿੱਟਾ ਕੇਸਰੀ ਜੋ ਰੰਗ ਓਏ । ਚੱਕਰ ਅਸ਼ੋਕ ਵਾਲਾ ਦਿਲਾਂ ਦੀ ਤਰੰਗ ਓਏ । ਸਾਨੂੰ ਤੂੰ ਸਿਖਾਇਆ ਹੈ ਆਜ਼ਾਦੀਆਂ ਦਾ ਢੰਗ ਓਏ। ਵੈਰੀਆਂ ਨੇ ਭਾਵੇਂ ਸਾਨੂੰ ਸੂਲੀ ਉੱਤੇ ਟੰਗਿਆ। ਰੱਜਿਆਂ ਸਮਾਨ ਕਰ ਲਿੱਸਿਆਂ ਕੰਗਾਲਾਂ ਨੂੰ। ਅੱਖਰਾਂ ਦਾ ਦਾਨ ਦੇ ਤੂੰ ਪੈਰੋਂ ਨੰਗੇ ਬਾਲਾਂ ਨੂੰ। ਤੂੰ ਹੀ ਹੱਲ ਕਰਨਾ ਏਂ, ਉਨ੍ਹਾਂ ਦੇ ਸੁਆਲਾਂ ਨੂੰ। ਜਿਹੜੇ ਬੇਜ਼ੁਬਾਨਾਂ ਨੇ ਕਦੇ ਨਹੀਂ ਕੁਝ ਮੰਗਿਆ। ਬਿਰਧ ਦਵਾਈ ਖੁਣੋਂ ਕਦੇ ਨਾ ਮੁਥਾਜ ਹੋਵੇ। ਕਿਰਤੀ ਕਿਸਾਨਾਂ ਸਿਰ ਖ਼ੁਸ਼ੀਆਂ ਦਾ ਤਾਜ ਹੋਵੇ। ਧੀਆਂ ਭੈਣਾਂ ਵੀਰਾਂ ਦੀਆਂ ਅੱਖਾਂ ਵਿਚ ਲਾਜ ਹੋਵੇ। ਜਿੰਨ੍ਹਾਂ ਦੀਆਂ ਖ਼ੁਸ਼ੀਆਂ ਨੂੰ ਕਾਲੇ ਨਾਗਾਂ ਡੰਗਿਆ। ਲੱਦੀਆਂ ਹਮੇਸ਼ਾਂ ਰਹਿਣ ਫੁੱਲਾਂ ਸੰਗ ਡਾਲੀਆਂ। ਗੱਭਰੂ ਜਵਾਨਾਂ ਦਿਆਂ, ਚਿਹਰਿਆਂ ਤੇ ਲਾਲੀਆਂ। ਖੇਤਾਂ ਵਿਚ ਫ਼ਸਲਾਂ ਤੇ ਜੀਣ ਹਰਿਆਲੀਆਂ। ਅੰਗ ਅੰਗ ਜਾਵੇ ਸਾਡਾ ਚਾਵਾਂ ਵਿਚ ਰੰਗਿਆ। ਝੁੱਲ ਉੱਚੇ ਅੰਬਰੀਂ ਤੂੰ ਝੁੱਲ ਓਏ ਤਿਰੰਗਿਆ। ਅਸੀਂ ਤੈਨੂੰ ਖੂਨ ਦਿੱਤਾ ਜਦੋਂ ਵੀ ਤੂੰ ਮੰਗਿਆ।

ਟੱਪੇ

ਫੁੱਲ ਖਿੜੇ ਮੁਰਝਾ ਗਏ ਨੇ । ਸਾਡਿਆਂ ਪਿਆਰਿਆਂ ’ਤੇ, ਦਿਨ ਕਿਹੋ ਜਿਹੇ ਆ ਗਏ ਨੇ। ਲਾਵਾਂ ਝਾਲਰ ਪੱਖੀਆਂ ਨੂੰ। ਚੰਨ ਮਾਹੀ ਆਪ ਤਾਂ ਗਿਆ, ਰੋਣਾ ਦੇ ਗਿਆ ਅੱਖੀਆਂ ਨੂੰ। ਵੇਖ ਧੁੱਪਾਂ ਵੀ ਉਦਾਸੀਆਂ ਨੇ, ਬੱਦਲੀ ਨੂੰ ਹਵਾ ਲੈ ਗਈ, ਰੂਹਾਂ ਅਜੇ ਵੀ ਪਿਆਸੀਆਂ ਨੇ। ਟੁੱਟੀ ਤਾਰ ਸਾਰੰਗੀਆਂ ਦੀ। ਦਿਲਾਂ 'ਚ ਤਰੇੜ ਪੈ ਗਈ, ਪੁੱਠੀ ਸਿੱਖਿਆ ਫਰੰਗੀਆਂ ਦੀ। ਰੁੱਖ ਪੁੱਛਦੇ ਨੇ ਛਾਵਾਂ ਨੂੰ। ਧਰਤੀ ਬੇਗਾਨੜੀ 'ਤੇ ਪੁੱਤ ਭੁੱਲੇ ਤਾਂ ਨਹੀਂ ਮਾਵਾਂ ਨੂੰ।

???

..................... ਮੀਆਂ ਮੀਰ ਉਦਾਸ ਖੜਾ ਕਿਉਂ ? ਹਰਿਮੰਦਰ ਦੇ ਬੂਹੇ। ਆਪੇ ਪੜ੍ਹ ਪੜ੍ਹ ਹੁਕਮ ਸੁਣਾਉਂਦੇ, ਸ਼ਾਹ ਦੌਲੇ ਦੇ ਚੂਹੇ। ਬੋਲ ਨੀ ਅੱਜ ਤੂੰ ਬੋਲ ਉਦਾਸੀਏ, ਦੇਸ਼ ਪੰਜਾਬ ਦੀ ਰੂਹੇ। ਚੁੱਪ ਰਹਿਣਾ ਮਰਦਾਂ ਨੂੰ ਮਿਹਣਾ, ਡੁੱਬ ਜਾਣਾ ਮੱਛੀਆਂ ਇਲਜ਼ਾਮ। ਰੱਬ ਦੇ ਬੰਦੇ ਰੱਬ ਦੇ ਘਰ ਕਿਉਂ, ਈਸ਼ਵਰ ਅੱਲ੍ਹਾ ਕਰਨ ਨੀਲਾਮ। ਪੈਰੀਂ ਝਾਂਜਰ, ਯਾਰ ਦੇ ਵਿਹੜੇ, ਨੱਚਦਾ ਸਾਡਾ ਬੁੱਲ੍ਹਾ। ਹਾਕਮ ਤੋਂ ਨਾਬਰ ਹੈ ਅੱਜ ਤੱਕ, ਪੁੱਤ ਸੂਰਮਾ ਦੁੱਲਾ। ਨਾ ਢਾਉ, ਨਾ ਢਹਿਣ ਦਿਉ ਬਈ, ਸਾਂਝਾ ਚੌਕਾ ਚੁੱਲ੍ਹਾ। ਅੱਥਰਾ ਘੋੜਾ ਕਾਬੂ ਰੱਖਿਉ, ਘੁੱਟ ਕੇ ਫੜਿਉ ਸਦਾ ਲਗਾਮ । ਏਸੇ ਨੇ ਹੀ ਕੀਤਾ ਅੱਜ ਤਕ, ਸਾਡਾ ਤੁਹਾਡਾ ਜੀਣ ਹਰਾਮ। ਆਖ ਆਜ਼ਾਦੀ, ਕਰ ਬਰਬਾਦੀ, ਵਕਤ ਅਵੱਲੜੇ ਕਹਿਰ ਕਮਾਇਆ। ਬਣ ਬੈਠਾ ਹਥਿਆਰ ਕਿਸੇ ਹੱਥ, ਹਮਸਾਇਆ ਜੇ ਮਾਂ ਪਿਉ ਜਾਇਆ। ਮੈਥੋਂ ਦੂਰ ਬਹੀਂ ਨਾ ਹੁਣ ਤੂੰ, ਮੈਂ ਤੇਰੀ ਮਿੱਟੀ ਦਾ ਜਾਇਆ। ਪਾਗ਼ਲਪਨ ਵਿਚ ਹੁਣ ਨਾ ਰੋਲੀਏ, ਨਾਨਕ, ਰਾਮ ਰਹੀਮ ਦਾ ਨਾਮ। ਤੂੰ ਆਇਐਂ ਤਾਂ ਮਹਿਕ ਗਿਆ ਏ, ਸੁੰਨਾ ਵਿਹੜਾ ਤਨ ਮਨ ਮੇਰਾ। ਭਰਿਆ ਭਰਿਆ, ਖ਼ੁਸ਼ਬੂ-ਖੁਸ਼ਬੂ, ਹੋ ਚੱਲਿਆ ਏ ਰੂਹ ਦਾ ਡੇਰਾ। ਚਾਨਣ ਚਾਨਣ ਸਭੇ ਰਾਹਾਂ, ਸੱਜਣਾਂ ਤੇਰੇ ਬਾਝ ਹਨੇਰ੍ਹਾ। ਮਿਲਦੇ ਰਹੀਏ, ਦਿਲ ਦੀ ਕਹੀਏ, ਹੋਵੇ ਨਾ ਜ਼ਿੰਦਗੀ ਉਪਰਾਮ। ਵਤਨ ਮੇਰੇ ਦੀਆਂ ਸ਼ਾਮ ਸਵੇਰਾਂ, ਧੁੱਪਾਂ ਛਾਵਾਂ ਤੇਰੇ ਨਾਮ। ਰਾਵੀ ਪਾਰੋਂ ਆਇਐਂ ਵੀਰ ਪਿਆਰਿਆ ਤੈਨੂੰ ਕਰਾਂ ਸਲਾਮ । ਵਤਨ ਮੇਰੇ ਦੀਆਂ ਸ਼ਾਮ ਸਵੇਰਾਂ, ਧੁੱਪਾਂ ਛਾਵਾਂ ਤੇਰੇ ਨਾਮ।

ਵਿੱਚ ਵਿੱਚ ਟਾਲ੍ਹੀਆਂ

ਵਿਚ ਵਿਚ ਟਾਲ੍ਹੀਆਂ ਤੇ ਚਾਰੇ ਬੰਨੇ ਬੇਰੀਆਂ। ਟੁੱਟ ਗਈਆਂ ਪੀਂਘਾਂ ਰਾਣੋ ਤੇਰੀਆਂ ਤੇ ਮੇਰੀਆਂ। ਤਾਰਿਆਂ ਦੀ ਛਾਵੇਂ ਬਹਿ ਕੇ ਚੰਨ ਚੰਨ ਕਹਿੰਦੀ ਸੀ। ਰਾਤ ਦੀਏ ਰਾਣੀਏਂ ਤੂੰ ਸਾਹਾਂ ਵਿਚ ਰਹਿੰਦੀ ਸੀ। ਉੱਡ ਗਈ ਏਂ ਕਿੱਥੇ ? ਜਦੋਂ ਚੜ੍ਹੀਆਂ ਹਨੇਰ੍ਹੀਆਂ। ਟੁੱਟ ਗਈਆਂ ਪੀਂਘਾਂ ਰਾਣੋ ਤੇਰੀਆਂ ਤੇ ਮੇਰੀਆਂ। ਅੱਖੀਆਂ ਉਦਾਸੀਆਂ ਨਾ ਸੌਣ ਕਦੇ ਰਾਤ ਨੂੰ। ਭਰੇਂ ਨਾ ਹੁੰਗਾਰਾ ਨੀਂ ਤੂੰ ਮੇਰੀ ਪਾਈ ਬਾਤ ਨੂੰ। ਕੰਧਾਂ ਨੂੰ ਸੁਣਾਵਾਂ ਦੱਸ ਕਿਵੇਂ ਗੱਲ ਤੇਰੀਆਂ। ਟੁੱਟ ਗਈਆਂ ਪੀਂਘਾਂ ਰਾਣੋ ਤੇਰੀਆਂ ਤੇ ਮੇਰੀਆਂ। ਉੱਡਣੇ ਪਰਿੰਦਿਆਂ ਤੇ ਹੱਕ ਕੀਹ ਜਤਾ ਲਿਆ। ਉਮਰਾਂ ਦਾ ਰੋਣਾ ਆਪੇ ਝੋਲੀ ਵਿਚ ਪਾ ਲਿਆ। ਰੱਬ ਅੱਗੇ ਕੀਤੀਆਂ ਮੈਂ ਮਿੰਨਤਾਂ ਬਥੇਰੀਆਂ। ਟੁੱਟ ਗਈਆਂ ਪੀਂਘਾਂ ਰਾਣੋ ਤੇਰੀਆਂ ਤੇ ਮੇਰੀਆਂ। ਯਾਦਾਂ ਦੇ ਸਮੁੰਦਰਾਂ ’ਚ ਡੋਰੇ ਤੇਰੀ ਅੱਖ ਦੇ । ਮੋਈ ਮਿੱਟੀ ਇਹੀ ਤਾਂ ਜਿਉਂਦੀ ਸਦਾ ਰੱਖਦੇ। ਸੱਜਣਾਂ ਬਗੈਰ ਬੰਦੇ ਮਿੱਟੀ ਦੀਆਂ ਢੇਰੀਆਂ। ਟੁੱਟ ਗਈਆਂ ਪੀਂਘਾਂ ਰਾਣੋ ਤੇਰੀਆਂ ਤੇ ਮੇਰੀਆਂ।

ਯਤਨ ਕਰਾਂਗਾ

ਯਤਨ ਕਰਾਂਗਾ, ਵਕਤ ਸਮਾਵੇ ਆਉਂਦੇ ਜਾਂਦੇ ਸਾਹਾਂ ਅੰਦਰ । ਇਹ ਨਾ ਸਬਕ ਸੁਣਾਵੀਂ ਮੈਨੂੰ, ਮਰ ਖਪ ਜਾਵਾਂ ਰਾਹਾਂ ਅੰਦਰ । ਰੇਗਿਸਤਾਨ 'ਚ ਲੁਕੀਆਂ ਨਦੀਆਂ, ਝੀਲਾਂ ਪਰਬਤ ਨਦੀਆਂ ਨਾਲੇ, ਮੇਰਾ ਤਾਂ ਵਿਸ਼ਵਾਸ ਅਟਲ ਹੈ, ਸਭ ਕੁਝ ਲੁਕਿਆ ਧਰਤੀਆਂ ਅੰਦਰ । ਚੰਨ ਤੇ ਤਾਰੇ, ਸੂਰਜ ਮਿਲਕੇ ਅੰਬਰੀਂ ਖੇਡਣ ਲੁਕਣ ਮਚਾਈਆਂ, ਰੀਝਾਂ ਦੀ ਸਤਰੰਗੀ ਝੂਲੇ, ਨੀਲ ਬਲੌਰੀ ਅੰਬਰਾਂ ਅੰਦਰ। ਕਾਲ ਕਲੂਟੀ ਰਾਤੋਂ ਡਰ ਕੇ, ਕਿਉਂ ਬਹਿ ਜਾਈਏ ਚੁੱਪ ਚੁਪੀਤੇ, ਯਤਨ ਕਰਾਂਗੇ, ਇਹ ਨਾ ਬਹਿ ਜੇ, ਹੱਡ ਮਾਸ ਦੇ ਪੁਤਲਿਆਂ ਅੰਦਰ। ਤੂੰ ਵੀ ਘਰ ਦੀ ਖਿੜਕੀ ਖੋਲ੍ਹੀਂ, ਮੈਂ ਵੀ ਤੋੜੂੰ ਦਰ-ਦੀਵਾਰਾਂ, ਮੁੱਕ ਜਾਵੇ ਨਾ ਸਾਂਝੀ ਧੜਕਣ, ਖ਼ੁਦ ਵਣਜੇ ਬਣਵਾਸਾਂ ਅੰਦਰ। ਨਦੀਏ ਦੱਸ ਤੂੰ ਕਿਉਂ ਡਰਦੀ ਏਂ, ਜੇ ਸਾਗਰ ਦਾ ਅਸਗਾਹ ਪੈਂਡਾ, ਫ਼ਿਕਰਾਂ ਅੰਦਰ ਕਿਉਂ ਡੁੱਬਦੀ ਏਂ, ਜ਼ਿੰਦਗੀ ਧੜਕੇ ਲਹਿਰਾਂ ਅੰਦਰ।

ਤੋੜੇਂ ਦਿਲ ਦੀ ਤਾਰ ਬੇਲੀਆ

ਤੋੜੇਂ ਦਿਲ ਦੀ ਤਾਰ ਬੇਲੀਆ। ਏਦਾਂ ਤਾਂ ਨਾ ਮਾਰ ਬੇਲੀਆ। ਤੇਰਾ ਨਾਮ ਨਿਰੰਤਰ ਆਵੇ, ਦੋ ਸਾਹਾਂ ਵਿਚਕਾਰ ਬੇਲੀਆ। ਤੇਰੀ ਅੱਖ ਦਾ ਅੱਥਰੂ ਮੇਰੇ, ਦਿਲ ਦੇ ਉੱਤੇ ਭਾਰ ਬੇਲੀਆ। ਇਸ ਟਾਹਣੀ ਤੇ ਬਹਿੰਦੀ, ਕਿਉਂ ਨਾ, ਹੁਣ ਕੂੰਜਾਂ ਦੀ ਡਾਰ ਬੇਲੀਆ। ਏਨਾ ਵੀ ਕੀ ਚੇਤਾ ਮਾੜਾ, ਭੁੱਲਿਓਂ ਕੌਲ ਕਰਾਰ ਬੇਲੀਆ। ਬਿਜਲੀ ਵਾਂਗੂੰ ਕੜਕ ਡਰਾਵੇ, ਚਾਂਦੀ ਰੰਗੀ ਤਾਰ ਬੇਲੀਆ। ਦੂਰ ਦੇਸ ਪ੍ਰਦੇਸ ਗੁਆਚਾ, ਮੇਰਾ ਕਿਸ਼ਨ ਮੁਰਾਰ ਬੇਲੀਆ। ਬਿਨਾਂ ਵਕੀਲੋਂ ਹੋਣ ਫ਼ੈਸਲੇ, ਦਿਲ ਦਾ ਇਹ ਦਰਬਾਰ ਬੇਲੀਆ।

ਸੁਣ ਜਾ ਮੇਰੀ ਬਾਤ ਮਹਿਰਮਾ

ਸੁਣ ਜਾ ਮੇਰੀ ਬਾਤ ਮਹਿਰਮਾ। ਖਾ ਨਾ ਜਾਵੇ ਰਾਤ ਮਹਿਰਮਾ। ਰਾਤ ਹਨੇਰ੍ਹੀ ਅੰਬਰ ਜੀਕੂੰ, ਤਾਰਿਆਂ ਭਰੀ ਪਰਾਤ ਮਹਿਰਮਾ। ਤੇਰੇ ਮਗਰੋਂ ਪੱਥਰ ਹੋਏ, ਮੇਰੇ ਵੀ ਜਜ਼ਬਾਤ ਮਹਿਰਮਾ। ਤੇਰੇ ਨਾਂ ਦੇ ਹਰਫ਼ ਲਿਖਦਿਆਂ, ਮੁੱਕੀ ਕਲਮ ਦਵਾਤ ਮਹਿਰਮਾ। ਪੀਲੇ ਪੱਤਰ ਸਾਂਝਾਂ ਕਿੱਥੇ, ਮੌਸਮ ਦੀ ਸੌਗਾਤ ਮਹਿਰਮਾ। ਕਿਣਮਿਣ ਅੱਖਾਂ ਵਹਿਣ ਨਿਰੰਤਰ, ਤੂੰ ਆਖੇਂ ਬਰਸਾਤ ਮਹਿਰਮਾ। ਕੱਲ ਮੁ ਕੱਲ੍ਹੀ ਭੁੱਜੀ ਛੱਲੀ, ਮੈਂ ਤੇ ਮੇਰੀ ਜ਼ਾਤ ਮਹਿਰਮਾ।

ਜਾਗੋ ਮੀਟੀ ਦੇ ਵਿਚ ਕੀ ਕੀ

ਜਾਗੋ ਮੀਟੀ ਦੇ ਵਿਚ ਕੀ ਕੀ ਕਹਿ ਗਏ ਆਂ। ਕੰਧ ਓਹਲੇ ਪ੍ਰਦੇਸ ਬਣਾ ਕੇ ਬਹਿ ਗਏ ਆਂ। ਚਾਰ ਦੀਵਾਰੀ ਕਰਕੇ ਕਿਰਚਾਂ ਗੱਡ ਲਈਆਂ, ਘਰ ਦੇ ਅੰਦਰ ਕੈਦੀ ਬਣ ਕੇ ਰਹਿ ਗਏ ਆਂ। ਜੀਭਾਂ ਦੀ ਜੰਗ ਲੈ ਕੇ ਆਈ ਕਿੱਥੋਂ ਤੀਕ, ਇੱਕ ਦੂਜੇ ਦੀ ਨਜ਼ਰੋਂ ਥੱਲੇ ਲਹਿ ਗਏ ਆਂ। ਮਾਂ ਦੀ ਹਿੱਕ ਤੇ ਗੈਰ ਲਕੀਰਾਂ ਮਾਰ ਗਿਆ, ‘ਧਰਮੀ ਪੁੱਤਰ’ ਏਸ ਜ਼ੁਲਮ ਨੂੰ ਸਹਿ ਗਏ ਆਂ। ਲਾਲੀ ਤੇ ਹਰਿਆਲੀ ਭਸਮ ਕਰਾ ਬੈਠੇ, ਮਾਣ ਹਵਾ ਦੇ, ਬਾਂਸਾਂ ਵਾਂਗੂੰ ਖਹਿ ਗਏ ਆਂ। ਸ਼ਬਦਾਂ ਦਾ ਸੰਸਾਰ, ਹਕੀਕਤ ਸਮਝ ਲਿਆ, ਗੱਲਾਂ ਕਰ ਕਰ ਗੱਲਾਂ ਜੋਗੇ ਰਹਿ ਗਏ ਆਂ। ਆਪਣੇ ਨਾਲ ਲੜਾਈ ਲੜਨੀ ਖੇਡ ਨਹੀਂ, ਹਰ ਵਾਰੀ ਹੀ ਆਪਣੇ ਹੱਥੀਂ ਢਹਿ ਗਏ ਆਂ।

ਇਹ ਕੰਡਿਆਲੀ ਤਾਰ ਦੋਸਤੋ

ਇਹ ਕੰਡਿਆਲੀ ਤਾਰ ਦੋਸਤੋ। ਲੰਘੇ ਦਿਲ 'ਚੋਂ ਪਾਰ ਦੋਸਤੋ। ਸੂਰਜ, ਧਰਤੀ, ਅੰਬਰ, ਤਾਰੇ, ਇਹ ਮੇਰਾ ਪਰਿਵਾਰ ਦੋਸਤੋ। ਸ਼ਬਦਾਂ ਦੀ ਰਖਵਾਲੀ ਖ਼ਾਤਿਰ, ਕਲਮ ਮੇਰਾ ਹਥਿਆਰ ਦੋਸਤੋ। ਜਾਬਰ ਅੱਗੇ ਨਾਬਰ ਕਿਉਂਕਿ, ਮੈਂ ਤਾਂ ਖ਼ੁਦ ਸਿਰਦਾਰ ਦੋਸਤੋ। ਲਿਖਤਾਂ ਵਿਚ ਜਿਉਣਾ ਚਾਹਾਂ, ਜੋ ਮੇਰਾ ਕਿਰਦਾਰ ਦੋਸਤੋ। ਕੱਕਰ ਪੱਤੇ ਝਾੜ ਲਏ ਜੇ, ਆਉਂਦੀ ਫੇਰ ਬਹਾਰ ਦੋਸਤੋ। ਖੁਸ਼ਬੋਈ ਦਾ ਮੈਂ ਵਣਜਾਰਾ, ਦਿਲ ਉੱਤੇ ਨਹੀਂ ਭਾਰ ਦੋਸਤੋ। ਉਸਨੂੰ ਜਿੱਤ ਮਜ਼ਾ ਨਾ ਦੇਵੇ, ਜਿਸ ਨਾ ਖਾਧੀ ਹਾਰ ਦੋਸਤੋ। ਕੁਲ ਧਰਤੀ ਨੂੰ ਆਉ ਲਈਏ, ਦੋ ਬਾਹਾਂ ਵਿਚਕਾਰ ਦੋਸਤੋ। ............................

ਵਗਦਾ ਦਰਿਆ ਓਸ ਕੰਢੇ

ਵਗਦਾ ਦਰਿਆ ਓਸ ਕੰਢੇ ਸਾਰੇ ਖੰਡਰ ਯਾਦ ਨੇ। ਬਚਪਨੇ ਵਿਚ ਜੋ ਉਸਾਰੇ ਕਾਗ਼ਜ਼ੀ ਘਰ ਯਾਦ ਨੇ। ਇੱਕ ਦਰਿਆ ਪਾਰ ਕਰਕੇ ਦੂਸਰੇ ਕੰਢੇ ਖਲੋ, ਪਰਤਦੇ ਯਾਰਾਂ ਦੀਆਂ ਅੱਖਾਂ ਤੇ ਅੱਥਰ ਯਾਦ ਨੇ। ਚਰਖ਼ੜੀ ਤੇ ਰਾਤ ਦਿਨ ਬੇਸ਼ੱਕ ਅਸਾਡਾ ਬੀਤਿਆ, ਨਿੱਕੇ ਨਿੱਕੇ ਚਾਅ ਕੁਆਰੇ ਹਾਲੇ ਤੀਕਰ ਯਾਦ ਨੇ। ਪਹਿਲੇ ਖ਼ਤ ਤੋਂ ਬਾਅਦ ਭਾਵੇਂ ਤੂੰ ਕਦੇ ਲਿਖਿਆ ਨਹੀਂ, ਉਹ ਪੁਰਾਣੇ ਜਗਦੇ ਬੁਝਦੇ ਸਾਰੇ ਅੱਖਰ ਯਾਦ ਨੇ। ਦੋਸਤਾਂ ਦੇ ਕੀਮਤੀ ਤੋਹਫ਼ੇ ਮੈਂ ਕਿੱਦਾ ਭੁੱਲ ਜਾਂ, ਤਾਅਨੇ, ਮਿਹਣੇ, ਤੁਹਮਤਾਂ ਸਾਰੇ ਹੀ ਨਸ਼ਤਰ ਯਾਦ ਨੇ। ਸ਼ਹਿਰ ਦੇ ਜ਼ੰਗਾਲ ਨੇ ਰੂਹਾਂ ਨੂੰ ਭਾਵੇਂ ਖਾ ਲਿਆ, ਛੋਲਿਆਂ ਦੇ ਖੇਤ ਨੂੰ ਚੁਗਦੇ ਕਬੂਤਰ ਯਾਦ ਨੇ । ਡੇਰਾ ਬਾਬਾ ਨਾਨਕੋਂ ਕੋਠੇ ਤੇ ਚੜ੍ਹ ਕੇ ਦਿਸਣ ਜੋ, ਜਿਸਮ ਨਾਲੋਂ ਕਤਰ ਕੇ ਸੁੱਟੇ ਗਏ ਪਰ ਯਾਦ ਨੇ ।

ਗੁਆਚਾ ਫਿਰ ਰਿਹਾਂ ਦੱਸੋ

ਗੁਆਚਾ ਫਿਰ ਰਿਹਾਂ ਦੱਸੋ ਮੇਰਾ ਘਰ ਬਾਰ ਕਿੱਥੇ ਹੈ ? ਮੈਂ ਜਿਸ ਤੋਂ ਨਿਖੜਿਆਂ ਉਹ ਪੰਛੀਆਂ ਦੀ ਡਾਰ ਕਿੱਥੇ ਹੈ ? ਮੈਂ ਗੂੜ੍ਹੀ ਨੀਂਦ ਵਿਚੋਂ ਜਾਗਿਆਂ ਮੈਨੂੰ ਵਿਖਾਓ ਤਾਂ, ਮੈਂ ਜਿਹੜਾ ਸੁਪਨਿਆਂ ਵਿਚ ਸਾਜਿਆ ਸੰਸਾਰ ਕਿੱਥੇ ਹੈ ? ਮੈਂ ਨਾਨਕ ਦਾ ਰਬਾਬੀ ਹਾਂ, ਭਰਾਓ ਮੈਂ ਪੰਜਾਬੀ ਹਾਂ ਲਿਆਓ ਜੋੜ ਕੇ ਦੇਵਾਂ ਉਹ ਟੁੱਟੀ ਤਾਰ ਕਿੱਥੇ ਹੈ । ਤੁਸੀਂ ਜਿਸ ਤੇ ਚੜ੍ਹਾਉਣਾ ਸੀ ਤੇ ਉਸਨੇ ਮੁਸਕਰਾਉਣਾ ਸੀ, ਮਸੀਹਾ ਲੱਭਦਾ ਫਿਰਦੈ ਭਲਾ ਉਹ ਦਾਰ ਕਿੱਥੇ ਹੈ ? ਇਹ ਮੇਰਾ ਸਾਜ਼ ਹੈ, ਆਵਾਜ਼ ਹੈ, ਪਰਵਾਜ਼ ਵੀ ਵੇਖੋ, ਤੇ ਫਿਰ ਦੱਸੋ ਕਿ ਇਸ ਤੋਂ ਵਧ ਖ਼ਰਾ ਹਥਿਆਰ ਕਿੱਥੇ ਹੈ ? ਮੈਂ ਮੋਏ ਪੁੱਤਰਾਂ ਨੂੰ ਗਿਣਦਿਆਂ ਖ਼ੂੰਖਾਰ ਨਾ ਬਣ ਜਾਂ, ਲਿਆਉ ਪਾੜ ਦੇਵਾਂ ਅੱਜ ਦਾ ਅਖ਼ਬਾਰ ਕਿੱਥੇ ਹੈ ? ਮੈਂ ਕਿੱਧਰ ਜਾ ਰਿਹਾਂ ਵੇਖੋ ਮੇਰਾ ਅਗਲਾ ਪੜਾਅ ਕਿੱਥੇ, ਭਟਕਦੀ ਰੂਹ ਦਾ ਇਸ ਯੁਗ ’ਚ ਇਤਬਾਰ ਕਿੱਥੇ ਹੈ ?

ਅੱਖਾਂ ਵਿਚੋਂ ਨੀਂਦਰਾਂ ਤੇ ਖ਼ਾਬ

ਅੱਖਾਂ ਵਿਚੋਂ ਨੀਂਦਰਾਂ ਤੇ ਖ਼ਾਬ ਰੁੱਸ ਗਏ ਨੇ। ਮਨ ਦੇ ਬਗੀਚੇ 'ਚੋਂ ਗੁਲਾਬ ਰੁੱਸ ਗਏ ਨੇ । ਕਿੱਥੇ ਗਈਆਂ ਰੌਣਕਾਂ ਨਾ ਮੈਥੋਂ ਪੁੱਛੋ ਲੋਕੋ, ਜਾਣਦੇ ਨਹੀਂ ਮੇਰੇ ਤਾਂ ਜਨਾਬ ਰੁੱਸ ਗਏ ਨੇ । ਪਿੰਡ ਵਾਲੇ ਪੁੱਛਦੇ ਨੇ ਫੇਰ ਕਦੋਂ ਆਵੇਂਗਾ, ਸ਼ਹਿਰ ਵਿਚ ਰਹਿੰਦਿਆਂ ਜਵਾਬ ਰੁੱਸ ਗਏ ਨੇ। ਪੱਛਮੀ ਸੰਗੀਤ ਤੇ ਤੰਬੂਰਿਆਂ ਤੋਂ ਸਹਿਮ ਕੇ, ਤੂੰਬੀ ਵਾਲੀ ਤਾਰ ਤੇ ਰਬਾਬ ਰੁੱਸ ਗਏ ਨੇ । ਵੰਝਲੀ ਨੂੰ ਪੁੱਛ ਖਾਂ ਭਰਾਵਾ ਮੀਆਂ ਰਾਂਝਿਆ, ਕਿਹੜੀ ਗੱਲੋਂ ਜੇਹਲਮ ਚਨਾਬ ਰੁੱਸ ਗਏ ਨੇ।

ਰੋਕੋ ਵਗਣੋਂ ਇਸ ਧਰਤੀ ਤੋਂ

ਰੋਕੋ ਵਗਣੋਂ ਇਸ ਧਰਤੀ ਤੋਂ ਤਲਖ਼ ਹਵਾਵਾਂ ਨੂੰ। ਭੁੱਲ ਨਾ ਜਾਵੇ ਜਾਚ ਵਗਣ ਦੀ ਪੰਜ ਦਰਿਆਵਾਂ ਨੂੰ। ਵਰ੍ਹਦੀ ਅੱਗ ਦਾ ਮੌਸਮ, ਅੰਬਰੀਂ ਪੌਣ ਪਰਿੰਦੇ ਵੀ, ਖੰਭਾਂ ਵਿਚ ਲੁਕਾ ਬੈਠੇ ਨੇ, ਅੱਥਰੇ ਚਾਵਾਂ ਨੂੰ। ਤਪਦੀ ਧਰਤੀ ਸਵਾਂਤ ਬੂੰਦ ਨੂੰ ਤਰਸ ਰਹੀ ਚਿਰ ਤੋਂ, ਕਿੱਥੋਂ ਮੋੜ ਲਿਆਵਾਂ ਮੈਂ ਘਨਘੋਰ ਘਟਾਵਾਂ ਨੂੰ। ਵੈਣ, ਕੀਰਨੇ, ਅੱਥਰੂ ਸਾਡੇ ਪਿੰਡ ਮਹਿਮਾਨ ਬਣੇ, ਛਾਂਗ ਲਿਆ ਮੌਸਮ ਨੇ ਸਿਰ ਤੋਂ ਠੰਡੀਆਂ ਛਾਵਾਂ ਨੂੰ। ਸ਼ਹਿਰ ਦੀਆਂ ਸੜਕਾਂ ਤੇ ਤੁਰਦਾ ਤੁਰਦਾ ਭੁਰ ਚੱਲਿਆਂ, ਜਦ ਤੋਂ ਛੱਡਿਆ ਪਗਡੰਡੀਆਂ ਤੇ ਕੱਚਿਆਂ ਰਾਹਵਾਂ ਨੂੰ। ਸ਼ਹਿਰ ਸਮੁੰਦਰ ਦੇ ਵਿਚ ਖਾਰਾ ਪਾਣੀ ਬਹੁਤ ਖੜ੍ਹਾ, ਚੂਲ਼ੀ ਖ਼ਾਤਰ ਜਾਣਾ ਪੈਂਦੈ ਪਿੰਡਾਂ ਥਾਵਾਂ ਨੂੰ। ਆਪਣੀ ਮਿੱਟੀ ਨਾਲੋਂ ਟੁੱਟ ਕੇ ਧੂੜ ’ਚ ਭਟਕ ਰਿਹਾਂ, ਕਿੱਸਰਾਂ ਦੋਸ਼ ਦਿਆਂ ਮੈਂ ਹੁਣ ਕੰਬਖ਼ਤ ਹਵਾਵਾਂ ਨੂੰ ।

ਲਾਹ ਦੇ ਰੂਹ ਤੋਂ ਭਾਰ ਵੀਰਨਾ

ਲਾਹ ਦੇ ਰੂਹ ਤੋਂ ਭਾਰ ਵੀਰਨਾ, ਏਦਾਂ ਤਾਂ ਨਾ ਮਾਰ ਵੀਰਨਾ। ਤੇਰੀ ਧੜਕਣ ਏਥੇ ਧੜਕੇ, ਤੂੰ ਰਾਵੀ ਤੋਂ ਪਾਰ ਵੀਰਨਾ। ਤੂੰ ਤੇ ਮੈਂ ਇਕ ਮਾਂ ਦੇ ਜਾਏ, ਤੀਜਾ ਕਰੇ ਖ਼ਵਾਰ ਵੀਰਨਾ। ਹੱਥਾਂ ਵਿਚ ਹਥਿਆਰ ਫੜਾਵੇ, ਇਹ ਕਿੱਦਾਂ ਦਾ ਯਾਰ ਵੀਰਨਾ। ਇਕ ਦੂਜੇ ਦੀ ਛਾਂ ਤੋਂ ਡਰਕੇ, ਡਿੱਗੇ ਮੂੰਹ ਦੇ ਭਾਰ ਵੀਰਨਾ। ਦਿਲ ਤੋਂ ਦਿਲ ਨੂੰ ਸੜਕ ਸਲੇਟੀ, ਰੋਕੇ ਕਿਉਂ ਸਰਕਾਰ ਵੀਰਨਾ। ਹਾਸ਼ਮ ਦੀ ਧਰਤੀ ਦਾ ਜਾਇਆਂ, ਹਾਫ਼ਿਜ਼ ਬਰਖ਼ੁਰਦਾਰ ਵੀਰਨਾ। ਬੁੱਲ੍ਹੇ ਸ਼ਾਹ ਦਾ ਵਾਰਿਸ ਹਾਂ ਮੈਂ, ਕਾਦਰ ਮੇਰਾ ਯਾਰ ਵੀਰਨਾ। ਪੀਲੂ ਦੀ ਸੱਦ ਬਣ ਚੱਲੀ ਏ, ਦੁੱਲੇ ਦੀ ਵੰਗਾਰ ਵੀਰਨਾ। ਮੇਰਾ ਤਾਂ ਸੁਲਤਾਨ ਹੈ ਬਾਹੂ, ਦਿਲ ਤੇ ਰਹੇ ਸਵਾਰ ਵੀਰਨਾ। ਮੈਂ ਦਾਮਨ ਦੀ ਕਵਿਤਾ ਵਿਚਲੀ, ਹਾਕਮ ਨੂੰ ਫਿਟਕਾਰ ਵੀਰਨਾ। ਆਖ ਦਮੋਦਰ ਅੱਖੀਂ ਡਿੱਠਾ, ਰੱਖ ਨਾ ਰੂਹ ’ਤੇ ਭਾਰ ਵੀਰਨਾ।

ਸਾਰੀ ਉਮਰ ਰਿਹਾ ਜੋ ਘੜਦਾ

(ਸ਼੍ਰੀ ਲਾਲ ਕ੍ਰਿਸ਼ਨ ਆਦਵਾਨੀ ਦੇ ਨਾਂ, ਜਿਸ ਨੇ ਆਪਣੀ ਜਨਮ ਭੂਮੀ ਸਿੰਧ (ਪਾਕਿਸਤਾਨ) ਜਾ ਕੇ ਰੂਹ ਤੋਂ ਪਰਦਾ ਉਤਾਰਦਿਆਂ ਸੱਚ ਬੋਲਣ ਦੀ ਹਿੰਮਤ ਕਰਕੇ ਆਪਣੇ ਭਾਰਤ ਦੇਸ਼ ਚ ਕੀਮਤ ਤਾਰੀ।) ਸਾਰੀ ਉਮਰ ਰਿਹਾ ਜੋ ਘੜਦਾ ਮਸਜਿਦ ਦੀ ਥਾਂ ਮੰਦਰ । ਡੁੱਬਿਆ ਵੇਖੋ ਕਿੱਥੇ ਆ ਕੇ, ਮੋਹ ਦੇ ਪਿਆਲੇ ਅੰਦਰ । ਧਰਮ ਕਰਮ ਵੀ ਠੀਕ, ਕਿਤਾਬਾਂ, ਚੌਧਰ, ਪਰਦਾਦਾਰੀ, ਜੰਮਣ ਭੋਂ ਤੋਂ ਕਾਹਦਾ ਪਰਦਾ, ਏਸ ਕਚਹਿਰੀ ਅੰਦਰ । ਲਾਠੀ, ਐਨਕ ਅਤੇ ਲੰਗੋਟੀ, ਲਾਹ ਦੇ ਲਾਹ ਦੇ ਆਖਣ, ਉੱਚੀ ਉੱਚੀ ਕੂਕ ਰਹੇ ਨੇ ਬਾਪੂ ਜੀ ਦੇ ਬੰਦਰ । ਹਾਲੇ ਤਾਂ ਇੱਕ ਅੱਖੋਂ ਪਹਿਲਾ ਹੰਝ ਕਿਰਿਆ ਏ ਮੇਰਾ, ਪਲਕਾਂ ਪਿੱਛੇ ਸ਼ੂਕ ਰਿਹਾ ਏ, ਡਾਢਾ ਤਲਖ਼ ਸਮੁੰਦਰ । ਅੱਜ ਮਾਸੂਮ ਜਿਹਾ ਦਿਲ ਮੇਰਾ, ਲੁਕਦਾ ਫਿਰਦੈ ਵੇਖੋ, ਧੜਕਣ ਦਾ ਇਲਜ਼ਾਮ ਲੁਆਇਐ, ਮਨ ਦੇ ਸੁੱਚੇ ਮੰਦਰ । ਜੰਗਲ, ਜੋਗੀ, ਬਿਰਖ਼ ਬਰੂਟੇ, ਟਾਹਣੀਆਂ ਕੋਲੋਂ ਪੁੱਛੋ, ਬਲਦੀ ਅੱਗ ਨੂੰ ਵੇਖ ਵੇਖ ਕੇ, ਕੀ ਕੁਝ ਟੁੱਟਦੈ ਅੰਦਰ । ਬਾਜ਼ ਗੁਆਚਾ ਅੰਬਰ ਗਾਹੁੰਦਾ, ਥੱਕਿਆ ਥੱਕਿਆ ਪੁੱਛੇ, ਧਰਤੀ ਵਾਲਿਉ ਦੱਸੋ, ਕਿੱਥੇ ? ਬਿਰਖ਼ ਮਿਰੇ ਤੇ ਕੰਦਰ । ਸਫ਼ਿਆਂ ਉੱਤੇ ਕੂੜ ਪਰੋਸਣ, ਦਾਨਿਸ਼ਵਰ ਅਖ਼ਬਾਰਾਂ, ਖੰਡ ਦੀਆਂ ਪੁੜੀਆਂ ਵਿਚ ਜ਼ਹਿਰਾਂ, ਸੁੱਟ ਨਾ ਆਪਣੇ ਅੰਦਰ ।

ਜਬਰ ਜ਼ੁਲਮ ਦੀ ਜਦ ਵੀ 'ਨੇਰ੍ਹੀ ਚੜ੍ਹਦੀ ਏ

ਜਬਰ ਜ਼ੁਲਮ ਦੀ ਜਦ ਵੀ 'ਨੇਰ੍ਹੀ ਚੜ੍ਹਦੀ ਏ। ਸਦਾ ਹਕੂਮਤ ‘ਤਾਰੂ ਸਿੰਘ* ਨੂੰ ਫੜਦੀ ਏ । ਅੰਬਰਸਰ ਦੇ ਪੂਹਲੇ ਪਿੰਡ ਜਾਂ ਹੋਰ ਕਿਤੇ, ਫ਼ੌਜ ਮੁਗਲੀਆ ਕੰਧਾਂ ਕੋਠੇ ਚੜ੍ਹਦੀ ਏ । ਜਾਮ ਸ਼ਹਾਦਤ ਵਾਲਾ ਮੂੰਹ ਨੂੰ ਲੱਗਦਾ ਤਾਂ, ਮਾਂ ਦੀ ਸਿੱਖਿਆ ਸੂਰਮਿਆਂ ਨੂੰ ਘੜਦੀ ਏ। ‘ਹਰਿ’ ਦੇ ‘ਭਗਤਾਂ ਵਿਚ ਵੀ ਬਹੁਤ ‘ਨਿਰੰਜਨੀਏਂ’, ਪਾਪ ਦੀ ਗੁੱਡੀ ਤਾਂ ਹੀ ਉੱਚੀ ਚੜ੍ਹਦੀ ਏ। ‘ਖ਼ਾਨ ਜ਼ਕਰੀਆ’ ਸਾਡੇ ਅੰਦਰੋਂ ਮਰਦਾ ਨਹੀਂ, ਓਸੇ ਸੰਗ ‘ਗੁਰਬਾਣੀ’ ਅੱਜ ਤੱਕ ਲੜਦੀ ਏ । ਰੰਬੀ ਨਾਲ ਉਤਾਰਨ ਅੱਜ ਵੀ ਖੋਪੜੀਆਂ, ਜ਼ਾਲਮ ਦੇ ਘਰ ਰੋਜ਼ ਕੜਾਹੀ ਚੜ੍ਹਦੀ ਏ । ਭੁੱਲਿਆ ਵਰਕਾ, ਜਿੱਥੇ ਨਾਮ ਸ਼ਹੀਦਾਂ ਦਾ, ਸੰਗਤ ਐਵੇਂ ਦੋਸ਼ ਕਿਸੇ ਸਿਰ ਮੜ੍ਹਦੀ ਏ । ਬਰਸੀ ਆਉਂਦੀ ਆ ਕੇ ਸਿੱਧੀ ਲੰਘ ਜਾਂਦੀ, ਸਿੱਧੀ ਬੱਸ ਜਿਉਂ ਹੋਵੇ, ਚੰਡੀਗੜ੍ਹ ਦੀ ਏ । *ਵਿਸ਼ਵ ਦੇ ਸ਼ਹੀਦੀਆਂ ਸੰਬੰਧੀ ਇਤਿਹਾਸ ਵਿਚ ਸਿੱਖ ਸ਼ਹਾਦਤਾਂ ਦਾ ਰੁਤਬਾ ਬੜਾ ਵੱਖਰਾ ਹੈ । ਗੁਰੂ ਅਰਜਨ ਦੇਵ ਜੀ ਤੋਂ ਲੈ ਕੇ। ਇਸੇ ਲੜੀ ਵਿਚ ਭਾਈ ਤਾਰੂ ਸਿੰਘ ਚੇਤੇ ਆਉਂਦਾ ਹੈ। ਅੰਮ੍ਰਿਤਸਰ ਦੇ ਪਿੰਡ ਪੂਹਲੇ ਦਾ ਜੰਮਿਆ ਜਾਇਆ। ਵਿਰਸਾ, ਸੰਕਲਪ, ਸ਼ਹਾਦਤ ਦਾ ਸਬਕ ਆਪਣੀ ਮਾਂ ਤੋਂ ਲੈ ਕੇ ਮੁਗ਼ਲ ਹਕੂਮਤ ਦੀ ਅੱਖ ’ਚ ਰੜਕ ਬਣਿਆ। ਜੰਡਿਆਲਾ ਗੁਰੂ ਦੇ ਇਕ ਮੁਖ਼ਬਰ ਹਰਿਭਗਤ ਨਿਰੰਜਨੀਏਂ ਨੇ ਉਸ ਨੂੰ ਜ਼ਕਰੀਆ ਖ਼ਾਨ ਕੋਲ ਫੜਵਾ ਦਿੱਤਾ। ਰੰਬੀ ਨਾਲ ਖੋਪੜੀ ਉਤਾਰਨ ਵਾਲੀ ਜਸ਼ਾ ਵੀ ਏਸੇ ਨੇ ਸਿਫ਼ਾਰਸ਼ ਕੀਤੀ ਸੀ। ਅੱਜ ਹਰਿਭਗਤ ਨਿਰੰਜਨੀਆ ਅਤੇ ਜ਼ਕਰੀਆ ਖ਼ਾਨ ਦਾ ਸਿਰਨਾਵਾਂ ਲੱਭਣਾ ਮੁਹਾਲ ਹੈ ਪਰ ਭਾਈ ਤਾਰੂ ਸਿੰਘ ਵੀ ਸਾਡੇ ਚੇਤਿਆਂ ਵਿਚ ਜਿਉਂਦਾ ਹੈ। ਜੇ ਹੁਣ ਸਾਡੀ ਅਹਿਸਾਨ ਫਰਾਮੋਸ਼ੀ ਤੋਂ ਬਚ ਗਿਆ ਤਾਂ ...)

  • ਮੁੱਖ ਪੰਨਾ : ਕਾਵਿ ਰਚਨਾਵਾਂ, ਗੁਰਭਜਨ ਗਿੱਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ