ਸਾਂਝੀ ਪੰਜਾਬੀ ਸਭਿਆਚਾਰਕ ਰਹਿਤਲ ਦੀ ਸੁਹਜਮਈ ਪੇਸ਼ਕਾਰੀ (ਪਿੱਪਲ ਪੱਤੀਆਂ) : ਡਾ. ਸਰਦੂਲ ਸਿੰਘ ਔਜਲਾ
ਗੁਰਭਜਨ ਗਿੱਲ ਪੰਜਾਬੀ ਕਵਿਤਾ ਦਾ ਇੱਕ ਮਹੱਤਵਪੂਰਨ ਨਾਮ ਹੈ ਜਿਸਨੇ ਪੰਜਾਬੀ ਕਾਵਿ-ਖੇਤਰ ਵਿਚੋਂ ਆਪਣਾ ਵਿਲੱਖਣ ਮੁਕਾਮ ਹਾਸਲ ਕੀਤਾ ਹੈ। ਗੁਰਭਜਨ ਗਿੱਲ ਕੋਲ ਸਿਰਜਣਾ ਦਾ ਮੌਲਿਕ ਮੁਹਾਂਦਰਾ ਹੈ ਜਿਸ ਸਦਕਾ ਉਸਦੀ ਕਵਿਤਾ ਨੂੰ ਪਾਠਕ ਪੜ੍ਹਦਾ ਹੀ ਨਹੀਂ,ਸਗੋਂ ਧੁਰ ਮਨ ਅੰਦਰ ਉਤਾਰਦਾ ਵੀ ਹੈ। ਉਸਦੀ ਕਵਿਤਾ ਨੂੰ ਮਾਣਦਿਆਂ ਸ਼ਬਦਾਂ ਦੇ ਘੇਰੇ ਵਿਚ ਬੰਨ੍ਹਣਾ ਵੀ ਔਖਾ ਪ੍ਰਤੀਤ ਹੁੰਦਾ ਹੈ।
ਕੇਵਲ ਕਵਿਤਾ ਵਿਚਲੀ ‘ਟੁੰਬ’ ਦਾ ਆਨੰਦ ਹੀ ਲਿਆ ਜਾ ਸਕਦਾ ਹੈ। ਉਸਦੀ ਕਵਿਤਾ ਵਿਚਲੀ ‘ਮੈਂ’ ਭਾਵੇਂ ਵਿਯੋਗਮਈ ਵਾਤਾਵਰਣ ਨੂੰ ਹੀ ਕਿਉਂ ਨਾ ਭੋਗਦੀ ਹੋਵੇ ਪਰ ਕਿਧਰੇ ਵੀ ਟੁੱਟਦੀ ਨਹੀਂ ਸਗੋਂ ਜ਼ਿੰਦਗੀ ਦੀ ਜ਼ਰਖ਼ੇਜ਼ਤਾ ਅਤੇ ਭਰਪੂਰਤਾ ਵਿਚ ਵਿਸਵਾਸ਼ ਕਵਿਤਾ ਵਿਚਲੀ ਆਸਵੰਦ ਸਥਿਤੀ ਦਾ ਪ੍ਰਤੀਕ ਹੋ ਨਿਬੜਦਾ ਹੈ। ਬਿਰਹਾ ਵਿਚੋਂ ਨਿਰਾਸ਼ਾ ਨਹੀਂ ਬਿਖੜੇ ਪੈਂਡਿਆਂ ਤੇ ਦ੍ਰਿੜਤਾ ਨਾਲ ਤੁਰਨ ਦਾ ਅਹਿਦ ਹੈ। ਇਹੀ ਕਵਿਤਾ ਦੀ ਪ੍ਰਗਤੀਸ਼ੀਲ ਸੁਰ ਦੀ ਲਖਾਇਕ ਬਣਦੀ ਹੈ।
ਗੁਰਭਜਨ ਗਿੱਲ ਦੀ ਕਾਵਿ ਪੁਸਤਕ 'ਪਿੱਪਲ ਪੱਤੀਆਂ' ਉਨ੍ਹਾਂ ਸੱਭਿਆਚਾਰਕ ਅਤੇ ਨੈਤਿਕ ਮੁੱਲਾਂ ਦੀ ਨਿਸ਼ਾਨਦੇਹੀ ਕਰਦੀ ਹੈ ਜਿਨ੍ਹਾਂ ਤੋਂ ਅਜੋਕਾ ਸਮਾਜ ਵਿਰਵਾ ਦਿਖਾਈ ਦਿੰਦਾ ਹੈ। ਪਿੱਪਲ ਦਾ ਦਰਖ਼ਤ ਜਿੱਥੇ ਉਪਜਾਇਕਤਾ ਅਤੇ ਜੀਵਨ ਰੱਖਿਅਕ ਹੋਣ ਦੀ ਸਾਂਝ ਪਾਲਦਾ ਹੈ ਉੱਥੇ ਪੰਜਾਬੀ ਸੱਭਿਆਚਾਰਕ ਮੇਲਿਆਂ ਅਤੇ ਸੱਥਾਂ ਦਾ ਵੀ ਵਿਸ਼ੇਸ਼ ਰੂਪ ਵਿਚ ਟਿਕਾਣਾ ਬਣਦਾ ਹੈ।
ਪਿੱਪਲ ਪੱਤੀਆਂ ਨੂੰ ਜਦੋਂ ਅਸੀਂ ਪੰਜਾਬਣਾਂ ਦੇ ਗਹਿਣੇ ਦੇ ਰੂਪ ਵਿੱਚ ਦੇਖਦੇ ਹਾਂ ਤਾਂ ਵਾਰਿਸ ਦੀ ਹੀਰ ਦੀਆਂ ਨਿਮਨ ਲਿਖਤ ਸਤਰਾਂ ਸੁਭਾਵਕ ਹੀ ਜ਼ੁਬਾਨ ਤੇ ਆ ਜਾਂਦੀਆਂ ਹਨ ਜਿਵੇਂ ਉਹ ਲਿਖਦਾ ਹੈ
ਅਸਕੰਦਰੀ ਨੇਵਰਾਂ ਬੀਰ-ਬਲੀਆਂ, ਪਿੱਪਲ ਪੱਤਰੇ ਝੁਮਕੇ ਸਾਰਿਆਂ ਨੇ ।
ਹਸ ਕੜੇ ਛੜਕੰਙਣਾ ਨਾਲ ਬੂਲਾਂ, ਬੱਧੀ ਡੋਲ ਮਿਆਂਨੜਾ ਧਾਰਿਆਂ ਨੇ ।
1
ਇਨ੍ਹਾਂ ਸਤਰਾਂ ਵਿੱਚੋਂ ਪਿੱਪਲ ਪੱਤੀਆਂ ਨੂੰ ਹੀ ਪਿੱਪਲ ਵਤਰੇ ਕਿਹਾ ਗਿਆ ਹੈ ਡਾਃ ਸੋਹਿੰਦਰ ਸਿੰਘ ਵਣਜਾਰਾ ਬੇਦੀ ਨੇ ਪੰਜਾਬੀ ਲੋਕਧਾਰਾ ਵਿਸ਼ਵ ਕੋਸ਼ ਵਿੱਚ ਵੀ 'ਪਿੱਪਲ ਪੱਤੀਆਂ' ਨੂੰ ਪਿੱਪਲ ਪੱਤਰਾ ਆਖਿਆ ਹੈ ਪਰ ਨਾਲ ਹੀ ਉਹ ਪੰਜਾਬੀ ਦੀ ਇੱਕ ਬੋਲੀ ਅੰਕਿਤ ਕਰ ਕੇ ਇਹ ਵੀ ਦਰਜ ਕਰਦਾ ਹੈ ਕਿ ਪਿੱਪਲ ਪੱਤਰਾ ਹੀ 'ਪਿੱਪਲ ਪੱਤੀਆਂ' ਨਾਂ ਦਾ ਗਹਿਣਾ ਹੈ ਜਿਸਨੂੰ ਪੰਜਾਬਣਾਂ ਪਾਉਂਦੀਆਂ ਹਨ ਜਿਵੇਂ ਉਹ ਲਿਖਦਾ ਹੈ।
ਪਿੱਪਲ ਦੇ ਪੱਤੇ ਵਰਗਾ ਇੱਕ ਗਹਿਣਾ, ਉਹ ਬੜਾ ਸ਼ੁਭ ਗਹਿਣਾ ਹੈ ਇਸ ਨੂੰ ਪਹਿਨਣ ਨਾਲ ਜੋ ਬੰਦੇ ਚੰਗੇ ਲੱਗਣ ਉਨ੍ਹਾਂ ਦੀ ਆਯੂ ਦੀਰਘ ਹੁੰਦੀ ਹੈ।
ਇਹ ਲੈ ਨੱਤੀਆਂ
ਘੜਾ ਲੈ ਪਿੱਪਲ ਪੱਤੀਆਂ
ਕਿਸੇ ਕੋਲ ਗੱਲ ਨਾ ਕਰੀਂ।1
ਇੱਥੇ ਦੀਰਘ ਆਯੂ ਨਾਲ ਜੋੜਨਾ ਵੀ ਪਿੱਪਲ ਨੂੰ ਜੀਵਨ ਦਾਨ ਦੇਣ ਵਾਲੇ ਦਰਖ਼ਤ ਦੇ ਰੂਪ ਵਿੱਚ ਗਹਿਣੇ ਨਾਲ ਅੰਤਰ ਸਬੰਧਿਤ ਕਰਨਾ ਹੈ ਕਿਉਂਕਿ ਪਿੱਪਲ ਹੀ ਬਾਕੀ ਦਰਖ਼ਤਾਂ ਦੇ ਮੁਕਾਬਲੇ ਵਧੇਰੇ ਆਕਸੀਜਨ ਪੈਦਾ ਕਰਕੇ ਦੇਂਦਾ ਹੈ ਤੇ ਉਸ ਦੇ ਪੱਤਿਆਂ ਵਰਗੇ ਗਹਿਣੇ ਪਹਿਨਣ ਨਾਲ ਆਯੂ ਦਾ ਵਧਣਾ ਇੱਕੋ ਜਿਹਾ ਹੀ ਜਾਪਦਾ ਹੈ।
ਪਿੱਪਲ ਪੱਤੀਆਂ ਕਾਵਿ ਸੰਗ੍ਰਹਿ ਵੀ ਪੰਜਾਬੀ ਸੱਭਿਆਚਾਰ ਦੀ ਫ਼ਿਕਰਮੰਦੀ ਕਰਦਾ ਅਤੇ ਪਾਠਕਾਂ ਨੂੰ ਇਸ ਮਹਾਨ ਵਿਰਸੇ ਨੂੰ ਸੰਭਾਲਣ ਦੀ ਤਾਕੀਦ ਕਰਨ ਵਾਲਾ ਕਾਵਿ ਸੰਗ੍ਰਹਿ ਹੈ। ਭਾਵੇਂ ਕਿ ਇਸ ਕਾਵਿ ਸੰਗ੍ਰਹਿ ਵਿਚ ਹੋਰ ਵੀ ਬਹੁਤ ਸਾਰੀਆਂ ਸਮਾਜਿਕ ਵਿਸੰਗਤੀਆਂ 'ਤੇ ਉਂਗਲ ਰੱਖੀ ਗਈ ਹੈ ਪਰ ਇਸ ਦੀ ਮੂਲ ਸੁਰ ਉਨ੍ਹਾਂ ਨੈਤਿਕ ਮੁੱਲਾਂ ਬਾਰੇ ਸੁਚੇਤ ਕਰਨਾ ਹੈ ਜਿਨ੍ਹਾਂ ਨਾਲ ਪੰਜਾਬੀਅਤ ਸਾਹ ਲੈਂਦੀ ਹੈ।
ਇਸ ਕਾਵਿ ਸੰਗ੍ਰਹਿ ਦੀ ਪਹਿਲੀ ਗੀਤ ਰਚਨਾ ਹੀ ਆਪਣੀ ਭਾਸ਼ਾ ਪ੍ਰਤੀ ਸੁਚੇਤ ਕਰਦੀ ਹੈ ਜਿਸਤੋਂ ਅੱਜ ਪੰਜਾਬੀ ਮੂੰਹ ਮੋੜਦੇ ਨਜ਼ਰ ਆ ਰਹੇ ਹਨ।
ਗੁਰਭਜਨ ਗਿੱਲ ਆਪਣਾ ਕਹਾਵਤ ਸੁਨੇਹਾ ਬੜੇ ਹੀ ਸਹਿਜ ਨਾਲ ਪੰਜਾਬੀਆਂ ਨੂੰ ਦੇ ਰਿਹਾ ਹੈ।
ਪੰਜਾਬੀ ਦਾ ਸਾਡੇ ਘਰਾਂ ਵਿੱਚੋਂ ਸਤਿਕਾਰ ਗੁੰਮ ਗੁਆਚ ਜਾਣ ਦੇ ਕਾਰਨ ਲੱਭਣ ਦੀ ਤਾਕੀਦ ਵੀ ਕਰਦਾ ਹੈ:
ਮਾਂ ਬੋਲੀ ਮਾਂ ਧਰਤੀ ਸਾਂਭੋ ਰਲ ਕੇ ਪੁੱਤਰ ਧੀਆਂ।
ਫੁਲਕਾਰੀ ਦੇ ਰੰਗ ਬਚਾਉਣੇ ਇਸ ਧਰਤੀ ਤੇ ਜੀਆਂ।
ਆਪੋ ਆਪਣੇ ਘਰ 'ਚੋਂ ਲੱਭੋ ਅਸਲ ਨਿਸ਼ਾਨ ਖ਼ਰਾਬੀ ਦਾ।
ਅੰਗਰੇਜ਼ੀ ਦੇ ਪਿੱਛੇ ਲੱਗ ਕੇ ਕਰ ਨਾ ਘਾਣ ਪੰਜਾਬੀ ਦਾ।
ਗੁਰਭਜਨ ਗਿੱਲ ਜਿੱਥੇ ਆਪਣੀ ਭਾਸ਼ਾ ਹੀ ਵਿਰਾਸਤ ਨੂੰ ਸੰਭਾਲਣ ਲਈ ਹੋਕਾ ਦਿੰਦਾ ਹੈ ਉੱਥੇ ਸਾਂਝੇ ਸੱਭਿਆਚਾਰ ਅਤੇ ਸਾਂਝੀ ਰਹਿਤਲ ਦਾ ਵੀ ਮੁੱਦਈ ਬਣਦਾ ਹੈ ਜੇਕਰ ਉਹ ਬਚਪਨ ਦੇ ਗੁਆਚ ਜਾਣ ਦਾ ਕਾਵਿਕ ਅਨੁਭਵ ਬਿਆਨ ਕਰਦਾ ਹੈ ਜਾਂ ਫਿਰ ਧੀਆਂ ਦੇ ਹੱਕਾਂ ਲਈ ਨਾਅਰਾ ਬੁਲੰਦ ਕਰਦਾ ਹੈ ਤਾਂ ਇੱਥੇ ਵੀ ਕਵੀ ਦੀ ਮਨਸ਼ਾ ਗੁਰੂਆਂ ਦੀ ਵਰੋਸਾਈ ਪੰਜਾਬ ਦੇ ਖ੍ਵਾਬ ਦੀ ਸਥਿਤੀ ਹੀ ਪ੍ਰਗਟ ਹੁੰਦੀ ਹੈ ਕਿਉਂਕਿ ਗੁਰੂਆਂ ਨੇ ਊਚ ਨੀਚ ਜਾਤ ਪਾਤ ਅਤੇ ਵਿਤਕਰੇ ਰਹਿਤ ਪੰਜਾਬ ਸਿਰਜਿਆ ਸੀ ਜਿਸ ਵਿਚ ਲਿੰਗ ਜਾਂ ਜਾਤ ਮਜ਼੍ਹਬ ਦਾ ਵਿਤਕਰਾ ਨਹੀਂ ਸੀ ਪਰ ਅਜੋਕਾ ਪੰਜਾਬ ਇਸ ਦੇ ਉਲਟ ਛਲ ਕਪਟ ਦੀ ਸਥਿਤੀ ਵਿਚ ਸਾਹ ਵਰੋਲ ਰਿਹਾ ਹੈ ਉਸ ਦੇ ਰਾਖੇ ਦੀ ਉਸ ਦੀ ਅਸਮਤ ਦੀਆਂ ਲੀਰਾਂ ਕਰ ਰਹੇ ਹਨ ਉਸ ਦੀ ਕਵਿਤਾ ਵਿੱਚ ਬਚਪਨ ਵੀ ਪੁਕਾਰਦਾ ਹੈ ਅਤੇ ਧੀਆਂ ਵੀ ਸੱਚੀ ਸੁੱਚੀ ਰਹਿਤਲ ਦੀ ਖ਼ੈਰ ਸੁੱਖ ਮੰਗਦੀਆਂ ਹਨ ਜਿਵੇਂ:
ਬਾਬਲ ਦੀ ਪੱਗ ਮਾਂ ਦੀ ਚੁੰਨੀ ਜੇ ਕਹਿੰਦੇ ਨੇ ਧੀਆਂ ਨੂੰ।
ਸਮਝ ਕਿਉਂ ਨਹੀਂ ਆਉਂਦੀ ਏਥੇ,ਇਸ ਧਰਤੀ ਦੇ ਜੀਆਂ ਨੂੰ।
ਪੱਤੀ ਪੱਤੀ ਭੁਰ ਚੱਲੇ ਹੋ ਗੁੱਛਿਓ ਸੁਰਖ਼ ਗੁਲਾਬ ਦਿਉ।
ਉਹ ਗੰਧਲੀ ਹੋ ਚੁੱਕੀ ਸਿਆਸਤ ਨੂੰ ਵੀ ਕਾਟੇ ਹੇਠ ਰੱਖਦਾ ਹੈ। ਆਮ ਵਿਅਕਤੀ ਦੀ ਜੀਵਨ ਤਾਣੀ ਨੂੰ ਸਿਆਸਤ ਦੇ ਗੰਧਲੇਪਣ ਨੇ ਇੰਨਾ ਉਲਝਾਇਆ ਹੈ ਕਿ ਉਸ ਲਈ ਦੂਸ਼ਿਤ ਵਾਤਾਵਰਨ ਵਿੱਚੋਂ ਸਾਹ ਲੈਣਾ ਵੀ ਔਖਾ ਹੈ ਇਸੇ ਕਰਕੇ ਹੀ ਕਈ ਸਮਕਾਲੀ ਸੰਦ੍ਰਿਸ਼ ਦੇ ਮੁਕਾਬਲੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਪਾਠਕਾਂ ਦੇ ਸਨਮੁੱਖ ਰੱਖਦਾ ਹੈ। ਜਿਵੇਂ ਕਦੇ ਪ੍ਰੋ ਪੂਰਨ ਸਿੰਘ ਨੇ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਮਾਰੀਆਂ ਸਨ ਉਵੇਂ ਹੀ ਗੁਰਭਜਨ ਗਿੱਲ ਅਜੋਕੇ ਸਿਆਸਤਦਾਨਾਂ ਕੋਲੋਂ ਅੱਧਾ ਅਧੂਰਾ ਨਹੀਂ ਸਗੋਂ ਪੂਰਾ ਪੰਜਾਬ ਪ੍ਰਾਪਤ ਕਰਨ ਲਈ ਯਤਨਸ਼ੀਲ ਹੈ:
ਸੱਤਾਂ ਦਰਿਆਵਾਂ ਤੋਂ ਸੀ ਪੰਜਾਂ ਉੱਤੇ ਆ ਗਏ।
ਚੀਰਿਆਂ ਤੂੰ ਲੱਕੋਂ ਅਸੀਂ ਢਾਈਆਂ ਉੱਤੇ ਆ ਗਏ।
ਸਾਡੇ ਹੀ ਨਲਾਇਕ ਪੁੱਤ, ਵੇਚ ਸਾਨੂੰ ਖਾ ਗਏ।
ਤਿੜਕੇ ਯਕੀਨ ਤੂੰ ਪਿਆਰ ਨਾਲ ਜੋੜ ਦੇ
ਵੈਰੀਆ ! ਤੂੰ ਸਾਡਾ ਹੀ ਪੰਜਾਬ ਸਾਨੂੰ ਮੋੜ ਦੇ।
ਗੁਰਭਜਨ ਗਿੱਲ ਦੇ ਗੀਤ ਇਸ ਗੱਲ ਦੀ ਵੀ ਤਸਦੀਕ ਕਰਦੇ ਹਨ ਕਿ ਲੋਕ ਚੁੱਪ ਨੇ ਤੇ ਸਿਆਸਤਦਾਨ ਆਪਣੇ ਹੱਥਕੰਡੇ ਵਰਤ ਕੇ ਆਪਣਾ ਉੱਲੂ ਸਿੱਧਾ ਕਰ ਰਹੇ ਹਨ,ਭਾਵੇਂ ਕਰੋਨਾ ਕਾਲ ਦੌਰਾਨ ਪਾਸ ਹੋਏ ਕਿਸਾਨੀ ਵਿਰੋਧੀ ਬਿਲ ਹੀ ਕਿਉਂ ਨਾ ਹੋਣ।
ਜੇਕਰ ਲੋਕ ਇਕੱਠੇ ਹੋ ਕੇ ਸੰਘਰਸ਼ ਵਿੱਚ ਕੁੱਦ ਪਏ ਤਾਂ ਸਿਆਸਤਦਾਨ ਦੇ ਥੰਮ੍ਹ ਪੈਰੋਂ ਥਿੜਕ ਸਕਦੇ ਹਨ,
ਗੁਰਭਜਨ ਗਿੱਲ ਲਿਖਦਾ ਹੈ:
ਗਿੱਲ ਗੁਰਭਜਨ ਸਿੰਹਾਂ ਇਹ
ਅਜੇ ਤੀਕ ਤਾਂ ਸ਼ਾਂਤ ਨੇ,
ਹੇਠਲੀ ਉਤੇ ਆ ਜੂ ਤੁਰੇ ਜੇ ਤੇਗ ਉਠਾ ਕੇ।
2.
ਅਸਲ ਵਿਚ ਇੱਥੇ ਗੁਰਭਜਨ ਗਿੱਲ ਦੀ ਕਵਿਤਾ ਆਪਣਾ ਕਾਵਿ ਧਰਮ ਨਿਭਾਉਂਦੀ ਹੋਈ ਪ੍ਰਗਤੀਵਾਦੀ ਸੁਰ ਅਖ਼ਤਿਆਰ ਕਰਦੀ ਹੈ। ਉਹ ਸਾਧਨਹੀਣ ਲੋਕਾਂ ਦੀ ਸਮਾਜ ਵਿੱਚ ਹੁੰਦੀ ਲੁੱਟ ਖਸੁੱਟ ਪ੍ਰਤੀ ਆਪਣਾ ਕਾਵਿਕ ਪ੍ਰਤੀਕਰਮ ਪੇਸ਼ ਕਰਦਾ ਹੈ ਅਤੇ ਉਹ ਅਜਿਹਾ ਸਮਾਜ ਸਿਰਜਣਾ ਚਾਹੁੰਦਾ ਹੈ ਜਿਸ ਵਿੱਚ ਬਰਾਬਰੀ ਤੇ ਭਾਈਚਾਰਾ ਹੋਵੇ ਪਰ ਕਾਣੀ ਵੰਡ ਅਤੇ ਅੰਨ੍ਹੀ ਲੁੱਟ ਨਾ ਹੋਵੇ। ਇਸ ਅੰਨ੍ਹੀ ਲੁੱਟ ਨੂੰ ਰੋਕਣ ਅਤੇ ਆਪਣੇ ਹੱਕਾਂ ਲਈ ਲੜਨ ਵਾਲੇ ਨੌਜਵਾਨਾਂ ਦੀ ਕਾਮਨਾ ਕਰਦਾ ਦੁੱਲੇ ਭੱਟੀ ਨੂੰ ਪੰਜਾਬ ਦੀ ਅਣਖ ਦਾ ਪ੍ਰਤੀਕ ਦੱਸ ਕੇ ਆਪਣੇ ਗੀਤ ਵਿੱਚ ਇੰਜ ਪੇਸ਼ ਕਰਦਾ ਹੈ:
ਹੋਣੀ ਸਾਡੀ ਰੱਤ ਪੀਂਦੀ ਨਿੱਤ ਛਾਣ ਕੇ।
ਦੁੱਲਿਆ ਤੂੰ ਅਣਖ਼ਾਂ ਜਗਾ ਦੇ ਆਣ ਕੇ।
ਅਕਬਰ ਪਹਿਲਾਂ ਹੈ ਸ਼ੈਤਾਨ ਹੋ ਗਿਆ।
ਤੇਰਾ ਵੀ ਕਬੀਲਾ ਬੇਈਮਾਨ ਹੋ ਗਿਆ।
ਹੋਏ ਨੇ ਨਿਕੰਮੇ ਬਹੁਤਾ ਸੁਖ ਮਾਣ ਕੇ
ਦੁੱਲਿਆ ਤੂੰ ਅਣਖਾਂ ਜਗਾ ਦੇ ਆਣ ਕੇ।
ਪਿੱਪਲ ਪੱਤੀਆਂ ਗੀਤ ਸੰਗ੍ਰਹਿ ਆਪਣੇ ਕਲਾਵੇ ਵਿਚ ਉਨ੍ਹਾਂ ਸਾਰੇ ਹੀ ਵਿਸ਼ਿਆਂ ਨੂੰ ਲੈਂਦਾ ਹੈ ਜੋ ਪੰਜਾਬੀਅਤ ਦੀ ਸ਼ਾਨ ਸਨ ਜਾਂ ਫਿਰ ਅੱਜ ਪੰਜਾਬ ਜਿਨ੍ਹਾਂ ਨਾਲ ਜੂਝ ਰਿਹਾ ਹੈ। ਪੰਜਾਬੀਆਂ ਦੀ ਅਣਖ਼ , ਬਹਾਦਰੀ ,ਦਲੇਰੀ ਅਤੇ ਪਿਆਰ ਕਰਨ ਵਾਲੀ ਤਬੀਅਤ ਦੇ ਨਾਲ ਨਾਲ ਇਨ੍ਹਾਂ ਗੀਤਾਂ ਵਿੱਚ ਪੰਜਾਬ ਦੀ ਨਿੱਘਰਦੀ ਰਾਜਨੀਤੀ, ਨਸ਼ਿਆਂ 'ਚ ਰੁਲ਼ਦੀ ਜਵਾਨੀ, ਘਾਟੇ ਵੰਦੀ ਕਿਰਤ ਆਧਾਰਿਤ ਖੇਤੀ ਅਤੇ ਕੇਂਦਰੀ ਵਿਤਕਰੇ ਨਾਲ ਜੂਝਦੀ ਕਿਸਾਨੀ ਨੈਤਿਕ ਮੁੱਲਾਂ ਨੂੰ ਵਿਸਾਰ ਕੇ ਆਪ ਮੁਹਾਰਤਾ ਦੇ ਰਾਹੇ ਪਈ ਸਵਾਰਥੀ ਮਨੁੱਖੀ ਬਿਰਤੀ ਨੂੰ ਵੀ ਗੁਰਭਜਨ ਗਿੱਲ ਆਪਣੇ ਕਾਵਿ ਵਿਅੰਗ ਦੇ ਤੀਰ ਮਾਰਦਾ ਹੈ ਜਿਵੇਂ ਉਹ ਵਰਤਮਾਨ ਦੇ ਟੱਪੇ ਲਿਖਦਾ ਹੈ:
-ਅੱਗ ਲੱਗ ਚੁੱਕੀ ਪਾਣੀ ਨੂੰ।
ਐਵੇਂ ਨਾ ਰਿੜਕ ਹਾਕਮਾ,
ਸਾੜ ਬਹੇਂਗਾ ਮਧਾਣੀ ਨੂੰ।
ਨੌਕਰੀਆਂ ਨਾ ਸਾਥੋਂ ਮੰਗੋ,
ਘਰ ਆਏ ਹਾਂ ਕੁਝ ਤਾਂ ਸੰਗੋ,
ਪਹਿਲਾਂ ਅਸਾਡੀ ਝੰਡੀ ਟੰਗੋ,
ਹੁਣ ਤਾਂ ਤੁਹਾਡੀ ਆਪ ਹਕੂਮਤ,
ਕੁਝ ਤਾਂ ਲੋਕੋ ਸਾਹ ਲਉ।
ਪਿੱਪਲ ਪੱਤੀਆਂ ਦੇ ਵਿਸ਼ੇ ਵੰਨ ਸੁਵੰਨਤਾ ਵਾਲੇ ਹਨ ਜਿਸ ਦਾ ਜ਼ਿਕਰ ਅਸੀਂ ਵਿਸ਼ਾਗਤ ਪਹਿਲੂ ਵਿਚਾਰਦਿਆਂ ਪਹਿਲਾਂ ਵੀ ਕੀਤਾ ਹੈ ਪਰ ਬਹੁਤ ਵਾਰੀ ਗੀਤਾਂ ਵਿਚਲੀ ਸੁਹਜਾਤਮਕਤਾ ਪਾਠਕ ਕਿਸੇ ਆਨੰਦ ਪਲ ਦੀ ਅਨੁਭੂਤੀ ਸਹਿਜੇ ਹੀ ਕਰਵਾ ਜਾਂਦੀ ਹੈ। ਮਿਸਾਲ ਵਜੋਂ ਮੁਹੱਬਤੀ ਗੀਤਾਂ ਵਿੱਚ ਅਜਿਹੀ ਸੁਰ ਵੇਖਣ ਨੂੰ ਮਿਲਦੀ ਹੈ। ਉਦਾਹਰਣ ਵਜੋਂ ਕੁਝ ਗੀਤ ਦੇਖੋ:
ਦਰੀਆਂ ਤੇ ਪਾਵਾਂ ਘੁੱਗੀਆਂ ਮੋਰ,
ਮੇਰਾ ਕਿਹੜਾ ਹੋਰ।
ਵੇ ਪਰਦੇਸੀਆ।
ਰੂੰ ਦਾ ਮੈਂ ਸੂਤ ਬਣਾਵਾਂ।
ਰੂਹ ਦੇ ਰੰਗ ਵਿਚ ਰੰਗਾਵਾਂ।
ਪੌਣਾਂ ਨੂੰ ਦਿਆਂ ਸੁਨੇਹੇ,
ਦੱਸਕੇ ਤੇਰਾ ਸਿਰਨਾਵਾਂ।
ਸਾਹਾਂ ਦੀ ਗੰਢੀ ਜਾਵਾਂ ਡੋਰ,
ਵੇ ਪਰਦੇਸੀਆ।
ਮੋਰ ਦਿਆਂ ਖੰਭਾਂ ਉਤੇ ਸੱਤ ਰੰਗੀਆਂ ਨੀ ਪੀਂਘਾਂ ਕਿੰਨੇ ਬੰਨੀਆਂ।
ਤੇਰੀ ਚੁੰਨੀ ਰੰਗਣੀ ਸੀ ਏਸ ਰੰਗ ਦੀ ਨੀ ਚੱਲ ਫੜ ਕੰਨੀਆਂ।
ਜਿੰਦ ਅਧਮੋਈ ਬੱਗੀ ਪੂਣੀ।
ਪੀੜ ਸਵਾਈਓਂ ਹੋ ਗਈ ਦੂਣੀ।
ਚੱਟਣੀ ਪੈ ਗਈ ਸਿੱਲ ਅਲੂਣੀ।
ਨੈਣੋਂ ਝੜੀਆਂ ਵਰ ਵਰ ਖਡ਼੍ਹੀਆਂ,
ਤੂੰ ਵੀ ਰੁਕ ਬਰਸਾਤੇ।
ਗੁਰਭਜਨ ਗਿੱਲ ਦਾ ਇਹ ਗੀਤ ਸੰਗ੍ਰਹਿ ਪਿੱਪਲ ਪੱਤੀਆਂ ਜਿੱਥੇ ਸੱਚੀ ਸੁੱਚੀ ਰਹਿਤਲ ਅਤੇ ਪੰਜਾਬੀਅਤ ਦੇ ਤਰਾਨੇ ਹਨ ਉੱਥੇ ਇਸ ਵਿੱਚ ਵਿਸ਼ਵੀਕਰਨ ਦੇ ਦੌਰ ਵਿੱਚ ਬਦਲ ਰਹੇ ਪੰਜਾਬੀ ਮੁਹਾਂਦਰੇ ਦਾ ਵੀ ਭਰਪੂਰ ਜ਼ਿਕਰ ਹੋਇਆ ਮਿਲਦਾ ਹੈ।
ਗੁਰਭਜਨ ਗਿੱਲ ਕਿਸੇ ਵੀ ਤਬਦੀਲੀ ਦੇ ਖ਼ਿਲਾਫ਼ ਨਹੀਂ ਸਗੋਂ ਸ਼ੁਭਚਿੰਤਕ ਹੈ। ਜੇਕਰ ਤਬਦੀਲੀ ਹਾਂ -ਵਾਚਕ ਹੋਵੇ ਜਿੱਥੇ ਜਿੱਥੇ ਉਸ ਦੇ ਗੀਤਾਂ ਵਿੱਚ ਪ੍ਰਦੇਸਾਂ ਵਿਚ ਕਮਾਈ ਕਰਨ ਗਏ ਪੁੱਤਰਾਂ ਲਈ ਮਾਂ ਦਾ ਹੇਰਵਾ ਹੈ ਉੱਥੇ ਕੈਨੇਡਾ ਦੀ ਵਿਦੇਸ਼ੀ ਧਰਤੀ ਦੀ ਖੂਬਸੂਰਤੀ ਦਾ ਵੀ ਜ਼ਿਕਰ ਹੈ,ਜਿਸ ਕਿਰਤ ਕਮਾਈ ਦੀ ਕਦਰ ਹੈ ਅਤੇ ਸਾਂਝੀਵਾਲਤਾ ਦਾ ਪਰਚਮ ਉੱਚਾ ਲਹਿਰਾ ਰਿਹਾ ਹੈ।
ਗੁਰਭਜਨ ਗਿੱਲ ਦੇ ਇਨ੍ਹਾਂ ਗੀਤਾਂ ਵਿਚਲਾ ਸਰੋਦੀ ਸੁਭਾਅ ਅਤੇ ਸੰਗੀਤ ਆਤਮਿਕਤਾ ਪਾਠਕ/ਸਰੋਤੇ ਦੇ ਮਨ ਮੋਹ ਲੈਂਦੀ ਹੈ। ਲਯ ਤੇ ਸੁਰ ਤਾਲ ਵਿੱਚ ਬੱਝੇ ਇਹ ਗੀਤ ਕਾਵਿ- ਰੂਪਾਂ ਦੀ ਵੰਨ ਸੁਵੰਨਤਾ ਦੀ ਖ਼ੂਬਸੂਰਤ ਝਾਕੀ ਪੇਸ਼ ਕਰਦੇ ਹਨ।
ਟੱਪੇ, ਬੋਲੀਆਂ, ਮਾਹੀਏ, ਕਬਿੱਤ, ਕਲੀ ਤੇ ਢਾਈਏ ਇਨ੍ਹਾਂ ਗੀਤਾਂ ਵਿੱਚੋਂ ਗਹਿਣਿਆਂ ਵਾਂਗੂੰ ਚਮਕਾਂ ਮਾਰਦੇ ਦਿਖਾਈ ਦਿੰਦੇ ਹਨ। ਇਹ ਗੀਤ ਆਪਣੇ ਆਪ ਵਿੱਚ ਪੰਜਾਬੀ ਸ਼ਬਦਾਵਲੀ ਦਾ ਸ਼ਬਦ ਕੋਸ਼ ਨਜ਼ਰੀਂ ਪੈਂਦੇ ਹਨ ਕਿਉਂਕਿ ਕਵੀ ਨੇ ਬਹੁਤ ਸਾਰੀ ਗੁੰਮਦੀ ਗੁਆਚਦੀ ਜਾ ਰਹੀ ਸ਼ਬਦ ਪੂੰਜੀ ਵੀ ਇਨ੍ਹਾਂ ਗੀਤਾਂ ਵਿੱਚ ਪੇਸ਼ ਕੀਤੀ ਹੈ ਜੋ ਨਵੀਂ ਪੀੜ੍ਹੀ ਲਈ ਇਕ ਸਿੱਖਿਆ ਦਾਇਕ ਸਬਕ ਤੇ ਸੁਚੇਤ ਉਪਰਾਲਾ ਵੀ ਹੋਵੇਗਾ।
ਗੁਰੂ ਸਾਹਿਬਾਨ ਪ੍ਰਤੀ ਸ਼ਰਧਾ ,ਪੰਜਾਬੀਆਂ ਦੀ ਸ਼ਾਨ ਅਤੇ ਸਾਂਝੇ ਪੰਜਾਬ ਦੀਆਂ ਬਾਤਾਂ ਪਾਉਂਦੇ ਇਹ ਗੀਤ ਗੁਰਭਜਨ ਗਿੱਲ ਦੀ ਖੂਬਸੂਰਤ ਸਾਹਿੱਤ ਸਿਰਜਣਾ ਦੀ ਪਛਾਣ ਨੂੰ ਹੋਰ ਵੀ ਭਰਪੂਰਤਾ ਪ੍ਰਦਾਨ ਕਰਦੇ ਹਨ।
ਲੋਕ ਗੀਤਾਂ ਵਰਗੀਆਂ ਸੁਰਾਂ ਅਤੇ ਪ੍ਰਤੀ ਧ੍ਵਨੀਆਂ ਵਿੱਚ ਢਲੇ ਗੁਰਭਜਨ ਗਿੱਲ ਦੇ ਇਹ ਗੀਤ ਪੰਜਾਬ ਦੇ ਵਿਰਸੇ ਪ੍ਰਤੀ ਸਾਡੇ ਦਿਲਾਂ ਵਿੱਚ ਮੋਹ ਦੀਆਂ ਤਰੰਗਾਂ ਪੈਦਾ ਕਰਨਗੇ।
ਲੋਕ ਬੋਲੀ ਦੀਆਂ ਨਿਮਨ ਲਿਖਤ ਸਤਰਾਂ ਨਾਲ ਇਸ ਗੀਤ ਸੰਗ੍ਰਹਿ ਨੂੰ ਜੀ ਆਇਆਂ ਆਖਦਾ ਹੋਇਆ ਮੈਂ ਗੁਰਭਜਨ ਗਿੱਲ ਹੁਰਾਂ ਤੋਂ ਜਰਖੇਜ਼ ਅਤੇ ਨਿਰੰਤਰ ਕਰਮਸ਼ੀਲ ਸਾਹਿਤਕ ਹਾਜ਼ਰੀ ਦੀ ਹਮੇਸ਼ਾਂ ਹੀ ਉਮੀਦ ਰੱਖਾਂਗਾ।
ਤੈਨੂੰ ਨੱਤੀਆਂ ਭਾਬੋ ਨੂੰ ਪਿੱਪਲ ਪੱਤੀਆਂ,
ਆਉਂਦਾ ਜਾਂਦਾ ਰਹੀਂ ਵੀਰਨਾ।
ਡਾ. ਸਰਦੂਲ ਸਿੰਘ ਔਜਲਾ
ਮੁਖੀ
ਪੋਸਟ ਗਰੈਜੂਏਟ ਪੰਜਾਬੀ ਵਿਭਾਗ
ਡਿਪਸ ਕਾਲਜ ਢਿੱਲਵਾਂ (ਕਪੂਰਥਲਾ)
ਸੰਪਰਕਃ 9814168611