Gurbhajan Singh Gill
ਗੁਰਭਜਨ ਸਿੰਘ ਗਿੱਲ

Punjabi Kavita
  

Punjabi Poetry Gurbhajan Singh Gill

ਪੰਜਾਬੀ ਕਵਿਤਾਵਾਂ ਤੇ ਗੀਤ ਗੁਰਭਜਨ ਗਿੱਲ



1. ਜਿੰਨ੍ਹਾਂ ਕੋਲ ਹਥਿਆਰ ਹਨ

ਜਿੰਨ੍ਹਾਂ ਕੋਲ ਹਥਿਆਰ ਹਨ ਉਹ ਜਿਊਣਾ ਨਹੀਂ ਜਾਣਦੇ ਸਿਰਫ਼ ਮਰਨਾ ਤੇ ਮਾਰਨਾ ਜਾਣਦੇ ਹਨ। ਖੇਡਣਾ ਨਹੀਂ ਜਾਣਦੇ ਖੇਡ ਵਿਗਾੜਨੀ ਜਾਣਦੇ ਹਨ। ਸ਼ਿਕਾਰ ਖੇਡਦੇ ਖੇਡਦੇ ਖ਼ੂੰਖ਼ਾਰ ਸ਼ਿਕਾਰੀ। ਹਰ ਪਲ ਸ਼ਿਕਾਰ ਲੱਭਦੇ। ਜਿੰਨ੍ਹਾਂ ਕੋਲ ਹਥਿਆਰ ਹਨ ਉਨ੍ਹਾਂ ਕੋਲ ਬਹੁਤ ਕੁਝ ਹੈ ਖੁਸ਼ੀਆਂ ਖੇੜਿਆਂ ਚਾਵਾਂ ਤੋਂ ਸਿਵਾ। ਹਥਿਆਰਾਂ ਵਾਲਿਆਂ ਕੋਲ ਪੰਡਾਂ ਦੀਆਂ ਪੰਡਾਂ ਹੈਂਕੜ ਹੈ ਹੰਕਾਰ ਹੈ ਬੇਮੁਹਾਰ। ਜਾਂਗਲੀ ਵਿਹਾਰ ਹੈ। ਜਾਨ ਲੈਣਾ ਕਿਰਦਾਰ ਹੈ। ਰਹਿਮ ਤੋਂ ਸਿਵਾ। ਉਹ ਨਹੀਂ ਜਾਣਦੇ ਹਥਿਆਰ ਦਾ ਮੂੰਹ ਕਾਲ਼ਾ ਹੁੰਦੈ। ਤੇ ਮੌਤ ਤੋਂ ਸਿਵਾ ਉਹ ਕੁਝ ਵੀ ਵੰਡਣ ਦੇ ਕਾਬਲ ਨਹੀਂ ਹੁੰਦੇ। ਬੇਰਹਿਮ ਦਰਿੰਦੇ ਜਹੇ। ਹਥਿਆਰਾਂ ਦੇ ਵਣਜਾਰੇ। ਅੰਤਰ ਰਾਸ਼ਟਰੀ ਹਤਿਆਰੇ। ਆਦਮਖ਼ੋਰ ਵਰਤਾਰੇ। ਜ਼ਿੰਦਗੀ ਤੋਂ ਕੋਹਾਂ ਦੂਰ। ਹਥਿਆਰਾਂ ਵਾਲਿਆਂ ਕੋਲ ਸ਼ਬਦ ਨਹੀਂ ਹੁੰਦੇ। ਧਮਕੀਆਂ ਹੁੰਦੀਆਂ ਹਨ। ਮਰਨ ਮਾਰਨ ਦੀਆਂ। ਹੌਂਕਦੀਆਂ ਜੀਭਾਂ ਹੁੰਦੀਆਂ ਹਨ। ਉਨ੍ਹਾਂ ਕੋਲ ਝਾਂਜਰਾਂ ਨਹੀਂ ਹੁੰਦੀਆਂ ਚਾਵਾਂ ਦੇ ਪੈਰੀਂ ਪਾਕੇ ਨੱਚਣ ਲਈ। ਛਣਕਾਰ ਉਨ੍ਹਾਂ ਦੇ ਸ਼ਬਦਕੋਸ਼ ਦਾ ਹਿੱਸਾ ਨਹੀਂ ਬਣਦਾ ਕਦੇ। ਧਰਤੀ ਤੇ ਵਿਛੀ ਵਿਛਾਈ ਰਹਿ ਜਾਂਦੀ ਹੈ, ਫੁੱਲਾਂ ਕੱਢੀ ਚਾਦਰ। ਬਹੁਤ ਕੁਝ ਨਹੀਂ ਹੁੰਦਾ ਉਨ੍ਹਾਂ ਕੋਲ ਜਿੰਨ੍ਹਾਂ ਕੋਲ ਹਥਿਆਰ ਹੁੰਦਾ ਹੈ।

2. ਲੋਰੀ

ਮਾਏ ਨੀ ਅਣਜੰਮੀ ਧੀ ਨੂੰ, ਆਪਣੇ ਨਾਲੋਂ ਵਿੱਛੜੇ ਜੀਅ ਨੂੰ, ਜਾਂਦੀ ਵਾਰੀ ਮਾਏ ਨੀ ਇਕ ਲੋਰੀ ਦੇ ਦੇ। ਬਾਬਲ ਤੋਂ ਭਾਵੇਂ ਚੋਰੀ ਨੀ ਇਕ ਲੋਰੀ ਦੇ ਦੇ। ਮੰਨਿਆ ਤੇਰੇ ਘਰ ਵਿਚ ਵਧ ਗਏ, ਧੀਆਂ ਵਾਲੇ ਗੁੱਡੀ ਪਟੋਲੇ। ਤੇਰੇ ਦਿਲ ਦਾ ਹਉਕਾ ਨੀ ਮੈਂ, ਸੁਣਦੀ ਰਹੀ ਆਂ ਤੇਰੇ ਓਹਲੇ। ਮੈਨੂੰ ਮਾਰ ਮੁਕਾਉਣ ਦੀ ਗੱਲ ਕਿਉਂ, ਤੂੰਹੀਉਂ ਪਹਿਲਾਂ ਤੋਰੀ, ਨੀ ਇਕ ਲੋਰੀ ਦੇ ਦੇ। ਮਾਏ ਨੀ ਤੇਰੀ ਗੋਦੀ ਅੰਦਰ, ਬੈਠਣ ਨੂੰ ਮੇਰਾ ਜੀਅ ਕਰਦਾ ਸੀ। ਬਾਬਲ ਦੀ ਤਿਊੜੀ ਨੂੰ ਤੱਕ ਕੇ, ਹਰ ਵਾਰੀ ਮੇਰਾ ਜੀਅ ਡਰਦਾ ਸੀ। ਧੀਆਂ ਬਣ ਕੇ ਜੰਮਣਾ ਏਥੇ , ਕਿਉਂ ਬਣ ਗਈ ਕਮਜ਼ੋਰੀ, ਨੀ ਇਕ ਲੋਰੀ ਦੇ ਦੇ। ਮਾਏ ਨੀ ਮੇਰੀ ਨਾਨੀ ਦੇ ਘਰ, ਤੂੰ ਵੀ ਸੀ ਕਦੇ ਧੀ ਬਣ ਜੰਮੀ। ਕੁੱਖ ਵਿਚ ਕਤਲ ਕਰਾਵਣ ਵਾਲੀ, ਕਿਉਂ ਕੀਤੀ ਤੂੰ ਗੱਲ ਨਿਕੰਮੀ, ਵੀਰਾ ਲੱਭਦੀ ਲੱਭਦੀ ਹੋ ਗਈ, ਕਿਉਂ ਮਮਤਾ ਤੋਂ ਕੋਰੀ ? ਨੀ ਇਕ ਲੋਰੀ ਦੇ ਦੇ। ਹਸਪਤਾਲ ਦੇ ਕਮਰੇ ਅੰਦਰ, ਪਈਆਂ ਨੇ ਜੋ ਅਜਬ ਮਸ਼ੀਨਾਂ। ਪੁੱਤਰਾਂ ਨੂੰ ਇਹ ਕੁਝ ਨਾ ਆਖਣ, ਸਾਡੇ ਲਈ ਕਿਉਂ ਬਣਨ ਸੰਗੀਨਾਂ। ਡਾਕਟਰਾਂ ਚਹੁੰ ਸਿੱਕਿਆਂ ਖਾਤਰ, ਕੱਟੀ ਜੀਵਨ ਡੋਰੀ, ਨੀ ਇਕ ਲੋਰੀ ਦੇ ਦੇ। ਧੀ ਤਿਤਲੀ ਨੂੰ ਮਸਲਣ ਵੇਲੇ, ਚੁੱਪ ਖੜ੍ਹੇ ਕਿਉਂ ਧਰਮਾਂ ਵਾਲੇ, ਗੂੰਗੇ ਬੋਲੇ ਹੋ ਗਏ ਸਾਰੇ, ਨੱਕ ਨਮੂਜ਼ਾਂ ਸ਼ਰਮਾਂ ਵਾਲੇ। ਬਿਨ ਡੋਲੀ ਤੋਂ ਧਰਮੀ ਮਾਪਿਆਂ, ਕਿੱਧਰ ਨੂੰ ਧੀ ਤੋਰੀ ? ਨੀ ਇਕ ਲੋਰੀ ਦੇ ਦੇ। ਸੁੱਤਿਆਂ ਲਈ ਸੌ ਯਤਨ ਵਸੀਲੇ, ਜਾਗਦਿਆਂ ਨੂੰ ਕਿਵੇਂ ਜਗਾਵਾਂ? ਰੱਖੜੀ ਦੀ ਤੰਦ ਖ਼ਤਰੇ ਵਿਚ ਹੈ, ਚੁੱਪ ਨੇ ਕੁੱਲ ਧਰਤੀ ਦੀਆਂ ਮਾਵਾਂ। ਅੰਮੜੀਏ! ਮੈਨੂੰ ਗੁੜ੍ਹਤੀ ਦੀ ਥਾਂ, ਦੇਈਂ ਨਾ ਜ਼ਹਿਰ ਕਟੋਰੀ, ਨੀ ਇਕ ਲੋਰੀ ਦੇ ਦੇ।

3. ਮਾਏ ਅਟੇਰਨ ਟੇਰਦੀਏ

ਮਾਏ ਅਟੇਰਨ ਟੇਰਦੀਏ ਮਾਏ ਅਟੇਰਨ ਟੇਰਦੀਏ, ਹੁਣ ਤੰਦ ਤੋਂ ਬਣ ਗਈ ਛੱਲੀ ਨੀ ਮੈਨੂੰ ਦੁਸ਼ਮਣ ਫੌਜਾਂ ਘੇਰ ਲਿਆ, ਮੈਂ ਘਿਰ ਗਈ ਕੱਲ-ਮ-ਕੱਲੀ ਨੀ ਨਾ ਸ਼ਰਮ-ਸ਼ਰ੍ਹਾ ਦਾ ਪਰਦਾ ਨੀ ਜਿਸ ਜੋ ਮੂੰਹ ਆਈ ਕਰਦਾ ਨੀ ਜੱਗ ਧੀ ਜੰਮਣੋਂ ਕਿਉਂ ਡਰਦਾ ਨੀ ? ਮੈਨੂੰ ਧਰਤੀ ਆਉਣੋਂ ਵਰਜ ਰਹੇ, ਮੈਂ ਕੀ ਕਰ ਸਕਦੀ ’ਕੱਲੀ ਨੀ। ਵਿਛਿਆ ਏ ਅਗਨ ਵਿਛਾਉਣਾ ਨੀ ਉੱਤੇ ਦਾਜ ਦਾ ਦੈਂਤ ਡਰਾਉਣਾ ਨੀ ਜੋ ਬਣਿਆ ਫਿਰੇ ਪ੍ਰਾਹੁਣਾ ਨੀ ਮੇਰੀ ਜਨਮ ਘੜੀ ਤੋਂ ਪਹਿਲਾਂ ਹੀ, ਕਿਉਂ ਮੱਚ ਗਈ ਤਰਥੱਲੀ ਨੀ। ਤੇਰੇ ਵੱਲ ਨਰਸਾਂ ਤੁਰੀਆਂ ਨੇ ਹੱਥ ਤੇਜ਼ ਕਟਾਰਾਂ ਛੁਰੀਆਂ ਨੇ ਬਾਬਲ ਦੀਆਂ ਨੀਤਾਂ ਬੁਰੀਆਂ ਨੇ ਮੇਰੀ ਧੜਕਣ ਦੀ ਇਹ ਅੰਤ ਘੜੀ, ਮੈਂ ਦੂਰ ਦੇਸ ਨੂੰ ਚੱਲੀ ਨੀ। ਜੇ ਘਿਰ ਗਈ ਏਂ ਘਬਰਾਈਂ ਨਾ ਤੂੰ ਬੇਬੱਸ ਹੋ ਪਥਰਾਈਂ ਨਾ ਅੱਖੀਆਂ ‘ਚੋਂ ਨੀਰ ਵਹਾਈਂ ਨਾ ਬਾਬਲ ਦਾ ਧਰਮ ਗੁਆਚ ਗਿਆ, ਤਾਂ ਹੀ ਧੀ ਕਬਰਾਂ ਵੱਲ ਘੱਲੀ ਨੀ। ਕੁਝ ਬੋਲ! ਬੇ ਜੀਭੀ ਗਾਂ ਨਹੀਂ ਤੂੰ ਜੇ ਨਾ ਬੋਲੀ ਫਿਰ ਮਾਂ ਨਹੀਂ ਤੂੰ ਇਕ ਚਿਖ਼ਾ ਨਿਰੰਤਰ, ਛਾਂ ਨਹੀਂ ਤੂੰ ਹੁਣ ਬੋਲ ਧਰਤੀਏ ਮਾਏਂ ਨੀ, ਖਤਰੇ ਦੀ ਖੜਕੇ ਟੱਲੀ ਨੀ।

4. ਇਹ ਕੇਹੀ ਰੁੱਤ ਆਈ

ਇਹ ਕੇਹੀ ਰੁੱਤ ਆਈ ਇਹ ਕੇਹੀ ਰੁੱਤ ਆਈ ਨੀ ਮਾਂ, ਇਹ ਕੇਹੀ ਰੁੱਤ ਆਈ ਘਿਰ ਗਈ ਮੇਰੀ ਜਾਨ ਇਕੱਲੀ, ਬਾਬੁਲ ਬਣੇ ਕਸਾਈ ਨੀ ਮਾਂ। ਇਹ ਕੇਹੀ ਰੁੱਤ ਆਈ ਨੀ ਮਾਂ। ਡੁੱਬਿਆ ਸੂਰਜ ਸਿਖਰ ਦੁਪਹਿਰੇ ਲਗ ਗਏ ਤੇਰੀ ਕੁੱਖ ‘ਤੇ ਪਹਿਰੇ ਹਾਕਮ ਹੋ ਗਏ ਗੂੰਗੇ ਬਹਿਰੇ ਪਰਖ ਮਸ਼ੀਨਾਂ ਚੁਗਲੀ ਕੀਤੀ, ਕਾਤਲ ਬਣ ਗਈ ਦਾਈ ਨੀ ਮਾਂ। ਇਹ ਕੇਹੀ ਰੁੱਤ ਆਈ ਨੀ ਮਾਂ। ਮਾਏਂ ਤੂੰ ਵੀ ਪੁੱਤਰ ਮੰਗਦੀ ਮੇਰੀ ਵਾਰੀ ਤੂੰ ਕਿਉਂ ਸੰਗਦੀ ? ਅਣਜੰਮੀ ਨੂੰ ਸੂਲੀ ਟੰਗਦੀ ਆਪਣੀ ਆਂਦਰ ਨੂੰ ਕਿਉਂ ਕੀਤਾ, ਤੂੰ ਵੀ ਅੱਜ ਅਣਚਾਹੀ ਨੀ ਮਾਂ ਇਹ ਕੇਹੀ ਰੁੱਤ ਆਈ ਨੀ ਮਾਂ। ਸੁਣੀਂ ਬਾਬਲਾ ਸੁਣ ਅਰਜ਼ੋਈ ਦਾਜ ਦੇ ਦਾਨਵ ਲਾਹ ਲਈ ਲੋਈ ਮੇਰਾ ਇਸ ਵਿਚ ਦੋਸ਼ ਨਾ ਕੋਈ ਲਾਲਚ ਵਾਲੀ ਡੋਰੀ ਬਣ ਗਈ ਮੇਰੇ ਗਲ ਵਿਚ ਫਾਹੀ ਨੀ ਮਾਂ ਇਹ ਕੇਹੀ ਰੁੱਤ ਆਈ ਨੀ ਮਾਂ। ਦਾਦੀ ਨਾਨੀ ਮਾਵਾਂ ਬੋਲੋ ਪੈ ਗਈ ਜਿਹੜੀ ਦੰਦਲ ਖੋਲੋ ਧਰਮ ਗ੍ਰੰਥੋਂ ਵਰਕੇ ਫੋਲੋ ਕੁੱਖ ਨੂੰ ਨਿਰੀ ਮਸ਼ੀਨ ਨਾ ਸਮਝੋ, ਰੋਕੋ ਹੋਰ ਤਬਾਹੀ ਨੀ ਮਾਂ ਇਹ ਕੇਹੀ ਰੁੱਤ ਆਈ ਨੀ ਮਾਂ।

5. ਬੱਚੇ ਨਹੀਂ ਜਾਣਦੇ

ਰੇਤ ਬੱਜਰੀ ਦੇ ਵਣਜਾਰਿਆਂ ਬਦਲ ਦਿੱਤੇ ਨੇ ਬਾਲਾਂ ਦੇ ਖਿਡੌਣੇ। ਹੁਣ ਉਹ ਮਿੱਟੀ ਦੇ ਘਰ ਨਹੀਂ ਬਣਾਉਂਦੇ ਬੋਹੜ ਜਾਂ ਪਿੱਪਲ ਦੇ ਪੱਤਿਆਂ ਦੀ ਬਲਦਾਂ ਦੀ ਜੋਗ ਟਾਹਣੀਆਂ ਦੀ ਹਲ਼ ਪੰਜਾਲੀ ਸਨੁਕੜੇ ਦੀ ਰੱਸੀ ਵੱਟ ਕੇ ਹੱਲ ਨਹੀਂ ਨੇਣ੍ਹਦੇ ਤਿੱਖੀਆਂ ਸੂਲਾਂ ਦੀਆਂ ਅਰਲੀਆਂ ਨਹੀਂ ਬਣਾਉਂਦੇ। ਉਹ ਜਾਣ ਗਏ ਨੇ ਕਿ ਖੇਤ ਖਾ ਜਾਂਦੇ ਨੇ ਬਾਪੂ ਨੂੰ ਸਮੂਲਚਾ। ਸਿਆੜਾਂ ਚ ਅੱਵਲ ਤਾਂ ਭੁੱਖ ਉੱਗਦੀ ਹੈ ਜੇ ਕਿਤੇ ਫ਼ਸਲ ਹੋ ਜਾਵੇ ਤਾਂ ਸਾਨੂੰ ਨਹੀਂ ਸੌਜਲਦੀ ਆੜ੍ਹਤੀਏ ਦੇ ਹੱਕ ਚ ਹੀ ਭੁਗਤਦੀ ਹੈ ਸਾਲੋ ਸਾਲ। ਹੁਣ ਉਹ ਬਾਜ਼ਾਰ ਚੋਂ ਲੱਕੜੀ ਦੇ ਬਣੇ ਟਰੱਕ ਟਿੱਪਰ ਲੈ ਆਏ ਨੇ। ਨੰਗ ਧੜੰਗਿਆਂ ਨੇ ਰੇਤ ਦੀ ਢੇਰੀ ਇਕੱਠੀ ਕਰ ਲਈ ਹੈ। ਬਹਿ ਗਏ ਨੇ ਕੋਲ ਗਾਹਕ ਉਡੀਕਦੇ। ਬੱਚੇ ਨਹੀਂ ਜਾਣਦੇ ਕਿ ਸਾਨੂੰ ਮਿਲਦਾ ਸਬਕ ਕੱਚੀ ਲੱਸੀ ਹੈ ਜਿਸ ਚੋਂ ਕਦੇ ਵੀ ਮੱਖਣ ਦਾ ਪਿੰਨਾ ਨਹੀਂ ਨਿਕਲਣਾ। ਉਹ ਤਾਂ ਹੋਰ ਸਕੂਲ ਨੇ ਜਿੱਥੇ ਮਲਾਈ ਰਿੜਕਦੇ ਨੇ ਮੱਖਣ ਘਿਓ ਦੇ ਵਣਜਾਰੇ। ਬੱਚੇ ਬੜੇ ਭਰਮ ਚ ਸੋਚਦੇ ਨੇ ਰੇਤਾ ਬੱਜਰੀ ਵੇਚ ਕੇ ਅਸੀਂ ਵੀ ਅਮੀਰ ਹੋਵਾਂਗੇ ਘੁੰਮਦੀ ਕੁਰਸੀ ਤੇ ਬਹਾਂਗੇ। ਹੁਕਮ ਚਲਾਵਾਂਗੇ ਲੋਕ ਡਰਾਵਾਂਗੇ। ਪਰ ਬੱਚੇ ਨਹੀਂ ਜਾਣਦੇ ਕਿ ਤੁਹਾਡੇ ਟਰੱਕ ਖਿਡੌਣੇ ਹਨ ਅਸਲੀ ਟਿੱਪਰਾਂ ਟਰੱਕਾਂ ਦੇ ਟਾਇਰਾਂ ਹੇਠ ਮਿੱਧੇ ਜਾਣਗੇ ਤੁਹਾਡੇ ਸੁਪਨਿਆਂ ਵਾਂਗ। ਇਸ ਮਾਰਗ ਤੇ ਤੁਰਨ ਲਈ ਬਾਹੂਬਲੀ ਚਾਹੀਦੇ ਨੇ ਤੁਸੀਂ ਅਜੇ ਬਹੁਤ ਨਿੱਕੇ ਹੋ।

6. ਆਖ ਰਿਹਾ ਇਤਿਹਾਸ

ਪੋਹ ਦੀ ਰਾਤ ਠਰੀ ਕਕਰੀਲੀ। ਠੰਡਾ ਠਾਰ ਬੁਰਜ ਸਰਹੰਦੀ। ਦੋ ਫੁੱਲਾਂ ਦੀ ਰਾਤ ਅਖ਼ੀਰੀ। ਨੀਹਾਂ ਵਿੱਚ ਖਲੋ ਕੇ ਹੱਸੀਆਂ ਜਦੋਂ ਗੁਲਾਬ ਦੀਆਂ ਦੋ ਪੱਤੀਆਂ। ਜਬਰ ਜ਼ੁਲਮ ਦਾ ਕਹਿਰ ਕਮੀਨਾ। ਡਾਹਿਆ ਦੋਹਾਂ ਬੱਚਿਆਂ ਸੀਨਾ। ਤੀਰਾਂ ਤੇ ਤਲਵਾਰਾਂ ਅੱਗੇ, ਨਾ ਮੁਰਝਾਈਆਂ ਰੀਝਾਂ ਰੱਤੀਆਂ। ਦੀਵਾਰਾਂ ਅੱਜ ਸ਼ਰਮਸਾਰ ਨੇ। ਹੁਕਮ ਹਕੂਮਤ ਧਰਤਿ ਭਾਰ ਨੇ। ਸਮਝ ਲਇਓ ਫਿਰ ਆਪੇ ਇਹ ਗੱਲ, ਕਿਉਂ ਨਾ ਬੁਝੀਆਂ ਚਾਨਣ ਬੱਤੀਆਂ। ਸੁਣੋ ਸੁਣੋ ਓਇ ਬਰਖੁਰਦਾਰੋ। ਆਪਣੇ ਅੰਦਰ ਝਾਤੀ ਮਾਰੋ। ਜਿਸਮ ਨਹੀਂ, ਰੂਹ ਸੀਸ ਝੁਕਾਓ, ਆਉਣ ਬਹਾਰਾਂ ਅਣਖ਼ਾਂ ਮੱਤੀਆਂ। ਤੇਹਾਂ ਪੋਹ ਦਾ ਧਿਆਨ ਧਾਰਿਓ। ਮੇਰੇ ਵੱਲ ਵੀ ਝਾਤ ਮਾਰਿਓ, ਜੋ ਬਾਲਾਂ ਨੇ ਚਰਖ਼ਾ ਗੇੜਿਆ, ਸਾਂਭੋ ਉਹ ਸਭ ਪੂਣੀਆਂ ਕੱਤੀਆਂ।

7. ਮੇਰੀ ਸੋਚ ਮੁਤਾਬਕ ਔਰਤ

ਮੇਰੀ ਸੋਚ ਮੁਤਾਬਕ ਔਰਤ ਇਹ ਕਹਿ ਕੇ ਹੈ ਭਰਮ ਸਿਰਜਦੀ ਮੈਂ ਤਾਂ ਮਰਦ ਬਰਾਬਰ ਸ਼ਕਤੀ। ਨਹੀਂ ਨਹੀਂ ਇੰਜ ਹਰਗਿਜ਼ ਹੀ ਨਾ। ਇਹ ਤਾਂ ਮਰਦੋਂ ਕਿਤੇ ਅਗੇਰੇ। ਆਦਿ ਜੁਗਾਦੀ ਸ਼ਕਤੀ ਸੋਮਾ। ਔਰਤ ਨੂੰ ਕੁਝ ਦੇ ਕੇ ਵੇਖੋ ਸੁਹਜ ਸਲੀਕੇ ਨਾਲ ਸਜਾਵੇ। ਮਿੱਟੀ ਅੰਦਰ ਜਿੰਦ ਧੜਕਾਵੇ। ਇੱਕ ਅੱਧ ਕਤਰਾ ਬਿੰਦ ਚੋਂ ਵਰਤੇ ਪੁੱਤਰ ਧੀ ਨੂੰ ਸਿਰਜ ਵਿਖਾਵੇ। ਔਰਤ ਤੋਂ ਬਿਨ ਮਰਦ ਇਕੱਲਾ ਬੜੇ ਮਕਾਨ ਬਣਾ ਸਕਦਾ ਹੈ। ਪਰ ਉਸ ਤੋਂ ਇੱਕ ਘਰ ਨਹੀਂ ਬਣਦਾ। ਔਰਤ ਜਿਹੜੇ ਥਾਂ ਵੀ ਜਾਵੇ। ਕੰਧਾਂ ਨੂੰ ਵੀ ਮਹਿਕਣ ਲਾਵੇ। ਚਾਰ ਦੀਵਾਰਾਂ ਅੰਦਰ ਘਿਰਿਆ ਚੁੱਪ ਮਕਾਨ ਨੂੰ ਬੋਲਣ ਲਾਵੇ। ਓਹੀ ਥਾਂ ਫਿਰ ਘਰ ਅਖਵਾਵੇ। ਰਸਦ ਬਾਜ਼ਾਰ ਚੋਂ ਸੌਦਾ ਕਰਕੇ ਘਰ ਲੈ ਆਓ। ਘਰ ਦੀ ਔਰਤ ਹੱਥ ਫੜਾਓ। ਮਨਚਾਹੇ ਪਕਵਾਨ ਬਣਾਵੇ। ਵਿੱਚ ਰਸੋਈਓ ਲਪਟਾਂ ਉੱਠਣ, ਮੂੰਹ ਦੇ ਅੰਦਰ ਪਾਣੀ ਆਵੇ ਮਨ ਲਲਚਾਵੇ। ਇੱਕ ਵਾਰੀ ਜੇ ਹੱਸ ਕੇ ਬੋਲੋ। ਦਿਲ ਦੀ ਘੁੰਡੀ ਕੋਲ ਜਾ ਖੋਲ੍ਹੋ। ਬਿਨਾ ਕਿਸੇ ਤਸਦੀਕ ਤੋਂ ਔਰਤ ਵਿਛ ਵਿਛ ਜਾਵੇ। ਦਿਲ ਦੀ ਦੌਲਤ ਪਈ ਲੁਟਾਵੇ। ਔਰਤ ਦੀ ਵਿਸਥਾਰਨ ਸ਼ਕਤੀ ਅਪਰਮ ਪਾਰ ਬੇਅੰਤੀ ਤਾਕਤ। ਮਰਦ ਭਲਾ ਦੱਸ ਕਿੱਥੇ ਰੱਖੇ ਅਸਲ ਲਿਆਕਤ। ਉਸ ਨੂੰ ਐਵੇਂ ਬੇਲੋੜਾ ਵੀ ਛੇੜ ਨਾ ਬਹਿਣਾ। ਇੱਕ ਵਾਰੀ ਜੇ ਛਿੜ ਪਈ ਉਸ ਮਗਰੋਂ ਨਹੀਂ ਲਹਿਣਾ। (ਅੰਗਰੇਜ਼ੀ ਕਵੀ ਵਿਲੀਅਮ ਗੋਲਡਿੰਗ ਦੀ ਕਵਿਤਾ ਦਾ ਅਨੁਵਾਦ)

8. ਟੱਪੇ

1. ਨੱਥ ਪੈ ਜੇ ਬਘਿਆੜਾਂ ਨੂੰ ਲਾਇਲਪੁਰ ਜਾ ਲੈਣ ਦੇ ਪੁੱਤਾ ਲੱਭ ਲਊਂ ਸਿਆੜਾਂ ਨੂੰ 2. ਕਾਹਦੇ ਗੀਤ ਅਜ਼ਾਦੀ ਦੇ ਮੁੱਕਦੇ ਨਾ ਵੈਣ ਅਜੇ ਵੀ ਪੱਲੇ ਪਈ ਬਰਬਾਦੀ ਦੇ 3. ਜਿੱਥੇ ਚਿੜੀਆਂ ਨਾ ਚਹਿਕਦੀਆਂ ਰਾਵੀ ਦਿਆਂ ਪੱਤਣਾ ਉੱਤੇ ਜਿੰਦਾਂ ਅੱਜ ਵੀ ਨੇ ਸਹਿਕਦੀਆਂ

9. ਮੇਰਾ ਬਾਬਲ

(ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਧਿਆਨ ਧਰ ਕੇ) ਹੱਕ ਸੱਚ ਦੀ ਰਖਵਾਲੀ ਵਾਲਾ ਪਰਚਮ ਹੱਥੀਂ ਆਪ ਪਕੜ ਕੇ ਆਨੰਦਪੁਰ ਤੋਂ ਡਾਂਡੇ ਮੀਂਡੇ ਵਾਹੋਦਾਹੀ ਤੁਰਿਆ ਸੂਰਾ। ਕਹਿਣੀ ਤੇ ਕਂਥਨੀ ਦਾ ਪੂਰਾ। ਸਿਰਫ਼ ਜਨੇਊ ਜਾਂ ਕਸ਼ਮੀਰੀ ਤੁਰਿਆ ਨਾ ਉਹ ਪੰਡਿਤਾਂ ਖਾਤਰ। ਮੇਰਾ ਬਾਬਲ ਤੇਗ ਬਹਾਦਰ। ਉਹ ਤਾਂ ਭੈ ਵਣਜਾਰਿਆਂ ਨੂੰ ਇਹ ਕਹਿਣ ਗਿਆ ਸੀ। ਨਾ ਭੈ ਦੇਣਾ ਨਾ ਭੈ ਮੰਨਣਾ। ਕੂੜ ਦਾ ਭਾਂਡਾ ਹੱਥੀਂ ਭੰਨਣਾ। ਆਪ ਤੁਰ ਪਿਆ ਦਿੱਲੀ ਦੇ ਵੱਲ। ਆਪ ਕਹਾਂਗਾ ਮੈਂ ਆਪਣੀ ਗੱਲ। ਤਖ਼ਤ ਨਸ਼ੀਨਾਂ ਦੇ ਘਰ ਜਾ ਕੇ ਲਾਲ ਕਿਲ੍ਹੇ ਦੇ ਦਰ ਦੀਵਾਰਾਂ ਸ਼ਬਦ ਬਾਣ ਦੇ ਨਾਲ ਠਕੋਰੂੰ। ਪੱਥਰ ਚਿੱਤ ਨੂੰ ਵੇਖਿਓ ਭੋਰੂੰ। ਦੀਨ ਬਹਾਨੇ ਈਨ ਮਨਾਉਣੀ ਨਾ ਹੈ ਮੰਨਣੀ। ਕੂੜੀ ਕੰਧ ਹੈ ਏਦਾਂ ਭੰਨਣੀ। ਤਿਲਕ ਜਨੇਊ ਤਸਬੀ ਮਣਕੇ। ਖ਼ੁਦ ਆਪਣੀ ਰਖਵਾਲੀ ਦੇ ਲਈ ਜੇ ਅੱਜ ਖੜ੍ਹੇ ਨਾ ਹੋਏ ਤਣ ਕੇ। ਰੀਂਘਣਹਾਰੇ ਬਣ ਜਾਣੇ ਇਹ ਨਾਗ ਖੜੱਪੇ। ਜ਼ੋਰ ਜਬਰ ਦਾ ਆਲਮ ਪਸਰੂ ਚੱਪੇ ਚੱਪੇ। ਮੇਰੇ ਧਰਮੀ ਬਾਬਲ ਨੇ ਇਹ ਠੀਕ ਕਿਹਾ ਸੀ। ਔਰੰਗਜ਼ੇਬ ਤੂੰ ਬਾਤ ਸਮਝ ਲੈ ਜੇਕਰ ਜਬਰ ਜਨੇਊ ਕਰਦਾ ਸੁੰਨਤਧਾਰੀ ਹੁੰਦਾ ਜ਼ੋਰ ਜ਼ੁਲਮ ਤੋਂ ਡਰਦਾ ਮੈਂ ਤਾਂ ਏਸੇ ਮਾਰਗ ਤੁਰ ਕੇ ਆ ਜਾਣਾ ਸੀ। ਤਿਲਕਧਾਰੀਆਂ ਨੂੰ ਵੀ ਇਹ ਸਮਝਾ ਜਾਣਾ ਸੀ। ਧਰਮ ਕਰਮ ਤਲਵਾਰ ਸਹਾਰੇ ਪਲਦਾ ਨਹੀਂ ਹੈ। ਜਿਸ ਬੂਟੇ ਦੀ ਜੜ੍ਹ ਦੇ ਥੱਲੇ ਕੂੜ ਕੁਫ਼ਰ ਦੀ ਢੇਰੀ ਹੋਵੇ ਸਦੀਆਂ ਤੀਕਰ ਫ਼ਲਦਾ ਨਹੀਂ ਹੈ। ਮੇਰੇ ਬਾਬਲ ਸੀਸ ਕਟਾਇਆ ਤਖ਼ਤਾ ਚੁਣਿਆ ਤਖ਼ਤ ਨਿਵਾਇਆ। ਨਾਲੇ ਇਹ ਵੀ ਸਬਕ ਪੜ੍ਹਾਇਆ ਸਦਾ ਨਹੀਂ ਥਿਰ ਰਹਿੰਦੀ ਤਾਕਤ ਭਰਮ ਜਾਲ ਹੈ ਨਿਰੀ ਪੁਰੀ ਬੱਦਲਾਂ ਦੀ ਛਾਇਆ। ਮਨ ਪੁੱਛਦਾ ਹੈ ਕਿਹੜਾ ਫੇਰ ਆਨੰਦਪੁਰੀ ਤੋਂ ਮੁੜ ਕੇ ਧਾਵੇ। ਤਖ਼ਤ ਤਾਜ ਨੂੰ ਇਹ ਸਮਝਾਵੇ। ਜਬਰ ਜ਼ੁਲਮ ਜੇ ਹੱਦ ਟੱਪ ਜਾਵੇ ਖਿਸਕ ਜਾਣ ਏਦਾਂ ਹੀ ਪਾਵੇ। ਕੁੱਲ ਧਰਤੀ ਦੇ ਵੰਨ ਸੁਵੰਨੇ ਜੇ ਨਾ ਰਹੇ ਖਿੜੇ ਫੁੱਲ ਪੱਤੀਂਆਂ। ਕਿੰਜ ਆਵੇਗੀ ਰੁੱਤ ਬਸੰਤੀ ਵਗਣਗੀਆਂ ਪੌਣਾਂ ਫਿਰ ਤੱਤੀਆਂ। ਕੂੜ ਅਮਾਵਸ ਕਾਲ਼ਾ ਅੰਬਰ ਕਿਓਂ ਤਣਦੇ ਹੋ ਏਡ ਆਡੰਬਰ। ਮੇਰਾ ਬਾਬਲ ਦਿੱਲੀ ਅੰਦਰ ਅੱਜ ਵੀ ਸਾਨੂੰ ਵੇਖ ਰਿਹਾ ਹੈ। ਜ਼ੋਰ ਨਾਲ ਹਾਂ ਜਬਰ ਨਾਲ ਹਾਂ। ਸ਼ਬਦ ਨਾਲ ਹਾਂ ਕਬਰ ਨਾਲ ਹਾਂ। ਸਿਰ ਤੇ ਸੂਰਜ ਸੱਚ ਦਾ ਚੜ੍ਹਿਆ। ਸ਼ਬਦ ਸੰਵਾਰਨਹਾਰ ਨਾ ਪੜ੍ਹਿਆ। ਸਾਡੀ ਹੀ ਅਲਗਰਜ਼ੀ ਜੇਕਰ ਅਕਲੀਂ ਕੁੰਡੇ ਜੰਦਰੇ ਮਾਰੇ। ਹਰ ਵਾਰੀ ਕਿਓਂ ਆ ਕੇ ਬਾਬਲ ਕਾਜ ਸੰਵਾਰੇ। ਦੀਨ ਧਰਮ ਦੇ ਰਾਖਿਓ ਅੰਦਰ ਝਾਤੀ ਮਾਰੋ। ਜੋ ਗੁਰ ਦੱਸੀ ਵਾਟ ਓਸ ਦੇ ਰਾਹਾਂ ਵਿੱਚ ਬੁਹਾਰੀ ਮਾਰੋ। ਆਪੇ ਪੜ੍ਹ ਕੇ ਆਪ ਵਿਚਾਰੋ। ਬਰਖ਼ੁਰਦਾਰੋ।

10. ਕਿਰਤ ਦਿਹਾੜਾ

ਕਿਰਤੀ ਦਾ ਕੋਈ ਦਿਹਾੜਾ ਨਹੀਂ ਹੁੰਦਾ ਸਿਰਫ਼ ਦਿਹਾੜੀ ਹੁੰਦੀ ਹੈ। ਜਦ ਟੁੱਟਦੀ ਹੈ ਤਾਂ ਆਸਾਂ ਦਾ ਚੂਰਾ ਹੋ ਜਾਂਦਾ ਹੈ। ਰੀਝਾਂ ਟੁਕੜੇ ਟੁਕੜੇ ਹੋ ਜਾਂਦੀਆਂ ਨੇ।

11. ਜ਼ਿੰਦਗੀ ਦੀ ਦੌੜ ਵਿੱਚ

ਜ਼ਿੰਦਗੀ ਦੀ ਦੌੜ ਵਿੱਚ ਤਜ਼ਰਬਾ ਕੱਚਾ ਹੀ ਰਹਿ ਗਿਆ। ਅਸੀਂ ਸਿੱਖ ਨਾ ਸਕੇ ਫਰੇਬ ਤੇ ਦਿਲ ਬੱਚਾ ਹੀ ਰਹਿ ਗਿਆ। ਬਚਪਨ ਦੇ ਵਿੱਚ ਜਿੱਥੇ ਚਾਹੁੰਦੇ ਹੱਸ ਲੈਂਦੇ ਸਾਂ। ਜਿੱਥੇ ਚਾਹੁੰਦੇ ਰੋ ਲੈਂਦੇ ਸਾਂ। ਪਰ ਹੁਣ ਮੁਸਕਰਾਉਣ ਲਈ ਤਮੀਜ਼ ਚਾਹੀਦੀ ਹੈ। ਤੇ ਹੰਝੂਆਂ ਨੂੰ ਇੱਕਲਵਾਂਝਾ। ਅਸੀਂ ਵੀ ਮੁਸਕਰਾਉਂਦੇ ਸਾਂ ਕਦੀ ਬੇਪਰਵਾਹੀ ਨਾਲ। ਵੇਖਿਆ ਹੈ ਅੱਜ ਆਪਣੇ ਆਪ ਨੂੰ। ਚਲੋ! ਮੁਸਕਰਾਉਣ ਦਾ ਬਹਾਨਾ ਲੱਭਦੇ ਹਾਂ। ਤੁਸੀਂ ਮੈਨੂੰ ਲੱਭੋ ਅਸੀਂ ਤੁਹਾਨੂੰ ਢੂੰਡਦੇ ਹਾਂ। (ਹਿੰਦੀ ਕਵਿਤਾ: ਗੁਲਜ਼ਾਰ; ਪੰਜਾਬੀ ਰੂਪ: ਗੁਰਭਜਨ ਗਿੱਲ)

12. ਛੋਟਾ ਕਿਸਾਨ

ਮੈਂ ਇੱਕ ਛੋਟਾ ਕਿਸਾਨ ਹਾਂ । ਤੁਹਾਡੇ ਖਾਣ ਲਈ, ਰੋਟੀ ਉਗਾਉਂਦਾ ਹਾਂ । ਕਰਜ਼ੇ ਚ ਡੁੱਬਦਾ ਹਾਂ । ਬਾਬੂਆਂ ਦੀਆਂ ਗਾਲ੍ਹਾਂ, ਪੁਲਿਸ ਦੀ ਗੋਲੀ ਖਾਂਦਾ ਹਾਂ। ਬੈਂਕ ਅਤੇ ਸ਼ਾਹੂਕਾਰ ਦੇ ਡਰੋਂ, ਸਪਰੇਅ ਪੀ ਜਾਂਦਾ ਹਾਂ। ਮੇਰੇ ਹੀ ਪੁੱਤ, ਸਰਹੱਦ ਤੇ ਕੁਰਬਾਨ ਹੁੰਦੇ ਨੇ। ਤੁਸੀਂ ਦੇਖੋ ਦੋ ਚਾਰ ਫੀ ਸਦੀ, ਵੱਡੇ ਕਿਸਾਨ, ਤੁਸੀਂ ਸਮੂਹ ਕਿਸਾਨਾਂ ਲਈ, ਅਪਣਾ ਲਈ ਹੈ ਬੇਗਾਨਗੀ। ਐਨੀ ਬੇਰੁਖੀ! ਲਾਹਨਤ ਹੈ, ਤੁਹਾਡੇ ਸੱਭਿਅਕ ਹੋਣ ਤੇ। ਕਰਜ਼ੇ ਨਾਲ ਨਾ ਮਰਾਂਗਾ, ਤਾਂ ਆਲੂ ਮਾਰ ਦੇਊ। ਪਿਆਜ਼ ਮਾਰ ਦੇਊ। ਟੀ.ਬੀ. ਤੋਂ ਬਚ ਗਿਆ ਤਾਂ, ਸਰਕਾਰੀ ਨੀਤੀ ਮਾਰ ਦੇਊ। ਮੇਰੀ ਜਾਨ, ਮੇਰਾ ਜਵਾਨ, ਤੇ ਮੇਰੀ ਗਾਂ, ਤਿੰਨਾਂ ਦਾ ਖੂਨ ਪੀ ਕੇ, ਜਵਾਨ ਹੋਈ ਸਿਆਸਤ, ਤਿੰਨਾਂ ਦੀਆਂ ਲਾਸ਼ਾ ਨਾਲ ਖੇਡ ਰਹੀ ਹੈ। ਕਿਸਾਨਾਂ ਅਤੇ ਜਵਾਨਾਂ ਦੀਆਂ ਵਿਧਵਾਵਾਂ ਚੁੱਪਚਾਪ ਭਾਰਤ ਮਾਤਾ ਨਾਮ ਦਾ ਜੋਸ਼ੀਲਾ ਨਾਟਕ ਦੇਖ ਰਹੀਆਂ ਨੇ। ਗਾਂ ਮੇਰੀ ਮਾਂ ਹੈ, ਪਰ ਦਿੱਲੀ 'ਚ ਇੱਕ ਖੌਫ਼ਨਾਕ ਪ੍ਰਤੀਕ। 'ਗਾਂ' ਸ਼ਬਦ, ਆਦਮਖੋਰ ਭੀੜ ਨੂੰ ਮਿਲਿਆ, ਸਰਕਾਰੀ ਲਾਇਸੰਸ ਹੈ। ਹੁਣ ਪੂਰੇ ਦੇਸ਼ ਚ, ਗਊ ਰੱਖਿਅਕਾਂ ਦਾ ਆਤੰਕ ਹੈ। ਕਿਸੇ ਦਾ ਕਤਲ ਕਰ ਦੇਣਾ, ਇੱਕ ਰਾਸ਼ਟਰਵਾਦੀ ਕੰਮ ਹੈ। ਸ਼ਹਿਰ ਉੱਕ ਗਿਆ ਹੈ। ਪਾਣੀ ਮਰ ਗਿਆ ਹੈ, ਨਦੀਆਂ ਚੋਂ ਤੇ ਅੱਖਾਂ ਚੋਂ ਵੀ। ਮਰਾਠਵਾੜਾ, ਵਿਦਰਭ ਜਾਂ ਬੁੰਦੇਲਖੰਡ, ਜਾਂ ਕਰਜ਼ ਦੇ ਲਾਲ ਕਿਲੇ ਤੇ ਲਟਕਦੀਆਂ ਸਵਾ ਤਿੰਨ ਲੱਖ ਲਾਸ਼ਾਂ, ਕਿਸੇ ਨੂੰ ਪੇ੍ਸ਼ਾਨ ਨਹੀ ਕਰਦੀਆਂ। ਰਾਜਾ ਯੋਗ-ਆਸਨਾਂ ਚ ਰੁੱਝਿਆ ਹੈ। ਅਤੇ ਪਰਜਾ ਖੁਦਕੁਸ਼ੀਆਂ ਚ। ਹੁਣ ਖੁਦਕੁਸ਼ੀ ਨਾ ਅਪਰਾਧ ਹੈ, ਤੇ ਨਾ ਹੀ ਰਾਸ਼ਟਰੀ ਨਮੋਸ਼ੀ। ਹਰ ਕਿਸੇ ਨੂੰ ਛੋਟ ਹੈ, ਕਰਜ ਤੋਂ, ਭੁੱਖ ਤੋਂ, ਤੰਗੀ ਤੋਂ, ਬਜ਼ਰੰਗੀ ਤੋਂ, ਦੁਖੀ ਹੋ ਸਪਰੇਅ ਪੀਣ ਦੀ। ਚਲੋ ਕੁਝ ਦਿਨ, ਅਜਿਹਾ ਕਰੀਏ, ਮੈਂ ਅਨਾਜ ਉਗਾਉਣਾ ਛੱਡ ਦਿਆਂ। ਤੁਸੀਂ ਅਨਾਜ ਖਾਣਾ ਛੱਡ ਦਿਉ। ਮੈਂ ਸ਼ਹਿਰ ਆਉਣਾ ਛੱਡ ਦਿਆਂ, ਤੁਸੀਂ ਪਿੰਡ ਆਉਣਾ ਛੱਡ ਦਿਉ। ਪਰਧਾਨ ਮੰਤਰੀ ਜੀ! ਤੁਸੀਂ ਯੋਗੀ ਹੋ ! ਸਿੰਘਾਸਨ ਦੇ ਭੋਗੀ ਹੋ ਕੀ ਤੁਸੀਂ ਵੀ ਰੋਟੀ ਖਾਂਦੇ ਹੋ.? ਤੁਸੀਂ ਰੋਟੀ ਕਿਉਂ ਖਾਂਦੇ ਹੋ..? ਤੁਸੀਂ ਕੁਝ ਦਿਨ ਮੇਕ-ਇਨ-ਇੰਡੀਆ ਦਾ ਸ਼ੇਰ, ਅਡਾਨੀ ਦਾ ਕੋਇਲਾ, ਜਾਂ ਬਾਰੂਦ ਕਿਉਂ ਨਹੀਂ ਖਾਂਦੇ..? ਟਾਟਾ ਦੀ ਕਾਰ ਕਿਉਂ ਨਹੀਂ ਖਾਂਦੇ..? ਮੇਰੇ ਮਜ਼ਦੂਰ ਪੁੱਤ ਵਾਂਗਰ 'ਗਊ-ਰੱਖਿਅਕਾਂ' ਦੀ ਕੁੱਟ ਕਿਉਂ ਨਹੀਂ ਖਾਂਦੇ..? ਤੁਸੀਂ ਰੋਟੀ ਕਿਉਂ ਖਾਂਦੇ ਹੋ..?? ਮੇਰੇ ਦੇਸ਼ ਵਾਸੀਓ ! ਬਹੁਤ ਸੋਹਣਾ ਲਗਦਾ ਹੋਊ ਤੁਹਾਨੂੰ ਸਾਡੀ ਮੌਤ ਤੇ ਤੁਹਾਡਾ ਨਿਰਦੇਸ਼ਿਤ ਮੌਨ। ਮੁਬਾਰਕ ਹੋਵੇ! ਆਪਣੀਆਂ ਕੰਧਾਂ ਮਜ਼ਬੂਤ ਬਣਾਈ ਰੱਖਣਾ। ਨਿਆਂਕਾਰੀ ਬਣੀ ਅਵਾਰਾ ਭੀੜ ਹੱਥੋਂ ਕਰਜ਼ ਅਤੇ ਕੰਪਨੀਆਂ ਹੱਥੋਂ ਮਰਨਾ। ਸਾਡੇ ਘਰ ਜਦੋਂ ਮੌਤ ਆਈ, ਸਰਕਾਰੀ ਚੋਲ਼ੇ ਵਿੱਚ, ਹਮਦਰਦ ਹੋ ਕੇ ਆਈ ਸੀ | ਆਪਣੇ ਨਿਆਣਿਆਂ ਨੂੰ ਇਸ ਸਭ ਤੋਂ ਬਚਾਈ ਰੱਖਣਾ ਆਪਣੇ ਪਾਖੰਡ ਨੂੰ ਨਾਅਰਿਆਂ ਤੋਂ ਬਚਾ ਕੇ ਰੱਖਣਾ (ਹਿੰਦੀ ਕਵਿਤਾ: ਕ੍ਰਿਸ਼ਨ ਕਾਂਤ-ਮੱਧ ਪ੍ਰਦੇਸ਼; ਪੰਜਾਬੀ ਰੂਪ: ਗੁਰਭਜਨ ਗਿੱਲ)

13. ਕੋਲੋਂ ਲੰਘਦੇ ਹਾਣੀਓਂ

ਸਾਡੀਆਂ ਕਿਤਾਬਾਂ ਕਿਤੇ ਹੋਰ ਨੇ ਵਰਕਾ ਵਰਕਾ ਖਿੱਲਰੀਆਂ ਰੂੜੀਆਂ ਤੇ ਪਈਆਂ ਸ਼ਬਦ ਸ਼ਬਦ ਵਾਕ ਵਾਕ ਸਾਨੂੰ ਉਡੀਕਦੀਆਂ। ਸਾਡੇ ਬਸਤੇ ਹੋਰ ਨੇ। ਤੁਹਾਨੂੰ ਮਾਵਾਂ ਨੇ ਤੋਰਿਆ ਮੱਥੇ ਚੁੰਮ ਕੇ, ਦਹੀਂ ਦੀਆਂ ਫੁੱਟੀ ਖੁਆ ਕੇ। ਦੁਪਹਿਰ ਦਾ ਟਿਫਨ ਨਾਲ ਬੰਨ੍ਹਿਆ। ਸਾਨੂੰ ਕੱਢਿਆ ਝਿੜਕ ਕੇ ਕਿਹਾ ਕਿ ਜਾਓ ਕਮਾਓ ਤੇ ਖਾਉ। ਰੂੜੀਆਂ ਫੋਲ ਕੇ ਕਮਾਉਣ ਚੱਲੇ ਹਾਂ ਤੇ ਧੱਕੇ ਖਾਂਦੇ ਖਾਂਦੇ ਜਵਾਨ ਹੋ ਜਾਵਾਂਗੇ। ਸਾਨੂੰ ਵੀ ਸੁਪਨੇ ਆਉਂਦੇ ਨੇ ਅੰਬਰੀਂ ਉੱਡਣ ਦੇ ਸੂਰਜ ਤੇ ਤਾਰਿਆਂ ਨਾਲ ਲੁਕਣਮੀਟੀ ਖੇਡਣ ਦੇ। ਛੜਿਆਂ ਦੇ ਅੰਬਰੀ ਰਾਹ ਤੇ ਚੁਗਦੀਆਂ ਗਊਆਂ ਦੇ ਥਣ ਚੁੰਘਣ ਦੇ। ਸਾਡੀਆਂ ਜਟੂਰੀਆਂ ਚ ਜਦ ਕਦੇ ਕੰਘੀ ਫਿਰਦੀ ਹੈ ਸੱਚ ਜਾਣਿਓਂ ਮਾਂ ਵਿਹੁ ਵਰਗੀ ਲੱਗਦੀ ਹੈ। ਅੜਕਾਂ, ਗੁੰਝਲਾਂ ਚ ਜੰਮੀ ਮੈਲ ਹੁਣ ਚਮੜੀ ਦਾ ਹਿੱਸਾ ਬਣ ਗਈ ਹੈ। ਸਾਨੂੰ ਵੀ ਰਿਬਨ ਚ ਗੁੰਦੇ ਵਾਲ ਬੜੇ ਹੁਸੀਨ ਲੱਗਦੇ ਨੇ ਪਰ ਸਾਡੇ ਘਰੀਂ ਤਾਂ ਪੂਰਾ ਸ਼ੀਸ਼ਾ ਵੀ ਨਾ ਮੂੰਹ ਵੇਖਣ ਲਈ। ਟੁੱਟੇ ਸ਼ੀਸ਼ੇ ਦਾ ਇੱਕ ਟੋਟਾ ਵਿੰਗ ਤੜਿੰਗੇ ਮੂੰਹ ਵਿਖਾਉਂਦਾ ਦੰਦੀਆਂ ਚਿੜਾਉਂਦਾ ਲੱਗਦਾ ਹੈ। ਰੂੜੀਆਂ ਤੋਂ ਚੁਗੇ ਮੋਮਜਾਮੇ ਧੋਵਾਂਗੇ ਸੁਕਾਵਾਂਗੇ। ਬਾਣੀਏ ਨੂੰ ਵੇਚ ਕਿਸੇ ਹੱਟੀ ਉੱਤੇ ਜਾਵਾਂਗੇ। ਆਟਾ ਲੂਣ ਤੇਲ ਲੈ ਕੇ ਡੰਗ ਤਾਂ ਟਪਾਵਾਂਗੇ ਹੌਲੀ ਹੌਲੀ ਹੌਲੀ ਹੌਲੀ ਵੱਡੇ ਵੀ ਹੋ ਜਾਵਾਂਗੇ। ਉਮਰ ਲੰਘਾਵਾਂਗੇ। ਸਾਨੂੰ ਵੀ ਗੁਲਾਬ ਜਲ ਨਾਲ ਮੂੰਹ ਧੋਣਾ ਚੰਗਾ ਲੱਗਦਾ ਹੈ। ਲੀਰੋ ਲੀਰ ਲਿਬਾਸ ਦੀ ਥਾਂ ਸਾਨੂੰ ਵੀ ਫੁੱਲਾਂ ਵਾਲਾ ਕੁਰਤਾ ਚਾਹੀਦੈ ਅਣਲੱਗ ਤੇ ਨਵਾਂ ਨਕੋਰ ਪੁਰਾਣੇ ਉਤਾਰ ਪਾਉਂਦਿਆਂ ਹੰਢ ਚੱਲੀ ਹੈ ਕੰਚਨ ਦੇਹੀ। ਸਾਡੀ ਵੀ ਤੁਹਾਡੇ ਵਾਂਗ ਇਹੀ ਧਰਤੀ ਮਾਂ ਹੈ। ਸਾਡਾ ਬਾਬਲ ਵੀ ਤੁਹਾਡੇ ਵਾਲਾ ਅੰਬਰ ਹੈ। ਇੱਕੋ ਜਹੇ ਮੌਸਮਾਂ ਵਿੱਚ ਜੀਂਦੇ ਅਸੀਂ ਹੀ ਕਿਓਂ ਮਰਦੇ ਹਾਂ ਅਣਆਈ ਮੌਤ। ਜਵਾਨ ਉਮਰੇ ਸਾਡੀਆਂ ਛਾਤੀਆਂ ਹੀ ਕਿਓਂ ਪਿਚਕਦੀਆਂ ਨੇ। ਕਿਓਂ ਫਿਰਦੇ ਹਨ ਬੁਲਡੋਜ਼ਰ ਸਾਡੀ ਹਿੱਕ ਤੇ ਝੁੱਗੀਆਂ ਢਾਹ ਕੇ। ਸਾਡੀਆਂ ਪਤੀਲੀਆਂ ਹੀ ਕਿਓਂ ਚਿੱਬ ਖੜਿੱਬੀਆਂ ਹੁੰਦੀਆਂ ਨੇ। ਤੁਸੀਂ ਨਹੀ ਜਾਣ ਸਕੋਗੇ ਚੂਰੀਆਂ ਖਾਣਿਓਂ। ਇੱਕ ਹੋ ਕੇ ਵੀ ਧਰਤੀ ਦੇ ਦੋ ਟੁਕੜੇ ਨੇ ਅੱਧਾ ਤੁਹਾਡਾ ਤੇ ਦੂਸਰਾ ਵੀ ਸਾਡਾ ਨਹੀਂ! ਨਦੀਨ ਕੌਣ ਬੀਜਦਾ ਹੈ ਪਰ ਉੱਗ ਪਏ ਹਾਂ ਅਸੀਂ ਏਨੀ ਜਲਦੀ ਨਹੀਂ ਮਰਨ ਵਾਲੇ। ਚਲੋ! ਜਾਓ ਪੜ੍ਹੋ ਆਪਣੇ ਸਕੂਲਾਂ ਵਿੱਚ। ਬਣੋ ਬਾਬੂ ਨੁਮਾ ਪੁਰਜ਼ੇ। ਰਲ ਜਾਓ ਖ਼ਾਰੇ ਸਮੁੰਦਰ ਚ। ਸਾਡੇ ਹੰਝੂ ਵੀ ਏਥੇ ਹੀ ਦਫ਼ਨ ਹਨ।

14. ਕਰੋਸ਼ੀਏ ਨਾਲ ਮਾਂ

ਕਰੋਸ਼ੀਏ ਨਾਲ ਮਾਂ ਧਾਗੇ ਇੱਕ ਦੂਸਰੇ ਚ ਪਾ ਰੁਮਾਲ ਨਹੀਂ ਬੁਣਦੀ ਕਵਿਤਾਵਾਂ ਲਿਖਦੀ ਹੈ। ਰੀਝਾਂ ਦੇ ਮੇਜ਼ਪੋਸ਼ ਮੂੰਹੋਂ ਬੋਲਦੇ ਦਸਤਰ ਖ੍ਵਾਨ। ਹੋਰ ਬਹੁਤ ਕੁਝ ਗੀਤਾਂ ਗ਼ਜ਼ਲਾਂ ਜਿਹਾ। ਸੌਖਾ ਨਹੀਂ ਹੁੰਦਾ ਇੱਕੋ ਰੰਗ ਦੇ ਧਾਗਿਆਂ ਨਾਲ ਘੁਲਣਾ। ਤੇ ਆਕਾਰ ਬਣਾ ਧਰਨਾ। ਖਿੜੇ ਕੰਵਲ ਫੁੱਲ ਬਿਨ ਪਾਣੀਓਂ ਸਜੀਵ ਕਰਨਾ। ਚਿਤਵਣਾ ਤੇ ਇਸ ਦੀਆਂ, ਤੰਦਾਂ ਦੇ ਨਾਲ ਨਾਲ ਤੁਰਨਾ। ਬੁਲਬੁਲਿਆਂ ਦੇ ਪਹਾੜ ਬਣਾਉਣਾ। ਤੇ ਕਦਮ ਕਦਮ ਚੜ੍ਹਾਈ ਚੜ੍ਹਨਾ। ਉਮਰ ਦੇ ਅਠਵੇਂ ਪਹਿਰ ਦੇ ਲੌਢੇ ਵੇਲੇ ਹਯਾਤੀ ਨੂੰ ਕੁਝ ਨਾ ਕੁਝ ਜੋੜੀ ਜਾਣ ਵਿੱਚ ਪਾਈ ਰੱਖਣਾ। ਟੁੱਟਿਆਂ ਨੂੰ ਜੋੜਦੇ ਰਹਿਣਾ ਗਾਂਢੇ ਦਾ ਪਤਾ ਵੀ ਨਾ ਲੱਗਣ ਦੇਣਾ। ਇਹ ਕਰਾਮਾਤ ਸਿਰਫ਼ ਮਾਂ ਹੀ ਕਰਦੀ ਹੈ। ਪੁੱਤਰਾਂ ਧੀਆਂ ਤੋਂ ਅੱਗੇ ਪੋਤਰੇ ਪੋਤਰੀਆਂ ਦੋਹਤਰੇ ਦੋਹਤਰੀਆਂ ਤੀਕ ਸੋਚਦੀ ਸੋਚਦੀ ਲੱਗੀ ਰਹਿੰਦੀ ਹੈ ਹਰ ਪਲ। ਕਰੋਸ਼ੀਏ ਨਾਲ ਆਕਾਰ ਸਾਕਾਰ ਕਰਦਿਆਂ ਮਨ ਵਿੱਚ ਬਹੁਤ ਕੁਝ ਤੁਰਦਾ ਹੈ ਉਡਾਰੀ ਭਰਦੀ ਹੈ ਬਿਨ ਖੰਭਾਂ ਤੋਂ ਅੰਬਰ ਗਾਹੁੰਦੀ ਹੈ। ਗੋਡੇ ਮੋਢੇ ਦੁਖਣ ਦੇ ਬਾਵਜੂਦ ਬੈਠੀ ਬੈਠੀ ਬਹੁਤ ਦੂਰ ਤੁਰ ਜਾਂਦੀ ਹੈ। ਪੋਤਰੀਆਂ ਪੜਪੋਤਰੀਆਂ ਨਾਲ ਖੇਡ ਲੈਂਦੀ ਹੈ ਇਨ੍ਹਾਂ ਤੰਦਾਂ ਸਹਾਰੇ। ਕਰੋਸ਼ੀਆ ਉਸ ਲਈ ਉਸ ਸਿਦਕ ਦਾ ਨਾਮ ਹੈ ਜੋ ਸਾਡੇ ਰਿਸ਼ਤਿਆਂ ਨੂੰ ਹਰ ਪਲ ਅੱਗੇ ਤੋਰਦਾ ਹੈ ਦਿਨ ਰਾਤ ਦੇ ਆਪਸ 'ਚ ਫਸੇ ਕੁੰਡਿਆਂ ਵਾਂਗ ਅੰਤਰ ਗਾਂਢਾ ਜਿਹਾ। ਮਾਂ ਸਭ ਤੋਂ ਸੁਚਿਆਰੀ ਹੁੰਦੀ ਹੈ ਕਰੋਸ਼ੀਆ ਬੁਂਣਦਿਆਂ। ਬੋਲਦੀ ਨਹੀਂ, ਪਰ ਤੰਦਾਂ ਨਾਲ ਲਗਾਤਾਰ ਵਾਰਤਾਲਾਪ ਕਰਦੀ। ਕਿਰਤ ਦਾ ਨਿੱਤਨੇਮ ਕਰਦੀ ਮਾਂ ਤੋਂ ਵੱਡਾ ਮੈਨੂੰ ਕੋਈ ਹੋਰ ਧਰਮਾਤਮਾ ਨਹੀਂ ਦਿਸਿਆ। ਐਨਕ ਦੇ ਸਹਾਰੇ ਬਾਰੀਕ ਤੰਦਾਂ ਜੋੜਦੀ ਮਾਂ ਮੇਰੀ ਧਰਤੀ ਬਣ ਜਾਂਦੀ ਹੈ ਤੇ ਅਗਲੇ ਪਲ ਅੰਬਰ। ਮਾਂ ਠੰਢੀ ਮਿੱਠੀ ਪੌਣ ਬਣ ਜਾਂਦੀ ਹੈ। ਹਰਿਆਲੀ ਛਤਰੀ ਧੁੱਪੇ ਸਾਡੇ ਸਿਰਾਂ ਤੇ ਤਣਦੀ। ਮਾਂ ਦੂਸਰਾ ਬਲਿਹਾਰੀ ਜੋ ਜਣਦੀ ਪਾਲਦੀ ਸੰਭਾਲਦੀ ਆਪਣਾ ਆਪ ਮਿੱਟੀ ਚ ਮਿਟਾ ਦਿੰਦੀ ਹੈ। ਆਖ਼ਰੀ ਸਵਾਸਾਂ ਤੀਕ ਕਣ ਕਣ ਟੁੱਟਦੀ ਜੁੜਦੀ ਚੇਤਿਆਂ ਚ ਸਦੀਵ ਕਾਲ ਵਾਸਤੇ ਬਹਿ ਜਾਂਦੀ ਹੈ।

15. ਜਾਗਦੀ ਹੈ ਮਾਂ ਅਜੇ

ਸੌਂ ਗਈ ਹੈ ਧਰਤ ਸਾਰੀ ਰੁਕ ਗਏ ਨੇ ਦਰਿਆਵਾਂ ਦੇ ਪਾਣੀ ਬਾਤ ਹੋ ਗਈ ਹੈ ਬੇ ਹੁੰਗਾਰਾ। ਕਿਤੇ ਦੂਰ ਜਹੇ ਟਟੀਹਰੀ ਬੋਲੀ ਹੈ। ਚੁੱਪ ਹੈ ਗਲੀਆਂ ਚ ਬੰਦਿਆਂ ਦੀ ਪੈਰ ਚਾਪ ਜਾਗਦੀ ਹੈ ਮਾਂ ਅਜੇ। ਭਾਂਡਾ ਟੀਂਡਾ ਸਾਂਭ ਸੁੰਬਰ ਕੇ ਦੁੱਧ ਨੂੰ ਜਾਗ ਲਾ ਕੇ ਛਿਕਾਲੇ ਹੇਠ ਧਰ ਆਈ ਹੈ ਬਿੱਲੀ ਕੁੱਤੇ ਤੋਂ ਡਰਦੀ ਮਾਰੀ। ਪੀ ਨਾ ਜਾਣ ਕਿਤੇ ਇਹ ਜਾਨਵਰ। ਲਾਲਟੈਣ ਦੇ ਚਾਨਣੇ ਚ ਪਤਾ ਨਹੀਂ ਕੀ ਵੇਖਦੀ ਹੈ ਕਿਤਾਬ ਦੇ ਪੰਨਿਆਂ ਚੋਂ। ਸ਼ਾਇਦ ਪੁੱਤਰ ਦੀ ਭਾਗ ਰੇਖਾ ਧੀ ਦੇ ਅਗਲੇ ਘਰ ਦਾ ਨਕਸ਼ਾ ਪੇਕਿਆਂ ਦੀ ਸੁਖ ਸਾਂਦ ਸਹੁਰੇ ਘਰ ਦੀ ਖੁਸ਼ਹਾਲੀ ਦੇ ਵੇਰਵੇ। ਅਨਪੜ੍ਹ ਹੋ ਕੇ ਵੀ ਕਿੰਨਾ ਕੁਝ ਪੜ੍ਹੀ ਜਾਂਦੀ ਹੈ। ਐਨਕ ਵਿੱਚੋਂ ਦੀ ਸਗਲ ਸੰਸਾਰ ਨਾਲ ਰਿਸ਼ਤਾ ਜੋੜਦੀ ਪੈਨਸਿਲ ਨਾਲ ਲੱਗੇ ਨਿਸ਼ਾਨਾਂ ਨੂੰ ਗਹੁ ਨਾਲ ਵਾਚਦੀ ਪੜ੍ਹੇ ਹੋਏ ਨੂੰ ਪੁਣਦੀ ਛਾਣਦੀ। ਜਾਗਦੀ ਹੈ ਮਾਂ ਅਜੇ ਦਾਦੀ ਬਣ ਕੇ ਵੀ ਜਾਗਦੀ ਹੈ ਹਾਲੇ ਅੰਬਰ ਚ ਨਹੀਂ ਵੇਖਦੀ ਤਾਰੇ ਅੱਖਰਾਂ ਚੋਂ ਅੱਖ ਦੇ ਤਾਰਿਆਂ ਦੇ ਸਿਤਾਰੇ ਪਛਾਣਦੀ ਹੈ ਮਾਂ ਜਾਗਦੀ ਹੈ ਅਜੇ। ਜਿਹੜੇ ਘਰੀਂ ਮਾਵਾਂ ਸੌਂ ਜਾਂਦੀਆਂ ਓਥੇ ਘਰਾਂ ਨੂੰ ਜਗਾਉਣ ਵਾਲਾ ਕੋਈ ਨਹੀਂ ਹੁੰਦਾ। ਰੱਬ ਵੀ ਨਹੀਂ। ਮਾਂ ਵੱਡਾ ਸਾਰਾ ਰੱਬ ਹੈ। ਧਰਤੀ ਜਿੱਡਾ ਜੇਰਾ ਅੰਬਰ ਜਿੱਡੀ ਅੱਖ ਸਮੁੰਦਰ ਤੋਂ ਡੂੰਘੀ ਨੀਝ ਪੌਣਾਂ ਤੋਂ ਤੇਜ਼ ਉਡਾਰੀ ਬਾਗ ਹੈ ਚੰਦਨ ਰੁੱਖਾਂ ਦਾ ਮਹਿਕਵੰਤੀ ਬਹਾਰ। ਬਾਬਲ ਤਾਂ ਰਾਜਾ ਹੈ। ਘਰ ਦੀਆਂ ਨਿੱਕੀਆਂ ਵੱਡੀਆਂ ਲੋੜਾਂ ਤੋਂ ਬੇਖ਼ਬਰ। ਖ਼ੁਦ ਨੂੰ ਹਾਕਮ ਸਮਝਦਾ ਓਨਾ ਹੀ ਲਾ ਪ੍ਰਵਾਹ। ਪੁੱਤਰ ਧੀਆਂ ਦੇ ਬਸਤੇ ਤੋਂ ਬੇਖ਼ਬਰ ਸ਼ਹਿਨਸ਼ਾਹਿ ਹਿੰਦ। ਦੇਸ਼ ਵਿਦੇਸ਼ ਦਾ ਫ਼ਿਕਰ ਕਰਦਾ ਮਰ ਚੱਲਿਆ ਹੈ। ਕੌਡੀਆਂ ਨਾਲ ਖੇਡਦਿਆਂ ਪਿੱਠੀਆਂ ਸਿੱਧੀਆਂ ਚਾਲਾਂ ਚੱਲੀ ਜਾਂਦਾ ਹੈ ਤਿਕੜਮਬਾਜ਼। ਬੰਦੇ ਨੂੰ ਪਹਿਲਾਂ ਅੰਕੜਿਆਂ ਚ ਤਬਦੀਲ ਕਰਕੇ ਸ਼ਤਰੰਜ ਵਾਂਗ ਖੇਡਦਾ। ਚਤੁਰਾਈ ਨਾਲ ਦਿਨ ਰਾਤ ਨੂੰ ਗੇੜੇ ਦੇਈ ਜਾਂਦਾ ਹੈ। ਇਹ ਤਾਂ ਮਾਂ ਹੀ ਹੈ ਧਰਤੀ ਵਾਂਗ ਸਭ ਦੇ ਪਰਦੇ ਕੱਜਦੀ ਰੋਂਦੇ ਨੂੰ ਚੁੱਪ ਕਰਵਾਉਂਦੀ ਥਾਂ ਸਿਰ ਬਿਠਾਉਂਦੀ ਕੁਝ ਨਹੀਂ ਮੰਗਦੀ ਮੂੰਹੋਂ ਆਪਣੇ ਆਪ ਲਈ। ਮਾਂ ਜਦ ਤੀਕ ਜਾਗਦੀ ਹੈ। ਲਾਲਟੈਣ ਵੀ ਨਹੀਂ ਬੁਝਣ ਦਿੰਦੀ। ਪੁੱਤਰ ਧੀਆਂ ਤੇ ਸਗਲ ਸੰਸਾਰ ਲਈ ਮਾਂ ਜਾਗਦੀ ਹੈ ਅਜੇ।

16. ਬੋਲੀਆਂ

ਜਿੰਨ੍ਹਾਂ ਚੀਰੀ ਸੀ ਜਵਾਨੀ ਸਾਡੀ, ਉਹ ਆਰੀ ਵਾਲੇ ਫੇਰ ਆ ਗਏ। ਤੇਰੀ ਮੰਨ ਗਏ ਨਿਸ਼ਾਨੇਬਾਜ਼ੀ, ਅਸਾਂ ਵੀ ਭੰਵਾਈ ਕੰਡ ਨਾ। ਘਰੋਂ ਗਿਆ ਸੀ ਧਰਮ ਦੀ ਰਾਖੀ, ਗੋਲੀ ਨੇ ਮਾਸੂਮ ਖਾ ਲਿਆ। ਬਿਨਾ ਗਿਆਨ ਤੋਂ ਗੁਰੂ ਨਹੀਂ ਲੱਭਣਾ, ਭਰਮਾਂ ਚ ਫਿਰੇ ਦੁਨੀਆਂ। ਕਿਹੜੀ ਥਾਂ ਤੇ ਪਲੀਤਾ ਲਾਇਆ, ਪੁੱਤਰ ਬਾਰੂਦ ਬਣ ਗਏ। ਪੁੱਤ ਕਰ ਗਿਆ ਬਿਸਤਰਾ ਖ਼ਾਲੀ, ਆਖਦੇ ਸ਼ਹੀਦ ਹੋ ਗਿਆ। ਰਾਜ ਕਰਦੇ ਕੁਰਸੀਆਂ ਵਾਲੇ, ਲੋਕ ਬੈਠੇ ਸੜਕਾਂ ਤੇ। ਭੱਠੀ ਤਪ ਗਈ ਭੁਨਾ ਲਓ ਦਾਣੇ, ਪੁੱਤਰੋ ਸਿਆਸਤਾਂ ਦਿਓ। ਕਾਹਨੂੰ ਮੁੜ ਕੇ ਪੰਜਾਬ ਤਪਾਇਆ, ਸੇਕਦੇ ਸਿਆਸੀ ਰੋਟੀਆਂ। ਕੀਹਦਾ ਦੇਸ਼ ਹੈ ਤਿਰੰਗਿਆ ਤੂੰ ਦੱਸ ਦੇ, ਪੈਰੋਂ ਨੰਗੇ ਲੋਕ ਪੁੱਛਦੇ। ਮੌਤ ਚੜ੍ਹੇ ਨਾ ਹਨ੍ਹੇਰੀ ਬਣ ਕੇ, ਸਿਵਿਆਂ ਦੇ ਰੁੱਖ ਡੋਲਦੇ। ਸਾਨੂੰ ਭੁੱਲ ਗਏ ਸਵਾਲ ਪੁਰਾਣੇ, ਨਵਿਆਂ ਨੇ ਘੇਰਾ ਪਾ ਲਿਆ। ਮੱਤ ਰਹੀ ਨਾ ਜਵਾਬਾਂ ਜੋਗੀ, ਸਮਾਂ ਬਦਮਾਸ਼ ਹੋ ਗਿਆ। ਬੂਟੇ ਸੁੱਕ ਗਏ ਉਮੀਦਾਂ ਵਾਲੇ, ਵਿਹੜੇ ਚ ਭੂਚਾਲ ਆ ਗਿਆ। ਕਿੱਥੇ ਮਰ ਗਏ ਬਾਗ ਦੇ ਰਾਖੇ, ਪੈਲਾਂ ਪਾਉਂਦੇ ਮੋਰ ਪੁੱਛਦੇ। ਲੋਕ ਜਦੋਂ ਵੀ ਹੱਕਾਂ ਦੀ ਗੱਲ ਕਰਦੇ, ਕੁਰਸੀ ਦੇ ਪਾਵੇ ਡੋਲਦੇ। ਮੁੰਡੇ ਮਰ ਗਏ ਕਮਾਈਆਂ ਕਰਦੇ, ਟਾਕੀ ਵਾਲੇ ਬੂਟ ਨਾ ਜੁੜੇ।

17. ਉਹ ਕਲਮ ਕਿੱਥੇ ਹੈ ਜਨਾਬ

ਉਹ ਕਲਮ ਕਿੱਥੇ ਹੈ ਜਨਾਬ ਜਿਸ ਨਾਲ ਸੂਰਮੇ ਨੇ ਪਹਿਲੀ ਵਾਰ ਇਨਕਲਾਬ ਜ਼ਿੰਦਾਬਾਦ ਲਿਖਿਆ ਸੀ। ਸ਼ਬਦ ਅੰਗਿਆਰ ਬਣੇ ਮਾਰੂ ਹਥਿਆਰ ਬਣੇ ਬੇਕਸਾਂ ਦੇ ਯਾਰ ਬਣੇ। ਨੌਜਵਾਨ ਮੱਥਿਆਂ ਚ ਸਦੀਵਕਾਲੀ ਲਲਕਾਰ ਬਣੇ। ਉਹ ਜਾਣਦਾ ਸੀ ਕਿ ਪਸ਼ੂ ਜਿਵੇਂ ਸੁਰਖ਼ ਕੱਪੜੇ ਤੋਂ ਡਰਦਾ ਹੈ ਹਨ੍ਹੇਰਾ ਟਟਹਿਣਿਓਂ ਹਾਕਮ ਵੀ ਸ਼ਾਸਤਰ ਤੋਂ ਘਬਰਾਉਂਦਾ ਹੈ। ਸ਼ਸਤਰ ਨੂੰ ਉਹ ਕੀ ਸਮਝਦਾ ਹੈ। ਸ਼ਸਤਰ ਦੇ ਓਹਲੇ ਚ ਤਾਂ ਲੁੱਟਣਾ ਕੁੱਟਣਾ ਦੋਵੇਂ ਕੰਮ ਆਸਾਨ। ਆਪੇ ਬਣੋ ਮਹਾਨ। ਕਲਮ ਨੂੰ ਕਲਮ ਕਰਨਾ ਮੁਹਾਲ ਪੁੰਗਰਦੀ ਹੈ ਬਾਰ ਬਾਰ ਕਰੂੰਬਲਾਂ ਤੋਂ ਟਾਹਣੀਆਂ ਫਿਰ ਕਲਮਾਂ ਅਖੰਡ ਪ੍ਰਵਾਹ ਸ਼ਬਦ ਸਿਰਜਣੀ ਦਾ। ਕਿੱਥੇ ਹੈ ਉਹ ਵਰਕਾ ਜਿਸ ਤੇ ਬਾਪ ਕਿਸ਼ਨ ਸਿੰਘ ਦੇ ਤਾਬਿਆਦਾਰ ਪੁੱਤਰ ਨੇ ਲਿਖ ਘੱਲਿਆ ਸੀ। ਮੇਰੀ ਜਾਨ ਲਈ ਲਾਟ ਸਾਹਿਬ ਨੂੰ ਕੋਈ ਅਰਜ਼ੀ ਪੱਤਾ ਨਾ ਪਾਵੀਂ ਬਾਪੂ। ਮੈਂ ਆਪਣੀ ਗੱਲ ਆਪ ਕਰਾਂਗਾ। ਜਿਸ ਮਾਰਗ ਤੇ ਤੁਰਿਆਂ ਆਪਣੀ ਹੋਣੀ ਆਪ ਵਰਾਂਗਾ। ਵਕਾਲਤ ਜ਼ਲਾਲਤ ਹੈ ਝੁਕ ਗੋਰੇ ਦਰਬਾਰ। ਝੁਕੀਂ ਨਾ ਬਾਬਲਾ, ਟੁੱਟ ਜਾਵੀਂ ਪਰ ਲਿਫੀਂ ਨਾ ਕਦੇ। ਕਿੱਥੇ ਹੈ ਉਹ ਕਿਤਾਬ ਜਿਸ ਦਾ ਪੰਨਾ ਮੋੜ ਕੇ ਇਨਕਲਾਬੀ ਨਾਲ ਰਿਸ਼ਤਾ ਜੋੜ ਕੇ ਸੂਰਮੇ ਨੇ ਕਿਹਾ ਸੀ ਬਾਕੀ ਇਬਾਰਤ ਮੁੜ ਮੁੜ ਉਦੋਂ ਤੀਕ ਪੜ੍ਹਦਾ ਰਹਾਂਗਾ ਜਦ ਤੀਕ ਨਹੀਂ ਮੁੱਕਦੀ ਗੁਰਬਤ ਤੇ ਜ਼ਹਾਲਤ ਮੈਂ ਬਾਰ ਬਾਰ ਜੰਮ ਕੇ ਕਰਦਾ ਰਹਾਂਗਾ ਚਿੜੀਆਂ ਦੀ ਵਕਾਲਤ। ਮਾਸ ਨੋਚਦੇ ਬਾਜ਼ਾਂ ਦੇ ਖ਼ਿਲਾਫ਼ ਲੜਦਾ ਰਹਾਂਗਾ। ਯੁੱਧ ਕਰਦਾ ਰਹਾਂਗਾ। ਕਿੱਥੇ ਹੈ ਉਹ ਦਸਤਾਰ ਜਿਸ ਨੂੰ ਸਾਂਭਣ ਲਈ ਚਾਚੇ ਅਜੀਤ ਸਿੰਘ ਨੇ ਲਾਇਲਪੁਰੀ ਬਾਰਾਂ ਨੂੰ ਜਗਾਇਆ ਸੀ। ਜਾਬਰ ਹਕੂਮਤਾਂ ਨੂੰ ਲਿਖ ਕੇ ਸੁਣਾਇਆ ਸੀ। ਧਰਤੀ ਹਲਵਾਹਕ ਦੀ ਮਾਂ ਹੈ। ਹੁਣ ਸਾਨੂੰ ਸੂਰਮੇ ਦਾ ਪਿਸਤੌਲ ਸੌਂਪ ਕੇ ਕਹਿੰਦੇ ਹੋ ਤਾੜੀਆਂ ਵਜਾਓ। ਖ਼ੁਸ਼ ਹੋਵੇ, ਮੋੜ ਦਿੱਤਾ ਹੈ ਅਸਾਂ ਸ਼ਸਤਰ। ਪਰ ਅਸੀਂ ਇੰਜ ਨਹੀਂ ਪਰਚਦੇ। ਸੂਰਮੇ ਦੀ ਉਹ ਕਲਮ ਤਾਂ ਪਰਤਾਓ ਉਹ ਵਰਕਾ ਤਾਂ ਵਿਖਾਓ ਜਿਸ ਤੇ ਅੰਕਿਤ ਹੈ ਸੂਹੀ ਲਾਟ ਵਾਲਾ ਮੁਕਤੀ ਮਾਰਗ ਦਾ ਨਕਸ਼ਾ। ਜਗਦੇ ਜਾਗਦੇ ਮੱਥੇ ਕੋਲ ਪਿਸਤੌਲ ਬਹੁਤ ਮਗਰੋਂ ਆਉਂਦਾ ਹੈ। ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸ਼ਤ। ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ। ਹਾਰਦੇ ਜਦ ਸਭ ਉਪਾਅ। ਠੀਕ ਹਥਿਆਰਾਂ ਦਾ ਰਾਹ। ਪਰ ਸੂਰਮੇ ਨੇ ਹਰ ਇਬਾਰਤ ਕਲਮ ਨਾਲ ਲਿਖੀ। ਤੁਸੀਂ ਓਹੀ ਵਰਕਾ ਚੁੱਕੀ ਫਿਰਦੇ ਹੋ ਜੋ ਤੁਹਾਨੂੰ ਪੁੱਗਦਾ ਹੈ। ਮੁਕਤੀਆਂ ਦਾ ਸੂਰਜ ਤਾਂ ਗਿਆਨ ਭੂਮੀ ਸਿੰਜ ਕੇ ਆਪਣਾ ਆਪਾ ਪਿੰਜ ਕੇ ਮੱਥਿਆਂ ਚੋਂ ਚੜ੍ਹਦਾ ਹੈ। ਹੱਕ ਇਨਸਾਫ਼ ਲਈ ਰਾਤ ਦਿਨ ਲੜਦਾ ਹੈ। ਮੈਂ ਨਦੀਆਂ ਨੂੰ ਪੁੱਛਿਆ ਤੁਹਾਡੇ ਵੀ ਪੁੱਤਰ ਧੀਆਂ ਹੁੰਦੇ ਨੇ। ਨਦੀ ਨੇ ਕੁਝ ਨਾ ਕਿਹਾ ਮੈਂ ਵੀ ਚੁੱਪ ਹੀ ਰਿਹਾ। ਮੈਂ ਦਰਿਆ ਨੂੰ ਕਿਹਾ ਕਿੱਧਰ ਦੀ ਤਿਆਰੀ ਹੈ ਕਾਹਦੀ ਮਾਰੋਮਾਰੀ ਹੈ। ਬੋਲਿਆ ਦਰਿਆ ਸਮੁੰਦਰ ਵਿੱਚ ਡੁੱਬਣ ਚੱਲਿਆ ਹਾਂ। ਮੈਂ ਤਾਂ ਲਿਆਉਂਦਾ ਸਾਂ ਪਹਾੜਾਂ ਤੋਂ ਚੁਗ ਚੁਗ ਕੇ ਮਾਣਕ ਮੋਤੀ ਰੇਤ ਕਣਾਂ ਵਿੱਚ ਰੋੜ੍ਹ ਲਿਆਉਂਦਾ ਹਾਂ ਘਰ ਉਸਾਰਨ ਦੇ ਸੁਪਨੇ। ਨੀਹਾਂ ਲਈ ਪੱਥਰ ਗੀਟੇ ਮੈਂ ਹੀ ਸੌਂਪਦਾ ਰਿਹਾਂ ਹੁਣ ਤੀਕ। ਤੇਰੀ ਮਿੱਟੀ ਐਵੇਂ ਨਹੀਂ ਰਸਦੇ ਅਨਾਰ। ਅੰਗੂਰਾਂ ਵਿੱਚ ਰਸਵੰਤਾ ਵਿਸਮਾਦ ਮਿਸ਼ਰੀ ਨਾਲੋਂ ਮਿੱਠਾ ਕਮਾਦ ਅੰਬਾਂ ਚ ਘੁਲਿਆ ਸੰਧੂਰੀ ਸਵਾਦ ਮੇਰੇ ਪਾਣੀਆਂ ਦੀ ਬਰਕਤ ਹੈ ਜਨਾਬ। ਮੈਂ ਵਗਦੀਆਂ ਪੌਣਾਂ ਨੂੰ ਪੁੱਛਿਆ ਮੇਰੇ ਵਤਨ ਆ ਕੇ ਕਿਵੇਂ ਮਹਿਸੂਸ ਹੁੰਦੈ ਸਿਰ ਝੁਕਾ ਕੇ ਬੋਲੀਆਂ ਸ਼ਰਮਿੰਦਾ ਹੋ! ਅਕਲ ਨੂੰ ਹੱਥ ਮਾਰ! ਸਾਨੂੰ ਨਹੀਂ, ਆਪਣੇ ਫੇਫੜਿਆਂ ਨੂੰ ਪੁੱਛ? ਕਿਹੜਾ ਜ਼ਹਿਰ ਹੈ ਜੋ ਤੇਰੇ ਹਮਸਾਇਆਂ ਨੇ ਨਹੀਂ ਘੋਲਿਆ ਮੇਰੀਆਂ ਰਗਾਂ ਵਿੱਚ। ਬੋਝਲ ਜਹੀ ਰਫ਼ਤਾਰ ਐਵੇਂ ਨਹੀਂ ਮੇਰੀ। ਜੰਗਲ ਨੂੰ ਪੁੱਛਿਆ ਚੰਡੀਗੜ੍ਹ ਚ ਤੇਰਾ ਦੌਲਤਖ਼ਾਨਾ ਕਿੱਥੇ ਹੈ? ਬੋਲਿਆ! ਮਜ਼ਾਕ ਨਾ ਕਰ ਬੇਘਰਿਆਂ ਦੇ ਝੁੱਗੀਆਂ ਜਹੇ ਗਰੀਬਖ਼ਾਨੇ ਹੁੰਦੇ ਨੇ। ਮੈਂ ਚਿਰੋਕਣਾ ਬੇਘਰਾ ਹਾਂ ਤੇਰੇ ਪੰਜਾਬ ਵਿੱਚ। ਨਾ ਆਬ ਨਾ ਪੰਜਾਬ ਰਹਿ ਗਈ ਗੰਧਲੇ ਪਾਣੀ ਦੀ ਢਾਬ। ਕਾਹਦਾ ਜੀਣ ਦਾ ਸਵਾਦ। ਅੰਬਰ ਕਾਲਾ ਘਾਲਾ ਮਾਲਾ ਖੁੱਲ ਚੱਲੀ ਗੰਢ ਹੰਝੂਆਂ ਦੀ ਪੰਡ। ਨਦੀ, ਦਰਿਆ ਪੌਣ ਤੇ ਜੰਗਲ ਰਲ ਮਿਲ ਬੋਲੇ। ਤੂੰ ਬਲਬੀਰ ਨੂੰ ਜਾਣਦਾ ਹੈਂ। ਬੇਈਂ ਕੰਢੇ ਗਿਲਤੀ ਵਾਲੇ ਕਰਮਯੋਗੀ ਰੂਹ ਦੇ ਨਿਰਮਲੇ ਸਾਧੂ ਨੂੰ। ਤੂੰ ਜਾਣਦਾ ਹੈਂ ਸੇਵਾਦਾਰ ਸੇਵਾ ਸਿੰਘ ਬਿਰਖ਼ਾਂ ਵਾਲੇ ਨੂੰ। ਮੈਂ ਕਿਹਾ! ਵੇਖਿਆ ਹੈ ਪਰ ਜਾਣਿਆ ਨਹੀਂ। ਮਿਲਿਆ ਹਾਂ ਪਰ ਪਛਾਣਿਆ ਨਹੀਂ। ਤੁਰਿਆ ਹਾਂ ਸੰਗ ਮਾਣਿਆਂ ਨਹੀਂ। ਅੰਬਰ ਕੂਕਿਆ ਨਦੀਓ, ਜੰਗਲੋ, ਦਰਿਆਓ, ਹਵਾਓ। ਇਸ ਬੰਦੇ ਨੂੰ ਮੂੰਹ ਨਾ ਲਾਓ। ਧਰਤਿ ਪਲੀਤ ਕਰਨ ਚ ਇਹ ਵੀ ਮੁਜਰਿਮ ਹੈ। ਇਸ ਨੂੰ ਸਜ਼ਾ ਭੁਗਤਣ ਦਿਓ। ਮਾਰਨ ਦਿਓ ਤਰਲੇ ਚੁੱਕੀ ਫਿਰਨ ਦਿਓ ਪਾਣੀ ਦੀਆਂ ਬੰਦ ਬੋਤਲਾਂ। ਦਮ ਫੁੱਲੇਗਾ ਤਾਂ ਲੱਭਦਾ ਫਿਰੇਗਾ ਆਕਸੀਜਨ ਸਲੰਡਰ। ਅਜੇ ਇਹ ਹੰਕਾਰਿਆ ਫਿਰਦਾ ਹੈ। ਬੰਦੇ ਦਾ ਪੁੱਤ ਨਹੀਂ ਰਿਹਾ ਪੈਸੇ ਦਾ ਪੁੱਤ ਬਣ ਗਿਆ ਹੈ। ਇਹ ਨਹੀਂ ਪਛਾਣਦਾ ਬਲਬੀਰ ਨਹੀਂ ਜਾਣਦਾ ਸੇਵਾ ਦਾਰ ਹਮਸ਼ੀਰ। ਤਾਂਹੀਂਓਂ ਇਸ ਦਾ ਦਿਲ ਦਿਲਗੀਰ। ਸਮੁੱਚੇ ਬ੍ਰਹਿਮੰਡ ਦੀ ਆਰਤੀ ਗਾਵਣਹਾਰੇ ਗੁਰੂ ਨਾਨਕ ਦੀ ਆਰਤੀ ਸੁਣਦਾ ਤਾਂ ਹੈ, ਸਮਝਦਾ ਨਹੀਂ। ਥਾਲੀ ਵਰਗਾ ਗਗਨ। ਸੂਰਜ ਚੰਦ ਸਿਤਾਰੇ। ਮੋਤੀਆਂ ਵਾਂਗ ਸ਼ਿੰਗਾਰੇ। ਥਾਲੀ ਅੰਦਰ ਸਾਰੇ। ਮਹਿਕਦੇ ਚੰਦਨ ਬਿਰਖ਼ਾਂ ਵਾਲੇ ਪਹਾੜ ਨਹੀਂ ਦਿਸਦੇ। ਚੌਰ ਕਰਦੀ ਅਲਬੇਲੀ ਪੌਣ ਫੁੱਲ ਪੱਤੀਆਂ ਖ਼ੁਸ਼ਬੋਈਆਂ ਰੋ ਰੋ ਕਮਲੀਆਂ ਹੋਈਆਂ। ਚੰਗੀ ਭਲੀ ਬੇਈਂ ਇੱਕ ਓਂਕਾਰ ਜਪਦੀ ਇਸ ਦੇ ਕਾਲੇ ਕਾਰਨਾਮਿਆਂ ਨੇ ਕਾਲੀ ਕੀਤੀ ਤਨ ਮਨ ਧਨ ਦਾ ਕੂੜਾ ਇਸ ਅੰਦਰ ਪਰਵਾਹਿਆ ਭੋਰਾ ਖ਼ਿਆਲ ਨਾ ਆਇਆ ਮੇਰੇ ਬਾਬੇ ਦਾ ਮੂਲ ਮੰਤਰ ਹੈ ਨਿਰਮਲ ਨੀਰ ਸਵੱਛ ਪੌਣ ਸੁਡੌਲ ਧਰਤੀ ਮਾਤਾ ਦਿਨ ਤੇ ਰਾਤ ਨੂੰ ਖਿਡਾਵਣਹਾਰੇ। ਜੇ ਇਹ ਜਾਬਰ ਜਬਰ ਨਾ ਕਰਦਾ ਤਾਂ ਬਲਬੀਰ ਵੀ ਆਰਾਮ ਕਰਦਾ। ਹੁਣ ਕਮਰਕੱਸਾ ਕਰਕੇ ਕਦੇ ਬੇਈਂ ਚ ਜਾ ਵੜਦਾ ਹੈ। ਬਿਰਖ਼ ਬਣ ਜਾਂਦਾ ਹੈ ਸੁਖਚੈਨ ਦੀ ਛਾਂ ਜਿਹਾ ਕਦੇ ਬਾਬਲ ਕਦੇ ਮਾਂ ਜਿਹਾ। ਮਿੱਠੇ ਰਸੀਲੇ ਜਾਮਣ ਦੀ ਨਰਸਰੀ ਬਣਦਾ ਹੈ। ਨਿਰਮਲ ਨੀਰ ਦੀ ਅਭਿਲਾਖਿਆ। ਓਹੀ ਕੁਝ ਕਰੇ ਜੋ ਗੁਰੂ ਨੇ ਆਖਿਆ। ਬਲਿਹਾਰੀ ਕੁਦਰਤਿ ਵੱਸਿਆ ਸਾਫ਼ ਸਾਫ਼ ਦੱਸਿਆ। ਨਦੀ ਨੇ ਮੇਰੇ ਕੰਨ ਚ ਕਿਹਾ। ਬਲਬੀਰ ਮੇਰਾ ਹੀ ਪੁੱਤਰ ਹੈ। ਦਰਿਆ ਨੇ ਕਿਹਾ, ਮੈਂ ਆਪਣਾ ਸਾਰਾ ਵੇਗ ਬਲਬੀਰ ਸੁਖਜੀਤ ਨੂੰ ਸੇਵਾ ਲਈ ਸੌਂਪ ਦਿੱਤਾ ਹੈ। ਬਿਰਖ਼ ਬੋਲੇ, ਮੇਰੇ ਪੱਤਿਆਂ ਤੇ ਏਸੇ ਦਾ ਨਾਮ ਹੈ ਪੜ੍ਹਨ ਦੀ ਖੇਚਲ ਕਰ। ਪੌਣਾਂ ਬੋਲੀਆਂ ਸਮੂਹ ਜ਼ਹਿਰਾਂ ਦੇ ਖ਼ਿਲਾਫ਼ ਇੱਕ ਨਹੀਂ ਲੱਖਾਂ ਬਲਬੀਰ ਚਾਹੀਦੇ। ਤੁਹਾਡੇ ਅੰਦਰ ਵੀ ਛੁਪੇ ਨੇ ਇਹੋ ਜਹੇ ਕਿੰਨੇ ਸੂਰਬੀਰ। ਜਗਾਓ ਜਗਾਓ ਜਗਾਓ। ਬਾਹਰ ਨਾ ਲੱਭਣ ਜਾਓ।

18. ਨਵ ਸਵੇਰਾ ਮੁਬਾਰਕ

ਹੇ ਜ਼ਿੰਦਗੀ! ਤੈਨੂੰ ਹਜ਼ਾਰਾਂ ਸਲਾਮ! ਸਵੇਰ ਸਾਰ ਕਿੰਨੀ ਊਰਜਾ ਸਾਡੀ ਝੋਲੀ ਚ ਪਾ ਕੇ ਆਖਦੀ ਹੈਂ, ਉੱਠ! ਕਿੰਨੇ ਸ਼ੁਭ ਕਾਰਜ ਤੈਨੂੰ ਉਡੀਕਦੇ ਨੇ। ਕੁਝ ਸਮਾਂ ਪਹਿਲਾਂ ਤੂੰ ਹੀ ਤਾਂ ਮੈਥੋਂ ਲਿਖਵਾਇਆ ਸੀ। ਕਿੰਨਾ ਚਾਨਣ, ਅਗਨੀ, ਤਾਕਤ, ਐਨੇ ਸੂਰਜ ਤੇਰੇ ਅੰਦਰ, ਆਪਣੇ ਅੰਦਰ ਕੀ ਕੁਝ ਰੱਖਿਆ, ਤੂੰ ਬਿਜਲੀ ਦੀ ਤਾਰ ਵਾਂਗਰਾਂ।

19. ਧੀਆਂ ਪੜ੍ਹਨ ਸਕੂਲੇ ਚੱਲੀਆਂ

ਵਗਦੀ ਤੇਜ਼ ਹਨ੍ਹੇਰੀ ਤੋੜਿਆ ਰੁੱਖ ਦਾ ਟਾਹਣਾ। ਚੁੱਕ ਤੁਰੀਆਂ ਨੇ ਵੀਰ ਨਾਲ ਮਿਲ ਟੁੱਟਿਆ ਟਾਹਣਾ। ਤੋੜਨ ਵਾਲੇ ਨੂੰ ਕੀ ਖ਼ਬਰਾਂ ਇਸ ਨੇ ਕੁਝ ਪਲ ਹੋਰ ਨਹੀਂ ਮੁਰਝਾਉਣਾ ਹਾਲੇ ਨਿੱਕੇ ਨਿੱਕੇ ਬਾਲਾਂ ਦੇ ਸਿਰ ਇਸ ਨੇ ਹੈ ਛਤਰੀ ਬਣ ਜਾਣਾ। ਧੀਆਂ ਪੜ੍ਹਨ ਸਕੂਲੇ ਚੱਲੀਆਂ। ਨਿੱਕੇ ਨਿੱਕੇ ਕਦਮ ਤੁਰਨ ਤਾਂ ਸਫ਼ਰ ਮੁਕਾਉਂਦੇ। ਨਿੱਕੇ ਨਿੱਕੇ ਜੁਗਨੂੰ ਰਾਤਾਂ ਨੂੰ ਰੁਸ਼ਨਾਉਂਦੇ। ਅੰਬਰ ਦੇ ਵਿੱਚ ਚਾਨਣ ਵੰਨੀਆਂ ਲੀਕਾਂ ਪਾਉਂਦੇ। ਪਰ ਇਹ ਗੱਲ ਵੀ ਚੇਤੇ ਰੱਖਣਾ। ਜਿਸ ਮੰਦਰ ਵਿੱਚ ਇਹ ਨੇ ਚੱਲੀਆਂ। ਖੜਕਦੀਆਂ ਬੇਸੁਰੀਆਂ ਟੱਲੀਆਂ। ਕਹਿਣ ਚਿਰਾਗ ਬਾਲੀਏ ਐਪਰ ਦੀਵੇ ਅੰਦਰ ਤੇਲ ਨਾ ਬੱਤੀ ਚਾਰ ਚੁਫ਼ੇਰੇ ਘੋਰ ਹਨ੍ਹੇਰਾ। ਫਿਰ ਵੀ ਚਿੱਤ ਉਦਾਸ ਨਹੀਂ ਮੇਰਾ। ਜੋਤ ਹੈ ਜੇਕਰ ਬੁਝਦੀ ਜਗਦੀ। ਮੇਰੇ ਨਿੱਕੇ ਵੀਰ ਅਜੇ ਵੀ ਤੱਪੜ ਟਾਟ ਸਕੂਲਾਂ ਅੰਦਰ ਚੌਮੁਖੀਏ ਬਣ ਚਮਕ ਰਹੇ ਨੇ। ਕੱਚੀ ਮਿੱਟੀ ਗੁੰਨ੍ਹਦੇ ਰੋਜ਼ ਬਣਾਉਂਦੇ ਦੀਵੇ ਮੇਰੇ ਵਰਗੇ ਕਿੰਨੇ ਆਪਣੇ ਕੱਲ੍ਹ ਦੀ ਖਾਤਰ ਆਸ ਉਮੀਦੇ ਬਸਤੇ ਲੈ ਕੇ ਸ਼ਬਦਾਂ ਦੇ ਨਿਰਮਲ ਦਰ ਉੱਤੇ ਮੱਥੇ ਧਰਦੇ ਧੀਆਂ ਪੁੱਤਰ ਲਿੱਸੇ ਘਰ ਦੇ ਪੌੜੀ ਪੌੜੀ ਕਦਮ ਨੇ ਧਰਦੇ। ਆ ਇਨ੍ਹਾਂ ਦੀ ਉਂਗਲੀ ਫੜੀਏ। ਕੱਚੀ ਮਿੱਟੀ ਅੰਦਰ ਆਪਾਂ ਦੀਵੇ ਧਰੀਏ।

20. ਮਾਏ ਵਰਜ ਨੀ ਪੁੱਤਰਾਂ ਨੂੰ

ਪੁੱਤ ਪੰਜ ਦਰਿਆਵਾਂ ਦੇ, ਭਲਾ ਕਿਉਂ ਨਸ਼ਿਆਂ ਜੋਗੇ ਰਹਿ ਗਏ। ਮਾਏ ਵਰਜ ਲਈ ਇਨ੍ਹਾਂ ਨੂੰ, ਇਹ ਤਾਂ ਰਾਹ ਸਿਵਿਆ ਦੇ ਪੈ ਗਏ । ਇਹ ਨੀਂਦ ਤਿਆਗਣ ਨਾ ਇਨ੍ਹਾਂ ਨੂੰ ਕਿਵੇ ਅਵਾਜ਼ਾਂ ਮਾਰਾਂ । ਇਹ ਤਾਂ ਅੰਬਰੋਂ ਲਾਹੁੰਦੇ ਸੀ, ਉਡੰਤਰ ਪੰਖਣੂਆਂ ਦੀਆਂ ਡਾਰਾਂ। ਪੌਣਾਂ ਦੇ ਪੁੱਤਰਾਂ ਜਹੇ, ਭਲਾ ਕਿਉਂ ਢੇਰੀ ਢਾਹ ਕੇ ਬਹਿ ਗਏ। ਮਾਏ ਵਰਜ ਨੀ ਇਨ੍ਹਾਂ ਨੂੰ, ਇਹ ਤਾਂ ਰਾਹ ਸਿਵਿਆਂ ਦੇ ਪੈ ਗਏ। ਬੋਹੜਾਂ ਤੇ ਪਿੱਪਲਾਂ ਦੀਆਂ ਲੈ ਗਿਆ ਕੌਣ ਛਾਂਗ ਕੇ ਛਾਵਾਂ। ਪੁੱਛਦੀ ਏ ਭੈਣ ਖੜ੍ਹੀ ਵੀਰਨਾ ਕਿਸ ਥਾਂ ਪੀਘਾਂ ਪਾਵਾਂ। ਚਾਅ ਅੰਬਰੀ ਉੱਡਣ ਦੇ, ਕੁਆਰੇ ਦਿਲ ਅੰਦਰ ਹੀ ਰਹਿ ਗਏ। ਮਾਏ ਵਰਜ ਲਈ ਇਨ੍ਹਾਂ ਨੂੰ, ਇਹ ਤਾਂ ਰਾਹ ਸਿਵਿਆ ਦੇ ਪੈ ਗਏ। ਧਰਤੀ ਦਾ ਧਰਮ ਗਿਆ, ਜਵਾਨੀ ਤੁਰ ਪਈ ਉਲਟੇ ਪਾਸੇ। ਦਾਤੇ ਦੇ ਹੱਥ ਵਿੱਚ ਨੇ, ਭਲਾ ਕਿਉਂ ਖਾਲਮ ਖਾਲੀ ਕਾਸੇ। ਸਿੱਧੇ ਰਾਹ ਤੁਰਦੇ। ਕਿਰਤ ਦੀ ਅਸਲੀ ਲੀਹੋਂ ਲਹਿ ਗਏ। ਮਾਏ ਵਰਜ ਲਈ ਇਨ੍ਹਾਂ ਨੂੰ, ਇਹ ਤਾਂ ਰਾਹ ਸਿਵਿਆ ਦੇ ਪੈ ਗਏ। ਸਿਦਕੋਂ ਕਿਉਂ ਡੋਲ ਗਈ, ਪੰਜਾਬੀ ਅੱਥਰੀ ਅਮੋੜ ਜਵਾਨੀ। ਜਦ ਡੋਰੀ ਟੁੱਟ ਜਾਵੇ, ਗੁਆਚਣ ਮਣਕੇ ਰਹੇ ਨਾ ਗਾਨੀ। ਛੱਡ ਸ਼ਬਦ ਪੰਘੂੜੇ ਨੂੰ, ਇਹ ਚੰਦਰੇ ਕਿਹੜੇ ਵਹਿਣੀ ਵਹਿ ਗਏ। ਮਾਏ ਵਰਜ ਨੀ ਪੁੱਤਰਾਂ ਨੂੰ, ਇਹ ਤਾਂ ਰਾਹ ਸਿਵਿਆ ਦੇ ਪੈ ਗਏ।

21. ਰੰਗੋਲੀ ਵਿੱਚ ਰੰਗ ਭਰਦੇ ਬੱਚੇ

ਰੰਗੋਲੀ ਵਿੱਚ ਰੰਗ ਭਰਦੇ ਬੱਚੇ ਮੈਨੂੰ ਬਹੁਤ ਚੰਗੇ ਲੱਗਦੇ ਨੇ ਰੱਬ ਵਰਗੇ ਸਿਰਜਣਹਾਰੇ। ਬਦਰੰਗ ਲਕੀਰਾਂ ਚ ਜਾਨ ਪਾਉਂਦੇ ਜਿੰਦ ਧੜਕਾਉਂਦੇ ਰੀਸ ਬ ਰੀਸੀ ਨਾਲ ਨਾਲ ਗੀਤ ਗਾਉਂਦੇ ਰੰਗਾਂ ਨੂੰ ਧੜਕਣ ਸਿਖਾਉਂਦੇ। ਰੰਗੋਲੀ ਵਿੱਚ ਰੰਗ ਭਰਦੇ ਬੱਚਿਆਂ ਨੂੰ ਵੇਖਣਾ। ਨਿੱਕੀਆਂ ਨਿੱਕੀਆਂ ਸ਼ਰਾਰਤਾਂ ਕਰਦਾ ਰੱਬ ਦਿਸੇਗਾ ਮਾਸੂਮ ਜਿਹਾ ਗੋਲ ਮਟੋਲ ਅੱਖੀਆਂ ਵਾਲਾ। ਬੇਪਰਵਾਹ, ਨਿਰਛਲ, ਨਿਰਕਪਟ, ਨਿਰਵਿਕਾਰ। ਸਿਰ ਤੋਂ ਪੈਰਾਂ ਤੀਕ ਹਰਕਤ ਇਸੇ ਨਾਲ ਬਰਕਤ। ਮੈਂ ਵੀ ਨਿੱਕੇ ਹੁੰਦਿਆਂ ਰੱਬ ਹੁੰਦਾ ਸੀ। ਰੰਗੋਲੀ ਚ ਰੰਗ ਤਾਂ ਨਹੀਂ ਭਰੇ ਪਰ ਸੁਪਨੇ ਕੁਝ ਇਹੋ ਜਹੇ ਹੀ ਸਨ। ਚੀਕਨੀ ਮਿੱਟੀ ਨਾਲ ਖੇਡਦਾ। ਘੁੱਗੂ ਘੋੜੇ ਬਣਾਉਂਦਾ। ਜ਼ੋਰ ਜ਼ੋਰ ਨਾਲ ਧਰਤੀ ਤੇ ਪਟਕਾਉਂਦਾ ਪਟਾਕੇ ਪਾਉਂਦਾ। ਕਦੇ ਉਸੇ ਮਿੱਟੀ ਨੂੰ ਹੋਰ ਗੁੰਨ੍ਹਦਾ। ਬਲਦਾਂ ਦੀ ਜੋਗ ਬਣਾਉਂਦਾ। ਗਲ਼ ਵਿੱਚ ਪੰਜਾਲੀ ਪਾਉਂਦਾ। ਪਿੱਛੇ ਦੁਸਾਂਘੜ ਲੱਕੜੀ ਦੀ ਹੱਲ ਪਾਉਂਦਾ। ਸੁਪਨੀਲੀ ਧਰਤੀ ਤੇ ਸਿਆੜ ਕੱਢਦਾ ਬੀਜ ਪੋਰਦਾ ਨੜੇ ਦੇ ਪੋਰੇ ਨਾਲ। ਸੁਹਾਗਦਾ ਤੇ ਬੀਜੀ ਫ਼ਸਲ ਦੇ ਉੱਗਣ ਨੂੰ ਉਡੀਕਦਾ। ਹੁਣ ਮੈਂ ਮਿੱਟੀ ਚ ਨਹੀਂ ਕੋਰੇ ਵਰਕਿਆਂ ਤੇ ਸੁਪਨੇ ਬੀਜਦਾ ਹਾਂ। ਉਮਰੋਂ ਵੱਡਾ ਹੋ ਕੇ ਵੀ ਓਡੇ ਦਾ ਓਡਾ ਹਾਂ। ਤਾਂਹੀਓਂ ਸੁਪਨੇ ਉੱਗਣ ਦੀ ਉਡੀਕ ਕਰਦਾ ਹਾਂ। ਰੰਗੋਲੀ ਚ ਰੰਗ ਭਰਦੇ ਬੱਚਿਆਂ ਵਾਂਗ ਮੈਂ ਵੀ ਕੁਝ ਨਾ ਕੁਝ ਤਾਂ ਕਰਦਾ ਹਾਂ। ਕੋਰੇ ਵਰਕਿਆਂ ਖ਼ਿਲਾਫ਼ ਯੁੱਧ ਨਾ ਸਹੀ, ਤਿਆਰੀ ਤਾਂ ਕਰਦਾ ਹਾਂ।

22. ਹਾਏ! ਬਾਬਲਾ ਵੇ ਧੀਆਂ ਆਖੇਂ ਕਿਓਂ ਵਿਚਾਰੀਆਂ-ਗੀਤ

ਹਾਏ! ਬਾਬਲਾ ਵੇ ਧੀਆਂ ਆਖੇਂ ਕਿਓਂ ਵਿਚਾਰੀਆਂ। ਕਿਤੇ ਨਾਨੀ ਕਿਤੇ ਦਾਦੀ ਬਣ ਜਿੰਨ੍ਹਾਂ ਨੇ ਵੇ ਤੇਰੀਆਂ ਕੁਲਾਂ ਨੇ ਉਸਾਰੀਆਂ। ਭੁੱਲ ਜਾਂ ਭੁਲੇਖੇ ਕਿਤੇ ਧੀ ਜੰਮੇ ਡਾਂਟਦਾ। ਗੁੱਡੀਆਂ ਪਟੋਲਿਆਂ ਚੋਂ ਪੁੱਤ ਪੁੱਤ ਛਾਂਟਦਾ। ਭੁੱਲੇਂ ਨਿਰਮੋਹੀਆ ਕਾਹਨੂੰ ਘਰ ਦਾ ਸਲੀਕਾ ਜੀਣ ਧੀਆਂ ਭੈਣਾਂ ਸਾਰੀਆਂ। ਹਾਏ! ਬਾਬਲਾ ਵੇ.....। ਤੇਰੇ ਪਿੰਡ ਇੱਜ਼ਤਾਂ ਤੇ ਪੱਤ ਦੀ ਜੇ ਥਾਂ ਨਹੀਂ। ਏਸ ਦੀ ਕਸੂਰਵਾਰ' ਕੱਲ੍ਹੀ ਮੇਰੀ ਮਾਂ ਨਹੀਂ। ਬਾਬਲੇ ਦੀ ਪੱਗ ਦੀ ਦੁਹਾਈ ਦੇਵੇਂ ਸਾਨੂੰ, ਜੋ ਨੇ ਪੁੱਤਰਾਂ ਉਤਾਰੀਆਂ। ਹਾਏ! ਬਾਬਲਾ ਵੇ.......। ਮਾਪਿਆਂ ਦੇ ਸਿਰ ਹੁੰਦਾ ਧੀਆਂ ਦਾ ਵੀ ਮਾਣ ਵੇ। ਸਹਿਮੇ ਜੇ ਮਲੂਕ ਜਿੰਦ, ਘਰ ਵੀ ਮਸਾਣ ਵੇ। ਕਬਰਾਂ ਤੇ ਕੁੱਖਾਂ ਨੂੰ ਤੂੰ ਇੱਕੋ ਜਿਹਾ ਕੀਤਾ, ਕਾਹਨੂੰ ਲੱਭ ਲੱਭ ਮਾਰੀਆਂ। ਹਾਏ! ਬਾਬਲਾ ਵੇ .......। ਧੀਆਂ ਪੁੱਤ ਰੱਖਦਾ ਜੇ ਪਹਿਲਾਂ ਇੱਕ ਤੋਲ ਵੇ। ਕਦੇ ਵੀ ਨਾ ਪੁੱਤ ਫੇਰ ਬੋਲਦੇ ਕੁਬੋਲ ਵੇ। ਧੀਆਂ ਤਾਂ ਚੰਬੇਲੀ ਤੇ ਰਵੇਲ ਵੇਲ ਵਾਂਗ ਸਦਾ ਮਹਿਕਾਂ ਨੇ ਖਿਲਾਰੀਆਂ। ਹਾਏ! ਬਾਬਲਾ ਵੇ.........।

23. ਧਰਮ ਤਬਦੀਲੀ ਏਦਾਂ ਨਹੀਂ ਹੁੰਦੀ ਮਾਂ

ਮਾਂ ਨੇ 6 ਸਾਲਾਂ ਦੇ ਪੁੱਤਰ ਨੂੰ ਝਿੜਕਦਿਆਂ ਕਿਹਾ, ਨਾਲਾਇਕਾ! ਤੂੰ ਭੰਗੀਆਂ ਦੇ ਘਰ ਦੀ ਰੋਟੀ ਖਾ ਗਿਆਂ ਹੁਣ ਤੂੰ ਭੰਗੀ ਹੋ ਗਿਆ। ਤੂੰ ਅਪਣਾ ਧਰਮ ਭ੍ਰਿਸ਼ਟ ਕਰ ਲਿਆ ਤੇਰਾ ਕੀ ਕੀਤਾ ਜਾਵੇ? ਬੱਚਾ ਬੜੀ ਮਾਸੂਮੀਅਤ ਨਾਲ ਬੋਲਿਆ ਮਾਂ ਮੈਂ ਸਿਰਫ਼ ਇੱਕ ਵਾਰ ਉਨ੍ਹਾਂ ਦੇ ਘਰ ਦੀ ਰੋਟੀ ਖਾ ਲਈ ਤਾਂ ਮੈਂ ਭੰਗੀ ਹੋ ਗਿਆ ! ਪਰ ਉਹ ਤਾਂ ਸਾਡੇ ਘਰ ਦੀਆਂ ਬੇਹੀਆਂ ਰੋਟੀਆਂ ਰੋਜ਼ ਖਾਂਦੇ ਨੇ, ਉਹ ਤਾਂ ਬ੍ਰਾਹਮਣ ਹੋਏ ਨਹੀਂ??

24. ਗੀਤ-ਹਟ ਹਾਕਮਾਂ ਤੇ ਤੂੰ ਵੀ ਟਲ਼ ਸ਼ੇਰ ਬੱਲਿਆ

ਹਟ ਹਾਕਮਾਂ ਤੇ ਤੂੰ ਵੀ ਟਲ਼ ਸ਼ੇਰ ਬੱਲਿਆ। ਓਇ ! ਚਿੱਟਾ ਕੱਪੜਾ ਬਾਜ਼ਾਰ ਵਿਚੋਂ ਮੁੱਕ ਚੱਲਿਆ। ਸਾਡੇ ਸਹਿਮ ਚੱਟ ਗਿਆ, ਕਿਲਕਾਰੀਆਂ ਤੇ ਹਾਸੇ। ਮੋਰ ਪੈਲ ਪਾਉਣੀ ਭੁੱਲੇ, ਸੱਤੇ ਰੰਗ ਨੇ ਉਦਾਸੇ। ਵੇਖ ਮਿੱਧੀ ਜਾਂਦੇ ਘੋੜੇ, ਮਾਰ ਅੱਡੀਆਂ ਪਤਾਸੇ। ਮੈਥੋਂ ਅੱਖੀਆਂ 'ਚ ਜਾਂਦਾ ਨਹੀਉਂ ਨੀਰ ਠੱਲ੍ਹਿਆ। ਓਇ ! ਚਿੱਟਾ ਕੱਪੜਾ ਬਾਜ਼ਾਰ ਵਿਚੋਂ ਮੁੱਕ ਚੱਲਿਆ। ਰੱਤੋ ਰੱਤ ਹੋਈ ਧਰਤੀ ਨੂੰ ਕੀਹਦੇ ਨਾਲ਼ ਧੋਵਾਂ। ਮੁੱਕੇ ਹੰਝੂਆਂ ਦੇ ਸੋਮੇ, ਮੈ ਸਵੇਰ ਸ਼ਾਮ ਰੋਵਾਂ। ਵੇਖ ਸਿਵਿਆਂ 'ਚ ਰੌਣਕਾਂ, ਮੈਂ ਗੁੰਮ ਸੁੰਮ ਹੋਵਾਂ। ਸਾਰਾ ਘਰ ਬਾਰ ਇੱਲ੍ਹਾਂ ਨੇ ਕਿਉਂ ਆਣ ਮੱਲਿਆ। ਓਇ ! ਚਿੱਟਾ ਕੱਪੜਾ ਬਾਜ਼ਾਰ ਵਿਚੋਂ ਮੁੱਕ ਚੱਲਿਆ। ਪੰਜ ਪਾਣੀਆਂ 'ਚ ਜ਼ਹਿਰ, ਵਰ੍ਹੇ ਰੱਤੀ ਬਰਸਾਤ। ਕਿੱਥੋਂ ਤੁਰੀ, ਕਿੱਥੇ ਪਹੁੰਚੀ ਤਕਰਾਰ ਵਾਲੀ ਬਾਤ । ਵੇਖ ਕਿੱਡੀ ਲੰਮੀ ਹੋ ਗਈ ਇਹ ਮੁਸੀਬਤਾਂ ਦੀ ਰਾਤ । ਤੀਰਾਂ ਆਪਣੇ ਬੇਗਾਨਿਆਂ ਕਲੇਜਾ ਸੱਲਿਆ। ਓਇ ! ਚਿੱਟਾ ਕੱਪੜਾ ਬਾਜ਼ਾਰ ਵਿਚੋਂ ਮੁੱਕ ਚੱਲਿਆ। ਟੁੱਟੀ ਕਲਮ ਦਵਾਤ, ਲੀਰੋ ਲੀਰ ਹੈ ਕਿਤਾਬ। ਹੇਕਾਂ ਗਲ਼ਿਆਂ 'ਚ ਰੋਣ, ਕਾਹਨੂੰ ਟੁੱਟ ਗਈ ਰਬਾਬ। ਸਾਡੇ ਪੁੱਤਰਾਂ ਨੂੰ ਅਜੇ ਵੀ ਨਾ ਲੱਗਦਾ ਹਿਸਾਬ। ਖਾਵੇ ਸਾਡਾ ਹੀ ਕਲੇਜਾ ਕੀਹਨੇ ਦੈਂਤ ਘੱਲਿਆ । ਓਇ ! ਚਿੱਟਾ ਕੱਪੜਾ ਬਾਜ਼ਾਰ ਵਿਚੋਂ ਮੁੱਕ ਚੱਲਿਆ।

25. ਚੇਤਨਾ ਗੀਤ

ਮੇਰੀ ਬਾਤ ਸੁਣਦਿਉ ਲੋਕੋ, ਧਰਤੀ ਦੇ ਸਰਦਾਰੋ, ਪਹਿਰੇਦਾਰੋ। ਕਹਿਰ ਕਰੋਨਾ ਜੇ ਚੜ੍ਹ ਆਇਆ, ਐਸੀ ਮਰਨੀ ਮਾਰੋ, ਭੁਗਤ ਸਵਾਰੋ। ਆਪੋ ਆਪਣੇ ਘਰ ਵਿੱਚ ਬਹਿ ਕੇ ਖ਼ੁਦ ਨੂੰ ਹੈ ਸਮਝਾਉਣਾ, ਨਾ ਵਕਤ ਗੁਆਉਣਾ। ਕੀਤੀ ਜੇਕਰ ਲਾਪਰਵਾਹੀ , ਵੇਲਾ ਹੱਥ ਨਹੀਂ ਆਉਣਾ, ਪਊ ਪਛਤਾਉਣਾ। ਰੱਖ ਕੇ ਜਿਸਮੋਂ ਜਿਸਮ ਫ਼ਾਸਲਾ, ਐਦਾਂ ਰੋਗ ਨਿਵਾਰੋ, ਬਰਖ਼ੁਰਦਾਰੋ। ਕਹਿਰ ਕਰੋਨਾ ਜੇ ਚੜ੍ਹ ਆਇਆ, ਐਸੀ ਮਰਨੀ ਮਾਰੋ, ਪਹਿਰੇਦਾਰੋ। ਰੱਖੀਏ ਆਪਣੀ ਆਪ ਸਫ਼ਾਈ, ਸਭਨਾਂ ਨੂੰ ਇਹ ਕਹੀਏ, ਅੱਡ ਹੋ ਬਹੀਏ। ਰੱਖੀਏ ਮਨ ਵੀ ਚੜ੍ਹਦੀ ਕਲਾ ਵਿੱਚ,ਫੁੱਲਾਂ ਵਾਂਗੂੰ ਰਹੀਏ, ਕਦੇ ਨਾ ਖਹੀਏ। ਡਿੱਗਿਆਂ ਨੂੰ ਇਹ ਢਾਹ ਲੈਂਦਾ ਹੈ, ਸੁਣ ਲਉ ਮੇਰੇ ਯਾਰੋ , ਸਿੰਘ ਸਰਦਾਰੋ। ਕਹਿਰ ਕਰੋਨਾ ਜੇ ਚੜ੍ਹ ਆਇਆ, ਐਸੀ ਮਰਨੀ ਮਾਰੋ, ਕਸ਼ਟ ਨਿਵਾਰੋ। ਬੇ ਮਤਲਬ ਹੀ ਘੁੰਮਣਾ ਫਿਰਨਾ, ਸ਼ੌਕ ਅਵੱਲੇ ਛੱਡੀਏ, ਮੂੰਹ ਨਾ ਟੱਡੀਏ। ਬਣੀ ਮੁਸੀਬਤ ਸਿਰ ਤੇ ਭਾਰੀ, ਇੱਕ ਵਾਰੀ ਤਾਂ ਕੱਢੀਏ, ਫਾਹਾ ਵੱਢੀਏ। ਕੁਦਰਤ ਫ਼ੇਰ ਨਾਰਾਜ਼ ਨਾ ਹੋਵੇ, ਐਸਾ ਜਗਤ ਉਸਾਰੋ, ਪੁੱਤ ਬਲਕਾਰੋ। ਕਹਿਰ ਕਰੋਨਾ ਜੇ ਚੜ੍ਹ ਆਇਆ, ਐਸੀ ਮਰਨੀ ਮਾਰੋ, ਦਰਦ ਨਿਵਾਰੋ। ਨਾ ਮਹਿਮਾਨ ਬੁਲਾਉ ਘਰ ਵਿੱਚ, ਸੱਦਿਆਂ ਨਾ ਖ਼ੁਦ ਜਾਈਏ, ਮਨ ਸਮਝਾਈਏ। ਵਾਇਰਸ ਚੰਦਰਾ ਸ਼ਹਿ ਲਾ ਬੈਠਾ, ਮੌਤ ਗਲੇ ਨਾ ਲਾਈਏ, ਜਾਨ ਬਚਾਈਏ। ਜੇਕਰ ਜਾਨ, ਜਹਾਨ ਸਲਾਮਤ,ਗਿੱਲ ਦੇ ਸ਼ਬਦ ਵਿਚਾਰੋ, ਚੁੱਪ ਨਾ ਧਾਰੋ। ਕਹਿਰ ਕਰੋਨਾ ਜੇ ਚੜ੍ਹ ਆਇਆ, ਐਸੀ ਮਰਨੀ ਮਾਰੋ, ਮੇਰੇ ਯਾਰੋ।

27. ਪੰਜ ਸਦੀਆਂ ਪਰਤ ਕੇ

ਪੰਜ ਸਦੀਆਂ ਪਰਤ ਕੇ ਨਾਨਕ ਪਿਆਰਾ ਵੇਖਿਆ। ਕਿਰਤ ਦਾ ਕਰਤਾਰਪੁਰ ਵੱਖਰਾ ਨਜ਼ਾਰਾ ਵੇਖਿਆ। ਖੇਤਾਂ ਨੂੰ ਵਾਹੁੰਦਾ ਬੀਜਦਾ ਤੇ ਆਪ ਪਾਲਣ ਹਾਰ ਹੈ। ਜਪਦਾ ਨਾ ਕੱਲ੍ਹੇ ਨਾਮ ਨੂੰ ਹੱਥੀਂ ਵੀ ਕਰਦਾ ਕਾਰ ਹੈ। ਗ਼ਰਜ਼ਮੰਦਾਂ ਵੰਡਦਾ ਅੰਨ ਦਾ ਭੰਡਾਰਾ ਵੇਖਿਆ। ਕਿਰਤ ਦਾ ਕਰਤਾਰਪੁਰ ਵੱਖਰਾ ਨਜ਼ਾਰਾ ਵੇਖਿਆ। ਕੱਢਦਾ ਸਿਆੜ ਫੇਰ ਖ਼ੁਦ ਰੂਹਾਂ ਚ ਬਾਣੀ ਕੇਰਦਾ। ਮਾਲਾ ਨਾ ਕੱਲ੍ਹੀ ਘੁੰਮਦੀ ਮਨ ਦੇ ਵੀ ਮਣਕੇ ਫੇਰਦਾ। ਰਾਵੀ ਦੇ ਕੰਢੇ ਵਰਤਦਾ,ਅਦਭੁੱਤ ਨਜ਼ਾਰਾ ਵੇਖਿਆ। ਕਿਰਤ ਦਾ ਕਰਤਾਰਪੁਰ ਵੱਖਰਾ ਨਜ਼ਾਰਾ ਵੇਖਿਆ। ਨਿਸ਼ਕਾਮ ਨਿਰਮਲ ਨੀਰ ਨੂੰ ਅੰਗਦ ਬਣਾਇਆ ਲਹਿਣਿਓਂ। ਸੇਵਾ ਹੈ ਏਦਾਂ ਮੌਲਦੀ, ਮਿਲਦਾ ਬਿਨਾ ਕੁਝ ਕਹਿਣਿਓਂ। ਬਿਨ ਬੋਲਿਆਂ ਸਭ ਜਾਣਦਾ, ਐਸਾ ਪਿਆਰਾ ਵੇਖਿਆ। ਕਿਰਤ ਦਾ ਕਰਤਾਰਪੁਰ ਵੱਖਰਾ ਨਜ਼ਾਰਾ ਵੇਖਿਆ। ਪੰਜ ਸਦੀਆਂ ਬਾਦ ਅੱਜ ਰੱਟਦੇ ਹਾਂ ਉਹਦੇ ਨਾਮ ਨੂੰ। ਛੇੜਦਾ ਨਾ ਸੁਰ ਇਲਾਹੀ ਹੁਣ ਕੋਈ ਸੁਬਹ ਸ਼ਾਮ ਨੂੰ। ਸੁਰਤ ਦਾ ਤਾਂਹੀਓਂ ਤਾਂ ਹੁਣ ਪੈਂਦਾ ਖਿਲਾਰਾ ਵੇਖਿਆ। ਕਿਰਤ ਦਾ ਕਰਤਾਰਪੁਰ ਵੱਖਰਾ ਨਜ਼ਾਰਾ ਵੇਖਿਆ। ਦੇ ਕੇ ਪੰਜਾਲ਼ੀ ਬੌਲਦਾਂ ਨੂੰ ਬਾਬਾ ਲਾਉਂਦਾ ਜੋਤਰਾ। ਓਸ ਨੇ ਨਾ ਵੇਖਿਆ ਕਿਹੜਾ ਹੈ ਪੁੱਤ ਜਾਂ ਪੋਤਰਾ। ਇੱਕ ਹੀ ਓਂਕਾਰ ਦਾ ਨੂਰੀ ਦੁਲਾਰਾ ਵੇਖਿਆ। ਕਿਰਤ ਦਾ ਕਰਤਾਰਪੁਰ ਵੱਖਰਾ ਨਜ਼ਾਰਾ ਵੇਖਿਆ। ਲੋਧੀ ਸਣੇ ਸੁਲਤਾਨਪੁਰ ਬਾਬੇ ਦੀ ਨਗਰੀ ਹੋ ਗਿਆ। ਬੇਂਈਂ ਚੋਂ ਉਚਰੇ ਸ਼ਬਦ ਦਾ ਭੀੜਾਂ ਚ ਚਿਹਰਾ ਖੋ ਗਿਆ। ਅੰਨ੍ਹੀ ਰੱਈਅਤ ਭਟਕਦੀ ਖ਼ੁਰਦਾ ਕਿਨਾਰਾ ਵੇਖਿਆ। ਕਿਰਤ ਦਾ ਕਰਤਾਰਪੁਰ ਵੱਖਰਾ ਨਜ਼ਾਰਾ ਵੇਖਿਆ। ਤੇਰੇ ਵਿਆਹ ਤੇ ਅੱਜ ਵੀ ਹਰ ਸਾਲ ਵਾਜੇ ਵੱਜਦੇ। ਚੜ੍ਹਦੀ ਬਾਰਾਤ ਕੂੜ ਦੀ ਬੱਦਲ ਸਿਆਸੀ ਗੱਜਦੇ। ਪੇਕੇ ਸੁਲੱਖਣੀ ਮਾਤ ਦੇ ਇਹ ਵੀ ਮੈਂ ਕਾਰਾ ਵੇਖਿਆ। ਕਿਰਤ ਦਾ ਕਰਤਾਰਪੁਰ ਵੱਖਰਾ ਨਜ਼ਾਰਾ ਵੇਖਿਆ। ਪੌਣ ਗੁਰ, ਪਾਣੀ ਪਿਤਾ, ਧਰਤੀ ਨੂੰ ਮਾਤਾ ਕਹਿ ਗਿਆ। ਤੇਜ਼ ਰਫ਼ਤਾਰੀ ਚ ਹੁਣ ਉਪਦੇਸ਼ ਪਿੱਛੇ ਰਹਿ ਗਿਆ। ਕਹਿਰ ਦਾ ਤਾਂਹੀਉਂ ,ਦਿਨੇ ਚੜ੍ਹਦਾ ਗੁਬਾਰਾ ਵੇਖਿਆ। ਕਿਰਤ ਦਾ ਕਰਤਾਰਪੁਰ ਵੱਖਰਾ ਨਜ਼ਾਰਾ ਵੇਖਿਆ। ਸਿੱਧਾਂ ਨੇ ਚੋਲ਼ੇ ਪਹਿਨ ਕੇ ਤੇਰੀ ਹੀ ਬਾਣੀ ਰੱਟ ਲਈ। ਅੱਚਲ ਵਟਾਲਾ ਛੱਡ ਕੇ ਥਾਂ ਥਾਂ ਚਲਾਉਂਦੇ ਹੱਟ ਕਈ। ਭਰਮਾਂ ਦਾ ਭਾਂਡਾ ਭਰ ਗਿਆ, ਗੋਸ਼ਟਿ ਵਿਚਾਰਾ ਵੇਖਿਆ। ਕਿਰਤ ਦਾ ਕਰਤਾਰਪੁਰ ਵੱਖਰਾ ਨਜ਼ਾਰਾ ਵੇਖਿਆ। ਹਾਲੇ ਕੰਧਾਰੀ ਵਲੀ ਦਾ ਹੰਕਾਰ ਨਹੀਂਉਂ ਟੁੱਟਿਆ। ਅੱਜ ਵੀ ਉਹ ਪਾਣੀਆਂ ਤੇ ਕਰਨ ਕਬਜ਼ੇ ਜੁੱਟਿਆ। ਤਰਕ ਦੀ ਛਾਤੀ ਤੇ ਮੁੜ ਪੱਥਰ ਮੈਂ ਭਾਰਾ ਵੇਖਿਆ। ਕਿਰਤ ਦਾ ਕਰਤਾਰਪੁਰ ਵੱਖਰਾ ਨਜ਼ਾਰਾ ਵੇਖਿਆ। ਮਲਿਕ ਭਾਗੋ ਅੱਜ ਵੀ ਓਨਾ ਹੀ ਟੇਢਾ ਬੋਲਦਾ। ਤੱਕੜੀ ਵਾਲਾ ਵੀ ਮੋਦੀ ਘੱਟ ਸੌਦਾ ਤੋਲਦਾ। ਉੱਡਦਾ ਅੰਬਰ ਚ ਮੈਂ ਫੂਕੀ ਗੁਬਾਰਾ ਵੇਖਿਆ। ਕਿਰਤ ਦਾ ਕਰਤਾਰਪੁਰ ਵੱਖਰਾ ਨਜ਼ਾਰਾ ਵੇਖਿਆ। ਜਪੁਜੀ ਦੀ ਸਿਰਜਣ ਭੂਮ ਦੇ ਚੇਤੇ ਨਿਰੰਤਰ ਡੰਗਦੇ। ਤਾਂਹੀਉਂ ਹੀ ਤੇਰੇ ਪੁੱਤ ਸੀ ਰਾਵੀ ਤੋਂ ਲਾਂਘਾ ਮੰਗਦੇ। ਪੂਰੀ ਕਰੀ ਅਰਦਾਸ ਤੂੰ, ਤੇਰਾ ਸਹਾਰਾ ਵੇਖਿਆ। ਕਿਰਤ ਦਾ ਕਰਤਾਰਪੁਰ ਵੱਖਰਾ ਨਜ਼ਾਰਾ ਵੇਖਿਆ।

28. ਮਰਤਬਾਨ ਟੁੱਟਿਆ

ਸਦੀਆਂ ਤੋਂ ਹੀ ਬੰਦ ਸੀ ਜੋ ਮਰਤਬਾਨ ਟੁੱਟਿਆ ਹੈ। ਭਰਮਾਂ ਦਾ ਭਾਂਡਾ ਹੈ ਫੁੱਟਿਆ। ਬੰਦ ਜਿੰਨ ਹੁਣ ਬਾਹਰ ਹੈ। ਦਨਦਨਾਉਂਦਾ, ਖ਼ੌਰੂ ਪਾਉਂਦਾ ਫਿਰ ਰਿਹਾ ਹੈ ਬੇਲਗਾਮ। ਕਹਿ ਰਿਹਾ ਮਿਥਿਹਾਸ ਨੂੰ ਇਤਿਹਾਸ ਹੈ। ਵਕਤ ਕਹਿੰਦਾ, ਕਰ ਰਿਹਾ ਬਕਵਾਸ ਹੈ। ਏਸ ਨੂੰ ਬੋਤਲ ਚ ਪਾਉ। ਤੁਰ ਪਿਆ ਜਿੱਧਰ ਇਹ ਹੋਵੋ ਸਾਵਧਾਨ। ਅੱਜ ਤੁਹਾਡਾ ਇਮਤਿਹਾਨ। ਕੱਲ੍ਹ ਨੂੰ ਆਵੇਗਾ ਇਹ ਸਾਡੇ ਵੀ ਬੂਹੇ। ਤੇ ਕਹੇਗਾ, ਬਾਹਰ ਨਿਕਲੋ। ਏਸ ਥਾਂ ਮੇਰੇ ਵਡਿੱਕੇ ਬੋਲਦੇ ਨੇ। ਮੈਂ ਉਨ੍ਹਾਂ ਦਾ ਅਸਲ ਵਾਰਿਸ। ਓਸ ਪਲ ਫਿਰ ਕੀ ਕਰੋਗੇ। ਆਪਣੀ ਚੁੱਪ ਤੋੜ ਦੇਵੋ, ਨਹੀਂ ਤਾਂ ਫਿਰ, ਚੁੱਪ ਦਾ ਹਰਜਾ ਭਰੋਗੇ।

29. ਅਸੀਸ

ਕਿੰਨਾ ਕੁਝ ਬਦਲ ਦਿੰਦੀ ਹੈ ਅਸੀਸ ਫਿੱਕਾ ਲੱਗਦਾ ਸੂਰਜ ਗੂੜ੍ਹਾ ਹੋ ਜਾਂਦੈ। ਚੰਦਰਮਾ ਅੰਬਰੋਂ ਉੱਤਰ ਕੇ ਇਕੱਲਾ ਮਾਮਾ ਨਹੀਂ, ਤਾਰਿਆਂ ਸਣੇ ਨਾਨਕਾ ਮੇਲ ਬਣ ਜਾਂਦੈ। ਮੀੰਹ ਦੀਆਂ ਕਣੀਆਂ ਅਰਥ ਬਦਲਦੀਆਂ। ਰਹਿਮਤ ਬਣ ਜਾਂਦੇ ਨੇ ਜਲ ਕਣ ਆਸਾਂ ਦਾ ਬੂਰ ਦੋਧੇ ਦਾਣਿਆਂ ‘ਚ ਬਦਲ ਜਾਂਦਾ ਹੈ। ਧੀ ਮਾਂ ਬਣ ਜਾਂਦੀ ਹੈ ਤੇ ਪੁੱਤਰ ਬਾਬਲ। ਕਿੰਨਾ ਕੁਝ ਬਦਲ ਜਾਂਦਾ ਹੈ ਇੱਕ ਅਸੀਸ ਨਾਲ। ਰੁੱਤਾਂ ਸੁਰਾਂਗਲੀਆਂ ਬਹਾਰਾਂ ਮਹਿਕੰਦੜੀਆਂ। ਪੌਣਾਂ ਵਗਦੀਆਂ ਇਤਰ ‘ਚ ਭਿੱਜੀਆਂ। ਵਕਤ ਦੀ ਰਫ਼ਤਾਰ ਬਦਲ ਜਾਂਦੀ ਹੈ। ਚੰਨ ਤੇ ਤੁਰਨ ਵਾਂਗ ਹੌਲ਼ੇ ਫੁੱਲ ਕਦਮ। ਸ਼ਹਿਦ ਕਟੋਰੀ ਨੱਕੋ ਨੱਕ ਭਰ ਜਾਂਦੀ ਹੈ। ਨਿੱਕੀ ਇਲਾਇਚੀ ਘੁਲ਼ਦੀ ਹੈ ਸਵਾਸਾਂ ਵਿੱਚ ਇੱਕ ਅਸੀਸ ਨਾਲ। ਘਰ ਦੀ ਸਾਰੀ ਵਿਆਕਰਣ ਬਦਲ ਜਾਂਦੀ ਹੈ। ਟੋਏ ਭਰਦੇ ਟਿੱਬੇ ਖ਼ੁਰਦੇ ਸਮਤਲ ਧਰਤੀ ‘ਤੇ ਤੁਰਨਾ ਚੰਗਾ ਚੰਗਾ ਲੱਗਦਾ ਹੈ। ਇੱਕ ਅਸੀਸ ਨਾਲ। ਘਰ ਦੀਆਂ ਦੀਵਾਰਾਂ ‘ਚੋਂ ਮੁਬਾਰਕ ਆਵਾਜ਼ਾਂ ਆਉਂਦੀਆਂ। ਬੂਹੇ ਆਪਣੇ ਆਪ ਖੁੱਲ੍ਹਦੇ। ਸ਼ਰੀਂਹ ਦੇ ਪੱਤਿਆਂ ਦੇ ਬੰਦਨ ਬਾਰ ਸਜਦੇ। ਬੂਹੇ ਅੱਗੇ ਲਾਏ ਬਿਰਖ਼ ‘ਤੇ, ਚਿੜੀਆਂ ਚੂਕਦੀਆਂ ਸਵੇਰਸਾਰ। ਸਾਡੀ ਧੀ ਨਾਲ ਖੇਡਣ ਆਈਆਂ ਸਖੀਆਂ ਸਹੇਲੀਆਂ ਲੱਗਦੀਆਂ। ਕਿੰਨਾ ਕੁਝ ਬਦਲ ਦਿੰਦੀ ਹੈ ਅਸੀਸ ਸਰਬੱਤ ਦਾ ਭਲਾ ਮੰਗਦੀ ਹੈ ਜ਼ਬਾਨ। ਕਣ ਕਣ ਸ਼ੁਕਰਾਨਾ ਕਰਦੀ ਅਸੀਸ ਕੀਹ ਦਾ ਕੀਹ ਕਰ ਦੇਂਦੀ ਹੈ।

30. ਅੱਕ ਦਾ ਫੁੱਲ ਕਹੇ

ਧਰਤੀ ਔੜ ਜਰੇ ਤਾਂ ਅੱਕ ਦਾ ਫੁੱਲ ਖਿੜਦਾ ਹੈ। ਬਿਨ ਬੋਲੇ ਤੋਂ ਪੁੱਛਦਾ ਏਦਾਂ, ਦੱਸ ਨੀ ਮਾਏ! ਜਿੰਨ੍ਹਾਂ ਨੂੰ ਤੂੰ ਨੀਰ ਚੁੰਘਾਇਆ, ਪਾਲ ਪੋਸ ਕੇ ਵੱਡਿਆਂ ਕੀਤਾ, ਹੁਣ ਕਿੱਥੇ ਨੇ? ਮੁਰਝਾਏ, ਸਿਰ ਸੁੱਟ ਕੇ ਬੈਠੇ। ਫ਼ਿਕਰ ਕਰੀਂ ਨਾ, ਤੇਰੇ ਨਾਲ ਨਿਭਾਂਗੇ, ਜਦ ਤੱਕ ਥੁੜਿਆਂ ਟੁੱਟਿਆਂ ਵਾਂਗੂੰ ਸਾਡੀ ਜੜ੍ਹ ਜੀਂਦੀ ਹੈ।

31. ਅੰਨ੍ਹਾ ਖ਼ੂਹ

ਹੁਣੇ ਹੁਣੇ ਇੱਕ ਮਹਿਕ ਦਾ ਬੁੱਲਾ ਮੈਨੂੰ ਖਹਿ ਕੇ ਲੰਘ ਗਿਆ ਹੈ। ਮੂੰਹ ਨੱਕ ਪੱਟੀ, ਅੱਖੀਂ ਐਨਕ ਕਿਹੜਾ ਮੌਸਮ ਘੇਰੀ ਬੈਠਾ, ਖ਼ੁਸ਼ਬੂ ਜਿਵੇ ਬੇਗਾਨੀ ਕੋਈ। ਨਾ ਮਾਨਣ ਨਾ ਜਾਨਣ ਦਾ ਅਹਿਸਾਸ ਜਾਗਦਾ। ਤਨ ਮਨ ਪੱਥਰ ਹੋ ਚੱਲਿਆ ਹੈ। ਸਹਿਮ ਦਿਆਂ ਪਰਛਾਵਿਆਂ ਥੱਲੇ ਆਉਂਦੇ ਜਾਂਦੇ ਸਾਹ ਵੀ ਡਰਦੇ ਵਾਇਰਸ ਗੁੱਝੀ ਮਾਰ ਮਾਰ ਕੇ ਸਗਲ ਸ੍ਰਿਸ਼ਟੀ ਡੱਸ ਰਿਹਾ ਹੈ। ਤਾਂਡਵ ਨਾਚ ਨਚੇਰਾ ਕਿੱਦਾਂ ਦੰਦ ਚਿੜਾ ਕੇ ਹੱਸ ਰਿਹਾ ਹੈ। ਆਖ ਰਿਹਾ ਹੈ ਜਾਹ ਉਇ ਬੰਦਿਆ! ਭਰਮ ਜਾਲ ਦੌਲਤ ਵਿੱਚ ਡੁੱਲ੍ਹਿਆ। ਤੈਨੂੰ ਸੀ ਬਲਿਹਾਰੀ ਭੁੱਲਿਆ। ਕਾਦਰ ਦੀ ਕੁਦਰਤ ਤੇ ਆਰੇ ਬਿਰਖਾਂ ਦੀ ਅੱਖ ਅੱਥਰੂ ਖਾਰੇ ਮਣ ਮਣ ਭਾਰੇ ਕਦੇ ਨਾ ਵੇਖੇ। ਰਾਤ ਦਿਨੇ ਮਾਇਆ ਵਿੱਚ ਫਾਥਾ, ਕਰਦਾ ਰਿਹਾ ਅਜਬ ਹੀ ਲੇਖੇ। ਭੁੱਲਿਆ ਇਹ ਵਿਸ਼ਵਾਸ ਕਿ ਤੇਰਾ ਮੇਰਾ ਸਭ ਦਾ ਸਾਂਝਾ ਸਾਈਂ ਸਭ ਕੁਝ ਵੇਖੇ। ਅੱਜ ਤੇਰੇ ਭਗਵਾਨ ਤੇਰੇ ਲਈ ਮੰਦਰ ਮਸਜਿਦ ਤੇ ਗੁਰਦੁਆਰੇ ਬੂਹੇ ਬੰਦ ਨੇ ਕੀਤੇ ਸਾਰੇ। ਫੜਦਾ ਫਿਰੇ ਆਪਣੇ ਪਰਛਾਵੇਂ। ਕਿੱਥੋਂ ਤੁਰ ਕੇ ਕਿੱਧਰ ਜਾਵੇ ? ਆਪੇ ਆਪਣੇ ਲੇਖ ਮਿਟਾਵੇਂ। ਤੂੰ ਸਮਝੇਂ ਨਾ ਸਮਝੇਂ ਭਾਵੇਂ, ਰੱਬ ਤੈਨੂੰ ਇਹ ਆਖ ਰਿਹਾ ਹੈ! ਜਦ ਤੀਕਰ ਬੰਦਾ ਨਹੀਂ ਬਣਦਾ ਤੂੰ ਮੇਰੇ ਮੱਥੇ ਨਾ ਲੱਗੀਂ। ਇਸ ਤੋਂ ਵੱਧ ਸਰਾਪ ਨਾ ਕੋਈ! ਬਾਬਲ ਆਖੇ! ਘਰ ਨਾ ਆਵੀਂ। ਮਾਂ ਦੀ ਬੁੱਕਲ ਬਹਿ ਨਹੀਂ ਸਕਦਾ। ਗੁਰ ਆਪਣੇ ਨੂੰ ਬੰਧਪ ਭਰਾਤਾ ਕਹਿ ਨਹੀਂ ਸਕਦਾ। ਦਰਦ ਵਿਛੋੜਾ ਸਹਿ ਨਹੀਂ ਸਕਦਾ। ਕਿਸ ਨੂੰ ਦਰਦ ਸੁਣਾਵਾਂ! ਕਿੱਥੇ? ਸੱਚ ਪੁੱਛੋ ਤਾਂ , ਸ਼ਰਮਸਾਰ ਹਾਂ। ਆਪਣੇ ਮਨ ਦੇ ਸ਼ੀਸ਼ੇ ਬਾਝੋਂ, ਹੋਰ ਕਿਸੇ ਨੂੰ ਕਹਿ ਨਹੀਂ ਸਕਦਾ! ਆਪਣਿਆਂ ਨੂੰ ਕੋਲ ਬੁਲਾ ਕੇ ਦੁਖ ਸੁਖ ਕੁਝ ਵੀ ਦੱਸ ਨਹੀਂ ਸਕਦਾ। ਰੋ ਨਹੀਂ ਸਕਦਾ,ਹੱਸ ਨਾ ਸਕਦਾ ਗਲਵੱਕੜੀ ਵਿੱਚ ਕੱਸ ਨਹੀਂ ਸਕਦਾ। ਅਜਬ ਚਰਖ਼ੜੀ ਪਿੰਜਦੀ ਰੂਹ ਹੈ। ਟਿੰਡਾਂ ਭਰ ਭਰ ਆਉਂਦੇ ਅੱਥਰੂ ਜ਼ਿੰਦਗੀ ਬਣ ਗਈ ਅੰਨ੍ਹਾ ਖੂਹ ਹੈ। ਇਸ ਦੀ ਹਾਥ ਪਵੇ ਨਾ ਮੈਥੋਂ। ਕਿੰਨਾ ਜ਼ਹਿਰੀ ਪਾਣੀ ਹਾਲੇ, ਅੱਖੀਆਂ ਅੰਦਰੋਂ ਸਿੰਮਣਾ ਬਾਕੀ। ਕਿੱਦਾਂ ,ਕਿੱਥੇ ਚੜ੍ਹ ਕੇ ,ਖੋਲ੍ਹਾਂ, ਮਨ ਮੰਦਰ ਦੀ ਕਿਹੜੀ ਤਾਕੀ। ਸਭ ਦਰਵਾਜ਼ੇ ਜਾਮ ਪਏ ਨੇ। ਆਸ ਉਮੀਦ ਦੀ ਸੂਹੀ ਕੰਨੀ ਜਗਦੀ ਮਘਦੀ ਦਏ ਸੁਨੇਹੜਾ। ਡੋਲੀਂ ਨਾ ਘਬਰਾਈਂ ਵੀਰਾ। ਚਿੰਤਾ ਚਿਖ਼ਾ ਤਬਾਹ ਕਰਦੀ ਹੈ। ਸਾਰੇ ਖ਼੍ਵਾਬ ਸੁਆਹ ਕਰਦੀ ਹੈ। ਅੰਨ੍ਹੇ ਖੂਹ ਦਾ ਖ਼ਾਰਾ ਪਾਣੀ ਰੀਝਾਂ ਦੀ ਪੈਲੀ ਨਾ ਲਾਵੀਂ ਖ਼ੁਦ ਸਮਝੀ, ਕੁੱਲ ਜੱਗ ਸਮਝਾਵੀਂ ਤੇਜ਼ ਤੁਰਦਿਆਂ ਬੰਦਾ ਅਕਸਰ ਆਪਣਾ ਅਸਲਾ ਭੁੱਲ ਜਾਂਦਾ ਹੈ। ਦੌਲਤ ,ਸ਼ੋਹਰਤ, ਕੁਰਸੀ ਨਿਕਸੁਕ ਨਿੱਕੀਆਂ ਗਰਜ਼ਾਂ ਪਿੱਛੇ ਅਕਸਰ ਵੇਖਦਿਆਂ ਹੀ ਡੁੱਲ ਜਾਂਦਾ ਹੈ। ਸਹਿਜ ਤੋਰ , ਸੰਤੋਖੀ ਜੀਵਨ ਘੁੰਮਣ ਘੇਰ ‘ਚੋਂ ਕੱਢ ਸਕਦਾ ਹੈ। ਸਭ ਧਰਤੀ ਦੇ ਜਾਏ ਜੇਕਰ ਸਰਮਾਏ ਦੀ ਚਾਲ ਸਮਝ ਕੇ ਚੂਹੇ ਦੌੜ ‘ਚੋਂ ਬਾਹਰ ਨਿਕਲ ਕੇ, ਧਰਮ ,ਜ਼ਾਤ ਗੋਤਾਂ ਦੀ ਤਖ਼ਤੀ ਗਲ਼ ‘ਚੋਂ ਲਾਹ ਕੇ ਸਰਬੱਤ ਬਣ ਕੇ ਸਰਬੱਤ ਦੇ ਲਈ ਚਿੰਤਾ ਛੱਡ ,ਚਿੰਤਨ ਦਾ ਪੱਲਾ, ਪਕੜ ਲਵੇ ਤਾਂ, ਹਰ ਇਕ ਵਾਇਰਸ ਸਾਡਾ ਪਿੱਛਾ ਛੱਡ ਸਕਦਾ ਹੈ। ਰਲ ਮਿਲ ਕੇ ਹੀ ਜੂੜ ਏਸ ਦਾ ਵੱਢ ਸਕਦਾ ਹੈ।

32. ਮੈਂ ਜਦੋਂ ਗੋਦਾਵਰੀ ਕੰਢੇ ਖੜ੍ਹਾ ਸਾਂ

(ਬਾਬਾ ਬੰਦਾ ਬਹਾਦਰ ਜੀ ਦੇ ਨਾਂ।) ਮੈਂ ਜਦੋਂ ਗੋਦਾਵਰੀ ਕੰਢੇ ਖੜ੍ਹਾ ਸਾਂ, ਵਗ ਰਿਹਾ ਸੀ ਨੀਰ ਨਿਰਮਲ। ਤੁਰ ਰਿਹਾ ਇਤਿਹਾਸ, ਮੇਰੇ ਨਾਲ ਗੱਲਾਂ ਕਰ ਰਿਹਾ ਸੀ। ਕੰਢੇ ਤੇ ਬੈਠਾ ਬੈਰਾਗੀ ਆਪ ਅੱਖੀਂ ਵੇਖਿਆ ਜਿਸ, ਮਿੱਟੀ ਦੇ ਮਾਧੋ ਤੋਂ ਬੰਦਾ ਬਣ ਗਿਆ ਸੀ। ਜਿਉਣ ਤੋਂ ਉਪਰਾਮ ਹੋਇਆ ਨਿਮੋਝੂਣਾ, ਕਿਸ ਤਰ੍ਹਾਂ ਲਲਕਾਰ ਬਣਿਆ? ਅਰਜ਼ਮੰਦਾ ਇਹੀ ਬੰਦਾ, ਕਿਸ ਤਰ੍ਹਾਂ ਮੁੱਕੇ ਦੇ ਵਾਂਗੂੰ ਤਣ ਗਿਆ ਸੀ। ਵਗ ਰਿਹਾ ਪਾਣੀ ਕਹਾਣੀ ਕਹਿ ਰਿਹਾ ਸੀ। ਸੁਣਨ ਵਾਲੇ ਸੁਣਨ ਦੀ ਥਾਂ, ਲਾਮਡੋਰੀ ਬੰਨ੍ਹ ਆਈ ਜਾ ਰਹੇ ਸਨ। ਨਾ ਕੋਈ ਹੂੰਗਰ ਹੁੰਗਾਰਾ, ਬਾਬਿਆਂ ਦੇ ਦਰ ਤੇ ਸੁੱਖਣਾ ਲਾਹ ਰਹੇ ਸਨ। ਧਰਤ ਵੀ ਕੁਝ ਹੌਲੀ-ਹੌਲੀ ਕਹਿ ਰਹੀ ਸੀ। ਮੈਂ ਗੁਰੂ ਦਸਮੇਸ਼ ਅੱਖੀਂ ਵੇਖਿਆ ਹੈ। ਚਰਨ ਛੋਹ ਨੂੰ ਮਾਣਿਆ ਹੈ, ਆਖਰੀ ਵੇਲੇ ਜੋ ਉਸ ਦੇ ਦਿਲ ਦੇ ਅੰਦਰ ਖਲਬਲੀ ਸੀ, ਉਸ ਨੂੰ ਪਹਿਚਾਣਿਆ ਹੈ। ਜਲ ਰਹੀ ਹਾਲੇ ਵੀ ਦਿਸਦੀ ਹੈ ਜਵਾਲਾ। ਦੁੱਖ ਹੈ ਕਿ ਵਾਰਿਸਾਂ ਨੂੰ ਯਾਦ ਹੀ ਨਹੀਂ, ਕਹਿ ਗਿਆ ਕੀਹ ਜਾਣ ਵਾਲਾ? ਏਸ ਨਿਰਮਲ ਨੀਰ ਕੰਢੇ , ਉਸ ਨੇ ਬੰਦੇ ਨੂੰ ਬੱਸ ਏਨਾ ਕਿਹਾ ਸੀ। ਨਿਮੋਝੂਣਾ ਤੇ ਉਦਾਸਾ ਇੱਥੇ ਕਾਹਨੂੰ ਬਹਿ ਰਿਹਾ ਏਂ। ਮਰਦ ਬਣ, ਤੂੰ ਲਾਹ ਉਦਾਸੀ। ਤੇਰੇ ਦਿਲ ਵਿੱਚ ਜੋ ਵੀ ਆਉਂਦੈ, ਦੱਸ ਮੈਨੂੰ, ਕਿਹੜੀ ਗੱਲੋਂ, ਜ਼ਿੰਦਗੀ ਦੀ ਲੀਹ ਤੋਂ ਥੱਲੇ ਲਹਿ ਰਿਹਾ ਏਂ। ਬੰਦਾ ਗੋਡੇ ਭਾਰ ਹੋ ਅਰਦਲ ਖੜ੍ਹਾ ਸੀ। ਹੰਝੂ ਹੰਝੂ ਵਾਰਤਾ ਇਉਂ ਦੱਸ ਰਿਹਾ ਸੀ। ਮੈਂ ਕਦੇ ਗੁਰੂਦੇਵ ਹੁੰਦਾ ਸਾਂ ਸ਼ਿਕਾਰੀ। ਬਾਹੂਬਲ ਤੇ ਤੀਰਾਂ ਦੇ ਹੰਕਾਰ ਮੇਰੀ ਮੱਤ ਮਾਰੀ। ਜੰਗਲਾਂ ਵਿੱਚ ਖੇਡਦਾ ਸਾਂ ਮੈਂ ਸ਼ਿਕਾਰ। ਰਾਤ ਦਿਨ ਸੀ ਮਾਰੋ ਮਾਰ। ਤੀਰ ਨੂੰ ਚਿੱਲੇ ਚੜ੍ਹਾ ਕੇ, ਮਾਰਿਆ ਕੱਸ ਕੇ ਨਿਸ਼ਾਨਾ। ਇੱਕ ਹਿਰਨੀ ਮੈਂ ਸੀ ਮਾਰੀ। ਅੱਜ ਤੱਕ ਉਸ ਪੀੜ ਵਿੱਚ ਬਿਹਬਲ ਖੜਾ ਹਾਂ, ਮਿਰਗਣੀ ਸੀ ਗਰਭਧਾਰੀ। ਆਖਿਆ ਗੋਬਿੰਦ ਛਾਤੀ ਨਾਲ ਲਾ ਕੇ, ਜੀਕੂੰ ਵਗਦਾ ਨੀਰ ਨਿਰਮਲ, ਤੇਰੇ ਅੰਦਰ ਕਣ ਜੋ ਪਸ਼ਚਾਤਾਪ ਦਾ ਹੈ। ਤੇਰਾ ਮਨ ਬਰਤਨ ਮੈਂ ਅੰਦਰੋਂ ਪਰਖਿਆ ਹੈ, ਏਸ ਵਿੱਚ ਹੁਣ ਵਾਸ ਨੂਰੀ ਜਾਪਦਾ ਹੈ। ਕਮਰਕੱਸਾ ਕਰਕੇ ਬਣ ਜਾਂ ਖੜਗਧਾਰੀ। ਨਿਰਭਉ ਨਿਰਵੈਰ ਨੂੰ ਸਾਹੀਂ ਪਰੋ ਲੈ। ਹੱਕ ਸੱਚ ਇਨਸਾਫ਼ ਦੀ ਰਖਵਾਲੀ ਤੇਰੀ ਜ਼ਿੰਮੇਵਾਰੀ। ਨਿਕਲ ਜਾਹ! ਪਛਤਾਵਿਆਂ ਤੋਂ ਬਹੁਤ ਅੱਗੇ, ਜ਼ਿੰਦਗੀ ਉਪਰਾਮਤਾ ਦਾ ਨਾਂ ਨਹੀਂ ਹੈ। ਭਰਮ ਦੇ ਬਿਰਖਾਂ ਨੂੰ ਸੱਚੇ ਸਮਝ ਨਾ ਤੂੰ, ਇਨ੍ਹਾਂ ਦੀ ਧਰਤੀ ਤੇ ਕਿਧਰੇ ਛਾਂ ਨਹੀਂ ਹੈ।

33. ਗੀਤ-ਬੀਬਾ ਸੁੱਚੀ ਮੁਸਕਾਨ

ਬੀਬਾ ਸੁੱਚੀ ਮੁਸਕਾਨ ਸੋਹਣੀ ਸਾਂਭ ਸਾਂਭ ਰੱਖ। ਕਦੇ ਹੋਣ ਨਾ ਤੂੰ ਦੇਵੀਂ, ਇਹਨੂੰ ਜ਼ਿੰਦਗੀ ਤੋਂ ਵੱਖ। ਤੇਰੇ ਰਾਹਾਂ ਵਿੱਚ ਟੋਏ, ਟਿੱਬੇ, ਕੰਡੇ ਬੇਸ਼ੁਮਾਰ। ਧੀਏ! ਆਪ ਤੂੰ ਸਿਆਣੀ, ਪਹਿਲਾਂ ਇਨ੍ਹਾਂ ਨੂੰ ਬੁਹਾਰ। ਕਿਤੇ ਉੱਡ ਉੱਡ ਪੈ ਨਾ ਜਾਣ , ਅੱਖੀਆਂ ‘ ਚ ਕੱਖ। ਭੈਣੇ! ਭੁੱਲ ਕੇ ਵੀ ਛਾਵੇਂ ਬਹਿ ਕੇ ਧੁੱਪਾਂ ਤੋਂ ਨਾ ਡਰੀਂ। ਚੰਗੀ ਬਾਤ ਦਾ ਹੁੰਗਾਰਾ ਨੀ ਤੂੰ ਜੰਮ ਜੰਮ ਭਰੀਂ। ਏਸ ਮੰਡੀ ਵਿੱਚ ਕੂੜੀਆਂ ਕਹਾਣੀਆਂ ਨੇ ਲੱਖ। ਕਦੇ ਮਾਂ ਵਾਲੀ ਚੁੰਨੀ, ਕਦੇ ਬਾਬਲੇ ਦੀ ਪੱਗ। ਤੇਰੀ ਹੋਰ ਜ਼ੁੰਮੇਵਾਰੀ, ਜਿਹੜੀ ਏਸ ਤੋਂ ਅਲੱਗ। ਰੱਖੀਂ ਜਾਗਦੀ ਜ਼ਮੀਰ, ਨਾਲੇ ਬਾਜ਼ ਵਾਲੀ ਅੱਖ। ਸਾਡਾ ਏਹੀ ਏ ਖ਼ਜ਼ਾਨਾ, ਮਾਣ ਮੱਤਾ ਇਤਿਹਾਸ। ਤੈਥੋਂ ਸਮਾਂ ਅੱਜ ਕਰਦਾ ਏ ਹੋਰ ਵੱਡੀ ਆਸ। ਭਰ ਸੁਪਨੇ ਚ ਰੰਗ ,ਕਰ ਇਹਨੂੰ ਪਰਤੱਖ। ਬੀਬਾ ਸੁੱਚੀ ਮੁਸਕਾਨ ਸੋਹਣੀ ਸਾਂਭ ਸਾਂਭ ਰੱਖ। ਕਦੇ ਹੋਣ ਨਾ ਤੂੰ ਦੇਵੀਂ, ਇਹਨੂੰ ਜ਼ਿੰਦਗੀ ਤੋਂ ਵੱਖ।

34. ਬਾਬਲ ਦਿਵਸ ਤੇ ਗੀਤ

ਹਰੇ ਹਰੇ ਘਾਹ ਉੱਤੇ ਸੱਪ ਫੂਕਾਂ ਮਾਰਦਾ। ਭੱਜੋ ਵੀਰੋ ਵੇ, ਬਾਪੂ ‘ਕੱਲ੍ਹਾ ਮੱਝਾਂ ਚਾਰਦਾ। ਉਮਰ ਸਿਆਣੀ ਜਾਪੇ ਥੱਕਿਆ ਸਰੀਰ ਵੇ। ਬਾਪੂ ਹੱਥੋਂ ਫੜ ਲਉ ਪਰਾਣੀ ਜਾ ਕੇ ਵੀਰ ਵੇ। ਪੁੱਤਰਾਂ ਦੇ ਸਾਥ ‘ਚ ਕਦੇ ਨਹੀਂ ਬੰਦਾ ਹਾਰਦਾ। ਭੱਜੋ ਵੀਰੋ ਵੇ...... ਬੇਬੇ ਜੀ ਤੋਂ ਚੋਰੀ ਜਿਹੜਾ ਬੂਰੀਆਂ ਚੁੰਘਾਉਂਦਾ ਸੀ। ਚੁੱਕ ਕੇ ਕੰਧਾੜੇ, ਜਿਹੜਾ ਖੇਤੀਂ ਹਲ਼ ਵਾਹੁੰਦਾ ਸੀ। ਪੁੱਤਰਾਂ ਖ਼ਿਲਾਫ਼ ਜੋ ਸੀ ਗੱਲ ਨਾ ਸਹਾਰਦਾ। ਭੱਜੋ ਵੀਰੋ ਵੇ...... ਗੋਡੇ ਮੁੱਢ ਬਹਿਣ , ਜੁਗ ਜੀਣ ਭਰਜਾਈਆਂ ਵੇ। ਧੀਆਂ ਪੁੱਤ ਜੀਣ ਨਾਲੇ ਜੀਣ ਮੱਝੀਂ ਗਾਈਆਂ ਵੇ। ਕੰਮ ਦਾ ਨਹੀਂ ਭੁੱਖਾ, ਬੰਦਾ ਭੁੱਖਾ ਏ ਪਿਆਰ ਦਾ। ਭੱਜੋ ਵੀਰੋ ਵੇ..... ਭੈਣਾਂ ਪਰਦੇਸਣਾਂ ਦਾ ਹੁੰਦਾ ਕਾਹਦਾ ਜ਼ੋਰ ਵੇ। ਜਿੰਨ੍ਹਾਂ ਦੀ ਬੇਗਾਨਿਆਂ ਦੇ ਹੱਥ ਵੀਰੋ ਡੋਰ ਵੇ। ਆਲ੍ਹਣੇ ‘ਚ ਮੋਹ ਸਾਡਾ ਕੂੰਜਾਂ ਵਾਲੀ ਡਾਰ ਦਾ। ਭੱਜੋ ਵੀਰੋ ਵੇ ਬਾਪੂ ‘ਕੱਲ੍ਹਾ ਮੱਝਾਂ ਚਾਰਦਾ।

35. ਜਾਗ ਮੁਸਾਫ਼ਰ

ਰਾਤ ਢਲੀ ਪ੍ਰਭਾਤ ਦਾ ਵੇਲਾ ਆਸਾ ਜੀ ਦੀ ਵਾਰ ਛਿੜੀ ਹੈ ਕਾਲ ਕਲੂਟੇ ‘ਨ੍ਹੇਰੇ ਉੱਤੇ ਸੱਟ ਵਦਾਨੋਂ ਠਾਹ ਠਾਹ ਵੱਜੇ। ਜਾਗ ਪਉ ਮਨ ਗਾਫ਼ਲ ਸੁੱਤੇ। ਗਲ਼ੀਆਂ ਦੇ ਵਿੱਚ ਫਿਰਦੇ ਕੁੱਤੇ। ਮੰਦਰ ਵਿੱਚ ਪੁਜਾਰੀ ਜਾਗੇ ਟੱਲੀਆਂ ਤੇ ਘੜਿਆਲ ਖੜਕ ਪਏ। ਕਿਵੇਂ ਆਰਤੀ ਰੂਹ ਤ੍ਰਿਪਤਾਵੇ। ਦੁਰਗਾ ਮਾਤਾ ਦੇ ਮੰਦਰ ਚੋਂ, ਸੋਂਧੀ ਸੋਂਧੀ ਖ਼ੁਸ਼ਬੂ ਆਵੇ। ਨੇੜੇ ਪਿੰਡ ਸੁਨੇਤ ਮਸੀਤੋਂ, ਸੁਰਵੰਤੀ ਅਜ਼ਾਨ ਸੁਣੀ ਹੈ। ਆਪਣਾ ਇਸ਼ਟ ਧਿਆਵੇ ਮੀਆਂ। ਰਾਤ ਦਿਵਸ ਦੇ ਕੋਰੇ ਕੱਪੜੀਂ, ਵੰਨ ਸੁਵੰਨੇ ਫੁੱਲ ਤੇ ਬੂਟੇ ਕਿਰਤੀ ਕਾਮਾ ਸੂਈ ਵਾਹੁੰਦਾ ਰੱਕੜਾਂ ਅੰਦਰ ਬਾਗ ਉਗਾਉਂਦਾ। ਕਿਰਤ ਕਰੇ ਤੇ ਪਾਲ਼ੇ ਜੀਆਂ। ਪੌਣਾਂ ਦੇ ਵਿੱਚ ਸਭ ਕੁਝ ਘੁਲ਼ਿਆ। ਇੱਕ ਮਿੱਕ ਹੋਇਆ ਜਿਵੇਂ ਸਾਜ਼ਿੰਦੇ ਇੱਕ ਸੁਰ ਹੋ ਕੇ ਸਾਜ਼ ਵਜਾਉਂਦੇ, ਸਰਬੱਤ ਸਾਜ਼ੀ, ਸੁੱਤਾ ਹੋਇਆ ਨਾਦ ਜਗਾਉਂਦੇ। ਪਰ ਇਹ ਕਿੱਧਰੋਂ ਧਾੜਾਂ ਚੜ੍ਹੀਆਂ? ਹੱਥਾਂ ਵਿੱਚ ਤਲਵਾਰਾਂ ਕਿਰਚਾਂ, ਬਹੁਤਿਆਂ ਨੇ ਤਿਰਸ਼ੂਲਾਂ ਫੜੀਆਂ। ਪੌਣ ਕਸ਼ੀਦਣ ਵਾਲੇ ਕਿਹੜੇ? ਬਾਂਗ ਦੇ ਅੰਦਰੋਂ ਟੱਲੀਆਂ ਦੀ ਟੁਣਕਾਰ ਨਿਖੇੜਨ। ਸ਼ਬਦ ਸਨੇਹ ਨੂੰ ਨੱਕ ਮੂੰਹ ਚਾੜ੍ਹਨ। ਇੱਕੋ ਖਿੜੀ ਕਿਆਰੀ ਅੰਦਰ ਗੇਂਦੇ ਨਾਲ ਗੁਲਾਬ ਨਾ ਜਰਦੇ, ਤਾਕਤ ਦੇ ਨਸ਼ਿਆਏ ਅੰਨ੍ਹੇ ਕਤਰਨ ਪਏ ਫੁਲਕਾਰੀ ਦੇ ਫੁੱਲ, ਫੜ ਕੇ ਕੈਂਚੀ ਕੀ ਪਏ ਕਰਦੇ? ਜਾਗ ਮੁਸਾਫ਼ਰ ,ਜਾਗਣ ਵੇਲਾ। ਹੋ ਨਾ ਜਾਵੇ ਹੋਰ ਕੁਵੇਲਾ।

36. ਹੁਣ ਦੁਸ਼ਮਣ ਨੇ ਭੇਸ ਬਦਲਿਆ

ਸਰਹੱਦਾਂ ਦੀ ਰਾਖੀ ਕਰਦੇ ਹੱਥ ਅਤੇ ਹਥਿਆਰ ਵੀ ਹੱਥਲ ਹੋ ਕੇ ਬਹਿ ਗਏ। ਨਵੇਂ ਨਵੇਲੇ ਦੁਸ਼ਮਣ ਤੋਂ ਮੁਕਤੀ ਦੀ ਖ਼ਾਤਰ, ਕੁੱਲ ਦੁਨੀਆਂ ਦੇ ਲੋਕੀਂ ਫ਼ਿਕਰਾਂ ਦੇ ਵਿੱਚ ਵਹਿ ਗਏ। ਕੁੱਲ ਆਲਮ ਨੇ ਦੋ ਜੰਗਾਂ ਤਾਂ ਅੱਖੀਂ ਤੱਕੀਆਂ ਇਹ ਤੀਜੀ ਜੰਗ ਆਦਮਖਾਣੀ। ਕੌਣ ਕਿਸੇ ਸੰਗ ਕਿੱਦਾਂ ਟੱਕਰੇ। ਬਣ ਗਏ ਸਭ ਬੱਲੀ ਦੇ ਬੱਕਰੇ। ਹੁਣ ਦੁਸ਼ਮਣ ਨੇ ਭੇਸ ਬਦਲਿਆ। ਅਸੀਂ ਤਾਂ ਇਸ ਹੰਕਾਰ ਚ ਹੁਣ ਤੱਕ ਰਹੇ ਗਵਾਚੇ। ਸਾਡੀ ਬੁੱਕਲ ਵਿੱਚ ਪਰਮਾਣੂੰ। ਇਹ ਰਖਵਾਲਾ ਬਣ ਸਿਰ ਸਾਡੇ, ਜੰਗ ਯੁੱਧ ਅੰਦਰ ਛਤਰੀ ਤਾਣੂੰ। ਪਰ ਇਹ ਕਿੱਥੋਂ ਕਿਹੜਾ ਦੁਸ਼ਮਣ, ਨਾਮ ਕਰੋਨਾ ਰੋਗ ਜੀਵਾਣੂੰ। ਘਰ ਦੇ ਅੰਦਰ ਸਭ ਧਰਤੀ ਤੇ, ਅੰਦਰ ਬਹਿ ਕੇ ਸੋਚ ਵਿਚਾਰੋ। ਆਪਣੇ ਅੰਦਰ ਝਾਤੀ ਮਾਰੋ। ਹੁਣ ਹੱਦਾਂ ਸਰਹੱਦਾਂ ਤੋਂ ਵੀ ਬਿਨਾ ਬੁਲਾਏ ਲੰਘਦਾ ਦੁਸ਼ਮਣ। ਰੰਗ ਨਸਲ ਇਹ ਦੇਸ਼ ਨਾ ਵੇਖੇ। ਰੁਤਬੇ, ਕੁਰਸੀ ਭੇਸ ਨਾ ਵੇਖੇ। ਦੱਬ ਲੈਂਦਾ ਹੈ ਜਾਗੇ ਸੁੱਤੇ। ਇਸ ਦੁਸ਼ਮਣ ਦੀ ਨਸਲ ਪਛਾਣੋ। ਆਦਮ ਜ਼ਾਤ ਦੀ ਪੀੜ ਪਛਾਣੋ। ਕੁੱਲ ਦੁਨੀਆ ਦੀ ਖ਼ੈਰ ਮਨਾਈਏ। ਗਿਆਨ ਅਤੇ ਵਿਗਿਆਨ ਸਹਾਰੇ, ਇਸ ਵੈਰੀ ਨੂੰ ਮਾਰ ਮੁਕਾਈਏ। ਨਫ਼ਰਤ ਦੀ ਅੱਗ ਖੇਡ ਖੇਡ ਕੇ ਅੱਜ ਤੀਕਰ ਕਿਸ ਕੀ ਖੱਟਿਆ ਹੈ?

37. ਕਿੱਧਰ ਗਏ ਅਸਵਾਰ

ਜਿੰਨ੍ਹਾ ਨੂੰ ਸੀ ਭਰਮ ਭੁਲੇਖਾ, ਅਸੀਂ ਹਾਂ ਵਕਤ ਸਵਾਰ। ਵਕਤ ਅਸਾਨੂੰ ਪੁੱਛ ਕੇ ਚੱਲਦਾ, ਵਗਦੀ ਦਰਿਆ ਧਾਰ। ਰੁੱਖਾਂ ਦੇ ਪੱਤ ਅਸੀਂ ਹਿਲਾਈਏ। ਭਰਮ ਸਿਰਜਦੇ,ਵੱਡੇ ਦਾਈਏ। ਕਹਿੰਦੇ ਸੀ ਜੋ ਬੰਨ੍ਹ ਬਿਠਾਈਏ, ਧਰਤੀ, ਸੂਰਜ, ਅੱਗ ਤੇ ਪਾਣੀ, ਪੌਣਾਂ ਨੂੰ ਗੰਢ ਮਾਰ। ਕਿੱਧਰ ਗਏ ਅਸਵਾਰ। ਸੁੰਨੇ ਸਭ ਰਾਹ ,ਸੜਕਾਂ ਹੋਈਆਂ। ਬੀਂਡੇ ਬੋਲਣ, ਜੰਗਲ ਰੋਹੀਆਂ। ਪੀੜਾਂ ਸਿਰ ਤੋਂ ਉੱਪਰ ਹੋਈਆਂ। ਕੌਣ ਉਧਾਲ ਕੇ ਲੈ ਗਿਆ ਸਾਡੇ, ਦਿਲ ਦੇ ਕੌਲ ਕਰਾਰ। ਕਿੱਧਰ ਗਏ ਅਸਵਾਰ। ਕਿੱਥੇ ਤੁਰ ਗਿਆ ਰੌਣਕ ਮੇਲਾ। ਸਫ਼ਰ ਸਵਾਰੀ ਜਗਤ ਝਮੇਲਾ। ਇੱਕੋ ਭਾਅ ਉਸਤਾਦ ਤੇ ਚੇਲਾ। ਘੁਰਨਿਆਂ ਅੰਦਰ ਦੜ ਗਏ ਸਾਰੇ, ਅੰਦਰੋਂ ਲਾ ਕੇ ਬਾਰ। ਕਿੱਧਰ ਗਏ ਅਸਵਾਰ। ਬੱਸ ਨੂੰ ਪੁੱਛਦੇ ਚਾਰੇ ਪਹੀਏ। ਬਿਨ ਘੁੰਮਿਆਂ ਕਿੰਜ ਵਿਹਲੇ ਰਹੀਏ। ਇਸ ਮੌਸਮ ਨੂੰ ਦੱਸ ਕੀ ਕਹੀਏ। ਕਹਿਰ ਕਰੋਨੇ ਸ਼ਾਹ ਨੇ ਸੂਤੇ, ਕਿਵੇਂ ਬਰੇਕਾਂ ਮਾਰ। ਕਿੱਧਰ ਗਏ ਅਸਵਾਰ। ਇਹ ਗੱਲ ਮੇਰੀ ਪੱਲੇ ਬੰਨਿਉ। ਬਾਕੀ ਭਾਵੇਂ ਇੱਕ ਨਾ ਮੰਨਿਉ। ਸਬਰ ਨਾਲ ਸੰਕਟ ਨੂੰ ਭੰਨਿਉ। ਕਸ਼ਟ ਘੜੀ ਭਾਵੇਂ ਧਰਤੀ ‘ਤੇ, ਦਿਲ ਨਾ ਜਾਵੇ ਹਾਰ। ਕਸ਼ਟ ਪਰਖ਼ਦਾ ਸਦਾ ਸੂਰਮੇ, ਸਿਰ ਤੇ ਰੱਖ ਤਲਵਾਰ।

38. ਮੇਰੇ ਨਾਲ ਆਵਾਜ਼ ਮਿਲਾਉ

ਮੈਨੂੰ ਹੁਣ ਤੱਕ ਭਰਮ ਜਿਹਾ ਸੀ ਸਮੇਂ ਦੀਆਂ ਘੜੀਆਂ ਨੂੰ ਚਾਬੀ ਮੈਂ ਦਿੰਦਾ ਹਾਂ। ਮੈਂ ਚਾਹਾਂ ਤਾਂ ਅੱਗੇ ਤੋਰਾਂ। ਜੇ ਚਾਹਾਂ ਤਾਂ ਪਿੱਛੇ ਮੋੜਾਂ। ਹੁਣ ਮੇਰਾ ਇਹ ਭਰਮ ਤਿੜਕਿਆ। ਵਕਤ ਬੜਾ ਕੁਝ ਮੁੱਠੀ ਅੰਦਰ ਬੰਦ ਰੱਖਦਾ ਹੈ। ਹੁਣ ਮੈਂ ਕਮਰੇ ਅੰਦਰ ਬੰਦ ਹਾਂ। ਆਪਣੇ ਘਰ ਵਿੱਚ ਆਪੇ ਕੈਦੀ। ਨਿਰਦੋਸ਼ਾ ਪਰ ਸਜ਼ਾ ਭੁਗਤਦਾ ਅਣਕੀਤੇ ਦੀ। ਬਾਹਰ ਨਿਕਲਣਾ ਸੁਪਨਾ ਹੋਇਆ। ਸੜਕਾਂ ਰਾਹਗੀਰਾਂ ਨੂੰ ਤਰਸਣ, ਗਲੀਆਂ ਚੌਂਕ ਚੁਰਸਤੇ ਚੁੱਪ ਨੇ। ਡਰਦੀ ‘ਵਾਜ ਨਾ ਮੂੰਹੋਂ ਨਿਕਲੇ, ਮਨ ਦੇ ਵਿੱਚ ਹਨ੍ਹੇਰੇ ਘੁੱਪ ਨੇ। ਮੈਲ ਕੁਚੈਲੇ ਸ਼ਹਿਰ ਨੇ ਨੀਲਾ ਅੰਬਰ ਤੱਕਿਆ ਮੁੱਦਤ ਮਗਰੋਂ। ਧਰਤੀ ਨੂੰ ਵੀ ਸਾਹ ਆਇਆ ਹੈ। ਤਪਦੀਆਂ ਸੜਕਾਂ ਠਰ ਗਈਆਂ ਨੇ। ਲੱਗਦੈ ਇਹ ਵੀ ਡਰ ਗਈਆਂ ਨੇ। ਬੰਦਾ ਬੈਠਾ ਹਾਂ, ਕੰਕਰੀਟ ਦੇ ਆਲ੍ਹਣਿਆਂ ਵਿੱਚ ਚਾਰ ਚੁਫ਼ੇਰੇ ਕੰਧਾਂ ਨਾ ਕੋਈ ਜੰਤ ਪਰਿੰਦਾ। ਕੋਈ ਨਾ ਕਿਤੇ ਵਿਖਾਈ ਦਿੰਦਾ। ਸਹਿਮ ਦਿਆਂ ਪਰਛਾਵਿਆਂ ਥੱਲੇ ਦਮ ਘੁਟਦਾ ਹੈ। ਚਹਿਲ ਪਹਿਲ ਸ਼ਹਿਰਾਂ ਦੀ ਲੱਗਦੈ ਖ਼ਬਰੇ ਗੁੰਮ ਗੁਆਚ ਗਈ ਹੈ। ਦਹਿਸ਼ਤ ਵਹਿਸ਼ਤ ਕਹਿਰ ਕਰੋਨਾ ਕੁੱਲ ਆਲਮ ਦੀ ਜਾਨ ਸੁਕਾਈ। ਘੰਟਾ ਘਰ ਦੀਆਂ ਸੂਈਆਂ ਰੁਕੀਆਂ ਥਰਮਲ ਦਾ ਘੁੱਗੂ ਨਾ ਬੋਲੇ। ਬਿਰਖ਼ ਉਦਾਸ ਲਹਿਰਨਾ ਭੁੱਲੇ। ਤੰਦੂਰਾਂ ਵਿੱਚ ਅੱਗ ਨਾ ਬਲ਼ਦੀ। ਮਾਂਹ ਦੀ ਦਾਲ ਕਿਤੇ ਨਾ ਤੜਕੇ। ਸਹਿਮ ਦਾ ਬੱਦਲ ਮੁੜ ਮੁੜ ਗੜ੍ਹਕੇ। ਸੱਜੇ ਹੱਥ ਲਈ ਖੱਬਾ ਸ਼ੱਕੀ। ਗਲਵੱਕੜੀ ਤੋਂ ਡਰ ਲੱਗਦਾ ਹੈ। ਪਰ ਜ਼ਿੰਦਗੀ ਦੇ ਆਸ਼ਕ ਲੋਕੋ! ਗ਼ਮ ਦੀ ਕਬਰ ਚੋਂ ਬਾਹਰ ਆਉ। ਦਿਲ ਨੂੰ ਸੁੱਚੜਾ ਗੀਤ ਸੁਣਾਉ। ਸ਼ਬਦ ਸੁਰਤਿ ਸੁਰਮੇਲ ਕਰਾਉ। ਮਨ ਦਾ ਅਨਹਦ ਨਾਦ ਵਜਾਉ। ਨਾਧਿਰਿਆਂ ਦੀ ਧਿਰ ਬਣ ਜਾਉ। ਦਰਦਮੰਦ ਹਸਤੀ ਨੂੰ ਆਖੋ, ਇਸ ਧਰਤੀ ਦੀ ਪੀੜ ਘਟਾਉ। ਅਣਆਈ ਮੌਤੇ ਕਿਉਂ ਮਰਦੇ, ਆਪਣੇ ਵਿਚਲਾ ਦਰਦ ਜਗਾਉ। ਬੂਹੇ ਮੁੱਢ ਚੰਬੇ ਦੀ ਬੂਟੀ ਰਾਤ ਦੀ ਰਾਣੀ ਵਿਹੜੇ ਲਾਉ। ਕਣ ਕਣ ਧਰਤੀ ਦਾ ਮਹਿਕਾਉ। ਵਕਤ ਦਾ ਪਹੀਆ ਸਹਿਜ ਘੁਮਾਉ। ਮੇਰੇ ਨਾਲ ਆਵਾਜ਼ ਮਿਲਾਉ।

39. ਸੜਕਾਂ ਜਿਵੇਂ ਦੋਮੂੰਹੀਆਂ ਸੁੱਤੀਆਂ

ਕਮਰੇ ਵਿੱਚੋਂ ਬਾਹਰ ਨਿਕਲ ਕੇ ਸੜਕਾਂ ਦੀ ਥਾਂ ਬੂਹੇ ਉੱਤੋਂ ਮੁੜ ਆਵਾਂਗੇ। ਇਹ ਤਾਂ ਖ਼੍ਵਾਬ ਖ਼ਿਆਲ ਨਹੀਂ ਸੀ। ਕੋਠੇ ਉੱਤੋਂ ਬੰਦ ਕਮਰੇ ਚੋਂ ਜਦ ਸੜਕਾਂ ਨੂੰ ਦੂਰੋਂ ਵੇਖਾਂ ਇੰਜ ਲੱਗਦੈ ਦੋਮੂੰਹੀਆਂ ਸੁੱਤੀਆਂ। ਬਿਰਖ਼ ਉਦਾਸ ਵੈਰਾਗੇ ਹੋਏ। ਪੱਤਿਆਂ ਵਿੱਚ ਵੀ ਜਾਨ ਨਹੀਂ ਹੈ। ਚਿੜੀਆਂ ਚਹਿਕਣ ਪਰ ਨਾ ਮਨ ਦਾ ਮਰੂਆ ਮਹਿਕੇ। ਇਸ ਧਰਤੀ ਨੂੰ ਕੀਹ ਹੋਇਆ ਹੈ ਕੁੱਲ ਦੁਨੀਆਂ ਵਿੱਚ ਸਹਿਮ ਛਲੇਡਾ ਆਦਮ ਬੋ ਆਦਮ ਬੋ ਕਰਦਾ ਨਾ ਉੱਤਰ ਨਾ ਦੱਖਣ ਵੇਖੇ ਪੂਰਬ ਪੱਛਮ ਖ਼ੌਰੂ ਪਾਉਂਦਾ ਘਰ ਘਰ ਵਿੱਚ ਵਿਰਲਾਪ ਵਿਛਾਉਂਦਾ। ਐਟਮਜ਼ਾਦੇ ਮੁਲਕਾਂ ਵਿੱਚ ਵੀ ਸ਼ੂਕ ਰਿਹਾ ਇਹ ਨਾਗ ਕੁਲਹਿਣਾ। ਸ਼ਹਿਰ ਮੇਰੇ ਦੀਆਂ ਸੜਕਾਂ ਸੋਗੀ। ਗੁਰਨਗਰੀ ਵੀ ਸੰਗਤਾਂ ਬਿਨ ਹੈ ਜਿਵੇਂ ਵਿਯੋਗੀ। ਇਹ ਦਿਨ ਨਾ ਸੀ ਸੋਚੇ ਚਿਤਵੇ, ਬੰਦੇ ਦੀ ਹਸਤੀ ਬੱਸ ਰਹਿ ਜਾਊ ਆਪਣੇ ਜੋਗੀ। ਅੰਨ੍ਹੀ ਬੋਲ਼ੀ ਸੁਰੰਗ ‘ਚੋਂ ਲੰਘਦੇ ਅਗਲਾ ਸਿਰਾ ਨਾ ਨਜ਼ਰੀਂ ਆਵੇ। ਸਹਿਮ ਸਿਰਜਦਾ ਮਨ ਵਿੱਚ ਹੌਕੇ ਤੇ ਕੁਝ ਹਾਵੇ। ਆਪਣੀ ਹੀ ਪਰਿਕਰਮਾ ਕਰਦਾ ਕਿੱਦਾਂ ਰਹਿੰਦਾ ਸਫ਼ਰ ਮੁਕਾਵੇ। ਅਜਬ ਜਹੇ ਵਿਊਹਚੱਕਰ ਅੰਦਰ ਘੁੰਮਣ-ਘੇਰ ਝਲਾਰ ਜੇਹੀ ਹੈ। ਹਿੰਮਤ ਕਰਕੇ ਜੇ ਨਿਕਲਾਂ ਤਾਂ ਘੇਰ ਘੇਰ ਕੇ ਮਾਰ ਰਹੀ ਹੈ। ਪਰ ਮੈਨੂੰ ਤਾਂ ਸਦੀਆਂ ਪਹਿਲਾਂ ਮੇਰੇ ਗੁਰ ਨੇ ਇਹ ਸਮਝਾਇਆ। ਜੋਤ ਸਰੂਪ ਮਨਾ ਤੂੰ ਆਪਣੇ ਬੁੱਧੀ ਬਲ ਨੂੰ ਮਨੋਂ ਭੁਲਾਇਆ। ਜੇ ਤੂੰ ਹੁਣ ਵੀ ਬੰਦਿਆ ਆਪਣਾ ਮੂਲ ਪਛਾਣੇਂ। ਕੁੱਲ ਧਰਤੀ ਨੂੰ ਆਪਣੀ ਜਾਣੇਂ। ਹਰ ਮੁਸ਼ਕਿਲ ਦਾ ਹੱਲ ਹੁੰਦਾ ਹੈ। ਅੱਜ ਨਹੀਂ ਤਾਂ ਕੱਲ੍ਹ ਹੁੰਦਾ ਹੈ।

40. ਰੱਬ ਦੇ ਘਰ ਵਿੱਚ ਰੱਬ ਇਕੱਲ੍ਹਾ

ਰੱਬ ਦੇ ਘਰ ਵਿੱਚ ਰੱਬ ਇਕੱਲ੍ਹਾ। ਚਾਰੇ ਬੰਨੇ ਚੁੱਪ ਦਾ ਪਹਿਰਾ। ਸਿਰਫ਼ ਅਜ਼ਾਨ ਜਾਂ ਖੜਕਣ ਟੱਲੀਆਂ ਗੁਰ ਦੀ ਕੀਰਤ ਰਾਗੀ ਗਾਉਂਦੇ। ਰਾਗ ਨਾਦ ਸ਼ਬਦਾਂ ਨੂੰ ਸੁਣ ਕੇ ਪੌਣ, ਪੰਖੇਰੂ ਕਣ ਕਣ ਝੂਮੇ ਸੁਰ ਤੇ ਸਾਜ਼ ਵਜਦ ਵਿੱਚ ਆਉਂਦੇ। ਏਨਾ ਸਹਿਮ ਸੰਨਾਟਾ ਮੇਰੇ ਘਰ ਵਿੱਚ ਕਿਉਂ ਹੈ? ਰੱਬ ਪੁੱਛਦਾ ਹੈ। ਮੈਨੂੰ ਪੁੱਛ ਕੇ ਤੁਰਦੇ ਲੋਕੋ। ਫ਼ਿਕਰਾਂ ਦੇ ਵਿੱਚ ਭੁਰਦੇ ਲੋਕੋ। ਸਦੀਆਂ ਤੋਂ ਮੈਂ ਇਹ ਗੱਲ ਸਦਾ ਨਿਖ਼ਾਰ ਕਹੀ ਹੈ ਮੈਂ ਤਾਂ ਵੱਸਦਾ ਕਣ ਕਣ ਅੰਦਰ। ਮੇਰਾ ਵਾਸ ਤੁਹਾਡੇ ਅੰਦਰ। ਮੇਰੇ ਹੁੰਦਿਆਂ ਕਿਉਂ ਡਰਦੇ ਹੋ? ਠੰਢੇ ਹੌਕੇ ਕਿਉਂ ਭਰਦੇ ਹੋ। ਦੁੱਖ ਸੁਖ ਦੋਵੇਂ ਸਮ ਕਰ ਜਾਣੋ। ਆਪਣਾ ਕੀਤਾ ਆਪ ਪਛਾਣੋ। ਇਸ ਧਰਤੀ ਤੇ ਜੇਕਰ ਅੱਜ ਹੈ ਕਹਿਰ ਪਸਰਿਆ। ਇਸ ਤੋਂ ਮੁਕਤੀ ਖ਼ਾਤਰਆਪ ਉਸਾਰੋ ਤੰਤਰ। ਸਬਰ ਸਿਦਕ ਸੰਤੋਖ ਸਮਰਪਣ ਏਸ ਘੜੀ ਦਾ ਇੱਕੋ ਮੰਤਰ। ਜਿਸ ਦਾ ਪੀਪਾ ਸੱਖਮ ਸੱਖਣਾ ਉਸ ਲਈ ਆਟਾ ਬਣ ਕੇ ਜਾਉ। ਦੀਨ ਦੁਖੀ ਦੀ ਧਿਰ ਬਣ ਜਾਉ। ਮੈਂ ਵੀ ਅੱਜ ਕੱਲ੍ਹ ਉਨ੍ਹਾਂ ਨਾਲ ਹੀ ਰਹਿੰਨਾਂ। ਇਹ ਗੱਲ ਵੀ ਮੈਂ ਤਾਂਹੀਉਂ ਕਹਿੰਨਾਂ। ਰਾਜ ਭਾਗ ਦੇ ਪਾਵਿਆਂ ਨੂੰ ਇਹ ਗੱਲ ਸਮਝਾਉ। ਆਲਮਗੀਰ ਬਣਨ ਦੇ ਸੁਪਨੇ ਹੋਰ ਨਾ ਵੇਖੋ, ਆਦਮ ਦੀ ਨਾ ਨਸਲ ਮੁਕਾਉ। ਹੁਣ ਆਪਣੀ ਔਕਾਤ ਚ ਆਉ।

41. ਇਸ ਵਾਰੀ ਦੀ ਅਜਬ ਵਿਸਾਖੀ

ਇਸ ਵਾਰੀ ਦੀ ਅਜਬ ਵਿਸਾਖੀ। ਖੇਤਾਂ ਦੇ ਵਿੱਚ ਕਣਕ ਉਡੀਕੇ ਬੀਜਣ, ਪਾਲ, ਸੰਭਾਲਣ ਵਾਲੇ। ਸਾਡੇ ਬੱਚੜੇ ਅਜੇ ਨਾ ਆਏ। ਕਣਕ ਦੀਆਂ ਬੱਲੀਆਂ ਦੇ ਮਨ ਤੇ ਮਣ ਮਣ ਪੱਕਾ ਭਾਰ ਪਿਆ ਹੈ। ਕਿਉਂ ਨਹੀਂ ਆਏ? ਖੇਤਾਂ ਦੇ ਪੁੱਤ ਕਿੱਧਰ ਤੁਰ ਗਏ? ਸ਼ਾਇਦ ਕਰਫਿਊ ਦਾ ਡਰ ਮਾਰੇ। ਆ ਜਾਉ ਪੁੱਤਰੋ! ਪੈਲੀ ਬੰਨੇ ਫੇਰਾ ਮਾਰੋ। ਅੰਦਰ ਬਹਿ ਕੇ ਏਦਾਂ ਕਿੱਦਾਂ ਹੋਣ ਗੁਜ਼ਾਰੇ। ਨਾ ਵੇ ਪੁੱਤਰੋ! ਰੋਵੋ ਨਾ ਵੇ, ਪੂੰਝੋ ਅੱਖੀਉਂ ਅੱਥਰੂ ਖਾਰੇ। ਮੇਰੀ ਬੁੱਕਲ ਦੇ ਵਿੱਚ ਮੋਤੀ ਕਿੰਨੇ ਸਾਰੇ। ਸਾਂਭੋ ਵੇ ਜੋ ਦਾਣੇ ਬੀਜੇ ਆਪ ਖਿਲਾਰੇ। ਕੀ ਹੋਇਆ ਜੇ ਢੋਲ ਨਹੀਂ ਵੱਜਿਆ ਡਗਾ ਉਦਾਸ , ਤਣਾਵਾਂ ਢਿੱਲੀਆਂ ਨਾ ਤੀਲੀ ਨੇ ਤਾਲ ਵਜਾਇਆ। ਨਾ ਪੱਬਾਂ ਨੇ ਭੰਗੜਾ ਪਾਇਆ। ਇਸ ਮੌਸਮ ਵਿੱਚ ਚੁੱਪ ਦਾ ਪਹਿਰਾ। ਗਲ਼ਿਆਂ ਦੇ ਵਿੱਚ ਹੇਕਾਂ ਸੁੱਤੀਆਂ ਸੱਦਾਂ ਹੋਈਆਂ ਨੇ ਅਧਮੋਈਆਂ। ਕੁੱਲ ਧਰਤੀ ਤੇ ਕਹਿਰ ਕਰੋਨਾ ਸੋਗ ਪਿਆ ਹੈ। ਅੱਜ ਨਹੀਂ ਕੱਲ੍ਹ ਟਲ਼ ਜਾਵੇਗਾ। ਆਸ ਉਮੀਦਾਂ ਤੇ ਜੱਗ ਜੀਂਦਾ। ਇਸ ਵਾਰੀ ਇਹ ਕੈਸੀ ਵਾਢੀ ਫ਼ਸਲਾਂ ਦੀ ਥਾਂ ਸੱਥਰ ਵਾਂਗੂੰ ਨਸਲਾਂ ਵਿਛੀਆਂ। ਸਿਵਿਆਂ ਦੀ ਵੀ ਲਾਮਡੋਰ ਹੈ। ਕਬਰਾਂ ਧਰਤੀ ਨਿੱਕੀ ਕੀਤੀ। ਸਦੀ ਬਾਦ ਹੁਣ ਜੱਲਿਆਂਵਾਲਾ ਚੇਤੇ ਆਇਆ। ਗੋਰੇ ਮੌਤ ਕੁਲਹਿਣੀ ਤਾਂਡਵ ਕੋਝਾ ਨੰਗਾ ਨਾਚ ਨਚਾਇਆ। ਉਹ ਹੀ ਮੌਸਮ ਫਿਰ ਕਿਉਂ ਆਇਆ? ਬੰਬ ਬੰਦੂਕਾਂ ਨਾ ਕੋਈ ਗੋਲ਼ੀ। ਖੇਡੇ ਮੌਤ ਖ਼ੂਨ ਦੀ ਹੋਲੀ। ਮੈਂ ਕਿਸ ਦੁਸ਼ਮਣ ਨਾਲ ਲੜਾਂ ਹੁਣ ਬੇਬਸ ਹਾਂ ਮੈਂ ਬੇ ਹਥਿਆਰਾ। ਹੇ ਵਿਗਿਆਨ ਤੂੰ ਕਰ ਕੋਈ ਚਾਰਾ। ਬਿਨ ਤੇਰੇ ਨਾ ਕੋਈ ਸਹਾਰਾ। ਚੜ੍ਹੇ ਵਿਸਾਖ ਕਣਕ ਦੇ ਚਿਹਰੇ ਲਾਲੀ ਤੇ ਹਰਿਆਲੀ ਰੰਗਦੀ। ਸਾਰੀ ਦੁਨੀਆਂ ਮਾਣਕ ਮੋਤੀ ਬੋਹਲ਼ਾਂ ਖ਼ਾਤਰ ਕਰ ਅਰਦਾਸਾਂ ਦਿਨੇ ਰਾਤ ਸਭ ਦੀ ਸੁੱਖ ਮੰਗਦੀ।

42. ਪਹਿਲੀ ਵਾਰ

ਮੱਥੇ ਦੀਆਂ ਤਿਊੜੀਆਂ ਸਿਆੜ ਬਣੀਆਂ ਨੇ। ਹਲ਼ ਵਾਹਕਾਂ ਨੇ ਦੁਸ਼ਮਣ ਦੀ ਨਿਸ਼ਾਨਦੇਹੀ ਕਰਕੇ ਦਰਦਾਂ ਦੀ ਵਾਹੀ ਜੋਤੀ ਕੀਤੀ ਹੈ। ਇਸ ਧਰਤੀ ਨੇ ਬਹੁਤ ਕੁਝ ਵੇਖਿਆ ਹੈ। ਨਹਿਰਾਂ ਚੋਂ ਡੱਕੇ ਮੋਘੇ ਖੋਲ੍ਹੇ ਸੀ ਗਦਰੀ ਬਾਬਿਆਂ। ਮਾਝੇ ਵਾਲਾ ਹਰਸਾ ਛੀਨਾ ਅੱਜ ਵੀ ਵੰਗਾਰਦਾ ਹੈ ਮਾਲਵੇ ‘ਚ ਬਿਸਵੇਦਾਰਾਂ ਨੂੰ ਭਜਾਏ ਸੀ ਮੁਜਾਰਿਆਂ ਕਿਸ਼ਨਗੜ੍ਹੋਂ ਸਰਦਾਰੜੇ ਕਾਕੇ। ਦਬੱਲਿਆ ਰਾਜਾਸ਼ਾਹੀ ਫੁਰਮਾਨ ਪਿੰਡ ਪਿੰਡ ਮੰਡੀ ਮੰਡੀ। ਸਫ਼ੈਦਪੋਸ਼ਾਂ ਨੂੰ ਸੁਰਖ਼ਪੋਸ਼ਾਂ ਪਾਈਆਂ ਭਾਜੜਾਂ ਇਤਿਹਾਸ ਨੇ ਅੱਖੀਂ ਵੇਖਿਆ। ਕੈਰੋਂਸ਼ਾਹੀ ਦਾ ਟਾਕਰਾ ਕਰਦੇ ਖ਼ੁਸ਼ ਹੈਸੀਅਤੀ ਟੈਕਸ ਨੂੰ ਵੰਗਾਰਦੇ ਅੱਜ ਵੀ ਚੇਤਿਆਂ ਚ ਜਾਗਦੇ। ਚਾਚਾ ਚੋਰ ਭਤੀਜਾ ਡਾਕੂ ਸੱਥਾਂ ‘ਚ ਗਾਉਂਦੇ ਸਿਰਲੱਥ ਜਾਂਬਾਜ਼। ਬੜੇ ਚਿਰਾਂ ਤੋਂ ਬੋਹਲਾਂ ਦੀ ਰਾਖੀ ਜਾਣਦੇ ਹਨ। ਤੰਗਲੀਆਂ ਸਲੰਘਾਂ ਵਾਲੇ। ਸਰਕਾਰਾਂ ਨਾਲ ਲੜਦੇ ਹਰ ਵਾਰ। ਪਰ ਐਤਕੀਂ ਤੱਕਿਆ ਪਹਿਲੀ ਵਾਰ ਵੱਖਰਾ ਸੂਰਜ ਨਵੀਆਂ ਕਿਰਨਾਂ ਸਮੇਤ ਚੜ੍ਹਿਆ। ਜਿਸ ਦੁਸ਼ਮਣ ਦੀ ਨਿਸ਼ਾਨਦੇਹੀ ਕੀਤੀ ਹੈ। ਕਾਰਪੋਰੇਟ ਘਰਾਣਿਆਂ ਦੀ ਧੁੰਨੀ ਚ ਤੀਰ ਮਾਰਿਆ ਹੈ। ਕੰਪਨੀ ਸ਼ਾਹਾਂ ਨੂੰ ਰਾਵਣ ਦੇ ਨਾਲ ਫੂਕਿਆ ਹੈ। ਦੁਸਹਿਰੇ ਦੇ ਅਰਥ ਬਦਲੇ ਹਨ। ਵਕਤ ਦੀ ਹਿੱਕ ਤੇ ਦਰਦਮੰਦਾਂ ਦੀਆਂ ਆਹਾਂ ਨੇ ਨਵੀਂ ਅਮਿਟ ਇਬਾਰਤ ਲਿਖੀ ਹੈ। ਸਾਨੂੰ ਸਦਾ ਨਚਾਉਣ ਵਾਲੇ ਖ਼ੁਦ ਨੱਚੇ ਨੇ ਹਕੀਕਤਾਂ ਦੇ ਦੁਆਰ। ਬੇਸ਼ਰਮ ਹਾਸਿਆਂ ਚ ਘਿਰ ਗਏ ਹਨ ਤਿੰਨ ਮੂੰਹੇ ਸ਼ੇਰ ਲੁਕਦੇ ਫਿਰਦੇ ਨੇ। ਤਖ਼ਤਿਆਂ ਵਾਲੇ ਤਖ਼ਤ ਵੰਗਾਰਦੇ। ਕਦੇ ਕਦੇ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਬਿੱਲਾ ਆਪ ਹੀ ਪੈਰ ਧਰ ਕੇ ਆਪਣੇ ਆਪ ਫਸ ਜਾਵੇ ਬਲ਼ਦੇ ਤੰਦੂਰ ਵਿੱਚ। ਕਾੜ੍ਹਨੀ ‘ਚੋਂ ਦੁੱਧ ਪੀਂਦਾ ਕੁੱਤਾ ਧੌਣ ਫਸਾ ਬਹੇ। ਚੋਰ ਪਾੜ ਤੇ ਹੀ ਫੜਿਆ ਜਾਵੇ। ਗਿੱਦੜ ਕੁੱਟ ਖਾਂਦਾ ਫਸਿਆ ਫਸਿਆ ਬੇਸ਼ਰਮੀ ‘ਚ ਕੁਝ ਵੀ ਕਹਿਣ ਜੋਗਾ ਨਾ ਰਹੇ। ਪਹਿਲੀ ਵਾਰ ਹੋਇਆ ਹੈ ਕਿ ਖੇਤ ਅੱਗੇ ਅੱਗੇ ਤੁਰ ਰਹੇ ਨੇ ਤੇ ਕੁਰਸੀਆਂ ਮਗਰ ਮਗਰ ਤੁਰਦੀਆਂ ਬਿਨ ਬੁਲਾਏ ਬਾਰਾਤੀਆਂ ਵਾਂਗ। ਸਾਨੂੰ ਵੀ ਲੈ ਚੱਲੋ ਯਾਰ ਕਹਿੰਦੀਆਂ। ਮਨੂ ਸਿਮ੍ਰਤੀ ਤੋਂ ਬਾਅਦ ਵਕਤ ਨੇ ਨਵੇਂ ਅਛੂਤ ਐਲਾਨੇ ਹਨ ਅਣਲਿਖੀ ਕਿਤਾਬ ਵਿੱਚ। ਪਹਿਲੀ ਵਾਰ ਤੂੰਬੀਆਂ ਢੱਡਾਂ ਤੇ ਸਾਰੰਗੀਆਂ ਨੇ ਪੀੜ ਪਰੁੱਚੀਆਂ ਤਰਜ਼ਾਂ ਕੱਢੀਆਂ ਨੇ ਵਕਤ ਨੇ ਹੇਕਾਂ ਨੂੰ ਫ਼ਰਜ਼ ਸਿਖਾਇਆ ਹੈ। ਮੁੱਕੇ ਵੰਗਾਰ ਬਣੇ ਹਨ ਚੀਕਾਂ ਕੂਕਾਂ ਵਿੱਚ ਬਦਲੀਆਂ ਹਨ ਲੇਰਾਂ ਨੂੰ ਆਵਾਜ਼ ਲੱਭੀ ਹੈ। ਮੁਕਤੀ ਨੂੰ ਸਿਰਨਾਵੇਂ ਦੀ ਦੱਸ ਪਈ ਹੈ। ਅੰਦਰ ਦੀਆਂ ਪੱਕੀਆਂ ਬਾਹਰ ਆਈਆਂ ਹਨ ਸਾਜ਼ਸ਼ਾਂ,ਗੋਂਦਾਂ, ਚਾਲਾਂ, ਕੁਚਾਲਾਂ ਦੇ ਖ਼ਿਲਾਫ਼ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੀਰ ਭਾਰਤ ਇੱਕ ਹੋਇਆ ਹੈ ਲੁੱਟ ਤੰਤਰ ਹਿੱਲਿਆ ਹੈ। ਕਿਤਾਬਾਂ ਤੋਂ ਬਹੁਤ ਪਹਿਲਾਂ ਵਕਤ ਬੋਲਿਆ ਹੈ। ਨਾਗਪੁਰੀ ਸੰਤਰਿਆਂ ਦਾ ਰੰਗ ਫੱਕ ਹੋਇਆ ਹੈ ਲੋਕ ਦਰਬਾਰੇ। ਕਿੰਨੋ ਹੋ ਗਿਆ ਹੈ ਹਿੱਕ ਤੇ ਸਵਾਰ। ਮੰਡੀਆਂ ‘ਚ ਦਾਣੇ ਤੜਫ਼ੇ ਵੇਖ ਆੜ੍ਹਤੀਆਂ ਨੇ ਹਾਉਕਾ ਭਰਿਆ ਹੈ। ਪੱਲੇਦਾਰਾਂ ਨੇ ਕਮਰਕੱਸਾ ਕੀਤਾ ਹੈ। ਸੜਕਾਂ, ਰੇਲਵੇ ਟਰੈਕ ਜਾਗੇ ਨੇ ਬਾਬੇ ਪੋਤਰੇ ਇਕੱਠੇ ਦਿਸੇ ਨੇ। ਦਾਦੀਆਂ ਪੋਤਰੀਆਂ ਮਰਨੋਂ ਇਨਕਾਰੀ ਜ਼ਿੰਦਾਬਾਦ ਦੀ ਜੂਨ ਪਈਆਂ ਨੇ। ਪਹਿਲੀ ਵਾਰ ਬੰਦ ਬੂਹਿਆਂ ਦੇ ਅੰਦਰ ਲੱਗੇ ਸ਼ੀਸ਼ਿਆਂ ਨੇ ਦੱਸਿਆ ਹੈ ਅੰਦਰਲਾ ਕਿਰਦਾਰ ਕਿ ਕੁਰਸੀਆਂ ਨੇ ਨਾਚ ਨਚਾਇਆ ਨਹੀਂ ਝਾਂਜਰਾਂ ਬੰਨ੍ਹ ਖ਼ੁਦ ਨੱਚਿਆ ਹੈ। ਕਾਠ ਦੀ ਪੁਤਲੀ ਨੂੰ ਨਚਾਉਂਦੀਆ ਤਣਾਵਾਂ ਮਗਰਲੇ ਹੱਥ ਨੰਗੇ ਹੋਏ ਨੇ। ਝੋਨੇ ਦੇ ਵੱਢ ਵਿੱਚ ਕਣਕ ਜੰਮਣੋਂ ਇਨਕਾਰੀ ਹੈ। ਸਹਿਮ ਗਿਆ ਹੈ ਬੰਬੀਆਂ ਦਾ ਪਾਣੀ ਕਿੱਲੇ ਬੱਧੀਆਂ ਮਹੀਂਆਂ ਗਾਈਂਆਂ ਦੁੱਧੋਂ ਭੱਜ ਗਈਆਂ ਨੇ। ਦੁੱਧ ਪੀਣੀ ਬਿੱਲੀ ਥੈਲਿਓਂ ਬਾਹਰ ਆਈ ਹੈ। ਹਾਲ਼ੀ ਪਾਲ਼ੀ ਅਰਥ ਸ਼ਾਸਤਰ ਪੜ੍ਹੇ ਹਨ ਬਿਨਾ ਸਕੂਲਾਂ ਕਾਲਜਾਂ ਦੀਆਂ ਜਮਾਤਾਂ ‘ਚ ਗਏ ਪਟਾਕਦੇ ਹਨ ਫਰਨ ਫਰਨ ਅਰਥਾਉਂਦੇ ਹਨ ਸੱਤਾ ਦੀ ਵਿਆਕਰਣ। ਫ਼ਿਕਰੇ ਜੁੜਨ ਨਾ ਜੁੜਨ ਅਰਥ ਕਤਾਰੋ ਕਤਾਰ ਖੜ੍ਹੇ ਹਨ। ਪਹਿਲੀ ਵਾਰ ਅਰਥਾਂ ਨੇ ਸ਼ਬਦਾਂ ਨੂੰ ਕਟਹਿਰੇ ਚ ਖੜ੍ਹਾ ਕਰ ਲਾਜਵਾਬ ਕੀਤੈ। ਅੰਬਰ ਨੇ ਤਾਰਿਆਂ ਦੀ ਛਾਵੇਂ ਮੁੱਦਤ ਬਾਅਦ ਵੇਖੇ ਨੇ ਪੁੱਤਰ ਧੀਆਂ ਲੋਹ ਲੰਗਰ ਪਕਾਉਂਦੇ ਵਰਤਾਉਂਦੇ। ਸੂਰਜ ਤੇ ਚੰਦਰਮਾ ਇੱਕੋ ਜੇਹਿਆ ਬੇਰਹਿਮ ਤਾਰਾ ਮੰਡਲ ਨੇੜਿਉਂ ਤੱਕਿਆ ਹੈ। ਕੰਬਲ ਦੀ ਠੰਢ ਵਾਲੇ ਮਹੀਨੇ ਅੰਦਰ ਅੱਗ ਮੱਚਦੀ ਹੈ। ਮੁੜ੍ਹਕੇ ਨਾਲ ਭਿੱਜਿਆ ਹੈ ਪੂਰਾ ਤਨ ਬਦਨ। ਝੰਡੇ ਅੱਗੇ ਝੰਡੀਆਂ ਮੁਜਰਮ ਬਣੀਆਂ ਨੇ। ਚੌਂਕੀਦਾਰਾਂ ਨੂੰ ਸਵਾਲਾਂ ਨੇ ਵਿੰਨ੍ਹਿਆ ਹੈ ਬਿਨ ਤੀਰ ਤਲਵਾਰੋਂ। ਗੋਦੀ ਬੈਠੇ ਲਾਡਲੇ ਅੱਖਰ ਬੇਯਕੀਨੇ ਹੋਏ ਨੇ ਚੁਰਸਤਿਆਂ ‘ਚ। ਸੁਆਲਾਂ ਦਾ ਕੱਦ ਵਧ ਗਿਆ ਹੈ ਜਵਾਬਾਂ ਨਾਲੋਂ। ਪਹਿਲੀ ਵਾਰ ਤੱਥ ਸਿਰ ਚੜ੍ਹ ਬੋਲੇ ਹਨ ਬੇਬਾਕ ਹੋ ਕੇ। ਧਰਤੀ ਪੁੱਤਰਾਂ ਨੇ ਸਵਾ ਸਦੀ ਬਾਅਦ ਮੁੜ ਪਗੜੀ ਸੰਭਾਲੀ ਹੈ ਸਿਆੜਾਂ ਦੀ ਸਲਾਮਤੀ ਲਈ।