Bol Mitti Dia Bawia : Gurbhajan Gill

ਬੋਲ ਮਿੱਟੀ ਦਿਆ ਬਾਵਿਆ (ਕਾਵਿ ਸੰਗ੍ਰਹਿ) : ਗੁਰਭਜਨ ਗਿੱਲ



ਬੋਲ ਮਿੱਟੀ ਦਿਆ ਬਾਵਿਆ

ਬੋਲ ਮਿੱਟੀ ਦਿਆ ਬਾਵਿਆ। ਤੇਰਾ ਹਾਸਾ ਕਿਸ ਨੇ ਖਾ ਲਿਆ। ਤੂੰ ਡਰਦਾ ਏਂ ਜਾਂ ਸੋਚ ਰਿਹੈਂ, ਤੂੰ ਸੋਚ ਰਿਹੈ ਜਾਂ ਮਰ ਚੁਕਿਐਂ, ਕੁਝ ਦੱਸ ਤਾਂ ਮਿੱਟੀ ਦਿਆ ਬਾਵਿਆ। ਤੂੰ ਲੀਰੋ ਲੀਰ ਕਿਤਾਬ ਜਿਹਾ। ਕਿਸੇ ਗੋਲੀ ਵਿੰਨ੍ਹੇ ਉਕਾਬ ਜਿਹਾ। ਕੋਈ ਚੰਦਰਾ ਸੁਪਨਾ ਤੱਕਿਆ ਹੈ...? ਤੂੰ ਉੱਜੜਿਆਂ ਖੂਹ ਕੋਈ ਵੇਖਿਆ ਹੈ, ਜਾਂ ਪੁੱਠਾ ਚੱਕਰ ਟਿੰਡਾਂ ਦਾ। ਕਿਤੇ ਖੱਲੜੀ ਲਹਿੰਦੀ ਵੇਖੀ ਆ, ਜਾਂ ਉੱਤਰਿਆ ਮੂੰਹ ਪਿੰਡਾਂ ਦਾ। ਤੂੰ ਕਾਹਤੋਂ ਹੈਂ ਉਪਰਾਮ ਜਿਹਾ, ਕੁਝ ਦੱਸ ਤਾਂ ਮਿੱਟੀ ਦਿਆ ਬਾਵਿਆ। ਜੋ ਚਾਨਣ ਦਾ ਰਖ਼ਵਾਲਾ ਸੀ, ਉਹਦੇ ਆਲ ਦੁਆਲ ਹਨ੍ਹੇਰੇ ਨੇ। ਜੋ ਆਪ ਉਸਾਰਨ ਵਾਲਾ ਸੀ, ਉਹਦੇ ਢਹਿੰਦੇ ਜਾਣ ਬਨੇਰੇ ਨੇ। ਕੁਝ ਦੱਸ ਤਾਂ ਮਿੱਟੀ ਦਿਆ ਬਾਵਿਆ। ਤੇਰੇ ਬੋਲਾਂ ਨੂੰ ਕਿਸ ਖਾ ਲਿਆ। ਜਿੰਨ੍ਹਾਂ ਪੈਲੀਆਂ ਦੇ ਵਿਚ ਸਰ੍ਹੋਂਆ ਸਨ, ਕਣਕਾਂ ਸਨ ਖ਼ੂਬ ਬਹਾਰਾਂ ਸਨ। ਗੱਭਰੂ ਸਨ ਸਰੂਆਂ ਵਾਂਗ ਖੜ੍ਹੇ, ਤੇ ਗੁੜ ਮਿੱਠੀਆਂ ਮੁਟਿਆਰਾਂ ਸਨ। ਨਾ ਗੱਭਰੂ ਨਾ ਮੁਟਿਆਰਾਂ ਹਨ। ਨਾ ਖੇਤਾਂ ਵਿਚ ਬਹਾਰਾਂ ਹਨ। ਸਰੋਆਂ ਦੀ ਪੀਲੱਤਣ ਚਿਹਰਿਆਂ ਤੇ, ਫ਼ਸਲਾਂ ਦੀ ਥਾਂ ਤਲਵਾਰਾਂ ਹਨ। ਘਰ ਘਰ ਦੇ ਚੁਫ਼ੇਰ ਦੀਵਾਰਾਂ ਨੇ ਲੱਗੀਆਂ ਕੰਡਿਆਲੀਆਂ ਤਾਰਾਂ ਨੇ। ਬੰਦ ਬੂਹੇ ਹੇਠੋਂ ਆ ਧਮਕਣ, ਨਿੱਤ ਰੱਤ ਭਿੱਜੀਆਂ ਅਖ਼ਬਾਰਾਂ ਨੇ। ਤੂੰ ਵੀ ਪੜ੍ਹਦੈਂ ਮਿੱਟੀ ਦਿਆ ਬਾਵਿਆ? ਕੁਝ ਦੱਸ ਖਾਂ ਮਿੱਟੀ ਦਿਆ ਬਾਵਿਆ? ਕਈ ਮਾਂਦਰੀ ਸੱਪ ਨੂੰ ਕੀਲ ਮਰੇ। ਹੱਕ ਦੱਸਦੇ ਕਈ ਵਕੀਲ ਮਰੇ। ਪਰ ਮੈਨੂੰ ਏਦਾਂ ਲੱਗਦਾ ਹੈ, ਹਰ ਵਾਰੀ ਸਿਰਫ਼ ਦਲੀਲ ਮਰੇ। ਤੂੰ ਕੀ ਸੋਚਦੈਂ ਮਿੱਟੀ ਦਿਆ ਬਾਵਿਆ? ਤੇਰਾ ਹਾਸਾ ਕਿਸ ਨੇ ਖਾ ਲਿਆ? ਜਿਸ ਰਕਤ-ਨਦੀ ਵਿਚ ਠਿੱਲ ਪਏ ਹਾਂ, ਉਰਵਾਰ ਪਾਰ ਨਾ ਥਾਹ ਲੱਗਦੀ। ਕਿਧਰੋਂ ਦੀ ਵਾਪਸ ਪਰਤਾਂਗੇ, ਹੁਣ ਨ੍ਹੇਰੇ ਵਿਚ ਨਾ ਰਾਹ ਲੱਭਦੀ। ਕੁਝ ਦੱਸ ਤਾਂ ਮਿੱਟੀ ਦਿਆ ਬਾਵਿਆ। ਸਾਡਾ ਸੂਰਜ ਕਿਸ ਨੇ ਖਾ ਲਿਆ। ਕੀਹਨੇ ਰਾਹਾਂ ਵਿਚ ਉਲਝਾ ਲਿਆ। ਕੁਝ ਵਰ੍ਹਿਆਂ ਤੋਂ ਇੰਝ ਹੋਇਆ ਹੈ, ਨਾ ਜੀਂਦੇ ਹਾਂ ਨਾ ਮਰਦੇ ਹਾਂ। ਨਾ ਤੁਰਦੇ ਹਾਂ ਨਾ ਬਹਿੰਦੇ ਹਾਂ। ਫਿਰ ਪਤਾ ਨਹੀਂ ਕੀ ਕਰਦੇ ਹਾਂ? ਦਿਨ ਦੀਵੀਂ ਡਰਾਉਣੇ ਸੁਪਨੇ ਤੋਂ, ਅਸੀਂ ਰਾਤ ਪਿਆਂ ਵੀ ਡਰਦੇ ਹਾਂ। ਤੂੰ ਵੀ ਡਰਦੈਂ ਮਿੱਟੀ ਦਿਆ ਬਾਵਿਆ। ਤੂੰ ਵੀ ਮਰਦੈਂ ਮਿੱਟੀ ਦਿਆ ਬਾਵਿਆ। ਹੁਣ ਉਲਝੀ ਏਦਾਂ ਤਾਣੀ ਹੈ। ਅੱਗੇ ਅੱਗ ਤੇ ਪਿੱਛੋ ਪਾਣੀ ਹੈ। ਸੱਜੇ ਖੱਬੇ ਦੇ ਰਾਹ ਬੰਦ ਹੋਏ, ਕਿੱਥੇ ਰੁਕ ਗਈ ਆਣ ਕਹਾਣੀ ਹੈ। ਤੂੰਹੀਉਂ ਦੱਸ ਤਾਂ ਮਿੱਟੀ ਦਿਆ ਬਾਵਿਆ। ਸਾਡੇ ਪੁੱਤਰਾਂ ਨੂੰ ਕਿਸ ਖਾ ਲਿਆ। ਮੜ੍ਹੀਆਂ ਤੇ ਕਬਰਾਂ ਮੱਲੀ ਜੋ, ਜ਼ਰਖ਼ੇਜ਼ ਜ਼ਮੀਨ ਪੰਜਾਬ ਦੀ ਹੈ। ਗੀਤਾਂ ਦੀ ਸੁਰ ਵੀ ਉੱਖੜੀ ਹੈ, ਤੇ ਟੁੱਟ ਗਈ ਤਾਰ ਰਬਾਬ ਦੀ ਹੈ। ਅੱਜ ਘੋੜੇ ਦੇ ਸੁੰਮਾਂ ਮਿੱਧ ਸੁੱਟੀ, ਹਰ ਖਿੜਦੀ ਕਲੀ ਗੁਲਾਬ ਦੀ ਹੈ। ਕਿੱਥੇ ਜਾਏਂਗਾ ਮਿੱਟੀ ਦਿਆ ਬਾਵਿਆ। ਕੁਝ ਬੋਲ ਮਿੱਟੀ ਦਿਆ ਬਾਵਿਆ।

ਪੱਥਰ ਦੇਸ਼

ਪੱਥਰ ਦੇਸ਼ ਦੇ ਪੱਥਰ ਲੋਕੋ ! ਮੈਂ ਪੁੱਛਦਾ ਹਾਂ ! ਆਪੋ ਆਪਣੀ ਮਰਜ਼ੀ ਦੇ ਨਾਲ, ਹੱਸਣਾ ਚਾਹੋ, ਹੱਸ ਸਕਦੇ ਹੋ? ਰੋਣਾ ਚਾਹੋ, ਰੋ ਸਕਦੇ ਹੋ? ਲੱਖਾਂ ਵਾਰ ਤਰੌਂਕੇ ਮਾਰੋ ਲੋਹੇ ਦਾ ਥਣ ਚੋ ਸਕਦੇ ਹੋ? ਆਪਣੇ ਖ਼ੂਨ 'ਚ ਤਨ ਦੀ ਮਿੱਟੀ, ਆਪਣੇ ਹੱਥੀਂ ਗੋ ਸਕਦੇ ਹੋ? ਘਾਹ ਦੀ ਪੰਡ ਦੇ ਬਦਲੇ ਦੇ ਵਿਚ, ਸ਼ੇਰ ਨੂੰ ਖੂਹੇ ਜੋ ਸਕਦੇ ਹੋ? ਨਹੀਂ ! ਨਹੀਂ ! ਸੰਤਾਪੇ ਲੋਕੋ, ਇਹ ਸਾਰਾ ਕੁਝ ਸੰਭਵ ਹੀ ਨਹੀਂ। ਅੰਦਰ ਵੜ ਕੇ ਹੱਸ ਸਕਦੇ ਹੋ। ਅੰਦਰ ਵੜ ਕੇ ਰੋ ਸਕਦੇ ਹੋ।

ਪਛਤਾਵੇ ਤੋਂ ਪਹਿਲਾਂ

ਆਓ ਕਿਤਾਬਾਂ ਪੜ੍ਹੀਏ! ਜਿੰਨ੍ਹਾਂ ਦੇ ਵਿਚ ਮਾਵਾਂ ਦੀਆਂ ਲੋਰੀਆਂ, ਅਹਿਸਾਸ ਨੇ। ਚੁੱਪ ਕੀਤੇ ਹਾਉਕਿਆਂ ਵਿਚ ਬੀਤ ਗਏ ਇਤਿਹਾਸ ਨੇ। ਆਓ ਸਫ਼ੇ ਪਲਟੀਏ। ਜਿੰਨ੍ਹਾਂ ਦੇ ਵਿਚ ਸਾਡੀਆਂ ਰੀਝਾਂ ਤੇ ਸੁਪਨੇ ਸੰਸਕਾਰ। ਕਤਲ ਹੋਏ ਬਾਰ-ਬਾਰ। ਹਰ ਇਕ ਅੱਖਰ ਮਿੱਤਰ-ਮਾਰ। ਉੱਡਦੇ ਖੰਭਾਂ ਦੀ ਡਾਰ ਇਨ੍ਹਾਂ ਸਫ਼ਿਆਂ ਦਾ ਚਲੋ ਹੁਣ ਭੋਗ ਪਾਈਏ। ਅੱਗੇ ਆਈਏ। ਆਉ ਮਿੱਤਰੋ ਗੀਤ ਗਾਈਏ। ਜਿੰਨ੍ਹਾਂ ਦੇ ਵਿਚ ਗੁਟਕਦੀਆਂ ਘੁੱਗੀਆਂ ਦੀ ਪ੍ਰਵਾਜ਼ ਹੈ। ਸੰਘ ਦੇ ਵਿਚ ਅਟਕੀ ਹੋਈ ਦਿਲਾਂ ਦੀ ਆਵਾਜ਼ ਹੈ। ਏਸ ਪਲ ਤਾਂ ਦਿਲ ਦੀ ਧੜਕਣ ਹੀ ਸੁਰੀਲਾ ਸਾਜ਼ ਹੈ। ਧੜਕਣਾਂ ਲਬਰੇਜ਼ ਸੁੱਚੋ ਗੀਤ ਗਾਈਏ। ਸਾਜ਼ ਤੇ ਆਵਾਜ਼ ਦਾ ਸੁਰ-ਮੇਲ ਕਰੀਏ। ਸੁੰਨੇ ਸਫ਼ਿਆਂ ਵਿਚ ਸੂਹੇ ਰੰਗ ਭਰੀਏ। ਆਪਣੀ ਆਵਾਜ਼ ਤੋਂ ਆਪੇ ਨਾ ਡਰੀਏ। ਅੱਜ ਜੇ ਪਰਛਾਵਿਆਂ ਤੋਂ ਖ਼ੁਦ ਡਰਾਂਗੇ। ਕੱਲ੍ਹ ਨੂੰ ਪਛਤਾਵਿਆਂ ਨੂੰ ਕੀ ਕਰਾਂਗੇ।

ਮਾਵਾਂ ਭੈਣਾਂ ਉਦਾਸ ਨੇ

ਮਾਵਾਂ ਬਹੁਤ ਉਦਾਸ ਨੇ। ਜਿੰਨ੍ਹਾਂ ਦੇ ਪੁੱਤਰ ਘਰੀਂ ਨਹੀਂ ਪਰਤੇ, ਜੰਗਲਾਂ ਦੇ ਰਾਹ ਤੁਰ ਪਏ ਨੇ। ਮਾਵਾਂ ਬਹੁਤ ਉਦਾਸ ਨੇ। ਜਿੰਨ੍ਹਾਂ ਨੇ ਕੱਚੀ ਉਮਰੇ, ਸੋਹਣੇ ਲੀੜੇ ਪਾ ਕੇ, ਪੁੱਤਰ ਸਕੂਲੇ ਤੋਰੇ ਸਨ। ਸਕੂਲਾਂ ਤੋਂ ਕਾਲਜਾਂ ਵਿਚ, ਤੇ ਕਾਲਜਾਂ ਤੋਂ ... ਉਹ ਅੰਨ੍ਹੇ ਖੂਹ ਵੱਲ ਕਿਉਂ ਤੁਰ ਗਏ? ਭੈਣਾਂ ਬਹੁਤ ਉਦਾਸ ਨੇ। ਰੱਖੜੀਆਂ ਵਾਲੇ ਗੁੱਟ ਉਡੀਕਦੀਆਂ, ਘਰੀਂ ਬੈਠੀਆਂ ਸੋਚਦੀਆਂ ਨੇ। ਇਹ ਕੈਸੀ ਲਾਮ ਲੱਗੀ ਹੈ, ਨਾ ਵੀਰ ਮੁੜੇ ਨੇ, ਨਾ ਸੂਹੇ ਚੀਰੇ ਵਾਲਾ। ਉਹ ਕਾਲੇ ਜੰਗਲ ਵੱਲ ਕਿਉਂ ਤੁਰ ਗਏ? ਧਰਤੀ, ਮਾਂ, ਰੁੱਖ, ਚਿੜੀਆਂ ਪਰਿੰਦੇ, ਰੌਣਕਾਂ ਮੰਗਦੇ ਨੇ। ਮਾਵਾਂ ਪੁੱਤ ਲੱਭਦੀਆਂ ਨੇ। ਤੇ ਭੈਣਾਂ ਵੀਰ ਸਾਰੇ ਅੰਨ੍ਹੇ ਖੂਹ ਵੱਲ ਕਿਉਂ ਤੁਰ ਗਏ?

ਕਾਲੀ ਬਾਰਸ਼

(ਇਰਾਕ - ਅਮਰੀਕਾ ਦੀ ਜੰਗ ਦੇ ਪ੍ਰਭਾਵ) ਕਾਲੀਆਂ ਜੀਭਾਂ ਵਾਲਿਆਂ ਜਦ ਦੀ ਜੰਗ ਲਾਈ ਹੈ, ਕਾਲੇ ਰੰਗ ਦਾ ਮੀਂਹ ਵਰ੍ਹਦਾ ਹੈ। ਤੇਲ ਦਿਆਂ ਖੂਹਾਂ ਨੂੰ ਅੱਗ ਦੀ ਭੇਟਾ ਕਰਕੇ। ਧੂੰਆਂ ਧੂੰਆਂ ਕੀਤਾ, ਇਕ ਦੂਜੇ ਤੋਂ ਡਰ ਕੇ। ਗੋਰੀ ਚਮੜੀ ਨੇ ਜਿੱਦਣ ਦੀ ਅੱਗ ਲਾਈ ਹੈ। ਇਕ ਦੂਜੇ ਦੀ ਜਾਨ ਦੇ ਵੈਰੀ, ਦੋਵੇਂ ਹਲਕੇ ਹੋਏ ਕੁੱਤੇ। ਅਕਲਾਂ ਵਾਲੇ ਕਿੱਥੇ ਸੁੱਤੇ? ਧਰਮ ਰਿਆਸਤ ਤੀਜੀ ਗੋਲੀ। ਤਿੰਨਾਂ ਰਲ ਕੇ ਜ਼ਿੰਦਗੀ ਰੋਲੀ। ਕਾਲੀ ਬਾਰਸ਼ ਵੱਸਦੇ ਰਸਦੇ ਘਰਾਂ ਤੇ ਵਰ੍ਹਦੀ। ਪਲ ਵਿਚ ਹੱਸਦੇ ਚਿਹਰੇ ਵਿਹੜੇ ਖੰਡਰ ਕਰਦੀ। ਕਾਲੀ ਬਾਰਸ਼ ਅੱਗ ਤੋਂ ਗੋਲੀ ਤੋਂ ਨਾ ਡਰਦੀ। ਕਾਲੀ ਬਾਰਸ਼ ਕਾਲੇ ਮਨ ਦੀ ਬੁਰਛਾ ਗਰਦੀ। ਅਕਲ ਹੀਣਿਓਂ ! ਕਾਲੇ ਮਨ ਦੇ ਗੋਰੇ ਲੋਕੋ। ਨਵ-ਜਨਮੇ ਬਾਲਾਂ ਦੇ ਚਿਹਰੇ ਵੱਲ ਤਾਂ ਵੇਖੋ। ਸੋਚੋ! ਕਿੱਸਰਾਂ ਕਾਲੇ ਮੀਂਹ ਵਿਚ ਬਾਹਰ ਆਉਣਗੇ? ਕਿੰਝ ਧਰਤੀ ਤੇ ਪੈਰ ਪਾਉਣਗੇ? ਕਿੰਝ ਧਰਤੀ ਤੇ ਆ ਕੇ ਉਹ ਫਿਰ ਸਵਾਸ ਭਰਨਗੇ। ਅੱਗ ਉਗਲਦੀ ਮਿੱਟੀ ਨੂੰ ਕਿੰਜ ਪਿਆਰ ਕਰਨਗੇ। ਹੇ ਦੁਨੀਆਂ ਦੇ ਅਮਨ ਪਸੰਦੋ ਇਕ ਥਾਂ ਹੋਵੋ। ਜੇ ਨਹੀਂ ਰੁਕਦੇ ਪਾਗਲ ਕੁੱਤੇ, ਰਲ ਕੇ ਰੋਵੋ। ਕਾਲੀ ਰੁੱਤ ਦਾ ਕਾਲਾ ਮੀਂਹ ਜੋ ਕੁੱਲ ਆਲਮ ਤੇ ਅੰਨ੍ਹਾ ਵਰ੍ਹਿਆ। ਲੱਭਣਾ ਨਹੀਂ ਫਿਰ ਘਰਾਂ ਵਾਲਿਓ, ਕਿਸੇ ਬਨੇਰੇ ਦੀਵਾ ਧਰਿਆ।

ਜੰਗਲ ਦੇ ਵਿਚ ਰਾਤ ਪਈ ਹੈ

ਚਾਰ ਚੁਫ਼ੇਰੇ ਅੱਗ ਦੀਆਂ ਲਾਟਾਂ ਚੀਕਾਂ, ਕੂਕਾਂ ਤੇ ਕੁਰਲਾਟਾਂ। ਅੱਗ ਦੀ ਲੰਮੀ ਲੀਕ ਨੇ ਵਾਟਾਂ। ਜੰਗਲ ਦੇ ਵਿਚ ਰਾਤ ਪਈ ਹੈ। ਪਿੰਡ ਤੇ ਸ਼ਹਿਰ ਬਣੇ ਨੇ ਜੰਗਲ। ਹਥਿਆਰਾਂ ਦਾ ਹੋਵੇ ਦੰਗਲ। ਸੋਚਾਂ ਚਾਰ ਚੁਫ਼ੇਰੇ ਸੰਗਲ। ਹਉਕੇ ਭਰਨ ਰੁੱਖਾਂ ਦੀਆਂ ਛਾਵਾਂ। ਛਾਤੀ ਬਾਲ ਲੁਕਾਵਣ ਮਾਵਾਂ। ਸੋਚ ਰਿਹਾਂ ਮੈਂ ਕਿੱਧਰ ਜਾਵਾਂ। ਜੰਗਲ ਦੀ ਅੱਗ ਫਿਰੀ ਚੁਫ਼ੇਰੇ। ਲਗਰਾਂ ਪੱਤੇ ਲਾਟਾਂ ਘੇਰੇ। ਵਧਦੇ ਜਾਂਦੇ ਘੋਰ ਹਨੇਰੇ। ਕੇਹੇ ਨਿਕਰਮੇ ਫੁੱਲ ਖਿੜ੍ਹੇ ਨੇ। ਵਿਚ ਬਗੀਚੇ ਸਾਨ੍ਹ ਭਿੜੇ ਨੇ। ਖੂਹ ਦੇ ਉਲਟੇ ਗੋੜ ਗਿੜੇ ਨੇ। ਰਾਤ ਬਰਾਤੇ ਸੁੰਨੀਆਂ ਗਲੀਆਂ। ਖ਼ੂਨ ਦੀ ਮਹਿੰਦੀ ਜ਼ਖ਼ਮੀ ਤਲੀਆਂ। ਅੱਗ ਵਿਚ ਸੜੀਆਂ ਕੋਮਲ ਕਲੀਆਂ। ਪੈਂਦੀਆਂ ਨਾ ਰਾਤਾਂ ਨੂੰ ਬਾਤਾਂ। ਕਿੰਨੀ ਦੂਰ ਗਈਆਂ ਪ੍ਰਭਾਤਾਂ। ਸੁੱਕਦੀਆਂ ਜਾਂਦੀਆਂ ਕਲਮ ਦਵਾਤਾਂ। ਜ਼ਖ਼ਮਾਂ ਦੀ ਇਹ ਦਰਦ ਕਹਾਣੀ। ਹੋਈ ਜਾਵੇ ਰੋਜ਼ ਪੁਰਾਣੀ। ਖ਼ੂਨ ਦਾ ਰੰਗ ਦਰਿਆ ਦਾ ਪਾਣੀ। ਧੀਆਂ ਭੈਣਾਂ ਵਾਲਿਓ ਆਓ! ਰੱਖੜੀਆਂ ਸੰਧੂਰ ਬਚਾਓ ! ਲੋਰੀ ਦਾ ਸੰਗੀਤ ਬਚਾਓ! ਲੱਭੋ ਹੱਥ ਜੋ ਛਾਂਗੇ ਛਾਵਾਂ। ਕੱਠੀਆਂ ਕਰੋ ਕਰੋੜਾਂ ਬਾਹਵਾਂ। ਦੀਪ ਜਗਾਓ ਰੌਸ਼ਨ ਰਾਹਵਾਂ। ਜੰਗਲ ਦੇ ਵਿਚ ਰਾਤ ਪਈ ਹੈ।

ਪਾਲਤੂ ਬਿੱਲੀਆਂ

ਇਹ ਜੋ ਦੋਧੇ ਵਸਤਰਾਂ ਵਾਲੀਆਂ, ਸੰਸਦ ਭਵਨ ਦੀਆਂ ਕੁਰਸੀਆਂ 'ਤੇ, ਟਪੂਸੀਆਂ ਮਾਰੀਆਂ ਫਿਰਦੀਆਂ ਹਨ। ਸਭ ਪਾਲਤੂ ਬਿੱਲੀਆਂ ਹਨ। ਇਹ ਸਭ ਦੁੱਧ ਪੀਣੀਆਂ ਹਨ। ਬੇਗਾਨਾ ਦੁੱਧ ਪੀ ਕੇ ਮੁੱਛਾਂ ਪੂੰਝਦੀਆਂ, ਲਿੱਸੇ ਨੂੰ ਘੂਰਦੀਆਂ, ਤਕੜੇ ਤੋਂ ਤ੍ਰਹਿੰਦੀਆਂ, ਟਿਕ ਕੇ ਨਾ ਬਹਿੰਦੀਆਂ, ਇਹ ਸਭ ਪਾਲਤੂ ਬਿੱਲੀਆਂ ਹਨ। ਰਾਜ ਸਿੰਘਾਸਨ 'ਤੇ ਕਬਜ਼ੇ ਲਈ, ਇਹ ਕੁਝ ਵੀ ਕਰ ਸਕਦੀਆਂ ਹਨ। ਆਪਣੀਆਂ ਨਹੁੰਦਰਾਂ ਨਾਲ, ਦੇਸ਼ ਦੇ ਨਕਸ਼ੇ ਨੂੰ, ਲੀਰੋ ਲੀਰ ਕਰ ਸਕਦੀਆਂ ਹਨ। ਕੌਮੀ ਝੰਡੇ ਨੂੰ ਤਾਰੋ ਤਾਰ। ਮੁੱਕਦੀ ਗੱਲ, ਕੁਰਸੀ ਤੱਕ ਪਹੁੰਚਣ ਲਈ, ਆਪਣੇ ਪੁੱਤਰਾਂ, ਧੀਆਂ ਦੀ ਲਾਸ਼ ਨੂੰ ਵੀ, ਪੌੜੀ ਬਣਾ ਸਕਦੀਆਂ ਹਨ।

ਸੁਪਨੇ ਨਹੀਂ ਬਦਲਦੇ

ਸ. ਜਗਦੇਵ ਸਿੰਘ ਜੱਸੋਵਾਲ ਦੇ ਨਾਂ ਤੁਸੀਂ ਕਿਤੇ ਵੀ ਤੁਰੇ ਫਿਰੋ, ਸੁਪਨੇ ਨਹੀਂ ਬਦਲਦੇ। ਓਹੀ ਪਿੰਡ ਕੱਚੇ ਪਹੇ ਫਿਰਨੀਆਂ, ਅਲਕ ਵਹਿੜਕੇ ਮੌਲੇ ਬਲਦ, ਮਾਰਨ ਖੰਡੀਆਂ ਗਾਈਆਂ, ਫੰਡਰ ਝੋਟੀਆਂ ਭੂਤਰੇ ਸਾਨ੍ਹ, ਸੁਪਨਿਆਂ 'ਚ ਖੌਰੂ ਪਾਉਂਦੇ ਫਿਰਦੇ ਹਨ। ਤੁਸੀਂ ਕਿਤੇ ਵੀ ਚਲੇ ਜਾਓ, ਬਚਪਨ `ਚ ਵੇਖੀਆਂ, ਦੁੱਧ ਰਿੜਕਦੀਆਂ ਸਵਾਣੀਆਂ, ਚਾਟੀਆਂ ਮਧਾਣੀਆਂ, ਦੰਦਾਂ ਤੋਂ ਬਗੈਰ ਦਾਦੀ, ਪਾਉਂਦੀ ਏ ਕਹਾਣੀਆਂ। ਕਦਮ ਕਦਮ ਤੁਹਾਡੇ ਨਾਲ ਤੁਰਦੀ। ਤੁਸੀਂ ਚਾਹੇ ਆਪਣੇ ਪਿੰਡ ਬਸੰਤਕੋਟ ਹੋਵੋ, ਦਿੱਲੀ, ਸ਼ਿਮਲੇ ਜਾਂ ਕਸ਼ਮੀਰ, ਯੋਰਪ ਜਾਂ ਅਮਰੀਕਾ ਦੇ ਕਿਸੇ ਸ਼ਹਿਰ, ਸੁਪਨਿਆਂ ਦੀ ਗਹਿਰ ਤੁਹਾਡੇ ਅੰਗ ਸੰਗ ਰਹਿੰਦੀ ਹੈ। ਨਿੱਤ ਬਦਲਦੇ ਪਹਿਰਾਵਿਆਂ ਵਾਂਗ, ਬੰਦਾ ਖ਼ੁਦ ਨੂੰ ਬਥੇਰਾ ਬਦਲਦਾ ਹੈ। ਪਰ ਸੱਚ ਜਾਣਿਓ, ਸੁਪਨੇ ਨਹੀਂ ਬਦਲਦੇ। ਸੁਪਨੇ ਆਦਮੀ ਦੇ ਨਾਲ ਨਾਲ ਜਾਂਦੇ ਹਨ। ਸਵਾਸ ਲੈਂਦੇ ਨਿੱਕੇ ਨਿੱਕੇ ਹੁੰਗਾਰੇ ਭਰਦੇ, ਹਟਕੋਰੇ, ਨਿਹੋਰੇ, ਫ਼ਿਕਰ ਤੇ ਝੋਰੇ, ਸੁਪਨਿਆਂ ਵਿਚ ਅਕਸਰ, ਮਿਲਦੇ ਗਿਲਦੇ ਰਹਿੰਦੇ ਹਨ। ਬੰਦਾ ਬਦਲ ਜਾਂਦਾ ਹੈ, ਸੁਪਨੇ ਨਹੀਂ ਬਦਲਦੇ।

ਸਾਡੇ ਆਪਣੇ ਵੇਖਦਿਆਂ

ਵੇਖ ਲਓ, ਸਾਡੇ ਆਪਣੇ ਵੇਖਦਿਆਂ, ਕਿੰਨਾ ਕੁਝ ਬਦਲ ਗਿਆ ਹੈ। ਖੁਸ਼ੀ ਗਮੀ ਹਾਸੇ ਮਖ਼ੌਲ, ਖੇਡਣ ਮੱਲਣ ਨੱਚਣ ਕੁੱਦਣ ਦਾ ਅੰਦਾਜ਼। ਚੁੰਨੀਆਂ ਪੱਗਾਂ ਟੋਪੀਆਂ ਦੇ ਢੰਗ, ਚਿਹਰਿਆਂ ਦੇ ਮੂੰਹ ਮੁਹਾਂਦਰਿਆਂ ਦੇ ਰੰਗ, ਕਿੰਨਾ ਕੁਝ ਬਦਲ ਗਿਆ ਹੈ। ਚੌਂਕ ਚੌਰਾਹੇ ਸੜਕਾਂ ਗਲੀਆਂ ਤੇ, ਬਾਜ਼ਾਰ ਬਦਲ ਗਏ ਨੇ। ਹੋਰ ਤਾਂ ਹੋਰ, ਬੁੱਤਾਂ ਦੇ ਵਿਚਾਰ ਬਦਲ ਗਏ ਨੇ। ਪਿੰਡ ਤਾਂ ਬਦਲਣੇ ਹੀ ਸਨ, ਸ਼ਹਿਰਾਂ ਦੇ ਵਿਹਾਰ ਬਦਲ ਗਏ ਹਨ। ਵੀਰਾਂ ਦੀਆਂ ਘੋੜੀਆਂ ਤੇ, ਭੈਣਾਂ ਦੇ ਸੁਹਾਗ ਬਦਲ ਗਏ ਨੇ। ਕਿਉਂਕਿ ਹੁਣ ਘੋੜੀ ਤੇ ‘ਵੀਰ’ ਨਹੀਂ, ਸਖ਼ਤ ਬੂਟਾਂ ਵਾਲੇ ਲੋਕ ਚੜ੍ਹਦੇ ਨੇ। ਬੱਚੇ ਪੁੱਛਦੇ ਹਨ, ਤੰਗ ਬਾਜ਼ਾਰਾਂ ਵਿਚ ਇਹ, ਘੋੜੀਆਂ ਵਾਲੇ ਕੀ ਕਰਦੇ ਹਨ। ਸਿਹਰੇ, ਸਿੱਖਿਆ ਸਿੱਠਣੀਆਂ, ਰੰਗ ਰਾਗ ਬਦਲ ਗਏ ਨੇ। ਪਿੰਡ ਵੱਸਦੇ ਲਾਗੀਆਂ ਦੇ ਲਾਗ ਬਦਲ ਗਏ ਨੇ। ਕਿੰਨਾ ਕੁਝ ਹਾਲੇ ਬਦਲ ਰਿਹਾ ਹੈ, ਹਰ ਰੋਜ਼ ਰਿਸ਼ਤੇ ਬਦਲ ਰਹੇ ਹਨ। ਰੁੱਖ ਰੁੱਖਾਂ ਨੂੰ ਘੂਰਦੇ ਹਨ, ਤੇ ਮਨੁੱਖ ਮਨੁੱਖਾਂ ਨੂੰ। ਰੋਜ਼ ਦੀ ‘ਠਾਹ ਠਾਹ’ ਤੋਂ ਡਰਦੇ, ਪੰਛੀਆਂ ਦੇ ਆਲ੍ਹਣੇ ਬਦਲ ਗਏ ਨੇ। ਆਲ੍ਹਣਿਆਂ ਵਾਲੇ ਹੁਣ ਘਰਾਂ 'ਚ ਉੱਗੇ ਰੁੱਖਾਂ ਤੇ ਨਹੀਂ, ਮੜ੍ਹੀਆਂ ਮਸਾਣਾਂ 'ਚ ਉੱਗੇ ਰੁੱਖਾਂ ਤੇ ਰਹਿੰਦੇ ਨੇ। ਕਿੰਨਾ ਕੁਝ ਬਦਲ ਗਿਆ ਹੈ। ਘੁੱਗੀਆਂ ਦੇ ਆਂਡੇ ਹੁਣ ‘ਕਾਂ’ ਨਹੀਂ, ‘ਸਹਿਮ’ ਪੀ ਜਾਂਦਾ ਹੈ। ਘੁੱਗੀਆਂ ਸਹਿਮ `ਤੇ ਬੇਬਸੀ ਭੋਗ ਰਹੀਆਂ ਨੇ। ਸਾਡੇ ਵੇਖਦੇ ਵੇਖਦੇ ਹੀ, ਸੱਜਣਾਂ ਦੇ ਨੈਣ ਨਕਸ਼, ਰੂਪ ਰੰਗ, ਆਚਾਰ, ਵਿਚਾਰ, ਦੁਸ਼ਮਣਾਂ ਦੇ ਕਾਰ ਵਿਹਾਰ, ਕਿੰਨਾ ਕੁਝ ਬਦਲ ਗਿਆ ਹੈ, ਆਪਣੇ ਤੇ ਬੇਗਾਨੇ ਵਿਚਕਾਰ, ਹੁਣ ‘ਕਿਰਦਾਰ’ ਹੀ ਨਹੀਂ, ‘ਨੁਹਾਰ’ ਦੀ ਲੀਕ ਪੈ ਗਈ ਹੈ। ਹੋਰ ਤਾਂ ਹੋਰ, ਕਈ ਵਾਰ ਤਾਂ ਆਪਣੇ ਹੀ ਖਿਲਾਫ਼ ਲੜਨ ਨੂੰ ਜੀਅ ਕਰਦਾ ਹੈ। ਜਦ ਰੂਹਾਂ ਤੇ ਰਿਸ਼ਤਿਆਂ ਨੂੰ, ‘ਨੁਹਾਰ’ ਦੇ ਫ਼ਰਕ ਸਦਕਾ, ਆਪਣਾ ਮੰਨਣ ਤੋਂ ਇਨਕਾਰ ਕਰਦਾ ਹਾਂ। ਸਾਡੇ ਆਪਣੇ ਵੇਖਦਿਆਂ, ਕਿੰਨਾ ਕੁਝ ਬਦਲ ਗਿਆ ਹੈ। ਚੌਂਕ ਵਿਚ ਹੁਣ ਇਕੱਲੀ ਬੱਤੀ ਨਹੀਂ, ਬੱਤੀ ਬੰਦੂਕਾਂ ਦਾ ਪਹਿਰਾ ਰਹਿੰਦਾ ਹੈ। ਕੀ ਪਤਾ? ਕੋਈ ‘ਆਪਣਾ' ਕਦੋਂ ਬੇਗਾਨਾ ਬਣ ਜਾਏ। ਦੁੱਖ ਇਸ ਗੱਲ ਦਾ ਨਹੀਂ, ਕਿ ਇਹ ਸਾਰਾ ਕੁਝ ਕਿਉਂ ਬਦਲਿਆ ਹੈ। ਦੁੱਖਾਂ ਤਾਂ ਇਹ ਹੈ ਕਿ ਇਹ ਸਾਰਾ ਕੁਝ ਸਾਡੇ ਵੇਖਦਿਆਂ ਬਦਲਿਆ ਹੈ। ਨਾ ਚਾਹੁੰਦੇ ਹੋਏ ਸਾਡੇ ਹੁੰਦੇ ਹੁੰਦੇ ਬਦਲਿਆ ਹੈ। ਪਰ ਸਾਨੂੰ ਇਹ ਵੀ ਪਤਾ ਹੈ, ਕਿ ਇਹ ਸਾਰਾ ਕੁਝ, ਸਾਡੇ ਚੁੱਪ ਰਹਿਣ ਦੀ ਵਜ੍ਹਾ ਕਰਕੇ, ‘ਹੌਲੀ ਬੋਲਣ' ਕਰਕੇ ਬਦਲਿਆ ਹੈ। ਨਹੀਂ ਤਾਂ ਏਨਾ ਵੀ ਕੀ ਆਖ? ਕਿ ਆਪਣਾ ਹੀ ‘ਮਨ’ ਆਪਣੇ ‘ਆਖੇ’ ਨਾ ਲੱਗੇ। ਕਿ ‘ਨੁਹਾਰ’ ਕਿਰਦਾਰ ਤੇ ਹਾਵੀ ਹੋ ਕੇ, ਸਾਡੀ ਹੀ ਹੋਂਦ ਤੇ ਸੁਹਾਗਾ ਮਾਰਦੀ ਫਿਰੇ।

ਅੱਜ ਕੱਲ੍ਹ ਆਦਮੀ ਜਦੋਂ ਮਰਦਾ ਹੈ

ਅੱਜ ਕੱਲ੍ਹ ਆਦਮੀ ਜਦੋਂ ਮਰਦਾ ਹੈ। ਉਸ ਕੋਲ ਕੋਈ ਨਹੀਂ ਹੁੰਦਾ, ਸਿਵਾ ਲੋਹੇ ਦੀ ਗੋਲੀ ਦੇ। ਜੋ ਉਹਦੇ ਆਰ ਪਾਰ, ਆਂਦਰਾਂ ਸਣੇ ਚੀਰ ਜਾਂਦੀ ਹੈ। ਅੱਜ ਕੱਲ੍ਹ ਆਦਮੀ ਜਦੋਂ ਮਰਦਾ ਹੈ, ਉਸ ਦੇ ਆਲੇ ਦੁਆਲੇ। ਸਿਰਫ਼ ‘ਸਹਿਮ’ ਹੁੰਦਾ ਹੈ। ਜੋ ਉਹਦੀ ‘ਰੱਤ’ ਨੂੰ, ਮਰਨ ਤੋਂ ਪਹਿਲਾਂ ਹੀ ਚੂਸ ਲੈਂਦਾ ਹੈ। ਅੱਜ ਕੱਲ੍ਹ ਆਦਮੀ ਜਦੋਂ ਮਰਦਾ ਹੈ, ਤਾਂ ਉਹ ਨੂੰ ਸਿਰਫ਼ ਘਰ ਦੇ ਜੀਅ ਹੀ ਰੋਂਦੇ ਹਨ। ਬਾਕੀਆਂ ਲਈ ਤਾਂ ਮਰਨ ਵਾਲਾ ਮਹਿਜ਼ ‘ਅੰਕੜਾ’ ਹੈ। ਕੋਈ ਟਾਵਾਂ ਟੱਲਾ ਹੀ ‘ਸ਼ਹੀਦ’ ਹੈ। ਸ਼ਹੀਦ ! ਜਿਸਦੀ ਮੜ੍ਹੀ ਤੇ ਹਰ ਵਰ੍ਹੇ ਦੀਵਾ ਜਗਦਾ ਹੈ। ਬਾਕੀ ਸਾਰਾ ਸਾਲ ਉਹ ਕਿਸੇ ਦਾ ਕੀ ਲੱਗਦਾ ਹੈ। ਅੱਜ ਕੱਲ੍ਹ ਜਦੋਂ ਆਦਮੀ ਮਰਦਾ ਹੈ, ਉਹ ‘ਆਦਮੀ’ ਨਹੀਂ, ‘ਕੁੱਤਾ ਬਿੱਲਾ’ ਬਣ ਜਾਂਦਾ ਹੈ। ਜਿਸਦੀ ਲਾਸ਼ ਤੇ ਗਿਰਝਾਂ ਝਪਟਦੀਆਂ ਹਨ। ਪਹਿਲਾਂ ਹੀ ਅੰਬਰ 'ਤੇ ਤੈਰਦੀਆਂ, ਉਹ ਧਰਤੀ ਤੇ ਨਿਗ੍ਹਾ ਰੱਖਦੀਆਂ ਹਨ। ਕਿ ਕਿਹੜੇ ਘਰ ਵੱਲ, ਚਿੱਟੀਆਂ ਚੁੰਨੀਆਂ ਦਾ ਹਜ਼ੂਮ ਗਿਆ ਹੈ। ਅੱਜ ਕੱਲ੍ਹ ਆਦਮੀ ਜਦੋਂ ਮਰਦਾ ਹੈ, ਉਹ ਕਿਸੇ ਲਈ ਗਰਾਂਟ' ਬਣ ਜਾਂਦਾ ਹੈ। ਕਿਸੇ ਲਈ ਇਨਾਮ ਜਾਂ ‘ਤਰੱਕੀ ਦੀਆਂ ਫ਼ੀਤੀਆਂ। ਅੱਜ ਕੱਲ੍ਹ ‘ਆਦਮੀ’ ਨਹੀਂ, ‘ਸ਼ਿਕਾਰ’ ਮਰਦਾ ਹੈ। ਅੱਜ ਕੱਲ੍ਹ ਜੀਣਾ ਬਹੁਤ ਕਠਿਨ ਹੈ, ਤੇ ਮਰਨਾ ਬਹੁਤ ਸੌਖਾ। ਸਾਰੇ ਪੁਲ, ਸੜਕਾਂ, ਨਦੀਆਂ ਨਾਲੇ, ਰੌਣਕਾਂ ਤੇ ਬੇਰੌਣਕ ਗਲੀਆਂ, ਆਦਮੀ ਨੂੰ ਕਬਰਾਂ ਵਾਂਗ ਉਡੀਕ ਰਹੀਆਂ ਹਨ। ਇਕੋ ‘ਠਾਹ’ ਨਾਲ ਪੱਗ ਲੱਥ ਕੇ ਅਹੁ ਜਾਂਦੀ ਹੈ ਧੌਣ ਸਣੇ। ਸਾਡੇ ਪੀਰ ਪੈਗੰਬਰ, ਦੇਵੀ ਦੇਵਤੇ, ਠਠੰਬਰ ਜਿਹੇ ਗਏ ਹਨ। ਆਦਮੀ ਆਦਮੀ ਵੱਲ ਵੇਖਕੇ ਭੌਂਕਦਾ ਹੈ, ਆਦਮੀ ਆਦਮੀ ਨੂੰ ਵੱਢਦਾ ਹੈ। ਪਰ ਕੁੱਤਾ ਕੋਲ ਬੈਠਾ, ਬੇ ਅਵਾਜ਼ੇ ਅੱਥਰੂ ਕੇਰੀ ਜਾਂਦਾ ਹੈ। ਇਨ੍ਹਾਂ ਦੋਹਾਂ ਨੇ ਆਪਣਾ ਕੰਮ ਕਿਉਂ ਬਦਲ ਲਿਆ ਹੈ?

ਖਿਡੌਣੇ ਨਾ ਤੋੜੋ

ਪੰਘੂੜੇ ਵਿਚ ਪਏ ਬਾਲਾਂ ਦੇ ਖਿਡੌਣੇ, ਛਣਕਣੇ, ਰਬੜ ਦੇ ਬਾਵੇ ਤੇ ਸੀਟੀਆਂ ਵਾਲੇ ਵਾਜੇ, ਸਖ਼ਤ ਬੂਟਾਂ ਹੇਠ ਆ ਕੇ ਟੁੱਟ ਰਹੇ ਹਨ। ਪੰਘੂੜੇ ਵਿਚ ਪਏ ਬਾਲ, ਪੰਘੂੜੇ ਦੀ ਚਾਰਦੀਵਾਰੀ ਦੇ ਅੰਦਰਵਾਰ, ਸਿਰਫ਼ ਸੁੰਨੇ ਅਸਮਾਨ ਨੂੰ ਘੂਰ ਸਕਦੇ ਹਨ। ਸਖ਼ਤ ਬੂਟਾਂ ਨੂੰ ਨਹੀਂ। ਪੰਘੂੜੇ ਵਿਚ ਪਏ ਬਾਲ ਹੁਣ ਲੋਰੀਆਂ ਨਾਲ ਨਹੀਂ, ਧਮਕੀਆਂ ਸੁਣ ਕੇ ਸੌਂ ਜਾਂਦੇ ਹਨ। ਇਹ ਕੇਹੀ ਗੁੜ੍ਹਤੀ ਏ ਦੋਸਤੋਂ, ਸੋਹਲ ਬੁੱਟਾਂ ਤੇ ਸ਼ਹਿਦ ਨਹੀਂ, ਵਕਤ ‘ਮਹੁਰਾ` ਰੱਖ ਰਿਹਾ ਏ। ਤਲਖ਼ ਮੌਸਮਾਂ ਦੇ ਜੰਮੇ ਜਾਂਦੇ ਇਹ ਬਾਲ, ਵੱਡੇ ਹੋ ਕੇ ਕਰਨਗੇ ਲੱਖਾਂ ਸੁਆਲ। ਜਦੋਂ ਸਾਡੇ ਖਿਡੌਣਿਆਂ ਨੂੰ, ਕੋਈ ਮਸਲ ਰਿਹਾ ਸੀ, ਤੋੜ ਰਿਹਾ ਸੀ, ਉਦੋਂ ਤੁਸੀਂ ਕਿੱਥੇ ਸੀ? ਜਦ ਸਾਡੇ ਖਿਡੌਣਿਆਂ ਦੀ ਥਾਂ, ਸਾਡੇ ਹੱਥਾਂ ਵਿਚ ਭਖ਼ਦੇ ਅੰਗਿਆਰ ਫੜਾਏ ਗਏ, ਤੁਸੀਂ ਉਦੋਂ ਕਿੱਥੇ ਸੀ? ਜਦੋਂ ਸਾਡੀ ਜੀਭ ਤੇ ਉਹ ਆਪਣੇ ਬੋਲ ਧਰ ਗਏ, ਤੁਸੀਂ ਉਦੋਂ ਕਿੱਥੇ ਸੀ? ਤਾੜ੍ਹ ਤਾੜ੍ਹ ਵਰ੍ਹਦੇ ਇਨ੍ਹਾਂ ਸੁਆਲਾਂ ਦੀ, ਗੋਲਾਬਾਰੀ ਵਿਚ ਕਿੱਥੇ ਲੁਕੋਗੇ? ਖਿਡੌਣਿਆਂ ਤੋਂ ਬਿਨਾਂ ਪਲੇ ਬਾਲ, ਹਥਿਆਰਾਂ ਨਾਲ ਹੀ ਖੇਡਦੇ ਹਨ। ਖਿਡੌਣਿਆਂ ਤੋਂ ਬਿਨਾਂ ਪਲੇ ਬਾਲ, ਕਿਸੇ ਨਾ ਕਿਸੇ ਦੇ ਹੱਥ ਵਿਚ, ਖਿਡੌਣਾ ਹੀ ਬਣਦੇ ਹਨ। ਹਥਿਆਰਾਂ ਦੇ ਖ਼ਿਲਾਫ਼, ਖਿਡੌਣੇ ਬਹੁਤ ਵੱਡਾ ਹਥਿਆਰ ਹਨ। ਖਿਡੌਣੇ ਨਾ ਤੋੜੋ।

ਇਸ ਦਰਿਆ ਵਿਚ

ਇਸ ਦਰਿਆ ਵਿਚ, ਹੁਣ ਪਾਣੀ ਥਾਂ ਰੱਤ ਵਗਦੀ ਹੈ। ਲਾਸ਼ਾਂ ਬੇਤਰਤੀਬ ਰੁੜ੍ਹਦੀਆਂ, ਜਿਵੇਂ ਕੋਈ ਕੱਖ ਕਾਣ ਪਹਾੜੋਂ ਰੁੜ੍ਹਦਾ ਆਵੇ। ਥਾਂ ਥਾਂ ਠੋਕਰ ਖਾ ਕੇ ਫਿਰ ਅੱਗੇ ਨੂੰ ਜਾਵੇ। ਇਸ ਦਰਿਆ ਵਿਚ, ਕਿੱਥੋਂ ਰੁੜ੍ਹ ਕੇ ਆਏ ਫਨੀਅਰ ਨਾਗ ਜ਼ਹਿਰੀਲੇ। ਰੁੱਖਾਂ ਨਾਲ ਲਪੇਟੇ ਮਾਰਨ, ਫਣ ਫੁੰਕਾਰਨ ਜਾਣ ਨਾ ਕੀਲੇ। ਇਸ ਦਰਿਆ ਦੇ ਕੰਢੇ ਉਤੇ, ਸਿਵਿਆਂ ਦੀ ਖਾਮੋਸ਼ ਪਾਲ ਹੈ। ਹਰ ਪਲ ਜਾਪੇ ਮੇਰੇ ਆਲੇ ਦੁਆਲੇ ਵਿਛਿਆ, ਅਜਬ ਤਰ੍ਹਾਂ ਦਾ ਅਗਨ-ਜਾਲ ਹੈ। ਇਸ ਦਰਿਆ ਦੇ ਦੋਹੀਂ ਪਾਸੀਂ, ਤਪਦੀ ਰੇਤ ਜਿਵੇਂ ਭਠਿਆਰੀ। ਸਿਰ ਤੇ ਸੂਰਜ, ਸਿਖ਼ਰ ਦੁਪਹਿਰਾ, ਧੁੱਪ ਕੜਾਕੇ ਨੇ ਮੱਤ ਮਾਰੀ। ਇਸ ਦਰਿਆ ਦੇ ਕੰਢੇ ਉੱਗੇ, ਰੁੱਖਾਂ ਦੀਆਂ ਹੁਣ ਸਾੜਣ ਛਾਵਾਂ। ਪਾਣੀ ਦੀ ਇਕ ਤਿਪ ਨੂੰ ਤਰਸਣ, ਝੋਲੀ ਬਾਲ ਨਿਕਰਮਣ ਮਾਵਾਂ। ਕੱਚੀ ਉਮਰੇ ਦੋਧੀ ਦੰਦੀ ਸਹਿਮ ਹੰਢਾਏ। ਇਸ ਦਰਿਆ ਦੇ ਹੁੰਦਿਆਂ ਸੁੰਦਿਆਂ, ਕਿਉਂ ਨੇ ਸਾਡੇ ਹੋਠ ਤਿਹਾਏ। ਇਸ ਦਰਿਆ ਦੇ ਪੱਤਣਾਂ ਉੱਤੇ, ਅੱਜ ਏਨੀ ਸੁੰਨਸਾਨ ਕਿਉਂ ਹੈ? ਸਾਰਾ ਹੀ ਮਾਹੌਲ ਡਰਾਉਣਾ ਜਾਨ ਸੁਕਾਉਣਾ, ਗੁੰਮ ਸੁੰਮ ਤੇ ਵੀਰਾਨ ਕਿਉਂ ਹੈ? ਇਸ ਦਰਿਆ ਦੇ ਪੁਲ ਦੇ ਹੇਠਾਂ, ਲਾਸ਼ਾਂ ਦੀ ਜੋ ਲਾਮ ਡੋਰ ਹੈ। ਸਾਡਾ ਪੁੱਤ, ਭਤੀਜਾ, ਜੀਜਾ, ਜਾਂ ਏਦਾਂ ਕੋਈ ਰਿਸ਼ਤਾ ਹੋਰ ਹੈ। ਇਸ ਦਰਿਆ ਦੇ ਦੋਹੀਂ ਪਾਸੀਂ ਰੇਤ ਵਿਛੀ ਹੈ, ਸੋਨੇ ਜਹੀਆਂ ਜਿੰਦਾਂ ਇਹਨੇ ਰੇਤ ਰੁਲਾਈਆਂ। ਟਿਕੀ ਰਾਤ ਵਿਚ ਹੀਰਾਂ ਮਿਰਜ਼ੇ ਗਾਉਂਦੇ ਸਨ ਜੋ, ਕੁੜੀਆਂ ਮੁੰਡੇ ਹੇਕਾਂ ਸੱਦਾਂ ਕਿੱਧਰ ਧਾਈਆਂ। ਇਸ ਦਰਿਆ ਵਿਚ ਅੱਗ ਦਾ ਵਾਸਾ। ਪਾਣੀ ਦੀ ਤਾਂ ਤੇਲ ਜਿਵੇਂ ਪਿੰਡ ਫੂਕਣ ਵਾਲਾ। ਨਾ ਲਹਿਰਾਂ ਨਾ ਸੂਰਜ ਕਿਰਨਾਂ, ਦਿਸਦਾ ਨਾ ਕੋਈ ਪਰਛਾਵਾਂ। ਇਸ ਦਰਿਆ ਦੇ ਕੰਢੇ ਬਹਿ ਕੇ, ਕਰਦੀਆਂ ਨੇ ਅਰਜ਼ੋਈ ਮਾਵਾਂ। ਹੁਣ ਨਾ ਹੋਰ ਪੰਘੂੜੇ ਉੱਜੜਨ, ਨਾ ਕੋਈ ਚੰਦਰਾ ਛਾਂਗੇ ਛਾਵਾਂ। ਮਿਲ ਜਾਵਣ ਹੁਣ ਭਾਈਆਂ ਦੇ ਗਲ, ਡੌਲਿਉਂ ਟੁੱਟੀਆਂ ਭੱਜੀਆਂ ਬਾਹਵਾਂ। ਇਸ ਦਰਿਆ ਵਿਚ ਨਿਰਮਲ ਪਾਣੀ ਕਦ ਪਰਤੇਗਾ? ਖ਼ੂਨ ਦੀ ਥਾਂ ਜ਼ਿੰਦਗੀ ਦਾ ਹਾਣੀ ਕਦ ਪਰਤੇਗਾ? ਸੋਚ ਰਿਹਾ ਹਾਂ! ਲਾਸ਼ਾਂ ਦੀ ਥਾਂ ਆਸਾਂ ਕਦ ਮੁਸਕਾਉਣਗੀਆਂ? ਦਰਿਆ ਕੰਢੇ ਕਦ ਮੁਰਗਾਈਆਂ ਨ੍ਹਾਉਣਗੀਆਂ? ਕਦ ਮੁਟਿਆਰਾਂ ਚੁੰਨੀ ਰੰਗ ਚੜ੍ਹਾਉਣਗੀਆਂ? ਪਿੱਪਲਾਂ ਦੇ ਕਦ ਨੱਢੀਆਂ ਪੀਂਘਾਂ ਪਾਉਣਗੀਆਂ? ਤਲੀਆਂ ਤੇ ਉਹ ਮਹਿੰਦੀ ਰਗੜ ਘਸਾਉਣਗੀਆਂ? ਗਿੱਧਾ ਪਾ ਕੇ ਧਰਤੀ ਕਦੋਂ ਹਿਲਾਉਣਗੀਆਂ? ਦਰਿਆ ਵਿਚ ਮੁੜ ਪਾਣੀ-ਛੱਲਾਂ ਆਉਣਗੀਆਂ।

ਜਦੋਂ ਕਦੇ ਰਾਤ ਨੂੰ ਨੀਂਦ ਉੱਖੜਦੀ ਹੈ

ਟਿਕੀ ਹੋਈ ਰਾਤ ਨੂੰ, ਜਦ ਕਦੇ ਵੀ ਨੀਂਦ ਉੱਖੜਦੀ ਹੈ। ਮਨ ਸੋਚਾਂ ਦੀਆਂ ਘੁੰਮਣਘੇਰੀਆਂ ਵਿਚ, ਕਿਤੇ ਦਾ ਕਿਤੇ ਪਹੁੰਚ ਜਾਂਦਾ ਹੈ। ਉੱਡਦੇ ਪਰਿੰਦਿਆਂ ਵਾਂਗ, ਕਦੇ ਕਿਸੇ ਟਾਹਣੀ ਤੇ ਜਾ ਬਹਿੰਦਾ ਹੈ, ਕਦੇ ਕਿਸੇ ਟਾਹਣੀ। ਸਰਹੱਦ ਤੋਂ ਪੰਜ ਛੇ ਮੀਲ ਉਨ੍ਹਾਂ ਵੱਸਦਾ, ਮੇਰਾ ਪਿੰਡ ਬਸੰਤ ਕੋਟ ਜਿਥੋਂ ਦੀਆਂ ਸਵੇਰਾਂ ਸ਼ਾਮਾਂ ਤੇ ਦੁਪਹਿਰਾਂ, ਅੱਜ ਖਾਮੋਸ਼ੀ ਦੀ ਗਹਿਰੀ ਖੱਡ ਵਿਚ ਗਰਕ ਨੇ। ਸ਼ਾਮ ਚਾਰ ਵਜੇ ਹੀ, ਘਰਾਂ ਦੇ ਕੁੰਡੇ ਅੰਦਰੋਂ ਬੰਦ ਹੋ ਜਾਂਦੇ ਨੇ। ਮਾਵਾਂ ਪੁੱਤਰਾਂ ਨੂੰ ਲੋਰੀਆਂ ਨਹੀਂ, ਡਰਾਵੇ ਦੇ ਕੇ ਸੰਵਾਉਂਦੀਆਂ ਹਨ। ਦਿੱਲੀ ਹੁਣ ਸਾਡੇ ਬੱਚਿਆਂ ਲਈ, ਭੂਆ ਦਾ ਸ਼ਹਿਰ ਨਹੀਂ, ਸਿਰ ਤੇ ਖਲੋਤਾ ਆਦਮ ਖਾਣਾ ਕਹਿਰ ਹੈ। ਪਤਾ ਨਹੀਂ ਇਹ ਕਿਸ ਤਰ੍ਹਾਂ ਦਾ ਜ਼ਹਿਰ ਹੈ। ਜਿਸ ਦੇ ਵਿਸ਼ ਨੇ ਰਿਸ਼ਤੇ ਨਾਤੇ, ਮੋਹ ਮੁਹੱਬਤਾਂ ਦੇ ਜਾਲ, ਅੰਦਰ ਹੀ ਅੰਦਰ, ਤਾਰ-ਤਾਰ ਕਰ ਸੁੱਟੇ ਨੇ। ਅਸੀਂ ਸਾਰੇ ਬਹਾਦਰ ਹਾਂ ਜਾਂ ਨਹੀਂ। ਦੋਸ਼ੀ ਜ਼ਰੂਰ ਹਾਂ। ਕਿਸੇ ਦੇਸ਼ ਹਕੂਮਤ ਜਾਂ ਹਾਕਮ ਦੀ ਕਚਹਿਰੀ ਦੇ ਨਹੀਂ। ਮਨ ਦੀ ਅਦਾਲਤ ਦੇ ਜ਼ਰੂਰ ਦੋਸ਼ੀ ਹਾਂ। ਜੋ ਬੱਚੇ ਹੁਣ ਜਨਮ ਲੈ ਰਹੇ ਨੇ, ਜਦ ਵੱਡੇ ਹੋਣਗੇ ਕੀ ਸੋਚਣਗੇ? ਅਸੀਂ ਇਨ੍ਹਾਂ ਨੂੰ ਸਹਿਮ ਦੇ ਪਰਛਾਵੇਂ ਦੇ ਨਾਲ ਨਾਲ, ਕਰਫ਼ਿਊ, ਕਿਰਚਾਂ, ਬੰਬ, ਬੰਦੂਕਾਂ, ਸਖ਼ਤ ਬੂਟ, ਤੇਜ਼ ਗਸ਼ਤ ਅਤੇ ਅੱਥਰੂ ਗੈਸ ਦਿੱਤੀ ਹੈ। ਇਸੇ ਲਈ ਜਦ ਕਦੇ ਟਿਕੀ ਹੋਈ ਰਾਤ ਨੂੰ ਨੀਂਦ ਉੱਖੜਦੀ ਹੈ। ਸੋਚਦਾ ਹਾਂ, ਭਵਿੱਖ ਜਦ ਇਨ੍ਹਾਂ ਬੱਚਿਆਂ ਦੇ ਹੱਥ 'ਚ ਹੋਵੇਗਾ, ਅਸੀਂ ਕਚਹਿਰੀ ਦੀ ਕਿਹੜੀ ਸਜ਼ਾ ਭੁਗਤਾਂਗੇ? ਹੁਣ ਸੁਪਨੇ ਸੁੱਤਿਆਂ ਨੂੰ ਹੀ ਨਹੀਂ, ਜਾਗਦਿਆਂ ਨੂੰ ਵੀ ਡਰਾਉਂਦੇ ਹਨ। ਮੇਰਾ ਨਿੱਕਾ ਜਿਹਾ ਪੁੱਤਰ ਪੁਨੀਤ ਸ਼ਾਮ ਨੂੰ ਜਦ ਪੰਜ ਵਜੇ ਵੀ, ਰੋਜ਼ ਗਾਰਡਨ ਜਾਣ ਦੀ ਜ਼ਿਦ ਕਰਦਾ ਹੈ। ਤਾਂ ਝੂਠ ਮੂਠ ਆਖਣਾ ਪੈਂਦਾ ਹੈ, ‘ਰੋਜ਼ ਗਾਰਡਨ ਬੰਦ ਹੈ।' ਉਥੇ ਪੁਲਿਸ ਗਸ਼ਤ ਕਰਦੀ ਹੈ, ਲੋਕਾਂ ਦੀ ਜਾਨ ਬਚਾਉਣ ਲਈ, ਉੱਥੇ ‘ਪੱਕੀ ਛਾਉਣੀ' ਪਾ ਕੇ ਬੈਠੀ ਹੈ। ਬੱਚਾ ਜ਼ਿਦ ਕਰਦਾ ਹੈ, ਆਖਦਾ ਹੈ, ਉਥੇ ਤਾਂ ਗੁਲਾਬ ਹਨ, ਪੰਘੂੜੇ ਹਨ, ਫੁਹਾਰੇ ਹਨ। ਸੈਰ ਕਰਦੇ ਬੱਚੇ ਹਨ, ਬਾਪੂ ਥੱਕੇ ਹਾਰੇ ਹਨ। ਭਲਾ ਇਹ ਪੁਲਿਸ ਵਾਲੇ ਉਥੇ ਕਿਸਦੀ ਰਾਖੀ ਕਰਦੇ ਹਨ। ਬੱਚਾ ਅਜੇ ਨਹੀਂ ਸਮਝਦਾ, ਉਹ ਕਿਸ ਕਹਿਰ ਤੇ ਜ਼ਹਿਰ ਦੇ ਮਾਹੌਲ ਵਿਚ, ਪਲ ਰਿਹਾ ਹੈ। ਉਹ ਜਾਣ ਦੀ ਜ਼ਿਦ ਕਰਦਾ ਹੈ, ਕਿਉਂਕਿ ਹਾਲੇ ਉਹਨੂੰ ‘ਡਰਨਾ’ ਨਹੀਂ ਆਇਆ। ਰੇਡੀਓ, ਟੈਲੀਵਿਜ਼ਨ ਖ਼ਬਰਾਂ ਵੇਲੇ ਬੰਦ ਕਰ ਦੇਂਦਾ ਹੈ। ਹਰ ਰੋਜ਼ ਓਹੀ ਖ਼ਬਰਾਂ ਆਉਂਦੀਆਂ ਹਨ। ਮਰਨ ਮਾਰਨ ਦੀਆਂ, ਸਰਹੱਦ ਤੇ ਮੁਕਾਬਲੇ ਦੀਆਂ, ਡਿਊਟੀ ਤੇ ਖਲੋਤੇ ਜਾਂ ਓਪਰੇ ਬੰਦਿਆਂ ਹੱਥੋਂ ... ਇਹਨਾਂ ਦਾ ਕੀ ਸੁਣਨਾ ਹੈ? ਮੈਂ ਚੁੱਪ ਕਰ ਜਾਂਦਾ ਹਾਂ, ਇਹਨੂੰ ਕੀ ਜਵਾਬ ਦਿਆਂ? ਏਸੇ ਲਈ ਜਦ ਕਦੇ ਟਿਕੀ ਰਾਤ ਨੂੰ, ਨੀਂਦ ਉੱਖੜਦੀ ਹੈ, ਮਨ ਦਾ ਪੰਛੀ ਕਦੇ ਕਿਸੇ ਟਾਹਣੀ ਜਾ ਬਹਿੰਦਾ ਹੈ, ਕਦੇ ਕਿਸੇ ਟਾਹਣੀ।

ਆਤਿਸ਼-ਬਾਜ਼ ਤਿਆਰੀ ਵਿਚ ਨੇ

ਆਤਿਸ਼-ਬਾਜ਼ ਤਿਆਰੀ ਵਿਚ ਨੇ। ਆਪੋ ਆਪਣੇ ਹਥਿਆਰਾਂ ਤੇ ਮਾਣ ਬੜਾ ਹੈ। ਡੌਲਿਆਂ ਤੇ ਵਿਸ਼ਵਾਸ, ਬੰਦੂਕਾਂ ਤਣ ਚੁੱਕੀਆਂ ਨੇ। ਟੈਂਕਾਂ ਤੋਪਾਂ ਦੀ ਗੜਗੜ ਵੀ, ਹੋਰ ਘੜੀ ਤੱਕ ਕੰਨ ਪਾੜੇਗੀ। ਆਤਿਸ਼-ਬਾਜ਼ਾਂ ਦੀ ਇਹ ਹਰਕਤ, ਦਿਨ ਦੀਵੀਂ ਫਿਰ ਚੰਨ ਚਾੜ੍ਹੇਗੀ। ਲਾਸ਼ਾਂ ਦੇ ਅੰਬਾਰ ਹੋਣਗੇ। ਅੰਬਰ ਧਰਤੀ ਖੂਨ ਹੋਣਗੇ। ਆਤਿਸ਼-ਬਾਜ਼ ਤਿਆਰੀ ਵਿਚ ਨੇ। ਵਹੁਟੀਆਂ ਧੀਆਂ ਭੈਣਾਂ ਮਾਵਾਂ। ਜਿੰਨ੍ਹਾਂ ਦੀਆਂ ਖ਼ਤਰੇ ਵਿਚ ਛਾਵਾਂ। ਬੈਠੀਆਂ ਨੇ ਮੱਥੇ ਹੱਥ ਧਰਕੇ। ਮੰਜੇ ਦੀ ਬਾਹੀ ਨੂੰ ਫੜ ਕੇ। ਨੀਂਦ ਹਰਾਮ ਡਰਾਉਣੀਆਂ ਰਾਤਾਂ। ਸੂਲਾਂ ਚੋਭਦੀਆਂ ਭਾਤਾਂ। ਟੋਕੇ ਵਾਂਗੂੰ ਟੁੱਕਦੀਆਂ ਸ਼ਾਮਾਂ। ਨਾ ਵੇ ਰਾਜਿਓ ਲਾਇਓ ਲਾਮਾਂ। ਅੱਗ ਦੀ ਖੇਡ ਅਤੇ ਫੁਲਝੜੀਆਂ। ਕੰਬਦੀ ਜਾਨ ਮੁਸ਼ਕਲਾਂ ਬੜੀਆਂ। ਭਾਂਡੇ ਆਪਸ ਵਿਚ ਜਦ ਠਹਿਕਣ। ਆਲ੍ਹਣਿਆ ਦੇ ਬੋਟ ਵੀ ਸਹਿਕਣ। ਆਤਿਸ਼-ਬਾਜ਼ ਕਦੇ ਨਾ ਅੱਗਾਂ ਤੋਂ ਘਬਰਾਉਂਦੇ। ਇਕ ਦੂਜੇ ਦੇ ਘਰ ਨੂੰ ਪਹਿਲਾਂ ਤੀਲੀ ਲਾਉਂਦੇ। ਮਗਰੋਂ ਫਿਰਦੇ ਆਪ ਬੁਝਾਉਂਦੇ। ਬਲਦੀ ਬੁੱਥੇ ਡਾਹ ਕੇ ਫੇਰ ਬੇਗਾਨੇ ਪੁੱਤਰ। ਗੋਲੀ ਦਾ ਗੋਲੀ ਵਿਚ ਉੱਤਰ। ਕਣਕਾਂ ਦੇ ਵੱਢ ਕਬਰਾਂ ਬਣਦੇ। ਬੰਬ ਗੋਲੀਆਂ ਅੰਬਰੋਂ ਵਰ੍ਹਦੇ। ਨਿੱਕੇ ਆਤਿਸ਼-ਬਾਜ਼ਾਂ ਕੋਲੋਂ ਜਦੋਂ ਭੰਡਾਰੇ ਮੁੱਕਦੇ। ਵੱਡੇ ਆਤਿਸ਼-ਬਾਜ਼ ਉਦੋਂ ਫਿਰ ਆਣ ਮੈਦਾਨੇ ਬੁੱਕਦੇ। ਖ਼ੂਨ ਦੀਆਂ ਨਦੀਆਂ ਵਿਚ ਆਪਣਾ ਹੱਥ ਡੁਬਾਉਂਦੇ। ਇਕ ਦੂਜੇ ਦੇ ਮੱਥੇ ਸੂਹੇ ਤਿਲਕ ਲਗਾਉਂਦੇ। ਦੇਸ਼ ਭਗਤੀਆਂ ਸੇਵਾ ਵਤਨਪ੍ਰਸਤੀ ਵਰਗੇ ਨਾਅਰੇ ਲਾਉਂਦੇ। ਆਲੇ ਭੋਲੇ ਆਮ-ਸਧਾਰਨ ਜਨ ਭਰਮਾਉਂਦੇ। ਆਮ ਆਦਮੀ ਏਸ ਚਲਾਕੀ ਨੂੰ ਨਾ ਸਮਝੇ। ਆਤਿਸ਼-ਬਾਜ਼ ਦਾ ਕਿੱਤਾ ਹੁੰਦਾ ਆਤਿਸ਼-ਬਾਜ਼ੀ। ਦੂਜੀ ਧਿਰ ਦੇ ਸਾਰੇ ਗਿੱਦੜ ਮੂਜ਼ੀ ਗਿਣਕੇ, ਆਪਣੇ ਵੱਲ ਦੇ ਸਾਰੇ ਬੰਦੇ ਬਣਦੇ ਗਾਜ਼ੀ। ਐ ਦੁਨੀਆਂ ਦੇ ਅਮਨਪਸੰਦੋ ਸੁੱਤਿਓ ਜਾਗੋ। ਐ ਧਰਤੀ ਦੇ ਜਾਇਓ ਬੋਲੇ ਤੇ ਇੰਜ ਆਖੋ। ਸਾਡੀ ਲੋੜ ਬੰਦੂਕ ਨਾ ਗੋਲੀ। ਖੇਡੋ ਨਾ ਸਾਡੇ ਖ਼ੂਨ ਦੀ ਹੋਲੀ। ਇਕ ਵੰਗਾਰ ਬਣੋ ਤੇ ਬੋਲੋ। ਮੂੰਹਾਂ ਉਤਲੀ ਪੱਟੀ ਖੋਲ੍ਹੋ। ਨਾ ਦਿਉ ਸਾਨੂੰ ਮਾਸ ਦੀ ਬੋਟੀ । ਸਾਡੀ ਲੋੜ ਦਾਲ ਤੇ ਰੋਟੀ। ਆਪਣੇ ਆਪਣੇ ਹਥਿਆਰਾਂ ਨੂੰ ਖੂਹ ਵਿਚ ਸੁੱਟੋ। ਆਪਣੇ ਡੌਲਿਆਂ ਨਾਲ ਜ਼ਮੀਨਾਂ ਨਵੀਆਂ ਪੁੱਟੋ। ਹਥਿਆਰਾਂ ਦੀ ਬਾਤ ਹੁੰਗਾਰਾ ਬੰਬ ਤੇ ਗੋਲੀ। ਏਸ ਸਿਆਸਤ ਨੇ ਹੀ ਸਾਡੀ ਜ਼ਿੰਦਗੀ ਰੋਲੀ। ਆਤਿਸ਼-ਬਾਜ਼ੀ ਸਾਡੀ ਅੱਜ ਦੀ ਲੋੜ ਨਹੀਂ ਹੈ। ਭੁੱਖੇ ਢਿੱਡ ਨੂੰ ਅੰਗਿਆਰਾਂ ਦੀ ਲੋੜ ਨਹੀਂ ਹੈ। ਨੰਗੇ ਤਨ ਨੂੰ ਹਥਿਆਰਾਂ ਦੀ ਲੋੜ ਨਹੀਂ ਹੈ।

ਡਾ. ਨੈਲਸਨ ਮੰਡੇਲਾ : ਜੀ ਆਇਆਂ ਨੂੰ

ਦੋ ਬਨਵਾਸਾਂ ਬਾਅਦ ਸੋਹਣਿਆਂ ਘਰ ਆਇਆ ਏਂ, ਜੀ ਆਇਆ ਨੂੰ...। ਚਿੱਟੇ ਖ਼ੂਨ ਦੇ ਕਾਲੇ ਸਾਗਰ ਤਰ ਆਇਆ ਏਂ। ਜੀ ਆਇਆਂ ਨੂੰ...। ਇਸ ਧਰਤੀ ਦੇ ਕਾਲੇ-ਚਿੱਟੇ ਨੀਲੇ-ਪੀਲੇ ਰਾਜੇ ਰਾਣੇ, ਇਕ ਪਾਸੇ ਹਨ। ਲੋਕ ਸ਼ਕਤੀਆਂ ਲਿੱਸੇ ਤੇ ਕਮਜ਼ੋਰ ਨਿਤਾਣੇ, ਇਕ ਪਾਸੇ ਸਨ। ਕਾਲ-ਕੋਠੜੀ ਜ਼ੁਲਮ-ਤਸੀਹੇ, ਸਭ ਕੁਝ ਪਿੰਡੇ ਜਰ ਆਇਆ ਏਂ। ਜੀ ਆਇਆਂ ਨੂੰ...। ਤੂੰ ਧਰਤੀ ਦਾ ਸੂਹਾ ਸੂਰਜ ਤੈਨੂੰ ਵਕਤ ਸਲਾਮ ਕਰ ਰਿਹਾ। ਹਰ ਕਿਰਤੀ ਕਿਰਸਾਨ ਤੇ ਕਾਮਾ ਹਰ ਪਲ ਤੇਰੇ ਨਾਮ ਕਰ ਰਿਹਾ। ਸਾਲ ਸਤਾਈਆਂ ਬਾਦ, ਸੋਹਣਿਆਂ ਘਰ ਆਇਆਂ ਏਂ। ਜੀ ਆਇਆਂ ਨੂੰ...। ਕੁੱਲ ਧਰਤੀ ਦੀ ਅਣਖ਼ ਤੇ ਗੈਰਤ ਸਾਰੀ ਤੇਰੇ ਨਾਲ ਖੜ੍ਹੀ ਸੀ। ਨਸਲ ਪ੍ਰਸਤਾਂ ਆਪਣੇ ਹੱਥੀਂ ਪੁੱਟੀ ਆਪਣੀ ਆਪ ਮੜ੍ਹੀ ਸੀ। ਤੂੰ ਇਤਿਹਾਸ ਦਾ, ਖਾਲੀ ਪੰਨਾ ਭਰ ਆਇਆ ਏਂ। ਜੀ ਆਇਆਂ ਨੂੰ...। ਗੋਰੀ ਧਰਤੀ ਦੇ ਮੱਥੇ `ਤੇ ਤੂੰ ਹੈ ਐਸੀ ਕਾਲਖ਼ ਫੇਰੀ। ਤੇਰੇ ਸਾਥੀ ਬੜ੍ਹਕ ਰਹੇ ਨੇ ਡਾਢੇ ਬਹਿ ਗਏ ਢਾਹ ਕੇ ਢੇਰੀ। ਬੁਰਿਆਂ ਦੇ ਮੂੰਹ, ਨਾਲ ਨਮੋਸ਼ੀ ਭਰ ਆਇਆ ਏਂ। ਜੀ ਆਇਆਂ ਨੂੰ...। ਅਫ਼ਰੀਕਾ ਦੇ ਵਿਹੜੇ ਉੱਗਕੇ ਤੂੰ ਤਾਂ ਸੁਰਖ਼ ਬਹਾਰ ਬਣ ਗਿਆ। ਤੇਰੀ ਚੇਤੰਨ ਸੋਚ ਨਾਲ ਹੀ ਹਰ ਮੁੱਕਾ ਵੰਗਾਰ ਬਣ ਗਿਆ। ਆਜ਼ਾਦੀ ਦਾ ਮਹਿਲ, ਉਸਾਰਨ ਖ਼ਾਤਰ ਇੱਟਾਂ ਧਰ ਆਇਆ ਏਂ। ਜੀ ਆਇਆਂ ਨੂੰ...। ਗੋਰੀ ਚਮੜੀ ਹਾਰ ਗਈ ਹੈ ਕਹਿੰਦੀ ਸੀ ਜੋ ਮੈਂ ਨਹੀਂ ਝੁਕਣਾ। ਸੁਰਖ਼ ਸੂਰਜਾ ਬਾਹਰ ਵੇਖਕੇ ਰਾਤ ਹਨੇਰੀ ਨੂੰ ਪਿਆ ਲੁਕਣਾ। ਠਰਦੇ ਵਿਹੜੇ, ਧੁੱਪਾਂ ਦੇ ਨਾਲ ਭਰ ਆਇਆ ਏਂ। ਜੀ ਆਇਆਂ ਨੂੰ...।

ਮੇਰੇ ਗੀਤ ਗੁਆਚ ਗਏ ਨੇ

ਮੇਰੇ ਗੀਤ ਗੁਆਚ ਗਏ ਨੇ। ਥਲ ਵਿਚ ਗੁੰਮੀਆਂ ਪੈੜਾਂ ਵਾਂਗੂੰ, ਹੇਠਾਂ ਮਿੱਟੀ ਘੱਟੇ ਰੁਲੀਆਂ, ਕਿੰਨੇ ਯਾਰ ਗੁਆਚ ਗਏ ਨੇ। ਮੇਰੇ ਸਾਹਾਂ ਵਿਚੋਂ ਖੋਹੀ ਕਿਸ ਖੁਸ਼ਬੋਈ। ਅੱਜ ਤੱਕ ਭੇਤ ਸੁਰਾਗ ਨਾ ਕੋਈ। ਕਿੰਨੇ ਮੀਤ ਗੁਆਚ ਗਏ ਨੇ। ਮੇਰੀਆਂ ਅੱਖਾਂ ਦੇ ਵਿਚ ਤਾਰੇ। ਬੁਝ ਚੱਲੇ ਨੇ ਇਹ ਵੀ ਸਾਰੇ। ਕਿਣ ਮਿਣ ਕਿਣ ਮਿਣ ਅੱਗ ਦੀਆਂ ਕਣੀਆਂ। ਡਾਢੇ ਵਕਤ ਮੁਸ਼ਕਲਾਂ ਬਣੀਆਂ। ਕਿੰਨੇ ਸੁਪਨੇ ਲੀਰਾਂ ਹੋਏ, ਕਿਹੜਾ ਕਿਸ ਨੂੰ ਬਹਿ ਕੇ ਰੋਏ, ਕਿੰਨੇ ਹਰਫ਼ ਗੁਆਚ ਗਏ ਨੇ।

ਤੇਜ਼ ਤਰਾਰ ਪਾਣੀਆਂ ਵਿਚ

ਤੇਜ਼ ਤਰਾਰ ਪਾਣੀਆਂ ਵਿਚ, ਆਓ ਪੈਰ ਤਾਂ ਲਾਈਏ। ਰੁੜ੍ਹ ਜਾਓਗੇ ਪੱਥਰਾਂ ਵਰਗਿਓ, ਰੇਤ ਹੋ ਜਾਉਗੇ, ਕਿਣਕਾ ਕਿਣਕਾ। ਮਾਮੂਲੀ ਫੂਕ ਨਾਲ ਉੱਡ ਜਾਉਗੇ। ਤੇਜ਼ ਤਰਾਰ ਪਾਣੀਆਂ ਵਿਚ, ਗੋਡੇ ਗੋਡੇ, ਲੱਕ ਲੱਕ, ਨੱਕ ਨੱਕ ਡੁੱਬਣ ਮਗਰੋਂ, ਤੁਸੀਂ ਨਹੀਂ, ਸਿਰਫ਼ ਲਾਸ਼ ਤੈਰੇਗੀ। 'ਤੇ ਲਾਸ਼ ਨੂੰ ਸਿਰਫ਼ ਮੱਛੀਆਂ ਖਾਂਦੀਆਂ ਹਨ। ਬੰਦਿਓ ! ਰੱਬ ਦਿਓ ! ਲਾਸ਼ਾਂ ਨਹੀਂ! ਆਉ ਬੰਦੇ ਬਣੀਏ। ਤੇਜ਼ ਤਰਾਰ ਪਾਣੀਆਂ ਦੇ ਸਾਹਮਣੇ ਹਿੱਕਾਂ ਡਾਹੀਏ। ਪੈਰ ਅਟਕਾਈਏ। ਯਾਰੋ ! ਪੈਰ ਤਾਂ ਲਾਈਏ। ਨਹੀਂ ਤਾਂ ਰੁੜ੍ਹ ਜਾਵਾਂਗੇ।

ਇਹ ਕੇਹੀ ਰੁੱਤ ਆਈ ਨੀ ਮਾਂ

ਇਹ ਕੇਹੀ ਰੁੱਤ ਆਈ ਨੀ ਮਾਂ। ਇਹ ਕੇਹੀ ਰੁੱਤ ਆਈ। ਰੁੱਖਾਂ ਦੇ ਪੱਤਰਾਂ ਦੀ ਥਾਵੇਂ, ਪੁੱਤਰਾਂ ਪੁੱਤਝੜ ਲਾਈ ਨੀ ਮਾਂ। ਧਰਤ ਪਿਆਸੀ ਸਹਿਕਣ ਬੂਟੇ। ਮੌਤ ਕੁਲਹਿਣੀ ਪੀਂਘਾਂ ਝੂਟੇ। ਕੁੜੀਆਂ ਚਿੜੀਆਂ ਸਾਉਣ ਮਹੀਨੇ, ਕਿਉਂ ਨਹੀਂ ਪੀਂਘ ਚੜ੍ਹਾਈ ਨੀ ਮਾਂ। ਮਨ ਹਿਰਨੋਟਾ ਰਹਿੰਦਾ ਡਰਦਾ। ਜਿਹੜਾ ਸੀ ਕਦੇ ਚੁੰਗੀਆਂ ਭਰਦਾ। ਜ਼ਿੰਦਗੀ-ਮੌਤ ਵਿਚਾਲੇ ਜੀਕਣ, ਹੋਵੇ ਲੁਕਣ-ਮਚਾਈ ਨੀ ਮਾਂ। ਘਰ ਨੂੰ ਬਾਹਰੋਂ ਲਾ ਕੇ ਜੰਦਰੇ। ਖ਼ਲਕਤ ਸੁੱਤੀ ਸੌਂ ਗਈ ਅੰਦਰੇ। ਕੰਧਾਂ 'ਚੋਂ ਹਟਕੋਰੇ ਡੁਸਕਣ, ਫ਼ੈਲੀ ਹਾਲ ਦੁਹਾਈ ਨੀ ਮਾਂ। ਅੱਧੀ ਰਾਤੀਂ ਬੂਹਾ ਖੜਕੇ। ਕੰਬਦੀ ਜਾਨ ਕਲੇਜਾ ਧੜਕੇ। ਜਾਪਣ ਸਾਡੀ ਜਾਨ ਦੇ ਵੈਰੀ, ਦੋਵੇਂ, ਚੋਰ-ਸਿਪਾਹੀ ਨੀ ਮਾਂ।

ਕਦੇ ਜੀਅ ਚਿੜੀਏ

ਕਦੇ ਜੀਅ ਚਿੜੀਏ ਕਦੇ ਮਰ ਚਿੜੀਏ। ਤੈਨੂੰ ਕਿਹੋ ਜਿਹਾ ਮਿਲਿਆ ਏ ਘਰ ਚਿੜੀਏ। ਕੱਚੇ ਵਿਹੜਿਆਂ ਦੀ ਜੰਮੀ ਜਾਈ ਤੋਤਲੀ ਜ਼ਬਾਨ। ਹੋਈ ਵਰ੍ਹਿਆਂ 'ਚ ਵਧ ਕੇ ਤੂੰ ਸਰੂ-ਜਹੀ ਜਵਾਨ। ਲੱਗੇ ਮਗਰ ਸ਼ਿਕਾਰੀ ਹੱਥ ਤੀਰ ਤੇ ਕਮਾਨ। ਤੈਨੂੰ ਜਾਨੋਂ ਨਾ ਗੁਆਉਣ ਲੱਗੇ ਡਰ ਚਿੜੀਏ। ਤੇਰੇ ਕਦਮਾਂ 'ਚ ਵਿਛੇ ਹਾਲੇ ਕੰਡੇ ਤੇ ਹਨੇਰੇ। ਕਦੇ ਲਿਸ਼ਕੇ ਨਾ ਦੀਵਾ ਸੁੰਨੇ ਸੱਖਣੇ ਬਨੇਰੇ। ਤੇਰੇ ਆਲ੍ਹਣੇ ਤੋਂ ਦੂਰ ਹਾਲੋ ਸੁਣੀਂਦੇ ਸਵੇਰੇ। ਨੀ ਤੂੰ ਖੰਭਾਂ 'ਚ ਉਡਾਰੀਆਂ ਨੂੰ ਭਰ ਚਿੜੀਏ। ਕਿਤੇ ਪੈ ਨਾ ਜਾਵੇ ਖ਼ਤਰੇ 'ਚ ਬਾਬਲੇ ਦੀ ਪੱਗ। ਕੁੱਲੀ ਕੱਖਾਂ ਦੀ `ਚ ਸਾਂਭੇਗਾ ਵਿਚਾਰਾ ਕਿਵੇਂ ਅੱਗ। ਹਵਾ ਚੰਦਰੀ ਤੋਂ ਬਚ ਐਵੇਂ ਨਾਲ ਨਾ ਤੂੰ ਲੱਗ। ਕੋਈ ਸਾੜ ਦਏ ਨਾ ਐਵੇਂ ਤੇਰੇ ਪਰ ਚਿੜੀਏ। ਏਸ ਬਾਗ਼ ਵਿਚ ਆਲ੍ਹਣੇ ਨੂੰ ਢਾਹੁਣ ਰਖਵਾਲੇ। ਜਿੰਦ ਜਾਬਰਾਂ ਦੇ ਵੱਸ ਫੁੱਲ ਅੱਗ ਦੇ ਹਵਾਲੇ। ਇਹ ਤਾਂ ਉੱਜੜੂ ਜ਼ਰੂਰ ਸਿੱਧੇ ਦਿਸਦੇ ਨਾ ਚਾਲੇ। ਨਾ ਹੀ ਜੀਣ ਜੋਗੇ ਨਾ ਹੀ ਹੋਵੇ ਮਰ ਚਿੜੀਏ। ਤੈਨੂੰ ਕਿਹੋ ਜਿਹਾ ਮਿਲਿਆ ਏ ਘਰ ਚਿੜੀਏ।

ਗਿੱਧੇ ਵਿਚ ਤੂੰ ਨੱਚਦੀ

ਕੁਲਦੀਪ ਪਾਰਸ ਦੇ ਨਾਂ ਗਿੱਧੇ ਵਿਚ ਤੂੰ ਨੱਚਦੀ ਨੱਚੋਂ ਮਾਰ ਕੇ ਅੱਡੀ। ਮੁੰਡੇ ਵੀ ਬੈਠੇ ਨੇ, ਬੁੱਢੇ ਵੀ ਬੈਠੇ ਨੇ, ਬੈਠੇ ਅੱਖਾਂ ਟੱਡੀ। ਸਾਉਣ ਮਹੀਨੇ ਪਿੱਪਲੀਂ ਪੀਂਘਾਂ ਕੁੜੀਆਂ ਝੂਟਣ ਆਈਆਂ। ਪਿੜ ਦੇ ਅੰਦਰ ਪਾਉਣ ਧਮਾਲਾਂ ਨਣਦਾਂ ਤੇ ਭਰਜਾਈਆਂ। ਜੜ੍ਹ ਤੋਂ ਹਿੱਲਿਆ ਪਿੱਪਲ ਸੀ ਜਦ ਚੜ੍ਹੀ ਹੁਲਾਰੇ ਨੱਢੀ। ਗਿੱਧੇ ਵਿਚ ਤੂੰ ਨੱਚਦੀ... .... ...। ਧਰਤ ਕੰਬਾਵੇਂ ਨੱਚਣ ਲਾਵੇਂ ਅੰਬਰ ਵਿਚਲੇ ਤਾਰੇ। ਤੇਰੇ ਸਿਰ ਪਿੰਡ ਦੀ ਵਡਿਆਈ ਸੱਤ-ਫੁੱਟੀਏ ਤਲਵਾਰੇ। ਪੈਰੀਂ ਪਾ ਕੇ ਪਟਿਆਲੇ ਸ਼ਾਹੀ ਸਿਰ ਫੁਲਕਾਰੀ ਕੱਢੀ। ਗਿੱਧੇ ਵਿਚ ਤੂੰ ਨੱਚਦੀ ... ...I ਪਹਿਲੇ ਪਹਿਰ ਤੂੰ ਉੱਠ ਕੇ ਪਾਵੇਂ ਚਾਟੀ ਵਿਚ ਮਧਾਣੀ। ਪੀ ਕੇ ਦੁੱਧ ਮਲਾਈਆਂ ਬਣ ਗਈ ਪੰਜ ਦਰਿਆ ਦੀ ਰਾਣੀ। ਨਾ ਅੱਕੇਂ ਨਾ ਥੱਕੇਂ ਜਾਵੇਂ ਸਭ ਨੂੰ ਪਿੱਛੇ ਛੱਡੀ। ਗਿੱਧੇ ਵਿਚ ਤੂੰ ਨੱਚਦੀ... ...I ਤੈਨੂੰ ਤੇਰੇ ਮਾਪਿਆਂ ਜਾਪੇ ਟਕਿਆਂ ਨਾਲ ਵਿਆਹਿਆ। ਵਰ੍ਹੇ ਛਮਾਹੀ ਛੁੱਟੀ ਆਵੇ ਸੱਸ ਤੇਰੀ ਦਾ ਜਾਇਆ। ਬੰਨ੍ਹ ਬਿਸਤਰਾ ਫ਼ਤਹਿ ਬੁਲਾ ਕੇ ਚੜ੍ਹ ਜੇ ਰਾਤ ਦੀ ਗੱਡੀ। ਗਿੱਧੇ ਵਿਚ ਤੂੰ ਨੱਚਦੀ... ...I

ਖੰਭ ਖਿੱਲਰੇ ਨੇ ਕਾਵਾਂ ਦੇ

ਲਾਭ ਜੰਜੂਆ ਦੇ ਨਾਂ ਖੰਭ ਖਿੱਲਰੇ ਨੇ ਕਾਵਾਂ ਦੇ। ਰੋਕ ਲਉ ਨਿਸ਼ਾਨੇ-ਬਾਜ਼ੀਆਂ, ਪੁੱਤ ਮੁੱਕ ਚੱਲੇ ਮਾਵਾਂ ਦੇ। ਕਿੱਥੇ ਉੱਡੀਆਂ ਗੁਟਾਰਾਂ ਨੇ। ਐਤਕੀਂ ਨਾ ਤੀਆਂ ਨੱਚੀਆਂ, ਸਾਡੇ ਪਿੰਡ ਮੁਟਿਆਰਾਂ ਨੇ। ਵੱਜਦਾ ਏ ਢੋਲ ਪਿਆ। ਫੇਰ ਕੀ ਜਵਾਬ ਦਿਓਗੇ, ਸਾਰਾ ਪਿੰਡ ਹੀ ਜੇ ਬੋਲ ਪਿਆ। ਮਾਵਾਂ ਦੀ ਛਾਂ ਖ਼ਤਰੇ। ਗੋਦੀ 'ਚ ਖਿਡੌਣਾ ਟੁੱਟਿਆ, ਢਿੱਡੋਂ ਜੰਮਦਿਆਂ ਪਏ ਖ਼ਤਰੇ। ਤਲੀਆਂ ਤੇ ਮਹਿੰਦੀ ਏ। ਜਦੋਂ ਵੀ ਕਿਤੇ ਉੱਲੂ ਬੋਲਦੇ, ਮੇਰੀ ਜਾਨ ਤ੍ਰਹਿੰਦੀ ਏ। ਲੱਕੜੀ ਵਿਚ ਕਿੱਲ ਠੋਕਾਂ। ਹੜ੍ਹ ਦਰਿਆਵਾਂ ਦੇ, ਕੱਲ੍ਹਾ ਕੱਖ ਮੈਂ ਕਿਵੇਂ ਰੋਕਾਂ। ਅੰਬਾਂ ਨੂੰ ਬੂਰ ਪਿਆ। 'ਕੱਠੇ ਬਹਿ ਕੇ ਹੱਸਦੇ ਸਾਂ, ਐਸਾ ਮੌਸਮ ਦੂਰ ਗਿਆ। ਪਾਣੀ ਵਿਚ ਗਹਿਰ ਘੁਲੀ। ਚਾਰੇ ਬੰਨੇ ਅੱਗ ਬਲਦੀ, ਵਿਚ ਲੱਗਦੀ ਏ ਜ਼ਹਿਰ ਘੁਲੀ। ਅੱਖੀਆਂ `ਚ ਖ਼ੁਮਾਰ ਨਹੀਂ। ਕਾਹਨੂੰ ਯਾਰਾ ਬਦਲ ਗਿਐਂ, ਪਹਿਲਾਂ ਵਰਗਾ ਪਿਆਰ ਨਹੀਂ। ਦਾਣੇ ਰਸ ਗਏ ਅਨਾਰਾਂ ਦੇ। ਤਲੀਆਂ 'ਚ ਗਿੱਧਾ ਮਰਿਆ, ਸਾਡੇ ਪਿੰਡ ਮੁਟਿਆਰਾਂ ਦੇ। ਅੱਖਾਂ ਵਿਚ ਨੀਰ ਨਹੀਂ। ਕਰਨ ਕਮਾਈਆਂ ਤੋਰਿਆ, ਜੀਹਦਾ ਮੁੜਿਆ ਵੀਰ ਨਹੀਂ। ਸੁਪਨੇ ਦਾ ਲੱਕ ਟੁੱਟਿਆ। ਦਿਨ ਦੀਵੀਂ ਸਾਡੇ ਸਾਹਮਣੇ, ਘਰ ਬਾਰ ਗਿਆ ਲੁੱਟਿਆ। ਸਭਨਾਂ ਦੀ ਮਾਂ ਧਰਤੀ। ਡੁੱਬੇ ਲੀਕਾਂ ਪਾਉਣ ਵਾਲਿਆ, ਤੂੰ ਤੇ ਚੰਦਰਿਆ ਹੱਦ ਕਰਤੀ।

ਸੱਜਰੀ ਸਵੇਰ ਵਰਗੇ

ਸੱਜਰੀ ਸਵੇਰ ਵਰਗੇ ਸੁੱਕ ਚੱਲੇ ਨੇ ਬੁੱਲ੍ਹਾਂ ਤੋਂ ਹਾਸੇ। ਵੇਖੀਂ ਦਰਿਆ ਦੇ ਮਾਲਕਾ ਤੇਰੇ ਦਰ ਤੋਂ ਨਾ ਮੁੜੀਏ ਪਿਆਸੇ। ਮੰਡੀ ਨਹੀਓਂ ਮੁੱਲ ਵਿਕਦੇ ਹੱਡ ਮਾਸ ਵਾਲੇ ਗੁੱਡੀਆਂ ਪਟੋਲੇ। ਲੱਖੀਂ ਨਾ ਕਰੋੜਾਂ ਸੋਹਣਿਆ ਜਿਹੜੇ ਫੁੱਲ ਤੂੰ ਬਾਜ਼ਾਰਾਂ ਵਿਚ ਰੋਲੇ। ਇਕ ਵਾਰੀ ਨਾਂਹ ਆਖ ਦੇ ਗੱਲ ਲੱਗ ਤਾਂ ਜਾਊ ਇਕ ਪਾਸੇ। ਹੱਕ ਦੀ ਲਕੀਰ ਬਦਲੇ ਸਾਨੂੰ ਘੇਰਿਆ ਸ਼ਿਕਾਰੀਆਂ ਆ ਕੇ। ਚੋਰ ਚੋਰ ਸਾਨੂੰ ਆਖਦੇ ਆਪ ਮਾਰਦੇ ਦੁਪਹਿਰੇ ਡਾਕੇ। ਘਰਾਂ ਨੂੰ ਵੀਰਾਨ ਕਰਕੇ ਫੇਰ ਦੇਣ ਸਾਨੂੰ ਆਣ ਕੇ ਦਿਲਾਸੇ। ਤੈਨੂੰ ਮਾਣ ਵਤਨਾਂ ਦਾ ਸਾਨੂੰ ਕਰ ਛੱਡਿਆ ਪ੍ਰਦੇਸੀ। ਨਿੱਘਾ ਹੋਕੇ ਸੌਣ ਵਾਲਿਆ ਤੈਨੂੰ ਚੁਭਦੀ ਅਸਾਡੀ ਖੇਸੀ। ਦਿਨ ਲੰਘੇ ਹਾਉਕੇ ਲੈਂਦਿਆਂ ਰਾਤ ਲੰਘਦੀ ਮਾਰ ਕੇ ਪਾਸੇ। ਜੋ ਫੁੱਲਾਂ 'ਚੋਂ ਸੁਗੰਧ ਉੱਡ ਗਈ ਰੰਗ ਰੋਣਗੇ ਭੌਰ ਨਹੀਂ ਆਉਣੇ। ਅੰਬੀਆਂ ਦੇ ਬੂਰ ਤੋਂ ਬਿਨਾਂ ਬਾਗਾਂ ਵਿਚ ਨਹੀਂ ਬੰਬੀਹੇ ਗਾਉਣੇ। ਸਾਡੇ ਬਿਨਾਂ ਬਾਗਾਂ ਵਾਲਿਆਂ ਏਥੇ ਫ਼ੇਰ ਨਹੀਂ ਟੁਣਕਣੇ ਹਾਸੇ।

ਏਥੋਂ ਉੱਡ ਕੇ ਘਰਾਂ ਨੂੰ ਜਾਉ

ਏਥੋਂ ਉੱਡ ਕੇ ਘਰਾਂ ਨੂੰ ਜਾਓ, ਨੀ ਚਿੜੀਓ ਮਰ ਜਾਣੀਓਂ। ਅੱਗ ਬਲਦੀ ਏ ਖੰਭਾਂ ਨੂੰ ਬਚਾਓ, ਨੀ ਚਿੜੀਓ ਮਰ ਜਾਣੀਓਂ! ਇਸ ਪਿੰਡ ਦੀ ਜੂਹ ਅੰਦਰ ਫਿਰਦੇ ਹਿਰਨਾਂ ਮਗਰ ਸ਼ਿਕਾਰੀ। ਮਾਰੋ ਮਾਰ ਪਈ ਵਿਚ ਖ਼ਬਰੇ ਆ ਜਾਏ ਕਿਸਦੀ ਵਾਰੀ। ਐਵੇਂ ਆਪਣੀ ਨਾ ਜਾਨ ਗੁਆਓ ! ਨੀ ਚਿੜੀਓ ਮਰ ਜਾਣੀਓਂ ! ਹਿਰਨਾਂ ਦੀ ਇਕ ਡਾਰ ਨੂੰ ਲੱਭਦਿਆਂ ਗੁਜ਼ਰੇ ਵਰ੍ਹੇ ਛਿਮਾਹੀਆਂ। ਅੰਬਰ ਧਰਤੀ ਤੇ ਵਿਚ ਤਾਹੀਏਂ ਥਾਂ ਥਾਂ ਗੱਡੀਆਂ ਫਾਹੀਆਂ। ਐਵੇਂ ਅਣਆਈ ਮੌਤ ਨਾ ਬੁਲਾਓ। ਨੀ ਚਿੜੀਓ ਮਰ ਜਾਣੀਓਂ ! ਸੱਜਰੇ ਖ਼ੂਨ ਦੀ ਭਾਲ 'ਚ ਫਿਰਦੇ ਹੁਣ ਹਥਿਆਰ ਪਿਆਸੇ। ਮਾਰ ਉਡਾਰੀ ਉੱਡ ਜੋ ਕਿਧਰੇ ਬੈਠੀਆਂ ਕਿਸ ਭਰਵਾਸੇ। ਸੋਚਾਂ ਵਿਚ ਐਵੇਂ ਵੇਲਾ ਨਾ ਲੰਘਾਓ! ਨੀ ਚਿੜੀਓ ਮਰ ਜਾਣੀਓਂ ! ਸਿਰ ਤੇ ਸੂਰਜ ਖ਼ੁਰ ਚੱਲਿਆ ਹੈ, ਢਲ ਚੱਲੀਆਂ ਨੇ ਛਾਵਾਂ। ਹੋਰ ਘੜੀ ਤੱਕ ਨ੍ਹੇਰੇ ਦੇ ਵਿਚ ਲੱਭਣਾ ਨਹੀਂ ਪਰਛਾਵਾਂ। ਜਾਓ! ਦਿਨ ਹੁੰਦੇ ਆਲ੍ਹਣੇ 'ਚ ਜਾਓ! ਨੀ ਚਿੜੀਓ ਮਰ ਜਾਣੀਓਂ!

ਕਿੱਧਰੇ ਗਏ ਵਣਜਾਰੇ

ਕਿੱਧਰ ਗਏ ਵਣਜਾਰੇ ਬੇਲੀਓ ਕਿੱਧਰ ਗਏ ਵਣਜਾਰੇ। ਹਾਲੇ ਤਾਂ ਬਈ ਦਿਨ ਨਹੀਂ ਚੜ੍ਹਿਆ ਕਿਉਂ ਲੁਕ ਗਏ ਨੇ ਤਾਰੇ। ਸੂਰਜ ਦੀ ਰੁਸ਼ਨਾਈ ਹਾਲੇ ਬੂਹੇ ਤੇ ਨਹੀਂ ਆਈ। ਹਾਲੇ ਤਾਂ ਰਾਤਾਂ ਦੀ ਕਾਲਖ਼ ਮੂੰਹ ਸਿਰ ਉੱਤੇ ਛਾਈ। ਕਿਉਂ ਕਿਰ ਗਏ ਮੇਰੀ ਮੁੱਠੀ ਵਿਚੋਂ ਕਿਰਨ-ਮ-ਕਿਰਨੀ ਤਾਰੇ। ਅੱਧ ਖੁੱਲ੍ਹੀਆਂ ਪਲਕਾਂ ਵਿਚ ਹਾਲੇ ਨੀਂਦਰ ਖੌਰੂ ਪਾਇਆ। ਥਿੜਕਦਿਆਂ ਪੈਰਾਂ ਵਿਚ ਜਾਪੇ ਗੁੰਮਿਆਂ ਆਪਣਾ ਸਾਇਆ। ਸੂਰਜ ਦੀ ਟਿੱਕੀ ਨੂੰ ਤਰਸਣ ਸਾਰੇ ਵਖ਼ਤਾਂ ਮਾਰੇ। ਨੀਮ ਗੁਲਾਬੀ ਹੋਠਾਂ ਉੱਤੇ ਫਿਰੀਆਂ ਜ਼ਰਦ ਹਵਾਈਆਂ। ਘੇਰ ਲਿਆਂ ਅੱਖਾਂ ਨੂੰ ਘੇਰਾ ਗੂੜ੍ਹੀਆਂ ਘੋਰ ਸਿਆਹੀਆਂ। ਕਿਸ ਬਦਸ਼ਗਨੀ ਕੀਤੀ ਚੋਇਆ ਖ਼ੂਨ ਬਰੂਹੀਂ ਸਾਰੇ। ਪੋਟਾ ਪੋਟਾ ਇਸ ਧਰਤੀ ਦਾ ਵਿੰਨਿਆ ਤੀਰ ਕਮਾਨਾਂ। ਅਗਨ-ਖੇਡ ਵਿਚ ਮੁੱਕ ਨਾ ਜਾਈਏ ਸਹਿਮਦੀਆਂ ਨੇ ਜਾਨਾਂ। ਚੰਦਰੀ ਸੋਚ ਸ਼ੈਤਾਨ ਸੋਚਦਾ ਮੌਲਾ ਖ਼ੈਰ ਗੁਜ਼ਾਰੇ।

ਨਵੇਂ ਸਾਲ ਦਿਆਂ ਸੂਰਜਾ

ਨਵੇਂ ਸਾਲ ਦਿਆ ਸੂਰਜਾ ਤੂੰ ਚੱਜ ਦਾ ਚੜ੍ਹੀਂ। ਸਾਡੇ ਤਿੜਕੇ ਨਸੀਬਾਂ ਨੂੰ ਤੂੰ ਫਿਰ ਤੋਂ ਘੜੀਂ। ਫੁੱਲਾਂ ਕਲੀਆਂ 'ਚ ਰੰਗ ਨੌਜਵਾਨਾਂ 'ਚ ਉਮੰਗ। ਭਾਈਚਾਰੇ ਵਿਚ ਬਹਿਣ ਤੇ ਖਲੋਣ ਵਾਲਾ ਢੰਗ। ਸਾਡੇ ਨੇਤਰਾਂ 'ਚ ਏਹੋ ਜਿਹਾ ਚਾਨਣਾ ਭਰੀਂ। ਜਿਹੜੇ ਘਰਾਂ ਵਿਚ ਹਾਲੇ ਤੱਕ ਨ੍ਹੇਰ ਦਾ ਪਸਾਰ। ਉਨ੍ਹਾਂ ਵਿਹੜਿਆਂ 'ਚ ਆਪਣੀਆਂ ਕਿਰਨਾਂ ਖਿਲਾਰ। ਸਾਡੀ ਜ਼ਿੰਦਗੀ 'ਚ ਧੁੱਪ ਵਾਲਾ ਰੰਗ ਤੂੰ ਭਰੀਂ। ਸਾਡੇ ਪੈਰਾਂ 'ਚ ਬਿਆਈਆਂ ਸਾਡੇ ਹੱਥਾਂ ਉੱਤੇ ਛਾਲੇ। ਤੈਨੂੰ ਲੱਭਦੇ ਲਭਾਉਂਦਿਆਂ ਮੁਕਾਏ ਪੰਧ ਕਾਲੇ। ਸਾਡੇ ਖੰਭਾਂ ਵਿਚ ਉੱਚੀਆਂ ਉਡਾਰੀਆਂ ਭਰੀਂ। ਪਾਣੀ ਮੰਗਦੀ ਜ਼ਮੀਨ ਸਾਡੇ ਖੇਤ ਨੇ ਪਿਆਸੇ। ਸੁੱਕੇ ਬੁੱਲ੍ਹਾਂ ਉਤੇ ਮੋੜ ਦੇਵੀਂ ਖੁਸ਼ੀਆਂ ਤੇ ਹਾਸੇ। ਬਣ ਰਹਿਮਤਾਂ ਦਾ ਮੇਘਲਾ ਤੂੰ ਸਿਰ ਤੇ ਵਰ੍ਹੀਂ। ਐਵੇਂ ਲਾਲ ਪੀਲਾ ਹੋ ਕੇ ਤੂੰ ਵੀ ਲਾਈ ਜਾਵੇਂ ਤਾਣ। ਕਦੇ ਟੁੱਟਣਾ ਨਹੀਂ ਧਰਤੀ ਦੇ ਪੁੱਤਰਾਂ ਦਾ ਮਾਣ। ਰਹਿਣ ਹੱਸਦੇ ਤੇ ਵੱਸਦੇ ਇਹ ਆਪਣੇ ਘਰੀਂ। ਨਵੇਂ ਸਾਲ ਦਿਆ ਸੂਰਜਾ ਤੂੰ ਚੱਜ ਦਾ ਚੜ੍ਹੀਂ।

ਕਿੱਕਲੀ ਕਲੀਰ ਦੀ

ਜਸਬੀਰ ਖੁਸ਼ਦਿਲ ਦੇ ਨਾਂ ਕਿੱਕਲੀ ਕਲੀਰ ਦੀ, ਬਈ ਕਿੱਕਲੀ ਕਲੀਰ ਦੀ। ਲੀਰੋ ਲੀਰ ਚੁੰਨੀ ਮੇਰੀ, ਪਾਟੀ ਪੱਗ ਵੀਰ ਦੀ। ਫੁੱਲਾਂ ਪਈ ਸਰ੍ਹਿਆਂ ਤੇ, ਪੱਕ ਗਈਆਂ ਗੰਦਲਾਂ। ਪੁੱਤ ਦਾ ਵਿਯੋਗ ਮਾਂ ਨੂੰ, ਪਈ ਜਾਣ ਦੰਦਲਾਂ। ਸਾਗ ਵਾਲੀ ਦਾਤਰੀ ਹੈ, ਉਂਗਲਾਂ ਨੂੰ ਚੀਰਦੀ। ਲੀਰੋ ਲੀਰ ਚੁੰਨੀ ਮੇਰੀ, ਪਾਟੀ ਪੱਗ ਵੀਰ ਦੀ। ਨਰਮੇ ਦੇ ਖੇਤ ਸੜੇ, ਲੂਸੀਆਂ ਕਪਾਹਵਾਂ ਨੇ। ਆਲ੍ਹਣੇ 'ਚ ਬੋਟ ਫੂਕੇ, ਤੱਤੀਆਂ ਹਵਾਵਾਂ ਨੇ। ਹਿੱਕ 'ਚ ਤਰਾਟ ਉੱਠੇ, ਤੇਜ਼ ਤਿੱਖੇ ਤੀਰ ਦੀ। ਲੀਰੋ ਲੀਰ ਚੁੰਨੀ ਮੇਰੀ, ਪਾਟੀ ਪੱਗ ਵੀਰ ਦੀ। ਚੌਧਵੀਂ ਦੇ ਚੰਨ ਜਹੀਆਂ, ਗੋਲ ਗੋਲ ਰੋਟੀਆਂ। ਕਾਵਾਂ ਨੇ ਖਿਲਾਰੀਆਂ ਨੇ, ਵਿਹੜੇ ਵਿਚ ਬੋਟੀਆਂ। ਕੜ ਕੜ 'ਵਾਜ਼, ਲੱਕੋਂ ਟੁੱਟ ਗਏ ਛਤੀਰ ਦੀ। ਲੀਰੋ ਲੀਰ ਚੁੰਨੀ ਮੇਰੀ, ਪਾਟੀ ਪੱਗ ਵੀਰ ਦੀ।

ਪਿੱਪਲ ਦਿਆ ਪੱਤਿਆ ਓਇ

ਪਿੱਪਲ ਦਿਆ ਪੱਤਿਆ ਓਇ! ਕਾਹਦੀ ਖੜ ਖੜ ਖੜ ਖੜ ਲਾਈ ਆ। ਪੱਤ ਝੜ ਗਏ ਪੁਰਾਣੇ ਓਇ! ਸੋਹਣਿਆ ! ਰੁੱਤ ਨਵਿਆਂ ਦੀ ਆਈ ਆ। ਤੇਰੇ ਹੇਠਾਂ ਬਹਿ ਅੜਿਆ, ਮਾਣੀਆਂ ਰੱਜ ਕੇ ਸੰਘਣੀਆਂ ਛਾਵਾਂ। ਤੇਰੇ ਕਰਕੇ ਹੀ ਸੋਭਦੀਆਂ, ਹੀਰਿਆਂ ਪਿੰਡ ਸਾਡੇ ਦੀਆਂ ਰਾਹਵਾਂ। ਰੁੱਤ ਬਦਲੀ ਤੇ ਵਣ ਕੰਬਿਆ ਵੇਖ ਲੈ ਕੁੰਜ ਧਰਤੀ ਨੇ ਲਾਹੀ ਆ। ਪੱਤ ਝੜ ਗਏ ਪੁਰਾਣੇ ਓ.... ਰੰਗ ਰਾਗ ਬਦਲ ਗਏ ਨੇ, ਬਦਲੀਆਂ ਮਿੱਤਰਾ ਪੁਰਾਣੀਆਂ ਬਾਤਾਂ। ਤੂੰ ਵੇਖ ਕਰੂੰਬਲਾਂ ਨੂੰ ਕੁਦਰਤਾਂ ਦਿੱਤੀਆਂ ਜੋ ਨਰਮ ਸੁਗਾਤਾਂ। ਤੂੰ ਰੁੱਖ ਦਰਿਆ ਕੰਢੜਾ ਭਲਾ ਕਿਉਂ ਐਵੇਂ ਲੱਤ ਲਟਕਾਈ ਆ। ਪੱਤ ਝੜ ਗਏ ਪੁਰਾਣੇ ਓਇ... ਸਮਿਆਂ ਦੇ ਗੇੜੇ ਨੇ, ਗੇੜਿਆ ਚੱਕਰ ਐਸਾ ਸੋਹਣਾ। ਅੱਜ ਤੇਰੀ ਵਾਰੀ ਏ, ਭਲਕ ਨੂੰ ਆਪਾਂ ਮਿੱਟੀ ਹੋਣਾ। ਮਿੱਟੀ ਵਿਚ ਫ਼ੋਲ ਜ਼ਰਾ, ਏਸ ਵਿਚ ਕਿਸ ਕਿਸ ਜਾਨ ਗਵਾਈ ਆ। ਪੱਤ ਝੜ ਗਏ ਪੁਰਾਣੇ ਓਇ.... ਜੋ ਖੁਸ਼ੀਆਂ ਵੰਡਦਾ ਏ, ਜ਼ਮਾਨਾ ਝੁਕ ਕੇ ਸਲਾਮਾਂ ਕਰਦਾ। ਬੇਵਕਤੀ ਬੁੜ ਬੁੜ ਨੂੰ, ਭਲਾ ਦੱਸ ਕੌਣ ਸਿਆਣਾ ਜਰਦਾ। ਚੁੱਪ! ਸੌਂ ਜਾ ਬੇਸੁਰਿਆ ਤੂੰ, ਬਰੂਹੀਂ ਰੁੱਤ ਬਸੰਤੀ ਆਈ ਆ। ਪੱਤ ਝੜ ਗਏ ਪੁਰਾਣੇ ਓਇ...

ਢੱਠਿਆ ਮਕਾਨ ਹੋਇਆ ਆਲ੍ਹਣਾ ਤਬਾਹ ਏ

ਢੱਠਿਆ ਮਕਾਨ ਹੋਇਆ ਆਲ੍ਹਣਾ ਤਬਾਹ ਏ। ਏਸ ਦੇ ਖਿਲਾਫ਼ ਸਾਡੀ ਚਾਨਣੀ ਗਵਾਹ ਏ। ਮਿੱਟੀ ਦੀਆਂ ਕੰਧਾਂ ਤੇਜ਼ ਪਾਣੀਆਂ ਨੇ ਭੰਨੀਆਂ। ਸਾਡੀਆਂ ਪੁਕਾਰਾਂ ਕੂਕਾਂ ਕਿਸੇ ਵੀ ਨਾ ਮੰਨੀਆਂ। ਲੱਕ ਲੱਕ ਪਾਣੀ ਟੱਪ ਗਿਆ ਹੱਦਾਂ-ਬੰਨੀਆਂ। ਵੇਖਣ ਜਹਾਜ਼ਾਂ ਚੜ੍ਹ ਦੂਰਬੀਨਾਂ ਅੰਨ੍ਹੀਆਂ। ਚੱਪੂ ਤੋਂ ਬਗੈਰ ਸਾਡੀ ਬੇੜੀ ਦਾ ਮਲਾਹ ਏ...। ਅੰਬਰਾਂ 'ਚ ਪਈਆਂ ਵੇਖ ਪੀਂਘਾਂ ਸਤਰੰਗੀਆਂ। ਪੱਕੇ ਘਰਾਂ ਵਾਲਿਆਂ ਨੂੰ ਲੱਗਦੀਆਂ ਚੰਗੀਆਂ। ਸਾਡੀਆਂ ਤਾਂ ਜਿੰਦਾਂ ਇਹਨੇ ਸੂਲ ਉਤੇ ਟੰਗੀਆਂ। ਜ਼ਹਿਮਤਾਂ ਦਾ ਹੜ੍ਹ ਸਾਥੋਂ ਰਹਿਮਤਾਂ ਕਿਉਂ ਸੰਗੀਆਂ। ਨੀਂਵਿਆਂ ਨੂੰ ਡੋਬਣਾ ਇਹ ਪਾਣੀ ਦਾ ਸੁਭਾਅ ਏ...। ਤੰਦ ਦਾ ਵਿਗਾੜ ਹੁਣ ਉਲਝੀਆਂ ਤਾਣੀਆਂ। ਤੱਕੜੀ ਵੀ ਕਰੀ ਜਾਵੇ ਵੇਖੋ ਵੰਡਾਂ ਕਾਣੀਆਂ। ਉਮਰਾਂ ਤੋਂ ਲੰਬੀਆਂ ਨੇ ਦਰਦ ਕਹਾਣੀਆਂ। ਭਰੀ ਜਾ ਹੁੰਗਾਰਾ ਤੈਥੋਂ ਸੁਣੀਆਂ ਨਹੀਂ ਜਾਣੀਆਂ। ਡਾਢਿਆਂ ਦੇ ਪੱਖ ਵਿਚ ਹੋ ਗਿਆ ਖ਼ੁਦਾ ਏ। ਧਰਤੀ ਦੇ ਸਿਰ ਉੱਤੇ ਗੂੰਗਾ ਅਸਮਾਨ ਹੈ। ਮਨ ਹੈ ਉਦਾਸ ਸੁੰਨਾ ਲੱਗਦਾ ਜਹਾਨ ਹੈ। ਕੰਬਦੀ ਏ ਲਾਟ ਸਾਡੀ ਮੁੱਠੀ ਵਿਚ ਜਾਨ ਹੈ। ਫਿਰ ਵੀ ਤੂੰ ਵੇਖ ਸਾਡੇ ਹੋਠਾਂ ਮੁਸਕਾਨ ਹੈ। ਸਾਡਾ ਹੁਣ ਬੱਝਦਾ ਨਾ ਕਿਸੇ ਤੇ ਵਿਸਾਹ ਏ।

ਵਗਦੀ ਨਦੀ ਦੇ ਠੰਢੇ ਨੀਰ

ਬਲਬੀਰ ਮਾਹਲਾ ਦੇ ਨਾਂ ਵਗਦੀ ਨਦੀ ਦੇ ਠੰਢੇ ਨੀਰ, ਰਾਜਿਓ ਕਿੱਧਰ ਗਏ? ਭੈਣਾਂ ਦੇ ਸੋਹਣੇ ਸੋਹਣੇ ਵੀਰ, ਰਾਜਿਓ ਕਿੱਧਰ ਗਏ? ਧਰਤੀ ਦਾ ਲਾਲ ਸੂਹਾ ਵੇਸ, ਲਹੂ ਵਾਲੀ ਲੱਗੀ ਏ ਝੜੀ। ਮਾਵਾਂ ਦੇ ਗਲੀਂ ਖੁੱਲ੍ਹੇ ਕੇਸ, ਹੰਝੂਆਂ ਦੀ ਲੰਮੀ ਲੜੀ। ਕੋਈ ਨਾ ਬੰਨ੍ਹਾਵੇ ਆ ਕੇ ਧੀਰ। ਰਾਜਿਓ ਕਿਧਰ ਗਏ? ਜਿਥੇ ਸੀ ਠੰਢੀ ਮਿੱਠੀ ਪੌਣ, ਲੂਆਂ ਦਾ ਸੇਕ ਪਵੇ। ਸੱਖਣੀ ਚੰਗੇਰ ਤੇ ਪਰਾਤ, ਮੂਧੇ ਮੂੰਹ ਪਏ ਨੇ ਤਵੇ। ਤੁਰੀ ਫਿਰੇ ਅੱਗ ਦੀ ਲਕੀਰ। ਰਾਜਿਓ ਕਿੱਧਰ ਗਏ? ਗਲਿਆਂ 'ਚ ਰੁਕ ਚੱਲੇ ਗੌਣ, ਹੇਕਾਂ ਦਾ ਦਮ ਘੁੱਟਿਆ। ਲੱਖਾਂ ਮਣਾਂ ਦੇ ਹੇਠਾਂ ਧੌਣ, ਸੁਪਨੇ ਦਾ ਲੱਕ ਟੁੱਟਿਆ। ਹੋ ਚੱਲੀ ਡਾਢਿਓ ਅਖ਼ੀਰ। ਰਾਜਿਓ ਕਿੱਧਰ ਗਏ? ਮਾਵਾਂ ਤੇ ਧੀਆਂ ਭੈਣਾਂ, ਰੋ ਰੋ ਕੇ ਹਾਰੀਆਂ। ਰੁੱਖਾਂ ਦੇ ਮੁੱਢ ਨੂੰ ਜ਼ਾਲਮ, ਫੇਰਨ ਪਏ ਆਰੀਆਂ। ਬਾਲਣ ਦੇ ਵਾਂਗੂੰ ਦਿੰਦੇ ਚੀਰ। ਰਾਜਿਓ ਕਿੱਧਰ ਗਏ? ਭੈਣਾਂ ਦੇ ਸੋਹਣੇ ਸੋਹਣੇ ਵੀਰ, ਰਾਜਿਓ ਕਿੱਧਰ ਗਏ?

ਅੱਗ ਦੀ ਲਾਟ ਬਣ ਜਾਈਂ ਨੀ

ਹਰਦਿਆਲ ਪਰਵਾਨਾ ਦੇ ਨਾਂ ਅੱਗ ਦੀ ਲਾਟ ਬਣ ਜਾਈਂ ਨੀ ਮੇਰੇ ਪਿੰਡ ਦੀ ਕੁੜੀਏ। ਨ੍ਹੇਰੇ ਦੂਰ ਭਜਾਈਂ ਨੀ ਮੇਰੇ ਪਿੰਡ ਦੀਏ ਕੁੜੀਏ। ਤੇਰੇ ਰਾਹਾਂ ਵਿਚ ਬੈਠੇ ਫ਼ਨੀਅਰ ਨਾਗ ਜ਼ਹਿਰੀਲੇ, ਨੀਲੇ ਪੀਲੇ। ਸਬਰ ਸਮੇਂ ਦੇ ਮਾਂਦਰੀਆਂ ਤੋਂ ਹੁਣ ਤੱਕ ਗਏ ਨਾ ਕੀਲੇ, ਹਾਰੇ ਹੀਲੇ। ਮੋਹ ਮੁਹੱਬਤਾਂ ਦੀ ਬੋਲੀ ਬੋਲਣ ਐਸੀ ਬੀਨ ਵਜਾਈਂ ਨੀ। ਮੇਰੇ ਪਿੰਡ ਦੀਏ ਕੁੜੀਏ... ਭੱਠੀ ਦੇ ਵਿਚ ਜੋਬਨ ਭੁੰਨਣ ਤੇਰੇ ਜਹੀਆਂ ਲੱਖ ਨਾਰਾਂ, ਸੋਹਲ ਮੁਟਿਆਰਾਂ। ਕੋਲ ਡੁਸਕਦੇ ਬਾਲ ਨਿਆਣੇ ਸੁੱਤੀਆਂ ਨੇ ਸਰਕਾਰਾਂ, ਲੈਣ ਨਾ ਸਾਰਾਂ। ਕੱਚੀਆਂ ਕੁੱਲੀਆਂ ਦੇ ਵਿਚ ਜਗ ਕੇ ਵਿਹੜੇ ਤੂੰ ਰੁਸ਼ਨਾਈਂ ਨੀ। ਮੇਰੇ ਪਿੰਡ ਦੀਏ ਕੁੜੀਏ... ਗਲਿਆਂ ਦੇ ਵਿਚ ਹੇਕਾਂ ਸੁੱਤੀਆਂ ਥਿੜਕਦੀਆਂ ਨੇ ਤਰਜ਼ਾਂ, ਮਾਰਿਆ ਗਰਜ਼ਾਂ। ਗਾਰੇ ਵਿਚ ਜਿਉਂ ਖੁਭਿਆ ਪਹੀਆ ਘੇਰ ਲਿਆ ਏ ਕਰਜ਼ਾਂ ਨਾਲੇ ਫ਼ਰਜ਼ਾਂ। ਔਖੀ ਤਰਜ਼ ਦੇ ਗੀਤ ਨੂੰ ਭੈਣੇ ਰਲ ਮੇਰੇ ਨਾਲ ਗਾਈਂ ਨੀ। ਮੇਰੇ ਪਿੰਡ ਦੀਏ ਕੁੜੀਏ... ਗਹਿਣਾ ਗੱਟਾ ਲੀੜ ਲੱਤਾ ਚੰਦਰੀ ਚਾਰ ਦੀਵਾਰੀ, ਨਾ ਕਰ ਪਿਆਰੀ। ਪਿੰਜਰੇ ਦੀ ਚੂਰੀ ਦੇ ਬਦਲੇ ਬੜੀ ਗੁਲਾਮੀ ਭਾਰੀ, ਨਿਰੀ ਖੁਆਰੀ। ਤੇਰੇ ਕਦਮਾਂ ਦੇ ਵਿਚ ਬਿਜਲੀ ਤੈਥੋਂ ਦੂਰ ਬਲਾਈਂ ਨੀ। ਮੇਰੇ ਪਿੰਡ ਦੀਏ ਕੁੜੀਏ...

ਚੰਨਾ ਸੂਰਜਾ ਤੂੰ ਵੇਖ

ਚੰਨਾ ਸੂਰਜਾ ਤੂੰ ਵੇਖ ਸਰਘੀ ਦੇ ਤਾਰਿਆ। ਸਾਨੂੰ ਕਾਲੀਆਂ ਸਿਆਸਤਾਂ ਨੇ ਕਿੱਦਾਂ ਮਾਰਿਆ। ਗੱਡੀ ਰੁਕੀ ਅੱਧਵਾਟੇ ਪੈਣ ਘਾਟੇ ਦਰ ਘਾਟੇ। ਸਾਡੀ ਸਾਬਤੀ ਕਿਤਾਬ ਦੇ ਨੇ ਸਫ਼ੇ ਅੱਜ ਪਾਟੇ। ਝੂਠ ਜਿੱਤਿਆਂ ਤੇ ਵੇਖ ਕਿੱਦਾਂ ਸੱਚ ਹਾਰਿਆ। ਸਾਨੂੰ ਕਾਲੀਆਂ ਸਿਆਸਤਾਂ ਨੇ ਕਿੱਦਾਂ ਮਾਰਿਆ। ਸਾਨੂੰ ਖਾਈ ਜਾਵੇ ਪਾਲਾ ਚੜ੍ਹੇ ਹਾੜ੍ਹ ਲੱਗੇ ਪੋਹ । ਸਾਡੇ ਹੱਕ ਦੀ ਕਮਾਈ ਡਾਢੇ ਲੈ ਜਾਣ ਖੋਹ। ਕੋਈ ਸੁਣਦਾ ਨਾ ਅੱਜ ਸਾਡੀ ਹਾਲ ਪਾਹਰਿਆ। ਸਾਨੂੰ ਕਾਲੀਆਂ ਸਿਆਸਤਾਂ ਨੇ ਕਿੱਦਾਂ ਮਾਰਿਆ। ਸਾਡੇ ਮਾਂ ਬਾਪ ਜਾਏ ਅੱਜ ਬਣ ਗਏ ਪਰਾਏ। ਖ਼ੂਨ ਵਿਚ ਨਾ ਲਕੀਰ ਪੈਂਦੀ ਕਿਹੜਾ ਸਮਝਾਏ। ਵੇਖੋ ! ਸਾਡੇ ਭਾਈਚਾਰੇ ਨੇ ਕੀਹ ਰੂਪ ਧਾਰਿਆ। ਸਾਨੂੰ ਕਾਲੀਆਂ ਸਿਆਸਤਾਂ ਨੇ ਕਿੱਦਾਂ ਮਾਰਿਆ। ਹੋਈਏ ਕਿਰਤੀ ਕਿਸਾਨ ਇਕ ਮੁੱਠ ਇਕ ਜਾਨ। ਸਾਡਾ ਬੋਹਲ ਨਾ ਕੋਈ ਲੁੱਟੇ ਲਾਂਭੇ ਕਰਕੇ ਧਿਆਨ। ਗੂੰਜ ਅੰਬਰਾਂ 'ਚ ਏਕਤਾ ਦੇ ਉੱਚੇ ਨਾਹਰਿਆ। ਸਾਨੂੰ ਕਾਲੀਆਂ ਸਿਆਸਤਾਂ ਨੇ ਕਿੱਦਾਂ ਮਾਰਿਆ।

ਇਹ ਦੁਨੀਆਂ ਨਹੀਂ ਕਮਦਿਲਿਆਂ ਦੀ

ਹੰਸ ਰਾਜ ਹੰਸ ਦੇ ਨਾਂ ਇਹ ਦੁਨੀਆਂ ਨਹੀਂ ਕਮਦਿਲਿਆਂ ਦੀ, ਇਹ ਰਣ ਹੈ ਪੌਣ-ਸਵਾਰਾਂ ਦਾ। ਜੇ ਨੀਂਹਾਂ ਦੇ ਵਿਚ ਸਿਰ ਹੋਵਣ, ਮੁੱਲ ਪੈ ਜਾਂਦੈ ਦੀਵਾਰਾਂ ਦਾ। ਜੋ ਸੂਲੀ ਚੜ੍ਹ ਮੁਸਕਾਉਂਦੇ ਨੇ, ਉਹੀ ਉੱਚੇ ਰੁਤਬੇ ਪਾਉਂਦੇ ਨੇ। ਇਤਿਹਾਸ ਗਵਾਹ ਬਹਿ ਤਵੀਆਂ ਤੇ, ਉਹ ਜਾਬਰ ਨੂੰ ਅਜ਼ਮਾਉਂਦੇ ਨੇ। ਅਣਖ਼ਾਂ ਤੇ ਇੱਜ਼ਤਾਂ ਵਾਲਿਆਂ ਨੂੰ, ਨਹੀਂ ਡਰ ਸ਼ਾਹੀ ਦਰਬਾਰਾਂ ਦਾ। ਇਹ ਦੁਨੀਆਂ ਨਹੀਂ ਕਮਦਿਲਿਆਂ ਦੀ...। ਜੋ ਦੀਨ ਦੁਨੀਆਂ ਕੇ ਹੇਤ ਲੜੇ, ਉਸ ਦੀ ਹੀ ਬੇੜੀ ਤੋੜ ਚੜ੍ਹੇ। ਜੋ ਰੋਕ ਪਿਆਂ ਤੋਂ ਰੁਕ ਜਾਵਣ, ਬੁੱਸ ਜਾਂਦੇ ਪਾਣੀ ਖੜ੍ਹੇ ਖੜ੍ਹੇ। ਤਪਦੇ ਥਲ ਵਿਚ ਦੀ ਪੈਂਡਾ ਕਰ, ਜੇ ਚਾਹੁਨੈਂ ਸਾਥ ਬਹਾਰਾਂ ਦਾ। ਇਹ ਦੁਨੀਆਂ ਨਹੀਂ ਕਮਦਿਲਿਆਂ ਦੀ...। ਇਹ ਤਾਂ ਸਿਰਲੱਥਾਂ ਦੀ ਬਸਤੀ ਹੈ, ਏਥੇ ਜ਼ਿੰਦਗੀ ਮੌਤੋਂ ਸਸਤੀ ਹੈ। ਮਿੱਟੀ ਵਿਚ ਆਪਣਾ ਖ਼ੂਨ ਚੁਆ, ਤਦ ਮਿਲਣੀ ਉੱਚੀ ਹਸਤੀ ਹੈ। ਇਹ ਜੋ ਰੰਗਾਂ ਦਾ ਦਰਿਆ ਜਾਪੇ, ਸਭ ਖ਼ੂਨ ਵਹੇ ਮੇਰੇ ਯਾਰਾਂ ਦਾ। ਇਹ ਦੁਨੀਆਂ ਨਹੀਂ ਕਮਦਿਲਿਆਂ ਦੀ...। ਪਈ ਰਾਤ ਹਨੇਰ ਚੁਫ਼ੇਰਾ ਹੈ, ਧੂੰਏਂ ਦਾ ਘਿਰਿਆ ਘੇਰਾ ਹੈ। ਅਸੀਂ ਬਾਤਾਂ ਸੁਣ ਸੁਣ ਅੱਕ ਗਏ ਆਂ, ਹਾਲੇ ਕਿੰਨੀ ਕੁ ਦੂਰ ਸਵੇਰਾ ਹੈ। ਸੂਰਜ ਦੀ ਸੁਰਖ਼ ਸਵੇਰ ਬਿਨਾਂ, ਮੂੰਹ ਦਿਸਣਾ ਨਹੀਂ ਦਿਲਦਾਰਾਂ ਦਾ। ਇਹ ਦੁਨੀਆਂ ਨਹੀਂ ਕਮਦਿਲਿਆਂ ਦੀ,....।

ਸਾਨੂੰ ਮੋੜ ਦਿਓ ਰੰਗਲਾ ਪੰਜਾਬ

ਢਾਡੀ ਰਛਪਾਲ ਸਿੰਘ ਪਮਾਲ ਦੇ ਨਾਂ ਸਾਨੂੰ ਮੋੜ ਦਿਓ ਰੰਗਲਾ ਪੰਜਾਬ, ਅਸੀਂ ਨਹੀਂ ਕੁਝ ਹੋਰ ਮੰਗਦੇ। ਸਾਨੂੰ ਮੋੜ ਦਿਓ ਖਿੜਿਆ ਗੁਲਾਬ, ਅਸੀਂ ਨਹੀਂ ਕੁਝ ਹੋਰ ਮੰਗਦੇ। ਮੋੜ ਦਿਓ ਸਾਡੀਆਂ ਵਿਸਾਖੀਆਂ ਤੇ ਲੋਹੜੀਆਂ। ਭੈਣਾਂ ਦੇ ਸੁਹਾਗ ਸੋਹਣੇ ਵੀਰਾਂ ਦੀਆਂ ਘੋੜੀਆਂ। ਮਿੱਠੇ ਗੀਤਾਂ ਵਾਲੀ ਸੁੱਚੜੀ ਕਿਤਾਬ। ਅਸੀਂ ਨਹੀਂ ਕੁਝ ਹੋਰ ਮੰਗਦੇ। ਸੁਰਾਂ ਤੋਂ ਬਗੈਰ ਗੀਤ ਚੰਗੇ ਨਹੀਓਂ ਲੱਗਦੇ। ਬਾਲੇ ਮਰਦਾਨੇ ਬਿਨਾਂ ਰਾਗ ਨਹੀਓਂ ਫੱਬਦੇ। ਕਿਹੜੇ ਕੰਮ ਆਊ ਸੱਖਣੀ ਰਬਾਬ। ਅਸੀਂ ਨਹੀਂ ਕੁਝ ਹੋਰ ਮੰਗਦੇ। ਲੀਰੋ ਲੀਰ ਸਾਲੂ ਤਾਰੋ ਤਾਰ ਫੁਲਕਾਰੀਆਂ। ਫੇਰੋ ਨਾ ਪੰਜਾਬ ਦੇ ਸਰੀਰ ਉੱਤੇ ਆਰੀਆਂ। ਸ਼ਾਲਾ! ਮੁੱਕ ਜਾਵੇ ਚੰਦਰਾ ਖ਼ਵਾਬ। ਅਸੀਂ ਨਹੀਂ ਕੁਝ ਹੋਰ ਮੰਗਦੇ। ਫਾਂਸੀ ਚੜ੍ਹੇ ਭਗਤ ਸਰਾਭਿਆਂ ਦੀ ਸਹੁੰ ਹੈ। ਗਦਰੀ ਸ਼ਹੀਦਾਂ ਯੋਧੇ ਬਾਬਿਆਂ ਦੀ ਸਹੁੰ ਹੈ। ਮਾਝਾ ਮਾਲਵਾ ਤੇ ਜਾਗ ਪਏ ਦੋਆਬ। ਅਸੀਂ ਨਹੀਂ ਕੁਝ ਹੋਰ ਮੰਗਦੇ।

ਬੱਸ ਕਰ ਜੀ ਹੁਣ ਬੱਸ ਕਰ ਜੀ

ਬੱਸ ਕਰ ਜੀ ਹੁਣ ਬੱਸ ਕਰ ਜੀ। ਤੂੰ ਆਪਣੀ ਅਕਲ ਨੂੰ ਵੱਸ ਕਰ ਜੀ। ਦਰਿਆਵਾਂ ਦੇ ਪਾਣੀ ਸ਼ੂਕ ਰਹੇ। ਅਸੀਂ ਪਾਣੀ ਪਾਣੀ ਕੂਕ ਰਹੇ। ਨਾ ਕਿਸੇ ਦੇ ਹੱਥ ਬੰਦੂਕ ਰਹੇ। ਹੋਈ ਮੁੱਦਤ ਵੇਖਿਆ ਹੱਸ ਕਰ ਜੀ। ਇਹ ਚੰਗੇ ਨਹੀਓਂ ਦਿਸਦੇ ਸ਼ਗਨ। ਜਦ ਪਾਣੀ ਥਾਂ ਨਹਿਰੀਂ ਖ਼ੂਨ ਵਗਣ। ਥਾਂ ਥਾਂ ਪੁੱਤਰਾਂ ਦੇ ਸਿਵੇ ਜਗਣ। ਫੜ ਅਕਲ ਦੀ ਸੰਗਲੀ ਕੱਸ ਕਰ ਜੀ। ਇਕ ਪੈਰ ਨਾ ਅੱਗੇ ਗੱਲ ਤੁਰੀ। ਸਾਡੀ ਅਉਧ ਦਿਨੋ ਦਿਨ ਜਾਏ ਖੁਰੀ। ਦੋਹੀਂ ਹੱਥੀਂ ਤਿੱਥੀਂ ਤੇਜ਼ ਛੁਰੀ। ਅਸੀਂ ਕਿੱਧਰ ਜਾਈਏ ਨੱਸ ਕਰ ਜੀ। ਸਾਨੂੰ ਮਾਰਿਆ ਧੱਕੇ ਧੋੜਿਆਂ ਨੇ। ਸਾਡੇ ਸੁਪਨੇ ਮਿੱਥੇ ਘੋੜਿਆਂ ਨੇ। ਸਾਨੂੰ ਦਿੱਤਾ ਦਿਲਾਸਾ ਥੋੜਿਆਂ ਨੇ। ਦੁੱਖ ਘਟਦਾ ਨਾ ਹੁਣ ਦੱਸ ਕਰ ਜੀ। ਜੋ ਘਰਾਂ ਦੇ ਵਿਚ ਨਾ ਕਿਤਾਬ ਰਹੀ। ਜੇ ਹੱਥਾਂ ਦੇ ਵਿਚ ਨਾ ਰਬਾਬ ਰਹੀ। ਜੇ ਏਦਾਂ ਹੀ ਹੁੰਦੀ ਬਾਬ ਰਹੀ। ਫਿਰ ਕਿਹੜਾ ਆਖੂ ਬੱਸ ਕਰ ਜੀ। ਤੂੰ ਆਪਣੀ ਅਕਲ ਨੂੰ ਵੱਸ ਕਰ ਜੀ।

ਨਾਗ ਨਿਵਾਸਾਂ ਦੇ ਰਹਿ ਨੀ ਜਿੰਦੇ

ਨਾਗ ਨਿਵਾਸਾਂ ਦੇ ਰਹਿ ਨੀ ਜਿੰਦੇ, ਨਾਗ ਨਿਵਾਸਾਂ ਦੇ ਰਹਿ ਸਿਰ ਤੇ ਪੈਣ ਵਦਾਨ ਹਥੌੜੇ, ਔਖੀ ਸੌਖੀ ਸਹਿ। ਨੀ ਜਿੰਦੇ ਔਖੀ ਸੌਖੀ ਸਹਿ। ਨਾ ਵੱਸ ਤੇਰੇ ਨਾ ਵੱਸ ਮੇਰੇ, ਹੱਸਣਾ, ਰੋਣਾ, ਗਾਉਣਾ। ਤੁਰੀਏ ਵੀ ਤਾਂ ਤਲਵਾਰਾਂ ਉੱਤੇ, ਕੰਡਿਆਂ ਦੀ ਸੇਜ ਵਿਛਾਉਣਾ। ਚੁੱਪ ਚੁਪੀਤੇ ਹਾਉਕੇ ਭਰੀਏ, ਸਕੀਏ ਕੁਝ ਨਾ ਕਹਿ। ਨੀ ਜਿੰਦੇ ਨਾਗ ਨਿਵਾਸਾਂ ਦੇ ਰਹਿ। ਧਰਤੀ ਅੰਬਰ ਦੀ ਬੁੱਕਲ 'ਚੋਂ, ਨਿੱਘ ਜਿਹਾ ਕਰ ਚੱਲਿਆ। ਸ਼ੂਕ ਰਹੇ ਦਰਿਆਵਾਂ ਨੂੰ ਨਾ, ਅਕਲਾਂ ਵਾਲਿਆਂ ਠੱਲ੍ਹਿਆ। ਸਭ ਰੁੜ੍ਹ ਚੱਲੇ, ਤੂੰ ਨਾ ਰੁੜ੍ਹ ਜਾਈਂ, ਨਾਲ ਭਰਾਵਾਂ ਰਹਿ। ਨੀ ਜਿੰਦੇ ਨਾਲ ਭਰਾਵਾਂ ਰਹਿ। ਘਰ ਦੀ ਚਾਰਦੀਵਾਰੀ ਵਲਗਣ, ਸਾਥੋਂ ਟੱਪ ਨਾ ਹੋਵੇ। ਹੰਝੂਆਂ ਦੀ ਬਰਸਾਤ ਰੋਜ਼ਾਨਾ, ਜ਼ਖ਼ਮ ਅਸਾਡੇ ਧੋਵੇ। ਕਿਣ ਮਿਣ ਕਿਣ ਮਿਣ ਵਰ੍ਹਾ ਨੀ ਅੱਖੀਏ, ਚਿਹਰੇ ਧੋਂਦੀ ਰਹਿ। ਨੀ ਜਿੰਦੇ ਨਾਗ ਨਿਵਾਸਾਂ ਦੇ ਰਹਿ।

ਨੀ ਜਿੰਦੇ ਮੇਰੀਏ

ਡਾ. ਸੁਖਨੈਨ ਦੇ ਨਾਂ ਰਾਤਾਂ ਕਾਲੀਆਂ ਹਨੇਰਾ ਚਾਰੇ ਪਾਸੇ, ਕਿਤੇ ਵੀ ਨਾ ਤਾਰਾ ਲਿਸ਼ਕੇ, ਨੀ ਜਿੰਦੇ ਮੇਰੀਏ। ਰੁੱਖਾਂ ਵਾਲਿਓ ਸੰਭਾਲੋ ਛਾਵਾਂ, ਆਰੀ ਵਾਲੇ ਫੇਰ ਆ ਗਏ। ਪੱਗਾਂ ਬੱਧੀਆਂ ਨੂੰ ਨਜ਼ਰਾਂ ਲੱਗੀਆਂ, ਚੰਗੇ ਭਲੇ ਵੱਸਦੇ ਸੀ। ਚੁੱਲ੍ਹੇ ਅੱਗ ਨਾ ਘੜੇ ਦੇ ਵਿਚ ਪਾਣੀ, ਜਿਸ ਥਾਂ ਕਲੇਸ਼ ਵੱਸਦਾ। ਅੱਗ ਲੱਗ ਜੇ ਸ਼ੈਤਾਨਾਂ ਵਾਲੀ ਸੋਚ ਨੂੰ, ਵੀਰਾਂ ਨਾਲੋਂ ਵੀਰ ਨਿੱਖੜੇ। ਰਹਿਣਾ ਕੱਖ ਨਹੀਂ ਚੰਦਰਿਆ ਤੇਰਾ, ਵੱਸਦਾ ਪੰਜਾਬ ਰੋਲਿਆ। ਕਿਹੜਾ ਕਰੇਗਾ ਘਰਾਂ ਦੀ ਰਾਖੀ, ਚੋਰ ਕੁੱਤੀ ਦੋਵੇਂ ਰਲ ਗਏ। ਕੇਹੇ ਉੱਤਰੇ ਪਹਾੜੋਂ ਜੋਗੀ, ਡਾਂਗ ਨਾਲ ਖ਼ੈਰ ਮੰਗਦੇ। ਰਾਤਾਂ ਕਾਲੀਆਂ ਜਗਾਉਂ ਦੀਵੇ, ਸਾਰੇ ਜਾਣੇ ਆਪਣੇ ਘਰੀਂ।

ਗ਼ਜ਼ਲ

ਜਦ ਤੋਂ ਹੋਰ ਜ਼ਮਾਨੇ ਆਏ ਬਦਲੇ ਨੇ ਹਾਲਾਤ ਮੀਆਂ। ਸਾਡੇ ਪਿੰਡ ਤਾਂ ਚਾਰ ਵਜੇ ਹੀ ਪੈ ਜਾਂਦੀ ਏ ਰਾਤ ਮੀਆਂ। ਏਸ ਘਰ ਦੀਆਂ ਨੀਹਾਂ ਦੇ ਵਿਚ ਸਿਰ ਰੱਖੇ ਸੀ ਏਸ ਲਈ, ਪੁੱਤ ਪੋਤਰੇ ਵਾਸ ਕਰਨਗੇ ਜਦ ਆਊ ਬਰਸਾਤ ਮੀਆਂ। ਰੋਜ਼ ਦਿਹਾੜੀ ਸੱਥਰ ਵਿਛਦੇ ਕੀਰਨਿਆਂ ਦੀ 'ਵਾਜ਼ ਸੁਣੇ, ਇਕ ਇਕ ਕਰਕੇ ਕਤਲ ਹੋ ਰਹੇ ਹੁਣ ਮੇਰੇ ਜਜ਼ਬਾਤ ਮੀਆਂ। ਰਾਜ ਮਹਿਲ ਦੇ ਵਾਸੀ ਸੱਜਣਾ ਤੂੰ ਵੀ ਬਾਹਰ ਝਾਕ ਜ਼ਰਾ, ਕਈ ਵਰ੍ਹਿਆਂ ਤੋਂ ਇਸ ਬਸਤੀ ਵਿਚ ਆਈ ਨਾ ਪ੍ਰਭਾਤ ਮੀਆਂ। ਮੇਰੀ ਚੀਖ਼ ਸੁਣਦਿਆ ਲੋਕਾਂ ਜਾਗ ਅਤੇ ਸੰਘਰਸ਼ ਵੀ ਕਰ, ਸੁੱਤਿਆਂ ਸੁੱਤਿਆਂ ਇਹ ਨਾ ਮੁੱਕਣੀ ਗ਼ਮ ਦੀ ਕਾਲੀ ਰਾਤ ਮੀਆਂ। ਆਪੋ ਆਪਣਾ ਜ਼ਹਿਰ ਪਿਆਲਾ ਪੀਣਾ ਪੈਣੈਂ ਹਮ-ਸਫ਼ਰੋ, ਹਰ ਵਾਰੀ ਨਹੀਂ ਆਉਂਦਾ ਹੁੰਦਾ ਧਰਤੀ 'ਤੇ ਸੁਕਰਾਤ ਮੀਆਂ। ਜਿਹੜੇ ਵੇਲੇ ਚੋਗਾ ਚੁਗ ਕੇ ਪੰਛੀ ਘਰ ਨੂੰ ਮੁੜਦੇ ਨੇ, ਇਕ ਦੂਜੇ ਤੋਂ ਲੁਕਦੇ ਫਿਰੀਏ ਮੈਂ ਤੇ ਮੇਰੀ ਜ਼ਾਤ ਮੀਆਂ। ਮੈਂ ਤਾਂ ਏਸ ਚੌਰਾਹੇ ਦੇ ਵਿਚ ਬਲਦਾ ਦੀਵਾ ਧਰ ਚੱਲਿਆਂ, ਲਾਟ ਬਚਾਇਓ ਨ੍ਹੇਰੀ ਕੋਲੋਂ ਸਿਰ 'ਤੇ ਕਾਲੀ ਰਾਤ ਮੀਆਂ।

ਗ਼ਜ਼ਲ

ਆਪੋ ਆਪਣੀ ਚੁੱਪ ਤੋਂ ਡਰੀਏ। ਸ਼ਾਮ ਸਵੇਰੇ ਹੌਕੇ ਭਰੀਏ। ਧਰਤੀ ਪੀਤਾ ਸਾਰਾ ਪਾਣੀ, ਮਾਰੂਥਲ ਵਿਚ ਕੀਕਣ ਤਰੀਏ। ਕਾਲੇ ਸਾਏ ਚਾਰ ਚੁਫ਼ੇਰੇ, ਨਾ ਹੀ ਜੀਂਦੇ ਨਾ ਹੀ ਮਰੀਏ। ਵਾਹ ਕੇ ਕਾਗਜ਼ ਉੱਪਰ ਲੀਕਾਂ, ਮਨ ਦੇ ਖ਼ਾਲੀ ਕੋਨੇ ਭਰੀਏ। ਚਿੜੀ ਆਖਦੀ ਜਾਗ ਮੁਸਾਫ਼ਿਰ, ਕੁਝ ਤਾਂ ਪੈਂਡਾ ਖੋਟਾ ਕਰੀਏ। ਤਨ ਤੇ ਨਿੱਘਾ ਕੋਟ ਸਵੈਟਰ, ਮਨ ਦੇ ਪਾਲੇ ਕਰਕੇ ਠਰੀਏ। ਮਨ ਦੀ ਬੱਤੀ ਬਾਲ ਬਾਲ ਕੇ, ਚਾਰ ਚੁਫ਼ੇਰੇ ਚਾਨਣ ਕਰੀਏ। ਡਾਢੀ ਤੇਜ਼ ਹਨੇਰੀ ਫਿਰ ਵੀ, ਆ ਮਮਟੀ 'ਤੇ ਦੀਵਾ ਧਰੀਏ।

ਗ਼ਜ਼ਲ

ਮੈਂ ਤੰਬੂ ਹੇਠ ਮਰ ਚੱਲਿਆਂ ਕਿਸੇ ਨੇ ਵੱਢੀਆਂ ਤਣੀਆਂ। ਇਕੱਲੀ ਜਾਨ ਤੇ ਲੱਖਾਂ ਕਰੋੜਾਂ ਮੁਸ਼ਕਲਾਂ ਬਣੀਆਂ। ਅਸੀਂ ਤਪਦੇ ਮਹੀਨੇ ਮੰਗਿਆ ਸੀ ਮੇਘਲਾ ਤੈਥੋਂ, ਤੂੰ ਸਾਨੂੰ ਬਖਸ਼ੀਆਂ ਤੇਜ਼ਾਬ ਦੇ ਬੱਦਲ ਦੀਆਂ ਕਣੀਆਂ। ਅਸੀਂ ਵਰਮੀ ਦੇ ਅੰਦਰ ਹੱਥ ਪਾ ਕੇ ਵੇਖ ਆਏ ਹਾਂ, ਸਿਰਾਂ ਨੂੰ ਪੀੜਿਆਂ ਬਿਨ ਮਿਲਣ ਨਾ ਨਾਗਾਂ ਦੀਆਂ ਮਣੀਆਂ। ਮੇਰੀ ਗ਼ੈਰਤ ਕਦੇ ਵੀ ਹਾਕਮਾਂ ਨੂੰ ਰਾਸ ਨਹੀਂ ਆਉਂਦੀ, ਇਸੇ ਕਰਕੇ ਮੇਰੀ ਹਿੱਕ ਦੇ ਸੰਗੀਨਾਂ ਰਹਿੰਦੀਆਂ ਤਣੀਆਂ। ਇਹ ਕਿੱਧਰ ਤੁਰ ਪਿਆ ਹੈ ਵਕਤ ਵੇਖੋ ਤੇ ਜ਼ਰਾ ਸੋਚੋ, ਹਿਲਾਵੇ ਤਾਰ ਕਿਹੜਾ ਬੈਠ ਕਿੱਥੇ ਖਿੱਚਦਾ ਤਣੀਆਂ। ਅਸੀਂ ਪੁਤਲੀ ਦੇ ਵਾਂਗੂੰ ਨੱਚਦੇ ਹਾਂ ਰਾਤ ਦਿਨ ਯਾਰੋ, ਨਚਾਵੇ ਬਣ ਮਦਾਰੀ ਵੇਖ ਲਉ ਇਹ ਵਕਤ ਦਾ ਬਣੀਆਂ। ਉਨ੍ਹਾਂ ਨੂੰ ਕੀ ਪਤਾ ਹੈ ਤਿਤਲੀਆਂ ਦੀ ਮੌਤ ਦੇ ਬਾਰੇ, ਜਿੰਨ੍ਹਾਂ ਦੇ ਨੇਤਰਾਂ 'ਚ ਪੁਤਲੀਆਂ ਪੱਥਰ ਦੀਆਂ ਬਣੀਆਂ।

ਗ਼ਜ਼ਲ

ਰੱਤ ਭਰੇ ਵਗਦੇ ਦਰਿਆ। ਪਾਣੀ ਕਿੱਧਰ ਚਲਾ ਗਿਆ। ਸੁਣਦਿਆਂ ਕੰਨ ਲੂਸ ਗਏ, ਰੋਜ਼ ਦਿਹਾੜੀ ਅਗਨ-ਕਥਾ। ਬਾਤ ਹੁੰਗਾਰਾ ਮੰਗਦੀ ਹੈ, ਸੁੱਤਿਆ ਲੋਕਾ ਜਾਗ ਜ਼ਰਾ। ਘਰ ਤੋਂ ਦਫ਼ਤਰ ਤੀਕ ਜਿਵੇਂ, ਲੰਮ-ਸਲੰਮਾ ਬਲੇ ਸਿਵਾ। ਨੇਰ੍ਹੀ ਵੀ ਮੂੰਹ-ਜ਼ੋਰ ਬੜੀ, ਫਿਰ ਵੀ ਦੀਵਾ ਜਗੇ ਪਿਆ। ਵੇਖੋ ! ਇਹ ਪੰਜਾਬ ਮੇਰਾ, ਕਿੱਥੋਂ ਕਿੱਥੇ ਪਹੁੰਚ ਗਿਆ।

ਗ਼ਜ਼ਲ

ਮੋਈਆਂ ਘੁੱਗੀਆਂ ਚੇਤੇ ਆਈਆਂ ਬਿਸਤਰ ਉੱਤੇ ਬਹਿੰਦੇ ਨੂੰ। ਰਾਤ ਲੰਘਾਈ ਕੰਡਿਆਂ ਉੱਤੇ ਉਸਲਵੱਟੇ ਸਹਿੰਦੇ ਨੂੰ। ਅੱਗ ਵੀ ਸਾੜੇ ਠੰਢ ਵੀ ਠਾਰੇ ਜੰਤ ਜਨੌਰਾਂ ਦਾ ਵੀ ਡਰ, ਕੱਲ੍ਹੀ ਜਾਨ ਨੂੰ ਲੱਖਾਂ ਕਜੀਏ ਜੰਗਲ ਦੇ ਵਿਚ ਰਹਿੰਦੇ ਨੂੰ। ਸੁਰਖ਼ਪੋਸ਼ ਜਿਹਾ ਰਮਤਾ ਜੋਗੀ ਜਦ ਦਰਿਆ ਨੂੰ ਪਾਰ ਕਰੇ, ਬਿਲਕੁਲ ਏਦਾਂ ਜਾਪੇ ਸੂਰਜ ਲਹਿ ਚੱਲਿਆ ਹੈ ਲਹਿੰਦੇ ਨੂੰ। ਮੁੱਕ ਜਾਵਾਂਗੇ ਬਾਂਸ ਵਰਗਿਉਂ, ਆਪਣੀਓਂ ਹੀ ਅੱਗ ਦੇ ਨਾਲ, ਡੱਕਿਆ ਨਾ ਜੇ ਬਾਹੂਬਲ ਨੂੰ ਆਪਸ ਦੇ ਵਿਚ ਖਹਿੰਦੇ ਨੂੰ। ਸਿੰਗਾਂ ਵਾਲੇ ਇਕ ਚਿਹਰੇ ਤੋਂ ਹਰਦਮ ਡਰਦਾ ਰਹਿੰਦਾ ਹਾਂ, ਚੌਵੀ ਘੰਟੇ ਖੌਰੂ ਪਾਏ ਘਰੇ ਉੱਠਦੇ ਬਹਿੰਦੇ ਨੂੰ। ਖ਼ਬਰਦਾਰ ਜੀ ਬਚਕੇ ਰਹਿਣਾ ਕੰਧਾਂ ਵਿਚ ਤਰੇੜਾਂ ਨੇ, ਦੂਰ ਖਲੋਤੇ ਦੱਬ ਲੈਂਦੀ ਹੈ ਉੱਚੀ ਮਮਟੀ ਢਹਿੰਦੇ ਨੂੰ। ਮੇਰੀ ਜੀਭ ਸੁਆਦਾਂ ਮਿੱਟੀ ਝੂਠ ਦਾ ਮਿੱਠਾ ਖਾਂਦੀ ਹੈ, ਸੱਚ ਏਸ ਨੂੰ ਕੌੜਾ ਲੱਗਦੈ, ਮਨ੍ਹਾਂ ਕਰੇ ਸੱਚ ਕਹਿੰਦੇ ਨੂੰ। ਪਤਾ ਨਹੀਂ ਇਸ ਇਮਤਿਹਾਨ ਵਿਚ ਕਿੰਨਾ ਕੁ ਚਿਰ ਰਹਿਣਾ ਹੈ, ਚਾਰ ਜੁੱਗ ਤਾਂ ਬੀਤ ਗਏ ਨੇ, ਜ਼ੋਰ ਜਬਰ ਇਹ ਸਹਿੰਦੇ ਨੂੰ।

ਗ਼ਜ਼ਲ

ਦੂਰ ਖੜ੍ਹਾ ਨਾ ਤੂੰ ਨਦੀ ਦੇ ਕਿਨਾਰਿਆਂ ਨੂੰ ਵੇਖ। 'ਵਾਜਾਂ ਮਾਰਦੀਆਂ ਲਹਿਰਾਂ ਦੇ ਇਸ਼ਾਰਿਆਂ ਨੂੰ ਵੇਖ। ਮੋਰ ਲੂਸ ਗਏ ਪਰਿੰਦਿਆਂ ਦੇ ਖੰਭ ਪਿੰਡ ਗਏ, ਮੇਘ ਮੰਗਦੇ ਸਾਂ ਮਿਲ ਗਏ ਅੰਗਾਰਿਆਂ ਨੂੰ ਵੇਖ। ਵੇਖ ਸੱਥਰਾਂ ਦੇ ਨਾਲ ਕਿਵੇਂ ਭਰੇ ਸ਼ਮਸ਼ਾਨ, ਕਿਵੇਂ ਰਾਤ ਦਿਨ ਚੀਰਦੇ ਨੇ ਆਰਿਆਂ ਨੂੰ ਵੇਖ। ਐਵੇਂ ਰਾਤ ਦੀ ਉਡੀਕ 'ਚ ਨਾ ਚੁੱਪ ਕੀਤਾ ਬੈਠ, ਇਨ੍ਹਾਂ ਦਿਨ ਦੀਵੀਂ ਚੜ੍ਹੇ ਚੰਨ-ਤਾਰਿਆਂ ਨੂੰ ਵੇਖ। ਐਵੇਂ ਮੂਧੜੇ ਮੂੰਹ ਡਿੱਗੀ ਜਾਨੋਂ ਵੇਖ ਕੇ ਮੁਨਾਰੇ, ਕੋਲ ਵੱਸਦੇ ਨੇ ਜਿਹੜੇ ਛੰਨਾਂ ਢਾਰਿਆਂ ਨੂੰ ਵੇਖ। ਬੁੱਲ੍ਹ ਊਠ ਦਾ ਜੋ ਲਮਕੇ ਇਹ ਡਿੱਗਣਾ ਨਹੀਂ, ਚੱਲ ਤੁਰ ਪਉ ਭਰਾਵਾ ਨਾ ਤੂੰ ਲਾਰਿਆਂ ਨੂੰ ਵੇਖ। ਤੈਨੂੰ ਸੁਣਦੇ ਸਾਂ ਬਾਤ ਨੂੰ ਮੁਕਾ ਕੇ ਬਹਿ ਗਿਆ ਜਿਹੜੇ ਜਾਗਦੇ ਨੇ ਉਨ੍ਹਾਂ ਦੇ ਹੁੰਗਾਰਿਆਂ ਨੂੰ ਵੇਖ। ਸਮਤੋਲ ਵਿਚ ਪੈਰ ਤਾਹੀਓਂ ਅੱਗੇ ਜਾਣਗੇ, ਕਦੇ ਜਿੱਤਿਆਂ ਨੂੰ ਵੇਖ ਕਦੇ ਹਾਰਿਆਂ ਨੂੰ ਵੇਖ। ਜਿਹੜੇ ਨ੍ਹੇਰਿਆਂ 'ਚ ਬਾਲਦੇ ਨੇ ਦੀਵਿਆਂ ਦੀ ਪਾਲ, ਤੇਰੇ ਆਪਣੇ ਨੇ ਮਿੱਤਰਾਂ ਪਿਆਰਿਆਂ ਨੂੰ ਵੇਖ।

ਗ਼ਜ਼ਲ

ਸੁਪਨ ਪਰਿੰਦੇ ਕਿਉਂ ਫੜ ਫੜ ਕੇ ਕਰਦਾ ਹੈਂ ਕਤਲਾਮ ਜਿਹਾ। ਰੋਜ਼ ਰਾਤ ਨੂੰ ਸੁਣਦਾ ਨੀਂ ਤੂੰ ਘੁੱਗੀਆਂ ਦਾ ਕੋਹਰਾਮ ਜਿਹਾ। ਰੰਗ ਬਰੰਗੀਆਂ ਪਕੜ ਤਿਤਲੀਆਂ ਵਿਚ ਕਿਤਾਬਾਂ ਕੈਦ ਕਰੇਂ, ਸ਼ੌਕ ਅਵੱਲਾ ਇਹ ਤੇਰਾ ਹੁਣ ਹੋ ਚੱਲਿਆ ਹੈ ਆਮ ਜਿਹਾ। ਦਹਿਸ਼ਤ ਵਹਿਸ਼ਤ ਅਕਲੋਂ ਸ਼ਕਲੋਂ ਸਕੀਆਂ ਭੈਣਾਂ ਜਾਪਦੀਆਂ, ਇਨ੍ਹਾਂ ਨੇ ਪੰਜਾਬ ਬਣਾਇਆ ਹੁਣ ਤਾਂ ਦੂਜੀ ਲਾਮ ਜਿਹਾ। ਅਦਲ ਸਮੇਂ ਦਾ ਦੇਖੋ ਯਾਰੋ ਕਿੱਥੋਂ ਕਿੱਥੇ ਜਾ ਪਹੁੰਚਾ, ਪਾਗਲ ਕਹਿਕੇ ਗੋਲੀ ਮਾਰਨ ਕਰ ਦੇਵਣ ਬਦਨਾਮ ਜਿਹਾ। ਨ੍ਹੇਰ ਸਾਈਂ ਦਾ ਜੋਤਸ਼ੀਆਂ ਦੇ ਨਾਲ ਜੋਟੀਆਂ ਪਾ ਬੈਠਾ, ਆਸ ਦਾ ਸੂਰਜ ਲੱਗਦਾ ਸੀ ਜੋ ਸਾਨੂੰ ਲਾਲ ਸਲਾਮ ਜਿਹਾ। ਨਿੰਮੋਝੂਣ ਉਦਾਸਿਆ ਸੂਰਜ ਸੋਚਾਂ ਦੇ ਖੂਹ ਡੁੱਬ ਚੱਲਿਆ, ਸੂਬਾ ਸਵੇਰੇ ਸਿਖ਼ਰ ਦੁਪਹਿਰੇ ਲੱਗਦਾ ਸੀ ਜੋ ਸ਼ਾਮ ਜਿਹਾ। ਖ਼ਬਰੇ ਕਿਸ ਦਿਨ ਸੁੱਤੇ ਲੋਕੀਂ ਗੂੜ੍ਹੀ ਨੀਂਦ 'ਚੋਂ ਜਾਗਣਗੇ, ਹੱਕ ਅਤੇ ਇਨਸਾਫ਼ ਦੀ ਖ਼ਾਤਰ ਛੇੜਨਗੇ ਸੰਗਰਾਮ ਜਿਹਾ।

ਗ਼ਜ਼ਲ

ਪੰਜ ਦਰਿਆ ਪੰਜਾਬ ਬਣ ਗਿਆ ਢਾਈ ਦਰਿਆ ਢਾਬ। ਪੱਤੀ ਪੱਤੀ ਹੋ ਚੱਲਿਆ ਹੈ ਸਾਡਾ ਸੁਰਖ਼ ਗੁਲਾਬ। ਕਿਸ ਚੰਦਰੇ ਨੇ ਲਿਖਿਆ ਹੈ ਇਹ ਜੰਗਲ ਦਾ ਕਾਨੂੰਨ, ਅੱਖਰ ਅੱਖਰ ਖਾਣ ਨੂੰ ਆਏ ਆਦਮ ਖ਼ੋਰ ਕਿਤਾਬ। ਸੰਕਟ ਕਾਲ 'ਚ ਜੰਮੇ ਜਾਏ ਪੁੱਛਣਗੇ ਜਦ ਸਾਨੂੰ, ਸਿਵਿਆਂ ਦੇ ਵਿਸਥਾਰ ਦੇ ਬਾਰੇ ਕਿਹੜਾ ਦੇਊ ਜਵਾਬ। ਸਾਹਾਂ ਦੀ ਇਹ ਡੋਰ ਭੂਤਰੇ ਸਾਨ੍ਹ ਦੇ ਪੈਰੀਂ ਉਲਝੀ, ਮੈਂ ਜਾਣਾਂ ਜਾਂ ਮੌਲਾ ਜਾਣੋ ਹੋਈ ਜੋ ਮੇਰੀ ਬਾਬ। ਬਾਬਾ ਨਾਨਕ ਤੇ ਮਰਦਾਨਾ ਜੋਟੀਦਾਰ ਪੁਰਾਣੇ, ਚੁਸਤ ਮਜੌਰਾਂ ਵੱਖਰੇ ਕੀਤੇ ਬਾਣੀ ਅਤੇ ਰਬਾਬ। ਸਤਿਲੁਜ ਤੇ ਰਾਵੀ ਵਿਚ ਡੁੱਬੀਆਂ ਹੇਕਾਂ, ਚੀਕਾਂ, ਕੂਕਾਂ, ਹੰਝੂਆਂ ਨਾਲ ਬਿਆਸਾ ਭਰਿਆ ਨੱਕੋ-ਨੱਕ ਚਨਾਬ। ਨ੍ਹੇਰੇ ਦੇ ਵਿਚ ਟੋਹ-ਟੋਹ ਤੁਰੀਏ ਰੋਜ਼ਾਨਾ ਹੀ ਭੁਰੀਏ, ਸਮਝ ਨਾ ਆਵੇ ਕਦ ਮੁੱਕੇਗਾ ਯਾਰੋ ਚੰਦਰਾ ਖ਼੍ਵਾਬ।

ਗ਼ਜ਼ਲ

ਜ਼ਾਲਮ ਦੇ ਅੱਗੇ ਤਾਂ ਅੜੀਏ। ਭਾਵੇਂ ਪੈਂਦੀ ਸੱਟੇ ਝੜੀਏ। ਵਕਤ ਗੁਆਚਾ ਹੱਥ ਨ ਆਉਣਾ, ਕੰਧਾਂ ਉੱਪਰ ਲਿਖਿਆ ਪੜ੍ਹੀਏ। ਆਪਾਂ ਕਿਉਂ ਨਹੀਂ ਛਾਂ ਬਣ ਜਾਂਦੇ, ਕਾਹਦੀ ਖ਼ਾਤਰ ਅੱਗ ਵਿਚ ਸੜੀਏ। ਲਿਸ਼ਕਣਹਾਰ ਮੁਲੰਮੇ ਤਨ ਦੇ, ਮਨ ਦੀ ਬੋਲੀ ਕਿੱਥੋਂ ਪੜ੍ਹੀਏ ? ਟੋਟੇ-ਟੋਟੇ ਹੋਣ ਤੋਂ ਪਹਿਲਾਂ, ਤਲਖ਼ ਸਮੇਂ ਦੇ ਤੱਕੜ ਚੜ੍ਹੀਏ। ਉੱਚੇ ਘਰ ਦੀ ਮਮਟੀ ਉੱਤੇ, ਪੌੜੀ ਪੌੜੀ ਕਰਕੇ ਚੜ੍ਹੀਏ। ਮਨ ਤਾਂ ਘੁੰਮੇ ਦੇਸ਼ ਦੇਸ਼ਾਂਤਰ, ਤਨ ਦੀ ਮਿੱਟੀ ਕਿੱਥੇ ਖੜੀਏ। ਬਾਗ਼ਬਾਨ ਨੇ ਵੀ ਕੰਡੇ ਬੀਜੇ, ਆਓ ਫੁੱਲਾਂ ਖਾਤਰ ਲੜੀਏ। ਭਾਵੇਂ ਲੱਖ ਹਿਝੋਕੇ ਵੱਜਣ, ਟੁੱਟੀ ਨਾ ਤੂੰ ਸਾਂਝ ਦੀ ਕੜੀਏ।

ਗ਼ਜ਼ਲ

ਖੋਹ ਲਿਆ ਸੂਰਜ ਸੀ ਜਿਹੜਾ ਰਾਤ ਨੇ। ਮੋੜ ਦਿੱਤਾ ਦਿਨ ਚੜ੍ਹੇ ਪ੍ਰਭਾਤ ਨੇ। ਵੇਲਣੇ ਵਿਚ ਜਿਸਮ ਹੀ ਪੀੜੇ ਨਹੀਂ, ਟੁਕੜੇ ਟੁਕੜੇ ਹੋ ਗਏ ਜਜ਼ਬਾਤ ਨੇ। ਨੀਵੇਂ ਥਾਂ ਪਾਣੀ ਖੜ੍ਹੇ ਬੂਟੇ ਮਰੇ, ਕਹਿ ਢਾਇਆ ਇਸ ਤਰ੍ਹਾਂ ਬਰਸਾਤ ਨੇ। ਮੈਂ ਮੁਖੌਟਾ ਪਹਿਨ ਕੇ ਭਾਵੇਂ ਫਿਰਾਂ, ਸੱਚ ਦੱਸ ਦੇਣਾ ਮੇਰੀ ਔਕਾਤ ਨੇ। ਇਹ ਮੇਰੇ ਨੈਣਾਂ 'ਚ ਜਿਹੜੇ ਅੱਥਰੂ, ਵਕਤ ਨੇ ਦਿੱਤੇ ਅਸਾਨੂੰ ਦਾਤ ਨੇ। ਪਾਣੀਆਂ ਵਿਚ ਲੀਕ ਅੰਬਰ ਟਾਕੀਆਂ, ਕਿਸ ਤਰ੍ਹਾਂ ਹੈ ਪਾੜਿਆ ਹਾਲਾਤ ਨੇ। ਜਨਮ ਦਿਨ 'ਤੇ ਬਾਲ ਵੀ ਤਾਂ ਭੇਜਦੇ, ਬੰਬ ਤੇ ਪਿਸਤੌਲ ਦੀ ਸੌਗਾਤ ਨੇ।

ਗ਼ਜ਼ਲ

ਅੱਖਾਂ 'ਚ ਉਨੀਂਦਰਾ ਤੇ ਦਿਲ ਸੁੰਨਸਾਨ ਹੈ। ਸੱਜਣਾਂ ਬਗੈਰ ਤਾਂ ਕੁੜਿੱਕੀ ਵਿਚ ਜਾਨ ਹੈ। ਲੋਕਾਂ ਭਾਣੇ ਹੱਸਦਾ ਇਹ ਸ਼ਹਿਰ ਜਾਪੇ ਵੱਸਦਾ, ਮੇਰੇ ਲਈ ਉਜਾੜ ਸੁੰਨੀ ਰੋਹੀ ਬੀਆਬਾਨ ਹੈ। ਫ਼ਿਕਰਾਂ ਦੀ ਛੱਤ ਹੇਠਾਂ ਸਾਰੀ ਰਾਤ ਜਾਗਦਾਂ, ਮੇਰੇ ਨਾਲ ਗੱਲਾਂ ਕਰੇ ਨੀਲਾ ਆਸਮਾਨ ਹੈ। ਠੋਕਰੋਂ ਬਚਾਉਂਦਾ ਤੇ ਸੰਭਾਲਦਾ ਹਾਂ ਹਰ ਵੇਲੇ, ਸੁਪਨਾ ਨਾ ਟੁੱਟ ਜਾਵੇ ਕੱਚ ਦਾ ਸਮਾਨ ਹੈ। ਕਿਸਨੂੰ ਸੁਣਾਵਾਂ ਹਾਲ ਟੁੱਟੇ ਹੋਏ ਦਿਲ ਦਾ ਮੈਂ, ਅੰਨ੍ਹੀ ਬੋਲੀ ਧਰਤੀ ਤੇ ਗੁੰਗਾ ਅਸਮਾਨ ਹੈ। ਟੰਗਿਆ ਹੈ ਸੂਲੀ ਉੱਤੇ ਚੰਦਰੇ ਹਾਲਾਤ ਭਾਵੇਂ, ਫੇਰ ਵੀ ਤੂੰ ਵੇਖ ਸਾਡੀ ਚੱਲਦੀ ਜ਼ਬਾਨ ਹੈ।

ਗ਼ਜ਼ਲ

ਰੁੱਖਾਂ ਨੂੰ ਆਰੀ ਫੇਰ ਨਾ ਡਿੱਗਣਗੇ ਆਲ੍ਹਣੇ। ਚਿੜੀਆਂ ਨੇ ਫੇਰ ਕਿਸ ਜਗ੍ਹਾ ਨੇ ਬੋਟ ਪਾਲਣੇ। ਰੋਟੀ ਸਿਆਸਤਦਾਨ ਨੇ ਹਰ ਹਾਲ ਸੇਕਣੀ, ਸਾਡੇ ਹੀ ਪੁੱਤ ਵੀਰ ਉਸ ਚੁੱਲ੍ਹੇ 'ਚ ਬਾਲਣੇ। ਤੇਰੀ ਬੁਝੇਗੀ ਪਿਆਸ ਹੁਣ ਕਿੰਨੇ ਕੁ ਖ਼ੂਨ ਨਾਲ, ਦੱਸ ਦੇ ਜ਼ਰਾ ਕੁ ਦਿੱਲੀਏ ਨੀ ਬਾਰਾਂ ਤਾਲਣੇ। ਤੇਰੇ ਬਗ਼ੈਰ ਹੋਰ ਤੋਂ ਖ਼ਤਰਾ ਨਾ ਬਾਗ ਨੂੰ, ਤੂੰਹੀਓਂ ਹੀ ਫਿਰਦੀ ਤੋੜਦੀ ਫੁੱਲਾਂ ਨੂੰ ਮਾਲਣੇ। ਇਹ ਮਾਸਖ਼ੋਰੇ ਜਿੰਨ੍ਹਾਂ ਨੇ ਖਾਧੇ ਨੇ ਕਾਫ਼ਲੇ, ਸੰਗਲ ਦੇ ਨਾਲ ਹੋਣਗੇ ਮੁਸ਼ਕਲ ਸੰਭਾਲਣੇ। ਕਾਲੀ ਹਵਾ ਵੀ ਕਮਰਿਆਂ ਵਿਚ ਜਾਣਾ ਲੋਚਦੀ, ਔਖੇ ਨੇ ਸੂਰਜ ਛਿਪਦਿਆਂ ਹੁਣ 'ਨ੍ਹੇਰ ਟਾਲਣੇ। ਲੱਭਾਂਗੇ ਸੂਰਜ ਮਘ ਰਿਹਾ ਗੁੰਮਿਆ ਗੁਆਚਿਆ, ਭਾਵੇਂ ਅਸਾਨੂੰ ਪੈਣ ਹੁਣ ਸਾਗਰ ਹੰਗਾਲਣੇ।

ਗ਼ਜ਼ਲ

ਕਰਮਜੀਤ ਗਰੇਵਾਲ ਦੇ ਵੱਢਿਆ ਟੁੱਕਿਆ ਜਿਸਮ ਪਿਆ ਹੈ ਰੋਜ਼ ਦੀਆਂ ਘਟਨਾਵਾਂ ਨਾਲ। ਕਿੱਦਾਂ ਅੱਖ ਮਿਲਾਵਾਂ ਯਾਰੋ ਅੱਜ ਮੈਂ ਪੰਜ ਦਰਿਆਵਾਂ ਨਾਲ। ਬੰਸਰੀਆਂ ਦੇ ਪੋਰ 'ਚ ਸਿੱਕਾ ਭਰ ਦਿੱਤਾ ਏ ਵਕਤਾਂ ਨੇ, ਨੱਚਦੇ ਨੱਚਦੇ ਮੋਰ ਸਹਿਮ ਗਏ ਕਿਹੜਾ ਸਾਜ਼ ਵਜਾਵਾਂ ਨਾਲ। ਖੜ੍ਹੀਆਂ ਫ਼ਸਲਾਂ ਕੱਚੇ ਕੋਠੇ ਇਹ ਚੰਦਰੇ ਕਿਉਂ ਢਾਹੁੰਦੇ ਨੇ, ਆਓ ਯਾਰੋ ਗੱਲ ਤਾਂ ਕਰੀਏ ਸ਼ੂਕ ਰਹੇ ਦਰਿਆਵਾਂ ਨਾਲ। ਨ੍ਹੇਰੇ ਦੇ ਵਿਚ ਜੰਮੇ ਜਾਏ ਕਿੱਸਰਾਂ ਸੱਚ ਪਛਾਨਣਗੇ, ਬਿਨ ਸੂਰਜ ਵੱਲ ਮੂੰਹ ਕੀਤਿਆਂ ਤੁਰਦਾ ਨਾ ਪਰਛਾਵਾਂ ਨਾਲ। ਰਿਸ਼ਤੇ ਦੀ ਚਾਦਰ ਦੀਆਂ ਲੀਰਾਂ ਖਿੱਲਰ ਗਈਆਂ ਏਸ ਤਰ੍ਹਾਂ, ਚਾਰ ਕਦਮ ਨਹੀਂ ਤੁਰਕੇ ਰਾਜ਼ੀ ਸੱਕੀ ਭੈਣ ਭਰਾਵਾਂ ਨਾਲ। ਸੁਰ ਦੀ ਮਹਿਫ਼ਲ ਦੇ ਵਿਚ ਆ ਕੇ ਤਾਨਸੇਨ ਕੀ ਸੋਚੇਗਾ, ਸਾਰੀ ਟੀਮ ਵਜੰਤਰੀਆਂ ਦੀ ਜਾ ਬੈਠੀ ਹੈ ਕਾਵਾਂ ਨਾਲ। ਜਿਹੜਾ ਫੁੱਲ ਖੁਸ਼ਬੋਈ ਵਾਲਾ ਉਹ ਤਾਂ ਮਹਿਕਾਂ ਵੰਡੇਗਾ, ਉਸ ਨੇ ਬਾਜ਼ ਨਹੀਂ ਆਉਣਾ ਹੈ, ਡਾਢੀਆਂ ਸਖ਼ਤ ਸਜ਼ਾਵਾਂ ਨਾਲ। ਅੰਨ੍ਹਾ ਬੰਦਾ ਵੀ ਬੁੱਝ ਲੈਂਦੈ, ਪੈੜ-ਚਾਲ ਤੋਂ ਲਹਿਜ਼ੇ ਤੋਂ, ਕਿਹੜਾ ਬੰਦਾ ਸਾਂਝ ਪੁਗਾਉਂਦਾ, ਕਿਸ ਤਰ੍ਹਾਂ ਦੇ ਰਾਹਵਾਂ ਨਾਲ। ਸਾਰੇ ਚੌਂਕ ਚੁਰਸਤੇ ਮੱਲੇ ਕਾਲੇ ਫ਼ਨੀਅਰ ਨਾਗਾਂ ਨੇ, ਯਤਨ ਕਰਾਂ ਕਿ ਕੀਲ ਲਵਾਂ ਮੈਂ ਗ਼ਜ਼ਲਾਂ ਤੇ ਕਵਿਤਾਵਾਂ ਨਾਲ।

ਗ਼ਜ਼ਲ

ਰੋਜ਼ ਸਵੇਰੇ ਘਰ ਵਿਚ ਆਉਂਦੀਆਂ ਰੱਤ ਭਿੱਜੀਆਂ ਅਖ਼ਬਾਰਾਂ। ਅੰਨ੍ਹੇ ਖੂਹ ਵਿਚ ਗਰਕ ਗਿਆਂ ਨੂੰ ਕਿੱਸਰਾਂ 'ਵਾਜਾਂ ਮਾਰਾਂ। ਚੰਗੇ ਭਲੇ ਪਰਿੰਦੇ ਬਹਿ ਗਏ ਆਲ੍ਹਣਿਆਂ ਵਿਚ ਜਾ ਕੇ, ਧਰਤੀ ਅੰਬਰ ਸਾਰਾ ਮੱਲਿਆ ਹੁਣ ਖੰਭਾਂ ਦੀਆਂ ਡਾਰਾਂ। ਅਣਚਾਹੇ ਮਹਿਮਾਨ ਦੇ ਵਾਂਗੂੰ ਚੰਦਰੇ ਸੁਪਨੇ ਆਉਂਦੇ, ਸਹਿਮ ਜਿਹਾ ਛੱਡ ਜਾਵਣ ਪਿੱਛੇ ਮਰ ਮੁੱਕਿਆਂ ਦੀਆਂ ਤਾਰਾਂ। ਪੌਣਾਂ ਦੇ ਵਿਚ ਜ਼ਹਿਰ ਘੋਲ ਕੇ ਕੌਣ ਬਚੇਗਾ ਏਥੋਂ, ਸਿਵਿਆਂ ਦੇ ਵਿਚ ਅਰਥ ਹੀਣ ਨੇ ਸਾਰੀਆਂ ਜਿੱਤਾਂ ਹਾਰਾਂ। ਪੈਦਲ ਬੰਦੇ ਦੇ ਹਿੱਸੇ ਬੱਸ ਮਿੱਟੀ ਘੱਟਾ ਆਵੇ, ਪੱਕੀਆਂ ਸੜਕਾਂ ਉੱਤੇ ਭਾਵੇਂ ਚੱਲਦੀਆਂ ਮੋਟਰ ਕਾਰਾਂ। ਹੱਥਾਂ ਵਾਲੀ ਡੋਰ ਕਿਤੇ ਨਾ ਹੱਥਾਂ ਵਿਚ ਰਹਿ ਜਾਵੇ, ਚਾਤਰ ਪੋਚੇ ਮਾਰਨ ਐਧਰ ਸੁੱਤੀਆਂ ਨੇ ਸਰਕਾਰਾਂ। ਹੜ੍ਹ ਦਾ ਪਾਣੀ ਵਗਦਾ ਭਾਵੇਂ ਸਿਰ ਉੱਤੋਂ ਦੀ ਯਾਰੋ, ਇਕ ਦੂਜੇ ਨੂੰ ਪਾਓ ਕਰਿੰਘੜੀ ਬਣ ਜਾਓ ਦੀਵਾਰਾਂ।

ਗ਼ਜ਼ਲ

ਰਿਸ਼ਤੇ ਨਾਤੇ ਗਏ ਗੁਆਚੇ ਉੱਜੜ ਗਈਆਂ ਥਾਵਾਂ ਨਾਲ। ਬੇੜੀ ਦਾ ਕੀ ਸਾਕ ਰਹਿ ਗਿਆ ਸੁੱਕ ਗਏ ਦਰਿਆਵਾਂ ਨਾਲ। ਮਾਰੂਥਲ ਵਿਚ ਪੈੜ ਤੇਰੀ ਤਾਂ ਮਿਟ ਚੱਲੀ ਸੀ ਰੇਤੇ ਹੇਠ, ਮਹਿਕ ਤੇਰੀ ਨੇ ਉਂਗਲੀ ਫੜ ਕੇ ਸਾਥ ਨਿਭਾਇਆ ਸਾਹਵਾਂ ਨਾਲ। ਖੜ੍ਹੇ ਖਲੋਤੇ ਸੁੱਕੇ ਰੁੱਖ ਨੂੰ ਲੱਕੜ ਹਾਰੇ ਚੀਰਨ ਧਰਨ, ਰਾਹ-ਗੀਰਾਂ ਨੂੰ ਮਤਲਬ ਹੁੰਦੈ ਬੱਸ ਇਕੱਲੀਆਂ ਛਾਵਾਂ ਨਾਲ। ਇਕ ਇਕੱਲਾ ਕੁਝ ਨਹੀਂ ਹੁੰਦਾ ਨਾ ਏਧਰ ਨਾ ਓਧਰ ਦਾ, ਮੱਥੇ ਨੂੰ ਵੀ ਤੁਰਨਾ ਪੈਂਦੈ ਇਕ ਜੁੱਟ ਹੋ ਕੇ ਬਾਹਵਾਂ ਨਾਲ। ਜਗਦੇ ਬੁਝਦੇ ਅੱਖਰ ਬਾਤਾਂ ਪਾਉਂਦੇ ਨੇ ਜਦ ਸ਼ਾਮ ਢਲੇ, ਬੁੱਝਣ ਵਾਲੇ ਬੁੱਝ ਲੈਂਦੇ ਨੇ ਕੁਝ ਨਾਵਾਂ ਕੁਝ ਥਾਵਾਂ ਨਾਲ। ਦਿਸ਼ਾ-ਸੂਚਕੋ ਸੇਧ ਸੁਚੱਜੀ, ਤੁਸੀਂ ਕੀ ਦੇਣੀ ਰਾਹੀਆਂ ਨੂੰ, ਤੁਸੀਂ ਤਾਂ ਘੁੰਮਣ ਘੇਰ 'ਚ ਪੈ ਗਏ ਵਗਦੀਆਂ ਤੇਜ਼ ਹਵਾਵਾਂ ਨਾਲ। ਐਵੇਂ ਭਰਮ ਜਿਹਾ ਇਕ ਮਨ ਨੂੰ ਚੌਵੀਂ ਘੰਟੇ ਡੰਗਦਾ ਏ, ਪੱਥਰਾਂ ਨੂੰ ਪਿਘਲਾ ਸਕਨਾਂ ਮੈਂ ਗ਼ਜ਼ਲਾਂ ਤੇ ਕਵਿਤਾਵਾਂ ਨਾਲ।

ਗ਼ਜ਼ਲ

ਦੂਰ ਗਿਆਂ ਜਦ ਰਾਤ ਪੈਣ ਤੇ ਘਰ ਦਾ ਚੇਤਾ ਆਵੇਗਾ। ਵੇਖ ਲਵੀਂ ਤੂੰ ਗਾਉਂਦਾ ਪੰਛੀ ਟਾਹਣੀ ਫੜ ਕੁਰਲਾਵੇਗਾ। ਸਿਖਰ ਦੁਪਹਿਰੇ ਸਾਡੇ ਪਿੰਡ ਨੂੰ ਕਾਲੀ ਚਾਦਰ ਢੱਕ ਲਿਆ, ਆਸ ਨਹੀਂ ਸੀ ਬੱਦਲੀ ਓਹਲੇ ਇੰਜ ਸੂਰਜ ਲੁਕ ਜਾਵੇਗਾ। ਬਲਦੇ ਜੰਗਲ ਦੇ ਵਿਚ ਜਦ ਵੀ ਤੇਰੇ ਆਪਣੇ ਬੋਟ ਸੜੇ, ਤੈਨੂੰ ਫੇਰ ਬਸੰਤਰ ਦਾਸਾ ਪਾਣੀ ਚੇਤੇ ਆਵੇਗਾ। ਉਮਰਾਂ ਜਿੱਡਾ ਲੰਮਾ ਹਉਕਾ ਧਰਤੀ ਮਾਂ ਨੇ ਭਰਿਆ ਹੈ, ਪਤਾ ਨਹੀਂ ਕਦ ਸੋਕ ਏਸਦਾ ਪੱਥਰਾਂ ਨੂੰ ਪਿਘਲਾਵੇਗਾ। ਤੇਜ਼ਾਬੀ ਬਰਸਾਤ 'ਚ ਪੱਤੇ ਬੂਟੇ ਹੀ ਨਹੀਂ ਝੁਲਸਣਗੇ, ਗਰਭ-ਜੂਨ ਵਿਚ ਪਲਦਾ ਫੁੱਲ ਵੀ ਵੇਖ ਲਈਂ ਸੁੱਕ ਜਾਵੇਗਾ। ਉਡਣੇ ਪੁਛਣੇ ਮਿਤ ਨਾ ਹੁੰਦੇ ਵੇਖ ਲਵੀਂ ਤੂੰ ਮਾਂਦਰੀਆ, ਜਿਸ ਨੂੰ ਅੱਜ ਤੂੰ ਦੁੱਧ ਪਿਲਾਵੇਂ ਤੈਨੂੰ ਹੀ ਡੰਗ ਜਾਵੇਗਾ। ਪਤਾ ਨਹੀਂ ਸੀ ਖੇਡ ਖੇਡ ਵਿਚ ਏਥੋਂ ਤੱਕ ਜਾ ਪਹੁੰਚਾਂਗੇ, ਸਾਜ਼ਾਂ ਨੂੰ ਆਵਾਜ਼ ਸੁਣੇ ਹੀ ਸਰਪ ਜਿਹਾ ਸੁੰਘ ਜਾਵੇਗਾ।

ਗ਼ਜ਼ਲ

ਸਿਰਾਂ ਤੇ ਰਾਤ ਹੈ ਕਾਲੀ ਭਰਾਓ ਜਾਗਦੇ ਰਹੀਏ। ਕਿਤੇ ਪੱਥਰ ਨਾ ਹੋ ਜਾਈਏ ਦਿਲਾਂ ਦੀ ਵੇਦਨਾ ਕਹੀਏ। ਇਹ ਏਨੇ ਸਾਲ ਵਿਚ ਪਹੁੰਚੀ ਕਿਤੇ ਨਾ ਦੋਸਤੋ ਗੱਡੀ, ਬਥੇਰੇ ਹਿੱਕ ਸਾਡੀ ਨੇ ਲੰਘਾਏ ਰੇਲ ਦੇ ਪਹੀਏ। ਅਸੀਂ ਮੁਜਰਿਮ ਦੇ ਵਾਂਗੂੰ ਲੰਘਦੇ ਹਾਂ ਰਾਜਪਥ ਕੋਲੋਂ, ਤਲਾਸ਼ੀ ਵਾਲਿਆਂ ਕੋਲੋਂ ਕਿਤੇ ਨਾ ਪੱਗ ਲੁਹਾ ਬਹੀਏ। ਮਲਾਹਾਂ ਅੱਧ ਵਿਚ ਦਰਿਆ ਦੇ ਆ ਬੇੜੀ ਖਲ੍ਹਾਰੀ ਹੈ, ਤੁਸੀਂ ਦੱਸੋ ਕਿ ਇਸਨੂੰ ਦੋਸਤੀ ਜਾਂ ਦੁਸ਼ਮਣੀ ਕਹੀਏ। ਸਿਰਫ਼ ਇਹ ਸਿਦਕ ਤੇ ਵਿਸ਼ਵਾਸ਼ ਮੇਰੇ ਨਾਲ ਤੁਰਦਾ ਹੈ, ਉਸੇ ਦੇ ਆਸਰੇ ਹਰ ਹਾਲ ਵਿਚ ਸਿੱਧੇ ਖੜ੍ਹੇ ਰਹੀਏ। ਜਦੋਂ ਮੌਸਮ ਨੇ ਅੱਜ ਤੱਕ ਨਾਲ ਸਾਡੇ ਨਾ ਵਫ਼ਾ ਕੀਤੀ, ਅਸੀਂ ਵੀ ਕਿਹੜੇ ਸਾਕੋਂ ਏਸ ਦੀ ਯਾਰੋ ਤੜੀ ਸਹੀਏ।

ਗ਼ਜ਼ਲ

ਤੁਸੀਂ ਉਲਝਾ ਲਿਆ ਸਾਨੂੰ ਹਿਸਾਬਾਂ ਤੇ ਕਿਤਾਬਾਂ ਵਿਚ। ਕੋਈ ਵੀ ਫ਼ਰਕ ਨਾ ਜਾਪੇ ਸੁਆਲਾਂ ਤੇ ਜੁਆਬਾਂ ਵਿਚ। ਜਦੋਂ ਦੇ ਜੰਗਲੀ ਬੂਟੇ ਨੂੰ ਸ਼ਹਿਰੀ ਹੱਥ ਲੱਗੇ ਨੇ, ਉਦੋਂ ਦੀ ਮਹਿਕ ਮੋਈ ਹੈ ਬਗੀਚੇ ਦੇ ਗੁਲਾਬਾਂ ਵਿਚ। ਮੈਂ ਮੋਈਆਂ ਤਿੱਤਲੀਆਂ ਦੇ ਖੰਭਾਂ ਕੋਲੋਂ ਬਹੁਤ ਡਰਦਾ ਹਾਂ, ਜਿੰਨ੍ਹਾਂ ਦਾ ਕਤਲ ਹੋਇਆ ਮੇਰਿਆਂ ਰੰਗੀਨ ਖ਼੍ਵਾਬਾਂ ਵਿਚ। ਜੋ ਨੰਗੇ ਪੈਰ ਸਾਰੀ ਉਮਰ ਲੰਮਾ ਸਫ਼ਰ ਕਰਦੇ ਨੇ, ਉਨ੍ਹਾਂ ਦੇ ਪੈਰ ਨਹੀਂ ਫਸਦੇ ਕਦੇ ਬੂਟਾਂ ਜੁਰਾਬਾਂ ਵਿਚ। ਜਿੰਨ੍ਹਾਂ ਨੂੰ ਵੋਟ ਪਾ ਕੇ ਭੇਜਦੇ ਹਾਂ ਗੋਲ ਭਵਨ ਅੰਦਰ, ਉਹ ਆਪਣੇ ਆਪ ਤਾਈਂ ਗਿਣਨ ਲੱਗਦੇ ਨੇ ਨਵਾਬਾਂ ਵਿਚ। ਜ਼ਮਾਨਾ ਬਦਲਿਆ ਤੇ ਬਦਲੀਆਂ ਦਿਲਸਪੀਆਂ ਵੇਖੋ, ਕਿ ਮੱਕੜੀ ਜਾਲ ਪਈ ਬੁਣਦੀ ਹੈ ਸਾਜ਼ਾਂ ਤੇ ਰਬਾਬਾਂ ਵਿਚ। ਇਹ ਉੱਚੀ ਪੱਗ ਲੰਮੀ ਧੌਣ ਦੇ ਹੀ ਕਾਰਨ ਹੋਇਆ, ਅਸਾਨੂੰ ਚੀਰਿਆ ਸ਼ੈਤਾਨ ਨੇ ਜੋ ਦੋ ਪੰਜਾਬਾਂ ਵਿਚ।

ਗ਼ਜ਼ਲ

ਉਭੜ ਖਾਭੜ ਸੜਕਾਂ ਉੱਤੇ ਲੱਗ ਰਹੇ ਹਿਚਕੋਲੇ। ਪੋਟਲੀਆਂ 'ਚੋਂ ਕਿਰਦੇ ਜਾਂਦੇ ਗੁੱਡੀਆਂ ਅਤੇ ਪਟੋਲੇ। ਸ਼ਾਮ ਢਲੇ ਤਾਂ ਬੇਵਿਸ਼ਵਾਸੀ ਚਾਰ-ਚੁਫੇਰਿਓਂ ਘੇਰੇ, ਥਾਲੀ ਵਿਚਲੇ ਪਾਣੀ ਵਾਂਗੂੰ ਹਰ ਪਲ ਮਨੂਆ ਡੋਲੇ। ਪੂਰਨਿਆਂ ਤੇ ਪੋਚਾ ਫਿਰਿਆ ਅੱਖ਼ਰ ਕਿਤੇ ਗੁਆਚੇ, ਅਨਪੜ੍ਹ ਲੋਕਾਂ ਵਾਗੂੰ ਵਾਹਾਂ ਐਵੇਂ ਘੀਚ-ਮਚੋਲੇ। ਮੋਇਆਂ ਦੀ ਬਸਤੀ ਵਿਚ ਦਸਤਕ ਦੇਵਾਂ ਤਾਂ ਕਿੰਜ ਦੇਵਾਂ, ਆਸ ਨਹੀਂ ਹੈ ਮੁਰਦਾ ਜਾਗੇ, ਉੱਠੇ ਕੁੰਡਾ ਖੋਲ੍ਹੇ। ਮੰਦੀਆਂ ਖ਼ਬਰਾਂ 'ਕੱਠੀਆਂ ਕਰਕੇ ਭਰ ਜਾਂਦੇ ਨੇ ਵਿਹੜਾ, ਮਨ ਦੀ ਛਤਰੀ ਉੱਤੇ ਬਹਿੰਦੇ ਆਣ ਕਬੂਤਰ ਗੋਲੇ। ਉੱਚੇ ਨੀਵੇਂ ਛਾਬੇ ਇਸਦੇ ਗੌਰ ਨਾਲ ਤਾਂ ਵੇਖੋ, ਬਾਂਦਰ ਹੱਥ ਤਰਾਜੂ ਦੱਸੋ? ਕਿੱਦਾਂ ਪੂਰਾ ਤੋਲੇ। ਸਾਡੇ ਖ਼ੂਨ 'ਚ ਲਥਪੱਥ ਹੋਈ ਸਰਬ ਸਮੇਂ ਦੀ ਪੋਥੀ, ਹਰ ਥਾਂ ਲਿਸ਼ਕੇ ਸੁਰਖ਼ ਇਬਾਰਤ ਜਿੰਨੇ ਵਰਕੇ ਫੋਲੇ।

ਗ਼ਜ਼ਲ

ਬੜ੍ਹਕਾਂ ਤੋਂ ਜੇ ਡਰ ਜਾਓਗੇ। ਚੁੱਪ ਚੁਪੀਤੇ ਮਰ ਜਾਓਗੇ। ਆਲ੍ਹਣਿਆਂ ਵਿਚ ਬੋਟ ਉਡੀਕਣ, ਕਿਹੜੇ ਵੇਲੇ ਘਰ ਜਾਓਗੇ। ਸਿਦਕ-ਸਬੂਰੀ ਜੋ ਹੈ ਪੱਲੇ, ਦਿਲ ਦਰਿਆ ਨੂੰ ਤਰ ਜਾਓਗੇ। ਕੱਠੀਆਂ ਕਰੋ ਭਰਾਵਾਂ ਬਾਹਵਾਂ, ਕੱਲ-ਮ-ਕੱਲ੍ਹੇ ਹਰ ਜਾਓਗੇ। ਇਸ ਬਰਸਾਤ 'ਚ ਨੰਗੇ ਧੜ ਤਾਂ, ਲੂਣ ਵਰਗਿਓ ਖ਼ਰ ਜਾਓਗੇ। ਨਹੀਂ ਚੰਨ ਤਾਂ ਤੁਸੀਂ ਜੁਗਨੂੰਓਂ, ਕੁਝ ਤਾਂ ਚਾਨਣ ਕਰ ਜਾਓਗੇ। ਮਿਲੂ ਆਸਥਾ ਜ਼ਖ਼ਮੀ ਹੋਈ, ਜੇਕਰ ਅੰਬਰਸਰ ਜਾਓਗੇ।

ਗ਼ਜ਼ਲ

ਸੁਪਨਿਆਂ ਦੀ ਨੈਂ ਝਨਾਂ ਨੂੰ ਤਰਦਿਆਂ। ਉਮਰ ਬੀਤੀ ਹੈ ਰੋਜ਼ਾਨਾ ਮਰਦਿਆਂ। ਉੱਠ ਕੇ ਵੇਖੋ ਪਛਾਣੋ ਕੌਣ ਹੈ, ਮਰ ਗਏ ਜਿਸਦੇ ਤਸੀਹੇ ਜਰਦਿਆਂ। ਤੂੰ ਲੁਕਾ ਬੇਸ਼ੱਕ ਮੈਨੂੰ ਹੈ ਪਤਾ, ਦੱਸ ਦਿੱਤਾ ਸੱਚ ਇਨ੍ਹਾਂ ਪਰਦਿਆਂ। ਕੌਣ ਤੈਨੂੰ ਮਾਰ ਸਕਦੈ ਸੋਹਣੀਏ, ਆਖਿਆ ਕੱਚੇ ਘੜੇ ਨੇ ਖ਼ਰਦਿਆਂ। ਤੇਰੇ ਪੱਲੇ ਕੀ ਬਚੇਗਾ ਦੱਸ ਫਿਰ, ਮਰ ਗਈ ਗੈਰਤ ਜੇ ਪਾਣੀ ਭਰਦਿਆਂ। ਤੇਰੇ ਪੱਲੇ ਅੱਖਰਾਂ ਬਿਨ ਹੋਰ ਕੀਹ, ਪੁੱਛਿਆ ਕਈ ਵਾਰ ਮੈਨੂੰ ਘਰ ਦਿਆਂ। ਮੇਰੇ ਕਿਹੜੇ ਕੰਮ ਆਈ ਸਾਦਗੀ, ਜੀ ਕਰੇ ਮੈਂ ਪੰਡ ਐਥੇ ਧਰ ਦਿਆਂ। ਲੰਘ ਜਾਊ ਰਾਤ ਵੀ ਇਹ ਦੋਸਤੋ, ਤਾਰਿਆਂ ਦੇ ਨਾਲ ਗੱਲਾਂ ਕਰਦਿਆਂ।

ਗ਼ਜ਼ਲ

ਜਗ ਰਹੇ ਜੁਗਨੂੰ ਨੇ ਜਿਹੜੇ ਰਾਤ ਨੂੰ। ਖ਼ਾਕ ਦੇ ਵਿਚ ਮਿਲਣਗੇ ਪ੍ਰਭਾਤ ਨੂੰ। ਕੀ ਪਤਾ ਸੀ ਮਾਰੂਥਲ ਪੀ ਜਾਣਗੇ, ਹੰਝੂਆਂ ਦੀ ਵਰ੍ਹ ਰਹੀ ਬਰਸਾਤ ਨੂੰ। ਪੱਥਰਾਂ ਦੇ ਸ਼ਹਿਰ ਪੱਥਰ ਹੋ ਗਿਆਂ, ਦੁੱਖ ਸੁਖ ਛੋਂਹਦਾ ਨਾ ਹੁਣ ਜਜ਼ਬਾਤ ਨੂੰ। ਤੂੰ ਮੇਰੇ ਸਾਹਾਂ 'ਚ ਘੁਲ ਜਾ ਇਸ ਤਰ੍ਹਾਂ, ਰਾਤ ਰਾਣੀ ਮਹਿਕਦੀ ਜਿਓਂ ਰਾਤ ਨੂੰ। ਤੂੰ ਹੁੰਗਾਰਾ ਭਰਦੀ ਭਰਦੀ ਸੌਂ ਗਈ, ਮੈਂ ਮੁਕਾਵਾਂ ਕਿਸ ਤਰ੍ਹਾਂ ਹੁਣ ਬਾਤ ਨੂੰ। ਚਾਰ ਦੀਵਾਰੀ 'ਚ ਮੇਰਾ ਬਸਰ ਨਾ, ਲੈ ਰਿਹਾਂ ਬਾਹਾਂ 'ਚ ਕਾਇਨਾਤ ਨੂੰ। ਅੱਗ ਦੇ ਅੰਗਾਰਿਆਂ ਤੇ ਤੁਰ ਰਿਹਾਂ, ਬੈਠ ਰਹਿਣਾ ਮਿਹਣਾ ਮੇਰੀ ਜ਼ਾਤ ਨੂੰ।

ਗ਼ਜ਼ਲ

ਅੱਜ ਚਾਰੇ ਪਾਸੇ ਹੋਣ ਹਥਿਆਰ ਦੀਆਂ ਗੱਲਾਂ। ਕੋਈ ਟਾਵਾਂ ਟਾਵਾਂ ਕਰਦਾ ਪਿਆਰ ਦੀਆਂ ਗੱਲਾਂ। ਮੈਨੂੰ ਘੂਰ ਘੂਰ ਜੰਗਲੀ ਜਨੌਰ ਵੇਖਦੇ ਨੇ, ਸ਼ੁਰੂ ਕਰਦਾ ਹਾਂ ਜਦੋਂ ਵੀ ਬਹਾਰ ਦੀਆਂ ਗੱਲਾਂ। ਰਣ ਭੂਮੀਆਂ ਦਾ ਚੌਂਕੇ ਤਾਈਂ ਹੋਇਆ ਵਿਸਥਾਰ, ਹੋਣ ਲੱਗ ਪਈਆਂ ਏਥੇ ਜਿੱਤ ਹਾਰ ਦੀਆਂ ਗੱਲਾਂ। ਲੋਹਾ ਕੁੱਟਿਆਂ ਬਗ਼ੈਰ ਹਥਿਆਰ ਨਾ ਬਣੇ, ਇਹ ਲੋਹਾਰ ਦੀਆਂ ਗੱਲਾਂ ਨੇ ਬੇਕਾਰ ਦੀਆਂ ਗੱਲਾਂ। ਕੋਈ ਵੇਚਦਾ ਈਮਾਨ ਕੋਈ ਤਾਰੇ ਉਹਦਾ ਮੁੱਲ, ਸੁਣੋ ਸਿਰ ਪੱਗ ਹੋ ਗਈਆਂ ਵਪਾਰ ਦੀਆਂ ਗੱਲਾਂ। ਜਦੋਂ ਆਪਣੇ ਹੀ ਸਾਇਆ ਸੰਗ ਸਾਥ ਛੱਡ ਜਾਏ, ਉਦੋਂ ਮੰਨਦਾ ਹੈ ਕਿਹੜਾ ਦਿਲਦਾਰ ਦੀਆਂ ਗੱਲਾਂ। ਇੱਕੋ ਥਾਲੀ ਵਿਚ ਖਾਂਦਿਆਂ ਕੀ ਸੱਪ ਲੜ ਗਿਆ, ਦੋਵੇਂ ਕਰਦੇ ਨੇ ਵੱਖੋ ਵੱਖ ਯਾਰ ਦੀਆਂ ਗੱਲਾਂ। ਫੁੱਲ ਬੀਜੀਏ ਤੇ ਪਾਲੀਏ ਸੁਗੰਧ ਵੰਡ ਦੇਈਏ, ਚੰਗੇ ਲੋਕ ਸਦਾ ਕਰਦੇ ਵਿਚਾਰ ਦੀਆਂ ਗੱਲਾਂ।

ਗ਼ਜ਼ਲ

ਉਲਝ ਗਿਆ ਹੈ ਤਾਣਾ ਬਾਣਾ। ਸਮਝ ਨ ਆਵੇ ਕਿੱਧਰ ਜਾਣਾ। ਡੱਡੀਆਂ ਮੱਛੀਆਂ ਖਾਵੇ ਬਗਲਾ, ਅੱਖਾਂ ਮੀਟ ਕੇ ਬੀਬਾ ਰਾਣਾ। ਚੋਰ-ਉਚੱਕੇ ਬੁੱਲੇ ਲੁੱਟਣ, ਹਰ ਕੁਰਸੀ ਨੂੰ ਕਰਕੇ ਕਾਣਾ। ਡਾਢਿਆਂ ਅੱਗੇ ਜ਼ੋਰ ਨਾ ਚੱਲੇ, ਇਹੀ ਹੁੰਦੈ ਰੱਬ ਦਾ ਭਾਣਾ। ਜਾਬਰ ਦੀ ਚੱਕੀ ਵਿਚ ਸਾਡਾ, ਪਿਸ ਚੱਲਿਆ ਹੈ ਦਾਣਾ ਦਾਣਾ। ਰੋਜ਼ ਮੁਖੌਟੇ ਬਦਲ ਬਦਲ ਕੇ, ਰਾਜ ਕਰੇ ਹਿਟਲਰ ਦਾ ਲਾਣਾ। ਮਨ ਦੀ ਕਾਲਖ ਲੁਕਦੀ ਨਾਹੀਂ, ਭਾਵੇਂ ਪਹਿਨੋਂ ਚਿੱਟਾ ਬਾਣਾ।

ਗ਼ਜ਼ਲ

ਇੰਨ੍ਹਾਂ ਤਾਂ ਫੁੱਲ ਬਣ ਕੇ ਮਹਿਕਣਾ ਸੀ। ਤੂੰ ਕਾਹਨੂੰ ਡੋਡੀਆਂ ਨੂੰ ਤੋੜਨਾ ਸੀ। ਜੇ ਤੇਰੇ ਮਨ 'ਚ ਸ਼ੰਕਾ ਬੋਲਣਾ ਸੀ, ਤੂੰ ਮੈਨੂੰ ਆਪਣਾ ਕਿਉਂ ਆਖਣਾ ਸੀ। ਜੇ ਰੇਤਾ ਲਿਸ਼ਕਦੀ ਦਰਿਆ ਤੂੰ ਸਮਝੀ, ਇਹ ਤੇਰੇ ਮਨ ਦੀ ਅੰਨ੍ਹੀ ਭਟਕਣਾ ਸੀ। ਜੇ ਤਪਦੇ ਥਲ 'ਚ ਸੂਰਜ ਵੀ ਨਾ ਹੁੰਦਾ, ਤੂੰ ਆਪਣੀ ਛਾਂ ਲਈ ਵੀ ਤਰਸਣਾ ਸੀ। ਮੈਂ ਪਿਆਲਾ ਜ਼ਹਿਰ ਦਾ ਕਿੱਦਾਂ ਨਾ ਪੀਂਦਾ, ਤੇਰੇ ਬਿਨ ਕਿਸ ਨੇ ਮੈਨੂੰ ਵਰਜਣਾ ਸੀ। ਇਹ ਦੁਨੀਆਂ ਵਾਲਿਆਂ ਸੌ ਅਰਥ ਕੱਢੇ, ਮੇਰੇ ਦਿਲ ਦੀ ਤਾਂ ਇਕੋ ਵੇਦਨਾ ਸੀ। ਤੂੰ ਸੁਪਨੇ ਵਿਚ ਜੇ ਦਸਤਕ ਨਾ ਦੇਂਦਾ, ਮੈਂ ਕਿੱਥੇ ਗੂੜ੍ਹੀ ਨੀਂਦੋਂ ਜਾਗਣਾ ਸੀ। ਜੋ ਸਾਨੂੰ ਘੂਰਦਾ ਸੀ ਸ਼ੀਸ਼ਿਆਂ 'ਚੋਂ, ਉਹ ਚਿਹਰਾ ਤਾਂ ਮੇਰਾ ਹੀ ਆਪਣਾ ਸੀ। ਜੇ ਕਾਲੀ ਰਾਤ ਨ ਅੰਬਰ ਤੇ ਪੈਂਦੀ, ਮੈਂ ਕਿੱਥੇ ਚੰਨ ਵਾਂਗੂੰ ਚਮਕਣਾ ਸੀ।

ਗ਼ਜ਼ਲ

ਗਲੀਆਂ ਸੁੰਨ-ਮ-ਸੁੰਨੀਆਂ ਬੂਹੇ ਚੌੜ ਚਪੱਟ। ਪਿੱਛੇ ਉੱਡਦੀ ਧੂੜ ਹੈ, ਅੱਗੇ ਮਿਰਜ਼ਾ ਜੱਟ। ਵਗੇ ਤਤ੍ਹੀਰੀ ਖ਼ੂਨ ਦੀ ਚਿਹਰਾ ਜ਼ਰਦ ਵਸਾਰ, ਡਾਢੀ ਔਖੀ ਝੱਲਣੀ ਯਾਰੋ ਸਿਰ ਦੀ ਸੱਟ। ਛਿੰਜਾਂ ਵਿਚ ਬੇਰੌਣਕੀ ਕੌਡ ਕਬੱਡੀ ਚੁੱਪ, ਹੁਣ ਨਾ ਪੈਲਾਂ ਪੇਲਦੇ ਮੋਰਾਂ ਵਾਲੇ ਪੱਟ। ਸੁਣ ਨੀ ਚਾਤਰ ਕੁਰਸੀਏ ਕੌਣ ਕਰੂ ਇਤਬਾਰ, ਥੁੱਕੇਂ ਆਪ ਨਿਗੱਲੀਏ ਆਪੇ ਲਏਂ ਤੂੰ ਚੱਟ। ਪੁੜੀਆਂ ਦੇ ਦੇ ਥੱਕ ਗਏ ਕਿੰਨੇ ਵੈਦ ਹਕੀਮ, ਕਰਕ ਕਲੇਜੇ ਰੜਕਦੀ ਡੂੰਘੇ ਦਿਲ ਦੇ ਫੱਟ। ਧੂਤੂ ਤੇਰੇ ਕੋਲ ਨੇ ਰੱਜ ਕੇ ਸਾਨੂੰ ਨਿੰਦ, ਪਰ ਇਕ ਵਾਰੀ ਆਪ ਨੂੰ ਛੱਜ ਵਿਚ ਪਾ ਕੇ ਛੱਟ। ਜੰਗਲ ਦੇ ਵਿਚ ਜੀਣ ਦਾ ਤੈਨੂੰ ਹੀ ਸੀ ਝੱਲ, ਦਿਲ ਨਹੀਂ ਛੋਟਾ ਕਰੀਦਾ ਸਿਰ ਤੇ ਬਣੀਆਂ ਕੱਟ।

ਗ਼ਜ਼ਲ

ਨਾ ਉਹ ਆਰ ਦੇ ਰਹੇ ਤੇ ਨਾ ਉਹ ਪਾਰ ਦੇ ਰਹੇ। ਜਿਹੜੇ ਕੰਢੇ ਤੇ ਖਲੋਤੇ 'ਵਾਜਾਂ ਮਾਰਦੇ ਰਹੇ। ਉਨ੍ਹਾਂ ਡੋਬੇ ਨੇ ਮੁਸਾਫ਼ਰਾਂ ਦੇ ਪੂਰ ਦਰ ਪੂਰ, ਜਿਹੜੇ ਬੇੜੀਆਂ ਖ਼ਵਾਬਾਂ ਵਿਚ ਤਾਰਦੇ ਰਹੇ। ਖ਼ੌਰੇ ਕਿੱਸਰਾਂ ਪਸੀਜਣੇ ਸੀ ਪੱਥਰਾਂ ਦੇ ਬੁੱਤ, ਅਸੀਂ ਹੰਝੂਆਂ ਦੀ ਆਰਤੀ ਉਤਾਰਦੇ ਰਹੇ। ਕਹਿਰੀ ਹਵਾ ਨੇ ਖਿੰਡਾਇਆ ਕਣ ਕਣ ਉਡਿਆ, ਅਸੀਂ ਕਿਲ੍ਹੇ ਗਿੱਲੀ ਰੇਤ ਦੇ ਉਸਾਰਦੇ ਰਹੇ। ਕਿਵੇਂ ਜ਼ਿੰਦਗੀ ਦੀ ਅੱਖ ਨਾਲ ਅੱਖ ਉਹ ਮਿਲਾਂਦੇ, ਬਦਨੀਤ ਜੋ ਝਕਾਨੀਆਂ ਹੀ ਮਾਰਦੇ ਰਹੇ। ਥੋੜੇ ਲੋਕ ਨੇ ਜੋ ਬਾਲਦੇ ਨੇ ਬੱਤੀਆਂ ਬਨੇਰੇ, ਬਹੁਤੇ ਰਾਤ ਦੜ ਵੱਟ ਕੇ ਗੁਜ਼ਾਰਦੇ ਰਹੇ। ਹੀਰਾਂ ਸਦਾ ਹੀ ਅਮੀਰੜੇ ਦੀ ਡੋਲੀ ਬਹਿੰਦੀਆਂ, ਰਾਂਝੇ ਚਾਕ ਵੱਗ ਮੱਝੀਆਂ ਦੇ ਚਾਰਦੇ ਰਹੇ।

ਗ਼ਜ਼ਲ

ਹਰ ਪਾਸੇ ਹਥਿਆਰ ਬੇਲੀਆ। ਕਰਦੇ ਮਾਰੋ-ਮਾਰ ਬੇਲੀਆ। ਮੈਂ ਵਰ੍ਹਿਆਂ ਤੋਂ ਲੱਭਦਾ ਫਿਰਨਾਂ, ਕਿੱਥੇ ਹੈ ਸਰਕਾਰ ਬੇਲੀਆ। ਪੰਛੀ ਨਹੀਂ, ਇਹ ਅਰਸ਼ 'ਤੇ ਉਡਦੀ, ਹੈ ਖੰਭਾਂ ਦੀ ਡਾਰ ਬੋਲੀਆ। ਲੱਤਾਂ ਹੀ ਨਾ ਭਾਰ ਸੰਭਾਲਣ, ਡਿੱਗਿਆਂ ਮੂੰਹ ਦੇ ਭਾਰ ਬੇਲੀਆ। ਜਿਸਮ ਅਸਾਡਾ ਟੁੱਕੀ ਜਾਵੇ, ਆਪਣੀ ਹੀ ਤਲਵਾਰ ਬੇਲੀਆ। ਟੂਣੇ ਵਾਂਗ ਬਰੂਹੀਂ ਡਿੱਗੇ, ਰੋਜ਼ਾਨਾ ਅਖ਼ਬਾਰ ਬੇਲੀਆ। ਮੋਏ ਮੁੱਕਰੇ ਇਕ ਬਰਾਬਰ, ਭੁੱਲਿਓਂ ਕੌਲ ਕਰਾਰ ਬੇਲੀਆ। ਸ਼ਗਨਾਂ ਦੀ ਫੁਲਕਾਰੀ ਹੁਣ ਤਾਂ, ਹੋ ਗਈ ਤਾਰੋ ਤਾਰ ਬੇਲੀਆ।

ਗ਼ਜ਼ਲ

ਬੰਦ ਕਰੋ ਦਰਵਾਜ਼ੇ ਸਾਰੇ ਭੇੜੋ ਬੂਹੇ ਬਾਰੀਆਂ। ਅੰਨ੍ਹੀ ਨ੍ਹੇਰੀ ਭੱਜੀ ਆਉਂਦੀ ਮਾਰ ਮਾਰ ਕਿਲਕਾਰੀਆਂ। ਇਕ ਬੰਦਾ ਮਰਿਆਂ ਜਿੱਥੇ ਸੁਰਖ਼ ਹਨੇਰੀ ਆਉਂਦੀ ਸੀ, ਅੱਜ ਹਰ ਚੌਕ ਚੁਰਸਤੇ ਭਾਵੇਂ ਲਾ ਲਉ ਖੂਨ 'ਚ ਤਾਰੀਆਂ। ਹਿੱਕ ਤੇ ਭਾਰ ਜਿਹਾ ਹੈ ਨਾਲੇ ਜੀਭ ਤਾਲੂਏ ਜੁੜ ਗਈ ਸੀ, ਮੇਰਾ ਨਾਮ ਪੁਕਾਰਦਿਆਂ ਕਿਸ ਰਾਤੀਂ 'ਵਾਜਾਂ ਮਾਰੀਆਂ। ਗਰਦ ਗੁਬਾਰ ਹਨੇਰਾ ਮਨ ਤੇ ਕਾਠੀ ਪਾ ਕੇ ਬੈਠਾ ਹੈ, ਨਿੱਕੀਆਂ ਨਿੱਕੀਆਂ ਸੋਚਾਂ ਲੱਗਣ ਪਰਬਤ ਨਾਲੋਂ ਭਾਰੀਆਂ। ਧੂੜ ਲਪੇਟੇ ਰਾਹਾਂ ਦੇ ਵਿਚ ਕਿੰਨੇ ਯਾਰ ਗੁਆਚ ਗਏ, ਖਾ ਗਈਆਂ ਨੇ ਸੂਹੇ ਸੁਪਨੇ ਮਿੱਟੀ ਰੰਗੀਆਂ ਲਾਰੀਆਂ। ਇਹ ਵੀ ਇਕ ਦਿਨ ਘਰ ਦੀ ਨੁੱਕਰੇ ਸਿਰ ਤੇ ਛੱਤਾਂ ਮੰਗਣਗੇ, ਹੁਣ ਤੱਕ ਉਮਰ ਲੰਘਾਈ ਜਿੰਨ੍ਹਾਂ ਕਰ ਕਰ ਪਹਿਰੇਦਾਰੀਆਂ। ਖੁਸ਼ਬੂ ਹੱਦਾਂ ਬੰਨ੍ਹੇ ਟੱਪ ਕੇ ਦੂਰ ਦੂਰ ਤਕ ਜਾਵੇਗੀ, ਕਿਹੜੀ ਤਾਕਤ ਰੋਕੂ ਇਸ ਨੂੰ ਕਰਕੇ ਚਾਰ ਦੀਵਾਰੀਆਂ।

ਗ਼ਜ਼ਲ

ਵਗਦੀ ਹਨ੍ਹੇਰੀ ਬੁਝੀ ਦੀਵਿਆਂ ਦੀ ਪਾਲ। ਆਪਣੇ ਤੂੰ ਘਰ ਦੇ ਚਿਰਾਗਾਂ ਨੂੰ ਸੰਭਾਲ। ਲੁਕ ਗਈ ਕਿਤਾਬਾਂ ਵਿਚ ਅੱਖਰਾਂ ਦੀ ਭੀੜ, ਹੱਥ ਵਿਚ ਛੁਰੀ ਚੁੱਕੀ ਫਿਰਦੇ ਚੰਡਾਲ। ਵਰ੍ਹਦੀਆਂ ਗੋਲੀਆਂ ਦਾ ਹੋਵੇ ਜਦੋਂ ਭੇੜ, ਨੇਰ੍ਹੇ ਵਿਚ ਕੌਣ ਵੇਖੋ ਕੌਣ ਕੀਹਦੇ ਨਾਲ। ਧਰਮਾਂ ਰਿਆਸਤਾਂ ਸਿਆਸਤਾਂ ਦੀ ਲੋੜ, ਹਰ ਵੇਲੇ ਟਾਲ ਦੇਣਾ ਰੋਟੀ ਦਾ ਸੁਆਲ। ਲੁਕ ਛਿਪ ਜਾਓ ਕੂਕਦੀ ਫਿਰੇ ਇਹ ਪੌਣ, ਖ਼ੌਰੇ ਕਿਹਦੇ ਸਿਰ ਚੜ੍ਹ ਬੋਲ ਪਵੇ ਕਾਲ। ਇਕ ਦਿਨ ਦਿਨ ਹੁਣ ਬੀਤਦਾ ਹੈ ਇੰਝ, ਮੋਈ ਮਾਂ ਨੂੰ ਚੁੰਘੇ ਜਿਵੇਂ ਨਿੱਕਾ ਜਿਹਾ ਬਾਲ। ਤੇਰੀਆਂ ਕਮਾਈਆਂ ਮਿੱਟੀ ਵਿਚ ਰੁਲ ਗਈਆਂ, ਉੱਠ ਪੱਗ ਵਾਲਿਆ ਤੂੰ ਪੱਗੜੀ ਸੰਭਾਲ।

ਗ਼ਜ਼ਲ

ਜੀਅ ਕਰਦੈ ਆਪਣੇ ਪਿੰਡ ਜਾ ਕੇ ਚੱਬਾਂ ਦੋਧਾ ਛੱਲੀਆਂ ਹੂ। ਵਰ੍ਹਦੇ ਮੀਂਹ ਵਿਚ ਨੰਗਾ ਦੌੜਾਂ ਮਾਰਾਂ ਝੱਲ-ਵਲੱਲੀਆਂ ਹੂ। ਏਸ ਨਗਰ ਬਨਵਾਸੀ ਬਣ ਗਏ ਰੋਜ਼ੀ ਖ਼ਾਤਰ ਆਏ ਸਾਂ, ਪਿੱਛੇ ਰੋਜ਼ ਉਡੀਕਦੀਆਂ ਨੇ ਮਾਵਾਂ ਕੱਲ-ਮ-ਕੱਲ੍ਹੀਆਂ ਹੂ। ਅੰਬਰ ਵਿਚੋਂ ਤਾਰਾ ਟੁੱਟ ਕੇ ਖੌਰੇ ਕਿੱਥੇ ਗਰਕ ਗਿਆ, ਚੁੰਨੀਆਂ ਰੋਣ ਦੁਹੱਥਣ ਪਿੱਟਣ ਹੋ ਗਈਆਂ ਨੇ ਝੱਲੀਆਂ ਹੂ। ਕੂੰਜਾਂ ਉੱਡੀਆਂ ਦੂਰ ਦੇਸ ਨੂੰ ਬੱਚੇ ਦੇ ਕੇ ਮੁੜੀਆਂ ਨਾ, ਖ਼ਾਲਮ-ਖ਼ਾਲੀ ਆਲ੍ਹਣਿਆਂ ਵਿਚ ਚੁੱਪ ਨੇ ਟੱਲ-ਮ-ਟੱਲੀਆਂ ਹੂ। ਤਪਦਾ ਤਨ ਮਨ ਵੰਝਲੀ ਦੇ ਵਿਚ ਕਿੱਥੋਂ ਮਿੱਠੀ ਤਾਨ ਭਰੇ, ਬੇਲਿਆਂ ਦੇ ਵਿਚ ਲਾਸ਼ਾਂ ਵਿਛੀਆਂ ਚੀਕਾਂ ਜੂਹਾਂ ਮੱਲੀਆਂ ਹੂ। ਤੇਰੇ ਭਾਣੇ ਇਕ ਸਿਵਾ ਬਲ ਬੁਝ ਕੇ ਜਲ ਪ੍ਰਵਾਹ ਹੋਵੇ, ਇਹ ਵੀ ਦੇਖ ਤੂੰ ਕਿਥੋਂ ਤੀਕਰ ਮੱਚਦੀਆਂ ਤਰਥੱਲੀਆਂ ਹੂ। ਫੂਹੜੀ ਉਤੇ ਬਹਿ ਕੇ ਉਹ ਅਫ਼ਸੋਸ ਕਰੇ ਤੇ ਮੁੜ ਜਾਵੇ, ਕਾਤਲ ਦਾ ਮਸ਼ਗੂਲਾ ਵੇਖੋ ਦੇਵੇ ਆਪ ਤਸੱਲੀਆਂ ਹੂ। ਜਿੱਧਰ ਵੇਖਾਂ ਹਰ ਥਾਂ ਅੱਗਾਂ ਧਰਤੀ ਦੀ ਹਰਿਔਲ ਸੜੇ, ਠੰਡੀਆਂ ਪੌਣਾਂ ਰੱਬ ਡਾਢੇ ਨੇ ਕਿਹੜੇ ਦੇਸੀਂ ਘੱਲੀਆਂ ਹੂ।

ਗ਼ਜ਼ਲ

ਯਾਰੀ ਪਾਉਂਦੇ ਨੇ ਜੋ ਰੰਗਲੇ ਗੁਬਾਰਿਆਂ ਦੇ ਨਾਲ। ਸਾਡੀ ਨਿਭ ਜਾਂਦੀ ਦੋਸਤੀ ਅੰਗਾਰਿਆਂ ਦੇ ਨਾਲ। ਅਸੀਂ ਤੇਰੇ ਵਾਂਗ ਅੰਬਰਾਂ ਨੂੰ ਸੀਗਾ ਚੁੰਮ ਲੈਣਾ, ਰਲ ਜਾਂਵਦੇ ਜੇ ਪੀਂਘ ਦੇ ਹੁਲਾਰਿਆਂ ਦੇ ਨਾਲ। ਅਸੀਂ ਵੱਖ ਤੁਸੀਂ ਵੱਖ ਸਾਡੀ ਰਲਦੀ ਨਾ ਅੱਖ, ਕਦੋਂ ਯਾਰੀਆਂ ਪੁਗਾਈਆਂ ਮਹਿਲਾਂ ਢਾਰਿਆਂ ਦੇ ਨਾਲ। ਤੁਸੀਂ ਗੂੰਗਿਆਂ ਦੇ ਵਾਂਗ ਚੁੱਪ ਚਾਪ ਬੈਠ ਗਏ, ਬਾਤ ਤੁਰਨੀ ਹੈ ਅੱਗੇ ਤਾਂ ਹੁੰਗਾਰਿਆਂ ਦੇ ਨਾਲ। ਸਾਨੂੰ ਧਰਤੀ ਦੇ ਮਾਲ ਤੇ ਖਜ਼ਾਨਿਆਂ ਤੋਂ ਵੱਧ, ਜਿਹੜੀ ਘੜੀ ਲੰਘੇ ਸੱਜਣਾਂ-ਪਿਆਰਿਆਂ ਦੇ ਨਾਲ। ਸਾਨੂੰ ਤਲਖ਼ ਹਕੀਕਤਾਂ ਨੇ ਇਹੀ ਸਮਝਾਇਆ, ਕਦੇ ਜ਼ਿੰਦਗੀ ਨਾ ਤੁਰੇ ਮਿੱਠੇ ਲਾਰਿਆਂ ਦੇ ਨਾਲ। ਗੂੰਗੇ ਬੋਲੇ ਨੂੰ ਕੀ ਸਾਡੀਆਂ ਮੁਸੀਬਤਾਂ ਦੀ ਸਾਰ, ਜਿਹੜਾ ਆਪ ਗੱਲਾਂ ਕਰਦੈ ਇਸ਼ਾਰਿਆਂ ਦੇ ਨਾਲ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਗੁਰਭਜਨ ਗਿੱਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ