Man De Buhe Barian (Ghazals) : Gurbhajan Gill
ਮਨ ਦੇ ਬੂਹੇ ਬਾਰੀਆਂ (ਗ਼ਜ਼ਲ ਸੰਗ੍ਰਹਿ) : ਗੁਰਭਜਨ ਗਿੱਲ
ਕਾਫ਼ਲਿਆਂ ਦਾ ਸਾਥ ਭਲਾ ਕੀ
ਕਾਫ਼ਲਿਆਂ ਦਾ ਸਾਥ ਭਲਾ ਕੀ ਰਾਹ ਵਿਚ ਉੱਗੀਆਂ ਛਾਵਾਂ ਨਾਲ। ਕਦਮ ਮਿਲਾ ਕੇ ਜਿਨ੍ਹਾਂ ਤੁਰਨਾ ਭਰ ਵਗਦੇ ਦਰਿਆਵਾਂ ਨਾਲ। ਅੱਜ ਤੇਰੇ ਮੂੰਹ ਜੀਭ ਨਹੀਂ ਹੈ ਚਿਹਰਾ ਵੀ ਉਪਰਾਮ ਹੈ ਕਿਉਂ? ਤੇਰੀ ਤਾਂ ਸੀ ਬਹਿਣੀ ਉੱਠਣੀ ਅੱਗ ਵਰ੍ਹੌਂਦੀਆਂ ’ਵਾਵਾਂ ਨਾਲ। ਧਰਤ, ਸਮੁੰਦਰ, ਦਰਿਆ, ਸਹਿਰਾ, ਹੰਝੂਆਂ ਦਾ ਵੀ ਮੀਂਹ ਵਰ੍ਹਦੈ, ਪੋਟਾ ਪੋਟਾ ਵਿੰਨ੍ਹਿਆਂ ਦਿਲ ਹੈ ਹਉਕੇ ਬਲਦੀਆਂ ਆਹਵਾਂ ਨਾਲ। ਸ਼ੀਸ਼ੇ ਸਨਮੁਖ ਰੋਜ਼ ਖਲੋ ਕੇ ਮੇਰਾ ਬੁੱਤ ਘਬਰਾਉਂਦਾ ਹੈ, ਆਪਣਾ ਆਪ ਪਕੜਨਾ ਚਾਹਵੇ ਥੱਕੀਆਂ ਥੱਕੀਆਂ ਬਾਹਵਾਂ ਨਾਲ। ਦਿੱਲੀ ਦੱਖਣ ਗਾਹੁਣ ਮਗਰੋਂ ਘਰ ਵਿਚ ਆਣ ਖਲੋ ਜਾਈਏ, ਛਾਵਾਂ ਖ਼ਾਤਰ ਜੁੜ ਜਾਂਦੇ ਹਾਂ ਨਿੱਕੀਆਂ ਨਿੱਕੀਆਂ ਥਾਵਾਂ ਨਾਲ। ਮੰਜ਼ਿਲ ਤਾਂ ਸੀ ਟੇਢੀ ਮੇਢੀ ਉਂਞ ਵੀ ਸੀ ਵੀਰਾਨ ਜਹੀ, ਐਵੇਂ ਯਾਰੋ ਪਰਚ ਗਏ ਆਂ ਸਿੱਧ-ਮ-ਸਿੱਧੀਆਂ ਰਾਹਵਾਂ ਨਾਲ। ਰਾਤ, ਹਨੇਰੀ, ਗੜੇਮਾਰ ਤੇ ਬੱਦਲ, ਕਣੀਆਂ, ਤੇਜ਼ ਹਵਾ, ਪੱਕੀਆਂ ਫ਼ਸਲਾਂ ਕੌਣ ਉਡੀਕੇ ਏਨੇ ਦੁਸ਼ਮਣ ਚਾਵਾਂ ਨਾਲ। ਧਰਤੀ ਮਾਂ ਹੈ ਸੋਨ ਚਿੜੀ ਹੈ ਪਤਾ ਨਹੀਂ ਇਹ ਕੀ ਕੀ ਹੈ? ਬੇਘਰ ਵਿਧਵਾ ਜਾਣੀ ਜਾਵੇ ਰੰਗ ਬਰੰਗੇ ਨਾਵਾਂ ਨਾਲ।
ਇਕ ਬਦਲੋਟੀ ਤੁਰਦੀ ਜਾਂਦੀ
ਇਕ ਬਦਲੋਟੀ ਤੁਰਦੀ ਜਾਂਦੀ ਥਲ ਨੂੰ ਇਕ ਪਲ ਠਾਰ ਗਈ। ਸਦੀਆਂ ਦੀ ਤੜਪਾਹਟ ਕੰਡਾ ਅਣਖਾਂ ਵਾਲਾ ਮਾਰ ਗਈ। ਬੰਜਰ ਧਰਤੀ ਰੇਲ ਟਿੱਬੇ ਪੁੰਗਰਿਆ ਸੀ ਆਸ ਦਾ ਬੀਜ, ਪਾਣੀ ਦੀ ਥਾਂ ਬਦਲੀ ਰਾਣੀ ਗੱਲੀਂ ਬਾਤੀਂ ਸਾਰ ਗਈ। ਹਿੱਕ 'ਚ ਰਹਿ ਗਏ ਹਾਉਕੇ ਹਾਵੇ ਸੁੱਤੀਆਂ ਆਸਾਂ ਰਾਂਗਲੀਆਂ, ਜਾਂਦੀ ਹੋਈ ਰਾਤ ਕੁਲਹਿਣੀ ਐਸਾ 'ਨੇਰ੍ਹ ਪਸਾਰ ਗਈ। ਸਾਡੇ ਪਿੰਡ ਦੇ ਚਿਹਰੇ 'ਤੇ ਉਦਰੇਵਾਂ ਆ ਕੇ ਬੈਠ ਗਿਆ, ਬੋਹੜਾਂ ਤੇ ਪਿੱਪਲਾਂ ਦੀ ਰੌਣਕ ਜਦ ਤੋਂ ਦਰਿਆ ਪਾਰ ਗਈ। ਸ਼ਹਿਰਾਂ ਵਾਲੀ ਅੱਗ ਨਾ ਕਿਧਰੇ ਸਾਡੀਆਂ ਜੂਹਾਂ ਘੇਰ ਲਵੇ, ਡਰਦੀ ਮਾਰੀ ਉੱਡ ਕੇ ਏਥੋਂ ਏਸੇ ਲਈ ਹੈ ਡਾਰ ਗਈ। ਰਣ-ਖੇਤਰ ਵਿਚ ਖੂਬ ਲੜੇ ਹਾਂ, ਅਤੇ ਲੜਾਂਗੇ ਵੀ ਆਪਾਂ, ਹੋਇਆ ਕੀ ਜੇ ਬੇਹਥਿਆਰੀ ਧਿਰ ਸਾਡੀ ਫਿਰ ਹਾਰ ਗਈ।
ਖ਼ੁਦਕਸ਼ੀ ਹੀ ਖ਼ੁਦਕਸ਼ੀ ਬੱਸ ਖ਼ੁਦਕਸ਼ੀ
ਖ਼ੁਦਕਸ਼ੀ ਹੀ ਖ਼ੁਦਕਸ਼ੀ ਬੱਸ ਖ਼ੁਦਕਸ਼ੀ। ਕੌਣ ਪਾਗਲ ਚਾਹੇਗਾ ਇਹ ਜ਼ਿੰਦਗੀ। ਚੌਂਕ ਦੇ ਬੁੱਤ ਅੱਖ ਨੀਵੀਂ ਕਰ ਲਈ, ਨਿੱਤ ਦਿਹਾੜੀ ਵੇਖ ਸਾਡੀ ਬੁਜ਼ਦਿਲੀ। ਤਾਰ ਉੱਤੇ ਤੁਰੇ ਰਹੇ ਹਾਂ ਰਾਤ ਦਿਨ, ਕੋਹਾਂ ਲੰਮੀ ਮੌਤ ਵਰਗੀ ਜ਼ਿੰਦਗੀ। ਭੀੜ ਦਾ ਹਿੱਸਾ ਬਣਾਂ ਤਾਂ ਜਾਪਦੈ, ਬਣ ਗਿਆ ਹਾਂ ਆਪਣੇ ਘਰ ਅਜਨਬੀ। ਪਿੰਡ ਜਾ ਕੇ ਇਸ ਤਰ੍ਹਾਂ ਮਹਿਸੂਸਦਾਂ, ਸ਼ਹਿਰ ਸਾਡੀ ਖਾ ਰਹੇ ਨੇ ਸਾਦਗੀ। ਜ਼ਿੰਦਗੀ ਅਖ਼ਬਾਰ ਤਾਂ ਨਹੀਂ ਦੋਸਤੋ, ਵਾਚਦੇ ਹੋ ਏਸ ਨੂੰ ਵੀ ਸਰਸਰੀ।
ਅੰਨ੍ਹੀ ਬੋਲੀ ਰਾਤ ਹਨੇਰੀ
ਅੰਨ੍ਹੀ ਬੋਲੀ ਰਾਤ ਹਨੇਰੀ ਰਹਿਣ ਦਿਉ। ਕਾਲਖ਼ ਦੇ ਦਰਿਆ ਨੂੰ ਏਦਾਂ ਵਹਿਣ ਦਿਉ। ਏਸ ਨਮੋਸ਼ੀ ਨੂੰ ਵੀ ਜੀਣਾ ਚਾਹੁੰਦਾ ਹਾਂ, ਮੈਨੂੰ ਮੇਰਾ ਹਿੱਸਾ ਆਪੇ ਸਹਿਣ ਦਿਉ। ਕਿੱਥੋਂ ਕਿੱਥੋਂ ਗਰਕਦਿਆਂ ਨੂੰ ਰੋਕੋਗੇ, ਜੋ ਢਹਿੰਦਾ ਹੈ ਉਹਨੂੰ ਤਾਂ ਬੱਸ ਢਹਿਣ ਦਿਉ। ਫ਼ਿਰ ਆਖੋਗੇ ਸਿਲ-ਪੱਥਰ ਹੈ ਕੂੰਦਾ ਨਹੀਂ, ਮੈਨੂੰ ਅਪਣੀ ਦਰਦ-ਕਹਾਣੀ ਕਹਿਣ ਦਿਉ। ਨਹਿਰਾਂ ਸੂਏ ਖਾਲ ਤੁਹਾਡੇ ਨੌਕਰ ਨੇ, ਮੇਰਾ ਇਕ ਦਰਿਆ ਤਾਂ ਵਗਦਾ ਰਹਿਣ ਦਿਉ। ਹੌਲੀ ਹੌਲੀ ਇਕ ਦਿਨ ਆਪੇ ਨਿੱਤਰੇਗਾ, ਮਿੱਟੀ ਰੰਗੇ ਪਾਣੀ ਨੂੰ ਹੁਣ ਬਹਿਣ ਦਿਉ। ਜਗਦਾ ਬੁਝਦਾ ਜੰਗਲ ਹੈ ਇਹ ਆਸਾਂ ਦਾ, ਦਿਨ ਚੜ੍ਹਦੇ ਤਕ ਬਾਸਾਂ ਨੂੰ ਇੰਞ ਖਹਿਣ ਦਿਉ।
ਵਗਦਾ ਦਰਿਆ ਓਸ ਕੰਢੇ
ਵਗਦਾ ਦਰਿਆ ਓਸ ਕੰਢੇ ਸਾਰੇ ਖੰਡਰ ਯਾਦ ਨੇ। ਬਚਪਨੇ ਵਿਚ ਜੋ ਉਸਾਰੇ ਕਾਗ਼ਜ਼ੀ ਘਰ ਯਾਦ ਨੇ। ਇੱਕ ਦਰਿਆ ਪਾਰ ਕਰਕੇ ਦੂਸਰੇ ਕੰਢੇ ਖਲੋ, ਪਰਤਦੇ ਯਾਰਾਂ ਦੀਆਂ ਅੱਖਾਂ ਤੇ ਅੱਥਰ ਯਾਦ ਨੇ। ਚਰਖ਼ੜੀ ਤੇ ਰਾਤ ਦਿਨ ਬੇਸ਼ੱਕ ਅਸਾਡਾ ਬੀਤਿਆ, ਨਿੱਕੇ ਨਿੱਕੇ ਚਾਅ ਕੁਆਰੇ ਹਾਲੇ ਤੀਕਰ ਯਾਦ ਨੇ। ਪਹਿਲੇ ਖ਼ਤ ਤੋਂ ਬਾਅਦ ਭਾਵੇਂ ਤੂੰ ਕਦੇ ਲਿਖਿਆ ਨਹੀਂ, ਉਹ ਪੁਰਾਣੇ ਜਗਦੇ ਬੁਝਦੇ ਸਾਰੇ ਅੱਖਰ ਯਾਦ ਨੇ। ਦੋਸਤਾਂ ਦੇ ਕੀਮਤੀ ਤੋਹਫ਼ੇ ਮੈਂ ਕਿੱਦਾਂ ਭੁੱਲ ਜਾਂ, ਤਾਅਨੇ, ਮਿਹਣੇ, ਤੁਹਮਤਾਂ ਸਾਰੇ ਹੀ ਨਸ਼ਤਰ ਯਾਦ ਨੇ। ਸ਼ਹਿਰ ਦੇ ਜ਼ੰਗਾਲ ਨੇ ਰੂਹਾਂ ਨੂੰ ਭਾਵੇਂ ਖਾ ਲਿਆ, ਛੋਲਿਆਂ ਦੇ ਖੇਤ ਨੂੰ ਚੁਗਦੇ ਕਬੂਤਰ ਯਾਦ ਨੇ। ਡੇਰਾ ਬਾਬਾ ਨਾਨਕੋਂ ਕੋਠੇ ਤੇ ਚੜ੍ਹ ਕੇ ਦਿਸਣ ਜੋ, ਜਿਸਮ ਨਾਲੋਂ ਕਤਰ ਕੇ ਸੁੱਟੇ ਗਏ ਪਰ ਯਾਦ ਨੇ।
ਸਿਖ਼ਰ ਦੁਪਹਿਰੇ ਕਾਂ-ਅੱਖ ਨਿਕਲੇ
ਸਿਖ਼ਰ ਦੁਪਹਿਰੇ ਕਾਂ-ਅੱਖ ਨਿਕਲੇ ਤੇ ਮੂੰਹ ਜ਼ੋਰ ਹਵਾਵਾਂ, ਆਲ ਦੁਆਲੇ ਬਲਦਾ ਥਲ ਹੈ ਕਿੱਥੇ ਕਦਮ ਟਿਕਾਵਾਂ। ਜਿਸਮ ਝੁਲਸਿਆ ਚਿੱਤ ਘਾਬਰਦਾ ਸਾਹ ਵੀ ਬੇ-ਇਤਬਾਰੇ, ਤਪਦਿਆਂ ਤਾਈਂ ਠਾਰਦੀਆਂ ਨਾ ਹੁਣ ਰੁੱਖਾਂ ਦੀਆਂ ਛਾਵਾਂ। ਇਹ ਵੀ ਇਕ ਇਤਫ਼ਾਕ ਸਮਝ ਲੈ ਯਾਰਾਂ ਦੀ ਮਸ਼ਹੂਰੀ, ਅਪਣੇ ਵਲੋਂ ਖ਼ੁਰਾ-ਖੋਜ ਸੀ ਮੇਟ ਗਈਆਂ ਘਟਨਾਵਾਂ। ਇਸ ਮਹਿਫ਼ਲ ਵਿਚ ਕੌਣ ਸੁਣੇਗਾ ਕੋਇਲਾਂ ਕੀ ਕੂ ਕੂ ਨੂੰ, ਅੱਜ ਦੀ ਏਸ ਸੰਗੀਤ ਸਭਾ ਵਿਚ ਗੀਤ ਸੁਨਾਉਣੇ ਕਾਵਾਂ। ਨਿੱਕੀਆਂ ਨਿੱਕੀਆਂ ਘਟਨਾਵਾਂ ਨੇ ਭੰਨਿਆ ਤੁੰਬਿਆ ਏਦਾਂ, ਮੈਂ ਤਾਂ ਯਾਰੋ ਭੁੱਲ ਗਿਆ ਸਾਂ ਅਪਣਾ ਹੀ ਸਿਰਨਾਵਾਂ। ਨਾ ਜੀਂਦੇ ਨਾ ਮੋਇਆਂ ਅੰਦਰ ਦੋ-ਚਿੱਤੀ ਨੇ ਘੇਰੇ, ਕਿੱਥੇ ਤੀਕ ਪੁਚਾ ਛੱਡਿਆ ਏ ਨਿੱਕਿਆਂ ਨਿੱਕਿਆਂ ਚਾਵਾਂ।
ਅੱਧੀ ਰਾਤੀਂ ਗੋਲੀ ਚੱਲੀ
ਅੱਧੀ ਰਾਤੀਂ ਗੋਲੀ ਚੱਲੀ ਵਰਤ ਗਈ ਚੁੱਪ ਚਾਨ। ਖ਼ਾਲੀ ਸੜਕਾਂ ਛਾਤੀ ਪਿੱਟਣ ਹਉਕੇ ਭਰਨ ਮਕਾਨ। ਸਾਰੇ ਘਰ ਨੇਰ੍ਹੇ ਵਿਚ ਡੁੱਬੇ ਜਗਦਾ ਨਾ ਕੋਈ ਦੀਵਾ, ਕੀਕਣ 'ਕੱਲਾ ਬਾਹਰ ਜਾਵਾਂ ਲੈ ਕੇ ਅਪਣੀ ਜਾਨ। ਧਰਤੀ ਤੇ ਕੁਰਲਾਹਟ ਪਈ ਹੈ ਕੌਣ ਸੁਣੇ ਅਰਜ਼ੋਈ, ਸਾਡੀਆਂ ਕਣਕਾਂ ਦਾ ਰਖ਼ਵਾਲਾ ਹੈ ਸਰਕਾਰੀ ਸਾਨ੍ਹ॥ ਘੋੜ-ਸਵਾਰ ਬੰਦੂਕਾਂ ਵਾਲੇ ਮੱਲ ਖਲੋਤੇ ਬੂਹੇ, ਅੰਦਰ ਬਾਹਰ ਲੈਣ ਤਲਾਸ਼ੀ ਅਣਸੱਦੇ ਮਹਿਮਾਨ। ਉੱਚੀ ਕੰਧ ਨਾਲ ਟਕਰਾ ਕੇ ਸਾਡੀਆਂ ਕੂਕਾਂ ਮੁੜੀਆਂ, ਕਿਲ੍ਹੇ ਦੇ ਅੰਦਰ ਗੂੰਜ ਰਿਹਾ ਸੀ ਅਪਣਾ ਕੌਮੀ ਗਾਨ। ਡੁੱਲ੍ਹੇ ਖ਼ੂਨ ਦਾ ਲੇਖਾ ਜੋਖਾ ਕੌਣ ਕਰੇਗਾ ਯਾਰੋ, ਕਲਮਾਂ ਦੇ ਵੱਲ ਘੂਰ ਰਿਹਾ ਏ ਚੁੱਪ ਕੀਤਾ ਆਸਮਾਨ।
ਕਿਹੋ ਜਿਹਾ ਸ਼ਹਿਰ ਜਿੱਥੇ
ਕਿਹੋ ਜਿਹਾ ਸ਼ਹਿਰ ਜਿੱਥੇ ਧੁੱਪ ਹੈ ਨਾ ਛਾਂ ਹੈ। ਚੱਤੇ ਪਹਿਰ ਮੌਸਮਾਂ ਦਾ ਇੱਕੋ ਜਿਹਾ ਨਾਂ ਹੈ। ਨਵੀਂ ਤਹਿਜ਼ੀਬ ਜਿਸ ਜਿਸ ਨੂੰ ਮਧੋਲਿਆ, ਉਨ੍ਹਾਂ ਅੰਗ-ਮਾਰਿਆਂ ’ਚ ਮੇਰਾ ਵੀ ਗਿਰਾਂ ਹੈ। ਗਲੀਆਂ ਮੁਹੱਲਿਆਂ ਨੂੰ ਸੱਪ ਕੇਹਾ ਸੁੰਘਿਆ, ਰੌਣਕਾਂ ਗੁਆਚ ਗਈਆਂ ਫ਼ੈਲੀ ਚੁੱਪ-ਚਾਂ ਹੈ। ਜ਼ਿੰਦਗੀ ਉਦਾਸ ਹੈ ਉਦਾਸ ਗੀਤ ਵਾਂਗਰਾਂ, ਸੁਰਾਂ ਨਾਲ ਜ਼ੋਰ ਅਜ਼ਮਾਈ ਕਰੇ ਕਾਂ ਹੈ। ਭੁੱਖ ਦੀ ਸਤਾਈ ਪਈ ਗੰਦਗੀ ਫ਼ਰੋਲਦੀ, ਜਿਹਨੂੰ ਅਸੀਂ ਆਖਦੇ ਹਾਂ ਗਾਂ ਸਾਡੀ ਮਾਂ ਹੈ।
ਕੁਤਰਿਆ ਉਸ ਇਸ ਤਰ੍ਹਾਂ
ਕੁਤਰਿਆ ਉਸ ਇਸ ਤਰ੍ਹਾਂ ਸਾਡੇ ਪਰਾਂ ਨੂੰ। ਮੁੜਨ ਜੋਗੇ ਨਾ ਰਹੇ ਆਪਣੇ ਘਰਾਂ ਨੂੰ। ਤਾਣ ਚਾਦਰ ਸੌਂ ਗਿਆ ਏ ਸ਼ਹਿਰ ਸਾਰਾ, ਸਾਂਭ ਕੇ ਸੰਕੋਚ ਕੇ ਮਨ ਦੇ ਡਰਾਂ ਨੂੰ। ਕਹਿਰ ਦਾ ਅਹਿਸਾਸ ਪਹਿਲੀ ਵਾਰ ਹੋਇਆ, ਪਾਲ ਵਿਚ ਗੁੰਮ ਸੁੰਮ ਖੜ੍ਹੇ ਪੱਕੇ ਘਰਾਂ ਨੂੰ। ਪਿੰਡ ਜਾਗਣਗੇ ਸੰਭਾਲਣਗੇ ਵੀ ਮਿੱਟੀ, ਮੁੜ ਉਸਾਰਨਗੇ ਉਹੀ ਢੱਠੇ ਘਰਾਂ ਨੂੰ। ਕੌਣ ਕਿੱਥੇ ਹੈ ਖਲੋਤਾ ਨਾਲ ਕਿਸਦੇ, ਫ਼ੈਸਲਾ ਸਮਿਆਂ ਨੇ ਕਰਨਾ ਆਖਰਾਂ ਨੂੰ।
ਲਟ ਲਟ ਬਲਦੇ ਮੁਲਕ 'ਚ ਨੱਚਦਾ
ਲਟ ਲਟ ਬਲਦੇ ਮੁਲਕ 'ਚ ਨੱਚਦਾ ਇਹ ਕਿਸਰਾਂ ਦਾ ਮੋਰ। ਹੱਡੀਆਂ ਦੀ ਮੁੱਠ ਜਿਸਮ ਹੋ ਗਿਆ ਫਿਰ ਵੀ ਬਾਂਕੀ ਤੋਰ। ਸੌਣ ਛਰਾਟੇ ਵਰ੍ਹਨ ਦੇ ਪਿੱਛੋਂ ਵਗ ਪਈ ਤੇਜ਼ ਹਨੇਰੀ, ਫ਼ਸਲਾਂ ਦਾ ਲੱਕ ਟੁੱਟਿਆ ਫਿਰ ਵੀ ਸਿਰ ਤੇ ਘਟ ਘਨਘੋਰ। ਕੁਝ ਮੌਸਮ ਦੀ ਭੇਟ ਚੜ੍ਹ ਗਿਆ ਬਾਕੀ ਜੋ ਵੀ ਬਚਿਆ, ਦਾਣਾ ਫੱਕਾ ਹੂੰਝ ਕੇ ਲੈ 'ਗੇ ਰਲ ਮੰਡੀਆਂ ਦੇ ਚੋਰ। ਇਕ ਇਕੱਲੇ ਕਿਰਤੀ ਪੁੱਤ ਨੂੰ ਚੂੰਡਣ ਵਾਲੇ ਕਿੰਨੇ, ਥਾਂ ਥਾਂ ਦਫ਼ਤਰ ਚੁੰਗੀਆਂ, ਠਾਣੇ, ਹਾਕਮ, ਵੱਢੀ ਖੋਰ। ਦੋ ਡੰਗ ਵੀ ਨਹੀਂ ਮਿਲਦੀ ਜਿਸਨੂੰ ਢਿੱਡ ਭਰ ਰੱਜਵੀਂ ਰੋਟੀ, ਉਹਦੀ ਅੱਖ ਵਿੱਚ ਕਿੱਥੋਂ ਆਵੇ ਜੀਵਨ ਦਾਤਾ ਲੋਰ। ਅੰਬਰ ਦੇ ਵਿਚ ਤਰਦੀ ਹੋਈ ਕਦੇ ਵੀ ਡੁੱਬ ਸਕਦੀ ਹੈ।, ਅਪਣੀ ਗੁੱਡੀ ਦੀ ਨਾ ਜਦ ਤਕ ਆਪ ਸੰਭਾਲੋ ਡੋਰ।
ਅੱਖਾਂ ਵਿਚ ਉਨੀਂਦਾ ਰੜਕੇ
ਅੱਖਾਂ ਵਿਚ ਉਨੀਂਦਾ ਰੜਕੇ ਉਮਰਾਂ ਦੇ ਬਨਵਾਸਾਂ ਦਾ। ਫੋੜਾ ਰਿਸਦਾ ਅੰਦਰ ਵੱਲ ਨੂੰ ਬੀਤ ਗਏ ਇਤਿਹਾਸਾਂ ਦਾ। ਝੱਖੜ ਝਾਂਜਾ ਤੇਜ਼ ਹਨੇਰੀ ਅੱਗ ਬਲੇ ਪਈ ਜੰਗਲ ਵਿਚ, ਫਿਰ ਵੀ ਬੂਟਾ ਪਾਲ ਰਿਹਾ ਹਾਂ ਰੰਗ ਬਰੰਗੀਆਂ ਆਸਾਂ ਦਾ। ਅੱਜ ਮੇਰੇ ਨਕਸ਼ਾਂ ਤੇ ਲੀਕਾਂ ਪਾਉਣ ਵਾਲਿਉ ਸੋਚ ਲਵੋ, ਸਮਾਂ ਆਉਣ ਤੇ ਕੌਣ ਚੁਕਾਊ ਲੇਖਾ ਪਈਆਂ ਲਾਸ਼ਾਂ ਦਾ। ਜਿਹੜੇ ਫੁੱਲਾਂ ਤੇ ਰੰਗਾਂ ਦੇ ਸਿਰ ਤੇ ਧਰਤੀ ਮਾਣ ਕਰੇ, ਉਨ੍ਹਾਂ ਨੂੰ ਅਗਨੀ ਵਿਚ ਸਾੜੇ ਮਾਲਕ ਕੁਝ ਸੁਆਸਾਂ ਦਾ। ਅਪਣੇ ਪਿੰਡੇ ਸੂਈ ਦੀ ਵੀ ਚੋਭ ਨਹੀਂ ਜਰ ਸਕਦੇ ਜੋ, ਚੇਤਾ ਅੱਜ ਕਰਾਵਣ ਓਹੀ ਜ਼ਖ਼ਮਾਂ ਦੇ ਅਹਿਸਾਸਾਂ ਦਾ। ਜਿਸ ਨੇ ਮੇਰੇ ਵੱਸਦੇ ਪਿੰਡ ਨੂੰ ਮਿੱਟੀ ਵਿਚ ਮਿਲਾਇਆ ਹੈ, ਉਹ ਹੀ ਅੱਜ ਬਿਠਾ ਕੇ ਮੈਨੂੰ ਸਬਕ ਦਏ ਧਰਵਾਸਾਂ ਦਾ।
ਇਸ ਦੋਸਤੀ ਦੀ ਮਹਿਕ ਤਾਂ
ਇਸ ਦੋਸਤੀ ਦੀ ਮਹਿਕ ਤਾਂ ਸਾਹਾਂ 'ਚ ਭਰ ਗਈ। ਤੇਰਾ ਹੀ ਮਣਕਾ ਫੇਰਦੇ ਉਮਰਾ ਹੈ ਲੰਘ ਰਹੀ। ਤੇਰੀ ਉਡੀਕ ਕਰਦਿਆਂ ਖੁਰਿਆ ਮੇਰਾ ਵਜੂਦ, ਆ ਕੇ ਕਦੇ ਤਾਂ ਪੁੱਛ ਲੈ ਕਿੱਦਾਂ ਗੁਜ਼ਰ ਰਹੀ। ਜੀਂਦੇ ਹੀ ਰਹਿਣਗੇ ਸਦਾ ਕੁਝ ਪਲ ਉਹ ਮਹਿਕਦੇ, ਕੀ ਹੋ ਗਿਆ ਜੇ ਦੋਸਤੀ ਰੰਗੋਂ ਬਦਲ ਗਈ। ਇਹ ਆਮ ਅੱਗ ਤੋਂ ਵਧ ਕੇ ਹੈ ਪਰਚੰਡ ਮੇਰੇ ਯਾਰ, ਅਗਨੀ ਜੋ ਸਾਡੇ ਜ਼ਿਹਨ ਵਿਚ ਯਾਦਾਂ ਦੀ ਬਲ ਰਹੀ। ਨਾਤੇ ਦੀ ਭੁੱਖ ਸਹਾਰਨੀ ਔਖੀ ਹੈ ਦੋਸਤਾ, ਕਿੱਦਾਂ ਕਹਾਂ ਮੈਂ ਯਾਰ ਦੀ ਯਾਰੀ ਬਦਲ ਗਈ।
ਜਿਨ੍ਹਾਂ ਜ਼ਿੰਦਗੀ ਗੁਜ਼ਾਰੀ
ਜਿਨ੍ਹਾਂ ਜ਼ਿੰਦਗੀ ਗੁਜ਼ਾਰੀ ਵਾਵਰੋਲਿਆਂ ਦੇ ਵਾਂਗ। ਉਨ੍ਹਾਂ ਫਿਰਨਾ ਏਂ ਸਦਾ ਕੱਖੋਂ ਹੌਲਿਆਂ ਦੇ ਵਾਂਗ। ਜਦੋਂ ਸਹਿਕਦੇ ਸੀ ਚੁੱਪ ਦੀ ਆਵਾਜ਼ ਤਾਈਂ ਕੰਨ, ਅਸੀਂ ਜ਼ਿੰਦਗੀ ਗੁਜ਼ਾਰੀ ਸਾਰੀ ਰੌਲਿਆਂ ਦੇ ਵਾਂਗ। ਜਿਹੜੇ ਤਾਂਘਦੇ ਸੀ ਲੋਕ ਸਾਡੇ ਪਿੱਛੇ ਆਉਣ, ਉਨ੍ਹਾਂ ਕੀਤਾ ਸਾਨੂੰ ਸਦਾ ਅਣਗੌਲਿਆਂ ਦੇ ਵਾਂਗ। ਉਨ੍ਹਾਂ ਨਾਲ ਕੌਣ ਤੁਰੇ ਜਿਹੜੇ ਰਾਹਾਂ ਵਿਚੋਂ ਮੁੜੇ, ਉਨ੍ਹਾਂ ਕੁਝ ਨਾ ਪਛਾਤਾ ਅੰਨ੍ਹੇ ਬੋਲਿਆਂ ਦੇ ਵਾਂਗ। ਜਿਨ੍ਹਾਂ ਰੁੱਖਾਂ ਕੋਲ ਫ਼ਲ ਫੁੱਲ ਹਰੇ ਪੱਤ ਸਨ, ਐਸਾ ਸੇਕਿਆ ਹਵਾ ਨੇ ਹੋਏ ਕੋਲਿਆਂ ਦੇ ਵਾਂਗ।
ਮੀਲਾਂ ਦੇ ਵਿਚ ਫ਼ੈਲ ਗਈ ਹੈ
ਮੀਲਾਂ ਦੇ ਵਿਚ ਫ਼ੈਲ ਗਈ ਹੈ ਕਾਲੇ ਰੁੱਖ ਦੀ ਛਾਂ। ਸਾਰੇ ਚਿਹਰੇ ਭੁੱਲ ਗਏ ਨੇ ਆਪੋ ਅਪਣੇ ਨਾਂ। ਮਾਨ ਸਰੋਵਰ ਖ਼ਾਲਮ ਖ਼ਾਲੀ ਲਾ ’ਗੇ ਹੰਸ ਉਡਾਰੀ, ਉਨ੍ਹਾਂ ਥਾਵੇਂ ਮੋਤੀ ਚੁਗਦੇ ਕਾਲੇ ਚਿੱਟੇ ਕਾਂ। ਅੰਨ੍ਹੀ ਬੋਲੀ ਰਾਤ 'ਚ ਜਗਦਾ ਦੂਰ ਦੁਰਾਡੇ ਦੀਵਾ, ਇਹਨੂੰ ਅਪਣੇ ਘਰ ਲੈ ਆਵਾਂ ਚਿਰ ਦਾ ਸੋਚ ਰਿਹਾਂ। ਇਹ ਜਰਨੈਲੀ ਸੜਕ ਸਲੇਟੀ ਕਬਰਾਂ ਦੇ ਵੱਲ ਜਾਂਦੀ, ਸਿੱਧੇ ਰਾਹਾਂ ਨੂੰ ਲੱਭਦਾ ਮੈਂ ਕਿੱਥੇ ਪਹੁੰਚ ਗਿਆਂ। ਆਦਮ ਬੋ ਆਦਮ ਬੋ ਕਰਦੇ ਫਿਰਨ ਸ਼ਿਕਾਰੀ ਏਥੇ, ਖੇਤਾਂ ਤੇ ਮਲ੍ਹਿਆਂ ਦੀ ਥਾਵੇਂ ਫ਼ੋਲਣ ਸ਼ਹਿਰ ਗਿਰਾਂ। ਫਿਰ ਕੀ ਹੋਇਆ ਜੇਕਰ ਮੇਰੀ ਰੇਤ ਉਡਾਈ ਪੌਣਾਂ, ਕੁਝ ਚਿਰ ਪਹਿਲਾਂ ਭਰ ਵਗਦਾ ਦਰਿਆ ਵੀ ਮੈਂ ਹੀ ਸਾਂ।
ਕਰਕੇ ਜਿੰਨ੍ਹਾਂ ਨੂੰ ਯਾਦ ਮੈਂ ਰਾਤੀਂ ਸੀ ਰੋ ਲਿਆ
ਕਰਕੇ ਜਿੰਨ੍ਹਾਂ ਨੂੰ ਯਾਦ ਮੈਂ ਰਾਤੀਂ ਸੀ ਰੋ ਲਿਆ। ਉਨ੍ਹਾਂ ਸਵੇਰੇ ਉਠਦਿਆਂ ਬੂਹਾ ਹੀ ਢੋ ਲਿਆ। ਇਹ ਉਮਰ ਜਿੰਨ੍ਹਾਂ ਵਾਸਤੇ ਰੱਖਣੀ ਸੀ ਰਾਖਵੀਂ, ਉਨ੍ਹਾਂ ਨੇ ਸਾਡਾ ਰਾਤ ਦਿਨ ਹੁਣ ਤੋਂ ਹੀ ਖੋਹ ਲਿਆ। ਦੁਸ਼ਮਣ ਤਾਂ ਹੈਣ ਦੁਸ਼ਮਣ ਯਾਰਾਂ ਨੂੰ ਕੀ ਕਹਾਂ, ਸਾਰੇ ਦੇ ਸਾਰੇ ਸਾਜ਼ਿਸ਼ੀ ਸਭ ਨੂੰ ਹੈ ਟੋਹ ਲਿਆ। ਜਿਸਨੂੰ ਮੈਂ ਲੱਭ ਰਿਹਾ ਸਾਂ ਜਿਸਮ ਆਪਣਾ ਢੱਕ ਕੇ, ਰੌਲੇ 'ਚ ਕਿਸਨੇ ਮੈਥੋਂ ਮੇਰਾ ਚਿਹਰਾ ਖੋਹ ਲਿਆ। ਵਗਦੀ ਹਵਾ ਦੇ ਕੰਨ ਵਿਚ ਖ਼ਵਰੇ ਤੂੰ ਕੀ ਕਿਹਾ, ਮੈਨੂੰ ਲਿਪਟ ਗਈ ਜਦੋਂ ਮੈਂ ਤੇਰਾ ਨਾਂ ਲਿਆ। ਕਾਹਦੇ ਗਿਲੇ ਸ਼ਿਕਾਇਤਾਂ ਜੇ ਨਾ ਮਿਲੇ ਤਾਂ ਕੀ, ਏਨਾ ਬਹੁਤ ਹੈ ਦਰਦ ਦਾ ਮੈਂ ਗੀਤ ਛੋਹ ਲਿਆ।
ਬੇ-ਮੌਸਮ ਬਰਸਾਤ ਮਧੋਲੀ ਫ਼ਸਲਾਂ ਦੀ ਖ਼ੁਸ਼ਬੋ
ਬੇ-ਮੌਸਮ ਬਰਸਾਤ ਮਧੋਲੀ ਫ਼ਸਲਾਂ ਦੀ ਖ਼ੁਸ਼ਬੋ। ਸੜਕਾਂ ਉਤੇ ਚਹਿਲ ਪਹਿਲ ਹੈ ਦਰਦ ਨਾ ਜਾਣੇ ਕੋ। ਦਰਿਆ ਦੇ ਵਿਚ ਪਾਣੀ ਚੜ੍ਹਿਆ ਪਾਰ ਕਿਸ ਤਰ੍ਹਾਂ ਜਾਵਾਂ, ਕਾਫ਼ੀ ਚਿਰ ਦਾ ਸੋਚ ਰਿਹਾ ਹਾਂ ਉਰਲੇ ਪਾਰ ਖਲੋ। ਅੱਖਾਂ ਵਿਚ ਪਥਰਾਏ ਹੰਝੂ ਮੌਸਮ ਦੀ ਕਿਰਪਾ ਹੈ, ਨਾ ਜੀਂਦੇ ਨਾ ਮੋਇਆਂ ਅੰਦਰ ਨਾ ਸਕਦੇ ਹਾਂ ਰੋ। ਮਿੱਟੀ ਵਿਚ ਗੁਆਚੇ ਸੁਪਨੇ ਖੰਭ ਖੁਹਾ ਲਏ ਰੀਝਾਂ, ਕਿਹੜਾ ਵੈਦ ਪਛਾਣੇ ਮਰਜ਼ਾਂ ਮਿਲਦੀ ਨਾ ਕਣਸੋ। ਕਾਲ ਕਲੂਟੀ ਰਾਤ ਹੈ ਸਿਰ ਤੇ ਟੋਏ ਟਿੱਬੇ ਰਾਹ, ਸਫ਼ਰ ਕਰਦਿਆਂ ਨਾਲ ਜਗਾਉ ਅਪਣੀ ਅਪਣੀ ਲੋਅ। ਤੜਕਸਾਰ ਇਕ ਅਣਦਿਸ ਚਿਹਰਾ ਕੰਨਾਂ ਵਿਚ ਕਹਿ ਜਾਵੇ, ਖੋਲ੍ਹ ਦਿਉ ਹੁਣ ਉਮਰਾਂ ਤੋਂ ਨੇ ਬੰਦ ਪਏ ਦਰ ਜੋ।
ਗੁਆਚੇ ਯਾਰ ਸਾਰੇ ਸ਼ਹਿਰ ਵਿਚ
ਗੁਆਚੇ ਯਾਰ ਸਾਰੇ ਸ਼ਹਿਰ ਵਿਚ ਕਿਸ ਨੂੰ ਬੁਲਾਵਾਂਗਾ। ਮੈਂ ਕਿਸਦੇ ਕੋਲ ਜਾ ਕੇ ਆਪਣੀ ਵਿਥਿਆ ਸੁਣਾਵਾਂਗਾ। ਜੇ ਰਾਤਾਂ ਕਾਲੀਆਂ ਤੇ ਲੰਮੀਆਂ ਏਦਾਂ ਹੀ ਰਹੀਆਂ ਤਾਂ, ਮੈਂ ਕੀਕਣ ਚਾਨਣੀ ਵਿਚ ਫ਼ਲਣ ਵਾਲਾ ਬਿਰਖ਼ ਲਾਵਾਂਗਾ। ਮੈਂ ਬਚਪਨ ਵਿਚ ਕਦੀ ਜਦ ਬੰਟਿਆਂ 'ਤੇ ਚੋਟ ਲਾਉਂਦਾ ਸਾਂ, ਨਹੀਂ ਸਾਂ ਜਾਣਦਾ ਏਦਾਂ ਹੀ ਮੈਂ ਵੀ ਤਿੜਕ ਜਾਵਾਂਗਾ। ਮੈਂ ਸਾਰੀ ਰਾਤ ਅੱਥਰੇ ਸੁਪਨਿਆਂ ਨੂੰ ਟਾਲਦਾ ਰਹਿਨਾਂ, ਪਤਾ ਹੈ ਸਾਂਭ ਕੇ ਇਨ੍ਹਾਂ ਨੂੰ ਮੈਂ ਤਾਂ ਬਿਖਰ ਜਾਵਾਂਗਾ। ਤੁਸਾਂ ਐਵੇਂ ਹੀ ਤਾੜੀ ਮਾਰ ਕੇ ਨਾ ਗੱਲ ਗੁਆ ਦੇਣੀ, ਜਦੋਂ ਮੈਂ ਆਪਣੇ ਮੱਥੇ 'ਚ ਖੁੱਭੇ ਕਿੱਲ ਗਿਣਾਵਾਂਗਾ। ਗੁਆਚੇ ਚਿਹਰਿਓ ਆਓ ਤੁਹਾਨੂੰ ਘਰ ਨੂੰ ਲੈ ਚੱਲਾਂ, ਨਹੀਂ ਤਾਂ ਆਪ ਵੀ ਮੈਂ ਰੌਲਿਆਂ ਵਿਚ ਗਰਕ ਜਾਵਾਂਗਾ।
ਪੈੜਾਂ ਤੇ ਕੁਝ ਰਿਸ਼ਤੇ ਨਵੇਂ ਨਵੇਲੇ
ਪੈੜਾਂ ਤੇ ਕੁਝ ਰਿਸ਼ਤੇ ਨਵੇਂ ਨਵੇਲੇ। ਇਕਲਾਪੇ ਵਿਚ ਇਹੀਓ ਸਾਥ ਸੁਹੇਲੇ। ਭਟਕ ਚੁਕੇ ਹਾਂ ਅਸੀਂ ਬੜਾ ਹੀ ਪਹਿਲਾਂ, ਖਾਣ ਨੂੰ ਆਉਂਦੇ ਹੁਣ ਤਾਂ ਜੂਹਾਂ ਬੇਲੇ। ਮੋਇਆਂ ਦਾ ਸਿੱਲਾ ਗ਼ਮ ਸਿਰ ਤੇ ਚੁੱਕ ਕੇ, ਜਾਗਦਿਆਂ ਦੇ ਸੁਪਨੇ ਗਏ ਤਰੇਲੇ। ਕਿਉਂ ਤੇਰੇ ਹੋਠਾਂ 'ਤੇ ਚੁੱਪ ਦਾ ਪਹਿਰਾ, ਨਾਗ ਜ਼ਰੀਲਾ ਮੁਸਕਣੀਆਂ ਸੰਗ ਖੇਲ੍ਹੇ। ਨਾ ਰੋ ਐਵੇਂ ਬੀਤ ਗਿਆ ਕਰ ਚੇਤੇ, ਨਾ ਹੁਣ ਐਵੇਂ ਟੱਕਰਾਂ ਮਾਰ ਕੁਵੇਲੇ।
ਆਵਾਜ਼ ਮੇਰੀ ਪਰਤ ਕੇ ਆਈ
ਆਵਾਜ਼ ਮੇਰੀ ਪਰਤ ਕੇ ਆਈ ਨਾ ਮੇਰੇ ਕੋਲ। ਕਾਹਨੂੰ ਤੂੰ ਐਵੇਂ ਵੇਖਨੈਂ ਭੁੱਬਲ ਨੂੰ ਫ਼ੋਲ ਫ਼ੋਲ। ਜਸ਼ਨਾਂ 'ਚ ਰੁੱਝੇ ਲੋਕ ਨੇ ਤੇ ਬਲ ਰਿਹਾ ਹਾਂ ਮੈਂ, ਵਜਦੇ ਨਗਾਰੇ ਤੂਤੀਆਂ ਪਏ ਖੜਕਦੇ ਨੇ ਢੋਲ। ਪੈਂਡੇ ਦੋਹਾਂ ਦੇ ਘਟਣ ਦੀ ਥਾਂ ਵਧ ਰਹੇ ਨੇ ਹੋਰ, ਜਿੰਨਾ ਵੀ ਆਪਾਂ ਆ ਰਹੇ ਇਕ ਦੂਸਰੇ ਦੇ ਕੋਲ। ਤੇਰੀ ਇਹ ਬਲਦੀ ਮੁਸਕਣੀ ਮੇਰੇ ਸਿਵੇ ਦੀ ਲਾਟ, ਕੰਬਦੀ ਅਵਾਜ਼ ਵਾਂਗਰਾਂ ਕਿੱਦਾਂ ਰਹੀ ਹੈ ਡੋਲ। ਕਿੰਨਾ ਅਜੀਬ ਹਾਦਿਸਾ ਕਿ ਮਰ ਗਿਆ ਹਾਂ ਮੈਂ ਦੁਸ਼ਮਣ ਤਾਂ ਖ਼ਾਲੀ ਹੱਥ ਸੀ ਹਥਿਆਰ ਮੇਰੇ ਕੋਲ।
ਯਾਦਾਂ ਦੇ ਹਵਾਲੇ ਜਿੰਦ
ਯਾਦਾਂ ਦੇ ਹਵਾਲੇ ਜਿੰਦ ਕੀਤਿਆਂ ਨ ਸਰੇ। ਕੌਣ ਜਾਂ ਬੇਗਾਨੇ ਗ਼ਮ-ਸਾਗਰਾਂ 'ਚ ਤਰੇ। ਕਾਹਦਾ ਪਛਤਾਵਾ ਜੜ੍ਹੋਂ ਆਪ ਹੀ ਤਾਂ ਪੁੱਟੇ, ਭਰਮਾਂ ਦੇ ਰੁੱਖ ਕਦੇ ਹੋਣੇ ਨਹੀਂ ਸੀ ਹਰੇ। ਰੋਕ ਲੈ ਤੂੰ ਅੱਖਾਂ ਤੋਂ ਪਿਛਾਂਹ ਹੀ ਨਦੀ, ਰੋੜ੍ਹ ਹੀ ਦੇਵੇ ਨਾ ਮੈਨੂੰ ਹਠ ਤੋਂ ਇਹ ਪਰੇ। ਠੀਕ ਸੀ ਜੇ ਤੋੜ ਤੀਕ ਨਿਭ ਜਾਂਦੇ ਦੋਵੇਂ, ਠੀਕ ਹੈ ਜੇ ਦੋਵੇਂ ਹੀ ਨਾ ਜਿੱਤੇ ਨਾ ਹਰੇ। ਖੋਟ ਦੇ ਜ਼ਮਾਨੇ ਵਿਚ ਹੋਣੀ ਸੀ ਅਖੀਰ, ਫਿਰਦੇ ਗੁਆਚੇ ਦੋਵੇਂ ਸਿੱਕੇ ਆਪਾਂ ਖਰੇ। ਹਵਾ ਹੱਥ ਭੇਜੀਂ ਨਾ ਤੂੰ ਚੇਤਿਆਂ ਦੀ ਡਾਕ, ਵਾਪਸੀ ਬੇਰੰਗ ਚਿੱਠੀ ਮੁੜੂ ਤੇਰੇ ਘਰੇ।
ਜੂਨ ਜੁਲਾਈ ਸਿਰ ਤੇ ਬਲਦੀ
ਜੂਨ ਜੁਲਾਈ ਸਿਰ ਤੇ ਬਲਦੀ। ਰਾਹੀਆਂ ਦੀ ਕੋਈ ਪੇਸ਼ ਨ ਚਲਦੀ। ਚੀਲਾਂ ਗਿਰਝਾਂ ਕੁੱਤਿਆਂ ਦੇ ਵੱਸ, ਅੱਜ ਜ਼ਿੰਦਗੀ ਤਲੀਆਂ ਮਲਦੀ। ਆਦਮ ਖ਼ੋਰ ਆਵਾਜ਼ਾਂ ਦੇ ਵਿਚ, ਮੇਰੀ ਤਾਂ ਬਈ ਸੁਰ ਨ੍ਹੀਂ ਰਲਦੀ। ਏਨੀ ਧੁੱਪ ਤੋਂ ਸਹਿਮ ਗਏ ਹੋ, ਚੇਤੇ ਹੈ ਅੱਗ ਮਾਰੂਥਲ ਦੀ। ਇਸ ਮੌਸਮ ਵਿਚ ਚੁੱਪ ਨਾ ਬੈਠੋ, ਏਦਾਂ ਨਹੀਂ ਮੁਸੀਬਤ ਟਲਦੀ। ਘੇਰ ਲਉ ਵਰਮੀ ਨੂੰ ਜਾ ਕੇ, ਨਾਗਣ ਤਾਂ ਨਿੱਤ ਜਾਵੇ ਫ਼ਲਦੀ। ਸੱਜੇ ਖੱਬੇ ਸਿਰ ਅਗਨੀ ਤੇ, ਆਸ ਕਰੂੰਬਲ ਫਿਰ ਵੀ ਪਲਦੀ।
ਰੁਕ ਰੁਕ ਤੇਜ਼ ਹਵਾ ਨ ਚੱਲ
ਰੁਕ ਰੁਕ ਤੇਜ਼ ਹਵਾ ਨ ਚੱਲ। ਕਾਫ਼ਲਿਆਂ ਦਾ ਰਾਹ ਨ ਮੱਲ। ਜ਼ਖ਼ਮਾਂ ਖਾਤਰ ਮਰਹਮ ਬਣ ਜਾ, ਹੋਰ ਵਧਾ ਨਾ ਦਿਲ ਦੇ ਸੱਲ। ਅੱਜ ਦੀ ਏਸ ਭਿਆਨਕ ਰਾਤੇ, ਚੰਗਾ ਲੱਗਦੈ ਬੀਤਿਆ ਕੱਲ੍ਹ। ਹਰ ਮੀਟੀ ਮੈਂ ਹਾਰ ਗਿਆ ਹਾਂ, ਜਿੱਤ ਦਾ ਕੋਈ ਸੁਨੇਹਾ ਘੱਲ। ਤੁਰਦਾ ਤੁਰਦਾ ਏਸ ਪੜਾਅ ਤੇ, ਪਹੁੰਚ ਗਿਆ ਏ ਦਿਲ ਦਾ ਝੱਲ। ਸੱਚੋ ਸੱਚ ਇਹ ਦੱਸਦੇ ਤੂੰ ਹੈਂ, ਦੁਸ਼ਮਣ ਵੱਲ ਜਾਂ ਮੇਰੇ ਵੱਲ। ਮਸਾਂ ਮਸਾਂ ਅੱਜ ਲਾਟ ਬਣੀ ਹੈ, ਧੁਖ਼ਦੀ ਧੁਖ਼ਦੀ ਦਿਲ ਦੀ ਗੱਲ। ਤੂੰ ਤੇ ਮੈਂ ਜੇ ਰਲ ਮਿਲ ਜਾਈਏ, ਬੀਤਿਆ ਅੱਜ ਤੇ ਸਾਡਾ ਕੱਲ੍ਹ।
ਹਰ ਸੀਸ ਤੇਗ ਹੇਠਾਂ
ਹਰ ਸੀਸ ਤੇਗ ਹੇਠਾਂ ਹਰ ਜਿਸਮ ਆਰਿਆਂ 'ਤੇ। ਇਹ ਕਿਸ ਤਰ੍ਹਾਂ ਦਾ ਮੌਸਮ ਆਇਆ ਹੈ ਸਾਰਿਆਂ 'ਤੇ। ਪੈਰਾਂ 'ਚ ਝਾਂਜਰਾਂ ਨੇ ਬੇਚੈਨ ਆਂਦਰਾਂ ਨੇ, ਨੱਚਦੇ ਹਾਂ ਨਾਚ ਕਿਹੜਾ ਕਿਸਦੇ ਇਸ਼ਾਰਿਆਂ 'ਤੇ। ਵਰ੍ਹਿਆਂ ਤੋਂ ਸਾਂਭਿਆ ਹੈ ਜਿਸ ਚਾਨਣੀ ਦਾ ਸੁਪਨਾ, ਕਿੰਨੀ ਕੁ ਦੇਰ ਹਾਲੇ ਪਰਚਾਂਗੇ ਲਾਰਿਆਂ 'ਤੇ। ਹਰ ਬੋਲ ਉੱਤੇ ਪਹਿਰਾ ਵੀਰਾਨ ਜਿੰਦੂ ਸਹਿਰਾ, ਹੈ ਸਾਜ਼ਸ਼ੀ ਕਰੋਪੀ ਛੰਨਾਂ ਤੇ ਢਾਰਿਆਂ 'ਤੇ। ਮਿਲ ਕੇ ਹੀ ਜਰ ਸਕਾਂਗੇ ਉਹ ਹਾਦਸੇ ਨੂੰ ਆਪਾਂ, ਡਿੱਗੀ ਜੇ ਬਿੱਜ ਕੋਈ ਬਰਫ਼ਾਂ ਦੇ ਠਾਰਿਆਂ 'ਤੇ। ਕਿੱਧਰ ਨੂੰ ਕੋਈ ਜਾਵੇ ਕਿੱਧਰ ਤੋਂ ਕੋਈ ਆਵੇ, ਹਰ ਸੜਕ ਚੌਂਕ ਗਲੀਆਂ ਪਹਿਰੇ ਨੇ ਸਾਰਿਆਂ 'ਤੇ। ਇਹ ਰਾਤ ਦੀ ਸਿਆਹੀ ਹੱਡਾਂ 'ਚ ਬਹਿ ਨ ਜਾਵੇ, ਗਰਮਾਓ ਸਰਦ ਜੁੱਸੇ ਰੱਖ ਕੇ ਅੰਗਾਰਿਆਂ 'ਤੇ। ਇਹ ਜ਼ਿੰਦਗੀ ਹੈ ਯਾਰੋ ਕੋਈ ਵਾਰਤਾ ਨਹੀਂ ਹੈ, ਚੱਲਦੀ ਰਹੇਗੀ ਆਪੋ ਅਪਣੇ ਹੁੰਗਾਰਿਆਂ 'ਤੇ।
ਬੜਾ ਚਿਰ ਜੀ ਲਿਆ ਮੈਂ
ਬੜਾ ਚਿਰ ਜੀ ਲਿਆ ਮੈਂ ਪਿੰਡ ਦਿਆਂ ਰੁੱਖਾਂ ਤੋਂ ਡਰ ਡਰ ਕੇ। ਪਤਾ ਨ੍ਹੀਂ ਕਿੰਞ ਹਾਂ ਜ਼ਿੰਦਾ ਅਨੇਕਾਂ ਵਾਰ ਮਰ ਮਰ ਕੇ। ਕਿਸੇ ਨੂੰ ਕੀ ਪਤਾ ਸੀ ਮਘ ਪਵੇਗੀ ਰਾਖ 'ਚੋਂ ਏਦਾਂ, ਜੋ ਆਪਾਂ ਠਾਰ ਦਿੱਤੀ ਅੱਗ ਬਰਫ਼ਾਂ ਹੇਠ ਧਰ ਧਰ ਕੇ। ਤੂੰ ਜਿਸ ਦਿਨ ਮੇਰਿਆਂ ਹੋਠਾਂ ਤੋਂ ਮੇਰੀ ਬਾਤ ਖੋਹੀ ਸੀ, ਮੈਂ ਉਸ ਦਿਨ ਬਹੁਤ ਰੋਇਆ ਅਪਣੇ ਪਰਛਾਵੇਂ ਤੋਂ ਡਰ ਡਰ ਕੇ। ਮੈਨੂੰ ਲੱਗਦੈ ਬਹੁਤ ਭਟਕਾਂਗਾ ਮੈਂ ਤੈਥੋਂ ਜੁਦਾ ਹੋ ਕੇ, ਮੈਂ ਦਿਲ ਨੂੰ ਸਾਂਭਦਾ ਹਾਂ ਤੇਰੀਆਂ ਹੀ ਗੱਲਾਂ ਕਰ ਕਰ ਕੇ। ਇਹ ਮੇਰਾ ਸੀਸ ਐਵੇਂ ਦਰ-ਬ-ਦਰ ਨਹੀਂ ਭਟਕਦਾ ਫਿਰਦਾ, ਇਹ ਝੁਕਿਆ ਜਦ ਵੀ ਝੁਕਿਆ ਸਿਰਫ਼ ਝੁਕਿਆ ਤੇਰੇ ਦਰ ਕਰਕੇ।
ਦਿਨ ਭਰ ਜਿਹੜੀ ਰਾਤ ਉਡੀਕਾਂ
ਦਿਨ ਭਰ ਜਿਹੜੀ ਰਾਤ ਉਡੀਕਾਂ ਰਾਤ ਪਏ ਘਬਰਾਵਾਂ। ਸਮਝ ਨਹੀਂ ਆਉਂਦੀ ਅੰਨ੍ਹੇ ਖੂਹ 'ਚੋਂ ਕਿੱਧਰ ਨੂੰ ਮੈਂ ਜਾਵਾਂ। ਓਸ ਕੁੜੀ ਨੂੰ ਹੁਣ ਹੱਥਾਂ ਦੀ ਮਹਿੰਦੀ ਤੋਂ ਡਰ ਲੱਗੇ, ਜੀਹਦਾ ਕੰਤ ਜਹਾਜ਼ੇ ਚੜ੍ਹਿਆ ਲੈ ਕੇ ਚਾਰ ਕੁ ਲਾਵਾਂ। ਬੰਦਿਆਂ ਦਾ ਇਤਬਾਰ ਭਲਾ ਮੈਂ ਕੀ ਕਰਦਾ ਇਸ ਰੁੱਤੇ, ਰੁੱਖਾਂ ਨਾਲ ਖਲੋਤਾ ਮੈਂ ਹਾਂ ਜਾਂ ਪੱਤ ਵਿਰਲਾ ਟਾਵਾਂ। ਕੱਲ੍ਹ ਤਿਰਕਾਲੀਂ ਡੁੱਬਦਾ ਸੂਰਜ ਜਾਪ ਰਿਹਾ ਸੀ ਏਦਾਂ, ਜੀਕਣ ਸਾਮੀ ਘੇਰੀ ਹੋਵੇ ਸਾਡੇ ਪਿੰਡ ਦੇ ਸ਼ਾਹਵਾਂ। ਕੱਲ ਦਰਿਆ ਸੀ ਚਾਰ ਚੁਫ਼ੇਰੇ ਵਿਚ ਖਲੋਤਾ ਮੈਂ ਸਾਂ, ਅੱਜ ਮੈਂ ਉਹਦੀ ਰੇਤ 'ਚ ਪੋਟਾ ਪੋਟਾ ਧਸਦਾ ਜਾਵਾਂ। ਅਪਣੇ ਸ਼ਹਿਰ ਪਰਾਇਆਂ ਵਾਂਗੂੰ ਰੁੱਖ ਘੂਰਦੇ ਮੈਨੂੰ, ਸ਼ਹਿਰ ਬੇਗਾਨੇ ਦੇ ਲੋਕੀ ਤਾਂ ਹੱਥੀਂ ਕਰਦੇ ਛਾਵਾਂ। ਤੇਰੀ ਧੁੱਪ ਮੁਬਾਰਕ ਤੈਨੂੰ, ਛਾਂ ਤੇਰੀ ਵੀ ਤੈਨੂੰ, ਮੈਨੂੰ ਬਹੁਤ ਗੁਜ਼ਾਰੇ ਜੋਗਾ ਆਪਣਾ ਹੀ ਪਰਛਾਵਾਂ।
ਜੇ ਮੂੰਹੋਂ ਬੋਲਦੀ ਸ਼ੀਰੀਂ
ਜੇ ਮੂੰਹੋਂ ਬੋਲਦੀ ਸ਼ੀਰੀਂ ਗ਼ਜ਼ਲ ਦੀ ਬਹਿਰ ਦੇ ਵਾਂਗੂੰ। ਤਾਂ ਹੋ ਜਾਣਾ ਸੀ ਖ਼ੁਦ ਫਰਹਾਦ ਨੇ ਵੀ ਨਹਿਰ ਦੇ ਵਾਂਗੂੰ। ਮੈਂ ਉਸ ਨੂੰ ਲੱਭਦਾ ਲੱਭਦਾ ਆਪ ਕਿਧਰੇ ਗੁੰਮ ਹੋ ਚੱਲਿਆਂ, ਕਿਤੇ ਤਾਂ ਮਿਲ ਪਵੇ ਮੱਥੇ ਦੀ ਪੂਰੀ ਕਹਿਰ ਦੇ ਵਾਂਗੂੰ। ਉਦ੍ਹੀ ਇਕ ਯਾਦ ਦਾ ਅੰਮ੍ਰਿਤ ਹੀ ਬਣਿਆ ਆਸਰਾ ਮੇਰਾ, ਨਹੀਂ ਤਾਂ ਜ਼ਿੰਦਗੀ ਹੋ ਜਾਣੀ ਸੀ ਇਹ ਜ਼ਹਿਰ ਦੇ ਵਾਂਗੂੰ। ਜਦੋਂ ਸੀ ਕੋਲ ਮੇਰੇ ਜਾਪਦੀ ਬਲਦੀ ਹੋਈ ਸ਼ਮ੍ਹਾਂ, ਜਦੋਂ ਨਿੱਖੜੀ ਤਾਂ ਜਾਪੀ ਉਹ ਸਰਾਪੇ ਸ਼ਹਿਰ ਦੇ ਵਾਂਗੂੰ। ਕਿਵੇਂ ਉਹਨੂੰ ਕਲਾਵੇ ਵਿਚ ਭਰਨ ਦਾ ਹੌਸਲਾ ਕਰਦਾ, ਹਵਾ ਦਾ ਜਿਸਮ ਸੀ ਪਾਣੀ ਦੀ ਉਤਲੀ ਲਹਿਰ ਦੇ ਵਾਂਗੂੰ। ਹੁਲਾਰਾ ਪੀਂਘ ਦਾ ਮੈਂ ਉਸ ਦਾ ਨਾਮ ਰੱਖਿਆ ਹੈ, ਮਿਲੀ ਜੋ ਜ਼ਿੰਦਗੀ ਵਿਚ ਇਕ ਘੜੀ ਸੀ ਕਹਿਰ ਦੇ ਵਾਂਗੂੰ।
ਸਾਡੇ ਘਰ ਨੂੰ ਤੀਲੀ ਲਾ ’ਗੇ
ਸਾਡੇ ਘਰ ਨੂੰ ਤੀਲੀ ਲਾ ’ਗੇ ਬਹੁ ਰੰਗੇ ਅਖ਼ਬਾਰ। ਅੰਨ੍ਹੇ ਕਾਣੇ ਫਿਰਨ ਘੁਮਾਉਂਦੇ ਦੋ ਧਾਰੀ ਤਲਵਾਰ। ਨਾ ਅੰਬਰ 'ਚੋਂ ਬਿਜਲੀ ਡਿੱਗੀ ਨਾ ਕੋਈ ਹੋਰ ਚੁੜੇਲ, ਬਿਟ ਬਿਟ ਝਾਕੇ ਕੰਧ 'ਤੇ ਬੈਠੀ ਖੰਭ ਸੜਿਆਂ ਦੀ ਡਾਰ। ਮਾਂ ਪਿਉ ਜਾਏ ਬਣੇ ਪਰਾਏ ਵੰਡਿਆ ਧਰਤੀ ਅੰਬਰ, ਵਿਸ਼-ਵਣਜਾਰਿਆਂ ਲੀਕਾਂ ਪਾ ਕੇ ਦਿੱਤਾ ਕਹਿਰ ਗੁਜ਼ਾਰ। ਅੰਦਰੋਂ ਕੁੰਡੀ ਲਾ ਕੇ ਸੁੱਤੇ ਵੈਦ-ਧੁਨੰਤਰ ਸਾਰੇ, ਅਪਣੇ ਆਪ ਤਾਂ ਲਹਿ ਨਾ ਸਕਦਾ ਜਾਪੇ ਡਾਢਾ ਤੇਜ਼ ਬੁਖ਼ਾਰ। ਮੌਸਮ ਸਿਰ ਇਲਜ਼ਾਮ ਲਗਾ ਕੇ ਕੰਢੇ 'ਤੇ ਜਾ ਬੈਠੇ, ਚਿੱਟੇ ਕੱਪੜਿਆਂ ਵਾਲੇ ਮੇਰੇ ਵੰਨ ਸੁਵੰਨੇ ਯਾਰ। ਗਲੀਆਂ ਚੌਂਕ ਚੁਰਸਤੇ ਸੜਕਾਂ ਸੁੰਨ ਮ-ਸੁੰਨੀਆਂ ਹੋਈਆਂ, ਦਫ਼ਾ ਚੁਤਾਲੀ ਧੌਣ ਪੰਜਾਲੀ ਜੇ ਰਲ ਬੈਠਣ ਚਾਰ। ਏਦਾਂ ਗਰਕ ਗਰਕ ਕੇ ਯਾਰੋ ਬਾਕੀ ਰਹਿ ਕੀ ਜਾਊ, ਵਧਦੀ ਗਈ ਜੇ ਏਦਾਂ ਅਪਣੇ ਗਰਕਣ ਦੀ ਰਫ਼ਤਾਰ।
ਅੱਧੀ ਰਾਤੇ ਜਦ ਕੋਈ ਤਾਰਾ
ਅੱਧੀ ਰਾਤੇ ਜਦ ਕੋਈ ਤਾਰਾ ਟੁੱਟੇ ਤਾਂ। ਮੈਨੂੰ ਜਾਪੇ ਮੈਂ ਹੀ ਕਿਤਿਓਂ ਤਿੜਕ ਗਿਆਂ। ਖਾਂਦੀ ਖਾਂਦੀ ਰਾਤ ਮੈਨੂੰ ਖਾ ਜਾਏਗੀ, ਅੱਖ ਪਲਕ 'ਚ ਦੇਖ ਮੈਂ ਕਿੰਨਾ ਬਦਲ ਗਿਆਂ। ਜਿਸ ਨੂੰ ਰੋਜ਼ ਉਡੀਕਦੇ ਹਾਂ ਦਿਨ ਚੜ੍ਹਦੇ ਤੋਂ, ਢਿੱਲਾ ਜੇਹਾ ਮੂੰਹ ਲੈ ਆਉਂਦੈ ਦਿਨ ਢਲਿਆਂ। ਮੱਥੇ ਵਿਚਲੀ ਭੁੱਖ ਜਹੀ ਤੜਫਾਉਂਦੀ ਹੈ, ਸੌਂ ਜਾਵੇਗੀ ਇਕ ਅੱਧ ਬੁਰਕੀ ਦੇ ਮਿਲਿਆਂ। ਰਾਹਾਂ ਦੇ ਵਿਚ ਖ਼ੁਰ ਚੱਲਿਆ ਸੀ ਮੇਰਾ ਤਨ, ਤੈਨੂੰ ਚੇਤੇ ਕਰਕੇ ਏਨਾ ਵੀ ਬਚਿਆਂ। ਕਦੇ ਕਦੇ ਇਹ ਅਣਖ਼ ਜਹੀ ਤੰਗ ਕਰਦੀ ਏ, ਆਪਣੀ ਜਾਚੇ ਭਾਵੇਂ ਕਿੰਨਾ ਸੁਧਰ ਗਿਆਂ। ਉਹਨੂੰ ਜੇਕਰ ਮੇਟ ਸਕੇਂ ਤਾਂ ਮੇਟ ਲਵੀਂ, ਮੈਂ ਜਿਹੜੇ ਵਰਕੇ ਦਾ ਗੂੜ੍ਹਾ ਅੱਖਰ ਹਾਂ। ਉਸ ਦਾ ਕੰਮ ਹੈ ਬਲਣਾ ਉਸ ਨੂੰ ਬਲਣ ਦਿਉ, ਉਹ ਤਾਂ ਸੂਰਜ ਹੈ ਮੈਂ ਸੂਰਜ ਥੋਹੜਾ ਹਾਂ।
ਗਰਦ ਚੜ੍ਹੀ ਅਸਮਾਨੇ
ਗਰਦ ਚੜ੍ਹੀ ਅਸਮਾਨੇ ਰਾਤਾਂ ਕਾਲੀਆਂ। ਸੁਹਣੇ ਪੁੱਤ ਗਵਾ ਲਏ ਪੁੱਤਾਂ ਵਾਲੀਆਂ। ਸਿਖ਼ਰ ਦੁਪਹਿਰ ਸਿਰ 'ਤੇ ਕਾਂਬਾ ਕਹਿਰ ਦਾ, ਦੋਹਾਂ ਚੋਂ ਕਿਸ ਰੁੱਤ ਨੂੰ ਦੇਵਾਂ ਗਾਲੀਆਂ। ਪਾਲੇ ਠਰ ਕੇ ਰਾਤ ਮੁਸਾਫ਼ਰ ਮਰ ਗਿਆ, ਹੁਣ ਕਿਉਂ ਲੋਥ ਸਿਰ੍ਹਾਣੇ ਅੱਗਾਂ ਬਾਲੀਆਂ। ਏਧਰ ਓਧਰ ਖੁਸ਼ਬੂ ਪਈ ਕਲੋਲ ਕਰੇ, ਕਾਹਨੂੰ ਵਿਚ ਵਿਚਾਲੇ ਲਾਈਆਂ ਜਾਲੀਆਂ। ਪੇਟ ਵਜਾ ਕੇ ਗਾ ਕੇ ਭੁੱਖੇ ਰੱਜ ਗਏ, ਦੇਣ ਤਸੱਲੀ ਆਈਆਂ ਜਦ ਨੂੰ ਥਾਲੀਆਂ। ਰਾਤੀਂ ਖ਼ਬਰੇ ਕੌਣ ਸੁਨਾਉਣੀ ਦੇ ਗਿਆ, ਬੋਹੜਾਂ ਦੇ ਪੱਬ ਡੋਲਣ ਥਿੜਕਣ ਟਾਹਲੀਆਂ। ਜਾਦੂਗਰ ਦੀ ਸਾਜ਼ਿਸ਼ ਕੋਈ ਨਾ ਜਾਣਦਾ, ਐਵੇਂ ਭੀੜ ਵਜਾਈ ਜਾਵੇ ਤਾਲੀਆਂ। ਫੁੱਲਾਂ ਦਾ ਰੰਗ ਲਾਲ ਬਣੇਗਾ ਅੰਤ ਨੂੰ, ਭਾਵੇਂ ਇਨ੍ਹਾਂ ਥੱਲੇ ਹਰੀਆਂ ਡਾਲੀਆਂ।
ਜੇਕਰ ਬਿਜਲੀ-ਘਰ ਦੇ ਨੇੜੇ
ਜੇਕਰ ਬਿਜਲੀ-ਘਰ ਦੇ ਨੇੜੇ ਰੌਸ਼ਨ ਚਾਰ ਚੁਫ਼ੇਰਾ ਹੈ। ਇਹਦਾ ਮਤਲਬ ਇਹ ਤਾਂ ਨਹੀਂ ਕਿ ਹੋਇਆ ਸੋਨ-ਸਵੇਰਾ ਹੈ। ਚੰਡੀਗੜ੍ਹ ਦੇ ਜੰਡ ਕਰੀਰਾਂ ਸੜਕਾਂ ਕੋਲ ਤਾਂ ਹੈ ਚਾਨਣ, ਸਾਡੇ ਪਿੰਡ ਦੇ ਅੰਦਰ ਬਾਹਰ ਕਾਲਾ ਘੁੱਪ ਹਨੇਰਾ ਹੈ। ਔੜ ਪਏ ਜਾਂ ਮਾਰ ਦਏ ਫ਼ਿਰ ਬੇਮੌਸਮ ਬਰਸਾਤ ਜਹੀ, ਰੋਜ਼ ਦਿਹਾੜੀ ਮਰ ਮਰ ਜੀਣਾ ਸਾਡੇ ਪਿੰਡ ਦਾ ਜੇਰਾ ਹੈ। ਜਿੱਤਿਆ ਸੀ ਜੋ ਕਦੇ ਪੁਰਖ਼ਿਆਂ ਅਪਣੇ ਬਾਹੂਬਲ ਦੇ ਨਾਲ, ਓਸ ਕਿਲ੍ਹੇ ਵਿਚ ਅੱਜ ਕੱਲ੍ਹ ਲੱਗਿਆ ਵਿਸ਼-ਕੰਨਿਆ ਦਾ ਡੇਰਾ ਹੈ। ਹੋਰ ਕਿਸੇ ਸੁਕਰਾਤ ਦੀ ਖ਼ਾਤਰ ਜ਼ਹਿਰ ਪਿਆਲਾ ਸਾਂਭ ਲਵੋ, ਮੈਨੂੰ ਤਾਂ ਬੱਸ ਏਸੇ ਜੀਵਨ ਦਾ ਹੀ ਜ਼ਹਿਰ ਬਥੇਰਾ ਹੈ। ਮੇਰੀ ਹੋਂਦ ਕਬੂਲ ਕਰੋਗੇ ਇਕ ਦਿਨ ਐਸਾ ਆਵੇਗਾ, ਮੈਂ ਭਾਵੇਂ ਇਕ ਬਿੰਦੂ ਹਾਂ ਪਰ ਹਰ ਬਿੰਦੂ ਦਾ ਘੇਰਾ ਹੈ। ਜਿੱਥੇ ਕਿਧਰੇ ਚੀਕਾਂ ਤੇ ਕੁਰਲਾਹਟਾਂ ਦੀ ਆਵਾਜ਼ ਸੁਣੇ, ਹਰ ਬਸਤੀ ਘਰ ਸ਼ਹਿਰ ਦੇਸ਼ ਤੇ ਹਰ ਧੁਖਦਾ ਪਿੰਡ ਮੇਰਾ ਹੈ।
ਅਖ਼ਬਾਰਾਂ 'ਚ ਰੋਜ਼ਾਨਾ ਮਰਿਆਂ ਦੀ
ਅਖ਼ਬਾਰਾਂ 'ਚ ਰੋਜ਼ਾਨਾ ਮਰਿਆਂ ਦੀ ਖ਼ਬਰ ਲੱਗੇ। ਜ਼ਹਿਰੀਲੀ ਹਵਾ ਦਾ ਹੀ ਹਰਫ਼ਾਂ ਤੇ ਅਸਰ ਲੱਗੇ। ਦੀਵਾਰਾਂ ਨੇ ਸਭ ਪਾਸੇ ਨਾ ਬੂਹਾ ਨਾ ਬਾਰੀ ਹੈ, ਅੰਬਰ ਵੱਲ ਝਾਕਦਿਆਂ ਖੁੱਲ੍ਹਾ ਇੱਕ ਦਰ ਲੱਗੇ। ਧੁੱਪਾਂ ਤੋਂ ਕਣੀਆਂ ਤੋਂ ਜਿਸ ਛਤਰੀ ਬਚਾਉਣਾ ਸੀ, ਉਸ ਕੱਪੜੇ ਸਣੇ ਤਾਰਾਂ ਮੈਨੂੰ ਜਾਲ ਤੋਂ ਡਰ ਲੱਗੇ। ਇਹ ਵਕਤ ਭਲਾ ਕੈਸਾ ਸਿਰ ਉੱਤੇ ਹੈ ਆਣ ਖੜ੍ਹਾ, ਪਾਣੀ ਤੇ ਅੱਗ ਸਣੇ ਸਾਹਾਂ ਤੇ ਵੀ ਕਰ ਲੱਗੇ। ਕਤਰਨ ਨੂੰ ਉਹ ਪਰ ਮੇਰੇ ਫਿਰ ਲੈ ਕੇ ਤੇ ਆਏ ਨੇ, ਕੈਂਚੀ ਵੀ ਉਹ ਜਿਸਨੂੰ ਸੋਨੇ ਦੇ ਨੇ ਪਰ ਲੱਗੇ। ਸੋਚਾਂ ਦੀ ਹਨੇਰੀ ਵਿਚ ਮੈਂ ਖਿੰਡ ਗਿਆਂ ਏਦਾਂ, ਬੂਹੇ 'ਤੇ ਖੜੋਤਿਆਂ ਵੀ ਸੌ ਮੀਲ ਤੇ ਘਰ ਲੱਗੇ। ਤਲੀਆਂ ਤੇ ਟਿਕਾ ਕੇ ਸਿਰ ਇਹ ਕੌਣ ਕਿਵੇਂ ਕਿਹੜੇ? ਧੂੰਏਂ 'ਚ ਗੁਆਚ ਗਏ ਇਹ ਕਿਸਦੇ ਮਗਰ ਲੱਗੇ?
ਚੇਤੇ ਵਿਚੋਂ ਨਹੀਂ ਜਾਂਦੀ ਹੈ
ਚੇਤੇ ਵਿਚੋਂ ਨਹੀਂ ਜਾਂਦੀ ਹੈ ਮੇਰੇ ਪਿੰਡ ਦੀ ਨਹਿਰ। ਹੱਡਾਂ ਵਿਚ ਨਹੀਂ ਰਚਦਾ ਇਹ ਓਪਰਿਆਂ ਦਾ ਸ਼ਹਿਰ। ਸਿਰ ਤੇ ਛਤਰੀ ਤਾਣ ਲਵਾਂ ਜੇ ਧੁੱਪ ਤੋਂ ਡਰਦਾ ਮਾਰਾ, ਚੁਭਦੀ ਜਾਨ ਵਲੂੰਧਰਦੀ ਹੈ ਫਿਰ ਵੀ ਸਿਖ਼ਰ ਦੁਪਹਿਰ। ਰੁੱਖਾਂ ਦੇ ਪਰਛਾਵੇਂ ਮੇਰੇ ਘਰ ਤੀਕਣ ਨ੍ਹੀਂ ਆਉਂਦੇ, ਸੂਰਜ ਸਾਜ਼ਿਸ਼ ਕਰ ਲੈਂਦਾ ਹੈ ਕਿੱਡਾ ਵੱਡਾ ਕਹਿਰ। ਹੁਣ ਲੋਹੜੇ ਦਾ ਮੀਂਹ ਆਵੇਗਾ ਰੁੱਖ ਡੋਲਦੇ ਵੇਖੋ, ਅੰਬਰ ਦੇ ਨੈਣਾਂ ਚੋਂ ਦਿਸਦੀ ਸੁਰਮੇ ਵਰਗੀ ਗਹਿਰ। ਅਣਦੇਖੇ ਦੁਸ਼ਮਣ ਦਾ ਚਿਹਰਾ ਮੁੜ ਘਿੜ ਨਜ਼ਰੀਂ ਆਵੇ, ਪਤਾ ਨਹੀਂ ਕੀ ਸੁਪਨਾ ਆਵੇ ਰਾਤ ਦੇ ਪਿਛਲੇ ਪਹਿਰ। ਅਧਮੋਏ ਦਫ਼ਤਰ ਵਿਚ ਹੋਏ ਸੁੱਤ-ਉਨੀਂਦੇ ਲੋਕੀ, ਸਹਿਕਦਿਆਂ ਨੂੰ ਖ਼ੋਰੀ ਜਾਵੇ ਚਾਕਰੀਆਂ ਦਾ ਜ਼ਹਿਰ। ਕੱਲ-ਕਲੋਤਰ ਮੈਂ ਵੀ ਸ਼ਾਇਦ ਪਾਣੀ ਵਿਚ ਵਹਿ ਜਾਵਾਂ, ਕੱਲੀ ਕੀਕਣ ਤੁਰ ਸਕਦੀ ਏ ਪਾਣੀ ਉਤੇ ਲਹਿਰ।
ਹਾੜ੍ਹ ਮਹੀਨਾ ਸਿਖ਼ਰ ਦੁਪਹਿਰਾ
ਹਾੜ੍ਹ ਮਹੀਨਾ ਸਿਖ਼ਰ ਦੁਪਹਿਰਾ ਤੇਜ਼ ਹਵਾ। ਵੇਂਹਦੇ ਵੇਂਹਦੇ ਸਾਵਾ ਰੁੱਖ ਸੀ ਝੁਲਸ ਗਿਆ। ਰਾਤਾਂ ਦੇ ਜਗਰਾਤੇ ਕੱਟ ਕੇ ਜੋ ਬੁਣਿਆ, ਨੇੜੇ ਆਇਆ ਸੁਪਨਾ ਹੱਥੋਂ ਤਿਲਕ ਗਿਆ। ਸੀਟੀ ਮਾਰ ਜਗਾਉਂਦਾ ਸੀ ਜੋ ਪਿੰਡ ਸਾਰਾ, ਪਹਿਰੇਦਾਰ ਪਤਾ ਨਹੀਂ ਕਿੱਥੇ ਗਰਕ ਗਿਆ। ਜਿਸ ਦੀ ਸ਼ੂਕਰ ਦਿੱਲੀ-ਤਖ਼ਤ ਡਰਾਉਂਦੀ ਸੀ, ਅੱਥਰਾ ਦਰਿਆ ਕਿਹੜੇ ਟਿੱਬਿਆਂ ਡੀਕ ਲਿਆ। ਦਰਿਆਵਾਂ ਦੇ ਵਹਿਣ ਅਜੇ ਵੀ ਸ਼ੂਕਰਦੇ, ਕਾਫ਼ਲਿਆਂ ਦਾ ਮੂੰਹ ਕਿਉਂ ਪਿੱਛੇ ਪਰਤ ਗਿਆ। ਚਿੜੀ ਚੂਕਦੀ ਸ਼ੀਸ਼ੇ ਨੂੰ ਟੁਣਕਾਰ ਗਈ, ਬਾਹਰ ਨਿਕਲੋ ਸੂਰਜ ਬੂਹੇ ਆ ਢੁਕਿਆ।
ਯਤਨ ਕਰਾਂਗਾ ਮੱਥੇ ਵਿਚਲੀ
ਯਤਨ ਕਰਾਂਗਾ ਮੱਥੇ ਵਿਚਲੀ ਬਲਦੀ ਅੱਗ ਨੂੰ ਠਾਰ ਦਿਆਂ। ਆਪਣੇ ਵਿਚਲਾ ਅੱਥਰਾ ਘੋੜਾ ਮਾਰ ਮਾਰ ਕੇ ਮਾਰ ਦਿਆਂ। ਸਰਦੀ ਰੁੱਤੇ ਸੇਕ ਨਹੀਂ ਪਰ ਜੇਠ ਹਾੜ੍ਹ ਨੂੰ ਤਪਦਾ ਹੈ, ਰੋਜ਼ ਸੋਚਨਾਂ ਏਸ ਕਿਸਮ ਦੇ ਸੂਰਜ ਨੂੰ ਦੁਰਕਾਰ ਦਿਆਂ। ਕੋਰੇ ਕਾਗਜ਼ 'ਤੇ ਨਾ ਐਵੇਂ ਨਵੀਆਂ ਲੀਕਾਂ ਵਾਹ ਦੇਵੇ, ਪੁੱਤਰ ਕੋਲੋਂ ਕਾਪੀ ਖੋਹ ਕੇ ਰੱਦੀ ਚੋਂ ਅਖ਼ਬਾਰ ਦਿਆਂ। ਵੱਖਰੇ ਵੱਖਰੇ ਮੋਰਚਿਆਂ ਤੇ ਵੰਨ ਸੁਵੰਨੇ ਦੁਸ਼ਮਣ ਨੇ, ਇਕ ਇਕੱਲਾ ਕਿੱਧਰ ਕਿੱਧਰ ਕਿਸ ਕਿਸ ਨੂੰ ਮੈਂ ਹਾਰ ਦਿਆਂ। ਪੱਥਰਾਂ ਦੀ ਬਰਸਾਤ ’ਚ ਟੁੱਟੇ ਸ਼ੀਸ਼ੇ ਵਰਗੇ ਸੁਪਨੇ ਸਭ, ਫਿਰ ਵੀ ਪੱਥਰ ਚਹੁੰਦੇ ਨੇ ਮੈਂ ਪੱਥਰਾਂ ਨੂੰ ਸਤਿਕਾਰ ਦਿਆਂ। ਤਲਖ਼ ਤਜਰਬੇ ਕੋਲ ਗਵਾਹ ਨੇ ਨਾ ਲਿਫ਼ਿਆ ਨ ਮੁੜਿਆ ਹਾਂ, ਯਤਨ ਕਰਾਂਗਾ ਏਦਾਂ ਤਣ ਕੇ ਬਾਕੀ ਰਾਤ ਗੁਜ਼ਾਰ ਦਿਆਂ। ਨ ਖ਼ਤ ਆਵੇ ਨਾ ਖ਼ਤ ਜਾਵੇ ਫਿਰ ਵੀ ਸਾਂਝ ਅਜੇ ਬਾਕੀ, ਕੇਹੇ ਧਾਗੇ ਨਾਲ ਜਕੜਿਆ ਸੱਜਣਾਂ ਹੱਦੋਂ ਪਾਰ ਦਿਆਂ।
ਅੰਗਾਂ ਦੇ ਵਿਚ ਵੜਦੀ ਜਾਵੇ
ਅੰਗਾਂ ਦੇ ਵਿਚ ਵੜਦੀ ਜਾਵੇ ਠੰਢੀ ਠਾਰ ਹਵਾ। ਸਰਦ ਸਿਆਲੀਆਂ ਰਾਤਾਂ ਦਿਲ ਚੋਂ ਅੱਗ ਨੂੰ ਚੂਸ ਲਿਆ। ਮੀਂਹ ਦਾ ਪਾਣੀ ਹੜ੍ਹ ਦਾ ਪਾਣੀ ਏਥੇ ਆਣ ਖਲੋਵੇ, ਨੀਵੇਂ ਥਾਂ 'ਤੇ ਉੱਗੇ ਰੁੱਖ ਨੂੰ ਡਾਢੀ ਸਖ਼ਤ ਸਜ਼ਾ। ਨੰਗ ਮੁਨੰਗੇ ਠੁਰ ਠੁਰ ਕਰਦੇ ਕੱਚੀਆਂ ਕੰਧਾਂ ਉਹਲੇ, ਇਨ੍ਹਾਂ ਹਿੱਸੇ ਆਉਂਦੀ ਅੱਗ ਹੈ ਕਿਹੜਾ ਸੇਕ ਰਿਹਾ? ਸਾਡੀ ਧਰਤੀ 'ਤੇ ਹਰ ਬੂਟਾ ਚੜ੍ਹੇ ਜਵਾਨੀ ਸੁਹਣੀ, ਪਤਾ ਨਹੀਂ ਕਿਉਂ ਫ਼ਲ ਦੀ ਰੁੱਤੇ ਰੁੱਖ ਜਾਵੇ ਕੁਮਲਾ। ਤੇਜ਼ ਹਨੇਰੀ ਤੋਂ ਕੰਬਦਾ ਹੈ ਸਾਰਾ ਪਿੰਡ ਉਦੋਂ ਤੋਂ, ਜਦ ਤੋਂ ਝਟਕੇ ਨਾਲ ਬੋਹੜ ਦਾ ਬੂਟਾ ਉਖੜ ਗਿਆ। ਧਰਤੀ ਅੰਬਰ ਜਾਣ ਫ਼ੈਲਦੇ ਮਹਿਲ ਮੁਨਾਰੇ ਖ਼ਾਤਰ, ਸਾਡੀ ਧਰਤੀ ਸਾਡਾ ਅੰਬਰ ਕਾਹਨੂੰ ਸੁੰਗੜ ਗਿਆ। ਠਰਦੇ ਹੱਥਾਂ ਬਹੁਤ ਬੁਲਾਇਆ ਲੱਖ ਇਸ਼ਾਰੇ ਕੀਤੇ, ਅੱਗ ਦਾ ਗੀਤ ਗਵੱਈਆ ਰਾਹ 'ਚੋਂ ਆ ਕੇ ਪਰਤ ਗਿਆ।
ਜੰਗਲ ਦੇ ਵਿਚ ਸ਼ਾਮ ਪਈ
ਜੰਗਲ ਦੇ ਵਿਚ ਸ਼ਾਮ ਪਈ ਤੇ ਖੁਰਿਆ ਹੈ ਪਰਛਾਵਾਂ। ਵੰਨ ਸੁਵੰਨੀਆਂ ਚੀਕਾਂ ਕੂਕਾਂ ਰੌਲਾ ਬੱਦ ਬਲਾਵਾਂ। ਜਿਨ੍ਹਾਂ ਦੇ ਗਲ ਸੰਗਲ ਰੱਸੇ ਹਾਰ ਹਮੇਲਾਂ ਛਣਕਣ, ਖ਼ਸਮ ਪਛਾਣ ਕੇ ਪਿੱਛੇ ਤੁਰੀਆਂ ਭੇਡਾਂ, ਮੱਝਾਂ, ਗਾਵਾਂ। ਸਿਰ ਤੇ ਜਦੋਂ ਦੁਪਹਿਰ ਖੜ੍ਹੀ ਸੀ ਪੈਰ ਨ ਪੁੱਟਿਆ ਕੋਈ, ਸਾਨੂੰ ਐਵੇਂ ਬੰਨ੍ਹ ਬਿਠਾਇਆ ਬੁੱਢੇ ਰੁੱਖਾਂ ਛਾਵਾਂ। ਆਲ ਦੁਆਲਾ ਸਾਰੇ ਰਸਤੇ ਸ਼ੇਰ ਬਘੇਲਿਆਂ ਮੱਲੇ, ਤੇਰੇ ਤੱਕ ਵੀ ਆਵਾਂ ਤਾਂ ਦੱਸ ਕਿਹੜੇ ਰਸਤੇ ਆਵਾਂ। ਸਿਰ ਤੇ ਐਨ ਵਰ੍ਹਾਊ ਬੱਦਲ, ਕਹਿਰ, ਗੁਬਾਰ, ਹਨੇਰਾ, ਵਿਰਲਾਂ ਥਾਣੀਂ ਝਾਕੇ ਫ਼ਿਰ ਵੀ ਤਾਰਾ ਵਿਰਲਾ ਟਾਵਾਂ। ਏਨੇ ਸਾਲ ਬੇਗਾਨੀ ਧਰਤੀ ਖੋਰ ਖੋਰ ਕੇ ਪੀਤਾ, ਹੁਣ ਬਨਵਾਸੀ ਪੁੱਤਰਾਂ ਤਾਈਂ ਕਿੰਵ ਪਛਾਨਣ ਮਾਵਾਂ।
ਜਿਨ੍ਹਾਂ ਦੇ ਪਿੰਡਿਆਂ ਨੇ ਪਾਏ
ਜਿਨ੍ਹਾਂ ਦੇ ਪਿੰਡਿਆਂ ਨੇ ਪਾਏ ਲਿਸ਼ਕ ਪੁਸ਼ਕਵੇਂ ਬਸਤਰ ਸੀ। ਉਨ੍ਹਾਂ ਹੀ ਤਾਂ ਬੇ-ਤਰਤੀਬੀ ਕੀਤੀ ਸਾਡੀ ਨੀਂਦਰ ਸੀ। ਖੁਸ਼ੀਆਂ ਵਿਚ ਮਖ਼ਮੂਰ ਜਦੋਂ ਸਨ ਮੇਰੀ ਜਾਨ ਦੇ ਵੈਰੀ ਲੋਕ, ਮੇਰੇ ਅੰਦਰ ਖੌਲ ਰਿਹਾ ਤਦ ਦੁੱਖ ਦਾ ਤਲਖ਼ ਸਮੁੰਦਰ ਸੀ। ਗਰਮ ਹਵਾ ਦੇ ਰੋੜ੍ਹ 'ਚ ਰੁੜ੍ਹ ਗਏ ਕਿਣਕੇ ਕੱਲੇ ਕੱਲੇ ਸਨ, ਵੇਖਣ ਨੂੰ ਜੋ ਲੱਗਦੇ ਭਾਵੇਂ ਗਿੱਲੇ ਰੇਤੇ ਦਾ ਘਰ ਸੀ। ਚੋਰ ਚਕਾਰ ਬੁਰੇ ਦੇ ਭਾਵੇਂ ਅਪਣੇ ਪੈਰ ਨਹੀਂ ਹੁੰਦੇ, ਪਿੱਛਾ ਕਰਨੋਂ ਰੋਕ ਲਿਆ ਜਿਸ ਅਪਣੇ ਮਨ ਦਾ ਹੀ ਡਰ ਸੀ। ਹਰ ਵਾਰੀ ਇਸ ਬਕਸੇ ਵਿਚੋਂ ਮੌਤ ਸੁਨੇਹਾ ਨਿਕਲ ਆਇਆ, ਹਰ ਵਾਰੀ ਉਸ ਪਰਚੀ ਉਤੇ ਅਪਣੇ ਹੀ ਹਸਤਾਖ਼ਰ ਸੀ।
ਚੰਡੀਗੜ੍ਹ ਦੇ ਬਾਗ਼ ‘ਚ ਜੀਕੂੰ
ਚੰਡੀਗੜ੍ਹ ਦੇ ਬਾਗ਼ ‘ਚ ਜੀਕੂੰ ਖੁਸ਼ਬੋਹੀਣ ਗੁਲਾਬ ਹੈ। ਮੈਨੂੰ ਅੱਜ ਕੱਲ੍ਹ ਏਦਾਂ ਜਾਪੇ ਅਪਣਾ ਦੇਸ ਪੰਜਾਬ ਹੈ। ਇਸ ਬੂਟੇ ਨੂੰ ਕੰਡਿਆਂ ਤੋਂ ਬਿਨ ਹੋਰ ਤਾਂ ਕੁਝ ਵੀ ਲੱਗਣਾ ਨਾ, ਫੁੱਲਾਂ ਖ਼ਾਤਰ ਲਾਈ ਜਾਵੇ ਇਹ ਭੈੜਾ ਜੋ ਦਾਬ ਹੈ। ਮੋਢਿਆਂ ਨਾਲੋਂ ਛਾਂਗੀਆਂ ਬਾਹਾਂ, ਬੇ-ਸਿਰ, ਪੈਰ-ਵਿਹੂਣੇ ਲੋਕ, ਰੋਜ਼ ਰਾਤ ਨੂੰ ਅੱਜ ਕੱਲ੍ਹ ਮੈਨੂੰ ਦਿਸਦਾ ਏਹੀ ਖ਼ਾਬ ਹੈ। ਕਿਹੜਾ ਮਾਲੀ ਐਸੀ ਡਾਲੀ ਫਿਰ ਲਾਵੇਗਾ ਘਰ ਸਾਡੇ, ਜਿਸ ਦੀ ਖੁਸ਼ਬੋ ਆਪ ਕਹੇਗੀ ਇਹ ਸਾਡਾ ਪੰਜਾਬ ਹੈ। ਪਾਟੀਆਂ ਲੀਰਾਂ ਵਾਂਗ ਰੁਲੇ-ਨਾ ਇਹਦਾ ਵਰਕਾ ਵਰਕਾ ਵੀ, ਸਾਂਝ-ਭਰਪੱਣ ਵਾਲੀ ਇਹ ਜੋ ਹੱਥਾਂ ਵਿਚ ਕਿਤਾਬ ਹੈ।
ਹੌਕਿਆਂ ਦੇ ਵਿਚ ਉਲਝ ਗਈ ਹੈ
ਹੌਕਿਆਂ ਦੇ ਵਿਚ ਉਲਝ ਗਈ ਹੈ ਸਾਹਾਂ ਦੀ ਖੁਸ਼ਬੋ। ਧੂੰਏਂ ਵਿਚ ਗਵਾਚ ਗਈ ਹੈ ਕਿਉਂ ਸੂਰਜ ਦੀ ਲੋਅ। ਮੈਂ ਤੇਰਾ ਇਕ ਜਾਣਕਾਰ ਹਾਂ ਗੂੜ੍ਹ ਨੇਰ੍ਹੀਏ ਰਾਤੇ, ਸਾਡੇ ਹਿੱਸੇ ਦਾ ਸੂਰਜ ਨਾ ਬੁੱਕਲ ਵਿਚ ਲੁਕੋ। ਸੁਰਖ਼ ਸਵੇਰਾ ਚੀਰ ਹਨੇਰਾ ਤੇਰੇ ਦਰ 'ਤੇ ਆਇਆ, ਜਾਗ ਸੁੱਤਿਆ ਲੋਕਾ ਉੱਠ ਕੇ ਤੇਲ ਤਾਂ ਬੂਹੇ ਚੋ। ਚਾਰ ਦੀਵਾਰੀ ਅੰਦਰ ਖੁਸ਼ਬੋ ਕੈਦਣ ਬਣ ਕੇ ਰੋਵੇ, ਕੱਚਿਆਂ ਵਿਹੜਿਆਂ ਪਾਲੀ ਪੋਸੀ ਗਈ ਪਰਾਈ ਹੋ। ਪੈਰ ਪੈਰ ਤੇ ਦਰ-ਦਰਵਾਜ਼ੇ ਖੋਲ੍ਹੀ ਮੌਤ ਖਲੋਤੀ, ਸਾਡੇ ਲਈ ਹਯਾਤੀ ਨੇ ਵੀ ਬੂਹੇ ਲਏ ਨੇ ਢੋਅ। ਰਾਵੀ ਦੇ ਉਰਵਾਰ-ਪਾਰ ਦੁੱਖ-ਦਰਦਾਂ ਦਾ ਰੰਗ ਇੱਕੋ, ਜਿਸਮ ਚੀਰ ਕੇ ਮੁਲਕ ਬਣਾਏ ਭਾਵੇਂ ਇਕ ਤੋਂ ਦੋ।
ਚਾਰ ਚੁਫ਼ੇਰੇ 'ਨੇਰ੍ਹ ਦਾ ਪਹਿਰਾ
ਚਾਰ ਚੁਫ਼ੇਰੇ 'ਨੇਰ੍ਹ ਦਾ ਪਹਿਰਾ ਗੱਠੜੀ ਲੈ ਗਏ ਚੋਰ। ਅੱਧ-ਸੁੱਤੀਏ ਹੁਣ ਜਾਗ ਨੀ ਤੇਰਾ ਲੁੱਟਿਆ ਸ਼ਹਿਰ ਭੰਬੋਰ। ਸੱਤਰੰਗੀ ਅਸਮਾਨ ਦੀ ਲੀਲ੍ਹਾ ਕੋਲ ਸੀ ਜਿਹੜੀ ਉੱਡਦੀ, ਅੱਜ ਬੇਗਾਨੇ ਤੋੜ ਮਰੋੜੀ ਸਣੇ ਪਤੰਗ ਦੇ ਡੋਰ। ਨਾ ਕੋਈ ਬਾਗ਼ ਬਗੀਚਾ ਖਿੜਿਆ ਨਾ ਅੰਬਾਂ ਨੂੰ ਬੂਰ, ਨਾ ਕੋਇਲਾਂ ਨਾ ਗਾਉਣ ਬੰਬੀਹੇ ਨਾ ਹੀ ਨੱਚਦੇ ਮੋਰ। ਸਾਡੇ ਚਿਹਰੇ ਇੰਞ ਧੁਆਂਖੇ ਰਹੀ ਪਛਾਣ ਨਾ ਕੋਈ, ਆਪਣੇ ਜ਼ਖ਼ਮ ਵਿਖਾ ਕੇ ਕੁੰਜੀ ਲੈ ਗਿਆ ਕੋਈ ਹੋਰ। ਲਹਿੰਦੇ ਬੰਨੇ ਸੂਰਜ ਨੂੰ ਅੱਗ ਲੱਗ ਕੇ ਬੁਝ ਗਈ ਹੈ, ਚੜ੍ਹਦੇ ਪਾਸੇ ਹੋਰ ਚੜ੍ਹੀ ਹੈ ਕਾਲੀ ਘਟ ਘਨਘੋਰ। ਰੁਕ ਰੁਕ ਕੇ ਸਾਹ ਚਲਦਾ ਜਾਪੇ ਨਬਜ਼ ਖਲੋਤੀ ਹੋਈ, ਢੀਠ ਮੁਲਕ ਦੀ ਪਹਿਲਾਂ ਨਾਲੋਂ ਵੀ ਮਸਤਾਨੀ ਤੋਰ। ਸੱਜੇ ਖੱਬੇ ਅੱਗੜ ਪਿੱਛੜ ਗੱਲ ਕਾਹਦੀ ਹਰ ਪਾਸੇ, ਚੋਰ ਉਚੱਕਿਆਂ ਰਲ ਕੇ ਮੱਲਿਆ ਸਾਡਾ ਤਖ਼ਤ ਲਾਹੌਰ।
ਅੰਬਰ ਦੇ ਵਿਚ ਬਿਜਲੀ ਕੜਕੇ
ਅੰਬਰ ਦੇ ਵਿਚ ਬਿਜਲੀ ਕੜਕੇ ਲਿਸ਼ਕੇ ਚਮਕ ਡਰਾਵੇ। ਬਾਹਰ ਖਲੋਤੀਆਂ ਪੱਕੀਆਂ ਕਣਕਾਂ ਜਾਨ ਨਿਕਲਦੀ ਜਾਵੇ। ਲਿਸ਼ਕ ਚਾਨਣੀ ਮਾਰ ਗਈ ਹੈ ਲਹਿ-ਲਹਿਰਾਉਂਦੇ ਛੋਲੇ, ਦਾਣਿਆਂ ਦੀ ਥਾਂ ਘਰ ਵਿਚ ਆਏ ਹਾਉਕੇ ਹੰਝੂ ਹਾਵੇ। ਸਾਡੇ ਪਿੰਡ ਤਾਂ ਫੂਹੜੀ ਵਿਛ ਗਈ ਗੜ੍ਹੇਮਾਰ ਦੇ ਮਗਰੋਂ, ਸ਼ਹਿਰਾਂ ਦੇ ਵਿਚ ਲਾਊਡ ਸਪੀਕਰ ਉੱਚੀ ਉੱਚੀ ਗਾਵੇ। ਕੱਚੇ ਘਰ ਪਾਣੀ ਵਿਚ ਡੁੱਬੇ ਖੁਰਦੀਆਂ ਜਾਵਣ ਕੰਧਾਂ, ਉੱਚੇ ਪੱਕੇ ਘਰ ਦੇ ਵਿਹੜੇ ਚਿੜੀ ਰੇਤ ਵਿਚ ਨ੍ਹਾਵੇ। ਚਾਰ ਚੁਫ਼ੇਰੇ ਚਿੱਕੜ ਖੋਭਾ ਗੋਡੇ ਗੋਡੇ ਪਾਣੀ, ਸਾਡੀ ਖ਼ਬਰ-ਸਾਰ ਨੂੰ ਕਿੱਦਾਂ ਪਤਵੰਤਾ ਕੋਈ ਆਵੇ। ਲਹਿਣੇਦਾਰ ਆਵਾਜ਼ਾਂ ਮਾਰਨ ਬੂਹੇ ਨੂੰ ਖੜਕਾ ਕੇ, ਖ਼ਾਲੀ ਜੇਬ ਹੁੰਗਾਰਾ ਭਰਨੋਂ ਵੀ ਕੰਨੀ ਕਤਰਾਵੇ। ਠੰਢਾ ਚੁੱਲ੍ਹਾ ਖਾਲੀ ਬੋਰੀ ਸੱਖਣੇ ਪੀਪੇ ਰੋਂਦੇ, ਵੇਖ ਭੜੋਲੀਆਂ ਖ਼ਾਲੀ-ਖ਼ਾਲੀ ਸਾਹ-ਸਤ ਮੁੱਕਦਾ ਜਾਵੇ।
ਆਲ ਦੁਆਲੇ ਲਾਟਾਂ ਵਗਦੀ
ਆਲ ਦੁਆਲੇ ਲਾਟਾਂ ਵਗਦੀ ਗਰਮ ਹਵਾ। ਚਿਰ ਤੋਂ ਗਾਉਂਦਾ ਪੰਛੀ ਸੁਰ ਤੋਂ ਡੋਲ ਗਿਆ। ਦਰਿਆ ਪਾਣੀ ਵਗਦੇ ਇਕ ਦਮ ਠਹਿਰ ਗਏ, ਕਿਸ ਕਲਜੋਗਣ ਨਹਿਸ਼ ਪਰੀ ਦਾ ਪੈਰ ਪਿਆ। ਪਤਾ ਨਹੀਂ ਕੀਹ ਮਾਰ ਵਗੀ ਹੈ ਸਮਿਆਂ ਨੂੰ, ਫੁੱਲਾਂ ਦੀ ਖੁਸ਼ਬੋਈ ਕੋਈ ਚੂਸ ਗਿਆ। ਏਨੀ ਤੇਜ਼ ਹਨੇਰੀ ਆਈ ਇਸ ਵਾਰੀ, ਬਾਗ਼ ਬਗੀਚਾ ਜੰਗਲ ਬੂਟਾ ਸਹਿਮ ਗਿਆ। ਹੱਥ ਨੂੰ ਹੱਥ ਪਛਾਨਣ ਤੋਂ ਇਨਕਾਰ ਕਰੇ, 'ਨ੍ਹੇਰੇ ਦਾ ਪਰਿਵਾਰ ਚੁਫ਼ੇਰੇ ਫ਼ੈਲ ਗਿਆ। ਡਾਰੋਂ ਵਿੱਛੜੀ ਕੂੰਜ ਵਾਂਗ ਕੁਰਲਾਉਂਦੀ ਹੈ, ਬਲਦੀ ਅੱਗ ਨੇ ਜੀਵਨ ਨੂੰ ਇੰਝ ਘੇਰ ਲਿਆ। ਬਾਲ ਬਚਪਨਾ ਕਲਮ ਦਵਾਤ ਸਲੇਟਾਂ ਵੀ ਊੜਾ ਐੜਾ ਸਣੇ ਬਸਤਿਆਂ ਝੁਲਸ ਗਿਆ।
ਹਵਾ ਵਿਚ ਉੱਡ ਰਿਹਾ ਸਾਂ
ਹਵਾ ਵਿਚ ਉੱਡ ਰਿਹਾ ਸਾਂ ਡਿੱਗ ਪਿਆ ਹਾਂ। ਮੈਂ ਅਪਣੇ ਆਪ ਵਿਚੋਂ ਲਾਪਤਾ ਹਾਂ। ਦਿਆਂ ਪਰਵਾਜ਼ ਦਾ ਤੋਹਫ਼ਾ ਕੀ ਅੰਬਰ, ਮੈਂ ਖੰਭਾਂ ਤੋਂ ਵਿਹੂਣਾ ਹੋ ਗਿਆ ਹਾਂ। ਚੁਫ਼ੇਰੇ ਜ਼ਹਿਰ ਹੈ ਸੱਪਾਂ 'ਚ ਘਿਰਿਆਂ, ਜਵਾਨੀ ਵਿਚ ਹੋਇਆ ਹਾਦਿਸਾ ਹਾਂ। ਤੂੰ ਮੈਥੋਂ ਦੂਰ ਹੈਂ ਆਵਾਜ਼ ਤਾਂ ਦੇਹ, ਸੁਰਾਂ ਨੂੰ ਸਹਿਕਦਾ ਮੈਂ ਬੇ-ਸੁਰਾ ਹਾਂ। ਤਰਸਦਾ ਹਾਂ ਮੈਂ ਤੇਰੀ ਰੌਸ਼ਨੀ ਨੂੰ, ਮੈਂ ਤੇਰੇ ਬਾਝ ਤਾਂ ਬੁਝਿਆ ਪਿਆ ਹਾਂ। ਤੇਰੀ ਉਸ ਮੁਸਕਣੀ ਤੋਂ ਕੁਝ ਕੁ ਪਹਿਲਾਂ, ਮੈਂ ਬਿਲਕੁਲ ਆਮ ਵਰਗਾ ਆਦਮੀ ਸਾਂ। ਹਜ਼ਾਰਾਂ ਵਾਰ ਇੱਕੋ ਸਿਰ ਤੇ ਸਹਿ ਕੇ, ਮੈਂ ਤੇਰੇ ਸਾਹਮਣੇ ਸਾਬਤ ਖੜ੍ਹਾ ਹਾਂ।
ਤਪਦੇ ਥਲਾਂ ਦਾ ਪੈਂਡਾ
ਤਪਦੇ ਥਲਾਂ ਦਾ ਪੈਂਡਾ ਸਾਹਾਂ ਦੀ ਰਾਸ ਲੈ ਕੇ। ਮੈਂ ਤੁਰ ਰਿਹਾ ਹਾਂ ਫਿਰ ਵੀ ਜਨਮਾਂ ਦੀ ਪਿਆਸ ਲੈ ਕੇ। ਕੰਡਿਆਂ 'ਚ ਉਲਝਦੀ ਹੈ ਹਰ ਵਾਰ ਅੱਖ ਮੇਰੀ, ਇਹ ਜ਼ਿੰਦਗੀ ਨਾ ਮਹਿਕੀ ਫੁੱਲਾਂ ਦੀ ਬਾਸ ਲੈ ਕੇ। ਹਰ ਇਕ ਕਦਮ ਤੇ ਪੀੜਾਂ ਤੇ ਪੈਰ ਪੈਰ ਛਾਲੇ, ਮੈਂ ਆ ਰਿਹਾ ਹਾਂ ਏਥੇ ਛਮਕਾਂ ਦੀ ਲਾਸ ਲੈ ਕੇ। ਭਾਵੇਂ ਉਡੀਕ ਮੈਨੂੰ ਜਾਂ ਨਾ ਉਡੀਕ ਐਪਰ, ਬੂਹੇ 'ਚ ਬੈਠ ਨਾ ਤੂੰ ਚਿਹਰਾ ਉਦਾਸ ਲੈ ਕੇ। ਸ਼ਿਕਵਾ ਸ਼ਿਕਾਇਤ ਰੋਸਾ ਕਿਸ ’ਤੇ ਕਰਾਂ ਮੈਂ ਯਾਰੋ, ਮੈਂ ਆਪ ਆ ਰਿਹਾ ਹਾਂ ਜੰਗਲ ਦਾ ਵਾਸ ਲੈ ਕੇ।
ਹਰ ਹਾਦਿਸੇ ਨੂੰ ਜਿਹੜਾ ਮਿਲਦਾ ਸੀ
ਹਰ ਹਾਦਿਸੇ ਨੂੰ ਜਿਹੜਾ ਮਿਲਦਾ ਸੀ ਮੁਸਕਰਾ ਕੇ। ਉਹ ਅੱਜ ਬਹੁਤ ਰੋਇਆ ਬੁੱਕਲ 'ਚ ਮੇਰੀ ਆ ਕੇ। ਕੋਹਾਂ ਤੋਂ ਲਿਸ਼ਕ ਜਿਸਦੀ ਆਵਾਜ਼ ਮਾਰਦੀ ਸੀ, ਸਾਗਰ ਉਹ ਰੇਤ ਦਾ ਸੀ ਤੱਕਿਆ ਮੈਂ ਨੇੜ ਜਾ ਕੇ। ਲਫ਼ਜ਼ਾਂ ਤੇ ਸੁਰ ਨੇ ਮਿਲਕੇ ਨੇਰ੍ਹੇ ਨੂੰ ਚੀਰਨਾ ਹੈ, ਖ਼ਾਮੋਸ਼ੀਆਂ ਨੂੰ ਤੋੜੋ ਦਰਦੀਲੀ ਹੇਕ ਲਾ ਕੇ। ਆਸਾਂ ਉਮੀਦਾਂ ਰੀਝਾਂ ਜੀਵਨ ਦਾ ਆਸਰਾ ਨੇ, ਦੁੱਖ ਦੀ ਘੜੀ ਨੂੰ ਟਾਲੋ ਇਨ੍ਹਾਂ ਦੀ ਬਾਤ ਪਾ ਕੇ। ਪੱਥਰ ਉਹ ਰਾਹ ਦਾ ਸੀ ਐਪਰ ਕਮਾਲ ਦਾ ਸੀ, ਅੱਜ ਜ਼ਿੰਦਗੀ ਜਗੀ ਹੈ ਓਸੇ ਦੀ ਚੋਟ ਖਾ ਕੇ।
ਸਾਂਭ ਕੇ ਕਾਗ਼ਜ਼ ਕਿਤਾਬਾਂ
ਸਾਂਭ ਕੇ ਕਾਗ਼ਜ਼ ਕਿਤਾਬਾਂ ਕੰਧ 'ਤੇ ਲਿਖਿਆ ਪੜ੍ਹੋ। ਸਾਂਭ ਕੇ ਕਲਮਾਂ ਦਵਾਤਾਂ ਕੰਧ 'ਤੇ ਲਿਖਿਆ ਪੜ੍ਹੋ। ਸੇਕ ਮਾਰਨ ਸੁਰਖੀਆਂ ਅਖ਼ਬਾਰ ਦੀਆਂ ਰੋਜ਼ ਹੀ, ਅੱਗ ਉਗਲਣ ਵਾਰਦਾਤਾਂ ਕੰਧ 'ਤੇ ਲਿਖਿਆ ਪੜ੍ਹੋ। ਖ੍ਹਾਬ ਵਿਚ ਵੇਖੇ ਨਹੀਂ ਅੱਖਰ ਕਦੇ ਏਨੇ ਉਦਾਸ, ਰੁੱਤ ਨੇ ਦਿੱਤੀਆਂ ਸੁਗਾਤਾਂ ਕੰਧ 'ਤੇ ਲਿਖਿਆ ਪੜ੍ਹੋ। ਜ਼ਿੰਦਗੀ ਵਿਚ ਕਿਸ ਤਰ੍ਹਾਂ ਦਾ ਦਖ਼ਲ ਦਿੱਤੈ ਨ੍ਹੇਰਿਆਂ, ਹੋ ਗਈਆਂ ਬਲਵਾਨ ਰਾਤਾਂ ਕੰਧ 'ਤੇ ਲਿਖਿਆ ਪੜ੍ਹੋ। ਰਾਤ ਦਿਨ ਮੌਸਮ ਹਵਾਵਾਂ 'ਨ੍ਹੇਰੀਆਂ ਤੇ ਬਿਜਲੀਆਂ, ਕਿੰਨੀਆਂ ਗੋਤਾਂ ਤੇ ਜ਼ਾਤਾਂ ਕੰਧ 'ਤੇ ਲਿਖਿਆ ਪੜ੍ਹੋ।
ਜਦੋਂ ਪੰਛੀ ਪਰਾਂ ਨੂੰ ਤੋਲਦਾ ਹੈ
ਜਦੋਂ ਪੰਛੀ ਪਰਾਂ ਨੂੰ ਤੋਲਦਾ ਹੈ। ਮੇਰੇ ਸਾਹਾਂ ’ਚ ਮਿਸ਼ਰੀ ਘੋਲਦਾ ਹੈ। ਗੁਆਚੀ ਮਹਿਕ ਸੁੱਚੇ ਰਿਸ਼ਤਿਆਂ ਦੀ, ਮੇਰਾ ਮਨ ਮਾਰੂਥਲ 'ਚੋਂ ਟੋਲਦਾ ਹੈ। ਸਣੇ ਤਰਕਸ਼ ਸਮੇਂ ਨੇ ਮਾਰਿਆ ਹਾਂ, ਮੇਰੇ ਅੰਦਰ ਦਾ ਮਿਰਜ਼ਾ ਬੋਲਦਾ ਹੈ। ਬੜਾ ਭੋਲਾ ਹੈ ਮਨ ਜੋ ਏਸ ਯੁਗ 'ਚ, ਥਲਾਂ 'ਚੋਂ ਮਹਿਕ ਸੁੱਚੀ ਟੋਲਦਾ ਹੈ। ਜਦੋਂ ਵੀ ਫੋਲਦਾ ਹਾਂ ਖ਼ਤ ਪੁਰਾਣੇ, ਕਲੇਜਾ ਪਾਰੇ ਵਾਂਗੂੰ ਡੋਲਦਾ ਹੈ। ਅਰਸ਼ ਵਿਚ ਡਾਰ ਤੱਕ ਮੁਰਗਾਬੀਆਂ ਦੀ, ਕੋਈ ਰੇਤੇ 'ਚੋਂ ਪੈੜਾਂ ਟੋਲਦਾ ਹੈ।
ਕੰਡਿਆਂ ਦੀ ਤਾਰ ਅੰਦਰ ਜ਼ਿੰਦਗੀ
ਕੰਡਿਆਂ ਦੀ ਤਾਰ ਅੰਦਰ ਜ਼ਿੰਦਗੀ। ਹੋਰ ਕਿਸ ਨੂੰ ਆਖਦੇ ਨੇ ਖ਼ੁਦਕਸ਼ੀ। ਇਹ ਹਵਾ ਕਿੱਥੋਂ ਕੁਲਹਿਣੀ ਆ ਗਈ, ਕੰਬਦੇ ਨੇ ਪਿੰਡ ਵੀ ਤੇ ਸ਼ਹਿਰ ਵੀ। ਛਾਂਗਿਆ ਰੁੱਖਾਂ ਨੂੰ ਜਦ ਤਲਵਾਰ ਨੇ, ਜੀਂਦੀਆਂ ਟਾਹਣਾਂ ਦੀ ਨਿਕਲੀ ਚੀਕ ਸੀ। ਵਕਤ ਨੇ ਪੈਰਾਂ 'ਚ ਏਦਾਂ ਮਿੱਧਿਆ, ਵੈਣ ਵਾਂਗੂ ਜਾਪਦੇ ਨੇ ਗੀਤ ਵੀ। ਕਰਫ਼ੀਊ ਕੈਸਾ ਮਨਾਂ 'ਤੇ ਬਹਿ ਗਿਆ, ਡਰਦਿਆਂ ਨਿਕਲੇ ਨਾ ਬਾਹਰ ਚੀਕ ਵੀ।
ਹਾਦਸਿਆਂ ਦੀ ਦੁਨੀਆਂ ਅੰਦਰ
ਹਾਦਸਿਆਂ ਦੀ ਦੁਨੀਆਂ ਅੰਦਰ ਅਜਬ ਹਾਦਸਾ ਵਾਪਰਿਆ। ਬੰਦ ਬਾਰੀਆਂ, ਬੂਹੇ, ਫਿਰ ਵੀ, ਮੇਰੇ ਘਰ ਉਹ ਪਹੁੰਚ ਗਿਆ। ਸੂਰਜ ਛੁਪਿਆਂ ਹੀ ਸੀ ਬੁੱਢੇ ਰੁੱਖ ਤੋਂ ਪੰਛੀ ਬੋਲ ਪਿਆ, ਬਸ ਫਿਰ ਕੀ ਸੀ ਸ਼ਾਮ ਉਦਾਸੀ ਨੇ ਮੈਨੂੰ ਆ ਘੇਰ ਲਿਆ। ਉਸ ਦਿਨ ਪਿੱਛੋਂ ਸੇਕ ਅੱਗ ਦਾ ਮੇਰਾ ਪਿੰਡਾ ਸਾੜ ਰਿਹਾ, ਜਿਸ ਦਿਨ ਦਾ ਮੈਂ ਅੱਗ ਵਿਚ ਸੜਦਾ ਸੁਰਖ਼ ਗੁਲਾਬ ਹੈ ਵੇਖ ਲਿਆ। ਚਿਹਰੇ ਤੇ ਬੇਰੌਣਕੀ ਜੰਮੀ ਉਦਰੇਵੇਂ ਦਾ ਲੇਪ ਜਿਹਾ, ਜਿਸ ਦਿਨ ਦਾ ਇਕ ਫ਼ੂਲਦਾਨ ਹੈ ਮੇਰੇ ਹੱਥੋਂ ਤਿੜਕ ਗਿਆ। ਰੁੱਖਾਂ ਵਾਂਗ ਮਨੁੱਖਾਂ ਨੂੰ ਕੀਹ ਵਾਢ ਧਰੀ ਹੈ ਸਮਿਆਂ ਨੇ, ਮੈਨੂੰ ਜਾਪੇ ਗੋਡਿਆਂ ਕੋਲੋਂ ਮੈਨੂੰ ਕਿਸੇ ਨੇ ਛਾਂਗ ਲਿਆ।
ਪਿੰਡ ਗਏ ਨੂੰ ਘੂਰਦੀਆਂ ਨੇ
ਪਿੰਡ ਗਏ ਨੂੰ ਘੂਰਦੀਆਂ ਨੇ ਧੂੜਾਂ ਅੱਟੀਆਂ ਰਾਹਵਾਂ। ਵਾਂਗ ਬਿਗਾਨੇ ਝਾਕਦੀਆਂ ਨੇ ਕੰਧਾਂ, ਧੁੱਪਾਂ, ਛਾਵਾਂ। ਅਮਰ ਵੇਲ ਨੇ ਘੇਰ ਲਿਆ ਹੈ ਵਾਂਗ ਦਰਖ਼ਤਾਂ ਮੈਨੂੰ, ਸਾਹ ਤੇ ਸੋਚ ਜਕੜ ਲਈ ਜਾਪੇ ਕੱਸੀਆਂ ਲੱਤਾਂ ਬਾਹਵਾਂ। ਇਸ ਰੁੱਤੇ ਜੇ ਪੌਣ ਉਦਾਸੀ ਨਾ ਕਰ ਸ਼ਿਕਵਾ ਕੋਈ, ਹਉਕੇ ਭਰ ਵਿਰਲਾਪ ਕਰਦੀਆਂ ਸਭ ਰੁੱਖਾਂ ਦੀਆਂ ਛਾਵਾਂ। ਸੁਪਨ-ਸਿਰਜਣਾ ਕਰਾਂ ਮੈਂ ਕਿੱਥੇ ਆਲ ਦੁਆਲੇ ਤਾਰਾਂ, ਬੇਆਬਾਦ ਘਰਾਂ 'ਚੋਂ ਕਿਸਦੀ ਕੁੰਡੀ ਜਾ ਖੜਕਾਵਾਂ। ਨਾਗ ਜ਼ਰੀਲੇ ਕੱਢ ਵਰਮੀਆਂ ਬੈਠੇ ਚੌਂਕ ਚੁਰਾਹੇ, ਜ਼ਹਿਰ ਭਿੱਜੀਆਂ ਵਗਦੀਆਂ ਨੇ ਤਾਂ ਹੀ ਸਰਦ ਹਵਾਵਾਂ।
ਅਪਣੇ ਆਲ-ਦੁਆਲੇ ਤਣਿਆ ਹੋਇਆ
ਅਪਣੇ ਆਲ-ਦੁਆਲੇ ਤਣਿਆ ਹੋਇਆ ਜੋ ਧੂੰਆਂ ਤਾਂ ਦੇਖ। ਇਸ ਧੂੰਏਂ ਦੇ ਪੈਰਾਂ ਹੇਠਾਂ ਇਕ ਬੁਝਿਆ ਚਿਹਰਾ ਤਾਂ ਦੇਖ। ਬੇਬਸ ਬੱਚਾ ਉਲਝ ਗਿਆ ਹੈ ਜੇਕਰ ਪਿਲਚੀ ਡੋਰ ਤੇ ਨਾਲ, ਕਾਗ਼ਜ਼ ਦੀ ਗੁੱਡੀ ਸੰਗ ਜੁੜਿਆ ਉੱਡਣ ਦਾ ਸੁਪਨਾ ਤਾਂ ਦੇਖ। ਇਹ ਮੌਸਮ ਦੀ ਕਰਾਮਾਤ ਹੈ ਸਿਖ਼ਰ ਦੁਪਹਿਰ ਹਨੇਰਾ ਹੈ, ਪਰ ਇਸ ਵੇਲੇ ਸਿਰ 'ਤੇ ਦਗਦਾ ਸੂਰਜ ਦਾ ਗੋਲਾ ਤਾਂ ਦੇਖ। ਅਪਣੇ ਘਰ ਦੀ ਚਾਰ-ਦੀਵਾਰੀ ਤੋਂ ਵੀ ਬਾਹਰ ਝਾਕ ਜ਼ਰਾ, ਪਰਛਾਵੇਂ ਤੋਂ ਡਰਨ ਵਾਲਿਆ ਉੱਚਾ ਕੱਦ ਅਪਣਾ ਤਾਂ ਦੇਖ। ਇਸ ਪਰਬਤ ਨੂੰ ਤੋੜ ਸਕਣ ਦਾ ਸਾਡਾ ਦਾਅਵਾ ਕੋਈ ਨਹੀਂ, ਬੱਸ ਫਰਹਾਦ ਨੇ ਹੱਥਾਂ ਵਿਚ ਜੋ ਫੜਿਆ ਹੈ ਤੇਸਾ ਤਾਂ ਦੇਖ।
ਬੰਦ ਕਮਰੇ ਵਿਚ ਬੈਠ ਪੜ੍ਹਾਂ ਮੈਂ
ਬੰਦ ਕਮਰੇ ਵਿਚ ਬੈਠ ਪੜ੍ਹਾਂ ਮੈਂ ਰੋਜ਼ਾਨਾ ਅਖ਼ਬਾਰਾਂ ਨੂੰ। ਫਿਰ ਕਾਹਦੇ ਲਈ ਖ਼ਤਰਾ ਜਾਪੇ ਮੇਰੇ ਤੋਂ ਸਰਕਾਰਾਂ ਨੂੰ। ਡਰਦਾ ਮਾਰਾ ’ਵਾਜ਼ ਨਾ ਕੱਢਾਂ ਬੂਹਾ ਖੜਕੇ ਘੜੀ ਮੁੜੀ, ਕੰਨ ਵਲ੍ਹੇਟੀ ਸੁਣਦਾ ਹਾਂ ਮੈਂ ਯਾਰ ਦੀਆਂ ਫਿਟਕਾਰਾਂ ਨੂੰ। ਵਿਰਲਾਂ ਥਾਣੀ ਬਲਦਾ ਸੂਰਜ ਜਦ ਚਾਨਣ ਜਾਂ ਸੇਕ ਦਏ, ਨਿੱਘ ਦੀ ਖ਼ਾਤਰ ਜੀਅ ਕਰਦਾ ਏ ਡੇਗ ਦਿਆਂ ਦੀਵਾਰਾਂ ਨੂੰ। ਅਪਣਾ ਆਪ ਲੁਕਾ ਕੇ ਭਾਵੇਂ ਪਿੰਜਰੇ ਦੇ ਵਿਚ ਵਾਸ ਕਰਾਂ, ਉੱਡਣ ਦੀ ਸਿਖਲਾਈ ਦੇਵਾਂ ਪਰ-ਕਟਿਆਂ ਦੀਆਂ ਡਾਰਾਂ ਨੂੰ। ਸ਼ਹਿਰ ਵੜਦਿਆਂ ਲੈਣ ਤਲਾਸ਼ੀ ਹਾਕਮ ਦੇ ਕਾਰਿੰਦੇ ਹੁਣ, ਕਾਗ਼ਜ਼ ਕਲਮ ਦਵਾਤ ਲੁਕਾ ਲਾਂ ਖ਼ਤਰਨਾਕ ਹਥਿਆਰਾਂ ਨੂੰ। ਮੀਲਾਂ ਤੀਕ ਉਦਾਸੀ ਦਾ ਥਲ ਮਾਰੂ ਅੱਗ ਵਰ੍ਹਾਏਗਾ, ਆਪੋ ਆਪਣੇ ਘਰਾਂ 'ਚੋਂ ਰੋਕੋ ਅਗਨੀ ਦੇ ਵਿਸਥਾਰਾਂ ਨੂੰ।
ਗੋਲੀਆਂ ਵਿੰਨ੍ਹੇ ਜਿਸਮ ਕੂਕਦੇ
ਗੋਲੀਆਂ ਵਿੰਨ੍ਹੇ ਜਿਸਮ ਕੂਕਦੇ ਸੜਕਾਂ ਦਾ ਇਤਿਹਾਸ ਲਿਖੋ। ਵਰਕਾ ਵਰਕਾ ਜੋੜ ਜੋੜ ਕੇ ਜ਼ਖ਼ਮਾਂ ਦਾ ਇਤਿਹਾਸ ਲਿਖੋ। ਬਾਗ਼-ਬਗੀਚੇ ਅੱਗ ਦੀ ਭੇਟਾ, ਬਿਰਖ ਚਿਤਾਵਾਂ ਵਿਚ ਸੜੇ, ਗ਼ਰਮ ਰਾਖ਼ ਦਾ ਹਿੱਸਾ ਬਣੀਆਂ ਲਗਰਾਂ ਦਾ ਇਤਿਹਾਸ ਲਿਖੋ। ਇਹ ਕੈਸੀ ਬਰਸਾਤ ਛਾਨਣੀ ਧਰਤੀ ਮਾਂ ਦਾ ਸੀਨਾ ਹੈ, ਕੋਰੇ ਸਫ਼ੇ ਉਡੀਕ ਰਹੇ ਨੇ ਜ਼ੁਲਮਾਂ ਦਾ ਇਤਿਹਾਸ ਲਿਖੋ। ਤਣੇ ਹੋਏ ਮੁੱਕੇ ਨੂੰ ਆਖੋ ਹੋਸ਼ ਨਾਲ ਸਮਤੋਲ ਕਰੇ, ਸੰਗਰਾਮੀ ਦੀ ਚਾਲ ਤੁਰਦਿਆਂ ਕਦਮਾਂ ਦਾ ਇਤਿਹਾਸ ਲਿਖੋ। ਅੱਜ ਦੀ ਰਾਤ ਭਿਆਨਕ ਕਾਲੀ ਅੱਗੇ ਨਾਲੋਂ ਵੱਧ ਕੇ ਹੈ, ਚੁੱਪ ਚੁਪੀਤੇ ਘਰ ਨਾ ਬੈਠੋ ਫ਼ਰਜ਼ਾਂ ਦਾ ਇਤਿਹਾਸ ਲਿਖੋ। ਕਲਮਾਂ ਬੁਰਸ਼ ਤੇ ਸਾਜ਼ ਵਾਲਿਓ ਇਸ ਮੌਸਮ ਦਾ ਫ਼ਿਕਰ ਕਰੋ, 'ਸੱਚ ਕੀ ਬੇਲਾ’ ਹੱਕ ਨਿਤਾਰੋ ਕੰਧਾਂ ਦਾ ਇਤਿਹਾਸ ਲਿਖੋ।
ਉਹ ਜਿਸ ਤੋਂ ਸਾਰਾ ਜੱਗ ਡਰਦਾ
ਉਹ ਜਿਸ ਤੋਂ ਸਾਰਾ ਜੱਗ ਡਰਦਾ ਪਿਆ ਸੀ। ਉਹ ਬੀਤੀ ਰਾਤ ਮੇਰੇ ਘਰ ਰਿਹਾ ਸੀ। ਜੋ ਰਾਤੀਂ ਸਭ ਤੋਂ ਵਧ ਕੇ ਲਿਸ਼ਕਦਾ ਸੀ, ਉਹ ਤਾਰਾ ਮੈਂ ਵੀ ਟੁੱਟਦਾ ਵੇਖਿਆ ਸੀ। ਉਨ੍ਹਾਂ ਦੇ ਪੁੱਤ ਦੀ ਥਾਂ ਰਾਖ ਪਰਤੂ, ਉਡੀਕਣ ਵਾਲਿਆਂ ਨੂੰ ਕੀ ਪਤਾ ਸੀ। ਹਨੇਰੀ ਰਾਤ ਵਿਚ ਮਨ ਲੋਚਦਾ ਹੈ, ਬੜਾ ਹੀ ਜੁਗਨੂੰਆਂ ਦਾ ਆਸਰਾ ਸੀ। ਉਹ ਘਿਰਿਆ ਸੀ ਜਦੋਂ ਫੁੱਲਾਂ ਦੇ ਅੰਦਰ, ਮੇਰੇ ਭਾਅ ਦਾ ਤਾਂ ਬਿਲਕੁਲ ਮਰ ਗਿਆ ਸੀ। ਇਹ ਸੰਨਾਟਾ ਉਦਾਸੀ ਪੌਣ ਕਹਿਰੀ, ਦੋਹਾਂ ਦਾ ਰੂਪ ਮੇਰੇ ਘਰ ਜਿਹਾ ਸੀ। ਮਿਰਗ ਤੋਂ ਤੇਜ਼ ਭੱਜ ਕੇ ਬਚ ਗਿਆ ਹਾਂ, ਸ਼ਿਕਾਰੀ ਮੇਰੇ ਪਿੱਛੇ ਆ ਪਿਆ ਸੀ।
ਮੈਂ ਤੰਬੂ ਹੇਠ ਮਰ ਚੱਲਿਆਂ
ਮੈਂ ਤੰਬੂ ਹੇਠ ਮਰ ਚੱਲਿਆਂ, ਕਿਸੇ ਨੇ ਵੱਢੀਆਂ ਤਣੀਆਂ। ਇਕੱਲੀ ਜਾਨ ਤੇ ਲੱਖਾਂ ਕਰੋੜਾਂ ਮੁਸ਼ਕਲਾਂ ਬਣੀਆਂ। ਅਸੀਂ ਤਪਦੇ ਮਹੀਨੇ ਮੰਗਿਆ ਸੀ ਮੇਘਲਾ ਤੈਥੋਂ, ਤੂੰ ਸਾਨੂੰ ਬਖ਼ਸ਼ੀਆਂ ਤੇਜ਼ਾਬ ਦੇ ਬੱਦਲ ਦੀਆਂ ਕਣੀਆਂ। ਅਸੀਂ ਵਰਮੀ ਦੇ ਅੰਦਰ ਹੱਥ ਪਾ ਕੇ ਵੇਖ ਆਏ ਹਾਂ, ਸਿਰਾਂ ਨੂੰ ਪੀੜਿਆਂ ਬਿਨ ਮਿਲਣ ਨਾ ਨਾਗਾਂ ਦੀਆਂ ਮਣੀਆਂ। ਮੇਰੀ ਗੈਰਤ ਕਦੇ ਵੀ ਹਾਕਮਾਂ ਨੂੰ ਰਾਸ ਨੀਂ ਆਉਂਦੀ, ਇਸੇ ਕਰਕੇ ਮੇਰੀ ਹਿੱਕ ਤੇ ਸੰਗੀਨਾਂ ਰਹਿੰਦੀਆਂ ਤਣੀਆਂ। ਇਹ ਕਿੱਧਰ ਤੁਰ ਪਿਆ ਹੈ ਵਕਤ ਵੇਖੋ ਤੇ ਜ਼ਰਾ ਸੋਚੋ, ਹਿਲਾਵੇ ਤਾਰ ਕਿਹੜਾ ਬੈਠ ਕਿੱਥੇ ਖਿੱਚਦਾ ਤਣੀਆਂ। ਅਸੀਂ ਪੁਤਲੀ ਦੇ ਵਾਂਗੂੰ ਰਾਤ ਦਿਨ ਹਾਂ ਨੱਚਦੇ ਯਾਰੋ, ਨਚਾਵੇ ਬਣ ਮਦਾਰੀ ਵੇਖ ਲੈ ਇਹ ਵਕਤ ਦਾ ਬਣੀਆ। ਉਨ੍ਹਾਂ ਨੂੰ ਕੀ ਪਤਾ ਹੈ ਤਿਤਲੀਆਂ ਦੀ ਮੌਤ ਦੇ ਬਾਰੇ, ਜਿਨ੍ਹਾਂ ਦੇ ਨੇਤਰਾਂ 'ਚ ਪੁਤਲੀਆਂ ਪੱਥਰ ਦੀਆਂ ਬਣੀਆਂ।
ਉਲਝ ਗਿਆ ਹੈ ਤਾਣਾ ਬਾਣਾ
ਉਲਝ ਗਿਆ ਹੈ ਤਾਣਾ ਬਾਣਾ। ਸਮਝ ਨ ਆਵੇ ਕਿੱਧਰ ਜਾਣਾ। ਡੱਡੀਆਂ ਮੱਛੀਆਂ ਖਾਵੇ ਬਗਲਾ, ਅੱਖਾਂ ਮੀਟ ਕੇ ਬੀਬਾ ਰਾਣਾ। ਚੋਰ-ਉਚੱਕੇ ਬੁੱਲੇ ਲੁੱਟਣ, ਹਰ ਕੁਰਸੀ ਨੂੰ ਕਰਕੇ ਕਾਣਾ। ਡਾਢਿਆਂ ਅੱਗੇ ਜ਼ੋਰ ਨਾ ਚੱਲੇ, ਇਹੀ ਹੁੰਦੈ ਰੱਬ ਦਾ ਭਾਣਾ। ਜਾਬਰ ਦੀ ਚੱਕੀ ਵਿਚ ਸਾਡਾ, ਪਿਸ ਚੱਲਿਆ ਹੈ ਦਾਣਾ ਦਾਣਾ। ਰੋਜ਼ ਮੁਖੌਟੇ ਬਦਲ ਬਦਲ ਕੇ, ਰਾਜ ਕਰੇ ਹਿਟਲਰ ਦਾ ਲਾਣਾ। ਮਨ ਦੀ ਕਾਲਖ ਲੁਕਦੀ ਨਾਹੀਂ, ਭਾਵੇਂ ਪਹਿਨੋ ਚਿੱਟਾ ਬਾਣਾ।
ਸੁਪਨ-ਪਰਿੰਦੇ ਕਿਉਂ ਫੜ ਫੜ ਕੇ
ਸੁਪਨ-ਪਰਿੰਦੇ ਕਿਉਂ ਫੜ ਫੜ ਕੇ ਕਰਦਾ ਹੈਂ ਕਤਲਾਮ ਜਿਹਾ। ਰੋਜ਼ ਰਾਤ ਨੂੰ ਸੁਣਦਾ ਨ੍ਹੀਂ ਤੂੰ ਘੁੱਗੀਆਂ ਦਾ ਕੋਹਰਾਮ ਜਿਹਾ। ਰੰਗ ਬਰੰਗੀਆਂ ਪਕੜ ਤਿਤਲੀਆਂ ਵਿਚ ਕਿਤਾਬਾਂ ਕੈਦ ਕਰੇਂ, ਸ਼ੌਕ ਅਵੱਲਾ ਇਹ ਤੇਰਾ ਹੁਣ ਹੋ ਚਲਿਆ ਬਦਨਾਮ ਜਿਹਾ। ਦਹਿਸ਼ਤ ਵਹਿਸ਼ਤ ਅਕਲੋਂ ਸ਼ਕਲੋਂ ਸਕੀਆਂ ਭੈਣਾਂ ਜਾਪਦੀਆਂ, ਇਹਨਾਂ ਨੇ ਪੰਜਾਬ ਬਣਾਇਆ ਹੁਣ ਤਾਂ ਦੂਜੀ ਲਾਮ ਜਿਹਾ। ਨੇਰ੍ਹ ਸਾਈਂ ਦਾ ਜੋਤਸ਼ੀਆਂ ਦੇ ਨਾਲ ਜੋਟੀਆਂ ਪਾ ਬੈਠਾ, ਆਸ ਦਾ ਸੂਰਜ ਲੱਗਦਾ ਸੀ ਜੋ ਸਾਨੂੰ ਲਾਲ ਸਲਾਮ ਜਿਹਾ। ਅਦਲ ਸਮੇਂ ਦਾ ਯਾਰੋ ਦੇਖੋ ਕਿੱਥੋਂ ਕਿੱਥੇ ਜਾ ਪਹੁੰਚਾ, ਪਾਗਲ ਕਹਿਕੇ ਗੋਲੀ ਮਾਰਨ ਕਰ ਦੇਵਣ ਬਦਨਾਮ ਜਿਹਾ। ਨਿੰਮੋਝੂਣ ਉਦਾਸਿਆ ਸੂਰਜ ਸੋਚਾਂ ਦੇ ਖੂਹ ਡੁੱਬ ਚੱਲਿਆ, ਸੁਬ੍ਹਾ ਸਵੇਰੇ ਸਿਖ਼ਰ ਦੁਪਹਿਰੇ ਲੱਗਦਾ ਸੀ ਜੋ ਸ਼ਾਮ ਜਿਹਾ। ਖ਼ਬਰੇ ਕਿਸ ਦਿਨ ਸੁੱਤੇ ਲੋਕੀਂ ਗੂੜ੍ਹੀ ਨੀਂਦ ਚੋਂ ਜਾਗਣਗੇ, ਹੱਕ ਅਤੇ ਇਨਸਾਫ਼ ਦੀ ਖ਼ਾਤਰ ਛੇੜਣਗੇ ਸੰਗਰਾਮ ਜਿਹਾ।
ਹਰ ਪਾਸੇ ਹਥਿਆਰ ਬੇਲੀਆ
ਹਰ ਪਾਸੇ ਹਥਿਆਰ ਬੇਲੀਆ। ਕਰਦੇ ਮਾਰੋ ਮਾਰ ਬੇਲੀਆ। ਮੈਂ ਵਰ੍ਹਿਆਂ ਤੋਂ ਲੱਭਦਾ ਫਿਰਨਾਂ, ਕਿੱਥੇ ਹੈ ਸਰਕਾਰ ਬੇਲੀਆ? ਲੱਤਾਂ ਹੀ ਨਾ ਭਾਰ ਸੰਭਾਲਣ, ਡਿੱਗਿਆ ਮੂੰਹ ਦੇ ਭਾਰ ਬੇਲੀਆ। ਪੰਛੀ ਨਹੀਂ ਇਹ ਅਰਸ਼ 'ਤੇ ਉਡਦੀ ਹੈ ਖੰਭਾਂ ਦੀ ਡਾਰ ਬੇਲੀਆ। ਜਿਸਮ ਅਸਾਡਾ ਟੁੱਕੀ ਜਾਵੇ, ਆਪਣੀ ਹੀ ਤਲਵਾਰ ਬੇਲੀਆ। ਟੂਣੇ ਵਾਂਗ ਬਰੂਹੀਂ ਡਿੱਗੇ, ਰੋਜ਼ਾਨਾ ਅਖ਼ਬਾਰ ਬੇਲੀਆ। ਮੋਏ ਮੁੱਕਰੇ ਇਕ ਬਰਾਬਰ, ਭੁੱਲੇ ਕੌਲ ਕਰਾਰ ਬੇਲੀਆ। ਸ਼ਗਨਾਂ ਦੀ ਫੁਲਕਾਰੀ ਹੁਣ ਤਾਂ, ਹੋ ਗਈ ਤਾਰੋ ਤਾਰ ਬੇਲੀਆ।
ਅੱਜ ਚਾਰੇ ਪਾਸੇ ਹੋਣ ਹਥਿਆਰ ਦੀਆਂ ਗੱਲਾਂ
ਅੱਜ ਚਾਰੇ ਪਾਸੇ ਹੋਣ ਹਥਿਆਰ ਦੀਆਂ ਗੱਲਾਂ। ਕੋਈ ਟਾਵਾਂ-ਟਾਵਾਂ ਕਰਦਾ ਏ ਪਿਆਰ ਦੀਆਂ ਗੱਲਾਂ। ਮੈਨੂੰ ਘੂਰ ਘੂਰ ਵੇਖਦੇ ਨੇ ਜੰਗਲੀ ਜਨੌਰ, ਸ਼ੁਰੂ ਕਰਦਾ ਹਾਂ ਜਦੋਂ ਵੀ ਬਹਾਰ ਦੀਆਂ ਗੱਲਾਂ। ਰਣਭੂਮੀਆਂ ਦਾ ਚੌਂਕੇ ਤਾਈਂ ਹੋਇਆ ਵਿਸਥਾਰ, ਹੋਣ ਲੱਗ ਪਈਆਂ ਏਥੇ ਜਿੱਤ ਹਾਰ ਦੀਆਂ ਗੱਲਾਂ। ਲੋਹਾ ਕੁੱਟਿਆਂ ਬਗ਼ੈਰ ਹਥਿਆਰ ਨਹੀਂ ਬਣੇ, ਇਹ ਲੋਹਾਰ ਦੀਆਂ ਗੱਲਾਂ ਨੇ ਬੇਕਾਰ ਦੀਆਂ ਗੱਲਾਂ। ਕੋਈ ਵੇਚਦਾ ਈਮਾਨ ਕੋਈ ਤਾਰੇ ਉਹਦਾ ਮੁੱਲ, ਸਣੇ ਸਿਰ ਪੱਗ ਹੋ ਗਈਆਂ ਵਪਾਰ ਦੀਆਂ ਗੱਲਾਂ। ਜਦੋਂ ਆਪਣਾ ਹੀ ਸਾਇਆ ਸੰਗ-ਸਾਥ ਛੱਡ ਜਾਏ, ਉਦੋਂ ਮੰਨਦਾ ਹੈ ਕਿਹੜਾ ਇਤਬਾਰ ਦੀਆਂ ਗੱਲਾਂ। ਇਕੋ ਥਾਲੀ ਵਿਚ ਖਾਂਦਿਆਂ ਕੀ ਸੱਪ ਲੜ ਗਿਆ, ਦੋਵੇਂ ਕਰਦੇ ਨੇ ਵੱਖੋ-ਵੱਖ ਯਾਰ ਦੀਆਂ ਗੱਲਾਂ। ਫੁੱਲ ਬੀਜੀਏ ਤੇ ਪਾਲੀਏ ਸੁਗੰਧ ਵੰਡ ਦੇਈਏ, ਚੰਗੇ ਲੋਕ ਸਦਾ ਕਰਦੇ ਵਿਚਾਰ ਦੀਆਂ ਗੱਲਾਂ।
ਇਨ੍ਹਾਂ ਤਾਂ ਫੁੱਲ ਬਣਕੇ ਮਹਿਕਣਾ ਸੀ
ਇਨ੍ਹਾਂ ਤਾਂ ਫੁੱਲ ਬਣਕੇ ਮਹਿਕਣਾ ਸੀ। ਤੂੰ ਕਾਹਨੂੰ ਡੋਡੀਆਂ ਨੂੰ ਤੋੜਨਾ ਸੀ। ਜੇ ਤੇਰੇ ਮਨ 'ਚ ਸ਼ੰਕਾ ਬੋਲਣਾ ਸੀ, ਤੂੰ ਮੈਨੂੰ ਆਪਣਾ ਕਿਉਂ ਆਖਣਾ ਸੀ। ਜੋ ਰੇਤਾ ਲਿਸ਼ਕਦੀ ਦਰਿਆ ਤੂੰ ਸਮਝੀ, ਇਹ ਤੇਰੇ ਮਨ ਦੀ ਅੰਨ੍ਹੀ ਭਟਕਣਾ ਸੀ। ਜੇ ਤਪਦੇ ਥਲ 'ਚ ਸੂਰਜ ਵੀ ਨਾ ਹੁੰਦਾ, ਤੂੰ ਆਪਣੀ ਛਾਂ ਲਈ ਵੀ ਤਰਸਣਾ ਸੀ। ਮੈਂ ਪਿਆਲਾ ਜ਼ਹਿਰ ਦਾ ਕਿੱਦਾਂ ਨਾ ਪੀਂਦਾ, ਤੇਰੇ ਬਿਨ ਕਿਸਨੇ ਮੈਨੂੰ ਵਰਜਣਾ ਸੀ। ਇਦ੍ਹੇ ਲੋਕਾਂ ਨੇ ਸੌ ਸੌ ਅਰਥ ਕੱਢੇ , ਮੇਰੇ ਮਨ ਦੀ ਤਾਂ ਇੱਕੋ ਵੇਦਨਾ ਸੀ। ਤੂੰ ਸੁਪਨੇ ਵਿਚ ਜੇ ਦਸਤਕ ਨਾ ਦੇਂਦਾ, ਮੈਂ ਕਿਥੇ ਗੂੜ੍ਹੀ ਨੀਂਦੋਂ ਜਾਗਣਾ ਸੀ। ਜੋ ਸਾਨੂੰ ਘੂਰਦਾ ਸੀ ਸ਼ੀਸ਼ਿਆਂ ਵਿੱਚੋਂ, ਉਹ ਚਿਹਰਾ ਤਾਂ ਮੇਰਾ ਹੀ ਆਪਣਾ ਸੀ। ਜੇ ਕਾਲੀ ਰਾਤ ਨ ਅੰਬਰ 'ਤੇ ਪੈਂਦੀ, ਮੈਂ ਕਿਥੇ ਚੰਨ ਵਾਂਗੂੰ ਚਮਕਣਾ ਸੀ।
ਜ਼ਾਲਮ ਦੇ ਅੱਗੇ ਤਾਂ ਅੜੀਏ
ਜ਼ਾਲਮ ਦੇ ਅੱਗੇ ਤਾਂ ਅੜੀਏ। ਭਾਵੇਂ ਪੈਂਦੀ ਸੱਟੇ ਝੜੀਏ। ਵਕਤ ਗੁਆਚਾ ਹੱਥ ਨ ਆਉਣਾ, ਕੰਧਾਂ ਉੱਪਰ ਲਿਖਿਆ ਪੜ੍ਹੀਏ। ਆਪਾਂ ਕਿਉਂ ਨਹੀਂ ਛਾਂ ਬਣ ਜਾਂਦੇ, ਕਾਹਦੀ ਖ਼ਾਤਰ ਅੱਗ ਵਿਚ ਸੜੀਏ। ਲਿਸ਼ਕਣਹਾਰ ਮੁਲੰਮੇ ਤਨ ਦੇ, ਮਨ ਦੀ ਬੋਲੀ ਕਿਥੋਂ ਪੜ੍ਹੀਏ। ਟੋਟੇ ਟੋਟੇ ਹੋਣ ਤੋਂ ਪਹਿਲਾਂ, ਤਲਖ਼ ਸਮੇਂ ਦੇ ਤੱਕੜ ਚੜ੍ਹੀਏ। ਉੱਚੇ ਘਰ ਦੀ ਮਮਟੀ ਉੱਤੇ, ਪੌੜੀ ਪੌੜੀ ਕਰਕੇ ਚੜ੍ਹੀਏ। ਮਨ ਤਾਂ ਘੁੰਮੇ ਦੇਸ਼ ਦੇਸ਼ੰਤਰ, ਤਨ ਦੀ ਮਿੱਟੀ ਕਿੱਥੇ ਖੜੀਏ। ਬਾਗਬਾਨ ਨੇ ਕੰਡੇ ਬੀਜੇ, ਆਓ ਫੁੱਲਾਂ ਖ਼ਾਤਰ ਲੜੀਏ। ਭਾਵੇਂ ਲੱਖ ਹਿਝੋਕੇ ਵੱਜਣ ਟੁੱਟੀਂ ਨਾ ਤੂੰ ਸਾਂਝ ਦੀ ਕੜੀਏ।
ਆਪੋ ਆਪਣੀ ਚੁੱਪ ਤੋਂ ਡਰੀਏ
ਆਪੋ ਆਪਣੀ ਚੁੱਪ ਤੋਂ ਡਰੀਏ। ਸ਼ਾਮ ਸਵੇਰੇ ਹੌਕੇ ਭਰੀਏ। ਧਰਤੀ ਪੀਤਾ ਸਾਰਾ ਪਾਣੀ, ਮਾਰੂਥਲ ਵਿਚ ਕੀਕਣ ਤਰੀਏ। ਕਾਲੇ ਸਾਏ ਚਾਰ ਚੁਫ਼ੇਰੇ, ਨਾ ਹੀ ਜੀਂਦੇ ਨਾ ਹੀ ਮਰੀਏ। ਵਾਹ ਕੇ ਕਾਗ਼ਜ਼ ਉੱਪਰ ਲੀਕਾਂ, ਮਨ ਦੇ ਖ਼ਾਲੀ ਕੋਨੇ ਭਰੀਏ। ਚਿੜੀ ਆਖਦੀ ਜਾਗ ਮੁਸਾਫ਼ਰ, ਕੁਝ ਤਾਂ ਪੈਂਡਾ ਖੋਟਾ ਕਰੀਏ। ਤਨ 'ਤੇ ਨਿੱਘਾ ਕੋਟ ਸਵੈਟਰ, ਮਨ ਦੇ ਪਾਲੇ ਕਰਕੇ ਠਰੀਏ। ਮਨ ਦੀ ਬੱਤੀ ਬਾਲ ਬਾਲ ਕੇ, ਚਾਰ ਚੁਫ਼ੇਰੇ ਚਾਨਣ ਕਰੀਏ। ਡਾਢੀ ਤੇਜ਼ ਹਨੇਰੀ ਫਿਰ ਵੀ, ਆ ਮਮਟੀ ’ਤੇ ਦੀਵਾ ਧਰੀਏ।
ਜਦ ਤੋਂ ਹੋਰ ਜ਼ਮਾਨੇ ਆਏ
ਜਦ ਤੋਂ ਹੋਰ ਜ਼ਮਾਨੇ ਆਏ ਬਦਲੇ ਨੇ ਹਾਲਾਤ ਮੀਆਂ। ਸਾਡੇ ਪਿੰਡ ਤਾਂ ਚਾਰ ਵਜੇ ਹੀ ਪੈ ਜਾਂਦੀ ਏ ਰਾਤ ਮੀਆਂ। ਏਸ ਘਰ ਦੀਆਂ ਨੀਹਾਂ ਦੇ ਵਿਚ ਸਿਰ ਰੱਖੇ ਸੀ ਏਸ ਲਈ, ਪੁੱਤ ਪੋਤਰੇ ਵਾਸ ਕਰਨਗੇ ਜਦ ਆਊ ਬਰਸਾਤ ਮੀਆਂ। ਰੋਜ਼ ਦਿਹਾੜੀ ਸੱਥਰ ਵਿਛਦੇ ਕੀਰਨਿਆਂ ਦੀ 'ਵਾਜ ਸੁਣੇ, ਇਕ ਇਕ ਕਰਕੇ ਕਤਲ ਹੋ ਰਹੇ ਹੁਣ ਮੇਰੇ ਜਜ਼ਬਾਤ ਮੀਆਂ। ਰਾਜ ਭਵਨ ਦੇ ਵਾਸੀ ਸੱਜਣਾ ਤੂੰ ਵੀ ਬਾਹਰ ਝਾਕ ਜ਼ਰਾ, ਕਈ ਵਰ੍ਹਿਆਂ ਤੋਂ ਇਸ ਬਸਤੀ ਵਿਚ ਨਹੀਂ ਆਈ ਪ੍ਰਭਾਤ ਮੀਆਂ। ਮੇਰੀ ਚੀਖ਼ ਸੁਣਦਿਆ ਲੋਕਾ ਜਾਗ ਅਤੇ ਸੰਘਰਸ਼ ਵੀ ਕਰ, ਆਪਣੇ ਆਪ ਨਹੀਂ ਇਹ ਮੁੱਕਣੀ ਗਮ ਦੀ ਕਾਲੀ ਰਾਤ ਮੀਆਂ। ਆਪੋ ਅਪਣਾ ਜ਼ਹਿਰ ਪਿਆਲਾ ਪੀਣਾ ਪੈਣੈਂ ਹਮ ਸਫ਼ਰੋ, ਹਰ ਵਾਰੀ ਨਹੀਂ ਆਉਂਦਾ ਹੁੰਦਾ ਧਰਤੀ 'ਤੇ ਸੁਕਰਾਤ ਮੀਆਂ। ਜਿਹੜੇ ਵੇਲੇ ਚੋਗਾ ਚੁਗ ਕੇ ਪੰਛੀ ਘਰ ਨੂੰ ਮੁੜਦੇ ਨੇ, ਇਕ ਦੂਜੇ ਤੋਂ ਲੁਕਦੇ ਫਿਰੀਏ ਮੈਂ ਤੇ ਮੇਰੀ ਜ਼ਾਤ ਮੀਆਂ। ਮੈਂ ਤਾਂ ਏਸ ਚੌਰਾਹੇ ਦੇ ਵਿਚ ਬਲਦਾ ਦੀਵਾ ਧਰ ਚੱਲਿਆਂ, ਲਾਟ ਬਚਾਇਓ ਨੇਰ੍ਹੀ ਕੋਲੋਂ ਸਿਰ 'ਤੇ ਕਾਲੀ ਰਾਤ ਮੀਆਂ।
ਗਲੀਆਂ ਸੁੰਨ ਮਸੁੰਨੀਆਂ
ਗਲੀਆਂ ਸੁੰਨ ਮਸੁੰਨੀਆਂ ਬੂਹੇ ਚੌੜ ਚਪੱਟ। ਪਿੱਛੇ ਉੱਡਦੀ ਧੂੜ ਹੈ ਅੱਗੇ ਮਿਰਜ਼ਾ ਜੱਟ। ਵਗੇ ਤਰ੍ਹੀਰੀ ਖੂਨ ਦੀ ਚਿਹਰਾ ਜ਼ਰਦ ਵਸਾਰ, ਡਾਢੀ ਔਖੀ ਝੱਲਣੀ ਯਾਰੋ ਸਿਰ ਦੀ ਸੱਟ। ਛਿੰਜਾਂ ਵਿਚ ਬੇਰੌਣਕੀ ਕੌਡ-ਕਬੱਡੀ ਚੁੱਪ, ਹੁਣ ਨਾ ਪੈਲਾਂ ਪੇਲਦੇ ਮੋਰਾਂ ਵਾਲੇ ਪੱਟ। ਸੁਣ ਨੀ ਚਾਤਰ ਕੁਰਸੀਏ ਕੌਣ ਕਰੂ ਇਤਬਾਰ, ਥੁੱਕੇਂ ਆਪ ਨਿਗੱਲੀਏ ਆਪੇ ਲਏਂ ਤੂੰ ਚੱਟ। ਪੁੜੀਆਂ ਦੇ ਦੇ ਥੱਕ ਗਏ ਕਿੰਨੇ ਵੈਦ ਹਕੀਮ, ਕਰਕ ਕਲੇਜੇ ਰੜਕਦੀ ਡੂੰਘੇ ਦਿਲ ਦੇ ਫੱਟ। ਧੂਤੂ ਤੇਰੇ ਕੋਲ ਨੇ ਰੱਜ ਕੇ ਸਾਨੂੰ ਨਿੰਦ, ਪਰ ਇਕ ਵਾਰੀ ਆਪ ਨੂੰ ਛੱਜ ਵਿਚ ਪਾ ਕੇ ਛੱਟ। ਜੰਗਲ ਦੇ ਵਿਚ ਜੀਣ ਦਾ ਤੈਨੂੰ ਹੀ ਸੀ ਝੱਲ, ਦਿਲ ਨ੍ਹੀਂ ਛੋਟਾ ਕਰੀਦਾ ਸਿਰ ਤੇ ਬਣੀਆਂ ਕੱਟ।
ਨਾ ਉਹ ਆਰ ਦੇ ਰਹੇ
ਨਾ ਉਹ ਆਰ ਦੇ ਰਹੇ ਤੇ ਨਾ ਉਹ ਪਾਰ ਦੇ ਰਹੇ। ਜਿਹੜੇ ਕੰਢੇ 'ਤੇ ਖਲੋਤੇ 'ਵਾਜਾਂ ਮਾਰਦੇ ਰਹੇ। ਉਹਨਾਂ ਡੋਬੇ ਨੇ ਮੁਸਾਫਰਾਂ ਦੇ ਪੂਰ ਦਰ ਪੂਰ, ਜਿਹੜੇ ਬੇੜੀਆਂ ਵੀ ਖ਼੍ਹਾਬਾਂ ਵਿਚ ਤਾਰਦੇ ਰਹੇ। ਖੌਰੇ ਕਿੱਸਰਾਂ ਪਸੀਜਣੇ ਸੀ ਪੱਥਰਾਂ ਦੇ ਬੁੱਤ, ਅਸੀਂ ਹੰਝੂਆਂ ਦੀ ਆਰਤੀ ਉਤਾਰਦੇ ਰਹੇ। ਕਹਿਰੀ ਹਵਾ ਨੇ ਖਿੰਡਾਇਆ ਕਣ ਕਣ ਉੱਡਿਆ। ਅਸੀਂ ਕਿਲ੍ਹੇ ਗਿੱਲੀ ਰੇਤ ਦੇ ਉਸਾਰਦੇ ਰਹੇ। ਕਿਵੇਂ ਜ਼ਿੰਦਗੀ ਦੀ ਅੱਖ ਨਾਲ ਅੱਖ ਉਹ ਮਿਲਾਂਦੇ, ਬਦਨੀਤ ਜੋ ਝਕਾਨੀਆਂ ਹੀ ਮਾਰਦੇ ਰਹੇ। ਥੋੜ੍ਹੇ ਲੋਕ ਨੇ ਜੋ ਬਾਲਦੇ ਨੇ ਬੱਤੀਆਂ ਬਨੇਰੇ, ਬਹੁਤੇ ਰਾਤ ਦੜ ਵੱਟ ਕੇ ਗੁਜ਼ਾਰਦੇ ਰਹੇ।
ਜੀਅ ਕਰਦੈ ਅਪਣੇ ਪਿੰਡ ਜਾ ਕੇ
ਜੀਅ ਕਰਦੈ ਅਪਣੇ ਪਿੰਡ ਜਾ ਕੇ ਚੱਬਾਂ ਦੋਧਾ-ਛੱਲੀਆਂ ਹੂ। ਵਰ੍ਹਦੇ ਮੀਂਹ ਵਿਚ ਨੰਗਾ ਦੌੜਾਂ ਮਾਰਾਂ ਝੱਲ-ਵਲੱਲੀਆਂ ਹੂ। ਏਸ ਨਗਰ ਬਨਵਾਸੀ ਹੋਏ ਰੋਜ਼ੀ ਖ਼ਾਤਰ ਆਏ ਸਾਂ, ਪਿੱਛੇ ਰੋਜ਼ ਉਡੀਕਦੀਆਂ ਨੇ ਮਾਵਾਂ ਕੱਲ-ਮ-ਕੱਲੀਆਂ ਹੂ। ਅੰਬਰ ਵਿਚੋਂ ਤਾਰਾ ਟੁੱਟ ਕੇ ਖੌਰੇ ਕਿੱਥੇ ਗਰਕ ਗਿਆ, ਚੁੰਨੀਆਂ ਰੋਣ ਦੁਹੱਥੜ ਪਿੱਟਣ ਹੋ ਗਈਆਂ ਨੇ ਝੱਲੀਆਂ ਹੂ। ਕੂੰਜਾਂ ਗਈਆਂ ਦੂਰ ਦੇਸ਼ ਨੂੰ ਬੱਚੇ ਦੇ ਕੇ ਆਈਆਂ ਨਾ, ਖਾਲਮ ਖਾਲੀ ਆਲ੍ਹਣਿਆਂ ਵਿਚ ਚੁੱਪ ਨੇ ਟੱਲ-ਮ-ਟੱਲੀਆਂ ਹੂ। ਤੇਰੇ ਭਾਣੇ ਇਕ ਸਿਵਾ ਬਲ ਬੁਝ ਕੇ ਜਲ ਪ੍ਰਵਾਹ ਹੋਵੇ, ਇਹ ਵੀ ਦੇਖ ਤੂੰ ਕਿਥੋਂ ਤੀਕਰ ਮੱਚਦੀਆਂ ਤਰਥੱਲੀਆਂ ਹੂ। ਫੂਹੜੀ ਉੱਤੇ ਬਹਿ ਕੇ ਉਹ ਅਫ਼ਸੋਸ ਕਰੇ ਤੇ ਮੁੜ ਜਾਵੇ, ਕਾਤਲ ਦਾ ਮਸ਼ਗੂਲਾ ਵੇਖੋ ਦੇਵੇ ਆਪ ਤਸੱਲੀਆਂ ਹੂ। ਜਿੱਧਰ ਵੇਖਾਂ ਹਰ ਥਾਂ ਅੱਗਾਂ ਧਰਤੀ ਦੀ ਹਰਿਔਲ ਸੜੇ, ਠੰਡੀਆਂ ਪੌਣਾਂ ਰੱਬ ਡਾਢੇ ਨੇ ਕਿਹੜੇ ਪਾਸੇ ਘੱਲੀਆਂ ਹੂ।
ਮੋਈਆਂ ਘੁੱਗੀਆਂ ਚੇਤੇ ਆਈਆਂ
ਮੋਈਆਂ ਘੁੱਗੀਆਂ ਚੇਤੇ ਆਈਆਂ ਬਿਸਤਰ ਉਤੇ ਬਹਿੰਦੇ ਨੂੰ। ਰਾਤ ਬਿਤਾਈ ਕੰਡਿਆਂ ਉੱਤੇ ਉਸਲਵੱਟੇ ਸਹਿੰਦੇ ਨੂੰ। ਅੱਗ ਵੀ ਸਾੜੇ ਠੰਢ ਵੀ ਠਾਰੇ ਜੰਤ ਜਨੌਰਾਂ ਦਾ ਵੀ ਡਰ, ਕੱਲੀ ਜਾਨ ਨੂੰ ਲੱਖਾਂ ਕਜੀਏ ਜੰਗਲ ਦੇ ਵਿਚ ਰਹਿੰਦੇ ਨੂੰ। ਸੁਰਖ਼ਪੋਸ਼ ਇਹ ਰਮਤਾ ਜੋਗੀ ਜਦ ਦਰਿਆ ਨੂੰ ਪਾਰ ਕਰੇ, ਏਦਾਂ ਜਾਪੇ ਜਿੱਦਾਂ ਸੂਰਜ ਲਹਿ ਚੱਲਿਆ ਹੈ ਲਹਿੰਦੇ ਨੂੰ। ਮੁੱਕ ਜਾਵਾਂਗੇ ਬਾਂਸ ਵਰਗਿਉ, ਆਪਣੀਓਂ ਹੀ ਅੱਗ ਦੇ ਨਾਲ, ਡੱਕਿਆ ਨਾ ਜੇ ਬਾਹਾਂ ਨੂੰ ਹੁਣ ਆਪਸ ਦੇ ਵਿਚ ਖਹਿੰਦੇ ਨੂੰ। ਸਿੰਗਾਂ ਵਾਲੇ ਇਕ ਚਿਹਰੇ ਤੋਂ ਹਰ ਦਮ ਡਰਦਾ ਰਹਿੰਦਾ ਹਾਂ, ਹਰ ਵੇਲੇ ਉਹ ਖ਼ੌਰੂ ਪਾਏ ਘੂਰੇ ਉੱਠਦੇ ਬਹਿੰਦੇ ਨੂੰ। ਖ਼ਬਰਦਾਰ ਜੀ ਬਚ ਕੇ ਰਹਿਣਾ ਕੰਧਾਂ ਵਿਚ ਤਰੇੜਾਂ ਨੇ, ਦੂਰ ਖਲੋਤੇ ਦੱਬ ਲੈਂਦੀ ਹੈ ਉੱਚੀ ਮਮਟੀ ਢਹਿੰਦੇ ਨੂੰ। ਮੇਰੀ ਜੀਭ ਸੁਆਦਾਂ ਪਿੱਟੀ ਝੂਠ ਦਾ ਮਿੱਠਾ ਖਾਂਦੀ ਹੈ, ਸੱਚ ਏਸ ਨੂੰ ਕੌੜਾ ਲਗਦੈ ਮਨ੍ਹਾਂ ਕਰੇ ਸੱਚ ਕਹਿੰਦੇ ਨੂੰ। ਪਤਾ ਨਹੀਂ ਇਸ ਇਮਤਿਹਾਨ ਵਿਚ ਕਿੰਨਾ ਕੁ ਚਿਰ ਰਹਿਣਾ ਹੈ, ਚਾਰ ਜੁੱਗ ਤਾਂ ਬੀਤ ਗਏ ਨੇ ਜ਼ੋਰ ਜਬਰ ਇਹ ਸਹਿੰਦੇ ਨੂੰ।
ਦੂਰ ਖੜ੍ਹਾ ਨਾ ਤੂੰ ਨਦੀ ਦੇ
ਦੂਰ ਖੜ੍ਹਾ ਨਾ ਤੂੰ ਨਦੀ ਦੇ ਕਿਨਾਰਿਆਂ ਨੂੰ ਵੇਖ। 'ਵਾਜਾਂ ਮਾਰਦੀਆਂ ਲਹਿਰਾਂ ਦੇ ਇਸ਼ਾਰਿਆਂ ਨੂੰ ਵੇਖ। ਮੋਰ ਲੂਸ ਗਏ ਪਰਿੰਦਿਆਂ ਦੇ ਖੰਭ ਖਿੰਡ ਗਏ, ਮੇਘ ਮੰਗਦੇ ਸਾਂ ਮਿਲ ਗਏ ਅੰਗਾਰਿਆਂ ਨੂੰ ਵੇਖ। ਵੇਖ ਸੱਥਰਾਂ ਦੇ ਨਾਲ ਕਿਵੇਂ ਭਰੇ ਸ਼ਮਸ਼ਾਨ, ਕਿਵੇਂ ਰਾਤ ਦਿਨ ਚੀਰਦੇ ਨੇ ਆਰਿਆਂ ਨੂੰ ਵੇਖ। ਐਵੇਂ ਰਾਤ ਦੀ ਉਡੀਕ ’ਚ ਨਾ ਚੁੱਪ ਕੀਤਾ ਬੈਠ, ਇਹਨਾਂ ਦਿਨ ਦੀਵੀਂ ਚੜ੍ਹੇ ਚੰਨ-ਤਾਰਿਆਂ ਨੂੰ ਵੇਖ। ਐਵੇਂ ਮੂਧੜੇ ਮੂੰਹ ਡਿੱਗੀ ਜਾਨੈਂ ਵੇਖ ਕੇ ਮੁਨਾਰੇ, ਕੋਲ ਵੱਸਦੇ ਨੇ ਜਿਹੜੇ ਛੰਨਾਂ ਢਾਰਿਆਂ ਨੂੰ ਵੇਖ। ਤੈਨੂੰ ਸੁਣਦੇ ਸਾਂ ਬਾਤ ਨੂੰ ਮੁਕਾ ਕੇ ਬਹਿ ਗਿਆਂ, ਜਿਹੜੇ ਜਾਗਦੇ ਨੇ ਉਹਨਾਂ ਦੇ ਹੁੰਗਾਰਿਆਂ ਨੂੰ ਵੇਖ। ਸਮਤੋਲ ਵਿਚ ਪੈਰ ਤਾਹੀਉਂ ਅੱਗੇ ਅੱਗੇ ਜਾਣੇ, ਕਦੇ ਜਿੱਤਿਆਂ ਨੂੰ ਵੇਖ ਕਦੇ ਹਾਰਿਆਂ ਨੂੰ ਵੇਖ। ਜਿਹੜੇ 'ਨ੍ਹੇਰੀਆਂ' 'ਚ ਬਾਲਦੇ ਨੇ ਦੀਵਿਆਂ ਦੀ ਪਾਲ, ਤੇਰੇ ਆਪਣੇ ਨੇ ਮਿੱਤਰਾਂ ਪਿਆਰਿਆਂ ਨੂੰ ਵੇਖ।
ਵੱਢਿਆ ਟੁੱਕਿਆ ਜਿਸਮ ਪਿਆ ਹੈ
ਵੱਢਿਆ ਟੁੱਕਿਆ ਜਿਸਮ ਪਿਆ ਹੈ ਰੋਜ਼ ਦੀਆਂ ਘਟਨਾਵਾਂ ਨਾਲ। ਕਿੱਦਾਂ ਅੱਖ ਮਿਲਾਵਾਂ ਯਾਰੋ ਅੱਜ ਮੈਂ ਪੰਜ ਦਰਿਆਵਾਂ ਨਾਲ। ਬੰਸਰੀਆਂ ਦੇ ਪੋਰ ’ਚ ਸਿੱਕਾ ਭਰ ਦਿੱਤਾ ਏ ਵਕਤਾਂ ਨੇ, ਨਚਦੇ ਨਚਦੇ ਮੋਰ ਸਹਿਮ ਗਏ ਕਿਹੜਾ ਸਾਜ਼ ਵਜਾਵਾਂ ਨਾਲ। ਖੜ੍ਹੀਆਂ ਫ਼ਸਲਾਂ ਕੱਚੇ ਕੋਠੇ ਇਹ ਚੰਦਰੇ ਕਿਉਂ ਚਾਹੁੰਦੇ ਨੇ, ਆਓ ਯਾਰੋ ਗੱਲ ਤਾਂ ਕਰੀਏ ਸ਼ੂਕ ਰਹੇ ਦਰਿਆਵਾਂ ਨਾਲ। 'ਨ੍ਹੇਰੇ ਦੇ ਵਿਚ ਜੰਮੇ ਜਾਏ ਕਿੱਸਰਾਂ ਸੱਚ ਪਛਾਨਣਗੇ, ਬਿਨ ਸੂਰਜ ਵੱਲ ਮੂੰਹ ਕੀਤਿਆਂ ਤੁਰਦਾ ਨਾ ਪਰਛਾਵਾਂ ਨਾਲ। ਰਿਸ਼ਤੇ ਦੀ ਚਾਦਰ ਦੀਆਂ ਲੀਰਾਂ ਖਿੱਲਰ ਗਈਆਂ ਏਸ ਤਰ੍ਹਾਂ, ਚਾਰ ਕਦਮ ਨਾ ਤੁਰ ਕੇ ਰਾਜ਼ੀ ਸੱਕੀ ਭੈਣ ਭਰਾਵਾਂ ਨਾਲ। ਜਿਹੜਾ ਫੁੱਲ ਖੁਸ਼ਬੋਈ ਵਾਲਾ ਉਹ ਤਾਂ ਮਹਿਕਾਂ ਵੰਡੇਗਾ, ਉਸ ਨੇ ਬਾਜ਼ ਨਹੀਂ ਆਉਣਾ ਹੈ ਡਾਢੀਆਂ ਸਖ਼ਤ ਸਜ਼ਾਵਾਂ ਨਾਲ। ਅੰਨ੍ਹਾ ਬੰਦਾ ਵੀ ਬੁੱਝ ਲੈਂਦੈ, ਪੈੜ-ਚਾਲ ਤੋਂ ਸਹਿਜੇ ਤੋਂ, ਕਿਹੜਾ ਬੰਦਾ ਸਾਂਝ ਪੁਗਾਉਂਦਾ ਹੈ ਕਿਸ ਤਰ੍ਹਾਂ ਦੇ ਰਾਹਵਾਂ ਨਾਲ। ਸਾਰੇ ਚੌਂਕ ਚੁਰਸਤੇ ਮੱਲੇ ਕਾਲੇ ਫ਼ਨੀਅਰ ਨਾਗਾਂ ਨੇ, ਯਤਨ ਕਰਾਂ ਕਿ ਕੀਲ ਲਵਾਂ ਮੈਂ ਗ਼ਜ਼ਲਾਂ ਤੇ ਕਵਿਤਾਵਾਂ ਨਾਲ।
ਪੰਜ ਦਰਿਆ ਪੰਜਾਬ ਬਣ ਗਿਆ
ਪੰਜ ਦਰਿਆ ਪੰਜਾਬ ਬਣ ਗਿਆ ਢਾਈ ਦਰਿਆ ਢਾਬ। ਪੱਤੀ ਪੱਤੀ ਹੋ ਚੱਲਿਆ ਹੈ ਸਾਡਾ ਸੁਰਖ਼ ਗੁਲਾਬ। ਕਿਸ ਚੰਦਰੇ ਨੇ ਲਿਖਿਆ ਹੈ ਇਹ ਜੰਗਲ ਦਾ ਕਾਨੂੰਨ, ਅੱਖਰ ਅੱਖਰ ਖਾਣ ਨੂੰ ਆਏ ਆਦਮ ਖੋਰ ਕਿਤਾਬ। ਸੰਕਟ ਕਾਲ 'ਚ ਜੰਮੇ ਜਾਏ ਪੁੱਛਣਗੇ ਜਦ ਸਾਨੂੰ, ਸਿਵਿਆਂ ਦੇ ਵਿਸਥਾਰ ਦੇ ਬਾਰੇ ਕਿਹੜਾ ਦਊ ਜਵਾਬ। ਸਾਹਾਂ ਦੀ ਇਹ ਡੋਰ ਭੂਤਰੇ ਸਾਨ੍ਹ ਦੇ ਪੈਰੀਂ ਉਲਝੀ, ਮੈਂ ਜਾਣਾ ਜਾਂ ਮੌਲਾ ਜਾਣੇ ਹੋਈ ਜੋ ਮੇਰੀ ਬਾਬ। ਬਾਬਾ ਨਾਨਕ ਤੇ ਮਰਦਾਨਾ ਜੋਟੀਦਾਰ ਪੁਰਾਣੇ, ਚੁਸਤ ਮਜੌਰਾਂ ਵੱਖਰੇ ਕੀਤੇ ਬਾਣੀ ਅਤੇ ਰਬਾਬ। ਸਤਲੁਜ ਤੇ ਰਾਵੀ ਵਿਚ ਡੁੱਬੀਆਂ ਹੇਕਾਂ, ਚੀਕਾਂ, ਕੂਕਾਂ, ਹੰਝੂਆਂ ਨਾਲ ਬਿਆਸਾ ਭਰਿਆ ਨੱਕੋ ਨੱਕ ਚਨਾਬ। ਨ੍ਹੇਰੇ ਦੇ ਵਿਚ ਟੋਹ ਟੋਹ ਤੁਰੀਏ ਰੋਜ਼ਾਨਾ ਹੀ ਭੁਰੀਏ, ਸਮਝ ਨਾ ਆਵੇ ਕਦ ਮੁੱਕੇਗਾ ਯਾਰੋ ਚੰਦਰਾ ਖ਼ਾਬ।
ਖੋਹ ਲਿਆ ਸੂਰਜ ਸੀ ਜਿਹੜਾ
ਖੋਹ ਲਿਆ ਸੂਰਜ ਸੀ ਜਿਹੜਾ ਰਾਤ ਨੇ। ਮੋੜ ਦਿੱਤਾ ਦਿਨ ਚੜ੍ਹੇ ਪ੍ਰਭਾਤ ਨੇ। ਵੇਲਣੇ ਵਿਚ ਜਿਸਮ ਹੀ ਪੀੜੇ ਨਹੀਂ, ਟੁਕੜੇ ਟੁਕੜੇ ਹੋ ਗਏ ਜਜ਼ਬਾਤ ਨੇ। ਨੀਵੇਂ ਥਾਂ ਪਾਣੀ ਖੜ੍ਹੇ ਬੂਟੇ ਮਰੇ, ਕਹਿਰ ਢਾਇਆ ਇਸ ਤਰ੍ਹਾਂ ਬਰਸਾਤ ਨੇ। ਮੈਂ ਮੁਖੌਟਾ ਪਹਿਨ ਕੇ ਭਾਵੇਂ ਫਿਰਾਂ, ਸੱਚ ਦੱਸ ਦੇਣਾ ਮੇਰੀ ਔਕਾਤ ਨੇ। ਇਹ ਮੇਰੇ ਨੈਣਾਂ 'ਚ ਜਿਹੜੇ ਅੱਥਰੂ, ਵਕਤ ਨੇ ਦਿੱਤੇ ਅਸਾਨੂੰ ਦਾਤ ਨੇ। ਪਾਣੀਆਂ ਵਿਚ ਲੀਕ ਅੰਬਰ ਫਾੜੀਆਂ, ਕਿਸ ਤਰ੍ਹਾਂ ਹੈ ਚੀਰਿਆ ਹਾਲਾਤ ਨੇ। ਜਨਮ ਦਿਨ ਤੇ ਬਾਲ ਵੀ ਤਾਂ ਭੇਜਦੇ, ਬੰਬ ਤੇ ਪਿਸਤੌਲ ਦੀ ਸੌਗਾਤ ਨੇ।
ਰੋਜ਼ ਸਵੇਰੇ ਘਰ ਵਿਚ ਆਉਂਦੀਆਂ
ਰੋਜ਼ ਸਵੇਰੇ ਘਰ ਵਿਚ ਆਉਂਦੀਆਂ ਰੱਤ ਭਿੱਜੀਆਂ ਅਖ਼ਬਾਰਾਂ। ਅੰਨ੍ਹੇ ਖੂਹ ਵਿਚ ਗ਼ਰਕ ਗਿਆਂ ਨੂੰ ਕਿੱਸਰਾਂ 'ਵਾਜਾਂ ਮਾਰਾਂ। ਚੰਗੇ ਭਲੇ ਪਰਿੰਦੇ ਬਹਿ ਗਏ ਆਲ੍ਹਣਿਆਂ ਵਿਚ ਜਾ ਕੇ, ਧਰਤੀ ਅੰਬਰ ਸਾਰਾ ਮੱਲਿਆ ਹੁਣ ਖੰਭਾਂ ਦੀਆਂ ਡਾਰਾਂ। ਅਣਚਾਹੇ ਮਹਿਮਾਨ ਦੇ ਵਾਂਗੂੰ ਚੰਦਰੇ ਸੁਪਨੇ ਆਉਂਦੇ, ਸਹਿਮ ਜਿਹਾ ਛੱਡ ਜਾਵਣ ਪਿੱਛੇ ਮਰ ਚੁੱਕਿਆਂ ਦੀਆਂ ਤਾਰਾਂ। ਪੌਣਾਂ ਦੇ ਵਿਚ ਜ਼ਹਿਰ ਘੋਲ ਕੇ ਕੌਣ ਬਚੇਗਾ ਏਥੇ , ਸਿਵਿਆਂ ਦੇ ਵਿਚ ਅਰਥ ਹੀਣ ਨੇ ਸਾਰੀਆਂ ਜਿੱਤਾਂ ਹਾਰਾਂ। ਪੈਦਲ ਬੰਦੇ ਦੇ ਹਿੱਸੇ ਬੱਸ ਮਿੱਟੀ ਘੱਟਾ ਆਵੇ, ਪੱਕੀਆਂ ਸੜਕਾਂ ਉੱਤੇ ਭਾਵੇਂ ਚੱਲਦੀਆਂ ਮੋਟਰ ਕਾਰਾਂ। ਹੱਥਾਂ ਵਾਲੀ ਡੋਰ ਨਾ ਕਿਧਰੇ ਹੱਥਾਂ ਵਿਚ ਰਹਿ ਜਾਵੇ, ਚਾਤਰ ਪੇਚੇ ਮਾਰਨ ਐਪਰ ਸੁੱਤੀਆਂ ਨੇ ਸਰਕਾਰਾਂ। ਹੜ੍ਹ ਦਾ ਪਾਣੀ ਵਗਦਾ ਭਾਵੇਂ ਸਿਰ ਉਤੋਂ ਦੀ ਯਾਰੋ, ਇਕ ਦੂਜੇ ਨੂੰ ਪਾਓ ਕਰਿੰਘੜੀ ਬਣ ਜਾਓ ਦੀਵਾਰਾਂ।
ਰੁੱਖਾਂ ਨੂੰ ਆਰੀ ਫੇਰ ਨਾ
ਰੁੱਖਾਂ ਨੂੰ ਆਰੀ ਫੇਰ ਨਾ ਡਿੱਗਣਗੇ ਆਲ੍ਹਣੇ, ਚਿੜੀਆਂ ਨੇ ਫੇਰ ਕਿਸ ਜਗ੍ਹਾ ਨੇ ਬੋਟ ਪਾਲਣੇ? ਰੋਟੀ ਸਿਆਸਤਦਾਨ ਨੇ ਹਰ ਹਾਲ ਸੇਕਣੀ, ਸਾਡੇ ਹੀ ਪੁੱਤ ਵੀਰ ਉਸ ਚੁੱਲ੍ਹੇ 'ਚ ਬਾਲਣੇ। ਤੇਰੀ ਬੁਝੇਗੀ ਪਿਆਸ ਹੁਣ ਕਿੰਨੇ ਕੁ ਖ਼ੂਨ ਨਾਲ, ਦੱਸ ਦੇ ਜ਼ਰਾ ਕੁ ਦਿੱਲੀਏ ਨੀ ਬਾਰਾਂ ਤਾਲਣੇ। ਤੇਰੇ ਬਗੈਰ ਹੋਰ ਤੋਂ ਖ਼ਤਰਾ ਨਾ ਬਾਗ਼ ਨੂੰ, ਤੂੰਹੀਓਂ ਹੀ ਫਿਰਦੀ ਤੋੜਦੀ ਫੁੱਲਾਂ ਨੂੰ ਮਾਲਣੇ। ਇਹ ਮਾਸਖੋਰੇ ਜਿੰਨ੍ਹਾਂ ਨੇ ਖਾਧੇ ਨੇ ਕਾਫ਼ਲੇ, ਸੰਗਲ ਦੇ ਨਾਲ ਹੋਣਗੇ ਮੁਸ਼ਕਿਲ ਸੰਭਾਲਣੇ। ਕਾਲੀ ਹਵਾ ਵੀ ਕਮਰਿਆਂ ਵਿਚ ਜਾਣਾ ਲੋਚਦੀ, ਔਖੇ ਨੇ ਸੂਰਜ ਛਿਪਦਿਆਂ ਹੁਣ 'ਨ੍ਹੇਰ ਟਾਲਣੇ। ਲੱਭਾਂਗੇ ਸੂਰਜ ਮਘ ਰਿਹਾ ਗੁੰਮਿਆ ਗੁਆਚਿਆ, ਭਾਵੇਂ ਅਸਾਂ ਨੂੰ ਪੈਣ ਹੁਣ ਸਾਗਰ ਹੰਗਾਲਣੇ।
ਰਿਸ਼ਤੇ ਨਾਤੇ ਗਏ ਗੁਆਚੇ
ਰਿਸ਼ਤੇ ਨਾਤੇ ਗਏ ਗੁਆਚੇ ਉੱਜੜ ਗਈਆਂ ਥਾਵਾਂ ਨਾਲ। ਬੇੜੀ ਦਾ ਕੀ ਸਾਕ ਰਹਿ ਗਿਆ ਸੁੱਕ ਗਏ ਦਰਿਆਵਾਂ ਨਾਲ। ਮਾਰੂਥਲ ਵਿਚ ਪੈੜ ਤੇਰੀ ਤਾਂ ਮਿਟ ਚੱਲੀ ਸੀ ਰੇਤੇ ਹੇਠ, ਮਹਿਕ ਤੇਰੀ ਨੇ ਉਂਗਲੀ ਫੜ ਕੇ ਸਾਥ ਨਿਭਾਇਆ ਸਾਹਵਾਂ ਨਾਲ। ਖੜ੍ਹੇ ਖਲੋਤੇ ਸੁੱਕੇ ਰੁੱਖ ਨੂੰ ਲੱਕੜਹਾਰੇ ਚੀਰ ਧਰਨ, ਰਾਹਗੀਰਾਂ ਨੂੰ ਮਤਲਬ ਹੁੰਦੈ ਬੱਸ ਇਕੱਲੀਆਂ ਛਾਵਾਂ ਨਾਲ। ਇਕ ਇਕੱਲਾ ਕੁਝ ਨਹੀਂ ਹੁੰਦਾ ਨਾ ਏਧਰ ਨਾ ਓਧਰ ਦਾ, ਮੱਥੇ ਨੂੰ ਵੀ ਤੁਰਨਾ ਪੈਂਦੈ ਇਕਜੁੱਟ ਹੋ ਕੇ ਬਾਹਵਾਂ ਨਾਲ। ਜਗਦੇ ਬੁਝਦੇ ਅੱਖਰ ਬਾਤਾਂ ਪਾਉਂਦੇ ਨੇ ਜਦ ਸ਼ਾਮ ਢਲੇ, ਬੁੱਝਣ ਵਾਲੇ ਬੁੱਝ ਲੈਂਦੇ ਨੇ ਕੁਝ ਨਾਵਾਂ ਕੁਝ ਥਾਵਾਂ ਨਾਲ। ਦਿਸ਼ਾ-ਸੂਚਕੋ ਸੇਧ ਸੁਚੱਜੀ, ਤੁਸੀਂ ਕੀ ਦੇਣੀ ਰਾਹੀਆਂ ਨੂੰ, ਤੁਸੀਂ ਤਾਂ ਘੁੰਮਣ ਘੇਰ ’ਚ ਪੈਗੇ ਵਗਦੀਆਂ ਤੇਜ਼ ਹਵਾਵਾਂ ਨਾਲ। ਐਵੇਂ ਭਰਮ ਜਿਹਾ ਇਕ ਮਨ ਨੂੰ ਚੌਵੀ ਘੰਟੇ ਡੰਗਦਾ ਏ, ਪੱਥਰਾਂ ਨੂੰ ਪਿਘਲਾ ਸਕਨਾਂ ਮੈਂ ਗਜ਼ਲਾਂ ਤੇ ਕਵਿਤਾਵਾਂ ਨਾਲ।
ਦੂਰ ਗਿਆਂ ਜਦ ਰਾਤ ਪੈਣ ਤੇ
ਦੂਰ ਗਿਆਂ ਜਦ ਰਾਤ ਪੈਣ ਤੇ ਘਰ ਦਾ ਚੇਤਾ ਆਵੇਗਾ। ਵੇਖ ਲਵੀਂ ਤੂੰ ਗਾਉਂਦਾ ਪੰਛੀ ਟਾਹਣੀ ਫੜ ਕੁਰਲਾਵੇਗਾ। ਸਿਖ਼ਰ ਦੁਪਹਿਰੇ ਸਾਡੇ ਪਿੰਡ ਨੂੰ ਕਾਲੀ ਚਾਦਰ ਢੱਕ ਲਿਆ, ਲਗਦਾ ਨਹੀਂ ਸੀ ਬੱਦਲੀ ਓਹਲੇ ਇੰਵ ਸੂਰਜ ਲੁਕ ਜਾਵੇਗਾ। ਬਲਦੇ ਜੰਗਲ ਦੇ ਵਿਚ ਜਦ ਵੀ ਤੇਰੇ ਅਪਣੇ ਬੋਟ ਸੜੇ, ਤੈਨੂੰ ਫੇਰ ਬਸੰਤਰ ਦਾਸਾ ਪਾਣੀ ਚੇਤੇ ਆਵੇਗਾ। ਉਮਰਾਂ ਜਿੱਡਾ ਲੰਮਾ ਹੌਕਾ ਧਰਤੀ ਮਾਂ ਨੇ ਭਰਿਆ ਹੈ, ਪਤਾ ਨਹੀਂ ਕਦ ਸੇਕ ਏਸ ਦਾ ਪੱਥਰਾਂ ਨੂੰ ਪਿਘਲਾਵੇਗਾ। ਤੇਜ਼ਾਬੀ ਬਰਸਾਤ 'ਚ ਪੱਤੇ ਬੂਟੇ ਹੀ ਨਹੀਂ ਝੁਲਸਣਗੇ, ਗਰਭ-ਜੂਨ ਵਿਚ ਪਲਦਾ ਫੁੱਲ ਵੀ ਵੇਖ ਲਈਂ ਸੁੱਕ ਜਾਵੇਗਾ। ਉਡਣੇ ਪੁਡਣੇ ਮਿਤ ਨਾ ਹੁੰਦੇ ਵੇਖ ਲਵੀਂ ਤੂੰ ਮਾਂਦਰੀਆ, ਜਿਸ ਨੂੰ ਅੱਜ ਤੂੰ ਦੁੱਧ ਪਿਲਾਵੇਂ, ਤੈਨੂੰ ਹੀ ਡੰਗ ਜਾਵੇਗਾ। ਪਤਾ ਨਹੀਂ ਸੀ ਖੇਡ ਖੇਡ ਵਿਚ ਏਥੋਂ ਤੱਕ ਜਾ ਪਹੁੰਚਾਂਗੇ, ਸਾਜ਼ਾਂ ਨੂੰ ਆਵਾਜ਼ ਸਣੇ ਹੀ ਸਰਪ ਜਿਹਾ ਸੁੰਘ ਜਾਵੇਗਾ।
ਤੁਸੀਂ ਉਲਝਾ ਲਿਆ ਸਾਨੂੰ
ਤੁਸੀਂ ਉਲਝਾ ਲਿਆ ਸਾਨੂੰ ਹਿਸਾਬਾਂ ਤੇ ਕਿਤਾਬਾਂ ਵਿਚ। ਕੋਈ ਵੀ ਫ਼ਰਕ ਨਾ ਜਾਪੇ ਸੁਆਲਾਂ ਤੇ ਜੁਆਬਾਂ ਵਿਚ। ਜਦੋਂ ਦੇ ਜੰਗਲੀ ਬੂਟੇ ਨੂੰ ਸ਼ਹਿਰੀ ਹੱਥ ਲੱਗੇ ਨੇ, ਉਦੋਂ ਦੀ ਮਹਿਕ ਮੋਈ ਹੈ ਬਗੀਚੇ ਦੇ ਗੁਲਾਬਾਂ ਵਿਚ। ਮੈਂ ਮੋਈਆਂ ਤਿਤਲੀਆਂ ਦੇ ਖੰਭਾਂ ਕੋਲੋਂ ਬਹੁਤਾ ਡਰਦਾ ਹਾਂ, ਜਿੰਨ੍ਹਾਂ ਦਾ ਕਤਲ ਹੋਇਆ ਮੇਰਿਆਂ ਰੰਗੀਨ ਖ਼੍ਵਾਬਾਂ ਵਿਚ। ਜੋ ਸਾਰੀ ਉਮਰ ਨੰਗੇ ਪੈਰ ਲੰਮਾ ਸਫ਼ਰ ਕਰਦੇ ਨੇ, ਉਨ੍ਹਾਂ ਦੇ ਪੈਰ ਨਹੀਂ ਫਸਦੇ ਕਦੇ ਬੂਟਾਂ ਜੁਰਾਬਾਂ ਵਿਚ । ਜਿੰਨ੍ਹਾਂ ਨੂੰ ਵੋਟ ਪਾ ਕੇ ਭੇਜਦੇ ਹਾਂ ਰਾਜ ਭਵਨ ਅੰਦਰ, ਉਹ ਅਪਣੇ ਆਪ ਤਾਈਂ ਗਿਣਨ ਲਗਦੇ ਨੇ ਨਵਾਬਾਂ ਵਿਚ। ਜ਼ਮਾਨਾ ਬਦਲਿਆ ਤੇ ਬਦਲੀਆਂ ਦਿਲਚਸਪੀਆਂ ਵੇਖੋ, ਕਿ ਮੱਕੜੀ ਜਾਲ ਪਈ ਬੁਣਦੀ ਹੈ ਸਾਜ਼ਾਂ ਤੇ ਰਬਾਬਾਂ ਵਿਚ ਇਹ ਉੱਚੀ ਪੱਗ ਲੰਮੀ ਧੌਣ ਦੇ ਹੀ ਕਾਰਨੇ ਹੋਇਆ, ਅਸਾਨੂੰ ਚੀਰਿਆ ਸ਼ੈਤਾਨ ਨੇ ਹੀ ਦੋ ਪੰਜਾਬਾਂ ਵਿਚ।
ਉਭੜ ਖਾਭੜ ਸੜਕਾਂ ਉੱਤੇ
ਉਭੜ ਖਾਭੜ ਸੜਕਾਂ ਉੱਤੇ ਲੱਗ ਰਹੇ ਹਿਚਕੋਲੇ। ਪੋਟਲੀਆਂ 'ਚੋਂ ਕਿਰਦੇ ਜਾਂਦੇ ਗੁੱਡੀਆਂ ਅਤੇ ਪਟੋਲੇ। ਸ਼ਾਮ ਢਲੇ ਹੀ ਬੇਵਿਸ਼ਵਾਸੀ ਚਾਰ-ਚੁਫ਼ੇਰਿਓਂ ਘੇਰੇ, ਥਾਲੀ ਵਿਚਲੇ ਪਾਣੀ ਵਾਂਗੂੰ ਹਰ ਪਲ ਮਨੂਆ ਡੋਲੇ। ਪੂਰਨਿਆਂ ਤੇ ਪੋਚਾ ਫਿਰਿਆ ਅੱਖਰ ਕਿਤੇ ਗੁਆਚੇ, ਅਨਪੜ੍ਹ ਲੋਕਾਂ ਵਾਂਗੂੰ ਵਾਹਾਂ ਐਵੇਂ ਘੀਚ-ਮਚੋਲੇ। ਮੋਇਆਂ ਦੀ ਬਸਤੀ ਵਿਚ ਦਸਤਕ ਦੇਵਾਂ ਤਾਂ ਕਿੰਞ ਦੇਵਾਂ, ਆਸ ਨਹੀਂ ਹੈ ਮੁਰਦਾ ਜਾਗੇ ਉੱਠੇ ਕੁੰਡਾ ਖੋਲ੍ਹੇ। ਮੰਦੀਆਂ ਖਬਰਾਂ ਕੱਠੀਆਂ ਕਰਕੇ ਭਰ ਜਾਂਦੇ ਨੇ ਵਿਹੜਾ, ਮਨ ਦੀ ਛਤਰੀ ਉੱਤੇ ਬਹਿੰਦੇ ਆਣ ਕਬੂਤਰ ਗੋਲੇ। ਉੱਚੇ ਨੀਵੇਂ ਛਾਬੇ ਇਸਦੇ ਗੌਰ ਨਾਲ ਤਾਂ ਵੇਖੋ, ਬਾਂਦਰ ਹੱਥ ਤਰਾਜੂ ਦੱਸੋ ਕਿੱਦਾਂ ਪੂਰਾ ਤੋਲੇ। ਸਾਡੇ ਖੂਨ 'ਚ ਲਥਪਥ ਹੋਈ ਸਰਬ ਸਮੇਂ ਦੀ ਪੋਥੀ, ਹਰ ਥਾਂ ਲਿਸ਼ਕੇ ਸੁਰਖ਼ ਇਬਾਰਤ ਜਿੰਨੇ ਵਰਕੇ ਫੋਲੇ।
ਜਗ ਰਹੇ ਜੁਗਨੂੰ ਨੇ
ਜਗ ਰਹੇ ਜੁਗਨੂੰ ਨੇ ਜਿਹੜੇ ਰਾਤ ਨੂੰ। ਖ਼ਾਕ ਦੇ ਵਿਚ ਮਿਲਣਗੇ ਪ੍ਰਭਾਤ ਨੂੰ। ਕੀ ਪਤਾ ਸੀ ਮਾਰੂਥਲ ਪੀ ਜਾਣਗੇ, ਹੰਝੂਆਂ ਦੀ ਹੋ ਰਹੀ ਬਰਸਾਤ ਨੂੰ। ਪੱਥਰਾਂ ਦੇ ਸ਼ਹਿਰ ਪੱਥਰ ਹੋ ਗਿਆਂ, ਦੁਖ ਸੁਖ ਪੋਂਹਦਾ ਨਾ ਹੁਣ ਜਜ਼ਬਾਤ ਨੂੰ। ਤੂੰ ਮੇਰੇ ਸਾਹਾਂ 'ਚ ਘੁਲ ਜਾ ਇਸ ਤਰ੍ਹਾਂ, ਰਾਤ ਰਾਣੀ ਮਹਿਕਦੀ ਜਿਉਂ ਰਾਤ ਨੂੰ। ਤੂੰ ਹੁੰਗਾਰਾ ਭਰਦੀ ਭਰਦੀ ਸੌਂ ਗਈ, ਮੈਂ ਮੁਕਾਵਾਂ ਕਿਸ ਤਰ੍ਹਾਂ ਹੁਣ ਬਾਤ ਨੂੰ। ਚਾਰ ਦੀਵਾਰੀ 'ਚ ਮੇਰਾ ਬਸਰ ਨਾ, ਲੈ ਰਿਹਾਂ ਬਾਹਾਂ 'ਚ ਕਾਇਨਾਤ ਨੂੰ। ਅੱਗ ਦੇ ਅੰਗਾਰਿਆਂ 'ਤੇ ਤੁਰ ਰਿਹਾਂ, ਬੈਠ ਰਹਿਣਾ ਮਿਹਣਾ ਮੇਰੀ ਜ਼ਾਤ ਨੂੰ।
ਯਾਰੀ ਪਾਉਂਦੇ ਜੇ ਨਾ ਰੰਗਲੇ
ਯਾਰੀ ਪਾਉਂਦੇ ਜੇ ਨਾ ਰੰਗਲੇ ਗੁਬਾਰਿਆਂ ਦੇ ਨਾਲ। ਸਾਡੀ ਨਿਭ ਜਾਂਦੀ ਦੋਸਤੀ ਅੰਗਾਰਿਆਂ ਦੇ ਨਾਲ। ਅਸੀਂ ਤੇਰੇ ਵਾਂਗ ਅੰਬਰਾਂ ਨੂੰ ਸੀਗਾ ਚੁੰਮ ਲੈਣਾ, ਰਲ ਜਾਂਵਦੇ ਜੇ ਪੀਂਘ ਦੇ ਹੁਲਾਰਿਆਂ ਦੇ ਨਾਲ। ਅਸੀਂ ਵੱਖ ਤੁਸੀਂ ਵੱਖ ਸਾਡੀ ਮਿਲਦੀ ਨਾ ਅੱਖ, ਕਦੋਂ ਯਾਰੀਆਂ ਪੁਗਾਈਆ ਮਹਿਲਾਂ ਢਾਰਿਆਂ ਦੇ ਨਾਲ। ਤੁਸੀਂ ਗੂੰਗਿਆਂ ਦੇ ਵਾਂਗ ਚੁੱਪ-ਚਾਪ ਬੈਠ ਗਏ, ਬਾਤ ਤੁਰਨੀ ਹੈ ਅੱਗੇ ਤਾਂ ਹੁੰਗਾਰਿਆਂ ਦੇ ਨਾਲ। ਸਾਨੂੰ ਧਰਤੀ ਦੇ ਮਾਲ ਤੇ ਖ਼ਜ਼ਾਨਿਆਂ ਤੋਂ ਵੱਧ, ਜਿਹੜੀ ਘੜੀ ਲੰਘੇ ਸੱਜਣਾਂ-ਪਿਆਰਿਆਂ ਦੇ ਨਾਲ। ਸਾਨੂੰ ਤਲਖ਼ ਹਕੀਕਤਾਂ ਨੇ ਇਹੀ ਸਮਝਾਇਆ, ਕਦੇ ਜ਼ਿੰਦਗੀ ਨਾ ਤੁਰੇ ਮਿੱਠੇ ਲਾਰਿਆਂ ਦੇ ਨਾਲ। ਗੂੰਗੇ ਬੋਲੇ ਨੂੰ ਕੀ ਸਾਡੀਆਂ ਮੁਸੀਬਤਾਂ ਦੀ ਸਾਰ, ਜਿਹੜਾ ਆਪ ਗੱਲਾਂ ਕਰਦੈ ਇਸ਼ਾਰਿਆਂ ਦੇ ਨਾਲ।
ਬੰਦ ਕਰੋ ਦਰਵਾਜ਼ੇ ਸਾਰੇ
ਬੰਦ ਕਰੋ ਦਰਵਾਜ਼ੇ ਸਾਰੇ ਭੇੜੋ ਬੂਹੇ ਬਾਰੀਆਂ। ਅੰਨ੍ਹੀ ਨ੍ਹੇਰੀ ਭੱਜੀ ਆਉਂਦੀ ਮਾਰ ਮਾਰ ਕਿਲਕਾਰੀਆਂ। ਇਕੋ ਬੰਦਾ ਮਰਿਆਂ ਜਿੱਥੇ ਸੁਰਖ਼ ਹਨੇਰੀ ਆਉਂਦੀ ਸੀ, ਅੱਜ ਹਰ ਚੌਂਕ ਚੁਰਸਤੇ ਭਾਵੇਂ ਲਾ ਲਉ ਖੂਨ 'ਚ ਤਾਰੀਆਂ। ਹਿੱਕ ਤੇ ਭਾਰ ਜਿਹਾ ਹੈ ਨਾਲੇ ਜੀਭ ਤਾਲੂਏ ਜੁੜ ਗਈ ਸੀ, ਮੇਰਾ ਨਾਮ ਪੁਕਾਰ ਕੇ ਕਿਸਨੇ ਰਾਤੀਂ 'ਵਾਜਾਂ ਮਾਰੀਆਂ। ਗਰਦ ਗੁਬਾਰ ਹਨੇਰਾ ਮਨ ਤੇ ਕਾਠੀ ਪਾ ਕੇ ਬੈਠਾ ਹੈ, ਨਿੱਕੀਆਂ ਨਿੱਕੀਆਂ ਸੋਚਾਂ ਲੱਗਣ ਪਰਬਤ ਨਾਲੋਂ ਭਾਰੀਆਂ। ਧੂੜ ਲਪੇਟੇ ਰਾਹਾਂ ਦੇ ਵਿਚ ਕਿੰਨੇ ਯਾਰ ਗੁਆਚ ਗਏ, ਖਾ ਗਈਆਂ ਨੇ ਸੂਹੇ ਸੁਪਨੇ ਮਿੱਟੀ ਰੰਗੀਆਂ ਲਾਰੀਆਂ। ਉਹ ਵੀ ਇਕ ਦਿਨ ਘਰ ਦੀ ਨੁੱਕਰੇ ਸਿਰ ਤੇ ਛੱਤਾਂ ਮੰਗਣਗੇ, ਹੁਣ ਤਕ ਉਮਰ ਲੰਘਾਈ ਜਿੰਨ੍ਹਾਂ ਕਰ ਕਰ ਪਹਿਰੇਦਾਰੀਆਂ। ਖੁਸ਼ਬੂ ਹੱਦਾਂ ਬੰਨੇ ਟੱਪ ਕੇ ਦੂਰ ਦੂਰ ਤਕ ਜਾਵੇਗੀ ਕਿਹੜੀ ਤਾਕਤ ਰੋਕੂ ਇਸ ਨੂੰ ਕਰਕੇ ਚਾਰ ਦੀਵਾਰੀਆਂ।
ਵਗਦੀ ਹਨੇਰੀ ਬੁਝੀ
ਵਗਦੀ ਹਨੇਰੀ ਬੁਝੀ ਦੀਵਿਆਂ ਦੀ ਪਾਲ। ਆਪਣੇ ਤੂੰ ਘਰ ਦੇ ਚਿਰਾਗਾਂ ਨੂੰ ਸੰਭਾਲ। ਲੁਕ ਗਈ ਕਿਤਾਬਾਂ ਵਿਚ ਅੱਖਰਾਂ ਦੀ ਭੀੜ, ਹੱਥ ਵਿਚ ਛੁਰੀ ਚੁੱਕੀ ਫਿਰਦੇ ਚੰਡਾਲ। ਵਰ੍ਹਦੀਆਂ ਗੋਲੀਆਂ ਦਾ ਹੋਵੇ ਜਦੋਂ ਭੇੜ, ਨ੍ਹੇਰੇ ਵਿਚ ਕੌਣ ਵੇਖੇ ਕੌਣ ਕੀਹਦੇ ਨਾਲ। ਧਰਮਾਂ ਰਿਆਸਤਾਂ ਸਿਆਸਤਾਂ ਦੀ ਲੋੜ, ਹਰ ਵੇਲੇ ਟਾਲ ਦੇਣਾ ਰੋਟੀ ਦਾ ਸੁਆਲ। ਲੁਕ ਛਿਪ ਜਾਓ ਫਿਰੇ ਕੂਕਦੀ ਇਹ ਪੌਣ, ਖੌਰੇ ਕਿਹਦੇ ਸਿਰ ਚੜ੍ਹ ਬੋਲ ਪਵੇ ਕਾਲ। ਇਕ ਇਕ ਦਿਨ ਹੁਣ ਬੀਤਦਾ ਹੈ ਇੰਞ, ਮੋਈ ਮਾਂ ਨੂੰ ਚੁੰਘੇ ਜਿਵੇਂ ਨਿੱਕਾ ਜਿਹਾ ਬਾਲ। ਤੇਰੀਆਂ ਕਮਾਈਆਂ ਮਿੱਟੀ ਵਿਚ ਰੁਲ ਗਈਆਂ, ਉੱਠ ਸਿਰ ਵਾਲਿਆ ਤੂੰ ਪਗੜੀ ਸੰਭਾਲ।
ਰੱਤ ਭਰੇ ਵਗਦੇ ਦਰਿਆ
ਰੱਤ ਭਰੇ ਵਗਦੇ ਦਰਿਆ। ਪਾਣੀ ਕਿੱਧਰ ਚਲਾ ਗਿਆ। ਸੁਣਦਿਆਂ ਕੰਨ ਲੂਸ ਗਏ, ਰੋਜ਼ ਦਿਹਾੜੀ ਅਗਨ-ਕਥਾ। ਬਾਤ ਹੁੰਗਾਰਾ ਮੰਗਦੀ ਹੈ, ਸੁੱਤਿਆ ਲੋਕਾ ਜਾਗ ਜ਼ਰਾ। ਘਰ ਤੋਂ ਦਫ਼ਤਰ ਤੀਕ ਜਿਵੇਂ, ਲੰਮ-ਸਲੰਮਾ ਬਲੇ ਸਿਵਾ। ਨ੍ਹੇਰੀ ਵੀ ਮੂੰਹ-ਜ਼ੋਰ ਬੜੀ, ਫਿਰ ਵੀ ਦੀਵਾ ਜਗੇ ਪਿਆ। ਵੇਖੋ ਇਹ ਪੰਜਾਬ ਮਿਰਾ, ਕਿੱਥੋਂ ਕਿੱਥੇ ਪਹੁੰਚ ਗਿਆ।
ਅੱਖਾਂ 'ਚ ਉਨੀਂਦਰਾ
ਅੱਖਾਂ 'ਚ ਉਨੀਂਦਰਾ ਤੇ ਦਿਲ ਸੁੰਨਸਾਨ ਹੈ। ਸੱਜਣਾਂ ਬਗੈਰ ਸਾਡੀ ਲਬਾਂ ਉੱਤੇ ਜਾਨ ਹੈ। ਲੋਕਾਂ ਭਾਣੇ ਹੱਸਦਾ ਇਹ ਸ਼ਹਿਰ ਜਾਪੇ ਵੱਸਦਾ, ਮੇਰੇ ਲਈ ਉਜਾੜ ਸੁੰਨੀ ਰੋਹੀ ਬੀਆਬਾਨ ਹੈ। ਫ਼ਿਕਰਾਂ ਦੀ ਛੱਤ ਹੇਠਾਂ ਸਾਰੀ ਰਾਤ ਜਾਗਨਾਂ, ਮੇਰੇ ਨਾਲ ਗੱਲਾਂ ਕਰੇ ਨੀਲਾ ਅਸਮਾਨ ਹੈ। ਠੋਕਰੋਂ ਬਚਾਉਂਦਾ ਤੇ ਸੰਭਾਲਦਾ ਹਾਂ ਹਰ ਵੇਲੇ, ਸੁਪਨਾ ਨਾ ਟੁੱਟ ਜਾਵੇ ਕੱਚ ਦਾ ਸਾਮਾਨ ਹੈ। ਕਿਸ ਨੂੰ ਸੁਣਾਵਾਂ ਹਾਲ ਟੁੱਟੇ ਹੋਏ ਦਿਲ ਦਾ ਮੈਂ, ਅੰਨ੍ਹੀ ਬੋਲੀ ਧਰਤੀ ਤੇ ਗੁੰਗਾ ਅਸਮਾਨ ਹੈ। ਟੰਗਿਆ ਹੈ ਸੂਲੀ ਉੱਤੇ ਚੰਦਰੇ ਹਾਲਾਤ ਭਾਵੇਂ, ਫੇਰ ਵੀ ਤੂੰ ਵੇਖ ਸਾਡੀ ਚੱਲਦੀ ਜ਼ਬਾਨ ਹੈ।
ਸਿਰਾਂ 'ਤੇ ਰਾਤ ਹੈ ਕਾਲੀ
ਸਿਰਾਂ 'ਤੇ ਰਾਤ ਹੈ ਕਾਲੀ ਭਰਾਓ ਜਾਗਦੇ ਰਹੀਏ। ਕਿਤੇ ਪੱਥਰ ਨਾ ਹੋ ਜਾਈਏ ਦਿਲਾਂ ਦੀ ਵੇਦਨਾ ਕਹੀਏ। ਇਹ ਏਨੇ ਸਾਲ ਵਿਚ ਪਹੁੰਚੀ ਕਿਤੇ ਨਾ ਦੋਸਤੋ ਗੱਡੀ, ਬਥੇਰੇ ਹਿੱਕ ਸਾਡੀ ਨੇ ਲੰਘਾਏ ਰੇਲ ਦੇ ਪਹੀਏ। ਅਸੀਂ ਮੁਜਰਿਮ ਦੇ ਵਾਂਗੂ ਲੰਘਦੇ ਹਾਂ ਰਾਜਪਥ ਕੋਲੋਂ, ਤਲਾਸ਼ੀ ਵਾਲਿਆਂ ਕੋਲੋਂ ਕਿਤੇ ਪੱਗ ਨਾ ਲੁਹਾ ਬਹੀਏ। ਮਲਾਹਾਂ ਅੱਧ ਵਿਚ ਦਰਿਆ ਦੇ ਆ ਬੇੜੀ ਖਲ੍ਹਾਰੀ ਹੈ, ਤੁਸੀਂ ਦੱਸੋ ਕਿ ਇਸਨੂੰ ਦੋਸਤੀ ਜਾਂ ਦੁਸ਼ਮਣੀ ਕਹੀਏ। ਸਿਰਫ਼ ਸਿਦਕ ਤੇ ਵਿਸ਼ਵਾਸ ਮੇਰੇ ਨਾਲ ਤੁਰਦਾ ਹੈ, ਉਸ ਦੇ ਆਸਰੇ ਹਰ ਹਾਲ ਵਿਚ ਸਿੱਧੇ ਖੜ੍ਹੇ ਰਹੀਏ। ਜਦੋਂ ਮੌਸਮ ਨੇ ਅੱਜ ਤੱਕ ਨਾਲ ਸਾਡੇ ਨਾ ਵਫ਼ਾ ਕੀਤੀ, ਅਸੀਂ ਵੀ ਕਿਹੜੇ ਸਾਕੋਂ ਏਸ ਦੀ ਯਾਰੋ ਤੜੀ ਸਹੀਏ।
ਵਗ ਰਹੀ ਠੰਢੀ ਹਵਾ ਹੈ
ਵਗ ਰਹੀ ਠੰਢੀ ਹਵਾ ਹੈ। ਨਿੱਘ ਕਿਧਰੇ ਲਾਪਤਾ ਹੈ। ਟਾਹਣੀਆਂ ਵਿਚ ਫੁੱਲ ਜੀਂਦੇ, ਪੱਤਝੜਾਂ ਨੂੰ ਕੀ ਪਤਾ ਹੈ। ਚਾਰ ਪਾਸੇ ਪਾਣੀਆਂ ਵਿਚ, ਰੁੱਖ ਕਿਉਂ ਸੁੱਕਾ ਖੜ੍ਹਾ ਹੈ? ਦਰਦ ਤਾਈਂ ਵੰਡ ਦੇਣਾ, ਏਸ ਦੀ ਏਹੀ ਦਵਾ ਹੈ। ਕਤਲਗਾਹੋ ਨਾ ਡਰਾਉ, ਇਹ ਤਾਂ ਸਾਡੀ ਗੁਜ਼ਰਗਾਹ ਹੈ। ਫ਼ਿਕਰ ਦੀ ਧੁੱਪੇ ਖਲੋਣਾ, ਏਸ ਦਾ ਅਪਣਾ ਮਜ਼ਾ ਹੈ। ਅੱਥਰੂ ਕਿੰਞ ਸ਼ਬਦ ਬਣਦੇ, ਇਹ ਤਾਂ ਇਕ ਵੱਖਰਾ ਸਫ਼ਾ ਹੈ। ਮਰ ਨਾ ਜਾਵੇ ਆਦਮੀਅਤ, ਅੱਜ ਏਹੀ ਤੌਖ਼ਲਾ ਹੈ।
ਉੱਪਰੋਂ ਲੰਘਣ ਕਾਫ਼ਲੇ
ਉੱਪਰੋਂ ਲੰਘਣ ਕਾਫ਼ਲੇ ਤੇ ਹੇਠ ਵਗੇ ਦਰਿਆ। ਪਾਣੀ ਕੰਢੇ ਬੈਠ ਕੇ ਮੈਂ ਤੈਨੂੰ ਚਿਤਵ ਰਿਹਾ। ਤੈਨੂੰ ਚੇਤੇ ਕਰਦਿਆਂ ਮੈਂ ਠਰਦਾ ਠਰਦਾ ਠਰ ਗਿਆ, ਹੁਣ ਸੂਰਜ ਟਿੱਕੀ ਚੜ੍ਹਦਿਆਂ ਅੱਗ ਦਾ ਗੀਤ ਸੁਣਾ। ਬੀਤੀ ਰਾਤ ਵਿਯੋਗ ਦੀ ਹੈ ਤਾਰੇ ਗਿਣ ਗਿਣ ਕੇ, ਅੱਖੀਆਂ ਤਰਸਣ ਦੀਦ ਨੂੰ ਤੂੰ ਸੁਪਨਾ ਬਣ ਕੇ ਆ। ਡਾਰੋਂ ਵਿੱਛੜੀ ਕੂੰਜ ਦੀ ਆਉਂਦੀ ਹੈ ਇੰਞ ਹੂਕ, ਚੰਦ ਚਕੋਰੀ ਲੱਭਦੀ ਅੰਬਰ ਵਿਚ ਤਾਰੀ ਲਾ। ਐਵੇਂ ਹੈ ਫੁੰਕਾਰਦਾ ਪਰ ਨਹੀਂ ਮਾਰਦਾ ਡੰਗ, ਯਾਦ ਤੇਰੀ ਦੇ ਵਾਂਗਰਾਂ ਵਿਸ਼ੀਅਰ ਨਾਗ ਜਿਹਾ। ਸੜਕ ਕਿਨਾਰੇ ਸੁੱਕ ਰਿਹਾ ਮੁੱਕਦਾ ਮੁੱਕਦਾ ਮੁੱਕ ਰਿਹਾ, ਬਿਰਖ਼ ਨਿਪੱਤਰਾ ਜਾਪਦਾ ਮੇਰਾ ਧਰਮ ਭਰਾ। ਪਹਿਲ ਪਲੇਠੀ ਪ੍ਰੀਤ ਦਾ ਇਹ ਅਣਗਾਇਆ ਗੀਤ, ਛੇਕਾਂ ਵਿੰਨ੍ਹੀ ਬੰਸਰੀ ਤੂੰ ਆਪਣੇ ਹੋਠ ਛੁਹਾ।
ਘੁੰਮਣ ਘੇਰ ਜਹਾਨ ਦੇ
ਘੁੰਮਣ ਘੇਰ ਜਹਾਨ ਦੇ। ਦੁਸ਼ਮਣ ਬਣ ’ਗੇ ਜਾਨ ਦੇ। ਹੈਂਕੜ ਮਿਰਜ਼ਾ ਮਾਰਿਆ, ਸਾਹਵੇਂ ਤੀਰ ਕਮਾਨ ਦੇ। ਧੂੰਏਂ ਬੱਦਲ ਵਾਂਗ ਨੇ, ਭਰਮ ਭੁਲੇਖੇ ਸ਼ਾਨ ਦੇ। ਸ਼ਹਿਰਾਂ ਵਿਚ ਗੁਆਚ ਨਾ, ਪੰਛੀ ਬੀਆਬਾਨ ਦੇ। ਤੂੰ ਕਿਸਮਤ ਨੂੰ ਕੋਸ ਨਾ, ਸਭ ਕੁਝ ਵੱਸ ਇਨਸਾਨ ਦੇ। ਅੰਨ੍ਹੀ ਸੁਰੰਗ 'ਚ ਵੱਸਦੇ, ਚੇਲੇ ਸਭ ਭਗਵਾਨ ਦੇ। ਅੰਬਰੀਂ ਧੂੜਾਂ ਉੱਠੀਆਂ, ਹਨ ਆਸਾਰ ਤੂਫ਼ਾਨ ਦੇ।
ਦਿੱਲੀ ਦਿਲ ਤੋਂ ਦੂਰ ਖੜ੍ਹੀ ਹੈ
ਦਿੱਲੀ ਦਿਲ ਤੋਂ ਦੂਰ ਖੜ੍ਹੀ ਹੈ। ਤਾਹੀਓਂ ਦਿੱਲੀ ਦੂਰ ਬੜੀ ਹੈ। ਮਾਂ ਪਿਉ ਜਾਏ ਮਾਰ ਮੁਕਾਏ, ਇਹ ਕਿੱਧਰਲੀ ਜੰਗ ਲੜੀ ਹੈ। ਡਰਦੀ 'ਵਾਜ ਨਾ ਸੰਘੋਂ ਨਿਕਲੇ, ਹਰ ਬੂਹੇ 'ਤੇ ਮੌਤ ਖੜ੍ਹੀ ਹੈ। ਲੱਗੇ ਬੋਹਲ ਉਡਾ ਨਾ ਦੇਵੇ, ਲਹਿੰਦੀ ਗੁੱਠੇ ਧੂੜ ਚੜ੍ਹੀ ਹੈ। ਟੁੱਟ ਗਈ ਤਾਂ ਫਿਰ ਨਾ ਜੁੜਨੀ, ਨਾ ਤੋੜੋ ਇਹ ਅਹਿਮ ਕੜੀ ਹੈ। ਕਿੱਥੇ ਪੈਰ ਧਰੋਗੇ ਏਥੇ, ਚਹੁੰ ਗਿੱਠਾਂ ਤੇ ਫੇਰ ਮੜ੍ਹੀ ਹੈ। ਸੂਈਆਂ ਪਿੱਛੇ ਘੁੰਮੀ ਜਾਵਣ, ਮੇਰੇ ਗੁੱਟ ਤੇ ਅਜਬ ਘੜੀ ਹੈ। ਵੇਖੀਂ ਇਸ 'ਤੇ ਛੱਤ ਨਾ ਪਾਈਂ, ਗੱਤੇ ਦੀ ਦੀਵਾਰ ਖੜ੍ਹੀ ਹੈ।
ਗੁਆਚਾ ਫਿਰ ਰਿਹਾਂ
ਗੁਆਚਾ ਫਿਰ ਰਿਹਾਂ ਦੱਸੋ ਮੇਰਾ ਘਰ ਬਾਰ ਕਿੱਥੇ ਹੈ? ਮੈਂ ਜਿਸ ਤੋਂ ਨਿਖੜਿਆਂ ਉਹ ਪੰਛੀਆਂ ਦੀ ਡਾਰ ਕਿੱਥੇ ਹੈ? ਮੈਂ ਗੂੜ੍ਹੀ ਨੀਂਦ ਵਿਚੋਂ ਜਾਗਿਆਂ ਮੈਨੂੰ ਵਿਖਾਓ ਤਾਂ, ਮੈਂ ਜਿਹੜਾ ਸੁਪਨਿਆਂ ਵਿਚ ਸਾਜਿਆ ਸੰਸਾਰ ਕਿੱਥੇ ਹੈ? ਭਰਾਓ ਮੈਂ ਪੰਜਾਬੀ ਹਾਂ ਮੈਂ ਨਾਨਕ ਦਾ ਰਬਾਬੀ ਹਾਂ, ਲਿਆਓ ਜੋੜ ਕੇ ਦੇਵਾਂ ਉਹ ਟੁੱਟੀ ਤਾਰ ਕਿੱਥੇ ਹੈ। ਤੁਸੀਂ ਜਿਸ ਤੇ ਚੜ੍ਹਾਉਣਾ ਸੀ ਤੇ ਉਸਨੇ ਮੁਸਕਰਾਉਣਾ ਸੀ, ਮਸੀਹਾ ਲੱਭਦਾ ਫਿਰਦੈ ਭਲਾ ਉਹ ਦਾਰ ਕਿੱਥੇ ਹੈ। ਮੈਂ ਜਿਸ ਦੇ ਨਾਲ ਪੰਜ ਸਦੀਆਂ ਹੰਢਾਈਆਂ ਧੁੱਪ ਛਾਂ ਬਣ ਕੇ, ਮੇਰਾ ਨਾਨਕ ਨਾ ਖੋਹਵੇ ਦੱਸੋ ਮੇਰਾ ਯਾਰ ਕਿੱਥੇ ਹੈ? ਇਹ ਮੇਰਾ ਸਾਜ਼ ਹੈ ਆਵਾਜ਼ ਹੈ ਪਰਵਾਜ਼ ਵੀ ਵੇਖੋ, ਤੇ ਫਿਰ ਦੱਸੋ ਕਿ ਇਸ ਤੋਂ ਵਧ ਖ਼ਰਾ ਹਥਿਆਰ ਕਿੱਥੇ ਹੈ? ਮੈਂ ਮੋਏ ਪੁੱਤਰਾਂ ਨੂੰ ਗਿਣਦਿਆਂ ਖੂੰਖਾਰ ਨਾ ਬਣ ਜਾਂ, ਲਿਆਉ ਪਾੜ ਦੇਵਾਂ ਅੱਜ ਦਾ ਅਖ਼ਬਾਰ ਕਿੱਥੇ ਹੈ? ਮੈਂ ਕਿੱਧਰ ਜਾ ਰਿਹਾਂ ਵੇਖੋ ਮੇਰਾ ਅਗਲਾ ਪੜਾਅ ਕਿੱਥੇ, ਭਟਕਦੀ ਰੂਹ ਦਾ ਇਸ ਯੁਗ 'ਚ ਇਤਬਾਰ ਕਿੱਥੇ ਹੈ?
ਜ਼ਿੰਦਗੀ ਵਿਚ ਮੁਸ਼ਕਲਾਂ ਦੁਸ਼ਵਾਰੀਆਂ
ਜ਼ਿੰਦਗੀ ਵਿਚ ਮੁਸ਼ਕਲਾਂ ਦੁਸ਼ਵਾਰੀਆਂ। ਲੱਗਦੀਆਂ ਨੇ ਪਰਬਤਾਂ ਤੋਂ ਭਾਰੀਆਂ। ਵੇਖ ਲੈ ਮਾਰੂਥਲਾਂ ਵਿਚ ਘਿਰ ਗਿਆ, ਜੋ ਲਗਾਉਂਦਾ ਸੀ ਹਵਾ ਵਿਚ ਤਾਰੀਆਂ। ਠੋਕਰਾਂ ਨੇ ਪੱਥਰਾਂ ਨੂੰ ਭੋਰਿਆ, ਤੋੜ ਬੈਠੇ ਧਰਤ ਨਾਲੋਂ ਯਾਰੀਆਂ। ਮਰਮਰੀ ਬੁੱਤ ਬੋਲਿਆ ਨਾ ਚਾਲਿਆ, ਮੈਂ ਤਾਂ ਉਸਨੂੰ ਬਹੁਤ ’ਵਾਜ਼ਾਂ ਮਾਰੀਆਂ। ਮਨ ਦਾ ਪੰਛੀ ਖੰਭ ਹੀਣਾ ਹੋ ਗਿਆ, ਚਾਰੇ ਪਾਸੇ ਬੈਠੀਆਂ ਲਾਚਾਰੀਆਂ। ਜ਼ਹਿਰ ਤਾਂ ਸਾਰੀ ਹਵਾ ਵਿਚ ਘੁਲ ਗਈ, ਕੀ ਕਰੇਂਗਾ ਲਾ ਕੇ ਪਹਿਰੇਦਾਰੀਆਂ। ਆਉਣ ਦੇ ਤਾਜ਼ਾ ਹਵਾ ਨੂੰ ਆਉਣ ਦੇ, ਖੋਲ੍ਹ ਦੇ ਤੂੰ ਸਾਰੇ ਬੂਹੇ ਬਾਰੀਆਂ।
ਹਾਲ ਮੁਰੀਦਾਂ ਕਿਸ ਨੂੰ ਕਹੀਏ
ਹਾਲ ਮੁਰੀਦਾਂ ਕਿਸ ਨੂੰ ਕਹੀਏ। ਮਿੱਤਰਾਂ ਤੋਂ ਨਿੱਤ ਧੋਖੇ ਸਹੀਏ। ਇਕੋ ਥਾਂ ਤੇ ਘੁੰਮੀ ਜਾਂਦੇ, ਇਸ ਜੀਵਨ ਦੇ ਚਾਰੇ ਪਹੀਏ। ਆਪ ਖਿਲਾਰੇ ਕੰਡੇ ਚੁਗੀਏ, ਆਉ ਸਾਰੇ ਰਲ ਕੇ ਡਹੀਏ। ਇਹ ਜੀਵਨ ਹੈ ਚਾਰ ਦਿਹਾੜੇ, ਸਭ ਦੀ ਸੁਣੀਏ ਸਭ ਨੂੰ ਕਹੀਏ। ਇਨਸਾਨਾਂ ਦੀ ਜੂਨ ਪਏ ਹਾਂ, ਪਸ਼ੂਆਂ ਵਾਂਗੂੰ ਕਾਹਨੂੰ ਖਹੀਏ। ਨਜ਼ਰਾਂ ਤੋਂ ਨਾ ਗਿਰੀਏ ਯਾਰੋ, ਇਕ ਦੂਜੇ ਦੇ ਦਿਲ ਵਿਚ ਲਹੀਏ। ਤੇਜ਼ ਹਨੇਰੀ ਉੱਡ ਜਾਵਾਂਗੇ, ਕੱਠੇ ਹੋ ਕੇ ਇਕ ਥਾਂ ਬਹੀਏ।
ਰੂਹ ਦੀ ਪਿਆਸ ਮਿਟਾਵਣ
ਰੂਹ ਦੀ ਪਿਆਸ ਮਿਟਾਵਣ ਖਾਤਰ ਪੁੱਠੇ ਖੂਹ ਨਹੀਂ ਗੇੜੀਦੇ। ਵਗਦੀ ਨੈਂ 'ਚੋਂ ਪਾਣੀ ਪੀਂਦੇ ਮਿਰਗ ਕਦੇ ਨਹੀਂ ਛੇੜੀਦੇ। ਯਾਦਾਂ ਦਾ ਇਕ ਝੁਰਮਟ ਤੈਨੂੰ ਘੇਰੂ ਸੁੱਤਿਆਂ ਜਾਗਦਿਆਂ, ਮਹਿਮਾਨਾਂ ਤੋਂ ਡਰ ਕੇ ਐਵੇਂ ਘਰ ਦੇ ਦਰ ਨਹੀਂ ਭੇੜੀਦੇ। ਗਮਲੇ ਵਿਚੋਂ ਨਿਕਲੀ ਜੜ੍ਹ ਨੇ ਇਹ ਮਾਲੀ ਨੂੰ ਆਪ ਕਿਹਾ, ਬੇਕਦਰਾਂ ਦੇ ਪੱਕੇ ਵਿਹੜੇ ਅੰਦਰ ਫੁੱਲ ਨਹੀਂ ਖੇੜੀਦੇ। ਉਹ ਤਾਂ ਦਿਲ ਵਿਚ ਸੋਚ ਤੁਰੀ ਸੀ ਪਾਰ ਲੰਘਾਊਂ ਰਾਹੀਆਂ ਨੂੰ, ਸਣੇ ਮਲਾਹਾਂ ਡੁੱਬ ਗਏ ਸੁਫ਼ਨੇ ਅੱਧ ਵਿਚਾਲੇ ਬੇੜੀ ਦੇ। ਤੂੰ ਤਾਂ ਏਸ ਚੌਰਾਹੇ ਦੇ ਵਿਚ ਬੰਨ੍ਹ ਪੰਚਾਇਤਾਂ ਬੈਠ ਗਿਐਂ, ਮਨ ਦੇ ਰੌਲੇ ਭੀੜ 'ਚ ਬਹਿ ਕੇ ਏਦਾਂ ਨਹੀਂ ਨਿਬੇੜੀਦੇ। ਦੁੱਖ ਤੇ ਸੁਖ ਦੇ ਦੋਵੇਂ ਪਹੀਏ ਕੱਠੇ ਹੋ ਕੇ ਰਿੜ੍ਹਦੇ ਨੇ, ਸੁਖ ਸੁਖ ਤੇਰਾ ਦੁੱਖ ਦੁੱਖ ਮੇਰਾ ਏਦਾਂ ਨਹੀਂ ਨਿਖੇੜੀਦੇ। ਧਰਤੀ ਉੱਪਰ ਲੀਕਾਂ ਵਾਹ ਕੇ ਦੱਸ ਨਫ਼ਾ ਕੀ ਖੱਟਿਆ ਹੈ, ਇਕੋ ਮਾਂ ਦੇ ਜੰਮੇ ਜਾਏ ਐਦਾਂ ਨਹੀਂ ਤਰੇੜੀਦੇ।
ਅੱਖਾਂ ਵਿੱਚੋਂ ਨੀਂਦਰਾਂ ਤੇ ਖ਼੍ਵਾਬ ਰੁੱਸ ’ਗੇ ਨੇ
ਅੱਖਾਂ ਵਿੱਚੋਂ ਨੀਂਦਰਾਂ ਤੇ ਖ਼੍ਵਾਬ ਰੁੱਸ ’ਗੇ ਨੇ। ਮਨ ਦੇ ਬਗੀਚੇ 'ਚੋਂ ਗੁਲਾਬ ਰੁੱਸ ’ਗੇ ਨੇ। ਕਿੱਥੇ ਗਈਆਂ ਰੌਣਕਾਂ ਨਾ ਮੈਥੋਂ ਪੁੱਛੋ ਲੋਕੋ, ਜਾਣਦੇ ਨਹੀਂ ਮੇਰੇ ਤਾਂ ਜਨਾਬ ਰੁੱਸ ’ਗੇ ਨੇ। ਫੇਰ ਕਦੋਂ ਆਵੇਂਗਾ ਇਹ ਪੁੱਛਦਾ ਹੈ ਪਿੰਡ, ਸ਼ਹਿਰ ਵਿਚ ਰਹਿੰਦਿਆਂ ਜਵਾਬ ਰੁਸ 'ਗੇ ਨੇ। ਰਾਵੀ ਤੇ ਬਿਆਸ ਮੈਨੂੰ ਵਾਰ ਵਾਰ ਪੁੱਛੇ, ਕਿਹੜੀ ਗੱਲੋਂ ਦੋਵੇਂ ਹੀ ਪੰਜਾਬ ਰੁੱਸ ’ਗੇ ਨੇ। ਪੱਛਮੀ ਸੰਗੀਤ ਦੇ ਤੰਬੂਰਿਆਂ ਤੋਂ ਸਹਿਮੇ, ਤੂੰਬੀ ਵਾਲੀ ਤਾਰ ਤੇ ਰਬਾਬ ਰੁੱਸ ’ਗੇ ਨੇ। ਮੰਨਿਆ ਹਕੂਮਤਾਂ ਦਾ ਆਪੋ ਵਿਚ ਵੈਰ, ਤੇਰੇ ਕਾਹਤੋਂ ਵੀਰਨਾ ਆਦਾਬ ਰੁੱਸ 'ਗੇ ਨੇ। ਵੰਝਲੀ ਨੂੰ ਪੁੱਛ ਮੀਆਂ ਰਾਂਝਿਆ, ਭਰਾਵਾ, ਕਿਹੜੀ ਗੱਲੋਂ ਜੇਹਲਮ ਚਨਾਬ ਰੁੱਸ 'ਗੇ ਨੇ।
ਪੱਤਝੜ ਮਗਰੋਂ ਕੋਮਲ ਪੱਤਿਆਂ
ਪੱਤਝੜ ਮਗਰੋਂ ਕੋਮਲ ਪੱਤਿਆਂ ਆਉਂਦੇ ਰਹਿਣਾ ਹੈ। ਭਰੇਂ ਹੁੰਗਾਰਾ ਜਾਂ ਨਾਂਹ ਮੈਂ ਤਾਂ ਗਾਉਂਦੇ ਰਹਿਣਾ ਹੈ। ਪੰਛੀਆਂ ਦੀ ਇਕ ਡਾਰ ਦੋਮੇਲ ਨੂੰ ਛੋਹ ਕੇ ਗੁਜ਼ਰ ਗਈ, ਮੈਂ ਵੀ ਮਗਰੇ ਅੰਬਰੀਂ ਤਾਰੀਆਂ ਲਾਉਂਦੇ ਰਹਿਣਾ ਹੈ। ਪਥਰੀਲੀ ਦੀਵਾਰ ਹੁੰਗਾਰਾ ਭਰਨਾ ਨਹੀਂ ਭਾਵੇਂ, ਮੈਂ ਤਾਂ ਇਸਨੂੰ ਆਪਣੀ ਬਾਤ ਸੁਣਾਉਂਦੇ ਰਹਿਣਾ ਹੈ। ਚੁੱਪ ਦਾ ਜੰਦਰਾ ਤੋੜੇਂ ਜਾਂ ਨਾ ਤੋੜੇਂ ਮੌਜ ਤੇਰੀ, ਹਰ ਮੌਸਮ ਵਿਚ ਤੇਰਾ ਦਰ ਖੜਕਾਉਂਦੇ ਰਹਿਣਾ ਹੈ। ਕੱਲ ਮੁਕੱਲੇ ਰੁੱਖ ਦੀ ਹੋਂਦ ਕਬੂਲ ਨਹੀਂ ਮੈਨੂੰ, ਜੰਗਲ ਨੂੰ ਮੈਂ ਆਪਣਾ ਗੀਤ ਸੁਣਾਉਂਦੇ ਰਹਿਣਾ ਹੈ। ਤੇਰੇ ਦਿੱਤੇ ਦੁੱਖ ਦਾ ਮੈਂ ਸਨਮਾਨ ਕਰਾਂਗਾ ਇੰਞ, ਸੂਲੀ ਉੱਤੇ ਚੜ੍ਹ ਕੇ ਵੀ ਮੁਸਕਾਉਂਦੇ ਰਹਿਣਾ ਹੈ। ਮੈਂ ਕਿਸ ਖ਼ਾਤਰ ਚੋਗ ਚੁਗਾਵਾਂ ਉੱਡਣ ਹਾਰੇ ਨੂੰ, ਜਿਸ ਨੇ ਮੇਰੀ ਜਿੰਦ ਨੂੰ ਰੋਜ਼ ਸਤਾਉਂਦੇ ਰਹਿਣਾ ਹੈ।
ਬੜ੍ਹਕਾਂ ਤੋਂ ਜੇ ਡਰ ਜਾਓਗੇ
ਬੜ੍ਹਕਾਂ ਤੋਂ ਜੇ ਡਰ ਜਾਓਗੇ। ਚੁੱਪ ਚੁਪੀਤੇ ਮਰ ਜਾਓਗੇ। ਆਲ੍ਹਣਿਆਂ ਵਿਚ ਬੋਟ ਉਡੀਕਣ, ਕਿਹੜੇ ਵੇਲੇ ਘਰ ਜਾਓਗੇ। ਸਿਦਕ-ਸਬੂਰੀ ਜੇ ਹੈ ਪੱਲੇ, ਦਿਲ ਦਰਿਆ ਨੂੰ ਤਰ ਜਾਓਗੇ। ਕੱਠੀਆਂ ਕਰੋ ਭਰਾਵੋ ਬਾਹਵਾਂ, 'ਕੱਲੇ 'ਕੱਲੇ ਹਰ ਜਾਓਗੇ। ਇਸ ਬਰਸਾਤ ’ਚ ਨੰਗੇ ਧੜ ਤਾਂ, ਲੂਣ ਵਰਗਿਓ ਖਰ ਜਾਓਗੇ। ਨਹੀਂ ਚੰਨ ਤਾਂ ਤੁਸੀਂ ਜੁਗਨੂੰਓਂ, ਕੁਝ ਤਾਂ ਚਾਨਣ ਕਰ ਜਾਓਗੇ। ਮਿਲੂ ਆਸਥਾ ਜ਼ਖ਼ਮੀ ਹੋਈ, ਜੇਕਰ ਅੰਬਰਸਰ ਜਾਓਗੇ।
ਹੱਸ ਨਾ ਸਕੀਏ ਰੋ ਨਾ ਹੋਵੇ
ਹੱਸ ਨਾ ਸਕੀਏ ਰੋ ਨਾ ਹੋਵੇ। ਕੱਲਿਆਂ ਹੋਰ ਖਲੋ ਨਾ ਹੋਵੇ। ਮਨ ਦਾ ਸ਼ੀਸ਼ਾ ਮੈਲ ਕੁਚੈਲਾ, ਚਾਹੀਏ ਵੀ ਪਰ ਧੋ ਨਾ ਹੋਵੇ। ਧਰਤ ਹਵਾ ਤੇ ਪਾਣੀ ਗੰਧਲੇ, ਇਸ ਤੋਂ ਵੱਧ ਧਰੋਹ ਨਾ ਹੋਵੇ। ਅੱਥਰੂਆਂ ਦੇ ਪਾਣੀ ਤੋਂ ਬਿਨ, ਦਾਗ਼ ਪਾਪ ਦਾ ਧੋ ਨਾ ਹੋਵੇ। ਉਹਨਾਂ ਨੂੰ ਮੈਂ ਫੁੱਲ ਨਹੀਂ ਮੰਨਦਾ, ਜਿਨ੍ਹਾਂ ਵਿਚ ਖੁਸ਼ਬੋ ਨਾ ਹੋਵੇ। ਫੁੱਲ ਤਾਂ ਮੇਰਾ ਪੁੱਤਰ ਮੈਥੋਂ, ਸੂਈ ਵਿਚ ਪਰੋ ਨਾ ਹੋਵੇ।
ਸੁਪਨਿਆਂ ਦੀ ਨੈ ਝਨਾਂ ਨੂੰ ਤਰਦਿਆਂ
ਸੁਪਨਿਆਂ ਦੀ ਨੈ ਝਨਾਂ ਨੂੰ ਤਰਦਿਆਂ। ਉਮਰ ਬੀਤੀ ਹੈ ਰੋਜ਼ਾਨਾ ਮਰਦਿਆਂ। ਉੱਠ ਕੇ ਵੇਖੋ ਤੇ ਦੱਸੋ ਕੌਣ ਹੈ, ਮਰ ਗਏ ਜਿਸ ਦੇ ਤਸੀਹੇ ਜਰਦਿਆਂ। ਤੂੰ ਲੁਕਾ ਬੇਸ਼ੱਕ ਮੈਨੂੰ ਹੈ ਪਤਾ, ਦੱਸ ਦਿੱਤਾ ਸੱਚ ਇਨ੍ਹਾਂ ਪਰਦਿਆਂ। ਕੌਣ ਤੈਨੂੰ ਮਾਰ ਸਕਦੈ ਸੋਹਣੀਏ, ਆਖਿਆ ਕੱਚੇ ਘੜੇ ਨੇ ਖਰਦਿਆਂ। ਤੇਰੇ ਪੱਲੇ ਅੱਖਰਾਂ ਬਿਨ ਹੋਰ ਕੀਹ, ਪੁੱਛਿਆ ਕਈ ਵਾਰ ਮੈਨੂੰ ਘਰ ਦਿਆਂ। ਮੇਰੇ ਕਿਹੜੇ ਕੰਮ ਆਈ ਸਾਦਗੀ, ਜੀਅ ਕਰੇ ਇਹ ਪੰਡ ਏਥੇ ਧਰ ਦਿਆਂ। ਲੰਘ ਜਾਊ ਰਾਤ ਵੀ ਇਹ ਦੋਸਤੋ, ਤਾਰਿਆਂ ਦੇ ਨਾਲ ਗੱਲਾਂ ਕਰਦਿਆਂ। ਤੇਰੇ ਪੱਲੇ ਕੀ ਬਚੇਗਾ ਦੱਸ ਫਿਰ, ਮਰ ਗਈ ਗ਼ੈਰਤ ਜੇ ਪਾਣੀ ਭਰਦਿਆਂ।
ਜ਼ਿੰਦਗੀ ਕਿਸ ਦੋਸ਼ ਬਦਲੇ
ਜ਼ਿੰਦਗੀ ਕਿਸ ਦੋਸ਼ ਬਦਲੇ ਦੇ ਗਈ ਐਸੀ ਸਜ਼ਾ। ਪਹਿਲਾਂ 'ਵਾ ਨੇ ਟਾਹਣ ਤੋੜੇ ਫਿਰ ਜੜ੍ਹਾਂ ਤੋਂ ਪੁੱਟਿਆ। ਮੇਰੀ ਮਾਂ ਭੁੱਲਦੀ ਨਹੀਂ ਅੱਧੀ ਸਦੀ ਪਹਿਲਾਂ ਦੀ ਬਾਤ, ਇਕ ਛੰਨਾ ਪੋਣੇ ਬੱਧੀ ਰੋਟੀ ਕੁੱਤਾ ਲੈ ਗਿਆ। ਕਸਰ ਤੂੰ ਛੱਡੀ ਨਾ ਕੋਈ ਅੱਗ ਲਾ ਕੇ ਐ ਹਵਾ, ਫੇਰ ਵੀ ਤੂੰ ਵੇਖ ਕਿੱਦਾਂ ਝੂਮਦਾ ਜੰਗਲ ਹਰਾ। ਸਿਰ ਦੀ ਚੁੰਨੀ ਲਾਸ਼ ਪੁੱਤਰ ਦੀ ਤੇ ਪਾ ਅੱਗੇ ਤੁਰੀ, ਏਸ ਤੋਂ ਵਧ ਕੇ ਭਲਾ ਹੋਵੇਗੀ ਕਿਹੜੀ ਕਰਬਲਾ। ਜਿਸ ਨੂੰ ਤੂੰ ਆਖੇਂ ਅਜ਼ਾਦੀ ਲੱਭ ਲੈ ਕਿੱਧਰ ਗਈ, ਉਹ ਤਾਂ ਸੀ ਇਕ ਖ਼੍ਵਾਬ ਰਾਤੀਂ ਆਇਆ ਆ ਕੇ ਤੁਰ ਗਿਆ। ਰੰਗ ਬਦਲੇ, ਪਰ ਕਿਸੇ ਨਾ ਢੰਗ ਬਦਲੇ ਨਾ ਵਿਧਾਨ, ਕੁਰਸੀਆਂ ਤੇ ਕਾਲਾ ਧਨ ਚਿਹਰਾ ਬਦਲ ਕੇ ਬਹਿ ਗਿਆ। ਬੰਦਿਆਂ 'ਤੇ ਰੋਕ ਸਰਹੱਦ ਤਾਰ ਕੰਡਿਆਲੀ ਖੜ੍ਹੀ, ਕੌਣ ਡੱਕ ਸਕਦੈ ਭਲਾ ਦੱਸ ਹਾਉਕਿਆਂ ਦਾ ਕਾਫ਼ਲਾ।
ਬੁੱਕਲ ਵਿਚ ਸਮੋ ਲਿਆ ਭਾਵੇਂ
ਬੁੱਕਲ ਵਿਚ ਸਮੋ ਲਿਆ ਭਾਵੇਂ ਮੈਂ ਸਾਰਾ ਬ੍ਰਹਿਮੰਡ ਓ ਯਾਰ। ਤੇਰੀ ਇਕ ਗਲਵੱਕੜੀ ਬਾਝੋਂ ਨਹੀਓਂ ਪੈਂਦੀ ਠੰਡ ਓ ਯਾਰ। ਮੇਰੇ ਮਨ ਤੋਂ ਭਾਰ ਤੂੰ ਲਾਹ ਕੇ ਕੁਝ ਪਲ ਮੇਰੇ ਕੋਲ ਖਲੋ, ਕੱਲੇ ਤੋਂ ਨਹੀਂ ਚੁੱਕੀ ਜਾਂਦੀ ਇਕਲਾਪੇ ਦੀ ਪੰਡ ਓ ਯਾਰ। ਤੂੰ ਤੁਰ ਜਾਵੇਂ ਕੌੜ ਕੁਸੈਲੀਆਂ ਯਾਦਾਂ ਖ਼ੌਰੂ ਪਾਉਂਦੀਆਂ ਨੇ, ਤੂੰ ਮਿਲ ਜਾਵੇਂ ਤਾਂ ਸਾਹਾਂ ਵਿਚ ਘੁਲ ਜਾਂਦੀ ਹੈ ਖੰਡ ਓ ਯਾਰ। ਘੁੱਗੀਆਂ ਮੋਰ ਦਸੂਤੀ ਚਾਦਰ ਉਤੇ ਬੈਠੇ ਆਖ ਰਹੇ, ਤਰਸ ਤਰਸ ਕੇ ਤੇਰੀ ਛੋਹ ਨੂੰ ਐਵੇਂ ਚੱਲੇ ਹੰਢ ਓ ਯਾਰ। ਉੱਜਲੇ ਤਨ ਵਿਚ ਮਨ ਦਾ ਮੈਲਾ ਸ਼ੀਸ਼ਾ ਮੈਨੂੰ ਕਹਿੰਦਾ ਹੈ, ਜਾਂ ਤਾਂ ਮੈਨੂੰ ਟੋਟੇ ਕਰ ਦੇ ਜਾਂ ਨਾ ਐਵੇਂ ਭੰਡ ਓ ਯਾਰ। ਕੰਧ ਓਹਲੇ ਪ੍ਰਦੇਸ ਭਰਾਓ ਏਸ ਤਰ੍ਹਾਂ ਹੀ ਬਣ ਜਾਵੇ, ਹੌਲੀ ਹੌਲੀ ਬੱਝਦੀ ਹੈ ਜਦ ਮਨ ਦੇ ਅੰਦਰ ਗੰਢ ਓ ਯਾਰ। ਇਕੋ ਮਾਂ ਦੀ ਛਾਤੀ ਚੁੰਘਦੇ ਵੀਰਾਂ ਦੇ ਵਿਚਕਾਰ ਲਕੀਰ, ਮਾਂ ਦੀ ਮਮਤਾ ਫ਼ੀਤਾ ਫੜ ਕੇ ਏਸ ਤਰ੍ਹਾਂ ਨਾ ਵੰਡ ਓ ਯਾਰ।
ਕਰਦਾ ਜੇ ਤੂੰ ਫੁੱਲਾਂ ਨਾਲ ਪਿਆਰ ਕਦੇ
ਕਰਦਾ ਜੇ ਤੂੰ ਫੁੱਲਾਂ ਨਾਲ ਪਿਆਰ ਕਦੇ। ਚੰਗੇ ਨਹੀਂ ਸੀ ਲੱਗਣੇ ਇਹ ਹਥਿਆਰ ਕਦੇ। ਬਲਦੀ ਕੇਵਲ ਮਿੱਟੀ ਹੈ ਜਾਂ ਲੱਕੜੀਆਂ, ਮੜ੍ਹੀਆਂ ਅੰਦਰ ਸੜਦੇ ਨਹੀਂ ਵਿਚਾਰ ਕਦੇ। ਸਰਮਾਏ ਦੇ ਜੰਗਲ ਵਿਚ ਗੁਆਚ ਗਏ, ਦਾਅਵੇਦਾਰ ਉਮਰ ਦੇ ਸੀ ਜੋ ਯਾਰ ਕਦੇ। ਪੁਸਤਕ ਦੇ ਪੰਨਿਆਂ ਵਿਚ ਰੱਖ ਕੇ ਮਾਰੀ ਜੋ, ਉਸ ਤਿਤਲੀ ਦਾ ਰੂਹ ਤੇ ਪੈਂਦੈ ਭਾਰ ਕਦੇ। ਆਰੀ ਵਾਲੇ ਬਾਗ਼ ਦੁਆਲੇ ਫਿਰਦੇ ਨੇ, ਚੌਂਕੀਦਾਰਾ ਏਧਰ ਫੇਰਾ ਮਾਰ ਕਦੇ। ਇਹ ਤਾਂ ਮਨ ਦੇ ਰਉਂ 'ਤੇ ਨਿਰਭਰ ਕਰਦਾ ਹੈ, ਹਰ ਵਾਰੀ ਨਹੀਂ ਹੁੰਦੇ ਦੋ ਦੋ ਚਾਰ ਕਦੇ। ਜੀਅ ਤਾਂ ਚਾਹੁੰਦੈ ਮੈਂ ਵੀ ਉਹਦੇ ਨਾਲ ਉਡਾਂ, ਅੰਬਰ ਵਿਚ ਜਦ ਵੇਖਾਂ ਉੱਡਦੀ ਡਾਰ ਕਦੇ।
ਖ਼ਬਰੇ ਕਿਹੜੇ ਗ਼ਮ ਨੇ ਖਾਧੇ
ਖ਼ਬਰੇ ਕਿਹੜੇ ਗ਼ਮ ਨੇ ਖਾਧੇ ਸਾਵੇ ਪੱਤਰ ਰੁੱਖਾਂ ਦੇ। ਨਕਸ਼ ਨੁਹਾਰ ਇਨ੍ਹਾਂ ਦੀ ਮਿਲਦੀ ਨਾਲ ਬੀਮਾਰ ਮਨੁੱਖਾਂ ਦੇ। ਤੂੰ ਕਿਤਿਉਂ ਵੀ ਚੁਲੀ ਭਰ ਲੈ ਹਰ ਥਾਂ ਖਾਰਾ ਪਾਣੀ ਹੈ, ਖੂਨ ਪਸੀਨਾ ਅੱਥਰੂ ਬਣ ’ਗੇ ਦਰਦ ਸਮੁੰਦਰ ਦੁੱਖਾਂ ਦੇ। ਹਰੇ ਕਚੂਰ ਦਰਖ਼ਤਾਂ ਵਲ ਤੂੰ ਵੇਖੀਂ ਤੇ ਇਹ ਸਮਝ ਲਈਂ, ਪੱਤਝੜ ਮਗਰੋਂ ਲਗਰਾਂ ਫੁੱਟਣ ਦੁੱਖ ਮਗਰੋਂ ਦਿਨ ਸੁੱਖਾਂ ਦੇ। ਰੱਜੇ ਪੁੱਜੇ ਲੋਕੀਂ ਰੋ ਰੋ ਹੋਰ ਦੌਲਤਾਂ ਮੰਗਦੇ ਨੇ, ਰੁੱਖੀ ਮਿੱਸੀ ਖਾ ਸੌਂ ਜਾਂਦੇ ਲਾਡ ਲਡਾਏ ਭੁੱਖਾਂ ਦੇ। ਦੋਧੇ ਵਸਤਰ ਉੱਜਲੇ ਚਿਹਰੇ ਬਗਲੇ ਵਾਂਗ ਅਡੋਲ ਖੜੇ , ਵੇਖ ਪਛਾਣ ਲਵੀਂ ਤੂੰ ਆਪੇ ਮੂੰਹ ਨਕਲੀ ਗੁਰਮੁੱਖਾਂ ਦੇ। ਜਾਇਦਾਦ ਅਣਦਿਸਦਾ ਕੀੜਾ ਸਾਂਝਾਂ ਤਾਰੋ ਤਾਰ ਕਰੇ, ਖਾਂਦਾ ਖਾਂਦਾ ਖਾ ਖਾਂਦਾ ਹੈ ਸੁੱਚੇ ਰਿਸ਼ਤੇ ਕੁੱਖਾਂ ਦੇ। ਚੌਵੀ ਘੰਟੇ ਜਿਨ੍ਹਾਂ ਨੂੰ ਬੱਸ ਅਪਣਾ ਹਿਤ ਹੀ ਯਾਦ ਰਹੇ, ਬਹੁਤਾ ਮੱਥੇ ਲੱਗਿਆ ਨਾ ਕਰ ਏਹੋ ਜਿਹੇ ਮਨਮੁੱਖਾਂ ਦੇ।
ਕਦੇ ਸੁਪਨੇ ਵਿਚ ਕਦੇ ਜਾਗਦਿਆਂ
ਕਦੇ ਸੁਪਨੇ ਵਿਚ ਕਦੇ ਜਾਗਦਿਆਂ ਸਾਨੂੰ ਸਰਪ ਦੋਮੂੰਹੇਂ ਡੰਗਦੇ ਰਹੇ। ਅਸੀਂ ਫਿਰ ਵੀ ਐਸੇ ਸੱਜਣਾਂ ਲਈ ਸਦਾ ਨੇਕ ਦੁਆ ਹੀ ਮੰਗਦੇ ਰਹੇ। ਮੈਂ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ ਤੇ ਧੰਨਵਾਦੀ ਹਾਂ ਏਸ ਲਈ, ਜੋ ਹਰ ਯੁਗ ਅੰਦਰ ਲੱਭ ਲੱਭ ਕੇ ਮੈਨੂੰ ਹੀ ਸੂਲੀ ਟੰਗਦੇ ਰਹੇ। ਕਈ ਸਦੀਆਂ ਮਗਰੋਂ ਅੱਜ ਵੀ ਤਾਂ ਹੀਰਾਂ ਤੇ ਸੱਸੀਆਂ ਤੜਪਦੀਆਂ, ਓਵੇਂ ਹੀ ਕੈਦੋ ਚਾਲਬਾਜ਼ ਤੇ ਟੇਢੇ ਰਸਤੇ ਝੰਗ ਦੇ ਰਹੇ। ਕਹਿਰਾਂ ਦੀ ਤਪਸ਼ ਪਿਆਸ ਬੜੀ ਤੇ ਤੜਫ਼ ਰਹੇ ਸਭ ਜੀਵ ਜੰਤ, ਉਹ ਗਾਉਂਦੇ ਰਹੇ ਮਲਹਾਰ ਰਾਗ ਅਸੀਂ ਪਾਣੀ ਪਾਣੀ ਮੰਗਦੇ ਰਹੇ। ਹੱਕ ਸੱਚ ਦੇ ਰਸਤੇ ਤੁਰਨਾ ਹੈ ਕੀ ਡਰ ਹੈ ਸੂਲ ਸਲੀਬਾਂ ਦਾ, ਸਾਡੇ ਵੱਡ-ਵਡੇਰੇ ਅਜ਼ਲਾਂ ਤੋਂ ਹਨ ਏਸੇ ਰਾਹ ਤੋਂ ਲੰਘਦੇ ਰਹੇ। ਇਹ ਚੋਰੀ ਡਾਕੇ ਹੱਕਾਂ ਤੇ ਕੋਈ ਐਵੇਂ ਤਾਂ ਨਹੀਂ ਮਾਰ ਰਿਹਾ, ਬਦਨੀਤੀ ਚੌਂਕੀਦਾਰਾਂ ਦੀ ਜੋ ਝੂਠੀ ਮੂਠੀ ਖੰਘਦੇ ਰਹੇ। ਜਦ 'ਵਾਜ਼ ਹੈ ਮਾਰੀ ਧਰਤੀ ਨੇ ਅਸੀਂ ਪਹੁੰਚ ਗਏ ਹਾਂ ਉਸੇ ਘੜੀ, ਇਹ ਤਨ ਦਾ ਚੋਲਾ ਹਰ ਵਾਰੀ ਅਸੀਂ ਅਪਣੇ ਲਹੂ ਵਿਚ ਰੰਗਦੇ ਰਹੇ। ਇਹ ਚਾਰ ਦੀਵਾਰੀ ਨਸਲਾਂ ਦੀ ਤੇ ਧਰਮ ਦੀ ਵਲਗਣ, ਤੋਬਾ ਹੈ, ਲੋਕਾਂ ਨੂੰ ਕਹੀਏ ਤੋੜ ਦਿਉ ਪਰ ਅਪਣੀ ਵਾਰੀ ਸੰਗਦੇ ਰਹੇ।
ਪੌਣ ਜਿਵੇਂ ਤਿਰਹਾਈ ਹੋਵੇ
ਪੌਣ ਜਿਵੇਂ ਤਿਰਹਾਈ ਹੋਵੇ। ਪਾਣੀ ਪੀਵਣ ਆਈ ਹੋਵੇ । ਅੰਬਰੀਂ ਲਿਸ਼ਕੀ ਬਿਜਲੀ ਜੀਕੂੰ, ਸਾਡੇ ਤੇ ਮੁਸਕਾਈ ਹੋਵੇ । ਤੂੰ ਜਦ ਅੱਖਾਂ ਫੇਰ ਲਵੇਂ ਤਾਂ, ਸਾਰੀ ਧਰਤ ਪਰਾਈ ਹੋਵੇ । ਕਾਲੀ ਰਾਤ ਲਿਸ਼ਕਦੇ ਤਾਰੇ, ਤੂੰ ਜਿਓਂ ਮਾਂਗ ਸਜਾਈ ਹੋਵੇ। ਹੌਕੇ ਦਾ ਦੁੱਖ ਓਹੀ ਜਾਣੇ, ਜਿਸ ਇਹ ਜੂਨ ਹੰਢਾਈ ਹੋਵੇ। ਜੀਵਨ ਐਸੀ ਉਮਰ ਕੈਦ ਹੈ, ਮਰਨੋਂ ਬਾਦ ਰਿਹਾਈ ਹੋਵੇ। ਰੋਜ਼ ਉਡੀਕਾਂ ਤੇਰੀ ਚਿੱਠੀ, ਪਹੁੰਚੇ ਤਾਂ ਜੇ ਪਾਈ ਹੋਵੇ। ਤੇਰੇ ਨਾਲ ਬਿਤਾਏ ਪਲ ਜਿਉਂ, ਅੰਬਰੀਂ ਪੀਂਘ ਚੜ੍ਹਾਈ ਹੋਵੇ।
ਸਿੱਧੇ ਰਾਹੀਂ ਤੁਰੇ ਜਾਂਦਿਆਂ
ਸਿੱਧੇ ਰਾਹੀਂ ਤੁਰੇ ਜਾਂਦਿਆਂ, ਇਹ ਕੀ ਭਾਣਾ ਵਾਪਰਿਆ। ਮਨ ਦਾ ਪੰਛੀ ਉਡਦਾ ਉਡਦਾ, ਬਲਦੇ ਰੁੱਖ 'ਤੇ ਬੈਠ ਗਿਆ। ਖਿੜੇ ਗੁਲਾਬ ਤੇਲ ਦੇ ਮੋਤੀ ਪੱਤੀਆਂ ਵੀ ਸਭ ਨਕਲੀ ਨੇ, ਖ਼ੁਸ਼ਬੂ ਨਾ ਲੱਭ ਮਰਤਬਾਨ ਦੀਆਂ ਮੱਛੀਆਂ ਮੈਨੂੰ ਆਪ ਕਿਹਾ। ਤਪਦੇ ਮਾਰੂਥਲ ਵਿਚ ਜੰਤ ਪਰਿੰਦੇ ਤੜਫਣ ਪਾਣੀ ਨੂੰ, ਯਾਤਰੂਆ ਤੂੰ ਮੋਢੇ ਟੰਗੀ, ਬੋਤਲ ਨੂੰ ਵੀ ਖੋਲ੍ਹ ਜ਼ਰਾ। ਚੜ੍ਹਦਾ ਦਿਨ ਤੇ ਡੁੱਬਦਾ ਸੂਰਜ ਸ਼ਾਮ ਸਵੇਰਾਂ ਵਕਤ ਗਵਾਹ, ਨੇਰ੍ਹੇ ਦੀ ਬੁੱਕਲ 'ਚੋਂ ਨਿਕਲੇ ਨੇਰ੍ਹੇ ਦੇ ਘਰ ਫੇਰ ਗਿਆ। ਆਪਣੇ ਮਨ ਦਾ ਵਿਹੜਾ ਜੇ ਤੂੰ ਰੌਸ਼ਨ ਕਰਨਾ ਚਾਹੁੰਦਾ ਏਂ, ਤਨ ਦੇ ਦੀਵੇ ਅੰਦਰ ਬੱਤੀ ਚੇਤਨਤਾ ਦੀ ਤੁਰਤ ਜਗਾ। ਇਨ੍ਹਾਂ ਤੋਂ ਮੈਂ ਲਵਾਂ ਰਵਾਨੀ ਜੀਵਨ ਤੋਰ ਨਿਰੰਤਰ ਸੇਧ, ਮੇਰੇ ਲਈ ਤਾਂ ਦੋਵੇਂ ਰੱਬ ਨੇ ਜਗਦਾ ਦੀਵਾ ਤੇ ਦਰਿਆ।
ਦਿਲ ਹੋਇਆ ਛਾਲੇ ਛਾਲੇ
ਦਿਲ ਹੋਇਆ ਛਾਲੇ ਛਾਲੇ ਸੁੱਜੇ ਅੱਖੀਆਂ ਦੇ ਕੋਏ। ਜਿਹੜੀ ਮੇਰੇ ਨਾਲ ਹੋਈ ਵੈਰੀ ਨਾਲ ਵੀ ਨਾ ਹੋਏ। ਜਿੰਨ੍ਹਾਂ ਸੱਜਣਾਂ ਤੇ ਮੈਨੂੰ ਤਾਂ ਸੀ ਹੱਦੋਂ ਵੱਧ ਮਾਣ, ਉਨ੍ਹਾਂ ਸਾਰਿਆਂ ਤੋਂ ਵੱਧ ਮੇਰੀ ਕੀਤੀ ਤੋਏ ਤੋਏ। ਭੁੱਲੇ ਕੌਲ ਤੇ ਕਰਾਰ ਜਿਹੜੇ ਕੀਤੇ ਬਾਰ ਬਾਰ, ਨੀਲੇ ਅੰਬਰਾਂ ਦੀ ਛਾਵੇਂ ਸੱਚੀ ਚਾਨਣੀ ਦੀ ਲੋਏ। ਹਰ ਪੱਤੇ ਬੂਟੇ ਕਾਹੀ ਤੁਰੀ ਫਿਰੇ ਬੇਵਿਸਾਹੀ, ਕਿਤੇ ਬੰਦਿਆਂ ਦੇ ਭੇਸ ਵਿਚ ਅੱਗ ਹੀ ਨਾ ਹੋਏ। ਜਿੰਨ੍ਹਾਂ ਫੁੱਲਾਂ ਨੂੰ ਮੈਂ ਪਾਲਿਆ ਸੀ ਬੜੇ ਚਾਵਾਂ ਨਾਲ, ਵਣਜਾਰਿਆਂ ਨੇ ਤੋੜ ਸਾਰੇ ਸੂਈ 'ਚ ਪਰੋਏ। ਵੇਖ ਮੌਤ ਦਾ ਸਮਾਨ ਸਹਿਮੀ 'ਕੱਲੀ ’ਕਾਰੀ ਜਾਨ, ਕਿਤੇ ਧਰਤੀ ਤੇ ਮੇਰੀ ਰਾਤ ਆਖ਼ਰੀ ਨਾ ਹੋਏ। ਤੇਰੇ ਦਿਲ ਦੀਆਂ ਗੱਲਾਂ ਬਿਨਾਂ ਕਹੇ ਬੁੱਝ ਲਈਆਂ, ਅੱਜ ਪਹਿਲੀ ਵਾਰ ਆਪਾਂ ਗਲੇ ਲੱਗ ਕੇ ਨਾ ਰੋਏ। ਤੇਰੇ ਹੱਥ ਵਿਚ ਤੀਰ ਤੇ ਕਮਾਨ ਮੇਰੀ ਜਾਨ, ਚੱਲ ਮਾਰ ਤੂੰ ਨਿਸ਼ਾਨਾ ਗੱਲ ਇਕ ਪਾਸੇ ਹੋਏ।
ਰਾਤੀਂ ਸੁਪਨੇ 'ਚ ਮੇਰੇ ਨਾਲ
ਰਾਤੀਂ ਸੁਪਨੇ 'ਚ ਮੇਰੇ ਨਾਲ ਹਾਦਸਾ ਕੀ ਹੋਇਆ। ਅੱਖੋਂ ਅੱਥਰੂ ਨਾ ਵਗੇ ਤੇ ਮੈਂ ਬੁੱਕ ਬੁੱਕ ਰੋਇਆ। ਜਿਵੇਂ ਸੂਲਾਂ 'ਚ ਪਰੁੱਚ ਜਾਣ ਤਿਤਲੀ ਦੇ ਪਰ, ਕੁਝ ਕਿਸੇ ਤਰ੍ਹਾਂ ਮੇਰੀਆਂ ਉਮੀਦਾਂ ਨਾਲ ਹੋਇਆ। ਜਦੋਂ ਸਿਰ ਉੱਤੇ ਆਈ ਤੇਜ਼ ਬਲਦੀ ਦੁਪਹਿਰ, ਮੇਰਾ ਆਪਣਾ ਹੀ ਸਾਇਆ ਸਾਥ ਛੱਡ ਕੇ ਖਲੋਇਆ। ਸੁੱਕੇ ਰੁੱਖ ਤੇ ਕਰੂੰਬਲਾਂ ਅਜੀਬ ਜਿਹਾ ਮੇਲ, ਹੋਊ ਇਨ੍ਹਾਂ ਨੂੰ ਪਿਆਰ ਨਾਲ ਸੱਜਣਾਂ ਨੇ ਛੋਹਿਆ। ਕੱਲੇ ਰੁੱਖ ਕੋਲੋਂ ਲੰਘਦੀ ਮਖੌਲ ਕਰ ਪੌਣ, ਕਿਨੂੰ ਦੁੱਖੜਾ ਸੁਣਾਵੇ ਜਿਹੜਾ ਦਿਲ 'ਚ ਸਮੋਇਆ। ਭਾਵੇਂ ਰੇਤ ਵਿਚ ਭੁੰਨ ਭਾਵੇਂ ਕੋਲਿਆਂ ਤੇ ਰੱਖ, ਤੇਰਾ ਇਹੀ ਧੰਨਵਾਦ ਜਿਹੜਾ ਸੀਖ 'ਚ ਪਰੋਇਆ। ਚਲੋ ਬਾਕੀ ਤਾਂ ਸੀ ਸਾਰਾ ਹੀ ਬੇਗਾਨਿਆਂ ਦਾ ਸ਼ਹਿਰ, ਤੂੰ ਵੀ ਮੇਰੇ ਵੱਲ ਵੇਖ ਕੇ ਪਟੱਕ ਬੂਹਾ ਢੋਇਆ। ਜਿਵੇਂ ਸਿਖ਼ਰ ਦੁਪਹਿਰੇ ਪੈ ਜੇ ਚਾਣਚੱਕ ਰਾਤ, ਤੇਰੇ ਜਾਣ ਪਿੱਛੋਂ ਸੱਚ ਜਾਣੀਂ ਏਸੇ ਤਰ੍ਹਾਂ ਹੋਇਆ।
'ਵਾਜ ਦਿਆਂਗਾ ਆਖੀਂ ਹਾਂ
'ਵਾਜ ਦਿਆਂਗਾ ਆਖੀਂ ਹਾਂ। ਹੁਣ ਨਾ ਆਪਾਂ ਵੰਡਣੀ ਛਾਂ। ਮੇਰੇ ਨਾਲ ਨਾ ਬੋਲੇਂ ਤੂੰ, ਤੇਰੀ ਮੇਰੀ ਇਕੋ ਮਾਂ। ਤਿੜਕ ਗਿਆ ਪਰਛਾਵਾਂ ਵੀ, ਇਹ ਮੈਂ ਕਿੱਥੇ ਪਹੁੰਚ ਗਿਆਂ। ਮੇਰੇ ਆਲ ਦੁਆਲੇ ਦੇਖ, ਮੈਂ ਤਾਂ ਕੇਵਲ ਬਿੰਦੂ ਹਾਂ। ਮੇਰੇ ਤੇ ਅਸਵਾਰ ਸਮਾਂ, ਉਹਦੇ ਤੋਰਿਆਂ ਤੁਰਦਾ ਹਾਂ। ਸਭਨਾਂ ਦੀ ਔਕਾਤ ਹੈ ਇਕ, ਭਾਵੇਂ ਰੰਗ ਬਰੰਗੇ ਕਾਂ। ਮੈਨੂੰ ਖਿੜਦੇ ਫੁੱਲ ਕਿਹਾ, ਵੇਖ ਮੈਂ ਤੇਰਾ ਬਚਪਨ ਹਾਂ। ਉਡਣ ਖਟੋਲਾ ਦੂਰ ਗਿਆ, ਮੈਂ ਤਾਂ ਉਸ ਦੀ ਘੂਕਰ ਹਾਂ।
ਚੇਤੇ ਰੱਖਿਓ ਇਹ ਦੋ ਬੋਲ ਫ਼ਕੀਰਾਂ ਦੇ
ਚੇਤੇ ਰੱਖਿਓ ਇਹ ਦੋ ਬੋਲ ਫ਼ਕੀਰਾਂ ਦੇ। ਮਾਣ ਕਰੋ ਨਾ ਐਵੇਂ ਤੇਗਾਂ ਤੀਰਾਂ ਦੇ। ਸੁਰਖ਼ ਗੁਲਾਬ ਵੀ ਉੱਗ ਸਕਦਾ ਹੈ ਬੰਜਰ ਵਿਚ, ਤਕਦੀਰਾਂ ਵੀ ਵੱਸ ਵਿਚ ਨੇ ਤਦਬੀਰਾਂ ਦੇ। ਸਾਬਤ ਕੱਪੜਾ ਵਸਤਰ ਬਣਦਾ ਕਿਸੇ ਲਈ, ਕਿਸੇ ਲਈ ਨੇ ਕੱਜਣ ਟੋਟੇ ਲੀਰਾਂ ਦੇ। ਪਾਰਦਰਸ਼ਨੀ ਰਿਸ਼ਤੇ ਨਿਭਦੇ ਉਮਰਾਂ ਤੀਕ, ਓਹਲਾ ਚੋਰੀ ਵਾਧੂ ਭਾਰ ਜ਼ਮੀਰਾਂ ਦੇ। ਗੁੜ ਦੇ ਚੌਲ ਨਿਆਜ਼ ਖਾਣ ਨੂੰ ਤਰਸੇ ਹਾਂ, ਸਾਡੇ ਪਿੰਡ 'ਚੋਂ ਢਹਿ ਗਏ ਤਕੀਏ ਪੀਰਾਂ ਦੇ। ਮੱਝੀਆਂ ਦੀ ਥਾਂ ਮਾਪਿਆਂ ਨੂੰ ਅੱਜ ਚਾਰ ਰਹੇ, ਫਿਰਦੇ ਵੱਗ ਅਵਾਰਾ ਰਾਂਝੇ ਹੀਰਾਂ ਦੇ। ਔੜਾਂ ਵਿਚ ਵੀ ਸੂਹੇ ਫੁੱਲ ਮੁਸਕਾਉਂਦੇ ਨੇ, ਮੈਂ ਬਲਿਹਾਰੇ ਜਾਵਾਂ ਜੰਡ ਕਰੀਰਾਂ ਦੇ।
ਬੈਚੇਨੀ ਵਿਚ ਤੜਫ਼ਦੇ ਰਾਤਾਂ ਬਹੁਤ ਗੁਜ਼ਾਰੀਆਂ
ਬੈਚੇਨੀ ਵਿਚ ਤੜਫ਼ਦੇ ਰਾਤਾਂ ਬਹੁਤ ਗੁਜ਼ਾਰੀਆਂ। ਤਾਂ ਹੀ ਮੱਥੇ ਚੀਸ ਹੈ, ਅੱਖਾਂ ਵੀ ਨੇ ਭਾਰੀਆਂ। ਪੁੱਠੀ ਸੋਚ ਜਹਾਨ ਦੀ ਦੁਸ਼ਮਣ ਬਣ ਗਈ ਜਾਨ ਦੀ, ਬਿਰਖ਼ ਵਿਚਾਰਾ ਕੀ ਕਰੇ ਜਣੇ ਖਣੇ ਹੱਥ ਆਰੀਆਂ। ਪਾਣੀ ਚੜ੍ਹਿਆ ਵੇਖ ਕੇ ਪਿੱਛੇ ਮੁੜ ਗਏ ਕਾਫ਼ਲੇ, ਛੱਡ ਗਏ ਕੱਲ-ਮੁਕੱਲਿਆਂ ਖੁਰੀਆਂ ਦਾਅਵੇਦਾਰੀਆਂ। ਅੱਧੀ ਸਦੀ ਗੁਜ਼ਾਰ ਕੇ ਏਥੇ ਪਹੁੰਚੇ ਹਾਰ ਕੇ, ਚੰਗੇ ਰਹਿੰਦੇ ਅਸੀਂ ਵੀ ਸਿੱਖਦੇ ਦੁਨੀਆਂ ਦਾਰੀਆਂ। ਲੁਕਦਾ ਫਿਰਦਾਂ ਵੇਖ ਲਉ ਹੁਣ ਮੈਂ ਆਪਣੇ ਆਪ ਤੋਂ, ਤਨ ਤੇ ਮਨ ਵਿਚ ਫ਼ਾਸਲੇ ਕੇਹੀਆਂ ਬੇਇਤਬਾਰੀਆਂ। ਸੋਗ 'ਚ ਡੁੱਬੀ ਪੌਣ ਹੈ ਜਾਂ ਫਿਰ ਖਬਰੇ ਕੌਣ ਹੈ, ਅੱਧੀ ਰਾਤੀਂ ਖੜਕਦੇ ਮਨ ਦੇ ਬੂਹੇ ਬਾਰੀਆਂ। ਖ਼ਬਰੇ ਕਿੱਸਰਾਂ ਡੰਗਿਆ ਪਾਣੀ ਵੀ ਨਾ ਮੰਗਿਆ, ਖਾਧਾ ਸਾਲਮ ਆਦਮੀ ਨਜ਼ਰਾਂ ਟੂਣੇ ਹਾਰੀਆਂ।
ਭਟਕਣ ਪੱਲੇ ਪਾ ਬੈਠੇਂਗਾ
ਭਟਕਣ ਪੱਲੇ ਪਾ ਬੈਠੇਂਗਾ ਨਾ ਛੂਹੀਂ ਪਰਛਾਵੇਂ। ਕੌਣ ਦੁਪਹਿਰਾ ਕੱਟ ਸਕਦਾ ਹੈ ਕਲਪ ਬਿਰਖ ਦੀ ਛਾਵੇਂ। ਇਸ ਨੂੰ ਵੇਖ ਉਦਾਸ ਨਹੀਂ ਹੈ ਜੂਨ ਮਹੀਨੇ ਕੇਸੂ, ਸੂਹੇ ਸੂਰਜ ਹਰ ਟਾਹਣੀ ਤੇ ਪੱਤਰ ਟਾਵੇਂ ਟਾਵੇਂ। ਐਨਕ ਲਾਹ ਕੇ ਵੇਖ ਉਦਾਸੀ ਧੂੜ ਲਪੇਟੇ ਸ਼ੀਸ਼ੇ, ਟੋਏ ਟਿੱਬੇ ਸਾਰਾ ਰਸਤਾ ਕਿੱਧਰ ਤੁਰਿਆ ਜਾਵੇਂ। ਮੈਂ ਤੇਰੇ ਤੋਂ ਕੁਝ ਨਹੀਂ ਮੰਗਦਾ ਠੀਕਰੀਆਂ ਨਾ ਲੀਰਾਂ, ਕਰ ਅਰਦਾਸ ਉਮਰ ਭਰ ਤੁਰੀਏ ਇਕ ਦੂਜੇ ਦੀ ਛਾਵੇਂ। ਮਨ ਦਾ ਵਿਹੜਾ ਹੱਸ ਹੱਸ ਪੈਂਦਾ ਖਿੜੇ ਚੰਬੇਲੀ ਸਾਹੀਂ, ਸੂਰਜ ਵਾਂਗੂ ਨੇਰ੍ਹ ਚੀਰ ਕੇ ਤੂੰ ਜਦ ਝਾਤੀ ਪਾਵੇਂ। ਅੱਖੀਆਂ ਅੱਗੇ ਤਾਰੇ ਜਗਦੇ ਬੁਝਦੇ ਸਿਖ਼ਰ ਦੁਪਹਿਰੇ, ਏਨੀ ਵੱਡੀ ਧਰਤੀ 'ਤੇ ਜਦ ਤੂੰ ਨਜ਼ਰੀਂ ਨਾ ਆਵੇਂ।
ਮੀਂਹ ਨੇਰ੍ਹੀ ਨੇ ਮੂੱਧੇ ਕੀਤੇ
ਮੀਂਹ ਨੇਰ੍ਹੀ ਨੇ ਮੂੱਧੇ ਕੀਤੇ ਗੜੇਮਾਰ ਨੇ ਭੰਨੇ। ਫੁੱਲਾਂ ਖ਼ਾਤਰ ਲਾਏ ਸੀ ਜੋ ਬੂਟੇ ਵੰਨ-ਸੁਵੰਨੇ। ਚਾਰ ਚੁਫੇਰੇ ਜੀਭਾਂ ਬੋਲਣ ਕੰਨ ਪਾੜਵਾਂ ਰੌਲਾ, ਕੰਨਾਂ ਦੇ ਵਿਚ ਰੂੰ ਦੇ ਫੰਬੇ ਕਿਹੜਾ ਕਿਸ ਦੀ ਮੰਨੇ। ਹਰ ਗਮਲੇ ਵਿਚ ਪੰਜ ਛੇ ਬੂਟੇ ਮੱਕੀ ਤੇ ਕੁਝ ਛੋਲੇ, ਪੱਕੇ ਫ਼ਰਸ਼ ਉਗਾਵਾਂ ਕਿੱਥੇ ਸੁਪਨੇ ਵੰਨ ਸੁਵੰਨੇ। ਕੰਕਰੀਟ ਦੇ ਪਿੰਜਰੇ ਅੰਦਰ ਚੂਰੀ ਰੰਗ ਬਰੰਗੀ, ਖਾਂਦੇ ਖਾਂਦੇ ਲੜ ਪੈਂਦੇ ਨੇ ਕੈਦੀ ਅਕਲੋਂ ਅੰਨ੍ਹੇ। ਕੌਣ ਕਰੇ ਮਹਿਮਾਨ ਨਿਵਾਜ਼ੀ ਪਿੰਡ ਗਿਆਂ ਤੇ ਸਾਡੀ, ਦੋਧੀ ਲੈ ਗਏ ਦੁੱਧ ਨਗਰ ਨੂੰ ਮਿੱਲਾਂ ਵਾਲੇ ਗੰਨੇ।
ਉੱਚੇ ਪਰਬਤ ਉੱਤੇ ਸਬਜ਼ ਦਿਆਰ ਖੜ੍ਹੇ
ਉੱਚੇ ਪਰਬਤ ਉੱਤੇ ਸਬਜ਼ ਦਿਆਰ ਖੜ੍ਹੇ । ਵਰਦੀ ਪਾ ਕੇ ਜੀਕੂੰ ਪਹਿਰੇਦਾਰ ਖੜ੍ਹੇ । ਰਿਸ਼ੀਆਂ ਵਾਂਗ ਅਡੋਲ ਅਬੋਲ ਪਤਾ ਨ੍ਹੀਂ ਕਿਉਂ, ਵਰ੍ਹਿਆਂ ਤੋਂ ਨੇ ਇਕੋ ਲੱਤ ਦੇ ਭਾਰ ਖੜ੍ਹੇ। ਸਰਦ ਹਵਾ ਦਾ ਚੋਲਾ ਛਤਰੀ ਸੂਰਜ ਦੀ, ਬਰਫ਼ਾਂ ਖਾਣੇ ਅੱਗ ਦੀ ਬੁੱਕਲ ਮਾਰ ਖੜ੍ਹੇ । ਮੈਂ ਇੰਨ੍ਹਾਂ ਵਿਚ ਓਪਰਿਆਂ ਦੇ ਵਾਂਗੂੰ ਹਾਂ, ਇਹ ਤਾਂ ਸਾਰੇ ਆਪਸ ਦੇ ਵਿਚ ਯਾਰ ਖੜ੍ਹੇ । ਜ਼ਾਤ ਜਨਮ ਤੇ ਅਸਲ ਨਸਲ ਦਾ ਭੇਦ ਨਹੀਂ, ਪੌਣ ਆਹਾਰੀ ਜੋਗੀ ਕੁੱਲ ਸੰਸਾਰ ਖੜ੍ਹੇ। ਗੁੱਲੀ ਡੰਡਾ ਪਲੰਘ ਪੰਘੂੜਾ ਬਣ ਜਾਂਦੇ, ਆਰੀ ਵਾਲਾ ਜੇ ਕਿਧਰੇ ਦਾਅ ਮਾਰ ਖੜ੍ਹੇ।
ਜਦੋਂ ਸੂਰਜ ਅਜੇ ਧਰਤੀ ਦੇ ਘਰ
ਜਦੋਂ ਸੂਰਜ ਅਜੇ ਧਰਤੀ ਦੇ ਘਰ ਆਇਆ ਨਹੀਂ ਹੁੰਦਾ। ਕਿਸੇ ਵੀ ਰੁੱਖ ਪੱਲੇ ਆਪਣਾ ਸਾਇਆ ਨਹੀਂ ਹੁੰਦਾ। ਵਗੇ ਤੂਫ਼ਾਨ, ਨੇਰ੍ਹੀ ਤੇਜ਼ ਬਾਰਿਸ਼ ਕਿਣਮਿਣੀ ਭਾਵੇਂ, ਕਦੇ ਮਜ਼ਲੂਮ ਦੀ ਰੱਤ ਅੱਥਰੂ ਜ਼ਾਇਆ ਨਹੀਂ ਹੁੰਦਾ। ਇਨ੍ਹਾਂ ਨੂੰ ਕੌਣ ਸਾਂਭੇ ਇਹ ਤਾਂ ਸਭ ਟੁੱਟੇ ਖਿਡੌਣੇ ਨੇ, ਜਿੰਨ੍ਹਾਂ ਨੇ ਧਰਤ ਉੱਪਰ ਪੂਰਨਾ ਪਾਇਆ ਨਹੀਂ ਹੁੰਦਾ। ਅਜਿਹੇ ਲੋਕ ਅਪਣੀ ਅੱਗ ਦੇ ਅੰਦਰ ਸੜਦੇ ਰਹਿੰਦੇ ਨੇ, ਜਿਨ੍ਹਾਂ ਨੇ ਉਮਰ ਭਰ ਇੱਕ ਰੁੱਖ ਵੀ ਲਾਇਆ ਨਹੀਂ ਹੁੰਦਾ। ਮੈਂ ਉਸਦੇ ਨਾਮ ਦੀ ਮਾਲਾ ਪਤਾ ਨ੍ਹੀਂ ਫੇਰਦਾ ਕਿਉਂ ਹਾਂ, ਕਿ ਜਿਹੜਾ ਖ਼੍ਵਾਬ ਦੇ ਵਿਚ ਵੀ ਕਦੇ ਆਇਆ ਨਹੀਂ ਹੁੰਦਾ। ਇਹ ਕੈਸਾ ਸ਼ਹਿਰ ਜਿਸ ਵਿਚ ਸਭ ਦੀਆਂ ਨੇ ਐਸੀਆਂ ਅੱਖਾਂ, ਜਿਨ੍ਹਾਂ ਵਿਚ ਅੱਥਰੂ ਕੋਈ ਕਦੇ ਆਇਆ ਨਹੀਂ ਹੁੰਦਾ।
ਹਮਕਦਮ ਹੋਇਆ ਮੈਂ ਕਾਹਦਾ
ਹਮਕਦਮ ਹੋਇਆ ਮੈਂ ਕਾਹਦਾ ਦੋ ਕੁ ਪਲ ਖ਼ੁਸ਼ਬੂ ਦੇ ਨਾਲ। ਉਮਰ ਭਰ ਰਹਿਣੀ ਹੈ ਹੁਣ ਤਾਂ ਨਰਗਸੀ ਫੁੱਲਾਂ ਦੀ ਭਾਲ। ਮੈਂ ਸਧਾਰਨ ਆਦਮੀ ਹਾਂ ਤੇ ਹਾਂ ਆਇਆਂ ਪਿੰਡ ਤੋਂ, ਸ਼ਹਿਰੀਆਂ ਦੇ ਵਾਂਗ ਨਾ ਜਾਣਾਂ ਮੈਂ ਬੁਣਨੇ ਸ਼ਬਦ-ਜਾਲ। ਪਾਰਦਰਸ਼ੀ ਰਿਸ਼ਤਿਆਂ ਵਿਚ ਸ਼ਕਤੀਆਂ ਹੋਵਣ ਅਸੀਮ, ਤੋੜ ਦੇਵੇ ਏਸ ਨੂੰ ਜੋ ਹੈ ਭਲਾ ਕਿਸ ਦੀ ਮਜਾਲ। ਤੂੰ ਤਾਂ ਬੱਸ ਏਨਾ ਕਿਹਾ ਸੀ ਲੱਭ ਦੇਹ ਚੌਦਾਂ ਰਤਨ, ਇਹ ਤਾਂ ਮੇਰਾ ਝੱਲ ਸੀ ਦਿੱਤੇ ਜਿੰਨੇ ਸਾਗਰ ਹੰਗਾਲ। ਧਰਤ ਅੰਬਰ ਚੰਨ ਸੂਰਜ ਫ਼ੋਲ ਕੇ ਫੁੱਲਿਆ ਫਿਰੇਂ, ਏਸ ਤੋਂ ਵੱਖਰੇ ਪਏ ਨੇ ਅਣਕਹੇ ਲੱਖਾਂ ਸੁਆਲ। ਮੈਂ ਜਦੋਂ ਵੀ ਪਿੰਡ ਜਾਣੋਂ ਹਟ ਗਿਆ ਤਾਂ ਸਮਝਣਾ, ਚੌਖਟੇ ਵਿਚ ਬੰਦ ਬੈਠਾ ਹੈ ਕੋਈ ਰੂਹ ਦਾ ਕੰਗਾਲ। ਸੁਰਖ਼ ਫੁੱਲਾਂ ਨਾਲ ਭਰ ਜਾਏਗੀ ਇਕ ਦਿਨ ਵੇਖਣਾ, ਮੈਂ ਹੁਣੇ ਜੋ ਲਾ ਕੇ ਹਟਿਆਂ ਸੁਪਨਿਆਂ ਦੀ ਸਬਜ਼ ਡਾਲ।
ਰੋਕੋ ਵਗਣੋਂ ਇਸ ਧਰਤੀ ਤੋਂ
ਰੋਕੋ ਵਗਣੋਂ ਇਸ ਧਰਤੀ ਤੋਂ ਤਲਖ਼ ਹਵਾਵਾਂ ਨੂੰ। ਭੁੱਲ ਨਾ ਜਾਵੇ ਜਾਚ ਵਗਣ ਦੀ ਪੰਜ ਦਰਿਆਵਾਂ ਨੂੰ। ਵਰ੍ਹਦੀ ਅੱਗ ਦਾ ਮੌਸਮ ਅੰਬਰੀਂ ਪੌਣ ਪਰਿੰਦੇ ਵੀ, ਖੰਭਾਂ ਵਿਚ ਲੁਕਾ ਬੈਠ ਨੇ ਅੱਥਰੇ ਚਾਵਾਂ ਨੂੰ। ਤਪਦੀ ਧਰਤੀ ਸਵਾਂਤ ਬੂੰਦ ਨੂੰ ਤਰਸ ਰਹੀ ਚਿਰ ਤੋਂ, ਕਿਥੋਂ ਮੋੜ ਲਿਆਵਾਂ ਮੈਂ ਘਨਘੋਰ ਘਟਾਵਾਂ ਨੂੰ। ਵੈਣ ਕੀਰਨੇ ਅੱਥਰੂ ਸਾਡੇ ਪਿੰਡ ਮਹਿਮਾਨ ਬਣੇ, ਛਾਂਗ ਲਿਆ ਮੌਸਮ ਨੇ ਸਿਰ ਤੋਂ ਠੰਢੀਆਂ ਛਾਵਾਂ ਨੂੰ। ਸ਼ਹਿਰ ਦੀਆਂ ਸੜਕਾਂ ਤੇ ਤੁਰਦਾ ਤੁਰਦਾ ਭੁਰ ਚਲਿਆਂ, ਜਦ ਤੋਂ ਛੱਡਿਆ ਪਗਡੰਡੀਆਂ ਤੇ ਕੱਚਿਆਂ ਰਾਹਵਾਂ ਨੂੰ। ਸ਼ਹਿਰ ਸਮੁੰਦਰ ਦੇ ਵਿਚ ਖਾਰਾ ਪਾਣੀ ਬਹੁਤ ਖੜ੍ਹਾ, ਚੁਲੀ ਖ਼ਾਤਰ ਜਾਣਾ ਪੈਂਦਾ ਪਿੰਡਾਂ ਥਾਵਾਂ ਨੂੰ। ਆਪਣੀ ਮਿੱਟੀ ਨਾਲੋਂ ਟੁੱਟ ਕੇ ਧੂੜ ’ਚ ਭਟਕ ਰਿਹਾਂ, ਕਿੱਸਰਾਂ ਦੋਸ਼ ਦਿਆਂ ਮੈਂ ਹੁਣ ਕੰਬਖ਼ਤ ਹਵਾਵਾਂ ਨੂੰ।
ਧੂੰਏ ਵਿਚ ਗੁਆਚ ਗਿਆ ਹੈ ਨੀਲਾ ਅੰਬਰ
ਧੂੰਏ ਵਿਚ ਗੁਆਚ ਗਿਆ ਹੈ ਨੀਲਾ ਅੰਬਰ। ਕਿੱਦਾਂ ਜੀਵਾਂਗਾ ਮੈਂ ਪੀ ਕੇ ਤਲਖ਼ ਸਮੁੰਦਰ। ਧਰਤੀ ਉੱਪਰ ਡੁੱਬਦਾ ਟੇਢਾ ਸੂਰਜ ਵੇਖੋ, ਮਾਂ ਦੀ ਹਿੱਕ ਤੇ ਖੋਭ ਰਿਹਾ ਏ ਸੂਹਾ ਖੰਜਰ। ਤਪਦੀ ਧਰਤੀ ਛਾਲੇ ਛਾਲੇ ਮਨ ਦਾ ਵਿਹੜਾ, ਦੱਸੋ ਏਥੇ ਕਿੱਸਰਾਂ ਆ ਕੇ ਛਣਕੇ ਝਾਂਜਰ। ਸੁਰਖ਼ ਲਹੂ ਨੂੰ ਪੀ ਕੇ ਪੱਤੇ ਸੂਹੇ ਹੋਏ, ਬਲਦਾ ਕੇਸੂ ਪਹਿਨ ਖੜ੍ਹਾ ਹੈ ਅੱਗ ਦੇ ਬਸਤਰ। ਉੱਲੂ ਨੂੰ ਇਲਜ਼ਾਮ ਜ਼ਮਾਨਾ ਐਵੇਂ ਦੇਵੇ, ਬਦਨੀਤਾਂ ਨੇ ਵਸਦਾ ਸ਼ਹਿਰ ਬਣਾਇਆ ਖੰਡਰ। ਗਾਨੀ ਵਾਲੇ ਤੋਤੇ ਉਹ ਦੁਹਰਾਈ ਜਾਵਣ, ਜੋ ਕੁਝ ਬੋਲਣ ਰਾਜ ਭਵਨ ਦੇ ਸੀਲ ਕਬੂਤਰ।
ਜਿਨ੍ਹਾਂ ਨੂੰ ਮੈਂ ਚੋਗ ਚੁਗਾਏ ਤਲੀਆਂ ਉੱਤੇ
ਜਿਨ੍ਹਾਂ ਨੂੰ ਮੈਂ ਚੋਗ ਚੁਗਾਏ ਤਲੀਆਂ ਉੱਤੇ, ਉਨ੍ਹਾਂ ਤੋਂ ਹੀ ਠੂੰਗੇ ਖਾਧੇ ਨੇ ਮੈਂ ਅਕਸਰ। ਮੈਂ ਚੰਗਾ ਜਾਂ ਮਾੜਾ ਮੈਥੋਂ ਕੁਝ ਨਾ ਪੁੱਛੋ, ਆਲ ਦੁਆਲਾ ਦੱਸ ਦੇਵੇਗਾ ਮੈਥੋਂ ਬਿਹਤਰ। ਸਾਵਧਾਨ ਜੀ ਚਿਕਨੇ ਚਿਹਰੇ ਤੇ ਖੁਸ਼ਬੋਈਆਂ, ਲਿਸ਼ ਲਿਸ਼ਕੰਦੜੇ ਚਿਹਰੇ ਧੋਖਾ ਦੇਂਦੇ ਅਕਸਰ। ਏਸ ਦੇਸ਼ ਨੂੰ ਕਿਸ਼ਤਾਂ ਦੇ ਵਿਚ ਵੇਚ ਦੇਣਗੇ, ਨਿੱਕੀਆਂ ਸੋਚਾਂ ਵਾਲੇ ਵੱਡੇ ਵੱਡੇ ਰਹਿਬਰ। ਇੱਕੋ ਈਸਟ ਇੰਡੀਆ ਨੇ ਕੀ ਚੰਨ ਚੜ੍ਹਾਏ, ਯਹੁਣ ਤਾਂ ਆਪ ਬੁਲਾਏ ਵੰਨ-ਸੁਵੰਨੇ ਤਾਜਰ।
ਮੈਂ ਹਕੂਮਤ ਨੂੰ ਕਹਾਂਗਾ
ਮੈਂ ਹਕੂਮਤ ਨੂੰ ਕਹਾਂਗਾ ਬੇਘਰਾਂ ਨੂੰ ਘਰ ਦਿਓ। ਨੀਵੀਆਂ ਥਾਵਾਂ ਨੂੰ ਉਚੀਆਂ ਦੇ ਬਰਾਬਰ ਕਰ ਦਿਓ। ਏਸ ਉੱਚੀ ਕੰਧ ਦੇ ਉਸ ਪਾਰ ਹੈ ਸੂਰਜ ਦਾ ਵਾਸ, ਢਾਹ ਦਿਉ ਧੁੱਪ ਵਾਸਤੇ ਦੀਵਾਰ ਪਾਲੇ ਠਰਦਿਓ। ਏਸ ਨੇ ਸਿੱਟੇ ਜੇ ਖਾਧੇ ਦਾਣੇ ਕਿੱਥੋਂ ਆਉਣਗੇ, ਡਾਂਗ ਮਾਰੋ ਬਾਹਰ ਕੱਢੋ, ਸਾਨ੍ਹ ਕੋਲੋਂ ਡਰਦਿਓ। ਸਿਦਕ ਇਸ ਤੋਂ ਬਾਅਦ ਕਿਧਰੇ ਨਾ ਬਣੇ ਆਦਮ ਜਹੀ, ਜਾਬਰਾਂ ਨੂੰ ਭਾਂਜ ਦੋਵੇ, ਜਬਰ ਪਿੰਡੇ ਜਰਦਿਓ। ਜੋ ਵੀ ਕਰਨਾ ਹੈ, ਕਰੋ ਅੱਜ ਹੀ, ਹੁਣੇ ਹੀ ਦੋਸਤੋ, ਵਕਤ ਨਾ ਕਰਦਾ ਉਡੀਕਾਂ ਕਦਮ ਅੱਗੇ ਧਰ ਦਿਓ। ਨਾ ਸਹੀ, ਜੇ ਕਦਰਦਾਨੀ, ਰੌਸ਼ਨੀ ਦੀ ਸ਼ਹਿਰ ਵਿਚ, ਨ੍ਹੇਰੀਆਂ ਗਲੀਆਂ 'ਚ ਜਗ ਕੇ ਪਿੰਡ ਰੌਸ਼ਨ ਕਰ ਦਿਓ। ਵੇਖਿਆ ਕਿੰਝ ਉਲਝਿਆ ਹੈ ਧਰਤ ਦਾ ਸਾਰਾ ਨਿਜ਼ਾਮ, ਹੇ ਰਵੀ, ਹੇ ਚੰਦਰਮਾ, ਹੇ ਤਾਰਿਓ ਅੰਬਰ ਦਿਓ।
ਮੈਂ ਪੌਣ ਬੈਰਾਗਣ ਹਾਂ
ਮੈਂ ਪੌਣ ਬੈਰਾਗਣ ਹਾਂ ਬਾਹਾਂ ਵਿਚ ਭਰ ਮੈਨੂੰ। ਵਗਦੀ ਹਾਂ ਅਗਨ ਨਦੀ ਇੱਕ ਵਾਰੀ ਤਰ ਮੈਨੂੰ। ਸੱਤ ਸੁਰ ਜਾਗਣਗੇ ਸਾਹਾਂ ਦੀ ਵੰਝਲੀ 'ਚੋਂ, ਪਥਰਾਏ ਹੋਠਾਂ 'ਤੇ ਇਕ ਵਾਰੀ ਧਰ ਮੈਨੂੰ। ਮੌਸਮ ਦੀ ਕਰੋਪੀ ਤੋਂ ਬਚ ਕੇ ਵੀ ਝੂਮ ਰਹੀ, ਇੱਕ ਸੁੰਨੀ ਟਾਹਣੀ ਹਾਂ ਫੁੱਲਾਂ ਸੰਗ ਭਰ ਮੈਨੂੰ। ਬਾਜ਼ਾਰੀ ਦੌਰ ਅੰਦਰ ਹਰ ਰੀਝ ਬਣੀ ਵਸਤੂ, ਬਾਲਣ ਨਾ ਬਣ ਜਾਵਾਂ ਲੱਗਦਾ ਹੈ ਡਰ ਮੈਨੂੰ। ਅਣਮਾਣੀ ਕਸਤੂਰੀ ਜਿਉਂ ਹਿਰਨ ਦੀ ਨਾਭੀ ਵਿਚ ਆਪਣੇ ਵਿਚ ਘੋਲ ਜ਼ਰਾ ਸਾਹਾਂ ਵਿਚ ਭਰ ਮੈਨੂੰ। ਇਕ ਰੀਝ ਅਧੂਰੀ ਹਾਂ ਅਣਗਾਏ ਗੀਤ ਜਹੀ, ਤੇਰੇ ਹੱਥ ਤਾਰ ਮਿਰੀ ਸੁਰਤਾਲ 'ਚ ਕਰ ਮੈਨੂੰ। ਉਮਰਾਂ ਦੀ ਤੜਪਣ ਜੋ ਸਭ ਤੇਰੇ ਅਰਪਣ ਹੈ, ਮਿੱਟੀ ਦੀ ਕੀਹ ਮਰਜ਼ੀ ਜੋ ਚਾਹੇਂ ਕਰ ਮੈਨੂੰ। ਤਪਦੇ ਹੋਏ ਆਵੇ ਵਿਚ ਲਾਟਾਂ ਦੇ ਕਲਾਵੇ ਵਿਚ, ਕੋਈ ਨਰਮ ਕਰੂੰਬਲ ਹੈ, ਤੇਰਾ ਇੱਕ ਦਰ ਮੈਨੂੰ।
ਵਗਦੇ ਪਾਣੀ ਅੰਦਰ ਇਹ ਜੋ ਕਲਵਲ ਹੈ
ਵਗਦੇ ਪਾਣੀ ਅੰਦਰ ਇਹ ਜੋ ਕਲਵਲ ਹੈ। ਇਹ ਹੀ ਤਾਂ ਦਰਿਆ ਦੇ ਦਿਲ ਦੀ ਹਲਚਲ ਹੈ। ਤੇਰੇ ਮਗਰੋਂ ਸ਼ਹਿਰ ਉਦਾਸ ਇਕੱਲਾ ਨਹੀਂ, ਮੇਰੀ ਅੱਖ ਦਾ ਅੱਥਰੂ ਇਸ ਵਿਚ ਸ਼ਾਮਲ ਹੈ। ਰੰਗਲੀ ਚੁੜੀ ਟੁੱਟਣ ਵੇਲੇ ਰੋ ਪੈਂਦਾ, ਜਿਸ ਨੂੰ ਕਹਿਣ ਸਿਆਣੇ ਇਹ ਤਾਂ ਪਾਗਲ ਹੈ। ਸੰਕਟ ਵੇਲੇ ਗਿਰਗਿਟ ਰੰਗ ਵਟਾਉਂਦੀ ਹੈ, ਪਰ ਇਹ ਦੁਨੀਆਂ ਰੰਗ ਵਟਾਉਂਦੀ ਹਰ ਪਲ ਹੈ। ਮੇਰਾ ਹੀ ਘਰ ਢਾਹ ਕੇ ਮੈਨੂੰ ਪੁਛਦੇ ਹੋ, ਰੋਈ ਜਾਨੈਂ, ਦੱਸ ਤੂੰ ਸਾਨੂੰ, ਕੀ ਗੱਲ ਹੈ? ਜਿਹੜੀ ਥਾਂ ਤੇ ਰੀਝਾਂ ਨੇ ਦਮ ਤੋੜਦੀਆਂ, ਉਸ ਤੋਂ ਵੱਖਰਾ ਦੱਸੋ ਕਿਹੜਾ ਮਕਤਲ ਹੈ। ਜਿਹੜੀ ਥਾਂ ਤੇ ਝੁਕਦੇ ਹੋ, ਦਹਿਲੀਜ਼ਾਂ ਨੇ, ਮੇਰੀ ਪੱਗ ਵਿਚ ਅੜੇ ਹਮੇਸ਼ਾ ਸਰਦਲ ਹੈ।