Gulnaar (Punjabi Ghazals) : Gurbhajan Gill
ਗੁਲਨਾਰ (ਗ਼ਜ਼ਲ ਸੰਗ੍ਰਹਿ) : ਗੁਰਭਜਨ ਗਿੱਲ
ਇੱਕ ਟਟਹਿਣਾ ਵੇਖ ਰਿਹਾ ਏ
ਇੱਕ ਟਟਹਿਣਾ ਵੇਖ ਰਿਹਾ ਏ, ਦਿਨ ਦੇ ਚਿੱਟੇ ਚਾਨਣ ਅੰਦਰ। ਜ਼ੁਲਮ ਵੇਖ ਕੇ ਚੁੱਪ ਬੈਠੇ ਨੇ, ਸਾਰੇ ਗੁਰ ਘਰ, ਮਸਜਿਦ ਮੰਦਰ। ਤਾਜਦਾਰ ਦੀ ਬੋਲੀ ਬੋਲਣ ਅਰਦਲ ਦੇ ਵਿੱਚ ਬੈਠੇ ਸਾਰੇ, ਅਜਬ ਰਾਗ ਦਰਬਾਰੀ ਗੂੰਜੇ, ਰਾਜ ਘਰਾਂ ਦੇ ਘੇਰੇ ਅੰਦਰ। ਅੱਖਾਂ ਉੱਤੇ ਕਾਲੀ ਐਨਕ, ਜੀਭ ਨੂੰ ਤੰਦੂਆ, ਕੰਨੀ ਬੁੱਜੇ, ਜਬਰ ਵੇਖ ਕੇ ਕਦ ਬੋਲਣਗੇ, ਗਾਂਧੀ ਤੇਰੇ ਪਾਲੇ ਬੰਦਰ। ਕੂੜਾ ਸੌਦਾ ਵਰਕ ਲਗਾ ਕੇ, ਸ਼ਾਮ-ਸਵੇਰੇ ਜਾਣ ਪਰੋਸੀਂ, ਤਾਰ, ਬੇਤਾਰ, ਸਣੇ ਅਖ਼ਬਾਰਾਂ, ਦਿੱਲੀ-ਦੱਖਣ ਸਣੇ ਜਲੰਧਰ। ਬਾਬਰ ਵੇਖੇ, ਜਾਬਰ ਵੇਖੇ, ਅਬਦਾਲੀ ਤੇ ਨਾਦਰ ਵੇਖੇ, ਇਸ ਧਰਤੀ ਤੇ ਪਾਪ ਦਾ ਲਾੜਾ ਹਰ ਵਾਰੀ ਹੀ ਹੋਰ ਸਿਕੰਦਰ। ਰੋਜ਼ ਦਿਹਾੜੀ ਸੁਣ ਸੁਣ ਮਰੀਏ, ਬਾਬਾ ਜੀ, ਕੀਹ ਹੀਲਾ ਕਰੀਏ, 'ਸ਼ਬਦ' ਤੇਰੇ ਦੇ ਅਰਥ ਬਦਲ ਕੇ, ਵੇਚੀ ਜਾਂਦੇ ਨਾਥ ਮਛੰਦਰ। ਮਨ ਤੋਂ ਭਾਰ ਉਤਾਰਨ ਖ਼ਾਤਰ, ਮੈਂ ਗ਼ਜ਼ਲਾਂ ਨੂੰ ਵੰਡ ਦਿੰਦਾ ਹਾਂ, ਜਿੰਨਾ ਲਾਵਾ ਤਪਦਾ ਖਪਦਾ, ਰੋਜ਼ ਦਿਹਾੜੀ ਮੇਰੇ ਅੰਦਰ।
ਧਰਤੀ ਝੂਮੇ, ਅੰਬਰ ਗਾਵੇ
ਧਰਤੀ ਝੂਮੇ, ਅੰਬਰ ਗਾਵੇ, ਝੁਕ ਝੁਕ ਸੁਣਦੇ ਤਾਰੇ। ਤਾਰਾਂ ਅੰਦਰ ਜਿੰਦ ਧੜਕਾਉਂਦੇ, ਸਾਜ਼ ਵਜਾਵਣਹਾਰੇ। ਤੜਫ਼ ਤੜਫ਼ ਕੇ ਤਰਬਾਂ, ਜ਼ਰਬਾਂ ਖਾਵਣ ਦਰਦ ਸੁਣਾਵਣ, ਕੌਣ ਸੁਣੇ ਫਰਿਆਦ ਤੇਰੇ ਬਿਨ ਦਰਦ ਨਿਵਾਰਨ ਹਾਰੇ। ਜੋ ਕੁਝ ਵੀ ਬਾਜ਼ਾਰ ਤੋਂ ਬਚਿਆ, ਓਹੀ ਸਾਡਾ ਵਿਰਸਾ, ਘਟਦੇ ਘਟਦੇ ਘਟ ਚੱਲੇ ਨੇ ਇਸ ਨੂੰ ਜਾਨਣਹਾਰੇ। ਨਾ ਵੀਣਾ, ਮਿਰਦੰਗ, ਸਰੋਦਾਂ, ਸਾਰੰਗੀਆਂ ਨੇ ਏਥੇ, ਮੁਰਲੀਧਰ ਬਣ ਫਿਰੇਂ ਗੁਆਚਾ, ਦੱਸ ਤੂੰ ਕ੍ਰਿਸ਼ਨ ਮੁਰਾਰੇ। ਸੀ ਰੱਬਾਬ ਕਿਤਾਬ ਦਾ ਮਾਲਕ ਉਹ ਪੰਜਾਬ ਹੈ ਕਿੱਥੇ, ਸ਼ਬਦ-ਗੁਰੂ ਨੂੰ ਭੁੱਲ ਗਏ ਸਾਧੋ, ਧਰਮ ਤਰਾਜ਼ੂ ਸਾਰੇ। ਰਾਗ ਨਾਦ ਵਿੱਚ ਸ਼ਬਦ ਸੋਹਾਣੇ, ਖੁਰ ਗਏ ਭੁਰ ਗਏ ਤੁਰ ਗਏ, ਗਫ਼ਲਤ ਦੇ ਵਿੱਚ ਕੀ ਕੁਝ ਗੁੰਮਿਆ, ਭੁੱਲ ਗਏ ਗਿਣਤੀ ਸਾਰੇ। ਕਿੱਧਰ ਗਏ ਸੰਗੀਤ ਘਰਾਣੇ, ਆਲਮ ਮੀਰ ਨਿਤਾਣੇ, ਮਰਦਾਨੇ ਦੀ ਅੱਖ ਵਿੱਚ ਅੱਥਰੂ ਡਲ੍ਹਕਣ ਮਣ ਮਣ ਭਾਰੇ। ਕਿੱਧਰ ਗਏ ਮੁਰੀਦ ਫ਼ਰੀਦਾ, ਸਿੱਖ ਤੇ ਮੁਸਲਿਮ ਬਣ ਗਏ, ਧਰਤੀ ਧਰਮ ਗੁਆਚ ਗਿਆ ਹੈ, ਮੌਲਾ ਖ਼ੈਰ ਗੁਜ਼ਾਰੇ। ਨਾਨਕ ਦੀ ਬਾਣੀ ਤੋਂ ਨਿੱਖੜੇ, ਰੰਗ ਰੱਬਾਬਾਂ ਵਾਲੇ, ਗੁਰ ਦਰਬਾਰੇ ਗਾਉਂਦੇ ਸੀ ਜੋ, ਰਾਗ ਇਕੱਤੀ ਸਾਰੇ।
ਨਵੇਂ ਰੰਗ ਵਿੱਚ ਰੰਗ ਦੇ ਮੈਨੂੰ
ਨਵੇਂ ਰੰਗ ਵਿੱਚ ਰੰਗ ਦੇ ਮੈਨੂੰ ਮਹਿਕਾਂ ਭਰ ਕੇ। ਮਿੱਟੀ ਦੇ ਬੁੱਤ ਤਾਈਂ ਛੂਹਕੇ ਜਿਉਂਦਾ ਕਰਕੇ। ਮੇਰੇ ਦਿਲ ਤੇ ਹੱਥ ਧਰ ਦੇ ਇਹ ਧੜਕ ਪਵੇਗਾ, ਇਸ ਨੂੰ ਧੜਕਣ ਲਾ ਦੇ, ਥੋਹੜੀ ਰਹਿਮਤ ਕਰਕੇ। ਦਿਲ ਵਿਚ ਲੀਕਾਂ ਚਾਰ ਦੀਵਾਰੀ ਤੋਂ ਵੱਧ ਜਾਬਰ, ਸਹਿਜ ਬਖਸ਼ ਦੇ ਇਹਨਾਂ ਨੂੰ ਫੁੱਲ ਕਲੀਆਂ ਕਰਕੇ। ਦੂਰ ਦੇਸ ਪਰਦੇਸ ਅਸਲ ਵਿੱਚ ਜਿਸਮਾਂ ਲਈ ਹੈ, ਪੌਣਾਂ ਵਾਂਗੂੰ ਮਿਲ ਜਾਇਆ ਕਰ ਹਿੰਮਤ ਕਰਕੇ। ਜਿਉਣ ਦੀ ਖ਼ਾਤਰ ਜੀਵਨ ਨੂੰ ਤੂੰ ਸਮਝੀਂ ਪਹਿਲਾਂ, ਕਿਉਂ ਮਰ ਚੱਲਿਐਂ ਵਕਤੋਂ ਪਹਿਲਾਂ ਮੌਤੋਂ ਡਰ ਕੇ। ਵੇਖੀਂ ਇਹ ਕੀਹ ਧੜਕੇ, ਤੇਰੇ ਚਰਨਾਂ ਦੇ ਵਿੱਚ ਲੱਗਦੈ ਮੈਂ ਦਿਲ ਭੁੱਲ ਗਿਆ ਹਾਂ ਏਥੇ ਧਰ ਕੇ। ਪੜ੍ਹ ਲੈ ਪੜ੍ਹ ਲੈ, ਇਹ ਪੁਸਤਕ ਹੈ ਤੇਰੇ ਕੰਮ ਦੀ, ਹੋਰ ਕਿਸੇ ਨੇ ਕੀਹ ਕਰਨੇ ਨੇ ਦਿਲ ਦੇ ਵਰਕੇ।
ਬਦਨੀਤਾਂ ਦੀ ਬਸਤੀ ਅੰਦਰ
ਬਦਨੀਤਾਂ ਦੀ ਬਸਤੀ ਅੰਦਰ ਸ਼ੁਭ ਨੀਤਾਂ ਨੇ ਕੀਹ ਕਰਨਾ ਸੀ? ਮੋਮ-ਦਿਲਾਂ ਨੇ, ਅੱਗ ਦਾ ਦਰਿਆ, ਸਾਬਤ ਰਹਿ ਕੇ ਕਿੰਜ ਤਰਨਾ ਸੀ? ਚਾਰ ਦੀਵਾਰੀ ਦੇ ਵਿਚ ਘਿਰਿਆ, ਮਿੱਟੀ ਦਾ ਭਗਵਾਨ ਵਿਚਾਰਾ, ਚੋਰ-ਬਾਜ਼ਾਰ ਦੇ ਰਹਿਮ ਤੇ ਜੀਂਦਾ, ਕਿਸ ਨੇ ਉਸਤੋਂ ਕੀਹ ਡਰਨਾ ਸੀ? ਪੱਤੀ ਪੱਤੀ ਖਿੱਲਰਨ ਦੀ ਤੂੰ, ਪੀੜ ਸੁਣਾਵੇਂ ਇਹ ਨਹੀਂ ਵਾਜਬ, ਪੱਥਰ ਚਿੱਤ ਦੇ ਪੈਰਾਂ ਅੱਗੇ, ਤੂੰ ਸੂਹਾ ਫੁੱਲ ਕਿਉਂ ਧਰਨਾ ਸੀ? ਔਰੰਗਜ਼ੇਬ ਉਦਾਸ ਕਬਰ ਵਿਚ, ਅੱਜ ਕੱਲ੍ਹ ਏਦਾਂ ਸੋਚ ਰਿਹਾ ਹੈ, ਅੱਜ ਦੇ ਹਾਕਮ ਵਰਗਾ ਬਣਦਾ, ਮੈਂ ਖ਼ਤ ਪੜ੍ਹ ਕੇ ਕਿਉਂ ਮਰਨਾ ਸੀ? ਘਰ ਦੇ ਭੇਤੀ ਲੰਕਾ ਢਾਹੁਣ 'ਚ, ਜੇ ਨਾ ਰਲਦੇ ਦੂਜੇ ਪਾਸੇ, ਲੰਕਾਪਤਿ ਰਾਵਣ ਨੇ ਦੱਸੋ, ਰਾਮ ਦੇ ਹੱਥੋਂ ਕਿੰਜ ਹਰਨਾ ਸੀ। ਜੇ ਤੇਰੀ ਰੂਹ ਅੰਦਰ ਕਿਧਰੇ, ਰਹਿਮ ਦਿਲੀ ਦਾ ਕਿਣਕਾ ਨਹੀਂ ਸੀ, ਅਗਨਬਾਣ ਹੱਥਾਂ ਵਿੱਚ ਲੈ ਕੇ, ਠੰਢਾ ਹਾਉਕਾ ਕਿਉਂ ਭਰਨਾ ਸੀ। ਐਨ ਵਕਤ ਸਿਰ ਤੇਰਾ ਮੋਢਾ, ਜੇਕਰ ਮੇਰੀ ਧਿਰ ਨਾ ਬਣਦਾ, ਮੇਰੀ ਰੂਹ ਨੇ ਏਡਾ ਸਦਮਾ, 'ਕੱਲ੍ਹੇ ਕਾਰੇ ਕਿੰਜ ਜਰਨਾ ਸੀ।
ਆਟੇ ਦੀ ਇੱਕ ਲੱਪ ਦੇ ਬਦਲੇ
ਆਟੇ ਦੀ ਇੱਕ ਲੱਪ ਦੇ ਬਦਲੇ ਵਿਕਦੇ ਰਹੀਏ। ਲੀਹ ਤੋਂ ਲਹਿ ਗਏ ਸਾਡੇ ਜੀ ਅਣਖ਼ਾਂ ਦੇ ਪਹੀਏ। ਤੇਰੇ ਸਿਰ ਅਸਮਾਨ ਖੜ੍ਹਾ ਛੱਡ ਭਰਮ ਭੁਲੇਖਾ, ਸੁਣ ਨੀ ਚਤੁਰ ਚਲਾਕੋ ਕਿਸੇ ਟਟੀਹਰੀ ਜਹੀਏ। ਅੰਨ੍ਹੇ ਗੁੰਗੇ ਬੋਲ਼ੇ ਹੋ ਗਏ ਕੁਰਸੀਆਂ ਵਾਲੇ, ਸੁਣਦੇ ਨਾ ਫ਼ਰਿਆਦ ਭਲਾ ਜੀ, ਕਿਸ ਨੂੰ ਕਹੀਏ। ਇੱਕ ਥਾਂ ਖੜ੍ਹੇ ਖਲੋਤੇ ਰਹਿਣਾ, ਮੌਤ ਬਰਾਬਰ, ਵਗਦੇ ਦਰਿਆ ਵਾਂਗੂ ਆਪਾਂ ਤੁਰਦੇ ਰਹੀਏ। ਇੱਕ ਦੂਜੇ ਨੂੰ ਧੁੱਪੇ ਸੁੱਟ ਕੇ ਵੇਖ ਲਿਆ ਏ, ਆ ਜਾ ਦੋਵੇਂ ਇੱਕ ਦੂਜੇ ਦੀ ਛਾਵੇਂ ਬਹੀਏ। ਦਰਦ ਪਰੁੱਚਿਉ ਜਾਗੋ, ਰਲ ਕੇ ਹੰਭਲਾ ਮਾਰੋ, ਜ਼ੋਰਾਵਰ ਦੇ ਜ਼ੋਰ ਜ਼ੁਲਮ ਨੂੰ, ਹੁਣ ਨਾ ਸਹੀਏ। ਬਾਬਾ ਨਾਨਕ ਜੋ ਲਿਖਿਆ, ਕੰਧਾਂ ਤੋਂ ਪੜ੍ਹ ਕੇ, ਦੂਸਰਿਆਂ ਦੀ ਸੁਣੀਏ, ਆਪਣੇ ਦਿਲ ਦੀ ਕਹੀਏ।
ਉੱਸਲਵੱਟੇ ਲੈਂਦਿਆਂ ਰਾਤ
ਉੱਸਲਵੱਟੇ ਲੈਂਦਿਆਂ ਰਾਤ ਗੁਜ਼ਾਰ ਲਈ ਹੈ। ਤੇਰੀ ਚੁੱਪ ਦੀ ਕਿੰਨੀ ਕੀਮਤ ਤਾਰ ਲਈ ਹੈ। ਅੱਗ ਦਾ ਦਰਿਆ ਅੱਗੜ ਪਿੱਛੜ ਸੱਜੇ ਖੱਬੇ, ਕਾਗਜ਼ ਦੀ ਬੇੜੀ ਮੈਂ ਇਸ ਵਿਚ ਤਾਰ ਲਈ ਹੈ। ਸੇਰ ਕੁ ਆਟਾ, ਲੱਪ ਕੁ ਦਾਲਾਂ, ਬੱਸ ਏਨੇ ਵਿੱਚ, ਅਣਖ਼ ਜਿਉਂਦੇ ਜੀਅ ਕਿਉਂ ਏਦਾਂ ਮਾਰ ਲਈ ਹੈ। ਵਡਪੁਰਖੇ ਦਾ ਪਰਚਮ ਲੈ ਕੇ ਹੁਣ ਨਹੀਂ ਬਹਿਣਾ, ਮੈਂ ਵੀ ਅੱਜ ਤੋਂ ਪੱਕੀ ਮਨ ਵਿਚ ਧਾਰ ਲਈ ਹੈ। ਇਕ ਵਾਰੀ ਟੁਣਕਾ ਕੇ ਰੂਹ ਦਾ ਸਾਜ਼ ਕੁੰਵਾਰਾ, ਤੂੰ ਵੀ ਮੁੜ ਕੇ ਕਿੱਥੇ ਸਾਡੀ ਸਾਰ ਲਈ ਹੈ। ਤੂੰ ਕਿਧਰੇ ਵੀ ਬਹਿ ਜਾ, ਮੇਰੇ ਮਗਰੋਂ ਲਹਿ ਜਾ, ਰੂਹ ਦਾ ਪਲੰਘ ਨਵਾਰੀ ਮੇਰੇ ਯਾਰ ਲਈ ਹੈ। ਦਿਲ ਦੀ ਤਾਰ ਤਣੀ ਹੈ, ਆ ਜਾ, ਕੁਝ ਪਲ ਬਹਿ ਜਾ, ਕਿੰਨੀ ਬਿਹਬਲ ਇਹ ਯਾਦਾਂ ਦੀ ਡਾਰ ਲਈ ਹੈ।
ਹੋਠਾਂ ਉੱਤੇ ਚੁੱਪ ਦੇ ਜੰਦਰੇ
ਹੋਠਾਂ ਉੱਤੇ ਚੁੱਪ ਦੇ ਜੰਦਰੇ, ਵਕਤ ਕੁਲਹਿਣਾ ਮਾਰ ਗਿਆ। ਲਛਮਣ ਰੇਖਾ ਵਾਹ ਕੇ, ਆਪਣੀ ਰੂਹ ਤੋਂ ਭਾਰ ਉਤਾਰ ਗਿਆ। ਨਾ ਖ਼ਤ ਕੋਈ, ਨਾ ਹੀ ਚਿੱਠੀ, ਪਾਈ ਉਸ ਨਾ-ਸ਼ੁਕਰੇ ਨੇ, ਨਰਮ ਕਰੂੰਬਲ ਦਿਲ ਤੇ ਜ਼ਾਲਮ, ਇਹ ਕੀ ਕਹਿਰ ਗੁਜ਼ਾਰ ਗਿਆ। ਮੇਰੀ ਜਿੰਦ ਵਿਯੋਗ ਨੇ ਪਿੰਜੀ, ਕੱਤੀ ਗ਼ਮ ਦੇ ਚਰਖ਼ੇ ਨੇ, ਹੁਣ ਕੀ ਲੱਭੇਂ ਬੇਕਦਰਾ ਤੂੰ, ਜਾਹ ਤੇਰਾ ਇਤਬਾਰ ਗਿਆ। ਰੁਕਮਣੀਆਂ ਦੀ ਕੇਹੀ ਕਿਸਮਤ, ਕਲਜੁਗ ਅਤੇ ਤਰੇਤੇ ਵਿੱਚ, ਸਤਯੁਗ ਵਿਚ ਵੀ ਰਾਧਾ ਦੇ ਸੰਗ, ਸਾਡਾ ਬੰਸੀ ਧਾਰ ਗਿਆ। ਜ਼ਿੰਦਗੀ ਦੇ ਉਪਰਾਮ ਪਲਾਂ ਵਿਚ ਤੂੰ ਹੀ ਮੇਰੀ ਮਹਿਰਮ ਬਣ, ਦਾਅਵੇਦਾਰ ਉਮਰ ਦੇ ਤੁਰ ਗਏ, ਸਮਝਣ ਹੁਣ ਮੈਂ ਹਾਰ ਗਿਆ। ਕੱਸ ਗੁਲੇਲਾਂ ਮਾਰ ਮਾਰ ਕੇ, ਪੱਤੇ ਝਾੜੇ ਵਕਤਾਂ ਨੇ, ਸਾਡੇ ਹੁੰਦਿਆਂ ਫ਼ਲ ਫੁੱਲਹਾਰਾ, ਉੱਜੜ ਕਿਉਂ ਗੁਲਜ਼ਾਰ ਗਿਆ। ਤੇਰੇ ਬੋਲ ਰੜਕਦੇ ਸੀਨੇ, ਅੱਜ ਤੀਕਣ ਮਹਿਫੂਜ਼ ਪਏ, ਹਿੱਕ ਵਿਚ ਜਿਹੜਾ ਮਾਰਿਆ ਸੀ ਤੂੰ ਤੀਰ ਜਿਗਰ ਤੋਂ ਪਾਰ ਗਿਆ।
ਚਾਰ ਦਿਨਾਂ ਦੇ ਚਾਨਣ ਮਗਰੋਂ
ਚਾਰ ਦਿਨਾਂ ਦੇ ਚਾਨਣ ਮਗਰੋਂ ਹੁਣ ਇਹ ਕਾਲੀ ਰਾਤ ਕਿਉਂ ਹੈ ? ਬਿਨਾ ਹੁੰਗਾਰਾ, ਅੱਧ ਵਿਚਕਾਹੇ, ਰੁਕ ਚੱਲੀ ਹੁਣ ਬਾਤ ਕਿਉਂ ਹੈ। ਪੌਣੀ ਸਦੀ ਗੁਜ਼ਾਰਨ ਮਗਰੋਂ, ਹੁਣ ਤਾਂ ਸਾਡਾ ਪੁੱਛਣਾ ਬਣਦੈ, ਕੱਚੇ ਘਰ ਦੇ ਹਿੱਸੇ ਆਉਂਦੀ, ਹੰਝੂਆਂ ਦੀ ਬਰਸਾਤ ਕਿਉਂ ਹੈ। ਫੁੱਲ ਕਲੀਆਂ ਖੁਸ਼ਬੋਈਆਂ ਬੀਜਾਂ, ਮਿੱਟੀ ਅੰਦਰ ਕੇਰਾਂ ਰੀਝਾਂ, ਅੱਖ ਬਚਾ ਕੇ ਲੰਘਦੀ ਮੈਥੋਂ, ਖੁਸ਼ੀਆਂ ਦੀ ਬਾਰਾਤ ਕਿਉਂ ਹੈ। ਸ਼ਾਮੀਂ ਕਿੱਥੇ ਲੁਕਦੈ ਸੂਰਜ, ਧਰਤੀ ਪੁੱਛੇ ਅੰਬਰ ਕੋਲੋਂ, ਚਾਨਣ ਦਾ ਵਣਜਾਰਾ ਪਾਉਂਦਾ, ਮੇਰੇ ਪੱਲੇ ਰਾਤ ਕਿਉਂ ਹੈ। ਕਿਸ ਨਸਲ ਦੇ ਸਾਕ ਸਹੇੜੇ, ਬਣੇ ਵਿਕਾਊ ਖੁਸ਼ੀਆਂ ਖੇੜੇ, ਮੰਡੀ ਬੈਠੇ ਰਿਸ਼ਤੇ ਨਾਤੇ, ਪਥਰਾਈ ਔਕਾਤ ਕਿਉਂ ਹੈ। ਡੁਸਕੇ ਚਾਟੀ ਸਣੇ ਮਧਾਣੀ, ਉਲਝ ਗਈ ਸਾਡੀ ਤੰਦ ਤਾਣੀ, ਗਰਦ ਗੁਬਾਰ ਨਜ਼ਰ ਦੇ ਅੱਗੇ, ਉਲਝੀ ਉਲਝੀ ਝਾਤ ਕਿਉਂ ਹੈ। ਪੱਕੀ ਫ਼ਸਲ ਤੇ ਬਿਜਲੀ ਪੈ ਗਈ ਸਰਸਵਤੀ ਤੇ ਲੱਛਮੀ ਬਹਿ ਗਈ, ਗਿਆਨ ਪੰਘੂੜੇ ਵਾਲੇ ਘਰ ਵਿੱਚ, ਰੁਲ ਗਈ ਕਲਮ ਦਵਾਤ ਕਿਉਂ ਹੈ।
ਮੇਰੀ ਬਾਤ ਦਾ ਹੁੰਗਾਰਾ
ਮੇਰੀ ਬਾਤ ਦਾ ਹੁੰਗਾਰਾ ਕਦੋਂ ਦਿਉਗੇ ਜਨਾਬ। ਜਦੋਂ ਪੱਤੀ ਪੱਤੀ ਖਿੰਡ ਗਿਆ ਸਾਰਾ ਹੀ ਗੁਲਾਬ। ਕਿਸੇ ਘੂਕੀ ਵਿਚ ਬੋਲੇ ਜਿਵੇਂ ਰਾਤ ਨੂੰ ਸ਼ਰਾਬੀ, ਮੈਨੂੰ ਏਸੇ ਤਰ੍ਹਾਂ ਸੁਣੇ ਅੱਜ ਬੋਲਦਾ ਪੰਜਾਬ। ਓਸ ਧਰਤੀ ਨੂੰ ਹੋਰ ਕਿਵੇਂ ਖਾਵੇਗੀ ਸਿਉਂਕ, ਜਿਥੇ ਗਿਆਨ ਦੀ ਕਿਆਰੀ ਸਿੰਜੇ ਠੇਕੇ ਦੀ ਸ਼ਰਾਬ। ਮੇਰੇ ਸ਼ਹਿਰ ਦੇ ਚੌਰਾਹੇ ਹੁਣ ਬਣੇ ਹੱਡਾ ਰੋੜੀ, ਵੇਖੋ ਹੱਟੀਆਂ 'ਚ ਟੰਗੇ ਕਿਵੇਂ ਸੀਖਾਂ 'ਚ ਕਬਾਬ। ਕਦੇ ਨਸ਼ਿਆਂ ਦੀ ਮਾਰ, ਕਦੇ ਹੱਥ ਹਥਿਆਰ, ਓਥੇ ਏਹੀ ਕੁਝ ਹੋਊ, ਜਿੱਥੋਂ ਖੁੱਸ ਗਈ ਕਿਤਾਬ। ਮੇਰੇ ਹੋਠਾਂ ਕੋਲੋਂ ਖੁੱਸ ਗਏ ਨੇ ਵੰਝਲੀ ਦੇ ਬੋਲ, ਏਸ ਧਰਤੀ ਤੋਂ ਰੁੱਸ ਗਈ ਏ ਜਦੋਂ ਦੀ ਰਬਾਬ। ਇਨ੍ਹਾਂ ਗ਼ਜ਼ਲਾਂ 'ਚੋਂ ਲੱਭਿਓ ਨਾ ਕੋਈ ਮਹਿਬੂਬ, ਕੋਰੀ ਜ਼ਿੰਦਗੀ ਸਲੇਟ, ਪੱਲੇ ਸੁਰ ਹੈ ਖ੍ਵਾਬ। ਐਵੇਂ ਵਕਤ ਨੂੰ ਸਮਝੋ ਨਾ ਘੜੀ ਦਾ ਗ਼ੁਲਾਮ, ਇਹਨੇ ਮੰਗਣਾ ਏ ਲੇਖਾ ਜਦੋਂ ਕਰੇਗਾ ਹਿਸਾਬ।
ਹਿੰਮਤ ਦੀ ਥਾਂ ਜਿਹੜੇ ਹਾਉਕੇ ਭਰਦੇ ਜੀ
ਹਿੰਮਤ ਦੀ ਥਾਂ ਜਿਹੜੇ ਹਾਉਕੇ ਭਰਦੇ ਜੀ। ਓਹੀ ਲੋਕੀਂ ਮੌਤੋਂ ਪਹਿਲਾਂ ਮਰਦੇ ਜੀ। ਬਦਇਖ਼ਲਾਕੇ ਨਾਲ ਯਾਰਾਨਾ ਕਿਉਂ ਰੱਖੀਏ, ਮੈਂ ਸੁਣਿਆ ਪਰਛਾਵੇਂ ਗੱਲਾਂ ਕਰਦੇ ਜੀ। ਕੱਚੇ ਘਰ ਦੀ ਥੰਮੀ ਕਿਹੜਾ ਬਣਦਾ ਹੈ, ਮਹਿਲਾਂ ਦੀ ਰਖਵਾਲੀ ਸਾਰੇ ਕਰਦੇ ਜੀ। ਜਕੜੀ ਬੈਠਾ ਤੰਦੂਆ ਜਿਉਂਦੇ ਲੋਕਾਂ ਨੂੰ, ਚੋਰਾਂ ਨੂੰ ਵੀ ਚੋਰ ਕਹਿਣ ਤੋਂ ਡਰਦੇ ਜੀ। ਨੱਕ ਰਗੜਦੈਂ, ਦਾਨੀ ਬਣਦੈਂ, ਭੁੱਲੀਂ ਨਾਂਹ, ਚੋਰ ਮਨਾਂ ਦੇ ਏਦਾਂ ਕਿੱਥੇ ਮਰਦੇ ਜੀ। ਘਰ ਪਹੁੰਚਣ ਤੱਕ ਇੱਕ ਵੀ ਚੇਤੇ ਰਹਿੰਦੀ ਨਾ, ਸਿਵਿਆਂ ਅੰਦਰ ਲੋਕ ਜੋ ਗੱਲਾਂ ਕਰਦੇ ਜੀ। ਰੂਹ ਨੂੰ ਕਰਨ ਹਲਾਲ ਜੀਭ ਦੀ ਨਸ਼ਤਰ ਨਾਲ, ਪਤਾ ਨਹੀਂ ਕਿਉਂ ਲੋਕੀਂ ਏਦਾਂ ਕਰਦੇ ਜੀ।
ਸੁਣੋ ਸੁਣਾਵਾਂ ਬੋਲ ਜੋ ਪੁਰਖੇ ਕਹਿ ਗਏ ਨੇ
ਸੁਣੋ ਸੁਣਾਵਾਂ ਬੋਲ ਜੋ ਪੁਰਖੇ ਕਹਿ ਗਏ ਨੇ। ਗ਼ਰਜ਼ਾਂ ਲਈ ਕਿਉਂ ਬੰਦੇ ਨਿੱਕੇ ਰਹਿ ਗਏ ਨੇ। ਸਖ਼ਤ ਵਿਗੋਚਾ ਅੰਬਰ ਨੂੰ ਇਸ ਗੱਲ ਦਾ ਹੈ, ਉੱਡਦੇ ਉੱਡਦੇ ਪੰਛੀ ਹੁਣ ਕਿਉਂ ਬਹਿ ਗਏ ਨੇ। ਤੇਰੇ ਇਕ ਵਿਸ਼ਵਾਸ ਸਹਾਰੇ ਤੁਰਿਆਂ ਹਾਂ, ਦੋਚਿੱਤੀ ਦੇ ਪੈਂਖੜ ਪੈਰੋਂ ਲਹਿ ਗਏ ਨੇ। ਕੰਪਿਊਟਰ ਦੀ ਹੁਕਮ ਅਦੂਲੀ ਕਿਸ ਕੀਤੀ, ਘੁੰਮਦੇ ਪਹੀਏ ਚੱਲਦੇ ਲੀਹੋਂ ਲਹਿ ਗਏ ਨੇ। ਲੋਕ ਰਾਜ ਦੀ ਲਾੜੀ ਲੈ ਗਏ ਥੈਲੀਸ਼ਾਹ, ਅਕਲਾਂ ਵਾਲੇ ਹਾਉਕੇ ਭਰਦੇ ਰਹਿ ਗਏ ਨੇ। ਸਾਡੀ ਅੱਧ ਅਸਮਾਨੇ ਗੁੱਡੀ ਬੋਅ ਹੋਈ, ਜ਼ਖ਼ਮੀ ਹੱਥ ਵਿਚ ਡੋਰ ਚਰਖ਼ੜੀ ਰਹਿ ਗਏ ਨੇ। ਸੜਕਾਂ ਕੰਢੇ ਰੁੱਖ ਹਰਿਆਲੇ ਕਿੱਧਰ ਗਏ, ਮੁੱਢ ਵਿਚਾਰੇ ਕੱਲ-ਮ-ਕੱਲ੍ਹੇ ਰਹਿ ਗਏ ਨੇ।
ਰਣ ਦੇ ਯੋਧੇ ਪਿਆਰ ਦੇ ਰਣ 'ਚੋਂ
ਰਣ ਦੇ ਯੋਧੇ ਪਿਆਰ ਦੇ ਰਣ 'ਚੋਂ ਭੱਜਦੇ ਚੰਗੇ ਲੱਗਦੇ ਨਹੀਂ। ਹਰ ਵਾਰੀ ਹੀ ਪੁੰਨੂੰ, ਸੱਸੀਆਂ ਮਾਰੂਥਲ ਵਿਚ ਠੱਗਦੇ ਨਹੀਂ। ਉੱਡਦੇ ਜੁਗਨੂੰ ਫੜਿਆ ਨਾ ਕਰ, ਰਾਤ ਬਰਾਤੇ ਅੰਬਰ 'ਚੋਂ, ਵੇਖਣ ਨੂੰ ਹੀ ਜਗਦੇ ਮਘਦੇ, ਪਰ ਇਹ ਭਾਂਬੜ ਅੱਗ ਦੇ ਨਹੀਂ। ਦਰਿਆਵਾਂ ਵਿਚ ਪਾਣੀ ਤੁਰਦੈ, ਨਾਲ ਨਾਲ ਤੂੰ ਤੁਰਿਆ ਕਰ, ਜੀਂਦੇ ਬੰਦੇ ਤੁਰਨ ਨਿਰੰਤਰ, ਤੋਦੇ ਫੋਕੀ ਝੱਗ ਦੇ ਨਹੀਂ। ਜਿਹੜੇ ਲੋਕੀਂ ਬੜ੍ਹਕਾਂ ਮਾਰਨ, ਆਖਣ ਕਿੰਗਰੇ ਢਾਹਵਾਂਗੇ, ਅੱਖੀਂ ਵੇਖੇ ਵਖ਼ਤ ਪੈਣ 'ਤੇ, ਹੜ੍ਹ ਦੇ ਅੱਗੇ ਤੱਗਦੇ ਨਹੀਂ। ਮਾਂ ਦੀ ਚੁੰਨੀ, ਧੀ ਦੀ ਅਜ਼ਮਤ, ਜਿਹੜੇ ਭੁੱਲੀ ਬੈਠੇ ਨੇ, ਕੱਪੜਾ ਬੰਨ੍ਹੀ ਫਿਰਦੇ ਸਿਰ 'ਤੇ, ਇਹ ਲੜ ਸਾਡੀ ਪੱਗ ਦੇ ਨਹੀਂ। ਰਾਜੇ ਦੀ ਅਰਦਲ ਵਿਚ ਬੈਠੇ, ਸੰਗਲੀ ਬੱਧੇ ਕੀਹ ਆਖਾਂ, ਸੱਚ ਪੁੱਛੋ ਤਾਂ ਏਸ ਨਸਲ ਦੇ ਸ਼ੇਰ ਵੀ ਚੰਗੇ ਲੱਗਦੇ ਨਹੀਂ। ਸੀਸ ਤਲੀ ਤੇ ਧਰਦੇ, ਮਰਦੇ ਕਰਦੇ ਨਾ ਸਮਝੌਤੇ ਉਹ, ਬੇਗਮ ਪੁਰ ਦੇ ਵਾਸੀ ਹੁੰਦੇ, ਗ਼ਰਜ਼ਾਂ ਵਾਲੇ ਜੱਗ ਦੇ ਨਹੀਂ। ਬੀਤ ਗਏ ਦਾ ਰੁਦਨ ਕਰਦਿਆਂ ਭਲਕ ਵਿਉਂਤੀ ਜਾਂਦੇ ਜੋ, ਅੱਜ ਨੂੰ ਰੋਲਣ ਵਾਲੇ ਲੋਕੀਂ, ਸਾਡੇ ਕੁਝ ਵੀ ਲੱਗਦੇ ਨਹੀਂ। ਹਰ ਵੇਲੇ ਹੀ ਜ਼ੋਰ ਜਬਰ ਦਾ ਛਾਂਟਾ ਚੁੱਕੀ ਫਿਰਦੇ ਹੋ, ਭੁੱਲ ਗਏ ਹੋ ਇਨਸਾਨੀ ਕਦਰਾਂ, ਅਸੀਂ ਜਾਨਵਰ ਵੱਗ ਦੇ ਨਹੀਂ।
ਤੇਰੇ ਕੋਲ ਕਿਤਾਬ ਪਈ ਹੈ
ਤੇਰੇ ਕੋਲ ਕਿਤਾਬ ਪਈ ਹੈ, ਕਿਉਂ ਨਹੀਂ ਫ਼ੜ੍ਹਦਾ। ਜਬਰ ਜ਼ੁਲਮ ਜੋ ਕੰਧ ਤੇ ਲਿਖਿਐ, ਕਿਉਂ ਨਹੀਂ ਪੜ੍ਹਦਾ। ਪੜ੍ਹ ਪੜ੍ਹ ਗੱਡੇ ਲੱਦ ਲਏ, ਪਾਠ ਪੁਸਤਕਾਂ ਵਾਲੇ, ਸੂਰਜਵੰਸ਼ੀ ਪੁੱਤ ਨੇਰ੍ਹ ਸੰਗ ਕਿਉਂ ਨਹੀਂ ਲੜਦਾ। ਸਾਨੂੰ ਸੱਜਣਾਂ ਤੈਥੋਂ ਇਸ ਦੀ ਆਸ ਨਹੀਂ ਸੀ, ਸੂਰਜ ਹੈਂ ਤੂੰ, ਧਰਤੀ ਉੱਤੇ ਕਿਉਂ ਨਹੀਂ ਚੜ੍ਹਦਾ। ਬਣ ਬਣ ਬਹਿਨੈਂ, ਧਰਮੀ ਪੁੱਤ ਯੁਧਿਸ਼ਟਰ ਵਾਂਗੂੰ, ਹੱਕ ਸੱਚ ਇਨਸਾਫ਼ ਦੀ ਖ਼ਾਤਰ ਕਿਉਂ ਨਹੀਂ ਅੜਦਾ। ਅੰਬਰੋਂ ਤਾਰੇ ਤੋੜਨ, ਕੂੜ ਸਿਆਸਤ ਵਾਲੇ, ਖ਼ਾਲੀ ਥਾਂ ਤੂੰ ਚੰਦ ਸਿਤਾਰੇ ਕਿਉਂ ਨਹੀਂ ਜੜਦਾ। ਤੁਰੇ ਖ਼ਰੀਦਣ ਝੁੱਗੀਆਂ ਢਾਰੇ ਸਭ ਵਣਜਾਰੇ, ਨੀਵੀਂ ਥਾਂ ਤੇ ਮਾਰ ਕਰੇ ਜਿਉਂ ਪਾਣੀ ਹੜ੍ਹ ਦਾ। ਸ਼ਹਿਰਾਂ ਤੋਂ ਤਾਂ ਰਾਜਧਾਨੀਆਂ ਚਹੁੰ ਕਦਮਾਂ ਤੇ, ਪਿੰਡਾਂ ਤੋਂ ਹੀ ਦੂਰ ਸਫ਼ਰ ਹੈ ਚੰਡੀਗੜ੍ਹ ਦਾ। ਬਿਰਖ਼ ਘਣੇ ਹਰਿਆਲੇ ਬਾਬੇ ਕਿੱਧਰ ਤੁਰ ਗਏ, ਧਰਤੀ ਮਾਂ ਦਾ ਪਾਰਾ ਤਾਹੀਉਂ ਜਾਵੇ ਚੜ੍ਹਦਾ। ਕਿਉਂ ਨਹੀਂ ਬਣਦਾ, ਮੈਂ ਤੇਰੀ ਤੂੰ ਮੇਰੀ ਸ਼ਕਤੀ ਚੁੱਕਣਾ ਦੇ ਵਿਚ ਆ ਕੇ ਰਹੇਂ ਬਹਾਨੇ ਘੜਦਾ। ਜਿਸ ਬੂਟੇ ਦੀ ਜੜ੍ਹ ਨੂੰ ਮਿੱਟੀ ਤਾਕਤ ਦੇਵੇ, ਸੁਪਨੇ ਵਿੱਚ ਵੀ ਉਸ ਦਾ ਬੂਰ ਕਦੇ ਨਹੀਂ ਝੜਦਾ।
ਮਾਨਸਰਾਂ ਤੋਂ ਉੁੱਡ ਕੇ ਆਉਂਦੀ
ਮਾਨਸਰਾਂ ਤੋਂ ਉੁੱਡ ਕੇ ਆਉਂਦੀ ਵੇਖੀ ਜਦ ਮੁਰਗਾਈ। ਸੱਚ ਜਾਣੀਂ ਉਸ ਵੇਲੇ, ਤੇਰੀ ਯਾਦ ਬੜੀ ਹੀ ਆਈ। ਜਾਪੇ ਤੂੰ ਹੀ ਪੋਲੇ ਕਦਮੀਂ ਪਹਿਨ ਮੋਤੀਆ ਬਾਣਾ, ਮੇਰੇ ਵੱਲ ਨੂੰ ਤੁਰਦੀ ਤੁਰਦੀ ਹੁਣ ਆਈ ਕਿ ਆਈ। ਕਿੰਨੇ ਸਬਕ ਅਧੂਰੇ ਛੱਡ ਕੇ, ਤੁਰ ਗਈ ਦੇਸ ਦੁਰਾਡੇ, ਤੇਰੇ ਮਗਰੋਂ ਫਿਰੇ ਗੁਆਚੀ, ਧਰਤੀ ਮੋਹ ਤ੍ਰਿਹਾਈ। ਦਿਨ ਲੰਘ ਜਾਵੇ, ਗੱਲੀਂ ਬਾਤੀਂ, ਰਾਤਾਂ ਗਿਣ ਗਿਣ ਤਾਰੇ, ਤਪਦੀ ਅਉਧ ਬੈਰਾਗਣ ਤੁਧ ਬਿਨ, ਪੁੱਛ ਮੈਂ ਕਿੰਜ ਲੰਘਾਈ। ਵਗਦੀ ਪੌਣ, ਖਿੜੇ ਫੁੱਲ ਪੱਤੀਆਂ, ਖੁਸ਼ਬੋਈਆਂ 'ਚੋਂ ਭਾਲਾਂ, ਸਰਗਮ, ਤਾਲ, ਅਲਾਪ, ਨਿਰੰਤਰ ਰੱਖਦਾਂ ਨਜ਼ਰ ਟਿਕਾਈ । ਅੰਬਰੋਂ ਟੁੱਟ ਗਏ ਤਾਰੇ ਜਿਹੜੇ, ਧਰਤੀ ਤੇ ਨਾ ਪਹੁੰਚੇ, ਦਿਲ ਦੀ ਨਰਮ ਸਲੇਟ ਤੇ ਗੂੜ੍ਹੀ ਲੀਕ ਜਹੀ ਕਿਉਂ ਪਾਈ। ਤਾਰਿਆਂ ਵੇਲੇ ਰੋਜ਼ ਉਡੀਕਾਂ, ਆ ਜਾ ਮਿਲ ਜਾਹ ਰੂਹੇ, ਅਣਲੱਗ ਵਸਤਰ, ਕੋਰੇ, ਸੁੱਚੇ, ਦਿਲ ਦੀ ਸੇਜ ਵਿਛਾਈ।
ਮੈਂ ਜਿਸਮਾਂ ਦੀ ਹੱਦ
ਮੈਂ ਜਿਸਮਾਂ ਦੀ ਹੱਦ ਤੋਂ ਅੱਗੇ ਜਾ ਨਹੀਂ ਸਕਿਆ। ਤਾਹੀਉਂ ਦਿਲ ਦਾ ਭੇਤ ਅਜੇ ਤੱਕ ਪਾ ਨਹੀਂ ਸਕਿਆ। ਆਦਮ ਜ਼ਾਤ ਅਜ਼ਲ ਤੋਂ ਡਿੱਗੇ ਸੇਬ ਨੂੰ ਲੱਭਦੀ, ਇੱਕ ਵੀ ਬੰਦਾ ਉਸ ਨੂੰ ਹੁਣ ਤੱਕ ਖਾ ਨਹੀਂ ਸਕਿਆ। ਜ਼ਿੰਦਗੀ ਤੇਰਾ ਭੇਤ ਸਮਝਦੇ, ਆਹ ਦਿਨ ਆਏ, ਇੱਕ ਵੀ ਨੁਕਤਾ ਸਮਝ ਮੇਰੀ ਵਿਚ ਆ ਨਹੀਂ ਸਕਿਆ। ਕਲਵਲ ਵਗਦਾ ਨੀਰ ਸੁਣਾਵੇ ਜਿਹੜੀ ਸਰਗਮ, ਧਰਤੀ ਦਾ ਕੋਈ ਜੀਵ ਅਜੇ ਤਕ ਗਾ ਨਹੀਂ ਸਕਿਆ। ਮੈਂ ਤਾਂ ਆਪਣੀ ਵਲਗਣ ਅੰਦਰ ਕੈਦ ਰਿਹਾ ਹਾਂ, ਤਾਹੀਉਂ ਤੇਰੀ ਰੂਹ ਅੰਦਰ ਮੈਂ ਆ ਨਹੀਂ ਸਕਿਆ। ਫ਼ਰਜ਼ਾਂ ਦੀ ਥਾਂ ਗਰਜ਼ਾਂ ਦਾ ਮੈਂ ਕੈਦੀ ਬਣਿਆਂ, ਜ਼ਹਿਰ ਪਿਆਲਾ ਤਾਹੀਉਂ ਹੋਠੀਂ ਲਾ ਨਹੀਂ ਸਕਿਆ।
ਸੱਚ ਬੋਲਣ ਦਾ ਕਸ਼ਟ
ਸੱਚ ਬੋਲਣ ਦਾ ਕਸ਼ਟ ਮੇਰੇ ਤੋਂ ਸਹਿ ਨਹੀਂ ਹੁੰਦਾ। ਏਸੇ ਕਰਕੇ ਦਰਦ-ਦਿਲੇ ਦਾ ਕਹਿ ਨਹੀਂ ਹੁੰਦਾ। ਭਰ ਚੱਲਿਆ ਸੀ ਸਰਵਰ ਹੋਇਆ ਤਰਣ ਦੁਹੇਲਾ, ਏਨੀ ਗੱਲ ਵੀ ਤਾਂ ਦੱਸੀ ਏ, ਰਹਿ ਨਹੀਂ ਹੁੰਦਾ। ਹੋਰ ਕਿਸੇ ਦੀ ਨੁਕਤਾਚੀਨੀ ਕਰ ਬਹਿੰਦਾ ਹਾਂ, ਖ਼ੁਦ ਨੂੰ ਪੁੱਛਦਾਂ, ਤੇਰੇ ਤੋਂ ਕਿਉਂ ਅਹਿ ਨਹੀਂ ਹੁੰਦਾ। ਏਸ ਬਾਜ਼ਾਰ 'ਚ ਮੇਰਾ ਵੀ ਮੁੱਲ ਪੈ ਜਾਣਾ ਸੀ, ਕੀ ਕਰਦਾ ਮੈਂ, ਏਨਾ ਥੱਲੇ ਲਹਿ ਨਹੀਂ ਹੁੰਦਾ। ਜੰਗਲ ਦੇ ਹਰ ਬੂਟੇ ਅੰਦਰ ਅਗਨ ਬੜੀ ਸੀ, ਬਾਂਸਾਂ ਵਾਂਗੂੰ ਇਨ੍ਹਾਂ ਕੋਲੋਂ, ਖਹਿ ਨਹੀਂ ਹੁੰਦਾ। ਸ਼ਬਦਾਂ ਦੀ ਸ਼ਤਰੰਜ ਖੇਡਦਾਂ, ਬੈਠ ਚੌਂਤਰੇ, ਮੇਰੇ ਕੋਲੋਂ ਘਰ ਵਿਚ ਵਿਹਲੇ ਬਹਿ ਨਹੀਂ ਹੁੰਦਾ। ਤੁਰਦੇ ਤੁਰਦੇ ਮੁੜ ਆਏ ਫਿਰ ਅਪਣੇ ਬੂਹੇ, ਮੰਜ਼ਿਲ ਦਾ ਸਿਰਨਾਵਾਂ ਤਾਹੀਂਓਂ ਤਹਿ ਨਹੀਂ ਹੁੰਦਾ।
ਚੌਂਕੀਦਾਰ ਆਵਾਜ਼ਾ ਦੇ ਗਿਆ
ਚੌਂਕੀਦਾਰ ਆਵਾਜ਼ਾ ਦੇ ਗਿਆ, ਜਾਗੋ ਲੋਕੋ ਜਾਗੋ। ਅਪਣਾ ਅਪਣਾ ਮਾਲ ਸੰਭਾਲੋ, ਗੂੜ੍ਹੀ ਨੀਂਦ ਤਿਆਗੋ। ਇੱਜ਼ਤ ਪੱਤ ਦੀ ਰਾਖੀ ਹੁਣ ਮੈਂ ਕਿੱਦਾਂ ਕਰ ਲਾਂ ਕੱਲ੍ਹਾ, ਸਭ ਮੋੜਾਂ ਤੇ ਵੰਨ ਸੁਵੰਨੇ ਚੋਰ ਤੇ ਡਾਕੂ ਲਾਗੋ। ਆਲ੍ਹਣਿਆਂ ਵਿਚ ਆਣ ਵੜੇ ਹੁਣ, ਕੈਸੇ ਮਾਨਸ ਖਾਣੇ, ਆਪੋ ਅਪਣੀ ਰਾਖ਼ੀ ਕਰ ਲਉ, ਚਿੜੀਉ, ਹੰਸੋ, ਕਾਗੋ। ਅੰਦਰੋਂ ਬਾਹਰੋਂ ਲੱਗਾ ਖੋਰਾ, ਕਿਉਂ ਨਹੀਂ ਕਰਦੇ ਝੋਰਾ, ਤੁਧ ਬਿਨ ਕੌਣ ਕਰੂ ਰਖਵਾਲੀ, ਘਰ ਦੀ, ਵੱਡਿਉ ਘਾਗੋ। ਧਰਤੀ ਨੂੰ ਸਰਸਾਮ, ਹਵਾ ਨੂੰ ਦੰਦਲ, ਪਾਣੀ ਜ਼ਹਿਰੀ, ਕੌਣ ਸੁਣੇਗਾ ਚੀਕ ਤੁਹਾਡੀ, ਜਦ ਆਖੋਗੇ ਭਾਗੋ। ਜਿਸ ਕੁਰਸੀ ਤੇ ਜਿਹੜਾ ਮਰਜ਼ੀ, ਹਾਕਮ ਹੁਕਮ ਬਿਠਾਉ, ਪੰਜ ਸਦੀਆਂ ਵਿਚ ਚਾਤਰ ਕਿੰਨੇ ਹੋ ਗਏ ਸੱਜਣ ਠਾਗੋ। ਕਾਮ ਕਰੋਧੀ, ਮੋਹ ਦੇ ਲੋਭੀ, ਹਰ ਜਨ ਹੀ ਹੰਕਾਰੀ, ਬਾਬਾ ਪੁੱਛੇ, ਕਿੱਥੇ ਲੁਕ ਗਏ, ਰੂਹ ਦੇ ਸੁੱਚਿਉ ਰਾਗੋ।
ਧੀਆਂ ਸਿਰ ਫੁਲਕਾਰੀ
ਧੀਆਂ ਸਿਰ ਫੁਲਕਾਰੀ ਅੱਜ ਵੀ ਓਨੀ ਸੂਹੀ ਰੱਤੀ। ਪਰ ਰਾਹਾਂ ਵਿਚ ਗੂੜ੍ਹ ਹਨ੍ਹੇਰੇ, ਨਾ ਦੀਵਾ ਨਾ ਬੱਤੀ। ਆਸ ਦੇ ਸੂਰਜ ਖ਼ੁਰਦੇ ਖ਼ੁਰ ਗਏ, ਭੁਰ ਗਏ ਕੰਢੇ ਸਾਰੇ, ਗਿੜਿਆ ਗੇੜ ਸਮੇਂ ਦਾ, ਪਰ ਨਾ ਆਈ, ਫ਼ਰਵਰੀ ਕੱਤੀ। ਨਰਮਾ ਬੀਜ, ਚੁਗਣ ਦੇ ਮਗਰੋਂ, ਵੇਲ, ਪਿੰਜਾ ਲੈ ਰੂੰਆਂ, ਵਸਤਰਹੀਣ ਰਹੇਂਗੀ ਜਿੰਦੇ, ਜੇ ਨਾ ਪੂਣੀ ਕੱਤੀ। ਭਰਮ ਜਿਹਾ ਸੀ, ਮਿਲ ਜਾਵੇਗਾ, ਜੋ ਕੁਝ ਵੀ ਮੈਂ ਮੰਗੂੰਂ ਮੇਰੇ ਮੂੰਹ ਵਿਚ ਦੰਦ ਸਲਾਮਤ, ਪੂਰ-ਮ-ਪੂਰੇ ਬੱਤੀ। ਇਸ ਮਿੱਟੀ ਨੂੰ ਛੱਡ ਕੇ ਨਾ ਜਾਹ, ਨਾ ਜਾਹ ਬਾਰ ਪਰਾਏ, ਬੰਜਰ ਹੋ ਜੂ ਤੇਰੇ ਮਗਰੋਂ ਧਰਤੀ ਅਣਖ਼ਾਂ ਮੱਤੀ। ਕੀਹਦੇ ਕੋਲ ਸ਼ਿਕਾਇਤ ਕਰਾਂ ਤੇ ਰੋਵਾਂ ਕਿੱਥੇ ਜਾ ਕੇ, ਹਰ ਕੁਰਸੀ ਦੀ ਨਾਲ ਲੁਟੇਰੇ, ਹਰ ਥਾਂ ਹਿੱਸਾ-ਪੱਤੀ। ਆਮ ਸਧਾਰਨ ਬੰਦਿਆ, ਵੇਖੀਂ, ਖਾਣ ਪੀਣ ਤੋਂ ਪਹਿਲਾਂ, ਰਾਜ ਘਰਾਂ ਨੇ ਨੀਤ-ਪਰਖ਼ ਲਈ ਧਰੇ ਪਦਾਰਥ ਛੱਤੀ।
ਜਾਲ ਵਿਚ ਸਾਨੂੰ ਇਹ
ਜਾਲ ਵਿਚ ਸਾਨੂੰ ਇਹ ਫਸਾਉਣ ਵਾਲੇ ਨੇ। ਮਾਛੀਆਂ ਦੇ ਚੰਗੇ ਦਿਨ ਆਉਣ ਵਾਲੇ ਨੇ। ਹੱਟੀ ਵਿਚ ਮਾਲ ਨਾ ਸਮਾਨ ਕੰਮ ਦਾ, ਹੋਕੇ ਵੇਖ ਕਿੰਨੇ ਭਰਮਾਉਣ ਵਾਲੇ ਨੇ। ਫ਼ਸਲਾਂ, ਸੰਭਾਲੋ, ਵੀਰੋ, ਖੇਤਾਂ ਵਾਲਿਉ, ਮੰਡੀ 'ਚ ਵਪਾਰੀ ਬੋਲੀ ਲਾਉਣ ਵਾਲੇ ਨੇ। ਘਰ ਬਾਰ ਜਿਹੜੇ ਚੌਂਕੀਦਾਰਾਂ ਲੁੱਟਿਆ, 'ਜਾਗਦੇ ਰਹੋ' ਇਹੀ ਜੋ ਸੁਣਾਉਣ ਵਾਲੇ ਨੇ। ਚਾਰ ਕੁ ਜਮਾਤਾਂ ਪਾਸ ਵੰਡੇ ਅਕਲਾਂ, ਚਿਹਰੇ ਵੇਖੋ ਕਿੰਨੇ ਭਰਮਾਉਣ ਵਾਲੇ ਨੇ। Ñ ਲੋਕਾਂ ਦੀ ਕਚਹਿਰੀ ਜਿਹੜੇ ਫ਼ੇਲ ਹੋ ਗਏ, ਓਹੀ ਸਾਨੂੰ ਹੁਕਮ ਸੁਣਾਉਣ ਵਾਲੇ ਨੇ। ਦਿਲ ਦੀ ਅਯੁੱਧਿਆ, ਉਦਾਸ ਤੇਰੇ ਬਾਝ, ਹਰ ਵਰ੍ਹੇ ਕਹੇਂ, 'ਰਾਮ' ਆਉਣ ਵਾਲੇ ਨੇ।
ਨਾ ਧਰਤੀ ਨਾ ਅੰਬਰ ਝੱਲੇ
ਨਾ ਧਰਤੀ ਨਾ ਅੰਬਰ ਝੱਲੇ, ਅੱਜ ਵੀ ਅਸੀਂ ਪਨਾਹੀਆਂ ਵਰਗੇ। ਘਸਦੇ ਘਸਦੇ ਘਸ ਚੱਲੇ ਆਂ, ਘਾਹੀਆਂ ਦੇ ਪੁੱਤ ਘਾਹੀਆਂ ਵਰਗੇ। ਬੜੇ ਸਲੀਕੇ ਵਾਲੇ ਘਰ ਵਿਚ, ਚੌਵੀ ਘੰਟੇ ਰਹੀਏ ਡਰ ਵਿਚ, ਖ਼ਬਰੇ ਕਦ ਵਾਧੂ ਹੋ ਜਾਈਏ, ਵਸਤਾਂ ਕੁਝ ਅਣਚਾਹੀਆਂ ਵਰਗੇ। ਮਰ ਚੱਲੇ ਆਂ ਹਾਉਕੇ ਭਰਦੇ, ਅੰਬਰ ਕਾਲਾ ਸਾਡੇ ਕਰਕੇ, ਹਿੱਕ ਵਿਚ ਦੱਬੀਆਂ ਚੀਕਾਂ ਜੀਕੂੰ, ਦਰਦਮੰਦਾਂ ਦੀਆਂ ਆਹੀਆਂ ਵਰਗੇ। ਰੱਜਿਆਂ ਖਾਤਰ ਸਾਲਣ ਬਣੀਏਂ, ਪੰਜੀਂ ਸਾਲੀਂ ਬਾਲਣ ਬਣੀਏ, ਭੱਠੀ ਤਪਦੀ ਰੱਖਣ ਖਾਤਰ, ਦਰਿਆ ਕੰਢੇ ਕਾਹੀਆਂ ਵਰਗੇ। ਕੰਠ ਵਿਛੁੰਨੀਆਂ ਜੀਕੂੰ ਬੀਨਾਂ, ਅਣਖ਼ ਬਿਨਾ ਬੇਜਾਨ ਜ਼ਮੀਰਾਂ, ਸੁਪਨੇ, ਖੇਤ, ਜ਼ਮੀਨਾਂ ਬੰਜਰ, ਵਾਹੀਆਂ ਤੇ ਅਣਵਾਹੀਆਂ ਵਰਗੇ। ਕਿਹੜੇ ਗਿਣੀਏ ਘਾਟੇ, ਵਾਧੇ, ਸੇਰੂ, ਪਾਵੇ ਘੁਣ ਨੇ ਖਾਧੇ, ਵਾਣ ਪੁਰਾਣਾ ਹੋਇਆ ਜਿਸਦਾ, ਉਸ ਮੰਜੇ ਦੀਆਂ ਬਾਹੀਆਂ ਵਰਗੇ। ਰੱਖਣ ਸੋਚਾਂ ਫ਼ਰਜ਼ ਜਗਾਈ, ਗਿਆਨ ਦੀ ਡਾਢੀ ਸ਼ਾਮਤ ਆਈ, ਆਉਂਦੇ ਜਾਂਦੇ ਸਾਹ ਵੀ ਜਾਪਣ, ਗਲ ਵਿਚ ਪਈਆਂ ਫਾਹੀਆਂ ਵਰਗੇ। ਗ਼ਰਜ਼ਾਂ ਦੀ ਪਰਿਕਰਮਾ ਕਰੀਏ, ਨਾ ਹੀ ਜੀਵੀਏ, ਨਾ ਹੀ ਮਰੀਏ, ਘਰ ਸਿਰਨਾਵੇਂ ਭੁੱਲ ਗਏ ਜੋ, ਰਾਹ ਵਿਚ ਗੁੰਮੇ ਰਾਹੀਆਂ ਵਰਗੇ। ਸ਼ਾਸਤਰਾਂ ਦੇ ਸਿਰਜਣਹਾਰੇ, ਬਣ ਗਏ ਜਦ ਤੋਂ ਸ਼ਸਤਰਧਾਰੀ, ਅਕਲ ਕੋਟ ਦੇ ਕਿਲ੍ਹੇਦਾਰ ਵੀ, ਰਹਿ ਗਏ ਸਿਰਫ਼ ਸਿਪਾਹੀਆਂ ਵਰਗੇ। ਮੁੱਕ ਚੱਲੇ ਆਂ, ਮਰਦੇ ਮਰਦੇ, ਸਰਹੱਦਾਂ ਦੀ ਰਾਖੀ ਕਰਦੇ, ਰਾਜ ਘਰਾਂ ਲਈ ਸਾਡੇ ਪੁੱਤਰ, ਬਣ ਗਏ ਸਿਰਫ਼ ਗਰਾਹੀਆਂ ਵਰਗੇ।
ਸਾਨੂੰ ਮੋੜਾਂ ਉੱਤੇ ਟੱਕਰੇ ਜੀ
ਸਾਨੂੰ ਮੋੜਾਂ ਉੱਤੇ ਟੱਕਰੇ ਜੀ, ਕਿਹੋ ਜਹੇ ਦਰਿੰਦੇ। ਪਿੱਛੇ ਮੁੜੀਏ ਤਾਂ ਮੌਤ, ਅੱਗੇ ਜਾਣ ਵੀ ਨਹੀਂ ਦਿੰਦੇ। ਸੁੱਕੀ ਹੋਠਾਂ ਤੇ ਆਵਾਜ਼, ਖੰਭ ਭੁੱਲੇ ਪਰਵਾਜ਼, ਅਸੀਂ ਧਰਤੀ ਤੇ ਰੀਂਘਦੇ ਹਾਂ, ਨਾਮ ਦੇ ਪਰਿੰਦੇ। ਪਹਿਲਾਂ ਗੋਲੀਆਂ ਦਾ ਕਹਿਰ, ਹੁਣ ਪੁੜੀਆਂ 'ਚ ਜ਼ਹਿਰ, ਕਿੱਦਾਂ ਮਰ ਮੁੱਕ ਚੱਲੇ, ਸਾਡੇ ਘਰੀਂ ਜਾਏ ਛਿੰਦੇ। ਹੁਣ ਰੁੱਖਾਂ ਤੇ ਮਨੁੱਖਾਂ ਤੋਂ ਵੀ ਅੱਗੇ ਤੁਰੀ ਅੱਗ, ਚੱਲ, ਚਿੰਤਾ ਤੋਂ ਅੱਗੇ ਤੁਰ, ਮੇਰੀਏ ਨੀ ਜਿੰਦੇ। ਬਣੇ ਪੈਸੇ ਦੇ ਪੁਜਾਰੀ, ਟੁੱਟੀ ਸ਼ਿਵਾ ਨਾਲ ਯਾਰੀ, ਸ਼ੁਭ ਕਰਮਨ 'ਵਰ' ਕਿੱਥੋਂ ਮੰਗੀਏ ਗੋਬਿੰਦੇ। ਅੱਜ ਵੇਖ ਕੇ ਪੰਜਾਬ, ਗੁੰਮ ਸੁੰਮ ਹੈ ਰਬਾਬ, ਮੇਰੀ ਰੂਹ ਵਾਲਾ ਰਾਗ, ਕਿਉਂ ਨਹੀਂ ਛੇੜਦੇ ਸਾਜ਼ਿੰਦੇ। ਸਾਡੇ ਗਿਆਨ-ਵਿਗਿਆਨ, ਸਾਰੇ ਭੁੱਲ ਗਏ ਈਮਾਨ, ਹੁਣ ਬਣ ਗਏ ਗਿਆਨੀ ਜੀ ਵੀ ਸ਼ਾਹਾਂ ਦੇ ਕਾਰਿੰਦੇ।
ਤੁਰ ਰਿਹੈ, ਬਸ ਤੁਰ ਰਿਹੈ
ਤੁਰ ਰਿਹੈ, ਬਸ ਤੁਰ ਰਿਹੈ, ਮੇਰੇ ਬਰਾਬਰ ਦੋਸਤੋ, ਜ਼ਖ਼ਮ ਦਿਲ ਦਾ ਬਣ ਗਿਆ ਹੈ ਮੇਰਾ ਰਹਿਬਰ ਦੋਸਤੋ। ਮੈਂ ਨਹੀਂ ਡਰਦਾ ਕਦੇ ਵੀ ਤੇਜ਼ ਤਿੱਖੇ ਤੀਰ ਤੋਂ, ਜਿਸਮ ਦੇ ਹਰ ਰੋਮ ਵਿਚ, ਪਹਿਲਾਂ ਹੀ ਨਸ਼ਤਰ ਦੋਸਤੋ। ਏਸ ਦਾ ਨਾ ਜੋੜਿਉ, ਰਿਸ਼ਤਾ ਕਿਸੇ ਵੀ ਪੀੜ ਨਾਲ, ਅੱਥਰੂ ਤਾਂ ਅੱਖ 'ਚੋਂ ਵਹਿੰਦੈ ਨਿਰੰਤਰ ਦੋਸਤੋ। ਦੋਸਤਾਂ ਦੀ ਦੋਸਤੀ ਦੇ ਜ਼ਖ਼ਮ ਵੀ ਮੈਨੂੰ ਅਜ਼ੀਜ਼, ਜਾਣਦੇ ਮੈਨੂੰ ਤਾਂ ਇਹ ਮੇਰੇ ਤੋਂ ਬਿਹਤਰ ਦੋਸਤੋ। ਜ਼ਿੰਦਗੀ ਪੱਤਝੜ 'ਚ ਸੁੰਨੀ ਟਾਹਣ ਜਿਉਂ ਖਾਮੋਸ਼ ਹੈ, ਫੁੱਲ, ਫ਼ਲ, ਪੱਤਹਾਰ ਮਗਰੋਂ ਹੁੰਦੈ ਅਕਸਰ ਦੋਸਤੋ। ਟੁੱਟ ਜਾਵੇ ਤੰਦ ਉਹ, ਜੁੜ ਜਾਏ ਕਿਧਰੇ ਹੋਰ ਹੀ, ਸੁਪਨਿਆਂ ਵਿਚ ਇਸ ਤਰ੍ਹਾਂ, ਹੁੰਦਾ ਏ ਅਕਸਰ ਦੋਸਤੋ। ਮਿਹਰਬਾਨੋ, ਕਦਰਦਾਨੋ, ਇਹ ਮੁਹੱਬਤ ਦਾ ਕਮਾਲ, ਬਣ ਗਿਆ ਹਾਂ ਮੈਂ ਜੋ ਇਹ ਕਤਰੇ ਤੋਂ ਸਾਗਰ ਦੋਸਤੋ।
ਜਬਰ ਜ਼ੁਲਮ ਦਾ ਟੋਲਾ ਜਦ ਵੀ
ਜਬਰ ਜ਼ੁਲਮ ਦਾ ਟੋਲਾ ਜਦ ਵੀ, ਹੱਲੇ ਕਰ ਕਰ ਆਉਂਦਾ ਹੈ। ਬੰਦਾ ਸਿੰਘ ਬਹਾਦਰ ਨੂੰ ਤਦ, ਸਰਹੰਦ ਫੇਰ ਬੁਲਾਉਂਦਾ ਹੈ। ਤਿੰਨ ਸਦੀਆਂ ਵਿਚ ਰੋਜ਼ ਗਰਕਦੇ, ਏਥੋਂ ਤੱਕ ਹਾਂ ਪਹੁੰਚ ਗਏ, ਹੋਰ 'ਧਰਤ' ਤੋਂ ਗੋਬਿੰਦ ਆਵੇ, ਏਹੋ ਹੀ ਦਿਲ ਚਾਹੁੰਦਾ ਹੈ। ਪੋਥੀ ਪੰਥ ਭੁਲਾ ਕੇ ਆਪਾਂ, ਤੁਰ ਪਏ ਆਂ ਜੀ, ਕਿਹੜੇ ਰਾਹ, ਮਨ ਦਾ ਪੰਛੀ ਭਟਕ ਰਿਹਾ ਹੈ, ਭਾਵੇਂ ਅੰਬਰ ਗਾਹੁੰਦਾ ਹੈ। ਧਰਮ ਕਰਮ ਦਾ ਗੂੜ੍ਹਾ ਰਿਸ਼ਤਾ, ਟੁੱਟ ਜਾਵੇ ਤਾਂ ਜੁੜਨ ਮੁਹਾਲ, ਜੇ ਜੁੜ ਜਾਵੇ, ਕਰਜ਼ ਧਰਤ ਦਾ, ਓਹੀ ਸਿਰ ਤੋਂ ਲਾਹੁੰਦਾ ਹੈ। ਪਵਨ ਗੁਰੂ, ਪਾਣੀ ਹੈ ਬਾਬਲ, ਧਰਤੀ ਨੂੰ ਜੋ ਮਾਂ ਸਮਝਣ, ਉਨ੍ਹਾਂ ਦਾ ਟੱਬਰ ਹੀ ਰਲ ਕੇ, ਛਾਵੇਂ ਮੰਜੇ ਡਾਹੁੰਦਾ ਹੈ। ਸਭ ਨੂੰ ਖ਼ੁਦ ਨੂੰ ਕਿੰਨੀ ਵਾਰੀ, ਪੁੱਛਿਆ ਹੈ ਮੈਂ ਘੜੀ ਮੁੜੀ, ਸਾਡੇ ਅੰਦਰ ਬੈਠਾ ਕਿਹੜਾ, ਸੁਪਨ-ਮਹਿਲ ਜੋ ਢਾਹੁੰਦਾ ਹੈ। ਸਾਡੇ ਘਰ ਤੋਂ ਅਮਰੀਕਾ ਤੱਕ, ਜਾਲ ਵਿਛਾਇਆ ਅਣਦਿਸਦਾ, ਕਿਹੜਾ ਚਤੁਰ ਸ਼ਿਕਾਰੀ ਹੈ ਜੋ, ਉੱਡਣੇ ਪੰਛੀ ਫਾਹੁੰਦਾ ਹੈ।
ਤੇਰੀ ਚੁੱਪ ਦਾ ਪਹਾੜ
ਤੇਰੀ ਚੁੱਪ ਦਾ ਪਹਾੜ ਮੇਰੀ ਹਿੱਕ ਤੇ ਸਵਾਰ। ਜਿੰਦੇ, ਭੋਲਿਆਂ ਪਰਿੰਦਿਆਂ ਨੂੰ ਇੰਜ ਤਾਂ ਨਾ ਮਾਰ। ਤੇਰੇ ਸ਼ਹਿਰ ਵਿਚੋਂ ਲੰਘਦਿਆਂ, ਹਰ ਵਾਰੀ ਲੱਗਾ, ਕਦੇ ਭੁੱਲ ਕੇ ਵੀ ਕਰੀਏ ਨਾ ਦਿਲ ਦਾ ਵਪਾਰ। ਮੈਨੂੰ ਸਮਝ ਹੀ ਆਇਆ ਨਾ ਮੁਹੱਬਤਾਂ ਦਾ ਕਿੱਸਾ, ਇਹ ਤਾਂ ਨਕਦੀ ਦਾ ਸੌਦਾ, ਜੀਹਦੇ ਵਿੱਚ ਨਾ ਉਧਾਰ। ਤੇਰੀ ਯਾਦ ਕਾਹਦੀ ਆਈ, ਗੁੰਮੇ ਹੋਸ਼ ਤੇ ਹਵਾਸ, ਜਿਵੇਂ ਗਿੱਲੇ ਪਿੰਡੇ ਛੋਹੇ ਨੰਗੀ ਬਿਜਲੀ ਦੀ ਤਾਰ। ਅੱਜ ਵਰ੍ਹਿਆਂ ਤੋਂ ਬਾਅਦ ਫਿਰ ਆਈ ਤੇਰੀ ਯਾਦ, ਜਿਵੇਂ ਸ਼ਾਮੀਂ ਘਰ ਪਰਤੇ ਪਰਿੰਦਿਆਂ ਦੀ ਡਾਰ। ਅੱਜ ਉਮਰਾਂ ਦੀ ਪੌਣੀ ਰੋਟੀ ਖਾਣ ਪਿੱਛੋਂ ਲੱਗਾ, ਕਦੇ ਛੱਡਦੇ ਨਾ ਪਿੱਛਾ, ਕੀਤੇ ਕੌਲ ਤੇ ਕਰਾਰ। ਘੜੀ ਸਾਹਾਂ ਵਾਲੀ ਟਿਕ ਟਿਕ ਯਾਦ ਤੈਨੂੰ ਕਰੇ, ਸਾਨੂੰ ਸਾਹਾਂ ਤੋਂ ਪਿਆਰਿਆ ਤੂੰ ਇੰਜ ਨਾ ਵਿਸਾਰ।
ਹਨ੍ਹੇਰੀ ਰਾਤ ਅੰਦਰ
ਹਨ੍ਹੇਰੀ ਰਾਤ ਅੰਦਰ ਵਸਤ ਦਾ ਸਾਇਆ ਨਹੀਂ ਹੁੰਦਾ। ਇਹਦਾ ਇਹ ਅਰਥ ਤਾਂ ਨਹੀਂ, ਓਸਦਾ ਚਿਹਰਾ ਨਹੀਂ ਹੁੰਦਾ। ਇਹ ਕੈਸੀ ਤਿਸ਼ਨਗੀ ਲੈ ਕੇ, ਥਲਾਂ ਵਿੱਚ ਪੌਣ ਹੈ ਫਿਰਦੀ, ਕਿਸੇ ਡਾਚੀ ਦਾ ਇੱਕੋ ਥਾਂ ਕਦੇ ਠਹਿਰਾਅ ਨਹੀਂ ਹੁੰਦਾ। ਮੁਸੀਬਤ ਧਰਮ ਤੇ ਇਖ਼ਲਾਕ ਦੀ ਹੀ ਪਰਖ਼ ਹੈ ਕਰਦੀ, ਸਦਾ ਇਕਸਾਰ ਪਾਣੀ ਤੁਰ ਰਿਹਾ, ਦਰਿਆ ਨਹੀਂ ਹੁੰਦਾ। ਮੈਂ ਆਪਣੇ ਆਪ ਨੂੰ ਜਦ ਫ਼ਾਸਲੇ ਤੋਂ ਵੇਖਣਾ ਚਾਹੁੰਨਾਂ , ਕਿਸੇ ਸ਼ੀਸ਼ੇ 'ਚ ਮੇਰਾ ਅਕਸ ਵੀ 'ਮੇਰਾ' ਨਹੀਂ ਹੁੰਦਾ। ਮੈਂ ਸ਼ਬਦਾਂ ਦੇ ਚਿਰਾਗਾਂ ਨੂੰ ਹਮੇਸ਼ਾਂ ਬਾਲਦਾ ਰਹਿੰਦਾਂ, ਮੇਰੇ ਰਾਹਾਂ 'ਚ ਨੇਰ੍ਹੇ ਦਾ ਤਦੇ ਪਹਿਰਾ ਨਹੀਂ ਹੁੰਦਾ। ਹਕੂਮਤ ਜਬਰ ਕਰਕੇ 'ਸਾਬਰਾਂ' ਦੀ ਸਿਰਜਣਾ ਕਰਦੀ, ਕਦੇ ਵੀ ਸੂਰਮੇ ਸਿਰ 'ਮੁੱਲ ਦਾ ਸਿਹਰਾ' ਨਹੀਂ ਹੁੰਦਾ । ਮੈਂ ਬੀਤੇ ਵਕਤ ਨੂੰ ਫੜਨਾ ਵੀ ਚਾਹਵਾਂ, ਫੜ ਨਹੀਂ ਸਕਦਾ, ਹਵਾ ਦਾ, ਮਹਿਕ ਦਾ ਜਿਸਮਾਂ ਜਿਹਾ ਪਰਦਾ ਨਹੀਂ ਹੁੰਦਾ।
ਸੂਰਜ ਚੜ੍ਹਿਆ ਥੱਕਿਆ ਥੱਕਿਆ
ਸੂਰਜ ਚੜ੍ਹਿਆ ਥੱਕਿਆ ਥੱਕਿਆ, ਬਦਰੰਗ ਜਹੀ ਸਵੇਰ ਕਿਉਂ ਹੈ। ਊੜਾ, ਜੂੜਾ ਪੁੱਛਣ, ਦੋਵੇਂ ਅੱਖੀਆਂ ਅੱਗੇ ਨੇਰ੍ਹ ਕਿਉਂ ਹੈ? ਕਿਰਨ ਮ ਕਿਰਨੀ ਟੁੱਟਦੇ ਤਾਰੇ, ਸਾਹ ਵੀ ਹੋ ਗਏ ਬੇਇਤਬਾਰੇ, ਦੀਨ ਦੁਖੀ ਦੀ ਰਾਖੀ ਖ਼ਾਤਰ, ਸ਼ੁਭ ਕਰਮਨ ਵਿਚ ਦੇਰ ਕਿਉਂ ਹੈ? ਇਹ ਕੀ ਹੋਇਆ ਸਿਖ਼ਰ ਦੁਪਹਿਰੇ, ਲੱਗ ਗਏ ਨੇ ਕੁੱਖਾਂ ਤੇ ਪਹਿਰੇ, ਕੁੜੀਆਂ ਚਿੜੀਆਂ, ਖੌਫ਼ ਜ਼ਦਾ ਨੇ, ਏਨਾ ਗੂੜ੍ਹ ਹਨ੍ਹੇਰ ਕਿਉਂ ਹੈ? ਰਹੋ ਜਾਗਦੇ ਰੱਟਦੇ ਰੱਟਦੇ, ਮਰ ਚੱਲੇ ਜਗਰਾਤੇ ਕੱਟਦੇ, ਪਹਿਰੇਦਾਰੋ, ਇਹ ਤਾਂ ਦੱਸੋ, ਜ਼ਾਲਮ ਹੋਇਆ ਸ਼ੇਰ ਕਿਉਂ ਹੈ? ਰਾਹਾਂ ਵਿਚ ਗੁਆਚੇ ਪਾਂਧੀ, ਗਿਆਨ ਦੀ ਆਂਧੀ ਵਗਦੀ ਕੈਸੀ , ਭਗਤ ਧਰੂ ਤਾਰਾ ਨਹੀਂ ਦਿਸਦਾ, ਫਿਰ ਵੀ ਉਸ ਤੇ ਮੇਰ ਕਿਉਂ ਹੈ? ਦਹਿਸ਼ਤ ਜਿੱਸਰਾਂ ਸਿਵਿਆਂ ਅੰਦਰ, ਕੁਰਬਲ ਕੁਰਬਲ ਮਨ ਦੇ ਮੰਦਰ ਅਜਬ ਤਰ੍ਹਾਂ ਦਾ ਤਾਂਡਵ ਹੁੰਦਾ, ਮੇਰੇ ਚਾਰ ਚੁਫ਼ੇਰ ਕਿਉਂ ਹੈ? ਤੂੰ ਸੀ ਧਰਮੀ ਕਰਮੀ ਬੰਦਾ, ਇਹ ਤੂੰ ਕਿਹੜਾ ਫੜ ਲਿਆ ਧੰਦਾ, ਤੇਰੀ ਬਸਤੀ ਦਾ ਸਿਰਨਾਵਾਂ, ਅੱਜਕੱਲ੍ਹ ਸ਼ਹਿਰ ਲੁਟੇਰ ਕਿਉਂ ਹੈ?
ਸਿਰ ਤੇ ਸੂਰਜ ਹੁੰਦਿਆਂ ਸੁੰਦਿਆਂ
ਸਿਰ ਤੇ ਸੂਰਜ ਹੁੰਦਿਆਂ ਸੁੰਦਿਆਂ ਸਿਖ਼ਰ ਦੁਪਹਿਰ ਹਨ੍ਹੇਰ ਕਿਉਂ ਬਈ। ਦੇਸ ਪੰਜਾਬ 'ਚ, ਮਨ ਦੇ ਵਿਹੜੇ, ਏਨੇ ਘੁੰਮਣ ਘੇਰ ਕਿਉਂ ਬਈ। ਠੂਠਾ ਅਤੇ ਕਨਾਲੀ ਸੁੰਨੇ, ਤਵਾ, ਚੰਗੇਰ, ਪਰਾਤ ਵੀ ਖ਼ਾਲੀ, ਸਾਡੇ ਲਈ ਤਾਂ ਫਿੱਕੀਆਂ ਈਦਾਂ, ਵੱਜੀ ਜਾਂਦੀ ਭੇਰ ਕਿਉਂ ਬਈ। ਰੋਂਦਿਆਂ ਨੂੰ ਨਾ ਚੁੱਪ ਕਰਾਵੇ, ਚੁੱਕ ਨਾ ਕੋਈ ਸੀਨੇ ਲਾਵੇ, ਨਿੱਕੇ ਨਿੱਕੇ ਮਾਸੂਮਾਂ ਗਲ, ਅਟਕੀ ਹੋਈ ਲੇਰ ਕਿਉਂ ਬਈ। 'ਬੋਲੀ ਅਵਰ ਤੁਮ੍ਹਾਰੀ' ਹੋ ਗਈ, ਹਰ ਅੱਖ ਅੱਥਰੂ ਅੱਥਰੂ ਚੋ ਗਈ, ਬਾਬਰ ਵਾਲਾ ਜਾਬਰ ਹੱਲਾ, ਖ਼ੁਰਾਸਾਨ ਤੋਂ ਫੇਰ ਕਿਉਂ ਬਈ। ਸੜਦਾ ਰੋਮ, ਵਜਾਵੇ ਬੰਸੀ ਨੀਰੋ ਨੂੰ ਤਾਂ ਨਿੰਦੀ ਜਾਈਏ, ਸਾਡੇ ਘਰ ਕੀਹ ਖਿਚੜੀ ਪੱਕਦੀ ਸੁਣ ਨਾ ਪੈਂਦੀ ਘੇਰ ਕਿਉਂ ਬਈ। ਏਸੇ ਘਰ ਦਾ ਅੱਜ ਵੀ ਜੀਅ ਹੈ, ਸੀਤਾ ਵੀ ਧਰਤੀ ਦੀ ਧੀ ਹੈ, ਹਰ ਯੁਗ ਅੰਦਰ ਲਛਮਣ-ਰੇਖਾ, ਉਸਦੇ ਚਾਰ ਚੁਫ਼ੇਰ ਕਿਉਂ ਬਈ। ਅਬਦਾਲੀ ਹੁਣ ਸੱਦਿਆਂ ਆਇਆ ਵਣਜ ਵਪਾਰੀ ਨਾਲ ਲਿਆਇਆ, ਫਿਰ ਕਿਉਂ ਪੁੱਛੋ, ਸਾਡੇ ਘਰ ਵਿਚ, ਓਪਰਿਆਂ ਦੀ ਮੇਰ ਕਿਉਂ ਬਈ।
ਦਾਨਿਸ਼ਵਰ ਲਈ ਮੁਕਤੀਦਾਤਾ
ਦਾਨਿਸ਼ਵਰ ਲਈ ਮੁਕਤੀਦਾਤਾ, ਮਿੱਟੀ ਦਾ ਭਗਵਾਨ ਨਹੀਂ ਹੈ। ਏਨੀ ਗੱਲ ਸਮਝਾਉਣੀ ਦਿਲ ਨੂੰ, ਏਨੀ ਸਹਿਲ ਆਸਾਨ ਨਹੀਂ ਹੈ। ਇਕ ਬਾਲੜੀ, ਮਾਂ ਦੀ ਮੂਰਤ, ਮਿੱਟੀ ਉੱਤੇ ਵਾਹ ਕੇ ਸੌ ਗਈ, ਸੱਚ ਪੁੱਛੋ ਤਾਂ ਇਸ ਤੋਂ ਉੱਤੇ ਰਿਸ਼ਤੇ ਦਾ ਸਨਮਾਨ ਨਹੀਂ ਹੈ। ਕੌਣ ਅਨਾਥ ਕਹੇਗਾ ਇਸਨੂੰ, ਇਹ ਨਾਥਾਂ ਦੀ ਸਿਰਜਣਹਾਰੀ, ਧਰਤੀ ਮਾਂ ਜਹੀ ਇਸ ਬੱਚੀ ਨੂੰ, ਕਹਿਣ ਯਤੀਮ ਈਮਾਨ ਨਹੀਂ ਹੈ। ਬਿਰਧ ਘਰਾਂ ਵਿਚ ਰੁਲਦੇ ਹਾਉਕੇ, ਲੋਰੀ ਦੇਵਣਹਾਰੀ ਡੁਸਕੇ, ਸੱਚ ਕਹੀਏ ਤਾਂ, ਇਸ ਤੋਂ ਵਧ ਕੇ ਮਮਤਾ ਦਾ ਅਪਮਾਨ ਨਹੀਂ ਹੈ। ਏਸ ਸਭਾ ਵਿਚ ਇਕ ਵੀ ਚਿਹਰਾ, ਜੇਕਰ ਮੈਨੂੰ ਘੂਰ ਰਿਹਾ ਏ, ਮੋੜ ਲਵੋ ਇਹ ਨਿਕ ਸੁਕ, ਥੈਲੀ, ਇਹ ਮੇਰਾ ਸਨਮਾਨ ਨਹੀਂ ਹੈ। ਬੰਦਾ ਬੰਦੇ ਵਾਂਗੂੰ ਵਿਚਰੇ, ਤੇ ਬੰਦੇ ਨੂੰ ਬੰਦਾ ਸਮਝੇ, ਇੱਕੋ ਮੰਤਰ ਲੱਖਾਂ ਵਰਗਾ, ਇਹ ਕੋਈ ਗੂੜ੍ਹ ਗਿਆਨ ਨਹੀਂ ਹੈ। ਮੈਂ ਤਾਂ ਐਵੇਂ ਖਿੱਲਰੇ ਪੁੱਲਰੇ, ਸ਼ਬਦ ਸੰਵਾਰੇ, ਗਜ਼ਲਾਂ ਕਹੀਆਂ, ਏਸ ਹਕੀਕਤ ਤੋਂ ਮੈਂ ਵਾਕਿਫ਼, ਇਹ ਮੇਰਾ ਦੀਵਾਨ ਨਹੀਂ ਹੈ।
ਕਈ ਕੁਝ ਏਸ ਰੁਮਾਲ 'ਚ ਤੇਰੇ
ਕਈ ਕੁਝ ਏਸ ਰੁਮਾਲ 'ਚ ਤੇਰੇ। ਮੱਕਾ ਨਾਲ ਮਦੀਨਾ ਮੇਰੇ। ਹਰਿਮੰਦਰ ਹੈ ਮੇਰੇ ਅੰਦਰ, ਸੀਸ ਝੁਕਾਵਾਂ ਮੈਂ ਸ਼ਾਮ ਸਵੇਰੇ। ਗ਼ੈਰਹਾਜ਼ਰੀ ਸੂਰਜ ਦੀ ਹੈ, ਤਾਂ ਹੀ ਚਾਰ ਚੁਫ਼ੇਰ ਹਨ੍ਹੇਰੇ। ਤੂੰ ਨਾ ਮੈਨੂੰ ਛੱਡ ਕੇ ਜਾਵੀਂ ਬਹੁਤ ਉਦਾਸੀ ਦਿਲ ਦੇ ਡੇਰੇ। ਇਹ ਕਿਹੜੀ ਮੈਂ ਅੱਗ 'ਚ ਘਿਰਿਆਂ, ਲਾਟਾਂ ਮੇਰੇ ਚਾਰ ਚੁਫ਼ੇਰੇ। ਜ਼ਿੰਦਗੀ ਤੇਰੇ ਰੰਗ ਨਿਆਰੇ, ਬੁੱਢੇ ਚੋਰ, ਮਸਾਣੀਂ ਡੇਰੇ। ਅਗਲਾ ਸਾਹ ਆਵੇ ਨਾ ਆਵੇ, ਨਾ ਵੱਸ ਮੇਰੇ, ਨਾ ਵੱਸ ਤੇਰੇ।
ਸਭ ਲੋਕਾਂ ਲਈ ਇੱਕੋ ਧਰਤੀ
ਸਭ ਲੋਕਾਂ ਲਈ ਇੱਕੋ ਧਰਤੀ ਪਰ ਸਾਂਝਾ ਅਸਮਾਨ ਨਹੀਂ ਹੈ। ਨੀਲੀ ਛਤਰੀ ਵਾਲੇ ਰੱਬ ਦਾ ਇਸ ਪਾਸੇ ਵੱਲ ਧਿਆਨ ਨਹੀਂ ਹੈ। ਰੱਜਿਆਂ ਖਾਤਰ ਹੋਰ ਖ਼ੁਰਾਕਾਂ, ਲਿੱਸਿਆਂ ਖਾਤਰ ਕੱਚੀਆਂ ਲੱਸੀਆਂ, ਰੱਬ ਦੇ ਬੰਦਿਓ, ਇਹ ਦੋ ਅਮਲੀ, ਕੀਹ ਰੱਬ ਦਾ ਅਪਮਾਨ ਨਹੀਂ ਹੈ। ਮੈਂ ਮਜ਼ਬੂਤ ਬਤੀਸੀ ਕੋਲੋਂ, ਕੀਹ ਲੈਣੈਂ, ਜੇ ਏਹੀ ਦੁਸ਼ਮਣ, ਸ਼ਬਦ ਸਲਾਮਤ ਰੱਖਣ ਲਈ ਜੇ ਰਹਿਣੀ ਮਾਤ ਜ਼ੁਬਾਨ ਨਹੀਂ ਹੈ? ਦਰਿਆਵਾਂ ਨੂੰ ਸੰਗਲੀ ਪਾ ਕੇ, ਜਿੱਧਰ ਚਾਹੋ ਤੋਰੀ ਫੇਰੋ, ਗੰਗਾ ਯਮੁਨਾ ਸਰਸਵਤੀ ਦਾ, ਇਹ ਭਾਈ ਸਨਮਾਨ ਨਹੀਂ ਹੈ। ਕੱਚੇ ਘਰ ਲਈ ਹੋਰ ਕਿਤਾਬਾਂ, ਪੱਕਿਆਂ ਦੇ ਲਈ ਸਬਕ ਅਲਹਿਦਾ, ਕਿੱਥੋਂ ਪੜ੍ਹ ਕੇ ਕੀਹ ਕਰਦੇ ਹੋ, ਇਹ ਤਾਂ ਅਸਲ ਵਿਧਾਨ ਨਹੀਂ ਹੈ। ਫੁਲਕਾਰੀ ਦੇ ਧਾਗੇ ਤੋੜੋ, ਆਖੋ ਸਾਨੂੰ ਮੁੜ ਕੇ ਜੋੜੋ, ਅਜਬ ਤਮਾਸ਼ਾ ਏਸ ਤਰ੍ਹਾਂ ਦਾ, ਸਾਨੂੰ ਇਹ ਪਰਵਾਨ ਨਹੀਂ ਹੈ। ਤੇਰੇ ਹੱਥ ਤ੍ਰਿਸ਼ੂਲ ਤਬਾਹੀ, ਤਲਵਾਰਾਂ ਦੀ ਫ਼ਸਲ ਉਗਾਵੇਂ, ਹੇ ਬਨਵਾਰੀ, ਕਿਰਪਾ ਧਾਰੀ, ਕਿਉਂ ਹੱਥ ਵਿਚ ਕਿਰਪਾਨ ਨਹੀਂ ਹੈ। ਇਹ ਪੰਜਾਬ ਜਿਉਂਦੀ ਪੁਸਤਕ, ਰਿਗਵੇਦਾਂ ਤੋਂ ਲੈ ਕੇ ਅੱਜ ਤੱਕ, ਜਦ ਜੀਅ ਚਾਹਵੇ ਝੰਬੇਂ ਝਿੜਕੇਂ, ਇਹ ਕੋਈ ਦਰਬਾਨ ਨਹੀਂ ਹੈ। ਦਿੱਲੀ ਬਹਿ ਕੇ ਰਾਜ ਕਰਦਿਆ, ਵੇਖੀਂ ਸੋਚੀਂ ਅਤੇ ਵਿਚਾਰੀਂ, ਦਿਲ ਦੀ ਦਿੱਲੜੀ ਜੋ ਨਹੀਂ ਬਹਿੰਦਾ, ਉਹ ਸਾਡਾ ਸੁਲਤਾਨ ਨਹੀਂ ਹੈ।
ਸਾਡੇ ਘਰ ਨੂੰ ਬਾਹਰੋਂ ਕਿਹੜਾ
ਸਾਡੇ ਘਰ ਨੂੰ ਬਾਹਰੋਂ ਕਿਹੜਾ ਕੁੰਡੇ ਜੰਦਰੇ ਮਾਰ ਗਿਆ ਹੈ? ਲੱਭੋ ਉਹ ਕਰਤੂਤੀ ਕਾਫ਼ਿਰ, ਜੋ ਇਹ ਕਹਿਰ ਗੁਜ਼ਾਰ ਗਿਆ ਹੈ। ਸਾਡੇ ਗੁੱਟ ਤੇ ਹੱਥ ਕੜੀਆਂ ਦੇ ਵਾਂਗੂੰ ਘੜੀਆਂ ਬੱਧੀਆਂ ਰਹੀਆਂ, ਇਕ ਵੀ ਪਲ ਮਹਿਫੂਜ਼ ਨਹੀਂ ਤੇ, ਵਕਤ ਝਕਾਨੀ ਮਾਰ ਗਿਆ ਹੈ। ਅੰਨਦਾਤੇ ਦੇ ਮੋਢੇ ਬਗਲੀ, ਰੁਲਦਾ ਫਿਰਦਾ ਅਣਖ ਗੁਆ ਕੇ, ਪੁੱਛਦਾ ਸਭ ਨੂੰ ਦੱਸੋ ਕਿਹੜਾ, ਮੇਰਾ ਖੇਡ ਸ਼ਿਕਾਰ ਗਿਆ ਹੈ? ਮਰਦੇ ਦਮ ਤੱਕ, ਬਾਪੂ ਜੀ ਸੀ, ਇੱਕੋ ਗੱਲ ਹੀ ਪੁੱਛੀ ਜਾਂਦੇ, ਨਾਰੋਵਾਲ ਭਲਾ ਬਈ ਦੱਸੋ, ਕਿਉਂ ਰਾਵੀ ਤੋਂ ਪਾਰ ਗਿਆ ਹੈ? ਦੂਲੇ ਪੁੱਤਰ ਜਿਸ ਦੀ ਖ਼ਾਤਿਰ, ਕੱਠੇ ਲੜਦੇ, ਮਰਨੀਂ ਮਰ ਗਏ, ਆਜ਼ਾਦੀ ਵਿਚ ਲੀਕਾਂ ਵਾਹ ਕੇ, ਗੋਰਾ ਕਿੱਦਾਂ ਚਾਰ ਗਿਆ ਹੈ? ਕਮਲਾ ਹੋ ਜਾਣਾ ਸੀ ਮੈਂ ਤਾਂ, ਏਨਾ ਭਾਰ ਦਿਲੇ ਤੇ ਰੱਖ ਕੇ, ਮੈਂ ਧੰਨਵਾਦੀ 'ਸ਼ਬਦ ਗੁਰੂ' ਦਾ ਜਿਹੜਾ ਭਾਰ ਉਤਾਰ ਗਿਆ ਹੈ। ਪੰਜ ਸੱਤ ਗ਼ਜ਼ਲਾਂ, ਕੁਝ ਕਵਿਤਾਵਾਂ, ਸਾਂਭ ਸਕੇ ਤਾਂ ਸਾਂਭੀ ਰੱਖਿਓ, ਮੈਂ ਵੀ ਓਧਰ ਜਾਣੈਂ ਜਿੱਧਰ, ਚੰਦ, ਮੀਸ਼ਾ, ਜਗਤਾਰ ਗਿਆ ਹੈ।
ਖ਼ੁਦਾਇਆ ਇਹ ਕਦੇ ਨਾ ਕਹਿਰ ਹੋਵੇ
ਖ਼ੁਦਾਇਆ ਇਹ ਕਦੇ ਨਾ ਕਹਿਰ ਹੋਵੇ। ਮਿਰੇ ਅੰਦਰ ਕਿਸੇ ਲਈ ਜ਼ਹਿਰ ਹੋਵੇ। ਮਿਲੇਂ ਤਾਂ ਇਸ ਤਰ੍ਹਾਂ ਮਹਿਸੂਸ ਹੋਵੇ, ਜਿਵੇਂ ਦਿਲ ਦੇ ਸਮੁੰਦਰ ਲਹਿਰ ਹੋਵੇ। ਕਦੇ ਥਿੰਦੇ ਘੜੇ ਜਹੇ ਰਿਸ਼ਤਿਆਂ ਵਿਚ, ਮੇਰੇ ਤੋਂ ਮਿੰਟ ਵੀ ਨਾ ਠਹਿਰ ਹੋਵੇ। ਉਦੋਂ ਰਿਸ਼ਤੇ ਵੀ ਮਿੱਟੀ ਜਾਪਦੇ ਨੇ, ਜਦੋਂ ਅੱਖਾਂ ਦੇ ਅੰਦਰ ਗਹਿਰ ਹੋਵੇ। ਬੜਾ ਕੁਝ ਚੌਖਟੇ ਵਿਚ ਕੈਦ ਹੋਇਆ, ਮਿਰਾ ਪਿੰਡ ਬਣ ਗਿਆ ਜਿਉਂ ਸ਼ਹਿਰ ਹੋਵੇ। ਜਦੋਂ ਗਿਣਤੀ ਤੇ ਮਿਣਤੀ ਰੂਹ ਨੂੰ ਘੇਰੇ, ਅਜੇਹੇ ਵਕਤ ਦਾ ਨਾਂ 'ਕਹਿਰ' ਹੋਵੇ। ਇਹ ਚੰਚਲ ਮਨ ਖਿਡੌਣੇ ਮੰਗਦਾ ਹੈ, ਜਿਵੇਂ ਬਚਪਨ ਦਾ ਪਹਿਲਾ ਪਹਿਰ ਹੋਵੇ।
ਭਰਮ ਦੇ ਭਾਂਡੇ ਦੇ ਹੋ ਗਏ
ਭਰਮ ਦੇ ਭਾਂਡੇ ਦੇ ਹੋ ਗਏ, ਵੇਖ ਲੈ ਕਿੰਜ ਠੀਕਰੇ। ਲੋਕ ਖ਼ੌਰੇ ਕਿਉਂ ਅਜੇ ਵੀ ਚੁੱਪ ਨੇ ਬੈਠੇ ਡਰੇ। ਬਾਬਰਾਂ ਤੋਂ, ਜਾਬਰਾਂ ਤੋਂ, ਮੁਕਤ ਨਾ ਦਿੱਲੀ ਲਾਹੌਰ, ਹੁਣ ਇਮਾਰਤ ਦੀ ਜਗ੍ਹਾ ਉੱਸਰਨ ਦਿਲਾਂ ਵਿਚ ਮਕਬਰੇ। ਮੈਂ ਹਕੀਕਤ ਨੂੰ ਕਦੇ ਵੀ, ਕਿਉਂ ਕਰਾਂ ਆਪੇ ਤੋਂ ਦੂਰ, ਸ਼ੌਕ ਮੇਰਾ ਤੇਜ਼ ਤੁਰਨਾ, ਗਲ 'ਚ ਪਾ ਕੇ ਉਸਤਰੇ। ਘਰ ਰਹੇ ਨਾ ਘਰ, ਇਹ ਬਣ ਗਏ ਕੈਦਖ਼ਾਨੇ ਵੇਖ ਲੈ, ਸ਼ਹਿਰ ਵਾਂਗੂੰ ਪਿੰਡ ਅੰਦਰ ਸਹਿਕਦੇ ਹੁਣ ਚੌਂਤਰੇ। ਘਰ ਤੋਂ ਦਫ਼ਤਰ ਤੀਕ ਸਭ ਨੇ, ਰੋਣ-ਹਾਕੇ ਫਿਰ ਰਹੇ, ਰੂਹ ਵਿਛੋੜਾ ਦੇ ਗਈ ਹੈ, ਰੁਦਨ ਹੁਣ ਕਿਹੜਾ ਕਰੇ। ਮੈਂ ਆਜ਼ਾਦੀ ਨੂੰ ਆਜ਼ਾਦੀ, ਦੱਸ ਕਿਹੜੇ ਮੂੰਹ ਕਹਾਂ, ਜ਼ਖ਼ਮ ਮੇਰੇ ਪੁਰਖ਼ਿਆਂ ਦੇ ਵੇਖ ਲੈ ਓਵੇਂ ਹਰੇ। ਤਲਖ਼ ਹੈ ਦਿਲ ਦਾ ਸਮੁੰਦਰ, ਖੌਲਦੈ ਲਾਵੇ ਦੇ ਵਾਂਗ, ਸੁਰਖ ਲਾਟਾਂ ਨਾਲ ਦੋਵੇਂ, ਨੈਣ ਮੇਰੇ ਵੀ ਭਰੇ।
ਸਰਫਰੋਸ਼ਾਂ ਨੂੰ ਕਿਤਾਬਾਂ
ਸਰਫਰੋਸ਼ਾਂ ਨੂੰ ਕਿਤਾਬਾਂ ਦੱਸ ਰਹੀਆਂ ਸਿਰ ਫਿਰੇ। ਵਕਤ ਜੇ ਸਭ ਜਾਣਦਾ ਹੈ, ਚੁੱਪ ਕਿਉਂ, ਕਿਸ ਤੋਂ ਡਰੇ। ਸਿੱਖ ਸੀ, ਮੁਸਲਿਮ ਜਾਂ ਹਿੰਦੂ, ਸੂਰਮਾ ਇਹ ਕੌਣ ਸੀ, ਬੌਣਿਆਂ ਦੀ ਗੁਫ਼ਤਗੂ ਵਿਚ ਹੋਣ ਏਹੀ ਤਬਸਰੇ। ਕੱਚੇ ਘਰ ਤੇ ਕੋਠਿਆਂ ਵਿਚ ਤਾਣ ਨਾਲੇ ਮਾਣ ਸੀ, ਇੱਟ ਪੱਥਰ ਦੇ ਮਕਾਨੀਂ, ਕਿਉਂ ਨੇ ਰਿਸ਼ਤੇ ਜਰਜਰੇ। ਤੜਫ਼ਦੀ ਬੇਜ਼ਾਰ ਹੈ, ਜਿੰਨ੍ਹਾਂ ਦੇ ਹੱਥੋਂ ਜ਼ਿੰਦਗੀ, ਵੇਖ ਕੀਕੂੰ ਹੱਸ ਰਹੇ ਨੇ, ਰਾਜ ਭਵਨੀਂ ਮਸਖ਼ਰੇ। ਇੱਕ ਵੀ ਪੁਸਤਕ ਦੇ ਪੰਨੇ ਨਾ ਕਿਸੇ ਤਰਤੀਬ ਵਿਚ, ਕਰ ਰਹੇ ਗੁਮਰਾਹ ਅਸਾਨੂੰ, ਤਾਹੀਉਂ ਸਾਰੇ ਤਤਕਰੇ। ਆਖ਼ਰੀ ਮੰਜ਼ਿਲ ਦੇ ਤੀਕਰ ਫ਼ੈਲ ਗਈ ਹੈ ਅਮਰ ਵੇਲ, ਏਸ ਦੇ ਚੱਟੇ ਕਦੇ ਨਾ ਬਿਰਖ ਵੀ ਹੁੰਦੇ ਹਰੇ। ਫ਼ੈਲਿਆ ਕੁੱਲ ਧਰਤ ਉੱਤੇ ਕਤਲਗਾਹਾਂ ਦਾ ਨਿਜ਼ਾਮ, ਜ਼ਿੰਦਗੀ ਚਾਹੇ ਤਾਂ ਕਿੱਦਾਂ, ਕਦਮ ਕਿਹੜੀ ਥਾਂ ਧਰੇ।
ਤਾਕਤ, ਅਕਲਾਂ, ਵਕਤ ਇਕੱਠੇ
ਤਾਕਤ, ਅਕਲਾਂ, ਵਕਤ ਇਕੱਠੇ ਨਹੀਂ ਬਹਿੰਦੇ। ਤਿੰਨੇ ਰਲ ਕੇ ਇਕ ਸਿਰ ਅੰਦਰ ਨਹੀਂ ਰਹਿੰਦੇ। ਬਚਪਨ ਵੇਲੇ ਖੇਡੀਆਂ ਖੇਡਾਂ ਭੁੱਲਦੀਆਂ ਨਹੀਂ, ਜੇਬ 'ਚ ਪਾਏ ਜਾਮਣ ਦੇ ਰੰਗ ਨਹੀਂ ਲਹਿੰਦੇ। ਖੁੱਲ੍ਹੀਆਂ, ਡੁੱਲ੍ਹੀਆਂ ਜੂਹਾਂ ਦੇ ਨੇ ਜਾਏ ਜੋ, ਦੁੱਲੇ, ਬੁੱਲ੍ਹੇ, ਈਨ ਕਿਸੇ ਦੀ ਨਹੀਂ ਸਹਿੰਦੇ। ਕਿੱਦਾਂ ਜਗਣਾ ਸੀ ਫਿਰ ਇਹ ਦੀਪ ਆਜ਼ਾਦੀ ਦਾ, ਜੇ ਧਰਤੀ ਪੁੱਤ ਤਾਜ ਤਖ਼ਤ ਸੰਗ ਨਾ ਖਹਿੰਦੇ। ਜੇ ਸਮਿਆਂ ਦੀ ਹਿੱਕ ਤੇ ਲਿਖਿਆ ਪੜ੍ਹਦੇ ਨਾ, ਆਪਦੇ ਮੂੰਹੋਂ ਇਹ ਗੱਲ ਆਪਾਂ ਕਿਉਂ ਕਹਿੰਦੇ। ਹੰਝੂਆਂ ਦੇ ਦਰਿਆਵਾਂ ਨੂੰ ਵੀ ਬੰਨ੍ਹ ਮਾਰੋ, ਨਕਸ਼ੇ ਵਿੱਚ ਨਹੀਂ ਮਿਲਦੇ, ਇਹ ਜੋ ਨਿੱਤ ਵਹਿੰਦੇ। ਅਪਣੇ ਘਰ ਦੀ ਪਾਟੋ ਧਾੜ ਨੇ ਮਾਰ ਲਿਆ, ਇਕ ਸੁਰ ਹੁੰਦੇ, ਦੁਸ਼ਮਣ ਕੋਲੋਂ ਕਿਉਂ ਢਹਿੰਦੇ।
ਜਿਹੜੇ ਹਾਉਕੇ ਲੰਘਦੇ ਸਾਹਾਂ ਥਾਣੀਂ
ਜਿਹੜੇ ਹਾਉਕੇ ਲੰਘਦੇ ਸਾਹਾਂ ਥਾਣੀਂ ਨਹੀਂ ਹੁੰਦੇ। ਸਰਬ ਸਮੇਂ ਦੀ ਕੋਈ ਦਰਦ-ਕਹਾਣੀ ਨਹੀਂ ਹੁੰਦੇ। ਤਪਦੀ ਲੋਹ ਤੇ ਤੜਫ਼ਣ ਜਲਕਣ, ਮਰ ਮੁੱਕ ਜਾਂਦੇ ਨੇ, ਕਿਵੇਂ ਸੁਣਾਵਾਂ ਇਹ ਪਲ ਨਿਰੀ ਕਹਾਣੀ ਨਹੀਂ ਹੁੰਦੇ। ਅੱਥਰੂ ਲਿਖਣ ਇਬਾਰਤ ਪੜ੍ਹ ਤੂੰ ਦਰ ਦੀਵਾਰਾਂ ਤੋਂ, ਲੇਪ ਲਿਪਾਈ ਖਾਤਰ ਇਹ ਜੀ ਘਾਣੀ ਨਹੀਂ ਹੁੰਦੇ। ਬੀਤ ਗਏ ਨੂੰ ਰੋਂਦੇ, ਸਿਰਫ਼ ਸੰਵਾਰਨ ਪਏ ਕੱਲ੍ਹ ਨੂੰ, ਅੰਨ ਦੇ ਕੀੜੇ ਕਦੇ ਸਮੇਂ ਦੇ ਹਾਣੀ ਨਹੀਂ ਹੁੰਦੇ। ਮਿੱਠੇ ਕੌੜੇ ਫੁੱਲ ਤੋਂ ਮੱਖੀਆਂ ਮਿੱਠਤ ਭਾਲਦੀਆਂ, ਸ਼ਹਿਦ ਕਟੋਰੇ, ਕਦੇ ਵੀ ਖੰਡ ਦੀ ਚਾਹਣੀ ਨਹੀਂ ਹੁੰਦੇ। ਕਾਲ ਮੁਕਤ ਨੇ, ਕਾਇਮ ਦਾਇਮ ਸ਼ਬਦ ਪੁਰਖ਼ਿਆਂ ਦੇ, ਤੇਰੇ ਮੇਰੇ ਬੋਲ ਕਦੇ ਵੀ ਬਾਣੀ ਨਹੀਂ ਹੁੰਦੇ। ਵਲੀ ਕੰਧਾਰੀ ਸੰਗਲੀ ਦੇ ਸੰਗ ਬੰਨਣਾ ਚਾਹੁੰਦੇ ਨੇ, ਇਹ ਦਰਿਆ ਤਾਂ ਜ਼ਿੰਦਗੀ, ਕੱਲ੍ਹੇ ਪਾਣੀ ਨਹੀਂ ਹੁੰਦੇ। ਸਿੱਧੇ ਸਾਦੇ ਸ਼ਬਦਾਂ ਵਿਚ ਮੈਂ ਬਾਤ ਸੁਣਾਉਂਦਾ ਹਾਂ, ਸ਼ਿਅਰ ਮੇਰੇ ਏਸੇ ਲਈ, ਉਲਝੀ ਤਾਣੀ ਨਹੀਂ ਹੁੰਦੇ।
ਸਿਖ਼ਰ ਦੁਪਹਿਰੇ ਵਰਗਾ ਜੀਵਨ
ਸਿਖ਼ਰ ਦੁਪਹਿਰੇ ਵਰਗਾ ਜੀਵਨ ਅਰਥ ਨਾ ਜਾਣੇ ਛਾਵਾਂ ਦੇ। ਨੰਗ ਧੜੰਗੇ ਬਾਲ ਵਿਲਕਦੇ ਕੰਮੀਂ ਰੁੱਝੀਆਂ ਮਾਵਾਂ ਦੇ। ਚਿੜੀਆਂ ਦੀ ਥਾਂ ਕਾਵਾਂ ਦੇ ਹੁਣ ਕਬਜ਼ੇ ਹੋ ਗਏ ਬਿਰਖ਼ਾਂ ਤੇ, ਸਾਨੂੰ ਕਹਿੰਦੇ ਉੱਡ ਪੁੱਡ ਜਾਉ, ਖੰਭ ਕੁਤਰ ਕੇ ਚਾਵਾਂ ਦੇ। ਮਰਿਆਦਾ ਦੇ ਰਾਖੇ ਇਹ ਕੀ ਸਬਕ ਪੜ੍ਹਾਉਂਦੇ ਨਦੀਆਂ ਨੂੰ, ਥੈਲੀ ਬਦਲੇ ਵੇਚਣਗੇ ਇਹ, ਜਲ ਵਗਦੇ ਦਰਿਆਵਾਂ ਦੇ। ਤੇਰੇ ਚਾਰ ਚੁਫ਼ੇਰੇ ਜੰਗਲ ਜਦ ਸੀ, ਜਾਨ ਸਲਾਮਤ ਸੀ, ਕਹਿਰ ਗੁਜ਼ਰਦੇ ਵੇਖੀਂ ਹੁਣ ਤੂੰ ਤੇਜ਼ ਤਰਾਰ ਹਵਾਵਾਂ ਦੇ। ਸਰਹੱਦਾਂ ਤੇ ਬਲਦੀ ਅੱਗ ਨੂੰ, ਹਥਿਆਰਾਂ ਨੇ ਕਦ ਡੱਕਿਆ, ਨਫ਼ਰਤ ਦੀ ਅੱਗ ਠਾਰਨ ਵੀਰਾ, ਸੁੱਚੇ ਅੱਥਰੂ ਮਾਵਾਂ ਦੇ। ਤੂੰ ਕਹਿਣਾ ਸੀ, ਪਾਟੇ ਧਰਤੀ, ਤੇ ਮੈਂ ਵਿੱਚ ਸਮਾ ਜਾਵਾਂ, ਵੈਣ ਕਦੇ ਜੇ ਸੁਣ ਲੈਂਦਾ ਤੂੰ, ਦਿੱਲੀ ਵਿਚ ਵਿਧਵਾਵਾਂ ਦੇ। ਤੂੰ ਤ੍ਰਿਸ਼ੂਲ ਘੁੰਮਾ ਕੇ ਸਮਝੇਂ, ਹੱਲ ਹੈ ਇਹ, ਹਰ ਮਸਲੇ ਦਾ ਤੈਥੋਂ ਵੱਖਰਾ ਸੋਚ ਰਹੇ ਨੇ, ਲੋਕੀਂ ਸਗਲ ਦਿਸ਼ਾਵਾਂ ਦੇ।
ਮੱਥੇ ਦੇ ਵਿਚ ਜੋਤ ਜਗੇ ਤਾਂ
ਮੱਥੇ ਦੇ ਵਿਚ ਜੋਤ ਜਗੇ ਤਾਂ ਬੰਦਾ ਕਿੱਥੇ ਬਹਿੰਦਾ ਹੈ। ਸੂਰਜ ਵਾਲੀ ਰੀਸ ਨਾ ਕਰੀਏ, ਇਹ ਤਾਂ ਚੜ੍ਹਦਾ ਲਹਿੰਦਾ ਹੈ। ਦਰਦ-ਹਨ੍ਹੇਰਾ ਕਿੰਨਾ ਗੂੜ੍ਹਾ, ਪੁੱਛਿਓ ਓਸ ਪਰਿੰਦੇ ਤੋਂ, ਬਿਰਖ਼ ਵਿਹੂਣੇ ਸ਼ਹਿਰ ਭਟਕਦਾ, ਮਮਟੀਂ ਤੇ ਜੋ ਲਹਿੰਦਾ ਹੈ। ਧਰਤੀ ਸਿੰਜਦੇ, ਦਰਿਆ, ਸੂਏ, ਜ਼ਿਲ੍ਹੇਦਾਰ ਨੂੰ ਦਿਸਦੇ ਨੇ, ਦਰਦਾਂ ਦਾ ਦਰਿਆ ਨਾ ਗਿਣਦਾ, ਦਿਨੇ ਰਾਤ ਜੋ ਵਹਿੰਦਾ ਹੈ। ਗੂੜ੍ਹੀ ਨੀਂਦਰ ਸੁੱਤਿਆਂ, ਸੁੱਤਿਆਂ , ਜੋ ਆਵੇ ਉਹ ਖ੍ਵਾਬ ਨਹੀਂ, ਅਸਲੀ ਸੁਪਨਾ ਸੌਣ ਨਾ ਦੇਵੇ, ਸਫ਼ਰ ਨਿਰੰਤਰ ਰਹਿੰਦਾ ਹੈ। ਦਿਲ ਦੀ ਧੜਕਣ ਟਿਕ ਟਿਕ ਧੜਕੇ ਤੇ ਅੱਖ ਫ਼ਰਕੇ ਦਮ ਤੋਂ ਤੇਜ਼, ਇਹ ਮਾਸੂਮ ਪਰਿੰਦਾ, ਵੇਖੋ, ਕਿੰਨੇ ਸਦਮੇ ਸਹਿੰਦਾ ਹੈ। ਹੋ ਜਾ ਤੂੰ ਕੁਰਬਾਨ ਕਹੇ ਜੋ, ਧਰਮ ਕਰਮ ਦੇ ਨਾਂ ਦੇ ਹੇਠ, ਆਪ ਮੈਦਾਨੋਂ ਭੱਜਦਾ ਵੇਖੀਂ, ਜਿਹੜਾ ਤੈਨੂੰ ਕਹਿੰਦਾ ਹੈ। ਸੱਚ ਨਿਗੂਣਾ ਹੁੰਦਾ ਹੀ ਨਾ, ਇਹ ਤਾਕਤ ਹੈ ਬੜੀ ਅਮੋਲ, ਸਦੀਆਂ ਤੋਂ ਹੀ ਜਾਬਰ ਨ੍ਹੇਰਾ, ਚਾਨਣ ਹੁੰਦੇ ਢਹਿੰਦਾ ਹੈ।
ਸ਼ਾਮ ਢਲੀ ਤੋਂ ਮਗਰੋਂ, ਛਾਵਾਂ
ਸ਼ਾਮ ਢਲੀ ਤੋਂ ਮਗਰੋਂ, ਛਾਵਾਂ ਲੱਭਦੀਆਂ ਨਹੀਂ। ਸਿਵਿਆਂ ਦੀ ਮਿੱਟੀ ਚੋਂ, ਮਾਵਾਂ ਲੱਭਦੀਆਂ ਨਹੀਂ। ਵਕਤ ਬੜਾ ਹੈ ਜ਼ਾਲਮ ਬਦਲੇ ਲੈਂਦਾ ਹੈ, ਭੁੱਲ ਗਿਆ ਹਾਂ, ਪਿੰਡ ਦੀਆਂ ਰਾਹਵਾਂ ਲੱਭਦੀਆਂ ਨਹੀਂ। ਕਲਮੂੰਹੀ ਹੈ ਰਾਤ, ਕਲਾਵਾ ਮੌਤ ਜਿਹਾ, ਇਸ ਦੀ ਬੁੱਕਲ ਸ਼ੋਖ ਅਦਾਵਾਂ, ਲੱਭਦੀਆਂ ਨਹੀਂ। ਸੰਗ ਮਰਮਰ ਤੋਂ ਪੈੜ ਗੁਆਚੀ ਲੱਭਦਾ ਹਾਂ, ਜਿੱਥੋਂ ਮੈਂ ਸੀ ਆਇਆ, ਥਾਵਾਂ ਲੱਭਦੀਆਂ ਨਹੀਂ। ਅੱਖ ਦੀ ਘੂਰੀ, ਮਾਂ ਮੇਰੀ ਦਾ ਚੁੱਪ ਕਰਨਾ, ਹੁਣ ਤਾਂ ਐਸੀਆਂ ਸਖ਼ਤ ਸਜ਼ਾਵਾਂ ਲੱਭਦੀਆਂ ਨਹੀਂ। ਪੱਕਦੀਆਂ ਦੇ ਯਾਰ ਬੜੇ ਗੁਰਭਜਨ ਸਿਹਾਂ, ਵਖ਼ਤ ਪਿਆ ਵੀਰਾਂ ਬਿਨ ਬਾਹਵਾਂ ਲੱਭਦੀਆਂ ਨਹੀਂ।
ਧਰਮ ਗਰੰਥਾਂ ਦੇ ਵਿਚ ਮੰਨਦੇ
ਧਰਮ ਗਰੰਥਾਂ ਦੇ ਵਿਚ ਮੰਨਦੇ ਪੀਰ ਦਰਖ਼ਤਾਂ ਨੂੰ। ਕਾਹਨੂੰ ਚੀਰੀ ਜਾਵੇਂ ਅੱਜ ਤੂੰ ਵੀਰ ਦਰਖ਼ਤਾਂ ਨੂੰ। ਜੰਗਲ ਬੇਲੇ ਦੇ ਵਿਚ ਰਾਂਝੇ ਮੱਝੀਆਂ ਚਾਰਦਿਆਂ, ਵੰਝਲੀ ਕੀਲੀ ਕਿੱਦਾਂ,ਪੁੱਛ ਤੂੰ ਹੀਰ ਦਰਖ਼ਤਾਂ ਨੂੰ। ਬੋਹੜ ਤੇ ਪਿੱਪਲ ਬਾਬਲ, ਨਿੰਮ ਧਰੇਕਾਂ ਵੱਡੀ ਥਾਂ, ਧੀਆਂ ਭੈਣਾਂ ਮੰਨਦੀਆਂ ਨੇ ਵੀਰ ਦਰਖ਼ਤਾਂ ਨੂੰ। ਸਿਵਿਆਂ ਅੰਦਰ ਨਾਲ ਅਸਾਡੇ ਇਹੀ ਸੜਦੇ ਨੇ, ਤਾਂਹੀਉਂ ਦੁਨੀਆਂ ਲੱਭਦੀ ਫਿਰੇ ਅਖ਼ੀਰ ਦਰਖ਼ਤਾਂ ਨੂੰ। ਸੂਰਮਿਆਂ ਲਈ ਅੱਜ ਵੀ ਬੁੱਕਲ ਕਿੱਦਾਂ ਬਿਰਖ ਬਣੇ, ਪੁੱਛ ਕਦੇ ਤੂੰ ਜਾ ਕੇ ਬਸਤਰ ਵੀਰ ਦਰਖ਼ਤਾਂ ਨੂੰ। ਕਲਗੀਧਰ ਦੀ ਬਿਹਬਲਤਾ ਨੂੰ ਖ਼ੁਦ ਸਮਝਾਵਣਗੇ, ਮਾਛੀਵਾੜੇ ਜਾ ਕੇ ਮਿਲ ਦਿਲਗੀਰ ਦਰਖ਼ਤਾਂ ਨੂੰ। ਅੰਬਰ ਕਿਣ ਮਿਣ ਕਣੀਆਂ ਜਦੋਂ ਵਰ੍ਹਾਵੇ ਧਰਤੀ ਤੇ, ਸਭ ਤੋਂ ਪਹਿਲਾਂ ਬਖਸ਼ਦੀਆਂ ਨੇ ਨੀਰ ਦਰਖ਼ਤਾਂ ਨੂੰ।
ਪੁੱਛਿਆ ਕਰ ਤੂੰ ਦੁਖ ਸੁਖ
ਪੁੱਛਿਆ ਕਰ ਤੂੰ ਦੁਖ ਸੁਖ ਬਹਿ ਕੇ ਵੀਰ ਦਰਖ਼ਤਾਂ ਨੂੰ। ਨਾ ਮਾਰੀਂ ਨਾ ਮਾਰੀਂ ਮਸਤ ਫ਼ਕੀਰ ਦਰਖ਼ਤਾਂ ਨੂੰ। ਕਹਿਣ ਵਿਕਾਸ, ਵਿਨਾਸ਼ੀ ਹੋ ਗਏ ਜ਼ਰ-ਜਰਵਾਣੇ ਵੀ, ਆਰੇ ਲੈ ਕੇ ਫਿਰਦੇ ਦੇਂਦੇ ਚੀਰ ਦਰਖ਼ਤਾਂ ਨੂੰ। ਸਾਵੀ ਛਤਰੀ ਵੇਦ ਰਿਸ਼ੀ ਦੇ ਸਿਰ ਤੇ ਬਿਰਖਾਂ ਦੀ, ਬਣੇਂ ਸਿਆਣਾ, ਸਮਝੇਂ ਅੱਜ ਤੂੰ ਕੀਰ ਦਰਖ਼ਤਾਂ ਨੂੰ। ਤੈਥੋਂ ਪਹਿਲਾਂ ਧਰਤੀ ਮਾਂ ਹੀ ਇਸ ਦੀ ਜਣਨੀ ਹੈ, ਮੰਨਿਆ ਕਰ ਤੂੰ ਅਪਣੇ ਹੀ ਹਮਸ਼ੀਰ ਦਰਖ਼ਤਾਂ ਨੂੰ। ਸਾਡੀ ਖਾਤਰ ਜ਼ਹਿਰ ਚੂਸਦੇ, ਗੰਦੀਆਂ ਪੌਣਾਂ 'ਚੋਂ, ਸ਼ਿਵ ਭਗਵਾਨ ਨੇ ਮੰਨਦੇ ਵੱਡਾ ਵੀਰ ਦਰਖ਼ਤਾਂ ਨੂੰ। ਕ੍ਰਿਸ਼ਨ ਘਨੱਈਆ ਵਜਦ, ਗੋਪੀਆਂ, ਰਾਸਾਂ ਬੰਸਰੀਆਂ, ਪੁੱਛ ਤੂੰ ਕਥਾ ਪੁਰਾਣੀ ਯਮੁਨਾ ਤੀਰ ਦਰਖ਼ਤਾਂ ਨੂੰ। ਗਿਆਨ-ਬਿਰਖ ਦੇ ਹੇਠਾਂ ਗੌਤਮ ਕਿੱਦਾਂ ਬੁੱਧ ਬਣੇ, ਪੁੱਛਦਾ ਫਿਰੇ ਅਸ਼ੋਕਾ ਆਲਮਗੀਰ ਦਰਖ਼ਤਾਂ ਨੂੰ। ਧੀਆਂ ਪੁੱਤਰਾਂ ਬਾਝੋਂ, ਇਸ ਦੀ ਵੇਦਨ ਕੌਣ ਸੁਣੇ, ਆਉ ਦੇਈਏ ਜਾ ਕੇ ਕੁਝ ਤਾਂ ਧੀਰ ਦਰਖ਼ਤਾਂ ਨੂੰ।
ਸ਼ਬਦ ਕੋਸ਼ 'ਚੋਂ ਖਾਰਜ ਕਰ ਦਿਉ
ਸ਼ਬਦ ਕੋਸ਼ 'ਚੋਂ ਖਾਰਜ ਕਰ ਦਿਉ, ਜਿੱਥੇ ਲਿਖਿਐ ਸ਼ਬਦ ਅਸੰਭਵ। ਸੰਭਵ, ਸੰਭਵ, ਸੰਭਵ ਕਰ ਦਿਉ, ਜਿੱਥੇ ਲਿਖਿਐ ਸ਼ਬਦ ਅਸੰਭਵ। ਜਿਸ ਤੋਂ ਡਰ ਕੇ ਸੋਤਰ ਸੁੱਕਦੇ, ਜੀਭ ਤਾਲੂਏ ਜੁੜਦੀ ਸਾਡੀ, ਨੇਰ੍ਹ ਕੋਠੜੀ ਦੀਵੇ ਧਰ ਦਿਉ, ਜਿੱਥੇ ਲਿਖਿਐ ਸ਼ਬਦ ਅਸੰਭਵ। ਜਿਉਂ ਜੰਮੇ ਹਾਂ ਏਹੀ ਸੁਣਦੇ, ਹਿੰਮਤ ਨੂੰ ਹੀ ਮੰਜ਼ਿਲ ਮਿਲਦੀ, ਹੁਣ ਇਸ ਗੱਲ ਨੂੰ ਸੱਚੀ ਕਰ ਦਿਉ, ਜਿੱਥੇ ਲਿਖਿਐ ਸ਼ਬਦ ਅਸੰਭਵ। ਅੰਬਰ ਵਿੱਚ ਉਡਾਰੀ ਭਰਦੇ, ਕਰਨ ਕਲੋਲ ਪਰਿੰਦੇ ਵੇਖੋ, ਤਿਲ ਤਿਲ ਕਰਕੇ ਰੋਜ਼ ਮਰ ਦਿਉ, ਜਿੱਥੇ ਲਿਖਿਆ ਸ਼ਬਦ ਅਸੰਭਵ। ਦੋ ਧੀਆਂ* ਨੇ ਸਬਕ ਪੜ੍ਹਾਇਆ, ਸਮਝ ਕਿਉਂ ਨਾ ਆਵੇ ਸਾਨੂੰ, ਚੰਦਰਮਾ ਤੇ ਪੈਰ ਧਰਦਿਉ, ਜਿੱਥੇ ਲਿਖਿਆ ਸ਼ਬਦ ਅਸੰਭਵ। ਧਰਤੀ ਮਾਂ ਕਿਉਂ ਕੱਲ੍ਹੀ ਕੱਤਰੀ, ਤਾਣੋ ਸਿਰ ਤੇ ਸਾਵੀਂ ਛਤਰੀ, ਹਰਿਆਲੀ, ਹਰਿਆਲੀ ਭਰ ਦਿਉ, ਜਿੱਥੇ ਲਿਖਿਆ ਸ਼ਬਦ ਅਸੰਭਵ। *ਕਲਪਨਾ ਚਾਵਲਾ ਤੇ ਸੁਨੀਤਾ ਵਿਲੀਅਜ਼
ਤੂੰ ਮੇਰੇ ਜਿਸਮ ਦੀ ਮਿੱਟੀ
ਤੂੰ ਮੇਰੇ ਜਿਸਮ ਦੀ ਮਿੱਟੀ 'ਚ ਕਿਉਂ ਦੀਵਾ ਜਗਾਉਣਾ ਸੀ। ਜੇ ਰੂਹ ਨੂੰ ਬਿਨ ਮਿਲੇ ਹੀ, ਕੋਲ ਜਾ ਕੇ ਪਰਤ ਆਉਣਾ ਸੀ। ਕਦੇ ਆਵਾਜ਼ ਨੂੰ ਜੇ ਸਾਜ਼-ਸੰਗ ਹੀ ਸੁਰ ਨਹੀਂ ਕਰਨਾ, ਤੂੰ ਮੇਰੀ ਤਾਰ ਨੂੰ ਕਿਉਂ ਵਜਦ ਵਿਚ ਆ ਕੇ ਹਿਲਾਉਣਾ ਸੀ। ਅਸੀਂ ਤਾਂ ਹੀਰ ਖਾਤਰ, ਜੋਗੀਆਂ ਦੇ ਦਰ ਤੇ ਜਾ ਪਹੁੰਚੇ, ਮੁਹੱਬਤ ਮਾਰਿਆਂ ਨੇ ਜੋਗ ਦੱਸੋ ਕੀਹ ਕਮਾਉਣਾ ਸੀ। ਹਵਾ ਵਿਚ ਜ਼ਹਿਰ ਸੀ ਤੇ ਕਹਿਰ ਸੀ ਧਰਤੀ ਤੇ ਹਰ ਪਾਸੇ, ਤੁਸੀਂ ਦੱਸੋ ਮੈਂ ਐਸੇ ਵਕਤ ਕਿਹੜਾ ਨੇ ਗੀਤ ਗਾਉਣਾ ਸੀ। ਜਦੋਂ ਪੰਚਾਲ-ਪੁੱਤਰੀ ਹੋ ਗਈ ਨਿਰਵਸਤਰੀ ਬੋਲੀ, ਮੈਂ ਤੇਰੇ ਵਿਚ ਸੁੱਤੇ ਆਦਮੀ ਨੂੰ ਹੀ ਜਗਾਉਣਾ ਸੀ। ਜਿਵੇਂ ਖ਼ੁਸ਼ਬੂ, ਗੁਲਾਬੀ ਰੰਗ, ਫੁੱਲ ਤੇ ਭਾਰ ਨਹੀਂ ਬਣਦੇ, ਮੈਂ ਬਿਲਕੁਲ ਇਸ ਤਰ੍ਹਾਂ ਹੀ ਤੇਰਿਆਂ ਸਾਹਾਂ 'ਚ ਆਉਣਾ ਸੀ।
ਦਿਨ ਚੜ੍ਹਦੈ ਤਾਂ ਤੁਰ ਪੈਂਦਾ ਏਂ
ਦਿਨ ਚੜ੍ਹਦੈ ਤਾਂ ਤੁਰ ਪੈਂਦਾ ਏਂ, ਰੋਜ਼ ਤੂੰ ਨਵੇਂ ਸ਼ਿਕਾਰ ਲਈ। ਖ਼ਵਰੇ ਕਿੱਦਾਂ ਤੁਰਿਆ ਫਿਰਦੈਂ, ਮਨ ਤੇ ਏਨਾ ਭਾਰ ਲਈ। ਤੇਰੇ ਹੱਥ ਕੁਹਾੜਾ, ਆਰੀ, ਹੁਣ ਤਾਂ ਪੁੱਛਣਾ ਬਣਦਾ ਹੈ, ਤੂੰ ਤਾਂ ਸਾਨੂੰ ਇਹ ਕਹਿੰਦਾ ਸੀ, ਲੜਨਾ ਹੈ ਗੁਲਜ਼ਾਰ ਲਈ। ਮਨ ਮਸਤਕ ਵਿਚ ਕੁਰਬਲ ਕੁਰਬਲ, ਚੁੱਪ ਤੂੰ ਖੜ੍ਹਾ ਚੌਰਾਹੇ ਤੇ, ਕਦਮ ਅਗਾਂਹ ਨੂੰ ਧਰਦਾ ਕਿਉਂ ਨਹੀਂ, ਰੌਸ਼ਨ ਸੁਰਖ਼ ਬਹਾਰ ਲਈ। ਦਾਨਵੀਰ ਤੂੰ ਬਣ ਬਣ ਬਹਿਨੈਂ, ਕੁੜੀਆਂ ਚਿੜੀਆਂ ਮਾਰ ਰਿਹੈਂ, ਜ਼ਹਿਰ 'ਚ ਭਿੱਜਾ ਚੋਗਾ ਪਾਉਨੈਂ, ਕਿਉਂ ਕੂੰਜਾਂ ਦੀ ਡਾਰ ਲਈ। ਮੈਂ ਇਸ ਧਰਤੀ ਦੀ ਮਰਿਆਦਾ, ਪਾਰਦਰਸ਼ਨੀ ਰੂਹ ਵਰਗੀ, ਹੋਰ ਕਿਸੇ ਦਾ ਦਰ ਖੜਕਾ ਤੂੰ, ਕੂੜੇ ਵਣਜ ਵਪਾਰ ਲਈ। ਅਣਖ਼ ਦੀ ਰੋਟੀ ਖਾਂਦੇ ਖਾਂਦੇ, ਆਹ ਦੱਸ ਤੈਨੂੰ ਕੀਹ ਹੋਇਆ, ਇਹ ਅਨਮੋਲ ਜ਼ਮੀਰ ਭਲਾ ਕਿਉਂ, ਆਟੇ ਖ਼ਾਤਰ ਮਾਰ ਲਈ। ਨਿਰਬਲ ਨਾ ਤੂੰ ਸਮਝੀਂ ਮੈਨੂੰ, ਰਣ ਚੰਡੀ ਹਾਂ, ਦੁਰਗਾ ਹਾਂ, ਭੱਜਦਿਆਂ ਨੂੰ ਰਾਹ ਨਹੀਂ ਲੱਭਣਾ, ਜੇ ਮੈਂ ਦਿਲ ਵਿਚ ਧਾਰ ਲਈ।
ਕਿੱਥੇ ਬੰਦ ਹਾਂ, ਗੁਪਤ ਗੁਫ਼ਾਵਾਂ
ਕਿੱਥੇ ਬੰਦ ਹਾਂ, ਗੁਪਤ ਗੁਫ਼ਾਵਾਂ ਲੱਭਦੀਆਂ ਨਹੀਂ। ਸਾਨੂੰ ਸਾਡੀਆਂ ਧੁੱਪਾਂ ਛਾਵਾਂ ਲੱਭਦੀਆਂ ਨਹੀਂ। ਪਰੀਆਂ ਨੂੰ ਹੁਣ ਪੈਸਾ ਨਾਚ ਨਚਾਉਂਦਾ ਹੈ, ਸਾਨੂੰ ਤਾਹੀਂਉਂ ਪਰੀ-ਕਥਾਵਾਂ ਲੱਭਦੀਆਂ ਨਹੀਂ। ਉੱਚੀ ਥਾਂ ਤੂੰ ਬੈਠਾ ਰਹਿੰਦੈਂ ਇਸ ਕਰਕੇ, ਤੈਨੂੰ ਸਾਡੀਆਂ ਨੀਵੀਆਂ ਥਾਵਾਂ ਲੱਭਦੀਆਂ ਨਹੀਂ। ਕੂੜ ਸੁਨੇਹੇ ਲਿਆ ਲਿਆ ਦੇਵੇਂ ਹਾਕਮ ਦੇ, ਤਾਹੀਉਂ ਤੈਨੂੰ ਚੂਰੀਆਂ ਕਾਵਾਂ ਲੱਭਦੀਆਂ ਨਹੀਂ। ਉੱਡਦੇ ਫਿਰਦੇ, ਆਹ ਮੇਰੇ ਨਾਲ ਕੀਹ ਹੋਇਆ, ਪੈਰੀਂ ਚੜ੍ਹੀਆਂ ਹੁਣ ਉਹ ਰਾਹਵਾਂ ਲੱਭਦੀਆਂ ਨਹੀਂ। ਰੌਣਕ-ਮੇਲੇ, ਜਗਤ ਝਮੇਲੇ ਅੰਦਰ ਹੁਣ, ਆਪਣੀਆਂ ਹੀ ਦੋਵੇਂ ਬਾਹਵਾਂ ਲੱਭਦੀਆਂ ਨਹੀਂ। ਦੂਰ ਦੋਮੇਲ ਤੇ ਧਰਤੀ ਸੂਰਜ ਮਿਲਦੇ ਜਦ, ਐਸੀਆਂ ਥਾਵਾਂ ਵੇਖਣ ਜਾਵਾਂ, ਲੱਭਦੀਆਂ ਨਹੀਂ। ਨਟਖਟ ਉਮਰ ਜਵਾਨੀ ਚੜ੍ਹਦੀ ਕਿੱਧਰ ਗਈ, ਤਰਸ ਗਿਆਂ, ਉਹ ਸ਼ੋਖ ਅਦਾਵਾਂ ਲੱਭਦੀਆਂ ਨਹੀਂ।
ਕਿੰਨੀ ਵਾਰੀ ਕੁੱਟ ਕੁੱਟ ਚੂਰੀਆਂ
ਕਿੰਨੀ ਵਾਰੀ ਕੁੱਟ ਕੁੱਟ ਚੂਰੀਆਂ, ਪੁੱਤ ਨੂੰ ਦਿੱਤੀਆਂ ਮਾਵਾਂ ਨੇ। ਲਹਿਰਾਂ ਦੀ ਗਿਣਤੀ ਨੂੰ ਚੇਤੇ ਕਦ ਰੱਖਿਆ ਦਰਿਆਵਾਂ ਨੇ। ਕੌਣ ਮੁਸਾਫ਼ਿਰ ਕਿਨਾ ਕੁ ਚਿਰ, ਬੈਠਾ, ਅੱਗੇ ਚਲਾ ਗਿਆ, ਲੇਖਾ ਪੱਤਾ ਰੱਖਿਆ ਹੈ ਕਦ, ਰਾਹ ਵਿਚ ਉੱਗੀਆਂ ਛਾਵਾਂ ਨੇ। ਤਪਣ ਬਨੇਰੇ ਪੱਕੇ ਘਰ ਦੇ, ਸੜਦੇ ਭੁੱਜਦੇ ਸ਼ਹਿਰਾਂ ਵਿਚ, ਆਏ ਗਏ ਦੀ ਖ਼ਬਰ ਸੁਣਾਉਣੀ, ਕਿੱਥੇ ਬਹਿ ਕੇ ਕਾਵਾਂ ਨੇ। ਨਾਲ ਸਮੇਂ ਦੇ ਅੱਖਾਂ ਬਦਲੇਂ ਤੇ ਫਿਰ ਆਖੇਂ ਮਿਲਦਾ ਰਹੁ, ਹੁਣ ਤਾਂ ਮਨ ਤੋਂ ਮਨ ਵਿਚਕਾਰੇ, ਬਹੁਤ ਕੁਸੈਲੀਆਂ ਰਾਹਵਾਂ ਨੇ। ਆਹ ਕਮਜ਼ੋਰੀ ਦੀ ਥਾਂ ਆਪਾਂ, ਸ਼ਕਤੀ ਵੀ ਬਣ ਸਕਦੇ ਸੀ, ਜੇ ਨਾ ਸਬਕ ਭੁਲਾਉਂਦੇ ਵੀਰਾ, ਦਿੱਤੜਾ ਸੀ ਜੋ ਮਾਵਾਂ ਨੇ। ਤੂੰ ਕੁਰਸੀ ਦਾ ਪੁੱਤਰ ਬਣ ਕੇ, ਠੰਢੇ ਭਵਨੀਂ ਬੈਠ ਗਿਆ, ਸਾਡੀਆਂ ਹਾਲੇ ਪਿਲਖਣ ਥੱਲੇ, ਓਹੀ, ਪੁਰਾਣੀਆਂ ਥਾਵਾਂ ਨੇ। ਬਣ ਗਈ ਨਗਨ ਸਿਆਸਤ, ਹੀਰਾ ਮੰਡੀ ਵਿੱਚ ਤਵਾਇਫ਼ ਜਹੀ, ਦੱਸ ਵਿਕਾਊ ਕੀਹ ਨਾ ਏਥੇ, ਓਹਲਾ ਰੱਖਿਐ ਨਾਵਾਂ ਨੇ। ਇੱਕ ਵਾਰੀ ਤੂੰ ਨਾਲ ਮੁਹੱਬਤ, ਮੈਨੂੰ ਮਾਰ ਆਵਾਜ਼ ਕਦੇ, ਬਹੁਤ ਉਡੀਕਿਆ ਤੈਨੂੰ ਮੇਰੇ, ਕੰਜ ਕੁਆਰੇ ਚਾਵਾਂ ਨੇ। ਲੋਕ ਰਾਜ ਦੇ ਨਾਟਕ ਅੰਦਰ, ਅਦਾਕਾਰ ਨੇ ਕੀਹ ਕਰਨਾ, ਗੁਪਤ ਫ਼ੈਸਲਾ ਦੇਣਾ ਹੁੰਦੈ, ਹਰ ਵਾਰੀ ਹੀ ਸ਼ਾਹਵਾਂ ਨੇ।
ਰਾਤੀਂ ਬਹਿ ਕੇ ਖ਼ਤ ਲਿਖਿਆ ਕਰ
ਰਾਤੀਂ ਬਹਿ ਕੇ ਖ਼ਤ ਲਿਖਿਆ ਕਰ, ਉੱਠ ਸਵੇਰੇ ਪੜ੍ਹਿਆ ਕਰ। 'ਵਾ ਦੇ ਘੋੜੇ ਚੜ੍ਹ ਕੇ ਐਵੇਂ, ਬੱਚਿਆਂ ਵਾਂਗ ਨਾ ਲੜਿਆ ਕਰ। ਅੱਭੜਵਾਹੇ ਉੱਠ ਬਹਿੰਦਾ ਏ, ਨਾ ਤੁਰਿਆ ਕਰ ਸੁਪਨੇ ਵਿਚ, ਟੀਸੀ ਤੇ ਅੱਪੜਨ ਲਈ ਵੀਰਾ, ਪੌੜੀ ਪੌੜੀ ਚੜ੍ਹਿਆ ਕਰ। ਨਿੱਕੀਆਂ ਨਿੱਕੀਆਂ ਜੰਗਾਂ ਦੇ ਵਿਚ ਉਲਝ ਗਿਐਂ ਬਿਨ ਮਤਲਬ ਹੀ, ਆਦਰਸ਼ਾਂ ਦੀ ਖ਼ਾਤਰ ਤੈਨੂੰ ਅੜਨਾ ਪਏ ਤਾਂ ਅੜਿਆ ਕਰ। ਨਰਮ ਕਰੂੰਬਲ ਵੇਖ ਬਿਰਖ਼ ਦੀ ਨੱਚਦੀ ਕਿੱਸਰਾਂ ਚਾਵਾਂ ਨਾਲ, ਅਪਣੀ ਅੱਗ ਵਿਚ ਚੌਵੀ ਘੰਟੇ, ਐਵੇਂ ਨਾ ਤੂੰ ਸੜਿਆ ਕਰ। ਕਾਲੀ ਰਾਤ ਹਨ੍ਹੇਰੇ ਅੰਦਰ, ਲੁਕਣ ਮੀਚੀਆਂ ਖੇਡਣ ਜੋ, ਜਗਦੇ ਬੁਝਦੇ ਲੀਕਾਂ ਵਾਹੁੰਦੇ, ਜੁਗਨੂੰ ਨਾ ਤੂੰ ਫੜਿਆ ਕਰ। ਤੇਜ਼ ਤੂਫ਼ਾਨ ਕਹਿਰ ਦਾ ਆਵੇ, ਆ ਕੇ ਅੱਗੇ ਲੰਘ ਜਾਵੇ, ਨੇਰ੍ਹ ਗੁਫ਼ਾ ਵਿਚ ਅੰਦਰ ਵੜ ਕੇ ਐਵੇਂ ਨਾ ਤੂੰ ਦੜਿਆ ਕਰ। ਤੂੰ ਤਾਂ ਯਾਰਾ, ਘਾੜਨ ਹਾਰਾ, ਸੋਨ ਸੁਨਹਿਰੇ ਭਲਕਾਂ ਦਾ, ਮੋਤੀ ਆਸ ਉਮੀਦਾਂ ਵਾਲੇ, ਦਿਲ ਮੁੰਦਰੀ ਵਿੱਚ ਜੜਿਆ ਕਰ।
ਅੰਨ੍ਹੀ ਤਾਕਤ ਅਕਸਰ ਅੰਨ੍ਹਾ
ਅੰਨ੍ਹੀ ਤਾਕਤ ਅਕਸਰ ਅੰਨ੍ਹਾ ਕਰ ਦੇਂਦੀ ਹੈ। ਮਨ ਦਾ ਵਿਹੜਾ ਨਾਲ ਹਨ੍ਹੇਰੇ ਭਰ ਦੇਂਦੀ ਹੈ। ਬਰਕਤ ਦਾ ਮੀਂਹ ਵਰ੍ਹਦਾ, ਕਰਦਾ ਜਲਥਲ, ਜਲਥਲ, ਦਾਦੀ, ਨਾਨੀ ਜਦ ਸਿਰ 'ਤੇ ਹੱਥ ਧਰ ਦੇਂਦੀ ਹੈ। ਮੋਹ ਮਮਤਾ ਦੀ ਮੂਰਤ, ਖ਼ੁਦ ਮਾਂ ਕੁਝ ਨਾ ਮੰਗੇ, ਪਰ ਬੱਚਿਆਂ ਨੂੰ ਭਾਂਤ ਸੁਭਾਂਤੇ ਵਰ ਦੇਂਦੀ ਹੈ। ਕਾਲੀ ਐਨਕ ਹੰਝੂਆਂ ਦੀ ਬਰਸਾਤ ਨਾ ਵੇਖੇ, ਕੁਰਸੀ ਵੇਖੋ, ਕੀਹ ਕੀਹ ਕਾਰੇ ਕਰ ਦੇਂਦੀ ਹੈ। ਰਾਜ ਲਕਸ਼ਮੀ ਸਰਸਵਤੀ ਨੂੰ ਕੀਲਣ ਖ਼ਾਤਰ, ਰੁਤਬੇ ਜਾਂ ਫਿਰ ਵੰਨ ਸੁਵੰਨੇ ਡਰ ਦੇਂਦੀ ਹੈ। ਵਕਤ ਉਸਾਰਨਹਾਰਾ ਆਪੇ ਬਣ ਜਾਂਦਾ ਏ, ਨੀਂਹ ਦਾ ਪੱਥਰ ਜਦੋਂ ਲਿਆਕਤ ਧਰ ਦੇਂਦੀ ਹੈ। ਤੁਰਨ ਨਾ ਦੇਂਦੇ, ਬੇਹਿੰਮਤੇ ਨੂੰ ਪੈਰੀਂ ਪੱਥਰ, ਸੁਪਨੇ ਨੂੰ ਇਹ ਹਿੰਮਤ ਹੀ ਤਾਂ ਪਰ ਦੇਂਦੀ ਹੈ।
ਕੌੜ ਕੁਸੈਲੇ ਬੋਲ ਹਮੇਸ਼ਾਂ
ਕੌੜ ਕੁਸੈਲੇ ਬੋਲ ਹਮੇਸ਼ਾਂ ਕੀਹ ਕੀਹ ਕਾਰੇ ਕਰ ਜਾਂਦੇ ਨੇ। ਰੂਹ ਦੇ ਕੋਮਲ ਪਿੰਡੇ ਉੱਤੇ ਸੁਰਖ਼ ਫਲੂਹੇ ਧਰ ਜਾਂਦੇ ਨੇ। ਉੱਡ ਜਾਵੇ ਵਿਸ਼ਵਾਸ ਜਦੋਂ ਫਿਰ, ਬੋਝਲ ਹੋ ਜਾਂਦੇ ਨੇ ਰਿਸ਼ਤੇ, ਅਗਨ ਧਵਾਂਖੇ ਮਨ ਦੇ ਪੰਛੀ, ਹੌਲੀ ਹੌਲੀ ਮਰ ਜਾਂਦੇ ਨੇ। ਤਪਦੇ ਮਨ ਦੀ ਅਗਨੀ ਅੰਦਰ ਝੁਲਸ ਜਾਣ ਨਾ ਕੋਮਲ ਕਲੀਆਂ, ਨਰਮ ਕਰੂੰਬਲ ਨੂੰ ਕਿਉਂ ਲੋਕੀਂ,ਐਸੀ ਥਾਂ ਤੇ ਵਰ ਜਾਂਦੇ ਨੇ। ਸੁੱਤਿਆਂ ਸੁੱਤਿਆਂ ਪਿੱਛਾ ਕਰਦੇ, ਜਾਗਦਿਆਂ ਵੀ ਖ਼ੌਰੂ ਪਾਉਂਦੇ, ਭਟਕਣ ਜੂਨ ਹੰਢਾਉਂਦੇ ਸੁਪਨੇ, ਕਿਹੜੇ ਵੇਲੇ ਘਰ ਜਾਂਦੇ ਨੇ। ਇੱਕ ਦੂਜੇ ਦੀ ਅੱਖ ਵਿੱਚ ਅੱਥਰੂ, ਕੱਠੇ ਹੋਣੋਂ ਪਹਿਲਾਂ ਪਹਿਲਾਂ, ਦਿਲ ਦਰਿਆ ਜੇ ਕਰੀਏ, ਤਾਂ ਫਿਰ ਡੁੱਬਦੇ ਬੇੜੇ ਤਰ ਜਾਂਦੇ ਨੇ। ਤਲਖ਼ ਬੋਲ ਜੇ ਬੋਲ ਰਿਹੈਂ ਤਾਂ ਇਹ ਗੱਲ ਵੀਰ ਕਦੇ ਨਾ ਭੁੱਲੀਂ, ਸ਼ਬਦ ਬਾਣ ਨਾ ਰੂਹੋਂ ਲਹਿੰਦੇ, ਜ਼ਖ਼ਮ ਹਮੇਸ਼ਾਂ ਭਰ ਜਾਂਦੇ ਨੇ। ਮਨ ਵਿਚ ਤਲਖ਼ੀ, ਗਰਮੀ, ਹੁੰਮਸ, ਜਦ ਹੋਵੇ ਤਾਂ ਚੁੱਪ ਰਿਹਾ ਕਰ, ਬਾਲ ਅਲੂੰਏਂ ਵਰਗੇ ਰਿਸ਼ਤੇ, ਉੱਚੀ ਬੋਲਿਆਂ ਡਰ ਜਾਂਦੇ ਨੇ।
ਹੁਣ ਤੈਨੂੰ ਸਮਝਾਵੇ ਕਿਹੜਾ
ਹੁਣ ਤੈਨੂੰ ਸਮਝਾਵੇ ਕਿਹੜਾ, ਖੁਸ਼ਬੂ ਦਾ ਕੋਈ ਦੇਸ ਨਹੀਂ ਹੁੰਦਾ। ਨਿਰਮਲ ਨੀਰ, ਹਵਾ ਦਾ ਜਿੱਸਰਾਂ, ਰੰਗ ਬਰੰਗ ਭੇਸ ਨਹੀਂ ਹੁੰਦਾ। ਜੇ ਕੁਦਰਤ ਨੂੰ ਮਾਂ ਪਿਉ ਕਹੀਏ, ਇਸ ਦੀ ਗੋਦੀ ਖਿੜ ਕੇ ਬਹੀਏ, ਕੁੱਲ ਆਲਮ ਮਲਕੀਅਤ ਬਣ ਜੇ, ਕੋਈ ਵੀ ਥਾਂ ਪਰਦੇਸ ਨਹੀਂ ਹੁੰਦਾ। ਆਦਿ ਜੁਗਾਦੀ ਕਾਲ ਮੁਕਤ ਹੈ, ਬੀਤ ਗਏ ਤੋਂ, ਅੱਜ ਤੋਂ ਕੱਲ੍ਹ ਤੋਂ, ਗੋਬਿੰਦ ਗੁਰ ਦਾ ਬਚਨ ਸੁਣੋ ਜੀ, ਰੰਗ ਨਾ ਰੂਪ ਤੇ ਵੇਸ ਨਹੀਂ ਹੁੰਦਾ। ਮਿੱਲ ਦਾ ਮਾਲ ਮਸ਼ੀਨੀ ਸੋਹਣਾ, ਲੱਖ ਵਾਰੀ ਹੋਵੇਗਾ ਭਾਵੇਂ, ਖੱਡੀ ਦੀ ਛੋਹ ਬਾਝੋਂ ਬੁਣਿਆ, ਕੱਪੜਾ ਹੈ, ਪਰ ਖੇਸ ਨਹੀਂ ਹੁੰਦਾ। ਪੂਜਾ ਕਰੇ ਕਰਾਵੇ ਜਿਹੜਾ, ਫਿਰ ਆਖੇ ਮੈਂ ਰੱਬ ਦਾ ਬੰਦਾ, ਹੋਰ ਬੜਾ ਕੁਝ ਹੋਵੇ ਭਾਵੇਂ, ਪਰ ਮਿੱਤਰੋ ਦਰਵੇਸ ਨਹੀਂ ਹੁੰਦਾ। ਭੁਰ ਜਾਂਦਾ ਹੈ, ਟੁੱਟ ਜਾਂਦਾ ਹੈ, ਤਣਿਆ ਰਹਿਣ ਦੇ ਭਰਮ ਭੁਲੇਖੇ, ਉਹ ਰਿਸ਼ਤਾ ਨਾ ਨਿਭਦਾ ਲੰਮਾ, ਜਿਸ ਦੇ ਅੰਦਰ ਲੇਸ ਨਹੀਂ ਹੁੰਦਾ। ਬੜੇ ਬੜੇ ਇਤਿਹਾਸ ਲਿਖਾਰੀ,ਆਏ, ਹੋਏ, ਹੋ ਕੇ ਤੁਰ ਗਏ, ਵਕਤ ਦੀ ਹਿੱਕ, ਤੇ ਲਿਖਿਆ ਅੱਖਰ ਹਾਕਮ ਤੋਂ ਵੀ ਮੇਸ ਨਹੀਂ ਹੁੰਦਾ।
ਹੋ ਗਈਆਂ ਨੇ ਗੱਲਾਂ
ਹੋ ਗਈਆਂ ਨੇ ਗੱਲਾਂ, ਆਪਾਂ ਫੇਰ ਮਿਲਾਂਗੇ। ਸਾਂਭ ਸਮੁੰਦਰ ਛੱਲਾਂ, ਆਪਾਂ ਫੇਰ ਮਿਲਾਂਗੇ। ਤੈਨੂੰ ਅਪਣੀ ਤਾਕਤ ਤੇ ਵਿਸ਼ਵਾਸ ਬੜਾ ਹੈ, ਮੈਂ ਕਮਜ਼ੋਰਾ, ਚੱਲਾਂ, ਆਪਾਂ ਫੇਰ ਮਿਲਾਂਗੇ। ਮੇਰਾ ਹੀ ਪਰਛਾਵਾਂ, ਮੈਥੋਂ ਦੂਰ ਖਲੋਤਾ, ਇਸ ਵੇਲੇ ਮੈਂ ਕੱਲ੍ਹਾਂ, ਆਪਾਂ ਫੇਰ ਮਿਲਾਂਗੇ। ਵਸਤਰ ਦੀ ਥਾਂ ਕਵਚ ਪਹਿਨ ਲਏ ਸੂਰਮਿਆ ਨੇ, ਫਿਰਨ ਬਚਾਉਂਦੇ ਖੱਲਾਂ, ਆਪਾਂ ਫੇਰ ਮਿਲਾਂਗੇ। ਜੋ ਪਲ ਤੇਰੇ ਬਾਝ ਗੁਜ਼ਾਰੇ, ਕਿੱਦਾਂ ਦੱਸਾਂ, ਕਿਵੇਂ ਵਿਛੋੜਾ ਝੱਲਾਂ, ਆਪਾਂ ਫੇਰ ਮਿਲਾਂਗੇ। ਵਰ੍ਹਦਾ ਨੈਣੋਂ ਨੀਰ ਨਿਰੰਤਰ, ਰੁਕਦਾ ਹੀ ਨਾ, ਦਰਿਆ ਕੀਕਣ ਠੱਲ੍ਹਾਂ, ਆਪਾਂ ਫੇਰ ਮਿਲਾਂਗੇ।
ਰਾਜ ਘਰਾਂ ਦੇ ਲੇਖੇ ਅੰਦਰ
ਰਾਜ ਘਰਾਂ ਦੇ ਲੇਖੇ ਅੰਦਰ ਹਰ ਬਾਗੀ ਮਸ਼ਕੂਕ ਕਿਉਂ ਹੈ? ਬੰਦ ਬੂਹਿਆਂ ਨੂੰ ਵੱਜ ਕੇ ਮੁੜਦੀ, ਇਸ ਧਰਤੀ ਦੀ ਕੂਕ ਕਿਉਂ ਹੈ? ਇਹ ਵੀ ਤਾਂ ਸਾਡੀ ਕਮਜ਼ੋਰੀ, ਤੂੰ ਕਰਦੈਂ ਜੋ ਸੀਨਾਜ਼ੋਰੀ, ਸਦੀਆਂ ਤੋਂ ਹੀ ਤੇਰਾ ਕੈਦੀ, ਸਾਡਾ ਹੱਕ ਹਕੂਕ ਕਿਉਂ ਹੈ? ਲੱਖ ਵਾਰੀ ਅਜ਼ਮਾਏ ਵਕਤਾਂ, ਸ਼ਬਦ ਸ਼ਸਤਰਾਂ ਨਾਲੋਂ ਤਿੱਖੇ, ਮੂੰਹ ਵਿਚ ਜੀਭ ਜਿਉਂਦੀ ਹੁੰਦਿਆਂ, ਤੇਰੇ ਹੱਥ ਬੰਦੂਕ ਕਿਉਂ ਹੈ? ਸਾਨੂੰ ਵੀ ਮਾਵਾਂ ਨੇ ਜਣਿਆ, ਬਾਬਲ ਸਾਨੂੰ ਲਾਡ ਲਡਾਏ, ਆਪੇ ਦੱਸ ਤੂੰ ਮਹਿਲ ਵਾਲਿਆਂ, ਵੱਖੋ ਵੱਖ ਸਲੂਕ ਕਿਉਂ ਹੈ? ਨਰਮਾ ਖਿੜਿਆ, ਚੁਗਿਆ ਤੇ ਫਿਰ ਕੱਤ ਬਣਾਇਆ ਮਹਿੰਗਾ ਵਸਤਰ, ਬੀਜਣਹਾਰੇ ਤੇ ਚੋਗੀ ਦਾ ਚਿਹਰਾ ਪੀਲਾ ਭੂਕ ਕਿਉਂ ਹੈ? ਮੈਂ ਇਹ ਸੁਣਿਐਂ, ਹਿੱਕੜੀ ਅੰਦਰ ਸੁਪਨੇ ਉੱਗਦੇ ਵੰਨ ਸੁਵੰਨੇ, ਸਾਡੇ ਦਿਲ ਦੀ ਦਿੱਲੜੀ ਅੰਦਰ, ਹਰ ਦਮ ਉੱਠਦੀ ਹੂਕ ਕਿਉਂ ਹੈ? ਜਨਕ-ਦੁਲਾਰੀ ਦੇ ਲਈ ਕੁੱਜੀ, ਮਹਾਰਾਜੇ ਦੀ ਮਾਂ ਲਈ ਮਹੁਰਾ, ਹਰ ਯੁਗ ਅੰਦਰ, ਹਰ ਧੀ ਖਾਤਰ, ਸੱਸੀ ਵਾਂਗ ਸੰਦੂਕ ਕਿਉਂ ਹੈ?
ਅਗਨ ਲਗਨ ਦੀ ਸਾਂਝੀ ਧੜਕਣ
ਅਗਨ ਲਗਨ ਦੀ ਸਾਂਝੀ ਧੜਕਣ ਜਦ ਹਿੱਕੜੀ ਵਿਚ ਆ ਜਾਂਦੀ ਏ। ਮੇਰੇ ਅੰਦਰ ਨਿੱਸਲ ਹੋਇਆ ਸੁੱਤਾ ਸ਼ੇਰ ਜਗਾ ਜਾਂਦੀ ਏ। ਅਕਲ ਕਦੇ ਇੱਕ ਥਾਂ ਨਹੀਂ ਬਹਿੰਦੀ, ਰੋਜ਼ ਬਦਲਦੀ ਅਪਣਾ ਡੇਰਾ, ਨਾ ਵਰਤੋ ਤਾਂ ਮੁੱਕ ਜਾਂਦੀ ਏ, ਜੇ ਵਰਤੋ ਤਾਂ ਆ ਜਾਂਦੀ ਏ। ਮਾਲ ਖ਼ਜ਼ਾਨੇ 'ਕੱਠੇ ਕਰਕੇ, ਖ਼ੁਦ ਨੂੰ ਸਮਝੇਂ ਇਸ ਦਾ ਮਾਲਕ, ਇਹ ਮਿੱਟੀ ਤਾਂ ਹੌਲੀ ਹੌਲੀ, ਲੋਹੇ ਨੂੰ ਵੀ ਖਾ ਜਾਂਦੀ ਏ। ਅਣਖ਼ ਬਿਨਾ ਜੀਣਾ, ਕੀਹ ਜੀਣਾ ਬਿਨ ਹੱਡੀ ਤੋਂ ਜਿਵੇਂ ਗੰਡੋਆ, ਤੇਜ਼ ਨਜ਼ਰ ਤੇ ਨਿਸ਼ਚਾ ਹੋਵੇ, ਮੰਜ਼ਿਲ ਨੇੜੇ ਆ ਜਾਂਦੀ ਏ। ਚੁੱਕੀ ਫਿਰਦੇ ਤੀਰ ਕਮਾਨਾਂ, ਤ੍ਰਿਸ਼ੂਲਾਂ, ਤਲਵਾਰਾਂ ਜਿਹੜੇ, ਡਰਦੇ ਸ਼ਬਦ ਕਟਾਰੀ ਤੋਂ ਜੋ, ਰੂਹ ਨੂੰ ਚੋਂਭੜ ਲਾ ਜਾਂਦੀ ਏ। ਗਰਦ ਗੁਬਾਰ ਹਨ੍ਹੇਰੀ ਜੇਕਰ, ਰੂਹ ਦਰਵਾਜ਼ੇ ਥਾਣੀਂ ਵੜ ਜੇ, ਨਜ਼ਰਾਂ ਵਿੱਚ ਵੀ ਖੋਟ ਦ੍ਰਿਸ਼ਟੀ, ਚਾਰ ਚੁਫ਼ੇਰੇ ਛਾ ਜਾਂਦੀ ਏ। ਪੁੱਛਿਆ ਕਰ ਧਰਤੀ ਦੇ ਸ਼ਾਇਰਾ ਇਹ ਗੱਲ ਆਪਣੇ ਆਪ ਦੇ ਕੋਲੋਂ, ਸਦੀਆਂ ਤੋਂ ਕਿਉਂ ਰੋਜ਼ੀ ਏਥੇ ਸਾਬਤ ਬੰਦੇ ਖਾ ਜਾਂਦੀ ਏ।
ਜ਼ਿੰਦਗੀ ਚੁਸਤ ਵਪਾਰੀ ਵਾਂਗੂੰ
ਜ਼ਿੰਦਗੀ ਚੁਸਤ ਵਪਾਰੀ ਵਾਂਗੂੰ, ਹਰ ਵੇਲੇ ਦਾਅ ਲਾ ਜਾਂਦੀ ਹੈ। ਤਲਖ਼ ਤਜਰਬਿਆਂ ਬਦਲੇ, ਸਾਡੀ ਸਰਲ ਸਾਦਗੀ ਖਾ ਜਾਂਦੀ ਹੈ। ਭਰ ਭਰ ਵਗਦੀਆਂ ਖੂਹ ਦੀਆਂ ਟਿੰਡਾਂ ਹੇਠੋਂ ਉੱਤੇ, ਉੱਤੋਂ ਹੇਠਾਂ, ਹਾਉਕੇ ਭਰਦੀਆਂ ਬਿਨ ਪਾਣੀ ਤੋਂ, ਐਸੀ ਰੁੱਤ ਵੀ ਆ ਜਾਂਦੀ ਹੈ। ਪੱਛੋਂ ਕਦੇ ਪੁਰਾ ਹੈ ਵਗਦਾ, ਜ਼ਿੰਦਗੀ ਤੇਰਾ ਭੇਤ ਨਾ ਲੱਗਦਾ, ਮਨ ਦੇ ਅੰਬਰ ਤੇ ਤੁਧ ਬਾਝੋਂ, ਗਮ ਦੀ ਬੱਦਲੀ ਛਾ ਜਾਂਦੀ ਹੈ। ਵਕਤ ਦੀ ਅੱਖ ਵਿਚ ਝਾਕਣ ਵਾਲੀ, ਸੂਰਮਿਆਂ ਦੀ ਨਸਲ ਅਲੱਗ ਹੈ, ਸੂਲੀ ਤੇ ਮੁਸਕਾਉਂਦੀ, ਗਾਉਂਦੀ, ਅਨਹਦ ਨਾਦ ਵਜਾ ਜਾਂਦੀ ਹੈ। ਰਿਸ਼ਤੇ ਨਹੀਉਂ ਕੈਦੀ ਬਣਦੇ, ਖ਼ੂਨ, ਖ਼ਮੀਰ ਸੀਮਾਵਾਂ ਅੰਦਰ, ਅਹਿਸਾਸਾਂ ਦੀ ਬੁੱਕਲ ਅੰਦਰ, ਕੁੱਲ ਸ਼੍ਰਿਸਟੀ ਆ ਜਾਂਦੀ ਹੈ। ਇਸ ਧਰਤੀ ਤੇ ਕਿਹੜਾ ਬੰਦਾ, ਗਲਤੀ ਦਰ ਗਲਤੀ ਨਹੀਂ ਕਰਦਾ, ਸਿਖ਼ਰੋਂ ਟੁੱਟੀ ਪੀਂਘ ਹਮੇਸ਼ਾਂ, ਏਹੀ ਗੱਲ ਸਮਝਾ ਜਾਂਦੀ ਹੈ। ਖ੍ਵਾਬ ਦੇ ਘੋੜੇ ਉੱਡਿਆ ਫਿਰਦੈਂ, ਧਰਤੀ ਤੇ ਨਾ ਪੈਰ ਟਿਕਾਵੇਂ, ਅੱਖ ਪਲਕਾਰੇ ਅੰਦਰ ਨੇਰ੍ਹੀ, ਰੇਤੇ ਦੀ ਕੰਧ ਢਾਹ ਜਾਂਦੀ ਹੈ।
ਮੇਰੇ ਸਾਹਾਂ 'ਚ ਖ਼ੌਰੂ
ਮੇਰੇ ਸਾਹਾਂ 'ਚ ਖ਼ੌਰੂ ਪਾ ਗਿਆ ਹੈ। ਜ਼ਮਾਨਾ ਕਿਸ ਤਰ੍ਹਾਂ ਦਾ ਆ ਗਿਆ ਹੈ। ਮੈਂ ਮਿੱਸੀ ਖਾਣ ਵਾਲਾ ਆਦਮੀ ਸਾਂ, ਮੇਰੀ ਥਾਲੀ 'ਚ ਬਰਗਰ ਆ ਗਿਆ ਹੈ। ਇਹ ਬਿਹਬਲ ਮਛਲੀਆਂ ਕਿਉਂ ਤੜਫ਼ੀਆਂ ਨੇ, ਕੋਈ ਸਰਵਰ ਨੂੰ ਤੀਲੀ ਲਾ ਗਿਆ ਹੈ। ਮੇਰੇ ਚਾਵਾਂ ਦੀਆਂ ਲੀਰਾਂ ਨੂੰ ਪੁੱਛੋ, ਇਨ੍ਹਾਂ ਨੂੰ ਕੌਣ ਸੁੱਕਣੇ ਪਾ ਗਿਆ ਹੈ। ਜ਼ੁਲਮ ਸਹਿਣਾ ਗੁਲੋਂ ਗੁਲਕੰਦ ਬਣਨਾ, ਤੇਰਾ ਅੰਦਾਜ਼ ਸਾਨੂੰ ਭਾ ਗਿਆ ਹੈ। ਇਹ ਪਰਬਤ ਕੱਲ੍ਹ ਤੱਕ ਤਾਂ ਸੀ ਹਿਮਾਲਾ, ਮੇਰੇ ਕਦਮਾਂ 'ਚ ਕਿੱਦਾਂ ਆ ਗਿਆ ਹੈ। ਮੈਂ ਪੈਦਲ ਆਦਮੀ, ਸ਼ਹਿਰੀਂ ਗੁਆਚਾ, ਮੇਰੇ ਰਾਹਾਂ ਨੂੰ ਕਿਹੜਾ ਖਾ ਗਿਆ ਹੈ। ਮੁਸੀਬਤ ਵਕਤ ਮੈਂ ਤੁਰਿਆ ਇਕੱਲਾ, ਇਹ ਪਿੱਛੇ ਕਾਫ਼ਲਾ ਕਿਉਂ ਆ ਗਿਆ ਹੈ। ਮੈਂ ਸੂਰਜ ਵੰਸ਼ ਦੀ ਸੰਤਾਨ ਸੀ ਪਰ, ਨਜ਼ਰ ਵਿਚ 'ਨੇਰ੍ਹ ਇਹ ਕਿਉਂ ਛਾ ਗਿਆ ਹੈ।
ਦਰ ਦਰਵਾਜ਼ੇ ਖੋਲੇਂਗਾ
ਦਰ ਦਰਵਾਜ਼ੇ ਖੋਲੇਂਗਾ ਤਾਂ ਵੇਖ ਲਵੇਂਗਾ। ਸ਼ੀਸ਼ੇ ਸਨਮੁਖ ਬੋਲੇਂਗਾ ਤਾਂ ਵੇਖ ਲਵੇਂਗਾ। ਏਸ ਗੁਫ਼ਾ ਦੇ ਅੰਦਰ ਤਾਂ ਹੈ ਗੂੜ੍ਹ ਹਨ੍ਹੇਰਾ, ਆਪੇ ਪਰਦੇ ਫ਼ੋਲੇਂਗਾ ਤਾਂ ਵੇਖ ਲਵੇਂਗਾ। ਬਾਜ਼ ਬਣੀਂ, ਪਰਵਾਜ਼ ਭਰੀਂ ਹੈ ਸੁੰਨਾ ਅੰਬਰ, ਜਦ ਕਿਧਰੇ ਪਰ ਤੋਲੇਂਗਾ ਤਾਂ ਵੇਖ ਲਵੇਂਗਾ। ਬੇਗਾਨੇ ਵਿਚ ਆਪਣਾ ਵੀ ਇੱਕ ਛੁਪਿਆ ਹੁੰਦਾ, ਸਾਹੀਂ ਸੰਦਲ ਘੋਲੇਂਗਾ ਤਾਂ ਵੇਖ ਲਵੇਂਗਾ। ਮੈਂ ਹੁਣ ਤੇਰੇ ਅੰਦਰ ਲੁਕ ਕੇ ਬੈਠ ਗਿਆ ਹਾਂ, ਜੇ ਕਿਧਰੇ ਤੂੰ ਟੋਲੇਂਗਾ ਤਾਂ ਵੇਖ ਲਵੇਂਗਾ। ਧਰਤੀ ਦੀ ਮਰਯਾਦਾ ਰੁਲੇ, ਤਬਾਹੀ ਹੋਵੇ, ਜੇ ਏਦਾਂ ਹੀ ਰੋਲੇਂਗਾ, ਤਾਂ ਵੇਖ ਲਵੇਂਗਾ।
ਧਨਵੰਤੇ ਦਾ ਬੋਲ ਕੁਬੋਲ ਵੀ
ਧਨਵੰਤੇ ਦਾ ਬੋਲ ਕੁਬੋਲ ਵੀ ਬਣਦਾ ਬਚਨ ਬਿਲਾਸ ਕਿਉਂ ਹੈ? ਸਾਡੀ ਅਰਜ਼ੀ ਮਹਿਲਾਂ ਖ਼ਾਤਰ, ਹਰ ਵਾਰੀ ਬਕਵਾਸ ਕਿਉਂ ਹੈ? ਦਸਰਥ ਦਾ ਪੁੱਤ ਘਰ ਨੂੰ ਪਰਤੇ, ਕਰਨ ਸਵਾਗਤ ਜਗਦੇ ਦੀਵੇ, ਜਾਨਕੀਆਂ ਦੇ ਭਾਗੀਂ ਲਿਖਿਆ, ਹਰ ਯੁਗ ਵਿਚ ਬਨਵਾਸ ਕਿਉਂ ਹੈ? ਪਿੰਡਾਂ ਪੱਲੇ ਕੁਝ ਨਹੀਂ ਬਚਿਆ, ਫਿਰ ਵੀ ਜੱਲੀਆਂ ਪਾਉਂਦੇ ਗਾਉਂਦੇ, ਖਾਂਦਾ ਪੀਂਦਾ ਨਿੱਘਰ ਚੱਲਿਆ, ਤੇਰਾ ਸ਼ਹਿਰ ਉਦਾਸ ਕਿਉਂ ਹੈ? ਵਕਤ ਦੀਆਂ ਬੇਰਹਿਮੀਆਂ ਹੱਥੋਂ, ਬਾਰ ਬਾਰ ਇਹ ਪਿੰਜਿਆ ਜਾਵੇ, ਮੇਰੇ ਦੇਸ਼ ਪੰਜਾਬ ਦੇ ਹਿੱਸੇ, ਜ਼ਹਿਮਤ ਵਰਗੀ ਲਾਸ ਕਿਉਂ ਹੈ? ਨੌਵੇਂ ਗੁਰ ਉਪਦੇਸ਼ ਪੜ੍ਹਾਇਆ, ਨਾ ਭੈ ਦੇਣਾ, ਨਾ ਭੈ ਮੰਨਣਾ, ਔਰੰਗਜ਼ੇਬ ਅਜੇ ਵੀ ਖਹਿੰਦਾ, ਸਾਡੀ ਰੂਹ ਦੇ ਪਾਸ ਕਿਉਂ ਹੈ? ਨਾਰੋਵਾਲ ਤਸੀਲ ਦਾ ਨਕਸ਼ਾ ਮੈਂ ਸੁਣਿਐਂ ਹੁਣ ਬਦਲ ਗਿਆ ਏ, ਪਿਉ-ਦਾਦੇ ਦੀ ਪੈੜ ਅਜੇ ਵੀ, ਜਿਉਂਦੇ ਹੋਣ ਦੀ ਆਸ ਕਿਉਂ ਹੈ? ਕਾਲੇ ਕਰਮੀ, ਵਿਸ਼ ਵਣਜਾਰੇ, ਜੇਬ ਕਤਰ, ਕਰਤੂਤੀ ਕਾਫ਼ਿਰ, ਧਰਮ, ਰਿਆਸਤ ਵਾਲੀ ਰਹਿਮਤ, ਇਨ੍ਹਾਂ ਉੱਤੇ ਖਾਸ ਕਿਉਂ ਹੈ? ਸਾਡੇ ਰਾਹੀਂ ਕੰਡੇ ਬੀਜਣ, ਪਹਿਨਣ ਰੇਸ਼ਮ ਕੂਲੇ ਵਸਤਰ, ਸਾਡੇ ਸੁਪਨੇ ਦਾ ਹਰ ਵਾਰੀ, ਜ਼ਖ਼ਮ ਜਿਹਾ ਇਤਿਹਾਸ ਕਿਉਂ ਹੈ? ਇਸ ਧਰਤੀ ਦੇ ਮਾਲ ਖ਼ਜ਼ਾਨੇ, ਕੁਰਸੀ ਵਾਲੇ ਚੁੰਘੀ ਜਾਂਦੇ, ਸਾਡੇ ਹਿੱਸੇ ਹਰ ਵਾਰੀ ਹੀ, ਭਾਗਾਂ ਦੀ ਧਰਵਾਸ ਕਿਉਂ ਹੈ?
ਖ੍ਵਾਬ ਨਾ ਖ਼ਿਆਲ, ਕਦੇ
ਖ੍ਵਾਬ ਨਾ ਖ਼ਿਆਲ, ਕਦੇ ਇਹ ਵੀ ਦਿਨ ਆਉਣਗੇ। ਜਾਨ ਤੋਂ ਪਿਆਰੇ ਸਾਨੂੰ ਏਸਰਾਂ ਭੁਲਾਉਣਗੇ। ਧੁੱਪਾਂ ਵਿੱਚ, ਛਾਵਾਂ ਵਿਚ, ਹਰ ਵੇਲੇ ਸਾਹਵਾਂ ਵਿਚ, ਨੀਂਦਰਾਂ ਚੁਰਾਉਣ ਵਾਲੇ, ਅੱਖੀਆਂ ਚੁਰਾਉਣਗੇ। ਨਿੱਕੀ ਜਹੀ ਬਗੀਚੜੀ ਨੂੰ ਚਾਵਾਂ ਨਾਲ ਪਾਲਿਆ, ਸੋਚਿਆ ਨਹੀਂ ਸੀ, ਫੁੱਲ ਏਦਾਂ ਮੁਰਝਾਉਣਗੇ। ਆਪਣੀ ਹੀ ਬਾਤ ਦਾ ਹੁੰਗਾਰਾ ਜਿੰਦੇ ਭਰੀ ਜਾਹ, ਤੇਰੇ ਹੀ ਸਵਾਲ ਤੈਨੂੰ ਰਾਤਾਂ ਨੂੰ ਜਗਾਉਣਗੇ। ਰੋਣ ਵੇਲੇ ਅੱਥਰੂ ਬਗੈਰ ਕੋਈ ਨਾ ਬਹੁੜਨਾ, ਗਾਏਂਗਾ ਤਾਂ ਸਾਰੇ ਹੀ ਆਵਾਜ਼ ਨੂੰ ਮਿਲਾਉਣਗੇ। ਆਪਣੀ ਹੀ ਛਾਵੇਂ ਹੈ ਖਲੋਣਾ ਸਾਨੂੰ ਪੈ ਗਿਆ, ਚੁੱਪ ਦੇ ਪਹਾੜ ਹੋਰ ਕਿੰਨਾ ਅਜ਼ਮਾਉਣਗੇ। ਸੱਜਣਾਂ ਪਿਆਰਿਆਂ ਤੋਂ ਆਸ ਨਾ ਉਮੀਦ ਸੀ, ਵੈਰੀ ਵਾਂਗੂੰ ਸੂਈ ਵਾਲੇ ਨੱਕੇ 'ਚੋਂ ਲੰਘਾਉਣਗੇ।
ਸ਼ਬਦ ਕੋਸ਼ 'ਚੋਂ ਲੱਭਦਾ ਫਿਰਦੈਂ
ਸ਼ਬਦ ਕੋਸ਼ 'ਚੋਂ ਲੱਭਦਾ ਫਿਰਦੈਂ, ਅਰਥ ਅਜੇ ਤੂੰ ਸੱਥਰਾਂ ਦਾ। ਤੂੰ ਕੀਹ ਜਾਣੇਂ, ਦਰਦ ਅਨੋਖਾ ਸਾਡੀ ਅੱਖ ਦੇ ਅੱਥਰਾਂ ਦਾ। ਢੇਰੀ ਢਾਹ ਕੇ ਬੈਠ ਗਿਆ ਏਂ, ਉੱਠ ਜਾ ਤੈਨੂੰ ਕੀਹ ਹੋਇਆ, ਅਗਨ ਸੇਕ ਜੋ ਅੰਦਰ ਬੈਠੀ, ਸੀਨਾ ਚੀਰ ਕੇ ਪੱਥਰਾਂ ਦਾ। ਦਰਿਆਵਾਂ ਦੇ ਗੀਤ ਸੁਣਦਿਆਂ, ਰਿੜ੍ਹਦੇ ਆਉਣ ਪਹਾੜਾਂ ਤੋਂ, ਕਣ ਕਣ ਹੋਣ, ਧਰਤ ਤੇ ਫ਼ੈਲਣ, ਜਿਗਰਾ ਵੇਖ ਤੂੰ ਪੱਥਰਾਂ ਦਾ। ਦੇਵ, ਦੇਵੀਆਂ ਹੋਰ ਬੜਾ ਕੁਝ, ਸਾਂਭੀ ਬੈਠੇ ਬੁੱਕਲ ਵਿਚ, ਬੁੱਤ ਘਾੜੇ ਬਿਨ ਕੌਣ ਪਛਾਣੇ, ਅਸਲੀ ਚਿਹਰਾ ਪੱਥਰਾਂ ਦਾ। ਚੌਰਸ ਜ਼ਿੰਦਗੀ ਇੱਕ ਦੂਜੇ ਵੱਲ ਪਿੱਠ ਕਰਕੇ ਹੈ ਬੀਤ ਰਹੀ, ਨਕਸ਼ ਗੁਆਏ ਲੋਕਾਂ ਨੇ ਜੇ, ਦੋਸ਼ ਭਲਾ ਕੀਹ ਪੱਥਰਾਂ ਦਾ। ਬੋਲ ਰਹੇ, ਪਰ ਤੋਲ ਰਹੇ ਨੇ, ਨੇਕ ਚੰਦ ਦੇ ਬਾਗਾਂ ਵਿਚ*, ਚੰਡੀਗੜ੍ਹ ਵਿਚ ਵੇਖੀਂ ਜਾ ਕੇ ਰਾਜ ਭਾਗ ਤੂੰ ਪੱਥਰਾਂ ਦਾ। ਗਰਜ਼ਾਂ ਖਾਤਰ ਫ਼ਰਜ਼ ਭੁਲਾਵੇਂ, ਪਰਬਤ ਤੋੜ ਵਿਛਾ ਦੇਵੇਂ, ਅਪਣਾ ਨਗਰ ਵਸਾਉਣ ਦੀ ਖਾਤਰ ਵੈਰੀ ਬਣ ਗਿਆ ਪੱਥਰਾਂ ਦਾ। * ਰਾਕ ਗਾਰਡਨ ਚੰਡੀਗੜ੍ਹ
ਮਾਣ ਤੂੰ ਮਾਤ-ਜ਼ਬਾਨ 'ਚੋਂ ਖੁਸ਼ਬੂ
ਮਾਣ ਤੂੰ ਮਾਤ-ਜ਼ਬਾਨ 'ਚੋਂ ਖੁਸ਼ਬੂ। ਅਸਲੀ ਗੂੜ੍ਹ ਗਿਆਨ 'ਚੋਂ ਖੁਸ਼ਬੂ। ਘਰ ਤੋਂ ਲੁਕਦਾ ਫਿਰਦੈਂ, ਵੀਰਾ, ਲੱਭੇਂ ਪਿਆ ਮਕਾਨ 'ਚੋਂ ਖੁਸ਼ਬੂ। ਧੰਨੇ ਜੱਟ ਨੇ ਢੂੰਡ ਲਈ ਸੀ, ਪੱਥਰ ਦੇ ਭਗਵਾਨ 'ਚੋਂ ਖੁਸ਼ਬੂ। ਇਤਰ-ਫੁਲੇਲਾਂ ਭਾਵੇਂ ਮਲਦੈ, ਮਰ ਚੱਲੀ ਇਨਸਾਨ 'ਚੋਂ ਖੁਸ਼ਬੂ। ਪਹਿਲੀ ਬਾਰਸ਼, ਧਰਤੀ ਵੰਡੇ, ਅੰਬਰ ਦੇ ਵਰਦਾਨ 'ਚੋਂ ਖੁਸ਼ਬੂ। ਮਾਲੀ ਵੀ ਕਿਉਂ ਢੂੰਡ ਰਹੇ ਨੇ, ਨਕਲੀ ਜਹੇ ਗੁਲਦਾਨ 'ਚੋਂ ਖੁਸ਼ਬੂ। ਸੰਗ ਮਰਮਰ ਨੇ ਚੂਸ ਲਈ ਹੈ, ਅਸਲੀ ਗੁਰ ਅਸਥਾਨ 'ਚੋਂ ਖੁਸ਼ਬੂ।
ਆਪਣੇ ਘਰ ਪਰਦੇਸੀਆਂ ਵਾਂਗੂੰ
ਆਪਣੇ ਘਰ ਪਰਦੇਸੀਆਂ ਵਾਂਗੂੰ, ਪਰਤਣ ਦਾ ਅਹਿਸਾਸ ਕਿਉਂ ਹੈ? ਮੈਂ ਸੰਤਾਲੀ ਮਗਰੋਂ ਜੰਮਿਆਂ, ਮੇਰੇ ਪਿੰਡੇ ਲਾਸ ਕਿਉਂ ਹੈ? ਸ਼ਹਿਰ ਲਾਹੌਰ 'ਚ ਆ ਕੇ ਜੇ ਨਨਕਾਣੇ ਵੀ ਮੈਂ ਜਾ ਨਹੀਂ ਸਕਦਾ, ਧਾਹ ਗਲਵੱਕੜੀ ਪਾ ਕੇ ਮਿਲਦਾ ਸਤਲੁਜ ਨਾਲ ਬਿਆਸ ਕਿਉਂ ਹੈ? ਇੱਕੋ ਫਾਂਸੀ, ਇੱਕੋ ਗੋਲੀ, ਰਹਿਮਤ ਅਲੀ, ਸਰਾਭਾ, ਬਿਸਮਿਲ, ਆਜ਼ਾਦੀ ਤੋਂ ਮਗਰੋਂ ਸਾਡਾ ਵੱਖੋ ਵੱਖ ਇਤਿਹਾਸ ਕਿਉਂ ਹੈ? ਦਿੱਲੀ ਵਰਗੇ ਚੌਂਕ ਚੁਰਸਤੇ, ਕਾਰ ਵਿਹਾਰ, ਬਾਜ਼ਾਰ ਵੀ ਓਹੀ, ਮਿਕਨਾਤੀਸੀ ਖਿੱਚ ਦੀ ਸ਼ਕਤੀ, ਸ਼ਹਿਰ ਲਾਹੌਰ 'ਚ ਖ਼ਾਸ ਕਿਉਂ ਹੈ? ਬੁੱਲ੍ਹੇਸ਼ਾਹ ਦਾ ਪ੍ਰੇਮ ਪਿਆਲਾ, ਬਿਨਾਂ ਕਸੂਰੋਂ ਪੀ ਨਹੀਂ ਸਕਦਾ, ਹਰ ਵਾਰੀ ਹੋਠਾਂ ਤੇ ਆਉਂਦੀ, ਅਜਬ ਤਰ੍ਹਾਂ ਦੀ ਪਿਆਸ ਕਿਉਂ ਹੈ? ਵਾਰਸ ਦੇ ਜੰਡਿਆਲੇ ਬੈਠੇ, ਮਸਤ ਔਲੀਆ ਹੀਰ ਸੁਣਾਉਂਦੇ, ਰਾਂਝਣ ਯਾਰ ਫ਼ਕੀਰਾਂ ਨੂੰ ਇਹ, ਪਿਰ ਮਿਲਣੇ ਦੀ ਆਸ ਕਿਉਂ ਹੈ? ਸਾਡੇ ਪੰਜ ਦਰਿਆਈ ਘੋੜੇ, ਜਦ ਵੀ ਵੇਖਾਂ ਟਾਂਗੇ ਖਿੱਚਦੇ, ਘੋੜ ਸਵਾਰ ਗੁਆਚਣ ਵਰਗਾ, ਡੰਗ ਰਿਹਾ ਅਹਿਸਾਸ ਕਿਉਂ ਹੈ? ਸਾਡੇ ਪਿੰਡ ਦੀ ਸੰਤੀ ਵਰਗਾ, ਮੈਲਾ ਸੂਟ ਅਨਾਇਤਾਂ ਪਾਇਆ, ਪੌਣੀ ਸਦੀ ਗੁਆਚਣ ਮਗਰੋਂ, ਰਾਵੀ ਪਾਰ ਲਿਬਾਸ ਕਿਉਂ ਹੈ?
ਦਿਲ ਨੂੰ ਇਹ ਸਮਝਾਉਂਦਾ ਰਹਿਨਾਂ
ਦਿਲ ਨੂੰ ਇਹ ਸਮਝਾਉਂਦਾ ਰਹਿਨਾਂ, ਮੋਇਆਂ ਨਾਲ ਤੇ ਮਰ ਨਹੀਂ ਹੁੰਦਾ। ਅਕਲ ਪਰੇ ਕਰ, ਦਿਲ ਕਹਿੰਦਾ ਏ, ਰੂਹ ਨੂੰ ਪੱਥਰ ਕਰ ਨਹੀਂ ਹੁੰਦਾ। ਮੁੜ ਜਾਹ ਚਿੜੀਏ ਸ਼ੀਸ਼ੇ ਅੱਗਿਉਂ, ਆਲ੍ਹਣਿਆਂ ਵਿਚ ਬੋਟ ਉਡੀਕਣ, ਆਪੇ ਨਾਲ ਲੜਨ ਦੀ ਜੰਗ ਦਾ, ਕਦੇ ਮੋਰਚਾ ਸਰ ਨਹੀਂ ਹੁੰਦਾ। ਆਉਂਦੀ ਹੀ ਨਹੀਂ ਚਿਰ ਹੋਇਆ ਏ, ਮੇਰੀਆਂ ਅੱਖੀਆਂ ਦੇ ਵਿਚ ਨੀਂਦਰ, ਸੁਪਨੇ ਦਰ ਖੜਕਾ ਕੇ ਮੁੜਦੇ, ਆਖਣ ਖੁੱਲ੍ਹਾ ਦਰ ਨਹੀਂ ਹੁੰਦਾ। ਜ਼ੋਰ ਜ਼ੁਲਮ ਦੀ ਤੇਜ਼ ਹਨ੍ਹੇਰੀ, ਵਗਦੀ ਬੂਹੇ ਆ ਪਹੁੰਚੀ ਏ, ਲਾਟ ਬੁਝਣ ਤੋਂ ਡਰਦੇ ਮਾਰੇ, ਹਾਉਕਾ ਵੀ ਹੁਣ ਭਰ ਨਹੀਂ ਹੁੰਦਾ। ਬੇਗਮ ਪੁਰ ਦੇ ਰਾਹੀਆਂ ਨੂੰ ਅੱਜ ਆਲਮ ਤਾਹੀਉਂ ਚੇਤੇ ਕਰਦਾ, ਸੀਸ ਤਲੀ ਧਰ ਤੁਰਦੇ ਨੇ ਉਹ, ਮਨ ਖੱਲੜੀ ਵਿਚ ਡਰ ਨਹੀਂ ਹੁੰਦਾ। ਵਾਹੇਂ ਇਹ ਕੀਹ ਘੀਚ ਮਚੋਲੇ, ਜ਼ਿੰਦਗੀ ਦੀ ਬਦਰੰਗ ਕੈਨਵਸ ਤੇ, ਕਲਾਕਾਰ ਅਖਵਾਇਆ ਨਾ ਕਰ, ਜੇ ਰੰਗ ਤੈਥੋਂ ਭਰ ਨਹੀਂ ਹੁੰਦਾ। ਸੁਰਤਿ ਸ਼ਬਦ ਦੀ ਨਗਰੀ ਅੰਦਰ, ਬੇਸੁਰਿਆਂ ਦੀ ਅਰਦਲ ਬਹੀਏ, ਮੈਂ ਚੱਲਿਆਂ, ਇਹ ਨਾਟਕ ਮੈਥੋਂ, ਹੋਰ ਘੜੀ ਵੀ ਜਰ ਨਹੀਂ ਹੁੰਦਾ। ਨੰਗੀ ਅੱਖ ਨੂੰ ਦਿਸਦਾ ਕੂੜਾ, ਹੂੰਝ ਰਿਹਾ ਏਂ ਇਹ ਨਾ ਭੁੱਲੀਂ, ਕੂੜ ਪਸਾਰ ਸਮੇਟੇ ਤੋਂ ਬਿਨ, ਸਾਫ਼ ਕਦੇ ਵੀ ਘਰ ਨਹੀਂ ਹੁੰਦਾ।
ਪੈਰਾਂ ਥੱਲੇ ਅਪਣੀ ਧਰਤੀ
ਪੈਰਾਂ ਥੱਲੇ ਅਪਣੀ ਧਰਤੀ, ਸਿਰ ਉੱਤੇ ਅਸਮਾਨ ਨਹੀਂ ਹੈ। ਤਾਹੀਉਂ ਅਪਣੀ ਨਜ਼ਰ 'ਚ ਮੇਰੀ ਗਿਣਤੀ ਵੀ ਇਨਸਾਨ ਨਹੀਂ ਹੈ। ਬਦੀਆਂ, ਪਾਪ ਬੁਰਾਈਆਂ ਕਰਦੇ, ਕਿਸ ਤੋਂ ਰਹਿਮਤ ਭਾਲ ਰਹੇ ਹੋ, ਮਾਇਆਧਾਰੀ ਅੰਨ੍ਹਾ ਬੋਲ਼ਾ, ਇਹ ਕੋਈ ਭਗਵਾਨ ਨਹੀਂ ਹੈ। ਲਿਖਕੇ ਅਰਜ਼ੀ ਤਰਲੇ ਕਰ ਕਰ, ਮਿੰਨਤਾਂ ਨਾਲ ਜੋ ਲੈ ਬੈਠੇ ਹੋ, ਰੂਹ ਨੂੰ ਲਾਅਣਤ ਰੋਜ਼ ਪਵੇਗੀ, ਇਹ ਕੋਈ ਸਨਮਾਨ ਨਹੀਂ ਹੈ। ਜਿਸ ਧਰਤੀ ਦੀ ਅਜ਼ਮਤ ਮਿੱਟੀ ਕਰਕੇ ਲੁੱਟੀ, ਕੁੱਟੀ, ਜਾਵੋ, ਏਸ ਭੁਲੇਖੇ ਵਿੱਚ ਨਾ ਰਹਿਣਾ, ਉਸ ਮਿੱਟੀ ਵਿਚ ਜਾਨ ਨਹੀਂ ਹੈ। ਵਿੰਗ ਤੜਿੰਗਾ ਚਿਹਰਾ ਤੇਰਾ, ਜੇ ਸ਼ੀਸ਼ੇ ਨੇ ਸਾਫ਼ ਵਿਖਾਇਐ, ਸਮਝ ਕਿਉਂ ਨਹੀਂ ਪੈਂਦੀ ਤੈਨੂੰ, ਉਸ ਕੀਤਾ ਅਪਮਾਨ ਨਹੀਂ ਹੈ। ਸ਼ਬਦ, ਕਿਤਾਬਾਂ, ਪਾਠ ਪੁਸਤਕਾਂ, ਜੇ ਨਾ ਤੀਜਾ ਨੇਤਰ ਖੋਲ੍ਹਣ, ਭਰਮ ਜਾਲ ਦਾ ਕੂੜ ਪੁਲੰਦਾ, ਇਹ ਕੋਈ ਗੂੜ੍ਹ ਗਿਆਨ ਨਹੀਂ ਹੈ। ਇਸ ਪਰਚੀ 'ਚੋਂ ਤਾਕਤ ਖਿੱਚ ਕੇ, ਫਿਰ ਘੁਰਨੇ ਵਿਚ ਮੁੜ ਜਾਂਦੇ ਹੋ, ਸੱਚ ਪੁੱਛੋ ਤਾਂ ਲੋਕ-ਰਾਜ ਦਾ ਇਸ ਤੋਂ ਵੱਧ ਨੁਕਸਾਨ ਨਹੀਂ ਹੈ।
ਪਾਣੀਆਂ ਦੀ ਮੌਜ ਦਾ ਹੀ
ਪਾਣੀਆਂ ਦੀ ਮੌਜ ਦਾ ਹੀ ਦੂਸਰਾ ਨਾਂ ਲਹਿਰ ਹੈ। ਏਸ ਦੀ ਹਮ ਨਸਲ ਮੇਰੀ ਇਸ ਗ਼ਜ਼ਲ ਦੀ ਬਹਿਰ ਹੈ। ਪੱਕੀਆਂ ਫ਼ਸਲਾਂ ਦੇ ਦਿਲ ਵਿਚ ਸਹਿਮ ਦਾ ਮਾਹੌਲ ਵੇਖ, ਅੰਬਰਾਂ ਦੀ ਅੱਖ ਮੈਲੀ, ਬਹੁਤ ਗੂੜ੍ਹੀ ਗਹਿਰ ਹੈ। ਹੋਰ ਥੋੜ੍ਹੀ ਦੇਰ ਤੱਕ, ਸੂਰਜ ਛਿਪੇਗਾ ਨੇਰ੍ਹ ਵਿਚ, ਏਸ ਦੇ ਜਲਵੇ ਦਾ ਤੀਜਾ, ਆਖ਼ਰੀ ਇਹ ਪਹਿਰ ਹੈ। ਲਿਖਣਹਾਰੇ, ਸ਼ਬਦ-ਘਾੜੇ, ਕਰਨਗੇ ਅਹਿਸਾਸ ਕਦ, ਤੋਲ ਹੈ ਸ਼ਬਦਾਂ ਦਾ ਪੂਰਾ, ਜ਼ਿੰਦਗੀ ਬੇ ਬਹਿਰ ਹੈ। ਆਦਮੀ ਨੂੰ ਆਦਮੀ ਨਾ ਸਮਝਦਾ ਅੱਜ ਤੱਕ ਨਿਜ਼ਾਮ, ਕਹਿਰਵਾਨੋ, ਕਹਿਰ ਹੈ, ਬੱਸ ਕਹਿਰ ਹੈ ਇਹ ਕਹਿਰ ਹੈ। ਇਹ ਪਤਾ ਨਾ, ਨਾਲ ਦੇ ਘਰ ਕੌਣ ਆਇਆ, ਤੁਰ ਗਿਆ, ਪਿੰਡ ਦੇ ਅੰਦਰ ਵੀ ਦਾਖ਼ਲ, ਹੋ ਗਿਆ ਹੁਣ ਸ਼ਹਿਰ ਹੈ। ਪੁੱਛਿਆ ਬੁੱਧ ਨੂੰ ਕਿਸੇ ਕਿ ਜ਼ਹਿਰ ਕੀਹ ਹੁੰਦੈ ਭਲਾ, ਆਖਿਆ ਉਸ, ਲੋੜ ਨਾਲੋਂ, ਵੱਧ ਹਰ ਸ਼ੈਅ ਜ਼ਹਿਰ ਹੈ।
ਲੱਭਦੇ ਲੱਭਦੇ ਮਰ ਚੱਲੇ ਆਂ
ਲੱਭਦੇ ਲੱਭਦੇ ਮਰ ਚੱਲੇ ਆਂ ਦਿਲ ਦੀ ਫੋਲਣ ਵਾਲੇ। ਖਵਰੇ ਕਿੱਥੇ ਲੁਕ ਜਾਂਦੇ ਨੇ, ਬਹੁਤਾ ਬੋਲਣ ਵਾਲੇ। ਝੱਖੜ ਤੇਜ਼, ਤੂਫ਼ਾਨ, ਬਿਜਲੀਆਂ, ਤਲਖ਼ ਸਮੁੰਦਰ ਕਹਿਰੀ, ਪੌਣਾਂ ਤੇ ਅਸਵਾਰ ਮੁਸਾਫ਼ਰ, ਇਹ ਨਹੀਂ ਡੋਲਣ ਵਾਲੇ। ਅਣਦਿਸਦੇ ਇਨਸਾਫ਼ ਦੇ ਛਾਬੇ, ਭੁਗਤਣ ਨਾ ਉਸ ਪਾਸੇ, ਜਿਹੜੇ ਬੰਨੇ ਭੁਗਤ ਰਹੇ ਨੇ, ਪੂਰਾ ਤੋਲਣ ਵਾਲੇ। ਜੰਦਰੇ ਦੇ ਵਿਚ ਲਾਖ਼ ਪਿਘਲ ਕੇ, ਧੁਰ ਅੰਦਰ ਜਾ ਪਹੁੰਚੀ, ਭਾਰ ਬਣੇ ਕੁੰਜੀਆਂ ਦੇ ਗੁੱਛੇ, ਇਸ ਨੂੰ ਖੋਲ੍ਹਣ ਵਾਲੇ। ਬੰਦ ਕਮਰੇ ਵਿਚ ਬੈਠਕ ਕਰਕੇ, ਤੁਰ ਗਏ ਮਤੇ ਪਕਾ ਕੇ, ਮੈਂ ਸਮਝੇ ਸੀ ਦਿਲ ਦੇ ਮਹਿਰਮ , ਦਰਦ ਫ਼ਰੋਲਣ ਵਾਲੇ। ਫੁਲਕਾਰੀ ਕਰ ਤੰਦਾਤੀਰੀ, ਪੇਂਜੇ ਵਾਂਗੂੰ ਪਿੰਜਦੇ, ਵਿਰਸਾ ਵਿਰਸਾ ਕੂਕ ਰਹੇ ਨੇ, ਆਪ ਮਧੋਲਣ ਵਾਲੇ। ਪੱਥਰ ਦੇ ਭਗਵਾਨ ਦੀ ਅੱਖ ਵਿਚ ਨੇਤਰ ਸ਼ੁੱਧ ਬਲੌਰੀ, ਏਨੀ ਗੱਲ ਨੂੰ ਸਮਝਣ ਕਿਉਂ ਨਾ ਅੱਥਰੂ ਡੋਲ੍ਹਣ ਵਾਲੇ।
ਇਕੋ ਵਾਰੀ ਮੰਦਿਰ ਜਾ ਕੇ
ਇਕੋ ਵਾਰੀ ਮੰਦਿਰ ਜਾ ਕੇ, ਪੱਥਰ ਤਾਂ ਭਗਵਾਨ ਬਣ ਗਿਆ। ਰੋਜ਼ ਦਿਹਾੜੀ ਮੰਦਿਰ ਜਾ ਕੇ, ਪੱਥਰ ਕਿਉਂ ਇਨਸਾਨ ਬਣ ਗਿਆ? ਧਰਤ ਤਿਆਗੀ, ਮਾਂ ਵੀ ਛੱਡੀ, ਮੋਹ ਮਮਤਾ ਨੂੰ ਮਾਰੇ ਜੰਦਰੇ, ਬੰਦਾ ਵਾਅ ਦੇ ਘੋੜੇ ਚੜ੍ਹਿਆ, ਜਿਸ ਦਿਨ ਦਾ ਧਨਵਾਨ ਬਣ ਗਿਆ। ਉੱਡਦੀਆਂ ਦੇ ਪਿੱਛੇ ਭਟਕੇ, ਕੱਲ-ਮੁ-ਕੱਲ੍ਹਾ ਹੋਇਆ ਝੱਲਾ, ਘਰ ਦੀ ਚਾਰਦੀਵਾਰੀ ਖ਼ਾਤਰ, ਹੁਣ ਆਪੇ ਮਹਿਮਾਨ ਬਣ ਗਿਆ। ਲੋਕ ਜਿਵੇਂ ਇੱਛਰਾਂ ਤੇ ਪੂਰਨ, ਰਿਸ਼ਤਿਆਂ ਦਾ ਨਿੱਘ ਢੂੰਡ ਰਹੇ ਨੇ, ਧਨਵੰਤਾ ਕਿਉਂ ਲੂਣਾ ਖ਼ਾਤਰ, ਹਰ ਰਾਜਾ ਸਲਵਾਨ ਬਣ ਗਿਆ। ਨਕਦ-ਮੁ-ਨਕਦੀ ਦੇਣ ਮੁਹੱਬਤ, ਲੋਕ ਉਧਾਰ ਕਦੇ ਨਹੀਂ ਰੱਖਦੇ, ਦੀਨ ਦੁਖੀ ਦਾ ਜੋ ਵੀ ਹਾਮੀ, ਦਿਲ ਦਾ ਉਹ ਸੁਲਤਾਨ ਬਣ ਗਿਆ। ਮੈਂ ਸ਼ਬਦਾਂ ਨੂੰ ਆਪ ਕਦੇ ਵੀ, ਇਹ ਨਹੀਂ ਕਹਿੰਦਾ , ਇਹ ਕੁਝ ਆਖੋ, ਜਬਰ ਜ਼ੁਲਮ ਦੇ ਉਲਟ ਖਲੋਣਾ, ਇਨ੍ਹਾਂ ਦਾ ਈਮਾਨ ਬਣ ਗਿਆ। ਹਾਉਕੇ, ਹਾਵੇ, ਅੱਥਰੂ ਮੇਰੇ, ਕੋਰੇ ਸਫ਼ਿਆਂ ਸਾਂਭ ਲਏ ਸੀ, ਦਰਦ ਸਮੁੰਦਰ ਉੱਛਲਿਆ ਤਾਂ ਗ਼ਜ਼ਲਾਂ ਦਾ ਦੀਵਾਨ ਬਣ ਗਿਆ।
ਕਿਉਂ ਕੱਖਾਂ ਦੀ ਕੁੱਲੀ ਅੱਜ ਵੀ
ਕਿਉਂ ਕੱਖਾਂ ਦੀ ਕੁੱਲੀ ਅੱਜ ਵੀ, ਬਾਗ਼ ਪਾਲਦੇ ਮਾਲੀ ਖ਼ਾਤਰ। ਦਿਨ ਤੇ ਰਾਤ ਜਿਉਂਦਾ ਜਿਹੜਾ, ਫੁੱਲਾਂ ਦੀ ਰਖਵਾਲੀ ਖ਼ਾਤਰ। ਧਰਤੀ ਅੰਦਰ ਸੁਪਨੇ ਫ਼ਸਲਾਂ, ਆਹ ਬੀਜੋ ਤੇ ਆਹ ਨਾ ਬੀਜੋ, ਚੰਡੀਗੜ੍ਹ ਕਿਉਂ ਹੁਕਮ ਭੇਜਦੈਂ, ਸਾਡੇ ਪਿੰਡ ਦੇ ਹਾਲੀ ਖ਼ਾਤਰ। ਝੰਗ ਵਿੱਚ ਹੀਰਾਂ, ਰਾਂਝੇ, ਚੂਰੀ, ਖ਼ਵਰੇ ਕਿਹੜੇ ਯੁਗ ਦੀਆਂ ਬਾਤਾਂ, ਰੋਟੀ ਰੁੱਖੀ, ਸੁੱਕੀ ਅੱਜ ਵੀ, ਸਭ ਮੱਝੀਆਂ ਦੇ ਪਾਲੀ ਖ਼ਾਤਰ। ਵੰਨ ਸੁਵੰਨੀਆਂ ਫ਼ੌਜਾਂ ਹੁੰਦਿਆਂ, ਹੁਕਮਰਾਨ ਕਿਉਂ ਏਨਾ ਡਰਦੈ, ਹੋਰ ਭਰਤੀਆਂ ਖੋਲ੍ਹੀ ਜਾਂਦੈ, ਅਪਣੀ ਸਾਂਭ-ਸੰਭਾਲੀ ਖ਼ਾਤਰ। ਇਕ ਦਿਨ ਨੇਰ੍ਹ ਮਿਟਾਕੇ, ਕਿੱਦਾਂ ਰਾਮ ਭਗਤ ਬਣ ਜਾਵਾਂਗਾ ਮੈਂ, ਚੌਂਕ ਚੁਰਸਤੇ ਦੀਵੇ ਬਾਲਾਂ, ਮੈਂ ਕਿਉਂ ਸਿਰਫ਼ ਦੀਵਾਲੀ ਖ਼ਾਤਰ। ਪਹਿਲੇ ਕਿਹੜਾ ਬੈਠ ਰਹੇ ਨੇ, ਮੈਂ ਵੀ ਇਕ ਦਿਨ ਤੁਰ ਜਾਵਾਂਗਾ, ਤਾਹੀਂਉਂ ਸ਼ਬਦ ਸਲਾਮਤ ਚਾਹੁੰਨਾਂ, ਰੂਹਾਂ ਦੀ ਖੁਸ਼ਹਾਲੀ ਖ਼ਾਤਰ। ਕਿਉਂ ਪੈਰਾਂ ਵਿਚ, ਰੂਹ ਵਿਚ ਚੁਭਦੈਂ, ਅੱਗੇ ਤੁਰਨੋਂ ਰੋਕ ਰਿਹਾ ਏਂ, ਉਸ ਕੰਡੇ ਤੋਂ ਸਿੱਖ ਜੋ ਜੀਂਦੈ, ਫੁੱਲਾਂ ਵਾਲੀ ਡਾਲੀ ਖ਼ਾਤਰ।
ਹਰ ਵਸਤਰ ਦੇ ਹੇਠਾਂ ਕੱਜਿਆ
ਹਰ ਵਸਤਰ ਦੇ ਹੇਠਾਂ ਕੱਜਿਆ, ਹਰ ਵਾਰੀ ਇਨਸਾਨ ਨਹੀਂ ਹੁੰਦਾ। ਇਹ ਗੱਲ ਪੱਕੀ ਧਾਰ ਲਵੋ ਜੀ, ਮਿੱਟੀ ਦਾ ਭਗਵਾਨ ਨਹੀਂ ਹੁੰਦਾ। ਕੋਰੇ ਸਫ਼ਿਆਂ ਉੱਪਰ ਲਿਖਿਆ, ਭਰਮ ਜਾਲ ਤਾਂ ਹੋ ਸਕਦਾ ਏ, ਪਾਣੀ ਉੱਪਰ ਵਹਿ ਕੇ ਤਰਦੀ, ਝੱਗ ਦਾ ਕੋਈ ਈਮਾਨ ਨਹੀਂ ਹੁੰਦਾ। ਦਾਨਵੀਰ ਨੂੰ ਕਿਹੜਾ ਆਖੇ, ਸੋਨ ਮੁਕਟ ਤਾਂ ਚਾੜ੍ਹੇਂ ਮੰਦਰ, ਸਿਰ ਪੈਰੋਂ ਨੰਗਿਆਂ ਦੀ ਖ਼ਾਤਰ, ਤੈਥੋਂ ਕੁਝ ਕਿਉਂ ਦਾਨ ਨਹੀਂ ਹੁੰਦਾ। ਜਿਹੜੀ ਧਰਤ ਕਿਤਾਬੋਂ ਸੱਖਣੀ, ਅੱਜ ਵੀ ਮੋਈ ਕੱਲ੍ਹ ਵੀ ਮੋਈ, ਦਾਨਿਸ਼ ਦੀ ਦੌਲਤ ਤੋਂ ਸੱਖਣਾ, ਮੁਲਕ ਕਦੇ ਧਨਵਾਨ ਨਹੀਂ ਹੁੰਦਾ। ਪਿਛਲੀ ਉਮਰੇ ਬਿਰਧ ਘਰਾਂ ਵਿਚ ਬੈਠੇ ਲੋਕ ਉਦਾਸ ਬੜੇ ਨੇ, ਬੱਚਿਉ ਇਹ ਗੱਲ ਭੁੱਲ ਨਾ ਜਾਇਓ, ਬਿਰਖ਼ ਕਦੇ ਬੇਜਾਨ ਨਹੀਂ ਹੁੰਦਾ। ਬਾਕੀ ਦਿਨ ਸਿਵਿਆਂ ਦੀ ਚੁੱਪ ਤੇ ਇੱਕੋ ਦਿਨ ਸਭ ਧੂਮ ਧੜੱਕੇ, ਏਸ ਤਰ੍ਹਾਂ ਦੀ ਨਾਟਕ ਬਾਜ਼ੀ, ਪੁਰਖ਼ੇ ਦਾ ਸਨਮਾਨ ਨਹੀਂ ਹੁੰਦਾ। ਅਪਣੇ ਅੰਦਰ ਬੈਠਾ ਯੋਧਾ, ਹਿੰਮਤ ਨਾਲ ਬਚਾ ਕੇ ਰੱਖਿਓ, ਸਿੱਧੀ ਗਰਦਨ ਵਾਲਾ ਸੂਰਾ, ਰਾਜੇ ਦਾ ਦਰਬਾਨ ਨਹੀਂ ਹੁੰਦਾ।
ਅੱਖਾਂ ਵਿੱਚ ਰੌਸ਼ਨੀ ਤੇ ਹੋਠਾਂ
ਅੱਖਾਂ ਵਿੱਚ ਰੌਸ਼ਨੀ ਤੇ ਹੋਠਾਂ ਉੱਤੇ ਹਾਸੇ ਹੋਣ। ਚਹਿਕਦੇ ਪਰਿੰਦੇ ਕਦੇ, ਚੁੱਪ ਨਾ ਉਦਾਸੇ ਹੋਣ। ਵੇਦਨਾ ਸੰਵੇਦਨਾ ਨਾ ਦਿਲਾਂ ਵਿਚੋਂ ਮੋਏ ਕਦੇ, ਦਿਲ ਦਿਲਗੀਰ ਦੇ ਲਈ, ਹੌਸਲੇ ਦਿਲਾਸੇ ਹੋਣ। ਚੰਬਾ ਤੇ ਰਵੇਲ ਖੁਸ਼ਬੋਈ ਵੰਡੇ, ਸਾਰੇ ਘਰੀਂ, ਨਿੱਕੇ ਵੱਡੇ, ਫੁੱਲ ਬੂਟੇ, ਕਦੇ ਨਾ ਪਿਆਸੇ ਹੋਣ। ਨਿੱਤ ਨਵੇਂ ਸੂਰਜਾਂ ਦੇ ਨਾਲ ਨਾਲ ਆਸ ਜਗੇ, ਸਾਰੇ ਕੱਚੇ ਵਿਹੜਿਆਂ 'ਚ, ਸੁਪਨੇ ਚੌਪਾਸੇ ਹੋਣ। ਡੌਲਿਆਂ 'ਚ ਮੱਛੀਆਂ ਤੇ ਮੱਥੇ ਵਿਚ ਤੀਜੀ ਅੱਖ, ਸੂਰਜਾਂ ਦੇ ਹਾਣੀ, ਧੀਆਂ ਪੁੱਤ ਨਾ ਨਿਰਾਸੇ ਹੋਣ। ਚਾਵਾਂ ਅਤੇ ਖੁਸ਼ੀਆਂ ਤੇ ਡਾਕੇ ਜਿਹੜੇ ਮਾਰਦੇ ਨੇ, ਲੱਗੇ ਜੋ ਗ੍ਰਹਿਣ ਵਾਂਗੂੰ, ਚੰਨ ਅੱਗੋਂ ਪਾਸੇ ਹੋਣ। ਇੱਕ ਦੂਜੇ ਵਾਸਤੇ ਮੁਹੱਬਤਾਂ ਦੀ ਵੇਲ ਵਧੇ, ਧੁੱਪਾਂ ਛਾਵਾਂ ਸਾਂਝੀਆਂ ਤੇ, ਗੂੜ੍ਹੇ ਭਰਵਾਸੇ ਹੋਣ।
ਅਣਖ਼ ਦੀ ਖਾਤਰ ਸੀਸ ਦੀ ਕੀਮਤ
ਅਣਖ਼ ਦੀ ਖਾਤਰ ਸੀਸ ਦੀ ਕੀਮਤ ਬੜੀ ਨਹੀਂ। ਲੱਗਦੈ ਤੂੰ ਤਾਰੀਖ਼ ਹੀ ਸਾਡੀ ਪੜ੍ਹੀ ਨਹੀਂ। ਕੁਝ ਗਰਜ਼ਾਂ ਦੀ ਖਾਤਰ, ਵਿਕ ਜਾਂ ਸਸਤੇ ਭਾਅ, ਏਨੀ ਘਟੀਆ ਜੰਗ ਕਦੇ ਮੈਂ ਲੜੀ ਨਹੀਂ। ਬਚ ਕੇ ਰਹਿੰਦਾ ਹਾਂ, ਬੇਗਾਨੀ ਵਾਅ ਕੋਲੋਂ, ਤਾਹੀਂਉਂ ਗੁੱਡੀ ਅੰਬਰ ਦੇ ਵਿਚ ਚੜ੍ਹੀ ਨਹੀਂ। ਕਾਲਾ ਪਹਿਰ ਨਵੰਬਰ, ਦਿੱਲੀਏ ਤੱਕਿਐ ਤੂੰ, ਕਿਹੜੀ ਥਾਂ ਸੀ ਜਿਥੇ ਮੱਚੀ ਮੜ੍ਹੀ ਨਹੀਂ। ਸੂਈਆਂ ਨੂੰ ਕੋਈ ਅੱਗੇ ਪਿੱਛੇ ਕਰਦਾ ਏ, ਸਾਡੇ ਗੁੱਟ ਤੇ ਤਾਹੀਂਉਂ ਬੱਧੀ ਘੜੀ ਨਹੀਂ। ਚਹੁੰ ਕਦਮਾਂ ਤੇ ਫੇਰ ਉਦਾਸੀ ਘੇਰੇਗੀ, ਆਸ ਦੀ ਕੰਨੀ ਘੁੱਟ ਕੇ ਜੇ ਤੂੰ ਫੜੀ ਨਹੀਂ। ਮੇਰਾ ਬਾਪੂ ਇਸ ਤੋਂ ਉੱਚਾ ਲੰਮਾ ਸੀ, ਤਾਹੀਂਉਂ ਮੈਂ ਤਸਵੀਰ ਫਰੇਮ 'ਚ ਜੜੀ ਨਹੀਂ।
ਦੇਹਿ ਸ਼ਿਵਾ ਵਰ ਮੋਹਿ ਤਕ ਤਾਂ
ਦੇਹਿ ਸ਼ਿਵਾ ਵਰ ਮੋਹਿ ਤਕ ਤਾਂ, ਵਧੀਆ ਸੌਖਾ ਸਰ ਜਾਂਦਾ ਹੈ। ਸੁਭ ਕਰਮਨ ਤਕ ਪਹੁੰਚਦਿਆਂ ਕਿਉਂ, ਇਹ ਪਾਪੀ ਮਨ ਡਰ ਜਾਂਦਾ ਹੈ। ਕਰੋਧ-ਕਟੋਰੀ ਨੱਕੋ ਨੱਕ ਤੇ, ਮੈਲ ਕੁਚੈਲਾ ਮਨ ਦਾ ਸੀਸ਼ਾ, ਪਤਾ ਨਹੀਂ ਕਿੰਜ ਮੇਰੇ ਵਰਗਾ, ਸੱਚੇ ਗੁਰ ਦੇ ਦਰ ਜਾਂਦਾ ਹੈ। ਬਾਬਰ ਵੇਲੇ ਤੋਂ ਅੱਜ ਤੀਕਰ, ਜ਼ੋਰ ਜਬਰ ਦੀ ਨੇਰ੍ਹੀ ਚੱਲੇ, ਮੈਂ ਸੁਣਿਆ ਸੀ, ਪਾਪ ਦਾ ਭਾਂਡਾ, ਹੌਲੀ ਹੌਲੀ ਭਰ ਜਾਂਦਾ ਹੈ। ਉਡਣ ਖਟੋਲੇ, ਲੰਮੀਆਂ ਕਾਰਾਂ, ਸੁਣਨ ਦੇਣ ਨਾ ਇਹ ਫਿਟਕਾਰਾਂ, ਪੈਦਲ ਬੰਦਾ ਖੜ੍ਹਾ ਖਲੋਤਾ ਇਹ ਕੁਝ ਸੁਣ ਕੇ, ਮਰ ਜਾਂਦਾ ਹੈ। ਮਨ ਤਾਂ ਭਟਕੇ ਦੇਸ ਦਸੌਰੀ, ਦਿਨ ਤੇ ਰਾਤ ਟਿਕੇ ਨਾ ਇਕ ਪਲ, ਇਹ ਤਨ ਏਨੀ ਭਟਕਣ ਲੈ ਕਿਉਂ, ਸ਼ਾਮਾਂ ਵੇਲੇ ਘਰ ਜਾਂਦਾ ਹੈ। ਹਰ ਪਾਂਡਵ ਦੇ ਅੰਦਰ ਬੈਠਾ, ਮਰਦ ਹਮੇਸ਼ਾਂ ਨਾਟਕ ਕਰਦੈ; ਰਾਜ ਭਾਗ ਦੀ ਖ਼ਾਤਰ ਹੀ ਕਿਉਂ, ਸਦਾ ਦਰੋਪਦਿ ਹਰ ਜਾਂਦਾ ਹੈ। ਇਹ ਕਲਮਾਂ ਦੇ ਸਾਈਂ ਸਾਰੇ, ਹੋ ਜਾਂਦੇ ਕਿਉਂ ਬੇਇਤਬਾਰੇ, ਹੁਕਮਰਾਨ ਜਦ ਸੂਹੀ ਥੈਲੀ, ਚੌਂਕ ਚੁਰਸਤੇ ਧਰ ਜਾਂਦਾ ਹੈ।
ਖੇਡ ਰਿਹਾਂ ਸ਼ਤਰੰਜ ਇਕੱਲਾ
ਖੇਡ ਰਿਹਾਂ ਸ਼ਤਰੰਜ ਇਕੱਲਾ, ਫੇਰ ਉਦਾਸ ਨਹੀਂ। ਦੋਸਤੀਆਂ ਵਿਚ ਚਾਲਾਂ ਚੱਲਣਾ, ਮੈਨੂੰ ਰਾਸ ਨਹੀਂ। ਹੋਰ ਤਾਂ ਸਭ ਕੁਝ ਠੀਕ ਠਾਕ ਹੈ, ਸਾਹ ਵੀ ਚੱਲਦੇ ਨੇ, ਸਿਰਫ਼ ਵਿਗੋਚਾ ਏਹੀ, ਜਿਹੜਾ ਖੁਸ਼ਬੂ ਪਾਸ ਨਹੀਂ। ਮੈਂ ਤੇਰਾ ਸ਼ੁਭ ਚਿੰਤਕ ਤਾਂ ਹੋ ਸਕਦਾਂ, ਜੇ ਚਾਹੇਂ, ਤੇਰੀ ਉੱਚੀ ਕੁਰਸੀ ਦਾ ਮੈਂ ਬਿਲਕੁਲ ਦਾਸ ਨਹੀਂ। ਮੰਗਤੇ ਬਣ ਬਣ, ਮੰਗੀ ਜਾਈਏ, ਸ਼ਾਮ ਸਵੇਰ ਜਿਵੇਂ, ਬਿਨ ਬੋਲੇ ਸਭ ਜਾਨਣਹਾਰ ਦੀ ਇਹ ਅਰਦਾਸ ਨਹੀਂ। ਧਰਤੀ ਨੇ ਜੋ ਮਾਣ ਅਤੇ ਮਰਿਯਾਦਾ ਬਖਸ਼ੀ ਹੈ, ਧੀ ਪੁੱਤਰਾਂ ਨੂੰ ਇਸ ਦਾ ਅੱਜਕੱਲ੍ਹ ਕਿਉਂ ਅਹਿਸਾਸ ਨਹੀਂ। ਸੱਤ ਸਮੁੰਦਰ ਪਾਰ ਤੂੰ ਬੈਠੀ, ਆਪੇ ਫਾਥੜੀਏ, ਆਪ ਸਹੇੜਿਆ ਜਾਲ ਮੱਕੜੀਏ, ਇਹ ਬਨਵਾਸ ਨਹੀਂ। ਰੂਹ ਤੇ ਚਾਬਕ ਪੈਂਦੇ ਅੱਜ ਵੀ, ਵੇਖ ਤੂੰ ਰਾਤ ਦਿਨੇ, ਜਿਸਮ ਬੇਸ਼ਰਮੀ ਮਿੱਟੀ ਜਿਸ ਤੇ, ਇੱਕ ਵੀ ਲਾਸ ਨਹੀਂ।
ਨੰਗੀ ਅੱਖ ਨੂੰ ਦਿਸਦੇ ਇਹ ਜੋ
ਨੰਗੀ ਅੱਖ ਨੂੰ ਦਿਸਦੇ ਇਹ ਜੋ ਟੁਕੜੇ ਵੰਗ ਦੇ ਨੇ। ਇਹ ਤਾਂ ਖਿੱਲਰੇ ਵਰਕੇ, ਮੇਰੀ ਰੂਹ ਦੇ ਅੰਗ ਦੇ ਨੇ। ਬੜਾ ਬਚਾਅ ਮੈਂ ਰੱਖਦਾਂ, ਖ਼ੁਦ ਨੂੰ ਅਸਲੀ ਨਾਗਾਂ ਤੋਂ, ਰੱਸੀਆਂ ਦੇ ਸੱਪ ਰੂਹ ਨੂੰ, ਐਪਰ ਰਹਿੰਦੇ ਡੰਗਦੇ ਨੇ। ਏਸ ਬੁਝਾਰਤ ਦਾ ਮੈਂ ਉੱਤਰ ਢੂੰਡ ਨਹੀਂ ਸਕਿਆ, ਮੇਰੇ ਸੁਪਨੇ ਮੈਥੋਂ ਹੀ, ਕਿਉਂ, ਰਹਿੰਦੇ ਸੰਗਦੇ ਨੇ। ਹੁਕਮਰਾਨ ਤੋਂ ਏਨੀ ਗੱਲ ਜੀ ਪੁੱਛ ਕੇ, ਦੱਸ ਦੇਣਾ, ਮੇਰੇ ਲਾਏ ਬਿਰਖ਼ਾਂ ਤੇ ਕਿਉਂ ਮੈਨੂੰ ਟੰਗਦੇ ਨੇ। ਸਰਹੱਦਾਂ ਤੇ ਖ਼ਤਰਾ, ਧੂੜਾਂ, ਸਾਇਰਨ ਗੂੰਜ ਰਹੇ, ਬਦਨੀਤਾਂ ਨੇ ਫੇਰ ਤਿਆਰੇ, ਕੀਤੇ ਜੰਗ ਦੇ ਨੇ। ਕੁਰਸੀ, ਕੁਰਸੀ, ਕੁਰਸੀ, ਅਸਲ ਨਿਸ਼ਾਨਾ ਤਾਕਤ ਹੈ, ਵੱਖ ਵੱਖ ਝੰਡੇ ਭਾਵੇਂ, ਅੰਦਰੋਂ ਇੱਕੋ ਰੰਗ ਦੇ ਨੇ। ਇਹਨਾਂ ਨੂੰ ਮਲਹਾਰ ਰਾਗ, ਜੀ ਫੇਰ ਸੁਣਾ ਲੈਣਾ, ਇਸ ਵੇਲੇ ਤਾਂ ਬਿਰਖ਼ ਬਰੂਟੇ ਪਾਣੀ ਮੰਗਦੇ ਨੇ। ਲਿੰਬਣ ਪੋਚਣ ਕਰਨਾ ਪੈਂਦੈ, ਪਿਆਰ ਮੁਹੱਬਤ ਦਾ, ਰਿਸ਼ਤੇ ਕੱਚੇ ਘਰ ਦੇ ਵਾਂਗ ਤਵੱਜੋ ਮੰਗਦੇ ਨੇ।
ਤੂੰ ਕਹਿੰਦਾ ਏ, ਇਹ ਆਜ਼ਾਦੀ
(ਕਾਮਾਗਾਟਾ ਮਾਰੂ ਜ਼ਹਾਜ਼ ਦੇ ਖ਼ੂਨੀ ਦੁਖਾਂਤ ਨੂੰ ਚਿਤਵ ਕੇ) ਤੂੰ ਕਹਿੰਦਾ ਏ, ਇਹ ਆਜ਼ਾਦੀ, ਸੁਪਨੇ ਦੀ ਪਰਵਾਜ਼ ਨਹੀਂ ਸੀ। ਮੈਂ ਕਹਿੰਦਾ ਹਾਂ, ਕਾਮਾਗਾਟਾ ਮਾਰੂ ਸਿਰਫ਼ ਜਹਾਜ਼ ਨਹੀਂ ਸੀ। ਸੱਤ ਸਮੁੰਦਰ ਜਾਗ ਪਏ ਤੇ ਤਰਬਾਂ ਛਿੜੀਆਂ, ਦੱਸ ਤੂੰ ਕਿੱਸਰਾਂ, ਜੇਕਰ ਸਾਡੇ ਬਾਬਿਆਂ ਪੱਲੇ, ਐਸਾ ਇੱਕ ਵੀ ਸਾਜ਼ ਨਹੀਂ ਸੀ। ਧਰਤ ਪਰਾਈ, ਗੋਰੇ ਸ਼ਾਹੀ, ਖੇਡੀ ਖ਼ੂਨੀ ਲੁਕਣ-ਮਚਾਈ, ਬੇਲਾ ਸਿੰਘ ਸੀ ਰਲ ਗਿਆ ਓਧਰ, ਉਸ ਨੂੰ ਦੁੱਧ ਦੀ ਲਾਜ ਨਹੀਂ ਸੀ। ਸਿੱਧੇ ਸਾਦੇ ਗਦਰੀ ਬਾਬੇ, ਸੀਸ ਤਲੀ ਤੇ ਧਰਕੇ ਆ ਗਏ, ਲੋਕ ਮਨਾਂ ਦੇ ਰਾਜੇ ਬਣ ਗਏ, ਭਾਵੇਂ ਸਿਰ ਤੇ ਤਾਜ ਨਹੀਂ ਸੀ। ਵਤਨ ਦੀ ਖ਼ਾਤਰ ਗਦਰ ਮਚਾਈਏ, ਸਰਬੱਤ ਖ਼ਾਤਰ ਜੀਵੀਏ, ਮਰੀਏ, ਇਸ ਤੋਂ ਪਹਿਲਾਂ ਏਸ ਤਰਜ਼ ਦੀ, ਉੱਠੀ ਕਦੇ ਆਵਾਜ਼ ਨਹੀਂ ਸੀ। ਜਿਹੜੀ ਉਮਰੇ, ਮੁੱਛ ਫੁੱਟ ਗੱਭਰੂ, ਤੁਰਿਆ, ਤੁਰ ਕੇ ਦਾਰ 'ਤੇ ਪੁੱਜਾ, ਤੂੰ ਕਿੰਜ ਕਹਿੰਨੈਂ, ਵੀਰ ਸਰਾਭਾ, ਉੱਡਣਾ ਪੁੱਡਣਾ ਬਾਜ਼ ਨਹੀਂ ਸੀ। ਖੜਗ ਢਾਲ ਤੋਂ ਬਿਨਾ ਆਜ਼ਾਦੀ, ਆਈ ਜੋ ਤੂੰ ਕੂਕ ਰਿਹਾ ਏਂ, ਚਰਖ਼ੇ ਨਾਲ ਲਿਆਇਆ, ਜਿਹੜੀ, ਬਾਪੂ ਵਾਲਾ ਦਾਜ ਨਹੀਂ ਸੀ।
ਕੱਲ੍ਹ ਸ਼ਾਮੀਂ ਜਦ ਤੱਕਿਆ ਮੈਂ ਤਾਂ
(ਕਲਕੱਤੇ ਦੇ ਬਜਬਲ ਘਾਟ ਤੋਂ ਪਰਤ ਕੇ) ਕੱਲ੍ਹ ਸ਼ਾਮੀਂ ਜਦ ਤੱਕਿਆ ਮੈਂ ਤਾਂ, ਬਜ ਬਜ ਘਾਟ ਉਦਾਸ ਜਿਹਾ ਸੀ। ਹੁਗਲੀ ਵਰਗਾ ਸੁਹਣਾ ਦਰਿਆ ਧਰਤੀ ਪਿੰਡੇ ਲਾਸ ਜਿਹਾ ਸੀ। ਪੂਰੀ ਸਦੀ ਗੁਜ਼ਾਰਨ ਮਗਰੋਂ, ਮਿਲੀਆਂ ਕੇਵਲ ਵੀਹ ਤੀਹ ਇੱਟਾਂ, ਯਾਦਗਾਰ ਵੀ ਕਾਹਦੀ ਐਵੇਂ, ਬੱਚਿਆਂ ਲਈ ਧਰਵਾਸ ਜਿਹਾ ਸੀ। ਡੁੱਲ੍ਹੇ ਖ਼ੂਨ 'ਚ ਰੱਤੀ ਮਿੱਟੀ, ਓਹਲੇ ਵਿੱਚ ਡੁਸਕਦੀ ਵੇਖੀ, ਲਾਟ ਸ਼ਹੀਦੀ ਦਾ ਚੁੱਪ ਰਹਿਣਾ, ਬੇਕਦਰੇ ਅਹਿਸਾਸ ਜਿਹਾ ਸੀ। ਘਰੋਂ ਮੁਸਾਫ਼ਿਰ ਬਣ ਕੇ ਚੱਲੇ, ਮੰਜ਼ਿਲ ਮਿਲੀ ਨਾ ਘਰ ਨੂੰ ਪਰਤੇ, ਪੱਥਰ ਉੱਕਰੇ ਨਾਵਾਂ ਪੱਲੇ, ਅੰਤਹੀਣ ਬਨਵਾਸ ਜਿਹਾ ਸੀ। ਹੇ ਧਰਤੀ ਦੇ ਅਣਖ਼ੀ ਜਾਇਉ, ਐਵੇਂ ਨਾ ਹੁਣ ਜਸ਼ਨ ਮਨਾਇਉ, ਜੇ ਨਹੀਂ ਪੜ੍ਹਨਾ ਅਸਲ ਸੁਨੇਹਾ, ਜੋ ਸੂਹੇ ਇਤਿਹਾਸ ਜਿਹਾ ਸੀ। ਵਰਕਾ ਵਰਕਾ ਖਿੱਲਰੀ ਪੋਥੀ, ਲਿਖਣਹਾਰ ਦਾ ਨਾਂ ਵੀ ਮਿਟਿਆ, ਅੱਥਰੂ ਅੱਥਰੂ ਸੁਪਨੇ ਦਾ ਵੀ, ਲੀਰੋ ਲੀਰ ਲਿਬਾਸ ਜਿਹਾ ਸੀ। ਹੋਰ ਸ਼ਤਾਬਦੀਆਂ ਦੇ ਵਾਂਗੂੰ, ਇਹ ਗੱਡੀ ਵੀ ਲੰਘ ਗਈ ਹੈ, ਸਾਡੇ ਹੁੰਦਿਆਂ ਸੁੰਦਿਆਂ ਸਹਿਕੇ, ਖ੍ਵਾਬ ਜੋ ਸੂਹੀ ਆਸ ਜਿਹਾ ਸੀ।
ਧੁੱਪਾਂ ਤੋਂ ਵੱਧ ਛਾਵਾਂ
ਧੁੱਪਾਂ ਤੋਂ ਵੱਧ ਛਾਵਾਂ ਤੋਂ ਡਰ ਲੱਗਦਾ ਹੈ। ਮੈਨੂੰ ਆਪਣੇ ਚਾਵਾਂ ਤੋਂ ਡਰ ਲੱਗਦਾ ਹੈ। ਆਪਣੇ ਸਿਰ ਤੋਂ ਉੱਚਾ ਜਦ ਤੋਂ ਹੋਇਆ ਹਾਂ, ਤੇਜ਼ ਤਰਾਰ ਹਵਾਵਾਂ ਤੋਂ ਡਰ ਲੱਗਦਾ ਹੈ। ਧਰਤੀ ਧਰਮ ਗਵਾਇਆ ਬਾਬਲ ਤਾਹੀਂਏ ਹੀ, ਧੀਆਂ ਨੂੰ ਹੁਣ ਮਾਵਾਂ ਤੋਂ ਡਰ ਲੱਗਦਾ ਹੈ। ਆਲ੍ਹਣਿਆਂ ਵਿਚ ਬੋਟ ਵਿਚਾਰੇ 'ਕੱਲ੍ਹੇ ਨੇ, ਘੁੱਗੀਆਂ ਨੂੰ ਹੁਣ ਕਾਵਾਂ ਤੋਂ ਡਰ ਲੱਗਦਾ ਹੈ। ਪਿੰਡੋਂ ਤੁਰ ਕੇ ਸ਼ਹਿਰੀਂ ਭਾਵੇਂ ਆ ਗਏ ਆਂ, ਹੁਣ ਵੀ ਪੱਕੀਆਂ ਥਾਵਾਂ ਤੋਂ ਡਰ ਲੱਗਦਾ ਹੈ। ਧਰਮ, ਕਰਮ, ਇਨਸਾਨ ਬਰਾਬਰ ਇੱਕੋ ਜਹੇ, ਵੰਨ ਸੁਵੰਨੇ ਨਾਵਾਂ ਤੋਂ ਡਰ ਲੱਗਦਾ ਹੈ। ਡਾਲਰ ਪੌਂਡ, ਰੁਪੱਈਏ ਨਾਲੋਂ ਡਾਢੇ ਨੇ, ਚੜ੍ਹਦੇ ਲਹਿੰਦੇ ਭਾਵਾਂ ਤੋਂ ਡਰ ਲੱਗਦਾ ਹੈ।
ਪੰਛੀ ਉਡਾਣ ਭਰ ਕੇ
ਪੰਛੀ ਉਡਾਣ ਭਰ ਕੇ ਸਾਗਰ 'ਚੋਂ ਜਾ ਰਿਹਾ ਹੈ। ਏਸੇ ਤੋਂ ਸਮਝ ਜਾਉ, ਤੂਫ਼ਾਨ ਆ ਰਿਹਾ ਹੈ। ਪੌਣਾਂ 'ਚ ਰੁਮਕੇ ਸਰਗਮ, ਸੁਣਦੀ ਹੈ ਰਾਗ ਕੁਦਰਤ, ਸੁਰਤੀ ਨੂੰ ਸੁਰ 'ਚ ਕਰਕੇ, ਇਹ ਕੌਣ ਗਾ ਰਿਹਾ ਹੈ। ਤਣਿਆਂ ਦੇ ਮੁੱਢ ਆਰੀ, ਫੇਰੇ ਬੇਕਿਰਕ ਹੋ ਕੇ, ਇਹ ਕੌਣ ਜਾਨ ਸਾਡੀ ਵਖ਼ਤਾਂ 'ਚ ਪਾ ਰਿਹਾ ਹੈ। ਤਲੀਆਂ ਤੇ ਸੀਸ ਧਰ ਕੇ, ਅੱਜ ਤੀਕ ਜੀਵੇ ਮਰ ਕੇ, ਹੁਣ ਫਿਰ ਸ਼ਹੀਦ ਬਾਬਾ, ਮਕਤਲ ਨੂੰ ਜਾ ਰਿਹਾ ਹੈ। ਸੂਰਜ ਦਾ ਤੇਜ਼ ਮੱਠਾ, ਪਰਿਵਾਰ ਹੈ ਚੁਫ਼ੇਰੇ, ਤਾਹੀਂਉਂ ਦੁਪਹਿਰ ਵੇਲੇ, ਹੁਣ ਨੇਰ੍ਹ ਛਾ ਰਿਹਾ ਹੈ। ਅੱਥਰੇ ਅਮੋੜ ਮਨ ਦਾ, ਹੈ ਬੇਲਗਾਮ ਘੋੜਾ, ਮਸਤਕ ਦੀ ਚੁੱਪ ਕਾਰਨ, ਇਹ ਕਹਿਰ ਢਾ ਰਿਹਾ ਹੈ। ਧਰਮਾਂ ਨੂੰ ਕਰਮ ਨਾਲੋਂ, ਤੋੜਨ ਮੁੱਲਾਣੇ ਪੰਡਿਤ, ਭਾਈ ਵੀ ਬਲਦੀਆਂ ਤੇ, ਕਿਉਂ ਤੇਲ ਪਾ ਰਿਹਾ ਹੈ। ਇਨਸਾਨ ਨਾਲ ਹਾਕਮ, ਕਰਦਾ ਮਜ਼ਾਕ ਕੈਸਾ, ਰੁੱਖਾਂ ਗਵਾਂਢ ਵੇਖੋ, ਆਰੇ ਵੀ ਲਾ ਰਿਹਾ ਹੈ। ਤਨ ਮਨ ਵਿਕਾਰ ਭਿੱਜੇ, ਕਾਮੀ, ਕਰੋਧੀ, ਲੋਭੀ, ਹੰਕਾਰ ਮੋਹ ਦਾ ਕੀੜਾ, ਰੂਹਾਂ ਨੂੰ ਖਾ ਰਿਹਾ ਹੈ।
ਅਕਲ ਦਾ ਅਸਲ ਟਿਕਾਣਾ ਹੁੰਦੈ
ਅਕਲ ਦਾ ਅਸਲ ਟਿਕਾਣਾ ਹੁੰਦੈ, ਚੁੱਪ ਦੀ ਚਾਰ ਦੀਵਾਰੀ ਅੰਦਰ। ਘੁੰਮ ਘੁੰਮਾ ਕੇ ਵੇਖ ਲਿਆ ਮੈਂ, ਭਟਕਣ ਤੇਜ਼ ਤਰਾਰੀ ਅੰਦਰ। ਥਿੜਕੇ ਪੈਰ, ਸੰਭਾਲ ਲਵੋਗੇ, ਪਰ ਨਾ ਭੁੱਲਿਓ ਅਸਲੀ ਮੰਤਰ, ਥਿੜਕੀ ਜੀਭ ਤਬਾਹ ਕਰ ਦੇਵੇ, ਹਸਤੀ ਦੁਨੀਆਂ ਸਾਰੀ ਅੰਦਰ। ਇਸ ਜ਼ਿੰਦਗੀ ਦਾ ਸੁਹਜ-ਸਲੀਕਾ, ਕੁੱਖ ਤੋਂ ਸਿਵਿਆਂ ਤੀਕ ਨਿਭੇਗਾ, ਕਿਉਂ ਪਾਲਾਂ ਮੈਂ ਨਾਗ ਦੇ ਬੱਚੇ, ਮਨ ਦੀ ਸੋਚ ਪਟਾਰੀ ਅੰਦਰ। ਉਹ ਖੁਸ਼ਬੋਈਆਂ ਕਿੱਥੇ ਮੋਈਆਂ, ਲੱਭਦਾ ਲੱਭਦਾ ਮੁੱਕ ਚੱਲਿਆ ਹਾਂ, ਫੁੱਲਾਂ ਵੇਲੇ ਜੋ ਹੁੰਦੀਆਂ ਸੀ, ਫੁੱਲਾਂ ਭਰੀ ਕਿਆਰੀ ਅੰਦਰ। ਮਨ ਦਾ ਪੰਛੀ ਉੱਡਣਾ ਚਾਹੁੰਦਾ, ਅੰਬਰੋਂ ਪਾਰ ਦੋਮੇਲ ਤੋਂ ਅੱਗੇ, ਮਰ ਚੱਲੇ ਆਂ ਕੈਦੀ ਬਣ ਕੇ, ਕੈਸੀ ਦੁਨੀਆਂਦਾਰੀ ਅੰਦਰ। ਤੋੜ ਕਿਉਂ ਜੰਜ਼ੀਰਾਂ ਪੈਰੋਂ, ਸੰਗਲ ਬੱਧੇ, ਨੱਕ ਨਕੇਲਾਂ, ਅਗਨ ਲਗਨ ਦੀ ਸਾਂਝੀ ਸ਼ਕਤੀ, ਭਰ ਕੇ ਸੱਟ ਕਰਾਰੀ ਅੰਦਰ। ਵਕਤ ਹਿਸਾਬ ਲਵੇਗਾ ਇੱਕ ਦਿਨ, ਤਾਜ ਤਖ਼ਤ ਦੇ ਸਾਈਆਂ ਕੋਲੋਂ, ਕਿੱਥੇ ਕਿੰਨੇ ਲੋਕ ਲਿਤਾੜੇ, ਮਰ ਗਏ ਜੋ ਲਾਚਾਰੀ ਅੰਦਰ।
ਵਰ੍ਹਿਆਂ ਪਿੱਛੋਂ ਇੱਕ ਵੀ ਸੁਪਨਾ
ਵਰ੍ਹਿਆਂ ਪਿੱਛੋਂ ਇੱਕ ਵੀ ਸੁਪਨਾ, ਹੋਇਆ ਜੇ ਸਾਕਾਰ ਨਹੀਂ ਹੈ। ਸਮਝ ਲਵੋ ਕਿ ਲੋਕਾਂ ਪੱਲੇ, ਤਿੱਖੀ ਕਲਮ-ਕਟਾਰ ਨਹੀਂ ਹੈ। ਮੇਰੀ ਪਿੱਠ ਦੇ ਪਿੱਛੇ ਪਿੱਛੇ, ਧੂੜ ਚੁਗਲੀਆਂ ਹੋਰ ਬੜਾ ਕੁਝ, ਇਹ ਸਾਰਾ ਕੁਝ ਹੁੰਦਿਆਂ ਸੁੰਦਿਆਂ, ਮੱਠੀ ਹੁਣ ਰਫ਼ਤਾਰ ਨਹੀਂ ਹੈ। ਆ ਬੈਠਾ ਏ ਭੇਸ ਬਦਲ ਕੇ, ਅੱਜ ਫਿਰ ਕਿੰਨੀਆਂ ਸਦੀਆਂ ਮਗਰੋਂ, ਔਰੰਗਜ਼ੇਬ ਅਜੇ ਵੀ ਓਹੀ, ਤਾਹੀਉਂ ਸਾਡਾ ਯਾਰ ਨਹੀਂ ਹੈ। ਆਪੋ ਅਪਣੇ ਕਿਲ੍ਹਿਆਂ ਖਾਤਰ, ਮਰ ਚੱਲੇ ਹੋ ਜੰਗਾਂ ਲੜਦੇ, ਅਮਨ ਦੀ ਰਾਖੀ ਖਾਤਰ ਬਣਿਆ, ਅੱਜ ਤੱਕ ਕਿਉਂ ਹਥਿਆਰ ਨਹੀਂ ਹੈ। ਸੰਗਤ ਦੇ ਵਿਚ ਪੰਗਤ ਲਾ ਕੇ, ਬਹਿ ਜਾਵੋ ਜੇ ਬਹਿਣਾ ਚਾਹੋ, ਧਰਮਸਾਲ ਦਾ ਧਰਮ ਨਿਭਾਉ, ਇਹ ਸ਼ਾਹੀ ਦਰਬਾਰ ਨਹੀਂ ਹੈ। ਉੱਚੀ ਥਾਂ ਤੇ ਬੈਠਿਆਂ ਨੂੰ ਮੈਂ, ਕਰਾਂ ਸਲਾਮਾਂ, ਨਾ-ਮੁਮਕਿਨ ਹੈ, ਫ਼ਰਜ਼ ਨਿਭਾਵਾਂ ਪਿਤਾ ਪੁਰਖੀਆ, ਇਹ ਮੇਰਾ ਹੰਕਾਰ ਨਹੀਂ ਹੈ। ਊਚ ਨੀਚ ਦੇ ਝਗੜੇ ਝੇੜੇ, ਵਧਦੇ ਜਾਂਦੇ ਕੌਣ ਨਿਬੇੜੇ, ਬੇਗਮਪੁਰ ਦੇ ਨਕਸ਼ੇ ਵਾਲਾ, ਵੱਸਦਾ ਕਿਉਂ ਸੰਸਾਰ ਨਹੀਂ ਹੈ।
ਖੁਸ਼ਬੂ ਦਾ ਫੁੱਲ ਤੋਂ ਵਿੱਛੜਨਾ
ਖੁਸ਼ਬੂ ਦਾ ਫੁੱਲ ਤੋਂ ਵਿੱਛੜਨਾ, ਕੀਹ ਕਹਿਰ ਕਰ ਗਿਆ। ਖਿੜਿਆ ਗੁਲਾਬ, ਆਪਣੇ , ਸਾਏ ਤੋਂ ਡਰ ਗਿਆ। ਸ਼ਬਦਾਂ ਨੂੰ ਇਮਤਿਹਾਨ ਵਿਚ ਪਾਇਆ ਸੀ ਵਕਤ ਨੇ, ਸਿਦਕਾਂ ਦੀ ਪਰਖ਼ ਵਾਸਤੇ, ਤਵੀਆਂ ਤੇ ਧਰ ਗਿਆ। ਹੰਝੂ ਦਾ ਅੱਖ 'ਚ ਠਹਿਰਨਾ, ਆਉਣਾ ਨਾ ਬਾਹਰ ਨੂੰ, ਧੜਕਣ ਨੂੰ ਏਹੋ ਹਾਦਸਾ, ਪੱਥਰ ਹੈ ਕਰ ਗਿਆ। ਆਇਆ ਤੂਫ਼ਾਨ, ਆਣ ਕੇ, ਰੁਕਿਆ ਨਾ ਅਟਕਿਆ, ਬਸਤੀ ਦੇ ਘਰ ਉਜਾੜ ਕੇ, ਖੰਡਰ ਹੈ ਕਰ ਗਿਆ। ਕਿੱਥੇ ਬਿਰਾਜਮਾਨ ਹੈਂ ਤੂੰ ਦਿਲ ਦੇ ਮਹਿਰਮਾ, ਦੇ ਜਾ ਉਧਾਰ ਜ਼ਖ਼ਮ ਫਿਰ, ਪਹਿਲਾ ਤਾਂ ਭਰ ਗਿਆ। ਗਰਜ਼ਾਂ ਦੇ ਡੂੰਘੇ ਸਾਗਰੀਂ, ਮੈਂ ਤੈਰਦਾ ਨਹੀਂ, ਓਹੀ ਹੈ ਲਾਸ਼ ਬਣ ਗਿਆ, ਜਿਹੜਾ ਵੀ ਤਰ ਗਿਆ। ਖਵਰੇ ਹਵਾ ਦੇ ਬੁੱਲੇ ਦੇ ਦਿਲ ਵਿਚ ਕੀ ਆ ਗਿਆ, ਟਾਹਣੀ 'ਤੋਂ ਫੁੱਲ ਤੋੜ ਕੇ, ਸਿਵਿਆਂ 'ਚ ਧਰ ਗਿਆ ।
ਤੂੰ ਮੈਥੋਂ ਦੂਰ ਨਾ ਜਾਹ
ਤੂੰ ਮੈਥੋਂ ਦੂਰ ਨਾ ਜਾਹ ਇਸ ਤਰ੍ਹਾਂ ਬੇ ਆਸਰਾ ਕਰਕੇ। ਮੈਂ ਕਿੱਦਾਂ ਜੀ ਸਕਾਂਗਾ, ਰੂਹ ਨੂੰ ਖ਼ੁਦ ਤੋਂ ਜੁਦਾ ਕਰਕੇ। ਮੈਂ ਤੇਰੀ ਦੋਸਤੀ ਤੋਂ ਜ਼ਿੰਦਗੀ ਬਲਿਹਾਰ ਜਾਂਦਾ ਹਾਂ, ਮੈਂ ਜੇਕਰ ਤੁਰ ਰਿਹਾਂ ਅੱਜ ਤੀਕ ਤਾਂ, ਤੇਰੀ ਦੁਆ ਕਰਕੇ। ਕਿਵੇਂ ਮਹਿਸੂਸ ਕਰਦਾ ਹੈ ਸਰੋਵਰ, ਪੁੱਛਣਾ ਚਾਹਾਂ, ਜਦੋਂ ਇਸ਼ਨਾਨ ਕਰਦੇ ਲੋਕ, ਪਾਪਾਂ ਦੀ ਸਜ਼ਾ ਕਰਕੇ। ਗੁਬਾਰਾ ਸ਼ਾਨ ਦਾ ਅੰਦਰੋਂ ਤੇ ਬਾਹਰੋਂ ਬਹੁਤ ਸੱਖਣਾ ਹੈ, ਇਹ ਧਰਤੀ ਛੱਡ ਅੰਬਰ ਘੁੰਮਦਾ, ਫੋਕੀ ਹਵਾ ਕਰਕੇ। ਅਜੰਤਾ ਤੇ ਅਲੋਰਾ ਵਿੱਚ ਜੇ ਅੱਜ ਬੋਲਦੇ ਪੱਥਰ, ਇਨ੍ਹਾਂ ਨੂੰ ਜੀਭ ਲੱਗੀ, ਵੇਖ ਲਉ ਕੇਵਲ ਕਲਾ ਕਰਕੇ। ਬੜਾ ਭੈ-ਭੀਤ ਕਰਦਾ ਹੈ ਹਨ੍ਹੇਰਾ, ਸੋਚ ਵਿਚ ਬੈਠਾ, ਹੁਣੇ ਮੈਂ ਪਰਤਿਆ ਹਾਂ, ਓਸ ਨੂੰ ਮਨ 'ਚੋਂ ਵਿਦਾ ਕਰਕੇ। ਕਿਸੇ ਵੀ ਧਰਮ ਨੂੰ, ਇਖ਼ਲਾਕ ਨੂੰ ਹੈ ਜ਼ਿੰਦਗੀ ਮਿਲਦੀ, ਕਦੇ ਸੂਲੀ, ਤਵੀ, ਸਰਹੰਦ ਜਾਂ ਫਿਰ ਕਰਬਲਾ ਕਰਕੇ।
ਬਹੁਤ ਨੇੜੇ ਆਣ ਕੇ
ਬਹੁਤ ਨੇੜੇ ਆਣ ਕੇ, ਫਿਰ ਦੂਰ ਤੂੰ ਜਾਇਆ ਨਾ ਕਰ। ਜੇ ਨਹੀਂ ਮਿਲਣਾ ਸਬੂਤਾ, ਖ੍ਵਾਬ ਵਿਚ ਆਇਆ ਨਾ ਕਰ। ਅੰਬਰੀਂ ਲਿਸ਼ਕੋਰ ਕਰਕੇ, ਪਰਤ ਜਾਵੇਂ, ਬਿਜਲੀਏ, ਨੇਰ੍ਹੀਆਂ ਗਲੀਆਂ ਨੂੰ ਲਾਰਾ, ਆਉਣ ਦਾ ਲਾਇਆ ਨਾ ਕਰ। ਬਹਿਣ ਦੇ ਧੁੱਪਾਂ 'ਚ ਮੈਨੂੰ, ਰਹਿਣ ਦੇ ਆਕਾਸ਼ ਹੇਠ, ਫੋਕੀਆਂ ਹਮਦਰਦੀਆਂ ਦਾ ਸਿਰ ਮਿਰੇ ਸਾਇਆ ਨਾ ਕਰ। ਮੈਂ ਨਿਰੰਤਰ ਤੁਰ ਰਿਹਾ ਹਾਂ, ਮਹਿਕ ਤੇਰੇ ਨਾਲ ਨਾਲ, ਤੇਜ਼ ਤੁਰ ਤੁਰ ਕੇ ਤੂੰ ਏਦਾਂ, ਦੂਰੀਆਂ ਪਾਇਆ ਨਾ ਕਰ। ਜੇ ਤੁਰੀ ਜਾਂਦੀ ਤੂੰ ਆਪੇ, ਫੁੱਲ-ਪੱਤੇ ਤੋੜਨੇ, ਵੇਲ, ਬੂਟੇ ਗਮਲਿਆਂ ਵਿਚ, ਫੇਰ ਤੂੰ ਲਾਇਆ ਨਾ ਕਰ। ਚਾਂਦਨੀ ਹੈ ਰਾਤ ਸਿਰ ਤੇ, ਤਾਰਿਆਂ ਦਾ ਜਾਲ ਹੈ, ਨਾ-ਮੁਰਾਦਾ, ਦੂਰ ਰਹਿ ਕੇ, ਨੇਰ੍ਹ ਤੂੰ ਪਾਇਆ ਨਾ ਕਰ। ਇੱਕ ਹੀ ਮੌਸਮ ਖਿੜਨ ਦਾ, ਮਿਲ ਗਿਆ ਹੈ, ਸਾਂਭ ਲੈ, ਤੂੰ ਹਵਾ ਦੇ ਨਾਲ ਰਲ ਕੇ, ਏਸ ਨੂੰ ਜ਼ਾਇਆ ਨਾ ਕਰ।
ਸ਼ਿਕਵੇ ਗਿਲੇ-ਗੁਜ਼ਾਰੀਆਂ
ਸ਼ਿਕਵੇ ਗਿਲੇ-ਗੁਜ਼ਾਰੀਆਂ। ਰੂਹ ਨੂੰ ਚੀਰਨ ਆਰੀਆਂ। ਤਾਅਨੇ, ਮਿਹਣੇ, ਤੋਹਮਤਾਂ, ਪਰਬਤ ਨਾਲੋਂ ਭਾਰੀਆਂ। ਦੁਸ਼ਮਣੀਆਂ ਦੇ ਸਾਹਮਣੇ, ਹੁਣ ਤਾਂ ਫਿੱਕੀਆਂ ਯਾਰੀਆਂ। ਤਕੜਾ ਹੋ ! ਮੈਂ ਆ ਗਿਆ, ਕਿਸ ਨੇ 'ਵਾਜ਼ਾਂ ਮਾਰੀਆਂ। ਮਿਲਣ ਨਾ ਸਾਨੂੰ ਦੇਂਦੀਆਂ, ਇਹ ਜੋ ਚਾਰ-ਦੀਵਾਰੀਆਂ। ਆਲ੍ਹਣਿਆਂ ਵਿਚ ਪਰਤ ਕੇ, ਸਾਂਭ ਲੈ ਜ਼ਿੰਮੇਂਵਾਰੀਆਂ। ਰੂਹ ਨੂੰ ਰੱਖੀਂ ਸਾਂਭ ਕੇ, ਰੁੱਤਾਂ ਟੂਣੇਹਾਰੀਆਂ।
ਰਿਸ਼ਤਿਆਂ ਵਿਚ ਗੁਲਕੰਦ ਘੋਲਦੀ ਮਾਂ ਬੋਲੀ
ਰਿਸ਼ਤਿਆਂ ਵਿਚ ਗੁਲਕੰਦ ਘੋਲਦੀ ਮਾਂ ਬੋਲੀ। ਦਿਲ ਦੇ ਗੁੱਝੇ ਭੇਤ ਖੋਲ੍ਹਦੀ ਮਾਂ ਬੋਲੀ। ਦੂਰ ਦੇਸ ਪਰਦੇਸ ਗੁਆਚੇ ਬੱਚਿਆਂ ਨੂੰ, ਫਿਰਦੀ ਦਿਨ ਤੇ ਰਾਤ ਟੋਲਦੀ ਮਾਂ ਬੋਲੀ। ਲੋਰੀ ਤੋਂ ਵੈਣਾਂ ਤੱਕ ਇਹ ਹੀ ਨਿਭਦੀ ਹੈ, ਲੰਘੇ ਖਹਿ ਕੇ ਰੂਹ ਕੋਲ ਦੀ ਮਾਂ ਬੋਲੀ। ਨਾ ਥਿੜਕੇ ਨਾ ਥਿੜਕਣ ਦੇਵੇ ਪੁੱਤਰਾਂ ਨੂੰ, ਜੋਤ ਅਲਾਹੀ ਨਹੀਂ ਡੋਲਦੀ ਮਾਂ ਬੋਲੀ। ਪੰਜ ਦਰਿਆਵਾਂ ਇਸ ਨੂੰ ਲੋਰੀਆਂ ਦਿੱਤੀਆਂ ਨੇ, ਗੀਤ ਅਗੰਮੀ ਰਹੇ ਬੋਲਦੀ ਮਾਂ ਬੋਲੀ। ਧਰਤੀ ਦੀ ਮਰਿਆਦਾ ਸਾਂਭੇ, ਦਏ ਨਿਆਂ, ਸਦਾ ਰਹੇ ਇਨਸਾਫ਼ ਤੋਲਦੀ ਮਾਂ ਬੋਲੀ। ਕੁੱਲ ਦੁਨੀਆਂ ਦਾ ਦੁਖ ਸੁਖ ਸਾਂਭੇ ਬੁੱਕਲ 'ਚ, ਧਰਮ ਭੈਣ ਹੈ, ਧਰਮ ੇਧੌਲ ਦੀ ਮਾਂ ਬੋਲੀ। ਪਰਦੇਸਾਂ ਵਿਚ ਬਣੇ ਸਹਾਰਾ ਕੱਲ੍ਹਿਆਂ ਦਾ, ਸਾਂਭੇ ਦਿਲ ਦੀ ਲਾਟ ਡੋਲਦੀ ਮਾਂ ਬੋਲੀ। ਸਦੀਆਂ ਲੰਮੀ ਅਗਨ ਪ੍ਰੀਖਿਆ ਦੇ ਕੇ ਵੀ, ਜੰਗਲਾਂ ਵਿਚੋਂ ਰਾਮ ਟੋਲਦੀ ਮਾਂ ਬੋਲੀ।
ਮੇਰਾ ਹਮਦਰਦ ਜਦ ਆਵੇ
ਮੇਰਾ ਹਮਦਰਦ ਜਦ ਆਵੇ, ਮੁਸੀਬਤ ਲੈ ਕੇ ਆਉਂਦਾ ਹੈ। ਭਲਾ ਸੁਖ ਨਾਲ ਕਿਹੜਾ ਕਬਰ ਤੇ ਦੀਵਾ ਜਗਾਉਂਦਾ ਹੈ। ਕੁੜਿੱਕੀ ਵਿਚ ਮੇਰੀ ਜਾਨ ਤੇ ਈਮਾਨ ਜਦ ਵੇਖੇ, ਅਜਬ ਹੈ ਜੋ ਮਸੀਹਾ, ਦੂਰ ਬਹਿ ਕੇ ਮੁਸਕਰਾਉਂਦਾ ਹੈ। ਮੈਂ ਇਸ ਤੋਂ ਦੂਰ ਜਾਵਾਂ ਕਿੰਜ, ਡਾਢੀ ਸ਼ਰਮਸਾਰੀ ਏ, ਮੇਰਾ ਕਿਰਦਾਰ ਮੈਨੂੰ ਰੋਜ਼ ਹੀ ਸ਼ੀਸ਼ਾ ਵਿਖਾਉਂਦਾ ਹੈ। ਕਦੇ ਅੱਗੇ, ਕਦੇ ਪਿੱਛੇ, ਜਿਵੇਂ ਕੋਈ ਪੈੜ ਨੱਪਦਾ ਹੈ, ਪਤਾ ਨਹੀਂ ਕੌਣ ਇਹ ਜੋ ਅਜਨਬੀ ਮੈਨੂੰ ਬੁਲਾਉਂਦਾ ਹੈ। ਮੈਂ ਅਕਸਰ ਸੋਚਦਾਂ, ਉੱਗੇ ਉਜਾੜੀਂ, ਬਿਰਖ਼ ਜਦ ਵੇਖਾਂ, ਕਿਵੇਂ ਬਲਦੀ ਦੁਪਹਿਰੇ ਸੁਰਖ਼ ਕੇਸੂ ਗੀਤ ਗਾਉਂਦਾ ਹੈ। ਜ਼ਮਾਨਾ 'ਨਾਇਕ' ਤੋਂ ਪਹਿਲਾਂ ਤਾਂ ਜੀਵਨਦਾਨ ਹੈ ਲੈਂਦਾ, ਤੇ ਮਗਰੋਂ ਚਾੜ੍ਹ ਫਾਂਸੀ, ਓਸ ਦੀ ਬਰਸੀ ਮਨਾਉਂਦਾ ਹੈ। ਮੈਂ ਸਿੱਧਾ ਤੁਰ ਰਿਹਾਂ ਸੂਰਜ ਦੀ ਸੇਧੇ, ਵੇਖਣਾ ਚਾਹੁੰਨਾਂ, ਮੇਰੇ ਪਰਛਾਵਿਆਂ ਬਿਨ ਕੌਣ ਮੇਰੇ ਮਗਰ ਆਉਂਦਾ ਹੈ।
ਮੁਸੀਬਤ ਪੈਣ ਤੇ ਹਰ ਆਦਮੀ
ਮੁਸੀਬਤ ਪੈਣ ਤੇ ਹਰ ਆਦਮੀ ਕਿਸ ਨੂੰ ਬੁਲਾਉਂਦਾ ਹੈ। ਤੁਸੀਂ ਇਹ ਆਪ ਦੱਸੋ, ਓਸ ਵੇਲੇ ਕੌਣ ਆਉਂਦਾ ਹੈ। ਤੁਸੀਂ ਬੱਚੇ ਨੂੰ ਕੱਢ ਕੇ ਕੁਤਕੁਤਾਰੀ ਆਪ ਹੀ ਵੇਖੋ, ਖ਼ੁਦਾ ਖ਼ੁਦ ਆਪ ਸਾਹਵੇਂ ਬੈਠ ਕੇ ਕਿੰਜ ਖਿੜਖਿੜਾਉਂਦਾ ਹੈ। ਤੁਸੀਂ ਜ਼ਹਿਮਤ ਨੂੰ ਕੱਟਣ ਵਾਸਤੇ, ਰਹਿਮਤ ਜਦੋਂ ਮੰਗੋ, ਹਮੇਸ਼ਾਂ ਆਦਮੀ ਦੇ ਰੂਪ ਵਿਚ, ਅੱਲ੍ਹਾ ਹੀ ਆਉਂਦਾ ਹੈ। ਕੋਈ ਪ੍ਰਭਾਤ ਵੇਲੇ ਲੰਘਿਐ, ਪਰਭਾਤੀਆਂ ਗਾਉਂਦਾ, ਇਵੇਂ ਲੱਗਾ ਜਿਵੇਂ ਰੱਬ ਆਪ ਹੀ ਕੋਈ ਸੁਰ ਅਲਾਉਂਦਾ ਹੈ। ਕਿਸੇ ਵੀ ਬਿਰਖ਼ ਦੀ ਟੀਸੀ ਤੇ ਝੂਮੇ ਜਦ ਕਰੂੰਬਲ ਤਾਂ, ਹਮੇਸ਼ਾਂ ਜਾਪਦੈ, ਰੱਬ ਵਜਦ ਅੰਦਰ ਗੀਤ ਗਾਉਂਦਾ ਹੈ। ਜਦੋਂ ਫੁੱਲਾਂ 'ਚ ਰੰਗ ਭਰਦੈ, ਜਾਂ ਆਵੇ ਰਸ ਅਨਾਰਾਂ 'ਚ, ਮੇਰਾ ਬਲਿਹਾਰੀਆ ਕੁਦਰਤਿ 'ਚ ਸਿੱਧਾ ਆਪ ਆਉਂਦਾ ਹੈ। ਜਦੋਂ ਝੂਮਣ ਸ਼ਰੀਂਹ ਦੇ ਛਣਕਣੇ ਜਾਂ ਸਣ ਦੀਆਂ ਫ਼ਲੀਆਂ, ਤਾਂ ਜਾਪੇ ਖ਼ੁਦ ਖ਼ੁਦਾ ਹੀ ਰੂਹ ਦੀਆਂ ਤਰਬਾਂ ਹਿਲਾਉਂਦਾ ਹੈ। ਤੁਸੀਂ ਅਹਿਸਾਸ ਤੋਂ ਬਿਨ ਤਰੇਲ ਮੋਤੀ ਵੇਖ ਨਹੀਂ ਸਕਦੇ, ਕਿਵੇਂ ਅਸਮਾਨ ਰਾਤੀਂ, ਤਰਲ ਹੋ ਧਰਤੀ ਤੇ ਆਉਂਦਾ ਹੈ।
ਜੇ ਕਿਰਤੀ ਦਾ ਅੱਜ ਤੱਕ ਬਣਿਆ
ਜੇ ਕਿਰਤੀ ਦਾ ਅੱਜ ਤੱਕ ਬਣਿਆ ਧਰਤੀ ਤੇ ਸਤਿਕਾਰ ਨਹੀਂ ਹੈ। ਹਰ ਮੁਟਿਆਰ ਦੇ ਖ੍ਵਾਬ 'ਚ ਤਾਹੀਉਂ, ਕਾਮਾ ਰਾਜਕੁਮਾਰ ਨਹੀਂ ਹੈ। ਹਰ ਮਾਂ ਹੁੰਦੀ ਵੱਡੀ ਬੁੱਕਲ, ਪੁੱਤਰ, ਧੀਆਂ, ਟੱਬਰ ਸਾਂਭੇ, ਇਸ ਧਰਤੀ ਦੇ ਉੱਤੇ ਫਿਰ ਕਿਉਂ, ਮਮਤਾ ਦਾ ਸਤਿਕਾਰ ਨਹੀਂ ਹੈ। ਕੱਲ੍ਹ ਦੀ ਗੱਲ ਹੈ, ਏਸ ਜਵਾਨੀ ਦਰਿਆ ਡੱਕੇ, ਪਰਬਤ ਚੀਰੇ, ਅੱਜ ਵੀ ਸਭ ਕੁਝ ਕਰ ਸਕਦੀ ਹੈ, ਏਨੀ ਵੀ ਲਾਚਾਰ ਨਹੀਂ ਹੈ। ਲੈਨਿਨ ਬਾਬੇ ਠੀਕ ਕਿਹਾ ਸੀ, ਜੋ ਕੁਝ ਸੁਣਦੇ ਧੀਆਂ ਪੁੱਤਰ, ਓਹੀ ਦੱਸਦਾ ਦੇਸ਼ ਦਾ ਚਿਹਰਾ, ਰੋਗੀ ਜਾਂ ਬੀਮਾਰ ਨਹੀਂ ਹੈ। ਇਸ ਨੂੰ ਵਰਤਣ ਵਾਲਿਉ ਸੋਚੋ, ਅਗਨ, ਲਗਨ ਤੇ ਵੇਗ ਜਵਾਨੀ, ਸ਼ਕਤੀ ਹੈ ਇਹ ਆਦਿ-ਜੁਗਾਦੀ, ਇਹ ਮਾਰੂ ਹਥਿਆਰ ਨਹੀਂ ਹੈ। ਚੌਂਕ ਚੁਰਸਤੇ ਮੱਲ ਕੇ ਬੈਠੇ, ਪੇਸ਼ਾਵਰ ਇਹ ਮੰਗਣਹਾਰੇ, ਇਹਨਾਂ ਤਾਈਂ ਦਾਨ-ਦਖਸ਼ਣਾ ਦੇਣਾ ਤਾਂ ਉਪਕਾਰ ਨਹੀਂ ਹੈ। ਹਰ ਕੁਰਸੀ ਦੀ ਰਾਖੀ ਬੈਠੇ, ਦਿਨ ਤੇ ਰਾਤ ਵਰਦੀਆਂ ਵਾਲੇ, ਹੱਕ ਸੱਚ ਇਨਸਾਫ਼ ਦਾ ਰਾਖਾ, ਇੱਕ ਵੀ ਪਹਿਰੇਦਾਰ ਨਹੀਂ ਹੈ।
ਉਸ ਦਿਨ ਅੰਬਰ ਕਾਲਾ ਹੋਇਆ
ਉਸ ਦਿਨ ਅੰਬਰ ਕਾਲਾ ਹੋਇਆ, ਜਿਸ ਦਿਨ ਸਾਡਾ ਯਾਰ ਤੁਰ ਗਿਆ। ਹਾਸੇ ਤੁਰ ਗਏ, ਮਹਿਫ਼ਲ ਛੱਡ ਕੇ, ਸਾਡੇ 'ਚੋਂ ਸਰਦਾਰ ਤੁਰ ਗਿਆ। ਸੁਰ ਤੇ ਸ਼ਬਦ ਉਡੀਕ ਰਹੇ ਨੇ, ਆ ਜਾਵੇਗਾ ਰਾਤ-ਬ-ਰਾਤੇ, ਮੁੜਿਆ ਹੀ ਨਹੀਂ ਸੁਪਨੇ ਵਾਂਗੂੰ, ਬਿਨ ਕੀਤੇ ਇਕਰਾਰ ਤੁਰ ਗਿਆ। ਸ਼ਬਦ ਤੇਰੇ ਦਾ, ਤੇਰੇ ਮਗਰੋਂ, ਕੀਹ ਬਣਨਾ ਹੈ, ਨਹੀਂ ਸੋਚਿਆ, ਗੱਠੜੀ ਬੰਨ੍ਹੀ, ਬਿਨ ਦੱਸੇ ਉਹ, ਲੈ ਕੇ ਰੂਹ ਤੇ ਭਾਰ ਤੁਰ ਗਿਆ। ਖੰਡ ਬ੍ਰਹਿਮੰਡ ਵੀ ਫ਼ੋਲੇ ਸਾਰੇ, ਧਰਤੀ ਭਾਲੀ, ਅੰਬਰ ਗਾਹਿਆ, ਸੂਰਜ ਕਿਰਨ ਮਿਲੀ ਤੇ ਮਿਲ ਕੇ, ਅਹੁ ਅੰਬਰ ਤੋਂ ਪਾਰ ਤੁਰ ਗਿਆ। ਏਨਾ ਵੀ ਨਿਰਮੋਹਾ ਹੋਣਾ, ਪਤਾ ਨਹੀਂ ਉਸ ਕਿੱਥੋਂ ਸਿੱਖਿਆ, ਰੂਹ ਦਾ ਜਾਣੀ ਜਾਣ ਪਿਆਰਾ, ਏਨਾ ਕਹਿਰ ਗੁਜ਼ਾਰ ਤੁਰ ਗਿਆ। ਦਮ ਆਉਂਦਾ ਸੀ, ਜਦ ਤਾਂ ਵੇਖੋ, ਕਿੱਥੇ ਕਿੱਥੇ ਉੱਡਿਆ ਫਿਰਿਆ, ਦਮ ਟੁੱਟਿਆ ਤਾਂ ਉਸਦੇ ਮਗਰੇ, ਜ਼ਿੰਦਗੀ ਦਾ ਇਤਬਾਰ ਤੁਰ ਗਿਆ। ਮੀਸ਼ਾ, ਤਖ਼ਤ ਉਜਾੜ ਗਿਆ ਤੇ ਚੰਦ ਤੋਂ ਮਗਰੋਂ ਠਾਕੁਰ ਤੁਰਿਆ, ਦੀਪਕ ਬੁਝਿਆ, ਮੁਰਸ਼ਦ ਤੁਰਿਆ, ਦਿਨ ਚੜ੍ਹਦੇ ਜਗਤਾਰ ਤੁਰ ਗਿਆ।
ਅਕੀਦਾ ਤੁਰਨ ਦਾ ਕਰੀਏ
ਅਕੀਦਾ ਤੁਰਨ ਦਾ ਕਰੀਏ ਤੇ ਅੰਬਰ ਧਰਤ ਗਾਹ ਲਈਏ। ਕਿ ਚੁੱਭੀ ਮਾਰ ਕੇ ਸਾਗਰ 'ਚ, ਇਸ ਦੇ ਤਲ ਦੀ ਥਾਹ ਲਈਏ। ਹਮੇਸ਼ਾਂ ਰੀਝ ਦੀ ਖੱਡੀ, ਬੇਗਾਨਾ ਸੂਤ ਬੁਣਦੇ ਹਾਂ, ਚਲੋ ਚਾਵਾਂ ਦੇ ਰੂੰ ਨੂੰ ਪਿੰਜ ਕੇ, ਚਰਖ਼ੀ ਹੀ ਡਾਹ ਲਈਏ। ਅਸੀਂ ਇਤਿਹਾਸ ਦੇ ਵਰਕਾਂ ਤੋਂ, ਇੱਕ ਵੀ ਸਬਕ ਨਹੀਂ ਸਿੱਖਿਆ, ਚਲੋ ਅਪਣੇ ਗਲਾਂ 'ਚੋਂ ਇਹ ਪੁਰਾਣਾ ਤੌਕ ਲਾਹ ਲਈਏ। ਅਸਾਨੂੰ ਬੰਧਨਾਂ ਤੋਂ ਮੁਕਤ ਕਰ ਜੋ, ਦੂਰ ਤੁਰ ਗਏ ਨੇ, ਸ਼ਹਾਦਤ ਦੇਣ ਵਾਲੇ ਪੁਰਖਿਆਂ ਦਾ ਭਾਰ ਲਾਹ ਲਈਏ। ਕਦੇ ਵੀ ਧਾਰ ਖੰਡੇ ਦੀ ਤੇ ਤੁਰਦੇ ਅਟਕ ਨਾ ਜਾਣਾ, ਮੁਕਾਈਏ ਸਫ਼ਰ ਪਹਿਲਾਂ, ਫੇਰ ਮਗਰੋਂ ਬਹਿ ਕੇ ਸਾਹ ਲਈਏ। ਕਦੇ ਵੀ ਜਿਸਮ ਨੂੰ ਖੁਸ਼ਬੂ ਦੇ ਰਾਹ ਵਿਚ ਆਉਣ ਨਾ ਦੇਣਾ, ਜਦੋਂ ਇੱਕ ਵਾਰ ਧੜਕਣ ਮੇਲ ਦੀ ਨੂੰ, ਦਿਲ ਤੋਂ ਚਾਹ ਲਈਏ। ਅਸੀਂ ਅੱਜ ਤੀਕ ਇਸ ਮਿੱਟੀ ਦੀ ਖਸਲਤ ਖ਼ੁਦ ਨਹੀਂ ਸਮਝੀ, ਚਲੋ ਦਾਨਿਸ਼ਵਰੀ ਦੀ ਧਰਤ ਨੂੰ ਖ਼ੁਦ ਆਪ ਵਾਹ ਲਈਏ।
ਧੜਕਣਾਂ ਵਿਚ ਚੋਰ ਵਾਂਗੂੰ
ਧੜਕਣਾਂ ਵਿਚ ਚੋਰ ਵਾਂਗੂੰ, ਤੂੰ ਕਦੇ ਆਇਆ ਨਾ ਕਰ। ਇਸ ਤਰ੍ਹਾਂ ਕੁਝ ਆਖ ਕੇ ਤੂੰ ਹੌਸਲਾ ਢਾਇਆ ਨਾ ਕਰ। ਅੱਖ ਤੋਂ ਅੱਖ ਤੀਕ ਤੁਰਦਾ ਨੂਰ ਸਿੱਧੀ ਸੇਧ ਵਿੱਚ, ਤੂੰ ਮੁਹੱਬਤ ਨੂੰ ਕਦੇ ਵੀ, ਰਾਹ 'ਚ ਉਲਝਾਇਆ ਨਾ ਕਰ। ਮੈਂ ਤੇਰੇ ਸ਼ਬਦਾਂ ਤੋਂ ਅੱਗੇ, ਬਹੁਤ ਅੱਗੇ ਤੁਰ ਗਿਆਂ, ਯਾਦ ਆਖੇ ਲੱਗ ਕੇ, ਤੂੰ ਮਗਰ ਵੀ ਆਇਆ ਨਾ ਕਰ। ਮੈਂ ਕਿਸੇ ਵੀ ਬਿਰਖ਼ ਨੂੰ, ਤਪਦੇ ਥਲਾਂ ਵਿਚ ਕੀਹ ਕਰਾਂ, ਮਿਹਰ ਕਰ ਤੂੰ, ਦਿਲਜਲੇ ਨੂੰ, ਇਸ ਤਰ੍ਹਾਂ ਤਾਇਆ ਨਾ ਕਰ। ਖਿੜਦੀਆਂ ਸਰੋਂਆਂ ਜਦੋਂ, ਕਣਕਾਂ 'ਚ ਤਿੱਤਰ ਬੋਲਦੇ, ਓਸ ਰੁੱਤੇ ਯਾਦ ਆ ਕੇ, ਪਰਖ਼ ਵਿਚ ਪਾਇਆ ਨਾ ਕਰ। ਮੈਂ ਤੇਰੀ ਛਾਵੇਂ ਗੁਜ਼ਾਰਾਂ ਜ਼ਿੰਦਗੀ ਤੇ ਚੁੱਪ ਰਹਾਂ, ਪਰਤ ਜਾਹ ਇਹ ਛਤਰ ਲੈ ਕੇ, ਸਿਰ ਮਿਰੇ ਸਾਇਆ ਨਾ ਕਰ। ਨਿੱਕੀਆਂ ਗਰਜ਼ਾਂ ਦੀ ਖਾਤਰ, ਮੈਂ ਨਾ ਜਿੰਦੇ ਉਲਝਣਾ, ਤੂੰ ਮੇਰੀ ਸ਼ਕਤੀ ਨੂੰ ਐਵੇਂ ਖਾਹ-ਮ-ਖਾਹ ਜ਼ਾਇਆ ਨਾ ਕਰ।
ਸੁਣਿਆ ਕਰ ਤੂੰ, ਅੰਬਰ ਵਿਚ ਜੋ
ਸੁਣਿਆ ਕਰ ਤੂੰ, ਅੰਬਰ ਵਿਚ ਜੋ ਤਾਰੇ ਗੱਲਾਂ ਕਰਦੇ ਨੇ। ਵੇਖ ਕਿਵੇਂ, ਜਿਉਂ ਵਖ਼ਤਾਂ ਮਾਰੇ, ਸਾਰੇ ਗੱਲਾਂ ਕਰਦੇ ਨੇ। ਅੱਖੀਆਂ ਦੇ ਵਿੱਚ ਅੱਥਰੂ ਡਲ੍ਹਕਣ, ਠੰਡੀਆਂ ਆਹਾਂ ਭਰਨ ਪਏ, ਰਾਤ ਦੇ ਕੰਨ ਵਿੱਚ ਸੁਣ ਲੈ ਕੀਹ ਦੁਖਿਆਰੇ ਗੱਲਾਂ ਕਰਦੇ ਨੇ। ਸੁਣੋ ਸਿਆਸਤਦਾਨਾਂ ਨੂੰ ਤਾਂ ਇੰਜ ਕਿਉਂ ਲੱਗਦਾ ਰਹਿੰਦਾ ਏ, ਗਿਰਗਿਟ ਵਰਗੇ ਬੰਦੇ ਬੇਇਤਬਾਰੇ ਗੱਲਾਂ ਕਰਦੇ ਨੇ। ਸਿਦਕ ਸਬੂਰੀ ਵਾਲਿਆਂ ਤਾਈਂ, ਚੀਰ ਚੀਰ ਕੇ ਹਾਰ ਗਏ, ਮੈਂ ਸੁਣਿਆ ਹੈ, ਜ਼ਾਲਮ ਦੇ ਘਰ ਆਰੇ ਗੱਲਾਂ ਕਰਦੇ ਨੇ। ਬੈਠ ਰਹੋ ਤਾਂ ਚਾਰ ਚੁਫ਼ੇਰੇ, ਚੁੱਪ ਦਾ ਪਹਿਰਾ ਰਹਿੰਦਾ ਹੈ, ਤੁਰ ਪਉ ਤਾਂ ਫਿਰ ਅੰਨ੍ਹੇ ਬੋਲੇ ਸਾਰੇ ਗੱਲਾਂ ਕਰਦੇ ਨੇ। ਕਹੀਆਂ ਤੇ ਅਣਕਹੀਆਂ ਰਲ ਕੇ, ਦਰਦ ਸਮੁੰਦਰ ਭਰ ਚੱਲਿਆ, ਪਲਕੀਂ ਡੱਕੇ ਹਾਉਕੇ ਹੰਝੂ, ਖ਼ਾਰੇ ਗੱਲਾਂ ਕਰਦੇ ਨੇ। ਸਾਡੇ ਪੁੱਤਰ ਕਿੱਥੇ ਤੁਰ ਗਏ, ਸੁਣਿਐਂ ਸ਼ਹਿਰੀਂ ਰਹਿੰਦੇ ਨੇ, ਸਾਡੇ ਪਿੰਡ ਦੇ ਕੱਚੇ ਕੋਠੇ, ਢਾਰੇ ਗੱਲਾਂ ਕਰਦੇ ਨੇ।
ਵੇਖ ਲੈ ਦਿਲ ਦਾ ਸਮੁੰਦਰ
ਵੇਖ ਲੈ ਦਿਲ ਦਾ ਸਮੁੰਦਰ ਵੇਖ ਲੈ। ਕਿੰਨਾ ਕੁਝ ਹੈ, ਏਸ ਅੰਦਰ ਵੇਖ ਲੈ। ਦਿਲ ਨਿਰੰਤਰ ਧੜਕਦਾ ਹੈ, ਜਿਸ ਜਗਹ, ਬਿਨ ਇਮਾਰਤ ਤੋਂ ਉਹ ਮੰਦਰ ਦੇਖ ਲੈ। ਮੈਂ ਵੀ ਨਾਰੋਵਾਲ ਨੂੰ ਹਾਂ ਤਰਸਦਾ, ਤੂੰ ਵੀ ਆ, ਰਾਹੋਂ ਜਲੰਧਰ ਵੇਖ ਲੈ। ਰਾਹਜ਼ਨ ਰਾਹਾਂ 'ਚ ਬਹਿ ਗਏ ਆਣ ਕੇ, ਰਹਿਬਰੀ ਬਣਿਆ ਆਡੰਬਰ ਦੇਖ ਲੈ। ਜੋ ਵੀ ਮਾਲਕ ਚਾਹ ਰਿਹਾ ਉਹ ਬੋਲਦੈ, ਵਕਤ ਦੇ ਸਾਹਵੇਂ ਕਲੰਦਰ ਵੇਖ ਲੈ। ਹੱਥ ਵੀ ਸ਼ੁਭ ਕਰਮ ਕਰਨੋਂ ਹਟ ਗਏ ਪੈਰਾਂ ਨੂੰ ਗਰਜ਼ਾਂ ਦੇ ਜੰਦਰ ਵੇਖ ਲੈ। ਬੇ ਜ਼ਮੀਰੇ ਮਾਣਦੇ ਨੇ ਡੋਲ਼ੀਆਂ, ਕਲਯੁਗੀ ਕੋਝਾ ਸਵੰਬਰ ਦੇਖ ਲੈ।
ਮੁਹੱਬਤ ਬਹੁਤ ਲੰਮੀ ਖ਼ੁਦਕੁਸ਼ੀ
ਮੁਹੱਬਤ ਬਹੁਤ ਲੰਮੀ ਖ਼ੁਦਕੁਸ਼ੀ ਹੈ। ਭੁਲੇਖੇ ਵਿੱਚ ਆਖਣ ਬੰਦਗੀ ਹੈ। ਕਦੇ ਇਕਰਾਰ ਤੇ ਇਨਕਾਰ ਕਰਨਾ, ਨਿਰੰਤਰ ਖੂਬਸੂਰਤ ਦਿਲ ਲਗੀ ਹੈ। ਗੁਆਚੀ ਪੈੜ ਲੱਭਣੀ ਸ਼ੁਤਰ ਵਾਲੀ, ਕਿਸੇ ਸੱਸੀ ਦੀ ਕੈਸੀ ਸਾਦਗੀ ਹੈ। ਮੈਂ ਤੇਰੀ ਨਜ਼ਰ ਨੂੰ ਪਰਵਾਨ ਹੋਵਾਂ, ਨਿਰੰਤਰ ਨਾਲ ਤੁਰਦੀ ਤਿਸ਼ਨਗੀ ਹੈ। ਕਿਤੇ ਵੀ ਬਹਿਣ ਨਾ ਦੇਵੇ ਘੜੀ ਪਲ, ਮੇਰੇ ਮੱਥੇ 'ਚ ਜੋ ਆਵਾਰਗੀ ਹੈ। ਕਿਵੇਂ ਮਕਤਲ 'ਚ ਆ ਕੇ ਪਰਤ ਜਾਵਾਂ, ਮੇਰੇ ਬਾਪੂ ਮੁਤਾਬਕ ਬੁਜ਼ਦਿਲੀ ਹੈ। ਹਵਾ ਵਿਚ ਫ਼ੈਲ ਗਈ ਹੈ ਮਹਿਕ ਜਿੱਦਾਂ, ਮੁਹੱਬਤ ਇਹ ਤੇਰੀ ਦਰਿਆਦਿਲੀ ਹੈ।
ਧਰਮ ਕਰਮ ਨੂੰ ਪਰਖ਼ਣ ਖਾਤਰ
ਧਰਮ ਕਰਮ ਨੂੰ ਪਰਖ਼ਣ ਖਾਤਰ, ਵਕਤ ਸ਼ਰਾਰਤ ਕਰ ਜਾਂਦਾ ਹੈ। ਕੂੜ ਅਮਾਵਸ ਏਨੀ ਗੂੜ੍ਹੀ, ਸੱਚ ਹਮੇਸ਼ਾਂ ਹਰ ਜਾਂਦਾ ਹੈ। ਤਨ ਦੇ ਨੇੜੇ, ਮਨ ਤੋਂ ਦੂਰੀ, ਮਿੱਟੀ ਨੂੰ ਮਿੱਟੀ ਹੈ ਲੱਭਦੀ, ਰੂਹ ਦਾ ਰਿਸ਼ਤਾ ਜੋੜੀਂ ਮਿੱਤਰਾ, ਦਿਲ ਤਾਂ ਜਲਦੀ ਭਰ ਜਾਂਦਾ ਹੈ। ਚੰਨ ਚਾਨਣੀ ਰਾਤ ਦੇ ਅੰਦਰ, ਧਰ ਜਾ ਦੀਵਾ ਦਿਲ ਦੇ ਮੰਦਰ, ਮਿਲ ਜਾਵੇਂ ਤਾਂ ਸੁਰਖ਼ ਸਵੇਰਾ, ਫਿਰ ਸੂਰਜ ਬਿਨ ਸਰ ਜਾਂਦਾ ਹੈ। ਰੂਹ ਦੇ ਬਹੁਤ ਨਜ਼ੀਕ ਜਹੀ ਏਂ, ਤੂੰ ਚਾਨਣ ਦੀ ਲੀਕ ਜਹੀ ਏਂ, ਤੇਰੇ ਨੈਣੀਂ ਡੁੱਬਿਆ ਬੰਦਾ, ਸੁਣਿਐ ਮਰ ਕੇ ਤਰ ਜਾਂਦਾ ਹੈ। ਜੋ ਅੱਜ ਤੀਕ ਸਮਝ ਨਾ ਆਇਆ, ਧਰਤੀ ਮੈਨੂੰ ਅੱਜ ਸਮਝਾਇਆ, ਸ਼ਾਮੀਂ ਲੁਕਦਾ ਫਿਰਦੈ ਸੂਰਜ, ਲੋਕੀਂ ਸਮਝਣ ਘਰ ਜਾਂਦਾ ਹੈ। ਕਿਉਂ ਬਿਰਖਾਂ ਨੂੰ ਜੜ੍ਹੋਂ ਹਿਲਾਵੇਂ, ਤਿੜਕੇ ਆਲ੍ਹਣਿਆਂ ਦੇ ਢਾਹਵੇਂ, ਮੇਰਾ ਦਿਲ ਮਾਸੂਮ ਪਰਿੰਦਾ, ਟਾਹਣੀ ਹਿੱਲਿਆਂ ਡਰ ਜਾਂਦਾ ਹੈ। ਘਰ ਦੀ ਚਾਰ ਦੀਵਾਰੀ ਅੰਦਰ, ਖੇਤਰੀਆਂ ਨੂੰ ਮੁੜ ਮੁੜ ਬੀਜਾਂ, ਹਰੀ ਕਚੂਰ ਕਿਆਰੀ ਮੇਰੀ, ਖਵਰੇ ਕਿਹੜਾ ਚਰ ਜਾਂਦਾ ਹੈ।
ਜਿੰਦੇ ਮੇਰੀਏ ਨਾ ਹੋਵੀਂ
ਜਿੰਦੇ ਮੇਰੀਏ ਨਾ ਹੋਵੀਂ ਕਦੇ ਏਨੀ ਤੂੰ ਉਦਾਸ। ਬੁੱਤ ਰਹਿ ਜਾਵੇ ਕੱਲ੍ਹਾ, ਉੱਡੇ ਹੋਸ਼ ਤੇ ਹਵਾਸ। ਏਸ ਜ਼ਿੰਦਗੀ 'ਚ ਸੋਹਣੇ ਫੁੱਲ ਕੀਹਦੇ ਹਿੱਸੇ ਆਏ, ਕਿਤੇ ਕੰਡਿਆਂ ਦੀ ਸੇਜ ਕਿਤੇ ਜ਼ਹਿਰ ਦਾ ਗਲਾਸ। ਵੇਖ ਆਪਣੇ ਤੋਂ ਦੂਰ ਹੋ ਕੇ ਦੁਨੀਆਂ ਦਾ ਮੇਲਾ, ਏਥੇ ਬਹੁਤ ਸਾਰੇ ਫ਼ੇਲ੍ਹ ਅਤੇ ਕੋਈ ਕੋਈ ਪਾਸ। ਤੇਰੇ ਕੋਲ ਕੋਲ ਮੰਜ਼ਿਲਾਂ ਨੇ, ਇਹਨਾਂ ਨੂੰ ਪਛਾਣ, ਕਦੇ ਉੱਡਣੇ ਪਰਿੰਦੇ, ਖ੍ਵਾਬ ਹੋਣ ਨਾ ਉਦਾਸ। ਜਿਵੇਂ ਫੁੱਲਾਂ ਵਿੱਚ ਰੰਗ ਖੁਸ਼ਬੋਈ ਰਹਿਣ 'ਕੱਠੇ, ਉਵੇਂ ਸੁਰ ਅਤੇ ਤਾਲ ਹੁੰਦੇ ਗੀਤ ਦਾ ਲਿਬਾਸ। ਮੈਨੂੰ ਆਪਣੇ 'ਚੋਂ ਵੇਖ ਅਤੇ ਸਾਹਾਂ 'ਚੋਂ ਪਛਾਣ, ਏਥੇ ਹਾਉਕਿਆਂ ਦੇ ਵਾਂਗ ਮੇਰੀ ਚੁੱਪ ਦਾ ਨਿਵਾਸ। ਦਿਲਾ ਐਵੇਂ ਨਾ ਤੂੰ ਪਰਖ਼ਾਂ 'ਚ ਪਾਇਆ ਕਰ ਮੈਨੂੰ, ਤੇਰੀ ਟਿਕ ਟਿਕ ਟਿਕ ਦਾ ਹੈ ਮੈਨੂੰ ਧਰਵਾਸ।
ਕਿੰਨੀ ਵਾਰੀ ਲਿਖਿਆ
ਕਿੰਨੀ ਵਾਰੀ ਲਿਖਿਆ ਤੇ ਕਿੰਨੀ ਵਾਰੀ ਮੇਟਿਆ। ਦਰਦਾਂ ਨੂੰ ਵੇਖ ਕਿੱਦਾਂ, ਚੁੱਪ 'ਚ ਸਮੇਟਿਆ। ਅੱਗ ਦੇ ਅਨਾਰ ਕਦੇ ਹੱਥਾਂ ਵਿੱਚ ਫੜੀਂ ਨਾ, ਲੋਕਾਂ ਨੇ ਬਾਰੂਦ ਹੁੰਦੈ, ਇਹਦੇ 'ਚ ਲਪੇਟਿਆ। ਚੌਦਾਂ ਸਾਲ ਤੇਰਾ ਮੇਰਾ ਸੰਗ ਸਾਥ ਜ਼ਿੰਦਗੀ, ਖੇੜਿਆਂ ਦੇ ਚੱਲੀ ਤੇਰੀ ਹੀਰ ਵੇ ਰੰਝੇਟਿਆ। ਛਮਕਾਂ ਦੀ ਮਾਰ ਖਾ ਕੇ ਹੱਡਾਂ ਵਿਚ ਰੌਂ ਗਿਆ, ਭੁੱਲੇ ਨਾ ਗੁਲਾਬੀ ਨੂਰ ਸੇਜ ਉੱਤੇ ਲੇਟਿਆ। ਵੰਝਲੀ ਬਣਾ ਕੇ ਮੈਨੂੰ ਹੋਠਾਂ ਉੱਤੇ ਰੱਖ ਲੈ, ਸੁਰ ਵਿੱਚ ਸੁਰ ਮੈਂ ਮਿਲਾਊਂ ਵੇ ਰੰਝੇਟਿਆ। ਕੱਜ ਲੈ ਨੰਗੇਜ਼ ਰੂਹ ਦਾ ਜਿਸਮਾਂ ਨੂੰ ਚੀਰ ਕੇ, ਸੱਚ ਦਿਆ ਤਾਣਿਆ ਤੇ ਸੁੱਚ ਦਿਆ ਪੇਟਿਆ। ਤੈਨੂੰ ਕੀਹ ਮੁਹੱਬਤਾਂ ਦੀ ਸਾਰ ਮਹਿਲਾਂ ਵਾਲਿਆ, ਰਾਜ ਭਾਗ ਵਾਲਿਆ ਵੇ ਰਾਜੇ ਦਿਆ ਬੇਟਿਆ।
ਮੋਤੀ ਮੋਤੀ ਤੇਰੇ ਹੋ
ਮੋਤੀ ਮੋਤੀ ਤੇਰੇ ਹੋ ਗਏ। ਅੱਥਰੂ ਅੱਥਰੂ ਮੇਰੇ ਹੋ ਗਏ। ਗ਼ਮ ਦੇ ਬੱਦਲ ਕਰ ਕਰ ਹੱਲੇ, ਮੇਰੇ ਚਾਰ ਚੁਫ਼ੇਰੇ ਹੋ ਗਏ। ਤੂੰ ਵਿੱਛੜੀ ਤਾਂ ਰਾਤ ਪਈ ਸੀ, ਮਿਲਿਆਂ ਸੋਨ ਸਵੇਰੇ ਹੋ ਗਏ। ਬਿਨ ਬੋਲੇ ਜਦ ਲੰਘੀ ਕੋਲੋਂ, ਸਿਖ਼ਰ ਦੁਪਹਿਰ ਹਨ੍ਹੇਰੇ ਹੋ ਗਏ। ਚਾਵਾਂ ਨੇ ਗਲਵੱਕੜੀ ਪਾਈ, ਤੇਰੇ ਵੀ ਸਾਹ ਮੇਰੇ ਹੋ ਗਏ। ਦੀਵਾਲੀ ਦਿਲਦਾਰ ਨਾਲ ਹੈ, ਰੌਸ਼ਨ ਵੇਖ ਬਨੇਰੇ ਹੋ ਗਏ।
ਬਹਿ ਨਾ ਜਾਵੀਂ ਅੰਦਰ ਲੁਕ ਕੇ
ਬਹਿ ਨਾ ਜਾਵੀਂ ਅੰਦਰ ਲੁਕ ਕੇ ਤੇਜ਼ ਹਵਾਵਾਂ ਕੋਲੋਂ ਡਰ ਕੇ। ਕਿੰਨਾ ਕੁ ਚਿਰ ਜੀ ਸਕਦੇ ਹਾਂ, ਏਦਾਂ ਰੋਜ਼ ਦਿਹਾੜੀ ਮਰ ਕੇ। ਸੀਸ ਤਲੀ ਤੇ ਧਰ ਲੈਂਦੇ ਨੇ, ਹੱਕ, ਸੱਚ ਇਨਸਾਫ਼ ਦੇ ਰਾਖੇ, ਇਸ ਧਰਤੀ ਤੇ ਮਰਦ ਅਗੰਮੜੇ, ਅੱਜ ਤੱਕ ਜੀਂਦੇ ਏਸੇ ਕਰਕੇ। ਆਦਮੀਆਂ ਤੋਂ ਬਣ ਚੱਲੇ ਨੇ, ਲੋਕੀਂ ਵੇਖੋ ਰੀਂਘਣਹਾਰੇ, ਮਾਇਆ ਖਾਤਰ ਧਰਮ ਗਵਾਇਆ, ਕੁਰਸੀ ਪੈਰੀਂ ਸਿਰ ਨੂੰ ਧਰ ਕੇ। ਆਪੋ ਆਪਣੇ ਘਰ ਦੀ ਰਾਖੀ, ਸਭ ਚਾਹੁੰਦੇ ਕੋਈ ਹੋਰ ਕਰੇਗਾ, ਰਿਸ਼ਤੇ, ਨਾਤੇ, ਸਿਦਕ, ਸਲੀਕਾ ਚੋਰੀ ਹੋਇਆ ਏਸੇ ਕਰਕੇ। ਪਿੱਛੇ ਮੁੜ ਕੇ ਜਦ ਵੀ ਵੇਖਾਂ, ਜ਼ਿੰਦਗੀ ਤੇਰਾ ਸ਼ੁਕਰ ਗੁਜ਼ਾਰਾਂ, ਤੂੰ ਹੀ ਮੈਨੂੰ ਸਾਬਤ ਰੱਖਿਆ, ਰੋਜ਼ ਨਵੇਂ ਸਦਮੇ ਨੂੰ ਜਰ ਕੇ। ਮਾਂ ਮੇਰੀ ਤਾਂ ਤੁਰ ਗਈ ਭਾਵੇਂ, ਅਣਦਿਸਦੇ ਸੰਸਾਰ 'ਚ ਕਿਧਰੇ, ਯਾਦਾਂ ਦੇ ਚੌਮੁਖੀਏ ਜਗਦੇ, ਅੱਜ ਵੀ ਜਿੱਥੇ ਗਈ ਸੀ ਧਰ ਕੇ। ਦੇਸ਼ ਕਾਲ ਨਾ ਸੀਮਾ ਦਿਸਦੀ, ਖੁਸ਼ਬੋਈ ਦਾ ਜਿਸਮ ਨਾ ਕੋਈ, ਮਹਿਕ ਮਹਿਕ ਲਟਬੌਰਾ ਤਨ ਮਨ, ਉੱਡਦਾ ਧਰਤ ਕਲਾਵੇ ਭਰ ਕੇ। ਕੱਚੇ ਰਾਹਾਂ ਦੇ ਪਾਂਧੀ ਨੂੰ, ਧਰਤੀ-ਮਾਤ ਸੰਭਾਲਣਹਾਰੀ, ਮੂੰਹ ਦੇ ਭਾਰ ਤਿਲਕਿਆ ਮੈਂ ਤਾਂ, ਇਹ ਤੇਰੀ ਸੰਗਮਰਮਰ ਕਰਕੇ। ਤੂੰ ਸੁਪਨੇ ਵਿਚ ਆ ਕੇ ਕਿਧਰੇ, ਸੁੱਤਾ ਸਮਝ ਪਰਤ ਨਾ ਜਾਵੀਂ, ਨੀਂਦਰ ਅੱਖੀਆਂ ਦੇ ਵਿਚ ਲੈ ਕੇ, ਜਾਗ ਰਿਹਾਂ ਬੱਸ ਤੇਰੇ ਕਰਕੇ।
ਏਸ ਵਤਨ ਦਾ ਹੁਣ ਕੀਹ ਕਰੀਏ
ਏਸ ਵਤਨ ਦਾ ਹੁਣ ਕੀਹ ਕਰੀਏ। ਬੀਜੋ ਫ਼ਸਲਾਂ ਉੱਗਣ ਸਰੀਏ। ਗਾਰੇ ਵਿੱਚ ਕਿਉਂ ਉਲਝ ਗਈ ਏਂ, ਨੀ ਅੰਬਰ ਦੀ ਕੋਮਲ ਪਰੀਏ। ਸ਼ੋਰ ਸ਼ਰਾਬਾ ਚਾਰ ਚੁਫੇਰੇ, ਆ ਜਾ ਅਪਣੀ ਚੁੱਪ ਤੋਂ ਡਰੀਏ। ਬਣ ਜਾ ਹੋਕਾ, ਬੋਲ ਨੀ ਅਣਖ਼ੇ, ਦਿਨ ਚੜ੍ਹਿਐ ਕਿਉਂ ਹਾਉਕੇ ਭਰੀਏ। ਘੁੰਮਦੇ ਪਹੀਏ ਇੱਕੋ ਥਾਂ ਤੇ, ਨਾ ਹੀ ਜੀਵੀਏ, ਨਾ ਹੀ ਮਰੀਏ। ਯਾਦਾਂ ਭੁੱਲ ਜਾਵਣ ਨਾ ਰਸਤੇ, ਦੀਵੇ ਬਾਲ ਬਨੇਰੇ ਧਰੀਏ। ਤੇਰੇ ਦਿਲ ਤੱਕ ਪਹੁੰਚ ਗਿਆ ਹਾਂ, ਇਸ ਤੋਂ ਅੱਗੇ ਦੱਸ ਕੀਹ ਕਰੀਏ?
ਆਰ ਪਾਰ ਆਉਂਦਾ ਜਾਂਦਾ
ਆਰ ਪਾਰ ਆਉਂਦਾ ਜਾਂਦਾ ਵੇਖ ਲਉ ਸਵਾਸ ਹੈ। ਨੱਚਦਾ ਵਜੂਦ ਜੀਕੂੰ ਕੱਚ ਦਾ ਗਲਾਸ ਹੈ। ਪੈਰਾਂ ਵਿਚ ਝਾਂਜਰਾਂ ਤੇ ਘੁੰਗਰੂ ਕਮਾਲ ਨੇ, ਸੁਰ ਨਾਲ ਮੇਲਾ ਪੂਰਾ, ਹੋਸ਼ ਤੇ ਹਵਾਸ ਹੈ। ਮਨ 'ਚ ਉਮੰਗ ਅਤੇ ਤਨ 'ਚ ਤਰੰਗ ਦਿੱਸੇ, ਖੁਸ਼ਬੂ ਨੇ ਪਾਇਆ ਹੋਇਆ ਸ਼ੀਸ਼ੇ ਦਾ ਲਿਬਾਸ ਹੈ। ਅੱਡੀਆਂ 'ਚ ਜ਼ੋਰ ਪੂਰਾ, ਤਲੀਆਂ 'ਚ ਤਾਲ ਵੀ, ਗਿੱਧਿਆਂ ਦੀ ਰਾਣੀ ਪੱਲੇ, ਜਾਦੂ ਕੋਈ ਖ਼ਾਸ ਹੈ। ਰਾਤ ਰਾਣੀ ਸਾਹਾਂ 'ਚ ਸੁਗੰਧ ਵਾਂਗ ਮਹਿਕਦੀ, ਏਸ ਦੀ ਗਵਾਹੀ ਪੱਕੀ, ਦਿਲ 'ਚ ਨਿਵਾਸ ਹੈ। ਤਪਦੀ ਜ਼ਮੀਨ ਵਿਚ ਨੀਰ ਪਾ ਮੁਹੱਬਤੇ, ਮਹਿਕਣੇ ਗੁਲਾਬ ਏਥੇ ਪੱਕਾ ਧਰਵਾਸ ਹੈ। ਦਿਲ ਦਿਲਗੀਰ ਤੇ ਆਹ ਅੱਖੀਆਂ 'ਚ ਨੀਰ ਵੀ, ਏਸ ਦੀ ਦਵਾਈ, ਸੱਚ ਮੁੱਚ ਤੇਰੇ ਪਾਸ ਹੈ।
ਧਰਮ ਕਰਮ ਦੇ ਰਾਖੇ ਵੇਖੋ
ਧਰਮ ਕਰਮ ਦੇ ਰਾਖੇ ਵੇਖੋ ਡਰ ਜਾਂਦੇ ਨੇ। ਤਾਂ ਹੀ ਸੁਪਨੇ ਜੰਮਣੋਂ ਪਹਿਲਾਂ ਮਰ ਜਾਂਦੇ ਨੇ। ਇਸ ਧਰਤੀ ਤੇ ਬਹੁਤੇ ਡਾਕੇ ਏਸੇ ਕਰਕੇ, ਰਖਵਾਲੇ ਹੀ ਅੱਖਾਂ ਲਾਂਭੇ ਕਰ ਜਾਂਦੇ ਨੇ। ਹੇ ਮਨ ਮੇਰੇ, ਸਾਵਧਾਨ ਹੋ, ਏਹੀ ਵੇਲਾ, ਚੁੱਪ ਦੇ ਕਾਰਨ, ਪਾਪ ਦੇ ਭਾਂਡੇ ਭਰ ਜਾਂਦੇ ਨੇ। ਉਂਘ ਰਹੇ ਨੇ ਹੱਕ ਸੱਚ ਇਨਸਾਫ਼ ਦੇ ਰਾਖੇ, ਕੂੜ ਅਮਾਵਸ ਦੇ ਵਿੱਚ ਤਾਰੇ ਮਰ ਜਾਂਦੇ ਨੇ। ਮੈਂ ਤਾਂ ਚੌਂਕੀਦਾਰ, ਅਵਾਜ਼ਾ ਦੇਣਾ ਹੀ ਹੈ, ਸੌਂ ਜਾਂਦੇ ਨੇ ਮਾਲਕ, ਜਦ ਵੀ ਘਰ ਜਾਂਦੇ ਨੇ । ਧਰਤੀ ਪੁੱਤਰ ਬਿਰਖ਼ ਖੜ੍ਹੇ ਨੇ ਧੁੱਪੇ, ਛਾਵੇਂ, ਮਾਂ ਸਦਕੇ ਇਹ ਕਿੰਨੇ ਸਦਮੇ ਜਰ ਜਾਂਦੇ ਨੇ। ਤੂੰ ਤੀਲ੍ਹੀ ਨੂੰ ਬਾਲ, ਮਸ਼ਾਲਾਂ ਲੈ ਕੇ ਤੁਰ ਪਉ, ਗੂੜ੍ਹੇ ਨੇਰ੍ਹੇ ਇਸ ਤੋਂ ਅਕਸਰ ਤਰ ਜਾਂਦੇ ਨੇ।
ਦਰਦ ਸਮੁੰਦਰ ਨਾਲ ਜਦੋਂ ਵੀ
ਦਰਦ ਸਮੁੰਦਰ ਨਾਲ ਜਦੋਂ ਵੀ ਮਨ ਦਾ ਭਾਂਡਾ ਭਰ ਜਾਂਦਾ ਹੈ। ਇਸ ਦੇ ਅੰਦਰ ਤਰਣ ਦੁਹੇਲਾ, ਸੋਚ ਸੋਚ ਮਨ ਡਰ ਜਾਂਦਾ ਹੈ। ਮਾਰੂਥਲ ਵਿੱਚ ਖਿੜ ਜਾਂਦੇ ਨੇ, ਵਾਹਵਾ ਹੀ ਫੁੱਲ ਰੰਗ ਬਰੰਗੇ, ਇੱਕ ਨਜ਼ਰ ਦਾ ਜਲਵਾ ਵੇਖੋ, ਕੈਸਾ ਜਾਦੂ ਕਰ ਜਾਂਦਾ ਹੈ। ਜਲ ਦਾ ਭਰਮ ਨਜ਼ਰ ਨੂੰ ਪੈਂਦਾ, ਥਲ ਅੰਦਰ ਝਲਕਾਰੇ ਵਾਂਗੂੰ, ਸ਼ਾਇਦ ਇਵੇਂ ਹੀ ਕੱਚਾ ਭਾਂਡਾ, ਪਾਰ ਝਨਾਂ ਨੂੰ ਤਰ ਜਾਂਦਾ ਹੈ। ਸੱਤ ਸਮੁੰਦਰ ਡੂੰਘੇ ਨੈਣੀਂ, ਵੇਖੀਂ ਸੁਪਨਾ ਡੁੱਬ ਨਾ ਜਾਵੇ, ਡਾਢਾ ਰੱਬ ਵੀ ਮਹਿੰਗੇ ਮੋਤੀ, ਹੰਝੂਆਂ ਦੇ ਵਿੱਚ ਧਰ ਜਾਂਦਾ ਹੈ। ਰੂਹ ਵਾਲੇ ਦਰਬਾਰ 'ਚ ਦੀਵਾ, ਜਗਦਾ ਮਘਦਾ ਰੱਖੀਂ ਜਿੰਦੇ, ਇਸ ਨੂੰ ਕਿਉਂ ਲਿਸ਼ਕਾਉਂਦੀ ਰਹਿੰਦੀ, ਜਿਸਮ ਬਿਨਾਂ ਤਾਂ ਸਰ ਜਾਂਦਾ ਹੈ। ਹੋਰ ਕਿਸੇ ਨੂੰ ਕੀਟ ਪਤੰਗੇ, ਖ਼ੁਦ ਨੂੰ ਆਖੇਂ ਆਲਮ ਫ਼ਾਜ਼ਲ, ਹੇ ਮਨ ਮੇਰੇ, ਸਾਵਧਾਨ ਹੋ, ਏਦਾਂ ਰਿਸ਼ਤਾ ਮਰ ਜਾਂਦਾ ਹੈ। ਸਬਰ ਸਿਦਕ ਸੰਤੋਖ ਹਮੇਸ਼ਾਂ, ਵੀਰੋ ਮੇਰੇ ਅੰਗ ਸੰਗ ਰਹਿਣਾ, ਸਾਥ ਸੁਹੇਲਾ ਹੋਵੇ ਜੇਕਰ, ਦਿਲ ਵੀ ਸਦਮੇ ਜਰ ਜਾਂਦਾ ਹੈ।
ਸਾਡੇ ਹੱਥਾਂ ਵਿੱਚ ਚੱਲ ਗਏ ਨੇ
ਸਾਡੇ ਹੱਥਾਂ ਵਿੱਚ ਚੱਲ ਗਏ ਨੇ ਅੱਗ ਦੇ ਅਨਾਰ। ਐਵੇਂ ਭੋਲਿਆਂ ਪਰਿੰਦਿਆਂ ਨੂੰ ਇੰਜ ਤਾਂ ਨਾ ਮਾਰ। ਵੇਖੋ ਕਿੱਡੀ ਵੱਡੀ ਭੁੱਲ, ਜਿਹੜਾ ਕੀਤਾ ਵਿਸ਼ਵਾਸ, ਚੁਗੇ ਤਲੀਆਂ ਤੋਂ ਚੋਗ ਹੋ ਗਏ ਮੌਤ ਲਈ ਤਿਆਰ। ਤੁਸੀਂ ਜਾਗਦੇ, ਜਗਾਉਂਦੇ ਰਹਿਣਾ, ਟਾਹਣੀਆਂ ਦੀ ਚੁੱਪ, ਗੀਤ ਆਪ ਇਨ੍ਹਾਂ ਵਿਚੋਂ, ਕੱਢ ਲਵੇਗੀ ਬਹਾਰ। ਮੇਰੇ ਦਿਲ ਨੂੰ ਇਹ ਧੁੜਕੂ, ਜਿਉਣ ਹੀ ਨਾ ਦੇਵੇ, ਨੰਗੀ ਬਿਜਲੀ ਦੀ ਤਾਰ ਤੇ ਮਾਸੂਮ ਜੇਹੀ ਡਾਰ। ਤੈਨੂੰ ਮੇਰੇ ਤੋਂ ਬਗੈਰ, ਕਿਸੇ ਸੱਚ ਨਹੀਉਂ ਕਹਿਣਾ, ਵੇਖ ਤੋਤਲੇ ਮਾਸੂਮ ਬੋਟ, ਕਹਿਰ ਨਾ ਗੁਜ਼ਾਰ। ਵੇਖ ਧਰਤੀ ਆਕਾਸ਼ ਤੇ ਪਾਤਾਲ ਨੂੰ ਵੀ ਜਾਣ, ਤੈਨੂੰ ਚੰਗਾ ਚੰਗਾ ਲੱਗੂ ਫੇਰ ਸਾਰਾ ਸੰਸਾਰ। ਤੈਨੂੰ ਦੱਸਾਂ ਅੱਜ ਤੀਕ ਜਿੰਨੀ ਦੁਨੀਆਂ ਮੈਂ ਜਿੱਤੀ, ਸੁੱਚੇ ਸ਼ਬਦ ਹਮੇਸ਼ਾਂ ਮੇਰਾ ਬਣੇ ਹਥਿਆਰ।
ਵੇਖ ਥਲਾਂ ਵਿਚ ਰੰਗ ਰੱਤੀ
ਵੇਖ ਥਲਾਂ ਵਿਚ ਰੰਗ ਰੱਤੀ ਸੱਜਰੀ ਸਵੇਰ। ਰੱਬ ਲਿਖੀਆਂ ਨੇ ਰੇਤੇ ਉੱਤੇ ਗ਼ਜ਼ਲਾਂ ਚੁਫੇਰ। ਜਿਵੇਂ ਧਰਤੀ 'ਚ ਕੇਰਦੇ ਨੇ ਕੱਲ੍ਹਾ ਕੱਲ੍ਹਾ ਬੀਜ, ਚੱਲ ਸੁਪਨੇ ਤੂੰ ਸੁੰਨਿਆਂ ਸਿਆੜਾਂ 'ਚ ਖਲੇਰ। ਚੱਲ ਹੁਣ ਵਾਲੇ ਕੰਮ ਨੂੰ ਮੁਕਾਈਏ ਹੁਣੇ ਝੱਟ, ਲੰਘ ਜਾਵੇ ਨਾ ਇਹ ਪਲ, ਸਾਂਭ ਕਰ ਨਾ ਤੂੰ ਦੇਰ। ਤੇਰੀ ਧਰਤੀ ਦੇ ਜਾਏ, ਸੁੱਤੇ ਜਾਗਦੇ ਕੁਵੇਲੇ, ਏਦਾਂ ਦੁਨੀਆਂ ਤੇ ਪੈਂਦਾ ਹੈ ਦੁਪਹਿਰ ਨੂੰ ਹਨ੍ਹੇਰ। ਜਿਹੜੇ ਤੋੜ ਗਏ ਮੁਹੱਬਤਾਂ, ਜਿਉਂਦੇ ਸਦਾ ਰਹਿਣ, ਸਾਡੇ ਹੋਣਗੇ ਤਾਂ ਮੁੜ ਆਉਣੇ ਵੇਖ ਲਈਂ ਤੂੰ ਫੇਰ। ਅਸੀਂ ਮਲ੍ਹਿਆਂ ਤੇ ਝਾੜੀਆਂ 'ਚ ਉਮਰ ਗੰਵਾਈ, ਖ਼ੌਰੇ ਕਿਸ ਦੇ ਨਸੀਬੀਂ ਪੇਂਦੂ ਟੀਸੀ ਵਾਲੇ ਬੇਰ। ਸੁਣ ਗ਼ਜ਼ਲਾਂ ਦੇ ਹਾਉਕੇ, ਸੁਣ ਅੱਖਰਾਂ ਦੀ ਪੀੜ, ਐਵੇਂ ਕਾਲਜੇ 'ਚੋਂ ਨਿਕਲੇ ਨਾ ਹੂਕ ਕਦੇ ਲੇਰ।
ਜੇ ਤੂੰ ਵੇਖਣਾ ਹੈ ਏਥੇ ਤੇਰਾ
ਜੇ ਤੂੰ ਵੇਖਣਾ ਹੈ ਏਥੇ ਤੇਰਾ ਦਰਦੀ ਹੈ ਕੌਣ? ਅੱਖਾਂ ਮੀਟ ਵੇਖ ਕਿਹੜਾ ਆਉਂਦਾ ਦੁੱਖੜਾ ਵੰਡੌਣ। ਤੇਰਾ ਕਿਸੇ ਨਾਲ ਹੋਣਾ ਕੀ ਵਿਰੋਧ ਤੂੰ ਗੰਡੋਇਆ, ਸਾਡੇ ਤਾਂ ਹੀ ਬਹੁਤੇ ਵੈਰੀ ਸਾਡੀ ਗਿੱਠ ਲੰਮੀ ਧੌਣ। ਸਾਨੂੰ ਕੰਡਿਆਂ ਦਾ ਤਾਜ ਹੀ ਹੰਢਾਉਣ ਦੇ ਭਰਾਵਾ, ਆਖ ਰਾਜ ਭਾਗ ਵਾਲਿਆਂ ਨੂੰ ਸਾਨੂੰ ਨਾ ਬੁਲੌਣ। ਸਾਡੀ ਧਰਤੀ ਪਲੀਤ, ਸਾਡੇ ਪਾਣੀਆਂ 'ਚ ਮੌਤ, ਪੈਂਦੇ ਘਰ ਘਰ ਵੈਣ, ਵਗੇ ਜ਼ਹਿਰ ਭਿੱਜੀ ਪੌਣ। ਖ਼ੌਰੇ ਕੈਸਾ ਹੈ ਵਿਕਾਸ, ਜਿੱਥੇ ਨੱਬੇ ਨੇ ਉਦਾਸ, ਆਖ, ਘੜੀ ਮੁੜੀ ਸਾਨੂੰ ਕੂੜਾ ਗੀਤ ਨਾ ਸੁਣੌਣ। ਤੁਸੀਂ ਜੰਮ ਜੰਮ ਲਾਲ ਕਿਲ੍ਹਾ ਭਗਵਾ ਰੰਗਾ ਲਉ, ਸਭ ਵੇਖਦੀ ਤਾਰੀਖ਼ ਕਿਹੜੀ ਚਾਲ ਪਿੱਛੇ ਕੌਣ? ਅਸੀਂ ਹਰ ਸਾਲ ਰਾਮ ਰਾਮ, ਰਾਮ-ਲੀਲ੍ਹਾ ਲਾਈਏ, ਸਾਥੋਂ ਮਰਿਆ ਨਹੀਂ ਅੱਜ ਤੀਕ ਕਾਗਜ਼ਾਂ ਦਾ ਰੌਣ।
ਤੀਜਾ ਨੇਤਰ ਜਾਗ ਪਿਆ
ਤੀਜਾ ਨੇਤਰ ਜਾਗ ਪਿਆ ਤਾਂ ਭਰਮ-ਭੁਲੇਖਾ ਖੁਲ੍ਹ ਜਾਣਾ ਹੈ। ਲਾਪ੍ਰਵਾਹੀਆਂ ਕਰਦੇ ਰਹੇ ਤਾਂ, ਸੋਨਾ ਰੇਤ ਵੀ ਰੁਲ ਜਾਣਾ ਹੈ। ਤਾਕਤਵਰ ਨੂੰ ਭਰਮ ਕਿਉਂ ਹੈ, ਇਹ ਤਾਕਤ ਹੈ ਮੇਰੀ ਪੂੰਜੀ, ਸੰਭਲਿਆ ਨਾ ਜੇਕਰ ਇਹ ਤਾਂ, ਘਿਉ ਵੀ ਰੇਤੇ ਡੁਲ੍ਹ ਜਾਣਾ ਹੈ। ਦਿਲ ਦਾ ਸ਼ੀਸ਼ਾ ਤਰਲ ਪਦਾਰਥ, ਚੰਚਲ ਮਨ ਹੈ ਪਾਰੇ ਵਾਂਗੂੰ, ਇਸ ਸ਼ੋਹਦੇ ਨੂੰ ਸਾਂਭ ਨਹੀਂ ਤਾਂ, ਪਿਆਰ ਦੀ ਤੱਕੜੀ ਤੁਲ ਜਾਣਾ ਹੈ। ਸੁਰਮੇ ਰੰਗੀ ਬੱਦਲੀ ਕੋਲੋਂ, ਡਰ ਜਾਂਦਾ ਹਾਂ, ਕੰਬ ਜਾਂਦਾ ਹਾਂ, ਕਹਿਰ ਵਰ੍ਹਾਏਗੀ ਇਹ ਜਦ ਇਸ ਅੰਬਰ ਦੇ ਵਿਚ ਘੁਲ ਜਾਣਾ ਹੈ। ਮਾਨਸਰਾਂ ਤੋਂ ਹੰਸ ਉਡਾਵੇਂ, ਚੋਗਾ ਪਾ ਪਾ ਪਿੰਜਰੇ ਪਾਵੇਂ, ਇਹ ਨਾ ਭੁੱਲੀਂ ਏਦਾਂ ਉੱਡਣ ਹਾਰਿਆਂ, ਉੱਡਣਾ ਭੁੱਲ ਜਾਣਾ ਹੈ। ਰਾਤ ਹਨੇਰੀ ਝੱਖੜ ਝਾਂਜਾ, ਬਾਹਰ ਇਕੱਲਾ ਦੀਵਾ ਜਗਦਾ, ਅੰਦਰ ਵੜ ਕੇ ਬੈਠ ਗਿਆ ਏਂ, ਕੱਲ੍ਹਿਆਂ ਉਸ ਹੋ ਗੁਲ ਜਾਣਾ ਹੈ। ਆਪੋ ਧਾਪੀ ਦੇ ਇਸ ਦੌਰ 'ਚ ਗਿਆਨ-ਪੋਥੀਆਂ ਕਿਹੜਾ ਵਾਚੇ, ਉੱਡਦੀ ਧੂੜ 'ਚ ਸ਼ਬਦ ਵਿਚਾਰਾ, ਏਸ ਤਰ੍ਹਾਂ ਹੀ ਰੁਲ ਜਾਣਾ ਹੈ।
ਗਿਆਨ ਅਤੇ ਵਿਗਿਆਨ ਜਦੋਂ ਫਿਰ
ਗਿਆਨ ਅਤੇ ਵਿਗਿਆਨ ਜਦੋਂ ਫਿਰ ਸੌਦਾ ਬਣ ਕੇ ਤੁੱਲ ਜਾਂਦਾ ਏ। ਅਣਮੁੱਲੇ ਦਾ ਤੱਕੜੀ ਚੜ੍ਹ ਕੇ, ਕੁਝ ਕੌਡੀ ਹੋ ਮੁੱਲ ਜਾਂਦਾ ਏ। ਹਰ ਬੰਦੇ ਦੇ ਵੱਸ ਨਹੀਂ ਹੁੰਦਾ ਪੱਥਰ 'ਚੋਂ ਭਗਵਾਨ ਤਰਾਸ਼ੇ, ਸ਼ਿਲਪਕਾਰ ਦਾ ਤੀਜਾ ਨੇਤਰ ਆਪ ਮੁਹਾਰੇ ਖੁੱਲ੍ਹ ਜਾਂਦਾ ਏ। ਦਿਲ ਦਰਿਆ ਹੈ ਜੰਦਰੇ ਅੰਦਰ, ਜਿਸ ਨੂੰ ਕਹਿਣ ਸਮੁੰਦਰੋਂ ਡੂੰਘਾ, ਪਤਾ ਨਹੀਂ ਕਿਉਂ ਸੱਜਣ ਵੇਖਿਆਂ, ਬਿਨਾਂ ਚਾਬੀਓਂ ਖੁੱਲ੍ਹ ਜਾਂਦਾ ਏ। ਪਹਿਲਾਂ ਕਣੀਆਂ ਮਗਰੋਂ, ਨ੍ਹੇਰੀ, ਜੜ੍ਹ ਤੋਂ ਹਿੱਲਣ ਫ਼ਸਲਾਂ ਬੂਟੇ, ਖੜ੍ਹਾ ਖਲੋਤਾ ਖੇਤ ਸਬੂਤਾ, ਇੱਕੋ ਰਾਤ 'ਚ ਹੁੱਲ ਜਾਂਦਾ ਏ। ਜੇ ਮਮਟੀ ਤੇ ਦੀਵਾ ਧਰੀਏ, ਉਸ ਦੀ ਆਪ ਹਿਫ਼ਾਜ਼ਤ ਕਰੀਏ, ਉੱਚੀ ਥਾਂ ਤੇ ਜਗਦਾ ਜਗਦਾ, ਤੇਲ ਬਿਨਾਂ ਹੋ ਗੁੱਲ ਜਾਂਦਾ ਏ। ਪੱਕੀਆਂ ਫ਼ਸਲਾਂ, ਕੱਚੇ ਕੋਠੇ, ਬਾਰਸ਼ ਵਿੱਚ ਜਦ ਢਹਿ ਨੇ ਜਾਂਦੇ, ਮਰ ਮਰ ਮੁੜ ਕੇ ਜੰਮਣਾ ਪੈਂਦੈ, ਜਦ ਇਹ ਝੱਖੜ ਝੁੱਲ ਜਾਂਦਾ ਏ। ਗਰਬ ਗੁਬਾਰਾ ਸ਼ਾਨਾਂ ਵਾਲਾ, ਉੱਡਣਾ ਚਾਹੁੰਦਾ ਅੰਬਰ ਵੱਲੇ, ਗੈਸ ਭਰੀ ਤੇ ਇਹ ਕਮਜ਼ੋਰਾ, ਗਰਦਨ ਤੀਕਰ ਫ਼ੁੱਲ ਜਾਂਦਾ ਏ।
ਕਿਣ ਮਿਣ ਕਣੀਆਂ ਧਰਤ ਉਡੀਕੇ
ਕਿਣ ਮਿਣ ਕਣੀਆਂ ਧਰਤ ਉਡੀਕੇ, ਜਾਨਾਂ ਔੜ ਸੁਕਾਈਆਂ ਨੇ। ਪੌਣਾਂ ਤੇ ਅਸਵਾਰ ਬਦਲੀਆਂ, ਦੱਸ ਤੂੰ ਕਿੱਧਰ ਧਾਈਆਂ ਨੇ। ਤਨ ਦੀ ਪਿਆਸ ਮਿਟਾਵਣ ਖ਼ਾਤਰ ਵਰ੍ਹ ਜਾਵੇਗਾ ਬੱਦਲ ਤਾਂ, ਮੇਰੀ ਰੂਹ ਤੇ ਦਰਦ ਵਿਛੋੜੇ, ਇਹ ਕਿਉਂ ਲੀਕਾਂ ਲਾਈਆਂ ਨੇ। ਸੁੱਕ ਚੱਲੇ ਨੇ ਮਾਨਸਰੋਵਰ, ਮਨ ਦੇ ਨਿੱਤਰੇ ਪਾਣੀ ਵੀ, ਕੰਢਿਆਂ ਉੱਤੇ ਵੇਖ ਕਿਵੇਂ ਆਹ ਹੰਸਣੀਆਂ ਤਿਰਹਾਈਆਂ ਨੇ। ਯਾਦਾਂ ਬੰਨ੍ਹ ਕਤਾਰਾਂ ਆਈਆਂ, ਇਹ ਕੀ ਹੋਇਆ ਮੇਰੇ ਨਾਲ, ਬਚਪਨ ਰੁੱਤ ਦੇ ਨਕਸ਼ ਪੁਰਾਣੇ, ਕੂੰਜਾਂ ਲੈ ਕੇ ਆਈਆਂ ਨੇ। ਤੇਰੀ ਮੇਰੀ ਪ੍ਰੀਤ ਕਦੇ ਵੀ ਜਿਸਮਾਂ ਦੀ ਮੋਹਤਾਜ ਨਹੀਂ, ਮਨ ਦੀ ਖੁਸ਼ਕ ਬਰੇਤੀ ਉੱਤੇ, ਇਹ ਕਿਸ ਪੈੜਾਂ ਪਾਈਆਂ ਨੇ। ਮੈਂ ਜੰਗਲ ਨੂੰ ਕਿਉਂ ਜਾਣਾ ਸੀ, ਤੇਰੇ ਹੁੰਦਿਆਂ ਖੁਸ਼ਬੋਈਏ, ਮਿਰਗ ਕਥੂਰੀ ਮੇਰੇ ਅੰਦਰ, ਤਾਂ ਹੀ ਚੁੰਗੀਆਂ ਲਾਈਆਂ ਨੇ। ਹੁਣ ਤਾਂ ਤੇਰੀ ਰੂਹ ਦਾ ਚਾਨਣ, ਵਾਹਵਾ ਚਾਰ ਚੁਫ਼ੇਰੇ ਹੈ, ਤੈਥੋਂ ਪਹਿਲਾਂ ਮੱਸਿਆ ਜਹੀਆਂ, ਰਾਤਾਂ ਬਹੁਤ ਲੰਘਾਈਆਂ ਨੇ।
ਮੇਰੇ ਸਾਹਾਂ ਵਿਚ ਸਮਤੋਲ ਰਹੇ
ਮੇਰੇ ਸਾਹਾਂ ਵਿਚ ਸਮਤੋਲ ਰਹੇ। ਜਦ ਤੱਕ ਵੀ ਹਾਉਕਾ ਕੋਲ ਰਹੇ। ਪੌਣਾਂ ਨੇ ਸਾਜ਼ਿਸ਼ ਕੀਤੀ ਹੈ, ਇਹ ਦੀਵੇ ਤਾਹੀਂਉਂ ਡੋਲ ਰਹੇ। ਦਰਦਾਂ ਵਿੱਚ ਡੁੱਬੇ ਮੋਤੀ ਨੇ, ਇਹ ਅੱਥਰੂ ਕਿਸ ਨੂੰ ਟੋਲ ਰਹੇ। ਜੇ ਤਾਰੇ ਵੇਖੇਂ ਰਾਤਾਂ ਨੂੰ, ਜਾਪਣਗੇ ਦੁਖ ਸੁਖ ਫ਼ੋਲ ਰਹੇ। ਤੂੰ ਆਲ੍ਹਣਿਆਂ ਨਾ ਦਿਲ ਛੱਡੀਂ, ਦੱਸ! ਪੰਛੀ ਕਿਸ ਦੇ ਕੋਲ ਰਹੇ। ਪਰਤਣਗੇ ਵੇਖੀਂ ਵਤਨਾਂ ਨੂੰ, ਜੋ ਪੰਛੀ ਨੇ ਪਰ ਤੋਲ ਰਹੇ। ਜੇ ਕੰਡ ਕੀਤੀ ਹੈ ਸੱਜਣਾਂ ਤੋਂ, ਖ਼ੁਦ ਸੁਣ ਲੈ, ਕੀਹ ਕੀਹ ਬੋਲ ਰਹੇ।
ਮੇਰੀ ਹਿੱਕ ਵਿਚ ਮਾਰਨ ਖਾਤਰ
ਮੇਰੀ ਹਿੱਕ ਵਿਚ ਮਾਰਨ ਖਾਤਰ ਉਸ ਦੇ ਹੱਥ ਵਿਚ ਖੰਜਰ ਹੈ। ਕਮਅਕਲੇ ਨੂੰ ਕਿਹੜਾ ਦੱਸੇ, ਕੀ ਕੁਝ ਮੇਰੇ ਅੰਦਰ ਹੈ। ਵਿਚ ਅਯੁੱਧਿਆ ਮਸਜਿਦ ਢਾਹ ਕੇ, ਅੱਲ੍ਹਾ ਬੇਘਰ ਕਰ ਦਿੱਤਾ, ਤੀਨ ਲੋਕ ਦੇ ਮਾਲਕ ਖ਼ਾਤਰ, ਜਿਸ ਥਾਂ ਬਣਨਾ ਮੰਦਰ ਹੈ। ਕਿਹੜੇ ਵੇਲੇ ਚੰਨ ਚੜ੍ਹਦਾ ਤੇ ਟੁੱਟਦੇ ਤਾਰੇ ਕਿੰਜ ਵੇਖਾਂ, ਸੰਗਮਰਮਰ ਦੀ ਧਰਤੀ ਹੇਠਾਂ ਕੰਕਰੀਟ ਦਾ ਅੰਬਰ ਹੈ। ਪੜ੍ਹੀ ਪੜ੍ਹਾਈ ਕੰਮ ਨਾ ਆਈ, ਹੱਥ ਵਿਚ ਕੱਲ੍ਹੀਆਂ ਠੀਕਰੀਆਂ, ਗਿਆਨ ਧਿਆਨ ਦੇ ਨਾਂ ਤੇ ਤਣਿਆ, ਕਿੰਨਾ ਅਜਬ ਆਡੰਬਰ ਹੈ। ਬਾਹੂਬਲ ਹੀ ਪਰਖ਼ ਰਿਹਾ ਸੀ, ਧੀ ਦੇ ਵਰ ਲਈ ਰਾਜਾ ਵੀ, ਕਰੇ ਮੁਨਾਦੀ ਧਰਮੀ ਬਾਬਲ, ਓਦਾਂ ਕਹੇ ਸਵੰਬਰ ਹੈ। ਦਿੱਲੀਏ ਤੇਰੇ ਨੱਕ ਦੇ ਥੱਲੇ, ਅਗਨੀ ਤਾਂਡਵ ਹੋਇਆ ਸੀ, ਅਜੇ ਚੁਰਾਸੀ ਸੇਕ ਮਾਰਦਾ, ਲਾਟੋ ਲਾਟ ਨਵੰਬਰ ਹੈ। ਰਿੱਛਾਂ ਵਾਂਗ ਨਚਾਵੇ ਸਾਨੂੰ, ਕੁਰਸੀ ਦਾ ਕਿਰਦਾਰ ਸਦਾ, ਇਸ ਤੇ ਕਾਬਜ਼ ਹਰ ਯੁਗ ਅੰਦਰ ਸ਼ਾਤਰ ਬੜਾ ਕਲੰਦਰ ਹੈ।
ਅੱਜ ਵੀ ਮੇਰਾ ਧਰਮੀ ਬਾਬਲ
ਅੱਜ ਵੀ ਮੇਰਾ ਧਰਮੀ ਬਾਬਲ ਸੋਚਾਂ ਵਿਚ ਗਲਤਾਨ ਕਿਉਂ ਹੈ? ਅਣਜੰਮੀ ਨੂੰ ਮਾਰਨ ਖ਼ਾਤਰ, ਸਮਝੇ ਅਪਣੀ ਸ਼ਾਨ ਕਿਉਂ ਹੈ? ਧੀ ਜੰਮਣ ਤੇ ਅੱਜ ਵੀ ਪਹਿਰੇ, ਮਾਂ ਦੁਰਗਾ ਦੀ ਧਰਤੀ ਉੱਤੇ, ਸਰਸਵਤੀ ਤੇ ਲੱਛਮੀ ਦਾ ਘਰ ਇਹਨਾਂ ਲਈ ਸ਼ਮਸ਼ਾਨ ਕਿਉਂ ਹੈ? ਪੁੱਤਰ ਧੀਆਂ ਇੱਕ ਬਰਾਬਰ ਕੂਕ ਰਹੇ ਹੋ, ਸਮਝੋ ਵੀ ਤਾਂ, ਸਾਡੀ ਖ਼ਾਤਰ ਪੁੱਤਰਾਂ ਨਾਲੋਂ, ਵੱਖਰਾ ਜਿਮੀਂ 'ਸਮਾਨ ਕਿਉਂ ਹੈ? ਧੀਆਂ ਨੂੰ ਧਨ ਆਖਣ ਵਾਲਿਓ, ਇਸ ਗੱਲ ਦਾ ਵੀ ਕਰੋ ਨਿਤਾਰਾ, ਮੇਰਾ ਬਾਪੂ ਨਿੰਮੋਝੂਣਾ, ਪੁੱਤ ਵਾਲਾ ਬਲਵਾਨ ਕਿਉਂ ਹੈ? ਦੋ ਧੀਆਂ ਤੋਂ ਮਗਰੋਂ ਪੁੱਤਰ, ਲੱਭਦਾ ਫਿਰਦੈ ਸਾਧਾਂ ਡੇਰੇ, ਵਾਰਿਸ ਮੰਗਦਾ ਕਮਲਾ ਹੋਇਆ, ਏਸ ਨਗਰ ਸੁਲਤਾਨ ਕਿਉਂ ਹੈ? ਜਿਸ ਧਰਤੀ ਤੇ ਧੀਆਂ ਭੈਣਾਂ, ਘਰ ਤੇ ਬਾਹਰ ਸਲਾਮਤ ਹੀ ਨਾ, ਫਿਰ ਵੀ ਕੇਵਲ ਲਫ਼ਜ਼ਾਂ ਅੰਦਰ, ਭਾਰਤ ਦੇਸ਼ ਮਹਾਨ ਕਿਉਂ ਹੈ? ਚੁੱਪ ਬੈਠੇ ਹੋ ਦੁਨੀਆਂ ਵਾਲਿਓ, ਔਰਤ ਦਿਵਸ ਮਨਾਉਂਦੇ ਲੋਕੋ, ਜੱਗ ਜਣਨੀ ਦੇ ਕਾਤਲ ਅੱਗੇ, ਸਭ ਦੀ ਬੰਦ ਜ਼ੁਬਾਨ ਕਿਉਂ ਹੈ?
ਵੇਖੋ ਭੀੜ 'ਚ ਗੁਆਚਾ
ਵੇਖੋ ਭੀੜ 'ਚ ਗੁਆਚਾ ਹੋਇਆ ਆਮ ਆਦਮੀ। ਅੱਗੇ ਅੱਗ ਪਿੱਛੇ ਪਾਣੀ-ਟੋਇਆ ਆਮ ਆਦਮੀ। ਫਿਰ ਧੂੰਏਂ ਦਿਆ ਬੱਦਲਾਂ ਤੋਂ ਮੇਘ ਮੰਗਦਾ, ਅੱਜ ਕਿੰਨਾ ਹੈ ਵਿਚਾਰਾ ਹੋਇਆ ਆਮ ਆਦਮੀ। ਸ਼ਹਿਰ ਮਿਲੇ ਨਾ ਦਿਹਾੜੀ ਪਿੰਡੋਂ ਸੁੰਗੜੇ ਸਿਆੜ, ਤੀਜਾ ਕਰਜ਼ੇ ਦੇ ਹੇਠ ਹੋਇਆ ਆਮ ਆਦਮੀ। ਕਦੇ ਲਾਲ ਕਦੇ ਖੱਟੇ, ਚਿੱਟੇ ਨੀਲਿਆਂ ਨੇ ਪੱਟੇ, ਕਿਸ ਹੱਥੋਂ ਨਾ ਖਵਾਰ ਹੋਇਆ ਆਮ ਆਦਮੀ। ਲੀਰੋ ਲੀਰ ਹੈ ਲਿਬਾਸ, ਡਾਢਾ ਮਨੂਆ ਉਦਾਸ, ਕਿਹੜਾ ਦੇਵੇ ਧਰਵਾਸ, ਰੋਇਆ ਆਮ ਆਦਮੀ। ਦਿੱਲੀ ਦਿਲ ਦੀ ਖਵਾਰ, ਕੀਹਦਾ ਕਰੇ ਇਤਬਾਰ, ਲੋਕ ਰਾਜ ਕੀਤਾ ਅੱਧ ਮੋਇਆ ਆਮ ਆਦਮੀ। ਵੇਖ ਨਾਅਰੇ ਦਾ ਕਮਾਲ, ਜਿਹੜਾ ਲਾਉਂਦੇ ਨੇ ਦਲਾਲ, ਕਿੱਦਾਂ ਮਸਤੀ 'ਚ ਲੀਨ ਹੋਇਆ ਆਮ ਆਦਮੀ।
ਅਕਸਰ ਚੇਤੇ ਕਰਦਾ ਰਹਿੰਦਾ
ਅਕਸਰ ਚੇਤੇ ਕਰਦਾ ਰਹਿੰਦਾ, ਬੋਹੜ ਪਿੱਪਲ ਦੀਆਂ ਛਾਵਾਂ ਨੂੰ। ਸੁਪਨੇ ਵਿਚ ਵੀ ਤਰਦਾ ਰਹਿੰਦਾਂ ਭਰ ਵਗਦੇ ਦਰਿਆਵਾਂ ਨੂੰ। ਸ਼ਹਿਰ ਸਮੁੰਦਰ ਅੰਦਰ ਮੇਰਾ ਡੇਰਾ ਹੈ, ਵਿਸ਼ਰਾਮ ਨਹੀਂ, ਨਮਕ ਹਰਾਮੀ ਖਾ ਚੱਲਿਆ ਹੈ, ਕੋਮਲ ਸੱਜਰੇ ਚਾਵਾਂ ਨੂੰ। ਤੇਰੇ ਘਰ ਵੀ ਖ੍ਵਾਬ ਨਵੇਲੇ, ਵਾਂਗ ਪ੍ਰਾਹੁਣਿਆਂ ਆਵਣਗੇ, ਚੂਰੀ ਕੁੱਟ ਕੇ ਪਾਵੇਂਗਾ ਜੇ, ਸ਼ਾਮ ਸਵੇਰੇ ਕਾਵਾਂ ਨੂੰ। ਸੁਖ ਵੇਲੇ ਤਾਂ ਬੜੇ ਸਨੇਹੀ, ਰਹਿੰਦੇ ਨੇ ਪਰਛਾਵੇਂ ਵਾਂਗ, ਸੰਕਟ ਵੇਲੇ ਲੱਭਦਾ ਫਿਰਦਾਂ, ਨਕਲੀ ਭੈਣ-ਭਰਾਵਾਂ ਨੂੰ। ਇਹ ਮਨ ਜੰਗਲ ਦੇ ਵਿਚ ਭੱਜਦਾ, ਹਿਰਨੋਟੇ ਤੋਂ ਤੇਜ਼ ਤਰਾਰ, ਚੰਚਲ ਚਿੱਤ ਬੇਕਾਬੂ ਨਾ ਕਰ, ਖਿੱਚ ਕੇ ਰੱਖ ਤਣਾਵਾਂ ਨੂੰ। ਮੋਹ ਮਮਤਾ ਦੀ ਅਸਲੀ ਕੀਮਤ ਪਿਆਰ ਮੁਹੱਬਤ ਵੰਡਿਆ ਕਰ, ਹੋਰ ਕਿਸੇ ਦੌਲਤ ਦੀ ਬੱਚਿਆ, ਲੋੜ ਨਾ ਹੁੰਦੀ ਮਾਵਾਂ ਨੂੰ। ਧਰਤੀ ਮਾਂ ਨੇ ਮੈਨੂੰ ਇਹ ਗੱਲ ਦੱਸੀ ਤੇ ਮੈਂ ਸਮਝ ਗਿਆਂ, ਪਗਡੰਡੀਆਂ ਨੇ ਪੈੜ-ਪੁਸਤਕਾਂ ਪੜ੍ਹ ਤੂੰ ਕੱਚੀਆਂ ਰਾਹਵਾਂ ਨੂੰ।
ਮੇਰੇ ਨੇੜੇ ਜਦ ਤੂੰ ਆਵੇਂ
ਮੇਰੇ ਨੇੜੇ ਜਦ ਤੂੰ ਆਵੇਂ ਵਕਤ ਹਮੇਸ਼ਾਂ ਰੁਕ ਜਾਂਦਾ ਹੈ। ਵਗਦਾ ਦਰਿਆ ਹੰਝੂਆਂ ਵਾਲਾ, ਇੱਕ ਤੱਕਣੀ ਵਿਚ ਸੁਕ ਜਾਂਦਾ ਹੈ। ਰੰਗਾਂ ਤੇ ਖੁਸ਼ਬੋਈਆਂ ਨੂੰ ਤੂੰ, ਆਖ ਦਿਆ ਕਰ ਹੁਣ ਸੌਂ ਜਾਵੋ, ਸਿਰ ਤੇ ਮਘਦਾ ਸੂਰਜ ਵੀ ਤਾਂ ਸ਼ਾਮ ਢਲੀ ਤੇ ਲੁਕ ਜਾਂਦਾ ਹੈ। ਮੇਰੀ ਰੂਹ ਨੂੰ ਜੀਣ ਜੋਗੀਏ, ਅਨਹਦ ਨਾਦ ਸੁਣਾਇਆ ਕਰ ਤੂੰ, ਸ਼ਬਦ-ਸਵਾਰੀ ਕਰਦਾ ਹੋਇਆ, ਗੀਤ ਹਮੇਸ਼ਾਂ ਮੁਕ ਜਾਂਦਾ ਹੈ। ਅੰਬਰੋਂ ਕਿਰਦੀ ਬੂੰਦ ਸਵਾਂਤੀ ਜਦੋਂ ਪਪੀਹੇ ਦੇ ਮੂੰਹ ਪੈਂਦੀ, ਰੂਹ ਸਰਸ਼ਾਰ ਕਰੇ ਇੱਕ ਤੁਪਕਾ, ਐਸਾ ਢੋਅ ਵੀ ਢੁਕ ਜਾਂਦਾ ਹੈ। ਘੁੱਟ ਕੇ ਫੜ ਲੈ ਵਾਗ ਸਮੇਂ ਦੀ, ਹੱਥੀ ਚਰਖ਼ੇ ਦੀ ਨਾ ਢਿਲਕੇ, ਬੇਪਰਵਾਹੀ ਅੰਦਰ ਪਹੀਆ, ਪਿੱਛੇ ਵੱਲ ਵੀ ਘੁਕ ਜਾਂਦਾ ਹੈ। ਮੈਂ ਤੱਕਿਐ ਵਿਸ਼ਵਾਸ ਦੇ ਅੱਗੇ, ਤਾਰੇ ਤੇ ਚੰਨ ਕਰਨ ਸਲਾਮਾਂ, ਨਿਸ਼ਚਾ ਧਾਰ ਲਵੋ ਤਾਂ ਲੋਹੇ ਅੰਦਰ ਕਿੱਲ ਵੀ ਠੁਕ ਜਾਂਦਾ ਹੈ। ਤਰਸ ਰਿਹੈਂ ਕਿਉਂ ਜ਼ਿੰਦਗੀ ਖ਼ਾਤਰ, ਜ਼ਿੰਦਾਦਿਲ ਹੈਂ, ਸਾਬਤ ਕਰ ਦੇ, ਹਿੰਮਤ ਅੱਗੇ ਧਰਤੀ ਪੁੱਤਰਾ, ਨੀਲਾ ਅੰਬਰ ਝੁਕ ਜਾਂਦਾ ਹੈ।
ਉੱਡਣ ਖਟੋਲੇ ਵਾਲੇ ਭਾਈ
ਉੱਡਣ ਖਟੋਲੇ ਵਾਲੇ ਭਾਈ ਭੁੱਲ ਗਏ ਨੇ ਪਗਡੰਡੀਆਂ ਨੂੰ। ਪਿੰਡਾਂ ਵਾਲੇ ਝੂਰ ਰਹੇ ਨੇ, ਵੇਖ ਵੇਖ ਕੇ ਝੰਡੀਆਂ ਨੂੰ। ਅਮਰੀਕਾ ਤੋਂ ਦਿੱਲੀ ਥਾਣੀਂ ਮਾਲ ਪਲਾਜ਼ੇ ਆ ਗਏ ਨੇ, ਬੁਰਕੀ ਬੁਰਕੀ ਕਰਕੇ ਖਾ ਗਏ ਨਿੱਕੀਆਂ ਨਿੱਕੀਆਂ ਮੰਡੀਆਂ ਨੂੰ। ਜਿੱਤਣ ਵਾਲੇ ਦਿੱਲੀ ਤੁਰ ਗਏ, ਲੋਕ ਵਿਚਾਰੇ ਹਾਰ ਗਏ, ਜਿੱਤਾਂ ਹਾਰਾਂ ਕਿਸ ਭਾਅ ਪਈਆਂ, ਭੈਣਾਂ ਹੋਈਆਂ ਰੰਡੀਆਂ ਨੂੰ। ਅਗਲਾ ਜਨਮ ਸੰਵਾਰਨ ਖ਼ਾਤਰ, ਅੱਜ ਨੂੰ ਗੁਮਰਾਹ ਕਰਦੇ ਨੇ, ਧਰਮ ਦੇ ਨਾਂ ਤੇ ਇਹ ਕੀਹ ਵੇਚਣ, ਪੁੱਛੇ ਕੌਣ ਪਾਖੰਡੀਆਂ ਨੂੰ। ਧਰਮ ਤਰਾਜ਼ੂ ਦੇ ਵਿਚ ਕਿੱਦਾਂ ਸੀਸ ਤੁਲਾਏ ਧਰਮੀਆਂ ਨੇ, ਅਗਨ ਸੁਨੇਹਾ ਅੱਜ ਵੀ ਚੇਤੇ ਨਨਕਾਣੇ ਦੀਆਂ ਜੰਡੀਆਂ ਨੂੰ। ਸ਼ੇਰਾਂ ਦੇ ਪੁੱਤ ਸੰਗਲੀ ਬੱਧੇ, ਕਰਨ ਗੁਲਾਮੀ ਗਰਜ਼ਾਂ ਦੀ, ਖਾ ਜਾਵੇਗਾ ਹੌਲੀ ਹੌਲੀ ਇਹ ਜ਼ਰ ਤੇਗਾਂ ਚੰਡੀਆਂ ਨੂੰ। ਅਗਲਾ ਪਿਛਲਾ ਲੇਖਾ ਜੋਖਾ ਲੈ ਲੈਣਾ ਏਂ ਗਿਣ ਮਿਣ ਕੇ, ਜਿਸ ਦਿਨ ਸਾਡਾ ਹੱਥ ਪੈ ਗਿਆ, ਸਿੱਧਾ ਜ਼ਾਲਮ ਘੰਡੀਆਂ ਨੂੰ।
ਇਕ ਵਾਰ ਭਗਤ ਸਿੰਘ ਫਿਰ ਆਵੇ
ਇਹ ਸੁਣਦਿਆਂ ਕੰਨ ਵੀ ਪੱਕ ਗਏ ਨੇ, ਇਕ ਵਾਰ ਭਗਤ ਸਿੰਘ ਫਿਰ ਆਵੇ। ਸਾਨੂੰ ਜਬਰ ਜ਼ੁਲਮ ਤੋਂ ਮੁਕਤ ਕਰੇ, ਇਕ ਵਾਰ ਭਗਤ ਸਿੰਘ ਫਿਰ ਆਵੇ। ਕਿਉਂ ਜ਼ੋਰ ਜਵਾਨੀ ਮੁੱਕ ਗਿਆ ਤੇ ਅਣਖ਼ ਦਾ ਸੋਮਾ ਸੁੱਕ ਗਿਆ, ਕਮਜ਼ੋਰ ਜਵਾਨੀ ਕਿਉਂ ਕਹਿੰਦੀ, ਇਕ ਵਾਰ ਭਗਤ ਸਿੰਘ ਫਿਰ ਆਵੇ। ਕਿਉਂ ਗਿਆਨ ਦੀ ਲੀਹੋਂ ਲਹਿ ਗਏ ਹਾਂ ਤੇ ਹੱਥਲ ਹੋ ਕੇ ਬਹਿ ਗਏ ਹਾਂ, ਇਹ ਹੀ ਕਿਉਂ ਮੁੜ ਮੁੜ ਕਹਿੰਦੇ ਹਾਂ, ਇਕ ਵਾਰ ਭਗਤ ਸਿੰਘ ਫਿਰ ਆਵੇ। ਅਸੀਂ ਆਪਣੀ ਮੀਟੀ ਹਾਰ ਗਏ, ਦੁਸ਼ਮਣ ਹੱਬ ਬਣ ਹਥਿਆਰ ਗਏ, ਪਿੰਜਰੇ ਵਿਚ ਬਹਿ ਕੇ ਕਿਉਂ ਗਾਈਏ, ਇਕ ਵਾਰ ਭਗਤ ਸਿੰਘ ਫਿਰ ਆਵੇ। ਅਸੀਂ ਹਾਕਮ ਦੇ ਕਾਰਿੰਦੇ ਹੁਣ, ਇਤਿਹਾਸ ਕੋਲ ਸ਼ਰਮਿੰਦੇ ਹੁਣ, ਕਿਉਂ ਮੂੰਹ ਰੱਖਣੀ ਲਈ ਕਹਿੰਦੇ ਹਾਂ ਇਕ ਵਾਰ ਭਗਤ ਸਿੰਘ ਫਿਰ ਆਵੇ। ਸਾਡੇ ਹੀ ਅੰਦਰ ਰਾਜਗੁਰੂ, ਸੁਖਦੇਵ, ਭਗਤ ਸਿੰਘ ਸਾਰੇ ਹੀ, ਬੈਗੈਰਤ ਹੋ ਕਿਉਂ ਕਹਿੰਦੇ ਹਾਂ, ਇਕ ਵਾਰ ਭਗਤ ਸਿੰਘ ਫਿਰ ਆਵੇ। ਜੇ ਸੱਚ ਮੁੱਚ ਮੁਕਤੀ ਚਾਹੁੰਦੇ ਹਾਂ, ਕਿਉਂ ਬਾਹਰੋਂ ਨਾਇਕ ਬੁਲਾਉਂਦੇ ਹਾਂ, ਸਾਡੀ ਰਖਵਾਲੀ ਖਾਤਰ ਕਿਉਂ, ਇੱਕ ਵਾਰ ਭਗਤ ਸਿੰਘ ਫਿਰ ਆਵੇ।
ਵਕਤ ਹਮੇਸ਼ਾ ਸਾਨੂੰ ਸਭ ਨੂੰ
ਵਕਤ ਹਮੇਸ਼ਾ ਸਾਨੂੰ ਸਭ ਨੂੰ, ਇੱਕੋ ਹੀ ਗੱਲ ਕਹਿੰਦਾ ਹੈ। ਸੂਰਜ ਜੀਕੂੰ ਇੱਕ ਥਾਂ ਚੜ੍ਹਦਾ, ਦੂਜੀ ਉੱਤੇ ਲਹਿੰਦਾ ਹੈ। ਗਿਆਨ ਦੇ ਸਾਗਰ ਮਾਣਕ ਮੋਤੀ, ਲੱਭਣੇ ਅੱਗੇ ਵੰਡ ਦੇਣੇ, ਅਜ਼ਲਾਂ ਤੋਂ ਵਡਪੁਰਖਿਆਂ ਦਾ ਫੁਰਮਾਨ ਇਹੋ ਹੀ ਕਹਿੰਦਾ ਹੈ। ਹਰ ਕਿਸ਼ਤੀ ਨੂੰ ਪਾਰ ਕਿਨਾਰੇ ਲਾਉਣਾ ਹੀ ਤਾਂ ਜੀਵਨ ਹੈ, ਇਹ ਜ਼ਿੰਦਗਾਨੀ ਵਗਦਾ ਦਰਿਆ ਕਦੋਂ ਟਿਕਾਅ ਵਿਚ ਰਹਿੰਦਾ ਹੈ। ਨੇਰ੍ਹ ਮਿਟਾਵਣ ਖ਼ਾਤਰ ਦੀਵੇ ਜਗਦੇ ਮਘਦੇ ਰਾਤਾਂ ਨੂੰ, ਨੂਰ ਇਲਾਹੀ ਸਬਕ ਪੜ੍ਹਾਵੇ, ਸੁਣ ਲਉ ਇਹ ਕੀ ਕਹਿੰਦਾ ਹੈ? ਤੂੰ ਘਣਛਾਵੀਂ ਛਤਰੀ ਬਣ ਜਾ, ਧੁੱਪੇ ਛਾਵਾਂ ਵੰਡੀ ਜਾਹ, ਨਾ ਅੱਕੀਂ ਨਾ ਥੱਕੀਂ ਵੀਰਾ, ਬਿਰਖ਼ ਕਦੋਂ ਦੱਸ ਬਹਿੰਦਾ ਹੈ। ਕੱਚੀ ਮਿੱਟੀ ਬਾਲ ਬਚਪਨਾ ਰੂਪ ਸਰੂਪ ਸੰਵਾਰਨ ਲਈ, ਸਿਰਜਣਹਾਰ ਵੀ ਸਾਡੇ ਬਾਝੋਂ ਦੱਸ ਤੂੰ ਕਿਸ ਨੂੰ ਕਹਿੰਦਾ ਹੈ। ਸਫ਼ਰ ਨਿਰੰਤਰ ਕਰਦੇ ਕਰਦੇ ਮਿਲਣਾ ਫੇਰ ਵਿਛੜ ਜਾਣਾ, ਖੁਸ਼ਬੋਈ ਦਾ ਸਾਥ ਸਦੀਵੀ ਅੰਗ ਸੰਗ ਸਾਡੇ ਰਹਿੰਦਾ ਹੈ।
ਮੈਂ ਤਾਂ ਰੂਹ ਹਾਂ ਪਿਆਰ 'ਚ ਭਿੱਜੀ
ਮੈਂ ਤਾਂ ਰੂਹ ਹਾਂ ਪਿਆਰ 'ਚ ਭਿੱਜੀ, ਤਗਮਾ ਜਾਂ ਕੋਈ ਹਾਰ ਨਹੀਂ। ਜਦ ਦਿਲ ਚਾਹਿਆ, ਹਿੱਕ ਤੇ ਲਾਇਆ, ਵਰਤਣ ਮਗਰੋਂ ਸਾਰ ਨਹੀਂ। ਪੁਨੂੰ ਵਾਂਗ ਬਲੋਚ ਵਪਾਰੀ, ਅੱਜ ਵੀ ਸੱਸੀਆਂ ਛੱਡ ਜਾਂਦੇ, ਕਰਦੇ ਨੇ ਉਹ ਦਿਲ ਦੇ ਸੌਦੇ, ਨਕਦ-ਮ-ਨਕਦ ਉਧਾਰ ਨਹੀਂ। ਮੈਂ ਤੇਰੇ ਦਿਲ ਅੰਦਰ ਆਵਾਂ, ਸਦਾ ਸਦਾ ਲਈ ਰਹਿ ਜਾਵਾਂ, ਖੁਸ਼ਬੋਈ ਹਾਂ, ਮੇਰਾ ਸੁਣ ਲੈ, ਰੂਹ ਤੇ ਪੈਂਦਾ ਭਾਰ ਨਹੀਂ। ਮੈਂ ਤੇਰੇ ਸਾਹਾਂ ਦੀ ਮਾਲਾ ਅੰਦਰ ਫਿਰਦੇ ਮਣਕਿਆਂ ਵਾਂਗ, ਨਾ ਤੋੜੀਂ ਬੇਕਦਰਾ ਤੰਦਾਂ, ਰਿਸ਼ਤਾ ਮਨੋਂ ਵਿਸਾਰ ਨਹੀਂ। ਸੁਪਨੇ ਵੀ ਪੰਖੇਰੂ ਭਾਵੇਂ, ਹਰ ਛਤਰੀ ਨਾ ਬਹਿੰਦੇ ਨੇ, ਤੂੰ ਇਨ੍ਹਾਂ ਨੂੰ ਤੱਕ ਨਹੀਂ ਸਕਣਾ, ਇਹ ਕੂੰਜਾਂ ਦੀ ਡਾਰ ਨਹੀਂ। ਇਸ ਅਗਨੀ ਵਿਚ ਪਿਘਲੇ ਲੋਹਾ, ਤਰਲ ਬਣੇ ਤੇ ਰੂਪ ਧਰੇ, ਨਾ ਛੂਹੀਂ ਨਾ ਛੂਹੀਂ ਇਸ ਨੂੰ, ਇਹ ਕੋਈ ਗੁਲਨਾਰ ਨਹੀਂ। ਸਿਰਜਣਹਾਰੀ, ਪਾਲਣਹਾਰੀ, ਧਰਤੀ ਮਾਂ ਦੱਸ ਕੀ ਕੀ ਨਾਂਹ, ਕਦਮ ਕਦਮ ਤੇ ਅੰਗ ਸੰਗ ਤੇਰੇ, ਫਿਰ ਤੂੰ ਸ਼ੁਕਰ ਗੁਜ਼ਾਰ ਨਹੀਂ।
ਮਨ ਦੀ ਬਸਤੀ, ਵੇਖਣ ਨੂੰ ਤਾਂ
ਮਨ ਦੀ ਬਸਤੀ, ਵੇਖਣ ਨੂੰ ਤਾਂ, ਉੱਸਰੀ ਹੈ, ਆਬਾਦ ਨਹੀਂ। ਏਸੇ ਕਰਕੇ ਇਨਕਲਾਬ ਅੱਜ, ਓਨਾ ਜ਼ਿੰਦਾਬਾਦ ਨਹੀਂ। ਬਾਗਾਂ ਵਾਲੇ ਬਾਗਬਾਨ ਸਭ ਠੇਕੇਦਾਰ ਬਣਾ ਸੁੱਟੇ, ਬਿਰਖ਼ ਬਰੂਟੇ ਉੱਜੜ ਚੱਲੇ, ਮਾਲੀ ਨੂੰ ਕੁਝ ਯਾਦ ਨਹੀਂ। ਵਤਨ ਮੇਰੇ ਵਿਚ ਧੀਆਂ ਪੁੱਤਰ, ਇੱਕ ਵੀ ਰਹਿਣਾ ਚਾਹੁੰਦਾ ਨਹੀਂ, ਕਿਹੜਾ ਕਹਿੰਦਾ ਸੋਨ ਚਿੜੀਂ ਨੂੰ, ਹੋਈ ਇਹ ਬਰਬਾਦ ਨਹੀਂ। ਸਾਡੇ ਪਿੰਡ ਦਾ ਗੁੜ ਤੇ ਸ਼ੱਕਰ, ਜਦ ਤੋਂ ਮੰਡੀ ਆ ਬੈਠਾ, ਆਪਣਾ ਮੰਨ ਕੇ ਖਾ ਲੈਂਦਾ ਪਰ ਪਹਿਲਾਂ ਵਾਂਗ ਸਵਾਦ ਨਹੀਂ। ਤਨ ਤੇ ਮਨ ਨੂੰ ਕਿੰਨੀ ਵਾਰੀ, ਅਗਨ ਕੁਠਾਲੀ ਪਾਇਆ ਹੈ, ਮੇਰਾ ਨਿਸ਼ਚਾ ਐਵੇਂ ਕਿਧਰੇ, ਬਣਿਆ ਤਾਂ ਫ਼ੌਲਾਦ ਨਹੀਂ। ਸੂਰਮਿਆਂ ਦੇ ਵਾਰਿਸ ਕਿੰਨੇ, ਟੋਡੀ ਲੁਕਦੇ ਫਿਰਦੇ ਨੇ, ਕਿੰਜ ਕਹਿੰਦੇ ਹੋ, ਭਗਤ, ਸਰਾਭੇ, ਊਧਮ ਦੀ ਔਲਾਦ ਨਹੀਂ। ਹੇ ਗੁਰ ਮੇਰੇ, ਰਾਗ ਰਤਨ ਦੀ ਸੋਝੀ ਸਾਥੋਂ ਗੁੰਮ ਚੱਲੀ, ਰਸਨਾ ਗਾਵੇ, ਪਰ ਨਾ ਆਵੇ, ਮਨ ਅੰਦਰ ਵਿਸਮਾਦ ਨਹੀਂ।
ਕੰਨ ਕਰ ਕੋਲ ਮੇਰੇ
ਕੰਨ ਕਰ ਕੋਲ ਮੇਰੇ, ਸੋਹਣੇ ਚੰਨ ਮੱਖਣਾ। ਦਿਲ ਦੇ ਉਬਾਲ ਕਾਹਨੂੰ, ਐਵੇਂ ਸਾਂਭ ਰੱਖਣਾ। ਜ਼ਿੰਦਗੀ 'ਚ ਆਸ ਤੇ ਉਮੀਦ ਦੋ ਚਿਰਾਗ ਨੇ, ਸੁਪਨੇ ਬਗੈਰ ਤਾਂ ਹਮੇਸ਼ ਬੰਦਾ ਸੱਖਣਾ। ਧਰਤੀ ਵੀ ਜਾਣਦੀ ਹੈ, ਸੂਰਜੇ ਦੇ ਤਾਣ ਨੂੰ, ਐਵੇਂ ਤਾਂ ਨਹੀਂ ਕਰਦੀ ਦੁਆਲੇ ਪਰਦੱਖਣਾ। ਮੌਤ ਹੈ ਅੱਟਲ, ਪਰ ਜੀਂਦੇ ਜੀਅ ਕਿਉਂ ਮਰੀਏ, ਸ਼ੌਕ ਸਾਨੂੰ ਜ਼ਿੰਦਗੀ ਦਾ ਮਿੱਠਾ ਮਹੁਰਾ ਚੱਖਣਾ। ਪੁੱਛਦੇ ਸ਼ਹੀਦ ਤੇ ਮੁਰੀਦ ਹੱਕ ਸੱਚ ਦੇ, ਮਾਰ ਕੇ ਜ਼ਮੀਰਾਂ ਪੁੱਟੀ ਖ੍ਵਾਬ ਦੀ ਕਿਉਂ ਜੱਖਣਾ। ਵੱਡੀ ਮੱਛੀ ਨਿੱਕੀ ਨੂੰ ਹੈ ਸਦਾ ਖਾਂਦੀ ਸੁਣਿਐਂ, ਮੰਡੀ ਸੰਸਾਰ ਨੇ ਬਾਜ਼ਾਰ ਵੇਖੀਂ ਭੱਖਣਾ। ਹਿੰਮਤੇ ਨੀ, ਬੂਹੇ ਖੁੱਲ੍ਹੇ ਰੱਖਦਾਂ ਸਵੇਰ ਸ਼ਾਮ, ਸਾਡੇ ਘਰ ਪਾਈਂ ਕਦੇ ਪੈਰ ਤੂੰ ਸੁਲੱਖਣਾ।
ਇਸ ਧਰਤੀ ਤੇ ਮੈਨੂੰ ਦੱਸੋ
ਇਸ ਧਰਤੀ ਤੇ ਮੈਨੂੰ ਦੱਸੋ ਕਿਹੜੀ ਏਨੀ ਜ਼ਾਲਮ ਥਾਂ ਹੈ। ਜਿੱਥੇ ਪਸ਼ੂਆਂ ਵਾਂਗ ਹਲਾਂ ਨੂੰ ਖਿੱਚਦੀ ਅੱਗੇ ਜੋੜੀ ਮਾਂ ਹੈ। ਜਿਹੜੇ ਦੇਸ਼ ਨੂੰ ਭਾਰਤ ਕਹਿੰਦੇ, ਗਲੀ ਗਲੀ ਭਗਵਾਨ ਨੇ ਰਹਿੰਦੇ, ਮਮਤਾ ਦੇ ਲਈ ਕੋਈ ਥਾਂ ਨਹੀਂ, ਪੂਜ ਰਹੇ ਸਭ ਫੰਡਰ ਗਾਂ ਹੈ। ਅੱਲ੍ਹਾ ਤੇ ਭਗਵਾਨ ਗਵਾਚੇ, ਰਾਮ ਰਹੀਮ ਨੂੰ ਕਿਹੜਾ ਵਾਚੇ, ਵੀਹ ਸਦੀਆਂ ਵਿਚ ਏਥੇ ਪਹੁੰਚੇ, ਪੈਸਾ ਰੱਬ ਦਾ ਇੱਕੋ ਨਾਂ ਹੈ। ਮਨ ਦੇ ਅੰਦਰ ਕੁਰਬਲ ਕੁਰਬਲ, ਆਪਾ ਧਾਪੀ, ਖੋਹਾ ਮੋਹੀ, ਕੱਲ-ਮ-ਕੱਲ੍ਹੇ ਘਰ ਤੇ ਕਮਰੇ, ਟੱਬਰ ਖ਼ਾਤਰ ਕਿਹੜੀ ਥਾਂ ਹੈ। ਮੈਂ ਕਿੰਜ ਆਖਾਂ ਧਰਤੀ ਮਾਂ ਨੂੰ, ਆਪਣੀ ਬੁੱਕਲ ਵਿਚ ਸਮਾ ਲੈ, ਵਿੱਚ ਹਵਾ ਦੇ ਉੱਡਿਆ ਫਿਰਦਾਂ, ਭੁੱਲਿਆ ਆਪਣਾ ਆਪ ਗਿਰਾਂ ਹੈ। ਸ਼ਹਿਰ ਸਮੁੰਦਰ ਖ਼ਾਰਾ ਪਾਣੀ, ਕੌੜਾ ਧੂੰਆਂ ਅੱਖੀਆਂ ਥਾਣੀਂ, ਪਿੰਡ ਉਦਾਸ, ਗ਼ਮਾ ਵਿੱਚ ਡੁੱਬੇ, ਬਿਰਖਾਂ ਹੇਠ ਤੜਫ਼ਦੀ ਛਾਂ ਹੈ। ਮਨ ਦੀ ਬਸਤੀ ਅੰਦਰ ਵੇਖੋ, ਕਿੰਨਾ ਕੁਝ ਮੋਇਆ, ਅਧਮੋਇਆ। ਸੁਪਨੇ ਰੀਝਾਂ ਸਹਿਕ ਰਹੇ ਨੇ, ਕਬਰਾਂ ਵਰਗੀ ਚੁੱਪ ਤੇ ਛਾਂ ਹੈ।
ਅੱਖਾਂ ਉੱਤੋਂ ਕਾਲੀਆਂ ਤੂੰ ਐਨਕਾਂ
ਅੱਖਾਂ ਉੱਤੋਂ ਕਾਲੀਆਂ ਤੂੰ ਐਨਕਾਂ ਉਤਾਰ ਦੇ, ਸਾਗਰਾਂ 'ਚ ਡੁੱਬਿਆਂ ਨੂੰ, ਇੱਕ ਵਾਰੀ ਤਾਰ ਦੇ। ਇੱਕੋ ਇੱਕ ਜ਼ਿੰਦਗੀ ਹਜ਼ੂਰ ਮਿਲੀ ਔਖੀ ਸੌਖੀ, ਏਸ ਨੂੰ ਸਵਾਸ ਥੋੜੇ ਤੂੰ ਵੀ ਤਾਂ ਉਧਾਰ ਦੇ। ਉਲਝੀ ਹੈ ਤਾਣੀ ਤੇ ਕਹਾਣੀ ਬੇਲਗਾਮ ਹੋਈ, ਏਨਾ ਕੰਮ ਕਰ, ਹੁਣ ਤੰਦਾਂ ਨੂੰ ਸੰਵਾਰ ਦੇ। ਹਿੱਕ ਵਿੱਚ ਨਿੱਕੇ-ਨਿੱਕੇ ਕਿੰਨੇ ਹੀ ਮਾਸੂਮ ਖ੍ਵਾਬ, ਧਰਤੀ 'ਚ ਬੀਜ ਇਹ ਤੇ ਪੌਣਾਂ 'ਚ ਖਿਲਾਰ ਦੇ। ਆਈ ਪੁੰਗਰਾਂਦ ਪੱਤਝੜ ਦੀ ਛਿਮਾਹੀ ਪਿੱਛੋਂ, ਨਵੀਆਂ ਕਰੂੰਬਲਾਂ ਨੂੰ ਰੱਜਵਾਂ ਪਿਆਰ ਦੇ। ਜ਼ਿੰਦਗੀ ਨੂੰ ਆਖ ਕਦੇ ਮਹਿਲਾਂ ਵਿੱਚੋਂ ਬਾਹਰ ਆਵੇ, ਅਜ਼ਲਾਂ ਤੋਂ ਢੂੰਡਦੇ ਹਾਂ, ਸਾਨੂੰ ਵੀ ਦੀਦਾਰ ਦੇ। ਅੱਖ ਵਿਚ ਅੱਖ ਪਾਈਏ, ਹੱਥ ਵਿਚ ਹੱਥ ਵੀ, ਫੁੱਲਾਂ ਵਾਲੀ ਟਾਹਣੀ ਸਾਡੇ ਵੱਲ ਤੂੰ ਉਲਾਰ ਦੇ।
ਚੜ੍ਹਿਆ ਚੇਤਰ ਕਣਕਾਂ ਦੇ ਸਿੱਟਿਆਂ
ਚੜ੍ਹਿਆ ਚੇਤਰ ਕਣਕਾਂ ਦੇ ਸਿੱਟਿਆਂ ਵਿਚ ਦਾਣੇ, ਖ਼ੈਰ ਕਰੀਂ। ਇਸ ਧਰਤੀ ਦੇ ਧੀਆਂ ਪੁੱਤਰਾਂ ਰਲ ਕੇ ਖਾਣੇ, ਖ਼ੈਰ ਕਰੀਂ। ਹੇ ਬਲਿਹਾਰੀ ਕੁਦਰਿਤ ਅੰਦਰ ਤੂੰ ਹੀ ਕਹਿੰਦੇ ਵੱਸਦਾ ਰਸਦਾ, ਤੇਰੀਆਂ ਬਾਤਾਂ, ਡਾਢਿਆ ਰੱਬਾ, ਤੂੰ ਹੀ ਜਾਣੇ, ਖ਼ੈਰ ਕਰੀਂ। ਜਲ ਥਲ ਅੰਦਰ ਸਭਨਾਂ ਨੂੰ ਹੀ, ਪੱਥਰ ਵਿੱਚ ਵੀ ਰਿਜ਼ਕ ਪੁਚਾਵੇਂ, ਭਲਾ ਅਸੀਂ ਸਰਬੱਤ ਦਾ ਮੰਗੀਏ ਤੇਰੇ ਭਾਣੇ, ਖ਼ੈਰ ਕਰੀਂ। ਬੂਰ ਝੜੇ ਨਾ, ਫ਼ਲ ਫੁੱਲ ਖੇੜੇ ਅੰਦਰ ਰਸ ਰੰਗ ਵੰਡ ਤੂੰ ਖੁੱਲ੍ਹ ਕੇ, ਤਾਹੀਉਂ ਮਨ ਨੂੰ ਚੰਗੇ ਲੱਗਣ ਰਾਗ ਸੁਹਾਣੇ, ਖ਼ੈਰ ਕਰੀਂ। ਸੋਚਾਂ ਵਿਚ ਪਿਆ ਅੰਨਦਾਤਾ, ਪੱਕੀ ਫ਼ਸਲ ਕਦੋਂ ਘਰ ਆਊ, ਬੱਦਲਾਂ ਮਨ ਤੇ ਸਹਿਮ ਦੇ ਤੰਬੂ, ਤੱਕ ਤੂ ਤਾਣੇ, ਖ਼ੈਰ ਕਰੀਂ। ਹੁਣ ਤਾਂ ਗਰਜ਼ਾਂ ਕੋਠੇ ਜਿੱਡੀਆਂ, ਉਸ ਤੋਂ ਵੱਧ ਮਸਾਤਰ ਧੀਆਂ, ਸੋਚੀਂ ਡੁੱਬ ਗਏ ਧਰਮੀ ਬਾਬਲ, ਹੋਏ ਨਿਤਾਣੇ, ਖ਼ੈਰ ਕਰੀਂ। ਸਾਡੇ ਪਿੰਡ ਦੀ ਜ਼ਿੰਦਗੀ ਅੱਜ ਵੀ, ਸ਼ਹਿਰਾਂ ਜਿੰਨੀ ਤੇਜ਼ ਨਹੀਂ ਪਰ, ਫਿਰ ਕਿਉਂ ਬਦਲ ਰਹੇ ਨੇ ਕੱਪੜੇ, ਨਾਚ ਤੇ ਗਾਣੇ, ਖ਼ੈਰ ਕਰੀਂ।
ਜੁਗ ਜੁਗ ਜੀਵੋ ਮੇਰੇ ਪੁੱਤਰੋ
ਜੁਗ ਜੁਗ ਜੀਵੋ ਮੇਰੇ ਪੁੱਤਰੋ ਪਿਆਰਿਉ। ਮਹਿਕਦੇ ਗੁਲਾਬ ਲੱਦੇ ਫੁੱਲਾਂ ਦੇ ਕਿਆਰਿਉ। ਲੱਗੇ ਨਾ ਸਿਉਂਕ ਰੱਖੋ ਜੜ੍ਹਾਂ ਦੀ ਸਲਾਮਤੀ, ਜ਼ਿੰਦਗੀ ਦੀ ਜੰਗ ਜਿੱਤੋ ਕਦੇ ਵੀ ਨਾ ਹਾਰਿਉ। ਪਹਿਲਾਂ ਹਥਿਆਰ ਹੁਣ ਨਸ਼ਿਆਂ ਦੀ ਮਾਰ ਹੈ, ਵੈਰੀਆਂ ਦੀ ਚਾਲ ਰਲ ਮਿਲ ਕੇ ਨਿਵਾਰਿਉ। ਰਣਭੂਮੀ ਜ਼ਿੰਦਗੀ ਤੇ ਫ਼ਤਿਹ ਪਾਉਣੀ ਲਾਜ਼ਮੀ, ਪੁੱਤਰੋ ਗੋਬਿੰਦ ਦਿਉ ਹੌਸਲਾ ਨਾ ਹਾਰਿਉ। ਤਲੀ ਤੇ ਲਕੀਰਾਂ ਪਿੱਛੇ ਲੱਗਦੇ ਨਿਕੰਮੇ ਲੋਕ, ਜਿੱਤਦੇ ਜੁਝਾਰ ਸਦਾ ਨਿਸ਼ਚੇ ਨੂੰ ਧਾਰਿਉ। ਬਾਬਰਾਂ ਤੇ ਜਾਬਰਾਂ ਨੂੰ ਤੋੜ ਕੇ ਜਵਾਬ ਦੇਣਾ, ਪਾਪ ਵਾਲੀ ਜੰਝ ਚੜ੍ਹੀ, ਅੱਗੇ ਹੋ ਵੰਗਾਰਿਉ। ਲੋੜ ਵੇਲੇ ਸੱਚ ਨੂੰ ਹੀ ਬੋਲਣਾ ਈਮਾਨ ਹੈ, ਹੱਕ ਦੀ ਲੜਾਈ ਲੜੋ, ਤੇਗ ਦੇ ਦੁਲਾਰਿਉ।
ਪਿਆਰ ਦੇ ਪਿਆਰਿਆਂ ਲਈ ਹਾਸੇ
(....ਕਸ਼ਮੀਰ ਤੋਂ ਪਰਤ ਕੇ) ਪਿਆਰ ਦੇ ਪਿਆਰਿਆਂ ਲਈ ਹਾਸੇ ਤੇ ਦਿਲਾਸੇ ਹੋਣ। ਧਰਤੀ ਦੇ ਲੋਕ ਕਿਤੇ ਕਦੇ ਨਾ ਬੇਆਸੇ ਹੋਣ। ਤੇਰਿਆਂ ਚਿਨਾਰਾਂ ਦੀਆਂ ਸਿਖ਼ਰਾਂ ਨੂੰ ਰੱਬ ਰੱਖੇ, ਕੇਸਰ ਕਿਆਰੀਆਂ 'ਚ ਮਣਾਂ ਮੂੰਹੀਂ ਹਾਸੇ ਹੋਣ। ਬੱਗੂਗੋਸ਼ੇ, ਸੇਬ ਤੇਰੇ, ਜੀਣ ਅਖਰੋਟ ਬੂਟੇ, ਪੌਣ ਲੰਘੇ ਪੱਤਿਆਂ 'ਚੋਂ ਗੀਤ ਚਾਰੇ ਪਾਸੇ ਹੋਣ। ਤੇਰਾ ਪਸ਼ਮੀਨਾ ਕਰੇ ਨਿੱਘ ਨਾਲ ਸੀਨਾ ਚੌੜਾ, ਬੁਣਕਰ ਹੱਥ ਵਿਚ, ਕਦੇ ਵੀ ਨਾ ਕਾਸੇ ਹੋਣ। ਵੈਰੀ ਨਾਗ ਚਸ਼ਮੇ 'ਚੋਂ ਵਹਿਣ ਪਈਆਂ ਸੱਤੇ ਸੁਰਾਂ, ਆਸ ਪਾਸ ਵੱਸਦੇ ਸਾਜ਼ਿੰਦੇ ਨਾ ਉਦਾਸੇ ਹੋਣ। ਰੱਬ ਨੇ ਬਣਾਇਆ ਕਹਿੰਦੇ ਆਪ ਕਸ਼ਮੀਰ ਹੱਥੀਂ, ਇਹਦੇ ਪੁੱਤ ਧੀਆਂ ਭਲਾ, ਇੰਜ ਕਿਉਂ ਪਿਆਸੇ ਹੋਣ। ਜਿਹੜੇ ਹੱਥਾਂ ਵਿਚ ਬੰਦੂਕਾਂ ਗਾਉਣ ਮਾਰੂ ਰਾਗ, ਸੁਰਗਾਂ ਦੀ ਧਰਤੀ ਤੋਂ ਆਖ ਦਿਉ ਪਾਸੇ ਹੋਣ।
ਬੱਚਿਆਂ ਨੂੰ ਬਘਿਆੜ ਖਾ ਗਿਆ
ਬੱਚਿਆਂ ਨੂੰ ਬਘਿਆੜ ਖਾ ਗਿਆ, ਖ਼ੂਨ 'ਚ ਰੱਤੇ ਬਸਤੇ ਨੇ। ਜੰਨਤ ਖ਼ਾਤਰ ਦੱਸ ਗ਼ਾਜ਼ੀਆ, ਇਹ ਬਈ ਕਿਹੜੇ ਰਸਤੇ ਨੇ। ਬੰਦੂਕਾਂ ਦਾ ਢਿੱਡ ਨਹੀਂ ਭਰਨਾ, ਕੁੱਲ ਆਲਮ ਨੂੰ ਖਾ ਕੇ ਵੀ, ਹਥਿਆਰਾਂ ਦੇ ਅੱਗੇ ਕਿੰਨੇ, ਆਦਮ ਹੋ ਗਏ ਸਸਤੇ ਨੇ। ਇੱਕ ਵੀ ਸੜਕ ਸਬੂਤੀ ਸਿੱਧੀ ਮੰਜ਼ਿਲ ਦੇ ਵੱਲ ਜਾਂਦੀ ਨਹੀਂ, ਮੇਰੇ ਅੱਗੇ ਚਹੁੰ ਕਦਮਾਂ ਤੇ, ਆਉਂਦੇ ਫੇਰ ਚੁਰਸਤੇ ਨੇ। ਬਿਨਾਂ ਲਗਾਮੋਂ, ਬਿਨਾ ਨਕੇਲੋਂ, ਇਹ ਹੀ ਸਭ ਕੁਝ ਹੋਣਾ ਸੀ, ਤਾਕਤ ਦੇ ਵਿਚ ਅੰਨ੍ਹੇ ਬੋਲੇ, ਬੋਤੇ ਕਿੰਨੇ ਮਸਤੇ ਨੇ। ਸੁੱਤਿਆਂ ਸੁੱਤਿਆਂ ਦਿਨ ਲੰਘ ਜਾਂਦਾ, ਗਾਫ਼ਲ ਮਨ ਨੂੰ ਖ਼ਬਰ ਨਹੀਂ, ਇਸ ਧਰਤੀ ਤੇ ਚਾਨਣ ਵੰਡਦੇ, ਕਿੰਨੇ ਸੂਰਜ ਅਸਤੇ ਨੇ। ਹੁਕਮਰਾਨ ਜੀ, ਇਹ ਦੋ ਅਮਲੀ, ਤੀਜੀ ਅੱਖ ਨੇ ਵੇਖ ਲਈ, ਰੂਹ ਅੰਦਰ ਕੰਡਿਆਲੀਆਂ ਤਾਰਾਂ, ਹੱਥਾਂ ਵਿਚ ਗੁਲਦਸਤੇ ਨੇ। ਜੰਗਲ ਜਦ ਢਹਿ ਢੇਰੀ ਹੋਇਆ, ਮਰਦੇ ਦਮ ਇਹ ਬੋਲ ਪਿਆ, ਹਰ ਆਰੀ ਨੂੰ ਲੱਗੇ ਵੇਖੋ, ਸਾਡੇ ਹੀ ਤਾਂ ਦਸਤੇ ਨੇ।
ਮੇਰੇ ਸਾਹਾਂ ਜੇ ਕੁਝ ਤਾਜ਼ਗੀ ਹੈ
ਮੇਰੇ ਸਾਹਾਂ ਜੇ ਕੁਝ ਤਾਜ਼ਗੀ ਹੈ। ਇਹ ਤੇਰੇ ਇਸ਼ਕ ਦੀ ਦਰਿਆਦਿਲੀ ਹੈ। ਨਿਦੋਸ਼ਾ ਤੇਗ ਤੋਂ ਡਰਿਆ ਨਹੀਂ ਜੇ, ਭਰਾਉ, ਇਹੀ ਤਾਂ ਮਰਦਾਨਗੀ ਹੈ। ਮੁਸੀਬਤ ਆਉਣ ਤੇ ਵੀ ਮੁਸਕਰਾਉਣਾ, ਮਿਲੀ ਵਿਰਸੇ 'ਚ ਏਹੀ ਸਾਦਗੀ ਹੈ। ਮਿਲੋ ਤਾਂ ਮਹਿਕ ਵਾਂਗੂੰ ਫ਼ੈਲ ਜਾਓ, ਅਸਲ ਵਿਚ ਏਸ ਦਾ ਨਾਂ ਬੰਦਗੀ ਹੈ। ਮੈਂ ਬਾਜ਼ੀ ਜਾਨ ਦੀ ਲਾਈ ਹੈ, ਫਿਰ ਵੀ, ਤੂੰ ਹਾਲੇ ਸਮਝਦੈਂ ਇਹ ਦਿਲਲਗੀ ਹੈ। ਮੈਂ ਹੁੰਦਾ ਜ਼ੁਲਮ ਵੇਖਾਂ, ਚੁੱਪ ਬੈਠਾਂ, ਤੇ ਇਸ ਤੋਂ ਵੱਧ ਕਿਹੜੀ ਬੁਜ਼ਦਿਲੀ ਹੈ। ਚਲੋ ਉਥੇ ਵੀ ਕਲਮਾਂ ਬੀਜ ਆਈਏ, ਜਿਹੜੇ ਰਾਹੀਂ ਅਜੇ ਵੀਰਾਨਗੀ ਹੈ।
ਆਨੰਦਪੁਰ ਕੋਈ ਸ਼ਹਿਰ ਨਹੀਂ ਹੈ
(ਸ਼ੀਰਾ ਜਸਬੀਰ ਦੇ ਨਾਂ) ਆਨੰਦਪੁਰ ਕੋਈ ਸ਼ਹਿਰ ਨਹੀਂ ਹੈ, ਇਹ ਤਾਂ ਇੱਕ ਵਿਸ਼ਵਾਸ ਦਾ ਨਾਂ ਹੈ। ਹੱਕ ਸੱਚ ਇਨਸਾਫ਼ ਦੀ ਰਾਖੀ ਕਰਦੀ ਅਣਖ਼ੀ ਛਾਂ ਦਾ ਨਾਂ ਹੈ। ਨਾ ਧਿਰਿਆਂ ਦੀ ਧਿਰ ਦੇ ਵਰਗੀ, ਜੋਤ ਨਿਰੰਤਰ ਜਗਦੀ ਜਿੱਥੇ, ਦੁਸ਼ਟ-ਦਮਨ ਨੂੰ ਪਾਲਣਹਾਰੀ, ਧਰਤੀ ਗੁਜਰੀ ਮਾਂ ਦਾ ਨਾਂ ਹੈ। ਪੰਥ ਖ਼ਾਲਸਾ ਸਿਰਜਣ ਭੂਮੀ, ਚਿੜੀਓਂ ਬਾਜ਼ ਤੁੜਾਉਣ ਦਾ ਸੁਪਨਾ, ਜਿਸ ਥਾਂ ਜੰਮਿਆ, ਪਲਿਆ, ਪੁੱਗਿਆ, ਸੱਚੀ ਸੁੱਚੀ ਥਾਂ ਦਾ ਨਾਂ ਹੈ। ਅੱਜ ਵੀ ਗੁਰੂ ਆਵਾਜ਼ਾਂ ਮਾਰੇ, ਕਿਧਰ ਤੁਰ ਗਏ ਸਿਦਕ ਦੁਲਾਰੇ, ਜਿਥੇ ਫ਼ਸਲ ਸਿਰਾਂ ਦੀ ਬੀਜੀ, ਅੱਜ ਕਿਉਂ ਬੰਜਰ ਥਾਂ ਦਾ ਨਾਂ ਹੈ। ਤਿੰਨ ਸਦੀਆਂ ਤੋਂ ਅੱਧੀ ਉੱਤੇ, ਧਰਮ ਕਰਮ ਦੇ ਰਾਖੇ ਸੁੱਤੇ, ਬਾਜ਼ ਅਜੇ ਵੀ ਚਿੜੀਆਂ ਨੋਚੇ, ਅੱਜ ਵੀ ਗਊ ਗਰੀਬ ਦਾ ਨਾਂ ਹੈ। ਕਾਲ ਮੁਕਤ ਸਰਵੋਤਮ ਸੂਰਾ, ਕਰਨੀ ਤੇ ਕਰਨੀ ਦਾ ਪੂਰਾ, ਜਿਸ ਥਾਂ ਗੱਜਿਆ, ਜ਼ੁਲਮ 'ਚ ਵੱਜਿਆ ਇਹ ਤਾਂ ਓਸ ਗਿਰਾਂ ਦਾ ਨਾਂ ਹੈ। ਚਿਹਨ ਚੱਕਰ ਤੇ ਵਰਣ ਜ਼ਾਤ ਦਾ ਜਿਸ ਥਾਂ ਗੁਰ ਨੇ ਕੋਹੜ ਮੁਕਾਇਆ, ਮਨ ਮੰਦਰ ਤੇ ਸ਼ਬਦ-ਚੰਦੋਆ, ਠੰਢੀ ਮਿੱਠੜੀ ਛਾਂ ਦਾ ਨਾਂ ਹੈ।
ਹਰ ਥਾਂ ਹਾਜ਼ਰ ਨਾਜ਼ਰ ਤੂੰ ਹੀ
ਹਰ ਥਾਂ ਹਾਜ਼ਰ ਨਾਜ਼ਰ ਤੂੰ ਹੀ, ਫੁੱਲ ਕਲੀਆਂ ਖੁਸ਼ਬੋਈਆਂ ਅੰਦਰ। ਲੱਭਦੇ ਲੱਭਦੇ ਹਾਰ ਗਏ ਹਾਂ, ਗੁਰ ਘਰ, ਮਸਜਿਦ ਮੰਦਰ ਅੰਦਰ। ਬਿਨ ਬੋਲੇ ਤੂੰ ਜਾਨਣਹਾਰੀ, ਰੂਹ ਮੇਰੀ ਦੇ ਚਾਨਣ ਜਹੀਏ, ਖ਼ੁਦ ਹੀ ਦੱਸ ਦੇ ਇਸ ਵੇਲੇ ਹੈ, ਕੀ ਕੁਝ ਤੁਰਦਾ ਦਿਲ ਦੇ ਅੰਦਰ। ਨੈਣ ਤੇਰੇ ਦੋ ਜਗਦੇ ਦੀਵੇ, ਪਿੱਛੇ ਹੰਝੂ ਪਲਕੀਂ ਡੱਕੇ, ਅੱਗ ਤੇ ਪਾਣੀ ਇੱਕੋ ਭਾਂਡੇ, ਰੱਬ ਕਿੰਜ ਪਾਇਆ ਤੇਰੇ ਅੰਦਰ। ਤਪਦੀ ਧਰਤੀ ਉੱਤੇ ਵਰ੍ਹ ਜਾ, ਸਾਡੀ ਰੂਹ ਨੂੰ ਜਲਥਲ ਕਰ ਜਾ, ਅੱਖੀਆਂ ਵਿਚਲਾ ਤਲਖ਼ ਸਮੁੰਦਰ, ਢੇਰੀ ਕਰ ਜਾਹ ਮੇਰੇ ਅੰਦਰ। ਤੂੰ ਹਿਰਨੀ ਦੀ ਨਾਭੀ ਅੰਦਰ, ਮਹਿਕ ਰਹੀ ਕਸਤੂਰੀ ਬਣਕੇ, ਕਿੱਦਾਂ ਦੱਸਾਂ ਖੁਸ਼ਬੂ ਜੇਹੀਏ, ਕੀ ਕੁਝ ਛੁਪਿਆ ਤੇਰੇ ਅੰਦਰ। ਹਰ ਹੀਰਾ ਹੀ ਪੱਥਰ ਹੁੰਦਾ, ਹਰ ਪੱਥਰ ਨਹੀਂ ਹੁੰਦਾ ਹੀਰਾ, ਜੌਹਰੀ ਦੀ ਅੱਖ ਤੁਰਤ ਪਛਾਣੇ, ਫ਼ਰਕ ਭਲਾ ਕੀ ਦੋਹਾਂ ਅੰਦਰ। ਮੋਤੀ ਚੁਗਣੇ ਮਾਨਸਰਾਂ ਦੇ, ਕਾਵਾਂ ਦੇ ਭਾਗਾਂ ਵਿੱਚ ਕਿੱਥੇ, ਕਾਗੋਂ ਹੰਸ ਬਣਾ ਦੇ ਮੈਨੂੰ, ਇਹ ਸ਼ਕਤੀ ਹੈ ਤੇਰੇ ਅੰਦਰ।
ਪਿਆਰ ਦੇ ਪੁਜਾਰੀਆਂ ਦੀ ਵੱਖਰੀ
ਪਿਆਰ ਦੇ ਪੁਜਾਰੀਆਂ ਦੀ ਵੱਖਰੀ ਹੀ ਤੋਰ ਹੈ। ਗ਼ਰਜ਼ਾਂ ਦੀ ਪੈਸੇ ਵਾਲੀ ਦੁਨੀਆਂ ਹੀ ਹੋਰ ਹੈ। ਜ਼ਾਲਮਾਂ ਦੇ ਹੱਥ ਵਿਚ ਤੀਰ ਤੇ ਕਮਾਨ ਹੈ, ਇਨ੍ਹਾਂ ਦਾ ਨਿਸ਼ਾਨਾ ਸਦਾ ਪੈਲ ਪਾਉਂਦਾ ਮੋਰ ਹੈ। ਰੱਬ ਨੇ ਪਰੋਏ ਤਾਂ ਸੀ ਮਾਲਾ ਵਿਚ ਘੁੰਗਰੂ, ਟੁੱਟ ਗਈ ਹੈ ਤੰਦ, ਰੁਲ਼ੇ ਕੱਲ੍ਹਾ ਕੱਲ੍ਹਾ ਬੋਰ ਹੈ। ਕੂੜਾ ਧਨ ਮਾਲ ਸਾਨੂੰ ਧਰਮਾਂ ਨੇ ਦੱਸਿਆ, ਏਸੇ ਨੂੰ ਫੜਾਈ ਅਸਾਂ ਜ਼ਿੰਦਗੀ ਦੀ ਡੋਰ ਹੈ। ਬਹੁਤੀ ਵਾਰੀ ਟੁੱਟ ਜਾਈਏ, ਖ਼ੁਦ ਨਾਲੋਂ ਆਪ ਹੀ, ਤਨ ਕਿਤੇ ਹੋਰ ਫਿਰੇ ਮਨ ਕਿਤੇ ਹੋਰ ਹੈ। ਚੱਲ ਓ ਭਰਾਵਾ ਪਹਿਲਾਂ ਓਸ ਨੂੰ ਹੀ ਮਾਰੀਏ, ਤੇਰੇ ਮੇਰੇ ਮਨ ਵਿਚ ਬੈਠਾ ਜਿਹੜਾ ਚੋਰ ਹੈ। ਚੁੰਨੀ ਸੁਰਮਈ ਵੇਖ ਅੰਬਰਾਂ 'ਚ ਸੁੱਕਦੀ, ਸੂਰਜੇ ਚੁਫ਼ੇਰ ਲਾਈ ਧੁੱਪ ਰੰਗੀ ਕੋਰ ਹੈ।
ਅਦਲੀ ਰਾਜੇ, ਧਰਮ ਕਚਹਿਰੀ
ਅਦਲੀ ਰਾਜੇ, ਧਰਮ ਕਚਹਿਰੀ, ਦੋਵੇਂ ਸਾਨੂੰ ਚਾਰ ਗਏ ਨੇ। ਬਾਬਰ ਕੇ ਕਿਉਂ ਜਿੱਤ ਗਏ ਨੇ, ਬਾਬੇ ਕੇ ਕਿਉਂ ਹਾਰ ਗਏ ਨੇ। ਇੱਕ ਦੂਜੇ ਵੱਲ ਝਾਕ ਰਹੇ ਨੇ, ਮਾਪੇ ਬਿਰਖ਼ ਬਰੋਟਿਆਂ ਵਰਗੇ, ਘਰ ਨਾ ਪਰਤੇ ਸਾਡੇ ਜੰਮੇ, ਜੀਂਦੇ ਜੀਅ ਕਿਉਂ ਮਾਰ ਗਏ ਨੇ। ਖੇਤਾਂ ਤੇ ਖ਼ੁਦਕੁਸ਼ੀਆਂ ਦੀ ਹੁਣ ਇੱਕੋ ਰਾਸ਼ੀ ਬਣ ਚੱਲੀ ਹੈ, ਹਾਕਮ ਕੀਹ ਹਮਦਰਦੀ ਕਰਨੀ, ਗੱਲੀਂ ਬਾਤੀਂ ਸਾਰ ਗਏ ਨੇ। ਵੇਖ ਲਵੋ ਜੀ ਮੋਈਆਂ ਮੱਛੀਆਂ, ਪਾਣੀ ਉੱਪਰ ਤੈਰਦੀਆਂ ਨੇ, ਅਜਬ ਮਲਾਹ ਜੋ ਆਪਣੇ ਵੱਲੋਂ, ਸਾਨੂੰ ਪਾਰ ਉਤਾਰ ਗਏ ਨੇ। ਭਰੀਆਂ ਬੰਨ੍ਹਣ ਵਾਲੇ ਖੱਭੜ, ਗਲ ਵਿਚ ਨਾਗ ਵਲੇਵੇਂ ਬਣ ਗਏ, ਇਨਕਲਾਬ ਇਹ ਸਾਵੇ, ਸਾਨੂੰ ਖੇਤਾਂ ਸਣੇ ਡਕਾਰ ਗਏ ਨੇ। ਇੱਛਿਆਧਾਰੀ ਨਾਗ ਵਾਂਗਰਾਂ, ਰੋਜ਼ ਸਿਆਸਤ ਨੇ ਰੰਗ ਬਦਲੇ, ਜੋ ਭਗਵਾਨ ਬਣਾਏ ਹੱਥੀਂ, ਓਹੀ ਕਹਿਰ ਗੁਜ਼ਾਰ ਗਏ ਨੇ। ਜੀਂਦੇ ਮਰਦੇ ਸਹਿਕ ਰਹੇ ਨੇ, ਆਲ੍ਹਣਿਆਂ ਵਿਚ ਅੱਜ ਵੀ ਹਾਉਕੇ, ਪੁੱਛਣ, ਏਥੋਂ ਸਾਡੇ ਬੱਚੜੇ, ਕਿਉਂ ਰਾਵੀ ਤੋਂ ਪਾਰ ਗਏ ਨੇ।
ਹਿੰਮਤਾਂ ਦੇ ਰਾਹੀਓ
ਹਿੰਮਤਾਂ ਦੇ ਰਾਹੀਓ ਤੁਸੀਂ ਜ਼ਿੰਦਗੀ ਉਸਾਰਨਾ। ਭਾਗਾਂ ਦੇ ਭੁਲੇਖਿਆਂ 'ਚ ਹੌਸਲਾ ਨਾ ਹਾਰਨਾ। ਧਰਮਾਂ ਤੇ ਕਰਮਾਂ ਦੀ ਪੜ੍ਹਨੀ ਵਿਆਖਿਆ, ਸੁਣੀਆਂ ਸੁਣਾਈਆਂ ਪਿੱਛੇ ਸਮਾਂ ਨਾ ਗੁਜ਼ਾਰਨਾ। ਕੂੜ ਦਾ ਅਮਾਵਸੀ ਹਨ੍ਹੇਰ ਪਰਧਾਨ ਹੈ, ਏਸ ਵਿਚੋਂ ਆਪ, ਹੱਕ ਸੱਚ ਨੂੰ ਨਿਤਾਰਨਾ। ਨੀਹਾਂ 'ਚ ਮਾਸੂਮ ਜਿੰਦਾਂ ਚਿਣੀਆਂ ਸੀ ਕਾਸ ਨੂੰ, ਕਦੇ ਕੱਲ੍ਹੇ ਬੈਠ ਏਸ ਗੱਲ ਨੂੰ ਵਿਚਾਰਨਾ। ਸੁਣ ਲੈ ਮਲਾਹਾ, ਮੇਰੀ ਏਨੀ ਗੱਲ ਜਾਣ ਲੈ, ਕੀਤਾ ਵਿਸ਼ਵਾਸ, ਹੁਣ ਪਾਰ ਵੀ ਉਤਾਰਨਾ। ਬਾਜ਼ ਤੂੰ ਉਡਾਰ, ਉੱਡ, ਸੂਰਜੇ ਤੋਂ ਪਾਰ ਜਾਹ, ਛੱਡ ਹੁਣ ਧਰਤੀ ਤੇ ਚਿੜੀਆਂ ਨੂੰ ਮਾਰਨਾ। ਕਿਸੇ ਨਾ ਬਣਾਈ, ਇੱਕੋ ਦਿਨ ਬੈਠ ਕਾਇਨਾਤ, ਤੁਰ ਪਉ, ਤੂੰ ਛੱਡ, ਇਹ ਤਾਂ ਵਿਹਲਿਆਂ ਦੀ ਧਾਰਨਾ।
ਜੀਵੇ ਜਾਗੇ ਭਾਵੇਂ
ਜੀਵੇ ਜਾਗੇ ਭਾਵੇਂ ਸਭ ਪਰਿਵਾਰ ਮਿਰਾ। ਮਾਂ ਬਿਨ ਕੌਣ ਉਤਾਰੇ, ਮਨ ਤੋਂ ਭਾਰ ਮਿਰਾ। ਨਿੱਕੇ ਘਰ ਨੂੰ ਵੇਖੋ, ਧਰਤ ਬਣਾ ਗਈ ਉਹ, ਕੁਲ ਦੁਨੀਆਂ ਵਿਚ ਫ਼ੈਲ ਗਿਆ ਪਰਿਵਾਰ ਮਿਰਾ। ਮੇਰੀ ਧਰਤੀ ਅੰਬਰ ਵੀ ਸੀ ਓਹੀ ਉਹ, ਤੁਰ ਗਈ ਹੈ ਤਾਂ ਸੁੰਗੜਿਆ ਸੰਸਾਰ ਮਿਰਾ। ਗੁਣੇ, ਗੁਲਗੁਲੇ ਤਲਦੀ ਸਦਾ ਵਿਸਾਖੀ ਨੂੰ, ਮਾਂ ਦੇ ਮਗਰੋਂ ਬਦਲ ਗਿਆ ਅਧਿਕਾਰ ਮਿਰਾ। ਸ਼ਾਮ ਪਈ ਘਰ ਜਦੋਂ ਕੁਵੇਲੇ ਮੁੜਦਾ ਸਾਂ, ਸਦਾ ਝਿੜਕਕੇ ਮਾਂ ਕਰਦੀ ਸਤਿਕਾਰ ਮਿਰਾ। ਉਸ ਦੇ ਪੈਰਾਂ ਹੇਠਾਂ ਜਿਹੜੀ ਜੰਨਤ ਸੀ, ਮਹਿਕ ਰਿਹਾ ਉਸ ਕਰਕੇ ਹੀ ਘਰ ਬਾਰ ਮਿਰਾ। ਮਾਂ ਦੇ ਹੁੰਦਿਆਂ, ਇੱਟ ਖੜਿੱਕਾ ਚੱਲਦਾ ਸੀ, ਹੁਣ ਨਹੀਂ ਹੁੰਦਾ ਕਿਸੇ ਨਾਲ ਤਕਰਾਰ ਮਿਰਾ।
ਬਹੁਤ ਸੋਹਣੀ
ਬਹੁਤ ਸੋਹਣੀ ਅੱਜ ਰਾਤੀਂ ਚਾਨਣੀ ਸੀ, ਬਿਨ ਤੇਰੇ ਕੱਲ੍ਹੇ ਮੈਂ ਕਿੱਥੇ ਮਾਨਣੀ ਸੀ। ਤਾਰਿਆਂ ਨੂੰ ਗਿਣਦਿਆਂ ਪਰਭਾਤ ਹੋਈ, ਪੀੜ ਦਿਲ ਦੀ ਹੋਰ ਕਿਸ ਪਹਿਚਾਨਣੀ ਸੀ। ਵਿੱਥਿਆ ਧਰਤੀ ਦੇ ਦਿਲ ਦੀ ਕੌਣ ਪੁੱਛੇ, ਪੌਣ ਪਾਣੀ ਜ਼ਹਿਰ ਅੰਬਰ ਛਾਨਣੀ ਸੀ। ਪੁੱਤ ਧੀਆਂ ਬਿਰਖ਼ ਬੂਟੇ ਚੀਰਦੇ ਸੀ, ਕਿਸ ਹਰੀ ਛਤਰੀ ਸਿਰਾਂ ਤੇ ਤਾਨਣੀ ਸੀ। ਤੂੰ ਬਰੂਹਾਂ ਤੇ ਖੜ੍ਹਾ ਕੀਹ ਸੋਚਦਾ ਹੈਂ, ਇਹ ਤਾਂ ਵੇਦਨ ਤੂੰ ਹੀ ਆ ਕੇ ਜਾਨਣੀ ਸੀ। ਅੱਗ ਦੇ ਦਰਿਆ 'ਚ ਜੇ ਤੂੰ ਤੈਰਨਾ ਸੀ, ਦਿਲ ਦੇ ਅੰਦਰ ਬਹੁਤ ਪਹਿਲਾਂ ਠਾਨਣੀ ਸੀ।
ਟੁੱਟਿਆ ਸੌ ਵਾਰ
ਟੁੱਟਿਆ ਸੌ ਵਾਰ ਫਿਰ ਵੀ ਟਾਹਣੀਆਂ ਤੇ ਜੁੜ ਗਿਆ। ਜ਼ਰਦ ਪੱਤਾ ਕਿਰ ਗਿਆ ਫ਼ਿਰ ਸਬਜ਼ ਪੱਤਾ ਪੁੰਗਰਿਆ। ਧਰਤ ਅੰਦਰ ਉਗਮਦਾ ਤੇ ਬਿਣਸਦਾ, ਵੇਖੋ ਕਮਾਲ, ਤੁਰ ਰਿਹਾ ਹੈ ਜ਼ਿੰਦਗੀ, ਤੇਰਾ ਨਿਰੰਤਰ ਕਾਫ਼ਲਾ। ਮੈਂ ਤੇਰੇ ਤੋਂ ਦੂਰ ਵੀ ਹਾਂ, ਨੇੜ ਵੀ ਧੜਕਣ ਦੇ ਵਾਂਗ, ਮਨ-ਪਰਿੰਦਾ ਮੌਜ ਅੰਦਰ, ਇੱਕ ਥਾਂ ਨਹੀਂ ਠਹਿਰਦਾ। ਸੜ ਗਿਆ ਜੰਗਲ ਤੇ ਉਸ ਵਿਚ ਰਾਖ਼ ਹੋਇਆ ਬਹੁਤ ਕੁਝ, ਕਰਮ ਇਹ ਤੇਰਾ ਮੁਹੱਬਤ, ਫੇਰ ਹੈ ਜੰਗਲ ਹਰਾ। ਅਜਬ ਹੈ ਰਿਸ਼ਤਾ ਸਨੇਹ ਦਾ, ਰੋਜ਼ ਤੁਰਨਾ ਤੇਗ ਤੇ, ਵਾਅ ਵਰ੍ਹੋਲੇ ਤੇਜ਼ ਤਿੱਖੇ, ਝੁਲਸਦੀ ਤਪਦੀ ਹਵਾ। ਐ ਦਿਲਾ ਪੁੱਛੀਂ ਕਦੇ ਤੂੰ, ਇਸ਼ਕ ਨੂੰ ਵਿਸ਼ਵਾਸ ਨਾਲ, ਚੋਰ ਵਾਂਗੂੰ ਤੂੰ ਕਦੋਂ ਸੈਂ ਐਥੇ ਆ ਕੇ ਬਹਿ ਗਿਆ। ਖੁੱਲ੍ਹਦੀਆਂ ਸਨ ਖਿੜਕੀਆਂ ਹਰ ਰੋਜ਼ ਰੌਸ਼ਨਦਾਨ ਵੀ, ਮਨ ਦਾ ਬੂਹਾ, ਤੇਰੇ ਮਗਰੋਂ, ਦਸਤਕਾਂ ਲਈ ਸਹਿਕਦਾ।
ਤੇਰੇ ਨਾਲ ਗੁਜ਼ਾਰੀਆਂ ਰਾਤਾਂ
ਤੇਰੇ ਨਾਲ ਗੁਜ਼ਾਰੀਆਂ ਰਾਤਾਂ ਭੁੱਲਦੀਆਂ ਨਹੀਂ, ਧੁੱਪਾਂ ਛਾਵਾਂ ਤੇ ਬਰਸਾਤਾਂ ਭੁੱਲਦੀਆਂ ਨਹੀਂ। ਓਸ ਬਿਰਖ਼ ਦੀ ਛਾਂ ਵੀ ਮੈਨੂੰ ਚੇਤੇ ਹੈ, ਪਹਿਲ ਪਲੇਠੀਆਂ ਉਹ ਮੁਲਾਕਾਤਾਂ ਭੁੱਲਦੀਆਂ ਨਹੀਂ। ਘਾਹ ਦੀ ਤਿੜ ਦੇ ਛੱਲੇ, ਛਾਪਾਂ, ਮੁੰਦਰੀਆਂ, ਵਡਮੁੱਲੀਆਂ ਉਹ ਅਜਬ ਸੁਗਾਤਾਂ ਭੁੱਲਦੀਆਂ ਨਹੀਂ। ਸਾਨੂੰ ਸ਼ੱਕ ਸੀ ਤਾਰੇ ਗੱਲਾਂ ਸੁਣਦੇ ਨੇ, ਅਣਕਹੀਆਂ ਅਣਸੁਣੀਆਂ ਬਾਤਾਂ ਭੁੱਲਦੀਆਂ ਨਹੀਂ। ਚੇਤੇ ਕਰਦਾਂ, ਦਿਲ ਤਾਂ ਹੁਣ ਵੀ ਭਰਦਾ ਹੈ, ਅੱਖੀਆਂ ਨੂੰ ਉਹ ਪਹਿਲੀਆਂ ਝਾਤਾਂ ਭੁੱਲਦੀਆਂ ਨਹੀਂ। ਗੁੰਗੇ ਤੋਤੇ ਨੂੰ ਤੂੰ ਬੋਲਣ ਲਾਇਆ ਸੀ, ਦਾਤਾ ਤੇਰੀਆਂ ਮਹਿੰਗੀਆਂ ਦਾਤਾਂ ਭੁੱਲਦੀਆਂ ਨਹੀਂ। ਤਖ਼ਤੀ ਲਿਖਦੇ, ਡੋਬੇ ਲੈਣਾ, ਲੜ ਪੈਣਾ, ਬਚਪਨ ਵਾਲੀਆਂ ਕਲਮ ਦਵਾਤਾਂ ਭੁੱਲਦੀਆਂ ਨਹੀਂ।
ਕਿੱਦਾਂ ਮਰਨ ਦਿਆਂ ਮੈਂ
ਕਿੱਦਾਂ ਮਰਨ ਦਿਆਂ ਮੈਂ, ਦੱਸੀਂ, ਆਸਾਂ ਸੁਰਖ਼ ਉਮੀਦਾਂ ਨੂੰ। ਦਿਲ ਦਾ ਹਾਲ ਸੁਣੀਂ ਤੂੰ ਬਹਿ ਕੇ, ਢਾਰਸ ਮਿਲੂ ਮੁਰੀਦਾਂ ਨੂੰ। ਦੇਸ਼ ਦੀ ਖ਼ਾਤਰ ਕੌਣ ਕਦੋਂ ਸੀ, ਫਾਂਸੀ ਤਖ਼ਤੇ ਲਟਕ ਗਿਆ, ਏਨੀ ਜਲਦੀ ਕਿਉਂ ਭੁੱਲ ਬੈਠੇ, ਸਾਡੇ ਲੋਕ ਸ਼ਹੀਦਾਂ ਨੂੰ। ਮਾਲ ਪਲਾਜ਼ੇ, ਬਦਲੇ ਖਾਜੇ, ਕਿੱਥੋਂ ਕਿੱਧਰ ਤੁਰ ਪਏ ਆਂ, ਮੰਡੀ ਦੇ ਵਿਚ ਵਿਕ ਚੱਲੇ ਹਾਂ, ਕਰਦੇ ਰੋਜ਼ ਖ਼ਰੀਦਾਂ ਨੂੰ। ਆਈਆਂ ਚੋਣਾਂ, ਘਰ ਘਰ ਰੋਣਾ, ਫਿਰ ਧੜਿਆਂ ਵਿਚ ਵੰਡਣਗੇ, ਬੱਕਰੇ ਦੀ ਮਾਂ ਕਿੰਜ ਉਡੀਕੇ, ਦੱਸੋ ਜੀ, ਬਕਰੀਦਾਂ ਨੂੰ। ਦੁੱਲਾ ਭੱਟੀ ਹਰ ਜਾਬਰ ਤੋਂ ਨਾਬਰ ਤਾਂ ਪੁਸ਼ਤੈਨੀ ਹੈ, ਚਿੱਤ ਵਿਚ ਰੱਖਦੈ, ਸਦਾ ਜਿਉਂਦੇ, ਸ਼ਾਹਿਦ ਬਾਪ ਫ਼ਰੀਦਾਂ ਨੂੰ। ਤੂੰ ਨਿਰਮੋਹੀਆ, ਇਨਕਲਾਬ ਦਾ ਲਾਰਾ ਲਾ ਕੇ ਮੁੜਿਆ ਨਹੀਂ, ਨੈਣ ਬਰਸਦੇ, ਰਹਿਣ ਤਰਸਦੇ, ਚੰਨ ਮਾਹੀ ਦਿਆਂ ਦੀਦਾਂ ਨੂੰ। ਨਾ ਧਰਤੀ ਨਾ ਅੰਬਰ ਆਪਣਾ, ਮਨ ਪਰਦੇਸੀ ਹੋ ਚੱਲਿਆ, ਆਪਣਾ ਆਪ ਬੇਗਾਨਾ ਹੋਇਆ, ਕੀ ਕਰਨੈਂ ਮੈਂ ਈਦਾਂ ਨੂੰ।
ਅਨਪੜ੍ਹ ਪੱਥਰ ਵਾਂਗ ਪਿਆ ਸਾਂ
ਅਨਪੜ੍ਹ ਪੱਥਰ ਵਾਂਗ ਪਿਆ ਸਾਂ, ਮੈਂ ਵੀ ਹੀਰਾ ਬਣਨਾ ਚਾਹਿਆ। ਖ਼ੁਦ ਨੂੰ ਆਪ ਤਰਾਸ਼ ਨਾ ਸਕਿਆ, ਕਲਾਕਾਰ ਨਾ ਛਿੱਲਿਆ ਲਾਹਿਆ। ਹੀਰਾ ਜਨਮ ਗੁਆਚ ਗਿਆ ਹੈ, ਐਵੇਂ ਮਿੱਟੀ ਘੱਟਾ ਫੱਕਦੇ, ਧਰਤ ਆਕਾਸ਼, ਪਾਤਾਲ ਬੜਾ ਕੁਝ, ਅੱਖ ਪਲਕਾਰੇ ਅੰਦਰ ਗਾਹਿਆ। ਜੇ ਨਾ ਬੀਬੀ ਪੂਣੀਆਂ ਵੱਟਦੀ, ਰੂੰ ਦੇ ਗੋਹੜੇ ਉੱਡ ਪੁੱਡ ਜਾਂਦੇ, ਇਹ ਜਿਹੜੀ ਸੁਣਦੀ ਏ ਘੂਕਰ, ਲੱਗਦੈ ਮਾਂ ਨੇ ਚਰਖ਼ਾ ਡਾਹਿਆ। ਇਹ ਨਾ ਦੱਸਿਆ ਜਾਣ ਵਾਲਿਆਂ, ਦਿਲ ਦੀ ਨਰਮ ਸਲੇਟ ਦੇ ਉੱਤੇ, ਪਹਿਲਾਂ ਹਰਫ਼ ਮੁਹੱਬਤ ਲਿਖ ਕੇ, ਇਕ ਦਮ ਉਸ ਨੂੰ ਕਿਉਂ ਤੂੰ ਢਾਹਿਆ। ਹੇ ਜ਼ਿੰਦਗੀ ਤੂੰ ਕੈਸੀ ਦਾਤੀ, ਬਿਨ ਮੰਗਿਆਂ ਤੋਂ ਦੇਵੇਂ ਦਾਤਾਂ, ਜੇ ਮੰਗੀਏ ਤਾਂ ਝੋਲੀ ਪਾਵੇਂ, ਕਿੰਨਾ ਤੂੰ ਵੱਖਰ ਅਣਚਾਹਿਆ। ਧਰਤ ਬੇਰਹਿਮ ਤੇਜ਼ਾਬੀ ਅੰਦਰ, ਇੱਕ ਵੀ ਸੁਪਨਾ ਪੁੰਗਰਿਆ ਨਾ, ਮੇਰੇ ਪਿਉ-ਦਾਦੇ ਨੇ ਮੁੜ੍ਹਕਾ, ਕਈ ਸਦੀਆਂ ਤੋਂ ਇਸ ਵਿਚ ਵਾਹਿਆ। ਸ਼ਬਦ ਪੋਟਲੀ ਦੇ ਵਿਚ ਬੰਨ੍ਹਿਆ, ਕੁਝ ਵੀ ਇਸ 'ਚੋਂ ਮੇਰਾ ਨਹੀਂ ਹੈ, ਇਹ ਤਾਂ ਕਰਜ਼ ਖੜ੍ਹਾ ਸੀ ਸਿਰ 'ਤੇ ਕਿਸ਼ਤਾਂ ਕਰਕੇ ਮਗਰੋਂ ਲਾਹਿਆ।