Surtaal : Gurbhajan Gill
ਸੁਰਤਾਲ : ਗੁਰਭਜਨ ਗਿੱਲ
ਸਿਰ ਚੜ੍ਹ ਕੇ ਅੱਜ ਬੋਲੇਗੀ ਜੀ
ਸਿਰ ਚੜ੍ਹ ਕੇ ਅੱਜ ਬੋਲੇਗੀ ਜੀ, ਜੋ ਜੋ ਪਾਈ ਵੋਟ ਮੁਬਾਰਕ । ਲੋਕ ਉਡੀਕਣ ਵਿਚੋਂ ਨਿਕਲੂ, ਆਸਾਂ ਵਾਲਾ ਬੋਟ ਮੁਬਾਰਕ । ਜਿੰਨ੍ਹਾਂ ਵੇਚੀ ਅਣਖ਼ ਤੇ ਗੈਰਤ, ਬੁੱਕਲ ਦੇ ਵਿੱਚ ਮੂੰਹ ਦੇਵਣਗੇ, ਆਪੋ ਆਪਣੇ ਮੂੰਹ ਦੀ ਕਾਲਖ਼, ਹੋਵੇ ਦਿਲ ਦੀ ਖੋਟ ਮੁਬਾਰਕ । ਲੋਕ ਸ਼ਕਤੀਆਂ ਦਸਤਕ ਦੇਵਣ, ਲੋਕ ਉਡੀਕ ਰਹੇ ਨੇ ਸੂਰਜ, ਭੋਲੇ ਪੰਛੀ ਕਹਿੰਦੇ ਥੱਕ ਗਏ, ਸਤਿਗੁਰ ਤੇਰੀ ਓਟ ਮੁਬਾਰਕ । ਦਾਣਾ ਦੁਣਕਾ ਕਿਣਕਾ ਕਿਣਕਾ, ਕਰਨ ਇਕੱਠਾ ਚਿੜੀਆਂ ਵੇਖੋ, ਤੋਰੀ ਫਿਰਦੀ ਦੇਸ਼ ਦੇਸ਼ੰਤਰ, ਸਭ ਨੂੰ ਸੱਖਣੀ ਪੋਟ ਮੁਬਾਰਕ । ਹੁਣ ਵੀ ਫਿਰਨ ਬਾਘੀਆਂ ਪਾਉਂਦੇ, ਧਰਮ ਕਰਮ ਦੇ ਪਰਦੇ ਲਾਹੀ, ਹੋਰ ਕਹਾਂ ਕੀ ਬੇਅਕਲਾਂ ਨੂੰ, ਸ਼ਰਮ ਹਯਾ ਦੀ ਤੋਟ ਮੁਬਾਰਕ । ਸੂਰਜ ਦੀ ਲਾਲੀ ਦਾ ਚਾਨਣ, ਹਰ ਥਾਂ ਰਹਿਮਤ ਬਣਕੇ ਚਮਕੇ, ਜਗਣ ਚਿਰਾਗ ਉਮੀਦਾਂ ਵਾਲੇ, ਲਿਸ਼ਕਣ ਚਿਹਰੇ ਕੋਟ* ਮੁਬਾਰਕ । ਇਹ ਤਾਂ ਸਿਰਫ਼ ਲੜਾਈ ਨਿੱਕੀ, ਜਿੱਤਣ ਹਾਰਨ ਹੈ ਬੇਅਰਥਾ, ਲੰਮੇ ਯੁੱਧਾਂ ਖਾਤਰ ਕਿਉਂ ਨਾ, ਲੱਗੇ ਦਿਲ ਤੇ ਚੋਟ ਮੁਬਾਰਕ । *ਕਰੋੜਾਂ
ਪਿਆਰ ਦਾ ਬੂਟਾ
ਪਿਆਰ ਦਾ ਬੂਟਾ ਰੂਹ ਵਿੱਚ ਲਾਇਆ ਜਾਂਦਾ ਹੈ । ਖ਼ੂਨ ਜਿਗਰ ਦਾ ਹਰ ਪਲ ਪਾਇਆ ਜਾਂਦਾ ਹੈ । ਹੋਵੇ ਨਾ ਦਿਲਦਾਰ ਸੁਣਨ ਲਈ, ਕੋਲ ਜਦੋਂ, ਸ਼ਬਦਾਂ ਨੂੰ ਹੀ ਦਰਦ ਸੁਣਾਇਆ ਜਾਂਦਾ ਹੈ । ਮਿਲ ਜਾਇਆ ਕਰ, ਸੁਪਨੇ ਅੰਦਰ ਏਦਾਂ ਹੀ, ਉਂਝ ਭਲਾ ਦੱਸ ਕਿੱਥੇ, ਆਇਆ ਜਾਂਦਾ ਹੈ । ਰੂਹ ਤੋਂ ਭਾਰ ਉਤਾਰਨ ਦੇ ਸਭ, ਤਰਲੇ ਨੇ, ਓਦਾਂ ਕਿੱਥੇ ਮਨ ਉਲਥਾਇਆ, ਜਾਂਦਾ ਹੈ । ਨਾਲ ਮੁਕੱਦਰ ਸ਼ਿਕਵਾ ਕਰਿਆਂ, ਮਿਲਣਾ ਨਾ, ਇਹ ਤਾਂ ਐਵੇਂ ਵਕਤ ਗੁਆਇਆ ਜਾਂਦਾ ਹੈ । ਹਾਰ ਵਕਤ ਦੀ ਵੇਖੀ ਹੈ ਮੈਂ, ਏਸ ਕਦਰ, ਖ਼ਲਨਾਇਕ ਨੂੰ ਨਾਇਕ, ਬਣਾਇਆ ਜਾਂਦਾ ਹੈ । ਵੇਖ ਕਿਵੇਂ ਬਿਨ ਸਾਜ਼, ਹਵਾਵਾਂ ਰੁਮਕਦੀਆਂ, ਏਸ ਤਰ੍ਹਾਂ ਵੀ ਗੀਤ, ਸੁਣਾਇਆ ਜਾਂਦਾ ਹੈ । ਕਿੰਨਾ ਵਕਤ ਗੁਆਇਆ, ਤੇ ਹੁਣ ਸਮਝੇ ਹਾਂ, ਆਪ ਗੁਆ ਕੇ ਹੀ ਕੁਝ, ਪਾਇਆ ਜਾਂਦਾ ਹੈ । ਸੁਰ ਤੇ ਸਾਜ਼ ਵਿਲਕਦੇ, ਪੀੜਾਂ ਦੱਸਣ ਲਈ, ਧੁਰ ਅੰਦਰੋਂ ਜੇ, ਮਨ ਪਿਘਲਾਇਆ ਜਾਂਦਾ ਹੈ ।
ਸੱਜਣਾਂ ਬਗੀਚਿਉਂ
ਸੱਜਣਾਂ ਬਗੀਚਿਉਂ ਗੁਲਾਬ ਭੇਜਿਆ । ਬਿਨਾ ਲਿਖੇ ਖ਼ਤ ਦਾ ਜਵਾਬ ਭੇਜਿਆ । ਰਾਤ ਮੇਰੀ ਹਿੱਕੜੀ 'ਚ ਸਹਿਕਦਾ ਰਿਹਾ, ਦਿਨ ਚੜ੍ਹੇ ਜਿਹੜਾ ਤੂੰ ਖ਼੍ਵਾਬ ਭੇਜਿਆ । ਅੰਗ ਅੰਗ ਮਹਿਕਿਆ ਸਰੂਰਿਆ ਗਿਆ, ਸ਼ਬਦਾਂ 'ਚ ਗੁੰਨ੍ਹ ਕੀਹ ਜਵਾਬ ਭੇਜਿਆ । ਓਸ ਪਿੱਛੋਂ ਫੇਰ ਕੁਝ ਯਾਦ ਨਾ ਰਿਹਾ, ਸਾਂਭ ਲਿਆ ਜਿਹੜਾ ਤੂੰ ਸ਼ਬਾਬ ਭੇਜਿਆ । ਦਿਲ ਵਿੱਚ ਰੱਖਿਆ ਸਵਾਸ ਵਾਂਗਰਾਂ, ਹੌਕੇ ਦਾ ਜਵਾਬ ਮੈਂ ਸ਼ਤਾਬ ਭੇਜਿਆ । ਵੇਖ ਲੈ ਸਜਾਇਆ ਇਹਨੂੰ ਤਮਗੇ ਦੇ ਵਾਂਗ, ਮੇਰੇ ਲਈ ਜਿਹੜਾ ਤੂੰ ਖ਼ਿਤਾਬ ਭੇਜਿਆ । ਸਾਡੇ ਵੱਲ ਭੇਜ ਹੋਰ ਸੰਦਲੀ ਸਮੀਰ, ਅਸਾਂ ਤੈਨੂੰ ਰਾਵੀ ਤੇ ਚਨਾਬ ਭੇਜਿਆ ।
ਕਿਹੜੇ ਕੰਮ ਆਈਆਂ
ਕਿਹੜੇ ਕੰਮ ਆਈਆਂ ਸਾਡੇ ਦੋਸਤੋ ਫ਼ਕੀਰੀਆਂ । ਪਹਿਲੀ ਹੀ ਕਤਾਰ ਮੱਲ ਬਹਿੰਦੀਆਂ ਵਜ਼ੀਰੀਆਂ । ਵੇਖ ਲਓ ਘੁੰਮਾਈ ਜਾਵੇ, ਅਕਲਾਂ ਦੇ ਗੇੜ ਨੂੰ, ਕਈ ਵਾਰੀ ਜਾਪਦਾ ਹੈ, ਬਣ ਗਏ ਭੰਬੀਰੀਆਂ । ਧਰਮਾਂ ਦੀ ਮੰਡੀ ਵੀ, ਨੀਲਾਮ-ਘਰ ਹੋ ਗਈ, ਵੇਚਦਾ ਬਾਜ਼ਾਰ ਹੁਣ, ਗਧਿਆਂ ਨੂੰ ਪੀਰੀਆਂ । ਜਿੱਥੇ ਕਿਤੇ ਬਾਗ਼ ਵਿੱਚ, ਲਾਲ ਸੂਹੇ ਫੁੱਲ ਨੇ, ਆ ਗਿਆ ਆਦੇਸ਼ ਬੀਜੋ ਕੇਸਰੀ ਪਨੀਰੀਆਂ । ਸਾਡੀਆਂ ਵੀ ਰੀਝਾਂ ਨੂੰ ਹੈ ਜਿੰਨ੍ਹਾਂ ਨੇ ਮਧੋਲਿਆ, ਓਹੀ ਹੁਣ ਕਹਿਣ, ਛੱਡੋ, ਦਿਲ ਦਿਲਗੀਰੀਆਂ । ਅੰਬਰਾਂ ਤੇ ਗੁੱਡੀਆਂ, ਚੜ੍ਹਾਉਣ ਵਾਲੀ ਰੀਝ ਨੇ, ਸੂਤੀ ਹੋਈ ਡੋਰ ਨਾਲ, ਉਂਗਲਾਂ ਨੇ ਚੀਰੀਆਂ । ਰੱਖ ਨਾ ਉਮੀਦ ਐਵੇਂ, ਭੋਲ਼ੇ ਦਿਲਾ ਪਾਤਸ਼ਾਹ, ਨੀਤ ਬਦਕਾਰ ਉਹਦੀ, ਨੀਤੀਆਂ ਵੀ ਟੀਰੀਆਂ ।
ਸੁਣ ਲਓ ਜੀ ਕੰਨ ਖੋਲ੍ਹ ਕੇ ਸੁਣ ਲਉ
ਸੁਣ ਲਓ ਜੀ ਕੰਨ ਖੋਲ੍ਹ ਕੇ ਸੁਣ ਲਉ, ਪੱਥਰ-ਦਿਲ ਤੇ ਭਾਰ ਨਹੀਂ ਹੁੰਦਾ । ਅਸਲੀ ਸੂਰਤ ਹੀ ਦਿਖਲਾਵੇ, ਸ਼ੀਸ਼ਾ ਕਦੇ ਗੱਦਾਰ ਨਹੀਂ ਹੁੰਦਾ । ਸਾਡੇ ਵਿੱਚ ਹੈ ਵੜਿਆ ਬੈਠਾ, ਹੁਕਮਰਾਨ ਦੇ ਰੂਪ 'ਚ ਰਾਵਣ, ਤੀਰ ਕਮਾਨ ਚਲਾਈਏ ਕਿੱਥੇ, ਅੰਦਰੋਂ ਦੁਸ਼ਮਣ ਮਾਰ ਨਹੀਂ ਹੁੰਦਾ । ਆਪਣੇ ਘੋੜੇ ਉਲਟ ਦਿਸ਼ਾ ਵੱਲ, ਫਿਰੇ ਭਜਾਈ, ਹਾਲ ਦੁਹਾਈ, ਹੋਰ ਤੇ ਕੁਝ ਵੀ ਹੋ ਸਕਦਾ ਹੈ, ਫ਼ੌਜਾਂ ਦਾ ਸਰਦਾਰ ਨਹੀਂ ਹੁੰਦਾ । ਨਾ ਬੋਲਾਂ ਤੇ ਦਮ ਘੁਟਦਾ ਹੈ, ਬੋਲਣ ਤੇ ਇਤਰਾਜ਼ ਹੈ ਤੈਨੂੰ, ਜੀਂਦੇ ਜੀਅ ਤਾਂ ਰੂਹ ਦਾ ਪੰਛੀ, ਆਪਣੇ ਹੱਥੋਂ ਮਾਰ ਨਹੀਂ ਹੁੰਦਾ । ਤੇਰੇ ਆਲ ਦੁਆਲੇ ਝੁਰਮਟ, ਇੱਲਾਂ ਗਿਰਝਾਂ ਕਾਵਾਂ ਦਾ ਹੈ, ਵੱਸਦੇ ਘਰ ਵਿੱਚ ਏਸ ਤਰ੍ਹਾਂ ਦਾ, ਬਿਲਕੁਲ ਹੀ ਪਰਿਵਾਰ ਨਹੀਂ ਹੁੰਦਾ । ਸ਼ਾਂਤ ਸਮੁੰਦਰ ਥੱਲੇ ਜੋ ਕੁਝ ਵਰਤ ਰਿਹਾ ਹੈ ਉਸਨੂੰ ਸਮਝੋ, ਚੁੱਪ ਦੀ ਅੰਤਰ ਪੀੜ ਸੁਣੇ ਬਿਨ, ਚੜ੍ਹਿਆ ਕਰਜ਼ ਉਤਾਰ ਨਹੀਂ ਹੁੰਦਾ । ਅੱਖਾਂ ਮੀਟ ਕਬੂਤਰ ਬੈਠੇ, ਬਿੱਲੀ ਖ਼ੂਬ ਤਿਆਰੀ ਵਿੱਚ ਹੈ, ਮੈਂ ਤੇ ਸਿਰਫ਼ ਕਿਹਾ ਹੈ, ਜਾਗੋ! ਬੈਠਾ ਕਦੇ ਉਡਾਰ ਨਹੀਂ ਹੁੰਦਾ ।
ਬਿਰਖ਼ ਤਾਂ ਹਰਿਆਵਲੇ ਸੀ
ਬਿਰਖ਼ ਤਾਂ ਹਰਿਆਵਲੇ ਸੀ ਕਿਉਂ ਕਿਰੇ ਪੱਤਰ ਹਰੇ? ਛਾਂ ਵਿਹੂਣੀ ਧਰਤ ਵੇਖਾਂ, ਖ੍ਵਾਬ ਵਿੱਚ ਵੀ ਮਨ ਡਰੇ । ਇਸ ਤਰ੍ਹਾਂ ਦਾ ਕਹਿਰ ਅੱਜ ਤੱਕ, ਵੇਖਿਆ ਸੀ ਨਾ ਕਦੇ, ਸਾਜ਼ਿਸ਼ੀ ਚਾਲਾਂ ਨੂੰ ਲੋਕੀਂ ਕਹਿਣ ਲੱਗ ਪਏ ਮਸ਼ਵਰੇ । ਨੇੜ ਦੀ ਐਨਕ ਲੁਆ ਕੇ, ਦੂਰ ਚਾਹੁੰਦੇ ਵੇਖਣਾ, ਅਕਲ ਤੋਂ ਪੈਦਲ ਜ਼ਮਾਨਾ, ਦੱਸੋ ਸ਼ੀਸ਼ਾ ਕੀ ਕਰੇ? ਉੱਡਦੇ ਪੰਛੀ ਦੀ ਸ਼ਾਮਤ, ਰਾਤ ਪੈ ਗਈ ਓਸ ਥਾਂ, ਧਰਤ ਸਾਰੀ ਓਪਰੀ ਹੈ, ਜਾਲ ਵੀ ਥਾਂ ਥਾਂ ਧਰੇ । ਏਸ ਦਰਿਆ ਦੀ ਕਹਾਣੀ, ਨਾ ਸੁਣਾ, ਮੈਂ ਜਾਣਦਾਂ, ਏਸ ਰਾਵੀ ਜ਼ਖ਼ਮ ਦਿੱਤੇ, ਅੱਜ ਵੀ ਓਵੇਂ ਹਰੇ । ਦਰਦ ਮੇਰੇ ਪੁਰਖ਼ਿਆਂ ਦਾ, ਸ਼ੁੱਧ ਕੌੜਾ ਜ਼ਹਿਰ ਸੀ, ਵੇਖ ਪੀ ਗਏ ਫੇਰ ਵੀ ਉਹ, ਘੁੱਟ ਵੀ ਪੂਰੇ ਭਰੇ । ਬਾਬਲਾ ਮੇਰਾ ਸਿਖਾਉਂਦਾ ਸੀ, ਹਮੇਸ਼ਾਂ ਸਬਕ ਇਹ, ਥੱਕ ਜਾਂਦਾ ਹੈ ਇਕੱਲ੍ਹਾ, ਕਾਫ਼ਲਾ ਮੰਜ਼ਿਲ ਵਰੇ ।
ਐਵੇਂ ਗੁੰਮ ਸੁੰਮ
ਐਵੇਂ ਗੁੰਮ ਸੁੰਮ, ਗੁੰਮ ਸੁੰਮ, ਚੁੱਪ ਚਾਪ ਰਹਿਣਾ । ਏਦਾਂ ਗ਼ਮਾਂ ਦਾ ਪਹਾੜ, ਤੇਰੇ ਮਨ ਤੋਂ ਨਹੀਂ ਲਹਿਣਾ । ਕਦੇ ਦੂਸਰੇ ਦੀ ਸੁਣੀਂ, ਕਦੇ ਆਪਣੀ ਸੁਣਾਈਂ, ਤੇਰੀ ਵੇਦਨਾ ਨੂੰ ਤੇਰੇ ਤੋਂ ਬਗੈਰ, ਹੋਰ ਕਿਸ ਕਹਿਣਾ । ਮਹਿੰਗੇ ਹਾਰ ਤੇ ਸ਼ਿੰਗਾਰ, ਸਾਡੀ ਮੱਤ ਦੇਣ ਮਾਰ, ਹੁੰਦੀ ਸਾਦਗੀ ਸਦੀਵ, ਸੁੱਚਾ ਜ਼ਿੰਦਗੀ ਦਾ ਗਹਿਣਾ । ਐਵੇਂ ਖ਼ੌਲਦੇ ਸਮੁੰਦਰਾਂ ਨੂੰ ਵੇਖ ਕੇ ਨਾ ਡਰ, ਹੰਭ ਹਾਰ ਕੇ ਅਖ਼ੀਰ, ਇਨ੍ਹਾਂ ਸ਼ਾਂਤ ਹੋ ਕੇ ਬਹਿਣਾ । ਚਲੋ ਮੰਨਿਆ ਕਿ, ਸਿਦਕਾਂ ਦੇ ਪਾਰ ਹੁੰਦੇ ਬੇੜੇ, ਜ਼ੋਰ ਜਾਬਰਾਂ ਦਾ, ਹੋਰ ਅਜੇ, ਕਿੰਨੀ ਦੇਰ ਸਹਿਣਾ । ਜਿਵੇਂ ਮਾਚਸਾਂ ਦੀ ਡੱਬੀ ਵਿੱਚ, ਤੀਲੀਆਂ ਤੇ ਅੱਗ, ਸਾਨੂੰ ਦੋਹਾਂ ਨੂੰ ਹੀ ਪੈਣਾ, ਇੱਕ ਦੂਸਰੇ ਤੇ ਖਹਿਣਾ । ਕੱਚੇ ਘਰਾਂ ਉੱਤੇ ਕਹਿਰ, ਸਦਾ ਜ਼ਿੰਦਗੀ 'ਚ ਜ਼ਹਿਰ, ਨਦੀ ਸ਼ੂਕਦੀ ਨੀਵਾਣਾਂ ਵੱਲ, ਵਗਦੇ ਹੀ ਰਹਿਣਾ ।
ਲੋਕ ਉਡੀਕ ਰਹੇ ਨੇ ਝੰਡੇ
ਲੋਕ ਉਡੀਕ ਰਹੇ ਨੇ ਝੰਡੇ, ਸਾਡੇ ਹੱਕ ਵਿੱਚ ਕੁਝ ਤੇ ਬੋਲਣ । ਨੇੜੇ ਆ ਕੇ ਬੈਠਣ ਉੱਠਣ, ਸੁਣਨ ਸੁਣਾਉਣ ਤੇ ਦਰਦ ਫ਼ਰੋਲਣ । ਦਿਲ ਦੇ ਭਾਰੇ ਪਰਬਤ ਅੰਦਰ, ਕਿੰਨੇ ਗ਼ਮ ਜੋ ਖਿੰਘਰ ਹੋ ਗਏ, ਮਾਣਕ ਮੋਤੀ ਲੱਭਣ ਵਾਲੇ, ਸਾਗਰ 'ਚੋਂ ਹੁਣ ਦਰਦ ਟਟੋਲਣ । ਵਕਤ ਸਵਾਲਾਂ ਘੇਰੇ ਅੰਦਰ, ਪੱਥਰ ਹੋ ਗਏ ਰੂਹ ਦੇ ਪੰਛੀ, ਵੈਦ ਧਨੰਤਰ ਚੁੱਪ ਕਿਉਂ ਨੇ, ਫ਼ਰਜ਼ ਪਛਾਨਣ, ਘੁੰਡੀ ਖੋਲ੍ਹਣ । ਅੱਜ ਤੋਂ ਮਗਰੋਂ ਅੱਜ ਨਹੀਂ ਆਉਣਾ, ਕੱਲ੍ਹ ਦਾ ਨਾਮ ਕੁਵੇਲੇ ਵਰਗਾ, ਜੀਭਾਂ ਵਾਲੇ ਚੁੱਪ ਨਾ ਬੈਠਣ, ਬੋਲ ਪੁਗਾਵਣ, ਹੁਣ ਨਾ ਡੋਲਣ । ਧਰਤ ਤਰੇੜਾਂ ਪਾਟੀ ਤਰਸੇ, ਰਹਿਮਤ ਦਾ ਮੀਂਹ ਖੁੱਲ੍ਹ ਕੇ ਬਰਸੇ, ਜਿਉਣ ਜੋਗੜੇ ਜ਼ਹਿਰ ਤਿਆਗਣ, ਸਾਹਾਂ ਅੰਦਰ ਮਿਸ਼ਰੀ ਘੋਲਣ । ਉਸ ਬਿਰਹਣ ਦੀ ਕੌਣ ਸੁਣੇਗਾ, ਜਿਸ ਦਾ ਕੰਤ ਘਰੇ ਨਾ ਮੁੜਿਆ, ਚਾਂਦੀ ਵਾਲਾ ਚੋਗਾ ਚੁਗਦਾ, ਰੱਜਦਾ ਹੀ ਨਹੀਂ ਕਮਲ਼ਾ ਢੋਲਣ । ਅੱਕੇ ਲੋਕ ਪਲਟਦੇ ਤਖ਼ਤਾ, ਰਾਜ ਭਾਗ ਤਾਂ ਸ਼ੈਅ ਹੀ ਕੁਝ ਨਾ, ਵਗਦੀ ਪੌਣੇ ਦੇਈਂ ਸੁਨੇਹੜਾ, ਹੋਰ ਨਾ ਸਾਡੀ ਹਸਤੀ ਰੋਲਣ ।
ਇਹ ਤੂੰ ਕਿੱਧਰ ਤੁਰਿਆ ਫਿਰਦੈਂ
ਇਹ ਤੂੰ ਕਿੱਧਰ ਤੁਰਿਆ ਫਿਰਦੈਂ, ਹਰ ਰਿਸ਼ਤੇ ਦਾ ਨਾਂ ਨਹੀਂ ਹੁੰਦਾ । ਕੀ ਦੱਸਾਂ ਸਿਰਨਾਵਾਂ ਤੈਨੂੰ, ਮਹਿਕ ਦਾ ਕੋਈ ਗਿਰਾਂ ਨਹੀਂ ਹੁੰਦਾ । ਜਿਸ ਦੀ ਆਸ ਤੇ ਹੁੱਬਿਆ ਫਿਰਦੈਂ, ਇਹ ਵੀ ਬੱਦਲ ਛਟ ਜਾਣਾ ਹੈ, ਮਾਣ ਮਰਤਬੇ, ਉੱਚੀ ਕੁਰਸੀ, ਪਰਛਾਵਾਂ ਹੈ, ਛਾਂ ਨਹੀਂ ਹੁੰਦਾ । ਤੂੰ ਦਰਬਾਨ ਬਿਠਾ ਦਿੱਤੇ ਨੇ, ਪੈਰ ਪੈਰ ਤੇ ਚੌਂਕ ਚੁਰਸਤੀਂ, ਤੇਰੇ ਦਿਲ ਦੇ ਨੇੜੇ ਤੇੜੇ, ਏਸੇ ਲਈ ਮੈਂ ਤਾਂ ਨਹੀਂ ਹੁੰਦਾ । ਏਸ ਤਰ੍ਹਾਂ ਪਰਿਕਰਮਾ ਕਰਦੇ, ਤੁਰਦਾ ਵੀ ਹੈਂ, ਥੱਕਦਾ ਵੀ ਹੈਂ, ਲਿਖਣ ਵਾਲਿਆ, ਪੜ੍ਹਨ ਵਾਲਿਆ, ਤਾਂ ਹੀ ਸਫ਼ਰ ਅਗਾਂਹ ਨਹੀਂ ਹੁੰਦਾ । ਮਾਂ ਤੋਂ ਵਤਨ ਪਿਆਰਾ ਸਾਨੂੰ, ਕਾਫ਼ੀ ਵੱਧ ਹੈ ਤੇਰੇ ਨਾਲੋਂ, ਜਿੱਦਾਂ ਤੂੰ ਅਖਵਾਏਂ ਜਬਰੀ, ਇਹ ਤਾਂ ਰਿਸ਼ਤਾ ਮਾਂ ਨਹੀਂ ਹੁੰਦਾ । ਆਜ਼ਾਦੀ ਦਾ ਪਰਚਮ ਸੁੱਚਾ, ਚੰਨ ਸੂਰਜ ਤੋਂ ਕਿਤੇ ਉਚੇਰਾ, ਸਾਡੀ ਬੌਣੀ ਹਸਤੀ ਕੋਲੋਂ, ਇੱਕ ਵੀ ਇੰਚ ਉਤਾਂਹ ਨਹੀਂ ਹੁੰਦਾ । ਮੇਰੀ ਚੁੱਪ ਦੀ ਅਸਲ ਇਬਾਰਤ, ਪੜ੍ਹਨੀ ਸਿੱਖ ਲੈ ਇੱਕੋ ਵਾਰੀ, ਜੇ ਨਾ ਬੋਲਾਂ ਸਮਝ ਲਿਆ ਕਰ, ਲਫ਼ਜ਼ਾਂ ਕੋਲ ਸਮਾਂ ਨਹੀਂ ਹੁੰਦਾ ।
ਪੁੱਛਦੇ ਨੇ ਲੋਕ ਜੀ
ਪੁੱਛਦੇ ਨੇ ਲੋਕ ਜੀ, ਹਨ੍ਹੇਰਾ ਕਦੋਂ ਮੁੱਕਣਾ । ਪਾਪ ਵਾਲੀ ਜੰਝ ਏਥੋਂ, ਡੇਰਾ ਕਦੋਂ ਚੁੱਕਣਾ । ਕਦੋਂ ਤੀਕ ਰਹਿਣਾ ਜੀ, ਹਨ੍ਹੇਰ ਘੁੱਪ ਘੇਰ ਹੀ, ਕਦੋਂ ਤੀਕ ਰਹਿਣਾ ਹੈ ਨਿਸ਼ਾਨਿਆਂ ਤੋਂ ਉੱਕਣਾ । ਏਸ ਦਾ ਇਲਾਜ ਹੁਣੇ ਕਰੋ ਪਿੰਡ ਵਾਲਿਓ, ਜੜ੍ਹ ਵੱਲੋਂ ਹੋ ਗਿਆ ਹੈ ਬੋਹੜ ਵੇਖੋ ਸੁੱਕਣਾ । ਜਾਲ ਵਿੱਚੋਂ ਉੱਡ ਪੁੱਡ ਜਾਓ, ਓ ਪਰਿੰਦਿਓ, ਤੰਦ ਤੰਦ ਤਾਰ, ਸ਼ੁਰੂ ਕਰ ਦਿਓ ਟੁੱਕਣਾ । ਅੱਖਾਂ ਖੋਲ੍ਹੋ, ਸੁੱਤਿਓ, ਜਗਾਓ ਸੁੱਤੀ ਆਤਮਾ, ਚੰਗਾ ਲੱਗੂ ਸੂਰਜਾ ਸਵੇਰ ਸਾਰ ਢੁੱਕਣਾ । ਸੂਰਬੀਰ ਯੋਧਿਓ ਤੇ ਰਣਾਂ ਦਿਓ ਮੋਹਰੀਓ, ਮਾਰ ਕੇ ਦਮਾਮੇ ਚੋਟ, ਸ਼ੁਰੂ ਕਰੋ ਬੁੱਕਣਾ । ਬੜਾ ਚਿਰ ਹੋ ਗਿਆ ਮਜ਼ਾਕ ਹੁਣ ਸਹਿੰਦਿਆਂ, ਬੰਦ ਕਰ ਹਾਕਮਾ, ਤੂੰ ਚੰਦ ਉੱਤੇ ਥੁੱਕਣਾ ।
ਧੇਤੇ ਨਾਲ ਪੁਤੇਤੇ ਰਲ਼ ਗਏ
ਧੇਤੇ1 ਨਾਲ ਪੁਤੇਤੇ2 ਰਲ਼ ਗਏ, ਪੀ ਗਏ ਦਾਰੂ ਦਾ ਦਰਿਆ । ਦੀਵੇ ਬੁਝੇ ਦਵਾਖੜੀਆਂ3 'ਚੋਂ, ਘਰਕੀਣਾਂ4 ਨੂੰ ਥਾਂ ਮਿਲਿਆ । ਬੋਹੀਏ5 ਅੰਦਰ ਰੁੱਖੀ ਰੋਟੀ, ਸੁੱਕੀ ਲੱਕੜ ਵਾਂਗ ਬਣੀ, ਲਹਿ ਗਏ ਪਰਾਤ ਪੜਾਵੇ6 ਇੱਕ ਦੋ, ਉੱਚਾ ਨੀਵਾਂ ਪੈਰ ਪਿਆ । ਟਾਂਡ7 ਦੇ ਉੱਤੇ ਕੁਝ ਨਹੀਂ ਦਿਸਦਾ, ਘੜਵੰਜੀ8 ਤੇ ਘੜੇ ਧਰੇ, ਸੱਬਰਕੱਤੇ9 ਵਿਹੜੇ ਅੰਦਰ, ਚੀਚ ਵਹੁਟੀਆਂ ਚੋਪ10 ਲਿਆ । ਝੱਖੜ ਝਾਂਜਾ, ਸਿਰ ਤੇ ਬੱਦਲ, ਦਾਣਾ ਫੱਕਾ ਸਾਂਭ ਲਵੋ, ਵਿੱਚ ਤਰੰਗੜ11 ਤੂੜੀ ਬੰਨ੍ਹ ਤੂੰ, ਝੁੰਬ12 ਉਤਾਰ ਤੇ ਸੁਸਤੀ ਲਾਹ । ਟੁਣਕ ਰਿਹਾ ਚਾਂਦੀ ਦਾ ਦੁੱਪੜ13, ਵੇਖ ਰੁਪੱਈਆ ਚੰਨ ਜਿਹਾ, ਅੰਬਰ ਦੇ ਵਿੱਚ ਖਿੱਤੀਆਂ ਡਲ੍ਹਕਣ, ਤਾਰੇ ਵੰਡਦੇ ਨੂਰ ਅਥਾਹ । ਗਲ ਵਿੱਚ ਹਾਰ ਬੁਘਤੀਆਂ ਵਾਲਾ, ਘੁੰਮਦੀ ਊਰੀ14 ਨਾਰ ਫਿਰੇ, ਬੇਕਦਰੇ ਮੂਰੇ15 ਨੂੰ ਐਵੇਂ, ਦਮਕੜਿਆਂ16 ਦਾ ਫ਼ਿਕਰ ਪਿਆ । ਮੇਰੀ ਮਾਂ ਨੇ ਸ਼ਬਦ ਸੰਭਾਲੇ, ਵੇਖੋ ਕਿੰਨਾ ਮਹਿੰਗਾ ਮਾਲ, ਸਾਨੂੰ ਖ਼ਬਰ ਨਹੀਂ ਕਿਉਂ ਵੀਰੋ, ਕੀ ਕੁਝ ਗੁੰਮ ਗੁਆਚ ਗਿਆ? (1.ਧੀਆਂ ਵਾਲੇ, 2. ਪੁੱਤਾਂ ਵਾਲੇ, 3. ਦੀਵਾ ਧਰਨ ਵਾਲੀ ਥਾਂ, 4. ਘਰੀਣੀ ਦਾ ਘਰ, 5. ਡਿੱਕੂ, 6. ਪਰਾਤ ਹੇਠ ਜੜੇ ਪੈਰ, 7. ਪਰਛੱਤੀ, 8. ਘੜੇ ਰੱਖਣ ਲਈ ਦੀਵਾਰ 'ਚ ਗੱਡਿਆ ਚੌਖਟਾ, 9. ਭਰੇ ਭਰਾਏ, 10. ਸੁਰਖ਼ ਫੁਲਕਾਰੀ, 11. ਤੂੜੀ ਢੋਣ ਲਈ ਬੁਣਿਆ ਜਾਲ, 12. ਬੁੱਕਲ ਮੂੰ ਸਿਰ ਕੱਜਦੀ, 13. ਦੋਹਰਾ ਰੁਪਈਆ ਚਾਂਦੀ ਦਾ, 14. ਜੁਲਾਹੇ ਦੀ ਨਲਕੀ, 15. ਤੂੜੀ ਭਰਿਆ ਮਰਦ ਸਰੀਰ, 16. ਪੈਸਿਆਂ ਦਾ ।)
ਹੱਕ ਸੱਚ ਤੇ ਇਨਸਾਫ਼ ਦੀ ਵੇਖੀ
ਹੱਕ ਸੱਚ ਤੇ ਇਨਸਾਫ਼ ਦੀ ਵੇਖੀ, ਮੈਂ ਤਾਂ ਕਿਤੇ ਦੁਕਾਨ ਨਹੀਂ । ਏਸ ਨਸਲ ਦੇ ਘੱਟ ਵਣਜਾਰੇ, ਵਿਕਦਾ ਕਿਤੇ ਸਮਾਨ ਨਹੀਂ । ਭਾਰਤ ਲੱਭਦੇ ਕਿਵੇਂ ਕੋਲੰਬਸ ਲੱਭ ਲਿਆ ਅਮਰੀਕਾ ਨੂੰ, ਮੈਂ ਤੱਕਿਆ ਹੈ ਵਿੱਚ ਅਮਰੀਕਾ, ਜਿਸਦਾ ਨਾਮ ਨਿਸ਼ਾਨ ਨਹੀਂ । ਸ਼ਬਦ ਸਲਾਮਤ ਗੁਰ ਹੈ ਮੇਰਾ, ਜੇ ਪੜ੍ਹਦਾਂ ਰਾਹ ਦੱਸਦਾ ਹੈ, ਸੌ ਦੀ ਇੱਕ ਸੁਣਾਵਾਂ ਮੇਰਾ, ਮਿੱਟੀ ਦਾ ਭਗਵਾਨ ਨਹੀਂ । ਮੈਂ ਹੀ ਤੈਨੂੰ ਚੁਣਿਆ, ਚੁਣ ਕੇ, ਤੈਨੂੰ ਖ਼ੁਦ ਸਰਕਾਰ ਕਿਹਾ, ਮੇਰੇ ਨਾਲ ਬਰਾਬਰ ਬਹਿ ਤੂੰ, ਮੈਂ ਤੇਰਾ ਦਰਬਾਨ ਨਹੀਂ । ਇਸ ਵਿੱਚ ਮੈਂ ਤੇ ਪੁਰਖ਼ੇ ਰਹਿੰਦੇ, ਖੇਡਣ ਬੱਚੜੇ ਸ਼ਾਮ ਸਵੇਰ, ਨਿੱਤਨੇਮਣ ਬੀਵੀ ਦੇ ਕਾਰਨ, ਘਰ ਇਹ ਸਿਰਫ਼ ਮਕਾਨ ਨਹੀਂ । ਮੈਨੂੰ ਗੁਰ ਉਪਦੇਸ਼ ਸਿਖਾਇਆ, ਸੁਣ ਲਉ ਦੁਨੀਆ ਵਾਲੜਿਓ, ਰੂਹ ਦੇ ਕੰਗਲੇ, ਧਨ ਦੇ ਲੋਭੀ, ਸ਼ਾਹ ਤਾਂ ਹਨ, ਧਨਵਾਨ ਨਹੀਂ । ਸੀਸ ਤਲੀ ਧਰ, ਯਾਰ ਗਲੀ ਵੱਲ, ਤੁਰਨਾ ਏਨਾ ਸਹਿਲ ਨਹੀਂ, ਉਸ ਨੂੰ ਸਮਝ ਕਦੇ ਨਹੀਂ ਪੈਣੀ, ਜਿਸ ਮਿੱਟੀ ਵਿੱਚ ਜਾਨ ਨਹੀਂ ।
ਆ ਕੋਠੇ ਤੇ ਮੰਜੀਆਂ ਡਾਹ ਕੇ
ਆ ਕੋਠੇ ਤੇ ਮੰਜੀਆਂ ਡਾਹ ਕੇ, ਤਾਰਿਆਂ ਦੇ ਸੰਗ ਗੱਲਾਂ ਕਰੀਏ । ਚੁੱਪ ਨਾ ਬਹੀਏ, ਕੁਝ ਤਾਂ ਕਹੀਏ, ਮਨ ਦੇ ਸੱਖਣੇ ਕੋਨੇ ਭਰੀਏ । ਤਾਰੇ ਖਿੱਤੀਆਂ ਝੁਰਮਟ ਦਾ ਨਾਂ, ਰੱਖਿਆ ਆਪਾਂ, ਛੜਿਆਂ ਦਾ ਰਾਹ, ਤੈਨੂੰ ਤਾਂ ਇਹ ਯਾਦ ਨਹੀਂ ਹੋਣਾ, ਬਾਲ ਵਰੇਸ ਵਿਆਹੀਏ ਵਰੀਏ । ਰਾਤੀਂ ਸੁੱਤਿਆਂ ਬੱਦਲ ਬਣਦਾ, ਛੱਜੀਂ ਖ਼ਾਰੀਂ ਰੂਹ ਤੇ ਵਰ੍ਹਦਾ, ਉਸ ਪਲ ਜਾਗੋਮੀਟੀ ਅੰਦਰ, ਸੁੱਝਦਾ ਹੀ ਨਾ, ਹੁਣ ਕੀ ਕਰੀਏ? ਅੱਸੂ ਕੱਤਕ ਨੀਮ ਗੁਲਾਬੀ, ਮੌਸਮ ਅੰਦਰ ਰੂਹ ਦੇ ਹਾਣੀ, ਤੜਪਣ ਦੀਦ ਤੇਰੀ ਨੂੰ ਤਰਸਣ, ਨੀ ਖ੍ਵਾਬਾਂ ਦੀ ਅੱਲ੍ਹੜ ਪਰੀਏ । ਨਿੱਕੇ ਹੁੰਦਿਆਂ ਵਿੱਛੜ ਗਏ ਸੀ, ਜਿਹੜੇ ਮੈਥੋਂ ਰੀਝਾਂ ਸੁਪਨੇ, ਚੱਲ ਨੀ ਜਿੰਦੇ ਢੂੰਡ ਲਿਆਈਏ, ਹੁਣ ਨਾ ਹੋਰ ਵਿਛੋੜਾ ਜਰੀਏ । ਭੇਤ ਤੁਹਾਥੋਂ ਕਿਹੜਾ ਗੁੱਝਾ, ਕਿੰਨੇ ਹੰਝ ਸਿਰ੍ਹਾਣੇ ਪੀਤੇ, ਕਿੱਸੇ ਖੋਲ੍ਹ ਸੁਣਾਉ ਹੁਣ ਤਾਂ, ਉਤਲੇ ਖੇਸ, ਹੇਠਲੀ ਦਰੀਏ । ਬਿਸਤਰ ਪਏ ਤਰੇਲ ਦੇ ਤੁਪਕੇ, ਜੰਮ ਕੇ ਕਾਲ਼ੀ ਚਿਤਰੀ ਹੋਏ, ਰੂਪ ਕਿਵੇਂ ਹੈ ਬਦਰੰਗ ਹੋਇਆ, ਇਸ ਨੂੰ ਕਿਸ ਪੇਟੀ ਵਿੱਚ ਧਰੀਏ ।
ਮਨ ਮੰਦਰ ਦੀ ਟੱਲੀ ਨੂੰ
ਮਨ ਮੰਦਰ ਦੀ ਟੱਲੀ ਨੂੰ, ਟੁਣਕਾਰ ਲਿਆ ਹੈ । ਰੂਹ ਨੂੰ ਮੁਕਤ ਕਰਾ ਕੇ, ਭਾਰ ਉਤਾਰ ਲਿਆ ਹੈ । ਜਿੱਥੇ ਕਦਮ ਅਗਾਂਹ ਨੂੰ ਪੁੱਟਿਆਂ, ਧੂੜਾਂ ਉੱਡਣ, ਹੁਣ ਮੈਂ ਖ਼ੁਦ ਨੂੰ ਕਿਣਕੇ ਤੋਂ ਵਿਸਥਾਰ ਲਿਆ ਹੈ । ਫ਼ਰਜ਼ਾਂ ਦੇ ਲਈ ਮਾਣ, ਮਰਤਬੇ, ਕੁਰਸੀ, ਨਿਕਸੁਕ, ਗ਼ਰਜ਼ਾਂ ਵਾਲਾ ਕੂੜਾ, ਮਨੋਂ ਬੁਹਾਰ ਲਿਆ ਹੈ । ਜਿਹੜੇ ਘਰ ਵਿੱਚ ਸ਼ਿਕਰੇ, ਚਿੜੀਆਂ ਦੇ ਖੰਭ ਨੋਚਣ, ਮੈਂ ਉਸ ਦਰ ਨੂੰ ਬਾਹਰੋਂ, ਜੰਦਰਾ ਮਾਰ ਲਿਆ ਹੈ । ਰੂਹ ਦਾ ਪੰਛੀ ਤੜਪ ਰਿਹਾ ਸੀ, ਪਿੰਜਰੇ ਅੰਦਰ, ਚੂਰੀ ਦੀ ਮਜਬੂਰੀ ਨੂੰ, ਦੁਰਕਾਰ ਲਿਆ ਹੈ । ਚੱਲ ਹੁਣ ਅਰਸ਼ ਉਡਾਰੀ ਭਰੀਏ, ਸਾਗਰ ਤਰੀਏ, ਤਨ ਤੇ ਮਨ ਨੇ ਰਲ਼ ਕੇ, ਪੱਕਾ ਧਾਰ ਲਿਆ ਹੈ । ਕਾਲਖ਼ ਦੀ ਕੋਠੀ ਵਿੱਚ ਰਹਿਣਾ, ਬਹੁਤ ਕਠਿਨ ਸੀ, ਮੈਂ ਰਾਹਾਂ ਨੂੰ ਚਾਨਣ ਨਾਲ, ਸ਼ਿੰਗਾਰ ਲਿਆ ਹੈ ।
ਅੰਬਰੋਂ ਕਿਰਿਆ ਇੱਕ ਅੱਧ ਅੱਥਰੂ
ਅੰਬਰੋਂ ਕਿਰਿਆ ਇੱਕ ਅੱਧ ਅੱਥਰੂ, ਸਿੱਪੀ ਵਿੱਚ ਜੇ ਪਲ਼ ਜਾਵੇਗਾ । ਵੇਖ ਲਇਓ ਜੀ, ਹੌਲੀ ਹੌਲੀ, ਮੋਤੀ ਦੇ ਵਿੱਚ ਢਲ਼ ਜਾਵੇਗਾ । ਸਿਖ਼ਰ ਦੁਪਹਿਰੇ ਰਾਤ ਦਾ ਪਹਿਰਾ, ਕੁਦਰਤ ਦਾ ਵਰਤਾਰਾ ਨਹੀਂਉਂ, ਏਸ ਤਰ੍ਹਾਂ ਹੀ ਨਜ਼ਰਾਂ ਅੱਗੇ, ਵੈਰੀ ਕਾਲਖ਼ ਮਲ਼ ਜਾਵੇਗਾ । ਬਿੱਲੀ ਅੱਗੇ ਅੱਖੀਆਂ ਮੀਟੀ, ਬੈਠ ਗਏ ਨੇ ਬੰਨ੍ਹ ਕਤਾਰਾਂ, ਸਮਝ ਰਹੇ ਨੇ ਚੂਹੇ ਏਦਾਂ, ਆਇਆ ਖ਼ਤਰਾ ਟਲ਼ ਜਾਵੇਗਾ । ਫੇਰ ਛਪਾਰ ਦੇ ਮੇਲੇ ਅੰਦਰ ਜੋਗੀ ਨਾਥ ਵਜਾਵਣ ਬੀਨਾਂ, ਗੁੱਗਾ ਪੀਰ ਵਿਖਾ ਕੇ ਛਲੀਆ, ਜਨਤਾ, ਵੇਖਿਓ ਛਲ਼ ਜਾਵੇਗਾ । ਗੰਧਲੀ ਪੌਣ 'ਚ ਘੁਲ਼ਿਆ ਏਥੇ, ਜ਼ਹਿਰ ਸਣੇ ਹੈ ਹੋਰ ਬੜਾ ਕੁਝ, ਹੌਲੀ ਹੌਲੀ ਸਾਹਾਂ ਦੇ ਵਿੱਚ, ਇਹ ਸਾਰਾ ਕੁਝ ਰਲ਼ ਜਾਵੇਗਾ । ਰੂਹ ਦੇ ਅੰਦਰ ਬੈਠਾ ਦਹਿਸਿਰ, ਮਾਰਨ ਵਾਲੀ ਗੱਲ ਨੂੰ ਤੋਰੋ, ਕਾਗ਼ਜ਼ ਦਾ ਰਾਵਣ ਤਾਂ ਤੀਲ੍ਹੀ, ਬਾਲਦਿਆਂ ਹੀ ਜਲ਼ ਜਾਵੇਗਾ । ਸਖ਼ਤ ਜ਼ਮੀਨ ਨੂੰ ਪੋਲੀ ਕਰਕੇ, ਸੁਪਨ ਬੀਜ ਤਾਂ ਧਰੀਏ ਯਾਰੋ, ਹੌਲੀ ਹੌਲੀ ਆਸ ਦਾ ਬੂਟਾ, ਏਸ ਤਰ੍ਹਾਂ ਹੀ ਫ਼ਲ ਜਾਵੇਗਾ ।
ਕੀ ਬਦਸ਼ਗਨੀ ਹੋ ਗਈ ਮੈਥੋਂ
ਕੀ ਬਦਸ਼ਗਨੀ ਹੋ ਗਈ ਮੈਥੋਂ, ਗੁੰਮਿਆ ਚੰਨ ਗੁਆਚੇ ਤਾਰੇ । ਤੁਧ ਬਿਨ ਰੂਪ ਕਰੂਪ ਹੋ ਗਿਆ, ਸਾਹ ਵੀ ਹੋ ਗਏ ਬੇ-ਇਤਬਾਰੇ । ਖ਼ੁਸ਼ਬੂ ਦਾ ਉਹ ਬੁੱਲਾ ਨਾ ਹੁਣ, ਰੂਹ ਮੇਰੀ ਨੂੰ ਆ ਮਹਿਕਾਏ, ਜਿਸ ਨੇ ਪਹਿਲੀ ਵਾਰ ਕਿਹਾ ਕੁਝ, ਮੋਹ ਵਿੱਚ ਭਿੱਜ ਕੇ ਤੇਰੇ ਬਾਰੇ । ਏਨੇ ਪੱਕੇ ਚੁੱਪ ਦੇ ਜੰਦਰੇ, ਮੇਰੇ ਵੱਸ ਨਹੀਂ, ਖੋਲ੍ਹ ਸਕਾਂ ਮੈਂ, ਹੋ ਰਹੇ ਵੇਖੋ ਤਰਲੋ ਮੱਛੀ, ਬਣ ਗਏ ਨੇ ਹੁਣ ਸ਼ਬਦ ਵਿਚਾਰੇ । ਕੋਹ ਨਾ ਤੁਰੀ ਤਿਹਾਈ ਜਿੰਦ ਨੂੰ, ਛੱਡਿਆ ਕਿਹੜੇ ਜੰਗਲ ਵਿੱਚ ਤੂੰ, ਇੱਕ ਦੂਜੇ ਤੋਂ ਦੂਰ ਖੜ੍ਹੇ ਨੇ, ਰੁੱਖ ਵੀ ਕਿੰਨੇ ’ਕੱਲ੍ਹੇ ਕਾਰੇ । ਡਰਦੀ 'ਵਾਜ਼ ਨਾ ਸੰਘੀਉਂ ਨਿਕਲੇ, ਆਪ ਸਮਝ ਲੈ ਮਨ ਦੀ ਹਾਲਤ, ਪੱਥਰ ਹੋ ਗਏ ਪਲਕੀਂ ਹੰਝੂ, ਵੇਖ ਕਿਵੇਂ ਹੁਣ, ਮਣ ਮਣ ਭਾਰੇ । ਹੌਕੇ ਵਾਲੀ ਜੂਨ ਹੰਢਾਉਣੀ, ਪੈ ਜਾਵੇ ਨਾ ਦੁਸ਼ਮਣ ਨੂੰ ਵੀ, ਹਿੱਕੜੀ ਦੇ ਵਿੱਚ ਤਪਦੇ ਖ਼ਪ ਗਏ, ਮੋਹ ਦੇ ਜੁਗਨੂੰ ਕਿੰਨੇ ਸਾਰੇ । ਤਪਦੇ ਥਲ ਦੀ ਭਰਮਜਲੀ ਨੇ, ਕਿੱਥੋਂ ਤੀਕ ਪੁਚਾਇਆ ਵੇਖੋ, ਦਰਸ ਪਿਆਸੇ ਤੜਪ ਰਹੇ ਨੇ, ਤੇਜ਼ ਦੌੜਦੇ ਮਿਰਗ ਵਿਚਾਰੇ ।
ਮੇਰੀ ਮਾਂ ਤੇ ਬਾਬਲ ਬਣ ਗਏ
ਮੇਰੀ ਮਾਂ ਤੇ ਬਾਬਲ ਬਣ ਗਏ, ਬਾਤਾਂ ਗੁਜ਼ਰੇ ਕਾਲ ਦੀਆਂ ਹੁਣ । ਕਾਂਬਾ ਬਣ ਕੇ ਚੀਰਦੀਆਂ ਨੇ, ਰਾਤਾਂ ਸਰਦ ਸਿਆਲ ਦੀਆਂ ਹੁਣ । ਸਿਰ ਸੂਹੀ ਫੁਲਕਾਰੀ ਲੈ ਕੇ, ਜੀਕੂੰ ਸਹੁਰੀਂ ਆਵੇ ਵਹੁਟੀ, ਫੱਗਣ ਚੇਤਰ ਫੁੱਲਾਂ ਵੰਡੀਆਂ, ਮੁੱਠੀਆਂ ਜਿਵੇਂ ਗੁਲਾਲ ਦੀਆਂ ਹੁਣ । ਤੁਰ ਗਈ ਮਾਂ ਤੇ ਮੰਜਾ ਖ਼ਾਲੀ, ਸਣੇ ਬਿਸਤਰੇ ਡੁਸਕ ਰਿਹਾ ਏ, ਸਾਡੀ ਭੋਲ਼ੀ ਰੂਹ ਤੇ ਨਜ਼ਰਾਂ, ਕਿਸ ਨੂੰ ਰਹਿੰਦੀਆਂ ਭਾਲ਼ਦੀਆਂ ਹੁਣ । ਉੱਖੜੇ ਸਾਜ਼ ਦੇ ਵਾਂਗੂੰ ਸਾਡੇ, ਮਨ ਦੀ ਹਾਲਤ ਬੇਤਰਤੀਬੀ, ਤਰਬ ਤਾਨ ਦੀ ਸਮਝ ਗਵਾਚੀ, ਦੁਰਗਤੀਆਂ ਸੁਰਤਾਲ ਦੀਆਂ ਹੁਣ । ਧਰਮੀ ਬਾਬਲ ਧਰਮ ਗੁਆ ਕੇ, ਬਣ ਚੱਲਿਆ ਭਰਮੀ ਬਾਬਲ, ਗੱਲਾਂ ਵਿੱਚ ਗੁਆਚਾ ਰਹਿੰਦੈ, ਮਨ ਦੇ ਬਾਲ ਗੋਪਾਲ ਦੀਆਂ ਹੁਣ । ਕੰਮੀਂ ਕਾਰੀਂ ਰੁੱਝੇ ਬੱਚੜੇ, ਅੱਠੀਂ ਪਹਿਰੀਂ ਵੀ ਨਾ ਮਿਲਦੇ, ਸਾਰਾ ਦਿਨ ਤਾਂ 'ਕੱਲੀਆਂ ਯਾਦਾਂ, ਤਨ ਮਨ ਆਪ ਸੰਭਾਲਦੀਆਂ ਹੁਣ । ਝੜ ਚੱਲੀਆਂ ਨੇ ਕਿਰਨ ਮ ਕਿਰਨੀ, ਟਾਹਣਾਂ ਸੁਰਖ਼ ਗੁਲਾਬ ਦੀਆਂ ਵੀ, ਕੰਡੇ ਕੰਡੇ ਛੱਡ ਚੱਲੀਆਂ ਨੇ, ਝੜ ਕੇ ਪੱਤੀਆਂ ਨਾਲ ਦੀਆਂ ਹੁਣ ।
ਨੀਮ ਗੁਲਾਬੀ ਹੋਠਾਂ ਉੱਤੋਂ
ਨੀਮ ਗੁਲਾਬੀ ਹੋਠਾਂ ਉੱਤੋਂ, ਚੁੱਪ ਦੇ ਜੰਦਰੇ ਖੋਲ੍ਹ ਦਿਆ ਕਰ । ਦਿਲ ਦੀ ਧੜਕਣ ਜੋ ਕਹਿੰਦੀ ਏ, ਝਿਜਕ ਬਿਨਾ ਤੂੰ ਬੋਲ ਦਿਆ ਕਰ । ਪਲਕਾਂਂ ਅੰਦਰ ਹੰਝੂ ਵੇਖੀਂ, ਪੱਥਰ ਨਾ ਹੋ ਜਾਵਣ ਕਿਧਰੇ, ਬਰਸਣ ਗ਼ਮ ਦੇ ਬੱਦਲ ਜਦ ਵੀ, ਅੱਖੀਆਂ ਥਾਣੀਂ ਡੋਲ੍ਹ ਦਿਆ ਕਰ । ਮਨ ਦੇ ਵਿਹੜੇ ਰਾਤ ਬਰਾਤੇ, ਜੇ ਆਵਾਂ ਤੇ ਦਰ ਖੜਕਾਵਾਂ, ਭੁੱਲੇ ਭਟਕੇ ਰਾਹੀ ਨੂੰ ਤੂੰ, ਦਿਲ ਦੇ ਬੂਹੇ ਟੋਲ਼ ਦਿਆ ਕਰ । ਸ਼ਹਿਦ ਰਲ਼ੇ ਗੁਲਕੰਦ ਵਰਗੀਆਂ, ਜਿੰਦੇ ਬਾਤਾਂ ਪਾਇਆ ਕਰ ਤੂੰ, ਅੰਦਰੇ ਅੰਦਰ ਰੂਹ ਨੂੰ ਗੰਢਾਂ, ਏਸ ਤਰ੍ਹਾਂ ਨਾ ਗੋਲ਼ ਦਿਆ ਕਰ । ਬਹੁਤ ਜ਼ਰੂਰੀ ਹੁੰਦੈ ਇਹ ਵੀ, ਦਿਲ ਨੂੰ ਆਪਣਾ ਦਰਦ ਸੁਨਾਉਣਾ, ਸ਼ੀਸ਼ੇ ਸਨਮੁਖ ਸਾਵਧਾਨ ਹੋ, ਦਿਲ ਦੀ ਗਠੜੀ ਫ਼ੋਲ ਦਿਆ ਕਰ । ਦਿਲ ਦੀ ਤੱਕੜੀ ਤੁਲਦੇ ਨਹੀਂਓਂ, ਜ਼ੇਵਰ ਮਹਿੰਗੇ ਮਾਣਕ ਮੋਤੀ, ਮੇਰਾ ਨਾਮ ਪੁਕਾਰ ਕੇ ਮੇਰੇ, ਸਾਹੀਂ ਸੰਦਲ ਘੋਲ਼ ਦਿਆ ਕਰ । ਤੇਰੇ ਨੈਣਾਂ ਦੇ ਵਿੱਚ ਕਿੰਨੇ, ਚੰਨ ਸਿਤਾਰੇ ਡੁੱਬ ਕੇ ਮੋਏ, ਚਾਨਣ ਦੇ ਵਣਜਾਰੇ ਨਾ ਤੂੰ, ਵਿੱਚ ਹਨ੍ਹੇਰੇ ਰੋਲ਼ ਦਿਆ ਕਰ ।
ਕੁੰਡੇ ਜੰਦਰੇ ਕਿਉਂ ਲਾਉਂਦੇ ਹੋ
ਕੁੰਡੇ ਜੰਦਰੇ ਕਿਉਂ ਲਾਉਂਦੇ ਹੋ, ਪੁੱਛਦੇ ਨੇ ਬੰਦ ਬੂਹੇ । ਇਸ ਘਰ ਅੰਦਰ ਕੋਈ ਨਾ ਰਹਿੰਦਾ ਨਾ ਬਿੱਲੀ ਨਾ ਚੂਹੇ । ਨਾ ਕੋਈ ਬੰਦਨਬਾਰ ਸਜਾਵੇ, ਚੋਵੇ ਤੇਲ ਸ਼ਗਨ ਦਾ, ਮੁੱਦਤ ਹੋਈ ਨਜ਼ਰ ਪਏ ਨਾ, ਸਿਰ ਤੇ ਸਾਲੂ ਸੂਹੇ । ਨਾ ਦਸਤਕ ਨਾ ਬਿੜਕ ਸੁਣੇ ਤੇ ਨਾ ਹੀ ਚਾਪ ਕਦਮ ਦੀ, ਸਹਿਕਦੀਆਂ ਨੇ ਕੰਧਾਂ, ਸਾਨੂੰ ਆ ਕੇ ਕੋਈ ਤਾਂ ਛੂਹੇ । ਗੋਡੇ ਗੋਡੇ ਘਾਹ ਚੜ੍ਹਿਆ, ਤੇ ਸੱਪ ਸਲੂਟੀ ਫਿਰਦੇ, ਸੁੰਨ ਸਰਾਂ, ਨਾ ਪੈੜ ਕਿਸੇ ਦੀ, ਮੇਰੇ ਮਨ ਦੀ ਜੂਹੇ । ਇਉਂ ਪਥਰਾਏ ਨੈਣੀਂ ਜੰਮਿਆ, ਸਰਦ ਜਿਹਾ ਇੱਕ ਹੌਕਾ, ਜਿਉਂ ਕੋਈ ਦਰਦ ਪੋਟਲੀ ਬੰਨ੍ਹ ਕੇ, ਧਰ ਗਿਆ ਮੇਰੀ ਰੂਹੇ । ਏਨਾ ਸੇਕ ਹਿਜਰ ਦਾ ਤੌਬਾ! ਸਹਿਣ ਸੁਖ਼ਾਲਾ ਨਹੀਂਉਂ, ਤਨ ਮਨ ਤਪੇ ਤੰਦੂਰ ਤੇ ਜੀਭਾ ਹੋ ਗਏ ਲਾਲ ਫ਼ਲੂਹੇ । ਭਰ ਭਰ ਟਿੰਡਾਂ ਜਿੱਥੋਂ ਮਾਲ੍ਹ ਲਿਆਉਂਦੀ ਸੀ ਬਈ ਪਾਣੀ, ਵੇਖੋ ਸਾਡੇ ਵੇਖਦਿਆਂ ਹੁਣ, ਖ਼ਾਲੀ ਹੋ ਗਏ ਖੂਹੇ ।
ਫਿਰ ਰਿਹਾ ਇਹ ਕੌਣ
ਫਿਰ ਰਿਹਾ ਇਹ ਕੌਣ, ਤਲੀਆਂ ਤੇ ਟਿਕਾ, ਅੰਗਿਆਰ ਨੂੰ । ਇੱਕ ਪਲ ਵੀ ਨਾ ਉਤਾਰੇ, ਦਿਲ ਦੇ ਉਤਲੇ ਭਾਰ ਨੂੰ । ਮੈਂ ਮੁਹੱਬਤ ਨੂੰ ਹਮੇਸ਼ਾਂ, ਮਾਣਿਐਂ ਕੁਝ ਇਸ ਤਰ੍ਹਾਂ, ਤਰਬ ਛੱਡੇ, ਸੁਰ ਸਾਰੰਗੀ, ਵੇਖਦੀ ਜਿਉਂ ਤਾਰ ਨੂੰ । ਸੁਪਨਿਆਂ ਦੀ ਛਾਲ ਪਰਖਣ ਵਾਲਿਆ, ਇਹ ਸੋਚ ਲੈ, ਧਰਤ ਸੌੜੀ ਹੈ ਹਮੇਸ਼ਾਂ, ਪੰਛੀਆਂ ਦੀ ਡਾਰ ਨੂੰ । ਵਕਤ ਦੇ ਘੋੜੇ ਸਵਾਰੀ ਕਰਨ ਵਾਲਾ ਸ਼ੌਕ ਹੈ, ਨੀਂਦਰਾਂ ਨਹੀਂ ਆਉਂਦੀਆਂ, ਮੈਂ ਪੂਰਨੈਂ ਇਕਰਾਰ ਨੂੰ । ਲਗਨ ਹੈ ਤਾਂ ਅਗਨ ਹੈ, ਮਗਰੋਂ ਤਾਂ ਸਾਰੀ ਰਾਖ਼ ਹੈ, ਐ ਹਵਾ! ਤੂੰ ਦੱਸ ਦੇਵੀਂ, ਜਾ ਕੇ ਮੇਰੇ ਯਾਰ ਨੂੰ । ਮਹਿਕ ਵਾਂਗੂੰ ਆ ਮਿਲੀਂ, ਰੰਗਾਂ ਦੇ ਮੇਲੇ ਵਿੱਚ ਤੂੰ, ਸੁਣ ਲਵੀਂ ਆਪੇ ਤੂੰ ਮੇਰੀ, ਸਰਗਮੀ ਗੁਫ਼ਤਾਰ ਨੂੰ । ਤੇਰੀ ਮੇਰੀ ਇੱਕ ਧਰਤੀ, ਇੱਕ ਹੀ ਆਕਾਸ਼ ਹੈ, ਕਿਰਚ ਨੇ ਆਹ ਲੀਕ ਵਾਹੀ, ਕਿਉਂ ਦਿਲਾਂ ਵਿਚਕਾਰ ਨੂੰ ।
ਮਹਿਕ ਰਹੀ ਮੁਸਕਾਨ ਪਿਆਰੀ
ਮਹਿਕ ਰਹੀ ਮੁਸਕਾਨ ਪਿਆਰੀ, ਹਾਏ ਤੌਬਾ । ਦੇ ਦੇ ਇੱਕ ਅੱਧ ਚਿਣਗ ਉਧਾਰੀ, ਹਾਏ ਤੌਬਾ । ਸ਼ਾਮ ਪਈ ਤੇ ਖ਼ੁਰ ਜਾਣੇ ਪਰਛਾਵੇਂ ਨੇ, ਫਿਰ ਨਹੀਂ ਲੱਭਣੀ ਸੂਰਤ ਪਿਆਰੀ, ਹਾਏ ਤੌਬਾ । ਤਾਰੇ ਬੜੇ ਪਿਆਰੇ ਪਰ ਇਹ ਅੰਬਰੀਂ ਨੇ, 'ਨੇਰ੍ਹ ਦੀ ਬੁੱਕਲ ਧਰਤੀ ਮਾਰੀ, ਹਾਏ ਤੌਬਾ । ਨੈਣ ਕਟੋਰੇ ਹਿਰਨੋਟੇ ਦੀ ਰੀਸ ਕਰਨ, ਡੰਗਦੀ ਪਈ ਸੁਰਮੇ ਦੀ ਧਾਰੀ, ਹਾਏ ਤੌਬਾ । ਅਰਥ ਵਿਚਾਰੇ ਪਿੱਛੇ ਰਹਿ ਗਏ ਸ਼ਬਦਾਂ ਤੋਂ, ਦਿਲ ਤੈਥੋਂ ਜਾਵੇ ਬਲਿਹਾਰੀ, ਹਾਏ ਤੋਬਾ । ਸੁਪਨੇ ਵਿੱਚ ਤੂੰ ਆਈਂ ਜਾਂ ਨਾ ਆਈਂ ਪਰ, ਬੰਦ ਕਰੀਂ ਨਾ ਦਿਲ ਦੀ ਬਾਰੀ, ਹਾਏ ਤੌਬਾ । ਜਿਸ ਵਿੱਚ ਤੇਰੀ ਮੇਰੀ ਰੂਹ ਦਾ ਰੇਸ਼ਮ ਸੀ, ਕਿੱਧਰ ਗਈ ਹੁਣ ਉਹ ਫੁਲਕਾਰੀ, ਹਾਏ ਤੌਬਾ ।
ਕਤਰਾ ਕਤਰਾ ਤੁਪਕਾ ਤੁਪਕਾ
ਕਤਰਾ ਕਤਰਾ ਤੁਪਕਾ ਤੁਪਕਾ, ਦਿਲ ਜੇ ਦਰਦ ਸਮੁੰਦਰ ਭਰਿਆ । ਅਗਨੀ ਦਾ ਇਹ ਸਾਗਰ ਦੱਸੋ, ਹਿੰਮਤ ਬਾਝੋਂ ਕਿਸ ਨੇ ਤਰਿਆ । ਬੇਹਿੰਮਤੇ ਨੂੰ ਮਾਂ ਧਰਤੀ ਵੀ, ਚੋਗ ਚੁਗਾਉਣੋਂ ਟਲ਼ ਜਾਂਦੀ ਹੈ, ਜਿਉਂ ਪਰ-ਹੀਣ ਪਰਿੰਦਾ, ਕੋਈ ਬਿਨਾਂ ਉਡਾਰੀ ਫਿਰਦਾ ਮਰਿਆ । ਕੱਚੀਆਂ ਪਿੱਲੀਆਂ ਇੱਟਾਂ ਦਾ ਮੈਂ, ਗਾਹਕ ਨਹੀਂ ਜੀ, ਸੁਣ ਲਓ ਸਾਰੇ, ਨਾਨਕ ਸ਼ਾਹੀ ਪੱਕੀਆਂ ਇੱਟਾਂ, ਸਿਦਕ ਸਲਾਮਤ ਮੇਰਾ ਕਰਿਆ । ਧਰਤੀ ਮਾਤਾ, ਬਾਬਲ ਅੰਬਰ, ਖੇਡ ਖਿਡਾਵੀ ਸਗਲ ਸ੍ਰਿਸ਼ਟੀ, ਤਾਂਹੀਓਂ ਰੂਹ ਦਾ ਚੰਬਾ ਖਿੜਿਆ, ਨਾਲੇ ਮਨ ਦਾ ਵਿਹੜਾ ਭਰਿਆ । ਤੇਰੀ ਨਜ਼ਰ ਸਵੱਲੀ ਮਗਰੋਂ, ਰੂਪ ਮੇਰਾ ਨਵਿਆਇਆ ਏਦਾਂ, ਸੁੱਕੇ ਬਿਰਖ਼ ਫੁਟਾਰਾ ਜੀਕੂੰ, ਜੰਗਲ ਦਾ ਹਰ ਬੂਟਾ ਹਰਿਆ । ਵਕਤ ਦੇ ਅੱਥਰੇ ਘੋੜੇ ਉੱਪਰ, ਮਾਰ ਪਲਾਕੀ ਚੜ੍ਹਿਆ ਹਾਂ ਮੈਂ, ਤੇਰੇ ਦਮ ਤੇ ਉੱਡਿਆ ਫਿਰਦਾਂ, ਪਹਿਲਾਂ ਸਾਂ ਮੈਂ ਡਰਿਆ ਡਰਿਆ । ਕੌਣ ਕਿਸੇ ਦੀ ਖ਼ਾਤਰ ਮਰਦੈ, ਸੂਰਮਿਆਂ, ਜਾਂਬਾਜ਼ਾਂ ਤੋਂ ਬਿਨ, ਸੀਸ ਤਲੀ ਤੇ,ਪੈਰ ਧਾਰ ਤੇ, ਨਿਸ਼ਚੇ ਬਾਝੋਂ ਕਿਸ ਨੇ ਧਰਿਆ ।
ਸ਼ਹਿਨਸ਼ਾਹੀ ਕੁਫ਼ਰ
ਸ਼ਹਿਨਸ਼ਾਹੀ ਕੁਫ਼ਰ ਜਦ ਵੀ ਬੋਲਦਾ ਹੈ । ਤਖ਼ਤ ਦਾ ਪਾਵਾ ਉਦੋਂ ਹੀ ਡੋਲਦਾ ਹੈ । ਭਰਮ ਹੈ ਤੈਨੂੰ ਕਿ ਪੈਸਾ ਪੀਰ ਸਭ ਦਾ, ਕੂੜ ਵੇਖੋ, ਤੱਕੜੀ ਕਿੰਜ ਤੋਲਦਾ ਹੈ । ਮੇਲ ਦੇਵੇ ਧਰਤ ਨੂੰ ਆਕਾਸ਼ ਤੀਕਰ, ਜਲ ਬਿਨਾ ਗੜਵੀ 'ਚ ਮਿਸ਼ਰੀ ਘੋਲ਼ਦਾ ਹੈ । ਜਿਹੜਿਆਂ ਪੈਰਾਂ ਦੇ ਹੇਠਾਂ ਧਰਤ ਹੀ ਨਾ, ਇਹ ਮੁਸਾਫ਼ਿਰ ਓਸ ਬਸਤੀ ਕੋਲ ਦਾ ਹੈ । ਜਾਲ਼ ਉੱਤੇ ਚੋਗ ਚੁਗਦਾ ਵੇਖਿਆ ਮੈਂ, ਪਰ ਪਰਿੰਦਾ ਉੜਨ ਖ਼ਾਤਰ ਤੋਲਦਾ ਹੈ । ਇੱਕ ਦਿਨ ਸੁਣਿਆ ਮੈਂ ਝੁੱਗੀ ਵਾਲਿਆਂ ਤੋਂ, ਕੌਣ ਸਾਨੂੰ ਥਾਂ ਕੁ ਥਾਂ 'ਤੇ ਰੋਲ਼ਦਾ ਹੈ । ਰਹਿਣ ਦੇ ਤੂੰ ਫ਼ੋਕੀਆਂ ਹਮਦਰਦੀਆਂ ਨੂੰ, ਫਿਰ ਕਹੇਂਗਾ, ਮੇਰੇ ਪਰਦੇ ਫ਼ੋਲਦਾ ਹੈ ।
ਖ਼ਬਰ ਹੀ ਨਹੀਂ
ਖ਼ਬਰ ਹੀ ਨਹੀਂ, ਮੈਂ ਭਲਾ ਕੀ ਕਰ ਰਿਹਾ ਸਾਂ । ਰੇਤ ਛਲ ਦੇ ਪਾਣੀਆਂ ਵਿੱਚ, ਤਰ ਰਿਹਾ ਸਾਂ । ਨੈਣ ਤੇਰੇ ਗ਼ਜ਼ਲ ਸੋਹਣੀ, ਕਹਿ ਰਹੇ ਸਨ, ਬਿਨ ਬੁਲਾਏ, ਮੈਂ ਹੁੰਗਾਰਾ ਭਰ ਰਿਹਾ ਸਾਂ । ਤੂੰ ਕਿਹਾ, ਕੁਝ ਵੀ ਨਹੀਂ, ਚੱਲ ਫੇਰ ਕੀ ਏ, ਮੈਂ ਤਾਂ ਆਪਣੇ ਨਾਲ ਗੱਲਾਂ, ਕਰ ਰਿਹਾ ਸਾਂ । ਜਾਗਿਆ ਪਰਭਾਤ ਤੀਕਰ, ਰਾਤ ਭਰ ਮੈਂ, ਦਿਨ ਦੇ ਚਿੱਟੇ ਚਾਨਣੋਂ ਮੈਂ ਡਰ ਰਿਹਾ ਸਾਂ । ਮਨ ਰਿਹਾ ਭਟਕਣ 'ਚ ਗਾਹੁੰਦਾ ਨੀਲ ਅੰਬਰ, ਕੌਣ ਕਹਿੰਦੈ ਰਾਤ ਨੂੰ ਮੈਂ, ਘਰ ਰਿਹਾ ਸਾਂ । ਮਹਿਕ ਤੇਰੀ ਮਗਰ, ਕਾਫ਼ੀ ਤੇਜ਼ ਤੁਰਿਆ, ਸ਼ਾਇਦ, ਸੂਰਜ ਵਾਂਗ ਧਰਤੀ ਵਰ ਰਿਹਾ ਸਾਂ । ਜਨਮ ਦਿਨ ਲੰਘੇ ਤੇ ਮਗਰੋਂ ਯਾਦ ਆਇਆ, ਦਿਵਸ, ਰਾਤਾਂ, ਹਰ ਘੜੀ ਹੀ ਮਰ ਰਿਹਾ ਸਾਂ । ਦਸਤਕਾਂ ਤਾਂ ਦਿੱਤੀਆਂ, ਸੁਣੀਆਂ ਨਾ ਤੂੰ ਹੀ, ਮੈਂ ਤਾਂ ਧੜਕਣ ਵਾਂਗ, ਦਿਲ ਦੇ ਦਰ ਰਿਹਾ ਸਾਂ ।
ਚੱਲ ਨੀ ਭੈਣੇ ਆਪਾਂ ਰਲ਼ ਕੇ
ਚੱਲ ਨੀ ਭੈਣੇ ਆਪਾਂ ਰਲ਼ ਕੇ, ਵੀਰਾਂ ਦੇ ਸੰਗ ਕਦਮ ਵਧਾਈਏ । ਘਰ ਦੀ ਚਾਰ ਦੀਵਾਰੀ ਅੰਦਰ, ਘਿਰ ਕੇ ਨਾ ਪਿੱਛੇ ਰਹਿ ਜਾਈਏ । ਧਰਤੀ ਤੋਂ ਲੈ ਚੰਦਰਮਾ ਤੱਕ, ਕਿਹੜੀ ਥਾਂ ਜੋ ਸਾਥੋਂ ਓਹਲੇ, ਹਰ ਵਰਕੇ ਤੇ ਲੀਕਾਂ ਵਾਹੀਏ, ਹਰ ਖੇਤਰ ਵਿੱਚ ਸੇਵ ਕਮਾਈਏ । ਧਰਤੀ ਵਾਂਗੂੰ ਧੀ ਵੀ ਧਨ ਹੈ, ਬਾਬਲ ਧਰਮੀ ਨੂੰ ਇਹ ਦੱਸੀਏ, ਦਾਦੀ ਨਾਨੀ ਮਾਂ ਮਮਤਾ ਨੂੰ, ਅਣਪੜ੍ਹਿਆ ਜੋ ਸਬਕ ਪੜ੍ਹਾਈਏ । ਨਾ ਅਰਧਾਂਗਣ ਨਾ ਹਾਂ ਅਬਲਾ, ਪੂਰੀ ਹਸਤੀ ਲੈ ਕੇ ਜੰਮੀ, ਆਪੇ ਜੱਗ ਇਹ ਸਮਝ ਲਵੇਗਾ, ਪਹਿਲਾਂ ਤਾਂ ਖ਼ੁਦ ਨੂੰ ਸਮਝਾਈਏ । ਗੀਤ ਗ਼ਜ਼ਲ ਕਵਿਤਾਵਾਂ ਜਹੀਆਂ, ਧੀਆਂ ਇਸ ਤੋਂ ਹੋਰ ਅਗੇਰੇ, ਜ਼ਿੰਦਗੀ ਦੇ ਮੈਦਾਨ 'ਚ ਵੀ ਹੁਣ, ਰਣ ਚੰਡੀ ਦਾ ਰੂਪ ਵਿਖਾਈਏ । ਜ਼ਿੰਦਗੀ ਦੀ ਸ਼ਤਰੰਜ ਦੇ ਮੋਹਰੇ, ਆਪਾਂ ਦੋਹਾਂ ਨੇ ਨਹੀਂ ਬਣਨਾ, ਸੱਜੇ ਖੱਬੇ ਹੱਥ ਦੇ ਵਾਂਗੂੰ, ਇੱਕ ਦੂਜੇ ਦਾ ਸਾਥ ਨਿਭਾਈਏ । ਸਦੀਆਂ ਸਿਦਕ, ਸਲੀਕਾ, ਸੇਵਾ, ਸ਼ੁਭ ਕਰਮਨ ਦਾ ਬੀਜ ਸਾਂਭਿਆ, ਆ ਜਾ ਅਪਣੇ ਹੱਥੀਂ ਆਪੇ, ਵਿੱਚ ਸਿਆੜਾਂ ਇਹ ਸਭ ਲਾਈਏ ।
ਕਿਉਂ ਹੋਲੀ ਦਾ ਭਰਮ ਪਾਲਦੈਂ
ਕਿਉਂ ਹੋਲੀ ਦਾ ਭਰਮ ਪਾਲਦੈਂ, ਇਹ ਰੰਗ ਕੱਚੇ ਲਹਿ ਜਾਣੇ ਨੇ । ਦਰਦ ਪਰੁੱਚੇ ਜ਼ਖ਼ਮੀ ਸੁਪਨੇ, ਇਹ ਹੀ ਰੂਹ ਤੇ ਰਹਿ ਜਾਣੇ ਨੇ । ਚੜ੍ਹਿਆ ਸੂਰਜ ਲਿਸ਼-ਲਿਸ਼ਕੰਦੜਾ, ਚਮਕ ਰਿਹੈ ਪਰ ਇਹ ਨਾ ਭੁੱਲੀਂ, ਤਾਜ ਤਖ਼ਤ ਤੇ ਮਹਿਲ ਮੁਨਾਰੇ, ਸ਼ਾਮ ਢਲੀ ਤੇ ਢਹਿ ਜਾਣੇ ਨੇ । ਸਿਖ਼ਰ ਪਹਾੜੀ ਚੋਟੀ ਉੱਤੇ, ਹੌਕਿਆਂ ਦੇ ਬਰਫ਼ਾਨੀ ਤੋਦੇ, ਪਿਘਲਣਗੇ, ਤੂੰ ਵੇਖੀਂ ਇੱਕ ਦਿਨ, ਅੱਥਰੂ ਬਣ ਕੇ ਵਹਿ ਜਾਣੇ ਨੇ । ਮੈਂ ਦੋਚਿੱਤੀਆਂ ਨਸਲਾਂ ਕੋਲੋਂ ਏਹੀ ਸਬਕ ਸਮਝਿਐ, ਤਾਂਹੀਂਉਂ, ਬੋਲ ਮੈਂ ਜਿਹੜੇ ਸੋਚ ਲਏ ਉਹ, ਜਾਂਦੇ ਜਾਂਦੇ ਕਹਿ ਜਾਣੇ ਨੇ । ਆ ਹੁਣ ਤੁਰੀਏ, ਬਹਿ ਨਾ ਝੁਰੀਏ, ਹਰ ਦਿਨ ਸਬਕ ਪੜ੍ਹਾਵੇ, ਪੜ੍ਹ ਲੈ, ਜੇ ਨਾ ਤੁਰਿਉਂ, ਤੇਰੇ ਸੁਪਨੇ, ਅੱਧ ਵਿਚਕਾਰ ਹੀ ਰਹਿ ਜਾਣੇ ਨੇ । ਕਿੰਜ ਤੇਰਾ ਧੰਨਵਾਦ ਕਰਾਂ ਮੈਂ, ਦਰਦ ਸਮੁੰਦਰ ਦੇਣ ਵਾਲਿਆ, ਬਾਕੀ ਜ਼ਖ਼ਮ ਕਸੀਸਾਂ ਵੱਟ ਮੈਂ, ਏਸ ਤਰ੍ਹਾਂ ਹੀ ਸਹਿ ਜਾਣੇ ਨੇ । ਲਾਵੇ ਵਾਂਗੂੰ ਉੱਬਲਣ ਵਾਲੇ, ਥੋੜ ਚਿਰੀ ਹਸਤੀ ਦੇ ਮਾਲਕ, ਛੁਰਲੀ ਵਾਂਗ ਹਵਾ ਵਿੱਚ ਉੱਡਦੇ, ਰਾਖ਼ ਦੇ ਵਾਂਗੂੰ ਬਹਿ ਜਾਣੇ ਨੇ ।
ਮੈਂ ਸਤਰੰਗੀ ਪੀਂਘ ਚੜ੍ਹਾਈ
ਮੈਂ ਸਤਰੰਗੀ ਪੀਂਘ ਚੜ੍ਹਾਈ, ਅੰਬਰ ਤੀਕ ਹੁਲਾਰੇ ਮਿਲ ਗਏ । ਰਾਤ ਦੀ ਬੁੱਕਲ ਵਿੱਚੋਂ ਤਾਂਹੀਂਓਂ, ਕੁਝ ਜੁਗਨੂੰ ਕੁਝ ਤਾਰੇ ਮਿਲ ਗਏ । ਭਟਕਣ ਦਾ ਵੀ ਰੂਪ ਬਦਲਿਆ, ਖ਼ੁਸ਼ਬੂ ਦਾ ਜਦ ਸਾਥ ਮਿਲ ਗਿਆ, ਤੂੰ ਮੈਂ ਮਨ ਦੀ ਧਰਤ ਫ਼ਰੋਲੀ, ਵਿੱਚੋਂ ਯਾਰ ਪਿਆਰੇ ਮਿਲ ਗਏ । ਹਾਉਕੇ ਹਾਵੇ ਤੇ ਉਦਰੇਵੇਂ, ਗੁੰਮ ਗੁਆਚ ਗਏ ਸਨ ਸਾਰੇ, ਤੇਰੀ ਤਲਬ ਬਣੀ ਸਿਰਨਾਵਾਂ, ਉਹ ਸਾਰੇ ਦੇ ਸਾਰੇ ਮਿਲ ਗਏ । ਦਿਲ ਦਾ ਸੌਦਾ ਨਕਦ ਮੁ ਨਕਦੀ ਸੁਣਿਆ ਤਾਂ ਸੀ, ਕੀਤਾ ਨਾ ਸੀ, ਬੇਸਮਝੀ ਵਿੱਚ ਕਰ ਬੈਠੇ ਤਾਂ ਕਿੰਨੇ ਦਰਦ ਉਧਾਰੇ ਮਿਲ ਗਏ । ਗ਼ਮ ਦੇ ਬੱਦਲ ਉੱਡਦੇ ਫਿਰਦੇ, ਖ਼ਬਰ ਨਹੀਂ ਸੀ ਕਿੱਥੇ ਵੱਸਦੇ, ਰੂਹ ਤੇ ਕਿਣਮਿਣ ਐਸੀ ਬਰਸੀ, ਸਰਬ ਸਮੁੰਦਰ ਖ਼ਾਰੇ ਮਿਲ ਗਏ । ਦਿਨ ਮੁੱਕਿਆ, ਪਛਤਾਵਾ ਸੀ ਕਿ, ਸੂਰਜ ਚੱਲਿਐ, 'ਨ੍ਹੇਰ ਪਸਰਿਆ, ਕਾਲ਼ੀ ਚਾਦਰ ਜਦੋਂ ਫ਼ਰੋਲੀ, ਵਿਚੋਂ ਚੰਨ ਸਿਤਾਰੇ ਮਿਲ ਗਏ । ਬੁੱਲ ਫ਼ਰਕਦੇ ਵੇਖੇ ਤੇਰੇ, ਕਹਿਣਾ ਕੀ ਸੀ ਜਾਣ ਲਿਆ ਹੈ, ਦਿਲ ਮੇਰੇ ਨੇ ਭਰੀ ਗਵਾਹੀ, ਜਦ ਨਿਰਸ਼ਬਦ ਹੁੰਗਾਰੇ ਮਿਲ ਗਏ ।
ਮਨ ਮਸਤਕ ਵਿੱਚ ਪਹਿਲਾਂ ਆਪੇ
ਮਨ ਮਸਤਕ ਵਿੱਚ ਪਹਿਲਾਂ ਆਪੇ ਜੰਗਲ ਦਾ ਵਿਸਥਾਰ ਕਰਨਗੇ । ਜਗਦੇ ਦੀਪ ਬੁਝਾ ਕੇ ਡਾਕੂ, ਵਿੱਚ ਹਨ੍ਹੇਰੇ ਮਾਰ ਕਰਨਗੇ । ਬਚ ਜਾਹ ਓ ਤੂੰ ਭੋਲੇ ਪੰਛੀ, ਇਨ੍ਹਾਂ ਵਾਲੀ ਚੋਗ ਚੁਗੀਂ ਨਾ, ਬਿਰਖ਼ ਚੀਰ ਕੇ ਇਹ ਵਣਜਾਰੇ ਛਾਵਾਂ ਤੁਰਤ ਲੰਗਾਰ ਕਰਨਗੇ । ਤੇਰੇ ਹੱਥ ਹਥਿਆਰ ਦੇਣਗੇ, ਵੰਨ ਸੁਵੰਨੇ ਭਰਮ ਭੁਲੇਖੇ, ਹੌਲੀ ਹੌਲੀ ਤੈਨੂੰ ਏਦਾਂ ਵੇਖ ਲਵੀਂ ਮਿਸਮਾਰ ਕਰਨਗੇ । ਤੇਰੀ ਥਾਲੀ ਵਿੱਚੋਂ ਰੋਟੀ, ਚੁੱਕ ਲੈਣੀ ਏਂ ਉੱਡਣੇ ਕਾਵਾਂ, ਤੇਜ਼ ਤਰਾਰੀ, ਮੌਤ ਸਵਾਰੀ, ਸ਼ਾਤਰ ਬਹੁਤ ਖ਼ੁਆਰ ਕਰਨਗੇ । ਨਾ ਬਣ ਸਿਰਫ਼ ਮਸ਼ੀਨੀ ਪੁਰਜ਼ਾ, ਤੇਰੀ ਹਸਤੀ ਕਿਤੇ ਵਡੇਰੀ, ਪੌਣ ਸਵਾਰ ਕਰਨਗੇ ਤੈਨੂੰ, ਮਗਰੋਂ ਸਿਰ ਦੇ ਭਾਰ ਕਰਨਗੇ । ਨੇਤਾ ਜਹੇ ਅਭਿਨੇਤਾ ਤੈਨੂੰ, ਕਹਿ ਖਲਨਾਇਕ ਰੋਲ ਦੇਣਗੇ, ਛੱਜ ਚ ਪਾ ਕੇ ਛੱਟਣ ਵਾਲਾ ਬਾਕੀ ਕੰਮ ਅਖ਼ਬਾਰ ਕਰਨਗੇ । ਕੀ ਹੋਇਆ ਤੇ ਕੀਕੂੰ ਹੋਇਆ, ਮੀਸਣਿਆਂ ਦੇ ਟੋਲੇ ਆ ਕੇ, ਤੇਰੀ ਲੋਥ ਸਰ੍ਹਾਣੇ ਬਹਿ ਕੇ ਡੂੰਘੀ ਸੋਚ ਵਿਚਾਰ ਕਰਨਗੇ । ਹਮਦਰਦੀ ਦਾ ਪਾਠ ਪੜ੍ਹਦਿਆਂ, ਮਗਰੋਂ ਇਹ ਸਭ ਭੋਗ ਪਾਉਣਗੇ, ਆਪਣਾ ਪੱਲਾ ਝਾੜਨ ਮਗਰੋਂ ਡਾਢਾ ਅੱਤਿਆਚਾਰ ਕਰਨਗੇ । ਬੜਾ ਰੋਕਿਆ ਮੁੜਿਆ ਹੀ ਨਾ, ਯਾਰੋ ਸਾਥੋਂ ਹੜ੍ਹ ਦਾ ਪਾਣੀ, ਹੋਈਆਂ ਤੇ ਅਣਹੋਈਆਂ ਬਾਤਾਂ ਮੇਰੇ ਬਾਰੇ ਯਾਰ ਕਰਨਗੇ ।
ਮਾਂ ਜਾਏ ਵੀ ਆਪਣੀ ਥਾਂ ਨੇ
ਮਾਂ ਜਾਏ ਵੀ ਆਪਣੀ ਥਾਂ ਨੇ, ਰਿਸ਼ਤਾ ਤਾਂ ਵਿਸ਼ਵਾਸ ਦਾ ਨਾਂ ਹੈ । ਜੋ ਕੁਝ ਆਖ ਬੁਲਾਈਏ ਤੂੰ ਮੈਂ, ਇਹ ਤਾਂ, ਸਿਰਫ਼ ਲਿਬਾਸ ਦਾ ਨਾਂ ਹੈ । ਸੱਤ ਸਮੁੰਦਰ ਕਿੰਨੀਆਂ ਝੀਲਾਂ, ਤਰੀਆਂ ਤੇਰੇ ਨੈਣਾਂ ਅੰਦਰ, ਧਰਤ ਆਕਾਸ਼ ਮਿਲੂ ਇੱਕ ਦਿਨ ਤਾਂ, ਇਹ ਹੀ ਮੇਰੀ ਆਸ ਦਾ ਨਾਂ ਹੈ । ਚੰਨ ਦਾ ਟੁਕੜਾ ਕੈਦ ਚ ਘਿਰਿਆ ਕਾਲ਼ੀ ਰਾਤ ਚੁਫ਼ੇਰੇ ਪਸਰੀ, ਪੂਰਨਮਾਸ਼ੀ ਦਾ ਚੰਨ ਪੂਰਾ, ਮੇਰੇ ਲਈ ਧਰਵਾਸ ਦਾ ਨਾਂ ਹੈ । ਇੱਕੋ ਹੌਕਾ ਭਰਿਆ ਸੀ ਤੂੰ, ਤੱਕਿਆ ਨਹੀਂ, ਮਹਿਸੂਸ ਕਰ ਲਿਆ, ਬਿਨ ਮਿਲਿਆਂ, ਬਿਨ ਬੋਲਣ ਤੋਂ ਹੀ, ਕੀਤੇ ਬਚਨ-ਬਿਲਾਸ ਦਾ ਨਾਂ ਹੈ । ਆਸ ਕਦੇ ਵੀ ਮਰਦੀ ਨਹੀਂਉਂ, ਬੂਰ ਜਿਉਂ ਚੰਦਨ ਦੇ ਰੁੱਖ ਦਾ, ਕੁਝ ਲੋਕਾਂ ਲਈ ਦਿਲ ਦੀ ਧੜਕਣ ਜੀਣਾ ਸਿਰਫ਼ ਸਵਾਸ ਦਾ ਨਾਂ ਹੈ । ਹੁਣੇ ਮੈਂ ਤੈਥੋਂ ਦੂਰ ਗਿਆ ਸਾਂ, ਅੱਖ ਪਲਕਾਰੇ ਮੁੜ ਆਇਆ ਹਾਂ, ਕਰਾਮਾਤ ਨਾ ਦੈਵੀ ਸ਼ਕਤੀ, ਇਹ ਮੇਰੇ ਅਭਿਆਸ ਦਾ ਨਾਂ ਹੈ । ਤੇਰੀ ਰੂਹ ਦੇ ਅੰਦਰ ਛਪਿਆ, ਪੜ੍ਹਿਆ ਹੈ ਮੈਂ ਅੱਖਰ ਅੱਖਰ, ਨਿਹੁੰ ਮਾਰੇ ਨੈਣਾਂ ਨੇ ਲਿਖਿਆ, ਮੁੜ ਮੁੜ ਕਿਸੇ ਉਦਾਸ ਦਾ ਨਾਂ ਹੈ । ਸੂਰਜ ਦੀ ਲਾਲੀ ਵਿੱਚ ਘੁਲ਼ਿਆ ਸੁਰਖ਼ ਸੰਧੂਰੀ ਚਿਹਰਾ ਤੇਰਾ, ਮੇਰੇ ਲਈ ਤਾਂ ਸੂਰਜ ਤਾਂਹੀਓਂ ਬਿਲਕੁਲ ਖਾਸਮ ਖ਼ਾਸ ਦਾ ਨਾਂ ਹੈ । ਅੰਬਰੀਂ ਆਹ ਸਤਰੰਗੀ ਜਿਹੜੀ, ਜਿਸ ਨੂੰ ਪੀਂਘ ਲਿਖਾਰੀ ਕਹਿੰਦੇ, ਅੰਬਰ ਦੇ ਵਰਕੇ ਤੇ ਲਿਖਿਆ ਰੱਬ ਨੇ ਤੇਰੇ ਦਾਸ ਦਾ ਨਾਂ ਹੈ ।
ਹੋਸ਼ ਦੇ ਨਾਲੋਂ ਮਸਤੀ ਚੰਗੀ
ਹੋਸ਼ ਦੇ ਨਾਲੋਂ ਮਸਤੀ ਚੰਗੀ, ਪਰ ਨਹੀਂ ਚੰਗੀ ਬੇਪਰਵਾਹੀ । ਸਾਵਧਾਨ ਹੋ! ਖ਼ੂਨ 'ਚ ਤੇਰੇ ਰਚ ਨਾ ਜਾਵੇ ਕੂੜ ਸਿਆਹੀ । ਤੁਰ ਪਓ, ਤੁਰ ਪਓ, ਸੁਸਤੀ ਮਾਰਿਆ, ਬੈਠਾ ਪਿੱਛੇ ਰਹਿ ਜਾਵੇਂਗਾ, ਵਕਤ ਕਦੇ ਵੀ ਖ਼ੁਦ ਨਹੀਂ ਦੱਸਦਾ ਕਿਸ ਮੰਜ਼ਿਲ ਵੱਲ ਜਾਵੇ ਰਾਹੀ । ਸਾਲ ਬਦਲਿਆ, ਸਿਰਫ਼ ਕਲੰਡਰ, ਪਰ ਨਾ ਬਦਲੇ ਰੱਸੇ ਪੈੜੇ, ਬਿਨ ਮਕਸਦ ਤੋਂ ਭੱਜਦੀ ਖ਼ਲਕਤ, ਓਵੇਂ ਫਿਰਦੀ ਸਾਹੋ ਸਾਹੀ । ਟਾਂਗੇ ਵਾਲੇ ਘੋੜੇ ਵਾਂਗੂੰ ਆਲ਼ ਦੁਆਲੇ ਕੱਖ ਨਾ ਵੇਖੇ, ਆਪਣੀ ਟਾਪ ਨੂੰ ਆਪੇ ਸੁਣਦਾ, ਭੱਜਿਆ ਫਿਰਦਾ ਵਾਹੋ ਦਾਹੀ । ਦੁਨੀਆਂ ਭਰ ਦੇ ਚਤੁਰ ਚਲਾਕੋ, ਬੰਦ ਕਰੋ ਹੁਣ ਇਹ ਅੱਥਰੂਬਾਜ਼ੀ, ਸਰਹੱਦਾਂ ਦੇ ਰਾਖੇ ਸਾਡੇ, ਪੁੱਤਰ ਕੀਤੇ ਕਾਨੇ ਕਾਹੀ । ਘੋੜ ਸਵਾਰ ਹਕੂਮਤ ਕਰਦੇ, ਵਾਰੋ ਵਾਰੀ ਵਕਤ ਸਵਾਰੀ, ਓਹੀ ਰੰਬੀ ਓਹੀ ਪੱਲੀ, ਘਾਹੀਆਂ ਦੇ ਪੁੱਤ ਅੱਜ ਵੀ ਘਾਹੀ । ਵਾਰਿਸ ਮੀਆਂ ਹੀਰ ਵਿਚਾਰੀ ਕਿਸ ਅੱਗੇ ਫ਼ਰਿਆਦ ਕਰੇ ਹੁਣ, ਕੈਦੋ ਨਾਲ ਰਲ਼ ਗਿਆ ਹੁਣ ਤਾਂ, ਕੁਰਸੀ ਬਦਲੇ ਰਾਂਝਣ ਮਾਹੀ ।
ਜਗ ਰਿਹਾ ਸੂਰਜ ਦਾ ਗੋਲਾ
ਜਗ ਰਿਹਾ ਸੂਰਜ ਦਾ ਗੋਲਾ ਧੁੰਦ ਵੀ ਡਾਢੀ ਘਣੀ ਹੈ । ਦਿਸ ਰਹੇ ਨਾ, ਰਾਹ ਗੁਆਚੇ, ਦਰਦ ਬਾਰਿਸ਼, ਕਿਣਮਿਣੀ ਹੈ । ਮਾਰੂਥਲ ਦੀ ਕਿਸਮਤੇ ਹੈ, ਤਪਣ ਲਿਖਿਆ, ਖਪਣ ਲਿਖਿਆ, ਤੜਫ਼ਦੀ ਹੈ ਰੇਤ ਕੱਕੀ, ਇੱਕ ਨਾ ਡਿੱਗੀ ਕਣੀ ਹੈ । ਰਾਤ ਦਿਨ ਬਿਜਲੀ ਲੰਘਾਵੇ, ਤਨ ਤੇ ਮਨ ਅੰਦਰ ਹੰਢਾਵੇ, ਤਾਰ ਦੀ ਹਿੰਮਤ ਤੋਂ ਸਦਕੇ, ਕਿਸ ਤਰ੍ਹਾਂ ਵੇਖੋ ਤਣੀ ਹੈ । ਪਾੜਦਾ ਪੱਥਰ ਦਾ ਸੀਨਾ, ਸ਼ੀਸ਼ਿਆਂ ਨੂੰ ਚੀਰ ਦੇਵੇਂ, ਹੀਰਿਆ! ਸ਼ਾਬਾਸ਼ ਤੇਰੇ, ਸਾਂਭ ਕੇ ਰੱਖੀ ਅਣੀ ਹੈ । ਵੇਲ-ਬੂਟੀ ਚਾਨਣੀ ਦੀ, ਕੀ ਕਰਾਂ ਇਹ ਬਿਨ ਤਿਰੇ ਮੈਂ, ਵੇਖ ਚਾਨਣ ਝਾਤ ਕਹਿੰਦਾ, ਰੌਸ਼ਨੀ ਬਿਰਖ਼ੋਂ ਛਣੀ ਹੈ । ਯਾਦ ਅੰਦਰ ਨੈਣ ਬਰਸਣ, ਮੋਰ ਮਨ ਦਾ ਹੰਝ ਕੇਰੇ, ਸਮਝਿਆ ਕਰ , ਮਹਿਰਮਾ ਤੂੰ, ਜਾਨ ਤੇ ਮੁਸ਼ਕਿਲ ਬਣੀ ਹੈ । ਧੁੰਦ ਨੂੰ ਤੂੰ ਚੀਰਿਆ ਤੇ ਪਾਟਿਆ ਅੰਧਿਆਰ ਕੰਬਲ, ਵੇਖਿਆ! ਕਿੱਦਾਂ ਛਿੜੀ ਜੀ, ਮਨ ਦੇ ਵਿਹੜੇ ਝੁਣਝੁਣੀ ਹੈ ।
ਸਰਦ ਸਿਆਲ ਤਰੇਲ਼ 'ਚ ਭਿੱਜੀਆਂ
ਸਰਦ ਸਿਆਲ ਤਰੇਲ਼ 'ਚ ਭਿੱਜੀਆਂ ਲਿਫ਼ ਲਿਫ਼ ਜਾਣ ਗੁਲਾਬੀ ਪੱਤੀਆਂ । ਹੋਰ ਘੜੀ ਤੱਕ ਸੂਰਜ ਚੜ੍ਹਿਆਂ ਟਹਿਕਣੀਆਂ ਇਹ ਮਾਣ 'ਚ ਮੱਤੀਆਂ । ਧਰਤ ਵਿਸ਼ਾਲ ਬਗੀਚਾ ਇਸ ਵਿੱਚ ,ਵੰਨ ਸੁਵੰਨੇ ਫੁੱਲ ਤੇ ਕੰਡੇ, ਬਿਨ ਥੰਮਾਂ ਤੋਂ ਗਗਨ ਖਲੋਤਾ, ਡਰਦੇ ਲੋਕਾਂ ਕੰਧਾਂ ਛੱਤੀਆਂ । ਚਾਰ ਚੁਫ਼ੇਰ ਹਨ੍ਹੇਰਾ ਤੇਰੇ, ਠੇਡੇ ਖਾ ਖਾ ਮਰ ਚੱਲਿਆ ਏਂ, ਵਿੱਚ ਦਵਾਖੀਂ ਦੀਵੇ ਧਰ ਦੇ, ਤੂੰ ਵੀ ਯਾਰ ਜਗਾ ਦੇ ਬੱਤੀਆਂ । ਸਫ਼ਰ ਅਜੇ ਵੀ ਲੰਮ ਸਲੰਮਾ, ਕੋਹ ਨਾ ਤੁਰੀ ਤਿਹਾਈ ਬਾਬਾ, ਜਿੰਦੜੀਏ ਕਿਓਂ ਬਹਿ ਚੱਲੀ ਏਂ, ਹਾਲੇ ਨਾ ਪੰਜ ਪੂਣੀਆਂ ਕੱਤੀਆਂ । ਧਰਤ ਪਰੇਤੀ ਸਾਇਆਂ ਮੱਲੀ, ਜਰ ਜਰਵਾਣੇ ਤਾਂਡਵ ਕਰਦੇ, ਸਰਮਾਏ ਦੇ ਜੰਗਲ ਫ਼ੈਲੇ, ਵਗਣ ਤਦੇ ਹੀ ਪੌਣਾਂ ਤੱਤੀਆਂ । ਸਮੇਂ ਸਮੇਂ ਦੀ ਬਾਤ ਪਿਆਰੇ, ਰੁਲਣ ਬਾਦਸ਼ਾਹ, ਬੇਗਮ, ਯੱਕੇ, ਫਿਰਨ ਸਿਕੰਦਰ ਵਾਂਗੂੰ ਜੇਤੂ, ਦੁੱਕੀਆਂ ਤਿੱਕੀਆਂ, ਪੰਜੀਆਂ ਸੱਤੀਆਂ । ਕੰਡਿਆਂ ਨੇ ਜ਼ਖ਼ਮਾਏ ਸੁਪਨੇ, ਫੁੱਲਾਂ ਨਾਲ ਕਲੋਲ ਕਰਦਿਆਂ, ਜ਼ਖ਼ਮੀ ਰੀਝਾਂ ਦੇ ਪੰਖੇਰੂ, ਅੱਡੀਆਂ ਤਲੀਆਂ ਸੂਹੀਆਂ ਰੱਤੀਆਂ ।
ਹੱਕ ਸੱਚ ਤੇ ਇਨਸਾਫ਼ ਦੀ ਖ਼ਾਤਰ
ਹੱਕ ਸੱਚ ਤੇ ਇਨਸਾਫ਼ ਦੀ ਖ਼ਾਤਰ ਜਿਸ ਵੇਲੇ ਇਨਸਾਨ ਬੋਲਦਾ । ਅੰਨ੍ਹੀ ਰੱਯਤ ਗਿਆਨ ਵਿਹੂਣੀ, ਕਹਿੰਦੀ ਹੈ ਭਗਵਾਨ ਬੋਲਦਾ । ਰੱਬੀ ਕਹਿਰ ਖ਼ੁਦਾਈ ਆਖਣ, ਭਾਣਾ ਕਹਿ ਕੇ ਬਹਿ ਜਾਂਦੇ ਨੇ, ਭਰਮੀ ਜਾਲ ਵਿਛਾ ਕੇ ਏਥੇ ਜਿਸ ਵੇਲੇ ਸ਼ੈਤਾਨ ਬੋਲਦਾ । ਦੀਨ ਦਰਦ ਦੁੱਖ ਭੰਜਨ ਵੇਲਾ, ਓਸੇ ਨੂੰ ਹੀ ਸਤਿਯੁਗ ਕਹੀਏ, ਕਦੇ ਕਦਾਈਂ ਸਦੀਆਂ ਮਗਰੋਂ ਸਾਡੇ ’ਚੋਂ ਈਮਾਨ ਬੋਲਦਾ । ਤੂੰ ਬੰਦੇ ਤੋਂ ਕੀ ਲੈਣਾ ਹੈ, ਕਿਹੜੀ ਵਸਤ ਬਾਜ਼ਾਰ ਵਿਕੇ ਨਾ, ਗੁੰਝਲਦਾਰ ਬੁਝਾਰਤ ਸਮਝੋ, ਜੋ ਬੋਲੀ ਧਨਵਾਨ ਬੋਲਦਾ । ਸੋਨ ਬੰਸਰੀ ਮਹਿਲਾਂ ਅੰਦਰ ਤਰਜ਼ ਕੀਮਤੀ ਵੇਚ ਰਹੀ ਹੈ, ਬਾਂਸ ਵਿਚਾਰਾ ਹੋ ਚੱਲਿਆ ਹੈ, ਜਿਹੜਾ ਸਰਲ ਜ਼ਬਾਨ ਬੋਲਦਾ । ਸਾਵਧਾਨ ਜੀ, ਵਤਨ ਪਿਆਰਾ 'ਨ੍ਹੇਰ ਗੁਫ਼ਾ ਵੱਲ ਤੁਰਿਆ ਜਾਵੇ, ਬਹੁਤਾ ਚਿਰ ਇਹ ਪੁੱਗਣੀ ਨਹੀਂ ਜੇ, ਜੋ ਬੋਲੀ ਸੁਲਤਾਨ ਬੋਲਦਾ । ਉਮਰ ਗੁਆ ਕੇ ਏਨੀ ਗੱਲ ਵੀ ਕਿਣਕਾ ਮਾਤਰ ਸਮਝ ਪਈ ਹੈ, ਘੁੱਗੂ ਵਿੱਚ ਆਵਾਜ਼ ਬੇਗਾਨੀ ਜੋ ਕੁਝ ਵੀ ਦਰਬਾਨ ਬੋਲਦਾ ।
ਬੰਦਿਆਂ ਕੋਲੋਂ ਛਾਵਾਂ ਮੰਗਣ
ਬੰਦਿਆਂ ਕੋਲੋਂ ਛਾਵਾਂ ਮੰਗਣ, ਛਾਂਗੇ ਬਿਰਖ ਵਿਚਾਰੇ ਹੋ ਗਏ । ਮਾਪੇ ਕੱਲ-ਮੁਕੱਲ੍ਹੇ ਬੈਠੇ, ਕੋਰੇ ਅੱਖ ਦੇ ਤਾਰੇ ਹੋ ਗਏ । ਸਿਵਿਆਂ ਅੰਦਰ ਜਾਵੇ ਇਹ ਰਾਹ, ਜ਼ਹਿਰ ਪਸਰਿਆ ਪੌਣਾਂ ਅੰਦਰ, ਅਗਨੀ ਭੇਟ ਬਨਸਪਤਿ ਹੋਈ, ਸਾਹ ਲੈਣੇ ਵੀ ਭਾਰੇ ਹੋ ਗਏ । ਘਰ ਤੋਂ ਤੁਰਿਆ ਮੰਜ਼ਿਲ ਵੱਲ ਨੂੰ, ਰਾਹਾਂ ਵਿੱਚ ਗਵਾਚ ਗਿਆ ਹਾਂ, ਮੇਰੇ ਮਨ ਦੇ ਖੰਭ ਵੀ ਯਾਰੋ ਡਾਢੇ ਬੇ-ਇਤਬਾਰੇ ਹੋ ਗਏ । ਮੋਹ ਮਮਤਾ ਦੇ ਧਾਗੇ ਛੁੱਟੇ, ਟੁੱਟੀ ਡੋਰ ਪਤੰਗੜੀਆਂ ਦੀ, ਖ਼ੁਸ਼ਬੋਈਆਂ ਦੀ ਜੂਨੀ ਪੈ ਗਏ, ਰੱਬ ਨੂੰ ਯਾਰ ਪਿਆਰੇ ਹੋ ਗਏ । ਫੁੱਲਾਂ ਭਰੀ ਕਿਆਰੀ ਛੱਡ ਕੇ, ਅੰਬਰ ਦੇ ਵਿੱਚ ਬਣ ਗਏ ਤਾਰੇ, ਯਾਰਾਂ ਤੋਂ ਬਿਨ ਧਰਤੀ ਸੁੰਨੀ, ਅੱਥਰੂ ਮਣ ਮਣ ਭਾਰੇ ਹੋ ਗਏ । ਨਾ ਰੋਵੋ ਨੀ ਅੱਖੀਓ ਹੁਣ ਤਾਂ, ਗ਼ਮ ਦਾ ਸਾਗਰ ਤਰਣ ਦੁਹੇਲਾ, ਕਿੱਥੋਂ ਚੁੰਝ ਭਰੇ ਇਹ ਜਿੰਦੜੀ, ਸਾਰੇ ਪਾਣੀ ਖ਼ਾਰੇ ਹੋ ਗਏ । ਸੂਰਜ ਚੰਨ ਗਵਾਚੇ ਤਾਰੇ ,ਕੱਠੇ ਕੀਤੇ ਜੁਗਨੂੰ ਇਹ ਮੈਂ, ਮੇਰੀ ਬੁੱਕਲ ਦੇ ਵਿੱਚ ਵੇਖੋ, ਮੁੜ ਕੇ ਕਿੰਨੇ ਸਾਰੇ ਹੋ ਗਏ ।
ਜ਼ਿੰਦਗੀ 'ਚ ਕਦੇ ਬੀਬਾ
ਜ਼ਿੰਦਗੀ 'ਚ ਕਦੇ ਬੀਬਾ ਏਸਰਾਂ ਨਹੀਂ ਕਰੀਦਾ । ਬੁਰਿਆਂ ਦੀ ਬਾਤ ਦਾ ਹੁੰਗਾਰਾ ਵੀ ਨਹੀਂ ਭਰੀਦਾ । ਬਹਿਣ ਤੇ ਖਲੋਣ ਵੇਲੇ ਇੱਕੋ ਗੱਲ ਜਾਣ ਲੈ, ਸੱਚ ਪੱਲੇ ਹੋਵੇ, ਕੱਲ੍ਹੇ ਹੋਣ ਤੋਂ ਨਹੀਂ ਡਰੀਦਾ । ਰਾਤ ਪਿੱਛੋਂ ਦਿਨ ਫੇਰ ਏਹੀ ਨਿੱਤਨੇਮ ਹੈ, ਐਵੇਂ ਦਮ ਘੁੱਟ ਘੁੱਟ ਜੀਂਦਿਆਂ ਨਹੀਂ ਮਰੀਦਾ । ਜਿੱਸਰਾਂ ਮਿਲਾਪ ਰੂਹ 'ਚ ਛੇੜੇ ਵਿਸਮਾਦ ਨੂੰ, ਓਸੇ ਤਰ੍ਹਾਂ ਮਿੱਤਰਾ ਵਿਛੋੜਿਆਂ ਨੂੰ ਜਰੀਦਾ । ਟੁੱਟ ਗਿਆ ਸੁਪਨਾ ਹਕੀਕਤਾਂ ਨੂੰ ਜਾਣ ਲੈ, ਭੁੱਲ ਜਾ ਤੂੰ ਸੁਪਨਾ ਹੁਸੀਨ ਕਿਸੇ ਪਰੀ ਦਾ । ਆਈਆਂ ਅਜ਼ਮਾਉਣ ਤੇਰਾ ਤਾਣ ਮੇਰੇ ਹੀਰਿਆ, ਵੇਖ ਕੇ ਮੁਸੀਬਤਾਂ ਨੂੰ ਐਵੇਂ ਨਹੀਂਓਂ ਠਰੀ ਦਾ । ਅੱਜ ਨੂੰ ਸੰਵਾਰ ਭਾਈ ਕੱਲ੍ਹ ਕਿਸ ਵੇਖਿਆ, ਇਹੀ ਉਪਦੇਸ਼ ਮੇਰੇ ਗੁਰੂ ਤੇਰੇ ਹਰੀ ਦਾ ।
ਤਨ ਮਨ ਅੰਦਰ ਸਵਾਸ ਵਾਂਗਰਾਂ
ਤਨ ਮਨ ਅੰਦਰ ਸਵਾਸ ਵਾਂਗਰਾਂ ਪੰਜ ਕਕਾਰ ਦਿਖਾਵਾ ਨਹੀਂਉਂ । ਪੱਕਾ ਰਿਸ਼ਤਾ ਨਾਲ ਗੁਰੂ ਦੇ ਕੇਵਲ ਗੰਢ ਚਿਤਰਾਵਾ ਨਹੀਂਉਂ । ਕੇਸਾਂ ਨਾਲ ਸਵਾਸ ਨਿਭਣਗੇ, ਕੰਘਾ, ਕੱਛ ਕਿਰਪਾਨ ਸਣੇ ਹੀ, ਸੱਜੇ ਹੱਥ ਕੜਾ ਹੈ ਮੇਰੇ, ਮਨ ਵਿੱਚ ਭਰਮ ਭੁਲਾਵਾ ਨਹੀਂਉਂ । ਸਾਹਾਂ ਦੀ ਮਾਲਾ ਦੀ ਸ਼ਕਤੀ, ਗੁਰ ਸ਼ਬਦਾਂ ਦੇ ਮਣਕੇ ਫਿਰਦੇ, ਤੇਗ ਧਾਰ ਤਲਵਾਰ ਤੁਰਨ ਦਾ ਤਾਂ ਹੀ ਤਾਂ ਪਛਤਾਵਾ ਨਹੀਂਉਂ । ਆਨੰਦਪੁਰ ਵਿੱਚ ਜਨਮ ਭੂਮ ਹੈ, ਗੁਰੂ ਗੋਬਿੰਦ ਸਿੰਘ ਬਾਬਲ ਮੇਰਾ, ਤ੍ਰੈਕਾਲਕ ਹਸਤੀ ਹੈ ਮੇਰੀ, ਮੈਂ ਮਿੱਟੀ ਦਾ ਬਾਵਾ ਨਹੀਂਉਂ । ਰੂਹ ਦੇ ਅੰਦਰ ਮਾਛੀਵਾੜਾ, ਜੰਗਲ ਰਾਹ ਕੰਡਿਆਲੇ ਮੇਰੇ, ਦਸਮ ਪਿਤਾ ਦੇ ਸਿੱਖ ਲਈ ਕਿੱਥੇ, ਧਰਤੀ ਬਲਦੀ ਆਵਾ ਨਹੀਂਉਂ । ਪਹਿਰੇਦਾਰ ਵਿਰਾਸਤ ਦਾ ਹਾਂ, ਧਰਤੀ-ਧਰਮ ਨਿਭਾਵਾਂਗਾ ਮੈਂ, ਏਸ ਜਨਮ ਤਾਂ ਨਿਭ ਜਾਵਾਂਗਾ, ਹੋਰ ਜਨਮ ਦਾ ਦਾਵਾ ਨਹੀਂਉਂ । ਸਬਰ ਸਿਦਕ ਸੰਤੋਖ ਸਮਰਪਣ ਸੂਰਜ ਦੇ ਤਪ ਤੇਜ਼ ਜਿਹਾ ਹੈ, ਜ਼ਾਲਮ ਦਾ ਜਮਕਾਲ ਬਣਾਂਗਾ, ਰਾਜ ਤਖ਼ਤ ਦਾ ਪਾਵਾ ਨਹੀਂਉਂ ।
ਸਾਡੇ ਮਨ ਦੀ ਗਲੀ 'ਚੋਂ
ਸਾਡੇ ਮਨ ਦੀ ਗਲੀ 'ਚੋਂ ਅੱਜ ਕੌਣ ਲੰਘਿਆ । ਵੇ ਮੈਂ ਜੀਹਦੇ ਕੋਲੋਂ ਬਿਨਾ ਬੋਲੇ ਦਿਲ ਮੰਗਿਆ । ਮੈਨੂੰ ਸੁੱਧ ਬੁੱਧ ਭੁੱਲੀ, ਹੋਈ ਜਿੰਦ ਅਧਮੋਈ, ਜਦੋਂ ਵਾਲਾਂ ਵਿੱਚ ਓਸ ਨੇ ਗੁਲਾਬ ਟੰਗਿਆ । ਜਿਹੜੇ ਜਾਣਦੇ ਨੇ ਸੁੱਚੀਆਂ ਮੁਹੱਬਤਾਂ ਦੀ ਸਾਰ, ਕਹਿੰਦੇ ਰੱਬ ਉਨ੍ਹਾਂ ਰੂਹਾਂ ਤਾਈਂ ਆਪ ਰੰਗਿਆ । ਲਾਜਵੰਤੀ ਦੇ ਵਾਂਗ ਮੈਂ ਵੀ ਖੋਲ੍ਹੀ ਨਾ ਜ਼ਬਾਨ, ਉਹ ਵੀ ਛੂਈ ਮੂਈ, ਛੂਈ ਮੂਈ ਬੜਾ ਸੰਗਿਆ । ਸ਼ਾਇਦ ਓਸ ਦਾ ਹੀ ਨਿੰਮ੍ਹਾ ਨਿੰਮ੍ਹਾ ਨੈਣਾਂ 'ਚ ਸਰੂਰ, ਪਹਿਲੀ ਤੱਕਣੀ 'ਚ ਮੈਨੂੰ ਜੀਹਦੇ ਪਿਆਰ ਡੰਗਿਆ । ਇਹ ਤਾਂ ਰੂਹਾਂ ਦਾ ਸੁਮੇਲ, ਜੀਕੂੰ ਦੀਵਾ ਬੱਤੀ ਤੇਲ, ਕਾਲੇ ਜੱਗ ਦਾ ਹਨ੍ਹੇਰ ਵੇਖ ਬੜਾ ਖੰਘਿਆ । ਹੁਣ ਮਿਟ ਗਏ ਜ਼ਮਾਨੇ ਦਿਆਂ ਤੀਰਾਂ ਦੇ ਨਿਸ਼ਾਨ, ਅਸਾਂ ਦਰਦ ਮਜੀਠੜੇ 'ਚ ਮਨ ਰੰਗਿਆ ।
ਮਰ ਚੱਲੇ ਹਾਂ ਦਮ ਦਮ ਕਰਕੇ
ਮਰ ਚੱਲੇ ਹਾਂ ਦਮ ਦਮ ਕਰਕੇ ਰਿਸ਼ਤਿਆਂ ਦੀ ਪਰਿਕਰਮਾ ਕਰਦੇ । ਕੱਚ ਦਾ ਭਾਂਡਾ ਟੁੱਟ ਨਾ ਜਾਵੇ, ਹੱਥ ਪਾਉਂਦੇ ਹਾਂ ਡਰਦੇ ਡਰਦੇ । ਨਾ ਸੁਣਦੇ, ਨਾ ਸਮਝ ਰਹੇ ਹਾਂ, ਸੋਚਣ ਵਾਲੇ ਬੂਹੇ ਬੰਦ ਨੇ, ਤਨ ਨੇੜੇ ਮਨ ਦੂਰ ਦੂਰ ਨੇ, ਸ਼ੀਸ਼ ਮਹਿਲ ਘਰ ਗੂੜ੍ਹੇ ਪਰਦੇ । ਪੱਥਰ ਦੇ ਭਗਵਾਨ ਦੀ ਸੰਗਤ, ਕਰਦਿਆਂ ਉਮਰ ਗੁਜ਼ਾਰ ਲਈ ਹੈ, ਇਹਦੇ ਵਰਗੇ ਜਿਗਰੇ ਹੋ ਗਏ, ਪੂਜਾ ਇਸਦੀ ਕਰਦੇ ਕਰਦੇ । ਗ਼ਰਜ਼ਾਂ ਦੇ ਜੰਗਲ ਵਿੱਚ ਫਿਰਦੇ ਦਿਨ ਢਲ਼ਿਆ ਤੇ ਰਾਤ ਪਈ ਹੈ, ਆਪੇ ਹੀ ਦੱਸ ਕਿਹੜੇ ਵੇਲੇ ਫ਼ਰਜ਼ਾਂ ਦੀ ਰਖਵਾਲੀ ਕਰਦੇ । ਮੰਜੀ ਥੱਲੇ ਜੰਮਿਆਂ ਨੂੰ ਦੱਸ, ਚੰਨ ਤੇ ਸੂਰਜ ਦਿਸਦੇ ਕਿੱਥੇ, ਉਮਰ ਗੁਆਉਂਦੇ ਸਹਿਕਦਿਆਂ ਹੀ, ਖਿੜੇ ਦੁਪਹਿਰੇ ਜੋ ਨਹੀਂ ਜਰਦੇ । ਤੋੜ ਦਿਆ ਕਰ ਦਰ ਦੀਵਾਰਾਂ ਅਕਲ ਕੋਟ ਦੇ ਵਾਸੀ ਸੱਜਣਾ, ਚੌਗਿਰਦੇ ਦੇ ਕੈਦੀ ਜਿਹੜੇ, ਨਾ ਹੀ ਜਿਊਂਦੇ ਨਾ ਹੀ ਮਰਦੇ । ਜਿਸ ਦਿਨ ਆਪਾਂ ਜਨਮ ਲਿਆ ਸੀ, ਜੇ ਨਾ ਜ਼ਿੰਦਗੀ ਉਸ ਤੋਂ ਸੋਹਣੀ, ਖ਼ੁਦ ਆਪਣੇ ਤੋਂ ਪੁੱਛਣਾ ਬਣਦੈ, ਕੀ ਹਾਂ ਆਪਾਂ ਰਹਿੰਦੇ ਕਰਦੇ ।
ਪਿਆਰ ਦੇ ਰਾਹ ਵਿੱਚ ਦੱਸੋ
ਪਿਆਰ ਦੇ ਰਾਹ ਵਿੱਚ ਦੱਸੋ ਤਾਂ ਸਹੀ ਕਿਸਨੂੰ ਨਹੀਂਉਂ ਦਰਦ ਮਿਲੇ । ਵੱਖਰੀ ਗੱਲ ਹੈ, ਵਣ ਹਰਿਆਲੇ, ਬਣ ਕੇ ਕੁਝ ਹਮਦਰਦ ਮਿਲੇ । ਸਿਰ ਤੇ ਸੂਰਜ, ਤਪਦੀ ਧਰਤੀ, ਜਦ ਪੈਰਾਂ ਵਿੱਚ ਛਾਲੇ ਸੀ, ਬਹੁਤੀ ਵਾਰੀ, ਕੋਲ ਖੜ੍ਹੇ ਨਾ, ਜਿੰਨੇ ਰਿਸ਼ਤੇ, ਸਰਦ ਮਿਲੇ । ਮੈਂ ਮਿੱਠੇ ਖ਼ਰਬੂਜ਼ੇ ਵਾਂਗੂੰ ਜਿੰਨ੍ਹਾਂ ਸਨਮੁਖ ਹਾਜ਼ਰ ਸੀ, ਚਾਕੂ, ਤੇਜ਼ ਕਟਾਰ ਕਦੇ ਕੁਝ ਬਣ ਕੇ ਮੈਨੂੰ ਕਰਦ ਮਿਲੇ । ਕਾਲੇ ਮੈਂਡੇ ਰਸਤੇ ਭਾਵੇਂ, ਚਿੱਟੇ ਵਸਤਰ ਪਾ ਤੁਰਿਆ, ਸਮਝ ਪਵੇ ਨਾ ਸਾਰੇ ਰਾਹੀਂ, ਮਗਰੇ ਉੱਡਦੀ ਗਰਦ ਮਿਲੇ । ਚੂਸ ਗਿਆ ਰੱਤ ਚੰਦਰਾ ਮੌਸਮ, ਸੁਰਖ਼ ਗੁਲਾਬ ਦੀ ਵਾੜੀ ਦਾ, ਜਦ ਵੇਖਾਂ ਪੰਜਾਬ ਦਾ ਚਿਹਰਾ, ਪੀਲਾ ਭੂਕ ਤੇ ਜ਼ਰਦ ਮਿਲੇ । ਕੁਰਸੀ ਤੇ ਭਗਵਾ ਜਾਂ ਸੂਹਾ, ਨੀਲਾ ਪੀਲਾ ਜੋ ਬਹਿੰਦਾ, ਜਿੱਤਣ ਲਈ ਸ਼ਤਰੰਜ ਦੀ ਬਾਜ਼ੀ, ਰੰਗ-ਬਰੰਗੀ ਨਰਦ ਮਿਲੇ । ਵਕਤ ਉਡੀਕ ਰਿਹਾ ਹੈ ਚਿਰ ਤੋਂ, ਰੂਹ ਦਾ ਦਰਦ ਨਿਵਾਰਨ ਲਈ, ਮੋਈ ਮਿੱਟੀ ਜਾਗ ਪਵੇ ਇਹ, ਫੇਰ ਅਗੰਮੜਾ ਮਰਦ ਮਿਲੇ ।
ਨਿਸ਼ਚਾ ਧਾਰ ਤੁਰੋ ਤਾਂ ਕਾਦਰ
ਨਿਸ਼ਚਾ ਧਾਰ ਤੁਰੋ ਤਾਂ ਕਾਦਰ ਮੰਜ਼ਿਲ ਨੇੜੇ ਕਰ ਦੇਂਦਾ ਹੈ । ਸ਼ਿਵਾ ਦੇਵਤਾ, ਬੇਹਿੰਮਤੇ ਨੂੰ, ਓਦਾਂ ਕਿੱਥੇ ਵਰ ਦੇਂਦਾ ਹੈ । ਰਹਿਮਤ ਦਾ ਮੀਂਹ ਸੁੱਤਿਆਂ ਉੱਤੇ, ਨਹੀਂ ਬਰਸਦਾ ਤੱਕਿਆ ਮੈਂ, ਹਿੰਮਤੀਆਂ ਨੂੰ ਦਾਤਾਂ ਦੇ ਦੇ ਝੋਲੀ ਨਿੱਕੀ ਕਰ ਦੇਂਦਾ ਹੈ । ਹੱਸ ਕੇ ਤੱਕਿਆਂ ਧਰਤੀ ਸਾਰੀ ਫੁੱਲ ਕਲੀਆਂ ਖ਼ੁਸ਼ਬੋਆਂ ਬਣਦੀ, ਅੱਖ ਵਿੱਚ ਅੱਥਰੂ ਹੋਣ ਤਾਂ ਸ਼ੀਸ਼ਾ ਚਿਹਰਾ ਧੁੰਦਲਾ ਕਰ ਦੇਂਦਾ ਹੈ । ਤੇਰੀ ਮੇਰੀ ਸ਼ਕਤੀ ਵੇਖੀਂ, ਇੱਕ ਨੁਕਤੇ ਤੇ ਰੁਕ ਨਾ ਜਾਵੇ, ਪੱਥਰ ਦੇ ਧੁਰ ਅੰਦਰ ਓਹੀ, ਕੀੜਿਆਂ ਨੂੰ ਵੀ ਘਰ ਦੇਂਦਾ ਹੈ । ਚੇਤੇ ਰੱਖੀਂ, ਹਿੰਮਤ ਅੱਗੇ ਨੱਚਦੀ ਲੱਛਮੀ ਧਨ ਦੀ ਦੇਵੀ, ਜੇ ਪਰਵਾਜ਼ ਪਰਿੰਦਾ ਚਾਹੇ, ਤਾਂ ਹਿੰਮਤ ਨੂੰ ਪਰ ਦੇਂਦਾ ਹੈ । ਮੈਂ ਬਣਦਾਂ ਜਦ ਜੁਗਨੂੰ, ਤਾਰਾ, ਚੰਨ ਜੇ ਰਾਤ ਹਨ੍ਹੇਰੀ ਅੰਦਰ, ਤੜਕਸਾਰ ਪਰਭਾਤ ਦੇ ਮਗਰੋਂ, ਸੂਰਜ ਮਮਟੀ ਧਰ ਦੇਂਦਾ ਹੈ । ਗਗਨ ਥਾਲ ਵਿੱਚ ਚੰਨ ਤੇ ਸੂਰਜ ਜੇਕਰ ਦੀਵੇ ਦਿਸਦੇ ਹੋਵਣ, ਮੇਰਾ ਬਾਬਾ ਸੁਪਨਿਆਂ ਨੂੰ ਵੀ, ਧਰਤੀ ਜਿੱਡਾ ਬਰ ਦੇਂਦਾ ਹੈ ।
ਤਾਰਿਆਂ ਦੇ ਨਾਲ ਐਵੇਂ
ਤਾਰਿਆਂ ਦੇ ਨਾਲ ਐਵੇਂ ਜ਼ਿਦ ਨਹੀਂ ਪੁਗਾਈਦੀ । ਅੰਬਰਾਂ ਤੇ ਏਨੀ ਉੱਚੀ ਪੀਂਘ ਨਹੀਂ ਚੜ੍ਹਾਈਦੀ । ਦੂਰ ਦੂਰ ਬੈਠਣਾ ਤੇ ਚੁੱਪ ਰਹਿਣਾ ਠੀਕ ਨਾ, ਲੱਸੀ ਤੇ ਲੜਾਈ ਐਵੇਂ ਬਹੁਤੀ ਨਹੀਂ ਵਧਾਈਦੀ । ਦਿਲ ਦੀ ਆਵਾਜ਼ ਪਰਵਾਜ਼ ਆਪੇ ਕਰਦੀ, ਹੌਕਿਆਂ ਦੀ ਬਾਤ ਦੂਜੇ ਕੰਨ ਨਹੀਂ ਸੁਣਾਈਦੀ । ਖ਼ੁਸ਼ੀਆਂ ਨੂੰ ਵੰਡਣਾ ਜੇ ਸਿੱਖ ਲਵੇ ਆਦਮੀ, ਲੰਮੀ ਨਹੀਂਉਂ ਹੁੰਦੀ ਕਦੇ ਰਾਤ ਵੀ ਜੁਦਾਈ ਦੀ । ਫੁੱਲਾਂ ਵਿੱਚੋਂ ਰੰਗ ਤੇ ਸੁਗੰਧ ਕੋਈ ਲੈ ਗਿਆ, ਦੱਸੋ ਕਿਹੜੇ ਠਾਣੇ ਇਹਦੀ ਰਪਟ ਲਿਖਾਈਦੀ । ਮੈਦੇ 'ਚ ਸੰਧੂਰ ਗੁੰਨ੍ਹ ਚਿਹਰਾ ਤੇਰਾ ਸਾਜਿਆ, ਅੱਖੀਆਂ ਬਲੌਰੀ 'ਚ ਉਦਾਸੀ ਨਹੀਂ ਲਿਆਈਦੀ । ਰੂਹ ਦੇ ਉੱਤੇ ਭਾਰ ਕਿਉਂ ਪਹਾੜ ਜਿੱਡਾ ਰੱਖਿਆ, ਤਿੱਤਲੀ ਮਾਸੂਮ ਕਦੇ ਪਿੰਜਰੇ ਨਹੀਂ ਪਾਈਦੀ ।
ਮਾਰਨ-ਖੰਡਾ ਸਾਨ੍ਹ ਹਮੇਸ਼ਾਂ
ਮਾਰਨ-ਖੰਡਾ ਸਾਨ੍ਹ ਹਮੇਸ਼ਾਂ ਸੁਰਖ਼ ਵਸਤਰੋਂ ਡਰਦਾ ਹੈ । ਏਸੇ ਡਰ ਚੋਂ ਰੱਤੇ ਰੰਗ ਤੇ ਮੁੜ ਮੁੜ ਹਮਲੇ ਕਰਦਾ ਹੈ । ਹਥਿਆਰਾਂ ਦਾ ਵਣਜ ਕਰਦਿਆਂ ਭੁੱਲ ਬੈਠਾ ਹੈ ਮਾਨਵਤਾ, ਵਤਨ ਸਬੂਤਾ ਨਿਗਲਣ ਖ਼ਾਤਰ ਇੱਕੋ ਬੁਰਕੀ ਕਰਦਾ ਹੈ । ਸੱਤ ਸਮੁੰਦਰ ਪਾਰੋਂ ਵੀ ਉਹ ਕਰਦਾ ਫਿਰਦਾ ਆਦਮ ਬੋ, ਵਿਸ਼ਵ-ਅਮਨ ਦਾ ਚਿੱਟਾ ਪਰਚਮ, ਅੰਦਰੋਂ ਅੰਦਰੀ ਠਰਦਾ ਹੈ । ਮਗਰਮੱਛ ਦਾ ਚਿੱਥਿਆ ਬੰਦਾ ਧਰਤੀ ਉੱਪਰ ਰੀਂਘ ਰਿਹਾ, ਪਰਮਾਣੂੰ ਦਾ ਝੰਬਿਆ ਜੀਕੂੰ ਨਾ ਜੀਂਦਾ ਨਾ ਮਰਦਾ ਹੈ । ਭਵਨ ਸਫ਼ੈਦ 'ਚ ਖ਼ੂਨੀ ਪੰਜਾ, ਮੰਜਾ ਡਾਹ ਕੇ ਬੈਠ ਗਿਆ, ਗੋਲ ਗਲੋਬ ਭਬਕੀਆਂ ਕੋਲੋਂ, ਕੰਬਦਾ ਹਰ ਹਰ ਕਰਦਾ ਹੈ । ਕਲਮ ਦਵਾਤ ਥਿੜਕਦੀ ਪੈਰੋਂ, ਲਿਖਦਾ ਕਾਲ਼ੇ ਲੇਖ ਜਦੋਂ, ਕੋਰਾ ਵਰਕਾ ਕੰਬ ਜਾਂਦਾ ਫਿਰ, ਠੰਢੇ ਹੌਕੇ ਭਰਦਾ ਹੈ । ਬੂਰ ਝੜੇ ਅੰਬਾਂ ਦਾ ਸਾਰਾ, ਮੁਰਝਾਉਂਦੇ ਫੁੱਲ ਟਾਹਣੀ ਤੇ, ਇਹ ਬਦਬਖ਼ਤ, ਕੁਲਹਿਣਾ ਬਾਗੀਂ ਪੈਰ ਜਦੋਂ ਵੀ ਧਰਦਾ ਹੈ ।
ਕੀ ਪੁੱਛਦੇ ਹੋ ਬਾਤਾਂ ਯਾਰੋ
ਕੀ ਪੁੱਛਦੇ ਹੋ ਬਾਤਾਂ ਯਾਰੋ, ਅੱਥਰੇ ਦਿਲ ਦਿਲਗੀਰ ਦੀਆਂ । ਪੀੜਾਂ ਹੁਣ ਤੇ ਹਮਰਾਹ ਹੋਈਆਂ, ਨਦੀਓਂ ਵਿੱਛੜੇ ਨੀਰ ਦੀਆਂ । ਕੰਡਿਆਂ ਵਾਲੀ ਤਾਰ 'ਚ ਅੜ ਕੇ ਪਾਟੀ ਚੁੰਨੀ ਸ਼ਗਨਾਂ ਦੀ, ਹੁਣ ਤੀਕਰ ਵੀ ਲੇਰਾਂ ਸੁਣਦਾਂ, ਉਸ ਥਾਂ ਤੋਂ ਮੈਂ ਲੀਰ ਦੀਆਂ । ਗੇਰੂ ਵਸਤਰ ਪਾ ਪਰਭਾਤੀ ਗਾਉਂਦਾ ਜਿਹੜਾ ਲੰਘਦਾ ਸੀ, ਦਿਲ ਦੀ ਤਖ਼ਤੀ ਉੱਤੇ ਬੋਲਣ, ਤਰਜ਼ਾਂ ਓਸ ਫ਼ਕੀਰ ਦੀਆਂ । ਕੰਨਾਂ ਦੇ ਵਿੱਚ ਮੁੰਦਰਾਂ ਪਾ ਕੇ ਇਹ ਜੋਗੀ ਕੀ ਚਾਹੁੰਦੇ ਨੇ, ਫੈਸ਼ਨ ਦੀ ਮੰਡੀ ਦੇ ਰਾਂਝੇ, ਕਰਨ ਸ਼ਿਕਾਇਤਾਂ ਹੀਰ ਦੀਆਂ । ਨਹੀਂਉਂ ਲੱਭਣੇ ਲਾਲ ਗੁਆਚੇ, ਜਾਣਦਿਆਂ ਵੀ ਤੁਰ ਪੈਨਾਂ, ਵਿੱਛੜੇ ਯਾਰ ਮੁਹੱਬਤਾਂ ਵਾਲੇ, ਕੈਦਾਂ ਤੋੜ ਸਰੀਰ ਦੀਆਂ । ਰਾਤ ਖੜ੍ਹੀ ਸੀ, ਦੀਵਾ ਬੁਝਿਆ, ਚਾਰ ਚੁਫ਼ੇਰ ਹਨ੍ਹੇਰ ਪਿਆ, ਉਹ ਬਾਤਾਂ ਨਾ ਮਨ ਤੋਂ ਲੱਥਣ, ਕੀਤੀਆਂ ਵਕਤ ਅਖ਼ੀਰ ਦੀਆਂ । ਸ਼ਾਮ ਢਲੀ ਪਰਛਾਵੇਂ ਲੰਮੇ ਹੋਈ ਜਾਂਦੇ ਬਿਰਖ਼ਾਂ ਦੇ, ਡਾਰਾਂ ਆਵਣ ਬੰਨ੍ਹ ਕਤਾਰਾਂ, ਜਾਣ ਹਵਾ ਨੂੰ ਚੀਰਦੀਆਂ ।
ਵੇਖੋ ਪਿਆਰ ਨਾਲ
ਵੇਖੋ ਪਿਆਰ ਨਾਲ ਜੇ ਐਨਕ ਉਤਾਰ ਕੇ । ਮਿਟਦੀ ਪਿਆਸ ਇਸ ਤਰ੍ਹਾਂ, ਅੱਖਾਂ ਨੂੰ ਠਾਰ ਕੇ । ਮਿੱਟੀ ਦਾ ਤਨ ਸ਼ਿੰਗਾਰ ਲਉ, ਬਾਜ਼ਾਰ ਆਖਦਾ, ਵੇਖੋਗੇ ਸ਼ੀਸ਼ਾ ਹੁਣ ਕਦੋਂ, ਰੂਹ ਨੂੰ ਨਿਖ਼ਾਰ ਕੇ । ਤੱਕਿਆ ਕਰੋ ਜੀ ਨੂਰ ਵੀ, ਅੱਖੀਆਂ ਨੂੰ ਮੀਟ ਕੇ, ਰੰਗਾਂ ਦੀ ਕਹਿਕਸ਼ਾਂ ਧਰੋ, ਸਾਹੀਂ ਦੁਲਾਰ ਕੇ । ਦੁਨੀਆਂ ਅਜੀਬ ਪਰਖ਼ ਵਿੱਚ, ਪਾਇਆ, ਮੈਂ ਪੈ ਗਿਆ, ਓਸੇ ਹੀ ਥਾਂ ਤੇ ਆ ਗਿਆਂ, ਫਿਰ ਤੁਰ ਕੇ, ਹਾਰ ਕੇ । ਅੱਧੀ ਕੁ ਰਾਤ ਸੀ ਜਦੋਂ, ਮੈਂ ਉੱਠ ਕੇ ਬਹਿ ਗਿਆ, ਖ਼ਵਰੇ ਸੀ ਕਿਸ ਨੇ ਨਾਂ ਲਿਆ, ਮੇਰਾ ਪੁਕਾਰ ਕੇ । ਮੈਂ ਨਾਲ ਤੇਰੇ ਤੁਰ ਰਿਹਾਂ, ਖ਼ੁਸ਼ਬੂ ਤੇ ਪੌਣ ਵਾਂਗ, ਮੈਨੂੰ ਤੂੰ ਦਰਦ ਸੌਂਪ ਦੇ, ਮਨ ਤੋਂ ਉਤਾਰ ਕੇ । ਚੰਗਾ ਨਹੀਂ ਜੀ ਇਸ ਤਰ੍ਹਾਂ, ਕੰਡ ਕਰਕੇ ਪਰਤਣਾ, ਚੱਲੇ ਕਿਉਂ ਹੋ ਸੋਹਣਿਉਂ, ਜੀਂਦੇ ਨੂੰ ਮਾਰ ਕੇ ।
ਧਰਤੀ ਮੇਰੇ ਚਾਰ ਚੁਫ਼ੇਰੇ
ਧਰਤੀ ਮੇਰੇ ਚਾਰ ਚੁਫ਼ੇਰੇ, ਰੂਹ ਦੇ ਅੰਦਰਵਾਰ ਸਮੁੰਦਰ । ਦਰਦਾਂ ਦੇ ਦਰਿਆ ਦਾ ਪਾਣੀ, ਕਰਦਾ ਮਾਰੋ ਮਾਰ ਸਮੁੰਦਰ । ਅੱਖ ਦਾ ਪਾਣੀ, ਦਿਲ ਦੀ ਬਸਤੀ, ਜੀਭਾ ਦਾ ਰਸ, ਪਿਆਰ ਮੁਹੱਬਤ, ਮੈਂ ਤਾਂ ਅੱਜ ਤੱਕ ਵੇਖੇ ਨੇ ਬਈ, ਏਹੀ ਨੇ ਕੁੱਲ ਚਾਰ ਸਮੁੰਦਰ । ਇੱਕ ਚਵਾਨੀ ਮਿੱਟੀ ਕੇਵਲ ਬਾਰਾਂ ਆਨੇ ਖ਼ਾਰਾ ਪਾਣੀ, ਫਿਰ ਵੀ ਤਪਦਾ ਖਪਦਾ ਰਹਿੰਦੈ, ਰੱਖਦਾ ਰੂਹ ਤੇ ਭਾਰ ਸਮੁੰਦਰ । ਤੇਰੀ ਮੇਰੀ ਪ੍ਰੀਤ ਕਹਾਣੀ, ਤਾਂਹੀਉਂ ਹੰਝ ਦੀ ਜੂਨ ਪਈ ਹੈ, ਜ਼ਾਤ, ਧਰਮ ਤੇ ਰੰਗ ਨਸਲ ਦੇ, ਹਨ ਸਾਡੇ ਵਿਚਕਾਰ ਸਮੁੰਦਰ । ਅਣਮਿਣ ਸ਼ਕਤੀ ਖੰਭਾਂ ਅੰਦਰ, ਦੇਸ ਪਰਾਏ ਉੱਡੀਆਂ ਕੂੰਜਾਂ, ਵੇਖੋ ਬੰਨ੍ਹ ਕਤਾਰਾਂ ਚੱਲੀਆਂ, ਕਰਨਗੀਆਂ ਇਹ ਪਾਰ ਸਮੁੰਦਰ । ਨਦੀਆਂ ਨਾਲੇ ਭਰ ਭਰ ਵਗਦੇ, ਵਹਿੰਦੇ ਦਿਨ ਤੇ ਰਾਤ ਪਏ ਨੇ, ਬੁੱਕਲ ਵਿੱਚ ਸਮੇਟੇ ਸਭ ਨੂੰ, ਕਿੱਦਾਂ ਆਖ਼ਰਕਾਰ ਸਮੁੰਦਰ । ਏਨੀ ਦੌਲਤ ਹੁੰਦਿਆਂ ਸੁੰਦਿਆਂ, ਉੱਛਲ ਜਾਂਦੈ, ਥੋੜਦਿਲਾ ਇਹ, ਆਲ ਦੁਆਲ ਉਜਾੜੇ ਸਭ ਨੂੰ, ਰੱਖੇ ਦਿਲ ਵਿੱਚ ਖ਼ਾਰ ਸਮੁੰਦਰ ।
ਸ਼ੇਰਾਂ ਦੇ ਸ਼ਿਕਾਰੀ ਕਦੇ
ਸ਼ੇਰਾਂ ਦੇ ਸ਼ਿਕਾਰੀ ਕਦੇ ਬੱਕਰੀ ਨਹੀਂ ਪਾਲਦੇ । ਹੁੰਦੇ ਨਹੀਂ ਸ਼ਿਕਾਰੀ ਕੁੱਤੇ ਹਿਰਨਾਂ ਦੇ ਨਾਲ ਦੇ । ਹਿੰਮਤਾਂ ਦੇ ਅੱਗੇ ਤਾਂ ਮੁਸੀਬਤਾਂ ਵੀ ਕੱਖ ਨਾ, ਕੰਮ ਚੋਰ ਰਹਿੰਦੇ ਨੇ ਬਹਾਨੇ ਸਦਾ ਭਾਲਦੇ । ਮੱਤੋਂ ਹੌਲੇ ਬੰਦੇ ਸਦਾ ਦੂਸਰੇ ਨੂੰ ਡੇਗਦੇ, ਇੱਜ਼ਤਾਂ ਦੇ ਭਾਈਵਾਲ ਪੱਗ ਨਹੀਂ ਉਛਾਲਦੇ । ਆ ਜਾ ਨੀ ਚੁਣੌਤੀਏ, ਤੂੰ ਦੂਰ ਕਾਹਨੂੰ ਖੜ੍ਹੀ ਏਂ, ਸਮਿਆਂ ਦੇ ਹਾਣੀ ਕਦੇ ਹੋਣੀਆਂ ਨਹੀਂ ਟਾਲ਼ਦੇ । ਹੰਸਾਂ ਤੇ ਕਾਵਾਂ ਦੇ ਨੇ ਅੱਡੋ ਅੱਡ ਆਲ੍ਹਣੇ, ਭਾਵੇਂ ਨੇ ਨਿਵਾਸੀ ਦੋਵੇਂ ਇੱਕੋ ਜਹੀ ਡਾਲ ਦੇ । ਬਿਰਖਾਂ ਵਟਾਏ ਵੇਸ, ਮੌਸਮਾਂ ਤੋਂ ਸਹਿਮ ਕੇ, ਵੱਖ ਦਰਵੇਸ਼ਾਂ ਬਾਣੇ, ਹਾੜ੍ਹ ਤੇ ਸਿਆਲ ਦੇ । ਬਿੱਲੀ ਨੇ ਪੜ੍ਹਾਇਆ ਸ਼ੇਰ, ਓਸੇ ਨੇ ਦਬੋਚਿਆ, ਬਣਦੇ ਸ਼ਿਕਾਰੀ ਕੈਦੀ, ਆਪਣੇ ਹੀ ਜਾਲ ਦੇ ।
ਮੈਂ ਉਹ ਬਿਰਖ਼ ਕਿਤੇ ਨਹੀਂ ਡਿੱਠਾ
ਮੈਂ ਉਹ ਬਿਰਖ਼ ਕਿਤੇ ਨਹੀਂ ਡਿੱਠਾ, ਜਿਸ ਦੀਆਂ ਹੋਣ ਨਾ ਛਾਵਾਂ ਹੂ । ਮੋਹ ਮਮਤਾ ਦਾ ਉਸ ਘਰ ਮਰੂਆ, ਜਿਸ ਘਰ ਦਾਦੀਆਂ ਮਾਵਾਂ ਹੂ । ਮਾਂ ਤੇ ਧੀ ਦੀ ਸਾਂਝੀ ਬੁੱਕਲ, ਦਿਲ ਤੇ ਧੜਕਣ ਇੱਕੋ ਹੀ, ਮਨ ਅੰਦਰ ਦੀ ਪੀੜ ਨਿਵਾਰਨ ਕਰਦੀਆਂ ਦੂਰ ਬਲਾਵਾਂ ਹੂ । ਧਰਤ ਹਨ੍ਹੇਰੀ, ਅੰਬਰ ਕਾਲਾ, ਪੌਣਾਂ ਪਾਗ਼ਲ ਹੋਈਆਂ ਨੇ, ਸ਼ੁਕਰ ਖ਼ੁਦਾਇਆ, ਜੁਗਨੂੰ ਜਗਦਾ, ਚਾਨਣ ਦਾ ਸਿਰਨਾਵਾਂ ਹੂ । ਮੈਂ ਸਤਰੰਗੀਆਂ ਪੀਂਘਾਂ ਝੂਟਾਂ, ਤੋੜਾਂ ਤਾਰੇ ਅੰਬਰ ਤੋਂ, ਰੀਝਾਂ ਦੀ ਲੱਜ ਅਰਸ਼ਾਂ ਉੱਤੇ ਕਿਸ ਟਾਹਣੀ ਤੇ ਪਾਵਾਂ ਹੂ । ਮੇਰੀ ਮੁੱਠੀ ਵਿੱਚੋਂ ਕਿਰ ਗਏ, ਪੰਜ ਦਰਿਆ ਦੇ ਮੋਤੀ ਵੀ, ਰਾਹ ਕੰਡਿਆਲੀਆਂ ਤਾਰਾਂ ਘੇਰਨ ਜਿੱਧਰ ਨੂੰ ਵੀ ਜਾਵਾਂ ਹੂ । ਕਠਪੁਤਲੀ ਦੇ ਵਾਂਗ ਤਮਾਸ਼ਾ, ਤੱਕਦੇ ਤੱਕਦੇ ਥੱਕ ਗਏ ਹਾਂ, ਸਮਝ ਨਾ ਆਵੇ ਪਿੱਛੇ ਬੈਠਾ, ਖਿੱਚਦਾ ਕੌਣ ਤਣਾਵਾਂ ਹੂ । ਟੋਡੀ ਬੱਚੇ ਇਨਕਲਾਬ ਨੂੰ ਅਫ਼ਰਾ ਤਫ਼ਰੀ ਆਖ ਰਹੇ, ਮੁਕਤ ਕਰਾਉਣੀਆਂ ਇਨ੍ਹਾਂ ਤੋਂ ਹੀ, ਰੀਝਾਂ, ਧੁੱਪਾਂ ਛਾਵਾਂ ਹੂ ।
ਪੌਣਾਂ ਹੱਥ ਸੁਨੇਹਾ ਘੱਲਿਆ
ਪੌਣਾਂ ਹੱਥ ਸੁਨੇਹਾ ਘੱਲਿਆ, ਇਸ ਨੂੰ ਖ਼ੁਦ ਪਰਵਾਨ ਕਰੋ ਜੀ । ਏਨੀ ਡੂੰਘੀ ਚੁੱਪ ਧਾਰੀ ਹੈ, ਕੁਝ ਤਾਂ ਮੇਰੀ ਜਾਨ ਕਰੋ ਜੀ । ਦਸਤਕ ਦੇ ਦੇ ਹਾਰ ਗਿਆ ਹਾਂ, ਬੂਹਾ ਬੰਦ ਹੈ ਖੁੱਲ੍ਹਿਆ ਨਹੀਂ ਜੇ, ਆਖ ਦਿਓ, ਤੂੰ ਵਾਪਸ ਮੁੜ ਜਾ, ਏਨਾ ਤਾਂ ਅਹਿਸਾਨ ਕਰੋ ਜੀ । ਕਿੱਥੇ ਲਿਖਿਐ, ਕਿਰਸ ਕੰਜੂਸੀ ਏਦਾਂ ਮੇਰੇ ਨਾਲ ਕਰਨ ਲਈ, ਨਜ਼ਰ ਮਿਹਰ ਦੀ ਪਾ ਕੇ ਝੋਲੀ, ਕੁਝ ਪਲ ਤਾਂ ਧਨਵਾਨ ਕਰੋ ਜੀ । ਜਾਨ ਕੁੜਿੱਕੀ ਦੇ ਵਿੱਚ ਫਾਥੀ, ਨਾ ਏਧਰ ਨਾ ਓਧਰ ਹਾਂ ਮੈਂ, ਆਖ ਅਲਵਿਦਾ ਕਹਿ ਕੇ ਮੇਰਾ ਪਰਤਣ ਜ਼ਰਾ ਆਸਾਨ ਕਰੋ ਜੀ । ਸੁਰ ਸ਼ਹਿਜ਼ਾਦੀ ਰੂਪਵੰਤ ਦੇ ਹੋਠ ਉਡੀਕਣ ਸ਼ਬਦ ਸੁਰੀਲੇ, ਇਹ ਪਲ ਮਹਿੰਗੇ, ਮੁੜ ਨਹੀਂ ਮਿਲਣੇ ਨਾ ਏਡਾ ਨੁਕਸਾਨ ਕਰੋ ਜੀ । ਪੂਰਨਮਾਸ਼ੀ ਦਾ ਚੰਨ ਸੋਹਣਾ, ਰਿਸ਼ਮਾਂ ਕੱਤ ਅਟੇਰ ਰਿਹਾ ਹੈ, ਨੀਂਦਰ ਪਿੱਛੇ ਮਹਿੰਗੀ ਦੌਲਤ, ਏਦਾਂ ਨਾ ਕੁਰਬਾਨ ਕਰੋ ਜੀ । ਸੁਹਜ, ਲਿਆਕਤ, ਦਿਲ ਦੀ ਦੌਲਤ, ਵਧ ਜਾਵੇ ਜੇ ਵੰਡ ਦਿਉ ਤਾਂ, ਦਰ ਤੇ ਆਏ ਖੜ੍ਹੇ ਸਵਾਲੀ, ਮੁੱਠੀਆਂ ਭਰ ਭਰ ਦਾਨ ਕਰੋ ਜੀ ।
ਇਸ ਧਰਤੀ ਤੇ ਦੱਸੋ ਕਿਹੜੈ
ਇਸ ਧਰਤੀ ਤੇ ਦੱਸੋ ਕਿਹੜੈ, ਹੈ ਨਹੀਂ ਜੋ ਕਿਰਸਾਨ ਦੇ ਦੁਸ਼ਮਣ । ਏਸ ਨਸਲ ਦੇ ਸਭ ਜੀਅ ਹੁੰਦੇ ਅਸਲ 'ਚ ਤਾਂ ਇਨਸਾਨ ਦੇ ਦੁਸ਼ਮਣ । ਖੇਤਾਂ ਅੰਦਰ ਫ਼ਸਲ ਬੀਜਦਾ, ਭਰਮ ਭੰਡਾਰੀ ਹੋਣ ਦਾ ਪਾਲ਼ੇ, ਭੇਦ ਭਾਵ ਬਿਨ ਕੁੱਲ ਦੁਨੀਆਂ ਦੇ ਕਿਉਂ ਲੋਕੀਂ ਭਗਵਾਨ ਦੇ ਦੁਸ਼ਮਣ । ਇਹ ਵੱਖਰੀ ਸਰਹੱਦ ਤੇ ਰਾਖਾ, ਅੰਨ ਮੁਹਾਜ਼ ਦਾ ਸਿੰਘ ਸੂਰਮਾ, ਕਿਉਂ ਲੁੱਟਦੇ ਨੇ ਮੰਡੀਆਂ ਅੰਦਰ, ਕਿਰਤੀ ਨੂੰ ਸ੍ਵੈਮਾਨ ਦੇ ਦੁਸ਼ਮਣ । ਦੇਸ਼ ਪ੍ਰੇਮ ਪਿਆਲਾ ਪੀਂਦਾ, ਅਣਖ਼ ਆਬਰੂ ਖ਼ਾਤਰ ਜੀਂਦਾ, ਚਤੁਰ ਚਲਾਕ ਕੁਰਸੀਏਂ ਬੈਠੇ, ਕਿਉਂ ਜਾਂਬਾਜ਼ ਜਵਾਨ ਦੇ ਦੁਸ਼ਮਣ । ਪਹਿਲਾਂ ਸਿਰਫ਼ ਜ਼ਮੀਨ ਸੀ ਗਿਰਵੀ, ਹੁਣ ਸ਼ਾਹ ਮੰਗਦੇ ਫ਼ਰਦ ਜ਼ਮੀਰਾਂ, ਤੰਗੀਆਂ, ਤੋੜੇ ਬਣ ਚੱਲੇ ਨੇ, ਵੀਰ ਮੇਰੇ ਦੀ ਜਾਨ ਦੇ ਦੁਸ਼ਮਣ । ਇਸ ਦਾ ਵੀ ਦਿਲ ਕਰਦੈ ਬੱਚੇ ਪੜ੍ਹਨ ਸਕੂਲੀਂ, ਕਰਨ ਡਿਗਰੀਆਂ, ਇਸ ਨੂੰ ਆਖਣ ਫ਼ੈਲਸੂਫ਼ੀਆਂ, ਜੋ ਇਸ ਦੇ ਸਨਮਾਨ ਦੇ ਦੁਸ਼ਮਣ । ਹੱਕ ਮੰਗਦੇ ਨੂੰ ਲਾਠੀ ਗੋਲੀ, ਨੀਲਾ ਅੰਬਰ, ਧਰਤ ਗਵਾਹ ਹੈ, ਕਿਉਂ ਨਾ ਜਾਨਣ ਇਸ ਦੀ ਹਸਤੀ, ਆਦਮ ਦੀ ਸੰਤਾਨ ਦੇ ਦੁਸ਼ਮਣ ।
ਵਤਨ ਅਸਾਡਾ ਚੋਰਾਂਵਾਲੀ
ਵਤਨ ਅਸਾਡਾ ਚੋਰਾਂਵਾਲੀ, ਜਿੱਥੇ ਧਰਮ ਈਮਾਨ ਤੋਂ ਚੋਰੀ । ਧਰਮਸਾਲ ਵਿੱਚ ਵਿਕਦਾ ਹਰ ਦਿਨ ਕਿੰਨਾ ਕੁਝ ਭਗਵਾਨ ਤੋਂ ਚੋਰੀ । ਵੇਖਣ ਨੂੰ ਦਰਵਾਜ਼ੇ ਪਹਿਰਾ, ਕੁੰਡੇ ਜੰਦਰੇ ਥਾਂ ਥਾਂ ਲਮਕਣ, ਚੈਨ ਗੁਆਚਾ, ਰੂਹ ਕੁਰਲਾਵੇ, ਹੋਵੇ ਸਭ ਦਰਬਾਨ ਤੋਂ ਚੋਰੀ । ਸ਼ਬਦ ਗੁਆਚਾ, ਕਰਮ ਗੁਆਚਾ, ਰਹਿੰਦੀ ਖਹਿੰਦੀ ਸ਼ਰਮ ਗੁਆਚੀ, ਰੱਬਾ! ਤੇਰੀ ਅੱਖ ਦੇ ਸਾਹਵੇਂ ਹੋ ਗਈ ਧਰਮ ਸਥਾਨ ਤੋਂ ਚੋਰੀ । ਗੁੱਡੀਆਂ ਅਤੇ ਪਟੋਲਿਆਂ ਉਮਰੇ, ਇੱਕ ਬੱਚੜੀ ਹੈ ਬੁੱਚੜਾਂ ਕੋਹੀ, ਕਹਿਰ ਕੁਫ਼ਰ ਨੇ ਤਾਂਡਵ ਕੀਤਾ, ਮਿੱਟੀ ਦੇ ਭਗਵਾਨ ਤੋਂ ਚੋਰੀ । ਤਖ਼ਤ ਸਲਾਮਤ ਤਾਜ ਸਿਰਾਂ ਤੇ, ਅਦਲੀ ਰਾਜਾ, ਰਾਜ ਗੁਆਚਾ, ਐਦਾਂ ਤਾਂ ਇਹ ਹੋ ਨਹੀਂ ਸਕਦਾ, ਹੋਵੇ ਸਭ ਸੁਲਤਾਨ ਤੋਂ ਚੋਰੀ । ਤੇਰੇ ਹੱਥ ਤਲਵਾਰ ਕਿਉਂ ਹੈ, ਕਿਰਪਾ ਦੀ ਕਿਰਪਾਨ ਦੀ ਥਾਂਵੇਂ, ਲੋਹੇ ਨੇ ਕਿਉਂ ਅੱਖ ਬਦਲੀ ਹੈ, ਹੱਥ ਵਿੱਚ ਫੜੀ ਮਿਆਨ ਤੋਂ ਚੋਰੀ । ਹੁਣ ਤਾਂ ਸਾਡਾ ਬਾਪ ਰੁਪਈਆ, ਹੈ ਬਦ ਨੀਤੀ ਜਣਨੀ-ਮੱਈਆ, ਭਰਮ ਨਗਰ ਦੇ ਵਾਸੀ ਹਾਂ ਸਭ ਵੇਦ ਕਤੇਬ ਕੁਰਾਨ ਤੋਂ ਚੋਰੀ ।
ਤੁਰ ਰਿਹਾ ਹੈ ਵਕਤ ਸਹਿਜੇ
ਤੁਰ ਰਿਹਾ ਹੈ ਵਕਤ ਸਹਿਜੇ, ਸਿਰਫ਼ ਇੱਕੋ ਚਾਲ ਨਾਲ । ਤੂੰ ਭਲਾ ਨੱਚੇ ਪਿਆ ਕਿਉਂ, ਗ਼ਰਜ਼ ਬੱਧੀ ਤਾਲ ਨਾਲ । ਬੈਠ ਜਾਣਾ ਮੌਤ ਵਰਗਾ, ਸਬਕ ਤੇਰਾ ਯਾਦ ਹੈ ਮਾਂ, ਤੁਰ ਰਿਹਾਂ ਹਾਂ ਮੈਂ ਨਿਰੰਤਰ ਦਰਦ ਵਿੰਨ੍ਹੇ ਹਾਲ ਨਾਲ । ਤੂੰ ਮੇਰੀ ਉਂਗਲ ਨਾ ਛੱਡੀਂ, ਨੀ ਉਮੀਦੇ ਯਾਦ ਰੱਖ, ਤਪਦੇ ਥਲ ਵਿੱਚ, ਸੂਰਜੇ ਸੰਗ ਮੈਂ ਤੁਰਾਂਗਾ ਨਾਲ ਨਾਲ । ਸਮਝਿਆ ਕਰ ਤੂੰ ਪਰਿੰਦੇ, ਇਹ ਸ਼ਿਕਾਰੀ ਬਹੁਤ ਤੇਜ਼, ਪਿੰਜਰੇ ਵਿੱਚ ਪਾਉਣ ਖਾਤਰ, ਚੋਗ ਪਾਉਂਦੇ ਚਾਲ ਨਾਲ । ਤੀਰ ਤੇ ਤਲਵਾਰ ਮੈਨੂੰ ਮਾਰ, ਤੇਰਾ ਕਰਮ ਹੈ ਇਹ, ਮੈਂ ਤੇਰਾ ਹਰ ਵਾਰ ਮੋੜੂੰ, ਸਿਦਕ ਵਾਲੀ ਢਾਲ਼ ਨਾਲ । ਕਾਹਲਿਆ ਨਾ ਕਾਹਲ ਕਰ ਤੂੰ, ਸਹਿਜ ਨੂੰ ਸਾਹੀਂ ਪਰੋ ਲੈ, ਧਰਤ ਨੂੰ ਮਿਣਿਆ ਕਿਸੇ ਨਾ ਅੱਜ ਤੀਕਰ ਛਾਲ ਨਾਲ । ਮਾਛੀਆਂ ਦੀ ਚਾਲ ਵੇਖੀਂ, ਮਗਰਮੱਛ ਨੇ ਬੇਲਗਾਮ, ਨਿੱਕੀਆਂ ਮੱਛੀਆਂ ਨੂੰ ਘੇਰਨ, ਪੂੰਗ ਫੜਦੇ ਜਾਲ ਨਾਲ ।
ਕਹਿ ਦਿੰਦਾਂ, ਪਰ ਵਰਤਾਂ ਨਾ ਮੈਂ
ਕਹਿ ਦਿੰਦਾਂ, ਪਰ ਵਰਤਾਂ ਨਾ ਮੈਂ, ਸ਼ਬਦ ਕਦੇ ਹਥਿਆਰ ਦੇ ਵਾਂਗ । ਤਾਂਹੀਉਂ ਹੀ ਇਹ ਦਿਸਦੇ ਨਹੀਂਉਂ ਸਿਰ ਬੱਧੀ ਦਸਤਾਰ ਦੇ ਵਾਂਗ । ਜ਼ਿੰਦਗੀ ਦੀ ਰਣਭੂਮੀ 'ਚੋਂ ਮੈਂ, ਖਿਸਕ ਪਿਛਾਂਹ ਨੂੰ ਮੁੜਦਾ ਹਾਂ, ਸ਼ਰਮ ਕਰਾਂ ਨਾ ਤੁਰਦਾਂ ਜਦ ਮੈਂ, ਫਿਰ ਯੋਧੇ ਬਲਕਾਰ ਦੇ ਵਾਂਗ । ਧਰਮ ਧਰਾਤਲ ਛੱਡ ਕੇ ਤੁਰਦੇ, ਸੰਗਮਰਮਰੀ ਫ਼ਰਸ਼ਾਂ ਉੱਤੇ, ਬੋਲਣ ਬੋਲ ਕੁਬੋਲ ਚੌਧਰੀ, ਜੀਭਾ ਤੇਜ਼ ਕਟਾਰ ਦੇ ਵਾਂਗ । ਨੀਤੀਵਾਨ ਬਦਲ ਕੇ ਨੀਤੀ, ਬਦਨੀਤੀ ਤੇ ਆ ਗਏ ਨੇ, ਧੜਾ ਪਿਆਰਾ ਧਰਮ ਦੇ ਨਾਲੋਂ, ਕਲਯੁਗ ਦੇ ਅਵਤਾਰ ਦੇ ਵਾਂਗ । ਹਰਫ਼ ਟਿਕਾਊ, ਬਣੇ ਵਿਕਾਊ, ਪੈਰੀਂ ਝਾਂਜਰ ਪਾ ਬੈਠੇ, ਰਾਗ ਸਦਾ ਦਰਬਾਰੀ ਗਾਉਂਦੇ, ਚੋਗਾ ਚੁਗਦੀ ਡਾਰ ਦੇ ਵਾਂਗ । ਧੂੰਆਂਧਾਰ ਮਾਹੌਲ ਵਿਸ਼ੈਲਾ, ਦਮ ਘੁਟਦਾ, ਸਾਹ ਫੁੱਲਦਾ ਹੈ, ਮੁੱਖ ਸਫ਼ਿਆਂ ਤੇ ਜ਼ਹਿਰੀ ਖ਼ਬਰਾਂ, ਰੋਜ਼ਾਨਾ ਅਖ਼ਬਾਰ ਦੇ ਵਾਂਗ । ਜਦ ਵੀ ਸਫ਼ਰ ਕਰਾਂ ਮੈਂ ਸੋਚਾਂ, ਸੋਚ ਸੋਚ ਕੇ ਬਹਿ ਜਾਵਾਂ, ਕਿੱਥੇ ਕਦਮ ਟਿਕਾਵਾਂ, ਸਭ ਰਾਹ, ਤੇਜ਼ ਧਾਰ ਤਲਵਾਰ ਦੇ ਵਾਂਗ ।
ਵਿਹੜੇ ਦੇ ਵਿੱਚ ਰੁੱਖੜਾ
ਵਿਹੜੇ ਦੇ ਵਿੱਚ ਰੁੱਖੜਾ ਲਾ ਲਈਂ ਚਾਵਾਂ ਲਈ । ਖ਼ੁਦਗ਼ਰਜ਼ਾ ਨਾ ਬੀਜ ਇਕੱਲੀਆਂ ਛਾਵਾਂ ਲਈ । ਚਿੜੀਆਂ ਬੰਨ੍ਹ ਕਤਾਰਾਂ ਅੰਬਰੀਂ ਉੱਡ ਰਹੀਆਂ, ਰੌਣਕ ਮੇਲਾ ਲਾਜ਼ਮ ਬਹੁਤ ਹਵਾਵਾਂ ਲਈ । ਟਾਹਣੀ ਉੱਤੇ ਨੱਚਦੇ ਪੱਤਰ ਮਾਣਿਆ ਕਰ, ਸਿਰਫ਼ ਹਵਾ ਨਹੀਂ ਦੇਂਦੇ ਕੇਵਲ ਸਾਹਵਾਂ ਲਈ । ਸ਼ਹਿਰੀ ਹੋਇਉਂ ਆਲ੍ਹਣਿਆਂ ਨੂੰ ਤੋੜੇਂ ਤੂੰ, ਇਸ ਨੂੰ ਢਾਹੁਣਾ ਪਾਪ ਹੈ, ਪਿੰਡਾਂ ਥਾਵਾਂ ਲਈ । ਜਦ ਬਿਜਲੀ ਤੁਰ ਜਾਵੇ, ਜਿੰਦ ਤੇ ਬਣ ਜਾਵੇ, ਛਤਰੀ ਬਣਦੇ ਬਿਰਖ਼ ਨੇ ਪੱਖੀਆਂ ਮਾਵਾਂ ਲਈ । ਇਸ ਦੇ ਟਾਹਣ ਸਲਾਮਤ ਰੱਖੀਂ ਅਜ਼ਲਾਂ ਤੀਕ, ਭੈਣ ਮੇਰੀ ਦੀ ਪੀਂਘ ਤੇ ਸੁੱਚੜੇ ਚਾਵਾਂ ਲਈ । ਹਰ ਬੂਟੇ ਨੂੰ ਪਾਣੀ ਪਾਉ ਰਿਸ਼ਤਿਆਂ ਵਾਂਗ, ਇਹ ਵੀ ਸਬਕ ਜ਼ਰੂਰੀ, ਭੈਣ ਭਰਾਵਾਂ ਲਈ ।
ਰਾਜਿਆਂ ਨੂੰ ਯਾਦ ਨਾ
ਰਾਜਿਆਂ ਨੂੰ ਯਾਦ ਨਾ ਜੇ ਕੌਲ ਇਕਰਾਰ ਹੈ । ਸਾਡੀ ਅਲਗ਼ਰਜ਼ੀ ਹੀ ਬਹੁਤੀ ਜ਼ਿੰਮੇਵਾਰ ਹੈ । ਅੰਬੀਆਂ ਨੂੰ ਟੁੱਕ ਟੁੱਕ ਬਾਗਾਂ ਨੂੰ ਉਜਾੜਦੇ, ਇੱਕ ਨਾ ਇਕੱਲਾ, ਇਹ ਤਾਂ ਤੋਤਿਆਂ ਦੀ ਡਾਰ ਹੈ । ਕਾਵਾਂ ਨੇ ਸੀ ਖੋਹੇ ਸਾਥੋਂ ਜ਼ੋਰ ਨਾਲ ਆਲ੍ਹਣੇ, ਘੁੱਗੀਆਂ ਵਿਚਾਰੀਆਂ ਨੂੰ ਏਨੀ ਕਿੱਥੇ ਸਾਰ ਹੈ । ਜਾਲ਼ ਵਿੱਚ ਉੱਡਣਾ ਪਰਿੰਦਾ ਫਾਥਾ ਵੇਖ ਲਉ, ਚੋਗ ਵਾਲੇ ਲੋਭ ਪਿੱਛੇ ਹੋ ਗਿਆ ਸ਼ਿਕਾਰ ਹੈ । ਤਲੀਆਂ ਤੇ ਸੀਸ ਵਾਲੀ ਫ਼ੀਸ ਔਖੀ ਤਾਰਨੀ, ਮਾਰਿਆ ਦੋਚਿੱਤੀ, ਸਿਰ ਗੱਡੇ ਜਿੰਨਾ ਭਾਰ ਹੈ । ਵੱਖ ਵੱਖ ਆਲ੍ਹਣੇ ਤੇ ਅੱਡ ਨੇ ਉਡਾਰੀਆਂ, ਕਾਫ਼ਲਾ ਹੀ ਅੰਦਰੋਂ ਤੇ ਫੁੱਟ ਦਾ ਸ਼ਿਕਾਰ ਹੈ । ਕਿਹੜਾ ਵੈਰੀ ਦੇ ਗਿਆ, ਖਿਡੌਣਾ ਇਹ ਮਾਸੂਮ ਨੂੰ, ਬੱਚਿਆ ਨਾ ਖੇਡੀਂ, ਇਹ ਤਾਂ ਅੱਗ ਦਾ ਅਨਾਰ ਹੈ ।
ਨਾ ਮਤਲਾ ਨਾ ਮਕਤਾਅ
ਨਾ ਮਤਲਾ ਨਾ ਮਕਤਾਅ ਇਹ ਤਾਂ ਦਰਦ ਕਹਾਣੀ ਰਾਤ ਦੀ । ਤਰਲ ਵਾਰਤਾ ਇਹ ਤਾਂ ਦਿਲ ਦੇ ਅੰਦਰਲੇ ਜਜ਼ਬਾਤ ਦੀ । ਹੋਰ ਕਿਸੇ ਨੂੰ ਕੀ ਸਮਝਾਵਾਂ, ਮੈਂ ਤੇ ਆਪ ਗਵਾਚਾ ਹਾਂ, ਸਮਝ ਅਜੇ ਨਾ ਆਈ ਮੈਨੂੰ ਹਾਲੇ ਆਪਣੀ ਜ਼ਾਤ ਦੀ । ਰੋਟੀ ਨੂੰ ਕਾਂ ਝਪਟਾ ਮਾਰੂ, ਖੋਹ ਲੈ ਜਾਊ ਬਾਲਾਂ ਤੋਂ, ਨੀਅਤ ਖੋਟੀ ਸਮਝ ਗਿਆਂ ਮੈਂ, ਕਾਲ਼ੇ ਮੂੰਹ ਬਦਜ਼ਾਤ ਦੀ । ਸੋਚ ਸਮਝ ਕੇ ਚਾਤਰ ਲੋਕਾਂ, ਤਾਣੀ ਇਹ ਉਲਝਾਈ ਹੈ, ਕੋਸ਼ਿਸ਼ ਕਰ ਸੁਲਝਾਉਣੀ ਚਾਹੁੰਨਾਂ ਗੁੰਝਲ ਇਹ ਹਾਲਾਤ ਦੀ । ਝਿਊਰੀ ਦੇ ਹੱਥਾਂ 'ਚੋਂ ਭਾਂਡੇ ਮਾਂਜਦਿਆਂ ਜੋ ਛਿੜਦੀ ਹੈ, ਸਰਗਮ ਇਹ ਤਾਂ ਉਹਦੇ ਘਰ ਦੇ ਸੱਖਣੇ ਤਵੇ ਪਰਾਤ ਦੀ । ਜ਼ਹਿਰ ਪਿਆਉਂਦੇ ਰਾਜ ਘਰਾਣੇ, ਪਤਾ ਨਹੀਂ ਹੁਣ ਕਿੱਥੇ ਨੇ, ਨਸਲ ਅਜੇ ਵੀ ਬੜ੍ਹਕਾਂ ਮਾਰੇ, ਵਿਸ਼ ਪੀਂਦੇ ਸੁਕਰਾਤ ਦੀ । ਚਾਰ ਚੁਫ਼ੇਰਿਉਂ ਘਿਰਿਆ ਬੰਦਾ, ਫਾਹ ਲੈ ਕੇ ਕਿਉਂ ਮਰਦਾ ਹੈ, ਪੈੜ ਪਛਾਣੋਂ ਕਿੱਧਰ ਜਾਂਦੀ, ਉਸ ਦੇ ਆਤਮਘਾਤ ਦੀ ।
ਕੱਚਿਆਂ ਘਰਾਂ ਦੇ ਬੂਹੇ
ਕੱਚਿਆਂ ਘਰਾਂ ਦੇ ਬੂਹੇ ਕੰਧਾਂ ਨੂੰ ਸੰਭਾਲ਼ੀਏ । ਵੱਡੇ ਨੇ ਸਵਾਲ ਐਵੇਂ ਹੱਸ ਕੇ ਨਾ ਟਾਲ਼ੀਏ । ਸਾਗਰਾਂ ਦੀ ਹਿੱਕ ਥੱਲੇ ਸਾਡਾ ਹੀ ਸਮਾਨ ਹੈ, ਚਲੋ ਜੀ ਮਧਾਣੀ ਫੜ ਏਸ ਨੂੰ ਖੰਘਾਲ਼ੀਏ । ਫਿਰਦੇ ਨੇ ਚੋਰ ਤੇ ਲੁਟੇਰੇ ਸ਼ਰ੍ਹੇਆਮ ਹੁਣ, ਆਪਣੇ ਬਨੇਰਿਆਂ ਤੇ ਆਪ ਦੀਵੇ ਬਾਲ਼ੀਏ । ਕਾਹਦਾ ਉਹ ਈਮਾਨ ਜੋ ਬਾਜ਼ਾਰ ਵਿੱਚ ਬਹਿ ਗਿਆ, ਚੋਰ ਅਤੇ ਸਾਧ ਏਥੇ ਬਣੇ ਭਾਈਵਾਲ਼ੀਏ । ਤੇਰਾ ਇਨਸਾਫ਼ ਕਹਿੰਦੇ ਖੰਭ ਲਾ ਕੇ ਉੱਡਿਆ, ਫ਼ੈਸਲੇ ਸੁਣਾਵੇਂ ਕੈਸੇ ਦਿਲਾਂ ਦੀਏ ਕਾਲ਼ੀਏ । ਹੱਦਾਂ ਸਰਹੱਦਾਂ ਦੇ ਉਰਾਰ ਪਾਰ ਮੌਤ ਹੈ, ਜ਼ਿੰਦਗੀ ਦੇ ਰਾਖੇ ਹੋ ਗਏ ਅਕਲੋਂ ਦੀਵਾਲ਼ੀਏ । ਪੈ ਗਿਆ ਫੁਟਾਰਾ ਰਾਗੀ ਗਾਉਂਦੇ ਨੇ ਬਸੰਤ ਰਾਗ, ਫੁੱਟ ਪਉ ਨੀ ਤੂੰ ਵੀ ਹੁਣ ਆਸ ਦੀਏ ਡਾਲ਼ੀਏ ।
ਨਾ ਘਬਰਾਵੀਂ ਜੀਣ ਜੋਗਿਆ
ਨਾ ਘਬਰਾਵੀਂ ਜੀਣ ਜੋਗਿਆ, ਅੱਜ ਮਗਰੋਂ ਹੀ ਕੱਲ੍ਹ ਹੁੰਦਾ ਹੈ । ਢੇਰੀ ਢਾਹ ਕੇ ਬਹਿ ਨਾ ਜਾਵੀਂ, ਹਰ ਮੁਸ਼ਕਿਲ ਦਾ ਹੱਲ ਹੁੰਦਾ ਹੈ । ਚਾਰ ਚੁਫ਼ੇਰ ਘੁੰਮਰੀਆਂ ਪਾਉਂਦਾ ਦਰਦ ਪਰਿੰਦਾ ਬਹਿਣ ਨਾ ਦੇਵੀਂ, ਮਨ ਦੀ ਟਾਹਣੀ ਪੱਕਾ ਰਹਿ ਕੇ ਏਹੀ ਬਣਦਾ ਸੱਲ ਹੁੰਦਾ ਹੈ । ਤੂੰ ਤਕਰਾਰੋਂ ਸਿੱਧ ਮ ਸਿੱਧਾ ਪਹੁੰਚ ਗਿਐਂ ਹਥਿਆਰਾਂ ਤੀਕਰ, ਗੁੱਸਾ ਤਾਂ ਚੰਡਾਲ ਭਰਾਵਾ, ਗੱਲ ਦਾ ਉੱਤਰ ਗੱਲ ਹੁੰਦਾ ਹੈ । ਹਰ ਵੇਲੇ ਬਰਸਾਤ ਅਗਨ ਦੀ, ਬੋਲ ਤੇਜ਼ਾਬੀ ਮੂੰਹ 'ਚੋਂ ਕੱਢੇਂ, ਸੁਖ਼ਨ-ਸੁਨੇਹੜਾ ਭੇਜ ਭੈੜਿਆ, ਜੇ ਤੇਰੇ ਤੋਂ ਘੱਲ ਹੁੰਦਾ ਹੈ । ਵਣ ਵਿੱਚ 'ਕੱਲ੍ਹਾ ਰੁੱਖ ਕਿਉਂ ਹੋਵੇ, ਹਮਸਾਇਆ ਹੈ ਮਾਂ ਪਿਉ ਜਾਇਆ, ਤੇਜ਼ ਹਨ੍ਹੇਰੀਆਂ ਵਾਲਾ ਝਟਕਾ, ਤੁਧ ਬਿਨ ਕਿੱਥੇ ਝੱਲ ਹੁੰਦਾ ਹੈ । ਬੇਹਿੰਮਤਾਂ ਦੀ ਯਾਰੀ ਜ਼ਹਿਮਤ, ਰਹਿਮਤ ਸੰਗਤ ਹਿੰਮਤੀਆਂ ਦੀ, ਬੇਵਿਸ਼ਵਾਸ ਨਿਸ਼ਾਨੇ ਤੋਂ ਬਿਨ ਚਾਰ ਕਦਮ ਨਾ ਚੱਲ ਹੁੰਦਾ ਹੈ । ਦਰਦ ਕਹਾਣੀ ਬਣ ਜਾਂਦੀ ਏ, 'ਕੱਠਿਆਂ ਹੋ ਕੇ ਹੜ੍ਹ ਦਾ ਪਾਣੀ, ਸਬਰ, ਸਿਦਕ, ਸੰਤੋਖ ਬਿਨਾ ਇਹ 'ਕੱਲ੍ਹਿਆਂ ਕਿੱਥੇ ਠੱਲ੍ਹ ਹੁੰਦਾ ਹੈ ।
ਇੱਕ ਪੁੜ ਥੱਲੇ ਦੂਜਾ ਉੱਤੇ
ਇੱਕ ਪੁੜ ਥੱਲੇ ਦੂਜਾ ਉੱਤੇ, ਪੀਸ ਰਹੇ ਚੱਕੀ ਵਿੱਚ ਦਾਣੇ । ਭੋਲ਼ੇ ਲੋਕ ਅਲਾਪ ਰਹੇ ਨੇ, ਸਭ ਕੁਝ ਰੱਬਾ ਤੇਰੇ ਭਾਣੇ । ਸਾਡਾ ਆਟਾ ਸਾਨੂੰ ਵੰਡ ਕੇ, ਆਖੀ ਜਾਣ ਵਜਾਉ ਤਾੜੀ, ਕਿੰਨੇ ਚਾਤਰ ਹੋ ਗਏ ਵੇਖੋ, ਕੁਰਸੀਧਾਰੀ ਜ਼ਰ ਜਰਵਾਣੇ । ਕਣਕ ਵੀ ਸਾਡੀ, ਹੱਥ ਵੀ ਸਾਡੇ, ਪੀਸਿਆ ਕੋਈ ਹੋਰ ਸਮੇਟੇ, ਧਰਤੀ ਧਰਮ ਗੁਆਚ ਗਿਆ ਹੈ ਰਖਵਾਲਾ ਨਾ ਫ਼ਰਜ਼ ਪਛਾਣੇ । ਚਿੜੀਆਂ ਮੌਤ ਗੰਵਾਰਾਂ ਹਾਸਾ, ਇਹ ਵਰਤਾਰਾ ਮੁੱਕਦਾ ਨਹੀਂਉਂ, ਫਿਰਨ ਸ਼ਿਕਾਰੀ ਕੱਸ ਗੁਲੇਲਾਂ, ਧਰਮ ਨਗਰੀਉਂ, ਧੁਰ ਲੁਧਿਆਣੇ । ਅੰਨ੍ਹਾ ਬੋਲ਼ਾ ਮਾਇਆ ਧਾਰੀ, ਸ਼ਸਤਰ ਧਾਰੀ ਤੇ ਅਧਿਕਾਰੀ, ਕਿਹੜਾ ਦਰ ਖੜਕਾਈਏ ਦੱਸੋ, ਜਿਹੜਾ ਸਾਡਾ ਦਰਦ ਪਛਾਣੇ । ਫਿਰ ਬੁੱਤਾਂ ਨੂੰ ਪੂਜ ਰਹੇ ਹਾਂ, ਮੁਕਤ ਕਰਾਇਆ ਜਿਸ ਤੋਂ ਗੁਰੂਆਂ, ਕਿੱਧਰ ਘੇਰ ਲਿਆਏ ਸਾਨੂੰ ਧਰਮ ਦੇ ਨਾਂ ਤੇ ਮਾਨਸ ਖਾਣੇ । ਯੋਗੀ ਭੋਗੀ ਰਲ ਗਏ ਸਾਰੇ, ਵੇਚਣ ਰਲ ਕੇ ਵਤਨਪ੍ਰਸਤੀ, ਸੌ ਫੁੱਲ ਖਿੜੇ ਕਿਆਰੀਉਂ ਪੁੱਟ ਕੇ, ਬੀਜ ਰਹੇ ਨੇ ਜੋਗੀਆ ਬਾਣੇ । ਸਤਿਯੁਗ, ਦਵਾਪਰ, ਕਾਲ ਤਰੇਤਾ ਕਲਿਯੁਗ ਤੀਕਰ ਅੱਖੀਆਂ ਮੀਟੀ, ਜੰਤ ਪਰਿੰਦੇ ਹੁਣ ਵੀ ਗਾਉਂਦੇ, ਉਹਦੀਆਂ ਦਾਤਾਂ ਓਹੀ ਜਾਣੇ । ਭੇਡਾਂ ਮੁੰਨਣ ਵਾਲਿਆਂ ਦੀ ਵੀ, ਨਸਲ ਬਦਲ ਗਈ, ਇਹ ਕੀ ਹੋਇਆ, ਉੱਨ ਉਤਾਰਨ ਵਾਲੇ ਰੱਜ ਗਏ, ਆਜੜੀਆਂ ਦੇ ਪਾਟੇ ਬਾਣੇ ।
ਦਾਸ ਕਬੀਰ ਦੀ ਝੁੱਗੀ ਹੈ
ਦਾਸ ਕਬੀਰ ਦੀ ਝੁੱਗੀ ਹੈ ਕਿਉਂ ਗਲ ਕਟੀਅਨ ਦੇ ਪਾਸ ਅਜੇ ਵੀ । ਛੇ ਸਦੀਆਂ ਦਾ ਪਹੀਆ ਘੁੰਮਿਆ ਬਦਲਣ ਦੀ ਨਾ ਆਸ ਅਜੇ ਵੀ । ਏਕ ਨੂਰ ਤੇ ਸਭ ਜਗ ਉਪਜੇ, ਗਾਉਂਦੇ ਹਾਂ, ਪਰ ਮੰਨਦੇ ਨਹੀਂਉਂ, ਲਿੱਸਿਆਂ ਨੂੰ ਤਾਂ ਲੈਣੇ ਪੈਂਦੇ, ਪੁੱਛ ਪੁੱਛ ਕੇ ਕਿਉਂ ਸਵਾਸ ਅਜੇ ਵੀ । ਰਾਜਭਾਗ ਦੀ ਅਰਦਲ ਅੰਦਰ ਗੁਣਵੰਤੇ ਕਿਉਂ ਚੌਰ ਝੁਲਾਉਂਦੇ, ਹਰ ਅਰਜ਼ੀ ਤੇ ਕਿਉਂ ਲਿਖਦੇ ਨੇ, ਆਗਿਆਕਾਰੀ ਦਾਸ ਅਜੇ ਵੀ । ਬੰਧਨ ਮੁਕਤ ਬਣਾਇਆ ਸੀ ਤੂੰ, ਸੌ ਫੁੱਲਾਂ ਨੂੰ ਖਿੜਨ ਸਿਖਾਇਆ, ਖ਼ੁਸ਼ਬੋਈਆਂ ਨੂੰ ਘਰ ਨਹੀਂ ਮਿਲਿਆ, ਭੋਗਦੀਆਂ ਬਨਵਾਸ ਅਜੇ ਵੀ । ਮੇਰੇ ਅੰਦਰ ਕੁਝ ਨਹੀਂ ਮੇਰਾ, ਸਭ ਕੁਝ ਤੇਰਾ, ਫਿਰ ਕਿਉਂ ਹੋਵੇ, ਤੇਰੀ ਨਜ਼ਰ ਸਵੱਲੀ ਅੰਦਰ, ਧਨਵੰਤਾ ਹੀ ਖ਼ਾਸ ਅਜੇ ਵੀ । ਤਰਸ ਦਾ ਪਾਤਰ ਗਿਆਨਵੰਤੀਆ, ਲੁਕਦਾ ਫਿਰਦਾ ਚਾਨਣ ਕੋਲੋਂ, ਕਾਲਖ਼ ਦੀ ਸਰਦਾਰੀ ਥੱਲੇ, ਤੜਫ਼ ਰਿਹਾ ਇਤਿਹਾਸ ਅਜੇ ਵੀ । ਤਾਣਾ ਤਣਿਆ ਸ਼ਬਦ ਸੁਨਹਿਰੀ, ਜਿਸਦੀ ਖ਼ਾਤਰ ਦਾਸ ਕਬੀਰਾ, ਕਰਮਭੂਮ ਵਿੱਚ ਫਿਰੇ ਗਵਾਚਾ, ਤੇਰਾ ਬਚਨ ਬਿਲਾਸ ਅਜੇ ਵੀ ।
ਸਾਡੇ ਹੁੰਦੇ ਸੁੰਦਿਆਂ
ਸਾਡੇ ਹੁੰਦੇ ਸੁੰਦਿਆਂ ਪੰਜਾਬ ਗਿਆ ਠੱਗਿਆ । ਠੱਗਿਆ ਵੀ ਏਦਾਂ ਸਾਨੂੰ ਪਤਾ ਵੀ ਨਾ ਲੱਗਿਆ । ਥਾਲ਼ੀ ਵਿੱਚ ਰੋਟੀ ਸੀ ਚਪਾਤੀ ਕਦੋਂ ਬਣ ਗਈ, ਛੋਲਿਆਂ ਤੋਂ ਚਨੇ ਕਿੱਦਾਂ ਬਣੇ ਢੋਰਾ ਲੱਗਿਆ । ਚੰਗੇ ਭਲੇ ਚੌਲ ਤੇਰੇ ਚਾਵਲਾਂ 'ਚ ਰਲ਼ ਗਏ, ਖਾਈ ਜਾਹ ਗੁਤਾਵਾ ਤੂੰ, ਪੰਜਾਬੀਆ ਓ ਢੱਗਿਆ । ਤੈਨੂੰ ਵੀ ਬਣਾਉਣਗੇ ਇਹ ਹੋਰ ਦਾ ਹੀ ਹੋਰ ਕੁਝ, ਵੈਰੀਆਂ ਦੀ ਅੱਖ ਹੁਣ ਤੇਰੇ ਉੱਤੇ ਝੱਗਿਆ । ਤੇਰੇ ਜਹੇ ਮਸ਼ੀਨਾਂ 'ਚ ਹਜ਼ਾਰਾਂ ਸਾਜ਼ ਕੈਦ ਨੇ, ਵੱਜੇਂਗਾ ਤੂੰ ਕਿੱਦਾਂ ਹੁਣ ਢੋਲ ਉੱਤੇ ਡੱਗਿਆ । ਤੇਰੀਆਂ ਉਡਾਰੀਆਂ ਦੇ ਨਾਲ ਸਿੱਧਾ ਵੈਰ ਹੈ, ਕੱਟ ਦੇ ਤੂੰ ਨਸ਼ਿਆਂ ਦਾ ਜਾਲ ਸ਼ੇਰ ਬੱਗਿਆ । ਵੇਖ ਲੈ ਸਰ੍ਹਾਲ* ਤੇਰੀ ਰੱਤ ਨੂੰ ਡਕਾਰਿਆ, ਨੌਂ ਮਣ ਰੇਤ ਸੁੱਕੀ ਮੋਇਉਂ ਪੁੱਤ ਜੱਗਿਆ । *ਰੱਤ ਪੀਣਾ ਰੀਂਘਣਹਾਰਾ ਜੀਵ
ਬੜਾ ਹੀ ਵਰਜਿਆ ਖ਼ੁਦ ਨੂੰ
ਬੜਾ ਹੀ ਵਰਜਿਆ ਖ਼ੁਦ ਨੂੰ ਇਹ ਕਹਿਣੋਂ ਰਹਿ ਨਹੀਂ ਸਕਦਾ । ਮੈਂ ਤੇਰੇ ਵਾਸਤੇ ਤਾਂ ਹੋਰ ਹੇਠਾਂ ਲਹਿ ਨਹੀਂ ਸਕਦਾ । ਅਧੂਰੀ ਗੁਫ਼ਤਗੂ ਛੱਡ ਕੇ ਤੂੰ ਮੁੜ ਕੇ ਬਾਤ ਨਾ ਛੋਹੀ, ਮੈਂ ਤੇਰੀ ਬੇਰੁਖ਼ੀ ਏਨੀ ਵੀ ਜਿੰਦੇ ਸਹਿ ਨਹੀਂ ਸਕਦਾ । ਤੂੰ ਮੇਰੀ ਅੱਖ ਵਿੱਚ ਅੱਥਰੂ ਦੀ ਜੂਨੇ ਕਿਉਂ ਪਈ ਪੀੜੇ, ਜੋ ਪੱਥਰ ਹੋ ਗਿਐ, ਹੁਣ ਨੀਰ ਬਣ ਕੇ ਵਹਿ ਨਹੀਂ ਸਕਦਾ । ਇਕੱਲਾ ਆਦਮੀ ਅੱਧਾ ਅਧੂਰਾ, ਕੀ ਕਹੇ, ਕਿਸਨੂੰ, ਮੈਂ ਦਿਲ ਦੀ ਵਾਰਤਾ ਤੇਰੇ ਬਿਨਾਂ ਤਾਂ ਕਹਿ ਨਹੀਂ ਸਕਦਾ । ਮੈਂ ਉੱਡਣੇ ਬਾਜ਼ ਦੇ ਖੰਭਾਂ ਤੇ ਅੰਬਰ ਬਹੁਤ ਗਾਹਿਆ ਹੈ, ਤੇਰੀ ਦਹਿਲੀਜ਼ ਤੇ ਮੈਂ ਚੋਗ ਦੇ ਲਈ ਬਹਿ ਨਹੀਂ ਸਕਦਾ । ਸਿਰਫ਼ ਕਮਜ਼ੋਰੀਆਂ ਬੰਦੇ ਦੀਆਂ ਮੂੰਹ ਭਾਰ ਕਰ ਦੇਵਣ, ਸਬੂਤਾ ਆਦਮੀ ਓਦਾਂ ਕਿਸੇ ਤੋਂ ਢਹਿ ਨਹੀਂ ਸਕਦਾ । ਕਦੇ ਵੇਖੀਂ, ਗਿਣੀਂ, ਬੁੱਕਲ ਮੇਰੀ ਵਿੱਚ ਚੰਨ ਸੂਰਜ ਨੇ, ਮੈਂ ਤਾਰਾ ਨਗਰ ਸਾਰਾ, ਲੈ ਕਲਾਵੇ, ਛਹਿ* ਨਹੀਂ ਸਕਦਾ । *ਲੁਕ ਛਿਪ ਕੇ ਬਹਿਣਾ
ਚੁੱਕੀ ਫਿਰਦੈਂ ਲਾਸ਼ ਅਜੇ ਵੀ
ਚੁੱਕੀ ਫਿਰਦੈਂ ਲਾਸ਼ ਅਜੇ ਵੀ, ਤਨ ਜੀਂਦਾ ਮਨ ਅੰਦਰੋਂ ਮਰਿਆ । ਬਿਨ ਮੰਜ਼ਿਲ ਤੋਂ ਤੁਰਦੇ ਤੁਰਦੇ, ਤੇਰਾ ਹਾਲੇ ਦਿਲ ਨਹੀਂ ਭਰਿਆ? ਏਨੀ ਲੰਮੀ ਚੁੱਪ ਦਾ ਕਾਰਨ, ਦੱਸ ਤਾਂ ਸਹੀ ਕਦੇ ਤੂੰ ਜਿੰਦੇ, ਮੇਰੇ ਨਾਲ ਨਾ ਕਰੇ ਗੁਫ਼ਤਗੂ, ਸੱਚ ਦੱਸੀਂ ਨੀ ਦਿਲ ਨਹੀਂ ਕਰਿਆ? ਇੱਕ ਟਾਹਣੀ ਤੇ ਏਨੇ ਉੱਲੂ, ਰਾਗ ਅਲਾਪਣ ਆਪੋ ਆਪਣੇ, ਜਿਸ ਵਤਨ ਦਾ ਰਾਖਾ ਹੈ ਰੱਬ, ਹੁਣ ਵੀ ਮਰਿਆ, ਹੁਣ ਵੀ ਮਰਿਆ । ਮੌਤ ਦੇ ਨਾਲ ਮਸ਼ਕਰੀ ਕਰਦਾ, ਉਹ ਪੰਜਾਬ ਗਵਾਚ ਗਿਆ ਹੈ, ਹੁਣ ਤਾਂ ਏਥੇ ਰੁੱਖ ਤੇ ਬੰਦੇ, ਜੰਤ ਪਰਿੰਦਾ ਹਰ ਜੀਅ ਡਰਿਆ । ਆਪੇ ਹੀ ਤੂੰ ਦੱਸ ਭਰਾਵਾ, ਮੇਰੀ ਸਿੱਖਿਆ ਕਿੰਜ ਲਵੇਂਗਾ? ਜਿੰਨੀ ਦੇਰ ਗਿਲਾਸ ਤੇਰੇ ਹੱਥ ਨੱਕੋ ਨੱਕ ਸ਼ਰਾਬ ਦਾ ਭਰਿਆ । ਤੇਰੀ ਜ਼ੁਲਫ਼ ਸੰਵਾਰਾਂ ਹੱਥੀਂ, ਰੀਝ ਅਜੇ ਵੀ ਮਚਲ ਰਹੀ ਏ, ਤੈਨੂੰ ਵਰਨ ਲਈ ਦੱਸ ਪਰੀਏ, ਕਿਹੜਾ ਸਿਤਮ ਨਹੀਂ ਮੈਂ ਜਰਿਆ । ਬੱਦਲਾਂ ਦੀ ਚੁੰਨੀ ਦਾ ਓਹਲਾ, ਪਾਸੇ ਕਰ, ਲਿਸ਼ਕੋਰਾਂ ਬਣ ਜਾ, ਦੀਦ ਪਿਆਸੇ ਨੈਣਾਂ ਖ਼ਾਤਰ, ਤੇਰੇ ਤੋਂ ਇਹ ਵੀ ਨਾ ਸਰਿਆ ।
ਬਚ ਜਾਹ ਪੰਜਾਬ ਸਿੰਹਾਂ
ਬਚ ਜਾਹ ਪੰਜਾਬ ਸਿੰਹਾਂ, ਚੌਂਕੀਦਾਰ ਕਹਿ ਗਿਆ । ਓਨਾ ਤਾਂ ਬਚਾ ਲੈ, ਜਿੰਨਾ ਪੱਲੇ ਤੇਰੇ ਰਹਿ ਗਿਆ । ਨਸ਼ਿਆਂ ਸਮੇਤ ਕਿੰਨੇ ਵੈਲਾਂ ਤੈਨੂੰ ਮਾਰਿਆ, ਐਵੇਂ ਤਾਂ ਨਹੀਂ ਪਹੀਆ ਤੇਰਾ ਪਟੜੀ ਤੋਂ ਲਹਿ ਗਿਆ । ਨਰਮੇ ਦੀ ਪੰਡ ਭਾਰੀ, ਤੁਰਿਆ ਰਹਿ, ਰੁਕੀਂ ਨਾ, ਉੱਠਿਆ ਨਹੀਂ ਜਾਣਾ ਜੇ ਤੂੰ ਪਾਣੀ ਵਿੱਚ ਬਹਿ ਗਿਆ । ਸੂਰਮਾ ਸਦੀਵੀ ਜੰਗ ਲੜੇ ਤਾਂ ਹੀ ਸੂਰਮਾ, ਗਿਣਦਾ ਨਹੀਂ ਕਿੰਨੇ ਵਾਰ ਹਿੱਕੜੀ ਤੇ ਸਹਿ ਗਿਆ । ਚੀਨ ਵੀ ਤਾਂ ਉੱਠਿਆ ਸੀ 'ਫੀਮ ਦੇ ਪਹਾੜ 'ਚੋਂ, ਜੱਗ ਸਾਰਾ ਕੂਕਦਾ ਸੀ ਢਹਿ ਗਿਆ ਬਈ ਢਹਿ ਗਿਆ । ਲੱਗ ਗਈ ਸਿਉਂਕ ਤੇਰੀ ਦੇਹੀ ਤੇ ਦਿਮਾਗ ਨੂੰ, ਲੱਖ ਦਾ ਸੀ ਹੁੰਦਾ ਹੁਣ ਕੱਖ ਦਾ ਨਾ ਰਹਿ ਗਿਆ । ਅੱਗ ਤਾਂ ਜਵਾਨਾ ਸਾਰੇ ਸੀਨਿਆਂ 'ਚ ਕੈਦ ਹੈ, ਜਗ ਮਗ ਜਗੇ ਜਿਹੜਾ ਤੀਲੀ ਵਾਂਗੂੰ ਖਹਿ ਗਿਆ । ਸਾਂਭ ਤੂੰ ਮਲਾਹਾ ਬੇੜਾ, ਚੱਪੂ ਮਾਰ ਤਾਣ ਨਾਲ, ਕਿੰਨਾ ਕੁਝ ਪੁਲਾਂ ਹੇਠੋਂ ਵਹਿੰਦਾ ਵਹਿੰਦਾ ਵਹਿ ਗਿਆ ।
ਮਾਧੋ ਲਾਲ ਹੁਸੈਨ ਦੇ ਹੁਜਰੇ
ਮਾਧੋ ਲਾਲ ਹੁਸੈਨ ਦੇ ਹੁਜਰੇ ਸ਼ਬਦ ਅਗਨ ਦੇ ਘੜਦਾ ਤੀਰ । ਪੰਜ ਦਰਿਆ ਜਿਸ ਅੰਦਰ ਸ਼ੂਕਣ, ਦਾਮਨ* ਸੀ ਉਸਤਾਦ ਫ਼ਕੀਰ । ਜਿਸਮ ਚੀਰ ਕੇ ਵਤਨ ਬਣਾਏ, ਖੁੱਸ ਗਏ ਖੰਭ ਪਰਿੰਦਿਆਂ ਵਾਂਗੂੰ, ਸਾਰੀ ਉਮਰ ਰਿਹਾ ਉਹ ਸੀਂਦਾ, ਪੱਲੇ ਪਾਟੀ ਰੂਹ ਦੀ ਲੀਰ । ਬੰਦੇ ਵਿੱਚ ਵਿਸ਼ਵਾਸ ਜਗਾਉਂਦਾ ਕਹਿੰਦਾ ਹਿੰਮਤ ਕਰ ਲਉ ਯਾਰ, ਝੰਗ ਸਿਆਲਾਂ ਵੱਲ ਨੂੰ ਚੱਲ ਪਉ, ਅਗਲੇ ਪਿੰਡ ਉਡੀਕੇ ਹੀਰ । ਵਾਰਿਸ ਦਾ ਸੀ ਅਸਲੀ ਵਾਰਿਸ, ਲੋਕ ਪੀੜ ਦੇ ਹਮਦਮ ਵਰਗਾ, ਜ਼ਿੰਦਗੀ ਦੀ ਟਕਸਾਲ 'ਚ ਢਲਿਆ, ਹੱਕ ਸੱਚ ਤੇ ਇਨਸਾਫ਼ ਦਾ ਪੀਰ । ਨਾ ਸੀ ਵੈਦ, ਹਕੀਮ, ਔਲੀਆ, ਨਬਜ਼ ਫੜੇ ਬਿਨ ਦੱਸ ਦੇਂਦਾ ਸੀ, ਤੁਰਤ ਪਛਾਣ ਕੇ ਕਹਿ ਦੇਂਦਾ ਸੀ, ਕੁਰਸੀ ਦੀ ਅੱਖ ਵਿੱਚ ਹੈ ਟੀਰ । ਹੱਦਾਂ ਤੇ ਸਰਹੱਦਾਂ ਉਸ ਲਈ, ਅਰਥ ਹੀਣ ਸਨ, ਰੋਕਾਂ ਵੀ, ਸਿਦਕ ਸਲਾਮਤ ਕਰਕੇ ਉਹਦੀ, ਹੂਕ ਤਾਂ ਜਾਂਦੀ ਅੰਬਰ ਚੀਰ । ਕਹਿੰਦੇ ਨੇ ਇੱਕ ਵਾਰ ਮਿਲਦਿਆਂ, ਲਾਲੀ ਵੇਖ ਕੇ ਅੱਖੀਆਂ ਦੀ, ਕੂਕ ਕਿਹਾ ਉਸ, ਸਾਨੂੰ ਪੱਟਿਆ, ਜਿਸਨੂੰ ਕਹਿਣ ਆਜ਼ਾਦੀ ਵੀਰ । ਵਾਹ ਓ ਸ਼ਾਇਰਾ! ਪਹਿਰੇਦਾਰਾ ਮਾਂ ਬੋਲੀ ਤੇ ਗ਼ੈਰਤ ਦੇ, ਪਿਆਸ ਮਿਟਾਵਣ ਮੇਰੀ, ਤੇਰੇ ਬੋਲ ਜੋ ਨਦੀਉਂ ਨਿੱਖੜੇ ਨੀਰ । *ਲੋਕ ਕਵੀ ਉਸਤਾਦ ਦਾਮਨ
ਰਾਤ ਹਨ੍ਹੇਰੀ ਹੋਕਾ ਦੇਵੇਂ
ਰਾਤ ਹਨ੍ਹੇਰੀ ਹੋਕਾ ਦੇਵੇਂ, ਆਖੇਂ ਬਾਰ ਮ ਬਾਰ ਓ ਯਾਰ । ਚੰਨ ਸਿਤਾਰੇ ਸੂਰਜ ਮੇਰੀਆਂ ਦੋ ਬਾਹਾਂ ਵਿਚਕਾਰ ਓ ਚਾਰ । ਤੇਰੇ ਹੱਥ ਵਿੱਚ ਸੂਹਾ ਪਰਚਮ, ਘੁੱਟ ਕੇ ਨਾ ਰੱਖ, ਲਹਿਰਨ ਦੇ ਤੂੰ, ਰੰਗ ਰੱਤੜੇ ਨੂੰ ਬੋਲਣ ਦੇ ਹੁਣ, ਬੇ ਮੌਤੇ ਨਾ ਮਾਰ ਓ ਯਾਰ । ਇਹ ਬੁੱਕਲ ਬ੍ਰਹਿਮੰਡ ਜਿੱਡੀ ਏ, ਲੋਕ ਮੁਕਤੀਆਂ ਦਾ ਜੋ ਖ੍ਵਾਬ, ਇਸਨੂੰ ਘੁੱਟ ਕੇ ਸੀਮਤ ਨਾ ਕਰ ਹੋਰ ਜ਼ਰਾ ਵਿਸਥਾਰ ਓ ਯਾਰ । ਮੈਂ ਵੀ ਤੇਰੇ ਨਾਲ ਬਰਾਬਰ, ਧਿਰ ਬਣ ਬਾਲ ਮਸ਼ਾਲ ਖੜ੍ਹਾਂ, ਬੋਲ ਜ਼ਰਾ ਤੂੰ ਕਿਹੜੀ ਗੱਲ ਦਾ, ਰੂਹ ਤੇ ਰੱਖਦੈਂ ਭਾਰ ਓ ਯਾਰ । ਇਹ ਜਿਹੜੀ ਅਸਮਾਨ 'ਚ ਲਿਸ਼ਕੇ ਲੀਕ ਜਿਹੀ ਕਿਰਪਾਨ ਦੇ ਵਾਂਗ, ਸ਼ਿਅਰਾਂ ਮੇਰਿਆਂ ਰੂਪ ਬਦਲਿਆ, ਬਣ ਬਿਜਲੀ ਦੀ ਤਾਰ ਓ ਯਾਰ । ਜਾਦੂਗਰਨੀ ਕੁਰਸੀ ਨੇ ਸਭ ਰੀਂਘਣਹਾਰ ਬਣਾ ਸੁੱਟੇ, ਉੱਡਣੇ ਪੁਡਣੇ ਸੁਪਨੇ ਹੋ ਗਏ, ਕਿਉਂ ਏਨੇ ਲਾਚਾਰ ਓ ਯਾਰ । ਆਪਾਂ ਹਾਲੇ ਫ਼ੌਜ ਪਿਆਦਾ, ਖਿੱਲਰੀ, 'ਕੱਠੀ ਕੀਤੀ ਨਹੀਂ, ਸਾਡੀ ਬਸਤੀ ਲੁੱਟਣ ਮੁੜ ਕੇ ਚੜ੍ਹ ਪਏ ਘੋੜ ਸਵਾਰ ਓ ਯਾਰ ।
ਮੈਂ ਤੇਰੇ ਸਾਹਾਂ 'ਚ ਹਾਜ਼ਰ,
ਮੈਂ ਤੇਰੇ ਸਾਹਾਂ 'ਚ ਹਾਜ਼ਰ, ਅਲਵਿਦਾ ਕਹਿਣਾ ਨਹੀਂ ਹੈ । ਇੱਕ ਪਲ ਕੀ, ਇੱਕ ਸਾਹ ਵੀ, ਦੂਰ ਮੈਂ ਰਹਿਣਾ ਨਹੀਂ ਹੈ । ਪਲਕ ਦੇ ਅੰਦਰ ਨੂਰਾਨੀ, ਰੌਸ਼ਨੀ ਵਿੱਚ ਘੁਲ਼ ਗਿਆ ਹਾਂ, ਏਸ ਥਾਂ ਬਿਨ ਹੋਰ ਕਿਧਰੇ ਮੈਂ ਕਿਤੇ ਬਹਿਣਾ ਨਹੀਂ ਹੈ । ਤੂੰ ਕਦੇ ਵੀ ਸ਼ਾਮ ਵੇਲੇ, ਇਹ ਕਹੀਂ ਨਾ, ਜਾਣ ਦੇ ਹੁਣ, ਬਿਨ ਸਵਾਸਾਂ ਜੀਣ ਵਾਲਾ ਦਰਦ ਮੈਂ ਸਹਿਣਾ ਨਹੀਂ ਹੈ । ਐ ਮੁਹੱਬਤ! ਅਜਬ ਤੇਰੀ ਦਾਸਤਾਂ ਹੈ ਮਹਿਕ ਵਰਗੀ, ਏਸ ਤੋਂ ਮਹਿੰਗਾ ਕਦੇ ਮੈਂ ਵੇਖਿਆ ਗਹਿਣਾ ਨਹੀਂ ਹੈ । ਕੀ ਕਹਾਂ, ਕਿੱਦਾਂ ਕਹਾਂ, ਤੂੰ ਕੀ ਕੀ ਮੈਨੂੰ ਬਖ਼ਸਿਆ ਏ, ਇੱਕ ਦੋ ਜਨਮਾਂ 'ਚ ਮੈਥੋਂ, ਕਰਜ਼ ਇਹ ਲਹਿਣਾ ਨਹੀਂ ਹੈ । ਹੋ ਗਈ ਸੀ ਪੀੜ ਪੱਥਰ, ਪਿਘਲਿਆਂ ਆਰਾਮ ਹੈ ਹੁਣ, ਤੇਰੇ ਬਿਨ ਦਰਿਆ ਦਿਲੇ ਦੇ, 'ਕੱਲ੍ਹਿਆਂ ਵਹਿਣਾ ਨਹੀਂ ਹੈ । ਦਿਲ ਦੀ ਤਖ਼ਤੀ ਉਕਰਿਆ ਹੈ ਮਹਿਕ ਦੇ ਫੰਬੇ ਮੁਹੱਬਤ, ਆਖ਼ਰੀ ਸਾਹਾਂ ਦੇ ਤੀਕਰ, ਹਰਫ਼ ਇਹ ਢਹਿਣਾ ਨਹੀਂ ਹੈ ।
ਮੇਰੇ ਹੱਥ ਵਿੱਚ ਸੂਰਜ ਨਹੀਂਉਂ
ਮੇਰੇ ਹੱਥ ਵਿੱਚ ਸੂਰਜ ਨਹੀਂਉਂ, ਦੀਵਾ ਹੈ ਇੱਕ ਟਿਮਕ ਰਿਹਾ । ਇਹਦੇ ਸਿਰ ਤੇ ਰਾਤ ਹਨ੍ਹੇਰੀ, ਵਿੱਚੋਂ ਦੀ ਮੈਂ ਗੁਜ਼ਰ ਗਿਆ । ਵਿਕਦੇ ਨੇ ਗੁਫ਼ਤਾਰ ਦੇ ਗਾਜ਼ੀ, ਮੰਡੀ ਦੇ ਵਿੱਚ ਗਾਹਕ ਬੜੇ, ਏਸ ਸ਼ਹਿਰ ਕਿਰਦਾਰ ਗਵਾਚਾ, ਚਾਨਣ ਸੂਹੀ ਲੀਕ ਜਿਹਾ । ਕਾਲਾ ਅੰਬਰ ਵਿੱਚ ਵਿੱਚ ਤਾਰੇ, ਇਹ ਹਨ ਵਿੱਛੜੇ ਮੀਤ ਮਿਰੇ, ਸਿੱਲ੍ਹੀ ਅੱਖ ਨੇ ਵੇਖਦਿਆਂ ਹੀ ਭਰਿਆ ਹੌਕਾ ਸਰਦ ਜਿਹਾ । ਸੱਚੀਂ ਮੈਂ ਦਰਿਆ ਹੋਣਾ ਸੀ, ਵਹਿੰਦਾ ਜੇ ਮੈਂ ਬਹਿੰਦਾ ਨਾ, ਨਾ ਪੀਂਦੇ ਫਿਰ ਰੇਤਲ ਟਿੱਬੇ, ਇਹ ਤੂੰ ਬਿਲਕੁਲ ਠੀਕ ਕਿਹਾ । ਬੁਝਿਆ ਬੁਝਿਆ ਮਰ ਜਾਵੇਂਗਾ, ਜਗ ਤੇ ਕਰ ਦੇ ਸੁਰਖ਼ ਸਵੇਰ, ਚਾਰ ਚੁਫ਼ੇਰ ਵਿਛਾ ਦੇ ਚਾਨਣ, ਦਿਲ ਨੂੰ ਕਿੰਨੀ ਵਾਰ ਕਿਹਾ । ਸੂਰਜ ਦੀ ਲਿਸ਼ਕੋਰ ਵਰਗਿਆ, ਧਰਤ ਉਡੀਕੇ ਤੈਨੂੰ ਹੀ, ਕਿਰਨਾਂ ਬੀਜ ਸਿਆੜਾਂ ਅੰਦਰ, ਗਲੀਆਂ ਕੂਚੇ ਤੂੰ ਰੁਸ਼ਨਾ । ਗੀਤ ਗ਼ਜ਼ਲ ਜਾਂ ਆਖ ਰੁਬਾਈ ਇਹ ਤੇਰੇ ਤੇ ਨਿਰਭਰ ਹੈ, ਅੱਥਰੂ ਕਿਰਿਆ ਸਫ਼ਿਆਂ ਉੱਤੇ, ਦਿਲ ਨੇ ਆਪਣਾ ਦਰਦ ਕਿਹਾ ।
ਦਿਨ ਚੜ੍ਹਦੇ ਤੋਂ ਸ਼ਾਮ ਤੀਕ
ਦਿਨ ਚੜ੍ਹਦੇ ਤੋਂ ਸ਼ਾਮ ਤੀਕ ਜਦ ਯਾਦਾਂ ਝੁਰਮਟ ਪੌਂਦੀਆਂ ਨੇ । ਸਾਹਾਂ ਵਿੱਚ ਸਰਗਮ ਛਿੜ ਪੈਂਦਾ, ਫਿਰ ਪੌਣਾਂ ਨਗਮੇ ਗੌਂਦੀਆਂ ਨੇ । ਕਦੇ ਸੂਰਜ ਚੰਨ ਤੇ ਤਾਰਿਆਂ ਵਿੱਚ, ਜਿੰਦ ਲੱਭਦੀ ਤੈਨੂੰ ਸਾਰਿਆਂ ਵਿੱਚ, ਸੁਣਿਆ ਕਰ ਅੰਬਰਾਂ ਵਾਲੜਿਆ, ਜਦ ਕੂੰਜੜੀਆਂ ਕੁਰਲੌਂਦੀਆਂ ਨੇ । ਤਪ ਜਾਵੇ ਪਿੰਡਾ ਧਰਤੀ ਦਾ, ਮੁਰਝਾਉਂਦੇ ਬਿਰਖ਼ ਬਰੂਟੇ ਜਦ, ਅੰਦਾਜ਼ ਅਜਬ ਮੀਂਹ ਮੰਗਣ ਦਾ, ਤਦ ਚਿੜੀਆਂ ਰੇਤ ਨਹੌਂਦੀਆਂ ਨੇ । ਧਰਤੀ ਵਿੱਚ ਜੜ੍ਹਾਂ ਸਲਾਮਤ ਜੇ, ਪੱਤਿਆਂ ਨੂੰ ਲੋਰੀਆਂ ਪੌਣ ਦਏ, ਖਿੜਦਾ ਹੈ ਬਾਗ ਬਗੀਚਾ ਫਿਰ ਖ਼ੁਸ਼ਬੋਈਆਂ ਆਪ ਬੁਲੌਂਦੀਆਂ ਨੇ । ਸੂਰਜ ਦੀ ਅੱਖ ਵਿੱਚ ਅੱਖ ਪਾਵਾਂ, ਕਿਰਨਾਂ ਵੀ ਮੇਰਾ ਨੇੜ ਕਰਨ, ਚਾਨਣ ਦੀ ਸੁਰਮ ਸਲਾਈ ਲੈ, ਮੇਰੇ ਨੈਣਾਂ ਦੇ ਵਿੱਚ ਪੌਂਦੀਆਂ ਨੇ । ਰੂਹ ਵਾਲੇ ਵਰਕ ਫ਼ਰੋਲਦੀਆਂ ਤੇ ਆਖਣ ਮੂੰਹ 'ਚੋਂ ਬੋਲ ਜ਼ਰਾ, ਦਸਤਕ ਦਰ ਦਸਤਕ ਦੇ ਦੇ ਕੇ, ਦਿਲ ਦਾ ਬੂਹਾ ਖੜਕੌਂਦੀਆਂ ਨੇ । ਖੂਹਾਂ ਦੇ ਪਾਣੀ ਉੱਤਰ ਗਏ, ਆਹ ਅੱਖੀਆਂ ਵਿੱਚੋਂ ਕੀ ਵਗਦਾ, ਹੰਝੂਆਂ ਦੀ ਮਾਲ੍ਹ ਨਹੀਂ ਤਰਦੀ, ਟਿੰਡਾਂ ਕਿਉਂ ਭਰ ਭਰ ਔਂਦੀਆਂ ਨੇ? ਸੁਪਨੇ ਵਿੱਚ ਰੋਜ਼ ਮੈਂ ਵੇਖ ਰਿਹਾਂ, ਮੇਰੀ ਮਾਂ ਤੇ ਚਾਚੀ ਤਾਈ ਸਭ, ਹਾਲੇ ਵੀ ਸਾਂਝਾ ਬਾਲਣ ਲੈ, ਹਰ ਸ਼ਾਮ ਤੰਦੂਰ ਤਪੌਂਦੀਆਂ ਨੇ । ਖ੍ਵਾਬਾਂ ਦੇ ਉਡਣ ਖਟੋਲੇ ਵਿੱਚ, ਯਾਦਾਂ ਅਸਵਾਰ ਸਦੀਵੀ ਨੇ, ਦਿਨ ਰਾਤ ਮੇਰੇ ਸੰਗ ਜਾਗਦੀਆਂ, ਖ਼ੌਰੇ ਕਿਸ ਵੇਲੇ ਸੌਂਦੀਆਂ ਨੇ ।
ਹਮੇਸ਼ਾਂ ਢਾਲ ਹੀ ਬਣਨਾ
ਹਮੇਸ਼ਾਂ ਢਾਲ ਹੀ ਬਣਨਾ, ਕਦੇ ਹਥਿਆਰ ਨਹੀਂ ਬਣਨਾ । ਤੁਸੀਂ ਰਾਹਾਂ 'ਚ ਛਾਂ ਬਣਨਾ, ਕਦੇ ਦੀਵਾਰ ਨਹੀਂ ਬਣਨਾ । ਤੁਸੀਂ ਖ਼ੁਸ਼ਬੂ ਦੇ ਵਾਂਗਰ ਰੁਮਕਣਾ ਪੌਣਾਂ 'ਚ ਘੁਲ ਮਿਲ ਕੇ, ਕਦੇ ਬਾਗਾਂ ਦੀ ਰੂਹ ਤੇ ਬੇ ਵਜ੍ਹਾ ਹੀ ਭਾਰ ਨਹੀਂ ਬਣਨਾ । ਇਹ ਕਾਲਖ਼ ਆਦਮੀ ਨੂੰ ਰੋਲ਼ਦੀ ਬਰਬਾਦ ਕਰਦੀ ਹੈ, ਹਨ੍ਹੇਰੀ ਰਾਤ ਦਾ ਭੁੱਲ ਕੇ ਕਦੇ ਪਰਿਵਾਰ ਨਹੀਂ ਬਣਨਾ । ਤੁਸੀਂ ਧੁੱਪਾਂ ਤੇ ਛਾਵਾਂ ਨੂੰ, ਸਦਾ ਹੀ ਮਾਨਣਾ ਖੁੱਲ੍ਹ ਕੇ, ਕਦੇ ਵੀ ਕਮਰਿਆਂ ਦੀ ਜੇਲ੍ਹ ਦਾ ਸ਼ਿੰਗਾਰ ਨਹੀਂ ਬਣਨਾ । ਤੁਸੀਂ ਜਲ ਦਾ ਤਰੌਂਕਾ ਦੇਣ ਖ਼ਾਤਰ ਮਸ਼ਕ ਬਣ ਜਾਣਾ, ਘਰਾਂ ਨੂੰ ਰਾਖ਼ ਜੋ ਕਰਦੈ ਕਦੇ ਅੰਗਿਆਰ ਨਹੀਂ ਬਣਨਾ । ਤੁਸੀਂ ਹਰ ਵਕਤ ਹੀ ਤੁਰਨੈਂ ਮਸ਼ਾਲਾਂ ਬਾਲ ਕੇ ਸ਼ਬਦੋ, ਕਦੇ ਲਾਲਚ ਦੀ ਝਾਂਜਰ ਪਹਿਨਦੀ ਅਖ਼ਬਾਰ ਨਹੀਂ ਬਣਨਾ । ਤੁਸੀਂ ਸੰਗਲ ਸਹੀ, ਪਰ ਪਿਘਲ ਕੇ ਵੀ ਯਾਦ ਇਹ ਰੱਖਣਾ, ਤੁਸੀਂ ਕਿਰਪਾਨ ਬਣ ਜਾਇਓ, ਕਦੇ ਤਲਵਾਰ ਨਹੀਂ ਬਣਨਾ ।
ਮੈਂ ਵੀ ਨਿਰਮਲ ਨੀਰ ਕਦੇ ਸੀ
ਮੈਂ ਵੀ ਨਿਰਮਲ ਨੀਰ ਕਦੇ ਸੀ ਸਤਿਲੁਜ ਦਾ ਸਾਂ ਵਹਿਣ ਦੋਸਤੋ । ਹੁਣ ਤਾਂ ਮੈਨੂੰ ਬੁੱਢੇ ਤਾਈਂ ਗੰਦਾ ਨਾਲਾ ਕਹਿਣ ਦੋਸਤੋ । ਕਿਓਂ ਸ਼ਾਹਾਂ ਨੂੰ ਸਮਝ ਪਵੇ ਨਾ, ਜਲ ਵੀ ਇੱਕ ਦੇਵਤਾ ਹੁੰਦੈ, ਕਰਨ ਪਲੀਤ ਪਵਿੱਤਰ ਪਾਣੀ, ਪੱਕਾ ਬਣੇ ਗ੍ਰਹਿਣ ਦੋਸਤੋ । ਫ਼ਿਕਰ ਕਰਨ, ਨਹੀਂ ਹਿੰਮਤ ਕਰਦੇ, ਪੜ੍ਹੇ ਲਿਖੇ ਸਭ ਗੂੜ੍ਹ ਗਿਆਨੀ, ਮਰ ਚੱਲੇ ਨੇ ਸੋਚਦਿਆਂ ਇਹ, ਰਲ ਕੇ ਨਾ ਇਹ ਬਹਿਣ ਦੋਸਤੋ । ਇੱਕ ਪਾਸੇ ਸਰਮਾਇਆ ਜ਼ਾਲਮ, ਜ਼ਹਿਰ ਪਿਆਏ ਨਾ ਪਛਤਾਏ, ਭੋਲ਼ੇ ਪੰਛੀ ਏਸ ਕਹਿਰ ਨੂੰ, ਭਾਣਾ ਮੰਨ ਕੇ ਸਹਿਣ ਦੋਸਤੋ । ਵੰਨ ਸੁਵੰਨ ਰਸਾਇਣਾਂ ਘੋਲਣ, ਮੇਰੇ ਪਾਣੀ ਅੰਦਰ ਜਿਹੜੇ, ਦਾਨਵੀਰ ਬਣ ਕਰਨ ਵਿਖਾਵਾ, ਮਗਰੋਂ ਨਾ ਇਹ ਲਹਿਣ ਦੋਸਤੋ । ਬੰਦ ਸ਼ੀਸ਼ਿਆਂ ਵਾਲੀਆਂ ਕਾਰਾਂ, ਜਾਣੇ ਨਾ ਬੇਕਿਰਕ ਜ਼ਮਾਨਾ, ਬਦਬੂਦਾਰ ਹਵਾੜ੍ਹ 'ਚ ਜੀਣਾ ਡਾਢਾ ਔਖਾ ਰਹਿਣ ਦੋਸਤੋ । ਮੇਰੇ ਵਿੱਚ ਵਿਸ਼ੈਲਾ ਪਾਣੀ, ਜਿੱਥੋਂ ਲੰਘਦਾ ਵੰਡਦਾ ਕੈਂਸਰ, ਪਹਿਰੇਦਾਰ ਬਣੋ ਤੇ ਜਾਗੋ, ਕਾਲੇ ਟਿੱਕੇ ਲਹਿਣ ਦੋਸਤੋ ।
ਰਣਭੂਮੀ ਨੇ ਰੂਪ ਬਦਲਿਆ
ਰਣਭੂਮੀ ਨੇ ਰੂਪ ਬਦਲਿਆ, ਇੰਟਰਨੈੱਟ ਮੈਦਾਨ ਬਣ ਗਿਆ । ਸੱਚ ਪੁੱਛੋ ਤਾਂ ਨੇਤਾ ਬਣ ਕੇ, ਬੁਰਾ ਬੋਲਣਾ ਸ਼ਾਨ ਬਣ ਗਿਆ । ਪੱਗ ਪੋਚਵੀਂ ਸੋਹਣੀ ਸੂਰਤ, ਢਿੱਡ ਅੰਦਰ ਪੈਟਰੋਲ ਟੈਂਕੀਆਂ, ਅਗਨ-ਬਾਣ ਹੀ ਛੱਡੀ ਜਾਵਣ, ਜੋ ਜਿੱਥੇ ਪਰਧਾਨ ਬਣ ਗਿਆ । ਖ਼ੁਦ ਨੂੰ ਆਖੇ ਜਨਤਾ ਸੇਵਕ, ਕਹਿ ਕੇ ਸੇਵਾ ਛਕਦੈ ਮੇਵਾ, ਕਹਿਣੀ ਤੇ ਕਥਨੀ ਵਿੱਚ ਪਾੜਾ, ਕੈਸਾ ਹੈ ਈਮਾਨ ਬਣ ਗਿਆ । ਹਰ ਘੋੜੇ ਦੇ ਮਗਰ ਵਛੇਰਾ, ਕੁਰਸੀ ਦਾ ਹੱਕਦਾਰ ਕਹਾਵੇ, ਕਮਲਾ ਰਮਲਾ ਜੋ ਕੁਝ ਬੋਲੇ, ਓਹੀ ਸਭ ਫੁਰਮਾਨ ਬਣ ਗਿਆ । ਕਾਠ ਦੀਆਂ ਲੱਤਾਂ ਨੂੰ ਬੌਣੇ, ਸਮਝ ਰਹੇ ਨੇ ਆਪਣੀ ਹਸਤੀ, ਕਰਨ ਮੁਨਾਦੀ ਘੱਲੀਏ ਜਿਸਨੂੰ, ਸਮਝੇ ਬੜਾ ਮਹਾਨ ਬਣ ਗਿਆ । ਘਰ ਦੀ ਮੰਜੀ ਛੱਡ ਕੇ ਜੋ ਵੀ, ਕੁਰਸੀ ਖ਼ਾਤਰ ਭਟਕ ਰਿਹਾ ਸੀ, ਦਿਨ ਚੜ੍ਹਿਆ ਤਾਂ ਸੁਪਨਾ ਟੁੱਟਾ, ਬੂਹੇ ਤੇ ਦਰਬਾਨ ਬਣ ਗਿਆ । ਕੂਕ ਕਿਹਾ ਸ਼ਬਦਾਂ ਨੇ ਮੈਨੂੰ, ਜੋ ਕੁਝ ਵੇਖੇਂ ਕਿਉਂ ਨਹੀਂ ਲਿਖਦਾ, ਜੋ ਵੀ ਤੱਕਿਆ ਲਿਖਿਆ ਓਹੀ, ਏਹੀ ਗ਼ਜ਼ਲ ਦੀਵਾਨ ਬਣ ਗਿਆ ।
ਕੀਹਦੀ ਏ ਮਜਾਲ ਸਾਨੂੰ
ਕੀਹਦੀ ਏ ਮਜਾਲ ਸਾਨੂੰ ਡੱਬੀ ਵਿੱਚ ਪਾ ਲਵੇ । ਮਹਿਕ ਦਾ ਵਜੂਦ, ਭਾਵੇਂ ਸਾਹਾਂ ਵਿੱਚ ਸਾਹ ਲਵੇ । ਏਨੀ ਗੱਲ ਸਾਫ਼, ਮੈਂ ਨਹੀਂ ਕੱਪੜਾ, ਵਜੂਦ ਹਾਂ, ਜਦੋਂ ਦਿਲ ਕਰੇ ਮੈਨੂੰ ਪਾ ਲਵੇ ਤੇ ਲਾਹ ਲਵੇ । ਸਾਗਰੋਂ ਵਿਸ਼ਾਲ ਸੀਨਾ, ਨਿਸ਼ਚਾ ਅਡੋਲ ਹੈ, ਜਿੰਨਾ ਜ਼ੋਰ ਲੱਗੇ ਉਹਦਾ, ਓਨਾ ਹੋਰ ਤਾਅ ਲਵੇ । ਆਪਣੀ ਹੀ ਅੱਗ ਵਿੱਚ ਮੱਚਦੇ ਨੂੰ ਕਹਿ ਦਿਓ, ਕਦੇ ਤਾਂ ਪਿਆਰ ਨਾਲ ਸਾਨੂੰ ਚਿੱਤੋਂ ਚਾਹ ਲਵੇ । ਚੜ੍ਹੇ ਘੋੜੇ ਹਰ ਵੇਲੇ, ਰਹਿਣਾ ਵੀ ਤਾਂ ਰੋਗ ਹੈ, ਬਿਰਖ਼ਾਂ ਦੇ ਹੇਠ ਬੈਠ, ਕਹੋ, ਕਦੇ ਸਾਹ ਲਵੇ । ਧੂੰਏਂ ਦੇ ਪਹਾੜ ਉੱਤੇ, ਕੀਹਨੇ ਕੀਤੀ ਯਾਤਰਾ, ਖ਼ਵਾਬਾਂ ਦੇ ਪਰਿੰਦੇ ਹੁਣ ਧਰਤੀ ਤੇ ਲਾਹ ਲਵੇ । ਸਾਡੇ ਪਿੰਡ ਓਸੇ ਨੂੰ ਹਵਾਵਾਂ ਦੇਣ ਲੋਰੀਆਂ ਕੰਧ ਨਾਲ ਖੜ੍ਹਾ ਮੰਜਾ, ਜਿਹੜਾ ਛਾਵੇਂ ਡਾਹ ਲਵੇ ।
ਪਲਕਾਂ ਉਹਲੇ ਲੁਕਿਆ ਸੂਰਜ
ਪਲਕਾਂ ਉਹਲੇ ਲੁਕਿਆ ਸੂਰਜ, ਚੜ੍ਹਦਾ ਤਾਂ ਪਰਭਾਤ ਵੇਖਦੇ । ਚੁੱਪ ਦੀ 'ਨ੍ਹੇਰ ਗੁਫ਼ਾ ਵਿੱਚ ਰਹਿੰਦੇ ਮਰ ਚੱਲੇ ਹਾਂ ਰਾਤ ਵੇਖਦੇ । ਨੀਵੀਂ ਨਜ਼ਰ ਕਰੇਂ, ਨਾ ਬੋਲੇਂ, ਹੋਠੀਂ ਜੰਦਰੇ ਲਾ ਨਾ ਭਲੀਏ, ਦੋ ਹਿਰਨੋਟੇ ਨੈਣ ਤੇਰੇ ਕਿਉਂ ਨਾ ਮੇਰੇ ਜਜ਼ਬਾਤ ਵੇਖਦੇ । ਹਿਜਰ ਵਸਲ ਵਿੱਚ ਅੰਤਰ ਮਿਟਿਆ, ਵਕਤ ਖਲੋਤਾ ਹੋਵੇ ਜੀਕਣ, ਬਿਰਖ਼ਾਂ ਵਿੱਚ ਦੀ ਚੰਨ ਦਾ ਚਿਹਰਾ, ਜਿੰਦ ਨਸ਼ਿਆਈ ਝਾਤ ਵੇਖਦੇ । ਸਿਫ਼ਰ ਬਰਾਬਰ ਮੇਰੀ ਹਸਤੀ, ਰਕਮ ਬਣਾਂ ਜੇ ਨਾਲ ਤੁਰੇਂ ਤੂੰ, ਬੀਤ ਰਹੀ ਹੈ ਉਮਰ ਅਜੇ ਤਾਂ ਯਾਦਾਂ ਦੀ ਸੌਗ਼ਾਤ ਵੇਖਦੇ । ਮੈਂ ਵੀ ਚੰਨ ਜਾਂ ਸੂਰਜ ਹੁੰਦਾ ਤੇਰੇ ਦੋ ਨੈਣਾਂ ਵਿੱਚ ਜਗਦਾ, ਦੁਨੀਆਂ ਵਾਲੇ ਜ਼ਾਤ ਨੂੰ ਛੱਡ ਕੇ, ਜੇ ਮੇਰੀ ਔਕਾਤ ਵੇਖਦੇ । ਹੱਸ ਪਿਆ ਕਰ ਚੰਬੇ ਜਾਈਏ, ਖਿੜ ਪੈਂਦੈ ਮਨ ਬਾਗ ਬਗੀਚਾ, ਮਹਿਕੇ ਜੀਕੂੰ ਰਾਤ ਦੀ ਰਾਣੀ, ਤਾਰਿਆਂ ਦੀ ਬਾਰਾਤ ਵੇਖਕੇ । ਵੇਖ ਕਿਵੇਂ ਘਨਘੋਰ ਘਟਾਵਾਂ ਲੈ ਕੇ ਕਣੀਆਂ ਆ ਗਈਆਂ ਨੇ, ਜੀਅ ਕਰਦਾ ਸੀ ਭਿੱਜਕੇ ਦੋਵੇਂ, ਇੰਜ ਪਹਿਲੀ ਬਰਸਾਤ ਵੇਖਦੇ ।
ਤਨ ਦੀ ਭਟਕਣ, ਮਨ ਦੀ ਅਟਕਣ
ਤਨ ਦੀ ਭਟਕਣ, ਮਨ ਦੀ ਅਟਕਣ, ਸਾਬਤ ਕਦਮ ਅਡੋਲ ਰਹੇ । ਅਕਲ ਦੀ ਸੰਗਲੀ, ਫੜ ਲੈ ਘੁੱਟਕੇ, ਖਿਸਕੇ ਨਾ ਇਹ ਕੋਲ ਰਹੇ । ਹਰ ਮੰਜ਼ਿਲ ਹੀ ਖ਼ੁਦ ਸਿਰਨਾਵਾਂ ਦੱਸ ਦੇਂਦੀ ਹੈ ਪਾਂਧੀ ਨੂੰ, ਪਰਪੱਕ ਨਿਸ਼ਚਾ ਹੋਵੇ ਜੇਕਰ ਪੈਰਾਂ ਵਿੱਚ ਸਮਤੋਲ ਰਹੇ । ਫਿਰ ਕੀ ਹੋਇਆ ਚੜ੍ਹੀ ਹਨ੍ਹੇਰੀ, ਇਹ ਤਾਂ ਪਹਿਲੀ ਵਾਰ ਨਹੀਂ, ਬਾਲ ਚਿਰਾਗ ਬਨੇਰੇ ਧਰ ਦੇ, ਟਿਕ ਜਾਣੇ ਜੋ ਡੋਲ ਰਹੇ । ਮਿੱਟੀ ਤੇ ਕਾਬਜ਼ ਨੂੰ ਦੱਸੋ, ਕੋਲ ਬਿਠਾ ਸਮਝਾ ਦੇਵੋ, ਵਗਦੇ ਪਾਣੀ, ਖ਼ੁਸ਼ਬੂ, ਪੌਣਾਂ, ਦੱਸੋ ਕਿਸ ਦੇ ਕੋਲ ਰਹੇ । ਨੀਲੇ ਅੰਬਰ ਆਲ੍ਹਣਿਆਂ ਲਈ, ਸੁਪਨੇ ਰੀਝਾਂ, ਅੱਥਰੇ ਚਾਅ, ਮੇਰੀ ਰੂਹ ਦੇ ਉੱਡਣੇ ਪੰਛੀ ਵੇਖ ਲਵੋ ਪਰ ਤੋਲ ਰਹੇ । ਸੁਣਦਾ ਕਿਉਂ ਨਾ ਬਾਬਲ ਬਣ ਕੇ, ਲੁਕਦਾ ਫਿਰਦੈਂ ਸ਼ੀਸ਼ੇ ਤੋਂ, ਸ਼ੁਕਰ ਮਨਾ ਤੂੰ, ਇਹ ਬੇ ਜੀਭੇ ਦਰਦ ਕਹਾਣੀ ਫ਼ੋਲ ਰਹੇ । ਓਦੋਂ ਤੱਕ ਤਾਂ ਸਾਰਾ ਕੁਝ ਹੀ, ਸਭ ਅੱਛਾ ਸੀ, ਤਖ਼ਤ ਲਈ, ਧਰਤੀ ਵਾਲੇ ਜਦ ਤੀਕਰ ਸੀ, ਹੱਕ ਸੱਚ ਤੋਂ ਅਣਭੋਲ ਰਹੇ ।
ਜਿੰਨ੍ਹਾਂ ਦੇ ਹੱਥ ਕੁੰਜੀਆਂ ਨੇ
ਜਿੰਨ੍ਹਾਂ ਦੇ ਹੱਥ ਕੁੰਜੀਆਂ ਨੇ ਉਹ ਲਾਗੇ ਬਹਿਣ ਨਹੀਂ ਦੇਂਦੇ । ਸਾਡੇ ਦਿਲ ਕੀ ਟੁੱਟਦਾ ਭੁਰਦਾ ਕੁਝ ਵੀ ਕਹਿਣ ਨਹੀਂ ਦੇਂਦੇ । ਵਲੀ ਕੰਧਾਰੀਆਂ ਰੂਪ ਬਦਲਿਆ, ਪਰ ਨਹੀਂ ਬਦਲੀ ਆਦਤ, ਦਿਲ ਦਰਿਆ ਨੂੰ ਇਸ ਧਰਤੀ ਤੇ ਖੁੱਲ੍ਹ ਕੇ ਵਹਿਣ ਨਹੀਂ ਦੇਂਦੇ । ਕੀ ਦੱਸਾਂ ਇਸ ਮਨ ਦੀ ਹਾਲਤ, ਅੰਦਰੋਂ ਬਾਹਰੋਂ ਜ਼ਖ਼ਮੀ, ਬਣਦੇ ਜੋ ਹਮਦਰਦ ਉਹ ਪੱਲੇ ਕੱਖ ਵੀ ਰਹਿਣ ਨਹੀਂ ਦੇਂਦੇ । ਮਾਣ ਮਰਤਬੇ ਮਾਨਣ ਏਥੇ ਗਿਰਗਿਟ ਵਰਗੇ ਚਿਹਰੇ, ਮਾਲਕ ਨੂੰ ਉਹ ਭਰਮ-ਪਹਾੜੋਂ, ਹੇਠਾਂ ਲਹਿਣ ਨਹੀਂ ਦੇਂਦੇ । ਵੇਖ ਲਵੋ ਕਲਜੁਗ ਦਾ ਪਹਿਰਾ, ਮੂੰਹ ਸਿਰ ਕਾਲਿਆਂ ਵਾਲੇ, ਜਿਸਦੇ ਹੱਥ ਵਿੱਚ ਸ਼ੀਸ਼ਾ ਹੋਵੇ, ਨੇੜੇ ਖਹਿਣ ਨਹੀਂ ਦੇਂਦੇ । ਚਾਰ ਦੀਵਾਰੀ ਅੰਦਰ ਚੋਗਾ, ਰੱਜ ਰੱਜ ਖਾਂਦੇ ਪੰਛੀ, ਬਿਨ ਪਰਵਾਜ਼ ਮਰਨ ਦਾ ਸਾਨੂੰ, ਦਰਦ ਸਹਿਣ ਨਹੀਂ ਦੇਂਦੇ । ਕੁੜਤੇ ਨਾਲ ਪਜਾਮਾ ਸਾਡਾ ਸਭਨਾਂ ਨੂੰ ਹੀ ਚੁਭਦਾ, ਤਾਂਹੀਉਂ ਕੁਰਸੀ ਲਾਗੇ ਸਾਡਾ ਮੰਜਾ ਡਹਿਣ ਨਹੀਂ ਦੇਂਦੇ ।
ਏਸ ਵਤਨ ਵਿੱਚ ਘਰ ਕਿੱਥੇ ਹੈ
ਏਸ ਵਤਨ ਵਿੱਚ ਘਰ ਕਿੱਥੇ ਹੈ, ਖ਼ਾਲੀ ਚਾਰਦੀਵਾਰੀਆਂ ਨੇ । ਲੱਭਦਿਆਂ ਇਹ ਉਮਰਾ ਬੀਤੀ, ਤਾਂ ਹੀ ਅੱਖੀਆਂ ਭਾਰੀਆਂ ਨੇ । ਮੇਰੇ ਪੈਰੀਂ ਬਚਪਨ ਤੋਂ ਹੀ, ਬੱਝ ਗਏ ਪਰਬਤ, ਦਿਸਦੇ ਨਹੀਂ, ਅਪਣੇ ਤੋਂ ਹੀ ਅਪਣੇ ਤੀਕਰ, ਤਾਂਹੀਉਂ ਸਗਲ ਉਡਾਰੀਆਂ ਨੇ । ਤੂੰ ਕਹਿੰਦਾ ਏਂ ਤੇਜ਼ ਤੁਰਾਂ ਮੈਂ, ਪਰ ਇਸ ਗੱਲ ਨੂੰ ਭੁੱਲ ਜਾਵੇਂ, ਉਸਤਰਿਆਂ ਦੀ ਮਾਲਾ ਗਲ ਵਿੱਚ, ਪੈਰਾਂ ਹੇਠ ਕਟਾਰੀਆਂ ਨੇ । ਬਾਗ ਬਗੀਚਾ ਕੰਬਿਆ ਸਾਰਾ, ਪੱਤਾ ਪੱਤਾ ਸਹਿਮ ਗਿਆ, ਰਾਖਿਆਂ ਦੇ ਹੱਥ, ਆਪਣੇ ਨੈਣੀਂ, ਵੇਖੀਆਂ ਜਦ ਤੋਂ ਆਰੀਆਂ ਨੇ । ਪਹਿਲੀ ਵਾਰੀ ਏਸ ਕਿਸਮ ਦਾ ਧਰਮ ਵੇਖਿਆ ਧਰਤੀ ਨੇ, ਧਰਮ ਸਥਾਨ ਵਰਮੀਆਂ ਅੰਦਰ, ਧਰੀਆਂ ਨਾਗ ਪਟਾਰੀਆਂ ਨੇ । ਤੇਰੇ ਹੁੰਦਿਆਂ ਚੂੰਡ ਰਹੇ ਨੇ, ਇਸਮਤ, ਜ਼ਰ ਜਰਵਾਣੇ ਸਭ, ਰਾਜ ਕਰਦਿਆ, ਬੰਦ ਕਿਉਂ ਤੇਰੀਆਂ, ਅੱਖਾਂ, ਬੂਹੇ ਬਾਰੀਆਂ ਨੇ । ਦੇਰ ਸਵੇਰ ਜਵਾਬ ਤਾਂ ਦੇਣਾ ਪੈਣੈਂ ਸਰਬ ਸਵਾਲਾਂ ਦਾ, ਜਾਨਾਂ ਵਾਰ ਗਿਆਂ ਜਦ ਸਾਥੋਂ ਪੁੱਛਣੀਆਂ ਗੱਲਾਂ ਸਾਰੀਆਂ ਨੇ ।
ਤਾਣ ਦਿਉ ਹਰਿਆਲੀ ਛਤਰੀ
ਤਾਣ ਦਿਉ ਹਰਿਆਲੀ ਛਤਰੀ, ਧੁੱਪੇ ਸੜਦੀ ਧਰਤੀ ਮਾਂ ਜੀ । ਵਕਤ ਅਜਾਈਂ ਜਾਣ ਦਿਉ ਨਾ, ਲਾ ਜੈਕਾਰਾ ਆਖੋ ਹਾਂ ਜੀ । ਬੋਹੜ ਤੇ ਪਿੱਪਲ, ਨਿੰਮ ਤਿਰਵੈਣੀ, ਕਰਦੀ ਸਦਾ ਸਵਾਗਤ ਜਿੱਥੇ, ਇਸ ਰੱਕੜੀ ਵਿੱਚ ਬਹੁਤ ਬਰਕਤਾਂ ਹੁੰਦੀਆਂ ਸੀ ਬਈ ਏਸੇ ਥਾਂ ਜੀ । ਕੁੜੀਆਂ ਚਿੜੀਆਂ ਬਿਨ ਬੇਰੌਣਕ, ਬਿਨਾ ਬਗੀਚੀ ਕਹਿਰ ਖ਼ੁਦਾਇਆ, ਬਿਰਖ਼ ਬੀਜ ਵਿਸ਼ਵਾਸ ਦਿਵਾਉ, ਪੁੱਤਰ ਨਹੀਂ, ਸਪੁੱਤਰ ਹਾਂ ਜੀ । ਵਣ ਹਰਿਆਲੇ, ਬਾਗਾਂ ਕੁੱਛੜ, ਅੰਬ ਟਪਕਦੇ ਟਾਹਣਾਂ ਉੱਤੋਂ, ਇਹ ਸਭ ਹੋਵੇ, ਤੇਰੀ ਧਰਤੀ, ਦੇਸ ਦੋਆਬਾ ਮੰਨੀਏਂ ਤਾਂ ਜੀ । ਧਰਤ ਬਿਸਤਰੇ ਉੱਪਰ ਚਾਦਰ ਹਰੀ ਕਚੂਰ ਵਿਛਾ ਲਈਏ ਜੇ, ਉਹ ਦਿਨ ਮੋੜ ਲਿਆਈਏ ਜਿੱਸਰਾਂ, ਛਾਵੇਂ ਮੰਜਾ ਡਾਹੁੰਦੇ ਸਾਂ ਜੀ । ਆਲ੍ਹਣਿਆਂ ਲਈ ਬਹੁਤ ਜ਼ਰੂਰੀ, ਬਿਰਖ਼ ਝਾਟਲੇ ਘਰ ਦੇ ਨੇੜੇ, ਬੱਚਿਆਂ ਖ਼ਾਤਰ ਬਣਨ ਕਿਤਾਬਾਂ ਚਿੜੀਆਂ ਮੋਰ ਕਬੂਤਰ ਕਾਂ ਜੀ । ਫੇਰ ਕਹੇਂਗਾ, ਮੈਨੂੰ ਸੁੱਤਿਆਂ,ਤੂੰ ਤੇ ਵੀਰ ਜਗਾਇਆ ਹੀ ਨਾ, ਵਕਤ ਗੁਜ਼ਰਦਾ ਜਾਂਦਾ ਨਿੱਕਿਆ, ਏਨੀ ਗੱਲ ਮੈਂ ਆਖੀ ਤਾਂ ਜੀ ।
ਭਗਤ ਸਰਾਭਾ ਊਧਮ ਸਿੰਘ
ਭਗਤ ਸਰਾਭਾ ਊਧਮ ਸਿੰਘ ਤਾਂ ਅਣਖ਼ੀ ਰੁੱਤ ਕਿਰਦਾਰ ਦਾ ਨਾਂ ਹੈ । ਲੋਕ ਮੁਕਤੀਆਂ ਖ਼ਾਤਰ ਪੱਲ੍ਹਰੀ ਸੂਹੀ ਸੁਰਖ਼ ਬਹਾਰ ਦਾ ਨਾਂ ਹੈ । ਦੇਸ ਪੰਜਾਬ ਦੇ ਸਿਰ ਤੋਂ ਲੱਥੀ, ਮੁੜਕੇ ਚਿਣ ਕੇ ਬੱਧੀ ਹੋਈ, ਵੀਰਾਂ ਦੇ ਸਿਰ ਸ਼ਮਲੇ ਵਾਲੀ ਅਣਖ਼ੀਲੀ ਦਸਤਾਰ ਦਾ ਨਾਂ ਹੈ । ਰੰਗ ਨਸਲ ਤੇ ਜ਼ਾਤੋਂ ਉੱਚੜਾ ਆਜ਼ਾਦੀ ਦਾ ਪਰਚਮ ਸੁੱਚੜਾ, ਜੱਲ੍ਹਿਆਂ ਵਾਲਾ ਬਾਗ ਤਾਂ ਸਾਡੇ ਉਸ ਵੱਡੇ ਪਰਿਵਾਰ ਦਾ ਨਾਂ ਹੈ । ਵਿਰਸੇ ਦਾ ਸ੍ਵੈਮਾਣ ਬਰਾਬਰ, ਕਾਇਮ ਦਾਇਮ ਜਿੱਤ ਦਾ ਨਿਸ਼ਚਾ, ਸੀਸ ਤਲੀ ਤੇ ਧਰ ਕੇ ਤੁਰਦੀ, ਬਿਜਲੀ ਜਹੀ ਰਫ਼ਤਾਰ ਦਾ ਨਾਂ ਹੈ । ਹਿੰਮਤ, ਸਿਦਕ, ਦਲੇਰੀ ਚੌਥਾ, ਮਾਣ ਭਰਾਵਾਂ ਦਾ ਜੇ ਰਲ਼ ਜੇ, ਹੱਕ ਸੱਚ ਤੇ ਇਨਸਾਫ਼ ਲੋੜਦੀ, ਨਿਰਭਉ ਸੋਚ ਵਿਚਾਰ ਦਾ ਨਾਂ ਹੈ । ਜਬਰ ਜ਼ੁਲਮ ਦੇ ਸਦਾ ਸਾਹਮਣੇ, ਨਾ ਲਿਫ਼ਦੀ ਨਾ ਝੁਕਦੀ ਜਿਹੜੀ, ਬਾਬਰ ਨੂੰ ਜੋ ਜਾਬਰ ਬੋਲੇ, ਮੇਰੀ ਗੁਰ-ਗੁਫ਼ਤਾਰ ਦਾ ਨਾਂ ਹੈ । ਤੂੰ ਜੋ ਮਰਜ਼ੀ ਸਮਝ ਲਵੀਂ ਹੁਣ, ਗੀਤ ਗ਼ਜ਼ਲ ਕਵਿਤਾਵਾਂ ਕਹਿ ਲੈ, ਮੇਰੇ ਲਈ ਤਾਂ ਕਰਜ਼ ਪੁਰਾਣਾ, ਸਿਰ ਤੋਂ ਉੱਤਰੇ ਭਾਰ ਦਾ ਨਾਂ ਹੈ ।
ਸਾਰਾ ਜੰਗਲ ਸਾੜ ਲਿਆ ਹੈ
ਸਾਰਾ ਜੰਗਲ ਸਾੜ ਲਿਆ ਹੈ, ਸੋਚ ਜ਼ਰਾ ਕਿਉਂ ਆਪਾਂ ਖਹੀਏ? ਕੂਕ ਰਹੇ ਨੇ ਬਾਂਸ ਦੇ ਬੂਟੇ, ਸਭ ਦੀ ਸੁਣੀਏ, ਸਭ ਦੀ ਸਹੀਏ । ਪੱਤਝੜ ਵਾਲੀ ਕਥਾ ਕਰਦਿਆਂ ਝੜਦੇ ਪੱਤੇ ਬਹੁਤ ਗਿਣਾਏ, ਵਕਤ ਫੁਟਾਰੇ ਦਾ ਜੇ ਆਇਐ, ਆ ਇਸ ਨੂੰ ਜੀ ਆਇਆਂ ਕਹੀਏ । ਨਵੀਂ ਕਰੂੰਬਲ ਨਵਾਂ ਸੁਨੇਹਾ, ਨਵੇਂ ਸੁਪਨਿਆਂ ਨੂੰ ਖੰਭ ਲੱਗੇ, ਕਿਸ ਮੰਜ਼ਿਲ ਵੱਲ ਜਾਣੈਂ ਆਪਾਂ, ਨਿਸ਼ਚਾ ਕਰੀਏ ਰਲ਼ ਕੇ ਬਹੀਏ । ਸੱਜੇ ਹੱਥ ਨੂੰ ਖੱਬਾ ਜੇਕਰ ਸਾਥ ਨਾ ਦੇਵੇ ਤਾੜੀ ਦੇ ਲਈ, ਏਦਾਂ ਹੀ ਰੂਹ ਬੇ-ਸੁਰ ਹੋਵੇ, ਦਿਨ ਤੇ ਰਾਤ ਗਵਾਚੇ ਰਹੀਏ । ਕਦਮਾਂ ਦਾ ਸਮਤੋਲ ਜ਼ਰੂਰੀ, ਮੈਨੂੰ ਪੁੱਛੋ ਥਿੜਕੇ ਕੋਲੋਂ, ਮਨ ਤੇ ਬੁੱਧੀ ਸੁਰਤਿ ਇਕਾਗਰ, ਰਲ ਕੇ ਤੋਰਨ ਚਾਰੇ ਪਹੀਏ । ਮਾਂ ਧਰਤੀ ਤੇ ਜਣਨੀ ਦੇ ਸੰਗ ਮਾਂ ਬੋਲੀ ਵੀ ਕਦੇ ਨਾ ਵਿੱਸਰੇ, ਦੇਸ਼, ਬਦੇਸ਼, ਸਮੁੰਦਰ ਟੱਪ ਕੇ, ਭਾਵੇਂ ਜਿੱਥੇ ਮਰਜ਼ੀ ਰਹੀਏ । ਤੂੰ ਮੈਨੂੰ, ਮੈਂ ਤੈਨੂੰ ਜੇਕਰ ਹੁਣ ਤੀਕਰ ਵੀ ਮਿਲਿਆ ਨਹੀਂਉਂ, ਵਿੱਛੜਿਆਂ ਹੀ ਮਰ ਨਾ ਜਾਈਏ, ਇੱਕ ਦੂਜੇ ਦੇ ਦਿਲ ਵਿੱਚ ਲਹੀਏ ।
ਕਦੇ ਵੀ ਆਸ ਦੇ ਦੀਵੇ
ਕਦੇ ਵੀ ਆਸ ਦੇ ਦੀਵੇ, ਹਵਾ ਤੋਂ ਡਰਨ ਨਾ ਦੇਣਾ । ਉਮੀਦਾਂ ਵਕਤ ਜੋ ਕਰਦੈ, ਕਦੇ ਵੀ ਮਰਨ ਨਾ ਦੇਣਾ । ਹਨ੍ਹੇਰੀ ਰਾਤ ਹੈ, ਤੂਫ਼ਾਨ, ਝੱਖੜ, ਡੋਲਦੇ ਸਾਏ, ਤੇ ਜਿਊਂਦੀ ਲਾਸ਼ ਵਾਂਗੂੰ ਦੋਸਤੀ ਨੂੰ ਤਰਨ ਨਾ ਦੇਣਾ । ਸਿਰਾਂ ਤੇ ਸ਼ਾਮ ਹੈ, ਸੂਰਜ ਸਮੁੰਦਰ ਮਿਲਣ ਲੱਗੇ ਨੇ, ਦਿਲਾਂ ਨੂੰ ਸਾਂਭਣਾ ਤੇ ਸਰਦ ਹੌਕਾ ਭਰਨ ਨਾ ਦੇਣਾ । ਕਦੇ ਵੀ ਰਾਤ ਦੇ ਸਾਏ ਤੋਂ ਡਰ ਕੇ ਸਹਿਮ ਨਾ ਜਾਣਾ, ਜਿਊਂਦੇ ਖ਼ਾਬ ਨੂੰ ਅਗਨੀ ਹਵਾਲੇ ਕਰਨ ਨਾ ਦੇਣਾ । ਬੜੇ ਤੂਫ਼ਾਨ ਆਏ, ਆਉਣਗੇ ਵੀ ਹੋਰ ਚੜ੍ਹ ਚੜ੍ਹ ਕੇ, ਦਿਲਾ ਤੂੰ ਹੌਸਲਾ ਰੱਖੀਂ, ਉਮੀਦਾਂ ਠਰਨ ਨਾ ਦੇਣਾ । ਨਿਖ਼ਸਮੀ ਜੂਹ ਦੇ ਅੰਦਰ ਫਿਰਨ ਟੋਲੇ ਬੇਲਗਾਮੇ ਜੋ, ਤੂੰ ਆਪਣੀ ਫ਼ਸਲ ਅੰਦਰ ਵਰਜ, ਏਥੇ ਚਰਨ ਨਾ ਦੇਣਾ । ਕਦੇ ਜੇ ਔਣ ਉਹ ਪਲ, ਕਹਿਣ ਜੋ ਦੜ ਵੱਟ ਕੇ ਬਹਿ ਜਾ, ਬਰੂੰਹੀਂ ਚੜ੍ਹਨ ਨਾ ਦੇਣਾ, ਕਦੇ ਵੀ ਸ਼ਰਨ ਨਾ ਦੇਣਾ ।
ਚੀਕਦੇ ਸਾਰੇ ਕਿ ਇਹ ਤਾਂ
ਚੀਕਦੇ ਸਾਰੇ ਕਿ ਇਹ ਤਾਂ ਰੱਜਿਆਂ ਦੇ ਘਰ ਭਰੇ । ਤਖ਼ਤ ਜਿੰਨ੍ਹਾਂ ਨੇ ਬਿਠਾਇਆ, ਨਾ ਕਰੇ ਖ਼ੁਸ਼, ਕੀ ਕਰੇ? ਬੇਦਲੀਲੇ ਨਾਲ ਚਰਚਾ, ਬਹਿਸ ਹੁਣ ਮੈਂ ਕੀ ਕਰਾਂ, ਸਮਝਦੈ ਮੂਰਖ਼ ਕਿ ਇਹ ਤਾਂ, ਕਾਇਰ ਹੈ, ਮੈਥੋਂ ਡਰੇ । ਜਾਲ ਵਿੱਚ ਸਾਡੇ ਹੀ ਜੀਅ ਨੇ, ਚੋਗ ਦੇ ਲਾਲਚ ਸ਼ਿਕਾਰ, ਵਿਕਣ ਮਗਰੋਂ ਜਲ-ਪਰੀ ਫਿਰ ਪਾਣੀਆਂ ਵਿੱਚ, ਕੀਹ ਤਰੇ । ਤੜਪਦੀ ਖ਼੍ਵਾਬਾਂ ਦੀ ਘੁੱਗੀ, ਤੀਰ ਵਿੰਨ੍ਹਦੇ ਆਰ ਪਾਰ, ਕਿੰਨੇ ਸੂਰਜ ਚੜ੍ਹ ਕੇ ਲਹਿ ਗਏ, ਜ਼ਖ਼ਮ ਤਾਂ ਓਵੇਂ ਹਰੇ । ਤੁਰਦਿਆਂ ਦੇ ਨਾਲ, ਤੁਰਦਾ ਕਾਫ਼ਲਾ ਯਾਰੋ ਹਮੇਸ਼, ਬਾਹਰ ਚੱਲ, ਤੇ ਵੇਖ ਮੰਜ਼ਿਲ, ਬੈਠ ਨਾ ਛੁਪ ਕੇ ਘਰੇ । ਨੀਲ ਗਊਆਂ, ਜਾਂਗਲੀ ਗਿੱਦੜ ਤੇ ਵੈਰੀ ਬੇ ਸ਼ੁਮਾਰ, ਇਹ ਆਵਾਰਾ ਵੱਗ ਮੁੜ ਮੁੜ ਫ਼ਸਲ ਕਿਉਂ ਸਾਡੀ ਚਰੇ? ਗਰਜ਼ ਪਿੱਛੇ ਰਾਤ ਨੂੰ ਨਾ ਰਾਤ, ਚਿੱਟਾ ਦਿਨ ਕਹੇ, ਮਰਨ ਤੋਂ ਪਹਿਲਾਂ ਹੀ ਬੰਦਾ, ਏਸ ਮੌਤੇ ਕਿਉਂ ਮਰੇ? ਤੂੰ ਵੀ ਲਾਹ ਦੇ ਘੁੰਡ, ਕਹਿ ਦੇ ਚੋਰ ਨੂੰ ਤੂੰ ਚੋਰ ਹੁਣ, ਉਹ ਤਾਂ ਆ ਕੇ ਬਹਿ ਗਿਆ ਹੁਣ, ਮੱਲ ਬੈਠਾ ਚੌਂਤਰੇ । ਵਰਕਿਆਂ ਤੇ ਰੰਗ ਭਰ ਦੇ ਬਣ ਸਮੇਂ ਦਾ ਚਿਤਰਕਾਰ, ਮੈਂ ਤਾਂ ਲਿਖ 'ਤੇ ਤਾਣ ਲਾ ਕੇ, ਸ਼ਬਦ ਜੋ ਮੈਥੋਂ ਸਰੇ ।
ਮੈਂ ਅੱਖੀਂ ਤੱਕਿਐ ਕਈ ਵਾਰੀ
ਮੈਂ ਅੱਖੀਂ ਤੱਕਿਐ ਕਈ ਵਾਰੀ, ਬੱਦਲ ਵੀ ਮੁਹੱਬਤਾਂ ਕਰਦੇ ਨੇ । ਪਰ ਧਰਤੀ ਵਾਲੇ ਰੂਹ ਉੱਤੇ ਕਿਉਂ ਪਾਉਂਦੇ ਰਹਿੰਦੇ ਪਰਦੇ ਨੇ । ਇਹ ਪਤਾ ਨਹੀਂ ਚੌਗਿਰਦਾ ਹੈ ਜਾਂ ਮਨ ਕਮਜ਼ੋਰਾ, ਖ਼ਬਰ ਨਹੀਂ, ਦਿਲ ਤੇਜ਼ ਧੜਕਦਾ ਮਿਲਣ ਸਾਰ, ਕਿਉਂ ਠੰਢੇ ਹੌਕੇ ਭਰਦੇ ਨੇ । ਨਿਰਛਲ ਨਿਰਕਪਟ ਵਿਕਾਰਹੀਣ, ਸੁੱਚੀ ਵੀ ਮੁਹੱਬਤ ਹੁੰਦੀ ਹੈ, ਇਹ ਅਗਨੀ ਵਸਤਰਹੀਣ ਭਲੀ, ਮਾਨਣ ਤੋਂ ਸਾਰੇ ਡਰਦੇ ਨੇ । ਰਸਮਾਂ ਦੀ ਕੈਦਣ ਧਰਤੀ ਇਹ, ਜਿਸਮਾਂ ਦੀ ਗੁਲਾਮੀ ਕਰਦੀ ਹੈ, ਇਹ ਬਿਰਖ਼ ਬਰੂਟੇ, ਜੰਤ ਜੀਵ ਸਭ ਰੂਹ ਦਾ ਹਾਣੀ ਵਰਦੇ ਨੇ । ਸੁਪਨੇ ਤੇ ਰੀਝਾਂ ਘੁੱਗੀਆਂ ਜਹੇ, ਮਾਸੂਮ ਪਰਿੰਦੇ ਵਾਂਗ ਨਿਰੇ, ਇਨ੍ਹਾਂ ਦੇ ਕਾਤਲ ਵੇਖੇ ਮੈਂ, ਖ਼ੁਦ ਆਪਣੇ ਹੱਥੋਂ ਹਰਦੇ ਨੇ । ਇਹ ਸਤਰੰਗੀ ਜੋ ਪੀਂਘ ਦਿਸੇ ਤੇ ਆਭਾ ਮੰਡਲ ਰਿਸ਼ਮਾਂ ਦਾ, ਕਿਰਨਾਂ ਦਾ ਮੇਲਾ, ਧਰਮ ਨਾਲ ਇਹ ਸਭ ਜੀਅ ਮੇਰੇ ਘਰ ਦੇ ਨੇ । ਆ ਕੁੱਛੜ ਚੜ੍ਹੀਏ ਕੁਦਰਤ ਦੀ ਸਭ ਭੁੱਲ ਭੁਲਾ ਕੇ ਵਲਗਣੀਆਂ, ਜੋ ਰੂਹ ਦੇ ਘੁੰਗਰੂ ਸੁਣਦੇ ਨਾ, ਓਹੀ ਤਾਂ ਸਦਮੇ ਜਰਦੇ ਨੇ ।
ਸੁਣਿਆ ਸੀ ਰੁੱਤਾਂ ਇੱਕਸਾਰ
ਸੁਣਿਆ ਸੀ ਰੁੱਤਾਂ ਇੱਕਸਾਰ ਨਹੀਂਉਂ ਰਹਿੰਦੀਆਂ । ਸਾਡੇ ਪਿੱਛੋਂ ਫੇਰ ਕਿਉਂ ਬਲਾਮਤਾਂ* ਨਹੀਂ ਲਹਿੰਦੀਆਂ । ਧੁੱਪਾਂ, ਛਾਵਾਂ, ਰਾਤ, ਦਿਨ ਫੇਰ ਨੂੰ ਵੀ ਜਾਣ ਲੈ, ਨਦੀਆਂ ਵੀ ਸਦਾ ਇੱਕਸਾਰ ਨਹੀਂਉਂ ਵਹਿੰਦੀਆਂ । ਮਨ 'ਚ ਤਰੰਗਾਂ ਤੇ ਉਮੰਗਾਂ ਰੱਖੀਂ ਕਾਇਮ ਤੂੰ, ਭਾਵੇਂ ਇਹ ਵਦਾਨ ਦੀਆਂ ਸੱਟਾਂ ਰਹਿਣ ਸਹਿੰਦੀਆਂ । ਧਰਤੀ ਧਰੇਕਾਂ ਧੀਆਂ ਹੰਝੂਆਂ ਦੀ ਜੂਨ 'ਚ, ਮਾਂਗ 'ਚ ਸੰਧੂਰ ਤੇ ਉਦਾਸ ਹੱਥੀਂ ਮਹਿੰਦੀਆਂ । ਬਣਨਾ ਸੀ ਜਿੰਨ੍ਹਾਂ ਇੱਕ ਦੂਸਰੇ ਲਈ ਆਸਰਾ, ਬਾਹਵਾਂ ਇੱਕ ਦੂਜੇ ਨਾਲ ਐਵੇਂ ਰਹਿਣ ਖਹਿੰਦੀਆਂ । ਪੱਬਾਂ ਭਾਰ ਬਹਿਣ ਲਈ ਜ਼ਮੀਨ ਲਿੱਸੇ ਵਾਸਤੇ, ਕੁਰਸੀਆਂ ਸਦਾ ਬਲਵਾਨ ਦੇ ਲਈ ਡਹਿੰਦੀਆਂ । ਮਰ ਜਾਵੇ ਅੰਦਰੋਂ ਤੇ ਬਾਹਰੋਂ ਉਦੋਂ ਆਦਮੀ, ਮਨ ਵਾਲੇ ਕਿਲ੍ਹੇ ਦੀਆਂ ਕੰਧਾਂ ਜਦੋਂ ਢਹਿੰਦੀਆਂ । *ਮੁਸੀਬਤਾਂ ਜਹੀਆਂ ਬਲਾਵਾਂ
ਬਿਨ ਮਿਲਿਆਂ ਤੂੰ ਮੇਰੇ ਦਿਲ ਦੀ
ਬਿਨ ਮਿਲਿਆਂ ਤੂੰ ਮੇਰੇ ਦਿਲ ਦੀ, ਬਾਤ ਕਿਸ ਤਰ੍ਹਾਂ ਕਹਿ ਜਾਂਦਾ ਏਂ? ਰੂਹ ਦੇ ਧੁਰ ਅੰਦਰ ਬਿਨ ਪੌੜੀ, ਦੱਸੀਂ ਕਿੱਸਰਾਂ ਲਹਿ ਜਾਂਦਾ ਏਂ? ਸੁਪਨੇ ਅੰਦਰ ਦਸਤਕ ਦੇ ਕੇ, ਉਹਨੀਂ ਪੈਰੀਂ ਮੁੜ ਹੈਂ ਜਾਂਦਾ, ਓਸੇ ਨਾਲ ਗੁਫ਼ਤਗੂ ਮੇਰੀ, ਜਿੰਨਾ ਪਿੱਛੇ ਰਹਿ ਜਾਂਦਾ ਏਂ । ਅਪਣੇ ਚਿਹਰੇ ਅੰਦਰ ਮੈਨੂੰ, ਇੰਜ ਲੱਗਦਾ ਏ ਤੂੰ ਵੀ ਹਾਜ਼ਰ, ਸ਼ੀਸ਼ੇ ਅੰਦਰ ਚੁੱਪ ਚੁਪੀਤੇ , ਕਿਹੜੇ ਵੇਲੇ ਬਹਿ ਜਾਂਦਾ ਏਂ । ਪੀੜ ਪਰੁੱਚੇ ਸ਼ਬਦਾਂ ਦੱਸਿਐ, ਅਗਨ ਕੁਠਾਲੀ ਪੈਣਾ ਪੈਂਦੈ, ਧੰਨ ਜਿਗਰਾ ਤੂੰ ਸਾਡੀ ਖ਼ਾਤਰ, ਕਿੰਨੇ ਸਦਮੇ ਸਹਿ ਜਾਂਦਾ ਏਂ । ਇਹ ਦਸਤੂਰ ਪੁਰਾਣਾ ਅੱਗ ਦਾ, ਨੇੜੇ ਆਇਆ ਭਸਮ ਕਰੇਗੀ, ਭੰਬਟ ਬਣ ਕਿਉਂ ਉੱਡਿਆ ਆਉਨੈਂ, ਸਿੱਧ ਮ ਸਿੱਧਾ ਖਹਿ ਜਾਂਦਾ ਏਂ? ਪੀੜ ਪਹਾੜੋਂ ਭਾਰੀ ਕਿੱਦਾਂ, ਚੁੱਕਣ ਮਗਰੋਂ ਤਰਲ ਕਰੇਂ ਤੂੰ, ਪਲਕਾਂ ਦੇ ਓਹਲੇ ਨਾ ਟਿਕਦਾ, ਅੱਥਰੂ ਬਣ ਕੇ ਵਹਿ ਜਾਂਦਾ ਏਂ । ਮੇਰਾ ਉੱਤਰ ਸਮਝ ਲਵੀਂ ਤੂੰ, ਸ਼ਬਦ-ਗਵਾਹੀ ਮੈਂ ਨਾ ਪਾਵਾਂ, ਹਰ ਸਾਹ ਸਮਝ ਸਮਰਪਿਤ ਉਹਨੂੰ, ਬਿਨ ਬੋਲੇ ਜੋ ਕਹਿ ਜਾਂਦਾ ਏਂ ।
ਢੇਰੀ ਢਾਹ ਕੇ ਬਹਿ ਜਾਂਦਾ ਏਂ
ਢੇਰੀ ਢਾਹ ਕੇ ਬਹਿ ਜਾਂਦਾ ਏਂ, ਏਸ ਤਰ੍ਹਾਂ ਨਾ ਕਰਿਆ ਕਰ ਤੂੰ । ਮਰਨ-ਦਿਹਾੜਾ ਜੇਕਰ ਮਿਥਿਆ, ਜੀਂਦੇ ਜੀਅ ਨਾ ਮਰਿਆ ਕਰ ਤੂੰ । ਆਪੇ ਕਹਿੰਦੈਂ, ਚਾਰ ਦਿਹਾੜੇ, ਇਹ ਜ਼ਿੰਦਗਾਨੀ, ਭਰਮ ਬੁਲਬੁਲਾ, ਕੂੜ, ਕੁਫ਼ਰ ਜੇ ਮਿਲਖ਼ ਜਾਗੀਰਾਂ, ਨਾ ਝੋਲ਼ੀ ਵਿੱਚ ਭਰਿਆ ਕਰ ਤੂੰ । ਜੰਗਲ ਦੇ ਵਿੱਚ ਰਾਤ ਪਵੇ ਜੇ, ਦਿਨ ਵੀ ਚੜ੍ਹਦੈ ਓਸੇ ਥਾਂ ਤੇ, ਬਿਰਖ਼ ਬਰੂਟੇ ਤੇਰੇ ਸੰਗ ਨੇ, ਐਵੇਂ ਹੀ ਨਾ ਡਰਿਆ ਕਰ ਤੂੰ । ਇਹ ਉਪਦੇਸ਼ ਭੁਲਾਇਆ ਨਾ ਕਰ, ਸਭ ਦੀ ਸੁਣੀਏ, ਸਭ ਨੂੰ ਕਹੀਏ, ਗੁੰਗਿਆ ਤੂੰ ਤੇ ਚੁੱਪ ਕਰ ਜਾਦੈਂ, ਸ਼ਬਦ ਹੁੰਗਾਰਾ ਭਰਿਆ ਕਰ ਤੂੰ । ਜੇ ਦਰਿਆ ਵਿੱਚ ਪਾਣੀ ਚੜ੍ਹਿਆ, ਬੈਠਾ ਵੀ ਤਾਂ ਰੁੜ੍ਹ ਜਾਵੇਂਗਾ, ਮਿੱਟੀ ਬਣ ਕੇ ਖ਼ੁਰ ਜਾਵੇਂਗਾ, ਪੈਰ ਅਗਾਂਹ ਨੂੰ ਧਰਿਆ ਕਰ ਤੂੰ । ਮਰਦ ਕਹਾਵੇਂ, ਮਰਦਾ ਕਿਉਂ ਏਂ, ਹਰ ਮਸਲੇ ਦਾ ਹੱਲ ਹੁੰਦਾ ਹੈ, ਤੇਰੇ ਸੰਗ ਇਤਿਹਾਸ ਖੜ੍ਹਾ ਹੈ, ਜਿੱਤਕੇ ਨਾ ਇੰਜ ਹਰਿਆ ਕਰ ਤੂੰ । ਤੂੰ ਧਰਤੀ ਤੋਂ ਸਬਕ ਲਿਆ ਕਰ, ਇਹ ਵੀ ਤਾਂ ਡੋਲੇ ਤੇ ਸੰਭਲੇ, ਜੇ ਘਿਰ ਜਾਵੇਂ 'ਕੱਲ੍ਹਾ ਕਿਧਰੇ, ਇਹ ਸਦਮੇ ਵੀ ਜਰਿਆ ਕਰ ਤੂੰ ।
ਜ਼ਿੰਦਗੀ ਤੇਰੇ ਵਰਗੇ ਸੱਜਣ
ਜ਼ਿੰਦਗੀ ਤੇਰੇ ਵਰਗੇ ਸੱਜਣ ਸਾਰੇ ਨਹੀਂ ਹੁੰਦੇ । ਕਰਦੇ ਜੋ ਇਕਰਾਰ, ਕਦੇ ਉਹ ਲਾਰੇ ਨਹੀਂ ਹੁੰਦੇ । ਸੜਕਾਂ ਕੰਢੇ ਪਲਦੇ ਬਾਲ ਝਲੂੰਗੀ ਅੰਦਰ ਜੋ, ਕਿਹੜਾ ਕਹਿੰਦੈ, ਮਾਂ ਦੀ ਅੱਖ ਦੇ ਤਾਰੇ ਨਹੀਂ ਹੁੰਦੇ । ਝੁੱਗੀਆਂ ਨਾਲ ਨਿਭਾਉਂਦੇ ਯਾਰੀ ਕੱਖ ਤੇ ਕਾਨੇ ਹੀ, ਏਥੇ ਵੱਸਦੇ ਲੋਕੀਂ ਕਦੇ ਵਿਚਾਰੇ ਨਹੀਂ ਹੁੰਦੇ । ਮਨ ਦੇ ਉੱਤੇ ਬਹਿ ਜਾਂਦੇ ਨੇ ਪਰਬਤ ਪੀੜਾਂ ਦੇ, ਅੱਖੀਓਂ ਕਿਰਦੇ ਅੱਥਰੂ ਬਹੁਤੇ ਭਾਰੇ ਨਹੀਂ ਹੁੰਦੇ । ਏਥੇ ਤਾਂ ਹਰ ਬਿਰਖ਼ ਮੌਲਦਾ, ਖਿੜਨਾ ਚਾਹੁੰਦਾ ਹੈ, ਮਨ ਦੇ ਬਾਗ ਬਗੀਚੇ ਅੰਦਰ ਆਰੇ ਨਹੀਂ ਹੁੰਦੇ । ਸਿਖ਼ਰ ਪਰਬਤੀਂ ਚੜ੍ਹਦੇ ਜੇਕਰ ਰਾਹੀਂ ਬੈਠ ਗਏ, ਥੱਕ ਸਕਦੇ ਨੇ, ਪਰ ਇਹ ਲੋਕੀਂ, ਹਾਰੇ ਨਹੀਂ ਹੁੰਦੇ । ਦਿਲ ਦਰਿਆ, ਮਨ ਸਾਗਰ, ਪਾਣੀ ਸਾਰਾ ਨਿਰਮਲ ਹੈ, ਧਰਤੀ ਉੱਤੇ ਸਗਲ ਸਮੁੰਦਰ ਖ਼ਾਰੇ ਨਹੀਂ ਹੁੰਦੇ ।
ਮੈਂ ਜੋ ਆਖਿਐ, ਉਹ ਮੇਰਾ ਹੈ
ਮੈਂ ਜੋ ਆਖਿਐ, ਉਹ ਮੇਰਾ ਹੈ, ਇਸ ਗੱਲ ਤੋਂ ਇਨਕਾਰ ਨਹੀਂ । ਤੂੰ ਜੋ ਸੁਣਿਐਂ, ਮੈਂ ਤਾਂ ਸੱਜਣਾ, ਉਸਦਾ ਜ਼ਿੰਮੇਵਾਰ ਨਹੀਂ । ਹੋ ਸਕਦੈ ਤੂੰ ਪੱਥਰ ਹੋਵੇਂ, ਖ਼ੁਦ ਨੂੰ ਸਮਝ ਲਵੇਂ ਹੀਰਾ, ਕੌਡੀ ਮੁੱਲ ਨਾ ਤੇਰਾ ਬੰਦਿਆ, ਜੇਕਰ ਰੂਹ ਤੇ ਭਾਰ ਨਹੀਂ । ਲੰਘ ਜਾਵੇਂ ਕਰ ਪੌਣ ਸਵਾਰੀ, ਮਿਲਿਆ ਕਰ ਖ਼ੁਸ਼ਬੋਈ ਵਾਂਗ, ਬਹੁਤ ਮਹੀਨ ਹੈ ਪਰਦਾ ਭਾਵੇਂ, ਵਿੱਚ ਕੋਈ ਦੀਵਾਰ ਨਹੀਂ । ਗਰਜ਼ਾਂ ਖ਼ਾਤਰ, ਮੰਡੀ ਅੰਦਰ ਵਿਕਿਆ ਨਾ ਕਰ ਸੌਦੇ ਵਾਂਗ, ਰੀਂਘਣ ਦੀ ਜੋ ਆਦਤ ਪਾ ਲਏ, ਬਣਦਾ ਕਦੇ ਉਡਾਰ ਨਹੀਂ । ਬਿਨ ਹੱਡੀਆਂ ਤੋਂ ਕਾਹਦਾ ਬੰਦਾ, ਨਿਰਾ ਗੰਡੋਆ ਆਖ ਲਵੋ, ਸ਼ਬਦ ਸਿਰਜਣਾ ਬਣਦੇ ਨਹੀਂਓਂ, ਜੇਕਰ ਸੋਚ ਵਿਚਾਰ ਨਹੀਂ । ਝੋਰੇ ਝੁਰਦਾ ਖ਼ੁਰ ਚੱਲਿਆ ਹੈਂ, ਕੱਚੇ ਪਰਬਤ ਵਾਂਗ ਕਿਓਂ, ਰਿੜ੍ਹਦਾ, ਰੁੜ੍ਹਦਾ, ਮੁੱਕ ਜਾਵੇਂਗਾ, ਇਸ ਤੋਂ ਵੱਡੀ ਹਾਰ ਨਹੀਂ । ਖਿੱਲਰ ਪੁੱਲਰ ਚੱਲੇ ਪੰਛੀ, ਕਿਸ ਮੰਜ਼ਿਲ ਦੇ ਰਾਹੀ ਇਹ, ਜੀਣ ਮਰਨ ਜੇ ਇੱਕ ਨਾ ਹੋਵੇ, ਕਹਿੰਦਾ ਕੋਈ ਡਾਰ ਨਹੀਂ ।
ਚੱਲ ਘੁਮਿਆਰਾ ਗੁੰਨ੍ਹ ਕੇ ਮਿੱਟੀ
ਚੱਲ ਘੁਮਿਆਰਾ ਗੁੰਨ੍ਹ ਕੇ ਮਿੱਟੀ, ਦੀਵੇ ਘੜ ਦੇ ਚਾਨਣ ਲਈ । ਤੂੰ ਧਰਤੀ ਤੇ ਦੂਜਾ ਰੱਬ ਹੈਂ, ਉਮਰਾਂ ਲੱਗੀਆਂ ਜਾਨਣ ਲਈ । ਚੀਨ ਦੀਆਂ ਲੜੀਆਂ ਦਾ ਭਾਵੇਂ ਚਾਨਣ ਮਿਲਦਾ ਸਸਤੇ ਭਾਅ, ਮੈਂ ਤਾਂ ਦੀਵੇ ਬਾਲ਼ ਹਨ੍ਹੇਰਾ, ਮੇਟੂੰ ਫ਼ਰਜ਼ ਪਛਾਨਣ ਲਈ । ਪਵਨ ਗੁਰੂ ਨੂੰ ਗੰਧਲਾ ਨਾ ਕਰ, ਸ਼ਾਮ ਢਲੀ ਤੇ ਰਾਤ ਪਿਆਂ, ਕੁੱਲ ਆਲਮ ਵਿੱਚ ਖੁਸ਼ੀਆਂ ਵੰਡ ਤੂੰ, ਮਿਲੀਆਂ ਨੇ ਜੋ ਮਾਨਣ ਲਈ । ਦੀਵੇ ਨਾਲ ਮੁਹੱਬਤ ਕਰਨੀ, ਚੇਤੇ ਰੱਖ ਕੇ, ਇਸ ਗੱਲ ਨੂੰ, ਜੋ ਖ਼ਰਚਾਂਗਾ ਵਸਤਰ ਬਣਨਾ, ਇੱਕ ਕਿਰਤੀ ਦੀ ਹਾਨਣ ਲਈ । ਰੌਸ਼ਨੀਆਂ ਦਾ ਜਾਲ ਪਸਾਰਾਂ, ਨਾਲ ਹਨ੍ਹੇਰੇ ਲੜਨ ਲਈ, ਇਹ ਜ਼ਿੰਦਗਾਨੀ ਮਿਲਦੀ ਨਹੀਓਂ, ਐਵੇਂ ਮਿੱਟੀ ਛਾਨਣ ਲਈ । ਹਰੇ ਕਚੂਰ ਛਤਰ ਦੀ ਛਾਵੇਂ, ਜੇ ਬਹਿਣਾ ਤਾਂ ਫ਼ਿਕਰ ਕਰੋ, ਸੰਘਣੇ ਵਣ ਹਰਿਆਲੇ ਲਾਉ, ਸਿਰ ਤੇ ਛਤਰੀ ਤਾਨਣ ਲਈ । ਨਿਸ਼ਚਾਧਾਰੀ ਦੀ ਜਿੱਤ ਹੋਵੇ, ਆਦਿ ਕਾਲ ਤੋਂ ਅੱਜ ਦੇ ਤੀਕ, ਹੋਰ ਕੁਵੇਲ਼ਾ ਕਰ ਨ ਬਹਿਣਾ, ਮਨ ਵਿੱਚ ਪੱਕੀ ਠਾਨਣ ਲਈ ।
ਜਬਰ ਜ਼ੁਲਮ ਦੀ ਪੀਂਘ ਸਿਖ਼ਰ
ਜਬਰ ਜ਼ੁਲਮ ਦੀ ਪੀਂਘ ਸਿਖ਼ਰ ਜਦ ਪਹੁੰਚੇ ਅੱਤਿਆਚਾਰਾਂ ਤੇ । ਕਲਮਾਂ ਵਾਲਿਆ! ਉਸ ਪਲ ਸੂਈ ਧਰਿਆ ਕਰ ਸਰਕਾਰਾਂ ਤੇ । ਸਬਰ ਸਿਦਕ ਸੰਤੋਖ ਸਰੋਵਰ, ਜਦ ਕੰਢਿਆਂ ਤੋਂ ਭਰ ਜਾਵੇ, ਤੁਰ ਪੈਂਦੇ ਨੇ ਲੋਕ ਉਦੋਂ ਹੀ, ਤਰਲਿਆਂ ਤੋਂ ਹਥਿਆਰਾਂ ਤੇ । ਕੁੱਲੀ ਗੁੱਲੀ ਜੁੱਲੀ ਤੋਂ ਬਿਨ, ਗਿਆਨ-ਜੋਤ ਵੀ ਚਾਹੀਦੀ, ਤਰਸ ਨਾ ਏਦਾਂ ਕਰਿਆ ਕਰ ਤੂੰ, ਪਿੰਜਰੇ ਪਾਏ ਸ਼ਿਕਾਰਾਂ ਤੇ । ਨਬਜ਼ ਸਮੇਂ ਦੀ ਟੋਹਣੀ ਭੁੱਲ ਗਏ, ਵੈਦ ਹਕੀਮ ਸਿਆਣੇ ਸਭ, ਬਲ਼ਦੇ ਅੱਖਰ ਤਾਹੀਉਂ ਡੁਸਕਣ, ਰੱਤ ਭਿੱਜੀਆਂ ਅਖ਼ਬਾਰਾਂ ਤੇ । ਲਾਠੀ ਤੇ ਬੰਦੂਕ ਦੀ ਗੋਲ਼ੀ, ਜਦ ਕਿਧਰੇ ਵੀ ਫ਼ਰਕ ਕਰੇ, ਨਿਕਲ ਪਵੇ ਕਿਰਪਾਨ ਮਿਆਨੋਂ, ਰੱਤ ਚਮਕੇ ਫਿਰ ਧਾਰਾਂ ਤੇ । ਮਰਜ਼ਾਂ ਬਣ ਕੇ ਫ਼ਰਜ਼ ਖੜ੍ਹੇ ਨੇ ਹਸਪਤਾਲ ਦੇ ਬੂਹੇ ਤੇ, ਰਹਿਮ ਹਕੂਮਤ ਇਹ ਕੀ ਕੀਤਾ ਕਮਜ਼ੋਰਾਂ ਲਾਚਾਰਾਂ ਤੇ । ਵਕਤ ਹਿਸਾਬ ਬਰਾਬਰ ਰੱਖਦੈ, ਦੇਰ ਸਵੇਰ, ਹਨ੍ਹੇਰ ਨਹੀਂ, ਪੜ੍ਹਿਆ ਕਰ ਤੂੰ ਇਹ ਵੀ ਸਤਰਾਂ, ਵਕਤ ਦੀਆਂ ਜੋ ਦੀਵਾਰਾਂ ਤੇ ।
ਕਿਸ ਦਰਵਾਜ਼ੇ ਦੀਪ ਧਰਾਂ ਮੈਂ
ਕਿਸ ਦਰਵਾਜ਼ੇ ਦੀਪ ਧਰਾਂ ਮੈਂ, ਮਨ ਮਸਤਕ ਵਿਚ 'ਨ੍ਹੇਰ ਪਿਆ ਹੈ । ਸਮਝ ਪਵੇ ਨਾ ਕਿੱਥੋਂ ਛੋਹਾਂ, ਕੰਮ ਤਾਂ ਹਾਲੇ ਢੇਰ ਪਿਆ ਹੈ । ਮਨ ਦਾ ਮੈਲ਼ਾ ਸ਼ੀਸ਼ਾ ਕੀ ਮੈਂ, ਸਾਫ਼ ਕਰ ਲਿਆ, ਉਲਝ ਗਿਆ ਹਾਂ, ਕਿੰਨਾ ਕੁਝ ਹੀ ਬੇ ਤਰਤੀਬਾ, ਰੂਹ ਦੇ ਚਾਰ ਚੁਫ਼ੇਰ ਪਿਆ ਹੈ । ਹਰ ਵਾਰੀ ਦੀਵਾਲੀ ਦੀਵੇ, ਮਨੋਂ ਹਨ੍ਹੇਰ ਮਿਟਾਉਂਦੇ ਕਿਉਂ ਨਾ, ਕਾਵਾਂ ਰੌਲੀ, ਝੁਰਮਟ ਕੈਸਾ, ਮੇਰੇ ਗ਼ਲ਼ ਵਿਚ ਫੇਰ ਪਿਆ ਹੈ । ਸੂਰਜ, ਚੰਨ, ਸਿਤਾਰੇ, ਦੀਵੇ, ਬਿਜਲੀ ਵਾਲੇ ਲਾਟੂ, ਜੁਗਨੂੰ, ਸਭਨਾਂ ਦੇ ਪਿੱਛੇ ਹੱਥ ਧੋ ਕੇ, ਕਿਉਂ ਕਲ਼ਮੂੰਹਾਂ 'ਨ੍ਹੇਰ ਪਿਆ ਹੈ । ਹਾਲੇ ਤੀਕ ਅਯੁੱਧਿਆ ਮਨ ਦੀ, ਯੁੱਧ ਤੋਂ ਮੁਕਤ ਕਿਉਂ ਨਾ ਹੋਈ, ਇਸ ਦੇ ਅੰਦਰ ਮਸਜਿਦ ਮੰਦਿਰ, ਕਿਉਂ ਖ਼ਤਰੇ ਦਾ ਘੇਰ ਪਿਆ ਹੈ । ਕੁਦਰਤ ਰਹਿਮਤ ਵੰਡਦੀ, ਭਰਦੀ ਸੱਖਣੀ ਝੋਲ ਅਜ਼ਲ ਤੋਂ ਭਾਵੇਂ, ਬੇਹਿੰਮਤੇ ਨੂੰ ਕਿਹੜਾ ਦੱਸੇ, ਤੇਰੀ ਥਾਲ਼ੀ ਬੇਰ ਪਿਆ ਹੈ । ਇੱਕੋ ਥਾਂ ਤੇ ਏਨੇ ਦੀਵੇ, ਜਗਣ ਨਿਰੰਤਰ, ਧਰਤੀ ਚਿਹਰਾ, ਰੂਪ ਜਿਵੇਂ ਫੁਲਕਾਰੀ ਸਿਰ ਤੇ, ਸੱਜਰੀ ਸੁਰਖ਼ ਸਵੇਰ ਪਿਆ ਹੈ ।
ਤੱਕ ਲੈ ਬੁੱਲ੍ਹਿਆ ਧਰਮਾਂ ਵਾਲੇ
ਤੱਕ ਲੈ ਬੁੱਲ੍ਹਿਆ ਧਰਮਾਂ ਵਾਲੇ, ਕੈਸੀ ਅਮਰਵੇਲ ਨੇ ਘੇਰੇ । ਧਰਮਸਾਲ ਵਿੱਚ ਵੱਜਦੇ ਧਾੜੇ, ਬੁੱਢੇ ਚੋਰ ਮਸੀਤੀਂ ਡੇਰੇ । ਹੁਕਮਰਾਨ ਦੀ ਛਤਰੀ ਥੱਲੇ, ਸਬਜ਼ ਕਬੂਤਰ ਕਰਨ ਗੁਟਰਗੂੰ, ਹਰੀਅਲ ਜਿਹੜੀ ਬੋਲੀ ਬੋਲਣ, ਬਿਲਕੁਲ ਸਮਝ ਪਵੇ ਨਾ ਮੇਰੇ । ਔਂਸੀਆਂ ਪਾ ਕੇ ਕੌਣ ਉਡੀਕੇ, ਰਿਸ਼ਤੇ ਬਣੇ ਮਸ਼ੀਨੀ ਵਸਤੂ, ਚੂਰੀ ਕਿਸ ਨੂੰ ਕੁੱਟ ਕੇ ਪਾਈਏ, ਹੁਣ ਨਾ ਬਹਿੰਦੇ ਕਾਗ ਬਨੇਰੇ । ਉਲਝ ਗਈ ਹੈ ਤਾਣੀ ਏਨੀ, ਲੱਭਦਾ ਹੀ ਨਾ ਤਾਣਾ-ਪੇਟਾ, ਕੱਲ੍ਹਿਆਂ ਇਹ ਸੁਲਝਾਉਣੀ ਔਖੀ, ਨਾ ਵੱਸ ਤੇਰੇ ਨਾ ਵੱਸ ਮੇਰੇ । ਧਰਮ ਅਤੇ ਇਖ਼ਲਾਕ ਦੇ ਰਾਖੇ, ਬਣ ਬੈਠੇ ਨੇ ਸ਼ਸਤਰਧਾਰੀ, ਦਾਨਿਸ਼ਵਰ ਦੀ ਦਾਨਿਸ਼ ਨੂੰ ਹੁਣ, ਪੈ ਗਏ ਚਾਰ ਚੁਫ਼ੇਰਿਓਂ ਘੇਰੇ । ਧਰਤੀ ਦੇ ਸਭ ਮਾਲ ਖ਼ਜ਼ਾਨੇ, ਲੁੱਟਣ ਪੁੱਟਣ ਵਾਲਾ ਟੋਲਾ, ਦੇਸ਼ ਦੀ ਮੰਦੜੀ ਹਾਲਤ ਕਰਕੇ, ਮਣ ਮਣ ਮੋਟੇ ਅੱਥਰੂ ਕੇਰੇ । ਤਨ ਤਾਂ ਏਥੇ, ਮਨ ਪਰਦੇਸੀ, ਸਾਰਾ ਵਤਨ ਪਰਾਇਆ ਜਾਪੇ, ਝੂਠਾ ਝੂਠਾ ਸੂਰਜ ਲੱਗਦੈ, ਲਹਿੰਦਾ ਚੜ੍ਹਦਾ ਸ਼ਾਮ ਸਵੇਰੇ ।
ਕੀ ਦੱਸਾਂ ਨੀ ਖੁਸ਼ਬੂ ਜਹੀਏ
ਕੀ ਦੱਸਾਂ ਨੀ ਖੁਸ਼ਬੂ ਜਹੀਏ, ਮੈਂ ਤੇ ਹਰ ਪਲ ਏਹੋ ਚਾਹਵਾਂ । ਕੰਡੇ ਕੰਡੇ ਆਪ ਚੁਗਾਂ ਤੇ ਹਰ ਫੁੱਲ ਤੇਰੀ ਝੋਲੀ ਪਾਵਾਂ । ਜ਼ਿੰਦਗੀ ਦੇ ਉਪਰਾਮ ਪਲਾਂ ਨੂੰ ਚੂਸ ਲਵਾਂ ਸ਼ਿਵ ਰੂਪ ਧਾਰ ਕੇ, ਰੂਹ ਦੇ ਨਗਨ ਵਜੂਦ ਨੂੰ ਜਿੰਦੇ ਸਿਖ਼ਰ ਪਹਾੜੀਂ ਨਾਚ ਨਚਾਵਾਂ । ਕਈ ਜਨਮਾਂ ਦੇ ਹਿਜਰਾਂ ਮਗਰੋਂ, ਵਸਲ ਦੀਆਂ ਦੋ ਘੜੀਆਂ ਮਿਲੀਆਂ, ਮੈਂ ਜਿੰਦੜੀ ਦਾ ਮਾਸ ਖੁਆ ਕੇ, ਕਿਉਂ ਸ਼ਿਕਰੇ ਨੂੰ ਯਾਰ ਬਣਾਵਾਂ । ਚਾਰ ਚੁਫ਼ੇਰੇ ਭੀੜ ਬੜੀ ਹੈ, ਵੰਨ ਸੁਵੰਨੇ ਸ਼ੋਰ ਦਾ ਜੰਗਲ, ਮਨ ਦਾ ਮੋਰ ਧਰਤ ਨੂੰ ਸਹਿਕੇ, ਕਿਹੜੀ ਥਾਂ ਤੇ ਪੈਲਾਂ ਪਾਵਾਂ । ਪੱਤਝੜ ਦੇ ਮੌਸਮ ਵਿੱਚ ਮਿਲਿਓਂ, ਹੁਣ ਕਾਹਨੂੰ ਮਹਿਕੰਦੜੇ ਯਾਰਾ, ਹੁਣ ਤਾਂ ਮੇਰੇ ਅਪਣੇ ਸਿਰ 'ਤੇ ਬਿਰਖ਼ ਨਿਪੱਤਰੇ ਵਿਰਲੀਆਂ ਛਾਵਾਂ । ਮੇਰੇ ਘਰ ਵਿਚ ਇੱਕ ਦਰਿਆ ਹੈ, ਸ਼ਾਂਤ ਵਗੇ ਭਰਪੂਰ ਨਿਰੰਤਰ, ਤਾਂ ਹੀ ਤਪਸ਼ ਨਾ ਆਵੇ ਨੇੜੇ, ਜਦ ਚਾਹਵਾਂ ਮੈਂ ਤਾਰੀ ਲਾਵਾਂ । ਮੇਰੇ ਅੰਦਰ ਬਾਹਰ ਨੇ ਬਹਿੰਦੇ, ਜੋ ਮੇਰੇ ਵਿਸ਼ਵਾਸ ਦੇ ਪਾਤਰ, ਰਿਸ਼ਤੇ ਨਾਤੇ ਵਣਜ ਬਾਜ਼ਾਰੀ, ਸੱਚ ਮੰਨੀਂ ਮੈਂ ਮੂੰਹ ਨਾ ਲਾਵਾਂ ।
ਛੱਡ ਦੇ ਆਲਸ ਭਰਾਵਾ
ਛੱਡ ਦੇ ਆਲਸ ਭਰਾਵਾ, ਵਕਤ ਨਹੀਂ ਕਰਨਾ ਖ਼ਰਾਬ । ਪਰਤ ਜਾਵੇ ਨਾ ਦੁਬਾਰਾ, ਬੂਹੇ ਆਇਆ ਇਨਕਲਾਬ । ਸ਼ਬਦ ਨੂੰ ਕਹਿ ਦੇ ਕਿ ਤੂੰ ਨਿਰਜਿੰਦ ਨਹੀਂ, ਹਥਿਆਰ ਹੈਂ, ਸੁਣ ਲਵੀਂ, ਉੱਤਰ ਮਿਲੇਗਾ, ਫੇਰ ਤੈਨੂੰ ਲਾਜਵਾਬ । ਲਾ ਲਿਆ ਡੇਰਾ ਕਿਵੇਂ ਬਰਬਾਦੀਆਂ ਨੇ ਇਸ ਨਗਰ, ਰੰਗ ਕਾਲ਼ਾ ਪੈ ਗਿਆ ਹੈ, ਸੁਰਖ਼ ਸੂਹਾ ਸੀ ਗੁਲਾਬ! ਸੱਚ ਕੀ ਬੇਲਾ ਸੁਣਾ ਦੇ, ਸੋਚ ਤੇ 'ਨ੍ਹੇਰਾ ਲੰਗਾਰ, ਘੁੰਡ ਦਾ ਕੀ ਕੰਮ ਏਥੇ, ਰੂਹ ਨੂੰ ਕਰ ਲੈ ਬੇਨਿਕਾਬ! ਲੋਕ ਸ਼ਕਤੀ ਨਾ ਨਿਗੂਣੀ, ਨਾ ਵਿਕਾਊ, ਸਮਝ ਲਉ, ਰਾਹ ਦਿਸੇਰੇ ਗ਼ੈਰ ਹਾਜ਼ਰ, ਭਟਕਦੇ ਫਿਰਦੇ ਜਨਾਬ! ਕੁੱਲੀਆਂ ਤੇ ਢਾਰਿਆਂ ਨੂੰ, ਅੱਜ ਵੀ ਤੇਰੀ ਉਡੀਕ, ਤਾਂਘਦੇ ਨੈਣਾਂ 'ਤੇ ਵੇਖੀਂ, ਜੋਤ ਮਘਦੀ ਬੇਹਿਸਾਬ! ਏਸ ਵਿੱਚ ਸ਼ਾਮਿਲ ਹਾਂ ਮੈਂ ਵੀ, ਤੇਰੇ ਵਾਂਗੂੰ ਆਲਸੀ, ਗੰਦੀਆਂ ਮੱਛੀਆਂ ਜੇ ਭਰਿਆ, ਨਿਰਮਲੇ ਜਲ ਦਾ ਤਲਾਬ!
ਸਬਰ ਸਿਦਕ ਸੰਤੋਖ ਸਮਰਪਣ
ਸਬਰ ਸਿਦਕ ਸੰਤੋਖ ਸਮਰਪਣ, ਸੁਹਜ ਸਲੀਕਾ ਸ਼ਾਮਿਲ ਕਰ ਦੇ । ਮਹਿੰਗੇ ਮੁੱਲ ਦੇ ਮਾਣਕ-ਮੋਤੀ, ਭਰ ਭਰ ਮੁੱਠੀਆਂ ਝੋਲੀ ਭਰ ਦੇ । ਬਹੁਤ ਦਿਨਾਂ ਤੋਂ ਗੱਲ ਨਹੀਂ ਹੋਈ, ਨਬਜ਼ ਖਲੋਤੀ ਹੋਵੇ ਜੀਕਣ, ਮਿੱਟੀ ਦਾ ਬੁੱਤ ਬੋਲਣ ਲਾ ਦੇ, ਮਾਰ ਆਵਾਜ਼ ਜਿਉਂਦਾ ਕਰ ਦੇ । ਨਾਭੀ ਵਿਚ ਕਸਤੂਰੀ ਲੈ ਕੇ ਮਿਰਗਣੀਏਂ ਕੀਹ ਲੱਭਦੀ ਫਿਰਦੀ, ਜੰਗਲ ਵਿਚ ਹਿਰਨੋਟੇ ਵੇਖੇ, ਮਰ ਜਾਂਦੇ ਇੰਜ ਚੁੰਗੀਆਂ ਭਰਦੇ । ਪੱਤਣ ਦੀ ਬੇੜੀ ਨੂੰ ਜੰਦਰੇ, ਮਾਰ ਮਲਾਹ ਨੇ ਕਿੱਧਰ ਤੁਰ ਗਏ, ਦਿਲ-ਦਰਿਆ ਨੂੰ ਪਾਰ ਕਰਦਿਆਂ, ਡੁੱਬਦੇ ਨਾ, ਫਿਰ ਦੱਸ ਕੀ ਕਰਦੇ? ਖ਼ੁਸ਼ਬੂ ਤਾਂ ਮੁਹਤਾਜ਼ ਨਹੀਂ ਹੈ, ਉਮਰ, ਜਿਸਮ ਤੇ ਫ਼ਾਸਲਿਆਂ ਦੀ, ਰੂਹ ਤੋਂ ਰੂਹ ਵਿਚਕਾਰ ਭਲਾ ਦੱਸ, ਹੁੰਦੇ ਨੇ ਫਿਰ ਕਾਹਦੇ ਪਰਦੇ । ਪਾਕ-ਪਵਿੱਤਰ ਰਿਸ਼ਤਿਆਂ ਅੰਦਰ, ਕਸਮਾਂ ਵਾਅਦੇ ਬੇਅਰਥੇ ਨੇ, ਸਰਬ ਸਮੇਂ ਦੀ ਕਰਨ ਸਵਾਰੀ, ਜਿਹੜੇ ਸੀਸ ਤਲੀ ਤੇ ਧਰਦੇ । ਇਸ ਹਿੱਕੜੀ ਵਿਚ ਖ਼ਬਰੇ ਕੀ ਹੈ, ਬੰਦ ਪੁੜੀ ਨੂੰ ਕਿਹੜਾ ਖੋਲ੍ਹੇ, ਕੀ ਕੁਝ ਵਕਤ ਲੁਕਾਈ ਬੈਠਾ, ਰਹੀਏ ਇਸ ਦੀ ਚੁੱਪ ਤੋਂ ਡਰਦੇ ।
ਤੇਰਾ ਦਿੱਤਾ ਜ਼ਖ਼ਮ ਮੈਂ
ਤੇਰਾ ਦਿੱਤਾ ਜ਼ਖ਼ਮ ਮੈਂ ਕਿਹੜਾ ਜਰਿਆ ਨਹੀਂ । ਗੱਲ ਵੱਖਰੀ ਹੈ ਤੇਰਾ ਦਿਲ ਹੀ ਭਰਿਆ ਨਹੀਂ । ਵਰਕਾ ਵਰਕਾ ਪਾੜਣ ਵਾਲੇ ਕਿੱਧਰ ਗਏ, ਹਰ ਦੁਸ਼ਮਣ ਤੋਂ ਸ਼ਬਦ ਕਦੇ ਵੀ ਹਰਿਆ ਨਹੀਂ । ਹਮਲਾਵਰ ਦੇ ਏਨੇ ਹਮਲੇ ਜਰ ਬੈਠਾਂ, ਅੱਜ ਤੱਕ ਮੈਂ ਵੀ ਪੈਰ ਪਿਛਾਂਹ ਨੂੰ ਧਰਿਆ ਨਹੀਂ । ਮਾਰਨ ਤੀਰ ਨਿਸ਼ਾਨੇ ਦੀ ਥਾਂ, 'ਨ੍ਹੇਰੇ ਵਿੱਚ, ਹੁਣ ਤੱਕ ਤਾਂਹੀਉਂ, ਇੱਕ ਵੀ ਰਾਵਣ ਮਰਿਆ ਨਹੀਂ । ਜ਼ਿੰਦਗੀ ਨਾਲੋਂ ਮੌਤ ਪਿਆਰੀ, ਸਮਝਣ ਜੋ, ਆਜ਼ਾਦੀ ਨੂੰ ਉਨ੍ਹਾਂ ਤੋਂ ਬਿਨ, ਵਰਿਆ ਨਹੀਂ । ਦਾਅਵੇਦਾਰ ਬਥੇਰੇ ਸੁਖ ਦੇ, ਸਾਥ ਬੜੇ, ਦਰਦ ਸਮੁੰਦਰ ਸਾਡੇ ਤੋਂ ਬਿਨ, ਤਰਿਆ ਨਹੀਂ । ਧਰਤ ਪਿਆਸੀ ਤਰਸ ਗਈ, ਘੁੱਟ ਪਾਣੀ ਨੂੰ, ਭਰ ਕੇ ਇੱਕ ਵੀ ਵਗਦਾ ਹੁਣ ਤੇ ਦਰਿਆ ਨਹੀਂ ।
ਸ਼ਬਦ ਹਮੇਸ਼ਾਂ ਚੁੱਪ ਰਹਿੰਦੇ ਨੇ
ਸ਼ਬਦ ਹਮੇਸ਼ਾਂ ਚੁੱਪ ਰਹਿੰਦੇ ਨੇ, ਜਿਸ ਵੇਲੇ ਕਿਰਦਾਰ ਬੋਲਦਾ । ਵਕਤ ਹੁੰਗਾਰਾ ਭਰਦਾ ਆਪੇ, ਸੁਣ ਕੇ ਮਹਿਰਮ ਯਾਰ ਬੋਲਦਾ । ਧਰਤ, ਆਕਾਸ਼, ਪਾਤਾਲ ਤੇ ਚੌਥਾ ਕੁੱਲ ਸ੍ਰਿਸ਼ਟੀ ਰੌਣਕ-ਮੇਲਾ, ਸਗਲ ਬਨਸਪਤਿ ਗਾਉਂਦੀ ਜਾਪੇ, ਜਦ ਤੂੰ ਅੰਦਰਵਾਰ ਬੋਲਦਾ । ਟੁੱਟਵੀਂ ਬਾਤ, ਭੁਲਾਵੇਂ ਅੱਖਰ, ਖਿੱਲਰੇ ਪੁੱਲਰੇ ਮਨ ਦੇ ਵਰਕੇ, ਇੱਕ ਸੁਰ ਹੋ ਕੇ ਤੁਰ ਪੈਂਦੇ ਨੇ, ਜਦ ਵੀ ਸੂਤਰਧਾਰ ਬੋਲਦਾ । ਹੇ ਮਨ ਮੇਰੇ, ਵੇਖੀਂ ਕਿਧਰੇ, ਡੋਲੀਂ ਭਟਕੀਂ ਬਿਲਕੁਲ ਨਾ ਤੂੰ, ਇਸ ਨੂੰ ਬਿਲਕੁਲ ਸੱਚ ਨਾ ਮੰਨੀਂ, ਜੋ ਬੋਲੀ ਅਖ਼ਬਾਰ ਬੋਲਦਾ । ਨਾ ਲੱਤਾਂ ਨਾ ਬਾਹਾਂ ਸਾਬਤ, ਸੀਸ ਵਿਹੂਣਾ ਇਹ ਬੁੱਤ ਜਿਸਦਾ, ਕਿਸ ਮੂੰਹ ਨਾਲ ਭਲਾ ਮੈਂ ਇਸ ਦੀ, ਦੱਸ ਤੂੰ ਜੈ ਜੈ ਕਾਰ ਬੋਲਦਾ । ਲੋਕ ਹਮੇਸ਼ਾਂ ਉਸ ਚਿਹਰੇ ਨੂੰ, ਅਪਣੇ ਵਿਚੋਂ ਖ਼ਾਰਜ ਕਰਦੇ, ਕੁਰਸੀਧਾਰੀ ਅੰਨ੍ਹਾ ਬੋਲਾ, ਜਿਹੜਾ ਬਣ ਸਰਕਾਰ ਬੋਲਦਾ । ਮਿੱਠੜੀ ਮਾਤ-ਜ਼ਬਾਨ ਭਰਾਵਾ, ਛੱਡੀਂ ਨਾ ਗੁਰਭਜਨ ਸਿਹਾਂ ਤੂੰ, ਇਹਦੇ ਕਰਕੇ ਆਪਾਂ ਕਹੀਏ, ਅਹੁ ਸਾਡਾ ਸਰਦਾਰ ਬੋਲਦਾ ।
ਬਣੀ ਜ਼ਿੰਦਗੀ ਨਿਮਾਣੀ ਲੱਗੀ
ਬਣੀ ਜ਼ਿੰਦਗੀ ਨਿਮਾਣੀ ਲੱਗੀ ਓੜਕਾਂ ਦੀ ਪਿਆਸ । ਤੁਸੀਂ ਲਾਈ ਜਾਵੋ ਸਾਡੇ ਮੂੰਹ ਨੂੰ ਜ਼ਹਿਰ ਦਾ ਗਲਾਸ । ਓਸ ਪੀੜ ਦੀ ਕਹਾਣੀ, ਨਹੀਂ ਸੁਣਾਈ ਮੈਥੋਂ ਜਾਣੀ, ਜਿਹੜੀ ਲਈ ਬੈਠਾ ਦਿਲ ਵਿਚ ਰਾਵੀ ਤੇ ਬਿਆਸ । ਸਾਡੇ ਧੀਆਂ ਪੁੱਤ ਹੁੰਦੇ ਜਦੋਂ ਗੱਭਰੂ ਜਵਾਨ, ਕਾਹਨੂੰ ਦਲੀਆ ਬਣਾਵੇ, ਡਾਢਾ ਸਮੇਂ ਦਾ ਖ਼ਰਾਸ । ਕਿੱਦਾਂ ਛੱਡ ਆਏ ਪਿੱਛੇ ਪਿੰਡ ਫ਼ਸਲਾਂ ਤੇ ਖੇਤ, ਝੋਨੇ ਸਿਰ ਸੁੱਟੀ ਬੈਠੇ, ਹੋਈਆਂ ਮੁੰਜਰਾਂ ਉਦਾਸ । ਸਾਡੇ ਵਾਸਤੇ ਇਹ ਰਾਵੀ ਬਣੀ ਮੌਤ ਦੀ ਲਕੀਰ, ਹਾਲੇ ਕਿੰਨੀ ਦੇਰ ਰਹਿਣਾ ਏਥੇ ਨਾਗਾਂ ਦਾ ਨਿਵਾਸ । ਰਾਤੀਂ ਭੌਂਕਦੇ ਸੀ ਕੁੱਤੇ, ਨੱਚੇ ਸਿਵਿਆਂ 'ਚ ਭੂਤ, ਰੱਬਾ ਖ਼ੈਰ ਰੱਖੀਂ ਵਿਹੜੇ, ਕਰੀਂ ਬੁਰਿਆਂ ਦਾ ਨਾਸ । ਜੰਗਬਾਜ਼ੋ ਬਾਜ਼ ਆਉ, ਐਵੇਂ ਅੱਗ ਨਾ ਲਗਾਉ, ਸਾਡੇ ਖ਼ੂਨ ਨਾਲ ਬੁਝਣੀ ਨਾ ਤੋਪਾਂ ਦੀ ਪਿਆਸ ।
ਸ਼ਯਾਮ ਘਟਾਂ ਚੜ੍ਹ ਆਈਆਂ ਮੁੜ
ਸ਼ਯਾਮ ਘਟਾਂ ਚੜ੍ਹ ਆਈਆਂ ਮੁੜ ਕੇ, ਸਾਂਵਲ ਘਰ ਨੂੰ ਮੋੜ ਮੁਹਾਰਾਂ । ਪੁੰਨੂੰ ਪੁੰਨੂੰ ਕੂਕ ਰਹੀ ਜਿੰਦ, ਮਾਰੂਥਲ ਵਿਚ 'ਵਾਜ਼ਾਂ ਮਾਰਾਂ । ਬੱਗੀ ਪੂਣੀ ਹੋ ਚੱਲੀ ਜਿੰਦ, ਕੱਤੀ ਜਾਵਾਂ ਰੋਜ਼ ਪੂਣੀਆਂ, ਸਾਉਣ ਮਹੀਨੇ ਕਿਣ ਮਿਣ ਕਣੀਆਂ, ਮਾਰਦੀਆਂ ਹੁੱਝਾਂ ਤੇ ਆਰਾਂ । ਕਈ ਵਾਰੀ ਸਮਝਾਇਐ ਦਿਲ ਨੂੰ, ਐਵੇਂ ਨਾ ਤੂੰ ਡੋਲ ਜਿਆ ਕਰ, ਜਿੱਤਾਂ ਵੇਖ ਕੇ ਹੁੱਬਿਆ ਨਾ ਫਿਰ, ਡਿੱਗਿਆ ਨਾ ਕਰ ਤੱਕ ਕੇ ਹਾਰਾਂ । ਵਿਚ ਸੰਤਾਲੀ ਕਹਿਰ ਵਰਤਿਆ, ਸ਼ਰਮ ਧਰਮ ਸੀ ਦੋਵੇਂ ਲੁਕ ਗਏ, ਬੰਦੇ ਬਣ ਗਏ ਵਿਸ਼ੀਅਰ ਕਾਲ਼ੇ, ਉੱਡੀਆਂ ਸੀ ਖੰਭਾਂ ਦੀਆਂ ਤਾਰਾਂ । ਧਰਤੀ ਮਾਂ ਹਟਕੋਰੇ ਭਰਦੀ, ਪੁੱਤ ਸੂਰਮੇ ਚੇਤੇ ਕਰਕੇ, ਵੇਖੋ ਗਿੱਦੜ ਕਰਨ ਕਲੋਲਾਂ, ਖਾਣ ਪਏ ਸ਼ੇਰਾਂ ਦੀਆਂ ਮਾਰਾਂ । ਇੱਕੋ ਰੰਗ ਦੇ ਚੋਣ ਮਨੋਰਥ, ਇੱਕੋ ਰੰਗ ਦੇ ਮੂੰਹ 'ਤੇ ਮੱਥੇ, ਲੀਰਾਂ ਲੱਥਿਆ ਬੰਦਾ ਪੁੱਛਦੈ, ਮੁਕਤੀ ਲਈ ਕਿਸ ਅਰਜ਼ ਗੁਜ਼ਾਰਾਂ । ਹੇ ਇਨਸਾਫ਼ ਦੀ ਦੇਵੀ ਦੱਸ ਤੂੰ, ਅੰਨ੍ਹੀ ਹੈਂ ਜਾਂ ਗੁੰਗੀ ਬੋਲ਼ੀ, ਤੇਰੀ ਤੱਕੜੀ ਕਾਣੀ ਅੰਦਰ, ਮੋਏ ਸਾਡੇ ਸੁਪਨ ਹਜ਼ਾਰਾਂ ।
ਅੰਬਰਾਂ 'ਚ ਉੱਡਦੇ ਗੁਬਾਰੇ
ਅੰਬਰਾਂ 'ਚ ਉੱਡਦੇ ਗੁਬਾਰੇ ਬਈ ਕਮਾਲ ਹੈ । ਭਾਰੇ ਗੌਰੇ ਬੰਦਿਆਂ ਦਾ ਹੋਇਆ ਬੁਰਾ ਹਾਲ ਹੈ । ਕਾਮਿਆਂ ਨੂੰ ਕੰਮੀ ਕਹੋ, ਵਿਹਲਿਆਂ ਨੂੰ ਬਾਦਸ਼ਾਹ, ਸਦੀਆਂ ਤੋਂ ਅੱਜ ਤੀਕ ਏਹੋ ਹੀ ਸਵਾਲ ਹੈ । ਹੱਕ ਦੇ ਲੁਟੇਰੇ ਬਣੇ ਬੈਠੇ ਮਾਈ ਬਾਪ ਨੇ, ਗ਼ਾਫ਼ਲੀ ਦਾ ਕਿੱਡਾ ਵੱਡਾ ਵੇਖ ਲਉ ਕਮਾਲ ਹੈ । ਧਰਮਾਂ ਦਾ ਤਾਪ ਚਾੜ੍ਹ ਦੇਣ ਤੇ ਉਤਾਰ ਲੈਣ, ਗ਼ਰਜ਼ਾਂ ਬਣਾਇਐ ਸਾਨੂੰ, ਦੁੱਧ ਦਾ ਉਬਾਲ ਹੈ । ਬੁੱਲ੍ਹਿਆ! ਕਸੂਰ ਵਾਲੇ ਰਹਿੰਦੇ ਜੇ ਕਸੂਰ ਵਿੱਚ, ਸਾਡਾ ਬੇ-ਕਸੂਰਿਆਂ ਦਾ ਕਾਹਨੂੰ ਮੰਦਾ ਹਾਲ ਹੈ । ਟੁੱਟੀਆਂ ਸਾਰੰਗੀਆਂ, ਵਜਾਵਾਂ ਕਿਵੇਂ ਜ਼ਾਲਮਾ, ਉੱਖੜੇ ਨੇ ਸੁਰ ਤਾਂ ਹੀ ਤਾਲ ਤੋਂ ਬੇਤਾਲ ਹੈ । ਅੱਗ ਦੇ ਅਨਾਰ ਇਹਦੇ ਹੱਥ ਨਾ ਫੜਾ ਦਿਓ, ਦਿਲ ਇਹ ਮਾਸੂਮ ਹਾਲੇ, ਨਿੱਕਾ ਜਿਹਾ ਬਾਲ ਹੈ ।
ਰੰਗਲੇ ਚੂੜੇ ਵਾਲੀ ਧੀ ਨੂੰ
ਰੰਗਲੇ ਚੂੜੇ ਵਾਲੀ ਧੀ ਨੂੰ ਸੁਪਨਿਆਂ ਖ਼ਾਤਰ ਅੰਬਰ ਦੇਵੀਂ । ਧਰਤੀ ਦੀ ਮਰਯਾਦਾ ਬਖਸ਼ੀਂ, ਤਰਨ ਲਈ ਵੀ ਸਾਗਰ ਦੇਵੀਂ । ਧਰਤ ਧਰੇਕ ਤੇ ਧੀਆਂ ਤਿੰਨੇ, ਪਾਲਣਹਾਰੀਆਂ ਕੁੱਲ ਸ੍ਰਿਸ਼ਟੀ, ਨਾ ਕੁਮਲਾਵਣ ਪਾਣੀ ਬਾਝੋਂ, ਮਾਣ ਮੁਹੱਬਤ ਵਾਫ਼ਰ* ਦੇਵੀਂ । ਲਾਵਾਂ ਚਾਰ ਜਾਂ ਸੱਤ ਕੁ ਫੇਰੇ, ਭਾਵੇਂ ਰਸਮ ਨਿਕਾਹ ਦੀ ਹੋਵੇ, ਰਿਸ਼ਤੇ ਵਾਲੀ ਲਾਜ ਪੜ੍ਹਾਵੀਂ, ਦਿਲ ਦੇ ਵਿਹੜੇ ਆਦਰ ਦੇਵੀਂ । ਦੁੱਖ ਤੇ ਸੁਖ ਦੇ ਰਿਸ਼ਤੇ ਨਾਤੇ, ਵੰਨ ਸੁਵੰਨਾ ਭਾਈਚਾਰਾ, ਧਰਤੀ ਜਿੱਡੀ ਸਿਦਕਣ ਹਿੱਕੜੀ, ਅੰਬਰ ਜਿੱਡੀ ਚਾਦਰ ਦੇਵੀਂ । ਸਿਰ ਤੇ ਰਹੇ ਸਲਾਮਤ ਰਹਿਮਤ, ਚੌਗਿਰਦੇ ਦੀ ਬਖਸ਼ ਨਿਰੰਤਰ, ਚਾਰ ਦੀਵਾਰੀ ਅੰਦਰ ਕੈਦੀ, ਰੱਬ ਨਾ ਅੱਲ੍ਹਾ, ਕਾਦਰ ਦੇਵੀਂ । ਮਾਏ ਨੀ ਸੁਣ ਮੇਰੀਏ ਮਾਏ, ਬਾਬਲ ਤੋਂ ਕੁਝ ਹੋਰ ਨਾ ਮੰਗਾਂ, ਉੱਡਣ ਖ਼ਾਤਰ ਚੇਤਨ ਬੁੱਧੀ, ਗਿਆਨ ਦੀ ਭਰ ਕੇ ਗਾਗਰ ਦੇਵੀਂ । ਸਾਹਾਂ ਦਾ ਸਰਮਾਇਆ ਹੋਵੇ, ਦਮ ਦਮ ਰੂਹ ਦੀ ਤਰਬ ਹਿਲਾਵੇ, ਸਿਰ ਦਾ ਸਾਈਂ ਬਣ ਨਾ ਬੈਠੇ, ਬੱਸ ਵਿਸ਼ਵਾਸ ਦਾ ਪਾਤਰ ਦੇਵੀਂ । *ਲੋੜ ਤੋਂ ਵਧੇਰੇ
ਛਾਂਗਿਆ ਬਿਰਖ਼ ਉਦਾਸ ਖੜ੍ਹਾ ਹਾਂ
ਛਾਂਗਿਆ ਬਿਰਖ਼ ਉਦਾਸ ਖੜ੍ਹਾ ਹਾਂ, ਲੱਭਦਾ ਟੁੱਕੀਆਂ ਟਾਹਣੀਆਂ ਨੂੰ । ਅੱਖੀਆਂ ਭਰ ਕੇ ਰੋ ਪੈਂਦਾ ਹਾਂ, ਕਰ ਕਰ ਚੇਤੇ ਹਾਣੀਆਂ ਨੂੰ । ਸ਼ਮਲੇ ਵਾਲੀ ਪੱਗ ਦੇ ਢਿੱਲੇ ਪੇਚ ਜਦੋਂ ਵੀ ਚਿਣਦਾ ਹਾਂ, ਕਾਬਲ ਤੀਕ ਪੰਜਾਬ ਸੀ ਮੇਰਾ, ਕਰਦਾਂ ਯਾਦ ਕਹਾਣੀਆਂ ਨੂੰ । ਹੁਣ ਨਸ਼ਿਆਂ ਦਾ ਛੇਵਾਂ ਦਰਿਆ ਕਿਉਂ ਕਹਿੰਦੇ ਹੋ ਕਮਅਕਲੋ, ਗੰਦਾ ਨਾਲ਼ਾ ਕਿਉਂ ਨਹੀਂ ਕਹਿੰਦੇ, ਇਨ੍ਹਾਂ ਜ਼ਹਿਰੀ ਪਾਣੀਆਂ ਨੂੰ । ਮੇਰੇ ਗਲ ਵਿੱਚ ਗੰਢ ਪੀਚਵੀਂ, ਖੋਲ੍ਹਣ ਵਾਲੇ ਕਿੱਧਰ ਗਏ, ਆਪ ਜੁਲਾਹੇ ਗੜਬੜ ਕੀਤੀ, ਕਿੰਜ ਸੁਲਝਾਵਾਂ ਤਾਣੀਆਂ ਨੂੰ । ਮੱਝ ਵੇਚ ਕੇ ਘੋੜੀ ਲੈ ਲਈ, ਗੜਵੀ ਲੈ ਕੇ ਫਿਰਦੇ ਹਾਂ, ਰੋਂਦੇ ਹਾਂ ਹੁਣ ਚੇਤੇ ਕਰ ਕਰ, ਚਾਟੀਆਂ ਅਤੇ ਮਧਾਣੀਆਂ ਨੂੰ । ਦਿੱਲੀ ਲਾਲ ਕਿਲ੍ਹੇ ਦੇ ਉੱਤੇ, ਪੰਜ ਦਰਿਆਈ ਕਲਗੀ ਸੀ, ਹੱਸਦੇ ਨੇ ਜਦ ਦੱਸਦਾ ਹਾਂ ਮੈਂ, ਗੱਦੀ ਬੈਠੇ ਬਾਣੀਆਂ ਨੂੰ । ਪੰਜ ਦਰਿਆ ਪੰਜਾਬ ਸੀ ਮੈਂ ਤਾਂ, ਸਾਂਝੀ ਤਾਕਤ ਕਿੱਧਰ ਗਈ, ਸਤਿਲੁਜ, ਬਿਆਸ, ਝਨਾਂ ਤੇ ਰਾਵੀ, ਪੁੱਛਦੇ ਜੇਹਲਮ ਪਾਣੀਆਂ ਨੂੰ ।
ਰਾਤੀਂ ਤੈਨੂੰ ਯਾਦ ਕਰਦਿਆਂ
ਰਾਤੀਂ ਤੈਨੂੰ ਯਾਦ ਕਰਦਿਆਂ, ਵਾਹਵਾ ਲੜਿਆਂ ਤੇਰੇ ਨਾਲ । ਉਸ ਤੋਂ ਮਗਰੋਂ ਕੀ ਦੱਸਾਂ ਮੈਂ ਕੀ ਕੁਝ ਹੋਇਆ ਮੇਰੇ ਨਾਲ । ਸਿਰ ਸੂਹੀ ਫੁਲਕਾਰੀ ਲੈ ਕੇ, ਲੱਗਿਆ ਤੂੰ ਹੈਂ ਕੋਲ ਖੜ੍ਹੀ, ਭਰਮ ਛਲਾਵਾ ਕਿਉਂ ਇੰਜ ਕੀਤਾ, ਭੋਲ਼ੇ ਮਨ ਤੂੰ ਮੇਰੇ ਨਾਲ । ਜੀਅ ਕਰਦਾ ਏ ਕੋਲ ਬਹਾ ਕੇ ਅਪਣੇ ਮੂੰਹੋਂ ਆਖ ਦਿਆਂ, ਸ਼ਬਦ ਹਾਰਦੇ ਜਿੱਥੇ ਜਾ ਕੇ, ਉਹ ਰਿਸ਼ਤਾ ਹੈ ਤੇਰੇ ਨਾਲ । ਜੀ ਕਰਦੈ ਮੈਂ ਕਹਾਂ ਚਾਂਦਨੀ ਫਿਰ ਸੋਚਾਂ ਪ੍ਰਭਾਤ ਕਹਾਂ, ਤੇਰਾ ਚਿਹਰਾ ਕਿੰਨਾ ਮਿਲਦਾ ਸੱਜਰੇ ਸੋਨ-ਸਵੇਰੇ ਨਾਲ । ਉਹ ਕਹਿੰਦੇ ਨੇ ਤਨ ਦੀ ਭਟਕਣ, ਮੈਂ ਕਹਿੰਦਾਂ ਹਾਂ ਮਹਿਕ ਫਿਰੇ, ਕਿੰਨੀ ਵਾਰੀ ਬਹਿਸ ਪਿਆਂ ਮੈਂ, ਆਪਣੇ ਚਾਰ ਚੁਫ਼ੇਰੇ ਨਾਲ । ਮੈਂ ਤੇਰੀ ਲਿਸ਼ਕੋਰ ਸਹਾਰੇ, ਸੂਰਜ ਬਣ ਕੇ ਭਿੜਦਾ ਹਾਂ, ਇੱਟ ਖੜਿੱਕਾ ਚੱਲਦਾ ਰਹਿੰਦੈ, ਮੇਰਾ ਗੂੜ੍ਹ ਹਨ੍ਹੇਰੇ ਨਾਲ । ਅਸਲੀ ਗੱਲ ਹੈ ਰੂਹ ਤ੍ਰਿਹਾਈ, ਰਹਿਮਤ ਵਾਂਗੂੰ ਬਰਸ ਕਦੇ, ਭਰਨ ਕਿਆਰੇ ਦੱਸ ਤੂੰ ਕਿੱਸਰਾਂ ਖ਼ਾਲੀ ਟਿੰਡਾਂ ਫੇਰੇ ਨਾਲ ।
ਸਦੀਆਂ ਤੋਂ ਹੀ ਲੋਕ ਵਿਚਾਰੇ
ਸਦੀਆਂ ਤੋਂ ਹੀ ਲੋਕ ਵਿਚਾਰੇ, ਮੁਕਤੀ ਖ਼ਾਤਰ ਸੋਚ ਰਹੇ ਨੇ । ਚਤੁਰ ਸ਼ਿਕਾਰੀ ਰੀਝਾਂ ਸੁਪਨੇ, ਨਾਲੋ ਨਾਲ ਦਬੋਚ ਰਹੇ ਨੇ । ਸਾਡੇ ਬੱਚਿਆਂ ਦੇ ਮੱਥਿਆਂ ਤੇ, ਖ਼ੁਰਚਣਗੇ ਹੁਣ ਏ. ਬੀ. ਸੀ. ਡੀ., ਊੜੇ ਐੜੇ ਵਾਲੀ ਤਖ਼ਤੀ ਗੂੜ੍ਹ-ਗਿਆਨੀ ਪੋਚ ਰਹੇ ਨੇ । ਹੇ ਗੁਰੂਦੇਵ ਸੁਮੱਤਿਆ ਬਖ਼ਸ਼ੀਂ, ਲਾਡਲਿਆਂ ਨੂੰ ਰਾਹ ਪਾਵੀਂ, ਜੋ, ਬਾਜ਼ਾਂ ਦੀ ਧਿਰ ਪਾਲ ਰਹੇ ਨੇ, ਚਿੜੀਆਂ ਦੇ ਖੰਭ ਨੋਚ ਰਹੇ ਨੇ । ਹਰ ਯੁਗ ਵਿੱਚ, ਵਣਜਾਰਿਆਂ ਹੱਥੋਂ, ਸੱਸੀ ਨੇ ਤਾਂ ਮਰਨਾ ਹੀ ਸੀ, ਕਿੱਦਾਂ ਤੋੜ ਮੁਹੱਬਤ ਚੜ੍ਹਦੀ, ਜਿਸ ਦੇ ਯਾਰ ਬਲੋਚ ਰਹੇ ਨੇ । ਫ਼ੇਰ ਚੌਰਾਸੀ ਚੇਤੇ ਕਰਕੇ, ਚੋਣ ਬੁਖ਼ਾਰ ਦੇ ਮੌਸਮ ਅੰਦਰ, ਕੁਰਸੀ ਖ਼ਾਤਰ ਨਾਰਦ ਟੋਲੇ, ਮੁੜ ਕੇ ਜ਼ਖ਼ਮ ਖ਼ਰੋਚ ਰਹੇ ਨੇ । ਬੇ-ਇਖ਼ਲਾਕੇ ਨਾਚ ਨਚਾਉਂਦੇ, ਮਾਣ ਮਰਤਬੇ ਕਲਗੀ ਖ਼ਾਤਰ, ਕਿਹੜੇ ਲੋਕੀਂ, ਆਪ ਸਮਝ ਲਉ, ਮੇਵੇ ਮੇਵੇ ਬੋਚ ਰਹੇ ਨੇ । ਰਾਤ ਹਨ੍ਹੇਰੀ ਅੰਦਰ ਜੁਗਨੂੰ, ਜਗਦੇ ਨੇ, ਪਰ ਦਿਸਦੇ ਕਿਉਂ ਨਾ, ਬੰਦ ਕਮਰੇ ਦੇ ਕੈਦੀ ਹੋਏ, ਉੱਡਣੇ ਪੁੱਡਣੇ ਸੋਚ ਰਹੇ ਨੇ ।
ਸੁੱਕਦੇ ਸੁੱਕਦੇ ਸੁੱਕ ਚੱਲੇ ਨੇ
ਸੁੱਕਦੇ ਸੁੱਕਦੇ ਸੁੱਕ ਚੱਲੇ ਨੇ, ਯਾਰ ਮੇਰੇ ਦਰਿਆਵਾਂ ਵਰਗੇ । ਧਰਤੀ ਮਾਂ ਦੇ ਸਿਦਕੀ ਬੂਟੇ, ਅੰਬਰ ਤੀਕ ਸਦਾਵਾਂ ਵਰਗੇ । ਸ਼ਬਦ ਪਵਿੱਤਰ ਵਾਕ ਜਹੇ ਤੇ, ਰੂਹ ਦੇ ਅੰਦਰੋਂ ਬਾਹਰੋਂ ਭੇਤੀ, ਬਿਨ ਬੋਲਣ ਤੋਂ ਜਾਨਣ ਵਾਲੇ, ਬਹੁਤ ਮੁਕੱਦਸ* ਥਾਵਾਂ ਵਰਗੇ । ਮਿੱਧੇ ਮਾਰਗ ਦੇ ਨਾ ਪਾਂਧੀ, ਨਵ-ਮਾਰਗ, ਨਵ-ਕਿਰਨ ਜਹੇ ਨੇ, ਸੱਜਰੇ, ਨਿਰਛਲ, ਨਿਰਕਪਟੇ ਤੇ ਪਗਡੰਡੀਆਂ ਜਹੇ ਰਾਹਵਾਂ ਵਰਗੇ । ਜ਼ਿੰਦਗੀ ਦੇ ਉਪਰਾਮ ਪਲਾਂ ਵਿਚ, ਸਿਰ ਤੇ ਛਤਰੀ ਬਣਦੇ ਤਣਦੇ, ਬਿਰਖ਼ ਬਰੋਟੇ ਵਰਗੀ ਖ਼ਸਲਤ, ਸਿਖ਼ਰ ਦੁਪਹਿਰੇ ਛਾਵਾਂ ਵਰਗੇ । ਦੂਰ ਦੇਸ ਪਰਦੇਸ 'ਚ ਭਾਵੇਂ, ਤਨ ਪਰਦੇਸੀ ਪਰ ਮਨ ਦੇਸੀ, ਡੌਲੇ ਖ਼ੁਣੀਆਂ ਰੀਝਾਂ ਵਰਗੇ, ਗੁੱਟ ਤੇ ਉੱਕਰੇ ਨਾਵਾਂ ਵਰਗੇ । ਸੋਨੇ ਦੇ ਦੰਦ ਵਾਂਗੂੰ ਲਿਸ਼ਕਣ, ਮਨ ਦੇ ਮਹਿਰਮ ਸੂਰਜ ਰਾਣੇ, ਫੁੱਲ ਖ਼ੁਸ਼ਬੋਈ ਤੇ ਰੰਗ ਜਿੱਥੇ, ਸੱਜਰੀ ਰੂਹ ਦੇ ਚਾਵਾਂ ਵਰਗੇ । ਔਖ ਘੜੀ ਵਿਚ ਸਭ ਤੋਂ ਪਹਿਲਾਂ, ਆ ਕੇ ਦਰਦ ਵੰਡਾਵਣਹਾਰੇ, ਕਿੱਧਰ ਤੁਰ ਗਏ, ਹਮਰਾਹ ਤੁਰਦੇ, ਬਾਂਹ ਵਿੱਚ ਪਈਆਂ ਬਾਹਵਾਂ ਵਰਗੇ । *ਪਵਿੱਤਰ
ਇਸ ਤਰ੍ਹਾਂ ਕਿਉਂ ਜਾਪਦਾ
ਇਸ ਤਰ੍ਹਾਂ ਕਿਉਂ ਜਾਪਦਾ, ਨੀਵਾਂ ਹੈ ਅੰਬਰ ਹੋ ਗਿਆ । ਮਿਲਣ ਆਇਆ ਧਰਤ ਨੂੰ, ਮਿਲ ਕੇ ਬਰਾਬਰ ਹੋ ਗਿਆ । ਮਾਰ ਕੇ ਆਵਾਜ਼ ਮਗਰੋਂ, ਤੂੰ ਸੀ ਮੈਨੂੰ ਕੀ ਕਿਹਾ, ਯਾਦ ਨਹੀਂ ਪਰ ਵੇਖ ਲੈ ਇਹ ਦਿਲ ਤਾਂ ਕਾਫ਼ਰ ਹੋ ਗਿਆ । ਝੜ ਗਏ ਪੱਤੇ ਪੁਰਾਣੇ, ਫਿਰ ਪੁੰਗਾਰਾ ਪੁੰਗਰਿਆ, ਕੋਂਪਲਾਂ ਦਾ ਬਦਲ ਹੀ ਰੱਬ ਦਾ ਪੈਗੰਬਰ ਹੋ ਗਿਆ । ਅੱਥਰੂ ਜਦ ਅੱਖ ਅੰਦਰ ਸੀ ਤਾਂ ਤੁਪਕੇ ਵਾਂਗ ਸੀ, ਵਹਿ ਗਿਆ ਤਾਂ ਵੇਖ ਲੈ, ਪਲ ਵਿੱਚ ਸਮੁੰਦਰ ਹੋ ਗਿਆ । ਫੇਰ ਧੋਖ਼ਾ ਖਾਣ ਮਗਰੋਂ, ਕਿਉਂ ਭਲਾ ਖਾਂਦਾ ਵਿਸਾਹ, ਹੁਣ ਤਾਂ ਇਹ ਦਿਲ ਜਾਪਦੈ, ਮੇਰੇ ਤੋਂ ਨਾਬਰ ਹੋ ਗਿਆ । ਜਾਪਦੈ ਬਾਜ਼ਾਰ ਦੀ ਲੱਗੀ ਹੈ ਇਸ ਨੂੰ ਬਦ-ਦੁਆ. ਰਿਸ਼ਤਿਆਂ ਦਾ ਚਿਹਨ ਚੱਕਰ, ਵੀ ਆਡੰਬਰ ਹੋ ਗਿਆ । ਕੱਢ ਕੇ ਸ਼ੀਸ਼ਾ ਵਿਖਾਇਆ, ਮੈਂ ਕਿਹਾ ਕਿ ਵੇਖ ਲਉ, ਬਦਗੁਮਾਨਾਂ ਸਮਝਿਆ, ਸਾਡਾ ਨਿਰਾਦਰ ਹੋ ਗਿਆ ।
ਸ਼ਹਿਰ ਖਾਮੋਸ਼ ਦੇ ਬੂਹੇ ਬੰਦ ਨੇ
ਸ਼ਹਿਰ ਖਾਮੋਸ਼ ਦੇ ਬੂਹੇ ਬੰਦ ਨੇ, ਮੂੰਹ ਵਿਚ ਜਿਵੇਂ ਜ਼ਬਾਨ ਨਹੀਂ ਹੈ । ਇੰਜ ਕਿਉਂ ਲੱਗਦੈ, ਏਸ ਨਗਰ ਦੇ ਬਿਰਖ਼ਾਂ ਵਿੱਚ ਵੀ ਜਾਨ ਨਹੀਂ ਹੈ । ਪੈਰ ਪੈਰ ਤੇ ਬਹੁਤ ਖ਼ੁਦਾ ਨੇ, ਪੱਥਰਾਂ ਵਾਲੀ ਜੂਨ ਪਏ ਜੋ, ਬੜੀਆਂ ਭੀੜਾਂ ਚਾਰ ਚੁਫ਼ੇਰੇ, ਇੱਕ ਵੀ ਤਾਂ ਇਨਸਾਨ ਨਹੀਂ ਹੈ । ਬਣਿਆ ਫਿਰਦੈ ਸਿਰਜਣਹਾਰਾ, ਮੈਂ ਹੀ ਇਸ ਦੇ ਬੁੱਤ ਨੂੰ ਘੜਿਆ, ਜਿਹੜੇ ਬੁੱਤ ਨੂੰ ਪੂਜੇ ਦੁਨੀਆਂ, ਸੱਚਮੁੱਚ ਇਹ ਭਗਵਾਨ ਨਹੀਂ ਹੈ । ਹਿੰਦੂ ਮੁਸਲਿਮ ਸਿੱਖ ਈਸਾਈ, ਸਭ ਨੂੰ ਕੈਸੀ ਸ਼ਾਮਤ ਆਈ, ਮੰਡੀ ਮਾਲ ਵਿਕਾਊ ਵਰਗੇ, ਥੱਲੇ ਦੀਨ ਈਮਾਨ ਨਹੀਂ ਹੈ । ਮਨ ਦੇ ਜੰਗਲ ਰਾਤ ਪਈ ਹੈ, ਕੱਲ੍ਹਿਆਂ ਬਾਤ ਸੁਣਾਵਾਂ ਕਿਸਨੂੰ, ਖ਼ੁਦ ਨੂੰ ਆਪ ਹੁੰਗਾਰਾ ਭਰਦਾਂ, ਪੀੜਾਂ ਸਹਿਣ ਆਸਾਨ ਨਹੀਂ ਹੈ । ਲੰਘ ਆ, ਲੰਘ ਆ ਮਨ ਦੇ ਮੰਦਿਰ, ਰੂਹ ਦਾ ਨਾਦ ਵਜਾਈਏ ਰਲ਼ ਕੇ, ਜੇ ਤੂੰ ਵੱਖਰਾ ਰਾਗ ਅਲਾਉਣਾ, ਮੈਨੂੰ ਇਹ ਪਰਵਾਨ ਨਹੀਂ ਹੈ । ਮੈਂ ਤਾਂ ਜਿਸਮ ਵਿਹੂਣੀ ਖ਼ੂਸ਼ਬੂ, ਫੁੱਲਾਂ ਅੰਦਰ ਹਾਜ਼ਰ ਨਾਜ਼ਰ, ਮਿਲ ਜਾ ਤੂੰ ਕਰ ਪੌਣ ਸਵਾਰੀ, ਏਥੇ ਕੋਈ ਦਰਬਾਨ ਨਹੀਂ ਹੈ ।
ਤੂੰ ਪੁੱਛਿਆ ਹੈ, ਗ਼ਜ਼ਲ ਲਿਖਾਂ ਮੈਂ
ਤੂੰ ਪੁੱਛਿਆ ਹੈ, ਗ਼ਜ਼ਲ ਲਿਖਾਂ ਮੈਂ, ਬਹੁਤਾ ਕਿਹੜੀ ਬਹਿਰ ਦੇ ਅੰਦਰ । ਤੱਕੜੀ ਵੱਟੇ ਯਾਦ ਨਾ ਰਹਿੰਦੇ, ਮੈਨੂੰ ਮਨ ਦੀ ਲਹਿਰ ਦੇ ਅੰਦਰ । ਪਿੰਡ ਅਜੇ ਵੀ ਪਿੱਛਾ ਕਰਦਾ, ਦਿਨ ਤੇ ਰਾਤ ਪਹਿਰ ਤੇ ਘੜੀਆਂ, ਅੱਧੀ ਸਦੀ ਗੁਜ਼ਾਰੀ ਭਾਵੇਂ, ਮੈਂ ਲੁਧਿਆਣੇ ਸ਼ਹਿਰ ਦੇ ਅੰਦਰ । ਬਹੁਤਾ ਮਿੱਠਾ ਬੋਲਣ ਵਾਲਿਆਂ ਕੋਲੋਂ, ਬੀਬਾ ਬਚ ਕੇ ਰਹਿਣਾ, ਮੌਤ ਯਕੀਨੀ ਹੋ ਸਕਦੀ ਹੈ, ਏਨੇ ਮਿੱਠੇ ਜ਼ਹਿਰ ਦੇ ਅੰਦਰ । ਨੀਤਾਂ 'ਚੋਂ ਬਦਨੀਅਤਾਂ ਪਰਖ਼ਣ, ਤੀਜੇ ਮੱਥੇ ਵਾਲੇ ਨੇਤਰ, ਨੰਗੀ ਅੱਖ ਨੂੰ ਦਿਸਦੀ ਨਾ ਜੋ, ਖੋਟੀ ਰੂਹ ਦੀ ਗਹਿਰ ਦੇ ਅੰਦਰ । ਚਾਰ ਚੁਫ਼ੇਰੇ ਵੀ ਹਾਂ ਤੱਕਦਾਂ, ਟਾਂਗੇ ਵਾਲਾ ਘੋੜਾ ਨਹੀਂ ਮੈਂ, ਸ਼ਾਮ ਸਵੇਰੇ ਤੁਰਿਆ ਰਹਿੰਦਾਂ, ਮਨ ਦੀ ਸਿਖ਼ਰ ਦੁਪਹਿਰ ਦੇ ਅੰਦਰ । ਪਾਣੀ ਮੰਗਣ ਜੋਗਾ ਵੀ ਨਾ, ਡੰਗਿਆ ਫਿਰਦਾਂ, ਹਾਲੇ ਤੱਕ ਵੀ, ਖ਼ਵਰੇ ਕਿੰਨਾ ਕਹਿਰ ਪਿਆ ਸੀ, ਨੀਮ ਨਜ਼ਰ ਦੇ ਜ਼ਹਿਰ ਦੇ ਅੰਦਰ । ਸ਼ਾਮ ਢਲੀ ਹੈ, ਹੁਣ ਨਾ ਆਵੀਂ, ਤੜਕਸਾਰ ਪਰਭਾਤੀ ਸੁਣ ਲਈਂ, ਲੱਭ ਲਵੀਂ ਦਰਵੇਸ਼ ਦੀ ਰੂਹ 'ਚੋਂ ਮੈਨੂੰ ਸੱਜਰੇ ਪਹਿਰ ਦੇ ਅੰਦਰ ।
ਸੋਚ ਦੇ ਡੂੰਘੇ ਸਮੁੰਦਰ
ਸੋਚ ਦੇ ਡੂੰਘੇ ਸਮੁੰਦਰ ਤਰਦਿਆਂ ਵੀ । ਸਿਦਕ ਨਾ ਛੱਡਾਂ ਤਸੀਹੇ ਜਰਦਿਆਂ ਵੀ । ਬਹੁਤ ਵਾਰੀ ਤੂੰ ਮੇਰੀ ਹਮਸਫ਼ਰ ਹੋਵੇਂ, ਤਾਰਿਆਂ ਦੇ ਨਾਲ ਗੱਲਾਂ ਕਰਦਿਆਂ ਵੀ । ਅਗਨ ਦੀ ਗਾਥਾ ਸੁਣਾਉਣੀ ਪੈ ਗਈ ਸੀ, ਜ਼ਿੰਦਗੀ ਤੈਨੂੰ ਮੁਹੱਬਤ ਕਰਦਿਆਂ ਵੀ । ਬਹੁਤ ਵਾਰੀ ਝੂਠ ਸ਼ੀਸ਼ਾ ਬੋਲਦਾ ਹੈ, ਮੰਨਦਾ ਨਾ ਮਨ ਕਦੇ ਇਹ ਡਰਦਿਆਂ ਵੀ । ਮਨ ਮੇਰਾ ਤੰਦੂਰ ਵਾਂਗੂੰ ਭਖ਼ ਰਿਹਾ ਹੈ, ਨਾਲ ਤੇਰੇ ਸ਼ਾਂਤ ਗੱਲਾਂ ਕਰਦਿਆਂ ਵੀ । ਤੂੰ ਰਲੇਂ ਮਿਰਗਾਵਲੀ ਵਿੱਚ ਫੇਰ ਸਮਝੀਂ, ਜ਼ਿੰਦਗੀ ਕਿੰਨੀ ਪਿਆਰੀ ਮਰਦਿਆਂ ਵੀ । ਸ਼ਬਦ ਨਾ ਗੁਲਨਾਰ ਬਣਦੇ ਵੇਦਨਾ ਜੇ, ਬੀਤ ਜਾਂਦੀ ਉਮਰ ਹਾਉਕੇ ਭਰਦਿਆਂ ਵੀ । ਵਹਿ ਰਹੀ ਰਾਵੀ ਬਿਨਾ ਪਾਣੀ ਤੋਂ ਏਥੇ, ਸਮਝ ਕਿਉਂ ਆਵੇ ਨਾ ਤੈਨੂੰ ਤਰਦਿਆਂ ਵੀ । ਤੂੰ ਮੇਰੇ ਸੁਰਤਾਲ ਵਿੱਚ ਕਿਉਂ ਖਲਲ ਪਾਵੇਂ, ਜ਼ਿੰਦਗੀ ਵਿੱਚ ਰੰਗ ਸੂਹੇ ਭਰਦਿਆਂ ਵੀ ।
ਕਈ ਜਨਮਾਂ ਤੋਂ ਵਿੱਛੜੇ ਆਪਾਂ
ਕਈ ਜਨਮਾਂ ਤੋਂ ਵਿੱਛੜੇ ਆਪਾਂ, ਆ ਜਾ ਦੋਵੇਂ ਇੱਕ ਸਾਹ ਹੋਈਏ । ਕੋਸ਼ਿਸ਼ ਕਰੀਏ, ਘੁਲ਼ ਮਿਲ਼ ਜਾਈਏ, ਧੜਕਣ ਅੰਦਰ ਨਬਜ਼ ਪਰੋਈਏ । ਰੋਜ਼ ਉਡੀਕਣ ਬਿਖੜੇ ਪੈਂਡੇ, ਘੁੰਮਣ ਘੇਰ ਹਨ੍ਹੇਰੀਆਂ ਗਲੀਆਂ, ਡਰਦਿਆਂ ਨੂੰ ਇਹ ਹੋਰ ਡਰਾਵਣ, ਆ ਜਾ ਚਾਨਣ ਚਾਨਣ ਹੋਈਏ । ਮਨ ਦੀ ਖੋਟ ਨਿਹਾਰਨ ਖ਼ਾਤਰ, ਅੰਗ ਸੰਗ ਰੱਖੀਏ ਨਿਰਮਲ ਸ਼ੀਸ਼ਾ, ਰੋਜ਼ ਰਾਤ ਨੂੰ ਇਸ ਵਿੱਚ ਤੱਕੀਏ, ਰੂਹ ਦੇ ਮੈਲ਼ੇ ਵਸਤਰ ਧੋਈਏ । ਦੋ-ਅਮਲੀ ਵਿਚ ਘਿਰ ਗਏ ਆਪਾਂ, ਪੁੱਤ ਨੂੰ ਕਹੀਏ ਜੀਣ ਜੋਗਿਆ, ਘਰ ਵਿੱਚ ਜੰਮੀ ਜਾਈ ਧੀ ਨੂੰ, ਖ਼ੁਦ ਕਹਿੰਦੇ ਹਾਂ ਆਪਾਂ ਮੋਈਏ । ਜਿਸਮਹੀਣ ਮਹਿਕੰਦੀਆਂ ਪੌਣਾਂ, ਸਾਹਾਂ ਵਿੱਚ ਰਮਾ ਲੈ ਤੂੰ ਵੀ, ਸੁੱਚੇ ਸੁਰਖ਼ ਗੁਲਾਬ ਦੀ ਜਾਈਏ, ਸਿਰ ਤੋਂ ਪੈਰਾਂ ਤੱਕ ਖੁਸ਼ਬੋਈਏ । ਜਿਸ ਰਿਸ਼ਤੇ ਦਾ ਨਾਮ ਨਾ ਕੋਈ, ਪਰ ਇਉਂ ਲੱਗਦੈ ਅਜ਼ਲਾਂ ਤੋਂ ਹੈ, ਸ਼ਗਨਾਂ ਵੇਲ਼ਾ ਆ ਜਾ ਦੋਵੇਂ, ਰਲ਼ ਕੇ ਤੇਲ ਬਰੂਹੀਂ ਚੋਈਏ । ਧਰਤੀ ਜਿੱਡੀ ਹਿੱਕੜੀ ਅੰਦਰ, ਅੰਬਰੋਂ ਉੱਚਾ ਖ੍ਵਾਬ ਬੀਜੀਏ. ਕੁਲ ਆਲਮ ਦੀ ਸ਼ਕਤੀ ਬਣੀਏ, ਨੀ ਸੋਚੇ ਨੀ ਨਵੀਂ ਨਰੋਈਏ ।
ਮੇਰੀ ਰੂਹ ਦੇ ਅੰਦਰ ਵਾਰ ਕਿਤੇ
ਮੇਰੀ ਰੂਹ ਦੇ ਅੰਦਰ ਵਾਰ ਕਿਤੇ, ਇਹ ਜਗਦਾ ਮਘਦਾ ਨੂਰ ਜਿਹਾ । ਰਾਵੀ ਦੇ ਨਿਰਮਲ ਪੱਤਣਾਂ ਤੇ, ਜਿਵੇਂ ਸੂਰਜ ਸੁਰਖ਼ ਸਰੂਰ ਜਿਹਾ । ਦਿਲ ਵਾਲੀ ਕੋਮਲ ਤਖ਼ਤੀ ਤੇ, ਆਹ ਲਿਖੀ ਇਬਾਰਤ ਕੌਣ ਪੜ੍ਹੇ, ਜਿਸ ਮਹਿਰਮ ਨੇ ਇਹ ਲਿਖ ਭੇਜੇ, ਬੇਜਿਸਮਾ ਹੈ ਕਾਫ਼ੂਰ ਜਿਹਾ । ਤੂੰ ਸੱਚ ਦੱਸੀਂ ਬਈ ਏਸ ਤਰ੍ਹਾਂ, ਕਿਉਂ ਸੱਚੀਂ ਮੈਂ ਮਹਿਸੂਸ ਕਰਾਂ, ਤੂੰ ਮੇਰਾ ਬਿਲਕੁਲ ਮੇਰਾ ਹੈਂ, ਕਿਰਨਾਂ ਦਾ ਪਹਿਲਾ ਪੂਰ ਜਿਹਾ । ਉਸ ਪਲ ਦਾ ਲੱਖ ਸ਼ੁਕਰਾਨਾ ਹੈ, ਜਦ ਪਹਿਲਾ ਬੋਲ ਸੁਣਾਇਆ ਤੂੰ, ਨਾ ਮਗਰੋਂ ਮੈਨੂੰ ਹੋਸ਼ ਰਹੀ, ਅੱਜ ਤੀਕਰ ਹਾਂ ਮਖ਼ਮੂਰ ਜਿਹਾ । ਦਿਨ ਚੜ੍ਹਿਆ ਤੇ ਮੈਂ ਪੜ੍ਹਿਆ ਹੈ, ਸ਼ੀਸ਼ੇ 'ਚੋਂ ਅਪਣੇ ਚਿਹਰੇ ਨੂੰ, ਤੂੰ ਹਾਜ਼ਰ ਨਾਜ਼ਰ ਨੈਣਾਂ ਵਿਚ, ਮਨ ਤਾਂ ਹੀ ਤਾਂ ਪੁਰਨੂਰ ਜਿਹਾ । ਅੰਬਰ ਤੇ ਧਰਤੀ ਜਿਹੜੀ ਥਾਂ, ਗਲਵੱਕੜੀ ਪਾ ਕੇ ਮਿਲਦੇ ਨੇ, ਮੈਂ ਤੜਫ਼ ਗਿਆਂ ਉਹ ਵੇਖਣ ਨੂੰ, ਅਣਮਿਣਵਾਂ ਪੈਂਡਾ ਦੂਰ ਜਿਹਾ । ਮੁਸਕਾਨ ਭੇਜ ਦੇ ਸੱਜਰੀ ਜਹੀ, ਚੰਬੇ ਦੀ ਖੁਸ਼ਬੂ ਨਾਲ ਭਰੀ, ਇਸ ਮਨ ਦੇ ਸੱਖਣੇ ਭਾਂਡੇ ਨੂੰ, ਤੂੰ ਕਰਦੇ ਫਿਰ ਭਰਪੂਰ ਜਿਹਾ ।
ਸੁੰਗੜੇ ਨੇ ਲੋਕ ਜਿਹੜੇ
ਸੁੰਗੜੇ ਨੇ ਲੋਕ ਜਿਹੜੇ ਰਲ਼ੇ ਧਨਵਾਨਾਂ ਵਿਚ । ਰੌਣਕਾਂ ਕਮਾਲ, ਮੇਲਾ ਲੱਗਿਆ ਦੁਕਾਨਾਂ ਵਿੱਚ । ਜ਼ਿੰਦਗੀ ਟਿਊਬ ਰੇਲ ਵਾਂਗਰਾਂ ਲੰਘਾਈ ਸਾਰੀ, ਨਜ਼ਰਾਂ ਟਿਕਾਵਾਂ ਕਿਵੇਂ ਉੱਚੇ ਅਸਮਾਨਾਂ ਵਿੱਚ । ਸੜਕਾਂ ਚੌਮਾਰਗੀ, ਛੇਮਾਰਗੀ ਤੋਂ ਵੱਧ ਭਾਵੇਂ, ਜ਼ਿੰਦਗੀ ਦੀ ਗੱਡ ਸਾਡੀ ਹਾਲੇ ਵੀ ਖ਼ਤਾਨਾਂ ਵਿੱਚ । ਕਾਲ਼ੀ ਕਰਤੂਤ ਦਾ ਕਮਾਲ ਚਿੱਟੇ ਦਿਨ ਵੇਖੋ, ਸੁੰਨੀਆਂ ਨੇ ਸੱਥਾਂ, ਭੀੜ ਦਿਸੇ ਸ਼ਮਸ਼ਾਨਾਂ ਵਿੱਚ । ਅਕਲਾਂ ਦੀ ਘਾਟ ਹੈ ਗਿਆਨ ਵਾਲੇ ਮੰਦਰਾਂ 'ਚ, ਹੈ ਨਹੀਂ ਕਿਰਪਾਨ ਤਿੱਖੀ, ਗੱਤੇ ਦੇ ਮਿਆਨਾਂ ਵਿਚ । ਵੇਚਦੇ ਨੇ ਜ਼ਹਿਰ ਤੇ ਸਿਆਸਤਾਂ ਸਵੇਰ ਸ਼ਾਮ, ਮਾਖਿਓਂ ਮਖ਼ੀਰ ਕਿਵੇਂ ਰੱਖਦੇ ਜ਼ਬਾਨਾਂ ਵਿੱਚ । ਲਾਇਆ ਕਿੱਥੇ ਡੇਰਾ, ਪਿੰਡ ਬੜਾ ਪਿੱਛੇ ਰਹਿ ਗਿਆ ਏ, ਨੀਂਦਰਾਂ ਗਵਾਚ ਗਈਆਂ, ਕੱਚ ਦੇ ਮਕਾਨਾਂ ਵਿੱਚ ।
ਬੜਾ ਸੋਚਿਆ ਕਿ ਤੈਨੂੰ
ਬੜਾ ਸੋਚਿਆ ਕਿ ਤੈਨੂੰ ਹੋਰ ਕੁਝ ਵੀ ਨਹੀਂ ਕਹਿਣਾ । ਪਰ ਕਰਾਂ ਕੀ ਮੈਂ ਸੌਖਾ ਨਹੀਉਂ, ਚੁੱਪ ਤੇਰੀ ਸਹਿਣਾ । ਮੇਰੇ ਵਿਹੜੇ ਦੀ ਬਗੀਚੜੀ 'ਚ ਖਿੜੇ ਕਿੰਨੇ ਫੁੱਲ, ਕਰ ਇਨ੍ਹਾਂ ਨੂੰ ਪਿਆਰ, ਨਾਲੇ ਕਹਿ ਦੇ ਜੋ ਵੀ ਕਹਿਣਾ । ਲਾਹ ਦੇ ਮੱਥੇ ਤੋਂ ਤਿਊੜੀ, ਸੋਹਣੇ ਚੰਨ ਉੱਤੋਂ ਦਾਗ, ਤੰਦ ਮੈਲ਼ ਵਾਂਗੂੰ ਫੇਰ ਇਹਨੇ ਮਗਰੋਂ ਨਹੀਂ ਲਹਿਣਾ । ਚੱਲ ਸੇਕ ਤੋਂ ਬਚਾਈਏ ਸੂਹੇ ਸੁਪਨੇ ਸੰਧੂਰੀ, ਬਹੁਤਾ ਚੰਗਾ ਨਹੀਉਂ ਹੁੰਦਾ ਐਵੇਂ ਅੱਗ ਨਾਲ ਖਹਿਣਾ । ਤੇਰੀ ਮਿੱਠੀ ਮੁਸਕਾਨ ਵੇਖ ਡੋਲਦੈ ਈਮਾਨ, ਕਿਹੜੇ ਜੰਦਰੇ ਦੇ ਪਿੱਛੇ ਤੂੰ ਸੰਭਾਲ ਬੈਠੀ ਗਹਿਣਾ । ਕਾਲ਼ੇ ਲੇਖਾਂ ਵਿਚ ਰੇਖ ਮੇਰੇ ਮਾਰ ਕੇ ਤਾਂ ਵੇਖ, ਵਾਹੇ ਚਾਨਣੀ ਲਕੀਰ, ਜਿਵੇਂ ਰਾਤ ਨੂੰ ਟਟਹਿਣਾ । ਮੇਰੀ ਇੱਕ ਗੱਲ ਮੰਨ, ਬਣ ਪੁੰਨਿਆ ਦਾ ਚੰਨ, ਨਾਲੇ ਕਰ ਇਕਰਾਰ ਸਦਾ ਅੰਗ ਸੰਗ ਰਹਿਣਾ ।
ਵੇਖਣ ਵਾਲੀ ਅੱਖ ਨਹੀਂ ਲੱਭਦੀ
ਵੇਖਣ ਵਾਲੀ ਅੱਖ ਨਹੀਂ ਲੱਭਦੀ, ਕਦਮ ਕਦਮ ਤੇ ਰੁਲ਼ਦੇ ਹੀਰੇ । ਸਾਡੇ ਮੱਥੇ ਇਹ ਕੀ ਵਾਹੇ ਘੀਚ ਮਚੋਲੇ ਤੂੰ ਤਕਦੀਰੇ । ਚਿੱਟੇ ਦਿਨ ਤੇ ਸਿਖ਼ਰ ਦੁਪਹਿਰੇ, ਇਸ ਧਰਤੀ ਦੀ ਅਜ਼ਮਤ ਰੋਲ਼ੀ, ਬਾਹੂਬਲੀ ਸਿਆਸਤ ਮਿਲ ਕੇ, ਲੁੱਟੀਆਂ ਡੋਲੀਆਂ ਲਾਹੇ ਕਲੀਰੇ । ਜਿਸ ਦੇ ਹੱਥ ਵਿੱਚ ਜੋ ਵੀ ਆਇਆ, ਉਸ ਨੇ ਪਾਇਆ ਆਪਣੇ ਅੰਦਰ, ਚੋਰ ਤੇ ਚੌਂਕੀਦਾਰ ਬਣੇ ਨੇ, ਘਿਉ ਖਿਚੜੀ ਨੇ ਵੀਰੇ ਵੀਰੇ । ਵੇਖ ਲਵੋ ਕੀ ਕਲਜੁਗ ਆਇਆ, ਸੱਚ ਸੁਣਾਇਆਂ ਸੁਣਦੇ ਨਹੀਓਂ, ਰਾਜੇ ਸ਼ੀਂਹ ਤੇ ਨਾਲ ਮੁਕੱਦਮ, ਝਾਕਣ ਸਾਨੂੰ ਟੀਰੇ ਟੀਰੇ । ਹਰ ਕੈਦੋ ਹੀ ਚਾਚਾ ਬਣਿਆ, ਫ਼ੋਕੀ ਸ਼ਾਨ ਸਿਖ਼ਰ ਤੇ ਪਹੁੰਚੀ, ਕੁੱਟੀ ਜਾਵੇਂ ਰਾਂਝਣ ਖ਼ਾਤਰ, ਚੂਰੀ ਫਿਰ ਵੀ ਤੂੰ ਕਿਉਂ ਹੀਰੇ । ਜਾਗ ਜਾਗ ਧਰਤੀ ਦੇ ਪੁੱਤਰਾ, ਭੈਣਾਂ ਨੂੰ ਵੀ ਨਾਲ ਰਲਾ ਲੈ, ਸ਼ਰਮ ਧਰਮ ਨਾ ਛੁਪ ਖਲੋਏ, ਦੇਣ ਸੰਥਿਆ ਨਾ ਬੇ-ਪੀਰੇ । ਜ਼ਿੰਦਗੀ ਤੇਰੀ ਮਾਂਗ ਸੰਧੂਰੀ, ਸਤਵੰਤੀ ਰਹੇ ਸਦਾ ਸੁਹਾਗਣ, ਧੀਆਂ ਸਿਰ ਫੁਲਕਾਰੀ ਸੋਹੇ, ਪੁੱਤਰਾਂ ਦੇ ਸਿਰ ਸੂਹੇ ਚੀਰੇ ।
ਮਨ ਦੀ ਬਸਤੀ ਵੇਖਣ ਨੂੰ ਤਾਂ
ਮਨ ਦੀ ਬਸਤੀ ਵੇਖਣ ਨੂੰ ਤਾਂ, ਉੱਸਰੀ ਹੈ, ਆਬਾਦ ਨਹੀਂ । ਏਸੇ ਕਰਕੇ ਇਨਕਲਾਬ ਵੀ, ਓਨਾ ਜ਼ਿੰਦਾਬਾਦ ਨਹੀਂ । ਬਾਗਾਂ ਵਾਲੇ ਬਾਗਬਾਨ ਸਭ, ਠੇਕੇਦਾਰ ਬਣਾ ਸੁੱਟੇ, ਬਿਰਖ ਬਰੂਟੇ ਉੱਜੜ ਚੱਲੇ, ਮਾਲੀ ਨੂੰ ਕੁਝ ਯਾਦ ਨਹੀਂ । ਵਤਨ ਮੇਰੇ ਵਿੱਚ ਧੀਆਂ ਪੁੱਤਰ, ਏਥੇ ਰਹਿਣਾ ਚਾਹੁੰਦਾ ਨਹੀਂ, ਸੋਨ ਚਿੜੀ ਨੂੰ ਫਿਰ ਕਿਉਂ ਕਹਿੰਦੇ, ਹੋਈ ਇਹ ਬਰਬਾਦ ਨਹੀਂ । ਸਾਡੇ ਪਿੰਡ ਦਾ ਗੁੜ ਤੇ ਸ਼ੱਕਰ ਜਦ ਤੋਂ ਮੰਡੀ ਆ ਬੈਠੇ, ਅਪਣਾ ਮੰਨ ਕੇ ਖਾ ਲੈਂਦਾਂ, ਪਰ ਪਹਿਲਾਂ ਵਾਂਗ ਸਵਾਦ ਨਹੀਂ । ਤਨ ਤੇ ਮਨ ਨੂੰ ਕਿੰਨੀ ਵਾਰੀ ਢਾਲ਼ ਕੁਠਾਲੀ ਪਾਇਆ ਹੈ, ਮੇਰਾ ਨਿਸ਼ਚਾ ਐਵੇਂ ਕਿਧਰੇ, ਬਣਿਆ ਤਾਂ ਫ਼ੌਲਾਦ ਨਹੀਂ । ਸੂਰਮਿਆਂ ਦੇ ਵਾਰਿਸ ਲੱਖਾਂ, ਟੋਡੀ ਲੁਕਦੇ ਫਿਰਦੇ ਨੇ, ਕਿੰਜ ਕਹਿੰਦੇ ਹੋ ਭਗਤ ਸਰਾਭੇ ਊਧਮ ਘਰ ਔਲਾਦ ਨਹੀਂ । ਹੇ ਗੁਰ ਮੇਰੇ, ਰਾਗ-ਰਤਨ ਦੀ ਸੋਝੀ ਸਾਥੋਂ ਗੁੰਮ ਚੱਲੀ ਹੈ, ਰਸਨਾ ਗਾਵੇ, ਰਸ ਨਾ ਆਵੇ, ਮਨ ਮੰਦਰ ਵਿਸਮਾਦ ਨਹੀਂ ।
ਕੰਨ ਕਰ ਕੋਲ ਮੇਰੇ
ਕੰਨ ਕਰ ਕੋਲ ਮੇਰੇ, ਸੋਹਣੇ ਚੰਨ ਮੱਖਣਾ । ਦਿਲ ਦਾ ਉਬਾਲ ਕਾਹਨੂੰ, ਐਵੇਂ ਸਾਂਭ ਰੱਖਣਾ । ਜ਼ਿੰਦਗੀ 'ਚ ਆਸ ਤੇ ਉਮੀਦ ਹੀ ਚਿਰਾਗ ਨੇ, ਚਾਨਣੀ ਬਗੈਰ ਤਾਂ ਹਮੇਸ਼ ਬੰਦਾ ਸੱਖਣਾ । ਧਰਤੀ ਵੀ ਜਾਣਦੀ ਹੈ ਸੂਰਜੇ ਦੇ ਤਾਣ ਨੂੰ, ਐਵੇਂ ਤਾਂ ਨਹੀਂ ਕਰਦੀ ਦੁਆਲੇ ਪਰਦੱਖਣਾ । ਮੌਤ ਹੈ ਅਟੱਲ, ਪਰ ਜੀਂਦੇ ਜੀਅ ਕਿਉਂ ਮਰੀਏ, ਸ਼ੌਕ ਸਾਨੂੰ ਜ਼ਿੰਦਗੀ ਦਾ ਮਿੱਠਾ ਮਹੁਰਾ ਚੱਖਣਾ । ਪੁੱਛਦੇ ਸ਼ਹੀਦ ਤੇ ਮੁਰੀਦ ਹੱਕ ਸੱਚ ਦੇ, ਮਾਰ ਕੇ ਜ਼ਮੀਰਾਂ ਪੁੱਟੀ ਖ੍ਵਾਬ ਦੀ ਕਿਉਂ ਜੱਖਣਾ । ਵੱਡੀ ਮੱਛੀ ਨਿੱਕੀ ਨੂੰ ਹੈ ਸਦਾ ਖਾਂਦੀ ਵੇਖਿਐ, ਮੰਡੀ ਸੰਸਾਰ ਨੇ ਬਾਜ਼ਾਰ ਸਾਡਾ ਭੱਖਣਾ । ਹਿੰਮਤੇ ਨੀ, ਬੂਹੇ ਖੁੱਲ੍ਹੇ, ਰੱਖਦਾਂ ਸਵੇਰ ਸ਼ਾਮ, ਸਾਡੇ ਘਰ ਪੈਰ ਕਦੋਂ ਪਾਏਂਗੀ ਸੁਲੱਖਣਾ ।
ਮੇਰੇ ਸਾਹਾਂ 'ਚ ਜੇ
ਮੇਰੇ ਸਾਹਾਂ 'ਚ ਜੇ ਕੁਝ ਤਾਜ਼ਗੀ ਹੈ । ਇਹ ਤੇਰੇ ਇਸ਼ਕ ਦੀ ਦਰਿਆਦਿਲੀ ਹੈ । ਨਿਦੋਸ਼ਾ ਤੇਗ ਤੋਂ ਡਰਿਆ ਨਹੀਂ ਜੇ, ਭਰਾਓ! ਏਹੀ ਤਾਂ ਮਰਦਾਨਗੀ ਹੈ । ਮੁਸੀਬਤ ਆਉਣ ਤੇ ਵੀ ਮੁਸਕਰਾਉਣਾ, ਮਿਲੀ ਵਿਰਸੇ 'ਚ ਏਹੀ ਸਾਦਗੀ ਹੈ । ਮਿਲੋ ਤਾਂ ਮਹਿਕ ਵਾਂਗੂੰ ਫ਼ੈਲ ਜਾਉ, ਅਸਲ ਵਿੱਚ ਏਸ ਦਾ ਨਾਂ ਬੰਦਗੀ ਹੈ । ਮੈਂ ਬਾਜ਼ੀ ਜਾਨ ਦੀ ਲਾਈ ਹੈ ਫਿਰ ਵੀ, ਤੂੰ ਹਾਲੇ ਸਮਝਦੈਂ ਇਹ ਦਿਲ-ਲਗੀ ਹੈ । ਮੈਂ ਹੁੰਦਾ ਜ਼ੁਲਮ ਵੇਖਾਂ, ਚੁੱਪ ਬੈਠਾਂ, ਤੇ ਇਸ ਤੋਂ ਵੱਧ ਕਿਹੜੀ ਬੁਜ਼ਦਿਲੀ ਹੈ । ਚਲੋ! ਓਥੇ ਵੀ ਕਲਮਾਂ ਬੀਜ ਆਈਏ, ਜਿਹੜੇ ਖੇਤੀਂ ਅਜੇ ਵੀਰਾਨਗੀ ਹੈ ।
ਕਾਹਲੀ ਕਾਹਲੀ ਹਰ ਪਲ ਕਾਹਲੀ
ਕਾਹਲੀ ਕਾਹਲੀ ਹਰ ਪਲ ਕਾਹਲੀ, ਕੁਝ ਪਲ ਮੇਰੇ ਕੋਲ ਤਾਂ ਬਹਿ ਜਾ । ਚੁੱਪ ਦਾ ਪਰਬਤ ਰੂਹ ਤੋਂ ਲਾਹ ਦੇ, ਮੇਰੀ ਸੁਣ ਲੈ, ਆਪਣੀ ਕਹਿ ਜਾ । ਸੁਪਨਾ ਢਾਲ਼ ਹਕੀਕਤ ਦੇ ਵਿੱਚ, ਅਮਲ ਕਰਨਗੇ ਅੰਤ ਨਿਬੇੜਾ, ਨਿਸ਼ਚਾ ਧਾਰ, ਯਕੀਨੀ ਮੰਜ਼ਿਲ, ਦੋਚਿੱਤੀਏ ਤੂੰ ਮਗਰੋਂ ਲਹਿ ਜਾ । ਏਸ ਤਰ੍ਹਾਂ ਕਿਉਂ ਕਰਦੈਂ ਯਾਰਾ, ਰੂਹ ਦੀ ਪਿਆਸ ਬੁਝੀ ਨਾ ਹਾਲੇ, ਹਾਲੇ ਤਾਂ ਮੈਂ ਰੱਜ ਨਹੀਂ ਤੱਕਿਆ, ਜੇ ਆਇਐਂ ਤਾਂ ਕੁਝ ਪਲ ਰਹਿ ਜਾ । ਇਕ ਪਲ ਮਿਲਿਓਂ, ਬਿਜਲੀ ਕੜਕੀ, ਫੇਰ ਪਤਾ ਨਹੀਂ ਕੀ ਕੁਝ ਹੋਇਆ, ਦੰਦਾਂ ਥੱਲੇ ਜੀਭ ਦਬਾ ਲੈ, ਓਸ ਦਰਦ ਨੂੰ ਏਦਾਂ ਸਹਿ ਜਾ । ਪੀੜ ਪ੍ਰਾਹੁਣੀ ਬਣ ਕੇ ਬਹਿ ਗਈ, ਦਿਲ ਦੇ ਪਲੰਘ ਨਵਾਰੀ ਉੱਤੇ, ਨੈਣਾਂ ਵਿਚ ਪਥਰਾਇਆ ਨਾ ਰਹਿ, ਅੱਥਰੂਆ ਤੂੰ ਹੁਣ ਤਾਂ ਵਹਿ ਜਾ । ਕੰਧ ਓਹਲੇ ਪਰਦੇਸ ਬਣਾ ਕੇ, ਦਿੱਲੀਓਂ ਦੂਰ ਕਰੇਂ ਨਨਕਾਣਾ, ਦਿਲ ਵਿਚਕਾਰ ਨਾ ਪੱਕੀ ਬੈਠੀਂ, ਸਰਹੱਦ ਅਗਨ-ਲਕੀਰੇ ਢਹਿ ਜਾ । ਰੂਪ ਤੇਰੇ ਵਿਚ ਮੈਂ ਵੀ ਹਾਜ਼ਰ, ਜੀਕਣ ਧੁੱਪ ਵਿਚ ਨੂਰ ਸੂਰਜੀ, ਮਹਿਕਾਂ ਨੂੰ ਰੰਗ ਲਾ ਦੇ ਆ ਕੇ, ਫੁੱਲ-ਪੱਤੀਆਂ ਦੇ ਅੰਦਰ ਸ਼ਹਿ* ਜਾ । *ਲੁਕ ਛਿਪ ਕੇ ਬਹਿਣਾ
ਦਿਲ ਤੇ ਭਾਰ ਬੜਾ ਹੈ ਭਾਵੇਂ
ਦਿਲ ਤੇ ਭਾਰ ਬੜਾ ਹੈ ਭਾਵੇਂ, ਅੱਥਰੂ ਬਣ ਕੇ ਵਹਿ ਨਹੀਂ ਸਕਦਾ । ਵਗਦੀ ਪੌਣ ਮੇਰਾ ਸਿਰਨਾਵਾਂ, ਇੱਕੋ ਥਾਂ ਤੇ ਬਹਿ ਨਹੀਂ ਸਕਦਾ । ਮੰਨਿਆ ਤੂੰ ਧਨਵਾਨ ਬੜਾ ਹੈਂ, ਬਲਵੰਤਾ ਸੁਲਤਾਨ ਵੀ ਸੁਣਿਐਂ, ਅਗਨ-ਕੁਠਾਲ਼ੀ ਮੈਂ ਵੀ ਢਲ਼ਿਆਂ, ਏਨਾ ਸੌਖਾ ਢਹਿ ਨਹੀਂ ਸਕਦਾ । ਗਲੇ ਲਗਾਉਣਾ, ਨਾ ਟਕਰਾਉਣਾ, ਮੇਰੇ ਇਸ਼ਟ ਸਿਖਾਇਆ ਮੈਨੂੰ, ਤੇਰੇ ਤੋਂ ਕੀ ਪਰਦਾ ਜਿੰਦੇ, ਕਿਸੇ ਨਾਲ ਵੀ ਖਹਿ ਨਹੀਂ ਸਕਦਾ । ਸਾਹਾਂ ਦੀ ਗਲਵੱਕੜੀ ਕੱਸ ਕੇ, ਮੇਰੀ ਸੁਣ ਤੇ ਆਪਣੀ ਦੱਸ ਲੈ, ਵਿਚ ਵਿਚਾਲੇ ਹੋਰ ਦਾ ਚਿਹਰਾ, ਸੱਚ ਜਾਣੀਂ ਮੈਂ ਸਹਿ ਨਹੀਂ ਸਕਦਾ । ਬਿਨ ਮਿਲਿਆਂ ਤੋਂ ਹੋਵਣ ਮੇਲੇ, ਜੇਕਰ ਤੇਰੀ ਰਹਿਮਤ ਹੋਵੇ, ਬੋਲਣ ਦੀ ਫਿਰ ਲੋੜ ਰਹੇ ਨਾ, ਅੱਗੇ ਕੁਝ ਮੈਂ ਕਹਿ ਨਹੀਂ ਸਕਦਾ । ਸਿਖ਼ਰ ਹਿਮਾਲਾ ਪਰਬਤ ਚੋਟੀ, ਇਸ ਤੋਂ ਅੱਗੇ ਜਾਣਾ ਚਾਹਾਂ, ਤੇਰੇ ਕਦਮਾਂ ਵਿੱਚ ਮੁੜ ਆਵਾਂ, ਇੱਕ ਦਮ ਥੱਲੇ ਲਹਿ ਨਹੀਂ ਸਕਦਾ । ਸੀਰਤ, ਸੂਰਤ ਸੋਹਣੀ ਅੱਗੇ, ਸ਼ਬਦ ਹਾਰ ਗਏ ਵੇਖ ਜ਼ਰਾ ਤੂੰ, ਇੱਕੋ ਟਾਹਣੀ ਫੁੱਲ ਖੁਸ਼ਬੋਈ, ਮਾਨਣ ਤੋਂ ਮੈਂ ਰਹਿ ਨਹੀਂ ਸਕਦਾ ।
ਭੁੱਲ ਕੇ ਵੀ ਵਿਰਲਾਪ ਨਾ ਕਰੀਏ
ਭੁੱਲ ਕੇ ਵੀ ਵਿਰਲਾਪ ਨਾ ਕਰੀਏ ਮਰ ਮੁੱਕਿਆਂ ਦਰਿਆਵਾਂ ਦਾ । ਫ਼ਿਕਰ ਜਦੋਂ ਵੀ ਕਰੀਏ, ਕਰੀਏ ਸੱਜਰੇ ਪੁੰਗਰੇ ਚਾਵਾਂ ਦਾ । ਬਹੁਤ ਪਿਛਾਂਹ ਜੋ ਛੱਡ ਆਏ ਹਾਂ ਟੋਏ ਟਿੱਬੇ ਬਿਖੜੇ ਥਾਂ, ਕਰੀਏ ਤਾਂ ਸ਼ੁਕਰਾਨਾ ਕਰੀਏ. ਕਰੀਏ ਉਨ੍ਹਾਂ ਰਾਹਵਾਂ ਦਾ । ਧਰਤੀ ਹੇਠਾਂ ਬਲਦ ਖਲੋਤਾ, ਸਿੰਗੀਂ ਚੁੱਕ ਜੋ ਧਰਤੀ ਨੂੰ, ਸਿਦਕੀ ਪੁੱਤਰ ਧਰਮ ਨਿਭਾਵੇ, ਜੋ ਸਮਝਾਇਆ ਮਾਵਾਂ ਦਾ । ਅਸਲੀ ਪੂੰਜੀ ਸਗਲ ਸਮਰਪਣ, ਧਰਤੀ-ਧਰਮ ਨਿਭਾਉਣਾ ਹੈ, ਮੁੱਲ ਦਵਾਨੀ ਨਹੀਓਂ ਨਖ਼ਰੋ, ਚੰਚਲ ਸ਼ੋਖ਼ ਅਦਾਵਾਂ ਦਾ । ਇੱਕ ਉਮਰ ਤੋਂ ਮਗਰੋਂ ਜਾ ਕੇ ਜੀਣ-ਜੁਗਤ ਦੀ ਸਮਝ ਪਵੇ, ਐਵੇਂ ਲੇਖਾ ਰੱਖਦੇ ਰਹੀਏ, ਕੁਝ ਥਾਵਾਂ ਕੁਝ ਨਾਵਾਂ ਦਾ । ਏਕ ਜੋਤ ਦੀ ਮੂਰਤ ਸੁਣਿਐਂ, ਧਨ ਪਿਰ ਦੋਵੇਂ ਹੁੰਦੇ ਨੇ, ਕਿਉਂ ਨਾ ਚੇਤਾ ਰੱਖਦੇ ਲੋਕੀਂ ਲਈਆਂ ਹੋਈਆਂ ਲਾਵਾਂ ਦਾ । ਕੱਚੀ ਕੰਧ, ਆਲ਼ੇ ਵਿੱਚ ਦੀਵਾ, ਜਦ ਵੀ ਜਗਿਆ ਵੇਖ ਲਵਾਂ, ਨਜ਼ਰ ਪਵੇ ਜਦ ਲੱਭਦਾ ਨਹੀਓਂ, ਚਿਹਰਾ ਸਾਨੂੰ ਮਾਵਾਂ ਦਾ ।
ਕਿਉਂ ਮਰਦੇ ਹੋ ਮਾਰਨ ਲੱਗਿਆਂ
ਕਿਉਂ ਮਰਦੇ ਹੋ ਮਾਰਨ ਲੱਗਿਆਂ, ਮੈਨੂੰ ਮਾਰੋ ਪਿਆਰ ਦੇ ਨਾਲ । ਮੈਂ ਨਹੀਂ ਮਰਨਾ, ਜੇਕਰ ਮੈਨੂੰ, ਮਾਰੋਗੇ ਹਥਿਆਰ ਦੇ ਨਾਲ । ਪੜ੍ਹ ਵੇਖੋ ਇਤਿਹਾਸ ਦੇ ਵਰਕੇ, ਸ਼ਬਦ-ਬਾਣ ਹੀ ਜਿੱਤਦਾ ਹੈ, ਕਬਰੀਂ ਕੀੜੇ ਖਾਂਦੇ ਸਭ ਨੂੰ, ਜੋ ਜਿੱਤਦੇ ਤਲਵਾਰ ਦੇ ਨਾਲ । ਤੂੰ ਦੋ ਕਦਮ ਅਗਾਂਹ ਜੇ ਆਵੇਂ, ਚਾਰ ਕਦਮ ਮੈਂ ਆਵਾਂਗਾ, ਜਾਹ ਤੁਰਿਆ ਫਿਰ, ਜੇ ਤੂੰ ਮੈਨੂੰ, ਜਿੱਤਣਾ ਹੈ ਹੰਕਾਰ ਦੇ ਨਾਲ । ਕੁਝ ਰਿਸ਼ਤੇ ਬੇਨਾਮ ਜਹੇ, ਪਰ ਤਿੜਕਣਹਾਰ ਨਹੀਂ ਹੁੰਦੇ, ਗਿਣਤੀ ਮਿਣਤੀ ਕਰਿਆ ਨਾ ਕਰ, ਮੇਰੇ ਜਹੇ ਦਿਲਦਾਰ ਦੇ ਨਾਲ । ਬੇਮਤਲਬ ਜੇ ਮਨ ਦੇ ਮੰਦਰ, ਕੂੜ-ਕਬਾੜਾ ਸਾਂਭ ਰਿਹੈਂ, ਓੜਕ ਇੱਕ ਦਿਨ ਡਿੱਗ ਪਵੇਂਗਾ, ਇਸ ਬੇਲੋੜੇ ਭਾਰ ਦੇ ਨਾਲ । ਬਿਨ ਮਿਲਿਆਂ ਤੋਂ, ਮੇਰੀ ਰੂਹ ਵਿੱਚ, ਤੇਰਾ ਰੂਪ ਚਿਰਾਂ ਤੋਂ ਹੈ, ਹੋਇਆ ਕੀ ਇਹ ਗੰਢ ਚਿਤਰਾਵਾ, ਅਣਦਿਸਦੀ ਜਹੀ ਤਾਰ ਦੇ ਨਾਲ । ਕੁੜੀਆਂ, ਚਿੜੀਆਂ, ਧਰਮੀ ਬਾਬਲ, ਅੰਬੜੀ ਵਿਹੜਾ, ਨਿੱਕਾ ਵੀਰ, ਕਿੰਨਾ ਕੁਝ ਹੈ, ਜੁੜਿਆ ਹੋਇਆ, ਆਹ ਕੂੰਜਾਂ ਦੀ ਡਾਰ ਦੇ ਨਾਲ ।
ਵੇਖੀਂ ਇੱਕ ਦਿਨ ਖੁੱਲ੍ਹ ਜਾਵਣਗੇ
ਵੇਖੀਂ ਇੱਕ ਦਿਨ ਖੁੱਲ੍ਹ ਜਾਵਣਗੇ, ਸਦੀਆਂ ਤੋਂ ਬੰਦ ਤਾਲੇ । ਤੋਤੇ ਵਾਂਗ ਪਟਾਕਣਗੇ ਫਿਰ, ਟੁੱਕੀਆਂ ਜੀਭਾਂ ਵਾਲੇ । ਲੋਕ ਕਚਹਿਰੀ ਅੰਦਰ ਆਉਣੇ ਬਣ ਫ਼ਰਿਆਦੀ ਵੇਖੀਂ, ਖੱਭੀ ਖ਼ਾਨ ਕਹਾਉਂਦੇ ਨੇ ਜੋ, ਰਾਣੀ-ਖਾਂ ਦੇ ਸਾਲੇ । ਜਬਰ ਜ਼ੁਲਮ ਦੀ ਇਸ ਤੋਂ ਵੱਧ ਕੀ ਹੋਰ ਹਨ੍ਹੇਰੀ ਵਗਣੀ, ਧਰਮ ਸਿਆਸਤ ਜਿੱਥੇ ਰਲ਼ ਕੇ ਕਰਦੇ ਘਾਲ਼ੇ ਮਾਲ਼ੇ । ਫਾਂਸੀ ਚੜ੍ਹਿਆਂ ਦੇ ਵਾਰਿਸ ਤਾਂ, ਚੇਤੇ ਕਿਸ ਨੂੰ ਰਹਿੰਦੇ, ਤਖ਼ਤੇ ਚਾੜ੍ਹਨ ਵਾਲਿਆਂ ਮੁੜ ਕੇ ਆ ਫਿਰ ਤਖ਼ਤ ਸੰਭਾਲ਼ੇ । ਬੰਦ ਬੂਹਿਆਂ ਨੂੰ ਖੋਲ੍ਹਣ ਮਗਰੋਂ ਫੇਰ ਬੁਹਾਰੀ ਸ਼ੇਰਾ, ਚੰਗੇ ਨਹੀਉਂ ਹੁੰਦੇ ਲੱਗਣੇ, ਸੋਚਾਂ ਅੰਦਰ ਜਾਲ਼ੇ । ਹੁਣ ਬਾਬਰ ਕਿਉਂ ਲਸ਼ਕਰ ਲੈ ਕੇ ਚੜ੍ਹ ਕਾਬਲ ਤੋਂ ਧਾਵੇ, ਰੂਹ ਤੇ ਕਬਜ਼ੇ ਵਾਲੇ ਤੰਤਰ, ਦੇਸੀਆਂ ਆਪ ਸੰਭਾਲ਼ੇ । ਚੋਰਾਂ ਦੇ ਗਲ਼ ਫਾਹੀਆਂ ਵੇਖਣ ਵਾਲੇ ਕਾਹਲ਼ੇ ਪੈ ਗਏ, ਪਰ ਚਾਹੁੰਦੇ ਨੇ, ਇਹ ਕੰਮ ਕੋਈ ਦੂਜਾ ਆਣ ਸੰਭਾਲ਼ੇ ।
ਤਿਤਲੀ ਦੇ ਖੰਭਾਂ ਤੇ ਲਿਖ ਕੇ
ਤਿਤਲੀ ਦੇ ਖੰਭਾਂ ਤੇ ਲਿਖ ਕੇ, ਇਹ ਜੋ ਤੂੰ ਪੈਗਾਮ ਭੇਜਿਆ । ਕਿੰਨਾ ਸੋਹਣਾ ਰੱਬਾ ਖ਼ੁਦ ਤੂੰ, ਸਿਰਨਾਵਾਂ ਲਿਖ ਨਾਮ ਭੇਜਿਆ । ਸੁਰਖ਼ ਸਵੇਰ, ਦੁਪਹਿਰਾ ਖਿੜਿਆ, ਸੰਦਲੀ ਪੌਣ ਰੁਮਕਦੀ ਭੇਜੀ, ਸੂਰਜ ਦਿੱਤਾ ਰੰਗ ਭਰਨ ਲਈ, ਕਿੰਨਾ ਕੁਝ ਬੇ-ਦਾਮ ਭੇਜਿਆ । ਪਹਿਲਾਂ ਲੋਰੀ, ਸ਼ਬਦ ਨਿਰੰਤਰ, ਕਿੰਨੀ ਪੂੰਜੀ ਸੌਂਪੀ ਮੈਨੂੰ, ਕਿੰਜ ਕਰਾਂ ਸ਼ੁਕਰਾਨਾ ਤੇਰਾ, ਜੋ ਜੋ ਤੂੰ ਈਨਾਮ ਭੇਜਿਆ । ਦਰਦ-ਸਮੁੰਦਰ ਰਿੜਕਣ ਮਗਰੋਂ, ਗੀਤ, ਗ਼ਜ਼ਲ ਕਵਿਤਾਵਾਂ ਮੈਂ ਤਾਂ, ਕੁਝ ਨਹੀਂ ਰੱਖਿਆ ਅਪਣੇ ਪੱਲੇ, ਤੇਰੀ ਤਰਫ਼ ਤਮਾਮ ਭੇਜਿਆ । ਮਾਂ ਤਪ ਤੇਜ ਤਪੀਸ਼ਰ ਵਰਗੀ, ਕਦਮ ਕਦਮ ਤੇ ਸਹਿਜ ਨਿਰੰਤਰ, ਵਾਹ ਓ ਦਾਤਾ, ਮੇਰੀ ਖ਼ਾਤਰ ਬਾਬਲ ਵੀ ਹਰਨਾਮ ਭੇਜਿਆ । ਗੁਰ ਦਾ ਸ਼ਬਦ ਸਵਾਸ ਪਰੁੱਚਾ, ਦਮ ਦਮ ਵਿੱਚ ਮਹਿਸੂਸ ਕਰਾਂ ਮੈਂ, ਰੂਹ ਦਾ ਅੱਥਰਾ ਘੋੜਾ ਵੀ ਤੂੰ ਦੇ ਕੇ ਨਾਲ ਲਗਾਮ ਭੇਜਿਆ । ਦੂਰ ਦ੍ਰਿਸ਼ਟੀ ਵਾਲੇ ਨੇਤਰ, ਮੱਥੇ ਅੰਦਰ ਧਰਿਆ ਸੂਰਜ, ਦਿਲ ਦਰਿਆ ਨੂੰ ਖੇੜੇ ਬਖਸ਼ੇ, ਕੈਸਾ ਨੂਰੀ ਜਾਮ ਭੇਜਿਆ ।
ਤੂੰ ਤੁਰਿਐਂ ਤਾਂ ਏਦਾਂ ਲੱਗਿਐ
ਤੂੰ ਤੁਰਿਐਂ ਤਾਂ ਏਦਾਂ ਲੱਗਿਐ, ਮੌਤ ਝਕਾਨੀ ਦੇ ਗਈ ਯਾਰਾ । ਇੱਕ ਦੂਜੇ ਨੂੰ ਮਿਲੇ ਕਦੇ ਨਾ, ਕਿਉਂ ਲੱਗਦਾ ਸੀ ਭਾਈਚਾਰਾ । ਨੰਗੀ ਹੋ ਗਈ ਕੰਡ ਜਾਪਦੀ, ਢਹਿ ਗਿਆ ਕੋਸ ਮੀਨਾਰ ਅਣਖ਼ ਦਾ, ਸੋਹਣਾ ਭਿੜਿਓਂ ਨਾਲ ਦੁਸ਼ਮਣਾਂ, ਤੂੰ ਅਮਨਾਂ ਦੇ ਪਹਿਰੇਦਾਰਾ । ਤੇਰਾ ਵਤਨ ਕਿਊਬਾ, ਸੂਹੇ ਸੂਰਜ ਦਾ ਹਮਨਾਮ ਬਣ ਗਿਆ, ਪਿਘਲ ਗਿਆ ਤੂੰ ਲੋਕਾਂ ਖ਼ਾਤਰ, ਸਿਰ ਪੈਰੋਂ ਸਾਰੇ ਦਾ ਸਾਰਾ । ਜਬਰ ਜ਼ੁਲਮ ਦੇ ਦਹਿਸਿਰ ਸਾਰੇ, ਤੇਰੇ ਤੇ ਹਮਲਾਵਰ ਬਣ ਕੇ, ਚੜ੍ਹੇ ਅਨੇਕਾਂ ਵਾਰ ਸੀ ਭਾਵੇਂ, ਤੂੰ ਨਾ ਝੁਕਿਓਂ, ਵਾਹ ਸਰਦਾਰਾ । ਇਨਕਲਾਬ ਦਾ ਸੂਹਾ ਪਰਚਮ, ਡਿੱਗਿਆ, ਚੁੱਕਿਆ ਫਿਰ ਲਹਿਰਾਇਆ, ਰਿਹਾ ਚਮਕਦਾ ਨੂਰ ਨਿਰੰਤਰ, ਤੇਰੀ ਟੋਪੀ ਉਤਲਾ ਤਾਰਾ । ਤੇਰੀ* ਫ਼ੌਜੀਆਂ ਵਾਲੀ ਵਰਦੀ, ਜਿਸਮ ਤੇਰੇ ਦਾ ਹਿੱਸਾ ਬਣ ਗਈ, ਤੂੰ ਇੱਕ ਵਾਰੀ ਵੀ ਨਾ ਕੰਬਿਆ, ਦੁਸ਼ਮਣ ਦਾ ਤੱਕ ਲਸ਼ਕਰ ਭਾਰਾ । ਮਾਰ ਫੂਕ ਤੂੰ ਉੱਠ ਕੇ ਸ਼ੇਰਾ, ਸੁੱਤੇ ਲੋਕ ਜਗਾ ਦੇ ਫਿਰ ਤੂੰ, ਨਰਸਿੰਘੇ ਦਾ ਨਾਦ ਸੁਣਾ ਦੇ, ਖੜਕ ਪਵੇ ਰਣਜੀਤ-ਨਗਾਰਾ । *ਕਿਊਬਾ ਦੇ ਰਾਸ਼ਟਰਪਤੀ ਫਾਈਦਲ ਕਾਸਟਰੋ ਦੇ ਚਲਾਣੇ ’ਤੇ
ਆ ਲਖਵਿੰਦਰ ਚੱਲ ਤੁਰ ਚੱਲੀਏ
ਆ ਲਖਵਿੰਦਰ* ਚੱਲ ਤੁਰ ਚੱਲੀਏ, ਵਕਤ ਦੀਆਂ ਦੀਵਾਰਾਂ ਓਹਲੇ । ਕਿੱਥੋਂ ਤੁਰ ਕੇ ਕਿੱਥੇ ਆਏ, ਕਦਮ ਕਦਮ 'ਤੇ ਖਾ ਹਿਚਕੋਲੇ । ਮਨ ਮਸਤਕ ਵਿੱਚ ਸੁਪਨੇ ਤਾਂ ਸੀ, ਪੂਰਨ ਦੇ ਲਈ ਕਾਹਲ ਨਹੀਂ ਸੀ, ਸਾਬਤ ਕਦਮੀ ਨੇ ਖ਼ੁਦ ਤਾਹੀਓਂ, ਬੰਦ ਬੜੇ ਦਰਵਾਜ਼ੇ ਖੋਲ੍ਹੇ । ਕਿੱਥੇ ਪਿੰਡ ਜੰਡਿਆਲਾ ਤੇਰਾ, ਹੋਰਸ ਥਾਂ ਮੈਂ ਉੱਗਿਆ ਪੁੱਗਿਆ, ਵਕਤ ਦੀ ਤੱਕੜੀ ਤੋਲ ਤੋਲ ਕੇ, ਕਿੰਨੇ ਸੱਚੇ ਸੌਦੇ ਤੋਲੇ । ਨਾਮਕਰਣ ਤੇ ਬਿਨ ਸਿਰਨਾਵੇਂ, ਅਣਲਿਖਿਆਂ ਇਕਰਾਰਾਂ ਵਰਗਾ, ਲੰਮ ਸਲੰਮਾ ਸਫ਼ਰ ਤੁਰਦਿਆਂ, ਸਮਝ ਲਿਆ ਕਿੰਨਾ ਬਿਨ ਬੋਲੇ । ਕਿੰਨੇ ਯਾਰ ਝਕਾਨੀ ਦੇ ਕੇ, ਪੌੜੀ ਪੌੜੀ ਸਰ ਸੁਰ ਕਰਦੇ, ਕੁਰਸੀ ਜੂਨ ਹੰਢਾਉਂਦੇ ਮਰ ਗਏ, ਤਲਖ਼ ਸਮੇਂ ਪੈਰਾਂ ਵਿਚ ਰੋਲੇ । ਕਿਰਨਾਂ ਆਈਆਂ ਬੰਨ੍ਹ ਕਤਾਰਾਂ, ਮਨ ਦਾ ਵਿਹੜਾ ਰੌਸ਼ਨ ਹੋਇਆ, ਇਉਂ ਲੱਗਿਆ ਮੈਂ ਤੁਰਿਆ ਫਿਰਦਾਂ ਚੰਦਰਮਾ ਤੇ ਪੋਲੇ ਪੋਲੇ । *ਮੇਰਾ ਬੇਲੀ ਡਾ. ਲਖਵਿੰਦਰ ਸਿੰਘ ਜੌਹਲ
ਕਿੰਨੇ ਸੂਰਜ ਚੜ੍ਹ ਕੇ ਲਹਿ ਗਏ
ਕਿੰਨੇ ਸੂਰਜ ਚੜ੍ਹ ਕੇ ਲਹਿ ਗਏ, ਵਕਤ ਲਿਹਾਜ਼ ਕਦੇ ਨਹੀਂ ਕਰਦਾ । ਸਿਖ਼ਰ ਪਹਾੜ ਦੀ ਟੀਸੀ ਉੱਤੋਂ, ਉੱਤਰੇ ਬਾਝੋਂ ਕਿਸਦਾ ਸਰਦਾ । ਗੈਸ ਗੁਬਾਰੇ ਚੜ੍ਹਦੇ ਅੰਬਰੀਂ, ਕਿੱਥੇ ਡਿੱਗਦੇ ਵੇਖ ਲਿਆ ਕਰ, ਤੂੰ ਇਸ ਜੂਨੀ ਕਿਉਂ ਪੈਂਦਾ ਏਂ, ਜੇ ਮਨ ਰਹਿੰਦੈ ਅੰਦਰੋਂ ਡਰਦਾ । ਚੁਗ਼ਲੀ ਦੀ ਖੱਟੀ ਦਾ ਖੱਟਿਆ, ਖਾਣਾ ਸੌਖਾ, ਹਜ਼ਮ ਨਾ ਹੋਵੇ, ਬਿਨ ਆਈ ਤੋਂ ਤੇਰੇ ਵਰਗਾ, ਮੌਤੋਂ ਪਹਿਲਾਂ ਤਾਂਹੀਓਂ ਮਰਦਾ । ਚੰਮ ਦੀ ਜੀਭ ਘੁਮਾ ਕੇ ਸੱਚ ਥਾਂ, ਕੂੜ ਕਮਾਵੇਂ, ਦਏਂ ਦਲੀਲਾਂ, ਮਨ ਦੀ ਅਦਲ ਕਚਹਿਰੀ ਅੰਦਰ, ਕਿਉਂ ਰਹਿੰਦੈਂ ਹਰਜਾਨੇ ਭਰਦਾ । ਨੀਤ ਦੀ ਬੋਰੀ ਥੱਲਿਉਂ ਸੀ ਲੈ, ਉੱਪਰੋਂ ਪਾਵੇਂ ਹੇਠਾਂ ਸਰਕੇ, ਬਦਨੀਤੀ 'ਚੋਂ ਬਦ ਨੂੰ ਲਾਹ ਦੇ, ਕਾਹਦੇ ਪਿੱਛੇ ਰਹਿੰਦੈਂ ਮਰਦਾ । ਜੇ ਇਨਸਾਫ਼ ਦੀ ਤੱਕੜੀ ਤੇਰੀ, ਦਏ ਨਿਆਂ ਨਾ, ਕਰੇ ਫ਼ੈਸਲੇ, ਪਾੜ ਵਕਾਲਤਨਾਮਾ ਸੱਜਣਾ, ਮੇਰਾ ਦਿਲ ਹਾਮੀ ਨਹੀਂ ਭਰਦਾ । ਏਨਾ ਤਾਂ ਇਤਿਹਾਸ ਨੂੰ ਪੁੱਛ ਲੈ, ਜੰਗ ਹਾਰਦਾ ਬੰਦਾ ਕਿਹੜੀ, ਜੇਤੂ ਆਲਮਗੀਰ ਸਿਕੰਦਰ, ਜਦ ਵੀ ਮਰਦਾ ਖ਼ੁਦ ਤੋਂ ਮਰਦਾ ।
ਨਾ ਸੀ ਕਾਲ਼ੀ ਐਨਕ ਅੱਖੀਂ
ਨਾ ਸੀ ਕਾਲ਼ੀ ਐਨਕ ਅੱਖੀਂ, ਹੱਥਾਂ ਵਿੱਚ ਦਸਤਾਨੇ । ਕਿਹੜਾ ਮੋੜ ਲਿਆਵੇ ਉਹ ਦਿਨ, ਮਸਤੀ ਦੇ ਮਸਤਾਨੇ । ਪੂਰਾ ਮੇਲਾ ਵੇਖ ਕੇ ਮੁੜਨਾ, ਰੱਜ ਮਰੂੰਡਾ ਖਾਣਾ, ਸਾਰੇ ਦਿਨ ਦੀ ਲਾਗਤ ਸੀ ਬੱਸ ਐਵੇਂ ਇੱਕ ਦੋ ਆਨੇ । ਮਾਰ ਦੁੜੰਗੇ ਜਾਣਾ ਆਪਾਂ ਪੜ੍ਹਨ ਸਕੂਲੇ ਚਾਈਂ, ਕਲਮਾਂ ਖ਼ਾਤਰ ਰਾਹ 'ਚੋਂ ਲੱਭਣੇ, ਕਿਲਕ, ਨੜੇ ਤੇ ਕਾਨੇ । ਹੁਣ ਤਾਂ ਜੇਬਾਂ ਭਰੀਆਂ ਭਾਵੇਂ ਅੰਦਰੋਂ ਮਨ ਹੈ ਖ਼ਾਲੀ, ਇੱਕੋ ਜਨਮ 'ਚ ਵੇਖੇ ਆਸੋਂ ਉਲਟ ਹੋਰ ਜ਼ਮਾਨੇ । ਸ਼ਮ੍ਹਾਂਦਾਨ ਉਸਤਾਦ ਗਵਾਚੇ, ਜਾਂ ਮੈਨੂੰ ਨਾ ਦਿਸਦੇ, ਘੋਰ ਗੁਬਾਰ ਹਨ੍ਹੇਰਾ ਗੂੜ੍ਹਾ, ਲਾਟਾਂ ਨਾ ਪਰਵਾਨੇ । ਰਾਜਗੁਰੂ, ਸੁਖਦੇਵ, ਭਗਤ ਸਿੰਘ, ਬਾਲ ਸਭਾ ਵਿੱਚ ਵੇਖੇ, ਲਾੜੀ ਮੌਤ ਵਿਆਹੁਣ ਚੱਲੇ, ਬੰਨ੍ਹ ਸ਼ਗਨਾਂ ਦੇ ਗਾਨੇ । ਹੁਣ ਜਿਸਮਾਂ ਦੀ ਮੰਡੀ ਲੱਗੀ, ਤਾਰ ਦਿਉ ਮੁੱਲ ਲੈ ਲਉ, ਸ਼ਬਦ ਮੁਹੱਬਤ ਵਾਧੂ ਹੋਇਆ, ਕੌਣ ਪੜ੍ਹੇ ਅਫ਼ਸਾਨੇ ।
ਗੋਲ਼ੀ ਮਾਰ, ਬੰਦੂਕ ਚਲਾਉ
ਗੋਲ਼ੀ ਮਾਰ, ਬੰਦੂਕ ਚਲਾਉ, ਸ਼ਬਦ ਕਦੇ ਵੀ ਮਰਦੇ ਨਹੀਂ । ਪੌਣਾਂ ਅੰਦਰ ਘੁਲ਼ ਜਾਂਦੇ ਨੇ, ਵਕਤ ਦੇ ਹੱਥੋਂ ਹਰਦੇ ਨਹੀਂ । ਰਾਜੇ ਨੂੰ ਸ਼ੀਂਹ ਆਖਣ ਵਾਲੀ, ਪਿਰਤ ਮੇਰੇ ਗੁਰੂ ਨਾਨਕ ਦੀ, ਹਾਲੇ ਤੀਕ ਮੁਕੱਦਮ ਜ਼ਹਿਰੀ, ਸ਼ੀਸ਼ੇ ਨੂੰ ਵੀ ਜਰਦੇ ਨਹੀਂ । ਅੰਬਰ ਦੇ ਵਿੱਚ ਕਿੰਨੇ ਤਾਰੇ, ਜਾਗ ਰਹੇ ਨੇ ਸਦੀਆਂ ਤੋਂ, ਇੱਕ ਅੱਧ ਨੁੱਕਰ ਭੁਰ ਜਾਵੇ ਤਾਂ, ਠੰਢੇ ਹਾਉਕੇ ਭਰਦੇ ਨਹੀਂ । ਧਰਤੀ ਦੀ ਮਰਿਯਾਦਾ ਏਹੀ, ਚੋਰਾਂ ਨੂੰ ਬੱਸ ਚੋਰ ਕਹੋ, ਹੱਕ ਸੱਚ ਤੇ ਇਨਸਾਫ਼ ਦੇ ਪਹਿਰੂ, ਇਹ ਆਖਣ ਤੋਂ ਡਰਦੇ ਨਹੀਂ । ਅੰਨ੍ਹੇ ਕੁੱਤੇ, 'ਵਾ ਨੂੰ ਭੌਂਕਣ, ਦੁਸ਼ਮਣ ਦੀ ਪਹਿਚਾਣ ਬਿਨਾਂ, ਆਪਣੀ ਨਸਲ ਬਿਨਾਂ ਬੇਨਸਲੇ, ਹੋਰ ਕਿਸੇ ਨੂੰ ਜਰਦੇ ਨਹੀਂ । ਕਲਮਕਾਰ ਜੋ ਲਿਖੇ, ਮਿਟਾਵੇਂ, ਤੇਰੇ ਵੱਸ ਦੀ ਬਾਤ ਨਹੀਂ, ਸ਼ਾਸਤਰਾਂ ਨੂੰ ਸ਼ਸਤਰ ਮਾਰੇ, ਸੂਰੇ ਏਦਾਂ ਕਰਦੇ ਨਹੀਂ । ਇੱਕ ਦੀਵੇ ਦੀ ਲਾਟ ਬੁਝਾ ਕੇ, ਤੇਜ਼ ਹਨ੍ਹੇਰੀ ਸਮਝੇ ਨਾ, ਬੰਨ੍ਹ ਕਤਾਰਾਂ, ਜਗਦੇ ਜੁਗਨੂੰ, ਪੈਰ ਪਿਛਾਂਹ ਨੂੰ ਧਰਦੇ ਨਹੀਂ ।
ਸਾਲ ਮਗਰੋਂ ਫੇਰ ਮੁੜ ਕੇ
ਸਾਲ ਮਗਰੋਂ ਫੇਰ ਮੁੜ ਕੇ ਆ ਗਈ ਸ਼ਿਵਰਾਤਰੀ । ਜ਼ਹਿਰ ਦਾ ਭਰਿਆ ਪਿਆਲਾ, ਪੀ ਰਿਹਾ ਏ ਯਾਤਰੀ । ਬੀਜ ਤੋਂ ਹੀ ਬਿਰਖ਼ ਬਣਿਆ, ਜ਼ਾਲਮਾਨਾ ਇਹ ਨਿਜ਼ਾਮ, ਪੱਤਿਆਂ ਜਿਉਂ ਛਾਂਗਦੀ ਫਿਰਦੀ ਹੈ ਸਾਨੂੰ ਦਾਤਰੀ । ਜੀਅ ਕਰੇ ਬੱਚਾ ਬਣਾਂ ਤੇ ਪਾਣੀਆਂ ਤੇ ਫੇਰ ਮੈਂ, ਠੀਕਰੀ ਫੜ ਕੇ ਘੁਮਾਵਾਂ, ਮੁੜ ਚਲਾਵਾਂ ਕਾਤਰੀ । ਪੰਜ ਪਾਂਡਵ ਵਿੱਚ ਜੂਏ, ਨਿੱਤ ਦਰੋਪਦ ਹਾਰਦੇ, ਪੰਚਨਦ ਦੀ ਖ਼ਲਕ ਫਿਰਦੀ, ਬਹੁਤ ਔਖੀ ਆਤਰੀ । ਚੰਨ ਕੁੱਜੇ ਵਿੱਚ ਪਾਉਣਾ, ਬਾਲਕੇ ਦਾ ਸ਼ੁਗਲ ਹੈ, ਲੋਕ ਸਮਝਣ ਲੱਗ ਪਏ ਨੇ, ਜਾਦੂਗਰ ਦੀ ਚਾਤਰੀ । ਨਾਅਰਿਆਂ ਤੇ ਲਾਰਿਆਂ ਦਾ ਕਿਉਂ ਕਰੇਂ ਮੁੜ ਕੇ ਵਿਸਾਹ, ਛਾਨਣੀ ਦੇ ਵਾਂਗ ਹੁਣ ਵਿਸ਼ਵਾਸ ਵਾਲੀ ਪਾਤਰੀ । ਵੇਖ ਲਉ ਅੰਗਰੇਜ਼ ਤੁਰ ਗਏ, ਫੇਰ ਵੀ ਆਪਾਂ ਗੁਲਾਮ, ਧੀਆਂ ਪੁੱਤਰ ਝਿਜਕਦੇ ਬੋਲਣ ਤੋਂ ਬੋਲੀ ਮਾਤਰੀ ।
ਦਿੱਲੀ ਵਿੱਚ ਦਰਬਾਰੀ ਵੇਖੋ
ਦਿੱਲੀ ਵਿੱਚ ਦਰਬਾਰੀ ਵੇਖੋ, ਦੁੱਧ ਵਿੱਚ ਕਾਂਜੀ ਘੋਲ ਰਹੇ ਨੇ । ਹੋਸ਼ ਹਵਾਸ ਗੁਆ ਬੈਠੇ ਨੇ, ਜੋ ਆਇਆ ਉਹ ਬੋਲ ਰਹੇ ਨੇ । ਕੁਰਸੀ ਅਜਬ ਖ਼ੁਮਾਰੀ ਦੇ ਵਿੱਚ, ਨਾਲ ਹਕੀਕਤ ਪਾਏ ਵਿਛੋੜਾ, ਧਰਮ ਧਰਾਤਲ ਵਾਲੇ ਪਾਵੇ, ਤਾਂਹੀਉਂ ਪੈਰੋਂ ਡੋਲ ਰਹੇ ਨੇ । ਲੱਖੀ ਜੰਗਲ ਬਣੇ ਲੋਕ ਤਾਂ, ਨਾ ਧਿਰਿਆਂ ਦੀ ਧਿਰ ਬਣ ਜਾਵੇ, ਲੋਕ ਬਿਠਾਉਂਦੇ ਸਿਰ ਦੇ ਉੱਪਰ, ਜਿਹੜੇ ਦਰਦ ਫ਼ਰੋਲ ਰਹੇ ਨੇ । ਦੇਸ਼ ਭਗਤੀਆਂ ਦੀ ਪਰਿਭਾਸ਼ਾ, ਨਵੀਂ ਇਬਾਰਤ ਸਮਝ ਪਵੇ ਨਾ, ਅੰਨ੍ਹੀ ਤੇਜ਼ ਹਨ੍ਹੇਰੀ ਤਾਂਹੀਓਂ, ਡਰ ਕੇ ਦੀਵੇ ਡੋਲ ਰਹੇ ਨੇ । ਨਾ ਤ੍ਰਿਸ਼ੂਲ ਕਟਾਰਾਂ ਕੋਲੋਂ, ਡਰਦੇ ਨਾ ਤਲਵਾਰਾਂ ਕੋਲੋਂ, ਜਿਹੜੇ ਸੀਸ ਤਲੀ ਤੇ ਧਰ ਕੇ, ਸੱਚ ਦੀ ਤੱਕੜੀ ਤੋਲ ਰਹੇ ਨੇ । ਗੇਰੂ ਨਹੀਂ, ਇਹ ਸਾਡੀ ਰੱਤ ਹੈ, ਲਾਲ ਕਿਲ੍ਹੇ ਦੀਆਂ ਕੰਧਾਂ ਉੱਪਰ, ਮੁਗਲਾਂ ਵੇਲੇ ਤੋਂ ਅੱਜ ਤੀਕਰ, ਸਾਡੇ ਕਦਮ ਅਡੋਲ ਰਹੇ ਨੇ । ਗਮਲੇ ਅੰਦਰ ਉੱਗੇ ਪੌਦੇ, ਬਿਰਖ਼ਾਂ ਨੂੰ ਹੁਣ ਕਰਨ ਟਿਚਕਰਾਂ, ਵੇਖੋ ਕਲਿਜੁਗ, ਤੇਜ਼ ਕੁਦਾਲੇ, ਸਾਡੀ ਜੜ੍ਹ ਨੂੰ ਫ਼ੋਲ ਰਹੇ ਨੇ ।
ਸ਼ਹਿਨਸ਼ਾਹੀ ਕੁਫ਼ਰ ਜਦ
ਸ਼ਹਿਨਸ਼ਾਹੀ ਕੁਫ਼ਰ ਜਦ ਵੀ ਬੋਲਦਾ ਹੈ । ਤਖ਼ਤ ਦਾ ਪਾਵਾ ਉਦੋਂ ਹੀ ਡੋਲਦਾ ਹੈ । ਭਰਮ ਹੈ ਤੈਨੂੰ ਕਿ ਪੈਸਾ ਪੀਰ ਸਭ ਦਾ, ਕੂੜ ਵੇਖੋ, ਕੁਫ਼ਰ ਕਿੱਦਾਂ ਤੋਲਦਾ ਹੈ । ਮੇਲ ਦੇਵੇ ਧਰਤ ਨੂੰ ਆਕਾਸ਼ ਤੀਕਰ, ਜਲ ਬਿਨਾ ਗੜਵੀ 'ਚ ਮਿਸ਼ਰੀ ਘੋਲਦਾ ਹੈ । ਜਿਹੜਿਆਂ ਪੈਰਾਂ ਦੇ ਹੇਠਾਂ ਧਰਤ ਹੀ ਨਾ, ਇਹ ਬਾਸ਼ਿੰਦਾ ਓਸ ਬਸਤੀ ਕੋਲ ਦਾ ਹੈ । ਜਾਲ ਉੱਤੇ ਚੋਗ ਚੁਗਦਾ ਵੇਖਿਆ ਮੈਂ, ਪਰ ਪਰਿੰਦਾ ਉੜਨ ਖ਼ਾਤਰ ਤੋਲਦਾ ਹੈ । ਇੱਕ ਦਿਨ ਸੁਣਿਆ ਮੈਂ ਝੁੱਗੀ ਵਾਲਿਆਂ ਤੋਂ, ਕੌਣ ਸਾਨੂੰ ਥਾਂ ਕੁ ਥਾਂ ਤੇ ਰੋਲਦਾ ਹੈ? ਰਹਿਣ ਦੇ ਤੂੰ ਫੋਕੀਆਂ ਹਮਦਰਦੀਆਂ ਨੂੰ, ਫਿਰ ਕਹੇਂਗਾ ਮੇਰੇ ਪਰਦੇ ਫ਼ੋਲਦਾ ਹੈ ।
ਅੱਜ ਕਾਹਨੂੰ ਹੋਈਆਂ
ਅੱਜ ਕਾਹਨੂੰ ਹੋਈਆਂ ਤੈਨੂੰ ਨੀਂਦਰਾਂ ਪਿਆਰੀਆਂ । ਕੌਣ ਤੇਰੀ ਥਾਂ ਤੇ ਇਹ ਨਿਭਾਊ ਜ਼ਿੰਮੇਵਾਰੀਆਂ । ਖੰਭ ਤੇਰੇ ਕੋਲ, ਨੀਲੇ ਅੰਬਰਾਂ ਤੋਂ ਪਾਰ ਜਾਹ, ਭੁੱਲ ਬੈਠਾ ਭੈੜਿਆ, ਤੂੰ ਅੰਬਰੀਂ ਉਡਾਰੀਆਂ । ਸ਼ਹਿਰ ਵੱਲ ਜਾਣ ਦੇ ਲਈ, ਅੱਡਿਆਂ 'ਤੇ ਭੀੜ ਹੈ, ਇੱਕ ਦੂਜੇ ਨਾਲੋਂ ਵੱਧ, ਕਾਹਲੀਆਂ ਸਵਾਰੀਆਂ । ਪਿੰਡ ਵੱਲ ਮੁੜਨਾ ਵੀ ਖ੍ਵਾਬ ਵਿਚ ਭੁੱਲਿਆ, ਕਿੱਥੋਂ ਕਿੱਥੇ ਸੁੱਟਿਆ, ਲਿਆ ਕੇ ਦੁਸ਼ਵਾਰੀਆਂ । ਸ਼ਹਿਰ ਵਿਚ ਜੀਣ ਦਾ ਸਲੀਕਾ ਵੀ ਕਮਾਲ ਹੈ, ਹਵਾ ਤਾਈਂ ਸਹਿਕਣਾ ਤੇ ਬੰਦ ਬੂਹੇ ਬਾਰੀਆਂ । ਕਈ ਵਾਰੀ ਮੈਨੂੰ ਤਾਂ ਬਈ ਆਪ ਏਦਾਂ ਜਾਪਦੈ, ਪੁਰਜ਼ੇ ਮਸ਼ੀਨ ਵਾਲੇ, ਬਣੇ ਹਾਂ ਗਰਾਰੀਆਂ । ਪਲੰਘ, ਪੰਘੂੜਾ, ਮੰਜਾ, ਪੀੜ੍ਹਾ ਤੇਰੇ ਵਾਸਤੇ, ਬਿਰਖ਼ਾਂ ਦੇ ਮੁੱਢ ਕਾਹਨੂੰ ਫੇਰੀ ਜਾਵੇਂ ਆਰੀਆਂ ।
ਸੁੱਤਿਆਂ ਅੰਦਰ ਸੁਪਨ
ਸੁੱਤਿਆਂ ਅੰਦਰ ਸੁਪਨ ਜਗਾਉਂਦੇ ਰਹਿੰਦੇ ਹਾਂ । ਮਾਚਸ ਉੱਤੇ ਤੀਲ੍ਹੀ ਵਾਂਗੂੰ ਖਹਿੰਦੇ ਹਾਂ । ਉੱਡਦੀਆਂ ਦੇ ਪਿੱਛੇ ਫਿਰਨਾ, ਸ਼ੌਂਕ ਨਹੀਂ, ਪੱਕੇ ਪੈਰੀਂ ਧਰਤੀ ਉੱਤੇ ਰਹਿੰਦੇ ਹਾਂ । ਮਾਣ ਨਹੀਂ, ਅਭਿਮਾਨ ਨਹੀਂ, ਵਿਸ਼ਵਾਸੀ ਹਾਂ, ਬਾਤ ਹਮੇਸ਼ਾਂ ਦਿਲ ਵਾਲੀ ਹੀ ਕਹਿੰਦੇ ਹਾਂ । ਨਿੱਕੇ ਨਿੱਕੇ ਹਾਕਮ ਸਾਡੇ ਅੰਦਰ ਨੇ, ਏਸੇ ਹੀ ਕਮਜ਼ੋਰੀ ਹੱਥੋਂ ਢਹਿੰਦੇ ਹਾਂ । ਖ਼ੁਸ਼ਬੋਈ ਤੇ ਚਾਨਣ ਪਸਰੇ ਚਾਰ ਚੁਫ਼ੇਰ, ਜਿਹੜੀ ਥਾਂ ਤੇ ਰਲ ਕੇ ਆਪਾਂ ਬਹਿੰਦੇ ਹਾਂ । ਦਿਲ ਦੀ ਹਾਲਤ ਪੁੱਛਦਾ ਹੈਂ ਤਾਂ ਸੁਣੀਂ, ਅਸੀਂ, ਸੂਰਜ ਵਾਂਗੂੰ ਹਰ ਦਿਨ ਚੜ੍ਹਦੇ ਲਹਿੰਦੇ ਹਾਂ । ਕੁਰਸੀ ਸਾਨੂੰ ਕਿੰਨਾ ਵਾਧੂ ਕਰ ਦਿੱਤਾ, ਮੰਜਿਆਂ ਵਾਂਗੂੰ ਕਦੇ ਕਦਾਈਂ ਡਹਿੰਦੇ ਹਾਂ ।
ਕੌਣ ਕਹਿੰਦਾ ਹੈ ਮੁਹੱਬਤ
ਕੌਣ ਕਹਿੰਦਾ ਹੈ ਮੁਹੱਬਤ ਮੰਗਦੀ ਪਰਵਾਨਗੀ । ਇਹ ਤਾਂ ਦਿਲ ਦਰਿਆ ਦੀ ਯਾਰੋ, ਬੇਪਨਾਹ ਦੀਵਾਨਗੀ । ਤੂੰ ਸਾਰੰਗੀ ਕਹਿ ਲਿਆ ਕਰ, ਜੋ ਕਿਤਾਬਾਂ ਦੱਸਿਆ, ਮੈਂ ਸਧਾਰਨ ਆਦਮੀ, ਆਖਾਂਗਾ ਇਸ ਨੂੰ ਸਾਨਗੀ । ਕਹਿਣ ਤੋਂ ਤੂੰ ਝਿਜਕਿਆ ਕਰ ਨਾ, ਦਿਲੇ ਦੀ ਵਾਰਤਾ, ਅੱਖੀਆਂ 'ਚੋਂ ਬੋਲ ਪੈਂਦੀ ਆਪ ਹੀ ਵੀਰਾਨਗੀ । ਲੋਕ ਮਨ ਤੇ ਰਾਜ ਕਰ ਲੈ, ਪਾਤਸ਼ਾਹੀਆਂ ਮਾਣ ਲੈ, ਚਾਰ ਦਿਨ ਦੀ ਖੇਡ ਸਾਰੀ ਕਲਗੀਆਂ ਇਹ ਖ਼ਾਨਗੀ । ਵੇਖ ਬਾਬਾ ਖੰਭ ਲਾ ਕੇ, ਧਰਮ ਏਥੋਂ ਉਡ ਗਿਆ, ਤੇਰੇ ਘਰ ਵਿੱਚ ਫੇਰ ਹੋ ਗਈ, ਕੂੜ ਦੀ ਪ੍ਰਧਾਨਗੀ । ਤਨ ਵਿਚਾਰਾ ਕੰਬਦਾ ਹੈ, ਡੋਲਦਾ ਪੱਤੇ ਦੇ ਵਾਂਗ, ਕੀਹ ਤਮਾਸ਼ਾ ਕਰ ਰਹੀ ਹੈ, ਰੂਹ ਦੀ ਬੇਗਾਨਗੀ । ਧਰਮ, ਧਰਤੀ, ਮਾਤਬੋਲੀ, ਜਨਣਹਾਰੀ ਸਹਿਕਦੀ, ਭਰਮ ਭਾਂਡੇ ਵਾਂਗ ਹੋ ਗਈ, ਖੋਖਲੀ ਮਰਦਾਨਗੀ ।
ਤੂੰ ਤੇ ਮੈਨੂੰ ਆਪ ਕਿਹਾ ਸੀ
ਤੂੰ ਤੇ ਮੈਨੂੰ ਆਪ ਕਿਹਾ ਸੀ, ਧਰਤੀ ਧਰਮ ਨਿਭਾਈਂ ਰਲ਼ ਕੇ । ਅੱਜ ਹੀ ਤੁਰੀਏ, ਬਹਿ ਨਾ ਝੁਰੀਏ, ਪਛਤਾਈਏ ਕਿਉਂ ਯਾਰੋ ਭਲ਼ ਕੇ । ਮਨ-ਮਸਤਕ ਦੇ ਮਾਣਕ-ਮੋਤੀ, ਪੋਟਲੀਆਂ ਵਿੱਚ ਕੈਦ ਕਰੀਂ ਨਾ, ਇਹ ਪੌਦੇ ਹੀ ਬਿਰਖ਼ ਬਣਨਗੇ, ਮਿਹਨਤ ਦੀ ਮਿੱਟੀ ਵਿੱਚ ਪਲ਼ ਕੇ । ਆ ਵਿਸ਼ਵਾਸ ਦੀ ਉਂਗਲੀ ਫੜੀਏ, ਕਦਮ ਕਦੇ ਗੁਮਰਾਹ ਨਾ ਹੋਵਣ, ਧਰਮ ਥਿੜਕਿਆ ਅਪਣੇ ਪੈਰੋਂ, ਨਫ਼ਰਤ ਦੀ ਅਗਨੀ ਵਿੱਚ ਬਲ਼ ਕੇ । ਕੁਰਸੀ ਨਾਚ ਨਚਾਏ ਕੈਸਾ, ਆਦਮ ਨੱਕ ਨਕੇਲਾਂ ਪਾਈਆਂ, ਬੰਦੇ ਦਾ ਪੁੱਤ ਕੀਹ ਕਰਦਾ ਹੈ, ਸਰਮਾਏ ਦੀ ਜੂਨ 'ਚ ਢਲ਼ ਕੇ । ਪੀੜ ਪਰਬਤੋਂ ਭਾਰੀ ਹੋ ਗਈ, ਪਿਘਲਣ ਦਾ ਕਿਉਂ ਨਾਂ ਨਹੀਂ ਲੈਂਦੀ, ਨਾਗ ਵਲੇਵਾਂ ਪਾ ਬੈਠੀ ਹੈ, ਸਾਹ ਘੁੱਟਦੀ ਹੈ ਸ਼ਾਹਰਗ ਵਲ਼ ਕੇ । ਜ਼ਹਿਰ ਪਰੁੱਚੀ ਪੌਣ ਦਾ ਪਹਿਰਾ, ਰਿਸ਼ਤੇ ਨਾਤੇ ਜਿਉਂ ਅਧਮੋਏ, ਨਸਲਕੁਸ਼ੀ ਵੱਲ ਤੁਰਦੇ ਜਾਈਏ, ਅਕਲ, ਨਾਗਣੀ ਲੈ ਗਈ ਛਲ਼ ਕੇ । ਚੱਲ ਸ਼ੀਸ਼ੇ ਦੇ ਸਨਮੁੱਖ ਹੋਈਏ, ਪਰ ਕੁਝ ਹਟਵਾਂ ਦੂਰ ਖਲੋਈਏ, ਬਹੁਤ ਨੇੜਿਉਂ ਸੱਚ ਨਹੀਂ ਦਿਸਦਾ, ਵਕਤ ਗਵਾਈਏ ਨਾ ਹੁਣ ਟਲ਼ ਕੇ ।
ਟਿਕਿਆ ਰਹਿ ਹਮਦਰਦਾ ਵੱਡਿਆ
ਟਿਕਿਆ ਰਹਿ ਹਮਦਰਦਾ ਵੱਡਿਆ, ਮਰਿਆਂ ਨੂੰ ਨਹੀਂ ਮਾਰੀਦਾ । ਇਹ ਅੰਦਾਜ਼ ਤੂੰ ਕਿੱਥੋਂ ਸਿੱਖਿਆ, ਅਰਥ ਬਦਲਣਾ ਯਾਰੀ ਦਾ । ਬਦਨੀਤਾਂ ਦੀ ਨੀਅਤ ਵੀ ਤਾਂ ਗਲ਼ ਵਿੱਚ ਫਾਹੀਆਂ ਬਣਦੀ ਹੈ, ਜ਼ਾਲਮ ਕਾਰੀਗਰ ਨੇ ਘੜਿਆ, ਇਹ ਜੋ ਦਸਤਾ ਆਰੀ ਦਾ । ਸਾਰੇ ਰਾਹ ਬੰਦ ਹੋਣ ਤੇ ਬੰਦਾ, ਮੌਤ ਗਲੇ ਨੂੰ ਲਾਉਂਦਾ ਹੈ, ਰੂਹ ਤੇ ਭਾਰ ਪਿਆਂ ਦਮ ਘੁਟਦੈ, ਜਦ ਨਹੀਂ ਹੋਰ ਸਹਾਰੀਦਾ । ਕਿੱਥੇ ਬਣੇ ਮੁਨਾਰੇ ਵੇਖੇ, ਲਿੱਸੜੇ ਥੋੜ ਜ਼ਮੀਨਿਆਂ ਦੇ, ਖ਼ਰਚ ਫ਼ਜ਼ੂਲ ਦਾ ਮਿਹਣਾ ਦੇ ਕੇ ਕਰ ਨਾ ਵਾਰ ਕਟਾਰੀ ਦਾ । ਆੜ੍ਹਤੀਆਂ ਤੋਂ ਫੜ ਕੇ ਕਰਜ਼ਾ, ਵੇਲਾਂ ਕੌਣ ਕਰਾ ਲਏਗਾ, ਜਿਸ ਕੋਲੋਂ ਅੱਜ ਤੀਕ ਨਾ ਸਰਿਆ, ਬੂਹਾ ਇੱਕ ਅਲਮਾਰੀ ਦਾ । ਤੂੰ ਗੀਤਾਂ ਵਿੱਚ ਜੋ ਕੁਝ ਵੇਖੇਂ, ਉਸ ਵਿੱਚ ਸਾਡਾ ਕੁਝ ਵੀ ਨਾ, ਉਹ ਤਾਂ ਸਾਰੇ ਪੱਖ ਪੂਰਦੇ, ਮੰਡੀ ਅੱਤਿਆਚਾਰੀ ਦਾ । ਧੀ ਦਾ ਡੋਲਾ ਤੋਰਨ ਜੋਗਾ, ਜੇਕਰ ਹੁੰਦਾ ਧਰਮੀ ਬਾਪ, ਇੱਕੋ ਥਾਂ ਕਿੰਜ ਅੜਦਾ ਦੰਦਾ, ਉਸਦੀ ਮੌਤ ਗਰਾਰੀ ਦਾ ।
ਗਰਦ ਗੁਬਾਰ ਹਨੇਰ ਚੁਫ਼ੇਰਾ
ਗਰਦ ਗੁਬਾਰ ਹਨੇਰ ਚੁਫ਼ੇਰਾ ਹਿੰਮਤ ਕਰਕੇ ਹੂੰਝੋ ਯਾਰ! ਮਨ ਮਸਤਕ ਨੂੰ ਰੌਸ਼ਨ ਕਰਕੇ, ਕਾਲਾ ਟਿੱਕਾ ਪੂੰਝੋ ਯਾਰ! ਰਾਜੇ ਤੇ ਮਹਾਰਾਜੇ ਜਿਹੜੇ ਬਿਲਕੁਲ ਸੁਣਨਾ ਚਾਹੁੰਦੇ ਨਾ, ਇਨਕਲਾਬ ਦਾ ਨਾਅਰਾ ਲਾ ਕੇ ਕੂੜ ਕਬਾੜਾ ਪੂੰਝੋ ਯਾਰ! ਇਸ ਧਰਤੀ ਨੇ ਬੰਧਨ ਤੋੜੇ, ਮੋੜੇ ਨੇ ਮੂੰਹ ਜਾਬਰ ਦੇ, ਜਬਰ ਜ਼ੁਲਮ ਦੇ ਕਾਲੇ ਅੱਖਰ, ਜੋ ਲਿਖਦੇ ਨੇ ਪੂੰਝੋ ਯਾਰ । ਜ਼ਾਲਮ ਪੰਜਾ ਹਰ ਵਾਰੀ ਹੀ, ਸਾਡੇ ਮੂੰਹ ਨੂੰ ਝਪਟ ਰਿਹਾ, ਧਰਮ ਤਰਾਜ਼ੂ ਕਹਿ ਜੋ ਠਗਦੇ, ਸਭ ਵਣਜਾਰੇ ਹੂੰਝੋ ਯਾਰ! ਪੰਜੀਂ ਸਾਲੀਂ ਕਰਨ ਨੀਲਾਮੀ, ਲੋਕ ਰਾਜ ਦੇ ਨਾਂ ਥੱਲੇ, ਵਿਕਣ ਵਾਲਿਓ! ਵਿਕ ਨਾ ਜਾਇਉ, ਇਹ ਗੱਲ ਮਨ 'ਚੋਂ ਪੂੰਝੋ ਯਾਰ! ਆਦਿ ਜੁਗਾਦੋਂ ਪਾਲਣਹਾਰੀ, ਸਾਡੀ ਸਭ ਦੀ ਮਾਂ ਧਰਤੀ, ਇਸ ਦੀ ਅਜ਼ਮਤ ਨਾਲ ਖੇਡਦੇ, ਦਾਨਵ-ਪੰਥੀ ਹੂੰਝੋ ਯਾਰ! ਮਾਲ ਖ਼ਜ਼ਾਨੇ ਇਸ ਧਰਤੀ ਦੇ, ਦੋਹੀਂ ਹੱਥੀਂ ਲੁੱਟਦੇ ਨੇ, ਮੜਕਾਂ ਵਾਲਿਓ! ਬੜ੍ਹਕ ਮਾਰ ਕੇ, ਦੇਰ ਨਾ ਲਾਉ ਪੂੰਝੋ ਯਾਰ!
ਦਿਲ ਦਾ ਕਮਾਲ ਵੇਖ
ਦਿਲ ਦਾ ਕਮਾਲ ਵੇਖ, ਪਹਿਲਾਂ ਤਾਂ ਨਹੀਂ ਬੋਲ਼ਦਾ । ਜਦੋਂ ਮੁਸਕਾਵੇਂ, ਅੱਗੋਂ ਪਾਰੇ ਵਾਂਗੂੰ ਡੋਲ਼ਦਾ । ਸੂਰਜੇ ਦੀ ਜਾਈਏ, ਲਿਸ਼ਕੋਰ ਤੇਰੇ ਨੂਰ ਦੀ, ਰਾਤ ਦੇ ਹਨ੍ਹੇਰਿਆਂ 'ਚੋਂ ਰਹਾਂ ਤੈਨੂੰ ਟੋਲ਼ਦਾ । ਤੇਰੇ ਅੱਗੇ ਟੁੱਟ ਗਿਆ, ਚੁੱਪ ਵਾਲਾ ਜੰਦਰਾ, ਜਣੇ ਖਣੇ ਅੱਗੇ ਮੈਂ ਵੀ ਚਿੱਤ ਨਹੀਂ ਫ਼ਰੋਲਦਾ । ਤੇਰੇ ਬਿਨਾ ਕਿਸੇ ਦਾ ਮੁਰੀਦ ਨਾ ਮੈਂ ਅੱਜ ਤੀਕ, ਮੋਤੀਆਂ ਦੇ ਥਾਲ ਐਵੇਂ ਮਿੱਟੀ 'ਚ ਨਹੀਂ ਰੋਲ਼ਦਾ । ਤੂੰ ਤੇ ਮੈਥੋਂ ਦੂਰ ਕਿੰਨੀ ਦੇਰ ਹੋਈ ਤੁਰ ਗਈ, ਯਾਦਾਂ ਵਾਲੀ ਗਠੜੀ ਮੈਂ ਕੀਹਦੇ ਅੱਗੇ ਫ਼ੋਲਦਾ । ਸਮਿਆਂ ਦੇ ਨਾਗ ਸ਼ੀਸ਼ੇ ਉੱਤੇ ਡੰਗ ਮਾਰਿਆ, ਆਪਣਾ ਵਜੂਦ ਵੇਖ, ਵਿੱਸ ਬੜੀ ਘੋਲ਼ਦਾ । ਤੇਰੀ ਹੀ ਸੁਣਾਈ ਗੱਲ ਹਾਲੇ ਕੰਨੀਂ ਗੂੰਜਦੀ, ਸਮਾਂ ਕਦੇ ਤੱਕੜੀ 'ਚ ਵਸਤਾਂ ਨਹੀਂ ਤੋਲਦਾ ।
ਉਮਰ ਗੁਜ਼ਾਰੀ ਜਿੰਨ੍ਹਾਂ ਸਾਰੀ
ਉਮਰ ਗੁਜ਼ਾਰੀ ਜਿੰਨ੍ਹਾਂ ਸਾਰੀ, ਵਤਨ ਮੇਰਾ ਬਰਬਾਦ ਕਰਦਿਆਂ । ਸ਼ਰਮ ਕਿਉਂ ਨਹੀਂ ਮੰਨਦੇ ਨੇਤਾ, ਭਗਤ ਸਰਾਭੇ ਯਾਦ ਕਰਦਿਆਂ । ਹੱਕ ਸੱਚ ਤੇ ਇਨਸਾਫ਼ ਦਾ ਨਕਸ਼ਾ, ਵਾਹਿਆ ਜਿਹੜਾ ਸੂਰਮਿਆਂ ਸੀ, ਠੇਕੇਦਾਰਾਂ ਬਦਲ ਲਿਆ ਹੈ, ਬੇਗਮਪੁਰਾ ਆਬਾਦ ਕਰਦਿਆਂ । ਆਪੇ ਹੀ ਬਣ ਬੈਠੇ ਬਾਪੂ, ਆਪੇ ਚਾਚੇ, ਹੋਰ ਬੜਾ ਕੁਝ, ਕੁੜਮ ਕਬੀਲਾ ਜਾਣ ਵਧਾਈ, ਖ਼ੁਦ ਨੂੰ ਜ਼ਿੰਦਾਬਾਦ ਕਰਦਿਆਂ । ਚਿੱਟਾ ਭਾਵੇਂ ਨੀਲਾ ਪੀਲਾ, ਜ਼ਹਿਰੀਲਾ ਹੈ ਵਿਸ਼ੀਅਰ ਲਾਣਾ, ਸੂਹੇ ਖ਼ੂਨ 'ਚ ਰਲੀ ਸਫ਼ੈਦੀ, ਝਿਜਕਾਂ, ਮੁਰਦਾਬਾਦ ਕਰਦਿਆਂ । ਪੱਥਰ ਚਿੱਤ ਭਗਵਾਨ, ਹਕੂਮਤ, ਨਹੀਂ ਗੌਲਦੇ ਅਰਜ਼ੀ ਪੱਤਰ, ਉਮਰ ਗਵਾਈ ਫਿਰ ਵੀ ਆਪਾਂ, ਹੁਣ ਤੀਕਰ ਧੰਨਵਾਦ ਕਰਦਿਆਂ । ਕੱਚੇ ਕੋਠੀਂ ਸੱਖਣੇ ਪੀਪੇ, ਬਿਨਾ ਇਲਾਜੋਂ ਖ਼ਾਲੀ ਖੀਸੇ, ਮੁੱਕ ਚੱਲੇ ਨੇ ਅੱਥਰੂ, ਅੱਖੀਉਂ, ਰੋ ਰੋ ਕੇ ਫ਼ਰਿਆਦ ਕਰਦਿਆਂ । ਕਵਿਤਾ, ਗ਼ਜ਼ਲਾਂ, ਗੀਤ, ਰੁਬਾਈਆਂ, ਲਿਖਦਾ ਹਾਂ ਮੈਂ ਲੋਕਾਂ ਭਾਣੇ, ਮੈਂ ਤਾਂ ਕਲਮ ਘਸਾਈ ਸਾਰੀ ਪੀੜਾਂ ਦਾ ਅਨੁਵਾਦ ਕਰਦਿਆਂ ।
ਮਾਂ ਧਰਤੀ, ਜਣਨੀ, ਮਾਂ ਬੋਲੀ
ਮਾਂ ਧਰਤੀ, ਜਣਨੀ, ਮਾਂ ਬੋਲੀ, ਜਿੱਸਰਾਂ ਆਪਾਂ ਭੁੱਲ ਚੱਲੇ ਆਂ । ਕੱਲ੍ਹ ਦੀ ਛੱਡੋ, ਅੱਜ ਹੀ ਆਪਾਂ ਕੱਖਾਂ ਵਾਂਗਰ ਰੁਲ਼ ਚੱਲੇ ਆਂ । ਸਿਰ ਸੀ ਭਾਰੀ ਜ਼ੁੰਮੇਵਾਰੀ, ਖਿਸਕਦਿਆਂ ਗੰਢ ਖਿਸਕੀ ਐਸੀ, ਵਿੱਚ ਦਰਿਆ ਦੇ, ਤੂੜੀ ਦੀ ਪੰਡ ਵਾਂਗ ਭਰਾਓ ਖੁੱਲ੍ਹ ਚੱਲੇ ਆਂ । ਅੱਠ ਸਦੀਆਂ ਤੋਂ ਪਹਿਲਾਂ ਬਾਬੇ ਕਾਲੇ ਲੇਖ ਨਾ ਲਿਖ ਸਮਝਾਇਆ, ਨੀਂਦ ਪਿਆਰੀ, ਅਰਥ ਗੁਆਚੇ, ਅਸਲ ਸੁਨੇਹਾ ਭੁੱਲ ਚੱਲੇ ਆਂ । ਸਾਡੇ ਨਾਲੋਂ ਸ਼ਾਹੀ ਮੂਰਖ਼, ਧਰਤੀ ਤੇ ਨਹੀਂ ਲੱਭਿਆਂ, ਮਿਲਣਾ, ਮਹਿੰਗੇ ਮੁੱਲ ਦੀ ਸਿੱਖਿਆ ਬਦਲੇ, ਅੱਥਰੂ ਬਣ ਕੇ ਡੁੱਲ੍ਹ ਚੱਲੇ ਆਂ । ਪਹਿਲਾਂ ਕਣੀਆਂ, ਫੇਰ ਹਨ੍ਹੇਰੀ, ਜੜ੍ਹਾਂ ਪੋਲੀਆਂ ਹਿੱਲ ਗਈਆਂ ਨੇ, ਝਾੜ ਭਲਾ ਕੀ ਮਿਲਣਾ ਸਾਨੂੰ, ਕਣਕ ਦੇ ਵਾਂਗੂੰ ਹੁੱਲ ਚੱਲੇ ਆਂ । ਸਾਥੋਂ ਪਹਿਲਿਆਂ ਸਾਨੂੰ ਦੱਸਿਆ ਸੱਚ ਦਾ ਮਾਰਗ ਧਰਮ ਦੀ ਪੌੜੀ, ਕੂੜ ਕੁਫ਼ਰ ਦਾ ਵਣਜ ਕਰਦਿਆਂ, ਦੀਵੇ ਕਰਕੇ ਗੁੱਲ ਚੱਲੇ ਆਂ । ਸਰਮਾਏ ਦੀਆਂ ਚੜ੍ਹੀਆਂ ਕਾਂਗਾਂ, ਸ਼ਰਮ ਧਰਮ ਸਭ ਬਣੇ ਵਿਕਾਊ, ਮਿੱਟੀ ਦੇ ਬੁੱਕ ਪਿੱਛੇ ਆਪਾਂ, ਕਿਸ ਤੱਕੜੀ ਵਿੱਚ ਤੁੱਲ ਚੱਲੇ ਆਂ ।
ਐ ਦਿਲਾ! ਜਦ ਤੱਕ ਤੁਰੇਂਗਾ
ਐ ਦਿਲਾ! ਜਦ ਤੱਕ ਤੁਰੇਂਗਾ, ਰੌਸ਼ਨੀ ਦੇ ਨਾਲ ਨਾਲ । ਨਾ ਕਦੇ ਗੁੰਮਰਾਹ ਕਰੇਗਾ, ਕਿਸਮਤਾਂ ਦਾ ਭਰਮ ਜਾਲ । ਜ਼ਿੰਦਗੀ ਤੇਰਾ ਵੀ ਕਰਜ਼ਾ, ਸਿਰ ਖੜ੍ਹਾ ਚਿਰ ਕਾਲ ਤੋਂ, ਇਸ ਜਨਮ ਕਿੱਦਾਂ ਉਤਾਰਾਂ, ਇਹ ਬੜਾ ਔਖਾ ਸਵਾਲ । ਦੋਸਤੀ ਦੀ ਮਹਿਕ ਸੁੱਚੀ, ਵੇਖ ਨਾ ਮਹਿਸੂਸ ਕਰ, ਘਰ ਦੇ ਅੰਦਰ ਲਾ ਲਿਆ ਕਰ, ਨਰਗਸੀ ਫੁੱਲਾਂ ਦੀ ਡਾਲ । ਤੂੰ ਮੇਰੇ ਸਾਹਾਂ 'ਚ ਖਿੜ ਜਾ, ਚਾਂਦਨੀ ਦੀ ਵੇਲ ਵਾਂਗ, ਪੌਣ ਗਾਉਂਦੀ ਵੇਖ ਲਈਂ ਫਿਰ, ਨੱਚਦੀ ਪਾਉਂਦੀ ਧਮਾਲ । ਇਹ ਕਦੇ ਉਪਰਾਮ ਨਾ ਹੋਇਆ, ਕਦੇ ਨਾ ਡੋਲਿਆ, ਸਾਥ ਮੇਰਾ ਦਿਲ ਨਿਭਾਇਆ, ਕੀ ਕਹਾਂ, ਬੱਸ, ਬੇਮਿਸਾਲ । ਮੈਂ ਤੁਰਾਂਗਾ ਰੋਜ਼ ਅੱਗੇ, ਹੋਰ ਅੱਗੇ ਸੇਧ ਨਾਲ, ਮੈਂ ਕਦੇ ਕੀਤਾ ਨਹੀਂ ਜੀ, ਇੱਕ ਥਾਂ ਤੇ ਕਦਮ ਤਾਲ । ਏਸ ਧਰਤੀ ਦੀ ਲਿਆਕਤ ਤੇ ਨਜ਼ਾਕਤ ਸਾਂਭ ਲੈ, ਪੂਰਬੀ ਨੁੱਕਰ 'ਚ ਚੜ੍ਹਿਆ, ਵੇਖ ਸੂਰਜ ਦਾ ਜਲਾਲ ।
ਸੂਰਜ ਜਾਣ ਤੋਂ ਮਗਰੋਂ ਤਾਂ ਬੱਸ
ਸੂਰਜ ਜਾਣ ਤੋਂ ਮਗਰੋਂ ਤਾਂ ਬੱਸ ਕੁਝ ਪਲ ਲੱਗਦੇ ਰਾਤ ਬਣਨ ਲਈ । ਚੀਰ ਹਨ੍ਹੇਰਾ ਚਾਨਣ ਆਵੇ, ਸਾਡੀ ਸ਼ੁਭ ਪਰਭਾਤ ਬਣਨ ਲਈ । ਵਕਤ ਦੀਆਂ ਅੱਖਾਂ ਵਿੱਚ ਤੱਕਣਾ, ਸੱਚ ਤੇ ਪਹਿਰਾ ਦੇਣਾ ਪੈਂਦਾ, ਜ਼ਹਿਰ ਪਿਆਲਾ ਸ਼ਰਤ ਜ਼ਰੂਰੀ ਬੰਦੇ ਤੋਂ ਸੁਕਰਾਤ ਬਣਨ ਲਈ । ਧਰਤੀ-ਧਰਮ ਅਜ਼ਲ ਤੋਂ ਏਹੀ, ਨਿਰਭਉ ਤੇ ਨਿਰਵੈਰ ਸਲੀਕਾ, ਸੀਸ ਤਲੀ ਤੇ ਧਰਨਾ ਲਾਜ਼ਿਮ, ਸੂਰਮਿਆਂ ਦੀ ਜ਼ਾਤ ਬਣਨ ਲਈ । ਜ਼ਿੰਦਗੀ ਤੇਰੇ ਤੀਕ ਰਸਾਈ, ਸੱਚ ਮੰਨੀਂ ਤੂੰ ਸਹਿਲ ਨਹੀਂ ਸੀ, ਵਿੰਗ ਤੜਿੰਗੇ ਮੋੜ ਬੜੇ ਸੀ, ਇਹ ਮੇਰੀ ਔਕਾਤ ਬਣਨ ਲਈ । ਕਲਮਾਂ ਨੂੰ ਵੀ ਸਿਰ ਕਟਵਾ ਕੇ ਸ਼ਬਦ-ਸਵਾਰੀ ਦਾ ਹੱਕ ਮਿਲਦੈ, ਤੇਜ਼ ਧਾਰ ਤੇ ਤੁਰਨਾ ਪੈਂਦਾ, ਲੋਕ ਮਨਾਂ ਦੀ ਬਾਤ ਬਣਨ ਲਈ । ਸਾਰਾ ਕੁਝ ਹੀ ਵੈਰੀਆਂ ਨੇ ਤਾਂ ਸਾਡੇ ਮੱਥੇ ਤੇ ਨਹੀਂ ਲਿਖਿਆ, ਸਾਡੀ ਗਫ਼ਲਤ ਵੀ ਕੁਝ ਸ਼ਾਮਿਲ, ਏਦਾਂ ਦੇ ਹਾਲਾਤ ਬਣਨ ਲਈ । ਪੱਥਰ-ਮਨ ਜਜ਼ਬਾਤ ਵਿਹੂਣਾ ਕਿੰਜ ਪਿਘਲੇਗਾ ਖ਼ੁਦ ਸਮਝਾਓ, ਦਰਦ ਸਮੁੰਦਰ ਜਲ ਕਣ ਦੇਵੇ, ਹੰਝੂਆਂ ਨੂੰ ਬਰਸਾਤ ਬਣਨ ਲਈ ।
ਦਰਦ ਸਿਆਹੀ ਨਾਲ ਤੂੰ
ਦਰਦ ਸਿਆਹੀ ਨਾਲ ਤੂੰ ਲੀਕਾਂ ਵਾਹੀਆਂ ਨੇ । ਦਿਲ ਤੇ ਅੱਖੀਆਂ ਦੋਵੇਂ ਹੀ ਭਰ ਆਈਆਂ ਨੇ । ਮੱਥਾ ਟਸ ਟਸ ਕਰਦੈ ਕਹਿ ਕੁਝ ਸਕਦਾ ਨਾ, ਰੂਹ ਦੇ ਬਾਗੀਂ ਕੋਇਲਾਂ ਵੀ ਕੁਰਲਾਈਆਂ ਨੇ । ਬਿਨ ਬੂਹੇ ਤੇ ਦਸਤਕ, ਪੋਲੇ ਪੈਰੀਂ ਇਹ, ਰੀਝਾਂ ਮਨ ਵਿੱਚ ਕਦੋਂ ਪ੍ਰਾਹੁਣੀਆਂ ਆਈਆਂ ਨੇ । ਮੈਂ ਇਨ੍ਹਾਂ ਨੂੰ ਕਿਵੇਂ ਕਹਿ ਦਿਆਂ ਤੁਰ ਜਾਵੋ, ਪੀੜਾਂ ਮੇਰੀ ਮਾਂ ਜਾਈਆਂ ਹਮਸਾਈਆਂ ਨੇ । ਸੱਜਰੀ ਪੌਣ ਦਾ ਬੁੱਲਾ ਤੇਰੀ ਹਸਤੀ ਹੈ, ਸੁਰਖ਼ ਗੁਲਾਬਾਂ ਇਹ ਬਾਤਾਂ ਸਮਝਾਈਆਂ ਨੇ । ਤੇਰੇ ਹਾਉਕੇ ਅੰਦਰ ਮੈਂ ਹੀ ਹਾਜ਼ਰ ਸੀ, ਇਹ ਰਮਜ਼ਾਂ ਸਭ ਅੱਖੀਆਂ ਨੇ ਉਲਥਾਈਆਂ ਨੇ । ਦਿਲ ਦਰਵਾਜ਼ੇ ਖੁੱਲ੍ਹੇ ਨੇ ਤੂੰ ਲੰਘ ਵੀ ਆ, ਤੇਰੀ ਖ਼ਾਤਰ ਨਜ਼ਰਾਂ ਫੇਰ ਵਿਛਾਈਆਂ ਨੇ ।
ਇਸ ਧਰਤੀ ਤੇ ਵਿਰਲੇ ਵਿਰਲੇ
ਇਸ ਧਰਤੀ ਤੇ ਵਿਰਲੇ ਵਿਰਲੇ ਸੰਕਟ ਸਮੇਂ ਸਹਾਰੇ ਬਣਦੇ । ਓਹੀ ਸੁਣਿਐਂ, ਅੰਬਰੀਂ ਜਾ ਕੇ ਸੂਰਜ, ਚੰਨ ਜਾਂ ਤਾਰੇ ਬਣਦੇ । ਆਪਣੀ ਅੱਗ ਵਿੱਚ ਆਪੇ ਸੜ ਕੇ, ਵਕਤ ਗੁਆਚਾ, ਹੱਥ ਨਾ ਆਏ, ਓਹੀ ਪਲ ਤਾਂ ਵੀਰ ਮੇਰਿਆ, ਹੱਡੀਆਂ ਦੇ ਵਿੱਚ ਪਾਰੇ ਬਣਦੇ । ਚੀਰੀ ਜਾਵੇ ਤਨ ਦੀ ਗੇਲੀ, ਦੂਜੇ ਕੰਨ ਆਵਾਜ਼ ਨਾ ਪਹੁੰਚੇ, ਬਾਗ ਬਗੀਚੇ ਢੇਰ ਕਰਨ ਲਈ, ਸ਼ਿਕਵੇ ਰੋਸੇ ਆਰੇ ਬਣਦੇ । ਨਿੱਕੀਆਂ ਨਿੱਕੀਆਂ ਗੰਢਾਂ ਬੰਨ੍ਹ ਕੇ, ਮਨ ਮੰਦਰ ਵਿੱਚ ਰੱਖਿਆ ਨਾ ਕਰ, ਸਫ਼ਰ ਸਮੇਂ ਇਹ ਬਹੁਤੇ ਨਗ ਵੀ ਬੰਦੇ ਖ਼ਾਤਰ ਭਾਰੇ ਬਣਦੇ । ਤੇਰੀ ਛਤਰੀ ਸਬਜ਼ ਕਬੂਤਰ, ਚੋਗ ਚੁਗਣ ਲਈ ਬੈਠੇ ਜਿਹੜੇ, ਉੱਡ ਜਾਣੇ ਨੇ, ਦਾਣੇ ਚੁਗ ਕੇ ਜਿਹੜੇ ਬਹੁਤ ਦੁਲਾਰੇ ਬਣਦੇ । ਧਨਵੰਤੇ ਪਤਵੰਤੇ ਜਿੱਥੇ, ਕਲਾਵੰਤ ਗੁਣਵੰਤੇ ਰੁਲਦੇ, ਘਰ ਤੇ ਵਤਨ ਉਜਾੜਨ ਖ਼ਾਤਰ, ਏਹੀ ਪਲ ਅੰਗਿਆਰੇ ਬਣਦੇ । ਕੂੜ ਕੁਫ਼ਰ ਦੇ 'ਨ੍ਹੇਰੇ ਅੰਦਰ, ਤੂੰ ਜੋ ਕਰਦੈਂ ਤਖ਼ਤ ਨਸ਼ੀਨਾ, ਵਕਤ ਕਚਹਿਰੀ ਦੇ ਵਿੱਚ ਬੀਬਾ, ਅਸਲ ਗਵਾਹ ਤਾਂ ਕਾਰੇ ਬਣਦੇ ।
ਮਿਲਦਿਆਂ ਤੈਨੂੰ ਮੇਰਾ ਕੈਸਾ
ਮਿਲਦਿਆਂ ਤੈਨੂੰ ਮੇਰਾ ਕੈਸਾ ਮੁਕੱਦਰ ਹੋ ਗਿਆ । ਪਿਆਰ ਕਤਰਾ ਮਿਲ ਗਿਆ, ਮੈਂ ਵੀ ਸਮੁੰਦਰ ਹੋ ਗਿਆ । ਮੇਰਿਆਂ ਖ਼੍ਵਾਬਾਂ ਚ ਤੂੰ ਜਾਂ ਰਾਤ ਰਾਣੀ ਮਹਿਕਦੀ, ਮੇਰੇ ਚਾਅ ਦਾ ਕੱਦ ਵੀ ਤੇਰੇ ਬਰਾਬਰ ਹੋ ਗਿਆ । ਮੇਰੀ ਰੂਹ ਦਾ ਸਿਦਕ ਵੀ ਅੱਜ ਮੌਲਿਆ ਬਣ ਕੇ ਬਹਾਰ, ਸੋਨੇ ਰੰਗੀ ਧਰਤ ਦਾ, ਜੀਕੂੰ ਸਵੰਬਰ ਹੋ ਗਿਆ । ਮਿਲ ਗਈ ਪਰਵਾਜ਼ ਮੈਨੂੰ, ਖੰਭ ਲਾਉਂਦੇ ਤਾਰੀਆਂ, ਮਿਲ ਗਿਆ ਏ ਸਾਥ ਤੇਰਾ, ਮੈਂ ਵੀ ਅੰਬਰ ਹੋ ਗਿਆ । ਮੇਰਿਆਂ ਨੈਣਾਂ ਚੋਂ ਹੰਝੂ, ਖ਼ੁਸ਼ਕ ਹੋਣੋਂ ਬਚ ਗਏ, ਮਿਲਣ ਦਾ ਇਕਰਾਰ ਹੀ ਅਸਲੀ ਪੈਗੰਬਰ ਹੋ ਗਿਆ । ਤੂੰ ਖਲੋਤੇ ਪਾਣੀਆਂ ਤੇ ਨਜ਼ਰ ਕੀਤੀ, ਬਾ ਕਮਾਲ, ਬਹੁਤ ਗੰਧਲੀ ਝੀਲ ਦਾ ਪਾਣੀ ਵੀ ਸਰਵਰ ਹੋ ਗਿਆ । ਸੁਰ ਮਿਲੇ ਸ਼ਬਦਾਂ ਨੂੰ ਸੰਗੀ, ਤਾਲ ਵੀ ਨੇ ਆ ਜੁੜੇ, ਖੌਲਦਾ ਮਨ ਭਟਕਦਾ ਸੀ, ਸ਼ਾਂਤ ਸਾਗਰ ਹੋ ਗਿਆ ।
ਇੱਕ ਅੱਧ ਬੋਲ ਸੁਣਾ ਦੇ ਮੈਨੂੰ
ਇੱਕ ਅੱਧ ਬੋਲ ਸੁਣਾ ਦੇ ਮੈਨੂੰ ਹਾਲੇ ਦਿਲ ਨਹੀਂ ਭਰਿਆ ਯਾਰ । ਇਕਲਾਪੇ ਦਾ ਬੋਝ ਮੇਰੇ ਤੋਂ, ਹੋਰ ਨਾ ਜਾਵੇ ਜਰਿਆ ਯਾਰ । ਜਿਵੇਂ ਸ਼ਰੀਂਹ ਦੀਆਂ ਫ਼ਲੀਆਂ ਛਣਕਣ ਪੌਣ ਵਗੇ ਘੁੰਗਰਾਲਾਂ ਵਾਂਗ, ਹਾਸੇ ਦੀ ਛਣਕਾਰ 'ਚ ਕੀ ਤੂੰ, ਦੱਸ ਦੇ, ਜਾਦੂ ਭਰਿਆ ਯਾਰ । ਚੂਸ ਲਵਾਂ ਸਭ ਤਲਖ਼ੀਆਂ ਤੇਰੇ ਮੱਥੇ ਅੰਦਰੋਂ ਦਿਲ ਕਰਦੈ, ਏਸ ਜਗ੍ਹਾ ਨਾ ਸ਼ਿਕਵਾ ਮੈਥੋਂ, ਹੁਣ ਨਾ ਜਾਵੇ ਜਰਿਆ ਯਾਰ । ਹਰ ਵਾਰੀ, ਹਰ ਥਾਂ ਨਾ ਦਰਦ ਸੁਣਾਇਆ ਜਾਵੇ ਸਭਨਾਂ ਨੂੰ, ਅੱਜ ਅਚਾਨਕ ਉੱਛਲਿਆ ਹੈ, ਜੋ ਮਨ ਰਹਿੰਦਾ ਭਰਿਆ ਯਾਰ । ਉੱਪਰ ਥੱਲੇ ਮੇਰੇ ਕਿਉਂ ਨੇ, ਸਹਿਮੇ ਹੋਏ ਧਰਤ ਆਕਾਸ਼, ਹਰ ਚਿਹਰਾ ਹੀ ਜ਼ਰਦ ਭੂਕ ਹੈ, ਹੋਵੇ ਜੀਕੂੰ ਡਰਿਆ ਯਾਰ । ਤੂੰ ਹੋਵੇਂ ਤਾਂ ਅਗਨੀ ਵੀ ਹਮਰਾਜ਼ ਵਾਂਗਰਾਂ ਲੱਗਦੀ ਹੈ, 'ਕੱਲ੍ਹਿਆਂ ਬਹੁਤ ਮੁਹਾਲ ਅਗਨ ਦਾ ਮੈਂ ਦਰਿਆ ਹੈ ਤਰਿਆ ਯਾਰ । ਗਲਵੱਕੜੀ ਵਿੱਚ ਉਹ ਪਲ ਸਾਰੇ, ਕੱਸਣੇ ਚਾਹਾਂ ਮੁੜ ਕੇ ਫੇਰ, ਇਤਰ ਸਰੋਵਰ ਨੂੰ ਜਦ ਆਪਾਂ, ਰਲ ਕੇ ਸੀ ਜਦ ਤਰਿਆ ਯਾਰ ।
ਟਾਹਲੀ ਤੂਤ ਫੁਟਾਰਾ ਫੁੱਟਿਆ
ਟਾਹਲੀ ਤੂਤ ਫੁਟਾਰਾ ਫੁੱਟਿਆ ਵੇਖ ਮਹੀਨਾ ਚੇਤਰ ਚੜ੍ਹਿਆ । ਪੱਤਝੜ ਮਗਰੋਂ ਰੂਹ ਦੇ ਸਾਈਂਆਂ ਤੂੰ ਵੀ ਤਾਂ ਮਿਲ ਜਾ ਵੇ ਅੜਿਆ । ਚੁੱਪ ਦੇ ਜੰਗਲ ਦਿਨ ਤੇ ਰਾਤਾਂ ਸ਼ਾਮ ਸਵੇਰਾਂ, ਕੀ ਤੂੰ ਕਰਦੈਂ, ਰੂਹ ਤੇ ਦਸਤਕ ਦੇ ਦੇ ਪਰਤੇਂ ਇਹ ਤੂੰ ਵਰਕਾ ਕਿੱਥੋਂ ਪੜ੍ਹਿਆ । ਲੱਸੀ ਨੂੰ ਵੀ ਮਾਰੇਂ ਫੂਕਾਂ ਏਨਾ ਵੀ ਦੱਸ ਡਰ ਕੀ ਹੋਇਆ, ਹੋਠ ਛੁਹਾ ਕੇ ਰੂਹ ਨੂੰ ਸਿੰਜ ਲੈ ,ਝਿਜਕ ਰਿਹੈਂ ਕਿਉਂ, ਦੁੱਧ ਦਾ ਸੜਿਆ । ਕਣਕਾਂ ਹੋਈਆਂ ਸੋਨ ਸੁਨਹਿਰੀ ਸਿੱਟਿਆਂ ਦੇ ਮੂੰਹ ਦਾਣੇ ਮੋਤੀ, ਬੱਲੀਆਂ ਦੇ ਵਿੱਚ ਜੜ ਕੇ ਮਾਣਕ, ਇਸ ਨੂੰ ਕਿੰਜ ਸੁਨਿਆਰੇ ਘੜਿਆ । ਉੱਖਲੀ ਦੇ ਵਿੱਚ ਸਿਰ ਸੀ ਮੇਰਾ ਸਖ਼ਤ ਮੇਰੀ ਹਸਤੀ ਦੇ ਕਰਕੇ, ਵਕਤ ਲਿਹਾਜ਼ ਨਾ ਕੀਤਾ ਮੇਰਾ ਮੋਹਲੇ ਮਾਰ ਮਾਰ ਕੇ ਛੜਿਆ । ਤੋੜ ਰਹੇ ਨੇ ਫੁੱਲ ਤੇ ਕਲੀਆਂ ਵਣਜਾਂ ਖ਼ਾਤਰ ਚੁਸਤ ਫੁਲੇਰੇ, ਟਾਹਣੀ ਟਾਹਣੀ ਖ਼ੁਸ਼ਬੂ ਪੁੱਛਦੀ, ਕਿਰਨ ਮ ਕਿਰਨੀ ਕਿਹੜਾ ਝੜਿਆ । ਮੈਂ ਉਹ ਯੁੱਧ ਲੜਨ ਦੀ ਖ਼ਾਤਰ, ਰਣ ਭੂਮੀ ਵਿੱਚ ਪਹੁੰਚ ਗਿਆ ਹਾਂ, ਆਪਣੇ ਉਲਟ ਲੜਾਈ ਹੈ ਇਹ, ਜੋ ਸੀ ਮੈਂ ਅੱਜ ਤੀਕ ਨਾ ਲੜਿਆ । ਮੋਹ ਤੇਰੇ ਦੀ ਸੁਰਮ ਸਲਾਈ ਪਾ ਨੈਣਾਂ ਵਿੱਚ ਹੋਇਆ ਚਾਨਣ, ਦਿਲ ਦਰਵਾਜ਼ੇ ਅੰਦਰ ਤੱਕ ਤੂੰ, ਮੁੰਦਰੀ ਸੁਰਖ਼ ਨਗੀਨਾ ਜੜਿਆ । ਵੇਖੀਂ ਰਾਹ ਵਿਚਕਾਰ ਨਾ ਛੱਡੀਂ ਕੱਲ੍ਹਿਆਂ ਮੈਂ ਰਾਹ ਭੁੱਲ ਜਾਵਾਂਗਾ, ਰੱਬ ਤੋਂ ਵੱਧ ਵਿਸ਼ਵਾਸ ਪਾਤਰਾ, ਯਾਦ ਤੇਰੀ ਦਾ ਪੱਲੂ ਫੜਿਆ ।
ਅੱਗ ਨਾਲ ਖੇਡੀਏ
ਅੱਗ ਨਾਲ ਖੇਡੀਏ ਅੰਗਾਰਾਂ ਨਾਲ ਖੇਡੀਏ । ਆ ਜਾ ਕਦੇ ਸੋਹਣਿਆ, ਵਿਚਾਰਾਂ ਨਾਲ ਖੇਡੀਏ । ਤੈਨੂੰ ਮੈਨੂੰ ਰੋਕਦੀਆਂ, ਨਜ਼ਰਾਂ ਮਿਲਾਉਣ ਤੋਂ, ਕਾਹਨੂੰ ਸੜ ਜਾਣੀਆਂ ਦੀਵਾਰਾਂ ਨਾਲ ਖੇਡੀਏ । ਸ਼ਿਕਰੇ ਤੇ ਬਾਜ਼ ਦੋਵੇਂ ਮਹਿਲਾਂ ਪੱਲੇ ਰਹਿਣ ਦੇ, ਆ ਜਾ ਦੋਵੇਂ ਘੁੱਗੀਆਂ, ਗੁਟਾਰਾਂ ਨਾਲ ਖੇਡੀਏ । ਜੋੜਦੇ ਨਾ, ਤੋੜਦੇ ਨੇ, ਕਹਿਰਵਾਨ ਬਾਗਬਾਨ, ਖਿੜੇ ਹੋਏ ਫੁੱਲਾਂ ਗੁਲਜ਼ਾਰਾਂ ਨਾਲ ਖੇਡੀਏ । ਅੱਥਰੀ ਬੰਦੂਕ ਦਿਆਂ ਘੋੜਿਆਂ ਨੂੰ ਛੱਡ ਦੇ, ਪੋਟਿਆਂ ਨੂੰ ਆਖ ਦੇ, ਸਿਤਾਰਾਂ ਨਾਲ ਖੇਡੀਏ । ਹੀਲੇ ਤੇ ਵਸੀਲੇ ਜਦੋਂ ਮਰ ਮੁੱਕ ਜਾਣ ਤਾਂ, ਗੁਰੂ ਫੁਰਮਾਨ ਹੈ ਕਟਾਰਾਂ ਨਾਲ ਖੇਡੀਏ । ਜਿੱਤ ਹਾਰ ਕਾਹਦੀ ਵੀਰਾ ਹੁੰਦੀ ਪਰਿਵਾਰ 'ਚ, ਜਿੰਨੀ ਦੇਰ ਖੇਡਣਾ ਪਿਆਰਾਂ ਨਾਲ ਖੇਡੀਏ ।
ਜਾਣ ਵਾਲਿਆ ਜਾਹ ਨਾ ਬੀਬਾ
ਜਾਣ ਵਾਲਿਆ ਜਾਹ ਨਾ ਬੀਬਾ, ਇੱਕ ਵਾਰੀ ਫਿਰ ਮੇਰਾ ਹੋ ਜਾ । ਦਿਲ ਡੁੱਬ ਚੱਲਿਐ ਵਿੱਚ ਹਨ੍ਹੇਰੇ, ਮੁੜ ਕੇ ਸੁਰਖ਼ ਸਵੇਰਾ ਹੋ ਜਾ । ਜੋ ਕੁਝ ਹੋਇਆ ਬੀਤਿਆ ਛੱਡਦੇ ਲੀਕਾਂ ਪਿੱਟਣ ਦਾ ਕੀ ਫ਼ਾਇਦਾ, ਮੈਂ ਵੀ ਮਨ ਨੂੰ ਇਹ ਸਮਝਾਇਐ ਸਿਰ ਪੈਰੋਂ ਸਭ ਤੇਰਾ ਹੋ ਜਾ । ਮਾਣਕ ਜਨਮ ਅਮੋਲਕ ਹੀਰਾ, ਰੁੱਸਿਆਂ ਰੁੱਸਿਆਂ ਬੀਤ ਨਾ ਜਾਵੇ, ਦਿਲ ਦੇ ਜੰਦਰੇ ਖੋਲ੍ਹ ਪਿਆਰੇ, ਮੁੜ ਸੱਜਣਾਂ ਦਾ ਡੇਰਾ ਹੋ ਜਾ । ਪਹਿਲਾਂ ਕਿਲ੍ਹੇ ਉਸਾਰ ਹਵਾਈ,ਫਿਰ ਉਹਦੀ ਰਖਵਾਲੀ ਕਰਦੈਂ, ਮੇਰੀ ਮੰਨ ਲੈ, ਦੀਵੇ ਖ਼ਾਤਰ, ਕੱਚੇ ਘਰੀਂ ਬਨੇਰਾ ਹੋ ਜਾ । ਅਗਨੀ ਦਾ ਵਣਜਾਰਾ ਬਣ ਕੇ, ਫਿਰੇਂ ਭਟਕਦਾ ਆਲਮਗੀਰਾ, ਬਾਗ ਬਗੀਚੇ ਸਾੜਨ ਦੀ ਥਾਂ, ਧਰਤੀ ਪੁੱਤ ਫੁਲੇਰਾ ਹੋ ਜਾ । ਦਹਿਸ਼ਤ ਖੌਫ਼ ਸਹਿਮ ਦੇ ਇੱਕੋ ਨੁਕਤੇ ਅੰਦਰ ਸਿਮਟ ਗਿਆ ਏਂ, ਫ਼ੈਲ ਗੁਲਾਬੀ ਮਹਿਕ ਵਾਂਗਰਾਂ, ਬਿੰਦੂ ਦੀ ਥਾਂ ਘੇਰਾ ਹੋ ਜਾ । ਹਰ ਮੁਸ਼ਕਿਲ ਦਾ ਹੱਲ ਹੁੰਦਾ ਹੈ, ਜੇ ਵਿਸ਼ਵਾਸ ਪਕੇਰਾ ਹੋਵੇ, ਸਰਬ ਸ਼ਕਤੀਆਂ ਤੇਰੇ ਅੰਦਰ, ਬੇਹਿੰਮਤੀ ਛੱਡ, ਜੇਰਾ ਹੋ ਜਾ ।
ਸ਼ਾਮਾਂ ਨੂੰ ਸੂਰਜ ਜਾਂਦਿਆਂ
ਸ਼ਾਮਾਂ ਨੂੰ ਸੂਰਜ ਜਾਂਦਿਆਂ ਇਕਰਾਰ ਕਰ ਗਿਆ । ਮੁੜਿਆ ਨਾ ਸਾਰੀ ਰਾਤ ਹੱਦਾਂ ਪਾਰ ਕਰ ਗਿਆ । ਮਹਿਰਮ* ਦਿਲਾਂ ਦਾ ਕੰਡ ਕਰਕੇ ਦੂਰ ਬਹਿ ਗਿਆ, ਪੁੱਛੋ ਨਾ ਦਿਲ ਦਾ ਹਾਲ ਕੀ, ਬੀਮਾਰ ਕਰ ਗਿਆ । ਕਦਮਾਂ ਤੋਂ ਕੁਝ ਕੁ ਦੂਰ ਪਰ ਰੂਹੋਂ ਕਰੋੜਾਂ ਮੀਲ, ਖ਼ੌਰੇ ਪਤਾ ਨਹੀਂ ਕੌਣ ਇਹ ਦੀਵਾਰ ਕਰ ਗਿਆ । ਮਾਰਾਂ ਆਵਾਜ਼, ਪਰਤ ਆਵੇ ਫਿਰ ਤੋਂ ਮੇਰੇ ਕੋਲ, ਵੇਖੋ ਬੇਰਹਿਮ ਵਕਤ ਕੀ ਕੀ ਵਾਰ ਕਰ ਗਿਆ । ਮੈਨੂੰ ਨਜ਼ਰ ਭਰ ਵੇਖਿਆ,ਪਹਿਚਾਣਿਆ ਨਹੀਂ, ਦੱਸਾਂ ਕਿਵੇਂ ਮੈਂ ਰੂਹ ਤੇ ਕਿੰਨਾ ਭਾਰ ਕਰ ਗਿਆ । ਯਾਦਾਂ ਚੋਂ ਕਾਹਦਾ ਨਿਕਲਿਆ ਦਿਲਦਾਰ ਮਲਕੜੇ, ਮੇਰਾ ਵਜੂਦ ਬਰਫ਼, ਠੰਢਾ ਠਾਰ ਕਰ ਗਿਆ । ਮੇਰਾ ਖ੍ਵਾਬ ਘੁਲ ਗਿਆ, ਸ਼ਬਦਾਂ ਚ ਇਸ ਤਰ੍ਹਾਂ, ਅੰਬਰ, ਸਮੁੰਦਰ, ਧਰਤ ਨੂੰ ਪਰਿਵਾਰ ਕਰ ਗਿਆ । *ਵਿਛੜਿਆ ਨਿੱਕਾ ਵੀਰ ਹਰਵਿੰਦਰ ਰਿਆੜ
ਵਾਤਾਵਰਣ ਵਿਗੜਦਾ ਜਾਵੇ
ਵਾਤਾਵਰਣ ਵਿਗੜਦਾ ਜਾਵੇ, ਲਾ ਦੇਈਏ ਵਿਸ਼ਵਾਸ ਦਾ ਬੂਟਾ । ਬਹੁਤ ਜ਼ਰੂਰੀ ਮਨ ਵਿੱਚ ਲਾਉਣਾ, ਖੇੜੇ ਵੰਡਦੀ ਆਸ ਦਾ ਬੂਟਾ । ਮਨ ਪਰਦੇਸੀ ਘਰ ਨਹੀਂ ਮੁੜਿਆ, ਡਗਮਗ ਡਗਮਗ ਡੋਲ ਰਿਹਾ ਹੈ, ਰੋਜ਼ ਦਿਹਾੜੀ ਫ਼ੈਲ ਰਿਹਾ ਹੈ, ਅਜਬ ਜਹੇ ਬਨਵਾਸ ਦਾ ਬੂਟਾ । ਆਪਣੀ ਧਰਤ ਪਰਾਈ ਲੱਗਦੀ, ਨਜ਼ਰ ਜਿਵੇਂ ਪਥਰਾ ਚੱਲੀ ਹੈ, ਕੰਕਰੀਟ ਦੇ ਜੰਗਲ ਅੰਦਰ ਇੱਕ ਵੀ ਨਹੀਂ ਧਰਵਾਸ ਦਾ ਬੂਟਾ । ਚਾਤਰ ਚਤੁਰ ਕਰੇ ਚਤੁਰਾਈ, ਪਿਆਰ ਵਿਖਾਵੇ ਜਿਸਮ ਪਲੋਸੇ, ਡੰਗਦਾ ਖ਼ੂਨ ਜਿਗਰ ਦਾ ਮੰਗਦਾ ਰੂਹ ਦੇ ਅੰਦਰ ਲਾਸ ਦਾ ਬੂਟਾ । ਫ਼ਸਲਾਂ ਵਾਲੀ ਧਰਤੀ ਬੰਜਰ, ਉੱਜੜ ਚੱਲੇ ਸੁਪਨ-ਬਗੀਚੇ, ਬਿਰਖਾਂ ਨਾਲ ਲਮਕਦੇ ਅੱਥਰੂ,ਖਾ ਚੱਲਿਆ ਸਲਫ਼ਾਸ ਦਾ ਬੂਟਾ । ਚਤੁਰ ਸ਼ੈਤਾਨ ਦੀ ਹਰਕਤ ਵੇਖੋ, ਕਰ ਲਿਆ ਹੈ ਵਿਗਿਆਨ ਪਾਲਤੂ, ਗਮਲੇ ਅੰਦਰ ਲਾ ਦਿੱਤਾ ਹੈ, ਹੱਡੀਆਂ ਬਿਨ ਹੀ ਮਾਸ ਦਾ ਬੂਟਾ । ਆਪੋ ਆਪਣੀ ਜ਼ਾਤ ਵਡੇਰੀ, ਅਮਰ-ਵੇਲ ਜਦ ਫ਼ੈਲਰਦੀ ਹੈ, ਏਸ ਤਰ੍ਹਾਂ ਹੀ ਸੁੱਕ ਜਾਂਦਾ ਹੈ, ਸਾਂਝਾਂ ਦੇ ਇਤਿਹਾਸ ਦਾ ਬੂਟਾ ।
ਦੇਸ ਪੰਜਾਬ ਦੇ ਬਰਖ਼ੁਰਦਾਰਾ
ਦੇਸ ਪੰਜਾਬ ਦੇ ਬਰਖ਼ੁਰਦਾਰਾ ਆਪਣੀ ਸੁਰਤ ਸੰਭਾਲ਼ ਦੂਲਿਆ । ਤੇਰੇ ਚਾਰ ਚੁਫ਼ੇਰੇ ਤਣਿਆ, ਸ਼ਹਿਰੀ ਤੰਦੂਆ ਜਾਲ਼ ਦੂਲਿਆ । ਮਿਰਜ਼ੇ ਪਿੱਛੇ ਵਾਹਰ ਪਈ ਹੈ, ਵੰਨ ਸੁਵੰਨੇ ਦੁਸ਼ਮਣ ਲੱਖਾਂ, ਸਿਰੋਂ ਮੜਾਸਾ ਲੱਥਿਆ ਤੱਕ ਲੈ, ਗਲ ਵਿੱਚ ਉਲਝੇ ਵਾਲ਼ ਦੂਲਿਆ । ਬੀਨ, ਬੰਸਰੀ, ਢੱਡ ਸਾਰੰਗੀ, ਤੂੰਬਾ ਵੰਝਲੀ ਵਾਜਾਂ ਮਾਰੇ, ਆ ਜਾ ਵੇ ਮੇਰੇ ਲਾਡਾਂ ਜਾਇਆ, ਖ਼ੁਸ਼ਬੂ ਆਣ ਸੰਭਾਲ਼ ਦੂਲਿਆ । ਰੇਤਲਿਆਂ ਟਿੱਬਿਆਂ ਵਿਚ ਗੋਕੇ ਘਿਓ ਨੂੰ ਜ਼ਾਲਮ ਰੋੜ੍ਹੀ ਜਾਂਦੇ, ਹਾਕਮ ਪੱਥਰ ਚਿੱਤ ਨੇ ਹੋ ਗਏ, ਹੋ ਗਿਆ ਮੰਦੜਾ ਹਾਲ ਦੂਲਿਆ । ਘਰ ਦੀ ਕੁੰਜੀ ਖੋਹ ਕੇ ਸਾਥੋਂ, ਬਾਗ ਘੇਰਿਆ ਮੁਗਲਾਂ ਸਾਡਾ, ਵੰਡ ਰਹੇ ਨੇ ਆਪਣਿਆਂ ਨੂੰ, ਜਿਉਂ ਚੋਰੀ ਦਾ ਮਾਲ ਦੂਲਿਆ । ਸਤਿਲੁਜ ਸਣੇ ਬਿਆਸ ਤੇ ਰਾਵੀ ਵਿੱਸਰ ਗਏ ਨੇ ਤੈਨੂੰ ਕਿਉਂ ਵੇ, ਤੂੰ ਜਿੰਨ੍ਹਾਂ ਤੋਂ ਤੁਰਨਾ ਸਿੱਖਿਆ, ਭੁੱਲਿਉਂ ਅਸਲੀ ਚਾਲ ਦੂਲਿਆ । ਸ਼ੇਰ ਦੀਆਂ ਮਾਰਾਂ ਤੇ ਜਦ ਵੀ ਵੇਖਾਂ ਗਿੱਦੜ ਕਰਨ ਕਲੋਲਾਂ, ਇੰਜ ਕਿਉਂ ਲੱਗਦੈ ਮੈਨੂੰ ਪੁੱਤਰਾ, ਕਰਦਾ ਕੋਈ ਹਲਾਲ ਦੂਲਿਆ ।
ਰਾਤ ਪਈ ਹੈ, ਫਿਰ ਕੀ ਹੋਇਆ
ਰਾਤ ਪਈ ਹੈ, ਫਿਰ ਕੀ ਹੋਇਆ, ਮੈਂ ਨਾ ਹੁਣ ਦਿਲਗੀਰ ਬਣਾਂਗਾ । ਅਗਨ ਬਾਣ ਹਾਂ, ਵੇਖ ਲਇਓ ਮੈਂ, ਰਾਤ ਦੀ ਹਿੱਕ ਵਿੱਚ ਤੀਰ ਬਣਾਂਗਾ । ਨਾਲ ਸ਼ਿਕਰਿਆਂ ਲੜਦੇ ਲੜਦੇ, ਝਪਟ ਮਾਰਦੇ ਬਾਜ਼ਾਂ ਖ਼ਾਤਰ, ਚਿੜੀਆਂ ਦੀ ਧਿਰ ਪਾਲਦਿਆਂ ਮੈਂ, ਜ਼ਾਲਮ ਲਈ ਸ਼ਮਸ਼ੀਰ ਬਣਾਂਗਾ । ਕਣਕ ਦੇ ਬਦਲੇ ਅਣਖ਼ ਵੇਚ ਕੇ, ਧਰਤੀ ਤੇ ਕਿਉਂ ਭਾਰ ਬਣਾਂ ਮੈਂ, ਰਾਤ ਦੇ ਕਾਲ਼ੇ ਚਿਹਰੇ ਉੱਤੇ ਬਲ਼ਦੀ ਸੁਰਖ਼ ਲਕੀਰ ਬਣਾਂਗਾ । ਹੋਰ ਕਿਸੇ ਨੂੰ ਕਰਾਂ ਜੋਦੜੀ, ਮੰਨ ਕੇ ਆਪਣਾ ਭਾਗ ਵਿਧਾਤਾ, ਹਰਗਿਜ਼ ਇਹ ਨਾ ਹੋਣਾ ਮੈਥੋਂ ਖ਼ੁਦ ਆਪਣੀ ਤਕਦੀਰ ਬਣਾਂਗਾ । ਜੁਗਨੂੰ, ਚੰਨ ਅਸੰਖਾਂ ਤਾਰੇ, ਕਿੰਨੇ ਮੇਰੇ ਯਾਰ ਪਿਆਰੇ, ਏਸ ਤਰ੍ਹਾਂ ਹੀ ਜਗਦਾ ਜਗਦਾ ਮੈਂ ਸੂਰਜ ਦਾ ਵੀਰ ਬਣਾਂਗਾ । ਆਦਿ ਜੁਗਾਦੀ ਸੱਚ ਤੇ ਪਹਿਰਾ, ਦੇਣ ਲਈ ਮੈਂ ਹਾਜ਼ਰ ਨਾਜ਼ਰ, ਜਬਰ ਜ਼ੁਲਮ ਨੂੰ ਮੇਟਣ ਦੇ ਲਈ, ਚਾਨਣ ਦਾ ਹਮਸ਼ੀਰ* ਬਣਾਂਗਾ । ਮਾਤਾ ਧਰਤ ਸੁਹਾਗਣ ਮੇਰੀ, ਬਣੀ ਅਭਾਗਣ, ਜਿਸਦੇ ਕਰਕੇ, ਬਿਰਖ਼ ਬਰੂਟੇ ਪੌਣ ਦੇਣਗੇ, ਮੈਂ ਵੀ ਨਿਰਮਲ ਨੀਰ ਬਣਾਂਗਾ । *ਭਰਾ
ਝੜ ਗਏ ਪੱਤ ਪੁਰਾਣੇ ਭਾਵੇਂ
ਝੜ ਗਏ ਪੱਤ ਪੁਰਾਣੇ ਭਾਵੇਂ, ਰੁੱਤ ਨਵਿਆਂ ਦੀ ਆਈ ਨਹੀਂ । ਤਾਂਹੀਂਉ ਰਸਮ ਨਿਭਾਉਣ ਲਈ ਮੈਂ ਦਿੱਤੀ ਅੱਜ ਵਧਾਈ ਨਹੀਂ । ਮੋਦੀਖ਼ਾਨੇ ਅੰਦਰ ਸੌਦਾ ਜਿੰਨਾ ਵੀ ਸੀ ਵਿਕ ਚੁਕਿਆ, ਕੀਹਦਾ ਹੋਕਾ ਦੇਵੋਗੇ ਹੁਣ, ਨਵੀਂ ਰਸਦ ਜੇ ਪਾਈ ਨਹੀਂ । ਤਨ ਜ਼ਖ਼ਮੀ ਹੈ,ਰੂਹ ਤੇ ਛਾਲੇ, ਲੱਗਦੈ ਮਨ ਪਰਦੇਸੀ ਹੈ, ਖ਼ੁਦ ਨੂੰ ਪੁੱਛ ਕੇ ਦੱਸਿਓ ਆਪੇ, ਕਿਸ ਦੀ ਸ਼ਾਮਤ ਆਈ ਨਹੀਂ । ਮੈਂ ਜੇ ਚੁੱਪ ਹਾਂ, ਇਹ ਨਾ ਸਮਝੋ, ਚੋਰ ਸਾਧ ਪਹਿਚਾਣਾਂ ਨਾ, ਵੇਖਣ ਨੂੰ ਹੀ ਸਿੱਧਰਾ ਲੱਗਦਾਂ, ਏਨਾ ਵੀ ਸ਼ੌਦਾਈ ਨਹੀਂ । ਵਤਨ ਮੇਰਾ ਬਰਬਾਦ ਕਰਦਿਓ, ਇਹ ਗੱਲ ਚੇਤੇ ਰੱਖ ਲੈਣਾ, ਮਨ ਦੀ ਖੋਟ ਸਮਝਦੇ ਲੋਕੀਂ, ਹੁਣ ਚੱਲਣੀ ਚਤੁਰਾਈ ਨਹੀਂ । ਚੋਰਾਂ ਦੇ ਹੱਥ, ਡਾਂਗਾਂ ਦੇ ਗ਼ਜ਼, ਸੁਣਦੇ ਸਾਂ, ਅੱਜ ਵੇਖ ਲਏ, ਪਹਿਰੇਦਾਰ ਬਰਾਬਰ ਦੋਸ਼ੀ, ਜਿਸ ਰਾਖੀ ਕਰਵਾਈ ਨਹੀਂ । ਪੌਣੀ ਸਦੀ ਗੁਜ਼ਾਰਨ ਮਗਰੋਂ ਕੱਚੇ ਵਿਹੜੇ ਪੁੱਛਦੇ ਨੇ, ਹੁਕਮਰਾਨ ਜੀ, ਉਹ ਆਜ਼ਾਦੀ ਸਾਡੇ ਘਰ ਕਿਉਂ ਆਈ ਨਹੀਂ ।
ਸਤਿਲੁਜ ਕੰਢੇ ਬੇਟ 'ਚ ਜੰਮੀ
ਸਤਿਲੁਜ ਕੰਢੇ ਬੇਟ 'ਚ ਜੰਮੀ, ਵੇਖੋ ਧੀ ਫੁਲਕਾਰੀ ਵਰਗੀ । ਗੀਤ, ਗਜ਼ਲ ਕਵਿਤਾਵਾਂ ਲਿਖਦੀ, ਤਿੱਖੜੀ ਤੇਜ਼ ਕਟਾਰੀ ਵਰਗੀ । ਸੂਰਜ ਦੀ ਦਹਿਲੀਜ਼ ਤੇ ਦਸਤਕ ਦੇਣੋਂ ਪਹਿਲਾਂ ਗੀਤ ਜਹੀ ਸੀ, ਤਰਜ਼ਾਂ ਦੇ ਵਿੱਚ ਢਲਦੀ ਢਲਦੀ, ਹੋ ਗਈ ਬਾਜ਼ ਉਡਾਰੀ ਵਰਗੀ । ਲਾਟ ਹਜ਼ਾਰਾਂ ਰੰਗਾਂ ਵਾਲੀ, ਸ਼ਬਦਾਂ ਅੰਦਰ ਅਗਨ ਜਵਾਲਾ, ਹੱਸਦੀ ਮੂੰਹੋਂ ਫੁੱਲ ਕਿਰਦੇ ਨੇ, ਬਿਲਕੁਲ ਫੁੱਲਾਂ ਖਾਰੀ ਵਰਗੀ । ਧੁੱਪ ਦੀ ਚੁੰਨੀ ਸਿਰ ਤੇ ਲੈ ਕੇ, ਵਿਸ਼ ਦੇ ਬਾਟੇ ਗਟ ਗਟ ਪੀਂਦੀ, ਅੰਮ੍ਰਿਤ ਰੂਪ ਧਾਰ ਕੇ ਹਰ ਪਲ, ਮਹਿਕੇ ਕੇਸਰ ਕਿਆਰੀ ਵਰਗੀ । ਬਿਰਖ਼ ਅਜੀਬ ਦੀ ਜੂਨ ਹੰਢਾਏ, ਪੱਤਝੜ ਰੁੱਤੇ ਪੁੰਗਰਨ ਪੱਤੇ, ਚਾਰ ਚੁਫੇਰੇ ਫ਼ੌਜ ਹੈ ਭਾਵੇਂ, ਸਭ ਦੋ ਮੂੰਹੀ ਆਰੀ ਵਰਗੀ । ਦਰਦਾਂ ਦੀ ਬਾਰਿਸ਼ ਦੀਆਂ ਕਣੀਆਂ ਲਿਖੀਆਂ ਤਾਂ ਬਣੀਆਂ ਕਵਿਤਾਵਾਂ, ਸ਼ਬਦ ਹਵਾਲੇ ਕੀਤੀ ਜਿੰਦੜੀ, ਬੋਝਲ ਸੀ ਪੰਡ ਭਾਰੀ ਵਰਗੀ । ਘਰ ਨੂੰ ਮੁੜ ਆ ਨੀਲਿਆ ਮੋਰਾ, ਦੂਰ ਕਿਉਂ ਬੈਠਾ ਚਿੱਤ ਚੋਰਾ, ਤਨ ਟੁਣਕਾਰੇ ਮੀਰਾ ਬਣਕੇ, ਰਾਧਾ ਕ੍ਰਿਸ਼ਨ ਮੁਰਾਰੀ ਵਰਗੀ । ਡਾਰ ਚਿਰਾਗਾਂ ਦੀ ਜਿਉਂ ਜਗਦੀ ਧਰਤੀ ਅੰਬਰ ਨੂੰ ਰੁਸ਼ਨਾਵੇ, ਦੂਰ ਦੋਮੇਲੋਂ ਪਾਰ ਪੜਾਅ ਹੈ, ਸਫ਼ਰ ਨਿਰੰਤਰ ਜਾਰੀ ਵਰਗੀ । ਧੂਫ਼ ਕਹਾਂ ਜਾਂ ਅਗਰ ਦੀ ਬੱਤੀ, ਰਾਤ ਦੀ ਰਾਣੀਏ ਵੰਡ ਖ਼ੁਸਬੋਆਂ, ਮਾਰ ਪਲਾਕੀ, ਚੜ੍ਹ ਤੂੰ, ਕਰ ਲੈ, ਕਿਰਨਾਂ ਦੀ ਅਸਵਾਰੀ ਵਰਗੀ । *ਸੁਖਵਿੰਦਰ ਅੰਮ੍ਰਿਤ
ਮੈਂ ਸੁਣਿਆ ਸੀ ਅੰਬਰੀਂ ਵੱਸਦਾ
ਮੈਂ ਸੁਣਿਆ ਸੀ ਅੰਬਰੀਂ ਵੱਸਦਾ, ਰੱਬ ਨੇ ਦੱਸਿਆ ਤੇਰੇ ਕੋਲ । ਗਾਫ਼ਿਲ ਬੰਦਿਆ ਮਨ ਦੀ ਮਿੱਟੀ, ਹੁਣ ਤਾਂ ਕੁਝ ਕੁ ਡੂੰਘੀ ਫ਼ੋਲ । ਅੰਗ ਸੰਗ ਮੇਰੇ ਹਰ ਦਮ ਹਰ ਪਲ ਮਰ ਚੱਲਿਆਂ ਹੈਂ ਗਾਉਂਦਾ ਤੂੰ, ਖ਼ੁਸ਼ਬੋ ਨਾ ਵਿਸਮਾਦ ਮਾਣਿਆ, ਬਾਹਰੋਂ ਕਿਸ ਨੂੰ ਫਿਰਦੈਂ ਟੋਲ । ਹੰਸ ਇਕੱਲੇ ਮਾਨਸਰੋਵਰ ਝੀਲ ਤੇ ਹੀ ਨਹੀਂ ਮਿਲਦੇ ਯਾਰ, ਸੁਰ ਤੇ ਸ਼ਬਦ ਸੁਮੇਲ 'ਚ ਵੱਸਦੇ ਸੁਰਤਿ ਸੁਗੰਧਿਤ ਕਰੇ ਅਬੋਲ । ਥਿੜਕਦਿਆਂ ਨੂੰ ਕੌਣ ਸਹਾਰਾ ਇਸ ਧਰਤੀ ਤੇ ਦੇਵੇ ਯਾਰ, ਦਰਦ-ਮਜੀਠੀ ਮਾਣਦਿਆਂ ਵੀ ਰੱਖਿਆ ਕਰ ਤੂੰ ਕਦਮ ਅਡੋਲ । ਸਬਰ ਸਿਦਕ ਸੰਤੋਖ ਗੁਆ ਕੇ, ਭਟਕ ਰਿਹੈਂ ਕਿਉਂ ਮੂੜ੍ਹ ਮਨਾਂ, ਮੇਰੇ ਅੰਦਰੋਂ ਬੋਲ ਕਿਹਾ ਕਿਸ, ਕੀ ਕੁਝ ਬੰਦਿਆ ਤੇਰੇ ਕੋਲ । ਰਹਿ ਗਏ ਸਿਰਫ਼ ਕਿਤਾਬਾਂ ਅੰਦਰ, ਭਗਤਾਂ ਵੇਲਾ, ਸ਼ੁਭ ਪ੍ਰਭਾਤ, ਟੈਂਕੀ, ਟੂਟੀ, ਬਾਥ ਰੂਮ ਹੈ, ਖ਼ੂਹੀਆਂ ਤੇ ਨਾ ਖੜਕਣ ਡੋਲ । ਕਿੰਨਾ ਕੁਝ ਮੈਂ ਆਖਿਆ ਪਰ ਤੂੰ ਇੱਕ ਹੁੰਗਾਰਾ ਵੀ ਨਾ ਭਰਿਆ, ਗੱਲ ਤੁਰੇਗੀ ਤਾਂ ਹੀ ਅੱਗੇ, ਚੁੱਪ ਨਾ ਬਹਿ ਕੁਝ ਤੂੰ ਵੀ ਬੋਲ ।
ਕਿੰਨੀ ਵਾਰ ਕਿਹਾ ਏ ਤੈਨੂੰ
ਕਿੰਨੀ ਵਾਰ ਕਿਹਾ ਏ ਤੈਨੂੰ, ਬਿਨ ਗਾਗਲ ਤਸਵੀਰ ਭੇਜ ਦੇ । ਕੱਸੇ ਹੋਣ ਕਮਾਨ 'ਚ ਜਿੱਦਾਂ, ਦੋ ਨੈਣਾਂ ਦੇ ਤੀਰ ਭੇਜ ਦੇ । ਸੱਤ ਸਮੁੰਦਰ ਡੂੰਘੇ ਕਿੰਨੇ, ਮੈਂ ਇਹ ਹਾਥ ਕਿਵੇਂ ਦੱਸ ਪਾਵਾਂ, ਨਜ਼ਰ ਮਿਲਾ,ਅੱਖ ਫੇਰ ਨਾ ਮੈਥੋਂ,ਦੋਧਾਰੀ ਸ਼ਮਸ਼ੀਰ ਭੇਜ ਦੇ । ਤੇਰੇ ਦਰ ਤੇ ਦਸਤਕ ਦੇਂਦਾ, ਥੱਕ ਗਿਆ ਹੋਣਾ ਏਂ ਹੁਣ ਤਾਂ, ਜੇ ਨਹੀਂ ਮਿਲਣਾ, ਤੇਰੀ ਮਰਜ਼ੀ, ਟੁੱਟਿਆ ਦਿਲ ਦਿਲਗੀਰ ਭੇਜ ਦੇ । ਬਾਲ ਨਾਥ ਤੋਂ ਕੰਨ ਪੜਵਾ ਕੇ, ਰਾਂਝਾ ਜੋਗੀ ਬਣ ਕੇ ਬੋਲਿਆ, ਸੈਦੇ ਨਾਲ ਨਿਕਾਹੀ ਭਾਵੇਂ, ਵਾਪਸ ਮੇਰੀ ਹੀਰ ਭੇਜ ਦੇ । ਮੇਰੇ ਦਿਲ ਦੇ ਅੰਦਰ ਕੀ ਹੈ, ਜਿਸਨੂੰ ਜੀਭ ਸੁਣਾ ਨਹੀਂ ਸਕਦੀ, ਮਨ ਅੰਤਰ ਕੀ ਜਾਣਕਾਰ ਹੈਂ ਲਿਖ ਮੇਰੀ ਤਹਿਰੀਰ ਭੇਜ ਦੇ । ਮੈਂ ਵੀ ਰੂਹ ਦਾ ਸ਼ੀਸ਼ਾ ਧੋਣੈਂ, ਕਿਤਿਉਂ ਵੀ ਨਾ ਮਿਲਿਆ ਪਾਣੀ, ਆਪਣੀ ਰੂਹ ਦੇ ਵਰਗਾ ਮੈਨੂੰ, ਸੁੱਚਾ ਨਿਰਮਲ ਨੀਰ ਭੇਜ ਦੇ । ਪਹਿਲੀ ਵਾਰ ਮਿਲਣ ਤੇ ਜੋ ਵੀ, ਅਣਲਿਖਿਆ, ਪਰ ਲਿਖਿਆਂ ਵਰਗਾ, ਕੋਰਾ ਵਰਕਾ ਸੁਣਦਾ ਸੀ ਜੋ, ਨਿਰਸ਼ਬਦੀ ਤਕਰੀਰ ਭੇਜ ਦੇ ।