Phullan Di Jhanjar (Geet) : Gurbhajan Gill

ਫੁੱਲਾਂ ਦੀ ਝਾਂਜਰ (ਗੀਤ) : ਗੁਰਭਜਨ ਗਿੱਲ



ਮਾਏ ਅਟੇਰਨ ਟੇਰਦੀਏ

ਆਏ ਅਟੇਰਨ ਟੇਰਦੀਏ, ਹੁਣ ਤੰਦ ਤੋਂ ਬਣ ਗਈ ਛੱਲੀ ਨੀ। ਮੈਨੂੰ ਦੁਸ਼ਮਣ ਫੌਜਾਂ ਘੇਰ ਲਿਆ, ਮੈਂ ਘਿਰ ਗਈ ਕੱਲਮ-ਕੱਲੀ ਨੀ। ਨਾ ਸ਼ਰਮ-ਸ਼ਰ੍ਹਾਂ ਦਾ ਪਰਦਾ ਨੀ। ਜਿਸ ਜੋ ਮੂੰਹ ਆਈ ਕਰਦਾ ਨੀ। ਜੱਗ ਧੀ ਜੰਮਣੋਂ ਕਿਉਂ ਡਰਦਾ ਨੀ? ਧਰਤੀ ਆਉਣੋਂ ਵਰਜ ਰਹੇ, ਮੈਂ ਕੀ ਕਰ ਸਕਦੀ ’ਕੱਲ੍ਹੀ ਨੀ। ਵਿਛਿਆ ਏ ਅਗਨ ਵਿਛਾਉਣਾ ਨੀ। ਉੱਤੇ ਦਾਜ ਦਾ ਦੈਂਤ ਡਰਾਉਣਾ ਨੀ। ਜੋ ਬਣਿਆ ਫਿਰੇ ਪ੍ਰਾਹੁਣਾ ਨੀ। ਮੇਰੀ ਜਨਮ ਘੜੀ ਤੋਂ ਪਹਿਲਾਂ ਹੀ, ਕਿਉਂ ਮੱਚ ਗਈ ਤਰਥੱਲੀ ਨੀ। ਤੇਰੇ ਵੱਲ ਨਰਸਾਂ ਤੁਰੀਆਂ ਨੇ। ਹੱਥ ਤੇਜ਼ ਕਟਾਰਾਂ ਛੁਰੀਆਂ ਨੇ। ਬਾਬਲ ਦੀਆਂ ਨੀਤਾਂ ਬੁਰੀਆਂ ਨੇ। ਮੇਰੀ ਧੜਕਣ ਦੀ ਇਹ ਅੰਤ ਘੜੀ, ਮੈਂ ਦੂਰ ਦੇਸ ਨੂੰ ਚੱਲੀ ਨੀ। ਜੇ ਘਿਰ ਗਈਂ ਏਂ ਘਬਰਾਈਂ ਨਾ। ਤੂੰ ਬੇਬੱਸ ਹੋ ਪਥਰਾਈਂ ਨਾ। ਅੱਖੀਆਂ ’ਚੋਂ ਨੀਰ ਵਹਾਈਂ ਨਾ। ਬਾਬਲ ਦਾ ਧਰਮ ਗੁਆਚ ਗਿਆ, ਤਾਂ ਹੀ ਧੀ ਕਬਰਾਂ ਵੱਲ ਘੱਲੀ ਨੀ। ਕੁਝ ਬੋਲ! ਬੇ ਜੀਭੀ ਗਾਂ ਨਹੀਂ ਤੂੰ। ਜੇ ਨਾ ਬੋਲੀ ਫਿਰ ਮਾਂ ਨਹੀਂ ਤੂੰ। ਇਕ ਚਿਖ਼ਾ ਨਿਰੰਤਰ, ਛਾਂ ਨਹੀਂ ਤੂੰ। ਹੁਣ ਬੋਲ ਧਰਤੀਏ ਮਾਏ ਨੀ, ਖ਼ਤਰੇ ਦੀ ਖੜਕੇ ਟੱਲੀ ਨੀ।

ਕਿੱਥੇ ਗਈਆਂ ਕੂੰਜਾਂ

ਕਿੱਥੇ ਗਈਆਂ ਕੂੰਜਾਂ ਏਥੋਂ ਉੱਡ ਗਏ ਨੇ ਮੋਰ ਨੀ। ਬਣਿਆ ਪੰਜਾਬ ਮੇਰਾ ਹੋਰ ਦਾ ਹੀ ਹੋਰ ਨੀ। ਸਾਉਣ ਦੇ ਮਹੀਨੇ 'ਚ ਤਰੇੜੀ ਹੋਈ ਧਰਤੀ। ਪਿੰਡ ਨੇ ਉਦਾਸ ਤੇ ਚੁਫ਼ੇਰ ਚੁੱਪ ਵਰਤੀ। ਵਿਹਲਿਆਂ ਦੀ ਡਾਰ ਫਿਰੇ ਬੰਦ ਹੋਈ ਭਰਤੀ। ਬਣ ਗਏ ਸਿਆਸੀ ਆਗੂ ਸਾਧੂ ਅਤੇ ਚੋਰ ਨੀ। ਬਣਿਆ ਪੰਜਾਬ ਮੇਰਾ ਹੋਰ ਦਾ ਹੀ ਹੋਰ ਨੀ। ਫ਼ਸਲਾਂ ਨੇ ਸਿਰ ਸੁੱਟੇ ਆਡਾਂ ਨੇ ਪਿਆਸੀਆਂ। ਤਪਦੀ ਸਵੇਰ ਸ਼ਾਮਾਂ ਰਾਤਾਂ ਵੀ ਉਦਾਸੀਆਂ। ਪੁੱਤਰਾਂ ਦੇ ਹੱਥ ਵਿਚ ਦਾਰੂ ਤੇ ਗਲਾਸੀਆਂ। ਕਿਹੜੇ ਪਾਸੇ ਲਈ ਜਾਂਦਾ ਮਨ ਵਾਲਾ ਸ਼ੋਰ ਨੀ। ਬਣਿਆ ਪੰਜਾਬ ਮੇਰਾ ਹੋਰ ਦਾ ਹੀ ਹੋਰ ਨੀ। ਟੁੱਟ ਗਿਆ ਸਾਥ ਹੁਣ ਚਾਟੀ ਤੇ ਮਧਾਣੀ ਦਾ। ਹਲਦੀ ਤੋਂ ਗੂੜ੍ਹਾ ਰੰਗ ਗਿੱਧਿਆਂ ਦੀ ਰਾਣੀ ਦਾ। ਲੱਭਦਾ ਨਾ ਸਿਰਾ ਕੋਈ ਉਲਝੀ ਕਹਾਣੀ ਦਾ। ਵਰ੍ਹਿਆਂ ਤੋਂ ਗੁੰਮ ਸੁੰਮ ਝਾਂਜਰਾਂ ਦੇ ਬੋਰ ਨੀ। ਬਣਿਆ ਪੰਜਾਬ ਮੇਰਾ ਹੋਰ ਦਾ ਹੀ ਹੋਰ ਨੀ। ਦੱਸਦੇ ਮਨੁੱਖ ਅਤੇ ਰੁੱਖ ਸਣੇ ਟਾਹਣੀਆਂ। ਸਿੰਜਿਆ ਹਮੇਸ਼ਾਂ ਸਾਨੂੰ ਸਾਡੇ ਪੰਜਾਂ ਪਾਣੀਆਂ। ਪਾਈ ਜਾਵੇ ਦਿੱਲੀ ਹੁਣ ਹੋਰ ਹੀ ਕਹਾਣੀਆਂ। ਜੱਗ ਨਾਲੋਂ ਵੱਖਰੇ ਕਾਨੂੰਨ ਦੱਸੇ ਹੋਰ ਨੀ। ਬਣਿਆ ਪੰਜਾਬ ਮੇਰਾ ਹੋਰ ਦਾ ਹੀ ਹੋਰ ਨੀ। ਨਹੀਉਂ ਅਸੀਂ ਭੁੱਲੇ ਹਾਲੇ ਜੇਹਲਮ ਤੇ ਚਨਾਬ ਨੂੰ। ਕਰੋ ਨਾ ਖ਼ੁਆਰ ਹੋਰ ਜ਼ਖ਼ਮੀ ਪੰਜਾਬ ਨੂੰ। ਖੁਸ਼ਬੂ ਨੂੰ ਤਰਸੇਂਗੀ ਪੁੱਟੀ ਨਾ ਗੁਲਾਬ ਨੂੰ। ਵੈਰਨੇ ਖ਼ੁਆਰੀ ਇਹਦੀ ਕਰੀਂ ਨਾ ਤੂੰ ਹੋਰ ਨੀ। ਬਣਿਆ ਪੰਜਾਬ ਮੇਰਾ ਹੋਰ ਦਾ ਹੀ ਹੋਰ ਨੀ। ਨੱਥ ਪਾਉਣ ਲੱਗੇ ਵੇਖੋ ਸਾਡੇ ਦਰਿਆਵਾਂ ਨੂੰ। ਛਾਂਗ ਦੇਣਾ ਚਾਹੁੰਦੇ ਨੇ ਉਹ ਜ਼ਿੰਦਗੀ ਦੇ ਚਾਵਾਂ ਨੂੰ। ਸਮਝ ਨਾ ਆਵੇ ਸਾਡੇ ਸਕਿਆ ਭਰਾਵਾਂ ਨੂੰ। ਹੱਟੀਆਂ ’ਚ ਬਹਿ ਕੇ ਬੋਲੀ ਬੋਲਦੇ ਨੇ ਹੋਰ ਨੀ। ਬਣਿਆ ਪੰਜਾਬ ਮੇਰਾ ਹੋਰ ਦਾ ਹੀ ਹੋਰ ਨੀ।

ਇਹ ਕੇਹੀ ਰੁੱਤ ਆਈ

(ਅਜਮੇਰ ਸਿੰਘ ਔਲਖ ਦੇ ਨਾਂ) ਇਹ ਕੇਹੀ ਰੁੱਤ ਆਈ ਨੀ ਮਾਂ, ਇਹ ਕੇਹੀ ਰੁੱਤ ਆਈ। ਘਿਰ ਗਈ ਮੇਰੀ ਜਾਨ ਇਕੱਲੀ, ਬਾਬਲ ਬਣੇ ਕਸਾਈ ਨੀ ਮਾਂ। ਡੁੱਬਿਆ ਸੂਰਜ ਸਿਖ਼ਰ ਦੁਪਹਿਰੇ। ਲੱਗ ਗਏ ਤੇਰੀ ਕੁੱਖ ਤੇ ਪਹਿਰੇ। ਹਾਕਮ ਹੋ ਗਏ ਗੁੰਗੇ ਬਹਿਰੇ। ਪਰਖ਼ ਮਸ਼ੀਨਾਂ ਚੁਗਲੀ ਕੀਤੀ, ਕਉ ਕਾਤਲ ਬਣ ਗਈ ਦਾਈ ਨੀ ਮਾਂ। ਇਸ ਇਹ ਕੇਹੀ ਰੁੱਤ ਆਈ ਨੀ ਮਾਂ। ਮਾਏ ਨੂੰ ਵੀ ਪੁੱਤਰ ਮੰਗਦੀ। ਮੇਰੀ ਵਾਰੀ ਤੂੰ ਕਿਉਂ ਸੰਗਦੀ? ਅਣਜੰਮੀ ਨੂੰ ਸੂਲੀ ਟੰਗਦੀ। ਆਪਣੀ ਆਂਦਰ ਨੂੰ ਕਿਉਂ ਕੀਤਾ, ਤੂੰ ਵੀ ਅੱਜ ਅਣਚਾਹੀ ਨੀ ਮਾਂ। ਇਹ ਕੇਹੀ ਰੁੱਤ ਆਈ ਨੀ ਮਾਂ। ਸੁਣੀਂ ਬਾਬਲਾ ਸੁਣ ਅਰਜੋਈ। ਦਾਜ ਦੇ ਦਾਨਵ ਲਾਹ ਲਈ ਲੋਈ। ਮੇਰਾ ਇਸ ਵਿਚ ਦੋਸ਼ ਨਾ ਕੋਈ। ਲਾਲਚ ਵਾਲੀ ਡੋਰੀ ਬਣ ਗਈ, ਮੇਰੇ ਗਲ ਵਿਚ ਫਾਹੀ ਨੀ ਮਾਂ। ਇਹ ਕੇਹੀ ਰੁੱਤ ਆਈ ਨੀ ਮਾਂ। ਦਾਦੀ ਨਾਨੀ ਮਾਵਾਂ ਬੋਲੋ। ਪੈ ਗਈ ਜਿਹੜੀ ਦੰਦਲ ਖੋਲੋ। ਧਰਮ ਗ੍ਰੰਥੋ ਵਰਕੇ ਫ਼ੋਲੋ। ਕੁੱਖ ਨੂੰ ਨਿਰੀ ਮਸ਼ੀਨ ਨਾ ਸਮਝੋ, ਰੋਕੋ ਹੋਰ ਤਬਾਹੀ ਨੀ ਮਾਂ। ਇਹ ਕੇਹੀ ਰੁੱਤ ਆਈ ਨੀ ਮਾਂ।

ਛੱਡ ਕੇ ਮੈਦਾਨ ਭੱਜ ਗਏ

ਛੱਡ ਕੇ ਮੈਦਾਨ ਭੱਜ ਗਏ, ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ। ਅੱਧ ਵਿਚਕਾਰ ਛੱਡ ਗਏ, ਪੱਗਾਂ ਜਿੰਨ੍ਹਾਂ ਨੇ ਵਟਾਈਆਂ ਨਾਲ ਮੇਰੇ। ਜਦੋਂ ਮੇਰੇ ਪੱਲੇ ਫ਼ਲ ਫੁੱਲ ਛਾਵਾਂ ਸੀ। ਮੇਰੇ ਲੱਕ ਦੇ ਦੁਆਲੇ ਲੱਖਾਂ ਬਾਹਵਾਂ ਸੀ। ਸਭੇ ਚਾਨਣੀਆਂ ਚਾਨਣੀਆਂ ਰਾਹਵਾਂ ਸੀ। ਰੁੱਤ ਬਦਲੀ ਤੇ ਉੱਡ ਗਏ ਬਟੇਰੇ। ਮੈਨੂੰ ਪੱਤਝੜਾਂ ਕਈ ਵਾਰ ਝਾੜਿਆ, ਕੱਕਰਾਂ ਵੀ ਰੱਜ ਕੇ ਲਿਤਾੜਿਆ। ਮੈਨੂੰ ਸੱਜਣਾਂ ਨੇ ਤਾਅਨੇ ਦੇ ਦੇ ਸਾੜਿਆ। ਵੈਰੀ ਇਕ ਨਾ ਮੁਸੀਬਤਾਂ ਦੇ ਘੇਰੇ। ਮੈਨੂੰ ਸੁੱਕ ਗਿਆ ਜਾਣਿਆ ਵਪਾਰੀਆਂ। ਚੁੱਕੀ ਫਿਰਦੇ ਦੁਆਲੇ ਮੇਰੇ ਆਰੀਆਂ। ਵੇਖੋ ! ਕਿਹੋ ਜਿਹੀਆਂ ਅੱਜ ਕੱਲ੍ਹ ਯਾਰੀਆਂ। ਬੈਠੇ ਅਜੇ ਵੀ ਨੇ ਟਾਹਣੀਆਂ ਤੇ ਮੇਰੇ। ਜੜ੍ਹੋਂ ਵੱਢਿਆ ਤੇ ਟੁੱਟਿਆ ਤਰਾਣ ਸੀ। ਜਿੰਨ੍ਹਾਂ ਟਾਹਣੀਆਂ ਤੇ ਮੈਨੂੰ ਬੜਾ ਮਾਣ ਸੀ। ਓਹੀ ਆਈਆਂ ਮੇਰੀ ਆਖ਼ਰੀ ਮਕਾਣ ਸੀ। ਹਵਾ ਪਾਉਂਦੀ ਵੇਖੀ ਵੈਣ ਮੈਂ ਚੁਫ਼ੇਰੇ। ਛੱਡ ਕੇ ਮੈਦਾਨ ਭੱਜ ਗਏ ...।

ਪਹਿਲੀ ਤੇ ਅਖ਼ੀਰੀ ਮੁਲਾਕਾਤ

ਲੋਕੀ ਕਹਿਣ ਕਰੇ ਰੱਬ, ਮੈਂ ਤਾਂ ਆਖਨਾਂ ਸਬੱਬ, ਹੋਣੀ ਤੇਰੀ ਮੇਰੀ ਪਹਿਲੀ ਤੇ ਅਖ਼ੀਰੀ ਮੁਲਾਕਾਤ। ਓਸ ਦਿਨ ਪਿੱਛੋਂ ਅੰਬਰਾਂ ’ਤੇ ਪਈ ਨਹੀਂਓ ਰਾਤ। ਜਿੱਥੇ ਸੂਰਜੇ ਤੇ ਧਰਤੀ ਦਾ ਹੁੰਦਾ ਏ ਸੁਮੇਲ। ਪਿੱਛੋਂ ਕਿੰਨਾ ਚਿਰ ਲਾਲੀ, ਸਾਂਭੀ ਰੱਖਦੈ ਦੋਮੇਲ। ਜੀਕੂੰ ਫੁੱਲਾਂ ਉੱਤੇ ਪਵੇ ਨੀਲੇ ਅੰਬਰੋਂ ਤਰੇਲ। ਮੈਨੂੰ ਇੰਨ ਬਿੰਨ ਇਹੋ ਜਹੀ ਤੂੰ ਦਿੱਤੀ ਏ ਸੁਗਾਤ। ਮੇਰੇ ਅੰਗ ਸੰਗ ਰਹੇ ਤੇਰੇ ਸਾਹਾਂ ਦੀ ਸੁਗੰਧ। ਮੈਨੂੰ ਸੌਖਾ ਸੌਖਾ ਲੱਗਦਾ ਏ ਜ਼ਿੰਦਗੀ ਦਾ ਪੰਧ। ਇਹ ਹੈ ਨਾਵਾਂ ਦੇ ਝਮੇਲਿਆਂ ਤੋਂ ਵੱਖਰਾ ਸੰਬੰਧ। ਚੰਨ ਚਾਨਣੀ ਵਿਆਹੁਣ ਆਈ ਅੰਬਰੋਂ ਬਾਰਾਤ। ਪਹੁੰਚੀ ਚੰਨ ਤੋਂ ਅਗੇਰੇ, ਤੇਰੇ ਹੱਥ ਮੇਰੀ ਡੋਰ। ਮੈਨੂੰ ਧਰਤੀ ਤੇ ਲਾਹ ਲੈ, ਮੈਨੂੰ ਭੁੱਲ ਜੇ ਨਾ ਤੋਰ। ਕਰੀ ਚੱਲ ਮੈਨੂੰ ਕੋਸੇ ਕੋਸੇ ਸਾਹਾਂ ਦੀ ਟਕੋਰ। ਤੇਰੀ ਤੱਕਣੀ ਦਾ ਨਿੱਘ ਪਾਵੇ ਸੂਰਜੇ ਨੂੰ ਮਾਤ। ਵੇ ਤੂੰ ਆਖ ਦੇ ਖ਼ੁਦਾ ਨੂੰ, ਹੁਣ ਸਮਾਂ ਰੁਕ ਜਾਵੇ। ਜਦੋਂ ਤੀਕ ਮੇਰੇ ਤਨੋਂ ਨਾ ਸਵਾਸ ਮੁੱਕ ਜਾਵੇ। ਜਦੋਂ ਤੀਕ ਨਾ ਮੁਹੱਬਤਾਂ ਦਾ ਨੀਰ ਸੁੱਕ ਜਾਵੇ। ਉਦੋਂ ਤੀਕ ਨਾ ਮੁਕਾਵੀਂ, ਅਣਬੋਲੀ ਗੱਲਬਾਤ। ਓਸ ਦਿਨ ਪਿੱਛੋਂ ਅੰਬਰਾਂ 'ਤੇ ਪਈ ਨਹੀਓਂ ਰਾਤ।

ਰਾਜ ਭਾਗ ਵਾਲਿਓ!

ਰਾਜ ਭਾਗ ਵਾਲਿਓ! ਕਮਾਲ ਕਰੀ ਜਾਂਦੇ ਓ। ਜਿਥੋਂ ਜੋ ਵੀ ਮਿਲੇ, ਓਹੀ ਮਾਲ ਚਰੀ ਜਾਂਦੇ ਓ। ਮਹਿੰਗੇ ਮੁੱਲ ਲਈਆਂ ਸਾਡੇ ਵੱਡਿਆਂ ਆਜ਼ਾਦੀਆਂ। ਅੱਧੀ ਰਾਤੇ ਧਰਤੀ ਨੂੰ ਵੰਡਿਆ ਫਸਾਦੀਆਂ। ਦਿਨ ਚੜ੍ਹੇ ਝੋਲੀ ਵਿਚ ਪਈਆਂ ਬਰਬਾਦੀਆਂ। ਧਰਮਾਂ ਦੇ ਸਿਰ ਇਲਜ਼ਾਮ ਧਰੀ ਜਾਂਦੇ ਓ। ਬੱਲੇ ਦਿੱਲੀ ਵਾਲਿਉ ! ਕਮਾਲ ਕਰੀ ਜਾਂਦੇ ਓ। ਲੋੜਦੇ ਗਰੀਬ ਰੋਟੀ ਕੱਪੜਾ ਮਕਾਨ ਜੀ। ਐਟਮਾਂ ਦੇ ਢੇਰ ਉੱਤੇ ਸੁੱਕਦੀ ਏ ਜਾਨ ਜੀ। ਏਸ ਨੂੰ ਹੀ ਆਖਦੇ ਹੋ ਦੀਨ ਤੇ ਈਮਾਨ ਜੀ। ਨਾਲ ਖੁੰਢੀ ਛੁਰੀ ਦੇ ਹਲਾਲ ਕਰੀ ਜਾਂਦੇ ਓ। ਬੱਲੇ ਓਇ ਗੁਆਂਢੀਓ ਕਮਾਲ ਕਰੀ ਜਾਂਦੇ ਓ। ਡਾਂਗ ਨਾਲ ਨਾਪਦੇ ਹੋ ਚੋਰੀਆਂ ਦੇ ਮਾਲ ਨੂੰ। ਸੌਂਪ ਜੁੰਮੇਵਾਰੀ ਇਨਸਾਫ਼ ਦੀ ਚੰਡਾਲ ਨੂੰ। ਹਰ ਵੇਲੇ ਟਾਲੀ ਜਾਉ ਰੋਟੀ ਦੇ ਸੁਆਲ ਨੂੰ। ਆਖਦੇ ਹੋ ਸਾਨੂੰ ਤੁਸੀਂ ਐਵੇਂ ਮਰੀ ਜਾਂਦੇ ਓ। ਬੱਲੇ ਓਇ ਸਿਆਣਿਉਂ ! ਕਮਾਲ ਕਰੀ ਜਾਂਦੇ ਓ। ਵੇਚਦੇ ਬਾਰੂਦ ਨਾਲੇ ਅਮਨਾਂ ਦੀ ਰਾਗਣੀ। ਦੱਸੋ ਇਹ ਮਿਜ਼ਾਈਲ ਕਿਹੜੀ ਕੋਇਲ ਉੱਤੇ ਦਾਗਣੀ ? ਸੁੱਤੀ ਪਈ ਜ਼ਮੀਰ ਦੱਸੋ ਹੋਰ ਕਦੋਂ ਜਾਗਣੀ? ਰਾਜਿਆਂ ਨੂੰ ਤੋਪਾਂ ਦੇ ਦਲਾਲ ਕਰੀ ਜਾਂਦੇ ਓ। ਬੱਲੇ ਓਇ ਫਰੰਗੀਉ ! ਕਮਾਲ ਕਰੀ ਜਾਂਦੇ ਓ। ਰੋਟੀਆਂ ਦੀ ਵੰਡ ਵੇਲੇ ਬਾਂਦਰਾਂ ਦੀ ਸਾਲਸੀ। ਕਿਸੇ ਵੇਲੇ ਸੁਣੀ ਅਸਾਂ ਏਸਰਾਂ ਮਿਸਾਲ ਸੀ। ਤੁਸੀਂ ਵੀ ਤਾਂ ਓਹੀ ਅਪਣਾਈ ਪੁੱਠੀ ਚਾਲ ਸੀ। ਆਪਣੇ ਹੀ ਘਰਾਂ ਨੂੰ ਨਿਹਾਲ ਕਰੀ ਜਾਂਦੇ ਓ। ਬੱਲੇ ਦੇਸ਼ ਸੇਵਕੋ ! ਕਮਾਲ ਕਰੀ ਜਾਂਦੇ ਓ। ਹੀਰ ਹੱਥੋਂ ਕੈਦੋ ਵੇਖੇ ! ਖਾਈ ਜਾਵੇ ਚੂਰੀਆਂ। ਰਾਂਝਿਆਂ ਭਰਾਵਾ ਚੱਲ ਛੱਡ , ਮੱਝਾਂ ਬੂਰੀਆਂ। ਤੈਨੂੰ ਕਿਹੜਾ ਏਥੇ ਨੇ ਸਿਆਸੀ ਮਜ਼ਬੂਰੀਆਂ। ਹੱਕਦਾਰ ਲੁੱਟ ਕੇ ਕੰਗਾਲ ਕਰੀ ਜਾਂਦੇ ਓ। ਬੱਲੇ! ਨੀਤੀਵਾਨੋ ਬਈ ਕਮਾਲ ਕਰੀ ਜਾਂਦੇ ਓ। ਠੰਡੇ ਠਾਰ ਭਵਨਾਂ 'ਚ ਬੈਠੇ ਵਣਜਾਰਿਓ। ਮੇਰੀ ਗੱਲ ਕਦੇ ‘ਕੱਲ੍ਹੇ, ਬੈਠ ਕੇ ਵਿਚਾਰਿਓ। ਦੇਸ਼ ਦਾ ਈਮਾਨ ਏਦੂੰ ਵੱਧ ਨਾ ਨਿਘਾਰਿਓ। ਬੱਕਰੀ ਕਸਾਈ ਭਾਈਵਾਲ ਕਰੀ ਜਾਂਦੇ ਓ। ਬੱਲੇ ਦਿੱਲੀ ਵਾਲਿਓ ! ਕਮਾਲ ਕਰੀ ਜਾਂਦੇ ਓ। ਜਿਥੋਂ ਜੋ ਵੀ ਮਿਲੇ ਓਹੀ ਮਾਲ ਚਰੀ ਜਾਂਦੇ ਓ।

ਸੁਣ ਲਉ ਕੁੜੀਓ ਮੇਰਾ ਮਾਹੀ

ਸੁਣ ਲਉ ਕੁੜੀਓ ਮੇਰਾ ਮਾਹੀ, ਆਖਾਂ ਜਿਸਨੂੰ ਢੋਲ ਸਿਪਾਹੀ, ਰੋਜ਼ ਰਾਤ ਨੂੰ ਦਾਰੂ ਪੀ ਕੇ, ਆਵੇ ਪੂਰਾ ਰੱਜਿਆ। ਨੀ ਰਾਹੀਂ ਲੜਦੇ ਦਾ, ਮੂੰਹ ਪਾਵੇ ਨਾਲ ਵੱਜਿਆ। ਬਣਿਆ ਫਿਰਦੈ ਬਾਗ ਦਾ ਮਾਲੀ। ਸੜ ਚੱਲੀ ਵਿਹੜੇ ਦੀ ਡਾਲੀ। ਪਾਣੀ ਤੋਂ ਬਿਨ ਸੁੱਕੀਆਂ ਵੇਲਾਂ, ਕਿੰਨਾ ਚਿਰ ਰਹਿੰਦੀ ਹਰਿਆਲੀ। ਖ਼ੌਰੇ ਕਿਥੇ ਵਰ੍ਹਦੇ ਬੱਦਲ, ਏਥੇ ਤਾਂ ਬੱਸ ਗੱਜਿਆ। ਨੀ ਰਾਤੀਂ ਲੜਦੇ ਦਾ, ਮੂੰਹ ਪਾਵੇ ਨਾਲ ਵੱਜਿਆ। ਕੰਮ ਕਾਰ ਨੂੰ ਹੱਥ ਨਾ ਲਾਵੇ। ਵਿਹਲਾ ਬੈਠਾ ਰੋਅਬ ਜਮਾਵੇ। ਜੇ ਕਿਧਰੇ ਮੈਂ ਬੋਲ ਪਵਾਂ ਤਾਂ, ਸਿੱਧਾ ਮੇਰੇ ਸਿਰ ਨੂੰ ਆਵੇ। ਇਹੋ ਜਹੇ ਨੂੰ ਕੀ ਆਖਾਂ ਜਿਸ ਘੋਲ ਕੇ ਪੀ ਲਈ ਲੱਜਿਆ। ਨੀ ਰਾਹੀਂ ਲੜਦੇ ਦਾ, ਮੂੰਹ ਪਾਵੇ ਨਾਲ ਵੱਜਿਆ। ਮੇਰੇ ਤਨ ਤੇ ਪਾਟੀਆਂ ਲੀਰਾਂ। ਘਰ ਵਿਚ ਤੰਗੀ ਹਾਲ ਫ਼ਕੀਰਾਂ। ਦਿਲ ਦਾ ਹਾਲ ਸੁਣਾਵਾਂ ਕਿਸ ਨੂੰ, ਵਿੰਨਿਆ ਮੈਨੂੰ ਇਸ ਦੇ ਤੀਰਾਂ। ਇਹ ਵੀ ਦੋਸ਼ ਦਿਆਂ ਮੈਂ ਖ਼ੁਦ ਨੂੰ, ਜਿਹੜਾ ਇਸਨੂੰ ਕੱਜਿਆ। ਨੀ ਰਾਤੀਂ ਲੜਦੇ ਦਾ, ਮੂੰਹ ਪਾਵੇ ਨਾਲ ਵੱਜਿਆ। ਫਿਰਨ ਵਿਲਕਦੇ ਬਾਲ ਨਿਆਣੇ। ਕਿੱਦਾਂ ਪਲਦੇ ਇਹ ਕੀ ਜਾਣੇ? ਖ਼ੌਰੇ ਕਿਸ ਦੁਨੀਆਂ ਵਿਚ ਰਹਿੰਦੈ, ਇਹਦੀਆਂ ਬਾਤਾਂ ਇਹ ਹੀ ਜਾਣੇ। ਵੇਖ ਸ਼ਰਾਬੀ ਟੋਲਾ ਜਾਵੇ, ਵਾਹੋ ਦਾਹੀ ਭੱਜਿਆ। ਨੀ ਰਾਤੀਂ ਲੜਦੇ ਦਾ, ਮੂੰਹ ਪਾਵੇ ਨਾਲ ਵੱਜਿਆ।

ਬੋਲੇ ਨੀ ਬੰਬੀਹਾ ਬੋਲੇ

ਬੋਲੇ ਨੀ ਬੰਬੀਹਾ ਬੋਲੇ। ਏਸ ਪਿੰਡ ਦੇ ਪੰਚੋ ਤੇ ਸਰਪੰਚੋ, ਲੰਬੜਦਾਰੋ। ਬਈ, ਪਿੰਡ ਪਿੰਡ ਹੋਕਾ ਦੇ ਦਿਉ, ਧੀਆਂ ਜੰਮਣੋਂ ਪਹਿਲਾਂ ਨਾ ਮਾਰੋ। ਬੋਲੇ ਨੀ ਬੰਬੀਹਾ ਬੋਲੇ, ਸ਼ਾਵਾ ਨੀ ਬੰਬੀਹਾ ਬੋਲੇ, ਬੋਲੇ ਤੇ ਬੋਲੇ ਦਿਨ ਪਹਿ ਰਾਤ, ਨੀ ਬੰਬੀਹਾ ਬੋਲੇ। ਪੁੱਤਰ ਲੱਭਦੇ ਲੱਭਦੇ ਮੁੱਕ ਨਾ ਜਾਵੇ ਔਰਤ ਜ਼ਾਤ। ਨੀ ਬੰਬੀਹਾ ਬੋਲੇ। ਵੇ ਵੀਰੋ ਵੇ ਮਾਂ ਪਿਓ ਜਾਇਓ। ਧੀਆਂ ਨੂੰ ਨਾ ਮਾਰ ਮੁਕਾਇਓ। ਫਿਰ ਨਾ ਮੁੱਕਣੀ ਧਰਤੀ ਉਤੋਂ ਲੰਮ-ਸਲੰਮੀ ਰਾਤ। ਨੀ ਬੰਬੀਹਾ ਬੋਲੇ। ਧਰਮੀ ਬਾਬਲਾ ਕਹਿਰ ਕਮਾਵੇਂ। ਜੰਮਣੋਂ ਪਹਿਲਾਂ ਮਾਰ ਮੁਕਾਵੇਂ। ਨਿੱਕੇ ਵੀਰ ਨੂੰ ਭੈਣ ਦੇ ਬਾਝੋਂ ਕੌਣ ਸੁਣਾਊ ਬਾਤ। ਨੀ ਬੰਬੀਹਾ ਬੋਲੇ। ਮਾਏ ਨੀ ਸੁਣ ਮੇਰੀਏ ਮਾਏ। ਤੇਰੇ ਦਿਲ ਵਿਚ ਇਹ ਕਿਉਂ ਆਏ। ਬੋਝ ਧੀਆਂ ਦਾ ਹੁੰਦੈ, ਹੁੰਦੇ ਪੁੱਤਰ ਰੱਬੀ ਦਾਤ। ਨੀ ਬੰਬੀਹਾ ਬੋਲੇ। ਵੇ ਗਿਆਨੀ ਵਿਗਿਆਨੀ ਵੀਰਾ। ਸਭ ਲਈ ਜਨਮ ਅਮਲੋਕ ਹੀਰਾ। ਪੈਸੇ ਖ਼ਾਤਰ ਕਿਉਂ ਮਰ ਚੱਲੇ ਤੇਰੇ ਸਭ ਜਜ਼ਬਾਤ? ਨੀ ਬੰਬੀਹਾ ਬੋਲੇ। ਧਰਤੀ ਵਾਲਿਓ ਸੁਣੋ ਸੁਣਾਵਾਂ। ਅਕਲ ਕਰੋ ਜੇ ਚੁੱਪ ਨੇ ਮਾਵਾਂ। ਨੇਰ੍ਹੇ ਦੀ ਕੁੱਖ ਵਿਚੋਂ ਜਨਮੇ ਨਿੱਤ ਸੂਹੀ ਪ੍ਰਭਾਤ। ਨੀ ਬੰਬੀਹਾ ਬੋਲੇ।

ਤੇਰੀ ਵੇ ਸੰਧੂਰੀ ਪੱਗ ਦੇ

ਤੂੰ ਤੇ ਬੇਕਦਰਾ ਖ਼ਤ ਵੀ ਨਾ ਲਿਖਿਆ, ਕੌਣ ਸੁਣੇ ਮੇਰੇ ਦਿਲ ਦੀ ਵਿਥਿਆ, ਔਂਸੀਆਂ ਪਾ ਪਾ ਹਾਰ ਗਈ ਮੈਂ, ਜਿੰਦੜੀ ਗਮਾਂ ਦੇ ਲੇਖੇ । ਤੇਰੀ ਵੇ ਸੰਧੂਰੀ ਪੱਗ ਦੇ ਮੈਨੂੰ ਮੱਸਿਆ 'ਚ ਪੈਣ ਭੁਲੇਖੇ। ਲਾ ਲਿਆ ਦਿਲ ਨੂੰ ਰੋਗ ਅਵੱਲਾ। ਇਹ ਤਾਂ ਹੁਣ ਨਹੀਂ ਛੱਡਦਾ ਪੱਲਾ। ਜਾਣ ਵਾਲਿਆ ਸ਼ਗਨਾਂ ਵਾਲਾ, ਚੀਚੀ ਵਿਚੋਂ ਕਿਰ ਗਿਆ ਛੱਲਾ। ਬੱਗੀ ਪੁੂਣੀ ਹੋਈ ਜਿੰਦ ਨੂੰ, ਕੋਈ ਨਾ ਪਿਆਰ ਨਾਲ ਵੇਖੇ। ਤੇਰੀ ਵੇ ਸੰਧੂਰੀ ਪੱਗ ਦੇ... ... ...। ਹੋ ਚੱਲੀ ਆਂ ਝੱਲ ਵਲੱਲੀ। ਬੈਠੀ ਰਹਿੰਦੀ ਕੱਲ੍ਹ-ਮੁਕੱਲੀ। ਟੈਲੀਫ਼ੋਨ ਸਿਰ੍ਹਾਣੇ ਬਹਿ ਕੇ, ਰੋਜ਼ ਉਡੀਕਾਂ ਤੇਰੀ ਟੱਲੀ। ਚਿੱਤ ਨੂੰ ਚਿਤਵਣੀ ਲਾ ਗਿਉਂ ਐਸੀ, ਚੈਨ ਨਾ ਸਹੁਰੇ ਪੇਕੇ। ਤੇਰੀ ਵੇ ਸੰਧੂਰੀ ਪੱਗ ਦੇ... ... ...। ਮੇਰੇ ਹਾਣ ਦੀਆਂ ਸਭ ਸਈਆਂ। ਕਦੋਂ ਦੀਆਂ ਮੁਕਲਾਵੇ ਗਈਆਂ। ਪੱਕੀ ਗੰਦਲ ਵਾਂਗ ਜ਼ਾਲਮਾਂ, ਖੜ੍ਹੀ ਖੜ੍ਹੀ ਮੈਂ ਨਿੱਸਰ ਗਈ ਆਂ। ਦੂਰ ਦੇ ਢੋਲ ਸੁਹਾਣੇ ਕਹਿੰਦੇ, ਅੱਜ ਮੈਂ ਅੱਖੀਂ ਵੇਖੇ। ਤੇਰੀ ਵੇ ਸੰਧੂਰੀ ਪੱਗ ਦੇ... ... ...। ਘਰੋਂ ਤੋਰਿਆ ਕਰਨ ਕਮਾਈ। ਮੋਹ ਲਿਆ ਤੈਨੂੰ ਧਰਤ ਪਰਾਈ। ਪੌਂਡਾਂ ਵਿਚ ਗੁਆਚ ਗਿਆ ਏਂ, ਕੀ ਚੰਦਰਿਆ ਤੈਨੂੰ ਯਾਦ ਨਾ ਆਈ। ਦਿਲ ਦੀ ਕਿਤਾਬ ਦੇ ਤੇਰੇ ਬਾਝੋਂ, ਪੱਤਰੇ ਪਏ ਅਣਵੇਖੋ। ਤੇਰੀ ਵੇ ਸੰਧੂਰੀ ਪੱਗ ਦੇ, ਮੈਨੂੰ ਮੱਸਿਆ ’ਚ ਪੈਣ ਭੁਲੇਖੇ।

ਸਾਉਣ ਮਹੀਨੇ ਵਰ੍ਹੇ ਮੇਘਲਾ

(ਜਗਮੋਹਨ ਕੌਰ ਦੇ ਨਾਂ) ਸਾਉਣ ਮਹੀਨੇ ਵਰ੍ਹੇ ਮੇਘਲਾ ਪਹਿਨ ਗੁਲਾਬੀ ਬਾਣਾ। ਸਿੰਘਾ ਵੇ ਤੇਰੇ ਨਾਨਕੀਂ, ਮੈਂ ਤੀਆਂ ਵੇਖਣ ਜਾਣਾ। ਗਿੱਧੇ ਅੰਦਰ ਨੱਚਾਂਗੀ ਜਦ ਹੋ ਜੂ ਬੱਲੇ ਬੱਲੇ। ਸ਼ੱਕਰ ਵਾਂਗ ਬਣਾ ਦਊਂ ਪੋਲੀ ਧਰਤੀ ਪੱਬਾਂ ਥੱਲੇ। ਮੂੰਹ ਵਿਚ ਉਂਗਲਾਂ ਪਾ ਕੇ ਸੋਚੂ ਬੇਬੇ ਜੀ ਦਾ ਲਾਣਾ। ਸਿੰਘਾ ਵੇ ਤੇਰੇ ਨਾਨਕੀਂ... ... ....। ਬਿਜਲੀ ਦੀ ਲਿਸ਼ਕੋਰ ਵਾਂਗਰਾਂ ਜਦ ਮੈਂ ਬੋਲੀ ਪਾਈ। ਵੇਖੀਂ ਕਰ ਦਊਂ ਮਿੰਟਾਂ ਦੇ ਵਿਚ ਅੱਧਾ ਪਿੰਡ ਸ਼ੁਦਾਈ। ਅੰਬਰੀਂ ਪੀਂਘ ਚੜ੍ਹਾ ਕੇ ਰੁੱਖ ਦਾ ਤੋੜ ਦਿਆਂਗੀ ਟਾਹਣਾ। ਸਿੰਘਾ ਵੇ ਤੇਰੇ ਨਾਨਕੀਂ... ... ...। ਪੇਕਿਆਂ ਦੇ ਪਿੰਡ ਚੁੰਘ ਬੂਰੀਆਂ ਕੱਢਦੀ ਰਹੀ ਮੈਂ ਧਾਰਾਂ। ਵਾਂਗ ਪਟੋਲੇ ਰੱਖਦੈਂ ਮੈਨੂੰ ਕਿੱਦਾਂ ਵਕਤ ਗੁਜ਼ਾਰਾਂ। ਹੱਡ ਹਰਾਮੀਆਂ ਵਾਂਗੂੰ ਬਹਿ ਕੇ ਬਹਿ ਕੇ ਵਕਤ ਲੰਘਾਣਾ। ਸਿੰਘਾ ਵੇ ਤੇਰੇ ਨਾਨਕੀਂ........। ਅੱਧਾ ਕੰਮ ਸੰਭਾਲ ਦੇ ਮੈਨੂੰ ਵੰਡ ਲੈ ਜ਼ਿੰਮੇਵਾਰੀ। ਕਿਰਤ ਕਮਾਈਆਂ ਦੇ ਸਿਰ ਹੁੰਦੀ ਟੱਬਰ ਦੀ ਸਰਦਾਰੀ। ਕੱਲ-ਮੁ-ਕੱਲਾ ਏਧਰ ਓਧਰ ਤਣਦਾ ਰਹਿੰਦੈ ਤਾਣਾ। ਸਿੰਘਾ ਵੇ ਤੇਰੇ ਨਾਨਕੀਂ .........।

ਸੱਸ ਮੇਰੀ ਨੇ ਕੁੰਡਾ ਮਾਰਿਆ

ਸੱਸ ਮੇਰੀ ਨੇ ਕੁੰਡਾ ਮਾਰਿਆ ਕੋਠੇ ਕੋਠੇ ਆ। ਵੇ ਵੀਰ ਗੱਲਾਂ ਕਰਾਂਗੇ ਦੋਵੇਂ ਭੈਣ ਭਰਾ। ਸੱਸ ਕੁਲਹਿਣੀ ਅੜਬ ਸੁਭਾਅ ਦੀ, ਕੰਨਾਂ ਦੀ ਵੀ ਕੱਚੀ। ਨਾ ਲਿਫ਼ਦੀ ਨਾ ਮੁੜਦੀ ਵੀਰਨਾ ਨਾਢੂ ਖਾਂ ਦੀ ਬੱਚੀ। ਪਹਿਨ ਪੱਚਰ ਕੇ ਬੈਠੀ ਰਹਿੰਦੀ ਵਿਹਲੀ ਮੰਜਾ ਡਾਹ। ਵੇ ਵੀਰ ਗੱਲਾਂ ਕਰਾਂਗੇ ... ... ... ... ... ... ...। ਡਾਢਾ ਜ਼ੁਲਮ ਕਮਾਇਆ ਵੀਰਨਾ ਮਰ ਜੇ ਨੀਚ ਵਿਚੋਲਾ। ਪੱਥਰਾਂ ਦੇ ਵੱਸ ਪਾਇਆ ਮੈਨੂੰ, ਸੜ ਕੇ ਹੋਈ ਕੋਲਾ। ਨਾ ਜੀਵਾਂ ਨਾ ਮਰਦੀ ਵੀਰਨਾ, ਜਿੰਦੜੀ ਬਣ ਗਈ ਫਾਹ। ਵੇ ਵੀਰ ਗੱਲਾਂ ਕਰਾਂਗੇ ... ... ... ... ... ... ... ... । ਜਿਹੜਾ ਮੇਰੇ ਸਿਰ ਦਾ ਸਾਈਂ ਉਹ ਵੀ ਚੁੱਪ ਚੁਪੀਤਾ। ਛੁਰਲੀ ਵਾਂਗ ਅਕਾਸ਼ੀਂ ਚੜ੍ਹ ਜੇ ਲਾਵੇ ਨਣਦ ਪਲੀਤਾ। ਖਾਣ ਪੀਣ ’ਤੇ ਪਹਿਨਣ ਭੁੱਲਿਆ ਮਰੇ ਕੁਆਰੇ ਸਾਹ। ਵੇ ਵੀਰ ਗੱਲਾਂ ਕਰਾਂਗੇ... ... ... ... ... ... ...। ਰਹਿਣ ਸੁਣਾਉਂਦੇ ਭੁੱਖੀਆਂ ਨੀਤਾਂ ਵਾਲੇ ਹਰ ਦਿਨ ਮੈਨੂੰ। ਮਾਪੇ ਤੇਰੇ ਲੱਖੀਂ ਵੱਸਦੇ ਕੁਝ ਨਹੀਂ ਦੇਂਦੇ ਤੈਨੂੰ। ਵਿੱਚ ਕਾਲਜੇ ਫੇਰਨ ਆਰੀ, ਚੀਰਨ ਦਿਲ ਦੇ ਚਾਅ। ਵੇ ਵੀਰ ਗੱਲਾਂ ਕਰਾਂਗੇ ... ... ... ... ... ... ...।

ਹਰੇ ਹਰੇ ਘਾਹ ਉੱਤੇ

ਹਰੇ ਹਰੇ ਘਾਹ ਉੱਤੇ ਸੱਪ ਫੂਕਾਂ ਮਾਰਦਾ। ਭੱਜੋ ਵੀਰੋ ਵੇ ਬਾਪੂ ਕੱਲ੍ਹਾ ਮੱਝਾਂ ਚਾਰਦਾ। ਉਮਰ ਸਿਆਣੀ ਲੱਗੇ ਥੱਕਿਆ ਸਰੀਰ ਵੇ। ਬਾਪੂ ਹੱਥੋਂ ਫੜ ਲਉ ਪਰਾਣੀ ਜਾ ਕੇ ਵੀਰ ਵੇ। ਪੁੱਤਰਾਂ ਦੇ ਸਾਥ ’ਚ ਕਦੇ ਨਹੀਂ ਬੰਦਾ ਹਾਰਦਾ। ਭੱਜੋ ਵੀਰੋ ਵੇ ... ...। ਬੇਬੇ ਜੀ ਤੋਂ ਚੋਰੀ ਜਿਹੜਾ ਬੂਰੀਆਂ ਚੁੰਘਾਉਂਦਾ ਸੀ। ਚੁੱਕ ਕੇ ਕੰਧਾੜੇ ਜਿਹੜਾ ਖੇਤੀਂ ਹਲ ਵਾਹੁੰਦਾ ਸੀ। ਪੁੱਤਰਾਂ ਖ਼ਿਲਾਫ਼ ਜੋ ਸੀ ਗੱਲ ਨਾ ਸਹਾਰਦਾ। ਭੱਜੋ ਵੀਰੋ ਵੇ ......। ਗੋਡੇ ਮੁੱਢ ਬਹਿਣ ਜੁਗ ਜੀਣ ਭਰਜਾਈਆਂ ਵੇ। ਧੀਆਂ ਪੁੱਤ ਜੀਣ ਨਾਲੇ ਜੀਣ ਮੱਝੀਂ ਗਾਈਆਂ ਵੇ। ਕੰਮ ਦਾ ਨਹੀਂ ਭੁੱਖਾ ਬੰਦਾ ਭੁੱਖਾ ਏ ਪਿਆਰ ਦਾ। ਭੱਜੋ ਵੀਰੋ ਵੇ ... ...। ਭੈਣਾਂ ਪਰਦੇਸਣਾਂ ਦਾ ਹੁੰਦਾ ਕਾਹਦਾ ਜ਼ੋਰ ਵੇ। ਜਿੰਨ੍ਹਾਂ ਦੀ ਬੇਗਾਨਿਆਂ ਦੇ ਹੱਥ ਵੀਰੋ ਡੋਰ ਵੇ। ਆਲ੍ਹਣੇ 'ਚ ਮੋਹ ਸਾਡਾ ਕੂੰਜਾਂ ਵਾਲੀ ਡਾਰ ਦਾ। ਭੱਜੋ ਵੀਰੋ ਵੇ ... ...।

ਕੀ ਘੋਲ ਕੇ ਤਵੀਤ ਪਿਲਾਏ

ਕੀ ਘੋਲ ਕੇ ਤਵੀਤ ਪਿਲਾਏ ਮੈਂ ਲੱਗੀ ਤੇਰੇ ਮਗਰ ਫਿਰਾਂ। ਮੈਨੂੰ ਆਪ ਵੀ ਸਮਝ ਨਾ ਆਏ ਕਿਉਂ ਲੱਗੀ ਤੇਰੇ ਮਗਰ ਫਿਰਾਂ। ਗੁਲਾਨਾਰੀ ਚੁੰਨੀ ਵਿਚ ਸੋਨੇ ਦੀਆਂ ਧਾਰੀਆਂ। ਅੱਧੀ ਰਾਤੀਂ ਲੱਗਾ ਮੈਨੂੰ ਤੂੰਹੀਉਂ ’ਵਾਜ਼ਾਂ ਮਾਰੀਆਂ। ਵੇਖਿਆ ਚੁਫ਼ੇਰੇ ਵੇ ਮੈਂ ਖੋਲ੍ਹ ਬੂਹੇ ਬਾਰੀਆਂ। ਤੇਰਾ ਚਿਹਰਾ ਨਾ ਨਜ਼ਰ ਮੈਨੂੰ ਆਏ। ਕਿਉਂ ਲੱਗੀ ਤੇਰੇ ਮਗਰ ਫਿਰਾਂ...। ਫੁੱਲ ਵਿਚ ਕੱਠੇ ਜੀਕੂ ਰੰਗ ਖੁਸ਼ਬੋਈ ਵੇ। ਤੇਰੀ ਆਂ ਮੈਂ ਤੇਰੀ ਹਰ ਹਾਲ ਜੀਂਦੀ ਮੋਈ ਵੇ। ਤੇਰੇ ਤੋਂ ਬਗ਼ੈਰ ਮੈਨੂੰ ਦਿਸਦਾ ਨਾ ਕੋਈ ਵੇ। ਭੈੜਾ ਦਿਲ ਜਿਹਾ ਵੱਸ ’ਚ ਨਾ ਆਏ। ਕਿਉਂ ਲੱਗੀ ਤੇਰੇ ਮਗਰ ਫਿਰਾਂ...। ਰਾਤ ਰਾਣੀ ਮਹਿਕਦੀ ਏ ਜਿਵੇਂ ’ਕੱਲ੍ਹੀ ਰਾਤ ਨੂੰ। ਗੁੰਗਿਆ ਤੂੰ ਭਰੇਂ ਨਾ ਹੁੰਗਾਰਾ ਮੇਰੀ ਬਾਤ ਨੂੰ। ਬੰਨ੍ਹ ਕੇ ਬਿਠਾਵਾਂ ਦੱਸ ਕਿਵੇਂ ਜਜ਼ਬਾਤ ਨੂੰ। ਜੀ ਸੋਚਾਂ ਜਦੋਂ ਵੀ ਖ਼ਿਆਲ ਤੇਰਾ ਆਏ। ਕਿਉਂ ਲੱਗੀ ਤੇਰੇ ਮਗਰ ਫਿਰਾਂ... । ਡੋਰ ਦੇ ਸਹਾਰੇ ਸਦਾ ਉੱਡਦੀ ਪਤੰਗ ਵੇ। ਧੁੱਪ ਵਿਚ ਉੱਡ ਚੱਲੇ ਲਾਲ ਸੂਹੇ ਰੰਗ ਵੇ। ਸ਼ੀਸ਼ੇ ਕੋਲੋਂ ਆਵੇ ਮੈਨੂੰ ਆਖ਼ਰਾਂ ਦੀ ਸੰਗ ਵੇ। ਤੈਨੂੰ ਕੋਈ ਵੀ ਨਾ ਬਹਿ ਕੇ ਸਮਝਾਏ? ਕਿਉਂ ਲੱਗੀ ਤੇਰੇ ਮਗਰ ਫਿਰਾਂ ...।

ਪਾਉਂਟਾ ਸਾਹਿਬ ਧੰਨ ਹੈ

ਪਾਉਂਟਾ ਸਾਹਿਬ ਧੰਨ ਹੈ ਤੇ ਧੰਨ ਇਹਦੇ ਲੋਕ ਜਿੱਥੇ , ਮੇਰੇ ਗੁਰੂ ਦਸਵੇਂ ਦਾ ਤੀਰਥ ਸਥਾਨ ਹੈ। ਜੀਹਦੇ ਚੱਪੇ ਚੱਪੇ ਉੱਤੇ ਗੁਰੂ ਦਸਮੇਸ਼ ਜੀ ਦੀ, ਕਿਰਪਾ ਦੀ ਛੋਹ ਅਤੇ ਪੈਰਾਂ ਦਾ ਨਿਸ਼ਾਨ ਹੈ। ਇਕ ਸੀ ਉਦਾਸੀ ਜਿਥੇ ਸਾਧੂ ਕ੍ਰਿਪਾਲ ਦਾਸ, ਘੋਟਣੇ ਨਾ’ ਲੜਿਆ ਭੰਗਾਣੀ ਵਾਲਾ ਯੁੱਧ ਸੀ। ਗੁਰੂ ਦਿਆਂ ਚਰਨਾਂ ਦੇ ਨਾਲ ਸੀ ਪ੍ਰੀਤ ਉਹਦੀ, ਤਾਂ ਹੀ ਉਹਨੇ ਜਾ ਕੇ ਕੀਤਾ ਵੈਰੀਆਂ ਨੂੰ ਸੁੱਧ ਸੀ। ਏਥੇ ਮੇਰੇ ਗੁਰੂ ਨੇ ਸੀ ਹੱਕ ਦੀ ਲੜਾਈ ਲੜੀ, ਏਸੇ ਲਈ ਮੈਂ ਕਹਿਨਾਂ ਇਹ ਸਥਾਨ ਤਾਂ ਮਹਾਨ ਹੈ। ਪਾਉਂਟਾ ਸਾਹਿਬ ਧੰਨ...। ਗੁਰੂ ਦੀਆਂ ਸੋਚਾਂ ਦੀ ਮੈਂ ਕਿਵੇਂ ਵਡਿਆਈ ਕਰਾਂ, ਇਕ ਇਕ ਗੱਲ ਪਿੱਛੇ ਲੱਖਾਂ ਹੀ ਕਹਾਣੀਆਂ। ਕਵਿਤਾ ਦੀ ਵਾੜੀ ਨੂੰ ਬਵੰਜਾ ਕਵੀ ਸਿੰਜਦੇ ਸੀ, ਦੱਸਿਆ ਏ ਕਈ ਵਾਰੀ ਯਮੁਨਾ ਦੇ ਪਾਣੀਆਂ। ਇਕ ਹੱਥ ਖੰਡਾ ਦੂਜੇ ਹੱਥ ’ਚ ਕਲਮ ਵੇਖੋ, ਤੇਗ ਦੇ ਬਹਾਦਰਾਂ ਦੀ ਕੈਸੀ ਸੰਤਾਨ ਹੈ। ਪਾਉਂਟਾ ਸਾਹਿਬ ਧੰਨ... ... ....। ਜਾਬਰਾਂ ਦੇ ਨਾਲ ਜਿਹੜੇ ਸਾਂਝ ਤੇ ਭਿਆਲੀ ਪਾਉਣ, ਏਹੋ ਜਹੇ ਕਾਫ਼ਰਾਂ ਨੂੰ ਸਮਾਂ ਨਹੀਂ ਪਿਆਰਦਾ। ਚਿੜੀਆਂ ਤੋਂ ਬਾਜ਼ ਤੁੜਵਾ ਕੇ ਗੁਰੂ ਦੱਸਿਆ ਸੀ, ਲਿੱਸਿਆਂ ਦੇ ਬੇੜੇ ਵਿਸ਼ਵਾਸ ਆਪੇ ਤਾਰਦਾ। ਗਊ ਤੇ ਗਰੀਬ ਵਾਲੀ ਰਾਖੀ ਹੈ ਧਰਮ ਸਾਡਾ, ਇਹੀ ਸਹੀ ਖਾਲਸੇ ਦੀ ਵੱਖਰੀ ਪਛਾਣ ਹੈ। ਪਾਉਂਟਾ ਸਾਹਿਬ ਧੰਨ...। ਰਾਖੀ ਮਜ਼ਲੂਮ ਦੀ ਨਾ ਕਰੇ ਜੇ ਮਨੁੱਖ ਹੋ ਕੇ, ਬੰਦਾ ਨਾ ਉਹ ਕਹੀਏ, ਨਿਰਾ ਧਰਤੀ ਤੇ ਭਾਰ ਹੈ। ਹਾਰ ਜਾਣ ਧਰਤੀ ਤੇ ਹੀਲੇ ਤੇ ਵਸੀਲੇ ਜਦੋਂ, ਆਖਿਆ ਗੋਬਿੰਦ ਉਦੋਂ ਜਾਇਜ਼ ਹਥਿਆਰ ਹੈ। ਸਿਮਰ ਭਗੌਤੀ ਤੁਰੇ ਜੰਗ ਦੇ ਮੈਦਾਨ ਵੱਲੇ, ਇਕ ਹੱਥ ਖੰਡਾ ਦੂਜੇ ਹੱਥ ਕ੍ਰਿਪਾਨ ਹੈ। ਪਾਉਂਟਾ ਸਾਹਿਬ ਧੰਨ...।

ਕਿਉਂ ਚੱਲਿਐਂ ਪਰਦੇਸ

ਕਿਉਂ ਚੱਲਿਐ ਪਰਦੇਸ ਵੇ ਸੱਜਣਾ, ਕਿਉਂ ਚੱਲਿਐਂ ਪਰਦੇਸ। ਪਹਿਲਾਂ ਤੇਰੀ ਬੋਲੀ ਬਦਲੂ, ਨਾਲ ਬਦਲ ਜੂ ਭੇਸ। ਵੇ ਸੱਜਣਾ ਕਿਉਂ ਚੱਲਿਐਂ... ... ... ... ...। ਧਰਤ ਪਰਾਈ ਚਿੱਟੀ ਚੰਮੜੀ। ਤੇਰਾ ਉਥੇ ਮੁੱਲ ਨਾ ਜੰਮੜੀ। ਹਾਉਕੇ ਭਰਦੀ ਮਰ ਜੂ ਅੰਮੜੀ। ਪੌਂਡਾਂ ਦੀ ਛਣਕਾਰ ਦੇ ਬਦਲੇ ਕਿਉਂ ਛੱਡ ਚੱਲਿਆ ਦੇਸ। ਵੇ ਸੱਜਣਾ ਕਿਉਂ ਚੱਲਿਐਂ... ... ... ... ...। ਬਾਹੀਂ ਮੇਰੇ ਰੰਗਲਾ ਚੂੜਾ। ਇਹ ਗੱਲ ਕਿਉਂ ਨਾ ਸਮਝੇਂ ਮੂੜ੍ਹਾ। ਖ਼ਾਲੀ ਹਾਲੇ ਪਿਆ ਪੰਘੂੜਾ। ਪੇਟੀ ਦੇ ਵਿਚ ਕੋਰੇ ਹਾਲੇ ਡੱਬੀਆਂ ਵਾਲੇ ਖੇਸ। ਵੇ ਸੱਜਣਾ ਕਿਉਂ ਚੱਲਿਐਂ ... ... ... ... ...। ਵੇਖ ਵੇਖ ਕੂੰਜਾਂ ਦੀਆਂ ਡਾਰਾਂ। ਯਾਦਾਂ ਆਉਣੈਂ ਬੰਨ੍ਹ ਕਤਾਰਾਂ। ਤੇਰੇ ਵਰਗੇ ਲੱਖ ਹਜ਼ਾਰਾਂ। ਚੇਤੇ ਕਰਕੇ ਮਾਂ ਧਰਤੀ ਨੂੰ ਰੋਂਦੇ ਰਹਿਣ ਹਮੇਸ਼। ਵੇ ਸੱਜਣਾ ਕਿਉਂ ਚੱਲਿਐਂ ... ... ... ... ...। ਅੰਬਰੀਂ ਪੀਂਘ ਚੜ੍ਹਾਨ ਵਾਲਿਆ । ਅੱਧ ਵਿਚ ਛੱਡ ਕੇ ਜਾਣ ਵਾਲਿਆ। ਹੋਰਾਂ ਨੂੰ ਸਮਝਾਣ ਵਾਲਿਆ। ਕਿਹੜੇ ਖੂਹ ਵਿਚ ਪੈ ਗਏ ਜਿਹੜੇ, ਦੇਂਦਾ ਸੀ ਉਪਦੇਸ਼। ਵੇ ਸੱਜਣਾ ਕਿਉਂ ਚੱਲਿਐਂ ... ..... ... ....। ਮੰਨਿਆ ਦੁਨੀਆਂ ਰੰਗ ਬਰੰਗੀ। ਘਰ ਦੀ ਰੋਟੀ ਅੱਧੀ ਚੰਗੀ। ਜਾਨ ਮੇਰੀ ਕਿਉਂ ਸੂਲੀ ਟੰਗੀ। ਦਿਲ ਦਾ ਸ਼ੀਸ਼ਾ ਕੰਕਰ ਕੰਕਰ, ਲਾ ਗਿਉਂ ਐਸੀ ਠੇਸ। ਵੇ ਸੱਜਣਾ ਕਿਉਂ ਚੱਲਿਐਂ, ਕਿਉਂ ਚੱਲਿਐਂ ਪਰਦੇਸ।

ਬਿਨ ਆਈ ਮਰ ਜਾਏਂਗਾ ਚੋਬਰਾ

ਬਿਨ ਆਈ ਮਰ ਜਾਏਂਗਾ ਚੋਬਰਾ, ਭੁੰਜੇ ਰੁਲਣਗੇ ਕੇਸ ਵੇ। ਅਣਹੋਈਆਂ ਗੱਲਾਂ ਕਰਦੈਂ, ਮੇਰੀ ਨਾ ਜਾਂਦੀ ਪੇਸ਼ ਵੇ। ਹਾੜੀ ਸਾਉਣੀ ਤੇਰੀ ਸਿੱਧੀ ਠੇਕੇ ਠਾਣੇ ਜਾਵੇ। ਉਮਰ ਸਿਆਣੀ ਧੌਲਾ ਝਾਟਾ, ਕਿਹੜਾ ਬਹਿ ਸਮਝਾਵੇ। ਦਾਰੂ ਪੀ ਕੇ ਰਾਤੀਂ ਮੁੜਦੈਂ, ਸੁਬ੍ਹਾ ਦਏਂ ਉਪਦੇਸ਼ ਵੇ। ਅਣਹੋਈਆਂ ਗੱਲਾਂ ਕਰਦੈਂ ... ... ... ... ... ... । ਧੀਆਂ ਪੁੱਤ ਬਰਾਬਰ ਹੋ ਗਏ ਪੁੱਛਦੇ ਰਹਿੰਦੇ ਮੈਨੂੰ। ਬਾਪੂ ਕਿਥੇ ਰਹੇ ਗੁਆਚਾ, ਕਿਉਂ ਨਹੀਂ ਦੱਸਦਾ ਤੈਨੂੰ? ਤੇਰੇ ਪਿੱਛੇ ਝੂਠ ਬੋਲਦੀ ਪੈ ਨਾ ਜਾਏ ਕਲੇਸ਼ ਵੇ। ਅਣਹੋਈਆਂ ਗੱਲਾਂ ਕਰਦਂੈ... ... ... ... ... ... । ਧੀ ਤੇਰੀ ਗਿੱਠ ਮੈਥੋਂ ਉੱਚੀ ਸੋਚੀਂ ਡੁੱਬੀ ਰਹਿੰਦੀ। ਹਾਉਕੇ ਵਰਗੀ ਜੂਨ ਹੰਢਾਵੇ, ਮੂੰਹੋਂ ਕੁਝ ਨਾ ਕਹਿੰਦੀ। ਧੀਆਂ ਦਾ ਧਨ ਸਦਾ ਬੇਗਾਨਾ, ਘਰ ਨਾ ਰਹਿਣ ਹਮੇਸ਼ ਵੇ। ਅਣਹੋਈਆਂ ਗੱਲਾਂ ਕਰਦੈਂ... ... ... ...। ਛੱਡ ਨਸ਼ਿਆਂ ਦਾ ਖਹਿੜਾ ਜੱਟਾ, ਠੇਕੇ ਮੂਹਰੇ ਬਹਿਣਾ। ਦਸਾਂ ਨਹੁੰਆਂ ਦੀ ਕਿਰਤ ਕਮਾਈ ਸਭ ਤੋਂ ਸੁੱਚਾ ਗਹਿਣਾ। ਜਿੰਨੀ ਗੁਜ਼ਰੀ ਵਾਹਵਾ ਗੁਜ਼ਰੀ ਬਣ ਜਾ ਹੁਣ ਦਰਵੇਸ਼ ਵੇ। ਅਣਹੋਈਆਂ ਗੱਲਾਂ ਕਰਦੈਂ ... ... ...। ਨਾਲ ਸ਼ਰੀਕਾਂ ਲੜ ਕੇ ਟੰਗਿਆ ਸੂਲੀ ਟੱਬਰ ਸਾਰਾ। ਵੱਟਾਂ ਬੰਨੇ ਏਥੇ ਰਹਿਣੇ, ਲੱਭਣਾ ਨਹੀਂ ਭਾਈਚਾਰਾ। ਫੋਕੀ ਆਕੜ ਪਿੱਛੇ ਬਣਿਆ ਕੰਧ ਓਹਲੇ ਪਰਦੇਸ ਵੇ। ਅਣਹੋਈਆਂ ਗੱਲਾਂ ਕਰਦੈਂ ... ... ... ... ... ...।

ਪਗੜੀ ਸੰਭਾਲ ਜੱਟਾ

ਨਵਾਂ ਯੁੱਗ ਲੈ ਕੇ ਆਇਆ ਨਵੇਂ ਹੀ ਸੁਆਲ ਓਏ। ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓਇ। ਕਰਜ਼ੇ ਚੁੱਕ ਚੁੱਕ ਜਾਏਂ ਉਸਾਰੀ ਫੋਕੇ ਮਹਿਲ ਮੁਨਾਰੇ। ਵੇਖਾ ਵੇਖੀ ਢਾਹੀ ਜਾਵੇਂ ਆਪਣੇ ਕੁੱਲੀਆਂ ਢਾਰੇ। ਲਾਈ ਲੱਗ ਬਣ, ਕਰੀ ਜਾਨੇਂ ਬੁਰਾ ਹਾਲ ਓਇ। ਨਸ਼ਿਆਂ ਦੇ ਵਿਚ ਹੋ ਗਈ ਤੇਰੀ ਕੁੱਲ ਦੁਨੀਆਂ ਤੇ ਝੰਡੀ। ਵੇਖੀਂ ਕਿਧਰੇ ਬਣ ਨਾ ਜਾਵਣ ਪਿੰਡ ਮੋਇਆਂ ਦੀ ਮੰਡੀ। ਵਿਰਸਾ ਪਛਾਣ ਨਾਲੇ ਅੱਗਾ ਤੂੰ ਸੰਭਾਲ ਓਇ। ਪਗੜੀ ਸੰਭਾਲ ਜੱਟਾ ... .. ... ... ... ... ...। ਅੱਡੀਆਂ ਚੁੱਕ ਚੁੱਕ ਕਿਉਂ ਮਰਦੈਂ, ਜਦ ਧੀ ਪੁੱਤਰਾਂ ਦੀ ਸ਼ਾਦੀ। ਕੂੜ ਦਿਖਾਵੇ ਖ਼ਾਤਰ ਕਰਦਂੈ ਲੱਖਾਂ ਦੀ ਬਰਬਾਦੀ। ਸਾਦਗੀ ਦੀ ਬਣ ਜਾ ਤੂੰ ਜੱਗ ਤੇ ਮਿਸਾਲ ਓਇ। ਪਗੜੀ ਸੰਭਾਲ ਜੱਟਾ ... ... ... ... ... ... ...। ਸਾਰੇ ਤੇਰੇ ਵੈਰੀ ਹੋ ਗਏ, ਤੂੰ ਕਿਉਂ ਕੱਲ-ਮੁ-ਕੱਲ੍ਹਾ। ਭਾਈਚਾਰਾ ਨਾਲ ਤੋਰ ਕੇ, ਮਾਰ ਜ਼ੋਰ ਦੀ ਹੱਲਾ। ਤਾਰ ਤਾਰ ਕਰ ਦਿਹ ਸ਼ਿਕਾਰੀਆਂ ਦਾ ਜਾਲ ਓਇ। ਪਗੜੀ ਸੰਭਾਲ ਜੱਟਾ ... ... ... ... ... ... ...।

ਰੂਹ ਤੋਂ ਭਾਰ ਉਤਾਰ

ਰੂਹ ਤੋਂ ਭਾਰ ਉਤਾਰ ਨੀ ਜਿੰਦੇ, ਰੂਹ ਤੋਂ ਭਾਰ ਉਤਾਰ। ਇਸ ਬੇਦੋਸ਼ੇ ਪੰਛੀ ਨੂੰ ਤੂੰ, ਇਸ ਮੌਕੇ ਨਾ ਮਾਰ। ਸਾਕ ਸੰਬੰਧੀ ਰਿਸ਼ਤੇਦਾਰੀ। ਅਣਦਿਸਦੀ ਜਹੀ ਚਾਰ ਦੀਵਾਰੀ। ਇਸ ਤੋਂ ਬਾਹਰ ਜ਼ਰਾ ਜੇ ਨਿਕਲੇ, ਚਾਰੇ ਪਾਸੇ ਦੁਨੀਆ ਦਾਰੀ। ਆਪਣੇ ਕੋਲ ਖਲੋ ਕੇ ਇਕ ਪਲ, ਅੰਦਰ ਝਾਤੀ ਮਾਰ। ਫੋਕੀ ਸ਼ਾਨ ਤੇ ਭਰਮ ਭੁਲੇਖੇ । ਕਰਿਆ ਕਰ ਤੂੰ ਇਹ ਵੀ ਲੇਖੇ। ਮਨ ਦੇ ਸੱਖਣੇਂ ਭਾਂਡੇ ਅੰਦਰ, ਤੇਰੇ ਤੋਂ ਬਿਨ ਕਿਹੜਾ ਵੇਖੇ। ਬਿਨਾ ਵਕੀਲੋਂ ਹੋਣ ਫ਼ੈਸਲੇ, ਐਸਾ ਇਹ ਦਰਬਾਰ। ਵੇਲਾਂ ਬੂਟੇ ਵੰਨ ਸੁਵੰਨੇ। ਤੇਰੀ ਲਾਪ੍ਰਵਾਹੀ ਭੰਨੇ। ਹਰਿਆਲੀ ਬਿਨ ਸੁੰਨਾ ਵਿਹੜਾ, ਵੇਖ ਲਿਆ ਕਰ ਬੰਨੇ ਚੰਨੇ। ਸੁਪਨ ਪਰਿੰਦੇ ਬੈਠਣ ਕਿੱਥੇ, ਆਉਣ ਜੋ ਬੰਨ੍ਹ ਕਤਾਰ। ਫੜਦਾ ਫਿਰਦਾ ਕਿਉਂ ਪਰਛਾਵੇਂ? ਕਿੱਥੋਂ ਤੁਰਿਆ ਕਿੱਧਰ ਜਾਵੇਂ? ਰਾਹਾਂ ਵਿਚ ਗੁਆਚ ਨਾ ਜਾਵੀਂ, ਤੁਰਿਆ ਫਿਰਦਾ ਆਪਣੀ ਛਾਵੇਂ। ਜਲ ਥਲ ਧਰਤੀ ਤਿੰਨੇ ਲੈ ਤੂੰ, ਦੋ ਬਾਹਾਂ ਵਿਚਕਾਰ।

ਦੀਵਾ ਬਲੇ ਸਾਰੀ ਰਾਤ

ਛੱਡ ਤੂੰ ਵਿਛੋੜਿਆਂ ਨੂੰ ਵੇਖ ਹੱਥਾਂ ਜੋੜਿਆਂ ਨੂੰ, ਹੰਝੂਆਂ ਦੀ ਵਰ੍ਹੇ ਬਰਸਾਤ। ਮੇਰਿਆ ਹਾਣੀਆ - ਦੀਵਾ ਬਲੇ ਸਾਰੀ ਰਾਤ। ਪਹਿਲਾਂ ਦਿਲ ਉੱਤੇ ਤੇਰਾ ਨਕਸ਼ਾ ਉਤਾਰਿਆ। ਫੇਰ ਪਿਛੋਂ ਟਾਹਣੀ ਉੱਤੇ ਆਲ੍ਹਣਾ ਉਸਾਰਿਆ। ਡੁੱਬ ਗਿਆ ਕਿੱਥੇ ਵੇ ਤੂੰ ਸਰਘੀ ਦੇ ਤਾਰਿਆ? ਮਨ ਦੇ ਬਨੇਰੇ ਉਤੇ ਬਾਲ ਕੇ ਉਮੀਦਾਂ, ਬੈਠੀ ਸੋਚਾਂ ਕਦੋਂ ਹੋਊ ਪ੍ਰਭਾਤ ਵੇ? ਸੁਰਜੇ ਦੀ ਟਿੱਕੀ ਵੇਖ ਸ਼ਾਮ ਵੇਲੇ ਖ਼ੁਰਦੀ। ਜਿੰਦੜੀ ਮਲੂਕ ਰਹਿੰਦੀ ਚਾਰੇ ਪਹਿਰ ਝੁਰਦੀ। ਤੇਰੇ ਤੋਂ ਬਗ਼ੈਰ ਵੇ ਮੈਂ ਭੁਰ ਚੱਲੀ ਭੁਰਦੀ। ਉੱਡ ਕੇ ਪਰਿੰਦੇ ਤੁਰ ਜਾਣ ਜਦੋਂ ਘਰੋ ਘਰੀ, ਡੰਗਦੀ ਏ ਰਾਤ ਕਮਜ਼ਾਤ ਵੇ। ਹੋਇਆ ਜੇ ਕਸੂਰ ਮਾਫ਼ ਕਰੀਂ, ਮੰਦਾ ਬੋਲਿਆ। ਸੁੱਚੜਾ ਗੁਲਾਬ ਵੇ ਤੂੰ ਪੈਰਾਂ ਵਿਚ ਰੋਲਿਆ। ਮਿੱਟੀ ਘੱਟੇ ਰੁਲੀ ਤੇਰੀ ਗੁੱਡੀ ਦੇ ਪਟੋਲਿਆ। ਦਿਆਂ ਮੈਂ ਦਿਲਾਸੇ ਤੇ ਸੁਣਾਵਾਂ ਕਿੰਨੂੰ ਲੋਰੀਆਂ ਮੈਂ, ਪੁੱਛਦੇ ਨੇ ਮੈਨੂੰ ਜਜ਼ਬਾਤ ਵੇ? ਆਪ ਤਾਂ ਤੂੰ ਬੈਠ ਗਿਆ ਜਾ ਕੇ ਪਰਦੇਸ ਵੇ। ਕਦੇ ਵੀ ਨਾ ਤਾਣੇ ਜੋ ਉਣਾਏ ਮਾਂ ਨੇ ਖੇਸ ਵੇ । ਚਾਂਦੀ ਦੀਆਂ ਤਾਰਾਂ ਬਣ ਚੱਲੇ ਕਾਲੇ ਕੇਸ ਵੇ। ਟੁੱਟ ਜੇ ਨਾ ਉਮਰਾਂ ਦੀ ਕੈਦ ਨਾਲੇ ਜੇਲ੍ਹਖਾਨਾ, ਕਰ ਲੈ ਅਖ਼ੀਰੀ ਮੁਲਾਕਾਤ ਵੇ।

ਨੀ ਇਕ ਫੁੱਲ ਮਰੂਏ ਦਾ

ਸ਼ਾਵਾ ਨੀ ਇਕ ਫੁੱਲ ਮਰੂਏ ਦਾ। ਬੱਲੇ ਨੀ ਇਕ ਫੁੱਲ ਮਰੂਏ ਦਾ। ਖਿੜ ਪਿਆ ਰਾਤ ਹਨੇਰੀ, ਧਰਮ ਨਾਲ ਹੋਸ਼ ਗੁਆਚੀ ਮੇਰੀ, ਨੀ ਇਕ ਫੁੱਲ ਮਰੂਏ ਦਾ। ਇਤਰਾਂ ਭਿੱਜੀਆਂ ਵਗਣ ਹਵਾਵਾਂ। ਡਰਦੀ ਮਾਰੀ ਕੋਲ ਨਾ ਜਾਵਾਂ। ਰੱਬ ਕਰੇ, ਨਾ ਸੁਪਨਾ ਹੋਵੇ, ਜਿਸਨੇ ਮਹਿਕ ਭਰੀ ਵਿਚ ਸਾਹਵਾਂ। ਅੱਖ ਖੁੱਲ੍ਹੀ ਤੇ ਨਜ਼ਰ ਨਾ ਆਇਆ, ਹੋ ਗਈ ਮਿੱਟੀ ਜਿੰਦ ਢੇਰੀ। ਨੀ ਇਕ ਫੁੱਲ ਮਰੂਏ ਦਾ। ਆਉਣ ਜਦੋਂ ਪਰਦੇਸੋਂ ਚਿੱਠੀਆਂ। ਲਿਖ ਲਿਖ ਗੱਲਾਂ ਮਿੱਠੀਆਂ ਮਿੱਠੀਆਂ। ਕਿੱਦਾਂ ਮੰਨ ਲਵਾਂ ਮੈਂ ਸੋਹਣਿਆ, ਜਿਹੜੀਆਂ ਮੈਂ ਅੱਖੀਂ ਨਹੀਂ ਡਿੱਠੀਆਂ। ਤੇਰੇ ਬਿਨ ਪਥਰਾ ਗਏ ਸੁਪਨੇ, ਕਠਿਨ ਤਪੱਸਿਆ ਮੇਰੀ। ਨੀ ਇਕ ਫੁੱਲ ਮਰੂਏ ਦਾ। ਅੰਬਰੀਂ ਜਿੱਸਰਾਂ ਡਲ੍ਹਕਣ ਤਾਰੇ। ਅੱਖੀਂ ਅੱਥਰੂ ਮਣ ਮਣ ਭਾਰੇ। ਇਨ੍ਹਾਂ ਦਾ ਵੀ ਚੰਨ ਗੁਆਚਾ, ਤਾਹੀਉਂ ਮੈਨੂੰ ਭਰਨ ਹੁੰਗਾਰੇ। ਰੂਹ ਤੋਂ ਬਿਨ ਕਲਬੂਤ ਭਟਕਦਾ, ਸਮਝ ਹਕੀਕਤ ਮੇਰੀ। ਨੀ ਇਕ ਫੁੱਲ ਮਰੂਏ ਦਾ। ਯਾਦਾਂ ਆਵਣ ਬੰਨ੍ਹ ਕਤਾਰਾਂ। ਉੱਚੇ ਚੜ੍ਹ ਕੇ 'ਵਾਜ਼ਾਂ ਮਾਰਾਂ। ਦੂਰ ਦੇਸ ਤੋਂ ਪੰਛੀ ਮੁੜ ਪਏ, ਤੂੰ ਹੀ ਇਕ ਲੈਂਦਾ ਨਹੀਂ ਸਾਰਾਂ। ਇਕੋ ਗੱਲ ਤੂੰ ਦੱਸ ਦੇ ਭਲਾ ਕਦ, ਮੁੱਕਣੀ ਪ੍ਰੀਖਿਆ ਮੇਰੀ। ਨੀ ਇਕ ਫੁੱਲ ਮਰੂਏ ਦਾ। ਖਿੜ ਪਿਆ ਰਾਤ ਹਨੇਰੀ।

ਮੈਥੋਂ ਚੁੱਪ ਪੜ੍ਹੀ ਨਾ ਜਾਏ

ਮੈਥੋਂ ਚੁੱਪ ਪੜ੍ਹੀ ਨਾ ਜਾਏ। ਚੁੱਪ ਦੀ ਲਿਖੀ ਇਬਾਰਤ ਬਲਦੀ, ਦੂਰੋਂ ਸੇਕ ਪਿਆ ਆਵੇ। ਚੁੱਪ ਦੀ ਸਰਦ ਇਬਾਰਤ ਠਾਰੇ, ਕਾਂਬਾ ਜਿਹਾ ਛਿੜ ਜਾਏ। ਚੁੱਪ ਦੀ ਧੁੱਪੇ ਕੌਣ ਖਲੋਵੇ, ਕੋਈ ਨਾ ਮਾਣੇ ਛਾਵਾਂ। ਚੁੱਪ ਦੇ ਹੋਠੀਂ ਜੰਦਰੇ ਪੱਕੇ, ਖੁੱਲਦੇ ਨਹੀਂ ਲੱਖ ਚਾਹਵਾਂ। ਚੁੱਪ ਦੇ ਜਗਦੇ ਬੁਝਦੇ ਹੋਠੀਂ, ਨਾ ਮੇਰੀ ਛੋਹ ਰਲ ਜਾਏ। ਮੈਥੋਂ ਚੁੱਪ ਪੜ੍ਹੀ ਨਾ ਜਾਏ...। ਖਵਰੇ ਕਿਹੜੇ ਲੋਕ ਜਿੰਨ੍ਹਾਂ ਦੇ, ਸੁਪਨੇ ਰੰਗ ਬਰੰਗੇ। ਸਾਡੇ ਤਾਂ ਅੱਖੀਆਂ ਦੇ ਹੰਝ ਵੀ, ਪਲਕਾਂ ਸੂਲੀ ਟੰਗੇ। ਚੁੱਪ ਦੇ ਨੇਤਰ ਨੀਂਦਰ ਲੱਦੇ, ਸੁਪਨੇ ਵੀ ਅਲਸਾਏ। ਮੈਥੋਂ ਚੁੱਪ ਪੜ੍ਹੀ ਨਾ ਜਾਏ...। ਸਾਡੇ ਲੇਖੀਂ ਲਿਖੇ ਵਿਧਾਤਾ, ਰਾਤਾਂ ਦੇ ਜਗਰਾਤੇ। ਪੈੜਾਂ ਤੇ ਪਰਛਾਵੇਂ ਲੱਭ ਦੇ, ਤੂੰ ਹੀ ਕਾਲੀਏ ਰਾਤੇ। ਬਾਕੀ ਰਹਿੰਦੀ ਅਉਧ ਕਿਤੇ ਨਾ, ਬਿਨ ਮਿਲਿਆਂ ਮੁੱਕ ਜਾਏ। ਜਿਵੇਂ ਮਿਰਗਣੀ ਨੂੰ ਥਲ ਦੇਵੇ, ਹਰ ਪਲ ਰੇਤ ਛਲਾਵਾ। ਮੈਨੂੰ ਵੀ ਇਹ ਚੁੱਪ ਦੀ ਪੋਥੀ, ਦੇਵੇ ਨਿੱਤ ਬੁਲਾਵਾ। ਮਨ ਦੀ ਪਿਆਸ ਭਟਕਦੀ ਵੇਖੋ, ਬਿਨ ਪਾਣੀ ਮੁਰਝਾਏ। ਮੈਥੋਂ ਚੁੱਪ ਪੜ੍ਹੀ ਨਾ ਜਾਏ।

ਕੋਈ ਖੋਹ ਨਾ ਲਵੇ ਖੁਸ਼ਬੋਈ

ਕੋਈ ਖੋਹ ਨਾ ਲਵੇ ਖੁਸ਼ਬੋਈ ਓਇ ਕੁਝ ਕਰੋ ਵੀਰਿਓ। ਇਕ ਸ਼ਾਇਰ ਕਰੇ ਅਰਜ਼ੋਈ ਓਇ ਕੁਝ ਕਰੋ ਵੀਰਿਓ। ਦੋ ਪੁੜਾਂ ਵਿਚਕਾਰੇ ਜ਼ਿੰਦਗੀ ਆਟਾ ਦਲੀਆ ਹੋਈ। ਜ਼ਹਿਰ ਪਰੁੱਚੇ ਤੀਰਾਂ ਵਿੰਨੀ ਲਹੂ ਲਹੂ ਅੱਖ ਰੋਈ। ਨਿੰਮੋਝੂਣ ਉਦਾਸੀਆਂ ਧੌਣਾਂ ਪੌਣ ਖੜ੍ਹੀ ਅਧਮੋਈ। ਓਇ ਕੁਝ ਕਰੋ ਵੀਰਿਓ ! ਰਿਸ਼ਤੇ ਨਾਤੇ ਭੈਣ ਭਰਾ ਸਭ ਖ਼ੂਨ ਬਣ ਗਿਆ ਪਾਣੀ। ਹਾਕਮ ਤਾਣਾ ਐਸਾ ਤਣਿਆ ਉਲਝ ਗਈ ਹੈ ਤਾਣੀ। ਏਤੀ ਮਾਰ ਪਈ ਕੁਰਲਾਣੈਂ ਉੱਠ ਕੇ ਆਖੋ ਕੋਈ। ਓਇ ਕੁਝ ਕਰੋ ਵੀਰਿਓ ! ਤਲਖ਼ ਹਕੀਕਤ ਪੱਲੇ ਰਹਿ ਗਈ ਸੁਪਨੇ ਐਸੇ ਟੁੱਟੇ। ਮਾਂ ਜਾਇਆਂ ਨੇ ਭੈਣਾਂ ਦੇ ਹੀ ਡੋਲੇ ਰਾਹ ਵਿਚ ਲੁੱਟੇ। ਕਾਲੀ ਬੋਲੀ ਰਾਤ ’ਚ ਸੂਰਜ ਬਣ ਕੇ ਜਗ ਪਉ ਕੋਈ। ਓਇ ਕੁਝ ਕਰੋ ਵੀਰਿਓ ! ਦੋਧੀ ਦੰਦੀ ਭੁਰ ਗਈ ਵੇਖੋ ਮਮਤਾ ਰੋਏ ਪੰਘੂੜੇ। ਅੱਖ ਪਲਕਾਰੇ ਦੇ ਵਿਚ ਖ਼ੁਰ ਗਏ ਰਿਸ਼ਤੇ ਸਦੀਆਂ ਗੂੜ੍ਹੇ। ਜਾਬਰ ਵਕਤਾਂ ਵੇਖੋ ਕਿੱਦਾਂ ਜਿੰਦੜੀ ਸੂਲ ਪਰੋਈ। ਓਇ ਕੁਝ ਕਰੋ ਵੀਰਿਓ ! ਓਇ ਵੀਰੋ ਓਇ ਜੀਣ ਜੋਗਿਓ ! ਰਲ ਕੇ ਕਸਮਾਂ ਖਾਉ। ਬਾਬਲ ਦੀ ਪੱਗ, ਮਾਂ ਦੀ ਚੁੰਨੀ ਰਲ ਪੰਜਾਬ ਬਚਾਓ । ਚੌਂਕ ਚਾਂਦਨੀ ਦੀ ਕੁਰਬਾਨੀ, ਹਿੰਦ ਦੀ ਚਾਦਰ ਹੋਈ। ਓਇ ਕੁਝ ਕੁਝ ਕਰੋ ਵੀਰਿਓ !

ਭੰਗੜਾ ਸਿਆਲਕੋਟ ਦਾ

ਹੱਸਦੇ ਗਾਉਂਦੇ ਖ਼ੁਸ਼ੀ ਮਨਾਉਂਦੇ, ਨੱਚਦੇ ਧਰਤੀ ਪੈਰ ਨਾ ਲਾਉਂਦੇ, ਨਵੇਂ ਨਕੋਰ ਖੜਕਵੇਂ ਲੀੜੇ, ਬੰਨ੍ਹ ਕੇ ਚਾਦਰੇ ਪਿੜ ਵਿਚ ਆਉਂਦੇ। ਕਹਿੰਦੇ ਢੋਲੀਆ ਡਗਾ ਮਾਰ ਤੂੰ, ਲਾ ਦੇ ਸੱਦ ਤੂੰ ਨੂਰ ਓਏ। ਭੰਗੜਾ ਸਿਆਲਕੋਟ ਦਾ ਮਸ਼ਹੂਰ ਓਏ । ਪੱਕੀ ਕਣਕ ਵਿਸਾਖੀ ਆਈ, ਫ਼ਸਲਾਂ ਦੇ ਮੂੰਹ ਰੌਣਕ ਆਈ। ਘਰ ਦੀ ਕੱਢੀ, ਨਾਗ ਦੀ ਬੱਚੀ, ਪੀ ਕੇ ਦਾਰੂ ਖ਼ੁਸ਼ੀ ਮਨਾਈ। ਰੱਬ ਦੀਆਂ ਰੱਖਾਂ ਰਹੇ ਸਲਾਮਤ, ਪੈ ਗਿਆ ਅੰਬਾਂ ਨੂੰ ਬੂਰ ਓਏ । ਭੰਗੜਾ ਸਿਆਲਕੋਟ ਦਾ ਮਸ਼ਹੂਰ ਓਏ। ਲੰਮੀ ਗਰਦਨ ਕਾਲੀ ਗਾਨੀ, ਸੱਪ ਦੀ ਤੋਰ ਤੁਰੇਂ ਮਸਤਾਨੀ। ਮਿਰਗਾਂ ਕੋਲੋਂ ਨੈਣ ਉਧਾਰੇ, ਲੈ ਕੇ ਚਾੜ੍ਹੇ ਤੀਰ ਕਮਾਨੀ। ਹਾਰ ਹਮੇਲਾਂ ਵਾਲੀ ਜੱਟੀ, ਤੱਕ ਤੱਕ ਚੜ੍ਹੇ ਸਰੂਰ ਓਏ। ਭੰਗੜਾ ਸਿਆਲਕੋਟ ਦਾ ਮਸ਼ਹੂਰ ਓਏ । ਪੈਰੀਂ ਜੁੱਤੀ ਨਾਰੋਵਾਲ ਦੀ, ਮਿਲੀ ਨਾ ਕਿਤਿਓਂ ਇਹਦੇ ਨਾਲ ਦੀ। ਤੋਰ ਮਟਕਣੀ ਤੁਰਦੈਂ ਗੱਭਰੂਆ, ਰੀਸ ਕਰਾਂ ਕੀ ਤੇਰੀ ਚਾਲ ਦੀ। ਲਾਹੌਰ ਤੇ ਪਸ਼ੌਰ ਇਹਦੀ ਨੋਕ ਤੋਂ ਮੈਂ ਵਾਰਾਂ, ਭਾਵੇਂ ਬਦਲੇ ’ਚ ਲੈ ਲਈ ਪਸਰੂਰ ਓਏ। ਭੰਗੜਾ ਸਿਆਲਕੋਟ ਦਾ ਮਸ਼ਹੂਰ ਓਏ। ਨੱਚਦੇ ਲੱਡੀਆਂ ਪਾਉਣ ਧਮਾਲਾਂ, ਹੱਥ ਵਿਚ ਸ਼ੀਸ਼ੇ ਕਰਨ ਕਮਾਲਾਂ। ਦਰਿਆਵਾਂ ਨੂੰ ਤੋਰਾਂ ਭੁੱਲੀਆਂ, ਵੇਖ ਵੇਖ ਇਨ੍ਹਾਂ ਦੀਆਂ ਚਾਲਾਂ। ਇੱਕੋ ਪਛਤਾਵਾ ਮੈਨੂੰ ਵੱਢ ਵੱਢ ਖਾਵੇ, ਜਿਹੜਾ ਹੋ ਗਿਆ ਅੱਖਾਂ ਤੋਂ ਦੂਰ ਓਏ । ਭੰਗੜਾ ਸਿਆਲਕੋਟ ਦਾ ਮਸ਼ਹੂਰ ਓਏ।

ਨੀ ਮੈਂ ਉੱਡਣੇ ਪਰਿੰਦਿਆਂ ਦੇ ਨਾਂ

ਨੀ ਮੈਂ ਉੱਡਣੇ ਪਰਿੰਦਿਆਂ ਦੇ ਨਾਂ, ਅੰਬਰਾਂ 'ਚੋਂ ਲੱਭਦਾ ਰਿਹਾ। ਮੈਨੂੰ ਮਿਲੀ ਕਦੇ ਧੁੱਪ ਕਦੇ ਛਾਂ। ਮੈਂ ਅੰਬਰਾਂ 'ਚੋਂ ਲੱਭਦਾ ਰਿਹਾ। ਲੈ ਗਈਆਂ ਉਡਾ ਕੇ ਤੈਨੂੰ ਅੰਨ੍ਹੀਆਂ ਹਨੇਰੀਆਂ। ਟੁੱਟ ਗਈਆਂ ਪੀਂਘਾਂ ਅੱਜ ਤੇਰੀਆਂ ਤੇ ਮੇਰੀਆਂ। ਆਪਣੇ ਬੇਗਾਨੇ ਬਣੇ ਅੱਖੀਆਂ ਨੇ ਫੇਰੀਆਂ। ਮੈਨੂੰ ਘੂਰਦੇ ਨੇ ਸ਼ਹਿਰ ਤੇ ਗਿਰਾਂ। ਚਾਨਣੀ ਗੁਆਚੀ ਤੇਰੇ ਪਿੱਛੋਂ ਹੋ ਗਈ ਮੱਸਿਆ। ਧਰਤੀ ਸਮੁੰਦਰਾਂ 'ਚੋਂ ਕਿਸੇ ਵੀ ਨਾ ਦੱਸਿਆ। ਸਾਹਾਂ ਤੋਂ ਬਗੈਰ ਜੀਣਾ ਬਣ ਗਈ ਸਮੱਸਿਆ। ਤੇਰੇ ਬਿਨਾਂ ਰੁਕ ਚੱਲਿਆ ਸਮਾਂ। ਹੰਝ ਪਥਰਾਏ, ਵੇਖੀ ਜਾਨਾਂ ਮੈਂ ਚੁਫ਼ੇਰ ਨੂੰ। ਚੰਨ ਤਾਰੇ ਖਾ ਕੇ ਰਾਤ ਜੰਮਦੀ ਸਵੇਰ ਨੂੰ। ਇਹ ਵੀ ਨਾ ਮੁਕਾਏ ਮੇਰੇ ਮਨ ਦੇ ਹਨ੍ਹੇਰ ਨੂੰ। ਤੁਰਾਂ ਇਕ ਵੀ ਨਾ ਕਦਮ ਅਗਾਂਹ। ਡੋਲ੍ਹ ਕੇ ਸੁਗੰਧੀਆਂ ਨੂੰ ਮਹਿਕਦੀ ਆਵਾਜ਼ ਦੇਹ। ਨਾਲ ਨਾਲ ਉੱਡਾਂ ਤੇਰੇ ਐਸੀ ਪਰਵਾਜ਼ ਦੇਹ। ਮਨ ’ਚ ਤਰੰਗ ਵੱਜੇ ਇਹੋ ਜਿਹਾ ਸਾਜ਼ ਦੇਹ। ਆ ਜਾ ਤੂੰ ਵੀ ਛੱਡ ਬੱਦਲਾਂ ਦੀ ਛਾਂ।

ਪਰਦੇਸੀ ਮਾਹੀਆ

ਇਹ ਜੋ ਚਾਨਣੀਆਂ ਰਾਤਾਂ ਨੇ। ਤੇਰੇ ਬਿਨਾਂ ਚੰਨ ਮੱਖਣਾ, ਕਿਹੜੇ ਕੰਮ ਇਹ ਸੁਗਾਤਾਂ ਨੇ। ਦੋ ਤਾਰਾਂ ਪਿੱਤਲ ਦੀਆਂ। ਇਕ ਵਾਰੀ ਛੋਹ ਲੈ ਸੋਹਣਿਆਂ, ਵੇਖੀਂ ਤਰਬਾਂ ਨਿਕਲਦੀਆਂ। ਮੇਰੇ ਸਿਰ ਫੁਲਕਾਰੀ ਆ। ਸੱਜਣਾ ਬਗੈਰ ਚੰਨ ਵੇ, ਦਿਲ ਚੱਲਦੀ ਆਰੀ ਆ। ਕੋਠੇ ਤੇ ਖਲੋ ਮਾਹੀਆ। ਧਰਤੀ ਤੇ ਵਿਛੀ ਚੰਨ ਵੇ, ਤੱਕ ਆਪਣੀ ਲੋਅ ਮਾਹੀਆ। ਫੁੱਲਾ ਸੁਰਖ਼ ਗੁਲਾਬ ਦਿਆ। ਡਾਲਰਾਂ ਨੇ ਤੈਨੂੰ ਮੋਹ ਲਿਆ, ਪੁੱਤ ਰੰਗਲੇ ਪੰਜਾਬ ਦਿਆ। ਅੱਗ ਬਾਲ ਕੇ ਸੇਕਣ ਦੇ। ਐਨਕਾਂ ਉਤਾਰ ਕਾਲੀਆਂ, ਸਾਨੂੰ ਅੱਖੀਆਂ ’ਚ ਵੇਖਣ ਦੇ। ਸੁੱਕੇ ਪੱਤਰ ਅਨਾਰਾਂ ਦੇ। ਮੌਤ ਤਾਂ ਬਹਾਨਾ ਬਣਦੀ, ਦੁੱਖ ਲੈ ਜਾਂਦੇ ਯਾਰਾਂ ਦੇ। ਰੰਗ ਖ਼ੁਰ ਗਿਆ ਖੇਸੀ ਦਾ। ਜ਼ਿੰਦਗੀ ਬੇਰੰਗ ਹੋ ਗਈ, ਕਾਹਦਾ ਮਾਣ ਪ੍ਰਦੇਸੀ ਦਾ। ਬੋਲੇ ਤਿੱਤਰ ਬਨੇਰੇ 'ਤੇ। ਏਦੂੰ ਵੱਧ ਹੋਰ ਕੀ ਕਹਾਂ, ਦਿਲ ਡੁੱਲ੍ਹ ਗਿਆ ਤੇਰੇ ਤੇ। ਦੋ ਪੱਤਰ ਸ਼ਹਿਤੂਤਾਂ ਦੇ। ਰੂਹਾਂ ਦਾ ਮਿਲਾਪ ਹੋ ਗਿਆ, ਰੌਲੇ ਪੈ ਗਏ ਕਲਬੂਤਾਂ ਦੇ। ਸਾਡੀ ਗਲੀ ਵਿਚੋਂ ਲੰਘ ਮਾਹੀਆ। ਅੱਖੀਆਂ ਨੂੰ ਵਰਜ ਦੇਈਂ, ਕਿਤੇ ਦੇਣ ਨਾ ਡੰਗ ਮਾਹੀਆ। ਲਾਲੀ ਅੰਬਰਾਂ ਤੇ ਛਾਈ ਹੋਈ ਆ। ਪਾਣੀਆਂ ਨੂੰ ਅੱਗ ਲੱਗ ਗਈ, ਕਿਹੜੀ ਨਾਵ੍ਹਣ ਆਈ ਹੋਈ ਆ। ਨਾਂ ਲਿਖਿਆ ਨਾ ਮਿਟਦਾ ਏ। ਬੁੱਤ ਵਿਚੋਂ ਰੂਹ ਉੱਡ ਗਈ, ਜੱਗ ਐਵੇਂ ਪਿੱਟਦਾ ਏ। ਭਾਵੇਂ ਲੰਮੀਆਂ ਰਾਤਾਂ ਨੇ। ਮੁੱਕਣੀ ਉਡੀਕ ਨਹੀਂ, ਆਉਣਾ ਮੁੜ ਪ੍ਰਭਾਤਾਂ ਨੇ। ਨੀ ਮੈਂ ਖੜੀ ਆਂ ’ਦਲੀਜ਼ਾਂ ਤੇ। ਮਾਹੀ ਕਦੋਂ ਘਰ ਆਵਣਾ, ਫੁੱਲ ਪੁੱਛਦੇ ਕਮੀਜ਼ਾਂ ਦੇ।

ਰੰਗਾਂ ਦੇ ਸੁਗੰਧਾਂ ਦਾ ਵਿਹਾਰ

ਰੰਗਾਂ ਤੇ ਸੁਗੰਧਾਂ ਦਾ ਵਿਹਾਰ ਕਰੋ ਬੇਲੀਓ। ਰਲ ਮਿਲ ਬਹਿਣ ਦਾ ਵਿਚਾਰ ਕਰੋ ਬੇਲੀਓ। ਅੱਗ ਦੇ ਅੰਗਾਰਿਆਂ ਤੇ ਸੁਪਨੇ ਵਿਚਾਰਿਆਂ ਨੂੰ। ਸੇਕ ਤੋਂ ਬਚਾਓ ਕੱਚੇ ਘਰਾਂ ਛੰਨਾਂ ਢਾਰਿਆਂ ਨੂੰ। ਨੇਰ੍ਹੇ ਦੇ ਖਿਲਾਫ਼ ਮਾਰੋ ਮਾਰ ਕਰੋ ਬੇਲੀਓ। ਰੰਗਾਂ ਤੇ ਸੁਗੰਧਾਂ ਦਾ ਵਿਹਾਰ ਕਰੋ ਬੇਲੀਓ! ਕੱਚੀਆਂ ਕੰਵਾਰੀਆਂ ਉਮੀਦਾਂ ਮਰ ਜਾਣ ਨਾ। ਤੋਪਾਂ ਤੇ ਬੰਦੂਕਾਂ ਕੋਲੋਂ ਕੂੰਜਾਂ ਡਰ ਜਾਣ ਨਾ। ਇਨ੍ਹਾਂ ਦਿਆਂ ਖੰਭਾਂ ’ਚ ਹੁਲਾਰ ਭਰੋ ਬੇਲੀਓ! ਰੰਗਾਂ ਤੇ ਸੁਗੰਧਾਂ ਦਾ ਵਿਹਾਰ ਕਰੋ ਬੇਲੀਓ! ਰਾਤਾਂ ਦੇ ਉਨੀਂਦਰੇ ਥਕੇਵਿਆਂ ਨੂੰ ਭੁੱਲ ਕੇ। ਅਉਧ ਨਾ ਵਿਹਾਵੇ ਪੌਂਡਾਂ ਡਾਲਰਾਂ ਤੇ ਡੁੱਲ੍ਹ ਕੇ। ਆਪਣੀ ਜ਼ਮੀਨ ਨੂੰ ਪਿਆਰ ਕਰੋ ਬੇਲੀਓ! ਰੰਗਾਂ ਤੇ ਸੁਗੰਧਾਂ ਦਾ ਵਿਹਾਰ ਕਰੋ ਬੇਲੀਓ! ਫੁੱਲਾਂ ਦਾ ਸੁਨੇਹਾ ਸੁਣੋ ਅੱਗੇ ਵੀ ਸੁਣਾ ਦਿਓ! ਧਰਤੀ ਨੂੰ ਸਾਰੀ ਜਿਉਣ ਜੋਗੜੀ ਬਣਾ ਦਿਓ ! ਰੂਹਾਂ ਦਾ ਵੀ ਰਾਂਗਲਾ ਸ਼ਿੰਗਾਰ ਕਰੋ ਬੇਲੀਓ! ਰੰਗਾਂ ਤੇ ਸੁਗੰਧਾਂ ਦਾ ਵਿਹਾਰ ਕਰੋ ਬੇਲੀਓ!

ਕਿਰ ਗਏ ਪੀਲੇ ਪੱਤਰ

ਮਿੱਟੀ ਦੇ ਵਿਚ ਮਰ ਮੁੱਕ ਚੱਲੇ। ਰੁੱਖ ਦੀ ਛਾਵੇਂ ਕੱਲ੍ਹੇ ਕੱਲ੍ਹੇ। ਤੋੜ ਪ੍ਰੀਤਾਂ ਸੱਜਣ ਚੱਲੇ। ਕਿਰ ਗਏ ਪੀਲੇ ਪੱਤਰ, ਉਮਰ ਗੁਆਚ ਗਈ। ਰੁੱਤ ਬਸੰਤੀ ਮੁੜ ਆਵੇਗੀ। ਨਵੀਂ ਕਰੂੰਬਲ ਲਹਿਰਾਏਗੀ। ਟਾਹਣੀ ਟਾਹਣੀ ਭਰ ਜਾਵੇਗੀ। ਵਿੱਛੜਨ ਵੇਲੇ ਅੱਖੀਆਂ ਦੇ ਵਿਚ, ਹੰਝੂ ਹੋਏ ਪੱਥਰ। ਖਿੱਲਰੇ ਪੱਤ ਹਵਾ ਦੇ ਬੁੱਲੇ। ਜੀਕਣ ਰਾਹੀਆਂ ਨੂੰ ਰਾਹ ਭੁੱਲੇ। ਅਗਨ ਉਡੀਕ ਰਹੇ ਵਿਚ ਚੁੱਲ੍ਹੇ । ਸੱਖਮ-ਸੱਖਣੀ ਟਾਹਣੀ ਉੱਤੇ, ਵਿਛਿਆ ਵੇਖੋ ਸੱਥਰ। ਟਾਹਣੀ ਪੱਤੇ ਵਿੱਚ ਖੁਸ਼ਬੋਈ। ਪਿਆ ਵਿਛੋੜਾ ਖ਼ੁਸ਼ਬੂ ਮੋਈ। ਧਰਤ ਸੁਹਾਗਣ ਵਿਧਵਾ ਹੋਈ। ਪਲਕਾਂ ਵਿਚ ਹਟਕੋਰੇ ਕੰਬਦੇ, ਅੱਖੀਓਂ ਕਿਰ ਗਏ ਅੱਥਰ। ਪੱਤੇ ਮਿੱਟੀ ਦੇ ਵਿਚ ਤੁਰ ਗਏ। ਕਰਦੇ ਗਿਣਤੀ ਪੋਟੇ ਭੁਰ ਗਏ। ਮੀਂਹ ਵਿਚ ਸਾਡੇ ਸੁਫ਼ਨੇ ਖ਼ੁਰ ਗਏ, ਕਰੀਏ ਕਿਵੇਂ ਇਕੱਤਰ। ਧਰਤੀ ਅੰਬਰ ਜੇ ਜੜ੍ਹ ਜੀਵੇ। ਰੁੱਖ ਮੁਹੱਬਤੀ ਪਾਣੀ ਪੀਵੇ। ਮਹਿਕਾਂ ਵੰਡੇ, ਖੀਵੇ ਕਰਦੀ, ਸੋਂਧੀ ਮਿੱਟੀ ਵੱਤਰ।

ਚੁੱਪ ਵਾਲੀ ਮਾਰ ਨਾ ਤੂੰ ਮਾਰ

“ਐਸਾ ਗਿਉਂ ਸੱਜਣਾ ਵੇ, ਫੇਰ ਖ਼ਬਰਾਂ ਨਾ ਲਈਆਂ। ਰੰਗ ਰੱਤੀਆਂ ਬਹਾਰਾਂ ਤੇਰੇ ਨਾਲ ਤੁਰ ਗਈਆਂ।” ਚੁੱਪ ਵਾਲੀ ਮਾਰ ਨਾ ਤੂੰ ਮਾਰ ਕੇ ਪਿਆਰਿਆ, ਚੁੱਪ ਵਾਲੀ ਮਾਰ ਨਾ ਤੂੰ ਮਾਰ। ਜ਼ਿੰਦਗੀ ਨੂੰ ਤੋਰਦੇ ਨੇ ਗੱਲ ਤੇ ਹੁੰਗਾਰਾ ਦੋਵੇਂ, ਤੋੜ ਨਾ ਮੁਹੱਬਤਾਂ ਦੀ ਤਾਰ ਵੇ ਪਿਆਰਿਆ, ਚੁੱਪ ਵਾਲੀ ਮਾਰ ਨਾ ਤੂੰ ਮਾਰ। ਅੰਬਰਾਂ 'ਚ ਰਾਤ ਵੇਲੇ ਤਾਰੇ ਵੇਖ ਬੋਲਦੇ ਨੇ। ਇਕ ਦੂਜੇ ਨਾਲ ਕਿਵੇਂ ਦੁੱਖ ਸੁਖ ਫੋਲਦੇ ਨੇ। ਆਪਣੇ ਗੁਆਚੇ ਗੁੰਮੇ ਹਾਣੀਆਂ ਨੂੰ ਟੋਲਦੇ ਨੇ। ਇਕ ਤੂੰ ਏਂ ਐਸਾ ਕਰੀ ਬੈਠਾ ਪਿੱਠ ਮੇਰੇ ਵੱਲ, ਧਰਤੀ ਤੇ ਬਣ ਗਈ ਆਂ ਭਾਰ ਵੇ ਪਿਆਰਿਆ। ਚੁੱਪ ਵਾਲੀ ਮਾਰ ਨਾ ਤੂੰ ਮਾਰ। ਬਾਗਾਂ ਤੇ ਬਗੀਚਿਆਂ ’ਚ ਫੁੱਲਾਂ ਵਾਲੀ ਡਾਲ ਸਦਾ। ਕਰਦੀ ਕਲੋਲ ਵੇਖ ਪੱਤੀਆਂ ਦੇ ਨਾਲ ਸਦਾ। ਤੇਰਿਆਂ ਨਿਹੋਰਿਆਂ ਨੇ ਕੀਤਾ ਬੁਰਾ ਹਾਲ ਸਦਾ। ਹੂੰਗ ਨਾ ਹੁੰਗਾਰਾ, ਜਾਪੇ ਮੁੱਕਿਆ ਸਹਾਰਾ, ਭੁੱਲ ਗਇਓ ਸਾਰੇ ਕੌਲ ਤੇ ਕਰਾਰ ਵੇ ਪਿਆਰਿਆ। ਚੁੱਪ ਵਾਲੀ ਮਾਰ ਨਾ ਤੂੰ ਮਾਰ। ਪਹਿਲਾਂ ਪਹਿਲਾਂ ਜ਼ਿੰਦਗੀ ਦਾ ਕਹਿੰਦਾ ਸੈਂ ਸ਼ਿੰਗਾਰ ਮੈਨੂੰ। ਚਾੜ੍ਹ ਕੇ ਚੁਬਾਰੇ ਦਿੱਤਾ ਨਜ਼ਰੋਂ ਉਤਾਰ ਮੈਨੂੰ । ਦੇ ਦੇਹ ਨਿਰਮੋਹੀਆ ਹੁਣ ਜ਼ਿੰਦਗੀ ਉਧਾਰ ਮੈਨੂੰ। ਸੁੱਚੀਆਂ ਮੁਹੱਬਤਾਂ ਦੇ ਸ਼ੀਸ਼ੇ ਵਿਚ ਵੇਖੀਂ ਕਦੇ, ਚਿਹਰਾ ਮੇਰਾ ਜ਼ਰਦ ਵਸਾਰ ਵੇ ਪਿਆਰਿਆ । ਚੁੱਪ ਵਾਲੀ ਮਾਰ ਨਾ ਤੂੰ ਮਾਰ। ਸੁਣੀ ਕੰਨ ਖੋਲ੍ਹ ਮੇਰੀ ਗੱਲ ਤੂੰ ਅਖੀਰ ਵੇਖੀਂ। ਪੁਲਾਂ ਹੇਠੋਂ ਲੰਘੀ ਜਾਂਦੇ ਨਦੀਆਂ ਦੇ ਨੀਰ ਵੇਖੀਂ। ਅਬਲਾ ਦੇ ਹਾਉਕੇ ਜਾਂਦੇ ਪੱਥਰਾਂ ਨੂੰ ਚੀਰ ਵੇਖੀਂ। ਮਿੱਟੀ ਵਿਚੋਂ ਲੱਭੇਂਗਾ ਅਖ਼ੀਰ ਮੈਨੂੰ ਜੋਗੀਆ ਵੇ, ਮੱਥੇ 'ਚ ਦੁਹੱਥੜਾਂ ਨੂੰ ਮਾਰ ਕੇ ਪਿਆਰਿਆ। ਚੁੱਪ ਵਾਲੀ ਮਾਰ ਨਾ ਤੂੰ ਮਾਰ।

ਲੋਕੀ ਕਰਨ ਗੱਲਾਂ ਤੇਰੇ ਰਾਜ ਦੀਆਂ

ਗੁਜਰਾਂਵਾਲੇ ਦੀਏ ਧਰਤੀਏ ਭੇਜ ਮੁੜ ਕੇ, ਮਹਾਂਬਲੀ ਰਣਜੀਤ ਸਿੰਘ ਵਾਂਗ ਸੂਰਾ। ਜਿਹੜਾ ਕਥਨੀ ਤੇ ਕਰਨੀ ਦਾ ਹੋਏ ਗਾਜ਼ੀ, ਜਿਹੜਾ ਦੀਨ ਈਮਾਨ ਦਾ ਹੋਏ ਪੂਰਾ। ਟੁੱਟੇ ਮੋਤੀ ਪਰੋਏ ਜੋ ਇਕ ਮਾਲਾ, ਸ਼ਾਨਾਂ ਕਰੇ ਸਵਾਈਆਂ ਜੋ ਤਾਜ ਦੀਆਂ। ਕੋਹੇਨੂਰ ਦੇ ਮਾਲਕਾ, ਸੂਰਬੀਰਾ, ਲੋਕੀਂ ਕਰਨ ਗੱਲਾਂ ਤੇਰੇ ਰਾਜ ਦੀਆਂ। ਜਦੋਂ ਵਿਦਾ ਹੋਇਓਂ ਸਿਰਫ਼ ਦਸ ਮਹੀਨੇ, ਦੋਧੀ ਦੰਦੀ, ਦਲੀਪ ਦੀ ਉਮਰ ਕੀ ਸੀ? ਰਾਣੀ ਜਿੰਦਾਂ ਵੀ ਘੇਰੀ ਮੁਸੀਬਤਾਂ ਨੇ, ਲਾਲਚ ਵਿਚ ਡੁੱਬਾ ਘਰ ਦਾ ਹਰ ਜੀਅ ਸੀ। ਕੈਂਠੇ ਮੰਗਦੇ ਸੀ, ਯੁੱਧ ਕਰਨ ਵਾਲੇ, ਚਾਲਾਂ ਸਮਝੀਆਂ ਨਾ ਦਗਾਬਾਜ਼ ਦੀਆਂ। ਜਦੋਂ ਹੱਥ ਪੱਲੇ ਕੁਝ ਵੀ ਰਿਹਾ ਨਹੀਓਂ, ਲੋਕੀਂ ਕਰਨ ਗੱਲਾਂ ਤੇਰੇ ਰਾਜ ਦੀਆਂ। ਤੇਰੇ ਹੁੰਦਿਆਂ ਸੁੰਦਿਆਂ ਸ਼ਹਿਨਸ਼ਾਹਾ, ਜਿਹੜੇ ਡੋਗਰੇ ਜੁੱਤੀਆਂ ਝਾੜਦੇ ਸੀ। ਤੇਰੀ ਨਜ਼ਰ ਸਵੱਲੀ ਨੂੰ ਤਰਸਦੇ ਸੀ, ਜਿਹੜੇ ਰੌਂ ਤੇਰਾ ਹਰ ਪਲ ਤਾੜਦੇ ਸੀ। ਅੱਖਾਂ ਮੀਟਦੇ ਸਾਰ ਹੀ ਤੌਰ ਬਦਲੇ, ਤਾਰਾਂ ਟੁੱਟੀਆਂ ਟੁਣਕਦੇ ਸਾਜ਼ ਦੀਆਂ। ਹਾਉਕਾ ਨਿਕਲਦੈ, ਜਦੋਂ ਵੀ ਗੱਲ ਛਿੜਦੀ, ਲੋਕੀ ਕਰਨ ਗੱਲਾਂ ਤੇਰੇ ਰਾਜ ਦੀਆਂ। ਡਾਢਾ ਜੁਲਮ ਕਮਾਇਆ ਫਰੰਗੀਆਂ ਨੇ, ਜਿਹੜਾ ਪਾਦਰੀ ਜੁੰਮੇ ਦਲੀਪ ਕੀਤਾ। ਖ਼ਾਨਦਾਨੀ ਸਰੂਪ ਤਬਾਹ ਕਰਕੇ, ਧਰਮ ਬਦਲ ਈਸਾਈ ਦਲੀਪ ਕੀਤਾ। ਜ਼ਰਾ ਹੋਇਆ ਵੱਡਾ, ਤੇਰਾ ਖੂਨ ਅਣਖ਼ੀ, ਉਹਨੇ ਭਰੀਆਂ ਉਡਾਰੀਆਂ ਬਾਜ਼ ਦੀਆਂ। ਤਾਜਾਂ ਵਾਲਿਆ ਤੇਰੇ ਪੰਜਾਬ ਵਾਲੇ, ਲੋਕੀਂ ਕਰਨ ਗੱਲਾਂ ਤੇਰੇ ਰਾਜ ਦੀਆਂ। ਤੇਰਾ ਖ਼ੂਨ ਸੀ, ਕਿਸ ਤਰ੍ਹਾਂ ਸਰਦ ਰਹਿੰਦਾ, ਉਹ ਤਾਂ ਉੱਠਿਆ ਫੇਰ ਵੰਗਾਰ ਬਣਕੇ। ਅੰਮ੍ਰਿਤ ਬੂੰਦ ਚੱਖੀ, ਜਦੋਂ ਮਰਦ ਬੱਚੇ, ਕੰਵਰ ਉੱਠਿਆ ਸਿੰਘ ਸਰਦਾਰ ਬਣ ਕੇ। ਉਹਨੇ ਕਿਹਾ ਭਰਾਉ, ਪੰਜਾਬੀਓ ਓਇ, ਮੇਰੇ ਨਾਲ ਤੁਰ ਪਉ ਮੇਰੇ ਯਾਰ ਬਣ ਕੇ। ਸਾਡੀ ਗ਼ੈਰਤ ਨੂੰ ਖ਼ੌਰੇ ਕੀ ਸੱਪ ਲੜਿਆ, ਅਸੀਂ ਬੈਠੇ ਰਹੇ ਧਰਤੀ ਤੇ ਭਾਰ ਬਣ ਕੇ। ਅੱਜ ਓਸੇ ਸਰਾਪ ਨੂੰ ਭੁਗਤ ਰਹੇ ਆਂ, ਓਦੋਂ ਸਾਂਭੀਆਂ ਨਾ ਸ਼ਾਨਾਂ ਤਾਜ ਦੀਆਂ। ਤਾਜ ਪੋਸ਼ੀ ਦਿਹਾੜੇ ਨੂੰ ਯਾਦ ਕਰਕੇ, ਲੋਕੀਂ ਕਰਨ ਗੱਲਾਂ ਤੇਰੇ ਰਾਜ ਦੀਆਂ। ਡੇਢ ਸਦੀ ਗੁਜ਼ਾਰ ਕੇ ਨੀਂਦ ਅੰਦਰ, ਚਲੋ ਏਧਰ ਨੂੰ ਪਾਸਾ ਮਰੋੜ ਲਈਏ। ਸਾਂਝ ਕਰੀਏ ਪਕੇਰੀ ਪੰਜਾਬੀਆਂ ਦੀ, ਦਿਲ ਤੋੜੀਏ ਨਾ, ਸਿਰ ਜੋੜ ਲਈਏ। ਅਣਖ਼ੀ ਸ਼ੇਰ ਦਲੇਰ ਰਣਜੀਤ ਵਾਲੀ, ਕਲਗੀ ਵਾਲੀ ਦਸਤਾਰ ਨੂੰ ਮੋੜ ਲਈਏ। ਕੋਹੇ ਨੂਰ ਦੇ ਵਾਰਸੋ ਬਣੋ ਦੂਲੇ, ਸ਼ਾਨਾਂ ਫੇਰ ਚਮਕਣ ਤਖ਼ਤੋ-ਤਾਜ ਦੀਆਂ। ਏਸ ਧਰਤੀ ਦੀ ਪੂਰਨ ਸਲਾਮਤੀ ਲਈ, ਗੱਲਾਂ ਚਲੋ ਕਰੀਏ ਉਹਦੇ ਰਾਜ ਦੀਆਂ।

ਬੋਲਦੀ ਮਸ਼ੀਨ ਬੰਦਾ ਬੋਲਦਾ ਈ ਨਹੀਂ

ਬੋਲਦੀ ਮਸ਼ੀਨ ਬੰਦਾ ਬੋਲਦਾ ਈ ਨਹੀਂ। ਦਿਲ ਦੀ ਜ਼ਬਾਨ ਕਦੇ ਖੋਲ੍ਹਦਾ ਈ ਨਹੀਂ। ਬੈਠਾ ਰਵੇ ’ਕੱਲ੍ਹਾ, ਜੱਫੀ ਪਾ ਭੁਲੇਖਿਆਂ । ਜਮ੍ਹਾਂ ਤਕਸੀਮ ਕਰੀ ਜਾਵੇ ਲੇਖਿਆਂ। ਉਮਰ ਗੁਜ਼ਾਰੀ ਬਿਨਾ ਆਪ ਵੇਖਿਆਂ। ਨੇਰ੍ਹਿਆਂ ਦਾ ਪੁੱਤ ਧੁੱਪਾਂ ਟੋਲਦਾ ਈ ਨਹੀਂ। ਦਿਲ ਦੀ ਜ਼ਬਾਨ ਕਦੇ ਖੋਲ੍ਹਦਾ ਈ ਨਹੀਂ। ਕੁਰਸੀ ਸਿਖਾਇਆ ਇਹਨੂੰ ਇਹ ਅਲਾਪ ਹੈ। ਅੱਜ ਪਿਛੋਂ ਪੈਸਾ ਤੇਰਾ ਮਾਈ ਬਾਪ ਹੈ। ਆਖੇ ਵਰਦਾਨ, ਬਣਿਆ ਸਰਾਪ ਹੈ। ਆਪਣੇ ਤੋਂ ਥੱਲੇ ਅੱਖਾਂ ਖੋਲ੍ਹਦਾ ਈ ਨਹੀਂ। ਦਿਲ ਦੀ ਜ਼ਬਾਨ ਕਦੇ ਬੋਲਦਾ ਈ ਨਹੀਂ। ਪੈ ਗਿਆ ਭੁਲੇਖਾ ਮੈਂ ਹੀ ਸਰਕਾਰ ਹਾਂ। ਦੁਨੀਆਂ ਤੇ ਮੈਂ ਹੀ ਇੱਕੋ ਕਲਾਕਾਰ ਹਾਂ। ਰੰਗਾਂ ਤੇ ਸੁਗੰਧਾਂ ਲਈ ਜੋ ਜ਼ਿੰਮੇਵਾਰ ਹਾਂ। ਮਿੱਟੀ ਵਿਚੋਂ ਜੜ੍ਹਾਂ ਕਦੇ ਫੋਲਦਾ ਈ ਨਹੀਂ। ਦਿਲ ਦੀ ਜ਼ਬਾਨ ਕਦੇ ਬੋਲਦਾ ਈ ਨਹੀਂ। ਸੱਚ ਵੱਟੇ ਕੱਚ ਨਾ ਵਿਹਾਜ ਵੀਰਨਾ। ਸਿਰਾਂ ਤੇ ਨਹੀਂ ਰਹਿਣ ਸਦਾ ਤਾਜ ਵੀਰਨਾ। ਸਮਾਂ ਨਹੀਓਂ ਕਰਦਾ ਲਿਹਾਜ਼ ਵੀਰਨਾ। ਆਪ ਜਿਹੜਾ ਬੋਲੇ ਕਦੇ ਡੋਲਦਾ ਈ ਨਹੀਂ।

ਸੁਪਨੇ ਵੀ ਰਹੇ ਝਾਕਦੇ

ਸੁਪਨੇ ਵੀ ਰਹੇ ਝਾਕਦੇ, ਨੀ ਮੈਂ ਅੱਖਾਂ 'ਚ ਗੁਜ਼ਾਰੀ ਸਾਰੀ ਰਾਤ। ਸ਼ਬਦਾਂ ਨੂੰ ਪਿਆ ਤੰਦੂਆ, ਕੋਲ ਪਈ ਰਹਿ ਗਈ ਕਲਮ ਦਵਾਤ। ਇਕ ਇਕ ਪਲ ਦਾ ਪਹਾੜ ਜਿੱਡਾ ਭਾਰ ਸੀ। ਤੇਰਾ ਹੀ ਵਿਗੋਚਾ ਮੇਰੀ ਹਿੱਕ ਤੇ ਸਵਾਰ ਸੀ। ਅੱਖਾਂ ਅੱਗੋਂ ਲੰਘੀ ਜਾਂਦੀ ਚੇਤਿਆਂ ਦੀ ਡਾਰ ਸੀ। ਕਿਵੇਂ ਪਾਏ ਕੋਈ ਹੁੰਗਾਰੇ ਬਿਨਾ ਬਾਤ। ਸੁਪਨੇ ਵੀ ਰਹੇ ਝਾਕਦੇ, ਨੀ ਮੈਂ ਅੱਖਾਂ 'ਚ ਗੁਜ਼ਾਰੀ ਸਾਰੀ ਰਾਤ। ਪੱਤਣਾਂ ਤੇ ਬਹਿਣ ਜਦੋਂ ਆਣ ਮੁਰਗਾਬੀਆਂ। ਕਿੱਲੀ ਉੱਤੇ ਵੇਖੀ ਜਾਵਾਂ ਟੰਗੀਆਂ ਤੂੰ ਚਾਬੀਆਂ। ਘੜੀ ਮੁੜੀ ਪੂੰਝਦਾ ਹਾਂ ਅੱਖੀਆਂ ਸਲ੍ਹਾਬੀਆਂ। ਜਾਣ ਵੇਲੇ ਦੇ ਗਈ ਕਿਹੋ ਜਿਹੀ ਸੁਗਾਤ। ਸੁਪਨੇ ਵੀ ਰਹੇ ਝਾਕਦੇ .........। ਰੰਗਲੇ ਪਰਾਂਦੇ ਚੁੰਨੀ ਵੇਖਾਂ ਫੁਲਕਾਰੀਆਂ। ਜਾਪੇ ਤੂੰ ਹੀ ਲਾਈ ਜਾਵੇਂ ਅੰਬਰੀਂ ਉਡਾਰੀਆਂ। ਅੱਧੀ ਰਾਤੀਂ ਉੱਠ ਤੈਨੂੰ ਬਹੁਤ ’ਵਾਜ਼ਾਂ ਮਾਰੀਆਂ। ਦਿਨ ਚੜ੍ਹੇ ਵੀ ਨਾ ਹੋਈ ਪ੍ਰਭਾਤ। ਸੁਪਨੇ ਵੀ ਰਹੇ ਝਾਕਦੇ... ... ...। ਯਾਦਾਂ ਦੇ ਪਰਿੰਦੇ ਅੱਜ ਟਾਹਣੀ ਆਣ ਬਹਿ ਗਏ। ਹੰਝੂ ਪਥਰਾਏ ਤਾਹੀਓਂ ਅੱਖੀਆਂ 'ਚੋਂ ਵਹਿ ਗਏ। ਮੇਰੀਆਂ ਵੀ ਸੁਣ ਗਏ ਤੇ ਆਪਣੀ ਵੀ ਕਹਿ ਗਏ। ਬਿਨਾ ਬੋਲਿਆਂ ਤੋਂ ਹੋਈ ਗੱਲ ਬਾਤ। ਸੁਪਨੇ ਵੀ ਰਹੇ ਝਾਕਦੇ, ਨੀ ਮੈਂ ਅੱਖਾਂ 'ਚ ਗੁਜ਼ਾਰੀ ਸਾਰੀ ਰਾਤ।

ਬੰਦ ਕਰੀ ਜਾਨੈਂ ਸਾਰੇ ਬੂਹੇ ਤੇ ਬਾਰੀਆਂ

ਬੰਦ ਕਰੀ ਜਾਨੈਂ ਸਾਰੇ ਬੂਹੇ ਤੇ ਬਾਰੀਆਂ, ਕੰਧਾਂ ਨੇ ਚੁਫ਼ੇਰੇ ਕਿੱਥੇ ਲਾਏਂਗਾ ਉਡਾਰੀਆਂ, ਏਨੀ ਵੀ ਕੀਹ ਮਗਰੂਰੀ। ਓ ਬੰਦਿਆ ਜਿਉਣ ਲਈ ਸੱਜਰੀ ਹਵਾ ਜ਼ਰੂਰੀ। ਤੇਰਿਆਂ ਖੰਭਾਂ 'ਚੋਂ ਪ੍ਰਵਾਜ਼ ਮਰ ਜਾਏਗੀ। ਚੁੱਪ ਚੁੱਪ ਰਿਹਾ ਤਾਂ ਆਵਾਜ਼ ਮਰ ਜਾਏਗੀ। ਰਿਸ਼ਤੇ ਨਿਭਾਉਣ ਵਾਲੀ ਲਾਜ ਮਰ ਜਾਏਗੀ। ਵਧ ਜੂ ਮਨਾਂ ਵਾਲੀ ਦੂਰੀ। ਰੰਗਲੇ ਬਗੀਚਿਆਂ ’ਚ ਖਿੜੇ ਫੁੱਲ ਪੱਤੀਆਂ। ਧਰਤੀ ਤੇ ਵੇਖ ਤੂੰ ਬਹਾਰਾਂ ਰੰਗ ਰੱਤੀਆਂ। ਸੱਜਣਾਂ ਦੇ ਅੰਗ ਸੰਗ ਵੇਲਾਂ ਮਾਣ ਮੱਤੀਆਂ। ਮੱਥੇ 'ਚ ਤਰੇੜਾਂ ਕਿਤੇ ਪੱਕੀਆਂ ਨਾ ਬਹਿਣ, ਜਾਏਂ ਵਗਦੀ ਹਵਾ ਨੂੰ ਘੂਰੀ। ਕੰਧਾਂ ਉੱਤੇ ਲਾਈਆਂ ਜੋ ਤੂੰ ਮੂਰਤਾਂ ਸੁਨੱਖੀਆਂ। ਇਨ੍ਹਾਂ ਕਦੇ ਬੰਦਿਆਂ ਨੂੰ ਝੱਲੀਆਂ ਨਾ ਪੱਖੀਆਂ। ਐਵੇਂ ਤੂੰ ਭੁਲੇਖੇ ’ਚ ਉਮੀਦਾਂ ਪਾਲ ਰੱਖੀਆਂ। ਦੇਵਤੇ ਬਲੌਰੀ ਅੱਗੇ ਆਰਤੀ ਉਤਾਰੀ ਜਾਵੇਂ, ਹੋਣੀ ਨਾ ਮੁਰਾਦ ਕਦੇ ਪੂਰੀ। ਛੱਡ ਕੇ ਉਡਾਰੀਆਂ ਨੂੰ ਛਤਰੀ ਤੇ ਲਹਿ ਗਿਆ। ਉੱਡਣੇ ਪਰਿੰਦਿਆ ਤੂੰ ਪਿੰਜਰੇ 'ਚ ਬਹਿ ਗਿਆ। ਚੱਲਿਆ ਸੈਂ ਕਿੱਥੇ, ਹੁਣ ਏਥੋਂ ਜੋਗਾ ਰਹਿ ਗਿਆ। ਤੋਤਾ ਰਾਮ ਵਾਂਗੂੰ ਬੋਲੇਂ ਮਾਲਕਾਂ ਦੀ ਬੋਲੀ, ਖਾ ਕੇ ਸ਼ੱਕਰ ਘਿਉ ਦੀ ਚੂਰੀ। ਓ ਬੰਦਿਆ ਜਿਉਣ ਲਈ ਸੱਜਰੀ ਹਵਾ ਜ਼ਰੂਰੀ।

ਜਦੋਂ ਰੰਗ ਸੀ ਸਰ੍ਹੋਂ ਦੇ ਫੁੱਲ ਵਰਗਾ

ਜਦੋਂ ਰੰਗ ਸੀ ਸਰ੍ਹੋਂ ਦੇ ਫੁੱਲ ਵਰਗਾ ਤੂੰ ਉਦੋਂ ਕਿਉਂ ਨਾ ਆਇਆ ਮਿੱਤਰਾ। ਐਡੀ ਕਿਹੜੀ ਵੱਡੀ ਭੁੱਲ ਸਾਥੋਂ ਹੋ ਗਈ ਤੂੰ ਰੁੱਸੀ ਨਾ ਮਨਾਇਆ ਮਿੱਤਰਾ। ਚੰਨ ਅੰਬਰਾਂ 'ਚ ਕਿਧਰੇ ਗੁਆਚਿਆ, ਮੈਂ ਤਾਰਿਆਂ ਤੋਂ ਪੁੱਛਦੀ ਰਹੀ। ਰਲੇ ਪੁੰਨੂੰ ਨਾਲ ਤੇਰਾ ਵੇ ਮੁਹਾਂਦਰਾ, ਮੈਂ ਸਾਰਿਆਂ ਤੋਂ ਪੁੱਛਦੀ ਰਹੀ। ਕਿਸੇ ਦੱਸਿਆ ਨਾ ਤੇਰਾ ਸਿਰਨਾਵਾਂ, ਮੈਂ ਸੱਸੀ ਵਾਂਗੂੰ ਲੁੱਛਦੀ ਰਹੀ। ਸੂਹੀ ਸੱਜਰੀ ਸਵੇਰ ਜਹੀ ਨਾਰ ਤੂੰ ਕਿਉਂ ਨਾ ਅਪਣਾਇਆ ਮਿੱਤਰਾ। ਜਦੋਂ ਰੰਗ ਸੀ ਸਰ੍ਹੋਂ ਦੇ ਫੁੱਲ ਵਰਗਾ... ... ...। ਜਿਵੇਂ ਮੈਦੇ 'ਚ ਸੰਧੂਰ ਹੋਵੇ ਗੁੰਨ੍ਹਿਆ, ਜਵਾਨੀ ਕਾਹਦੀ ਨਿਰ੍ਹਾ ਨੂਰ ਸੀ। ਇਹੋ ਰਹਿਣਾ ਪਛਤਾਵਾ ਮੇਰੀ ਜਿੰਦ ਨੂੰ, ਤੂੰ ਓਸ ਵੇਲੇ ਕਾਹਤੋਂ ਦੂਰ ਸੀ। ਕੋਇਲ ਕੂਕਦੀ ਸੀ ਬਾਗਾਂ ਵਿਚ ਲੱਭਦੀ, ਵੇ ਅੰਬੀਆਂ ਨੂੰ ਪਿਆ ਬੂਰ ਸੀ। ਕਿਵੇਂ ਦੱਸਾਂ ਤੈਨੂੰ ਉੱਡਣੇ ਪਰਿੰਦਿਆ ਤੂੰ ਕੇਹਾ ਝੋਰਾ ਲਾਇਆ ਮਿੱਤਰਾ। ਜਦੋਂ ਰੰਗ ਸੀ ਸਰ੍ਹੋਂ ਦੇ ਫੁੱਲ ਵਰਗਾ... ... ...। ਕਿਵੇਂ ਹਾੜ੍ਹ ਤੇ ਸਿਆਲ ਲੰਘੇ ਕੱਲਿਆਂ, ਤੂੰ ਇਕ ਵਾਰੀ ਸੋਚਦਾ ਸਹੀ। ਤੇਰੇ ਸਾਹਾਂ 'ਚ ਸੁਗੰਧ ਵਾਂਗੂੰ ਘੁਲਦੀ, ਤੂੰ ਇਕ ਵਾਰੀ ਲੋਚਦਾ ਸਹੀ। ਆਪਾਂ ਇਤਰ-ਸਰੋਵਰਾਂ ‘ਚ ਤਰਦੇ, ਤੂੰ ਇਕ ਵਾਰੀ ਬੋਚਦਾ ਸਹੀ। ਤੈਨੂੰ ਲਫ਼ਜ਼ਾਂ 'ਚ ਕਿਵੇਂ ਸਮਝਾਵਾਂ ਨੂੰ ਕਿੰਨਾ ਤੜਫ਼ਾਇਆ ਮਿੱਤਰਾ। ਜਦੋਂ ਰੰਗ ਸੀ ਸਰ੍ਹੋਂ ਦੇ ਫੁੱਲ ਵਰਗਾ... ... ...। ਹੁਣ ਮਿਲਿਐਂ ਨਸੀਬ ਮੇਰੇ ਖੁੱਲ੍ਹ ਗਏ, ਤੇ ਰੱਬ ਦਾ ਦੀਦਾਰ ਮਿਲਿਆ। ਇਹ ਵੀ ਸ਼ੁਕਰ ਖ਼ੁਦਾ ਦਾ ਲੱਖ ਵਾਰੀ, ਕਿ ਮੈਨੂੰ ਮੇਰਾ ਯਾਰ ਮਿਲਿਆ। ਮਰ ਜਿਹੀਆਂ ਵਡਭਾਗਣਾਂ ਨੇ ਕਿੰਨੀਆਂ, ਜਿੰਨ੍ਹਾਂ ਨੂੰ ਸੱਚਾ ਪਿਆਰ ਮਿਲਿਆ। ਤੈਨੂੰ ਲੱਖਾਂ ਵਿਚੋਂ ਇਕ ਮੈਂ ਪਛਾਣਿਆਂ ਤੂੰ ਬੋਲੇਂ ਨਾ ਬੁਲਾਇਆ ਮਿੱਤਰਾ । ਦੇ ਰੰਗ ਸੀ ਸਰ੍ਹੋਂ ਦੇ ਫੁੱਲ ਵਰਗਾ ਤੂੰ ਉਦੋਂ ਕਿਉਂ ਨਾ ਆਇਆ ਮਿੱਤਰਾ।

ਮਿੱਠਾ ਜਿਹਾ ਗੀਤ ਕੋਈ ਸੁਣਾ

ਮਿੱਠਾ ਜਿਹਾ ਗੀਤ ਕੋਈ ਗਾ ਮੇਰੀ ਜਿੰਦੀਏ ਨੀ, ਮਿੱਠਾ ਜਿਹਾ ਗੀਤ ਕੋਈ ਗਾ। ਚੁੱਪ ਚੁੱਪ ਹੋਰ ਕਿੰਨਾ ਚਿਰ ਹਾਲੇ ਬੈਠੇ ਰਹਿਣਾ ਅੱਗ ਨੂੰ ਨਾ ਕੱਖਾਂ ’ਚ ਲੁਕਾ। ਮੇਰੀ ਜਿੰਦੀਏ ਨੀ, ਮਿੱਠਾ ਜਿਹਾ ਗੀਤ ਕੋਈ ਸੁਣਾ। ਅੱਧੀ ਅੱਧੀ ਰਾਤੀਂ ਤੇਰੇ ਸਾਹਾਂ ਦੀ ਸੁਗੰਧ ਮੈਨੂੰ, ਕਰਦੀ ਏ ਹਾਲ ਤੋਂ ਬੇਹਾਲ ਨੀ। ਜਿਵੇਂ ਕੋਈ ਗਵੱਈਆ ਗੀਤ ਬੜਾ ਸੋਹਣਾ ਗਾਉਂਦਾ ਗਾਉਂਦਾ, ਭੁੱਲ ਜਾਵੇ ਸੁਰ ਅਤੇ ਤਾਲ ਨੀ। ਰਾਹਾਂ 'ਚ ਗੁਆਚ ਜਾਵੇ ਜਿਵੇਂ ਰਾਹੀ ਜਾਣ ਵਾਲਾ, ਓਸ ਨੂੰ ਤੂੰ ਉਂਗਲੀ ਫੜਾ। ਮੇਰੀ ਜਿੰਦੀਏ ਨੀ, ਮਿੱਠਾ ਜਿਹਾ ਗੀਤ ਕੋਈ ਗਾ। ਮੇਰਾ ਤਾਂ ਕਸੂਰ ਬੱਸ ਏਨਾ ਕੁ ਹੈ ਜਿੰਦੀਏ ਨੀ, ਤੇਰੇ ਸਾਹੀਂ ਰਲ ਕਿਉਂ ਗਿਆ। ਭੁੱਲ ਗਿਆ ਆਪਣੀ ਔਕਾਤ ਕਾਹਨੂੰ ਜਿੰਦੀਏ ਨੀ, ਤੇਰੇ ਰੰਗੀਂ ਢਲ ਕਿਉਂ ਗਿਆ। ਮੋਮ ਦਾ ਵਜੂਦ ਵੇਖੀਂ ਅੱਗ ਵਿਚ ਪਿਘਲੇ ਨਾ, ਇਹਨੂੰ ਤਿੱਖੀ ਅੱਗ ਤੋਂ ਬਚਾ। ਮੇਰੀ ਜਿੰਦੀਏ ਨੀ, ਮਿੱਠਾ ਜਿਹਾ ਗੀਤ ਕੋਈ ਗਾ। ਸੋਨੇ ਵਾਲੇ ਪਿੰਜਰੇ 'ਚ ਕੈਦੀ ਨੂੰ ਆਜ਼ਾਦੀ ਭੁੱਲੀ, ਖਾਈ ਜਾਵੇ ਚੋਗਾਂ ਜੋ ਖਿਲਾਰੀਆਂ। ਉੱਡਣਾ ਪਰਿੰਦਾ ਵੇਖੀਂ, ਧਰਤੀ ਬੇਗਾਨੜੀ ਤੇ, ਭੁੱਲ ਜੇ ਨਾ ਅੰਬਰੀਂ ਉਡਾਰੀਆਂ। ਇਹਦਿਆਂ ਪਰਾਂ ’ਚ ਪਰਵਾਜ਼ ਨੂੰ ਜਿਉਂਦਾ ਕਰ, ਸਾਹਾਂ ਵਿਚ ਸੁਪਨੇ ਧੁਖ਼ਾ। ਮੇਰੀ ਜਿੰਦੀਏ ਨੀ, ਮਿੱਠਾ ਜਿਹਾ ਗੀਤ ਕੋਈ ਗਾ। ਧਰਤੀ ਸੁਰਾਂਗਲੀ ਤੇ ਵਣ ਤ੍ਰਿਣ ਪੱਤ ਝੜੇ, ਚਾਰੇ ਬੰਨੇ ਬੈਠੀਆਂ ਉਦਾਸੀਆਂ। ਨਿੱਕੇ ਨਿੱਕੇ ਬੋਟਾਂ ਦੇ ਅਲੂੰਏਂ ਜਿਹੇ ਚਿਹਰੇ ਵੇਖ, ਘੂਰਦੀਆਂ ਅੱਖਾਂ ਵੀ ਨਿਰਾਸੀਆਂ। ਸਹਿਮ ਦੇ ਕਲਾਵੇ ਵਿਚੋਂ ਕੱਢ ਕੇ ਮਾਸੂਮ ਜਿੰਦਾਂ, ਫੁੱਲਾਂ ਵਾਂਗੂੰ ਖਿੜਨਾ ਸਿਖਾ। ਮੇਰੀ ਜਿੰਦੀਏ ਨੀ, ਮਿੱਠਾ ਜਿਹਾ ਗੀਤ ਕੋਈ ਗਾ।

ਕੁੱਤੀ ਰਲ ਗਈ ਚੋਰਾਂ ਨਾਲ

(ਹਰਦੇਵ ਮਾਹੀਨੰਗਲ ਤੇ ਨਿੰਦਰ ਘੁਗਿਆਣਵੀ ਦੇ ਨਾਂ) ਸੁਣ ਲਓ ਲੋਕੋ ਅਜਬ ਕਹਾਣੀ, ਇੱਕੋ ਭਾਂਡੇ ਅੱਗ ਤੇ ਪਾਣੀ, ਕਲਯੁਗ ਦਾ ਵਰਤਾਰਾ ਵੇਖੋ, ਸੱਪ ਖੇਡਦੇ ਮੋਰਾਂ ਨਾਲ। ਕਿੱਥੇ ਜਾ ਕੇ ਰੋਈਏ ਰੱਬਾ, ਕੁੱਤੀ ਰਲ ਗਈ ਚੋਰਾਂ ਨਾਲ। ਬੰਦੇ ਦਾ ਬੰਦਾ ਰਿਹਾ ਨਾ ਦਾਰੂ। ਗਰਜ਼ ਸਵਾਰਥ ਹੋ ਗਏ ਭਾਰੂ। ਬੋਤਲ ਇਕ ਸ਼ਰਾਬ ਦੇ ਅੰਦਰ, ਡੁੱਬ ਗਏ ਪੰਜ ਨਦੀਆਂ ਦੇ ਤਾਰੂ। ਲੀਰੋ ਲੀਰ ਭਰੱਪਣ ਕਰਕੇ, ਖੇਡ ਰਹੇ ਨੇ ਹੋਰਾਂ ਨਾਲ। ਸਣੇ ਮੌਲਵੀ, ਪੰਡਿਤ ਭਾਈ। ਰੱਬ ਦੇ ਨਾਂ ਤੇ ਪਾਉਣ ਲੜਾਈ। ਰਾਮ, ਮੁਹੰਮਦ, ਨਾਨਕ ਦੀ ਥਾਂ, ਦੇਂਦੇ ਸਿੱਖਿਆ ਆਪ ਬਣਾਈ। ਰੂਹ ਦੀਆਂ ਬਾਤਾਂ ਕੌਣ ਸੁਣਾਵੇ, ਵਾਹ ਪੈ ਗਿਆ ਚੋਰਾਂ ਨਾਲ। ਰਾਜ ਭਾਗ ਦੀ ਸੁਣੋ ਕਹਾਣੀ। ਤੰਦ ਨਹੀਂ ਹੁਣ ਉਲਝੀ ਤਾਣੀ। ਲੋਕਾਂ ਦੀ ਪ੍ਰਵਾਹ ਨਾ ਕਰਦੇ, ‘ਕੁਰਸੀਂ’ ਦਾ ਸਭ ਭਰਦੇ ਪਾਣੀ। ਪੁਤਲੀਗਰ ਪਏ ਨਾਚ ਨਚਾਉਂਦੇ, ਪਰਦੇ ਪਿੱਛੋਂ ਡੋਰਾਂ ਨਾਲ। ਬਣੇ ਮੁਕੱਦਮ ਦੇਸ ਦੇ ਵਾਲੀ। ਉੱਲੂ ਬੈਠੇ ਡਾਲੀ ਡਾਲੀ। ਲੋਟੂਆਂ ਨਾਲ ਯਰਾਨੇ ਪਾ ਕੇ, ਚੱਟ ਗਏ ਲਾਲੀ ਹਰਿਆਲੀ। ਹੁਣ ਸੰਤਾਂ ਦੀ ਕੁੜਮਚਾਰੀ, ਪੈ ਗਈ ਆਦਮ ਖ਼ੋਰਾਂ ਨਾਲ। ਸੱਪ ਸਿਆਸੀ ਇੱਛਿਆਧਾਰੀ। ਜਾਂਦੇ ਵੇਖੋ ਕਹਿਰ ਗੁਜ਼ਾਰੀ। ਗਲੀ-ਗਲੀ ਵਿਚ ਹੋਕਾ ਦਿੰਦੇ , ਇੰਨ੍ਹਾਂ ਨੇ ਸਾਡੀ ਮੱਤ ਮਾਰੀ। ਨਾਅਰੇ, ਲਾਰੇ ਵੇਚ ਰਹੇ ਨੇ, ਲਿਸ਼ਕਦੀਆਂ ਲਿਸ਼ਕੋਰਾਂ ਨਾਲ। ਇਸ ਧਰਤੀ ਦੇ ਮਾਲ ਖ਼ਜ਼ਾਨੇ। ਲੁੱਟੀ ਜਾਂਦੀ ਦੇਸ਼ ਬੇਗਾਨੇ। ਗੋਰੀ ਚਿੱਟੀ ਚਮੜੀ ਵਾਲੇ, ਪਾ ਕੇ ਕੁਰਸੀ ਨਾਲ ਯਾਰਾਨੇ। ਹੁਕਮਰਾਨ ਦੀ ਬੁਰਕੀ ਸਾਂਝੀ, ਹੋ ਗਈ ਰਿਸ਼ਵਤ ਖੋਰਾਂ ਨਾਲ। ਕਾਲੀ ਰਾਤ ਟਿਮਕਣੇ ਤਾਰੇ। ਇਹ ਵੀ ਮੈਨੂੰ ਭਰਨ ਹੁੰਗਾਰੇ। ਧਰਤੀ ਮਾਂ ਹਟਕੋਰੇ ਭਰਦੀ, ਅੱਖੀਂ ਅੱਥਰੂ ਮਣ-ਮਣ ਭਾਰੇ। ਪੈਸੇ ਵਾਲਿਆਂ ਹਰ ਥਾਂ ਮੱਲੀ, ਕੌਣ ਖੜ੍ਹੇ ਕਮਜ਼ੋਰਾਂ ਨਾਲ। ਕਿੱਥੇ ਜਾ ਕੇ ਮਰੀਏ ਰੱਬਾ, ਕੁੱਤੀ ਰਲ ਗਈ ਚੋਰਾਂ ਨਾਲ।

ਅੱਜ ਸ਼ੀਸ਼ੇ ਅੱਗੇ ਬਹਿ ਕੇ

ਅੱਜ ਸ਼ੀਸ਼ੇ ਅੱਗੇ ਬਹਿ ਕੇ ਮੈਥੋਂ ਹੱਸਿਆ ਗਿਆ। ਨੀ ਜਿਹੜਾ ਲੋਕਾਂ ਤੋਂ ਲੁਕਾਇਆ, ਜਿਹੜਾ ਤੇਰੇ ਤੋਂ ਲੁਕਾਇਆ। ਭੇਤ ਦੱਸਿਆ ਗਿਆ। ਤੈਨੂੰ ਯਾਦ ਜਦੋਂ ਕੀਤਾ ਨਸ਼ਿਆਇਆ ਅੰਗ ਅੰਗ। ਮੈਨੂੰ ਸ਼ੀਸ਼ੇ ਕੋਲੋਂ ਆਈ ਜਾਵੇ ਘੜੀ ਮੁੜੀ ਸੰਗ। ਖ਼ੌਰੇ ਜਾਗੀ ਕਿਵੇਂ ਸੁੱਤੇ ਹੋਏ ਸਰੋਵਰੀਂ ਤਰੰਗ। ਵੇ ਮੈਂ ਹਾਰ ਗਈ ਆਂ ਲੜ ਲੜ ਆਪੇ ਨਾਲ ਜੰਗ। ਤੇਰੇ ਸਾਹਾਂ 'ਚ ਵਜੂਦ ਮੇਰਾ ਕੱਸਿਆ ਗਿਆ। ਵੇ ਨਹਾਉਂਦੀਆਂ ਕੁਰੁੱਤੇ ਮੀਂਹ 'ਚ ਅੰਬੀਆਂ ਸੰਧੂਰੀ। ਵੇਖ ਹਿਰਨੀ ਦੀ ਨਾਭੀ ਵਿਚ ਮਹਿਕੇ ਕਸਤੂਰੀ। ਲੈ ਕੇ ਤੁਰੀ ਫਿਰਾਂ ਬੇਲਿਆਂ 'ਚ ਰਾਂਝਣਾ ਵੇ ਚੂਰੀ। ਤਨ ਹੋਰ ਨਾ ਸਹਾਰੇ ਵੇ ਆਹ ਮਨਾਂ ਵਾਲੀ ਦੂਰੀ। ਚਿੱਤ ਯਾਦਾਂ ਦੀ ਦੋ ਮੂੰਹੀ ਡੰਗੋਂ ਡੱਸਿਆ ਗਿਆ। ਮੈਨੂੰ ਛੇੜ-ਛਾੜ ਲੰਘਦਾ ਏ ਤੇਰਾ ਪਰਛਾਵਾਂ। ਮੈਨੂੰ ਏਸੇ ਗੱਲੋਂ ਜਾਪਦੈ ਜਵਾਨ ਹੁੰਦੀ ਜਾਵਾਂ। ਪੈੜਾਂ ਤੇਰੀਆਂ ਤੋਂ ਲੱਭਦੀਆਂ ਰੂਹ ਦਾ ਸਿਰਨਾਵਾਂ। ਮਾਂਗ ਮੰਗਦੀ ਸੰਧੂਰ ਚੂੜਾ ਮੰਗਦੀਆਂ ਬਾਹਵਾਂ। ਮਨ ਤੇਰੇ ਸਾਹੀਂ ਵੇਖ ਲੈ ਗਰੱਸਿਆ ਗਿਆ। ਤੈਨੂੰ ਰੱਬ ਦਿੱਤਾ ਸੱਜਰੀ ਸਵੇਰ ਜਿਹਾ ਮੁੱਖ। ਇਨ੍ਹਾਂ ਅੱਖੀਆਂ ਨੂੰ ਲੱਗੀ ਤੈਨੂੰ ਵੇਖਣੇ ਦੀ ਭੁੱਖ। ਨਿੱਕੀ ਉਮਰੇ ਸਹੇੜ ਬੈਠੀ ਮਿੱਠਾ ਜਿਹਾ ਦੁੱਖ। ਜੀਕੂੰ ਨਾਗਾਂ ਦੇ ਵਲਿੰਗਣੇ ’ਚ ਚੰਨਣੇ ਦਾ ਰੁੱਖ। ਮੈਥੋਂ ਮਨ ਦੀ ਕਚਹਿਰੀ 'ਚੋਂ ਨਾ ਨੱਸਿਆ ਗਿਆ। ਅੱਜ ਸ਼ੀਸ਼ੇ ਅੱਗੇ ਬਹਿ ਕੇ ਮੈਥੋਂ ਹੱਸਿਆ ਗਿਆ।

ਸਰੂ ਜਿੱਡਾ ਕੱਦ

(ਪ੍ਰੋ. ਜਸਵਿੰਦਰ ਧਨਾਨਸੂ ਦੇ ਨਾਂ) ਸਰੂ ਜਿੱਡਾ ਕੱਦ ਤੁਰੇਂ ਹਿਰਨੀ ਦੀ ਚਾਲ। ਇਕ ਹੱਥ ਸ਼ੀਸ਼ਾ ਦੂਜੇ ਹੱਥ ’ਚ ਰੁਮਾਲ। ਕਾਲੀਆਂ ਘਟਾਵਾਂ ਵੇਖੋ ਕੋਹਾਂ ਲੰਮੇ ਵਾਲ। ਗੁੰਦ ਲਿਆ ਗੁੱਤ ਨੂੰ ਪਰਾਂਦੇ ਸੂਹੇ ਨਾਲ। ਨੱਚਦਾ ਪਰਾਂਦਾ ਜੱਟੀ ਨੱਚਦੀ ਦੇ ਨਾਲ। ਹੋ ਗਿਆ ਕਮਾਲ...। ਲਾਲ ਲਾਲ ਚੂੜੀਆਂ ਤੇ ਹੱਥਾਂ ਤੇ ਗੁਲਾਲ। ਪੈਰਾਂ ਵਿਚ ਬੰਨ੍ਹੀ ਫਿਰੇ ਵੇਖ ਲਉ ਭੂਚਾਲ। ਨੀਲੀਆਂ ਬਲੌਰੀ ਅੱਖਾਂ ਕਰਨ ਸਵਾਲ। ਤੁਰਦੀ ਕਮਾਲ ਵੇਖੋ ਸੱਪਣੀ ਦੀ ਚਾਲ। ਮੋਰਾਂ ਖੰਭੀ ਕੁੜਤੀ ’ਚ ਜੋਬਨਾ ਕਮਾਲ। ਆ ਜੇ ਨਾ ਉਬਾਲ। ਦੂਹਰਾ-ਤੀਹਰਾ ਲੱਕ ਕਿਹੜਾ ਨੱਚੂ ਇਹਦੇ ਨਾਲ? ਰੂਪ ਦੀਏ ਰਾਣੀਏ ਤੂੰ ਜੋਬਨਾ ਸੰਭਾਲ। ਸੁੱਚੇ ਦੁੱਧ ਵਿਚ ਕਿਤੇ ਆ ਜੇ ਨਾ ਉਬਾਲ। ਨੇਰ੍ਹੇ ਵਿਚ ਜਗੇ ਜੀਕੂੰ ਦੀਵਿਆਂ ਦੀ ਪਾਲ। ਬਲਦੀਆਂ ਅੱਖਾਂ ਵੇਖੋ ਕਰਨ ਸੁਆਲ। ਰੂਪ ਦਾ ਕਮਾਲ। ਸਿਰ ਫੁਲਕਾਰੀ ਵਿਚ ਤਾਰਿਆਂ ਦਾ ਜਾਲ। ਚੁੰਨੀ ਘੁੱਟੇ ਕਿਵੇਂ ਦੰਦਾਂ ਮੋਤੀਆਂ ਦੇ ਨਾਲ। ਪੈਰਾਂ ਵਿਚ ਝਾਂਜਰਾਂ ਨੇ ਪੁੱਛਿਆਂ ਸੁਆਲ। ਦੱਸ ਤੇਰਾ ਮਾਹੀਆ ਕਿਉਂ ਨਾ ਨੱਚੇ ਤੇਰੇ ਨਾਲ? ਕੋਠੇ ਜਿੱਡੀ ਕੁੜੀ ਸੁਣ ਡਿੱਗ ਪਈ ਚੌਫ਼ਾਲ। ਹਾਲ ਤੋਂ ਬੇਹਾਲ। ਕੱਚੀਆਂ ਤ੍ਰੇਲੀਆਂ ਨੇ ਕੀਤਾ ਬੁਰਾ ਹਾਲ। ਮਾਹੀਆ ਪ੍ਰਦੇਸੀਂ ਖੇਡੇ ਡਾਲਰਾਂ ਦੇ ਨਾਲ। ਸੱਖਣੀ ਉਦਾਸ ਅਜੇ ਫੁੱਲਾਂ ਵਾਲੀ ਡਾਲ। ਆਸਾਂ ਵਾਲੇ ਫੁੱਲ ਝੜ ਜਾਂਦੇ ਹਰ ਸਾਲ। ਕਰਦੀ ਉਡੀਕ ਲੰਘੇ ਹਾੜ੍ਹ ਤੇ ਸਿਆਲ। ਹੋ ਗਈ ਆਂ ਨਿਢਾਲ। ਕਈ ਵਾਰੀ ਆਖਿਐ ਤੂੰ ਲੈ ਜਾ ਮੈਨੂੰ ਨਾਲ। ਪੈਸਿਆਂ ਦਾ ਪੀਰ ਦੇਵੇ ਹਰ ਵਾਰੀ ਟਾਲ। ਇਕ ਇਕ ਪਲ ਜੀਕੂੰ ਭੱਠੀ ਵਿਚ ਸਾਲ। ਚਾਂਦੀ ਰੰਗੇ ਹੋਏ ਮੇਰੇ ਕਾਲੇ ਕਾਲੇ ਵਾਲ। ਆਜਾ ਪ੍ਰਦੇਸੀਆ ਤੂੰ ਡਿੱਗਦੀ ਸੰਭਾਲ। ਆ ਗਿਆ ਭੂਚਾਲ!

ਅੱਧੀ ਆਂ ਗ਼ਰੀਬ ਜੱਟ ਦੀ

ਦੁਨੀਆਂ ਤੇ ਕਦੇ ਸੀ ਪੰਜਾਬੀਆਂ ਦੀ ਝੰਡੀ, ਅੱਜ ਬਣ ਚੱਲੀ ਏ ਸ਼ਰਾਬੀਆਂ ਦੀ ਮੰਡੀ, ਡਰ ਲੱਗਦਾ ਏ ਵੇਖ ਕੇ ਨਜ਼ਾਰਾ। ਅੱਧੀ ਆਂ ਗ਼ਰੀਬ ਜੱਟ ਦੀ, ਅੱਧੀ ਤੇਰੀ ਆਂ ਮੈਨੇਜਰ ਯਾਰਾ। ਸੁਣੀਂ ਅਰਜੋਈ ਮੇਰੀ ਹਾਲ ਤੇ ਦੁਹਾਈ ਵੇ। ਪੂਰੀ ਨਹੀਂਓ ਪਾਉਂਦੀ ਮੇਰੇ ਸਾਈਂ ਦੀ ਕਮਾਈ ਵੇ। ਆੜ੍ਹਤੀ ਤੋਂ ਬਚ ਕੇ ਮੈਂ ਤੇਰੇ ਦਰ ਆਈ ਵੇ। ਜੀਕੂੰ ਡੁੱਬਦੇ ਨੂੰ ਤੀਲੇ ਦਾ ਸਹਾਰਾ। ਮੇਰੇ ਪੁੱਤਾਂ ਹੱਥੀਂ ਕੰਮ ਕਾਰ ਸਾਰਾ ਛੱਡਿਆ। ਨਸ਼ਿਆਂ ਨੇ ਮੇਰੇ ਵਿਹੜੇ ਝੰਡਾ ਆਣ ਗੱਡਿਆ। ਪੁੱਠੀ ਚਾਟੇ ਲਾ ਕੇ ਬੂਟਾ ਜੜ੍ਹ ਹੇਠਾਂ ਵੱਢਿਆ। ਔਖਾ ਹੋ ਗਿਆ ਏ ਕਰਨਾ ਗੁਜ਼ਾਰਾ। ਥਾਣਿਆਂ, ਵਕੀਲਾਂ ਦੀਆਂ ਫ਼ੀਸਾਂ ਹੁਣ ਭਾਰੀਆਂ। ਮੈਨੂੰ ਗਹਿਣੇ ਧਰੇ ਬਿਨਾਂ ਜਾਂਦੀਆਂ ਨਾ ਤਾਰੀਆਂ। ਏਸੇ ਨੂੰ ਹੀ ਲੋਕੀਂ ਕਹੀ ਜਾਣ ਸਰਦਾਰੀਆਂ। ਬੋਝ ਹੋ ਗਿਆ ਕਰਜ਼ ਦਾ ਭਾਰਾ। ਜਿੰਦ ਅੱਧ ਮੋਈ ਮੇਰਾ ਸਾਹ ਸਤ ਮੁੱਕਿਆ। ਮੇਰੇ ਪੁੱਤੋ ਪਾਣੀ ਹੁਣ ਮੁੱਕਿਆ ਕਿ ਮੁੱਕਿਆ। ਬੜਾ ਪਛਤਾਉਗੇ ਕਦਮ ਜੇ ਨਾ ਚੁੱਕਿਆ। ਫਟ ਜਾਊ ਫੋਕੀ ਸ਼ਾਨ ਦਾ ਗੁਬਾਰਾ।

ਤੂੰ ਕਿਹੜਾ ਚੰਦ ਮੁੰਡਿਆ

(ਸ੍ਵ. ਪਰਮਿੰਦਰ ਸੰਧੂ ਦੇ ਨਾਂ) ਸਾਲ ਸੋਲ੍ਹਵਾਂ ਚੜ੍ਹੀ ਜਵਾਨੀ। ਲੱਭਦੀ ਫਿਰਦੀ ਦਿਲ ਦਾ ਜਾਨੀ, ਅੰਗ ਅੰਗ ਦਏ ਖ਼ੁਸ਼ਬੋਈ। ਤੂੰ ਕਿਹੜਾ ਚੰਦ ਮੁੰਡਿਆ, ਵੇ ਮੈਂ ਦਿਲ ਮਿਲਦੇ ਦੀ ਹੋਈ। ਨੀਲੇ ਅੰਬਰੀਂ ਖਿੜ ਪਏ ਤਾਰੇ। ਵੇਖ ਕਿਸ ਤਰ੍ਹਾਂ ਭਰਨ ਹੁੰਗਾਰੇ। ਚੰਨ ਚਾਨਣੀ ਖਿੜਿਆ ਚੰਬਾ, ਧਰਤ ਸੁਹਾਗਣ ਹੋਈ। ਨ੍ਹਾਉਣ ਨਦੀ ਵਿਚੋਂ ਦੋ ਪ੍ਰਛਾਵੇਂ। ਜੀਅ ਕਰਦਾ ਸੀ ਗਲ ਨਾਲ ਲਾਵੇਂ। ਤੇਰੀ ਛੋਹ ਬਿਨ ਤਨ ਦੀ ਮਿੱਟੀ, ਰਹਿ ਨਾ ਜਾਏ ਅਧਮੋਈ। ਸੁਪਨੇ ਵਿਚ ਦਏਂ ਚੋਰ ਭੁਲਾਈਆਂ। ਤੇਰੀਆਂ ਚਾਲਾਂ ਸਮਝ ਨਾ ਆਈਆ । ਤੂੰ ਨਿਰਮੋਹੀਆ ਬੇਕਦਰੀ ਕਰ, ਤਿਤਲੀ ਸੂਲ ਪਰੋਈ। ਤਿਪ ਤਿਪ ਵਗਦਾ ਖਾਰਾ ਪਾਣੀ। ਵਹਿ ਚੱਲਿਆ ਦਿਲ ਅੱਖੀਆਂ ਥਾਣੀਂ। ਮਹਿਕ ਕਥੂਰੀ ਲੱਭਦੀ ਮਿਰਗਣੀ, ਫਿਰਦੀ ਵੈਰਾਗਣ ਹੋਈ।

ਸੁਣ ਪਰਦੇਸੀ ਢੋਲਾ

(ਪਿਆਰੇ ਬੇਟੇ ਜਸਬੀਰ ਜੱਸੀ ਦੇ ਨਾਂ) ਸੁਣ ਪਰਦੇਸੀ ਢੋਲਾ ਵੇ ਵਾਗਾਂ ਵਤਨਾਂ ਨੂੰ ਮੋੜ। ਸਾਨੂੰ ਖ਼ੁਸ਼ਬੂ, ਬੀਬਾ ਵੇ ਸਾਨੂੰ ਖ਼ੁਸ਼ਬੂ ਦੀ ਲੋੜ। ਕੰਡਿਆ ਤੋਂ ਖਿੱਚ ਨਾ ਤੂੰ ਜਿੰਦੜੀ ਮਲੂਕ ਵੇ। ਆਪਣਿਆਂ ਨਾਲ ਐਦਾਂ ਕਰ ਨਾ ਸਲੂਕ ਵੇ। ਡੁੱਬ ਚੱਲੀ ਜਿੰਦ ਉੱਠੇ ਕਾਲਜੇ ’ਚੋਂ ਹੂਕ ਵੇ। ਮਾਰ ਉਡਾਰੀ ਚੰਨ ਵੇ, ਲਾ ਦੇ ਲੱਗੀਆਂ ਨੂੰ ਤੋੜ। ਬਿਰਹੋਂ ਦੀ ਭੱਠੀ ਭੁੱਜ ਚੱਲੀ ’ਕੱਲ੍ਹੀ ਜਾਨ ਵੇ। ਠੋਕਰਾਂ ਨਾ ਮਾਰ ਜਿੰਦ ਕੱਚ ਦਾ ਸਮਾਨ ਵੇ। ਦੂਰ ਜਾ ਕੇ ਹੋਇਆ ਤੈਨੂੰ ਪੈਸੇ ਦਾ ਗੁਮਾਨ ਵੇ। ਪੈ ਗਏ ਛਾਲੇ, ਚੁਭਦੇ ਨੇ ਮੇਰੇ ਪੈਰਾਂ ਵਿਚ ਰੋੜ। ਯਾਦ ਕਰ ਵੇਲਾ ਕੀਤੇ ਕੌਲ ਗੱਲਾਂ ਮਿੱਠੀਆਂ। ਦਿਨ ਵਿਚ ਲਿਖਦਾ ਸੀ ਚਾਰ ਚਾਰ ਚਿੱਠੀਆਂ। ਤੇਰੇ ਨਾਲੋਂ ਕੱਚੀਆਂ ਮੁਹੱਬਤਾਂ ਨਾ ਡਿੱਠੀਆਂ। ਸੂਰਜ ਡੁੱਬਿਆ, ਅੰਬਰੀਂ ਨੇ ਤਾਰੇ ਲੱਖ ਤੇ ਕਰੋੜ। ਚੰਦਰਿਆ ਤੂੰ ਤੇ ਏਥੋਂ ਚੋਰਾਂ ਵਾਂਗੂੰ ਨੱਸਿਆ। ਕਿੱਥੇ ਤੁਰ ਗਇਓਂ ਸਾਨੂੰ ਪਤਾ ਵੀ ਨਾ ਦੱਸਿਆ। ਕੱਲੀ ਕੱਲੀ ਯਾਦ ਨੇ ਸਿਕੰਜਾ ਐਸਾ ਕੱਸਿਆ। ਰੋੜ੍ਹੀ ਜਾਂਦੇ ਚੰਨ ਵੇ ਮੈਨੂੰ ਯਾਦਾਂ ਦੇ ਰੋੜ੍ਹ।

ਅੱਖਰਾਂ ਦੀ ਅੱਗ ਨਾ ਤੂੰ ਬਾਲ

ਅੱਖਰਾਂ ਦੀ ਅੱਗ ਨਾ ਤੂੰ ਬਾਲ ਵੇ ਸੋਹਣਿਆ, ਅੱਖਰਾਂ ਦੀ ਅੱਗ ਨਾ ਤੂੰ ਬਾਲ ! ਅੱਖਰਾਂ ਦੇ ਸਿਵਿਆਂ ਨੂੰ ਸੇਕਣਾ ਤਾਂ ਇਕ ਪਾਸੇ, ਅਰਥੀ ਨੂੰ ਚੁੱਕਣਾ ਮੁਹਾਲ ਵੇ ਹੀਰਿਆ। ਅੱਖਰਾਂ ਦੀ ਅੱਗ ਨਾ ਤੂੰ ਬਾਲ! ਖ਼ੌਰੇ ਕਿਸ ਚੰਦਰੇ ਨੇ ਲੂਤੀਆਂ ਲਗਾਈਆਂ, ਨਾਲੇ ਪੁੱਠੀਆਂ ਪੜ੍ਹਾਈਆਂ ਤੈਨੂੰ ਪੱਟੀਆਂ। ਅੱਖਰਾਂ ਦੇ ਨਾਲ ਐਵੇਂ ਵੈਰ ਨਾ ਵਿਹਾਝ, ਕਿਸੇ ਅੱਜ ਤੀਕ ਖੱਟੀਆਂ ਨਾ ਖੱਟੀਆਂ। ਚੁੱਕੀ ਹਥਿਆਰ ਫਿਰੇਂ ਲੱਭਦਾ ਸ਼ਿਕਾਰ, ਤੈਨੂੰ ਗੁੱਸੇ ਨੇ ਬਣਾਇਆ ਏ ਚੰਡਾਲ ਵੇ ਸੋਹਣਿਆ, ਅੱਖਰਾਂ ਦੀ ਅੱਗ ਨਾ ਤੂੰ ਬਾਲ! ਚੰਗਾ ਚਾਹੇ ਬੁਰਾ ਜੀਹਨੂੰ ਮੰਨੇ ਇਤਿਹਾਸ, ਇਹ ਵੀ ਅੱਖਰਾਂ ਨੇ ਸਾਂਭਿਆ ਗਿਆਨ ਵੇ। ਅੱਖਰਾਂ ਨੂੰ ਹੁਕਮਾਂ ਦੇ ਨਾਲ ਜਿਹੜੇ ਤੋਰਦੇ ਸੀ, ਲੱਭ ਕਿੱਥੇ ਨਾਮ ਤੇ ਨਿਸ਼ਾਨ ਵੇ। ਅੱਖਰਾਂ ਦਾ ਸੋਨਾ ਤੂੰ ਰੁਲਾਏਂ ਰੇਤ ਅੱਲ੍ਹੜਾ ਵੇ, ਪਲਾਂ ਵਿਚ ਹੋ ਜੇਂਗਾ ਕੰਗਾਲ ਵੇ ਹੀਰਿਆ। ਅੱਖਰਾਂ ਦੀ ਅੱਗ ਨਾ ਤੂੰ ਬਾਲ ! ਅੱਖਰਾਂ ਦੀ ਪੂੰਜੀ ਨੂੰ ਤੂੰ ਸਾਂਭ ਸਾਂਭ ਰੱਖ, ਇਹ ਤਾਂ ਅਗਨੀ ਹੈ ਜਿੰਦ ਨੂੰ ਮਘਾਂਵਦੀ। ਅੱਖਰਾਂ ਦੇ ਨਾਲ ਸੋਹਣੀ ਬਾਤ ਦਾ ਹੁੰਗਾਰਾ ਬਣੇ, ਕੱਚੇ ਘੜੇ ਤਾਰੀਆਂ ਲਗਾਂਵਦੀ। ਅੱਖਰਾਂ ਬੁਲਾਇਆ ਪੱਟ ਚੀਰ ਕੇ ਲਿਆਇਆ, ਲੋਕੀਂ ਆਖਦੇ ਨੇ ਜਿਹਨੂੰ ਮਹੀਂਵਾਲ ਵੇ ਸੋਹਣਿਆ। ਅੱਖਰਾਂ ਦੀ ਅੱਗ ਨਾ ਤੂੰ ਬਾਲ! ਗੁੰਗਿਆਂ ਤੇ ਬੋਲਿਆਂ ਦਾ ਸੁੰਨਾ ਸੰਸਾਰ, ਗੱਲ ਕਰਦੇ ਇਸ਼ਾਰਿਆਂ ਦੇ ਨਾਲ ਵੇ। ਜੇ ਅੱਖਰਾਂ ਦੇ ਨਾਲ ਨਾਲ ਜ਼ਿੰਦਗੀ ਦੀ ਵੇਲ ਵਧੇ, ਸੱਜਣਾ ਸਹਾਰਿਆਂ ਦੇ ਨਾਲ ਵੇ। ਅੱਖਰਾਂ ਬਗ਼਼ੈਰ ਜਿੰਦ ਆਰ ਤੇ ਨਾ ਪਾਰ ਕਿਤੇ, ਹਿੱਕ ਵਿਚ ਉੱਠਣ ਉਬਾਲ ਵੇ ਹੀਰਿਆ, ਅੱਖਰਾਂ ਦੀ ਅੱਗ ਨਾ ਤੂੰ ਬਾਲ!

ਕੱਚ ਦੀਆਂ ਮੁੰਦਰਾਂ

(ਸਾਬਰ ਕੋਟੀ ਦੇ ਨਾਂ) ਜੋਗੀਆਂ ਦੇ ਕੰਨੀਂ ਭਾਵੇਂ ਕੱਚ ਦੀਆਂ ਮੁੰਦਰਾਂ, ਸਾਡਿਆਂ ਵੀ ਕੰਨਾਂ ਵਿਚ ਸੱਚ ਦੀਆਂ ਮੁੰਦਰਾਂ, ਕੱਚ ਸੱਚ ਵੇਖੀਂ ਟਕਰਾ ਜਾਣਗੇ। ਸੱਚ ਵਾਲੇ ਨੀ ਮੁਹੱਬਤਾਂ ਪੁਗਾ ਜਾਣਗੇ। ਮੱਸਿਆ ਦੀ ਰਾਤ ਜਦੋਂ ਹੋਵੇ ਬਰਸਾਤ, ਜਗੇ ਫੇਰ ਵੀ ਤੂੰ ਵੇਖ ਲੈ ਟਟਹਿਣਾ ਨੀ। ਛੱਡ ਭਾਵੇਂ ਮਾਰ ਤੇਰਾ ਕਰਨਾ ਦੀਦਾਰ, ਮੇਰੀ ਜੀਭ ਚਾਰੇ ਪਹਿਰ ਇਹੀਓ ਕਹਿਣਾ ਨੀ। ਕੱਜ ਰੂਪ ਦੀ ਪਟਾਰੀ, ਨੀ ਇਹ ਕੱਚ ਦੇ ਵਪਾਰੀ, ਤੈਨੂੰ ਸੋਹਣੀਏ ਨੀ ਡੋਬ ਕੇ ਵਗਾਹ ਜਾਣਗੇ। ਕੱਚ ਵਾਲੇ ਵੇਖੀਂ ਕੱਚ ਨੀ ਕਮਾ ਜਾਣਗੇ। ਅਸੀਂ ਮਹਿਕ ਦੇ ਤਿਹਾਏ ਨੀ ਇਹ ਰੂਪ ਦੇ ਲੁਟੇਰੇ। ਅਸੀਂ ਧਰਤੀ ਦੇ ਜਾਏ ਨੀ ਇਹ ਫ਼ਸਲੀ ਬਟੇਰੇ। ਜੜ੍ਹ ਧਰਤੀ ’ਚ ਰੱਖ ਹੋਵੀਂ ਟਾਹਣੀਓਂ ਨਾ ਵੱਖ, ਵੇਖੀਂ ਟੁੱਟ ਕੇ ਤਾਂ ਫੁੱਲ ਕੁਮਲਾ ਜਾਣਗੇ। ਕੱਚ ਵਾਲੇ ਵੇਖੀਂ ਕੱਚ ਨੀ ਕਮਾ ਜਾਣਗੇ। ਇਨ੍ਹਾਂ ਜੋਗੀਆਂ ਦਾ ਉੱਚਾ ਨੀ ਪਹਾੜਾਂ ਉੱਤੇ ਡੇਰਾ। ਇਸ ਪਿੰਡ ਵਿਚ ਪਾਉਣ ਨੀ ਇਹ ਵਰ੍ਹੇ ਪਿੱਛੋਂ ਫੇਰਾ। ਬਚ ਇਹਨਾਂ ਕੋਲੋਂ ਬਚ, ਬਹੁਤਾ ਲਿਸ਼ਕੇ ਨੀ ਕੱਚ, ਰਸ ਚੂਸ ਭੌਰੇ ਫੁੱਲ ਨੂੰ ਭੁਲਾ ਜਾਣਗੇ। ਕੱਚ ਵਾਲੇ ਵੇਖੀਂ ਕੱਚ ਨੀ ਕਮਾ ਜਾਣਗੇ। ਸੁਣ ਸੱਸੀ ਦੀਏ ਭੈਣੇ ਰੋਣਾ ਛੱਡ ਦੇ ਸ਼ੁਦੈਣੇ। ਜਿਹਨੂੰ ਲੱਭਦੀ ਏਂ ਪੁੰਨੂੰ ਤਾਂ ਬਲੋਚਾਂ ਕੋਲ ਗਹਿਣੇ। ਸਿਰ ਸਿਖ਼ਰ ਦੁਪਹਿਰ ਲੱਭੇਂ ਡਾਚੀਆਂ ਦੀ ਪੈੜ, ਵੇਖੀਂ ਸੋਨਾ ਤੇਰਾ ਰੇਤ ’ਚ ਰੁਲਾ ਜਾਣਗੇ। ਕੱਚ ਵਾਲੇ ਵੇਖੀਂ ਕੱਚ ਨੀ ਕਮਾ ਜਾਣਗੇ।

ਦੋਵੇਂ ਭੈਣਾਂ ਇੱਕੋ ਜਹੀਆਂ

ਖ਼ੈਰ ਕਰੀਂ ਓਇ ਡਾਢਿਆ ਰੱਬਾ, ਕਿੱਧਰੋਂ ਨੇੜੀਆਂ ਚੜ੍ਹੀਆਂ। ਦੋਵੇਂ ਭੈਣਾਂ ਇਕੋ ਜਹੀਆਂ, ਹੱਸ ਕੇ ਗਿੱਧੇ ਵਿਚ ਵੜੀਆਂ। ਉੱਤੇ ਲੈ ਫੁਲਕਾਰੀਆਂ ਦੋਵੇਂ, ਆਈਆਂ ਮਾਰ ਉਡਾਰੀਆਂ ਦੋਵੇਂ। ਇਕ ਦੂਜੀ ਨੂੰ ਮਾਤ ਪਾਉਂਦੀਆਂ, ਹੱਦੋਂ ਵੱਧ ਪਿਆਰੀਆਂ ਦੋਵੇਂ। ਇੰਜ ਲੱਗਦੈ ਜਿਵੇਂ ਰੱਬ ਸੱਚੇ ਨੇ ਵਿਹਲਿਆਂ ਬੈਠ ਕੇ ਘੜੀਆਂ। ਸੂਰਜ ਦੀ ਲਿਸ਼ਕੋਰ ਵਰਗੀਆਂ, ਦਰਿਆਵਾਂ ਦੀ ਤੋਰ ਵਰਗੀਆਂ, ਪਤਾ ਨਹੀਂ ਇਨ੍ਹਾਂ ਵਰ੍ਹਨਾ ਕਿੱਥੇ ਕਾਲੀ ਘਟ ਘਨਘੋਰ ਵਰਗੀਆਂ। ਪਾਕੇ ਬੋਲੀਆਂ ਲਾਉਣ ਛਹਿਬਰਾਂ ਜਿੱਸਰਾਂ ਸਾਉਣ ਦੀਆਂ ਝੜੀਆਂ। ਨੱਚਦੀਆਂ ਦੇ ਲੱਕ ਝੂਟੇ ਖਾਂਦੇ, ਮਗਰੇ ਉੱਡਦੇ ਲਾਲ ਪਰਾਂਦੇ। ਪੈਰਾਂ ਵਿਚ ਭੂਚਾਲ ਕਿ ਬਿਜਲੀ ਲਾਉਣ ਕਿਆਫ਼ੇ ਆਉਂਦੇ ਜਾਂਦੇ। ਸੂਹੇ ਰੰਗ ਦੀਆਂ ਚੁੰਨੀਆਂ ਸਿਰਾਂ ਤੇ ਸਿਲਮ ਸਿਤਾਰੇ ਜੜੀਆਂ। ਪਾਉਣ ਕਹਾਣੀ ਨੈਣ ਨਸ਼ੀਲੇ, ਮਾਂਦਰੀਆਂ ਤੋਂ ਜਾਣ ਨਾ ਕੀਲੇ। ਮੇਰੇ ਵੱਸ ਦੀ ਗੱਲ ਰਹੀ ਨਾ ਹਾਰ ਗਏ ਸਭ ਯਤਨ ਵਸੀਲੇ। ਟੂਣੇ ਟਾਮਣ ਮਿੱਟੀ ਹੋ ਗਏ ਫ਼ੇਲ੍ਹ ਪੁਸਤਕਾਂ ਪੜ੍ਹੀਆਂ।

ਖੇੜਿਆਂ ਨੂੰ ਮੋੜ ਦਿਓ

ਖੇੜਿਆਂ ਨੂੰ ਮੋੜ ਦਿਓ, ਆਖੋ ਮੈਂ ਸਹੁਰੀਂ ਨਹੀਂ ਜਾਣਾ। ਤੇਰਾ ਵੇ ਸਹੇੜ ਬਾਬਲਾ, ਮੈਥੋਂ ਮਾਹੀ ਨਹੀਂ ਬਣਾਇਆ ਜਾਣਾ। ਪੜ੍ਹਦੇ ਨਿਕਾਹ ਭਾਵੇਂ ਡੋਲੀ ’ਚ ਬਹਾਲ ਵੇ। ਉਨ੍ਹਾਂ ਨੂੰ ਵੇਖ ਜਿਹੜੇ ਦਿਲ ਦੇ ਉਬਾਲ ਵੇ। ਬਾਰਾਂ ਵਰ੍ਹੇ ਸਾਹੀਂ ਵੱਸਿਆ ਮੈਥੋਂ ਰਾਂਝਾ ਨਹੀਂ ਭੁਲਾਇਆ ਜਾਣਾ। ਖੇੜਿਆਂ ਨੂੰ ਮੋੜ ਦਿਓ ! ਡਾਰ ’ਚੋਂ ਨਿਖੇੜ ਨਾ ਤੂੰ ਕੁੰਜ ਕੁਰਲਾਉਂਦੀ ਨੂੰ। ਹਰ ਵੇਲੇ ਰਾਂਝਣਾ ਹੀ ਰਾਂਝਣਾ ਧਿਆਉਂਦੀ ਨੂੰ। ਕਾਹਦੇ ਲਈ ਪ੍ਰੀਖਿਆ ਲਵੇਂ, ਫਿਰ ਕਹੇਂਗਾ ਵਰਤ ਗਿਆ ਭਾਣਾ। ਖੇੜਿਆਂ ਨੂੰ ਮੋੜ ਦਿਓ! ਜ਼ੋਰ ਤੇ ਜ਼ਮੀਨ ਤੀਜਾ ਪੈਸੇ ਦਾ ਗੁਮਾਨ ਵੇ। ਕਿਵੇਂ ਸਮਝਾਵੇ ਮੇਰੀ ਕੱਲ੍ਹੀ ’ਕਾਰੀ ਜਾਨ ਵੇ। ਡਾਢਿਆਂ ਦੀ ਬਹੁ-ਗਿਣਤੀ ਇਕ ਤੰਦ ਨਹੀਂ ਉਲਝਿਆ ਤਾਣਾ। ਖੇੜਿਆਂ ਨੂੰ ਮੋੜ ਦਿਓ ! ਧਰਤੀ ਆਕਾਸ਼ ਮੇਰੀ ਸੁਣੇ ਅਰਜ਼ੋਈ ਵੇ। ਰਾਂਝਣੇ ਦੀ ਹੀਰ ਹਰ ਹਾਲ ਜੀਂਦੀ ਮੋਈ ਵੇ। ਖੇੜਿਆਂ ਦੇ ਘਰ ਵੱਸ ਕੇ, ਮੈਥੋਂ ਸੱਚ ਨਹੀਂ ਲੁਕਾਇਆ ਜਾਣਾ। ਖੇੜਿਆਂ ਨੂੰ ਮੋੜ ਦਿਓ!

ਤੇਰੇ 'ਚੋਂ ਦਾਰੂ ਬੋਲਦੀ

ਰੋਜ਼ ਆਖਨੈਂ ਛੱਡੀ ਛੱਡੀ, ਆਹ ਦੱਸ ਬੋਤਲ ਕਿਥੋਂ ਕੱਢੀ, ਫਿਰ ਤੂੰ ਕਹਿਨੈਂ ਮੈਂ ਰਹਿੰਦੀ ਆਂ ਤੇਰੇ ਪਰਦੇ ਫ਼ੋਲਦੀ। ਇਹ ਤੂੰ ਨਹੀਂ ਬੋਲਦਾ ਚੰਦਰਿਆ ਤੇਰੇ ’ਚੋਂ ਦਾਰੂ ਬੋਲਦੀ। ਕੰਮ ਕਾਰ ਨੂੰ ਹੱਥ ਨਾ ਲਾਵੇਂ, ਉਤੋਂ ਫ਼ੋਕਾ ਰੋਬ ਜਮਾਵੇਂ। ਬਿਨਾਂ ਪੀਤੀਓਂ ਗੂੰਗਾ ਬੋਲਾ, ਪੀ ਕੇ ਬੱਗਾ ਸ਼ੇਰ ਕਹਾਵੇਂ। ਇਕ ਕਲਮੂੰਹੀਂ ਮੱਤ ਮਾਰ ਕੇ ਇੱਜ਼ਤ ਮਿੱਟੀ ਰੋਲਦੀ। ਨਸ਼ਿਆਂ ਦੀ ਤੂੰ ਕਰੇਂ ਗੁਲਾਮੀ, ਇਹਦੇ ਵਿਚ ਬੜੀ ਬਦਨਾਮੀ। ਪੈਰ ਪੈਰ ਤੇ ਝੂਠ ਬੋਲਦੈਂ, ਕਿਹੜਾ ਭਰਦੂ ਤੇਰੀ ਹਾਮੀ। ਤੇਰਾ ਮੰਦੜਾ ਹਾਲ ਵੇਖ ਜਿੰਦ ਪਾਰੇ ਵਾਂਗੂੰ ਡੋਲਦੀ। ਬੱਗੀ ਦਾੜ੍ਹੀ ਧੌਲਾ ਝਾਟਾ, ਤੈਨੂੰ ਸ਼ਰਮ ਹਯਾ ਦਾ ਘਾਟਾ। ਕਿਥੋਂ ਮੰਨ ਪਕਾਵਾਂ ਤੇਰੇ, ਪੀਪੇ ਦੇ ਵਿਚ ਹੈ ਨਹੀਂ ਆਟਾ। ਮੀਲ ਮੀਲ ਤੋਂ ਲਪਟਾਂ ਮਾਰੇਂ ਕਿਹੜਾ ਲੰਘੇ ਕੋਲ ਦੀ। ਰੋਜ਼ ਸਵੇਰੇ ਕਸਮਾਂ ਖਾਵੇਂ, ਸ਼ਾਮ ਢਲਦਿਆਂ ਹੀ ਭੁੱਲ ਜਾਵੇਂ। ਖੂਹ ਖਾਤੇ 'ਚੋਂ ਫਿਰਾਂ ਭਾਲਦੀ, ਰਾਤੀਂ ਜਦ ਤੂੰ ਘਰ ਨਾ ਆਵੇਂ। ਬਾਲ ਨਿਆਣੇ ਸੁੱਤੇ ਛੱਡ ਕੇ ਰਹਿੰਦੀ ਤੈਨੂੰ ਟੋਲਦੀ। ਗੱਲ ਤੇ ਗੌਰ ਕਰੀਂ ਸਰਦਾਰਾ, ਏਸ ਕੋਹੜ ਤੋਂ ਪਾ ਛੁਟਕਾਰਾ। ਨਕਲੀ ਇਕ ਹੁਲਾਰੇ ਖ਼ਾਤਰ, ਸੂਲੀ ਟੰਗਦੈਂ ਟੱਬਰ ਸਾਰਾ। ਨਹੀਂ ਮੰਨਣੀ ਜੇ ਗੱਲ ਮੇਰੀ, ਲੰਘੀਂ ਨਾ ਮੰਜੀ ਕੋਲ ਦੀ।

ਛੱਡ ਚੱਲੀ ਬਾਬਲੇ ਦਾ ਦੇਸ ਵੇ

ਛੱਡ ਚੱਲੀ ਬਾਬਲੇ ਦਾ ਦੇਸ ਵੇ, ਮਾਰ ਚੱਲੀ ਕੂੰਜ ਵੇ ਉਡਾਰੀਆਂ। ਸਾਂਭ ਦੇ ਨੀ ਮਾਏ ਨੂੰਹਾਂ ਪੁੱਤਾਂ ਨੂੰ, ਫ਼ਰਜ਼ਾਂ ਦੀ ਪੰਡ ਜ਼ੁੰਮੇਵਾਰੀਆਂ। ਵੱਖਰਾ ਜਹਾਨ ਹੁਣ ਵੱਸਣਾ, ਓਪਰੇ ਜਹੇ ਪਿੰਡ ਬੜੀ ਦੂਰ ਨੀ। ਪੈਰ ਪੈਰ ਉਤੇ ਜੋ ਪ੍ਰੀਖਿਆ, ਸਹੁਰੇ ਘਰ ਮੈਨੂੰ ਮਨਜ਼ੂਰ ਨੀ। ਰੱਖਿਆ ਸੀ ਮਾਏ ਤੂੰ ਤਾਂ ਲਾਡਲੀ, ਚੁੱਕ ਲਊਂਗੀ ਸਿਰ ਪੰਡਾਂ ਭਾਰੀਆਂ। ਛੱਡ ਦੇ ਤੂੰ ਖਹਿੜਾ ਨੀ ਸੰਦੂਕ ਦਾ, ਹੱਥੀਂ ਤੂੰ ਫੜਾ ਦੇ ਮਾਏ ਚਾਬੀਆਂ। ਫੁੱਲਾਂ ਵਾਂਗ ਰਹਿਣ ਵੀਰ ਟਹਿਕਦੇ, ਮਹਿਕਦੀ ਰਵੇਲ ਜਹੀਆਂ ਭਾਬੀਆਂ। ਤੀਆਂ ਤੇ ਤ੍ਰਿੰਝਣਾਂ ਦੀ ਦੋਸਤੀ, ਹੋਣ ਜੀਕੂੰ ਬੇੜੀ ਤੇ ਸਵਾਰੀਆਂ। ਅੱਖੀਆਂ 'ਚੋਂ ਹੰਝੂ ਨਾ ਤੂੰ ਕੇਰ ਵੇ, ਸਾਂਭ ਲੈ ਤੂੰ ਦਿਲ ਨਿੱਕੇ ਵੀਰਨਾ। ਦਿਲ ਤੇ ਪਹਾੜ ਮੈਂ ਵੀ ਰੱਖਿਆ, ਮੇਰਾ ਕਿਹੜਾ ਚਿੱਤ ਦਿਲਗੀਰ ਨਾ? ਸਾਂਭੋ ਘਰ ਮੇਰੀਓ ਭਤੀਜੀਓ, ਭੂਆ ਚੱਲੀ ਛੱਡ ਮੁਖਤਿਆਰੀਆਂ। ਚਾਚੇ ਤਾਇਆਂ ਜਹੇ ਵੇ ਬਰੋਟਿਓ, ਭੁੱਲਾਂਗੀ ਨਾ ਕਦੇ ਛਾਵਾਂ ਮਾਣੀਆਂ। ਧਰਤੀ ਪਰਾਈ ਜਾ ਕੇ ਵੱਸਣਾ, ਹੁਣ ਕਿੱਥੇ ਪੀਘਾਂ ਮੈਂ ਚੜ੍ਹਾਣੀਆਂ। ਸੂਹਾ ਰੰਗ ਸੂਰਜੇ ਤੋਂ ਮੰਗ ਕੇ, ਰੰਗ ਦਿੱਤੀ ਚੁੰਨੀ ਵੀ ਲਲਾਰੀਆਂ। ਹੋਵੋ ਨਾ ਉਦਾਸ ਮੇਰੇ ਜਾਣ ਤੇ ਬਾਬਲੇ ਦੀ ਉੱਚੀਓ ਹਵੇਲੀਓ। ਅਣਵਿੱਧ ਮੋਤੀ ਅੱਖੋਂ ਕੇਰੋ ਨਾ, ਜਾਣ ਦਿਉ ਸਖੀਉ ਸਹੇਲੀਓ। ਏਨੀ ਗੱਲ ਪੁੱਛਿਓ ਨੀ ਰੱਬ ਨੂੰ, ਏਡੀ ਦੂਰ ਚੋਗਾਂ ਕਿਉਂ ਖਿਲਾਰੀਆਂ। ਛੱਡ ਚੱਲੀ ਬਾਬਲੇ ਦਾ ਦੇਸ ਵੇ ਮਾਰ ਚੱਲੀ ਕੂੰਜ ਵੇ ਉਡਾਰੀਆਂ।

ਨਿੰਦ ਨਾ ਮਾਏ ਨੂੰਹਾਂ ਨੂੰ

ਹੱਥ ਅਕਲ ਨੂੰ ਮਾਰ ਨੀ ਮਾਏ, ਹੋਇਆ ਤੈਨੂੰ ਕੀਹ? ਨਿੰਦ ਨਾ ਮਾਏ ਨੂੰਹਾਂ ਨੂੰ, ਤੂੰ ਵੀ ਕਿਸੇ ਦੀ ਧੀ। ਜੇ ਤੇਰੀ ਨੂੰਹ ਨੇ ਪੁੱਤ ਨਾ ਜਣਿਆ, ਤੇਰਾ ਕਾਹਨੂੰ ਮੱਥਾ ਤਣਿਆ। ਤੈਨੂੰ ਵੀ ਕਿਸੇ ਮਾਂ ਸੀ ਜਣਿਆ, ਦੱਸ ਤੂੰ ਇਹਦਾ ਅਰਥ ਕੀ ਬਣਿਆ? ਧੀਆਂ ਨੂੰ ਦੁਰਕਾਰਨ ਵਾਲੀ, ਛੱਡ ਦੇ ਹੁਣ ਤੂੰ ਲੀਹ। ਨਿੰਦ ਨਾ ਮਾਏ ਨੂੰਹਾਂ ਨੂੰ ... ... ...। ਤੈਨੂੰ ਕਿਹੜਾ ਬਹਿ ਸਮਝਾਏ, ਮੈਂ ਵੀ ਤੇਰੀ ਧੀ ਨੀ ਮਾਏ। ਧੀਆਂ ਜਣ ਕੇ ਸੋਭਾ ਪਾਏ, ਭਾਵੇਂ ਰਹਿੰਦੀ ਦੇਸ ਪਰਾਏ। ਫੁੱਲਾਂ ਵਾਂਗੂੰ ਰੱਖਦੇ ਮੈਨੂੰ, ਘਰ ਦੇ ਸਾਰੇ ਜੀਅ। ਨਿੰਦ ਨਾ ਮਾਏ ਨੂੰਹਾਂ ਨੂੰ ... ... ...। ਦਾਜ ਦੈਂਤ ਬਘਿਆੜੋਂ ਡਰਦੀ, ਪੋਤਰੀਆਂ ਨੂੰ ਪਿਆਰ ਨਾ ਕਰਦੀ। ਡਰਦੀ ਮਾਰੀ ਹਰ ਹਰ ਕਰਦੀ, ਮੁਕਤੀ ਲਈ ਨਾ ਹੀਲਾ ਕਰਦੀ। ਫੁੱਲ ਕਲੀਆਂ ਨੂੰ ਪੱਥਰ ਕਹਿ ਕੇ ਮਿਲਦਾ ਤੈਨੂੰ ਕੀਹ? ਨਿੰਦ ਨਾ ਮਾਏ ਨੂੰਹਾਂ ਨੂੰ ... ... ...। ਮੰਨਿਆ ਕਿ ਬਲਵਾਨ ਨੇ ਰਾਤਾਂ, ਭੁੱਲ ਗਈ ਕਿਉਂ ਤੂੰ ਪਾਉਣੀਆਂ ਬਾਤਾਂ। ਨ੍ਹੇਰ ਮਿਟੇ ਆਵਣ ਪ੍ਰਭਾਤਾਂ, ਨਰਮ ਕਰੂੰਬਲ, ਮਾਣ ਸੁਗਾਤਾਂ। ਧਰਤੀ ਅੰਦਰ ਪੈਰ ਨੀ ਮਾਏ ਨਵੀਂ ਸੋਚ ਦੀ ਬੀਅ। ਨਿੰਦ ਨਾ ਮਾਏ ਨੂੰਹਾਂ ਨੂੰ, ਤੂੰ ਵੀ ਕਿਸੇ ਦੀ ਧੀ।

ਰੰਗ ਬਦਲਦੇ ਮੌਸਮ

ਰੰਗ ਬਦਲਦੇ ਮੌਸਮ ਦਾ ਇਤਬਾਰ ਨਾ ਕਰਿਓ ਜੀ। ਬਦਲ ਗਿਆ ਜਦ ਅੱਖਾਂ ਨਾ ਹਟਕੋਰੇ ਭਰਿਓ ਜੀ। ਚੜ੍ਹਦੇ ਚੇਤਰ ਦੋਧੀ ਕਣਕ ਜਵਾਨੀ ਚੜ੍ਹਦੀ ਏ। ਜ਼ਿੰਦਗੀ ਦੇ ਸਿਰਨਾਵੇਂ ਪੌਣਾਂ ਕੋਲੋਂ ਪੜ੍ਹਦੀ ਏ। ਰੱਖਿਓ ਨਜ਼ਰ ਸਵੱਲੀ, ਇਹ ਮੈਲੀ ਨਾ ਕਰਿਓ ਜੀ। ਰੰਗ ਬਦਲਦੇ ਮੌਸਮ... ... ... ... ... ... ...। ਚੜ੍ਹੇ ਵਿਸਾਖ ਫੁਟਾਰਾ ਰੁੱਖ ਜਵਾਨੀ ਚੜ੍ਹਦੇ ਨੇ। ਨੰਗ ਧੜੰਗੇ ਫ਼ੌਜੀ ਵਰਦੀ ਪਾ ਕੇ ਖੜ੍ਹਦੇ ਨੇ। ਦੁਨੀਆਂ ਵਾਲਿਓ ! ਇਨ੍ਹਾਂ ਮੁੱਢ ਆਰੀ ਨਾ ਧਰਿਓ ਜੀ। ਰੰਗ ਬਦਲਦੇ ਮੌਸਮ.. ... ... ... ... ... ...। ਜੇਠ ਹਾੜ੍ਹ ਦੀਆਂ ਧੁੱਪਾਂ ਸੁੱਕਣੇ ਰਾਹੀ ਪਾਏ ਨੇ। ਸਾਉਣ ਭਾਦਰੋਂ ਕਾਲੇ ਬੱਦਲ ਚੜ੍ਹ ਕੇ ਆਏ ਨੇ। ਕੱਚੇ ਕੋਠੇ ਕਹਿੰਦੇ ਏਥੇ ਹੋਰ ਨਾ ਵਰ੍ਹਿਓ ਜੀ। ਰੰਗ ਬਦਲਦੇ ਮੌਸਮ... ... ... ... ... ... ...। ਅੱਸੂ ਕੱਤਕ ਕੂੰਜਾਂ ਚੱਲੀਆਂ ਦੇਸ ਪਰਾਇਆਂ ਨੂੰ। ਦੇ ਕੇ ਜ਼ੁੰਮੇਵਾਰੀ ਘਰ ਦੀ ਅੰਮਾਂ ਜਾਇਆਂ ਨੂੰ। ਖੰਭ ਸਲਾਮਤ ਰੱਖਿਓ! ਸਦਾ ਉਡਾਰੀ ਭਰਿਓ ਜੀ। ਰੰਗ ਬਦਲਦੇ ਮੌਸਮ .... ... ... ... । ਮੱਘਰ ਪੋਹ ਦੀਆਂ ਧੁੰਦਾਂ ਤੇ ਬਰਫ਼ਾਨੀ ਪਾਲੇ ਨੂੰ। ਸਾਥ ਮੁਹੱਬਤੀ ਮਿਲਦਾ ਵਿਰਲੇ ਕਰਮਾਂ ਵਾਲੇ ਨੂੰ। ਕੱ੍ਹਲੇ ਕੱਲ੍ਹੇ ਬਹਿ ਕੇ ਨਾ ਹਟਕੋਰੇ ਭਰਿਓ ਜੀ। ਰੰਗ ਬਦਲਦੇ ਮੌਸਮ... ... ... ... ... ... ...। ਮਾਘ ਤੇ ਫੱਗਣ ਲੋਕ ਉਡੀਕਣ ਰੁੱਤ ਬਸੰਤਾਂ ਨੂੰ। ਬਿਰਹੋਂ ਡੰਗੀਆਂ ਨਾਰਾਂ ਜਿਉਂ ਪਰਦੇਸੀ ਕੰਤਾਂ ਨੂੰ। ਸੂਰਜ ਦੀ ਇਕ ਚੁਟਕੀ, ਧਰਤੀ ਮਾਂਗ 'ਚ ਭਰਿਓ ਜੀ। ਰੰਗ ਬਦਲਦੇ ਮੌਸਮ ਦਾ ਇਤਬਾਰ ਨਾ ਕਰਿਓ ਜੀ।

ਕੀਹ ਆਖਾਂ ਸਰਦਾਰਾ

ਜੋਬਨ ਰੁੱਤੇ ਤੁਰ ਗਿਆ ਭਾਵੇਂ ਫੁੱਲ ਬਣਿਆ ਨਾ ਤਾਰਾ। ਪਹਿਲਾਂ ਨਜ਼ਰੋਂ ਗਿਰਿਆ, ਮਿਟਿਆ, ਅੱਥਰੂ ਬਣ ਕੇ ਖ਼ਾਰਾ। ਕੀਹ ਆਖਾਂ ਸਰਦਾਰਾ। ਸੈ ਜਨਮਾਂ ਦੇ ਵਾਅਦੇ ਤੇਰੇ, ਕਿੱਧਰ ਗਏ ਧਰਵਾਸੇ। ਅੱਖ ਪਲਕਾਰੇ ਦੇ ਵਿਚ ਮਿਟ ਗਏ, ਬੁੱਲੀਆਂ ਉੱਤੋਂ ਹਾਸੇ। ਰਾਣੀ ਮਾਂ ਦਾ ਜਾਇਆ ਸੀ ਤੂੰ, ਕਿਉਂ ਬਣਿਆ ਘਸਿਆਰਾ। ਫੁੱਲ ਬਣਿਆ ਨਾ ਤਾਰਾ। ਵਕਤ ਦਿਆਂ ਖੰਭਾਂ ਤੇ ਉੱਡਦੇ ਉੱਡਦੇ ਨੂੰ ਕੀ ਹੋਇਆ? ਨਾ ਗੋਲੀ ਨਾ ਤੀਰਾਂ ਵਿੰਨ੍ਹਿਆ, ਫਿਰ ਵੀ ਹੈਂ ਅਧਮੋਇਆ। ਆਪਣੇ ਜਾਲ ’ਚ ਆਪੇ ਫਸਿਐਂ ਦੇਵੇ ਕੌਣ ਸਹਾਰਾ? ਫੁੱਲ ਬਣਿਆ ਨਾ ਤਾਰਾ। ਤੂੰ ਤੇ ਕਹਿੰਦਾ ਸੀ ਦੁਨੀਆਂ ਨੂੰ, ਗੂੜ੍ਹੀ ਨੀਂਦ ਤਿਆਗੋ। ਕੂੜ ਕੁਫ਼ਰ ਦੀ ਨੇਰ੍ਹੀ ਚੜ੍ਹ ਗਈ, ਜਾਗੋ ਲੋਕੋ ਜਾਗੋ। ਨ੍ਹੇਰ ਗੁਫ਼ਾ ਵਿਚ ਵਿਕਿਐਂ ਕਿਉਂ ਤੂੰ ਸੂਰਜ ਦਾ ਵਣਜਾਰਾ। ਫੁੱਲ ਬਣਿਆ ਨਾ ਤਾਰਾ। ਤੂੰ ਨਹੀਂ, ਇਕ ਵਿਸ਼ਵਾਸ ਤਿੜਕਿਆ, ਮਰਿਆ ਸੁਪਨਾ ਸੂਹਾ। ਅੰਦਰ ਤੱਕ ਰੂਹ ਕੰਬੀ ਜਾਵੇ, ਡਰ ਖੜਕਾਵੇ ਬੂਹਾ। ਸ਼ਬਦਾਂ ਓਹਲੇ ਬਹਿ ਕੇ ਕਿਉਂ ਤੂੰ, ਕੀਤਾ ਕੂੜ ਪਸਾਰਾ। ਫੁੱਲ ਬਣਿਆ ਨਾ ਤਾਰਾ। ਇਸ ਧਰਤੀ ਨੇ ਦਿੱਤੀਆਂ ਤੈਨੂੰ ਚੁਣ ਚੁਣ ਖ਼ੂਬ ਸੁਗਾਤਾਂ। ਤੇਰੇ ਮੱਥੇ ਸੂਰਜ ਧਰਿਆ, ਪੈਰਾਂ ਵਿਚ ਪ੍ਰਭਾਤਾਂ। ਬੇਕਦਰਾ! ਤੂੰ ਵਾਸ ਬਣਾਇਆ ਫਿਰ ਵੀ ਚਿੱਕੜ ਗਾਰਾ। ਜੋਬਨ ਰੁੱਤੇ ਜਾਣ ਵਾਲਿਆ, ਫੁੱਲ ਬਣਿਆ ਨਾ ਤਾਰਾ। ਕੀ ਆਖਾਂ ਸਰਦਾਰਾ।

ਅੰਬਰ ਧਰਤੀ ਦੋਵੇਂ ਚੁੱਪ ਨੇ

ਅੰਬਰ ਧਰਤੀ ਦੋਵੇਂ ਚੁੱਪ ਨੇ ਕੌਣ ਆਵਾਜ਼ਾਂ ਮਾਰੇ? ਮਿੱਟੀ ਨਾ ਫ਼ਰੋਲ ਜੋਗੀਆ, ਨਹੀਓਂ ਲੱਭਣੇ ਲਾਲ ਪਿਆਰੇ। ਖੇਡਾਂ ਖੇਡ ਖਿਡਾਵਣ ਵਾਲੇ ਹੱਥੀਂ ਖੇਡ ਖਿਲਾਰੀ। ਅੰਬਰ ਅੱਥਰੂ ਕੇਰੇ, ਧਰਤੀ ਸੀਨੇ ਫਿਰ ਗਈ ਆਰੀ। ਸਿਖ਼ਰ ਦੁਪਹਿਰੇ ਸੂਰਜ ਡੁੱਬਿਆ, ਨੇਰ੍ਹ ਪ੍ਰਿਥਵੀ ਸਾਰੀ। ਰੰਗਲੇ ਚਾਦਰੇ ਹਾਰ ਹਮੇਲਾਂ ਡੁਸਕਣ ਅੰਬਰੀਂ ਤਾਰੇ। ਮਿੱਟੀ ਨਾ ਫ਼ਰੋਲ ਜੋਗੀਆ... ... ...। ਛੈਲ ਛਬੀਲੇ ਨਿਰੀਆਂ ਰੌਣਕਾਂ, ਖੋਹ ਕੇ ਲੈ ਗਏ ਹਾਸੇ। ਮੌਤ ਸਮੁੰਦਰ ਦੇ ਵਿਚ ਖ਼ੁਰ ਗਏ, ਸਾਡੇ ਚਾਰ ਪਤਾਸੇ। ਅੱਥਰੂ ਅੱਥਰੂ ਮਨ ਦਾ ਵਿਹੜਾ ਦੇਵੇ ਕੌਣ ਦਿਲਾਸੇ । ਸਿਰ ਦੀਆਂ ਸੱਟਾਂ ਇਕੋ ਵਾਰੀ ਏਨੀਆਂ ਕੌਣ ਸਹਾਰੇ। ਮਿੱਟੀ ਨਾ ਫ਼ਰੋਲ ਜੋਗੀਆ... ... ... ...। ਕਿਹੜੀ ਰੁੱਤੇ ਮੌਤ ਕੁਲਹਿਣੀ ਸੁਪਨੇ ਸੂਲੀ ਟੰਗੇ? ਨਾ ਜੀਂਦੇ ਨਾ ਮੋਇਆਂ ਅੰਦਰ ਫਿਰਦੇ ਹਾਂ ਅਧਰੰਗੇ। ਟੁੱਟੀਆਂ ਤੰਦਾਂ ਖਿੱਲਰੇ ਮਣਕੇ, ਸੋਹਣੇ ਰੰਗ ਬਰੰਗੇ। ਦਿਲ ਤੇ ਪਹਾੜ ਜਿੱਡਾ ਭਾਰ ਪਿਆ ਚੁੱਕਣਾ, ਨੇਤਰੀਂ ਸਮੁੰਦਰ ਖ਼ਾਰੇ। ਮਿੱਟੀ ਨਾ ਫ਼ਰੋਲ ਜੋਗੀਆ... ... ... ...। ਹੁਣ ਪਹਿਲਾਂ ਜਹੇ ਦਿਨ ਨਹੀਂ ਚੜ੍ਹਨੇ, ਨਾ ਉਹ ਗੁਲਾਬੀ ਰਾਤਾਂ। ਚੰਨ ਦੀ ਚਾਨਣੀ ਗੁੰਮ ਸੁੰਮ ਹੋਈ, ਕੋਈ ਨਾ ਸੁਣਾਵੇ ਬਾਤਾਂ। ਅਗਨ ਵਰੇਸੇ ਤੁਰ ਗਏ ਪੁੱਤਰ, ਸਾੜਦੀਆਂ ਬਰਸਾਤਾਂ। ਪਹਿਲੀ ਵਾਰੀ ਅੱਖੀਂ ਵੇਖਿਐ, ਏਥੇ ਦਿਨ ਨੂੰ ਵੀ ਟੁੱਟਦੇ ਤਾਰੇ। ਮਿੱਟੀ ਨਾ ਫ਼ਰੋਲ ਜੋਗੀਆ, ਨਹੀਓਂ ਲੱਭਣੇ ਲਾਲ ਪਿਆਰੇ।

ਜਾਂਦੀ ਨਾ ਭੁਲਾਈ ਤੇਰੀ ਯਾਦ

ਜਾਂਦੀ ਨਾ ਭੁਲਾਈ ਤੇਰੀ ਯਾਦ ਚੰਦਰੀ ਨੀ ਮੂੰਹੋਂ ਕਹਿਣ ਵੀ ਨਾ ਦੇਵੇਂ। ਘੜੀ ਮੁੜੀ ਚੇਤਿਆਂ 'ਚ ਆਈ ਜਾਈ ਜਾਵੇਂ, ਮਨੋ ਲਹਿਣ ਵੀ ਨਾ ਦੇਵੇਂ। ਅਠਸਠ ਤੀਰਥਾਂ ਦੀ ਕੀਤੀ ਪਰਦੱਖਣਾ ਵੀ, ਭਟਕਦੀ ਹਮੇਸ਼ ਰਹਿੰਦੀ ਆਤਮਾ। ਖ਼ੌਰੇ ਕੀ ਸਰਾਪ ਪੰਜ ਭੌਤਕੀ ਸਰੀਰ ਤਾਈਂ, ਤੇਰੇ ਵਿਚੋਂ ਲੱਭੇ ਪ੍ਰਮਾਤਮਾ। ਰਿਸ਼ੀ ਦੀ ਤਪੱਸਿਆ ਤੇ ਬਿਰਤੀ ਵੀ ਭੰਗ, ਕੱਲ੍ਹਾ ਬਹਿਣ ਵੀ ਨਾ ਦੇਵੇਂ। ਜਾਂਦੀ ਨਾ ਭੁਲਾਈ... ... ...। ਉਮਰਾਂ ਤੋਂ ਲੰਮੇ ਵਾਅਦੇ, ਕੀਤੇ ਇਕਰਾਰ, ਕਿੱਥੇ ਗਏ ਧਰਵਾਸੇ। ਜਾਣ ਵੇਲੇ ਲੈ ਗਈ ਨੀ ਤੂੰ ਹੂੰਝ ਕੇ ਬੁਹਾਰੀ, ਸਭ ਖੁਸ਼ੀਆਂ ਤੇ ਹਾਸੇ। ਲੋਹੇ ਦਾ ਵਜੂਦ ਮੇਰਾ ਮੋਮ ਬਣਿਆ ਨੀ ਸੇਕ ਸਹਿਣ ਵੀ ਨਾ ਦੇਵੇਂ। ਜਾਂਦੀ ਨਾ ਭੁਲਾਈ... ... ....। ਇੱਕੋ ਪਛਤਾਵਾ ਮੈਨੂੰ, ਮਹਿਕਦੇ ਬਗੀਚੇ ਵਿਚੋਂ, ਫੁੱਲ ਕਿਉਂ ਉਨਾਭੀ ਰੰਗਾ ਮੰਗਿਆ। ਕੰਡਿਆਂ ਨੇ ਓਸੇ ਵੇਲੇ ਰਲ ਕੇ ਸਲਾਹ ਕੀਤੀ, ਦਿਲ ਮੇਰਾ ਸੂਲਾਂ ਉੱਤੇ ਟੰਗਿਆ। ਰੂਹ ਦੀ ਸ਼ਿਕਾਇਤ ਨਾ ਕੋਈ ਸੁਣੇ ਪੰਚਾਇਤ, ਗੱਲ ਕਹਿਣ ਵੀ ਨਾ ਦੇਵੇਂ। ਪਲਕਾਂ ’ਚ ਹੰਝੂ ਪਥਰਾਏ, ਮੇਰੇ ਹਾਏ, ਨੀ ਤੂੰ, ਸੁਪਨੇ ’ਚ ਆਉਣਾ ਜਾਣਾ ਛੱਡ ਦੇਹ। ਖੇੜਿਆਂ ਦੇ ਰੰਗਪੁਰ, ਵੱਸੀ ਜਾਹ ਤੂੰ ਰੰਗਾਂ ਵਿਚ, ਮੈਨੂੰ ਵੀ ਤੂੰ ਦਿਲ ਵਿਚੋਂ ਕੱਢ ਦੇਹ। ਯਾਦਾਂ ਦੇ ’ਵਰੋਲੇ, ਕਰੀ ਜਾਣ ਅੰਨ੍ਹੇ ਬੋਲੇ, ਧੂੜ ਲਹਿਣ ਵੀ ਨਾ ਦੇਵੇਂ। ਜਾਂਦੀ ਨਾ ਭੁਲਾਈ ਤੇਰੀ ਯਾਦ ਚੰਦਰੀ, ਨੀ ਮੂੰਹੋਂ ਕਹਿਣ ਵੀ ਨਾ ਦੇਵੇਂ।

ਐ ਪੰਜਾਬ ਵਾਸੀਓ !

(ਅੱਤਵਾਦ ਦੀ ਤੇਜ਼ ਹਨੇਰੀ ਮੌਕੇ ਇਹ ਗੀਤ 1986 'ਚ ਸਵ. ਨਰਿੰਦਰ ਬੀਬਾ ਜੀ ਨੇ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਲਈ ਰੀਕਾਰਡ ਕਰਵਾਇਆ ਸੀ।) ਖੇਡਾਂ ਖੇਡੋ ਤੇ ਖਿਡਾਓ ਐ ਪੰਜਾਬ ਵਾਸੀਓ! ਜੜੋਂ ਈਰਖ਼ਾ ਮੁਕਾਓ ਐ ਪੰਜਾਬ ਵਾਸੀਓ! ਖੇਡਾਂ ਖੇਡਣਾ ਖਿਡਾਉਣਾ ਸਾਡਾ ਧਰਮ ਨਿਸ਼ਾਨ। ਸਾਡੇ ਵਾਸਤੇ ਹੈ ਏਹੀ ਹੁਣ ਦੀਨ ਤੇ ਈਮਾਨ। ਸਾਰੇ ਰਲ ਮਿਲ ਗਾਓ ਐ ਪੰਜਾਬ ਵਾਸੀਓ! ਸਾਡੇ ਧਰਮਾਂ ਦੇ ਲੋਕ ਰਲ ਖੇਡਦੇ ਕਬੱਡੀ। ਕਦੇ ਆਵੇ ਨਾ ਧਿਆਨ ਕਿਹੜੀ ਜ਼ਾਤ ਛੋਟੀ ਵੱਡੀ। ਏਹੀ ਸਬਕ ਪੜ੍ਹਾਓ ਐ ਪੰਜਾਬ ਵਾਸੀਓ! ਬੈਲਗੱਡੀਆਂ ਦੀ ਦੌੜ ਦਾ ਨਜ਼ਾਰਾ ਵੇਖ ਲਓ। ਏਕਾ ਬੌਲਦਾਂ ਦਾ ਜਿੱਤਦੈ ਇਸ਼ਾਰਾ ਵੇਖ ਲਓ। ਪਿਆਰ ਚੇਤਨਾ ਵਧਾਓ ਐ ਪੰਜਾਬ ਵਾਸੀਓ! ਪਵੇ ਕਿੱਕਲੀ ਤੇ ਗਿੱਧਾ ਬੋਲੀ ਪਾਉਣ ਮੁਟਿਆਰਾਂ। ਲੱਗੇ ਅੰਬਰਾਂ ਤੋਂ ਲੱਥੀਆਂ ਨੇ ਕੂੰਜਾਂ ਦੀਆਂ ਡਾਰਾਂ। ਕੂੰਜਾਂ ਅੱਗ ਤੋਂ ਬਚਾਓ ਐ ਪੰਜਾਬ ਵਾਸੀਓ! ਜੜ੍ਹੋਂ ਈਰਖ਼ਾ ਮੁਕਾਓ ਐ ਪੰਜਾਬ ਵਾਸੀਓ!

ਖੇਡ ਗੀਤ

(ਹੰਸ ਰਾਜ ਹੰਸ ਦੇ ਨਾਂ... ਜਿਸ ਦੇ ਗਾਏ ਲੁਧਿਆਣਾ ਵਿਖੇ 2001 ਵਿਚ ਹੋਈਆਂ ਕੌਮੀ ਖੇਡਾਂ ਦਾ ਆਰੰਭ ਹੋਇਆ ਸੀ।) ਖੇਡਣ ਦੇ ਦਿਨ ਚਾਰ ਦੋਸਤੋ, ਖੇਡਣ ਦੇ ਦਿਨ ਚਾਰ। ਵਿਚ ਮੈਦਾਨੇ ਜੋ ਨਾ ਨਿੱਤਰੇ, ਉਹ ਧਰਤੀ 'ਤੇ ਭਾਰ ਦੋਸਤੋ! ਖੇਡਣ ਦੇ ਦਿਨ ਚਾਰ ... ... ... ... ... । ਧਰਤੀ ਦੇਸ ਪੰਜਾਬ ਦੀ ਜਿਥੇ ਪੰਜ ਦਰਿਆ ਦੇ ਹਾਣੀ। ਸਿੰਜਦੇ ਮਾਲਵਾ, ਮਾਝਾ ਦੇਂਦੇ, ਦੋਆਬੇ ਨੂੰ ਪਾਣੀ। ਹਰੀਆਂ ਭਰੀਆਂ ਫ਼ਸਲਾਂ ਸਦਕਾ, ਜਗ ਤੇ ਤੁਰੀ ਕਹਾਣੀ। ਵਿਗਿਆਨੀ, ਕਿਰਸਾਨਾਂ ਰਲ ਕੇ ਅੰਨ ਦੇ ਭਰੇ ਭੰਡਾਰ । ਦੋਸਤੋ! ਖੇਡਣ ਦੇ ਦਿਨ ਚਾਰ ... ... ... ... । ਕਿੱਕਰ ਸਿੰਘ ਗਾਮੇ ਤੇ ਦਾਰੇ, ਪਹਿਲਵਾਨ ਕਰਤਾਰਾਂ। ਕੁੱਲ ਦੁਨੀਆਂ ਤੇ ਝੰਡੀ ਕੀਤੀ, ਕਦੇ ਨਾ ਮੰਨੀਆਂ ਹਾਰਾਂ। ਪਿਰਥੀਪਾਲ, ਸੁਰਜੀਤ ਦੇ ਮਗਰੋਂ ਪਰਗਟ ਸਿੰਘ ਦੇ ਯਾਰਾਂ। ਰਮਨਦੀਪ ਦੇ ਸਾਥੀ ਬਣ ਗਏ ਹਾਕੀ ਵਿਚ ਸਰਦਾਰ। ਵੀਰਿਓ! ਖੇਡਣ ਦੇ ਦਿਨ ਚਾਰ... ... ... ... ...। ਰੱਸਾ ਖਿੱਚਦੇ ਬਾਬੇ, ਖੇਡਣ ਮੁੰਡੇ ਕੌਡ-ਕਬੱਡੀ। ਸਭ ਧਰਮਾਂ ਦਾ ਸਾਂਝਾ ਮੁੜ੍ਹਕਾ, ਊਚ ਨੀਚ ਸਭ ਛੱਡੀ। ਮਿਲਖਾ ਸਿੰਘ ਜਿਹੇ ਉਡਣ-ਖਟੋਲੇ ਮਾਰ ਮਾਰਦੇ ਵੱਡੀ। ਚਲੋ ਅਖਾੜੇ ਦੇ ਵਿਚ ਚੱਲੀਏ, ਕੱਲ੍ਹ ਦਾ ਨਹੀਂ ਇਤਬਾਰ। ਵੀਰਿਓ ! ਖੇਡਣ ਦੇ ਦਿਨ ਚਾਰ ... ... ... ... ....। ਬਾਜ਼ਾਂ ਵਰਗੇ ਗੱਭਰੂ ਵੇਖੋ, ਮਿਰਗਣੀਆਂ ਮੁਟਿਆਰਾਂ। ਵਿਚ ਮੈਦਾਨ ਦੇ ਉੱਡਦੀਆਂ ਨੇ ਅਹੁ ਕੂੰਜਾਂ ਦੀਆਂ ਡਾਰਾਂ। ਮੇਰੀ ਇਹ ਅਰਦਾਸ ਇਨ੍ਹਾਂ ਨੂੰ ਕਦੇ ਨਾ ਆਵੇ ਹਾਰ। ਵੀਰਿਓ ! ਖੇਡਣ ਦੇ ਦਿਨ ਚਾਰ ... ... ... ... ...।

ਸਾਰਾ ਪਿੰਡ ਪੁੱਛਦਾ...

(ਸੁਰਿੰਦਰ ਛਿੰਦਾ ਦੀ ਦੋਸਤੀ ਦੇ ਨਾਂ) ਸਾਂਭ ਰੱਖ ਰੂਪ ਡਾਢੇ ਰੱਬ ਦੀ ਦੁਹਾਈ ਆ। ਸਾਰਾ ਪਿੰਡ ਪੁੱਛਦਾ ਪ੍ਰਾਹੁਣੀ ਕਿੱਥੋਂ ਆਈ ਆ। ਗੋਲ ਮੋਲ ਬੁੱਲ੍ਹ ਸੂਹੇ ਪੱਤੀਆਂ ਗੁਲਾਬ ਨੀ। ਅੱਖਾਂ ਵਿਚੋਂ ਡੁੱਲ੍ਹੇ ਪਹਿਲੇ ਤੋੜ ਦੀ ਸ਼ਰਾਬ ਨੀ। ਕਿਤੇ ਕਿਤੇ ਰੱਬ ਏਦਾਂ ਵੰਡਦਾ ਸ਼ਬਾਬ ਨੀ। ਰਾਣੋ ਮੇਰੀ ਰੱਬ ਵਿਹਲੇ ਬੈਠ ਕੇ ਬਣਾਈ ਆ। ਸਾਰਾ ਪਿੰਡ ਪੁੱਛਦਾ... ... ... ... ...। ਸਿਰ ਉੱਤੇ ਚੁੰਨੀ ਲਵੇਂ ਬੱਦਲਾਂ ਦੇ ਰੰਗ ਦੀ। ਮਿੱਤਰਾਂ ਦੀ ਜਾਨ ਕਾਹਨੂੰ ਸੂਲੀ ਉੱਤੇ ਟੰਗਦੀ? ਸੱਤਰੰਗੀ ਪੀਂਘ ਲਿਸ਼ਕੋਰ ਤੇਰੀ ਵੰਗ ਦੀ। ਟੂਣੇ ਹਾਰੀ ਗੁੱਤ ਕਿਹੜੀ ਨੈਣ ਤੋਂ ਗੁੰਦਾਈ ਆ। ਸਾਰਾ ਪਿੰਡ ਪੁੱਛਦਾ... ... ... ... ...। ਹੱਸਦੀ ਏਂ ਜਦੋਂ ਮੂੰਹੋਂ ਕਿਰਦੇ ਨੇ ਫੁੱਲ ਨੀ। ਏਡੀ ਵੱਡੀ ਧਰਤੀ ਤੇ ਕਿਹੜਾ ਤੇਰੇ ਤੁੱਲ ਨੀ। ਗੱਲ੍ਹਾਂ ਵਿਚ ਟੋਇਆਂ ਦਾ ਮੈਂ ਪਾਵਾਂ ਕਿੰਜ ਮੁੱਲ ਨੀ। ਤੋਰ ਤੇਰੀ ਬੱਲੇ ! ਜੀਕੂੰ ਫ਼ੌਜਾਂ ਦੀ ਚੜ੍ਹਾਈ ਆ। ਸਾਰਾ ਪਿੰਡ ਪੁੱਛਦਾ... ... ... ... ...। ਲੋਕੀਂ ਸਾਰੇ ਕਹਿਣ ਤੈਨੂੰ ਗਿੱਧਿਆਂ ਦੀ ਰਾਣੀ ਨੀ। ਅੱਡੀ ਮਾਰ ਧਰਤੀ 'ਚੋਂ ਕੱਢ ਦੇਵੇਂ ਪਾਣੀ ਨੀ। ਸਾਰਾ ਪਿੰਡ ਪਾਈ ਜਾਵੇ ਤੇਰੀ ਹੀ ਕਹਾਣੀ ਨੀ। ਮੇਰੇ ਜਿਹਾ ਕੋਰਾ ਬੰਦਾ ਕਰ ਤਾ ਸ਼ੈਦਾਈ ਆ। ਸਾਰਾ ਪਿੰਡ ਪੁੱਛਦਾ ਪ੍ਰਾਹੁਣੀ ਕਿੱਥੋਂ ਆਈ ਆ।

ਖਿੜੀਆਂ ਕਪਾਹਾਂ ਉੱਤੇ

ਖਿੜੀਆਂ ਕਪਾਹਾਂ ਉੱਤੇ ਤੋਤੇ ਮੌਜਾਂ ਮਾਣਦੇ। ਹਾਣੀਆਂ ਨੂੰ ਮਿਲਦੇ ਨੇ ਏਸ ਰੁੱਤੇ ਹਾਣਦੇ। ਖਿੜੀਆਂ ਕਪਾਹਾਂ ਵਿਚ ਫੁੱਲ ਦਰਿਆਈ ਦਾ। ਸੱਜਣਾ ਪਿਆਰਿਆ ਵੇ ਇੰਜ ਨਹੀਂ ਸਤਾਈਦਾ। ਨਰਮੇ ਦੀ ਛੁੱਟੀ ਵਾਂਗੂੰ ਖਿੜ ਖਿੜ ਜਾਈਦਾ। ਖਿੜ ਪਿਆ ਨਰਮਾ ਤੇ ਖਿੜੀਆਂ ਕਪਾਹਾਂ ਵੇ। ਚੁਗ ਚੁਗ ਹਾਰ ਗਈਆਂ ਮੇਰੀਆਂ ਬਾਹਵਾਂ ਵੇ। ਨਰਮੇ ਦੀ ਮਹਿਕ ਘੁਲੀ ਮੇਰੇ ਵਿਚ ਸਾਹਵਾਂ ਵੇ। ਨਰਮੇ ਕਪਾਹਾਂ ਵਾਲੀ ਗੱਲ ਸੁਣ ਹਾਣੀਆਂ। ਟੀਂਡਿਆਂ ਦੇ ਭਾਰ ਨਾਲ ਲਿਫੀਆਂ ਨੇ ਟਾਹਣੀਆਂ। ਪਿੰਡ ਪਿੰਡ ਤੁਰ ਪਈਆਂ ਇਹਦੀਆਂ ਕਹਾਣੀਆਂ। ਚੁਗ ਲਿਆ ਨਰਮਾ ਤੇ ਚੁਗੀਆਂ ਕਪਾਹਾਂ ਵੇ। ਏਹੀ ਮੇਰੀ ਚੁੰਨੀ, ਤੇਰੀ ਪੱਗ ਅਤੇ ਬਾਹਵਾਂ ਵੇ। ਏਸ ਦੇ ਸਹਾਰੇ ਅੱਜ ਚਾਨਣੀਆਂ ਰਾਹਵਾਂ ਵੇ।

ਤੇਰੀਆਂ ਮੈਂ ਲੱਖ ਮੰਨਦੀ

ਵੱਢ ਕਣਕ ਬੀਜ ਦੇ ਨਰਮਾ ਚੁਗਣੇ ਨੂੰ ਮੈਂ ਤਕੜੀ ਚੰਨ ਵੇ ਤੇਰੀਆਂ ਮੈਂ ਲੱਖ ਮੰਨਦੀ ਤੂੰ ਇਕ ਮੰਨ ਵੇ। ਜੱਟਾ ਜਾਈਂ ਤੂੰ ਸ਼ਹਿਰ ਲੁਧਿਆਣੇ, ਓਥੇ ਜਾ ਕੇ ਹਿੰਮਤ ਕਰੀਂ। ਮੇਲੇ ਜਾਈਂ ਵੇ ਤੂੰ ਬੀਜ ਲਿਆਈਂ ਵੇ ਨਵੀਆਂ ਕਿਸਮਾਂ ਦਾ, ਚੰਨ ਵੇ ... ਤੇਰੀਆਂ ਮੈਂ ਲੱਖ ਮੰਨਦੀ ਤੂੰ ਇਕ ਮੰਨ ਵੇ। ਜਦੋਂ ਖਿੜ ਪਏ ਕਪਾਹਾਂ ਨਰਮੇ, ਚਾਂਦੀ ਦਾ ਭੁਲੇਖਾ ਪਾਉਣਗੇ। ਰਾਤਾਂ ਕਾਲੀਆਂ ਅਕਾਸ਼ੀ ਤਾਰੇ, ਤਾਰਿਆਂ ਦੇ ਵਿਚ ਲਿਸ਼ਕੇ, ਚੰਨ ਵੇ। ਤੇਰੀਆਂ ਮੈਂ ਲੱਖ ਮੰਨਦੀ ਤੂੰ ਇਕ ਮੰਨ ਵੇ।

ਨੀ ਬੱਲੀਏ ਕਣਕ ਦੀਏ

(ਡਾ. ਸੁਖਚੈਨ ਦੇ ਨਾਂ) ਨੀ ਬੱਲੀਏ ਕਣਕ ਦੀਏ ਤੈਨੂੰ ਖਾਣਗੇ ਨਸੀਬਾਂ ਵਾਲੇ। ਰੀਝਾਂ ਤੇ ਉਮੀਦਾਂ ਸਾਡੀ ਜ਼ਿੰਦਗੀ ਦੀ ਆਸ ਤੂੰ। ਸਾਡੀਆਂ ਉਮੰਗਾਂ ਤੇ ਤਰੰਗਾਂ ਧਰਵਾਸ ਤੂੰ। ਤੇਰੇ ਨਿੱਘ ’ਚ ਨਾ ਪੋਂਹਦੇ ਸਾਨੂੰ ਪਾਲੇ। ਨੀ ਬੱਲੀਏ ਕਣਕ ਦੀਏ ਤੈਨੂੰ ਖਾਣਗੇ ਨਸੀਬਾਂ ਵਾਲੇ। ਜਾਗ ਜਾਗ ਰਾਤਾਂ ਤੈਨੂੰ ਔਖੇ ਹੋ ਕੇ ਪਾਲੀਏ। ਧੀਆਂ ਪੁੱਤਾਂ ਨਾਲੋਂ ਵੱਧ ਤੈਨੂੰ ਨੀ ਸੰਭਾਲੀਏ। ਸਹੀਏ ਕੱਕਰ ਮੱਘਰ ਪੋਹ ਪਾਲੇ। ਨੀ ਬੱਲੀਏ ਕਣਕ ਦੀਏ ... ... ... ... ...। ਸੋਨੇ ਰੰਗੀ ਰੁੱਤ ਵਿਚ ਮੋਤੀ ਕਿੰਨੇ ਸੱਜਦੇ। ਤੇਰੇ ਕੋਲੋਂ ਲੰਘਿਆਂ ਨੇ ਸਾਜ਼ ਲੱਖਾਂ ਵੱਜਦੇ। ਤੇਰੇ ਜੋਬਨੇ ਕਰੇ ਮਤਵਾਲੇ। ਨੀ ਬੱਲੀਏ ਕਣਕ ਦੀਏ ਤੈਨੂੰ ਖਾਣਗੇ ਨਸੀਬਾਂ ਵਾਲੇ।

ਲੈ ਦੇ ਮਾਹੀਆ

ਹੁਣ ਤੇ ਤੂੰ ਰੱਖ ਲਈਆਂ ਸ਼ਹਿਦ ਦੀਆਂ ਮੱਖੀਆਂ। ਬੜਾ ਚਿਰ ਰੀਝਾਂ ਵੇ ਮੈਂ ਸਾਂਭ ਸਾਂਭ ਰੱਖੀਆਂ। ਲੈ ਦੇ ਮਾਹੀਆ ਮੋਰਾਂ ਦਿਆਂ ਖੰਭਾਂ ਦੀਆਂ ਪੱਖੀਆਂ। ਕੇਸਰੀ ਕਪਾਹੀ ਗੁਲਾਨਾਰੀ ਫੁੱਲਾਂ ਨਾਲ ਵੇ। ਘਰ ਦੇ ਚੁਫ਼ੇਰੇ ਵੇਖ ਹੋ ਗਈ ਕਮਾਲ ਵੇ। ਖ਼ੁਸ਼ਬੂ ਨੇ ਕੀਤਾ ਮੈਨੂੰ ਹਾਲ ਤੋਂ ਬੇਹਾਲ ਵੇ। ਵੇਖ ਵੇਖ ਇਨ੍ਹਾਂ ਨੂੰ ਸਰੂਰੀਆਂ ਨੇ ਅੱਖੀਆਂ। ਲੈ ਦੇ ਮਾਹੀਆ ਮੋਰਾਂ ਦਿਆਂ ਖੰਭਾਂ ਦੀਆਂ ਪੱਖੀਆਂ। ਵੇਖ ਲੈ ਹਜ਼ਾਰਾਂ ਕਿਵੇਂ ਇਕੋ ਛੱਤੇ ਰਹਿੰਦੀਆਂ। ਇਕ ਦੂਜੇ ਨੂੰ ਇਹ ਕਦੇ ਕੁਝ ਵੀ ਨਾ ਕਹਿੰਦੀਆਂ। ਫੁੱਲਾਂ ਤੋਂ ਬਗੈਰ ਕਿਸੇ ਹੋਰ ਥਾਂ ਨਾ ਬਹਿੰਦੀਆਂ। ਮੇਰੀਆਂ ਤੇ ਬਣ ਗਈਆਂ ਗੂੜ੍ਹੀਆਂ ਇਹ ਸਖੀਆਂ। ਲੈ ਦੇ ਮਾਹੀਆ ਮੋਰਾਂ ਦਿਆਂ ਖੰਭਾਂ ਦੀਆਂ ਪੱਖੀਆਂ। ਮੰਗਦੀ ਆਂ ਦਿਨੇ ਰਾਤੀਂ ਚੰਨਾ ਤੇਰੀ ਖ਼ੈਰ ਵੇ। ਧਰਤੀ 'ਤੇ ਲੱਗਦਾ ਨਾ ਹੁਣ ਮੇਰਾ ਪੈਰ ਵੇ। ਵੇਖ ਕੇ ਵਗਾਈ ਤੇਰੀ ਸ਼ਹਿਦ ਵਾਲੀ ਨਹਿਰ ਵੇ। ਵੇਖ ਵੇਖ ਏਸ ਨੂੰ ਸਰੂਰੀਆਂ ਨੇ ਅੱਖੀਆਂ। ਲੈ ਦੇ ਮਾਹੀਆ ਮੋਰਾਂ ਦਿਆਂ ਖੰਭਾਂ ਦੀਆਂ ਪੱਖੀਆਂ। ਗੱਲ ਮੇਰੀ ਸੁਣ ਮੇਰੇ ਢੋਲ ਚੰਨ ਮੱਖਣਾ। ਵਿਦਿਆ ਬਗੈਰ ਤਾਂ ਹਨੇਰ ਜੱਗ ਸੱਖਣਾ। ਕਾਹਨੂੰ ਵੇ ਗਿਆਨ ਆਪਾਂ ਘਰੇ ਦੱਬੀ ਰੱਖਣਾ। ਦੱਸ ਕੇ ਤੇ ਹੋਰਾਂ ਦੀਆਂ ਖੋਲ੍ਹ ਚੰਨਾ ਅੱਖੀਆਂ। ਲੈ ਦੇ ਮਾਹੀਆ ਮੋਰਾਂ ਦਿਆਂ ਖੰਭਾਂ ਦੀਆਂ ਪੱਖੀਆਂ।

ਜੁਗ ਜੁਗ ਜੀਅ ਭਾਬੋ

ਵੀਰ ਮੇਰੇ ਨੇ ਕੁੜਤੀ ਦਿੱਤੀ ਭਾਬੋ ਨੇ ਫੁਲਕਾਰੀ। ਜੁਗ ਜੁਗ ਜੀਅ ਭਾਬੋ ਲੱਗੇਂ ਵੀਰ ਤੋਂ ਪਿਆਰੀ। ਇਹ ਫੁਲਕਾਰੀ ਸਿਰ ਤੇ ਲੈ ਕੇ ਜਦ ਖੇਤਾਂ ਵੱਲ ਆਵਾਂ। ਸਰ੍ਹੋਂ ਤੋਰੀਆ ਖਿੜ ਕੇ ਕਹਿੰਦੇ ਮੈਂ ਬਲਿਹਾਰੇ ਜਾਵਾਂ। ਲਾਟ ਵਾਗਰਾਂ ਮੱਚਦਾ ਜੋਬਨ ਜਦੋਂ ਲਾਵਾਂ ਫੁਲਕਾਰੀ। ਜੁਗ ਜੁਗ ਜੀਅ ਭਾਬੋ ਲੱਗੇਂ ਵੀਰ ਤੋਂ ਪਿਆਰੀ। ਫੁਲਕਾਰੀ ਦੀਆਂ ਧੁੰਮਾਂ ਪਈਆਂ ਸਹੁਰਿਆਂ ਦੇ ਪਿੰਡ ਸਾਰੇ। ਕੁੜੀਆਂ ਪੁੱਛਣ ਕਿੱਦਾਂ ਜੋੜੇ ਅੰਬਰੋਂ ਲਾਹ ਕੇ ਤਾਰੇ। ਸਾਰੇ ਪਿੰਡ ਤੋਂ ਜਰੀ ਨਾ ਜਾਵੇ ਸਿਰ ਸੂਹੀ ਫੁਲਕਾਰੀ। ਜੁਗ ਜੁਗ ਜੀਅ ਭਾਬੋ ਲੱਗੇਂ ਵੀਰ ਤੋਂ ਪਿਆਰੀ। ਇਹ ਫੁਲਕਾਰੀ ਸ਼ਰਮ ਹਯਾ ਦਾ ਪੇਕਿਆਂ ਦਿੱਤਾ ਗਹਿਣਾ। ਸੁੱਚੇ ਪੱਟ ਦੀ ਲਾਜ ਪਾਲਣੀ ਸਾਦ ਮੁਰਾਦੇ ਰਹਿਣਾ। ਦਸਾਂ ਨਹੁੰਆਂ ਦੀ ਕਿਰਤ ਕਮਾਈ ਘਰ ਬੈਠੇ ਸਰਦਾਰੀ। ਜੁਗ ਜੁਗ ਜੀਅ ਭਾਬੋ ਲੱਗੇਂ ਵੀਰ ਤੋਂ ਪਿਆਰੀ।

ਮਾਂ ਦੁੱਲੇ ਦੀ ਬੋਲਦੀ

ਮਾਂ ਦੁੱਲੇ ਦੀ ਬੋਲਦੀ ਕਹਿੰਦੀ ਸੁਣ ਪੁੱਤਰਾ ਇਕ ਵਾਰ ਵੇ। ਤੇਰਾ ਬਾਪ ਤੇ ਦਾਦਾ ਸੋਹਣਿਆਂ, ਮੁਗਲਾਂ ਨੇ ਦਿੱਤਾ ਮਾਰ ਵੇ। ਰਾਜਾ ਮੰਗਦਾ ਸੀ ਸਾਥੋਂ ਮਾਲੀਆ, ਜੇ ਨਾ ਦੇਂਦੇ ਤੇ ਪਾਏ ਫਿਟਕਾਰ ਵੇ। ਅਸੀਂ ਬਾਗੀ ਹੋ ਗਏ ਉਸ ਤੋਂ, ਤਾਹੀਉਂ ਦਿੱਤਾ ਉਹਨੇ ਕਹਿਰ ਗੁਜ਼ਾਰ ਵੇ। ਨਾਲੇ ਦਾਦੇ ਤੇਰੇ ਨੂੰ ਲੈ ਗਏ, ਜਿਹੜਾ ਭੱਟੀਆਂ ਦੇ ਸਿਰ ਦਸਤਾਰ ਵੇ। ਇਹ ਨਾ ਮੰਨਦੇ ਸੀ ਤਖ਼ਤ ਲਾਹੌਰ ਨੂੰ, ਨਾਲੇ ਦਿੱਲੀ ਨੂੰ ਵੀ ਦੇਂਦੇ ਸੀ ਵੰਗਾਰ ਵੇ। ਉਹਨੇ ਦੇ ਕੇ ਹੁਕਮ ਜੱਲਾਦ ਨੂੰ, ਜਾਨੋਂ ਮਾਰ ਮੁਕਾਏ ਝੱਟ ਪਾਰ ਵੇ। ਕਹਿੰਦੇ ਖ਼ੂਨ ਤੇ ਪਸੀਨੇ ਦੀ ਕਮਾਈ ਤੇ, ਦੱਸ ਮੁਗਲਾ ਕੀ ਤੇਰਾ ਅਧਿਕਾਰ ਵੇ। ਇਨ੍ਹਾਂ ਦੋਹਾਂ ਦੀ ਬਹਾਦਰੀ ਨੂੰ ਹੀਰਿਆ, ਅੱਜ ਤੀਕ ਗਾਉਂਦੀ ਸਾਰੀ ਸਾਂਦਲ ਬਾਰ ਵੇ। ਦੁੱਲਾ ਆਖਦਾ ਨਾ ਰੋ ਮਾਏ ਮੇਰੀਏ, ਵੇਖੂੰ ਅਕਬਰ ਦਾ ਮੈਂ ਜ਼ੋਰ ਨੀ। ਨੀ ਮੈਂ ਭੰਨ ਦਊਂ ਹੰਕਾਰ ਵਾਲੇ ਕਿਲ੍ਹੇ, ਪਾਊਂ ਵਖ਼ਤ ਮੈਂ ਤਖ਼ਤ ਲਾਹੌਰ ਨੀ। ਨੀ ਮੈਂ ਰੰਡੀਆਂ ਕਰੂੰ ਮੁਗਲਾਣੀਆਂ, ਅੱਜ ਪਰਖ਼ਣੇ ਚੁਗੱਤਿਆਂ ਦੇ ਜ਼ੋਰ ਨੀ। ਚੇਤੇ ਰੱਖੇਗਾ ਜ਼ਮਾਨਾ ਏਸ ਯੁੱਧ ਨੂੰ, ਟਿੰਡਾਂ ਰੁਲਣਗੀਆਂ ਪਿੰਡੀ ਤੇ ਲਾਹੌਰ ਨੀ। ਜੀਹਨੇ ਬਾਰ ਦੀ ਅਣਖ਼ ਨੂੰ ਵੰਗਾਰਿਆ, ਸਾਡੇ ਵਾਸਤੇ ਤਾਂ ਉਹੀ ਵੱਡਾ ਚੋਰ ਨੀ। ਮਾਂ ਦੁੱਲੇ ਦੀ ਵਰਜਦੀ, ਕਹਿੰਦੀ ਸੁਣ ਲਿਆ ਸਰਦਾਰ ਵੇ। ਵੇ ਤੂੰ ਕੱਲ੍ਹੇ ਨੇ ਲੜਾਈ ਨਹੀਂਉਂ ਜਿੱਤਣੀ, ਦੂਜੇ ਬੰਨੇ ਤਾਂ ਖੜ੍ਹੀ ਸਰਕਾਰ ਵੇ। ਪਹਿਲਾਂ ਕਰ ਲੈ ਤਿਆਰ ਵੇ ਤੂੰ ਕਾਫ਼ਲਾ, ਕੱਲ੍ਹੇ ਜੋਸ਼ ਪੱਲੇ ਪੈਂਦੀ ਸਦਾ ਹਾਰ ਵੇ। ਤੈਨੂੰ ਬਾਰ ਵਾਲੀ ਮਿੱਟੀ ਪਾਉਂਦੀ ਵਾਸਤਾ, ਕੱਲਾ ਪੰਛੀ ਨਾ ਕਦੇ ਬਣੇ ਡਾਰ ਵੇ। ਤੇਰਾ ਭਾਈਚਾਰਾ ਨਾਲ ਜੇ ਖਲੋ ਗਿਆ, ਲਈਂ ਫੇਰ ਭਾਵੇਂ ਦਿੱਲੀ ਨੂੰ ਵੰਗਾਰ ਵੇ। ਅੱਗਿਉਂ ਦੁੱਲਾ ਬੋਲਦਾ, ਕਹਿੰਦਾ ਮਾਏ ਮੈਨੂੰ ਹੱਥੀਂ ਆਪ ਤੋਰ ਨੀ। ਜਿਹੜੀ ਗੁੱਡੀ ਚੜ੍ਹੀ ਮੁਗਲਾਂ ਦੀ ਅਰਸ਼ 'ਤੇ, ਇਹਦੀ ਕੱਟਣੀ ਏਂ ਮੈਂ ਹੀ ਅੱਜ ਡੋਰ ਨੀ। ਜਿਹੜੇ ਅਣਖ਼ਾਂ ਦੀ ਫ਼ਸਲ ਲਿਤਾੜਦੇ, ਕਿੱਥੋਂ ਆਣ ਵੜੇ ਪੈਲੀਆਂ ’ਚ ਢੋਰ ਨੀ। ਜੀਹਨੇ ਸਾਡੀ ਦਸਤਾਰ ਹੱਥ ਪਾ ਲਿਆ, ਜਾ ਕੇ ਵੇਖਣੇ ਚੁਗੱਤਿਆਂ ਦੇ ਜ਼ੋਰ ਨੀ। ਮੈਨੂੰ ਕੱਲਾ ਨਾ ਸਮਝ ਮਾਏਂ ਮੇਰੀਏ, ਸਾਰੇ ਬਾਗੀ ਹੋਏ ਜੋ ਸੀ ਕਮਜ਼ੋਰ ਨੀ।

ਤਖ਼ਤ ਲਾਹੌਰ ਨੂੰ ਜਿਹੜਾ ਵੰਗਾਰਦਾ

ਤਖ਼ਤ ਲਾਹੌਰ ਨੂੰ ਜਿਹੜਾ ਵੰਗਾਰਦਾ। ਸੂਰਮਾ ਜਵਾਨ ਸੀ ਉਹ ਦੁੱਲਾ ਬਾਰ ਦਾ। ਜੀਹਦੇ ਬਾਪ ਦਾਦੇ ਨੂੰ ਸੀ ਫਾਹੇ ਟੰਗਿਆ। ਮਿਲਿਆ ਨਾ ਜਿੰਨ੍ਹਾਂ ਤੋਂ ਲਗਾਨ ਮੰਗਿਆ। ਮੁਗਲਾਂ ਦੇ ਕੋਲੋਂ ਜੋ ਕਦੇ ਨਾ ਹਾਰਦਾ। ਸੂਰਮਾ ਜਵਾਨ ਸੀ ਉਹ ਦੁੱਲਾ ਬਾਰ ਦਾ। ਕਿਰਤ ਕਮਾਈ ਅਸੀਂ ਆਪ ਕਰੀਏ। ਦੱਸ ਕਾਹਦਾ ਤੇਰਾ ਇਹ ਲਗਾਨ ਭਰੀਏ। ਕਿਹੜੀ ਗੱਲੋਂ ਅਕਬਰਾ ਤੈਥੋਂ ਡਰੀਏ? ਭਾਂਬੜਾਂ ਜਹੇ ਬੋਲ ਮੁੱਖ ਚੋਂ ਉਚਾਰਦਾ। ਸੂਰਮਾ ਜਵਾਨ ਸੀ ਉਹ ਦੁੱਲਾ ਬਾਰ ਦਾ। ਆਖਿਆ ਵੰਗਾਰ ਕੇ ਸੀ ਜੀਹਨੇ ਬਾਰ ਨੂੰ। ਤੋੜਨਾ ਏਂ ਰਾਜਿਆਂ ਦੇ ਹੰਕਾਰ ਨੂੰ। ਖਿੱਚ ਲਓ ਮਿਆਨ ਵਿਚੋਂ ਤਲਵਾਰ ਨੂੰ। ਬਾਦਸ਼ਾਹ ਲਾਹੌਰ ਦਾ ਸਾਨੂੰ ਵੰਗਾਰਦਾ। ਸੂਰਮਾ ਜਵਾਨ ਸੀ ਉਹ ਦੁੱਲਾ ਬਾਰ ਦਾ। ਮਾਰ ਕੇ ਨਗਾਰੇ ਸੱਟ ਅੱਗੇ ਲੱਗਿਆ। ਤੇਰੇ ਬਲਿਹਾਰੇ ਜਾਵਾਂ ਸ਼ੇਰ ਬੱਗਿਆ। ਤੇਰੀ ਕ੍ਰਿਪਾਨ ਅੱਗੇ ਕੋਈ ਨਾ ਤੱਗਿਆ। ਅਣਖ਼ ਆਜ਼ਾਦੀ ਦੇ ਲਈ ਜਾਨ ਵਾਰਦਾ। ਸੂਰਮਾ ਜਵਾਨ ਸੀ ਉਹ ਦੁੱਲਾ ਬਾਰ ਦਾ।

ਤੇਗ ਖਿੱਚ ਦੁੱਲੇ ਨੇ ਲਕੀਰਾਂ ਮਾਰੀਆਂ

ਤੇਗ ਖਿੱਚ ਦੁੱਲੇ ਨੇ ਲਕੀਰਾਂ ਮਾਰੀਆਂ। ਆਓ! ਜਿੰਨ੍ਹਾਂ ਨੂੰ ਨੇ ਇੱਜ਼ਤਾਂ ਪਿਆਰੀਆਂ। ਜਿਹੜੇ ਰਾਜਿਆਂ ਦੀ ਮੰਜੀ ਥੱਲੇ ਰਹਿਣਗੇ। ਭਲਕੇ ਬਿਰਾਦਰੀ ’ਚ ਕਿੱਦਾਂ ਬਹਿਣਗੇ। ਲਾਹਣਤੀ ਨਮੋਸ਼ੀਆਂ ਨੂੰ ਕਿਵੇਂ ਸਹਿਣਗੇ। ਖੁੱਲ੍ਹੇ ਡੁੱਲ੍ਹੇ ਪਾਣੀਆਂ 'ਚ ਲਾਈਏ ਤਾਰੀਆਂ। ਆਓ ! ਜਿੰਨ੍ਹਾਂ ਨੂੰ ਨੇ ਇੱਜ਼ਤਾਂ ਪਿਆਰੀਆਂ। ਸਾਡੇ ਮਾਪਿਆਂ ਦੇ ਘਰੀਂ ਜੋ ਨੇ ਜਣੀਆਂ। ਧੀਆਂ ਭੈਣਾਂ ਅੱਜ ਨੇ ਗੁਲਾਮ ਬਣੀਆਂ। ਮੱਥੇ ਦੀਆਂ ਨਾੜਾਂ ਜੇ ਅਜੇ ਨਾ ਤਣੀਆਂ। ਕਿਹੜੇ ਕੰਮ ਆਉਣਦੀਆਂ ਡੀਂਗਾਂ ਮਾਰੀਆਂ। ਆਓ ! ਜਿੰਨ੍ਹਾਂ ਨੂੰ ਨੇ ਇੱਜ਼ਤਾਂ ਪਿਆਰੀਆਂ। ਸੱਪ ਦਾ ਵਿਰੋਧ ਜੀਕੂੰ ਮੋਰ ਨਾਲ ਹੈ। ਪਿੰਡੀ ਦਾ ਮੁਕਾਬਲਾ ਲਾਹੌਰ ਨਾਲ ਹੈ। ਕਰਨਾ ਮੁਕਾਬਲਾ ਇਹ ਜ਼ੋਰ ਨਾਲ ਹੈ। ਲੋਕਾਂ ਸਾਹਮਣੇ ਕੀ ਮਹਿਲ ਤੇ ਮੁਨਾਰੀਆਂ। ਆਓ! ਜਿੰਨ੍ਹਾਂ ਨੂੰ ਨੇ ਇੱਜ਼ਤਾਂ ਪਿਆਰੀਆਂ। ਲੋੜ ਸਾਡੀ ਜਾਬਰਾਂ ਦਾ ਸਿਰ ਵੱਢਣਾ। ਹਾਕਮਾਂ ਦੀ ਧੌਣ ਵਿਚੋਂ ਕਿੱਲਾ ਕੱਢਣਾ। ਵੱਢ ਕੇ ਚੌਰਾਹੇ ਵਿਚ ਧੁੱਪੇ ਗੱਡਣਾ। ਜਾਇਜ਼ ਤਲਵਾਰ ਜੇ ਦਲੀਲਾਂ ਹਾਰੀਆਂ। ਆਓ! ਜਿੰਨਾਂ ਨੂੰ ਨੇ ਇੱਜ਼ਤਾਂ ਪਿਆਰੀਆਂ।

ਜਿੰਨਾ ਜ਼ੋਰ ਤੈਥੋਂ ਲੱਗਦੈ ਲਗਾ ਲੈ

ਜਿੰਨਾ ਜ਼ੋਰ ਤੈਥੋਂ ਲੱਗਦੈ ਲਗਾ ਲੈ-ਅਸਾਂ ਨਹੀਂ ਤੇਰੀ ਈਨ ਮੰਨਣੀ। ਸਾਡੇ ਜ਼ੋਰ ਨੂੰ ਤੂੰ ਹੋਰ ਅਜ਼ਮਾ ਲੈ-ਅਸਾਂ ਨਹੀਂ ਤੇਰੀ ਈਨ ਮੰਨਣੀ। ਬਾਰ ਦਿਆਂ ਜੰਮਿਆਂ ਨੂੰ ਪੁੱਠ ਤਲਵਾਰ ਦੀ। ਅਣਖਾਂ ਦੇ ਪਿੱਛੇ ਸਦਾ ਜ਼ਿੰਦਗਾਨੀ ਵਾਰਦੀ। ਸਾਥੋਂ ਬਾਰ ਬਾਰ ਭਾਵੇਂ ਅਖਵਾ ਲੈ-ਅਸਾਂ ਨਹੀਂ ਤੇਰੀ ਈਨ ਮੰਨਣੀ। ਹੱਡ ਭੰਨ ਕਿਰਤ ਕਮਾਈਆਂ ਅਸੀਂ ਕਰਦੇ। ਤੇਰੀਆਂ ਵਧੀਕੀਆਂ ਨੂੰ ਹਾਕਮਾ ਨਾ ਜਰਦੇ। ਭਾਵੇਂ ਪਰੇ ’ਚ ਖਲੋ ਕੇ ਅਖਵਾ ਲੈ-ਅਸਾਂ ਨਹੀਂ ਤੇਰੀ ਈਨ ਮੰਨਣੀ। ਤੈਨੂੰ ਜੇ ਬੰਦੂਕਾਂ ਅਤੇ ਫ਼ੌਜਾਂ ਉੱਤੇ ਮਾਣ ਹੈ। ਮੇਰੇ ’ਚ ਭਰਾਵਾਂ ਅਤੇ ਡੌਲਿਆਂ ਦਾ ਤਾਣ ਹੈ। ਚੱਲ! ਦੁੱਲੇ ਨਾਲ ਅੱਜ ਟਕਰਾ ਲੈ-ਅਸਾਂ ਨਹੀਂ ਤੇਰੀ ਈਨ ਮੰਨਣੀ। ਦਿੱਲੀਆਂ ਲਾਹੌਰ ਸਾਡੇ ਪੈਰੀਂ ਆ ਕੇ ਪੈਣਗੇ। ਰੇਤ ਦੇ ਮਹੱਲ ਵੇਖੀਂ ’ਨ੍ਹੇਰੀ ਆਇਆਂ ਢਹਿਣਗੇ। ਸਾਡੀ ਸੁਣ ਲੈ ਤੇ ਆਪਣੀ ਸੁਣਾ ਲੈ-ਅਸਾਂ ਨਹੀਂ ਤੇਰੀ ਈਨ ਮੰਨਣੀ।

ਲਿਖਦੀ ਨੂਰਮਦਾਂ ਦੁੱਲੇ ਨੂੰ

ਲਿਖਦੀ ਨੂਰਮਦਾਂ ਦੁੱਲੇ ਨੂੰ ਛੇਤੀ ਬਹੁੜੀਂ ਤੂੰ ਸੂਬਾ ਸਾਡੇ ਉੱਤੇ ਡਾਢਾ ਕਹਿਰ ਕਮਾਵੇ। ਆਖੇ ਬਣ ਜਾ ਮੇਰੀ ਬੇਗਮ ਛੱਡ ਕੇ ਦੁੱਲੇ ਨੂੰ, ਜਿਹੜਾ ਜੋਬਨ ਤੇਰਾ ਮਿੱਟੀ ਵਿਚ ਮਿਲਾਵੇ। ਲੈ ਲੈ ਰਾਜ ਭਾਗ ਤੂੰ ਮੰਗ ਲੈ ਜੋ ਕੁਝ ਮੰਗਣਾ ਏਂ, ਮੇਰਾ ਮੂੰਹ ਤੇਰੇ ਬਿਨ ਅੱਜ ਰੋਟੀ ਨਾ ਖਾਵੇ। ਲੱਖ ਰੁਪਈਆ ਸੋਨਾ ਰੁੱਪਾ, ਬਾਗ ਹਵਾਲੇ ਨੀ, ਤੇਰੇ ਦੁੱਲੇ ਨਾਲੋਂ ਸੋਹਣਾ ਮਹਿਲ ਸੁਹਾਵੇ। ਆਖੇ ਉਹ ਤਾਂ ਬਾਗੀ ਹੋਇਆ ਤਖ਼ਤ ਲਾਹੌਰ ਦਾ, ਉਹਦੀ ਜ਼ਿੰਦਗੀ ਦੇ ਦਿਨ ਗਿਣਵੇਂ ਰਹਿ ਗਏ ਚਾਰ ਨੀ। ਸਾਰੇ ਭੁੱਖੇ ਨੰਗੇ ਉਹਦੇ ਬੇਲੀ ਯਾਰ ਬਣੇ, ਉਹਨੂੰ ਸਰਦਾਰੀ ਦਾ ਚੜਿਆ ਤੇਜ਼ ਬੁਖਾਰ ਨੀ। ਜੀਕੂੰ ਅੱਡੀ ਹੇਠਾਂ ਕੀੜੀ ਮਿੱਧੀ ਦਿਸਦੀ ਨਹੀਂ, ਤੇਰਾ ਦੁੱਲਾ ਵੀ ਇਉਂ ਖ਼ਤਮ ਕਰੂ ਸਰਕਾਰ ਨੀ। ਨੀ ਤੂੰ ਰੰਡੀ ਹੋਣੋਂ ਪਹਿਲਾਂ ਬਹਿ ਕੇ ਸੋਚ ਜ਼ਰਾ, ਕਹਿਣਾ ਮੈਂ ਵੀ ਹੁਣ ਨਾ ਤੈਨੂੰ ਬਾਰ-ਮ-ਬਾਰ ਨੀ। ਮੇਰੀ ਜਾਨ ਕੁੜਿੱਕੀ ਦੇ ਵਿਚ ਦੁੱਲਿਆ ਬਹੁੜੀਂ ਤੂੰ, ਕੋਰੀ ਚਾਦਰ ਤੇ ਨਾ ਦਾਗ ਕਲੰਕੀ ਲਾਵੇ। ਅਸੀਂ ਬਾਰ ਦੇਸ ਦੀਆਂ ਜੰਮੀਆਂ ਜਾਈਆਂ ਮੋਰਨੀਆਂ, ਸਾਨੂੰ ਰਾਜਿਆਂ ਦਾ ਨਾ ਮਹਿਲ ਮੁਨਾਰਾ ਭਾਵੇ। ਖੁੱਲ੍ਹੀਆਂ ਜੂਹਾਂ, ਸੁੱਚੀਆਂ ਰੂਹਾਂ ਵਾਲੇ ਜਾਂਗਲੀਆ, ਛੇਤੀ ਪਹੁੰਚੀਂ ਸੂਬਾ ਡਾਢੀ ਜਾਨ ਸਤਾਵੇ। ਵੇ ਤੂੰ ਰਾਖਾ ਇੱਜ਼ਤ-ਅਣਖ਼ ਸਮੁੱਚੀ ਪਿੰਡੀ ਦਾ, ਤੇਰੀ ਨੂਰਮਦਾਂ ਅੱਜ ਕੂੰਜ ਵਾਂਗ ਕੁਰਲਾਵੇ। ਲੈ ਕੇ ਲਸ਼ਕਰ ਭਾਰਾ ਚੜ੍ਹ ਆ ਤਖ਼ਤ ਲਾਹੌਰ 'ਤੇ, ਜ਼ਾਲਮ ਸੂਬੇ ਨੂੰ ਤੂੰ ਐਸਾ ਸਬਕ ਸਿਖਾ ਵੇ। ਮੁੜ ਕੇ ਧੀ ਭੈਣ ਨਾ ਘੇਰੇ ਗਊ-ਗਰੀਬਾਂ ਦੀ, ਨੂਰਮਦਾਂ ਫਿਰ ਰਾਣੀ ਦੁੱਲੇ ਦੀ ਅਖਵਾਵੇ।

ਤੇਰੀ ਪਾਈ ਬਾਤ ਦਾ ਹੁੰਗਾਰਾ ਬਣਾਂਗੇ

ਤੇਰੀ ਪਾਈ ਬਾਤ ਦਾ ਹੁੰਗਾਰਾ ਬਣਾਂਗੇ ਓਇ ਸੋਹਣੇ ਬੀਰ ਦੁੱਲਿਆ। ਪਿੰਡੀ ਦਾ ਲਾਹੌਰ ਤੇ ਨਗਾਰਾ ਬਣਾਂਗੇ ਓਇ ਸੋਹਣੇ ਬੀਰ ਦੁੱਲਿਆ। ਜੰਮੇ ਅਣਜੰਮੇ ਬਾਰ ਵਾਲੇ ਭੱਟੀ ਭੈਣ-ਭਾਈ ਤੇਰੇ ਨਾਲ ਨੇ। ਦਿੱਲੀ ਤੇ ਲਾਹੌਰ ਵੱਲ ਕਰ ਕੂਚ ਤੂੰ ਓਇ ਸਭ ਤੇਰੇ ਨਾਲ ਨੇ। ਲੜਾਂਗੇ ਜਾਂ ਮਰਾਂਗੇ ਸਹਾਰਾ ਬਣਾਂਗੇ ਓਇ ਸੋਹਣੇ ਬੀਰ ਦੁੱਲਿਆ। ਭੈਣਾਂ ਦੇ ਸੁਹਾਗ ਨੂੰ ਬਚਾਉਣ ਵਾਲਿਆ ਓਇ ਅਸੀਂ ਤੇਰੇ ਨਾਲ ਹਾਂ। ਬਾਰ ਦੀਆਂ ਅਣਖਾਂ ਬਚਾਉਣ ਵਾਲਿਆ ਓਇ ਤੇਰੇ ਭਾਈਵਾਲ ਹਾਂ। ਲਾਸ਼ਾਂ ਵਿਚ ਜਿੰਦ ਧੜਕਾਉਣ ਵਾਲਿਆ ਓਇ ਤੇਰੇ ਅੰਗ ਪਾਲ ਹਾਂ। ਬਣ ਕੇ ਕਮਾਨ ਤੇਰੇ ਨਾਲ ਤੁਰਾਂਗੇ ਓਇ ਖਿੱਚ ਤੀਰ ਦੁੱਲਿਆ! ਮੌਤ ਸਾਡੇ ਹੀ ਭਰਾਵਾਂ ਦਾ ਸਫ਼ੈਦ ਖੂਨ ਕੀਤਾ, ਕਿਵੇਂ ਸਰਕਾਰ ਨੇ। ਤਲਬਾਂ ਕਮਾਉਣ ਦੇ ਲਈ, ਬਣ ਗਏ ਸਿਪਾਹੀ, ਜਿਹੜੇ ਯਾਰ-ਮਾਰ ਨੇ। ਜੀਣ ਕਾਹਦਾ ਗੈਰਤੋਂ ਬਗੈਰ ਬੰਦੇ ਹੁੰਦੇ ਧਰਤੀ ਤੇ ਭਾਰ ਨੇ। ਥੁੜੇ ਟੁੱਟੇ ਲੋਕਾਂ ਨੇ ਹੀ, ਤੇਰੇ ਨਾਲ ਤੁਰਨੈਂ ਅਖ਼ੀਰ ਦੁੱਲਿਆ। ਅੱਗ ਦੇ ਅੰਗਾਰਿਆਂ 'ਤੇ ਪੈਰ ਤਾਂ ਤੂੰ ਰੱਖ ਤੇਰੇ ਨਾਲ ਚੱਲਾਂਗੇ। ਜਾਬਰਾਂ ਦੇ ਵਾਰ-ਤਲਵਾਰ-ਹਥਿਆਰ ਹਿੱਕ ਉੱਤੇ ਝੱਲਾਂਗੇ। ਬਾਰ ਦੀ ਅਣਖ਼ ਨੂੰ ਨਾ ਵੱਟਾ ਲਾਵਾਂਗੇ ਓਇ ਰਣਭੂਮੀ ਮੱਲਾਂਗੇ। ਤਖ਼ਤ ਲਾਹੌਰ ਦਿਆਂ ਕਾਬਜ਼ਾਂ ਦੀ ਹਿੱਕ ਨੂੰ ਤੂੰ ਚੀਰ ਦੁੱਲਿਆ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਗੁਰਭਜਨ ਗਿੱਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ