Agan Katha (Kaav Sangreh) : Gurbhajan Gill
ਅਗਨ ਕਥਾ (ਕਾਵਿ ਸੰਗ੍ਰਹਿ) : ਗੁਰਭਜਨ ਗਿੱਲ
ਅਗਨ ਕਥਾ
(ਅਗਨ ਕਥਾ ਕਵਿਤਾ ਇਕ ਢੰਗ ਨਾਲ ਲੇਖਕ ਦਾ ਐਲਾਨ-ਨਾਮਾ ਹੈ ਕਿ ਉਸ ਨੇ ਪਰੰਪਰਾਗਤ ਨੈਤਿਕ ਕਦਰਾਂ ਕੀਮਤਾਂ ਲਈ ਸਮਾਜ ਵਿਰੋਧੀ ਤਾਕਤਾਂ ਵਿਰੁੱਧ ਨਿਰੰਤਰ ਲੜਨਾ ਹੈ ਅਤੇ ਅਜਿਹਾ ਕਰਦਿਆਂ ਉਸ ਨੇ ਸਮਾਜ ਜਾਂ ਸੱਤਾ ਦੁਆਰਾ ਵਿਅਕਤੀ ਦੇ ਸ਼ੋਸ਼ਣ ਨੂੰ ਸਮਾਪਤ ਕਰਨਾ ਹੈ । ਇਹ ਸਮਝਾਉਣੀ ਉਹ ਨਾਅਰੇਬਾਜ਼ੀ ਜਾਂ ਖੜਕਵੇਂ ਪਿੰਗਲ ਵਰਤ ਕੇ ਨਹੀਂ ਦਿੰਦਾ ਸਗੋਂ ਸਹਿਜ ਭਾਵੀ ਢੰਗ ਨਾਲ ਲੋਕਾਇਣ ਵਿਚੋਂ ਅਜਿਹੇ ਬਿੰਬ ਜਾਂ ਪ੍ਰਤੀਕ ਚੁਣ ਕੇ ਦੇਂਦਾ ਹੈ ਜਿਹੜੇ ਕਿ ਹਰ ਪੰਜਾਬੀ ਦੇ ਚੇਤੇ ਦਾ ਅਨਿੱਖੜਵਾਂ ਅੰਗ ਬਣ ਚੁਕੇ ਹਨ । ਉਸ ਦੀ ਇਹ ਲਿਖਤ ਸਮਕਾਲੀ ਸਦੀਵਤਾ ਦੀ ਹਾਣੀ ਹੋ ਨਿੱਬੜਦੀ ਹੈ । -ਪ੍ਰੋ. ਸੁਰਿੰਦਰ ਸਿੰਘ ਨਰੂਲਾ ਡੀ. ਲਿਟ) ਜੰਗ ਨਹੀਂ, ਇਹ ਤਾਂ ਨਿੱਕੀ ਜਿਹੀ ਲੜਾਈ ਹੈ । ਨਿੱਕੇ ਜਿਹੇ ਦੁਸ਼ਮਣ ਦੇ ਖਿਲਾਫ਼ । ਨਿੱਕੀ ਜਿਹੀ ਗੱਲੋਂ ਸ਼ੁਰੂ ਹੋਈ, ਨਿਆਣਿਆਂ ਦੀ ਲੜਾਈ ਵਾਂਗ । ਇਹ ਕੋਈ ਜੰਗ ਨਹੀਂ । ਜੰਗ ਤਾਂ ਅਜੇ ਲੜਨੀ ਹੈ, ਉਨ੍ਹਾਂ ਕਾਲੀਆਂ ਕਰੂਰ ਤਾਕਤਾਂ ਦੇ ਖਿਲਾਫ਼, ਜਿਨ੍ਹਾਂ ਨੇ ਦਸੂਤੀ ਚਾਦਰ ਕੱਢਦੀਆਂ, ਮੇਰੀਆਂ ਭੈਣਾਂ ਭਤੀਜੀਆਂ ਕੋਲੋਂ, ਰੰਗੀਨ ਧਾਗੇ ਵਾਲੀਆਂ ਅੱਟੀਆਂ ਖੋਹੀਆਂ । ਸੂਈ ਦੇ ਬਰੀਕ ਤਰੋਪੇ ਨਾਲ, ਚਾਦਰ ਤੇ ਕੱਢੇ ਵੇਲ ਬੂਟੇ, ਝਪਟ ਕੇ ਲੈ ਗਿਆ ਜਿਹੜਾ । ਅਸੀਂ ਤਾਂ ਹਾਲੇ ਉਸ ਦੇ ਖਿਲਾਫ਼ ਲੜਨਾ ਹੈ । ਜਿਨ੍ਹਾਂ ਨੇ ਸੁਪਨਿਆਂ ਦਾ ਵਣਜ ਕਰਨ ਦੇ ਬਹਾਨੇ, ਤੂਤ ਦੀ ਲਗਰ ਵਰਗੇ ਮੁੰਡਿਆਂ ਦੇ ਹੱਥੀਂ ਹਥਿਆਰ ਫੜਾਏ । ਜਿਨ੍ਹਾਂ ਨੇ ਸਾਡੇ ਪੁੱਤਰਾਂ ਨੂੰ ਪੁੱਤਰ ਨਹੀਂ, ਬਾਲਣ ਸਮਝਿਆ ਭੱਠੀ ਵਿੱਚ ਝੋਕਿਆ । ਤੇ ਖੁਦ ਨਾਅਰਿਆਂ ਦੀ ਪੱਖੀ ਝੱਲਦੇ ਰਹੇ । ਲੰਮੀ ਲੜਾਈ ਵਿੱਚ, ਜਿੱਤ ਹਾਰ ਕੋਈ ਮਾਅਨਾ ਨਹੀਂ ਰੱਖਦੀ। ਮਹੱਤਵਪੂਰਨ ਹੁੰਦਾ ਹੈ ? ਤੁਸੀਂ ਕਿਸ ਖਾਤਰ ਲੜ ਰਹੇ ਹੋ ? ਅੱਧਖਿੜੇ ਫੁੱਲਾਂ ਦੇ ਹਾਣੀਆਂ ਮੂੰਹੋਂ, ਚੁੰਘਣੀ ਖੋਹਣ ਵਾਲਿਆਂ ਦੇ ਖਿਲਾਫ਼ । ਸੂਹੇ ਗੁਲਾਬ ਦੀਆਂ ਡੋਡੀਆਂ ਤੋੜਨ ਵਾਲਿਆਂ ਦੇ ਖਿਲਾਫ਼ । ਅਜੇ ਤਾਂ ਲੜਨਾ ਹੈ ਉਸ ਨਾਸੂਰ ਦੇ ਖਿਲਾਫ਼, ਜੋ ਨਿਰੰਤਰ ਵਹਿ ਰਿਹਾ ਹੈ ਜ਼ਿੰਦਗੀ ਦੇ ਸਮਾਨੰਤਰ । ਉਸ ਦਰਦ ਦੇ ਖਿਲਾਫ਼, ਨਾ ਸਿੱਧਾ ਖਲੋਣ ਦਿੰਦਾ ਹੈ ਨਾ ਤੁਰਨ । ਅੱਡੀ ਦੇ ਹੇਠਾਂ ਜ਼ਖਮ ਬਣ ਕੇ ਲਗਾਤਾਰ ਜਾਗਦਾ ਹੈ ਉਹਨਾਂ ਕੁਹਾੜੀਆਂ ਕਿਰਪਾਨਾਂ ਤ੍ਰਿਸੂਲਾਂ ਅਤੇ, ਉਨ੍ਹਾਂ ਤਮਾਮ ਹਥਿਆਰਾਂ ਦੇ ਖਿਲਾਫ਼ । ਜਿਨ੍ਹਾਂ ਦੇ ਚੱਲਿਆਂ ਰੁੱਖਾਂ ਤੇ ਨਾ ਪੱਤੇ ਰਹਿੰਦੇ ਨੇ । ਨਾ ਟਾਹਣੀਆਂ ਤੇ ਫ਼ਲ ਨਾ ਫੁੱਲ, ਜਿਨ੍ਹਾਂ ਦਾ ਪਰਛਾਵਾਂ ਵੀ ਮਾੜਾ ਹੈ । ਰੁੰਡ ਮਰੁੰਡ ਧਰੇਕ ਇੰਝ ਲੱਗਦੀ ਹੈ, ਜਿਵੇਂ ਕੋਈ ਵਿਧਵਾ ਧੀ ਖੜੀ ਹੋਵੇ ਬਾਬਲ ਦੇ ਦੁਆਰ । ਤੇ ਬੋਹੜ ਇਸ ਤਰ੍ਹਾਂ ਜਿਵੇਂ ਬਾਪੂ ਜੀ ਖੜ੍ਹੇ ਹੋਣ, ਸਾਰਾ ਕੁਝ ਗੁਆ ਕੇ ਵੀ, ਗੁੰਮ ਸੁੰਮ ਚੁੱਪ ਚਾਪ । ਅਸੀਂ ਤਾਂ ਹਾਲੇ ਉਨ੍ਹਾਂ ਦੀ, ਗੁਆਚੀ ਬੜ੍ਹਕ ਨੂੰ ਵੀ ਲੱਭਣਾ ਹੈ । ਲੜਨਾ ਹੈ ਉਨ੍ਹਾਂ ਕਾਲੇ ਹੁਕਮਾਂ ਦੇ ਖਿਲਾਫ਼ । ਜਿਨ੍ਹਾਂ ਦੇ ਚੱਲਿਆਂ ਜ਼ਿੰਦਗੀ ਦੁਹੱਥੜੀਂ ਪਿੱਟਦੀ ਹੈ । ਤੇ ਮੌਤ ਹੱਸਦੀ ਹੈ ਕਿਲਕਾਰੀਆਂ ਮਾਰ ਕੇ । ਅਸੀਂ ਵਣਜ ਨਹੀਂ ਕਰਨਾ, ਜੰਗ ਲੜਨੀ ਹੈ । ਆਪਣੀ ਸਦੀਵੀ ਜਿੱਤ ਲਈ, ਉਨ੍ਹਾਂ ਸਮੂਹ ਲਕੀਰਾਂ ਸਰਹੱਦਾਂ ਤੇ ਖ਼ਾਨਿਆਂ ਦੇ ਖਿਲਾਫ਼ । ਜਿਨ੍ਹਾਂ ਦੀ ਰਾਖੀ ਲਈ ਆਦਮੀ ਕਤਲ ਹੁੰਦਾ ਹੈ । ਲੜਨਾ ਹੈ ਉਨ੍ਹਾਂ ਦਰਿੰਦਿਆਂ ਦੇ ਖਿਲਾਫ਼, ਜੋ ਮੇਰੇ ਨਿੱਕੇ ਵੀਰਾਂ ਦੇ ਪੱਟਾਂ ਤੇ ਪਏ ਮੋਰਾਂ ਤੇ ਮੋਰਨੀਆਂ ਨੂੰ, ਖੇਡ ਦੇ ਮੈਦਾਨ ਵਿੱਚ ਪੈਲਾਂ ਪਾਉਣੋਂ ਵਰਜਦੇ ਰਹੇ । ਪਿੰਡ ਦੇ ਸਾਰੇ ਮੁੰਡਿਆਂ ਦੇ ਡੌਲਿਆਂ ਵਿਚਲੀਆਂ ਮੱਛਲੀਆਂ, ਤੜਫ਼ਦੀਆਂ ਰਹੀਆਂ । ਰੁਜ਼ਗਾਰ ਦੇ ਤਲਾਬ ਵਿਚ ਤਰਨਾ, ਜਿਨ੍ਹਾਂ ਦੇ ਨਸੀਬ ਦਾ ਹਿੱਸਾ ਹੀ ਨਾ ਬਣਿਆ । ਉਨਾਂ ਜ਼ਹਿਰਾਂ ਦੇ ਖਿਲਾਫ਼, ਜਿਨ੍ਹਾਂ ਦੀ ਗੁੜ੍ਹਤੀ ਲੈ ਕੇ, ਆਦਮੀ ਇਨਸਾਨ ਨਹੀਂ ਰਹਿੰਦਾ । ਹੈਵਾਨ ਬਣ ਜਾਂਦਾ ਹੈ । ਸ਼ੈਤਾਨ ਬਣ ਜਾਂਦਾ ਹੈ । ਸਿਰਫ਼ ਬੋਲਦਾ ਹੈ, ਹੁਕਮ ਸੁਣਾਉਂਦਾ ਹੈ । ਸੁਣਦਾ ਕੁਝ ਵੀ ਨਹੀਂ । ਉਸ ਸਾਰੇ ਨਿਜ਼ਾਮ ਦੇ ਖਿਲਾਫ਼ । ਜਿਸ ਦੇ ਹੁੰਦਿਆਂ ਜੀਭ ਨੂੰ ਸੱਚ ਬੋਲਣ ਦੀ, ਤੇ ਕੰਨਾਂ ਨੂੰ ਸਹੀ ਸੁਣਨ ਦੀ ਜਾਚ ਭੁੱਲ ਜਾਂਦੀ ਹੈ । ਅਜੇ ਤਾਂ ਅਸੀਂ ਲੜਨਾ ਹੈ, ਉਨ੍ਹਾਂ ਸਮੂਹ ਕੀਟਾਣੂੰਆਂ ਰੋਗਾਣੂੰਆਂ ਦੇ ਖਿਲਾਫ਼ । ਮਨੁੱਖ ਮਾਰੂ ਬੂਟੀਆਂ ਵੇਲਾਂ ਤੇ ਪੱਤਿਆਂ ਸਮੇਤ, ਇਹੋ ਜਿਹੀ ਸਾਰੀ ਬਨਸਪਤ ਦੇ ਖਿਲਾਫ਼ । ਜਿਨ੍ਹਾਂ ਦੀ ਹਾਜ਼ਰੀ ਵਿੱਚ, ਪੂਰਾ ਦੇਸ਼ ਅਕਸਰ ਬੀਮਾਰ ਰਹਿੰਦਾ ਹੈ । ਜ਼ਰਦੇ ਦੀਆਂ ਪੁੜੀਆਂ ਅਫ਼ੀਮਾਂ ਗੋਲੀਆਂ, ਨਸ਼ੇ ਦੀਆਂ ਬੋਤਲਾਂ ਹਕੂਮਤਾਂ ਮੱਠਾਂ, ਅਤੇ ਇਸ ਕੂੜ ਪਸਾਰੇ ਲਈ ਜ਼ਿੰਮੇਵਾਰ, ਹਰ ਜ਼ਹਿਰ ਦਾ ਵਣਜ ਕਰਦੇ ਵਣਜਾਰਿਆਂ ਦੇ ਖਿਲਾਫ਼ । ਜਿਨ੍ਹਾਂ ਨੇ ਧਰਮ ਨੂੰ ਜੀਵਨ ਜਾਚ ਦੀ ਥਾਂ, ਗੋਡੇ ਗਿੱਟੇ ਦੀ ਪੀੜ-ਹਰਨੀ ਮਲ੍ਹਮ ਬਣਾ ਦਿੱਤਾ ਹੈ । ਉਨ੍ਹਾਂ ਹਵਾਵਾਂ ਦੇ ਖਿਲਾਫ਼, ਜਿਨ੍ਹਾਂ ਦੇ ਵਗਿਆਂ ਨਾ ਅੰਬਾਂ ਨੂੰ ਬੂਰ ਪੈਂਦਾ ਹੈ । ਨਾ ਰਸ ਭਰਦਾ ਹੈ ਅਨਾਰਾਂ ਵਿੱਚ । ਉਨ੍ਹਾਂ ਧਾੜਵੀਆਂ ਦੇ ਖਿਲਾਫ਼, ਜੈਕਾਰਾ ਗੁੰਜਾਉਣਾ ਹੈ, ਜਿਨ੍ਹਾਂ ਦੇ ਹੱਥੀਂ ਸਾਡਾ ਸੋਨਾ ਮਿੱਟੀ ਦੇ ਭਾਅ ਵਿਕਦਾ ਹੈ । ਉਨ੍ਹਾਂ ਮੰਡੀਆਂ ਬਾਜ਼ਾਰਾਂ ਸ਼ਾਹੂਕਾਰਾਂ ਤੇ ਅਹਿਲਕਾਰਾਂ ਦੇ ਖਿਲਾਫ਼ । ਜਿਨ੍ਹਾਂ ਦਿਆਂ ਗੁਦਾਮਾਂ ਵਿਚ ਪਹੁੰਚਦੇ ਹੀ, ਉਹੀ ਮਿੱਟੀ ਸੋਨਾ ਬਣ ਜਾਂਦੀ ਹੈ । ਤੇ ਚੰਗਾ ਭਲਾ ਆਦਮੀ ਮਿੱਟੀ ਹੋ ਜਾਂਦਾ ਹੈ । ਉਨ੍ਹਾਂ ਸਮੂਹ ਸਾਜ਼ਿਸ਼ਾਂ ਦੇ ਖਿਲਾਫ਼, ਜਿਨ੍ਹਾਂ ਕਰਕੇ ਸਾਡੀ ਕਿਰਤ ਲੁੱਟੀ ਜਾਂਦੀ ਹੈ । ਸ਼ਰੇਆਮ ਬਜ਼ਾਰ ਵਿੱਚ, ਗ਼ਰੀਬ ਦੀ ਧੀ ਵਾਂਗ ਖੇਤ ਦੀ ਫ਼ਸਲ ਸੁੰਗੜਦੀ ਹੈ । ਉਸ ਹਕੂਮਤੀ ਟੋਕੇ ਦੇ ਖਿਲਾਫ਼, ਜੋ ਚਰ੍ਹੀ ਵਾਂਗ ਕੁਤਰੀ ਜਾਂਦਾ ਹੈ, ਸੁਪਨੇ ਸੰਸਕਾਰ ਸਦਾਚਾਰ ਤੇ ਸੱਭਿਆਚਾਰ । ਖੁਰਲੀ ਵਿਚ ਪਰੋਸ ਦੇਂਦਾ ਹੈ ਮਨਚਾਹੇ ਵਿਚਾਰ, ਕਦੇ ਇਨਸਾਨ ਨੂੰ ਪਸ਼ੂ ਬਣਾ ਦੇਂਦਾ ਹੈ । ਅਜੇ ਤਾਂ ਲੜਨਾ ਹੈ, ਉਨ੍ਹਾਂ ਸਮੂਹ ਮੁਸ਼ਟੰਡਿਆਂ ਦੇ ਖਿਲਾਫ਼ । ਜੋ ਸਰਕਾਰੀ ਗ਼ੈਰਸਰਕਾਰੀ ਸੰਚਾਰ ਮਾਧਿਅਮਾਂ ਰਾਹੀਂ, ਸਾਡੇ ਘਰਾਂ ਵਿੱਚ ਰਾਤ ਬਰਾਤੇ ਆਣ ਧਮਕਦੇ ਹਨ । ਜਵਾਨ ਧੀਆਂ ਪੁੱਤਰਾਂ ਸਾਹਵੇਂ ਪਰੋਸਦੇ ਹਨ ਨਿਰਵਸਤਰ ਸਦਾਚਾਰ । ਬਚਪਨਾ ਆਉਂਦਾ ਹੀ ਨਹੀਂ, ਨਿੱਕੀ ਜਿਹੀ ਧਰੇਕ ਨੂੰ ਹੀ ਧਰਕੋਨੇ ਪੈ ਜਾਂਦੇ ਨੇ । ਉਸ ਸੁਹਾਗੇ ਦੇ ਖਿਲਾਫ਼, ਜੋ ਸਾਡੇ ਹੱਕਾਂ ਤੇ ਜਾਬਰ ਦੇ ਆਖਿਆਂ ਫਿਰਦਾ ਹੈ । ਮਧੋਲਦਾ ਹੈ ਹੱਕ ਮੰਗਦੇ ਹੱਥਾਂ ਨੂੰ । ਉਸ ਅੱਥਰੂ ਗੈਸ ਦੇ ਖਿਲਾਫ਼ ਲੜਨਾ ਹੈ ? ਜੋ ਕੱਚੀ ਵਾਰੀ ਵਿੱਚ ਬਣੀ ਰਸੋਈ ਅੰਦਰ ਧੁਖਦੀ, ਗਿੱਲੇ ਬਾਲਣ ਦੀ ਅੱਗ ਵਾਂਗ, ਨਾ ਬਲਦੀ ਹੈ ਨਾ ਬੁਝਦੀ । ਨੱਕ ਵਿੱਚ ਦਮ ਲਿਆ ਦਿੰਦੀ ਹੈ । ਮਾਹੌਲ ਆਂ ਧੂੰਆਂ ਕਰ ਦਿੰਦੀ ਹੈ । ਖਲੋਤੀ ਹਵਾ ਦੇ ਖਿਲਾਫ਼ ਲੜਨਾ ਹੈ । ਜਿਸ ਦੇ ਹੁੰਦਿਆਂ ਸੁੰਦਿਆਂ ਸਾਡਾ ਦਮ ਘੁਟਦਾ ਹੈ । ਉਨਾਂ ਟੂਣੇ ਟਾਮਣਾਂ ਤਵੀਤਾਂ ਜਾਦੂਆਂ ਤੇ ਧਾਗਿਆਂ ਦੇ ਖਿਲਾਫ਼, ਜਿਨ੍ਹਾਂ ਵਿਚ ਉਲਝ ਕੇ ਆਦਮੀ ਥਾਂ ਥਾਂ ਠੇਡੇ ਖਾਂਦਾ ਫਿਰਦਾ ਹੈ । ਨਾ ਘਰ ਦਾ ਰਹਿੰਦਾ ਹੈ ਨਾ ਘਾਟ ਦਾ । ਧੋਬੀ ਦਾ ਕੁੱਤਾ ਬਣ ਜਾਂਦਾ ਹੈ । ਸ਼ੱਕ ਦੀਆਂ ਦੀਵਾਰਾਂ ਉਸਾਰ ਕੇ ਨਿੱਕੇ ਜਿਹੇ ਸੰਸਾਰ ਵਿੱਚ, ਦੁਬਿਧਾ ਦੀ ਖੇਤੀ ਕਰਦਾ ਹੈ । ਆਪਣੇ ਸੰਕਟਾਂ ਦੁਸ਼ਵਾਰੀਆਂ ਤੇ ਮੁਸੀਬਤਾਂ ਨੂੰ ਨਜਿੱਠਣ ਲਈ, ਸਾਧ ਦੀ ਬੁਝੀ ਹੋਈ ਧੂਣੀ 'ਚੋਂ ਲਈ ਗਈ, ਸਵਾਹ ਦੀ ਚੁਟਕੀ ਨੂੰ ਹੀ, ਸੰਕਟ-ਮੋਚਨ ਤੇ ਮੁਸੀਬਤ ਹਰਨੀ ਦਵਾ ਸਮਝਦਾ ਹੈ । ਅਸੀਂ ਤਾਂ ਅਜੇ ਉਸ ਹਨੇਰੇ ਦੇ ਖਿਲਾਫ਼ ਲੜਨਾ ਹੈ । ਜਿਸ ਦੇ ਕਾਰਨ ਇਹ ਵਿਸ਼-ਗੰਦਲਾ ਸੰਸਾਰ, ਜੜ੍ਹਾਂ ਵਾਲੇ ਫੋੜੇ ਵਾਂਗ ਨਿਰੰਤਰ ਵਧ ਰਿਹਾ ਹੈ । ਰਾਤ ਦਿਨ ਚੱਲਦੇ ਉਸ ਆਰੇ ਦੇ ਖਿਲਾਫ਼, ਜਿਸ ਦੇ ਚੱਲਿਆਂ ਹਮੇਸ਼ਾਂ ਸਾਡੀਆਂ ਹੀ ਰੀਝਾਂ ਦੇ ਮੋਛੇ ਪੈਂਦੇ ਨੇ । ਉੱਡਦੇ ਨੇ ਪਰਖਚੇ ਸਾਡੇ ਅਰਮਾਨਾਂ ਦੇ । ਪੰਘੂੜੇ ਵਿਚ ਹੀ ਦਮ ਤੋੜ ਜਾਂਦੀ ਹੈ, ਕੱਚ ਦੇ ਖਿਡੌਣੇ ਵਾਂਗ, ਕੜੱਕ ਕਰਕੇ ਕੁਆਰੀ ਰੀਝ । ਤੇ ਮਗਰੋਂ ਸਾਰੀ ਉਮਰ ਲੰਘ ਜਾਂਦੀ ਹੈ ਕੰਕਰਾਂ ਚੁਗਦਿਆਂ । ਮੰਗਾਂ ਮਸਲਿਆਂ ਦਰਦਾਂ ਕਸ਼ਟਾਂ ਤੇ ਅਰਜ਼ਾਂ ਦੀ ਗੱਲ ਕਰਦਿਆਂ, ਸਾਨੂੰ ਫ਼ਰਜ਼ ਸੁਣਾ ਦਿੱਤੇ ਜਾਂਦੇ ਨੇ । ਪੂਰੇ ਦੇ ਪੂਰੇ ਦੇਸ਼ ਨੂੰ ਰੋਟੀ ਕੱਪੜਾ ਮਕਾਨ ਤੇ ਸਵੈਮਾਣ ਦੀ ਥਾਂ, ਨਾਹਰਿਆਂ ਦਾ ਝੁਰਲੂ ਫੜਾ ਦਿੱਤਾ ਜਾਂਦਾ ਹੈ । ਗੁਆਚ ਜਾਂਦਾ ਹੈ ਚੰਗਾ ਭਲਾ ਦੇਸ਼, ਅੱਖਾਂ ਤੋਂ ਓਝਲ ਹੋ ਕੇ ਭੁਲ ਭੁਲੱਈਆਂ ਵਿੱਚ । ਹਕੀਕਤਾਂ ਦੇ ਸਨਮੁੱਖ ਸਿਰਫ਼ ਭਾਸ਼ਨਾਂ ਦੀ ਲੋਹ ਤਪਦੀ ਹੈ । ਜਿਸ ਤੇ ਲਾਰਿਆਂ ਦੇ ਪਰੌਂਠੇ ਪੱਕਦੇ ਨੇ । ਹਾਲੇ ਤਾਂ ਅਸੀਂ ਲੜਨਾ ਹੈ ਉਸ ਗਫ਼ਲਤ ਦੇ ਖਿਲਾਫ਼, ਜੋ ਸਾਨੂੰ ਆਪਣੀਆਂ ਲੱਤਾਂ ਤੇ ਭਾਰ ਹੀ ਨਹੀਂ ਪਾਉਣ ਦਿੰਦੀ । ਉਨ੍ਹਾਂ ਬੁਰਕੀਆਂ ਦੇ ਖਿਲਾਫ਼ ਲੜਨਾ ਹੈ, ਜਿਨ੍ਹਾਂ ਨੂੰ ਖਾਂਦਿਆਂ ਖਾਂਦਿਆਂ, ਪੂਰੇ ਦੇਸ਼ ਦਾ ਵਾਲ ਵਾਲ, ਬੇਸ਼ਰਮਾਂ ਵਾਂਗ ਪਰੁੱਚ ਗਿਆ ਹੈ । ਕਰਜ਼ੇ ਦੀਆਂ ਜੂੰਆਂ ਨਾਲ । ਥੈਲੀ ਸ਼ਾਹਾਂ ਦੀ ਉਸ ਉਦਾਰ ਨੀਤੀ ਦੇ ਖਿਲਾਫ਼ ਲੜਨਾ ਹੈ । ਜਿਸ ਦੇ ਕਾਰਨ । ਸਾਡੇ ਗਲੀ ਬਾਜ਼ਾਰਾਂ ਘਰਾਂ ਤੇ ਮੁਹੱਲਿਆਂ ਵਿੱਚ, ਦਨਦਨਾਉਂਦੀਆਂ ਫਿਰਦੀਆਂ ਹਨ, ਵਰਦੀਧਾਰੀ ਬਹੁਕੌਮੀ ਕੰਪਨੀਆਂ । ਅਸੀਂ ਉਨ੍ਹਾਂ ਤਾਰਿਆਂ ਖਿੱਤੀਆਂ ਅਤੇ ਗ੍ਰਹਿਆਂ ਦੇ, ਤੇਲ ਖਿਲਾਫ਼ ਲੜਨਾ ਹੈ । ਜਿਨ੍ਹਾਂ ਦੀ ਗਤੀ ਹਮੇਸ਼ਾ ਸਾਡੇ ਹੀ ਵਿਰੁੱਧ ਭੁਗਤਦੀ ਹੈ, ਲੜਨਾ ਹੈ ਹਨੇਰੇ ਦੇ ਸਭ ਸਾਥੀਆਂ ਦੇ ਖਿਲਾਫ਼ । ਹਾਲੇ ਤਾਂ ਲੜਨਾ ਬਾਕੀ ਹੈ, ਆਪਣੀਆਂ ਹੀ ਕਮੀਨਗੀਆਂ ਦੇ ਖਿਲਾਫ਼ । ਜਿਨ੍ਹਾਂ ਦੀ ਰਾਖੀ ਲਈ ਆਦਮੀ ਹਰ ਰੋਜ਼, ਥੱਲੇ ਹੀ ਥੱਲੇ ਗਰਕਦਾ ਜਾ ਰਿਹਾ ਹੈ ਰਸਾਤਲ ਵੱਲ । ਆਪਣੇ ਦੁਆਲੇ ਹੰਕਾਰ ਦੀ ਕੰਧ ਖੜੀ ਕਰੀ ਬੈਠਾ ਹੈ, ਰੇਤ ਦੇ ਕਿਲ੍ਹੇ ਵਾਂਗ । ਨਿੱਕੀਆਂ ਲੜਾਈਆਂ ਦੇ ਚੱਕਰਵਿਊਹ ਵਿਚ, ਘਿਰਿਆ ਆਦਮੀ ਨਿਕੱਦਾ ਹੋ ਜਾਂਦਾ ਹੈ । ਉਨਾਂ ਰੰਗ ਬਰੰਗੇ ਗੁਬਾਰਿਆਂ ਤੇ ਨਾਅਰਿਆਂ ਦੇ ਖਿਲਾਫ਼ । ਜਿਨ੍ਹਾਂ ਵਿੱਚ ਸਾਡੇ ਅਣਭੋਲ ਸੁਪਨੇ, ਅਕਸਰ ਰਾਹ ਭੁੱਲ ਜਾਂਦੇ ਹਨ । ਮੇਲੇ ਵਿਚ ਗੁਆਚੇ ਬਾਲ ਵਾਂਗ । ਉਨ੍ਹਾਂ ਗੁਮਾਸ਼ਤਿਆਂ ਦੇ ਖਿਲਾਫ਼ ਲੜਨਾ ਹੈ, ਜੋ ਇਜਾਰੇਦਾਰਾਂ ਦੇ ਸਿਹਰੇ ਗਾਉਂਦੇ ਬੁੱਢੇ ਹੋ ਚੱਲੇ ਨੇ । ਯੋਜਨਾ ਭਵਨਾਂ ਦੀਆਂ ਵੱਡੀਆਂ ਕੁਰਸੀਆਂ ਤੇ ਬੈਠੇ, ਉਨ੍ਹਾਂ ਹਿੱਲਦੇ ਸਿਰਾਂ ਅਤੇ ਝੂਲਦੇ ਗੋਡਿਆਂ ਵਾਲੇ, ਜੁਗਾੜ ਪੰਥੀਆਂ ਦੇ ਖਿਲਾਫ਼ ਲੜਨਾ ਹੈ । ਜਿਨ੍ਹਾਂ ਲਈ ਵਾਤਾਅਨੁਕੂਲ ਕਮਰਾ, ਮੁਫ਼ਤ ਦਾ ਟੈਲੀਫ਼ੋਨ, ਅਤੇ ਹਵਾਈ ਝੂਟੇ ਧਰਤੀ ਦੀ ਸਭ ਤੋਂ ਵੱਡੀ ਨਿਹਮਤ ਹੈ । ਜਿਨ੍ਹਾਂ ਲਈ ਦੇਸ਼ ਦੀ ਗੁਰਬਤ ਤੇਰ੍ਹਵੇਂ ਥਾਂ ਤੇ ਪਈ, ਕੋਈ ਅਜਿਹੀ ਅਣਪਛਾਤੀ ਵਸਤੂ ਹੈ । ਜਿਸ ਨੂੰ ਟਾਈਮ ਬੰਬ ਆਖ ਕੇ, ਪੁੱਠੇ ਟੇਢੇ ਢੰਗ ਨਾਲ, ਅਕਸਰ ਨਕਾਰਾ ਕਰਨ ਦੀ ਹਦਾਇਤ ਦਿੱਤੀ ਜਾਂਦੀ ਹੈ । ਜਿਨ੍ਹਾਂ ਨੂੰ ਨੌਕਰਸ਼ਾਹੀ ਨੇ ਨਿੱਤ ਕਿਰਿਆ ਬਣਾ ਕੇ, ਸਾਡੇ ਮੱਥੇ ਤੇ ਚਿਪਕਾ ਦਿਤਾ ਹੈ ਕਿਸਮਤ ਵਾਂਗ । ਇਹੋ ਜਿਹੀਆਂ ਸਮੂਹ ਬੇਹੂਦਗੀਆਂ ਦੇ ਖਿਲਾਫ਼ ਲੜਨਾ ਹੈ । ਹਾਲੇ ਤਾਂ ਉਨ੍ਹਾਂ ਕਿਸਮਤ ਪੰਥੀਆਂ ਦੇ ਖਿਲਾਫ਼ ਲੜਨਾ ਹੈ, ਜਿਨ੍ਹਾਂ ਨੇ ਸਾਡੇ ਸਮੁੱਚੇ ਆਦਰਸ਼ਾਂ ਸੁਪਨਿਆਂ ਤੇ ਸੰਘਰਸ਼ਾਂ ਨੂੰ, ਅਜਿਹਾ ਸਲਾਭਿਆ ਹੈ । ਕਿ ਹੁਣ ਇਹ ਨਾ ਅੱਗ ਫੜਦੇ ਹਨ, ਨਾ ਤੜ ਤੜ ਮੱਚਦੇ ਹਨ । ਉਸ ਨਾਲਾਇਕੀ ਦੇ ਖਿਲਾਫ਼ ਲੜਨਾ ਹੈ, ਜਿਸ ਦੇ ਹੁੰਦਿਆਂ ਬੀਤੀ ਅੱਧੀ ਸਦੀ, ਰਾਤੀਂ ਆਏ ਬੁਰੇ ਸੁਪਨੇ ਵਾਂਗ ਲੰਘ ਗਈ ਹੈ । ਉਸ ਬਿਗਲ ਦੇ ਖਿਲਾਫ਼ ਲੜਨਾ ਹੈ, ਜੋ ਅਕਸਰ ਚੋਣਾਂ ਸਮੇਂ ਹੀ ਵੱਜਦਾ ਹੈ । ਭੁੱਲ ਜਾਂਦਾ ਹੈ ਆਮ ਆਦਮੀ, ਮੁੱਢਲੇ ਮਸਲੇ ਆਪਣੇ ਅਧਿਕਾਰ। ਹਾਕਮਾਂ ਦਾ ਬਦਰੂਪ ਵਿਹਾਰ । ਸ਼ਰੇਆਮ ਨੰਗੇ ਨੱਚਦੇ ਹਨ ਉਮੀਦਵਾਰ । ਸ਼ਰਾਬਾਂ ਨਸ਼ੀਲੇ ਮਾਦਕ ਪਦਾਰਥਾਂ ਦੀ ਸ਼ਾਹੀ ਫੁਹਾਰ । ਪੈਸੇ ਦੀ ਅੰਨ੍ਹੀ ਹਨੇਰੀ ਲਿਆ ਦੇਂਦੇ ਹਨ । ਅੱਖਾਂ ਦੇ ਸਾਹਮਣੇ ਚਾਲੀ ਦਿਨਾਂ ਅੰਦਰ, ਸਾਡੇ ਸਿਰ ਮੁੰਨ ਕੇ ਜਾ ਬਹਿੰਦੇ ਹਨ, ਗੋਲ ਸਰਦ ਖਾਨੇ ਵਿੱਚ । ਅਮੀਰੜਿਆਂ ਦੇ ਵਿਹੜੇ ਚੋਗਾ ਚੁਗਦੇ, ਗਾਨੀ ਵਾਲੇ ਕਬੂਤਰ ਬਣ ਜਾਂਦੇ ਹਨ । ਦੂਰਦਰਸ਼ਨੀ ਕੈਮਰੇ ਵੱਲ ਦੇਖ ਕੇ ਖੂਬ ਪਟਾਕਦੇ ਹਨ । ਹਿੰਦੀ ਫ਼ਿਲਮ ਦੇ ਹੀਰੋ ਵਾਂਗ । ਉਸ ਵਿਧੀ-ਵਿਧਾਨ ਨੂੰ ਵੀ ਪੁੱਛਣਾ ਹੈ, ਕਿ ਤੇਰੇ ਅਧੀਨ ਏਨਾ ਹਨ੍ਹੇਰ ਖਾਤਾ ਕਿਉਂ ਚੱਲਦਾ ਹੈ ? ਦਸ ਨੰਬਰੀਏ ਜੇਬ ਤਰਾਸ਼ ਵਿਹਲੜ ਸੂਦ ਖੋਰ, ਦੇਸ਼ ਦੀ ਗੱਡੀ ਦੇ ਚਾਲਕ ਬਣ ਬੈਠੇ ਹਨ । ਤੇਰੇ ਹੁੰਦਿਆਂ ਸੁੰਦਿਆਂ ਪੂਰੀ ਬੇਸ਼ਰਮੀ ਨਾਲ । ਲੜਨਾ ਹੈ ਉਸ ਧੌਲਦਾੜੀਏ ਟੋਲੇ ਦੇ ਖਿਲਾਫ਼, ਜਿਸ ਨੇ ਮਜ਼ਾਕ ਬਣਾ ਦਿੱਤਾ ਹੈ ਏਨਾ ਮਹਾਨ ਦੇਸ਼ । ਜਿਸ ਦੀਆਂ ਨੀਂਹਾਂ ਵਿੱਚ ਸੀਸ ਹੀ ਸੀਸ ਹਨ, ਮੁੱਛ ਫੁਟੇਂਦੇ ਗੱਭਰੂਆਂ ਤੋਂ ਲੈ ਕੇ, ਬਿਰਧ ਗਦਰੀ ਬਾਬਿਆਂ ਤੀਕ । ਲੜਨਾ ਹੈ ਉਨ੍ਹਾਂ ਲੋਕਾਂ ਦੇ ਖਿਲਾਫ਼, ਜਿਨ੍ਹਾਂ ਦੀ ਪ੍ਰਾਪਤੀ ਹੀ ਸਾਡਾ ਆਦਰਸ਼ ਬਣ ਜਾਂਦਾ ਹੈ । ਖਾਂਦੀਆਂ ਖਾਂਦੀਆਂ ਖਾ ਜਾਂਦੀਆਂ ਹਨ, ਕੜੀ ਵਰਗੇ ਜਵਾਨ । ਪੀੜ੍ਹੀਆਂ ਦਰ ਪੀੜ੍ਹੀਆਂ ਖਪ ਜਾਂਦੀਆਂ ਹਨ, ਖਪਤ ਦੇ ਅੰਨ੍ਹੇ ਖੂਹ ਵਿੱਚ। ਲੜਨਾ ਹੈ ਅਜੇ ਉਸ ਢਿੱਲੀ ਰਫ਼ਤਾਰ ਦੇ ਖਿਲਾਫ਼ ਜੋ ਸਾਡੇ ਸਾਹਾਂ 'ਚ ਰਚ ਗਈ ਹੈ । ਸਾਡੇ ਤੋਂ ਕਿਤੇ ਮਗਰੋਂ ਤੁਰੇ ਲੋਕ, ਬਹੁਤ ਅੱਗੇ ਲੰਘ ਗਏ ਹਨ । ਚੋਰ ਪਛਾਨਣ ਲਈ ਹੁਣ, ਅਸੀਂ ਰੰਗਾਂ ਨਸਲਾਂ ਤੇ ਖਿੱਤਿਆਂ ਦੇ ਫ਼ਰਕ ’ਚ ਨਹੀਂ ਪੈਣਾ । ਅੱਖਾਂ ਖੋਲ੍ਹ ਕੇ, ਹਰ ਕਿਸਮ ਦੇ ਦੁਸ਼ਮਣ ਦੀ ਪੈੜ ਨੱਪਣੀ ਹੈ । ਲੜਨਾ ਹੈ ਉਨ੍ਹਾਂ ਸਬਜ਼ ਬਾਗਾਂ ਤੇ ਮਿਰਗਜਲੀਆਂ ਦੇ ਖਿਲਾਫ਼ । ਜਿਨ੍ਹਾਂ ਨੂੰ ਵੇਖ ਕੇ ਹਰ ਵਾਰੀ, ਸਾਡੇ ਹੱਕਾਂ ਦੀ ਸੀਤਾ ਦਾ ਹਰਨ ਹੋ ਜਾਂਦਾ ਹੈ । ਉਸਦੀ ਉਸ ਲਛਮਣ ਰੇਖਾ ਦੇ ਖਿਲਾਫ਼, ਜਿਸ ਦੇ ਅੰਦਰ ਰਹਿ ਕੇ ਦਮ ਘੁਟਦਾ ਹੈ । ਬਾਹਰ ਰਾਵਣ ਵਰਗੀਆਂ ਲੱਖ ਕਰੋੜ ਸੂਰਤਾਂ, ਮੂੰਹ ਅੱਡੀ ਖੜੀਆਂ ਹਨ । ਪੰਜ ਸਾਲਾਂ ਦੀ ਬਾਲੜੀ ਤੋਂ ਲੈ ਕੇ, ਅੱਸੀ ਸਾਲਾਂ ਦੀ ਦਾਦੀ ਮਾਂ ਤੀਕ, ਕੁਝ ਵੀ ਸੁਰੱਖਿਅਤ ਨਹੀਂ । ਸਿੰਗਾਂ ਵਾਲੇ ਭੇੜੀਏ ਦਹਾੜਦੇ ਹਨ ਦਿਨ ਦੀਵੀਂ । ਕਾਨੂੰਨ ਅੱਖਾਂ ਮੀਟ ਜਾਂਦਾ ਹੈ, ਪਹਿਰੇਦਾਰਾਂ ਨਾਲ ਖਾਣ-ਪੀਣ ਸਾਂਝਾ ਹੈ, ਸੰਨ੍ਹ ਲਾਉਣ ਵਾਲਿਆਂ ਦਾ। ਅਜਿਹੀ ਕਰੰਘੜੀ ਦੇ ਖਿਲਾਫ਼ ਲੜਨਾ ਹੈ । ਉਸ ਬੇ-ਰਹਿਮ ਸ਼ੋਰ ਦੇ ਖ਼ਿਲਾਫ਼ ਲੜਨਾ ਹੈ, ਅਤੇ ਜਿਸ ਦੀ ਆੜ ਵਿੱਚ, ਅਸੀਂ ਸਿਰਫ਼ ਮਰਨ ਵਾਲੇ ਅੰਕੜੇ ਬਣ ਜਾਂਦੇ ਹਾਂ । ਕਰ ਦਿੱਤਾ ਜਾਂਦਾ ਹੈ ਤਿਆਰ, ਸਾਨੂੰ ਵਾਰ ਵਾਰ ਵਕਤ ਦੇ ਜਬਾੜਿਆਂ ਵਿੱਚ ਚਿੱਥੇ ਜਾਣ ਲਈ । ਉਨ੍ਹਾਂ ਸਮੂਹ ਚੰਗੇਜ਼ਾਂ ਅਬਦਾਲੀਆਂ ਹਿਟਲਰਾਂ ਤੇ ਮਸੋਲੀਨੀਆਂ ਦੇ ਖਿਲਾਫ਼ । ਜਿਨ੍ਹਾਂ ਦੀ ਨਸਲ ਪੀੜ੍ਹੀ ਦਰ ਪੀੜ੍ਹੀ, ਚਿਹਰੇ ਬਦਲ ਬਦਲ ਕੇ ਦੇਸ਼ ਵਿਦੇਸ਼ ਵਿੱਚ, ਰੰਗ ਨਸਲ ਅਤੇ ਜ਼ਾਤ ਦੇ ਭੇਤ ਤੋਂ ਬਗੈਰ, ਸਾਡੇ ਸੰਘਾਰ ਲਈ ਤਿਆਰ ਬਰ ਤਿਆਰ ਖੜ੍ਹੀ ਰਹਿੰਦੀ ਹੈ । ਹਲਾਕੂ ਵਾਂਗ ਅੱਥਰੇ ਘੋੜੇ ਦੀ ਵਾਗ ਸਾਹਮਣਿਉਂ ਫੜਨੀ ਹੈ । ਉਨਾਂ ਝੱਖੜਾਂ ਦੇ ਖਿਲਾਫ਼, ਜਿਨ੍ਹਾਂ ਦੀ ਕਰੋਪੀ ਨਾਲ ਕੇਵਲ ਕੱਚੇ ਕੋਠੇ ਹੀ ਢਹਿੰਦੇ ਨੇ । ਤੰਗੀਆਂ ਤੁਰਸ਼ੀਆਂ ਦੇ ਭੰਨੇ ਹੋਏ, ਅਸੀਂ ਕੰਬਦੇ ਹੱਥਾਂ ਨਾਲ ਹੀ ਸਹੀ, ਉਸ ਚੱਟਾਨ ਦੇ ਖਿਲਾਫ਼ ਹਥੌੜਾ ਲੈ ਕੇ ਲੜਨਾ ਹੈ, ਜਿਸ ਦੇ ਪਾਰ ਸਾਡਾ ਸੂਰਜ ਮਘਦਾ ਹੈ । ਅਸੀਂ ਹਾਲੇ ਤੁਰਨਾ ਹੈ ਉਸ ਆਦਮ ਖਾਣੀ ਨਸਲ ਦੇ ਖਿਲਾਫ਼, ਜਿਸ ਨੇ ਸਾਡੀਆਂ ਪੁਸ਼ਤਾਂ ਦੀਆਂ ਪੁਸ਼ਤਾਂ, ਖਾ ਕੇ ਡਕਾਰ ਵੀ ਨਹੀਂ ਮਾਰਿਆ ਸੱਜਰੇ ਜ਼ਖਮਾਂ ਨੂੰ ਨਾਲ ਲੈ ਕੇ, ਬਹੁਤ ਦੂਰ ਤੀਕ ਤੁਰਨਾ ਹੈ । ਜ਼ਿੰਦਗੀ ਦੇ ਸੁਹਜ ਲਈ, ਉਸ ਸਮੁੱਚੇ ਕੁਹਜ ਦੇ ਖਿਲਾਫ਼ ਲੜਨਾ ਹੈ । ਜਿਸ ਨੇ ਸਾਡੇ ਸਮੁੱਚੇ ਸੰਕਲਪਾਂ ਨੂੰ, ਕਦੇ ਵੀ ਸੱਚ ਦੇ ਰੂਬਰੂ ਨਹੀਂ ਹੋਣ ਦਿੱਤਾ । ਸੁਲਗਦੇ ਪਲੀਤੇ ਲੈ ਕੇ ਉਸ ਬਾਰੂਦ-ਖਾਨੇ ਦੇ ਖਿਲਾਫ਼, ਜਿਸ ਨੂੰ ਆਪਣੀ ਸਮਰਥਾ ਦਾ ਅਹਿਸਾਸ ਹੀ ਨਹੀਂ। ਲੜਾਈ ਨਹੀਂ ਅਸੀਂ ਤਾਂ ਯੁੱਧ ਕਰਨਾ ਹੈ, ਹਾਕਮਾਂ ਦੀਆਂ ਉਨ੍ਹਾਂ ਸਮੂਹ ਗ਼ਰਜ਼ਾਂ ਦੇ ਖਿਲਾਫ਼ । ਜਿਨ੍ਹਾਂ ਦੇ ਕਾਰਨ ਸਾਹ ਵਰੋਲਦਾ ਦੇਸ਼, ਬਾਰ ਬਾਰ ਬਲਦੀ ਦੇ ਬੁੱਥੇ ਦੇ ਦਿੱਤਾ ਜਾਂਦਾ ਹੈ । ਘਰ ਘਰ ਵੰਡਦਾ ਫਿਰਦਾ ਹੈ ਮੌਤ ਦੀਆਂ ਚਿੱਠੀਆਂ, ਚਿੱਟੀਆਂ ਚੁੰਨੀਆਂ । ਚਿੜੀਆਂ ਮਰਦੀਆਂ ਨੇ ਤੇ ਗੰਵਾਰ ਹੱਸੀ ਜਾਂਦੇ ਨੇ, ਪ੍ਰਾਪਤੀਆਂ ਦੇ ਕਿੱਸੇ ਛੇੜ ਕੇ । ਘਰ ਬੈਠਿਆਂ ਕ੍ਰਿਕਟ ਮੈਚ ਵਾਂਗ, ਸਰਹੱਦ ਤੇ ਮਰਨ ਵਾਲਿਆਂ ਦਾ, ਰੋਜ਼ਾਨਾ ਸਕੋਰ ਪੁੱਛਿਆ ਜਾਂਦਾ ਹੈ । ਅਸੀਂ ਜੂਝਣਾ ਹੈ ਉਨ੍ਹਾਂ ਸਮੂਹ ਪਥਰੀਲੇ ਅਹਿਸਾਸਾਂ ਦੇ ਖਿਲਾਫ਼। ਉਨਾਂ ਝੰਡਾ ਬਰਦਾਰਾਂ ਅਤੇ ਨਾਅਰੇਬਾਜ਼ਾਂ ਦੇ ਖਿਲਾਫ਼ । ਜਿਨ੍ਹਾਂ ਲਈ ਜੰਗ ਕੇਵਲ, ਬਿਸਕੁਟ ਦੇ ਪੈਕਟਾਂ ਡਬਲਰੋਟੀਆਂ ਭੁੱਜੇ ਛੋਲਿਆਂ, ਵੱਧ ਤੋਂ ਵੱਧ ਮੁਹਾਜ਼ ਤੇ ਜਾਂਦੇ ਫ਼ੌਜੀਆਂ ਦੇ ਮੱਥੇ ਤਿਲਕ, ਸਤੇ ਜਾਂ ਕੁਝ ਰੁਪਈਏ ਦਾਨ ਦੇਣ, ਤੇ ਸ਼ਰਧਾਂਜਲੀ ਸਮਾਰੋਹਾਂ ਤੇ ਹਾਜ਼ਰੀ ਲੁਆਉਣ ਤੋਂ, ਵੱਧ ਕੁਝ ਵੀ ਨਹੀਂ । ਨਿੱਕੀਆਂ ਨਿੱਕੀਆਂ ਲੜਾਈਆਂ ਲੜਦਿਆਂ, ਅਸੀਂ ਭੁੱਲ ਹੀ ਗਏ ਹਾਂ ਵੱਡੀ ਜੰਗ ਦੇ ਅਰਥ । ਬੜਾ ਅਨਰਥ ਕੀਤਾ ਹੈ ਅਸੀਂ ਆਪਣੇ ਪੁਰਖਿਆਂ ਨਾਲ । ਮਤੀਦਾਸ ਪੁੱਛਦਾ ਹੈ ? ਆਰਾ ਤਾਂ ਦਿਨੇ ਰਾਤ ਅੱਜ ਵੀ ਚੱਲ ਰਿਹਾ ਹੈ, ਤੁਸੀਂ ਕਿੱਧਰ ਗਏ? ਕਿੰਨਾ ਕੁ ਚਿਰ ਬੈਠੇ ਰਹੋਗੇ ਚੁੱਪ ਚਾਪ । ਬੌਣਿਆਂ ਦੇ ਦੇਸ਼ ਵਿਚ ਵੱਸਦਿਆਂ, ਅਸੀਂ ਭੁੱਲ ਹੀ ਗਏ ਹਾਂ, ਸ਼ਮਲੇ ਵਾਲੀ ਪੱਗ ਕਿਵੇਂ ਫਸਦੀ ਹੈ, ਰਾਜ-ਘਰਾਣੇ ਦੀਆਂ ਫਾਹੀਆਂ ਵਿੱਚ, ਮੌਸਮ ਨੇ ਸਾਨੂੰ ਕਿਥੋਂ ਕਿੱਥੇ ਪਹੁੰਚਾ ਦਿੱਤਾ ਹੈ । ਲੰਮ ਸਲੰਮੀ ਰਾਤ ਵਿੱਚ ਸੁੱਤਿਆਂ ਸੁੱਤਿਆਂ, ਭੁੱਲ ਹੀ ਗਈ ਹੈ ਜਾਗਣ ਦੀ ਜਾਚ। ਨਾ ਚੌਕੀਦਾਰ ਦਾ ਖੜਕਦਾ ਡੰਡਾ ਸੁਣਦਾ ਹੈ, ਨਾ ਕੁੱਕੜ ਦੀ ਬਾਂਗ । ਅਸੀਂ ਸੰਚਾਰ ਮਾਧਿਅਮਾਂ ਦੇ ਕੈਮਰਿਆਂ ਮੁਹਰੇ ਮਾਡਲਿੰਗ ਨਹੀਂ ਕਰਨੀ, ਸਚਮੁੱਚ ਗੱਲਵਕੜੀ ਪਾਉਣੀ ਹੈ । ਐਨ ਉਵੇਂ ਜਿਵੇਂ ਵੀਰ ਵੀਰ ਨੂੰ ਮਿਲਦਾ ਹੈ ਚਿਰੀਂ ਵਿਛੁੰਨਾ । ਐਨ ਉਵੇਂ ਜਿਵੇਂ ਸਰੋਵਰ ਦੇ ਪਾਣੀਆਂ ਵਿੱਚ । ਪਾਣੀ ਨਾਲ ਭਰਪੂਰ ਘੜਾ ਗੜੂੰਦ ਹੋ ਜਾਂਦਾ ਹੈ, ਸਾਹ ਸਤ ਹੀਣ । ਆਉਂਦੇ ਜਾਂਦੇ ਸਾਹਾਂ ਦੀ ਆਵਾਜ਼ ਸੁਣਦੀ ਹੈ, ਜ਼ਿੰਦਗੀ ਨੂੰ ਅਸੀਂ ਏਨੀ ਸ਼ਿੱਦਤ ਨਾਲ ਧਾਅ ਕੇ ਮਿਲਣਾ ਹੈ । ਉਸ ਅੰਨ੍ਹੇ ਕੁੱਤੇ ਦੇ ਖਿਲਾਫ਼ ਲੜਨਾ ਹੈ, ਜੋ ਹਵਾ ਨੂੰ ਹੀ ਭੌਂਕੀ ਜਾਂਦਾ ਹੈ ਰਾਤ ਦਿਨ । ਸੁਰੱਖਿਅਤ ਸਵੇਰਾਂ ਸ਼ਾਮਾਂ ਦੁਪਹਿਰਾਂ ਤੇ ਰਾਤਾਂ ਲਈ ਲੜਨਾ ਹੈ । ਦੇਸ਼ ਦੇ ਸਮੂਹ ਵਰਤਾਰਿਆਂ ਵਿੱਚ, ਪੱਸਰੀ ਉਸ ਅਮਰ ਵੇਲ ਦੇ ਖਿਲਾਫ਼। ਕਿ ਜਿਸ ਹੇਠ ਆਇਆ ਜਿਉਂਦਾ ਜਾਗਦਾ ਵੇਲ ਬੂਟਾ, ਕੁਝ ਵੀ ਸੁਰੱਖਿਅਤ ਨਹੀਂ । ਅਸੀਂ ਫੁੱਲਾਂ ਪੱਤਿਆਂ ਟਾਹਣੀਆਂ, ਅਤੇ ਮਹਿਕਦੀਆਂ ਹਵਾਵਾਂ ਦੀ ਬੇਕਰਾਰੀ ਖਾਤਰ ਲੜਨਾ ਹੈ । ਅਸੀਂ ਲੜਨਾ ਹੈ ਉਨ੍ਹਾਂ ਜ਼ਹਿਰੀ ਨਾਗਾਂ ਦੇ ਖਿਲਾਫ਼, ਜੋ ਕੇਵਲ ਵਰਮੀਆਂ ਵਿਚ ਬੈਠੇ ਫੁੰਕਾਰਨਾ ਹੀ ਜਾਣਦੇ ਹਨ। ਅਜਿਹੇ ਸਮੂਹ ਸਾਜ਼ਿਸ਼ਕਾਰੀ ਖੜੱਪਿਆਂ ਦੇ ਖਿਲਾਫ਼ ਲੜਨਾ ਹੈ, ਜਿਨ੍ਹਾਂ ਲਈ ਜ਼ਿੰਦਗੀ ਖੋਹਣੀ ਇੱਕ ਮਿੰਟ ਦੀ ਖੇਡ ਹੈ, ਪਰ ਜ਼ਿੰਦਗੀ ਦੇਣੀ ਵਿਧਾਨ ਵਿਚ ਸ਼ਾਮਲ ਹੀ ਨਹੀਂ। ਉਨਾਂ ਚਲਾਕੀਆਂ ਕਮੀਨਗੀਆਂ ਵਿਸ਼ਵਾਸ਼ਘਾਤਾਂ, ਅਤੇ ਨਿੱਕੀਆਂ ਸੋਚਾਂ ਦੇ ਖ਼ਿਲਾਫ਼ ਲੜਨਾ ਹੈ । ਜਿਨ੍ਹਾਂ ਦਾ ਸ਼ਿਕਾਰ ਹੋ ਕੇ, ਅਸੀਂ ਵਹਿ ਜਾਂਦੇ ਹਾਂ ਲਾਸ਼ ਬਣ ਕੇ । ਵਗਦੇ ਪਾਣੀਆਂ ਦੇ ਵਹਿਣ ਵਿਚ, ਉਲਟ ਦਿਸ਼ਾ ਵਿਚ ਤੈਰ ਕੇ ਅਸੀਂ । ਜਿਉਂਦੇ ਹੋਣ ਦਾ ਪਰਮਾਣ ਦੇਣਾ ਹੈ । ਸੰਘਰਸ਼ ਲਈ ਜੰਗ ਲਈ ਸੰਗਰਾਮ ਲਈ, ਆਪਣਾ ਬਾਹੂ ਬਲ ਪਰਖਣਾ ਹੈ । ਅਜੇ ਤਾਂ ਬਾਕੀ ਹੈ ਲੜਨਾ ਉਸ ਗਿਰੋਹ ਦੇ ਖਿਲਾਫ਼, ਜੋ ਵੰਡਦਾ ਫਿਰ ਰਿਹਾ ਹੈ ਸਾਹਿਤ ਵਿੱਚ ਨਵੇਂ ਵਾਦ । ਨਵ ਕਵਿਤਾ ਨਹੀਂ ਅਸੀਂ ਤਾਂ ਅਜੇ ਕਵਿਤਾ ਲਿਖਣੀ ਹੈ । ਲੜਨਾ ਹੈ ਉਸ ਥੜ੍ਹੇ ਦੇ ਖਿਲਾਫ਼, ਜਿਸ ਤੇ ਰਾਜਧਾਨੀ ਵਿੱਚ ਰੱਖ ਕੇ ਜ਼ਹਿਰ ਵਿਕਦਾ ਹੈ । ਤੇ ਉਹੀ ਜ਼ਹਿਰ ਪੁਸਤਕਾਂ ਡਿਸਕਾਂ ਅਤੇ ਇੰਟਰਨੈੱਟ ਰਾਹੀਂ, ਪਹੁੰਚ ਰਿਹਾ ਹੈ ਸਕੂਲਾਂ ਕਾਲਜਾਂ ਅਤੇ ਵਿਸ਼ਵਵਿਦਿਆਲਿਆਂ ਦੇ, ਵਿਦਿਆਰਥੀਆਂ ਵਿਚ ਨਵੀਂ ਰੌਸ਼ਨੀ ਦੇ ਨਾਮ ਹੇਠ । ਅਸੀਂ ਇਸ ਵਾਇਰਸ ਨੂੰ ਪਛਾਨਣਾ ਹੈ । ਬਹੁਤ ਬੇਲਿਹਾਜ਼ ਹੈ ਸਮੇਂ ਦੀ ਹਕੀਕਤ, ਇਸ ਹਕੀਕਤ ਦੇ ਰੂਬਰੂ ਅਸੀਂ ਨਹੀਂ ਸਿਉਣੀਆਂ ਕਵਿਤਾਵਾਂ, ਦਰਜ਼ੀਆਂ ਨੂੰ ਥੋਕ ਵਿੱਚ ਮਿਲੇ ਫ਼ੌਜੀ ਆਡਰ ਵਾਂਗ । ਨਹੀਂ ਬੈਠਣਾ ਨਿਰਵਸਤਰ ਹੋ ਕੇ ਬਜ਼ਾਰ ਵਿੱਚ, ਅਸੀਂ ਤਾਂ ਹਾਲੇ ਤੁਰਨਾ ਸਿੱਖਣਾ ਹੈ ਉਨ੍ਹਾਂ ਰਾਹਾਂ ਵੱਲ । ਜਿਨ੍ਹਾਂ ਤੇ ਤੁਰਦਿਆਂ ਅਸੀਂ ਪਛਾਣ ਸਕੀਏ, ਕਿ ਸਾਡੇ ਮਨਾਂ ਵਿੱਚ ਇਹ ਪੁੱਠਕੰਡੇ ਕੌਣ ਬੀਜਦਾ ਹੈ । ਅਤੇ ਆਪ ਬੈਠ ਜਾਂਦਾ ਹੈ ਸ਼ਬਦ ਸੁਰਤਿ ਦੀ ਸਮਾਧੀ ਵਿੱਚ, ਰੀਮੋਟ ਕੰਟਰੋਲ ਨਾਲ ਹੀ ਚਲਾਈ ਜਾਂਦਾ ਹੈ, ਸ਼ਬਦਾਂ ਦਾ ਵਣਜ ਵਪਾਰ । ਖੜਕਦੇ ਨੋਟਾਂ ਲਈ ਝਾਂਜਰਾਂ ਪਾ ਕੇ ਨੱਚਣ ਲੱਗ ਪੈਂਦੀਆਂ ਹਨ, ਧੌਲੀਆਂ ਦਾੜ੍ਹੀਆਂ ਜਿਸ ਦੇ ਦਵਾਰ। ਅਸੀਂ ਉਨ੍ਹਾਂ ਤਮਾਮ ਚਕਲਿਆਂ ਦੇ, ਖਿਲਾਫ਼ ਲੜਨਾ ਹੈ । ਜਿਨ੍ਹਾਂ ਦਾ ਪਸਾਰ ਸਾਡੇ ਘਰਾਂ ਤੀਕ ਕਰਨ ਲਈ, ਨਕਸ਼ੇ ਤਿਆਰ ਹੋ ਚੁੱਕੇ ਨੇ । ਜ਼ਿੰਦਗੀ ਦੇ ਸਮੂਹ ਸਰੋਕਾਰਾਂ ਲਈ, ਮਹਿਕਦੀਆਂ ਬਹਾਰਾਂ ਤੇ ਗੁਲਜ਼ਾਰਾਂ ਲਈ, ਨਿੱਕੀ ਜਿਹੀ ਲੜਾਈ ਨਹੀਂ, ਬਹੁਤ ਸਾਰੇ ਦੁਸ਼ਮਣਾਂ ਦੇ ਖਿਲਾਫ਼, ਕਰੋੜਾਂ ਬਾਹਾਂ ਨਾਲ ਲੜਨਾ ਹੈ ।
ਪਹਾੜਾਂ ਵਾਲਿਓ
ਤੁਸੀਂ ਸਾਡਾ ਸਿਰ ਪਹਾੜਾਂ ਵਾਲਿਓ । ਤੁਸੀਂ ਸਾਡੀ ਧਿਰ ਪਹਾੜਾਂ ਵਾਲਿਓ । ਵਕਤ ਨੇ ਸਾਨੂੰ ਤੁਹਾਨੂੰ ਚੀਰਿਆ, ਫਿਰ ਮਿਲਾਂ ਗੇ ਫਿਰ ਪਹਾੜਾਂ ਵਾਲਿਓ ।
ਸ਼ਹਿਰਾਂ ਵਿਚ ਗੁਆਚ ਗਏ ਹਾਂ
ਸ਼ਹਿਰੋਂ ਪਿੰਡ ਦਾ ਕਿੰਨਾ ਪੈਂਡਾ, ਰੋਜ਼ ਦਿਹਾੜੀ ਵਧ ਜਾਂਦਾ ਹੈ । ਇਸ ਦਾ ਮੈਨੂੰ ਇਲਮ ਨਹੀਂ ਸੀ । ਇਹ ਤਾਂ ਮੈਨੂੰ ਅਚਨਚੇਤ ਚਿੜੀਆਂ ਨੇ ਦੱਸਿਆ । ਜਿਨ੍ਹਾਂ ਨੂੰ ਮੈਂ ਕਮਰੇ ਵਿਚੋਂ ਬਾਹਰ ਕਰਨ ਲਈ, ਦੂਰ ਬੜੀ ਹੀ ਦੂਰ ਦੁਰਾਡੇ ਨਿਕਲ ਗਿਆ ਸਾਂ। ਅੱਗੇ ਜਦ ਫਿਰ ਖੇਤ ਅਤੇ ਲਹਿਰਾਉਂਦੀਆਂ ਫ਼ਸਲਾਂ ਨਜ਼ਰੀਂ ਪਈਆਂ, ਚੇਤੇ ਆਇਆ । ਮੈਂ ਆਪਣੇ ਮਾਂ ਬਾਪ ਬਿਰਖ਼ ਤੇ ਚਾਚੇ ਤਾਏ ? ਕਿੰਨੇ ਸੁੱਚੇ ਰਿਸ਼ਤੇ ਪਿੱਛੇ ਛੱਡ ਆਇਆ ਹਾਂ । ਜਿਸ ਮਾਂ ਮੈਨੂੰ ਦੁੱਧ ਚੁੰਘਾਇਆ, ਕਰ ਕਰ ਕੇ ਅਰਦਾਸਾਂ ਪੜ੍ਹਨ ਸਕੂਲੇ ਪਾਇਆ, ਜਦ ਖੰਭਾਂ ਵਿਚ ਉੱਡਣ ਜੋਗੀ ਸ਼ਕਤੀ ਆਈ, ਜੰਮਣ-ਭੂਮੀ ਬਣੀ ਪਰਾਈ । ਮੇਰੇ ਭੈਣ-ਭਰਾ ਜੋ ਮੇਰੇ ਮਾਂ ਪਿਉ ਜਾਏ । ਜਾਂ ਉਹ ਲੋਕ ਜਿਨ੍ਹਾਂ ਨੂੰ ਵੀ ਮੈਂ ਆਪਣੇ ਕਹਿੰਦਾਂ । ਦੂਰ ਦੁਰਾਡੇ ਚੋਗ ਕਮਾਵਣ ਤੁਰ ਗਏ ਸਾਰੇ । ਮਾਂ ਕਹਿੰਦੀ ਹੈ ਪੜ੍ਹ ਲਿਖ ਕੇ ਹੋ ਗਏ ਨਿਕਾਰੇ । ਨਿੱਕੇ ਹੁੰਦਿਆਂ ਜੋ ਹੁੰਦੇ ਸੀ ਮਿੱਤਰ ਬੇਲੀ, ਰਾਹ ਖਹਿੜੇ ਹੁਣ ਜਦ ਮਿਲਦੇ ਨੇ । ਏਹੋ ਆਖਣ ਕਦ ਆਵੇਗਾ, ਮੇਰੀ ਚੁੱਪ ਨੂੰ ਸਮਝਣ ਮਾਰਨ ਸਦਾ ਨਿਹੋਰੇ । ਜ਼ਿੰਦਗੀ ਬੇਤਰਤੀਬੀ ਤੁਰਦੀ ਆਪਣੀ ਤੋਰੇ । ਏਸ ਸ਼ਹਿਰ ਵਿਚ ਦੱਸੋ ਕਿਸ ਦੇ ਨਾਲ ਮੈਂ ਆਪਣਾ ਨੇੜ ਬਣਾਵਾਂ, ਜਿਸ ਨੂੰ ਦਿਲ ਦੀ ਬਾਤ ਸੁਣਾ ਕੇ ਹੌਲਾ ਫੁੱਲ ਹੋ ਜਾਵਾਂ । ਸਰਹੱਦ ਤੋਂ ਬਸ ਕੁਝ ਗਿੱਠਾਂ ਹੀ ਉਰਲੇ ਪਾਸੇ, ਮੇਰਾ ਪਿੰਡ ਬਸੰਤ ਕੋਟ ਹੈ । ਜਿਸਦੇ ਚਾਰ-ਚੁਫ਼ੇਰੇ ਫ਼ਸਲਾਂ ਪਸਰੀ ਹੈ ਹਰਿਆਲੀ । ਕਿੰਨੀ ਸੋਹਣੀ ਲੱਗਦੀ ਸੀ ਜਦ ਸੁਬਹ ਸਵੇਰੇ ਉੱਠ ਪੈਂਦੇ ਸਾਂ, ਚੜ੍ਹਦੀ ਗੁੱਠੇ ਉਗਮ ਰਹੇ ਸੂਰਜ ਦੀ ਲਾਲੀ । ਖੂਹ ਨੂੰ ਜਾਂਦਿਆਂ ਵਗਦੇ ਜਦੋਂ ਹਵਾ ਦੇ ਬੁੱਲੇ । ਮੈਨੂੰ ਉਹ ਅੱਜ ਤੀਕ ਨਾ ਭੁੱਲੇ । ਕੱਚੇ ਘਰ ਦੇ ਕੋਠੇ ਜਾਂ ਫਿਰ ਉੱਘੜ ਦੁੱਘੜੀ ਛੱਤ ਦੇ ਹੇਠਾਂ, ਕਿੰਨੀ ਸੋਹਣੀ ਨੀਂਦਰ ਆਉਂਦੀ । ਰੌਸ਼ਨਦਾਨ ਖਿੜਕੀਆਂ ਖੁੱਲ੍ਹੇ ਬੂਹੇ ਵਿਚੋਂ, ਝੁਰਮਟ ਪਾ ਕੇ ਚਿੜੀਆਂ ਦੀ ਇੱਕ ਡਾਰ ਜੇ ਆਉਂਦੀ । ਛੱਤਣ ਦੇ ਵਿਚ ਤੀਲੇ ਟੰਗ ਕੇ ਘਰ ਬਣਾਉਂਦੀ । ਆਂਡੇ ਦੇਂਦੀ ਤੇ ਮੁੜ ਜਾਂਦੀ, ਕੁਝ ਦਿਨ ਮਗਰੋਂ ਬੋਟ ਅਲੂਏਂ ਜਦੋਂ ਨਿਕਲਦੇ, ਖੁਦ ਉਨ੍ਹਾਂ ਨੂੰ ਚੋਗ ਚੁਗਾਉਂਦੀ। ਹੁਣ ਇਸ ਸ਼ਹਿਰ 'ਚ ਚਿੜੀਆਂ ਵਰਗੀਆਂ ਚਿੜੀਆਂ ਉੱਡਣ, ਪਰ ਮੇਰੇ ਘਰ ਪੈਰ ਨਾ ਪਾਉਣ । ਜਾਲੀ ਦਾ ਹਰ ਥਾਂ ਤੇ ਨਾਕਾ, ਨਾ ਖਿੜਕੀ ਨਾ ਬੂਹਾ ਖੁੱਲ੍ਹਾ । ਰੌਸ਼ਨ ਦਾਨ ਦਾ ਸ਼ੀਸ਼ਾ ਬੰਦ ਹੈ । ਬਰਸਾਤਾਂ ਵਿਚ ਜਾਂ ਫਿਰ ਗੂੜ੍ਹੇ ਸਰਦ-ਸਿਆਲੇ, ਬਾਹਰ ਠਰਦੀਆਂ ਰਹਿਣ ਮਰਦੀਆਂ ਗੂੜ੍ਹੇ ਪਾਲੇ । ਅੰਦਰ ਆਉਣਾ ਵਰਜਿਤ ਹੋਇਆ, ਚਿੜੀਆਂ ਮੈਥੋਂ ਮੈਂ ਚਿੜੀਆਂ ਤੋਂ ਦੂਰ ਖੜ੍ਹਾ ਹਾਂ । ਸੋਚ ਰਿਹਾ ਹਾਂ, ਇਹ ਤਾਂ ਖੁੱਲ੍ਹੇ ਅੰਬਰੀਂ ਵੇਖੋ ਭਰਨ ਉਡਾਰੀ । ਮੈਂ ਸੀਖਾਂ ਵਿਚ ਕੈਦ ਜਾਲੀਆਂ ਅੰਦਰ ਬੰਦ ਹਾਂ । ਜੀਵਨ ਕੈਦੀ ਬਣ ਗਿਆ ਸੁਪਨੇ ਨਿੱਕੇ ਹੋਏ । ਦਸ ਮਰਲੇ ਦੀ ਚਾਰ-ਦੀਵਾਰੀ । ਦੋ ਤਿੰਨ ਕਮਰੇ ਮੰਜੇ ਪੀੜ੍ਹੇ, ਕੁਰਸੀ ਮੇਜ਼ ਕਿਤਾਬਾਂ ਟੀ ਵੀ । ਜਾਂ ਫਿਰ ਜਦੋਂ ਰਸੋਈ ਵਿਚੋਂ ਵਿਹਲੀ ਹੋਵੇ ਮੇਰੀ ਬੀਵੀ । ਪੁੱਤਰ ਨੂੰ ਤਾਂ ਕੰਪਿਊਟਰ ਤੋਂ ਵਿਹਲ ਨਹੀਂ ਹੈ, ਆਵਾਜਾਈ ਤੇਜ਼ ਮੋਟਰਾਂ ਸੜਕ ਸਵਾਰੀ । ਵਾਹੋ ਦਾਹੀ ਕਾਰ ਸਕੂਟਰਾਂ ਨੇ ਮੱਤ ਮਾਰੀ । ਚਾਕਰੀਆਂ ਦੇ ਡੇਰੇ ਉੱਤੇ, ਕੁਰਸੀ ਮੇਜ਼ ਉਡੀਕਣ ਮੈਨੂੰ । ਕਈ ਵਾਰੀ ਤਾਂ ਇਉਂ ਲੱਗਦਾ ਹੈ, ਯੰਤਰ ਬਣ ਕੇ ਵਿਚਰ ਰਹੇ ਹਾਂ। ਖ਼ੌਰੇ ਕਿੱਥੇ ਗਰਕ ਗਿਆ ਹੈ, ਸਾਡੇ ਵਿਚਲਾ ਜਿਉਂਦਾ ਬੰਦਾ। ਜਿਉਂ ਜੰਮੇ ਹਾਂ ਨਿੱਤ ਕਿਰਿਆ ਦਾ ਓਹੀ ਧੰਦਾ । ਕਦੇ ਕਦਾਈਂ ਜਦ ਕਿਧਰੇ ਕਿਤੇ ਭੁੱਲ ਭੁਲੇਖੇ, ਘਰ ਦਾ ਬੂਹਾ ਜਾਂ ਕਿਧਰੇ ਖਿੜਕੀ ਦਾ ਸ਼ੀਸ਼ਾ, ਅਤੇ ਜਾਲੀਆਂ ਅਚਨਚੇਤ ਖੁੱਲ੍ਹੀਆਂ ਰਹਿ ਜਾਵਣ । ਇੱਕ ਦੋ ਚਿੜੀਆਂ ਅੰਦਰ ਆ ਕੇ, ਸ਼ੀਸ਼ੇ ਉੱਤੇ ਆਪੋ ਆਪਣਾ ਅਕਸ ਨਿਹਾਰਨ । ਆਪਣੇ ਹੀ ਪਰਛਾਵੇਂ ਉੱਤੇ ਨੂੰਗੇ ਮਾਰਨ । ਇਉਂ ਲੱਗਦੈ ਇਹ ਮੇਰੀ ਖਾਤਰ, ਮੇਰੇ ਨਿੱਕੇ ਪਿੰਡੋਂ ਵੱਡੇ ਸੁਪਨੇ ਲੈ ਕੇ ਉੱਡਦੀਆਂ ਆਈਆਂ । ਕਦੇ ਇਸ ਤਰ੍ਹਾਂ ਲੱਗਦਾ ਜੀਕੂੰ ਪੁੱਛ ਰਹੀਆਂ ਨੇ, ਭਰਮਾਂ ਦੀ ਖੇਤੀ ਨੂੰ ਕਰ ਕੇ, ਤੂੰ ਦੱਸ ਕਿੱਥੋਂ ਕਿੱਥੇ ਪਹੁੰਚੋਂ । ਆਪਣਾ ਆਪਾ ਆਪ ਪਰਖ ਕੇ, ਆਪਣੇ ਸਿਰ ਨੂੰ ਆਪ ਠਕੋਰ । ਇਹਦੇ ਵਿਚ ਤੂੰ ਆਪ ਨਹੀਂ ਏਂ ਤੇਰੀ ਥਾਂ ਤੇ ਬੈਠਾ ਹੋਰ । ਤੂੰ ਤਾਂ ਸਿੱਧਾ ਪੱਧਰਾ ਸੀ ਬਈ, ਏਸ ਸ਼ਹਿਰ ਵਿਚ ਆ ਕੇ ਤੂੰ ਵੀ, ਮਿਲਰਗੰਜ ਦੀਆਂ ਮਿੱਲਾਂ ਵਾਂਗੂੰ, ਵਾਹੋ ਦਾਹੀ ਦੌੜ ਰਿਹਾ ਏਂ । ਹੌਜ਼ਰੀਆਂ ਦੇ ਸ਼ਹਿਰ 'ਚ ਤਾਣੇ ਤਣਦਾ ਫਿਰਦੈਂ, ਕੀ ਕਰਦਾ ਏਂ ? ਮਨ ਦੀਆਂ ਤੰਦਾਂ ਬੁਣੇ ਉਧੇੜੇਂ, ਬੰਦਾ ਹੈ ਜਾਂ ਗਰਮ ਸਵੈਟਰ । ਲਿਸ਼ਕੀ ਇਕ ਲਿਸ਼ਕੋਰ ਤੇ ਮੈਨੂੰ ਚਾਨਣ ਹੋਇਆ । ਉੱਠ ਬੈਠਾ ਸੀ ਮੇਰੇ ਵਿਚਲਾ ਬੰਦਾ ਮੋਇਆ । ਅੱਖਾਂ ਉੱਪਰ ਤਾਜ਼ੇ ਜਲ ਦੇ ਛੱਟੇ ਮਾਰੇ । ਬਾਹਰ ਨਿਕਲਿਆ, ਪੱਕੀਆਂ ਸੜਕਾਂ ਛੱਡ ਕੇ ਮੈਂ ਪਗਡੰਡੀ ਤੁਰਿਆ । ਸਾਵੇ ਰੰਗ ਵਿਚ ਰੰਗੀਆਂ ਸਨ ਕਣਕਾਂ ਦੀਆਂ ਫ਼ਸਲਾਂ । ਸਿੱਟਿਆਂ ਦੇ ਵਿਚ ਦੋਧੇ ਦਾਣੇ । ਰੁੱਖਾਂ ਉੱਤੇ ਪੌਣ ਪਰਿੰਦੇ ਪਾਉਣ ਬਾਘੀਆਂ । ਦੂਰ ਖੜ੍ਹਾ ਇਕ ਬਾਗ ਸ਼ਕਲ ਤੋਂ ਬੜਾ ਪੁਰਾਣਾ, ਉਸ ਵਿਚ ਪੰਜ ਸੱਤ ਮੋਰ ਜਦੋਂ ਮੈਂ ਫਿਰਦੇ ਵੇਖੇ । ਮਨ ਵਿਚ ਆਇਆ, ਮੌਸਮ ਦਾ ਸੰਤਾਪ ਇਨ੍ਹਾਂ ਦੇ ਖੰਭ ਵੀ ਹੁਣ ਘਸਮੈਲੇ ਹੋਏ । ਮੇਰੇ ਮਨ ਦੇ ਵਸਤਰ ਜਿੱਸਰਾਂ ਮੈਲੇ ਹੋਏ । ਮੈਨੂੰ ਲੱਗਿਆ ਏਸ ਸ਼ਹਿਰ ਦੇ ਧੂੰਏ ਕਰਕੇ, ਮੇਰੀ ਨੇਤਰ ਜੋਤ ਘਟੀ ਹੈ । ਤੇ ਕੰਨਾਂ ਦੀ ਸ਼ਰਵਣ-ਸ਼ਕਤੀ, ਘੁੱਗੂ-ਵਾਜੇ ਸੁਣਦੇ ਸੁਣਦੇ, ਮੱਧਮ ਫਿੱਕੀ ਹੋ ਚੱਲੀ ਹੈ । ਸਮਾਂ ਬੀਤਿਆ ਤੁਰਦਾ ਤੁਰਦਾ ਅੱਗੇ ਪੁੱਜਾ, ਸਾਉਣ ਮਹੀਨੇ ਪੈਲਾਂ ਪਾਉਂਦੇ ਮੋਰ, ਤੇ ਇਹ ਬੰਬੀਹੇ ਗਾਉਂਦੇ, ਨਾ ਦਿਸਦੇ ਨਾ ਸੁਣਦੇ ਮੈਨੂੰ । ਮੈਂ ਇਨ੍ਹਾਂ ਤੋਂ ਦੂਰ ਖੜ੍ਹਾ ਹਾਂ, ਸਾਇਰਨ ਪਾਂ ਪਾਂ ਪੀਂ ਪੀਂ ਪੀਂ ਪੀਂ, ਕਾਵਾਂ ਰੌਲੀ ਰੌਲਾ ਰੱਪਾ । ਏਥੇ ਜਾਪੇ ਹਰ ਬੰਦੇ ਨੂੰ ਭਰਮ ਪਿਆ ਹੈ, ਮੈਂ ਅਗਲੇ ਤੋਂ ਹੋਰ ਅਗੇਰੇ ਲੰਘ ਜਾਣਾ ਹੈ । ਫਿਰ ਮੈਂ ਬੈਠ ਆਰਾਮ ਕਰਾਂਗਾ । ਹਰ ਬੰਦੇ ਦੇ ਅੰਦਰ ਕਬਰਾਂ, ਕਿੰਨੇ ਝੋਰੇ ਤੇ ਹਟਕੋਰੇ । ਕਈ ਵਾਰੀ ਤਾਂ ਇਉਂ ਲੱਗਦਾ ਹੈ, ਏਸੇ ਲਈ ਇਹ ਅੱਜ ਤੱਕ ਜਿਉਂਦੇ, ਕਿਉਂਕਿ ਮਰਨ ਦੀ ਵਿਹਲ ਨਹੀਂ ਹੈ । ਮੈਂ ਫ਼ਸਲਾਂ ਦੇ ਬੰਨੇ ਬਹਿ ਕੇ ਭੁੱਲ ਚੁਕਿਆ ਸਾਂ, ਮੁੜਨਾ ਵੀ ਹੈ । ਗੁੱਟ ਤੋਂ ਘੜੀ ਅਚਾਨਕ ਵੇਖੀ, ਦਫ਼ਤਰ ਜਾਣ ਦਾ ਵੇਲਾ ਹੋਇਆ । ਮੈਂ ਫਿਰ ਵਾਹੋਦਾਹੀ ਭੱਜਾ, ਏਥੇ ਮੁੜ ਕੇ ਓਹੀ ਢਾਂਚਾ । ਟਾਂਗੇ ਵਾਲੇ ਘੋੜੇ ਵਾਂਗੂੰ ਓਹੀ ਛਾਂਟਾ ਓਹੀ ਵਾਗ, ਉੱਚੀ ਉੱਚੀ ਵਾਜੇ ਵੱਜਣ ਬੇਤਰਤੀਬੇ, ਸਮਝ ਨਾ ਆਵੇ ਇਹ ਕੀ ਗਾਉਂਦੇ, ਇਸ ਵੇਲੇ ਬੇਵਕਤਾ ਰਾਗ । ਭੀੜ ’ਚ ਕਿਣਕੇ ਮਾਤਰ ਹਸਤੀ, ਸ਼ਹਿਰਾਂ ਵਿਚ ਗੁਆਚ ਗਏ ਹਾਂ । ਕਿੰਨਾ ਪੈਂਡਾ ਰੋਜ਼ ਦਿਹਾੜੀ, ਸ਼ਹਿਰੋਂ ਪਿੰਡ ਦਾ ਵਧ ਜਾਂਦਾ ਹੈ ।
ਕਿਸ ਮੌਸਮ ਵਿਚ ਫੁੱਲ ਖਿੜੇ ਨੇ
ਕਿਸ ਮੌਸਮ ਵਿਚ ਫੁੱਲ ਖਿੜੇ ਨੇ । ਵਿਚ ਬਾਗ ਦੇ ਕੌਣ ਭਿੜੇ ਨੇ । ਮਿੱਧ ਸੁੱਟੀਆਂ ਜਿਨ੍ਹਾਂ ਕੋਮਲ ਕਲੀਆਂ । ਖ਼ੂਨ ਦੀ ਮਹਿੰਦੀ ਜ਼ਖਮੀ ਤਲੀਆਂ । ਬੇ ਮੌਸਮ ਕਿਉਂ ਫੁੱਲ ਖਿੜੇ ਨੇ । ਡਰਨੇ ਗੱਡੇ ਚੌਂਕ ਚੁਰਸਤੇ । ਡਰਦੇ ਬਾਲ ਨਿਆਣੇ ਬਸਤੇ। ਵਿੰਗ ਤਵਿੰਗੇ ਸਾਰੇ ਰਸਤੇ । ਵੱਸਦਾ ਸ਼ਹਿਰ ਬਣ ਗਿਆ ਜੰਗਲ, ਸਰਮਾਏ ਦਾ ਹੋਵੇ ਦੰਗਲ । ਹਾਉਕੇ ਭਰਨ ਗੁਆਚੀਆਂ ਰਾਹਵਾਂ, ਸਮਝ ਨਾ ਆਵੇ ਕਿੱਧਰ ਜਾਵਾਂ । ਸਿਸਕੀਆਂ ਦੀ ਇਹ ਦਰਦ ਕਹਾਣੀ, ਹੋਈ ਜਾਵੇ ਰੋਜ਼ ਪੁਰਾਣੀ । ਖ਼ੂਨ ਦਾ ਰੰਗ ਦਰਿਆ ਦਾ ਪਾਣੀ, ਇਕ ਦੂਜੇ ਦੇ ਬਣ ਗਏ ਹਾਣੀ । ਵਗਦੀ ਪੌਣ ਕੰਨਾਂ ਵਿਚ ਕਹਿ ਗਈ, ਹੁਣ ਨਾ ਅੱਗ ਬਸੰਤਰ ਰਹਿ ਗਈ । ਸਾਡੇ ਘਰ ਵੱਲ ਵਧਦੀ ਆਵੇ, ਏਹੋ ਝੋਰਾ ਮਨ ਨੂੰ ਖਾਵੇ। ਧਰਤੀ ਕਦੇ ਵੀ ਬਾਂਝ ਨਾ ਹੋਈ, ਜਖਮੀ ਮਨ ਜਿੰਦੜੀ ਅਧਮੋਈ, ਜਾਗੇਗੀ ਕਦ ਸੋਚ ਨਰੋਈ । ਕਦਮਾਂ ਨੂੰ ਮੱਥੇ ਨਾਲ ਜੋੜੋ, ਪੱਥਰ ਨੂੰ ਅਕਲਾਂ ਸੰਗ ਤੋੜੋ । ਕੱਲ੍ਹਾ ਜਜ਼ਬਾ ਮੂੰਹ ਦੀ ਖਾਵੇ, ਫਿਰ ਪਿਛੋਂ ਸਦੀਆਂ ਪਛਤਾਵੇ, ਕਿਸ ਮੌਸਮ ਵਿਚ ਫੁੱਲ ਖਿੜੇ ਨੇ ।
ਉਹ ਮੇਰੀ ਕਵਿਤਾ ਨਹੀਂ ਸੀ
ਜਿਸਨੂੰ ਪੜ੍ਹ ਸੁਣ ਕੇ ਤੁਸੀਂ ਵਾਹਵਾ ਕਿਹਾ, ਉਹ ਮੇਰੀ ਕਵਿਤਾ ਨਹੀਂ ਸੀ । ਵੈਣ ਸਨ ਅਣਵਗੇ ਅੱਥਰੂ ਸਨ । ਕਾਲਜੇ ਚੋਂ ਉੱਠੇ ਅਲੰਬੇ ਸਨ । ਕੀਰਨੇ ਸਨ ਦੁਹੱਥੜੀ ਪਿੱਟਦੀ ਧਰਤੀ ਮਾਂ ਦੇ । ਧੀਆਂ ਦੇ ਸੁਹਾਗ ਗੁਆਚਣ ਦੇ ਵਿਯੋਗ ਵਿਚ, ਅੰਬਰ ਨੂੰ ਛੋਹੰਦੀਆਂ ਲਾਟਾਂ ਸਨ । ਕਾਲੀ ਹਨੇਰੀ ਰਾਤ ਵਿਚ ਭੌਂਕਦੇ ਕੁੱਤਿਆਂ ਦੇ ਖਿਲਾਫ਼, ਉਹ ਤਾਂ ਚੌਕੀਂਦਾਰ ਦੀ ਡਾਂਗ ਦਾ ਖੜਾਕ ਸੀ । ਜਾਗੋ ਮੀਟੀ ਵਿਚ ਲੰਮੇ ਪਏ ਬਜ਼ੁਰਗ ਦਾ ਖੰਘੂਰਾ ਸੀ, ਜਵਾਨ ਉਮਰੇ ਮਾਰੀ ਬੜ੍ਹਕ ਸੀ । ਉਹ ਤਾਂ ਛਮ ਛਮ ਨੁਮਕ ਠੁਮਕ ਤੁਰਦੀ, ਮੁਟਿਆਰ ਦੇ ਅੱਗੇ ਅੱਗੇ ਤੁਰਦਾ, ਕੈਂਠੇ ਵਾਲਾ ਪ੍ਰਾਹੁਣਾ ਬਣਨ ਦਾ ਹੁਸੀਨ ਸੁਪਨਾ ਸੀ । ਜੋ ਥੋੜ੍ਹ-ਜ਼ਮੀਨੇ ਜੱਟ ਦੇ ਪੁੱਤ ਨੂੰ ਨਸੀਬ ਨਾ ਹੋਇਆ । ਪੈਰ ਦੀ ਪਾਟੀ ਬਿਆਈ ਸੀ, ਚਿਲੂੰ ਚਿਲੂੰ ਕਰਦਾ ਦਰਦ ਸੀ । ਕਿਆਰੀ 'ਚ ਖਿੜੇ ਫੁੱਲਾਂ ਵਰਗੇ, ਬਾਲਾਂ ਦਾ ਤੋਤਲਾ ਮਾਸੂਮ ਹਾਸਾ ਸੀ । ਮੰਜਾ ਫੜ ਕੇ ਨਾਲ ਨਾਲ ਤੁਰਨ ਦਾ ਪਹਿਲ ਪਲੇਠਾ ਬਾਲੜਾ ਚਾਅ ਸੀ । ਬਾਸਮਤੀ ਵਾਲੀ ਪੈਲੀ 'ਚੋਂ ਉੱਠਦੀ ਰਸੀਲੀ ਮਹਿਕ ਸੀ । ਆਏ ਗਏ ਲਈ ਸ਼ਹਿਰੋਂ ਲਿਆਂਦੀ ਸਾਬਣ ਦੀ ਟਿੱਕੀ ਸੀ । ਜਿਸ ਦੇ ਉੱਪਰਲੇ ਕਾਗਜ਼ ਨੂੰ ਸੁੰਘ ਸੁੰਘ ਕੇ, ਅਸੀਂ ਨਿੱਕੇ ਹੁੰਦਿਆਂ ਫਾਵੇ ਹੁੰਦੇ ਰਹੇ । ਤੁਸੀਂ ਜਿਸਨੂੰ ਕਵਿਤਾ ਦਾ ਨਾਮ ਦੇਂਦੇ ਰਹੇ, ਨਾਜਾਇਜ਼ ਰਿਸ਼ਤਿਆਂ ਦੀ ਪਰਕਰਮਾ ਸੀ । ਬੇਗਾਨੀਆਂ ਧੀਆਂ ਭੈਣਾਂ ਦੇ ਜਿਸਮਾਂ ਦਾ ਜੁਗਰਾਫ਼ੀਆ ਸੀ । ਬੀਵੀ ਤੋਂ ਚੋਰੀ ਮਾਣੀਆਂ ਖੁੱਲ੍ਹਾਂ ਦੀ ਫ਼ਹਿਰਿਸਤ ਸੀ । ਮਜਬੂਰੀ ਵੱਸ ਹਰਾਮਖੋਰਾਂ ਦੇ ਚੁੰਗਲ 'ਚ ਫਸੀ, ਗਰੀਬ ਘਰ ਦੀ ਜੰਮੀ ਜਾਈ ਦਾ ਭਰਮ ਸੀ। ਅੱਥਰੇ ਅਮੋੜ ਕਾਮੀ ਘੋੜੇ ਦੀ ਬੇਰੋਕ ਦੌੜ ਸੀ । ਉਹ ਮੇਰੀ ਕਵਿਤਾ ਨਹੀਂ ਸੀ । ਤੁਸੀਂ ਜਿਸ ਨੂੰ ਮਹਾਨ ਕਵਿਤਾ ਆਖਦੇ ਰਹੇ, ਸ਼ਰਾਬ ਕਬਾਬ ਤੇ ਸ਼ਬਾਬ ਨਾਲ, ਵਿਦਵਾਨਾਂ ਪਾਸੋਂ ਖਰੀਦੀ ਫੋਕੀ ਵਾਹਵਾ ਸੀ । ਵਿਸ਼ਵ ਵਿਦਿਆਲਿਆਂ ਦੀ ਬਦਬੂ ਮਾਰਦੀ ਲਿਆਕਤ ਸੀ, ਜੋ ਰਖੇਲ ਬਣ ਕੇ ਗੋਸ਼ਟੀ ਹਾਲ ਵਿਚ, ਝਾਂਜਰਾਂ ਦੇ ਬੋਰ ਛਣਕਾਉਂਦੀ ਰਹੀ । ਉਹ ਮੇਰੀ ਕਵਿਤਾ ਨਹੀਂ ਸੀ । ਜਿਸਨੂੰ ਪੜ੍ਹ ਕੇ ਤੁਸੀਂ ਨੱਕ ਬੁੱਲ੍ਹ ਵੱਟਦੇ ਰਹੇ, ਉਹ ਅਤਰ ਫੁਲੇਲਾਂ ਨਾਲ ਲਬਰੇਜ਼ ਤ੍ਰੀਮਤ ਨਹੀਂ ਸੀ । ਪਾਰਦਰਸ਼ੀ ਵਸਤਰਾਂ ਵਿਚ ਲਿਪਟੀ ਅਮਰ ਵੇਲ ਵਰਗੀ, ਸੋਨੇ ਦੀ ਤਾਰ ਜਿਹੀ ਨਾਰ ਨਹੀਂ ਸੀ । ਜਿਸਨੂੰ ਤੁਸੀਂ ਸਰਸਵਤੀ ਦੀ ਪਲੇਠੀ ਧੀ ਆਖ ਕੇ, ਉਹਦੇ ਪੈਰਾਂ ਦੀਆਂ ਤਲੀਆਂ ਚੱਟਦੇ ਰਹੇ ਉਹ ਮੇਰੀ ਕਵਿਤਾ ਨਹੀਂ ਸੀ । ਉਹ ਮੇਰੀ ਕਵਿਤਾ ਨਹੀਂ ਸੀ । ਮੇਰੀ ਕਵਿਤਾ ਤਾਂ ਅੱਥਰੇ ਘੋੜੇ ਤੇ ਸਵਾਰ ਦੁੱਲੇ ਦੀ ਵੰਗਾਰ ਸੀ। ਸੂਰਮੇ ਲਹੂ ਨਾਲ ਲਿਖੀ ਸੁਰਖ ਬਹਾਰ ਸੀ ਹਾਕਮ ਦੇ ਮੱਥੇ ਖਿੰਘਰ ਵਾਂਗ ਵੱਜਦੀ ਫਿਟਕਾਰ ਸੀ ਜਿਸ ਨੂੰ ਤੁਸੀਂ ਮਹਾਨਤਾ ਦੀ ਕਲਗੀ ਸਜਾਉਂਦੇ ਰਹੇ ਉਹ ਮੇਰੀ ਕਵਿਤਾ ਨਹੀਂ ਸੀ
ਗੁਬਾਰੇ ਵੇਚਦਾ ਬੱਚਾ
ਗਲੀ ਵਿਚ ਗੁਬਾਰੇ ਵੇਚਦੇ, ਬੱਚੇ ਦਾ ਹੋਕਾ ਸੁਣੋ । ਇਹ ਗੁਬਾਰੇ ਨਹੀਂ, ਸੁਪਨੇ ਵੇਚਦਾ ਹੈ । ਨਿੱਕੇ ਨਿੱਕੇ ਸੂਰਜ, ਗਲੀਉ ਗਲੀ, ਸੂਰਜ ਲਈ ਫਿਰਦਾ ਹੈ । ਵਣਜ ਕਰਦਾ । ਇਨ੍ਹਾਂ ਰੰਗ ਬਰੰਗੇ ਸੂਰਜਾਂ ਨਾਲ, ਤੁਸੀਂ ਭਾਵੇਂ ਘਰ ਤਾਂ ਨਹੀਂ ਰੁਸ਼ਨਾ ਸਕਦੇ, ਪਰ ਸੁਪਨੇ ਵਿਹਾਜ ਸਕਦੇ ਹੋ । ਸੁਪਨੇ ਖਰੀਦੋ, ਸੁਪਨੇ ਵਿਹਾਜਣਾ ਸ਼ੁਭ ਸ਼ਗਨ ਹੈ । ਗੁਬਾਰੇ ਵੇਚਦੇ ਬੱਚੇ ਦੀਆਂ, ਅੱਖਾਂ ਵਿਚ ਦੇਖੋ । ਹਰ ਗੁਬਾਰੇ ਦਾ ਰੰਗ, ਉਸ ਵਿਚ ਡਲ੍ਹਕਦਾ ਹੈ । ਇਹ ਗੁਬਾਰੇ ਨਹੀਂ, ਸੁਪਨੇ ਵੇਚਦਾ ਹੈ ।
ਫਿਰ ਇਕ ਸੂਰਜ ਬਾਲ ਧਰੋ
ਹੇ ਮੇਰੇ ਗੁਰੂਦੇਵ, ਅਸਾਡੇ ਸਿਰ ਤੇ ਮੁੜ ਉਪਕਾਰ ਕਰੋ । ਬੁਝਦੇ ਜਾਂਦੇ ਮਨ ਮੰਦਰ ਵਿਚ, ਫਿਰ ਇਕ ਸੂਰਜ ਬਾਲ ਧਰੋ । ਤਿੰਨ ਸਦੀਆਂ ਦੇ ਬਾਅਦ ਅਜੇ ਵੀ, ਨ੍ਹੇਰੇ ਅੰਦਰ ਭਟਕ ਰਹੇ ਹਾਂ । ਚੌਵੀ ਘੰਟੇ ਸਾਨੂੰ ਖਿੱਚੀ ਫਿਰਦੇ ਅੱਜ ਵੀ, ਕਾਮ ਕਰੋਧ ਤੇ ਲੋਭ ਦੇ ਘੋੜੇ । ਮੋਹ ਦੇ ਕੈਦੀ ਬਣ ਬੈਠੇ ਹਾਂ, ਅੱਜ ਹੰਕਾਰ ਦੀ ਵਾਗ ਨੂੰ ਦੱਸੋ ਕਿਹੜਾ ਮੋੜੇ । ਪੰਜ ਵਿਕਾਰਾਂ ਸਾਡੇ ਮਨ-ਮਸਤਕ ਨੂੰ ਐਸਾ ਘੇਰਾ ਪਾਇਆ । ਪੰਜ ਦੁਸ਼ਮਣਾਂ ਘਰ ਵਿਚ ਸਾਡੇ ਡੇਰਾ ਲਾਇਆ । ਅੰਨ੍ਹੇ ਬੋਲੇ ਹੋ ਕੇ ਤੇਗ ਘੁਮਾਈ ਜਾਈਏ । ਆਪਣਿਆਂ ਨੂੰ ਆਪੇ ਹੀ ਝਟਕਾਈ ਜਾਈਏ । ਨਾ ਤੇਰੇ ਉਪਦੇਸ਼ ਦੀ ਸੋਝੀ, ਨਾ ਬਾਣਾ ਨਾ ਜੀਵਨ ਸਾਬਤ । ਅਧੋ ਰਾਣੇ ਹੋ ਚੱਲੇ ਹਾਂ । ਤੇਰੇ ਇਕ ਉਪਦੇਸ਼ ਦੇ ਬਾਝੋਂ, ਤਿੰਨ ਸਦੀਆਂ ਦੇ ਪੈਂਡੇ ਮਗਰੋਂ, ਵੇਖ ਗੁਰੂ ਅੱਜ ਫਿਰ ਕੱਲ੍ਹੇ ਹਾਂ । ਨਾ ਸੂਰਤ ਨਾ ਸੀਰਤ ਪਲੇ ? ਟੋਟੇ ਟੋਟੇ ਸੋਚ ਤੇ ਚਿੰਤਨ । ਗਰਜ਼ਾਂ ਦੇ ਜੰਗਲ ਵਿਚ ਗੁੰਮ ਨੇ, ਉੱਖੜੇ ਤਨ-ਮਨ । ਆਨੰਦਪੁਰ ਦੀ ਧਰਤੀ ਤੇ ਹੁਣ ਜੀਅ ਨਹੀਂ ਲੱਗਦਾ। ਰੋਮ ਰੋਮ ਵਿਚ ਵੱਸਦੀ ਭਟਕਣ । ਨਾ ਅੱਜਕੱਲ੍ਹ ਚਮਕੌਰ ਦੀ ਧਰਤੀ, ਤੇ ਉਸ ਧਰਤੀ ਉੱਪਰ ਡੁੱਲ੍ਹਿਆ, ਖ਼ੂਨ ਹੀ ਸਾਨੂੰ ਦੇਵੇ ਜੁੰਬਸ । ਨਾ ਸਰਹੰਦ ਦੀ ਨੀਂਹ ਵਿਚ ਬੈਠੇ, ਦੋ ਕੋਮਲ ਫੁੱਲਾਂ ਦੇ ਚਿਹਰੇ । ਠੰਡੇ ਬੁਰਜ ਤੋਂ ਡਿੱਗ ਕੇ ਮੋਈ, ਮਾਂ ਗੁਜਰੀ ਦਾ ਚੇਤਾ ਆਵੇ । ਚੌਂਕ ਚਾਂਦਨੀ ਬਾਬੇ ਵਾਲਾ, ਅੱਜ ਸਾਨੂੰ ਨਿੱਤ ਪੁੱਛਦਾ ਰਹਿੰਦਾ । ਜ਼ਾਲਮ ਤੇ ਮਜ਼ਲੂਮ ਦਾ ਰਿਸ਼ਤਾ ਕਿਉਂ ਭੁੱਲਦੇ ਹੋ ? ਕਰਮ ਕਾਂਡ ਦੀ ਨੇਰ੍ਹੀ ਅੰਦਰ, ਸਾਡੀ ਮੱਤ ਗੁਆਚ ਗਈ ਹੈ । ਧਰਮ ਸ਼ਰਮ ਦੋਵੇਂ ਹੀ ਗੁੰਮੇ, ਨੇਰ੍ਹੇ ਅੰਦਰ ਤੁਰਦੇ ਤੁਰਦੇ, ਅੰਨ੍ਹੀ ਸੁਰੰਗ 'ਚ ਪਹੁੰਚ ਗਏ ਹਾਂ । ਹੇ ਦਸਵੇਂ ਗੁਰੂ ਦੇਵ, ਅਸਾਡੇ ਸਿਰ ਤੇ ਮੁੜ ਉਪਕਾਰ ਕਰੋ । ਬਲ ਬੁੱਧ ਹੀਣ ਬਾਲਕੇ ਵਾਂਗੂੰ, ਨੇਰ੍ਹ ਗੁਫ਼ਾ ਵਿਚ ਭਟਕ ਰਹੇ ਜੋ, ਮੇਰੇ ਵਰਗੇ ਲੱਖ-ਕਰੋੜਾਂ, ਨੇਰ੍ਹੇ-ਮਨ ਉਜਿਆਰ ਕਰੋ । ਅੱਧ ਵਿਚਕਾਰ ਖਲੋਤੀ ਬੇੜੀ, ਖਿੱਚ ਕੇ ਦੂਜੇ ਪਾਰ ਕਰੋ ।
ਜੂਨ ਚੁਰਾਸੀ
ਕਿਹੋ ਜਿਹਾ ਦਿਨ ਚੜ੍ਹਿਆ ਮਾਂ, ਧੁੱਪਾਂ ਦਾ ਰੰਗ ਪੀਲਾ ਪੀਲਾ, ਨਾਗ ਜ਼ਹਿਰੀਲਾ ਲੜਿਆ ਮਾਂ । ਅਧਮੋਏ ਸਭ ਨਗਰ ਨਿਵਾਸੀ । ਭੋਗ ਰਹੇ ਨੇ ਜੂਨ ਚੁਰਾਸੀ । ਸੜਦੀ ਪਈ ਰੋਟੀ ਇਕਵਾਸੀ । ਖ਼ੌਰੇ ਕਿੱਧਰ ਗਏ ਮਾਂਦਰੀ, ਕਿਸੇ ਨਾ ਮੰਤਰ ਪੜ੍ਹਿਆ ਮਾਂ । ਪੌਣਾਂ ਦੇ ਵਿਚ ਜ਼ਹਿਰ ਪਸਰਿਆ । ਸਾਰੇ ਪਾਸੇ ਕਹਿਰ ਪਸਰਿਆ । ਲੋਕੀਂ ਆਖਣ ਸ਼ਹਿਰ ਪਸਰਿਆ । ਸਾਰੇ ਰਾਹ ਸਿਵਿਆਂ ਨੂੰ ਜਾਂਦੇ, ਪੰਧ ਕਸੂਤਾ ਫੜਿਆ ਮਾਂ । ਛਾਵਾਂ ਵੇਖ ਵੈਰਾਗਣ ਹੋਈਆਂ । ਸਾਰੀਆਂ ਰਾਹਵਾਂ ਦਾਗਣ ਹੋਈਆਂ । ਰਾਹਗੀਰਾਂ ਲਈ ਨਾਗਣ ਹੋਈਆਂ । ਕਾਲੇ ਅੰਬਰੀਂ ਕਾਲ ਕਲੂਟਾ, ਕਾਲਾ ਸੂਰਜ ਚੜ੍ਹਿਆ ਮਾਂ । ਜੇਠ ਹਾੜ੍ਹ ਦੀਆਂ ਧੁੱਪਾਂ ਸਾੜਨ । ਤੇਜ਼ ਹਵਾਵਾਂ ਪੱਤੇ ਝਾੜਨ । ਬਾਗ਼ ਨੂੰ ਮਾਲੀ ਆਪ ਉਜਾੜਣ । ਬਾਗਬਾਨ ਨੂੰ ਵੇਖੋ ਕੈਸਾ, ਸ਼ੌਕ ਅਵੱਲਾ ਚੜ੍ਹਿਆ ਮਾਂ । ਅਗਨ-ਪਰਿੰਦੇ ਬਹਿਣ ਬਨੇਰੇ । ਹਥਿਆਰਾਂ ਨੇ ਸਭ ਰਾਹ ਘੇਰੇ । ਵਧਦੇ ਜਾਂਦੇ ਘੋਰ ਹਨੇਰੇ । ਚਾਨਣ ਦੇ ਰਖਵਾਲਿਆਂ ਵੇਖੀਂ, ਕੰਮ ਕਸੂਤਾ ਫੜਿਆ ਮਾਂ । ਤਪਦੀ ਧਰਤੀ ਗਰਮ ਹਵਾਵਾਂ। ਦੱਸੋ ਕਿੱਥੇ ਪੈਰ ਟਿਕਾਵਾਂ । ਬਲਦੇ ਸਿਵੇ ਜਿਹਾ ਪਰਛਾਵਾਂ । ਬਾਗਾਂ ਵਿਚ ਕੋਇਲ ਕਿੰਝ ਗਾਵੇ, ਬੂਰ ਅੰਬਾਂ ਦਾ ਝੜਿਆ ਮਾਂ । ਚੌਂਕ ਚੁਰਸਤੇ ਵਿਚ ਰੱਤ ਡੁੱਲ੍ਹੇ । ਯਾਰ ਸੁਨੇਹੀ ਸਭ ਰਾਹ ਭੁੱਲੇ । ਉੱਗ ਪਿਆ ਘਾਹ ਚੌਂਕੇ ਚੁੱਲ੍ਹੇ । ਤਾਣੀ ਹੜ੍ਹ ਦਾ ਪਾਣੀ, ਜਾਪੇ ਜੀਕੂੰ ਚੜ੍ਹਿਆ ਮਾਂ । ਟੋਏ ਟਿੱਬੇ ਰਾਤ ਹਨੇਰਾ । ਆਓ ਤੁਰੀਏ ਕਰਕੇ ਜੇਰਾ। ਲੱਭੀਏ ਗੁੰਮਿਆ ਸੁਰਖ ਸਵੇਰਾ, ਸਾਡਾ ਸੂਰਜ ਨੇਰ੍ਹ ਕੋਠੜੀ, ਅੰਦਰ ਕਿੱਥੇ ਵੜਿਆ ਮਾਂ ।
ਨਵੀਂ ਸਦੀ ਵਿਚ
ਨਵੀਂ ਸਦੀ ਵਿਚ ਇਸ ਧਰਤੀ 'ਤੇ ਰੱਬ ਹੁਣ ਮਿਹਰ ਕਰੇ । ਵਣ ਤ੍ਰਿਣ ਮੌਲਣ ਮਹਿਕਣ ਟਹਿਕਣ ਪੱਲ੍ਹਰਨ ਬਿਰਖ ਹਰੇ । ਅਗਨ ਖੇਡ ਦੀ ਦਾਨਵ ਟੋਲੀ ਤੁਰ ਜਾਏ ਦੂਰ ਪਰੇ । ਘਰ ਦੀਆਂ ਨੁੱਕਰਾਂ ਰੌਸ਼ਨ ਹੋਵਣ ਜਗਣ ਚਿਰਾਗ ਧਰੇ । ਲੰਮ ਸਲੰਮੀ ਰਾਤ ਦੇ ਮਗਰੋਂ ਹੁਣ ਪ੍ਰਭਾਤ ਕਰੇ । ਉਹ ਨਾ ਇਸ ਧਰਤੀ 'ਤੇ ਆਵੇ ਜਿਸ ਤੋਂ ਬਾਲ ਡਰੇ । ਹਰੀ ਅੰਗੂਰੀ ਕਣਕ ਤੇ ਸੁਪਨੇ ਹੁਣ ਨਾ ਮਿਰਗ ਚਰੇ । ਸੱਖਮ ਸੱਖਣੇ ਨੈਣਾਂ ਦੇ ਵਿਚ ਚਾਨਣ ਵਾਸ ਕਰੇ । ਚੰਦਰਮਾ ਸੂਰਜ ਤੇ ਦੀਵੇ ਸਨਮੁਖ ਨੇਰ੍ਹ ਮਰੇ । ਜਗਮਗ ਜੋਤ ਧਰਤ ਦੇ ਕੋਨੇ ਨੂਰੋ ਨੂਰ ਕਰੇ । ਲੰਮ ਸਲੰਮੀ ਨੇਰ੍ਹੀ ਜ਼ਿੰਦਗੀ ਸੋਚ ਕੇ ਜੀਅ ਡਰੇ । ਪਿਆਰ ਮੁਹੱਬਤ ਅਮਨ ਦਾ ਪਰਚਮ ਸੁੰਨੇ ਗਗਨ ਭਰੇ । ਇਸ ਧਰਤੀ ਦਾ ਕਿਣਕਾ ਕਿਣਕਾ ਇਹ ਅਰਦਾਸ ਕਰੇ । ਜਿਹੜੀ ਥਾਂ ਬੰਜਰ ਤੇ ਬੇਲਾ ਉਥੇ ਫ਼ਸਲ ਭਰੇ । ਮਾਂ ਦੀ ਗੋਦੀ ਬਾਲ ਅਲੂੰਆਂ ਬੈਠ ਕਲੋਲ ਕਰੇ । ਆਪਣੇ ਘਰ 'ਚੋਂ ਨਾ ਡਰ ਆਵੇ ਵਿਹੜੇ ਰਹਿਣ ਭਰੇ । ਤੜਕਸਾਰ ਮਾਂ ਪਾਏ ਰਿੜਕਣਾ ਮੱਖਣ ਹੱਥ ਭਰੇ । ਦੁੱਧ ਪੁੱਤ ਰਹਿਣ ਸਲਾਮਤ ਨੂੰਹਾਂ ਧੀਆਂ ਨਾ ਹੋਣ ਪਰੇ । ਭੈਣਾਂ ਹੱਥ ਸੁਹਾਗ ਦਾ ਚੂੜਾ ਬੰਨੜਾ ਆਣ ਵਰੇ । ਤਰੇਲ ਦੇ ਮੋਤੀ ਖਿਲਰੇ ਵੇਖੋ ਸ਼ਗਨ ਸਵੇਰ ਕਰੇ । ਤਪਦੀ ਧਰਤੀ ਮੀਂਹ ਮੰਗਦੀ ਹੈ ਰੱਜ ਰੱਜ ਮੇਘ ਵਰ੍ਹੇ । ਦੁਸ਼ਮਣ ਦੀ ਵੀ ਅੱਖ ਵਿਚ ਅੱਥਰੂ ਹੁਣ ਨਾ ਜਾਣ ਜਰੇ ।
ਜਿਨ੍ਹਾਂ ਘਰਾਂ ਵਿਚ ਦੀਵੇ ਨਹੀਂ ਜਗਦੇ
ਆਓ ਓਥੇ ਚੱਲੀਏ, ਜਿੰਨ੍ਹਾਂ ਘਰਾਂ ਵਿਚ ਦੀਵੇ ਨਹੀਂ ਜਗਦੇ । ਜਿੱਥੇ ਸੁੰਨੇ ਬਨੇਰਿਆਂ ਤੋਂ, ਦੀਵਿਆਂ ਦੀ ਪਾਲ ਬੁਝ ਗਈ ਹੈ । ਜਿਹੜੇ ਘਰਾਂ ਦੇ ਦੀਵਿਆਂ ਦੀ ਬੱਤੀ, ਕਾਵਾਂ ਨੇ ਚੂੰਡ ਲਈ ਹੈ । ਜਿਨ੍ਹਾਂ ਦਾ ਤੇਲ ਦੀਵੇ ਪੀ ਗਏ ਨੇ । ਜਿੰਨ੍ਹਾਂ ਘਰਾਂ ਵਿਚ ਹਨੇਰਾ ਹੈ, ਓਥੇ ਵੱਸਦੇ ਲੋਕਾਂ ਕੋਲ ਜਾਈਏ ਤੇ ਪੁੱਛੀਏ ? ਤੁਹਾਡੇ ਘਰਾਂ ਦਾ ਚਾਨਣਾ ਕਿੱਧਰ ਗਿਆ ? ਦੀਵਿਆਂ ਦੀ ਰੌਸ਼ਨੀ ਕੌਣ ਖੁੱਗ ਕੇ ਲੈ ਗਿਆ ? ਹਨੇਰੇ ਘਰਾਂ ਨੂੰ ਕਹੀਏ ? ਆਪਣੇ ਬਨੇਰਿਆਂ ਮੁਹਾਠਾਂ ਤੇ ਹਨੇਰੇ ਖੂੰਜਿਆਂ ਤੋਂ ਪੁੱਛੋ, ਦੀਵੇ ਜਗਣ ਵੇਲੇ, ਤੁਸੀਂ ਕਿਉਂ ਸੌਂ ਗਏ ? ਤੁਹਾਡੀ ਗ਼ੈਰਹਾਜ਼ਰੀ ਵਿਚ, ਦੀਵਿਆਂ ਦੀ ਜੋਤ ਕੌਣ ਚੁਰਾ ਕੇ ਲੈ ਗਿਆ ਹੈ ? ਹਨੇਰੇ ਪਹਿਰ ਵਿਚ, ਆਪੋ ਆਪਣੇ ਚਿਰਾਗਾਂ ਦੀ ਰਾਖੀ ਵੀ ਓਨੀ ਹੀ ਜ਼ਰੂਰੀ ਹੈ ਜਿੰਨਾ ਜ਼ਰੂਰੀ ਹੈ ਚਿਰਾਗ ਬਾਲਣਾ ਆਓ ਓਥੇ ਚੱਲੀਏ ਜਿਥੇ ਚਿਰਾਗ ਬੁਝ ਗਏ ਨੇ ਇਨ੍ਹਾਂ ਚਿਰਾਗਾਂ ਦੇ ਬੁਝਣ ਦਾ ਇਲਜ਼ਾਮ ਜਿੱਥੇ ਹਨੇਰੀ ਸਿਰ ਲੱਗਦਾ ਹੈ । ਆਓ ਓਥੇ ਚੱਲੀਏ ਤੇ ਕਹੀਏ, ਜਿਹੜੇ ਲੋਕ ਹਨੇਰੀ ਵਿਚ, ਆਪਣੇ ਚਿਰਾਗਾਂ ਕੋਲ ਜਾਗਦੇ ਨੇ । ਉਨ੍ਹਾਂ ਦੇ ਚਿਰਾਗ ਹੀ ਜਗਦੇ ਨੇ । ਸੁੱਤੇ ਲੋਕਾਂ ਦੇ ਬਲਦੇ ਚਿਰਾਗ ਕੀ ਲੱਗਦੇ ਨੇ ?
ਬੜਾ ਬੇਚੈਨ ਹੈ ਮਨ
ਡਲ੍ਹਕਦੇ ਨੀਰ ਨੂੰ, ਅੱਖੀਆਂ ਤੋਂ ਬਾਹਰ ਔਣ ਦਿਉ । ਬੜਾ ਬੇਚੈਨ ਹੈ ਮਨ, ਇਸ ਨੂੰ ਘੜੀ ਸੌਣ ਦਿਉ । ਇਨ੍ਹਾਂ ਨੂੰ ਭੁੱਲ ਹੀ ਨਾ ਜਾਣ, ਉਡਾਰੀਆਂ ਕਿਧਰੇ, ਪਰਿੰਦੇ ਖ਼ਵਾਬ ਦੇ, ਅੰਬਰਾਂ 'ਚ ਖੁੱਲ੍ਹੇ ਭੌਣ ਦਿਉ । ਦਰਾਂ ਨੂੰ ਖੋਲ੍ਹ ਦੇਵੋ, ਦੇ ਰਹੀ ਦਸਤਕ ਚਿਰਾਂ ਤੋਂ, ਬੜਾ ਹੁੰਮਸ ਹੈ ਅੰਦਰ, ਤਾਜ਼ੀ ਹਵਾ ਔਣ ਦਿਉ ।
ਟੱਪੇ ਵਰਤਮਾਨ ਦੇ
ਅੱਗ ਲੱਗ ਚੁਕੀ ਪਾਣੀ ਨੂੰ । ਐਂਵੇਂ ਨਾ ਰਿੜਕ ਵੈਰੀਆ, ਸਾੜ ਬਹੇਂਗਾ ਮਧਾਣੀ ਨੂੰ । ਸਾਡੇ ਸੁਪਨੇ ਗੁਆਚ ਗਏ । ਏਥੋਂ ਤਕ ਰਾਹ ਦੱਸ ਕੇ, ਅੱਗੋਂ ਪੱਤਰਾ ਵਾਚ ਗਏ । ਅੱਖਾਂ ਭਰ ਭਰ ਛਲਕਦੀਆਂ । ਕੋਈ ਸਾਨੂੰ ਨਹੀਂਓਂ ਦੱਸਦਾ, ਏਥੇ ਖ਼ਬਰਾਂ ਭਲਕ ਦੀਆਂ । ਜਿੰਦੇ ਸੁਪਨੇ 'ਚ ਕੀ ਕੀਤਾ । ਅੱਖੀਆਂ ਤੋਂ ਓਹਲਾ ਕਰਕੇ, ਬਾਟਾ ਵਿਸ਼ ਵਾਲਾ ਕਿਉਂ ਪੀਤਾ । ਰਾਤਾਂ ਲੰਮੀਆਂ ਸਿਆਲ ਦੀਆਂ । ਤੂੰ ਬੈਠੀ ਕੀ ਸੋਚਦੀ, ਕੂੰਜਾਂ ਉੱਡ ਗਈਆਂ ਨਾਲ ਦੀਆਂ । ਤਾਰਾਂ ਟੁੱਟ ਗਈਆਂ ਸਾਜ਼ ਦੀਆਂ । ਸਮਿਆਂ ਨੇ ਰੋਲ ਦੇਣੀਆਂ, ਹੁਣ ਤਣੀਆਂ ਤਾਜ ਦੀਆਂ । ਚੰਨ ਆਖਦਾ ਏ ਤਾਰਿਆਂ ਨੂੰ । ਧਰਤੀ ਤੇ ਚਲੋ ਚੱਲੀਏ, ਜਾ ਕੇ ਮਿਲੀਏ ਪਿਆਰਿਆਂ ਨੂੰ । ਗੋਲੀ ਚੱਲਦੀ ਏ ਠਾਹ ਕਰਕੇ । ਦੱਸ ਤੈਨੂੰ ਕੀ ਮਿਲਦਾ, ਸਾਡਾ ਆਲ੍ਹਣਾ ਤਬਾਹ ਕਰਕੇ ।
ਹੁਣ ਨਾ ਹੋਰ ਪੰਘੂੜੇ ਉੱਜੜਨ
ਇਸ ਵਗਦੇ ਦਰਿਆ ਵੱਲ ਵੇਖੋ ਕਿੰਨਾ ਪਾਣੀ ਕਿੰਨੀਆਂ ਲਾਸ਼ਾਂ ਪੁਲ ਦੇ ਹੇਠਾਂ ਲੰਘ ਚੁਕੀਆਂ ਨੇ ਹੋਰ ਪਤਾ ਨਹੀਂ ਕਿੰਨਾ ਪਾਣੀ ਪਿੱਛੇ ਰੁਕਿਆ ਹੌਲੀ ਹੌਲੀ ਵਗਦਾ ਪਾਣੀ ਲਾਸ਼ ਲਾਸ਼ ਬਣ ਤੁਰਦਾ ਜਾਵੇ ਤੇਜ਼ ਹਨੇਰੀ ਵਿਚ ਗੁਆਚੇ ਸਾਡੇ ਸਾਰੇ ਰਸਤੇ ਲੁਕਦੇ ਜਾਨ ਬਚਾਉਂਦੇ ਫਿਰਦੇ ਬਾਲ ਨਿਆਣੇ ਬਸਤੇ ਸਿਰ ਤੇ ਕਾਲੇ ਬੱਦਲ ਛਾਏ ਪਤਾ ਨਹੀਂ ਕੀ ਹੋਏ ਸਹਿਮ ਦਿਆਂ ਪਰਛਾਵਿਆਂ ਹੇਠਾਂ ਬਾਗ ਬਗੀਚੇ ਰੋਏ ਅੱਗ ਦੀਆਂ ਲਾਟਾਂ ਦੇ ਵੱਲ ਵੇਖੋ ਵਿਚੋਂ ਵਿਚੋਂ ਸਾਰਾ ਜੰਗਲ ਸੜ ਚੁੱਕਾ ਹੈ । ਜੰਗਲ ਦੀ ਅੱਗ ਚਾਰ ਚੁਫੇਰੇ ਪਸਰ ਗਈ ਹੈ। ਵਿਸ਼ੀਅਰ ਨਾਗਾਂ ਲਾਈਆਂ ਵੇਖੋ ਚਾਰ ਚੁਫੇਰੇ ਅੱਗਾਂ ਲੁੱਟੀਆਂ ਚੌਂਕ ਚੌਰਾਹੇ ਰੁਲੀਆਂ ਧੀਆਂ ਭੈਣਾਂ ਪੱਗਾਂ ਸ਼ਕਲੋਂ ਮੋਮਨ ਅਕਲੋਂ ਕਾਫ਼ਰ ਦੋਧੇ ਵਸਤਰ ਧਾਰੀ ਇਨ੍ਹਾਂ ਸਾਡੀ ਮਮਤਾ ਕੋਹੀ ਫੜ ਕੇ ਤੇਜ਼ ਕਟਾਰੀ ਇਹ ਕੇਹੀ ਰੁੱਤ ਆਈ ਸਾੜਨ ਲਗੇ ਰੁੱਖ ਤੇ ਛਾਵਾਂ ਦੋਧੀ ਦੰਦੀ ਬਾਲ ਸਹਿਕਦੇ ਹੰਝੂ ਡੁੱਬੀਆਂ ਮਾਵਾਂ ਖੜੇ ਖਲੋਤੇ ਪੁੱਤਰ ਖਾ ਲਏ ਆਦਮ ਖੋਰ ਹਵਾਵਾਂ ਨੇਰ੍ਹੇ ਦੇ ਵਿਚ ਸਾਥ ਨਾ ਦੇਵੇ ਹੁਣ ਆਪਣਾ ਪਰਛਾਵਾਂ ਇਸ ਵਾਰੀ ਬਾਬਰ ਦਾ ਲਸ਼ਕਰ ਨਾ ਕਾਬਲ ਤੋਂ ਧਾਇਆ ਆਪਣਾ ਖੂਨ ਬੇਗਾਨਾ ਬਣਿਆ ਉਸ ਭਾਣਾ ਵਰਤਾਇਆ । ਚੁੱਲ੍ਹੇ ਚੌਂਕੇ ਮਕਤਲ ਬਣ ਗਏ ਡਾਢਾ ਕਹਿਰ ਕਮਾਇਆ । ਕਾਲੇ ਸਮਿਆਂ ਦਿੱਤਾ ਸਾਨੂੰ ਹੰਝੂਆਂ ਦਾ ਸਰਮਾਇਆ । ਭਾਵੇਂ ਜ਼ਖਮੀ ਤਨ ਤੇ ਮਨ ਹੈ ਜਿੰਦੜੀ ਹੈ ਅਧਮੋਈ । ਪਰ ਅੱਜ ਤੱਕ ਇਤਿਹਾਸ ਗਵਾਹ ਹੈ ਧਰਤੀ ਬਾਂਝ ਨਾ ਹੋਈ। ਅੱਜ ਸਾਡੀ ਜੜ੍ਹ ਫੇਰ ਹਰੀ ਹੈ ਫੁੱਲ ਕਲੀਆਂ ਨੇ ਖਿੜੀਆਂ । ਇਸ ਧਰਤੀ ਤੇ ਭਾਵੇਂ ਦਹਿਸ਼ਤ ਵਹਿਸ਼ਤ ਖੁੱਲ੍ਹ ਕੇ ਭਿੜੀਆਂ । ਸੱਥਾਂ ਚੌਂਕ ਚੌਰਾਹਿਆਂ ਦੇ ਵਿਚ ਕਥਾ ਵਾਰਤਾ ਛਿੜੀਆਂ । ਫੇਰ ਉਡਾਰੀ ਭਰ ਰਹੀਆਂ ਨੇ ਅੰਬਰ ਦੇ ਵਿਚ ਚਿੜੀਆਂ । ਇਸ ਧਰਤੀ ਦਾ ਕਿਣਕਾ ਹਾਂ ਮੈਂ ਬੰਦਾ ਇਕ ਨਿਥਾਵਾਂ । ਹਰ ਪਲ ਇਕ ਅਰਦਾਸ ਕਰਾਂ ਤੇ ਇਕੋ ਮੰਗ ਹੀ ਚਾਹਵਾਂ । ਮਿਲ ਜਾਵਣ ਹੁਣ ਭਾਈਆਂ ਦੇ ਗਲ ਡੌਲਿਓਂ ਟੁੱਟੀਆਂ ਬਾਹਵਾਂ । ਹੁਣ ਨਾ ਹੋਰ ਪੰਘੂੜੇ ਉੱਜੜਨ ਨਾ ਕੋਈ ਛਾਂਗੇ ਛਾਵਾਂ ।
ਵਤਨ
ਵਤਨ ਕੀ ਹੈ, ਕੁਝ ਲਕੀਰਾਂ ਤੇ ਨਿਸ਼ਾਨ । ਟੰਗਦੇ ਸੂਲੀ ਤੇ ਜਾਨ, ਰੋਜ਼ ਹੋਵੇ ਇਮਤਿਹਾਨ ।
ਇਕ ਦਿਨ ਐਵੇਂ ਅਚਾਨਕ
ਮੈਂ ਕਿਸੇ ਦੀ ਰੀਸ ਕਰਕੇ, ਘਰ ਦੇ ਬਾਹਰ, ਲਾਇਆ ਹੈ ਸੂਹਾ ਗੁਲਾਬ । ਮਾਲੀ ਪਾਵੇ ਪਾਣੀ ਦੇਵੇ ਗੋਡੀਆਂ, ਇਕ ਦਿਨ ਉਹ ਆਖਦਾ ਸੀ, ਵੇਖਿਉ ਹੁਣ ਖਿੜਦੀਆਂ ਕਿੰਝ ਡੋਡੀਆਂ । ਬਦਲਿਆ ਮੌਸਮ ਤੇ ਫੁੱਲਾਂ ਲਹਿਰ ਲਾਈ, ਮਾਨਣੇ ਦਾ ਵਕਤ ਹੀ ਨਹੀਂ । ਦਿਨ ਚੜ੍ਹੇ ਤੋਂ ਰਾਤ ਤੀਕਣ ਕੰਮ ਕਾਰ । ਬੇਵਜ੍ਹਾ ਰਹਿੰਦੇ ਹਾਂ ਪੌਣਾਂ ਤੇ ਸਵਾਰ । ਇਕ ਦਿਨ ਐਵੇਂ ਅਚਾਨਕ, ਮੈਂ ਕਿਆਰੀ ਕੋਲ ਰੁਕਿਆ । ਫੁੱਲ ਕਿਰ ਕੇ ਮੁੱਢ ਲਾਗੇ ਸੁੱਕ ਰਿਹਾ ਸੀ, ਹੌਲੀ ਹੌਲੀ ਮੁੱਕ ਰਿਹਾ ਸੀ । ਇਸ ਤਰ੍ਹਾਂ ਲੱਗਾ ਜਿਵੇਂ ਉਹ ਆਖਦਾ ਹੈ, ਜ਼ਿੰਦਗੀ ਬੱਸਾਂ ਤੇ ਕਾਰਾਂ ਨਾਲ ਮਿਣ ਕੇ ਕੀ ਕਰੇਂਗਾ ? ਮਾਣ ਲੈ ਫੁੱਲਾਂ ਦੇ ਵਰਗੀ ਜ਼ਿੰਦਗੀ । ਜਾਣ ਲੈ ਏਹੀ ਹੈ ਸੱਚੀ ਬੰਦਗੀ । ਕੱਲ੍ਹ ਨੂੰ ਤੂੰ ਵੀ ਭੁਰੇਂਗਾ, ਦੱਸ ਫਿਰ ਕਿੰਞ ਧੌਣ ਉੱਚੀ ਕਰ ਤੁਰੇਂਗਾ ?
ਬਿਰਖ਼ ਨਿਪੱਤਰਾ
ਬਿਰਖ਼ ਨਿਪੱਤਰਾ, ਰਿਸ਼ੀਆਂ ਵਾਂਗ ਅਡੋਲ ਖੜਾ ਹੈ । ਚਿੰਤਾ ਮੁਕਤ ਅਬੋਲ, ਜਿਵੇਂ ਦਰਵੇਸ਼ ਹੈ ਕੋਈ । ਇਸ ਦੇ ਸਾਵੇ ਪਹਿਰਨ ਪੱਤੇ, ਸਰਦ ਮੌਸਮਾਂ ਚੂਸ ਲਏ ਨੇ । ਜਾਂ ਫਿਰ ਤਪਦੀ ਲੂਅ ਨੇ, ਜਾਪਣ ਝਾੜ ਲਏ ਨੇ । ਜਾਪੇ ਮੁੱਢ ਵਿਚ, ਚਿੰਤਾ ਵਰਗਾ ਕੀੜਾ ਕੋਈ । ਜਿਸ ਨੇ ਇਸ ਨੂੰ, ਜੜ੍ਹ ਤੋਂ ਸਿਖ਼ਰ ਟਾਹਣੀਆਂ ਤੀਕ, ਸੁਕਾ ਛੱਡਿਆ ਹੈ । ਕੋਲ ਖਲੋਤੇ ਬਾਕੀ ਰੁੱਖ ਸਭ ਹਰੇ ਭਰੇ ਨੇ । ਇਸ ਨੂੰ ਕਿਹੜਾ ਝੋਰਾ ਲੱਗਾ, ਜਾਂ ਫਿਰ ਡੂੰਘੀ ਚਿੰਤਾ ਕੋਈ । ਕਈ ਵਾਰੀ ਤਾਂ ਇੰਝ ਲੱਗਦਾ ਹੈ, ਰੁੱਖ ਵੀ ਹੋਣ ਮਨੁੱਖਾਂ ਵਾਂਗੂੰ । ਆਪੋ ਆਪਣੀ ਹੋਣੀ ਜਰਦੇ, ਕੱਲ੍ਹੇ ਜੀਂਦੇ ਕੱਲ੍ਹੇ ਮਰਦੇ, ਬਿਰਖ਼ ਅਬੋਲ ਅਡੋਲ ਖੜ੍ਹਾ ਹੈ ।
ਸਵਾਲਾਂ ਦੇ ਜੰਗਲ ਵਿਚ
ਹਰ ਇਮਤਿਹਾਨ ਵਿਚ, ਮੇਰਾ ਪਰਚਾ ਅਧੂਰਾ ਹੀ ਰਹਿ ਜਾਂਦਾ ਹੈ । ਜਾਂ ਤਾਂ ਸੁਆਲ ਹੀ ਏਨੇ ਹੁੰਦੇ ਨੇ । ਕਿ ਮੇਰੇ ਕੋਲੋਂ ਉੱਤਰ ਮੁੱਕ ਜਾਂਦੇ ਨੇ । ਤੇ ਜਾਂ ਸਮਾਂ ਹੀ ਮੁੱਕ ਜਾਂਦਾ ਹੈ, ਮੇਰੇ ਉੱਘੜ ਦੁੱਗੜਾ ਲਿਖਦਿਆਂ ਲਿਖਦਿਆਂ । ਏਸੇ ਕਰਕੇ ਮੈਂ ਹਰ ਇਮਤਿਹਾਨ ਵਿੱਚੋਂ, ਫ਼ੇਲ੍ਹ ਹੋ ਜਾਂਦਾ ਹਾਂ । ਸੁਆਲਾਂ ਦੇ ਜੰਗਲ ਵਿਚ, ਕਈ ਵੇਰ ਜੁਆਬ ਆਪ ਮੁਹਾਰੇ ਮਿਲ ਪੈਂਦੇ ਨੇ । ਸੁਆਹ ਵਿਚੋਂ ਨਿਕਲੇ ਚੰਗਿਆੜੇ ਵਾਂਗ, ਕਿੰਨਾ ਕਿੰਨਾ ਚਿਰ ਮੈਂ ਉਸ ਚੰਗਿਆੜੇ । ਵੱਲ ਵੇਖਦਾ ਰਹਿੰਦਾ ਹਾਂ । ਤੇ ਮੇਰੇ ਵੇਖਦਿਆਂ ਵੇਖਦਿਆਂ, ਚੰਗਿਆੜਾ ਬੁਝ ਜਾਂਦਾ ਹੈ । ਮੈਂ ਫੇਰ ਸੁਆਲਾਂ ਦੇ ਸਨਮੁਖ, ਨਿਰ ਉੱਤਰ ਖਲੋਤਾ ਰਹਿ ਜਾਂਦਾ ਹਾਂ । ਰਾਤ ਦੇ ਹਨੇਰੇ ਵਿਚ ਆਏ ਸੁਪਨੇ ਵਾਂਗ । ਘੜੀਆਂ ਪਲ ਤੇ ਪਹਿਰ ਬੀਤਦੇ ਜਾ ਰਹੇ ਨੇ, ਸੁਆਲਾਂ ਦੀ ਬੁਛਾੜ ਵਿਚ । ਕੜੀਆਂ ਕੋਠੇ ਢਹਿ ਰਹੇ ਨੇ । ਤੇ ਮੇਰੇ ਕੋਲ ਜੁਆਬਾਂ ਦੀ ਛਤਰੀ ਵੀ ਨਹੀਂ, ਜਿਨ੍ਹਾਂ ਨਾਲ ਘੱਟੋ ਘੱਟ, ਮੈਂ ਆਪਣਾ ਸਿਰ ਤਾਂ ਬਚਾ ਸਕਾਂ । ਸੁਆਲਾਂ ਦੀ ਗੜੇ ਮਾਰ ਵਿਚ, ਸੁਪਨਿਆਂ ਦੀ ਫ਼ਸਲ । ਝੋਨੇ ਦੀਆਂ ਮੁੰਜਰਾਂ ਫੰਡਣ ਵਾਂਗ ਝੜੀ ਜਾ ਰਹੀ ਹੈ । ਦਾਣਾ ਕਿਤੇ ਦਾਣਾ ਕਿਤੇ । ਉਮਰਾਂ ਦੀ ਕਮਾਈ ਰੁੜ੍ਹਦੀ ਹੈ ਤਾਂ ਹੌਲ ਪੈਂਦਾ ਹੈ । ਨਿਰ ਉੱਤਰ ਨਿਰ ਸ਼ਬਦ । ਮੈਂ ਸੁਆਲਾਂ ਦੇ ਜੰਗਲ ਵਿਚ ਗੁੰਮ ਜਾਂਦਾ ਹਾਂ ।
ਕੁਝ ਲੋਕ ਹਾਲੇ ਤੀਕ ਵੀ
ਕੁਝ ਲੋਕ ਹਾਲੇ ਤੀਕ ਵੀ, ਰਾਹਵਾਂ ’ਚ ਖੜ੍ਹੇ ਨੇ । ਧੁੱਪਾਂ ਤੋਂ ਡਰਦੇ ਵੇਖ ਲਉ, ਛਾਵਾਂ ’ਚ ਖੜ੍ਹੇ ਨੇ । ਮੈਂ ਤਾਂ ਉਨ੍ਹਾਂ ਦੇ ਵੱਲ ਹਾਂ, ਉਨਾਂ ਦੇ ਨਾਲ ਸਾਂਝ, ਸਿੱਧੇ ਸਤੋਰ ਰੁੱਖ ਜੋ, ਵਾਵਾਂ ’ਚ ਖੜ੍ਹੇ ਨੇ । ਐਸੇ ਗਿਆਨ ਧਰਮ ਤੇ, ਬੇਜਾਨ ਫ਼ਲਸਫ਼ੇ, ਤਾਰਨਗੇ ਕੀਹ ਜੋ ਆਪ ਤਾਂ, ਨਾਵਾਂ 'ਚ ਖੜ੍ਹੇ ਨੇ ।
ਪਰਛਾਵੇਂ ਨਹੀਂ ਫੜੀਦੇ
ਜਿਵੇਂ ਮੱਛੀ ਤਾਂ ਸਿਰਫ਼ ਪਾਣੀ ਵਿੱਚ, ਮੱਛੀ ਹੁੰਦੀ ਹੈ । ਬਾਹਰ ਕੱਢੋ ਤਾਂ ਨਿਰੀ ਲਾਸ਼ । ਤੜਫ ਤੜਫ ਉੱਛਲਦੀ ਕੁੱਦਦੀ, ਥੋੜ੍ਹੇ ਚਿਰ ਬਾਅਦ ਟਿਕ ਜਾਂਦੀ ਹੈ । ਸਰਦ ਹੋਏ ਸਰੀਰ ਵਾਂਗ । ਤੂੰ ਤੇ ਮੈਂ ਵੀ ਜੇ ਇੱਕਠੇ ਤੁਰਦੇ ਹਾਂ, ਤਾਂ ਇਨਸਾਨ ਹਾਂ । ਨਹੀਂ ਤਾਂ ਕੁਝ ਵੀ ਨਹੀਂ । ਜਿਵੇਂ ਹੁੰਗਾਰੇ ਬਿਨ ਬਾਤ ਦਾ ਵਜੂਦ ਨਹੀਂ ਹੁੰਦਾ, ਮੈਂ ਵੀ ਅੱਥਰੂ ਅੱਥਰੂ ਹੋ ਜਾਂਦਾ ਹਾਂ, ਖੁਰ ਜਾਂਦਾ ਹਾਂ ਭੁਰ ਜਾਂਦਾ ਹਾਂ ਤੇਰੇ ਬਗੈਰ । ਸੂਰਜ ਦੇ ਵਿਯੋਗ ਵਿੱਚ, ਰਾਤ ਦੇ ਅੱਥਰੂਆਂ ਨੂੰ ਤਰੇਲ ਨਾ ਆਖ । ਮੇਰੀ ਚੁੱਪ ਨੂੰ ਇਨ੍ਹਾਂ ਮੋਤੀਆਂ ਵਿਚੋਂ ਫੋਲ । ਇਹ ਮੇਰੇ ਗਵਾਹ ਨੇ । ਪਰ ਇਕੱਲਿਆਂ ਇਹ ਤਰੇਲ ਦੇ ਮੋਤੀ, ਨਾ ਤੈਥੋਂ ਚੁਗੇ ਜਾਣੇ ਨੇ ਨਾ ਮੈਥੋਂ । ਆ ਤੂੰ ਮੈਨੂੰ ਅਵਾਜ਼ ਦੇ, ਤੇਰੇ ਆਸਰੇ ਹੀ ਮੈਂ ਉੱਚੇ ਅੰਬਰੀਂ ਪਰਵਾਜ਼ ਕਰਾਂਗਾ । ਤਾਰਿਆਂ ਨਾਲ ਗੱਲਾਂ ਕਰਾਂਗਾ । ਚੰਦਰਮਾ ਸੂਰਜ ਤੇ ਹੋਰ ਕਰੋੜਾਂ ਨਛੱਤਰਾਂ ਤੇ, ਅਸੀਂ ਆਪਣਾ ਘਰ ਬਣਾਵਾਂਗੇ । ਕਿਣਕਾ ਕਿਣਕਾ ਟੁੱਟ ਕੇ ਵੀ ਮੈਂ ਜੁੜਿਆ ਰਹਾਂਗਾ । ਮੇਰੀ ਹਰ ਇਕਾਈ ’ਚ ਕਰੋੜਾਂ ਵਜੂਦ ਮੌਲ੍ਹਣਗੇ । ਪਰ ਇਕੋ ਸ਼ਰਤ ਤੇ, ਕਿ ਤੂੰ ਮੇਰੇ ਨਾਲ ਨਾਲ ਰਹੇਂ। ਨਾਲ ਨਾਲ ਬਿਲਕੁਲ ਨਾਲ, ਜਿਵੇਂ ਫੁੱਲਾਂ ਵਿਚ ਮਹਿਕ ਹੁੰਦੀ ਹੈ । ਜਿਵੇਂ ਧੁੱਪ ਵਿਚ ਨਿੱਘ ਹੁੰਦਾ ਹੈ । ਜਿਵੇਂ ਬੋਲਾਂ ਵਿਚ ਸਵੈਮਾਣ ਹੁੰਦਾ ਹੈ । ਤੂੰ ਮੇਰੇ ਨਾਲ ਨਾਲ ਤੁਰ । ਕੀਤੇ ਇਕਰਾਰ ਦੀ ਲਾਜ ਵਾਂਗ । ਪਰ ਤੂੰ ਆਪਣਾ ਵਜੂਦ ਨਾ ਗਵਾਈਂ, ਇੰਝ ਤਾਂ ਮੈਂ ਭਟਕ ਜਾਵਾਂਗਾ । ਗ਼ਰੂਰ ਵਿਚ ਅੰਨਾ ਹੋ ਜਾਵਾਂਗਾ । ਤੂੰ ਤਾਂ ਮੇਰੇ ਲਈ ਪਾਣੀ ਹੈਂ ਪੌਣ ਹੈਂ । ਦਿਨ ਦੇ ਚਿੱਟੇ ਚਾਨਣੇ ਵਿਚ, ਤੇਰੇ ਬਗ਼ੈਰ ਸਿਖਰ ਦੁਪਹਿਰੇ ਰਾਤ ਪੈ ਜਾਂਦੀ ਹੈ । ਸੂਰਜ ਫਿੱਕਾ ਫਿੱਕਾ ਲੱਗਦਾ ਹੈ। ਨਿਰਜਿੰਦ ਬੇਜਾਨ ਜਿਵੇਂ ਬੀਮਾਰ ਦੀ ਅਵਾਜ਼ ਹੁੰਦੀ ਹੈ । ਲਾਚਾਰ ਦੀ ਅਰਜੋਈ ਹੁੰਦੀ ਹੈ । ਸਹਿਕਦੀ ਸਹਿਕਦੀ । ਤੂੰ ਮਿਲੇ ਤਾਂ ਸੂਰਜ ਦਾ ਤਪ ਤੇਜ਼, ਸ਼ਾਮਾਂ ਵੇਲੇ ਵੀ ਨਹੀਂ ਝੱਲਿਆ ਜਾਂਦਾ। ਅਵਾਜ਼ ਵਿਚ ਜਾਨ ਪੈ ਜਾਂਦੀ ਹੈ, ਸੁੱਕ ਰਹੀ ਵੇਲ ਨੂੰ ਪਾਣੀ ਮਿਲਣ ਵਾਂਗ । ਬਾਤ ਨੂੰ ਹੁੰਗਾਰਾ ਮਿਲਣ ਵਾਂਗ । ਬੁਝ ਰਹੇ ਦੀਵੇ ਵਿੱਚ ਤੇਲ ਪੈਣ ਵਾਂਗ । ਜਿਵੇਂ ਸੂਰਜ ਤੇ ਧਰਤੀ ਇਸ ਵੇਲੇ ਦੁਮੇਲ ਤੇ ਮਿਲ ਰਹੇ ਨੇ, ਮੈਂ ਤੇਰੇ ਨਾਲ ਗੁਫ਼ਤਗੂ ਕਰ ਰਿਹਾ ਹਾਂ । ਤੇਰੇ ਨਾਲ ਨਾਲ ਤੁਰਨ ਨਾਲ, ਰਾਤ ਵੀ ਹਨੇਰੀ ਨਹੀਂ ਲੱਗਦੀ । ਮਨ ਦਾ ਚਿਰਾਗ ਰੌਸ਼ਨ ਰਹਿੰਦਾ ਹੈ । ਮੈਂ ਹਰ ਔਖੇ ਰਸਤੇ ਵਿਚੋਂ ਲੰਘਣ ਦੇ ਕਾਬਲ ਹੋ ਜਾਂਦਾ ਹਾਂ । ਪਹਾੜੀਆਂ ਉਚਾਣਾਂ ਨੀਵਾਣਾਂ ਤੇ ਡੂੰਘੀਆਂ ਖਾਈਆਂ, ਪਾਰ ਕਰ ਸਕਦਾ ਹਾਂ । ਤੇਰੇ ਕੋਲ ਹੁੰਦਿਆਂ ਬਿਲਕੁਲ ਉਵੇਂ ਹੁੰਦਾ ਹੈ, ਜਿਵੇਂ ਫੁੱਲਾਂ ਵਿੱਚ ਰੰਗ ਭਰਦਾ ਹੈ । ਰਾਤ ਰਾਣੀ ਮਹਿਕਦੀ ਹੈ । ਅੰਬਾਂ, ਅੰਗੂਰਾਂ ਤੇ ਅਨਾਰਾਂ ਵਿੱਚ ਰਸ ਟਪਕਦਾ ਹੈ । ਗ਼ਰੀਬ ਤੇ ਜਵਾਨੀ ਆਉਂਦੀ ਹੈ, ਅਣਦੱਸੀ ਅਣਐਲਾਨੀ ਜੰਗ ਵਾਂਗ । ਕਰੂੰਬਲ ਫੁੱਟਦੀ ਹੈ ਬਸੰਤ ਰੁੱਤੇ । ਕਣਕ ਦੇ ਸਿੱਟਿਆਂ ਵਿੱਚ ਦੁੱਧ ਭਰਦਾ ਹੈ । ਦੁੱਧ ਤੋਂ ਦਾਣੇ ਬਣਦੇ ਨੇ । ਮੱਕੀ ਸੂਤ ਕੱਤਦੀ ਹੈ । ਟਾਂਡੇ ਦੀ ਢਾਕ ਤੇ ਛੱਲੀ ਪਲਮਦੀ ਹੈ । ਕਾਠੇ ਕਮਾਦ ਵਿਚ ਰਸ ਭਰਦਾ ਹੈ । ਪ੍ਰਕਿਰਤੀ ਦੇ ਸੈਆਂ ਰੰਗਾਂ ਵਿਚੋਂ, ਬਹੁਤੇ ਮੇਰੀ ਅਰਦਲ ਵਿਚ ਆਣ ਖਲੋਂਦੇ ਨੇ । ਤੇਰੇ ਬਗ਼ੈਰ ਤਾਂ ਇੰਝ ਜਿਵੇਂ, ਅਚਾਨਕ ਬਜ਼ੁਰਗਾਂ ਦੀਆਂ ਅੱਖਾਂ ਵਿਚ ਮੋਤੀਆ ਉੱਤਰ ਆਵੇ । ਸਿਖਰ ਦੁਪਿਹਰੇ ਰਾਤ ਪੈ ਜਾਵੇ । ਉਮਰਾਂ ਦੀ ਕਮਾਈ ਨਾਲ ਉਸਾਰੇ, ਇਕੋ ਇਕ ਕੋਠੇ ਦਾ ਸ਼ਤੀਰ ਲੱਕੋਂ ਟੁੱਟ ਜਾਵੇ । ਤੁਰੇ ਜਾਂਦਿਆਂ ਅਗੋਂ ਗਲੀ ਬੰਦ ਹੋ ਜਾਵੇ । ਸੁਪਨੇ ਵਿਚ ਜਿਵੇਂ ਧਰਤੀ ਮੁੱਕ ਜਾਵੇ, ਅਚਾਨਕ ਬਿਜਲੀ ਚਲੀ ਜਾਵੇ । ਤੇ ਜਾਂ ਫਿਰ ਮੇਰੀ ਦੁੱਧ ਰਿੜ੍ਹਕਦੀ ਮਾਂ ਦੀ ਚਾਟੀ ਵਿੱਚੋਂ, ਠੋਕਰ ਵੱਜਣ ਨਾਲ ਮੱਖਣ ਸਮੇਤ ਸਾਰਾ ਕੁਝ ਡੁੱਲ੍ਹ ਜਾਵੇ । ਅਚਾਨਕ ਸਿਰ 'ਚ ਵੱਜੀ ਸੱਟ ਵਾਂਗ । ਅੱਖਾਂ ਅੱਗੇ ਤਾਰੇ ਜਹੇ ਆ ਜਾਂਦੇ ਨੇ ਤੇਰੇ ਬਗ਼ੈਰ । ਮੈਂ ਫਿਰ ਉਥੇ ਪਹੁੰਚ ਗਿਆ ਹਾਂ, ਜਿਥੋਂ ਤੁਰਿਆ ਸਾਂ । ਤੇਰੇ ਹੁੰਦਿਆਂ ਕਦੇ ਪੱਤਝੜ ਨੂੰ ਗੌਲਿਆ ਹੀ ਨਹੀਂ ਸੀ। ਸੋਚਿਆ ਹੀ ਨਹੀਂ ਸੀ ਕਦੇ ਰਾਤ ਪੈ ਜਾਵੇਗੀ । ਚੌਵੀਂ ਘੰਟੇ ਤੀਆਂ ਵਰਗੇ ਦਿਨ ਸਨ । ਜੇ ਕਦੇ ਕਿਆਰੀ ਵਿਚ ਫੁੱਲ ਖਿੜਦੇ, ਉਹ ਤਾਂ ਲੱਗਦਾ ਤੇਰੀ ਰੀਸ ਕਰ ਰਹੇ ਨੇ । ਗੁਲਾਬ ਦੀਆਂ ਪੱਤੀਆਂ ਤੋਂ ਕਈ ਵਾਰੀ, ਤੇਰੇ ਬੁੱਲ੍ਹਾਂ ਦਾ ਹੀ ਭੁਲੇਖਾ ਖਾਂਦਾ ਰਿਹਾ । ਗੁਲਦਾਉਦੀ ਦੇ ਫੁੱਲ ਤੇਰੀ ਪੀਲੀ ਚੁੰਨੀ ਤੇ, ਕੱਢੇ ਮੋਤੀਆ ਫੁੱਲਾਂ ਨਾਲ ਕਿੰਨੇ ਰਲਦੇ ਸਨ । ਰਾਤ ਰਾਣੀ ਮਹਿਕਦੀ ਤਾਂ ਲੱਗਦਾ, ਤੂੰ ਮੇਰੇ ਕੋਲ ਖੜ੍ਹੀ ਹੈਂ । ਪੱਤੇ ਪੱਤੇ ਤੇ ਤੇਰੇ ਹੱਥਾਂ ਦੀ ਛੋਹ ਹਾਜ਼ਰ ਹੈ । ਤੇ ਜਦੋਂ ਆਪਾਂ ਪਿੰਡ ਜਾਂਦੇ, ਬਾਪੂ ਜੀ ਦੇ ਲਾਏ ਘਰ ਵਿਚਲੇ ਸ਼ਰੀਂਹ ਦੇ ਮਹਿਕਦੇ ਫੁੱਲ, ਤੇਰੇ ਵੱਲ ਹੀ ਵੇਖੀ ਜਾਂਦੇ । ਇਕ ਵਾਰ ਮੈਨੂੰ ਯਾਦ ਹੈ, ਆਪਾਂ ਸਿਆਲ ਜਿਹੇ ਵਿਚ ਪਿੰਡ ਗਏ । ਤਾਂ ਵਗਦੀ ਹਵਾ ਨਾਲ, ਸਰੀਂਹ ਦੀਆਂ ਫ਼ਲੀਆਂ ਛਣਕ ਰਹੀਆਂ ਸਨ, ਬਿਲਕੁਲ ਸਵਾਗਤੀ ਗੀਤ ਵਾਂਗ । ਸ਼ਾਮਾਂ ਤੀਕ ਇਹ ਅਨਹਦ ਸੰਗੀਤ ਵੱਜਦਾ ਰਿਹਾ । ਤੂੰ ਗਈ ਤਾਂ ਪਤਾ ਲੱਗਾ, ਰੁੱਖਾਂ ਦੇ ਪੱਤਰ ਵੀ ਝੜਦੇ ਨੇ । ਅਤੇ ਇਸੇ ਨੂੰ ਪੱਤਝੜ ਆਖਦੇ ਨੇ । ਉਦੋਂ ਪਤਾ ਲੱਗਾ ਕਿ ਛਾਵਾਂ ਦਾ ਮੁੱਲ ਕੀ ਹੈ, ਮੈਂ ਤਪਦੇ ਥਲਾਂ ਵਿੱਚ ਕੱਲ-ਮਕੱਲ੍ਹਾ ਕਈ ਵਰ੍ਹੇ, ਇਕੱਲਾ ਹੀ ਖੜ੍ਹਾ ਰਿਹਾ । ਛਤਰੀਆਂ ਵਾਲੇ ਮੇਰੇ ਕੋਲੋਂ ਦੀ ਲੰਘ ਜਾਂਦੇ, ਨੀਲਾ ਅੰਬਰ ਗਵਾਹ ਹੈ । ਤਪਦੀਆਂ ਦੁਪਹਿਰਾਂ ਵਿੱਚ ਮੈਂ ਤੈਨੂੰ ਕਿੰਨਾ ਉਡੀਕਿਆ, ਧੁੱਪੇ ਵੀ ਛਾਵੇਂ ਵੀ ਹਰ ਥਾਂ ਝਾਉਲੇ ਪੈਂਦੇ ਰਹੇ । ਤੂੰ ਮੇਰੇ ਕਲਾਵੇ ਵਿਚੋਂ ਤਿਲਕ ਤਿਲਕ ਜਾਂਦੀ ਰਹੀ, ਮੈਂ ਆਪਣੇ ਚਿਹਰੇ ਨੂੰ ਹੰਝੂਆਂ ਨਾਲ ਧੋਂਦਾ ਤਾਂ ਬਿਰਧ ਮਾਂ ਆਖਦੀ, ਅੰਨ੍ਹਾ ਹੋ ਜਾਵੇਂਗਾ ਸਫ਼ਰ ਲੰਮਾ ਹੈ, ਕਿੱਦਾਂ ਮੁਕਾਵੇਂਗਾ । ਤੇ ਆਖਦੀ, ਪਰਛਾਵੇਂ ਨਹੀਂ ਫੜੀਦੇ ।
ਵਰਤਮਾਨ ਨਿਜ਼ਾਮ
ਇਹਦਾ ਕੱਲਾ ਮੂੰਹ ਨਾ ਦੇਖੋ । ਮੂੰਹ ਅੰਦਰਲੇ ਦੰਦ ਵੀ ਦੇਖੋ । ਮੀਸਣੀਆਂ ਮੁਸਕਾਨਾਂ ਓਹਲੇ, ਜੋ ਜੋ ਚਾੜ੍ਹੇ ਚੰਦ ਵੀ ਦੇਖੋ । ਰੂਹ ਤੋਂ ਰੂਹ ਵਿਚਕਾਰ ਉਸਾਰੀ, ਅਣਦਿਸਦੀ ਉਹ ਕੰਧ ਵੀ ਦੇਖੋ । ਇਹਦਾ ਕੀਤਾ ਜਬਰ ਵੀ ਦੇਖੋ, ਧਰਤੀ ਮਾਂ ਦਾ ਸਬਰ ਵੀ ਦੇਖੋ । ਫ਼ਸਲਾਂ ਦੀ ਥਾਂ ਬੰਦੇ ਬੀਜੇ, ਲੰਮ ਸਲੰਮੀ ਕਬਰ ਵੀ ਦੇਖੋ ।
ਕੱਲ੍ਹ ਵੀ ਤੇਰਾ ਹੈ
ਮੇਰਾ ਬੇਲੀ ਇਕ ਦਿਨ ਬਹੁਤ ਉਦਾਸ ਸੀ। ਮੈਨੂੰ ਆਖਣ ਲੱਗਾ । ਆਦਮੀ ਕਿਉਂ ਬਹੁਤ ਪਿੱਛੇ ਰਹਿ ਜਾਂਦਾ ਹੈ, ਘਟਨਾਵਾਂ ਦੁਰਘਟਨਾਵਾਂ ਤੋਂ । ਬਹੁਤ ਅੱਗੇ ਲੰਘ ਜਾਂਦੀਆਂ ਹਨ ਉਹ, ਰੇਲ ਦੇ ਇੰਜਣ ਵਾਂਗ ਧੂੜ ਤੇ ਧੂੰਆਂ ਉਡਾਉਂਦੀਆਂ । ਸੁਪਨਿਆਂ ਦੀ ਨਗਰੀ ਵਿਚ ਕੁਰਲਾਹਟ ਮਚਾਉਂਦੇ, ਜ਼ਿੰਦਗੀ ਦੇ ਹੁਸੀਨ ਨਕਸ਼ਾਂ ਨੂੰ ਤਰੋੜਦੇ ਮਰੋੜਦੇ ਹਾਦਸੇ, ਅਜੀਬ ਜਿਹਾ ਖਲਲ ਪਾ ਜਾਂਦੇ ਨੇ । ਚੰਗੇ ਭਲੇ ਵੱਸਦੇ ਘਰਾਂ ਨੂੰ ਰੁਦਨ ਵੱਸ ਕਰ ਜਾਂਦੇ ਨੇ । ਆਦਮੀ ਬਹੁਤ ਪਿੱਛੇ ਰਹਿ ਜਾਂਦਾ ਹੈ, ਮੇਲੇ ਮਗਰੋਂ ਉੱਡਦੇ ਲਿਫ਼ਾਫ਼ਿਆਂ ਵਾਂਗ । ਕੰਧਾਂ ਕੋਠਿਆਂ ਉਜਾੜ ਰਾਹਾਂ ਵਿਚ ਗੁਆਚਿਆ ਫਿਰਦਾ ਹੈ । ਹਕੀਕਤਾਂ ਦੇ ਸਰਪਟ ਤੇਜ਼ ਦੌੜਦੇ ਘੋੜੇ, ਫ਼ਸਲ ਵਾੜੀਆਂ ਖੇਤ ਖਲਵਾੜਾਂ ਨੂੰ ਲਿਤਾੜਦੇ ਭੱਜੇ ਜਾ ਰਹੇ ਨੇ । ਮੈਂ ਪਹਿਲਾਂ ਤਾਂ ਕੁਝ ਨਾ ਬੋਲਿਆ, ਸਿਰਫ਼ ਸੁਣਦਾ ਰਿਹਾ । ਤੇ ਜਦ ਉਹ ਰੋਣੋਂ ਨਾ ਹੀ ਹਟਿਆ, ਤਾਂ ਮੈਂ ਆਖਿਆ ਸੁਣ । ਸੁਪਨਿਆਂ ਦੀ ਨਗਰੀ ਵਿਚ, ਹਕੀਕਤਾਂ ਦੇ ਰੂਬਰੂ ਨਾ ਖਲੋਣ ਦਾ, ਇਹੀ ਹਸ਼ਰ ਹੁੰਦਾ ਹੈ । ਇਸ ਅੱਥਰੇ ਅਮੋੜ ਘੋੜੇ ਨੂੰ, ਜਦੋਂ ਹਕੀਕਤਾਂ ਦੀ ਕਾਠੀ ਪਾਵੇਂਗਾ । ਤੂੰ ਵੀ ਉਹਦੇ ਨਾਲ ਨਾਲ ਉੱਡਦਾ ਹੀ ਜਾਵੇਂਗਾ । ਘਟਨਾਵਾਂ ਦੁਰਘਟਨਾਵਾਂ ਦੇ ਚੱਕਰਵਿਊ ਤੋਂ ਮੁਕਤ ਹੋ, ਅੱਜ ਨਹੀਂ, ਕੱਲ੍ਹ ਵੀ ਤੇਰਾ ਹੈ ।
ਸਾਡੀ ਤੁਹਾਡੀ ਕਾਹਦੀ ਜੰਗ ਹੈ
ਜਦ ਤੱਕ ਸਾਡੇ ਅਤੇ ਤੁਹਾਡੇ, ਘਰ ਦੇ ਅੰਦਰ ਭੁੱਖ ਤੇ ਨੰਗ ਹੈ । ਹਿੱਕ ਤੇ ਹੱਥ ਧਰਕੇ ਫਿਰ ਦੱਸਿਓ, ਸਾਡੀ ਤੁਹਾਡੀ ਕਾਹਦੀ ਜੰਗ ਹੈ । ਸਦੀਆਂ ਲੰਮੀ ਸਾਂਝ ਭਰੱਪਣ, ਖੂਹ ਵਿੱਚ ਸੁੱਟ ਕੇ । ਉਮਰੋਂ ਲੰਮੇ ਖ਼ੂਨ ਦੇ ਰਿਸ਼ਤੇ, ਨਦੀ ਰੋੜ੍ਹ ਕੇ । ਕਾਹਦੀ ਖ਼ਾਤਰ ਭਿੜਦੇ ਰਹੀਏ । ਲੰਮਾ ਸਫ਼ਰ ਪਿਆਸ ਕਹਿਰ ਦੀ, ਫਿਰ ਕਿਉਂ ਆਪਾਂ, ਪੁੱਠੇ ਖੂਹ ਜਿਓਂ ਗਿੜਦੇ ਰਹੀਏ । ਮਨਮਤੀਏ ਖਸਮਾਂ ਦੇ ਹੱਥੋਂ ਛਾਂਟੇ ਖਾਈਏ । ਅਖੀਆਂ ਉਤੇ ਖੋਪੇ ਚਾੜ੍ਹੀ, ਪੁੱਠੀ ਮਾਲ੍ਹ ਘੁਮਾਈ ਜਾਈਏ । ਇੱਕੋ ਬਿੰਦੂ ਆਲੇ ਦੁਆਲੇ ਪਰਿਕਰਮਾ ਕਰ, ਮਨੋ ਸੋਚੀਏ ਸਫ਼ਰ ਮੁਕਾਇਆ । ਪਰ ਇਕੋਂ ਥਾਂ ਘੁੰਮੀ ਜਾਈਏ । ਇਹ ਨਾ ਸੋਚੀਏ, ਕਿਹੜਾ ਹੈ ਜਿਸ ਸਾਨੂੰ ਪੁੱਠੇ ਗੇੜ 'ਚ ਪਾਇਆ । ਕਿੰਨੇ ਮਸਲੇ ਕਿੰਨੀਆਂ ਗਰਜ਼ਾਂ । ਕਿੰਨੇ ਰੋਗ ਤੇ ਕਿੰਨੀਆਂ ਮਰਜ਼ਾਂ । ਸਾਡੇ ਅਤੇ ਤੁਹਾਡੇ ਘਰ ਵਿਚ ਇੱਕੋ ਜਿਹੀਆਂ, ਦੱਸਿਓ ਜੀ ਫਿਰ ਕਾਹਦੀਆਂ ਮੜਕਾਂ । ਜੇਕਰ ਸਾਡਾ ਅਤੇ ਤੁਹਾਡਾ ਦੁਸ਼ਮਣ ਇੱਕ ਹੈ, ਆਪਸ ਦੇ ਵਿਚ ਕਾਹਦੀਆਂ ਰੜਕਾਂ । ਦੋਹੀਂ ਪਾਸੀਂ ਏਨਾ ਆਦਮ ਘਾਣ ਕਰਾ ਕੇ, ਘੜੀ ਮੁੜੀ ਫ਼ਿਰ ਮਾਰੀਏ ਬੜ੍ਹਕਾਂ । ਚਲੋ ਉਤਾਰੋ ਟੈਂਕ ਪਹਾੜੋਂ, ਤੋਪਾਂ ਤੇ ਬੰਦੂਕਾਂ ਨੂੰ ਵੀ ਜੰਦਰੇ ਮਾਰੋ । ਧਰਮਾਂ ਕਰਮਾਂ ਦੀ ਨੇਰ੍ਹੀ ਵਿੱਚ, ਉੱਡਦੇ ਕੱਖ ਕਾਨ ਤੇ ਤੀਲੇ । ਆਪੋ ਆਪਣੀ ਨਜ਼ਰ ਬਚਾਓ, ਜੇਕਰ ਧੁੰਦਲਾ ਧੁੰਦਲਾ ਦਿਸਦੈ, ਅੱਖਾਂ ਦੇ ਵਿੱਚ ਛੱਟੇ ਮਾਰੋ । ਜਾਂ ਫਿਰ ਆਪਣੀ ਐਨਕ ਲਾਓ । ਹੋਰ ਕਿਸੇ ਦੀ ਉਂਗਲੀ ਫੜ ਕੇ, ਐਵੇਂ ਨਾ ਹੁਣ ਵਕਤ ਗੁਆਉ । ਵੰਨ ਸੁਵੰਨੇ ਵੇਸ ਪਹਿਨ ਕੇ, ਇੱਕੋ ਜਿਹਾ ਡੰਗ ਮਾਰਨ ਜ਼ਹਿਰੀ ਨਾਗ ਪੁਰਾਣੇ । ਦੋਧੇ ਵਸਤਰ ਪਾ ਕੇ ਖਾਂਦੇ ਡੱਡੀਆਂ ਮੱਛੀਆਂ, ਅੱਖੀਆਂ ਮੀਟ ਭਗਤੀਆਂ ਕਰਦੇ । ਇੱਕੋ ਲੱਤ ਦੇ ਭਾਰ ਖੜ੍ਹੇ ਹੋ, ਬਣਦੇ ਬਗਲੇ ਬੀਬੇ ਰਾਣੇ । ਅੱਧੀ ਸਦੀ ਪੁਰਾਣੀ ਵੰਡ ਨੂੰ ਚੇਤੇ ਕਰ ਲਓ। ਵੰਡੀਆਂ ਸਨ ਜਦ ਘਰ ਦੀਆਂ ਕੰਧਾਂ । ਵਿਹੜਾ ਵੰਡਿਆ ਵੰਡੀਆਂ ਛੱਤਾਂ । ਪਾਗ਼ਲਪਨ ਵਿਚ ਕੀ ਨਾ ਹੋਇਆ, ਰਿਸ਼ਤੇ ਹੋ ਗਏ ਬੋਟੀ ਬੋਟੀ ਵਗੀਆਂ ਰੱਤਾਂ । ਅਧਮੋਏ ਜਿਸਮਾਂ ਨੂੰ ਅੱਜ ਵੀ ਚੇਤੇ ਕਰਕੇ, ਅੱਖ ਰੋਂਦੀ ਹੈ । ਅੱਧੇ ਏਧਰ ਅੱਧੇ ਓਧਰ, ਜੰਗ ਦੇ ਗੀਤ ਗਾਉਂਦਿਓ ਲੋਕੋ ਬਹਿ ਕੇ ਏਨੀ ਗੱਲ ਵਿਚਾਰੋ ਏਨੀ ਵੱਡੀ ਧਰਤੀ ਉਤੇ ਕਿਹੜਾ ਹੈ ਜੋ ਸਾਡੇ ਵਾਲੀ ਬੋਲੀ ਬੋਲੇ, ਸਾਡੇ ਵਾਲੇ ਗੀਤ ਉਚਾਰੇ । ਇੱਕ ਦੂਜੇ ਦੇ ਸਾਹੀਂ ਜਿਹੜੀ ਮਿਸ਼ਰੀ ਘੋਲੇ । ਹਮਸਾਇਆ ਹੈ ਫਿਰ ਵੀ ਆਪਣਾ ਮਾਂ ਜਾਇਆ ਹੈ, ਕਮ-ਅਕਲੀ ਵਿਚ ਛੋਟਾ ਭਾਈ, ਜਾਂ ਫਿਰ ਕਿਸੇ ਦੀ ਚੁੱਕਣਾ ਲੈ ਕੇ, ਵਰਦੀ-ਦੇ ਹੰਕਾਰ ‘ਚ ਅੰਨ੍ਹਾ, ਘੜੀ ਮੁੜੀ ਜੇ ਲੜ ਪੈਂਦਾ ਹੈ । ਉਸਨੂੰ ਏਨੀ ਗੱਲ ਸਮਝਾਓ । ਕਿਹੜਾ ਹੈ ਬਈ ਜਿਸਨੂੰ ਸਾਡਾ ਪਿਆਰ ਨਾ ਪੁੱਗੇ । ਨਫ਼ਰਤ ਦੀ ਅੱਗ ਬਾਲ ਸੇਕਦਾ ਸਾਡੇ ਝੁੱਗੇ । ਕਿਸਦੀ ਲੋੜ ਕਿ ਬਲਦੀ ਰਹੇ ਸਰਹੱਦ ਨਿਰੰਤਰ । ਦੋ ਵੀਰੇ ਮਿਲ ਬੈਠ ਕਦੇ ਨਾ ਹੋਣ ਸੁਤੰਤਰ । ਚਲੋ ਕਿ ਆਪਾਂ ਦੋਵੇਂ ਰਲ ਕੇ, ਉਸ ਸ਼ੈਤਾਨ ਨੂੰ ਧੁਰੋਂ ਮੁਕਾਈਏ । ਅਕਲਾਂ ਵਾਲੇ ਜੋ ਕਹਿੰਦੇ ਨ ਲਾਗੂ ਕਰੀਏ, ਸਾਂਝੇ ਦੁਸ਼ਮਣ ਖ਼ਾਤਰ ਆਪਾਂ ਰਲ ਮਿਲ ਜਾਈਏ । ਨਫ਼ਰਤ ਦੀ ਅੱਗ ਸੇਕ ਸੇਕ ਕੇ ਕੀ ਖੱਟਿਆ ਹੈ ।
ਆਪੋ ਆਪਣੀ ਚੁੱਪ ਨੂੰ ਤੋੜੋ
ਦੇਸ਼ ਕੌਮ ਤੇ ਮਾਨਵਤਾ ਦੇ ਪੈਰੀਂ ਜੋ ਜ਼ੰਜੀਰਾਂ ਪਈਆਂ । ਸਿਉਂਕ ਨੇ ਖਾਧੇ ਘਰ ਦੇ ਬੂਹੇ ? ਸਣੇ ਚੁਗਾਠਾਂ ਅਤੇ ਬਾਰੀਆਂ । ਗਿਆਨ ਧਿਆਨ ਫ਼ਲਸਫ਼ੇ ਲੀਰਾਂ ਲੀਰਾਂ ਹੋਏ । ਨੰਗੀ ਅੱਖ ਨੂੰ ਕੇਵਲ ਉਤਲਾ ਰੋਗਨ ਦਿਸਦਾ । ਸੁੱਤਿਆਂ ਸੁੱਤਿਆਂ ਖਾ ਗਈ ਚੰਦਰੀ ਸਭ ਅਲਮਾਰੀਆਂ । ਪੜ੍ਹੇ ਲਿਖੇ ਚਿੰਤਕ ਤੇ ਚੇਤਨ ਜੀਵ ਕਹਾਉਂਦੇ ਭਰਮੀ ਲੋਕੋ । ਸੁਣੋ ਸੁਣੋ ਹੁਣ ਏਧਰ ਆਪਣੀ ਬਿਰਤੀ ਜੋੜੋ, ਆਪੋ ਆਪਣੀ ਚੁੱਪ ਨੂੰ ਤੋੜੋ । ਚੁੱਪ ਨੂੰ ਗਹਿਣਾ ਮੰਨਦੇ ਮੰਨਦੇ, ਅੱਧੀ ਸਦੀ ਵਿਅਰਥ ਗੁਆਈ। ਬੁੜ ਬੁੜ ਕਰਦੇ ਘੂਕੀ ਅੰਦਰ ਸੁੱਤੇ ਸੁੱਤੇ, ਬੋਲਣ ਦੀ ਸਭਨਾਂ ਨੇ ਲੱਗਦੈ ਜਾਚ ਭੁਲਾਈ । ਇਸ ਤੋਂ ਅੱਗੇ ਪਿੱਛੇ ਸੱਜੇ ਖੱਬੇ ਪਾਸੇ, ਉਹ ਅਣਦਿਸਦੀ ਡੂੰਘੀ ਖਾਈ । ਜਿਸ ਵਿੱਚ ਡਿੱਗੀ ਚੀਜ਼ ਕਦੇ ਨਹੀਂ ਵਾਪਸ ਆਈ । ਖੌਰੇ ਕਿਹੜੇ ਭਰਮ ਭੁਲੇਖੇ, ਜਾਂ ਫਿਰ ਡੂੰਘੀ ਸਾਜ਼ਿਸ਼ ਕਾਰਨ, ਅਸਾਂ ਸਮਝਿਆ । ਪੜ੍ਹਨ ਲਿਖਣ ਦਾ ਕਾਰਜ ਕਰਦੇ, ਪੜ੍ਹਦੇ ਅਤੇ ਪੜ੍ਹਾਉਂਦੇ ਸਾਰੇ, ਰੰਗ ਦੇ ਰਸੀਏ ਸ਼ਬਦਕਾਰ, ਤੇ ਸੁਰ ਸ਼ਹਿਜ਼ਾਦੇ । ਪਰਮਾਤਮ ਲੜ ਲੱਗੇ ਲੋਕੀਂ, ਕੇਵਲ ਪੁਸਤਕ-ਪਾਠ ਕਰਨਗੇ । ਪਾਠ ਪੁਸਤਕਾਂ ਵੀ ਬੱਸ ਉਹੀ, ਜਿਨ੍ਹਾਂ ਦੇ ਅੱਖਰ ਅੱਧਮੋਏ । ਨਵੀਂ ਸੋਚ ਤੇ ਸਰੋਕਾਰ ਸੰਸਾਰ ਨਵੇਲੇ, ਜਿਸ ਵਿਚ ਵਰਜਿਤ ਧੁੰਦਲੇ ਹੋਏ । ਕਲਮਾਂ ਤੇ ਬੁਰਸ਼ਾਂ ਸੰਗ ਸੁਪਨ-ਸਿਰਜਣਾ ਕਰਦੇ, ਹੇਕਾਂ ਲਾ ਲਾ ਸੁਰਾਂ ਵੇਚਦੇ ਗਾਉਣ ਵਾਲਿਓ ! ਜਾਗੋ ਜਾਗੋ ਸੌਣ ਵਾਲਿਓ । ਨ੍ਹੇਰੇ ਵਿਚੋਂ ਬਾਹਰ ਆਓ। ਕਿਹੜੀ ਸ਼ਕਤੀ ਹੈ ਜੋ ਸਾਨੂੰ, ਆਪਣੀ ਇੱਛਿਆ ਮੂਜਬ ਤੋਰੇ । ਭਰ ਵਗਦੇ ਦਰਿਆਵਾਂ ਦੇ ਜੋ ਕੰਢੇ ਭੋਰੇ । ਧਰਤੀ ਦੀ ਮਰਯਾਦਾ ਖੋਰੇ । ਜਿੱਸਰਾਂ ਚਾਹੇ ਰਾਗ-ਰੰਗ ਸ਼ਬਦਾਂ ਨੂੰ, ਕਿਸੇ ਵਗਾਰੀ ਵਾਂਗੂੰ, ਜਿੱਧਰ ਚਾਹੇ ਮਰਜ਼ੀ ਤੋਰੇ । ਸਰਮਾਏ ਦੀ ਅਮਰ-ਵੇਲ ਹੈ, ਅਣਦਿਸਦੀ ਜਹੀ ਤਾਰ ਦਾ ਬੰਧਨ । ਤਨ ਮਨ ਉੱਪਰ ਧਨ ਦਾ ਪਹਿਰਾ । ਚਾਰ ਚੁਫ਼ੇਰ ਪਸਰਿਆ ਸਹਿਰਾ । ਬੰਦੇ ਕਾਹਦੇ ਕੋਹਲੂ ਅੱਗੇ ਜੁੱਪੇ ਢੱਗੇ, ਰੰਗ ਬਰੰਗੇ ਗਦਰੇ ਬੱਗੇ । ਉੱਡਣੇ ਪੁੱਡਣੇ ਪੰਛੀ ਬਣ ਗਏ ਰੀਂਘਣ ਹਾਰੇ । ਰਾਜ ਭਵਨ ਦੀ ਅਰਦਲ ਬੈਠੇ ਬਣੇ ਨਿਕਾਰੇ । ਭੂਤ ਭਵਿੱਖ ਤੇ ਵਰਤਮਾਨ ਨੂੰ, ਸਰਮਾਏ ਦਾ ਨਾਗ ਲਪੇਟੇ ਮਾਰੀ ਬੈਠਾ । ਜਦ ਵੀ ਕੋਈ ਇਸ ਤੋਂ ਮੁਕਤੀ ਦੀ ਗੱਲ ਸੋਚੇ, ਕੁੱਤੇ ਬਿੱਲੀਆਂ ਗਿੱਦੜਾਂ ਤੇ ਬਘਿਆੜਾਂ ਰਲ ਕੇ, ਸਦਾ ਉਨ੍ਹਾਂ ਦੇ ਮੂੰਹ-ਸਿਰ ਨੋਚੇ । ਜੇਕਰ ਸਾਡਾ ਚਿੰਤਨ ਸੋਚ ਚੇਤਨਾ ਸਭ ਕੁਝ, ਨਿਸ਼ਚਤ ਦਾਇਰੇ ਅੰਦਰ ਹੀ ਬੱਸ ਬੰਦ ਰਹਿਣਾ ਹੈ । ਜੇਕਰ ਆਪਾਂ ਆਪਣੀ ਅਕਲ ਮਹਾਨ ਸਮਝ ਕੇ, ਗੁਫ਼ਾ ਵਿਚ ਪਏ ਰਹਿਣਾ ਹੈ । ਤਦ ਫਿਰ ਜ਼ਿੰਦਗੀ ਦੀ ਰਫ਼ਤਾਰ ਤੇ ਚੱਲਦਾ ਪਹੀਆ, ਜਬਰ ਜਨਾਹੀਆਂ ਚੋਰ ਲੁਟੇਰਿਆਂ , ਤੇ ਕਾਲੇ ਧਨ ਵਾਨ ਸ਼ਾਸਕਾਂ, ਹੱਥ ਰਹਿਣਾ ਹੈ । ਹੇ ਧਰਤੀ ਦੇ ਜੰਮੇ ਜਾਏ, ਅਕਲਾਂ ਵਾਲੇ ਲੋਕੋ ਆਓ । ਆਪੋ ਆਪਣੀ ਸੁਰਤਿ ਜਗਾਓ । ਵਰਜਿਤ ਰਾਹਾਂ ਚੱਲ ਕੇ ਨਵੀਆਂ ਪੈੜਾਂ ਪਾਓ । ਵਕਤ ਦੇ ਅੱਥਰੇ ਘੋੜੇ ਨੂੰ, ਹੁਣ ਕਾਬੂ ਕਰੀਏ । ਇਸ ਉੱਪਰ ਹੁਣ ਕਾਠੀ ਪਾਈਏ । ਸਬਰ ਦਾ ਸਰਵਰ ਨੱਕੋ ਨੱਕ ਹੈ, ਤਰਣ ਦੁਹੇਲਾ । ਲੱਖ ਕਰੋੜ ਸਿਰਾਂ ਨੂੰ ਜੋੜੋ । ਚੁੱਪ ਨਾ ਬੈਠੋ, ਆਪੋ ਆਪਣੀ ਚੁੱਪ ਨੂੰ ਤੋੜੋ ।
ਆਓ ਆਪਣੇ ਕੋਲ ਖਲੋਈਏ
ਜ਼ਿੰਦਗੀ ਤੋਂ ਉਪਰਾਮ ਕਿਉਂ ਹੋ ? ਚਲੋ ਕਿ ਮਰਨ ਮੁਲਤਵੀ ਕਰੀਏ । ਜ਼ਿੰਦਗੀ ਦੇ ਦਰਬਾਰ 'ਚ ਜਾ ਕੇ ਦਸਤਕ ਦੇਈਏ । ਚਲੋ ਚਲੋ ਹੁਣ ਮੌਤ ਬਸਤੀਓਂ ਬਾਹਰ ਨਿਕਲੋ । ਜਿਉਣ ਨਗਰ ਦੀ ਧਰਤੀ ਉੱਪਰ ਕਿੰਨੀਆਂ ਬਾਹਾਂ । ਠੰਢੀ ਪੌਣ ਹਵਾ ਦੇ ਬੁੱਲੇ । ਖਿੜੇ ਗੁਲਾਬ ਕਿਆਰੀਆਂ ਭਰੀਆਂ, ਪੱਕੇ ਫ਼ਲ ਤੇ ਮਿੱਠੜੇ ਮੇਵੇ । ਖੇਤਾਂ ਵਿਚ ਲਹਿਰਾਉਂਦੀਆਂ ਫ਼ਸਲਾਂ, ਸੂਰਜ ਦੀ ਟਿੱਕੀ । ਤੇ ਖਿੜਦੀ ਚੰਨ ਚਾਨਣੀ, ਸਿਰਫ਼ ਤੁਹਾਨੂੰ ਲੱਭ ਰਹੀਆਂ ਨੇ । ਅੰਨ੍ਹੇ ਖੂਹ 'ਚੋਂ ਬਾਹਰ ਆਓ। ਗੋਲ-ਦੀਵਾਰੀ ਅੰਦਰ ਤਾਂ ਬਈ ਨੇਰ੍ਹ ਬੜਾ ਹੈ । ਹੱਥ ਨੂੰ ਹੱਥ ਪਛਾਣੇ ਕਿੱਦਾਂ, ਕੱਲ੍ਹੇ ਨੂੰ ਗਲਵੱਕੜੀ ਏਥੇ ਕਿਹੜਾ ਪਾਵੇ । ਬਾਹਰ ਆਓ । ਇਸ ਘੁਰਨੇ ਵਿਚ ਸਹਿਮ ਬੜਾ ਹੈ । ਮੋਈਆਂ ਰੀਝਾਂ, ਬਦਬੂਦਾਰ ਅਧੂਰੇ ਸੁਪਨੇ, ਲੀਰੋ ਲੀਰ ਉਦਾਸ ਜਿਹਾ ਮਨ । ਤੇਜ਼ ਹਥੌੜਾ ਠਾਹ ਠਾਹ ਵੱਜੇ । ਟੋਟੇ ਟੋਟੇ ਕੰਕਰ ਕੰਕਰ ਮਨ ਦਾ ਬਰਤਨ । ਸਾਬਤ ਕਦਮਾਂ ਨਾਲ ਤੁਰਦਿਆਂ, ਜ਼ਿੰਦਗੀ ਦੇ ਬੂਹੇ ਤੇ ਆਓ । ਦਸਤਕ ਦੇਵੋ । ਜ਼ਿੰਦਗੀ ਮੌਤ ਵਿਚਾਲੇ ਬਹੁਤਾ ਫ਼ਰਕ ਨਹੀਂ ਹੈ । ਇੱਕ ਅਣਦਿਸਦੀ ਤਾਰ ਜਿਹੀ ਹੈ । ਜੁੜੀ ਰਹੇ ਤਾਂ ਮਨ ਦੇ ਘੋੜੇ, ਕਦੇ ਨਾ ਅੱਕਦੇ ਕਦੇ ਨਾ ਥੱਕਦੇ । ਟੁੱਟ ਜਾਵੇ ਤਾਂ ਆਪਣਾ ਆਪਾ ਵਾਧੂ ਲੱਗਦਾ । ਆਪਣਾ ਹੀ ਪਰਛਾਵਾਂ ਖੁਦ ਨੂੰ ਇਉਂ ਲੱਗਦਾ ਹੈ, ਜਿਵੇਂ ਕੋਈ ਬਦ-ਰੂਹ ਹੈ ਮੇਰਾ ਪਿੱਛਾ ਕਰਦੀ । ਕੰਧਾਂ ਦੇ ਘਸਮੈਲੇ ਰੰਗ ਤੋਂ, ਭੈਅ ਆਉਂਦਾ ਹੈ । ਬਣਦੀ ਮਿਟਦੀ ਸ਼ਕਲ ਡਰਾਉਂਦੀ । ਨੇਰ੍ਹੇ ਦਾ ਸੰਸਾਰ ਵਚਿੱਤਰ ਆਦਮ-ਖਾਣਾ । ਚਲੋ ਉਦਾਸੀ ਵੇਸ ਨੂੰ ਬਦਲੋ । ਮੂੰਹ ਵਿਚ ਦਾਤਣ, ਸਿਰ ਵਿਚ ਕੰਘਾ ਨ੍ਹਾਵੋ ਧੋਵੋ । ਇਹ ਸੂਰਜ ਇਹ ਤਾਰੇ ਖਿੱਤੀਆਂ, ਚੰਦਰਮਾ ਚਾਂਦੀ ਦਾ ਪਹੀਆ । ਦਿਨ ਤੇ ਰਾਤ ਦਿਵਸ ਦੇ ਗੇੜੇ । ਧਰਤੀ ਮਾਂ ਦੀ ਕੁੱਖ 'ਚੋਂ ਪੈਦਾ ਅੰਨ ਦੇ ਦਾਣੇ । ਜੰਤ ਜਨੌਰ ਪਰਿੰਦੇ ਸਾਰੇ । ਉੱਡਣੇ ਪੁਡਣੇ ਰੀਂਘਣ ਹਾਰੇ । ਵੰਨ ਸੁਵੰਨੇ ਵਣ ਤ੍ਰਿਣ ਬੂਟੇ ਸਤਰੰਗੀ ਅਸਮਾਨ ਦੀ ਲੀਲ੍ਹਾ । ਜਿੰਨਾ ਕੁਝ ਧਰਤੀ ਤੇ ਵਿਛਿਆ, ਅੱਖਾਂ ਖੋਲ੍ਹੋ ਅਤੇ ਨਿਹਾਰੋ । ਕਿੰਨੇ ਗਿਆਨ ਧਿਆਨ ਫ਼ਲਸਫ਼ੇ, ਵਿਚ ਕਿਤਾਬਾਂ ਕੈਦ ਪਏ ਨੇ । ਅੱਖਰ ਅੱਖਰ ਪੌੜੀ ਪੌੜੀ ਚੜ੍ਹਦੇ ਜਾਓ । ਸੋਚਾਂ ਦੀ ਮਮਟੀ ਤੇ ਸੁਰਖ ਚਿਰਾਗ ਬਲੇਗਾ । ਮਨ-ਅੰਧਿਆਰਾ ਗਹਿਰ ਗੁਬਾਰਾ ਦੂਰ ਹਟੇਗਾ । ਇਸ ਜੀਵਨ ਨੇ ਫਿਰ ਨਹੀਂ ਆਉਣਾ । ਇਕ ਇਕ ਕਰਕੇ ਰੋਜ਼ਾਨਾ ਹੀ, ਕਿੰਨਾ ਵਕਤ ਪਹਿਰ ਤੇ ਘੜੀਆਂ, ਹੱਥਾਂ ਵਿਚੋਂ ਕਿਰਦੇ ਜਾਂਦੇ । ਜਿਸ ਨੂੰ ਲੋਕੀਂ ਉਮਰਾ ਕਹਿੰਦੇ, ਇਹ ਤਾਂ ਵੀਰੋ ਉਹ ਪੂੰਜੀ ਹੈ, ਜਿਸ ਨੂੰ ਆਪਾਂ ਖਰਚ ਲਿਆ ਹੈ । ਗਿਣਤੀ ਮਿਣਤੀ ਕਰਕੇ ਵੇਖੋ, ਇੱਟਾਂ ਗਾਰੇ ਲੱਕੜੀ ਖਾਤਰ, ਕਿੰਨਾ ਵਕਤ ਗੁਆਚ ਗਿਆ ਹੈ । ਮੋਹ ਮਮਤਾ ਦੀਆਂ ਤੰਦਾਂ ਨੂੰ ਮਜ਼ਬੂਤ ਕਰਦਿਆਂ, ਕਿੰਨੀ ਅਉਧ ਵਿਅਰਥ ਗੁਆਈ । ਚਲੋ ਅਜੇ ਵੀ ਸੰਭਲ ਜਾਈਏ, ਡੁੱਲ੍ਹੇ ਬੇਰ ਇਕੱਠੇ ਕਰਕੇ ਆਓ ਧੋਈਏ । ਚਲੋ ਚਲੀ ਦੇ ਮੇਲੇ ਅੰਦਰ, ਕੁਝ ਪਲ ਆਪਣੇ ਕੋਲ ਖਲੋਈਏ ।
ਪੁੱਤਰ ਤਾਂ ਪਰਦੇਸ ਗਏ ਨੇ
ਪੁਤਰ ਤਾਂ ਪਰਦੇਸ ਗਏ ਨੇ । ਨੂੰਹਾਂ ਪੋਤਰੀਆਂ ਤੇ ਪੋਤੇ, ਦੂਰ ਦੇਸ ਵਿਚ ਵੱਸਦੇ ਰਸਦੇ । ਬਾਪੂ ਜੀ ਦੀ ਉਮਰ ਸਿਆਣੀ । ਉਮਰ ਦੇ ਅੱਠਵੇਂ ਡੰਡੇ ਤੱਕ ਵੀ, ਉਲਝੀ ਪਈ ਹੈ, ਸੁਲਝੀ ਨਹੀਂ ਫ਼ਿਕਰਾਂ ਦੀ ਤਾਣੀ । ਘਰ ਵਿਚ ਮਾਂ ਹੈ, ਬੈਠੀ ਰਹਿੰਦੀ ਕੱਲ ਮੁਕੱਲੀ । ਰੋਜ਼ ਸਵੇਰੇ ਉੱਠ ਬਹਿੰਦੀ ਹੈ, ਯਾਦਾਂ ਦੇ ਚਰਖੇ ਤੇ ਰੂੰ ਨੂੰ ਕੱਤੀ ਜਾਵੇ । ਮਗਰੋਂ ਜਦੋਂ ਉਤਾਰੇ ਛੱਲੀ । ਸ਼ਾਮੀਂ ਫ਼ੇਰ ਅਟੇਰਨ ਲੈ ਕੇ ਬਹਿ ਜਾਂਦੀ ਹੈ । ਮਨ ਵਿਚ ਸੌ ਸੌ ਸੋਚਾਂ ਫ਼ਿਕਰਾਂ ਦੇ ਪਰਛਾਵੇਂ । ਛੱਲੀਆਂ ਟੇਰਨ ਟੇਰ ਟੇਰ ਕੇ, ਲੱਛੇ ਕਿੱਲੀ ਟੰਗੀ ਜਾਵੇ । ਪੁੱਤਾਂ ਪੋਤਰਿਆਂ ਦੀਆਂ ਖੈਰਾਂ ਮੰਗੀ ਜਾਵੇ । ਸੱਦ ਜੁਲਾਹਾ ਸੂਤਰ ਦੇ ਕੇ, ਕਈ ਆਖੇ ਵੇ ਤੂੰ ਬੁਣ ਦੇ ਖੇਸ । ਲੈ ਜਾਵਣਗੇ ਪੁੱਤਰ ਮੇਰੇ ਜਦ ਆਵਣਗੇ, ਚਹੁੰ ਗਿੱਠਾਂ ਤੇ ਆਹ ਪਰਦੇਸ । ਸੁਰਤ ਸਮੁੰਦਰੋਂ ਪਾਰ ਗਈ ਸੀ, ਜਦੋਂ ਅਚਾਨਕ ਟੈਲੀਫ਼ੋਨ ਦੀ ਘੰਟੀ ਵੱਜੀ । ਮਾਂ ਦੇ ਦਿਲ ਦੀ ਧੜਕਣ ਧਕ ਧਕ, ਯਾ ਰੱਬ ਸੱਚਿਆ, ਰਾਜ਼ੀ ਹੋਵੇ ਬਾਗ਼ ਕਬੀਲਾ । ਤੜਕਸਾਰ ਤੋਂ ਮੇਰੀ ਅੱਖ ਫ਼ਰਕਦੀ ਸੱਜੀ । ਹੌਲੀ ਹੌਲੀ ਉੱਠਦੀ ਹੈ ਗੋਡੇ ਹੱਥ ਧਰਕੇ, ਟੈਲੀਫੋਨ ਫ਼ੜਦਿਆਂ ਪਹਿਲਾ ਫ਼ਿਕਰਾ ਬੋਲੇ । ਏਥੋਂ ਦੀ ਸੁਖ ਸਾਂਦ ਸੁਣਾ ਵੇ ਮੇਰੇ ਜਾਇਆ । ਰਾਤੀਂ ਚੰਦਰਾ ਸੁਪਨਾ ਆਇਆ । ਮੇਰੀ ਤਾਂ ਵੀ ਉਸ ਤੋਂ ਮਗਰੋਂ ਅੱਖ ਨਹੀਂ ਲੱਗੀ । ਅੱਜ ਕੱਲ੍ਹ ਮੈਂ ਤਾਂ, ਰੋਜ਼ ਸਵੇਰੇ ਉੱਠ ਕੇ ਆਟਾ ਗੁੰਨ ਲੈਂਦੀ ਹਾਂ । ਦੋ ਤਿੰਨ ਫੁਲਕੇ ਕੌਲੀ ਸਬਜ਼ੀ, ਮੁੱਕਦੇ ਹੀ ਨਹੀਂ । ਅੱਧੀ ਮੈਂ ਤੇ ਅੱਧੀ ਤੇਰਾ ਬਾਪੂ ਰੋਟੀ ਖਾ ਲੈਂਦਾ ਹੈ । ਸੁੱਕ-ਬਰੂਰਾ ਕਰਕੇ ਆਟਾ, ਕੰਗਣੀ ਜਾਂ ਪੁੱਤਰਾ ਤਿਲ ਚੌਲੀ, ਕੋਠੇ ਤੇ ਜਾਂ ਚੌਕ ਚੁਰਾਹੇ, ਕਾਵਾਂ ਚਿੜੀਆਂ ਖਾਤਰ ਜਾ ਕੇ ਪਾ ਆਉਂਦੀ ਹਾਂ । ਮੈਂ ਤਾਂ ਆਪਣਾ ਏਦਾਂ ਮਨ ਪਰਚਾਅ ਆਉਂਦੀ ਹਾਂ । ਬੂਹੇ ਤੇ ਜਦ ਕਈ ਕਈ ਦਿਨ ਦਸਤਕ ਨਹੀਂ ਹੁੰਦੀ, ਮਨ ਭਰ ਜਾਂਦੈ । ਐਡਾ ਵਿਹੜਾ ਸੱਖਮ ਸੱਖਣਾ ਵੇਖ ਵੇਖ ਕੇ, ਜੀਅ ਡਰ ਜਾਂਦੈ । ਤੇਰੇ ਬਾਪੂ ਜੀ ਤਾਂ ਫਿਰ ਵੀ, ਮੰਡੀ ਵਿਚ ਜਾਂ ਸ਼ਹਿਰ 'ਚ ਗੇੜਾ ਲਾ ਆਉਂਦੇ ਨੇ । ਪਰ ਵੇ ਪੁੱਤਰਾ ਜੀਅ ਘਬਰਾਉਂਦੈ । ਟੁੱਟੀਆਂ ਸੜਕਾਂ ਟੋਏ ਟਿੱਬੇ, ਉੱਚੇ ਨੀਵੇਂ ਥਾਂ ਤੇ ਕਿਧਰੇ ਪੈਰ ਪੈ ਗਿਆ । ਹੱਡ ਪੈਰ ਇਸ ਉਮਰੇ ਜੁੜਨਾ ਡਾਢਾ ਔਖਾ । ਮਨਮੱਤੀਏ ਨੇ ਮੈਂ ਕੀਹ ਆਖਾਂ, ਕਈ ਵਾਰੀ ਤਾਂ ਬਿਨਾਂ ਐਨਕੋਂ ਤੁਰ ਜਾਂਦੇ ਨੇ, ਤੇਰੇ ਲਾਗੋਂ ਆਇਆ ਜੋ ਸਰਹੰਦੀਆ ਮੁੰਡਾ, ਸੁਣਿਆ ਪਰਸੋਂ ਮੁੜ ਜਾਣਾ ਹੈ । ਉਹਦੇ ਹੱਥ ਸੇਵੀਆਂ ਘੱਲੂੰ, ਪੋਟਿਆਂ ਵਾਲੀਆਂ ਰੰਗ-ਬਰੰਗੀਆਂ । ਮੇਰੇ ਪੋਤਰਿਆਂ ਨੂੰ ਲੱਗਣ ਬੜੀਆਂ ਚੰਗੀਆਂ । ਪੋਤਰੀਆਂ ਲਈ ਸ਼ਹਿਰ ਗੋਰਾਇਓਂ, ਬਿਰਜੂ ਦੀ ਬਰਫ਼ੀ ਦਾ ਡੱਬਾ, ਕੋਲ ਬੈਠ ਕੇ ਮੈਂ ਬਣਵਾਏ ਦੇਸੀ ਬਿਸਕੁਟ । ਸਭ ਕੁਝ ਡੱਬੇ ਅੰਦਰ ਪੁੱਤਰ ਰੱਖ ਦਿੱਤਾ ਏ । ਕੁਝ ਚਿਰ ਪੁੱਤ ਦੀਆਂ ਗੱਲਾਂ ਸੁਣਦੀ, ਫ਼ੇਰ ਆਖਦੀ । ਸ਼ਹਿਰ 'ਚ ਰਹਿੰਦੀ ਭੈਣ ਤੁਹਾਡੀ ਗੁੱਡੀ ਵੀ ਨਿਰਮੋਹੀ ਹੋਈ । ਉਹ ਤਾਂ ਆਪਣੇ ਘਰ ਵਿੱਚ ਰੁੱਝੀ, ਏਧਰ ਫੇਰਾ ਮਾਰੇ ਹੁਣ ਤਾਂ ਕਦੇ ਕਦਾਈਂ । ਪਰ ਜਦ ਵੀ ਉਹ ਆ ਜਾਂਦੀ ਹੈ, ਓਦੋਂ ਮੇਰੇ ਗੋਡੇ ਮੋਢੇ ਕੁਝ ਨਹੀਂ ਦੁਖਦੇ, ਸਭ ਕੰਮ ਹੱਥੀਂ ਕਰ ਲੈਂਦੀ ਆਂ ਚਾਈਂ ਚਾਈਂ । ਟੈਲੀਫ਼ੋਨ ਅਚਾਨਕ ਰੁਕਿਆ ਤੇ ਫਿਰ ਚੱਲਿਆ । ਹੈਲੋ ਹੈਲੋ, ਕੀ ਕਹਿੰਦਾ ਏਂ, ਏਸ ਸਿਆਲ ਨਹੀਂ ਤੈਥੋਂ ਪੁੱਤਰਾ ਆਇਆ ਜਾਣਾ । ਚੱਲ ਉਹ ਜਾਣੇ, ਤੂੰ ਤਾਂ ਮੰਨਿਆ ਕੰਮ ਵਿਚ ਬਹੁਤਾ ਖੁਭਿਆ ਹੋਇਆ, ਘੱਲ ਦੇ ਮੇਰੀ ਨੂੰਹ ਰਾਣੀ ਤੇ ਬਾਲ ਨਿਆਣੇ । ਕਾਕੇ ਨੂੰ ਵੀ ਆਖੀਂ ਏਧਰ ਗੇੜਾ ਮਾਰੇ । ਇਹ ਤਾਂ ਮੇਰਾ ਪੁੱਤ ਬਨਵਾਸੀ । ਢਿੱਲੇ ਗੁੜ ਦੇ ਵਾਂਗੂੰ ਇਹ ਕਿਸਮਤ ਦਾ ਢਿੱਲਾ, ਛੋਟਾ ਹੈ ਵੇਖੀਂ ਵੇ ਇਹਦੀ ਬਾਂਹ ਨਾ ਛੱਡੀਂ । ਟੈਲੀਫ਼ੋਨ ਸੁਣਦਿਆਂ ਮਾਂ ਦੀ ਬਾਂਹ ਥੱਕੀ ਹੈ । ਦੂਜੇ ਕੰਨ ਨੂੰ ਚੋਂਗਾ ਲਾ ਕੇ ਫਿਰ ਪੁੱਛਦੀ ਹੈ, ਹਾਂ ਵੇ ਪੁੱਤਰਾ ਕੀ ਕਹਿੰਦਾ ਏਂ ? ਬੱਚਿਆਂ ਦਾ ਵੀ ਆਉਣ ਨਹੀਂ ਹੈ ? ਕਾਲਜ ਅਤੇ ਸਕੂਲ ਉਨ੍ਹਾਂ ਦੇ ਬੰਦ ਨਹੀਂ ਹੋਣੇ ? ਚੱਲ ਕੋਈ ਨਾ । ਕੀ ਕਹਿੰਦਾ ਏਂ ਟਿਕਟ ਭੇਜਦਾਂ, ਨਾ ਨਾ ਵੇ ਪੁੱਤ ਸਾਡੀ ਟਿਕਟ ਨਾ ਭੇਜੀਂ ਹਾਲੇ । ਤੇਰੇ ਦੇਸ਼ ਸਿਆਲ 'ਚ ਮੇਰੇ ਹੱਡ ਜੁੜ ਜਾਂਦੇ । ਅੰਦਰ ਵੜ ਕੇ ਮਨ ਅੱਕ ਜਾਂਦਾ, ਬਾਹਰ ਨਿਕਲੋ ਬਰਫ਼ਾਂ ਦੇ ਅੰਬਾਰ ਡਰਾਉਂਦੇ । ਤੇਰੇ ਬਾਪੂ ਜੀ ਦਾ ਅੱਜ ਕੱਲ੍ਹ ਜੀਅ ਨਹੀਂ ਲੱਗਦਾ । ਨਿੱਤ ਕਹਿੰਦੇ ਨੇ, ਕਿਹੜੀ ਘੜੀ ਕੁਲੱਛਣੀ ਪੁੱਤ ਪਰਦੇਸੀਂ ਤੋਰੇ । ਗੋਰੀ ਧਰਤੀ ਉੱਤੇ ਜਾ ਕੇ, ਹੋ ਗਏ ਉਹ ਤਾਂ ਅਸਲੋਂ ਕੋਰੇ । ਕਦੇ ਕਦਾਈਂ ਆਉਂਦੇ ਨੇ ਮਹਿਮਾਨਾਂ ਵਾਂਗੂੰ । ਇਹ ਘਰ ਖੇਤ ਤੇ ਦੇਸ ਪਿਆਰਾ, ਸਾਨੂੰ ਤਾਂ ਇਹ ਖਾਣ ਨੂੰ ਆਵੇ, ਲੱਗਦੈ ਸਭ ਸ਼ਮਸ਼ਾਨਾਂ ਵਾਂਗੂੰ । ਚੱਲ ਕੋਈ ਨਾ ਐਵੇਂ ਮੇਰਾ ਮਨ ਭਰ ਆਇਆ, ਆਪਣੇ ਘਰ ਵਿਚ ਵੱਸਦੇ ਰਸਦੇ ਖੁਸ਼ੀਆਂ ਮਾਣੋ । ਪਰ ਵੇ ਪੁੱਤਰਾ ਜਿਸ ਧਰਤੀ ਤੇ ਜਨਮ ਲਿਆ ਹੈ, ਰੋਜ਼ ਉਡੀਕੇ, ਇਹਨੂੰ ਵੀ ਤਾਂ ਆਪਣੀ ਜਾਣੋ ।
ਕਿੰਨਾ ਕੁਝ ਨੇਰ੍ਹੇ ਵਿਚ ਗੁੰਮ ਹੈ
ਅਰਬਦ ਨਰਬਦ ਧੁੰਦੂ ਕਾਰ 'ਚੋਂ, ਜਿੰਨਾ ਕੁਝ ਇਨਸਾਨ ਨੇ ਲੱਭਿਆ, ਗਿਆਨਵੰਤ ਲੋਕਾਂ ਲਈ ਉਹ ਵਿਗਿਆਨ ਕਹਾਇਆ । ਬਾਕੀ ਸਾਰੀ ਦੁਨੀਆਂ ਲਈ, ਭਗਵਾਨ ਰਹਿ ਗਿਆ । ਧਰਤੀ ਤੇ ਆਕਾਸ਼ ਵਿਚਾਲੇ, ਪਾਣੀ ਪੌਣ ਅਤੇ ਧਰਤੀ ਦੀ ਕੁਝ ਹਰਿਆਲੀ । ਚੰਦਰਮਾ ਦੀ ਲੋਅ, ਤੇ ਦਿਨ ਚੜ੍ਹਦੇ ਦੀ ਲਾਲੀ । ਸੂਰਜ ਤਪਦਾ ਗੋਲਾ ਸੂਹਾ ਅਗਨੀ ਚੱਕਰ । ਮਾਂ ਦੀ ਬੁੱਕਲ ਵਰਗੀ ਧਰਤੀ। ਇਸ ਦੇ ਗਰਭ 'ਚ ਲੁਕਿਆ ਜੋ ਸੰਸਾਰ ਵਚਿੱਤਰ । ਕਿੰਨਾ ਕੁਝ ਨੇਰ੍ਹੇ ਵਿਚ ਗੁੰਮ ਹੈ । ਗਰਭ ਜੂਨ ਤੋਂ ਸਿਵਿਆਂ ਤੀਕਰ, ਰੰਗ ਬਰੰਗੇ ਸੁਪਨੇ ਖਰ੍ਹਵੀ ਤਲਖ ਹਕੀਕਤ । ਅੰਨ ਪਾਣੀ ਦਾ ਝੋਰਾ ਤੇ ਪਹਿਰਨ ਦੇ ਸੰਸੇ । ਹਰ ਬੰਦੇ ਦੇ ਵੱਖਰੇ ਵੱਖਰੇ । ਇਕ ਪਾਸੇ ਰੇਸ਼ਮ ਦੇ ਲੱਛੇ ਨਰਮ ਬਿਸਤਰੇ । ਤਪਦੀ ਲੂਅ ਵਿਚ, ਸਿਖਰ ਦੁਪਹਿਰੇ ਏ ਸੀ ਚੱਲੇ । ਅੰਦਰੋਂ ਬੰਦ ਕਮਰਿਆਂ ਅੰਦਰ, ਠੰਢੀ ਪੌਣ ਫ਼ਰਾਟੇ ਮਾਰੇ । ਸੋਨ ਪਰੀ ਦੇ ਖੰਭਾਂ ਉੱਤੇ, ਕਰ ਅਸਵਾਰੀ ਸੁਪਨੇ ਆਉਂਦੇ । ਪਾਰਦਰਸ਼ਨੀ ਕੂਲੇ ਵਸਤਰ ਉਜੱਲੇ ਚਿਹਰੇ, ਮੱਖਣ ਦੇ ਪਿੰਨੇ ਵਿਚ, ਜਿਵੇਂ ਸੰਧੂਰ ਰਲ ਗਿਆ । ਏਨੇ ਵੱਡੇ ਘਰ ਵਿਚ ਹਰ ਜੀਅ ਕੱਲ ਮੁਕੱਲਾ । ਮੀਆਂ ਜੀ ਦਫ਼ਤਰ ਤੋਂ ਸਿੱਧੇ ਜਾਣ ਕਲੱਬ ਨੂੰ । ਬੀਵੀ ਨੂੰ ਕਿੱਟੀਆਂ ਦਾ ਚਸਕਾ, ਵੰਨ ਸੁਵੰਨੇ ਫ਼ੈਸ਼ਨ ਭੁੰਜੇ ਪੈਰ ਨਾ ਲਾਵੇ । ਸਾਰੀ ਰਾਤ ਉਡੀਕਾਂ ਦੇ ਵਿਚ ਲੰਘ ਜਾਂਦੀ ਹੈ । ਕਾਲੇ ਧਨ ਦੀ ਪਰਿਕਰਮਾ ਵਿਚ, ਤੁਰਦੇ ਰਾਤ-ਦਿਵਸ ਦੇ ਗੇੜੇ । ਸ਼ਾਮ ਸਵੇਰੇ ਬੀਬੀ ਜੀ ਦੀ ਗੋਦੀ ਅੰਦਰ, ਬੱਚੇ ਦੀ ਥਾਂ ਨਰਮ ਕਤੂਰਾ । ਰੇਸ਼ਮ ਨਾਲੋਂ ਕੂਲੇ ਵਾਲ ਪਲੋਸੀ ਜਾਵੇ । ਵੱਡੇ ਘਰ ਦੀਆਂ ਵੱਡੀਆਂ ਗੱਲਾਂ । ਚਿੱਟੇ-ਦੁੱਧ ਜਿਹਾ ਨਰਮ ਕਤੂਰਾ, ਬਿਸਤਰਿਆਂ ਤੇ ਚੜ੍ਹ ਕੇ ਸੌਂਦਾ । ਬਿਲਕੁਲ ਘਰ ਦੇ ਜੀਆਂ ਵਾਂਗੂੰ । ਨੌਕਰ ਚਾਕਰ ਅੱਗੇ-ਪਿੱਛੇ । ਰੂੰ ਦੇ ਗੋਹੜੇ ਵਰਗਾ ਲੱਗਦਾ । ਬੱਚਿਆਂ ਨੂੰ ਵੀ ਇਹ “ਪਾਮੇਰਨ’ ਲੱਗਦਾ ਪਿਆਰਾ । ਬੱਚੇ ਆਪਣੇ ਕਮਰੇ ਅੰਦਰ, ਪੜ੍ਹਦੇ ਜਾਂ ਫਿਰ ਟੀ ਵੀ ਤੱਕਦੇ ਸੌਂ ਜਾਂਦੇ ਨੇ । ਸਾਬ੍ਹ ਜਦੋਂ ਦੌਰੇ ਤੇ ਜਾਵੇ, ਮੇਮ-ਸਾਬ੍ਹ ਨੂੰ ਇਸੇ ਡੌਗੀ ਦਾ ਬੜਾ ਸਹਾਰਾ । ਤਿੰਨ ਬੱਚਿਆਂ ਦੇ ਹੁੰਦਿਆਂ ਸੁੰਦਿਆਂ, ਬਣ ਗਿਆ ਇਹ ਅੱਖੀਆਂ ਦਾ ਤਾਰਾ । ਦੋ ਕੁੜੀਆਂ ਤੋਂ ਮਗਰੋਂ ਜੰਮਿਆ, ਮੇਮ-ਸਾਬ੍ਹ ਦਾ ਨਿੱਕਾ ਪੁੱਤਰ । ਉਮਰ ਅਜੇ ਦੋ ਸਾਲ ਨਹੀਂ ਹੈ । ਰਹੇ ਗੋਰਖੇ ਨੌਕਰ ਦੇ ਹੀ ਕੁੱਛੜ ਚੜ੍ਹਿਆ । ਉਹਦੇ ਹੱਥੋਂ ਪੀਵੇ ਖਾਵੇ । ਉਹਦਾ ਬਣ ਪਰਛਾਵਾਂ ਅੱਗੇ ਪਿੱਛੇ ਘੁੰਮੇ । ਤੁਰਦਾ ਚਾਰ ਚੁਫੇਰੇ ਮਗਰੇ ਜਿੱਧਰ ਜਾਵੇ । ਜਾਵੇ ਕਿਉਂ ਨਾ, ਮਾਂ ਨੇ ਕੇਵਲ ਜੰਮਿਆ ਹੀ ਹੈ । ਬੋਤਲ ਚੁੰਘਣੀ ਨਾਲ ਪਾਲ ਕੇ, ਏਸ ‘ਬਹਾਦਰ ਨੇ ਤਾਂ ਇਸਨੂੰ ਵੱਡਾ ਕੀਤਾ । ਰੋਜ਼ ਸ਼ਾਮ ਨੂੰ ਵਿੱਚ ‘ਪਰੈਮ ਦੇ ਪਾ ਕੇ, ਲੰਮੀ ਸੈਰ ਕਰਾਵੇ । ਗੋਦੀ ਜਾਂ ਫਿਰ ਮੋਢੇ ਉੱਤੇ ਚੁੱਕ ਲੈਂਦਾ ਹੈ, ਤੁਰਦਾ ਫਿਰਦਾ ਜੇ ਥੱਕ ਜਾਵੇ । ਸ਼ਾਇਦ ਨੇਪਾਲੋਂ ਆਏ ਏਸ ਬਹਾਦਰ ਤਾਈਂ, ਪਿੱਛੋਂ ਜੰਮਿਆ ਆਪਣਾ ਬੱਚੜਾ ਚੇਤੇ ਆਵੇ । ਤਾਂ ਹੀ ਬਹੁਤਾ ਲਾਡ ਲਡਾਵੇ । ਦੂਜੇ ਪਾਸੇ ਮਟਮੈਲੇ ਜਹੇ ਉੱਘੜ-ਦੁੱਘੜੇ, ਨੰਗੇ ਪੈਰ ਜਟੂਰੀਆਂ ਸਿਰ ਤੇ । ਜੰਮਣ ਪਲ ਤੋਂ ਮਰਨ ਘੜੀ ਤੱਕ ਸੁੱਕੇ ਟੁੱਕਰ । ਸਿਰ ਤੇ ਛੱਤ ਦੀ ਥਾਵੇਂ ਖੁੱਲ੍ਹਾ ਨੀਲਾ ਅੰਬਰ । ਇਹ ਜੋ ਸੜਕਾਂ ਦੇ ਕੰਢੇ ਘਣਛਾਵੇਂ ਰੁੱਖ ਨੇ । ਇਨ੍ਹਾਂ ਦੇ ਤਾਂ ਅੜੇ ਥੁੜੇ ਨੂੰ ਲੱਖਾਂ ਸੁੱਖ ਨੇ । ਜਦੋਂ ਕਦੇ ਮਾਂ ਬੱਜਰੀ ਕੁੱਟੇ । ਜਾਂ ਫਿਰ ਟੁੱਟੀ ਸੜਕ ਬਣਦਿਆਂ, ਜਦ ਕਿਧਰੇ ਵੀ ਮਿਲੇ ਦਿਹਾੜੀ। ਤੇ ਦੋ ਤਿੰਨ ਮਹੀਨੇ ਦੇ ਬੱਚੇ ਨੂੰ, ਸੜਕ ਦੇ ਕੰਢੇ ਉੱਗੇ ਰੁੱਖ ਤੇ ਬੰਨ੍ਹ ਝਲੂੰਗੀ, ਪੁੱਤ ਨੂੰ ਦੂਰੋਂ ਜਾਏ ਨਿਹਾਰੀ । ਦੋ ਤਿੰਨ ਘੰਟੇ ਮਗਰੋਂ ਜਦ ਫਿਰ ਖੋਹ ਪੈਂਦੀ ਹੈ ਮਾੜੀ ਮਾੜੀ । ਵਾਹੋਦਾਹੀ ਬੱਚੇ ਵੱਲ ਨੂੰ ਉੱਠ ਤੁਰਦੀ ਹੈ ਟੰਗ ਕੇ ਸਾੜ੍ਹੀ । ਜੂਨ ਮਹੀਨਾ ਅੱਤ ਦੀ ਗਰਮੀ । ਛਾਤੀ ਦੇ ਵਿੱਚ ਜਿੰਨਾ ਵੀ ਹੈ ਤਪਦਾ ਦੁੱਧ ਹੈ । ਗੁਰਬਤ ਦੇ ਘਰ ਜੰਮੀ ਜਾਈ, ਇਸ ਬੱਚੇ ਦੀ ਮਾਂ ਨੂੰ, ਇਸ ਦੀ ਕਿੱਥੇ ਸੁੱਧ ਹੈ । ਦੁੱਧ ਚੁੰਘਾਵੇ ਤੇ ਮੁੜ ਜਾਵੇ । ਦੁੱਧ ਚੁੰਘਾਉਂਦੀ ਸੋਚੀਂ ਡੁੱਬੀ ਮਾਂ ਦਾ ਚਿਹਰਾ, ਜਦ ਵੀ ਮੈਨੂੰ ਚੇਤੇ ਆਵੇ । ਇਉਂ ਲੱਗਦੈ ਜਿਉਂ ਸੋਚ ਰਹੀ ਹੈ, ਸਾਨੂੰ ਮੇਰੀ ਭੁੱਖ ਤੇ ਦੁੱਖ ਜੋ ਕਾਲਾ ਪਰਛਾਵਾਂ, ਇਸ ਬੱਚੜੇ ਤੇ ਪੈ ਨਾ ਜਾਵੇ । ਬੜੀ ਰੀਝ ਨਾਲ ਤੱਕਦੀ ਹੈ, ਗੋਦੀ ਵਿਚ ਸੂਰਜ । ਹੱਡ-ਮਾਸ ਦਾ ਕੋਮਲ ਸੁਪਨਾ । ਖਵਾਬਾਂ ਨਾਲ ਗੜੂੰਦੀਆਂ ਅੱਖਾਂ । ਜੀਭ ਨਾ ਹਿੱਲੀ ਪਰ ਮੈਂ ਸੁਣਿਆ, ਆਖ ਰਹੀ ਸੀ ਜੀਵੇਂ ਲੰਮੀਆਂ ਉਮਰਾਂ ਭੋਗੇ, ਤੈਨੂੰ ਡਾਢੇ ਰੱਬ ਦੀਆਂ ਰੱਖਾਂ । ਨੇਰ੍ਹੇ ਦਾ ਸੰਸਾਰ ਵਚਿੱਤਰ, ਕੀਟਾਂ ਅੰਦਰ ਕੀਟ ਵਿਗਸਦੇ, ਨਿੰਮਦੇ ਜੰਮਦੇ ਤੇ ਮਰ ਜਾਂਦੇ । ਇੱਕੋ ਧਰਤੀ ਇੱਕੋ ਸੂਰਜ, ਇੱਕੋ ਰਾਤ ਦਿਵਸ ਦੇ ਪਹੀਏ । ਇੱਕੋ ਧੁੱਪ ਤੇ ਇੱਕੋ ਛਾਵਾਂ, ਫ਼ਰਕ ਕਿਉਂ ਹੈ ਕਿਸਨੂੰ ਕਹੀਏ । ਸਭ ਕੁਝ ਜੋ ਨੇਰ੍ਹੇ ਵਿਚ ਗੁੰਮ ਹੈ, ਆਓ ਇਸਦੇ ਨਕਸ਼ ਪਛਾਣੋ । ਧਰਤੀ ਉੱਪਰ ਪਈਆਂ ਲੀਕਾਂ, ਤੇ ਲੀਕਾਂ ਦੇ ਪਿੱਛੇ ਜੋ ਵੀ ਤਾਣਾ ਬਾਣਾ, ਉਸ ਦੀ ਕੁੱਲ ਹਕੀਕਤ ਜਾਣੋ । ਨੇਰ੍ਹੇ ਦੇ ਵਿਚ, ਉਲਟ ਦਿਸ਼ਾ ਵਿਚ ਤੁਰਦੇ ਤੁਰਦੇ, ਕਿੱਥੋਂ ਕਿੱਥੇ ਪਹੁੰਚ ਗਏ ਹਾਂ ? ਨੇਰ੍ਹੇ ਦੇ ਵਿਚ ਟੋਏ ਟਿੱਬੇ, ਸਭ ਰਾਹ ਭੁੱਲੇ । ਕੌਣ ਚੁਗੇਗਾ ਸਾਡੇ ਤੋਂ ਬਿਨ ਸੁਪਨੇ ਡੁੱਲ੍ਹੇ । ਚਲੋ ਚਲੋ ਹੁਣ, ਰੌਸ਼ਨੀਆਂ ਦੇ ਸ਼ਹਿਰ ਨੂੰ ਚੱਲੀਏ । ਨੇਰ੍ਹ ਨਗਰ ਵੱਲ ਪਿੱਛਾ ਕਰਕੇ, ਜੋਤ ਨਗਰ ਦੀਆਂ ਰਾਹਾਂ ਮੱਲੀਏ ।
ਪਰਛਾਵੇਂ
ਤਾਰੇ ਟਾਵੇਂ ਟਾਵੇਂ ਨੇ । ਅੱਖਰ ਜਿਵੇਂ ਭੁਲਾਵੇਂ ਨੇ । ਜਿਨ੍ਹਾਂ ਤੋਂ ਤੂੰ ਡਰਦਾ ਏਂ, ਇਹ ਤਾਂ ਸਭ ਪਰਛਾਵੇਂ ਨੇ । ਪੈਸੇ ਅੱਗੇ ਨੌਕਰ ਸ਼ਾਹ, ਐਵੇਂ ਖੰਘਰ ਝਾਵੇਂ ਨੇ । ਨੀਲਾ ਅੰਬਰ ਮੇਰਾ ਘਰ, ਪੌਣਾਂ ਦੇ ਸਿਰਨਾਵੇਂ ਨੇ ।
ਲੋਕ-ਚੇਤਨਾ ਦਾ ਵਣਜਾਰਾ*
ਕੱਚਿਆਂ ਰਾਹਾਂ ਦਾ ਇਕ ਪਾਂਧੀ, ਪੱਕੀਆਂ ਪੈੜਾਂ ਕਰ ਗਿਆ । ਓਥੇ ਓਥੇ ਚਾਨਣ ਉੱਗਿਆ, ਜਿੱਥੇ ਪੈਰ ਉਹ ਧਰ ਗਿਆ । ਨਿੱਕੇ ਪਿੰਡ ਵਿਚ ਜੰਮਿਆ ਜਾਇਆ ਵੱਡਾ ਸੁਪਨਾ, ਨੀਲੇ ਅੰਬਰੋਂ ਪਾਰ ਉਡਾਰੀ । ਬਾਜ਼ ਵਰਗੀਆਂ ਸੁਰਖ਼ ਤੇਜ਼ ਤੇ ਬਲਦੀਆਂ ਅੱਖਾਂ, ਵਕਤ ਦਾ ਘੋੜਾ ਬਣੀ ਸਵਾਰੀ । ਮਿਹਨਤ ਨਾਲ ਕਮਾਇਆ ਉਸਨੇ, ਲੰਮਾ ਕੱਦਾਵਰ ਇਕਬਾਲ । ਮਿੱਟੀਓਂ ਸੋਨਾ ਬਣਿਆ ਉਹ ਵੀ, ਜਿਹੜਾ ਦੋ ਪਲ ਤੁਰਿਆ ਨਾਲ । ਭਾਗਾਂ ਵਾਲੀ ਮੁਕ 'ਸਰ ਧਰਤੀ, ਨਰਮੇ ਚਿੱਟੀ ਚਾਂਦੀ ਵਰਗੀ । ਅਨਪੜ੍ਹਤਾ ਨੂੰ ਮਾਰ ਮਾਰ ਕੇ, ਅਕਲ ਬਣਾ ਲਈ ਬਾਂਦੀ ਵਰਗੀ । ਅੱਜ ਤੀਕਣ ਵੀ ਉਹ ਧਰਤੀ ਹੈ, ਝੁਕ ਕੇ ਰੋਜ਼ ਸਲਾਮਾਂ ਕਰਦੀ । ਨੂਰੀ ਮੱਥੇ ਇਸ ਮੁਰਸ਼ਦ ਦਾ, ਅੱਜ ਤੀਕਣ ਹੈ ਪਾਣੀ ਭਰਦੀ । ਗੁਰੂ ਨਾਨਕ ਨੇ ਠੀਕ ਕਿਹਾ ਸੀ, ਚੰਗਿਓ ਏਥੋਂ ਉੱਜੜ ਜਾਉ । ਇਹ ਧਰਤੀ ਹੁਣ ਹਰੀ ਭਰੀ ਹੈ, ਨਵੀਆਂ ਜੂਹਾਂ ਹੋਰ ਵਸਾਉ । ਮੁਕਤਸਰੋਂ ਲਿਸ਼ਕੰਦੜਾ ਮੱਥਾ, ਆਪਣੀ ਜੰਮਣ ਭੋਂ ਵੱਲ ਧਾਇਆ । ਜਿੱਥੇ ਰੇਤਾ ਕਾਹੀਆਂ ਬੂਝੇ, ਅਨਪੜ੍ਹਤਾ ਸੀ ਡੇਰਾ ਲਾਇਆ । ਹਰਗੋਬਿੰਦ ਗੁਰੂ ਦੀਆਂ ਪੈੜਾਂ, ਜਿਸ ਧਰਤੀ ਨੂੰ ਚੇਤੇ । ਗੁਰੂ ਦੇ ਸਿੱਖ ਇਕਬਾਲ ਸਿਹੁੰ ਨੇ, ਆਣ ਜਗਾਏ ਰੇਤੇ । ਵੇਖ ਨਿਹੰਗ ਸ਼ਮਸ਼ੇਰ ਸਿੰਘ ਦਾ, ਸੁਪਨਾ ਪਿਆ ਅਧੂਰਾ । ਇਸ ਜ਼ਿੰਦਗੀ ਨੂੰ ਲੇਖੇ ਲਾ ਕੇ, ਕੀਤਾ ਕਾਰਜ ਪੂਰਾ । ਲੱਕ ਬੰਨ੍ਹ ਕੇ ਤੁਰਿਆ ਸੂਰਮਾ, ਪਿੰਡ ਪਿੰਡ 'ਚੋਂ ਉਗਰਾਹੀ । ਅੱਖਰਾਂ ਦਾ ਵਣਜਾਰਾ, ਦੇਂਦਾ ਹੋਕਾ ਵਾਹੋਦਾਹੀ । ਬਾਲ ਨਿਆਣੇ ਜਦੋਂ ਪੜ੍ਹਾਵੇ, ਤੀਜਾ ਨੇਤਰ ਖੋਲ੍ਹੇ। ਨਾ ਧਿਰਿਆਂ ਦੀ ਧਿਰ ਬਣ ਬੈਠਾ, ਜਾਦੂ ਮੂੰਹੋਂ ਬੋਲੇ । ਦਿਨ ਵੇਲੇ ਉਹ ਬਾਲ ਪੜ੍ਹਾਵੇ, ਸ਼ਾਮਾਂ ਵੇਲੇ ਦਰ ਦਰ । ਆਖੇ ਆਪਣੇ ਬਾਲ ਪੜ੍ਹਾਓ, ਦੀਪ ਜਗਾਉ ਘਰ ਘਰ । ਲੋਕ-ਚੇਤਨਾ ਦਾ ਵਣਜਾਰਾ, ਬਣ ਗਿਆ ਕੇਂਦਰ ਬਿੰਦੂ । ਸ਼ੁੱਧ ਸਰੂਪ ਸਿੱਖੀ ਪਰ ਆਖਣ, ਆਪਣਾ ਮੁਸਲਿਮ ਹਿੰਦੂ । ਇਕ ਸਕੂਲ ਚਲਾ ਕੇ, ਸੁਪਨਾ ਕਾਲਜ ਵਾਲਾ ਲੀਤਾ । ਹਰਗੋਬਿੰਦ ਗੁਰੂ ਦੇ ਨਾਂ ਤੇ, ਕਾਰਜ ਆਰੰਭ ਕੀਤਾ । ਆਪਣੇ ਤਨ ਤੇ ਮਨ ਦੀ ਜੋਤੀ, ਕਾਲਜ ਦੇ ਵਿਚ ਪਾਈ । ਤਾਂ ਹੀ ਅੱਜ ਤੱਕ ਬਲੇ ਜਵਾਲਾ, ਦੇਵੇ ਪਈ ਰੁਸ਼ਨਾਈ । ਨਾ ਸ਼ੁਕਰੇ ਕਮਦਿਲ ਜਿਹੇ ਕੋਝੇ, ਹੱਥਾਂ ਕਹਿਰ ਕਮਾਇਆ । ਲੋਕ-ਮਨਾਂ ਦੇ ਰਾਣੇ ਤਾਈਂ, ਬਾਹਰ ਕੱਢ ਬਿਠਾਇਆ । ਜੜ੍ਹ ਤੋਂ ਵੱਖ ਹੋਣ ਦਾ ਦੁੱਖੜਾ, ਪਿਛਲੀ ਉਮਰੇ ਝੱਲਿਆ । ਵੱਸਦਾ ਸਦਾ ਘਰ ਤੇ ਵਿਹੜਾ, ‘ਸਰਮਾਏ’ ਨੇ ਮੱਲਿਆ । ਨਵੇਂ ਬਣੇ ਅਮੀਰ ਆਖਦੇ, ਪੱਥਰ ਨਵੇਂ ਲਿਆਉ । ਜਿੱਥੇ ਕਿਧਰੇ ਇਸ ਦਾ ਨਾਂ ਹੈ, ਉਸ ਨੂੰ ਤੁਰਤ ਮਿਟਾਉ । ਦਿਨ ਚੜ੍ਹਦੇ ਤੋਂ ਪਹਿਲਾਂ ਇਥੇ, ਸਾਡਾ ਨਾਂ ਖੁਣਵਾਉ। ਅੰਨ੍ਹੇ ਕਾਣੇ ਇਹ ਨਾ ਜਾਨਣ, ਪੱਥਰ ਤਾਂ ਭੁਰ ਸਕਦੇ । ਜਿਹੜੇ ਲੋਕ ਮਨਾਂ ਤੇ ਉੱਕਰੇ, ਅੱਖਰ ਨਾ ਖ਼ੁਰ ਸਕਦੇ । ਲੋਕ ਮਨਾਂ 'ਚੋਂ ਅੱਜ ਵੀ ਬੋਲੇ, ਅੱਖਰਾਂ ਦਾ ਵਣਜਾਰਾ । ਤਾਂ ਹੀ ਮੇਰੀਆਂ ਅੱਖਾਂ ਵਿਚੋਂ, ਡਿੱਗਿਆ ਹੰਝੂ ਖਾਰਾ । *ਉੱਘੇ ਸਮਾਜ ਸੁਧਾਰਕ ਤੇ ਪੰਜਾਬ ਵਿਚ ਪਹਿਲੇ ਪੇਂਡੂ ਕਾਲਜ ਗੁਰੂ ਹਰਗੋਬਿੰਦ ਖਾਲਸਾ ਕਾਲਜ ਗੁਰੂਸਰ ਸੁਧਾਰ (ਲੁਧਿਆਣਾ) ਦੇ ਸੰਸਥਾਪਕ ਤੇ ਬਾਨੀ ਪ੍ਰਿੰਸੀਪਲ ਇਕਬਾਲ ਸਿੰਘ
ਰਾਜ ਭਾਗ
ਵੱਡਾ ਜਦ ਬਨਵਾਸੀ ਹੋਇਆ । ਛੋਟਾ ਵੀਰ ਬੜਾ ਹੀ ਰੋਇਆ । ਦੱਸ ਵੀਰਨਾ ਤੇਰੇ ਪਿੱਛੋਂ ? ਕਿੱਦਾਂ ਏਥੇ ਰਾਜ ਕਰਾਂਗਾ ? ਵੱਡੇ ਵੀਰ ਨੇ ਇਕ ਦਮ ਪੈਰੋਂ ਜੋੜਾ ਲਾਹਿਆ । ਨਿੱਕੇ ਵੀਰ ਦੇ ਹੱਥ ਫੜਾਇਆ । ਕੰਨ ਵਿਚ ਦੱਸਿਆ, ਰਾਜ ਭਾਗ ਦਾ ਇਹ ਹੈ ਪਹਿਲਾ ਸਬਕ ਜ਼ਰੂਰੀ । ਜੋ ਮੰਗੇਂਗਾ ਤੇਰੀ ਆਸ ਕਰੇਗਾ ਪੂਰੀ ।
ਸਾਡੀ ਚੁੱਪ ਨੂੰ ਚੁੱਪ ਨਾ ਸਮਝੋ
ਅਣਬੋਲੇ ਬੋਲਾਂ ਦੀ ਤਲਖੀ, ਅਣਬਲੀਆਂ ਲੱਕੜਾਂ ਦੀ ਅਗਨੀ । ਅਣਚੱਲੇ ਬਾਰੂਦ ਦੀ ਸ਼ਕਤੀ, ਸਾਡੀ ਚੁੱਪ ਹੈ । ਸਾਡੀ ਚੁੱਪ ਨੂੰ ਚੁੱਪ ਨਾ ਸਮਝੋ । ਪਰਦੇ ਓਹਲੇ ਜੋ ਵੀ ਨਾਟਕ, ਜਾਂ ਨਾਟਕ ਤੋਂ ਪਹਿਲਾਂ ਮਗਰੋਂ, ਅਦਾਕਾਰ ਨਾਇਕ ਖਲਨਾਇਕ, ਕੀ ਕਹਿੰਦੇ ਨੇ ? ਕੀ ਕਰਦੇ ਨੇ ? ਸਾਨੂੰ ਇਸ ਦਾ ਭਰਮ ਨਾ ਕੋਈ। ਕਾਲੀ ਰਾਤ ਦੇ ਸਿਆਹ ਨੇਰ੍ਹ੍ਹੇ ਵਿਚ । ਦਿਨ ਦੀ ਸਿਖਰ ਦੁਪਹਿਰ ਚਾਨਣੇ । ਬੰਦ ਕਮਰੇ ਵਿਚ ਗੁਪਤ ਬੈਠਕਾਂ । ਕੀ ਕਰਦੇ ਹੋ ਕਿੰਝ ਕਰਦੇ ਹੋ ? ਇਸ ਦੀ ਪੂਰੀ ਖ਼ਬਰ ਹੈ ਸਾਨੂੰ । ਜਿਨ੍ਹਾਂ ਦੇ ਘਰ ਵਿਚ ਹਨ ਦਾਣੇ । ਕਾਲੇ ਧਨ ਦੇ ਸਿਰ ਤੇ ਬਣ ਗਏ ਰਾਜ-ਘਰਾਣੇ । ਲੂਲ੍ਹੇ ਲੰਗੜੇ ਟੇਢੇ ਮੇਢੇ ਅੰਨ੍ਹੇ ਕਾਣੇ । ਰਾਤੋ ਰਾਤ ਅਮੀਰੀਆਂ ਵਾਲੀ ਕੁਹਜ ਹਕੀਕਤ ਤੰਬੂ ਤਾਣੇ । ਇਸ ਲੀਲਾ ਦੇ ਪਿੱਛੇ ਜਿਹੜੀ ਸ਼ਕਤੀ ਬੈਠੀ, ਉਸ ਦਾ ਚਿਹਰਾ ਸਾਡੇ ਲਈ ਕੋਈ ਨਵਾਂ ਨਹੀਂ ਹੈ । ਹਰ ਚੌਥੇ ਦਿਨ ਰੌਲਾ ਰੱਪਾ ਨਵੇਂ ਝਮੇਲੇ । ਲੋਕ ਤੰਤਰੀ ਸ਼ਕਤੀ ਬਣ ਗਈ ਮੇਲੇ ਗੇਲੇ । ਕੁਰਸੀ ਖਾਤਰ ਧਰਮ ਸਿਆਸਤ ਅਤੇ ਰਿਆਸਤ, ਭੂਤ ਭਵਿੱਖ ਤੇ ਵਰਤਮਾਨ ਸੰਗ ਚੌਪਟ ਖੇਲੇ । ਕੌਡਾਂ ਦੀ ਇਸ ਖੇਡ ਦੇ ਪਿੱਛੇ, ਕੀ ਸੁਪਨੇ ਨੇ ਕੀ ਗ਼ਰਜ਼ਾਂ ਨੇ ? ਇਸ ਦਾ ਨੰਗ ਨਮੂਜ ਨਾ ਸਾਥੋਂ ਲੁਕਿਆ ਕੋਈ । ਸਾਡੀ ਚੁੱਪ ਨੂੰ ਚੁੱਪ ਨਾ ਸਮਝੋ । ਇਸ ਚੁੱਪ ਪਿੱਛੇ ਅਧਮੋਏ ਸੁਪਨੇ ਤੇ ਰੀਝਾਂ, ਕੰਜ ਕੁਆਰੀ ਧੜਕਣ ਤੇ ਅਣਲੱਗ ਉਮੰਗਾਂ । ਛਿਣ-ਭੰਗਰੀ ਜਹੀ ਚਮਕ ਦੀ ਖਾਤਰ, ਜੋ ਅੱਜ ਤੀਕਣ ਕਦੇ ਨਾ ਵਿਕੀਆਂ। ਸਾਡੀ ਚੁੱਪ ਤਾਂ ਗਹਿਰ ਸਮੁੰਦਰ, ਵੰਨ ਸੁਵੰਨੇ ਜੀਵ ਜੰਤ ਤੇ ਪੌਣ ਪਰਿੰਦੇ, ਤਲਖ਼ ਹਵਾਵਾਂ ਤੇ ਜਲ ਧਾਰਾ । ਜਿਸ ਦੇ ਦਿਲ ਵਿਚ, ਮਾਂ ਦੀ ਬੁੱਕਲ ਵਰਗਾ ਜਜ਼ਬਾ । ਮਾਂ ਦੇ ਦਿਲ ਨੂੰ, ਸਮਝਣ ਵਾਲੇ ਵਿਰਲੇ ਬੰਦੇ । ਮਾਂ ਦੇ ਦਿਲ ਦੀ ਮੂਕ ਵੇਦਨਾ ਕੌਣ ਸੁਣੇਗਾ ? ਸਾਡੀ ਚੁੱਪ ਦੀ ਸ਼ਕਤੀ ਅਗਨੀ । ਕਈ ਸਦੀਆਂ ਤੋਂ ਹੁਕਮਰਾਨ ਲਈ, ਭਾਵੇਂ ਬਿਲਕੁਲ ਅਰਥ ਹੀਣ ਹੈ । ਪਰ ਨਾ ਭੁੱਲੋ, ਤਲਖ ਸਮੇਂ ਦੇ ਪੱਥਰਾਂ ਹੇਠਾਂ, ਜਗਦੀ ਹੈ ਜੋ ਸੁਰਖ ਜਵਾਲਾ । ਪਤਾ ਨਹੀਂ ਕਿਸ ਦਿਨ ਇਹ ਲਾਵਾ ਭੜਕ ਪਵੇਗਾ ? ਇਹ ਨਾ ਭੁੱਲੋ । ਸ਼ਾਂਤ ਸਮੁੰਦਰ ਅੰਦਰ ਵੀ ਜੋ ਤਲਖੀ ਭੜਕੀ, ਉੱਠ ਸਕਦੀ ਹੈ । ਅੱਖ ਨਾ ਫੇਰੋ, ਤਲਖ ਹਕੀਕਤ ਸ਼ੀਸ਼ਾ ਬਣ ਕੇ, ਸਨਮੁਖ ਤੁਹਾਡੇ ਆਣ ਖੜੀ ਹੈ । ਇਸ ਸ਼ੀਸ਼ੇ ਨੂੰ ਤੋੜਨ ਦੀ ਥਾਂ, ਆਪਣਾ ਚਿਹਰਾ ਆਪ ਨਿਹਾਰੋ । ਜੋ ਕੁਝ ਕੀਤਾ ਆਪ ਵਿਚਾਰੋ । ਸ਼ਬਦ ਜਾਲ ਰੰਗਾਂ ਦੀ ਲੀਲ੍ਹਾ, ਕਿੱਥੋਂ ਕਿੱਥੇ ਲੈ ਆਈ ਹੈ ? ਗੋਲੀ ਮਾਰੋ । ਜੇਕਰ ਅੱਜ ਵੀ ਤੁਰ ਪੈਂਦੇ ਹੋ, ਸਫ਼ਰ ਤਾਂ ਕੋਈ ਮੁਸ਼ਕਿਲ ਨਹੀਂ ਹੈ । ਚੁੱਪ ਤੋਂ ਅੱਗ ਦੇ ਤੀਕ ਨਾ ਲੰਮਾ ਪੈਂਡਾ ਕੋਈ ।
ਪੰਜਾਬੀ ਬੋਲੀ
ਧਰਤੀ ਵੀ ਸੀ ਅੰਬਰ ਵੀ ਸੀ ਬੋਹੜ ਦੀ ਸੰਘਣੀ ਛਾਂ ਆਪਣੇ ਘਰ ਵਿਚ ਬਣੀ ਓਪਰੀ ਪੰਜ ਪੁੱਤਰਾਂ ਦੀ ਮਾਂ ਕਈ ਵਾਰੀ ਤਾਂ ਜੀਅ ਕਰਦਾ ਹੈ ਕਈ ਵਾਰੀ ਤਾਂ ਜੀਅ ਕਰਦਾ ਹੈ, ਏਸ ਸ਼ਹਿਰ ਨਾ ਆਵਾਂ । ਪੱਤਰ ਝੜ ਗਏ ਟਾਹਣੀਆਂ ਸੁੱਕੀਆਂ, ਜਲ ਬਣ ਗਿਆ ਬਿਰਖ ਨਿਛਾਵਾਂ । ਕਦੇ ਕਦੇ ਮਨ ਇਹ ਕਹਿੰਦਾ ਹੈ, ਮੈਂ ਪੰਛੀ ਬਣ ਜਾਵਾਂ । ਟਾਹਣੀ ਟਾਹਣੀ ਮਹਿਕ ਹੰਢਾਵਾਂ, ਜਦ ਚਾਹਾਂ ਉੱਡ ਜਾਵਾਂ । ਚਹੁੰ ਕਦਮਾਂ ਦਾ ਪੈਂਡਾ ਜ਼ਿੰਦਗੀ, ਦੋ ਕਦਮਾਂ ਤੇ ਡਿੱਗਾਂ । ਕਿਹੜੇ ਦੋਸ਼ ਦੇ ਬਦਲੇ ਰੱਬ ਨੇ, ਮੇਰੀਆਂ ਛਾਂਗੀਆਂ ਬਾਹਵਾਂ ? ਮੈਂ ਤਾਂ ਝਾੜੂ ਲੈ ਕੇ ਤੁਰਿਆ, ਹੂੰਝੇ ਕੱਖ ਤੇ ਕੰਡੇ । ਮੈਨੂੰ ਹੀ ਕਿਉਂ ਰਾਹ ਵਿਚ ਖਾਧਾ, ਏਸ ਨਗਰ ਦਿਆਂ ਰਾਹਵਾਂ । ਤੂੰ ਤਾਂ ਆਪਣੇ ਵਤਨੀ ਪਹੁੰਚੀ, ਛੇਤੀ ਵਿਹਲੀ ਹੋਈ । ਇਹ ਨਾ ਦੱਸਿਆ ਬਾਕੀ ਰਹਿੰਦਾ, ਪੈਂਡਾ ਕਿੰਜ ਮੁਕਾਵਾਂ ?
ਮਾਂ ਦਾ ਸਫ਼ਰ
ਵਿਧਵਾ ਮਾਂ ਨੇ ਗੁਰੂ ਦੇ ਘਰ 'ਚੋਂ, ਇੱਕੋ ਲੱਤ ਦੇ ਭਾਰ ਖਲੋ ਕੇ, ਰੱਬ ਸੱਚੇ ਤੋਂ ਇਹ ਮੰਗਿਆ ਸੀ । ਪੁੱਤਰ ਖਾਤਰ ਸ਼ਾਨ ਉਮਰ ਤੋਂ ਉੱਚੀ ਕੁਰਸੀ । ਜਿਸ ਨੂੰ ਲੋਕੀ ਕਰਨ ਸਲਾਮਾਂ । ਪੋਤਰਿਆਂ ਲਈ ਰੁਤਬੇ ਵੱਡੇ । ਜਿਸ ਦਿਨ ਪੁੱਤ ਨੇ, ਪਹਿਲੇ ਦਿਨ ਸਕੂਲ ਜਾਣ ਲਈ ਬਸਤਾ ਚੁੱਕਿਆ ਤੜਕੇ ਉੱਠ ਕੇ ਮਾਂ ਨੇ ਪਹਿਲਾਂ ਖਿਚੜੀ ਰਿੰਨ੍ਹੀ । ਫੇਰ ਗੁਰੂ ਦੇ ਚਰਨੀਂ ਜਾ ਕੇ ਸੀਸ ਨਿਵਾਇਆ । ਦਹੀਂ ਦੀ ਫੁੱਟੀ, ਆ ਕੇ ਪੁੱਤ ਦੇ ਮੂੰਹ ਵਿੱਚ ਪਾਈ । ਮੂਕ ਜਹੀ ਅਰਦਾਸ ਕਿ ਜਿਸ ਵਿਚ ਲਫ਼ਜ਼ ਨਹੀਂ ਸਨ । ਆਪੇ ਕੀਤੀ ਚੁੱਪ ਚੁਪੀਤੀ । ਇਹੋ ਮੰਗਿਆ ਮੇਰਾ ਪੁੱਤ ਦਰਿਆ ਬਣ ਜਾਵੇ । ਦੁੱਖ ਮੁਸੀਬਤ ਰਾਹ ਛੱਡ ਜਾਵਣ ਜਿੱਧਰ ਜਾਵੇ । ਰੋਜ਼ ਸਵੇਰੇ ਤੜਕੇ ਪਹਿਲਾਂ ਆਪ ਜਾਗਦੀ, ਲਾਲਟੈਣ ਜਾਂ ਦੀਵਾ ਜੋ ਵੀ ਘਰ ਵਿਚ ਹੁੰਦਾ, ਪੂੰਝ ਪਾਂਝ ਕੇ ਖੁਦ ਰੁਸ਼ਨਾਉਂਦੀ। ਮਗਰੋਂ ਪੁੱਤ ਨੂੰ ਆਣ ਜਗਾਉਂਦੀ । ਹਾਰੇ ਵਿਚੋਂ ਕੱਢ ਕਾੜ੍ਹਨੀ, ਚੌਂਕੇ ਬੈਠ ਰਿੜਕਣਾ ਪਾਉਂਦੀ । ਘਮ ਘੁਮ ਘੁਮ ਘੁਮ ਫਿਰੇ ਮਧਾਣੀ । ਕੁਝ ਚਿਰ ਪਿਛੋਂ ਮਧੁਰ ਰਾਗਣੀ ਮੁੱਕ ਜਾਂਦੀ ਸੀ । ਜ਼ਿੰਦਗੀ ਦੀ ਰਫ਼ਤਾਰ ਜਿਵੇਂ ਬਸ ਰੁਕ ਜਾਂਦੀ ਸੀ । ਅਧਰਿੜਕੇ ਦਾ ਬਾਟਾ ਭਰ ਕੇ ਪੁੱਤ ਨੂੰ ਦਿੰਦੀ । ਨਾਲੇ ਆਪਣੇ ਮੂੰਹੋਂ ਕਹਿੰਦੀ, ਪੀ ਲੈ ਪੁੱਤ ਤੇ ਤਕੜਾ ਹੋ ਜਾ । ਛੇਤੀ ਛੇਤੀ ਵੱਡਾ ਹੋ ਜਾ । ਨਾਲੇ ਏਨੀ ਖੁਸ਼ਕ ਪੜ੍ਹਾਈ, ਤੇਰਾ ਮੱਥਾ ਚੱਟ ਨਾ ਜਾਵੇ । ਥਿੰਦਾ ਪੀ ਕੇ ਔਖੀ ਘਾਟੀ ਚੜ੍ਹ ਜਾਵੇਗਾ । ਗਿਣਤੀ ਮਿਣਤੀ ਪੌਣੇ ਢਾਏ ਅਤੇ ਸਵਾਏ, ਕੁੱਲ ਪਹਾੜੇ ਪੜ੍ਹ ਜਾਵੇਗਾ । ਨੀਲੀ ਛਤਰੀ ਵਾਲੇ ਰੱਬ ਨੇ, ਭੋਲੀ ਭਾਲੀ ਅਨਪੜ੍ਹ ਮਾਂ ਦੀ, ਬੋਲੀ ਅਣਬੋਲੀ ਅਭਿਲਾਖਾ, ਤੇ ਚਿੱਤ ਵਿਚਲੀ ਇੱਛਿਆ ਪੂਰੀ । ਪੁੱਤ ਨੂੰ ਵੱਡੇ ਰੁਤਬੇ ਨਾਲੇ ਮਾਣ-ਮਰਤਬੇ, ਸਾਰੇ ਰੰਗ ਹੀ ਕੱਠੇ ਮਿਲ ਗਏ । ਸ਼ਬਦ ਸੂਝ ਅੱਖਰਾਂ ਤੋਂ ਕੋਰੀ । ਬਿਰਧ ਸਰੀਰ ਤਪੱਸਵੀ ਪੂਰੀ । ਹਰ ਦਮ ਰਹੇ ਅਰਦਾਸਾਂ ਕਰਦੀ । ਆਪਣਾ ਇੱਕੋ ਇਸ਼ਟ ਧਿਆਏ । ਫਿਰੇ ਸਿਮਰਨਾ ਮਣਕਾ ਮਣਕਾ, ਮੂੰਹ ਵਿਚ ਵਾਹਿਗੁਰੂ ਜਾਪ ਨਿਰੰਤਰ । ਬੋਲਦੇ ਹੋਠ ਰਤਾ ਨਾ ਹਿੱਲਦੇ, ਹਰ ਪਲ ਘਰ ਵਿਚ ਲੰਗਰ ਚੱਲਦੇ । ਅੱਕਦੀ ਨਾ ਥੱਕਦੀ ਮਾਤਾ, ਭਰੀ ਪਰਾਤ 'ਚ ਆਟਾ ਗੁੰਨ੍ਹਦੀ । ਪੇੜੇ ਕਰਕੇ ਵੇਲਣ ਬਹਿੰਦੀ, ਲੋਹ ਤੇ ਮੰਨ ਪਕਾਈ ਜਾਵੇ। ਪਾਥੀਆਂ ਲੱਕੜਾਂ ਮਿਲੀ ਜੁਲੀ ਅੱਗ, ਵਿੱਚੇ ਰੱਬ ਧਿਆਈ ਜਾਵੇ । ਪੁੱਤਰ ਦੀ ਕਲਗੀ ਨੂੰ ਕਿਧਰੇ ਆਂਚ ਨਾ ਆਵੇ । ਘਰ ਵਿਚ ਆਇਆ ਜੀਅ ਕੋਈ ਭੁੱਖਾ ਨਾ ਜਾਵੇ । ਹਰ ਪਲ ਪੁੱਤਰ ਅਤੇ ਪੋਤਰੇ, ਤੀਜਾ ਬੋਲ ਜ਼ਬਾਨ ਨਾ ਬੋਲੇ । ਘਰ ਵਿਚ ਨੂੰਹ ਤੇ ਪੁੱਤ ਪੋਤਰੇ, ਆਗਿਆਕਾਰ ਬੇਗਾਨੀ ਧੀ ਹੈ । ਤੇ ਇਤਫ਼ਾਕ 'ਚ ਹਰ ਕੋਈ ਜੀਅ ਹੈ । ਮਾਂ ਦੀ ਇੱਛਿਆ ਮੂਜਬ ਚੱਲਦੇ, ਘਰ ਦੇ ਕਾਰੋਬਾਰੀ ਪਹੀਏ । ਜੇ ਚਾਹੁੰਦੀ ਤਾਂ ਅੱਗੇ ਰਿੜ੍ਹਦੇ, ਨਾ ਚਾਹੁੰਦੀ ਤਾਂ ਰੁਕ ਜਾਂਦੇ ਸਨ, ਇੱਕ ਵੀ ਕਦਮ ਅਗਾਂਹ ਨਾ ਗਿੜਦੇ । ਏਨੇ ਸੁਖ ਵਿਚ ਰਹਿੰਦੀ ਮਾਂ ਨੂੰ, ਚੇਤੇ ਅਕਸਰ ਆਉਂਦਾ ਆਪਣੇ ਸਿਰ ਦਾ ਸਾਈਂ । ਪਰ ਉਹ ਆਪਣੇ ਮੂੰਹੋਂ ਕਹਿੰਦੀ ਕਦੇ ਕਦਾਈਂ । ਪੁੱਤਰ ਮੇਰਾ ਸਗਵਾਂ ਆਪਣੇ ਬਾਪੂ ਵਰਗਾ, ਓਹੀ ਨੱਕ ਤੇ ਓਹੀ ਮੱਥਾ । ਉਹੋ ਜਿਹੀ ਦਸਤਾਰ ਤੇ ਹੇਠ ਦਰਸ਼ਨੀ ਦਾੜਾ । ਸ਼ੁਕਰ ਪਾਤਸ਼ਾਹ ਬੜਾ ਸੁਲੱਗ ਹੈ, ਇਸ ਦੇ ਪੈਰੋਂ ਮੈਂ ਅੱਜ ਤੀਕ ਪਈ ਨਾ ਝੂਠੀ, ਇਸ ਕੀਤਾ ਕੰਮ ਕਦੇ ਨਾ ਮਾੜਾ । ਨੱਬੇ ਸਾਲ ਹੰਢਾ ਕੇ ਬੇਬੇ ਜਦ ਮੋਈ ਸੀ, ਪੂਰੇ ਪਿੰਡ ਵਿਚ ਗੱਲ ਹੋਈ ਸੀ । ਸਿਰ ਤੋਂ ਨੰਗੀ ਹੋ ਗਈ ਭਾਵੇਂ ਨਿੱਕੀ ਉਮਰੇ, ਪਰ ਨਾ ਉਸਦੀ ਚੁੰਨੀ ਉਤੇ, ਮਰਦੇ ਦਮ ਤੱਕ ਦਾਗ਼ ਕੋਈ ਸੀ । ਸੱਚੀ ਸੁੱਚੀ ਸਹੁੰ ਵਰਗੀ ਸੀ । ਕੱਲੀ ਵੀ ਉਹ ਚਹੁੰ ਵਰਗੀ ਸੀ। ਪਾਕ-ਪਵਿੱਤਰ ਥਾਂ ਵਰਗੀ ਸੀ । ਸੱਚਮੁੱਚ ਰੱਬ ਦੇ ਨਾਂ ਵਰਗੀ ਸੀ । ਪੁੱਤਰ ਨੂੰ ਵੀ ਇੰਝ ਲੱਗਾ ਸੀ, ਮਾਂ ਨਹੀਂ ਮੇਰਾ ਬਾਬਲ ਮੋਇਆ ।
ਬੇਬੇ ਤੁਰ ਗਈ
ਬੇਬੇ ਤੁਰ ਗਈ, ਇੰਝ ਲੱਗਾ ਜਿਉਂ ਘਰ ਦੇ ਕੰਮਕਾਰ ਨੇ ਮੁੱਕੇ । ਘਰ ਦੀਆਂ ਚੀਜ਼ਾਂ ਬੇ-ਤਰਤੀਬੀਆਂ ਹੋ ਗਈਆਂ ਨੇ । ਜ਼ਿੰਦਗੀ ਦੀ ਇਕ ਤਾਰ ਵਿਚਾਲਿਓਂ ਟੋਟੇ ਹੋਈ । ਬੇ-ਸੁਰ ਸਾਜ਼ ਵਜਾਵੇ ਕਿਹੜਾ । ਮਾਂ ਕਾਹਦੀ ਸੀ ਸੱਚ ਮੁੱਚ ਸੰਘਣੀ ਛਾਂ ਵਰਗੀ ਸੀ, ਸੁੱਚਮ ਸੁੱਚੜੇ ਥਾਂ ਵਰਗੀ ਸੀ । ਸਿਵਿਆਂ ਵਿਚੋਂ ਗੱਲਾਂ ਤੁਰ ਕੇ ਘਰ ਘਰ ਗਈਆਂ, ਦਸ ਦਿਨ ਮਗਰੋਂ ਭੋਗ ਪੈ ਗਿਆ, ਕਿਣਕਾ ਕਿਣਕਾ ਹੋ ਗਈ ਮਾਂ ਦੀ ਕਥਾ-ਕਹਾਣੀ । ਜਲ ਪਰਵਾਹੇ ਫੁੱਲਾਂ ਦੇ ਸੰਗ, ਕੀਰਤੀਆਂ ਦੇ ਮਾਲ ਖਜ਼ਾਨੇ, ਰੋੜ੍ਹ ਲੈ ਗਿਆ ਵਗਦਾ ਪਾਣੀ ।
ਅਯੁੱਧਿਆ
ਇਕ ਹਥੌੜਾ ਵੱਜਿਆ, ਤੇ ਰੱਬ ਤਿੜਕ ਗਿਆ ।
ਸਾਰੇ ਹੀ ਫੁੱਲ ਖਿੜਨ ਦਿਉ
ਜੇਕਰ ਨੇਰ੍ਹੇ ਦੇ ਵਿਚ ਵੱਸਦੇ, ਉੱਲੂ ਆਪਣੀ ਸੀਮਾ ਕਾਰਨ, ਜਾਂ ਫਿਰ ਆਪਣੀ ਹੀਣ ਭਾਵਨਾ ਸੂਝ ਉਡਾਰੀ-ਹੀਣ ਕਲਪਨਾ, ਸੂਰਜ ਚੜ੍ਹਦਾ ਵੇਖ ਵੇਖ ਕੇ, ਚਿੜਦੇ ਨੇ ਤਾਂ ਚਿੜਨ ਦਿਉ । ਆਪਣੀ ਸੋਚ ਮਹਾਨ ਸਮਝ ਕੇ, ਬੂਹੇ ਬੰਦ ਖਿੜਕੀਆਂ ਕਰਕੇ, ਖੂਹ ਦੇ ਡੱਡੂ ਕਿਉਂ ਬਣਦੇ ਹੋ ? ਬਾਹਰ ਨਿਕਲੋ, ਸਭ ਸੋਚਾਂ ਨੂੰ ਆਪਸ ਦੇ ਵਿਚ ਭਿੜਨ ਦਿਉ । ਤਾਜ਼ੀ ਪੌਣ ਨੂੰ ਬੰਨ੍ਹ ਮਾਰ ਕੇ, ਕਿਉਂ ਡੱਕਦੇ ਹੋ ਡਰ ਦੇ ਮਾਰੇ । ਵਗਦਾ ਪਾਣੀ ਜਿੱਧਰ ਜਾਂਦੈ, ਓਧਰ ਨੂੰ ਹੀ ਰਿੜ੍ਹਨ ਦਿਉ । ਧਰਤੀ ਤੇ ਇਹ ਬਾਗ਼ ਬਗੀਚਾ, ਜਿਵੇਂ ਕਿਸੇ ਮੁਟਿਆਰ ਦੇ ਸਿਰ । ਫੁਲਕਾਰੀ ਸੋਹੇ । ਵੰਨ ਸੁਵੰਨੀਆਂ ਵੇਲ ਬੂਟੀਆਂ, ਜ਼ਿੰਦਗੀ ਦੀ ਫੁਲਵਾੜੀ ਅੰਦਰ, ਸਾਰੇ ਹੀ ਫੁੱਲ ਖਿੜਨ ਦਿਉ ।
ਅੱਖਰ ਸ਼ਿਲਪੀ
ਉੱਨੀਵੀਂ ਸਦੀ ਦੇ ਅੰਤ ਸਮੇਂ ਦੀ ਬਾਤ ਸੁਣਾਵਾਂ। ਮਿਹਨਤ ਅਤੇ ਮੁਸ਼ੱਕਤ ਕਰਕੇ ਰੋਟੀ ਖਾਂਦੇ, ਮਿਸਤਰੀਆਂ ਦੇ ਇੱਕ ਮੁੰਡੇ ਦਾ, ਨਾਂ ਤਾਂ ਭਾਵੇਂ ਨੂਰਦੀਨ* ਸੀ। ਪਰ ਅੱਜ ਉਸ ਦਾ ਪਤਾ ਟਿਕਾਣਾ, ਨੇਰ੍ਹੇ ਵਿਚ ਗੁਆਚ ਗਿਆ ਹੈ। ਅੰਮ੍ਰਿਤਸਰ ਦਾ ਜੰਮਿਆ ਜਾਇਆ, ਜਾਂ ਫਿਰ ਲਾਗੇ ਕੋਈ ਪਿੰਡ ਸੀ, ਇਸ ਦਾ ਮੈਨੂੰ ਇਲਮ ਨਹੀਂ ਹੈ। ਲੋਕੀਂ ਆਖਣ ਸ਼ਹਿਰ ਕਮਾਈਆਂ, ਕਰਨ ਦੀ ਖ਼ਾਤਰ ਆਇਆ ਹੋਣੈਂ। ਰਹੇ ਠੋਕਦਾ ਮੰਜੀਆਂ ਪੀੜ੍ਹੇ, ਜਾਂ ਫਿਰ ਘੜਦਾ ਗੱਡ ਗਡੀਰੇ। ਰੰਗ ਬਰੰਗੀਆਂ ਚਰਖ਼ੜੀਆਂ ਤੇ ਪੀਲ ਪੰਘੂੜੇ। ਲੱਕੜੀ ਦੇ ਵਿਚ ਜਿੰਦ ਧੜਕਾਉਂਦਾ। ਚਿੱਤਰਕਾਰ ਤੋਂ ਕਿਤੇ ਚੰਗੇਰਾ। ਰੱਬ ਦੇ ਜਿੱਡਾ ਉੱਚ ਉਚੇਰਾ। ਰੰਗਾਂ ਤੋਂ ਬਿਨ ਲੱਕੜੀ ਉੱਤੇ, ਵੇਲਾਂ, ਪੱਤੇ, ਬੂਟੀਆ ਪਾਉਂਦਾ। ਉਸ ਦੀ ਹਸਤ ਕਲਾ ਨੂੰ ਸਿਜਦਾ ਹਰ ਕੋਈ ਕਰਦਾ, ਜੋ ਵੀ ਉਸ ਦੇ ਨੇੜੇ ਆਉਂਦਾ। ਨੂਰਦੀਨ ਨੂੰ ਉਸ ਵੇਲੇ ਦੇ ਦਾਨਿਸ਼ਮੰਦਾਂ ਹਿੱਕ ਨਾਲ ਲਾਇਆ। ਇਹ ਸਮਝਾਇਆ। ਗੱਡ ਗਡੀਰੇ ਚਰਖ਼ੜੀਆਂ ਤੇ ਪੀਲ ਪੰਘੂੜੇ, ਘੜਨੇ ਛੱਡ ਦੇ। ਇਹ ਕੰਮ ਤੇਰੀ ਥਾਂ ਤੇ ਕੋਈ ਵੀ ਕਰ ਸਕਦਾ ਹੈ। ਤੇਰੇ ਕਰਨ ਦੀ ਖ਼ਾਤਰ ਕਾਰਜ ਵੱਡੇ ਵੱਡੇ। ਕਹਿਣ ਸਿਆਣੇ ਓਦੋਂ ਤੀਕ ਮੋਤੀਆਂ ਵਰਗੇ, ਲਿਸ਼ ਲਿਸ਼ਕੰਦੜੇ ਬੋਲ ਗੁਰਮੁਖੀ, ਕੇਵਲ ਪੱਥਰ ਛਾਪੇ ਵਿਚ ਸਨ। ਵਜ਼ੀਰ ਸਿੰਘ ਦੇ ਛਾਪੇਖ਼ਾਨੇ, ਨੂਰਦੀਨ ਨੇ ਡੇਰਾ ਲਾਇਆ। ਲੱਕੜੀ ਦੇ ਵਿਚ ਆਪਣੀ ਸੁਹਜ ਸਿਰਜਣਾ ਭਰ ਕੇ, ਊੜੇ ਐੜੇ ਕੋਲੋਂ ਤੁਰ ਕੇ, ਸੱਸੇ ਪੈਰੀਂ ਬਿੰਦੀ ਤੀਕਰ ਜਿੰਦ ਧੜਕਾਈ। ਸਾਰੀ ਖ਼ਲਕਤ ਵੇਖਣ ਆਈ। ਨੂਰਦੀਨ ਨੂੰ ਇਸ ਗੱਲ ਦਾ ਵੀ ਇਲਮ ਨਹੀਂ ਸੀ। ਮੈਂ ਤਾਂ ਇਸ ਪੰਜਾਬ ਵਿਚ ਵੱਸਦੇ ਲੋਕਾਂ ਖ਼ਾਤਰ, ਵਰਕਾ ਇੱਕ ਇਤਿਹਾਸ ਦਾ ਲਿਖਿਆ। ਨੂਰਦੀਨ ਦਾ ਨੂਰ ਜਦੋਂ ਸ਼ਬਦਾਂ ਵਿਚ ਢਲਿਆ, ਹਰ ਪੰਜਾਬੀ ਦੇ ਮੱਥੇ ਵਿਚ ਸੂਰਜ ਬਲਿਆ। ਸਾਰੇ ਅੱਖਰ ਲੱਕੜੀ ਤੋਂ ਸਿੱਕੇ ਵਿਚ ਢਲ ਗਏ। ਪਾਠ ਪੁਸਤਕਾਂ ਧਰਮ ਗ੍ਰੰਥਾਂ ਤੇ ਹਰ ਥਾਵੇਂ, ਇੱਕ ਨਹੀਂ ਕਈ ਲੱਖ ਕਰੋੜਾਂ ਇਕਦਮ ਸੂਹੇ ਸੂਰਜ ਬਲ ਗਏ । ਨੂਰਦੀਨ ਦਾ ਅਤਾ ਪਤਾ ਜਾਂ ਥਾਂ ਸਿਰਨਾਵਾਂ। ਜਾਂ ਉਸ ਦੇ ਪਿੰਡ ਦਾ ਕੋਈ ਮੱਧਮ ਪਰਛਾਵਾਂ, ਸਾਨੂੰ ਅੱਜ ਕੁਝ ਯਾਦ ਨਹੀਂ ਹੈ। ਉਸਦੀ ਘਾਲ ਕਮਾਈ ਚਿੱਤ ਨਾ ਚੇਤੇ ਕੋਈ। ਪਰ ਇਹ ਪਹਿਲੀ ਵਾਰ ਨਾ ਹੋਈ। ਨੀਂਹ ਵਿਚ ਪਈਆਂ ਇੱਟਾਂ ਦੱਸੋ ਕੌਣ ਫੋਲਦੈ । ਨੂਰਦੀਨ ਤਾਂ ਵੱਡੇ ਘਰ ਦੇ ਵੱਡੇ ਛਾਪੇਖਾਨੇ ਅੰਦਰ, ਇਕ ਅਦਨਾ ਜਿਹਾ ਨਿੱਕਾ ਨੌਕਰ। ਜਿਵੇਂ ਕਿਸੇ ਘਰ ਅੰਦਰ ਸਾਰਾ ਕੂੜਾ ਹੂੰਝੇ, ਮਗਰੋਂ ਨੁੱਕਰੇ ਟਿਕ ਜਾਂਦੀ ਹੈ ਤੀਲ ਦੀ ਬੌਕਰ। ਜਿੰਨ੍ਹਾਂ ਦਿਨਾਂ 'ਚ ਨੂਰਦੀਨ ਨੇ, ਅੱਖਰਾਂ ਦੇ ਵਿਚ ਜਿੰਦ ਧੜਕਾਈ। ਓਦੋਂ ਹਾਲੇ ਬੰਦਾ ਕੇਵਲ ਬੰਦਾ ਹੀ ਸੀ, ਨਹੀਂ ਸੀ ਬਣਿਆ ਜ਼ਹਿਰੀ ਕੀੜਾ, ਹਿੰਦੂ ਮੁਸਲਿਮ ਸਿੱਖ ਈਸਾਈ। ਧਰਮ ਨਸਲ ਦੀ ਦੁਰਵਰਤੋਂ ਦਾ, ਹਾਲੇ ਤੇਜ਼ ਬੁਖ਼ਾਰ ਨਹੀਂ ਸੀ। ਕਈ ਵਾਰੀ ਤਾਂ ਇਉਂ ਲੱਗਦਾ ਹੈ, ਮੀਆਂ ਮੀਰ ਫ਼ਕੀਰ ਦੇ ਵਾਂਗੂੰ, ਨੂਰਦੀਨ ਨੇ ਆਪਣਾ ਸੂਹਾ ਖੂਨ ਬਾਲ ਕੇ, ਸਾਡਾ ਘਰ ਵਿਹੜਾ ਰੁਸ਼ਨਾਇਆ। ਕੁੱਲ ਧਰਤੀ ਦੀ ਦਾਨਿਸ਼ ਨੂੰ ਜਾਮਾ ਪਹਿਨਾਇਆ। ਨੂਰਦੀਨ ਨੂੰ ਅੱਜ ਤੋਂ ਪਹਿਲਾਂ, ਨਾ ਮੈਂ ਜਾਣਾਂ ਨਾ ਪਹਿਚਾਣਾਂ। ਪਰ ਅੱਜ ਮੇਰੀ ਹਾਲਤ ਵੇਖੋ, ਜਿਹੜਾ ਅੱਖਰ ਵੀ ਪੜ੍ਹਦਾ ਹਾਂ। ਹਰ ਅੱਖਰ ਦੇ ਹਰ ਹਿੱਸੇ ਚੋਂ, ਨੂਰੀ ਮੱਥੇ ਵਾਲਾ ਸੂਰਜ, ਨੂਰਦੀਨ ਹੀ ਨੂਰਦੀਨ ਬੱਸ ਚਮਕ ਰਿਹਾ ਹੈ। ਭਾਵੇਂ ਬੁਝਿਆ ਨਿੱਕੀ ਉਮਰੇ, ਅੱਜ ਤੀਕਣ ਵੀ ਸਰਬ ਕਿਤਾਬਾਂ ਦੇ ਵਿਚ ਢਲ ਕੇ, ਚੰਦਰਮਾ ਜਿਓਂ ਦਮਕ ਰਿਹਾ ਹੈ। *ਨੂਰਦੀਨ ਗੁਰਮੁਖੀ ਵਰਣਮਾਲਾ ਨੂੰ ਪੱਥਰ ਛਾਪੇ ਤੋਂ ਬਾਅਦ ਲੱਕੜ ਵਿਚੋਂ ਘੜ ਕੇ ਟਾਈਪ ਫੌਂਟ ਲਈ ਪੈਟਰਨ ਤਿਆਰ ਕਰਨ ਵਾਲਾ ਪਹਿਲਾ ਕਾਰੀਗਰ । ਇਸ ਤੋਂ ਮਗਰੋਂ ਲਾਲਾ ਧਨੀ ਰਾਮ ਚਾਤ੍ਰਿਕ ਅਤੇ ਲਾਲਾ ਗੰਡਾ ਮੱਲ ਨੇ ਗੁਰਮੁਖੀ ਛਾਪੇਖਾਨੇ ਲਈ ਸਿੱਕੇ ਦੇ ਅੱਖਰ ਪ੍ਰਚਲਿਤ ਕੀਤੇ।
ਗ਼ਜ਼ਲ
ਉੱਪਰੋਂ ਲੰਘਣ ਕਾਫ਼ਲੇ ਤੇ ਹੇਠ ਵਗੇ ਦਰਿਆ । ਪਾਣੀ ਕੰਢੇ ਬੈਠ ਕੇ ਮੈਂ ਤੈਨੂੰ ਚਿਤਵ ਰਿਹਾ । ਤੈਨੂੰ ਚੇਤੇ ਕਰਦਿਆਂ ਮੈਂ ਠਰਦਾ ਠਰ ਗਿਆ, ਹੁਣ ਸੂਰਜ ਟਿੱਕੀ ਚੜ੍ਹਦਿਆਂ ਅੱਗ ਦਾ ਗੀਤ ਸੁਣਾ । ਬੀਤੀ ਰਾਤ ਵਿਯੋਗ ਦੀ ਹੈ ਤਾਰੇ ਗਿਣ ਗਿਣ ਕੇ, ਅੱਖੀਆਂ ਤਰਸਣ ਦੀਦ ਨੂੰ ਤੂੰ ਸੁਪਨਾ ਬਣ ਕੇ ਆ । ਡਾਰੋਂ ਵਿੱਛੜੀ ਕੂੰਜ ਦੀ ਆਉਂਦੀ ਹੈ ਇੰਵ ਹੂਕ, ਚੰਦ ਚਕੋਰੀ ਲੱਭਦੀ ਅੰਬਰ ਵਿਚ ਤਾਰੀ ਲਾ । ਐਵੇਂ ਹੈ ਫੁੰਕਾਰਦਾ ਪਰ ਨਹੀਂ ਮਾਰਦਾ ਡੰਗ, ਯਾਦ ਤੇਰੀ ਦੇ ਵਾਂਗਰਾਂ ਵਿਸ਼ੀਅਰ ਨਾਗ ਜਿਹਾ । ਸੜਕ ਕਿਨਾਰੇ ਸੁੱਕ ਰਿਹਾ ਮੁੱਕਦਾ ਮੁੱਕਦਾ ਮੁੱਕ ਰਿਹਾ, ਬਿਰਖ ਨਿਪੱਤਰਾ ਜਾਪਦਾ ਮੇਰਾ ਧਰਮ ਭਰਾ । ਪਹਿਲ ਪਲੇਠੀ ਪ੍ਰੀਤ ਦਾ ਇਹ ਅਣਗਾਇਆ ਗੀਤ, ਛੇਕਾਂ ਵਿੰਨ੍ਹੀ ਬੰਸਰੀ ਤੂੰ ਆਪਣੇ ਹੋਠ ਛੁਹਾ ।
ਗ਼ਜ਼ਲ
ਘੁੰਮਣ ਘੇਰ ਜਹਾਨ ਦੇ । ਦੁਸ਼ਮਣ ਬਣ ਗੇ ਜਾਨ ਦੇ । ਹੈਂਕੜ ਮਿਰਜ਼ਾ ਮਾਰਿਆ, ਸਾਹਵੇਂ ਤੀਰ ਕਮਾਨ ਦੇ । ਧੂੰਏਂ ਬੱਦਲ ਵਾਂਗ ਨੇ, ਭਰਮ ਭੁਲੇਖੇ ਸ਼ਾਨ ਦੇ । ਸ਼ਹਿਰਾਂ ਵਿਚ ਗੁਆਚ ਨਾ, ਪੰਛੀ ਬੀਆਬਾਨ ਦੇ । ਤੂੰ ਕਿਸਮਤ ਨੂੰ ਕੋਸ ਨਾ, ਸਭ ਕੁਝ ਵੱਸ ਇਨਸਾਨ ਦੇ । ਅੰਨ੍ਹੀ ਸੁਰੰਗ ’ਚ ਵੱਸਦੇ, ਚੇਲੇ ਸਭ ਭਗਵਾਨ ਦੇ । ਅੰਬਰੀਂ ਧੂੜਾਂ ਉੱਠੀਆਂ, ਹਨ ਆਸਾਰ ਤੂਫ਼ਾਨ ਦੇ ।
ਗ਼ਜ਼ਲ
ਦਿੱਲੀ ਦਿਲ ਤੋਂ ਦੂਰ ਖੜ੍ਹੀ ਹੈ। ਤਾਹੀਓਂ ਦਿੱਲੀ ਦੂਰ ਬੜੀ ਹੈ । ਮਾਂ ਪਿਉ ਜਾਏ ਮਾਰ ਮੁਕਾਏ, ਇਹ ਕਿੱਧਰਲੀ ਜੰਗ ਲੜੀ ਹੈ । ਡਰਦੀ ਵਾਜ ਨਾ ਸੰਘੋ ਨਿਕਲੇ, ਹਰ ਬੂਹੇ ਤੇ ਮੌਤ ਖੜੀ ਹੈ । ਲੱਗੇ ਬੋਹਲ ਉਡਾ ਨਾ ਦੇਵੇ, ਲਹਿੰਦੀ ਗੁੱਠੇ ਧੂੜ ਚੜ੍ਹੀ ਹੈ । ਟੁੱਟ ਗਈ ਤਾਂ ਫਿਰ ਨਾ ਜੁੜਨੀ, ਨਾ ਤੋੜੋ ਇਹ ਅਹਿਮ ਕੜੀ ਹੈ । ਕਿੱਥੇ ਪੈਰ ਧਰੋਗੇ ਏਥੇ, ਚਹੁੰ ਗਿੱਠਾਂ ਤੇ ਫੇਰ ਮੜ੍ਹੀ ਹੈ । ਸੂਈਆਂ ਪਿੱਛੇ ਘੁੰਮੀ ਜਾਵਣ, ਮੇਰੇ ਗੁੱਟ ਤੇ ਅਜਬ ਘੜੀ ਹੈ । ਵੇਖੀਂ ਇਸ ਤੇ ਛੱਤ ਨਾ ਪਾਈਂ, ਗੱਤੇ ਦੀ ਦੀਵਾਰ ਖੜੀ ਹੈ ।
ਗ਼ਜ਼ਲ
ਜ਼ਿੰਦਗੀ ਵਿਚ ਮੁਸ਼ਕਲਾਂ ਦੁਸ਼ਵਾਰੀਆਂ । ਲੱਗਦੀਆਂ ਨੇ ਪਰਬਤਾਂ ਤੋਂ ਭਾਰੀਆਂ । ਵੇਖ ਲੈ ਮਾਰੂਥਲਾਂ ਵਿਚ ਘਿਰ ਗਿਆ, ਜੋ ਲਗਾਉਂਦਾ ਸੀ ਹਵਾ ਵਿਚ ਤਾਰੀਆਂ । ਠੋਕਰਾਂ ਨੇ ਪੱਥਰਾਂ ਨੂੰ ਭੋਰਿਆ, ਤੋੜ ਬੈਠੇ ਧਰਤ ਨਾਲੋਂ ਯਾਰੀਆਂ । ਮਰਮਰੀ ਬੁੱਤ ਬੋਲਿਆ ਨਾ ਚਾਲਿਆ, ਮੈਂ ਤਾਂ ਉਸਨੂੰ ਬਹੁਤ ਵਾਜ਼ਾਂ ਮਾਰੀਆਂ । ਮਨ ਦਾ ਪੰਛੀ ਖੰਭ ਹੀਣਾ ਹੋ ਗਿਆ, ਚਾਰ ਪਾਸੇ ਬੈਠੀਆਂ ਲਾਚਾਰੀਆਂ । ਜ਼ਹਿਰ ਤਾਂ ਸਾਰੀ ਹਵਾ ਵਿਚ ਘੁਲ ਗਈ, ਕੀ ਕਰੇਂਗਾ ਲਾ ਕੇ ਪਹਿਰੇਦਾਰੀਆਂ । ਆਉਣ ਦੇ ਤਾਜ਼ਾ ਹਵਾ ਨੂੰ ਆਉਣ ਦੇ, ਖੋਲ੍ਹ ਦੇ ਤੂੰ ਸਾਰੇ ਬੂਹੇ ਬਾਰੀਆਂ ।
ਗ਼ਜ਼ਲ
ਹਾਲ ਮੁਰੀਦਾਂ ਕਿਸ ਨੂੰ ਕਹੀਏ । ਮਿੱਤਰਾਂ ਤੋਂ ਨਿੱਤ ਧੋਖੇ ਸਹੀਏ । ਇਕੋ ਥਾਂ ਤੇ ਘੁੰਮੀ ਜਾਂਦੇ, ਇਸ ਜੀਵਨ ਦੇ ਚਾਰੇ ਪਹੀਏ । ਆਪ ਖਿਲਾਰੇ ਕੰਡੇ ਚੁਗੀਏ, ਆਉ ਸਾਰੇ ਰਲ ਕੇ ਡਹੀਏ । ਇਹ ਜੀਵਨ ਹੈ ਚਾਰ ਦਿਹਾੜੇ, ਸਭ ਦੀ ਸੁਣੀਏ ਸਭ ਨੂੰ ਕਹੀਏ । ਇਨਸਾਨਾਂ ਦੀ ਜੂਨ ਪਏ ਹਾਂ, ਪਸ਼ੂਆਂ ਵਾਂਗੂੰ ਕਾਹਨੂੰ ਖਹੀਏ । ਨਜ਼ਰਾਂ ਤੋਂ ਨਾ ਗਿਰੀਏ ਯਾਰੋ, ਇਕ ਦੂਜੇ ਦੇ ਦਿਲ ਵਿਚ ਲਹੀਏ । ਤੇਜ਼ ਹਨੇਰ੍ਹੀ ਉੱਡ ਜਾਵਾਂਗੇ, ਕੱਠੇ ਹੋ ਕੇ ਇਕ ਥਾਂ ਬਹੀਏ ।
ਗ਼ਜ਼ਲ
ਗੁਆਚਾ ਫਿਰ ਰਿਹਾਂ ਦੱਸੋ ਮੇਰਾ ਘਰ ਬਾਰ ਕਿੱਥੇ ਹੈ ? ਮੈਂ ਜਿਸ ਤੋਂ ਨਿਖੜਿਆਂ ਉਹ ਪੰਛੀਆਂ ਦੀ ਡਾਰ ਕਿੱਥੇ ਹੈ ? ਮੈਂ ਗੂੜ੍ਹੀ ਨੀਂਦ ਵਿਚੋਂ ਜਾਗਿਆਂ ਮੈਨੂੰ ਵਿਖਾਓ ਤਾਂ, ਮੈਂ ਜਿਹੜਾ ਸੁਪਨਿਆਂ ਵਿਚ ਸਾਜਿਆ ਸੰਸਾਰ ਕਿੱਥੇ ਹੈ ? ਭਰਾਓ ਮੈਂ ਪੰਜਾਬੀ ਹਾਂ ਮੈਂ ਨਾਨਕ ਦਾ ਰਬਾਬੀ ਹਾਂ, ਲਿਆਓ ਜੋੜ ਕੇ ਦੇਵਾਂ ਉਹ ਟੁੱਟੀ ਤਾਰ ਕਿੱਥੇ ਹੈ ? ਤੁਸੀਂ ਜਿਸ ਤੇ ਚੜ੍ਹਾਉਣਾ ਸੀ ਤੇ ਉਸਨੇ ਮੁਸਕਰਾਉਣਾ ਸੀ, ਮਸੀਹਾ ਲੱਭਦਾ ਫਿਰਦੈ ਭਲਾ ਉਹ ਦਾਰ ਕਿੱਥੇ ਹੈ ? ਮੈਂ ਜਿਸ ਦੇ ਨਾਲ ਪੰਜ ਸਦੀਆਂ ਹੰਢਾਈਆਂ ਧੁੱਪ ਛਾਂ ਬਣ ਕੇ, ਮੇਰਾ ਨਾਨਕ ਨਾ ਖੋਹਵੋ ਦੱਸੋ ਮੇਰਾ ਯਾਰ ਕਿੱਥੇ ਹੈ ? ਇਹ ਮੇਰਾ ਸਾਜ਼ ਹੈ ਆਵਾਜ਼ ਹੈ ਪਰਵਾਜ਼ ਵੀ ਵੇਖੋ, ਤੇ ਫਿਰ ਦੱਸੋ ਕਿ ਇਸ ਤੋਂ ਵਧ ਖਰਾ ਹਥਿਆਰ ਕਿੱਥੇ ਹੈ ? ਮੈਂ ਮੋਏ ਪੁੱਤਰਾਂ ਨੂੰ ਗਿਣਦਿਆਂ ਖੂੰਖਾਰ ਨਾ ਬਣ ਜਾਂ, ਲਿਆਉ ਪਾੜ ਦੇਵਾਂ ਅੱਜ ਦਾ ਅਖਬਾਰ ਕਿੱਥੇ ਹੈ ? ਮੈਂ ਕਿੱਧਰ ਜਾ ਰਿਹਾਂ ਵੇਖੋ ਮੇਰਾ ਅਗਲਾ ਪੜਾਅ ਕਿੱਥੇ, ਭਟਕਦੀ ਰੂਹ ਦਾ ਇਸ ਯੁਗ 'ਚ ਇਤਬਾਰ ਕਿੱਥੇ ਹੈ ?
ਗ਼ਜ਼ਲ
ਰੂਹ ਦੀ ਪਿਆਸ ਮਿਟਾਵਣ ਖਾਤਰ ਪੁੱਠੇ ਖੂਹ ਨਹੀਂ ਗੇੜੀਦੇ । ਵਗਦੀ ਨੈਂ ’ਚੋਂ ਪਾਣੀ ਪੀਂਦੇ ਮਿਰਗ ਕਦੇ ਨਹੀਂ ਛੇੜੀਦੇ । ਯਾਦਾਂ ਦਾ ਇਕ ਝੁਰਮਟ ਤੈਨੂੰ ਘੇਰੂ ਸੁੱਤਿਆਂ ਜਾਗਦਿਆਂ, ਮਹਿਮਾਨਾਂ ਤੋਂ ਡਰ ਕੇ ਐਵੇਂ ਘਰ ਦੇ ਦਰ ਨਹੀਂ ਭੇੜੀਦੇ । ਗਮਲੇ ਵਿਚੋਂ ਨਿਕਲੀ ਜੜ ਨੇ ਇਹ ਮਾਲੀ ਨੂੰ ਆਪ ਕਿਹਾ, ਬੇਕਦਰਾਂ ਦੇ ਪੱਕੇ ਵਿਹੜੇ ਅੰਦਰ ਫੁੱਲ ਨਹੀਂ ਖੇੜੀਦੇ । ਉਹ ਤਾਂ ਦਿਲ ਵਿਚ ਸੋਚ ਤੁਰੀ ਸੀ ਪਾਰ ਲੰਘਾਊਂ ਰਾਹੀਆਂ ਨੂੰ, ਸਣੇ ਮਲਾਹਾਂ ਡੁੱਬ ਗਏ ਸੁਫ਼ਨੇ ਅੱਧ ਵਿਚਾਲੇ ਬੇੜੀ ਦੇ । ਤੂੰ ਤਾਂ ਏਸ ਚੌਰਾਹੇ ਦੇ ਵਿਚ ਬੰਨ੍ਹ ਪੰਚਾਇਤਾਂ ਬੈਠ ਗਿਐਂ, ਮਨ ਦੇ ਰੌਲੇ ਭੀੜ ’ਚ ਬਹਿ ਕੇ ਏਦਾਂ ਨਹੀਂ ਨਿਬੇੜੀਦੇ । ਦੁੱਖ ਤੇ ਸੁਖ ਦੇ ਦੋਵੇਂ ਪਹੀਏ ਕੱਠੇ ਹੋ ਕੇ ਰਿੜ੍ਹਦੇ ਨੇ, ਸੁਖ ਸੁਖ ਤੇਰਾ ਦੁੱਖ ਦੁੱਖ ਮੇਰਾ ਏਦਾਂ ਨਹੀਂ ਨਿਖੇੜੀਦੇ । ਧਰਤੀ ਉੱਪਰ ਲੀਕਾਂ ਵਾਹ ਕੇ ਦੱਸ ਨਫ਼ਾ ਕੀ ਖੱਟਿਆ ਹੈ, ਇਕੋ ਮਾਂ ਦੇ ਜੰਮੇ ਜਾਏ ਐਦਾਂ ਨਹੀਂ ਤਰੇੜੀਦੇ ।
ਗ਼ਜ਼ਲ
ਅੱਖਾਂ ਵਿੱਚੋਂ ਨੀਂਦਰਾਂ ਤੇ ਖ਼ ਵਾਬ ਰੁੱਸ 'ਗੇ ਨੇ । ਮਨ ਦੇ ਬਗੀਚੇ 'ਚੋਂ ਗੁਲਾਬ ਰੁੱਸ ਗੇ ਨੇ । ਕਿੱਥੇ ਗਈਆਂ ਰੌਣਕਾਂ ਨਾ ਮੈਥੋਂ ਪੁੱਛੋ ਲੋਕੋ, ਜਾਣਦੇ ਨਹੀਂ ਮੇਰੇ ਤਾਂ ਜਨਾਬ ਰੁੱਸ ਗੇ ਨੇ । ਫੇਰ ਕਦੋਂ ਆਵੇਂਗਾ ਇਹ ਪੁੱਛਦਾ ਹੈ ਪਿੰਡ, ਸ਼ਹਿਰ ਵਿਚ ਰਹਿੰਦਿਆਂ ਜਵਾਬ ਰੁੱਸ ਗੇ ਨੇ । ਰਾਵੀ ਤੇ ਬਿਆਸ ਮੈਨੂੰ ਵਾਰ ਵਾਰ ਪੁੱਛੇ, ਕਿਹੜੀ ਗੱਲੋਂ ਦੋਵੇਂ ਹੀ ਪੰਜਾਬ ਰੁੱਸ ਗੇ ਨੇ । ਪੱਛਮੀ ਸੰਗੀਤ ਦੇ ਤੰਬੂਰਿਆਂ ਤੋਂ ਸਹਿਮੇ, ਤੂੰਬੀ ਵਾਲੀ ਤਾਰ ਤੇ ਰਬਾਬ ਰੁੱਸ ਗੇ ਨੇ । ਮੰਨਿਆ ਹਕੂਮਤਾਂ ਦਾ ਆਪੋ ਵਿਚ ਵੈਰ, ਤੇਰੇ ਕਾਹਤੋਂ ਵੀਰਨਾ ਆਦਾਬ ਰੁੱਸ ਗੇ ਨੇ । ਵੰਝਲੀ ਨੂੰ ਪੁੱਛ ਮੀਆਂ ਰਾਂਝਿਆ, ਭਰਾਵਾ, ਕਿਹੜੀ ਗੱਲੋਂ ਜੇਹਲਮ ਚਨਾਬ ਰੁੱਸ ਗੇ ਨੇ ।
ਗ਼ਜ਼ਲ
ਪੱਤਝੜ ਮਗਰੋਂ ਕੋਮਲ ਪੱਤਿਆਂ ਆਉਂਦੇ ਰਹਿਣਾ ਹੈ । ਭਰੇਂ ਹੁੰਗਾਰਾ ਜਾਂ ਨਾਂਹ ਮੈਂ ਤਾਂ ਗਾਉਂਦੇ ਰਹਿਣਾ ਹੈ । ਪੰਛੀਆਂ ਦੀ ਇਕ ਡਾਰ ਦੋਮੇਲ ਨੂੰ ਛੋਹ ਕੇ ਗੁਜ਼ਰ ਗਈ, ਮੈਂ ਵੀ ਮਗਰੇ ਅੰਬਰੀਂ ਤਾਰੀਆਂ ਲਾਉਂਦੇ ਰਹਿਣਾ ਹੈ । ਪਥਰੀਲੀ ਦੀਵਾਰ ਹੁੰਗਾਰਾ ਭਰਨਾ ਨਹੀਂ ਭਾਵੇਂ, ਮੈਂ ਤਾਂ ਇਸਨੂੰ ਆਪਣੀ ਬਾਤ ਸੁਣਾਉਂਦੇ ਰਹਿਣਾ ਹੈ । ਚੁੱਪ ਦਾ ਜੰਦਰਾ ਤੋੜੇਂ ਜਾਂ ਨਾ ਤੋੜੇਂ ਮੌਜ ਤੇਰੀ, ਹਰ ਮੌਸਮ ਵਿਚ ਤੇਰਾ ਦਰ ਖੜਕਾਉਂਦੇ ਰਹਿਣਾ ਹੈ । ਕੱਲ ਮੁਕੱਲੇ ਰੁੱਖ ਦੀ ਹੋਂਦ ਕਬੂਲ ਨਹੀਂ ਮੈਨੂੰ, ਜੰਗਲ ਨੂੰ ਮੈਂ ਆਪਣੇ ਗੀਤ ਸੁਣਾਉਂਦੇ ਰਹਿਣਾ ਹੈ । ਤੇਰੇ ਦਿੱਤੇ ਦੁੱਖ ਦਾ ਮੈਂ ਸਨਮਾਨ ਕਰਾਂਗਾ ਇੰਵ, ਸੂਲੀ ਉੱਤੇ ਚੜ੍ਹ ਕੇ ਵੀ ਮੁਸਕਾਉਂਦੇ ਰਹਿਣਾ ਹੈ । ਮੈਂ ਕਿਸ ਖਾਤਰ ਚੋਗ ਚੁਗਾਵਾਂ ਉੱਡਣ ਹਾਰੇ ਨੂੰ, ਜਿਸ ਨੇ ਮੇਰੀ ਜਿੰਦ ਨੂੰ ਰੋਜ਼ ਸਤਾਉਂਦੇ ਰਹਿਣਾ ਹੈ ।
ਗ਼ਜ਼ਲ
ਹੱਸ ਨਾ ਸਕੀਏ ਰੋ ਨਾ ਹੋਵੇ । ਕਲਿਆਂ ਹੋਰ ਖਲੋ ਨਾ ਹੋਵੇ । ਜੋ ਮਨ ਦਾ ਸ਼ੀਸ਼ਾ ਮੈਲ ਕੁਚੈਲਾ, ਚਾਹੀਏ ਵੀ ਪਰ ਧੋ ਨਾ ਹੋਵੇ । ਧਰਤ ਹਵਾ ਤੇ ਪਾਣੀ ਗੰਧਲੇ, ਇਸ ਤੋਂ ਵੱਧ ਧਰੋਹ ਨਾ ਹੋਵੇ । ਅੱਥਰੂਆਂ ਦੇ ਪਾਣੀ ਤੋਂ ਬਿਨ, ਦਾਗ਼ ਪਾਪ ਦਾ ਧੋ ਨਾ ਹੋਵੇ । ਉਹਨਾਂ ਨੂੰ ਮੈਂ ਫੁੱਲ ਨਹੀਂ ਮੰਨਦਾ, ਜਿਨ੍ਹਾਂ ਵਿਚ ਖੁਸ਼ਬੋ ਨਾ ਹੋਵੇ । ਫੁੱਲ ਤਾਂ ਮੇਰਾ ਪੁੱਤਰ ਮੈਥੋਂ, ਸੂਈ ਵਿਚ ਪਰੋ ਨਾ ਹੋਵੇ ।
ਗ਼ਜ਼ਲ
ਬੁੱਕਲ ਵਿਚ ਸਮੋ ਲਿਆ ਭਾਵੇਂ ਮੈਂ ਸਾਰਾ ਬ੍ਰਹਿਮੰਡ ਓ ਯਾਰ । ਤੇਰੀ ਇਕ ਗਲਵੱਕੜੀ ਬਾਝੋਂ ਨਹੀਓਂ ਪੈਂਦੀ ਠੰਡ ਓ ਯਾਰ । ਮੇਰੇ ਮਨ ਤੋਂ ਭਾਰ ਤੂੰ ਲਾਹ ਦੇ ਕੁਝ ਪਲ ਮੇਰੇ ਕੋਲ ਖਲੋ, ਕੱਲੇ ਤੋਂ ਨਹੀਂ ਚੁੱਕੀ ਜਾਂਦੀ ਇਕਲਾਪੇ ਦੀ ਪੰਡ ਓ ਯਾਰ । ਤੂੰ ਤੁਰ ਜਾਵੇਂ ਕੌੜ ਕੁਸੈਲੀਆਂ ਯਾਦਾਂ ਖੌਰੂ ਪਾਉਂਦੀਆਂ ਨੇ, ਤੂੰ ਮਿਲ ਜਾਵੇਂ ਤਾਂ ਸਾਹਾਂ ਵਿਚ ਘੁਲ ਜਾਂਦੀ ਹੈ ਖੰਡ ਓ ਯਾਰ । ਘੁੱਗੀਆਂ ਮੋਰ ਦਸੂਤੀ ਚਾਦਰ ਉਤੇ ਬੈਠੇ ਆਖ ਰਹੇ, ਤਰਸ ਤਰਸ ਕੇ ਤੇਰੀ ਛੋਹ ਨੂੰ ਐਵੇਂ ਚੱਲੇ ਹੰਢ ਓ ਯਾਰ । ਉੱਜਲੇ ਤਨ ਵਿਚ ਮਨ ਦਾ ਮੈਲਾ ਸ਼ੀਸ਼ਾ ਮੈਨੂੰ ਕਹਿੰਦਾ ਹੈ, ਜਾਂ ਤਾਂ ਮੈਨੂੰ ਟੋਟੇ ਕਰ ਦੇ ਜਾਂ ਨਾ ਐਵੇਂ ਭੰਡ ਓ ਯਾਰ । ਕੰਧ ਓਹਲੇ ਦੇਸ ਭਰਾਓ ਏਸ ਤਰ੍ਹਾਂ ਹੀ ਬਣ ਜਾਵੇ, ਹੌਲੀ ਹੌਲੀ ਬੱਝਦੀ ਹੈ ਜਦ ਮਨ ਦੇ ਅੰਦਰ ਗੰਢ ਓ ਯਾਰ । ਇਕੋ ਮਾਂ ਦੀ ਛਾਤੀ ਚੁੰਘਦੇ ਵੀਰਾਂ ਦੇ ਵਿਚਕਾਰ ਲਕੀਰ, ਮਾਂ ਦੀ ਮਮਤਾ ਫੀਤਾ ਫੜ ਕੇ ਏਸ ਤਰ੍ਹਾਂ ਨਾ ਵੰਡ ਓ ਯਾਰ ।
ਗ਼ਜ਼ਲ
ਵਾਜ਼ ਦਿਆਂਗਾ ਆਖੀਂ ਹਾਂ । ਹੁਣ ਨਾ ਆਪਾਂ ਵੰਡਣੀ ਛਾਂ । ਮੇਰੇ ਨਾਲ ਨਾ ਬੋਲੇਂ ਤੂੰ, ਤੇਰੀ ਮੇਰੀ ਇਕੋ ਮਾਂ । ਤਿੜਕ ਗਿਆ ਪਰਛਾਵਾਂ ਵੀ, ਇਹ ਮੈਂ ਕਿੱਥੇ ਪਹੁੰਚ ਗਿਆਂ । ਮੇਰੇ ਆਲ ਦੁਆਲੇ ਦੇਖ, ਮੈਂ ਤਾਂ ਕੇਵਲ ਬਿੰਦੂ ਹਾਂ । ਮੇਰੇ ਤੇ ਅਸਵਾਰ ਸਮਾਂ, ਉਹਦੇ ਤੋਰਿਆਂ ਤੁਰਦਾ ਹਾਂ । ਸਭਨਾਂ ਦੀ ਔਕਾਤ ਹੈ ਇਕ, ਭਾਵੇਂ ਰੰਗ ਬਰੰਗੇ ਕਾਂ । ਮੈਨੂੰ ਖਿੜਦੇ ਫੁੱਲ ਕਿਹਾ, ਵੇਖ ਮੈਂ ਤੇਰਾ ਬਚਪਨ ਹਾਂ । ਉਡਣ ਖਟੋਲਾ ਦੂਰ ਗਿਆ, ਮੈਂ ਤਾਂ ਉਸ ਦੀ ਘੂਕਰ ਹਾਂ ।
ਗ਼ਜ਼ਲ
ਕਰਦਾ ਜੇ ਤੂੰ ਫੁੱਲਾਂ ਨਾਲ ਪਿਆਰ ਕਦੇ । ਚੰਗੇ ਨਹੀਂ ਸੀ ਲੱਗਣੇ ਇਹ ਹਥਿਆਰ ਕਦੇ । ਬਲਦੀ ਕੇਵਲ ਮਿੱਟੀ ਹੈ ਜਾਂ ਲੱਕੜੀਆਂ, ਮੜ੍ਹੀਆਂ ਅੰਦਰ ਸੜਦੇ ਨਹੀਂ ਵਿਚਾਰ ਕਦੇ । ਸਰਮਾਏ ਦੇ ਜੰਗਲ ਵਿਚ ਗੁਆਚ ਗਏ, ਦਾਅਵੇਦਾਰ ਉਮਰ ਦੇ ਸੀ ਜੋ ਯਾਰ ਕਦੇ । ਪੁਸਤਕ ਦੇ ਪੰਨਿਆਂ ਵਿਚ ਰੱਖ ਕੇ ਮਾਰੀ ਜੋ, ਉਸ ਤਿਤਲੀ ਦਾ ਰੂਹ ਤੇ ਪੈਂਦੈ ਭਾਰ ਕਦੇ । ਆਰੀ ਵਾਲੇ ਬਾਗ਼ ਦੁਆਲੇ ਫਿਰਦੇ ਨੇ, ਚੌਕੀਦਾਰਾ ਏਧਰ ਫੇਰਾ ਮਾਰ ਕਦੇ । ਇਹ ਤਾਂ ਮਨ ਦੇ ਰਉਂ ਤੇ ਨਿਰਭਰ ਕਰਦਾ ਹੈ, ਹਰ ਵਾਰੀ ਨਹੀਂ ਹੁੰਦੇ ਦੋ ਦੋ ਚਾਰ ਕਦੇ । ਜੀਅ ਤਾਂ ਚਾਹੁੰਦੈ ਮੈਂ ਵੀ ਉਹਦੇ ਨਾਲ ਉਡਾਂ, ਅੰਬਰ ਵਿਚ ਜਦ ਵੇਖਾਂ ਉੱਡਦੀ ਡਾਰ ਕਦੇ ।
ਗ਼ਜ਼ਲ
ਖਬਰੇ ਕਿਹੜੇ ਗ਼ਮ ਨੇ ਖਾਧੇ ਸਾਵੇ ਪੱਤਰ ਰੁੱਖਾਂ ਦੇ । ਨਕਸ਼ ਨੁਹਾਰ ਇਨ੍ਹਾਂ ਦੀ ਮਿਲਦੀ ਨਾਲ ਬੀਮਾਰ ਮਨੁੱਖਾਂ ਦੇ । ਤੂੰ ਕਿਤਿਉਂ ਵੀ ਚੂਲੀ ਭਰ ਲੈ ਹਰ ਥਾਂ ਖਾਰਾ ਪਾਣੀ ਹੈ, ਖੂਨ ਪਸੀਨਾ ਅੱਥਰੂ ਬਣ ਗੇ ਦਰਦ ਸਮੁੰਦਰ ਦੁੱਖਾਂ ਦੇ । ਹਰੇ ਕਚੂਰ ਦਰਖ਼ਤਾਂ ਵਲ ਨੂੰ ਵੇਖੀਂ ਤੇ ਇਹ ਸਮਝ ਲਈਂ, ਪੱਤਝੜ ਮਗਰੋਂ ਲਗਰਾਂ ਫੁੱਟਣ ਦੁੱਖ ਮਗਰੋਂ ਦਿਨ ਸੁੱਖਾਂ ਦੇ । ਰੱਜੇ ਪੁੱਜੇ ਲੋਕੀਂ ਰੋ ਰੋ ਹੋਰ ਦੌਲਤਾਂ ਮੰਗਦੇ ਨੇ, ਰੁੱਖੀ ਮਿੱਸੀ ਖਾ ਸੌ ਜਾਂਦੇ ਲਾਡ ਲਡਾਏ ਭੁੱਖਾਂ ਦੇ । ਦੋਧੇ ਵਸਤਰ ਉੱਜਲੇ ਚਿਹਰੇ ਬਗਲੇ ਵਾਂਗ ਅਡੋਲ ਖੜੇ, ਵੇਖ ਪਛਾਣ ਲਵੀਂ ਤੂੰ ਆਪੇ ਨਕਲੀ ਮੂੰਹ ਗੁਰਮੁੱਖਾਂ ਦੇ । ਜਾਇਦਾਦ ਅਣਦਿਸਦਾ ਕੀੜਾ ਸਾਂਝਾਂ ਤਾਰੋ ਤਾਰ ਕਰੇ, ਖਾਂਦਾ ਖਾਂਦਾ ਖਾ ਜਾਂਦਾ ਹੈ ਸੁੱਚੇ ਰਿਸ਼ਤੇ ਕੁੱਖਾਂ ਦੇ । ਚੌਵੀ ਘੰਟੇ ਜਿਨ੍ਹਾਂ ਨੂੰ ਬੱਸ ਅਪਣਾ ਹਿਤ ਹੀ ਯਾਦ ਰਹੇ, ਬਹੁਤਾ ਮੱਥੇ ਲੱਗਿਆ ਨਾ ਕਰ ਏਹੋ ਜਿਹੇ ਮਨਮੁੱਖਾਂ ਦੇ ।
ਗ਼ਜ਼ਲ
ਹਮਕਦਮ ਹੋਇਆ ਮੈਂ ਕਾਹਦਾ ਦੋ ਕੁ ਪਲ ਖੁਸ਼ਬੂ ਦੇ ਨਾਲ । ਉਮਰ ਭਰ ਰਹਿਣੀ ਹੈ ਹੁਣ ਤਾਂ ਨਰਗਸੀ ਫੁੱਲਾਂ ਦੀ ਭਾਲ । ਮੈਂ ਸਧਾਰਨ ਆਦਮੀ ਹਾਂ ਤੇ ਹਾਂ ਆਇਆਂ ਪਿੰਡ ਤੋਂ, ਸ਼ਹਿਰੀਆਂ ਦੇ ਵਾਂਗ ਨਾ ਜਾਣਾਂ ਮੈਂ ਬੁਣਨੇ ਸ਼ਬਦ-ਜਾਲ । ਪਾਰਦਰਸ਼ੀ ਰਿਸ਼ਤਿਆਂ ਵਿਚ ਸ਼ਕਤੀਆਂ ਹੋਵਣ ਅਸੀਮ, ਤੋੜ ਦੇਵੇ ਏਸ ਨੂੰ ਜੋ ਹੈ ਭਲਾ ਕਿਸ ਦੀ ਮਜਾਲ । ਤੂੰ ਤਾਂ ਬੱਸ ਏਨਾ ਕਿਹਾ ਸੀ ਲੱਭ ਦੇਹ ਚੌਦਾਂ ਰਤਨ, ਇਹ ਤਾਂ ਮੇਰਾ ਝੱਲ ਸੀ ਦਿੱਤੇ ਜਿੰਨੇ ਸਾਗਰ ਹੰਗਾਲ । ਧਰਤ ਅੰਬਰ ਚੰਨ ਸੂਰਜ ਫੋਲ ਕੇ ਫੁੱਲਿਆ ਫਿਰੇਂ, ਏਸ ਤੋਂ ਵੱਖਰੇ ਪਏ ਨੇ ਅਣਕਹੇ ਲੱਖਾਂ ਸੁਆਲ । ਮੈਂ ਜਦੋਂ ਵੀ ਪਿੰਡ ਜਾਣੋਂ ਹਟ ਗਿਆ ਤਾਂ ਸਮਝਣਾ, ਚੌਖਟੇ ਵਿਚ ਬੰਦ ਬੈਠਾ ਹੈ ਕੋਈ ਰੂਹ ਦਾ ਕੰਗਾਲ । ਸੁਰਖ ਫੁੱਲਾਂ ਨਾਲ ਭਰ ਜਾਏਗੀ ਇਕ ਦਿਨ ਵੇਖਣਾ, ਮੈਂ ਹੁਣੇ ਜੋ ਲਾ ਕੇ ਹਟਿਆਂ ਸੁਪਨਿਆਂ ਦੀ ਸਬਜ਼ ਡਾਲ ।
ਗ਼ਜ਼ਲ
ਉੱਚੇ ਪਰਬਤ ਉੱਤੇ ਸਬਜ਼ ਦਿਆਰ ਖੜ੍ਹੇ। ਵਰਦੀ ਪਾ ਕੇ ਜੀਕੂੰ ਪਹਿਰੇਦਾਰ ਖੜ੍ਹੇ । ਰਿਸ਼ੀਆਂ ਵਾਂਗ ਅਡੋਲ ਅਬੋਲ ਪਤਾ ਨ੍ਹੀਂ ਕਿਉਂ, ਵਰ੍ਹਿਆਂ ਤੋਂ ਨੇ ਇਕੋ ਲੱਤ ਦੇ ਭਾਰ ਖੜ੍ਹੇ । ਸਰਦ ਹਵਾ ਦਾ ਚੋਲਾ ਛਤਰੀ ਸੂਰਜ ਦੀ, ਬਰਫ਼ਾਂ ਖਾਣੇ ਅੱਗ ਦੀ ਬੁੱਕਲ ਮਾਰ ਖੜ੍ਹੇ । ਮੈਂ ਇੰਨ੍ਹਾਂ ਵਿਚ ਓਪਰਿਆਂ ਦੇ ਵਾਂਗੂੰ ਹਾਂ, ਇਹ ਤਾਂ ਸਾਰੇ ਆਪਸ ਦੇ ਵਿਚ ਯਾਰ ਖੜ੍ਹੇ । ਜ਼ਾਤ ਜਨਮ ਤੇ ਅਸਲ ਨਸਲ ਦਾ ਭੇਦ ਨਹੀਂ, ਪੌਣ ਆਹਾਰੀ ਜੋਗੀ ਕੁੱਲ ਸੰਸਾਰ ਖੜ੍ਹੇ । ਗੁੱਲੀ ਡੰਡਾ ਪਲੰਘ ਪੰਘੂੜਾ ਬਣ ਜਾਂਦੇ, ਆਰੀ ਵਾਲਾ ਜੇ ਕਿਧਰੇ ਦਾਅ ਮਾਰ ਖੜ੍ਹੇ ।
ਗ਼ਜ਼ਲ
ਧੂੰਏ ਵਿਚ ਗੁਆਚ ਗਿਆ ਹੈ ਨੀਲਾ ਅੰਬਰ । ਕਿੱਦਾਂ ਜੀਵਾਂਗਾ ਮੈਂ ਪੀ ਕੇ ਤਲਖ ਸਮੁੰਦਰ । ਧਰਤੀ ਉੱਪਰ ਡੁੱਬਦਾ ਟੇਢਾ ਸੂਰਜ ਵੇਖੋ, ਮਾਂ ਦੀ ਹਿੱਕ ਤੇ ਖੋਭ ਰਿਹਾ ਏ ਸੂਹਾ ਖੰਜਰ । ਤਪਦੀ ਧਰਤੀ ਵਾਲੇ ਛਾਲੇ ਮਨ ਦਾ ਵਿਹੜਾ, ਦੱਸੋ ਏਥੇ ਕਿੱਸਰਾਂ ਆ ਕੇ ਛਣਕੇ ਝਾਂਜਰ । ਸੁਰਖ ਲਹੂ ਨੂੰ ਪੀ ਕੇ ਪੱਤੇ ਸੂਹੇ ਹੋਏ, ਬਲਦਾ ਕੇਸੂ ਪਹਿਨ ਖੜਾ ਹੈ ਅੱਗ ਦੇ ਬਸਤਰ । ਉੱਲੂ ਨੂੰ ਇਲਜ਼ਾਮ ਜ਼ਮਾਨਾ ਐਵੇਂ ਦੇਵੇ, ਬਦਨੀਤਾਂ ਨੇ ਵੱਸਦਾ ਸ਼ਹਿਰ ਬਣਾਇਆ ਖੰਡਰ। ਗਾਨੀ ਵਾਲੇ ਤੋਤੇ ਉਹ ਦੁਹਰਾਈ ਜਾਵਣ, ਜੋ ਕੁਝ ਬੋਲਣ ਰਾਜ ਭਵਨ ਦੇ ਸੀਲ ਕਬੂਤਰ । ਜਿਨ੍ਹਾਂ ਨੂੰ ਮੈਂ ਚੋਗ ਚੁਗਾਏ ਤਲੀਆਂ ਉੱਤੇ, ਉਨਾਂ ਤੋਂ ਹੀ ਠੂੰਗੇ ਖਾਧੇ ਨੇ ਮੈਂ ਅਕਸਰ । ਮੈਂ ਚੰਗਾ ਜਾਂ ਮਾੜਾ ਮੈਥੋਂ ਕੁਝ ਨਾ ਪੁੱਛੋ, ਆਲ ਦੁਆਲਾ ਦੱਸ ਦੇਵੇਗਾ ਮੈਥੋਂ ਬਿਹਤਰ । ਸਾਵਧਾਨ ਜੀ ਚਿਕਨੇ ਚਿਹਰੇ ਤੇ ਖੁਸ਼ਬੋਈਆਂ, ਲਿਸ਼ ਲਿਸ਼ਕੰਦੜੇ ਚਿਹਰੇ ਧੋਖਾ ਦੇਂਦੇ ਅਕਸਰ । ਏਸ ਦੇਸ਼ ਨੂੰ ਕਿਸ਼ਤਾਂ ਦੇ ਵਿਚ ਵੇਚ ਦੇਣਗੇ, ਨਿੱਕੀਆਂ ਸੋਚਾਂ ਵਾਲੇ ਵੱਡੇ ਵੱਡੇ ਰਹਿਬਰ । ਇਕੋ ਈਸਟ ਇੰਡੀਆ ਨੇ ਕੀ ਚੰਨ ਚੜ੍ਹਾਏ, ਹੁਣ ਤਾਂ ਆਪ ਬੁਲਾਏ ਵੰਨ-ਸੁਵੰਨੇ ਤਾਜਰ ।
ਗ਼ਜ਼ਲ
ਕਦੇ ਸੁਪਨੇ ਵਿਚ ਕਦੇ ਜਾਗਦਿਆਂ ਸਾਨੂੰ ਸਰਪ ਦੋਮੂੰਹੇਂ ਡੰਗਦੇ ਰਹੇ। ਅਸੀਂ ਫਿਰ ਵੀ ਐਸੇ ਸੱਜਣਾਂ ਲਈ ਸਦਾ ਨੇਕ ਦੁਆ ਹੀ ਮੰਗਦੇ ਰਹੇ । ਮੈਂ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ ਮੈਂ ਉਹਨਾਂ ਦਾ ਧੰਨਵਾਦੀ ਹਾਂ, ਜੋ ਹਰ ਯੁਗ ਅੰਦਰ ਲੱਭ ਲੱਭ ਕੇ ਮੈਨੂੰ ਹੀ ਸੂਲੀ ਟੰਗਦੇ ਰਹੇ । ਕਈ ਸਦੀਆਂ ਮਗਰੋਂ ਅੱਜ ਵੀ ਤਾਂ ਹੀਰਾਂ ਤੇ ਸੱਸੀਆਂ ਤੜਪਦੀਆਂ, ਓਵੇਂ ਹੀ ਕੈਦੋ ਚਾਲਬਾਜ਼ ਤੇ ਟੇਢੇ ਰਸਤੇ ਝੰਗ ਦੇ ਰਹੇ । ਕਹਿਰਾਂ ਦੀ ਤਪਸ਼ ਪਿਆਸ ਬੜੀ ਤੇ ਤੜਫ਼ ਰਹੇ ਸਭ ਜੀਵ ਜੰਤ, ਉਹ ਗਾਉਂਦੇ ਰਹੇ ਮਲਹਾਰ ਰਾਗ ਅਸੀਂ ਪਾਣੀ ਪਾਣੀ ਮੰਗਦੇ ਰਹੇ । ਹੱਕ ਸੱਚ ਦੇ ਰਸਤੇ ਤੁਰਨਾ ਹੈ ਕੀ ਡਰ ਹੈ ਸੂਲ ਸਲੀਬਾਂ ਦਾ, ਸਾਡੇ ਵੱਡ-ਵਡੇਰੇ ਅਜ਼ਲਾਂ ਤੋਂ ਹਨ ਏਸੇ ਰਾਹ ਤੋਂ ਲੰਘਦੇ ਰਹੇ । ਇਹ ਚੋਰੀ ਡਾਕੇ ਹੱਕਾਂ ਤੇ ਕੋਈ ਐਵੇਂ ਤਾਂ ਨਹੀਂ ਮਾਰ ਰਿਹਾ, ਬਦਨੀਤੀ ਚੌਂਕੀਦਾਰਾਂ ਦੀ ਜੋ ਝੂਠੀ ਮੁਠੀ ਖੰਘਦੇ ਰਹੇ । ਜਦ 'ਵਾਜ਼ ਹੈ ਮਾਰੀ ਧਰਤੀ ਨੇ ਅਸੀਂ ਪਹੁੰਚ ਗਏ ਹਾਂ ਉਸੇ ਘੜੀ, ਇਹ ਤਨ ਦਾ ਚੋਲਾ ਹਰ ਵਾਰੀ ਅਸੀਂ ਅਪਣੇ ਲਹੂ ਵਿਚ ਰੰਗਦੇ ਰਹੇ । ਇਹ ਚਾਰ ਦੀਵਾਰੀ ਨਸਲਾਂ ਦੀ ਤੇ ਧਰਮ ਦੀ ਵਲਗਣ, ਤੋਬਾ ਹੈ, ਲੋਕਾਂ ਨੂੰ ਕਹੀਏ ਤੋੜ ਦਿਉ ਪਰ ਅਪਣੀ ਵਾਰੀ ਸੰਗਦੇ ਰਹੇ ।
ਗ਼ਜ਼ਲ
ਪੌਣ ਜਿਵੇਂ ਤਿਰਹਾਈ ਹੋਵੇ । ਪਾਣੀ ਪੀਵਣ ਆਈ ਹੋਵੇ । ਅੰਬਰੀਂ ਲਿਸ਼ਕੀ ਬਿਜਲੀ ਜੀਕੂੰ, ਸਾਡੇ ਤੇ ਮੁਸਕਾਈ ਹੋਵੇ । ਤੂੰ ਜਦ ਅੱਖਾਂ ਫੇਰ ਲਵੇਂ ਤਾਂ, ਸਾਰੀ ਧਰਤ ਪਰਾਈ ਹੋਵੇ । ਕਾਲੀ ਰਾਤ ਲਿਸ਼ਕਦੇ ਤਾਰੇ, ਤੂੰ ਜਿਓਂ ਮਾਂਗ ਸਜਾਈ ਹੋਵੇ । ਹੌਕੇ ਦਾ ਦੁੱਖ ਓਹੀ ਜਾਣੇ, ਜਿਸ ਇਹ ਜੂਨ ਹੰਢਾਈ ਹੋਵੇ । ਜੀਵਨ ਐਸੀ ਉਮਰ ਕੈਦ ਹੈ, ਮਰਨੋਂ ਬਾਦ ਰਿਹਾਈ ਹੋਵੇ । ਰੋਜ਼ ਉਡੀਕਾਂ ਤੇਰੀ ਚਿੱਠੀ, ਪਹੁੰਚੇ ਤਾਂ ਜੇ ਪਾਈ ਹੋਵੇ । ਤੇਰੇ ਨਾਲ ਬਿਤਾਏ ਪਲ ਜਿਉਂ, ਅੰਬਰੀਂ ਪੀਂਘ ਚੜ੍ਹਾਈ ਹੋਵੇ ।
ਗ਼ਜ਼ਲ
ਵਗ ਰਹੀ ਠੰਢੀ ਹਵਾ ਹੈ । ਨਿੱਘ ਕਿਧਰੇ ਲਾਪਤਾ ਹੈ । ਟਾਹਣੀਆਂ ਵਿਚ ਫੁੱਲ ਜੀਂਦੇ, ਪੱਤਝੜਾਂ ਨੂੰ ਕੀ ਪਤਾ ਹੈ । ਚਾਰ ਪਾਸੇ ਪਾਣੀਆਂ ਵਿਚ, ਰੁੱਖ ਕਿਉਂ ਸੁੱਕਾ ਖੜਾ ਹੈ ? ਦਰਦ ਤਾਈਂ ਵੰਡ ਦੇਣਾ, ਏਸ ਦੀ ਏਹੀ ਦਵਾ ਹੈ । ਕਤਲਗਾਹੋਂ ਨਾ ਡਰਾਉ, ਇਹ ਤਾਂ ਸਾਡੀ ਗੁਜ਼ਰਗਾਹ ਹੈ । ਫ਼ਿਕਰ ਦੀ ਧੁੱਪੇ ਖਲੋਣਾ ਹਾਂ, ਏਸ ਦਾ ਅਪਣਾ ਮਜ਼ਾ ਹੈ । ਅੱਥਰੂ ਕਿੰਝ ਸ਼ਬਦ ਬਣਦੇ, ਇਹ ਤਾਂ ਇਕ ਵੱਖਰਾ ਸਫ਼ਾ ਹੈ । ਮਰ ਨਾ ਜਾਵੇ ਆਦਮੀਅਤ, ਅੱਜ ਏਹੀ ਤੌਖਲਾ ਹੈ ।