Man Tandoor : Gurbhajan Gill
ਮਨ ਤੰਦੂਰ (ਕਾਵਿ ਸੰਗ੍ਰਹਿ) : ਗੁਰਭਜਨ ਗਿੱਲ
ਸਾਵਾ ਬਿਰਖ਼ : ਗੁਰਭਜਨ ਗਿੱਲ
ਉਹ ਰਾਵੀਓਂ ਉਰਵਾਰ-ਪਾਰ ਕੂਕਦੀ ਆਵਾਜ਼ ਦਾ ਸਿਰਨਾਵਾਂ ਹੈ ਇਹ ਕੂਕ ਧਰਤੀ 'ਤੇ ਮਨਹੂਸ ਲੀਕ ਦੇ ਖਿੱਚੇ ਜਾਣ ਤੋਂ ਹਵਾ ਵਿਚ ਫ਼ੈਲਰੀ ਸੀ ਉਦੋਂ ਜਦੋਂ ਦਰਿਆਵਾਂ ਦੇ ਨਿਰਮਲ ਪਾਣੀ ਲਹੂ ਦੀਆਂ ਤਤੀਰੀਆ ਨਾਲ ਲਾਲ ਹੋ ਗਏ ਸਨ ਬਿਰਖ਼ ਚੀਕਾਂ ਬਣ ਗਏ ਸਨ ਤੇ ਪਹੇ-ਪਗਡੰਡੀਆਂ ਬੇਗਾਨੇ ਹੋ ਗਏ ਸਨ ਇਨ੍ਹਾਂ ਅਣਕਿਆਸੇ ਦੁਖਦਾਈ ਪਲਾਂ 'ਚ ਸਹਿਮੇ ਸਹਿਮੇ ਘੁੱਗ ਵੱਸਦੇ ਘਰ ਛੱਡ ਉਹਦੇ ਵਡੇਰੇ ਜਦੋਂ ਰਾਵੀ ਪਾਰੋਂ ਵਕਤਾਂ ਦੀ ਬੇਵਿਸ਼ਵਾਸੀ ਹੱਥੋਂ ਰਾਵੀ ਦੇ ਉਰਲੇ ਪਾਸੇ ਆ ਵੱਸੇ ਉਹਨਾਂ ਵਕਤਾਂ ਦਾ ਦਰਦ ਉਹਦੀਆਂ ਅੱਖਾਂ 'ਚੋਂ ਹੁਣ ਵੀ ਸੇਕ ਵਾਂਗ ਨਿਕਲਦਾ ਹੈ ਵੰਡ ਤੋਂ ਛੇ ਵਰ੍ਹੇ ਮਗਰੋਂ ਜੰਮਣ ਦੇ ਬਾਵਜੂਦ ਉਹ ਅੱਜ ਤੱਕ ਵੀ ਭੁੱਲ ਨਹੀਂ ਸਕਿਆ ਆਪਣੇ ਵੱਡ-ਵਡੇਰਿਆਂ ਦੀ ਉਸ ਮੋਹ-ਮਿੱਟੀ ਨੂੰ ਹੁਣ ਵੀ ਉਹਦੇ ਪੈਰਾਂ ਨੂੰ ਇਕ ਸ਼ੁਦਾਅ ਜਿਹਾ ਕੁੱਦਿਆ ਰਹਿੰਦਾ ਹੈ ਰਾਵੀਓਂ ਪਰਲੇ ਪਾਰ ਜਾਣ ਦਾ। ਉਹਦਾ ਜੀਵਨ ਸਾਦਾ ਸਰਲ ਨਹੀਂ ਸੰਘਰਸ਼ ਦੀ ਲੰਮੇਰੀ ਵਿਥਿਆ ਹੈ ਤੇ ਇਸਦੀ ਪੈੜ-ਦਰ-ਪੈੜ ਪਛਾਣ ਉਹਦੀਆਂ ਕਾਵਿ-ਸਤਰਾਂ ਵਿਚ ਸੰਕੇਤਕ ਸੂਤਰ-ਬੱਧ ਹੈ ਅਧਿਆਪਨ, ਸੰਪਾਦਨ, ਪੱਤਰਕਾਰੀ ਤੇ ਪ੍ਰਸ਼ਾਸਨ ਦੇ ਉੱਚ ਮੁਕਾਮ ਤਕ ਪਹੁੰਚਣ ਲਈ ਆਪਣੇ ਅਕੀਦਿਆਂ ਦੇ ਮਹੀਂਵਾਲ ਦੇ ਦਰਸ਼ਨ-ਦੀਦਾਰੇ ਦੀ ਖਾਤਰ ਉਸ ਸਿਆਹ ਰਾਤਾਂ ਵਿਚ ਵੀ ਸ਼ੂਕਦੇ ਡਰਾਉਣੇ ਝਨਾਂ ਪਾਰ ਕੀਤੇ ਐਪਰ ਉਹ ਹੰਭਿਆ ਨਹੀਂ ਕੋਈ ਵੀ ਚੰਦਰੀ ਅਮਰ-ਵੇਲ ਉਹਦੇ ਹਰੇ-ਕਚੂਰ ਹੌਸਲਿਆਂ ਨੂੰ ਪਸਤ ਨਹੀਂ ਕਰ ਸਕੀ। ਮਾਯੂਸੀਆਂ ਨੇ ਉਸਨੂੰ ਸਾਹ-ਸਤ ਹੀਣ ਨਹੀਂ ਸਗੋਂ ਸਤਿਆਵਾਨ ਹੋਣ ਦਾ ਸਾਹਸ ਦਿੱਤਾ ਦੋਸਤਾਂ ਦੇ ਹੁੰਗਾਰੇ ਬਟੋਰਦੇ ਉਹਦੇ ਹੱਥਾਂ ਨੇ ਸਦਾ ਸਿਖ਼ਰਲੀ ਸ਼ਾਖ ਨੂੰ ਹੀ ਫੜਿਆ ਇਹੋ ਹੀ ਨਹੀਂ ਨਿੱਕੀਆਂ ਨਿੱਕੀਆਂ ਸਿਫ਼ਤਾਂ, ਸਲਾਹਾਂ, ਸੁਝਾਉਣੀਆਂ ਉਸ ਦੋਸਤਾਂ ਦੀ ਝੋਲੀ ਪਾਈਆਂ ਉਹਦਾ ਦਰ ਹਰ ਕਿਸੇ ਲਈ ਖੁੱਲ੍ਹਾ ਹੈ ਜੋ ਦਰ ਆਵੇ ਸੋ ਰਾਜ਼ੀ ਜਾਵੇ ਇਸੇ ਕਰਕੇ ਉਹਦੇ ਘਰ ਦੇ ਇਕ ਨਹੀਂ ਦੋ ਦਰਵਾਜ਼ੇ ਹਨ ਤੇ ਦਿਲ ਦੇ ਅਨੰਤ। ਆਪਣੇ ਨਿਰੋਲ ਅਨਪੜ੍ਹ ਬਾਪ ਦੀਆਂ ਸ਼ਫ਼ਾ ਜਿਹੀਆਂ ਸੁਣੌਤੀਆਂ ਕਰਕੇ ਜਾਂ ਮਾਂ ਤੋਂ ਸੁਣੀਆਂ ਕਥਾ ਕਹਾਣੀਆਂ ਕਰਕੇ ਜਾਂ ਵੀਰਾਂ ਤੇ ਵੱਡੀ ਭੈਣ ਤੋਂ ਮਿਲੇ ਧਰਵਾਸ ਸਦਕਾ ਉਹਦੀ ਦੇਹ-ਮਿੱਟੀ 'ਚ ਖ਼ਬਰੇ ਕੇਹੀ ਤਾਸੀਰ ਸਮਾ ਗਈ ਕਿ ਉਥੇ ਪੋਹਲੀਆਂ ਦੀ ਥਾਵੇਂ ਸਦਾ ਮਰੂਆ ਹੀ ਖਿੜਦਾ ਹੈ। ਉਹ ਰਿਸ਼ਤਿਆਂ ਦੀ ਧਰਮੀ ਧਰਾਤਲ 'ਤੇ ਮੋਹ-ਮਿੱਟੀ 'ਚ ਗੁੰਨਿਆ ਵਜੂਦ ਹੈ ਉਹਦੀ ਸੋਚ 'ਚ ਸੁਚਿਆਈ ਅੱਖਾਂ 'ਚ ਲੱਜਾ ਦੀ ਲਿਸ਼ਕ ਤੇ ਗਰਦਨ 'ਚ ਗ਼ੈਰਤ ਦੀ ਬੁਲੰਦੀ ਹਿੱਕ 'ਚ ਪੰਜਾਬੀ ਰਹਿਤਲ ਦੀ ਰਸਾਈ ਦਿਲ 'ਚ ਦਰਦਮੰਦਾਂ ਦਾ ਦਰਦ ਹੱਥਾਂ 'ਚ ਹੋਰਾਂ ਲਈ ਹਥੌਲੇ ਵਰਗੀ ਰਹਿਮਤ ਪਰ ਪੈਰਾਂ 'ਚ ਟਿਕਾਅ ਨਹੀਂ ਕਾਹਲ ਹੈ ਬ੍ਰਹਿਮੰਡ ਦੀਆਂ ਸਗਲ ਧਰਤੀਆਂ ਗਾਹੁਣ ਦੀ। ਗੱਲਾਂ ਕਰਦਾ ਕਰਦਾ ਉਹ ਕਠੋਰ ਲੱਗੇਗਾ ਪਰ ਨੇੜੇ ਹੋ ਵਰਤ ਕੇ ਵੇਖੋ ਤਾਂ ਨਿਰੀ ਮੋਮ ਦੀ ਕੋਮਲ ਮੂਰਤ ਤੁਸੀਂ ਆਪਣਾ ਗ਼ਮ ਸਾਂਝਾ ਤਾਂ ਕਰੋ ਭਰੇ ਦਿਲ ਦੀ ਟੀਸ ਬਾਰੇ ਤਾਂ ਦੱਸੋ ਉਹ ਬਰਫ਼ ਦੀ ਡਲੀ ਵਾਂਗ ਪਿਘਲ ਜਾਏਗਾ ਤੇ ਤੁਹਾਡੇ ਟਸੂੰ ਟਸੂੰ ਕਰਦੇ ਦਿਲ ਤੋਂ ਗ਼ਮਾਂ ਦੀ ਪੰਡ ਲਹਿ ਜਾਏਗੀ ਦੀਨ ਦੁਖੀ ਲਈ ਉਹ ਪਹਿਲੀ ਹਾਕ 'ਤੇ ਹੀ ਦਾਰੂ ਹੋ ਨਿਬੜਦਾ ਹੈ। ਸੰਬੰਧੀਆਂ 'ਚ ਗੀਤ ਦੇ ਮੁੱਖੜੇ ਜਿਹਾ ਦੋਸਤਾਂ 'ਚ ਗ਼ਜ਼ਲ ਦੇ ਮਤਲੇ ਜਿਹਾ ਬੁਰਿਆਂ ਲਈ ਤੇਜ਼ ਤਿੱਖਾ ਤੀਰ ਇਹ ਭਰਿਆ ਭਕੁੰਨਾ ਸ਼ਖ਼ਸ਼ ਬੋਲਾਂ ਦਾ ਧਨੀ ਕਲਮ ਦਾ ਸ਼ਾਹ-ਸਵਾਰ ਤੇ ਆਪਣੇ ਤਰਕੀਬੀ ਤਰਕ ਨਾਲ ਹੋਰਾਂ ਨੂੰ ਕੀਲਣ ਦੀ ਸ਼ਕਤੀ ਰੱਖਦਾ ਹੈ। ਉਹਦੀ ਯਾਦਾਸ਼ਤ ਬੜੀ ਤੇਜ਼ ਹੈ ਬਚਪਨ ਦੇ ਨਿੱਕੇ ਨਿੱਕੇ ਵਕੂਏ ਉਹਨੂੰ ਪਹਾੜਿਆਂ ਵਾਂਗ ਯਾਦ ਨੇ ਐਪਰ ਇਹ ਹੀ ਨਹੀਂ ਜਨਮ ਤੋਂ ਪਹਿਲੀ ਬਾਪ ਦਾਦੇ ਦੀ ਵਿਰਾਸਤ ਸਾਕ-ਸੰਬੰਧੀਆਂ, ਦੋਸਤਾਂ ਮਿੱਤਰਾਂ ਦੀਆਂ ਅੰਗਲੀਆਂ ਸੰਗਲੀਆਂ ਦਾ ਜੁਗਰਾਫ਼ੀਆ ਉਹਦੇ ਚੇਤਿਆਂ ਵਿਚ ਮੁਹਾਰਨੀ ਵਾਂਗ ਵਿਛਿਆ ਹੋਇਆ ਹੈ। ਬੱਚਿਆਂ ਲਈ ਉਹ ਮੋਹ-ਮੁਹਬੱਤ ਦਾ ਰਹਿਮਤਾਂ ਭਰਿਆ ਅਸ਼ੀਰਵਾਦੀ ਹੱਥ ਹੈ ਰਿਸ਼ਤੇਦਾਰੀ ਦੇ ਦਾਇਰੇ ਤੋਂ ਬਾਹਰਲੇ ਬੱਚੇ ਵੀ ਉਸਦੀ ਮੁਹੱਬਤੀ ਬੁੱਕਲ ਦਾ ਨਿੱਘ ਮਾਣਦੇ ਆਪਣੇਪਣ ਦਾ ਅਹਿਸਾਸ ਕਬੂਲਦੇ ਸੁਰਖਰੂ ਜਿਹੇ ਹੋ, ਨਵੀਆਂ ਪੁਲਾਘਾਂ ਦਾ ਸਾਹਸ ਬਟੋਰਦੇ ਰਿਸ਼ਤਿਆਂ ਦੀ ਨਿਵੇਕਲੀ ਪਰਿਭਾਸ਼ਾ ਸਿਰਜਦੇ ਵੇਖੇ ਨੇ। ਐਪਰ ਦੂਜਿਆਂ ਨੂੰ ਹਮੇਸ਼ਾਂ ਧਰਵਾਸ ਦੀਆਂ ਥੰਮੀਆਂ ਦਿੰਦੇ ਇਸ ਬੰਦੇ ਨੂੰ ਮੈਂ ਨਿਜ-ਪਰ ਪੀੜ ਵਿਚ ਲੁੱਛਦਾ ਹੀ ਨਹੀਂ ਟੋਟਾ-ਟੋਟਾ ਹੋ ਟੁੱਟਦਾ ਵੀ ਵੇਖਿਆ ਹੈ। ਪਹਿਲ-ਪਲੇਠੀ ਮਿਲਣੀ ਦੀ ਕਸਤੂਰੀ ਗੰਧ ਉਹਦੇ ਚੇਤਿਆਂ 'ਚ ਚਿਤਵਣੀ ਲਾਉਂਦੀ ਕਦੇ ਗਾਇਬ ਨਹੀਂ ਹੁੰਦੀ ਮੈਂ ਉਹਨੂੰ ਜ਼ਿੰਮੇਵਾਰ ਖਾਵੰਦ ਤੇ ਪਿਆਰਾ ਜਿਹਾ ਬਾਪ ਬਣਦਿਆਂ ਮੋਹ ਦੀ ਹਰਿਆਵਲੀ ਧਰਤ 'ਤੇ ਘਾਹ ਵਾਂਗ ਵਿਛਦਾ ਵੀ ਵੇਖਿਆ ਹੈ ਸੰਬੰਧਾਂ ਦੀਆਂ ਤੰਦਾਂ ਦੀ ਤਾਣੀ ਬਣਾਉਣ ਤੇ ਸੁਲਝਾਉਣ ਦੀ ਉਸਨੂੰ ਬਰੀਕੀ ਨਾਲ ਜਾਚ ਹੈ ਇਸੇ ਲਈ ਉਹਦਾ ਤਾਣਾ-ਬਾਣਾ ਕਾਬਿਲੇ-ਜ਼ਿਕਰ ਹੈ ਸਾਧਾਂ ਸੰਤਾਂ ਅਧਿਕਾਰੀਆਂ ਤੋਂ ਲਿਆਕਤਵਾਨਾਂ ਤੱਕ ਸਿਆਸਤਦਾਨਾਂ ਤੋਂ ਨੀਤੀਵਾਨਾਂ ਤੱਕ ਵਿਦਿਆਰਥੀਆਂ ਤੋਂ ਵਿਦਵਾਨਾਂ ਤੱਕ ਦਰਬਾਰ ਤੋਂ ਲੈ ਕੇ ਦਰਬਾਨਾਂ ਤੱਕ ਖਿਡਾਰੀ ਤੋਂ ਲੈ ਕੇ ਖੇਡ ਮੈਦਾਨਾਂ ਤੱਕ ਉੱਚ ਦੁਮਾਲੜੇ ਲਿਖਾਰੀਆਂ ਤੋਂ ਲੈ ਕੇ ਆਮ ਇਨਸਾਨਾਂ ਤੱਕ ਕਮਾਲ ਦਾ ਹੈ ਇਸ ਵਿਚ ਉਹਦੀ ਦਿਆਨਤਦਾਰੀ ਗੱਲ ਕਰਨ ਦੀ ਸਮਰੱਥਾ ਤੇ ਯੋਗਤਾ ਹੱਦ ਤੋਂ ਵੀ ਵੱਧ ਹੈ ਇਨਾਮਾਂ ਸਨਮਾਨਾਂ ਦੀ ਝਾਕ ਦੇ ਮੌਸਮ ਵਿਚ ਉਹ ਇਸ ਖੇਡ ਦਾ ਖਿਡਾਰੀ ਨਹੀਂ ਤੇ ਨਾ ਹੀ ਝਾਕ ਦੀ ਪੂਰਤੀ ਹਿਤ ਅਸੂਲ ਛਿੱਕੇ ਟੰਗ ਬੇਥਾਹ ਭਟਕਦਾ ਹੈ ਸਮਝਦਾ ਹੈ ਕਿ ਦੇਣ ਵਾਲਾ ਦੇਵਣਹਾਰ ਵੱਡਾ ਹੁੰਦਾ ਹੈ- ਲੈਣ ਵਾਲਾ ਨਹੀਂ ਸਮਾਜ-ਸੇਵੀ ਸੰਗਠਨਾਂ, ਲੇਖਕ ਸਭਾਵਾਂ ਅਨੇਕਾਂ ਹੀ ਖੇਡ ਸੰਸਥਾਵਾਂ ਦਾ ਮੋਹਰੀ ਹੋ ਸਹੀ ਸਰਪ੍ਰਸਤੀ ਤੇ ਅਗਵਾਈ ਦੇਣਾ ਹੀ ਉਸ ਲਈ ਮਾਣ-ਸਨਮਾਨ ਬਰਾਬਰ ਹੈ। ਕਿਤੋਂ ਕਿਤੋਂ ਈਰਖਾ 'ਚ ਪਰੁੰਨੀ ਇਹ ਅਵਾਜ਼ ਵੀ ਸੁਣੀਂਦੀ ਹੈ ਕਿ ਉਹ ਜੋ ਹੈ, ਅਸਲ ਵਿਚ ਉਹ ਹੈ ਨਹੀਂ ਪਰ ਇਹ ਰੱਬ ਹੀ ਜਾਣਦੈ ਹੋਰ ਕੋਈ ਨਹੀਂ ਕਿ ਇਸ ਵਿਚ ਸੱਚ ਕਿੰਨਾ ਕੁ ਹੈ। ਇਹ ਤਾਂ ਮੰਨਿਆ ਕਿ ਸਿਆਸਤ ਉਹਦੇ ਸੁਭਾਅ 'ਚ ਹੈ ਪਰ ਸਿਆਸਤ ਦੀ ਸ਼ਤਰੰਜ 'ਚ ਸੋਚ-ਸਮਝ ਕੇ ਚਾਲ ਚੱਲਣੀ ਜਿੱਤ ਦਾ ਨਿਸ਼ਚਾ ਧਾਰ ਕੇ ਕਦਮ ਪੁੱਟਣਾ ਸਿਆਣਪ ਦੀ ਸੂਝ ਦਾ ਹੀ ਪ੍ਰਮਾਣ ਹੈ ਉਹਦੀ ਨਿਗ੍ਹਾ ਸਿਰਫ਼ ਤੇ ਸਿਰਫ਼ ਮੱਛੀ ਦੀ ਅੱਖ ਤੇ ਹੀ ਹੁੰਦੀ ਹੈ। ਹਰ ਧੁਖ਼ਦੇ ਪਿੰਡ ਨੂੰ ਆਪਣਾ ਕਹਿ ਉਸ ਦੀ ਅਗਨਕਥਾ ਸੁਣਾਉਂਦਾ ਪਾਰਦਰਸ਼ੀ ਪੰਜਾਂ ਪਾਣੀਆਂ ਦੀ ਖ਼ੈਰ ਮੰਗਦਾ ਦੋ ਹਰਫ਼ ਰਸੀਦੀ ਲਿਖ ਮੋਰ-ਪੰਖ ਲੈ ਫੁੱਲਾਂ ਦੀ ਝਾਂਜਰ ਛਣਕਾਉਂਦਾ ਮਨ ਦੇ ਬੂਹੇ ਬਾਰੀਆਂ ਖੋਲ੍ਹ ਕੇ ਧਰਤੀ-ਨਾਦ ਸੁਣਦਾ ਵੇਖਦੈ ਕਿ ਸ਼ੀਸ਼ਾ ਝੂਠ ਤਾਂ ਨਹੀਂ ਬੋਲਦਾ ਕਦੇ ਉਹ ਸੁਰਖ਼ ਸਮੁੰਦਰ ਦੀ ਥਾਹ ਪਾਉਂਦਾ ਸੀ ਪਰ ਮਨ-ਤੰਦੂਰ ਦੀ ਤਪਸ਼ ਉਹਦੇ ਬੋਲਾਂ 'ਚ ਅੱਜ ਵੀ ਤਪਦੀ ਹੈ। ਮੈਨੂੰ ਉਹ ਸਮਕਾਲੀ ਸਮਿਆਂ ਦੀ ਕਥਾ ਕਹਿ ਰਿਹਾ ਕੋਈ ਜਾਗਰੂਕ ਰਿਸ਼ੀ ਲੱਗਦਾ ਹੈ ਕਦੇ ਕੁੱਖਾਂ ਤੇ ਰੁੱਖਾਂ ਦੇ ਫ਼ਿਕਰ ਘਰ ਘਰ ਪਹੁੰਚਾਉਂਦਾ ਪੈਰ ਪੈਰ ਤੇ ਸ਼ਬਦਾਂ ਦੇ ਸੁਰਖ਼ ਬਿਰਖ ਉਗਾਉਂਦਾ ਲਾਲੀਆਂ ਹਰਿਆਲੀਆਂ ਦੀ ਬਾਤ ਪਾਉਂਦਾ ਬਾਬੇ ਦੀ ਬਾਣੀ ਦਾ ਸੱਚ ਸੁੱਤੇ ਲੋਕਾਂ ਨੂੰ ਸਹੀ ਸਮਝਾਉਂਦਾ 'ਜਾਗ ਬਈ ਪਿੰਡਾ ਜਾਗ' ਦਾ ਹੋਕਾ ਲਾਉਂਦਾ ਦਰ ਦਰ ਜਾ ਅਲਖ ਜਗਾਉਂਦਾ ਕੋਈ ਸ਼ਬਦ-ਰਿਸ਼ੀ ਸਾਵੇ ਬਿਰਖ ਜਿਹਾ ਜਿਹੜਾ ਅਕਸਰ ਹੋਈਆਂ ਅਣਹੋਣੀਆਂ ਦੇ ਹਾਵੇ ਹਾਉਕੇ ਬਿਆਨਦਾ ਤ੍ਰਿਹਾਏ ਮਿਰਗਾਂ ਦੀ ਤ੍ਰੇਹ ਦਾ ਹੱਲ ਤਲਾਸ਼ਦਾ ਕੋਇਲਾਂ ਬੁਲਬੁਲਾਂ ਦੀਆਂ ਬੈਠ ਗਈਆਂ ਰਗਾਂ ਦੀ ਪੀੜ ਪਛਾਣਦਾ ਮੂੰਹ-ਮੋੜ ਹੋ ਗਏ ਸਗਲ ਸੰਸਾਰ ਦੇ ਸਰੋਕਾਰਾਂ ਦੀ ਕਲਮ-ਨੋਕ ਸੰਗ ਪੁਣ-ਛਾਣ ਕਰਦਾ ਰਹੁ-ਰੀਤਾਂ ਦੀ ਕਿਣ-ਮਿਣ 'ਚ ਭਿੱਜਿਆ ਹੂੰਗਰ ਨੂੰ ਹੁੰਗਾਰਿਆਂ 'ਚ ਬਦਲਦਾ ਹਰ ਗਏ ਜਾਂ ਮਰ ਗਏ ਪੁੱਤਾਂ ਦੇ ਵਿਯੋਗ 'ਚ ਵਿਲਕਦੀਆਂ ਨਿਕਰਮਣ ਮਾਵਾਂ ਦੇ ਦਰਦ ਨੂੰ ਮਹਿਸੂਸਦਾ ਸਾਡਾ ਇਹ ਸਾਵਾ ਬਿਰਖ਼ ਆਪਣੇ ਪੁੰਗਰਦੇ ਪੱਤਿਆਂ ਨੂੰ ਸ਼ਬਦ-ਬ-ਸ਼ਬਦ ਤਸਲੀਮ ਕਰਦਾ ਚੌਤਰਫ਼ੇ ਤੋਂ ਮੋਹ-ਮੁਕਤ ਨਹੀਂ ਹੋਇਆ। ਉਹਦੇ ਜੀਵਨ ਵਿਚਲੇ ਕੁਝ ਰੰਗ ਬੜੇ ਪੱਕੇ ਹਨ ਧੋਤਿਆਂ ਵੀ ਨਹੀਂ ਉੱਤਰਦੇ ਚਾਰ ਦਹਾਕਿਆਂ ਤੋਂ ਵੱਧ ਮਹਾਂ ਨਗਰ 'ਚ ਵੱਸਦਿਆਂ ਦਿੱਲੀ ਦੱਖਣ ਦੇਸ ਪ੍ਰਦੇਸ਼ ਘੁੰਮਦਿਆਂ ਵਿਸ਼ਵ-ਭਰ ਦੀਆਂ ਸੋਚਾਂ ਨੂੰ ਮਨ-ਮਸਤਕ ਵਿਚ ਟਿਕਾਈ ਫਿਰਦਿਆਂ ਵੀ ਸ਼ਾਇਦ ਪਿੰਡ ਉਹਦੇ ਜੀਵਨ-ਵਿਹਾਰ 'ਚੋਂ ਇਸੇ ਲਈ ਖਾਰਜ ਨਹੀਂ ਹੋਇਆ ਤੇ ਉਹਦਾ ਅਵਚੇਤਨ ਮਨ ਬਾਤਾਂ ਪਿੰਡ ਦੀਆਂ ਹੀ ਪਾਉਂਦਾ ਰਹਿੰਦਾ ਹੈ। -ਰਵਿੰਦਰ ਭੱਠਲ (ਪ੍ਰੋ.)
ਸ਼ਬਦ ਸਲਾਮਤ ਰਹਿਣ
ਸ਼ਬਦ ਸਲਾਮਤ ਰਹਿਣ, ਦਮਾਂ ਦਾ ਕੀ ਭਰਵਾਸਾ। ਇਹ ਜਲ ਵਗਦੇ ਰਹਿਣ, ਦਮਾਂ ਦਾ ਕੀ ਭਰਵਾਸਾ। ਨਕਲੀ ਫੁੱਲਾਂ ਦੇ ਵਣਜਾਰੇ ਮੱਲ ਬੈਠੇ ਅੱਜ ਬੂਹੇ। ਮਰ ਨਾ ਜਾਣ ਕਿਆਰੀਆਂ ਬੂਟੇ, ਟਾਹਣੀ ਤੇ ਫੁੱਲ ਸੂਹੇ। ਯਤਨ ਕਰੋ ਪਥਰਾਏ ਸੁਪਨੇ ਸਾਡੇ ਮਗਰੋਂ ਲਹਿਣ। ਬਣੇ ਬਣਾਏ ਬਰਗਰ ਪੀਜ਼ਾ, ਢਾਹ ਨਾ ਦੇਵਣ ਚੁੱਲ੍ਹੇ। ਮਰੇ ਉਡੀਕ ਕਦੇ ਨਾ ਮਾਂ ਦੀ, ਬੱਚਾ ਨਾ ਰਾਹ ਭੁੱਲੇ। ਆਪਣਾ ਪਲੰਘ ਵਿਸਾਰ ਪੁਆਂਦੀਂ ਓਪਰਿਆਂ ਨਾ ਬਹਿਣ। ਸੁਰ ਤੇ ਸ਼ਬਦ-ਸਾਧਨਾ ਵੇਖਿਓ, ਚੱਟ ਨਾ ਜਾਣ ਮਸ਼ੀਨਾਂ। ਬੇਸੁਰਿਆਂ ਦੀ ਮੰਡੀ ਅੰਦਰ, ਵਿਲਕਦੀਆਂ ਅੱਜ ਬੀਨਾਂ। ਤੂੰਬਾ, ਅਲਗੋਜ਼ਾ ਤੇ ਵੰਝਲੀ, ਮਾਰ ਸਮੇਂ ਦੀ ਸਹਿਣ। ਫ਼ਿਕਰ ਨਾਗਣੀ ਘੁੱਟੀ ਜਾਵੇ ਗਲਿਆਂ ਦੇ ਵਿਚ ਹੇਕਾਂ। ਬਾਬਲ ਅੰਮੜੀ ਉੱਗਣੋਂ ਪਹਿਲਾਂ ਚੀਰੀ ਜਾਣ ਧਰੇਕਾਂ। ਪੰਜ ਦਰਿਆਵਾਂ ਦੀ ਮੱਤ ਮਾਰੀ, ਵਗਦੇ ਉਲਟੇ ਵਹਿਣ। ਧਰਤੀ ਮਾਂ ਦੇ ਪੈਰੋਂ ਜਿੰਨ੍ਹਾਂ ਫ਼ਿਕਰ ਜੰਜ਼ੀਰਾਂ ਲਾਹੀਆਂ। ਉਨ੍ਹਾਂ ਹੀ ਪੁੱਤਰਾਂ ਦੇ ਗਲ਼ ਵਿਚ ਕਰਜ਼ੇ ਬਣ ਗਏ ਫਾਹੀਆਂ। ਕਿਉਂ ਰੋਜ਼ਾਨਾ ਸਾਡੀਆਂ ਪੈਲੀਆਂ ਸੇਕ ਸਿਵੇ ਦਾ ਸਹਿਣ। ਜੇਕਰ ਸਾਡੇ ਸ਼ਬਦਾਂ ਹੁਣ ਨਾ ਸਾਂਭੀ ਜ਼ੁੰਮੇਵਾਰੀ। ਧਰਤੀ ਮਾਣ ਗੁਆ ਬੈਠੇਗੀ, ਰੁਲ ਜਾਊ ਸਿਰਦਾਰੀ। ਵਕਤ ਗੁਆਚਾ ਹੱਥ ਨਹੀਂ ਆਉਣਾ, ਮਗਰੋਂ ਫਿਰ ਨਾ ਕਹਿਣ। ਸ਼ਬਦ ਸਲਾਮਤ ਰਹਿਣ।
ਪੰਜ ਸਦੀਆਂ ਪਰਤ ਕੇ
ਡੇਰਾ ਬਾਬਾ ਨਾਨਕ ਸਰਹੱਦ ਤੇ ਖਲੋ ਕੇ ਪੰਜ ਸਦੀਆਂ ਪਰਤ ਕੇ ਨਾਨਕ ਪਿਆਰਾ ਵੇਖਿਆ। ਕਿਰਤ ਦਾ ਕਰਤਾਰਪੁਰ ਵੱਖਰਾ ਨਜ਼ਾਰਾ ਵੇਖਿਆ। ਖੇਤਾਂ ਨੂੰ ਵਾਹੁੰਦਾ, ਬੀਜਦਾ ਤੇ ਆਪ ਪਾਲਣਹਾਰ ਹੈ। ਜਪਦਾ ਨਾ ਕੱਲ੍ਹੇ ਨਾਮ ਨੂੰ, ਹੱਥੀਂ ਵੀ ਕਰਦਾ ਕਾਰ ਹੈ। ਗ਼ਰਜ਼ਮੰਦਾਂ ਵੰਡਦਾ ਅੰਨ ਦਾ ਭੰਡਾਰਾ ਵੇਖਿਆ। ਕਿਰਤ ਦਾ ਕਰਤਾਰਪੁਰ...। ਕੱਢਦਾ ਸਿਆੜ੍ਹ ਫੇਰ ਖ਼ੁਦ, ਰੂਹਾਂ 'ਚ ਬਾਣੀ ਕੇਰਦਾ। ਮਾਲਾ ਨਾ ਕੱਲ੍ਹੀ ਘੁੰਮਦੀ, ਮਨ ਦੇ ਵੀ ਮਣਕੇ ਫੇਰਦਾ। ਰਾਵੀ ਦੇ ਕੰਢੇ ਵਰਤਦਾ ਅਦਭੁਤ ਨਜ਼ਾਰਾ ਵੇਖਿਆ। ਕਿਰਤ ਦਾ ਕਰਤਾਰਪੁਰ...। ਨਿਸ਼ਕਾਮ ਨਿਰਛਲ ਨੀਰ ਨੂੰ ਅੰਗਦ ਬਣਾਇਆ ਲਹਿਣਿਓਂ। ਸੇਵਾ ਹੈ ਏਦਾਂ ਮੌਲਦੀ, ਮਿਲਦਾ ਬਿਨਾ ਕੁਝ ਕਹਿਣਿਓਂ। ਬਿਨ ਬੋਲਿਆਂ ਸਭ ਜਾਣਦਾ, ਐਸਾ ਪਿਆਰਾ ਵੇਖਿਆ। ਕਿਰਤ ਦਾ ਕਰਤਾਰਪੁਰ...। ਪੰਜ ਸਦੀਆਂ ਬਾਦ ਅੱਜ ਰਟਦੇ ਹਾਂ ਤੇਰੇ ਨਾਮ ਨੂੰ। ਛੇੜਦਾ ਨਾ ਸੁਰ ਅੱਲਾਹੀ ਹੁਣ ਕੋਈ ਸੁਬਹ ਸ਼ਾਮ ਨੂੰ। ਸੁਰਤਿ ਦਾ ਤਾਹੀਓਂ ਹੀ ਤਾਂ ਪੈਂਦਾ ਖਿਲਾਰਾ ਵੇਖਿਆ। ਕਿਰਤ ਦਾ ਕਰਤਾਰਪੁਰ...। ਕਿਹੜਾ ਕਹੇ ਮਰਦਾਨਿਆਂ ਤੂੰ ਛੇੜ ਹੁਣ ਰਬਾਬ ਨੂੰ। ਤਾਹੀਓਂ ਸਿਉਂਕ ਲੱਗ ਗਈ ਬਾਬਾ ਤੇਰੇ ਪੰਜਾਬ ਨੂੰ। ਰੂਹਾਂ ਨੂੰ ਚੀਰੀ ਜਾ ਰਿਹਾ, ਭਟਕਣ ਦਾ ਆਰਾ ਦੇਖਿਆ। ਕਿਰਤ ਦਾ ਕਰਤਾਰਪੁਰ...। ਦੇ ਕੇ ਪੰਜਾਲੀ ਬੌਲਦਾਂ ਨੂੰ ਬਾਬਾ ਲਾਉਂਦਾ ਜੋਤਰਾ। ਓਸ ਨੇ ਨਾ ਵੇਖਿਆ ਕਿਹੜਾ ਹੈ ਪੁੱਤ ਜਾਂ ਪੋਤਰਾ। ਇਕ ਹੀ ਓਂਕਾਰ ਦਾ ਨੂਰੀ ਦੁਲਾਰਾ ਵੇਖਿਆ। ਕਿਰਤ ਦਾ ਕਰਤਾਰਪੁਰ...। ਲੋਧੀ ਸਣੇ ਸੁਲਤਾਨਪੁਰ ਬਾਬੇ ਦੀ ਨਗਰੀ ਹੋ ਗਿਆ। ਬੇਈਂ 'ਚੋਂ ਉਚਰੇ ਸ਼ਬਦ ਦਾ ਭੀੜਾਂ 'ਚ ਚਿਹਰਾ ਖੋ ਗਿਆ। ਅੰਨ੍ਹੀ ਰੱਯਤ ਭਟਕਦੀ ਖ਼ੁਰਦਾ ਕਿਨਾਰਾ ਵੇਖਿਆ। ਕਿਰਤ ਦਾ ਕਰਤਾਰਪੁਰ...। ਤੇਰੇ ਵਿਆਹ ਤੇ ਅੱਜ ਵੀ ਹਰ ਸਾਲ ਵਾਜੇ ਵੱਜਦੇ। ਚੜ੍ਹਦੀ ਬਾਰਾਤ ਕੂੜ ਦੀ, ਬੱਦਲ ਸਿਆਸੀ ਗੱਜਦੇ। ਪੇਕੇ ਸੁਲੱਖਣੀ ਮਾਤ ਦੇ ਇਹ ਵੀ ਮੈਂ ਕਾਰਾ ਵੇਖਿਆ। ਕਿਰਤ ਦਾ ਕਰਤਾਰਪੁਰ...। ਪੌਣ ਗੁਰ, ਪਾਣੀ ਪਿਤਾ, ਧਰਤੀ ਨੂੰ ਮਾਤਾ ਕਹਿ ਗਿਆ। ਤੇਜ਼ ਰਫ਼ਤਾਰੀ 'ਚ ਹੁਣ ਉਪਦੇਸ਼ ਪਿੱਛੇ ਰਹਿ ਗਿਆ। ਕਹਿਰ ਦਾ ਤਾਹੀਓਂ, ਦਿਨੇ ਚੜ੍ਹਿਆ ਸਿਤਾਰਾ ਵੇਖਿਆ। ਕਿਰਤ ਦਾ ਕਰਤਾਰਪੁਰ...। ਸਿੱਧਾਂ ਨੇ ਚੋਲੇ ਪਹਿਨ ਕੇ ਤੇਰੀ ਹੀ ਬਾਣੀ ਰੱਟ ਲਈ। ਅੱਚਲ ਵਟਾਲਾ ਛੱਡ ਕੇ, ਥਾਂ-ਥਾਂ ਚਲਾਉਂਦੇ ਹੱਟ ਕਈ। ਭਰਮਾਂ ਦਾ ਭਾਂਡਾ ਭਰ ਗਿਆ, 'ਗੋਸ਼ਟਿ' ਵਿਚਾਰਾ ਵੇਖਿਆ। ਕਿਰਤ ਦਾ ਕਰਤਾਰਪੁਰ...। ਹਾਲੇ ਕੰਧਾਰੀ ਵਲੀ ਦਾ ਹੰਕਾਰ ਨਹੀਓਂ ਟੁੱਟਿਆ। ਅੱਜ ਵੀ ਉਹ ਪਾਣੀਆਂ ਤੇ ਕਰਨ ਕਬਜ਼ੇ ਜੁੱਟਿਆ। 'ਤਰਕ' ਦੀ ਛਾਤੀ ਤੇ ਮੁੜ ਪੱਥਰ ਮੈਂ ਭਾਰਾ ਵੇਖਿਆ। ਕਿਰਤ ਦਾ ਕਰਤਾਰਪੁਰ...। ਮਲਿਕ ਭਾਗੋ ਅੱਜ ਵੀ, ਓਨਾਂ ਹੀ ਟੇਢਾ ਬੋਲਦਾ। ਤੱਕੜੀ ਵਾਲਾ ਵੀ ਮੋਦੀ, ਘੱਟ ਸੌਦਾ ਤੋਲਦਾ। ਉੱਡਦਾ ਅੰਬਰ 'ਚ ਮੈਂ, ਫੂਕੀ ਗੁਬਾਰਾ ਵੇਖਿਆ। ਕਿਰਤ ਦਾ ਕਰਤਾਰਪੁਰ...। 'ਜਪੁਜੀ' ਦੀ ਸਿਰਜਣ-ਭੂਮ ਦੇ ਚੇਤੇ ਨਿਰੰਤਰ ਡੰਗਦੇ। ਤਾਹੀਓਂ ਹੀ ਤੇਰੇ ਪੁੱਤ ਅੱਜ ਰਾਵੀ ਤੋਂ ਲਾਂਘਾ ਮੰਗਦੇ। ਪੂਰੀ ਕਰੀਂ ਅਰਦਾਸ ਤੂੰ, ਤੇਰਾ ਸਹਾਰਾ ਵੇਖਿਆ। ਕਿਰਤ ਦਾ ਕਰਤਾਰਪੁਰ ਵੱਖਰਾ ਨਜ਼ਾਰਾ ਵੇਖਿਆ।
ਇਤਿਹਾਸ ਰੇਖਾ
ਸਾਡੇ ਕੋਲ ਹਾਥੀ ਸੀ। ਆਲਸ ਸਾਡਾ ਸਾਥੀ ਸੀ। ਸਿਕੰਦਰ ਕੋਲ ਘੋੜੇ ਸੀ। ਸਾਥੀ ਭਾਵੇਂ ਥੋੜੇ ਸੀ। ਏਸੇ ਲਈ ਉਹ ਜਿੱਤਿਆ। ਬਾਬਰ ਕੋਲ ਬੰਦੂਕ ਸੀ। ਭਰਾਵਾਂ ਨਾਲ ਸਲੂਕ ਸੀ। ਸਾਡੇ ਕੋਲ ਤੀਰ ਸੀ। ਰੁੱਸੇ ਫਿਰਦੇ ਵੀਰ ਸੀ। ਏਸੇ ਲਈ ਉਹ ਜਿੱਤਿਆ। ਫਰੰਗੀ ਕੋਲ ਲਿਆਕਤ ਸੀ। ਢਿੱਡ ਦੇ ਵਿਚ ਸ਼ਰਾਰਤ ਸੀ। ਸਾਡੇ ਕੋਲ ਵੀ ਲਿਆਕਤ ਸੀ। ਪੱਲੇ ਸਿਰਫ਼ ਹਮਾਕਤ ਸੀ। ਏਸੇ ਲਈ ਉਹ ਜਿੱਤਿਆ। ਹਾਕਮ ਕੋਲ ਅੱਜ ਤਾਂ ਹਾਥੀ ਅਤੇ ਘੋੜੇ ਨੇ। ਬੰਬ ਤੇ ਬੰਦੂਕ ਨੇ। ਤੀਰ ਤੇ ਤਲਵਾਰ ਨੇ। ਦੂਰ ਦੂਰ ਮਾਰ ਕਰਦੇ। ਖ਼ਤਰਨਾਕ ਹਥਿਆਰ ਨੇ। ਉਸ ਕੋਲ ਭਾੜੇ ਬੱਧੀ ਪਾਲਤੂ ਲਿਆਕਤ ਹੈ। ਸ਼ਰਾਰਤ ਹੈ, ਗੁੱਝੀ ਸਿਆਸਤ ਹੈ ਮਣਾਂ ਮੂੰਹੀਂ ਹਮਾਕਤ ਹੈ। ਸਾਡੇ ਕੋਲ ਟਾਕਰੇ ਲਈ ਕਵਚ ਹੈ ਨਾ ਢਾਲ ਹੈ। ਵੱਖ-ਵੱਖ ਬੰਦਿਆਂ ਦੀ, ਅੱਡੋ ਅੱਡ ਚਾਲ ਹੈ। ਏਸੇ ਲਈ ਤਾਂ ਵੇਖੋ ਸਾਡਾ, ਹੋਇਆ ਮੰਦਾ ਹਾਲ ਹੈ। ਕੁਝ ਲੋਕ ਰੱਜ ਗਏ, ਬਾਕੀ ਮੁਲਕ ਕੰਗਾਲ ਹੈ। ਸੋਨੇ ਵਾਲੀ ਚਿੜੀ ਅੱਗੇ, ਦਾਣੇ ਦਾ ਸੁਆਲ ਹੈ। ਬੱਧੇ ਹੋਏ ਖੰਭਾਂ ਨਾਲ, ਉੱਡਣਾ ਮੁਹਾਲ ਹੈ।
ਸ਼ਬਦ ਨਿਰੰਤਰ ਵਹਿਣ
ਸ਼ਬਦ ਨਿਰੰਤਰ ਵਹਿਣ ਪਏ ਦਰਿਆਵਾਂ ਵਰਗੇ। ਮਹਿਬੂਬਾ ਸੰਗ ਖ਼ੁਦ ਤੋਂ ਚੋਰੀ, ਮਾਣੇ ਕੋਸੇ ਸਾਹਵਾਂ ਵਰਗੇ। ਚਿਰੀਂ ਵਿਛੁੰਨੇ ਮਿਲੇ ਅਚਾਨਕ, ਉਸ ਬੇਲੀ ਦੀਆਂ ਬਾਹਵਾਂ ਵਰਗੇ। ਤਰੇਲ 'ਚ ਨਾਤ੍ਹੇ ਘਾਹ ਤੇ ਪਈਆਂ, ਪੈੜਾਂ ਵਾਹੁੰਦੇ ਰਾਹਵਾਂ ਵਰਗੇ। ਮਾਰੂਥਲ ਵਿਚ ਭੁੱਜਦੀ ਜਿੰਦ ਨੂੰ, ਇਕ ਰੁੱਖੜੇ ਦੀਆਂ ਛਾਵਾਂ ਵਰਗੇ। ਰੂਹ ਵਿਚ ਜਗਦੇ ਉੱਡਦੇ ਜੁਗਨੂੰ, ਸੋਨ ਸੁਨਹਿਰੀ ਰਾਹਵਾਂ ਵਰਗੇ। ਪੂਰਨ ਪੁੱਤ ਪਰਦੇਸੀ ਲੱਭਦੀਆਂ, ਕੱਲ-ਮੁ-ਕੱਲ੍ਹੀਆਂ ਇੱਛਰਾਂ ਵਰਗੀਆਂ ਮਾਵਾਂ ਵਰਗੇ। ਜਿਸ ਦੇ ਮਗਰ ਸ਼ਿਕਾਰੀ ਲੱਗੇ, ਹਿਰਨੋਟੇ ਦੀਆਂ ਰੀਝਾਂ, ਹਾਉਕੇ, ਹਾਵਾਂ ਵਰਗੇ। ਘਰੋਂ ਤੁਰਦਿਆਂ ਮਾਂ ਨੇ ਦਿੱਤੀਆਂ, ਉਨ੍ਹਾਂ ਨੇਕ ਦੁਆਵਾਂ ਵਰਗੇ। ਜ਼ਿੰਦਗੀ ਦੇ ਉਪਰਾਮ ਪਲਾਂ ਵਿਚ, ਬਾਪੂ ਜੀ ਤੋਂ ਮਿਲੀਆਂ ਨੇਕ ਸਲਾਹਵਾਂ ਵਰਗੇ। ਅਣਵੇਖੀ, ਅਣਗਾਹੀ ਧਰਤੀ, ਦੂਰ ਦੁਰੇਡੇ, ਕੰਜ ਕੁਆਰੀਆਂ ਥਾਵਾਂ ਵਰਗੇ। ਧੀ ਪੁੱਤਰ ਦੇ ਹਾਸੇ ਦੀ ਟੁਣਕਾਰ 'ਚ ਨੱਚਦੇ, ਅਲੱ੍ਹੜ ਅੱਥਰੇ ਚਾਵਾਂ ਵਰਗੇ। ਇਕ ਅੱਖ ਅੱਥਰੂ, ਇੱਕ ਅੱਖ ਹਾਉਕਾ, ਡੁੱਲ ਡੁੱਲ ਪੈਂਦੇ ਤਰਲ ਮਨਾਂ ਦੇ ਭਾਵਾਂ ਵਰਗੇ। ਸ਼ਬਦ ਕਦੇ ਨਾ ਬਣਨ ਦੋਚਿੱਤੀਆਂ, ਚੌਕ ਚੁਰਸਤੇ ਖੜ੍ਹੇ ਖਲੋਤੇ ਕਿਤੇ ਨਾ ਜਾਂਦੇ ਰਾਹਵਾਂ ਵਰਗੇ। ਬਲਣ ਚਿਰਾਗ ਹਨ੍ਹੇਰੇ ਵਿਚ ਜਿਉਂ, ਕਾਲੇ ਸ਼ਕਲੋਂ ਅੱਖਰ, ਰੰਗ ਦੇ ਕਾਵਾਂ ਵਰਗੇ। ਸ਼ਬਦ-ਬਿਰਖ਼ ਦੀ ਕਰੋ ਪਾਲਣਾ, ਇਹ ਹੀ ਨਿਭਦੇ, ਸਿਰ ਤੇ ਗੂੜ੍ਹੀਆਂ ਛਾਵਾਂ ਵਰਗੇ। ਸ਼ਬਦ ਨਿਰੰਤਰ ਵਹਿਣ ਜਿਵੇਂ ਧੜਕਣ ਜੀਂਦੀ ਹੈ। ਖ਼ੂਨ ਦੀ ਹਰਕਤ ਰਹੇ ਸਲਾਮਤ ਸਰਦ ਖ਼ੂਨ ਤਾਂ ਮੌਤ ਬਰਾਬਰ। ਬਣ ਜਾਵੋ ਹੁਣ ਤੇਜ਼ ਤਰਾਰ ਹਵਾਵਾਂ ਵਰਗੇ। ਅੜਿਆਂ ਥੁੜਿਆਂ ਵੀਰਾਂ ਖ਼ਾਤਰ ਬਾਹਵਾਂ ਵਰਗੇ। ਸ਼ਬਦੋ ਨਾ ਬਣ ਜਾਇਉ ਕਿਧਰੇ ਬਿਰਖ਼ ਚੀਰਦੇ ਆਰੀ ਵਾਲਾ ਗਿੱਠ ਕੁ ਮੁੱਠਾ ਨਾ ਹੀ ਬਣਿਉ ਦਸਤਾ ਕਿਸੇ ਕੁਹਾੜੇ ਵਾਲਾ ਸਾਡੀਆਂ ਖੁਸ਼ੀਆਂ ਸਾਡੇ ਭਾਵਾਂ ਹਾਉਕੇ ਅਤੇ ਸਲਾਮਤ ਚਾਵਾਂ ਦੀ ਹਰ ਪਲ ਹੀ ਚੇਤ-ਸੁਚੇਤ ਹਿਫ਼ਾਜ਼ਤ ਕਰਿਉ! ਹਾਕਮ ਹੁਕਮ ਹਕੂਮਤ ਕੋਲੋਂ ਵੀਰੇ ਰਤਾ ਨਾ ਡਰਿਉ।
ਸ਼ਬਦ ਮੇਰਾ ਹੈ ਧਰਮ ਦੋਸਤੋ
ਸ਼ਬਦ ਮੇਰਾ ਹੈ ਧਰਮ ਦੋਸਤੋ, ਸ਼ਬਦ ਮੇਰਾ ਈਮਾਨ ਦੋਸਤੋ। ਸ਼ਬਦੋਂ ਸੱਖਣੇ ਨਿਰਸ਼ਬਦੇ ਨੂੰ, ਕੌਣ ਕਹੇ ਇਨਸਾਨ ਦੋਸਤੋ। ਤੇਰਾ ਪੰਥ ਗ੍ਰੰਥ ਗੁਰੂ ਹੈ, ਮੇਰੇ ਇਸ਼ਟ ਸਿਖਾਇਆ ਮੈਨੂੰ। ਇਕ ਓਂਕਾਰ ਬਿਨਾ ਸਭ ਮਿਥਿਆ, ਇਕੋ ਸਬਕ ਪੜ੍ਹਾਇਆ ਮੈਨੂੰ। ਨਿਰਭਉ ਤੇ ਨਿਰਵੈਰ ਗੁਰੂ ਦੀ, ਉਂਗਲੀ ਦੇ ਲੜ ਲਾਇਆ ਮੈਨੂੰ। ਹੱਕ ਸੱਚ ਇਨਸਾਫ਼ ਦੀ ਖ਼ਾਤਰ, ਹੋ ਜਾਵਾਂ ਕੁਰਬਾਨ ਦੋਸਤੋ। ਸ਼ਬਦ ਮੇਰਾ ਹੈ ਧਰਮ ਦੋਸਤੋ...। ਬਿਨਸੇ ਨਾਹੀਂ ਸਦਾ ਅਜੂਨੀ, ਕਾਲਮੁਕਤ ਹੈ ਮੁਰਸ਼ਦ ਮੇਰਾ। ਅਨਹਦ ਨਾਦ ਵਜਾਵਣਹਾਰੇ, ਲਾਇਆ ਕਣ ਕਣ ਦੇ ਵਿਚ ਡੇਰਾ। ਮਹਿਕ ਮਹਿਕ ਲਟਬੌਰੀ ਛਾਂ ਹੈ, ਜੀਕੂੰ ਚੰਦਨ ਰੁੱਖ ਦਾ ਘੇਰਾ। ਡਰਦਾ ਕਦੇ ਡਰਾਉਂਦਾ ਨਾਹੀਂ, ਦੇਵੇ ਅਕਲਾਂ ਦਾਨ ਦੋਸਤੋ। ਸ਼ਬਦ ਮੇਰਾ ਹੈ ਧਰਮ ਦੋਸਤੋ...। ਦਸਮ ਗੁਰੂ ਦੀ ਸਿੱਖਿਆ ਮੈਨੂੰ, ਤੇਰੇ ਲਈ ਪਰਮੇਸ਼ਰ ਪੋਥੀ। ਇਸ ਦੇ ਬ੍ਰਹਮ ਵਿਚਾਰ ਸਾਹਮਣੇ, ਸਮਝੀਂ ਤੂੰ ਹਰ ਗੱਲ ਨੂੰ ਥੋਥੀ। ਪੜ੍ਹ ਕੇ ਆਪ ਪੜ੍ਹਾਵੀਂ ਦੂਜੇ, ਹਰ ਮੁਸ਼ਕਿਲ ਦਾ ਹੱਲ ਹੈ ਪੋਥੀ। ਆਪਣਾ ਮੂਲ ਪਛਾਨਣ ਵਾਲਾ ਦੇਵੇ ਅਸਲ ਗਿਆਨ ਦੋਸਤੋ। ਸ਼ਬਦ ਮੇਰਾ ਹੈ ਧਰਮ ਦੋਸਤੋ...। ਬਾਬਰ ਨੂੰ ਜਾਬਰ ਇਹ ਕਹਿੰਦਾ, ਰਾਜੇ ਸ਼ੀਂਹ ਮੁਕੱਦਮ ਕੁੱਤੇ। ਸ਼ਰਮ ਸ਼ਰ੍ਹਾ ਨਾ ਪਰਦਾ ਕੋਈ, ਜਾਏ ਜਗਾਇਨ ਬੈਠੇ ਸੁੱਤੇ। ਛਲ ਤੇ ਕਪਟ ਵਿਕਾਰ ਮੁਕਤ ਹੈ, ਦੱਸੋ ਕਿਹੜਾ ਇਸ ਤੋਂ ਉੱਤੇ। ਉਨ੍ਹਾਂ ਨਾਲ ਤੁਰਾਂ ਨਾ ਜਿਹੜੇ ਜ਼ੋਰੀ ਮੰਗਣ ਦਾਨ ਦੋਸਤੋ। ਸ਼ਬਦ ਮੇਰਾ ਹੈ ਧਰਮ ਦੋਸਤੋ...। ਪੰਜ ਸਦੀਆਂ ਪਹਿਲਾਂ ਇਸ ਦੱਸਿਆ, ਪਵਨ ਗੁਰੂ ਧਰਤੀ ਹੈ ਮਾਤਾ। ਪਾਣੀ ਬਾਬਲ ਵਾਂਗ ਪਵਿੱਤਰ, ਸਰਬ ਧਰਮ ਨੂੰ ਇਕ ਕਰ ਜਾਤਾ। ਮਾਈ ਬਾਪ ਬਣਾਇਆ ਰੱਬ ਨੂੰ, ਮਿੱਤਰ ਬੇਲੀ ਕਦੇ ਭਰਾਤਾ। ਇਹ ਸਭ ਸਬਕ ਭੁਲਾ ਕੇ ਆਪਾਂ ਬਣੀਏ ਨਾ ਹੈਵਾਨ ਦੋਸਤੋ। ਸ਼ਬਦ ਮੇਰਾ ਹੈ ਧਰਮ ਦੋਸਤੋ। ਪੰਜ ਵਿਕਾਰ ਨਿਸ਼ਾਨੀ ਲਾ ਕੇ, ਗੁਰਬਾਣੀ ਨੇ ਇਹ ਸਮਝਾਇਆ। ਮੋਹ-ਮਮਤਾ ਹੰਕਾਰ ਤੋਂ ਪਿੱਛੋਂ, ਕਾਮ ਕ੍ਰੋਧ ਲੋਭ ਦੀ ਮਾਇਆ। ਇਨ੍ਹਾਂ ਪੰਜਾਂ ਦੇ ਵੱਸ ਪੈ ਕੇ, ਬੰਦਿਆਂ ਮਾਨਸ ਜਨਮ ਗੰਵਾਇਆ। ਪੰਜ ਚੋਰਾਂ ਤੋਂ ਮੁਕਤੀ ਖ਼ਾਤਰ, ਬਣ ਜਾਈਏ ਦਰਬਾਨ ਦੋਸਤੋ। ਸ਼ਬਦ ਮੇਰਾ ਹੈ ਧਰਮ ਦੋਸਤੋ...। ਇਸ ਧਰਤੀ ਦੇ ਮਾਲ ਖ਼ਜ਼ਾਨੇ, ਰਤਨ ਅਮੋਲ ਪਦਾਰਥ ਛੱਤੀ। ਗੁਰ ਬਿਨ ਗਿਆਨ ਕਦੇ ਨਾ ਮਿਲਦਾ, ਜਗਦੀ ਨਹੀਂ ਤੇਲ ਬਿਨ ਬੱਤੀ। ਸ਼ੁਭ ਅਮਲਾਂ ਬਾਝੋਂ ਸਭ ਮਿੱਟੀ, ਇਸ ਵਿਚ ਝੂਠ ਨਹੀਂ ਹੈ ਰੱਤੀ। ਘੜ ਘੜ ਕੱਢੇ ਖੋਟ ਮਨਾਂ 'ਚੋਂ, ਜੇ ਪੜ੍ਹ ਲਏ ਇਨਸਾਨ ਦੋਸਤੋ। ਸ਼ਬਦ ਮੇਰਾ ਹੈ ਧਰਮ ਦੋਸਤੋ...। ਇਹ ਸ਼ੀਸ਼ਾ ਹੈ ਅਦਭੁਤ ਸ਼ੀਸ਼ਾ, ਘਟ ਘਟ ਦੇ ਅੰਦਰ ਦੀ ਜਾਣੇ। ਕਰਕ ਕਲੇਜੇ ਵਾਲੀ ਬੁੱਝੇ, ਭਲੇ ਬੁਰੇ ਦੀ ਪੀੜ ਪਛਾਣੇ। ਭਲਾ ਸਦਾ ਸਰਬੱਤ ਦਾ ਮੰਗੇ, ਸਭ ਨੂੰ ਆਪਣਾ ਹੀ ਕਰ ਜਾਣੇ। ਮੈਨੂੰ ਪੂਜਣ ਤੋਂ ਇਹ ਵਰਜੇ ਮਿੱਟੀ ਦੇ ਭਗਵਾਨ ਦੋਸਤੋ। ਸ਼ਬਦ ਮੇਰਾ ਹੈ ਧਰਮ ਦੋਸਤੋ...। ਅੰਬਰ ਥਾਲੀ ਦੀਵੇ ਧਰਕੇ, ਸਦ ਜੀਵੀ ਅਰਦਾਸ ਸੁਣਾਵੇ। ਦੀਵਿਆਂ ਦੀ ਥਾਂ ਚੰਦ ਤੇ ਸੂਰਜ, ਤਾਰਾ-ਮੰਡਲ ਨਾਲ ਸੁਹਾਵੇ। ਵਗਦੀ ਪੌਣ ਝੁਲਾਵੇ ਚੌਰੀ, ਸਗਲ ਬਨਸਪਤ ਸਾਜ਼ ਵਜਾਵੇ। ਨਾਦ ਸ਼ਬਦ ਸੁਰ ਮਿਲ ਕੇ ਲਾਉਂਦੇ, ਸੁਣ ਲਉ ਅਨਹਦ ਤਾਨ ਦੋਸਤੋ। ਸ਼ਬਦ ਮੇਰਾ ਹੈ ਧਰਮ ਦੋਸਤੋ, ਸ਼ਬਦ ਮੇਰਾ ਈਮਾਨ ਦੋਸਤੋ। ਸ਼ਬਦੋਂ ਸੱਖਣੇ ਨਿਰਸ਼ਬਦੇ ਨੂੰ ਕੌਣ ਕਹੇ ਇਨਸਾਨ ਦੋਸਤੋ।
ਘਰ ਆਈ ਖੁਸ਼ਬੋਈ
ਘਰ ਆਈ ਖੁਸ਼ਬੋਈ ਕਣ ਕਣ ਅੰਦਰ ਮਹਿਕ ਘੁਲੀ ਹੈ, ਧਰਤ ਸੁਹਾਗਣ ਹੋਈ। ਫੁੱਲਾਂ ਅੰਦਰ ਰੰਗ ਹੈ ਭਰਿਆ। ਚਾਨਣ ਦਾ ਜਿਉਂ ਵਗਦਾ ਦਰਿਆ। ਸਾਹਾਂ ਅੰਦਰ ਇਤਰ ਮਹਿਕਿਆ, ਰੂਹ ਤੇ ਕਿਣ ਮਿਣ ਹੋਈ। ਧੀਏ ਤੈਨੂੰ ਜੀ ਆਇਆਂ ਨੂੰ। ਬੰਨੀਂ ਰੱਖੜੀ ਮਾਂ ਜਾਇਆਂ ਨੂੰ। ਪਥਰੀਲੀ ਕੰਧ ਵਿਚ ਵੀ ਜੀਵੇ, ਕੋਂਪਲ ਨਵੀਂ ਨਰੋਈ। ਵੱਡੀ ਹੋ ਨੀ ਰਲ ਕੇ ਬਹੀਏ। ਸਭ ਦੀ ਸੁਣੀਏ, ਸਭ ਨੂੰ ਕਹੀਏ। ਬੱਤੀ ਵਾਂਗੂੰ ਸਦਾ ਲੰਗਾਰੀਂ, 'ਨੇਰ੍ਹ ਦੀ ਕਾਲ਼ੀ ਲੋਈ। ਜਿਹੜੇ ਘਰ ਨਾ ਦਾਦੀਆਂ ਮਾਵਾਂ। ਉੱਡ ਜਾਵਣ ਸਿਰ ਉੱਤੋਂ ਛਾਵਾਂ। ਛਾਵਾਂ ਜਾਣ ਦੇ ਮਗਰੋਂ ਵੇਖਿਐ, ਕਿਹੜੀ ਅੱਖ ਨਹੀਂ ਰੋਈ।
ਦਸਤਾਰ
ਕੁਰਬਾਨੀ ਦੇ ਨਾਲ ਸਿਰੀਂ, ਦਸਤਾਰ ਹਮੇਸ਼ਾ ਰੱਖ ਹੁੰਦੀ ਹੈ। ਬੇਅਣਖ਼ੇ ਬੰਦੇ ਦੀ ਜ਼ਿੰਦਗੀ, ਲੱਖ ਹੁੰਦਿਆਂ ਵੀ ਕੱਖ ਹੁੰਦੀ ਹੈ। ਸਭ ਗੁਰੂਆਂ ਦੀ ਬਾਣੀ ਨਿਸਦਿਨ, ਸਾਨੂੰ ਏਹੀ ਸਬਕ ਪੜ੍ਹਾਵੇ, ਅਸਲੀ ਨਕਲੀ ਪਰਖਣ ਵਾਲੀ, ਤੀਜੀ ਵੱਖਰੀ ਅੱਖ ਹੁੰਦੀ ਹੈ।
ਕਰਤਾਰ ਸਿੰਘ ਸਰਾਭਾ
ਉਮਰ ਵੀ ਕੁਝ ਨਹੀਂ, ਗੱਭਰੂ ਸੋਹਣਾ, ਸਿੰਘ ਕਰਤਾਰ ਸਰਾਭਾ। ਮੌਤ ਦਾ ਗਾਨਾ ਹੱਥੀਂ ਬੰਨ੍ਹ ਕੇ, ਬਣ ਗਿਆ ਗਦਰੀ ਬਾਬਾ। ਕੀ ਹੁੰਦੀ ਏ ਉਮਰ ਅਠਾਰਾਂ, ਦਿਲ ਕੰਬ ਜਾਂਦੈ ਸੁਣ ਕੇ। ਭਾਰਤ ਮਾਂ ਦੇ ਗਲੋਂ ਗੁਲਾਮੀ, ਲਾਹ ਗਿਆ ਗਦਰੀ ਬਾਬਾ।
ਹਿੰਮਤ ਦਾ ਪੱਲਾ
ਚੋਰ ਤੇ ਲਾਠੀ ਦੋ ਨਹੀਂ ਹੁੰਦੇ, ਨਾ ਹੀ ਬੰਦਾ ਕੱਲ੍ਹਾ, ਆਪਣੀ ਸ਼ਕਤੀ ਜੋ ਨਾ ਜਾਣੇ, ਰਹਿ ਜਾਏ ਕੱਲ-ਮ-ਕੱਲ੍ਹਾ। ਹਰ ਮੰਜ਼ਿਲ ਨੂੰ ਵਰ ਸਕਦਾ ਏ, ਜੇਕਰ ਬੰਦਾ ਚਾਹੇ, ਨਿਸ਼ਚਾ ਧਾਰ ਮਘਲ ਹੋ ਤੁਰ ਪਏ, ਫੜ੍ਹ ਹਿੰਮਤ ਦਾ ਪੱਲਾ।
ਅੰਬਰ ਦੇ ਵਿਚ ਉਡਣ-ਖਟੋਲਾ
ਅੰਬਰ ਦੇ ਵਿਚ ਉਡਣ ਖਟੋਲਾ, ਤੇਜ਼ ਨਿਰੰਤਰ, ਵਾਹੋਦਾਹੀ ਦੌੜ ਰਿਹਾ ਹੈ। ਬੱਦਲਾਂ ਦੇ ਰੂੰ ਫੰਬਿਆਂ ਉਤੋਂ, ਨਾਲ ਹਵਾ ਦੇ ਗੱਲਾਂ ਕਰਦਾ ਪਰ ਮਨ ਅਸਥਿਰ ਇੱਕੋ ਥਾਂ ਤੇ ਘੁੰਮੀ ਜਾਵੇ। ਤੁਰੇ ਬਥੇਰਾ, ਪਰ ਨਾ ਸਿੱਧਾ ਸਫ਼ਰ ਮੁਕਾਵੇ। ਮਨ ਦਾ ਅੱਥਰਾ ਘੋੜਾ ਨਿੱਸਲ ਹੋ ਚੱਲਿਆ ਹੈ। ਇਸ ਨੂੰ ਜਿਹੜਾ ਚਾਬਕ ਲਾਵਾਂ ਮਾਰ ਪਲਾਕੀ ਇਸ ਦੀ ਕੰਡ ਉੱਪਰ ਬਹਿ ਜਾਵਾਂ। ਕਦੇ ਰੇਬੀਆ, ਦੁੜਕੀ ਚਾਲੇ, ਤੇਜ਼ ਭਜਾਵਾਂ। ਅੰਬਰ ਦੇ ਵਿਚ ਕੀਹ ਕੁਝ ਵਿਛਿਆ ਫ਼ੋਲ ਫ਼ੋਲ ਕੇ ਝੋਲੀ ਪਾਵਾਂ ਤਾਰਿਆਂ ਨਾਲ ਮੈਂ ਕਰਾਂ ਗੁਫ਼ਤਗੂ ਚੰਨ ਨੂੰ ਝਾਤ ਆਖ ਕੇ ਪਰਤਾਂ, ਖ਼ੁਦ ਨੂੰ ਬੱਦਲਾਂ ਹੇਠ ਲੁਕਾਵਾਂ। ਜਦੋਂ ਕਦੇ ਧਰਤੀ ਤੇ ਪਰਤਾਂ, ਮਾਂ ਧਰਤੀ ਨੂੰ ਅੰਬਰ ਵਾਲੀ, ਕੁੱਲ ਹਕੀਕਤ ਖੋਲ੍ਹ ਸੁਣਾਵਾਂ। ਖਾਲਮ ਖਾਲੀ ਸੱਖਣੇ ਸੱਖਣੇ, ਅੰਬਰ ਕੋਲ ਹਵਾ ਬਿਨ ਕੁਝ ਨਹੀਂ, ਆਪਣੇ ਲੋਕਾਂ ਨੂੰ ਸਮਝਾਵਾਂ। ਮੌਨ ਖਿਲਾਅ ਦੀ ਖੋਲ੍ਹ ਹਕੀਕਤ, ਖ਼ੁਦ ਨੂੰ ਵੀ ਮੈਂ ਇਹ ਸਮਝਾਵਾਂ। ਧਰਤੀ ਨਾਲੋਂ ਵੱਡਾ ਹੋਰ ਸੁਰਗ ਨਾ ਕੋਈ। ਜਿਥੇ ਬਿਰਖ਼ ਬਰੂਟੇ ਲੋਰੀ ਦੇਣ ਹਵਾਵਾਂ। ਆਲ੍ਹਣਿਆਂ ਵਿਚ ਬੋਟ ਜਦੋਂ ਖੰਭਾਂ ਤੱਕ ਪਹੁੰਚਣ, ਮੈਂ ਵੀ ਆਪਣੇ ਅੰਦਰ ਸੁੱਤੇ ਸੁਪਨ ਜਗਾਵਾਂ। ਫੁੱਲ ਪੱਤੀਆਂ, ਕਲੀਆਂ ਨੂੰ ਧਰਤੀ ਪਾਲਣਹਾਰੀ, ਮਹਿਕ ਮਹਿਕ ਲਟਬੌਰੀ ਵਿਗਸੇ ਕੇਸਰ ਕਿਆਰੀ। ਉਡਣ ਖਟੋਲਾ ਮੈਥੋਂ ਅੱਗੇ ਲੰਘ ਚੱਲਿਆ ਹੈ। ਮੈਂ ਮਨ ਚੰਚਲ ਦੀ ਕੰਡ ਉੱਤੇ, ਥਾਪੀ ਮਾਰ ਕੇ ਬਹਿ ਜਾਵਾਂਗਾ। ਜੇ ਨਾ ਵਕਤ ਸੰਭਾਲਿਆ ਫਿਰ ਤਾਂ, ਗੁੱਟ 'ਤੇ ਬੱਧੀ ਘੜੀ ਦੇ ਹੁੰਦਿਆਂ, ਵਕਤੋਂ ਪਿੱਛੇ ਰਹਿ ਜਾਵਾਂਗਾ।
ਬਿਰਖ਼ ਉਦਾਸ ਖੜ੍ਹੇ
ਕਿੱਥੇ ਛਾਵਾਂ ਮਾਨਣ ਵਾਲੇ। ਧੁਰ ਅੰਦਰ ਦੀਆਂ ਜਾਨਣ ਵਾਲੇ। ਬੱਦਲ ਰੁੱਸ ਗਏ ਇਸ ਧਰਤੀ ਤੋਂ, ਸਿਰ 'ਤੇ ਛਤਰੀ ਤਾਨਣ ਵਾਲੇ। ਗਲੀਆਂ ਕੂਚੇ ਤਪਦੇ ਖਪਦੇ। ਕਿਹੜਾ ਦਰਦ ਪੜ੍ਹੇ। ਬਿਰਖ਼ ਉਦਾਸ ਖੜ੍ਹੇ। ਰੁੱਸਿਆ ਬੁੱਸਿਆ ਸਾਉਣ ਮਹੀਨਾ। ਗੁੰਮ ਸੁੰਮ ਸਧਰਾਂ ਭਰਿਆ ਸੀਨਾ। ਨਾ ਧੀਆਂ ਨਾ ਧੀਆਂ ਆਈਆਂ, ਮੇਰਾ ਵੀ ਹੁਣ ਲੱਗਦਾ ਜੀਅ ਨਾ। ਗਿੱਧਿਆਂ ਦੇ ਪਿੜ ਸੁੰਨੇ ਸੱਖਣੇ, ਕਿੱਦਾਂ ਰੂਪ ਚੜ੍ਹੇ। ਬਿਰਖ਼ ਉਦਾਸ ਖੜ੍ਹੇ। ਆ ਗਏ ਖੁੱਲ੍ਹੀਆਂ ਸੜਕਾਂ ਵਾਲੇ। ਮੂੜ੍ਹ ਸਿਆਸੀ ਬੜ੍ਹਕਾਂ ਵਾਲੇ। ਆਰੀ ਫੇਰਨਗੇ ਹੁਣ ਵੇਖੀਂ, ਮੇਰੀ ਜੜ੍ਹ ਨੂੰ ਰੜਕਾਂ ਵਾਲੇ। ਕਾਰਾਂ ਵਾਲੇ ਪਾਉਣ ਬਾਘੀਆਂ, ਪੈਦਲ ਸ਼ਾਂਤ ਬੜ੍ਹੇ। ਬਿਰਖ਼ ਉਦਾਸ ਖੜ੍ਹੇ। ਆ ਗਏ ਰਲ ਕੇ ਆਰੀਆਂ ਵਾਲੇ। ਕਿੱਧਰ ਤੁਰ ਗਏ ਯਾਰੀਆਂ ਵਾਲੇ। ਸੁਣਦੇ ਨਾ ਫਰਿਆਦ ਰਿਸ਼ੀ ਦੀ, ਰੂਹ ਦੀਆਂ ਬੰਦ ਬਾਰੀਆਂ ਵਾਲੇ। ਹਾਕਮ ਹੁਕਮ ਹਕੂਮਤ ਅੱਗੇ, ਜੋ ਵੀ ਅੜੇ ਝੜੇ। ਬਿਰਖ਼ ਉਦਾਸ ਖੜ੍ਹੇ। ਵੀਰਾ ਨਾ ਆਵੀਂ ਜਗਰਾਵਾਂ। ਹੁਣ ਨਹੀਂ ਓਥੇ ਠੰਢੀਆਂ ਛਾਵਾਂ। ਕੰਕਰੀਟ ਦਾ ਰਾਜ ਭਾਗ ਹੈ, ਕੌਣ ਸੁਣੇਗਾ ਹਾਉਕੇ ਹਾਵਾਂ। ਖੰਨਾ, ਖਰੜ, ਅਤੇ ਬਰਨਾਲਾ ਹੋ ਗਏ ਵੇਖ ਰੜ੍ਹੇ। ਬਿਰਖ਼ ਉਦਾਸ ਖੜ੍ਹੇ। ਸਾਡਾ ਪਿੰਡ ਸੀ ਬੋਹੜਾਂ ਵਾਲਾ। ਸਾਡਾ ਪਿੰਡ ਸੀ ਪਿੱਪਲਾਂ ਵਾਲਾ। ਬੱਸ ਰੁਕਦੀ ਸੀ ਜਦੋਂ ਮੋਰਿੰਡੇ, ਕਹਿੰਦੇ ਆ ਗਿਆ ਬਾਗਾਂ ਵਾਲਾ। ਅੰਬ ਨਗਰੀ ਸੀ ਜ਼ਿਲ੍ਹਾ ਅੰਬਾਲਾ, ਲੋਭ ਦੀ ਭੇਟ ਚੜ੍ਹੇ ਬਿਰਖ ਉਦਾਸ ਖੜ੍ਹੇ। ਘੁੱਗੀਆਂ ਮੋਰ ਕਬੂਤਰ ਮੋਏ। ਹੁਣ ਛਾਵਾਂ ਨੂੰ ਕਿਹੜਾ ਰੋਏ। ਵਣਜ ਵਪਾਰ ਨੇ ਧਰਤੀ ਮੱਲੀ, ਜਾਪਣ ਸਭ ਵਣਜਾਰੇ ਹੋਏ। ਗਿਆਨੀ ਧਿਆਨੀ ਬਣੇ ਕੁਰਸੀਆਂ, ਚੁੱਪ ਨੇ ਧਰਮ ਧੜੇ। ਬਿਰਖ਼ ਉਦਾਸ ਖੜ੍ਹੇ। ਪਵਨ ਗੁਰੂ ਜੇ ਧਰਤੀ ਮਾਤਾ। ਕਿਉਂ ਨਾ ਪੁੱਤਰੋ ਧਰਮ ਪਛਾਤਾ। ਚੁੱਪ ਬੈਠੇ ਜੇ ਹਾਲੇ ਤੱਕ ਤਾਂ, ਹੱਥ ਨਹੀਂ ਆਉਣਾ ਵਕਤ ਗਵਾਤਾ। ਗੁਰੂ ਨਾਨਕ ਦੇ ਪੁੱਤਰਾਂ ਬਾਝੋਂ, ਇਹ ਜੰਗ ਕੌਣ ਲੜੇ। ਬਿਰਖ਼ ਉਦਾਸ ਖੜ੍ਹੇ। ਅੰਬੀਆਂ ਵਾਲੇ ਦੇਸ਼ ਦੋਆਬੇ। ਜਿੱਥੇ ਹੋਏ ਗਦਰੀ ਬਾਬੇ। ਨਾ ਟਾਹਲੀ ਨਾ ਪਿੱਪਲ ਬਰੋਟੇ, ਟੁੱਟ ਚੱਲੇ ਇਨਸਾਫ਼ ਦੇ ਛਾਬੇ। ਬੱਬਰ ਸ਼ੇਰਾਂ ਦੀ ਧਰਤੀ ਤੋਂ, ਗਏ ਗੁਆਚ ਬੜੇ। ਬਿਰਖ਼ ਉਦਾਸ ਖੜ੍ਹੇ। ਵੇ ਵੀਰੋ ਮਾਂ ਧਰਤੀ ਜਾਇਉ। ਇਹਦੇ ਦੁੱਧ ਨੂੰ ਲਾਜ ਨਾ ਲਾਇਉ। ਵਣ ਤ੍ਰਿਣ ਤੇ ਹਰਿਆਵਲ ਖ਼ਾਤਰ, ਆਪੋ ਆਪਣਾ ਧਰਮ ਨਿਭਾਇਉ। ਅੱਥਰਾ ਘੋੜਾ ਮਿੱਧੀ ਜਾਵੇ, ਕੋਈ ਤਾਂ ਵਾਗ ਫੜ੍ਹੇ। ਬਿਰਖ਼ ਉਦਾਸ ਖੜ੍ਹੇ।
ਲੋਹੇ ਦਾ ਬੰਦਾ
ਸ਼ਿਕਾਗੋ ਵਾਲੇ ਅਮੋਲਕ ਸਿੰਘ ਜੰਮੂ ਦੇ ਨਾਂ ਦਰਿਆ ਨੂੰ ਮੈਂ ਲਿਆ ਕਲਾਵੇ ਸੂਰਜ ਨੂੰ ਗੱਲਵਕੜੀ ਪਾ ਕੇ ਨੀਮ ਸਲੇਟੀ ਸੁਪਨਿਆਂ ਦੀ ਪੂਣੀ ਕਰਵਾ ਕੇ ਸਿਰ ਉੱਪਰ ਦਸਤਾਰ ਦੇ ਵਾਂਗੂੰ ਵੇਖ ਸਜਾ ਕੇ ਘਰ ਮੁੜਿਆ ਹਾਂ। ਮਨ ਦਾ ਤਨ ਤੇ ਫ਼ਤਿਹ ਹੋਣ ਦਾ ਅਸਚਰਜ ਸੁਪਨਾ ਪੂਰਾ ਹੁੰਦਾ ਅੱਖੀਂ ਡਿੱਠਾ ਸਿਦਕ ਸਬੂਰੀ ਤੋਰ ਨਿਰੰਤਰ। ਧੁੱਪ ਦੀ ਕਾਤਰ ਵਰਗੇ ਬੱਚੇ। ਪਰਛਾਵੇਂ ਦੇ ਵਾਂਗ ਹਮੇਸ਼ਾਂ, ਅੰਗ ਸੰਗ ਰਹਿੰਦੀ ਜੀਵਨ ਸਾਥਣ। ਸੂਰਜ ਰੰਗੀ ਮਘਦੀ ਆਥਣ। ਮਨ ਵਿਹੜੇ ਵਿਚ ਮਰੂਆ ਮਹਿਕੇ, ਬੂਹੇ ਖਿੜੀ ਚੰਬੇਲੀ ਜੀਕਣ। ਜਗ ਮਗ ਜਗ ਮਗ ਹਿੰਮਤੀ, ਕਣ ਕਣ। ਯਾਰ ਅਮੋਲਕ, ਤੇਰੇ ਰਾਹੀਂ, ਹਿੰਮਤ ਨੂੰ ਮੈਂ ਅੱਖੀ ਡਿੱਠਾ ਕੌਣ ਆਖਦੈ? ਲੋਹੇ ਦਾ ਬੰਦਾ ਨਹੀਂ ਹੁੰਦਾ।
ਨਿੱਕੀ ਜਹੀ ਗੁਣੀਤ
ਨਿੱਕੀ ਜਹੀ ਕੁੜੀ, ਗੁਣੀਤ ਜੀਹਦਾ ਨਾਂ। ਮਾਂ ਦੇ ਪਿੱਛੇ ਤੁਰੀ ਫਿਰੇ, ਨਿੱਕੀ ਜੇਹੀ ਛਾਂ। ਜਾਗਦੀ ਤਾਂ ਦੁਨੀਆਂ 'ਚ ਜਿੰਦ ਧੜਕਾਵੇ। ਜਦੋਂ ਸੌਂਦੀ, ਸਾਰੇ ਪਾਸੇ ਫ਼ੈਲੇ ਚੁੱਪ ਚਾਂ। ਮਾਪਿਆਂ ਦੇ ਨਾਲ ਹੋਵੇ ਖ਼ੁਸ਼ ਤੇ ਉਦਾਸ। ਅੱਖੀਆਂ 'ਚੋਂ ਬੁੱਝ ਲੈਂਦੀ ਧੁੱਪ ਹੈ ਕਿ ਛਾਂ। ਥੱਕੇ ਹੋਏ ਬਾਬਲੇ ਨੂੰ ਸ਼ਾਮੀਂ ਆਉਣ ਸਾਰ, ਦੱਸੇ! ਅੱਜ ਤੇਰੇ ਪਿੱਛੇ ਘੂਰਦੀ ਸੀ ਮਾਂ। ਨਿੱਕੇ ਨਿੱਕੇ ਬੁੱਲ੍ਹਾਂ ਵਿਚੋਂ ਕੇਰਦੀ ਸਵਾਲ, ਕੰਨ ਲਾਕੇ ਸੁਣੇ ਕਿਵੇਂ ਬੰਨ੍ਹਦੀ ਸਮਾਂ। ਗੋਟੇ ਵਾਲੀ ਚੁੰਨੀ ਮਾਂ ਦੀ, ਸਿਰ ਉੱਤੇ ਲਵੇ, ਆਖੇ ਪਾਉ ਚੂੜਾ, ਕਰੇ ਬਾਹਾਂ ਨੂੰ ਅਗਾਂਹ। ਧੀਆਂ ਤੇ ਧਰੇਕਾਂ ਜਦੋਂ ਮਾਪਿਆਂ ਦੇ ਵਿਹੜੇ, ਕਰਨੀ ਸੰਭਾਲ ਪੈਂਦੀ, ਬੜੀ ਮਹਿੰਗੀ ਛਾਂ। ਵੇਖ ਕੇ ਉਦਾਸ ਝੱਟ, ਦਾਦੀ ਨੂੰ ਕਹੇ, ਚੁੱਪ! ਚੁੱਪ! ਚੁੱਪ, ਕਾਹਨੂੰ ਚੁੱਪ ਦਾਦੀ ਮਾਂ। ਇੱਕੋ ਗੱਲ ਕਰੇ ਮੈਨੂੰ ਸਦਾ ਹੀ ਉਦਾਸ, ਜੱਗ ਕਿਉਂ ਮਿਟਾਈ ਜਾਵੇ, ਖ਼ੁਸ਼ਬੂ ਦਾ ਨਾਂ।
ਚੋਰ ਡਾਕੂਆਂ ਦੀ ਬਸਤੀ ਵਿਚ
ਚੋਰ ਡਾਕੂਆਂ ਦੀ ਬਸਤੀ ਵਿਚ, ਮੇਰੇ ਚੈਨ ਗੁਆਚ ਗਿਆ ਹੈ। ਦਿਨ ਚੜ੍ਹਦੇ ਤੋਂ ਸ਼ਾਮਾਂ ਤੀਕਰ, ਕਾਮ ਕਰੋਧ ਲੋਭ ਦੇ ਘੋੜੇ। ਮੋਹ ਦੀ ਵਲਗਣ, ਹੈਂਕੜ ਵਾਲੀ ਚਾਰ ਦੀਵਾਰੀ। ਪੰਜਾਂ ਨੇ ਮੇਰੀ ਮੱਤ ਮਾਰੀ। ਇਨ੍ਹਾਂ ਅੱਗੇ ਵਾਹੋਦਾਹੀ, ਵਾਹੋਦਾਹੀ ਦੌੜ ਰਿਹਾ ਹਾਂ। ਸ਼ੁਕਰ ਖ਼ੁਦਾ ਦਾ, ਜਿਸ ਨੇ ਸੂਰਜ ਦੀ ਪਿੱਠ ਪਿੱਛੇ, ਦਿਨ ਤੋਂ ਮਗਰੋਂ ਰਾਤ ਬਣਾਈ। ਪੰਜ ਚੋਰਾਂ ਤੋਂ ਕੁਝ ਪਲ ਮੁਕਤੀ ਹਾਸਲ ਕਰਕੇ, ਬਿਸਤਰ ਉੱਤੇ ਆਣ ਪਿਆ ਹਾਂ। ਏਥੇ ਵੀ ਆਰਾਮ ਨਹੀਂ ਹੈ। ਚੋਰ ਡਾਕੂਆਂ ਦੀ ਬਸਤੀ ਵਿਚ, ਮੇਰਾ ਚੈਨ ਗੁਆਚ ਗਿਆ ਹੈ।
ਮਨਹਟਨ ਵਿਚੋਂ ਲੰਘਦਿਆਂ
ਹਰਵਿੰਦਰ ਰਿਆੜ ਦੇ ਨਾਂ ਆਰ ਸਮੁੰਦਰ ਪਾਰ ਸਮੁੰਦਰ, ਕੰਕਰੀਟ ਦੀ ਨਕਲੀ ਕੰਦਰ, ਵਿਚੋਂ ਦੀ ਇਕ ਲਾਂਘਾ ਲੰਘੇ। ਅੰਬਰ ਚੁੰਮਦੇ ਦੋਹੀਂ ਪਾਸੀਂ ਭਵਨ ਖੜ੍ਹੇ ਨੇ। ਲੰਮ ਸਲੰਮੀਆਂ ਸੜਕਾਂ ਕੰਢੇ। ਕਮਰੇ ਅੰਦਰ ਕਮਰੇ, ਅੱਗੇ ਫਿਰ ਕਮਰੇ ਨੇ। ਖਿੜੀਆਂ ਬੂਹੇ ਬੰਦ ਪਏ ਨੇ। ਠੰਢੀ ਪੌਣ ਹਵਾ ਦਾ ਬੁੱਲਾ, ਏਸ ਨਗਰ ਵਿਚ ਰਹਿੰਦਿਆਂ ਭੁੱਲਾ। ਚੌਂਕਾਂ ਦੇ ਵਿਚ ਕੌਣ ਖੜ੍ਹੇ ਨੇ। ਬਿਰਖ ਨਿਪੱਤਰੇ, ਔਤ ਨਿਖੱਤਰੇ। ਫਾਈਬਰ ਦੇ ਤਣਿਆਂ ਤੇ ਬਿਜਲੀ ਲਾਟੂ ਜਗਦੇ। ਕਿਸੇ ਜਗਾਇਆ ਜਗ ਪੈਂਦੇ ਨੇ। ਕਿਸੇ ਬੁਝਾਇਆਂ ਬੁਝ ਜਾਂਦੇ ਨੇ। ਇਨ੍ਹਾਂ ਪੱਲੇ ਪੱਤਰ ਵੀ ਛਾਂ ਹੀਣ ਜਹੇ ਨੇ। ਵਾਹੋਦਾਰੀ ਭੱਜੇ ਫਿਰਦੇ। ਸਾਰੇ ਇਕ ਦੂਜੇ ਤੋਂ ਅੱਗੇ ਲੰਘਣ ਵਾਲੇ। ਪੈਰਾਂ ਦੇ ਵਿਚ ਭਟਕਣ, ਮਨ ਮਸਤਕ ਵਿਚ ਜਾਲੇ। ਧੂੰਆਂ ਧਾਰ ਟੈਕਸੀਆਂ ਭੱਜਣ, ਸਾਰੇ ਲੋਕੀਂ ਕਿੱਧਰ ਚੱਲੇ? ਬੰਦ ਕਾਰਾਂ ਵਿਚ ਫਿਰਨ ਮੁਸਾਫ਼ਰ। ਜੀਕੂੰ ਕੈਦੀ ਜੇਲ੍ਹ ਬਦਲੀਆਂ ਵੇਲੇ ਜਾਵਣ। ਧੁੱਪਾਂ ਛਾਵਾਂ ਤੋਂ ਬੇਖ਼ਬਰੇ, ਏਦਾਂ ਹੀ ਪੈ ਜਾਵਣ ਕਬਰੇ। ਕੰਕਰੀਟ ਦਾ ਜੰਗਲ ਚੌਵੀ ਘੰਟੇ ਜਾਗੇ। ਦਿਨ ਤੇ ਰਾਤ ਕਦੇ ਨਹੀਂ ਸੌਂਦਾ। ਚੌਵੀ ਘੰਟੇ ਘੁੰਮਦਾ ਪਹੀਆ ਪੈਂਡੇ ਗਾਹੁੰਦਾ। ਆਰ ਸਮੁੰਦਰ ਪਾਰ ਸਮੁੰਦਰ, ਕੰਕਰੀਟ ਦੀ ਨਕਲੀ ਕੰਦਰ, ਵਿਚੋਂ ਦੀ ਇਕ ਲਾਂਘਾ ਲੰਘੇ। ਅੰਬਰ ਚੁੰਮਦੇ ਦੋਹੀਂ ਪਾਸੀਂ ਭਵਨ ਖੜ੍ਹੇ ਨੇ। ਫਿਰ ਵੀ ਏਥੇ ਮੇਰਾ ਇਕ ਦਰਿਆ ਰਹਿੰਦਾ ਹੈ। ਨੰਗੀ ਅੱਖ ਨੂੰ ਦਿਸਦਾ ਨਹੀਂ, ਅੱਜ ਵੀ ਵਹਿੰਦਾ ਹੈ। ਇਸ ਦਰਿਆ ਦੇ ਪਾਣੀ ਅੰਦਰ ਪਾਣੀ ਅੰਦਰ ਖੁਰ ਗਈ ਦਰਦ-ਕਹਾਣੀ ਅੰਦਰ ਵੱਸਦੈ ਇਕ ਮਾਸੂਮ ਪਰਿੰਦਾ। ਉੱਡਣਾ ਪੁੱਡਣਾ, ਕਦੇ ਕਿਸੇ ਨਾ ਡਾਹੀ ਦੇਵੇ। ਰੂਹ ਦੇ ਹਾਣੀ ਨੂੰ ਹੀ ਸਿਰਫ਼ ਵਿਖਾਈ ਦਿੰਦਾ।
ਨੂਰ ਜਹਾਂ ਹਾਲੇ ਵੀ ਗਾਉਂਦੀ
ਜੱਗ ਜਹਾਨੋਂ ਤੁਰ ਗਈ ਭਾਵੇਂ, ਨੂਰ ਜਹਾਂ ਹਾਲੇ ਵੀ ਗਾਉਂਦੀ। ਧਰਤੀ ਧਰਤੀ ਪਰਬਤ ਪਰਬਤ, ਧਰਤੀ ਹੇਠ ਪਤਾਲ ਤੋਂ ਲੈ ਕੇ, ਅੰਬਰ ਦੇ ਵਿਚ ਜਗਦੇ ਸੂਰਜ ਤਾਰਿਆਂ ਤੀਕਰ। ਜੋ ਜੋ ਜਾਗਣ ਸਾਰਿਆਂ ਤੀਕਰ। ਨੂਰ ਜਹਾਂ ਹਾਲੇ ਵੀ ਗਾਉਂਦੀ। ਬੋਲ ਸੁਣਾਉਂਦੀ। ਰੋਮ ਰੋਮ ਝਰਨਾਟ ਛੇੜਦੀ। ਜਿਵੇਂ ਪਹਾੜੋਂ ਝਰਨਾ ਕੋਈ, ਨਿਰਮਲ ਨਿਰਮਲ ਨੀਰ ਲਿਆਵੇ। ਧਰਤ ਪਿਆਸੀ ਅੰਦਰ ਮੁੜ ਕੇ ਸਵਾਸ ਜਗਾਵੇ। ਪੀਰ ਫ਼ਕੀਰ ਦੀ ਕਬਰ ਤੇ ਜਗੇ ਚਿਰਾਗ ਵਾਂਗਰਾਂ, ਨੇਰ੍ਹ ਚੀਰਦੀ ਸੁਰ ਜਦ ਲਾਵੇ। ਕਣ ਕਣ ਝੂਮ ਉੱਠੇ ਤੇ ਖ਼ੂਬ ਵਜਦ ਵਿਚ ਆਵੇ। ਰੌਸ਼ਨੀਆਂ ਦੀ ਅੰਬਰ ਗੰਗਾ ਖਿੜ ਖਿੜ ਜਾਵੇ। ਧਰਤ ਹਨੇਰੀ ਰੌਸ਼ਨ ਕਰਦੀ। ਚਾਨਣ ਚਾਨਣ ਕਣੀਆਂ ਵਰਗੀ ਬਾਰਸ਼ ਵਰ੍ਹਦੀ। ਨੂਰੋ ਨੂਰ ਧਰਤ ਦੇ ਮੱਥੇ ਸਭ ਰੰਗ ਭਰਦੀ। ਨੂਰ ਜਹਾਂ ਦੀ ਸ਼ਾਹਰਗ ਅੰਦਰ, ਮਾਰੂਥਲ ਦੀ ਹੂਕ ਕੂਕਦੀ। ਜਿਵੇਂ ਸ਼ੁਤਰ ਦੇ ਗਲ ਵਿਚ, ਲਮਕਣ ਟੱਲ ਮ ਟੱਲੀਆਂ। ਇਕ ਦੂਜੇ ਤੋਂ ਦੂਰ ਪਰੁੱਚੀਆਂ ਕੱਲ੍ਹ-ਮ-ਕੱਲ੍ਹੀਆਂ। ਕਾਫ਼ਲਿਆਂ ਤੋਂ ਨਿੱਖੜ ਗਈਆਂ, ਕਿੰਨੀਆਂ ਸੱਸੀਆਂ ਪੁੰਨੂੰਆਂ ਛਲੀਆਂ। ਫਿਰ ਵੀ ਪੁੰਨਣ ਕੂਕ ਕੂਕ ਹੋ ਰਹੀਆਂ ਝੱਲੀਆਂ। ਨੂਰ ਜਹਾਂ ਦੀ ਕੂਕ ਅੱਲਾਹੀ, ਧੁਰ ਦਰਗਾਹੀਂ ਪਹੁੰਚਣ ਵਾਲੀ। ਦਰਦਮੰਦਾਂ ਦੀਆਂ ਆਹੀਂ ਵਾਂਗੂੰ। ਅੰਬਰ ਕਾਲਾ ਕਰਨ ਵਾਲੀਆਂ ਹੂਕਾਂ ਕੂਕਾਂ। ਜਿਵੇਂ ਸ਼ਰੀਂਹ ਦੀ ਟਾਹਣੀ ਉੱਤੇ, ਸੁੱਕੀਆਂ ਫ਼ਲੀਆਂ ਵਾਲੀਆਂ ਲੜੀਆਂ। ਹਵਾ ਹਿਲੋਰੇ ਨਾਲ ਛਣਕ, ਝਰਨਾਟਾਂ ਛੇੜਨ ਰੂਹ ਵਿਚ ਬੜੀਆਂ। ਵਸਲ ਉਡੀਕੇ, ਹਿਜਰ ਦੀਆਂ ਮੁੱਕ ਜਾਵਣ ਘੜੀਆਂ। ਨੂਰ ਜਹਾਂ ਦਾ ਨੂਰ, ਸ਼ਬਦ ਤੋਂ ਬਹੁਤ ਅਗਾਂਹ ਹੈ। ਯਾਰ ਬਲੋਚ ਦੀ ਤਾਂਘ 'ਚ, ਲੁੱਛਦੀ ਸੱਸੀ ਵਰਗਾ। ਤਪਦੀ ਰੇਤ ਤੇ ਵਾਹੋਦਾਰੀ, ਭੱਜਦੀ ਪੈਰੀਂ ਛਾਲੇ ਲੈ ਕੇ। ਆਪਣੇ ਆਪੇ ਵੱਲ ਨੂੰ, ਆਪੇ ਭੱਜੀ ਆਉਂਦੀ। ਨੂਰ ਜਹਾਂ ਹਾਲੇ ਵੀ ਗਾਉਂਦੀ।
ਅਮਰੀਕਾ : ਕੁਝ ਪ੍ਰਭਾਵ
ਬੱਦਲਾਂ ਦੇ ਪਰਛਾਵੇਂ। ਤੇਰੇ ਹੱਥ ਕਦੇ ਨਹੀਂ ਆਉਣੇ, ਜੇ ਤੂੰ ਫੜਨੇ ਚਾਹਵੇਂ। ਅੰਬਰ ਵਿਚ ਫ਼ਕੀਰ। ਖਿੜਕੀ ਵਿਚੋਂ ਵੇਖ ਰਿਹਾ ਏ, ਧਰਤੀ ਲੀਰੋ ਲੀਰ। ਸ਼ਕਲਾਂ ਡੱਬ ਖੜੱਬੀਆਂ। ਉੱਚੇ ਚੜ੍ਹ ਕੇ ਵੇਖ ਸ਼ਿਕਾਗੋ, ਜਿਉਂ ਤੀਲ੍ਹਾਂ ਦੀਆਂ ਡੱਬੀਆਂ। ਹੇਠ ਵਗੇ ਦਰਿਆ। ਪੁਲ ਦੇ ਉੱਪਰੋਂ ਲੰਘਦੇ ਲੰਘਦੇ, ਪੱਥਰ ਹੋ ਗਏ ਚਾਅ। ਨਾ ਜੀਵਣ ਨਾ ਚਾਅ! ਨੌਂ ਤੋਂ ਪੰਜ ਵਜੇ ਤਕ ਨੀਂਦੇ, ਅੱਖੀਆਂ ਵਿਚ ਨਾ ਆ। ਅੱਖੀਆਂ ਦੇ ਵਿਚ ਸ਼ਾਮ। ਕੋਹਲੂ ਅੰਦਰ ਪੀੜੀ ਜ਼ਿੰਦਗੀ, ਦਿਨ ਨਾ ਰਾਤ ਆਰਾਮ! ਗੋਰੀ ਧਰਤ ਕਮਾਲ! ਦਿਨ ਤੇ ਰਾਤ ਚਰਖੜੀ ਘੁੰਮੇ, ਵੇਖ ਹਮਾਰਾ ਹਾਲ! ਸੁਖ ਦੇ ਬਣੇ ਗੁਲਾਮ! ਧਰਤੀ ਮਾਂ ਦੀ ਮੈਲੀ ਚੁੰਨੀ, ਪੁੱਤ ਕਰਦੇ ਬਦਨਾਮ! ਅੱਠ ਘੰਟੇ ਦੀ ਜਾਬ! ਸੋਲਾਂ ਘੰਟੇ ਰੂਹ ਦਾ ਤੂੰਬਾ, ਵੱਜਦਾ ਦੇਸ ਪੰਜਾਬ! ਹੁਣ ਨਾ ਇਹ ਪਰਦੇਸ! ਵਿਹੜੇ ਵਾਲੀ ਤਾਰ 'ਤੇ ਸੁੱਕਦੇ, ਡੱਬੀਆਂ ਵਾਲੇ ਖੇਸ। ਜਿੰਦੇ ਹੁਣ ਨਾ ਰੋ। ਜੋ ਹੈ ਵੱਟਿਆ ਸੋ ਹੈ ਖੱਟਿਆ, ਖ਼ੁਦ ਤੋਂ ਲਾਂਭੇ ਹੋ। ਨਿੱਕਾ ਜਿਹਾ ਸੰਸਾਰ। ਚਹੁੰ ਗਿੱਠਾਂ ਦੀ ਸਾਰੀ ਧਰਤੀ, ਦੋ ਕਦਮਾਂ ਦੀ ਮਾਰ।
ਹਵਾ ਮਹਿਲ
ਲਾਰੇ ਬਾਜ਼ਾਂ ਝੱਗਾ ਦਿੱਤਾ, ਪਾ ਲਉ ਲੋਕੋ ਪਾ ਲਉ। ਅੱਗਾ ਪਿੱਛਾ ਹੈ ਨਹੀਂ ਜੇ, ਤੇ ਬਾਹਾਂ ਆਪ ਲੁਆ ਲਉ। ਰੋਣ ਧੋਣ ਦੀ ਗੱਲ ਨਾ ਹੋਏ। ਆਖਣ ਏਥੇ ਕੋਈ ਨਾ ਰੋਏ। ਚੌਲ ਤੇ ਆਟਾ ਸਸਤਾ ਹੋਏ। ਲੈ ਜਾਉ ਸਾਥੋਂ ਲੋਏ ਲੋਏ। ਸ਼ਾਮ ਢਲੀ ਤੋਂ ਧਰਤੀ ਅੰਬਰ, ਭਾਵੇਂ ਨੇੜ ਕਰਾ ਲਉ। ਕਿਹੜੇ ਕੰਮ ਸਕੂਲ ਪੜ੍ਹਾਈਆਂ। ਹਸਪਤਾਲ ਜੇ ਬਿਨਾ ਦਵਾਈਆਂ। ਸ਼ਹਿਰੀ ਡਾਕਟਰ ਵਾਂਗ ਜਵਾਈਆਂ। ਬਿਨ ਪਾਵੇ ਤੋਂ ਪਲੰਘ ਨਵਾਰੀ, ਡਾਹ ਲਉ ਲੋਕੋ ਡਾਹ ਲਉ। ਨੌਕਰੀਆਂ ਨਾ ਸਾਥੋਂ ਮੰਗੋ। ਘਰ ਆਏ ਹਾਂ ਕੁਝ ਤਾਂ ਸੰਗੋ। ਪਹਿਲਾ ਸਾਡੀ ਝੰਡੀ ਟੰਗੋ। ਹੁਣ ਤਾਂ ਤੁਹਾਡੀ ਆਪ ਹਕੂਮਤ ਕੁਝ ਤਾਂ ਲੋਕੋ ਸਾਹ ਲਉ। ਪਹਿਲਾਂ ਸਾਨੂੰ ਦਿਉ ਵਧਾਈਆਂ। ਤੁਹਾਡੇ ਪਿੰਡ ਸਰਕਾਰਾਂ ਆਈਆਂ। ਚਾਲਾਂ ਜੇਕਰ ਸਮਝ ਨਾ ਆਈਆਂ। ਲਾਰੇ ਲੱਪੇ ਵਾਲੀਆਂ ਫ਼ਸਲਾਂ, ਗਾਹ ਲਉ ਲੋਕੋ ਗਾਹ ਲਉ। ਬੜੀ ਸਿਆਸਤ ਹੋ ਗਈ ਚਾਤਰ। ਪਹਿਲਾਂ ਤੋਂ ਵੀ ਵਧ ਕੇ ਸ਼ਾਤਰ। ਗ਼ਰਜ਼ਾਂ ਵੇਲੇ ਤਰਸ ਦੀ ਪਾਤਰ। ਬਿਨ ਮੰਗੇ ਤੋਂ ਜ਼ਹਿਰ ਪਿਆਲੇ, ਆਹ ਲਉ ਲੋਕੋ ਆਹ ਲਉ।
ਆਪਣੇ ਹੱਥੋਂ ਆਪ ਮਰਦਿਆਂ
ਪਤਨੀ ਬਰਤਾ ਪਤੀ ਬਣਦਿਆਂ, ਚੌਵੀ ਘੰਟੇ ਤਾਣੇ ਤਣਦਿਆਂ, ਭੁੱਖ ਸਤਾਵੇ, ਜੀਅ ਘਬਰਾਵੇ, ਸੀਨੇ ਫਿਰ ਗਈ ਆਰੀ। ਰੱਖ ਕਰਵਾ ਚੌਥ ਦਾ ਵਰਤ ਲਿਆ, ਮੇਰੀ ਮੱਤ ਗਈ ਸੀ ਮਾਰੀ। ਸ੍ਰੀਮਤੀ ਦੀ ਰੀਸ ਕਰਦਿਆਂ, ਆਪਣੇ ਹੱਥੋਂ ਆਪ ਮਰਦਿਆਂ, ਤਾਅਨੇ ਮਿਹਣੇ ਰੋਜ਼ ਜਰਦਿਆਂ, ਡਾਢੀ ਕੀਮਤ ਤਾਰੀ। ਪਤਨੀ ਕੁੱਛੜ ਬਾਲ ਨਿਆਣਾ। ਰੱਬ ਜਾਣੇ ਜਾਂ ਮੈਂ ਹੀ ਜਾਣਾ। ਇਹ ਵੀ ਸਮਝੋ ਰੱਬ ਦਾ ਭਾਣਾ। ਚੰਨ ਚੜ੍ਹਨ ਤੱਕ ਭੁੱਖੇ ਰਹਿਣਾ, ਡਾਢੀ ਅਜਬ ਖਵਾਰੀ। ਡੂੰਘਿਉਂ ਡੂੰਘੇ ਪਾਣੀ ਲਹਿਣਾ। ਔਰਤ ਦਾ ਸੰਤੋਖ ਹੈ ਗਹਿਣਾ। ਸਬਰ ਸ਼ੁਕਰ ਵਿਚ ਹਰ ਪਲ ਰਹਿਣਾ। ਚੰਨ ਦੀ ਚਾਨਣੀ ਰਹੇ ਸਲਾਮਤ, ਮੰਗਦੀ ਖ਼ੈਰ ਵਿਚਾਰੀ। ਰੱਖ ਕਰਵਾ ਚੌਥ ਦਾ ਵਰਤ ਲਿਆ ਮੇਰੀ ਮੱਤ ਗਈ ਸੀ ਮਾਰੀ।
ਸ਼ੁਕਰ ਕਰੋ
ਪਹਿਲਾਂ ਦੇਂਦਾ, ਫਿਰ ਖੋਹ ਲੈਂਦਾ। ਮੈਂ ਇਸ ਝਗੜੇ ਵਿੱਚ ਨਹੀਂ ਪੈਂਦਾ, ਆਪੇ ਦੇਂਦਾ, ਆਪੇ ਲੈਂਦਾ। ਦੇਵੇ ਪਰ ਪਛਤਾਉਂਦਾ ਨਹੀਂ, ਤਾਂ ਹੀ ਕਹਿਨਾਂ ਸ਼ੁਕਰ ਕਰੋ। ਕਦੇ ਨਾ ਕਰਦਾ ਸੀਨਾ ਜ਼ੋਰੀ। ਦਾਤੇ ਦੇ ਹੱਥ ਸਾਡੀ ਡੋਰੀ। ਚਾਹਵੇ ਕਰ ਦਏ ਪੋਰੀ ਪੋਰੀ। ਆਪੇ ਲਿਖਦਾ ਤਖ਼ਤੀ ਕੋਰੀ। ਲਿਖੇ ਲਿਖਾਏ ਮੇਟੇ ਆਪੇ, ਫਿਰ ਵੀ ਆਖਾਂ ਸ਼ੁਕਰ ਕਰੋ। ਫੁੱਲਾਂ ਵਿਚ ਖ਼ੁਸ਼ਬੋਈ ਭਰਦਾ। ਰੰਗ ਬਹਾਰਾਂ ਦੇ ਵਿਚ ਭਰਦਾ। ਵੇਖੋ ਰਸੀਆ ਕੀਹ ਕੀਹ ਕਰਦਾ। ਧੜਕਣ ਦੇ ਵਿਚ ਵੱਸਦਾ ਰਸਦਾ। ਦਮ ਦਮ ਹਰ ਦਮ ਸਾਹੀਂ ਵੱਸਦੇ, ਉਸ ਦਾਤੇ ਦਾ ਸ਼ੁਕਰ ਕਰੋ। ਉਸ ਦਾਤੇ ਦੀ ਬੇਪ੍ਰਵਾਹੀ। ਭੁੱਲ ਜਾਏ ਦੇ ਕੇ ਦਾਤ ਇਲਾਹੀ। ਰਾਹੇ ਪਾਵੇ ਭਟਕੇ ਰਾਹੀ। ਬਣ ਜਾਂਦਾ ਹੈ ਸੰਤ ਸਿਪਾਹੀ। ਜ਼ਿੰਦਗੀ ਦੇ ਕਣ ਕਣ ਵਿਚ ਵੱਸੇ, ਕਰ ਅਰਦਾਸਾਂ ਸ਼ੁਕਰ ਕਰੋ।
ਨਿੱਕੇ ਨਿੱਕੇ ਡਰ
ਵੱਡੇ ਵੱਡੇ ਘਰਾਂ ਵਿਚ, ਨਿੱਕੇ ਨਿੱਕੇ ਡਰ ਨੇ। ਕੱਟ 'ਤੇ ਈਮਾਨਦਾਰੀ ਵਾਲੇ ਅਸਾਂ ਪਰ ਨੇ। ਸਿੱਖ ਲਈਆਂ ਚੌਵੀ ਘੰਟੇ ਚੋਰੀਆਂ ਤੇ ਯਾਰੀਆਂ। ਫੇਰੀਏ ਮੁਹੱਬਤਾਂ ਦੀ ਜੜ੍ਹ ਉੱਤੇ ਆਰੀਆਂ। ਨਾਗਾਂ ਦੇ ਮੁਹੱਲੇ ਵਿਚ ਵੀਰੋ ਸਾਡੇ ਘਰ ਨੇ। ਕੱਟ 'ਤੇ ਈਮਾਨਦਾਰੀ ਵਾਲੇ ਅਸਾਂ ਪਰ ਨੇ। ਭਰੇ ਅਖ਼ਬਾਰ ਜੀਕੂੰ ਪਾਣੀ ਬਰਸਾਤ ਦਾ। ਖ਼ਬਰਾਂ 'ਚੋਂ ਪਤਾ ਹੀ ਨਾ ਲੱਗੇ ਦਿਨ ਰਾਤ ਦਾ। ਝੂਠ ਤੇ ਤੂਫ਼ਾਨ ਭਰੇ ਸਫ਼ਿਆਂ ਦੇ ਦਰ ਨੇ। ਕੱਟ 'ਤੇ ਈਮਾਨਦਾਰੀ ਵਾਲੇ ਅਸਾਂ ਪਰ ਨੇ। ਦੁੱਧ ਵਿਚ ਪਾਣੀ ਫਿਰ ਪਾਣੀ 'ਚ ਮਧਾਣੀਆਂ। ਲੱਭੀ ਜਾਣ ਮੱਖਣ, ਵਿਚਾਰੀਆਂ ਸਵਾਣੀਆਂ। ਬੰਦੇ ਕਾਹਦੇ, ਗੱਡੇ ਜੀਕੂੰ ਖੇਤਾਂ ਵਿਚ ਡਰਨੇ। ਕੱਟ 'ਤੇ ਈਮਾਨਦਾਰੀ ਵਾਲੇ ਅਸਾਂ ਪਰ ਨੇ। ਮੰਦਰਾਂ ਮਸੀਤਾਂ, ਗੁਰੂ ਘਰਾਂ 'ਚ ਸ਼ੈਤਾਨੀਆਂ। ਕਿਹੜੀ ਥਾਂ ਆਜ਼ਾਦ, ਜੋ ਨਾ ਖਾਧੀ ਬੇਈਮਾਨੀਆਂ। ਦੇਵਤੇ ਦੇ ਅੱਗੇ, ਖੋਟੇ ਸਿੱਕੇ ਅਸਾਂ ਧਰਨੇ। ਕੱਟ 'ਤੇ ਈਮਾਨਦਾਰੀ ਵਾਲੇ ਅਸਾਂ ਪਰ ਨੇ।
ਹੁਣ ਹੋਰ ਨਹੀਂ ਤਸੀਹੇ ਸਹਿਣੇ
ਹੁਣ ਹੋਰ ਨਹੀਂ ਤਸੀਹੇ ਸਹਿਣੇ, ਸੋਨ-ਸੰਗਲੀ, ਕੀਹ ਕਰਨੇ ਮੈਂ ਗਹਿਣੇ, ਉਮਰਾਂ ਦਾ ਰੋਣਾ ਪੈ ਗਿਆ ਪੱਲੇ ਵੇ। ਸਾਂਭ ਲੈ ਤੂੰ ਘਰ ਦੌਲਤਾਂ, ਅਸੀਂ ਚੱਲੇ ਵੇ। ਰਾਤਾਂ ਕਾਲੀਆਂ, ਹਨ੍ਹੇਰ ਚੁਫ਼ੇਰੇ। ਲਾ ਲਏ ਚੰਦਰੇ ਗ਼ਮਾਂ ਨੇ ਡੇਰੇ। ਗੱਲ ਵੱਸ ਨਾ ਰਹੀ ਹੁਣ ਮੇਰੇ। ਕੰਡਿਆਂ ਦੇ ਵੱਸ ਜ਼ਿੰਦਗੀ- ਅੰਮੀਏਂ। ਇਹੋ ਜਹੇ ਵਰ ਨਾਲੋਂ ਤਾਂ, ਨਿਜ ਜੰਮੀਏ। ਇਹ ਤਾਂ ਕਾਗਤਾਂ ਦੇ ਰਹਿੰਦਾ ਤੰਬੂ ਤਾਣਦਾ। ਨਾ ਹੀ ਹਾਣ ਦਾ ਨਾ ਦਿਲ ਵਾਲੀ ਜਾਣਦਾ। ਸੋਹਣੇ ਦਾ ਕੀ ਰੂਪ ਚੱਟਣਾ- ਲੋਕੋ, ਚੰਨ ਨੂੰ ਗ੍ਰਹਿਣ ਲੱਗਣੋਂ ਤੁਸੀਂ ਰੋਕੋ। ਕੈਦ ਉਮਰਾਂ ਦੀ ਕੰਤ ਨਿਆਣਾ। ਕਿੱਦਾਂ ਮੰਨ ਲਾਂ ਬਾਬਲਾ ਭਾਣਾ। ਕਿੱਦਾਂ ਦਾ ਜਵਾਈ ਟੋਲਿਆ, ਆਪ ਵੇ। ਧੀਆਂ ਦੇ ਕਿਉਂ ਵੈਰੀ ਬਣਦੇ ਮਾਈ ਬਾਪ ਵੇ।
ਫ਼ੂਕ ਸ਼ਾਸਤਰ
ਫ਼ੂਕ ਛਕੋ ਤੇ ਛਕਾਉ- ਮੇਰੀ ਮੰਨ ਲਉ ਭਰਾਉ। ਜਿਹੜਾ ਏਸ ਦਾ ਵਿਰੋਧੀ ਉਹਨੂੰ ਕਦੇ ਨਾ ਬੁਲਾਉ। ਕਹੋ ਕਾਣੇ ਤਾਈ ਤੂੰ ਹੈਂ ਵੀਰਾ ਲੱਖ ਨੇਤਰਾ। ਚਾਪਲੂਸੀ ਵਿਚ ਕਰੋ ਨਾ ਕਦੇ ਪਿਛੇਤਰਾ। ਸਾਰੇ ਮੂਰਖਾਂ ਦੀ ਹਊਮੈਂ ਤਾਈਂ ਖੁੱਲ੍ਹੇ ਪੱਠੇ ਪਾਉ। ਨਾਲੇ ਖ਼ੁਦ ਬੁੱਲੇ ਲੁੱਟੋ ਨਾਲੇ ਉਨ੍ਹਾਂ ਨੂੰ ਰਜਾਉ। ਫ਼ੂਕ ਛਕੋ ਤੇ ਛਕਾਉ... ਉਹਨੂੰ ਹੋਰ ਚਮਕਾਉ, ਜੀਹਨੂੰ ਰੂਪ ਦਾ ਗੁਮਾਨ। ਹੋਰ ਉੱਚੀ ਕਰੋ ਉੱਚੀ ਸਦਾ ਕੂੜ ਦੀ ਦੁਕਾਨ। ਕਦੇ ਨੀਵਿਆਂ ਦੇ ਨਾਲ ਪੂਰਾ ਹੱਥ ਨਾ ਮਿਲਾਉ। ਫ਼ੂਕ ਛਕੋ ਤੇ ਛਕਾਉ... ਕਰੋ ਅੜੇ ਥੁੜੇ ਵੇਲੇ ਸਦਾ ਫ਼ੂਕ ਦੀ ਸਵਾਰੀ। ਫ਼ੂਕ ਛਕਦੇ ਹਮੇਸ਼ਾਂ ਏਥੇ ਵੱਡੇ ਅਧਿਕਾਰੀ। ਚਾੜ੍ਹੋ ਅੰਬਰਾਂ ਤੇ ਏਸਰਾਂ ਗੁਬਾਰੇ ਨੂੰ ਫ਼ੈਲਾਉ। ਫ਼ੂਕ ਛਕੋ ਤੇ ਛਕਾਉ... ਸਾਰੇ ਫੂਕ ਦੇ ਗੁਲਾਮ ਏਥੇ ਰਾਜੇ ਅਤੇ ਰਾਣੇ। ਫ਼ੂਕ ਮਾਰਦੀ ਦੇ ਮੱਤ, ਜਿਹੜੇ ਬਣਦੇ ਸਿਆਣੇ। ਜਿਹੜੇ ਅਕਲਾਂ ਦੇ ਪਿੰਗਲੇ, ਪਹਾੜ ਤੇ ਚੜ੍ਹਾਉ। ਫ਼ੂਕ ਛਕੋ ਤੇ ਛਕਾਉ, ਮੇਰੀ ਮੰਨ ਲਉ ਭਰਾਉ।
ਮੈਨੂੰ ਮੈਥੋਂ ਬਚਾਉ
ਮੈਨੂੰ ਬਚਾਉ ਮੈਨੂੰ ਮੈਥੋਂ ਬਚਾਉ। ਓਹਲਾ ਤੇ ਚਾਰ ਦੀਵਾਰੀ ਕੰਧਾਂ ਨੂੰ ਢਾਉ। ਤਕੜੇ ਤੋਂ ਡਰਦਾ ਹਾਂ ਮੈਂ, ਲਿੱਸੇ ਨਾਲ ਸੀਨਾ ਜ਼ੋਰੀ। ਚਿਹਰੇ ਤੇ ਚਿਹਰਾ ਚਾੜ੍ਹਾਂ, ਆਪਣੇ ਤੋਂ ਚੋਰੀ ਚੋਰੀ। ਸੁਣ ਸੁਣ ਕੇ ਮੇਰੀਆਂ ਬਾਤਾਂ, ਧੋਖਾ ਨਾ ਖਾਉ। ਮੈਨੂੰ ਬਚਾਉ ਮੈਨੂੰ ਮੈਥੋਂ ਬਚਾਉ। ਵੇਖਣ ਨੂੰ ਸਾਊ ਬੰਦਾ, ਠੱਗੀ ਹੈ ਮੇਰਾ ਧੰਦਾ। ਆਖ਼ਰ ਨੂੰ ਪੈਂਦਾ ਭਾਵੇਂ, ਮੇਰੇ ਹੀ ਗਲ ਵਿਚ ਫੰਦਾ। ਫਿਰ ਵੀ ਨਾ ਟਲ਼ਦਾ ਹਾਂ ਮੈਂ ਮੇਰੇ ਭਰਾਉ। ਠੱਗਾਂ ਦੀ ਜਿੰਨੀ ਟੋਲੀ, ਬੋਲਦੇ ਮੇਰੀ ਬੋਲੀ। ਅੰਬਰ ਨੂੰ ਟਾਕੀ ਲਾਉਂਦੇ, ਧਰਤੀ ਨੂੰ ਕਰਦੇ ਪੋਲੀ। ਮੇਰੇ ਜਹੇ ਬਹੁਤੇ ਹੋ ਗਏ, ਜਿੱਧਰ ਵੀ ਜਾਉ। ਮੈਨੂੰ ਬਚਾਉ...। ਹੋਵਾਂ ਨਾ ਪੇਸ਼ ਕਦੇ ਵੀ, ਮਨ ਦੀ ਜੋ ਅਸਲ ਕਚਹਿਰੀ। ਮੇਰੀ ਜ਼ਮੀਰ ਹੋ ਗਈ, ਗੂੰਗੀ ਤੇ ਕੰਨੋਂ ਬਹਿਰੀ। ਪੜ੍ਹ ਲਿਖ ਕੀ ਹੋਇਆ ਮੈਨੂੰ, ਆ ਕੇ ਸਮਝਾਉ। ਮੈਨੂੰ ਬਚਾਉ, ਮੈਨੂੰ ਮੈਥੋਂ ਬਚਾਉ।
ਟੱਪੇ
ਏਥੇ ਪੱਤਣ ਮਲਾਹ ਕੋਈ ਨਾ। ਦਿਲ ਦਰਿਆ 'ਚ ਡੁੱਬ ਜਾਹ, ਏਥੇ ਦੂਸਰਾ ਰਾਹ ਕੋਈ ਨਾ। ਮੈਨੂੰ ਅੰਬਰਾਂ ਨੇ ਅੱਜ ਦੱਸਿਆ। ਚੰਨ ਤਾਰਾ ਜਦੋਂ ਨਾ ਚੜ੍ਹੇ, ਉਦੋਂ ਧਰਤੀ ਤੇ ਹੋਏ ਮੱਸਿਆ। ਹੁੰਦਾ ਮਾਣ ਭਰਾਵਾਂ ਦਾ। ਜਿੱਥੇ ਚਾਰ ਦਿਲ ਮਿਲਦੇ, ਰੰਗ ਗੂੜ੍ਹਾ ਹੋਏ ਚਾਵਾਂ ਦਾ। ਭਾਵੇਂ ਹੋਏ ਪਰਦੇਸੀ ਆਂ। ਉੱਤੋਂ ਉੱਤੋਂ 'ਸਾਹਿਬ' ਦਿਸਦੇ, ਅੰਦਰੋਂ ਤਾਂ ਦੇਸੀ ਆਂ। ਖੰਭ ਖੁੱਸ ਚੱਲੇ ਚਾਵਾਂ ਦੇ। ਘੜੀਆਂ ਤੋਂ ਪਹਿਲਾਂ ਜਾਗੀਏ, ਅਸੀਂ ਛਿੰਦੇ ਪੁੱਤ ਮਾਵਾਂ ਦੇ। ਡਗਾ ਢੋਲ ਉੱਤੇ ਲਾ ਢੋਲੀਆ। ਸਾਡੇ 'ਚੋਂ ਪੰਜਾਬ ਨਾ ਮਰੇ, ਤੂੰ ਹਲੂਣ ਕੇ ਜਗਾ ਢੋਲੀਆ।
ਧਰਤ ਬੇਗਾਨੀ
ਰਵਿੰਦਰ ਰੰਗੂਵਾਲ ਦੇ ਨਾਂ ਧਰਤ ਬੇਗਾਨੀ, ਵੇਖ ਪਰਾਈਆਂ, ਚੋਪੜੀਆਂ ਤੇ ਡੁੱਲਿਓ ਨਾ। ਆਪਣੀ ਬੋਲੀ, ਆਪਣਾ ਵਿਰਸਾ ਕਦੇ ਪੰਜਾਬੀਓ ਭੁੱਲਿਓ ਨਾ। ਪੁੱਤ ਨਾ ਸੌਖੇ ਘਰੋਂ ਤੋਰਨੇ, ਮਾਂ ਕਰਦੀ ਅਰਦਾਸਾਂ। ਬਾਬਲ ਵਿਹੜਾ ਸਦਾ ਉਡੀਕੇ ਕਰਿਓ ਪੂਰੀਆਂ ਆਸਾਂ। ਸੋਨ ਸੁਨਹਿਰੀ ਠੀਕਰੀਆਂ ਨੂੰ ਵੇਖ ਵੇਖ ਕੇ ਫੁੱਲਿਓ ਨਾ। ਆਪਣਾ ਵਿਰਸਾ, ਆਪਣੀ ਬੋਲੀ, ਕਦੇ ਪੰਜਾਬੀਓ ਭੁੱਲਿਓ ਨਾ। ਲੋਰੀ, ਵੈਣ, ਸੁਹਾਗ, ਘੋੜੀਆਂ, ਦੁਖ ਸੁਖ ਦੇ ਨੇ ਪਹੀਏ। ਮਾਂ ਬੋਲੀ ਨਾ ਘਰ ਚੋਂ ਉੱਜੜੇ, ਜਿੱਥੇ ਮਰਜ਼ੀ ਰਹੀਏ। ਸੁੱਚਾ ਰਿਸ਼ਤਾ ਮਾਂ ਜਣਨੀ ਦਾ, ਸੁਪਨੇ ਵਿਚ ਵੀ ਭੁੱਲਿਓ ਨਾ। ਆਪਣੀ ਬੋਲੀ, ਆਪਣਾ ਵਿਰਸਾ, ਕਦੇ ਪੰਜਾਬੀਓ ਭੁੱਲਿਓ ਨਾ। ਤੱਤੀ ਤਵੀ ਲਾਹੌਰ ਦੀ ਭਾਵੇਂ ਦਿੱਲੀ ਚੱਲਦਾ ਆਰਾ। ਸਾਡੇ ਵੱਡਿਆਂ ਦਾ ਸਾਡੇ ਸਿਰ, ਕਰਜ਼ ਬੜਾ ਏ ਭਾਰਾ। ਕੱਚੀ ਗੜ੍ਹੀ ਚਮਕੌਰ ਦੀ, ਸਾਕਾ ਸਰਹੰਦ ਵਾਲਾ ਭੁੱਲਿਓ ਨਾ। ਜਾਨ ਵਾਰ ਕੇ ਲਈ ਯੋਧਿਆਂ, ਮਹਿੰਗੇ ਮੁੱਲ ਸਿਰਦਾਰੀ। ਸਾਡੇ ਘਰ ਨੂੰ ਲੀਰਾਂ ਕਰ ਗਏ, ਚਾਤਰ ਬੜੇ ਵਪਾਰੀ। ਸਾਵਧਾਨ! ਹੁਣ ਫੇਰ ਫਰੰਗੀਆਂ ਵਾਲੀ ਤੱਕੜੀ ਤੁਲਿਓ ਨਾ। ਆਪਣੀ ਬੋਲੀ, ਆਪਣਾ ਵਿਰਸਾ, ਵੇਖ ਪੰਜਾਬੀਓ ਭੁੱਲਿਓ ਨਾ।
ਧੀਆਂ ਦੀਆਂ ਲੋਹੜੀਆਂ
ਗਾਈ ਜਾਉ ਭਾਵੇਂ ਤੁਸੀਂ ਵੀਰਾਂ ਦੀਆਂ ਘੋੜੀਆਂ। ਵੰਡਿਆ ਕਰੋ ਜੀ, ਪਰ, ਧੀਆਂ ਦੀਆਂ ਲੋਹੜੀਆਂ। ਗੁਰੂਆਂ ਦੇ ਆਖੇ ਸੁੱਚੇ ਬੋਲਾਂ ਨੂੰ ਹੈ ਪਾਲਣਾ। ਧੀਆਂ ਤੇ ਧਰੇਕਾਂ ਦੀਆਂ ਛਾਵਾਂ ਨੂੰ ਸੰਭਾਲਣਾ। ਇਨ੍ਹਾਂ ਨੇ ਹੀ ਸੁੱਖਾਂ ਸਦਾ ਵੀਰਾਂ ਦੀਆਂ ਲੋੜੀਆਂ। ਵੰਡਿਆ ਕਰੋ ਜੀ, ਤੁਸੀਂ ਧੀਆਂ ਦੀਆਂ ਲੋਹੜੀਆਂ। ਜਿਹੜੇ ਘਰ ਧੀਆਂ ਵਾਲੀ ਠੰਢੀ ਮਿੱਠੀ ਛਾਂ ਨਹੀਂ। ਓਸ ਘਰ ਰਹਿਮਤਾਂ ਲਈ ਹੁੰਦੀ ਕੋਈ ਥਾਂ ਨਹੀਂ। ਘਰ ਆਈਆਂ ਦੌਲਤਾਂ ਨਾ ਕਿਸੇ ਘਰੋਂ ਮੋੜੀਆਂ। ਵੰਡਿਆ ਕਰੋ ਜੀ ਤੁਸੀਂ ਧੀਆਂ ਦੀਆਂ ਲੋਹੜੀਆਂ। ਪੱਗ ਨਾਲ ਚੁੰਨੀ ਵਿਹੜਾ ਰਲ ਮਿਲ ਮਹਿਕਦਾ। ਧੀਆਂ ਬਿਨਾ ਘਰ ਵੀ ਸਲੀਕੇ ਦੇ ਲਈ ਸਹਿਕਦਾ। ਸਾਂਝ ਦੀਆਂ ਤੰਦਾਂ ਸਦਾ ਰੱਖੜੀ ਨੇ ਜੋੜੀਆਂ। ਵੰਡਿਆ ਕਰੋ ਜੀ, ਤੁਸੀਂ ਧੀਆਂ ਦੀਆਂ ਲੋਹੜੀਆਂ। ਪਿਆਰ ਪਾਣੀ ਪਾਉ ਇਸ ਜ਼ਿੰਦਗੀ ਦੀ ਵੇਲ ਨੂੰ। ਫੁੱਲ ਤਾਹੀਓਂ ਲੱਗਣੇ ਨੇ ਚਾਂਦਨੀ ਰਵੇਲ ਨੂੰ। ਸਦਾ ਪਛਤਾਏ ਜਿੰਨ੍ਹਾਂ ਟਾਹਣੀਆਂ ਨੇ ਤੋੜੀਆਂ। ਵੰਡਿਆ ਕਰੋ ਜੀ, ਤੁਸੀਂ, ਧੀਆਂ ਦੀਆਂ ਲੋਹੜੀਆਂ।
ਥਾਂ ਥਾਂ ਫਿਰੇਂ ਭਟਕਦੀ ਕਾਹਨੂੰ
ਥਾਂ ਥਾਂ ਫਿਰੇਂ ਭਟਕਦੀ ਕਾਹਨੂੰ ਕਿੱਧਰ ਗਿਆ ਧਿਆਨ ਨੀ ਜਿੰਦੇ। ਕੀਹ ਤੈਨੂੰ ਸਮਝਾਇਆ ਗੁਰੂਆਂ, ਭੁੱਲ ਗਈ ਅਸਲ ਗਿਆਨ ਨੀ ਜਿੰਦੇ। ਸ਼ਬਦ ਵਣਜਦੇ ਫਿਰਦੇ ਏਥੇ ਵੇਖੋ ਲੱਖਾਂ ਨੇ ਵਿਉਪਾਰੀ। ਗਿਆਨ ਵਿਹੂਣੀ ਅੰਧੀ ਰੱਯਤ ਦੀ ਇਨ੍ਹਾਂ ਰਲ ਕੇ ਮੱਤ ਮਾਰੀ। ਕਹਿਣ ਤਿਆਗੀ ਪਾਉਣ ਰੇਸ਼ਮੀ, ਵੰਨ ਸੁਵੰਨੇ ਥਾਨ ਨੀ ਜਿੰਦੇ। ਬਾਣੀ ਗੁਰੂ ਸੰਦੇਸ਼ ਭੁਲਾ ਕੇ, ਬਾਣੇ ਨੇ ਦੁਨੀਆਂ ਭਰਮਾਈ। ਨਾਮ ਖੁਮਾਰੀ ਲੱਭਦੇ ਫਿਰਦੇ, ਬਿਨ ਸ਼ਬਦਾਂ ਤੋਂ ਮਾਈ ਭਾਈ। ਅਰਬਦ ਨਰਬਦ ਧੁੰਦੂਕਾਰ 'ਚ ਗਿਆਨ ਦੀ ਡਾਢੀ ਸ਼ਾਮਤ ਆਈ। ਗੂੜ੍ਹ ਗਿਆਨੀ ਰੁਲਦੇ ਫਿਰਦੇ, ਜਿਉਂ ਹੱਟੀਆਂ ਤੇ ਭਾਨ ਨੀ ਜਿੰਦੇ। ਆਪਣਾ ਮੂਲ ਪਛਾਨਣ ਵਾਲੀ, ਤੂੰ ਕਿਉਂ ਅਸਲੀ ਬਾਤ ਭੁਲਾਵੇਂ। ਕਿਰਤ ਕਮਾਈਆਂ ਦੀ ਥਾਂ ਬਹਿ ਕੇ ਕਿਉਂ ਤੂੰ ਵਿਹਲਾ ਵਕਤ ਲੰਘਾਵੇਂ। ਅਣਦਿਸਦੇ ਲਈ ਫਿਰੇਂ ਭਟਕਦੀ, ਹੱਥ ਨਹੀਂ ਆਉਣੇ ਪਰਛਾਵੇਂ। ਕਾਇਮ ਨਹੀਂ ਬਹੁਤਾ ਚਿਰ ਰਹਿਣੀ, ਫੋਕੀ ਨਕਲੀ ਸ਼ਾਨ ਨੀ ਜਿੰਦੇ। ਬੋਲੀ ਅਵਰ ਸਿਖਾਉਂਦੇ ਸਿੱਖਦੇ, ਬਾਬਾ ਜੀ ਦੇ ਨਾਮ ਦੇ ਲੇਵਾ। ਧਰਤੀ ਮਾਂ ਦੁਰਕਾਰਨ, ਆਖਣ ਬਾਰ ਪਰਾਏ ਕਰਨੀ ਸੇਵਾ। ਕਿਉਂਕਿ ਧਰਤ ਬੇਗਾਨੀ ਦੇਵੇ, ਮੋਟਾ ਖੁੱਲ੍ਹਾ ਮਿੱਠੜਾ ਮੇਵਾ। ਊੜੇ ਜੂੜੇ ਰੁਲ ਖੁੱਲ੍ਹ ਚੱਲੇ, ਬਣ ਗਏ ਆਂ ਦਰਬਾਨ ਨੀ ਜਿੰਦੇ। ਕੀਹ ਤੈਨੂੰ ਸਮਝਾਇਆ ਗੁਰੂਆਂ, ਭੁੱਲ ਗਈ ਅਸਲ ਗਿਆਨ ਨੀ ਜਿੰਦੇ।
ਗੂੜ੍ਹੀ ਨੀਂਦਰ ਸੁੱਤੇ
ਗੂੜ੍ਹੀ ਨੀਂਦਰ ਸੁੱਤੇ ਪੁੱਤਰ ਪੰਜ ਦਰਿਆਵਾਂ ਦੇ। ਟੁਕੜੇ ਟੁਕੜੇ ਹੋ ਗਏ ਤਾਂਹੀਉਂ ਅੱਥਰੇ ਚਾਵਾਂ ਦੇ। ਸ਼ੇਰਾਂ ਦੇ ਪੁੱਤ ਸ਼ੇਰ ਕਹਾਵਤ ਝੂਠੀ ਜੱਗ ਦੀ ਏ। ਮਾਂ ਦੇ ਦੁੱਧ ਨੂੰ ਲਾਜ ਰੋਜ਼ਾਨਾ ਏਥੇ ਲੱਗਦੀ ਏ। ਕੱਚੀ ਤੰਦ ਤੋਂ ਕੱਚੇ ਹੋ ਗਏ ਰਿਸ਼ਤੇ ਲਾਵਾਂ ਦੇ। ਟੁਕੜੇ ਟੁਕੜੇ ਹੋ ਗਏ ਤਾਹੀਉਂ ਅੱਥਰੇ ਚਾਵਾਂ ਦੇ। ਸਾਡੀ ਸੀ ਮਰਿਆਦਾ ਸਾਰੇ ਰਲ ਕੇ ਖਾਂਦੇ ਸੀ। ਏਕਸ ਕੇ ਹਮ ਬਾਰਿਕ, 'ਕੱਠੇ ਬੋਲ ਸੁਣਾਂਦੇ ਸੀ। ਜਾਨ ਦੇ ਵੈਰੀ ਹੋ ਗਏ ਜਿਹੜੇ ਸਾਂਝੀ ਸਾਹਵਾਂ ਦੇ। ਟੁਕੜੇ ਟੁਕੜੇ ਹੋ ਗਏ ਤਾਹੀਉਂ ਅੱਥਰੇ ਚਾਵਾਂ ਦੇ। ਚੜ੍ਹੀ ਖੁਮਾਰੀ ਨਸ਼ਿਆਂ ਦੀ ਸਭ ਪੁੱਤਰ ਧੀਆਂ ਨੂੰ। ਕਿਹੜਾ ਬਹਿ ਸਮਝਾਏ, ਗਰਕੇ ਘਰ ਦੇ ਜੀਆਂ ਨੂੰ। ਬਿਰਖ਼ ਸੁਣਾਉਂਦੇ ਬਾਤਾਂ ਜੀ, ਹਰ ਪਿੰਡ ਦੀਆਂ ਰਾਹਵਾਂ ਦੇ। ਟੁਕੜੇ ਟੁਕੜੇ ਹੋ ਗਏ ਤਾਹੀਉਂ ਅੱਥਰੇ ਚਾਵਾਂ ਦੇ। ਮਿੱਟੀ ਖ਼ਾਤਰ ਮਰ ਚੱਲੇ ਇੱਕ ਮਾਂ ਦੇ ਜਾਏ ਨੇ। ਇਸ ਧਰਤੀ ਤੇ ਕੈਸੇ ਉਲਟ ਜ਼ਮਾਨੇ ਆਏ ਨੇ। ਗ਼ਰਜ਼ਾਂ ਵਿੰਨ੍ਹੇ ਰਿਸ਼ਤੇ, ਟੁੱਟ ਗਏ ਮਾਣ ਭਰਾਵਾਂ ਦੇ। ਟੁਕੜੇ ਟੁਕੜੇ ਹੋ ਗਏ ਤਾਹੀਉਂ ਅੱਥਰੇ ਚਾਵਾਂ ਦੇ।
ਪੈਰਾਂ ਥੱਲੇ ਪੱਕੀ ਏ ਜ਼ਮੀਨ
ਪੈਰਾਂ ਥੱਲੇ ਪੱਕੀ ਏ ਜ਼ਮੀਨ ਹੌਲੀ ਨੱਚ ਨੀ। ਖਾ ਜੇ ਨਾ ਮਰੋੜਾ ਤੇਰਾ ਲੱਕ ਨਿਰਾ ਕੱਚ ਨੀ। ਨਰਮ ਸਰੀਰਾਂ ਉੱਤੇ ਕਹਿਰ ਨਾ ਗੁਜ਼ਾਰੀਏ। ਨਜ਼ਰਾਂ ਤੋਂ ਬਚ ਨੀ ਨਖਰੇਲੋ ਟੂਣੇ ਹਾਰੀਏ। ਅੱਗ ਦੇ ਵਰੋਲੇ ਵਾਂਗੂੰ ਘੁੰਮ ਨਾ ਭੰਬੀਰੀਏ। ਆ ਜੇ ਨਾ ਘੁੰਮੇਰ ਕਿਤੇ ਬਚ ਜਾ ਨੀ ਹੀਰੀਏ। ਨੈਣਾਂ ਦੀ ਗੁਲੇਲ ਏਨੀ ਖਿੱਚ ਕੇ ਨਾ ਮਾਰੀਏ। ਮਾਲਵੇ ਦੋਆਬੇ ਵਿਚ ਤੇਰੇ ਜਹੀ ਹੋਰ ਨਾ। ਮਾਝੇ ਤਕ ਤੱਕਿਆ ਮੈਂ ਤੇਰੇ ਜਹੀ ਤੋਰ ਨਾ। ਪਰੀਆਂ ਦੇ ਦੇਸ ਵਿਚੋਂ ਆਈ ਜਾਪੇਂ ਡਾਰੀਏ। ਗੁੱਤ ਦਾ ਪਰਾਂਦਾ ਕਾਲੇ ਨਾਗ ਵਾਂਗੂੰ ਡੰਗਦਾ। ਜਿਨੂੰ ਜਿਨੂੰ ਡੰਗੇ, ਮੂੰਹੋਂ ਪਾਣੀ ਵੀ ਨਹੀਂ ਮੰਗਦਾ। ਆਰ ਪਾਰ ਤੁਰੀ ਫਿਰੇਂ ਰੂਪ ਦੀ ਕਟਾਰੀਏ। ਪੀਂਘ ਪਾ ਕੇ ਪਿੱਪਲੀਂ ਅਕਾਸ਼ੋਂ ਤਾਰੇ ਤੋੜਦੀ। ਮੱਥੇ ਉੱਤੇ ਚੰਨ ਕਿੱਦਾਂ ਬਿੰਦੀ ਵਾਂਗੂੰ ਜੋੜਦੀ। ਆ ਜਾ ਦੋਵੇਂ ਰਹਿੰਦੀ ਜਿੰਦ, ਕੱਠਿਆਂ ਗੁਜ਼ਾਰੀਏ। ਨਜ਼ਰਾਂ ਤੋਂ ਬਚ ਨੀ ਨਖ਼ਰੇਲੋ ਟੂਣੇਹਾਰੀਏ।
ਕਿੱਥੋਂ ਤੁਰੀ ਕਿੱਥੇ ਪਹੁੰਚੀ
ਕਿੱਥੋਂ ਤੁਰੀ ਕਿੱਥੇ ਡੁੱਬੀ ਸਾਡੇ ਪਿਆਰ ਦੀ ਕਹਾਣੀ। ਮੇਰੇ ਹੰਝੂ ਸੁੱਚੇ ਮੋਤੀ, ਤੂੰ ਬਣਾਈ ਜਾਵੇਂ ਪਾਣੀ। ਨੀ ਤੂੰ ਸੁੱਚੀਆਂ ਮੁਹਬੱਤਾਂ ਦਾ ਕੀ ਏ ਮੁੱਲ ਪਾਇਆ। ਮਹਿਲ ਮੱਲ ਬੈਠੀ, ਕੁੱਲੀ ਦਾ ਖ਼ਿਆਲ ਵੀ ਨਾ ਆਇਆ। ਐਵੇਂ ਏਨਾ ਚਿਰ ਪਾਈ ਰੱਖੀ, ਪਾਣੀ 'ਚ ਮਧਾਣੀ। ਕਿੱਥੋਂ ਤੁਰੀ ਕਿੱਥੇ ਪਹੁੰਚੀ...। ਪੈਸਾ ਦੇਂਦਾ ਦੇ ਸਿਖ਼ਾਲ ਸਭ ਚੋਰ-ਚਤੁਰਾਈਆਂ। ਭੋਲੇ ਪੰਛੀ ਨੂੰ ਗੱਲਾਂ ਇਹ ਸਮਝ ਹੁਣ ਆਈਆਂ। ਜਦੋਂ ਹੰਝੂ ਦਰਿਆ ਦੇ ਵਾਂਗੂੰ ਵਗੇ ਦਿਲ ਥਾਣੀਂ। ਕਿੱਥੋਂ ਤੁਰੀ ਕਿੱਥੇ ਪਹੁੰਚੀ। ਕੱਚੇ ਰੇਤ ਦੇ ਮਹੱਲ ਭਲਾ ਕਿੰਨਾ ਚਿਰ ਰਹਿੰਦੇ। ਜਿਹੜੇ ਲਹਿਰਾਂ ਦੀਆਂ ਠੋਕਰਾਂ ਨੂੰ ਚੌਵੀ ਘੰਟੇ ਸਹਿੰਦੇ। ਹੜ੍ਹ ਯਾਦਾਂ ਵਾਲਾ ਡੋਬੂ, ਚੜ੍ਹ ਆਇਆ ਗਲ ਤਾਣੀਂ। ਕਿੱਥੋਂ ਤੁਰੀ ਕਿੱਥੇ ਪਹੁੰਚੀ...। ਚੇਤੇ ਰੱਖਣਾ ਵੀ ਔਖਾ ਹੁਣ ਭੁੱਲਣਾ ਮੁਹਾਲ। ਕਿਵੇਂ ਸਾਹਾਂ ਤੋਂ ਨਿਖੇੜਾਂ, ਲੰਘੇ ਪਲ ਤੇਰੇ ਨਾਲ। ਬਾਤ ਮੁੱਕੀ ਅਧਵਾਟੇ, ਜਿੰਦ ਹੋ ਗਈ ਅੱਧੋਰਾਣੀ। ਕਿੱਥੋਂ ਤੁਰੀਂ, ਕਿੱਥੇ ਪਹੁੰਚੀ ਸਾਡੇ ਪਿਆਰ ਦੀ ਕਹਾਣੀ।
ਸੋਚੋਂ ਅੰਨ੍ਹਿਆਂ ਤੇ ਅੰਧ ਵਿਸ਼ਵਾਸ ਨਾ ਕਰੋ
ਸੋਚੋਂ ਅੰਨ੍ਹਿਆਂ ਤੇ ਅੰਧ ਵਿਸ਼ਵਾਸ ਨਾ ਕਰੋ। ਨੀਤੋਂ ਕਾਣਿਆਂ ਤੋਂ ਕਦੇ ਚੰਗੀ ਆਸ ਨਾ ਕਰੋ। ਕਰ ਜਿੰਦ ਕੁਰਬਾਨ, ਜੀਹਨੇ ਹੱਕ ਨੂੰ ਪਛਾਤਾ। ਜੀਹਦੇ ਨੇਤਰਾਂ ਦੀ ਜੋਤ, ਤੀਨ ਲੋਕ ਦੀ ਗਿਆਤਾ। ਐਸੇ ਵਿਰਸੇ ਦੇ ਨਾਲ ਉਪਹਾਸ ਨਾ ਕਰੋ। ਕਦੇ ਅੰਨ੍ਹਿਆਂ ਤੇ ਅੰਧ ਵਿਸ਼ਵਾਸ ਨਾ ਕਰੋ। ਗੁਰੂ ਦੀਖਿਆ ਵੀ ਕਹੇ ਬੱਚਾ ਮੜ੍ਹੀਆਂ ਨਾ ਪੂਜ। ਤੇਰਾ ਪੱਥਰਾਂ ਨੂੰ ਪੂਜਣਾ ਵੀ ਬੜੀ ਵੱਡੀ ਊਜ। ਮੈਨੂੰ ਧਰਤੀ ਦੇ ਪੁੱਤਰੋ, ਉਦਾਸ ਨਾ ਕਰੋ। ਫੋਕੇ ਭਰਮਾਂ ਤੋਂ ਚਾਹਵੇਂ ਜੇ ਤੂੰ ਹੋਵਣਾ ਖਲਾਸ। ਸੁਣ ਨੀਹਾਂ 'ਚ ਖਲੋਤਾ ਕੀਹ ਸੁਣਾਵੇ ਇਤਿਹਾਸ। ਰੱਖੋ ਜਾਗਦੀ ਜ਼ਮੀਰ, ਇਹਦਾ ਨਾਸ ਨਾ ਕਰੋ। ਅਸੀਂ ਪੂਜ ਪੂਜ ਭੁੱਲੇ, ਸੱਚੇ ਗੁਰੂ ਦੀ ਪਛਾਣ। ਜਿਸ ਆਖਿਆ ਸੀ, ਸ਼ਬਦਾਂ ਨੂੰ ਸੱਚਾ ਗੁਰੂ ਜਾਣ। ਗੁਰੂ ਆਪਣੇ ਨੂੰ ਸਿੰਘ ਜੀ ਨਿਰਾਸ਼ ਨਾ ਕਰੋ। ਸੋਚੋਂ ਅੰਨ੍ਹਿਆਂ ਤੇ ਅੰਧ ਵਿਸ਼ਵਾਸ ਨਾ ਕਰੋ।
ਦੱਸੋ ਗੁਰੂ ਵਾਲਿਓ
ਦੱਸੋ ਗੁਰੂ ਵਾਲਿਓ ਪੰਜਾਬ ਕਿੱਥੇ ਹੈ? ਬਾਣੀ ਨਾਲ ਵੱਜਦੀ ਰਬਾਬ ਕਿੱਥੇ ਹੈ? ਹੱਟੀ ਦੀ ਥਾਂ ਮਾਲ ਤੇ ਪਲਾਜ਼ੇ ਆ ਗਏ। ਪੱਕੇ ਤੇ ਪਕਾਏ ਬਾਹਰੋਂ ਖਾਜੇ ਆ ਗਏ। ਤੂੰਬੀ ਅਲਗੋਜ਼ੇ ਦੀ ਥਾਂ ਵਾਜੇ ਆ ਗਏ। ਮਹਿਕਦਾ ਉਹ ਸੁੱਚੜਾ ਗੁਲਾਬ ਕਿੱਥੇ ਹੈ? ਬਾਣੀ ਨਾਲ ਵੱਜਦੀ...। ਖੱਟਿਆ ਗੁਆਇਆ ਜੋ ਵੀ ਲੇਖਾ ਕੱਢ ਲਉ। ਮਨਾਂ ਵਿਚੋਂ ਆਪਣੇ ਭੁਲੇਖਾ ਕੱਢ ਲਉ। ਨਫ਼ੇ ਨੁਕਸਾਨ 'ਚ ਲਕੀਰ ਕੱਢ ਲਉ। ਦੱਸੋ ਹੋਈ ਬੀਤੀ ਦਾ ਹਿਸਾਬ ਕਿੱਥੇ ਹੈ? ਚੌਵੀ ਘੰਟੇ ਖਾਣਾ ਪੀਣਾ ਐਸ਼ ਕਰਨਾ। ਪਰ ਇਹਦਾ ਪੈਣਾ ਹਰਜਾਨਾ ਭਰਨਾ। ਮਿੱਟੀ ਦਾ ਵਜੂਦ ਖਰਨਾ ਹੀ ਖਰਨਾ। ਬਾਪੂ ਜਿਹੜੀ ਦੇ ਗਿਆ ਕਿਤਾਬ ਕਿੱਥੇ ਹੈ? ਡੁੰਨ ਵੱਟਾ ਬਣ ਬਹਿ ਕੇ ਨਹੀਉਂ ਸਰਨਾ। ਖ਼ੁਦ ਪੈਣਾ ਹੀਲਾ ਤੇ ਵਸੀਲਾ ਕਰਨਾ। ਜਾਗੇ ਨਾ, ਪੰਜਾਬ, ਮਰਨਾ ਹੀ ਮਰਨਾ। ਚਿਹਰੇ ਤੇ ਜੋ ਹੁੰਦੀ ਸੀ, ਉਹ ਆਬ ਕਿੱਥੇ ਹੈ? ਦੱਸੋ ਗੁਰੂ ਵਾਲਿਉ ਪੰਜਾਬ ਕਿੱਥੇ ਹੈ?
ਪੁੱਤ ਪੰਜ ਦਰਿਆਵਾਂ ਦੇ
ਜਸਵੰਤ ਜ਼ਫ਼ਰ ਦੇ ਨਾਂ ਪੁੱਤ ਪੰਜ ਦਰਿਆਵਾਂ ਦੇ, ਭਲਾ ਕਿਉਂ ਨਸ਼ਿਆਂ ਜੋਗੇ ਰਹਿ ਗਏ? ਮਾਏ ਵਰਜ ਨੀ ਪੁੱਤਰਾਂ ਨੂੰ, ਇਹ ਤਾਂ ਰਾਹ ਸਿਵਿਆਂ ਦੇ ਪੈ ਗਏ? ਇਹ ਨੀਂਦ ਤਿਆਗਣ ਨਾ, ਇਨ੍ਹਾਂ ਨੂੰ ਕਿਵੇਂ ਆਵਾਜ਼ਾਂ ਮਾਰਾਂ? ਇਹ ਤਾਂ ਅੰਬਰੋਂ ਲਾਹੁੰਦੇ ਸੀ, ਉਡੰਤਰ ਪੰਖਣੂਆਂ ਦੀਆਂ ਡਾਰਾਂ। ਪੌਣਾਂ ਦੇ ਪੁੱਤਰਾਂ ਜਹੇ, ਭਲਾ ਕਿਉਂ ਢੇਰੀ ਢਾਹ ਕੇ ਬਹਿ ਗਏ? ਮਾਏ ਵਰਜ ਨੀ ਪੁੱਤਰਾਂ ਨੂੰ...। ਬੋਹੜਾਂ ਤੇ ਪਿੱਪਲਾਂ ਦੀਆਂ, ਲੈ ਗਿਆ ਕੌਣ ਛਾਂਗ ਕੇ ਛਾਵਾਂ? ਪੁੱਛਦੀ ਏ ਭੈਣ ਖੜ੍ਹੀ ਵੀਰਨਾ ਕਿਸ ਥਾਂ ਪੀਂਘਾਂ ਪਾਵਾਂ? ਚਾਅ ਅੰਬਰੀਂ ਪਹੁੰਚਣ ਦੇ ਕੁਆਰੇ ਦਿਲ ਅੰਦਰ ਹੀ ਰਹਿ ਗਏ। ਮਾਏ ਵਰਜ ਨੀ ਪੁੱਤਰਾਂ ਨੂੰ...। ਧਰਤੀ ਦਾ ਧਰਮ ਗਿਆ, ਜਵਾਨੀ ਤੁਰ ਪਈ ਉਲਟੇ ਪਾਸੇ। ਦਾਤੇ ਦੇ ਹੱਥ ਵਿਚ ਨੇ, ਭਲਾ ਕਿਉਂ ਖਾਲਮ ਖਾਲੀ ਕਾਸੇ। ਸਿੱਧੇ ਰਾਹ ਤੁਰਦੇ ਕਿਉਂ ਕਿਰਤ ਦੀ ਅਸਲੀ ਲੀਹੋਂ ਲਹਿ ਗਏ। ਮਾਏ ਵਰਜ ਨੀ ਪੁੱਤਰਾਂ ਨੂੰ...। ਸਿਦਕੋਂ ਕਿਉਂ ਡੋਲ ਗਈ, ਪੰਜਾਬੀ ਅੱਥਰੀ ਅਮੋੜ ਜਵਾਨੀ? ਜਦ ਡੋਰੀ ਟੁੱਟ ਜਾਵੇ, ਗੁਆਚਣ ਮਣਕੇ, ਰਹੇ ਨਾ ਗਾਨੀ। ਛੱਡ ਸ਼ਬਦ ਪੰਘੂੜੇ ਨੂੰ, ਇਹ ਚੰਦਰੇ ਕਿਹੜੇ ਵਹਿਣੀਂ ਵਹਿ ਗਏ? ਮਾਏ ਵਰਜ ਨੀ ਪੁੱਤਰਾਂ ਨੂੰ, ਇਹ ਤਾਂ ਰਾਹ ਸਿਵਿਆਂ ਦੇ ਪੈ ਗਏ।
ਆ ਤੂੰ ਹੀ ਦੀਵਾ ਧਰ ਜਾ ਨੀ
ਆ ਤੂੰ ਹੀ ਦੀਵਾ ਧਰ ਜਾ ਨੀ, ਮੇਰੇ ਦਿਲ ਦੇ ਉਦਾਸ ਬਨੇਰੇ ਤੇ। ਸਭ ਦੁਨੀਆਂ ਵੈਰੀ ਹੋ ਗਈ ਏ, ਇੱਕ ਆਸ ਬਚੀ ਹੁਣ ਤੇਰੇ ਤੇ। ਸੱਜਣਾਂ ਦੀਆਂ ਨਜ਼ਰਾਂ ਬਦਲ ਗਈਆਂ, ਦਸਤਾਨੇ ਪਾ ਪਾ ਮਿਲਦੇ ਨੇ। ਚੋਭਾਂ ਦੇ ਨਸ਼ਤਰ ਲਾਉਂਦੇ ਨੇ, ਕਿੱਦਾਂ ਦੇ ਮਹਿਰਮ ਦਿਲ ਦੇ ਨੇ। ਵਿਸ਼ਵਾਸ ਰਿਹਾ ਨਾ ਕਿਣਕਾ ਵੀ, ਸੱਜਣਾਂ ਦੇ ਚਾਰ ਚੁਫ਼ੇਰੇ ਤੇ। ਵਣਜਾਂ ਨੇ ਦੁਨੀਆਂ ਖਾ ਲਈ ਏ, ਅੱਖੀਆਂ ਵਿੱਚ ਪਹਿਲਾ ਪਿਆਰ ਨਹੀਂ। ਸਭ ਗਿਣਤੀ ਮਿਣਤੀ ਕਰਦੇ ਨੇ, ਇੱਕ ਦੂਜੇ ਤੇ ਇਤਬਾਰ ਨਹੀਂ। ਇਹ ਦਿਲ ਚੰਦਰਾ ਵੀ ਕਰਦਾ ਨਹੀਂ, ਵਿਸ਼ਵਾਸ ਕਦੀ ਹੁਣ ਮੇਰੇ ਤੇ। ਰਾਤਾਂ ਦੀ ਕਾਲੀ ਨਾਗਣ ਵੀ, ਰਹਿ ਰਹਿ ਕੇ ਮੈਨੂੰ ਡੰਗਦੀ ਏ। ਕਿਉਂ ਜਾਗ ਰਿਹਂੈ ਇਹ ਕਹਿੰਦੀ ਏ ਤੇ ਖ਼ੂਨ ਜਿਗਰ ਦਾ ਮੰਗਦੀ ਏ। ਹੁਣ ਜਾਗਾਂ ਕਿ ਮੈਂ ਸੌਂ ਜਾਵਾਂ, ਇਹ ਛੱਡਿਆ ਫ਼ੈਸਲਾ ਤੇਰੇ ਤੇ। ਅਕਲਾਂ ਦੀ ਦੇਵੀ ਸਰਸਵਤੀ, ਪੈਸੇ ਦੀ ਲੱਛਮੀ ਕਹਿੰਦੇ ਨੇ। ਮਾਂ ਸ਼ਕਤੀ ਦੁਰਗਾ ਵਰਗੀ ਨੂੰ, ਇਹ ਕੁੱਖ 'ਚ ਮਾਰਦੇ ਰਹਿੰਦੇ ਨੇ। ਦਿਨ ਦੀਵੀਂ ਕਾਰੇ ਕਰਦੇ ਨੇ ਪਰ ਲਾਉਂਦੇ ਦੋਸ਼ ਹਨ੍ਹੇਰੇ ਤੇ। ਹੁਣ ਤੂੰ ਹੀ ਦੀਵਾ ਧਰ ਜਾ ਨੀ, ਮੇਰੇ ਦਿਲ ਦੇ ਉਦਾਸ ਬਨੇਰੇ ਤੇ ਸਭ ਦੁਨੀਆਂ ਵੈਰੀ ਹੋ ਗਈ ਨੀ, ਇਕ ਆਸ ਬਚੀ ਏ ਤੇਰੇ ਤੇ?
ਐਸਾ ਗਿਉਂ ਸੱਜਣਾ
ਐਸਾ ਗਿਉਂ ਸੱਜਣਾ ਵੇ ਫੇਰ ਖ਼ਬਰਾਂ ਨਾ ਲਈਆਂ। ਰੰਗ ਰੱਤੀਆਂ ਬਹਾਰਾਂ ਤੇਰੇ ਨਾਲ ਤੁਰ ਗਈਆਂ। ਜਦੋਂ ਯਾਦ ਤੇਰੀ ਆਵੇ ਉੱਠੇ ਕਾਲਜੇ 'ਚ ਹੌਲ। ਵੇ ਮੈਂ ਤੇਰੇ ਪਿੱਛੋਂ ਬਣ ਗਈ ਆਂ ਜੱਗ ਦਾ ਮਖ਼ੌਲ। ਵੇ ਤੂੰ ਸਾਰੇ ਭੁੱਲ ਗਿਆ, ਜਿਹੜੇ ਕੀਤੇ ਸੀ ਤੂੰ ਕੌਲ। ਰੀਝਾਂ ਕੰਜਕਾਂ ਕੁਆਰੀਆਂ ਨੇ ਰੁਲ਼ ਖੁਲ਼ ਗਈਆਂ। ਉੱਤੋਂ ਹਾੜ੍ਹ ਦਾ ਮਹੀਨਾ, ਵਗੇ ਅੱਗ ਲੱਗੀ ਪੌਣ। ਕਦੇ ਵੇਖਾਂ ਮੈਂ ਬਨੇਰਾ ਕਦੇ ਬੂਹੇ ਵੱਲ ਧੌਣ। ਵੇ ਮੈਂ ਕੱਲ੍ਹੀ ਕਾਰੀ ਜਿੰਦ, ਆਟਾ ਗੁੰਨ ਬੈਠੀ ਤੌਣ। ਵੇ ਮੈ ਰੋਟੀ ਇਕਵਾਸੀ ਵਾਂਗੂੰ, ਤਵੇ ਉੱਤੇ ਪਈ ਆਂ। ਚੰਨ ਮਾਰਦਾ ਨਿਹੋਰੇ, ਜਦੋਂ ਚੜ੍ਹਾਂ ਮੈਂ ਚੁਬਾਰੇ। ਮੇਰੇ ਕੋਲ ਨਾ ਜਵਾਬ, ਵੇ ਸਵਾਲ ਕਿੰਨੇ ਸਾਰੇ। ਤੇਰਾ ਕਿੱਥੇ ਚੰਨ ਮਾਹੀ, ਮੈਨੂੰ ਪੁੱਛਦੇ ਨੇ ਤਾਰੇ। ਦੱਸ ਕੀਹਦੇ ਲਈ ਵਿਛਾਵਾਂ, ਨਵੇਂ ਖੇਸ ਤੇ ਚਤ੍ਹੱਈਆਂ। ਚਲੋ ਮੰਨਿਆ ਕਿ ਵੱਧ ਹੈ ਕੁਦੇਸ ਦੀ ਕਮਾਈ। ਲਈਆਂ ਜੀਹਦੇ ਨਾਲ ਲਾਵਾਂ, ਕਾਹਨੂੰ ਚਿੱਤ 'ਚੋਂ ਭੁਲਾਈ। ਵੇ ਮੈਂ ਪਾਣੀ ਖੁਣੋਂ ਵੇਲ ਵਾਂਗੂੰ ਜਾਵਾਂ ਕੁਮਲਾਈ। ਕਦੇ ਦਿੱਤਾ ਨਹੀਓਂ ਨਿੱਘ ਤੇਰੇ ਡਾਲਰਾਂ ਰੁਪੱਈਆਂ। ਰੰਗ ਰੱਤੀਆਂ ਬਹਾਰਾਂ ਤੇਰੇ ਨਾਲ ਤੁਰ ਗਈਆਂ।
ਇਹ ਵੀ ਦੁੱਖ ਮੇਰੀ ਜਾਨ ਨੂੰ
ਹੋ ਕੇ ਸ਼ਰਾਬੀ ਪਹਿਲਾਂ ਅੱਧੀ ਰਾਤੀਂ ਘਰ ਆਵੇ, ਆਣ ਕੇ ਫੱਕੜ ਪਿਆ ਤੋਲੇ। ਇਹ ਵੀ ਦੁੱਖ ਮੇਰੀ ਜਾਨ ਨੂੰ, ਮੇਰਾ ਦਿਓਰ ਨਾ ਦਰਾਣੀ ਨਾਲ ਬੋਲੇ। ਕਿਹੜੀ ਪੁੱਠੇ ਪੈਰੀ ਜੋ ਪੜ੍ਹਾਉਂਦੀ ਇਹਨੂੰ ਪੱਟੀਆਂ। ਉਹਦੇ ਹੀ ਤੰਦੂਰ ਵਿੱਚ ਪਾਈ ਜਾਵੇ ਖੱਟੀਆਂ। ਗੁੜ ਖਾਵੇ ਚੋਰੀ ਦਾ, ਬੇਸ਼ਰਮੀ ਤੇ ਲੱਕ ਬੱਧਾ, ਰੱਖਦਾ ਬਣਾ ਕੇ ਓਹਲੇ। ਨਿੱਕੇ ਨਿੱਕੇ ਬਾਲ ਤੇ ਨਿਆਣੇ ਇਹਤੋਂ ਡਰਦੇ। ਲੱਗਦੇ ਵਿਹੁ ਦੇ ਵਾਂਗੂੰ ਜੀਅ ਇਹਨੂੰ ਘਰ ਦੇ। ਸਿਰ ਚੜ੍ਹੀ ਜਾਵੇ, ਜਦੋਂ ਕੋਈ ਸਮਝਾਵੇ, ਭੈੜਾ ਕਦੇ ਨਾ ਅੜੀ ਤੋਂ ਡੋਲੇ। ਆਖਦੀ ਨਣਾਨ ਭਾਬੀ ਤੂੰ ਹੀ ਸਿਰ ਚਾੜ੍ਹਿਆ। ਤੇਰਿਆਂ ਹੀ ਲਾਡਾਂ ਇਹਦਾ ਹਾਜ਼ਮਾ ਵਿਗਾੜਿਆ। ਤੱਕਲੇ ਦੇ ਵਾਂਗ ਸਿੱਧਾ ਹੋ ਜੇਗਾ ਇਹ ਝੱਟ, ਜਦੋਂ ਪੋਤੜੇ ਏਸ ਦੇ ਫੋਲੇ। ਮਿੱਠੀ ਮਿੱਠੀ ਚੂਰੀ ਦਾ ਸਵਾਦ ਇਹਨੂੰ ਪੈ ਗਿਆ। ਲੱਖ ਦਾ ਸੀ ਹੁੰਦਾ, ਹੁਣ ਕੱਖ ਦਾ ਨਾ ਰਹਿ ਗਿਆ। ਚਾਂਦਨੀ ਰਵੇਲ ਵਾਂਗੂੰ ਮਹਿਕਦੀ ਦਰਾਣੀ, ਕਲਮੂੰਹੇਂ ਨੇ ਬਣਾ ਦਿੱਤੀ ਕੋਲ਼ੇ। ਪਿੰਡ ਵਿੱਚ ਕੋਈ ਵੀ ਨਾ ਇਹਨੂੰ ਸਮਝਾਉਂਦਾ ਨੀ। ਕਿਸੇ ਨੂੰ ਨਹੀਂ ਪਤਾ ਕਿੱਥੇ ਜਾਂਦਾ ਕਿੱਥੋਂ ਆਉਂਦਾ ਨੀ। ਜਦੋਂ ਕਦੇ ਪੁੱਛ ਬਹੇ ਦਰਾਣੀ ਇਹਨੂੰ ਕਿੱਥੋਂ ਆਇਐਂ, ਕਰ ਸੁੱਟੇ ਉਹਦੇ ਹੱਡ ਪੋਲੇ। ਫਿਰਦਾ ਨਿਕੰਮਾ ਇਹਨੂੰ ਕੰਮ ਤੇ ਨਾ ਕਾਰ ਨੀ। ਖੌਰੇ ਕਿੰਨੇ ਵਿਹਲੇ ਇਹਦੇ ਜੁੰਡਲੀ ਦੇ ਯਾਰ ਨੀ। ਲੀਡਰੀ ਦਾ ਚੰਦਰਾ ਸਵਾਦ ਇਹਦੇ ਮੂੰਹ ਲੱਗਾ, ਫਿਰਦੈ ਬਣਾ ਕੇ ਟੋਲੇ। ਨੀ ਇਹ ਵੀ ਦੁੱਖ ਮੇਰੀ ਜਾਨ ਨੂੰ, ਮੇਰਾ ਦਿਓਰ ਨਾ ਦਰਾਣੀ ਨਾਲ ਬੋਲੇ।
ਉਹ ਥਾਨ ਸੁਹਾਵੇ ਹੋ ਜਾਂਦੇ
ਉਹ ਥਾਨ ਸੁਹਾਵੇ ਹੋ ਜਾਂਦੇ, ਜਿੰਨੀਂ ਥਾਈਂ ਤਪੀਏ ਬਹਿ ਜਾਂਦੇ। ਜਿਹੜੇ ਬੋਲ ਫ਼ਕੀਰ ਉਚਰਦੇ ਨੇ, ਸਦੀਆਂ ਤਕ ਰੂਹ ਵਿਚ ਲਹਿ ਜਾਂਦੇ। ਸਮਿਆਂ ਤੇ ਕਰਨ ਸਵਾਰੀ ਉਹ, ਜੋ ਜਾਮ ਸ਼ਹਾਦਤ ਪੀਂਦੇ ਨੇ। ਕਰਨੀ ਦੇ ਪੂਰੇ ਸੂਰੇ ਹੀ, ਬਿਨ ਜਿਸਮ ਅਜ਼ਲ ਤੱਕ ਜੀਂਦੇ ਨੇ। ਉਸ ਥਾਂ ਤੇ ਮੇਲੇ ਲੱਗਦੇ ਨੇ, ਜਿਥੇ ਯੋਧੇ ਜ਼ੁਲਮ ਸੰਗ ਖਹਿ ਜਾਂਦੇ। ਉਹ ਥਾਨ ਸੁਹਾਵੇ ਹੋ ਜਾਂਦੇ...। ਮਨ ਬਚਨ ਕਰਮ ਵਿਚ ਢਾਲ ਲਿਆ, ਸਾਡੇ ਪੁਰਖੇ ਬਾਬਿਆਂ ਬਾਣੀ ਨੂੰ। ਸ਼ਬਦਾਂ ਦੇ ਮੱਥੇ ਤਿਲਕ ਧਰੇ, ਜਗ ਜਾਣੇ ਏਸ ਕਹਾਣੀ ਨੂੰ। ਜੋ ਪਰਮ ਪੁਰਖ ਦੇ ਦਾਸੇ ਨੇ, ਪੌਣਾਂ ਨੂੰ ਸੁਨੇਹਾ ਕਹਿ ਜਾਂਦੇ। ਉਹ ਥਾਨ ਸੁਹਾਵੇ ਹੋ ਜਾਂਦੇ...। ਇਹ ਧਰਤ ਲਿਆਕਤ ਵਾਲਿਆਂ ਦੀ, ਜਿਥੇ ਸਭ ਦਾ ਸਾਂਝਾ ਸ਼ਬਦ ਗੁਰੂ। ਜਲ ਪੌਣ ਧਰਤ ਹਰਿਆਲੀ ਦੀ, ਰਖਵਾਲੀ ਕਰਦਾ ਸ਼ਬਦ ਗੁਰੂ। ਆਰੀ ਸੰਗ ਯਾਰੀ ਰੱਖਦੇ ਜੋ, ਖ਼ੁਦਗਰਜ਼ ਪਿਛਾਂਹ ਹੀ ਰਹਿ ਜਾਂਦੇ। ਉਹ ਥਾਨ ਸੁਹਾਵੇ ਹੋ ਜਾਂਦੇ...। ਸੰਜਮ ਦਾ ਸਬਕ ਸੁਣਾ ਦੇਵੋ, ਹੁਣ ਆਪਣੇ ਅੱਥਰੇ ਚਾਵਾਂ ਨੂੰ। ਕੱਲ੍ਹ ਤੱਕ ਜੋ ਕੰਢੇ ਤੋੜਦੇ ਸੀ, ਤੁਸੀਂ ਵੇਖ ਲਵੋ ਦਰਿਆਵਾਂ ਨੂੰ। ਸਾੜੇ ਨਾ ਅਗਨੀ, ਡੁੱਬਦੇ ਨਹੀਂ, ਜੋ ਬਾਣੀ ਸਰਵਰ ਵਹਿ ਜਾਂਦੇ। ਉਹ ਥਾਨ ਸੁਹਾਵੇ ਹੋ ਜਾਂਦੇ...।
ਚਾਰੇ ਪਾਸੇ ਕਿੱਕਰਾਂ
ਚਾਰੇ ਪਾਸੇ ਕਿੱਕਰਾਂ ਤੇ ਵਿਚ ਵਿਚ ਬੇਰੀਆਂ। ਸੂਲੀ ਤੋਂ ਵੀ ਸੂਲ ਬਣੇ, ਮਿਹਰਾਂ ਹੋਣ ਤੇਰੀਆਂ। ਦਿੱਤੇ ਜੋ ਤੂੰ ਦੁੱਖ ਮੈਨੂੰ ਹੱਸ ਕੇ ਸਹਾਰ ਲਾਂ। ਨਜ਼ਰ ਸਵੱਲੀ ਰੱਖੀਂ ਵਿਗੜੀ ਸੰਵਾਰ ਲਾਂ। ਦੌਲਤਾਂ ਨਾ ਮੰਗਾਂ, ਇਹ ਤਾਂ ਮਿੱਟੀ ਦੀਆਂ ਢੇਰੀਆਂ। ਸੂਲੀ ਤੋਂ ਵੀ ਸੂਲ ਬਣੇ ਮਿਹਰਾਂ ਹੋਣ ਤੇਰੀਆਂ। ਪਿੰਗਲਾ ਪਹਾੜ ਤੇ ਚੜ੍ਹਾਉਂਦਾ ਤੇ ਉਤਾਰਦੈਂ। ਮਿਹਰਬਾਨ ਦਾਤਿਆ ਕਿਉਂ ਐਸੀ ਮਾਰ ਮਾਰਦੈਂ। ਏਸ ਨਾਲੋਂ ਘੱਟ ਤਾਂ ਸਜ਼ਾਵਾਂ ਨੇ ਬਥੇਰੀਆਂ। ਸੂਲੀ ਤੋਂ ਵੀ ਸੂਲ ਬਣੇ ਮਿਹਰਾਂ ਹੋਣ ਤੇਰੀਆਂ। ਤੇਰਾ ਪ੍ਰਤਾਪ ਜਿਹੜਾ ਅੱਜ ਲਿਖ ਗਾ ਰਿਹਾਂ। ਲਾਈ ਜ਼ਿੰਮੇਵਾਰੀ ਦਾਤਾ ਵੇਖ ਲੈ ਨਿਭਾ ਰਿਹਾਂ। ਲੈਂਦੈਂ ਕਿਉਂ ਪ੍ਰੀਖਿਆ ਤੂੰ ਘੜੀ ਮੁੜੀ ਮੇਰੀਆਂ। ਸੂਲੀ ਤੋਂ ਵੀ ਸੂਲ ਬਣੇ ਮਿਹਰਾਂ ਹੋਣ ਤੇਰੀਆਂ। ਭਾਣੇ ਨੂੰ ਸਹਾਰ ਸਕਾਂ ਇਹੀ ਅਰਦਾਸ ਹੈ। ਦੁੱਖ ਦੇਣ ਵਾਲਿਆਂ, ਦਵਾਈ ਤੇਰੇ ਪਾਸ ਹੈ। ਆਇਆ ਤੇਰੇ ਦਰ ਤੇ ਤੂੰ, ਦੇ ਦੇ ਹੱਲਾਸ਼ੇਰੀਆਂ। ਸੂਲੀ ਤੋਂ ਵੀ ਸੂਲ ਬਣੇ ਮਿਹਰਾਂ ਹੋਣ ਤੇਰੀਆਂ।
ਬਾਰਾਂ ਸਾਲ ਮੰਗੂ ਚਾਰੇ
ਬਾਰਾਂ ਸਾਲ ਮੰਗੂ ਚਾਰੇ, ਸਾਨੂੰ ਰੱਖਿਆ ਕੁਆਰੇ, ਚੜ੍ਹ ਗਈ ਖੇੜਿਆਂ ਦੀ ਡੋਲੀ। ਨੀ ਹੁਣ ਕਾਹਨੂੰ ਹੰਝੂ ਕੇਰਦੀ, ਉਦੋਂ ਮੂੰਹੋਂ ਨਾ ਚੰਦਰੀਏ ਬੋਲੀ। ਕੱਖ ਪੱਲੇ ਛੱਡਿਆ ਨਾ, ਚੂਚਕੇ ਦੀ ਬੱਚੀਏ। ਰਲ ਗਈ ਰਿਵਾਜ ਨਾਲ ਕੌਲਾਂ ਦੀਏ ਕੱਚੀਏ। ਕੱਚ ਦੇ ਸਮਾਨ ਦੀਆਂ ਕੀਚਰਾਂ ਤੋਂ ਬਚ ਮੈਨੂੰ ਕਹੇ ਹਾਣੀਆਂ ਦੀ ਟੋਲੀ। ਖੇੜਿਆਂ ਦਾ ਕਿਹੋ ਜਿਹਾ ਲੱਗਿਆ ਗਿਰਾਂ ਨੀ। ਦੱਸ ਕਦੇ ਬੁੱਲੀਆਂ ਤੇ ਆਇਐ ਮੇਰਾ ਨਾਂ ਨੀ? ਸਾਲੂ 'ਚ ਲਪੇਟੀਏ ਨੀ, ਹੀਰੀਏ ਸਲੇਟੀਏ, ਤੂੰ ਬਣ ਗਈ ਸੈਦੇ ਦੀ ਗੋਲੀ। ਮਹਿਕ ਤੋਂ ਬਗੈਰ ਦੱਸ ਫੁੱਲ ਕਿਹੜੇ ਕੰਮ ਨੀ। ਕੱਲ੍ਹਾ ਰੰਗ ਰੂਪ ਨਿਰਾ ਹੱਡੀਆਂ ਤੇ ਚੰਮ ਨੀ। ਟੁੱਕ ਟੁੱਕ ਟੁਕੜੇ ਵਜੂਦ ਵਾਲੇ ਮੇਰੇ ਜਿੰਦ ਚਾੜ੍ਹ ਕੇ ਤੱਕੜ ਤੇ ਤੋਲੀ। ਨੀ ਹੁਣ ਕਾਹਨੂੰ ਹੰਝੂ ਕੇਰਦੀ, ਉਦੋਂ ਮੂੰਹੋਂ ਨਾ ਚੰਦਰੀਏ ਬੋਲੀ।
ਧੀ ਦੇ ਘਰ ਵਿਚ ਬੈਠੀਏ ਮਾਏ
ਧੀ ਦੇ ਘਰ ਵਿੱਚ ਬੈਠੀਏ ਮਾਏ ਮੈਨੂੰ ਇਹ ਗੱਲ ਸਮਝ ਨਾ ਆਏ, ਨੂੰਹ ਕੋਲੋਂ, ਪੁੱਤ ਮੰਗਦੀ, ਤੂੰ ਰਤਾ ਨਾ ਸੰਗਦੀ। ਕਿਉਂ ਟੱਬਰ ਸੂਲੀ ਟੰਗਦੀ ਤੂੰ ਪੁੱਤਰ ਮੰਗਦੀ? ਜੇ ਨੂੰਹ ਦੀ ਕੁਖ਼ ਅੰਦਰ ਧੀ ਏ। ਇਸ ਵਿਚ ਉਸਦਾ ਦੋਸ਼ ਵੀ ਕੀਹ ਏ। ਇਹ ਵੀ ਉਸੇ ਰੱਬ ਦਾ ਜੀਅ ਏ। ਚਿੱਟੀ ਚਾਦਰ ਖ਼ਾਨਦਾਨ ਦੀ, ਤੂੰ ਕਿਉਂ ਸੂਹੀ ਰੰਗਦੀ? ਤੂੰ ਰਤਾ ਨਾ ਸੰਗਦੀ। ਪੁੱਤ ਨਾ ਤੈਨੂੰ ਕਦੇ ਬੁਲਾਉਂਦਾ। ਜਦੋਂ ਬੁਲਾਵੇਂ ਸਿਰ ਨੂੰ ਆਉਂਦਾ। ਲੋਕਾਂ ਵਿੱਚ ਸਰਦਾਰ ਕਹਾਉਂਦਾ। ਨੂੰਹ ਆਪਣੀ ਨੂੰ ਤੂੰ ਕਿਉਂ ਮਾਏ, ਬਣ ਕੇ ਨਾਗਣੀ ਡੰਗਦੀ। ਤੂੰ ਪੁੱਤਰ ਮੰਗਦੀ...। ਜੇ ਤੈਨੂੰ ਨਾਨੀ ਨਾ ਜਣਦੀ। ਤੂੰ ਮੇਰੀ ਮਾਂ ਕਿੱਦਾਂ ਬਣਦੀ। ਹੁਣ ਕਿਉਂ ਉਲਟੇ ਤਾਣੇ ਤਣਦੀ। ਘੁੰਮਣ ਘੇਰਾਂ ਦੇ ਵਿਚ ਘਿਰ ਕੇ, ਜ਼ਿੰਦਗੀ ਨਹੀਓਂ ਲੰਘਦੀ। ਤੂੰ ਰਤਾ ਨਾ ਸੰਗਦੀ। ਧਰਤੀ, ਧਰਮ, ਧਰੇਕਾਂ, ਧੀਆਂ। ਸਦਾ ਸੰਭਾਲਣ, ਸਭਨਾਂ ਜੀਆਂ। ਬਿਨ ਮਮਤਾ ਤੋਂ ਆਪਾਂ ਕੀਹ ਆਂ। ਲੋਕ ਲਾਜ ਦੀ ਸਿਰ ਤੋਂ ਲਾਹ ਦੇ, ਇਹ ਚੁੰਨੀ ਬਦਰੰਗ ਦੀ। ਕਿਉਂ ਸੂਲੀ ਟੰਗਦੀ। ਜਿਹੜੇ ਘਰ ਵਿੱਚ ਧੀ ਤੇ ਮਾਂ ਨਹੀਂ। ਉਸ ਘਰ ਵਿਹੜੇ ਸੰਘਣੀ ਛਾਂ ਨਹੀਂ। ਉਸ ਤੋਂ ਵੱਧ ਬਦਕਿਸਮਤ ਥਾਂ ਨਹੀਂ। ਮਹਿਕਾਂ ਦੀ ਰਖਵਾਲੀ ਕਰ ਤੂੰ, ਬਣ ਕੇ ਚੰਡੀ ਜੰਗ ਦੀ। ਕਿਉਂ ਸੂਲੀ ਟੰਗਦੀ?
ਵੇ ਮੈਂ ਤੇਰੇ ਪਿੱਛੇ
ਪੀੜ-ਪਰੁੱਚੀਆਂ ਕਲਾਵੰਤ ਧੀਆਂ ਦੇ ਨਾਂ ਵੇ ਮੈਂ ਤੇਰੇ ਪਿੱਛੇ ਧਰਤੀ ਅੰਬਰ ਗਾਹ ਲੈਂਦੀ ਆਂ। ਤੂੰ ਫਿਰ ਵੀ ਕਹਿੰਦੈਂ, ਮੈਂ ਕਿਉਂ ਉੱਚੀ ਸਾਹ ਲੈਂਦੀ ਆਂ? ਤੂੰ ਜਿਸਮ ਤੋਂ ਅੱਗੇ ਰੂਹ ਦੇ ਅੰਦਰ ਵੜਿਆ ਕਰ ਵੇ। ਨਾ ਬਿਨਾਂ ਕਾਰਨੋਂ ਸੱਤ ਅਸਮਾਨੇ ਚੜ੍ਹਿਆ ਕਰ ਵੇ। ਮੇਰੇ ਨੈਣਾਂ ਅੰਦਰ ਕੀ ਕੁਝ ਲਿਖਿਐ, ਪੜ੍ਹਿਆ ਕਰ ਵੇ। ਤੇਰੀ ਬੇਕਦਰੀ ਤੱਕ, ਰੀਝਾਂ ਫੇਰ ਦਬਾਅ ਲੈਂਦੀ ਆਂ। ਇਹ ਪਿਆਰ ਬਿਨਾ ਜਿੰਦ, ਜਿਵੇਂ ਨਿਰੰਤਰ ਧੁਖਣੀ ਧੂਣੀ। ਤੇਰਾ ਮਿਲ ਕੇ ਵੀ ਨਾ ਮਿਲਣਾ, ਪੀੜ ਵਧਾਏ ਦੂਣੀ। ਮੇਰੇ ਖ਼ੂਨ ਦਾ ਪਾਣੀ ਬਣਿਆ ਹੋ ਗਈ ਬੱਗੀ ਪੂਣੀ। ਵੇ ਮੈਂ ਯਾਦਾਂ ਕੱਤਣ ਖਾਤਰ ਚਰਖ਼ੀ ਡਾਹ ਲੈਂਦੀ ਆਂ। ਮੈਂ ਪੈਰੋਂ ਲਾਹੀ ਝਾਂਜਰ ਦਿਲ ਨੂੰ ਮਾਰ ਲਿਆ ਏ। ਤਲੀਆਂ 'ਚੋਂ ਗਿੱਧਾ ਕਰ ਮੈਂ ਠੰਢਾ ਠਾਰ ਲਿਆ ਏ। ਤੇਰੀ ਖੁਸ਼ੀ ਦੀ ਖ਼ਾਤਰ ਕੀਹ ਦੱਸਾਂ, ਕੀਹ ਵਾਰ ਲਿਆ ਏ। ਹੁਣ ਚੁੱਪ ਚੁਪੀਤੀ, ਹਉਕੇ ਕੰਠ ਛੁਹਾ ਲੈਂਦੀ ਆਂ। ਮੈਨੂੰ ਨੱਚਣਾ, ਗਾਉਣ ਸਿਖਾਇਆ ਵੇ ਆਹ ਅੱਥਰੇ ਚਾਵਾਂ। ਮੈਨੂੰ ਲੋਰੀਆਂ ਦੇ ਕੇ ਵੱਡਿਆਂ ਕੀਤਾ, ਪੰਜ ਦਰਿਆਵਾਂ। ਵੇ ਤੂੰ ਪਿੰਜਰੇ ਦੇ ਵਿਚ ਪਾਇਆ, ਲੈ ਕੇ ਚਾਰ ਕੁ ਲਾਵਾਂ। ਹੁਣ ਦਿਲ ਦੀ ਲੋਏ, ਖ਼ੁਦ ਆਪਾ ਰੁਸ਼ਨਾ ਲੈਂਦੀ ਆਂ। ਤੂੰ ਫਿਰ ਵੀ ਕਹਿੰਦੈਂ, ਮੈਂ ਕਿਉਂ ਉੱਚੀ ਸਾਹ ਲੈਂਦੀ ਆਂ।
ਕਿੱਥੇ ਚੜ੍ਹਿਐਂ ਚੰਨਾ ਵੇ
ਕਿੱਥੇ ਚੜ੍ਹਿਐਂ ਚੰਨਾ ਵੇ ਤੂੰ ਬੇਕਦਰਾਂ ਦੇ ਵਿਹੜੇ। ਬੱਧੇ ਸਭਨਾਂ ਦੇ ਪੈਰੀਂ ਜਿੱਥੇ ਬਿਜਲੀ ਦੇ ਗੇੜੇ। ਏਥੇ ਵਿਹਲ ਦੱਸ ਕੀਹਨੂੰ, ਕਰ ਤੂੰ ਬਿਰਖ਼ਾਂ ਨਾਲ ਗੱਲਾਂ। ਤੈਨੂੰ ਦੇਣੈਂ ਹੁੰਗਾਰਾ ਏਥੇ ਸਾਗਰ ਦੀਆਂ ਛੱਲਾਂ। ਵਧ ਗਈ ਰੂਹਾਂ ਤੋਂ ਦੂਰੀ, ਲੋਕੀਂ ਡਾਲਰ ਦੇ ਨੇੜੇ। ਏਥੇ ਕੰਮਾਂ ਦੀ ਚਕਰੀ, ਘੁੰਮੇ ਦਿਨ ਤੇ ਪਹਿ ਰਾਤ। ਏਥੇ ਪਿੰਜਣ ਮਸ਼ੀਨਾਂ, ਰੂੰ ਦੇ ਵਾਂਗੂੰ ਜਜ਼ਬਾਤ। ਡਾਢੀ ਅੱਗ ਨੇ ਪਿਘਲਾਏ, ਪੁੱਤਰ ਮੱਖਣ ਦੇ ਪੇੜੇ। ਏਥੇ ਸਾਹਿਬਾਂ ਨੂੰ ਵਿੰਨ੍ਹਦੇ, ਉਹਦੇ ਮਿਰਜ਼ੇ ਦੇ ਤੀਰ। ਰੋਂਦੀ ਸੋਹਣੀ ਦੀ ਅੱਖ 'ਚੋਂ ਠੱਲ੍ਹਿਆ ਜਾਂਦਾ ਨਹੀਂ ਨੀਰ। ਰੋਵੇ ਰਾਂਝੇ ਦੀ ਵੰਝਲੀ, ਹੀਰਾਂ ਲੈ ਗਏ ਨੇ ਖੇੜੇ। ਵੇ ਤੂੰ ਚੜ੍ਹਿਆ ਕਰ ਓਥੇ, ਜਿੱਥੇ ਕਦਰਾਂ ਵੀ ਪੈਣ। ਤੈਨੂੰ ਗੀਤਾਂ ਵਿੱਚ ਮੜ੍ਹ ਕੇ, ਸ਼ਾਇਰ ਨਾਂ ਤੇਰਾ ਲੈਣ। ਬਣ ਜਾ ਦੌਣੀ ਤੇ ਟਿੱਕਾ, ਮੱਥੇ ਸੁੰਨੇ ਨੇ ਜਿਹੜੇ। ਵੇ ਇਹ ਧਰਤੀ ਅਮਰੀਕਾ, ਸੁਣ ਤੂੰ ਪਹੀਏ ਦੀ ਘੂਕਰ। ਪਾਂਧੀ ਅੰਬਰ ਵੱਲ ਤੁਰ ਪਏ, ਸੁਣ ਤੂੰ ਜਹਾਜ਼ਾਂ ਦੀ ਸ਼ੂਕਰ। ਕਿਸ਼ਤਾਂ, ਕਰਜ਼ੇ ਤੇ ਕਾਹਲੀ, ਏਥੇ ਵੱਸਦੇ ਨੇ ਜਿਹੜੇ। ਕਿੱਥੇ ਚੜ੍ਹਿਐਂ ਚੰਨਾ ਵੇ ਤੂੰ ਬੇਕਦਰਾਂ ਦੇ ਵਿਹੜੇ।
ਸਮਝੇਂ ਤੂੰ ਪੁੱਤਾਂ ਨਾਲ ਸ਼ਾਨ ਮਾਏ ਮੇਰੀਏ
ਡੋਲ ਗਿਆ ਤੇਰਾ ਕਿਉਂ ਈਮਾਨ ਮਾਏ ਮੇਰੀਏ। ਸਮਝੇਂ ਤੂੰ ਪੁੱਤਾਂ ਨਾਲ ਸ਼ਾਨ ਮਾਏ ਮੇਰੀਏ। ਏਨੀ ਤੂੰ ਬੇਰਹਿਮੀ ਨਾਲ ਕੁੱਖ ਵਿਚੋਂ ਤੋਰ ਨਾ। ਡੋਡੀ ਤੂੰ ਗੁਲਾਬ ਵਾਲੀ, ਅੱਗ ਉੱਤੇ ਭੋਰ ਨਾ। ਤੇਰੇ ਤੋਂ ਬਗੈਰ ਮੇਰਾ ਦਰਦੀ ਕੋਈ ਹੋਰ ਨਾ। ਬੰਦ ਕਾਹਨੂੰ ਕੀਤੀ ਤੁੰ ਜ਼ੁਬਾਨ ਮਾਏ ਮੇਰੀਏ। ਦਾਜ ਤੇ ਦਹੇਜ ਵਾਲੇ ਲੋਭੀਆਂ ਤੋਂ ਡਰ ਨਾ। ਹੰਝੂਆਂ ਨੂੰ ਪੂੰਝ, ਐਵੇਂ ਰੋਜ਼ ਰੋਜ਼ ਮਰ ਨਾ। ਹਿੰਮਤਾਂ ਦੇ ਨਾਲ ਇਹ ਇਲਾਜ ਪੈਣਾ ਕਰਨਾ। ਕਰ ਦੇ ਤੂੰ ਜੰਗ ਦਾ ਐਲਾਨ ਮਾਏ ਮੇਰੀਏ। ਫਿਰਦੀ ਮੁੰਡੀਹਰ ਵਿਚ ਗਲੀਆਂ ਮੁਹੱਲਿਆਂ। ਨੱਥ ਨਹੀਉਂ ਪੈਣੀ, ਇਨ੍ਹਾਂ ਤਾਈਂ ਮਾਏ ਕੱਲ੍ਹਿਆਂ। ਮੁੱਕਣਾ ਨਹੀਂ ਪੈਂਡਾ, ਇਹ ਬਗੈਰ ਕਦੇ ਚੱਲਿਆਂ। ਕੰਮ ਏਹੀ ਆਵੇਗਾ ਗਿਆਨ ਮਾਏ ਮੇਰੀਏ। ਪੁੱਤ ਵੀ ਤਾਂ ਰੋਲਦੇ ਨੇ ਬਾਬਲੇ ਦੀ ਪੱਗ ਨੂੰ। ਮੇਰੇ ਵੱਲੋਂ ਆਖਦੇ ਤੂੰ ਮਾਏ ਸਾਰੇ ਜੱਗ ਨੂੰ। ਆਪ ਹੀ ਬੁਝਾਉ ਇਸ ਅਲੋਕਾਰ ਅੱਗ ਨੂੰ। ਧੀਆਂ ਨਾਲ ਵੱਸਦਾ ਜਹਾਨ ਮਾਏ ਮੇਰੀਏ। ਡੋਲ ਗਿਆ ਤੇਰਾ ਕਿਉਂ ਈਮਾਨ ਮਾਏ ਮੇਰੀਏ।
ਚੰਨ ਮਾਹੀ ਕਿੱਧਰ ਗਿਆ
ਰਾਤ ਹਨੇਰੀ ਬਿਜਲੀ ਕੜਕੇ, ਅੱਖਾਂ ਦੇ ਵਿਚ ਇਹ ਕੀਹ ਰੜਕੇ, ਕੱਲ੍ਹੀ ਜਾਨ ਨੂੰ ਲੱਖਾਂ ਕਜੀਏ, ਕੱਟਣੇ ਪਏ ਜਗਰਾਤੇ। ਚੰਨ ਮਾਹੀ ਕਿੱਧਰ ਗਿਆ, ਦੱਸ ਨੀ ਕਾਲੀਏ ਰਾਤੇ। ਅਤਾ ਪਤਾ ਨਾ ਕੋਈ ਸਿਰਨਾਵਾਂ। ਦੱਸ ਮੈਂ ਚਿੱਠੀਆਂ ਕਿੱਧਰ ਪਾਵਾਂ। ਤੂੰਹੀਓਂ ਬੋਲ ਬਨੇਰਿਓਂ ਕਾਵਾਂ। ਜਾਣ ਵਾਲਿਆ ਇਹ ਕੀ ਕੀਤਾ, ਤੁਰ ਗਿਉਂ ਚੁੱਪ ਚਪਾਤੇ। ਸੁੰਨ ਮਸੁੰਨੇ ਦਿਲ ਦੇ ਵਿਹੜੇ। ਗ਼ਮ ਦੀ ਚਰਖ਼ੀ ਖਾਵੇ ਗੇੜੇ। ਪਰ ਨਾ ਕੋਈ ਤੰਦ ਨਿਬੇੜੇ। ਟੁੱਟਦੀ ਜਾਂਦੀ ਮਾਲ੍ਹ ਮਹਿਰਮਾ, ਪਾ ਗਿਓਂ ਕਿਹੜੇ ਖ਼ਾਤੇ। ਜਿੰਦ ਅਧਮੋਈ ਬੱਗੀ ਪੂਣੀ। ਪੀੜ ਸਵਾਈਓਂ ਹੋ ਗਈ ਦੂਣੀ। ਚੱਟਣੀ ਪੈ ਗਈ ਸਿੱਲ-ਅਲੂਣੀ। ਨੈਣੋਂ ਝੜੀਆਂ, ਵਰ੍ਹ ਵਰ੍ਹ ਖੜ੍ਹੀਆਂ, ਤੂੰ ਵੀ ਰੁਕ ਬਰਸਾਤੇ। ਤੋੜ ਗਿਐਂ ਤੂੰ ਰਿਸ਼ਤਾ ਗੂੜ੍ਹਾ। ਢਿਲਕ ਢਿਲਕ ਪਿਆ ਜਾਵੇ ਜੂੜਾ। ਫਿੱਕਾ ਪੈ ਗਿਆ ਰੰਗਲਾ ਚੂੜਾ। ਪੈਸੇ ਪਿੱਛੇ ਮੋੜ ਗਿਐਂ ਤੂੰ, ਸੁੱਚੇ ਰਿਸ਼ਤੇ ਨਾਤੇ। ਚੰਨ ਮਾਹੀ ਕਿੱਧਰ ਗਿਆ, ਦੱਸ ਨੀ ਕਾਲੀਏ ਰਾਤੇ।
ਇਸ ਦੂਰ ਦੇਸ ਦੀ ਧਰਤੀ 'ਤੇ
ਇਸ ਦੂਰ ਦੇਸ ਦੀ ਧਰਤੀ 'ਤੇ ਮੇਰੇ ਵੀਰੋ ਦੇਸ ਪੰਜਾਬ ਦਿਉ। ਕੀ ਖੱਟਿਆ ਤੇ ਕੀ ਵੱਟਿਆ ਹੈ, ਇਸ ਗੱਲ ਦਾ ਤੁਰਤ ਹਿਸਾਬ ਦਿਓ। ਤੁਸੀਂ ਆਏ ਤਾਂ ਸੀ ਵੀਰ ਮਿਰੇ, ਬੱਚਿਆਂ ਦੀ ਸਾਂਭ ਸੰਭਾਲੀ ਨੂੰ। ਮੰਦਹਾਲੀ ਦੀ ਥਾਂ ਘਰ ਅੰਦਰ, ਵਰ ਲਿਆਉਣ ਲਈ ਖੁਸ਼ਹਾਲੀ ਨੂੰ। ਹੁਣ ਅਜਬ ਜਾਲ ਵਿੱਚ ਫਾਬੇ ਹੋ, ਕਿਉਂ ਬਣੇ ਗੁਲਾਮ ਸ਼ਰਾਬ ਦਿਉ। ਛੱਡ ਦੇਂਦਾ ਬਾਲ ਨਿਆਣਾ ਜਿਉਂ, ਦੇ ਚਾਬੀ ਮੋਟਰ ਕਾਰਾਂ ਨੂੰ। ਤੇ ਨਾਲ 'ਰੀਮੋਟ' ਦੇ ਮੋੜ ਲਵੇ, ਜਿੱਧਰ ਦਿਲ ਕਰੇ ਮੁਹਾਰਾਂ ਨੂੰ। ਕਿਉਂ ਜ਼ਿੰਦਗੀ ਭਟਕਣ ਬਣ ਚੱਲੀ, ਇਸ ਗੱਲ ਦਾ ਤੁਰਤ ਜਵਾਬ ਦਿਉ? ਨਾ ਖ਼ਬਰਸਾਰ ਹੈ ਮਾਪਿਆਂ ਨੂੰ, ਪੁੱਤ ਨੂੰਹਾਂ ਕਿੱਧਰ ਚੱਲੇ ਨੇ। ਇਸ ਚੁੱਪ ਚੁਪੀਤੀ ਧਰਤੀ ਤੇ, ਬੱਚੇ ਵੀ ਕੱਲ-ਮੁ-ਕੱਲ੍ਹੇ ਨੇ। ਕਿਉਂ ਪੱਤੀ ਪੱਤੀ ਕਿਰ ਚੱਲੇ, ਉਇ ਪੁੱਤਰੋ ਸੁਰਖ਼ ਗੁਲਾਬ ਦਿਓ। ਡਾਲਰ ਜਾਂ ਪੌਂਡ ਰੁੱਪਈਆ ਇਹ, ਮਾਂ ਬਾਪ ਜਦੋਂ ਬਣ ਬਹਿੰਦਾ ਹੈਂ। ਦੂਜੇ ਦੇ ਦਿਲ ਦੀ ਨਹੀਂ ਸੁਣਦਾ, ਬੱਸ ਆਪਣੀ ਹੀ ਗੱਲ ਕਹਿੰਦਾ ਹੈ। ਜੇ ਚਾਹੋ ਜ਼ਿੰਦਗੀ ਵੇਲ ਵਧੇ, ਤਾਂ ਬੱਚਿਆਂ ਹੱਥ ਕਿਤਾਬ ਦਿਉ। ਮਾਂ ਬੋਲੀ, ਜਣਨੀ, ਮਾਤ ਭੂਮ ਬਿਨ ਉਲਟਾ ਚੱਕਰ ਗਿੜਦਾ ਹੈ। ਇਨ੍ਹਾਂ ਦੇ ਸਾਥ ਬਗੈਰ ਕਦੇ ਨਾ, ਰੂਹ ਦਾ ਚੰਬਾ ਖਿੜਦਾ ਹੈ। ਊੜਾ ਤੇ ਜੂੜਾ ਸਾਂਭ ਲਵੋ, ਓਏ ਪੁੱਤਰੋ! ਗੋਬਿੰਦ ਖ੍ਵਾਬ ਦਿਉ।
ਗ਼ਜ਼ਲਾਂ
ਚਿਰ ਹੋਇਆ ਏ ਬਾਪੂ ਜੀ ਤਾਂ
ਚਿਰ ਹੋਇਆ ਏ ਬਾਪੂ ਜੀ ਤਾਂ ਤੁਰ ਗਏ ਲੰਮੀ ਵਾਟੇ। ਚੇਤੇ ਆ ਗਏ ਅੱਜ ਉਨ੍ਹਾਂ ਦੇ, ਪੈਰ ਬਿਆਈਆਂ ਪਾਟੇ। ਤੁਰਦੇ-ਤੁਰਦੇ ਤੁਰਦੇ ਭਾਵੇਂ, ਜਾਂਦੇ ਅੱਖੀਂ ਵੇਖੇ, ਪਰ ਤੇਰੇ ਵਿਚ ਹਾਜ਼ਰ ਨਾਜ਼ਰ ਅੱਜ ਵੀ ਸੂਹੀ ਲਾਟੇ। ਘਰ ਤੋਂ ਮੰਜ਼ਿਲ ਤੀਕ ਪਹੁੰਚਦੇ, ਮਿਥਦੇ ਪਹਿਲਾਂ ਦਾਈਆ, ਸੁਪਨੇ ਵਿਚ ਵੀ ਮੈਂ ਨਹੀਂ ਵੇਖੇ, ਖੜ੍ਹੇ ਕਿਤੇ ਅਧਵਾਟੇ। ਰਿਸ਼ਤੇ ਦੀ ਪਾਕੀਜ਼ ਡੋਰ ਨੂੰ, ਧਰਮ ਦੇ ਵਾਂਗੂੰ ਫੜਦੇ, ਮਰਦੇ ਦਮ ਤੱਕ ਡਿੱਠੇ ਹੀ ਨਹੀਂ, ਗਿਣਦੇ ਵਾਧੇ ਘਾਟੇ। ਅਨਪੜ੍ਹ ਸੀ ਪਰ ਸਦਾ ਆਖਦੇ ਤੇ ਸਮਝਾਉਂਦੇ ਸਾਨੂੰ, ਢਿੱਡੋਂ ਇਕ ਨੇ, ਕੁਰਸੀਆਂ ਵਾਲੇ, ਟਾਟੇ ਬਿਰਲੇ ਬਾਟੇ। ਨਿਰਭਉ ਤੇ ਨਿਰਵੈਰ ਜਿਸਮ ਵਿਚ ਰਹਿੰਦਾ ਰੱਬ ਸੀ ਓਹੀ, ਕਾਲ ਮੁਕਤ ਸਮਕਾਲੀ ਬਾਬਲ, ਅੱਜ ਵੀ ਬੰਧਨ ਕਾਟੇ। ਅਸਲ ਨਸ਼ਾ ਤਾਂ ਕਿਰਤ ਕਮਾਈ, ਜਾਗਿਓ, ਰਾਖੀ ਕਰਿਉ, ਚਾਤਰ ਸ਼ਾਤਰ ਬੜਾ ਚਾਹੁਣਗੇ, ਲਾਉਣਾ ਪੁੱਠੀ ਚਾਟੇ। ਧਰਤੀ ਧਰਮ ਨਿਭਾਉਣਾ ਦੱਸਿਆ ਤੇ ਏਦਾਂ ਸਮਝਾਇਆ, ਮਰਿਆਦਾ ਦੀ ਸ਼ਕਤੀ ਸਾਂਭੋ, ਰੱਖ ਕੇ ਸਿੱਧੇ ਗਾਟੇ। ਅਣਖ਼ ਦੀ ਰੋਟੀ ਸਦਾ ਕਮਾਇਓ, ਮੇਰੇ ਬਰਖੁਰਦਾਰੋ, ਪੈਸੇ ਦੇ ਪੁੱਤ ਕਰਨ ਹਕੂਮਤ, ਖੇਡਣ ਝੂਟੇ ਮਾਟੇ।
ਹਿੰਮਤ ਕਰੋ, ਜੀਵਨ ਨਿਭੇ
ਹਿੰਮਤ ਕਰੋ, ਜੀਵਨ ਨਿਭੇ ਕਿਰਦਾਰ ਵਾਂਗਰਾਂ। ਬੈਠੋ ਨਾ ਢਾਹ ਕੇ ਢੇਰੀਆਂ, ਮੁਰਦਾਰ ਵਾਂਗਰਾਂ। ਹਾਉਕੇ ਤੇ ਪੀੜਾਂ ਮਨ ਦੀਆਂ, ਹੰਝੂ ਵੀ ਨੇਤਰੀਂ, ਫਿਰਦੇ ਨੇ ਭੇਸ ਬਦਲ ਕੇ, ਦਿਲਦਾਰ ਵਾਂਗਰਾਂ। ਸੁਪਨੇ, ਆਦਰਸ਼, ਵਲਵਲੇ, ਨਵੀਆਂ ਚੁਣੌਤੀਆਂ, ਵੱਸਣ ਇਹ ਮੇਰੇ ਨਾਲ ਹੀ ਪਰਿਵਾਰ ਵਾਂਗਰਾਂ। ਇਸ ਨੂੰ ਤੂੰ ਵਾਚ, ਪੜ੍ਹ ਕਦੇ, ਸਾਹਾਂ 'ਚ ਸਾਂਭ ਲੈ, ਵੇਦਨ ਨਹੀਂ ਹੁੰਦੀ ਕਦੇ ਵੀ ਅਖ਼ਬਾਰਾਂ ਵਾਂਗਰਾਂ। ਬਾਬਰ ਦੀ ਨਸਲ ਫ਼ੈਲੀ ਹੈ ਸਾਰੇ ਗਲੋਬ ਤੇ, ਕਰਦੇ ਨੇ ਜਬਰ ਜ਼ੁਲਮ ਜੋ, ਅਧਿਕਾਰ ਵਾਂਗਰਾਂ। ਠੋਕਰ ਹਰੇਕ ਕਦਮ 'ਤੇ ਲੱਗਦੀ ਹੈ ਇਸ ਲਈ, ਨੀਤੀ ਨਾ ਨੀਤ ਸਾਫ਼ ਹੈ, ਸਰਕਾਰ ਵਾਂਗਰਾਂ। ਏਨਾ ਵੀ ਕੁਰਸੀ ਨਾਲ ਨਾ ਜੁੜ ਕੇ ਰਿਹਾ ਕਰੋ, ਬੈਠੇ ਹੋ ਅਪਣੇ ਘਰ 'ਚ ਵੀ ਦਰਬਾਰ ਵਾਂਗਰਾਂ। ਫ਼ਰਜ਼ਾਂ ਨੂੰ ਗ਼ਰਜ਼ਾਂ ਵਾਸਤੇ ਕੁਰਬਾਨ ਨਾ ਕਰੋ, ਜੀਵਨ ਤੁਰੇਗਾ ਆਪ ਹੀ ਖ਼ੁਦਦਾਰ ਵਾਂਗਰਾਂ। ਸਾਹਾਂ ਦੀ ਪੂੰਜੀ ਖ਼ਰਚੋਗੇ ਦੂਜੇ ਲਈ ਜਦੋਂ, ਜਾਪੂ ਕਦੇ ਨਾ ਜ਼ਿੰਦਗੀ ਇਹ ਭਾਰ ਵਾਂਗਰਾਂ।
ਮਨ ਦੇ ਅੰਦਰ ਖ਼ਲਬਲੀ ਹੈ
ਮਨ ਦੇ ਅੰਦਰ ਖ਼ਲਬਲੀ ਹੈ, ਬੋਲਦਾ ਕੋਈ ਨਹੀਂ। ਸਭ ਗੁਆਚੇ ਫਿਰ ਰਹੇ ਨੇ, ਟੋਲਦਾ ਕੋਈ ਨਹੀਂ। ਕਾਫ਼ਲੇ ਦੇ ਲੋਕ ਸਾਰੇ, ਦੂਰ ਮੈਥੋਂ ਦੂਰ ਨੇ, ਹੈ ਅਜਬ ਬੇਗਾਨਗੀ ਰੂਹ ਕੋਲ ਦਾ ਕੋਈ ਨਹੀਂ। ਗੁੰਝਲਾਂ ਮਾਹੌਲ ਅੰਦਰ, ਪਿਲਚੀਆਂ ਨੇ ਆਂਦਰਾਂ, ਪੀੜ ਦਿਲ ਦੀ ਕੋਲ ਬਹਿ ਕੇ ਫ਼ੋਲਦਾ ਕੋਈ ਨਹੀਂ। ਰੰਗ ਨੇ ਡੱਬੀਆਂ 'ਚ ਕੈਦੀ, ਹੋਲੀਆਂ ਖ਼ਾਮੋਸ਼ ਨੇ, ਸਹਿਮੀਆਂ ਪੌਣਾਂ 'ਚ ਮਹਿਕਾਂ ਘੋਲਦਾ ਕੋਈ ਨਹੀਂ। ਮੋਰ ਦੇ ਪੈਰਾਂ 'ਚ ਡੋਰਾਂ, ਖੰਭ ਵੀ ਕਤਰੇ ਪਏ, ਡੁਸਕਦੇ ਹਮਦਰਦ, ਐਪਰ ਖੋਲ੍ਹਦਾ ਕੋਈ ਨਹੀਂ। ਦੇਸ਼ ਮੇਰੇ ਨੂੰ ਲਿਆਕਤ ਦੀ ਕਦਰਦਾਨੀ ਨਹੀਂ, ਏਸ ਵਾਂਗੂੰ ਅਕਲ ਨੂੰ ਤਾਂ ਰੋਲ਼ਦਾ ਕੋਈ ਨਹੀਂ। ਜਗ ਰਹੇ ਵਿਸ਼ਵਾਸ ਦੇ ਦੀਵੇ, ਹਨ੍ਹੇਰੀ ਤੇਜ਼ ਹੈ, ਵੇਖ ਤੂੰ ਸਾਡੇ ਵੀ ਜ਼ੇਰੇ, ਡੋਲਦਾ ਕੋਈ ਨਹੀਂ।
ਚੱਲ ਅੰਬਰਾਂ ਨੂੰ ਚੁੰਮੀਏ
ਚੱਲ ਅੰਬਰਾਂ ਨੂੰ ਚੁੰਮੀਏ ਹੁਲਾਰਿਆਂ ਦੇ ਨਾਲ। ਕੋਈ ਗੱਲਬਾਤ ਤੋਰੀਏ, ਸਿਤਾਰਿਆਂ ਦੇ ਨਾਲ। ਮੇਰੇ ਅੰਦਰ ਖਮੋਸ਼ੀ, ਬਾਹਰ ਚੁੱਪ ਦੇ ਪਹਾੜ, ਮੈਨੂੰ ਜੀਣ ਜੋਗਾ ਕਰ ਦੇਹ ਹੁੰਗਾਰਿਆਂ ਦੇ ਨਾਲ। ਭਾਵੇਂ ਉਮਰਾਂ ਦੀ ਪੌੜੀ ਵਾਲੇ ਡੰਡੇ ਮੁੱਕ ਚੱਲੇ, ਦਿਲ ਖੇਡੀ ਜਾਵੇ ਅਜੇ ਵੀ ਗੁਬਾਰਿਆਂ ਦੇ ਨਾਲ। ਇਹ ਜੋ ਰਾਂਗਲੀ ਸੁਰਾਂਗਲੀ ਹੈ, ਫੁੱਲਾਂ ਭਰੀ ਵੇਲ, ਵੰਡੇ ਖੁਸ਼ਬੂ ਇਹ ਤੇਰੇ ਹੀ ਇਸ਼ਾਰਿਆਂ ਦੇ ਨਾਲ । ਆ ਜਾ ਇੱਕ ਦੂਜੇ ਵਿਚ ਦੋਵੇਂ ਡੁੱਬ ਜਾਈਏ ਪੂਰੇ, ਮੈਂ ਤਾਂ ਥੱਕ ਗਿਆਂ ਤੁਰਦਾ ਕਿਨਾਰਿਆਂ ਦੇ ਨਾਲ। ਤੂੰ ਤਾਂ ਰਾਜ ਗੱਦੀ ਓਹਲੇ ਨਿੱਤ ਲੁਕ ਛਿਪ ਜਾਵੇਂ, ਖੇਡੇਂ ਲੁਕਣ ਮਚਾਈਆਂ, ਬੇਸਹਾਰਿਆਂ ਦੇ ਨਾਲ। ਸਾਡੀ ਕੱਖਾਂ ਵਾਲੀ ਕੁੱਲੀ ਤੇ ਹਨ੍ਹੇਰੀ ਜਦੋਂ ਝੁੱਲੀ, ਸਾਰੇ ਕਹਿਣ ਨੇੜ ਕੀਤਾ ਕਿਉਂ ਚੁਬਾਰਿਆਂ ਦੇ ਨਾਲ।
ਜਦੋਂ ਵਿਧੀ ਤੇ ਵਿਧਾਨ
ਜਦੋਂ ਵਿਧੀ ਤੇ ਵਿਧਾਨ ਜਾਣ ਬੰਦੇ ਪਿੱਛੇ ਲੱਗ। ਉਦੋਂ ਚੰਗਾ ਭਲਾ ਦੇਸ਼ ਬਣੇ ਪਸ਼ੂਆਂ ਦਾ ਵੱਗ। ਜਿਹੜੇ ਸਿੱਧਾਂ ਨੇ ਸੁਧਾਰਨੀ ਸੀ ਜ਼ਿੰਦਗੀ ਦੀ ਤੋਰ, ਉਨ੍ਹਾਂ ਲਾ ਲਈ ਏ ਸਮਾਧੀ, ਦੀਨ ਦੁਨੀ ਤੋਂ ਅਲੱਗ। ਮੇਰੀ ਅੱਖ ਵਿਚ ਅੱਥਰੂ, ਸਮੁੰਦਰਾਂ ਦੇ ਬੱਚੇ, ਵੇਖ ਕਿੰਨੇ ਨੇ ਅਸੀਲ, ਕਦੇ ਛੱਡਦੇ ਨਾ ਝੱਗ। ਜਦੋਂ ਚੜ੍ਹਦੀ ਜਵਾਨੀ ਜਾਣ ਲਵੇ ਸਹੀ ਰਾਹ, ਉਦੋਂ ਧੀਆਂ ਪੁੱਤ ਸਾਂਭ ਲੈਂਦੇ ਬਾਬਲੇ ਦੀ ਪੱਗ। ਜਿਹੜੀ ਹਿੱਕ ਵਿਚ ਬਲੇ, ਓਹੀ ਬਣਦੀ ਜਵਾਲਾ, ਨਾ ਇਹ ਸਿਵਿਆਂ 'ਚ ਬਲੇ, ਨਾ ਹੀ ਚੁੱਲ੍ਹੇ ਵਾਲੀ ਅੱਗ। ਸਾਨੂੰ ਹੁਕਮਾਂ ਹਕੂਮਤਾਂ ਨੇ ਇਹੀ ਸਮਝਾਇਆ, ਅੰਨ੍ਹੇ ਗੁੰਗੇ ਬੋਲੇ ਲੋਕ ਹੁੰਦੇ ਬੜੇ ਹੀ ਸੁਲੱਗ। ਜਿੰਨ੍ਹਾਂ ਮੱਥਿਆਂ 'ਚ ਜਾਗ ਪਵੇ ''ਬਾਬੇ'' ਵਾਲੀ ਅੱਖ, ਉਹ ਤਾਂ ਲੈਂਦੇ ਨੇ ਪਛਾਣ, ਵੱਡੇ ਸੱਜਣਾਂ 'ਚੋ ਠੱਗ।
ਅੰਬਰਾਂ ਨੂੰ ਉਡਾਰੀ ਭਰਨ ਲਈ
ਅੰਬਰਾਂ ਨੂੰ ਉਡਾਰੀ ਭਰਨ ਲਈ, ਅੱਖੀਆਂ 'ਚੋਂ ਨੀਂਦਰ ਟਾਲ ਦਿਉ। ਪੌਣਾਂ ਦੇ ਪੈਰੀਂ ਝਾਂਜਰ ਪਾ, ਧੜਕਣ ਨੂੰ ਸੁਰ ਤੇ ਤਾਲ ਦਿਉ। ਜੇ ਮਨ ਮੰਦਿਰ ਦੀ ਬਸਤੀ ਵਿਚ ਨੇਰ੍ਹੇ ਦਾ ਵਾਸ ਰਿਹਾ ਏਦਾਂ, ਰੂਹ ਵਾਲਾ ਚੰਬਾ ਖਿੜਨਾ ਨਹੀਂ, ਕਿਰਨਾਂ ਲਈ ਸੂਰਜ ਬਾਲ ਦਿਉ। ਅਣਦਿਸਦੀ ਚਾਰ ਦੀਵਾਰੀ ਵਿਚ, ਮੈਂ ਆਪੇ ਘਿਰਿਆ ਕੈਦੀ ਹਾਂ, ਮੇਰੇ ਤੋਂ ਮੈਨੂੰ ਮੁਕਤ ਕਰੋ, ਉਇ ਸੱਜਣੋ ਮਿੱਤਰੋ ਨਾਲ ਦਿਉ। ਜੇ ਚਾਹੋ ਬਰਕਤ ਘਰ ਆਵੇ, ਹਰਕਤ ਵੀ ਹਿੰਮਤ ਨਾਲ ਕਰੋ, ਮੱਥੇ ਵਿੱਚ ਜੋਤ ਜਗਾਉ ਫਿਰ, ਪੈਰਾਂ ਨੂੰ ਸੁਜਾਖ਼ੀ ਚਾਲ ਦਿਉ। ਇਹ ਜ਼ੋਰ ਜਵਾਨੀ ਮੁੜ ਮੁੜ ਕੇ, ਬੂਹੇ ਤੇ ਦਸਤਕ ਨਹੀਂ ਦੇਂਦੇ, ਹੁਣ ਤੇਲ ਬਰੂਹੀਂ ਸ਼ਗਨਾਂ ਦਾ, ਖ਼ੁਦ ਅਪਣੇ ਹੱਥੀਂ ਢਾਲ ਦਿਉ। ਬੰਦੇ 'ਚੋਂ ਬੰਦਾ ਦਿਸਦਾ ਨਹੀਂ, ਇਹ ਸ਼ਿਕਵਾ ਬਹੁਤ ਪੁਰਾਣਾ ਹੈ, ਆਪੇ 'ਚੋਂ ਖ਼ੁਦ ਨੂੰ ਢੂੰਡ ਲਵੋ, ਰੱਬ ਪੱਥਰਾਂ ਅੰਦਰੋਂ ਭਾਲਦਿਉ। ਵੱਡਿਆਂ ਦੀਆਂ ਪੈੜਾਂ ਨਾਪਦਿਆਂ, ਮੈਂ ਏਥੋਂ ਤੀਕਰ ਆਇਆ ਹਾਂ, ਤੁਰਦੇ ਰਹੋ ਸਫ਼ਰ ਨਿਰੰਤਰ ਤੇ, ਓਇ ਰਾਹੀਓ ਪਿਛਲੀ ਪਾਲ ਦਿਉ।
ਦਰਦ ਸੁੱਤਾ ਜਦ ਕਦੇ
ਦਰਦ ਸੁੱਤਾ ਜਦ ਕਦੇ ਵੀ ਜਾਗਦਾ ਹੈ। ਚੁੱਪ ਰਹਿ ਕੇ ਵੀ ਬੜਾ ਕੁਝ ਆਖਦਾ ਹੈ। ਧਰਤੀਆਂ ਆਕਾਸ਼ ਸਾਗਰ ਬੋਲ ਰਹੇ ਨੇ, ਫੇਰ ਵੀ ਹਾਲੇ ਬੜਾ ਕੁਝ ਅਣ-ਕਿਹਾ ਹੈ। ਮੇਘਲਾ ਬਰਸਾਤ ਮੰਗਣ ਧਰਤ ਵਾਲੇ, ਬੱਦਲੀਆਂ ਦੇ ਦਰਦ ਨੂੰ ਕਿਸ ਗੌਲ਼ਿਆ ਹੈ। ਜਿਸਮ ਦੀ ਕਰਤੂਤ ਵੇਖੋ, ਆਪ ਜਿਸਨੇ, ਅੱਜ ਤੀਕਰ ਰੂਹ 'ਚ ਨਾ ਮੁੜ ਝਾਕਿਆ ਹੈ। ਤੂੰ ਮੇਰੇ ਸਾਹਾਂ 'ਚ ਬਰਸੇਂ ਪਿਆਸ ਬਣ ਕੇ, ਰੂਹ 'ਚ ਕਿਣਮਿਣ ਕਰਨ ਤੋਂ ਕਿਸ ਵਰਜਿਆ ਹੈ। ਮੈਂ ਵੀ ਓਸੇ ਮਿਰਗ ਦੀ ਜੂਨੇ ਪਿਆ ਹਾਂ, ਜਿਸ ਦੀ ਖੁਸ਼ਬੂ, ਜ਼ਿੰਦਗੀ ਚੋਂ ਲਾਪਤਾ ਹੈ। ਪਰਤਣਾ ਪੈਂਦਾ ਹੈ ਆਖ਼ਰ ਧਰਤ ਉੱਤੇ, ਬਹੁਤ ਉੱਚਾ ਉੱਡ ਕੇ ਵੀ ਵੇਖਿਆ ਹੈ। ਤੂੰ ਮੇਰੇ ਵਿਸ਼ਵਾਸ ਨੂੰ ਠੋਕਰ ਜੇ ਮਾਰੀ, ਸਮਝ ਲਈਂ ਮੇਰੀ ਸਦੀਵੀ ਅਲਵਿਦਾ ਹੈ। ਦਰਦ ਕੱਲ੍ਹੇ ਹੋਣ ਦਾ, ਮੈਂ ਕੀਹ ਸੁਣਾਵਾਂ, ਸਿਖ਼ਰਲੀ ਟੀਸੀ ਤੇ ਉੱਗ ਦੇ ਵੇਖਿਆ ਹੈ।
ਤੂੰ ਮਿਲੀ ਤਾਂ ਓਸ ਵੇਲੇ
ਤੂੰ ਮਿਲੀ ਤਾਂ ਓਸ ਵੇਲੇ ਸਿਰ ਤੇ ਕਾਲੀ ਰਾਤ ਸੀ। ਚਾਰੇ ਪਾਸੇ ਉਸਤਰੇ ਸਨ, ਵਿੱਚ ਮੇਰੀ ਜ਼ਾਤ ਸੀ। ਮੈਂ ਹੁੰਗਾਰਾ ਭਰਨ ਤੋਂ ਪਹਿਲਾਂ ਤਾਂ ਨਾਬਰ ਸੀ ਜ਼ਰੂਰ, ਗੁਫ਼ਤਗੂ ਹੋਈ ਸ਼ੁਰੂ ਤਾਂ ਸਾਹਮਣੇ ਪ੍ਰਭਾਤ ਸੀ। ਪਿਆਰ ਦਾ ਇਜ਼ਹਾਰ ਤੂੰ ਕੀਤਾ, ਮੈਂ ਅੰਬਰ ਹੋ ਗਿਆ, ਚੰਨ ਤੇ ਸੂਰਜ ਵੀ ਰਲ ਕੇ ਸਾਡੇ ਅੱਗੇ ਮਾਤ ਸੀ। ਮੈਂ ਵੀ ਪਿਆਲਾ ਜ਼ਹਿਰ ਦਾ ਪੀਂਦਾ ਕਿਵੇਂ ਨਾ ਦੋਸਤੋ, ਮਾਪਿਆਂ ਨੇ ਮੇਰਾ ਨਾਂ ਜਦ ਰੱਖਿਆ ਸੁਕਰਾਤ ਸੀ। ਨੇਤਰਾਂ 'ਚੋਂ ਨੀਰ ਕਿਣ ਮਿਣ ਵਰ੍ਹ ਰਿਹੈ ਅੰਦਰ ਨੂੰ ਵੇਖ, ਫੇਰ ਨਾ ਆਖੀਂ ਤੂੰ ਇਹ ਬੇਮੌਸਮੀ ਬਰਸਾਤ ਸੀ। ਵਾਵਰ੍ਹੋਲਾ ਮਹਿਕ ਦਾ ਆਇਆ ਤੇ ਆ ਕੇ ਤੁਰ ਗਿਆ, ਰੋਕ ਲੈਂਦਾ ਓਸ ਨੂੰ, ਕਿੱਥੇ ਮੇਰੀ ਔਕਾਤ ਸੀ। ਖੰਭ ਟੁੱਟਣ ਬਾਦ ਜੀਕੂੰ, ਸਹਿਕਦੈ ਪੰਛੀ ਉਦਾਸ, ਤੇਰੇ ਪਿੱਛੋਂ ਹੋ ਗਏ ਕੁਝ, ਇਸ ਤਰ੍ਹਾਂ ਹਾਲਾਤ ਸੀ।
ਵਗ ਰਹੇ ਦਰਿਆ 'ਚ ਸੂਰਜ
ਵਗ ਰਹੇ ਦਰਿਆ 'ਚ ਸੂਰਜ ਸ਼ਾਮ ਵੇਲੇ ਲਹਿ ਗਿਆ। ਲਾਲਗੀ ਕੁਝ ਚਿਰ ਦਿਸੀ, ਫਿਰ ਉਹ ਵੀ ਮੰਜ਼ਰ ਵਹਿ ਗਿਆ। ਮੈਂ ਖਲੋਤਾ ਰਾਤ ਸਾਰੀ, ਰਹਿ ਗਿਆ ਇਸ ਬੋਲ ਤੇ, ਮੈਂ ਮੁੜਾਂਗਾ, ਕੱਲ੍ਹ ਸਵੇਰੇ, ਜਾਣ ਵਾਲਾ ਕਹਿ ਗਿਆ। ਨਾ ਕਿਤੇ ਅਸਮਾਨ ਤੰਬੂ ਵਾਂਗ ਹੇਠਾਂ ਆ ਗਿਰੇ, ਮੇਰੀ ਰੂਹ ਅੰਦਰ ਕਿਤੇ, ਡੂੰਘਾ ਜਿਹਾ ਡਰ ਛਹਿ ਗਿਆ। ਮਹਿਕ ਭਿੱਜੀ ਪੌਣ ਸੀ ਜਾਂ ਰੱਬ ਜਾਣੇ ਕੌਣ ਸੀ, ਸੁੰਘਿਆ, ਮਹਿਸੂਸਿਆ ਮੈਂ ਉਸ ਜਗ੍ਹਾ ਹੀ ਬਹਿ ਗਿਆ। ਰਾਤ ਭਰ ਸੁਪਨੇ 'ਚ ਵੱਸਿਆ, ਦਿਨ ਚੜ੍ਹੇ ਤੇ ਤੁਰ ਗਿਆ, ਇਤਰ ਦਾ ਤੂੰਬਾ ਜਿਵੇਂ ਧੜਕਣ ਮਿਰੀ ਨੂੰ ਖਹਿ ਗਿਆ। ਠੋਕਰਾਂ ਦਰ ਠੋਕਰਾਂ ਖਾ ਕੇ ਵੀ ਸਾਬਤ ਹੈ ਅਜੇ, ਭਰਮ-ਭਾਂਡਾ ਕਾਇਮ ਤੇਰੇ ਕਰਮ ਕਰਕੇ ਰਹਿ ਗਿਆ। ਧਰਮ ਨੂੰ ਬਾਜ਼ਾਰ ਵਿਚ ਵਿਕਦਾ ਮੈਂ ਅੱਖੀਂ ਵੇਖਿਐ, ਤੂੰ ਭੁਲੇਖਾ ਪਾਲ ਭਾਵੇਂ, ਮੇਰੇ ਮਨ ਤੋਂ ਲਹਿ ਗਿਆ।
ਹਾਓਕੇ ਜਦ ਵੀ ਰੋ ਰੋ
ਹਾਓਕੇ ਜਦ ਵੀ ਰੋ ਰੋ ਪੱਥਰ ਹੋ ਜਾਂਦੇ। ਅੱਥਰੂ ਆ ਕੇ ਜੰਮੀ ਰੱਤ ਨੂੰ ਧੋ ਜਾਂਦੇ। ਕੁਝ ਕੌਡਾਂ ਲਈ ਬੰਦੇ ਵਿਕਦੇ ਵੇਖੇ ਨੇ, ਲਾਲਚ ਖਾਤਰ ਅੰਨ੍ਹੇ ਬੋਲ਼ੇ ਹੋ ਜਾਂਦੇ। ਦੋਧੇ ਵਸਤਰ, ਬਗਲੇ ਇੱਕ ਲੱਤ ਭਾਰ ਖੜ੍ਹੇ, ਚਤੁਰ ਸ਼ਿਕਾਰੀ ਬਹੁਤ ਨਿਮਾਣੇ, ਹੋ ਜਾਂਦੇ। ਜਿਹੜੇ ਲੋਕੀਂ ਧਰਤੀ ਮਾਂ ਨੂੰ ਮਾਂ ਸਮਝਣ, ਅਪਣੀ ਰੱਤ ਵਿੱਚ ਤਨ ਦੀ ਮਿੱਟੀ ਗੋ ਜਾਂਦੇ। ਮੇਰੀ ਜ਼ਾਤ ਔਕਾਤ ਨਹੀਂ ਸੀ ਲਿਖ ਸਕਦਾ, ਕਈ ਵਾਰੀ ਬੱਸ 'ਸ਼ਬਦ' ਸਿਆਣੇ ਹੋ ਜਾਂਦੇ। ਬੰਦੇ ਦੀ ਵਲਦੀਅਤ ਪੈਸਾ ਜਦ ਬਦਲੇ, ਧਰਮ ਅਤੇ ਇਖ਼ਲਾਕ ਵੀ ਕਾਣੇ ਹੋ ਜਾਂਦੇ।
ਤੈਨੂੰ ਜੇ ਦਸਤਾਰ ਵੀ
ਤੈਨੂੰ ਜੇ ਦਸਤਾਰ ਵੀ ਸਿਰ ਤੇ ਭਾਰੀ ਹੈ। ਸਮਝ, ਪ੍ਰਾਹਣੀ ਫਿਰ ਤੇਰੀ ਸਿਰਦਾਰੀ ਹੈ। ਜੇ ਤੇਰਾ ਮੂੰਹ ਦੁਖੇ ਪੰਜਾਬੀ ਬੋਲਦਿਆਂ, ਸਮਝੀਂ ਤੇਰੀ ਜੜ੍ਹ ਤੇ ਫਿਰਦੀ ਆਰੀ ਹੈ। ਧਰਤੀ ਦੀ ਮਰਿਆਦਾ ਕੌਣ ਸੰਭਾਲੇਗਾ, ਧੀਆਂ ਪੁੱਤਰਾਂ ਦੀ ਇਹ ਜ਼ਿੰਮੇਵਾਰੀ ਹੈ। ਬੋਲ ਸਲਾਮਤ ਰੱਖੀਂ, ਜੇ ਤੂੰ ਜੀਣਾ ਏਂ, ਨਿਰਸ਼ਬਦੇ ਦਾ ਜੀਵਨ ਵੀ ਕਿਸ ਕਾਰੀ ਹੈ। ਨਾਨਕ, ਬੁੱਲ੍ਹਾ, ਵਾਰਿਸ, ਬਾਹੂ ਜਾਂ ਫਿਰ ਕੌਣ? ਮੈਨੂੰ ਪਿੱਛੋਂ, 'ਵਾਜ਼ ਕਿਸੇ ਨੇ ਮਾਰੀ ਹੈ। ਗਰਦਨ ਸਿੱਧੀ ਰੱਖਣਾ ਕੋਈ ਸਹਿਲ ਨਹੀਂ, ਤੂੰ ਕੀਹ ਜਾਣੇ, ਕਿੰਨੀ ਕੀਮਤ ਤਾਰੀ ਹੈ। ਸੀਸ ਤਲੀ ਤੇ, ਧਰਦੇ ਲੋਕੀਂ ਮੁੱਕੇ ਨਹੀਂ, ਸਫ਼ਰ ਨਿਰੰਤਰ ਹਾਲੇ ਤੱਕ ਵੀ ਜਾਰੀ ਹੈ। 'ਊੜਾ ਐੜਾ' ਦੁਨੀਆਂ ਅੰਦਰ ਰੁਲ ਚੱਲਿਆ, ਏ ਬੀ ਸੀ ਦੀ ਹੁਕਮਰਾਨ ਸੰਗ ਯਾਰੀ ਹੈ। ਸੰਗਲੀ ਬੱਧਾ ਸ਼ੇਰ, ਕਤੂਰਾ ਬਣ ਬੈਠਾ, ਸੱਚ ਪੁੱਛੋ ਤਾਂ ਲਾਅਣਤ ਦਾ ਅਧਿਕਾਰੀ ਹੈ।
ਜ਼ਿੰਦਗੀ ਦਾ ਹੱਕ ਖੋਹਵਣ ਵਾਲੇ
ਜ਼ਿੰਦਗੀ ਦਾ ਹੱਕ ਖੋਹਵਣ ਵਾਲੇ, ਬੋਲਣ ਦਾ ਹੱਕ ਮੰਗ ਰਹੇ ਨੇ। ਜਦ ਜੀਅ ਚਾਹੇ, ਜਿਉਂ ਜੀਅ ਚਾਹੇ, ਵਕਤ ਨੂੰ ਸੂਲੀ ਟੰਗ ਰਹੇ ਨੇ। ਸੱਥਰ ਵਿਛਦੇ ਵੇਖ, ਬਾਘੀਆਂ ਪਾਉਂਦੇ ਪਾਉਂਦੇ, ਇਹ ਕੀ ਹੋਇਆ, ਆਪਣੀ ਵਾਰੀ ਮਿੱਟੀ ਹੋ ਗਏ, ਹੁਣ ਕਿਉਂ ਮਰਨੋਂ ਸੰਗ ਰਹੇ ਨੇ। ਸ਼ਬਦਾਂ ਓਹਲੇ ਲੁਕਣ ਮਚਾਈਆਂ, ਖੇਡਣ ਵਾਲੇ ਖੇਖਣਹਾਰੇ, ਥੋੜ੍ਹੇ ਬਹੁਤੇ ਫ਼ਰਕ ਨਾਲ ਸਭ ਹਥਿਆਰਾਂ ਦਾ ਅੰਗ ਰਹੇ ਨੇ। ਸ਼ਾਸਤਰਾਂ ਨੂੰ ਪਿੱਛੇ ਕਰਕੇ, ਸੀਸ ਵਿਹੂਣਾ ਕਰਦੇ ਸਾਨੂੰ, ਸ਼ਸਤਰ ਨੂੰ ਹੀ ਪੂਜੋ, ਲੁਕਵੇਂ ਹਰ ਵੈਰੀ ਦੇ ਢੰਗ ਰਹੇ ਨੇ। ਸੱਜੇ ਹੱਥ ਤੋਂ ਚੋਰੀ ਚੋਰੀ, ਖੱਬਾ ਹੱਥ ਭਲਾ ਕੀਹ ਕਰਦਾ? ਵਕਤ ਗੁਆ ਕੇ ਅਕਲਾਂ ਵਾਲੇ, ਹੁਣ ਕਿਉਂ ਏਨੇ ਦੰਗ ਰਹੇ ਨੇ। ਚਿੱਟਾ ਪਰਚਮ ਹੱਥੀਂ ਲੈ ਕੇ, ਅਮਨ ਕੂਕਦੇ ਫਿਰਦੇ ਟੋਲੇ, ਸਾਡਾ ਖ਼ੂਨ ਕਸ਼ੀਦ ਕੇ ਸਾਨੂੰ, ਆਪਣੇ ਰੰਗ ਵਿਚ ਰੰਗ ਰਹੇ ਨੇ। ਨਾ ਬਾਬਰ ਹੁਣ ਕਾਬਲੋਂ ਆਵੇ, ਨਾ ਹੀ ਲਸ਼ਕਰ ਯੁੱਧ ਮਚਾਵੇ, ਰੂਹਾਂ ਉੱਪਰ ਕਬਜ਼ਾ ਕਰਕੇ, ਹੁਣ ਤਾਂ ਜਾਬਰ ਡੰਗ ਰਹੇ ਨੇ।
ਪੂਰਨ ਪੁੱਤ ਪਰਦੇਸੀਂ ਜਦ ਵੀ
ਮਿੱਤਰ ਸ਼ਮਸ਼ੇਰ ਸਿੰਘ ਸੰਧੂ ਦੇ ਪਿੰਡ ਮਦਾਰਪੁਰਾ ਦੇ ਨਾਂ ਪੂਰਨ ਪੁੱਤ ਪਰਦੇਸੀਂ ਜਦ ਵੀ ਕਰਨ ਕਮਾਈਆਂ ਤੁਰ ਜਾਂਦੇ ਨੇ। ਕੱਚੇ ਕੋਠੇ ਸਣੇ ਬਨੇਰੇ, ਭੁਰਦੇ ਭੁਰਦੇ ਭੁਰ ਜਾਂਦੇ ਨੇ। ਘਰ ਦਾ ਨਾਂ ਤਾਂ 'ਰੈਣ ਬਸੇਰਾ' ਰੱਖ ਲਿਆ ਸੀ ਵੇਖਾ ਵੇਖੀ, ਯਾਦ ਨਹੀਂ ਸੀ ਸਗਲ ਮੁਸਾਫ਼ਿਰ, ਰਾਤਾਂ ਕੱਟ ਕੇ ਤੁਰ ਜਾਂਦੇ ਨੇ। ਰਾਤੀਂ ਅੰਬਰ ਤੇ ਚੰਨ ਚੜ੍ਹਿਆ, ਤਾਰੇ ਲਿਸ਼ਕੇ, ਚਲੇ ਗਏ ਨੇ, ਠੋਸ ਹਕੀਕਤ ਪੱਲੇ ਪਾ ਕੇ, ਕੱਚੇ ਸੁਪਨੇ ਖੁਰ ਜਾਂਦੇ ਨੇ। ਜੇ ਧਰਤੀ ਦੇ ਨੇੜੇ ਰਹੀਏ, ਵਣ ਤ੍ਰਿਣ ਨਾਲ ਦੋਸਤੀ ਰੱਖੀਏ, ਤੁਰਦੇ ਫਿਰਦੇ, ਗ਼ਜ਼ਲਾਂ ਵਰਗੇ, ਕਿੰਨੇ ਫੁਰਨੇ ਫੁਰ ਜਾਦੇ ਨੇ। ਧਰਤ ਸਮੁੰਦਰ, ਅੰਬਰ ਗਾਵੇ, ਜਿੰਦ ਸਾਹਵਾਂ ਵਿਚ ਘੁਲਦੀ ਜਾਵੇ, ਕਣ ਕਣ ਵਿਚ ਖੁਸ਼ਬੋਈ ਦੇ ਸੰਗ, ਸ਼ਬਦ ਸਰੂਰੇ ਸੁਰ ਜਾਂਦੇ ਨੇ। ਧਰਤ ਤਪੰਦੜੀ ਕਣੀਆਂ ਲੋੜੇ, ਸ਼ਾਇਰ ਹੈਂ ਤੂੰ ਖੁੱਲ੍ਹ ਕੇ ਵਰ੍ਹ ਜਾ, ਬੋਲ ਇਲਾਹੀ ਵੇਖੀਂ ਕਿੱਦਾਂ, ਰੂਹ ਦੇ ਅੰਦਰ ਧੁਰ ਜਾਂਦੇ ਨੇ। ਵਕਤ ਬੜਾ ਹੀ ਜ਼ਾਲਮ ਸਾਈਂ, ਸਭ ਪਹਿਚਾਣੇ ਅਸਲੀ ਨਕਲੀ, ਬਿਰਖ਼ ਸਲਾਮਤ ਰਹਿੰਦਾ, ਸਾਏ ਨੇਰ੍ਹੇ ਦੇ ਵਿਚ ਖ਼ੁਰ ਜਾਂਦੇ ਨੇ।
ਕੱਚੇ ਵਿਹੜਿਆਂ ਨੇ ਜਿਹੜਾ
ਕੱਚੇ ਵਿਹੜਿਆਂ ਨੇ ਜਿਹੜਾ ਸਾਨੂੰ ਸਬਕ ਪੜ੍ਹਾਇਆ। ਸਾਡੇ ਅੜੇ ਥੁੜੇ ਵੇਲੇ ਸੱਚੀਂ ਬੜਾ ਕੰਮ ਆਇਆ। ਆਡਾਂ ਬੰਨਿਆਂ ਤੇ ਦੌੜਦੇ ਨਾ ਕਦੇ ਅਸੀਂ ਡਿੱਗੇ, ਸੰਗ ਮਰਮਰ ਉੱਤੇ ਸਾਨੂੰ ਤੁਰਨਾ ਨਾ ਆਇਆ। ਤੈਨੂੰ ਘੇਰਨੈਂ ਮੁਸੀਬਤਾਂ ਨੇ ਹੋਵੀਂ ਨਾ ਉਦਾਸ, ਮੈਨੂੰ ਤਲਖ਼ ਹਕੀਕਤਾਂ ਨੇ ਇਹੀ ਏ ਸਿਖਾਇਆ। ਖ਼ੁਦ ਬਣਨਾ ਪਿਆ ਤਾਂ ਪੁੱਤ ਬਣੀਂ ਸਦਾ ਰੁੱਖ, ਮੇਰੇ ਮਾਪਿਆਂ ਨੇ ਮੈਨੂੰ ਸਦਾ ਏਹੀ ਸਮਝਾਇਆ। ਮੇਰੀ ਰੂਹ ਵਿਚ ਜੀਣ ਸਦਾ ਧੀਆਂ ਤੇ ਧਰੇਕਾਂ, ਏਸੇ ਕਰਕੇ ਮੈਂ ਚਿੜੀਆਂ ਨੂੰ ਕਦੇ ਨਹੀਂ ਉਡਾਇਆ। ਜਦੋਂ ਮੁੱਕ ਜਾਵੇ ਜ਼ਿੰਦਗੀ ਦੇ ਦੀਵੇ ਵਿਚੋਂ ਤੇਲ, ਬੱਤੀ ਆਂਦਰਾਂ ਦੀ ਬਾਲ਼, ਸਾਡੀ ਰੱਤ ਨੇ ਜਗਾਇਆ। ਮੇਰੇ ਮੋਢਿਆਂ 'ਤੇ ਚੜ੍ਹ ਕੇ ਜੇ ਬੌਣੇ ਖ਼ੁਸ਼ ਹੋਏ, ਮੇਰਾ ਮਿੱਟੀ ਦਾ ਵਜੂਦ, ਚਲੋ! ਕਿਸੇ ਕੰਮ ਆਇਆ।
ਮਨ ਦਾ ਬਗੀਚਾ
ਮਨ ਦਾ ਬਗੀਚਾ ਭਰਪੂਰ ਜਿਹਾ ਰਹਿੰਦਾ ਏ। ਅੱਖੀਆਂ 'ਚ ਤਾਹੀਓਂ ਹੀ ਸਰੂਰ ਜਿਹਾ ਰਹਿੰਦਾ ਏ। ਮੈਂ ਵੀ ਕਿਤੇ ਬੈਠਿਆ ਹਾਂ, ਧੁਰ ਤੇਰੇ ਦਿਲ ਵਿਚ, ਏਸੇ ਲਈ ਹੀ ਅੱਖੀਆਂ 'ਚ ਨੂਰ ਜਿਹਾ ਰਹਿੰਦਾ ਏ। ਤਾਰਿਆਂ ਨੂੰ ਝੋਰਾ ਖਾਵੇ, ਕੱਲ੍ਹੇ ਕੱਲ੍ਹੇ ਹੋਣ ਵਾਲਾ, ਕਾਹਦਾ ਫਿਰ ਚੰਨ ਨੂੰ ਗਰੂਰ ਜਿਹਾ ਰਹਿੰਦਾ ਏ। ਬੇਲਿਆਂ 'ਚ ਵੰਝਲੀ ਉਦਾਸ ਜਦੋਂ ਬੋਲਦੀ, ਦਿਲ ਦਾ ਪਰਿੰਦਾ, ਮੈਥੋਂ ਦੂਰ ਜਿਹਾ ਰਹਿੰਦਾ ਏ। ਇਕ ਪਾਸੇ ਵਾਢੀਆਂ ਤੇ ਦੂਜੇ ਪਾਸੇ ਫੁੱਲ ਵੀ ਨੇ, ਏਸ ਰੁੱਤੇ ਅੰਬਾਂ ਨੂੰ ਵੀ ਬੂਰ ਜਿਹਾ ਰਹਿੰਦਾ ਏ। ਜਦੋਂ ਕਦੇ ਕਰੇਂ ਕੋਸੇ ਸਾਹਾਂ ਦੀ ਟਕੋਰ ਮੈਨੂੰ, ਓਸ ਪਿੱਛੋਂ ਦਿਲ ਮਖ਼ਮੂਰ ਜਿਹਾ ਰਹਿੰਦਾ ਏ। ਜਦੋਂ ਵੀ ਸਵੇਰ ਸਾਰ ਬੋਲ ਤੇਰੇ ਪੈਣ ਕੰਨੀਂ, ਓਸ ਦਿਨ ਦਿਲ ਪੁਰਨੂਰ ਜਿਹਾ ਰਹਿੰਦਾ ਏ।
ਸ਼ਹਿਰ ਆ ਕੇ ਦਿਲ
ਸ਼ਹਿਰ ਆ ਕੇ ਦਿਲ ਮਗਰੂਰ ਜਿਹਾ ਹੋ ਗਿਆ। ਖੁਸ਼ੀਆਂ ਦਾ ਡੇਰਾ ਤਾਹੀਓਂ ਦੂਰ ਜਿਹਾ ਹੋ ਗਿਆ। ਫੁੱਲਾਂ ਵਿਚ ਰੰਗ, ਖੁਸ਼ਬੋਈ ਮੇਰੇ ਅੰਗ ਸੰਗ, ਕਣ ਕਣ ਮਹਿਕ ਭਰਪੂਰ ਜਿਹਾ ਹੋ ਗਿਆ। ਜਿਸਮਾਂ ਨੂੰ ਛੱਡ ਇਹ ਤਾਂ ਮਿੱਟੀ ਦੀਆਂ ਢੇਰੀਆਂ, ਦਿਲ ਵੀ ਤਾਂ ਪਹਿਲਾਂ ਨਾਲੋਂ ਦੂਰ ਜਿਹਾ ਹੋ ਗਿਆ। ਜਾਬਰਾਂ ਦੇ ਵੱਸ ਵੇਖ ਨਾਬਰਾਂ ਦੀ ਜ਼ਿੰਦਗੀ, ਸਾਬਰਾਂ ਦਾ ਦਿਲ ਕਿਉਂ ਮਨੂਰ ਜਿਹਾ ਹੋ ਗਿਆ। ਲਾਲ ਪੀਲਾ ਹੋਈ ਜਾਵੇ, ਚਿੱਟੇ ਖ਼ੂਨ ਵਾਲਿਆ, ਜਾਪੇ ਤੂੰ ਵੀ ਧਰਤੀ ਤੋਂ ਦੂਰ ਜਿਹਾ ਹੋ ਗਿਆ। ਆਈ ਏ ਆਵਾਜ਼ ਮੈਨੂੰ ਦੁੱਲੇ ਵਾਲੀ ਬਾਰ 'ਚੋਂ, ਰਾਵੀ ਦਿਆਂ ਪੱਤਣਾਂ ਤੇ ਨੂਰ ਜਿਹਾ ਹੋ ਗਿਆ। ਗ਼ਜ਼ਲਾਂ 'ਚੋਂ ਲੱਭ ਲਵੀਂ, ਦੱਸੀਂ ਤੂੰ ਪਛਾਣ ਕੇ, ਮੈਥੋਂ ਮੇਰਾ ਪਿੰਡ ਕਿਵੇਂ ਦੂਰ ਜਿਹਾ ਹੋ ਗਿਆ।
ਭੋਲਿਆਂ ਪਰਿੰਦਿਆਂ ਨੂੰ
ਭੋਲਿਆਂ ਪਰਿੰਦਿਆਂ ਨੂੰ ਜਦੋਂ ਕੋਈ ਠੱਗਦਾ। ਮੈਨੂੰ ਸਦਾ ਆਪਣਾ ਕਸੂਰ ਜਿਹਾ ਲੱਗਦਾ। ਧਰਤੀ ਦਾ ਪੁੱਤ ਬਣ, ਏਨੀ ਗੱਲ ਜਾਣ ਲੈ, ਫ਼ਲ ਨਾਲੋਂ ਪਹਿਲਾਂ ਸਦਾ ਬੂਰ ਜਿਹਾ ਲੱਗਦਾ। ਨੇਰ੍ਹ ਤੇ ਸਵੇਰ ਦਾ ਵਿਰੋਧ ਨਹੀਓਂ ਮੁੱਕਣਾ, ਰਾਤਾਂ ਨੂੰ ਤਾਂ ਐਵੇਂ ਹੀ ਫਤੂਰ ਜਿਹਾ ਲੱਗਦਾ। ਪੀਣ ਵਾਲੀ ਇਨ੍ਹਾਂ ਕੋਲ ਇਕ ਸੁੱਚੀ ਤਿੱਪ ਨਹੀਂ, ਸਾਗਰਾਂ ਨੂੰ ਫੋਕਾ ਕਿਉਂ ਗਰੂਰ ਜਿਹਾ ਲੱਗਦਾ। ਵਿੱਚੋਂ ਤਪੀ ਮਿੱਟੀ ਤੇ ਪਕਾਵੇ ਬੀਬੀ ਰੋਟੀਆਂ, ਬਾਹਰੋਂ ਠੰਢਾ ਠਾਰ ਕਿਉਂ ਤੰਦੂਰ ਜਿਹਾ ਲੱਗਦਾ। ਚੁੰਮਦਾ ਦਲ੍ਹੀਜ਼ ਇਹਦੀ ਸੂਰਜਾ ਸਵੇਰ ਸ਼ਾਮ, ਧਰਤੀ ਨੂੰ ਐਵੇਂ ਮਗਰੂਰ ਜਿਹਾ ਲੱਗਦਾ। ਜਿੰਨਾ ਸਾਡਾ ਗੁਰੂ ਦੇ ਸੰਦੇਸ਼ੜੇ ਤੋਂ ਫ਼ਾਸਲਾ, ਓਨਾ ਨਨਕਾਣਾ ਸਾਨੂੰ ਦੂਰ ਜਿਹਾ ਲੱਗਦਾ।
ਡਰਦੇ ਹਾਂ ਧੁੱਪਾਂ ਕੋਲੋਂ
ਡਰਦੇ ਹਾਂ ਧੁੱਪਾਂ ਕੋਲੋਂ ਛਾਵਾਂ ਦੇ ਗੁਲਾਮ ਹਾਂ। ਘੁੱਗੀਆਂ ਦੇ ਬੱਚੇ ਵਾਂਗੂੰ ਕਾਵਾਂ ਦੇ ਗੁਲਾਮ ਹਾਂ। ਆਲ੍ਹਣੇ ਨਾ ਪੈਂਦੇ ਸਾਡੇ, ਪੱਕਿਆਂ ਮਹੱਲਾਂ ਵਿੱਚ, ਰੁੱਖਾਂ ਦੀਆਂ ਟਾਹਣੀਆਂ ਜਹੇ ਥਾਵਾਂ ਦੇ ਗੁਲਾਮ ਹਾਂ। ਤਰਨਾ ਜੇ ਜਾਣਦੇ ਤਾਂ ਪਾਰ ਲੰਘ ਜਾਂਦੇ ਅਸੀਂ, ਹੁਣ ਤਾਂ ਸ਼ੈਤਾਨ ਜਹੇ ਮਲਾਹਵਾਂ ਦੇ ਗੁਲਾਮ ਹਾਂ। ਕੱਢਿਆ ਫਰੰਗੀ ਨੂੰ ਸੀ ਗ਼ੈਰ ਖ਼ੂਨ ਜਾਣ ਕੇ ਹੀ, ਹੁਣ ਕੀਹਨੂੰ ਦੱਸੀਏ ਭਰਾਵਾਂ ਦੇ ਗੁਲਾਮ ਹਾਂ। ਫ਼ਸਲਾਂ ਦੇ ਸਾਂਈਂ ਅਸੀਂ ਅੰਨ-ਦਾਤੇ ਦੁਨੀਆਂ ਦੇ, ਸਾਰਾ ਕੁਝ ਹੁੰਦੇ ਸੁੰਦੇ ਸ਼ਾਹਵਾਂ ਦੇ ਗੁਲਾਮ ਹਾਂ। ਸੜਕਾਂ, ਹਵਾਈ ਅੱਡੇ, ਰੇਲ ਗੱਡੀ, ਸਾਡਾ ਕੀਹ ਏ? ਪੈਰੋਂ ਨੰਗੇ ਅਸੀਂ ਕੱਚੇ ਰਾਹਵਾਂ ਦੇ ਗੁਲਾਮ ਹਾਂ। ਜ਼ਾਤਾਂ, ਗੋਤਾਂ, ਧਰਮਾਂ ਨੇ ਬਟਿਆਂ 'ਚ ਵੰਡਿਆ ਹੈ, ਰੁਲ ਕੇ ਵੀ ਅਸੀਂ ਹਾਲੇ ਨਾਵਾਂ ਦੇ ਗੁਲਾਮ ਹਾਂ। ਆਪਣੀ ਔਕਾਤ, ਜ਼ਾਤ ਕਦੇ ਵੀ ਪਛਾਣੀਏ ਨਾ, ਮੰਡੀ ਵਿਚ ਟੰਗੇ ਹੋਏ ਭਾਵਾਂ ਦੇ ਗੁਲਾਮ ਹਾਂ। ਜੰਮਿਆ ਤੇ ਪਾਲਿਆ, ਸੰਭਾਲਿਆ ਹੈ ਤਿੰਨਾਂ ਨੇ ਹੀ, ਮਾਤ ਭੂਮ, ਬੋਲੀ ਅਤੇ ਮਾਵਾਂ ਦੇ ਗੁਲਾਮ ਹਾਂ।
ਹਨ੍ਹੇਰੇ ਦੀ ਰਿਆਸਤ ਵੇਖ ਕੇ
ਹਨ੍ਹੇਰੇ ਦੀ ਰਿਆਸਤ ਵੇਖ ਕੇ ਜੇ ਡਰ ਗਏ ਹੁੰਦੇ। ਅਸੀਂ ਵੀ ਸ਼ਾਮ ਢਲਣੋਂ ਬਹੁਤ ਪਹਿਲਾਂ ਘਰ ਗਏ ਹੁੰਦੇ। ਜੇ ਚੂਰੀ ਖਾਣ ਦੀ ਆਦਤ ਪਕਾ ਲੈਂਦੇ ਤਾਂ ਕੀਹ ਹੁੰਦਾ, ਅਸੀਂ ਜਿਸਮਾਂ ਦੀ ਮੌਤੋਂ, ਬਹੁਤ ਪਹਿਲਾਂ ਮਰ ਗਏ ਹੁੰਦੇ। ਮੈਂ ਦਾਤਾ ਬਣਨ ਵਾਲੀ ਰੀਝ ਦਾ ਧੰਨਵਾਦ ਕਰਦਾ ਹਾਂ, ਜੇ ਰਲਦੇ ਮੰਗਤਿਆਂ ਵਿਚ, ਧੁਰ ਜ਼ਮੀਰੋਂ ਠਰ ਗਏ ਹੁੰਦੇ। ਨਿਰੰਤਰ ਜੀਣ ਦੀ ਇੱਛਾ ਨੂੰ ਆਪਾਂ ਮਰਨ ਨਾ ਦਿੱਤਾ, ਇਹੀ ਜੇ ਡੁੱਬ ਜਾਂਦੀ, ਲਾਸ਼ ਵਾਂਗੂੰ ਤਰ ਗਏ ਹੁੰਦੇ। ਨਹੀਂ ਜੇਤੂ ਅਸੀਂ ਪਰ ਵੇਖ ਲਉ ਸਿੱਧੇ ਖਲੋਤੇ ਹਾਂ, ਅਸੀਂ ਵੀ ਰੀਂਘਦੇ ਹੋਣਾ ਸੀ, ਜੇਕਰ ਹਰ ਗਏ ਹੁੰਦੇ। ਕਿਵੇਂ ਦੁੱਲੇ ਤੋਂ ਬੁੱਲ੍ਹੇ ਤੀਕ ਆਪਾਂ ਪਹੁੰਚਦੇ ਯਾਰੋ, ਅਸੀਂ ਤਲਵਾਰ ਤੋਂ ਜਾਂ ਤੀਰ ਤੋਂ ਜੇ ਡਰ ਗਏ ਹੁੰਦੇ। ਅਸੀਂ ਰਾਹਵਾਂ 'ਚ ਗੁੰਮ ਜਾਵਣ ਤੋਂ ਕਿੰਜ ਬਚਣਾ ਸੀ ਹਮਸਫ਼ਰੋ, ਵਡੇਰੇ ਮਮਟੀਆਂ ਤੇ ਜੇ ਨਾ ਦੀਵੇ ਧਰ ਗਏ ਹੁੰਦੇ।
ਲਾਵੀਂ ਨਾ ਗਮਲੇ ਵਿਚ
ਲਾਵੀਂ ਨਾ ਗਮਲੇ ਵਿਚ, ਧਰਤੀ 'ਚ ਉਗਾ ਮੈਨੂੰ। ਜੜ੍ਹ ਡੂੰਘੀ ਫ਼ੈਲਰ ਕੇ, ਮਹਿਕਣ ਦਾ ਚਾਅ ਮੈਨੂੰ। ਖ਼ੁਸ਼ਬੂ ਮਹਿਸੂਸ ਕਰੀਂ, ਚਾਵਾਂ ਵਿਚ, ਸਾਹਵਾਂ ਵਿਚ, ਮੰਡੀ ਵਿਚ ਵੇਚੀਂ ਨਾ, ਮਿੱਟੀ ਦੇ ਭਾਅ ਮੈਨੂੰ। ਦਮ ਮੇਰਾ ਘੁਟਦਾ ਹੈ, ਪਥਰੀਲੇ ਘਰ ਅੰਦਰ, ਮੈਂ ਜੀਣਾ ਚਾਹੁੰਦੀ ਹਾਂ, ਲੈ ਲੈਣ ਦੇ ਸਾਹ ਮੈਨੂੰ। ਜੰਗਲ ਦੀ ਛੋਹਰੀ ਹੈਂ, ਤੂੰ ਮੇਰੀ ਪੋਰੀ ਹੈਂ, ਮੈਂ ਆਖਿਆ ਵੰਝਲੀ ਨੂੰ, ਕੋਈ ਤਾਨ ਸੁਣਾ ਮੈਨੂੰ। ਪਹਿਚਾਣ ਜ਼ਰਾ ਮੈਨੂੰ, ਮੈਂ ਤੇਰੀ ਸ਼ਕਤੀ ਹਾਂ, ਟਾਹਣਾਂ ਨੂੰ ਛੇੜ ਜ਼ਰਾ ਤੇ ਪੌਣ ਝੁਲਾ ਮੈਨੂੰ। ਤੂੰ ਦੂਰ ਖਲੋਵੀਂ ਨਾ, ਮਗਰੂਰ ਨਾ ਹੋ ਜਾਵੀਂ, ਜੇ ਆਪ ਨਹੀਂ ਆਉਣਾ ਤਾਂ ਕੋਲ ਬੁਲਾ ਮੈਨੂੰ। ਵੇਦਨ ਹਾਂ ਭਟਕ ਰਹੀ, ਬਿਨ ਦੇਹੀ ਅਜ਼ਲਾਂ ਤੋਂ, ਸੁਰਤਾਲ 'ਚ ਬੰਨ੍ਹ ਮੈਨੂੰ ਤੇ ਗ਼ਜ਼ਲ ਬਣਾ ਮੈਨੂੰ।
ਆਪਸ ਦੇ ਵਿਚ ਕਿਉਂ ਲੜਦੇ ਹਾਂ
ਆਪਸ ਦੇ ਵਿਚ ਕਿਉਂ ਲੜਦੇ ਹਾਂ, ਦੁਸ਼ਮਣ ਤਾਂ ਕੋਈ ਹੋਰ ਹੈ। ਪੁਤਲੀਗਰ ਨੂੰ ਕਿਉਂ ਨਹੀਂ ਲੱਭਦੇ, ਜਿਸਦੇ ਹੱਥ ਵਿਚ ਡੋਰ ਹੈ। ਚੋਰ ਚੋਰ ਦਾ ਰੌਲਾ ਪਾਉਂਦੇ, ਚੋਰ ਗੁਆ ਕੇ ਬਹਿ ਗਏ ਹਾਂ, ਉਹ ਤਾਂ ਚੁੱਪ ਚੁਪੀਤਾ ਬੈਠਾ, ਜਿਸਦੇ ਮਨ ਵਿਚ ਚੋਰ ਹੈ। ਉੱਚੀ 'ਵਾਜ਼ ਵਜਾ ਕੇ ਵਾਜੇ, ਦਰ ਦਰਵਾਜ਼ੇ ਤੋੜ ਰਿਹੈ, ਚੌਂਕ ਚੁਰਸਤੇ ਫਿਰੇ ਭਟਕਦਾ, ਇਹ ਤਾਂ ਮਨ ਦਾ ਸ਼ੋਰ ਹੈ। ਬਿਰਖ਼ਾਂ ਦੇ ਰਖਵਾਲੇ ਬਹਿ ਗਏ ਆਰੇ ਲਾ ਕੇ ਜੰਗਲ ਵਿਚ, ਹਿੱਸੇ ਆਉਂਦਾ ਚੀਰੀ ਜਾਂਦੇ, ਜਿੰਨਾ ਜਿੰਨਾ ਜ਼ੋਰ ਹੈ। ਸਾਲਮ ਸਾਬਤ ਚਿਹਰੇ ਵਾਲਾ ਕਦ ਤੱਕ ਭਰਮ ਸੰਭਾਲੇਂਗਾ, ਜਿਹੜਾ ਅੰਦਰੋਂ ਤਿੜਕ ਗਿਆ ਏ, ਉਹ ਸ਼ੀਸ਼ਾ ਤਾਂ ਹੋਰ ਹੈ। ਮੂੰਹ ਵਿਚ ਰਾਮ ਬਗਲ ਵਿਚ ਛੁਰੀਆਂ ਰੱਖਣ ਵਾਲੇ ਦੱਸਦੇ ਨੇ, ਧਰਮ ਅਤੇ ਇਨਸਾਫ਼ ਦਾ ਰਾਖਾ ਖ਼ੁਦ ਵੀ ਆਦਮਖ਼ੋਰ ਹੈ। ਉੱਚੇ ਬਿਰਖ਼ ਮੁਹੱਬਤਾਂ ਵਾਲੇ, ਸਿਰ ਤੇ ਛਾਵਾਂ ਤਣਦੇ ਨੇ, ਤਾਂਹੀ ਪੈਲਾਂ ਪਾਉਂਦਾ, ਗਾਉਂਦਾ, ਮਨ ਮੰਦਿਰ ਦਾ ਮੋਰ ਹੈ।
ਡਾਲਰਾਂ ਦੇ ਅੱਗੇ ਮੁੱਲ ਘਟਿਆ
ਡਾਲਰਾਂ ਦੇ ਅੱਗੇ ਮੁੱਲ ਘਟਿਆ ਰੁਪਈਆਂ ਦਾ। ਪੈ ਗਿਆ ਪਟਾਕਾ ਸਾਡੇ ਭਰਮਾਂ ਦੇ ਪਹੀਆਂ ਦਾ। ਚੱਬ ਜਾਊ ਸਾਨੂੰ ਮੰਡੀ ਆਲਮੀ ਦਾ ਦਿਓ-ਦੈਂਤ, ਪਿੱਛੋਂ ਪਤਾ ਲੱਗਦੈ ਸਿਆਣੇ ਦੀਆਂ ਕਹੀਆਂ ਦਾ। ਸੱਜਰੀ ਪਕਾ ਕੇ ਦੇਣ ਵਾਲੀ ਬੇਬੇ ਮਰ ਗਈ, ਢੇਰ ਹੈ ਫਰਿੱਜ ਵਿਚ ਬੇਹੀਆਂ ਤਰ ਬੇਹੀਆਂ ਦਾ। ਘੜ ਨਾ ਬਹਾਨੇ, ਤੁਰ ਕਾਫ਼ਲੇ ਦੇ ਨਾਲ-ਨਾਲ, ਬਣੀਂ ਨਾ ਪੁਜਾਰੀ ਵੀਰਾ, ਪਿੱਛੇ ਪੈੜਾਂ ਰਹੀਆਂ ਦਾ। ਮੁੱਲ ਕਦੇ ਮੰਗਿਆ, ਸ਼ਹੀਦਾਂ ਨਾ ਮੁਰੀਦਾਂ ਨੇ, ਕੀਤਾ ਨਾ ਵਿਖਾਵਾ, ਸੱਟਾਂ ਮੌਰਾਂ ਉੱਤੇ ਸਹੀਆਂ ਦਾ। ਸੁਰਗਾਂ ਨੂੰ ਵੇਚ ਨਾ ਤੂੰ ਨਰਕਾਂ ਦਾ ਡਰ ਦੇ ਕੇ, ਪਾਂਧਿਆ ਤੂੰ ਛੱਡ ਖਹਿੜਾ ਪੱਤਰੀਆਂ ਵਹੀਆਂ ਦਾ। ਅਕਲੇ ਨੀ ਅਕਲੇ, ਤੂੰ ਰੋਕ ਨਾ ਦੀਵਾਨਗੀ ਤੋਂ, ਕਤਲਗਾਹ 'ਚ ਮੁੱਲ ਕੀਹ ਏ ਦੱਸ ਤੇਰੇ ਜਹੀਆਂ ਦਾ।
ਜ਼ਿੰਦਗੀ ਖ਼ਾਤਰ ਹੁਣ ਕਿਉਂ
ਜ਼ਿੰਦਗੀ ਖ਼ਾਤਰ ਹੁਣ ਕਿਉਂ ਆਪਾਂ ਮਰਦੇ ਨਈਂ। ਜੋ ਚਾਹੀਦੈ, ਉਹ ਕਿਉਂ ਆਪਾਂ ਕਰਦੇ ਨਈਂ। ਪੌਣੀ ਸਦੀ ਗੁਜ਼ਾਰ ਲਈ ਹੈ ਹੰਝੂਆਂ ਨੇ, ਸੰਤਾਲੀ ਦੇ ਜ਼ਖ਼ਮ ਅਜੇ ਵੀ ਭਰਦੇ ਨਈਂ। ਰਾਵੀ ਦੇ ਉਰਵਾਰ ਪਾਰ ਰੁੱਖ ਇੱਕੋ ਜਹੇ, ਮੈਨੂੰ, ਤੈਨੂੰ ਇਹ ਕਿਉਂ ਛਾਵਾਂ ਕਰਦੇ ਨਈਂ। ਸਿਖ਼ਰ ਦੁਪਹਿਰੇ ਡਾਕੂ ਤੱਕੀਏ, ਲੁਕ ਜਾਈਏ, ਓਦਾਂ ਕਹੀਏ, ਅਸੀਂ ਕਿਸੇ ਤੋਂ ਡਰਦੇ ਨਈਂ। ਹਾਉਕੇ ਭਰਦੀ, ਮਰਦੀ ਜ਼ਖ਼ਮੀ ਰੂਹ ਖ਼ਾਤਰ, ਹਮਦਰਦੀ ਦੇ ਬੋਲ ਵੀ ਸਾਥੋਂ ਸਰਦੇ ਨਈਂ। ਦੇਣ ਦਿਲਬਰੀ ਆਏ ਪਾਰ ਸਮੁੰਦਰਾਂ ਤੋਂ, ਭੁੱਲੀਂ ਨਾ, ਇਹ ਬੰਦੇ ਆਪਣੇ ਘਰ ਦੇ ਨਈਂ। ਲੀਕਾਂ ਦੀ ਰਖਵਾਲੀ ਕਰਦੇ ਰਹਿ ਗਏ ਆਂ, ਚੋਰ ਲੁਟੇਰੇ ਤਾਹੀਓਂ ਸਾਥੋਂ ਡਰਦੇ ਨਈਂ।
ਏਸ ਆਜ਼ਾਦੀ ਅੱਥਰੂ ਦਿੱਤੇ
ਏਸ ਆਜ਼ਾਦੀ ਅੱਥਰੂ ਦਿੱਤੇ, ਜਸ਼ਨ ਮਨਾ ਨਹੀਂ ਹੋਇਆ। ਅੱਖੀਆਂ ਦੀ ਮਜ਼ਬੂਰੀ ਮੈਥੋਂ, ਹੰਝ ਲੁਕਾ ਨਹੀਂ ਹੋਇਆ। ਖਾ ਗਏ ਲੱਖ ਕਰੋੜਾਂ ਰੀਝਾਂ, ਤਖ਼ਤਾਂ ਤਾਜਾਂ ਵਾਲੇ, ਸਾਥੋਂ ਇਕ ਵੀ ਹਾਉਕਾ ਦਿਲ ਵਿਚ ਦਰਦ ਪਚਾ ਨਹੀਂ ਹੋਇਆ। ਆਈ ਆਜ਼ਾਦੀ ਢੋਲ ਵਜਾਵੇਂ, ਚਾਹਵੇਂ ਰਲ ਕੇ ਨੱਚੀਏ, ਤੇਰੇ ਨਾਲ ਕਦੇ ਵੀ ਮਨ ਦਾ ਮੋਰ ਨਚਾ ਨਹੀਂ ਹੋਇਆ। ਤੇਰੇ ਤੋਂ ਇਨਸਾਫ਼ ਮਿਲੇਗਾ, ਮੇਰੀ ਰੂਹ ਨਾ ਮੰਨੇ, ਧੱਕੇ ਜਰਦੇ ਜਰਦੇ ਮੈਥੋਂ, ਮਨ ਸਮਝਾ ਨਹੀਂ ਹੋਇਆ। ਤੇਰੇ ਝੂਠੇ ਲਾਰੇ ਤੇ ਵਿਸ਼ਵਾਸ ਕਰੇ ਹੁਣ ਕਿਹੜਾ, ਜਦ ਕਿ ਤੈਥੋਂ ਅੱਜ ਤੱਕ ਇਕ ਵੀ ਬੋਲ ਪੁਗਾ ਨਹੀਂ ਹੋਇਆ। ਚਾਰ ਚੁਫ਼ੇਰੇ ਦੁਸ਼ਮਣ ਫ਼ੌਜਾਂ, ਜੇ ਤੂੰ ਅੱਜ ਹੈਂ ਕੱਲ੍ਹਾ, ਤੈਥੋਂ ਵੀ ਤਾਂ ਆਪਣਾ ਟੱਬਰ, ਗਲ ਨੂੰ ਲਾ ਨਹੀਂ ਹੋਇਆ। ਦੇਸ਼ ਦੀ ਖ਼ਾਤਰ ਸੂਲੀ ਚੜ੍ਹ ਗਏ, ਅੰਬਰ ਤਾਰੇ ਬਣ ਗਏ, ਸੂਰਮਿਆਂ ਦਾ ਅੱਜ ਤੱਕ ਸਾਥੋਂ, ਕਰਜ਼ ਚੁਕਾ ਨਹੀਂ ਹੋਇਆ। ਰਾਵੀ ਦੇ ਉਰਵਾਰ ਪਾਰ ਹੜ੍ਹ ਚੜ੍ਹਿਆ ਲੋਕੀਂ ਡੁੱਬੇ, ਆਜ਼ਾਦੀ ਦਾ ਤੋਹਫ਼ਾ ਸਾਥੋਂ ਕਦੇ ਭੁਲਾ ਨਹੀਂ ਹੋਇਆ। ਮੱਥੇ ਤੇ ਕਾਲਖ ਦਾ ਟਿੱਕਾ, ਲਾ ਗਿਆ ਸੰਨ ਸੰਤਾਲੀ, ਪੌਣੀ ਸਦੀ ਗੁਜ਼ਾਰ ਕੇ ਸਾਥੋਂ, ਇਹ ਵੀ ਲਾਹ ਨਹੀਂ ਹੋਇਆ।
ਤਪਿਆ ਖਪਿਆ ਸੂਰਜ ਸ਼ਾਮੀਂ
ਤਪਿਆ ਖਪਿਆ ਸੂਰਜ ਸ਼ਾਮੀਂ 'ਨੇਰ੍ਹੇ ਦੇ ਘਰ ਢਲ ਜਾਂਦਾ ਹੈ। ਸਾਡੇ ਪਿੰਡ ਦਾ ਕਹਿਣਾ ਇਹ ਤਾਂ ਚੋਰਾਂ ਦੇ ਸੰਗ ਰਲ਼ ਜਾਂਦਾ ਹੈ। ਮਿੱਟੀ ਦਾ ਕਲਬੂਤ ਵਿਚਾਰਾ, ਸਿਰ ਤੇ ਚੁੱਕ ਹੰਕਾਰ ਦੀ ਗੱਠੜੀ, ਚਹੁੰ ਕਣੀਆਂ ਦੀ ਮਾਰ ਨਾ ਝੱਲੇ, ਖੜ੍ਹਾ ਖਲੋਤਾ ਗਲ਼ ਜਾਂਦਾ ਹੈ। ਸਤਿਜੁਗ ਤੋਂ ਅੱਜ ਤੀਕ ਫਰੋਲੋ, ਸਦੀਆਂ ਦਾ ਇਤਿਹਾਸ ਪਛਾਣੋ, ਸੋਨ-ਮਿਰਗ ਕਿਉਂ ਹਰ ਵਾਰੀ ਹੀ ਸੀਤਾ ਮਈਆ ਛਲ਼ ਜਾਂਦਾ ਹੈ। ਦੁਸ਼ਮਣ ਦੀ ਨਾਭੀ ਵਿਚ ਸਿੱਧਾ ਤੀਰ ਨਿਸ਼ਾਨੇ ਤੇ ਨਹੀਂ ਲੱਗਦਾ, ਏਸੇ ਕਰਕੇ ਬਿਰਖ਼ ਬਦੀ ਦਾ ਹੋਰ ਵਧੇਰੇ ਫ਼ਲ ਜਾਂਦਾ ਹੈ। ਬਦਰੂਹਾਂ ਤੋਂ ਮੁਕਤੀ ਖ਼ਾਤਰ, ਨਾਟਕ ਦੀ ਥਾਂ ਹਿੰਮਤ ਕਰੀਏ, ਸਦੀਆਂ ਤੋਂ ਕਾਗਜ਼ ਦਾ ਰਾਵਣ ਆਏ ਵਰ੍ਹੇ ਹੀ ਜਲ਼ ਜਾਂਦਾ ਹੈ। ਸਾਡੇ ਵਿਚੋਂ ਬਹੁਤੇ ਲੋਕੀਂ ਚੁੱਪ ਰਹਿੰਦੇ ਨੇ, ਕੁਝ ਨਹੀਂ ਕਹਿੰਦੇ, ਜਿਉਂ ਬਿੱਲੀ ਨੂੰ ਭਰਮ ਕਿ ਏਦਾਂ ਆਇਆ ਖ਼ਤਰਾ ਟਲ਼ ਜਾਂਦਾ ਹੈ। ਸੱਚ ਬੋਲਣ ਤੋਂ ਡਰ ਜਾਂਦੇ ਹਾਂ, ਕੁਰਸੀ ਖ਼ਾਤਰ ਮਰ ਜਾਂਦੇ ਹਾਂ, ਤਾਹੀਓਂ ਵਕਤ ਹਮੇਸ਼ਾਂ ਸਾਡੇ ਮੂੰਹ ਤੇ ਕਾਲਖ ਮਲ਼ ਜਾਂਦਾ ਹੈ।
ਚਾਤਰ ਸ਼ਾਤਰ ਸਾਨੂੰ ਪੁੱਠੇ
ਚਾਤਰ ਸ਼ਾਤਰ ਸਾਨੂੰ ਪੁੱਠੇ ਸਬਕ ਪੜ੍ਹਾਈ ਜਾਂਦੇ ਨੇ। ਬੋਹੜ ਦਾ ਬੂਟਾ ਛਾਂਗ ਛਾਂਗ ਗਮਲੇ ਵਿਚ ਲਾਈ ਜਾਂਦੇ ਨੇ। ਤੋਤੇ ਵਾਂਗ ਰਟਾਉਂਦੇ ਬੋਲੀ, ਜੋ ਕੁਝ ਉਨ੍ਹਾਂ ਨੂੰ ਏ ਪੁੱਗਦਾ ਚੂਰੀ ਬਦਲੇ ਕੀਹ ਕੁਝ ਸਾਡੇ ਮੂੰਹ ਵਿਚ ਪਾਈ ਜਾਂਦੇ ਨੇ। ਕੁਝ ਲੋਕੀਂ ਤਾਂ ਕੀਮਖਾਬ ਤੇ ਰੇਸ਼ਮ ਪਾਉਂਦੇ ਨੇ ਔਖੇ, ਉਹ ਵੀ ਤਾਂ ਇਨਸਾਨ ਜੋ ਤਨ ਦਾ ਮਾਸ ਹੰਢਾਈ ਜਾਂਦੇ ਨੇ। ਕੁੱਲ ਦੁਨੀਆਂ ਦੀ ਇੱਕੋ ਮੰਡੀ ਸਿਰਜਣ ਵਾਲੇ ਵੇਖ ਲਵੋ, ਬੰਦੇ ਦੀ ਰੂਹ ਅੰਦਰ ਧੁਰ ਤੱਕ ਲੀਕਾਂ ਪਾਈ ਜਾਂਦੇ ਨੇ। ਪੁਤਲੀਗਰ ਪਏ ਨਾਚ ਨਚਾਉਂਦੇ, ਕਿੱਥੇ ਬੈਠੇ ਦਿਸਦੇ ਨਹੀਂ, ਫ਼ਰਜ਼ਾਂ ਦੀ ਥਾਂ ਗ਼ਰਜ਼ਾਂ ਵਾਲੀ ਤਾਰ ਹਿਲਾਈ ਜਾਂਦੇ ਨੇ। ਲਹਿ ਗਏ ਪਾਣੀ, ਮਾਲ੍ਹ ਤਰੀ ਹੈ, ਉੱਜੜ ਗਏ ਖ਼ੂਹ ਰੀਝਾਂ ਦੇ, ਖ਼ਾਲੀ ਟਿੰਡਾਂ ਵਰਗੇ ਸੁਪਨੇ ਹੁਣ ਵੀ ਆਈ ਜਾਂਦੇ ਨੇ। ਪਾਥੀਆਂ ਦੀ ਅੱਗ ਬਾਲ, ਤਪਾ ਕੇ, ਧਰਤੀ ਮਾਂ ਦੇ ਸੀਨੇ ਨੂੰ, ਮੀਂਹ ਮੰਗਦੇ ਸ਼ਰਧਾਲੂ ਅੱਜ ਵੀ ਰੋਟ ਪਕਾਈ ਜਾਂਦੇ ਨੇ। ਕੰਕਰੀਟ ਦੇ ਜੰਗਲ ਵਾਸੀ, ਅੰਦਰੋਂ ਹੋ ਗਏ ਨੇ ਪੱਥਰ, ਬਿਰਧ ਘਰਾਂ ਦੀ ਕਰਨ ਉਸਾਰੀ, ਬਿਰਖ਼ ਮੁਕਾਈ ਜਾਂਦੇ ਨੇ। ਤਨ ਦੇਸੀ ਪਰ ਮਨ ਪਰਦੇਸੀ ਹੌਲੀ ਹੌਲੀ ਹੋ ਜਾਂਦੇ, ਪਿੰਡਾਂ ਵਾਲੇ ਜਦ ਸ਼ਹਿਰਾਂ ਵਿਚ ਕਰਨ ਕਮਾਈ ਜਾਂਦੇ ਨੇ।
ਰੋ ਰੋ ਮੈਥੋਂ ਗੀਤ ਸੁਣਾਇਆ
ਰੋ ਰੋ ਮੈਥੋਂ ਗੀਤ ਸੁਣਾਇਆ ਜਾਣਾ ਨਹੀਂ। ਹਾਉਕੇ ਭਰਕੇ ਜਸ਼ਨ ਮਨਾਇਆ ਜਾਣਾ ਨਹੀਂ। ਨੇਤਰਦਾਨ ਕਰਨ ਦੀ ਸਿੱਖਿਆ ਦੇਂਦੇ ਹੋ, ਆਪ ਤੁਸਾਂ ਨੇ ਕਿਸਨੂੰ ਕੀਤਾ ਕਾਣਾ ਨਹੀਂ। ਨਸ਼ਿਆਂ ਦੀ ਭੱਠੀ ਨੂੰ ਚਾੜ੍ਹੀ ਬੈਠੇ ਹੋ, ਦਾਰੂ ਪੀ ਕੇ ਮਰਨਾ, ਰੱਬ ਦਾ ਭਾਣਾ ਨਹੀਂ। ਨਾਗ ਵਰਮੀਆਂ ਦੀ ਹੀ ਪੂਜਾ ਹੁੰਦੀ ਹੈ, ਐਸੀ ਥਾਂ ਤੇ ਮੇਰਾ ਆਉਣਾ ਜਾਣਾ ਨਹੀਂ। ਅਸਲੀ ਨਕਲੀ ਅੱਥਰੂ ਤੁਰੰਤ ਪਛਾਣ ਲਵੇ, ਕਮਲਾ ਵੀ ਨਹੀਂ, ਦਿਲ ਜੇ ਬਹੁਤ ਸਿਆਣਾ ਨਹੀਂ। ਸੱਜਰੇ ਧੋਖੇ ਖਾਧੇ ਤਾਹੀਂਓਂ ਡਰਦਾ ਹਾਂ, ਮੇਰਾ ਬੇ-ਵਿਸ਼ਵਾਸੀ ਰੋਗ ਪੁਰਾਣਾ ਨਹੀਂ। ਵਰਜ ਦਈਂ ਤੂੰ, ਜੇ ਵਿਸ਼ਵਾਸੋਂ ਡੋਲਾਂ ਮੈਂ, ਮੇਰਾ ਕੁਝ ਨਹੀਂ ਰਹਿਣਾ, ਤੇਰਾ ਜਾਣਾ ਨਹੀਂ।
ਸਰਦ ਪਹਾੜੋਂ ਮਹਿਕਾਂ ਭਿੱਜੀ
ਸਰਦ ਪਹਾੜੋਂ ਮਹਿਕਾਂ ਭਿੱਜੀ ਪੌਣ ਜਦੋਂ ਵੀ ਆਉਂਦੀ ਹੈ। ਟਾਹਣੀ ਟਾਹਣੀ ਪੱਤੇ ਪੱਤੇ, ਰੁੱਖ ਨੂੰ ਗੀਤ ਸੁਣਾਉਂਦੀ ਹੈ। ਤਪਦੀ ਧਰਤੀ ਉਤੇ ਪਹਿਲੀਆਂ ਕਣੀਆਂ ਜੀਕੂੰ ਮਹਿਕਦੀਆਂ, ਅਣਦਿਸਦੀ ਖੁਸ਼ਬੋਈ ਮੈਨੂੰ ਏਦਾਂ ਕੋਲ ਬੁਲਾਉਂਦੀ ਹੈ। ਰੋਮ ਰੋਮ ਵਿਚ ਕੀਹ ਤੁਰਦਾ ਹੈ, ਸੱਚ ਜਾਣੀਂ, ਇਹ ਸਮਝ ਨਹੀਂ, ਧਰਤ ਸੁਹਾਵੀ ਪਤਾ ਨਹੀਂ ਕੀਹ, ਅਨਹਦ ਰਾਗ ਅਲਾਉਂਦੀ ਹੈ। ਮੈਂ ਕਿਉਂ ਜੰਗਲ ਜੰਗਲ ਭਟਕਾਂ, ਤਨ ਦੀ ਪਿਆਸ ਮਿਟਾਵਣ ਲਈ, ਅੰਦਰੋਂ ਫੁੱਟਦੀ ਆਬਸ਼ਾਰ ਵਿਚ, ਰੂਹ ਤਾਂ ਰੋਜ਼ ਨਹਾਉਂਦੀ ਹੈ। ਸੀਸ ਕਟਾਵੇ, ਕਲਮ ਕਹਾਵੇ, ਸ਼ਬਦ ਜਗਾਵੇ ਕਾਲਖ਼ 'ਚੋਂ, ਕੋਰੇ ਕਾਗ਼ਜ਼ ਉੱਤੇ ਤਾਹੀਓਂ, ਲਿਖ ਲਿਖ ਹੁਕਮ ਚਲਾਉਂਦੀ ਹੈ। ਯਾਦਾਂ ਦੀ ਦੋਮੂੰਹੀਂ ਨਾਗਣ, ਮੇਰਾ ਖਹਿੜਾ ਛੱਡਦੀ ਨਹੀਂ, ਰੋਜ਼ ਰਾਤ ਨੂੰ ਸੁਪਨੇ ਅੰਦਰ ਮੈਨੂੰ ਆਣ ਜਗਾਉਂਦੀ ਹੈ। ਵਣ ਹਰਿਆਲੇ ਸੁੱਕ ਚੱਲੇ ਨੇ, ਸਰਵਰ ਸੱਖਣੇ ਪਾਣੀ ਤੋਂ, ਖੜ੍ਹੀ ਖ਼ਜੂਰ ਸੜਕ ਦੇ ਕੰਢੇ, ਮੈਨੂੰ ਬਹੁਤ ਡਰਾਉਂਦੀ ਹੈ।
ਖੇਤਾਂ ਦੀ ਲਾਲੀ ਹਰਿਆਲੀ
ਖੇਤਾਂ ਦੀ ਲਾਲੀ ਹਰਿਆਲੀ ਢੋਰ ਉਜਾੜੀ ਜਾਂਦੇ ਨੇ। ਫ਼ਿਕਰ ਫ਼ਾਕਿਆਂ ਵਾਲੀਆਂ ਫ਼ੌਜਾਂ, ਸਿਰ 'ਤੇ ਚਾੜ੍ਹੀ ਜਾਂਦੇ ਨੇ। ਵੱਡੀਆਂ ਵੱਡੀਆਂ ਕਾਰਾਂ ਵਾਲੇ ਕਾਬਜ਼ ਹੋ ਗਏ ਸੜਕਾਂ ਤੇ, ਰਿਕਸ਼ੇ ਵਾਲੇ ਨੂੰ ਕਿਉਂ ਵਰਦੀਧਾਰੀ ਤਾੜੀ ਜਾਂਦੇ ਨੇ। ਬਹੂਬਲ ਤੇ ਕਾਲੇ ਧਨ ਦਾ ਗੰਢ-ਚਿਤਰਾਵਾ ਕੁਰਸੀ ਨਾਲ, ਅਪਣੇ ਟਿੱਬਿਆਂ ਉੱਤੇ ਰਲ ਕੇ ਪਾਣੀ ਚਾੜ੍ਹੀ ਜਾਂਦੇ ਨੇ। ਅਪਣੇ ਦੇਸ਼ ਪੰਜਾਬ 'ਚ ਅੱਜ ਕੱਲ੍ਹ ਲਾਉਣ ਖ਼ਜੂਰਾਂ ਵੇਖ ਲਵੋ, ਸੋਹਣੇ ਵਰਕੇ ਫੁੱਲਾਂ ਵਾਲੇ, ਮਾਲੀ ਪਾੜੀ ਜਾਂਦੇ ਨੇ। ਧਰਤੀ ਪੁੱਤਰੋ ਵਿਕ ਨਾ ਜਾਇਉ, ਏਨੀ ਗੱਲ ਨੂੰ ਜਾਣ ਲਵੋ, ਮਿੱਠਾ ਮਹੁਰਾ ਦੇ ਧਨਵੰਤੇ ਪਿੰਡ ਉਜਾੜੀ ਜਾਂਦੇ ਨੇ। ਸਾਨੂੰ ਧੱਕੇ ਮਾਰ ਮਾਰ ਕੇ ਨੁੱਕਰੇ ਲਾਉਂਦੇ ਹਰ ਵੇਲੇ, ਰਾਜ ਘਰਾਣੇ ਪੁੱਤ ਭਤੀਜੇ ਅੰਦਰ ਵਾੜੀ ਜਾਂਦੇ ਨੇ। ਨੇਰ੍ਹੀ ਵੀ ਮੂੰਹ ਜ਼ੋਰ ਚੜ੍ਹੀ ਹੈ, ਖਿੱਲਰਿਆ ਘਰ ਵੇਖ ਲਵੋ, ਤਖ਼ਤਾਂ ਵਾਲੇ, ਮਹਿਲਾਂ ਖਾਤਰ, ਕੁੱਲੀਆਂ ਸਾੜੀ ਜਾਂਦੇ ਨੇ।
ਅੰਦਰੋਂ ਕੁੰਡੀ ਮਾਰਨ ਵਾਲੇ
ਅੰਦਰੋਂ ਕੁੰਡੀ ਮਾਰਨ ਵਾਲੇ ਏਸ ਤਰ੍ਹਾਂ ਕਿਉਂ ਡਰਦੇ ਨੇ। ਦੌਲਤ 'ਕੱਠੀ ਕਰਦੇ ਪਹਿਲਾਂ, ਮਗਰੋਂ ਰਾਖੀ ਕਰਦੇ ਨੇ। ਭਰਮ ਭੁਲੇਖਾ ਦੀਵੜਿਆਂ ਨੂੰ ਆਪੋ ਅਪਣੀ ਅਗਨੀ ਦਾ, ਲਾਟਾਂ ਨਾਲ ਰੋਜ਼ਾਨਾ ਖੇਡਣ, ਜੁਗਨੂੰ ਕਿੱਥੇ ਮਰਦੇ ਨੇ? ਰੂਹ ਦੀ ਤਲਬ, ਮੁਹੱਬਤ ਕਹਿ ਲੈ, ਦੇ ਲੈ ਨਾਮ ਹਜ਼ਾਰਾਂ ਤੂੰ, ਏਸ ਵਣਜ ਵਿਚ ਖੱਟੀ ਏਹੋ, ਦਿਲ ਹਰਜਾਨੇ ਭਰਦੇ ਨੇ। ਪਹਿਲਾਂ ਬੀਜ ਗੁਆਵੇ ਹਸਤੀ, ਬਿਰਖ ਬਣੇ ਤੇ ਤਣ ਜਾਵੇ, ਜਿਉਂਦੇ ਬੰਦੇ ਏਸ ਤਰ੍ਹਾਂ ਹੀ ਧੁੱਪਾਂ ਛਾਵਾਂ ਜਰਦੇ ਨੇ। ਜਿੰਨ੍ਹਾਂ ਤੋਂ ਤੂੰ ਲੁਕਦਾ ਫਿਰਦੈਂ ਸ਼ਾਮ ਸਵੇਰੇ ਰਾਤਾਂ ਨੂੰ, ਏਹੀ ਕਸ਼ਟ ਉਸਾਰਨ ਬੰਦਾ, ਇਹ ਤਾਂ ਆਪਣੇ ਘਰ ਦੇ ਨੇ। ਅੱਗ ਦੇ ਗੋਲੇ ਵਰਗਾ ਸੂਰਜ, ਤਪੀਆ ਹੈ ਤਪ ਕਰਦਾ ਹੈ, ਏਸ ਤਪੱਸਿਆ ਕਾਰਨ ਹੀ ਤਾਂ ਫੁੱਲਾਂ ਵਿਚ ਰੰਗ ਭਰਦੇ ਨੇ। ਵਾਹੋਦਾਹੀ ਤੁਰਦੇ ਬੰਦੇ, ਗਿਣਦੇ ਨਹੀਉਂ ਮੀਲਾਂ ਨੂੰ, ਕਦਮ ਕਦਮ ਦਰ, ਕਦਮ ਕਦਮ ਦਰ, ਪੈਰ ਅਗਾਂਹ ਨੂੰ ਧਰਦੇ ਨੇ।
ਦਿਸਦਾ ਵੀ ਨਹੀਂ, 'ਵਾਜ਼ ਨਾ ਆਵੇ
ਦਿਸਦਾ ਵੀ ਨਹੀਂ, 'ਵਾਜ਼ ਨਾ ਆਵੇ, ਕੌਣ ਸੁਨੇਹੇ ਘੱਲਦਾ ਹੈ। ਕਿਹੜਾ ਮੈਨੂੰ ਏਨਾ ਚਾਹਵੇ, ਰੌਲਾ ਏਸੇ ਗੱਲ ਦਾ ਹੈ। ਖ਼ੁਸ਼ਬੂ ਖ਼ੁਸ਼ਬੂ ਚਾਨਣ ਚਾਨਣ, ਲੂੰ ਲੂੰ, ਕਣ ਕਣ ਲਰਜ਼ਾਵੇ, ਬੰਦ ਬੂਹਿਆਂ ਨੂੰ ਚੀਰ ਕੇ ਕਿਹੜਾ ਤਖ਼ਤ ਦਿਲਾਂ ਦਾ ਮੱਲਦਾ ਹੈ। ਨਾ ਡਾਚੀ ਦੀ ਪੈੜ ਨਾ ਟੱਲੀਆਂ ਟੁਣਕਦੀਆਂ ਦੀ 'ਵਾਜ਼ ਸੁਣੇ, ਅੱਖਾਂ ਨੂਟ ਲਵਾਂ ਤਾਂ ਨਕਸ਼ਾ ਦਿਸਦਾ ਮਾਰੂ ਥੱਲ ਦਾ ਹੈ। ਨੀਂਦਰ ਆਵੇ ਸੌਂ ਜਾਂਦਾ ਹਾਂ, ਬਿੜਕਾਂ ਸੁਣਦਾ ਰਹਿੰਦਾ ਹਾਂ, ਜਾਗਾਂ ਨਾ ਮੈਂ, ਸੁਪਨਾ ਟੁੱਟ ਜੂ, ਧੁੜਕੂ ਏਹੀ ਸੱਲਦਾ ਦਾ ਹੈ। ਬੀਤੇ ਦਾ ਪਛਤਾਵਾ ਹੈ ਨਹੀਂ, ਅੱਜ ਨੂੰ ਰੱਜ ਕੇ ਮਾਣ ਰਿਹਾਂ, ਇਕਲਾਪੇ ਦਾ ਕੀਹ ਕਰਨਾ ਹੈ, ਇਹ ਤਾਂ ਮਸਲਾ ਕੱਲ੍ਹ ਦਾ ਹੈ। ਅਗਨ ਲਗਨ ਦੀ ਮਘਨ ਅੰਗੀਠੀ, ਹੁਣ ਤੀਕਰ ਤਾਂ ਬੁਝ ਜਾਂਦੀ, ਜ਼ਿੰਦਗੀ ਦਾ ਹੀ ਇਸ਼ਕ ਨਿਰੰਤਰ ਇਸ ਨੂੰ ਪੱਖੀਆਂ ਝੱਲਦਾ ਹੈ। ਚੋਰ ਸਿਪਾਹੀ ਲੁਕਣ ਮਚਾਈ ਖੇਡ ਖੇਡ ਕੇ ਥੱਕਦੇ ਨਹੀਂ, ਵੇਖ ਰਹੇ ਨੇ ਲੋਕ ਤਮਾਸ਼ਾ, ਕਿਹੜਾ ਕਿਸਦੇ ਵੱਲ ਦਾ ਹੈ।
ਸੁਣੋ ਸੁਣਾਵਾਂ ਬੋਲ
ਸੁਣੋ ਸੁਣਾਵਾਂ ਬੋਲ ਜੋ ਪੁਰਖੇ ਕਹਿ ਗਏ ਨੇ। ਗ਼ਰਜ਼ਾਂ ਲਈ ਕਿਉਂ ਬੰਦੇ ਨਿੱਕੇ ਰਹਿ ਗਏ ਨੇ। ਸਖ਼ਤ ਵਿਗੋਚਾ ਅੰਬਰ ਨੂੰ ਇਸ ਗੱਲ ਦਾ ਹੈ, ਉੱਡਦੇ ਉੱਡਦੇ ਪੰਛੀ ਹੁਣ ਕਿਉਂ ਬਹਿ ਗਏ ਨੇ। ਤੇਰੇ ਇਕ ਵਿਸ਼ਵਾਸ ਸਹਾਰੇ ਤੁਰਿਆ ਹਾਂ, ਦੋਚਿੱਤੀ ਦੇ ਪੈਂਖੜ ਪੈਰੋਂ ਲਹਿ ਗਏ ਨੇ। ਕੰਪਿਊਟਰ ਦੀ ਹੁਕਮ ਅਦੂਲੀ ਕਿਸ ਕੀਤੀ, ਘੁੰਮਦੇ ਪਹੀਏ ਚੱਲਦੇ ਲੀਹੋਂ ਲਹਿ ਗਏ ਨੇ। ਲੋਕ ਰਾਜ ਦੀ ਲਾੜੀ ਲੈ ਗਏ ਥੈਲੀਸ਼ਾਹ, ਸੀਸ-ਕਟਾਵੇ ਹਉਕੇ ਭਰਦੇ ਰਹਿ ਗਏ ਨੇ। ਅੱਧ ਅਸਮਾਨੇ ਸਾਡੀ ਗੁੱਡੀ ਬੋਅ ਹੋਈ, ਡੋਰ ਚਰਖ਼ੜੀ ਜ਼ਖ਼ਮੀ ਹੱਥ ਵਿਚ ਰਹਿ ਗਏ ਨੇ। ਸੜਕਾਂ ਕੰਢੇ ਰੁੱਖ ਹਰਿਆਲੇ ਕਿੱਧਰ ਗਏ, ਮੁੱਢ ਵਿਚਾਰੇ ਏਥੋਂ ਜੋਗੇ ਰਹਿ ਗਏ ਨੇ।
ਹਿੰਮਤ ਦੀ ਥਾਂ ਰਹਿੰਦੇ
ਹਿੰਮਤ ਦੀ ਥਾਂ ਰਹਿੰਦੇ ਹਉਕੇ ਭਰਦੇ ਜੀ। ਓਹੀ ਲੋਕੀਂ ਮੌਤੋਂ ਪਹਿਲਾਂ ਮਰਦੇ ਜੀ। ਬਦ-ਇਖ਼ਲਾਕੇ ਨਾਲ ਯਾਰਾਨਾ ਕਿਉਂ ਰੱਖੀਏ, ਮੈਂ ਸੁਣਿਆ ਪਰਛਾਵੇਂ ਗੱਲਾਂ ਕਰਦੇ ਜੀ। ਕੱਚੇ ਘਰ ਦੀ ਥੰਮ੍ਹੀ ਕਿਹੜਾ ਬਣਦਾ ਹੈ, ਮਹਿਲਾਂ ਦੀ ਰਖਵਾਲੀ ਸਾਰੇ ਕਰਦੇ ਜੀ। ਜਕੜੀ ਬੈਠਾ ਤੰਦੂਆ ਜਿਉਂਦੇ ਲੋਕਾਂ ਨੂੰ, ਚੋਰਾਂ ਨੂੰ ਵੀ ਚੋਰ ਕਹਿਣ ਤੋਂ ਡਰਦੇ ਜੀ। ਨੱਕ ਰਗੜਦੈਂ, ਦਾਨੀ ਬਣਦੈਂ, ਭੁੱਲੀ ਨਾਂਹ, ਚੋਰ ਮਨਾਂ ਦੇ ਏਦਾਂ ਕਿੱਥੇ ਮਰਦੇ ਜੀ। ਘਰ ਪਹੁੰਚਣ ਤੱਕ ਇਕ ਵੀ ਚੇਤੇ ਨਹੀਂ ਰਹਿੰਦੀ, ਸਿਵਿਆਂ ਅੰਦਰ ਲੋਕ ਜੋ ਗੱਲਾਂ ਕਰਦੇ ਜੀ। ਰੂਹ ਨੂੰ ਕਰਨ ਹਲਾਲ, ਜੀਭ ਦੀ ਨਸ਼ਤਰ ਸੰਗ, ਪਤਾ ਨਹੀਂ ਕਿਉਂ ਲੋਕੀਂ ਏਦਾਂ ਕਰਦੇ ਜੀ।
ਹੱਕ ਸੱਚ ਇਨਸਾਫ਼ ਦਾ ਪਹਿਰੂ
ਹੱਕ ਸੱਚ ਇਨਸਾਫ਼ ਦਾ ਪਹਿਰੂ, ਡਾਂਗ ਦੇ ਵਰਗਾ ਯਾਰ ਤੁਰ ਗਿਆ। ਲੋਕ ਅਜੇ ਵੀ ਜਾਗੇ ਕਿਉਂ ਨਹੀਂ, ਲੈ ਕੇ ਰੂਹ ਤੇ ਭਾਰ ਤੁਰ ਗਿਆ। ਲੋਕ-ਸ਼ਕਤੀਆਂ ਫਾੜੀ ਫਾੜੀ, ਖੱਖੜੀਆਂ ਖ਼ਰਬੂਜ਼ੇ ਹੋਈਆਂ, ਇਕ ਹਿੱਕੜੀ ਵਿੱਚ ਧੜਕਣ ਕਿਉਂ ਨਾ, ਲੈ ਕੇ ਸੋਚ ਵਿਚਾਰ ਤੁਰ ਗਿਆ। ਸੰਘਰਸ਼ਾਂ ਦਾ ਅਣਥੱਕ ਯੋਧਾ ਵਾਹੋ ਦਾਹੀ ਤੁਰਦਾ ਤੁਰਦਾ, ਨੇਕੀ ਦੀ ਗਠੜੀ ਨੂੰ ਚੁੱਕੀ, ਅਹੁ ਸੂਰਜ ਤੋਂ ਪਾਰ ਤੁਰ ਗਿਆ। ਪੈਰੀਂ ਛਾਲੇ, ਅੱਖ ਵਿੱਚ ਅੱਥਰੂ, ਅਮਨ ਦੇ ਚਿੱਟੇ ਪਰਚਮ ਵਾਲਾ, ਗੋਲੀਮਾਰਾਂ ਦੀ ਬਸਤੀ ਵਿੱਚ, ਸਭਨਾਂ ਨੂੰ ਲਲਕਾਰ ਤੁਰ ਗਿਆ। ਜ਼ੋਰ ਜਬਰ ਦੀ ਤੇਜ਼ ਹਨ੍ਹੇਰੀ, ਅੱਗੇ ਅੜਿਆ ਪਰ ਨਾ ਝੜਿਆ, ਕਿਰਤ-ਕਰਮ ਦਾ ਸੰਤ ਸਿਪਾਹੀ, ਦੂਰ ਦੁਮੇਲੋਂ ਪਾਰ ਤੁਰ ਗਿਆ। ਕਲਮ ਉਦਾਸ, ਸਿਆਹੀ ਸੁੱਕੀ, ਕੋਰੇ ਵਰਕ ਉਡੀਕ ਰਹੇ ਨੇ, ਲੱਭਦੇ ਫਿਰਨ ''ਵਿਚਾਰ'' ਵਿਚਾਰੇ, ਕਿੱਧਰ ਮਹਿਰਮ ਯਾਰ ਤੁਰ ਗਿਆ। ਉਹਦੇ ਵਰਗਾ ਉਹੀ ਸੀ, ਬੱਸ, ਹੋਰ ਨਹੀਂ ਸੀ ਉਹਦੇ ਵਰਗਾ, ਅਗਨ-ਪੰਖੇਰੂ ਜਗਦਾ ਮਘਦਾ, ਕਰਦਾ ਮਾਰੋ ਮਾਰ ਤੁਰ ਗਿਆ। ਵੱਡੀ ਬੁੱਕਲ ਵਾਲਾ ਬਾਬਾ, ਸੱਤ ਉਂਗਲਾਂ ਘੱਟ ਸਦੀ ਹੰਢਾ ਕੇ, ਨਾ ਧਿਰਿਆਂ ਦੀ ਧਿਰ ਦੇ ਵਰਗਾ, ਲੋਕਾਂ ਦਾ ਇਤਬਾਰ ਤੁਰ ਗਿਆ। ਛੇਹਰਟੇ ਵਿੱਚ ਸਤਵਾਂ ਖੂਹ ਸੀ, ਨਿਰਮਲ ਜਲ ਦਾ ਅਣਮੁੱਕ ਸੋਮਾ, ਮਸ਼ਕਾਂ ਭਰ ਭਰ ਵੰਡਦਾ ਵੰਡਦਾ, ਬਿਨ ਕੀਤੇ ਇਕਰਾਰ ਤੁਰ ਗਿਆ। ਮਾਂ ਧਰਤੀ ਨੂੰ ਸੱਚ ਨਹੀਂ ਆਉਂਦਾ, ਪੁੱਛਦੀ ਫਿਰਦੀ ਅੰਬਰ ਕੋਲੋਂ, ਦੱਸ ਵੇ ਅੜਿਆ ਕਿਹੜੇ ਰਾਹੀਂ, ਮੇਰਾ ਬਰਖ਼ੁਰਦਾਰ ਤੁਰ ਗਿਆ।
ਦਿਲ ਨਾ ਛੱਡੀਂ
ਦਿਲ ਨਾ ਛੱਡੀਂ, ਏਦਾਂ ਸੁਪਨੇ ਮਰ ਜਾਂਦੇ ਨੇ। ਹਉਕਾ ਨਾ ਭਰ, ਜਗਦੇ ਦੀਵੇ ਡਰ ਜਾਂਦੇ ਨੇ। ਵਿੱਛੜਨ ਵੇਲੇ ਲੱਗਦੈ, ਜ਼ਿੰਦਗੀ ਮੁੱਕ ਚੱਲੀ ਹੈ, ਜ਼ਖ਼ਮ ਪੁਰਾਣੇ ਆਪੇ ਮਗਰੋਂ ਭਰ ਜਾਂਦੇ ਨੇ। ਅਪਣੀ ਮੰਜ਼ਿਲ ਲੱਭ ਲੈਂਦੇ ਨੇ ਰਾਤ-ਬ-ਰਾਤੇ, ਮਮਟੀ 'ਤੇ ਜੋ ਜਗਦਾ ਦੀਵਾ ਧਰ ਜਾਂਦੇ ਨੇ। ਰਾਹਬਰ ਖ਼ੁਦ ਗੁੰਮਰਾਹ ਕਰਦੇ ਨੇ ਕਾਫ਼ਲਿਆਂ ਨੂੰ, ਪਤਾ ਨਹੀਂ ਕਿਉਂ ਏਸ ਤਰ੍ਹਾਂ ਉਹ ਕਰ ਜਾਂਦੇ ਨੇ। ਬਣਨ ਚਿਰਾਗ਼ ਜਗਣ ਲਈ ਤਪ ਕੇ ਆਵੇ ਅੰਦਰ, ਕੱਚੇ ਦੀਵੇ ਕਣੀਆਂ ਦੇ ਵਿਚ ਖਰ ਜਾਂਦੇ ਨੇ। ਅੰਬਰ ਦੇ ਵਿਚ ਤਾਰੇ, ਪੁੱਠੇ ਲਮਕਣ ਸਾਰੇ, ਖ਼ਬਰ ਨਹੀਂ, ਇਹ ਕਿਹੜੇ ਵੇਲੇ ਘਰ ਜਾਦੇ ਨੇ। ਮਘਦਾ ਰੱਖੀਂ ਜ਼ਿੰਦਗੀ ਦਾ ਤੰਦੂਰ ਹਮੇਸ਼ਾਂ, ਰੀਝਾਂ ਦੇ ਬਾਲਣ ਬਿਨ ਇਹ ਵੀ ਠਰ ਜਾਂਦੇ ਨੇ।
ਹਊਮੈਂ ਦੇ ਪਰਬਤ ਨੂੰ ਏਹੀ
ਹਊਮੈਂ ਦੇ ਪਰਬਤ ਨੂੰ ਏਹੀ ਸੱਚ ਸਮਝਾ ਨਹੀਂ ਹੋਇਆ। ਸਾਗਰ ਦੀ ਤਹਿ ਹੇਠ ਬੜਾ ਕੁਝ, ਸਾਥੋਂ ਗਾਹ ਨਹੀਂ ਹੋਇਆ। ਬੇ-ਤਰਤੀਬੇ ਸਾਜ਼ ਨਾਲ ਮੈਂ ਕਿਵੇਂ ਆਵਾਜ਼ ਮਿਲਾਉਂਦਾ, ਅਪਣੇ ਗੀਤ ਦੀ ਅਜ਼ਮਤ ਖ਼ਾਤਰ ਮੈਥੋਂ ਗਾ ਨਹੀਂ ਹੋਇਆ। ਗੋਲ ਗਲੋਬ 'ਤੇ ਕੀੜੀ ਵਾਂਗੂੰ ਮੈਂ ਵੀ ਸੀ ਫਿਰ ਸਕਦਾ, ਮੈਥੋਂ ਤਾਂ ਬੱਸ ਤੇਰੀ ਰੂਹ' ਚੋਂ ਬਾਹਰ ਹੀ ਜਾ ਨਹੀਂ ਹੋਇਆ। ਦੁਸ਼ਮਣ ਨਾਲ ਲੜਨ ਨੂੰ, ਜੀਅ ਤਾਂ ਕਰਦਾ ਸੀ ਸੌ ਵਾਰੀ, ਸਬਰ, ਸ਼ੁਕਰ, ਸੰਤੋਖ ਵਰਜਿਆ, ਮੱਥਾ ਲਾ ਨਹੀਂ ਹੋਇਆ। ਹੋ ਸਕਦਾ ਸੀ ਮੈਂ ਵੀ ਤੈਥੋਂ ਉਤਲੀ ਟੀਸੀ ਬਹਿੰਦਾ, ਧਰਤੀ-ਧਰਮ ਗੁਆ ਕੇ ਮੈਥੋਂ ਅੰਬਰੀਂ ਜਾ ਨਹੀਂ ਹੋਇਆ। ਲੁਕਣ ਮੀਚੀਆਂ ਖੇਡੇਂ ਜੀਕੂੰ ਦਿਲਦਾਰਾਂ ਸੰਗ ਦਿੱਲੀ, ਤੇਰੇ ਦਿਲ ਦਾ ਭੇਤ ਅਜੇ ਤੱਕ ਮੈਥੋਂ ਪਾ ਨਹੀਂ ਹੋਇਆ। ਆ ਗਏ ਆਂ ਲੁਧਿਆਣੇ ਭਾਵੇਂ, ਪਿੰਡ ਸਾਹਾਂ ਵਿੱਚ ਰਹਿੰਦਾ, ਬਾਰ ਪਰਾਏ ਤਾਹੀਓਂ ਸਾਥੋਂ, ਯਾਰੋ ਜਾ ਨਹੀਂ ਹੋਇਆ।
ਬਹੁਤੇ ਲੋਕੀਂ ਬੋਲ ਰਹੇ
ਬਹੁਤੇ ਲੋਕੀਂ ਬੋਲ ਰਹੇ, ਕੁਝ ਕਰਦੇ ਕਿਉਂ ਨਹੀਂ। ਹੱਕ ਅਤੇ ਇਨਸਾਫ਼ ਦੀ ਹਾਮੀ, ਭਰਦੇ ਕਿਉਂ ਨਹੀਂ। ਕੂੜ ਫਿਰੇ ਪ੍ਰਧਾਨ, ਮਧੋਲੇ ਜ਼ਿੰਦਗੀ ਨੂੰ ਵੀ, ਸੱਚ ਦੀ ਅਰਥੀ ਵੇਖ ਕੇ ਹਾਉਕੇ ਭਰਦੇ ਕਿਉਂ ਨਹੀਂ। ਭਵ ਸਾਗਰ ਤੋਂ ਪਾਰ ਕਰਨ ਦੇ ਲਾਰੇ ਈ ਵੇਚਣ, ਮਿੱਟੀ ਦੇ ਭਗਵਾਨ ਕਦੇ ਵੀ ਤਰਦੇ ਕਿਉਂ ਨਹੀਂ। ਵੇਖ ਟਟਹਿਣੇ ਜਗਦੇ ਬੁਝਦੇ ਅੰਬਰ ਗਾਹੁੰਦੇ ਜੋ, ਕੁੱਲ ਧਰਤੀ ਦੇ ਨੇਰ੍ਹੇ ਕੋਲੋਂ ਮਰਦੇ ਕਿਉਂ ਨਹੀਂ। ਜਿਸ ਦੇ ਅੰਦਰ ਚਾਨਣ ਓਸੇ ਨੇ ਹੀ ਜਗਣਾ ਏਂ, ਚੌਂਕ ਚੁਰਸਤੇ ਮੁਰਦੇ ਦੀਵੇ ਧਰਦੇ ਕਿਉਂ ਨਹੀਂ। ਮੰਡੀ ਅੰਦਰ ਮਾਲ ਵਿਕਾਊ ਵੇਚ ਰਹੇ ਨੇ ਜੋ, ਹੱਟੀਆਂ ਵਾਲੇ ਦਿਲ ਦੇ ਸੌਦੇ ਕਰਦੇ ਕਿਉਂ ਨਹੀਂ। ਮਿੱਟੀ, ਮਿੱਟੀ, ਮਿੱਟੀ, ਮਿੱਟੀ ਸਾਂਭ ਰਹੇ ਆਂ ਆਪਾਂ, ਮਹਿਕ ਗੁਆਚਣ ਤੇ ਵੀ ਹਾਉਕੇ ਭਰਦੇ ਕਿਉਂ ਨਹੀਂ।
ਤੋਰਨੀ ਜੇ ਗੱਲ ਅੱਗੇ
ਤੋਰਨੀ ਜੇ ਗੱਲ ਅੱਗੇ, ਖ਼ਤਾਂ ਦਾ ਜੁਆਬ ਲਿਖੋ। ਦਿਲ 'ਚ ਤਰੰਗਾਂ ਤੇ ਉਮੰਗਾਂ ਦਾ ਹਿਸਾਬ ਲਿਖੋ। ਫ਼ਰਜ਼ਾਂ ਦੀ ਪੂਰਤੀ ਲਈ ਗ਼ਰਜ਼ਾਂ ਨੂੰ ਛੱਡ ਪਿੱਛੇ, ਕੰਡਿਆਂ ਨੂੰ ਕੰਡੇ ਤੇ ਗੁਲਾਬ ਨੂੰ ਗੁਲਾਬ ਲਿਖੋ। ਜੀਹਨੂੰ ਤੁਸੀਂ ਮਿਲੇ ਵੀ ਨਹੀਂ, ਓਸ ਨੂੰ ਵੀ ਮਿਲ ਸਕੋ, ਘੁਲ ਜਾਵੋ ਸ਼ਬਦਾਂ 'ਚ, ਮਹਿਕਦੀ ਕਿਤਾਬ ਲਿਖੋ। ਝੁੱਗੀਆਂ 'ਚ ਟੁਣਕੇ ਜੋ, ਦੀਵਿਆਂ ਦੀ ਲੋਏ ਕਿਤੇ, ਬਾਣੀ ਤੋਂ ਵਿਛੋੜੀ ਏਸ ਤਾਨ ਨੂੰ ਰਬਾਬ ਲਿਖੋ। ਹੱਦਾਂ ਸਰਹੱਦਾਂ, ਰਾਵੀ ਪਾਰ ਜਾਂ ਉਰਾਰ ਕਿਤੇ, ਦੁੱਲਿਆਂ ਤੇ ਬੁੱਲ੍ਹਿਆਂ ਨੂੰ ਨਾਨਕਾਂ ਦਾ ਖ਼੍ਵਾਬ ਲਿਖੋ। ਪਾਉਣ ਜੋ ਘਚੋਲਾ ਸਾਡੇ ਸੁੱਚਿਆਂ ਸਰੋਵਰਾਂ 'ਚ, ਭੁੱਲ ਕੇ ਵੀ ਇਹੋ ਜਿਹੇ ਬੋਲ ਨਾ ਜਨਾਬ ਲਿਖੋ। ਘਿਰਿਆ ਮੁਸੀਬਤਾਂ 'ਚ ਦਿਸੇ ਜੇ ਉਦਾਸ ਕੋਈ, ਨਾਮ ਪਤਾ ਓਸ ਦਾ ਨਿਸ਼ੰਗ ਹੋ ਪੰਜਾਬ ਲਿਖੋ।
ਪਿੰਡੋਂ ਤੁਰਦਿਆਂ ਅੱਖੀਓਂ ਜੋ
ਪਿੰਡੋਂ ਤੁਰਦਿਆਂ ਅੱਖੀਓਂ ਜੋ ਅੱਥਰੂ ਸੀ ਡੁੱਲ੍ਹੇ। ਮੈਨੂੰ ਝੱਗੇ ਉੱਤੇ ਪਏ, ਅਜੇ ਦਾਗ਼ ਨਹੀਓਂ ਭੁੱਲੇ। ਮਾਈ ਸੰਤੀ ਦੀ ਭੱਠੀ ਕਦੇ ਹੋਲਾਂ ਕਦੇ ਆਭੂ, ਕਦੇ ਤਪਦੀ ਕੜਾਹੀ ਵਿਚ ਖਿੜਦੇ ਸੀ ਫੁੱਲੇ। ਸਾਂਝੀ ਪਾਥੀਆਂ ਦੀ ਅੱਗ ਪਿੰਡੋਂ ਬੁਝਦੀ ਕਦੇ ਨਾ, ਸਭ ਘਰਾਂ ਵਿਚ ਓਹੀ ਨਿੱਤ ਬਾਲਦੀ ਸੀ ਚੁੱਲ੍ਹੇ। ਰਹਿ ਗਏ ਪੂਰਨੇ ਪਵਾਏ ਮੇਰੀ ਤਖ਼ਤੀ ਤੇ ਓਵੇਂ, ਕੂਲ਼ੇ ਫੁੱਲਾਂ ਦੀ ਵਰੇਸੇ, ਤੱਤੇ ਝੱਖੜ ਸੀ ਝੁੱਲੇ। ਗਿੱਲਾ ਪਰਨਾ ਲਪੇਟ ਸੌਣਾ ਕੋਠੇ ਮੰਜਾ ਡਾਹ ਕੇ, ਬਾਤਾਂ ਸੁਣਦੇ ਉਡੀਕੀ ਜਾਣਾ ਪੁਰੇ ਵਾਲੇ ਬੁੱਲੇ। ਮਿੱਠੇ ਖ਼ਾਨਗਾਹ ਦੇ ਚੌਲ, ਰੋਟ ਪੱਕਣਾ ਕਮਾਲ, ਚਾਚੇ ਧੰਨਾ ਸਿੰਘ ਵਾਲੇ ਮੈਨੂੰ ਮੇਸੂ ਨਹੀਉਂ ਭੁੱਲੇ। ਕੱਚੇ ਵਿਹੜੇ ਵਿਚ ਸ਼ਾਮ ਨੂੰ ਤਰੌਂਕ ਦੇਣਾ ਪਾਣੀ, ਪੈਂਦ ਮੰਜਿਆ ਦੀ ਕੱਸਣੀ ਤੇ ਸੌਣਾ ਹੋ ਕੇ ਖੁੱਲ੍ਹੇ। ਜਦੋਂ ਮੁੜਨਾ ਸਕੂਲੋਂ ਰਾਹ 'ਚ ਤਾਏ ਘੇਰ ਲੈਣਾ, ਉਹਦੇ ਟੋਕਵੇਂ ਪਹਾੜੇ ਪੁੱਛੇ, ਅੱਜੇ ਵੀ ਨਹੀਂ ਭੁੱਲੇ। ਹੱਟੀ ਸ਼ਾਹਵਾਂ ਦੀ ਤੋਂ ਲੈ ਕੇ ਖਾਣਾ ਜਦੋਂ ਵੀ ਮਰੂੰਡਾ, ਕਿੰਜ ਦੱਸੀਏ ਸਵਾਦ, ਨਿਰ੍ਹੇ ਲੁੱਟੇ ਅਸਾਂ ਬੁੱਲੇ। ਪੱਕੇ ਪੇਪਰਾਂ ਦੇ ਨੇੜੇ ਜਾ ਕੇ ਚੜ੍ਹਨਾ ਬੁਖ਼ਾਰ, ਕੱਚੇ ਪੇਪਰਾਂ 'ਚ ਹੋਈਦਾ ਸੀ ਪਾਸ ਲਾ ਕੇ ਟੁੱਲੇ। ਏਸ ਸ਼ਹਿਰ 'ਚ ਮੈਂ ਅੱਧੀ ਸਦੀ ਰੱਜ ਕੇ ਹੰਢਾਈ, ਤੁਰੇ ਨਾਲ ਮੇਰੇ ਪਿੰਡ ਦੇ ਸਵਾਸ ਅਣਮੁੱਲੇ।
ਕੌਣ ਕਹਿੰਦਾ ਹੈ ਗ਼ਜ਼ਾਲਾ
ਕੌਣ ਕਹਿੰਦਾ ਹੈ ਗ਼ਜ਼ਾਲਾ* ਮਰ ਗਈ ਹੈ। ਮਹਿਕ ਸੀ, ਤਾਹੀਓਂ ਖ਼ੁਦਾ ਦੇ ਘਰ ਗਈ ਹੈ। ਜਿਸਮ ਤਾਂ ਮਿੱਟੀ ਸੀ, ਕਬਰੀਂ ਸੌਂ ਗਿਆ ਹੈ, ਰੰਗ ਸਭ ਫੁੱਲਾਂ 'ਚ ਆਪਣੇ ਭਰ ਗਈ ਹੈ। ਪਾਣੀਆਂ ਵਿਚ ਕਲਵਲਾਂ ਓਸੇ ਦੀਆਂ ਨੇ, ਵੇਖ ਲਉ, ਕਿੱਦਾਂ ਸਮੁੰਦਰ ਤਰ ਗਈ ਹੈ। ਬੁਲਬੁਲਾਂ ਤੇ ਕਿਉਂ ਨਿਸ਼ਾਨੇ ਮਾਰਦੇ ਹੋ, ਦਰਦ-ਭਿੰਨੀ 'ਵਾਜ਼ ਤਾਂ ਦਰ ਦਰ ਗਈ ਹੈ। ਕਾਤਲਾਂ ਨੂੰ ਭਰਮ ਹਰ ਧਰਤੀ ਤੇ ਏਹੀ, ਜ਼ਿੰਦਗੀ ਹਥਿਆਰ ਕੋਲੋਂ ਡਰ ਗਈ ਹੈ। ਫੁੰਡ ਕੇ ਸ਼ੀਸ਼ੀ ਇਤਰ ਦੀ ਢੂੰਡਦੇ ਹੋ, ਲੱਭਣੀ ਨਹੀਂ, ਮਹਿਕ ਹਿਜਰਤ ਕਰ ਗਈ ਹੈ। ਜਾਣ ਤੋਂ ਪਹਿਲਾਂ ਗ਼ਜ਼ਾਲਾ ਮਿਰਗ-ਬੱਚੀ, ਵੰਡਕੇ ਕਸਤੂਰੀਆਂ ਘਰ ਘਰ ਗਈ ਹੈ। * ਸਵਾਤ ਘਾਟੀ (ਪਾਕਿਸਤਾਨ) 'ਚ ਕੁਝ ਵਰ੍ਹੇ ਪਹਿਲਾਂ ਗ਼ਜ਼ਾਲਾ ਜਾਵੇਦ ਨਾਂ ਦੀ ਸੁਰੀਲੀ ਤੇ ਖ਼ੂਬਸੂਰਤ ਗਾਇਕਾ ਨੂੰ ਉਸਦੇ ਪਿਤਾ ਸਮੇਤ ਹਥਿਆਰ ਪੂਜਕਾਂ ਵੱਲੋਂ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ, ਇਸ ਦੋਸ਼ ਬਦਲੇ ਕਿ ਉਹ ਗਾਉਂਦੀ ਕਿਉਂ ਹੈ?
ਹਰ ਯੁਗ ਅੰਦਰ ਧਰਤੀ ਉੱਤੇ
ਪਿਆਰੇ ਵੀਰ ਕਾਹਨ ਸਿੰਘ ਪੰਨੂ ਲਈ ਹਰ ਯੁਗ ਅੰਦਰ ਧਰਤੀ ਉੱਤੇ, ਐਸੇ ਜਨ ਵੀ ਆਉਂਦੇ ਨੇ। ਹਰ ਮੌਸਮ ਵਿਚ ਕੰਡਿਆਂ ਅੰਦਰ, ਫੁੱਲਾਂ ਜਿਉਂ ਮੁਸਕਾਉਂਦੇ ਨੇ। ਧਰਤੀ-ਧਰਮ ਨਿਭਾਵਣਹਾਰੇ ਡਰਨ ਨਾ ਧੁੱਪਾਂ ਛਾਵਾਂ ਤੋਂ, ਮੰਜ਼ਿਲ ਦੇ ਸਿਰਨਾਵੇਂ ਖ਼ਾਤਰ ਅਗਨ-ਨਦੀ ਵਿਚ ਨ੍ਹਾਉਂਦੇ ਨੇ। ਨਾਨਕ, ਈਸਾ, ਬੁੱਧ ਦੇ ਚੇਲੇ, ਨਸਲੋਂ ਭਾਈ ਘਨੱਈਏ ਜਹੇ, ਜ਼ਖ਼ਮੀ ਖ਼ਾਤਰ ਮਲ੍ਹਮ ਬਣਨ ਤੇ ਮੂੰਹ ਨੂੰ ਪਾਣੀ ਲਾਉਂਦੇ ਨੇ। ਕਹਿਣ ਕੁਰਾਹੀਆਂ ਸੂਲੀ ਟੰਗਣ, ਲੱਬ ਲਾਲਚ ਦੇ ਪਾਂਧੀ ਜੋ, ਬੋਧ ਬਿਰਖ਼ ਜਹੇ ਬੁੱਲ੍ਹੇ, ''ਮੂੰਹ ਵਿਚ ਆਈ ਬਾਤ'' ਸੁਣਾਉਂਦੇ ਨੇ। ਚਾਨਣ ਵਾਲੀ ਲੀਕ ਮਿਟਾਉਂਦੇ, ਹੰਭ ਗਏ ਨੇਰ੍ਹੇ ਸਦੀਆਂ ਤੋਂ, ਕਾਲਖ਼ ਕੁੱਜੀ ਦੇ ਵਿੱਚ ਤਾਰੇ ਜਗ ਕੇ ਰਾਹ ਰੁਸ਼ਨਾਉਂਦੇ ਨੇ। ਹਰ ਮੰਜ਼ਿਲ ਤੇ ਨਵੇਂ ਸੁਨੇਹੇ, ਗੁੰਝਲਦਾਰ ਬੁਝਾਰਤ ਵਾਂਗ, ਜ਼ਾਤ ਔਕਾਤ ਵੇਖ ਕੇ ਸੁਪਨੇ ਮਨ ਮਸਤਕ ਵਿਚ ਆਉਂਦੇ ਨੇ। ਤਨ ਦੇ ਚੋਰ ਮਨਾਂ ਦੇ ਖੋਟੇ, ਮੈਲੇ ਕਰਦੇ ਨੇ ਤੀਰਥ, ਮੈਂ ਨਹੀਂ ਕਹਿੰਦਾ, ਬਾਣੀ ਅੰਦਰ, ਬਾਬਾ ਜੀ ਫੁਰਮਾਉਂਦੇ ਨੇ।
ਵੇਖ ਕਿਵੇਂ ਤੂੰ ਸੂਰਜ ਚੜ੍ਹਦਾ
ਵੇਖ ਕਿਵੇਂ ਤੂੰ ਸੂਰਜ ਚੜ੍ਹਦਾ, ਚੜ੍ਹਦਾ ਬਾਰ ਮ ਬਾਰ, ਤੂੰ ਕਿਉਂ ਢੇਰੀ ਢਾਹ ਕੇ ਬੈਠਾ, ਨ੍ਹੇਰ ਦੀ ਬੁੱਕਲ ਮਾਰ। ਕਣੀਆਂ ਵਿਚ ਨਹਾਉਂਦੇ ਵੇਖੀਂ, ਧਰਤੀ ਅੰਬਰ ਦੋਵੇਂ, ਉੱਡ-ਪੁੱਡ ਜਾਣੈਂ, ਚਿਹਰੇ ਉਤੋਂ ਸਾਰਾ ਗਰਦ ਗੁਬਾਰ। ਤੂੰ ਤਾਂ 'ਰਿਜ਼ਕ' ਜੰਜ਼ੀਰਾਂ ਵਾਂਗੂੰ ਬੰਨ੍ਹੀ ਫਿਰਦੈਂ ਪੈਰੀਂ, ਪੰਛੀ ਦੀ ਦਰਵੇਸ਼ੀ ਨੂੰ ਤੂੰ, ਇਸ ਮੌਤੇ ਨਾ ਮਾਰ। ਈਨ ਮੰਨਾਉਣੀ, ਮੰਨਣੀ ਦੋਵੇਂ, ਇਹ ਵਰਕੇ ਨਹੀਂ ਮੇਰੇ, ਮੇਰੇ ਦਿਲ ਦੀ ਨਗਰੀ ਅੰਦਰ, ਅਪਣੀ ਹੀ ਸਰਕਾਰ। ਸੇਵਾ, ਸਿਮਰਨ ਅਤੇ ਸ਼ਹਾਦਤ, ਨਗਰ ਗੁਰਾਂ ਦੇ ਭਾਵੇਂ, ਅੰਬਰਸਰ ਵਿਚ ਪੁਤਲੀਘਰ ਤੋਂ ਪਹਿਲਾਂ ਚੋਰ-ਬਾਜ਼ਾਰ। ਖੋਲ੍ਹ ਖਿੜਕੀਆਂ, ਪਿੰਜਰੇ, ਜੰਦਰੇ, ਕਰ ਨਾ ਕਬਜ਼ਾਕਾਰੀ, ਉੱਡਣ ਦੇ ਤੂੰ ਖੁੱਲ੍ਹੇ ਅੰਬਰੀਂ, ਕੂੰਜਾਂ ਵਾਲੀ ਡਾਰ। ਪਰ ਹੀਣੇ ਪੰਛੀ ਦੇ ਵਾਂਗੂੰ, ਵਤਨ ਮੇਰੇ ਦੀ ਸੂਰਤ, ਮਹਿਮਾ-ਗਾਨ ਕਿਵੇਂ ਮੈਂ ਗਾਵਾਂ, ਪਾ ਕੇ ਰੂਹ 'ਤੇ ਭਾਰ।
ਵੇਲ ਬੂਟੇ ਬਣ ਧਰਤੀ
ਵੇਲ ਬੂਟੇ ਬਣ ਧਰਤੀ ਸ਼ਿੰਗਾਰਦੇ ਰਹੋ। ਤੁਸੀਂ ਮਹਿਕ ਵਾਲੀ ਜ਼ਿੰਦਗੀ ਗੁਜ਼ਾਰਦੇ ਰਹੋ। ਤੁਸੀਂ ਰੱਖਣਾ ਸੰਭਾਲ ਸਦਾ ਬੁੱਧੀ ਤੇ ਵਿਵੇਕ, ਜਿਹਦੇ ਆਸਰੇ ਇਹ ਜ਼ਿੰਦਗੀ ਉਸਾਰਦੇ ਰਹੋ। ਕਿਤੇ ਜਿੰਦ ਵਾਲੀ ਡੋਰ, ਪੈ ਨਾ ਜਾਵੇ ਕਮਜ਼ੋਰ, ਤੁਸੀਂ ਸਾਹਾਂ ਵਿਚ ਕਵਿਤਾ ਉਤਾਰਦੇ ਰਹੋ। ਜਿਵੇਂ ਪੈਂਦੀ ਦੇ ਤਰੇਲ ਘਾਹ ਦੀ ਹਰੀ ਦਰੀ ਉੱਤੇ, ਤੁਸੀਂ ਰਹਿਮਤਾਂ ਨੂੰ ਇੰਜ ਹੀ ਫੁਹਾਰਦੇ ਰਹੋ। ਏਸ ਧਰਤੀ ਦੇ ਜੀਆਂ ਨੂੰ ਮੁਹੱਬਤਾਂ ਦੀ ਲੋੜ, ਖੇੜੇ ਖੁਸ਼ੀਆਂ ਸਿਆੜਾਂ 'ਚ ਖਿਲਾਰਦੇ ਰਹੋ। ਇਹ ਵੀ ਧੀਆਂ ਅਤੇ ਪੁੱਤਰਾਂ ਦੀ ਸਾਂਝੀ ਜ਼ੁੰਮੇਵਾਰੀ, ਤੁਸੀਂ ਜ਼ਿੰਦਗੀ ਦੀ ਲਿਟ ਨੂੰ ਸੰਵਾਰਦੇ ਰਹੋ। ਆਵੇ ਜਿੰਦ ਦੇ ਬਗੀਚੇ ਪੱਤਝੜ ਜਾਂ ਬਹਾਰ, ਹਰ ਹਾਲ ਤੁਸੀਂ ਰੀਝਾਂ ਨੂੰ ਦੁਲਾਰਦੇ ਰਹੋ।
ਪਿੱਛੋਂ ਤੋੜਨੇ ਨਾ ਪੈਣ
ਪਿੱਛੋਂ ਤੋੜਨੇ ਨਾ ਪੈਣ, ਪਹਿਲਾਂ ਬੁੱਤ ਨਾ ਬਣਾਉ। ਕਦੇ ਮਿੱਟੀ ਦੇ ਦਿਓਤਿਆਂ ਨੂੰ ਫੁੱਲ ਨਾ ਚੜ੍ਹਾਉ। ਕਰੋ ਮੰਜ਼ਿਲਾਂ ਦੁਰਾਡੀਆਂ ਦੇ ਰਾਹੀਆਂ ਦੀ ਪਛਾਣ, ਚਿੱਤੋਂ ਹਾਰਿਆਂ ਦੇ ਨਾਲ ਕਦੇ ਅੱਖ ਨਾ ਮਿਲਾਉ। ਤੁਰੇ ਜਿੰਨਾ ਚਿਰ ਨਾਲ, ਮੰਨੋ ਓਸ ਨੂੰ ਕਮਾਲ, ਓਸ ਮਹਿਕ ਨੂੰ ਸੰਭਾਲ, ਅੱਗੇ ਕਦਮ ਵਧਾਉ। ਅੱਖਾਂ ਮੀਟ ਪਹਿਲਾਂ ਕਰੋ ਨਾ ਜੀ ਅੰਧ-ਵਿਸ਼ਵਾਸ, ਪਿੱਛੋਂ ਤੁਸੀਂ ਇਨਸਾਨ ਨੂੰ ਸ਼ੈਤਾਨ ਨਾ ਬਣਾਉ। ਕੋਈ ਰਿਸ਼ਤਾ ਜਦੋਂ ਵੀ ਬਣੇ ਰੂਹਾਂ ਉੱਤੇ ਬੋਝ, ਦੇ ਕੇ ਸੋਹਣਾ ਜਿਹਾ ਮੋੜ, ਬਾਤ ਅੱਗੇ ਨਾ ਵਧਾਉ। ਬਹੁਤਾ ਬੋਲਣਾ ਹੀ ਬਹੁਤੀ ਵਾਰੀ ਕਰਦੈ ਖ਼ੁਆਰ, ਮੈਨੂੰ ਚੁੱਪ ਰਹਿਣ ਦੇਵੋ, ਮੈਨੂੰ ਹੋਰ ਨਾ ਬੁਲਾਉ। ਮੇਰਾ ਚਿੱਕੜਾਂ 'ਚ ਭਾਵੇਂ ਕੌਲ-ਫੁੱਲ ਵਾਂਗੂੰ ਵਾਸ, ਪੱਕੇ ਘਰਾਂ ਨਾਲ ਤਾਹੀਓਂ ਮੇਰਾ ਲਾਗ ਨਾ ਲਗਾਉ। ਹੋਣ ਦੋਸਤੀ ਦੇ ਬੂਟੇ, ਜੀਕੂੰ ਗਮਲੇ ਦੀ ਵੇਲ, ਫੁੱਲ ਆਉਣਗੇ ਜ਼ਰੂਰ, ਜੇ ਰੋਜ਼ਾਨਾ ਪਾਣੀ ਪਾਉ। ਸਦਾ ਨੀਤੀਆਂ ਤੇ ਨੀਤਾਂ ਬਦਨੀਤ ਹੋਣ ਜਿੱਥੇ, ਫਿਰ ਹੋਣੈਂ ਕੀਹ ਨਤੀਜਾ, ਮੇਰਾ ਮੂੰਹ ਨਾ ਖੁੱਲ੍ਹਾਉ।
ਸੁਰਖ਼ ਅੰਗਾਰਾਂ ਉੱਤੇ ਵੇਖਾਂ
ਸੁਰਖ਼ ਅੰਗਾਰਾਂ ਉੱਤੇ ਵੇਖਾਂ ਜਦ ਵੀ ਭੁੱਜਦੀ ਛੱਲੀ। ਤਿੜ ਤਿੜ ਕਰਦੀ, ਕਹਿੰਦੀ ਜਾਪੇ, ਹਾਏ! ਜਿੰਦ ਨਿਕਲ ਚੱਲੀ। ਪਾਲ਼ੋ ਪਾਲ਼ ਕਤਾਰ 'ਚ ਬੈਠੇ, ਕਿਰ ਗਏ ਵਾਰੋ ਵਾਰੀ, ਪਰਦੇ ਹੇਠ ਭਰਮ ਸੀ ਹਸਤੀ, ਹਰ ਦਾਣੇ ਦੀ ਕੱਲ੍ਹੀ। ਚੱਕੀ ਦੇ ਪੁੜ ਪੀਸ ਰਹੇ ਨੇ, ਦਿਨ ਤੇ ਰਾਤ ਗਰੀਬੀ, ਕਸਕ ਕਿਤੇ ਨਾ ਪੱਥਰ ਦਿਲ ਵਿਚ ਮੱਚਦੀ ਨਾ ਤਰਥੱਲੀ। ਤੇਰੇ ਹੁੰਦਿਆਂ ਸੁੰਦਿਆਂ ਏਥੇ ਡਾਕੇ ਸਿਖ਼ਰ ਦੁਪਹਿਰੇ, ਪਹਿਰੇਦਾਰ ਭਲਾ ਤੂੰ ਕਾਹਦਾ, ਦੱਸ ਵੇ ਕਾਕਾ ਬੱਲੀ। ਅਕਲ ਵਿਕਾਊ ਸਣੇ ਜ਼ਮੀਰਾਂ ਨਕਦ ਮ ਨਕਦੀ ਸੌਦੇ, ਰਾਤੋ-ਰਾਤ ਗਲੋਬ ਦੀ ਸਾਰੀ ਧਰਤ ਦਲਾਲਾਂ ਮੱਲੀ। ਦਰ ਦਰਵਾਜ਼ੇ ਬੰਦ ਪਏ ਨੇ, ਧੀਆਂ ਪੁੱਤ ਪਰਦੇਸੀ, ਕਿਸਨੂੰ ਪੀੜ ਸੁਣਾਵੇ ਧਰਤੀ, ਰੋ ਰੋ ਹੋ ਗਈ ਝੱਲੀ। ਮਨ ਦਾ ਮੋਰ ਨਚਾਈਏ ਕਿੱਦਾਂ, ਸੰਗ ਮਰਮਰ ਦੇ ਉੱਤੇ, ਬਾਗ ਬਗੀਚਿਆਂ ਤੋਂ ਬਿਨ ਇਸਦੀ ਪਾਵੇ ਰੂਹ ਨਾ ਜੱਲੀ।