Jal Kan (Rubaian) : Gurbhajan Gill
ਜਲ ਕਣ (ਰੁਬਾਈਆਂ) : ਗੁਰਭਜਨ ਗਿੱਲ
ਜਲ ਕਣ (ਰੁਬਾਈਆਂ) : ਗੁਰਭਜਨ ਗਿੱਲ
![]()
1.
ਤੱਕਿਆ ਨਾ ਸੀ, ਸੁਣਿਆ ਸੀ ਕਿ ਐਸੀ ਰੁੱਤ ਵੀ ਆਉਂਦੀ ਹੈ। ਪੈਰੀਂ ਪਾ ਗ਼ਰਜ਼ਾਂ ਦੀ ਝਾਂਜਰ, ਤਾਕਤ ਨਾਚ ਨਚਾਉਂਦੀ ਹੈ। ਜਿਸ ਬੋਰੀ ਦਾ ਥੱਲਾ ਕੱਟਿਆ ਉਹਨੂੰ ਕੋਈ ਨਾ ਭਰ ਸਕਦਾ, ਚਾਪਲੂਸ ਨੂੰ ਸ਼ੀਸ਼ੇ ਵਿੱਚ ਵੀ ਕੁਰਸੀ ਨਜ਼ਰੀਂ ਆਉਂਦੀ ਹੈ।
2.
ਬਾਰਾਂ ਘੰਟੇ ਚਾਨਣ ਵੰਡਦਾ, ਫੁੱਲ ਖ਼ੁਸ਼ਬੋਈ ਰੰਗ ਭਰਦਾ ਹੈ। ਫ਼ਲਾਂ ਚ ਰਸ ਤੇ ਫ਼ਸਲੀਂ ਦਾਣੇ,ਵੇਖੋ ਤਪੀਆ ਕੀ ਕਰਦਾ ਹੈ। ਹੋਰ ਧਰਤ ਤੇ ਚੱਲਿਆ ਹੈ ਇਹ, ਨਾ ਸੌਂਦਾ ਨਾ ਥੱਕਦੈ ਸੂਰਜ, ਸ਼ਾਮ ਢਲੀ ਤੇ ਜਦ ਤੁਰ ਜਾਂਦੈ, 'ਨ੍ਹੇਰੇ ਕੋਲੋਂ ਦਿਲ ਡਰਦਾ ਹੈ।
3.
ਗਰਮੀ ਖਾ ਕੇ ਪਿਘਲ ਗਿਆ ਹੈ,ਵੇਖੋ ਲੋਹਾ ਪਾਣੀ ਬਣਿਆ। ਅੱਗ ਦੇ ਅੱਗੇ ਕੀ ਸੀ ਵੁੱਕਤ, ਕਦ ਤੱਕ ਰਹਿੰਦਾ ਆਕੜ ਤਣਿਆ। ਪਰ ਸਾਡੇ ਲਈ ਸਬਕ ਬਣ ਗਿਆ, ਜੇਕਰ ਸਿੱਖਣਾ ਚਾਹੀਏ ਆਪਾਂ, ਚੇਤੇ ਰੱਖ ਸਬਰ ਦੀ ਮਿੱਟੀ, ਜਿਸ ਧਰਤੀ ਨੇ ਤੈਨੂੰ ਜਣਿਆ।
4.
ਧਰਤੀ ਦੇ ਸਿਰ ਸੁਰਮੇ ਰੰਗੀ ਚੁੰਨੀ ਅੰਬਰ ਤਾਣ ਗਿਆ ਹੈ। ਇਸ ਦੇ ਸਿਰ ਤੇ ਸਾਈਂ ਮੈਂ ਹਾਂ, ਜ਼ੁੰਮੇਵਾਰੀ ਜਾਣ ਗਿਆ ਹੈ। ਰਹਿਣ ਸਲਾਮਤ ਧੀਆਂ ਪੁੱਤਰ, ਤਪਦੀ ਧਰਤੀ ਰਹਿਮਤ ਬਰਸੇ, ਤਿੱਤਰ ਖੰਭੀ ਬੱਦਲੀ ਘੱਲ ਕੇ,ਆਪਣਾ ਫ਼ਰਜ਼ ਪਛਾਣ ਗਿਆ ਹੈ।
5.
ਰਾਤ ਦੀ ਲੋਈ ਪਾਟ ਗਈ ਹੈ, ਸੂਹਾ ਸੁਰਖ਼ ਸਵੇਰਾ ਚੜ੍ਹਿਆ। ਨੇਤਰ ਖੋਲ੍ਹ ਹਕੀਕਤ ਵੇਖੋ, ਵਕਤ ਫਰੇਮ ਚ ਕੀ ਕੁਝ ਮੜ੍ਹਿਆ। ਕੁੱਲ ਧਰਤੀ ਦੀ ਹੋਣੀ ਇੱਕੋ, ਉੱਤਰ ਦੱਖਣ , ਪੂਰਬ ਪੱਛਮ, ਫਿਰ ਪਛਤਾਇਆਂ ਕੁਝ ਨਾ ਬਣਨਾ,ਸਬਕ ਦੀਵਾਰੋਂ ਜੇ ਨਾ ਪੜ੍ਹਿਆ।
6. ਵਿਸ਼ਵ ਮਾਤ ਦਿਵਸ ਮੁਬਾਰਕ
ਰਾਤੀਂ ਸੁੱਤਿਆਂ ਸੁਪਨਾ ਆਇਆ,ਦਿਨ ਚੜ੍ਹਿਆਂ ਤੇ ਚੇਤੇ ਆਇਆ। ਬਹੁਤ ਪਛਾਣੀ ‘ਵਾਜ਼ ਸੀ ਕੋਈ, ਜਿਸ ਨੇ ਮੈਨੂੰ ਝੂਣ ਜਗਾਇਆ। ਸੁੱਤਿਆਂ ਸੁੱਤਿਆਂ ਰਾਤ ਨਾ ਮੁੱਕੇ, ਜਾਗ ਪਉ, ਪੁੱਤ ਜਾਗਣ ਵੇਲਾ, ਇੰਜ ਲੱਗਿਆ, ਮਾਂ ਆਖ ਰਹੀ ਹੈ, ਗੋਡੇ ਗੋਡੇ ਦਿਨ ਚੜ੍ਹ ਆਇਆ।
7.
ਸ਼ਬਦ ਗੁਰੂ ਦੀ ਸ਼ਕਤੀ ਤਿੰਨੇ,ਸੇਵਾ ਸਿਮਰਨ ਅਤੇ ਸ਼ਹਾਦਤ। ਦਮ ਦਮ,ਪਲ ਪਲ,ਅੰਗ ਸੰਗ ਰੱਖਣਾ, ਸ਼ਬਦ ਸਾਧਨਾ ਪਾਉ ਆਦਤ। ਕਰਮਭੂਮ ਵਿੱਚ ਜੇ ਨਾ ਅੱਪੜੇ, ਜਨਮ ਅਕਾਰਥ ਰਹਿ ਜਾਵੇਗਾ, ਬਗਲ ਸਮਾਧੀ ਲਾਉਣ ਸ਼ਿਕਾਰੀ, ਜਗਤ ਦਿਖਾਵਾ, ਕਹਿਣ ਇਬਾਦਤ।
8.
ਪੁੱਤਰ ਸ਼ਕਤੀ ਘਰ ਦੀ ਹੁੰਦੇ,ਧੀਆਂ ਤਾਂ ਸੱਚਮੁੱਚ ਨੇ ਗਹਿਣਾ। ਧਰਤੀ ਜੇਡਾ ਜਿਗਰਾ ਰੱਖਣ, ਸਬਰ ਸਿਦਕ ਵਿੱਚ ਹਰ ਪਲ ਰਹਿਣਾ। ਨਿੱਕੀ ਜਹੀ ਹਰਲੀਨ ਨੀ ਧੀਏ, ਤੈਨੂੰ ਸੋਹਣੇ ਰੱਬ ਦੀਆਂ ਰੱਖਾਂ, ਰਹਿਮਤਾਂ ਨਾਲ ਭਰੇਂ ਤੂੰ ਝੋਲੀ, ਦਾਦਾ ਦਾਦੀ ਸਭ ਦਾ ਕਹਿਣਾ।
9. ਕਣਕੇ ਨੀ ਕਣਕੇ
ਸਾਡੀ ਰੱਤ ਦੇ ਨਾਲ ਪਲੇਂ ਤੂੰ,ਤੁਰ ਜੇਂ ਸੇਠ ਦੀ ਬਣ ਕੇ। ਸਾਡੇ ਪੱਲੇ ਤੂੜੀ ਰਹਿ ਜੇ, ਕਿੰਜ ਤੁਰੀਏ ਹਿੱਕ ਤਣ ਕੇ। ਗਲ ਵਿੱਚ ਫਾਹੀ ਫ਼ਰਜ਼ ਤੇ ਪੈਰੀਂ ਕਰਜ਼ ਜੰਜ਼ੀਰੀ ਛਣਕੇ। ਦਿਲ ਵਿੱਚ ਰੀਝ ਬੜੀ, ਕਦੋਂ ਰਹੇਂਗੀ ਤੂੰ ਸਾਡੀ ਬਣਕੇ।
10.
ਦਸਮ ਪਿਤਾ ਹੁਣ ਸੀਸ ਤਲੀ ਤੇ ਧਰਿਆ ਨਹੀਂ ਜਾਂਦਾ। ਹੱਕ ਸੱਚ ਤੇ ਇਨਸਾਫ਼ ਦੀ ਖ਼ਾਤਰ ਮਰਿਆ ਨਹੀਂ ਜਾਂਦਾ। ਕੁਰਸੀ ਯੁੱਧ ਨੂੰ ਲੜਦੇ ਮਰਦੇ, ਧਰਮ ਗੁਆਚ ਗਿਆ, ਸ਼ੁਭ ਕਰਮਨ ਵੀ ਅੱਜ ਕੱਲ੍ਹ ਸਾਥੋਂ ਕਰਿਆ ਨਹੀਂ ਜਾਂਦਾ।
11.
ਚੱਲ ਮਨਾ ਚੱਲ ਤੁਰ ਜਾਹ ਏਥੋਂ, ਇਹ ਘਰ ਨਾ ਹੁਣ ਮੇਰਾ। ਰੀਝਾਂ ਦੀ ਗੱਠੜੀ ਨੂੰ ਚੁੱਕ ਲੈ, ਤੇਰਾ ਪੰਧ ਲੰਮੇਰਾ। ਗੋਦੀ ਚੁੱਕ ਲੈ ਸੁਪਨੇ ਸਾਰੇ, ਟੁਕੜੇ ਕਰ ਲੈ ‘ਕੱਠੇ, ਨੰਗੇ ਪੈਰ ਤੇ ਰੱਤੀਆਂ ਪੈੜਾਂ, ਹੈ ਸਿਰਨਾਵਾਂ ਮੇਰਾ।
12.
ਏਸ ਤਰ੍ਹਾਂ ਹੀ ਹਰ ਘਰ ਟਹਿਕਣ ਫੁੱਲ ਪੱਤੀਆਂ ਖ਼ੁਸ਼ਬੋਈਆਂ। ਮੱਥੇ ਦੇ ਵਿੱਚ ਸੋਚਾਂ ਪੁੰਗਰਨ ,ਨਵੀਆਂ ਸਦਾ ਨਰੋਈਆਂ। ਧਰਤ ,ਧਰੇਕਾਂ ,ਧੀਆਂ ਤਿੰਨੇ, ਪੌਣਾਂ ਕਰਨ ਪਵਿੱਤਰ , ਜੋ ਕੌਮਾਂ ਨਾ ਸਾਂਭਣ ਪੂੰਜੀ, ਉਹ ਮੋਈਆਂ ਕਿ ਮੋਈਆਂ।
13.
ਦਿਲ ਚੰਦਰੇ ਨੂੰ ਬੰਨ੍ਹ ਦਿੱਤਾ ਹੈ,ਹੁਣ ਰੱਸੀਆਂ ਵਿੱਚ ਕੱਸ ਕੇ। ਬਹੁਤ ਆਵਾਰਾ ਫਿਰਦਾ ਸੀ ਇਹ, ਤੁਰ ਜਾਂਦਾ ਸੀ ਨੱਸ ਕੇ। ਕਈ ਵਾਰੀ ਸਮਝਾਇਆ ਇਸ ਨੂੰ,ਨਾ ਕਰ ਬੀਬਾ ਅੜੀਆਂ, ਪਰਤਣ ਪੰਛੀ ਨਾ ਪਰਦੇਸੀ, ਤੁਰ ਜਾਂਦੇ ਜੋ ਹੱਸ ਕੇ।
14.
ਧਰਤੀ ਧਰਮ ਨਿਭਾਵੀਂ ਧੀਏ,ਸਾਂਭ ਲੈ ਜ਼ਿੰਮੇਵਾਰੀ। ਕਾਦਰ ,ਕੁਦਰਤ ਅੰਗ ਸੰਗ ਤੇਰੇ, ਸਿਰ ਅੰਬਰ ਫੁਲਕਾਰੀ। ਜਿਸ ਰੁੱਖ ਦੀ ਤੂੰ ਟਾਹਣੀ ਬੱਚੀਏ, ਉਹ ਬੂਟਾ ਘਣਛਾਵਾਂ, ਸੁਪਨਿਆਂ ਨੂੰ ਖੰਭ ਲੱਗਣ ਜਿੱਥੇ, ਚੰਨ ਤੋਂ ਪਾਰ ਉਡਾਰੀ।
15.
ਬਿਨ ਬੋਲੇ ਮਾਂ ਸਬਕ ਪੜ੍ਹਾਵੇ। ਅੱਖਰ ਅੱਖਰ ਘੋਲ ਪਿਲਾਵੇ। ਬੁੱਕਲ ਵੀ ਇੱਕ ਪਾਠਸ਼ਾਲ ਹੈ, ਕੁੱਲ ਦੁਨੀਆਂ ਨੂੰ ਇਹ ਸਮਝਾਵੇ।
16.
ਵਹਿਣ ਪਏ ਦਰਿਆ ਨਾ ਰੁਕਦੇ, ਨਾ ਕਰ ਬੰਦਿਆ ਅੜੀਆਂ। ਸਿਖ਼ਰ ਪਹਾੜੋਂ ਜੋ ਤੁਰ ਆਇਆ, ਝੱਲਦਾ ਮੁਸੀਬਤਾਂ ਬੜੀਆਂ। ਕੁਦਰਤ ਸਨਮੁਖ ਤੇਰੀ ਹਸਤੀ, ਕਿਣਕੇ ਤੋਂ ਵੀ ਥੋੜੀ, ਵਕਤ ਕਦੇ ਨਾ ਵੇਖ ਕੇ ਤੁਰਦਾ, ਗੁੱਟ ਤੇ ਬੱਧੀਆਂ ਘੜੀਆਂ।
17.
ਸੂਹੇ ਰੰਗ ਦੇ ਸੂਹੇ ਸੁਪਨੇ, ਹਰ ਹਿੱਕੜੀ ਵਿੱਚ ਝਾਂਜਰ ਛਣਕੇ। ਚਾਨਣ ਤੋਂ ਬਿਨ ਕਾਹਦੀ ਜੀਣਾ, ਬੈਠੇ ਰਹਿਣਾ ਬਿੱਜੂ ਬਣ ਕੇ। ਜ਼ਿੰਦਗੀ ਤੇਰਾ ਲੱਖ ਸ਼ੁਕਰਾਨਾ , ਬਖ਼ਸ਼ਿਆ ਸ਼ਬਦ ਖ਼ਜ਼ਾਨਾ ਮੈਨੂੰ, ਏਸੇ ਸਦਕਾ ਕਹਿ ਸਕਿਆ ਹਾਂ, ਚਮਕੋ ਸਾਰੇ ਸੂਰਜ ਬਣ ਕੇ।
18.
ਵਕਤ ਦੇ ਕੋਰੇ ਸਫ਼ਿਆਂ ਉੱਤੇ, ਇੱਕ ਅੱਧ ਵਾਕ ਚਲੋ ਹੁਣ ਜੜੀਏ। ਲਿਖਣ ਤੋਂ ਪਹਿਲਾਂ ਬਹੁਤ ਜ਼ਰੂਰੀ, ਪਹਿਲਾਂ ਕੰਧ ਤੇ ਲਿਖਿਆ ਪੜ੍ਹੀਏ। ਸ਼ਬਦ ਸਲੀਕਾ, ਤਾਲ ਤੇ ਸੁਰ ਦਾ,ਸਹਿਜ ਸੁਮੇਲ ਪਰੋ ਕੇ ਸਾਹੀਂ, ਬੀਤੇ,ਅੱਜ ਤੋਂ ਸੁਹਣੇ ਸੁਪਨੇ, ਵਰਗੀ ਸੂਰਤ ਕੱਲ੍ਹ ਦੀ ਘੜੀਏ।
19.
ਹਰ ਪਲ ਆਖਣ ਬੰਦਿਆ ਟਿਕ ਟਿਕ, ਤੂੰ ਕਿਉਂ ਇੰਜ ਰਫ਼ਤਾਰਾਂ ਫੜੀਆਂ। ਸਹਿਜ ਸਬਰ ਸੰਤੋਖ ਗੁਆਵੇਂ, ਮਗਰ ਤੇਰੇ ਜਿਉਂ ਵਾਹਰਾਂ ਚੜ੍ਹੀਆਂ। ਘੋੜ ਸਵਾਰ ਰਹੇਂ ਤੂੰ ਹਰ ਪਲ, ਘਰ ਤੋਂ ਘਰ ਦਾ ਸਫ਼ਰ ਕਰਦਿਆਂ, ਵੇਖ ਲਿਆ ਕਰ ਵਕਤ ਕਿਵੇਂ ਨੇ,ਕੰਧਾਂ ਉੱਤੇ ਟੰਗੀਆਂ ਘੜੀਆਂ।
20.
ਕੰਠ ਕੋਕਿਲਾ ਚੁੱਪ ਕਿਉਂ ਬੈਠੀ,ਸੁਰਵੰਤੀ ਸ਼ਹਿਜ਼ਾਦੀ। ਖੋਲ੍ਹ ਪੋਟਲੀ ,ਵੰਡ ਦੇ ਸਭ ਨੂੰ, ਆਪਣੇ ਰੰਗ ਵਿਸਮਾਦੀ। ਨਾਭੀ ਵਿੱਚ ਕਸਤੂਰੀ ਜੀਕੂੰ, ਮਹਿਕ ਤੇਰੇ ਧੁਰ ਅੰਦਰ, ਵਿਰਲਿਆਂ ਨੂੰ ਰੱਬ ਦੇਂਦਾ ਏਨੀ, ਪੂੰਜੀ ਆਦਿ ਜੁਗਾਦੀ।
21.
ਤਪਦੀ ਧਰਤੀ ਉੱਪਰ ਵਰ੍ਹ ਜਾ, ਬੱਦਲਾ! ਪਾ ਦੇ ਕਿਣ ਮਿਣ ਕਣੀਆਂ। ਤ੍ਰਿਹਾਈ ਹੈ ਧਰਤੀ ਦੀ ਜਿੰਦ, ਕੰਬਦੀ ਜਾਨ ਮੁਸ਼ਕਲਾਂ ਬਣੀਆਂ। ਫੁੱਲ ਪੱਤੀਆਂ ਦੇ ਮੂੰਹ ਲਿਸ਼ਕਾ ਦੇ, ਧੂੜ ਚ ਗੁੰਮ ਗਏ ਅਸਲੀ ਚਿਹਰੇ, ਧਰਤੀ ਧੀਆਂ ਅਤੇ ਧਰੇਕਾਂ, ਸਾਉਣ ਉਡੀਕਣ ਕਿੰਨੀਆਂ ਜਣੀਆਂ।
22.
ਧਨ ਦੌਲਤ ਦੇ ਜ਼ੋਰ ਤੇ ਉੱਚੇ, ਕਿੰਨੇ ਬੁਰਜ ਬਣਾ ਲੈ ਭਾਵੇਂ। ਓੜਕ ਨੂੰ ਤਾਂ ਬੰਦਿਆ ਤੈਨੂੰ ਬਹਿਣਾ ਪੈਣੈ ਰੁੱਖ ਦੀ ਛਾਵੇਂ। ਅੰਬਰ ਵੱਲ ਨੂੰ ਵੇਖਦਿਆਂ ਜਦ ਠੇਡਾ ਲੱਗਿਆ, ਉੱਠ ਨਹੀਂ ਸਕਣਾ, ਮਾਂ ਜਣਨੀ, ਮਾਂ ਬੋਲੀ ਪੁੱਤਰਾ, ਤੀਜੀ ਮਾਂ ਕਿਉਂ ਧਰਤ ਭੁਲਾਵੇਂ।
23.
ਖੰਭਾਂ ਵਿੱਚ ਪਰਵਾਜ਼ ਭਰੋ ਜੇ, ਸੂਰਜ ਬਹੁਤਾ ਦੂਰ ਨਹੀਂ ਹੈ। ਹਰ ਲੱਕੜੀ ਵਿੱਚ ਅਗਨ ਸਲਾਮਤ, ਕਿਹੜੀ ਅੱਖ ਪੁਰਨੂਰ ਨਹੀਂ ਹੈ। ਸਿਰਲੱਥਾਂ ਦੀ ਬਸਤੀ ਅੰਦਰ, ਸਾਬਰ ਸੂਰੇ ਰਹਿਣ ਸਰੂਰੇ, ਸੀਸ ਤਲੀ ਤੇ ਧਰ ਕੇ ਤੁਰਿਆ, ਇਹ ਕੋਈ ਪਹਿਲਾ ਪੂਰ ਨਹੀਂ ਹੈ।
24.
ਪੱਤਝੜ ਵਾਂਗੂੰ ਕਿੰਨੇ ਰਿਸ਼ਤੇ,ਮੌਸਮ ਬਦਲਿਆਂ ਝੜ ਜਾਂਦੇ ਨੇ। ਟਾਹਣੀਉਂ ਟੁੱਟੇ, ਨਜ਼ਰੋਂ ਓਹਲੇ, ਧਰਤੀ ਵਿੱਚ ਗਲ਼ ਸੜ ਜਾਂਦੇ ਨੇ। ਵਾਂਗ ਜੜ੍ਹਾਂ ਦੇ ਨਿਭਦੇ ਵਿਰਲੇ, ਸ਼ਕਤੀ ਬਣਦੇ ਉਮਰੋਂ ਲੰਮੀ, ਵਗੇ ਹਨ੍ਹੇਰੀ, ਆਵੇ ਝੱਖੜ, ਹਰ ਸੰਕਟ ਵਿੱਚ ਅੜ ਜਾਂਦੇ ਨੇ।
25.
ਗੁਰੂਆਂ ਪੀਰਾਂ ਇਹ ਸਮਝਾਇਆ, ਜ਼ਿੰਦਗੀ ਹੈ ਰੰਗਾਂ ਦਾ ਮੇਲਾ। ਇੱਕ ਦੂਜੇ ਦੀ ਪੀੜ ਪਛਾਣੋ, ਬੋਲੋ ਜਦ ਬੋਲਣ ਦਾ ਵੇਲਾ। ਸਦਾ ਭਲਾ ਸਰਬੱਤ ਦਾ ਮੰਗੋ, ਦੀਨ ਦੁਖੀ ਦਾ ਦਰਦ ਨਿਵਾਰੋ, ਮੈਂ, ਮੇਰੀ ਨੂੰ ਮਾਰ ਮੁਕਾਉ, ਜੇ ਚਾਹੁੰਦੇ ਹੋ ਜਨਮ ਸੁਹੇਲਾ।
26.
ਕੋਲ ਬੈਠ ਕੇ ਜੇਕਰ ਪੁੱਛੀਏ ਹਰ ਦਰਿਆ ਦੀ ਅਜਬ ਕਹਾਣੀ। ਕਿੱਥੋਂ ਤੁਰ ਕੇ ਕਿੱਧਰ ਚੱਲੇ, ਕੁਝ ਨਹੀਂ ਦੱਸਦੇ ਵਗਦੇ ਪਾਣੀ। ਪਰ ਨਾ ਭੁੱਲਣ ਧਰਤ ਪਿਆਸੀ, ਬੂੰਦ ਬੂੰਦ ਵਰਤਾ ਦਿੰਦੇ ਨੇ, ਫੁੱਲ ਪੱਤੀਆਂ ਖ਼ੁਸ਼ਬੋਈਆਂ ਦੇ ਸੰਗ ਇਨ੍ਹਾਂ ਦੀ ਹੈ ਸਾਂਝ ਪੁਰਾਣੀ।
27.
ਵਕਤ ਦਾ ਹੋਕਾ ਤੂੰ ਸੁਣ ਲੈ ! ਜਾਗ ਤੂੰ ਪੰਜਾਬ ਜਾਗ। ਰੋਜ਼ ਤੋਤੇ ਟੁੱਕ ਰਹੇ ਨੇ, ਤੇਰਿਆਂ ਅੰਬਾਂ ਦਾ ਬਾਗ। ਗੁੰਮਿਆ ਕਿੱਥੇ ਦੁਗਾੜਾ, ਕਿਉਂ ਗੁਲੇਲਾਂ ਸੁੱਟੀਆਂ, ਪਹਿਰਿਆਂ ਬਿਨ , ਧਰਤੀਆਂ ਦੇ ਇੰਜ ਹੀ ਸੌਂਦੇ ਨੇ ਭਾਗ।
28.
ਵੇਖ ਲਿਆ ਕਰੋ ਕਦੇ ਐਨਕਾਂ ਉਤਾਰ ਕੇ। ਪੜ੍ਹੋ ਮੇਰੇ ਨੈਣਾਂ ਵਿੱਚੋਂ ਲਿਖਿਆ ਸੰਵਾਰ ਕੇ। ਸ਼ੀਸ਼ੇ ਨੂੰ ਤਰੇਲੀ ਕਿਤੇ ਆ ਨਾ ਜਾਵੇ ਸੋਹਣਿਓ, ਸਾਹਮਣੇ ਨਾ ਹੋਇਉ ਕਦੇ ਚਿਹਰੇ ਨੂੰ ਸ਼ਿੰਗਾਰ ਕੇ।
29.
ਬਿਨ ਬੋਲੇ ਤੂੰ ਭਰ ਦੇਂਦੀ ਏਂ ਸਾਹਾਂ ਵਿੱਚ ਕਸਤੂਰੀ। ਪੂਰੀ ਨਾਲੋਂ ਬਹੁਤਾ ਦੱਸੇ ਤੇਰੀ ਬਾਤ ਅਧੂਰੀ। ਦਸਤਕ ਤੇ ਆਵਾਜ਼ ਸੁਣਨ ਲਈ, ਕੰਨ ਵੀ ਆਪਣੀ ਥਾਂ ਨੇ, ਰੂਹ ਦੀ ਬੋਲੀ ਪੜ੍ਹਨ ਲਈ ਹੈ ਚੁੱਪ ਦਾ ਸਾਥ ਜ਼ਰੂਰੀ।
30.
ਬੰਦਿਆ! ਕਿਉਂ ਨਹੀਂ ਬੰਦਾ ਬਣਦਾ, ਤੇਰੇ ਵਿੱਚ ਹੀ ਰੱਬ ਹੁੰਦਾ ਹੈ। ਮੋਹ, ਹੰਕਾਰ,ਕਰੋਧ ਕਾਮ ਤੇ ਪੰਜਵਾਂ ਵੈਰੀ ਲੱਬ ਹੁੰਦਾ ਹੈ। ਜੇ ਇਨ੍ਹਾਂ ਦਾ ਘੇਰਾ ਤੋੜੇਂ, ਤੇਰਾ ਮੇਰਾ ਫ਼ਰਕ ਨਾ ਕੋਈ, ਤੇਰੇ ਅੰਦਰ ਮੈ ਵੱਸਦਾ ਹਾਂ, ਬਾਕੀ ਸਾਰਾ ਯੱਭ ਹੁੰਦਾ ਹੈ।
31.
ਬਹੁਤ ਕੁਝ ਭਾਵੇਂ ਕਿਹਾ ਹੈ, ਬਹੁਤ ਹਾਲੇ ਅਣਕਿਹਾ। ਧਰਤੀਏ! ਅੰਬਰ ਨੇ ਹਾਲੇ, ਹਰਫ਼ ਵੀ ਨਹੀਂ ਬੋਲਿਆ। ਅਰਥ ਗੁੰਮੇ, ਸ਼ਬਦ ਕਿੱਥੇ, ਪੁੱਛਦੀ ਪ੍ਰਭਾਤ ਹੈ, ਸ਼ੋਰ ਦੇ ਬਾਜ਼ਾਰ ਅੰਦਰ, ਕੀ ਸੁਣਾਂ,ਤੂੰ ਕੀ ਕਿਹਾ?
32.
ਸਗਲ ਇਬਾਰਤ ਫੁੱਲਾਂ ਉੱਤੇ, ਮੈਂ ਇਹ ਵਾਂਗ ਤਰੇਲ ਨਾ ਡਿੱਠੀ। ਸੰਦਲੀ ਸਾਹਾਂ ਦੇ ਸੰਗ ਉਕਰੀ ,ਇਹ ਤਾਂ ਜਾਪੇ ਤੇਰੀ ਚਿੱਠੀ। ਇਸ ਤੋਂ ਸੁੱਚਾ ਵਰਕਾ ਹਾਲੇ ਬਣਿਆ ਹੀ ਨਾ ਧਰਤੀ ਉੱਤੇ, ਬਿਨ ਲਿਖਿਆਂ ਜੋ ਬਾਤ ਸੁਣਾਵੇ ,ਸ਼ਹਿਦ ਕਟੋਰੀ ਨਾਲੋਂ ਮਿੱਠੀ।
33.
ਛੇੜ ਪੁੱਤ ਛੇੜ ਹੁਣ ਤੂੰ ਹੀ ਵੇ ਸਾਰੰਗੀਆਂ। ਸ਼ੋਰ ਦੇ ਜ਼ਮਾਨੇ ਵਿੱਚ ਚੁੱਪਾਂ ਨਹੀਂਉਂ ਚੰਗੀਆਂ। ਜ਼ਹਿਰ ਦੇ ਵਪਾਰੀਆਂ ਨੇ ਸੁਰ ਸਾਜ਼ ਮਾਰ ‘ਤੇ, ਮੋੜ ਕੇ ਲਿਆਉ ਸੁਰਾਂ ਲੋਕ ਰੰਗ ਰੰਗੀਆਂ।
34.
ਬਾਬਲ ਤੇ ਮਾਂ ਮੇਰੀ ਦੋਵੇਂ ,ਜਿੰਦਾਂ ਸੀ ਇੱਕ ਜਾਨ ਵਰਗੀਆਂ। ਮਾਣ,ਮੁਹੱਬਤ,ਆਤਮ ਬਲ ਤੇ ਸੋਝੀ ਗੁਰੂ ਗਿਆਨ ਵਰਗੀਆਂ। ਰਹੇ ਸਲਾਮਤ ਧਰਮੀ ਬਾਬਲ,ਯਾਦਾਂ ਸਿਰ ਤੇ ਛਾਂ ਘੁੰਗਰਾਲ਼ੀ, ਕਿੰਜ ਭੁਲਾਵਾਂ ਲੱਖ ਅਸੀਸਾਂ,ਮਾਪਿਆਂ ਦੇ ਵਰਦਾਨ ਵਰਗੀਆਂ।
35.
ਭਲੇ ਪੁਰਸ਼ ਦਾ ਸਾਥ ਹਮੇਸ਼ਾਂ, ਮਿੱਠਾ ਜੀਕਣ ਗੰਨਾ। ਮਿੱਧ, ਨਿਚੋੜ,ਮਰੋੜੋ ਭਾਵੇਂ, ਰਸ ਦਾ ਭਰ ਦਏ ਛੰਨਾ। ਕੜ੍ਹ ਕੇ ਗੁੜ ਦਾ ਰੂਪ ਧਾਰਦੈ, ਸ਼ੱਕਰ ਤੇ ਖੰਡ ਮਿੱਠਾ, ਕਿਣਕਾ ਜੇ ਇਸ ਕੋਲੋਂ ਸਿੱਖ ਲਏਂ, ਫਿਰ ਮੈਂ ਤੈਨੂੰ ਮੰਨਾਂ।
36.
ਗੁਰੂਆਂ ਪੀਰਾਂ ਇਹ ਸਮਝਾਇਆ, ਜ਼ਿੰਦਗੀ ਹੈ ਰੰਗਾਂ ਦਾ ਮੇਲਾ। ਇੱਕ ਦੂਜੇ ਦੀ ਪੀੜ ਪਛਾਣੋ, ਬੋਲੋ ਜਦ ਬੋਲਣ ਦਾ ਵੇਲਾ। ਸਦਾ ਭਲਾ ਸਰਬੱਤ ਦਾ ਮੰਗੋ, ਦੀਨ ਦੁਖੀ ਦਾ ਦਰਦ ਨਿਵਾਰੋ, ਮੈਂ, ਮੇਰੀ ਨੂੰ ਮਾਰ ਮੁਕਾਉ, ਜੇ ਚਾਹੁੰਦੇ ਹੋ ਜਨਮ ਸੁਹੇਲਾ।
37.
ਪਿਆਰ ਦਾ ਰਿਸ਼ਤਾ ਇੰਜ ਨਿਭਾਉ,ਜਿਉਂ ਸਾਹਾਂ ਵਿਚਕਾਰ ਫ਼ਾਸਲਾ। ਇੱਕੋ ਜੜ੍ਹ ,ਟਾਹਣੀ ਵੀ ਇੱਕੋ, ਕਿਉਂ ਬਣਦਾ ਤਕਰਾਰ ਫ਼ਾਸਲਾ। ਅਮਨ ਚੈਨ ਦੀਆਂ ਫ਼ਸਲਾਂ ਮੌਲਣ,ਧਰਤੀ ਨਿੱਤ ਕਰਦੀ ਅਰਦਾਸਾਂ, ਰੂਹ ਤੋਂ ਰੂਹ ਤੱਕ ਪਹੁੰਚਣ ਖ਼ਾਤਰ, ਕਿਉਂ ਕੰਡਿਆਲ਼ੀ ਤਾਰ ਫ਼ਾਸਲਾ।
38.
ਤੇਰਾ ਖ਼ਤ ਮਿਲਿਆ ਤਾਂ ਲੱਗਿਆ, ਚੰਨ ਚਾਨਣੀ ਰਾਤ ਪਈ ਹੈ। ਕੀ ਦੱਸਾਂ, ਬਿਨ ਪੜ੍ਹਿਆਂ ਤੋਂ ਹੀ, ਇੰਨ ਬਿੰਨ ਤੇਰੀ ਝਾਤ ਪਈ ਹੈ। ਜਿਉਂ ਖ਼ੁਸ਼ਬੋਈ ਤੇ ਰੰਗ ਰਹਿੰਦੇ,ਭਾਰ ਕਦੇ ਨਹੀਂ ਬਣਦੇ ਫੁੱਲ ਤੇ, ਸੱਚ ਮੰਨੀਂ !ਇੰਜ ਲੱਗਿਆ,ਰੂਹ ਤੇ ਚਾਨਣ ਦੀ ਬਰਸਾਤ ਪਈ ਹੈ।
39.
ਸੂਰਜਮੁਖੀਆ ਸੂਰਜ ਮੁੱਖੜਾ, ਪਰ ਸੂਰਜ ਵੱਲ ਮੂੰਹ ਨਹੀਂ ਹੁੰਦਾ। ਅਸਲ ਹਕੀਕਤ ਕਿਹੜਾ ਦੱਸੇ, ਹਰ ਥਾਂ ਤੇ ਤਾਂ ਤੂੰ ਨਹੀਂ ਹੁੰਦਾ। ਸਿੱਧੀ ਗੱਲ ਵੀ ਜੇ ਸਮਝਾਵੋ, ਸੁਣ ਲੈਂਦੇ, ਪਰ ਮੰਨਦੇ ਨਹੀਂਉਂ, ਕਦੇ ਹੁੰਗਾਰਾ ਭਰਦੇ ਨਹੀਂਉਂ, ਬਿਲਕੁਲ ਹਾਂ ਤੇ ਹੂੰ ਨਹੀਂ ਹੁੰਦਾ।
40.
ਸਜ਼ਾ ਖਿੜਨ ਦੀ ਮਿਲ ਜਾਣੀ ਹੈ,ਮੈਨੂੰ ਇਸ ਵਿਸ਼ਵਾਸ ਪੁਰਾਣਾ। ਵਕਤ ਹੰਢਾ ਕੇ ਸੁੱਟ ਦੇਵੇਗਾ, ਲੀਰਾਂ ਕਰ ਜਾਂ ਅੱਧੋਰਾਣਾ। ਪਰ ਮੈਂ ਏਹੋ ਕੋਸ਼ਿਸ਼ ਜਾਰੀ, ਮਰਦੇ ਦਮ ਤੱਕ ਰੱਖਣਾ ਚਾਹੁੰਨਾਂ, ਆਪਣੀਆਂ ਨਜ਼ਰਾਂ ਵਿੱਚ ਮੈਨੂੰ ,ਹੋਣਾ ਪਏ ਨਾ ਹੀਣਾ, ਕਾਣਾ।
41.
ਰੰਗ ਤੇ ਖ਼ੁਸ਼ਬੂ ਦਾ ਰਿਸ਼ਤਾ, ਜਿਸ ਤਰ੍ਹਾਂ ਫੁੱਲਾਂ ਦੇ ਨਾਲ। ਮੈਂ ਬਰਾਬਰ ਤੁਰ ਰਿਹਾ ਹਾਂ, ਵੇਖ, ਤੇਰੇ ਨਾਲ ਨਾਲ। ਹੱਦ ਨਾ ਸਰਹੱਦ ਰੋਕੇ, ਮਹਿਕ -ਬੁੱਲਾ ਜਿਸਮਹੀਣ, ਨਾ ਕਰੇ ਮਹਿਸੂਸ ਮੈਨੂੰ, ਹੈ ਭਲਾ ਕਿਸ ਦੀ ਮਜ਼ਾਲ।
42.
ਕਦਮ ਤੇਰੇ ਸਿਖ਼ਰਾਂ ਨੂੰ ਚੁੰਮਣ,ਮੇਰੀ ਇਹ ਅਰਦਾਸ ਹਮੇਸ਼ਾਂ। ਮਨ ਨੀਵਾਂ, ਮੱਤ ਅੰਬਰ ਛੋਹੇ, ਹਰ ਪਲ ਤੇ ਹਰ ਸਾਸ ਹਮੇਸ਼ਾਂ। ਬੁਰਿਆਂ ਦੇ ਪਰਛਾਵਿਉਂ ਲਾਂਭੇ, ਕਾਲਖ਼ ਧੰਦਿਉਂ ਬਚ ਕੇ ਰਹਿਣਾ, ਕਣ ਕਣ ਦੇ ਵਿੱਚ ਏਸ ਤਰ੍ਹਾਂ ਹੀ ਵੱਸਦੀ ਚੰਦਨ ਬਾਸ ਹਮੇਸ਼ਾਂ।
43.
ਧਰਤ ਪਿਆਸੀ ਤੇ ਮੀਂਹ ਵਰ੍ਹਿਐ, ਚੱਲ ਹੁਣ ਮਨ ਦਾ ਮੋਰ ਨਚਾਈਏ। ਅੰਬਰ ਦੀ ਧਰਤੀ ਨੂੰ ਚੁੰਮੀਏ, ਪੌਣਾਂ ਨੂੰ ਗਲਵੱਕੜੀ ਪਾਈਏ। ਬਿਰਖ਼ਾਂ ਦੀ ਤਿਪ ਤਿਪ ਦੇ ਕੋਲੋਂ,ਕਥਾ ਵਾਰਤਾ ਸੁਣੀਏ ਭਿੱਜ ਕੇ, ਆਪਣਿਆਂ ਕਲਬੂਤਾਂ ਵਿੱਚੋਂ, ਬਾਲ ਬਚਪਨਾ ਫੇਰ ਜਗਾਈਏ।
44.
ਰੂਹ ਅੰਦਰ ਵਿਸਮਾਦ ਭਰ ਗਿਆ, ਤੇਰੇ ਨਾਲ ਗੁਫ਼ਤਗੂ ਕਰਕੇ। ਕਰਾਮਾਤ ਨਹੀਂ ਦੱਸਣੀ ਤੈਨੂੰ , ਕਿੰਜ ਮੁੜਿਆਂ ਇੱਕ ਵਾਰੀ ਮਰ ਕੇ। ਜ਼ਿੰਦਗੀ ਹੈ ਰੰਗਾਂ ਦਾ ਮੇਲਾ, ਪਰ ਇਹ ਮਾਨਣ ਵਾਲੇ ਵਿਰਲੇ, ਇੱਕ ਵਾਰੀ ਫਿਰ ਭਰੀਂ ਹੁੰਗਾਰਾ, ਆਵਾਂ ਦਿਲ ਦਰਿਆ ਨੂੰ ਤਰ ਕੇ।
45.
ਤਾਕਤ, ਦੌਲਤ, ਸ਼ੋਹਰਤ ਪਿੱਛੇ, ਬੰਦਾ ਫਿਰਦੈ ਭੱਜਦਾ। ਸੌ ਦੀ ਇੱਕ ਸੁਣਾਵਾਂ ਮਿੱਤਰੋ, ਭਟਕ ਰਿਹਾ ਹੀ ਗੱਜਦਾ। ਸੁਣੀ ਸੁਣਾਈ, ਅੱਗੇ ਤੋਰੀ, ਪਰ ਗੱਲ ਚੋਖ਼ੀ ਮਹਿੰਗੀ, ਭੁੱਖਾ ਬੰਦਾ ਰੱਜ ਸਕਦਾ ਹੈ, ਭੁੱਖੜ ਨਹੀਂ ਜੇ ਰੱਜਦਾ।
46.
ਖਿੜਨਾ, ਖਿੜ ਕੇ ਰੌਣਕ ਵੰਡਣਾ, ਸਾਡੀ ਜ਼ੁੰਮੇਵਾਰੀ। ਤੂੰ ਬੰਦਿਆ ਵਣਜਾਰਾ ਬਣ ਕੇ, ਕਿਉਂ ਕਰਦੈਂ ਹੋਸ਼ਿਆਰੀ। ਧਰਤੀ ਦੇ ਅਸੀਂ ਪੁੱਤਰ ਧੀਆਂ,ਵੇਲਾਂ ਬੂਟੇ ਸਾਰੇ, ਮਹਿਕਾਂ ਵੇਚੇਂ ਗਰਜ਼ਾਂ ਖ਼ਾਤਰ, ਕਿਉਂ ਤੇਰੀ ਮੱਤ ਮਾਰੀ।
47.
ਸਾਗਰ ਕੰਢੇ ਲਹਿਰਾਂ ਗਿਣਦੇ,ਦਿਨ ਢਲਿਆ ਤੇ ਬਹਿ ਗਈ ਸ਼ਾਮ। ਸ੍ਵਰ ਲਹਿਰਾਂ ਨੇ ਸਰਗਮ ਛੇੜੀ, ਹੋਰ ਦੁਨੀ ਵਿੱਚ ਵਹਿ ਗਈ ਸ਼ਾਮ। ਕਦੇ ਕਦੇ ਇੰਜ ਬਹਿ ਜਾਇਆ ਕਰ,ਵਕਤ ਸਵਾਰੀ ਕਰਦੇ ਹੋਏ, ਆਪਣੇ ਆਪ ਨੂੰ ਮਿਲਿਆ ਕਰ ਤੂੰ, ਜਾਂਦੀ ਜਾਂਦੀ ਕਹੀ ਗਈ ਸ਼ਾਮ।
48.
ਬਾਬਲ ਅੰਮੜੀ ਦੋਵੇਂ ਸਾਨੂੰ , ਜਿੰਦਾਂ ਨੇ ਇੱਕ ਜਾਨ ਵਰਗੀਆਂ। ਮਾਣ,ਮੁਹੱਬਤ,ਆਤਮ ਬਲ ਤੇ ਸੋਝੀ ਗੁਰੂ ਗਿਆਨ ਵਰਗੀਆਂ। ਰਹੇ ਸਲਾਮਤ ਧਰਮੀ ਬਾਬਲ,ਮਾਂ ਦੀ ਸਿਰ ਤੇ ਛਾਂ ਘੁੰਗਰਾਲ਼ੀ, ਸਦਾ ਸਲਾਮਤ ਰਹਿਣ ਅਸੀਸਾਂ,ਮਾਪਿਆਂ ਦੇ ਵਰਦਾਨ ਵਰਗੀਆਂ।
49.
ਸਹੀ ਸੋਚ, ਰਾਹਾਂ ਤੇ ਸੱਜਣ ,ਜੇ ਮਿਲ ਜਾਣ,ਕਮਾਲਾਂ! ਸ਼ਬਦ ਸਾਂਝ ਨੇਤਰ ਜੇ ਖ਼ੋਲ੍ਹੇ, ਬਦਲਣ ਜੀਵਨ ਚਾਲਾਂ। ਹਰ ਇੱਕ ਦਾਣਾ ਬੀਜ ਨਾ ਹੁੰਦਾ, ਇਹ ਗੱਲ ਸਮਝੀ ਹੁਣ ਮੈਂ, ਪਰ ਜਿਹੜੇ ਪਲ ਬੀਤ ਗਏ ਨੇ, ਉਹ ਮੈਂ ਕਿਵੇਂ ਸੰਭਾਲਾਂ।
50.
ਸੱਜਣ ਪਿਆਰੇ ਇੱਕ ਜਿੰਦ ਇੱਕ ਸਾਹ ਸੀ। ਸਮੇਂ ਦੇ ਥਪੇੜਿਆਂ ਨੇ ਕੀਤੇ ਵੱਖ ਰਾਹ ਸੀ। ਅੱਜ ਮਨ ਮਿੱਟੀ ਨੂੰ ਫ਼ਰੋਲਿਆ ਤੇ ਵੇਖਿਆ, ਅੱਜ ਵਾਲਾ ਗਲ਼ ਵਿੱਚ ਇੱਕ ਵੀ ਨਾ ਫਾਹ ਸੀ।
51.
ਸਿੱਖੋ ਚੱਜ ਆਚਾਰ ਦੋਸਤੋ, ਵਹਿੰਦੀ ਹੋਈ ਜਲਧਾਰ ਦੇ ਕੋਲੋਂ। ਤੋਰ ਮਟਕਣੀ ਤੁਰਨਾ ਜਾਣੋ ,ਨਦੀਆਂ ਦੀ ਰਫ਼ਤਾਰ ਦੇ ਕੋਲੋਂ। ਹਰ ਮੁਸ਼ਕਿਲ ‘ਚੋਂ ਕਿੱਦਾਂ ਲੰਘਣਾ, ਪੁੱਛ ਲਉ ਪੌਣ ਪੁਰੇ ਦੀ ਕੋਲੋਂ, ਪਰ ਆਪਣਾ ਰਾਹ ਆਪੇ ਲੱਭਿਉ,ਨਾ ਪੁੱਛਿਉ ਮੰਝਧਾਰ ਦੇ ਕੋਲੋਂ।
52.
ਬਹੁਤੀ ਵਾਰੀ ਮੰਗੀਏ ਖ਼ੁਸ਼ੀਆਂ ਜਾ ਕੇ ਮਸਜਿਦ ਮੰਦਰੇ। ਆਪਣੇ ਮਨ ਨੂੰ ਲਾਈ ਰੱਖੀਏ ਪੱਕੇ ਰੋਪੜੀ ਜੰਦਰੇ। ਖ਼ੁਸ਼ੀਆਂ ਦਾ ਘਰ ਦੂਰ ਨਹੀਂ ਪਰ ਲੱਭੀ ਜਾਈਏ ਬਾਹਰੋਂ, ਸਾਗਰ ਵਿੱਚ ਜਿਉਂ ਮਾਣਕ ਮੋਤੀ ਸਭ ਕੁਝ ਰੂਹ ਦੇ ਅੰਦਰੇ।
53.
ਦਿਨ ਚੜ੍ਹਦੇ ਦੱਸ ਆਹ ਕੀ ਹੋਇਆ,ਧਰਤ ਵੈਰਾਗਣ ਹੋਈ। ਉਹ ਹੱਥ ਸਾਥੋਂ ਦੂਰ ਤੁਰ ਗਿਆ, ਵੰਡਦਾ ਸੀ ਜੋ ਖ਼ੁਸ਼ਬੋਈ। ਕਿੰਜ ਮੈਂ ਮੂੰਹੋਂ ਕਹਾਂ ਅਲਵਿਦਾ,ਜਦ ਸੋਚਾਂ ਗਸ਼ ਪੈਂਦੇ, ਸਿਰ ਤੋਂ ਪੈਰਾਂ ਤੀਕ ਮੁਹੱਬਤ, ਵੇਖੀ ਨਾ ਜਾਵੇ ਮੋਈ।
54.
ਸ਼ਾਮ ਢਲੀ ਹੈ , ਸੂਰਜ ਚੱਲਿਆ, ਹੋ ਗਏ ਨੇ ਪਰਛਾਵੇਂ ਲੰਮੇ। ਬੰਦੇ ਵੱਸ ਨਹੀਂ, ਹੋ ਅੱਗੇ, ਵਕਤ ਦਾ ਅੱਥਰਾ ਘੋੜਾ ਥੰਮੇ। ਸਿਰਫ਼ ਸੰਗੀਤ, ਕਲਾ,ਕੁਰਬਾਨੀ ਇਹ ਸ਼ੁਭ ਕਾਰਜ ਕਰ ਸਰਦੀ ਹੈ, ਪਰ ਜੇ ਦੋ ਅੱਖਾਂ ਤੋਂ ਵੱਖਰਾ ਮੱਥੇ ਤੀਜਾ ਨੇਤਰ ਜੰਮੇ।
55.
ਹਮਲਾ ਕਰਨੋਂ ਪਹਿਲਾਂ ਕਹਿੰਦੇ, ਸ਼ੇਰ ਕਦੇ ਵੀ ਸ਼ੋਰ ਨਾ ਪਾਵੇ। ਜਿਸਨੂੰ ਉਸਨੇ ਖਾਣਾ ਹੋਵੇ, ਓਸੇ ਤੇ ਹੀ ਘਾਤ ਲਗਾਵੇ। ਇਹ ਦਾਅ ਹੁਣ ਤਾਂ ਮੰਡੀ ਤੇ ਬਾਜ਼ਾਰਾਂ ਨੇ ਵੀ ਸਿੱਖ ਲਿਆ ਹੈ, ਜਿਸ ਦੀ ਹੋਂਦ ਮਿਟਾਉਣੀ ਹੋਵੇ, ਉਸ ਦੇ ਨਾਲ ਹੀ ਨੇੜ ਵਧਾਵੇ।
56.
ਅੱਗਿਉਂ ਹੋ ਕੇ ਫੜਨਾ ਪੈਂਦਾ, ਵਕਤ ਦਾ ਅੱਥਰਾ ਘੋੜਾ। ਮਾਰ ਪਲਾਕੀ ਜੇ ਚੜ੍ਹ ਜਾਈਏ, ਰਹੇ ਨਾ ਕੋਈ ਤੋੜਾ। ਆਲਸ ਦੀ ਪੰਡ ਜੇ ਛੰਡ ਦੇਈਏ, ਤੁਰ ਪਈਏ ਲੱਕ ਬੰਨ੍ਹ ਕੇ, ਹਰ ਮੁਸ਼ਕਿਲ ਨੂੰ ਥੰਮ ਸਕਦੇ ਹਾਂ,ਪਾ ਸਕਦੇ ਹਾਂ ਮੋੜਾ।
57.
ਨੀ ਖ਼ੁਸ਼ਬੋਈਏ! ਜੀਣ ਜੋਗੀਏ, ਕਿੱਦਾਂ ਸਾਹਾਂ ਵਿੱਚ ਪਰੋਈਏ। ਭਟਕਦਿਆਂ ਨਾ ਲੰਘੇ ਉਮਰਾ, ਆ ਜਾ ਦੋਵੇਂ ਇੱਕ ਸਾਹ ਹੋਈਏ। ਚਿਰ ਹੋਇਆ ਮੈਂ ਜਾਂਦਿਆਂ ਵੇਖਿਆ, ਹਾਏ! ਉਹ ਨੂਰੀ ਝਲਕਾਰਾ, ਅੱਜ ਤੀਕਰ ਮਹਿਸੂਸ ਕਰਾਂ ਮੈਂ, ਹਸਰਤ ਹੈ ਕਿ ਸਨਮੁਖ ਹੋਈਏ।
58.
ਵੇਖੋ ਜ਼ਿੰਦਗੀ ਟਹਿਕ ਰਹੀ ਹੈ ਬਰਫ਼ਾਂ ਦੇ ਅੰਬਾਰਾਂ ਉੱਤੇ। ਫੁੱਲ ਕਲੀਆਂ ਨੂੰ ਖਿੜਿਆ ਤੱਕਿਐ, ਮੈਂ ਤਾਂ ਸੁਰਖ਼ ਅੰਗਾਰਾਂ ਉੱਤੇ। ਸਰਮਾਏ ਦੇ ਸਬਜ਼ ਕਬੂਤਰ, ਚੂੰਡ ਰਹੇ ਲਾਲੀ ਹਰਿਆਲੀ, ਆਰੀ ਨਾ ਜੜ੍ਹ ਉੱਪਰ ਫੇਰੋ, ਰਹਿਮ ਕਰੋ ਗੁਲਜ਼ਾਰਾਂ ਉੱਤੇ।
59.
ਹਰ ਪਲ ਨੂੰ ਤੂੰ ਮਾਣ ਨੀ ਜਿੰਦੇ, ਜੀਅ ਲੈ ਅੱਜ ਨੂੰ ਰੱਜ ਕੇ। ਲੰਘਿਆ ਪਾਣੀ ਕਿਸ ਨੇ ਫੜਿਆ, ਕਮਲਿਆਂ ਵਾਂਗੂੰ ਭੱਜ ਕੇ। ਅੱਜ ਨੂੰ ਸਾਂਭਣ ਵਾਲੇ ਸੋਹਣਿਆ! ਮਗਰੋਂ ਨਾ ਪਛਤਾਉਂਦੇ, ਕੱਲ੍ਹ ਦੀ ਹਿੱਕ ਤੇ ਕਰਨ ਸਵਾਰੀ ਹਿੰਮਤੀ ਹੀ ਗੱਜ ਵੱਜ ਕੇ।
60.
ਧਰਤੀ ਪੁੱਛੇ, ਦੱਸਿਉ ਪੁੱਤਰੋ, ਕਿੱਧਰ ਗਈਆਂ ਸਿਰ ਤੋਂ ਛਾਵਾਂ। ਮੈਂ ਤੇ ਬੋਲੀ ਮਾਤ ਤੁਹਾਡੀ, ਤੀਜੀਆਂ ਰੋਣ ਨਿਕਰਮਣ ਮਾਵਾਂ। ਆਰੀਆਂ ਵਾਲੇ ਚੀਰ ਰਹੇ ਨੇ, ਰਿਸ਼ਤੇ ਨਾਤੇ ਦਿਨ ਤੇ ਰਾਤਾਂ, ਉਹ ਦਿਨ ਬਹੁਤਾ ਦੂਰ ਨਹੀਂ ਜਦ, ਬੰਜਰ ਹੋਣਗੀਆਂ ਸਭ ਥਾਵਾਂ।
61.
ਬਿਰਖ਼ ਮੁਹੱਬਤਾਂ ਵਾਲੇ ਜਿਸ ਥਾਂ, ਸਿਰ ਤੇ ਛਤਰ ਸੁਹਾਵੇ। ਸਾਡਾ ਵੀ ਇਹ ਧਰਮ ਧਰਮੀਓ, ਹਰ ਕੋਈ ਰੁੱਖੜਾ ਲਾਵੇ। ਸਾਵਣ ਵਣ ਹਰਿਆਲੇ ਸੋਹਣੇ, ਦੇਣ ਸੁਨੇਹਾ ਸਾਨੂੰ, ਘੋਨ ਮੋਨ ਹੋ ਜਾਵੇ ਧਰਤੀ, ਉਹ ਦਿਨ ਕਦੇ ਨਾ ਆਵੇ।
62.
ਕਾਗ਼ਜ਼ਾਂ ਦੀ ਬੇੜੀ ਵਿੱਚ ਖ਼੍ਵਾਬ ਨੇ ਸਵਾਰੀਆਂ। ਸ਼ਬਦਾਂ ਤੋਂ ਲਈ ਜਾਣ ਆਪੇ ਜ਼ਿੰਮੇਵਾਰੀਆਂ। ਤੁਰਨਾ ਜਾਂ ਬੈਠੇ ਰਹਿਣਾ, ਤੂੰ ਵੀ ਕਰ ਫ਼ੈਸਲਾ, ਭੁੱਲੀਂ ਨਾ, ਗਿਆਨ ਬਿਨਾ ਡਾਢੀਆਂ ਖ਼ੁਆਰੀਆਂ।
63.
ਊਠਾਂ ਵਾਲਿਉ! ਦੱਸਿਉ ਵੀਰੋ, ਹੁਣ ਕਿੱਧਰ ਨੂੰ ਚੱਲੇ। ਸੱਸੀ ਨਾਲੋਂ ਤੋੜ ਕੇ ਪੁੰਨੂੰ ਰਾਹ ਕਿੱਧਰਲੇ ਮੱਲੇ। ਸਗਲੀ ਧਰਤ ਬਣੀ ਅੱਜ ਕੇਚਮ,ਤੋੜ ਵਿਛੋੜੇ ਪੈ ਗਏ, ਤਰਸ ਗਏ ਆਂ ,ਕਿਤਿਉਂ ! ਕੋਈ ! ਯਾਰ ਸੁਨੇਹੜਾ ਘੱਲੇ।
64.
ਮਿੱਟੀ ਵਾਲੇ ਚੁੱਲ੍ਹੇ ਉੱਤੇ ਮਿੱਟੀ ਦੀਆਂ ਰੋਟੀਆਂ। ਮਿੱਟੀ ਹੀ ਪਕਾਵੇ, ਖਾਵੇ, ਮਿੱਟੀ ਦੀਆਂ ਬੋਟੀਆਂ। ਮਿੱਟੀ ਅੱਗ ਬਾਲਦੀ ਹੈ, ਸੇਕ ਮਿੱਟੀ ਵਾਸਤੇ, ਟੋਇਆਂ ਵੱਲ ਤੁਰੀਆਂ ਨੇ ਮਿੱਟੀ ਦੀਆਂ ਚੋਟੀਆਂ।
65.
ਜ਼ਿੰਦਗੀ ! ਤੇਰੇ ਤੋਂ ਵੱਡਾ, ਹੋਰ ਕਿਹੜਾ ਇਮਤਿਹਾਨ। ਪਰ ਤੇਰਾ ਧੰਨਵਾਦ! ਰਹਿੰਦੀ ਹੈਂ ਸਦਾ ਤੂੰ ਮਿਹਰਬਾਨ। ਤੂੰ ਸਿਖਾਇਆ! ਇਹ ਨਾ ਸੋਚੀਂ, ਕੌਣ ਕਿੱਧਰ ਜਾ ਰਿਹਾ, ਹਰ ਕਿਸੇ ਦੀ ਧਰਤ ਵੱਖਰੀ, ਅੱਡੋ ਅੱਡ ਹੈ ਆਸਮਾਨ।
66.
ਭਾਵੇਂ ਕੁਦਰਤ ਦਿੱਤੀਆਂ ਮੈਨੂੰ ਸੱਤ ਸਮੁੰਦਰ ਡੂੰਘੀਆਂ ਅੱਖਾਂ। ਪਰ ਮੈਂ ਦਿਲ ਦੀ ਬਾਤ ਕਿਵੇਂ ਹੁਣ,ਤੈਥੋਂ ਹੋਰ ਲੁਕਾ ਕੇ ਰੱਖਾਂ। ਮਨ ਦੇ ਮਹਿਰਮ ਬਿਨ ਬੋਲੇ ਤੋਂ ਸਮਝ ਲਵੇਂ ਤੂੰ ਧੜਕਣ ਵਿੱਚੋਂ, ਵਿਰਲੇ ਨੇ ਅਣਲਿਖਿਆ ਪੜ੍ਹਦੇ, ਭਾਵੇਂ ਫਿਰਨ ਚੁਫ਼ੇਰੇ ਲੱਖਾਂ।
67.
ਭਾਗਾਂ ਭਰਿਆ ਦਿਨ ਚੜ੍ਹਿਆ ਹੈ, ਮਿਟ ਗਏ ‘ਨ੍ਹੇਰੇ ਸਾਰੇ। ਖਿੜੇ ਗੁਲਾਬ, ਕਿਆਰੀ ਮਹਿਕੇ, ਕਣ ਕਣ ਲਪਟਾਂ ਮਾਰੇ। ਬੱਚਿਆਂ ਦੀ ਰੌਣਕ ਦੇ ਸਦਕਾ ਰਹਿਮਤ ਦਾ ਮੀਂਹ ਵਰ੍ਹਦਾ, ਜੁਗ ਜੁਗ ਜੀਵੇਂ, ਖ਼ੁਸ਼ੀਆਂ ਮਾਣੇਂ, ਮਾਂ ਦੇ ਰਾਜ ਦੁਲਾਰੇ।
68.
ਦਿਲ ਦਰਿਆ ਦੀ ਲਹਿਰ ਹਵਾਲੇ, ਸੋਚਾਂ ਵਿੱਚ ਸਮੁੰਦਰ ਖ਼ਾਰੇ। ਐਵੇਂ ਤਾਂ ਨਹੀਂ ਬਣ ਕੇ ਕਿਰਦੇ ਅੱਖੀਉਂ ਅੱਥਰੂ ਮਣ ਮਣ ਭਾਰੇ। ਇੱਕ ਦੋ ਬੋਲ ਬਖ਼ਸ਼ ਦੇ ਮੈਨੂੰ, ਦਿਲ ਦੇ ਤਖ਼ਤ ਦਿਆ ਸਰਦਾਰਾ, ਤੇਰਾ ਕੁਝ ਨਹੀਂ ਜਾਣਾ, ਮੈਨੂੰ ਮਿਲ ਜਾਣੇ ਨੇ ਸਵਾਸ ਉਧਾਰੇ।
69.
ਦਿਨ ਵੀ ਸਾਡਾ ਟੁਕੜੇ ਟੁਕੜੇ, ਰਾਤਾਂ ਦੇ ਪਰਛਾਵੇਂ ਲੰਮੇ। ਧਰਤੀ ਰੋਜ਼ ਉਡੀਕੇ ਸਾਡੀ,ਕਿਹੜਾ ਜ਼ੁਲਮ ਹਨ੍ਹੇਰੀ ਥੰਮੇ। ਅਣਬੋਲੀ ਅਰਦਾਸ ਸੁਣੋ ਤੇ ਬੱਚਿਆਂ ਦੇ ਧੁਰ ਅੰਦਰੋਂ ਪੜ੍ਹ ਲਉ, ਵੇ ਗਿਆਨੀ ਵਿਗਿਆਨੀ ਵੀਰੋ, ਸਾਇੰਸ ਹੋਰ ਬੰਦੂਕ ਨਾ ਜੰਮੇ।
70.
ਭਟਕਦਿਆਂ ਦਾ ਸਫ਼ਰ ਕਦੇ ਵੀ ਬਣਦਾ ਨਾ ਇਤਿਹਾਸ ਦੇ ਵਰਕੇ। ਹਰ ਇੱਕ ਬੀਜ ਬਿਰਖ਼ ਨਹੀਂ ਬਣਦਾ, ਕਹਿਣ ਸਿਆਣੇ ਏਸੇ ਕਰਕੇ। ਸਹਿਜ ਸਮਰਪਣ ਸੋਚ ਸਿਦਕ ਤੇ ਸੱਚਾ ਮਾਰਗ ਜਿੱਤ ਦੀ ਪੌੜੀ, ਮੰਜ਼ਿਲ ਦਾ ਸਿਰਨਾਵਾਂ ਲੈ ਕੇ ਤੁਰ ਪਈਏ ਜੇ ਨਿਸ਼ਚਾ ਕਰਕੇ।
71.
ਸਾਂਭ ਸਾਂਭ ਕੇ ਰੱਖਿਆ ਕਰ ਤੂੰ ਯਾਦਾਂ ਤੇ ਪਰਛਾਵਾਂ। ਏਦਾਂ ਕਦੇ ਗੁਆਚਦਾ ਨਹੀਂਉਂ ਜ਼ਿੰਦਗੀ ਦਾ ਸਿਰਨਾਵਾਂ। ਕਿਹੜੇ ਰਾਹੀਂ ਤੁਰ ਕੇ ਆਇਉਂ, ਚੇਤੇ ਰੱਖ ਪਗਡੰਡੀਆਂ, ਕਦਮ ਸਲਾਮਤ ਰੱਖਣ ਬੰਦਿਆ! ਊਭੜ ਖਾਭੜ ਰਾਹਵਾਂ।
72.
ਮਨ ਖਿੜਦਾ ਹੈ ਏਸ ਤਰ੍ਹਾਂ ਹੀ ਹੱਸਿਆ ਕਰ, ਮੁਸਕਾਇਆ ਕਰ ਤੂੰ। ਸੋਚਾਂ ਦੇ ਦਰਿਆ ਵਿੱਚ ਹਰ ਦਮ, ਗੋਤੇ ਹੀ ਨਾ ਖਾਇਆ ਕਰ ਤੂੰ। ਤੇਰੇ ਅੰਦਰ ਕਿੰਨੇ ਸਾਗਰ ਮਾਣਕ ਮੋਤੀ ਹੋਰ ਬੜਾ ਕੁਝ, ਬਾਜ਼ ਵਾਂਗਰਾਂ ਧਰਤੀਉਂ ਅੰਬਰ ਸੂਰਜ ਤੱਕ ਵੀ ਜਾਇਆ ਕਰ ਤੂੰ।
73.
ਮਨ ਦਾ ਬਾਗ਼ ਬਗੀਚਾ ਖਿੜਿਆ, ਤੇਰੇ ਨਾਲ ਗੁਫ਼ਤਗੂ ਕਰਕੇ। ਤਪਦੀ ਲੋਹ ਤੇ ਮੀਂਹ ਵਰ੍ਹਿਆ ਹੈ, ਰਹਿਮਤ ਕੀਤੀ ਤੂੰ ਜੀਅ ਭਰਕੇ। ਕਦੇ ਕਦਾਈਂ, ਏਸ ਤਰ੍ਹਾਂ ਹੀ ਦਿਲ ਕਰਦਾ ਹੈ ਸੁਣਾਂ, ਸੁਣਾਵਾਂ, ਮੈਂ ਅਣ ਤਾਰੂ ਦੱਸ ਕਿੰਜ ਆਵਾਂ, ਤੇਰੇ ਦਿਲ ਦਰਿਆ ਨੂੰ ਤਰ ਕੇ।
74.
ਰੂਹ ਦੀ ਤਾਰ ਹਿਲਾ ਮੇਰੀ ਜਿੰਦੀਏ, ਧਰਤੀ ਗਾਵਣ ਲਾ। ਬ੍ਰਹਿਮੰਡ ਨੂੰ ਚੁੱਪ ਖਾ ਨਾ ਜਾਵੇ, ਸਰਗਮ ਕੰਠ ਛੁਹਾ। ਆਪੋ ਆਪਣਾ ਹਿੱਸਾ ਪਾਈਏ, ਸ਼ਬਦ, ਧੁਨਾਂ ਰੰਗ ਸਾਰੇ, ਇਹ ਵੇਲਾ ਜੇ ਖੁੰਝ ਗਿਆ ਤਾਂ, ਰਹਿ ਜਾਣਾ ਪਛਤਾਅ।
75.
ਉਸਨੂੰ ਸਿਰਫ਼ ਗੁਲਾਬ ਕਹਾਂਗਾ, ਜਿਸ ਦਾ ਰੰਗ ਗੁਲਾਬੀ ਹੈ। ਬਾਕੀ ਸਭ ਕੁਝ ਮਗਰੋਂ ਬਣਿਆ, ਮੰਡੀ ਬੜੀ ਹਿਸਾਬੀ ਹੈ। ਗਮਲੇ ਦੇ ਵਿੱਚ ਲੱਗਿਆਂ ਨੂੰ ਤਾਂ ਧਰਤੀ ਮਾਂ ਪਹਿਚਾਣੇ ਨਾ, ਜੋ ਪੰਜਾਬੀ ਬੋਲੇ ਖੁੱਲ੍ਹ ਕੇ, ਓਹੀ ਸਿਰਫ਼ ਪੰਜਾਬੀ ਹੈ।
76.
ਬਣ ਮੇਰੇ ਅੰਬਰ ਦਾ ਸੂਰਜ, ਨੀ ਚਾਨਣ ਦੀ ਟਿੱਕੀ ਜਹੀਏ। ਮਹਿਕ ਨਿਥਾਵੀਂ , ਭਟਕੇ ਨਾ ਹੁਣ, ਇੱਕ ਦੂਜੇ ਦੇ ਦਿਲ ਵਿੱਚ ਲਹੀਏ। ਧਰਤੀ ਦੀ ਲਾਲੀ ਹਰਿਆਲੀ, ਅੰਬਰ ਦੀ ਸਤਰੰਗੀ ਵਾਲੇ, ਕਿੱਥੋਂ ਇਹ ਰੰਗ ਮਿਲਦੇ ਸਾਰੇ, ਹੱਟੜੀ ਦਾ ਸਿਰਨਾਵਾਂ ਲਈਏ।
77.
ਬਣ ਮੇਰੇ ਅੰਬਰ ਦਾ ਸੂਰਜ, ਨੀ ਚਾਨਣ ਦੀ ਟਿੱਕੀ ਜਹੀਏ। ਮਹਿਕ ਨਿਥਾਵੀਂ , ਭਟਕੇ ਨਾ ਹੁਣ, ਇੱਕ ਦੂਜੇ ਦੇ ਦਿਲ ਵਿੱਚ ਲਹੀਏ। ਧਰਤੀ ਦੀ ਲਾਲੀ ਹਰਿਆਲੀ, ਅੰਬਰ ਦੀ ਸਤਰੰਗੀ ਵਾਲੇ, ਕਿੱਥੋਂ ਇਹ ਰੰਗ ਮਿਲਦੇ ਸਾਰੇ, ਹੱਟੜੀ ਦਾ ਸਿਰਨਾਵਾਂ ਲਈਏ।
78.
ਮੰਜ਼ਿਲ ਬਹੁਤੀ ਦੂਰ ਨਾ ਹੁੰਦੀ , ਜੇਕਰ ਸਾਫ਼ ਨਿਸ਼ਾਨਾ ਹੋਵੇ। ਨਿਸ਼ਚਾ, ਹਿੰਮਤ, ਚਾਅ ਪਹੁੰਚਣ ਦਾ, ਚੌਥਾ ਤਨ ਨਜ਼ਰਾਨਾ ਹੋਵੇ। ਮੁਸ਼ਕਿਲ ਦੀ ਵੀ ਜ਼ੁਅਰਤ ਪਵੇ ਨਾ, ਐਸੇ ਰਾਹੀ ਦਾ ਰਾਹ ਰੋਕੇ, ਪਰਬਤ ਦੀ ਚੋਟੀ ਤੋਂ ਵੇਖਿਉ, ਆਪੇ ਮਗਰ ਜ਼ਮਾਨਾ ਹੋਵੇ।
79.
ਇੱਕ ਦੂਜੇ ਦੇ ਸਾਹੀਂ ਹਾਜ਼ਰ, ਜਿਵੇਂ ਮੁਹੱਬਤ ਸਿਰ ਚੜ੍ਹ ਬੋਲੇ। ਰੰਗਾਂ ਨੂੰ ਖ਼ੁਸ਼ਬੋਈ ਜੀਕੂੰ, ਮਾਣੇ ਪਰ,ਮੂੰਹੋਂ ਨਾ ਬੋਲੇ। ਮਾਲਾ ਅੰਦਰ ਤੰਦ ਸਬੂਤੀ ਰੱਖਣਾ ਬਹੁਤ ਜ਼ਰੂਰੀ ਮਿੱਤਰੋ, ਖਿੱਲਰ ਹੀ ਨਾ ਜਾਵਣ ਮਣਕੇ ਵੇਖਿਉ ਇਹ ਵਿਸ਼ਵਾਸ ਨਾ ਡੋਲੇ।
80.
ਇਹ ਗੱਲ ਕਦੇ ਵਿਸਾਰੀਂ ਨਾ ਮਨ, ਰਾਤ ਦਿਵਸ ਦੇ ਖ਼ੂਹ ਗਿੜਦੇ ਨੇ। ਢੋਲ ਝਵੱਕਲੀ ਵਿਚਲੇ ਡੰਡੇ ਆਪਸ ਦੇ ਵਿੱਚ ਨਿੱਤ ਭਿੜਦੇ ਨੇ। ਰੂਹ ਦੀ ਧਰਤੀ ਬੀਜ ਪੁੰਗਰਦਾ, ਜੇਕਰ ਮੋਹ ਦਾ ਪਾਣੀ ਲਾਵੋ, ਵੇਖਣ ਵਾਲੀ ਅੱਖ ਜੇ ਹੋਵੇ, ਹਰ ਮੌਸਮ ਵਿੱਚ ਫੁੱਲ ਖਿੜਦੇ ਨੇ।
81.
ਮੈਂ ਧੁੱਪਾਂ ਨੂੰ ਛਾਵਾਂ ਤਾਂ ਹੁਣ ਕਹਿ ਨਹੀਂ ਸਕਦਾ। ਤੂੰ ਕੁਰਸੀ ਤੇ, ਭੁੰਜੇ ਤਾਂ ਮੈਂ ਬਹਿ ਨਹੀਂ ਸਕਦਾ। ਪਾਇਦਾਨ ਨਹੀਂ, ਬੰਦਾ ਹਾਂ ਮੈਂ, ਭੁੱਲ ਨਾ ਜਾਵੀਂ, ਗ਼ਰਜ਼ਾਂ ਖ਼ਾਤਰ, ਫ਼ਰਜ਼ੋਂ ਹੇਠਾਂ ਲਹਿ ਨਹੀਂ ਸਕਦਾ।
82.
ਗਿਆਨ ਧਿਆਨ ਵਿਕਾਊ ਹੋਇਆ, ਬੈਠ ਗਿਆ ਵਿੱਚ ਆ ਕੇ ਮੰਡੀਆਂ। ਚਾਤਰ ਟੋਲੇ ਰੋਜ਼ ਦਿਹਾੜੀ, ਪਾਉਂਦੇ ਨੇ ਸਾਡੇ ਮਨ ਵੰਡੀਆਂ। ਚੱਪਾ ਚੱਪਾ ਇਸ ਧਰਤੀ ਦਾ ਵੇਖ ਪਰੁੰਨਿਆ ਦਰਦ ਬਗੀਚੀ, ਸਾਡੇ ਪੈਰ ਬਿਆਈਆਂ ਪਾਟੇ, ਬਦਲੀਆਂ ਨਾ ਜੀਵਨ-ਪਗਡੰਡੀਆਂ।
83.
ਨਾਲ ਮੁਹੱਬਤ ਚੇਤੇ ਆਈਆਂ ਕਸ਼ਮੀਰੀ ਕੇਸਰ ਦੀਆਂ ਕਲੀਆਂ। ਮਹਿਕ ਗਿਆ ਹੈ ਮਨ ਦਾ ਚੰਬਾ ਪੜ੍ਹ ਜਿਉਂ ਚਿੱਠੀਆਂ ਆਈਆਂ ਭਲੀਆਂ। ਜਿਸ ਮਿੱਟੀ ਦੇ ਅੰਦਰ ਖ਼ੁਸ਼ਬੂ ਖੇਤੀ ਹੋਵੇ ਮਹਿਕ ਪਰੁੱਚੀ, ਗੜ੍ਹ ਗੁਲਜ਼ਾਰ ਬਿਨਫ਼ਸ਼ਾ ਜਿੱਥੇ,ਕਿਉਂ ਮੱਥੇ ਦੀਆਂ ਲੀਕਾਂ ਬਲ਼ੀਆਂ।
84.
ਕਾਫ਼ਲਿਆਂ ਵਿੱਚ ਤੁਰਦੇ ਤਾਂਹੀਉਂ, ਸ਼ੇਰਾਂ ਮਨ ਵੀ ਡਰ ਹੁੰਦਾ ਹੈ। ਬਿਰਖ਼ਾਂ ਦੇ ਪਰਛਾਵਿਉਂ ਕੰਬਣ, ਭਾਵੇਂ ਜੰਗਲ ਘਰ ਹੁੰਦਾ ਹੈ। ਨਵੀਂ ਗਰਾਮਰ ਲਿਖ ਕੇ ਵਾਇਰਸ ਵੰਡ ਰਿਹੈ ਏ ਸਾਨੂੰ ਏਦਾਂ, ਬੰਦਿਆ! ਬੰਦਿਉਂ ਕਰੀਂ ਫ਼ਾਸਲਾ,ਜਿੰਨਾ ਤੈਥੋਂ ਕਰ ਹੁੰਦਾ ਹੈ।
85.
ਮੈਂ ਧੁੱਪਾਂ ਨੂੰ ਛਾਵਾਂ ਤਾਂ ਹੁਣ ਕਹਿ ਨਹੀਂ ਸਕਦਾ। ਤੂੰ ਕੁਰਸੀ ਤੇ, ਭੁੰਜੇ ਤਾਂ ਮੈਂ ਬਹਿ ਨਹੀਂ ਸਕਦਾ। ਪਾਇਦਾਨ ਨਹੀਂ, ਬੰਦਾ ਹਾਂ ਮੈਂ, ਭੁੱਲ ਨਾ ਜਾਵੀਂ, ਗ਼ਰਜ਼ਾਂ ਖ਼ਾਤਰ, ਫ਼ਰਜ਼ੋਂ ਹੇਠਾਂ ਲਹਿ ਨਹੀਂ ਸਕਦਾ।
86.
ਘੁੰਮਣਘੇਰ ‘ਚ ਪਾ ਦੇਂਦਾ ਹੈ, ਆਪਣਿਆਂ ਤੋਂ ਰੁੱਸ ਰੁੱਸ ਬਹਿਣਾ। ਇੱਕ ਵਾਰੀ ਜੇ ਨਿੱਖੜ ਬੈਠੇ, ਪਛਤਾਵਾ ਮਗਰੋਂ ਨਹੀਂ ਲਹਿਣਾ। ਅੰਤਰ ਧਿਆਨ ਕਰੀਂ, ਕਰ ਚੇਤਾ, ਸੱਜਣਾਂ ਸੰਗ ਪਲ ਭਲੇ ਗੁਜ਼ਾਰੇ, ਉਸ ਪੂੰਜੀ ਤੋਂ ਮਹਿੰਗਾ ਸ਼ਾਇਦ, ਬਣਿਆ ਨਹੀਂ ਧਰਤੀ ਤੇ ਗਹਿਣਾ।
87.
ਆਪਣਾ ਫ਼ਰਜ਼ ਨਿਭਾ ਕੇ ਸੂਰਜ, ਫ਼ੈਲ ਗਿਆ ਹੈ ਕਣ ਕਣ ਕੰਦਰ। ਜਿੱਥੇ ਜਿੱਥੇ ਕਿਰਨਾਂ ਪਈਆਂ, ਨਿੱਖਰੇ ਗੁਰ ਘਰ ਮਸਜਿਦ ਮੰਦਰ। ਸ਼ਬਦ ਸੁਰਤਿ ਧੁਨ ਚੇਲਾ ਬਣ ਕੇ, ਕੁਦਰਤ ਰਾਗ ਨਿਰੰਤਰ ਗਾਵੇ, ਜੋਤੀ ਜੋਤ ਰਲ਼ੀ ਤੇ ਪਸਰੀ ਗੁਰੂ ਨਾਨਕ ਬਣ ਬ੍ਰਹਿਮੰਡ ਅੰਦਰ।
88.
ਸਿਖ਼ਰ ਪਹਾੜੋਂ ਚਸ਼ਮੇ ਫੁੱਟ ਕੇ, ਤੁਰਦੇ ਜਿਉਂ ਦਰਿਆ ਦੇ ਪਾਣੀ। ਨਿੱਖੜਨ ਲੱਗਿਆਂ ਇਹ ਵੀ ਉੱਛਲਣ ਸੌਖੇ ਤਾਂ ਨਹੀਂ ਛੱਡਣੇ ਹਾਣੀ। ਧਰਤ ਮੈਦਾਨੀ ਸਹਿਜ ਸਿਖਾਵੇ,, ਵਗਣਾ ਸਿੰਜਣਾ ਤੇ ਕੰਮ ਆਉਣਾ, ਪਰ ਮਨ ਮੇਰੇ ਸਮਝੇਂ ਕਿਉਂ ਨਾ, ਏਹੀ ਗੱਲ ਦੱਸਦੀ ਏ ਬਾਣੀ।
89.
ਖੇਤਾਂ ਵਿੱਚ ਖ਼ੁਸ਼ਹਾਲੀ ਵਿਰਲੀ, ਚਿਹਰਿਆਂ ਤੇ ਨਾ ਲਾਲੀ। ਗੂੜ੍ਹ ਹਨ੍ਹੇਰ ਨਾ ਖਹਿੜਾ ਛੱਡੇ, ਰੁੱਤ ਬਘਿਆੜਾਂ ਵਾਲੀ। ਹੱਟੀਆਂ ਵਾਲੇ ਕਰਨ ਫ਼ੈਸਲੇ, ਕੀਹ ਬੀਜੋ ਕੀਹ ਖਾਉ, ਧਰਤੀ ਪੁੱਛੇ ਬਾਗਬਾਨ ਜੀ, ਕਿਉਂ ਚੁਭਦੀ ਹਰਿਆਲੀ?
90.
ਭਰਮ ਛਲਾਵਾ ,ਇਹ ਦਿਖਲਾਵਾ, ਸਜੀਏ ਪਾ ਕੇ ਮਹਿੰਗੇ ਵਸਤਰ। ਪਰ ਏਨੀ ਗੱਲ ਭੁੱਲ ਜਾਂਦੇ ਹਾਂ, ਕਦੇ ਮਿਆਨ ਨਾ ਬਣਦਾ ਸ਼ਸਤਰ। ਅੰਦਰੋਂ ਬਦਲਣ ਦੀ ਥਾਂ ਆਪਾਂ,ਨਕਲੀ ਚਿਹਰਾ ਚੋਪੜ ਕੇ ਵੀ, ਇੱਕ ਦੂਜੇ ਦੀ ਰੂਹ ਨੂੰ ਪੱਛੀਏ, ਚੌਵੀ ਘੰਟੇ ਲਾਈਏ ਨਸ਼ਤਰ।
91.
ਇਹ ਗੱਲ ਪੱਕੀ ਮੰਨ ਲਉ ਮਿੱਤਰੋ, ਖ਼ੁਸ਼ੀਆਂ ਦਾ ਬਾਜ਼ਾਰ ਨਹੀਂ ਹੁੰਦਾ। ਸਾਰਾ ਕੁਝ ਹੀ ਵਿਕਦਾ ਏਥੇ, ਪਰ ਸੌਦਾ ਪਰਿਵਾਰ ਨਹੀਂ ਹੁੰਦਾ। ਸਾਧਨ ਤੇ ਸਰਮਾਇਆ ਰਲ਼ ਕੇ, ਆਪਣੇ ਪਿੱਛੇ ਲਾਉਂਦੇ ਅਕਸਰ, ਕੋਠੇ ਚਾੜ੍ਹ ਕੇ ਖਿੱਚਣ ਪੌੜੀ, ਇਨ੍ਹਾਂ ਦਾ ਇਤਬਾਰ ਨਹੀਂ ਹੁੰਦਾ।
92.
ਦਰਦਾਂ ਦੇ ਦਰਿਆ ਵਿੱਚ ਮੈਨੂੰ ਜੇ ਨਾ ਦੇਂਦੇ ਸ਼ਬਦ ਸਹਾਰਾ। ਰੁੜ੍ਹ ਜਾਣਾ ਸੀ ਲਹਿੰਦੇ ਬੰਨੇ, ਬਚਿਆ ਹਾਂ ਸੁਣ ਕੇ ਲਲਕਾਰਾ। ਫ਼ਤਿਹ ਨਸੀਬ ਉਨ੍ਹਾਂ ਨੂੰ ਹੋਵੇ ਹਾਸ਼ਮ ਸ਼ਾਹ ਦੇ ਕਹਿਣ ਮੁਤਾਬਕ, ਹਿੰਮਤ ਯਾਰ ਬਣਾਉਂਦੇ ਜਿਹੜੇ, ਮੰਗਦੇ ਨਾ ਉਹ ਤਾਣ ਉਧਾਰਾ।
93.
ਸਿਦਕ -ਸਦੀਵੀ ਜਿੱਤ ਦਾ ਪਰਚਮ ਸਿਖ਼ਰ ਚੋਟੀਆਂ ਸਰ ਕਰਦਾ ਹੈ। ਦੋਚਿੱਤੀ ਦਾ ਡੰਗਿਆ ਮਨ ਤਾਂ, ਪਲ ਪਲ ਕਰਕੇ ਨਿੱਤ ਮਰਦਾ ਹੈ। ਕਰਕੇ ਜੇਕਰ ਤਾਣ ਇਕੱਠਾ, ਤਨ ਮਨ ਨਿਸ਼ਚਾ ਧਾਰ ਲਵੋ ਤਾਂ, ਵੇਖ ਲਇਉ ਫਿਰ ਰੂਹ ਦਾ ਪੰਛੀ, ਅਗਨ ਸਮੁੰਦਰ ਕਿੰਜ ਤਰਦਾ ਹੈ।
94.
ਇਹ ਗੱਲ ਖ਼ੁਦ ਨਾ ਚੇਤੇ ਰੱਖੋ, ਤੁਸੀਂ ਕਿਸੇ ਲਈ ਕੀ ਕਰਦੇ ਹੋ। ਲੋਕਾਂ ਮੇਰਾ ਗੁਣ ਨਾ ਜਾਣਿਆ, ਏਸ ਫ਼ਿਕਰ ਵਿੱਚ ਕਿਉਂ ਮਰਦੇ ਹੋ। ਆਪਣਾ ਕਰਮ ਕਰੋ ਤੇ ਖ਼ੁਦ ਨੂੰ ਚੁੱਪ ਦੀ ਬੁੱਕਲ ਮਾਰ ਕੇ ਬੈਠੋ, ਕਦਰਦਾਨੀਆਂ ਲੱਭਦੇ ਲੱਭਦੇ, ਪਾਲ਼ੇ ਦੇ ਵਿੱਚ ਕਿਉਂ ਠਰਦੇ ਹੋ।
95.
ਇੱਕੋ ਧਰਤੀ, ਮਹਿਕ ਉਗਾਵੇ, ਮਿੱਠੇ ਫ਼ਲ , ਹਰਿਆਲੀ। ਕੌੜੇ ਤੁੰਮੇ, ਮਿਰਚ ਮਸਾਲੇ, ਕਿੰਨੀ ਜ਼ਹਿਰ ਸੰਭਾਲੀ। ਟਾਹਣੀ ਦੀ ਹਰਿਆਲੀ ਅੰਦਰ ਸੂਹੇ ਖ਼੍ਵਾਬ ਪਰੁੱਚੇ, , ਪਰ ਕਿਉਂ ਛਾਂਗੇ ਵੰਨ ਸੁਵੰਨਤਾ, ਅਜਬ ਬਾਗ ਦਾ ਮਾਲੀ।
96.
ਰਾਤ ਦਿਵਸ ਦੇ ਆਲ ਦੁਆਲੇ, ਚਰਖ਼ ਸਮੇਂ ਦਾ ਗਿੜਦਾ। ਚਾਰ ਦਿਸ਼ਾਵਾਂ ਦੇ ਵਿੱਚ ਸੂਰਜ ਨਾਲ ਹਨ੍ਹੇਰੇ ਸੂਰਜ ਭਿੜਦਾ। ਮਹਿਕਣ ਫੁੱਲ, ਫ਼ਲ ਰਸਦੇ ਕਿਧਰੇ, ਦਾਣੇ ਫ਼ਸਲੀਂ ਭਰਦੇ, ਆਸ ਉਮੀਦਾਂ ਸਦਕੇ ਸਾਡੀ ਰੂਹ ਦਾ ਚੰਬਾ ਖਿੜਦਾ।
97.
ਇਹ ਧਰਤੀ ਜ਼ਰਖ਼ੇਜ਼ ਬੜੀ ਹੈ। ਅਣਖ਼ੀ ਮਰਦਮ ਖ਼ੇਜ਼ ਬੜੀ ਹੈ। ਤਪਦਾ ਖਪਦਾ ਸਦਾ ਪੰਜਾਬੀ, ਹਿਰਦੇ ਵਿੱਚ ਅੱਗ ਤੇਜ਼ ਬੜੀ ਹੈ।
98.
ਭਰਮ ਛਲਾਵਾ ,ਇਹ ਦਿਖਲਾਵਾ, ਸਜੀਏ ਪਾ ਕੇ ਮਹਿੰਗੇ ਵਸਤਰ। ਪਰ ਏਨੀ ਗੱਲ ਭੁੱਲ ਜਾਂਦੇ ਹਾਂ, ਕਦੇ ਮਿਆਨ ਨਾ ਬਣਦਾ ਸ਼ਸਤਰ। ਅੰਦਰੋਂ ਬਦਲਣ ਦੀ ਥਾਂ ਆਪਾਂ,ਨਕਲੀ ਚਿਹਰਾ ਚੋਪੜ ਕੇ ਵੀ, ਇੱਕ ਦੂਜੇ ਦੀ ਰੂਹ ਨੂੰ ਪੱਛੀਏ, ਚੌਵੀ ਘੰਟੇ ਲਾਈਏ ਨਸ਼ਤਰ।
99.
ਇਹ ਗੱਲ ਪੱਕੀ ਬੰਨ੍ਹ ਲਉ ਪੱਲੇ, ਵੀਰ ,ਭੈਣ ਤੇ ਮਾਪੇ ਸਾਰੇ। ਕਦਮ ਹਮੇਸ਼ਾਂ ਤੁਰਦੇ ਅੱਗੇ ਕਿਰਤ ਸ੍ਵੈ ਰੁਜ਼ਗਾਰ ਸਹਾਰੇ। ਸਾਥ ਸਫ਼ਰ ਦਾ ਤੱਕਦੇ ਤੱਕਦੇ,ਸੁੱਕਦਾ ਹੈ ਉਤਸ਼ਾਹ ਦਾ ਸੋਮਾ, ਚਸ਼ਮਿਉਂ ਨਿਰਮਲ ਨੀਰ ਮਿਲੇ ਨਾ ਬਿਨ ਇਹ ਸਭਿਆਚਾਰ ਪਸਾਰੇ।
100.
ਦਰਦਾਂ ਦੇ ਦਰਿਆ ਵਿੱਚ ਮੈਨੂੰ ਜੇ ਨਾ ਦੇਂਦੇ ਸ਼ਬਦ ਸਹਾਰਾ। ਰੁੜ੍ਹ ਜਾਣਾ ਸੀ ਲਹਿੰਦੇ ਬੰਨੇ, ਬਚਿਆ ਹਾਂ ਸੁਣ ਕੇ ਲਲਕਾਰਾ। ਫ਼ਤਿਹ ਨਸੀਬ ਉਨ੍ਹਾਂ ਨੂੰ ਹੋਵੇ ਹਾਸ਼ਮ ਸ਼ਾਹ ਦੇ ਕਹਿਣ ਮੁਤਾਬਕ, ਹਿੰਮਤ ਯਾਰ ਬਣਾਉਂਦੇ ਜਿਹੜੇ, ਮੰਗਦੇ ਨਾ ਉਹ ਤਾਣ ਉਧਾਰਾ।
101.
ਜੇਕਰ ਵਿਦਿਆ ਵਰਤੀ ਹੀ ਨਾ, ਕਿਹੜੇ ਕੰਮ ਕਿਤਾਬਾਂ ਪੜ੍ਹੀਆਂ। ਬੋਝ ਢੋਂਦਿਆਂ ਉਮਰ ਗੁਜ਼ਾਰੀ, ਟੁੱਟੀਆਂ ਨਾ ਜੰਜ਼ੀਰਾਂ,ਕੜੀਆਂ। ਹੇ ਗਿਆਨੀ ਵਿਗਿਆਨੀ ਵੀਰਾ, ਝਾਤੀ ਮਾਰ ਕਦੇ ਮਨ ਅੰਦਰ, ਵਕਤ ਖਲੋਤਾ ਫੜਦਾ ਕਿਉਂ ਨਹੀਂ, ਵਾਹੋਦਾਹੀ ਭੱਜਣ ਘੜੀਆਂ।
102.
ਸਗਲ ਸ੍ਰਿਸ਼ਟੀ ਜਾਣੋ ,ਮਾਣੋ, ਇਹ ਕੁਦਰਤ ਵਿਸਮਾਦੀ ਕਾਇਆ। ਪੁੰਗਰਦਾ ਹਰ ਪੱਤਾ ਪੱਕਣਾ,ਝੜਨਾ, ਇਹ ਤਾਂ ਹੁੰਦਾ ਆਇਆ। ਜਿੰਨੇ ਸਵਾਸ ਮਿਲੇ ਨੇ , ਖਿੜ ਕੇ, ਖੇੜਾ ਵੰਡੋ, ਮਹਿਕੋ ਟਹਿਕੋ, ਤੇਰੇ ਭੇਜੇ ਗੁਲਦਸਤੇ ਨੇ, ਇਹ ਹੁਣ ਮੈਨੂੰ ਸਬਕ ਪੜ੍ਹਾਇਆ।
103.
ਅਕਸਰ ਤੱਕਿਐ,ਚੁੱਪ ਦੀ ਭਾਸ਼ਾ, ਬੋਲਣੋਂ ਵੱਧ ਸਮਝਾ ਜਾਂਦੀ ਹੈ। ਸ਼ਬਦ ਕਟਾਰੀ, ਬਹੁਤੀ ਵਾਰੀ,ਹੋਠੀਂ ਜੰਦਰੇ ਲਾ ਜਾਂਦੀ ਹੈ। ਦੋ ਬਾਹਾਂ ਵਿਚਕਾਰ ਸਮੁੰਦਰ, ਦਿਲ ਦਰਿਆ ਜੇ ਤਰਨਾ ਆਵੇ, ਕੂੰਜਾਂ ਵਾਲੀ ਡਾਰ ਏਸ ਵਿੱਚ ਰੋਜ਼ ਡੁਬਕਣੀ ਲਾ ਜਾਂਦੀ ਹੈ।
104.
ਸਰਮਾਇਆ ਇਹ ਸਭ ਚਾਹੁੰਦਾ ਹੈ, ਬੰਦੇ ਤੋਂ ਬੰਦਾ ਤੋੜ ਦਿਉ। ਫ਼ਰਜ਼ਾਂ ਤੋਂ ਬੇਮੁੱਖ ਕਰ ਦੇਵੋ,ਗਰਜ਼ਾਂ ਸੰਗ ਨਾਤਾ ਜੋੜ ਦਿਉ। ਕੋਈ ਸਾਂਝਾ ਸੁਪਨਾ ਉੱਗੇ ਨਾ, ਮਨ ਧਰਤੀ ਬਾਂਝ ਬਣਾ ਦੇਵੋ, ਹੁਣ ਜੀਣ ਜੋਗਿਉ, ਦੁਸ਼ਮਣ ਦੀ ,ਇਹ ਸੱਜਰੀ ਭਾਜੀ ਮੋੜ ਦਿਉ।
105.
ਮੈਂ ਧੁੱਪਾਂ ਨੂੰ ਛਾਵਾਂ ਤਾਂ ਹੁਣ ਕਹਿ ਨਹੀਂ ਸਕਦਾ। ਤੂੰ ਕੁਰਸੀ ਤੇ, ਭੁੰਜੇ ਤਾਂ ਮੈਂ ਬਹਿ ਨਹੀਂ ਸਕਦਾ। ਪਾਇਦਾਨ ਨਹੀਂ, ਬੰਦਾ ਹਾਂ ਮੈਂ, ਭੁੱਲ ਨਾ ਜਾਵੀਂ, ਗ਼ਰਜ਼ਾਂ ਖ਼ਾਤਰ, ਫ਼ਰਜ਼ੋਂ ਹੇਠਾਂ ਲਹਿ ਨਹੀਂ ਸਕਦਾ।
106.
ਦਿਨ ਚੜ੍ਹਦੇ ਹੀ ਵੇਖ ਲਿਆ ਮੈਂ ਪੀਲਾ ਭੂਕ ਗੁਲਾਬ ਦਾ ਚਿਹਰਾ। ਸਾਡਾ ਖ਼ੂਨ ਕਸ਼ੀਦ ਕੇ ਪੀਤਾ, ਤਾਂਹੀਉਂ ਸੁਰਖ਼ ਜਨਾਬ ਦਾ ਚਿਹਰਾ। ਨੀਤੀ ਵਿੱਚ ਬਦਨੀਤੀ ਪਾਕੇ, ਸਾਡਾ ਵਤਨ ਵਿਕਾਊ ਨਾ ਕਰ, ਸਾਵਧਾਨ ਹੋ! ਵੇਖ ਕਿਵੇਂ ਅੱਜ, ਭਖ਼ਿਆ ਦੇਸ ਪੰਜਾਬ ਦਾ ਚਿਹਰਾ।
107.
ਜੇਕਰ ਚੰਨ ਦੀ ਤਾਂਘ ਦਿਲੇ ਵਿੱਚ, ਰਾਤ ਹਨ੍ਹੇਰੀ ਹੌਕੇ ਭਰ ਨਾ । ਜੇਕਰ ਸੁਰਖ਼ ਗੁਲਾਬ ਤਮੰਨਾ, ਕੰਡਿਆਂ ਤੋਂ ਤੂੰ ਸੱਜਣਾ ਡਰ ਨਾ। ਮੇਰੀ ਗੱਲ ਨੂੰ ਪੱਲੇ ਬੰਨ੍ਹ ਲੈ, ਕੰਮ ਆਵੇਗੀ ਉਮਰਾ ਸਾਰੀ, ਪਿਆਰ ਕਰਨ ਦੀ ਤਾਂਘ ਜੇ ਤੈਨੂੰ, ਰੂਹ ਆਪਣੀ ਤੋਂ ਪਰਦੇ ਕਰ ਨਾ।
108.
ਤੂੰ ਨਾ ਰੂਹੇ ਦਿੱਤੀ ਦਸਤਕ, ਕੱਲ੍ਹ ਵਰਗਾ ਅੱਜ ਦਿਨ ਨਹੀਂ ਚੜ੍ਹਿਆ। ਕੀ ਦੱਸਾਂ ਮੈਂ ,ਤੇਰਾ ਲਿਖਿਆ, ਕਿੰਨੀ ਵਾਰੀ, ਮੁੜ ਮੁੜ ਪੜ੍ਹਿਆ। ਦੋ ਸਤਰਾਂ ਵਿਚਕਾਰ ਦੀ ਖ਼ਾਲੀ ਥਾਂ ਨੇ ਮੈਨੂੰ ਇਹ ਸਮਝਾਇਐ, ਬਹੁਤੀ ਵਾਰੀ ਉਹ ਸੁਣਿਆ ਕਰ, ਜੋ ਛੱਡ ਜਾਨੈਂ ਤੂੰ ਅਣਪੜ੍ਹਿਆ।
109.
ਕਿਲ੍ਹਿਆਂ ਦੀ ਕਿਸਮਤ ਵੱਲ ਵੇਖੋ, ਬੱਕਰੀਆਂ ਦੀਵਾਰਾਂ ਉੱਤੇ। ਆਲਮਗੀਰ ਕਹਾਉਂਦੇ ਸੀ ਜੋ ਹੁਕਮਰਾਨ ਨੇ ਕਬਰੀਂ ਸੁੱਤੇ। ਵਕਤ ਲਿਹਾਜ਼ ਕਦੇ ਨਹੀਂ ਕਰਦਾ, ਨਾ ਕਲਗੀ ਨਾ ਰੁਤਬੇ ਵੇਖੇ, ਝੜ ਜਾਂਦੇ ਨੇ ਝੂਮਣ ਵਾਲੇ ਸਾਰੇ ਪੱਤਰ ਪੱਤਝੜ ਰੁੱਤੇ।
110.
ਰਾਵੀ ਤੋਂ ਉਧਾਰੀ ਲੈ ਕੇ ਤੁਰੇਂ ਬਾਂਕੀ ਤੋਰ ਨੀ। ਲਹਿਰੀਏ ਹਵਾ ਚ ਵੇਖ, ਨੱਚੇ ਮਨ ਮੋਰ ਨੀ। ਜਿੱਥੇ ਵੀ ਮਲੂਕ ਜਿੰਦ, ਸਾਂਭਦੀ ਨਜ਼ਾਕਤਾਂ, ਹਾਣੀਆਂ ਨੂੰ ਲੱਗੇ ਜਿਵੇਂ, ਤੁਰੀ ਜਾਵੇ ਮੋਰਨੀ।
111.
ਜੋ ਕੁਝ ਵਕਤ ਹਵਾ ਵਿੱਚ ਲਿਖਿਆ, ਉਸਨੂੰ ਪੜ੍ਹਨਾ ਸਿੱਖ ਲਿਆ ਹੈ। ਰਾਤ ਦੇ ਕੇਸੀਂ ਚੰਨ ਸਿਤਾਰੇ,ਕਿੱਦਾਂ ਜੜਨੇ, ਸਿੱਖ ਲਿਆ ਹੈ। ਆਖ ਦਿਉ ਝੱਖੜ ਨੂੰ ਸਾਡਾ ਹੋਰ ਵਧੇਰੇ ਸਿਦਕ ਨਾ ਪਰਖੇ, ਅਸੀਂ ਵੀ ਇਸ ਦੇ ਜਬਰ ਦੇ ਅੱਗੇ, ਕਿੱਦਾਂ ਅੜਨਾ, ਸਿੱਖ ਲਿਆ ਹੈ।
112.
ਹਰ ਪਲ ਭਟਕਣ ਬਹੁਤੇ ਲੋਕੀਂ, ਸਾਨੂੰ ਕਿਧਰੇ ਨਾਂ ਮਿਲ ਜਾਵੇ। ਸਾਰੀ ਉਮਰ ਉਡੀਕਣ ਬੈਠੇ,ਸਿਰ ਜੋਗੀ ਹੀ ਛਾਂ ਮਿਲ ਜਾਵੇ। ਪਰ ਜਿੰਨ੍ਹਾਂ ਵਿੱਚ ਨਿਸ਼ਚਾ, ਹਿੰਮਤ,ਬਿਲਕੁਲ ਵੱਖਰੇ ਰੰਗ ‘ਚ ਰਹਿੰਦੇ, ਉੱਗਣ ਵੇਲੇ ਉੱਗ ਪੈਂਦੇ ਨੇ, ਜਦ ਜੜ੍ਹ ਜੋਗੀ ਥਾਂ ਮਿਲ ਜਾਵੇ।
113.
ਅੱਧੀ ਰਾਤੀਂ ਨੀਂਦਰ ਉੱਖੜੀ, ਉਸ ਤੋਂ ਮਗਰੋਂ ਨੀਂਦ ਨਾ ਆਈ। ਜਿਉਂ ਵਰ੍ਹਿਆਂ ਤੋਂ ਬਾਅਦ ਮਿਲੇ ਕੋਈ ਸੱਜਣਾਂ ਲਿਖ ਕੇ ਚਿੱਠੀ ਪਾਈ। ਪੜ੍ਹਦੇ ਪੜ੍ਹਦੇ ਰਾਤ ਗੁਜ਼ਰ ਗਈ,ਹਾਲੇ ਵੀ ਕੁਝ ਪੰਨੇ ਬਾਕੀ, ਜ਼ਿੰਦਗੀ ਤੇਰੀ ਅਜਬ ਕਹਾਣੀ, ਮੈਨੂੰ ਤਾਂ ਕੁਝ ਸਮਝ ਨਾ ਆਈ।
114.
ਗੁਲਦਸਤੇ ਵਿੱਚ ਬਹੁਤੀ ਵਾਰੀ, ਫੁੱਲ ਹੁੰਦੇ ਨੇ, ਰੂਹ ਨਹੀਂ ਹੁੰਦੀ। ਦੇਵਣਹਾਰ ਦੇ ਮਨ ਵਿੱਚ ਕੀ ਹੈ, ਇਸ ਦੀ ਬਿਲਕੁਲ ਸੂਹ ਨਹੀਂ ਹੁੰਦੀ। ਜ਼ਿੰਦਗੀ ਬਣੀ ਅਜਾਇਬ ਘਰ ਹੈ,ਕਿੰਜ ਸਮਾਨ ਚਿਣੇ ਨੇ ਹਰ ਥਾਂ, ਆਸ ਕਰੀਂ ਨਾ,ਪਿਆਸ ਬੁਝਾਊ, ਲੱਜ ਤੇ ਭੌਣੀ ਖੂਹ ਨਹੀਂ ਹੁੰਦੀ।
115.
ਮਾਣਕ ਮੋਤੀ ਤੇਰੇ ਅੰਦਰ, ਹਿੰਮਤ ਕਰਕੇ ਲੱਭ ਲੈ ਯਾਰਾ। ਜੇਕਰ ਵੇਲ਼ਾ ਖੁੰਝ ਗਿਆ ਤਾਂ, ਹੱਡਾਂ ਵਿੱਚ ਬਹਿ ਜਾਊ ਪਾਰਾ। ਜ਼ਿੰਦਗੀ ਹੈ ਰੰਗਾਂ ਦਾ ਮੇਲਾ, ਦੁਖ ਸੁਖ ਦੋਵੇਂ ਹਰ ਵੇਲ਼ੇ ਪਛਤਾਇਆ ਨਾ ਕਰ, ਮਿਲਣਾ ਨਾ ਇਹ ਜਨਮ ਦੁਬਾਰਾ।
116.
ਮੰਦਰ ਮਸਜਿਦ ਇੱਕੋ ਗੱਲ ਹੈ, ਨਾ ਪਾ ਹੋਰ ਬੁਝਾਰਤ ਲੰਮੀ। ਨਾ ਦੱਸ ਮੈਨੂੰ,ਘੜਦੀ ਮਰਦੀ, ਜਿਸ ਦਿਨ ਦੀ ਧਰਤੀ ਤੇ ਜੰਮੀ। ਓਹੀ ਝੁੱਗੀ, ਖ਼ਾਲੀ ਪੀਪਾ, ਲਮਕਣ ਲੀਰਾਂ, ਸਾਡੇ ਹਿੱਸੇ, ਰੱਜਿਆਂ ਦੇ ਰੱਬ, ਸਾਡੇ ਲਈ ਨਾ,ਜ਼ਬਰ ਜ਼ੁਲਮ ਦੀ ‘ਨ੍ਹੇਰੀ ਥੰਮੀ।
117.
ਪੈਰਾਂ ਹੇਠ ਜ਼ਮੀਨ ਰਹੀ ਨਾ, ਸਿਰ ਤੇ ਨਾ ਆਕਾਸ਼ ਰਿਹਾ। ਬੇਇਤਬਾਰੀ ਏਨੀ ਵਧ ਗਈ, ਖ਼ੁਦ ਤੇ ਨਾ ਵਿਸ਼ਵਾਸ਼ ਰਿਹਾ। ਟਾਂਗਾ ਸਣੇ ਸਵਾਰੀਆਂ ਪਿੱਛੇ, ਘੋੜਾ ਵਾਗ ਤੁੜਾ ਭੱਜਿਆ, ਦੀਵਾ ਬੱਤੀ ਗੁੱਲ ਨੇ ਦੋਵੇਂ, ਚਾਨਣ ਨਾ ਪਰਕਾਸ਼ ਰਿਹਾ।
118.
ਥਾਲੀ ਵਿੱਚ ਪਰੋਸ ਕੇ ਜਿਸਨੂੰ ਰਹਿਮਤ ਦੇਵੇ ਜ਼ਿੰਦਗੀ ਮੱਖਣਾ। ਸਾਰੀ ਉਮਰ ਗੰਡੋਆ ਰਹਿੰਦੈ, ਰੀੜ੍ਹ ਦੀ ਹੱਡੀ ਤੋਂ ਬਿਨ ਸੱਖਣਾ। ਜ਼ਿੰਦਗੀ ਤਾਂ ਸੰਘਰਸ਼ ਦਾ ਨਾਂ ਹੈ, ਦੁੱਖ ਸੁਖ ਘਾੜਤ ਘੜਦੈ ਬੰਦਿਆ, ਮੌਕਾ ਮਿਲੇ ਪਲਾਕੀ ਮਾਰੀਂ, ਵਕਤ ਸਵਾਰੀ ਨਿਸ਼ਚਾ ਰੱਖਣਾ।
119.
ਸਭਨਾਂ ਨੂੰ ਨਹੀਂ ਮਿਲਦੀ ਏਥੇ,ਜ਼ਿੰਦਗੀ ਕੇਸਰ ਕਿਆਰੀ ਵਰਗੀ। ਖ਼ੁਸ਼ਬੂ ਦੀ ਰਖਵਾਲੀ ਵੀ ਤਾਂ ਜ਼ਿੰਮੇਵਾਰੀ ਭਾਰੀ ਵਰਗੀ। ਜਿਸਮੋਂ ਪਾਰ ਲੰਘਾ ਕੇ ਸੂਈਆਂ, ਫੁੱਲ ਬੋਲਦੇ ਖੱਦਰ ਉੱਤੇ, ਐਵੇਂ ਤਾਂ ਮੁਸਕਾਨ ਮਿਲੇ ਨਾ, ਖਿੜੀ ਪੁੜੀ ਫੁਲਕਾਰੀ ਵਰਗੀ।
120.
ਸਾਡੇ ਕੋਲ ਗੁਆਉਣ ਲਈ ਕੱਖ ਨਾ, ਰੱਜੇ ਲੋਕੀਂ ਮਰ ਚੱਲੇ ਨੇ। ਨਾ ਹੱਸਦੇ ਨਾ ਰੋਂਦੇ ਖੁੱਲ੍ਹ ਕੇ, ਏਨੇ ਵੀ ਕਿਉਂ ਡਰ ਚੱਲੇ ਨੇ। ਸੁਣਿਐ! ਵੱਖਰੇ ਕਮਰੇ ਸਭ ਦੇ, ਇੱਕ ਦੂਜੇ ਤੋਂ ਰੱਖਦੇ ਦੂਰੀ, ਬੰਦ ਮਕਾਨਾਂ ਵਾਲੇ ਕੈਦੀ, ਕਿਉਂ ਕਹਿੰਦੇ ਉਹ ਘਰ ਚੱਲੇ ਨੇ।
121.
ਹੁਣੇ ਹੁਣੇ ਤੂੰ ਦਸਤਕ ਦਿੱਤੀ, ਧੁਰ ਅੰਦਰ ਤੱਕ ਰੂਹ ਰੁਸ਼ਨਾਈ। ਲੱਗਿਆ ਮਨ ਦੀ ਚੌਖਟ ਉੱਤੇ ਦੀਵਾ ਬੱਤੀ ਆਣ ਜਗਾਈ। ਖਿੜਿਆ ਜਿਵੇਂ ਗੁਲਾਬ ਟਾਹਣੀਏ, ਚਾਰ ਚੁਫ਼ੇਰੇ ਰੌਣਕ ਹੋਈ, ਯਾਦਾਂ ਗਲੀ ਵਿੱਚ ਝਾਂਜਰ ਛਣਕੀ, ਮੁੱਦਤ ਮਗਰੋਂ ਰੌਣਕ ਆਈ।
122.
ਥਾਲੀ ਵਿੱਚ ਪਰੋਸ ਕੇ ਜਿਸਨੂੰ ਰਹਿਮਤ ਦੇਵੇ ਜ਼ਿੰਦਗੀ ਮੱਖਣਾ। ਸਾਰੀ ਉਮਰ ਗੰਡੋਆ ਰਹਿੰਦੈ, ਰੀੜ੍ਹ ਦੀ ਹੱਡੀ ਤੋਂ ਬਿਨ ਸੱਖਣਾ। ਜ਼ਿੰਦਗੀ ਤਾਂ ਸੰਘਰਸ਼ ਦਾ ਨਾਂ ਹੈ, ਦੁੱਖ ਸੁਖ ਘਾੜਤ ਘੜਦੈ ਬੰਦਿਆ, ਮੌਕਾ ਮਿਲੇ ਪਲਾਕੀ ਮਾਰੀਂ, ਵਕਤ ਸਵਾਰੀ ਨਿਸ਼ਚਾ ਰੱਖਣਾ।
123.
ਸਭਨਾਂ ਨੂੰ ਨਹੀਂ ਮਿਲਦੀ ਏਥੇ,ਜ਼ਿੰਦਗੀ ਕੇਸਰ ਕਿਆਰੀ ਵਰਗੀ। ਖ਼ੁਸ਼ਬੂ ਦੀ ਰਖਵਾਲੀ ਵੀ ਤਾਂ ਜ਼ਿੰਮੇਵਾਰੀ ਭਾਰੀ ਵਰਗੀ। ਜਿਸਮੋਂ ਪਾਰ ਲੰਘਾ ਕੇ ਸੂਈਆਂ, ਫੁੱਲ ਬੋਲਦੇ ਖੱਦਰ ਉੱਤੇ, ਐਵੇਂ ਤਾਂ ਮੁਸਕਾਨ ਮਿਲੇ ਨਾ, ਖਿੜੀ ਪੁੜੀ ਫੁਲਕਾਰੀ ਵਰਗੀ।
124.
ਸਾਡੇ ਕੋਲ ਗੁਆਉਣ ਲਈ ਕੱਖ ਨਾ, ਰੱਜੇ ਲੋਕੀਂ ਮਰ ਚੱਲੇ ਨੇ। ਨਾ ਹੱਸਦੇ ਨਾ ਰੋਂਦੇ ਖੁੱਲ੍ਹ ਕੇ, ਏਨੇ ਵੀ ਕਿਉਂ ਡਰ ਚੱਲੇ ਨੇ। ਸੁਣਿਐ! ਵੱਖਰੇ ਕਮਰੇ ਸਭ ਦੇ, ਇੱਕ ਦੂਜੇ ਤੋਂ ਰੱਖਦੇ ਦੂਰੀ, ਬੰਦ ਮਕਾਨਾਂ ਵਾਲੇ ਕੈਦੀ, ਕਿਉਂ ਕਹਿੰਦੇ ਉਹ ਘਰ ਚੱਲੇ ਨੇ।
125.
ਚੱਲ ਚੱਲ ਲਾਖਿਆ ਓ ਤੱਤਾ ਤੱਤਾ ਬੱਗਿਆ। ਤੈਨੂੰ ਮੈਨੂੰ ਮੇਟਣੇ ਲਈ ਕਿੰਨਾ ਜ਼ੋਰ ਲੱਗਿਆ। ਵੇਖ ਤੂੰ ਦਲਾਲਾਂ ਰਲ਼ ਮਿਲ਼ ਕੀਤਾ ਫ਼ੈਸਲਾ, ਕਿਵੇਂ ਪਰਵਾਨ ਕਰਾਂ ਦੁੱਲਿਆ ਓ ਜੱਗਿਆ।
126.
ਤੇਲ ਬਰੂਹੀਂ ਚੋ ਲੈ ਉੱਠ ਕੇ, ਚੜ੍ਹਦੀ ਗੁੱਠੋਂ ਸੂਰਜ ਚੜ੍ਹਿਆ। ਸੁਪਨ ਨਰੋਏ ਲੈ ਕੇ ਆਇਆ ਮੈਂ ਇਸਦੇ ਮੱਥੇ ਤੋਂ ਪੜ੍ਹਿਆ। ਸੁੱਤਿਆਂ ਜਿੱਸਰਾਂ ਰਾਤ ਗੁਜ਼ਾਰੀ, ਦਿਨ ਨਾ ਕਿਤੇ ਅਕਾਰਥ ਜਾਏ, ਮੇਰਾ ਫ਼ਰਜ਼ ਜਗਾਉਣਾ ਤੈਨੂੰ, ਅੱਗੇ ਤੇਰੀ ਮਰਜ਼ੀ ਅੜਿਆ।
127.
ਮੈਂ ਇਹ ਕੰਮ ਤਾਂ ਕਰ ਨਹੀਂ ਸਕਣਾ, ਏਨਾ ਕਦੇ ਉਦਾਸ ਨਾ ਹੋਣਾ। ਪਹਿਲਾ ਕੰਮ ਜ਼ਰੂਰੀ ਹੁਣ ਹੀ ਮਨ ਵਿੱਚੋਂ ਬੇਹਿੰਮਤੀ ਧੋਣਾ। ਬੰਦਾ ਹੈਂ ਤੂੰ, ਬੰਦਾ ਬਣ ਕੇ ਬੰਦੇ ਵਾਂਗੂੰ ਧਾਰ ਨਿਸ਼ਾਨਾ, ਵੇਖੀਂ ਜਿੱਤ ਨੇ ਅੱਗਲਵਾਂਢੀ , ਤੇਰੇ ਤੇਲ ਬਰੂਹੀਂ ਚੋਣਾ।
128.
ਹਰ ਪਲ ਸਿੱਖਣਾ ਬਹੁਤ ਜ਼ਰੂਰੀ, ਜ਼ਿੰਦਗੀ ਜੋ ਵੀ ਸਬਕ ਪੜ੍ਹਾਵੇ। ਹਰ ਇੱਕ ਕਦਮ ਕਿਤਾਬ ਦੇ ਵਰਗਾ,ਜੇਕਰ ਬੰਦਾ ਪੜ੍ਹਨਾ ਚਾਹਵੇ। ਅੱਖਾਂ ਮੀਟ ਗੁਜ਼ਾਰਾ ਕਰਕੇ, ਦਿਨ ਕਟੀਏ ਤਾਂ ਬਣ ਸਕਦੇ ਨੇ, ਤਖ਼ਤ ਨਹੀਂ ਬਣ ਸਕਦੇ ਉਹ ਜੋ,ਰਹਿੰਦੇ ਨੇ ਪਾਵੇ ਦੇ ਪਾਵੇ।
129.
ਬਾਗਬਾਨ! ਤੂੰ ਇਹ ਕੀ ਕੀਤਾ, ਹੋ ਗਏ ਸਾਰੇ ਫੁੱਲ ਉਦਾਸੇ। ਇੱਕ ਦੂਜੇ ਨੂੰ ਆਖ ਰਹੇ ਨੇ, ਜਾਈਏ ਜੀ ਹੁਣ ਕਿਹੜੇ ਪਾਸੇ। ਅੱਜ ਤੇਰੇ ਹੱਥ ਹੁਕਮ, ਹਕੂਮਤ, ਵਤਨ ਤੇਰੀ ਜਾਗੀਰ ਨਹੀਂ ਹੈ, ਤੇਰੀ ਨੀਂਦ ਹਰਾਮ ਕਰਨਗੇ, ਖੜਕ ਪਏ ਨੇ ਖ਼ਾਲੀ ਕਾਸੇ।
130.
ਕਿੰਨਾ ਕੁਝ ਹੈ ਇਸ ਦੇ ਅੰਦਰ ਯਾਦਾਂ ਦਾ ਸਰਮਾਇਆ ਫ਼ੋਲੋ। ਬੜਾ ਕੀਮਤੀ ਮਾਲ ਖ਼ਜ਼ਾਨਾ,ਬੀਤ ਗਏ ਦੀ ਗੰਢੜੀ ਖ਼ੋਲੋ। ਕਿਸ ਪਲ ਕਿਹੜੀ ਗੱਲ ਤੇ ਹੱਸੇ, ਰੋਏ ਕਿਹੜੇ ਮੋੜ ਦੇ ਉੱਤੇ, ਇਕਲਾਪੇ ਦਾ ਲਾਭ ਉਠਾਉ, ਦਿਲ ਦੇ ਨਾਲ ਕਦੇ ਤਾਂ ਬੋਲੋ।
131.
ਰੂਹ ਦਾ ਸਾਜ਼ ਤਾਂ ਆਪਣੇ ਅੰਦਰੋਂ,ਆਪੇ ਹੀ ਟੁਣਕਾਉਣਾ ਪੈਂਦੈ। ਮਨ ਦਾ ਘੋੜਾ ਚੜ੍ਹਦੀ ਕਲਾ ਵੱਲ,ਵਾਗਾਂ ਖਿੱਚ ਭਜਾਉਣਾ ਪੈਂਦੈ। ਜੇ ਇੱਕ ਵਾਰੀ ਨੱਕਾ ਟੁੱਟ ਜੇ, ਵਹਿਣ ਨੀਵਾਣਾਂ ਵੱਲ ਨੂੰ ਜਾਵੇ, ਬੰਨ੍ਹ ਮਜ਼ਬੂਤ ਬਣਾ ਕੇ ਪਾਣੀ ਪੈਲ਼ੀ ਵੱਲ ਪਰਤਾਉਣਾ ਪੈਂਦੈ।
132.
ਧੀਆਂ ਸੁਹਜ ਸਮਰਪਣ ਘਰ ਦਾ, ਸਹਿਜ ਸਬਰ ਸੰਤੋਖ ਸਲੀਕਾ। ਧਰਤੀ ਜਿੱਡਾ ਜਿਗਰਾ ਰੱਖਣਾ,ਦੱਸਦੀ ਹੈ ਮਾਂ ਜੀਣ ਤਰੀਕਾ। ਇੱਲਾਂ ਤੇ ਬਘਿਆੜਾਂ ਕੋਲੋਂ, ਸਾਬਤ ਕਦਮ ਬਚਾ ਸਕਦੇ ਨੇ, ਮੁਲਕਾਂ ਨਾਲ ਫ਼ਰਕ ਨਹੀਂ ਪੈਂਦਾ, ਭਾਰਤ ਹੋਵੇ ਜਾਂ ਅਮਰੀਕਾ।
133.
ਤੇਰੇ ਵਤਨ ਪਿਆਰੇ ਮਿੱਤਰਾ, ਅੰਬਰੀਂ ਪੀਂਘ ਪਈ ਸਤਰੰਗੀ। ਜੀਵੋ ,ਜਾਗੋ ਖ਼ੁਸ਼ੀਆਂ ਮਾਣੋ,ਤੂੰ ਤੇ ਤੇਰੇ ਸਾਰੇ ਸੰਗੀ। ਸਾਡੇ ਪਿੰਡ ਤਾਂ ਪੈਲੀ ਬੰਨੇ, ਖ਼ਤਰੇ ਹੇਠ ਪਨੀਰੀ ਸਾਰੀ, ਬੇਨਸਲਾਂ ਨੇ ਜਿੰਦ ਅਸਾਡੀ, ਜੀਂਦੇ ਜੀ ਹੀ ਸੂਲੀ ਟੰਗੀ।
134.
ਜਾਗ ਪੈਣ ਧਰਤੀ ਦੇ ਵਾਰਿਸ, ਹੱਥ ਲੈ ਪਰਚਮ ਸੂਹੇ ਰੰਗ ਦੇ। ਹਾਕਮ, ਹੁਕਮ, ਹਕੂਮਤ ਸਾਥੋਂ, ਫੇਰ ਦੋਬਾਰਾ ਰੱਤ ਨੇ ਮੰਗਦੇ। ਜਦ ਤੀਕਰ ਮਨ ਵੰਡਿਆ ਵੰਡਿਆ, ਏਕੇ ਦਾ ਪੱਲਾ ਨਹੀਂ ਫੜਦੇ, ਇਹ ਨਾ ਭੁੱਲਿਓ, ਸਦਾ ਸੂਰਮੇ , ਤਖ਼ਤ ਰਹਿਣਗੇ ਸੂਲੀ ਟੰਗਦੇ।
135.
ਮਹਿਕ ਪਰੁੱਚਾ ਪੱਲੂ ਤੇਰਾ, ਕੋਲੋਂ ਖਹਿ ਕੇ ਲੰਘ ਗਿਆ ਹੈ। ਕੁਝ ਪਲ ਬਹਿ ਜਾ,ਦਿਲ ਦੀ ਕਹਿ ਜਾ ਆਖਣ ਤੋਂ ਮਨ ਸੰਗ ਗਿਆ ਹੈ। ਏਨਾ ਹੀ ਧਰਵਾਸ ਬਥੇਰਾ, ਯਾਦਾਂ ਅੰਦਰ ਸਾਂਭ ਲਿਆ ਮੈਂ, ਪੋਲੇ ਕਦਮੀ ਤੁਰਨਾ ਤੇਰਾ, ਮਨ ਦੀ ਦੁਨੀਆ ਰੰਗ ਗਿਆ ਹੈ।
136.
ਤੁਰਨਾ ਤਾਂ ਇੱਕ ਪਾਸੇ ਛੱਡੋ, ਹੱਸਣ ਦਾ ਅੰਦਾਜ਼ ਕਮਾਲ। ਛਣਕਦੀਆਂ ਰੂਹ ਅੰਦਰ ਤਰਬਾਂ, ਕਿੰਜ ਦੱਸਾਂ ਮੈਂ ਨਾਲੋ ਨਾਲ। ਮੀਲਾਂ ਦਾ ਵਿਚਕਾਰ ਫ਼ਾਸਲਾ,ਓਸੇ ਵੇਲੇ ਮਿਟ ਜਾਂਦਾ ਹੈ, ਧੜਕਣ ਸਾਜ਼ ਵਜਾਉਂਦੀ ਜਾਪੇ, ਸੁਰ ਦੇ ਨਾਲ ਤੁਰਨ ਜਿਉਂ ਤਾਲ।
137.
ਜੀਅ ਕਰਦੈ ਮੈਂ ਤਰ ਕੇ ਆ ਜਾਂ,ਸੱਤ ਸਮੁੰਦਰ ਲਾ ਕੇ ਤਾਰੀ। ਦੂਰ ਦੋਮੇਲ ਨੂੰ ਪਾਰ ਕਰਾਂ ਮੈਂ, ਬਾਜ਼ ਦੇ ਵਾਂਗੂੰ ਮਾਰ ਉਡਾਰੀ। ਧਰਤ ਓਪਰੀ ਵੱਲ ਨੂੰ ਬੰਦਾ, ਬਿਨ ਸਿਰਨਾਵੇਂ ਕਿੱਧਰ ਜਾਵੇ, ਤੋੜ ਦਿਆ ਕਰ ਚੁੱਪ ਦੇ ਜੰਦਰੇ, ਖੋਲ੍ਹ ਦਿਆ ਕਰ ਦਿਲ ਦੀ ਬਾਰੀ।
138.
ਬਗਲ ਸਮਾਧੀ ਵਾਲੇ ਬਾਬੇ, ਹੁਣ ਕਿੱਧਰ ਨੂੰ ਚੱਲੇ। ਡੱਡੀਆਂ ਮੱਛੀਆਂ ਛਕ ਬੈਠੇ ਨੇ,ਬੇਈਮਾਨ ਨਿਗੱਲੇ। ਨਿਰਮਲ ਜਲ ਦੇ ਰਹਿਣ ਗਵਾਂਢੀ, ਭਾਵੇਂ ਉਮਰਾ ਸਾਰੀ, ਦੋਧੇ ਵਸਤਰ ਪਰ ਮਨ ਕਾਲ਼ੇ, ਕਰਦੇ ਕਰਮ ਅਵੱਲੇ।
139.
ਚੁੱਪ ਕੀਤਾ ਘੁੱਗੀਆਂ ਦਾ ਜੋੜਾ,ਵੇਖ ਰਿਹਾ ਏ ਜਗਤ ਜਲੰਦਾ। ਭੋਲ਼ੇ ਪੰਛੀ ਉਲਝਣ ਵਿੱਚ ਨੇ ਸਮਝ ਨਾ ਆਵੇ ਗੋਰਖ ਧੰਦਾ। ਆਖ ਰਹੇ ਸੀ ਮੈਂ ਜੋ ਸੁਣਿਆ,ਕਿੱਧਰ ਮਰ ਗਏ ਅਕਲਾਂ ਵਾਲੇ, ਪਸ਼ੂਆਂ ਵਾਂਗੂੰ ਚਾਰੀ ਜਾਵੇ, ਚਾਬਕ ਫੜ ਕੇ ਇੱਕੋ ਬੰਦਾ।
140.
ਜੇਕਰ ਧੌਲ ਉਠਾਈ ਧਰਤੀ, ਮੇਰੇ ਸਿਰ ਤੇ ਭਾਰ ਕਿਉਂ ਹੈ? ਅਜ਼ਲਾਂ ਤੋਂ ਹੀ ਕਿਰਤੀ ਪੁੱਤਰ ਰੋਟੀ ਤੋਂ ਲਾਚਾਰ ਕਿਉਂ ਹੈ? ਕੁਰਸੀ ਵਾਲਿਉ! ਵਿਦਵਾਨੋ ਤੇ ਧਰਮ ਕਰਮ ਦੇ ਠੇਕੇਦਾਰੋ, ਦੱਸਿਉ! ਚੌਂਕੀਦਾਰ ਦਾ ਪੁੱਤਰ ਅੱਜ ਵੀ ਚੌਂਕੀਦਾਰ ਕਿਉਂ ਹੈ?
141.
ਸ਼ਾਮ ਢਲ਼ੀ ਤੇ ਲੱਗਿਆ, ਚੰਨ ਜਿਉਂ ਚੁਗਲ ਝਾਤੀਆਂ ਮਾਰ ਰਿਹਾ ਹੈ। ਕਿਰਨਾਂ ਦਾ ਮੀਂਹ ਕਿਣ ਮਿਣ ਕਿਣ ਮਿਣ ਤਪਦਾ ਪਿੰਡਾ ਠਾਰ ਰਿਹਾ ਹੈ। ਕਾਲ਼ੀ ਰਾਤ ਗ਼ਮਾਂ ਦੀ ਗੂੜ੍ਹੀ, ਚਾਨਣ ਦੀ ਕਾਤਰ ਤੋਂ ਡਰਦੀ, ਨੂਰੀ ਮੱਥੇ ਸੂਰਜ ਟਿੱਕਾ,ਧਰਤੀ ਦਾ ਸ਼ਿੰਗਾਰ ਰਿਹਾ ਹੈ।
142.
ਇਸ ਧਰਤੀ ਤੇ ਕਿੰਨਾ ਕੁਝ ਹੈ, ਰਹਿ ਚੱਲਿਆ ਸਾਥੋਂ ਅਣਮਾਣਿਆ। ਸੁਰਗ ਨਜ਼ਾਰੇ ਵਰਗਾ ਕੀ ਕੁਝ,ਜੋ ਆਪਾਂ ਵੇਖਿਆ ਨਾ ਜਾਣਿਆ। ਹਰ ਪਲ ਮਿੱਟੀ ਠੀਕਰੀਆਂ ਤੇ ਕੂੜ ਕਬਾੜਾ ਚੁਗਦੇ ਫਿਰੀਏ, ਪੈਰਾਂ ਹੇਠ ਜ਼ਮੀਨ ਗੁਆਚੀ,ਕੈਸਾ ਭਰਮਾਂ ਤੰਬੂ ਤਾਣਿਆ।
143.
ਇਸ ਧਰਤੀ ਤੇ ਤੁਰਦੇ ਫਿਰਦੇ ਬੰਦੇ ਵੰਨ ਸੁਵੰਨੇ। ਕਈਆਂ ਨੇਤਰ ਬੰਦ ਕੀਤੇ ਨੇ ਹੋ ਗਏ ਅਕਲੋਂ ਅੰਨ੍ਹੇ। ਜੀਣ ਤੇ ਜਾਗਣ ਪਰ ਉਹ ਸੱਜਣ, ਜਿਨ ਮਿਲਿਆਂ ਰੂਹ ਖਿੜਦੀ, ਉਹ ਵੀ ਰਹਿਣ ਸਲਾਮਤ ਜਿਹੜੀਆਂ ਸੂਲਾਂ ਬੰਨੇ ਚੰਨੇ।
144.
ਦਿਨ ਚੜ੍ਹਿਆ ਹੈ, ਪੋਲੇ ਪੈਰੀਂ ਆ ਗਈ ਤੇਰੀ ਯਾਦ ਸੁਲੱਖਣੀ। ਸ਼ਬਦ ਮੋਤੀਆਂ ਵਰਗੀ ਪੂੰਜੀ ਕਾਹਦੇ ਲਈ ਮੈਂ ਸਾਂਭ ਕੇ ਰੱਖਣੀ। ਤੇਰਾ ਦਿੱਤਾ ਤੈਨੂੰ ਹੀ ਮੈਂ, ਕਿਣਕਾ ਕਿਣਕਾ ਮੋੜ ਰਿਹਾ ਹਾਂ, ਤੂੰ ਨਾ ਮਿਲਦਾ, ਪੈ ਜਾਣੀ ਸੀ, ਮੈਨੂੰ ਸਿੱਲ ਅਲੂਣੀ ਚੱਖਣੀ।
145.
ਸੂਰਜ ਵੀ ਤੂੰ ਚੀਰ ਲਿਆ ਹੈ, ਮੈਂ ਅੱਧੇ ਨੂੰ ਕੀ ਕਰਨਾ ਹੈ। ਇੱਕੋ ਬਾਂਹ ਦੇ ਨਾਲ ਭਲਾ ਮੈਂ, ਅਗਨ ਸਮੁੰਦਰ ਕਿੰਜ ਤਰਨਾ ਹੈ। ਤੇਰੀ ਨੀਤੀ ਵਿੱਚ ਬਦਨੀਤੀ, ਤੂੰ ਵੇਚੇਂਗਾ ਸਾਨੂੰ ਕਿਰਨਾਂ, ਫੇਰ ਕਹੇਂਗਾ, ਮੈਂ ਦੱਸਾਂਗਾ, ਕਿਸ ਬੰਦੇ ਨੇ ਕਿੰਜ ਮਰਨਾ ਹੈ।
146.
ਸੂਰਜ ਤੋਂ ਵੀ ਪਾਰ ਜਾਣ ਦਾ ਨਿਸ਼ਚਾ ਮਨ ਵਿੱਚ ਕਰਦੇ। ਮਾਰਨ ਬਾਜ਼ ਉਡਾਰੀ ਲੰਮੀ, ਬਹਿ ਹੌਕੇ ਨਹੀਂ ਭਰਦੇ। ਚੰਨ ਦੇ ਨਾਲ ਗੁਫ਼ਤਗੂ ਕਰਦੇ, ਤਾਰਿਆਂ ਦੇ ਹਮਜੋਲੀ, ਖੰਭਾਂ ਤੇ ਪਰਵਾਜ਼ ਸਹਾਰੇ, ਅੰਬਰੀਂ ਜਾਵਣ ਤਰਦੇ।
147.
ਜੇ ਕਰਨਾ ਵਿਸ਼ਵਾਸ ਤਾਂ ਪਹਿਲਾਂ,ਬਹੁਤ ਜ਼ਰੂਰੀ ਦੁਨੀਆਂ ਪੜ੍ਹਿਉ। ਚਮਕਣਹਾਰ ਮੁਲੰਮਾ ਮੰਡੀ, ਸੋਚ ਸਮਝ ਕੇ ਉਂਗਲੀ ਫੜਿਉ। ਰਾਤੋ ਰਾਤ ਅਮੀਰੀ ਮਾਰਗ, ‘ਨੇਰ੍ਹ ਗੁਫ਼ਾ ਅੰਦਰ ਨੂੰ ਜਾਵੇ, ਛਾਲਾਂ ਮਾਰਨ ਵਾਲੇ ਡਿੱਗਦੇ,ਪੌੜੀ ਪੌੜੀ ਕਰਕੇ ਚੜ੍ਹਿਉ।
148.
ਬੜੇ ਬੜੇ ਹੰਕਾਰੀ ਤੁਰ ਗਏ, ਵਕਤ ਫਰੇਮ ਚ ਕੈਦ ਨਾ ਹੋਵੇ। ਅਣਚਾਹੀਆਂ ਤਸਵੀਰਾਂ ਵਾਛੜ, ਕਣੀਆਂ ਮਾਰ ਮਾਰ ਕੇ ਧੋਵੇ। ਕੈਪਸੂਲ ਧਰਤੀ ਵਿੱਚ ਦੱਬ ਕੇ ਕਿੰਨੇ ਹਾਕਮ ਕਬਰੀਂ ਸੁੱਤੇ, ਉਹ ਰਹਿੰਦਾ ਦਿਲ ਅੰਦਰ ਹਰ ਦਮ, ਜਿਹੜਾ ਲੋਕਾਂ ਨਾਲ ਖਲੋਵੇ।
149.
ਭਰਮ ਪਾਲਿਆ ਲਾਈਆਂ ਆਪਾਂ, ਕਾਗ਼ਜ਼ ਦੇ ਰਾਵਣ ਨੂੰ ਅੱਗਾਂ। ਰਾਮ ਰਾਜ ਦੀ ਜੈ ਜੈ ਕਰਦੇ,ਸੁੱਟਦੇ ਰਹੇ ਮੂੰਹ ਅੰਦਰੋਂ ਝੱਗਾਂ। ਇਹ ਤਾਂ ਕੇਵਲ ਧਰਮ ਜਾਲ ਸੀ ,ਨਾਟਕ ਚੇਟਕ ਸਿਰਫ਼ ਬਹਾਨਾ, ਖ਼ਤਰੇ ਵਿੱਚ ਨੇ ਪੁਸ਼ਤਾਂ ਤੋਂ ਹੀ, ਉੱਚੇ ਸਿਰ ਤੇ ਬੱਧੀਆਂ ਪੱਗਾਂ।
150.
ਮਨ ਮੋਇਆ ਹੈ, ਮੈਂ ਤਾਂ ਜ਼ਿੰਦਾ, ਨਬਜ਼ ਵੇਖ ਲਉ ਚੱਲਦਾ ਸਾਹ ਹੈ। ਮੇਰੀ ਮੌਤ ਦੇ ਬਾਰੇ ਚੱਲਦੀ,ਮੰਨਿਉ ਨਾ, ਕੋਰੀ ਅਫਵਾਹ ਹੈ। ਕਿਸ਼ਤੀ ਟੋਪੀ ਵਾਲਾ ਅੰਨ੍ਹਾ, ਮੋਮੋ ਠਗਣਾ ਹੁਣ ਨਾ ਬੋਲੇ, ਜੰਤਰ ਮੰਤਰ ਰੋਜ਼ ਉਡੀਕੇ, ਹੁਣ ਕਿਉਂ ਉਸਨੂੰ,ਭੁੱਲਿਆ ਰਾਹ ਹੈ।
151.
ਭਗਤ ਸਿੰਘ ਸਰਦਾਰ ਬਣ ਗਿਆ ਆਜ਼ਾਦੀ ਵਿਸ਼ਵਾਸ ਦਾ ਨਾਂ ਹੈ। ਲੋਕ ਮੁਕਤੀਆਂ ਦੇ ਲਈ ਚਿੰਤਤ, ਲਿੱਸਿਆਂ ਲਈ ਧਰਵਾਸ ਦਾ ਨਾਂ ਹੈ। ਜ਼ਾਲਮ ਜ਼ੁਲਮ ਮਿਟਾਵਣਹਾਰੇ ਕਾਫ਼ਲਿਆਂ ਦਾ ਸਿਰਲੱਥ ਮੋਹਰੀ, ਇਨਕਲਾਬ ਦੇ ਪਰਚਮ ਵਾਲੇ ਧਰਤੀ ਦੇ ਇਤਿਹਾਸ ਦਾ ਨਾਂ ਹੈ।
152.
ਘੁੰਮਣਘੇਰ ‘ਚ ਘਿਰ ਕੇ ਕਹੀਏ, ਜ਼ਿੰਦਗੀ ਤਾਂ ਜੰਜਾਲ ਜਹੀ ਹੈ। ਸਹਿਜਮਤੇ ਜੇ ਤੁਰੀਏ ਆਪਾਂ ਇਹ ਹੀ ਸਰਲ ਸਵਾਲ ਜਹੀ ਹੈ। ਨਜ਼ਰ, ਨਜ਼ਰੀਆ ਅੱਡਰੀ ਸ਼ੈ ਨੇ, ਸਮਝ ਪਵੇ ਤਾਂ ਮਸਲਾ ਹੱਲ ਹੈ, ਹਰ ਬੰਦੇ ਦੇ ਅੰਦਰ ਕਵਿਤਾ, ਧੜਕਣ ਸੁਰ ਤੇ ਤਾਲ ਜਹੀ ਹੈ।
153.
ਮੈਂ ਆਪਣੇ ਅੱਜ ਦਿਲ ਦੇ ਵਰਕੇ ਦਿਨ ਚੜ੍ਹਦੇ ਹੀ ਫ਼ੋਲ ਰਿਹਾ ਸਾਂ। ਮੇਰੇ ਅੰਦਰ ਕਿੰਨੀ ਮਾਂ ਹੈ, ਬਾਪੂ ਜੀ ਨੂੰ ਟੋਲ ਰਿਹਾ ਸਾਂ। ਵਿੱਚ ਲਿਫ਼ਾਫ਼ੇ ਕੁਝ ਵੀ ਨਹੀਂ ਸੀ, ਜੋ ਕੁਝ ਉਨ੍ਹਾਂ ਮੈਨੂੰ ਸੌਂਪਿਆ, ਸਮਝ ਪਵੇ ਨਾ ਹੁਣ ਤੀਕਰ ਮੈਂ ਕਿਹੜਾ ਸੌਦਾ ਤੋਲ ਰਿਹਾ ਸਾਂ।
154.
ਧਰਤੀ ਧਰਮ ਧਰਾਤਲ ਗਿਰਵੀ, ਜਿਸਮ ਨੀਲਾਮ,ਵਿਕਾਊ ਰੱਬ ਹੈ। ਅਸਲੀ ਗੱਲ ਤਾਂ ਏਸੇ ਕਰਕੇ ਸਾਡੀਆਂ ਸੋਚਾਂ ਦੇ ਵਿੱਚ ਡੱਬ ਹੈ। ਬਗਲ ਸਮਾਧੀ ਲਾ ਕੇ ਬਹਿੰਦੇ, ਮੱਛੀਆਂ ਲਈ ਨੇਤਾ,ਅਭਿਨੇਤਾ, ਮਾਛੀ ਵੀ ਤਾਂ ਨਾਲ ਰਲ਼ੇ ਨੇ, ਸੱਚ ਪੁੱਛੋ ਤਾਂ ਏਹੀ ਯੱਭ ਹੈ।
155.
ਖੋਲ੍ਹ ਕਦੇ ਤਾਂ ਰੂਹ ਦੀ ਖਿੜਕੀ, ਵੇਖ ਲਵਾਂ ਕੀ ਅੰਦਰ ਤੁਰਦਾ। ਸ਼ਾਇਦ ਮੁਰੰਮਤ ਹੋ ਜਾਵੇ ਉਹ ਜੋ ਕੁਝ ਅੰਦਰ ਟੁੱਟਦਾ ਭੁਰਦਾ। ਬੰਦ ਰੱਖੋ ਜੇ ਬੂਹੇ ਬਾਰੀਆਂ, ਕੰਧਾਂ ਵਿਚ ਤਰੇੜਾਂ ਪਾਟਣ, ਏਦਾਂ ਤਾਂ ਮਨ ਮਰ ਜਾਂਦਾ ਹੈ, ਝੁਰਦਾ ਝੁਰਦਾ ਝੁਰਦਾ ਝੁਰਦਾ।
156.
ਸ਼ਬਦਾਂ ਦੀ ਸ਼ਤਰੰਜ ਖੇਡਦੇ, ਨਰਦਾਂ ਘੋੜੇ ਭੱਜੇ ਫਿਰਦੇ। ਵੇਖ ਰਿਹਾਂ ਮੈਂ ਨਾਟਕ ਚੇਟਕ, ਬਦਲੇ ਨਾ ਕਿਣਕਾ ਵੀ ਹਿਰਦੇ। ਗਲੀ ਗਲੀ ਵਣਜਾਰੇ ਫਿਰਦੇ, ਅਣਖ਼ਾਂ ਵੱਟੇ ਕਣਕਾਂ ਲੈ ਲਉ, ਸ਼ਬਦਾਂ ਦੀ ਮੰਡੀ ਵਿੱਚ ਸੁਣਦੇ, ਲੱਗਣ ਹੋਕੇ ਕਿੰਨੇ ਚਿਰ ਦੇ।
157.
ਚੁੱਪ ਦੀ ਵਲਗਣ ਤੋੜਨ ਮਗਰੋਂ,ਦਿਲ ਕਰਦੈ ,ਹੁਣ ਗੱਲਾਂ ਕਰੀਏ। ਰੂਹ ਵੱਲੋਂ ਨਿਰਵਸਤਰ ਹੋ ਕੇ, ਇਤਰ ਸਰੋਵਰ ਦੇ ਵਿੱਚ ਤਰੀਏ। ਰੰਗਾਂ ਦੇ ਦਰਿਆ ‘ਚੋਂ ਭਰੀਏ,ਸੱਤਰੰਗੀ ਪਿਚਕਾਰੀ ਆਪਾਂ, ਜਿੱਥੇ ਜਿੱਥੇ ਕੋਰੇ ਵਰਕੇ, ਮਨਚਾਹੇ ਸਾਰੇ ਰੰਗ ਸਾਰੇ ਭਰੀਏ।
158.
ਕਿੱਥੇ ਤੁਰ ਗਏ ਧੀਆਂ ਪੁੱਤਰ,ਸੁਰਖ਼ ਗੁਲਾਬ ਉਡੀਕ ਰਿਹਾ ਹੈ। ਮੈਨੂੰ ਪਾਲਣ ਵਾਲੇ ਕਿੱਥੇ,ਚੁੱਪ ਸ਼ਬਾਬ ਉਡੀਕ ਰਿਹਾ ਹੈ। ਲਾਲੀ ਤੇ ਹਰਿਆਲੀ ਵਾਲੀਆਂ ਹੁਣ ਜਦ ਪੈਲ਼ੀਆਂ ਖ਼ਤਰੇ ਵਿੱਚ ਨੇ, ਸਿਰਲੱਥਾਂ , ਰਖਵਾਲਿਆਂ ਨੂੰ ਅੱਜ ਫੇਰ ਪੰਜਾਬ ਉਡੀਕ ਰਿਹਾ ਹੈ।
159.
ਕਿੰਨਾ ਕੁਝ ਸਮਝਾਵੇ, ਸਮਝੋ, ਪੀਲਾ ਭੂਕ ਗੁਲਾਬ ਦਾ ਚਿਹਰਾ। ਜੇ ਨਾ ਸੰਭਲੇ, ਸੁਣ ਲਉ ਮੇਰੀ, ਖ਼ਤਰੇ ਹੇਠ ਕਿਤਾਬ ਦਾ ਚਿਹਰਾ। ਸ਼ਬਦ ਵਿਹੂਣੀ ਬੰਜਰ ਧਰਤੀ, ਮਰਦੀ ਮਰਦੀ ਮਰ ਜਾਂਦੀ ਹੈ, ਸੁਪਨੇ ਅੰਦਰ ਤੜਕਸਾਰ ਮੈਂ, ਵੇਖਿਆ ਇਹ ਪੰਜਾਬ ਦਾ ਚਿਹਰਾ।
160.
ਜੇਕਰ ਮੰਡੀ ਵਿੱਚ ਨਹੀਂ ਵਿਕਦਾ, ਮੈਨੂੰ ਇਸ ਦੀ ਸ਼ਰਮ ਨਹੀਂ ਹੈ। ਹਰ ਹੱਟੀ ਤੇ ਹਰ ਪਲ ਵਿਕਣਾ, ਇਹ ਬੰਦੇ ਦਾ ਧਰਮ ਨਹੀਂ ਹੈ। ਮੇਰੇ ਇਸ਼ਟ ਸਿਖਾਇਆ ਮੈਨੂੰ, ਛਾਬੇ ਅੰਦਰ ਨਹੀਂ ਤੂੰ ਬਹਿਣਾ, ਰੂਹ ਤੇ ਭਾਰ ਪੁਆ ਕੇ ਜੀਣਾ,ਇਹ ਬੰਦੇ ਦਾ ਕਰਮ ਨਹੀਂ ਹੈ।
161.
ਕਿਹੜੇ ਰਾਹੀਂ ਪੈ ਗਈ ਜਿੰਦੇ, ਲੱਗਦਾ ਤੇਰੀ ਸੋਚ ਭ੍ਰਿਸ਼ਟੀ। ਕਰਮਭੂਮ ਤੇਰੀ ਜੇ ਚਾਹੇਂ,ਬਣ ਸਕਦੀ ਹੈ ਕੁੱਲ ਸ੍ਰਿਸ਼ਟੀ। ਆਪਣੇ ਤੀਕਰ ਸੀਮਤ ਹੋ ਕੇ ਬਹਿ ਨਾ ਲਾ ਕੇ ਬਗਲ ਸਮਾਧੀ, ਸਗਲ ਦ੍ਰਿਸ਼ ਹੀ ਬਦਲ ਜਾਣ ਜੇ ਬੰਦਾ ਬਦਲੇ ਆਪ ਦ੍ਰਿਸ਼ਟੀ।
162.
ਸੁਰ ਤੇ ਸ਼ਬਦ ਸੁਮੇਲ ਕਰੇ ਜਦ ਧਰਤੀ ਬੋਲਣ ਲਾ ਸਕਦਾ ਹੈ। ਬਿਨਾ ਕਿਤਾਬਾਂ ਪੜ੍ਹੇ, ਪੜ੍ਹਾਏ, ਰਾਗ ਵੀ ਸਬਕ ਸਿਖਾ ਸਕਦਾ ਹੈ। ਜ਼ਿੰਦਗੀ ਤਾਲੋਂ ਖੁੰਝੇ ਜਦ ਵੀ, ਸ਼ੋਰ ਕਰੇ ਸਰਦਾਰੀ ਓਥੇ, ਗਲ਼ੀਆਂ ਵਿੱਚ ਦਰਵੇਸ਼ ਗਵੱਈਆ,ਰੂਹ ਦਾ ਸਾਜ਼ ਵਜਾ ਸਕਦਾ ਹੈ।
163.
ਕਾਇਮ ਰੱਖਣਾ ਮਾਣ ਕੌਮ ਦਾ, ਤੂੰ ਦਸਤਾਰ ਪੰਜਾਬ ਦੀ ਵੀਰਾ। ਬਾਰ ਬਾਰ ਨਹੀਂ ਮਿਲਣਾ ਤੈਨੂੰ, ਮਾਣਕ ਜਨਮ ਅਮੋਲਕ ਹੀਰਾ। ਭੁੱਲੀਂ ਨਾ ਵਿਰਸੇ ਦੀ ਸ਼ਕਤੀ, ਇਹ ਹੀ ਹੁੰਦੀ ਰੀੜ੍ਹ ਦੀ ਹੱਡੀ, ਗਰਦਨ ਰੱਖ ਉਚੇਰੀ ਪੁੱਤਰਾ, ਬਣ ਕੇ ਰਹਿ ਤੂੰ ਗੁਣੀ ਗਹੀਰਾ।
164.
ਧਰਤੀ ਮੈਨੂੰ ਖ਼ਤ ਲਿਖਿਆ ਹੈ, ਤੂੰ ਕਹਿੰਦਾ ਏਂ ਫੁੱਲ ਖਿੜਿਆ ਹੈ। ਆਪੋ ਆਪਣੀ ਸੂਝ ਮੁਤਾਬਕ ਸੋਚਾਂ ਅੰਦਰ ਜੰਗ ਛਿੜਿਆ ਹੈ। ਏਸ ਇਬਾਰਤ ਨੂੰ ਪੜ੍ਹ ਸਕਣਾ, ਹਰ ਇੱਕ ਦੇ ਨਾ ਹਿੱਸੇ ਆਵੇ, ਸਿੱਖ ਲੈ ਇਸ ਮਾਂ ਨੂੰ ਪੜ੍ਹ ਸਕਣਾ, ਤੇਰਾ ਮੱਥਾ ਕਿਉਂ ਚਿੜਿਆ ਹੈ।
165.
ਝੀਲਾਂ, ਝਰਨੇ, ਨੀਲਾ ਸਾਗਰ, ਧਰਤੀ ਤੇ ਲਿਖੀਆਂ ਕਵਿਤਾਵਾਂ। ਜੇ ਤੂੰ ਵਕਤ ਦਏਂ ਤਾਂ ਤੈਨੂੰ ਕੁਝ ਵਰਕੇ ਪੜ੍ਹ ਬੋਲ ਸੁਣਾਵਾਂ। ਕਿੰਨਾ ਕੁਝ ਅਣਪੜ੍ਹਿਆ ਛੱਡ ਕੇ, ਕਹਿੰਦੈਂ ਜ਼ਿੰਦਗੀ ਫਿੱਕੀ ਫਿੱਕੀ, ਵੇਖ ਕਦੇ ਤੂੰ ਧਰਤੀ ਅੰਬਰ,ਰੰਗਾਂ ਮੱਲੀਆਂ ਕਿੰਨੀਆਂ ਥਾਵਾਂ।
166.
ਕੁਝ ਲੋਕਾਂ ਦੇ ਮੱਥੇ ਲਿਖਿਆ, ਹੋਰ ਕਿਸੇ ਦਾ ਚਾਅ ਨਾ ਸਹਿਣਾ। ਗੈਸ ਪੇਟ ਦੀ ਮੂੰਹ ‘ਚੋਂ ਕੱਢਣਾ, ਪੁੱਠੀਆਂ ਚਾਲਾਂ ਚੱਲਦੇ ਰਹਿਣਾ। ਨੌਂ ਸੌ ਚੂਹੇ ਖਾ ਕੇ ਬਿੱਲੀ, ਬਣੀ ਭਗਤਣੀ ਵੇਖ ਲਵੋ ਜੀ, ਏਸ ਨਸਲ ਦੀ ਫਿਤਰਤ ਬਾਰੇ, ਇਸ ਤੋਂ ਵੱਧ ਮੈਂ ਕੁਝ ਨਹੀਂ ਕਹਿਣਾ।
167.
ਰੂਹ ਦਾ ਹੁਸਨ ਸਦੀਵੀ ਸ਼ਕਤੀ ਇਹ ਟਕਸਾਲੀ ਸਿੱਕਾ। ਇਸ ਦੇ ਅੱਗੇ ਸਾਰਾ ਕੁਝ ਹੀ ਲੱਗਦਾ ਫਿੱਕਾ ਫਿੱਕਾ। ਇਸ ਨੂੰ ਸਾਂਭ ਸੰਭਾਲ ਕੇ ਰੱਖਣਾ, ਤੇਰੀ ਜ਼ੁੰਮੇਵਾਰੀ, ਸੋਨੇ ਨਾਲੋਂ ਬਹੁਤਾ ਚਮਕੇ, ਮੱਥੇ ਸੂਰਜ ਟਿੱਕਾ।
168.
ਤੇਰੇ ਨਾਲ ਗੁਫ਼ਤਗੂ ਕਰਦੇ,ਜਾਪੇ ਲੋਹ ਤੇ ਪੈਂਦੀਆਂ ਕਣੀਆਂ। ਹੁਣ ਤੇਰੀ ਚੁੱਪ ਕਾਰਨ ਮੇਰੀ ਤਪਦੀ ਜਾਨ ਮੁਸ਼ਕਿਲਾਂ ਬਣੀਆਂ। ਪੀਲਾ ਪੈ ਗਿਆ ਫੁੱਲ ਗੁਲਾਬੀ ਮਹਿਕ ਗੁਆਚੀ ਰੰਗ ਵੀ ਰੁੱਸੇ, ਮੋਰਨੀਏ ਨਾ ਕਾਬੂ ਆਵਣ ਖਿਸਕਦੀਆਂ ਯਾਦਾਂ ਤੇ ਤਣੀਆਂ।
169.
ਚੜ੍ਹਦਾ ਸੂਰਜ ਵੇਖ ਲਿਆ ਮੈਂ, ਇਓਂ ਲੱਗਿਆ ਤੂੰ ਕੋਲ ਹੈਂ ਮੇਰੇ। ਏਸ ਤਰ੍ਹਾਂ ਹੀ ਮਿਲ ਜਾਇਆ ਕਰ, ਚੀਰ ਚੂਰ ਕੇ ਘੋਰ ਹਨ੍ਹੇਰੇ। ਮਨ ਮਸਤਕ ਵੀ ਖਿੜ ਜਾਂਦਾ ਹੈ, ਨੂਰੀ ਕਿਰਨਾਂ ਮੱਥੇ ਝੱਸ ਕੇ, ਬੁੱਕਲ ਵਿੱਚ ਸ੍ਰਿਸ਼ਟੀ ਜਾਪੇ, ਜਦ ਹੋ ਜਾਂਦੇ ਦਰਸ਼ਨ ਤੇਰੇ।
170.
ਇਹ ਸਤਰੰਗੀ ਪੀਂਘ ਦੋਸਤੋ, ਬਿਲਕੁਲ ਮਨ ਦੀ ਲਹਿਰ ਜਹੀ ਹੈ। ਮਾਣ ਲਵੋ ਤਾਂ ਆਪਣੇ ਅੰਦਰ , ਖਿੜਦੀ ਸਿਖ਼ਰ ਦੁਪਹਿਰ ਜਹੀ ਹੈ। ਮਨ ਦੇ ਰੌਂਅ ਤੇ ਇਹ ਹੈ ਨਿਰਭਰ , ਬੂਹੇ ਬੰਦ ਜਾਂ ਖੋਲ੍ਹ ਕੇ ਰੱਖਣੇ, ਦੇਖਦਿਆਂ ਵੀ ਅਣਡਿੱਠ ਕਰਨਾ, ਇਹ ਬਿਰਤੀ ਤਾਂ ਸ਼ਹਿਰ ਜਹੀ ਹੈ।
171.
ਬਾਬਾ ਨਜਮੀ ਸ਼ਬਦ ਬਾਣ ਦਾ ਬਿਲਕੁਲ ਜਿੱਸਰਾਂ ਦੂਜਾ ਨਾਂ ਹੈ। ਜਿਸ ਉੱਪਰ ਇਹ ਹੱਲਾ ਬੋਲੇ, ਮਰਨ ਲਈ ਉਹ ਲੱਭਦਾ ਥਾਂ ਹੈ। ਜਦੋਂ ਬੋਲਦੈ ਭਰੀ ਸਭਾ ਵਿੱਚ ਜਾਂ ਕਿਧਰੇ ਜਲਸੇ ਵਿੱਚ ਗੱਜੇ, ਲੱਗਦੈ, ਇਹਦਾ ਸੂਰਜ ਬਾਬਲ, ਧਰਤੀ ਇਹਦੀ ਸੱਕੀ ਮਾਂ ਹੈ।
172.
ਹਰ ਦੂਜੇ ਦਿਨ ਵੇਖ ਰਹੇ ਹਾਂ, ਜ਼ਿੰਦਗੀ ਹੈ ਬਘਿਆੜਾਂ ਅੱਗੇ । ਧੀ ਪੁੱਛਦੀ ਹੈ ਬਾਬਲ ਕੋਲੋਂ, ਤੈਨੂੰ ਇਹ ਸੱਚ ਕਿੱਦਾਂ ਲੱਗੇ? ਅੱਧੀ ਰਾਤੀਂ ਸਿਵਾ ਬਾਲ਼ਿਆ, ਸੂਰਜ ਤੋਂ ਕਾਨੂੰਨ ਵੀ ਕੰਬਿਆ, ਸੂਰਮਿਆਂ ਦੀ ਧਰਤੀ ਉੱਤੇ, ਸਾਰੇ ਮਰਦ ਬਣੇ ਕਿਉਂ ਢੱਗੇ।
173.
ਢਾਬ ਦੇ ਗੰਧਲੇ ਪਾਣੀ ਅੰਦਰ, ਵੇਖਾਂ ਜਦ ਮੈਂ ਖਿੜੀਆਂ ਕੰਮੀਆਂ। ਕਿੰਨੀਆਂ ਸੋਹਣੀਆਂ, ਇੱਕੋ ਥਾਂ ਤੇ, ਰੂਪਵੰਤੀਆਂ ਆ ਕੇ ਜੰਮੀਆਂ। ਪਰ ਵਣਜਾਰਿਆਂ ਤੋੜ ਲਿਆ ਤੇ ਸੂਈ ਵਿੰਨ੍ਹੀਆਂ ਕੋਮਲ ਜਿੰਦਾਂ, ਲਿੱਸੇ ਘਰ ਦੀ ਆਂ ਧੀਆਂ ਵਾਂਗੂੰ, ਦਰਦ ਕਹਾਣੀਆਂ ਉਮਰੋਂ ਲੰਮੀਆਂ।
174.
ਜਦੋਂ ਕਦੇ ਮਨ ਵਿਹਲਾ ਹੋਵੇ, ਆਪਣੇ ਨਾਲ ਗੁਫ਼ਤਗੂ ਕਰਿਉ। ਚੁੱਪ ਵੀ ਕਿਸੇ ਕਿਤਾਬ ਤੋਂ ਘੱਟ ਨਾ,ਇਸ ਦਾ ਪੂਰਨ ਪਾਠ ਤਾਂ ਕਰਿਉ। ਇਸ ਦੀ ਤਹਿ ਦੇ ਥੱਲੇ ਕਿੰਨੇ, ਅਣਵਿੱਧ ਮੋਤੀ ਪਏ ਅਣਫ਼ੋਲੇ, ਇਹ ਬੇਅੰਤ ਖ਼ਜ਼ਾਨਾ ਦੱਸਿਐ, ਜਦ ਚਾਹੋਗੇ ਝੋਲੀਆਂ ਭਰਿਉ।
175.
ਦੂਸਰਿਆਂ ਲਈ ਸ਼ੁਭਚਿੰਤਨ ਦਾ ਵਕਤ ਕੋਈ ਪੱਕਾ ਨਹੀਂ ਹੁੰਦਾ। ਜਿਹੜਾ ਬਹੁਤੀ ਕਰੇ ਖ਼ੁਸ਼ਾਮਦ,ਸਾਡਾ ਉਹ ਉਹ ਸੱਕਾ ਨਹੀਂ ਹੁੰਦਾ। ਸਹਿਮਤ ਨਾਲ ਅਸਹਿਮਤ ਤੁਰਦੈ,ਮਨ ਮੌਜੀ ਹੈ, ਚਾਕਰ ਨਹੀਉਂ, ਆਪਣੀ ਮਰਜ਼ੀ ਕਰਦਾ ਹੈ ਇਹ, ਮੋੜਨ ਲਈ ਧੱਕਾ ਨਹੀਂ ਹੁੰਦਾ।
176.
ਹਰ ਪਲ ਮਾਨਣਯੋਗ ਦੋਸਤੋ, ਦੁੱਖ ਤੇ ਸੁਖ ਜ਼ਿੰਦਗੀ ਦੇ ਪਹੀਏ। ਹਰ ਧਰਤੀ ਦੀ ਬੁੱਕਲ ਮਾਣੋ, ਹੱਸ ਗੁਜ਼ਾਰੀਏ , ਜਿੱਥੇ ਰਹੀਏ। ਰੋਂਦਿਆਂ ਅੱਜ ਤੱਕ ਰਾਤ ਨਾ ਮੁੱਕੀ,ਇਹ ਸੂਤਰ ਜੇ ਪੱਲੇ ਬੰਨ੍ਹੀਏ, ਘੁੱਟਿਆ ਵੱਟਿਆ ਮਨ ਸਮਝਾਈਏ, ਸਭ ਦੀ ਸੁਣੀਏ, ਸਭ ਨੂੰ ਕਹੀਏ।
177.
ਓਥੇ ਸੀਸ ਝੁਕਾਈਏ ਆਪਾਂ, ਜਿੱਥੇ ਸ਼ਬਦ ਗੁਰੂ ਦੇ ਵਾਸੇ। ਕੰਕਰੀਟ ਦੇ ਭਵਨ ਬੜੇ ਨੇ, ਭਰਦੇ ਹੀ ਨਾ ਰੂਹ ਦੇ ਕਾਸੇ । ਦੋਚਿੱਤੀ ਨੇ ਹਰ ਮਨ ਘੇਰਿਆ, ਭਟਕਣ ਸਾਡੇ ਸਾਹੀਂ ਰਚ ਗਈ, ਇਹ ਤਾਂ ਨਿਰਭਰ ਸਾਡੇ ਉੱਤੇ ਤੁਰਨਾ ਜਾਣਾ ਕਿਹੜੇ ਪਾਸੇ।
178.
ਦੁਇ ਕਰ ਜੋੜ ਕਰਾਂ ਅਰਦਾਸਾ ਨੇਕ ਕਰਮ ਤੇ ਸੇਵ ਕਮਾਵੇਂ। ਮੇਰੇ ਬੱਚਿਆ! ਰੱਬ ਕਰੇ ਤੂੰ, ਸਾਡੇ ਨਾਲੋਂ ,ਕਦਮ ਅਨੇਕਾਂ ਅੱਗੇ ਜਾਵੇਂ। ਸਰਬ ਦੁਨੀ ਨੂੰ ਆਪਣਾ ਜਾਣੇਂ, ਥੁੜਿਆਂ ਨੂੰ ਤੂੰ ਚਾਨਣ ਵੰਡੇਂ, ਦੇਸ਼ ਕੌਮ ਪਰਿਵਾਰ ਦਾ ਸੋਹਣਿਆ! ਸੂਰਜ ਬਣ ਕੇ ,ਨਾਂ ਚਮਕਾਵੇਂ।
179.
ਸੂਰਜ ਨੂੰ ਪੌੜੀ ਨਹੀਂ ਲੱਗਦੀ, ਅੰਦਰ ਜਗਦਾ ਦੀਵਾ ਧਰਿਉ। ਆਤਮ ਬਲ ਤੇ ਸਬਰ ਸਹਾਰੇ ਆਪੇ ਆਪਣਾ ਚਿੰਤਨ ਕਰਿਉ। ਆਪਣੀ ਰੂਹ ਦਾ ਲੇਖਾ ਜੋਖਾ ਹੋਰ ਕਿਸੇ ਤੋਂ ਕਿਉਂ ਕਰਵਾਉਣਾ, ਹੀਲੇ ਨਾਲ ਵਸੀਲੇ ਬਣਦੇ,ਐਵੇਂ ਨਾ ਬਹਿ ਹੌਕੇ ਭਰਿਉ।
180.
ਦੱਸੋ! ਇਹ ਕੀ ਦੱਸ ਰਹੀ ਹੈ ਚਿੜੀ ਅਨਾਰ ਦੀ ਟਾਹਣੀ ਲਹਿ ਕੇ। ਸਾਰਾ ਕੁਝ ਨਹੀਂ ਦੱਸਦੀ ਸਾਨੂੰ, ਮੂੰਹੋਂ ਕਥਾ ਕਹਾਣੀ ਕਹਿ ਕੇ। ਲੱਗਦੈ, ਪੱਤਝੜ ਮਗਰੋਂ, ਪੁੰਗਰੇ ਬਾਗ ਦੀ ਇਸਨੂੰ ਅਜਬ ਖ਼ੁਮਾਰੀ, ਫੁੱਲਾਂ ਮਗਰੋਂ ਫ਼ਲ ਆਵੇਗਾ, ਰੋਜ਼ ਉਡੀਕ ਰਹੀ ਇਹ ਬਹਿ ਕੇ।
181.
ਇੱਕੋ ਜੜ੍ਹ ਤੇ ਤਣਾ ਹੈ ਇੱਕੋ, ਤੂੰ ਝੜਿਆ ਮੈਂ ਖਿੜਨਾ ਵੀਰਾ। ਆਾਉਣਾ ਜਾਣਾ ਵਾਰੋ ਵਾਰੀ ਸਦੀਆਂ ਤੋਂ ਇਹ ਜਗਤ ਰਵੀਰਾ। ਪਰ ਖ਼ੁਸ਼ਬੋਈ ਸਾਂਝੀ ਪੂੰਜੀ ਵੰਡਦੇ ਵੰਡਦੇ ਨਿੰਮੀਏ ਜੰਮੀਏ, ਬੰਦਾ ਕਿਉਂ ਨਹੀਂ ਸਾਥੋਂ ਸਿੱਖਦਾ,ਜਿਸ ਦਾ ਜਨਮ ਅਮੋਲਕ ਹੀਰਾ।
182.
ਸਿੱਖ ਲਈਏ ਜੇ ਚੁੱਪ ਦੀ ਭਾਸ਼ਾ, ਬੋਲਣ ਦੀ ਘੱਟ ਲੋੜ ਪਵੇਗੀ। ਜਦ ਬੋਲੋਗੇ, ਅਸਰ ਪਵੇਗਾ, ਸ਼ਬਦਾਂ ਦੀ ਨਾ ਥੋੜ ਪਵੇਗੀ। ਬਹੁਤ ਜ਼ਰੂਰੀ ਖ਼ੁਦ ਨੂੰ ਮਿਲਣਾ, ਮਿਲ ਕੇ ਰੋਜ਼ ਗੁਫ਼ਤਗੂ ਕਰਨਾ, ਸੋਚ ਵਿਚਾਰ ਦੇ ਬਰਤਨ ਅੰਦਰ, ਸ਼ਬਦਾਂ ਦੀ ਨਾ ਤੋੜ ਪਵੇਗੀ।
183.
ਰੋਜ਼ ਸੋਚਦਾਂ ਫੁੱਲਾਂ ਵਿੱਚੋਂ, ਤੁਰ ਗਈ ਹੈ ਖ਼ੁਸ਼ਬੋਈ ਕਿੱਥੇ। ਸਾਥੋਂ ਮਹਿਕ ਗੁਆਚੀ ਕਿੱਦਾਂ, ਸਾਥੋਂ ਗਲਤੀ ਹੋਈ ਕਿੱਥੇ। ਮਧੂ ਮੱਖੀਆਂ,ਤਿਤਲੀ ਤੇ ਭੰਵਰੇ, ਹੁਣ ਗੁੰਜਾਰ ਕਿਉਂ ਨਹੀਂ ਪਾਉਂਦੇ, ਰੌਣਕ ਬਾਗ ਬਗੀਚੇ ਵਾਲੀ, ਦੱਸਿਉ ਜੀ ਇਹ ਮੋਈ ਕਿੱਥੇ।
184.
ਬਾਬਲ ਮਾਤ ਪਿਆਰੀ ਦਾ ਮੈਂ ਹਰ ਸੁਪਨਾ ਸਾਕਾਰ ਕਰਾਂਗਾ। ਧਰਤੀ ,ਅੰਬਰ,ਚੰਦ ,ਸਿਤਾਰੇ ਦੋ ਬਾਹਾਂ ਵਿਚਕਾਰ ਕਰਾਂਗਾ। ਮੇਰੇ ਮਾਪੇ ਮੇਰੀ ਸ਼ਕਤੀ, ਹਰ ਪਲ ਮੇਰੇ ਸਾਹੀਂ ਵੱਸਣ, ਇਸ ਧਰਤੀ ਤੇ ਮਾਨਵਤਾ ਲਈ,ਧਰਮ ਕਰਮ ਵਿਸਥਾਰ ਕਰਾਂਗਾ।
185.
ਇਹ ਤਾਂ ਫੁੱਲ ਕੰਵਲ ਦੇ ਸੋਹਣਿਆਂ ਜਿੰਨ੍ਹਾਂ ਨੂੰ ਤੂੰ ਆਖੇਂ ਕੰਮੀਆਂ। ਜਿਵੇਂ ਨਿਤਾਣਿਆਂ ਦੇ ਘਰ ਹੁੰਦੀਆਂ ਗੁਰਬਤ ਅੰਦਰ ਧੀਆਂ ਜੰਮੀਆਂ। ਤੂੰ ਹੰਕਾਰੀਆ ਮਸਲੀ ਜਾਨੈਂ ਮੰਨਿਆ ਕੁਰਸੀ ਤੇਰੇ ਵੱਲ ਹੈ, ਐਸਾ ਜ਼ੁਲਮ ਸਿਖ਼ਰ ਜਦ ਪਹੁੰਚੇ ਫੇਰ ਨਾ ਜਾਣ ਹਨ੍ਹੇਰੀਆਂ ਥੰਮ੍ਹੀਆਂ।
186.
ਡੱਡੀਆਂ ਮੱਛੀਆਂ ਖਾ ਕੇ ਬਗਲੇ, ਮਾਰ ਉਡਾਰੀ ਕਿਤ ਰਾਹ ਮੱਲੇ। ਲੁੱਟਣ, ਖਾਣ ਕਮਾਉਣ ਤੋਂ ਅੱਗੇ ਕੱਖ,ਨਹੀਂ ਇਨ੍ਹਾਂ ਦੇ ਪੱਲੇ। ਵੇਖਣ ਨੂੰ ਇਹ ਭਗਤ ਜਾਪਦੇ, ਖੇਤਾਂ ਨਾਲ ਸਨੇਹ ਨਾ ਕੋਈ, ਏਸ ਨਸਲ ਨੂੰ ਮੂੰਹ ਨਾ ਲਾਇਉ,ਕਸ਼ਟ ਘੜੀ ਜੋ ਛੱਡ ਕੇ ਚੱਲੇ।
187.
ਪਿਆਰ ਮੁਹੱਬਤ ਜਿੱਥੋਂ ਮਿਲਦਾ, ਚੁੱਪ ਕਰਕੇ ਲੈ ਲਈਏ। ਸਣੇ ਵਿਆਜ ਮੋੜਨਾ ਸਿੱਖੀਏ, ਖਾ ਪੀ ਕੇ ਨਾ ਬਹੀਏ। ਪਸ਼ੂ,ਪਰਿੰਦੇ, ਕੁੱਲ ਪ੍ਰਕਿਰਤੀ, ਹਰ ਪਲ ਦੇਂਦੀ ਲੈਂਦੀ, ਇਸ ਥਾਂ ਤੇ ਨਾ ਚੱਲਦੇ ਤੇਰੇ ਖੋਟੇ ਨੋਟ ਰੁਪਈਏ।
188.
ਮੂਲ ਤੋਂ ਪਿਆਰਾ ਹੈ ਵਿਆਜ ਜਦੋਂ ਬਣਦਾ। ਸਿਰ ਉੱਤੇ ਚਾਵਾਂ ਦਾ ਚੰਦੋਆ ਜਿਹਾ ਤਣਦਾ। ਮਹਿਕਦੇ ਬਗੀਚੇ ਬਾਲ ਬੱਚਿਆਂ ਦੇ ਹੁੰਦਿਆਂ, ਜ਼ਿੰਦਗੀ ਦੇ ਰਾਹਾਂ ‘ਚੋਂ ਹਨ੍ਹੇਰਾ ਜਾਵੇ ਛਣਦਾ।
189.
ਫੁੱਲ ਨਹੀਂ, ਖ਼ੁਸ਼ਬੋਈ ਭਿੱਜਿਆ, ਹੁਣ ਹੀ ਤੇਰਾ ਖ਼ਤ ਮਿਲਿਆ ਹੈ। ਸਿਰਫ਼ ਜਿਸਮ ਨਾ, ਧੁਰ ਅੰਦਰ ਤੱਕ ਲੂੰ ਲੂੰ ਜਿੱਸਰਾਂ ਮਹਿਕ ਗਿਆ ਹੈ। ਏਸ ਤਰਜ਼ ਦੀ ਕਰੇਂ ਗੁਫ਼ਤਗੂ, ਨਿਰਸ਼ਬਦੀ ਪਰ ਸਭ ਕੁਝ ਆਖੇਂ, ਖਿੜਿਆ ਰਹਿ ਕੇ ਖੇੜਾ ਵੰਡੀਏ, ਫ਼ੁੱਲਾਂ ਤੋਂ ਮੈਂ ਸਮਝ ਲਿਆ ਹੈ।
190.
ਇਹ ਵੀ ਜਿੰਦ ਹੈ ਮਹਿਕ ਪਰੁੱਚੀ,ਫੁੱਲ ਡੋਡੀ ਨਾ ਤੋੜ ਦਿਆ ਕਰ। ਜੇ ਵੱਸ ਚੱਲੇ ਤੇਰਾ ਤਾਂ ਤੂੰ। ਹੋਰਾਂ ਨੂੰ ਵੀ ਹੋੜ ਦਿਆ ਕਰ। ਤੇਰੇ ਅੰਦਰ ਬੈਠ ਪਤੰਦਰ, ਬਾਂਦਰ ਜੇਕਰ ਬਹੁਤਾ ਬੁੜ੍ਹਕੇ, ਹੋਰ ਕਿਸੇ ਕੰਮ ਲਾ ਰੱਖਿਆ ਕਰ, ਪੁੱਠੇ ਕੰਮ ਤੋਂ ਮੋੜ ਦਿਆ ਕਰ।
191.
ਬੀਤ ਗਏ ਨੂੰ ਚੇਤੇ ਕਰਕੇ ਬਹੁਤਾ ਤੂੰ ਪਛਤਾਇਆ ਨਾ ਕਰ। ਰੋਣ ਨਾਲ ਨਾ ਸੱਜਣ ਮੁੜਦੇ, ਨੈਣੋਂ ਨੀਰ ਵਹਾਇਆ ਨਾ ਕਰ। ਅੱਜ ਨੂੰ ਸਮਝਣ ਖ਼ਾਤਰ ਜਿਹੜੇ ਪਲ ਗੁਜ਼ਰਨ ਉਹ ਆਪਣੇ ਹੁੰਦੇ, ਕੱਲ੍ਹ ਨੂੰ ਖ਼ਵਰੇ ਕੀ ਹੋਵੇਗਾ, ਇਸ ਦਾ ਝੋਰਾ ਲਾਇਆ ਨਾ ਕਰ।
192.
ਰੰਗ ਬਰੰਗੇ ਵਸਤਰ ਨੇ ਪਰ ਜ਼ਿੰਦਗੀ ਕਿਉਂ ਬਦਰੰਗ ਵੇ ਲੋਕਾ। ਚਾਵਾਂ ਨੂੰ ਦੱਸ ਕੌਣ ਮਸਲਦਾ, ਕਰਦਾ ਖੱਜਲ ਤੰਗ ਵੇ ਲੋਕਾ। ਹਰ ਸੱਸੀ ਦੇ ਪੈਰਾਂ ਥੱਲੇ ਅੱਜ ਵੀ ਤਪਦੀ ਰੇਤ ਥਲਾਂ ਦੀ, ਰਾਂਝੇ ਦੀ ਥਾਂ ਹੀਰ ਦੇ ਲੇਖੀਂ, ਹਰ ਥਾਂ ਖੇੜੇ ਝੰਗ ਵੇ ਲੋਕਾ।
193.
ਇੱਕ ਮਿੱਠੜੀ ਮੁਸਕਾਨ ਬਿਨਾ ਮੈਂ ਤੇਰੇ ਤੋਂ ਕੁਝ ਹੋਰ ਨਾ ਮੰਗਦਾ। ਤੇਰਾ ਕੰਡ ਘੁਮਾ ਕੇ ਬਹਿਣਾ, ਜਿੰਦ ਮੇਰੀ ਸੂਲੀ ਤੇ ਟੰਗਦਾ। ਮੰਨਿਆ!ਛਣਕਣ ਹਾਸੇ ਅੰਦਰ ਸੁੱਕੀਆਂ ਜਿਵੇਂ ਸ਼ਰੀਂਹ ਦੀਆਂ ਫ਼ਲੀਆਂ, ਇੱਕ ਅੱਧ ਡੋਬਾ ਦੇ ਜਾ ਮੈਨੂੰ,ਮੋਰਨੀਏ ਨੀ ਰੂਹ ਦੇ ਰੰਗ ਦਾ।
194.
ਫੁੱਲਾਂ ਨੂੰ ਜ਼ਬਾਨ ਲਾ ਕੇ ਓਸ ਕਿਹਾ ਖੋਲ੍ਹ ਨਾ। ਮਹਿਕ ਦੇ ਕੇ ਆਖਿਆ ਤੂੰ ਵਿਕੀਂ ਮਹਿੰਗੇ ਤੋਲ ਨਾ। ਆਉਣੇ ਵਣਜਾਰੇ ਲੱਖਾਂ, ਮੁੱਲ ਤੇਰਾ ਪਾਉਣ ਲਈ, ਚੁੱਪ ਚਾਪ ਵੰਡੀ ਜਾਹ ਤੂੰ ਮੂੰਹੋਂ ਪਰ ਬੋਲ ਨਾ।
195.
ਮਿਲ ਜਾਇਆ ਕਰ ਸੁਪਨੇ ਅੰਦਰ, ਜਦ ਵੀ ਕਦੇ ਉਦਾਸੀ ਘੇਰੇ। ਦਿਲ ਦਰਿਆ ਨੂੰ ਤਰ ਕੇ ਆਵਾਂ, ਇਸ ਉਮਰੇ ਨਾ ਵੱਸ ‘ਚ ਮੇਰੇ। ਸੱਚੀ ਗੱਲ ਹੈ,ਚੰਗੀ ਲੱਗਦੀ, ਤੈਨੂੰ ਖਹਿ ਕੇ ਆਈ ਖ਼ੁਸ਼ਬੂ, ਉਸ ਮਗਰੋਂ ਮਨ ਬਿਹਬਲ ਹੋ ਜੇ, ਤੂੰ ਹੀ ਤੂੰ ਫਿਰ ਚਾਰ ਚੁਫ਼ੇਰੇ।
196.
ਮੈਪਲ ਦੇ ਪੱਤਿਆਂ ਤੇ ਲਿਖ ਕੇ ਸੋਹਣਾ ਤੂੰ ਪੈਗਾਮ ਭੇਜਿਆ। ਬਿਨ ਸਿਰਨਾਵੇਂ ਚਿੱਠੀ ਮਿਲ ਗਈ ਲਿਖਤੁਮ ਹੇਠਾਂ ਸ਼ਾਮ ਭੇਜਿਆ। ਇਸ ਧਰਤੀ ਤੇ ਫਿਰ ਆਵਾਂਗੇ,ਵੇਖਿਉ ਜਦੋਂ ਫੁਟਾਰਾ ਫੁੱਟਿਆ, ਰੱਖਿਉ ਜੜ੍ਹਾਂ ਸਲਾਮਤ ਯਾਰੋ ਕਿੱਸਾ ਖੋਲ੍ਹ ਤਮਾਮ ਭੇਜਿਆ।
197.
ਕੁਦਰਤ ਤੈਨੂੰ ਕੀ ਕੁਝ ਦੇਵੇ, ਕਰ ਸ਼ੁਕਰਾਨਾ ਫੜਿਆ ਕਰ ਤੂੰ। ਏਸ ਤਰ੍ਹਾਂ ਜਦ ਚਿੱਠੀਆਂ ਪਾਵੇ, ਅੱਖਰ ਅੱਖਰ ਪੜ੍ਹਿਆ ਕਰ ਤੂੰ। ਹਿਰਨਾਂ ਦੇ ਸਿੰਗਾਂ ਤੇ ਚੜ੍ਹ ਕੇ ਲੰਘ ਜਾਨੈਂ ਤੂੰ ਮਾਰ ਫੱਰਾਟੇ, ਕੁਝ ਪਲ ਫੁੱਲਾਂ ਕੋਲ ਬੈਠ ਕੇ, ਸਹਿਜ ਸਵਾਸੀਂ ਮੜ੍ਹਿਆ ਕਰ ਤੂੰ।
198.
ਕਿਉਂ ਮਾਸੂਮ ਤਿਤਲੀਆਂ ਮਾਰੇਂ ਰੱਖ ਕੇ ਰੂਹ ਤੇ ਪਹਿਰੇਦਾਰੀ। ਦਿਲ ਦੀ ਸੁਣਨਾ, ਦਿਲ ਨੂੰ ਕਹਿਣਾ ਮੈਂ ਤਾਂ ਸਮਝਾਂ ਜ਼ਿੰਮੇਵਾਰੀ। ਹੁਣ ਏਦਾਂ ਮਹਿਸੂਸ ਕਰ ਰਿਹਾਂ,ਐਵੇਂ ਚਿੱਠੀਆਂ ਪਾਈ ਜਾਵਾਂ, ਅੰਦਰੋਂ ਬਾਹਰੋਂ ਜਿਸ ਘਰ ਜੰਦਰੇ, ਓਥੇ ਮੈਂ ਘੰਟੀ ਕਿਉਂ ਮਾਰੀ।
199.
ਸਦਾ ਫੁਟਾਰਾ ਪੱਤਝੜ ਮਗਰੋਂ ਏਨੀ ਗੱਲ ਸਮਝ ਲੈ ਬੱਲਿਆ। ਇਹ ਪਤਰਾਲ ਜੋ ਕਿਰਦਾ ਥੱਲੇ, ਆਪਣਾ ਫ਼ਰਜ਼ ਨਿਭਾ ਕੇ ਚੱਲਿਆ। ਧਰਤੀ ਦੀ ਬੁੱਕਲ ਵਿੱਚ ਬਹਿ ਕੇ, ਇਸ ਨੇ ਤਾਕਤ ਰੁੱਖ ਨੂੰ ਦੇਣੀ, ਏਸ ਕਿਤਾਬ ਦਾ ਵਰਕਾ ਇੱਕ ਵੀ ਤੂੰ ਦੱਸ ਕਿਉਂ ਨਹੀਂ ਪੜ੍ਹਦਾ ਝੱਲਿਆ।
200.
ਦਿਨ ਚੜ੍ਹਿਆ ਹੈ,ਉੱਠ ਨੀ ਜਿੰਦੇ, ਭਰ ਭਰ ਮੁੱਠੀਆਂ ਵੰਡ ਖ਼ੁਸ਼ਬੋਈਆਂ। ਇਸ ਧਰਤੀ ਤੇ ਹਰ ਵਣਜਾਰੇ, ਕੋਮਲ ਕਲੀਆਂ ਸੂਲ ਪਰੋਈਆ। ਇਹ ਹੀ ਸਬਕ ਭੁਲਾਉਣਾ ਪੈਣੈ, ਹਰ ਵਸਤੂ ਨਾ ਮੰਡੀ ਖ਼ਾਤਰ, ਮਾਰ ਤਰੌਂਕਾ ਸੂਰਜ ਜਿੱਸਰਾਂ,ਧਰਤ ਦੀਆਂ ਸਭ ਨੁੱਕਰਾਂ ਧੋਈਆਂ।
201.
ਰੰਗ ਰਾਗ ਤੇ ਸ਼ਬਦ ਮੁਕੰਮਲ ਜ਼ਿੰਦਗੀ ਅੰਦਰ ਰੰਗ ਭਰਦੇ ਨੇ। ਇਨ੍ਹਾਂ ਤੋਂ ਬਿਨ ਰੂਹ ਦੇ ਪੰਛੀ ਗਗਨ ਉਡਾਰੀ ਕਦ ਭਰਦੇ ਨੇ। ਪਰ ਸਾਡੀ ਤਾਂ ਧਰਤ ਬਰਾਨੀ ਤੇ ਕਲਰਾਠੀ ਬੀਜ ਨਾ ਪੁੰਗਰੇ, ਰੋਟੀ ਦੀ ਜੰਗ ਲੜਦਿਆਂ ਏਥੇ ਸੁਪਨ ਕਰੋੜਾਂ ਨਿੱਤ ਮਰਦੇ ਨੇ।
202.
ਨਿੱਕਿਆ ਵੀਰਾ ਲੱਖ ਸ਼ੁਕਰਾਨਾ ਦਿਨ ਚੜ੍ਹਦੇ ਤੂੰ ਸੂਰਜ ਘੱਲਿਆ। ਇਸ ਤੋਂ ਪਹਿਲਾਂ ਗਹਿਰ ਗੁਬਾਰਾਂ ਰਾਤ ਹਨ੍ਹੇਰੀ ਸੀ ਮਨ ਮੱਲਿਆ। ਇੱਕ ਦੂਜੇ ਨੂੰ ਏਸ ਤਰ੍ਹਾਂ ਹੀ ਚਾਨਣ ਵੰਡਣਾ ਅਸਲ ਧਰਮ ਹੈ, ਜਿੰਨੇ ਸਵਾਸ ਮਿਲੇ ਇਸ ਖ਼ਾਤਰ,ਖ਼ਰਚਣ ਤੋਂ ਨਾ ਖੁੰਝੀਏ ਬੱਲਿਆ।
203.
ਫ਼ਾਸਲਿਆਂ ਨੇ ਖਾ ਜਾਣਾ ਹੈ,ਆ ਜਾ ਆਪਣੇ ਕੋਲ ਖਲੋਈਏ। ਕਰਕੇ ਸੁਰਤ ਇਕਾਗਰ ਖ਼ੁਦ ਨੂੰ ਨਵੇਂ ਸਿਰੇ ਤੋਂ ਮੁੜ ਕੇ ਗੋਈਏ। ਜਿਹੜੇ ਬਹੁਤੀਆਂ ਜੱਫੀਆਂ ਪਾਉਂਦੇ, ਸਾਵਧਾਨ ਜੀ ਬਚ ਕੇ ਰਹਿਣਾ, ਰਿਸ਼ਤਿਆਂ ਦੀ ਸੰਵੇਦਨ ਸ਼ਕਤੀ, ਲੱਭੀਏ ਸਾਹਾਂ ਵਿੱਚ ਪਰੋਈਏ।
204.
ਮੈਨੂੰ ਬਾਹਰੋਂ ਲੱਭਿਆ ਨਾ ਕਰ ਮੈਂ ਤੇਰੇ ਅੰਦਰ ਹੀ ਵੱਸਦਾਂ। ਕਿੰਨੀ ਵਾਰੀ ਪਹਿਲਾਂ ਦੱਸਿਐ, ਅੰਤਮ ਵਾਰੀ ਮੁੜ ਕੇ ਦੱਸਦਾਂ। ਹਿਰਨਾਂ ਦੇ ਸਿੰਗਾਂ ਤੇ ਚੜ੍ਹ ਕੇ, ਲੱਭਦਾ ਫਿਰਦੈਂ ਕਿਹੜੇ ਰੱਬ ਨੂੰ, ਥੱਕ ਟੁੱਟ ਕੇ ਜਦ ਪੈ ਜਾਂਦਾ ਏਂ, ਤੇਰੀ ਕਮਅਕਲੀ ਤੇ ਹੱਸਦਾਂ।
205.
ਮੋਹ ਕਣੀਆਂ ਦੀ ਪਲ ਭਰ ਛਾਂ ਹੀ ਦੁਨੀਆਂ ਝੂਮਣ ਲਾ ਜਾਂਦੀ ਹੈ। ਰੂਹ ਅੰਦਰ ਵਿਸਮਾਦੀ ਧੜਕਣ ਰੋਮ ਰੋਮ ਨਸ਼ਿਆ ਜਾਂਦੀ ਹੈ। ਤਨ ਮਨ ਬਹੁਤ ਪਿਛਾਂਹ ਰਹਿ ਜਾਂਦਾ ਇਹ ਤੂੰ ਬਿਲਕੁਲ ਠੀਕ ਆਖਿਆ, ਇੱਕ ਮੁਸਕਾਨ ਤੇਰੀ ਸਹੁੰ ਲੱਗੇ ਦਿਲ ਦੇ ਤਾਰ ਹਿਲਾ ਜਾਂਦੀ ਹੈ।
206.
ਦੱਸ ਤੂੰ ਮੇਰੇ ਤੋਂ ਹੋਈ ਕੀ ਖ਼ਤਾ। ਹੋ ਗਈ ਧੜਕਣ ਚੋਂ ਜਿੰਦੇ ਲਾਪਤਾ। ਇਹ ਬੁਝਾਰਤ ਕੌਣ ਬੁੱਝੇ ਤੇਰੇ ਬਿਨ, ਸੂਲੀ ਟੰਗੀ ਜਾਨ ਦਾ ਤੂੰ ਕਰ ਪਤਾ।
207.
ਨੰਗੇ ਪਿੰਡੇ ਤੁਰਨਾ ਔਖਾ ਤਿੱਖੜ ਤੇਜ਼ ਦੁਪਹਿਰ ਦੇ ਅੰਦਰ। ਬਿਰਖ਼ ਗੁਆਚ ਗਏ ਨੇ ਸੜਕੋਂ ਏਸ ਸਰਾਪੇ ਸ਼ਹਿਰ ਦੇ ਅੰਦਰ। ਕਮਰੇ ਤੋਂ ਕਮਰੇ ਦਾ ਪੈਂਡਾ ਘਰ ਵਿੱਚ ਕੋਹਾਂ ਵਧਿਆ ਵੇਖੋ, ਦਿਲ ਟੁੱਟਿਆ ਫੁੱਲ ਬਣ ਕੇ ਤਰਦਾ ਦਿਲ ਦਰਿਆ ਦੀ ਲਹਿਰ ਦੇ ਅੰਦਰ।
208.
ਕੁਰਬਾਨੀ ਦੇ ਨਾਲ ਸਿਰੀਂ, ਦਸਤਾਰ ਹਮੇਸ਼ਾ ਰੱਖ ਹੁੰਦੀ ਹੈ। ਬੇਅਣਖ਼ੇ ਬੰਦੇ ਦੀ ਜ਼ਿੰਦਗੀ, ਲੱਖ ਹੁੰਦਿਆਂ ਵੀ ਕੱਖ ਹੁੰਦੀ ਹੈ। ਦਸ ਗੁਰੁਆਂ ਦੀ ਬਾਣੀ ਨਿਸ ਦਿਨ, ਸਾਨੂੰ ਇਕੋ ਸਬਕ ਪੜ੍ਹਾਵੇ। ਅਸਲੀ ਨਕਲੀ ਪਰਖਣ ਵਾਲੀ, ਤੀਜੀ ਵੱਖਰੀ ਅੱਖ ਹੁੰਦੀ ਹੈ।
209.
ਰੋਜ਼ ਦਿਹਾੜੀ ਟੁੱਟਦਾਂ ਸ਼ਾਮੀਂ ਸੁਬ੍ਹਾ ਮੁਕੰਮਲ ਬਣ ਜਾਂਦਾ ਹਾਂ। ਵੇਖਦਿਆਂ ਦੁਸ਼ਮਣ ਨੂੰ ਅੱਗੇ ਵਾਂਗ ਪਹਾੜਾਂ ਤਣ ਜਾਂਦਾ ਹਾਂ। ਮੈਂ ਸੂਰਜ ਦਾ ਜਾਇਆ ਚਾਨਣ ਹੋਰ ਨਹੀਂ ਸਿਰਨਾਵਾਂ ਮੇਰਾ, ਧਰਤੀ ਨੂੰ ਜਦ ਮਿਲਣਾ ਹੋਵੇ ਬਿਰਖਾਂ ਵਿੱਚ ਦੀ ਛਣ ਜਾਂਦਾ ਹਾਂ।
210.
ਮੌਤ ਬਰਾਬਰ ਹੁੰਦੈ ਅਕਸਰ ਆਸ ਉਮੀਦ ਦਾ ਪੱਲਾ ਛੱਡਣਾ। ਕਾਲ਼ੀ ਰਾਤ ਨੇ ਬੁੱਕਲ ਵਿੱਚੋਂ ਖੇਡ ਖਿਡਾਵਾ ਸੂਰਜ ਕੱਢਣਾ। ਵਕਤ ਦੇ ਅੱਥਰੇ ਘੋੜੇ ਉੱਪਰ ਮਾਰ ਪਲਾਕੀ ਚੜ੍ਹ ਚੱਲੇ ਹੋ, ਸਾਵਧਾਨ ! ਰਹਿਣਾ ਹੋ ਬਹਿਣਾ, ਇਸ ਦੀ ਵਾਗ ਨਾ ਢਿੱਲੀ ਛੱਡਣਾ।
211.
ਕੋਈ ਕਿਸੇ ਤੋਂ ਘੱਟ ਨਹੀਂ ਏਥੇ, ਸਾਰੇ ਹੀ ਸੁਲਤਾਨ ਬਣੇ ਨੇ। ਇੱਕ ਦੂਜੇ ਦੇ ਅੱਖੀਂ ਘੱਟਾ ਧਰਮ ਤੇ ਦੀਨ ਈਮਾਨ ਬਣੇ ਨੇ। ਸੱਚ ਪੁੱਛੋ ਤਾਂ ਮੈਂ ਵੀ ਏਸੇ ਦੌੜ ਚ ਸ਼ਾਮਲ ਹੋ ਜਾਣਾ ਸੀ, ਬੋਲ ਤੇਰੇ ਸ਼ੀਸ਼ਾ ਬਣ ਲਿਸ਼ਕੇ, ਮੇਰੇ ਲਈ ਵਰਦਾਨ ਬਣੇ ਨੇ।
212.
ਖ਼ੁਦ ਨੂੰ ਜਦੋਂ ਸਮੁੰਦਰ ਸਮਝੇ ਤੁਪਕੇ ਦਾ ਇਹ ਭਰਮ ਜਾਲ ਹੈ। ਤੂੰ ਮੈਂ ਸਾਰਾ ਜਗਤ ਪਸਾਰਾ ਕਰਦਾ ਇੱਕ ਥਾਂ ਕਦਮ ਤਾਲ ਹੈ। ਜ਼ਿੰਦਗੀ ਇੱਕੋ ਥਾਂ ਤੇ ਠਹਿਰੀ ਰੁਕੀ ਰੁਕੀ ਮਹਿਸੂਸ ਕਰਾਂ ਮੈਂ, ਮਨ ਦੇ ਗੰਧਲੇ ਨੀਰ ਖਲੋਤੇ, ਪਸਰਿਆ ਤਾਂਹੀਓ ਜਿਲਭ ਜਾਲ ਹੈ।
213.
ਖਿੜਨਾ ਚਾਹਾਂ ਸਿਖ਼ਰ ਦੁਪਹਿਰੇ ਇੱਕ ਮੁਸਕਾਨ ਪਿਆਰੀ ਦੇ ਦੇ। ਕੁਝ ਪਲ ਮੇਰੇ ਸਾਹੀਂ ਰਮ ਜਾ, ਰੰਗਾਂ ਭਰੀ ਪਟਾਰੀ ਦੇ ਦੇ, ਇਹ ਇਕਰਾਰ ਤੇਰਾ ਤੇ ਮੇਰਾ, ਕਣ ਕਣ ਮਹਿਕਾਂ ਵੰਡ ਦਿਆਂਗਾ, ਕੁੱਲ ਧਰਤੀ ਤੇ ਫ਼ੈਲਣ ਦੇ ਲਈ ਪੌਣਾਂ ਦੀ ਅਸਵਾਰੀ ਦੇ ਦੇ।
214.
ਧਰਮੀ ਬਾਬਲ ਦੇ ਗਲ਼ ਫਾਹੀਆਂ, ਇੱਲਾਂ ਵੇਖ ਮਕਾਣੇ ਆਈਆਂ। ਅੰਬਰ ਧਰਤੀ ਅੱਥਰੂ ਅੱਥਰੂ, ਜ਼ਿੰਦਗੀ ਦੇ ਗਈ ਚੋਰ ਭੁਲਾਈਆਂ। ਉਲਝ ਗਿਆ ਤਾਣਾ ਤੇ ਪੇਟਾ, ਸਭ ਤੰਦਾਂ ਵਿੱਚ ਗੁੰਝਲ ਪੈ ਗਈ, ਅੰਨਦਾਤੇ ਨੂੰ ਚੂੰਡਣ ਵਾਲੇ ਵਿਹਲੇ ਬਹਿ ਕੇ ਕਰਨ ਕਮਾਈਆਂ।
215.
ਤੋੜਨ ਵਾਲੇ ਬਹੁਤ ਮਿਲਣਗੇ, ਮੇਰੇ ਸੁਹਲ ਦਿਲੇ ਦੀਏ ਕਲੀਏ। ਬੜੇ ਬਣਨਗੇ ਜਾਨ ਤੋਂ ਪਿਆਰੇ ਰੰਗ ਬਰੰਗੇ ਫਿਰਦੇ ਛਲੀਏ। ਦੇਵਤਿਆਂ ਨੂੰ ਪੂਜਣ ਵਾਲੇ ਹਸਤੀ ਤੇਰੀ ਮੇਟ ਦੇਣਗੇ, ਪਰ ਤੂੰ ਸਵਾਸ ਅਖ਼ੀਰੀ ਤੀਕਰ, ਸਭ ਨੂੰ ਮਹਿਕਾਂ ਵੰਡੀਂ ਭਲੀਏ।
216.
ਨਾ ਇਸ ਰੰਗ ਦੀ ਧਰਤੀ ਵੇਖੀ, ਨਾ ਏਦਾਂ ਦਾ ਅੰਬਰ ਤੱਕਿਆ। ਸੁਪਨ ਨਗਰ ਦੇ ਨਕਲੀ ਬਿਰਖ਼ਾਂ, ਚਕਾਚੌਂਧ ਨੇ ਸਾਨੂੰ ਫੱਕਿਆ। ਪਰ ਜੇ ਤੂੰ ਹੈਂ ਧਰਤੀ ਪੁੱਤਰ,ਅਸਲੀ ਰੰਗ ਸਲਾਮਤ ਰੱਖੀਂ, ਫਿਰ ਕੀ ਹੋਇਆ,ਜੇਕਰ ਮੰਡੀ ,ਤੈਨੂੰ ਮੈਨੂੰ ਪਿੱਛੇ ਧੱਕਿਆ।
217.
ਇੱਕ ਟਾਹਣੀ ਫੁੱਲ ਕੰਡੇ ਜੰਮਣ, ਜੋ ਖਿੜਦੇ, ਕਿਉਂ ਓਹੀ ਝੜਦੇ। ਕੰਡਿਆਂ ਨੂੰ ਫੁੱਲ ਦੇਣ ਝਕਾਨੀਂ, ਖ਼ੁਸ਼ਬੋਈ ਬਣ ਹਰ ਸਾਹ ਵੜਦੇ। ਤੂੰ ਪੁੱਛਿਆ ਹੈ, ਕੰਡਿਆਂ ਉੱਤੇ ਸੰਗਤ ਰੂਪ ਕਿਉਂ ਨਹੀਂ ਚੜ੍ਹਦਾ, ਚੋਭਾਂ ਮਾਰਨ ਵਾਲੇ ਬੱਲਿਆ, ਦਿਲ ਦੀ ਕੋਈ ਕਿਤਾਬ ਨਾ ਪੜ੍ਹਦੇ।
218.
ਵੇਖ ਕਿਵੇਂ ਬਿਰਖਾਂ ਦੇ ਪੱਤਰ, ਲਾਲ ਤੇ ਪੀਲ਼ੇ ਵਿੱਛੜਨ ਵੇਲੇ। ਪਰੇਸ਼ਾਨ ਹਨ,ਸੋਚ ਰਹੇ ਨੇ,ਹੋਣਗੇ ਕਦੋਂ ਦੋਬਾਰਾ ਮੇਲੇ। ਪਰ ਮੇਰਾ ਵਿਸ਼ਵਾਸ ਅਟੱਲ ਹੈ, ਜੇਕਰ ਜੜ੍ਹਾਂ ਸਲਾਮਤ ਰਹੀਆਂ, ਫਿਰ ਪੁੰਗਰਨੀਆਂ ਲਗਰਾਂ ਉੱਤੇ,ਨਰਮ ਕਰੂੰਬਲਾਂ,ਜੰਗਲ ਬੇਲੇ।
219.
ਡੋਲ ਰਿਹਾ ਕਿਉਂ ਮੇਰੇ ਹੁੰਦਿਆਂ, ਤੇਰਾ ਦੀਨ ਈਮਾਨ ਬਾਬਲਾ। ਪੈਰਾਂ ਥੱਲੇ ਮਾਂ ਧਰਤੀ ਹੈ, ਸਿਰ ਛਤਰੀ ਅਸਮਾਨ ਬਾਬਲਾ। ਮੈਂ ਤੇਰੀ ਅੱਖ ਵਿੱਚੋਂ ਪੜ੍ਹਿਆ,ਦਰਦ ਇਬਾਰਤ ਅੰਦਰ ਲਿਖਿਆ, ਅਗਨ ਲਗਨ ਦੀ ਸ਼ਕਤੀ ਵਰਗੀ ਮੈਂ ਵੀ ਹਾਂ ਇਨਸਾਨ ਬਾਬਲਾ।
220.
ਇਸ ਧਰਤੀ ਨੇ ਰੱਖਣੀ ਜੇਕਰ ਕਾਇਮ ਦਾਇਮ ਸ਼ਾਨ ਸਲਾਮਤ। ਰੱਖਣੀ ਬਹੁਤ ਜ਼ਰੂਰੀ ਮਿੱਤਰੋ ਬਾਲੜੀਆਂ ਦੀ ਜਾਨ ਸਲਾਮਤ। ਜਿਸ ਬਗੀਚੇ ਦਾ ਹੀ ਮਾਲੀ ਖਿੜਨੋਂ ਪਹਿਲਾਂ ਡੋਡੀਆਂ ਤੋੜੇ, ਕਿੱਦਾਂ ਸਾਬਤ ਰਹਿ ਸਕਦਾ ਹੈ, ਉਸ ਨਗਰੀ ਈਮਾਨ ਸਲਾਮਤ।
221.
ਹਰੀਆਂ ਡਾਲਾਂ ਅਜ਼ਲਾਂ ਤੋਂ ਹੀ ਸੁਰਖ਼ ਫੁੱਲਾਂ ਨੂੰ ਪਾਲ਼ਦੀਆਂ। ਜ਼ੁੰਮੇਵਾਰੀ ਕੁਦਰਤ ਦਿੱਤੀ, ਬੱਚਿਆਂ ਵਾਂਗ ਸੰਭਾਲ਼ਦੀਆਂ। ਪਰ ਤੂੰ ਬੰਦਿਆ ਤੁਰਿਆ ਜਾਂਦਾ ਤੋੜ ਮਰੋੜੇਂ ਬੇਦਰਦਾ, ਸਮਝ ਨਿਸ਼ਾਨੀਆਂ ਇਹ ਹੀ ਨੇ ਕੁਝ, ਤੇਰੇ ਮੰਦੜੇ ਹਾਲ ਦੀਆਂ।
222.
ਡੋਲ ਰਿਹਾ ਕਿਉਂ ਮੇਰੇ ਹੁੰਦਿਆਂ, ਤੇਰਾ ਦੀਨ ਈਮਾਨ ਬਾਬਲਾ। ਪੈਰਾਂ ਥੱਲੇ ਮਾਂ ਧਰਤੀ ਹੈ, ਸਿਰ ਛਤਰੀ ਅਸਮਾਨ ਬਾਬਲਾ। ਮੈਂ ਤੇਰੀ ਅੱਖ ਵਿੱਚੋਂ ਪੜ੍ਹਿਆ,ਦਰਦ ਇਬਾਰਤ ਅੰਦਰ ਲਿਖਿਆ, ਅਗਨ ਲਗਨ ਦੀ ਸ਼ਕਤੀ ਵਰਗੀ ਮੈਂ ਵੀ ਹਾਂ ਇਨਸਾਨ ਬਾਬਲਾ।
223.
ਆ ਨੀ ਜਿੰਦੇ, ਵਾਂਗ ਪੰਛੀਆਂ, ਅੰਬਰ ਨੂੰ ਹੱਥ ਲਾ ਕੇ ਆਈਏ। ਖੰਭਾਂ ਵਿੱਚ ਪਰਵਾਜ਼ ਬੀੜ ਕੇ ਪੌਣਾਂ ਨੂੰ ਗਲਵੱਕੜੀ ਪਾਈਏ। ਕੰਨ ਖੋਲ੍ਹ ਕੇ ਮੇਰੀ ਸੁਣ ਲੈ, ਬੈਠਾ ਪਾਣੀ ਵੀ ਬੁੱਸ ਜਾਂਦਾ, ਹੋਰ ਨਹੀਂ ਤਾਂ ਸ਼ਬਦ ਉਡਾਰੀ ਲਾ ਕੇ ਕਣ ਕਣ ਨੂੰ ਮਹਿਕਾਈਏ।
224.
ਅਮਰਜੀਤ ਗੁਰਦਾਸਪੁਰੀ ਨੂੰ ਮੈਂ ਕਹਿੰਦਾ ਹਾਂ ਸੁਰ ਸ਼ਹਿਜ਼ਾਦਾ। ਧਰਤੀ ਦੀ ਗਾਥਾ ਹੈ ਗਾਉਂਦਾ, ਬਣੇ ਕਦੇ ਨਾ ਰਾਜ ਪਿਆਦਾ। ਸੱਤਰ ਸਾਲ ਵਜਾਈ ਤੂੰਬੀ, ਅੱਜ ਵੀ ਸੱਜਰਾ ਓਨਾ ਹੀ ਹੈ, ਸਾਨੂੰ ਪਾਲ ਕੇ ਵੱਡਿਆਂ ਕੀਤਾ,ਰੱਖਿਆ ਮਾਣ ਅਤੇ ਮਰਯਾਦਾ।
225.
ਸਮਝ ਰਿਹੈਂ ਹਰਿਆਵਲ ਹੋ ਗਈ, ਗਮਲੇ ਅੰਦਰ ਥੋਹਰ ਉਗਾ ਕੇ। ਇਸ ਕੰਡਿਆਲੀ ਬਿਰਤੀ ਤੈਨੂੰ ਹੁਣ ਤੱਕ ਰੱਖਿਆ ਸੁੱਕਣੇ ਪਾ ਕੇ। ਯਤਨ ਕਰੀਂ ਕਿ ਮਨ ਦਾ ਵਿਹੜਾ,ਸਭ ਕੰਡਿਆਂ ਤੋਂ ਮੁਕਤ ਰਹੇ ਹੁਣ, ਜਿਸ ਦੀ ਜਿੱਥੇ ਥਾਂ ਬਣਦੀ ਹੈ, ਰੱਖੀਏ ਓਸੇ ਜਗ੍ਹਾ ਟਿਕਾ ਕੇ।
226.
ਖਿੜਿਆ ਵੇਖੋ ਮਾਰੂਥਲ ਵਿੱਚ, ਅੱਕ ਦਾ ਬੂਟਾ ਟਹਿਕ ਰਿਹਾ ਹੈ। ਸਭ ਕੁਝ ਹੁੰਦਿਆਂ ਸੁੰਦਿਆ ਬੰਦਾ, ਖਾਂਦਾ ਪੀਂਦਾ ਸਹਿਕ ਰਿਹਾ ਹੈ। ਕੁਦਰਤ ਸਬਕ ਪੜ੍ਹਾਵੇ, ਪੜ੍ਹ ਲਉ ਵਰਕਾ ਵਰਕਾ ਜਿੱਥੋਂ ਲੱਭਦੈ, ਤਰਿਆ ਓਹੀ ਜਿਸਨੇ ਪੜ੍ਹਿਆ, ਕਣ ਕਣ ਤਾਂਹੀਉਂ ਮਹਿਕ ਰਿਹਾ ਹੈ।
227.
ਜਾਗ ਮੁਸਾਫ਼ਰ , ਸੂਰਜ ਬੂਹੇ, ਕਿਰਨਾਂ ਨੇ ਕੁੰਡਾ ਖੜਕਾਇਆ। ਸੁੱਤਿਆਂ ਸੁੱਤਿਆਂ ਮੁੱਕ ਜਾਵੇਂਗਾ,ਤੈਨੂੰ ਉਨ੍ਹਾਂ ਖ਼ੁਦ ਸਮਝਾਇਆ। ਕਿਉਂ ਆਲਸ ਦੀ ਜੁੱਲੀ ਥੱਲਿਉਂ, ਮਾਰ ਛੜੱਪਾ ਨਿਕਲੇਂ ਹੀ ਨਾ, ਹਿੰਮਤ ਕਰਕੇ ਜੋ ਨਾ ਉੱਠਿਆ, ਸਾਰੀ ਉਮਰਾ ਉਹ ਪਛਤਾਇਆ।
228.
ਆ ਨੀ ਜਿੰਦੇ, ਵਾਂਗ ਪੰਛੀਆਂ, ਅੰਬਰ ਨੂੰ ਹੱਥ ਲਾ ਕੇ ਆਈਏ। ਖੰਭਾਂ ਵਿੱਚ ਪਰਵਾਜ਼ ਬੀੜ ਕੇ ਪੌਣਾਂ ਨੂੰ ਗਲਵੱਕੜੀ ਪਾਈਏ। ਕੰਨ ਖੋਲ੍ਹ ਕੇ ਮੇਰੀ ਸੁਣ ਲੈ, ਰੁਕਿਆ ਪਾਣੀ ਵੀ ਬੁੱਸ ਜਾਂਦਾ, ਹੋਰ ਨਹੀਂ ਤਾਂ ਸ਼ਬਦ ਉਡਾਰੀ ਲਾ ਕੇ ਕਣ ਕਣ ਨੂੰ ਮਹਿਕਾਈਏ।
229.
ਬੂਹਾ ਖੋਲ੍ਹੋ ,ਸੂਰਜ ਆਇਆ, ਸੁਣੋ ਸੁਣਾਵੇ ਬਾਤ ਬੇਲੀਉ। ਵਿਸ਼ਵ ਕਲਾਵੇ ਅੰਦਰ ਲੈ ਲਉ, ਛੱਡੋ ਆਪਣੀ ਜ਼ਾਤ ਬੇਲੀਉ। ਮੈਂ ਕਿਸ ਖ਼ਾਤਰ ਤੁਰਿਆ ਫਿਰਦਾਂ, ਉੱਤਰ ਦੱਖਣ ,ਪੂਰਬ,ਪੱਛਮ, ਅੱਖਾਂ ਖੋਲ੍ਹ ਨਹੀਂ ਦੇ ਪਾਉਣੀ, ਪੁੱਤਰ ਧੀਆਂ ਝਾਤ ਬੇਲੀਉ।
230.
ਖ਼ਤਰੇ ਚ ਹੋਣ ਜਦੋਂ ਹਾੜ੍ਹੀਆਂ ਤੇ ਸਾਉਣੀਆਂ। ਮੁੰਜਰਾਂ ਉਦਾਸ ਵੇਖ ਸੱਦਾਂ ਕਿਸ ਲਾਉਣੀਆਂ। ਸਾਡੀ ਮਾਂ ਜ਼ਮੀਨ ਤੇ ਵਪਾਰੀਆਂ ਦੀ ਅੱਖ ਹੈ, ਹੋਏ ਪਰੇਸ਼ਾਨ ਸਾਨੂੰ ਨੀਂਦਾਂ ਕਿੱਥੋਂ ਆਉਣੀਆਂ।
231.
ਬੀਜ ਬਣੇ ਹਰਿਆਲਾ ਬੂਟਾ, ਖਿੜਦੇ ਨੇ ਫੁੱਲ ਵੰਨ ਸੁਵੰਨੇ। ਕੁਦਰਤ ਪੈਰੀਂ ਪਾ ਕੇ ਝਾਂਜਰ, ਛਣਕਾਉਂਦੀ ਜਿਉਂ ਬੰਨੇ ਚੰਨੇ। ਮਨ ਮਸਤਕ ਵਿੱਚ ਸਰਗਮ ਛਿੜਦੀ, ਧੁਰ ਅੰਦਰ ਤੱਕ ਬਿਜਲੀ ਚਮਕੇ, ਇਸ ਪੁਸਤਕ ਦਾ ਪਾਠ ਅਲੱਗ ਹੈ, ਵਿਸਮਾਦੀ ਨੇ ਸਾਰੇ ਪੰਨੇ।
232.
ਅਸਲ ਕਲਾ ਤਾਂ ਇਹ ਹੈ ਮਿੱਤਰੋ ਅੱਖਾਂ ਚੋਂ ਅਣਲਿਖਿਆ ਪੜ੍ਹੀਏ। ਜਿਉਂ ਫੁੱਲਾਂ ਵਿੱਚ ਰੰਗ ਖੁਸ਼ਬੋਈ, ਇੱਕ ਦੂਜੇ ਦੇ ਸਾਹੀਂ ਵੜੀਏ। ਏਸ ਕਲਾ ਦੇ ਜਾਨਣਹਾਰੇ ਵਿਰਲੇ ਨੇਤਰ ਧਰਤੀ ਉੱਤੇ, ਦਿਲ ਮੁੰਦਰੀ ਵਿੱਚ ਮੋਹ ਦੇ ਨਗ ਨੂੰ ਨਾਮ ਧਰੇ ਬਿਨ ਥਾਂ ਸਿਰ ਜੜੀਏ।
233.
ਰਾਤ ਲੰਮੇਰੀ ਮੁੱਕਣੀ ਨਹੀਂਉਂ, ਤੈਨੂੰ ਇਸ ਦਾ ਵਹਿਮ ਕਿਉਂ ਹੈ? ਪੁੱਛਿਆ ਨਾ ਕਰ, ਤੇਰੀ ਮੇਰੀ ਰੂਹ ਵਿੱਚ ਏਨਾ ਸਹਿਮ ਕਿਉਂ ਹੈ? ਸੌ ਦੀ ਇੱਕ ਸੁਣਾਵਾਂ ਤੈਨੂੰ, ਤੂੰ ਮੈਂ ਸਾਰੇ ਉੱਖੜੇ ਰਾਹੋਂ, ਫੇਰ ਕਦੇ ਨਾ ਪੁੱਛੀਂ ਮੈਨੂੰ, ਵਕਤ ਭਲਾ ਬੇ ਰਹਿਮ ਕਿਉਂ ਹੈ?
234.
ਇਸ ਧਰਤੀ ਤੇ ਜਦ ਤੱਕ ਧੀਆਂ, ਦਹਿਸ਼ਤ ਦੇ ਪਰਛਾਵਿਆਂ ਥੱਲੇ। ਇਨ੍ਹਾਂ ਅੱਗੇ ਹੁਣ ਤੀਕਰ ਤਾਂ ਸਾਰੇ ਰਾਹ ਬਘਿਆੜਾਂ ਮੱਲੇ। ਇਨ੍ਹਾਂ ਖ਼ਾਤਰ ਵਤਨ ਅਜੇ ਵੀ , ਜੰਗਲ ਦਾ ਹੀ ਦੂਜਾ ਨਾਂ ਹੈ, ਜਿੰਨਾ ਮਰਜ਼ੀ ਢੋਲ ਵਜਾ ਕੇ, ਕਰ ਲਉ ਆਪਣੀ ਬੱਲੇ ਬੱਲੇ।
235.
ਜੜ੍ਹਾਂ ਸਲਾਮਤ ਨੇ ਜਦ ਤੀਕਰ, ਖਿੜਨੋਂ ਕੌਣ ਹਟਾ ਸਕਦਾ ਹੈ? ਆਜੜੀਆਂ ਦਾ ਵੱਗ ਤਾਂ ਸਾਡੇ, ਤਨ ਤੋਂ ਪੱਤੇ ਖਾ ਸਕਦਾ ਹੈ। ਬੋਟੀ ਦੇ ਲਾਲਚ ਦੇ ਪਿੱਛੇ, ਹਿਰਨਾਂ ਮਗਰ ਸ਼ਿਕਾਰੀ ਪੈ ਗਏ, ਇੱਕ ਨੇ ਜਾਨ ਬਚਾਉਣੀ, ਦੂਜਾ ਨੋਚ ਨੋਚ ਕੇ ਖਾ ਸਕਦਾ ਹੈ।
236.
ਜਗਦੇ ਮਘਦੇ ਹੱਥ ਵਿੱਚ ਆ ਗਏ, ਮੈ ਸ਼ਬਦਾਂ ਨੂੰ ਜਦੋਂ ਜਗਾਇਆ। ਕਾਗਜ਼ ਦੀ ਹਿੱਕ ਉੱਤੇ ਧਰ ਕੇ ਇਨ੍ਹਾਂ ਨੂੰ ਮੈਂ ਤੋਰਨ ਲਾਇਆ। ਕੁਝ ਲੋਕਾਂ ਨੇ ਗੀਤ ਕਿਹਾ, ਕੁਝ ਗ਼ਜ਼ਲਾਂ ਨਜ਼ਮਾਂ ਸਮਝ ਰਹੇ ਨੇ, ਮੈਂ ਤਾਂ ਆਪਣਾ ਗੱਲ ਆਖਣ ਦਾ ਸਦੀਆਂ ਲੰਮਾ ਇਸ਼ਕ ਪੁਗਾਇਆ ।
237.
ਜਨਮ ਦਿਹਾੜੇ ਵਾਲੇ ਦਿਨ ਦੀ ਕਰੀਏ ਰਲ ਕੇ ਸ਼ੁਕਰ ਗੁਜ਼ਾਰੀ। ਬੀਤ ਗਿਆ ਸੋ ਭਲਾ ਬੀਤਿਆ, ਨਵੇਂ ਦਿਵਸ ਦੀ ਕਰੋ ਤਿਆਰੀ। ਸ਼ੁਭ ਕਰਮਨ ਦੀ ਸ਼ਕਤੀ ਮਿਲ ਜੇ,ਸਰਬੱਤ ਦੇ ਸਿਰ ਮਿਹਰਾਂ ਬਰਸਣ, ਜੰਤ ਪਰਿੰਦਿਆਂ ਤੇ ਖ਼੍ਵਾਬਾਂ ਨੂੰ ਮਿਲ ਜਾਵੇ ਪਰਵਾਜ਼ ਪਿਆਰੀ।
238.
ਸਦੀਆਂ ਤੋਂ ਹੀ ਵੇਖ ਰਹੇ ਹਾਂ ਬਦਨੀਤਾਂ ਦਾ ਮੂੰਹ ਸਿਰ ਕਾਲ਼ਾ। ਮੂੰਹ ਵਿੱਚ ਰਾਮ ਬਗਲ ਵਿੱਚ ਛੁਰੀਆਂ, ਓਹਲੇ ਵਿੱਚ ਹੀ ਘਾਲ਼ਾ ਮਾਲ਼ਾ। ਥੈਲੀਸ਼ਾਹ ਦੀ ਕਰਨ ਦਲਾਲੀ, ਮੀਸਣੀਆਂ ਮੁਸਕਾਨਾਂ ਵਾਲੇ, ਮਣਕਾ ਮਣਕਾ ਕਰ ਸੁੱਟਦੇ ਨੇ,ਮੁਸ਼ਕਲ ਨਾਲ ਪਰੋਈ ਮਾਲ਼ਾ।
239.
ਅੱਖਾਂ ਖੋਲ੍ਹ ਤੂੰ ਵੇਖ ਪਿਆਰੇ ਲੱਗਿਆ ਹੈ ਰੰਗਾਂ ਦਾ ਮੇਲਾ। ਫੁੱਲਾਂ ਨਾਲ ਗੁਫ਼ਤਗੂ ਕਰਕੇ, ਹੋ ਜਾਂਦਾ ਏ ਜਨਮ ਸੁਹੇਲਾ। ਦਿਲ ਦੀ ਖਿੜਕੀ ਖੋਲ੍ਹ ਸੋਹਣਿਆਂ, ਸੱਜਰੀ ਹਵਾ ਜ਼ਰੂਰੀ ਇਸਨੂੰ, ਅੱਜ ਨੂੰ ਅੱਜ ਹੀ ਮਾਣ ਲਿਆ ਕਰ,ਕੱਲ੍ਹ ਦਾ ਤਾਂ ਹੈ ਨਾਮ ਕੁਵੇਲਾ।
240.
ਫੁੱਲਾਂ ਵਿੱਚ ਖ਼ੁਸ਼ਬੋ ਵੀ ਤੂੰ ਹੈਂ, ਮੈਂ ਤੈਨੂੰ ਪਹਿਚਾਣ ਲਿਆ ਹੈ। ਤੇਰਾ ਇਹ ਅੰਦਾਜ਼ ਪਿਆਰਾ, ਪਹਿਲਾਂ ਨਹੀਂ, ਹੁਣ ਜਾਣ ਲਿਆ ਹੈ। ਇਹ ਸਾਹਾਂ ਵਿਚਕਾਰ ਦਾ ਰਿਸ਼ਤਾ ਵਿਰਲੇ ਜੀਅ ਨੂੰ ਮਿਲਦਾ ਏਥੇ, ਤੂੰ ਤੇ ਅੱਜ ਤੱਕ ਦੱਸਿਆ ਨਹੀਂ ਸੀ, ਵੇਖ ਮੈਂ ਕਿੱਦਾਂ ਮਾਣ ਲਿਆ ਹੈ।
241.
ਇਹ ਗੱਲ ਪੱਕੀ ਸਮਝ ਲਵੋ ਜੀ, ਅੰਬਰ ਨੂੰ ਪੌੜੀ ਨਹੀਂ ਲੱਗਦੀ। ਇਹ ਤਾਂ ਐਵੇਂ ਕੂੜ ਕਹਾਣੀ ਘੜੀ ਘੜਾਈ ਕੂੜੇ ਜੱਗ ਦੀ। ਹਸਤ ਰੇਖ ਦੇ ਭਰਮ ਜਾਲ ਵਿੱਚ ਸਦੀਆਂ ਤੋਂ ਉਲਝਾਉਂਦੇ ਟੇਵੇ, ਸ਼ਬਦ ਗੁਰੂ ਵਿਸ਼ਵਾਸਧਾਰੀਓ, ਕੁਝ ਤੇ ਲਾਜ ਕਰੋ ਸਿਰ ਪੱਗ ਦੀ।
242.
ਜੇਕਰ ਅਜੇ ਹਨ੍ਹੇਰਾ ਗੂੜ੍ਹਾ, ਹੋਰ ਘੜੀ ਤੱਕ ਸੂਰਜ ਚੜ੍ਹਨਾ। ਦਿਨ ਦੇ ਚਿੱਟੇ ਚਾਨਣ ਅੰਦਰ ਸਾਂਝਾ ਸੁਪਨਾ ਰਲ਼ ਕੇ ਘੜਨਾ। ਆਪੋ ਆਪਣੀ ਧਰਤੀ ਵੰਡੀ , ਤਾਂਹੀਂਉਂ ਸਭ ਦੇ ਸੁਪਨ ਅਧੂਰੇ, ਆਪਣੀ ਹਉਮੈਂ ਲਾਹ ਸੁੱਟ ਮਾਰਿਉ, ਫਿਰ ਨਾ ਦੋਸ਼ ਕਿਸੇ ਸਿਰ ਮੜ੍ਹਨਾ।
243.
ਮੇਰੀ ਸਿੱਖਿਆ ਭੁੱਲ ਨਾ ਜਾਵੀਂ, ਬਿਨ ਮੰਗੇ ਤੋਂ ਦੇਵਾਂ ਮੱਖਣਾ। ਸਿਦਕ ਸਮਰਪਣ ਸੇਵਾ ਚਿੱਤ ਵਿੱਚ, ਕਾਇਮ ਦਾਇਮ ਹਰ ਪਲ ਰੱਖਣਾ। ਰੂਹ ਦੀ ਗਾਗਰ ਅੰਦਰ ਜੇਕਰ ਹੋਵਣ ਐਸੇ ਲਾਲ ਅਮੁੱਲੇ, ਵੰਡਿਆਂ ਇਹ ਦੌਲਤ ਨਾ ਮੁੱਕੇ, ਹੁੰਦਾ ਨਹੀਂ ਖ਼ਜ਼ਾਨਾ ਸੱਖਣਾ।
244.
ਜਦੋਂ ਮੁਸੀਬਤ ਬੂਹਾ ਭੰਨੇ, ਮੁਸ਼ਕਿਲ ਵੇਲੇ ਨਾ ਘਬਰਾਉ। ਹਰ ਜੰਦਰੇ ਸੰਗ ਬਣਦੀ ਚਾਬੀ, ਮਰਜ਼ੀ ਹੈ, ਲਾਉ, ਨਾ ਲਾਉ। ਆਪਣੇ ਚਾਰ ਚੁਫ਼ੇਰੇ ਕੰਧਾਂ, ਵਲਗਣ ਵਲ਼ਦੇ ਮਰ ਨਾ ਜਾਣਾ, ਬੇਹਿੰਮਤੀ ਦੇ ਆਲਮ ਵਿੱਚੋਂ, ਮਾਰ ਛੜੱਪਾ ਬਾਹਰ ਆਉ।
245.
ਚੜ੍ਹਦੀ ਗੁੱਠੋਂ ਸੂਰਜ ਆਇਆ, ਲੈ ਕੇ ਗੱਠੜੀ ਚਾਨਣ ਦੀ। ਸੁੱਤਿਆਂ ਸੁੱਤਿਆਂ ਲੰਘ ਨਾ ਜਾਵੇ, ਮਿਲਣ ਘੜੀ ਇਹ ਮਾਨਣ ਦੀ। ਸ਼ਾਮ ਢਲੇ ਓਹੀ ਨੇ ਝੁਰਦੇ, ਜਾਂਦਾ ਜੋਗੀ ਵੇਖਦਿਆਂ, ਇਹ ਹੀ ਘੜੀ ਸੁਲੱਖਣੀ ਯਾਰੋ, ਆਪਣੇ ਫ਼ਰਜ਼ ਪਛਾਨਣ ਦੀ।
246.
ਸੁਪਨੇ ਬੀਜਣ ਦੀ ਰੁੱਤ ਆਈ ਅੱਸੂ ਮਗਰੋਂ ਕੱਤਕ ਚੜ੍ਹਿਆ। ਉਹ ਹੀ ਜ਼ਿੰਦਗੀ ਦਾ ਰਸ ਮਾਨਣ ਹਿੰਮਤ ਦਾ ਪੱਲੂ ਜਿਨ ਫੜਿਆ। ਪੱਕੀਆਂ ਫ਼ਸਲਾਂ ਸਾਂਭ ਲਵੋ ਤੇ ਨਵੇਂ ਸਿਆੜੀਂ ਬੀਜ ਪੋਰਨਾ, ਉਹ ਹੀ ਦੱਸਿਆ ਬੋਲ ਤੁਹਾਨੂੰ ਜੋ ਮੈਂ ਧਰਤੀ ਮਾਂ ਤੋਂ ਪੜ੍ਹਿਆ।
247.
ਆਪੋ ਆਪਣੀ ਨਜ਼ਰ ਨਜ਼ਰੀਆ, ਗੁਲਦਸਤੇ ਵਿੱਚ ਸਾਰੇ ਰੰਗ ਨੇ। ਕੁਝ ਸੂਹੇ ਤੋਂ ਸਹਿਮ ਗਏ ਨੇ, ਚਿੱਟੇ ਪੀਲੇ ਤੋਂ ਕੁਝ ਤੰਗ ਨੇ। ਇੱਕ ਪਤੀਲੇ ਦੇ ਕੇ ਡੋਬਾ, ਭਗਵੀ ਨਹੀਂ ਪ੍ਰਕਿਰਤੀ ਹੋਣੀ, ਧਰਤੀ ਸਿਰ ਫੁਲਕਾਰੀ ਵਾਂਗੂੰ, ਮੇਰੇ ਸਾਹਾਂ ਦੇ ਇਹ ਸੰਗ ਨੇ।
248.
ਹੁਕਮਰਾਨ ਦੀ ਸੂਚੀ ਅੰਦਰ ਸਭ ਤੋਂ ਸਸਤਾ ਜੀਵ ਮਨੁੱਖ ਹੈ। ਪਹੀਆ ਘੁੰਮਦਾ ਸਫ਼ਰ ਨਾ ਮੁੱਕਦਾ ਸਭ ਤੋਂ ਚੰਦਰਾ ਏਹੀ ਦੁੱਖ ਹੈ। ਕਹਿਰ ਕਰੋਨਾ ਵਾਇਰਸ ਅੱਗੇ, ਕੰਬੀ ਜਾਣ ਗਲੋਬ ਦੇ ਸਾਈਂ, ਕਿਹੜਾ ਬਹਿ ਸਮਝਾਵੇ ਜੱਗ ਨੂੰ ਸਭ ਤੋਂ ਵੱਡਾ ਵਾਇਰਸ ਭੁੱਖ ਹੈ।
249.
ਸ਼ਾਮ ਢਲੀ ਹੈ, ਏਸੇ ਕਰਕੇ ਮੇਰੇ ਸਿਰ ਤੋਂ ਡਾਰਾਂ ਲੰਘੀਆਂ। ਸੂਰਜ ਵੀ ਆਪਣੇ ਘਰ ਚੱਲਿਆ, ਮੋਢੇ ਕਿਰਨਾਂ ਸੋਨੇ ਰੰਗੀਆਂ। ਦਿਨ ਵੇਲੇ ਕੁਝ ਯਾਦ ਨਹੀਂ ਸੀ, ਸ਼ਾਮ ਹਨ੍ਹੇਰਾ ਲੈ ਕੇ ਆਊ, ਕਦਰ ਕਦੇ ਨਾ ਪਾਈਏ ਉਹਦੀ,ਮਿਲਦੀਆਂ ਜੋ ਦਾਤਾਂ ਅਣਮੰਗੀਆਂ।
250.
ਤੂੰ ਨੇੜੇ ਹੋਵੇਂ ਨਾ ਹੋਵੇਂ, ਮੈਂ ਤੇਰੀ ਤਸਵੀਰ ਬਣਾਵਾਂ। ਰੂਪ ਦੀ ਸਿਖ਼ਰ ਦੁਪਹਿਰੀ ਮਾਣਾਂ ਜ਼ੁਲਫ਼ਾਂ ਥੱਲੇ ਠੰਢੀਆਂ ਛਾਵਾਂ। ਮੈਨੂੰ ਇਸ ਦਾ ਭਰਮ ਨਾ ਕੋਈ, ਜੋ ਦੋਹਾਂ ਵਿਚਕਾਰ ਫ਼ਾਸਲਾ, ਏਸੇ ਕਰਕੇ ਜਦ ਜੀਅ ਚਾਹੇ, ਪੌਣਾਂ ਨੂੰ ਗਲਵੱਕੜੀ ਪਾਵਾਂ।
251.
ਸਿਰ ਤੇ ਛਤਰੀ ਤਾਂ ਹੀ ਜਚਦੀ,ਪੈਰਾਂ ਹੇਠ ਜ਼ਮੀਨ ਜੇ ਹੋਵੇ। ਚਿਹਰਾ ਜਦੋਂ ਗੁਆਚ ਗਿਆ ਤਾਂ ਕਿਹੜਾ ਪੂੰਝੇ,ਕਿਹੜਾ ਧੋਵੇ। ਹੋਵੇ ਨਾ ਜੇ ਪੁੱਛਣ ਵਾਲਾ, ਡੁਸਕੇ, ਕਿਸਨੂੰ ਆਖ ਸੁਣਾਵੇ, ਦਿਲ ਦੀ ਹਾਲਤ ਕੀ ਦੱਸਾਂ ਮੈਂ,ਅੰਦਰ ਅੱਥਰੂ ਸੁੱਟ ਕੇ ਰੋਵੇ।
252.
ਸੂਰਜ ਨੂੰ ਮੱਥੇ ਵਿੱਚ ਧਰਿਆ ਕਰਾਮਾਤ ਕਰ ਸੀਤ ਬਣਾ ਕੇ। ਰਾਣੀ ਹਾਰ ਪਰੋਵੇਂ ਬੀਬਾ, ਸ਼ਬਦਾਂ ਨੂੰ ਮਨਮੀਤ ਬਣਾ ਕੇ। ਇਹ ਪ੍ਰਤਾਪ ਜਾਂ ਕਹਾਂ ਕ੍ਰਿਸ਼ਮਾ, ਸੱਚੇ ਰੱਬ ਦੀ ਮਿਹਰ ਜਿਹਾ ਜੋ, ਧਰਤ ਸੁਹਾਵੀ ਕਰ ਦਿੱਤੀ, ਖਿੱਲਰੇ ਹਰਫ਼ੋਂ ਗੀਤ ਬਣਾ ਕੇ।
253.
ਰੇਤ ਦੇ ਵਾਂਗੂੰ ਕਿਰ ਗਈਆਂ ਨੇ ਸਾਡੇ ਹੱਥੋਂ ਮਾਵਾਂ। ਜਾਣ ਤੋਂ ਮਗਰੋਂ ਤਪ ਰਹੀਆਂ ਨੇ ਸੁੰਨੀਆਂ ਉਹ ਸਭ ਥਾਵਾਂ। ਜਿੱਥੇ ਬਹਿ ਕੇ ਮਾਣਿਆ,ਮਹਿੰਗੀਆਂ ਬਾਤਾਂ ਦਾ ਸੀ ਮੇਲਾ, ਵਕਤ ਛਾਂਗ ਕੇ ਕਿਉਂ ਲੈ ਤੁਰਿਆ, ਸਾਡੇ ਸਿਰ ਤੋਂ ਛਾਵਾਂ?
254.
ਜ਼ਿੰਦਗੀ ਹੈ ਰੰਗਾਂ ਦਾ ਮੇਲਾ, ਵੇਖੋ ਜੇਕਰ ਖੋਲ੍ਹ ਕੇ ਅੱਖੀਆਂ। ਮਹਿਲਾਂ ਨਾਲ ਗੁਆਂਢੀ ਝੁੱਗੀਆਂ,ਝੱਲਣ ਜੋ ਦਿਨ ਰਾਤੀਂ ਪੱਖੀਆਂ। ਤਿਤਲੀ ਭੰਵਰੇ ਫੁੱਲ ਨੂੰ ਚੁੰਮਦੇ, ਲੱਭਦੀਆਂ ਗੰਦਗੀ ਨੂੰ ਮੱਖੀਆਂ। ਇਹ ਸਾਡੇ ਤੇ ਨਿਰਭਰ ਮਿੱਤਰੋ, ਨਜ਼ਰਾਂ ਕਿਹੜੀ ਥਾਂ ਤੇ ਰੱਖੀਆਂ।
255.
ਹਰ ਧਰਤੀ ਤੇ ਹਰ ਇੱਕ ਥਾਂ ਤੇ, ਸੁਰਖ਼ ਗੁਲਾਬ ਤੇ ਹਰੀਆਂ ਪੱਤੀਆਂ। ਦੁੱਖ ਸੁਖ ‘ਕੱਠਿਆਂ ਕੱਟਦੀਆਂ ਤੇ ਝੂਮਦੀਆਂ ਇਹ ਮਾਣ ‘ਚ ਮੱਤੀਆਂ। ਵੀਰਾਂ ਨਾਲ ਬਰਾਬਰ ਭੈਣਾਂ, ਸਾਕ ਪੁਗਾਵਣ ਜਿੰਨੀ ਹਿੰਮਤ, ਜੜ੍ਹਾਂ ਸਲਾਮਤ ਦੀ ਸੁੱਖ ਮੰਗਣ, ਜਦ ਵੀ ਵਗਣ ਹਵਾਵਾਂ ਤੱਤੀਆਂ।
256.
ਘੜੇ ਸੀ ਖ਼ੁਆਬ, ਵਿੱਚੋਂ ਬਹੁਤੇ ਟੁੱਟ ਗਏ ਨੇ। ਚੰਗੇ ਭਲੇ ਆਉਂਦੇ ਸੀ ਸਵਾਲ ਛੁੱਟ ਗਏ ਨੇ। ਮੇਰੇ ਹੀ ਲਗਾਏ ਬੂਟੇ ਕਹਿਣ ਨੇੜੇ ਬੈਠ ਨਾ, ਜੜ੍ਹ ਵਿਸ਼ਵਾਸ ਵਾਲੀ ਓਹੀ ਪੁੱਟ ਗਏ ਨੇ।
257.
ਸੂਰਜ ਦੀ ਅੱਖ ਵਿੱਚ ਅੱਖ ਪਾਉ, ਹੋਇਆ ਲਾਲੋ ਲਾਲ ਬੇਲੀਉ। ਚੁੱਪ ਕੀਤੇ ਮਰ ਜਾਵਣ ਜੀਂਦੇ, ਬੋਲਣ ਹੋਣ ਨਿਹਾਲ ਬੇਲੀਉ। ਉੱਖੜੇ ਉੱਖੜੇ ਮਨ ਦੇ ਪਾਂਧੀ ਰਾਹ ਦੀ ਮਿੱਟੀ ਖਾ ਜਾਂਦੀ ਹੈ, ਬਹੁਤ ਜ਼ਰੂਰੀ ਕਾਇਮ ਰੱਖਣਾ ਰੂਹ ਦਾ ਸੁਰ ਤੇ ਤਾਲ ਬੇਲੀਓ।
258.
ਜਿੱਥੋਂ ਮਰਜ਼ੀ ਤੁਰ ਪਉ ਯਾਰੋ ਬਿਰਖ਼ ਫੁਟਾਰੇ ਏਹੀ ਦੱਸਿਆ। ਜਾਗ ਪਵੋ ਤਾਂ ਪੂਰਨਮਾਸ਼ੀ ਸੁੱਤੇ ਰਹੋ ਤਾਂ ਅੰਨ੍ਹੀ ਮੱਸਿਆ। ਚਿੰਤਾ ਦੀ ਥਾਂ ਚਿੰਤਨ ਕਰਨਾ ਵਿਰਲਿਆਂ ਦੇ ਹੀ ਹਿੱਸੇ ਆਵੇ, ਸੂਰਜ ਨੇ ਤਾਂ ਸਭਨਾਂ ਦਾ ਹੀ ਕਿਰਨਾਂ ਮਲ਼ ਕੇ ਮੱਥਾ ਝੱਸਿਆ।
259.
ਸਿਰ ਤੇ ਛਤਰੀ ਤਾਂ ਹੀ ਜਚਦੀ,ਪੈਰਾਂ ਹੇਠ ਜ਼ਮੀਨ ਜੇ ਹੋਵੇ। ਚਿਹਰਾ ਜਦੋਂ ਗੁਆਚ ਗਿਆ ਤਾਂ ਕਿਹੜਾ ਪੂੰਝੇ,ਕਿਹੜਾ ਧੋਵੇ। ਹੋਵੇ ਨਾ ਜੇ ਪੁੱਛਣ ਵਾਲਾ, ਡੁਸਕੇ, ਕਿਸਨੂੰ ਆਖ ਸੁਣਾਵੇ, ਦਿਲ ਦੀ ਹਾਲਤ ਕੀ ਦੱਸਾਂ ਮੈਂ, ਅੰਦਰ ਅੱਥਰੂ ਸੁੱਟ ਕੇ ਰੋਵੇ।
260.
ਸੂਰਜ ਸੁਣੋ ਵੰਗਾਰ ਕੇ ਆਖੇ,ਨਾਲ ਹਨ੍ਹੇਰੇ ਮੇਰੀ ਜੰਗ ਹੈ। ਦਿਨ ਬਦਲਣ ਲਈ ਸਾਥ ਦਿਉ ਹੁਣ ਮੇਰੀ ਤਾਂ ਬੱਸ ਇੱਕੋ ਮੰਗ ਹੈ। ਪਰ ਜੇ ਖ਼ੁਦ ਹੀ ਸੁੱਤੇ ਰਹਿਣਾ, ਰਾਤਾਂ ਸਿਰ ਇਲਜ਼ਾਮ ਨਾ ਧਰਿਉ, ਓਸੇ ਨੇ ਪਰਭਾਤ ਮਾਨਣੀ, ਜਿਸ ਨੇ ਮੇਰਾ ਕਰਨਾ ਸੰਗ ਹੈ।
261.
ਬਲਿਹਾਰੀ ਦੀ ਬੁੱਕਲ ਅੰਦਰ ਪਰਬਤ ਬਾਗ ਬਗੀਚੇ ਜਲ ਹੈ। ਜਿੱਥੇ ਇਹ ਕੁਝ ਦਿਸਦਾ ਨਹੀਂਉਂ, ਉਸ ਦਾ ਨਾਂ ਹੀ ਮਾਰੂਥਲ ਹੈ। ਥਲ ਅੰਦਰ ਦਾ ਜੀਣ ਅਨੋਖਾ, ਬਿਨ ਪਾਣੀ ਤੋਂ ਮਾਰੂ ਫ਼ਸਲਾਂ, ਜੰਤ, ਪਰਿੰਦੇ, ਵਣ ਤ੍ਰਿਣ, ਬੰਦੇ ਦਿਲ ਵਿੱਚ ਅਜਬ ਜਿਹੀ ਕਲਵਲ ਹੈ।
262.
ਸੂਹੇ ਫੁੱਲ ਦੀ ਸ਼ਾਨ ਉਦੋਂ ਤੱਕ, ਜਦ ਤੱਕ ਅੰਗ ਸੰਗ ਪੱਤ ਹਰਿਆਲੇ। ਵੇਖ ਕਿਵੇਂ ਤੇਰੇ ਸਿਰ ਛਤਰੀ ਉੱਚੇ ਬਿਰਖ਼ ਮੁਹੱਬਤਾਂ ਵਾਲੇ। ਪੈਰਾਂ ਹੇਠ ਵਿਛੀ ਹੈ ਧਰਤੀ ਘਾਹ ਦੀਆਂ ਨਰਮ ਮਖ਼ਮਲੀ ਦਰੀਆਂ, ਬਲਿਹਾਰੀ ਲਿਖੀਆਂ ਕਵਿਤਾਵਾਂ, ਪੜ੍ਹਦੇ ਵਿਰਲੇ ਕਰਮਾਂ ਵਾਲੇ।
263.
ਕਿੰਨਾ ਸੋਹਣਾ ਖ਼ਤ ਲਿਖਿਆ ਤੂੰ, ਸ਼ਬਦਾਂ ਦੀ ਥਾਂ ਵੇਲ ਤੇ ਪੱਤੀਆਂ। ਰੁਮਕਦੀਆਂ ਪੌਣਾਂ ਘਰ ਆਈਆਂ,ਤੇਰੇ ਵਾਂਗੂੰ ਹੀ ਮਦਮੱਤੀਆਂ। ਤੇਰੇ ਇਸ ਅੰਦਾਜ਼ ਤੋਂ ਸਦਕੇ, ਮੈਂ ਜਾਵਾਂ ਬਲਿਹਾਰੇ ਤੈਥੋਂ, ਬਿਨ ਮਿਲਿਆਂ ਦੋਹਾਂ ਨੇ ਰਲ਼ ਕੇ, ਕਿਰਨਾਂ ‘ਕੱਠੀਆਂ ਕਰ ਕੇ ਕੱਤੀਆਂ।
264.
ਪਰੇਸ਼ਾਨ ਹਾਂ ਵੇਖ ਵੇਖ ਕੇ, ਮਾਂ ਧਰਤੀ ਦੀ ਅਜਬ ਮੁਹਾਰਤ। ਹਰ ਪੱਤੇ ਤੇ ਕਿੱਦਾਂ ਲਿਖਦੀ, ਵੱਖਰੀ ਸੋਹਣੀ ਸਫ਼ਲ ਇਬਾਰਤ। ਸਿੱਖ ਨਹੀਂ ਸਕਿਆ ਮੈਂ ਪੁੱਤ ਹੋ ਕੇ,ਮਾਂ ਕੋਲੋਂ ਇਹ ਸਗਲ ਜ਼ਬਾਨਾਂ, ਬੁੱਝਦਿਆਂ ਹੀ ਥੱਕ ਚੱਲਿਆ ਹਾਂ, ਹਰ ਟਾਹਣੀ ਤੇ ਨਵੀਂ ਬੁਝਾਰਤ।
265.
ਘਰੋਂ ਤੁਰਦਿਆਂ ਮਾਂ ਦੱਸਿਆ ਸੀ, ਪੱਕੀਆਂ ਰਾਹਾਂ ਛੱਡ ਕੇ ਤੁਰਨਾ। ਕੰਕਰੀਟ ਤਾਂ ਖਾ ਜਾਂਦਾ ਹੈ, ਸੁਪਨ ਧਰਤੀਆਂ,ਮਨ ਦਾ ਫੁਰਨਾ। ਕੱਚੀਆਂ ਰਾਹਾਂ ਤੇ ਹੀ ਉੱਗਦੇ ਵੰਨ ਸੁਵੰਨੇ ਬਿਰਖ਼ ਬਰੂਟੇ, ਨੁਕਤਾ ਇੱਕ ਵਿਸਾਰਨ ਮਗਰੋਂ ਸਾਰੀ ਉਮਰਾ ਪੈਂਦਾ ਝੁਰਨਾ।
266.
ਦਿਲ ਵਿੱਚ ਮੰਦੜੇ ਖ਼ਿਆਲ ਨਾ ਰੱਖੀਂ ਇਹ ਰਿਸ਼ਤੇ ਨੂੰ ਤੋੜ ਦੇਣਗੇ। ਨੇਕ ਅਮਲ ਤੇ ਸ਼ੁਭ ਚਿੰਤਨ ਕਰ, ਇਹ ਟੁੱਟਿਆਂ ਨੂੰ ਜੋੜ ਦੇਣਗੇ। ਕਦੇ ਮੁਸੀਬਤ ਆ ਜਾਵੇਂ ਤਾਂ, ਡਰਨਾ ਨਹੀਂ, ਘਬਰਾਉਣਾ ਵੀ ਨਾ, ਰਿਸ਼ਤੇ ਤੇਰੀ ਢਾਲ਼ ਬਣਨਗੇ, ਹਰ ਮੁਸ਼ਕਿਲ ਨੂੰ ਮੋੜ ਦੇਣਗੇ।
267.
ਤੂੰ ਪੁੱਛਿਐ ਰਸ ਰੰਗੀਆ ਸੂਰਜ ਖੇਤਾਂ ਦੇ ਵਿੱਚ ਕੀ ਕਰਦਾ ਹੈ। ਚਾਨਣ ਦੀ ਪਿਚਕਾਰੀ ਲੈ ਕੇ ਕਣ ਕਣ ਜਲਵਾਗਰ ਕਰਦਾ ਹੈ। ਖਿੜਨ ਕਪਾਹਾਂ ਨਰਮੇ ਫੁੱਟੀਆਂ ਛੱਲੀਆਂ ਕੱਤਣ ਆਸ ਉਮੀਦਾਂ, ਪੱਤਿਆਂ ਵਿੱਚ ਦੀ ਬਿਨ ਦੱਸਿਆਂ ਤੋਂ ਗੰਨਿਆਂ ਵਿੱਚ ਇਹ ਰਸ ਭਰਦਾ ਹੈ।
268.
ਕਰੀਂ ਨਾ ਤੂੰ ਕਦੇ ਕਿਸੇ ਬੁੱਤ ਦੀ ਅਰਾਧਨਾ। ਫ਼ਲ ਫੁੱਲ ਪਾਵੇ ਝੋਲੀ ਜ਼ਿੰਦਗੀ ‘ ਚ ਸਾਧਨਾ। ਕਿਸੇ ਦਾ ਵੀ ਦਿੱਤਾ ਕੁਝ, ਜਾਗ ਵਾਂਗੂੰ ਸਾਂਭਣਾ, ਇਹੀ ਸਮਤੋਲ ਪਾਵੇ ਘਾਟ ਕਦੇ ਵਾਧ ਨਾ।
269.
ਚੰਗਾ ਸੁਖਨ ਸੁਨੇਹਾ ਦਿੱਤਾ, ਦਿਨ ਚੜ੍ਹਦੇ ਤੂੰ ਮੈਨੂੰ ਘੁੱਗੀਏ। ਬੀਜੋਂ ਅੱਗੇ ਬੂਟੇ ਬਣੀਏ ਸੁਪਨੇ ਵਾਂਗੂੰ ਜਿੱਥੇ ਉੱਗੀਏ। ਜਦ ਤੀਕਰ ਵੀ ਤੁਰਦੇ ਸਾਹ ਨੇ, ਇੱਕ ਦੂਜੇ ਦੀ ਮਹਿਕ ਮਾਣੀਏਂ, ਰੂਹ ਦਰਬਾਰੋਂ ਮਾਣ ਮਿਲੇਗਾ, ਬੋਲਾਂ ਤੇ ਜੇ ਪੂਰਾ ਪੁੱਗੀਏ।
270.
ਹੱਥ ਮੇਰੇ ਬਦਰੰਗੇ ਹੋ ਗਏ, ਇਸ ਜ਼ਿੰਦਗੀ ਨੂੰ ਰੰਗਦੇ ਰੰਗਦੇ। ਬੁੱਕਲ ‘ਚੋਂ ਮੈਂ ਬਾਹਰ ਨਾ ਕੱਢਾਂ, ਅੱਜ ਵਿਖਾਏ ਸੰਗਦੇ ਸੰਗਦੇ। ਨੀਲੇ ਪੈ ਗਏ ਸੂਹੇ ਰੰਗਲੇ ਸੁਪਨੇ ਆਸ ਉਮੀਦਾਂ ਵਾਲੇ, ਟੁੱਟਿਆ ਦਿਲ ਸ਼ੀਸ਼ੇ ਦੇ ਵਾਂਗੂੰ, ਤੇਰੀ ਮੂਰਤ ਟੰਗਦੇ ਟੰਗਦੇ।
271.
ਨਕਲੀ ਫੁੱਲ ਬਾਜ਼ਾਰੋਂ ਲੈ ਕੇ, ਗੁਲਦਸਤੇ ਨੂੰ ਖ਼ੂਬ ਸਜਾਈਏ। ਮਹਿਕ ਵਿਹੂਣੀ ਜ਼ਿੰਦਗੀ ਅੰਦਰ ਰੰਗਾਂ ਦਾ ਸੰਸਾਰ ਵਸਾਈਏ। ਇਸ ਧਰਤੀ ਤੇ ਵਧ ਗਏ ਨਕਲੀ, ਚਿਹਰੇ, ਹਾਸੇ ਤੇ ਖ਼ੁਸ਼ਬੋਈਆਂ, ਅਸਲੀ ਜੜ੍ਹ ਤੋਂ ਟੁੱਟ ਗਏ ਆਂ, ਨਕਲੀ ਰਿਸ਼ਤੇ ਸਾਕ ਬਣਾਈਏ।
272.
ਰਾਮ ਰਾਜ ਦਾ ਡੰਗਿਆ ਹੋਇਆ, ਹੁਣ ਤਾਂ ਮੈਂ ਰਾਵਣ ਦੇ ਵੱਲ ਹਾਂ। ਵਕਤ ਸਾਹਮਣੇ ਸ਼ਰਮਿੰਦਾ ਹਾਂ, ਅੱਜ ਨਹੀਂ, ਮੈਂ ਆਪਣਾ ਕੱਲ੍ਹ ਹਾਂ। ਮੈਂ ਮੈਲ਼ਾ ਵਰਕਾ ਨਹੀਂ ਬਣਨਾ, ਕਿਉਂ ਨਿਗਲਾਂ ਮੈਂ ਵੇਖ ਕੇ ਮੱਖੀ, ਮੈਂ ਖੇਤਾਂ ਦਾ ਪੁੱਤ ਹਾਂ ਸ਼ੂਦਰ, ਜੋ ਤੂੰ ਸਮਝੇਂ ਓਹੀ ਗੱਲ ਹਾਂ।
273.
ਸਾਗਰ ਕੰਢੇ ਸਿੱਪੀਆਂ ਅੰਦਰ, ਪਤਾ ਨਹੀਂ ਕੀ ਰਾਜ਼ ਪਿਆ ਹੈ। ਮਾਣਕ ਮੋਤੀਆਂ ਵਾਲਾ ਮੂਧਾ ਕਿਸਦੇ ਪੈਰੀਂ ਤਾਜ ਪਿਆ ਹੈ। ਕਿਸੇ ਵਾਸਤੇ ਖੇਡ ਖਿਡੌਣਾ,ਕਿਸੇ ਵਾਸਤੇ ਅਦਭੁੱਤ ਦੁਨੀਆ, ਮੇਰੇ ਲਈ ਇਹ ਸੰਖ ਪਿਆਰਾ, ਬੜਾ ਕੀਮਤੀ ਸਾਜ਼ ਪਿਆ ਹੈ।
274.
ਵਕਤ ਦੇ ਸਫ਼ਿਆਂ ਉੱਤੋਂ ਪੜ੍ਹਨਾ ਸਿੱਖ ਲਿਆ ਹੈ। ਪੌੜੀ ਤੋਂ ਬਿਨ ਅੰਬਰ ਚੜ੍ਹਨਾ ਸਿੱਖ ਲਿਆ ਹੈ। ਤੂਫ਼ਾਨਾਂ ਨੂੰ ਆਖੋ ਸਾਡਾ ਸਿਦਕ ਨਾ ਪਰਖਣ, ਆਪਾਂ ਇਨ੍ਹਾਂ ਅੱਗੇ ਅੜਨਾ ਸਿੱਖ ਲਿਆ ਹੈ।
275.
ਸੁਣੋ! ਸੁਣੋ! ਸਾਹ ਰੋਕੋ ਸੁਣ ਲਉ, ਧਰਤੀ ਗੀਤ ਸੁਣਾਵੇ। ਆਪੇ ਲਿਖਦੀ ਆਪੇ ਗਾਉਂਦੀ, ਆਪੇ ਤਰਜ਼ ਬਣਾਵੇ। ਕਾਹਲੀ ਕਾਹਲੀ ਲੰਘ ਜਾਂਦੇ ਓ, ਸੁਰ ਮੇਲੇ ਦੇ ਕੋਲੋਂ, ਸੁਣ ਸਕਦੇ ਓ ਫੁੱਲਾਂ ਕੋਲੋਂ,ਜੇਕਰ ਮਨ ਚਿੱਤ ਚਾਹਵੇ।
276.
ਮੇਰਾ ਤੇਰਾ ਸਭ ਦਾ ਮਸਲਾ,ਥੋੜਾ ਸੁਣੀਏਂ ਬਹੁਤਾ ਕਹੀਏ। ਵਕਤ ਹਥੌੜਾ ਸਿਰ ਦੇ ਉੱਤੇ ਏਸੇ ਕਰਕੇ ਮੁੜ ਮੁੜ ਸਹੀਏ। ਤੁਰਦੇ ਤੁਰਦੇ ਤੁਰਦੇ ਤੁਰਦੇ ਜਿੱਥੋਂ ਤੁਰੇ ਸਾਂ ਓਥੇ ਹੀ ਹਾਂ, ਸੁਖ ਤੇ ਚੈਨ ਢੂੰਡੀਏ ਬਾਹਰੋਂ,ਆਪਣੇ ਕੋਲ ਘੜੀ ਨਾ ਬਹੀਏ।
277.
ਸੁਣਿਆ ਸੀ, ਅੱਜ ਵੇਖ ਲਿਆ ਹੈ, ਚੰਗਿਆਂ ਮੂੰਹੋਂ ਫੁੱਲ ਨੇ ਕਿਰਦੇ। ਰੁੱਖ ਮੂੰਹੋਂ ਤਾਂ ਬੋਲ ਨਾ ਸਕਦੇ,ਏਹੀ ਕਿਰਿਆ ਕਰਦੇ ਚਿਰ ਦੇ। ਦਿਨ ਚੜ੍ਹਿਐ ਤੂੰ ਬਾਹਰ ਨਿਕਲ ਕੇ, ਧਰਤੀ ਮਾਂ ਦਾ ਰੂਪ ਵੇਖ ਲੈ, ਵੇਖਦਿਆ ਤੂੰ ਆਪ ਕਹੇਂਗਾ, ਪੈ ਗਈ ਹੈ ਠੰਢ ਮੇਰੇ ਹਿਰਦੇ।
278.
ਸੂਰਤ ਲੈ ਕੇ ਸੂਹੀ ਕੂਚੀ,ਧਰਤੀ ਨੂੰ ਸ਼ਿੰਗਾਰਨ ਆਇਆ। ਬਿਰਖ਼ ਦੇ ਟਾਹਣਾਂ ਵਿੱਚ ਦੀ ਵੇਖੋ, ਕਲਾਕਾਰ ਦੀ ਕੈਸੀ ਮਾਇਆ। ਕਿਰਨ ਕਹਿਕਸ਼ਾਂ ਪੰਡਾਂ ਬੰਨ੍ਹ ਕੇ,ਗਲੀ ਗਲੀ ਫਿਰਦਾ ਵਣਜਾਰਾ, ਹੋਕਾ ਦੇਵੇ,ਤੁਰ ਜਾਹ ਰਾਤੇ, ਤੇਰੀ ਥਾਂ ਤੇ ਹੁਣ ਮੈਂ ਆਇਆ।
279.
ਵਕਤ ਦੇ ਸਫ਼ਿਆਂ ਉੱਤੋਂ ਪੜ੍ਹਨਾ ਸਿੱਖ ਲਿਆ ਹੈ। ਪੌੜੀ ਤੋਂ ਬਿਨ ਅੰਬਰ ਚੜ੍ਹਨਾ ਸਿੱਖ ਲਿਆ ਹੈ। ਤੂਫ਼ਾਨਾਂ ਨੂੰ ਆਖੋ ਸਾਡਾ ਸਿਦਕ ਨਾ ਪਰਖਣ, ਆਪਾਂ ਇਨ੍ਹਾਂ ਅੱਗੇ ਅੜਨਾ ਸਿੱਖ ਲਿਆ ਹੈ।
280.
ਰਾਤ ਦੀ ਕਾਲ਼ੀ ਚਾਦਰ ਉੱਤੇ ਪੱਤਿਆਂ ਲਿਖੀ ਇਬਾਰਤ ਪੜ੍ਹ ਲਉ। ਭਰੀ ਦਵਾਤ ਚਾਨਣਾ ਸੂਰਜ, ਹਿੰਮਤ ਕਰਕੇ ਕਲਮਾਂ ਘੜ ਲਉ। ਵਕਤ ਉਡੀਕ ਰਿਹਾ ਏ ਸਾਨੂੰ, ਸ਼ਬਦ ਸਾਧਕੋ,ਜਾਗੋ ਜਾਗੋ, ਲੰਘ ਜਾਵੇ ਨਾ ਸੂਰਜ ਦਾ ਰੱਥ, ਹਿੰਮਤ ਕਰਕੇ ਵਾਗਾਂ ਫੜ ਲਉ।
281.
ਚੋਰ ਝਾਤੀਆਂ ਮਾਰ ਰਿਹਾ ਹੈ, ਇਹ ਕਿਹੜਾ ਬਿਰਖ਼ਾਂ ਦੇ ਓਹਲੇ। ਹੌਲੀ ਹੌਲੀ ਮੇਰੇ ਵੱਲ ਨੂੰ ਤੁਰਿਆ ਆਵੇ ਪੋਲੇ ਪੋਲੇ। ਰਿਸ਼ੀ ਮੁਨੀ ਦਰਵੇਸ਼ਾਂ ਵਾਂਗੂੰ, ਸਭਨਾਂ ਦੀ ਸੁਖ ਮੰਗਦਾ ਜੋਗੀ, ਇਹ ਤਾਂ ਤਪੀਆ ਸੂਰਜ ਹੈ ਜੋ,ਧਰਤੀ ਵਿਹੜੇ ਚਾਨਣ ਡੋਲ੍ਹੇ।
282.
ਸੂਰਜ ਲਾੜਾ ਬਣ ਕੇ ਢੁੱਕਿਆ, ਧਰਤੀ ਬੰਦਨਬਾਰ ਸਜਾਏ। ਰੋਜ਼ ਉਡੀਕੇ ਅਗਨ ਲਗਨ ਨੂੰ, ਆਵੇ ਆ ਕੇ ‘ਨ੍ਹੇਰ ਮਿਟਾਏ। ਫੁੱਲਾਂ ਵਿੱਚ ਰੰਗ, ਰਸਵੰਤੇ ਫ਼ਲ ਇਹ ਕਰ ਦੇਵੇ ਨੂਰ ਪਸਾਰਾ, ਰਾਤ ਗਈ, ਪ੍ਰਭਾਤੀ ਵੇਲੇ ਇਹ ਹੀ ਆਣ ਹਲੂਣ ਜਗਾਏ।
283.
‘ਨ੍ਹੇਰੇ ਦੀ ਚਾਦਰ ਨੂੰ ਪਾੜੇ, ਇੱਕੋ ਕਤਰਾ ਚਾਨਣ ਦਾ। ਵੇਖੀਂ ਇਹ ਵਿਸ਼ਵਾਸ ਨਾ ਡੋਲੇ, ਏਹੀ ਸਬਕ ਹੈ ਜਾਨਣ ਦਾ। ਵਿੱਚ ਸੰਕਟ ਦੇ ਡੋਲ ਨਾ ਜਾਵੀਂ ਮੇਰੇ ਮਨ ਦੇ ਦੀਵੜਿਆ, ਦੋ ਹੱਥਾਂ ਵਿੱਚ ਲਾਟ ਸਾਂਭ ਲੈ, ਵੇਲਾ ਫ਼ਰਜ਼ ਪਛਾਨਣ ਦਾ।
284.
ਮੇਰੇ ਮੱਥੇ ਵਿੱਚ ਹੈ ਸ਼ਾਮਿਲ ਲਾਲਟੈਣ ਦਾ ਮਟਕ ਚਾਨਣਾ। ਏਸੇ ਦੱਸਿਆ ਬਚਪਨ ਵੇਲੇ, ਗੂੜ੍ਹ ਹਨ੍ਹੇਰਾ ਕਿਵੇਂ ਛਾਨਣਾ। ਚਿਮਨੀ ਰੋਜ਼ ਪੂੰਝ ਕੇ ਦੇਂਦੀ ਮਾਂ ਮੇਰੀ ਵੀ ਇਹ ਸੀ ਕਹਿੰਦੀ, ਅੱਖਰ ਮੋਤੀ ਚੁਗਦੇ ਪੁੱਤ ਵੇ,ਹਰ ਪਲ ਗਿਆਨ ਦਾ ਛਤਰ ਤਾਨਣਾ।
285.
ਸੱਤ ਸ਼ਕਤੀਆਂ ਸਾਂਭ ਲੈ ਬੰਦਿਆ,ਸੁਣਨਾ ਤੱਕਣਾ,ਛੋਹਣਾ। ਹੱਸਣ ਤੇ ਮਹਿਸੂਸਣ ਸ਼ਕਤੀ ਸਵਾਦ ਪਰਖ਼ ਦਾ ਹੋਣਾ। ਇਸ ਤੋਂ ਮਿਲਣੀ ਅਸਲੀ ਪੂੰਜੀ ਬੰਦਿਆ ਬੰਦਾ ਬਣ ਕੇ, ਮਨ ਮਿੱਟੀ ਜੇ ਕੁੱਟਣਾ ਸਿੱਖ ਲਏਂ,ਰੱਤ ਆਪਣੀ ਵਿੱਚ ਗੋਣਾ।
286.
ਭੀੜ ਵਿੱਚ ਖੜ੍ਹੇ ,ਅਸੀਂ ਕੌਣ ਕੌਣ ਹਾਂ। ਕਿਸ ਦਿਆਂ ਮੋਢਿਆਂ ਤੇ ਕੀਹਦੀ ਧੌਣ ਹਾਂ। ਉੱਡਦੀ ਹੈ ਧੂੜ ਡੇਲੇ ਮਲ਼ੀ ਜਾਨੇਂ ਆਂ, ਅੱਖੀਂ ਘੱਟਾ ਪਾਵੇ,ਅਸੀਂ ਓਹੀ ਪੌਣ ਹਾਂ।
287.
ਚਾਰ ਚੁਫ਼ੇਰ ਹਨ੍ਹੇਰਾ ਗੂੜ੍ਹਾ, ਮੇਰੇ ਚੰਨ ਦੀ ਬਾਤ ਨਿਰਾਲੀ। ਜਿਸ ਦਿਨ ਪੂਰਾ ਨਜ਼ਰੀਂ ਪੈਂਦਾ, ਬਣ ਜਾਂਦੀ ਹਾਂ ਕਰਮਾਂ ਵਾਲੀ। ਏਕਮ ਤੋਂ ਲੈ ਪੂਰਨਮਾਸ਼ੀ ਔਂਸੀਆਂ ਪਾਵੇ ਜਿੰਦ ਬਿਰਹੋਂ ਵਿੱਚ, ਮਿਲ ਜਾਵੇ ਦਿਲਦਾਰ ਜਦੋਂ ਤਾਂ ਰੱਜਦੀ ਰੂਹ ਤਰਸੇਵਿਆਂ ਵਾਲੀ।
288.
ਚਮੜੀ ਗੋਰੀ ਚਿੱਟੀ ਵਰਗੀ ਰੰਗਾਂ ਦੀ ਗੱਲ ਕਰਿਆ ਨਾ ਕਰ। ਦਿਲ ਦੀ ਦੌਲਤ ਹੁੰਦਿਆਂ ਸੁੰਦਿਆਂ ਠੰਢੇ ਹਾਉਕੇ ਭਰਿਆ ਨਾ ਕਰ। ਤੂੰ ਤਾਂ ਹੈਂ ਹਰ ਰਣ ਦਾ ਜੋਧਾ, ਤੂੰ ਰੰਗਾਂ ਤੋਂ ਕੀ ਲੈਣਾ ਹੈ, ਦੁਨੀਆਦਾਰ ਬਾਜ਼ਾਰ ਦੇ ਕੈਦੀ, ਤੂੰ ਇਨ੍ਹਾਂ ਤੋਂ ਡਰਿਆ ਨਾ ਕਰ।
289.
ਸੱਤ ਸ਼ਕਤੀਆਂ ਸਾਂਭ ਲੈ ਬੰਦਿਆ,ਸੁਣਨਾ ਤੱਕਣਾ,ਛੋਹਣਾ। ਹੱਸਣ ਤੇ ਮਹਿਸੂਸਣ ਸ਼ਕਤੀ ਸਵਾਦ ਪਰਖ਼ ਦਾ ਹੋਣਾ। ਇਸ ਤੋਂ ਮਿਲਣੀ ਅਸਲੀ ਪੂੰਜੀ ਬੰਦਿਆ ਬੰਦਾ ਬਣ ਕੇ, ਮਨ ਮਿੱਟੀ ਜੇ ਕੁੱਟਣਾ ਸਿੱਖ ਲਏਂ,ਰੱਤ ਆਪਣੀ ਵਿੱਚ ਗੋਣਾ।
290.
ਭੀੜ ਵਿੱਚ ਖੜ੍ਹੇ ,ਅਸੀਂ ਕੌਣ ਕੌਣ ਹਾਂ। ਕਿਸ ਦਿਆਂ ਮੋਢਿਆਂ ਤੇ ਕੀਹਦੀ ਧੌਣ ਹਾਂ। ਉੱਡਦੀ ਹੈ ਧੂੜ ਡੇਲੇ ਮਲ਼ੀ ਜਾਨੇਂ ਆਂ, ਅੱਖੀਂ ਘੱਟਾ ਪਾਵੇ,ਅਸੀਂ ਓਹੀ ਪੌਣ ਹਾਂ।
291.
ਚਾਰ ਚੁਫ਼ੇਰ ਹਨ੍ਹੇਰਾ ਗੂੜ੍ਹਾ, ਮੇਰੇ ਚੰਨ ਦੀ ਬਾਤ ਨਿਰਾਲੀ। ਜਿਸ ਦਿਨ ਪੂਰਾ ਨਜ਼ਰੀਂ ਪੈਂਦਾ, ਬਣ ਜਾਂਦੀ ਹਾਂ ਕਰਮਾਂ ਵਾਲੀ। ਏਕਮ ਤੋਂ ਲੈ ਪੂਰਨਮਾਸ਼ੀ ਔਂਸੀਆਂ ਪਾਵੇ ਜਿੰਦ ਬਿਰਹੋਂ ਵਿੱਚ, ਮਿਲ ਜਾਵੇ ਦਿਲਦਾਰ ਜਦੋਂ ਤਾਂ ਰੱਜਦੀ ਰੂਹ ਤਰਸੇਵਿਆਂ ਵਾਲੀ।
292.
ਹੁਸਨ ਸਦੀਵੀ ਲੰਮਾ ਚਿਰ ਤਾਂ,ਅੱਖੀਆਂ ਅੰਦਰ ਬਹਿ ਨਹੀਂ ਸਕਦਾ। ਦਿਲ ਦੀ ਦੌਲਤ ਜੋ ਬਣ ਜਾਵੇ,ਹੋਰ ਕਿਸੇ ਥਾਂ ਰਹਿ ਨਹੀਂ ਸਕਦਾ। ਨੈਣ ਨਿਰੰਤਰ ਤੱਕਦੇ ਜਲਵੇ, ਇਸ ਧਰਤੀ ਤੇ ਵੰਨ ਸੁਵੰਨੇ, ਦਿਲ ਦੀ ਧੜਕਣ ਵਿੱਚ ਤੂੰ ਹਾਜ਼ਰ, ਇਸ ਤੋਂ ਅੱਗੇ ਕਹਿ ਨਹੀਂ ਸਕਦਾ।
293.
ਬਿਰਖ਼ ਕਦੇ ਨਾ ਪੈਰੋਂ ਡੋਲੇ, ਟਾਹਣੀਆਂ ਪੱਤੇ ਡਰ ਜਾਂਦੇ ਨੇ। ਡਰਦੇ ਡਰਦੇ ਕਿਰ ਜਾਂਦੇ ਨੇ, ਰਦੇ ਮਰਦੇ ਮਰ ਜਾਂਦੇ ਨੇ। ਪਰ ਮੈਂ ਵੇਖੇ ਉਹ ਵੀ ਤਰਵਰ, ਹਰ ਮੁਸ਼ਕਿਲ ਵਿੱਚ ਤਣੇ ਖਲੋਤੇ, ਵੱਖਰੀ ਗੱਲ ਹੈ, ਝੱਖੜ ਝਾਂਜੇ, ਜਿਗਰ ਛਾਨਣੀ ਕਰ ਜਾਂਦੇ ਨੇ।
294.
ਡੁੱਬਦਾ ਸੂਰਜ ਵੀ ਛੱਡ ਜਾਂਦਾ, ਧਰਤੀ ਪੱਲੇ ਕਿੰਨੀ ਲਾਲੀ। ਸਾਡੀ ਹੀ ਬੁੱਕਲ ਹੈ ਨਿੱਕੀ,ਸਾਥੋਂ ਹੀ ਨਾ ਜਾਏ ਸੰਭਾਲੀ। ਰਾਤ ਸਮਝਦੀ ਮੈਂ ਚਾਨਣ ਨੂੰ, ਬੁਰਕੀ ਮਾਰ ਸਮੇਟ ਲਿਆ ਹੈ, ਇੱਕੋ ਹੱਲਾ ਮਾਰਨ ਕਿਰਨਾਂ, ਪਾੜਨ ਚਾਦਰ ਗੂੜ੍ਹੀ ਕਾਲੀ।
295.
ਕੀ ਹੁੰਦੇ ਸੀ, ਕੀ ਬਣ ਚੱਲੇ, ਸੁਰਖ਼ ਗੁਲਾਬਾਂ ਵਾਲੇ। ਉਲਟੇ ਰੁਖ਼ ਕਿਉਂ ਦਰਿਆ ਤੁਰ ਪਏ ਯਾਰ ਪੰਜਾਬਾਂ ਵਾਲੇ। ਆ ਓਇ ਮਿੱਤਰਾ,ਰਲ਼ ਕੇ ਲਾਈਏ ਹੋਕਾ,ਮੋੜ ਲਿਆਈਏ, ਭੰਨ ਬੋਤਲਾਂ ਘਰ ਘਰ ਉੱਸਰਨ ਬਾਰ ਕਿਤਾਬਾਂ ਵਾਲੇ।
296.
ਦਿਨ ਚੜ੍ਹਿਆ ਬਿਰਖ਼ਾਂ ਦੇ ਉਹਲਿਉਂ, ਸੂਰਜ ਰਾਣੇ ਮੁੱਖ ਵਿਖਾਇਆ। ਤੀਜਾ ਨੇਤਰ ਖੋਲ੍ਹਦਿਆਂ ਹੀ ਮੈਨੂੰ ਤੇਰਾ ਚੇਤਾ ਆਇਆ। ਤੇਰਾ ਨੂਰ ਸਰੂਰ ਇਲਾਹੀ ਘੁਲ਼ਿਆ ਜਾਪੇ ਇਸ ਦੇ ਅੰਦਰ, ਕਿਰਨਾਂ ਮੇਰਾ ਮੱਥਾ ਝੱਸਿਆ, ਮਗਰੋਂ ਮੇਰਾ ਮਨ ਰੁਸ਼ਨਾਇਆ।
297.
ਬਿਰਖ਼ ਸੁਹਾਵੇ ਜਿਸ ਘਰ ਨੇੜੇ, ਓਸੇ ਥਾਂ ਚਿੜੀਆਂ ਦਾ ਵਾਸਾ। ਸ਼ਾਮ ਸਵੇਰ ਨਿਰੰਤਰ ਗੂੰਜੇ ਕਾਇਨਾਤ ਵਿਸਮਾਦੀ ਹਾਸਾ। ਕੰਕਰੀਟ ਦੇ ਜੰਗਲ ਅੰਦਰ ਚੁੰਝ ਠਕੋਰਨ ਸ਼ੀਸ਼ਿਆਂ ਉੱਤੇ, ਏਸ ਤਰ੍ਹਾਂ ਹੀ ਟੁੱਟ ਜਾਂਦਾ ਹੈ ਜ਼ਿੰਦਗੀ ਵਾਲਾ ਭਰਿਆ ਕਾਸਾ।
298.
ਮਿਲੀਏ ਗਿਲੀਏ ਭਾਵੇਂ ਨਾ ਪਰ, ਦਿਲ ਦਰਵਾਜ਼ੇ ਬੰਦ ਨਾ ਕਰੀਏ। ਉਮਰ ਗੁਆਚ ਗਈ ਤਾਂ ਮਗਰੋਂ, ਐਵੇਂ ਨਾ ਫਿਰ ਹਾਉਕੇ ਭਰੀਏ। ਖ਼ੁਸ਼ਬੂ ਨੂੰ ਤਾਂ ਦੇਸ਼ ਕਾਲ ਦੀ, ਕਦੇ ਗੁਲਾਮੀ ਹੁੰਦੀ ਨਹੀਂਉਂ, ਇਹ ਜ਼ਿੰਦਗਾਨੀ ਫਿਰ ਨਾ ਮਿਲਣੀ, ਆ ਜਾ ਇਤਰ ਸਰੋਵਰ ਤਰੀਏ।
299.
ਏਡੇ ਜਾਬਰ ਅੱਗੇ ਤੱਗਿਆ, ਮੇਰਾ ਦੀਵਾ ਬਹੁਤ ਨਿਤਾਣਾ। ਤੇਰੀ ਸ਼ਕਤੀ ਕਰਕੇ ਅੜਿਆ,ਝੱਖੜ ਚਾਹੇ ਜੋਤ ਬੁਝਾਣਾ। ਜਦ ਤੀਕਰ ਤੂੰ ਮੇਰੇ ਵੱਲ ਹੈਂ, ਨਾ ਡੋਲਾਂ ਨਾ ਥਿੜਕਾਂਗਾ ਮੈਂ, ਅੰਤਰ ਜੋਤ ਜਗਾ ਕੇ ਰੱਖੂੰ, ਹੋਰ ਕਿਸੇ ਥਾਂ ਮੈਂ ਨਾ ਜਾਣਾ।
300.
ਖ਼ੁਸ਼ੀਆਂ ਖੇੜੇ ਘਰ ਨਾ ਪਰਤੇ,ਮੁੱਕਿਆ ਨਾ ਬਨਵਾਸ ਅਜੇ ਵੀ। ਜੰਮ ਕੇ ਜ਼ੁਲਮ ਕਰੇ ਜਰਵਾਣਾ, ਛੁੱਟਣ ਦੀ ਨਾ ਆਸ ਅਜੇ ਵੀ। ਨਾਲ ਹਨ੍ਹੇਰ ਲੜਾਈ ਸਾਡੀ, ਮੁੱਕਣ ਤੀਕ ਜਗਣ ਦਾ ਵਾਅਦਾ, ਇਸ ਮਿੱਟੀ ਦੇ ਦੀਵੇ ਅੰਦਰ ਮੇਰਾ ਹੈ ਵਿਸ਼ਵਾਸ ਅਜੇ ਵੀ।
301.
ਆਪਣੇ ਪੈਰੀਂ ਆਪ ਕੁਹਾੜਾ, ਬੰਦਿਆ ਇਹ ਤੂੰ ਕੀ ਕਰਿਆ। ਪੌਣਾਂ ਵੀ ਜ਼ਹਿਰੀਲੀਆਂ ਹੋਈਆਂ, ਜ਼ਹਿਰ ਭਰੇ ਵਗਦੇ ਦਰਿਆ। ਖ਼ੁਦਗਰਜ਼ੀ ਦਾ ਆਲਮ ਵੇਖੀਂ, ਤੈਨੂੰ ਹੀ ਖਾ ਜਾਵੇਗਾ, ਨਸ਼ਾ ਖ਼ੋਰ ਨਦੀਆਂ ਵਿੱਚ ਤੈਥੋਂ, ਬਿਲਕੁਲ ਨਹੀਂ ਜਾਣਾ ਤਰਿਆ।
302.
ਕੁੱਲ ਸ੍ਰਿਸ਼ਟੀ ਉੱਤੇ ਜਦ ਸੀ ਅਰਬਦ ਨਰਬਦ ਧੁੰਦੂਕਾਰਾ। ਚੜ੍ਹਿਆ ਸੋਧਣ ਧਰਤ ਲੋਕਾਈ, ਨਨਕਾਣੇ ਤੋਂ ਨਾਨਕ ਪਿਆਰਾ। ਓਸ ਕਿਹਾ ਹੇ!ਭਟਕੇ ਰਾਹੀਓ, ਭਟਕਣ ਛੱਡੋ ਸਮਝ ਲਵੋ ਇਹ, ਇੱਕੋ ਹੀ ਓਂਕਾਰ ਹੈ ਜਿਸ ਦਾ ਗਤ ਮਿਤ ਹੀਣ ਅਨੰਤ ਪਸਾਰਾ।
303.
ਸ਼ੁਭ ਕਰਮਨ ਦਾ ਅਜ਼ਮ ਹਮੇਸ਼ਾਂ ਆਪਣੇ ਹੱਥ ਉਚੇਰੇ ਰੱਖਣਾ। ਜਦ ਵੀ ਕਿਧਰੇ ਸੰਗਤ ਕਰਨੀ ,ਖ਼ੁਸ਼ਬੂ ਦੀ ਕਰਨੀ ਪਰਦੱਖਣਾ। ਅੱਖੀਆਂ ਅੰਦਰ ਨੂਰ ਇਲਾਹੀ, ਮੱਥਾ ਸੂਰਜ ਵਾਂਗੂੰ ਚਮਕੂ, ਖ਼ੁਦ ਤੇ ਪਹਿਰੇਦਾਰੀ ਕਰਕੇ, ਅੰਮ੍ਰਿਤ ਬੂੰਦ ਸਦੀਵੀ ਚੱਖਣਾ।
304.
ਬਾਗਬਾਨ ਜੀ, ਕੀ ਕਰਦੇ ਹੋ, ਸਭ ਰੰਗਾਂ ਨੂੰ ਖਿੜਨ ਦਿਉ ਜੀ। ਚਰਖ਼ ਸਮੇਂ ਦਾ, ਰੋਕੋ ਨਾ ਜੀ, ਚਾਲ ਕੁਦਰਤੀ ਗਿੜਨ ਦਿਉ ਜੀ। ਉਲਟੀ ਗੰਗ ਵਹਾਉ ਨਾ ਜੀ, ਮੰਨਿਆ ਤਾਕਤ ਕੋਲ ਤੁਹਾਡੇ, ਸਮਰੱਥ ਆਪੇ ਜਿੱਤ ਜਾਵੇਗੀ, ਸੌ ਸੋਚਾਂ ਨੂੰ ਭਿੜਨ ਦਿਉ ਜੀ।
305.
ਸਾਥੋਂ ਦੇਹ ਦਾ ਓਹਲਾ ਕਰਦੇ, ਗੁਰ ਦਸਵੇਂ ਸਮਝਾਇਆ ਸਾਨੂੰ। ਬੰਦਿਆਂ ਮਗਰ ਨਾ ਬੰਦਿਆ ਲੱਗੀਂ, ਸ਼ਬਦ ਗੁਰੂ ਲੜ ਲਾਇਆ ਸਾਨੂੰ। ਹਰ ਮੁਸ਼ਕਿਲ ਵਿੱਚ ਲਵੀਂ ਰੌਸ਼ਨੀ, ਮਨ ਦੇ ਹੁਜਰੇ ਜੋਤ ਜਗਾਵੀਂ, ਨਿਸ਼ਚਾ ਧਾਰੀਂ ਮੰਜ਼ਿਲ ਮਾਰੀਂ ,ਸਿੱਧੇ ਮਾਰਗ ਪਾਇਆ ਸਾਨੂੰ।
306.
ਮੈਂ ਕਾਦਰ ਨੂੰ ਖ਼ੁਦ ਤੱਕਿਆ ਹੈ,ਮਿੱਟੀ ਦਾ ਅਨੁਵਾਦ ਕਰਦਿਆਂ। ਟਾਹਣੀਆਂ ਉੱਪਰ ਫੁੱਲ ਤੇ ਪੱਤੇ, ਵਿੱਚ ਮਹਿਕਾਂ ਵਿਸਮਾਦ ਧਰਦਿਆਂ। ਜੇਕਰ ਤੈਨੂੰ ਰੰਗ ਨਾ ਦਿਸਦੇ, ਤੀਜਾ ਨੇਤਰ ਖੋਲ੍ਹ ਕੇ ਵੇਖੀਂ, ਧਰਤੀ ਸੂਰਜ ਵੇਖੇ ਮੈਂ ਤਾਂ , ਸੱਖਮ ਸੱਖਣੀ ਝੋਲ ਭਰਦਿਆਂ।
307.
ਨੀਂਦਰ ਖੁੱਲ੍ਹੀ, ਸੁਪਨਾ ਟੁੱਟਿਆ ,ਰੰਗਾਂ ਨਾਲ ਗੁਫ਼ਤਗੂ ਕਰਦੇ। ਰੁੱਸ ਗਈ ਖ਼ੁਸ਼ਬੋਈ ਮੈਥੋਂ,ਕਿਉਂ ਚੁੱਪ ਕੀਤਾ,ਹਾਂ ਹੂੰ ਕਰਦੇ। ਦਿਨ ਚੜ੍ਹਿਆ ਹੈ,ਸੂਰਜ ਲੱਗਿਆ,ਮੱਥੇ ਮੇਰੇ ਕਿਰਨਾਂ ਲੈ ਕੇ, ਨਹੀਂ ਤਾਂ ਮੈਂ ਰਹਿ ਜਾਣਾ ਸੀ ਓਥੇ, ਸੁਪਨ-ਸਵੈਟਰ ਬੁਣਤੀ ਕਰਦੇ।
308.
ਸੋਹਣੇ ਹੱਥਾਂ ਬੁਣਤੀ ਕੀਤੀ,ਜਾਵਾਂ ਮੈਂ ਬਲਿਹਾਰੇ। ਰੰਗ ਹੀ ਬੋਲਣ, ਰੰਗ ਹੀ ਸੁਣਦੇ, ਰੰਗ ਹੀ ਭਰਨ ਹੁੰਗਾਰੇ। ਧਰਤ ਸੁਹਾਗਣ ਦੇ ਘਰ ਅੰਦਰ ਚੂਹੇ ਪਲ਼ ਗਏ ਮੋਟੇ, ਜੋ ਤੰਦਾਂ ਨੂੰ ਕੁਤਰ ਰਹੇ ਨੇ, ਬਣ ਕੇ ਮੀਤ ਹਮਾਰੇ।
309.
ਸੁਖਨ ਸੁਨੇਹਾ ਲੈ ਕੇ ਆਇਆ,ਸੂਰਜ ਬਿਰਖ਼ਾਂ ਓਹਲੇ। ਰੌਸ਼ਨੀਆਂ ਦਾ ਪੂਰ ਪਰਾਗਾ, ਵੰਡ ਰਿਹਾ ਬਿਨ ਬੋਲੇ। ਮਾਂ ਦੀ ਮਾਂਗ ਸੰਧੂਰੀ ਇਸ ਨੇ ਰਲ਼ ਕੇ ਸ਼ਗਨ ਮਨਾਉ, ਜਿਸ ਦੇ ਮਾਪੇ ਸੂਰਜ ਧਰਤੀ, ਉਹ ਪੈਰੋਂ ਕਿਉਂ ਡੋਲੇ।
310.
ਤੁਰਿਆਂ ਬੰਦਿਆਂ ਅੱਗੇ ਸੱਜਣਾ, ਕਦੇ ਕੋਈ ਵੀ ਰਾਹ ਨਹੀਂ ਮੁੱਕਦੇ। ਸਫ਼ਰ ਸਦੀਵੀ ਸ਼ਕਤੀ ਜਿਸ ਦੀ, ਕਦੇ ਨਿਸ਼ਾਨੇ ਤੋਂ ਨਹੀਂ ਉੱਕਦੇ। ਮੀਲਾਂ ਵਾਲੇ ਪੱਥਰ ਗਿਣਦੇ ਲੋਕ ਹਮੇਸ਼ਾਂ ਥੱਕ ਜਾਂਦੇ ਨੇ, ਦਰਿਆਵਾਂ ਨੇ ਕੰਨ ਵਿੱਚ ਦੱਸਿਐ, ਹਿੰਮਤ ਦੇ ਸੋਮੇ ਨਹੀਂ ਸੁੱਕਦੇ।
311.
ਕੀ ਹੋਇਆ ਜੇ ਜੱਗ ਨਹੀਂ ਸੁਣਦਾ, ਬੇ ਕਦਰਾਂ ਨੂੰ ਕੁਝ ਨਹੀਂ ਕਹਿਣਾ। ਬੰਸਰੀਆਂ ਤਾਂ ਸਿਰਫ਼ ਬਹਾਨਾ, ਅਸਲੀ ਗੱਲ ਹੈ ਅੰਦਰ ਲਹਿਣਾ। ਸ਼ਬਦ ਸਰੂਰੇ ਸੁਰ ਦੀ ਸੰਗਤ, ਇਸ ਤੋਂ ਅੱਗੇ ਮੈਂ ਕੀ ਦੱਸਾਂ, ਪਲ ਵਿਸਮਾਦੀ ਨਾਲੋਂ ਮਹਿੰਗਾ, ਧਰਤੀ ਤੇ ਨਾ ਇੱਕ ਵੀ ਗਹਿਣਾ।
312.
ਮੰਨਿਆ ਤੂੰ ਵੀ ਜ਼ੋਰਾਵਰ ਹੈਂ, ਏਨੀ ਗੂੜ੍ਹੀ ਚੁੱਪ ਨਾ ਚੰਗੀ। ਨਾ ਹੂੰਗਰ ਨਾ ਕੋਈ ਹੁੰਗਾਰਾ, ਜਾਨ ਮੇਰੀ ਕਿਉਂ ਸੂਲੀ ਟੰਗੀ। ਇੱਕ ਸੂਰਜ ਇੱਕ ਧਰਤੀ ਤੋਂ ਵੱਧ,ਜੇ ਦੇਣੈਂ ਤਾਂ ਇਹ ਕੁਝ ਦੇ ਦੇ, ਰਸ ਰੰਗ ਤੇ ਖ਼ੁਸ਼ਬੋ ਅਣਮਿਣਵੀਂ,ਜੋ ਅੱਜ ਤੀਕ ਨਾ ਤੈਥੋਂ ਮੰਗੀ।
313.
ਫ਼ਾਸਲਿਆਂ ਦੇ ਬਾਵਜੂਦ ਵੀ ਰਿਸ਼ਤੇ ਤਾਂ ਵਿਸ਼ਵਾਸ ਦਾ ਨਾਂ ਹੈ। ਇਹ ਉਹ ਬਿਰਖ਼ ਸੁਹਾਵਾ ਸੋਹਣਾ, ਜਿਸਦੀ ਹਰ ਮੌਸਮ ਵਿੱਚ ਛਾਂ ਹੈ। ਕੋਲ ਬੈਠਿਆਂ,ਮਨ ਪਰਦੇਸੀ,ਟੁੱਟ ਜਾਵੇ ਤਨ, ਮਨ ਦੇ ਨਾਲੋਂ, ਅੱਖਾਂ ਬੰਦ ਕਰਾਂ ਜੁੜ ਜਾਵਾਂ, ਕਿੰਨੀ ਸੁੱਚੀ ਬੁੱਕਲ ਮਾਂ ਹੈ।
314.
ਮੇਰਾ ਇੱਕ ਓਂਕਾਰ ਪਿਆਰਾ, ਦੇਵੇ ਲੱਖ ਨਜ਼ਰਾਨੇ। ਬੇ ਅੰਤੇ ਦੇ ਅੰਤਹੀਣ ਨੇ,ਆਦਿ ਜੁਗਾਦਿ ਖ਼ਜ਼ਾਨੇ। ਸਾਡੀ ਤਲਬ ਹਮੇਸ਼ਾਂ ਮਿੱਟੀ, ਮੰਗਦਾ ਨਾ ਸ਼ਰਮਾਈਏ, ਸ਼ਬਦ ਸੁਰਤਿ ਜੇ ਟਿਕਵੀਂ ਮੰਗਦੇ, ਲਾਉਂਦੇ ਤੀਰ ਨਿਸ਼ਾਨੇ।
315.
ਨਜ਼ਰ ਟਿਕਾ ਕੇ ਵੇਖੋ ਜੇਕਰ,ਕਤਰਾ ਵੀ ਦਰਿਆ ਹੁੰਦਾ ਹੈ। ਉਸ ਬੰਦੇ ਨੂੰ ਨਜ਼ਰੀਂ ਆਵੇ, ਜਿਸ ਦੇ ਅੰਦਰ ਚਾਅ ਹੁੰਦਾ ਹੈ। ਸੁੰਗੜਿਆਂ ਨੂੰ ਸੱਤ ਸਮੁੰਦਰ, ਲੱਗਣ ਛੱਪੜ ਵੱਡਾ ਸਾਰਾ, ਨਜ਼ਰ ਨਜ਼ਰੀਆ ਸਾਂਭ ਕੇ ਰੱਖਿਉ,ਨਹੀਂ ਤਾਂ ਮਨ ਗੁੰਮਰਾਹ ਹੁੰਦਾ ਹੈ।
316.
ਬਾਕੀ ਛੱਡ ਤੂੰ, ਮੇਰਾ ਦਿੱਤਾ, ਆਹ ਇੱਕ ਸੁਰਖ਼ ਗੁਲਾਬ ਸਾਂਭ ਲੈ। ਤੇਰਾ ਰਾਹ ਰੁਸ਼ਨਾਉਣਾ ਜਿਸਨੇ, ਦੂਜੀ ਪਾਕ ਕਿਤਾਬ ਸਾਂਭ ਲੈ। ਹਥਿਆਰਾਂ ਤੇ ਮਾਣ ਕਰਦਿਆ, ਇਨ੍ਹਾਂ ਸਭਨਾਂ ਦਾ ਮੂੰਹ ਕਾਲ਼ਾ, ਪਿਆਰ ਤਰੌਂਕਾ ਮਾਰ ਪਿਆਰੇ, ਭਖ਼ਦਾ ਹੈ ਪੰਜਾਬ, ਸਾਂਭ ਲੈ।
317.
ਚੰਗੇ ਲੋਕ ਵਿਸਾਰਦੇ ਨਹੀਂਉਂ, ਪੁਰਖ਼ੇ, ਪੈੜਾਂ ਤੇ ਪਗਡੰਡੀਆਂ। ਏਸੇ ਕਰਕੇ ਗੱਡ ਲੈਂਦੇ ਨੇ ਸਿਖ਼ਰ ਚੋਟੀਆਂ ਉੱਪਰ ਝੰਡੀਆਂ। ਸਾਡੇ ਪਿੱਛੇ ਚਾਰਖ਼ਾਨਿਆਂ ਵਾਲੀ ਚੌਰਸ ਬਿਰਤੀ ਪੈ ਗਈ, ਆਪਣਾ ਸਭ ਕੁਝ ਛਾਂਗੀ ਜਾਈਏ, ਜਿੱਦਾਂ ਆਖਦੀਆਂ ਨੇ ਮੰਡੀਆਂ।
318.
ਵਕਤ ਸਾਨੂੰ ਵੇਖਦਾ ਹੈ, ਕੌਣ ਕਿਸ ਦੇ ਨਾਲ ਨਾਲ। ਆਖਦਾ ਭਾਵੇਂ ਨਾ ਮੂੰਹੋਂ, ਕਰ ਰਿਹਾ ਲੱਖਾਂ ਸਵਾਲ। ਬੋਲ ਭਾਵੇਂ ਬੋਲ ਨਾ ਤੂੰ, ਧਰਤ ਅੰਬਰ ਸਮਝਦੇ, ਚੁੱਪ ਤੇਰੀ, ਸਹਿਮਤੀ ਹੈ, ਜ਼ਾਲਮਾਂ ਦੀ ਫ਼ੌਜ ਨਾਲ।
319.
ਫੁੱਲ ਕੰਵਲ ਦਾ ਖਿੜਿਆ ਤਾਂ ਸੀ, ਢਾਬ ਦੇ ਗੰਧਲੇ ਪਾਣੀ ਅੰਦਰ। ਪਰ ਪਾਣੀ ਤੋਂ ਰਹੂ ਨਿਰਾਲਾ, ਲਿਖਿਆ ਹੈ ਗੁਰਬਾਣੀ ਅੰਦਰ। ਕੁਰਸੀ ਦੇ ਵੱਸ ਪੈ ਕੇ ਬਣਿਆ ਗੁੰਝਲਦਾਰ ਬੁਝਾਰਤ ਵਰਗਾ, ਹੋਰ ਪਤਾ ਨਹੀਂ ਕੀ ਕੁਝ ਟੁੱਟਣਾ,ਮਨ ਦੀ ਉਲਝੀ ਤਾਣੀ ਅੰਦਰ।
320.
ਗੁਰੂ ਦਾ ਸੁਨੇਹਾ ਪੁੱਤ ਬਾਣੀ ਨੂੰ ਸੰਭਾਲਿਉ। ਮਿੱਟੀ ਹਵਾ ਨਾਲ ਸ਼ੁੱਧ ਪਾਣੀ ਨੂੰ ਸੰਭਾਲਿਉ। ਲਿੱਸੇ ਨੂੰ ਨਾ ਕੁੱਟੇ ਕੋਈ,ਕਿਰਤ ਨਾ ਲੁੱਟੇ ਕੋਈ, ਭਲਾ ਸਰਬੱਤ ਵਾਲੀ ਤਾਣੀ ਨੂੰ ਸੰਭਾਲਿਉ।
321.
ਹਮਕਦਮ ਹੋਇਆ ਮੈਂ ਕਾਹਦਾ, ਦੋ ਕੁ ਪਲ ਖ਼ੁਸ਼ਬੂ ਦੇ ਨਾਲ। ਉਮਰ ਭਰ ਰਹਿਣੀ ਏ ਮੈਨੂੰ ਨਰਗਸੀ ਫੁੱਲਾਂ ਦੀ ਭਾਲ। ਸਫ਼ਰ ਕੀ ਮੁੱਕਣਾ ਸੀ ਮੇਰਾ, ਇੱਕੋ ਥਾਂ ਤੇ ਠਹਿਰਿਆ, ਵੇਖਦਾਂ ਤੈਨੂੰ ਤੇ ਓਥੇ ਕਰ ਰਿਹਾ ਹਾਂ ਕਦਮ ਤਾਲ।
322.
ਖੇਤਾਂ ਦੇ ਪੁੱਤ ਸਫ਼ਰ ਪਏ ਨੇ ਹੁਣ ਨਾ ਰੁਕਦੇ ਠੱਲ੍ਹਿਆਂ। ਜਾਗ ਪਏ ਨੇ ਧਰਤੀ ਅੰਬਰ ਜਾਣ ਨਾ ਸਾਨੂੰ ਕੱਲ੍ਹਿਆਂ। ਤੇਰੇ ਜਬਰ ਕੁਹਾੜੇ ਅੱਗੇ, ਸਬਰ ਢਾਲ ਹੈ ਸਾਡੀ, ਬਣਦਾ ਸਗੋਂ ਫੌਲਾਦ ਹੌਸਲਾ, ਜ਼ੁਲਮ ਤੇਰੇ ਨੂੰ ਝੱਲਿਆਂ।
323.
ਸਿਰਫ਼ ਦਿਮਾਗ਼ ਗਿਆਨ ਭੰਡਾਰਾ, ਇਸ ਨੂੰ ਨਾ ਸਰਵੋਤਮ ਕਹਿਣਾ। ਜੇਕਰ ਪਿਆਰ ਕਟੋਰਾ ਦਿਲ ਨਾ, ਮਾਣਕ ਮੋਤੀ ਸੁੱਚੜਾ ਗਹਿਣਾ। ਸੁਣਨ ਲਈ ਕੰਨ ਬੰਦ ਜੋ ਰੱਖਦੇ ਹੱਥ ਭਲਾ ਨਾ ਮੰਗਦੇ ਜਿਸਦੇ, ਐਸੇ ਤਨ ਤਾਂ ਕਬਰ ਬਰਾਬਰ , ਦੂਰ ਸਦਾ ਪਰਛਾਵਿਉਂ ਰਹਿਣਾ।
324.
ਰੁੱਖੀ ਮਿੱਸੀ ਖਾਣ ਵਾਲੇ ਮੋਰਚਾ ਲਾ ਬਹਿ ਗਏ। ਸੁਣੇ ਜਾਂ ਨਾ ਸੁਣੇਂ ਉਹ ਕਹਾਣੀ ਸਾਰੀ ਕਹਿ ਗਏ। ਸਾਡੇ ਮੂੰਹੋਂ ਟੁੱਕਰ ਤੂੰ ਖੋਹਣ ਵਾਲੇ ਸੋਚ ਲੈ, ਹੋਣਗੇ ਉਹ ਹੋਰ ਜਿਹੜੇ ਜ਼ੁਲਮਾਂ ਨੂੰ ਸਹਿ ਗਏ।
325.
ਜੋ ਪਹਿਲਾਂ ਹੀ ਮਿੱਟੀ ਉਸਨੂੰ ਕਾਹਦਾ ਡਰ ਹੈ। ਉਹ ਮਨ ਕੰਬਦਾ, ਜਿਸਦਾ ਜੀ ਸ਼ੀਸ਼ੇ ਦਾ ਘਰ ਹੈ। ਥੱਲੇ ਧਰਤੀ ਉੱਪਰ ਅੰਬਰ ਅਸੀਂ ਵਿਚਾਲੇ, ਤੇਰਾ ਦਿੱਤਾ ਦਰਦ ਹੋਰ ਨਾ ਹੁੰਦਾ ਜਰ ਹੈ।
326.
ਅੰਬਰ ਤੀਕਰ ਪੌੜੀ ਬਣਦੇ ਬਿਰਖ਼ ਮੁਹੱਬਤਾਂ ਵਾਲੇ। ਚੰਨ ਤੇ ਸੂਰਜ ਬੁੱਕਲ ਬਹਿੰਦੇ , ਚਾਨਣ ਦੇਣ ਦੁਆਲੇ। ਆਰੀ ਚੀਰਨ ਵਾਲੀ ਲੈ ਕੇ,ਆ ਗਏ ਨੇ ਵਣਜਾਰੇ , ਕੁਰਸੀ ਘਾੜੇ ਨਾਲ ਮਿਲੇ ਨੇ, ਦੋਹਾਂ ਦੇ ਦਿਲ ਕਾਲ਼ੇ।
327.
ਬਹੁਤ ਹੋ ਗਿਆ ਵੀਰਾ ਵੇ, ਹੁਣ ਤੂੰ ਵੀ ਸੁਣ ਲੈ, ਚੁੱਪ ਨਹੀਂ ਬਹਿਣਾ। ਚੁੱਪ ਰਿਹਾਂ ਤਾਂ ਤੇਰੇ ਸਿਰ ਤੋਂ ਲੋਕਾਂ ਦਾ ਕਰਜ਼ਾ ਨਹੀਂ ਲਹਿਣਾ। ਜਿੱਥੇ ਵੀ ਹੈਂ, ਜੋ ਕਰ ਸਕਦੈਂ, ਕਰ ਲੈ, ਅੱਜ ਹੀ, ਰੂਹ ਤੇ ਭਾਰ ਪਿਆ ਜੇ ਕੱਲ੍ਹ ਨੂੰ,ਮਗਰੋਂ ਫਿਰ ਮੈਨੂੰ ਨਾ ਕਹਿਣਾ।
328.
ਇੱਕ ਪਾਸੇ ਅੰਬਰ ਤੋਂ ਕੋਰਾ ਦੂਜੇ ਬੰਨੇ ਹਾਕਮ ਕੋਰਾ। ਲੱਗਦਾ ਆ ਗਿਆ ਭੇਸ ਬਦਲ ਕੇ, ਉਹ ਹੀ ਪਹਿਲਾਂ ਵਾਲਾ ਗੋਰਾ। ਸਮਝੇ ਨਾ ਸਮਝਾਇਆ ਏਨਾ, ਦੇਸ਼ ਭਰਾਵਾ ਸਾਡਾ ਵੀ ਹੈ, ਵੇਚ ਨਾ ਸਾਨੂੰ ਸ਼ਾਹਾਂ ਅੱਗੇ, ਸਮਝ ਨਾ ਸਾਨੂੰ ਕਣਕ ਦਾ ਬੋਰਾ।
329.
ਧਰਤ ਦਾ ਵਿਰਲਾਪ ਸੁਣ ਕੇ ਹੋ ਗਏ ਨੇ ਸੁਰਖ਼ ਪੱਤੇ। ਸਮਝਦੇ ਇਹ ਵੀ ਨੇ ਹੁਣ ਤਾਂ,ਲੋਕ ਪੀੜਾਂ ਦਰਦ ਰੱਤੇ। ਬੋਲ਼ਿਆਂ ਕੰਨਾਂ ਨੂੰ ਖ਼ਬਰੇ ਕਿਉਂ ਨਹੀਂ ਸੁਣਿਆ ਅਜੇ ਵੀ, ਚੀਖ਼ਦੇ ਹੱਕ ਮੰਗਦੇ ਨੇ, ਜ਼ਿੰਦਗੀ ਦੇ ਰੰਗ ਸੱਤੇ।
330.
ਨਾਮ ਦੇਣ ਦੀ ਕੋਸ਼ਿਸ਼ ਨਾ ਕਰ ਚਾਨਣ ਬਿਨ ਪਰਛਾਵਿਉਂ ਜਗਦਾ। ਤੇਰੇ ਮਨ ਹੀ ਗੂੜ੍ਹ ਹਨ੍ਹੇਰਾ, ਤਾਂ ਹੀ ਤੈਨੂੰ ਡਰ ਹੈ ਲਗਦਾ। ਆਪਣੇ ਕਦਮ ਸੰਭਾਲ ਮੂਰਖ਼ਾ, ਤੇਰੇ ਅੱਗੇ ਵੀ ਨੇ ਖਾਈਆਂ, ਹਰ ਕਿਣਕੇ ਦੇ ਮੱਥਿਉਂ ਪੜ੍ਹ ਲੈ, ਕਣ ਕਣ ਅੰਦਰ ਸੂਰਜ ਦਗਦਾ।
331.
ਸਿਖ਼ਰ ਪਹਾੜੋਂ ਰੇੜ੍ਹ ਰਿਹਾ ਏ, ਵਲੀ ਕੰਧਾਰੀ ਭਾਰੇ ਪੱਥਰ। ਜਬਰ ਜ਼ੁਲਮ ਦੀ ਰੜਕ ਪਵੇ ਤਾਂ ਸਾਡੇ ਨੈਣੋਂ ਵਗਦੇ ਅੱਥਰ। ਭੁੱਖੜ ਥੈਲੀਸ਼ਾਹ ਨਾ ਰੱਜਦਾ,ਖੋਹਣਾ ਚਾਹੇ ਸਗਲ ਖ਼ਜਾਨੇ, ਪਰ ਏਨੇ ਨਾ ਲੋਕ ਨਿਤਾਣੇ, ਪੈਣ ਦੇਣ ਰੀਝਾਂ ਦੇ ਸੱਥਰ।
332.
ਮੱਘਰ ਰਾਤੀਂ ਤੁਰ ਗਿਆ, ਚੜ੍ਹਿਆ ਹੈ ਅੱਜ ਪੋਹ। ਚੇਤੇ ਕਰ ਚਮਕੌਰ ਨੂੰ, ਆਵੇ ਮਨ ਵਿੱਚ ਰੋਹ। ਰਾਤਾਂ ਸੱਤ ਕਕਰੀਲੀਆਂ, ਮਾਂ ਗੁਜਰੀ ਸੰਗ ਲਾਲ, ਸਰਹੰਦ ਨੀਹੋਂ ਬੋਲਦਾ,ਫੁੱਲਾਂ ਦਾ ਵਿਦਰੋਹ।
333.
ਵਕਤ ਬੜਾ ਕੁਝ ਲਿਖ ਸਮਝਾਉਂਦੈ ਪਰ ਕਾਹਲੀ ਵਿੱਚ ਅਸੀਂ ਨਾ ਪੜ੍ਹੀਏ। ਪੜ੍ਹ ਲਈਏ ਤਾਂ ਅਸਰ ਨਾ ਕਰੀਏ ਦਿਲ ਅੰਦਰ ਇਹ ਕਦੇ ਨਾ ਜੜੀਏ। ਪੱਤੇ ਉੱਪਰ ਸਬਕ ਲਿਖੇ ਨੇ ਕਾਦਰ ਨੇ ਖ਼ੁਦ ਆਪਣੇ ਹੱਥੀਂ, ਜੇ ਸਾਹਾਂ ਵਿੱਚ ਸ਼ਾਮਿਲ ਕਰੀਏ ਆਪਣੀ ਅੱਗ 'ਚ ਕਦੇ ਨਾ ਸੜੀਏ।
334.
ਤੇਰੇ ਬੂਹੇ ਖੜ੍ਹਾ ਵੇਖ ਲੈ, ਇੱਕੋ ਲੱਤ ਦੇ ਭਾਰ ਖਲੋ ਕੇ। ਇਸ ਦਰਵੇਸ਼ ਨੇ ਸਭ ਕੁਝ ਘੜਿਆ, ਆਪਣੇ ਤਨ ਦੀ ਮਿੱਟੀ ਗੋ ਕੇ। ਕਿਉਂ ਨਹੀਂ ਸੁਣਦਾ ਅੰਨ੍ਹਿਆ ਬੋਲ਼ਿਆ,ਚੀਕਾਂ ਕੂਕਾਂ ਤੇ ਫ਼ਰਿਆਦਾਂ, ਇਸ ਕੋਲੋਂ ਨਾ ਆਸ ਕਰੀਂ ਤੂੰ,ਦਰਦ ਸੁਣਾਊ ਤੈਨੂੰ ਰੋ ਕੇ।
335.
ਸਾਂਭਦੇ ਨਿਸ਼ਾਨ ਨਾ ਨਿਸ਼ਾਨਿਆਂ ਤੋਂ ਉੱਕਣਾ। ਭੁੱਲਿਓ ਨਾ ਕਦੇ ਵੀਰੋ, ਸ਼ੇਰ ਵਾਂਗੂੰ ਬੁੱਕਣਾ। ਸੁੱਕ ਜਾਊ ਬੂਟਾ ਜੇ ਸਿਉਂਕ ਜੜ੍ਹੋਂ ਕੱਢੀ ਨਾ, ਕਰ ਲਉ ਇਲਾਜ, ਛੱਡੋ ਚੰਦ ਉੱਤੇ ਥੁੱਕਣਾ।
336.
ਇੱਕ ਓਂਕਾਰ ਸਿਖਾਵੇ ਏਕਾ, ਸਬਕ ਮੂਲ ਨਾ ਭੁੱਲਿਉ। ਤੰਦ ਕਦੇ ਕਮਜ਼ੋਰ ਪਵੇ ਨਾ,ਓਇ ਮੋਤੀ ਅਣਮੁੱਲਿਉ। ਨਿਸ਼ਚੇ ਬਾਝੋਂ ਭਟਕੇ ਮੱਥਾ, ਪੱਲੇ ਭਟਕਣ ਪਾਵੇ, ਊਣੇ ਭਾਂਡੇ ਵਾਂਗਰ ਐਵੇਂ, ਕੰਢਿਆਂ ਤੋਂ ਨਾ ਡੁੱਲ੍ਹਿਉ।
337.
ਅੰਬਰ ਤੀਕਰ ਪੌੜੀ ਬਣਦੇ ਬਿਰਖ਼ ਮੁਹੱਬਤਾਂ ਵਾਲੇ। ਚੰਨ ਤੇ ਸੂਰਜ ਬੁੱਕਲ ਬਹਿੰਦੇ , ਚਾਨਣ ਦੇਣ ਦੁਆਲੇ। ਆਰੀ ਚੀਰਨ ਵਾਲੀ ਲੈ ਕੇ,ਆ ਗਏ ਨੇ ਵਣਜਾਰੇ , ਕੁਰਸੀ ਘਾੜੇ ਨਾਲ ਮਿਲੇ ਨੇ, ਦੋਹਾਂ ਦੇ ਦਿਲ ਕਾਲ਼ੇ।
338.
ਇੱਕ ਪਾਸੇ ਅੰਬਰ ਤੋਂ ਕੋਰਾ ਦੂਜੇ ਬੰਨੇ ਹਾਕਮ ਕੋਰਾ। ਲੱਗਦਾ ਆ ਗਿਆ ਭੇਸ ਬਦਲ ਕੇ, ਉਹ ਹੀ ਪਹਿਲਾਂ ਵਾਲਾ ਗੋਰਾ। ਸਮਝੇ ਨਾ ਸਮਝਾਇਆ ਏਨਾ, ਦੇਸ਼ ਭਰਾਵਾ ਸਾਡਾ ਵੀ ਹੈ, ਵੇਚ ਨਾ ਸਾਨੂੰ ਸ਼ਾਹਾਂ ਅੱਗੇ, ਸਮਝ ਨਾ ਸਾਨੂੰ ਕਣਕ ਦਾ ਬੋਰਾ।
339.
ਧਰਤ ਦਾ ਵਿਰਲਾਪ ਸੁਣ ਕੇ ਹੋ ਗਏ ਨੇ ਸੁਰਖ਼ ਪੱਤੇ। ਸਮਝਦੇ ਇਹ ਵੀ ਨੇ ਹੁਣ ਤਾਂ,ਲੋਕ ਪੀੜਾਂ ਦਰਦ ਰੱਤੇ। ਬੋਲ਼ਿਆਂ ਕੰਨਾਂ ਨੂੰ ਖ਼ਬਰੇ ਕਿਉਂ ਨਹੀਂ ਸੁਣਿਆ ਅਜੇ ਵੀ, ਚੀਖ਼ਦੇ ਹੱਕ ਮੰਗਦੇ ਨੇ, ਜ਼ਿੰਦਗੀ ਦੇ ਰੰਗ ਸੱਤੇ।
340.
ਤੇਰੇ ਬੂਹੇ ਖੜ੍ਹਾ ਵੇਖ ਲੈ, ਇੱਕੋ ਲੱਤ ਦੇ ਭਾਰ ਖਲੋ ਕੇ। ਇਸ ਦਰਵੇਸ਼ ਨੇ ਸਭ ਕੁਝ ਘੜਿਆ, ਆਪਣੇ ਤਨ ਦੀ ਮਿੱਟੀ ਗੋ ਕੇ। ਕਿਉਂ ਨਹੀਂ ਸੁਣਦਾ ਅੰਨ੍ਹਿਆ ਬੋਲ਼ਿਆ,ਚੀਕਾਂ ਕੂਕਾਂ ਤੇ ਫ਼ਰਿਆਦਾਂ, ਇਸ ਕੋਲੋਂ ਨਾ ਆਸ ਕਰੀਂ ਤੂੰ,ਦਰਦ ਸੁਣਾਊ ਤੈਨੂੰ ਰੋ ਕੇ।
341.
ਸਾਂਭਦੇ ਨਿਸ਼ਾਨ ਨਾ ਨਿਸ਼ਾਨਿਆਂ ਤੋਂ ਉੱਕਣਾ ਭੁੱਲਿਓ ਨਾ ਕਦੇ ਵੀਰੋ, ਸ਼ੇਰ ਵਾਂਗੂੰ ਬੁੱਕਣਾ। ਸੁੱਕ ਜਾਊ ਬੂਟਾ ਜੇ ਸਿਉਂਕ ਜੜ੍ਹੋਂ ਕੱਢੀ ਨਾ, ਕਰ ਲਉ ਇਲਾਜ , ਛੱਡੋ ਚੰਦ ਉੱਤੇ ਥੁੱਕਣਾ।
342.
ਖ਼ੁਦ ਨੂੰ ਫ਼ਤਹਿ ਬੁਲਾ ਕੇ ਤੁਰਿਆ ਧਰਤੀ ਦਾ ਦੁੱਖ ਜਰ ਨਾ ਸਕਿਆ। ਭਵਸਾਗਰ ਸੀ ਚੋਖਾ ਡੂੰਘਾ,ਡੁੱਬ ਗਿਆ ਪਰ ਤਰ ਨਾ ਸਕਿਆ। ਜਿਸਮ ਦੀ ਮਿੱਟੀ ਛੱਡਣ ਵੇਲੇ ਜਾਂਦੇ ਜਾਂਦੇ ਲਿਖਿਆ ਏਦਾਂ, ਇਸ ਝੰਡੇ ਵਿੱਚ ਉਹ ਰੰਗ ਭਰਿਓ ਜਿਹੜੇ ਮੈਂ ਤਾਂ ਭਰ ਨਹੀਂ ਸਕਿਆ।
343.
ਆ ਗਏ ਨੇ ਬਾਲ, ਬਾਬੇ,ਬੀਬੀਆਂ ਵੀ ਨਾਲ ਨਾਲ। ਗੱਭਰੂ, ਮੁਟਿਆਰ ਭੈਣਾਂ ਕਾਇਮ ਕਰ ਦਿੱਤੀ ਮਿਸਾਲ। ਦਰਦ ਦੇਵਣ ਵਾਲਿਆ,ਤੂੰ ਸੋਚ ਲੈ, ਇਹ ਵਕਤ ਹੈ, ਬਾਲ਼ ਕੇ ਤੁਰਿਆ ਘਰੋਂ ਜੋ, ਹੱਕ ਦੀ ਸੂਹੀ ਮਸ਼ਾਲ।
344.
ਕਰਦੇ ਅਨਾਜ ਪੈਦਾ, ਜਦੋਂ ਹਲ਼ ਜੋੜਦੇ। ਆਈ ਤੇ ਜੇ ਆਉਣ, ਨੱਕੇ ਦਰਿਆ ਦੇ ਮੋੜਦੇ। ਤੋੜਦੇ ਕਾਨੂੰਨ ਗੁੱਸੇ ਵਿੱਚ ਆਮ ਆਦਮੀ, ਰੁੱਸੇ ਜੱਟ ਛੋਟੂ ਰਾਮਾ ਤਖ਼ਤਾਂ ਨੂੰ ਤੋੜਦੇ।
345.
ਆ ਗਏ ਨੇ ਬਾਲ, ਬਾਬੇ,ਬੀਬੀਆਂ ਵੀ ਨਾਲ ਨਾਲ। ਗੱਭਰੂ, ਮੁਟਿਆਰ ਭੈਣਾਂ ਕਾਇਮ ਕਰ ਦਿੱਤੀ ਮਿਸਾਲ। ਦਰਦ ਦੇਵਣ ਵਾਲਿਆ,ਤੂੰ ਸੋਚ ਲੈ, ਇਹ ਵਕਤ ਹੈ, ਬਾਲ਼ ਕੇ ਤੁਰ ਪਏ ਘਰੋਂ ਇਹ ,ਹੱਕ ਦੀ ਸੂਹੀ ਮਸ਼ਾਲ।
346.
ਕਿਹੜੇ ਰਾਹੀਂ ਤੋਰਿਆ ਜਿੱਧਰ ਪੈੜਾਂ ਨਾ ਪਗਡੰਡੀਆਂ। ਮੂੰਹ ਅੱਡਿਆ ਹੈ ਚਾਰ ਚੁਫ਼ੇਰੇ ਵੰਨ ਸੁਵੰਨੀਆਂ ਮੰਡੀਆਂ। ਖਾ ਨਾ ਜਾਵਣ ਹਸਤੀ ਸਾਡੀ, ਧਰਤੀ ਤੇ ਮਰਯਾਦਾ, ਹੋਰ ਕਦੋਂ ਦੱਸ ਵਰਤਣੀਆਂ ਨੇ, ਸੋਚਾਂ, ਤਿੱਖੀਆਂ ਚੰਡੀਆਂ।
347.
ਪਤਾ ਨਹੀਂ ਤੁਸੀਂ ਬੰਦੇ ਕਿਹੜੇ ਢੰਗ ਦੇ ਹੋ। ਬਾਰ ਬਾਰ ਸੱਚ ਨੂੰ ਹੀ ਸੂਲੀ ਟੰਗਦੇ ਹੋ। ਮੈਨੂੰ ਤੇ ਸੁਕਰਾਤ ਨੂੰ ਹੁਣ ਤਾਂ ਬਖ਼ਸ਼ ਦਿਉ, ਜ਼ਾਤ ,ਧਰਮ, ਵਰਣਾਂ ਵਿੱਚ ਕਾਹਨੂੰ ਰੰਗਦੇ ਹੋ।
348.
ਸ਼ਬਦ ਮੇਰੇ ਲਈ ਮਾਪਿਆਂ ਵਰਗੇ, ਜੋ ਮੰਗਦਾ ਹਾਂ, ਨਾਂਹ ਨਹੀਂ ਕਰਦੇ। ਜੇਕਰ ਕਰਾਂ ਫ਼ਜ਼ੂਲ ਖ਼ਰਚੀਆਂ,ਫੇਰ ਕਦੇ ਵੀ ਹਾਂ ਨਹੀਂ ਕਰਦੇ। ਮਾਂ ਬੋਲੀ ਦੀਆਂ ਪੋਟਲੀਆਂ 'ਚੋਂ ਸਗਲ ਖ਼ਜ਼ਾਨੇ ਵਰਤ ਰਿਹਾ ਹਾਂ, ਸਹੀ ਸਮੇਂ ਜੇ ਸੱਚ ਨੂੰ ਆਖਾਂ , ਇੱਕ ਵੀ ਕਦਮ ਪਿਛਾਂਹ ਨਹੀਂ ਕਰਦੇ।
349.
ਤੈਥੋਂ ਕੁਝ ਮੰਗਦੇ ਨਾ, ਇਹੀ ਕਹੀਏ ਖੋਹ ਨਾ। ਧਰਤੀ ਤੋਂ ਪੁੱਤ ਖੋਹਣੋਂ ਵੱਧ ਤਾਂ ਧਰੋਹ ਨਾ। ਲਾਲੀ ਲਾਲ ਕਿਲ੍ਹੇ ਦੀ ਕਸ਼ੀਦ ਸਾਨੂੰ ਲੱਭ ਲੈ, ਤੇਰੇ ਨਾਲੋਂ ਘੱਟ ਸਾਨੂੰ ਦੇਸ਼ ਨਾਲ ਮੋਹ ਨਾ।
350.
ਉਹ ਤਾਂ ਸਮਝ ਰਹੇ ਸੀ ਜੰਗਲ ਅਗਨ ਹਵਾਲੇ ਕਰਕੇ। ਪੱਤੀ ਪੱਤੀ ਰਾਖ਼ ਬਣੀ ਹੈ, ਕਿੰਜ ਉੱਠੇਗੀ ਮਰ ਕੇ। ਪਰ ਜ਼ਰਖ਼ੇਜ਼ ਜ਼ਮੀਨ, ਜ਼ਮੀਰਾਂ ਮਰਨ ਕਦੇ ਨਾ ਸ਼ਾਹੋ, ਅਸੀਂ ਜਿਉਂਦੇ ਅਸੀਂ ਜਾਗਦੇ, ਸਦਾ ਹੋਣੀਆਂ ਵਰ ਕੇ।
351.
ਮੇਰੇ ਮਨ ਜਿਉਂ ਸੱਖਣਾ, ਕੋਰਾ ਵੇਖ ਡਰਾਂ। ਦੱਸਿਉ ਦੁਨੀਆ ਵਾਲਿਉ, ਕਿਹੜਾ ਰੰਗ ਭਰਾਂ। ਏਸ ਘੜੇ ਦੀ ਵਿਲਕਣੀ, ਮੇਰੇ ਮਨ ਦੀ ਪੀੜ, ਪਿਰ ਪਰਦੇਸ ਸਿਧਾਇਆ, ਕਿੱਥੇ ਜ਼ਿਕਰ ਕਰਾਂ।
352.
ਗੇਂਦੇ ਨੂੰ ਮੈਂ ਗੁੱਟਾ ਆਖਾਂ ਜਾਂ ਸਤਵਰਗ ਇਹ ਮੇਰੀ ਮਰਜ਼ੀ। ਨਾ ਤੂੰ ਲਾਇਆ, ਪਾਣੀ ਪਾਇਆ, ਹੇਜ ਵਿਖਾਵੇਂ ਐਵੇਂ ਫ਼ਰਜ਼ੀ। ਤੇਰੀ ਅੱਡੀ ਥੱਲੇ ਤੜਫ਼ੇ, ਨਰਮ ਕਲੀ ਕਸ਼ਮੀਰੀ ਕੇਸਰ, ਬੇਈਮਾਨਾ! ਰਾਖੀ ਪਿੱਛੇ ਸਾਫ਼ ਦਿਸੇ ਤੇਰੀ ਖ਼ੁਦਗਰਜ਼ੀ।
353.
ਮੇਰੇ ਪੁਰਖਿਆਂ ਇਹ ਸਮਝਾਇਐ, ਕਿਸ ਮੁਸ਼ਕਿਲ ਦਾ ਹੱਲ ਨਹੀਂ ਹੁੰਦਾ? ਅੱਜ ਤੀਕਰ ਉਹ ਦਿਨ ਨਹੀਂ ਆਇਆ ਜਿਸ ਦੇ ਅੱਗੇ ਕੱਲ੍ਹ ਨਹੀੰ ਹੁੰਦਾ। ਚੜ੍ਹਿਆ ਸੂਰਜ ਜੇ ਨਾ ਦਿਸਦਾ, ਨਜ਼ਰ ਨਜ਼ਰੀਆ ਦੋਵੇਂ ਟੀਰੇ, ਲੰਗੜੀ ਸੋਚੋਂ ਸੱਚ ਦੇ ਵੱਲ ਨੂੰ, ਏਸੇ ਕਰਕੇ ਚੱਲ ਨਹੀਂ ਹੁੰਦਾ।
354.
ਪੈਲੀਆਂ ਦੇ ਪੁੱਤ ਜਾਗ ਪਏ ਨੇ, ਜਾ ਬੈਠੇ ਦਿੱਲੀ ਦੀ ਜੂਹੇ। ਜਿੱਤ ਦਾ ਨਿਸ਼ਚਾ ਮੱਥਿਆਂ ਵਿੱਚ ਹੈ, ਅੱਖੀਆਂ ਅੰਦਰ ਸੁਪਨੇ ਸੂਹੇ। ਫੁਲਕਾਰੀ ਜਿਹਾ ਧਰਮੀ ਯੁੱਧ ਹੈ,ਧਰਤੀ ਪਹਿਲੀ ਵਾਰ ਵੇਖਿਆ, ਬਣੇ ਟਰੈਕਟਰ ਬੇ ਗ਼ਮ ਪੁਰ ਨੇ,ਖੁੱਲ੍ਹੇ ਦਰ ਨਾ ਭਿੜਦੇ ਬੂਹੇ।
355.
ਦੁਸ਼ਮਣ ਦਾ ਵੀ ਲੱਖ ਸ਼ੁਕਰਾਨਾ, ਵਿੱਛੜੇ ਵੀਰ ਮਿਲਾਏ। ਜੜ੍ਹ ਦੀ ਸਾਂਝ ਕਦੇ ਨਾ ਟੁੱਟਦੀ, ਫੁੱਟ ਪੈਂਦੀ,ਰੁੱਤ ਆਏ। ਸਭ ਵੀਰਾਂ ਨੂੰ ਆਣ ਮਿਲਾਇਆ ਦਿੱਲੀ ਸੁੱਕਣੇ ਪਾ ਕੇ, ਦਿਲ ਮਿਲਿਆਂ ਹੀ ਮੇਲੇ ਬਣਦੇ, ਵਿੱਛੜਨ ਨਾ ਹਮਸਾਏ।
356.
ਤੋਤੇ ਟੁੱਕ ਰਹੇ ਨੇ ਸਾਡੀ ਸਭ ਲਾਲੀ ਹਰਿਆਲੀ। ਮੰਦੜਾ ਸੁਪਨਾ ਤੱਕਿਆ ਰਾਤੀਂ ,ਬਿਨ ਪੱਤਿਆਂ ਰੁੱਖ ਡਾਲੀ। ਜਿੰਨ੍ਹਾਂ ਦੇ ਗਲ ਗਾਨੀ ਸਾਰੇ ਹਾਕਰ ਮਾਰ ਉਡਾਓ, ਧੀ ਪੁੱਤਰਾਂ ਬਿਨ ਕੌਣ ਕਰੇਗਾ ਬਿਰਖ਼ਾਂ ਦੀ ਰਖਵਾਲੀ।
357.
ਧਰਤੀ ਦੀ ਰਖਵਾਲੀ ਖ਼ਾਤਰ,ਵਤਨ ਪੰਜਾਬੋਂ ਆਈਆਂ। ਸਿਰ ਤੋਂ ਚੁੰਨੀ ਲਹਿਣ ਦੇਣ ਨਾ ਮਾਈਆਂ ਰੱਬ ਰਜਾਈਆਂ। ਬਹਿ ਗਈਆਂ ਦਿੱਲੀ ਦਰਵਾਜ਼ੇ, ਪੁੱਤ, ਪਤੀਆਂ ਸੰਗ ਵੀਰਾਂ, ਕਾਲ਼ੇ ਲੇਖ ਮਿਟਾ ਕੇ ਮੁੜਨਾ, ਸਭ ਨੇ ਕਸਮਾਂ ਪਾਈਆਂ।
358.
ਕੌਣ ਅੱਗੇ, ਕੌਣ ਪਿੱਛੇ, ਇਹ ਨਹੀਂ ਵੱਡਾ ਸਵਾਲ। ਵੇਖਣਾ ਹੈ, ਕਸ਼ਟ ਵੇਲੇ ਕੌਣ ਤੁਰਦੈ ਨਾਲ ਨਾਲ। ਰਾਤ ਵੇਲੇ ਛੱਡ ਜਾਂਦੈ ਆਪਣਾ ਸਾਇਆ ਹਮੇਸ਼, ਸਿਦਕ ਸਾਬਤ,ਸਿਰੜ ਨਿਭਦਾ,ਰੱਖਣਾ ਵੀਰੋ ਸੰਭਾਲ।
359.
ਸੁਣੋ ਸੁਣੋ ਧਰਤੀ ਦੇ ਲੋਕੋ, ਜਾਂਦਾ ਸੂਰਜ ਕੀ ਕਹਿ ਚੱਲਿਆ। ਮੇਰੀ ਚੜ੍ਹਤਲ ਦਿਨ ਚੜ੍ਹਿਆ ਸੀ,ਰਾਤ ਪਊ ਹੁਣ ਮੈਂ ਲਹਿ ਚੱਲਿਆ। ਫ਼ੁੱਲ, ਫ਼ਲਾਂ ਵਿੱਚ ਰੰਗ ਰਸ ਭਰਨਾ, ਮੇਰੀ ਅਜ਼ਲੋਂ ਜ਼ੁੰਮੇਵਾਰੀ, ਕੱਲ੍ਹ ਸਵੇਰੇ ਫਿਰ ਆਵਾਂਗਾ, ਸਮਝ ਲਇਓ ਨਾ ਮੈਂ ਬਹਿ ਚੱਲਿਆ।
360.
ਰਾਜਿਆ ਰਾਜ ਕਰੇਂਦਿਆ, ਹੱਥ ਅਕਲ ਨੂੰ ਮਾਰ। ਕਾਲ਼ੇ ਘੜੇ ਕਾਨੂੰਨ ਤੂੰ, ਮੱਚ ਗਈ ਹਾਹਾਕਾਰ। ਕਿਰਤੀ ਅਤੇ ਕਿਸਾਨ ਨੂੰ ਪਾਲ਼ੇ ਧਰਤੀ ਮਾਤ, ਖੋਹ ਨਾ ਮੂੰਹ 'ਚੋਂ ਬੁਰਕੀਆਂ, ਹੱਥ ਅਕਲ ਨੂੰ ਮਾਰ।
361.
ਡੁੰਨ ਵੱਟਾ ਬਣ ਬੈਠ ਗਿਆ ਏਂ, ਅੱਗੇ ਦੱਸ ਕੀਹ ਕਰਨਾ। ਦਿਲ ਦੀ ਬਾਤ ਸੁਣਾ ਹੁਣ ਸਾਨੂੰ, ਚੁੱਪ ਕੀਤੇ ਨਹੀਂ ਸਰਨਾ। ਇਹ ਮਿੱਟੀ ਭੁਰਨੀ ਨਾ ਖ਼ੁਰਨੀ, ਸਬਰ ਸਿਦਕ ਨੇ ਗੁੰਨ੍ਹੀ, ਤੇਰੇ ਬੂਹੇ ਬੈਠ ਗਏ ਆਂ, ਲਾ ਉਮਰਾਂ ਦਾ ਧਰਨਾ।
362.
ਜੰਤ ਪਰਿੰਦੇ ਜਗਤ ਤਮਾਸ਼ਾ ਵੇਖ ਵੇਖ ਕੇ ਸੋਚ ਰਹੇ ਨੇ। ਉੱਚ ਘਰਾਣਿਆਂ ਖ਼ਾਤਰ ਹਾਕਮ, ਜਨਤਾ ਦੇ ਪਰ ਨੋਚ ਰਹੇ ਨੇ। ਸੋਨੇ ਦੀ ਸੰਗਲੀ ਵਿੱਚ ਧੌਣਾਂ ਦੇਣ ਵਾਲਿਆਂ ਨੂੰ ਰੱਬ ਭੁੱਲਿਆ, ਸਾਡੀ ਹਸਤੀ ਮੇਟਣ ਵਾਲੇ, ਆਪਣੀ ਫੱਟੀ ਪੋਚ ਰਹੇ ਨੇ।
363.
ਭੁੱਲੀਂ ਨਾ ਗੁੱਟ ਫੜਨ ਵਾਲਿਆ, ਮਾਲ਼ਾ ਹੀ ਕਿਰਪਾਨ ਬਣੀ ਸੀ। ਆਨੰਦਪੁਰੀ ਵਿਸਾਖੀ ਵੇਲੇ ਪੰਜ ਕਕਾਰੀ ਸ਼ਾਨ ਬਣੀ ਸੀ। ਹੱਕ ਸੱਚ ਦੀ ਰਖਵਾਲੀ ਤੋਂ ਬਿਨ ਗਊ ਗਰੀਬ ਦੀ ਸ਼ਕਤੀ ਹੈ ਇਹ, ਵਤਨ ਪਿਆਰੇ ਖ਼ਾਤਰ ਇਹ ਹੀ ਭਗਤੀ ਸ਼ਕਤੀ ਤਾਨ ਬਣੀ ਸੀ।
364.
ਸੁਣਿਆ ਸੀ ਪਰ ਵੇਖਿਆ ਨਹੀਂ ਸੀ, ਚਿੜੀਆਂ ਦੀ ਮੌਤ ਗੰਵਾਰਾਂ ਹਾਸਾ। ਦਿੱਲੀ ਦੇ ਦਰਵਾਜ਼ੇ ਅੱਗੇ, ਵੇਖ ਲਿਆ ਹੈ ਇਹ ਵੀ ਪਾਸਾ। ਹੱਕਾਂ ਨੂੰ ਮੰਗਾਂ ਪਏ ਆਖਣ, ਤਖ਼ਤ ਨਸ਼ੀਨਾਂ ਦੀ ਮੱਤ ਵੇਖੋ, ਦਾਨਵੀਰ ਦੇ ਹੱਥ ਵਿੱਚ ਦੇਣਾ ਚਾਹੁੰਦੇ ਨੇ ਇਹ ਸੱਖਣਾ ਕਾਸਾ।
365.
ਲੋਕਤੰਤਰਾ ਕਿੱਥੇ ਲੁਕਿਆ, ਦਿੱਲੀ ਹੁਣ ਦਰਬਾਰ ਨਹੀਂ ਹੈ। ਮੈ ਪਰਜਾ ਨਾ ਰਾਜਾ ਹੁਣ ਤੂੰ , ਮੁਗਲਾਂ ਦੀ ਸਰਕਾਰ ਨਹੀਂ ਹੈ। ਜਨਪਥ ਅੰਦਰ ਵਰਜਿਤ ਜਨ ਹੈ, ਗਣ ਬਿਨ ਦੱਸ ਗਣਤੰਤਰ ਕਾਹਦਾ, ਹਿੱਕ ਤੇ ਹੱਥ ਧਰੀਂ ਫਿਰ ਦੱਸੀਂ, ਕੀ ਇਹ ਅੱਤਿਆਚਾਰ ਨਹੀਂ ਹੈ।
366.
ਮਾਘ ਮਹੀਨਾ ਰੁੱਤ ਬਸੰਤੀ, ਕਦਮ ਕਦਮ ਨਿੱਘ ਵੱਲ ਨੂੰ ਸਰਕੇ। ਕਿੰਨਾ ਕੁਝ ਰੂਹ ਅੰਦਰ ਤੁਰਦਾ, ਯਾਦ ਤੇਰੀ ਦੀ ਕੰਨੀ ਕਰਕੇ। ਧੜਕਣ ਧੜਕ ਰਹੀ ਇਉਂ ਲੱਗਦੈ, ਸਾਜ਼ ਨਵਾਜ਼ ਤਰੰਗਾਂ ਛੇੜੇ, ਪਤਾ ਨਾ ਲੱਗਦਾ,ਕੌਣ ਲਿਖਾਰੀ ਖ਼ੁਸ਼ਖ਼ਤ ਲਿਖਦਾ ਦਿਲ ਦੇ ਵਰਕੇ।
367.
ਦਿਨ ਚੜ੍ਹਿਆ ਹੈ, ਮੇਰੇ ਯਾਰੋ, ਚਿਹਰੇ ਤੇ ਮੁਸਕਾਨ ਲਿਆਉ। ਦਿਲ ਦੇ ਅੰਦਰ ਪਿਆਰ ਬਗੀਚੀ,ਲੋੜ ਮੁਤਾਬਕ ਪਾਣੀ ਪਾਉ। ਮਨ ਮਸਤਕ ਵਿੱਚ ਨੇਕ ਖ਼ਿਆਲੀ,ਮਹਿੰਗੀ ਪੂੰਜੀ ਸਾਂਭੋ ਸੱਜਣੋ, ਵਕਤ ਗੁਆਚਾ ਹੱਥ ਨਾ ਆਏ, ਮਗਰੋਂ ਨਾ ਬਹਿ ਕੇ ਪਛਤਾਉ।
368.
ਹੱਕਦਾਰਾਂ ਨੂੰ ਹੱਕ ਮੰਗਣ 'ਤੇ, ਹਾਕਮ ਦੇਵੇ ਘੁਰਕੀ। ਡਰ ਦੇਵੇ ਕਿ ਰਗੜ ਦਿਆਂਗੇ, ਸਭ ਦੀ ਕਰਕੇ ਕੁਰਕੀ। ਸਾਬਤ ਕਦਮ ਅਡੋਲ ਸੂਰਮੇ, ਜੇ ਨਾ ਪੈਰੋਂ ਥਿੜਕਣ, ਲੱਭ ਲੈਂਦੇ ਕਮਜ਼ੋਰ ਕੜੀ ਤੇ ਉਸਨੂੰ ਪਾਉਂਦੇ ਬੁਰਕੀ।
369.
ਚਸ਼ਮਾ ਖ਼ਾਰੇ ਪਾਣੀ ਵਾਲ਼ਾ ਨੈਣਾਂ ਵਿਚਲੇ ਖੂਹ ਦੇ ਅੰਦਰ। ਅਜਬ ਖ਼ਲਬਲੀ ਮੱਚਦੀ ਤਾਂਹੀਂਉਂ, ਸੋਚਾਂ ਵਾਲ਼ੀ ਜੂਹ ਦੇ ਅੰਦਰ। ਕਿਵੇਂ ਖਿਡੌਣਿਆਂ ਵਾਲੀ ਹੱਟੀ ਤੇ ਕੰਮ ਕਰਦਾ ਬੱਚਾ ਤਰਸੇ, ਪਰਖ਼ ਮਸ਼ੀਨ ਬਣੀ ਨਾ ਹਾਲੇ, ਕੀ ਕੁਝ ਟੁੱਟਦਾ ਰੂਹ ਦੇ ਅੰਦਰ।
370.
ਹਿੰਮਤੀ ਕਰਦੇ ਪਾਰ ਅੜਿੱਕੇ, ਮੰਜ਼ਿਲ ਤਾਂ ਸਰ ਕਰਦੇ। ਰਾਹ ਵਿੱਚ ਬੈਠ ਆਰਾਮ ਕਰਨ,ਨਾ ਠੰਢੇ ਹੌਕੇ ਭਰਦੇ। ਲੰਮੀ ਦੌੜ ਦੇ ਘੋੜੇ ਜਿੱਤਦੇ,ਦਮ ਪੱਕਿਆਂ ਦੇ ਸਦਕੇ, ਸਿਖ਼ਰ ਪਰਬਤੀਂ ਜਾ ਚੜ੍ਹਦੇ ਨੇ,ਜਦ ਨਿਸ਼ਚਾ ਮਨ ਧਰਦੇ।
371.
ਜ਼ਿੰਦਗੀ ਨਾਲ ਸਮਾਂ ਰਲ਼ ਦੋਵੇਂ ਜਿਹੜੇ ਸਬਕ ਪੜ੍ਹਾਉਂਦੇ। ਸੱਚ ਪੁੱਛੋ ਤਾਂ ਅਸਲ 'ਚ ਓਹੀ, ਹਰ ਪਲ ਨੇ ਕੰਮ ਆਉਂਦੇ। ਜ਼ਿੰਦਗੀ ਦੱਸੇ ਵਕਤ ਦੀ ਕੀਮਤ, ਸਮਾਂ ਸਿਖਾਵੇ ਜੀਣਾ, ਜੋ ਵੀ ਇਸ ਦੇ ਅਰਥ ਨਾ ਜਾਨਣ, ਹਰ ਸਾਹ ਨੇ ਪਛਤਾਉਂਦੇ।
372.
ਮੇਰਾ ਮਨ ਜਿਉਂ ਸੱਖਣਾ ਭਾਂਡਾ,ਕੋਰਾ ਵੇਖ ਡਰਾਂ। ਦੱਸਿਉ ਦੁਨੀਆਂ ਵਾਲਿਉ ਦੱਸੋ!ਕਿਹੜਾ ਰੰਗ ਭਰਾਂ। ਏਸ ਘੜੇ ਦੀ ਅਜਬ ਵਿਲਕਣੀ, ਮੇਰੇ ਮਨ ਦੀ ਪੀੜਾ, ਪਿਰ ਪਰਦੇਸ ਸਿਧਾਇਆ ਇਸਦੀ ਕਿੱਥੇ ਰਪਟ ਕਰਾਂ।
373.
ਕਰਾਮਾਤ ਨਹੀਂ, ਹੋ ਸਕਦਾ ਹੈ, ਕੋਂਪਲ ਫੁੱਟ ਪਏ ਲਾਵੇ 'ਚੋਂ। ਪਿੱਲੀਆਂ ਇੱਟਾਂ ਨਿਕਲ ਸਕਦੀਆਂ ਭਖ਼ਦੇ ਅਗਨੀ ਆਵੇ 'ਚੋਂ। ਦੂਰ ਦ੍ਰਿਸ਼ਟੀ ਵਾਲੇ ਸੱਜਣ ਵੇਖਣ ਸਮਿਉਂ ਪਹਿਲਾਂ ਵੇਖਣ ਇਹ, ਸੂਹਾ ਫੁੱਲ ਵੀ ਖਿੜ ਸਕਦਾ ਹੈ, ਨਿੱਕੜੇ ਬੂਟੇ ਸਾਵੇ 'ਚੋਂ।
374.
ਦੁੱਖ ਸੁਖ ਦੋਵੇਂ ਨਾਲ ਬਰਾਬਰ ਤੁਰਦੇ ਜੀਵਨ ਪਹੀਏ। ਧੁੱਪਾਂ ਨਾਲ ਬਰਾਬਰ ਛਾਵਾਂ ਜਿੱਥੇ ਮਰਜ਼ੀ ਰਹੀਏ। ਸੋਕਾ ਤੇ ਬਰਸਾਤੀ ਮੌਸਮ ਧਰਤਿ ਸਹਾਰੇ ਹੱਸ ਕੇ, ਹੱਸ ਕੇ ਸੁਣੀਏ ਦੂਸਰਿਆਂ ਦੀ,ਆਪਣੇ ਦਿਲ ਦੀ ਕਹੀਏ।
375.
ਕਾਹਦੀਆਂ ਨੇ ਸਾਡੀਆਂ ਜੀ ਮਾਘੀਆਂ ਤੇ ਲੋਹੜੀਆਂ। ਆਸ ਦੀਆਂ ਤੰਦਾਂ ਵੀ ਹਕੂਮਤਾਂ ਨੇ ਤੋੜੀਆਂ। ਪੱਤਝੜ ਪਿੱਛੋਂ ਜੇ ਉਮੀਦਾਂ ਮੁੜ ਫੁੱਟੀਆਂ, ਓਸ ਵੇਲੇ ਵੰਡਾਂਗੇ ਜੀ ਗੁੜ ਦੀਆਂ ਰੋੜੀਆਂ।
376.
ਧੁੱਪਾਂ ਛਾਵਾਂ ਸਮ ਕਰ ਜਾਣੋ,ਜੀਵਨ ਸਾਥ ਨਿਰੰਤਰ ਮਹਿਕੇ। ਫੁੱਲ ਕਲੀਆਂ ਖ਼ੁਸ਼ਬੋਈਆਂ ਵੰਡੋ, ਆਲ ਦੁਆਲ ਚੌਗਿਰਦਾ ਟਹਿਕੇ। ਇੱਕ ਓਂਕਾਰ ਭਰੋਸੇ ਸਦਕਾ, ਤੱਤੀ 'ਵਾ ਤੋਂ ਧਰਤ ਬਚਾਉ, ਘਰ ਪਰਿਵਾਰ ਬਣਾਈਏ ਆਲਮ ਇੱਕ ਦੂਜੇ ਦੇ ਦਿਲ ਵਿੱਚ ਲਹਿ ਕੇ।
377.
ਡਟਿਆ ਰਹਿ ਤੂੰ ਕਿਰਤੀ ਪੁੱਤਰਾ, ਹਰ ਪਲ ਗੁਰੂ ਹੈ ਅੰਗ ਸੰਗ ਤੇਰੇ। ਬਿਣਸ ਜਾਣਗੇ ਹੈਂਕੜਧਾਰੀ, ਕੂੜ ਕੁਫ਼ਰ ਦੇ ਗੂੜ੍ਹ ਹਨ੍ਹੇਰੇ। ਇੱਕ ਮੁੱਠ ਰੱਖੀਂ, ਸ਼ਕਤੀ ਹੈ ਇਹ,ਸ਼ੁਭ ਕਰਮਨ ਤੇ ਨਿਸ਼ਚਾ ਦੋਵੇਂ, ਤੈਨੂੰ ਆਪ ਉਡੀਕਣਗੇ ਫਿਰ, ਆਸਾਂ ਲੱਦੇ ਸੋਨ ਸਵੇਰੇ।
378.
ਪਹਿਲੀ ਵਾਰ ਨਹੀਂ ਟਰੈਕਟਰ ਆਏ, ਦਿੱਲੀਏ ਤੂੰ ਯਾਦ ਭੁੱਲ ਗਈ। ਤੈਨੂੰ ਵਿੱਸਰੇ ਪੈਲ਼ੀਆਂ ਵਾਲੇ, ਥੈਲੀਆਂ ਤੇ ਤੂੰ ਡੁੱਲ੍ਹ ਗਈ। ਜੱਗ ਵਿੱਚ ਗੱਲ ਖੁੱਲ੍ਹ ਗਈ, ਤੇਰੀ ਕਿੱਥੋਂ ਹੈ ਜੰਜ਼ੀਰੀ ਹਿੱਲਦੀ, ਨਾਗ ਬਣ ਕੇ ਫੂਕ ਤੂੰ ਮਾਰੀ ਸਾਡੇ ਤੇ ਹਨ੍ਹੇਰੀ ਝੁੱਲ ਗਈ।
379.
ਸੂਰਜ ਸਾਡੀ ਪਿੱਠ ਪਿੱਛੇ ਹੈ, ਪਾਰ ਸਮੁੰਦਰ ਕਰ ਜਾਵਾਂਗੇ। ਖੰਭਾਂ ਤੇ ਵੀ ਮਾਣ ਅਥਾਹ ਹੈ, ਉੱਡ ਕੇ ਅੰਬਰ ਤਰ ਜਾਵਾਂਗੇ। ਰਲ਼ੇ ਸਾਥ ਦੀ ਸ਼ਕਤੀ ਸਦਕਾ, ਮੰਜ਼ਿਲ ਬਹੁਤੀ ਦੂਰ ਨਹੀਂ ਹੈ, ਤੁਰੀਏ ਬਣ ਕੇ ਬੰਨ੍ਹ ਕਾਫ਼ਲੇ,ਬੈਠੇ ਰਹੇ ਤਾਂ ਮਰ ਜਾਵਾਂਗੇ।
380.
ਖ਼ਤਰੇ ' ਚ ਪਈਆਂ ਜਦੋਂ ਆਂਦਰਾਂ ਤੇ ਬੋਟੀਆਂ। ਮਾਵਾਂ,ਧੀਆਂ,ਭੈਣਾਂ ਆਈਆਂ ਬੰਨ੍ਹ ਬੰਨ੍ਹ ਜੋਟੀਆਂ। ਲੰਗਰ ਪਕਾਉਣ ਤੇ ਖੁਆਉਂਦੀਆਂ ਵੀ ਕਹਿਣ ਇਹ, ਕਾਵਾਂ ਤੋਂ ਬਚਾਈਏ ,ਆਉ!ਰਲ਼ ਮਿਲ ਰੋਟੀਆਂ।
381.
ਰਣ ਭੂਮੀ ਵਿੱਚ ਮਾਵਾਂ ਧੀਆਂ ਆਈਆਂ ਭਾਗੋ ਦੁਰਗਾ ਬਣ ਕੇ। ਵੀਰਾਂ ਨਾਲ ਬਰਾਬਰ ਖੜ੍ਹੀਆਂ ਦੈਂਤ ਸੰਘਾਰਨ ਖ਼ਾਤਿਰ ਤਣ ਕੇ। ਘੁੰਮਦਾ ਘੁੰਮ ਕੇ ਦਿੱਲੀ ਪਹੁੰਚਾ,ਵੇਖ ਲਵੋ ਇਤਿਹਾਸ ਦਾ ਪਹੀਆ, ਅਗਨ ਕੁਠਾਲ਼ੀ ਮੈਲ਼ ਉਤਾਰੇ,ਅਸਲੀ ਸੋਨਾ ਨਿੱਤਰੇ ਛਣ ਕੇ।
382.
ਜ਼ਿੰਦਗੀ ਨੂੰ ਏਸੇ ਲਈ ਕਿਤਾਬ ਪੁੱਤ ਕਹਿੰਦੇ ਨੇ। ਬਿਨਾ ਲਿਖੇ ਰੱਖਦੀ ਹਿਸਾਬ ਪੁੱਤ ਕਹਿੰਦੇ ਨੇ। ਜਾਬਰਾਂ ਮੁਕਾਬਲੇ ਤੇ ਸਾਬਰਾਂ ਦੀ ਫ਼ੌਜ ਲੜੇ, ਏਸੇ ਨੂੰ ਹੀ ਅਸਲੀ ਪੰਜਾਬ ਪੁੱਤ ਕਹਿੰਦੇ ਨੇ।
383.
ਬੀਜਣ ਵਾਲੇ ਕਿੱਥੇ ਵੇਚਣ ਸੋਹਣੇ ਸੇਬ ਸੰਧੂਰੀ। ਥੈਲੀਸ਼ਾਹਾਂ ਰਲ਼ ਮਿਲ਼ ਮੱਲੀ ਸੁਪਨਾ- ਮੰਡੀ ਪੂਰੀ। ਬਾਗਾਂ ਵਿੱਚ ਫ਼ਲ ਫੁੱਲਾਂ ਦੀ ਥਾਂ, ਹਾਉਕੇ ਥਾਂ ਥਾਂ ਪਲਮਣ, ਸਰਮਾਏ ਦੀ ਤੇਜ਼ ਹਨ੍ਹੇਰੀ, ਥੰਮਣੀ ਬਹੁਤ ਜ਼ਰੂਰੀ।
384.
ਵਲੀ ਕੰਧਾਰੀ ਰੋੜ੍ਹ ਰਿਹਾ ਸੀ,ਬੈਠ ਪਹਾੜੋਂ ਭਾਰੇ ਪੱਥਰ। ਭਾਣਾ ਮੰਨ,ਸਧਾਰਨ ਬੰਦਾ ,ਡੋਲ੍ਹ ਰਿਹਾ ਸੀ ਹੁਣ ਤੱਕ ਅੱਥਰ। ਗੁਰੂ ਨਾਨਕ ਨੇ ਰਾਜੇ ਸ਼ੀਂਹ ਨੂੰ ਕਿਹਾ ਮੁਕੱਦਮ ਕੁੱਤੇ ਬੰਨ੍ਹ ਲੈ, ਦੱਸਦੇ ਨੇ ਹੁਣ ਵਲੀ ਕੰਧਾਰੀ ਦੇ ਘਰ ਵਿਛਿਆ ਕੋਰਾ ਸੱਥਰ।
385.
ਅਮਨਾਂ ਦੀ ਘੁੱਗੀ ਦੇ ਮੂੰਹ ਵਿੱਚ ਜੀਵੇ ਸਦਾ ਜੈਤੂਨ ਦੀ ਪੱਤੀ। ਮਗਰ ਸ਼ਿਕਾਰੀ ਇਸ ਦੇ ਭਾਵੇਂ ਤੋਪ,ਬੰਦੂਕਾਂ ਦੁਸ਼ਮਣ ਛੱਤੀ। ਧਰਤੀ, ਅੰਬਰ, ਪੌਣ ਸਹਾਰੇ ਇਹ ਭਰਦੀ ਪਰਵਾਜ਼ ਹਮੇਸ਼ਾਂ, ਭਰੂ ਸੰਦੂਕ ਉਮੀਦਾਂ ਵਾਲਾ,ਹਾਲੇ ਤਾਂ ਇੱਕ ਪੂਣੀ ਕੱਤੀ।
386.
ਚਾਤਰ ਸ਼ਾਤਰ ਵੈਰੀ ਅੱਗੇ ਮੇਰੀ ਚੁੱਪ ਦੇ ਸ਼ਸਤਰ ਭਾਰੇ। ਮੈਂ ਧਰਤੀ ਦਾ ਪੁੱਤਰ ਤਾਹੀਂਓਂ, ਉੱਤਰ ਦੇਵਾਂ ਸਦਾ ਕਰਾਰੇ। ਮੁੜ੍ਹਕੇ ਵਾਲੇ ਮੋਤੀ ਬੀਜਾਂ,ਕੁੱਲ ਖ਼ਲਕਤ ਲਈ ਅੰਨ ਉਗਾਵਾਂ, ਪਰ ਕਿੱਦਾਂ ਮੈਂ ਜਰ ਸਕਦਾ ਹਾਂ ਲੁੱਟ ਕੇ ਲੈ ਜਾਵਣ ਵਣਜਾਰੇ।
387.
ਧਰਤਿ ਵੰਗਾਰੇ ਤਖ਼ਤ ਨੂੰ, ਹੋ ਕੇ ਲਾਲੋ ਨਾਲ। ਨਿਸ਼ਚਾ ਮਨ ਵਿੱਚ ਧਾਰਿਆ, ਸਤਿਗੁਰ ਮੇਰੇ ਨਾਲ। ਮੈਂ ਮਰਨਾ ਨਹੀਂ ਮਾਰਿਆ, ਕੱਢ ਦੇ ਮਨ ‘ਚੋਂ ਵਹਿਮ, ਮੇਰੀ ਰੱਤ ‘ਚੋਂ ਅਜੇ ਤੂੰ ਪਹਿਲੀ ਕਿਸ਼ਤ ਸੰਭਾਲ।
388.
ਚੜ੍ਹੇ ਬਸੰਤ, ਬਨਸਪਤਿ ਮੌਲ਼ੀ, ਸੁਰਖ਼ ਗੁਲਾਬ ਤਰੇਲ ‘ਚ ਨ੍ਹਾਵੇ। ਖਿੜਦਾ,ਖਿੜ ਕੇ ਖੇੜਾ ਵੰਡਦਾ, ਕਦਰਦਾਨ ਆਵੇ ਨਾ ਆਵੇ। ਜੇ ਬੇਕਦਰਾ ਪਾ ਪਰਛਾਵਾਂ, ਲੰਘ ਜਾਵੇ ਕੰਡ ਕਰਕੇ ਕੋਲੋਂ, ਐਸੀ ਰੂਹ ਹੈ ਸੁੱਕੀ ਲੱਕੜ, ਬਣਦੀ ਰਾਜ ਤਖ਼ਤ ਦੇ ਪਾਵੇ।
389.
ਜਿਹੜੇ ਘਰ ਧੀ ਜਨਮ ਮੁਬਾਰਕ, ਉਸ ਘਰ ਰਹਿਮਤ ਤਾਂ ਹੁੰਦੀ ਹੈ। ਸੁਪਨੇ ਜਿੱਡਾ ਬਾਬਲ ਅੰਬਰ, ਸਬਰ ਸਿਦਕਣੀ ਮਾਂ ਹੁੰਦੀ ਹੈ। ਪੁਰਖ਼ਿਆਂ ਦੇ ਵਿਰਸੇ ਵਿੱਚ ਮਿਹਨਤ, ਮੇਰੀਏ ਧੀਏ ਗੁੰਨ੍ਹਦੀ ਰਹਿਣਾ, ਤੋਰ ਨਿਰੰਤਰ, ਚੇਤਨ ਮੱਥੇ ਉੱਪਰ ਰੱਬ ਦੀ ਛਾਂ ਹੁੰਦੀ ਹੈ।
390.
ਜਾਂ ਤੈਨੂੰ ਵਿਸ਼ਵਾਸ਼ ਰਿਹਾ ਨਾ ਵੀਰਾਂ ਦੇ ਬਲ ਬਾਹਵਾਂ ਉੱਤੇ। ਪਹਿਰੇਦਾਰ ਬਿਠਾ ਦਿੱਤੇ ਤੂੰ ਆਉਂਦੇ ਜਾਂਦੇ ਸਾਹਵਾਂ ਉੱਤੇ। ਏਨੀ ਬੇਵਿਸ਼ਵਾਸੀ ਤੌਬਾ! ਹਮਸਾਏ ਹਾਂ ਧਰਤੀ ਜਾਏ, ਜੇ ਚਾਹੀਏ ਤਾਂ ਕਿੱਦਾਂ ਆਈਏ, ਚਰਖ਼ੜੀਆਂ ਹੁਣ ਰਾਹਾਂ ਉੱਤੇ।
391.
ਭੁੱਲਿਆ ਕਿਉਂ ਹੈਂ, ਮੂੜ੍ਹ ਮਨਾਂ ਤੂੰ ,ਕੇਸਰ ਤਾਂ ਕਸ਼ਮੀਰ ਚ ਉੱਗਦਾ। ਵੱਖਰੀ ਗੱਲ ਹੈ, ਤੈਨੂੰ ਏਦਾਂ ਸੁਣਨਾ ਵੀ ਬਿਲਕੁਲ ਨਹੀਂ ਪੁੱਗਦਾ। ਆਗਿਆਕਾਰ ਬਣਾ ਨਹੀਂ ਸਕਣਾ,ਤੂੰ ਕੁਦਰਤ ਨੂੰ ਹੁਕਮ ਸੁਣਾ ਕੇ, ਮੈਂ ਤਾਂ ਇਹ ਇਤਿਹਾਸ ‘ਚੋਂ ਪੜ੍ਹਿਐ, ਸੱਚ ਸੁਤੰਤਰ ਹਰ ਇਕ ਯੁੱਗ ਦਾ।
392.
ਧਰਤੀ ਦੀ ਹੈ ਅਸਲੀ ਤਾਕਤ ਰੰਗ ਬਰੰਗੇ ਫੁੱਲ ਤੇ ਪੱਤੀਆਂ। ਭਰੇ ਗਲੋਟੇ ਸਾਡੀ ਖ਼ਾਤਰ, ਮਾਂ ਨੇ ਕਿੰਨੀਆਂ ਕਿਰਨਾਂ ਕੱਤੀਆਂ। ਕੰਕਰੀਟ ਦੀ ਕਰੇਂ ਗੁਲਾਮੀ, ਬੇਕਦਰਾ ਤੂੰ ਰੂਹੋਂ ਕੈਦੀ, ਚੰਦਰਮਾ ਤੇ ਸੂਰਜ ਤਾਰੇ, ਵੇਖ ਲਿਆ ਕਰ ਅੰਬਰੋਂ ਬੱਤੀਆਂ।
393.
ਬੁੱਧ ਮਰ ਗਿਆ ਕਹਿੰਦਾ ਕਹਿੰਦਾ, ਬੰਦਿਆ ਓਇ ਤੂੰ ਬਦਲ ਦ੍ਰਿਸ਼ਟੀ। ਨਜ਼ਰ ਨਜ਼ਰੀਆ ਨਿਸ਼ਚਤ ਕਰਦੈ, ਚਾਰ ਚੁਫ਼ੇਰੇ ਸਗਲ ਸ੍ਰਿਸ਼ਟੀ। ਬਦੀਆਂ ਸਿਰ ਬਦਕਾਰ ਹਮੇਸ਼ਾਂ, ਕੁਰਸੀ ਦਾ ਸੱਚ ਵੱਡਾ ਮੰਨੇ, ਆਸ ਕਿਵੇਂ ਚੰਗੇ ਦੀ ਉਸ ਤੋਂ, ਜਿਸ ਦੀ ਹੋਵੇ ਸੋਚ ਭ੍ਰਿਸ਼ਟੀ।
394.
ਇੱਕ ਦਰਵਾਜ਼ਾ ਬੰਦ ਹੋਵੇ ਤਾਂ ਅੱਗੇ ਤੁਰ ਸੌ ਖੁੱਲ੍ਹ ਜਾਂਦਾ ਹੈ। ਜ਼ਿੰਦਗੀ ਸਫ਼ਰ ਨਿਰੰਤਰ ਕਰਦੇ ਬੰਦਾ ਅਕਸਰ ਭੁੱਲ ਜਾਂਦਾ ਹੈ। ਮੇਰੇ ਬਾਬਲ ਇਹ ਸਮਝਾਇਆ,ਸੰਭਲ ਤੁਰਿਆਂ ਕਦਮ ਨਾ ਥਿੜਕੇ, ਕਾਹਲਿਆਂ ਦੇ ਸਿਰ ਉੱਤੋਂ ਅਕਸਰ ਘਿਉ ਦਾ ਪੀਪਾ ਡੁੱਲ੍ਹ ਜਾਂਦਾ ਹੈ।
395.
ਹੰਝ ਤੇਰੇ ਨੇ ਲਿਖ ‘ਤੀ ਵੀਰਾ ਯੁਗ ਦੀ ਨਵੀਂ ਕਹਾਣੀ। ਤਾਂਹੀਂਉਂ ਲੈ ਕੇ ਆਈਆਂ ਭੈਣਾਂ , ਪੰਜ ਦਰਿਆਉਂ ਪਾਣੀ। ਪੀ ਲੈ ਵੇ ਜਲ,ਜੀਣ ਜੋਗਿਆ,ਬਿਖੜੇ ਰਾਹ ਦੇ ਪਾਂਧੀ, ਕਲਜੋਗਣ ਦੇ ਨਾਲ ਟਾਕਰਾ, ਰੁੱਤ ਹੈ ਸੁਪਨੇ ਖਾਣੀ।
396.
ਪਹਿਲਾਂ ਮਾਫ਼ੀ ਮੰਗ ਲੈਂਦਾ ਹਾਂ, ਮੇਰਾ ਗੱਲ ਤੇ ਤੁਸੀਂ ਨਾ ਹੱਸਣਾ। ਜਿਸ ਧਰਤੀ ਦਾ ਇਹ ਬੱਚੜਾ ਹੈ, ਨਾਮ ਵਤਨ ਦਾ ਮੈਨੂੰ ਦੱਸਣਾ। ਨਾ ਤਨ ਕੱਪੜਾ ਪੈਰੋਂ ਨੰਗਾ ਮੋਢੇ ਭਾਰ ਪਿਆ ਹੈ ਕਿੰਨਾ, ਹਾੜ੍ਹ ਸਿਆਲੇ ਹਰ ਦੋ ਲਾਹਣਤ ਝੁੱਗੀਆਂ ਦੇ ਵਿੱਚ ਪੈਂਦਾ ਵੱਸਣਾ।
397.
ਜ਼ੁਲਮ ਕਮਾਇਆ ਮੈਂ ਤੇਰੇ ਤੇ, ਜ਼ਾਲਮ ਆਖੇ ਸਾਬਤ ਕਰ। ਹੋਰ ਕਰਾਂਗਾ, ਜੇ ਨਾ ਝੁਕਿਆ, ਆਪਣੇ ਸਿਰ ਨੂੰ ਨੀਂਵਾਂ ਕਰ। ਪਰ ਮੇਰਾ ਇਤਿਹਾਸ ਕਹੇ ਤੂੰ ਜੀਣ ਜੋਗਿਆ ਡੋਲੀਂ ਨਾ, ਪਰਖ਼ ਘੜੀ ਹੈ ਬੱਚਿਆ ਤੇਰੀ, ਮੌਤ ਸਦੀਵੀ ਪਲ ਦਾ ਡਰ।
398.
ਮੈਂ ਫੁੱਲਾਂ ਨੂੰ ਬਹੁਤ ਕਿਹਾ ਹੈ,ਰੁੱਤ ਕੰਡਿਆਲੀ ਕਿਉਂ ਖਿੜਦੇ ਹੋ। ਦੇਣ ਮੋੜਵਾਂ ਉੱਤਰ ਮੈਨੂੰ,ਹੱਕ ਲਈ ਤੁਸੀਂ ਕਿਉਂ ਭਿੜਦੇ ਹੋ। ਰੁੱਤ ਬਸੰਤੀ ਸਾਡਾ ਮੌਸਮ, ਨਾ ਖਿੜਨਾ ਹੈ ਜੜ੍ਹ ਨੂੰ ਮਿਹਣਾ, ਸੂਰਜ ਨੂੰ ਇਹ ਕਹਿ ਨਾ ਬੈਠੀਂ,ਦਿਨ ਨਾ ਫਿਰਦੇ,ਕਿਉਂ ਗਿੜਦੇ ਹੋ।
399.
ਸਾਂਭ ਲਿਆ ਕਰ ਕਿਣਕਾ ਕਿਣਕਾ, ਜੋ ਦੇਵੇ ਪਰਭਾਤ ਸਵੇਰੇ। ਸੁਪਨੇ ਦਾ ਮੂੰਹ ਧੋਂਦੀਆਂ ਕਿਰਨਾਂ,ਤੇਰੇ ਰਾਹੋਂ ਹੂੰਝਣ ‘ਨੇਰ੍ਹੇ। ਇਸ ਦਾ ਸੁਣ ਸੰਦੇਸ਼ ਸੁਹਾਵਾ, ਕੁੱਲ ਦੁਨੀਆਂ ਹੈ ਤੇਰੀ ਦੌਲਤ, ਇਸ ਨੂੰ ਹੋਰ ਵਧਾ ਸਕਦਾ ਹੈਂ, ਬੀਜ ਨੇਕੀਆਂ ਚਾਰ ਚੁਫ਼ੇਰੇ।
400.
ਕਿੱਥੋਂ ਤੁਰ ਕੇ ਕਿੱਥੇ ਪਹੁੰਚੇ ਗਮਲੇ ਦੇ ਵਿੱਚ ਬੂਟੇ ਲਾਈਏ। ਜੜ੍ਹ ਨੂੰ ਕੱਟੀਏ,ਬੌਣਾ ਕਰੀਏ ਆਪਣੇ ਵਰਗਾ ਬਿਰਖ਼ ਬਣਾਈਏ। ਕਰ ਧਰਤੀ ਤੋਂ ਤੋੜ ਵਿਛੋੜਾ,ਤਪਦੇ ਖਪਦੇ ਲੱਭੀਏ ਛਾਵਾਂ, ਬਲਿਹਾਰੀ ਦਾ ਕੁਦਰਤ ਵਾਸਾ,ਗਾਈਏ ਪਰ ਨਾ ਅਮਲ ਕਮਾਈਏ।
401.
ਬੜੇ ਬਣਾ ਲਏ ਧਰਤੀ ਉੱਤੇ ਗੁਰ ਘਰ ਗਿਰਜੇ ਮਸਜਿਦ ਮੰਦਰ। ਮਰੇ ਨਾ ਸਾਥੋਂ ਸਾਰਿਆਂ ਕੋਲੋਂ ਦਿਲ ਵਿਚਲਾ ਸ਼ੈਤਾਨੀ ਬੰਦਰ। ਗਾਜਰ ਮੂਲੀ ਵਾਂਗ ਕੁਤਰੀਏ ਸੂਹੇ ਸੁਪਨਿਆਂ ਵਾਲੇ ਬੰਦੇ, ਵੇਖੋ! ਆਹ ਕੀ ਰੁੜ੍ਹਿਆ ਜਾਂਦਾ ਦਰਦਾਂ ਦੇ ਦਰਿਆ ਦੇ ਅੰਦਰ।
402.
ਅੱਜ ਤੂੰ ਯਾਦ ਕਰਾਇਆ ਮੈਨੂੰ, ਸੋਚ ਰਿਹਾ ਸਾਂ ਬੜੇ ਚਿਰਾਂ ਤੋਂ। ਪੱਕੀਆਂ ਸੜਕਾਂ ਲੈ ਗਈਆਂ ਨੇ ਦੁੱਧ ਪੁੱਤ ਵਰਗੇ ਸਾਕ ਗਿਰਾਂ ਤੋਂ। ਏਦਾਂ ਲੱਗਦੈ ਗੰਨੇ ਦੀ ਥਾਂ ਚਰ੍ਹੀ ਦੇ ਟਾਂਡੇ ਚੂਪ ਰਿਹਾਂ ਹਾਂ, ਮਹਿਕ ਗੁਆਚੀ ਗੀਤਾਂ ਵਿੱਚੋਂ, ਲਹਿ ਗਈ ਏ ਦਸਤਾਰ ਸਿਰਾਂ ਤੋਂ।
403.
ਵਾਗਾਂ ਖਿੱਚ ਕੇ ਰੱਖਿਉ ਇਸ ਦੀ, ਵਕਤ ਦਾ ਅੱਥਰਾ ਘੋੜਾ ਮਿੱਤਰੋ। ਜੋਸ਼ ਨਾਲ ਹੈ ਹੋਸ਼ ਜ਼ਰੂਰੀ,ਵਰਤੋ ਕਰਕੇ ਜੋੜਾ ਮਿੱਤਰੋ। ਜੇ ਨਿੱਖੜੇ ਤਾਂ ਮਿਲੂ ਖੁਆਰੀ,ਉਮਰਾਂ ਦਾ ਪਛਤਾਵਾ ਮਗਰੋਂ, ਬਣ ਜਾਵੇ ਨਾਸੂਰ ਕਿਤੇ ਨਾ,ਵਾਲ ਤੋੜ ਦਾ ਫੋੜਾ ਮਿੱਤਰੋ।
404.
ਚੜ੍ਹਦਾ ਸੂਰਜ ਰੋਜ਼ ਦਿਹਾੜੀ ਸੁਪਨੇ ਗੱਠੜੀ ਭਰ ਕੇ ਲਿਆਵੇ। ਮੇਰੇ ਵਰਗੇ ਸੁਸਤੀ ਦੱਬੇ ਮਾਰ ਕੂਹਣੀਆਂ ਆਣ ਜਗਾਵੇ। ਆਖੇ ਹਿੰਮਤ ਕਰ ਲੈ ਪੁੱਤਰਾ ਜਦ ਮੈਂ ਤੇਰੇ ਨਾਲ ਖੜ੍ਹਾ ਹਾਂ, ਜਿਹੜਾ ਮੇਰੀ ਬਾਤ ਨਾ ਮੰਨੇ ਰਹਿੰਦੀ ਉਮਰਾ ਨਿੱਤ ਪਛਤਾਵੇ।
405.
ਨਵਾਂ ਫੁਟਾਰਾ ਫੁੱਟਣਾ ਹੈ ਹੁਣ, ਫੱਗਣ ਦੀ ਸੰਗਰਾਂਦ ਮੁਬਾਰਕ। ਬਿਰਖ਼ ਬੂਟਿਆਂ ਮਿਲਣੇ ਵਸਤਰ ਪੱਤਿਆਂ ਦੀ ਪੁੰਗਰਾਂਦ ਮੁਬਾਰਕ। ਕਿਰਤ ਵਪਾਰ ਤੇ ਖੇਤੀ ਖ਼ਤਰੇ, ਰੋਟੀ ਵੀ ਪਿੰਜਰੇ ਪੈ ਚੱਲੀ, ਰਾਖੀ ਕਰਦੇ ਸੂਰਮਿਆਂ ਨੂੰ ਰੁੱਖਾਂ ਦੀ ਜੀਰਾਂਦ ਮੁਬਾਰਕ।
406.
ਕੰਡਿਆਂ ਵਾਲੇ ਕੰਡੇ ਬੀਜਣ, ਅਸੀਂ ਪਨੀਰੀ ਲਾਈਏ। ਬਾਗਬਾਨ ਹਾਂ, ਕਿਰਤੀ ਕਾਮੇ ਕਿੰਜ ਵਿਹਲੇ ਬਹਿ ਜਾਈਏ। ਕਿਰਤ ਬੀਜਣਾ ਗੁਰੂ ਸਿਖਾਇਆ,ਨਾਮ ਧਿਆਉਂਦੇ ਵੰਡਣਾ, ਜ਼ਾਲਮ ਦੀ ਤਲਵਾਰ ਦੇ ਅੱਗੇ, ਸਬਰ ਤਾਣ ਤਣ ਜਾਈਏ।
407.
ਦਰਦ ਸੁਣੇ ਤੇ ਹੰਝ ਨਾ ਟਪਕੇ, ਸਾਡਾ ਸਭਿਆਚਾਰ ਨਹੀਂ ਹੈ। ਸਾਡੇ ਮੋਇਆਂ ਤੇ ਤੂੰ ਹੱਸੇਂ, ਕੀ ਇਹ ਅੱਤਿਆਚਾਰ ਨਹੀਂ ਹੈ। ਘਰ ਘਰ ਹੋ ਗਏ ਬਾਬਲ ਪੱਥਰ, ਮੋਰਚਿਉਂ ਪੁੱਤ ਮਰ ਕੇ ਪਰਤੇ, ਤਖ਼ਤ ਨਸ਼ੀਨਾ! ਇਸ ਤੋਂ ਗੂੜ੍ਹਾ ਹੋਰ ਕੋਈ ਅੰਧਕਾਰ ਨਹੀਂ ਹੈ।
408.
ਵੰਡਣਾ ਹਰ ਪਲ ਵੰਡਦੇ ਰਹਿਣਾ,ਭਲੇ ਪੁਰਖ ਦੀ ਬਾਤ ਅਨੋਖੀ। ਹਰ ਵਿੱਛੜੇ ਨੂੰ ਕੰਠ ਲਗਾਉਣਾ, ਨਾ ਮੰਨਣਾ ਕੋਈ ਵੀ ਦੋਖੀ। ਬਿਰਖ਼ਾਂ ਕੋਲੋਂ ਸਬਕ ਲਿਆ ਇਸ, ਹਰ ਮੌਸਮ ਜੀ ਆਇਆਂ ਕਹਿਣਾ, ਸਬਰ ਸਿਦਕ ਦੀ ਪੂੰਜੀ ਸਦਕਾ, ਧਰਤੀ ਮਾਂ ਦਾ ਪੁੱਤ ਸੰਤੋਖੀ।
409.
ਧੌਣ ਤੇ ਅੱਡੀ ਨੱਪ ਕੇ ਰੱਖਿਉ, ਜਿਹੜੇ ਨਾਗਾਂ ਸਾਨੂੰ ਡੰਗਿਆ। ਇਨ੍ਹਾਂ ਦੀ ਦਹਿਸ਼ਤ ਨੇ ਪਹਿਲਾਂ ਸਦੀਆਂ ਤੋਂ ਹੀ ਸੂਲ਼ੀ ਟੰਗਿਆ। ਪਤਾ ਨਹੀਂ ਜੀ ਇਹ ਜ਼ਹਿਰੀਲੇ, ਜਨਮ ਜ਼ਾਤ ਸਾਡੇ ਕਿਉਂ ਵੈਰੀ, ਭਾਵੇਂ ਜਦ ਵੀ ਪਹਿਲਾਂ ਵੀ ਟੱਕਰੇ ਮਰਦਿਆਂ ਨੇ ਪਾਣੀ ਨਹੀਂ ਮੰਗਿਆ।
410.
ਧੱਕੇ ਖਾਂਦਾ ਤੁਰਿਆ ਫਿਰਦੈਂ, ਮੂੜ੍ਹ ਮਨਾ ਕਿਉਂ ਮਸਜਿਦ ਮੰਦਰ। ਸ਼ਬਦ ਗੁਰੂ ਸਮਝਾਇਐ ਤੈਨੂੰ, ਸਭ ਕੁਝ ਬੰਦਿਆ ਤੇਰੇ ਅੰਦਰ। ਰੋਜ਼ ਉਡੀਕੇਂ ਹੋਰ ਕੋਈ ਕਿਉਂ, ਆਵੇ ਤੇਰਾ ਰਾਹ ਰੁਸ਼ਨਾਵੇ, ਕਿਉਂ ਨਾ ਪੈਰੋਂ ਜੂੜ ਉਤਾਰੇਂ, ਲਾਹਵੇਂ ਨਾ ਅਗਿਆਨ ਦੇ ਜੰਦਰ।
411.
ਮੋਰ ਪੰਖ ਸਮਝਾਇਆ ਮੈਨੂੰ, ਜ਼ਿੰਦਗੀ ਤਾਂ ਸਹਿਚਾਰ ਦਾ ਨਾਂ ਹੈ। ਰੰਗਾਂ ਵਿੱਚ ਵਿਸਮਾਦ ਨਾਦ ਹੈ, ਇਹ ਹੀ ਅਸਲ ਪਿਆਰ ਦੀ ਛਾਂ ਹੈ। ਡੰਡੀਆਂ ਸੁਰਖ਼ ਦੀਆਂ ਨੂੰ,ਪਿਆਰ ਦਿਹਾੜੇ ਵੰਡਦੇ ਲੋਕੋ, ਟੁੱਟ ਨਾ ਜਾਇਉ,ਅਸਲ ਬਗੀਚੀਉਂ ਜਿੱਥੇ ਵੱਸਦੀ ਧੀ ਤੇ ਮਾਂ ਹੈ।
412.
ਦੂਰ ਪਹਾੜ ਦੇ ਪੈਰੀਂ ਖਿੜ ਪਏ, ਬਾਗ਼ ਮੁਹੱਬਤਾਂ ਵਾਲੇ। ਸਾਡੇ ਰਾਹੀਂ ਮੇਖਾਂ ਗੱਡਦੇ, ਪੱਥਰ ਚਿੱਤ ਦੇ ਕਾਲ਼ੇ। ਪਾਪੀ ਬੰਦੇ ਅੰਦਰੋਂ ਕੰਬਦੇ ਤਾਂਹੀਉਂ ਇਹ ਕੁਝ ਕਰਦੇ, ਕੁੱਲ ਧਰਤੀ ਦੀਆਂ ਕੁੰਜੀਆਂ ਮੰਗਣ ਰਾਣੀ ਖ਼ਾਂ ਦੇ ਸਾਲੇ।
413.
ਗਿਆਨਵਾਨ ਜਦ ਬੋਲਣ ਤਾਂ ਫਿਰ ਦਾਨਿਸ਼ਮੰਦ ਨੇ ਸੁਣਦੇ। ਖੋਟਾ ਖ਼ਰਾ ਪਛਾਨਣ ਨਾਲੇ ਪੜ੍ਹਿਆ ਸੁਣਿਆ ਪੁਣਦੇ। ਵਕਤ ਕੁਲਹਿਣਾ ਵੇਖੋ ਕੈਸਾ, ਸਾਡੇ ਸਾਹੀਂ ਰਲ਼ਿਆ, ਆਪਣਾ ਭਲਕ ਸੰਵਾਰਨ ਖ਼ਾਤਿਰ, ਭੁੱਲੀਏ ਮਸਲੇ ਹੁਣ ਦੇ।
414.
ਸਮੇਂ ਦੀ ਆਵਾਜ਼ ਸੁਣ ਚਿੜੀਏ ਨੀ ਚਿੜੀਏ। ਬਾਜ਼ਾਂ ਨੇ ਹਨ੍ਹੇਰ ਪਾਇਆ ਆ ਜਾ ਰਲ਼ ਭਿੜੀਏ। ਫ਼ੌਜ ਬਦਨੀਤਿਆਂ ਦੀ ਰਲ ਕੇ ਪਛਾੜੀਏ, ਹਊਮੈ ਦੇ ਪਹਾੜ ਉੱਤੇ ਬੈਠ ਕੇ ਨਾ ਤਿੜੀਏ।
415.
ਸਭ ਤੇ ਉਮਰ ਬੁਢਾਪਾ ਆਉਣੈਂ ,ਚੜ੍ਹੀ ਜਵਾਨੀ ਭੁੱਲ ਜਾਂਦੀ ਹੈ। ਫ਼ਰਜ਼ ਭੁਲਾ ਕੇ ਗ਼ਰਜ਼ਾਂ ਪਿੱਛੇ ਪੈਰ ਪੈਰ ਤੇ ਡੁੱਲ੍ਹ ਜਾਂਦੀ ਹੈ। ਘਰ ਨੂੰ ਕੁੰਡੇ ਜੰਦਰੇ ਲਾ ਕੇ,ਜਾਣ ਵਾਲਿਆਂ ਨੂੰ ਇਹ ਕਹਿਣਾ, ਮਨ ਦੀਆਂ ਤੰਦਾਂ ਪੀਚ ਨਾ ਦੇਣਾ,ਗੰਢ ਖਿਸਕਾਵੀਂ ਖੁੱਲ੍ਹ ਜਾਂਦੀ ਹੈ।
416.
ਸਭ ਪੈਰਾਂ ਨੂੰ ਸਫ਼ਰ ਉਡੀਕੇ, ਰਾਤ ਦੇ ਮਗਰੋਂ ਚੜ੍ਹੀ ਸਵੇਰ। ਬੀਤ ਗਿਆ ਜੋ ਮਰ ਚੁਕਿਆ ਹੈ, ਅੱਜ ਨਾ ਵੀਰਿਉ ਕਰਿਉ ਦੇਰ। ਵਕਤ ਦੇ ਅੱਥਰੇ ਘੋੜੇ ਉੱਤੇ ਮਾਰ ਪਲਾਕੀ ਬਣੋ ਸਵਾਰ, ਅੱਜ ਤੋਂ ਮਗਰੋਂ ਅੱਜ ਨੇ ਮੁੜ ਕੇ ਫਿਰ ਨਹੀਂ ਆਉਣਾ ਦੂਜੀ ਵੇਰ।
417.
ਹਿੰਮਤੀ ਜਦ ਵੀ ਬਣਨ ਕਾਫ਼ਲੇ, ਕੋਈ ਵੀ ਮੰਜ਼ਿਲ ਦੂਰ ਨਾ ਹੁੰਦੀ। ਕੂੰਜੜੀਆਂ ਦੀ ਡਾਰ ਕਦੇ ਵੀ ਉੱਡਦੀ ਥੱਕ ਟੁੱਟ ਚੂਰ ਨਾ ਹੁੰਦੀ। ‘ਕੱਲ੍ਹਾ ਬੰਦਾ ਜਿਹੜਾ ਹਰ ਦਮ ਆਪਣੀ ਹੀ ਪਰਿਕਰਮਾ ਕਰਦਾ, ਸਦਾ ਹਨ੍ਹੇਰਾ ਛਾਣੇ, ਤੜਪੇ, ਜ਼ਿੰਦਗੀ ਨੂਰੋ ਨੂਰ ਨਾ ਹੁੰਦੀ।
418.
ਬੇਕਦਰਾਂ ਭਰਿਆ ਜੰਗਲ ਸੀ,ਆਪਾਂ ਤਾਂ ਫਿਰ ਵੀ ਖਿੜਦੇ ਰਹੇ। ਮਿੱਟੀ ਸੀ ਅੰਗ ਸੰਗ ਮਾਂ ਵਰਗੀ ਹਰ ਮੌਸਮ ਦੇ ਸੰਗ ਭਿੜਦੇ ਰਹੇ। ਕੀ ਕਰਦੇ ਨਜ਼ਰੋਂ ਟੀਰਿਆਂ ਦਾ ਜੋ ਰੁੱਤ ਬਸੰਤ ਨਾ ਮਾਣ ਸਕੇ, ਆਪਣੀ ਹੀ ਅੱਗ ਵਿੱਚ ਸੜਦੇ ਰਹੇ, ਸਾਡੀ ਚੜ੍ਹਤਲ ਤੇ ਚਿੜਦੇ ਰਹੇ।
419.
ਕੂਕਿਆਂ ਅੰਬਰੀਂ ਚੜ੍ਹ ਕੇ ਕੂਕਿਆ ਰਾਜ ਫਰੰਗੀ ਦਾ ਨਹੀਂ ਸਹਿਣਾ। ਆਪੇ ਆਪਣਾ ਹਾਕਮ ਬਣਨੈਂ, ਹੋਰ ਕਿਸੇ ਨੂੰ ਸਰ ਨਹੀਂ ਕਹਿਣਾ। ਪੰਚਮ ਦਿਵਸ ਬਸੰਤੀ ਰੁੱਤੇ, ਸੂਰਜ ਦੂਜੀ ਵਾਰੀ ਚੜ੍ਹਿਆ, ਜਿਸ ਦੀਆਂ ਕਿਰਨਾਂ ਇਹ ਸਮਝਾਇਆ, ਮੰਜੀ ਹੇਠ ਕਦੇ ਨਹੀਂ ਬਹਿਣਾ।
420.
ਸੂਰਜ ਦੇ ਵਿੱਚ ਜਾ ਰਲ਼ਿਆ ਹੈ ਬਾਬਲ ਬੇਪਰਵਾਹ। ਜਿਸਮ ਦੇ ਬੰਧਨ ਤੋੜ ਤੁਰ ਗਿਆ ਤਨ ਦੀ ਮਿੱਟੀ ਲਾਹ। ਹੁਣ ਵੀ ਸਿੰਜਦੈ ਪੈਰ ਪੈਰ ਤੇ ਸਰਬ ਸਦੀਵੀ ਰਿਸ਼ਤੇ, ਅੱਜ ਵੀ ਸਾਡਾ ਰਾਹ ਰੁਸ਼ਨਾਵੇ ਹਰ ਧੜਕਣ ਹਰ ਸਾਹ।
421.
ਸੂਰਜ ਚੜ੍ਹਨੋਂ ਪਹਿਲਾਂ ਜਾਗੇ, ਕਣ ਕਣ ਦੇ ਵਿੱਚ ਮਹਿਕ ਪਰੋਵੇ। ਓਥੇ ਓਥੇ ਦਿਸੇ ਚਾਨਣਾ, ਜਿੱਥੇ ਕਦਮ ਅਸੀਸ ਦਾ ਹੋਵੇ। ਨਿੱਕੇ ਨਿੱਕੇ ਵਾਕ ਬੁਣਦਿਆਂ ਅਰਥ ਬੜੇ ਸਮਝਾਵੇ ਸਾਨੂੰ, ਹਰ ਵੇਲੇ ਹਰਕਤ ਵਿੱਚ ਰੱਖਦੀ, ਜਦ ਸੌਂ ਜਾਵੇ ਧਰਤ ਖਲੋਵੇ।
422.
ਫਿਰ ਕੀ ਹੋਇਆ ਪੱਤ ਝੜ ਸਿਰ ਤੇ,ਰੁੱਤ ਬਸੰਤ ਦੀ ਆਸ ਤਾਂ ਹੈ। ਧਰਤੀ ਮਾਂ ਹੈ ਜਦ ਤੱਕ ਅੰਗ ਸੰਗ,ਪੁੰਗਰਨ ਦਾ ਵਿਸ਼ਵਾਸ ਤਾਂ ਹੈ। ਹਰ ਮੌਸਮ ਵਿੱਚ ਲੜਦਾ ਖਿੜਦਾ, ਬਿਰਖ਼ ਇਕੱਲ੍ਹਾ ਕਦੇ ਨਾ ਹੋਵੇ, ਭਾਈਚਾਰੇ ਵਾਂਗ ਟਾਹਣੀਆਂ, ਬਾਹਾਂ ਦਾ ਅਹਿਸਾਸ ਤਾਂ ਹੈ।
423.
ਤਿੱਤਰ ਖੰਭੇ ਬੱਦਲਾਂ ਉਹਲੇ ਵੇਖ ਲਿਆ ਕਰ ਸੂਰਜ ਚੜ੍ਹਿਆ। ਕੁਦਰਤ ਵਾਂਗ ਪਵਿੱਤਰ ਪੋਥੀ,ਤੂੰ ਹਾਲੇ ਵਰਕਾ ਨਹੀਂ ਪੜ੍ਹਿਆ। ਬੰਦ ਕਮਰੇ ਵਿੱਚ ਪਰਦੇ ਚਾੜ੍ਹੀ, ਲੁਕਦਾ ਫਿਰਦੈਂ ਆਪਣੇ ਕੋਲੋਂ, ਨੀਂਦ ਵਿਗੁੱਤਿਆ ਖ਼ੁਦ ਨਾ ਜਾਗਿਆ ਦੋਸ਼ ਹਨ੍ਹੇਰੇ ਦੇ ਸਿਰ ਮੜ੍ਹਿਆ।
424.
ਸੂਰਜ ਘੁਲ਼ ਫੁੱਲਾਂ ਵਿੱਚ ਰਲ਼ਿਆ,ਟਾਹਣਾਂ ਟਹਿਕਣ ਸੋਨ ਸੁਨਹਿਰੀ। ਧਰਤੀ ਤੇ ਵੀ ਵੇਖ ਲਿਆ ਕਰ,ਜਦ ਖਿੜਦੀ ਹੈ ਸੁਰਖ਼ ਦੁਪਹਿਰੀ। ਇਹ ਤਾਂ ਅਸਲ ਇਬਾਰਤ ਲਿਖਦੀ ਕੁਦਰਤ ਬਣਕੇ ਕਾਦਰ ਏਦਾਂ, ਤੈਨੂੰ ਇਹ ਕਿਉਂ ਸਮਝ ਪਵੇ ਨਾ,ਗੱਲ ਨਾ ਮਿੱਤਰਾ ਬਹੁਤੀ ਗਹਿਰੀ।
425.
ਸਾਜ਼ ਸੁਰਾਂ ਤੇ ਸ਼ਬਦਾਂ ਦੇ ਸੰਗ ਖੇਡਿਆ ਸੀ ਸਰਦੂਲ ਸਿਕੰਦਰ। ਅਮਰ ਨੂਰ ਸੀ ਉਸ ਦੇ ਅੰਗ ਸੰਗ, ਸੱਤੇ ਸੁਰ ਸੀ ਉਸ ਦੇ ਅੰਦਰ। ਇਸਲਾਮੀ ਘਰ ਜੰਮਿਆ ਭਾਵੇ,ਸ਼ਬਦ ਗੁਰੂ ਨੇ ਵੱਡਿਆਂ ਕੀਤਾ, ਗੁਰੂਦੁਆਰਾ,ਮਸਜਿਦ, ਗਿਰਜਾ ਕਿੰਨਾ ਕੁਝ ਸੀ ਉਸ ਮਨ ਮੰਦਰ।
426.
ਵਾਹ! ਮਨ ਮੇਰੇ, ਹੱਥ ਦੀਆਂ ਛੱਡ ਕੇ ਉੱਡਦੀਆਂ ਦੇ ਪਿੱਛੇ ਭੱਜਦਾ। ਬੇਬਸ ਹੋ ਕੇ ਤਪਦਾ ਖਪਦਾ, ਫਿਰਦੈਂ ਬੱਦਲ ਵਾਂਗੂੰ ਗੱਜਦਾ। ਸਬਰ ਸਿਦਕ ਸੰਤੋਖ ਦੀ ਪੂੰਜੀ,ਤੈਨੂੰ ਤੇਰੇ ਵਿਰਸੇ ਦਿੱਤੀ, ਫਿਰ ਕਿਉਂ ਸਭ ਕੁਝ ਹੁੰਦਿਆਂ ਸੁੰਦਿਆਂ,ਬਦਨੀਤਾ ਤੂੰ ਅਜੇ ਨਾ ਰੱਜਦਾ।
427.
ਤੇਰੇ ਤੀਕ ਕਦੇ ਨਾ ਪੁੱਜਦਾ, ਜੇ ਮੁਸ਼ਕਿਲ ਵੰਗਾਰ ਨਾ ਬਣਦੀ। ਸੁਖ ਦੀ ਛਾਵੇਂ ਸੌਂ ਜਾਂਦਾ ਤਾਂ ਕਿੱਦਾਂ ਫੇਰ ਮੁਸੀਬਤ ਛਣਦੀ। ਜ਼ਿੰਦਗੀ! ਤੇਰਾ ਲੱਖ ਸ਼ੁਕਰਾਨਾ, ਧੁੱਪਾਂ ਦਿੱਤੀਆਂ, ਛਾਵਾਂ ਦਿੱਤੀਆਂ, ਏਸੇ ਨੇ ਹੀ ਮੈਨੂੰ ਘੜਿਆ, ਸੋਝੀ ਦਿੱਤੀ ਹੈ ਕਣ ਕਣ ਦੀ।
428.
ਬਿਨ ਸੰਘਰਸ਼ ਕਦੇ ਵੀ ਬੰਦਾ, ਗੱਲਾਂ ਨਾਲ ਮਹਾਨ ਨਹੀਂ ਬਣਦਾ। ਬਿਨਾ ਤਰਾਸ਼ੇ ਪੱਥਰ ਟੁਕੜਾ, ਮਿੱਟੀ ਹੈ, ਭਗਵਾਨ ਨਹੀਂ ਬਣਦਾ। ਕਰਮੋਂ ਖੋਟੇ ਬੰਦਿਆਂ ਦੀ ਬੱਸ ਜੀਭ ਬੋਲਦੀ ਰਹੇ ਨਿਰੰਤਰ, ਬਾਣ ਲੱਗੇ ਬਿਨ ਰੋਸ ਨਾ ਜਾਗੇ, ਐਵੇਂ ਤਾਂ ਮੁੱਕਾ ਨਹੀਂ ਤਣਦਾ।
429.
ਦਿਨ ਚੜ੍ਹਿਆ ਹੈ, ਆ ਜਾ ਆਪਾਂ ਦੋਵੇਂ ਰਲ਼ ਕੇ ਸੂਰਜ ਫੜੀਏ। ਡੰਡਾ ਡੰਡਾ ਸਹਿਜੇ ਸਹਿਜੇ ਕਿਰਨਾਂ ਦੀ ਪੌੜੀ ਤੇ ਚੜ੍ਹੀਏ। ਇਹ ਕਾਰਜ ਨਾ ਸਹਿਜ ਸੁਖਾਲਾ, ਅੱਭੜਵਾਹੇ ਕਰ ਨਾ ਬਹਿਣਾ, ਚਾਨਣ ਦਾ ਹਰ ਵਰਕਾ ਵਰਕਾ, ਸਹਿਜ ਮਤੇ ਹਰ ਅੱਖਰ ਪੜ੍ਹੀਏ।
430.
ਰਿਸ਼ਤਿਆਂ ਦਾ ਨਜ਼ਰਾਨਾ ਕੁਦਰਤ ਦੇ ਜਾਂਦੀ ਹੈ ਚੁੱਪ ਚੁਪੀਤੇ। ਪੱਕ ਪਕੇਰੇ ਹੋ ਜਾਂਦੇ ਨੇ, ਉਮਰਾਂ ਲੰਘਿਆਂ ਵਾਅਦੇ ਕੀਤੇ। ਘੱਟ ਬੋਲਣ ਤੇ ਬਹੁਤਾ ਸਮਝਣ, ਯਾਰ ਨਗੀਨੇ ਓਹੀ ਬਣਦੇ, ਥੋੜਾ ਮਿਲਣ ਦੇ ਬਾਵਜੂਦ ਵੀ, ਧੜਕਣ ਵਿੱਚ ਰਹਿੰਦੇ ਚੁੱਪ ਕੀਤੇ।
431.
ਤਰੇਲ ਦੇ ਮੋਤੀ ਲਿਸ਼ਕ ਰਹੇ ਨੇ ਟਾਹਣੀ ਟਾਹਣੀ ਬਣ ਕੇ ਜਲ ਕਣ। ਸਾਗਰ ਤਪਿਆ ਅੰਬਰੀਂ ਪਹੁੰਚੇ ਸੀਤਲ ਹੋ ਕੇ ਬਿਰਖ਼ੀਂ ਲਮਕਣ। ਇਹ ਅੱਥਰੂ ਨੇ ਪ੍ਰਕਿਰਤੀ ਦੇ ਨੇਤਰ ਖੋਲ੍ਹੋ ਦਰਦ ਪਛਾਣੋ, ਇੱਕ ਤੁਪਕੇ ਵਿੱਚ ਕੀ ਕੁਝ ਬੋਲੇ ਦਮ ਦਮ ਬੋਲੇ ਇਸ ‘ਚੋਂ ਕਣ ਕਣ।
432.
ਕਿਉਂ ਮਹਿਲਾਂ ਦਾ ਮਾਣ ਕਰੇਂ ਤੂੰ, ਰੁੱਖ ਬਿਜੜੇ ਦਾ ਘਰ ਹੁੰਦਾ ਹੈ। ਤੀਲੇ ਬੁਣੇ ਬਣਾਉਣ ਦੇ ਵੇਲੇ ਟੁੱਟ ਨਾ ਜਾਵੇ ਡਰ ਹੁੰਦਾ ਹੈ। ਓਸ ਬਿਰਖ਼ ਜੜ੍ਹ ਆਰੀ ਫੇਰੇਂ,ਆਪਣੇ ਬੂਹੇ ਬਾਰੀਆਂ ਖ਼ਾਤਰ, ਉਸ ਦੀ ਥਾਂ ਤੇ ਬਹਿ ਕੇ ਸੋਚੀਂ, ਸਦਮਾ ਕਿੱਦਾਂ ਜਰ ਹੁੰਦਾ ਹੈ।
433.
ਧਰਤੀ ਵਿਹੜੇ ਰੌਣਕ ਖੇਡੇ ਇਉਂ ਲੱਗੇ ਜਿਉਂ ਸੂਰਜ ਹੱਸਿਆ। ਰੁੱਖ ਦੀ ਗੋਦੀ ਫੁੱਲ ਖਿੜੇ ਨੇ ਜੜ੍ਹ ਆਪਣਾ ਸਿਰਨਾਵਾਂ ਦੱਸਿਆ। ਵੇਖਣ ਵਾਲਿਆ ਕੋਲ ਖਲੋ ਕੇ ਆਖ ਮੁਬਾਰਕ ਏਸ ਘੜੀ ਨੂੰ, ਇਹ ਕੁਦਰਤ ਦੀ ਪੂਰਨਮਾਸ਼ੀ ਬਾਕੀ ਵਕਤ ਸਦੀਵੀ ਮੱਸਿਆ।
434.
ਵੈਦ ਕਿਹਾ ਕਿ ਤੇਰੇ ਅੰਦਰ ਖ਼ੂਨ ਕਮੀ ਹੈ,ਖਾਈਂ ਅਨਾਰ। ਜਦੋਂ ਖ਼ਰੀਦਣ ਗਿਆ ਦੋਸਤੋ, ਮੈਨੂੰ ਠੱਗਿਆ ਸਰੇ ਬਾਜ਼ਾਰ। ਇਸ ਵਿੱਚ ਖ਼ੁਦ ਵੀ ਰੱਤ ਨਹੀਂ ਸੀ, ਹੋਇਆ ਇਸ ਦਾ ਖ਼ੂਨ ਸਫ਼ੈਦ, ਕੰਪਨੀਆਂ ਦੀ ਪੈ ਗਈ ਇਸਨੂੰ, ਸਾਥੋਂ ਪਹਿਲਾਂ ਕੈਸੀ ਮਾਰ।
435.
ਵੇਖ ਕਿਵੇਂ ਧਰਤੀ ਦੇ ਵਿਹੜੇ, ਕਾਦਰ ਨੇ ਸ਼ਿੰਗਾਰ ਹੈ ਕਰਿਆ। ਨਾਲ ਕਰੀਨੇ ਪੱਤੀ ਪੱਤੀ ਸਾਡੀ ਖ਼ਾਤਰ ਕਿਸ ਵਿਧ ਧਰਿਆ। ਕਾਹਲ ਕਦਮਿਆ! ਭੱਜ ਗਿਐਂ ਕੋਲੋਂ ਕੰਡ ਕਰਕੇ ਤੂੰ ਕਿੱਥੇ ਚੱਲਿਆ, ਕੋਲ ਖਲੋ ਕੇ ਮਹਿਕ ਮਾਣਦਾ, ਤੈਥੋਂ ਤਾਂ ਏਨਾ ਨਹੀਂ ਸਰਿਆ।
436.
ਲੱਖ ਵਾਰੀ ਸਮਝਾਇਆ ਤੈਨੂੰ ਸੂਰਜ ਹੈ ਅਗਨੀ ਦਾ ਗੋਲ਼ਾ। ਚੌਵੀ ਘੰਟੇ ਭੱਜਾ ਫਿਰਦਾ ਏਧਰ ਓਧਰ ਲੈ ਕੇ ਝੋਲਾ। ਚਾਨਣ ਵੰਡਦਾ,ਹਿੱਸੇ ਆਉਂਦਾ,ਹਰ ਧਰਤੀ ਤੇ ਘਰ ਘਰ ਜਾ ਕੇ, ਥੈਲੀਸ਼ਾਹਾ! ਇਸ ਤੋਂ ਸਿੱਖ ਲੈ, ਹੋਇਆ ਫਿਰਦੈਂ ਅੰਨ੍ਹਾ ਬੋਲ਼ਾ।
437.
ਹਰ ਯੁਗ ਅੰਦਰ ਸੂਲੀ ਚੜ੍ਹਦਾ ਹੱਕ ਸੱਚ ਲਈ ਮਰੀਅਮ ਦਾ ਜਾਇਆ। ਏਸੇ ਕਰਕੇ ਗ਼ਰਜ਼ਾਂ ਮਾਰਿਆਂ ਆਪਣਾ ਆਪਣਾ ਫ਼ਰਜ਼ ਭੁਲਾਇਆ। ਹਰ ਵਰਕਾ ਇਤਿਹਾਸ ਦਾ ਪੜ੍ਹ ਲਉ, ਹਰਫ਼ ਹਰਫ਼ ਇਹ ਕੂਕ ਪੁਕਾਰੇ, ਵਾਰਸ ਉਸ ਦੀ ਛਾਂ ਨੂੰ ਮਾਨਣ, ਪੁਰਖ਼ਿਆਂ ਜੋ ਵੀ ਬੂਟਾ ਲਾਇਆ।
438.
ਸੌਣ ਤੋਂ ਪਹਿਲਾਂ ਰੋਜ਼ ਰਾਤ ਨੂੰ ਮਨ ਦੀ ਆਪ ਕਚਹਿਰੀ ਲਾਈਏ। ਚੰਗਾ ਮਾੜਾ ਜੋ ਕੁਝ ਕੀਤਾ, ਨਿਰਖ਼ ਪਰਖ਼ ਕੇ ਮਨ ਸਮਝਾਈਏ। ਹੋਰ ਕਿਸੇ ਨੂੰ ਕਿਉਂ ਪੁੱਛਦੇ ਹਾਂ,ਕਿਹੜਾ ਸਾਨੂੰ ਕੀ ਕਹਿੰਦਾ ਹੈ, ਰੂਹ ਤੋਂ ਕਾਹਦੀ ਪਰਦਾਦਾਰੀ, ਆਪਣਾ ਘਰ ਹੈ ਆਈਏ ਜਾਈਏ।
439.
ਮੈਂ ਫੁੱਲਾਂ ਨੂੰ ਜਦ ਵੀ ਮਿਲਦਾਂ, ਤੇਰੇ ਨਕਸ਼ ਨਿਹਾਰਦਾ ਰਹਿੰਦਾਂ। ‘ਵਾਜ਼ ਨਾ ਭਾਵੇਂ ਸੰਘੋਂ ਨਿਕਲੇ, ਪਰ ਮੈਂ ਟਾਹਰਾਂ ਮਾਰਦਾ ਰਹਿੰਦਾਂ। ਤੇਰੇ ਤੀਕ ਪੁਕਾਰ ਨਾ ਪਹੁੰਚੇ, ਫਿਰ ਕੀ ਹੋਇਆ ਚੱਲ ਉਹ ਜਾਣੇਂ, ਮੈਂ ਤਾਂ ਆਪਣੇ ਸਿਰ ਤੋਂ ਕਰਜ਼ਾ ਜੋ ਪੁੱਗਦਾ ਹੈ ਤਾਰਦਾ ਰਹਿੰਦਾਂ।
440.
ਸ਼ੋਰ ਚੁਫ਼ੇਰੇ ਮਰ ਚੱਲੇ ਹੋ, ਚੁੱਪ ਦੀ ‘ਵਾਜ਼ ਕਦੇ ਨਹੀਂ ਸੁਣਦੇ। ਆਪਣਾ ਆਪ ਗੁਆਚ ਗਿਆ ਹੈ ਖ਼ੁਰ ਚੱਲੇ ਹੋਰਾਂ ਨੂੰ ਪੁਣਦੇ। ਲੱਗਿਆ ਹੈ ਦੀਵਾਰ ਦੇ ਉੱਤੇ ਆਦਮ ਕੱਦ ਤੋਂ ਵੱਡਾ ਸ਼ੀਸ਼ਾ, ਵਕਤ ਵੇਖਦਾ ਰੋਜ਼ ਦਿਹਾੜੀ, ਕੀ ਫਿਰਦੇ ਹੋ ਤਾਣੇ ਬੁਣਦੇ।
441.
ਸੁਪਨਿਆਂ ਦਾ ਸੰਸਾਰ ਹੈ ਜੀਵਨ, ਬੁਣਤੀ ਕਰਦੇ ਕਰਦੇ ਮਰੀਏ। ਅਰਥਵਾਨ ਸੁਪਨੇ ਦੀ ਖ਼ਾਤਰ, ਕੀਮਤ ਤਾਰਨ ਤੋਂ ਵੀ ਡਰੀਏ। ਇਹ ਜਿੰਦੜੀ ਤਾਂ ਚਾਰ ਦਿਹਾੜੇ, ਕਹਿੰਦਾ ਹਾਂ ਪਰ ਮੰਨਦੇ ਨਹੀਂਉਂ, ਅਰਥਹੀਣ ਜ਼ਿੰਦਗਾਨੀ ਨਾਲੋਂ, ਸੁਪਨੇ ਪਾਲਣ ਦੇ ਲਈ ਮਰੀਏ।
442.
ਬਿਰਖ ਬੂਟਿਆਂ ਦੱਸਿਆ ਮੈਨੂੰ, ਹਰ ਮੌਸਮ ਵਿੱਚ ਫੁੱਲ ਨਹੀਂ ਖਿੜਦੇ। ਤਾਕਤਵਰ ਹੰਕਾਰ ਦੇ ਡੰਗੇ, ਐਵੇਂ ਫਿਰਦੇ ਹਰ ਪਲ ਤਿੜਦੇ। ਕਾਦਰ ਲਿਖੀ ਕਿਤਾਬ ਪਿਆਰੀ,ਵਰਕਾ ਵਰਕਾ ਖ਼ੁਦ ਸਮਝਾਵੇ, ਬੰਦਿਆ! ਬੰਦਾ ਬਣ ਕੇ ਰਹਿ ਤੂੰ, ਪਸ਼ੂ ਹਮੇਸ਼ਾਂ ਰਹਿੰਦੇ ਭਿੜਦੇ।
443.
ਘਾੜੇ ਦੇ ਹੱਥ ਲੱਗਣੋਂ ਪਹਿਲਾ, ਹਰ ਹੀਰਾ ਹੀ ਹੁੰਦਾ ਪੱਥਰ। ਬਹੁਤੇ ਲੋਕੀਂ ਸਮਝਣ ਨਾ ਇਹ ਮਾਣਕ ਮੋਤੀ ਅੱਖ ਦੇ ਅੱਥਰ। ਰੋ ਰੋ ਉਮਰ ਗੁਜ਼ਾਰਨ ਵਾਲੇ, ਸਮਿਆਂ ਦਾ ਸ਼ੀਸ਼ਾ ਨਾ ਵੇਖਣ, ਮੁਸ਼ਕਿਲ ਪਲ ਦੇ ਆਉਣ ਤੋਂ ਪਹਿਲਾਂ ਤੁਰਤ ਵਿਛਾ ਕੇ ਬੈਠਣ ਸੱਥਰ।
444.
ਅੱਧ ਖਿੜੀਆਂ ਡੰਡੀਆਂ ਨੇ ਪਿੱਛੇ,ਸੁਰਖ਼ ਗੁਲਾਬ ਅਜੇ ਇੱਕ ਖਿੜਿਆ। ਹੱਕ ਸੱਚ ਦੀ ਰਖਵਾਲੀ ਖ਼ਾਤਰ,ਕੁੱਲ ਮੁਲਖਈਆ ਤਾਂ ਨਹੀਂ ਭਿੜਿਆ। ਤਾਜ ਤਖ਼ਤ ਨੂੰ ਭਰਮ ਰਹੇ ਨਾ, ਡੋਡੀਆਂ ਨੂੰ ਉਹ ਭੋਰ ਦਏਗਾ, ਲੋਕ ਸ਼ਕਤੀਆਂ ਅੱਗੇ ਅੱਜ ਤੱਕ, ਓਹ ਹੀ ਝੁਕਿਆ ਜੋ ਵੀ ਤਿੜਿਆ।
445.
ਤਲਖ਼ ਬੁਝਾਰਤ ਧੀ ਪੁੱਛਦੀ ਹੈ, ਦੱਸ ਨੀ ਦੱਸ ਨੀ ਮੇਰੀ ਮਾਂ। ਥਾਲੀ ਵਿੱਚੋਂ ਕਿਉਂ ਲੈ ਜਾਂਦਾ ਸਾਥੋਂ ਰੋਟੀ ਟੁੱਕਰ ਕਾਂ। ਦੇਸ਼ ਪ੍ਰੇਮ ਤੇ ਭਗਤੀ ਦੇਂਦੇ ਨੇਤਾ ਜੀ ਉਪਦੇਸ਼ ਬੜੇ, ਫਿਰਨ ਆਵਾਰਾ ਗਊਆਂ ਜਿੱਥੇ, ਉਸ ਧਰਤੀ ਦਾ ਕੀ ਹੈ ਨਾਂ।
446.
ਸੋਚਾਂ ਦੀ ਖ਼ਾਮੋਸ਼ ਨਦੀ ਵਿੱਚ ਹਰ ਵੇਲੇ ਪਾਣੀ ਨਹੀਂ ਵਹਿੰਦਾ। ਵੇਖ ਲਿਆ ਕਰ ਸੂਰਜ ਰਾਣਾ ਕੀ ਕਹਿੰਦਾ ਹੈ ਚੜ੍ਹਦਾ ਲਹਿੰਦਾ। ਘੁੰਮਣਘੇਰ ਹਵਾ ਦੇ ਅੰਦਰ ਮਿੱਟੀ ਘੱਟਾ ਰਲ਼ ਜਾਂਦੇ ਨੇ, ਉਮਰ ਤਜ਼ਰਬੇ ਨੇ ਇਹ ਦੱਸਿਐ, ਬਾਤ ਕਿਤਾਬੀ ਮੈਂ ਨਹੀਂ ਕਹਿੰਦਾ।
447.
ਅੰਦਰੇ ਅੰਦਰ ਦਮ ਘੁੱਟ ਜਾਊ, ਮਨ ਮੰਦਰ ਦੀ ਖਿੜਕੀ ਖੋਲ੍ਹੋ। ਫੁੱਲ ਪੱਤੀਆਂ ਖ਼ੁਸ਼ਬੋਆਂ ਬਣ ਕੇ,ਚਾਰ ਚੁਫ਼ੇਰੇ ਰੌਣਕ ਡੋਲ੍ਹੋ। ਅੱਜ ਦਾ ਵਕਤ ਗੁਆਚ ਨਾ ਜਾਵੇ, ਕੱਲ੍ਹ ਕਾਲ ਦਾ ਨਾਮ ਸੋਹਣਿਉਂ, ਸ਼ਬਦ ਸਲਾਮਤ ਰਹਿਣ ਹਮੇਸ਼ਾਂ, ਮੂੰਹੋਂ ਬੋਲੋ ਮਿਸ਼ਰੀ ਘੋਲ੍ਹੋ।
448.
ਇਹ ਗੱਲ ਪੱਕੀ ਪੱਲੇ ਬੰਨ੍ਹ ਲਉ, ਵਕਤ ਗੁਆਚਾ ਹੱਥ ਨਹੀਂ ਆਉਂਦਾ। ਪਲ ਦਾ ਖੁੰਝਿਆ ਮੇਰੇ ਵਰਗਾ, ਸਾਰੀ ਉਮਰ ਰਹੇ ਪਛਤਾਉਂਦਾ। ਮਾਰ ਪਲਾਕੀ ਚੜ੍ਹਨਾ ਸਿੱਖੀਏ, ਅੱਥਰੇ ਘੋੜੇ ਦੀ ਕੰਡ ਉੱਤੇ, ਸਮਾਂ ਉਡੀਕ ਕਦੇ ਨਹੀਂ ਕਰਦਾ, ਅਸਵਾਰਾਂ ਨੂੰ ਪਾਰ ਲਗਾਉਂਦਾ।
449.
ਕੀ ਕਹਿ ਸਕਦਾਂ ਬੀਜ ਦੇ ਬਾਰੇ, ਮੈਂ ਤਾਂ ਫੁੱਲ ਨੂੰ ਵੇਖਿਆ ਖਿੜਿਆ। ਮਿੱਟੀ ਅੰਦਰ ਕਿੱਦਾਂ ਉੱਗਿਆ, ਨਾਲ ਮੌਸਮਾਂ ਕਿੱਦਾਂ ਭਿੜਿਆ। ਇਹ ਜਾਨਣ ਦੀ ਤਾਂਘ ਅਜ਼ਲ ਤੋਂ, ਇਸ ਵਿੱਚ ਕਿੱਦਾਂ ਰੰਗ ਭਰਦੇ ਨੇ, ਭਟਕਦਿਆਂ ਹੀ ਉਮਰ ਗੁਆਚੀ, ਚਰਖ਼ ਸਮੇਂ ਦਾ ਐਸਾ ਗਿੜਿਆ।
450.
ਸੋਚਾਂ ਦੀ ਖ਼ਾਮੋਸ਼ ਨਦੀ ਵਿੱਚ ਹਰ ਵੇਲੇ ਪਾਣੀ ਨਹੀਂ ਵਹਿੰਦਾ। ਵੇਖ ਲਿਆ ਕਰ ਸੂਰਜ ਰਾਣਾ ਕੀ ਕਹਿੰਦਾ ਹੈ ਚੜ੍ਹਦਾ ਲਹਿੰਦਾ। ਘੁੰਮਣਘੇਰ ਹਵਾ ਦੇ ਅੰਦਰ ਮਿੱਟੀ ਘੱਟਾ ਰਲ਼ ਜਾਂਦੇ ਨੇ, ਉਮਰ ਤਜ਼ਰਬੇ ਨੇ ਇਹ ਦੱਸਿਐ, ਬਾਤ ਕਿਤਾਬੀ ਮੈਂ ਨਹੀਂ ਕਹਿੰਦਾ।
451.
ਵੇ ਬੱਚਿਆ, ਨਾ ਕਦੇ ਵਿਸਾਰੀਂ, ਕੁਦਰਤ ਵਰਗੀ ਮਾਂ ਨਹੀਂ ਲੱਭਣੀ। ਜੰਮੇ ਪਾਲ਼ੇ ਖੇਡ ਖਿਡਾਵੇ, ਤੁਰ ਗਈ ਤਾਂ ਫਿਰ ਮਾਂ ਨਹੀਂ ਲੱਭਣੀ। ਮਾਂ ਬੋਲੀ ਨੇ ਦੱਸਿਆ ਜੀਣਾ, ਹੱਸਣਾ, ਗੌਣਾ, ਰੋ ਮੂੰਹ ਧੋਣਾ, ਤਿੰਨਾਂ ਤੋਂ ਜੇ ਟੁੱਟ ਗਿਆ ਤਾਂ, ਥਲ ਵਿੱਚ ਸੰਘਣੀ ਛਾਂ ਨਹੀਂ ਲੱਭਣੀ।
452.
ਨਾ ਮੌਸਮ ਨਾ ਤਲਖ਼ ਸਮੁੰਦਰ ਬਦਲ ਸਕਾਂ ਮੈਂ ਤਰਲੇ ਕਰਕੇ। ਤਰ ਸਕਦਾ ਹਾਂ ਇਸ ਦੀ ਹਿੱਕ ਤੇ, ਬਹਿਣਾ ਨਹੀਂ ਮੈਂ ਇਸ ਤੋਂ ਡਰ ਕੇ। ਲਹਿਰਾਂ ਤੇ ਤੂਫ਼ਾਨ ਹਮੇਸ਼ਾਂ ਆਉਂਦੇ ਸਾਡੀ ਹਿੰਮਤ ਪਰਖ਼ਣ, ਹਰ ਮੁਸ਼ਕਿਲ ਵੰਗਾਰਾਂਗਾ ਮੈਂ, ਇਹ ਵੀ ਸਿਤਮ ਕਰੇ ਜੀ ਭਰ ਕੇ।
453.
ਉੱਡਿਆ ਫਿਰਦੈਂ ਬੱਦਲਾਂ ਵਾਂਗੂੰ, ਹਿਰਨਾਂ ਦੇ ਸਿੰਗਾਂ ਤੇ ਚੜ੍ਹ ਕੇ। ਜਦੋਂ ਮੁਸੀਬਤ ਦਰ ਖੜਕਾਵੇ, ਬਹਿ ਜਾਂਦਾ ਏਂ ਅੰਦਰ ਵੜ ਕੇ। ਢੇਰੀ ਢਾਹ ਨਾ ਬਹਿ ਜਾਇਆ ਕਰ, ਹਿੰਮਤ ਕਰ ਲੈ ਸ਼ੇਰ ਜਵਾਨਾ, ਜ਼ਿੰਦਗੀ ਤਾਂ ਸੰਗਰਾਮ ਦਾ ਨਾਂ ਹੈ,ਵੇਖ ਜ਼ਰਾ ਇਤਿਹਾਸ ਨੂੰ ਪੜ੍ਹ ਕੇ।
454.
ਸਾਂਭਣ ਵਾਲੇ ਸਾਂਭ ਰਹੇ ਨੇ ਅੱਖਰਾਂ ਦਾ ਮੱਥੇ ਵਿੱਚ ਚਾਨਣ। ਚੂਹੇ ਦੌੜ ‘ਚ ਰੁੱਝੇ ਲੋਕੀਂ, ਉਹ ਕੀ ਸਾਰ ਗਿਆਨ ਦੀ ਜਾਨਣ। ਚੇਤਨ ਹਸਤੀ ਅਸਲੀ ਪੂੰਜੀ ਸਗਲ ਹਯਾਤੀ ਮੁੱਕਦੀ ਨਹੀਂਉਂ, ਲਾਲਟੈਣ ਲੈ ਅੱਗੇ ਤੁਰਦੇ, ਜਿਉਂ ਹਾਣੀ ਸੰਗ ਤੁਰਦੀ ਹਾਨਣ।
455.
ਕੰਕਰੀਟ ਦੇ ਕੈਦੀ ਲੋਕੋ, ਬਾਗ ਬਗੀਚਿਆਂ ਅੰਦਰ ਆਉ। ਫ਼ਲ ਤੋਂ ਪਹਿਲਾਂ ਫੁੱਲ ਆਉਂਦੇ ਨੇ, ਇਨ੍ਹਾਂ ਦੇ ਸੰਗ ਨਜ਼ਰ ਮਿਲਾਉ। ਸ਼ਹਿਦ ਦੀਆਂ ਮੱਖੀਆਂ ਦਾ ਮੇਲਾ ਇਸ ਮੌਸਮ ਵਿੱਚ ਭਰਦਾ ਪੂਰਾ, ਕਿੱਦਾਂ ਚੁੰਮਣ ਫੁੱਲਾਂ ਦਾ ਮੂੰਹ,ਇਹ ਪਲ ਰੂਹ ਦੇ ਅੰਦਰ ਪਾਉ।
456.
ਬਸਤੇ ਵਿੱਚੋਂ ਊੜਾ ਐੜਾ, ਸਮਝ ਪੌੜੀਆਂ ਚੜ੍ਹਦਾ ਆਇਆਂ। ਏਸ ਆਸਰੇ ਹਰ ਮੁਸ਼ਕਿਲ ਦੇ ਨਾਲ ਹਮੇਸ਼ਾਂ ਲੜਦਾ ਆਇਆਂ। ਏ ਬੀ ਸੀ ਡੀ ਨਾਲ ਬਰਾਬਰ ਤੁਰਦਾ ਤੁਰਦਾ ਏਥੇ ਪਹੁੰਚਾਂ, ਧਰਤੀ ਅੰਬਰ ਹਰ ਮੱਥੇ ਦੀ ਸਗਲ ਇਬਾਰਤ ਪੜ੍ਹਦਾ ਆਇਆਂ।
457.
ਲੋੜ ਮੁਤਾਬਕ ਜੀਣਾ ਸਿੱਖੀਏ, ਇੱਛਾਵਾਂ ਦਾ ਜੰਗਲ ਭਟਕਣ। ਨਿਸ਼ਚਾਧਾਰੀ ਮੰਜ਼ਿਲ ਮੱਲਦੇ, ਦੋਚਿੱਤੇ ਤਾਂ ਰਾਹ ਵਿੱਚ ਅਟਕਣ। ਇੱਕੋ ਨੁਕਤਾ ਸਮਝ ਪਵੇ ਤਾਂ ਹਰ ਦਿਨ ਵਾਂਗ ਦੀਵਾਲੀ ਹੋਵੇ, ਸਬਰ ਸਿਦਕ ਸੰਤੋਖ ਜੇ ਪੱਲੇ, ਤ੍ਰਿਸ਼ੰਕੂ ਨਾ ਮੂਧੇ ਲਟਕਣ।
458.
ਪੱਤਝੜ ਮਗਰੋਂ ਸੁਰਖ਼ ਪੀਲੀਆਂ, ਪਿੱਪਲ ਗੋਦ ‘ਚ ਖੇਡਣ ਪੱਤੀਆਂ। ਪਵਨ ਸਮੀਰ ਵਗੇ ਤਾਂ ਝੂਮਣ, ਅਜਬ ਖ਼ੁਮਾਰ ਦੇ ਅੰਦਰ ਮੱਤੀਆਂ। ਇਨ੍ਹਾਂ ਵਿੱਚ ਦੀ ਸੂਰਜ ਵੇਖੋ, ਚੁਗਲ ਝਾਤੀਆਂ ਮਾਰ ਰਿਹਾ ਹੈ, ਏਸੇ ਨੇ ਧਰਤੀ ਖ਼ਾਤਰ ਚਾਨਣ ਰੰਗੀਆਂ ਪੂਣੀਆਂ ਕੱਤੀਆਂ।
459.
ਹਰ ਖੁੱਲ੍ਹੀ ਅੱਖ ਵੇਖਦੀ ਨਹੀਉਂ, ਏਨੀ ਗੱਲ ਨੂੰ ਚੇਤੇ ਰੱਖਣਾ। ਬੰਦ ਅੱਖੀਆਂ ਦੀ ਅੰਤਰ ਦ੍ਰਿਸ਼ਟੀ ਵੇਖੇ ਸਾਨੂੰ ਹਰ ਪਲ ਮੱਖਣਾ। ਧਰਤ ਆਕਾਸ਼ ਸਮੁੰਦਰ ਗਾਹੁੰਦੇ ਦੋ ਨੈਣਾਂ ਦੇ ਸੰਦਲੀ ਬੂਹੇ, ਹਰ ਸਾਹ ਦੱਸਦੇ ਤੈਨੂੰ ਮੈਨੂੰ, ਕੀ ਛੱਡਣਾ ਤੇ ਕੀ ਹੈ ਚੱਖਣਾ।
460.
ਹੇ ਧਰਤੀ ਦੇ ਜਾਇਉ ! ਜਾਗੋ, ਸਾਜ਼ਾਂ ਨਾਲ ਆਵਾਜ਼ ਮਿਲਾਉ। ਰਾਗ ਨਾਦ ਸ਼ਬਦਾਂ ਦੀ ਸੰਗਤ, ਭਾਗਾਂ ਵਾਲਿਉ, ਰੂਹ ਤ੍ਰਿਪਤਾਉ। ਰਾਵੀ ਪਾਰ ਬਾਰ ਦੇ ਢੋਲੇ, ਮਾਝੇ ਦੀ ਸੱਦ, ਹੇਕ ਮਾਲਵਾ, ਦੇਸ ਦੋਆਬਾ, ਸਣੇ ਪੁਆਧਾ,ਮਨ ਮੰਦਰ ਵਿੱਚ ਜੋਤ ਜਗਾਉ।
461.
ਨਵੇਂ ਸਾਲ ਦਾ ਪਹਿਲਾ ਦਿਨ ਹੈ, ਖਿੜਿਆ ਖੇੜਾ ਚੇਤਰ ਚੜ੍ਹਿਆ। ਮੈਂ ਵੀ ਆਸ ਉਮੀਦਾਂ ਵਾਲਾ, ਘੁੱਟ ਕੇ ਇਸ ਦਾ ਪੱਲਾ ਫੜਿਆ। ਫੱਗਣ ਜਾਂਦਾ ਰਾਤੀਂ ਮੇਰੇ, ਕੰਨੀਂ ਇਹ ਗੱਲ ਬੀਜ ਗਿਆ ਏ, ਜਿਹੜੇ ਲੋਕ ਵਿਰਾਸਤ ਛੱਡਦੇ, ਦਿਨ ਗਿਣਤੀ ਦੇ ਥੋੜੇ ਅੜਿਆ!
462.
ਬਾਗ ਤੇ ਬਗੀਚਿਆਂ ਨੂੰ ਆਪ ਕਰੇ ਤਹਿਸ ਨਹਿਸ, ਕਿਹੜਾ ਭਾਈ ਗਿਣੂ ਐਸੇ ਬੰਦਿਆਂ ਨੂੰ ਮਾਲੀਆਂ’ਚ। ਦਾਣਾ ਨਾ ਉਗਾਇਆ ਜਿਸ, ਸੂਈ ਨਾ ਬਣਾਈ ਘੜੀ, ਅੱਠੇ ਪਹਿਰ ਰਹੇ ਗਲਤਾਨ ਜੋ ਦਲਾਲੀਆਂ, ਚ। ਐਸਾ ਸੁਲਤਾਨ, ਜੀਹਦਾ ਦੀਨ ਨਾ ਈਮਾਨ ਸੁੱਚਾ, ਆਪਣੇ ਵਜੂਦ ਬਿਨਾ ਹੋਰ ਨਹੀਂਉਂ ਸੋਚਦਾ, ਕੱਲ੍ਹ ਰਾਤੀਂ ਸੁਣੀ ਏਦਾਂ ਤੁਰੇ ਜਾਂਦੇ ਬੰਦਿਆ ਤੋਂ, ਕਰਦੇ ਸੀ ਖੇਤਾਂ ਵਾਲੇ ਗੱਲਾਂ ਇਹ ਟਰਾਲੀਆਂ ‘ਚ।
463.
ਪੰਜਾਂ ਵਿੱਚ ਪਰਮੇਸ਼ਰ ਵੱਸਦਾ, ਪੰਜੇ ਇਹ ਹੀ ਕਹਿੰਦੇ। ਪਰ ਪੰਜਾਂ ਦੀ ਖੋਟੀ ਕਿਸਮਤ,ਵੱਖਰੇ ਵੱਖਰੇ ਬਹਿੰਦੇ। ਦੁਨੀਆਂ ਭਰ ਦੇ ਕਾਮਿਉ! ‘ਕੱਠੇ ਹੋਇਆਂ ਮਿਲਦੀ ਮੁਕਤੀ, ਆਪਣੀ ਆਖੀ ਉੱਪਰ ਇਹ ਕਿਉਂ ਇੱਕ ਪਲ ਵੀ ਨਹੀਂ ਰਹਿੰਦੇ।
464.
ਧੀਏ ਨੀ ਗੁਲਕੰਦ ਵਰਗੀਏ। ਏਕਮ ਫਾੜੀ ਚੰਦ ਵਰਗੀਏ। ਤੂੰ ਆਈ ਮਨ ਚੰਬਾ ਖਿੜਿਆ, ਰੇਸ਼ਮ ਸੁੱਚੀ ਤੰਦ ਵਰਗੀਏ।
465.
ਜਿਹੜੀ ਥਾਂ ਵੀ ਫੁੱਲ ਖਿੜਦੇ ਨੇ, ਕੰਡਿਆਂ ਦੀ ਹੈ ਵਾੜ ਬਰਾਬਰ। ਰਾਖੀ ਦੇ ਲਈ ਰੱਖਣੀ ਪੈਂਦੀ ,ਪਸ਼ੂਆਂ ਤੇ ਵੀ ਤਾੜ ਬਰਾਬਰ। ਖਿੜੇ ਖਿੜਾਏ ਤੋੜਨ ਵਾਲੇ ਮੰਡੀ ਅੰਦਰ ਸਭ ਕੁਝ ਵੇਚਣ, ਏਸੇ ਕਰਕੇ ਇਨ੍ਹਾਂ ਦੇ ਦਿਲ ਅੰਦਰ ਪੈਂਦਾ ਸਾੜ ਬਰਾਬਰ।
466.
ਮੁਲਾਕਾਤ ਹੋਵੇ ਨਾ ਹੋਵੇ, ਬੰਦ ਗੁਫ਼ਤਗੂ ਕਦੇ ਨਾ ਕਰਨਾ। ਰਿਸ਼ਤਿਆਂ ਦੀ ਤੰਦ ਟੁੱਟ ਜਾਵੇ ਤਾਂ , ਵਕਤੋਂ ਪਹਿਲਾਂ ਪੈਂਦਾ ਮਰਨਾ। ਕੋਸ਼ਿਸ਼ ਕਰਿਉ, ਸਾਹਾਂ ਵਰਗਿਉ, ਐਸਾ ਵਕਤ ਕਦੇ ਨਾ ਆਵੇ, ਦਿਲ ਦੀ ਦੱਸਾਂ, ਬਿਨਾ ਤੁਹਾਡੇ,ਮੇਰਾ ਤਾਂ ਬਿਲਕੁਲ ਨਹੀ ਸਰਨਾ।
467.
ਮੰਡੀ ਦੇ ਵਿੱਚ ਵਿਕਦੇ ਅਕਸਰ,ਨਕਲੀ ਫੁੱਲ ਗੁਲਾਬ ਦੇ। ਮਹਿਕ ਵਿਹੂਣੇ ਆਕੜਦੇ ਇਹ, ਬਿਨ ਉੱਗਿਆਂ ਬਿਨ ਦਾਬ ਦੇ। ਬੇਨਸਲਾਂ ਦੇ ਕਦਰਦਾਨ ਤਾਂ ਫ਼ੈਲ ਗਏ ਨੇ ਘਰ ਘਰ ਤੀਕ, ਰੁਲ਼ਦੇ ਸੁੱਚੇ ਫੁੱਲ ਗੁਲਾਬੀ,ਕਿਰਤੀ ਪੁੱਤ ਪੰਜਾਬ ਦੇ।
468.
ਜਿਹੜੇ ਦਾਇਰਿਆਂ ‘ ਚ ਘਿਰੇ ਤੇ ਲਕੀਰਾਂ ਦੇ ਗੁਲਾਮ। ਉਹੀਓ ਹੁੰਦੇ ਨੇ ਹਮੇਸ਼ ਹਰ ਮੰਡੀ ‘ਚ ਨੀਲਾਮ। ਕਦੇ ਵੇਖੀ ਨਾ ਮੈਂ ਮਿਰਗਾਂ ਦੇ ਨੱਕ ਵਿੱਚ ਨੱਥ, ਨਾ ਹੀ ਸ਼ੇਰਾਂ ਦੇ ਮੂੰਹ ਪਾਈ ਵੇਖੀ ਕਦੇ ਵੀ ਲਗਾਮ।
469.
ਭਰ ਜਾਂਦਾ ਏ ਸਾਡੇ ਸੁੱਤਿਆਂ, ਫੁੱਲਾਂ ਅੰਦਰ ਰੰਗ ਲਲਾਰੀ। ਵੰਨ ਸੁਵੰਨੀਆਂ ਕਿਰਨਾਂ ਕੂਚੀ, ਫੇਰੇ ਸਭ ਤੇ ਇੱਕੋ ਵਾਰੀ। ਹਰ ਬੂਟੇ ਦੀ ਆਪਣੀ ਸੀਮਾ ਨੀਲਾ,ਪੀਲਾ,ਸੂਹਾ ਚੁਣਨਾ, ਰਲ ਮਿਲ ਕੇ ਹੀ ਬਣਦੀ ਏਦਾਂ ਧਰਤੀ ਮਾਂ ਦੇ ਸਿਰ ਫੁਲਕਾਰੀ।
470.
ਬਹੁਤਿਆਂ ਪੱਲੇ ਏਸੇ ਕਰਕੇ ਸੰਘਣੀ ਰੌਣਕ ਤਾਂ ਨਹੀਂ ਹੁੰਦੀ। ਜੜ੍ਹ ਪਰਿਵਾਰ ਸੰਭਾਲਣ ਵਾਲੀ ਬੁੱਕਲ ਧਰਤੀ ਮਾਂ ਨਹੀਂ ਹੁੰਦੀ। ਅੰਬਰ ਵੱਲ ਨੂੰ ਝਾਕਣ ਕਰਕੇ ਵਾਂਗ ਸਫ਼ੈਦਿਆਂ ਚੀਰੇ ਜਾਵਣ, ਬੋਹੜਾਂ ਪਿੱਪਲਾਂ ਪਿਲਕਣ ਵਰਗੀ, ਹਰ ਬੂਟੇ ਦੀ ਛਾਂ ਨਹੀਂ ਹੁੰਦੀ।
471.
ਜਦ ਤੋਂ ਮੈਨੂੰ ਸਮਝ ਪਈ ਹੈ,ਮੇਰੇ ‘ਚੋਂ ਕੋਈ ਹੋਰ ਬੋਲਦਾ। ਉਸ ਦਿਨ ਤੋਂ ਹੀ ਭਟਕ ਰਿਹਾ ਹਾਂ, ਥਾਂ ਥਾਂ ਉਸਨੂੰ ਫਿਰਾਂ ਟੋਲਦਾ। ਤਵਿਆਂ ਵਾਲੇ ਵਾਜੇ ਵਾਂਗੂੰ ਸੂਈ ਧਰ ਕੇ, ਚਾਬੀ ਭਰਦਾ, ਬੱਸ! ਓਹੀ ਨਹੀਂ ਲੱਭਦਾ ਮੈਨੂੰ ਅੰਦਰੋਂ ਬਾਹਰੋਂ ਫਿਰਾਂ ਫ਼ੋਲਦਾ।
472.
ਬੰਜਰ ਧਰਤੀ ਚਾਰ ਚੁਫ਼ੇਰੇ ਉੱਗਿਆ ਹੈ ਵਿਸ਼ਵਾਸ ਦਾ ਬੂਟਾ। ਬੀਜੋਂ ਬਿਰਖ਼ ਇਵੇਂ ਹੀ ਬਣਦਾ, ਹੋਵੇ ਸਮਰੱਥ ਆਸ ਦਾ ਬੂਟਾ। ਏਥੇ ਕੁਝ ਵੀ ਹੋ ਨਹੀਂ ਸਕਦਾ, ਮਨ ਮੇਰੇ ਇਹ ਕਦੇ ਨਾ ਸੋਚੀਂ, ਬੇਗਮਪੁਰਾ ਵਸਾ ਸਕਦਾ ਹੈ, ਦਿੱਲੀ ਮੁੱਢ ਇਤਿਹਾਸ ਦਾ ਬੂਟਾ।
473.
ਦੂਸਰਿਆਂ ਦੀ ਨਕਲ ਕਰਦਿਆਂ ਆਪਣਾ ਅਸਲ ਗੁਆ ਨਾ ਬਹਿਣਾ। ਇਹ ਪਛਤਾਵਾ ਰਹਿੰਦੀ ਉਮਰਾ,ਮਗਰੋਂ ਫਿਰ ਮਗਰੋਂ ਨਹੀਂ ਲਹਿਣਾ। ਆਪਣੀ ਰੂਹ ਦੀ ਦਰਦ ਬਿਆਨੀ, ਹੋਰ ਕਿਸੇ ਨੇ ਕੀ ਕਰਨੀ ਹੈ, ਮਨ ਤੰਦੂਰ ਤੁਹਾਡਾ ਤਪਿਆਂ,ਸੇਕ ਕਿਸੇ ਵੀ ਹੋਰ ਨਾ ਸਹਿਣਾ।
474.
ਧਰਤੀ ਦੀ ਬੁੱਕਲ ਵਿੱਚ ਹਸਤੀ, ਮੇਰੀ ਤਾਂ ਬੱਸ ਕਿਣਕੇ ਮਾਤਰ। ਦਿਨ ਪਹਿ ਰਾਤ ਭਟਕਦਾ ਫਿਰਦਾਂ,ਇਹ ਕਿਣਕਾ ਵਿਸਥਾਰਨ ਖ਼ਾਤਰ। ਸਹਿਜ ਟਿਕਾਉ, ਸਬਰ ਸਮਰਪਣ,ਸਿਦਕ ਸਵਾਸੀਂ, ਟਿਕਦਾ ਹੀ ਨਾ, ਏਸੇ ਕਰਕੇ ਸੱਖਣੀ ਝੋਲ਼ੀ, ਬਣ ਚੱਲਿਆ ਹਾਂ ਤਰਸ ਦਾ ਪਾਤਰ।
475.
ਫ਼ਸਲਾਂ ਨਹੀਂ ਇਹ ਆਸ ਉਮੀਦਾਂ ਪੈਲੀਆਂ ਦੇ ਵਿੱਚ ਲਹਿਰਦੀਆਂ ਨੇ। ਇਹ ਤਾਂ ਪਿੰਡਾਂ ਵਾਲਿਆਂ ਬੀਜੀਆਂ ਬਦਨਜ਼ਰਾਂ ਕਿਉਂ ਸ਼ਹਿਰ ਦੀਆਂ ਨੇ। ਕਿਹੜੇ ਹਾਕਮ ਨਾਲ ਵਾਸਤਾ ਕੱਚੀਆਂ ਪੱਕੀਆਂ ਵੱਢੀ ਜਾਵੇ, ਧਰਮੀ ਬਾਬਲ ਕਹਿਰ ਕਮਾਵੇ,ਸਿਰ ਤੇ ਘੜੀਆਂ ਕਹਿਰ ਦੀਆਂ ਨੇ।
476.
ਜ਼ਿੰਦਗੀ ਤੇਰੇ ਰੰਗ ਅਨੇਕਾਂ ਇੱਕ ਬੁੱਕਲ ਵਿੱਚ ਕੀ ਕੁਝ ਰੱਖਦੀ। ਇੱਕ ਪੁੜੀ ਵਿੱਚ ਅੱਗ ਤੇ ਪਾਣੀ, ਜ਼ਹਿਰ ਤੇ ਅੰਮ੍ਰਿਤ ‘ਕੱਠਿਆਂ ਚੱਖਦੀ। ਸਾਨੂੰ ਵੀ ਇਹ ਜਾਚ ਸਿਖਾ ਦੇ, ਹਰ ਰੰਗ ਦੇ ਵਿੱਚ ਰਹੀਏ ਕਿੱਸਰਾਂ, ਕਿਵੇਂ ਬਣਾਈਏ ਇਸ ਮਿੱਟੀ ਨੂੰ ਸੋਨ ਸੁਨਹਿਰੀ ਕੱਖ ਤੋਂ ਲੱਖ ਦੀ।
477.
ਮਨ ਮੈਦਾਨ ਬਣਾਈਏ ਕਿੱਦਾਂ, ਇਹ ਤਾਂ ਦੱਸ ਦੇ ਯਾਰ ਫ਼ਰੀਦਾ। ਹੋਰ ਬਥੇਰੀਆਂ ਜੰਗਾਂ ਜਿੱਤੀਏ, ਮਨ ਤੋਂ ਜਾਈਏ ਹਾਰ ਫ਼ਰੀਦਾ। ਯਤਨ ਬਥੇਰੇ ਕਰਦਾ ਹਾਂ ਪਰ ਨੇੜੇ ਜਾ ਕੇ ਛੁੱਟ ਜਾਏ ਕੰਨੀ, ਇੱਕ ਰਾਹ ਦੱਸ ਦੇ, ਮਨ ਤੋਂ ਲੱਥੇ ਚੌਰਾਹਿਆਂ ਦਾ ਭਾਰ ਫ਼ਰੀਦਾ।
478.
ਉਮਰ ਬੀਤ ਗਈ ਇਹ ਗੱਲ ਸੁਣਦੇ, ਕਣ ਕਣ ਦੇ ਵਿੱਚ ਵਾਸਾ ਤੇਰਾ। ਮੈਨੂੰ ਇਹ ਗੱਲ ਕੰਨ ਵਿੱਚ ਦੱਸ ਦੇ, ਮਨ ਦਾ ਚੈਨ ਚੁਰਾਵੇ ਕਿਹੜਾ? ਕਿਰਤੀ ਦੀ ਕੁੱਲੀ ਵਿੱਚ ਦੀਵਾ ਡਗਮਗ ਡਗਮਗ ਡੋਲ ਰਿਹਾ ਹੈ, ਮਹਿਲ ਮੁਨਾਰੇ ਅੰਬਰ ਛੋਂਹਦੇ,ਦੱਸ ਇਹ ਪਾੜ ਵਧਾਵੇ ਕਿਹੜਾ?
479.
ਰੂਹ ਦਾ ਗੁਲਾਬ ਖਿੜੇ ਸੱਜਰੀ ਸਵੇਰ ਨਾਲ। ਪਰ ਏਨੀ ਗੱਲ ਪੱਲੇ, ਪਵੇ ਪਰ ਦੇਰ ਨਾਲ। ਬੰਦੇ ਨਾਲ ਬੰਦੇ ਦੀ ਲੜਾਈ,ਕਦੇ ਮੁੱਕੇ ਨਾ, ਲੜਨੈਂ ਤਾਂ ਲੜੋ ਯਾਰੋ,ਮਨ ਦੇ ਹਨ੍ਹੇਰ ਨਾਲ।
480.
ਜਲ ਮਿਲਿਆ ਪਰਮੇਸ਼ਰ ਮਿਲਿਆ ਇਹ ਗੱਲ ਆਪਾਂ ਭੁੱਲ ਗਏ ਆਂ। ਗਰਜਾਂ ਪਿੱਛੇ ਫ਼ਰਜ਼ ਵਿਸਾਰੇ, ਕਿਸ ਤੱਕੜੀ ਵਿੱਚ ਤੁੱਲ ਗਏ ਆਂ। ਵਕਤ ਗੁਆ ਕੁਝ ਹੱਥ ਨਾ ਆਉਣਾ, ਹੁਣ ਵੀ ਵੇਲਾ ਸੰਭਲ਼ ਜਾਈਏ, ਤਿੜਕੇ ਘੜਿਉਂ ਤੁਪਕਾ ਤੁਪਕਾ ਭਾਵੇਂ ਬਹੁਤਾ ਡੁੱਲ੍ਹ ਗਏ ਆਂ।
481.
ਵੇਖ ਲਵੋ ਜੀ ਮੇਰੇ ਪਿੱਛੇ ਵਿਰਸੇ ਦਾ ਸਵੈਮਾਣ ਖੜ੍ਹਾ ਹੈ। ਵਰਤਮਾਨ ਵੀ ਇਹਦੇ ਸਿਰ ਤੇ , ਹੁਣ ਵੀ ਛਾਤੀ ਤਾਣ ਖੜ੍ਹਾ ਹੈ। ਹਰ ਯੁਗ ਅੰਦਰ ਕੂੜ ਹਨ੍ਹੇਰਾ,ਰਾਹੋਂ ਸਦਾ ਕੁਰਾਹੇ ਪਾਵੇ, ਤੀਲ੍ਹੀ ਬਾਲ਼ ਭਜਾਵਾਂਗਾ ਮੈਂ, ਜੇਕਰ ਇਹ ਫਿਰ ਆਣ ਖੜ੍ਹਾ ਹੈ।
482.
ਸੱਚੀ ਗੱਲ ਹੈ, ਮੈਥੋਂ ਇਹ ਕੁਝ ਕਿਣਕਾ ਵੀ ਨਾ ਜਰ ਹੋਇਆ। ਤਪਦੇ ਮਨ ਤੋਂ ਸਰਦ ਹੁੰਗਾਰਾ ਤਾਂਹੀਉਂ ਹੀ ਨਾ ਭਰ ਹੋਇਆ। ਦੋ ਨੈਣਾਂ ਦਾ ਨੀਰ ਬਲੌਰੀ ਡੂੰਘਾ ਸਾਗਰ ਹਾਜ਼ਰ ਸੀ, ਰੂਹ ਦੀ ਇੱਕ ਮਰਯਾਦਾ ਕਰਕੇ ਮੈਥੋਂ ਇਹ ਨਾ ਤਰ ਹੋਇਆ।
483.
ਜ਼ਿੰਦਗੀ ਤਾਂ ਹਰ ਪਲ ਦਾ ਮੇਲਾ, ਵੇਖ ਜ਼ਰਾ ਨਾ ਕਰ ਅਲਗਰਜ਼ੀ। ਵਕਤ ਰੇਸ਼ਮੀ ਥਾਨ ਦੇ ਵਾਂਗੂੰ ,ਲੀਰਾਂ ਕਤਰ ਖਿਲਾਰੇ ਦਰਜ਼ੀ। ਜੇ ਜੋੜਨ ਦੀ ਸੋਝੀ ਹੋਵੇ, ਹਰ ਰਿਸ਼ਤਾ ਹੀ ਪੁਲ਼ ਦੇ ਵਰਗਾ, ਕਿਹੜੇ ਵੇਲੇ ਕੀ ਕਰਨਾ ਹੈ,ਇਹ ਤਾਂ ਸੱਜਣਾ ਤੇਰੀ ਮਰਜ਼ੀ।
484.
ਪੈੜਾਂ ਵੇਖ ਸਮੁੰਦਰ ਕੰਢੇ, ਸਫ਼ਰ ਸਦੀਵੀ ਮੁੱਕਦਾ ਨਹੀਂਉਂ। ਨਦੀਆਂ ਨਾਲੇ ਦਰਿਆ ਭਰਦੇ,ਤਲਖ਼ ਸਮੁੰਦਰ ਸੁੱਕਦਾ ਨਹੀਂਉਂ। ਦਿਨ ਤੇ ਰਾਤ ਬਣਾਏ ਆਪਾਂ,ਦੁੱਪੜ ਸਿੱਕੇ ਵਾਂਗੂੰ ਇਹ ਤਾਂ, ਧਰਤੀ ਸਾਗਰ ਥਾਂ ਤਾਂ ਦੱਸ ਤੂੰ, ਜਿੱਥੇ ਸੂਰਜ ਢੁੱਕਦਾ ਨਹੀਂਉਂ।
485.
ਵਕਤ ਦੇ ਕੋਰੇ ਵਰਕੇ ਉੱਤੇ ਹਰਫ਼ ਕੋਈ ਤਾਂ ਭਰਿਆ ਕਰ ਤੂੰ। ਦੂਸਰਿਆਂ ਦੀ ਨੁਕਤਾਚੀਨੀ ਏਸ ਤਰ੍ਹਾਂ ਵੀ ਕਰਿਆ ਕਰ ਤੂੰ। ਤੇਰੇ ਪੱਲੇ ਕਿੰਨਾ ਕੁਝ ਸੀ ਜੋ ਨਫ਼ਰਤ ਦੀ ਭੇਂਟ ਚੜ੍ਹਾਇਆ, ਦੂਸਰਿਆਂ ਦੀ ਵੇਖ ਬੁਲੰਦੀ, ਹੌਕੇ ਭਰ ਨਾ ਮਰਿਆ ਕਰ ਤੂੰ।
486.
ਵੇਖੋ ਕੁਦਰਤ ਕੀ ਕੁਝ ਕਰਦੀ, ਧੁੱਪਾਂ ਤੋਂ ਲੈ ਰੂਪ ਉਧਾਰਾ। ਕਣ ਕਣ ਅੰਦਰ ਵੰਡ ਦੇਂਦੀ ਹੈ, ਰੰਗ ਖ਼ੁਸ਼ਬੋਈ ਪਿਆਰ ਭੰਡਾਰਾ। ਕਿਉਂ ਕੋਲੋਂ ਦੀ ਲੰਘ ਚੱਲਿਆ ਸੈਂ,ਬਦਬਖ਼ਤਾ ਬੇਕਦਰੇ ਬੰਦਿਆ, ਤੇਰੀ ਖ਼ਾਤਰ ਥਾਂ ਥਾਂ ਉੱਗਿਆ ਫੁੱਲ ਬਨਸਪਤਿ ਸਗਲ ਪਸਾਰਾ।
487.
ਏਕਮ ਦਾ ਚੰਨ ਮੇਰੇ ਭਾਗੀਂ ਰਾਤ ਲਿਆਈ, ਲੱਖ ਸ਼ੁਕਰਾਨਾ। ਭਟਕ ਰਿਹਾ ਇਹ ਸਾਰਾ ਦਿਨ ਸੀ, ਮੈਥੋਂ ਬਾਗ਼ੀ ਦਿਲ ਦੀਵਾਨਾ। ਬਹੁਤੀ ਵਾਰੀ ਦਿਨ ਦਾ ਸੂਰਜ ਚੈਨ ਗੁਆਉਂਦਾ ਤੇ ਭਰਮਾਉਂਦਾ, ਸਹਿਜ ਟਿਕਾਉ ਰਾਤ ਦੀ ਬੁੱਕਲ, ਮੈਂ ਸਮਝਾਂ ਇਸ ਨੂੰ ਨਜ਼ਰਾਨਾ।
488.
ਬੰਦਿਆਂ ਦੀ ਚੜ੍ਹਤਲ ਤੇ ਸੂਰਜ ਚਰਖ਼ ਸਮੇਂ ਦਾ ਚੜ੍ਹਦੇ ਲਹਿੰਦੇ। ਇਹ ਤਾਂ ਭਰਮ ਸਦੀਵੀ ਸਾਡਾ ਦਿਨ ਰਾਤਾਂ ਇੱਕਸਾਰ ਨਹੀਂ ਰਹਿੰਦੇ। ਸੂਰਜ ਕੋਲੋਂ ਸਬਕ ਲਿਆ ਮੈਂ, ਡੁੱਬਣ ਪਿੱਛੋਂ ਚੜ੍ਹਨਾ ਵੀ ਹੈ, ਸਫ਼ਰ ਸਦੀਵੀ ਰੱਖਣਾ ਜਾਰੀ, ਹਿੰਮਤੀ ਰਾਹਾਂ ਵਿੱਚ ਨਹੀਂ ਬਹਿੰਦੇ।
489.
ਕਿਹੜਾ ਪਲ ਕਿਸ ਵੇਲੇ ਸਾਨੂੰ, ਕੀ ਦੇ ਜਾਵੇ ਭੇਤ ਨਾ ਲੱਗਦਾ। ਲਿਸ਼ ਲਿਸ਼ਕੰਦੜਾ ਬਹੁਤਾ ਜਿਹੜਾ, ਓਹੀ ਸਭ ਤੋਂ ਵਧ ਕੇ ਠੱਗਦਾ। ਪਿੰਡ ਦੇ ਕੱਚੇ ਰਾਹੀਂ ਤੁਰਦਿਆਂ, ਤਿਲਕ ਤਿਲਕ ਕੇ ਸੰਭਲਿਆ ਹਾਂ, ਸ਼ਹਿਰ ‘ਚ ਤਿਲਕਣਬਾਜ਼ੀ ਕੋਲੋਂ ਫ਼ਿਕਰ ਹਮੇਸ਼ਾਂ ਰਹਿੰਦਾ ਪੱਗ ਦਾ।
490.
ਵਕਤ ਦੇ ਅੱਥਰੇ ਘੋੜਿਆਂ ਉੱਪਰ ਕਰਦੇ ਲਾਲ ਸਵਾਰੀ। ਗੁਰ ਕੇ ਨਗਰ ਆਨੰਦਪੁਰੀ ਵਿੱਚ ਇਹ ਨੇ ਪਲ ਕਰਤਾਰੀ। ਹੋਰਾਂ ਦੀ ਹੋਲੀ ਪਰ ਸਾਡਾ ਹੋਲਾ ਜੱਗ ਤੋਂ ਨਿਆਰਾ, ਅੰਬਰ ਤੀਕ ਛਿੜਕਦੀ ਕੇਸਰ ਵਿਰਸੇ ਦੀ ਪਿਚਕਾਰੀ।
491.
ਏਸ ਬੀਮਾਰੀ ਕੋਲੋਂ ਬਚਣਾ, ਕੌਣ ਤੁਹਾਨੂੰ ਕੀ ਕਹਿੰਦਾ ਹੈ। ਸੱਚ ਬੋਲਣ ਤੋਂ ਉੱਕਣ ਮਗਰੋਂ, ਦਰਦ ਹਮੇਸ਼ਾਂ ਦਿਲ ਸਹਿੰਦਾ ਹੈ। ਦੀਨ ਈਮਾਨ ਸਿਖਾਵੇ ਏਹੀ, ਵਕਤ ਵੀਚਾਰੇ ਬੰਦਾ ਕਹੀਏ, ਉਹ ਧਰਤੀ ਤੇ ਭਾਰ ਪਿਆਰੇ, ਜ਼ੁਲਮ ਵੇਖ ਜੋ ਚੁੱਪ ਰਹਿੰਦਾ ਹੈ।
492.
ਤਨ ਤੇ ਮਨ ਦੀ ਸ਼ਕਤੀ ਰਲ਼ ਕੇ,ਹਰ ਮੰਜ਼ਿਲ ਨੂੰ ਸਰ ਕਰਦੀ ਹੈ। ਦਯਾ ਦ੍ਰਿਸ਼ਟੀ ਰੂਹ ਦਾ ਗਹਿਣਾ, ਖ਼ੁਸ਼ਕ ਦਿਲਾਂ ਨੂੰ ਤਰ ਕਰਦੀ ਹੈ। ਨਾਲ ਮੁਹੱਬਤ ਸੱਚੇ ਦਿਲ ਤੋਂ,ਜੇ ਚਾਵਾਂ ਨੂੰ ਸਿੰਜਦੇ ਰਹੀਏ, ਜੀਭ ਤੋਂ ਆਖੀ ਬਾਤ ਉਦੋਂ ਫਿਰ,ਦੂਜੇ ਦੇ ਦਿਲ ਘਰ ਕਰਦੀ ਹੈ।
493.
ਹੋਰ ਕਿਸੇ ਤੋਂ ਮੰਗਣ ਨਾਲੋਂ ਚੰਗਾ ਹੈ ਖ਼ੁਦ ਕੋਲੋਂ ਮੰਗੀਏ। ਆਸ ਬੇਗਾਨੀ ਬੈਠ ਬੈਠ ਕੇ, ਕਿਉਂ ਮਨ ਆਪਣਾ ਸੂਲੀ ਟੰਗੀਏ। ਤੇਰੇ ਅੰਦਰ ਕੀ ਕੁਝ ਬੰਦਿਆ,ਮਾਣਕ ਮੋਤੀਆਂ ਵਰਗੇ ਸੁਪਨੇ, ਇਹ ਮਾਸੂਮ ਰੇਸ਼ਮੀ ਧਾਗੇ, ਫੁਲਕਾਰੀ ਲਈ ਰੂਹ ਵਿੱਚ ਰੰਗੀਏ।
494.
ਫੁੱਲਾਂ ਦੀ ਵਣਜਾਰਨ ਕੁੜੀਏ, ਖ਼ੁਸ਼ੀਆਂ ਦੀ ਇਹ ਖਾਰੀ ਦੇ ਦੇ। ਨਿਰਛਲ ਮਨ ‘ਚੋਂ ਨਿੱਤਰੀ ਜਿਹੜੀ ਇਹ ਮੁਸਕਾਨ ਉਧਾਰੀ ਦੇ ਦੇ। ਏਸ ਬਾਜ਼ਾਰ ‘ਚ ਤੈਨੂੰ ਵੀ ਤਾਂ ਕਦਰਦਾਨ ਨਹੀਂ ਮਿਲਣੇ ਬੀਬਾ, ਗੀਤ,ਗ਼ਜ਼ਲ,ਕਵਿਤਾਵਾਂ ਖ਼ਾਤਰ,ਕੁਝ ਕੁ ਪਲ ਕਰਤਾਰੀ ਦੇ ਦੇ।
495.
ਥੋੜਿਆਂ ਦੇ ਹੀ ਹਿੱਸੇ ਆਉਂਦਾ, ਰੰਗ ਖ਼ੁਸ਼ਬੋਈ ਖੇੜਾ ਵੰਡਦੇ। ਕੈਂਚੀ ਵਾਂਗ ਕੁਤਰਦੇ ਬਹੁਤੇ, ਸੂਈ ਬਣ ਕੇ ਕਦੇ ਨਾ ਗੰਢਦੇ । ਹੇ ਮਨ ਮੇਰੇ! ਕੋਸ਼ਿਸ਼ ਕਰ ਤੂੰ,ਮਹਿਕ ਪਰੁੱਚੀ ਟਾਹਣੀ ਬਣ ਜਾ, ਲੀਰਾਂ ਵਾਂਗ ਨਾ ਖਿੱਲਰ ਜਾਵੀਂ, ਸੂਈ ਜੋੜੇ ਬਹੁਤਾ ਹੰਢਦੇ।
496.
ਘੁੱਟ ਕੇ ਵਾਗਾਂ ਫੜ ਕੇ ਰੱਖਿਉ,ਪੈਰਾਂ ਹੇਠ ਨੇ ਅੱਥਰੇ ਘੋੜੇ। ਚੌਕਸ ਰਹਿ ਕੇ ਦੌੜ ਦੌੜਦੇ, ਏਸ ਨਸਲ ਦੇ ਬੰਦੇ ਥੋੜੇ। ਬਹੁਤਾ ਤਾੜੀਮਾਰ ਜ਼ਮਾਨਾ,ਨਾਲ ਜੇਤੂਆਂ ਦਮ ਭਰਦਾ ਹੈ, ਪਰ ਮੇਰਾ ਗੁਰ ਉਸ ਤੇ ਰਾਜ਼ੀ, ਵਾਗ ਸਮੇਂ ਦੀ ਜਿਹੜਾ ਮੋੜੇ।
497.
ਸਮਿਆਂ ਦੀ ਅੱਖ ਪਰਖਣ ਵਾਲੇ, ਸਦਾ ਸਿਆਣੇ ਸੱਚ ਕਹਿੰਦੇ ਨੇ। ਦੁਸ਼ਮਣ ਦੀ ਉਹ ਕਰਨ ਹਮਾਇਤ, ਮੁਸ਼ਕਿਲ ਵਿੱਚ ਜੋ ਚੁੱਪ ਰਹਿੰਦੇ ਨੇ। ਵਹਿੰਦੇ ਪਾਣੀ ਨਾਲ ਹਮੇਸ਼ਾਂ ਲਾਸ਼ਾਂ ਤਰਦੀਆਂ ਬਹੁਤ ਵੇਖੀਆਂ, ਮਰਦ ਸਬੂਤੇ ਚੜ੍ਹਦੇ ਪਾਣੀ ਨਾਲ ਹਮੇਸ਼ਾਂ ਹੀ ਖਹਿੰਦੇ ਨੇ।
498.
ਚਿਤਰ ਬਣਾਉਣੇ, ਗੀਤ ਸੁਣਾਉਣੇ, ਧਰਤੀ ਮਾਂ ਦੇ ਵੱਖਰੇ ਢੰਗ ਨੇ। ਇਸ ਦੀ ਡੱਬੀ ਅੰਦਰ ਤਾਂ ਬਈ, ਗਿਣਨੋਂ ਬਾਹਰੇ ਸੋਹਣੇ ਰੰਗ ਨੇ। ਫ਼ਲ ਬਣਦੀ, ਖਿੜਦੀ ਫੁੱਲ ਬਣ ਕੇ ਬਿਰਖ਼ ਸ਼ਿੰਗਾਰੇ ਸਾਡੀ ਖ਼ਾਤਰ, ਅੱਖੀਆਂ ਖੋਲ੍ਹੋ, ਜਾਣੋ ਮਾਣੋ, ਬਲਿਹਾਰੀ ਸਾਡੇ ਅੰਗ ਸੰਗ ਨੇ।
499.
ਚਤੁਰ ਬਾਜ਼ਾਰ ਕਿਵੇਂ ਹੱਥ ਰੰਗੇ, ਤੈਨੂੰ ਮੈਨੂੰ ਸਾਰ ਨਹੀਂ ਹੈ। ਚਾਵਾਂ ਦੀ ਮੰਡੀ ਦੇ ਅੰਦਰ ਖ਼ੁਸ਼ੀਆਂ ਦਾ ਦਰਬਾਰ ਨਹੀਂ ਹੈ। ਸਰਬ ਗੋਪੀਆਂ ਟੋਲਦੀਆਂ ਨੇ,ਆਪੋ ਆਪਣੇ ਕ੍ਰਿਸ਼ਨ ਮੁਰਾਰੀ, ਇੱਕ ਦਿਨ ਹੋਲੀ ਇਹਦੇ ਪਿੱਛੋਂ ਹਰ ਦਿਨ ਕਿਉਂ ਤਿਉਹਾਰ ਨਹੀਂ ਹੈ।
500.
ਦਰਿਆ ਕੰਢੇ ਬਹਿਣ ਲਈ ਤਾਂ ਪੱਥਰਾਂ ਤੋਂ ਬਿਨ ਕੌਣ ਸਹਾਰਾ। ਸੋਚਦਿਆਂ ਹੀ ਪਿਘਲ ਗਿਆ ਹੈ ਦਿਲ ਸੀ ਪੱਥਰ ਚੋਖ਼ਾ ਭਾਰਾ। ਹਰ ਇਕ ਵਸਤ ਟਿਕਾਣੇ ਸਿਰ ਹੈ,ਸਾਨੂੰ ਪਾਣੀ ਨੇ ਸਮਝਾਇਆ, ਨੈਣਾਂ ਆਲ਼ ਦੁਆਲ਼ੇ ਵੀ ਤਾਂ ਤਲਖ਼ ਸਮੁੰਦਰ ਕਿੰਨਾ ਖ਼ਾਰਾ।
501.
ਪੱਤੀ ਪੱਤੀ ਅੰਦਰ ਕਾਦਰ, ਕਿਸ ਵੇਲ਼ੇ ਰੰਗ ਧਰ ਜਾਂਦਾ ਹੈ। ਸਾਡੇ ਸੁੱਤਿਆਂ ਸੁੱਤਿਆਂ ਰਸੀਆ, ਫ਼ਲ ਅੰਦਰ ਰਸ ਭਰ ਜਾਂਦਾ ਹੈ। ਧਰਤੀ ਸੂਰਜ ਪੌਣ ਤੇ ਪਾਣੀ,ਖੇਡ ਖਿਡਾਵੇ ਹਰ ਦਿਨ ਹਰ ਪਲ, ਕਿਉਂ ਵਣਜਾਰਾ ਦਿਨ ਚੜ੍ਹਦੇ ਹੀ ਟਾਹਣੀ ਸੁੰਨੀ ਕਰ ਜਾਂਦਾ ਹੈ।
502.
ਲੋਕਾਂ ਦਾ ਫਨਕਾਰ ਆਖਦਾ, ਤੂੰਬੀ ਦੀ ਟੁਣਕਾਰ ਬਚਾਉ। ਦੁਸ਼ਮਣ ਕਾਂਜੀ ਘੋਲ਼ ਨਾ ਜਾਏ, ਸ਼ਬਦਾਂ ਦਾ ਸੰਸਾਰ ਬਚਾਉ। ਇੱਕ ਪਲ ਦੀ ਅਲਗਰਜ਼ੀ ਸਾਨੂੰ ਸਦੀਆਂ ਪਿੱਛੇ ਧੱਕ ਸਕਦੀ ਹੈ, ਧਰਤੀ ਪੁੱਤਰੋ ਵਕਤ ਸੰਭਾਲ਼ੋ ਆਪਣਾ ਸੱਭਿਆਚਾਰ ਬਚਾਉ।
503.
ਹਰ ਰਿਸ਼ਤੇ ਦੀ ਆਪਣੀ ਸੀਮਾ, ਵੱਖੋ ਵੱਖ ਖ਼ੁਸ਼ਬੋਈ। ਪਰ ਮੁਸਕਾਨ ਸਦੀਵੀ ਮੇਲਾ ਸੱਜਰੀ ਨਵੀਂ ਨਰੋਈ। ਵੇਖਿਉ! ਕਿਧਰੇ ਗੁੰਮ ਨਾ ਜਾਵੇ, ਇਹ ਦੌਲਤ ਵਡਮੁੱਲੀ, ਦਿਨ ਚੜ੍ਹਦੇ ਦੀ ਲਾਲੀ ਨਿੱਖਰੀ ਲਾਹ ‘ਨ੍ਹੇਰੇ ਦੀ ਲੋਈ।
504.
ਕਿੰਨੇ ਸਬਕ ਕਿਤਾਬਾਂ ਤੋਂ ਬਿਨ ਥਾਂ ਥਾਂ ਉੱਗਦੇ ਪੜ੍ਹਨਾ ਸਿੱਖੀਏ। ਵੇਖ ਤਰੱਕੀ ਹੋਰ ਕਿਸੇ ਦੀ ਬਿਨ ਮਤਲਬ ਨਾ ਸੜਨਾ ਸਿੱਖੀਏ। ਆਪਣੀ ਅੱਗ ਵਿੱਚ ਆਪੇ ਸੜਿਆਂ ਸਿਰਫ਼ ਸਵਾਹ ਹੀ ਪੱਲੇ ਪੈਂਦੀ, ਫੁੱਲਾਂ ਵਾਂਗੂੰ ਧਰਤੀ ਉੱਗੀਏ, ਖੇੜੇ ਤੀਕਰ ਚੜ੍ਹਨਾ ਸਿਖੀਏ।
505.
ਵਕਤ ਸਵਾਰੀ ਕਰਦੇ ਜਣਿਆ,ਵਾਗ ਸਮੇਂ ਦੀ ਕੱਸ ਤੇ ਫੜਨਾ। ਤੂੰ ਹੀ ਇਸ ਦੇ ਨਕਸ਼ ਨਵੇਲੇ ਹਿੰਮਤ ਕਰਕੇ ਹੱਥੀਂ ਘੜਨਾ। ਵੇਖੀਂ ਕਿਧਰੇ ਕੰਨੀ ਇਸਦੀ ਢਿੱਲੀ ਛੱਡ ਕੇ ਬਹਿ ਪਛਤਾਵੇਂ, ਅੱਥਰੇ ਘੋੜੇ ਮਾਰ ਪਲਾਕੀ, ਸੌਖਾ ਨਾ ਮਗਰੋਂ ਫਿਰ ਚੜ੍ਹਨਾ।
506.
ਹੱਕ ਸੱਚ ਤੇ ਇਨਸਾਫ਼ ਦੀ ਖ਼ਾਤਰ ਹਰ ਯੁਗ ਈਸਾ ਸੂਲ਼ੀ ਚੜ੍ਹਦਾ। ਫਿਰ ਵੀ ਉਸ ਦੀ ਦਿੱਤੀ ਸਿੱਖਿਆ,ਖੁਟਰ ਜ਼ਮਾਨਾ ਕਿਉਂ ਨਹੀਂ ਪੜ੍ਹਦਾ। ਇੱਕ ਸੈਂਕੜੇ ਵਿੱਚੋਂ ਪੰਜ ਛੇ ਕੁਰਸੀਧਾਰੀ ਕਰਨ ਖ਼ੁਆਰੀ, ਸਦੀਆਂ ਬੀਤਣ ਬਾਦ ਅਜੇ ਵੀ ਤਿਲਕਦਿਆਂ ਦਾ ਪੈਰ ਨਾ ਅੜਦਾ।
507.
ਫੁੱਲ ਤਾਂ ਦੇਣ ਸੁਨੇਹਾ ਆਇਐ, ਮੇਰੇ ਵਾਂਗੂੰ ਖਿੜਿਆ ਕਰ ਤੂੰ। ਰੂਹ ਨੂੰ ਕੱਲਰ ਕਰ ਬੈਠੇਂਗਾ ਬੇ ਮਤਲਬ ਨਾ ਚਿੜਿਆ ਕਰ ਤੂੰ। ਹਾੜ੍ਹ ਸਿਆਲੇ ਸਰਦੀ ਗਰਮੀ ਲੁਕਦਾ ਫਿਰਦੈਂ ਚੋਰਾਂ ਵਾਂਗੂੰ, ਨਾਲ ਮੁਸੀਬਤ ਮਰਦਾਂ ਵਾਗੂੰ, ਨੰਗੇ ਧੜ ਵੀ ਭਿੜਿਆ ਕਰ ਤੂੰ।
508.
ਸੂਰਜ ਵਰਗਾ ਮੁੱਖ ਜੇ ਹੋਵੇ, ਉਹ ਰੁਸ਼ਨਾਈ ਕਰ ਨਹੀਂ ਸਕਦਾ। ਮਿੱਟੀ ਤੇ ਪੱਥਰ ਦਾ ਬੁੱਤ ਵੀ ਦਰਦ ਨਿਵਾਰਨ ਕਰ ਨਹੀਂ ਸਕਦਾ। ਬਿਜਲੀ ਵਾਂਗ ਕੜਕਦੈਂ ਏਨਾ, ਬਹਿ ਬੱਦਲਾਂ ਦੇ ਪੱਲੂ ਓਹਲੇ, ਹੋਰ ਕਿਸੇ ਨੂੰ ਦਈਂ ਡਰਾਵਾ, ਤੇਰੇ ਤੋਂ ਮੈਂ ਡਰ ਨਹੀਂ ਸਕਦਾ।
509.
ਫੁੱਲ ਕਲੀਆਂ ਖ਼ੁਸ਼ਬੋਈਆਂ ਬੀਜਾਂ,ਪੱਲੇ ਪਵੇ ਕੰਗਾਲੀ। ਰੱਬ ਤੋਂ ਪਹਿਲਾਂ ਮੇਰੇ ਦਰ ਤੇ ਹਰ ਇੱਕ ਭਗਤ ਸਵਾਲੀ। ਦੇਵਤਿਆਂ ਦੇ ਪੈਰੀਂ ਫੁੱਲ ਧਰ,ਪਾਲਣਹਾਰਾ ਭੁੱਲਣ, ਹਰ ਯੁਗ ਅੰਦਰ ਮਿੱਟੀ ਬਣਿਆ ਮੈਂ ਮਾਲੀ ਦਾ ਮਾਲੀ।
510.
ਸੂਰਜ ਨਗਰੀ ਵੱਲ ਨੂੰ ਚੱਲਿਆ ਹਿੰਮਤੀ ਸਿੰਘ ਸਰਦਾਰ। ਪੈਡਲ ਘੁੰਮਦਾ, ਸਫ਼ਰ ਮੁਕਾਉਂਦਾ ਕਰਕੇ ਮਾਰੋਮਾਰ। ਬੈਠ ਘਰਾਂ ਵਿੱਚ ਕਦੇ ਨਾ ਮਿਲਦੀ ਮਨ ਚਿਤਵੀ ਜੋ ਮੰਜ਼ਿਲ, ਹਿੰਮਤੀਆਂ ਦਾ ਮੱਥਾ ਚੁੰਮਦੀ ਸੂਹੀ ਸੁਰਖ਼ ਬਹਾਰ।
511.
ਕਿਰਤ ਕਰਦਿਆਂ ਨਾਮ ਜਪੋ ਤੇ ਵੰਡ ਛਕਦਿਆਂ ਧਰਮ ਕਮਾਉ। ਦਮ ਦਮ ਹਰ ਦਮ ਨੇਕੀ ਬੀਜੋ, ਚਾਰ ਚੁਫ਼ੇਰੇ ਨੂੰ ਮਹਿਕਾਉ। ਫੁੱਲਾਂ ਦਾ ਇਹ ਅਮਰ ਸੁਨੇਹਾ, ਵੰਡ ਦਿਉ ਜੀ ਹਰ ਘਰ ਅੰਦਰ, ਤੀਜਾ ਨੇਤਰ ਏਸ ਦਾ ਨਾਂ ਹੈ, ਮਨ ਅੰਤਰ ਕੀ ਜੋਤ ਜਗਾਉ।
512.
ਅੰਬਰ ਪੈੜਾਂ ਪਾਉਂਦੀ ਮਿੱਟੀ ਅੱਗ ਵੀ ਕਦੇ ਨਾ ਸਾੜੇ। ਬੰਦਿਆਂ ਦੀ ਔਕਾਤ ਨਹੀਂ ਹੈ, ਐਸਾ ਵਰਕਾ ਪਾੜੇ। ਮਿਟਦੇ ਨਾ ਰੰਗ ਸ਼ਬਦ ਸੁਰਾਂ ਦੇ ਸਦੀਆਂ ਦੇ ਮੂੰਹ ਚੜ੍ਹ ਕੇ, ਕਲਾਵੰਤ ਪੁੱਤਰਾਂ ਨੂੰ ਸੂਰਜ ਆਪਣੀ ਗੋਦੀ ਚਾੜ੍ਹੇ।
513.
ਹਰ ਦੀਪਕ ਦੇ ਨਾਲ ਨਿਭਣ ਲਈ, ਵਾਂਗ ਪਤੰਗੇ ਸੜਨਾ ਪੈਂਦੈ । ਸਿਖ਼ਰ ਪਹਾੜੀ ਮਾਨਣ ਦੇ ਲਈ ਕਦਮ ਕਦਮ ਕਰ ਚੜ੍ਹਨਾ ਪੈਂਦੈ। ਪਰ ਏਨਾ ਸੰਤੋਖ ਸਮਰਪਣ ਵਿਰਲੇ ਜੀਆਂ ਹਿੱਸੇ ਆਵੇ, ਜ਼ਿੰਦਗੀ ਸਿਰਫ਼ ਉਬਾਲ਼ਾ ਨਹੀਂ ਜੀ, ਵਿੱਚ ਕਾੜ੍ਹਨੀ ਕੜ੍ਹਨਾ ਪੈਂਦੈ।
514.
ਸੁਪਨ ਕਿਆਰੀ ਬੀਜਣ ਖ਼ਾਤਰ, ਰੂਹ ਨੂੰ ਪਹਿਲਾਂ ਵੱਤਰ ਕਰੀਏ। ਦੂਸਰਿਆਂ ਲਈ ਖ਼ੈਰਾਂ ਮੰਗੀਏ, ਕਦੇ ਨਾ ਠੰਢੇ ਹੌਕਾ ਭਰੀਏ। ਮਨ ਦੇ ਵਿਹੜੇ ਕਿਣਮਿਣੀਆਂ ਲਈ ਵਿਤਕਰਿਆਂ ਤੋਂ ਬਚ ਕੇ ਰਹਿਣਾ, ਨਾਲ ਸਮੁੰਦਰ ਜੇਕਰ ਮਿਲਣਾ ਆਪਣੇ ਦਿਲ ਨੂੰ ਦਰਿਆ ਕਰੀਏ।
515.
ਯਾਦਾਂ ਦੀ ਚਰਖ਼ੀ ਨੂੰ ਗੇੜਾਂ ਤੰਦ ਤਰੇੜੀ ਜਾਵੇ ਮੈਥੋਂ। ਏਸੇ ਕਰਕੇ ਹੱਥੀ ਇਹਦੀ ਹੁਣ ਨਾ ਗੇੜੀ ਜਾਵੇ ਮੈਥੋਂ। ਘੁੰਮਣਘੇਰ ਅਜੀਬ ਜਿਹਾ ਹੈ, ਤੁੰਬਿਆ ਕੱਤਿਆ ਖਿੱਲਰਿਆ ਹੈ, ਕਿੱਥੇ ਸਾਂਭਾਂ ਟੁਕੜੇ ਰੂਹ ਦੇ ਖਿੜਕੀ ਜਾਏ ਨਾ ਭੇੜੀ ਮੈਥੋਂ।
516.
ਆਪਣੀ ਹਸਤੀ ਕੁੱਟੀਏ ਗੁੰਨ੍ਹੀਏ ਮਿੱਟੀ ‘ਚੋਂ ਆਕਾਰ ਬਣਾਈਏ। ਇਸ ਦੇ ਅੰਦਰ ਕੀ ਪਾਉਣਾ ਹੈ ਪਹਿਲਾਂ ਦਿਲ ਨੂੰ ਇਹ ਸਮਝਾਈਏ। ਹਰ ਬਰਤਨ ਹਰ ਸ਼ੈ ਨਾ ਪੈਂਦੀ, ਦੋਸ਼ ਨਾ ਲਾ ਘੁਮਿਆਰਾਂ ਉੱਤੇ, ਪਹਿਲੀ ਸ਼ਰਤ ਜ਼ਰੂਰੀ ਵੀਰਾ,ਮਨ ਮੰਦਰ ਨੂੰ ਖ਼ੁਦ ਰੁਸ਼ਨਾਈਏ।
517.
ਇਹ ਆਸਾਨ ਕਰਮ ਨਾ ਯਾਰੋ ਚਰਖ਼ ਸਮੇਂ ਦੀ ਕੈਦੋਂ ਛੁੱਟਣਾ। ਮਨ ਦਾ ਬੂਟਾ ਜਿਸ ਥਾਂ ਲੱਗਿਆ ਸੌਖਾ ਨਹੀਂਉਂ ਓਥੋਂ ਪੁੱਟਣਾ। ਕਿੰਨੀ ਵਾਰੀ ਕੋਸ਼ਿਸ਼ ਕਰਕੇ ਮੱਛੀ ਪੱਥਰ ਚੱਟ ਲਿਆ ਹੈ, ਮੈਥੋਂ ਮਨ ਮਰਯਾਦਾ ਕੋਲੋਂ ਹੁਣ ਨਾ ਹੋਣਾ ਜੁੜ ਕੇ ਟੁੱਟਣਾ।
518.
ਭਰਮ ਭਟਕਣਾ ਮਨ ਦੀ ਰਲ਼ ਕੇ ਮੈਨੂੰ ਹਰ ਥਾਂ ਰਹੀ ਘੁੰਮਾਉਂਦੀ। ਵਕਤ ਗੁਆ ਕੇ ਹਰ ਬੰਦੇ ਨੂੰ ਏਨੀ ਬਾਤ ਸਮਝ ਨਾ ਆਉਂਦੀ। ਪਾਗਲ ਘੋੜੇ ਦੇ ਪੌੜਾਂ ਸੰਗ ਬੱਧਿਆਂ ਪੂਰੀ ਉਮਰ ਗੁਆਈ, ਅਗਨ ਭੇਂਟ ਤੋਂ ਮਗਰੋਂ ਦੁਨੀਆਂ ਸਭ ਨੂੰ ਇਸ ਕੁੱਜੇ ਵਿੱਚ ਪਾਉਂਦੀ।
519.
ਸੂਰਜ ਨਗਰੀ ਵੱਲ ਨੂੰ ਚੱਲਿਆ ਹਿੰਮਤੀ ਸਿੰਘ ਸਰਦਾਰ ਵੇਖ ਲਉ। ਪੈਦਲ ਘੁੰਮਦਾ, ਸਫ਼ਰ ਮੁਕਾਉਂਦਾ ਕਰਕੇ ਮਾਰੋਮਾਰ ਵੇਖ ਲਉ। ਬੈਠ ਘਰਾਂ ਵਿੱਚ ਕਦੇ ਨਾ ਮਿਲਦੀ ਮਨ ਚਿਤਵੀ ਜੋ ਉੱਚੀ ਮੰਜ਼ਿਲ, ਹਿੰਮਤੀਆਂ ਦਾ ਮੱਥਾ ਚੁੰਮਦੀ ਸੂਹੀ ਸੁਰਖ਼ ਬਹਾਰ ਵੇਖ ਲਉ।
520.
ਜੇ ਸਤਰੰਗੀ ਪੀਂਘ ਦੇ ਅੰਦਰ ਸੱਤ ਰੰਗ ‘ਕੱਠੇ ਬਹਿ ਸਕਦੇ ਨੇ। ਹਰੀ ਵੇਲ ਤੇ ਚਿੱਟਾ ਪੀਲਾ ਸਾਡੀ ਇੱਕ ਮਾਂ ਕਹਿ ਸਕਦੇ ਨੇ। ਕਿਉਂ ਰੰਗਾਂ ਨੂੰ ਸਬਕ ਸਿਖਾਵੇਂ ਇੱਕੋ ਰੰਗ ਦੇ ਖਿੜਨਾ ਸਾਰੇ, ਜਿਹੜੇ ਸੂਰਜ ਚੜ੍ਹਨ ਸਵੇਰੇ ਪੱਕੇ ਕਿੱਥੇ ਰਹਿ ਸਕਦੇ ਨੇ।
521.
ਜਿਹੜੇ ਸ਼ਬਦ ਉਚਾਰੇਂ ਮੂੰਹੋਂ ਉਹ ਹੀ ਤੇਰਾ ਬਣਦਾ ਚਿਹਰਾ। ਤੇਰੀ ਚੁੱਪ ‘ਚੋਂ ਤੇਰੀ ਹਸਤੀ ਦੱਸ ਦੇਵੇ ਕਣ ਕਣ ਦਾ ਚਿਹਰਾ। ਇਹ ਨਾ ਸੋਚੀਂ ਗੱਲੀਂ ਬਾਤੀਂ, ਸ਼ਬਦਾਂ ਓਹਲੇ ਲੁਕ ਜਾਵੇਂਗਾ, ਤੈਥੋਂ ਪਹਿਲਾਂ ਦੱਸ ਦੇਂਦਾ ਹੈ, ਮਨ ਦੀ ਸੂਰਤ ਤਣਦਾ ਚਿਹਰਾ।
522.
ਕੱਕਾ ਰੇਤਾ ਪੈਰਾਂ ਥੱਲੇ ਸਿਰ ਤੇ ਨੀਲੀ ਛਤਰੀ ਵਾਲ਼ਾ। ਦੋਹਾਂ ਦੇ ਵਿਚਕਾਰ ਤੁਰਾਂ ਮੈਂ ਉਸਤਰਿਆਂ ਦੀ ਪਾ ਕੇ ਮਾਲ਼ਾ । ਚੜ੍ਹਦਾ ਲਹਿੰਦਾ ਸੂਰਜ ਮੈਨੂੰ ਸਬਕ ਸਿਖਾਵੇ ਕਿਰਨਾਂ ਰਾਹੀਂ, ਹਰ ਪਲ ਜਾਣ ਤੇ ਮਾਣ ਚੌਗਿਰਦਾ,ਧਰਤੀ ਅੰਬਰ ਆਲ਼ ਦੁਆਲ਼ਾ।
523.
ਦਿਲ ਦੀ ਬਾਤ ਲਬਾਂ ਤੇ ਆਵੇ,ਚੁੱਪ ਨਾ ਬੈਠੀਂ ਕਹਿ ਜਾਵੀਂ ਤੂੰ। ਦੂਸਰਿਆਂ ਦੇ ਮਗਰ ਤੁਰਦਿਆਂ ਆਪ ਨਾ ਪਿੱਛੇ ਰਹਿ ਜਾਵੀਂ ਤੂੰ। ਤੇਰੀ ਆਸ ਤੇ ਜੱਗ ਜੀਂਦਾ ਹੈ, ਜੈਕਾਰੇ ਦੀ ਜੂਨ ਹੰਢਾਵੀਂ, ਮਿਲਣਗੀਆਂ ਰਾਹਾਂ ਵਿੱਚ ਛਾਵਾਂ, ਧੁੱਪੋਂ ਡਰ ਨਾ ਬਹਿ ਜਾਵੀਂ ਤੂੰ।
524.
ਦੀਵੇ ਤੋਂ ਦੀਵਾ ਹੈ ਜਗਦਾ ਕੁਝ ਨਹੀਂ ਘਟਦਾ ਚਾਨਣ ਦਾ। ਮੋਮ ਦੀ ਬੱਚੀ ਕੋਲੋਂ ਸਿੱਖ ਲੈ, ਪਿਘਲਣ ਜੂਨੀ ਮਾਨਣ ਦਾ। ਵਕਤ ਉਡੀਕੇ ਤੈਨੂੰ ਮੈਨੂੰ, ਅੱਜ ਨਹੀਂ, ਇਹ ਸਦੀਆਂ ਤੋਂ, ਰੌਸ਼ਨ ਰਾਹਵਾਂ ਕਰ ਦੇਂਦਾ ਜਿਉਂ,ਸੰਗ ਹਾਣੀ ਨੂੰ ਹਾਨਣ ਦਾ।
525.
ਸ਼ੁਭਚਿੰਤਨ ਸੁਭਕਰਮਨ ਕਰਨਾ, ਹਰ ਜੰਦਰੇ ਦਾ ਇੱਕੋ ਚਾਬੀ। ਕਾਹਲਾ ਨਾ ਪੈ, ਮਿਲੂ ਨਤੀਜਾ,ਕਿਉਂ ਚਾਹੁੰਦਾ ਏਂ ਫ਼ਸਲ ਸ਼ਤਾਬੀ। ਸਦੀਆਂ ਸਿਦਕ ਸਮਰਪਣ ਸੇਵਾ ਸਹਿਜ ਤੁਰਦਿਆਂ ਸਬਕ ਲਿਆ ਹੈ, ਰਾਤੋ ਰਾਤ ਸਿਖ਼ਰ ਨਹੀਂ ਪਹੁੰਚੀ ਸੂਰਮਿਆਂ ਦੀ ਜ਼ਾਤ ਪੰਜਾਬੀ।
526.
ਚਾਹ ਦੇ ਕੱਪ ਵਿੱਚ ਬਿਸਕੁਟ ਡੁੱਬਾ ਜਦੋਂ ਭਰਾਉ। ਹੁਕਮ ਮਿਲ ਗਿਆ, ਜਾਂਚ ਕਰੋ ਜੀ ਪਤਾ ਲਗਾਉ। ਕਿੱਦਾਂ ਡੁੱਬਿਆ, ਕਿਸ ਤੋਂ ਡੁੱਬਿਆ, ਹੁਣ ਕੀ ਹਾਲਤ, ਕੰਬਦੇ ਮੋਢੇ, ਹਿੱਲਦੇ ਗੋਡੇ ਲੱਭ ਲਭਾ ਕੇ, ਕੰਮ ਤੇ ਲਾਉ।
527.
ਮਨ ਵਿਚਲਾ ਸੰਸਾਰ ਵਚਿੱਤਰ ਹਰ ਕੋਈ ਨਾ ਪੜ੍ਹ ਸਕਦਾ ਹੈ। ਉਹ ਹੀ ਜਾਣ ਸਕੇਗਾ ਇਸ ਨੂੰ ਜੋ ਆਪਣੇ ਸੰਗ ਲੜ ਸਕਦਾ ਹੈ। ਰੰਗ ਬਦਲਦਾ ਮੌਸਮ ਕਿੱਦਾਂ ਧਰਤੀ ਅੰਬਰ ਘੁੰਮਦਾ ਫਿਰਦਾ, ਇੱਕ ਪਲ ਪਹਿਲਾਂ ਮੰਨ ਜਾਂਦਾ ਹੈ ਦੂਜੇ ਪਲ ਹੀ ਅੜ ਸਕਦਾ ਹੈ।
528.
ਖੰਭਾਂ ਵਾਲੇ ਮੁੜ ਆਉਂਦੇ ਨੇ ਸੂਰਜ ਤੀਕ ਉਡਾਰੀ ਭਰ ਕੇ। ਹਿੰਮਤ ਵਾਲੇ ਰੋਜ਼ ਪਰਤਦੇ ਡੂੰਘੇ ਸ਼ਹੁ ਸਾਗਰ ਨੂੰ ਤਰ ਕੇ। ਬੇਹਿੰਮਤੇ ਤਾਂ ਬੈਠੇ ਰਹਿੰਦੇ ਮਰ ਗਏ ਮਰ ਗਏ ਮਰ ਗਏ ਕਹਿੰਦੇ, ਤੁਰਦੇ ਨਹੀਂ, ਬੱਸ ਰੀਂਘ ਰਹੇ ਨੇ ਜੀਂਦੇ ਜੀਅ ਹੀ ਮੌਤੋਂ ਡਰ ਕੇ।
529.
ਸੂਰਜ ਨੂੰ ਹੱਥ ਲਾਕੇ ਪੰਛੀ ਵੇਖ ਘਰਾਂ ਨੂੰ ਚੱਲੇ। ਲੱਖ ਸਲਾਮਾਂ ਹਿੰਮਤੀਆਂ ਨੂੰ, ਬੱਲੇ ਬੱਲੇ ਬੱਲੇ। ਹਰ ਪੰਖੇਰੂ ਦੇ ਭਾਗਾਂ ਵਿੱਚ ਅੰਬਰ ਨਹੀਉਂ ਹੁੰਦਾ, ਬਹੁਤੇ ਮੇਰੇ ਵਰਗੇ ਰਹਿੰਦੇ ਚੋਗ ਦੇ ਲਾਲਚ ਥੱਲੇ।
530.
ਅੰਬਰ ਨੂੰ ਰੰਗ ਸੌਂਪ ਬਸੰਤੀ ਸੂਰਜ ਕਿੱਧਰ ਚੱਲਿਆ। ਪੂਰਬ ਦੀ ਕੁੱਖ ਵਿੱਚੋਂ ਜਾਇਆ ਲੱਗਦੈ ਪੱਛਮ ਚੱਲਿਆ। ਥੱਕਦਾ ਹੀ ਨਾ ਕਰ ਕਰ ਪੈਂਡਾ ਚੜ੍ਹਦਾ ਡੁੱਬਦਾ ਰਹਿੰਦਾ, ਕਿਰਨਾਂ ਵੰਡ ਕੇ ਸਬਕ ਪੜ੍ਹਾਵੇ ਰੋਜ਼ ਜਗਾਵੇ ਬੱਲਿਆ।
531.
ਸ਼ਾਮ ਢਲੀ ਤੇ ਧਰਤੀ ਮਾਂ ਨੂੰ ਸੂਰਜ ਰੁੱਕਾ ਘੱਲਿਆ। ਕੱਲ੍ਹ ਆਵਾਂਗਾ, ਮੈਂ ਤਾਂ ਏਥੋਂ ਹੋਰ ਟਿਕਾਣੇ ਚੱਲਿਆ। ਸਾਗਰ ਪਾਰ ਧਰਤੀਆਂ ਤੇ ਵੀ ਮੇਰੇ ਪੁੱਤਰ ਧੀਆਂ, ਸਗਲ ਬਨਸਪਤਿ ਪਾਲਣਹਾਰੇ ਰਾਹ ਪੱਛਮ ਦਾ ਮੱਲਿਆ।
532.
ਤੂੰ ਹੀ ਜ਼ਿੰਦਗੀ ਨਰਕ ਬਣਾਈ, ਮੈਂ ਸ਼ਰਧਾ ਦੇ ਬੋਲ ਕੀ ਕਰਨੇ। ਮੈਂ ਤੇਰੀ ਅੱਖ ਸਮਝ ਗਿਆ ਹਾਂ,ਹੋਰ ਕਿਤੇ ਤੂੰ ਇਹ ਫੁੱਲ ਧਰਨੇ। ਲੋਕ ਰਾਜ ਵਿੱਚ ਲੋਕੀਂ ਬੀਬਾ ਖਾਰਜ ਨਾ ਕਰ ਮੇਰੀ ਸੁਣ ਲੈ, ਬਣ ਜਾਵਣ ਬਾਗੀ ਨਾ ਕਿਧਰੇ ਖੇਤਾਂ ਦੇ ਵਿੱਚ ਗੱਡੇ ਡਰਨੇ।
533.
ਘੁੰਗਰੂ ਤੇ ਘੁੰਗਰਾਲ਼ਾਂ ਗੁੰਮੀਆਂ ਬਲਦ ਗੁਆਚੇ ਚੁੱਪ ਨੇ ਟੱਲੀਆਂ। ਕਰਜ਼ਾ ਧੌਣ ਮਰੋੜ ਰਿਹਾ ਏ ਕਣਕਾਂ ਝੂਰਨ ਸਿਰ ਤੇ ਬੱਲੀਆਂ। ਮਰਦਾ ਕਿੱਧਰ ਜਾਵੇ ਯਾਰੋ ਵੈਦ ਹਕੀਮ ਟਿਚਕਰਾਂ ਕਰਦੇ, ਵੇਖ ਮਕਾਣੇ ਆਈਆਂ ਪੀੜਾਂ,ਮੱਕੀ ਟਾਂਡੇ ਢਾਕ ਤੇ ਛੱਲੀਆਂ।
534.
ਤਾਰਾਂ ਸਿਰਫ਼ ਪੜਾਅ ਨੇ ਵੀਰੋ ਰੁੱਖ ਚਿੜੀਆਂ ਦਾ ਘਰ ਹੁੰਦਾ ਹੈ। ਆਰੀ ਨਾ ਜੜ੍ਹ ਫੇਰੇ ਕੋਈ ਏਸੇ ਗੱਲ ਦਾ ਡਰ ਹੁੰਦਾ ਹੈ। ਪਹਿਲਾਂ ਕੱਚੇ ਘਰ ਦੇ ਅੰਦਰ ਤੂੰ ਮੈਂ ਸਭ ਸੀ ਰਹਿੰਦੇ ‘ਕੱਠੇ, ਜਾਲੀਦਾਰ ਘਰਾਂ ਨੂੰ ਅੱਜ ਕੱਲ੍ਹ ਸਾਥੋਂ ਕਾਹਦਾ ਡਰ ਹੁੰਦਾ ਹੈ।
535.
ਨੰਗੀ ਅੱਖ ਨੂੰ ਜੋ ਕੁਝ ਦਿਸਦਾ,ਇਹ ਤਾਂ ਬਾਤ ਸਰੀਰਾਂ ਦੀ ਹੈ। ਪਿੰਡ, ਜ਼ਿਲ੍ਹਾ,ਸੂਬਾ ਸਣ ਦੇਸਾਂ, ਸਾਰੀ ਖੇਡ ਲਕੀਰਾਂ ਦੀ ਹੈ। ਸੁੱਕੇ ਬਿਰਖ਼ ਉਦਾਸ ਦੇ ਕੰਨ ਵਿੱਚ ਬੱਦਲਾਂ ਆ ਕੇ ਬਹਿ ਸਮਝਾਇਆ, ਧਰਤੀ ਵਾਲਿਆਂ ਨੂੰ ਤੂੰ ਦੇ ਇਹ ਜੋ ਰਮਜ਼ ਫ਼ਕੀਰਾਂ ਦੀ ਹੈ।
536.
ਫੁੱਲਾਂ ਤੋਂ ਹੀ ਹੱਸਣਾ ਸਿੱਖ ਲੈ, ਪੱਥਰ ਦੀ ਮੂਰਤ ਨੂੰ ਕਹਿਣਾ। ਜਿਸ ਥਾਂ ਤੈਨੂੰ ਧਰਿਆ ਭਲੀਏ, ਹੱਸਦੇ ਰੋਂਦੇ ਤੂੰ ਹੀ ਬਹਿਣਾ। ਰੁਤਬੇ ਦਾ ਹੰਕਾਰ ਨਾ ਕਰੀਏ, ਪਰਛਾਵਾਂ ਹੈ ਦਿਨ ਦਾ ਸੰਗੀ, ਅੱਜ ਦਾ ਵਕਤ ਖੁੰਝਾਇਆ ਜੇ ਤੂੰ, ਪਛਤਾਵਾ ਨਹੀਂ ਮਗਰੋਂ ਲਹਿਣਾ।
537.
ਰੂਹ ਵਿੱਚ ਅਜਬ ਤਾਜ਼ਗੀ ਲੈ ਕੇ ਸੂਰਜ ਪਿੱਛੇ ਸੂਰਜ ਚੜ੍ਹਿਆ। ਸ਼ਬਦ ਗੁਰੂ ਪ੍ਰਕਾਸ਼ਮਾਨ ਕਰ, ਆਸਾ ਰਾਗ ਸੁਰਤਿ ਵਿੱਚ ਮੜ੍ਹਿਆ। ਨੰਗੀ ਅੱਖ ਨੂੰ ਜੋ ਨਹੀਂ ਦਿਸਦਾ, ਅੰਤਰ ਮਨ ਵਿੱਚ ਨੂਰ ਨਿਰੰਤਰ, ਵੇਖ ਰਿਹਾਂ ਗੁਰੂ ਸਾਡੀ ਖ਼ਾਤਰ, ਕਿੰਨਾ ਕੁਝ ਵਿਸਮਾਦੀ ਜੜਿਆ।
538.
ਖ਼ੁਦ ਨੂੰ ਏਦਾਂ ਮਿੱਟੀ ਨਾ ਕਰ, ਸੋਚਾਂ ਦੀ ਦਲਦਲ ਦੇ ਅੰਦਰ। ਵੇਖ ਪਰਖ਼ ਲਏ ਸਾਰੇ ਹੀ ਤੂੰ ਤਰਲੇ ਕਰ ਕਰ ਮਸਜਿਦ ਮੰਦਰ। ਮੇਰੀ ਮੰਨ ਜਗਾ ਲੈ ਅੰਦਰੋਂ, ਹਿੰਮਤ ਦੀ ਪਰਚੰਡ ਜਵਾਲਾ, ਵੇਖ ਲਵੀਂ ਫਿਰ ਕਿੱਦਾਂ ਟੁੱਟਦੇ, ਪੈਰੀਂ ਬੱਧੇ ਸਾਰੇ ਜੰਦਰ।
539.
ਧਰਤੀ ਵੰਡਦੀ ਦਾਤਾਂ ਭਾਵੇਂ, ਪਰ ਵੰਡਦੀ ਔਕਾਤ ਮੁਤਾਬਕ। ਬੀਜ ਪਛਾਣੇ, ਗੁਣ ਨੂੰ ਜਾਣੇਂ, ਕਦੇ ਨਾ ਦੇਵੇ ਜ਼ਾਤ ਮੁਤਾਬਕ। ਕਿਧਰੇ ਫੁੱਲ ਤੇ ਕਿਧਰੇ ਕੰਡੇ,ਫ਼ਲ ਰਸਵੰਤੇ,ਕੌੜੇ ਤੁੰਮੇ, ਮਾਤ ਹੁੰਗਾਰਾ ਭਰਦੀ ਸਭ ਨੂੰ, ਪਰ ਭਰਦੀ ਹੈ ਬਾਤ ਮੁਤਾਬਕ।
540.
ਐਟਮ ਦੇ ਵਣਜਾਰਿਉ ਮੈਨੂੰ ਕਦ ਦੇਵੋਗੇ ਕਲਮ ਦਵਾਤ। ਏਸ ਬਿਨਾ ਨਾ ਮੁੱਕਣੀ ਏਥੋਂ ਅੰਨ੍ਹੀ ਲੰਮ ਸਲੰਮੀ ਰਾਤ। ਜਿੱਥੇ ਜਿੱਥੇ ਸ਼ਬਦਾਂ ਦੀ ਥਾਂ ਹਥਿਆਰਾਂ ਦੀ ਸਰਦਾਰੀ ਹੈ, ਓਥੇ ਓਥੇ ਜ਼ਿੰਦਗੀ ਵਿਲਕੇ, ਤੜਫ਼ ਰਹੀ ਹੈ ਆਦਮ ਜ਼ਾਤ।
541.
ਐਟਮ ਦੇ ਵਣਜਾਰਿਉ ਮੈਨੂੰ ਕਦ ਦੇਵੋਗੇ ਕਲਮ ਦਵਾਤ। ਏਸ ਬਿਨਾ ਨਾ ਮੁੱਕਣੀ ਏਥੋਂ ਅੰਨ੍ਹੀ ਲੰਮ ਸਲੰਮੀ ਰਾਤ। ਜਿੱਥੇ ਜਿੱਥੇ ਸ਼ਬਦਾਂ ਦੀ ਥਾਂ ਹਥਿਆਰਾਂ ਦੀ ਸਰਦਾਰੀ ਹੈ, ਓਥੇ ਓਥੇ ਜ਼ਿੰਦਗੀ ਵਿਲਕੇ, ਤੜਫ਼ ਰਹੀ ਹੈ ਆਦਮ ਜ਼ਾਤ।
542.
ਫੁੱਲ ਕਲੀਆਂ ਖ਼ੁਸ਼ਬੋਈਆਂ ਵਾਂਗੂੰ ਕਦੇ ਕਦਾਈਂ ਮਿਲ ਜਾਇਆ ਕਰ। ਆਪਣਿਆਂ ਤੋਂ ਕਾਹਦਾ ਪਰਦਾ ਆਪਣਿਆਂ ਤੋਂ ਕਿਸ ਗੱਲ ਦਾ ਡਰ। ਸੱਚੀ ਗੱਲ ਹੈ ਅੱਜ ਕੱਲ੍ਹ ਤਾਂ ਬਈ ਡਰਦੀ ‘ਵਾਜ ਨਾ ਸੰਘੀਉਂ ਨਿਕਲੇ, ਥੱਕ ਜਾਂਦੇ ਆਂ ਰੋਜ਼ ਦਿਹਾੜੀ ਘਰ ਅੰਦਰ ਬਿਨ ਆਈ ਮਰ ਮਰ।
543.
ਬੀਤ ਗਏ ਨੂੰ ਰੋਂਦੇ ਵੇਖੇ ਅਕਸਰ ਲੋਕ ਨਿਕਾਰੇ। ਕੱਲ੍ਹ ਦੀ ਚਿੰਤਾ ਕਰਦੇ ਬਹੁਤੀ ਜ਼ਿੰਦਗੀ ਕੋਲੋਂ ਹਾਰੇ। ਇਸ ਧਰਤੀ ਤੇ ਵਿਰਲੇ ਜਨ ਹੀ ਅੱਜ ਨੂੰ ਮਾਨਣ ਵਾਲੇ, ਹਿੰਮਤੀ ਬੰਦਾ ਹਰ ਔਕੜ ਨੂੰ ਸਾਹਮਣਿਉਂ ਲਲਕਾਰੇ।
544.
ਦਿਨ ਚੜ੍ਹਦੇ ਨੂੰ ਕਰੇਂ ਸਲਾਮਾਂ ਵੇਖ ਜਦੋਂ ਸ਼ਾਮਾਂ ਨੂੰ ਲਹਿੰਦਾ। ਇਸ ਨੂੰ ਵੀਰ ਹੁੰਗਾਰਾ ਭਰ ਤੂੰ ਸੁਣ ਤੈਨੂੰ ਇਹ ਕੀ ਕੁਝ ਕਹਿੰਦਾ। ਰਾਤ ਦਿਵਸ ਦੇ ਦੋਵੇਂ ਪਹੀਏ ਮੈਂ ਹੀ ਗੇੜਾਂ ਤਾਂ ਹੀ ਗਿੜਦੇ, ਰੀਸ ਮੇਰੀ ਕਰਿਆ ਕਰ ਤੂੰ ਵੀ ਜਿੱਦਾਂ ਮੈਂ ਇੱਕ ਪਲ ਨਹੀਂ ਬਹਿੰਦਾ।
545.
ਕਿਸ ਨੇ ਰੱਤ ਨਿਚੋੜ ਲਈ ਹੈ ਸੂਹੇ ਸੁਰਖ਼ ਗੁਲਾਬ ਦੀ। ਖੰਭਾਂ ਨੂੰ ਬੰਨ੍ਹ ਰੱਸੀਆਂ ਖੋਹੀ ਹੈ ਪਰਵਾਜ਼ ਉਕਾਬ ਦੀ। ਸਾਡੇ ਵਿੱਚ ਹੀ ਲੁਕਿਆ ਬੈਠਾ ਸਾਡਾ ਦੁਸ਼ਮਣ ਪਤਾ ਕਰੋ, ਜਿਸ ਨੇ ਮੰਦੜੀ ਦਸ਼ਾ ਬਣਾਈ ਸੋਹਣੇ ਦੇਸ ਪੰਜਾਬ ਦੀ।
546.
ਕੈਸਾ ਵਕਤ ਬਰੂਹੀਂ ਬੈਠਾ, ਸੱਜਾ ਹੱਥ ਖੱਬੇ ਤੋਂ ਡਰਦਾ। ਆਪੋ ਆਪਣੀ ਜਾਨ ਪਿਆਰੀ, ਧੜਕ ਰਿਹਾ ਦਿਲ ਹੌਕੇ ਭਰਦਾ। ਤਾਰ ਤੇ ਬੈਠਾ ਪੰਛੀ ਜੋੜਾ,ਜੱਗ ਤਮਾਸ਼ਾ ਵੇਖ ਬੋਲਿਆ, ਜੇ ਨਾ ਬਿਰਛ ਮੁਕਾਉਂਦਾ ਸਾਡੇ, ਅਣਆਈ ਮੌਤੇ ਨਾ ਮਰਦਾ।
547.
ਜੋ ਕੁਝ ਮੈਂ ਵੀ ਲਿਖ ਨਹੀਂ ਸਕਦਾ ਵੱਡਾ ਹੋ ਅਖ਼ਬਾਰ ਦੇ ਉੱਤੇ। ਮੇਰੀ ਬੱਚੜੀ ਉਹ ਕੁਝ ਲਿਖਦੀ ਪਥਰੀਲੀ ਦੀਵਾਰ ਦੇ ਉੱਤੇ। ਵਕਤ ਦਿਆਂ ਸਫ਼ਿਆਂ ਤੇ ਰਿਸ਼ਮਾਂ ਏਸ ਤਰ੍ਹਾਂ ਹੀ ਪਾਉਣ ਪੂਰਨੇ, ਦੱਸਦੀਆਂ ਨੇ ਤੁਰਨਾ ਕਿੱਦਾਂ ਕੱਸ ਕੇ ਬੱਧੀ ਤਾਰ ਦੇ ਉੱਤੇ।
548.
ਧਰਮ ਸਿਖਾਉਂਦਾ ਮਰ ਮੁੱਕ ਚੱਲਿਆ, ਪੱਥਰ ਵਿੱਚ ਭਗਵਾਨ ਦਾ ਵਾਸਾ। ਏਸੇ ਨੇ ਹੀ ਨਰਕ ਬਣਾਇਆ, ਜਿੱਥੇ ਵੀ ਇਨਸਾਨ ਦਾ ਵਾਸਾ। ਜਿਹੜੀ ਗੱਲ ਸਮਝਾਉਣੀ ਸੀ ਉਹ ਉਲਝਣ ਗੁੰਝਲਦਾਰ ਬਣਾਈ, ਧਰਮਸਾਲ ਵਿੱਚ ਹੋਇਆ ਪੱਕਾ,ਤਾਂਹੀਂਉਂ,ਹੀ ਸ਼ੈਤਾਨ ਦਾ ਵਾਸਾ।
549.
ਫੁੱਲ ਕਲੀਆਂ ਖ਼ੁਸ਼ਬੋਈ ਬਣਕੇ ਕਦੇ ਕਿਤੇ ਤੂੰ ਮਿਲ ਜਾਇਆ ਕਰ। ਕਾਹਦਾ ਸੰਸਾ ਤੈਨੂੰ ਮੈਥੋਂ ਦੱਸੀਂ ਤੈਨੂੰ ਕਿਸ ਗੱਲ ਦਾ ਡਰ। ਸੱਚੀ ਗੱਲ ਹੈ ਅੱਜ ਕੱਲ੍ਹ ਏਥੇ ਸਹਿਮੀ ‘ਵਾਜ ਨਾ ਸੰਘੋਂ ਨਿਕਲੇ, ਥੱਕ ਨਾ ਜਾਵਾਂ ਰੋਜ਼ ਦਿਹਾੜੀ ਘਰ ਅੰਦਰ ਬਿਨ ਮੌਤੋਂ ਮਰ ਮਰ।
550.
ਨਿੰਦਿਆ ਤੋਂ ਘਬਰਾ ਕੇ ਰਾਹੀਆ ਰਸਤੇ ਵਿੱਚ ਨਾ ਅਟਕੀਂ। ਕੋਈ ਤੈਨੂੰ ਕੀ ਕਹਿੰਦਾ ਹੈ, ਸੁਣ ਕੇ ਵੀ ਨਾ ਭਟਕੀਂ। ਜੇ ਮੰਜ਼ਿਲ ਤੇ ਪਹੁੰਚ ਗਿਆ ਤੂੰ, ਵੇਖੀਂ ਏਹੀ ਲੋਕੀਂ, ਤੇਰਾ ਮਹਿਮਾ ਗਾਨ ਗਾਉਣਗੇ,ਜਿੰਨਾ ਮਰਜ਼ੀ ਹਟਕੀਂ।
551.
ਚੰਗੇ ਮਾੜੇ ਦਿਨ ਦੀ ਸੱਜਣੋ ਕਿਤੇ ਨਹੀਂ ਪਰਿਭਾਸ਼ਾ। ਖਿੜਿਆ ਤੇ ਮਹਿਕੰਦੜਾ ਹਰ ਪਲ ਜੇਕਰ ਪੱਲੇ ਆਸ਼ਾ। ਸੋਚ ਵਿਚਾਰ ਦਾ ਅੱਥਰਾ ਘੋੜਾ ਜੇਕਰ ਹੋਵੇ ਕਾਬੂ, ਮੀਲਾਂ ਤੀਕ ਨਾ ਢੁਕਦੀ ਨੇੜੇ,ਢਹਿੰਦੀ ਕਲਾ, ਨਿਰਾਸ਼ਾ।
552.
ਅੰਗ ਸੰਗ ਤੇਰੇ ਹਰ ਪਲ ਮੈਂ ਹਾਂ, ਜਿਸ ਦਿਨ ਦਾ ਰੱਬ ਮੈਨੂੰ ਕਹਿ ਗਿਆ। ਸੱਚੀ ਗੱਲ ਮੈਂ ਓਸੇ ਦਿਨ ਤੋਂ ਚੁੱਪ ਦੀ ਬੁੱਕਲ ਮਾਰ ਕੇ ਬਹਿ ਗਿਆ। ਓਟ ਆਸਰਾ ਬਹੁਤੀ ਵਾਰੀ ਪੀ ਜਾਵੇ ਉਤਸ਼ਾਹ ਦਾ ਚਸ਼ਮਾ, ਰੂਹ ਦਾ ਉੱਡਣਹਾਰ ਪਰਿੰਦਾ ਵੇਖੋ ਢੇਰੀ ਢਾਹ ਕੇ ਬਹਿ ਗਿਆ।
553.
ਬੇਕਦਰਾਂ ਦਾ ਸੰਗ ਨਾ ਕਰਨਾ ਅੱਕ ਦੇ ਫੁੱਲਾਂ ਆਖਿਆ। ਧਰਤੀ ਦੇ ਪੁੱਤਰਾਂ ਦੀ ਖ਼ਾਤਰ,ਚੰਗੀ ਨਹੀਂਉਂ ਭਾਖਿਆ। ਮੇਰਾ ਗੁਣ ਉਪਕਾਰ ਨਾ ਜਾਨਣ ਨਵੇਂ ਬਣੇ ਇਹ ਸਿਆਣੇ, ਨੀਹਾਂ ਤੇ ਹੀ ਬਣਨ ਮਮਟੀਆਂ ਭੁੱਲੇ ਸਰਲ ਵਿਆਖਿਆ।
554.
ਮਾਨਣ ਤੋਂ ਦੱਸ ਕਿਹੜਾ ਰੋਕੇ ਜੇ ਇਨ੍ਹਾਂ ਦਾ ਨਾਂ ਨਹੀਂ ਆਉਂਦਾ। ਪੱਤਾ ਪੱਤਾ ਸੁਹਜ ਸਲੀਕਾ ਸਹਿਜ ਨਾਲ ਸਭ ਕੁਝ ਸਮਝਾਉਂਦਾ। ਵੱਖਰੀ ਗੱਲ ਹੈ ਸਾਡੇ ਅੰਦਰ ਭਟਕਣ ਦਾ ਦਿਨ ਰੈਣ ਬਸੇਰਾ, ਏਸੇ ਨੂੰ ਹੀ ਕੱਢਣ ਦੇ ਲਈ ਬਲਿਹਾਰੀ ਫੁੱਲ ਬਣ ਕੇ ਆਉਂਦਾ।
555.
ਮੇਰੇ ਵੀਰੋ ਆਪਣੇ ਹੱਥੀਂ ਸ਼ੁਭ ਕਰਮਨ ਦਾ ਬੀਜ ਖਿਲਾਰੋ। ਹਰ ਮਿੱਟੀ ਵਿੱਚ ਉੱਗਣ ਸ਼ਕਤੀ ਪਿਆਰ ਤਰੌਂਕਾ ਹਰ ਥਾਂ ਮਾਰੋ। ਏਥੇ ਕੁਝ ਨਹੀਂ ਹੋ ਸਕਦਾ ਹੁਣ ਬਦਲ ਦਿਉ ਬੀਮਾਰ ਨਜ਼ਰੀਆ, ਕੱਲ੍ਹ ਦਾ ਸੂਰਜ ਵੱਖਰਾ ਹੋਊ ਆਪ ਵੇਖਿਉ ਬਰਖ਼ੁਰਦਾਰੋ।
556.
ਖਾਂਦਿਆਂ ਹਾਂ ਮਰ ਚੱਲੇ, ਪੱਤਿਆਂ ‘ਚ ਗੋਲੀਆਂ। ਸਾਡੀ ਜੇਬ ਸੱਖਣੀ ਬਾਜ਼ਾਰ ਭਰੇ ਝੋਲ਼ੀਆਂ। ਖ਼ੂਨ ਸਾਫ਼ ਕਰਦੀਆਂ ਇਹ ਭੁੱਲ ਚੁਕੇ ਸਿੱਖਿਆ, ਹਰ ਸਾਲ ਲੈ ਕੇ ਆਵੇ ਨਿੰਮ ਜੋ ਨਮੋਲ਼ੀਆਂ।
557.
ਵਾਂਗ ਗੁਲਾਬ ਜੇ ਖਿੜਨਾ ਚਾਹੋ ਕੰਡਿਆਂ ਦੇ ਸੰਗ ਰਹਿਣਾ ਸਿੱਖੋ। ਅੰਦਰਲਾ ਵਿਸਮਾਦ ਸੁਣਨ ਲਈ ਰੂਹ ਦੇ ਸਨਮੁਖ ਬਹਿਣਾ ਸਿੱਖੋ। ਪਾਣੀ ਪੌਣ ਤੇ ਮਿੱਟੀ ਰਲ਼ ਕੇ ਸਾਡੇ ਲਈ ਸੰਸਾਰ ਸਿਰਜਦੇ, ਸਾਨੂੰ ਸਬਕ ਪੜ੍ਹਾਉਂਦੇ ਹਰ ਪਲ ਦਿਲ ਦੇ ਅੰਦਰ ਲਹਿਣਾ ਸਿੱਖੋ।
558.
ਕਦੇ ਇਕੱਲੇ ਬਹਿ ਕੇ ਨਾ ਪੁੱਤ ਹੌਕੇ ਭਰਨਾ। ਪਰਛਾਵਾਂ ਛੱਡ ਜਾਵੇ ਮੈਨੂੰ ਚੇਤੇ ਕਰਨਾ। ਖ਼ੁਸ਼ੀਆਂ ਵੇਲੇ ਸਭ ਦੇ ਹੁੰਦੇ ਯਾਰ ਬਥੇਰੇ, ਚਿੰਤਾ ਨਾ ਕਰ, ਅੰਗ ਸੰਗ ਤੇਰੇ,ਤੂੰ ਨਹੀਂ ਡਰਨਾ।
559.
ਭਲਕ ਸੰਵਾਰਨ ਖ਼ਾਤਿਰ ਵੀਰੋ ਅੱਜ ਹੀ ਖ਼ੂਬ ਤਿਆਰੀ ਕਰਨਾ। ਜੇ ਨਾ ਅੱਜ ਸੌਰਿਆ ਸਾਡਾ ਕੱਲ੍ਹ ਪੈਣਾ ਏਂ ਹੌਕਾ ਭਰਨਾ। ਬੀਤਿਆ ਕੱਲ੍ਹ ਸੀ ਅੱਜ ਦਾ ਨਕਸ਼ਾ ਅੱਜ ਨੇ ਕੱਲ੍ਹ ਦੇ ਨਕਸ਼ ਬਣਾਉਣੇ, ਤ੍ਰੈਕਾਲਕ ਜੇ ਨਜ਼ਰ ਨਜ਼ਰੀਆ ਫੇਰ ਮੁਸੀਬਤ ਤੋਂ ਕੀ ਡਰਨਾ।
560.
ਖ਼ਬਰ ਨਹੀਂ ਉਹ ਬੰਦੇ ਸੀ ਜਾਂ ਨਿਰੇ ਦੇਵਤੇ ਪਿਛਲੇ ਯੁੱਗ ਦੇ। ਮੂੰਹੋਂ ਕੱਢੀ ਬਾਤ ਨਾਲ ਸੀ, ਸਿਰ ਤੋਂ ਪੈਰਾਂ ਤੀਕਰ ਪੁੱਗਦੇ। ਹੁਣ ਤਾਂ ਬੇੜਾ ਬੈਠ ਗਿਆ ਹੈ, ਇੱਕੋ ਜੀਭ ਕਰੇ ਦੋ ਗੱਲਾਂ, ਕੰਡੇ, ਭੱਖੜਾ ਉੱਗਿਆ ਅੰਦਰ,ਮਨ ਵਿੱਚ ਕਦੇ ਗੁਲਾਬ ਨਾ ਉੱਗਦੇ।
561.
ਡਰ ਤੇ ਸਹਿਮ ਬੜਾ ਚਿਰ ਹੋਇਆ ਮੈਂ ਤਾਂ ਆਪਣੀ ਰੂਹੋਂ ਕੱਢਿਆ। ਸੱਜਣ ਬੇਲੀ ਸਾਂਭ ਲੈਣਗੇ ਜਦ ਵੈਰੀ ਨੇ ਜੜ੍ਹ ਤੋਂ ਵੱਢਿਆ। ਇਹ ਵਿਸ਼ਵਾਸ ਸਹਾਰਾ ਸ਼ਕਤੀ ਧਰਤੀ ਦੀ ਮਰਯਾਦਾ ਏਹੀ, ਕਦੇ ਨਾ ਤਰਿਆ ਓਹੀ ਮਰਿਆ ਜਿਸ ਨੇ ਇਸਦਾ ਪੱਲਾ ਛੱਡਿਆ।
562.
ਗੁਲਦਸਤਾ ਤਾਂ ਦੇ ਚੱਲਿਆ ਹੈਂ ਮਿਲਣ ਲਈ ਵੀ ਆਇਆ ਕਰ ਤੂੰ। ਦਿਲ ਨਹੀਂ ਭਰਦਾ ਰਸਮੀਂ ਹੋਇਆਂ ਨੰਗੇ ਮੂੰਹ ਮਿਲ ਜਾਇਆ ਕਰ ਤੂੰ। ਦਿਲ ਤੋਂ ਦਿਲ ਨੂੰ ਸੜਕ ਬਣਾ ਕੇ ਸਿੱਧੇ ਆਇਆ ਜਾਇਆ ਕਰੀਏ, ਦੇਖ ਦਿਖਾਵਾ ਭਰਮ ਛਲਾਵਾ ਵਿੰਗ ਵਲ਼ ਨਾ ਹੀ ਪਾਇਆ ਕਰ ਤੂੰ।
563.
ਚਾਰ ਚੁਫ਼ੇਰ ਹਨ੍ਹੇਰਾ ਗੂੜ੍ਹਾ, ਮੇਰੇ ਚੰਨ ਦੀ ਬਾਤ ਨਿਰਾਲੀ। ਜਦ ਇਹ ਪੂਰਾ ਨਜ਼ਰੀਂ ਪੈਂਦਾ, ਬਣ ਜਾਂਦੀ ਹਾਂ ਕਰਮਾਂ ਵਾਲੀ। ਏਕਮ ਤੋਂ ਲੈ ਪੂਰਨਮਾਸ਼ੀ ਔਂਸੀਆਂ ਪਾਵੇ ਜਿੰਦ ਬਿਰਹੋਂ ਵਿੱਚ, ਮਿਲ ਜਾਵੇ ਦਿਲਦਾਰ ਜਦੋਂ ਤਾਂ ਰੱਜਦੀ ਰੂਹ ਤਰਸੇਵਿਆਂ ਵਾਲੀ।
564.
ਦੁਨੀਆ ਜੇਤੂ ਪੁੱਤ ਆਖਦਾ ਮਾਤਾ ਦੇ ਗੋਡੇ ਸਿਰ ਧਰਕੇ। ਏਥੋਂ ਤੀਕ ਪੁਚਾਇਆ ਤੂੰਹੀ ਪਲਪਲ ਡਾਢੀ ਹਿੰਮਤ ਕਰਕੇ। ਮੇਰੀ ਕੰਡ ਤੇ ਤੇਰਾ ਦਿੱਤਾ ਸਬਕ ਜਿਹਾ ਇਤਿਹਾਸ ਖਲੋਤਾ, ਜਿਸ ਦੇ ਸਿਰ ਤੇ ਨਾਲ ਭਰਾਵਾਂ ਆਇਆ ਹਾਂ ਚੋਟੀ ਸਰ ਕਰਕੇ।
565.
ਭਾਵੇਂ ਰੰਗਲੇ ਗੁਬਾਰੇ ਵਿੱਚ ਹੌਕਿਆਂ ਦਾ ਵਾਸ। ਸਦਾ ਉੱਡਦਾ ਆਕਾਸ਼ ਵੱਲ ਹੁੰਦਾ ਨਾ ਉਦਾਸ। ਹੇਠ ਧਰਤੀ ਵੀ ਤਪੇ, ਸਿਰ ਸੂਰਜੇ ਦਾ ਸੇਕ, ਮੇਘ ਮੰਗਦੀਆਂ ਧੀਆਂ ਰੱਖ ਦਿਲੀਂ ਧਰਵਾਸ।
566.
ਜੇ ਵਿਸ਼ਵਾਸ ਪਕੇਰਾ ਹੋਵੇ ਚੁੱਪ ਵੀ ਗੱਲ ਸਮਝਾ ਜਾਂਦੀ ਹੈ। ਬੇ ਵਿਸ਼ਵਾਸੀ ਬੋਲਣ ਤੇ ਵੀ ਗੱਲ ਨੂੰ ਕਰ ਗੁੰਮਰਾਹ ਜਾਂਦੀ ਹੈ। ਰਿਸ਼ਤਿਆਂ ਦੀ ਰੂਹ ਪੜ੍ਹਦੇ ਵੇਲੇ ਇਹ ਗੱਲ ਨਾ ਤੂੰ ਕਦੇ ਵਿਸਾਰੀਂ, ਭਰਮਾਂ ਵਾਲੀ ਅਮਰ ਵੇਲ ਤਾਂ ਬਿਰਖ਼ ਸਬੂਤੇ ਖਾ ਜਾਂਦੀ ਹੈ।
567.
ਮੈਂ ਰੁੱਖਾਂ ਨੂੰ ਅੱਖੀਂ ਤੱਕਿਐ ਰਿਸ਼ੀਆਂ ਜਿਉਂ ਅਰਦਾਸ ਕਰਦਿਆਂ। ਇੱਕੋ ਲੱਤ ਦੇ ਭਾਰ ਖਲੋਤੇ ਦਮ ਦਮ ਵਿੱਚ ਨਿਵਾਸ ਕਰਦਿਆਂ। ਸਗਲ ਕੁਹਾੜੇ,ਆਰੀ,ਆਰੇ ਇਸ ਦੀ ਜੜ੍ਹ ਨੂੰ ਵੱਢਦੇ ਵੇਖੇ, ਰਖਵਾਲੇ ਜਾਗਣ ਤੇ ਰੋਕਣ, ਮਰ ਚੱਲੇ ਹਾਂ ਆਸ ਕਰਦਿਆਂ।
568.
ਹਰ ਦਿਨ ਹਰ ਪਲ ਆਪਣੇ ਅੰਦਰ ਮਾਨਣ ਦਾ ਅਹਿਸਾਸ ਜਗਾਉ। ਇਸ ਧਰਤੀ ਦਾ ਜੰਤ ਪਰਿੰਦਾ ਵਣ ਤ੍ਰਿਣ ਕਣ ਕਣ ਮੀਤ ਬਣਾਉ। ਰੌਸ਼ਨੀਆਂ ਦੇ ਬਾਗ ਬਗੀਚੇ ਮੰਗਦੇ ਮੋਹ ਦਾ ਨਿਰਮਲ ਪਾਣੀ, ਜ਼ਿੰਦਗੀ ਧਰਤ ਤਰੇੜਾਂ ਪਾਟੀ ਭਰ ਭਰ ਮਸ਼ਕਾਂ ਜਲ ਵਰਤਾਉ।
569.
ਇਹ ਗੱਲ ਪੱਕੀ ਮੰਨ ਲਉ ਮਿੱਤਰੋ, ਖ਼ੁਸ਼ੀਆਂ ਦਾ ਬਾਜ਼ਾਰ ਨਹੀਂ ਹੁੰਦਾ। ਸਾਰਾ ਕੁਝ ਹੀ ਵਿਕਦਾ ਏਥੇ, ਪਰ ਸੌਦਾ ਪਰਿਵਾਰ ਨਹੀਂ ਹੁੰਦਾ। ਸਾਧਨ ਤੇ ਸਰਮਾਇਆ ਰਲ਼ ਕੇ, ਆਪਣੇ ਪਿੱਛੇ ਲਾਉਂਦੇ ਅਕਸਰ, ਕੋਠੇ ਚਾੜ੍ਹ ਕੇ ਖਿੱਚਣ ਪੌੜੀ, ਇਨ੍ਹਾਂ ਦਾ ਇਤਬਾਰ ਨਹੀਂ ਹੁੰਦਾ।
570.
ਰੱਬ ਦੀ ਹੋਂਦ ਪਤਾ ਨਹੀਂ ਮੈਨੂੰ ਹੈ ਜਾਂ ਨਾ ਇਨਕਾਰ ਨਹੀਂ ਕਰਦਾ। ਜਿਸ ਨੂੰ ਲੋਕੀਂ ਪੂਜ ਰਹੇ ਨੇ ਉਸ ਨੂੰ ਮੈਂ ਸਵੀਕਾਰ ਨਹੀਂ ਕਰਦਾ। ਘਾੜਨਹਾਰੇ ਦੀ ਹੈ ਰਹਿਮਤ ਜੇ ਪੱਥਰ ਭਗਵਾਨ ਬਣ ਗਿਆ, ਹੱਥ ਪੈਰ ਹੀ ਪਾਰ ਲੰਘਾਉਂਦੇ ਸਭ ਕੁਝ ਤਾਰਨਹਾਰ ਨਹੀਂ ਕਰਦਾ
571.
ਮਨ ਦੀ ਅਦਲ ਕਚਹਿਰੀ ਅੰਦਰਏਸ ਤਰ੍ਹਾ ਇਨਸਾਫ਼ ਕਰ ਦਿਉ। ਦਿਲ ਤੇ ਪਈਆਂ ਕਾਲ਼ੀਆਂ ਲੀਕਾਂ ਸੌਣ ਤੋਂ ਪਹਿਲਾਂ ਸਾਫ਼ ਕਰ ਦਿਉ। ਦੂਸਰਿਆਂ ਦਾ ਜ਼ਹਿਰ-ਵਤੀਰਾ, ਖਾ ਜਾਵੇਗਾ ਰੂਹ ਦਾ ਰੇਸ਼ਮ, ਕੌੜ ਨਾ ਬੰਨ੍ਹਿਉਂ ਪੋਟਲੀਆਂ ਵਿੱਚ ਕਮ ਅਕਲਾਂ ਨੂੰ ਮਾਫ਼ ਕਰ ਦਿਉ।
572.
ਦੌਲਤਮੰਦ ਹੈ ਓਹੀ ਜਿਹੜਾ ਸਬਰ ਸਿਦਕ ਸੰਤੋਖ ਦਾ ਸਾਈੰ। ਅਣਦਿਸਦਾ ਰੱਬ ਓਸੇ ਦਾ ਹੀ ਰਾਖਾ ਹੁੰਦਾ ਸਭਨੀਂ ਥਾਈਂ। ਜੇਕਰ ਮੱਥਾ ਭਟਕ ਰਿਹਾ ਹੈ ਮਨ ਵਿੱਚ ਅੱਗ ਸਾੜੇ ਦੀ ਭੜਕੇ, ਕੋਈ ਨਾ ਫੇਰ ਬਚਾ ਸਕਦਾ ਹੈ, ਬਾਲਣ ਵਰਗੇ ਬੰਦੇ ਤਾਈਂ।
573.
ਮੈਂ ਆਪਣੇ ਅੱਜ ਦਿਲ ਦੇ ਵਰਕੇ ਦਿਨ ਚੜ੍ਹਦੇ ਹੀ ਫ਼ੋਲ ਰਿਹਾ ਸਾਂ। ਮੇਰੇ ਅੰਦਰ ਕਿੰਨੀ ਮਾਂ ਹੈ, ਬਾਪੂ ਜੀ ਨੂੰ ਟੋਲ ਰਿਹਾ ਸਾਂ। ਵਿੱਚ ਲਿਫ਼ਾਫ਼ੇ ਕੁਝ ਵੀ ਨਹੀਂ ਸੀ, ਜੋ ਕੁਝ ਉਨ੍ਹਾਂ ਮੈਨੂੰ ਸੌਂਪਿਆ, ਸਮਝ ਪਵੇ ਨਾ ਹੁਣ ਤੀਕਰ ਮੈਂ ਕਿਹੜਾ ਸੌਦਾ ਤੋਲ ਰਿਹਾ ਸਾਂ।
574.
ਛੇੜ ਬੰਸਰੀ ਤਾਨ ਸੁਣਾਦੇ ਬੇਸੁਰ ਹਾਂ ਮੈਂ ਕ੍ਰਿਸ਼ਨ ਘਨੱਈਆ। ਨਫ਼ਰਤ ਰਾਗ ਸੁਣਦਿਆਂ ਅੱਕੀ ਬੇਬਸ ਮੇਰੀ ਧਰਤੀ ਮੱਈਆ। ਕੁਰਸੀ ਦੇ ਹੰਕਾਰ ‘ਚ ਅੰਨ੍ਹੇ ਤੋੜ ਰਹੇ ਸੁਰਵੰਤੀ ਵੰਝਲੀ, ਬਦਲ ਰਹੀ ਵਲਦੀਅਤ ਤਾਂਹੀਓਂ,ਬਣਿਆ ਸਭਦਾ ਬਾਪ ਰੁਪਈਆ।
575.
ਰੱਬ ਤੋਂ ਜੇਕਰ ਮੰਗਣਾ ਹੈ ਤਾਂ ਨੇਕ ਪੁਰਖ਼ ਦੀ ਸੰਗਤ ਮੰਗੀਏ। ਖ਼ਿਮਾ ਕਰਨ,ਮੰਗਣ ਦੀ ਸ਼ਕਤੀ, ਦੇਵਣਹਾਰ ਤੋਂ ਰਤਾ ਨਾ ਸੰਗੀਏ। ਮੰਦੜੇ ਖ਼ਿਆਲ ਤੇ ਸੁਪਨ ਅਵੱਲੇ ਭੁੱਲਣ ਵਿੱਚ ਹੀ ਬਰਕਤ ਰਹਿੰਦੀ, ਦੂਸਰਿਆਂ ਦੇ ਜਾਲ਼ ‘ਚ ਫਸ ਕੇ, ਕਿਉਂ ਆਪਣੀ ਜਿੰਦ ਸੂਲ਼ੀ ਟੰਗੀਏ।
576.
ਮੈਂ ਨਾ ਪਵਾਂ ਮੁਕਾਬਲਿਆਂ ਵਿੱਚ ਆਪਣੀ ਮੰਜ਼ਿਲ ਆਪ ਵਰਾਂਗਾ। ਹੋਰ ਕਿਸੇ ਦੀ ਪੈੜ ਦੇ ਅੰਦਰ ਵਾਹ ਲੱਗਦੇ ਨਾ ਪੈਰ ਧਰਾਂਗਾ। ਆਪਣੇ ਦਮ ਖ਼ਮ ਨੂੰ ਮੈਂ ਜਾਣਾਂ ਆਪਣੀ ਤਾਕਤ ਦਾ ਹਾਂ ਭੇਤੀ, ਆਪਣੇ ਨਾਲ ਬਰਾਬਰ ਦੌੜਾਂ ਏਨੀ ਹੀ ਅਰਦਾਸ ਕਰਾਂਗਾ।
577.
ਅਸਲ ਦੋਸਤੀ ਕਿਸ ਨੂੰ ਕਹਿੰਦੇ, ਪੁੱਛਿਆ ਹੈ ਤੂੰ ਯਾਰਾ। ਇਸ ਦੀ ਪਰਖ਼ ਆਸਾਨ ਬੜੀ ਹੈ ਕੰਮ ਨਾ ਬਹੁਤਾ ਭਾਰਾ। ਜਦ ਪਰਛਾਵਾਂ ਸਾਥ ਤੁਰੇ ਨਾ ਸੁਖ ਦੇ ਸੰਗੀ ਭੱਜਣ, ਸੱਜਣ ਓਹੀ ਜੋ ਬਿਨ ਆਖਿਆਂ ਬਣਦੇ ਆਣ ਸਹਾਰਾ।
578.
ਲੰਮ ਸਲੰਮੇ ਬਿਰਖ਼ਾਂ ਵਰਗਾ ਲਿਖ ਸੋਹਣਾ ਪੈਗਾਮ ਭੇਜਿਆ। ਬਿਨ ਸਿਰਨਾਵੇਂ ਚਿੱਠੀ ਮਿਲ ਗਈ ਲਿਖਤੁਮ ਨਾ ਤੂੰ ਨਾਮ ਭੇਜਿਆ। ਮਾਂ ਧਰਤੀ ਦੀ ਰਾਖੀ ਦੇ ਲਈ ਹਰ ਪਲ ਪਹਿਰੇਦਾਰ ਬਣਾਂਗੇ, ਰੱਖਿਉ ਜੜ੍ਹਾਂ ਸਲਾਮਤ ਲੋਕੋ ਕਿੱਸਾ ਖੋਲ੍ਹ ਤਮਾਮ ਭੇਜਿਆ।
579.
ਖ਼ੁਸ਼ੀਆਂ ਖੇੜੇ ਹੌਕੇ ਹਾਵੇ ਜ਼ਿੰਦਗੀ ਹੈ ਰੰਗਾਂ ਦਾ ਮੇਲਾ। ਔਖੀ ਘੜੀ ਪਰਖ਼ ਦਾ ਵੇਲਾ ਹੋ ਜਾਵੇ ਜਦ ਤਰਨ ਦੁਹੇਲਾ। ਇਹ ਨਾ ਭੁੱਲਿਓ ਰਾਤ ਦੇ ਪਿੱਛੋਂ ਦਿਨ ਚੜ੍ਹਦਾ ਹੈ ਰੋਜ਼ ਸਵੇਰੇ, ਘੁੰਮਣਘੇਰੀ ਵਿੱਚੋਂ ਨਿਕਲੋ ਤਦ ਮੁੱਕੇਗਾ ਸਗਲ ਝਮੇਲਾ।
580.
ਰੂਹ ਦੀ ਰੌਣਕ ਵਿੱਚੋਂ ਪੜ੍ਹ ਲੈ,ਫ਼ਿਕਰ ਕਰੀਂ ਨਾ ਭੋਰਾ ਅੰਮੀਏ। ਹਰ ਧਰਤੀ ਹੀ ਮਾਂ ਹੁੰਦੀ ਹੈ,ਡੋਲ ਰਹੇ ਦਿਲ ਤਾਈਂ ਥੰਮੀਏ। ਜੋ ਕੁਝ ਮੇਰੇ ਮਾਪਿਆਂ ਬੀਜਿਆ, ਉਹ ਹੀ ਮੇਰੀ ਪੂੰਜੀ ਬਣਿਆ, ਮਾਣ ਵਿਰਾਸਤ ਦਾ ਨਾ ਗੁੰਮਦਾ ਜੇਕਰ ਚੰਗੇ ਘਰ ਵਿੱਚ ਜੰਮੀਏ।
581.
ਸੁਖ ਦੀ ਜ਼ਿੰਦਗੀ ਸੜਕ ਸਲੇਟੀ ਤੁਰਨਾ ਸਹਿਜ ਸੁਖਾਲ਼ਾ। ਪਰ ਐਸੀ ਥਾਂ ਫੁੱਲ ਨਾ ਉੱਗਣ ਸਮਝੇ ਅਕਲਾਂ ਵਾਲ਼ਾ। ਦੁਖ ਸੁਖ ਦਾ ਸਮਤੋਲ ਜ਼ਰੂਰੀ, ਜ਼ਿੰਦਗੀ ਧੁੱਪ ਤੇ ਛਾਂ ਹੈ, ਸੁਖਰਹਿਣੇ ਦੀ ਜ਼ਿੰਦਗੀ ਏਦਾਂ ਜਿਉਂ ਪਾਣੀ ਵਿੱਚ ਜਾਲ਼ਾ।
582.
ਗੋਰਖ ਦੇ ਟਿੱਲੇ ਤੇ ਜੋਗੀ ਸ਼ਾਮੀਂ ਅਕਸਰ ਆ ਜਾਂਦੇ ਨੇ। ਬਿਰਧ ਬਿਰਖ ਦੀ ਸੁਣ ਜਾਂਦੇ ਤੇ ਆਪਣੀ ਬਾਤ ਸੁਣਾ ਜਾਂਦੇ ਨੇ। ਦਿਲ ਦਿਲਗੀਰ ਨੂੰ ਢਾਰਸ ਮਿਲਦੀ ਰੂਹ ਦੀਆਂ ਤਾਰਾਂ ਸੁਰ ਹੋ ਜਾਵਣ, ਤਾਰਿਆਂ ਵੇਲੇ ਚੰਨ ਤੇ ਤਾਰੇ ਮਿਲਣ ਗਿਲਣ ਜਦ ਆ ਜਾਂਦੇ ਨੇ।
583.
ਰੂਹ ਦੇ ਛਾਲੇ ਫਿੱਸਦੇ ਮਗਰੋਂ,ਉਸ ਤੋਂ ਪਹਿਲਾਂ ਭਰ ਜਾਂਦੇ ਨੇ। ਅਗਨ ਭੇਟ ਜਿਸਮਾਂ ਨੂੰ ਕਰੀਏ,ਜਲ ਪ੍ਰਵਾਹੀਏ ਫਿਰ ਵੀ ਜ਼ਿੰਦਾ, ਰੂਹ ਦੀ ਨੁੱਕਰੇ ਰੋਜ਼ ਬੋਲਦੇ ,ਕੌਣ ਕਹੇ ਉਹ ਮਰ ਜਾਂਦੇ ਨੇ।
584.
ਪਾਟੀ ਚਿੱਠੀ ਜਦ ਵੀ ਆਵੇ, ਬਿਨ ਪੜ੍ਹਿਆਂ ਤੜਫ਼ਾ ਜਾਂਦੀ ਹੈ। ਮਾਂ ਜਾਇਆਂ ਦੀ ਪੀੜ,ਆਂਦਰਾਂ ਕੱਠੀਆਂ ਕਰ ਸਮਝਾ ਜਾਂਦੀ ਹੈ। ਅੱਖ ਫਰਕਦੀ, ਚਿੱਤ ਖਲਬਲੀ, ਉੱਖੜੇ ਨੀਂਦਰ ਹੋਰ ਬੜਾ ਕੁਝ, ਏਸ ਤਰ੍ਹਾਂ ਹੀ ਤਨ ਦੀ ਮਿੱਟੀ, ਚਿੰਤਾ ਖਾਂਦੀ ਖਾ ਜਾਂਦੀ ਹੈ।
585.
ਖ਼ਤ ਲਿਖਿਆ ਤੂੰ, ਪੜ੍ਹਿਆ ਮੈਂ ਵੀ ਹਿੰਮਤ ਕਰਕੇ। ਕਿੱਦਾਂ ਦੱਸਾਂ, ਬੀਤ ਰਹੀ ਹਟਕੋਰੇ ਭਰ ਕੇ। ਜਿੱਥੇ ਲਿਖਣੀ ਛੱਡ ਗਿਆ ਸੀ, ਪਾਟੀ ਚਿੱਠੀ, ਉਸ ਤੋਂ ਅੱਗੇ ਸਾਰੇ ਹੀ ਨੇ ਕੋਰੇ ਵਰਕੇ।
586.
ਵਕਤ ਵਿਚਾਰਾ ਟੁਕੜੇ ਕਰਕੇ, ਆਪਾਂ ਹੈ ਦੀਵਾਰ ਤੇ ਟੰਗਿਆ। ਪਲ ਪਲ ਗਿਣਤੀ ਰੱਖਦਾ ਭਾਵੇਂ ਸਾਥੋਂ ਏਸ ਹਿਸਾਬ ਨਾ ਮੰਗਿਆ। ਟਿਕਟਿਕ ਵੇਖ ਟਿਕਟਿਕੀ ਲਾ ਕੇ, ਵਹੀਆਂ ਖ਼ਾਤੇ ਲਿਖਦਾ ਰਹਿੰਦਾ, ਉਸ ਨੂੰ ਅਗਲਾ ਸਾਹ ਨਾ ਆਉਂਦਾ,ਅੱਜ ਤੀਕਰ ਜਿਸ ਨੂੰ ਇਸ ਡੰਗਿਆ।
587.
ਨਾ ਇਹ ਪੜ੍ਹਨ ਟਿਊਸ਼ਨ ਕਿਤਿਉਂ ਜਾਂਦੇ ਨਹੀਂ ਵਿਦਿਆਲੇ। ਬਿਨ ਧਰਤੀ ਤੋਂ ਘਰ ਘਰ ਖੇਡਣ ਪੰਛੀ ਅਕਲਾਂ ਵਾਲੇ। ਖੰਭਾਂ ਵਿੱਚ ਪਰਵਾਜ਼ ਜਿੰਨ੍ਹਾਂ ਦੇ ਬਿਰਖ਼ ਦੀ ਟਾਹਣੀ ਡੇਰਾ, ਝੱਖੜ -ਝਾਂਜਾ ਪੀਂਘ ਹੁਲਾਰਾ ਮੰਨਦੇ ਨੇ ਮਤਵਾਲੇ।
588.
ਮੋਹ ਦਾ ਬੂਟਾ ਹੱਥੀਂ ਲਾ ਤੂੰ ਸਮਝ ਪਿਆਰੇ। ਜੜ੍ਹ ਡੂੰਘੀ ਹੋ ਜਾਵੇ ਸਾਰੀ ਉਮਰ ਨਜ਼ਾਰੇ। ਨਫ਼ਰਤ ਦੇ ਵਣਜਾਰਿਆਂ ਨੂੰ ਵੀ ਇਹ ਸਮਝਾਵੀਂ, ਬੁੱਕਲ ਵਿੱਚ ਬ੍ਰਹਿਮੰਡ ਸਿਤਾਰੇ ਭਰਨ ਹੁੰਗਾਰੇ।
589.
ਘਾਹ ਦੀ ਹਰੀ ਕਚੂਰ ਦਰੀ ਤੇ ਸੁੱਕਾ ਪੱਤਾ ਸਹਿਕ ਰਿਹਾ ਸੀ। ਜਦ ਸੀ ਟਾਹਣੀ ਨਾਲ ਝੂਮਦਾ ਸਭ ਚੌਗਿਰਦਾ ਟਹਿਕ ਰਿਹਾ ਸੀ। ਪੱਤਝੜ ਆਈ ਬਿਰਖੋਂ ਟੁੱਟਿਆ ਪਿੱਪਲ ਪੱਤਾ ਆਖ ਰਿਹਾ ਹੈ, ਮੇਰੇ ਅੰਦਰ ਜਦ ਤੱਕ ਰੂਹ ਸੀ, ਤੇਰੇ ਵਾਂਗੂੰ ਮਹਿਕ ਰਿਹਾ ਸੀ।
590.
ਕਿੱਥੋਂ ਆਏ ਕਿੱਧਰ ਤੁਰ ਗਏ ਸ਼ਕਤੀਧਾਰੀ ਰਾਜੇ ਰਾਣੇ। ਮੁੱਠ ਵਿੱਚ ਕੈਦ ਸਮੇਂ ਨੂੰ ਸਮਝਣ ਕਿਲ੍ਹਿਆਂ ਅੰਦਰ ਜ਼ਰ ਜਰਵਾਣੇ। ਕਿਹੜਾ ਕਿੱਥੇ ਕਿਹੜੀ ਕਬਰੇ ਸਭਨਾਂ ਨੂੰ ਹੀ ਖਾ ਗਈ ਮਿੱਟੀ, ਓਹੀ ਬਣਦੇ ਨਾਇਕ ਹਮੇਸ਼ਾਂ ਜਿਹੜੇ ਲੋਕ ਦਿਲਾਂ ਦੇ ਰਾਣੇ।
591.
ਮਨ ਮੰਦਰ ਵਿੱਚ ਜੇਕਰ ਦੀਵਾ ਗਿਆਨ ਦਾ ਹਰ ਪਲ ਜਗਦਾ ਹੈ। ਰੌਸ਼ਨ ਮੱਥਾ ਦੱਸ ਦੇਂਦਾ ਕਿ ਇਸ ਥਾਂ ਸੂਰਜ ਦਗਦਾ ਹੈ। ਦੋਚਿੱਤੀ ਤੇ ਘੋਰ ਨਿਰਾਸ਼ਾ ਕਬਰਾਂ ਦਾ ਸਿਰਨਾਵਾਂ ਜਾਣ, ਜੋਤ ਸਰੂਪ ਮਨਾਂ ਦੇ ਅੱਗੇ ਨੂਰੀ ਚਸ਼ਮਾ ਵਗਦਾ ਹੈ।
592.
ਜਿੱਸਰਾਂ ਸਾਫ਼ ਸਫ਼ਾਈ ਕਰੀਏ ਘਰ ਵਿੱਚ ਆਲ ਦੁਆਲ਼ੇ। ਦੀਵਾਰਾਂ ਤੇਂ ਲਾਹੀਏ ਜੀਕੂੰ ਜਿਸ ਥਾਂ ਧੱਬੇ ਕਾਲ਼ੇ। ਇਸ ਵਾਰੀ ਦੀਵਾਲ਼ੀਉਂ ਪਹਿਲਾਂ ਸੁਣ ਲਉ ਮਾਈ ਭਾਈ, ਸਭ ਤੋਂ ਪਹਿਲਾਂ ਬਹੁਤ ਜ਼ਰੂਰੀ ਲਾਹੀਏ ਮਨ ਦੇ ਜਾਲ਼ੇ।
593.
ਕਿੱਥੋਂ ਆਏ ਕਿੱਧਰ ਤੁਰ ਗਏ ਸ਼ਕਤੀਧਾਰੀ ਰਾਜ ਘਰਾਣੇ। ਮੁੱਠ ਵਿੱਚ ਕੈਦ ਸਮਾਂ ਜੋ ਸਮਝਣ ਕਿਲ੍ਹਿਆਂ ਵਾਲੇ ਜ਼ਰ ਜਰਵਾਣੇ। ਅੱਜ ਕਿੱਥੇ ਨੇ,ਕਿਹੜੀ ਕਬਰੇ ਸਭਨਾਂ ਨੂੰ ਹੀ ਖਾ ਗਈ ਮਿੱਟੀ, ਓਹੀ ਬਣਦੇ ਨਾਇਕ ਹਮੇਸ਼ਾਂ ਜਿਹੜੇ ਲੋਕ ਦਿਲਾਂ ਦੇ ਰਾਣੇ।
594.
ਇੱਕੋ ਧਰਤੀ ਮਹਿਕ ਉਗਾਵੇ ਮਿੱਠੇ ਫ਼ਲ ਹਰਿਆਲੀ। ਕੌੜੇ ਤੁੰਮ ਮਿਰਚ ਮਸਾਲੇ, ਕਿੰਨੀ ਜ਼ਹਿਰ ਸੰਭਾਲੀ। ਟਾਹਣੀ ਦੀ ਹਰਿਆਲੀ ਅੰਦਰ ਸੂਹੇ ਖ਼੍ਵਾਬ ਪਰੁੱਚੇ, , ਪਰ ਕਿਉਂ ਛਾਂਗੇ ਵੰਨ ਸੁਵੰਨਤਾ, ਅਜਬ ਬਾਗ ਦਾ ਮਾਲੀ।
595.
ਲੋਕਾਂ ਲਈ ਮਿੱਟੀ ਦੇ ਦੀਵੇ ਮੇਰੇ ਲਈ ਇਹ ਅੰਨ ਤੇ ਪਾਣੀ। ਵਿਰਲੇ ਗਾਹਕ ਖ਼ਰੀਦਣ ਵਾਲੇ ਸਮਝ ਲਵੋ ਹੁਣ ਖ਼ਤਮ ਕਹਾਣੀ। ਸਿਰਫ਼ ਦੀਵਾਲੀ ਨੂੰ ਹੀ ਵਿਕਦੇ ਇੱਕੋ ਰਾਤ ਜਗਣ ਤੇ ਬੁਝਦੇ, ਜਿੰਦੜੀ ਫੇਰ ਹਨ੍ਹੇਰ ‘ਚ ਡੁੱਬੇ ਚੜ੍ਹ ਜੇ ਗ਼ਮ ਦਾ ਗਲ਼ ਗਲ਼ ਪਾਣੀ।
596.
ਮੈਂ ਇਹ ਕੰਮ ਨਹੀਂ ਕਰ ਸਕਦਾ ਏਦਾਂ ਸੋਚ ਉਦਾਸ ਨਾ ਹੋਣਾ। ਪਹਿਲਾ ਕਦਮ ਜ਼ਰੂਰੀ ਹੁਣ ਹੀ ਮਨ ਵਿੱਚੋਂ ਬੇਹਿੰਮਤੀ ਧੋਣਾ। ਬੰਦਾ ਹੈਂ ਤੂੰ ਬੰਦਾ ਬਣ ਕੇ ਬੰਦੇ ਵਾਂਗੂੰ ਧਾਰ ਨਿਸ਼ਾਨਾ, ਵੇਖੀਂ ਜਿੱਤ ਨੇ ਅੱਗਲਵਾਂਢੀ ਤੇਰੇ ਤੇਲ ਬਰੂਹੀਂ ਚੋਣਾ।
597.
ਮਿਹਨਤ ਦਾ ਫ਼ਲ ਮਿੱਠਾ ਹੋਵੇ ਜੇਕਰ ਸਹਿਜੇ ਪੱਕੇ। ਹਰ ਮੁਸ਼ਕਿਲ ਦਾ ਹੱਲ ਹੈ ਬੰਦਾ ਜੇ ਅੱਕੇ ਨਾ ਥੱਕੇ। ਸਭ ਤੋਂ ਪਹਿਲਾਂ ਮੂਲ ਪਛਾਣੇ,ਜਿਸ ਹਸਤੀ ਉਚਿਆਉਣੀ, ਉੱਡਦੀਆਂ ਦੇ ਸਗਲ ਸ਼ਿਕਾਰੀ ਦਰ ਦਰ ਖਾਂਦੇ ਧੱਕੇ।
598.
ਇਹ ਗੱਲ ਪੱਕੀ ਚੇਤੇ ਰੱਖਿਓ ਇਸ ਨੂੰ ਕਦੇ ਵਿਸਾਰ ਨਾ ਬਹਿਣਾ। ਹਰ ਮੁਸ਼ਕਿਲ ਵਿੱਚ ਲੁਕਿਆ ਹੱਲ ਹੈ, ਲੱਭ ਲਵੋ ਮਗਰੋਂ ਨਾ ਕਹਿਣਾ। ਗੁੰਦਣਾ ਪੈਂਦੈ ਖ਼ੁਦ ਆਪਣਾ ਸਿਰ ਦੇਣ ਮਸ਼ਵਰੇ ਲੋਕ ਬਥੇਰੇ, ਜਿਹੜਾ ਜ਼ਖ਼ਮ ਸਰੀਰ ਤੁਹਾਡੇ ਦਰਦ ਤਾਂ ਆਪੇ ਪੈਣਾ ਸਹਿਣਾ।
599.
ਆਰੀਆਂ ਵਾਲੇ ਸੋਚ ਰਹੇ ਸੀ ਮੁੱਕ ਜਾਵਾਂਗਾ ਮਰ ਜਾਵਾਂਗਾ। ਤਣਾ ਸਲਾਮਤ ਜੇ ਨਾ ਬਚਿਆ ਧਰਤੀ ਸੁੰਨੀ ਕਰ ਜਾਵਾਂਗਾ। ਉਨ੍ਹਾਂ ਨੂੰ ਕਿਹੜਾ ਸਮਝਾਵੇ ਧਰਤੀ ਬਾਂਝ ਕਦੇ ਨਹੀਂ ਹੁੰਦੀ, ਆਪਣੀ ਥਾਂ ਤੇ ਬੀਜ ਰੂਪ ਵਿੱਚ ਕਿੰਨੇ ਸੁਪਨੇ ਧਰ ਜਾਵਾਂਗਾ।
600.
ਹੁਣ ਦਰੋਣਾਚਾਰੀਆ ਨੇ ਬਦਲਿਆ ਅੰਦਾਜ਼ ਨੂੰ। ਗਿਆਨ ਮਹਿੰਗਾ ਕਰਕੇ ਹੁਣ ਉਹ ਮਸਲਦਾ ਆਵਾਜ਼ ਨੂੰ। ਏਕਲਵਯਾ ਤੋਂ ਅਜੇ ਵੀ ਮੰਗਦੈ ਗੁਰ ਦਕਸ਼ਣਾ, ਲਿਖਣ ਵਾਲਾ ਕੱਟ ਅੰਗੂਠਾ ਕਤਰਦੈ ਪਰਵਾਜ਼ ਨੂੰ।
601.
ਤ੍ਰੇਲ ਦੇ ਭਿੱਜੇ ਵਰਕੇ ਉੱਤੇ ਫੁੱਲਾਂ ਵਾਲਾ ਖ਼ਤ ਮਿਲਿਆ ਹੈ। ਕਿੰਜ ਦੱਸਾਂ ਮੈਂ ਖ਼ੁਸ਼ਬੂ ਜਹੀਏ ਕਿਣਕਾ ਕਿਣਕਾ ਮਹਿਕ ਗਿਆ ਹੈ। ਬਿਨ ਮਿਲਿਆਂ ਵੀ ਮੇਲੇ ਹੁੰਦੇ ਜਦ ਰੂਹ ਚਾਹੇ ਮਿਲ ਸਕਦੇ ਹਾਂ, ਤੂੰ ਤਾਂ ਮੇਰੇ ਮਨ ਦੀ ਬੁੱਝੀ ਅੱਖਰ ਅੱਖਰ ਠੀਕ ਕਿਹਾ ਹੈ।
602.
ਬਿੰਦੂ ਬ੍ਰਹਿਮੰਡ ਬਣ ਜਾਂਦਾ ਹੈ ਸਹਿਜ ਸਰੋਵਰ ਦੇ ਵਿੱਚ ਤਰ ਕੇ। ਆਪਣਾ ਆਪ ਮਿਟਾਉਣਾ ਪੈਂਦੈ ਇਸ ਵਿਸ਼ਵਾਸ ਨੂੰ ਮਨ ਚਿੱਤ ਧਰ ਕੇ। ਹਰ ਬੰਦੇ ਦੀ ਅੱਡਰੀ ਹਸਤੀ ਸ਼ਕਲ ਸੂਰਤਾਂ ਵੱਖਰੀਆਂ ਨੇ, ਪਰ ਨਾ ਭੁੱਲਿਉ ਮਾਪੇ ਭਲਿਓ ਇਸ ਧਰਤੀ ਤੇ ਜਿੰਨ੍ਹਾਂ ਕਰਕੇ।
603.
ਅਕਸਰ ਲੋਕੀਂ ਪੁੱਛਦੇ ਮੈਨੂੰ ਕੀ ਹੁੰਦਾ ਸੀ ਆਨਾ। ਮੈਂ ਵੀ ਹੱਸ ਕੇ ਕਹਿ ਦੇਂਦਾਂ ਇਹ ਰੁੱਪੇ ਦਾ ਪੜਨਾਨਾ। ਫਿਰ ਪੁੱਛਦੇ ਨੇ ਰੁੱਪਾ ਕੀ ਹੈ,ਦੱਸਦਾਂ ਵੀਰ ਰੁਪਈਆ, ਦੇਸ਼ ਗੁਲਾਮ ਜਦੋਂ ਸੀ ਸਾਡਾ ਇਹ ਉਸ ਦਾ ਅਫ਼ਸਾਨਾ।
604.
ਧਰਤਿ ਆਕਾਸ਼ ਬੜਾ ਕੁਝ ਪਾਵੇਂ ਚਾਹ ਦੇ ਇੱਕ ਪਿਆਲੇ ਅੰਦਰ। ਮੋਹ ਮਮਤਾ ਦਾ ਸਗਲ ਸਮੁੰਦਰ ਰੱਖਦੀ ਨਾ ਤੂੰ ਤਾਲੇ ਅੰਦਰ। ਭੈਣ,ਕਦੇ ਤੂੰ ਮਾਂ ਬਣ ਜਾਵੇਂ,ਜੀਵਨ ਸਾਥਣ,ਧੀ ਜਾਂ ਪੋਤੀ, ਜਗਦੀ ਜੋਤ ਤੁਹਾਡੇ ਕਰਕੇ ਮਨ ਮੰਦਰ ਦੇ ਆਲ਼ੇ ਅੰਦਰ।
605.
ਕੱਤਕ ਪੁੱਗਿਆ ਮੱਘਰ ਚੜ੍ਹਿਆ ਚਰਖ਼ ਸਮੇਂ ਦਾ ਅੱਗੇ ਗਿੜਿਆ। ਧਰਤੀ ਦੀ ਕੁੱਖ ਦਾਣੇ ਪੁੰਗਰੇ,ਰਾਗ ਇਲਾਹੀ ਖੇਤੀਂ ਛਿੜਿਆ। ਨੀਲੇ ਅੰਬਰ ਥੱਲੇ ਬੈਠੇ,ਖੇਤਾਂ ਵਾਲੇ,ਅੰਗ ਸੰਗ ਕਾਮੇ, ਨਾਲ ਪਹਾੜਾਂ ਮੱਥਾ ਭਾਵੇਂ, ਲੋਕ-ਬਗੀਚਾ ਪੂਰਾ ਖਿੜਿਆ।
606.
ਮੇਰੀ ਰੂਹ ਦੇ ਅੰਦਰ ਵਗਦੇ ਹਰ ਪਲ ਪੰਜ ਦਰਿਆ। ਮਾਣਕ ਮੋਤੀ ਏਹੀ ਬਖ਼ਸ਼ੇ ਜਦ ਵੀ ਮੈਂ ਤਰਿਆ। ਤਖ਼ਤ ਲਾਹੌਰ ਜਾਂ ਦਿੱਲੀ ਹੋਵੇ ਤਾਂਹੀਉਂ ਮੈਂ ਵੰਗਾਰਾਂ, ਆਪਣੇ ਆਪ ਬਿਨਾ ਮੈਂ ਯਾਰੋ ਅੱਜ ਤੱਕ ਨਾ ਡਰਿਆ।
607.
ਅੱਜ ਕੱਲ੍ਹ ਕਿੱਥੇ ਜਾ ਵੱਸੇ ਹੋ ਚਿਰ ਹੋਇਆ ਦਰਸ਼ਨ ਨਹੀਂ ਕੀਤੇ। ਇਹ ਅੰਦਾਜ਼ ਭਲਾ ਕੀ ਹੋਇਆ ਦਿਲ ‘ਚੋਂ ਜਾਣਾ ਚੁੱਪ ਚੁਪੀਤੇ। ਧੜਕਣ ਰੋਜ਼ ਦਿਹਾੜੀ ਪੁੱਛੇ ਕਿੱਧਰ ਤੁਰ ਗਈ ਉਹ ਖ਼ੁਸ਼ਬੋਈ, ਜਲ ਬਿਨ ਪਿਆਸ ਨਾ ਜਾਏ ਭਾਵੇਂ ਵਿੱਛੜਨ ਮਗਰੋਂ ਅੱਥਰੂ ਪੀਤੇ।
608.
ਹਰਿਮੰਦਰ ਨੂੰ ਵੇਖਦੀ ਪੂਰੇ ਚੰਨ ਦੀ ਰਾਤ। ਕੁਦਰਤ ਕਰਦੀ ਗੁਫ਼ਤਗੂ ਸੁਣਦੀ ਰੱਬ ਦੀ ਜ਼ਾਤ। ਸਾਡੇ ਗੁਰ ਦਰਬਾਰ ਵਿੱਚ ਹਾਜ਼ਰ ਹੋਇਆ ਨੂਰ, ਆਸਾ ਰਾਗ ਅਲਾਪਦੀ ਸੁਣ ਲਈ ਮੈੰ ਪਰਭਾਤ।
609.
ਔੜਾਂ ਮਾਰੀ ਧਰਤਿ ਬੰਬੀਹੇ ਸੁਰ ਦਰਦੀਲੇ ਲਾਉਂਦੇ । ਓਹੀ ਗੀਤ ਬਣਨ ਤੇ ਮੁੜ ਕੇ ਕੋਇਲ ਕੰਠ ਵਿੱਚ ਆਉਂਦੇ। ਬਾਂਸ ਦੀ ਪੋਰੀ ਤੋਂ ਵੱਧ ਕੁਝ ਨਾ ਮੇਰੀ ਹਸਤੀ ਯਾਰੋ, ਇਹ ਤਾਂ ਮੋਹ ਦੇ ਪੋਟੇ ਮੈਨੂੰ ਵੰਝਲੀ ਵਾਂਗ ਵਜਾਉਂਦੇ।
610.
ਬੀਬਾ ਦੱਸ ਤੂੰ ਅੰਬਰੋਂ ਲਾਹ ਕੇ ਚੁੰਨੀ ਤੇ ਕਿੱਦਾਂ ਜੜੇ ਸਿਤਾਰੇ। ਚੰਨ ਮੁੱਖੜੇ ਨੂੰ ਵੇਖਦਿਆਂ ਹੀ ਤੇਰੀ ਬੁੱਕਲ ਬਹਿ ਗਏ ਸਾਰੇ। ਤੂੰ ਇਨ੍ਹਾਂ ਨੂੰ ਇਹ ਸਮਝਾਵੀਂ,ਅੰਬਰ ਸੁੰਨਾ ਹੋ ਨਾ ਜਾਵੇ, ਸਭਨਾਂ ਨਾਲ ਇਹ ਕਰਨ ਗੁਫ਼ਤਗੂ, ਤੈਨੂੰ ਹੀ ਨਾ ਭਰਨ ਹੁੰਗਾਰੇ।
611.
ਗੁਰੂ ਨਾਨਕ ਦੀ ਬਾਣੀ ਪੜ੍ਹਦਾਂ, ਸਿਰ ਸੂਹੀ ਦਸਤਾਰ ਵੀ ਹੈ। ਦਸਮ ਪਿਤਾ ਤਾਂ ਮੁਸ਼ਕਿਲ ਵੇਲੇ ਬੇਕਸੀਆਂ ਵਿੱਚ ਯਾਰ ਵੀ ਹੈ। ਧਰਤੀ ਦੀ ਮਰਯਾਦਾ ਸਮਝਾਂ ਦੁੱਲਾ ਬੁੱਲਾ ਬੁੱਕਲ ਵਾਂਗ, ਫਿਰ ਵੀ ਸੰਗਲ ਟੁੱਟਦੇ ਹੀ ਨਾ ਇਹਦਾ ਮਨ ਤੇ ਭਾਰ ਵੀ ਹੈ।
612.
ਰਾਵੀ ਪਾਰ ਪੁਰਾਣੇ ਪਿੰਡ ਦੇ ਘਰ ਦਾ ਬੂਹਾ ਚੇਤੇ ਕਰਦੇ। ਕੂਚ ਜਹਾਨੋਂ ਕਰ ਗਏ ਮੇਰੇ ਬੀਬੀ ਬਾਪੂ ਹੌਕੇ ਭਰਦੇ। ਹਾਕਮ ਲਈ ਤਸਵੀਰ ਪੁਰਾਣੀ, ਮੇਰੇ ਲਈ ਇਤਿਹਾਸ ਦਾ ਬੂਹਾ, ਪੱਕੇ ਜੰਦਰੇ ਜੜ ਗਏ ਵੈਰੀ ਯਾਦ ਪੋਟਲੀ ਕਿਸ ਥਾਂ ਧਰਦੇ।
613.
ਔੜਾਂ ਮਾਰੀ ਧਰਤਿ ਬੰਬੀਹੇ ਸੁਰ ਦਰਦੀਲੇ ਲਾਉਂਦੇ । ਓਹੀ ਗੀਤ ਬਣਨ ਤੇ ਮੁੜ ਕੇ ਕੋਇਲ ਕੰਠ ਵਿੱਚ ਆਉਂਦੇ। ਬਾਂਸ ਦੀ ਪੋਰੀ ਤੋਂ ਵੱਧ ਕੁਝ ਨਾ ਮੇਰੀ ਹਸਤੀ ਯਾਰੋ, ਇਹ ਤਾਂ ਮੋਹ ਦੇ ਪੋਟੇ ਮੈਨੂੰ ਵੰਝਲੀ ਵਾਂਗ ਵਜਾਉਂਦੇ।
614.
ਬੀਬਾ ਦੱਸ ਤੂੰ ਅੰਬਰੋਂ ਲਾਹ ਕੇ ਚੁੰਨੀ ਤੇ ਕਿੱਦਾਂ ਜੜੇ ਸਿਤਾਰੇ। ਚੰਨ ਮੁੱਖੜੇ ਨੂੰ ਵੇਖਦਿਆਂ ਹੀ ਤੇਰੀ ਬੁੱਕਲ ਬਹਿ ਗਏ ਸਾਰੇ। ਤੂੰ ਇਨ੍ਹਾਂ ਨੂੰ ਇਹ ਸਮਝਾਵੀਂ,ਅੰਬਰ ਸੁੰਨਾ ਹੋ ਨਾ ਜਾਵੇ, ਸਭਨਾਂ ਨਾਲ ਇਹ ਕਰਨ ਗੁਫ਼ਤਗੂ, ਤੈਨੂੰ ਹੀ ਨਾ ਭਰਨ ਹੁੰਗਾਰੇ।
615.
ਹਰ ਵੇਲੇ ਚੁਸਤੀ ਦਰ ਚੁਸਤੀ ਛੱਡ ਦੇ ਸ਼ਬਦ- ਚਲਾਕੀ। ਅੱਧਿਓਂ ਬਹੁਤਾ ਮੁੱਕ ਚੱਲਿਆ ਹੈਂ,ਪਤਾ ਨਹੀਂ ਕੀ ਬਾਕੀ। ਸਰਲ ਸਹਿਜ ਸੰਤੋਖ ਸਮਰਪਣ ਸੇਵਾ ਸਿਮਰਨ ਵੇਚੇਂ, ਖੋਲ੍ਹ ਕਦੇ ਤਾਂ ਮਨ ਦੇ ਬੂਹੇ ਬੰਦ ਰੱਖਦੈਂ ਹਰ ਤਾਕੀ।
616.
ਐਵੇਂ ਦੁਨੀਆ ਚੁੱਕੀ ਫਿਰਦੀ ਫੀਤੇ ਵੰਨ ਸੁਵੰਨੇ ਯੰਤਰ। ਇੱਕੋ ਨੁਕਤਾ ਦੱਸ ਦੇਂਦਾ ਹੈ ਪਾਪੀ ਤੇ ਪੁੰਨੀ ਵਿੱਚ ਅੰਤਰ। ਜਿਸਦਾ ਬੋਲ ਦੁਖਾਵੇ ਦਿਲ ਨੂੰ ਇਸਤੋਂ ਵੱਡਾ ਪਾਪ ਨਹੀਂ ਹੈ, ਮਿਲਿਆਂ ਠੰਢ ਪਵੇ ਜਿਸ ਕੋਲੋਂ ਸਮਝੋ ਪੱਲੇ ਪੁੰਨ ਦਾ ਮੰਤਰ।
617.
ਹੱਸ ਕੇ ਓਸ ਕਿਹਾ ਵੀ ਕੁਝ ਨਾ ਫਿਰ ਵੀ ਮਹਿਕ ਗਿਆ ਏ ਕਣ ਕਣ। ਓਸੇ ਪਲ ਤੋਂ ਬਾਦ ਅਜੇ ਵੀ ਦਿਲ ਦੇ ਅੰਦਰ ਘੁੰਗਰੂ ਛਣਕਣ। ਇਉਂ ਲੱਗਿਆ ਉਸ ਮੇਰੇ ਹੱਥ ਨੂੰ ਛੋਹਿਆ ਮੈਂ ਮਹਿਸੂਸ ਕਰ ਲਿਆ, ਅਣ ਕਹੀਆਂ ਹੀ ਬਣਦੀਆਂ ਏਦਾਂ ਫੁੱਲਾਂ ਦੇ ਚਿਹਰੇ ਤੇ ਜਲਕਣ।
618.
ਆਨੰਦਪੁਰ ਤੋਂ ਚੌਂਕ ਚਾਂਦਨੀ ਹੁਣ ਵੀ ਬਹੁਤਾ ਦੂਰ ਨਹੀਂ ਹੈ। ਪਰ ਗ਼ਰਜਾਂ ਨੇ ਧਰਮ ਭੁਲਾਇਆ ਤਾਂ ਹੀ ਚਿੱਤ ਸਰੂਰ ਨਹੀਂ ਹੈ। ਹੇ ਗੁਰੂਦੇਵ ਪਿਆਰੇ!ਸਾਡੇ ਕਦਮ ਕੁਰਾਹੇ ਕਿੱਧਰ ਤੁਰ ਪਏ, ਹੱਕ ਸੱਚ ਦੀ ਰਖ਼ਵਾਲੀ ਖ਼ਾਤਰ ਸਿਰ ਦੇਣਾ ਮਨਜ਼ੂਰ ਨਹੀਂ ਹੈ।
619.
ਖ਼ੁਦ ਨੂੰ ਆਪ ਕਦੇ ਨਾ ਮਿਲੀਏ ਚਾਰ ਚੁਫ਼ੇਰੇ ਗੱਲਾਂ ਕਰੀਏ। ਰੂਹ ਦੇ ਨਾਲ ਗੁਫ਼ਤਗੂ ਬੰਦ ਹੈ,ਕਿਸ ਨੂੰ ਰੋਜ਼ ਹੁੰਗਾਰੇ ਭਰੀਏ। ਮੇਰੇ ਮੁਰਸ਼ਦ ਲਿਖ ਸਮਝਾਇਆ ਮਨ ਹੀ ਜੋਤ ਸਰੂਪ ਸਮਝਿਉ, ਅਸਲੀ ਸਬਕ ਵਿਸਾਰ ਲਿਆ ਹੈ ਤਾਂ ਹੀ ਝੁਰੀਏ ਪਲ ਪਲ ਮਰੀਏ।
620.
ਸਬਕ ਲਵੇ ਗ਼ਲਤੀ ਤੋਂ ਜਿਹੜਾ ਦਾਨਿ਼ਸ਼ਮੰਦ ਦੀ ਅਸਲ ਨਿਸ਼ਾਨੀ। ਖ਼ੁਦ ਆਪਣੀ ਕਮਜ਼ੋਰੀ ਜਾਣੇ,ਇਸ ਵਿੱਚ ਕੋਈ ਲਾਭ ਨਾ ਹਾਨੀ। ਸਿਖ਼ਰ ਸਿਆਣਪ ਏਸੇ ਵਿੱਚ ਹੈ ਗ਼ਰਜ਼ ਕਦੇ ਨਾ ਫ਼ਰਜ਼ ਭੁਲਾਵੇ, ਪਹਿਲਾਂ ਸੀਸ ਕਟਾਵੇ ਕਾਨਾ,ਚਾਨਣ ਵੰਡਦਾ ਬਣ ਕੇ ਕਾਨੀ।
621.
ਰਾਵੀ ਕੰਢੇ ਜਦ ਮੈਂ ਵੇਖਾਂ ਬੁੰਬਲ ਝੂਮਣ ਕਾਨਿਆਂ ਦੇ। ਬੰਨ੍ਹ ਕਾਫ਼ਲੇ ਯਾਦਾਂ ਆਵਣ ਰੂਪ ਧਾਰ ਅਫ਼ਸਾਨਿਆਂ ਦੇ। ਕੱਟਿਆ ਵੱਢਿਆ ਸੰਨ ਸੰਤਾਲੀ ਵਾਂਗ ਸਰਕੜੇ, ਫਿਰ ਉੁੱਗੇ, ਪੂਰ ਅਜੇ ਜੈਕਾਰੇ ਲਾਉਂਦੇ ਸਿਰ ਧਰ ਤਲੀ ਦੀਵਾਨਿਆਂ ਦੇ।
622.
ਇੱਕ ਲੜਾਈ ਜਿੱਤੀ ਭਾਵੇਂ ਲੰਮੀ ਜੰਗ ਤਾਂ ਲੜਨੀ ਹਾਲੇ। ਖ਼ੁਦਕੁਸ਼ੀਆਂ ਦੀ ਅਸਲ ਇਬਾਰਤ ਨਿੱਠ ਕੇ ਬਹਿ ਕੇ ਪੜ੍ਹਨੀ ਹਾਲੇ। ਟੋਏ ਟਿੱਬੇ ਸਮਤਲ ਕਿੱਦਾਂ ਹੋਣੇ, ਅਸਲੀ ਯੁੱਧ ਵੀ ਬਾਕੀ, ਸਾਹ ਗਿਰਵੀ ਕਿੰਜ ਮੁਕਤ ਕਰਾਉਣੇ, ਉਹ ਸੂਰਤ ਵੀ ਘੜਨੀ ਹਾਲੇ।
623.
ਕੂੰਡੇ ਵਿੱਚ ਹੰਕਾਰ ਰਗੜ ਕੇ ਮੁੜ ਆਏ ਨੇ ਦਿੱਲੀਉਂ ਸੂਰੇ। ਸਬਰ ਸਿਦਕ ਦੀ ਪਰਖੋਂ ਜੇਤੂ ਕਹਿਣੀ ਤੇ ਕਰਨੀ ਦੇ ਪੂਰੇ। ਮੁੱਛ ਫੁੱਟ ਗੱਭਰੂ,ਗਹਿਰ ਗੰਭੀਰੇ ਬਾਬੇ, ਬੇਬੇ ਤੇ ਮੁਟਿਆਰਾਂ, ਜਗਦੇ ਮੱਥੇ ਵਾਲਿਆਂ ਕਰਨੇ ਰਹਿ ਗਏ ਨੇ ਜੋ ਕਾਜ ਅਧੂਰੇ।
624.
ਪੁੱਤਰ ਧੀਆਂ ਘੱਟ ਨਾ ਕੀਤੀ,ਧੰਨ ਨੇ ਸਾਡੀਆਂ ਮਾਈਆਂ ,ਰੱਬ ਰਜਾਈਆਂ। ਸਬਰ ਸਿਦਕ ਸੰਤੋਖ ਨਾਲ ਜੋ ,ਦੇਸ ਪੰਜਾਬੇ ਆਈਆਂ,ਫ਼ਤਹਿ ਲਿਆਈਆਂ। ਜਬਰ ਜ਼ੁਲਮ ਦੇ ਅੱਗੇ ਹੋ ਕੇ ,ਹਰ ਵੰਗਾਰ ਨੂੰ ਝੱਲਿਆ ,ਜ਼ਾਲਮ ਠੱਲ੍ਹਿਆ, ਉਹ ਧਰਤੀ ਨਾ ਹਾਰੇ ਜਿੱਥੇ,ਮਾਂ ਭਾਗੋ ਦੀਆਂ ਜਾਈਆਂ ,ਰਣ ਵਿੱਚ ਆਈਆਂ।
625.
ਸਬਰ ਸਿਦਕ ਦੀ ਢਾਲ ਸਹਾਰੇ ਮਾਂ ਭਾਗੋ ਦੀਆਂ ਵਾਰਿਸ ਬਣੀਆਂ। ਚਿੱਤ ਸਿਮਰਨ ਹੱਥ ਹਰ ਦਮ ਸੇਵਾ ਧੀਆਂ ਇਹ ਇਤਿਹਾਸ ਨੇ ਜਣੀਆਂ। ਹੱਥਾਂ ਵਿੱਚ ਤਲਵਾਰ ਨਹੀਂ ਸੀ ਨਾ ਸੀ ਥੱਲੇ ਬਾਂਕਾ ਘੋੜਾ, ਗਈਆਂ ਜਾ ਕੇ ਤੋੜ ਲਿਆਈਆਂ ਤਾਜ ਦੀਆਂ ਹੰਕਾਰੀਆਂ ਤਣੀਆਂ।
626.
ਦੂਰ ਦੇਸ ਪਰਦੇਸ ਬਥੇਰਾ ਵੰਨ ਸੁਵੰਨੀ ਧਰਤੀ ਘੁੰਮਿਆ। ਭਟਕਣ ਹੋਰ ਵਧੀ ਹੈ ਮੇਰੀ ਜਦ ਵੀ ਹੈ ਪਰਛਾਵਾਂ ਚੁੰਮਿਆ। ਸਮਝ ਪਿਆ ਨਾ ਨੁਕਤਾ ਏਨਾ ਆਪਣਾ ਸਾਇਆ ਸਾਥ ਨਿਭੇਗਾ, ਮਰਨ ਬਾਅਦ ਵੀ ਨਾਲ ਤੁਰੇਗਾ ਇਹ ਉਹ ਧਨ ਜੋ ਕਦੇ ਨਾ ਗੁੰਮਿਆ।
627.
ਠੇਡਾ ਲੱਗਿਆਂ ਜਾਣਿਆਂ,ਕਿਹੜੇ ਕੰਮ ਗਿਆਨ। ਪੈੜਾਂ ਨਾ ਪਗਡੰਡੀਆਂ,ਖਿੱਲਰ ਗਿਆ ਧਿਆਨ। ਰੁੱਤਾਂ ਰੰਗ ਬਰੰਗੀਆਂ ਪਹਿਨੀਆਂ ਲੀੜਿਆਂ ਵਾਂਗ, ਕਦੇ ਕਦਾਈਂ ਵੇਖਿਆ ਅੰਦਰਲਾ ਇਨਸਾਨ।
628.
ਉਹ ਵੇਲਾ ਮੈਂ ਸਾਂਭ ਲਿਐ ਜਦ ਸੂਰਜ ਹਾਲੇ ਨਹੀਂ ਸੀ ਚੜ੍ਹਿਆ। ਕਿਰਨਾਂ ਵੱਲੋਂ ਲਿਖਿਆ ਵਰਕਾ ਧਰਤੀ ਮਾਤਾ ਨਹੀਂ ਸੀ ਪੜ੍ਹਿਆ। ਬਾਗ ਚ ਮੈਂ ਸਾਂ,ਜਾਂ ਕਾਦਰ ਸੀ ਤੀਜੀ ਧਿਰ ਦਾ ਦਖ਼ਲ ਨਹੀਂ ਸੀ, ਇਸ ਮੰਜ਼ਰ ਨੂੰ ਨੈਣਾਂ ਥਾਣੀਂ ਦਿਲ ਤੇ ਵਾਂਗ ਨਗੀਨੇ ਜੜਿਆ।
629.
ਰਾਵੀ ਕੰਢੇ ਕਸਮਾਂ ਖਾਉ ਗੁਰੂ ਨਾਨਕ ਦੀ ਬੁੱਕਲ ਬਹਿ ਕੇ। ਦਿਲ ਤੋਂ ਦਿਲ ਦੀ ਸੜਕ ਬਣਾਉ ਸਫ਼ਰ ਨਾ ਮੁੱਕੇ ਵੱਖਰੇ ਰਹਿ ਕੇ। ਸੱਚੀ ਗੱਲ ਹੈ ਦੁਨੀਆਂ ਵਾਲਿਉ ਮਰਦਾਨੇ ਨੇ ਸਾਨੂੰ ਆਖਿਐ, ਸ਼ਬਦ ਰਬਾਬ ਨਾ ਥਿੜਕੇ ਬੱਚਿਉ,ਬੇਸੁਰਿਆਂ ਦੀ ਸੁਰ ਵਿੱਚ ਲਹਿ ਕੇ।
630.
ਨਜ਼ਰ ਨਜ਼ਰੀਏ ਅੰਦਰ ਜੇਕਰ ਸ਼ੁਭ ਕਰਮਨ ਦੀ ਰੀਝ ਦਾ ਵਾਸਾ। ਦੁਨੀਆਂ ਆਪੇ ਭਰ ਦੇਂਦੀ ਹੈ ਪਿਆਰ ਮੁਹੱਬਤ ਵਾਲਾ ਕਾਸਾ। ਸ਼ੁਭ ਮਨ ਬਚਨ ਕਰਮ ਦਾ ਨਾਂ ਹੀ ਰੱਖਿਆ ਜਾਪੇ ਸਰਸਵਤੀ ਹੈ, ਇਹ ਦੇਵੀ ਨਾ ਨਿੱਖੜੇ ਮੈਥੋਂ ਮੇਰਾ ਇਹ ਹਰ ਪਲ ਅਰਦਾਸਾ।
631.
ਜਦ ਵੀ ਭੱਜਿਆਂ, ਡਿੱਗਿਆ ਹਾਂ ਮੈਂ ਆਪਣੀਉਂ ਹੀ ਛਾਂ ਵਿੱਚ ਅੜ ਕੇ। ਮਨ ਅੰਦਰ ਸੀ ਰੀਝ ਅਨੋਖੀ, ਉੱਡ ਜਾਂ ਤੇਜ਼ ਹਵਾ ਤੇ ਚੜ੍ਹ ਕੇ। ਇੱਕੋ ਸਬਕ ਸਿਖਾਇਆ ਮੈਨੂੰ ਵਕਤ ਕਿਹਾ ਉਇ ਸੰਭਲ ਕੇ ਤੁਰ, ਆਪਣੇ ਅੱਗੇ ਕੌਣ ਨਿਕਲਿਆ ਵੇਖ ਕਦੇ ਇਤਿਹਾਸ ਨੂੰ ਪੜ੍ਹ ਕੇ।
632.
ਦੂਰ ਦੇਸ ਪਰਦੇਸ ਬਥੇਰਾ ਵੰਨ ਸੁਵੰਨੀ ਧਰਤੀ ਘੁੰਮਿਆ। ਭਟਕਣ ਹੋਰ ਵਧੀ ਹੈ ਮੇਰੀ ਜਦ ਵੀ ਹੈ ਪਰਛਾਵਾਂ ਚੁੰਮਿਆ। ਸਮਝ ਪਿਆ ਨਾ ਨੁਕਤਾ ਏਨਾ ਆਪਣਾ ਸਾਇਆ ਸਾਥ ਨਿਭੇਗਾ, ਮਰਨ ਬਾਅਦ ਵੀ ਨਾਲ ਤੁਰੇਗਾ ਇਹ ਉਹ ਧਨ ਜੋ ਕਦੇ ਨਾ ਗੁੰਮਿਆ।
633.
ਅੱਖੀਆਂ ਵਿੱਚ ਨਹੀਂ ਅੱਥਰੂ ਆਉਂਦੇ ਜਦ ਤੱਕ ਦਿਲ ਤੇ ਭਾਰ ਨਾ ਹੋਵੇ। ਮੰਡੀ ਵਿੱਚ ਨਾ ਵਿਕੇ ਮੁਹੱਬਤ,ਮੋਹ ਦਾ ਕਿਤੇ ਬਾਜ਼ਾਰ ਨਾ ਹੋਵੇ। ਇਹ ਤਾਂ ਉਹ ਖ਼ੁਸ਼ਬੋਈ ਸੁੱਚੀ, ਇਸ ਨੂੰ ਖ਼ੁਦ ਮਹਿਸੂਸ ਕਰੋ ਜੇ, ਰੂਹ ਵਿਸਮਾਦ ‘ਚ ਤਰਦੀ ਜਾਪੇ, ਜਿਸ ਦਾ ਕੋਈ ਆਕਾਰ ਨਾ ਹੋਵੇ।
634.
ਸੂਰਜ ਇੱਕ ਅਨੇਕਾਂ ਰੁੱਤਾਂ ਗੁਰੂ ਨਾਨਕ ਫੁਰਮਾਇਆ। ਫੁੱਲ ਪੱਤੀਆਂ ਖ਼ੁਸ਼ਬੋਈਆਂ ਇਸ ‘ਚੋਂ ਸਰਬ ਖ਼ਜ਼ਾਨਾ ਪਾਇਆ। ਪਰ ਏਨੀ ਗੱਲ ਕਦੇ ਨਾ ਭੁੱਲਿਓ ਬਿਰਖ਼ ਬਰੂਟਿਓ ਬੰਦਿਓ, ਜੜ੍ਹਾਂ ਸਲਾਮਤ ਰਹਿਣ ਜਦੋਂ ਤੱਕ ਓਦੋਂ ਤੀਕਰ ਕਾਇਆ।
635.
ਬਣ ਜਾਵੇ ਮੁਸਕਾਨ ਕਿਤੇ ਨਾ ਬੇਕਦਰਾਂ ਲਈ ਹਾਸਾ ਜੱਗ ਦਾ। ਨਜ਼ਰ ਬਚਾ ਕੇ ਹੱਸਣਾ ਤੇਰਾ ਲੋਕਾਂ ਨੂੰ ਚੰਗਾ ਨਹੀਂ ਲੱਗਦਾ। ਦਿਲ ਤੋਂ ਦਿਲ ਨੂੰ ਨੂਰੀ ਮਾਰਗ ਭਾਵੇਂ ਚਾਨਣ ਚੌਂਕ ਚੁਰਸਤੇ, ਪਰ ਕਾਲਖ਼ ਦੀ ਨਗਰੀ ਹੈ ਇਹ ਫ਼ਿਕਰ ਕਰੀਂ ਤੂੰ ਚਿੱਟੀ ਪੱਗ ਦਾ।
636.
ਬਾਬਾ ਨਜਮੀ ,ਅਫ਼ਜ਼ਲ ਸਾਹਿਰ ਜ਼ਾਲਿਮ ਦੇ ਲਈ ਤਿੱਖੜੇ ਤੀਰ। ਦਰਿਆ ਪਾਰ ਨੇ ਵੱਸਦੇ ਭਾਵੇਂ,ਮੈਨੂੰ ਜਾਪਣ ਆਪਣੇ ਵੀਰ। ਇੱਕ ਦੋਆਬਿਉਂ ,ਦੂਜਾ ਮਾਝਿਉਂ,ਉੱਜੜੀ ਮਿੱਟੀ ਦੇ ਹਮਸਾਏ, ਤਾਂ ਹੀ ਕਵਿਤਾ ਬਣ ਕੇ ਟਪਕੇ, ਸਾਡੀ ਅੱਖੀਉਂ ਡੁੱਲ੍ਹਦਾ ਨੀਰ।
637.
ਜੇਠ ਹਾੜ੍ਹ ਦੀਆਂ ਲੂਆਂ ਮਗਰੋਂ ਝੜੀਆਂ ਸਾਉਣ ਦੀਆਂ ਆਉਂਦੀਆਂ ਨੇ। ਸਾਵੇਂ ਖੇਡਣ ਧੀਆਂ ਭੈਣਾਂ ਬਿਰਖ਼ੀਂ ਪੀਂਘਾਂ ਪਾਉਂਦੀਆਂ ਨੇ। ਲੰਮੀ ਹੇਕ ਦੇ ਗੀਤ,ਸੁਣਦਿਆਂ ਧਰਤ ਵਜਦ ਵਿੱਚ ਆ ਜਾਵੇ, ਪਿੱਪਲ ਪੱਤੀਆਂ ਸੁਰ ਵਿੱਚ ਲਹਿਰਨ,ਰੂਹ ਨੂੰ ਗੀਤ ਸੁਣਾਉਂਦੀਆਂ ਨੇ।
638.
ਕਦਮ ਕਦਮ ਤੇ ਰਹਿਮਤ ਕੀਤੀ, ਜ਼ਿੰਦਗੀ ਤੇਰਾ ਲੱਖ ਸ਼ੁਕਰਾਨਾ। ਮੇਰੇ ਵਰਗੇ ਬੇ ਗੁਣਿਆਂ ਨੂੰ ਅਕਲ ਅਜੇ ਵੀ ਨਾ ਇੱਕ ਆਨਾ। ਮਾਪਿਆਂ , ਭੈਣ ਭਰਾਵਾਂ, ਸੰਗਤ , ਜਿੱਦਾ ਘੜਿਆ,ਓਹੀ ਕੁਝ ਹਾਂ, ਜ਼ਾਤ ਔਕਾਤ ਲਿਖਾਵੇ ਜੋ ਕੁਝ, ਓਹੀ ਲਿਖਦੈ ਦਿਲ ਦੀਵਾਨਾ।
639.
ਸਿੱਖੀਏ ਨਾ ਜੋ ਵਕਤ ਸਿਖਾਵੇ, ਵਰਤਮਾਨ ਵਿੱਚ ਜੀਣਾ ਮਰਨਾ। ਕੂੜ ਕੁਫ਼ਰ ਦਾ ਵਣਜ ਕਸੂਤਾ ਏਸੇ ਕਰਕੇ ਪੈਂਦਾ ਕਰਨਾ। ਅਸਲ ਮੁਸੀਬਤ ਆਪਾਂ ਬਹੁਤੇ ਬੀਤਿਉਂ ਬੰਦ -ਖਲਾਸ ਨਾ ਹੁੰਦੇ , ਭਲਕ ਸੰਵਾਰਨ ਖ਼ਾਤਰ ਤਾਂਹੀਉਂ ਦਿਲ ਪੈਂਦਾ ਅੰਗਿਆਰ ਤੇ ਧਰਨਾ।
640.
ਹਿੰਮਤੀਆਂ ਦੇ ਪੈਰੀਂ ਪਰਬਤ ਮੈਂ ਵੇਖੇ ਜਿਉਂ ਵਿਛੀਆਂ ਦਰੀਆਂ। ਅਗਨ ਸਮੁੰਦਰ, ਦਰਿਆ ਨਦੀਆਂ ਹਿੰਮਤੀਆਂ ਨੇ ਹਰ ਯੁਗ ਤਰੀਆਂ। ਕੰਢੇ ਬੈਠ ਸਲਾਹਾਂ ਕਰਦੇ, ਡੁੱਬ ਜਾਂਦੇ ਨੇ ਸੋਚਾਂ ਅੰਦਰ, ਆਤਮ ਬਲ ਤੇ ਨਿਸ਼ਚੇ ਰਲ਼ ਕੇ, ਸਿਖ਼ਰ ਚੋਟੀਆਂ ਪੈਰੀਂ ਧਰੀਆਂ।
641.
ਅਮਲਤਾਸ ਖਿੜਿਆ ਤਾਂ ਲੱਗਿਆ ਫੁੱਲਾਂ ਨੇ ਝਾਂਜਰ ਛਣਕਾਈ। ਰੂਹ ਅੰਦਰ ਵਿਸਮਾਦ ਘੁਲ਼ ਗਿਆ ਯਾਦ ਸੁਲੱਖਣੀ ਜਦ ਵੀ ਆਈ। ਇਸ ਥੱਲੇ ਜੋ ਬੈਠ ਕਦੇ ਸੀ ਕੌਲ ਕਰਾਰ ਉਮਰ ਲਈ ਕੀਤੇ, ਅੱਧ ਅਧੂਰੇ ਹੋਏ ਨਾ ਪੂਰੇ, ਭਟਕਦਿਆਂ ਹੀ ਉਮਰ ਗਵਾਈ।
642.
ਸ਼ਬਦਾਂ ਨੂੰ ਮੈਂ ਸਾਫ਼ ਕਿਹਾ ਹੈ, ਕਦੇ ਕਿਸੇ ਦਾ ਭਯ ਨਹੀਂ ਮੰਨਣਾ। ਕੂੜ ਦਾ ਭਾਂਡਾ ਵੇਖਦਿਆਂ ਹੀ ਚੌਂਕ ਚੁਰਸਤੇ ਦੇ ਵਿੱਚ ਭੰਨਣਾ। ਧਰਤੀ ਅੰਬਰ ਦੋਵੇਂ ਮੇਰੇ ਅੰਮੜੀ ਬਾਬਲ ਅੰਗ ਸੰਗ ਹਰ ਪਲ, ਫ਼ਰਜ਼ਾਂ ਵਾਂਗ ਵਿਚਰਨਾ ਹਰ ਥਾਂ, ਗ਼ਰਜ਼ਾਂ ਨਾਲ ਨਾ ਰੂਹ ਨੂੰ ਬੰਨ੍ਹਣਾ।
643.
ਜਿੱਤਣ ਖ਼ਾਤਰ ਸ਼ਰਤ ਜ਼ਰੂਰੀ ਨਿਸ਼ਚਤ ਸੇਧ ਨਿਸ਼ਾਨਾ ਹੋਵੇ। ਲੋੜ ਪੈਣ ਤੇ ਹਰ ਪਲ ਤਤਪਰ ਸੀਸ ਤਲੀ ਨਜ਼ਰਾਨਾ ਹੋਵੇ। ਦੋਚਿੱਤੀ ਦਾ ਡੰਗਿਆ ਬੰਦਾ ਭਟਕਣ ਭੰਵਰ ਵਿਚਾਲੇ ਘੁੰਮੇ, ਸਬਰ ਸਿਦਕ ਸੰਤੋਖ ਸਮਰਪਣ ਅਸਲੀ ਮਾਲ-ਖ਼ਜ਼ਾਨਾ ਹੋਵੇ।
644.
ਸ਼ੱਕ-ਸ਼ੁਭੇ ਭਰਮਾਂ ਦੇ ਹੁੰਦਿਆਂ ਲੰਮੇ ਪੈਂਡੇ ਤੈਅ ਨਹੀਂ ਹੁੰਦੇ। ਆਤਮ ਬਲ ਵਿਸ਼ਵਾਸ ਦੇ ਅੱਗੇ ਪਰਬਤ ਵੱਡੀ ਸ਼ੈਅ ਨਹੀਂ ਹੁੰਦੇ। ਇਹ ਸਾਡੇ ਆਪਣੇ ਤੇ ਨਿਰਭਰ, ਡਰ ਕੇ ਮਰਨਾ ਜਾਂ ਸਰ ਕਰਨਾ, ਨਿਸ਼ਚਾ ਧਾਰਨ ਵਾਲਿਆਂ ਦੇ ਮਨ ਅੰਦਰ, ਰੰਗ ਬਰੰਗੇ ਭੈਅ ਨਹੀਂ ਹੁੰਦੇ।
645.
ਵਾਘੇ ਜਾ ਕੇ ਮੰਜਾ ਮੱਲਿਆ ਛੱਡਿਆ ਜਦੋਂ ਅਟਾਰੀ। ਵੀਜ਼ੇ ਪਰਮਿਟ ਕੋਰੇ ਕਾਗ਼ਜ਼,ਪਰਖ਼ਣ ਪਏ ਅਧਿਕਾਰੀ। ਪਤਾ ਨਹੀਂ ਉਹ ਸੁਪਨਾ ਸੀ ਜਾਂ ਅਸਲ ਹਕੀਕਤ ਏਦਾਂ, ਯਾਦਾਂ ਦੇ ਪੰਖੇਰੂ ਉੱਡ ਗਏ, ਖੋਲ੍ਹ ਗਗਨ ਦੀ ਬਾਰੀ।
646.
ਕਿੱਥੇ ਕਿਸ ਨੂੰ ਕਰਾਂ ਸ਼ਿਕਾਇਤ, ਦਿਲ ਦੇ ਜਾਨੀ ਕੀ ਕੁਝ ਕਰ ਗਏ। ਵਲਵਲਿਆਂ ਦੇ ਦੇਸ ‘ਚ ਵੱਸਦੇ, ਸੁਪਨ ਪਰਿੰਦੇ ਜੰਮਦੇ ਮਰ ਗਏ। ਦਿਲ ਦੇ ਮਾਨਸਰੋਵਰ ਕੰਢੇ, ਮੋਤੀ ਚੋਗ ਬਥੇਰੀ ਪਾਈ, ਪੈੜਾਂ ਨਾ ਪਰਛਾਵੇਂ ਲੱਭਦੇ, ਕਿੱਧਰ ਹੰਸ ਉਡਾਰੀ ਭਰ ਗਏ।
647.
ਗੁੰਮ ਸੁੰਮ ਹੋ ਕੇ ਬੈਠਿਆ ਨਾ ਕਰ ਮਨ ਦਾ ਮੋਰ ਨਚਾਇਆ ਕਰ ਤੂੰ। ਲੰਮੀ ਰਾਤ ਹਨ੍ਹੇਰੀ ਭਾਵੇਂ ਸੁਪਨੇ ਵਿੱਚ ਤਾਂ ਆਇਆ ਕਰ ਤੂੰ। ਜ਼ਿੰਦਗੀ ਬਹੁਤ ਲੰਮੇਰਾ ਪੈਂਡਾ, ਹਰ ਮੌਸਮ ਹੀ ਰਾਹ ਵਿੱਚ ਆਉਣਾ, ਸਿਖ਼ਰ ਦੁਪਹਿਰਾਂ ਕੋਲੋਂ ਡਰ ਕੇ ਐਵੇਂ ਨਾ ਮੁਰਝਾਇਆ ਕਰ ਤੂੰ।
648.
ਮਨ ਦਾ ਮੋਰ ਉਦਾਸ ਅਜੇ ਵੀ ਭਾਵੇਂ ਸਾਉਣ ਘਟਾਵਾਂ ਚੜ੍ਹੀਆਂ। ਰਿਸ਼ਤਿਆਂ ਵਾਲੀ ਬੰਦ ਗਲ਼ੀ ‘ਚੋਂ ਯਾਦਾਂ ਵਾਂਗ ਦੋਮੂੰਹੀਂ ਲੜੀਆਂ। ਉਮਰੋਂ ਲੰਮੇ ਕੌਲ ਕਰਾਰਾਂ ਨੂੰ ਮੈਂ ਦੱਸ ਤੂੰ ਸਾਂਭਾਂ ਕਿੱਥੇ, ਆਬਸ਼ਾਰ ਨੈਣਾਂ ‘ਚੋਂ ਝਰਦੀ, ਟੁੱਟਣ ਵਿੱਚ ਨਾ ਆਵਣ ਕੜੀਆਂ।
649.
ਮਹਿਕਾਂ ਵੰਡੀਂ, ਖੇੜੇ ਬਖ਼ਸ਼ੀ, ਧਰਤ ਸ਼ਿੰਗਾਰੀਂ ਨੀ ਖ਼ੁਸ਼ਬੋਈਏ। ਦਿਲ ਕਰਦੈ ਉਹ ਮੌਸਮ ਆਵੇ, ਆਪਾਂ ਦੋਵੇਂ ਇੱਕ ਸਾਹ ਹੋਈਏ। ਬੇਕਦਰਾਂ ਘਰ ਰੁਲ ਚੱਲੇ ਨੇ ,ਖਿੱਲਰੇ ਪੁੱਲਰੇ ਮਹਿੰਗੇ ਮਣਕੇ, ਸਾਹਾਂ ਦੀ ਡੋਰੀ ਵਿੱਚ ਮਹਿੰਗੇ ਮਾਣਕ ਮੋਤੀ ਫੇਰ ਪਰੋਈਏ।
650.
ਹੋਰ ਕਿਸੇ ਨੂੰ ਕਿਉਂ ਪੁੱਛਦੇ ਹੋ,ਆਪਣੀ ਸ਼ਕਤੀ ਆਪ ਨਿਹਾਰੋ। ਸਾਰਾ ਕੁਝ ਵਿਸ਼ਵਾਸ ਦੇ ਅੰਦਰ, ਸਮਝ ਲਵੋ ਇਹ ਬਰਖ਼ੁਰਦਾਰੋ। ਮਨ ਹੈ ਜੋਤਿ ਸਰੂਪ ਪੜ੍ਹੋ ਜੇ, ਜੋ ਗੁਰ ਗੂੜ੍ਹਾ ਲਿਖਿਆ ਮੱਥੇ, ਜੇਕਰ ਪੱਲੇ ਪਾਕ ਦ੍ਰਿਸ਼ਟੀ ਸਗਲ ਸ੍ਰਿ਼ਸ਼ਟੀ ਆਪ ਸੰਵਾਰੋ।
651.
ਖਿੜਿਆ ਬਾਗ ਬਗੀਚਾ ਦਿਸਦਾ, ਜੇ ਮੁਸਕਾਨ ਤੁਹਾਡੇ ਪੱਲੇ। ਸੜਿਆ ਮੱਥਾ ਕਰ ਦੇਂਦਾ ਹੈ ਤਨ ਮਨ ਦੋਵੇ ਕੱਲ੍ਹੇ ਕੱਲ੍ਹੇ। ਸ਼ੀਸਾ ਵੀ ਧੁੰਦਲਾ ਹੋ ਜਾਂਦੈ, ਰੋਂਦੂ ਅੱਖ ਨੂੰ ਵੇਖਦਿਆਂ ਹੀ, ਆਪਾਂ ਤਾਂ ਇਹ ਬਾਤ ਸੁਣਦਿਆਂ ਖ਼ੁਦ ਆਪਣਾ ਮੂੰਹ ਧੋਵਣ ਚੱਲੇ।
652.
ਕੱਢਿਆ ਨਿਚੋੜ ਸਾਡੇ ਵੱਡਿਆਂ, ਜਿੰਨਾ ਸੀ ਗਿਆਨ ਅੱਜ ਤੀਕ ਦਾ। ਰੋਂਦੂਆਂ ਨੂੰ ਧਰਤੀ ਨਾ ਸਾਂਭਦੀ ਹਿੰਮਤੀ ਨੂੰ ਅੰਬਰ ਉਡੀਕਦਾ। ਜ਼ਿੰਦਗੀ ਕਿਤਾਬ ਖੁੱਲ੍ਹੀ ਵਾਂਗ ਹੈ, ਪੜ੍ਹਨਾ ਪੜ੍ਹਾਉਣਾ ਵੱਸ ਆਪਣੇ, ਏਸੇ ਵਿੱਚੋਂ ਮਹਿੰਗੇ ਮੋਤੀ ਲੱਭ ਕੇ, ਰਹਿੰਦਾ ਹਾਂ ਮੈਂ ਵਰਕੇ ਉਲੀਕਦਾ।
653.
ਹਰ ਤੁਪਕੇ ਦੀ ਅੱਡਰੀ ਹਸਤੀ ਸਗਲ ਸਮੁੰਦਰ ਖ਼ਾਰੇ ਅੰਦਰ। ਜਿਵੇਂ ਹਮੇਸ਼ਾਂ ਮੈਂ ਹਾਂ ਹਾਜ਼ਰ ਤੇਰੀ ਅੱਖ ਦੇ ਤਾਰੇ ਅੰਦਰ। ਲੱਭਣਾ ਪੈਂਦਾ ਏਸ ਤਰ੍ਹਾਂ ਹੀ ਆਪਣੇ ਅੰਦਰੋਂ ਪੁਰਖ ਵਿਧਾਤਾ, ਘੁਲ਼ਿਆ ਮਿਲਿਆ ਖ਼ੁਸ਼ਬੂ ਬਣ ਕੇ ਤੇਰੇ ਮੇਰੇ ਸਾਰੇ ਅੰਦਰ।
654.
ਸਿਰਜਣਹਾਰਾ ਹਾਜ਼ਰ ਹਰ ਥਾਂ ਫੁੱਲ ਪੱਤੀਆਂ ਖੁਸ਼ਬੋਈਆਂ ਅੰਦਰ। ਮੈਂ ਹੀ ਕਿਤੇ ਗੁਆਚ ਗਿਆ ਸਾਂ ਸੁੱਤੀਆਂ ਰੀਝਾਂ ਮੋਈਆਂ ਅੰਦਰ। ਰੁੱਤਾਂ ਨੇ ਜਦ ਰੂਪ ਬਦਲਿਆ ਟਾਹਣੀ ਟਾਹਣੀ ਖਿੜੇ ਸ਼ਗੂਫ਼ੇ, ਏਦਾਂ ਲੱਗਿਆ ਮੁੜ ਆਇਆ ਮੈਂ ਲਗਰਾਂ ਨਰਮ ਨਰੋਈਆਂ ਅੰਦਰ।
655.
ਧਰਤੀ ਲਈ ਸਭ ਬੱਚੜੇ ਇੱਕੋ, ਥੋਹਰਾਂ ਨੂੰ ਵੀ ਫੁੱਲ ਪੈਂਦੇ ਨੇ। ਕਦਰਦਾਨ ਜੇ ਵੇਖ ਲਵੇ ਤਾਂ ਕੰਡਿਆਂ ਦੇ ਵੀ ਮੁੱਲ ਪੈਂਦੇ ਨੇ। ਬੇਕਦਰਾਂ ਦੇ ਵਿਹੜੇ ਵਿੱਚ ਮੈਂ ਸੁਰਖ਼ ਗੁਲਾਬ ਉਦਾਸ ਵੇਖਿਆ, ਮੋਤੀ ਤ੍ਰੇਲ ਦੇ ਤੁਪਕੇ ਬਣ ਕੇ ਮੇਰੇ ਨੈਣੋਂ ਡੁੱਲ੍ਹ ਪੈਂਦੇ ਨੇ।
656.
ਕਦਮ ਕਦਮ ਕਾਦਰ ਦੀ ਕੁਦਰਤ ਬੋਲ ਰਹੀ ਪਰ ਅਸੀਂ ਨਾ ਸੁਣੀਏ। ਤੱਜ ਪਰਮਾਰਥ ਅਸਲੀ ਸੌਦਾ,ਕੂੜ ਪਦਾਰਥ ਆਪਾਂ ਚੁਣੀਏ। ਅਸਲ ਨਕਲ ਦੀ ਨਿਰਖ ਪਰਖ ਨੂੰ ਤੀਜਾ ਨੇਤਰ ਕਰ ਕਰ ਦੱਸੇ, ਖ੍ਵਾਬ ਖ਼ਿਆਲ ਹਕੀਕਤ ਬਣਦੇ,ਜੇਕਰ ਹਿੰਮਤ ਕਰਕੇ ਬੁਣੀਏ।
657.
ਦੇਣ ਸੁਨੇਹਾ ਸੂਰਜ ਆਇਆ, ਦਿਨ ਚੜ੍ਹਿਐ ਹੁਣ ਤੁਰੀਏ। ਮਨ ਦੇ ਗੂੜ੍ਹ ਹਨ੍ਹੇਰੇ ਅੰਦਰ ਬਹਿ ਕੇ ਨਾ ਹੁਣ ਝੁਰੀਏ। ਧੁੱਪਾਂ ਛਾਵਾਂ ਸਾਰੇ ਰੰਗ ਨੇ ਮੇਰੇ ਨਾਲ ਬਾਰਾਤੀ, ਇਨ੍ਹਾਂ ਕੋਲੋਂ ਡਰ ਦੇ ਮਾਰੇ, ਕਿਉਂ ਮਰੀਏ ਤੇ ਭੁਰੀਏ।
658.
ਸਾਉਣ ਮਹੀਨੇ ਵਣ ਹਰਿਆਲੇ,ਅੰਬਰ ਧਰਤੀ ਨੂੰ ਰੰਗ ਚੜ੍ਹਦਾ। ਪਰਖ਼ਣ ਦੀ ਕਸਵੱਟੀ ਇੱਕੋ, ਕਸ਼ਟ ਸਮੇਂ ਕਿਹੜਾ ਸੰਗ ਖੜ੍ਹਦਾ। ਬਿਰਖ਼ ਗਵਾਹ ਨੇ, ਪੁੱਛ ਲਉ ਭਾਵੇਂ,ਮੇਰੇ ਤੇ ਵਿਸ਼ਵਾਸ ਨਹੀਂ ਜੇ, ਟਾਹਣੀ ਸੰਗ ਲਹਿਰਾਉਂਦਾ,ਨੱਚਦਾ,ਪੱਤਝੜ ਵੇਲੇ ਓਹੀ ਝੜਦਾ।
659.
ਦਿਲ ਦਰਵਾਜ਼ੇ ਥਾਣੀਂ ਲੰਘ ਕੇ, ਵੇਖੋ ਰਸੀਆ ਕੀ ਕਰਦਾ ਹੈ। ਨੈਣੀਂ ਦਰਸ ਦਿਖਾਉਂਦਾ ਨਹੀਂਉਂ,ਬਿਨ ਵੇਖੇ ਨਾ ਮਨ ਭਰਦਾ ਹੈ। ਜੋਤ ਨਿਰੰਤਰ ਤੇਰੇ ਮੇਰੇ ਸਭ ਦੀ ਰੂਹ ਵਿੱਚ,ਕੌਣ ਪਛਾਣੇ, ਪਾਣੀ ਅੰਦਰ ਜੰਮਦਾ, ਪਲ਼ਦਾ, ਖਿੜਦਾ ਵੇਖੋ ਕਿੰਜ ਤਰਦਾ ਹੈ।
660.
ਉੱਡਣੇ ਪਰਿੰਦੇ ਕੰਮ ਏਨਾ ਕੁ ਸੰਵਾਰ ਦੇ। ਖੰਭਾਂ ਚੋਂ ਦੋਚਿੱਤੀਆਂ ਨੂੰ ਏਥੇ ਹੀ ਉਤਾਰ ਦੇ। ਅੰਬਰਾਂ ਤੋਂ ਆਰ ਪਾਰ ਜਾਣਾ ਏਂ ਤਾਂ ਸੋਚ ਲੈ, ਲੰਘੇ ਨੇ ਅਗੇਰੇ ਤੈਥੋਂ , ਸਾਥੀ ਤੇਰੀ ਡਾਰ ਦੇ।
661.
ਵੇਚ ਰਹੇ ਨੇ ਧਰਮ ਧਰਾਤਲ ,ਮੰਡੀਆਂ ਵਿੱਚ ਵਪਾਰਾਂ ਵਾਲੇ। ਮਨ ਤੇ ਮੁੱਖ ਵਿੱਚ ਬੜਾ ਫ਼ਾਸਲਾ,ਰੱਖਦੇ ਗੁੱਝੀਆਂ ਮਾਰਾਂ ਵਾਲੇ। ਸੜਿਆ ਜੰਗਲ, ਪੱਤ ਹਰਿਆਲੇ ਬਾਕੀ ਬਚ ਗਏ ਆਖ ਰਹੇ ਨੇ, ਕੁੱਲ ਆਲਮ ਦੀਆਂ ਖ਼ੈਰਾਂ ਮੰਗੋ, ਸਿਰ ਬੱਧੀਆਂ ਦਸਤਾਰਾਂ ਵਾਲੇ।
662.
ਮੇਰੀ ਹਸਤੀ ਤੂੰ ਕੀ ਸਮਝੇਂ, ਮੈਂ ਦਰਿਆ ਦਾ ਹਾਣੀ। ਕਿੰਨਾ ਕੁਝ ਹੈ ਅੰਦਰ ਤੁਰਦਾ, ਜਾਪੇ ਵਗਦਾ ਪਾਣੀ। ਸਾਰੀ ਧਰਤੀ ਮੇਰੀ ਮਾਂ ਹੈ, ਅੰਬਰ ਬਾਬਲ ਪਿਆਰਾ, ਖ਼ੁਦ ਨੂੰ ਪਿੰਜਣਾ,ਰੂਹਾਂ ਸਿੰਜਣਾ,ਇਹ ਹੀ ਰੀਝ ਪੁਗਾਣੀ।
663.
ਲੰਮੀ ਰਾਤ ਹਨ੍ਹੇਰੀ ਭਾਵੇਂ, ਮੈਨੂੰ ਡਰ ਨਹੀਂ ਖਾਂਦਾ। ਚਾਨਣ ਦਾ ਵਣਜਾਰਾ ਸੂਰਜ,ਕੌਣ ਕਹੇ ਮਰ ਜਾਂਦਾ। ਫ਼ਰਜ਼ ਨਿਭਾਉਂਦਾ ਫਿਰਦਾ ਹੈ ਇਹ ਹਰ ਧਰਤੀ ਹਰ ਵਿਹੜੇ, ਸਾਡੀ ਖ਼ਾਤਰ ਜਗਦਾ ਮਘਦਾ, ਆਪਣੇ ਘਰ ਨਹੀਂ ਜਾਂਦਾ।