Punjabi Ghazals/Ghazlan : Gurbhajan Gill
ਪੰਜਾਬੀ ਗ਼ਜ਼ਲਾਂ : ਗੁਰਭਜਨ ਗਿੱਲ
51. ਕਮਲ਼ੇ ਨੇ ਲੋਕ ਜਿਹੜੇ ਕਹਿਣ ਮਰ ਜਾਣੀਆਂ
ਕਮਲ਼ੇ ਨੇ ਲੋਕ ਜਿਹੜੇ ਕਹਿਣ ਮਰ ਜਾਣੀਆਂ।
ਸੁਹਜ ਤੇ ਸਲੀਕਾ ਦੇਣ ਸਾਨੂੰ ਧੀਆਂ ਰਾਣੀਆਂ।
ਰੰਗ ਤੇ ਸੁਗੰਧ ਇੱਕੋ ਫੁੱਲ ਵਿੱਚ ਕਾਇਮ ਹੈ,
ਫ਼ਲ ਪੈਣ ਸਾਰ ਇਹ ਤਾਂ ਭਰ ਦੇਣ ਟਾਹਣੀਆਂ।
ਏਸ ਦਾ ਇਲਾਜ ਕਰੋ, ਅੱਖ ਵਿੱਚ ਟੀਰ ਹੈ,
ਇਹੀ ਪੁੱਤਾਂ ਧੀਆਂ ਚ ਕਰਾਵੇ ਵੰਡਾਂ ਕਾਣੀਆਂ।
ਗੁੱਡੀਆਂ ਪਟੋਲਿਆਂ ਚ, ਜਾਨ ਪੈਂਦੀ ਵੇਖ ਲਓ,
ਚੰਨ ਉੱਤੇ ਪੈੜ ਪਾਈ, ਧੀਆਂ ਦੋ ਧਿਆਣੀਆਂ।
ਬਾਬਲੇ ਦੀ ਪੱਗ ਅਤੇ ਮਾਵਾਂ ਦਾ ਦੁਪੱਟੜਾ,
ਕਦੇ ਨਾ ਵਿਸਾਰਦੀਆਂ ਚੇਤੇ ਚੋਂ ਸਵਾਣੀਆਂ।
ਹੁਣ ਪਰਭਾਤ ਵੇਲਾ ਚਹਿਕਦਾ ਨਾ ਟਹਿਕਦਾ,
ਟੁੱਟ ਭੱਜ ਗਈਆਂ ਜਦੋਂ ਚਾਟੀਆਂ ਮਧਾਣੀਆਂ।
ਕੱਲ੍ਹੀ ਕੱਲ੍ਹੀ ਬਾਤ ਮੇਰੇ ਅੰਗ ਸੰਗ ਤੁਰੀ ਹੈ,
ਜਿਹੜੀਆਂ ਸੁਣਾਈਆਂ ਵੱਡੀ ਭੈਣ ਨੇ ਕਹਾਣੀਆਂ।
(ਗ਼ਜ਼ਲ ਸੰਗ੍ਰਹਿ 'ਰਾਵੀ' ਚੋਂ)
52. ਸ਼ਹਿਰ ਤੇਰੇ ਤਿਰਕਾਲਾਂ ਮਗਰੋਂ, ਅੰਬਰ ਦੇ ਵਿੱਚ ਕਿੰਨੇ ਤਾਰੇ
ਸ਼ਹਿਰ ਤੇਰੇ ਤਿਰਕਾਲਾਂ ਮਗਰੋਂ, ਅੰਬਰ ਦੇ ਵਿੱਚ ਕਿੰਨੇ ਤਾਰੇ।
ਅੱਖੀਆਂ ਵਿੱਚੋਂ ਛਲਕਣ ਅੱਥਰੂ, ਮੋਤੀ ਜੀਕੂੰ ਮਣ ਮਣ ਭਾਰੇ।
ਮਸਜਿਦ ਵਿੱਚ ਅਜ਼ਾਨ ਤੇ ਮੰਦਰ ਅੰਦਰ ਟੱਲੀਆਂ ਟੁਣਕਦੀਆਂ ਸੀ,
ਸੰਖ ਪੂਰ ਰਹਿਰਾਸ ਤੋਂ ਮਗਰੋਂ, ਚੁੱਪ ਦਾ ਪਹਿਰਾ ਗੁਰੂ ਦਵਾਰੇ।
ਟਿਕੀ ਰਾਤ ਵਿੱਚ ਚੰਨ ਦਾ ਟੋਟਾ, ਚੋਰ ਝਾਤੀਆਂ ਮਾਰ ਰਿਹਾ ਸੀ,
ਘੂਕ ਪਏ ਸੀ ਨੀਂਦ ਵਿਗੁੱਤੇ, ਮੈਂ ਤੇ ਮੇਰੇ ਸੁਪਨੇ ਸਾਰੇ।
ਅਚਨਚੇਤ ਇੱਕ ਹਾਉਕਾ ਆਇਆ, ਮਗਰੋਂ ਮੇਰੀ ਨੀਂਦਰ ਟਲ਼ ਗਈ,
ਭਰਮ ਪਿਆ ਕਿ ਮੈਨੂੰ ਕੋਈ, ਦਿਸਦਾ ਨਾ ਪਰ 'ਵਾਜਾਂ ਮਾਰੇ।
ਬਿਨ ਮਿਲਿਆਂ ਤੋਂ ਹੋ ਗਏ ਮੇਲੇ, ਕਣ ਕਣ ਵਿੱਚ ਖ਼ੁਸ਼ਬੂ ਦਾ ਵਾਸਾ,
ਇਓਂ ਲੱਗਿਆ ਜਿਓਂ ਮੱਥਾ ਚੁੰਮਿਆ ਮੇਰਾ ਸੋਹਣੇ ਕ੍ਰਿਸ਼ਨ ਮੁਰਾਰੇ।
ਇਹ ਤੇਰੇ ਤੇ ਨਿਰਭਰ ਹੈ ਹੁਣ, ਇਸ ਤੋਂ ਅੱਗੇ ਤੂੰ ਕੀ ਕਰਨਾ,
ਰੂਹ ਮੇਰੀ ਨਿਰਵਸਤਰ ਫਿਰਦੀ, ਵੇਖ ਲਿਆ ਕਰ ਦਿਲ ਦਰਬਾਰੇ।
ਨਿਮਖ ਨਾ ਵਿੱਛੜੀਂ ਧੜਕਣ ਜੇਹੀਏ, ਟਿਕ ਟਿਕ ਧੜਕ ਦਿਲੇ ਦੇ ਅੰਦਰ,
ਜੇ ਨਾ ਸਾਥ ਨਿਭਾਇਆ ਤੂੰ ਫਿਰ, ਸਾਹ ਹੋ ਜਾਣੇ ਬੇ ਇਤਬਾਰੇ।
(ਗ਼ਜ਼ਲ ਸੰਗ੍ਰਹਿ 'ਰਾਵੀ' ਚੋਂ)
53. ਏਸੇ ਦਾ ਪਛਤਾਵਾ ਹੁਣ ਵੀ, ਦਰਦ ਦਿਲੇ ਦਾ ਕਹਿ ਨਹੀਂ ਹੋਇਆ
ਏਸੇ ਦਾ ਪਛਤਾਵਾ ਹੁਣ ਵੀ, ਦਰਦ ਦਿਲੇ ਦਾ ਕਹਿ ਨਹੀਂ ਹੋਇਆ।
ਇਹ ਗੱਲ ਵੀ ਮੈਂ ਤਾਂ ਦੱਸੀ ਏ, ਮੇਰੇ ਕੋਲੋਂ ਰਹਿ ਨਹੀਂ ਹੋਇਆ।
ਤੁਰਿਆ ਰਹਿੰਦਾਂ ਸ਼ਾਮ ਸਵੇਰੇ, ਪੈਰੀਂ ਬੰਨ੍ਹ ਕੇ ਸਫ਼ਰ ਲੰਮੇਰੇ,
ਸੂਰਜ ਦੀ ਟਿੱਕੀ ਨੂੰ ਚੁੰਮਣੈਂ, ਏਸੇ ਕਰਕੇ ਬਹਿ ਨਹੀਂ ਹੋਇਆ।
ਮਾਣ ਮਰਤਬੇ ਦੁਨੀਆਦਾਰੀ, ਕੀ ਔਖੇ ਸੀ ਹਾਸਿਲ ਕਰਨੇ,
ਸੱਚ ਪੁੱਛੋ ਤਾਂ ਗ਼ਰਜ਼ਾਂ ਖ਼ਾਤਰ, ਏਨਾ ਥੱਲੇ ਲਹਿ ਨਹੀਂ ਹੋਇਆ।
ਅੱਖੀਆਂ ਅੰਦਰ ਮੇਰੇ ਵੀ ਤਾਂ, ਗ਼ਮ ਦੇ ਕਿੰਨੇ ਤਲਖ਼ ਸਮੁੰਦਰ,
ਕੀ ਕਰਦਾ ਮੈਂ ਹੰਝੂਆਂ ਤੋਂ ਹੀ, ਪਿਘਲਣ ਮਗਰੋਂ ਵਹਿ ਨਹੀਂ ਹੋਇਆ।
ਜਾਣਕਾਰ ਸਾਂ ਕੰਧਾਂ ਮੈਨੂੰ, ਕਦੇ ਹੁੰਗਾਰਾ ਭਰਨਾ ਨਹੀਂਉਂ,
ਮੇਰੇ ਤੋਂ ਹੀ ਚੁੱਪ ਦਾ ਪਰਬਤ, ਹਿੱਕੜੀ ਉੱਤੇ ਸਹਿ ਨਹੀਂ ਹੋਇਆ।
ਸਾਨੂੰ ਗਿਣਨ ਮਸ਼ਾਲਚੀਆਂ ਵਿੱਚ, ਵੇਖ ਹਨ੍ਹੇਰਾ ਕਿੰਨਾ ਵਧਿਆ,
ਅਸਲ ਨਿਸ਼ਾਨਾ ਤੈਥੋਂ ਮੈਥੋਂ, ਅੱਜ ਤੀਕਰ ਵੀ ਤਹਿ ਨਹੀਂ ਹੋਇਆ।
ਚਾਰ ਚੁਫ਼ੇਰ ਹਨ੍ਹੇਰਾ ਕਾਲਖ਼, ਰਾਜ ਭਾਗ ਤੇ ਕਾਬਜ਼ ਤਾਂਹੀਂਓਂ,
ਮਾਚਸ ਦੀ ਡੱਬੀ ਤੇ ਮੈਥੋਂ, ਤੀਲੀ ਬਣ ਕੇ ਖਹਿ ਨਹੀਂ ਹੋਇਆ।
54. ਸਤਿਲੁਜ ਬਿਆਸ ਝਨਾਂ ਤੇ ਜਿਹਲਮ ਪੰਜਵਾਂ ਦਰਿਆ ਮੇਰੀ ਮਾਂ ਹੈ
ਸਤਿਲੁਜ ਬਿਆਸ ਝਨਾਂ ਤੇ ਜਿਹਲਮ ਪੰਜਵਾਂ ਦਰਿਆ ਮੇਰੀ ਮਾਂ ਹੈ।
ਪਾਲ ਪੋਸ ਜਿਸ ਵੱਡਿਆਂ ਕੀਤਾ, ਰਾਵੀ ਉਸ ਦਾ ਦੂਜਾ ਨਾਂ ਹੈ।
ਬਾਤ ਪਾਉਂਦਿਆਂ ਬਿਰਖ਼ਾਂ ਦੀ ਮੈਂ, ਸੀਸ ਝੁਕਾਵਾਂ ਪੁਰਖਿਆਂ ਨੂੰ ਵੀ,
ਕੁਝ ਆਰੀ, ਕੁਝ ਵਕਤ ਲੈ ਗਿਆ, ਫਿਰ ਵੀ ਸਿਰ ਵਿਰਸੇ ਦੀ ਛਾਂ ਹੈ।
ਪਹਿਲਾਂ ਗੋਬਰ ਧਨ ਦੇਂਦੀ ਸੀ, ਹਾਲ਼ੀ ਬਲਦ ਤੇ ਅੰਮ੍ਰਿਤ ਧਾਰਾਂ,
ਨੇਤਾ ਜੀ ਦੇ ਪੇੜੇ ਮਗਰੋਂ ਅੱਜ ਕੱਲ੍ਹ ਵੋਟਾਂ ਦੇਂਦੀ ਗਾਂ ਹੈ।
ਬੋਹੜੀਂ ਪਿੱਪਲੀਂ ਪੀਂਘਾਂ ਮੋਈਆਂ, ਰੱਸੀਆਂ ਦੇ ਸੱਪ ਫਾਹੀਆਂ ਬਣ ਗਏ,
ਮਰਨ ਵਾਲਿਆਂ ਵਿੱਚ ਹਰ ਵਾਰੀ, ਮੇਰੇ ਬਾਬਲ ਦਾ ਕਿਓਂ ਨਾਂ ਹੈ।
ਦੋਮੂੰਹੀਂਆਂ ਡੰਗ ਮਾਰਨ ਜ਼ਹਿਰੀ ਅੱਜ ਕੱਲ੍ਹ ਮੀਸਣੀਆਂ ਸਰਕਾਰਾਂ,
ਮੈਂ ਏਸੇ ਦਾ ਡੰਗਿਆ ਹੋਇਆਂ, ਤੈਨੂੰ ਇਹ ਮੈਂ ਦੱਸਿਆ ਤਾਂ ਹੈ।
ਧਰਮਸਾਲ ਵਿੱਚ ਧੜਿਆਂ ਕਾਰਨ ਵਣਜ ਵਪਾਰੀ ਕਾਬਜ਼ ਹੋ ਗਏ,
ਸ਼ੁਭ ਕਰਮਨ ਦੀ ਕਥਾ ਸੁਣਨ ਲਈ, ਧਰਮ ਕਰਮ ਦੀ ਕਿਹੜੀ ਥਾਂ ਹੈ।
ਮਾਨ ਸਰੋਵਰ ਝੀਲ ਦੇ ਕੰਢਿਓ ਕਹਿ ਕੇ ਹੰਸ ਉਡਾਰੀ ਭਰ ਗਏ,
ਨਾਲ ਨਮੋਸ਼ੀ ਜੀਣਾ ਔਖਾ, ਜਿੱਥੋਂ ਦਾ ਹੁਣ ਮੁਖੀਆ ਕਾਂ ਹੈ।
55. ਸਦੀਆਂ ਲੰਮਾ ਸਫ਼ਰ ਮੁਕਾ ਕੇ ਮੇਰੇ ਹੱਥ ਅਜੇ ਵੀ ਕੜੀਆਂ
ਸਦੀਆਂ ਲੰਮਾ ਸਫ਼ਰ ਮੁਕਾ ਕੇ ਮੇਰੇ ਹੱਥ ਅਜੇ ਵੀ ਕੜੀਆਂ।
ਧਰਤੀ ਦੀ ਧੀ ਸਾਥੋਂ ਪੁੱਛਦੀ ਸਾਥੋਂ ਕਿਹੜੇ ਕੰਮ ਕਿਤਾਬਾਂ ਪੜ੍ਹੀਆਂ।
ਮੇਰੀ ਇੱਕ ਤਸਵੀਰ ਤੁਹਾਡੇ ਹੱਥਾਂ ਦੇ ਵਿੱਚ ਆ ਗਈ ਕਿਤਿਓਂ,
ਮੇਰੇ ਜਹੀਆਂ ਸੰਗਲ ਬੱਧੀਆਂ ਹਰ ਧਰਤੀ ਤੇ ਧੀਆਂ ਬੜੀਆਂ।
ਮੈਂ ਅਰਧਾਂਗਣ, ਸਦੀਆਂ ਮਗਰੋਂ ਹਾਲੇ ਤੱਕ ਸੰਪੂਰਨ ਨਹੀਂਓਂ,
ਅਗਨੀ ਪਰਖ਼, ਤਪੱਸਿਆ ਮੇਰੀਆਂ ਨਿਰ ਫ਼ਲੀਆਂ ਨੇ ਤੋੜ ਨਾ ਚੜ੍ਹੀਆਂ।
ਕਹਿਰ ਖ਼ੁਦਾਇਆ, ਜ਼ੁਲਮ ਤੇਰੇ ਦੀ ਹਾਲੇ ਤੀਕ ਅਖ਼ੀਰ ਨ ਹੋਈ,
ਆਦਮ ਨਸਲ ਦੀਆਂ ਨੇ ਸਿਰਜਕ ਪਤੀ ਦੇਵ ਦੇ ਬੂਹੇ ਖੜ੍ਹੀਆਂ।
ਹਰ ਧਰਤੀ ਤੇ ਹਰ ਯੁਗ ਅੰਦਰ ਮਾਂ ਮੰਗਦੀ ਨਾ ਧੀ ਦੇ ਜੋਟੇ,
ਮੰਗਦੀਆਂ ਨੇ ਉਹ ਵੀ ਮੰਗਣ ਮੰਗਦੀਆਂ ਲਾਲਾਂ ਦੀਆਂ ਲੜੀਆਂ।
ਜੀਂਦੇ ਜਿਸ ਇਨਸਾਨ ਦੀ ਕੀਮਤ ਟੁੱਟੀ ਕੌਡੀ ਵੀ ਨਾ ਮੰਨੀ,
ਬੇਹਿੰਮਤੇ ਕੀ ਕਰਦੇ ਮਗਰੋਂ ਸਾਖੀ ਘੜ ਕੇ ਪੂਜਣ ਮੜ੍ਹੀਆਂ।
ਨਸਲਕੁਸ਼ੀ ਦੇ ਮਾਰਗਪੰਥੀ ਕਹਿੰਦੇ ਨੇ ਪਰ ਮੰਨਦੇ ਨਹੀਂਓਂ,
ਧਰਤੀ ਧਰਮ ਗੁਆ ਕੇ ਆਪਣਾ ਹੁਣ ਇਹ ਫੌਜਾਂ ਹੁਣ ਕਿੱਧਰ ਚੜ੍ਹੀਆਂ।
56. ਦਿਨ ਚੜ੍ਹਿਆਂ ਤੇ ਵੇਖੀ ਜਦ ਮੈਂ ਚੰਨ ਦੇ ਟੁਕੜੇ ਸਿਰ ਫ਼ੁਲਕਾਰੀ
ਦਿਨ ਚੜ੍ਹਿਆਂ ਤੇ ਵੇਖੀ ਜਦ ਮੈਂ ਚੰਨ ਦੇ ਟੁਕੜੇ ਸਿਰ ਫ਼ੁਲਕਾਰੀ।
ਇਉਂ ਲੱਗਿਆ ਰੱਬ ਵਿਹਲੇ ਬਹਿ ਕੇ ਤੇਰੀ ਸੂਰਤ ਆਪ ਸ਼ਿੰਗਾਰੀ।
ਬਿਨ ਮੰਗੇ ਤੋਂ ਏਨੀ ਰਹਿਮਤ ਮੇਰੀ ਨਿੱਕੀ ਝੋਲੀ ਅੰਦਰ,
ਮਹਿਕ ਗਿਆ ਹੈ ਤਨ ਮਨ ਮੇਰਾ, ਮਿਹਰ ਤੇਰੀ ਸਦਕੇ ਬਲਿਹਾਰੀ।
ਇੱਕੋ ਥਾਂ ਤੇ ਏਨੇ ਦੀਵੇ ਜਗਮਗ ਨੂਰੋ ਨੂਰ ਚੁਫ਼ੇਰਾ,
ਰਾਤ ਗਈ ਕਰ ਗੋਲ ਬਿਸਤਰਾ, ਹੁਣ ਸੂਰਜ ਦੀ ਆ ਗਈ ਵਾਰੀ।
ਇੱਕ ਦੋ ਬੋਲ ਮਿਸ਼ਰੀਓਂ ਮਿੱਠੇ, ਜਿਉ ਮਿਲ ਗਈ ਹੈ ਦਾਤ ਇਲਾਹੀ,
ਇਤਰ ਸਮੁੰਦਰ ਦੇ ਵਿੱਚ ਲੱਗਦੈ ਰੂਹ ਨਿਰਵਸਤਰ ਲਾਵੇ ਤਾਰੀ।
ਹਾਸਿਆਂ ਵਿੱਚ ਛਣਕਾਰ ਘੁੰਗਰੀਆਂ ਛਣਕਦੀਆਂ ਨੇ ਪੌਣਾਂ ਅੰਦਰ,
ਤਪਦੀ ਰੂਹ ਤੇ ਪੈਣ ਫੁਹਾਰਾਂ ਕਿਣਮਿਣ ਕਣੀਆਂ ਹਿੱਕੜੀ ਠਾਰੀ।
ਚੰਦਨ ਗੇਲੀ ਚੀਰਨ ਵਾਲੇ ਇਸ ਗੱਲ ਤੋਂ ਅਣਜਾਣ ਜਾਪਦੇ,
ਸਮਝਣ ਲੱਕੜੀ ਲੱਕੜਹਾਰੇ, ਮਹਿਕਾਂ ਦੀ ਜੜ੍ਹ ਫੇਰਨ ਆਰੀ।
ਜਿੱਦਾਂ ਮਹਿਕੇ ਅੰਬ ਸੰਧੂਰੀ ਜਾਂ ਮਰੂਏ ਦਾ ਬੂਟਾ ਕਿਧਰੇ,
ਰੂਹ ਦੇ ਬਾਗੀਂ ਇਉਂ ਲੱਗਿਆ ਹੈ ਤੂੰ ਮੈਨੂੰ ਆਵਾਜ਼ ਹੈ ਮਾਰੀ।
57. ਸਦੀਆਂ ਮਗਰੋਂ ਅੱਜ ਵੀ ਡਾਢੇ ਮਾਰਨ ਗਊ ਗਰੀਬ ਤੇ ਧਾੜਾ
ਸਦੀਆਂ ਮਗਰੋਂ ਅੱਜ ਵੀ ਡਾਢੇ ਮਾਰਨ ਗਊ ਗਰੀਬ ਤੇ ਧਾੜਾ।
ਪਰਸੂ ਰਾਮ ਚਲਾਉ ਜੀ ਹੁਣ ਜਾਬਰ ਉੱਤੇ ਤੇਜ਼ ਕੁਹਾੜਾ।
ਜ਼ਰ ਜਰਵਾਣੇ ਕਾਬਜ਼ ਹੋ ਗਏ ਧਰਮ ਵਰਤ ਕੇ ਸ਼ਕਤੀ ਉੱਤੇ,
ਬਾਹੂਬਲੀ ਬਣੇ ਵਰਦਾਨੀ, ਗਿਆਨਵੰਤ ਮਾੜੇ ਦਾ ਮਾੜਾ।
ਅੰਧਲੀ ਅੰਧਲੇ ਮਾਪਿਆਂ ਵਾਂਗੂ, ਬੇਵੱਸ ਜਨਤਾ ਰਾਹੀਂ ਬੈਠੀ,
ਪਾਲ ਪੋਸ ਕੇ ਗੱਭਰੂ ਕੀਤਾ ਸਰਵਣ ਪੁੱਤ ਵੀ ਮੰਗਦਾ ਭਾੜਾ।
ਕੁੱਲ ਦੁਨੀਆਂ ਦੇ ਧਰਮ ਗਰੰਥਾਂ, ਲਿਖਕੇ ਸਾਨੂੰ ਇਹ ਸਮਝਾਇਆ,
ਕੰਚਨ ਕਾਇਆ ਨੂੰ ਖਾ ਜਾਵੇ, ਮਨ ਮੰਦਰ ਦਾ ਕੀਨਾ ਸਾੜਾ।
ਮੁੱਠੀ ਦੇ ਵਿੱਚ ਦੁਨੀਆਂ ਕਰਦੇ, ਕਿੱਥੋਂ ਕਿੱਥੇ ਪਹੁੰਚ ਗਏ ਹਾਂ,
ਆਪਣੇ ਘਰ ਪਰਦੇਸੀ, ਵਧਿਆ, ਬੰਦੇ ਤੋਂ ਬੰਦੇ ਵਿੱਚ ਪਾੜਾ।
ਭਰਮ ਨਹੀਂ, ਵਿਸ਼ਵਾਸ ਪੁਰਾਣਾ, ਹੁਣ ਤੀਕਰ ਵੀ ਨਾਲ ਬਰਾਬਰ,
ਦੋ ਹੱਥਾਂ ਤੋਂ ਵੱਡਾ ਕਿਧਰੇ, ਦਿਸਿਆ ਹੀ ਨਹੀਂ ਕਿਸਮਤ ਘਾੜਾ।
ਅੰਧੀ ਰੱਯਤ ਗਿਆਨ ਵਿਹੂਣੀ, ਲਾਮਡੋਰ ਬੰਨ੍ਹ ਤੁਰਦੀ ਜਾਵੇ,
ਆਜੜੀਆਂ ਦੇ ਕਬਜ਼ੇ ਅੰਦਰ ਹਾਲੇ ਵੀ ਭੇਡਾਂ ਦਾ ਵਾੜਾ।
58. ਇੱਕ ਪਾਸੇ ਕੰਜਕਾਂ ਨੂੰ ਪੂਜੋ ਦੂਜੇ ਬੰਨੇ ਕੁੱਖ ਵਿੱਚ ਮਾਰੋ
ਇੱਕ ਪਾਸੇ ਕੰਜਕਾਂ ਨੂੰ ਪੂਜੋ ਦੂਜੇ ਬੰਨੇ ਕੁੱਖ ਵਿੱਚ ਮਾਰੋ।
ਨਸਲਘਾਤ ਕਰਵਾ ਬੈਠੋਗੇ ਸਮਝੋ ਸਮਝੋ ਬਰਖੁਰਦਾਰੋ।
ਪੁੱਤਰ ਦਾਤ ਲਈ ਅਰਦਾਸਾਂ, ਜੋ ਜੰਮਹਿ ਰਾਜਾਨ ਵੀ ਗਾਉ,
ਇਹ ਦੋ ਅਮਲੀ ਕਦ ਛੱਡੋਗੇ ਓ ਧਰਮਂ ਦੇ ਪਹਿਰੇਦਾਰੋ।
ਮਨ ਤੇ ਮੁੱਖ ਦੇ ਅੰਤਰ ਨੂੰ ਤਾਂ ਸ਼ੇਖ਼ ਫ਼ਰੀਦ ਵੀ ਲਾਣ੍ਹਤ ਪਾਈ,
ਮਨ ਦਾ ਸ਼ੀਸ਼ਾ ਸਾਫ਼ ਕਰਨ ਲਈ ਆਪਣੇ ਅੰਦਰ ਝਾਤੀ ਮਾਰੋ।
ਸੋਨ ਸੁਨਹਿਰੀ ਸੁਪਨੇ ਚੋਰੀ ਕਰਦੇ ਫਿਰਦੇ ਚੋਰ ਲੁਟੇਰੇ,
ਭਲਕ ਸੰਵਾਰਨ ਖ਼ਾਤਰ ਸੁੱਤੇ ਜਾਗ ਪਵੋ ਸਿੰਘੋ ਸਰਦਾਰੋ।
ਇੱਕ ਵਾਰੀ ਜੈਕਾਰਾ ਲਾ ਕੇ ਬਹਿ ਨਾ ਜਾਇਓ ਸ਼ੇਰ ਬਾਂਕਿਓ,
ਢਾਹ ਦੇਵੋ ਇਹ ਕੰਧ ਜਰਜਰੀ, ਹੋਰ ਜ਼ੋਰ ਦੀ ਹੱਲਾ ਮਾਰੋ।
ਕਿਓਂ ਐਸੇ ਹਾਲਾਤ ਬਣਨ ਜੀ ਕਲੀਆਂ ਬਿਨਾ ਕਿਆਰੀ ਸੁੰਨੀ,
ਅਧਖਿੜੀਆਂ ਨੂੰ ਮਸਲੀ ਜਾਓ ਕਿਓਂ ਵੀਰੋ ਵੇ ਕਹਿਰ ਗੁਜ਼ਾਰੋ।
ਇਹ ਰਾਹ ਸਿਵਿਆਂ ਦੇ ਵੱਲ ਜਾਵੇ ਅਣਜੰਮੀ ਵੀ ਮੈਂ ਇਹ ਜਾਣਾਂ,
ਜਿੱਧਰ ਨੂੰ ਲੈ ਚੱਲੇ ਡੋਲੀ, ਧੀ ਆਪਣੀ ਦੀ ਆਪ ਕਹਾਰੋ।
59. ਬੰਦ ਬੂਹਿਆਂ ਨੂੰ ਖੋਲ੍ਹਣ ਖਾਤਰ ਮਾਂ ਧੀ ਕਰਨ ਦਿਹਾੜੀ ਚੱਲੀਆਂ
ਬੰਦ ਬੂਹਿਆਂ ਨੂੰ ਖੋਲ੍ਹਣ ਖਾਤਰ ਮਾਂ ਧੀ ਕਰਨ ਦਿਹਾੜੀ ਚੱਲੀਆਂ।
ਮਨ ਰੇ ਗਾ ਦਾ ਗੀਤ ਗੁਆਚਾ ਲੱਭਣ ਆਈਆਂ ਕੱਲ ਮੁ ਕੱਲ੍ਹੀਆਂ।
ਫੁੱਲਾਂ ਵਰਗੇ ਬੱਚੜੇ ਖਾਤਰ ਇੱਕ ਲਵੇਰੀ ਖ਼ਾਲੀ ਖੁਰਲੀ,
ਖੇਤ ਬੇਗਾਨਾ ਮਾਲਕ ਵਰਜੇ, ਹਾਲੇ ਤੀਕ ਤਾਂ ਖਾਲੀ ਪੱਲੀਆਂ।
ਪਿੰਡੋਂ ਆਈਆਂ ਦੋਵੇਂ ਕੱਠੀਆਂ ਵੇਖਣ ਨੂੰ ਵੀ ਕੋਲ ਬੈਠੀਆਂ,
ਜਿੰਦ ਫ਼ਿਕਰਾਂ ਦੇ ਪੇਂਜੇ ਪਿੰਜੀ ਤੰਦਾਂ ਹੋਈਆਂ ਕੱਲ੍ਹੀਆਂ ਕੱਲ੍ਹੀਆਂ।
ਵਾਢੀ ਮਗਰੋਂ, ਨੰਗੇ ਪੈਰੀਂ, ਰੱਤ ਨੇ ਵਾਹੀਆਂ ਮੋਰ ਬੂਟੀਆਂ,
ਲਿੱਸੇ ਘਰ ਦੀਆਂ ਜਾਈਆਂ ਲੱਭਣ ਵੱਢ ਵਿੱਚੋਂ ਕਣਕਾਂ ਦੀਆਂ ਬੱਲੀਆਂ।
ਘੁੱਗੀਆਂ ਵਾਲੇ ਆਹਲ੍ਹਣਿਆਂ ਤੇ ਕਬਜ਼ਾ ਕਰ ਜਿਓਂ ਕਾਗ ਬੈਠਦੇ,
ਮਰਦ ਕਹਾਉਂਦੇ ਦਾਰੂ ਦਾਸੀਆਂ, ਕੂੰਜਾਂ ਕਿਰਤ ਕਮਾਵਣ ਘੱਲੀਆਂ।
ਦੂਖ ਹਰੋ ਬਨਵਾਰੀ ਮੇਰੇ, ਯਾ ਰੱਬ ਅੱਲ੍ਹਾ ਕਸ਼ਟ ਨਿਵਾਰੋ,
ਕਿੰਨੇ ਹੀ ਕੰਮ ਚੋਰ ਆਵਾਰਾ ਐਵੇਂ ਫਿਰਨ ਵਜਾਉਂਦੇ ਟੱਲੀਆਂ।
ਰੱਜਿਆਂ ਪੁੱਜਿਆਂ ਨੂੰ ਅਫਰੇਵਾਂ ਲਿਸਿਆਂ ਨੂੰ ਤਰਸੇਵਾਂ ਘੇਰੇ,
ਖਵਰੇ ਕਿਸਦੇ ਬੱਚਿਆਂ ਦੇ ਲਈ ਵਿਕਣ ਬਾਜ਼ਾਰੀਂ ਕੇਲੇ ਛੱਲੀਆਂ।
60. ਸਭ ਕੁੜੀਆਂ ਨਹੀਂ ਚੰਨ ਤੇ ਜਾਂਦੀਆਂ ਨਾ ਹੀ ਲਾਉਣ ਉਡਾਰੀਆਂ ਜੀ
ਸਭ ਕੁੜੀਆਂ ਨਹੀਂ ਚੰਨ ਤੇ ਜਾਂਦੀਆਂ ਨਾ ਹੀ ਲਾਉਣ ਉਡਾਰੀਆਂ ਜੀ।
ਬਹੁਤੀਆਂ ਨੇ ਸਿਰ ਅੱਜ ਵੀ ਚੁੱਕੀਆਂ ਬੋਝਲ ਪੰਡਾਂ ਭਾਰੀਆਂ ਜੀ।
ਕੱਚੇ ਰਾਹ ਜਾਂ ਪੱਕੇ ਹੋਵਣ ਤੁਰਨਾ ਪੈਂਦੈ ਪੈਦਲ ਹੀ,
ਸਾਡੇ ਅੱਖੀਂ ਘੱਟਾ ਪਾਉਂਦੀਆਂ ਮੋਟਰ -ਗੱਡੀਆਂ ਲਾਰੀਆਂ ਜੀ।
ਕੁੱਖ ਵਿੱਚ ਮਾਰੋ ਜਾਂ ਫਿਰ ਸਾੜੋ ਧੀਆਂ ਧਰਮ ਧਰੇਕਾਂ ਨੂੰ,
ਕਿਓਂ ਸਾਡੇ ਪੱਲੇ ਵਿੱਚ ਪਾਓ ਵੱਡੀਆਂ ਬੇ ਇਤਬਾਰੀਆਂ ਜੀ।
ਨਾ ਕਹੋ ਸਾਨੂੰ ਘਰ ਦਾ ਗਹਿਣਾ, ਬੰਦ ਕਰੋ ਹੁਣ ਨਾਟਕ ਨੂੰ,
ਮਰਦ ਬਰਾਬਰ ਹੀ ਨਾ, ਵੱਧ ਨੇ, ਸਿਰ ਤੇ ਜ਼ਿੰਮੇਵਾਰੀਆਂ ਜੀ।
ਜਦ ਤੂੰ ਮੇਰਾ ਸਾਥ ਦਏਂ ਤਾਂ ਅੰਬਰ ਚੀਰ ਵਿਖਾ ਦੇਵਾਂ,
ਬੁੱਕਲ ਦੇ ਵਿੱਚ ਲੈ ਕੇ ਧਰਤੀ ਸਾਗਰ ਲਾਵਾਂ ਤਾਰੀਆਂ ਜੀ।
ਤੇਰੇ ਨਾਲ ਬਰਾਬਰ ਹਰ ਥਾਂ, ਤੁਰਦੀ ਹਾਂ ਪਰ ਦਿਸਦੀ ਨਹੀਂ,
ਗਿਣਦਾ ਗਿਣਦਾ ਥੱਕ ਜਾਂਦੈਂ, ਤੂੰ ਜੋ ਵੀ ਮੱਲਾਂ ਮਾਰੀਆਂ ਜੀ।
ਤੇਰੇ ਘਰ ਵਿੱਚ ਜ਼ਹਿਮਤ ਦੀ ਥਾਂ ਰਹਿਮਤ ਜਿੱਥੇ ਵੱਸਦੀ ਹੈ,
ਇਹ ਤਾਂ ਬਹੁਕਰ ਨਾਲ ਸੋਹਣਿਆ ਮੈਂ ਹੀ ਜਗ੍ਹਾ ਬੁਹਾਰੀਆਂ ਜੀ।
61. ਛੱਡ ਤਰਲੋਚਨ ਬੀਤੀਆਂ ਗੱਲਾਂ ਕੀ ਲੈਣਾ ਏਂ ਹਾਉਕੇ ਭਰ ਕੇ
ਛੱਡ ਤਰਲੋਚਨ ਬੀਤੀਆਂ ਗੱਲਾਂ ਕੀ ਲੈਣਾ ਏਂ ਹਾਉਕੇ ਭਰ ਕੇ।
ਏਨੇ ਕਦਮ ਸਬੂਤੇ ਰਹਿ ਗਏ, ਸਫ਼ਰ ਸਹੀ, ਵਿਸ਼ਵਾਸ ਦੇ ਕਰਕੇ।
ਗਰਦਨ ਸਿੱਧੀ ਰੱਖਣਾ ਕਹਿ ਕੇ ਪੈਂਦਾ ਹੈ ਤਲਵਾਰ ਤੇ ਤੁਰਨਾ,
ਜੇ ਤੁਰ ਪਉ ਇੱਕ ਵਾਰ ਫੇਰ ਤਾਂ ਮੁੜਦੇ ਹੋ ਮੰਜ਼ਿਲ ਸਰ ਕਰਕੇ।
ਕੱਲ੍ਹਿਆਂ ਤੁਰਨਾ ਔਖਾ ਹੈ ਪਰ, ਮੇਰੇ ਅੰਗ ਸੰਗ ਕਿੰਨੇ ਸਾਥੀ,
ਸਬਰ, ਸਿਦਕ, ਸੰਤੋਖ, ਸਮਰਪਣ ਰੂਹ ਮੇਰੀ ਦੇ ਸੂਹੇ ਵਰਕੇ।
ਕਿੰਨੀ ਵਾਰੀ ਮੋੜੀ ਬੂਹਿਓ, ਆ ਜਾਂਦੀ ਹੈ ਫੇਰ ਖ਼ਰੀਦਣ,
ਵਿਕਿਆ ਨਹੀਂ ਮੈਂ ਤਾਂ ਹੀ ਝਾਕੇ ਅੱਖੀਆਂ ਅੰਦਰ ਹਸਰਤ ਭਰ ਕੇ।
ਕੋਲ਼ੇ ਵਾਲੀ ਖਾਣ ਚ ਦੋਧੇ ਵਸਤਰ ਚਿੱਟੇ ਰੱਖਣ ਖਾਤਰ,
ਸੱਚ ਪੁੱਛੇਂ ਤਾਂ ਜੀਣਾ ਪੈਂਦਾ ਪਲ ਅੰਦਰ ਸੌ ਵਾਰੀ ਮਰ ਕੇ।
ਕੌੜਾ ਤੁੰਮਾ ਸੌ ਰੋਗਾਂ ਦੀ, ਜੜ੍ਹ ਦਾ ਵੈਰੀ ਰੁਲਦਾ ਤਾਂਹੀਓਂ,
ਮਿੱਠਾ ਹੈ ਖਰਬੂਜ਼ਾ, ਵਿਕਦਾ ਮੰਡੀ ਦੇ ਵਿੱਚ ਏਸੇ ਕਰਕੇ।
ਹੇ ਗੁਰਸ਼ਬਦ ਨਾ ਡੋਲਣ ਦੇਵੀਂ ਇੱਕ ਸਤਰੀ ਅਰਦਾਸ ਕਰਾਂ ਮੈਂ,
ਭੁੱਲ ਜਾਂਦਾ ਹਾਂ ਕਿੰਨੀ ਵਾਰੀ ਤੇਰੇ ਕਦਮਾਂ ਤੇ ਸਿਰ ਧਰ ਕੇ।
62. ਤੜਪ ਰਿਹੈ ਸੌ ਸਾਲ ਤੋਂ ਮਗਰੋਂ ਜੱਲ੍ਹਿਆਂ ਵਾਲਾ ਬਾਗ ਅਜੇ ਵੀ
(13 ਅਪਰੈਲ ਦੇ ਨਾਮ ਬੇਨਾਮ ਸ਼ਹੀਦਾਂ ਨੂੰ ਸਮਰਪਿਤ ਹਨ ਇਹ ਬੋਲ)
ਤੜਪ ਰਿਹੈ ਸੌ ਸਾਲ ਤੋਂ ਮਗਰੋਂ ਜੱਲ੍ਹਿਆਂ ਵਾਲਾ ਬਾਗ ਅਜੇ ਵੀ।
ਡਾਇਰ ਤੇ ਓਡਵਾਇਰ ਰਲ ਮਿਲ ਗਾਉਂਦੇ ਓਹੀ ਰਾਗ ਅਜੇ ਵੀ।
ਆਜ਼ਾਦੀ ਦਾ ਮੁਕਤੀ ਮਾਰਗ ਹਾਲੇ ਕਿੰਨੀ ਦੂਰ ਸਵੇਰਾ,
ਥਾਲੀ ਵਿੱਚ ਅਣਚੋਪੜੀਆਂ ਤੇ ਨਾਲ ਅਲੂਣਾ ਸਾਗ ਅਜੇ ਵੀ।
ਸਰਹੱਦਾਂ ਤੇ ਪਹਿਰੇਦਾਰੀ ਕਰ ਕਰ ਹਾਰੇ ਕੁੱਲੀਆਂ ਢਾਰੇ,
ਸੋਗ ਸੁਨੇਹੇ ਫਿਰਨ ਬਨੇਰੇ ਕੁਰਲਾਉਂਦਾ ਹੈ ਕਾਗ ਅਜੇ ਵੀ।
ਸੁੱਤਿਆ ਲੋਕਾ ਤੇਰੀ ਗੱਠੜੀ ਲੈ ਚੱਲੇ ਨੇ ਚੋਰ, ਮੁਸਾਫ਼ਿਰ,
ਘਰ ਨੂੰ ਸਾਂਭਣ ਖ਼ਾਤਿਰ ਤੈਨੂੰ, ਕਿਓ ਨਾ ਆਵੇ ਜਾਗ ਅਜੇ ਵੀ।
ਧਰਮ ਕਿਆਰਿਆਂ ਅੰਦਰ ਦੱਬੀ, ਸਾਰੀ ਫ਼ਸਲ ਨਦੀਨਾਂ ਮਾਰੀ,
ਮਨ ਮੰਦਿਰ ਵਿੱਚ ਕੁਫ਼ਰ ਪਸਾਰਾ ਕਹੀਏ ਸੁੱਤੇ ਭਾਗ ਅਜੇ ਵੀ।
ਛੇ ਸਦੀਆਂ ਤੋਂ ਮਗਰੋਂ ਅੱਜ ਵੀ ਮੇਰੀ ਕੁੱਲੀ ਓਸੇ ਥਾਂ ਤੇ,
ਜਿੱਥੇ ਛੱਡ ਕੇ ਗਿਆ ਕਬੀਰਾ, ਗਲ ਕਟੀਅਨ ਕੇ ਲਾਗ ਅਜੇ ਵੀ।
ਧਨਵੰਤੇ ਪਤਵੰਤੇ ਬਣ ਗਏ, ਰੋਲਣ ਪੱਤ ਜ਼ਮੀਰਾਂ ਬਦਲੇ,
ਗੁਣਵੰਤੇ ਦੇ ਬੇਕਦਰਾਂ ਹੱਥ ਸਮਿਆਂ ਵਾਲੀ ਵਾਗ ਅਜੇ ਵੀ।
63. ਜ਼ਖ਼ਮੀ ਹੈ ਕਿਸ ਦਾ ਚਿਹਰਾ ਲੱਗਦੈ ਮੈਨੂੰ ਵਤਨ ਪਿਆਰਾ
ਜ਼ਖ਼ਮੀ ਹੈ ਕਿਸ ਦਾ ਚਿਹਰਾ ਲੱਗਦੈ ਮੈਨੂੰ ਵਤਨ ਪਿਆਰਾ।
ਕਾਲੇ ਕਰਮੀ, ਮਾਰ ਨਹੁੰਦਰਾਂ, ਆਪਾਂ ਇਸ ਨੂੰ ਕੀਤਾ ਸਾਰਾ।
ਇਸ ਵਿਚ ਕਿੱਥੇ ਸੁਰਗ ਨਜ਼ਾਰੇ ਕਸ਼ਮੀਰੀ ਸੇਬਾਂ ਜਹੇ ਬੱਚੇ,
ਕਿੱਥੇ ਮੇਰੇ ਦੇਸ ਪੰਜਾਬ ਦਾ ਪਹਿਲ ਪਲੱਕੜਾ ਸੁਰਗ ਨਜ਼ਾਰਾ।
ਕਿਸ ਧਰਤੀ ਤੋਂ ਸੂਰਜ ਚੜ੍ਹਦਾ, ਡੁੱਬਦਾ ਦੱਸੋ ਕਿੱਥੇ ਜਾ ਕੇ,
ਕਿੱਥੇ ਉੱਗਣ ਲੌਂਗ ਲੈਚੀਆਂ, ਕਿਸ ਥਾਂ ਤੇ ਹੈ ਲੌਂਗ ਕਿਆਰਾ।
ਗਿੱਧਾ ਚੁੱਪ ਗਵਾਚਾ ਬੀਹੂ ਗੁੰਮ ਸੁੰਮ ਝੁੰਮਰ, ਕਿੱਕਲੀ, ਲੁੱਡੀ,
ਨਿੰਮੋਝੂਣ ਧਮਾਲ ਪਈ ਹੈ ਸੰਮੀ ਦਾ ਨਾ ਚਿੱਤ ਕਰਾਰਾ।
ਹੱਦਾਂ ਤੇ ਸਰਹੱਦ ਦੀ ਰਾਖੀ ਕਰਨ ਬੰਦੂਕਾਂ ਦਿਨ ਤੇ ਰਾਤੀਂ,
ਦੱਸੋ ਕੌਣ ਲਗਾਉਂਦਾ ਏਦਾਂ, ਕੁੱਲੀਆਂ ਬੂਹੇ ਜੰਦਰਾ ਭਾਰਾ।
ਸੋਨ ਚਿੜੀ ਦੇ ਖੰਭਾਂ ਉੱਤੇ ਨਜ਼ਰ ਟਿਕਾਈ ਬੈਠੇ ਤਾਜਰ,
ਕੌਣ ਬਚਾਵੇਗਾ ਦੱਸ ਤੈਨੂੰ, ਏਥੇ ਤੇਰਾ ਕੌਣ ਵਿਚਾਰਾ।
ਮੈਂ ਆਪਣਾ ਮਨ ਜੇਕਰ ਚਾਹਾਂ ਖੋਲ੍ਹ ਦਿਆਂ ਪਰ ਕਿਸ ਥਾਂ ਖੋਲ੍ਹਾਂ,
ਗ਼ਜ਼ਲਾਂ ਤੇ ਕਵਿਤਾਵਾਂ ਤੋਂ ਬਿਨ ਦੱਸੋ ਮੇਰਾ ਕੌਣ ਸਹਾਰਾ।
64. ਮੇਰੀ ਕਮਾਨ ਵਿੱਚ ਜੇ ਕੋਈ ਤੀਰ ਨਹੀਂ ਹੈ
ਮੇਰੀ ਕਮਾਨ ਵਿੱਚ ਜੇ ਕੋਈ ਤੀਰ ਨਹੀਂ ਹੈ।
ਸਮਝੀਂ ਨਾ ਮੇਰੀ ਕਲਮ ਇਹ ਸ਼ਮਸ਼ੀਰ ਨਹੀਂ ਹੈ।
ਇਹ ਰਾਜ ਤਖ਼ਤ, ਕਲਗੀਆਂ, ਲਾਉਂਦੇ ਨੇ ਲੋਕ ਹੀ,
ਲਾਹੁੰਦੇ ਨੇ ਜਦ ਉਹ ਆਪ ਫਿਰ ਮਿਟਦੀ ਲਕੀਰ ਹੈ।
ਫਿਰਦਾ ਸੁਹਾਗੇ ਮਾਰਦਾ ਕਹਿੰਦਾ ਹੈ ਧਰਮ ਇਹ,
ਇੱਕੋ ਹੀ ਰੰਗ ਨੂੰ ਵੰਡਦਾ ਕਿਹੜਾ ਫ਼ਕੀਰ ਹੈ?
ਧਰਤੀ ਦਾ ਧਰਮ ਪਾਲਣਾ ਸਭ ਵੇਲ ਬੂਟੀਆਂ,
ਏਸੇ ਦਾ ਰਾਖੇ ਨੂੰ ਹੀ ਕਹਿੰਦੇ ਸੂਰਬੀਰ ਹੈ।
ਸਾਂਝਾਂ ਦੀਆਂ ਫੁਲਕਾਰੀਆਂ ਨੂੰ ਚੂਹੇ ਕੁਤਰਦੇ,
ਤੂੰ ਸਮਝਦਾ ਨਹੀਂ ਹੋ ਰਹੀ ਇਹ ਲੀਰ ਲੀਰ ਹੈ।
ਦਿਲ ਤੇ ਲਕੀਰ ਵਾਹੁਣ ਦੀ ਕੀਮਤ ਨੂੰ ਜਾਣ ਲੈ,
ਤੇਰੀ ਕਟਾਰ ਪਾ ਰਹੀ ਮੇਰੇ ਦਿਲ ਤੇ ਚੀਰ ਹੈ।
ਤੇਰੇ ਕਾਰਿੰਦੇ ਕਹਿ ਰਹੇ ਨੇ ਮੁਲਕ ਛੋੜ ਦੋ,
ਇਹ ਦੇਸ਼ ਤੇਰੇ ਬਾਪ ਦੀ ਜਾਗੀਰ ਨਹੀਂ ਹੈ।
65. ਇਨਕਲਾਬ ਦੀ ਪਹਿਲੀ ਝਲਕੀ, ਵੇਖ ਲਈ ਹੈ ਬੱਲੇ ਬੱਲੇ
ਇਨਕਲਾਬ ਦੀ ਪਹਿਲੀ ਝਲਕੀ, ਵੇਖ ਲਈ ਹੈ ਬੱਲੇ ਬੱਲੇ।
ਸੂਰਮਿਆਂ ਦੀ ਹੇੜ੍ਹ ਬੈਠ ਗਈ, ਦਿੱਲੀ ਦੀ ਮੰਜੀ ਦੇ ਥੱਲੇ।
ਭਗਤ ਸਿੰਹਾਂ ਤੂੰ ਇਹ ਨਾ ਸੋਚੀਂ? ਮੇਰੇ ਵੀਰੇ ਕਿੱਧਰ ਤੁਰ ਪਏ,
ਵੇਖਣ ਨੂੰ ਹੀ ਦਿਸਣ ਕਾਫ਼ਲਾ, ਗ਼ਰਜ਼ਾਂ ਬੱਧੇ ਕੱਲ੍ਹੇ ਕੱਲ੍ਹੇ।
ਭੋਲੇ ਭਾਲੇ ਲੋਕ ਉਲਝ ਗਏ, ਕਿਸ ਨੂੰ ਸਕਾ ਸੋਧਰਾ ਕਹੀਏ,
ਜ਼ਿੰਦਗੀ ਫਿਰ ਬਘਿਆੜਾਂ ਦੇ ਵੱਸ, ਸਾਰੇ ਪੱਤਣ ਸ਼ੀਹਾਂ ਮੱਲੇ।
ਸੱਚੇ ਸੁੱਚੇ ਰੁਲ ਗਏ ਸਾਰੇ, ਕੂੜ ਫਿਰੇ ਪਰਧਾਨੀ ਕਰਦਾ,
ਬੇਸ਼ਰਮਾਂ ਸ਼ਰਮੀਲਾ ਰੋਲ਼ੀ, ਰਹਿ ਗਈ ਸਿਰਫ਼ ਨਮੋਸ਼ੀ ਪੱਲੇ।
ਸੁਪਨੇ ਦਾ ਆਕਾਰ ਸਿਰਜਿਆ ਮਨਚਾਹਿਆ ਫੁੱਲ ਜੇ ਨਾ ਖਿੜਿਆ,
ਫਿਰ ਆਵਾਂਗੇ ਅਗਲੇ ਮੌਸਮ, ਹੁਣ ਆਪਾਂ ਪਰਦੇਸੀ ਚੱਲੇ।
ਇਸ ਧਰਤੀ ਦਾ ਕਣ ਕਣ ਭੋਗੀ, ਤਾਂ ਹੀ ਫਿਰਦੀ ਅਕਲ ਵਿਯੋਗੀ,
ਹਉਮੈ ਦੇ ਪਰਬਤ ਨੇ ਪੈਰੀਂ, ਪਟਕ ਰਹੇ ਸਿਰ ਹੋ ਗਏ ਝੱਲੇ।
ਬੋਟ ਮਸ਼ੀਨੀ ਲੈੈ ਲੈ ਭੁੱਲ ਗਏ, ਸਹਿਜ ਸਲੀਕਾ ਸੁਹਜ ਸਮਰਪਣ,
ਓਸ ਖੁਸ਼ੀ ਦੀ ਉਮਰਾ ਥੋੜੀ ਜੋ ਮਿਲਦੀ ਹੈ, ਪਹਿਲੇ ਹੱਲੇ।
(ਸ਼ਰਮੀਲਾ=ਮਨੀਪੁਰ ਦੀ ਇਨਕਲਾਬੀ ਮੁਟਿਆਰ)
66. ਆਹ ਫੜ ਸੂਰਜ ਆਹ ਫੜ ਕਿਰਨਾਂ ਖਿੜੇ ਗੁਲਾਬ ਨੇ ਤੇਰੇ ਲਈ
ਆਹ ਫੜ ਸੂਰਜ ਆਹ ਫੜ ਕਿਰਨਾਂ ਖਿੜੇ ਗੁਲਾਬ ਨੇ ਤੇਰੇ ਲਈ।
ਮੋੜ ਦਿਆ ਕਰ ਸ਼ਾਮ ਢਲੇ ਤੋਂ ਸਿਰਫ਼ ਚਿਰਾਗ ਬਨੇਰੇ ਲਈ।
ਅਗਨ ਲਗਨ ਨੂੰ ਜੰਦਰੇ ਅੰਦਰ ਨਾ ਕਰਿਆ ਕਰ ਕਮਜ਼ਰਫ਼ਾ,
ਚੰਗਾ ਹੁੰਦੈ ਜਗਣਾ ਮਘਣਾ ਧਰਤੀ ਚਾਰ ਚੁਫ਼ੇਰੇ ਲਈ।
ਇਹ ਅਣਖ਼ੀ ਇਤਿਹਾਸ ਤੇ ਵਿਰਸਾ ਸਿਰਫ਼ ਢਾਡੀਆਂ ਖ਼ਾਤਰ ਨਾ,
ਚੰਗਾ ਭਲਕ ਸੰਵਾਰਨ ਦੇ ਲਈ ਪੂੰਜੀ ਤੇਰੇ ਮੇਰੇ ਲਈ।
ਅੰਬਰ ਦੇ ਵਿੱਚ ਨਿੱਕੇ ਨਿੱਕੇ ਕਿੰਨੇ ਤਾਰੇ ਟਿਮਕ ਰਹੇ,
ਪਹਿਰੇਦਾਰ ਖੜ੍ਹੇ ਨੇ ਇਹ ਸਭ ਸਾਡੇ ਸੁਰਖ਼ ਸਵੇਰੇ ਲਈ।
ਹੱਥਕੜੀਆਂ, ਕਾਨੂੰਨ ਤੇ ਪਹਿਰਾ ਸਿਰਫ਼ ਨਕਾਬ ਹਕੂਮਤ ਦਾ,
ਮੈਂ ਦਰਬਾਨੀ ਕਰਦੇ ਵੇਖੇ ਇਹ ਸਭ ਚੋਰ ਲੁਟੇਰੇ ਲਈ।
ਜੇ ਜ਼ਿੰਦਗੀ ਨੂੰ ਵਾਂਗ ਬਗੀਚੇ ਜਾਣ ਲਵੇਂ ਤੂੰ ਇੱਕ ਵਾਰੀ,
ਤੈਨੂੰ ਸਮਝ ਪਵੇਗੀ ਆਪੇ ਫੁੱਲ ਨਾ ਸਿਰਫ਼ ਫੁਲੇਰੇ ਲਈ।
ਭਰਮ ਜਾਲ ਤੂੰ ਸਮਝ ਲਿਆ ਤਾਣਾ ਬਾਣਾ ਬੱਦਲਾਂ ਦਾ,
ਸੁਰਮ ਸਲੇਟੀ ਕੋਰ ਚਮਕਦੀ ਇਹ ਚਾਨਣ ਦੇ ਘੇਰੇ ਲਈ।
67. ਆਪਣੀ ਜਾਚੇ ਉਹ ਤਾਂ ਵੱਡੇ ਘਰ ਜਾਂਦਾ ਹੈ
ਆਪਣੀ ਜਾਚੇ ਉਹ ਤਾਂ ਵੱਡੇ ਘਰ ਜਾਂਦਾ ਹੈ।
ਵਿਚ ਸਮੁੰਦਰ ਜਾ ਕੇ ਦਰਿਆ ਮਰ ਜਾਂਦਾ ਹੈ।
ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ,
ਬੇਸ਼ਰਮਾਂ ਦਾ ਨੀਵੀਂ ਪਾ ਕੇ ਸਰ ਜਾਂਦਾ ਹੈ।
ਇਹ ਜੋ ਆਤਿਸ਼ਬਾਜ਼ੀ ਸਾਨੂੰ ਵੇਚ ਰਿਹਾ ਏ,
ਆਪਣੀ ਚੀਚੀ ਝੁਲਸ ਜਾਣ ਤੇ ਡਰ ਜਾਂਦਾ ਹੈ।
ਅੱਤ ਨੂੰ ਬਣਾਏ ਆਖ਼ਰ ਕਹਿਰ ਖ਼ੁਦਾਈ,
ਜਬਰ ਜਰਦਿਆਂ ਸਬਰ ਪਿਆਲਾ ਭਰ ਜਾਂਦਾ ਹੈ।
ਦਿਲ ਨੂੰ ਏਨੀ ਦੌਲਤ ਵੀ ਨਾ ਬਖ਼ਸ਼ ਦਿਆ ਕਰ,
ਛੋਟਾ ਬਰਤਨ ਕੰਢਿਆ ਤੀਕਰ ਭਰ ਜਾਂਦਾ ਹੈ।
ਸੋਚ ਵਿਚਾਰਾਂ ਕਰਦਾਡੁੱਬਿਆਂ ਵੇਖ ਲਵੋ ਮੈਂ,
ਸੱਖਣਾ ਭਾਂਡਾ ਪਾਣੀ ਉੱਤੇ ਤਰ ਜਾਂਦਾ ਹੈ।
ਮਿਲ ਕੇ ਵੀ ਨਾ ਮਿਲਣਾ ਹੈ ਕੁਝ ਏਸ ਤਰ੍ਹਾਂ ਹੀ,
ਜਿਉਂ ਤਿਤਲੀ ਅੰਗਿਆਰ ਤੇ ਕੋਈ ਧਰ ਜਾਂਦਾ ਹੈ।
ਰੱਬਾ ਰੱਬਾ ਕੂਕਦਿਆਂ ਪਿੰਡ ਮਰ ਚੱਲੇ ਨੇ,
ਕਾਲਾ ਬੱਦਲ ਸ਼ਹਿਰਾਂ ਉੱਤੇ ਵਰ੍ਹ ਜਾਂਦਾ ਹੈ।
ਆਮ ਕਹਾਵਤ ਪਹਿਲਾਂ ਵਾਲੀ ਬਦਲ ਗਈ ਏ,
ਅਕਲ ਮਿਲੇ, ਲੱਕੜੀ ਬਿਨ ਲੋਹਾ ਤਰ ਜਾਂਦਾ ਹੈ।
ਤੀਰ ਅਤੇ ਤਲਵਾਰ ਜਿਸਮ ਨੂੰ ਕੁਝ ਨਹੀਂ ਕਹਿੰਦੇ,
ਆਪਣੀ ਨਜ਼ਰੋਂ ਗਿਰ ਕੇ ਬੰਦਾ ਮਰ ਜਾਂਦਾ ਹੈ।
ਡੋਲ ਰਿਹਾ ਮਨ ਟਿਕ ਜਾਂਦੈ, ਮੈਂ ਕੀਤਣ ਦੱਸਾਂ,
ਤੇਰਾ ਇੱਕ ਧਰਵਾਸਾ ਕੀ ਕੁਝ ਕਰ ਜਾਂਦਾ ਹੈ।
ਬਹੁਤੀ ਵਾਰੀ ਜਾਗਦਿਆਂ ਹਿੰਮਤ ਨਹੀਂ ਪੈਂਦੀ,
ਜੋ ਕੁਝ ਬੰਦਾ ਸੁਪਨੇ ਦੇ ਵਿੱਚ ਕਰ ਜਾਂਦਾ ਹੈ।
ਉੱਚੀ ਉੱਚੀ ਬੋਲ ਰਿਹਾ ਹੈਂ ਇਹ ਨਾ ਭੁੱਲੀਂ,
ਦਿਲ ਮਾਸੂਮ ਪਰਿੰਦਾ ਏਦਾਂ ਡਰ ਜਾਂਦਾ ਹੈ।
ਮਾਂ ਬੋਲੀ ਮਾਂ ਧਰਤੀ ਤੇ ਮਾਂ ਜਣਨੀ ਕੋਲੋਂ,
ਟੁੱਟ ਕੇ ਬੰਦਾ ਮਰਦਾ ਮਰਦਾ ਮਰ ਜਾਂਦਾ ਹੈ।
68. ਕਿਓਂ ਹੋਲੀ ਦਾ ਭਰਮ ਪਾਲਦੈਂ ਇਹ ਰੰਗ ਕੱਚੇ ਲਹਿ ਜਾਣੇ ਨੇ
ਕਿਓਂ ਹੋਲੀ ਦਾ ਭਰਮ ਪਾਲਦੈਂ ਇਹ ਰੰਗ ਕੱਚੇ ਲਹਿ ਜਾਣੇ ਨੇ।
ਦਰਦ ਪਰੁੱਚੇ ਜ਼ਖ਼ਮੀ ਸੁਪਨੇ ਇਹ ਹੀ ਰੂਹ ਤੇ ਰਹਿ ਜਾਣੇ ਨੇ।
ਚੜ੍ਹਿਆ ਸੂਰਜ ਲਿਸ਼ ਲਿਸ਼ਕੰਦੜਾ ਚਮਕ ਰਿਹੈ ਪਰ ਇਹ ਨਾ ਭੁੱਲੀਂ,
ਤਾਜ ਤਖ਼ਤ ਦੇ ਅਜਬ ਖ਼ੁਮਾਰੇ ਸ਼ਾਮ ਢਲੀ ਤੇ ਢਹਿ ਜਾਣੇ ਨੇ।
ਸਿਖ਼ਰ ਪਹਾੜੀ ਚੋਟੀ ਉੱਤੇ ਹਾਉਕਿਆਂ ਦੇ ਬਰਫ਼ਾਨੀ ਤੋਦੇ,
ਪਿਘਲਣਗੇ, ਤੂੰ ਵੇਖੀਂ ਇੱਕ ਦਿਨ ਅੱਥਰੂ ਬਣ ਕੇ ਵਹਿ ਜਾਣੇ ਨੇ।
ਮੈਂ ਦੋਚਿੱਤੀਆਂ ਨਸਲਾਂ ਕੋਲੋਂ ਏਹੀ ਸਬਕ ਸਮਝਿਐ, ਤਾਂਹੀਂਓਂ,
ਬੋਲ ਮੈਂ ਜਿਹੜੇ ਸੋਚ ਲਏ ਉਹ ਜਾਂਦੇ ਜਾਂਦੇ ਕਹਿ ਜਾਣੇ ਨੇ।
ਆ ਹੁਣ ਤੁਰੀਏ, ਬਹਿ ਨਾ ਝੁਰੀਏ ਹਰ ਦਿਨ ਸਬਕ ਪੜ੍ਹਾਵੇ, ਪੜ੍ਹ ਲੈ,
ਜੇ ਨਾ ਤੁਰਿਓਂ ਤੇਰੇ ਸੁਪਨੇ ਅੱਧ ਵਿਚਕਾਰ ਹੀ ਰਹਿ ਜਾਣੇ ਨੇ।
ਕਿੰਜ ਤੇਰਾ ਧੰਨਵਾਦ ਕਰਾਂ ਮੈਂ ਦਰਦ ਸਮੁੰਦਰ ਦੇਣ ਵਾਲਿਆ,
ਬਾਕੀ ਜ਼ਖ਼ਮ ਕਸੀਸਾਂ ਵੱਟ ਮੈਂ ਏਸ ਤਰ੍ਹਾਂ ਹੀ ਸਹਿ ਜਾਣੇ ਨੇ।
ਲਾਵੇ ਵਾਂਗੂੰ ਉੱਬਲਣ ਵਾਲੇ ਥੋੜ ਚਿਰੀ ਹਸਤੀ ਦੇ ਮਾਲਕ,
ਛੁਰਲੀ ਵਾਂਗ ਹਵਾ ਵਿੱਚ ਉੱਡਦੇ ਰਾਖ਼ ਦੇ ਵਾਂਗੂੰ ਬਹਿ ਜਾਣੇ ਨੇ।
69. ਲੋਕ ਹੈਰਾਨ ਪਤਾ ਨਹੀਂ ਕਿਓਂ ਨੇ ਸਾਗਰ ਵਿੱਚ ਜੋ ਲਾਵਾ ਫੁੱਟਿਆ
ਲੋਕ ਹੈਰਾਨ ਪਤਾ ਨਹੀਂ ਕਿਓਂ ਨੇ ਸਾਗਰ ਵਿੱਚ ਜੋ ਲਾਵਾ ਫੁੱਟਿਆ।
ਇਹ ਤਾਂ ਓਹੀ ਜਬਰ ਸਮੇਂ ਦਾ, ਦੰਦਾਂ ਹੇਠ ਸੀ ਧਰਤੀ ਘੁੱਟਿਆ।
ਅੱਖ ਦਾ ਤੇਜ਼, ਮੜਕ, ਮਰਯਾਦਾ ਖੋਹ ਕੇ ਸਾਥੋਂ ਕਿਓ ਪੁੱਛਦੇ ਹੋ,
ਕਿਸ ਨੇ ਸਿਖ਼ਰ ਦੁਪਹਿਰੇ ਸਾਡੇ ਦੀਨ ਈਮਾਨ ਧਰਮ ਨੂੰ ਲੁੱਟਿਆ।
ਦਿਨ ਚੜ੍ਹਦੇ ਓਸੇ ਵਿੱਚ ਆਪੇ, ਡਿੱਗ ਪਏ ਵੇਖੋ, ਬੜੇ ਸਿਆਣੇ,
ਦੂਸਰਿਆਂ ਦੇ ਬੂਹੇ ਅੱਗੇ ਜਿੰਨ੍ਹਾਂ ਰਾਤ ਸੀ ਟੋਆ ਪੁੱਟਿਆ।
ਅੱਤੋਂ ਅੱਗੇ ਅੰਤ ਪੜਾਅ ਹੈ, ਸਾਵਧਾਨ ਜੋ ਕਰਦਾ ਸੀ ਉਹ,
ਅੰਨ੍ਹੀ ਤਾਕਤ ਅੰਨ੍ਹੀ ਹੋ ਕੇ, ਸਭ ਤੋਂ ਬਹੁਤਾ ਉਸ ਨੂੰ ਕੁੱਟਿਆ।
ਸਫ਼ਰ ਨਿਰੰਤਰ ਸਾਹੀਂ ਮੇਰੇ, ਤੁਰਦੇ ਤੁਰਦੇ ਤੁਰਦੇ ਜਾਣਾ,
ਮੰਜ਼ਿਲ ਤੀਕ ਤੁਰਨ ਦਾ ਦਾਈਆ ਥੱਕਿਆ ਹਾਂ ਪਰ, ਮੈਂ ਨਹੀਂ ਟੁੱਟਿਆ।
ਵਿਸ਼ ਗੰਦਲਾ ਹਰ ਬੂਟਾ ਕਹਿੰਦੇ ਪੈਲੀ ਵਿੱਚੋਂ ਮਾਰ ਮੁਕਾਉਣਾ,
ਕਮਰਾਂ ਕੱਸ ਕੇ ਵੇਖ ਲਵੋ ਪਿੰਡ ਸਾਰਾ ਹੈ, ਸਿਰ ਜੋੜ ਕੇ ਜੁੱਟਿਆ।
ਅੱਧ ਵਰਿੱਤਾ ਜ਼ਖ਼ਮੀ ਕਰਕੇ ਗਾਫ਼ਿਲ ਨਾ ਹੋ ਜਾਇਓ ਕਿਧਰੇ,
ਹੱਥਾਂ ਬਾਝ ਕਰਾਰਿਆਂ ਦੁਸ਼ਮਣ, ਆਪ ਕਦੇ ਹਥਿਆਰ ਨਾ ਸੁੱਟਿਆ।
70. ਮੈਂ ਸਾਹਾਂ ਵਿੱਚ ਸਾਂਭ ਲਵਾਂਗਾ, ਇਹ ਮੁਸਕਾਨ ਉਧਾਰੀ ਦੇ ਦੇ
ਮੈਂ ਸਾਹਾਂ ਵਿੱਚ ਸਾਂਭ ਲਵਾਂਗਾ, ਇਹ ਮੁਸਕਾਨ ਉਧਾਰੀ ਦੇ ਦੇ।
ਅੱਧ ਅਧੂਰੀ ਮੈਂ ਕੀ ਕਰਨੀ, ਜੇ ਦੇਣੀ ਤਾਂ ਸਾਰੀ ਦੇ ਦੇ।
ਰੁੱਤ ਬਸੰਤੀ ਵਾਂਗੂੰ ਖਿੜੀਏ ਧਰਤ ਸੁਹਾਗਣ ਰੂਪਵੰਤੀਏ,
ਘਰ ਘਰ ਵੰਡਿਆ ਸ਼ਗਨਾਂ ਵੇਲਾ ਮੈਨੂੰ ਵੀ ਇੱਕ ਖਾਰੀ ਦੇ ਦੇ।
ਮਹਿਕਵੰਤੀਏ, ਕਲਾਵੰਤੀਏ, ਰੂਹ ਵੱਲੋਂ ਵੀ ਸੁਹਜਵੰਤੀਏ,
ਇਹ ਸਾਰਾ ਕੁਝ ਮੇਰੇ ਕੰਮ ਦਾ, ਭਰ ਕੇ ਇੱਕ ਪਟਾਰੀ ਦੇ ਦੇ।
ਬ੍ਰਹਿਮੰਡਲ ਸਭ ਅੰਬਰ, ਜਲ, ਥਲ, ਪੌਣਾਂ ਅੰਦਰ ਵੰਡ ਦਿਆਂਗਾ,
ਏਨਾ ਕਰਮ ਕਮਾ ਦੇ ਹੁਣ ਤੂੰ ਸੂਰਜ ਪਾਰ ਉਡਾਰੀ ਦੇ ਦੇ।
ਹੇ ਕੁਦਰਤ ਤੂੰ ਜੋ ਜੋ ਵੰਡਦੀ ਮਹਿਕਾਂ ਖੁਸ਼ੀਆਂ ਅਣਮੁੱਕ ਖੇੜੇ,
ਮੈਂ ਤੇਰੇ ਦਰ ਖੜ੍ਹਾ ਸਵਾਲੀ, ਮੈਨੂੰ ਜਲਵਾਕਾਰੀ ਦੇ ਦੇ।
ਬੰਦ ਕਮਰਾ ਸੰਸਾਰ ਵਚਿੱਤਰ ਕੰਕਰੀਟ ਦਾ ਨਿਕ ਸੁਕ ਮਾਰੂ,
ਹੋਰ ਕਿਤੇ ਪਥਰਾ ਨਾ ਜਾਵਾਂ, ਵਿੱਚ ਬਗੀਚੇ ਬਾਰੀ ਦੇ ਦੇ।
ਆਪਣੀ ਹਉਮੈ ਪਾਰ ਕਰਨ ਦੀ ਸ਼ਕਤੀ ਦੇ ਤੂੰ ਦਾਨਵੰਤੀਏ,
ਮੇਰੀ ਬੁੱਕਲ ਵੱਡੀ ਕਰ ਦੇ ਵਿੱਚੇ ਧਰਤ ਪਿਆਰੀ ਦੇ ਦੇ।
71. ਕੀ ਆਖਾਂ ਹੁਣ ਇਸ ਤੋਂ ਵੱਧ ਮੈਂ, ਦਰਦ ਸੁਣਾ ਕੇ ਦਿਲ ਨਹੀਂ ਭਰਿਆ
ਕੀ ਆਖਾਂ ਹੁਣ ਇਸ ਤੋਂ ਵੱਧ ਮੈਂ, ਦਰਦ ਸੁਣਾ ਕੇ ਦਿਲ ਨਹੀਂ ਭਰਿਆ।
ਅਚਨਚੇਤ ਕਿਉਂ ਚੁੱਪ ਤੂੰ ਧਾਰੀ, ਦੱਸ ਕੀ ਅਜਬ ਸਿਤਮ ਹੈ ਕਰਿਆ।
ਤੁਰਦੇ ਤੁਰਦੇ ਤੁਰੇ ਜਾਂਦਿਆਂ ਅੱਗੇ ਜਿਓਂ ਧਰਤੀ ਮੁੱਕ ਜਾਵੇ,
ਤੇਰੀ ਅੱਖ ਵਿੱਚ ਤੱਕਿਆ ਅੱਥਰੂ ਲੱਗਦੈ ਖ਼ਾਰਾ ਸਾਗਰ ਭਰਿਆ।
ਅੰਬਰ ਵਿੱਚ ਉਡਾਰੀ ਭਰਦਾਂ ਜਾਂ ਤਰਦਾ ਹਾਂ ਤਲਖ਼ ਸਮੁੰਦਰ,
ਮੇਰੇ ਵਿੱਚ ਨਿਰੰਤਰ ਵਹਿੰਦਾ ਹਿੰਮਤ ਦਾ ਇੱਕ ਅੱਥਰਾ ਦਰਿਆ।
ਸੋਨੇ ਦੀ ਲੰਕਾ ਵਿੱਚ ਵੇਖੋ ਅੱਜ ਵੀ ਹੁਕਮ ਹਕੂਮਤ ਕਰਦਾ,
ਹੇ ਭਗਵਾਨ! ਨਿਆਰੀ ਲੀਲ੍ਹਾ, ਸਾਥੋਂ ਕਿਓਂ ਰਾਵਣ ਨਹੀਂ ਮਰਿਆ।
ਕਈ ਵਾਰੀ ਤਾਂ ਏਦਾਂ ਲੱਗਦੈ ਤੂੰ ਚੰਨ ਦਾ ਟੋਟਾ ਬੱਦਲਾਂ ਓਹਲੇ,
ਸੱਚ ਪੁੱਛੇਂ ਇਹ ਕਹਿਰ ਮੇਰੇ ਤੋਂ ਇੱਕ ਪਲ ਵੀ ਨਾ ਜਾਵੇ ਜਰਿਆ।
ਤੇਰੇ ਦਮ ਤੇ ਜੀਣ ਜੋਗੀਏ ਹੁਣ ਤੀਕਰ ਹਾਂ ਸਾਬਤ ਬਚਿਆ,
ਦੱਸ ਭਲਾ ਇਹ ਅਗਨ ਸਮੁੰਦਰ ਕੱਲ੍ਹਿਆਂ ਅੱਜ ਤੱਕ ਕਿਸ ਨੇ ਤਰਿਆ।
ਅਣਆਖੇ ਦੀ ਸਰਲ ਵਿਆਖਿਆ ਮੇਰੀ ਕਵਿਤਾ, ਗੀਤ, ਗ਼ਜ਼ਲ ਹੈ,
ਜੇ ਨਾ ਪਾਉਂਦਾ ਵਰਕਿਆਂ ਪੱਲੇ, ਮਨ ਰਹਿਣਾ ਸੀ ਭਰਿਆ ਭਰਿਆ।
72. ਮਾਰ ਉਡਾਰੀ ਚੱਲ ਹੁਣ ਚੱਲੀਏ ਅੰਬਰ ਤੋਂ ਵੀ ਪਾਰ ਬਾਬਲਾ
ਮਾਰ ਉਡਾਰੀ ਚੱਲ ਹੁਣ ਚੱਲੀਏ ਅੰਬਰ ਤੋਂ ਵੀ ਪਾਰ ਬਾਬਲਾ।
ਧਰਤ ਕਲਾਵਾ ਭਰਿਆ ਮੈਂ ਤਾਂ ਦੋ ਬਾਹਾਂ ਵਿਚਕਾਰ ਬਾਬਲਾ।
ਮੇਰੇ ਮੱਥੇ ਸੂਰਜ ਧਰ ਦੇ, ਕਰ ਦੇ ਰੌਸ਼ਨ ਮੇਰੀਆਂ ਰਾਹਵਾਂ,
ਸੋਚਾਂ ਵਿੱਚ ਗੁਲਤਾਨ ਕਿਉਂ ਹੈਂ, ਰੂਹ ਤੋਂ ਭਾਰ ਉਤਾਰ ਬਾਬਲਾ।
ਕਾਲ ਕਲੂਟੇ ਅੰਬਰ ਦੇ ਵਿੱਚ ਲੰਮੀਆਂ ਲੰਮੀਆਂ ਚਿੱਟੀਆਂ ਲੀਕਾਂ,
ਪੰਖ ਪਸਾਰ ਉੁਡੇ ਸੈ ਕੋਸਾਂ ਕੂੰਜੜੀਆਂ ਦੀ ਡਾਰ ਬਾਬਲਾ।
ਧਰਮ ਧਰਾਤਲ ਧਰਤੀ ਸਾਂਭੇ ਮੇਰੀ ਦਾਦੀ ਮਾਂ ਦੇ ਵਾਂਗੂੰ,
ਮਾਂ ਬੋਲੀ ਹੈ ਸ਼ਕਤੀ ਤੀਜੀ, ਇਹ ਨੇ ਪਾਲਣਹਾਰ ਬਾਬਲਾ।
ਪੈਸਾ ਪੀਰ ਬਣਾ ਕੇ ਪੂਜਣ ਅਕਲੋਂ ਹੀਣੇ ਬਹੁਤੇ ਲੋਕੀਂ,
ਏਸੇ ਕਰਕੇ ਹੋ ਚੱਲਿਆ ਏ ਵਿਸ਼ ਗੰਧਲਾ ਸੰਸਾਰ ਬਾਬਲਾ।
ਤੇਰੇ ਰੁੱਖ ਦੀ ਨਰਮ ਕਰੂੰਬਲ ਮੈਂ ਕੀਤਾ ਇਕਰਾਰ ਨਿਭਾਊਂ,
ਮਾਂ ਦੇ ਸਿਰ ਫੁਲਕਾਰੀ ਬਣਨਾ ਤੇਰੀ ਵੀ ਦਸਤਾਰ ਬਾਬਲਾ।
ਰਸਮ ਰਿਵਾਜ਼ ਬਣਾ ਕੇ ਬੰਧਨ ਮਗਰੋਂ ਫਿਰਨ ਗੁਲਾਮੀ ਕਰਦੇ,
ਚੁੱਕੀ ਫਿਰਦੇ ਮਨ ਦੇ ਉੱਤੇ ਧੀ ਤਿਤਲੀ ਦਾ ਭਾਰ ਬਾਬਲਾ।
73. ਪਿਆਰ ਦਾ ਬੂਟਾ ਰੂਹ ਵਿੱਚ ਲਾਇਆ ਜਾਂਦਾ ਹੈ
ਪਿਆਰ ਦਾ ਬੂਟਾ ਰੂਹ ਵਿੱਚ ਲਾਇਆ ਜਾਂਦਾ ਹੈ।
ਖ਼ੂਨ ਜਿਗਰ ਦਾ ਹਰ ਦਿਨ ਪਾਇਆ ਜਾਂਦਾ ਹੈ।
ਹੋਵੇ ਨਾ ਦਿਲਦਾਰ ਸੁਣਨ ਲਈ ਕੋਲ ਜਦੋਂ,
ਸ਼ਬਦਾਂ ਨੂੰ ਹੀ ਦਰਦ ਸੁਣਾਇਆ ਜਾਂਦਾ ਹੈ।
ਮਿਲ ਜਾਇਆ ਕਰ ਸੁਪਨੇ ਅੰਦਰ ਏਦਾਂ ਹੀ,
ਉਂਝ ਭਲਾ ਦੱਸ ਕਿੱਥੇ ਆਇਆ ਜਾਂਦਾ ਹੈ।
ਰੂਹ ਤੋਂ ਭਾਰ ਉਤਾਰਨ ਦੇ ਸਭ ਤਰਲੇ ਨੇ,
ਓਦਾਂ ਕਿੱਥੇ ਮਨ ਉਲਟਾਇਆ ਜਾਂਦਾ ਹੈ।
ਸ਼ਿਕਵਾ ਨਾਲ ਮੁਕੱਦਰਾਂ ਕਰ ਕੁਝ ਮਿਲਣਾ ਨਾ,
ਇਹ ਤਾਂ ਐਵੇਂ ਵਕਤ ਲੰਘਾਇਆ ਜਾਂਦਾ ਹੈ।
ਹਾਰ ਵਕਤ ਦੀ ਵੇਖੀ ਹੈ ਮੈਂ ਇਸ ਏਦਾਂ ਵੀ,
ਖਲਨਾਇਕਾਂ ਨੂੰ ਤਖ਼ਤ ਬਿਠਾਇਆ ਜਾਂਦਾ ਹੈ
ਰੁਮਕਦੀਆਂ ਬਿਨ ਸਾਜ਼ ਹਵਾਵਾਂ ਵੇਖ ਕਿਵੇਂ,
ਏਸ ਤਰ੍ਹਾਂ ਵੀ ਗੀਤ ਸੁਣਾਇਆ ਜਾਂਦਾ ਹੈ।
ਕਿੰਨਾ ਵਕਤ ਗਵਾਚਾ ਤੇ ਹੁਣ ਸਮਝੇ ਹਾਂ,
ਆਪ ਗੁਆ ਕੇ ਹੀ ਕੁਝ ਪਾਇਆ ਜਾਂਦਾ ਹੈ।
ਸੁਰ ਤੇ ਸਾਜ਼ ਵਿਲਕਦੇ ਪੀੜਾਂ ਦੱਸਣ ਲਈ,
ਧੁਰ ਅੰਦਰੋਂ ਜਦ ਮਨ ਪਿਘਲਾਇਆ ਜਾਂਦਾ ਹੈ।
74. ਗਲ ਗਲ ਤੀਕ ਗ਼ਮਾਂ ਦਾ ਪਹਿਰਾ ਬੇਗ਼ਮ ਪੁਰਾ ਸ਼ਹਿਰ ਨਹੀਂ ਵੱਸਿਆ
ਗਲ ਗਲ ਤੀਕ ਗ਼ਮਾਂ ਦਾ ਪਹਿਰਾ ਬੇਗ਼ਮ ਪੁਰਾ ਸ਼ਹਿਰ ਨਹੀਂ ਵੱਸਿਆ।
ਹੇ ਰਵੀਦਾਸ ਪਿਆਰੇ ਪੁਰਖ਼ੇ, ਸੱਚੋ ਸੱਚ ਮੈਂ ਤੈਨੂੰ ਦੱਸਿਆ।
ਸ਼ਬਦ ਗੁਰੂ ਸਤਿਕਾਰਨ ਦੀ ਥਾਂ ਪੂਜਣਹਾਰੇ ਹੋ ਗਏ ਕਾਬਜ਼,
ਤਾਂਹੀਂਓਂ ਸ਼ਬਦ ਮੁਕਤੀਆਂਦਾਤਾ ਸਾਡੇ ਮਨ ਮੰਦਰ ਨਹੀਂ ਵੱਸਿਆ।
ਆਪ ਕਬੀਰ ਨੂੰ ਮੈਂ ਖ਼ੁਦ ਪੁੱਛਿਆ ਉਲਝੀ ਤਾਣੀ ਕਿੰਜ ਸੁਲਝੇਗੀ,
ਓਸ ਕਿਹਾ ਕਿ ਤੋੜ ਜ਼ੰਜੀਰਾਂ, ਭਰਮ -ਜਾਲ ਦੀ ਕਾਲ਼ੀ ਮੱਸਿਆ।
ਨਾਮਦੇਵ ਦੀ ਛਪਰੀ ਅੱਜ ਵੀ, ਘਿਰੀ ਪਈ ਹੈ ਫ਼ਿਕਰਾਂ ਅੰਦਰ,
ਕਿਣਮਿਣ ਕਣੀਆਂ ਅੱਥਰੂ ਕਿਰਦੇ, ਦਰਦ ਸਦੀਵੀ ਮੀਂਹ ਬਣ ਵੱਸਿਆ।
ਮਰਦਾਨੇ ਦੀ ਦਰਦ ਕਹਾਣੀ ਪੁੱਛੋ ਨਾ ਬੱਸ ਰਹਿਣ ਦਿਓ ਜੀ,
ਸੁਰ ਤੇ ਰਾਗ ਰਬਾਬ ਦੋਹਾਂ ਨੂੰ ਗੁਰਬਤ ਜ਼ਹਿਰੀ ਨਾਗਣ ਡੱਸਿਆ।
ਗਿਆਨ ਦੇ ਗ਼ਲ਼ ਵਿੱਚ ਰੱਸਾ ਪਾ ਕੇ ਆਪਣੇ ਵੱਲ ਨੂੰ ਖਿੱਚੀ ਜਾਂਦੇ,
ਵੇਖ ਲਵੋ ਕਿੰਜ ਬੌਣਿਆਂ ਰਲ ਕੇ ਧੌਣ ਦੁਆਲੇ ਕਿੰਨਾ ਕੱਸਿਆ।
ਸਰਬਕਾਲ ਪਰਮੇਸ਼ਰ ਪੋਥੀ, ਸ਼ਬਦਗੁਰੂ ਸਰਬੱਤ ਦੀ ਖ਼ਾਤਰ,
ਨਿਰਭਓ ਤੇ ਨਿਰਵੈਰ ਨੇ ਕੱਢਣਾ, ਜਿਹੜੀ ਮੈਂ ਦਲਦਲ ਵਿੱਚ ਧੱਸਿਆ।
75. ਰੂਪ ਸਰੂਪ ਨਕਸ਼ਿਆਂ ਤੋਂ ਬਿਨ, ਦਿਲ ਤੋਂ ਦਿਲ ਨੂੰ ਰਾਹ ਹੁੰਦੇ ਨੇ
ਰੂਪ ਸਰੂਪ ਨਕਸ਼ਿਆਂ ਤੋਂ ਬਿਨ, ਦਿਲ ਤੋਂ ਦਿਲ ਨੂੰ ਰਾਹ ਹੁੰਦੇ ਨੇ।
ਸੌਖਾ ਨਹੀਂ ਮਹਿਸੂਸ ਕਰਨ ਇਹ, ਇੱਕ ਧੜਕਣ ਦੋ ਸਾਹ ਹੁੰਦੇ ਨੇ।
ਫੁੱਲ ਪੱਤੀਆਂ ਵਿੱਚ ਜਿਉਂ, ਖ਼ੁਸ਼ਬੋਈ ਅਣਦਿਸਦੀ, ਪਰ ਹਾਜ਼ਰ ਹੋਵੇ,
ਪੌਣਾਂ ਦੇ ਮਦਮਸਤ ਫੁਹਾਰੇ, ਇਸਦੇ ਅਸਲ ਗਵਾਹ ਹੁੰਦੇ ਨੇ।
ਨੰਗੀ ਅੱਖ ਨੂੰ ਦਿਸਦਾ ਕੁਝ ਨਾ, ਕੀ ਹੈ ਮਨ ਦੇ ਅੰਦਰ ਤੁਰਦਾ,
ਮੇਰੇ ਵਰਗੇ ਪਾਂਧੀ ਤਾਹੀਓਂ, ਰਾਹਾਂ ਵਿੱਚ ਗੁਮਰਾਹ ਹੁੰਦੇ ਨੇ।
ਪਿਆਰ ਗੁਲਾਮ ਕਦੇ ਨਹੀਂ ਹੁੰਦਾ, ਘੜੀਆਂ ਪਹਿਰ ਦਿਵਸ ਦਾ ਭਲਿਓ,
ਇੱਕ ਫੁੱਲ ਸੁਰਖ਼ ਗੁਲਾਬ ਸੌਂਪ ਕੇ, ਕਰਜ਼ੇ ਕਿੱਥੇ ਲਾਹ ਹੁੰਦੇ ਨੇ।
ਇਹ ਤਾਂ ਸਾਡੇ ਅੰਦਰ ਤੁਰਦੀ, ਫਿਰਦੀ ਹੈ ਜੋ ਅਗਨ ਅਜੂਨੀ,
ਓਦਾਂ ਮੋਹ ਦੀਆਂ ਤੰਦਾਂ ਖ਼ਾਤਿਰ, ਕਿੱਥੇ ਚਰਖ਼ੇ ਡਾਹ ਹੁੰਦੇ ਨੇ।
ਆਪਸ ਵਿੱਚ ਵਿਸ਼ਵਾਸ ਦੇ ਪਾਤਰ ਜੇਕਰ ਹੋਣ ਸਨੇਹ ਦੇ ਨਾਤੇ,
ਸੱਚ ਪੁੱਛੋ ਤਾਂ ਇਹ ਹੀ ਰਿਸ਼ਤੇ, ਦੀਨ ਦੁਨੀ ਦੇ ਸ਼ਾਹ ਹੁੰਦੇ ਨੇ।
ਧਰਤੀ ਅੰਬਰ ਪਾਰ ਸੂਰਜੋਂ, ਮਾਰ ਉਡਾਰੀ ਜਿਹੜੇ ਪਹੁੰਚਣ,
ਕਾਲ ਮੁਕਤ ਹਿਰਨੋਟੇ ਮਨ ਹੀ, ਸੱਚੀਂ ਬੇਪਰਵਾਹ ਹੁੰਦੇ ਨੇ।
76. ਬਦਨੀਤਾਂ ਦੀ ਬਸਤੀ ਅੰਦਰ
ਬਦਨੀਤਾਂ ਦੀ ਬਸਤੀ ਅੰਦਰ ਸ਼ੁਭ ਨੀਤਾਂ ਨੇ ਕੀਹ ਕਰਨਾ ਸੀ?
ਮੋਮ-ਦਿਲਾਂ ਨੇ, ਅੱਗ ਦਾ ਦਰਿਆ, ਸਾਬਤ ਰਹਿ ਕੇ ਕਿੰਜ ਤਰਨਾ ਸੀ?
ਚਾਰਦੀਵਾਰੀ ਦੇ ਵਿੱਚ ਘਿਰਿਆ, ਮਿੱਟੀ ਦਾ ਭਗਵਾਨ ਵਿਚਾਰਾ,
ਚੋਰ-ਬਾਜ਼ਾਰ ਦੇ ਰਹਿਮ ’ਤੇ ਜੀਂਦਾ, ਕਿਸ ਨੇ ਉਸ ਤੋਂ ਕੀਹ ਡਰਨਾ ਸੀ?
ਪੱਤੀ ਪੱਤੀ ਖਿਲਰਨ ਦੀ ਤੂੰ, ਪੀੜ ਸੁਣਾਵੇਂ ਇਹ ਨਹੀਂ ਵਾਜਬ,
ਪੱਥਰ ਚਿੱਤ ਦੇ ਪੈਰਾਂ ਅੱਗੇ, ਤੂੰ ਸੂਹਾ ਫੁੱਲ ਕਿਉਂ ਧਰਨਾ ਸੀ?
ਔਰੰਗਜ਼ੇਬ ਉਦਾਸ ਕਬਰ ਵਿੱਚ, ਅੱਜ-ਕੱਲ੍ਹ ਏਦਾਂ ਸੋਚ ਰਿਹਾ ਹੈ,
ਅੱਜ ਦੇ ਹਾਕਮ ਵਰਗਾ ਬਣਦਾ, ਮੈਂ ਖ਼ਤ ਪੜ੍ਹ ਕੇ ਕਿਉਂ ਮਰਨਾ ਸੀ?
ਘਰ ਦੇ ਭੇਤੀ ਲੰਕਾ ਢਾਹੁਣ ’ਚ, ਜੇ ਨਾ ਰਲਦੇ ਦੂਜੇ ਪਾਸੇ,
ਲੰਕਾਪਤਿ ਰਾਵਣ ਨੇ ਦੱਸੋ, ਰਾਮ ਦੇ ਹੱਥੋਂ ਕਿੰਜ ਹਰਨਾ ਸੀ।
ਜੇ ਤੇਰੀ ਰੂਹ ਅੰਦਰ ਕਿਧਰੇ, ਰਹਿਮਦਿਲੀ ਦਾ ਕਿਣਕਾ ਨਹੀਂ ਸੀ,
ਅਗਨਬਾਣ ਹੱਥਾਂ ਵਿੱਚ ਲੈ ਕੇ, ਠੰਢਾ ਹਾਉਕਾ ਕਿਉਂ ਭਰਨਾ ਸੀ।
ਐਨ ਵਕਤ ਸਿਰ ਤੇਰਾ ਮੋਢਾ, ਜੇਕਰ ਮੇਰੀ ਧਿਰ ਨਾ ਬਣਦਾ,
ਮੇਰੀ ਰੂਹ ਨੇ ਏਡਾ ਸਦਮਾ, ’ਕੱਲੇ ਕਾਰੇ ਕਿੰਜ ਜਰਨਾ ਸੀ।
77. ਇੱਕ ਟਟਹਿਣਾ ਵੇਖ ਰਿਹਾ ਏ
ਇੱਕ ਟਟਹਿਣਾ ਵੇਖ ਰਿਹਾ ਏ, ਦਿਨ ਦੇ ਚਿੱਟੇ ਚਾਨਣ ਅੰਦਰ।
ਜ਼ੁਲਮ ਵੇਖ ਕੇ ਚੁੱਪ ਬੈਠੇ ਨੇ, ਸਾਰੇ ਗੁਰ ਘਰ, ਮਸਜਿਦ ਮੰਦਰ।
ਤਾਜਦਾਰ ਦੀ ਬੋਲੀ ਬੋਲਣ ਅਰਦਲ ਦੇ ਵਿੱਚ ਬੈਠੇ ਸਾਰੇ,
ਅਜਬ ਰਾਗ ਦਰਬਾਰੀ ਗੂੰਜੇ, ਰਾਜ ਘਰਾਂ ਦੇ ਘੇਰੇ ਅੰਦਰ।
ਅੱਖਾਂ ਉੱਤੇ ਕਾਲੀ ਐਨਕ, ਜੀਭ ਨੂੰ ਤੰਦੂਆ, ਕੰਨੀ ਬੁੱਜੇ,
ਜਬਰ ਵੇਖ ਕੇ ਕਦ ਬੋਲਣਗੇ, ਗਾਂਧੀ ਤੇਰੇ ਪਾਲੇ ਬੰਦਰ।
ਕੂੜਾ ਸੌਦਾ ਵਰਕ ਲਗਾ ਕੇ, ਸ਼ਾਮ-ਸਵੇਰੇ ਜਾਣ ਪਰੋਸੀ,
ਤਾਰ, ਬੇਤਾਰ, ਸਣੇ ਅਖ਼ਬਾਰਾਂ, ਦਿੱਲੀ-ਦੱਖਣ ਸਣੇ ਜਲੰਧਰ।
ਬਾਬਰ ਵੇਖੇ, ਜਾਬਰ ਵੇਖੇ, ਅਬਦਾਲੀ ਤੇ ਨਾਦਰ ਵੇਖੇ,
ਇਸ ਧਰਤੀ ’ਤੇ ਪਾਪ ਦਾ ਲਾੜਾ ਹਰ ਵਾਰੀ ਹੀ ਹੋਰ ਸਿਕੰਦਰ।
ਰੋਜ਼ ਦਿਹਾੜੀ ਸੁਣ ਸੁਣ ਮਰੀਏ, ਬਾਬਾ ਜੀ, ਕੀ ਹੀਲਾ ਕਰੀਏ,
‘ਸ਼ਬਦ’ ਤੇਰੇ ਦੇ ਅਰਥ ਬਦਲ ਕੇ, ਵੇਚੀ ਜਾਂਦੇ ਨਾਥ ਮਛੰਦਰ।
ਮਨ ਤੋਂ ਭਾਰ ਉਤਾਰਨ ਖ਼ਾਤਰ, ਮੈਂ ਗ਼ਜ਼ਲਾਂ ਨੂੰ ਵੰਡ ਦਿੰਦਾ ਹਾਂ,
ਜਿੰਨਾ ਲਾਵਾ ਤਪਦਾ ਖਪਦਾ, ਰੋਜ਼ ਦਿਹਾੜੀ ਮੇਰੇ ਅੰਦਰ।
78. ਧੁੱਪਾਂ ਤੋਂ ਵੱਧ ਛਾਵਾਂ ਤੋਂ ਡਰ ਲੱਗਦਾ ਹੈ
ਧੁੱਪਾਂ ਤੋਂ ਵੱਧ ਛਾਵਾਂ ਤੋਂ ਡਰ ਲੱਗਦਾ ਹੈ।
ਮੈਨੂੰ ਆਪਣੇ ਚਾਵਾਂ ਤੋਂ ਡਰ ਲੱਗਦਾ ਹੈ।
ਆਪਣੇ ਸਿਰ ਤੋਂ ਉੱਚਾ ਜਦ ਤੋਂ ਹੋਇਆਂ ਮੈਂ,
ਤੇਜ਼ ਤਰਾਰ ਹਵਾਵਾਂ ਤੋਂ ਡਰ ਲੱਗਦਾ ਹੈ।
ਧਰਮੀ ਬਾਬਲ ਧਰਮ ਗਵਾਇਆ ਤਾਹੀਏਂ ਹੁਣ,
ਧੀਆਂ ਨੂੰ ਹੁਣ ਮਾਵਾਂ ਤੋਂ ਡਰ ਲੱਗਦਾ ਹੈ।
ਆਲ੍ਹਣਿਆਂ ਵਿੱਚ ਬੋਟ ਵਿਚਾਰੇ ’ਕੱਲੇ ਨੇ,
ਘੁੱਗੀਆਂ ਨੂੰ ਹੁਣ ਕਾਵਾਂ ਤੋਂ ਡਰ ਲੱਗਦਾ ਹੈ।
ਪਿੰਡੋਂ ਤੁਰ ਕੇ ਸ਼ਹਿਰੀਂ ਭਾਵੇਂ ਆ ਗਏ ਹਾਂ,
ਅੱਜ ਵੀ ਪੱਕੀਆਂ ਥਾਵਾਂ ਤੋਂ ਡਰ ਲੱਗਦਾ ਹੈ।
ਧਰਮ ਕਰਮ ਇਨਸਾਨ ਬਰਾਬਰ ਇੱਕੋ ਜਿਹੇ,
ਵੰਨ ਸੁਵੰਨੇ ਨਾਵਾਂ ਤੋਂ ਡਰ ਲੱਗਦਾ ਹੈ।
ਡਾਲਰ, ਪੌਂਡ ਰੁਪਈਏ ਨਾਲੋਂ ਡਾਹਢੇ ਨੇ,
ਚੜ੍ਹਦੇ ਲਹਿੰਦੇ ਭਾਵਾਂ ਤੋਂ ਡਰ ਲੱਗਦਾ ਹੈ।
79. ਖ਼ੁਸ਼ਬੂ ਦਾ ਫੁੱਲ ਤੋਂ ਵਿਛੜਨਾ ਕੀ ਕਹਿਰ ਕਰ ਗਿਆ
ਖ਼ੁਸ਼ਬੂ ਦਾ ਫੁੱਲ ਤੋਂ ਵਿਛੜਨਾ ਕੀ ਕਹਿਰ ਕਰ ਗਿਆ।
ਖਿੜਿਆ ਗੁਲਾਬ ਆਪਣੇ, ਸਾਏ ਤੋਂ ਡਰ ਗਿਆ।
ਸ਼ਬਦਾਂ ਨੂੰ ਇਮਤਿਹਾਨ ਵਿੱਚ ਪਾਇਆ ਸੀ ਵਕਤ ਨੇ,
ਸਿਦਕਾਂ ਦੀ ਪਰਖ ਵਾਸਤੇ, ਤਵੀਆਂ ’ਤੇ ਧਰ ਗਿਆ।
ਹੰਝੂ ਦਾ ਅੱਖ ’ਚ ਠਹਿਰਨਾ, ਆਉਣਾ ਨਾ ਬਾਹਰ ਨੂੰ,
ਧੜਕਣ ਨੂੰ ਇੱਕੋ ਹਾਦਸਾ, ਪੱਥਰ ਹੈ ਕਰ ਗਿਆ।
ਆਇਆ ਤੂਫ਼ਾਨ, ਆਣ ਕੇ, ਰੁਕਿਆ ਨਾ ਅਟਕਿਆ।
ਬਸਤੀ ਉਜਾੜ ਤੁਰ ਗਿਆ, ਖੰਡਰ ਹੈ ਕਰ ਗਿਆ।
ਕਿੱਥੇ ਬਿਰਾਜਮਾਨ ਹੈਂ, ਤੂੰ ਦਿਲ ਦੇ ਮਹਿਰਮਾ,
ਦੇ ਜਾ ਉਧਾਰਾ ਜ਼ਖ਼ਮ ਇੱਕ, ਪਹਿਲਾ ਤਾਂ ਭਰ ਗਿਆ।
ਗਰਜ਼ਾਂ ਦੇ ਡੂੰਘੇ ਸਾਗਰੀਂ, ਮੈਂ ਤੈਰਦਾ ਨਹੀਂ,
ਜਿਹੜਾ ਵੀ ਲਾਸ਼ ਬਣ ਗਿਆ, ਉਹੀ ਏ ਤਰ ਗਿਆ।
ਤੇਰੀ ਰਜ਼ਾ ਕਮਾਲ ਹੈ, ਬੇਰਹਿਮ ਐ ਖ਼ੁਦਾ,
ਬਾਗ਼ਾਂ ’ਚੋਂ ਫੁੱਲ ਤੋੜ ਕੇ, ਸਿਵਿਆਂ ’ਚ ਧਰ ਗਿਆ।
80. ਤਪਿਆ ਖਪਿਆ ਸੂਰਜ ਸ਼ਾਮੀਂ ’ਨ੍ਹੇਰੇ ਦੇ ਘਰ ਢਲ ਜਾਂਦਾ ਹੈ
ਤਪਿਆ ਖਪਿਆ ਸੂਰਜ ਸ਼ਾਮੀਂ ’ਨ੍ਹੇਰੇ ਦੇ ਘਰ ਢਲ ਜਾਂਦਾ ਹੈ।
ਸਾਡੇ ਪਿੰਡ ਦਾ ਕਹਿਣਾ ਇਹ ਤਾਂ ਚੋਰਾਂ ਦੇ ਸੰਗ ਰਲ ਜਾਂਦਾ ਹੈ।
ਮਿੱਟੀ ਦਾ ਕਲਬੂਤ ਵਿਚਾਰਾ, ਸਿਰ ’ਤੇ ਚੁੱਕ ਹੰਕਾਰ ਦੀ ਗਠੜੀ,
ਚਹੁੰ ਕਣੀਆਂ ਦੀ ਮਾਰ ਵਿਚਾਰਾ, ਖੜ੍ਹਾ ਖਲੋਤਾ ਗਲ ਜਾਂਦਾ ਹੈ।
ਸਤਿਯੁਗ ਤੋਂ ਅੱਜ ਤੀਕ ਫਰੋਲੋ, ਸਦੀਆਂ ਦਾ ਇਤਿਹਾਸ ਪਛਾਣੋ,
ਸੋਨ ਮਿਰਗ ਕਿਉਂ ਹਰ ਵਾਰੀ ਹੀ ਸੀਤਾ ਮਈਆ ਛਲ ਜਾਂਦਾ ਹੈ।
ਦੁਸ਼ਮਣ ਦੀ ਨਾਭੀ ਵਿੱਚ ਸਿੱਧਾ ਤੀਰ ਨਿਸ਼ਾਨੇ ਕਿਉਂ ਨਹੀਂ ਲੱਗਦਾ,
ਏਸੇ ਕਰਕੇ ਬਿਰਖ ਬਦੀ ਦਾ ਹੋਰ ਵਧੇਰੇ ਫਲ ਜਾਂਦਾ ਹੈ।
ਬਦਰੂਹਾਂ ਤੋਂ ਮੁਕਤੀ ਖ਼ਾਤਰ, ਨਾਟਕ ਦੀ ਥਾਂ ਹਿੰਮਤ ਕਰੀਏ,
ਸਦੀਆਂ ਤੋਂ ਕਾਗਜ਼ ਦਾ ਰਾਵਣ ਆਏ ਵਰ੍ਹੇ ਹੀ ਜਲ ਜਾਂਦਾ ਹੈ।
ਸਾਡੇ ਵਿੱਚੋਂ ਬਹੁਤੇ ਲੋਕੀਂ ਚੁੱਪ ਰਹਿੰਦੇ ਨੇ, ਕੁਝ ਨਹੀਂ ਕਹਿੰਦੇ,
ਜਿਉਂ ਬਿੱਲੀ ਨੂੰ ਭਰਮ ਕਿ ਏਦਾਂ ਆਇਆ ਖ਼ਤਰਾ ਟਲ ਜਾਂਦਾ ਹੈ।
ਸੱਚ ਬੋਲਣ ਤੋਂ ਡਰ ਜਾਂਦੇ ਹਾਂ, ਕੁਰਸੀ ਖ਼ਾਤਰ ਮਰ ਜਾਂਦੇ ਹਾਂ,
ਤਾਹੀਓਂ ਵਕਤ ਹਮੇਸ਼ਾਂ ਸਾਡੇ ਮੂੰਹ ’ਤੇ ਕਾਲਖ ਮਲ ਜਾਂਦਾ ਹੈ।
81. ਤੁਰਦੀ ਏ ਗੱਲ ਅੱਗੇ, ਖ਼ਤਾਂ ਦਾ ਜੁਆਬ ਲਿਖੋ
ਤੁਰਦੀ ਏ ਗੱਲ ਅੱਗੇ, ਖ਼ਤਾਂ ਦਾ ਜੁਆਬ ਲਿਖੋ।
ਦਿਲ ’ਚ ਤਰੰਗਾਂ ਤੇ ਉਮੰਗਾਂ ਦਾ ਹਿਸਾਬ ਲਿਖੋ।
ਫ਼ਰਜ਼ਾਂ ਦੀ ਪੂਰਤੀ ਲਈ ਗਰਜ਼ਾਂ ਨੂੰ ਛੱਡ ਪਿੱਛੇ,
ਕੰਡਿਆਂ ਨੂੰ ਕੰਡੇ ਤੇ ਗੁਲਾਬ ਨੂੰ ਗੁਲਾਬ ਲਿਖੋ।
ਜੀਹਨੂੰ ਤੁਸੀਂ ਮਿਲੇ ਵੀ ਨਹੀਂ, ਓਸ ਨੂੰ ਵੀ ਮਿਲ ਸਕੋ,
ਘੁਲ ਜਾਵੋ ਸ਼ਬਦਾਂ ’ਚ, ਮਹਿਕਦੀ ਕਿਤਾਬ ਲਿਖੋ।
ਝੁੱਗੀਆਂ ’ਚ ਟੁਣਕੇ ਜੋ, ਦੀਵਿਆਂ ਦੀ ਲੋਏ ਕਿਤੇ,
ਬਾਣੀ ਤੋਂ ਵਿਛੋੜੀ ਏਸ ਤਾਨ ਨੂੰ ਰਬਾਬ ਲਿਖੋ।
ਹੱਦਾਂ-ਸਰਹੱਦਾਂ, ਰਾਵੀ ਪਾਰ ਜਾਂ ਉਰਾਰ ਕਿਤੇ,
ਦੁੱਲਿਆਂ ਤੇ ਬੁੱਲ੍ਹਿਆਂ ਨੂੰ ਨਾਨਕਾਂ ਦਾ ਖ਼ੁਆਬ ਲਿਖੋ।
ਪਾਉਣ ਜੋ ਘਚੋਲਾ ਸਾਡੇ ਸੁੱਚਿਆਂ ਸਰੋਵਰਾਂ ’ਚ,
ਭੁੱਲ ਕੇ ਵੀ ਇਹੋ ਜਿਹੇ ਬੋਲ ਨਾ ਜਨਾਬ ਲਿਖੋ।
ਘਿਰਿਆ ਮੁਸੀਬਤਾਂ ’ਚ ਦਿਸੇ ਜੇ ਉਦਾਸ ਕੋਈ,
ਨਾਮ ਪਤਾ ਓਸ ਦਾ ਨਿਸ਼ੰਗ ਹੋ ਪੰਜਾਬ ਲਿਖੋ।
82. ਡਾਲਰਾਂ ਦੇ ਅੱਗੇ ਮੁੱਲ ਘਟਿਆ ਰੁਪਈਆਂ ਦਾ
ਡਾਲਰਾਂ ਦੇ ਅੱਗੇ ਮੁੱਲ ਘਟਿਆ ਰੁਪਈਆਂ ਦਾ।
ਪੈ ਗਿਆ ਪਟਾਕਾ ਸਾਡੇ ਭਰਮਾਂ ਦੇ ਪਹੀਆਂ ਦਾ।
ਚੱਬ ਜਾਊ ਸਾਨੂੰ ਮੰਡੀ ਆਲਮੀ ਦਾ ਦਿਉ-ਦੈਂਤ,
ਪਿੱਛੋਂ ਪਤਾ ਲੱਗਦੈ ਸਿਆਣੇ ਦੀਆਂ ਕਹੀਆਂ ਦਾ।
ਸੱਜਰੀ ਪਕਾ ਕੇ ਦੇਣ ਵਾਲੀ ਬੇਬੇ ਮਰ ਗਈ,
ਢੇਰ ਹੈ ਫਰਿੱਜ ਵਿੱਚ ਬੇਹੀਆਂ ਤਰਬੇਹੀਆਂ ਦਾ।
ਕਰ ਨਾ ਬਹਾਨੇ, ਤੁਰ ਕਾਫ਼ਲੇ ਦੇ ਨਾਲ-ਨਾਲ,
ਬਣੀ ਨਾ ਪੁਜਾਰੀ ਵੀਰਾ, ਪਿੱਛੇ ਪੈੜਾਂ ਰਹੀਆਂ ਦਾ।
ਮੁੱਲ ਕਦੇ ਮੰਗਿਆ, ਸ਼ਹੀਦਾਂ ਨਾ ਮੁਰੀਦਾਂ ਨੇ,
ਕੀਤਾ ਨਾ ਵਿਖਾਵਾ, ਸੱਟਾਂ ਮੌਰਾਂ ਉੱਤੇ ਸਹੀਆਂ ਦਾ।
ਸੁਰਗਾਂ ਨੂੰ ਵੇਚ ਨਾ ਤੂੰ ਨਰਕਾਂ ਦਾ ਡਰ ਦੇ ਕੇ,
ਪਾਧਿਆਂ ਨੂੰ ਛੱਡ ਖਹਿੜਾ ਪੱਤਰੀਆਂ ਵਹੀਆਂ ਦਾ।
ਅਕਲੇ ਨੀਂ ਅਕਲੇ, ਤੂੰ ਰੋਕ ਨਾ ਦੀਵਾਨਗੀ ਤੋਂ,
ਕਤਲਗਾਹ ’ਚ ਮੁੱਲ ਕੀਹ ਏ ਦੱਸ ਤੇਰੇ ਜਿਹੀਆਂ ਦਾ।
83. ਚਾਤਰ ਸ਼ਾਤਰ ਸਾਨੂੰ ਪੁੱਠੇ ਸਬਕ ਪੜ੍ਹਾਈ ਜਾਂਦੇ ਨੇ
ਚਾਤਰ ਸ਼ਾਤਰ ਸਾਨੂੰ ਪੁੱਠੇ ਸਬਕ ਪੜ੍ਹਾਈ ਜਾਂਦੇ ਨੇ।
ਬੋਹੜ ਦਾ ਬੂਟਾ ਛਾਂਗ ਛਾਂਗ ਗਮਲੇ ਵਿੱਚ ਲਾਈ ਜਾਂਦੇ ਨੇ।
ਜੋ ਉਨ੍ਹਾਂ ਨੂੰ ਪੁੱਗਦਾ ਬੋਲੀ ਤੋਤੇ ਵਾਂਗ ਰਟਾਉਂਦੇ ਨੇ,
ਚੂਰੀ ਬਦਲੇ ਕੀ ਕੁਝ ਸਾਡੇ ਮੂੰਹ ਵਿੱਚ ਪਾਈ ਜਾਂਦੇ ਨੇ।
ਕੁਝ ਲੋਕੀਂ ਤਾਂ ਕੀਮਖਾਬ ਤੇ ਰੇਸ਼ਮ ਪਾਉਂਦੇ ਔਖੇ ਨੇ,
ਉਹ ਵੀ ਤਾਂ ਇਨਸਾਨ ਜੋ ਤਨ ਦਾ ਮਾਸ ਹੰਢਾਈ ਜਾਂਦੇ ਨੇ।
ਕੁੱਲ ਦੁਨੀਆਂ ਦੀ ਇੱਕੋ ਮੰਡੀ ਸਿਰਜਣ ਵਾਲੇ ਵੇਖ ਲਵੋ,
ਬੰਦੇ ਦੀ ਰੂਹ ਅੰਦਰ ਧੁਰ ਤਕ ਕੰਧਾਂ ਪਾਈ ਜਾਂਦੇ ਨੇ।
ਪੁਤਲੀਗਰ ਪਏ ਨਾਚ ਨਚਾਉਂਦੇ, ਕਿੱਥੇ ਬੈਠੇ ਦਿਸਦੇ ਨਹੀਂ,
ਫ਼ਰਜ਼ਾਂ ਦੀ ਥਾਂ ਗ਼ਰਜ਼ਾਂ ਵਾਲੀ ਤਾਰ ਹਿਲਾਈ ਜਾਂਦੇ ਨੇ।
ਲਹਿ ਗਏ ਪਾਣੀ, ਮਾਲ੍ਹ ਤਰੀ ਹੈ, ਉੱਜੜ ਗਏ ਖੂਹ ਰੀਝਾਂ ਦੇ,
ਖਾਲੀ ਟਿੰਡਾਂ ਵਰਗੇ ਸੁਪਨੇ ਹੁਣ ਵੀ ਆਈ ਜਾਂਦੇ ਨੇ।
ਪਾਥੀਆਂ ਦੀ ਅੱਗ ਬਾਲ, ਤਪਾ ਕੇ, ਧਰਤੀ ਮਾਂ ਦੇ ਸੀਨੇ ਨੂੰ,
ਮੀਂਹ ਮੰਗਦੇ ਸ਼ਰਧਾਲੂ ਅੱਜ ਵੀ ਰੋਟ ਪਕਾਈ ਜਾਂਦੇ ਨੇ।
ਕੰਕਰੀਟ ਦੇ ਜੰਗਲ ਵਾਸੀ, ਅੰਦਰੋਂ ਵੀ ਪਥਰਾ ਗਏ ਨੇ,
ਬਿਰਧ ਘਰਾਂ ਦੀ ਕਰਨ ਉਸਾਰੀ, ਬਿਰਖ ਮੁਕਾਈ ਜਾਂਦੇ ਨੇ।
ਤਨ ਦੇਸੀ ਪਰ ਮਨ ਪਰਦੇਸੀ ਹੌਲੀ-ਹੌਲੀ ਹੋ ਜਾਂਦੈ,
ਪਿੰਡਾਂ ਵਾਲੇ ਜਦ ਸ਼ਹਿਰਾਂ ਵਿੱਚ ਕਰਨ ਕਮਾਈ ਜਾਂਦੇ ਨੇ।
84. ਏਸ ਆਜ਼ਾਦੀ ਅੱਥਰੂ ਦਿੱਤੇ, ਜਸ਼ਨ ਮਨਾ ਨਹੀਂ ਹੋਇਆ
ਏਸ ਆਜ਼ਾਦੀ ਅੱਥਰੂ ਦਿੱਤੇ, ਜਸ਼ਨ ਮਨਾ ਨਹੀਂ ਹੋਇਆ।
ਅੱਖੀਆਂ ਦੀ ਮਜਬੂਰੀ ਮੈਥੋਂ, ਹੰਝ ਲੁਕਾ ਨਹੀਂ ਹੋਇਆ।
ਖਾ ਗਏ ਲੱਖ ਕਰੋੜਾਂ ਰੀਝਾਂ, ਤਖ਼ਤਾਂ ਤਾਜਾਂ ਵਾਲੇ,
ਸਾਥੋਂ ਇੱਕ ਵੀ ਹਾਉਕਾ ਦਿਲ ਵਿੱਚ ਦਰਦ ਪਚਾ ਨਹੀਂ ਹੋਇਆ।
ਆਈ ਵਿਸਾਖੀ ਢੋਲ ਵਜਾਵੇਂ, ਚਾਹਵੇਂ ਰਲ ਕੇ ਨੱਚੀਏ,
ਤੇਰੇ ਨਾਲ ਕਦੇ ਵੀ ਮਨ ਦਾ ਮੋਰ ਨਚਾ ਨਹੀਂ ਹੋਇਆ।
ਤੇਰੇ ਤੋਂ ਇਨਸਾਫ਼ ਮਿਲੇਗਾ, ਹੁਣ ਤਾਂ ਰੂਹ ਨਾ ਮੰਨੇ,
ਧੱਕੇ ਜਰਦੇ ਜਰਦੇ ਮੈਥੋਂ, ਮਨ ਸਮਝਾ ਨਹੀਂ ਹੋਇਆ।
ਲਾਰੇ ਲਾਵੇਂ, ਤੇਰੇ ’ਤੇ ਵਿਸ਼ਵਾਸ ਕਰੇ ਹੁਣ ਕਿਹੜਾ,
ਤੈਥੋਂ ਵੀ ਤਾਂ ਅੱਜ ਤਕ ਇੱਕ ਵੀ ਬੋਲ ਪੁਗਾ ਨਹੀਂ ਹੋਇਆ।
ਚਾਰ ਚੁਫ਼ੇਰੇ ਦੁਸ਼ਮਣ ਫ਼ੌਜਾਂ, ਜੇ ਤੂੰ ਅੱਜ ਹੈਂ ’ਕੱਲਾ,
ਤੈਥੋਂ ਵੀ ਤਾਂ ਆਪਣਾ ਟੱਬਰ, ਗਲ ਨਾਲ ਲਾ ਨਹੀਂ ਹੋਇਆ।
ਦੇਸ਼ ਦੀ ਖ਼ਾਤਰ ਸੂਲੀ ਚੜ੍ਹ ਗਏ, ਅੰਬਰ ਤਾਰੇ ਬਣ ਗਏ,
ਸੂਰਮਿਆਂ ਦਾ ਅੱਜ ਤਕ ਸਾਥੋਂ, ਕਰਜ਼ ਚੁਕਾ ਨਹੀਂ ਹੋਇਆ।
ਰਾਵੀ ਦੇ ਉਰਵਾਰ ਪਾਰ ਹੜ੍ਹ ਚੜ੍ਹਿਆ ਲੋਕੀਂ ਡੁੱਬੇ,
ਆਜ਼ਾਦੀ ਦਾ ਤੋਹਫ਼ਾ ਸਾਥੋਂ ਕਦੇ ਭੁਲਾ ਨਹੀਂ ਹੋਇਆ।
ਮੱਥੇ ’ਤੇ ਕਾਲਖ਼ ਦਾ ਟਿੱਕਾ, ਲਾ ਗਿਆ ਸੰਨ ਸੰਤਾਲੀ,
ਪੌਣੀ ਸਦੀ ਗੁਜ਼ਾਰ ਕੇ ਸਾਥੋਂ ਇਹ ਵੀ ਲਾਹ ਨਹੀਂ ਹੋਇਆ।
85. ਧਰਤੀ ਝੂਮੇ, ਅੰਬਰ ਗਾਵੇ, ਝੁਕ ਝੁਕ ਸੁਣਦੇ ਤਾਰੇ
ਧਰਤੀ ਝੂਮੇ, ਅੰਬਰ ਗਾਵੇ, ਝੁਕ ਝੁਕ ਸੁਣਦੇ ਤਾਰੇ।
ਤਾਰਾਂ ਅੰਦਰ ਜਿੰਦ ਧੜਕਾਉਂਦੇ, ਸਾਜ਼ ਵਜਾਵਣਹਾਰੇ।
ਤੜਫ਼ ਤੜਫ਼ ਕੇ ਤਰਬਾਂ, ਜ਼ਰਬਾਂ ਖਾਵਣ ਦਰਦ ਸੁਣਾਵਣ,
ਕੌਣ ਸੁਣੇ ਫਰਿਆਦ ਤੇਰੇ ਬਿਨ ਦਰਦ ਨਿਵਾਰਨ ਹਾਰੇ।
ਜੋ ਕੁਝ ਵੀ ਬਾਜ਼ਾਰ ਤੋਂ ਬਚਿਆ, ਓਹੀ ਸਾਡਾ ਵਿਰਸਾ,
ਘਟਦੇ ਘਟਦੇ ਘਟ ਚੱਲੇ ਨੇ ਇਸ ਨੂੰ ਜਾਣਨਹਾਰੇ।
ਨਾ ਵੀਣਾ, ਮਿਰਦੰਗ, ਸਰੋਦਾਂ, ਸਾਰੰਗੀਆਂ ਨੇ ਏਥੇ,
ਮੁਰਲੀਧਰ ਬਣ ਫਿਰੇਂ ਗੁਆਚਾ, ਦੱਸ ਤੂੰ ਕ੍ਰਿਸ਼ਨ ਮੁਰਾਰੇ।
ਸੀ ਰੱਬਾਬ ਕਿਤਾਬ ਦਾ ਮਾਲਕ ਉਹ ਪੰਜਾਬ ਹੈ ਕਿੱਥੇ,
ਸ਼ਬਦ-ਗੁਰੂ ਨੂੰ ਭੁੱਲ ਗਏ ਸਾਧੋ, ਧਰਮ ਤਰਾਜ਼ੂ ਸਾਰੇ।
ਰਾਗ ਨਾਦ ਵਿੱਚ ਸ਼ਬਦ ਸੋਹਾਣੇ, ਖੁਰ ਗਏ ਭੁਰ ਗਏ ਤੁਰ ਗਏ,
ਗਫ਼ਲਤ ਦੇ ਵਿੱਚ ਕੀ ਕੁਝ ਗੁੰਮਿਆ, ਭੁੱਲ ਗਏ ਗਿਣਤੀ ਸਾਰੇ।
ਕਿੱਧਰ ਗਏ ਸੰਗੀਤ ਘਰਾਣੇ, ਆਲਮ ਮੀਰ ਨਿਤਾਣੇ,
ਮਰਦਾਨੇ ਦੀ ਅੱਖ ਵਿੱਚ ਅੱਥਰੂ ਡਲ੍ਹਕਣ ਮਣ ਮਣ ਭਾਰੇ।
ਕਿੱਧਰ ਗਏ ਮੁਰੀਦ ਫ਼ਰੀਦਾ, ਸਿੱਖ ਤੇ ਮੁਸਲਿਮ ਬਣ ਗਏ,
ਧਰਤੀ ਧਰਮ ਗੁਆਚ ਗਿਆ ਹੈ, ਮੌਲਾ ਖ਼ੈਰ ਗੁਜ਼ਾਰੇ।
ਨਾਨਕ ਦੀ ਬਾਣੀ ਤੋਂ ਨਿੱਖੜੇ, ਰੰਗ ਰਬਾਬਾਂ ਵਾਲੇ,
ਗੁਰ ਦਰਬਾਰੇ ਗਾਉਂਦੇ ਸੀ ਜੋ, ਰਾਗ ਇਕੱਤੀ ਸਾਰੇ।
86. ਨਵੇਂ ਰੰਗ ’ਚ ਰੰਗ ਦੇ ਮੈਨੂੰ ਮਹਿਕਾਂ ਭਰ ਕੇ
ਨਵੇਂ ਰੰਗ ’ਚ ਰੰਗ ਦੇ ਮੈਨੂੰ ਮਹਿਕਾਂ ਭਰ ਕੇ।
ਮਿੱਟੀ ਦੇ ਬੁੱਤ ਤਾਈਂ ਛੂਹ ਕੇ ਜੀਂਦਾ ਕਰ ਕੇ।
ਮੇਰੇ ਦਿਲ ’ਤੇ ਹੱਥ ਧਰ ਦੇ ਇਹ ਧੜਕ ਪਵੇਗਾ,
ਇਸ ਨੂੰ ਧੜਕਣ ਲਾ ਦੇ, ਥੋੜ੍ਹੀ ਰਹਿਮਤ ਕਰ ਕੇ।
ਦਿਲ ਵਿੱਚ ਲੀਕਾਂ ਚਾਰ ਦੀਵਾਰੀ ਤੋਂ ਵੱਧ ਜਾਬਰ,
ਸਹਿਜ ਬਖ਼ਸ਼ ਦੇ ਇਨ੍ਹਾਂ ਨੂੰ ਫੁੱਲ ਕਲੀਆਂ ਕਰ ਕੇ।
ਦੂਰ ਦੇਸ ਪਰਦੇਸ ਅਸਲ ਵਿੱਚ ਜਿਸਮਾਂ ਲਈ ਹੈ,
ਪੌਣਾਂ ਵਾਂਗੂੰ ਮਿਲ ਜਾਇਆ ਕਰ ਹਿੰਮਤ ਕਰ ਕੇ।
ਜੀਵਣ ਖ਼ਾਤਰ ਜੀਵਨ ਨੂੰ ਤੂੰ ਸਮਝੀਂ ਪਹਿਲਾਂ,
ਕਿਉਂ ਮਰ ਚੱਲਿਐਂ ਵਕਤੋਂ ਪਹਿਲਾਂ ਮੌਤੋਂ ਡਰ ਕੇ।
ਵੇਖੀਂ ਇਹ ਕੀਹ ਧੜਕੇ, ਤੇਰੇ ਚਰਨਾਂ ਦੇ ਵਿੱਚ,
ਲੱਗਦੈ ਮੈਂ ਦਿਲ ਭੁੱਲ ਗਿਆ ਹਾਂ ਏਥੇ ਧਰ ਕੇ।
ਪੜ੍ਹ ਲੈ ਪੜ੍ਹ ਲੈ, ਇਹ ਪੁਸਤਕ ਹੈ ਤੇਰੇ ਕੰਮ ਦੀ,
ਹੋਰ ਕਿਸੇ ਨੇ ਕੀਹ ਕਰਨੇ ਨੇ ਦਿਲ ਦੇ ਵਰਕੇ।
87. ਬਹੁਤ ਸੋਹਣੀ ਅੱਜ ਰਾਤੀਂ ਚਾਨਣੀ ਸੀ
ਬਹੁਤ ਸੋਹਣੀ ਅੱਜ ਰਾਤੀਂ ਚਾਨਣੀ ਸੀ।
ਬਿਨ ਤੇਰੇ ’ਕੱਲੇ ਮੈਂ ਕਿੱਥੇ ਮਾਣਨੀ ਸੀ।
ਤਾਰਿਆਂ ਨੂੰ ਗਿਣਦਿਆਂ ਪ੍ਰਭਾਤ ਹੋਈ,
ਪੀਡ਼ ਦਿਲ ਦੀ ਹੋਰ ਕਿਸ ਪਛਾਣਨੀ ਸੀ।
ਵਿਥਿਆ ਧਰਤੀ ਦੇ ਦਿਲ ਦੀ ਕੌਣ ਪੁੱਛੇ,
ਪੌਣ ਪਾਣੀ ਜ਼ਹਿਰ ਅੰਬਰ ਛਾਣਨੀ ਸੀ।
ਪੁੱਤ ਧੀਆਂ ਬਿਰਖ ਬੂਟੇ ਚੀਰਦੇ ਸੀ,
ਕਿਸ ਹਰੀ ਛਤਰੀ ਸਿਰਾਂ ’ਤੇ ਤਾਣਨੀ ਸੀ।
ਤੂੰ ਬਰੂਹਾਂ ’ਤੇ ਖੜ੍ਹਾ ਕੀਹ ਸੋਚਦਾ ਹੈਂ,
ਇਹ ਤਾਂ ਵੇਦਨ ਤੂੰ ਹੀ ਆ ਕੇ ਜਾਣਨੀ ਸੀ।
ਅੱਗ ਦੇ ਦਰਿਆ ’ਚ ਜੇ ਤੂੰ ਤੈਰਨਾ ਸੀ,
ਦਿਲ ਦੇ ਅੰਦਰ ਬਹੁਤ ਪਹਿਲਾਂ ਠਾਣਨੀ ਸੀ।
88. ਮੰਗਾਂ ਜੇ ਤੈਥੋਂ ਖ਼ੁਦ ਕਦੇ ਜੀਵਨ ਉਧਾਰ ਦੇ
ਮੰਗਾਂ ਜੇ ਤੈਥੋਂ ਖ਼ੁਦ ਕਦੇ ਜੀਵਨ ਉਧਾਰ ਦੇ।
ਮੰਨੀ ਨਾ, ਜਿੰਨਾ ਬਚ ਗਿਆਂ, ਰਹਿੰਦਾ ਵੀ ਮਾਰ ਦੇ।
ਜਿੰਨੇ ਸਵਾਸ ਬਚ ਗਏ ਇਹ ਵੀ ਨਿਚੋੜ ਲੈ,
ਮੇਰੇ ’ਚੋਂ ਮੈਂ ਨੂੰ ਮਾਰ ਕੇ ਡੁੱਬਿਆਂ ਨੂੰ ਤਾਰ ਦੇ।
ਈਮਾਨ ਧਰਮ ਵੇਚਿਆ ਕਿਰਦਾਰ ਖੁਰ ਗਿਆ,
ਕੀਹਦੇ ਲਈ ਜਿਸਮ ਸਾਂਭਿਆ ਇਸ ਨੂੰ ਲੰਗਾਰ ਦੇ।
ਦਸਤਾਰ ਤਾਂ ਵਿਸ਼ਵਾਸ ਹੈ ਤੂੰ ਭਾਰ ਸਮਝਦੈਂ,
ਕਾਹਦੇ ਲਈ ਚੁੱਕੀ ਫਿਰ ਰਿਹੈਂ ਇਸ ਨੂੰ ਉਤਾਰ ਦੇ।
ਤਿਤਲੀ ਦੇ ਖੰਭ ਨੋਚਦੈਂ ਭੌਰੇ ਨੂੰ ਵਰਜਦੈਂ,
ਬਾਗਾਂ ’ਚ ਕਿੱਥੋਂ ਆ ਗਿਆਂ ਭੌਰੇ ਬਹਾਰ ਦੇ।
ਮੇਰੇ ਵਡੇਰੇ ਉੱਜੜੇ ਛੱਡਿਆ ਸੀ ਨਾਰੋਵਾਲ,
ਖ਼ੁਆਬਾਂ ’ਚ ਦਰਦ ਕਾਇਮ ਹਾਲੇ ਓਸ ਪਾਰ ਦੇ।
89. ਅੰਬਰਾਂ ਨੂੰ ਉਡਾਰੀ ਭਰਨ ਲਈ, ਅੱਖੀਆਂ ’ਚੋਂ ਨੀਂਦਰ ਟਾਲ ਦਿਉ
ਅੰਬਰਾਂ ਨੂੰ ਉਡਾਰੀ ਭਰਨ ਲਈ, ਅੱਖੀਆਂ ’ਚੋਂ ਨੀਂਦਰ ਟਾਲ ਦਿਉ।
ਪੌਣਾਂ ਦੇ ਪੈਰੀਂ ਝਾਂਜਰ ਪਾ, ਧੜਕਣ ਨੂੰ ਸੁਰ ਤੇ ਤਾਲ ਦਿਉ।
ਜੇ ਮਨ ਮੰਦਰ ਦੀ ਬਸਤੀ ਵਿੱਚ, ਨੇਰ੍ਹੇ ਦਾ ਵਾਸ ਰਿਹਾ ਏਦਾਂ,
ਰੂਹ ਵਾਲਾ ਚੰਬਾ ਖਿੜਨਾ ਨਹੀਂ, ਕਿਰਨਾਂ ਲਈ ਸੂਰਜ ਬਾਲ ਦਿਉ।
ਅਣਦਿਸਦੀ ਚਾਰਦੀਵਾਰੀ ਵਿੱਚ, ਮੈਂ ਆਪੇ ਘਿਰਿਆ ਕੈਦੀ ਹਾਂ,
ਮੇਰੇ ਤੋਂ ਮੈਨੂੰ ਮੁਕਤ ਕਰੋ, ਓਇ! ਸੱਜਣੋਂ ਮਿੱਤਰੋ ਨਾਲ ਦਿਉ।
ਜੇ ਚਾਹੋ ਬਰਕਤ ਘਰ ਆਵੇ, ਹਰਕਤ ਵੀ ਹਿੰਮਤ ਨਾਲ ਕਰੋ,
ਮੱਥੇ ਵਿੱਚ ਜੋਤ ਜਗਾਉ ਫਿਰ, ਪੈਰਾਂ ਨੂੰ ਸੁਜਾਖੀ ਚਾਲ ਦਿਉ।
ਇਹ ਜ਼ੋਰ ਜਵਾਨੀ, ਮੁੜ-ਮੁੜ ਕੇ, ਬੂਹੇ ’ਤੇ ਦਸਤਕ ਦੇਂਦੀ ਨਹੀਂ,
ਹੁਣ ਤੇਲ ਬਰੂਹੀਂ ਸ਼ਗਨਾਂ ਦਾ, ਖ਼ੁਦ ਆਪਣੇ ਹੱਥੀਂ ਢਾਲ ਦਿਉ।
ਬੰਦੇ ’ਚੋਂ ਬੰਦਾ ਦਿਸਦਾ ਨਹੀਂ, ਇਹ ਸ਼ਿਕਵਾ ਬਹੁਤ ਪੁਰਾਣਾ ਹੈ।
ਆਪੇ ’ਚੋਂ ਖ਼ੁਦ ਨੂੰ ਢੰੂਡ ਲਵੋ, ਰੱਬ ਪੱਥਰਾਂ ਅੰਦਰੋਂ ਭਾਲ ਦਿਉ।
ਵੱਡਿਆਂ ਦੀਆਂ ਪੈੜਾਂ ਢੂੰਡਦਿਆਂ, ਮੈਂ ਏਥੋਂ ਤੀਕਰ ਆਇਆ ਹਾਂ,
ਤੁਰਦੇ ਰਹੋ ਸਫ਼ਰ ਨਿਰੰਤਰ ਤੇ, ਓਇ ਰਾਹੀਓ ਪਿਛਲੀ ਪਾਲ ਦਿਉ।
90. ਪੌਣਾਂ ਦੀ ਅਸਵਾਰੀ ਕਰਦੇ ਧਰਤ ਕਦੇ ਨਾ ਲਹਿੰਦੇ ਹੋ
(ਭਗਤ ਰਵੀਦਾਸ ਜੀ ਦੇ ਇਨਕਲਾਬੀ ਸੋਚ ਪ੍ਰਬੰਧ ਨੂੰ ਸਮਰਪਿਤ)
ਪੌਣਾਂ ਦੀ ਅਸਵਾਰੀ ਕਰਦੇ ਧਰਤ ਕਦੇ ਨਾ ਲਹਿੰਦੇ ਹੋ।
ਸੂਹਜ ਦੇ ਹਮਸਾਏ ਬਣ ਕੇ ਕਿਹੜੇ ਸਫ਼ਰ ਚ ਰਹਿੰਦੇ ਹੋ?
ਧੁੱਪਾਂ ਛਾਵਾਂ ਇੱਕ ਬਰਾਬਰ ,ਕਿੱਦਾਂ ਸਮਝੋ ,ਦੱਸ ਦੇਣਾ,
ਤੇਜ਼ ਧਾਰ ਤਲਵਾਰ ਤੇ ਤੁਰਦੇ ਮੂੰਹ ਆਈ ਕਿੰਜ ਕਹਿੰਦੇ ਹੋ?
ਹਰ ਵੇਲੇ ਇੱਕ ਲੱਤ ਦੇ ਉੱਪਰ ਬਿਰਖਾਂ ਵਾਂਗ ਅਡੋਲ ਖੜ੍ਹੋ,
ਏਨੀ ਕਠਿਨ ਤਪੱਸਿਆ ਕਰਦੇ ਕਿਹੜੇ ਵੇਲੇ ਬਹਿੰਦੇ ਹੋ?
ਮਨ ਮੌਸਮ ਦੀ ਸੂਈ ਨੂੰ ਕਿੰਜ ਰੱਖਦੇ ਹੋ ਇਕਸਾਰ ਭਲਾ,
ਸਬਰ ਸਿਦਕ ਸੰਤੋਖ ਨਿਭੇ ਕਿੰਜ ਤੱਤੀਆਂ ਠੰਢੀਆਂ ਸਹਿੰਦੇ ਹੋ?
ਸੂਰਜ ਸ਼ਾਮੀਂ ਵਿੱਚ ਸਮੁੰਦਰ ,ਸਣ ਕੇਸੀਂ ਇਸ਼ਨਾਨ ਕਰੇ,
ਧੁੱਪ ਦੀ ਬੁੱਕਲ ਸਿਖ਼ਰ ਦੁਪਹਿਰੇ ਕਾਹਨੂੰ ਕੁੰਜਦੇ ਰਹਿੰਦੇ ਹੋ?
ਵਤਨ ਬਣਾ ਕੇ ਬਾਂਸ ਦਾ ਜੰਗਲ,ਖੇਡੋ ਨਾ ਅੰਗਿਆਰਾਂ ਨਾਲ,
ਆਪਣੀ ਅੱਗ ਵਿੱਚ ਸੜ ਨਾ ਜਾਇਓ ਕਿਓਂ ਫਿਟਕਾਰਾਂ ਸਹਿੰਦੇ ਹੋ।
ਸਿਖ਼ਰ ਪਹਾੜੋਂ ਡਿੱਗਦੇ ਡਿੱਗਦੇ ਅਣਖ਼ ਗਵਾਚੀ ਗ਼ੈਰਤ ਵੀ,
ਨਿਰਮਲ ਜਲ ਜੀ ,ਦਰ ਘਰ ਛੱਡ ਕਿਉਂ ਨੀਵੇਂ ਬੰਨੇ ਵਹਿੰਦੇ ਹੋ।
91. ਵੇਖ ਲਵੋ ਇਹ ਮੋਮ ਤੇ ਬੱਤੀ ਜਦ ਕਿਧਰੇ ਵੀ ਰਲ਼ ਕੇ ਜਗਦੇ
ਵੇਖ ਲਵੋ ਇਹ ਮੋਮ ਤੇ ਬੱਤੀ ਜਦ ਕਿਧਰੇ ਵੀ ਰਲ਼ ਕੇ ਜਗਦੇ।
ਪਿਘਲੇ ਗੂੜ੍ਹ ਹਨੇਰਾ ਬਿਨਸੇ ਚਾਨਣ ਦੇ ਦਰਿਆ ਨੇ ਦਗਦੇ।
ਸ਼ਬਦ ਗੁਆਚੇ ਅੱਖਰ ਅੱਖਰ ਨੈਣੀਂ ਜੋਤ ਬਣਨ ਤੇ ਬੋਲਣ,
ਅਰਥਾਂ ਤੀਕ ਪੁਚਾਵੀਂ ਸਾਨੂੰ,ਰੱਖ ਸਦਾ ਜੀਵਨ ਵਿੱਚ ਮਘਦੇ।
ਜਿੰਨ੍ਹਾਂ ਕੋਲ ਤੁਰਨ ਦੀ ਇੱਛਿਆ ਪਰਬਤ ਸਿਖ਼ਰ ਪਹੁੰਚਦੇ ਯਾਰੋ,
ਮੈਂ ਵੇਖੇ ਨੇ ਹਿੰਮਤੀਆਂ ਨੂੰ ਹੌਂਸਲਿਆਂ ਦੇ ਪਰ ਵੀ ਲਗਦੇ।
ਬਹਿ ਜਾਵੋ ਤਾਂ ਇਹ ਤਨ ਗੋਹਾ ਜੇ ਤੁਰ ਪਉ ਬਣ ਜਾਵੇ ਲੋਹਾ,
ਕਰਮ ਧਰਮ ਜੇ ਬਣ ਜਾਵੇ ਤਾਂ ਮਨ ਤੰਦੂਰ ਨਿਰੰਤਰ ਮਘਦੇ।
ਬਹੁਤੀ ਵਾਰੀ ਗੱਲੀਂ ਬਾਤੀਂ ,ਜੋ ਹੁੰਦੇ ਨੇ ਸ਼ਬਦ -ਸਿਕੰਦਰ,
ਇਮਤਿਹਾਨ ਵਿੱਚ ਪੈਣ ਸਾਰ ਹੀ ਬਹਿ ਜਾਂਦੇ ਨੇ ਵਾਂਗੂੰ ਝਗ ਦੇ।
ਪੰਜ ਦਰਿਆ ਸੀ ਸਿਦਕ ਸਮਰਪਣ ਸੇਵਾ ਸਿਮਰਨ ਸੱਚ ਤੇ ਪਹਿਰਾ,
ਸਾਡੀ ਗਫ਼ਲਤ ਦੇ ਟਿੱਬਿਆਂ ਵਿੱਚ ਜੀਰ ਗਏ ਕਿਉਂ ਵਗਦੇ ਵਗਦੇ।
ਤਾਰਨਹਾਰ ਵਿਚਾਰ ਦੀ ਸ਼ਕਤੀ ਵਾਧੂ ਵਸਤੂ ਵਾਂਗ ਵਿਸਾਰੇਂ,
ਪੰਡਿਤ ਜੀ ਨੇ ਲਾ ਲਿਆ ਪਿੱਛੇ,ਤੈਨੂੰ ਕਿਉਂ ਮੁੰਦਰੀ ਦੇ ਨਗ ਦੇ।
92. ਅੱਥਰੂ 'ਕੱਲ੍ਹੇ ਪਾਣੀ ਨਹੀਓਂ
ਅੱਥਰੂ 'ਕੱਲ੍ਹੇ ਪਾਣੀ ਨਹੀਓਂ।
ਸੁਣ ਜੇ ਕਥਾ ਸੁਣਾਣੀ ਨਹੀਉਂ।
ਮੇਰੇ ਨਾਲ ਬਰਾਬਰ ਤੁਰਦਾ,
ਮੈਂ ਵੀ ਮੇਰਾ ਹਾਣੀ ਨਹੀਓਂ।
ਨਾਗਣ ਡੰਗ ਚਲਾਊ, ਵੇਖੀਂ,
ਇਹ ਕੁਈ ਬੀਬੀ ਰਾਣੀ ਨਹੀਓਂ।
ਬੇਗੁਰਿਆਂ ਦੇ ਵਿਹੜੇ ਅੰਦਰ,
ਮੇਰੀ ਆਉਣੀ ਜਾਣੀ ਨਹੀਓਂ।
ਸਿਲ ਪੱਥਰ ਦੀ ਜੂਨ ਪਵੇਂਗਾ,
ਜੇ ਅੱਖੀਆਂ ਵਿੱਚ ਪਾਣੀ ਨਹੀਓਂ।
ਅੱਗ ਦਾ ਦਰਿਆ ਹੈ ਜ਼ਿੰਦਗਾਨੀ,
ਇਹ ਕੁਈ ਰਾਮ ਕਹਾਣੀ ਨਹੀਓਂ।
ਫੁੱਲ, ਖ਼ੁਸ਼ਬੋਈ, ਗ਼ਜ਼ਲਾਂ ਦੇ ਸੰਗ,
ਮੇਰੀ ਸਾਂਝ ਪੁਰਾਣੀ ਨਹੀਓਂ।
ਅੰਬਰਸਰ ਤੋਂ ਧੁਰ ਅਮਰੀਕਾ,
ਕਿਹੜੀ ਤੱਕੜੀ ਕਾਣੀ ਨਹੀਓਂ।
ਤੂੰ ਜਿੰਨਾ ਘਬਰਾਇਆ ਫਿਰਦੈਂ,
ਏਨੀ ਉਲਝੀ ਤਾਣੀ ਨਹੀਓਂ।
93. ਤੁਰ ਰਿਹਾ ਹੈ ਵਕਤ ਸਹਿਜੇ, ਸਿਰਫ਼ ਇਕੋ ਚਾਲ ਨਾਲ
ਤੁਰ ਰਿਹਾ ਹੈ ਵਕਤ ਸਹਿਜੇ, ਸਿਰਫ਼ ਇਕੋ ਚਾਲ ਨਾਲ ।
ਤੂੰ ਭਲਾ ਨੱਚੇ ਪਿਆ ਕਿਉਂ, ਗਰਜ਼ ਬੱਧੀ ਤਾਲ ਨਾਲ ।
ਬੈਠ ਜਾਣਾ ਮੌਤ ਵਰਗਾ, ਸਬਕ ਤੇਰਾ ਯਾਦ ਮਾਂ,
ਤੁਰ ਰਿਹਾ ਹਾਂ ਮੈਂ ਨਿਰੰਤਰ ਦਰਦ ਵਿੰਨ੍ਹੇ ਹਾਲ ਨਾਲ ।
ਤੂੰ ਮੇਰੀ ਉਂਗਲ ਨਾ ਛੱਡੀਂ, ਨੀ ਉਮੀਦੇ ਯਾਦ ਰੱਖ,
ਤਪਦੇ ਥਲ ਵਿਚ, ਸੂਰਜੇ ਸੰਗ ਮੈਂ ਤੁਰਾਂਗਾ ਨਾਲ ਨਾਲ ।
ਸਮਝਿਆ ਕਰ ਤੂੰ ਪਰਿੰਦੇ, ਇਹ ਸ਼ਿਕਾਰੀ ਬਹੁਤ ਤੇਜ਼,
ਪਿੰਜਰੇ ਵਿਚ ਪਾਉਣ ਖ਼ਾਤਰ, ਚੋਗ ਪਾਉਂਦੇ ਚਾਲ ਨਾਲ ।
ਤੀਰ ਤੇ ਤਲਵਾਰ ਮੈਨੂੰ ਮਾਰ, ਤੇਰਾ ਕਰਮ ਹੈ,
ਮੈਂ ਤੇਰਾ ਹਰ ਵਾਰ ਮੋੜੂੰ, ਸਿਦਕ ਵਾਲੀ ਢਾਲ ਨਾਲ ।
ਕਾਹਲਿਆ ਨਾ ਕਾਹਲ ਕਰ ਤੂੰ, ਸਹਿਜ ਨੂੰ ਸਾਹੀਂ ਪਰੋ,
ਧਰਤ ਨੂੰ ਮਿਣਿਆ ਕਿਸੇ ਨਾ ਅੱਜ ਤੀਕਰ ਛਾਲ ਨਾਲ ।
ਮਾਛੀਆਂ ਦੀ ਚਾਲ ਵੇਖੀਂ, ਮਗਰਮੱਛ ਨੇ ਬੇਲਗਾਮ,
ਨਿੱਕੀਆਂ ਮੱਛੀਆਂ ਨੂੰ ਘੇਰਨ, ਪੂੰਗ ਫੜਦੇ ਜਾਲ ਨਾਲ ।