Rachnavan De Mukh Band Te Hor Raavan : Gurbhajan Gill
ਰਚਨਾਵਾਂ ਦੇ ਮੁਖ ਬੰਦ ਤੇ ਹੋਰ ਰਾਵਾਂ : ਗੁਰਭਜਨ ਗਿੱਲ
ਮੁੱਖ-ਬੰਦ (ਸ਼ੀਸ਼ਾ ਝੂਠ ਬੋਲਦਾ ਹੈ) : ਸੰਤ ਸਿੰਘ ਸੇਖੋਂ
ਜੁਆਨੀ ਵਿਚ 1940 ਦੇ ਕਰੀਬ ਮੈਂ ਆਪਣੀਆਂ ਕੁਝ ਅੰਗਰੇਜ਼ੀ ਕਵਿਤਾਵਾਂ
ਆਪਣੇ ਇਕ ਪੁਰਾਣੇ ਅਧਿਆਪਕ ਪ੍ਰਰੋ. ਮਦਨ ਗੋਪਾਲ ਸਿੰਘ ਪਾਸ ਲਾਹੌਰ ਲੈ ਕੇ
ਗਿਆ ਜਿਥੇ ਉਹ ਉਸ ਵੇਲੇ ਅਧਿਆਪਕ-ਸਿੱਖਿਆ ਕਾਲਜ ਦੇ ਪ੍ਰਰਿੰਸੀਪਲ ਲੱਗੇ
ਹੋਏ ਸਨ, ਉਨ੍ਹਾਂ ਮੈਨੂੰ ਬੜੇ ਕੋਰੇ ਹੋ ਕੇ ਆਖਿਆ, ਬਈ, ਮੈਨੂੰ ਟੈਨੀਸਨ ਤੇ ਬ੍ਰਾਊਨਿੰਗ
ਦੀ ਕਵਿਤਾ ਤੋਂ ਪਿੱਛੋਂ ਦੀ ਕਵਿਤਾ ਬਾਰੇ ਕੋਈ ਗਿਆਨ ਨਹੀਂ ਅਰਥਾਤ 1940
ਵਿੱਚ ਉਹ 1890 ਤੋਂ ਪਿਛੋਂ ਦੀ ਕਵਿਤਾ ਵੱਲ ਬਿਲਕੁਲ ਪਰਾਇਆ ਹੋ ਕੇ ਰਹਿ ਰਿਹਾ
ਸੀ। ਮੇਰੇ ਵਿਚ ਪ੍ਰਰੋ. ਮਦਨ ਗੋਪਾਲ ਸਿੰਘ ਜਿੰਨੀ ਬੇ-ਨਿਆਜ਼ੀ ਨਹੀਂ ਮੈਂ ਆਧੁਨਿਕਤਾ
ਵਲ ਪਰਾਇਆ ਹੋਣ ਦਾ ਹੌਂਸਲਾ ਨਹੀਂ ਕਰ ਸਕਦਾ। ਮੈਂ ਅੱਜ ਕੱਲ੍ਹ ਦੇ ਕਵੀਆਂ ਦੀ
ਰਚਨਾ ਨੂੰ ਵੀ ਸਮਝਣ ਤੇ ਪਿਆਰਨ ਦਾ ਯਤਨ ਕਰਦਾ ਰਹਿੰਦਾ ਹਾਂ, ਭਾਵੇਂ ਇਸ ਵਿਚ
ਮੈਂ ਆਧੁਨਿਕ ਕਵੀਆਂ ਤੇ ਰਸੀਆਂ ਦਾ ਹਾਣੀ ਨਹੀਂ ਹੋ ਸਕਦਾ।
ਮੈਂ ਪ੍ਰਰੋ. ਗੁਰਭਜਨ ਸਿੰਘ ਗਿੱਲ ਨੂੰ ਕੁਝ ਵਰ੍ਹਿਆਂ ਤੋਂ ਜਾਣਦਾ ਹਾਂ ਤੇ ਕਦੀ
ਕਦੀ ਇਸ ਪਾਸੋਂ ਕਿਸੇ ਇਕੱਠ ਵਿਚ ਕੋਈ ਕਵਿਤਾ ਸੁਣ ਕੇ ਪ੍ਰਰਭਾਵਿਤ ਵੀ ਹੁੰਦਾ
ਰਿਹਾ ਹਾਂ, ਇਸ ਕਾਰਨ ਹੀ ਜਦੋਂ ਇਸ ਨੇ ਮੈਨੂੰ ਆਪਣੀ ਪਹਿਲੀ ਪੁਸਤਕ ਦੀ
ਭੂਮਿਕਾ ਲਿਖਣ ਲਈ ਕਿਹਾ ਤਾਂ ਮੈਂ ਝੱਟ ਪ੍ਰਰਵਾਨ ਕਰ ਲਿਆ। ਪਰ ਜਦੋਂ ਮੈਂ ਹੁਣ
ਇਸ ਦੀਆਂ ਕਵਿਤਾਵਾਂ ਇਸ ਸੰਗ੍ਰਹਿ ਵਿਚ ਪੜ੍ਹੀਆਂ ਹਨ ਤਾਂ ਮੈਂ ਮਹਿਸੂਸ ਕੀਤਾ
ਕਿ ਮੈਂ ਅਜੋਕੀ ਕਵਿਤਾ ਦੇ ਹਾਣ ਦਾ ਨਹੀਂ ਹਾਂ, ਪਰ ਜੇ ਕਿਸੇ ਉਤੇ ਪਿਛਲੀ ਉਮਰ
ਵਿਚ ਕੋਈ ਯੁਵਤੀ ਮਿਹਰਬਾਨ ਹੋ ਜਾਵੇ ਤਾਂ ਉਹ ਕੀ ਕਰੇ ? ਉਹ ਬੇ-ਨਿਆਜ਼
ਕਿਵੇਂ ਹੋ ਜਾਵੇ ? ਸੋ ਮੈਂ ਨਵੀਂ ਕਵਿਤਾ ਵੱਲ ਬੇਨਿਆਜ਼ ਨਹੀਂ ਹੋ ਸਕਦਾ। ਮੈਂ ਇਸ ਨੂੰ
ਮਾਨਣ ਤੇ ਸਮਝਣ ਦਾ ਯਤਨ ਕੀਤਾ ਹੈ, ਜਿਸ ਦਾ ਅਭਿਵਿਅੰਜਨ ਮੈਂ ਇਨ੍ਹਾਂ
ਸਫ਼ਿਆਂ ਵਿਚ ਕਰ ਰਿਹਾ ਹਾਂ।
ਮੈਂ ਅਖਾਉਤੀ ਮੋਹਨ ਸਿੰਘ-ਅੰਮ੍ਰਿਤਾ ਪ੍ਰਰੀਤਮ ਦੀ ਕਾਵਿ-ਧਾਰਾ ਦਾ ਹਾਣੀ
ਆਲੋਚਕ ਹਾਂ। ਮੋਹਨ ਸਿੰਘ ਮੈਥੋਂ ਢਾਈ ਵਰ੍ਹੇ ਵਡੇਰਾ ਸੀ ਤੇ ਅੰਮ੍ਰਿਤਾ ਪ੍ਰਰੀਤਮ ਕੇਵਲ
ਗਿਆਰਾਂ ਵਰ੍ਹੇ ਛੋਟੀ ਹੈ। ਪਰ ਗੁਰਭਜਨ ਤਾਂ ਮੈਥੋਂ ਚਾਲੀ ਪੰਜਤਾਲੀ ਵਰ੍ਹੇ ਤੋਂ ਵੀ ਵੱਧ
ਛੋਟਾ ਹੋਵੇਗਾ। ਇਸ ਦਾ ਹਾਣੀ ਮੈਂ ਕਿਵੇਂ ਬਣਾਂ ? ਮੇਰੀ ਹਉਮੈ ਮੈਨੂੰ ਇਹ ਕਮਜ਼ੋਰੀ
ਮੰਨਣ ਨਹੀਂ ਦੇਂਦੀ।
ਜਦੋਂ ਮੇਰੇ ਹਾਣੀ ਤੇ ਮੈਂ ਤੀਹਵਿਆਂ ਵਿਚ ਲਿਖਣ ਲੱਗੇ, ਕੋਈ ਕਵਿਤਾ,
ਕੋਈ ਕਹਾਣੀ ਤੇ ਕੋਈ ਨਾਟਕ, ਤਾਂ ਸਾਨੂੰ ਇਕ ਵਿਸ਼ੇਸ਼ਾਧਿਕਾਰ ਪ੍ਰਰਾਪਤ ਸੀ। ਸਾਡੇ
ਵੇਲੇ ਯੁੱਗ ਦੇ ਚਿੰਤਨ ਤੇ ਅਨੁਭੂਤੀ ਦਾ ਵਾਤਾਵਰਣ ਬਦਲ ਰਿਹਾ ਸੀ। 1935 ਤੋਂ
ਪਹਿਲਾਂ ਭਾਰਤ ਦਾ ਬੌਧਿਕ ਤੇ ਭਾਵੁਕ ਵਾਤਾਵਰਣ ਸਾਰਾ ਆਦਰਸ਼ਵਾਦੀ ਸੀ।
1935 ਤੋਂ ਪਿੱਛੋਂ ਜਿਵੇਂ ਇਹ ਇਕਾ ਇਕ ਹੀ ਪਦਾਰਥਵਾਦੀ ਭਾਵ-ਬੋਧ ਦੇ ਝੰਡਾ
ਬਰਦਾਰ ਬਣੇ ਤੇ ਆਪਣੇ ਤੋਂ ਪਹਿਲਿਆਂ ਨੂੰ ਇਕ ਤਰ੍ਹਾਂ ਨਾਲ ਜਾਂ ਖੇਤਰ ਵਿਚੋਂ ਕੱਢ
ਦਿੱਤਾ ਤੇ ਜਾਂ ਆਪਣੇ ਮਗਰ ਲਾ ਲਿਆ। ਨਾਨਕ ਸਿੰਘ, ਧਨੀ ਰਾਮ ਚਾਤ੍ਰਿਕ ਤੇ
ਗੁਰਬਖ਼ਸ਼ ਸਿੰਘ ਸਾਥੋਂ ਪਹਿਲਾਂ ਦੇ ਸਥਾਪਤ ਸਾਹਿਤਕਾਰ ਸਨ ਤੇ ਉਸ ਸਮੇਂ ਸਾਥੋਂ
ਉਚੇਰੀ ਪੱਧਤੀ ਦੇ, ਪਰ ਮੈਨੂੰ ਇਹ ਕਹਿਣ ਵਿਚ ਕੋਈ ਸੰਕੋਚ ਨਹੀਂ ਕਿ ਅਸੀਂ ਉਨ੍ਹਾਂ
ਨੂੰ ਆਪਣੇ ਭਾਵ-ਬੋਧ ਦੇ ਘੇਰੇ ਵਿਚ ਲੈ ਆਂਦਾ ਸੀ ਜਾਂ ਇਉਂ ਕਹਿਣਾ ਵਧੇਰੇ
ਯਥਾਰਥਕ ਹੋਵੇਗਾ ਕਿ ਉਹ ਵੀ ਉਹ ਹੀ ਭਾਵ-ਬੋਧ ਅਪਨਾਉਣ ਦਾ ਯਤਨ ਕਰਨ
ਲੱਗ ਪਏ ਸਨ ਜਿਸ ਦਾ ਅਸਾਂ ਝੰਡਾ ਚੁਕਿਆ ਹੋਇਆ ਸੀ।
ਹੁਣ ਮੈਂ ਜਦੋਂ ਇਨ੍ਹਾਂ ਆਧੁਨਿਕ ਕਵੀਆਂ ਦੇ ਭਾਵ-ਬੋਧ ਨੂੰ ਸਮਝਣ ਦੀ
ਕੋਸ਼ਿਸ਼ ਕਰਦਾ ਹਾਂ ਤਾਂ ਮੈਨੂੰ ਆਪਣੀ ਸਥਿਤੀ ਧਨੀ ਰਾਮ ਚਾਤ੍ਰਿਕ ਤੇ ਗੁਰਬਖ਼ਸ਼
ਸਿੰਘ ਵਰਗੀ ਹੀ ਜਾਪਦੀ ਹੈ। ਪਰ ਜਿਥੇ ਉਹ ਸਾਡੇ ਭਾਵ-ਬੋਧ ਨੂੰ ਸਵੀਕਾਰ ਕਰਦੇ
ਸਨ ਮੈਂ ਇਨ੍ਹਾਂ ਆਧੁਨਿਕ ਕਵੀਆਂ ਦੇ ਭਾਵ-ਬੋਧ ਨੂੰ ਸਵੀਕਾਰ ਕੀਤੇ ਬਿਨਾਂ ਇਨ੍ਹਾਂ
ਨਾਲ ਸਹਾਨੁਭੂਤ ਹੋਣ ਦਾ ਯਤਨ ਕਰਦਾ ਹਾਂ।
ਮੈਂ ਇਹ ਸਮਝਦਾ ਹਾਂ ਕਿ ਅਜੋਕੇ ਕਵੀਆਂ ਤੇ ਸਾਹਿਤਕਾਰਾਂ ਨੂੰ ਸਾਡੇ
ਵਾਲੀ ਸੁਵਿਧਾ ਪ੍ਰਰਾਪਤ ਨਹੀਂ । ਸਾਡੇ ਸਮੇਂ ਭਾਰਤ ਤਾਂ ਕੀ ਸਾਰੇ ਜਗਤ ਵਿਚ ਇਕ
ਸਾਂਝੀ ਭਾਵਨਾ ਵਿਆਪਕ ਸੀ ਤੇ ਉਹ ਸੀ ਸਾਮਰਾਜ। ਬਰਤਾਨਵੀ ਤੇ ਹੋਰ ਦੇਸ਼ਾਂ ਦੇ
ਸਾਮਰਾਜ ਵਿਰੁੱਧ ਸੰਘਰਸ਼ਮਈ ਘ੍ਰਿਣਾ। ਦੂਜੇ ਉਸ ਸਮੇਂ ਭਾਵੇਂ ਕੁਝ ਘੱਟ ਵਿਆਪਕ
ਰੂਪ ਵਿਚ ਬੋਧ ਤੇ ਭਾਵ ਦੇ ਜਗਤ ਵਿਚ ਸਮਾਜਵਾਦ ਵੱਲ ਸ਼ਰਧਾ ਵੀ ਬਣੀ ਹੋਈ
ਸੀ। ਅੱਜ ਦੀ ਪੀੜ੍ਹੀ ਨੂੰ ਇਹ ਸੁਭਾਗ ਪ੍ਰਰਾਪਤ ਨਹੀਂ। ਇਹ ਸਾਮਰਾਜ ਦੇ ਤੀਰਾਂ ਤੇ
ਵਿੰਨ੍ਹੇ ਹੋਏ ਨਹੀਂ ਤੇ ਇਹ ਸਮਾਜਵਾਦੀ ਲਹਿਰਾਂ ਹੀ ਨਹੀਂ, ਸਮਾਜਵਾਦੀ ਭਾਵ-ਬੋਧ
ਤੋਂ ਵੀ ਚੋਖੇ ਉਪਰਾਮ ਹੋਏ ਹੋਏ ਹਨ।
ਉਦਾਹਰਣ ਵਜੋਂ ਗੁਰਭਜਨ ਦੀਆਂ ਕਵਿਤਾਵਾਂ ਵਿਚੋਂ ਅੱਜ ਦੇ ਜਗਤ
ਦੀ ਕਿਸੇ ਸਥਾਪਤ ਤੇ ਪ੍ਰਰਭੁਤ ਸ਼ਕਤੀ ਵੱਲ ਘ੍ਰਿਣਾ ਦੀ ਧੁਨੀ ਉੱਠਦੀ ਹੈ, ਪਰ ਉਹ
ਇਕ ਸ਼ਕਤੀ ਨੂੰ ਸਪਸ਼ਟ ਭਾਂਤ ਸਾਮਰਾਜ ਨਹੀਂ ਕਹਿ ਸਕਦਾ। ਸ਼ਾਇਦ ਇਸ ਲਈ
ਕਿ ਉਸ ਨੂੰ ਸਾਮਰਾਜ ਦੀ ਅਧੀਨਤਾ ਦਾ ਉਹ ਦੁਖਾਵਾਂ ਅਨੁਭਵ ਨਹੀਂ ਜੋ ਮੇਰੀ
ਪੀੜ੍ਹੀ ਦੇ ਮਨ-ਅੰਤਰ ਦੀ ਪੀੜ ਸੀ। ਜਦੋਂ ਉਹ ਕਹਿੰਦਾ ਹੈ:
ਸ਼ਾਮ ਢਲੀ ਹੈ
ਘਰ ਵੱਲ ਪਰਤ ਰਹੇ ਨੇ ਲੋਕੀਂ
ਮੋਢਿਆਂ ਉੱਤੇ ਧੌਣ ਟਿਕਾਈ
ਕਿਹੜੇ ਨੇ ਇਹ ਬਾਹਾਂ ਵਾਲੇ ਟੁੰਡੇ ਲੋਕੀਂ ?
ਰੋਜ਼ ਸਵੇਰੇ
ਆਪਣੇ ਪਰਛਾਵੇਂ ਦੇ ਪਿੱਛੇ ਲੱਗ ਤੁਰਦੇ ਨੇ
ਸ਼ਾਮ ਢਲਦਿਆਂ ਆਪਣੇ ਪਰਛਾਵੇਂ ਤੋਂ ਡਰ ਕੇ
ਅੱਗੇ ਅੱਗੇ ਨੱਸ ਤੁਰਦੇ ਨੇ
ਪਤਾ ਨਹੀਂ ਕਿਉਂ ? ਨਿੱਤ ਦਾ ਇਹ ਬੌਣਾ ਜੇਹਾ ਜੀਵਨ
ਡਾਇਰੀ ਦੇ ਮੱਥੇ ਤੇ ਮੜ੍ਹ ਕੇ
ਮਾਣ ਜਹੇ ਨਾਲ ਹਿੱਕਾਂ ਕੱਢ ਕੇ ਫਿਰ ਤੁਰਦੇ ਨੇ।
ਤਾਂ ਸਵਾਲ ਉੱਠਦਾ ਹੈ, ਇਹ ਲੋਕ ਸੱਚ ਹੀ ਆਪਣੇ ਪਰਛਾਵੇਂ ਤੋਂ ਡਰ ਕੇ
ਨੱਸੇ ਜਾ ਰਹੇ ਹਨ, ਜਾਂ ਕਿਸੇ ਹੋਰ ਭਿਆਨਕ ਸ਼ਕਤੀ ਤੋਂ ਡਰਦੇ ? ਸਾਡੇ ਸਮੇਂ ਸਾਨੂੰ
ਨਿਸ਼ਚਾ ਸੀ ਕਿ ਇਹ ਭਿਆਨਕ ਸ਼ਕਤੀ ਸਾਮਰਾਜ ਸੀ ਤੇ ਇਹ ਨਿਸ਼ਚਾ ਸਾਨੂੰ ਇਸ
ਤੋਂ ਨਾ ਡਰਨ ਦੀ ਸ਼ਕਤੀ ਪ੍ਰਰਦਾਨ ਕਰਦਾ ਸੀ। ਜਦੋਂ ਤੁਹਾਨੂੰ ਆਪਣੇ ਵੈਰੀ ਦਾ
ਥਹੁ-ਪਤਾ ਲੱਗ ਜਾਵੇ ਤਾਂ ਤੁਸੀਂ ਉਸ ਤੋਂ ਡਰ ਖਾਣ ਦੀ ਥਾਂ ਉਸਦੇ ਵਿਰੁੱਧ ਦ੍ਰਿੜ
ਹੋ ਜਾਂਦੇ ਹੋ। ਪਰ ਗੁਰਭਜਨ ਦੀ ਪੀੜ੍ਹੀ ਨੂੰ ਇਸ ਭਿਆਨਕ ਸ਼ਕਤੀ ਬਾਰੇ ਨਿਸ਼ਚੇ
ਪੂਰਵਕ ਬੋਧ ਨਹੀਂ । ਇਸ ਤਰ੍ਹਾਂ ਨਹੀਂ ਸਰਨਾ। ਇਹ ਪੀੜ੍ਹੀ ਇਸ ਡਰਾਉਣੀ ਸ਼ਕਤੀ
ਨੂੰ ਆਪਣੇ ਹੀ ਕੋੜ੍ਹ ਸਮਝੀ ਬੈਠੀ ਹੈ ਤੇ ਕੀ ਆਪਣੇ ਕੋੜ੍ਹ ਤੋਂ ਇਨ੍ਹਾਂ ਦਾ ਭਾਵ
ਆਪਣੇ ਹੀ ਦੇਸ਼ ’ਤੇ ਜਾਤੀ ਦੀ ਸਥਾਪਤ ਸ਼ਕਤੀ ਹੈ ਤੇ ਕੀ ਇਹ ਨਹੀਂ ਜਾਣਦੇ ਕਿ
ਇਸ ਸਥਾਪਤ ਸ਼ਕਤੀ ਦਾ ਆਧਾਰ ਪੂੰਜੀ ਉੱਤੇ ਅਧਿਕਾਰ ਹੈ।
ਤੇ ਜੇ ਇਸਨੂੰ ਕਦੀ ਝਾਉਲਾ ਪੈਂਦਾ ਹੈ ਕਿ ਇਸ ਦੇਸ਼ ਦੇ ਨੇਤਾ ਦੀ ਅੰਤਿਮ
ਇੱਛਾ ਦਾ ਭਾਵ ਇਹ ਹੀ ਹੈ ਕਿ-
ਮੇਰੇ ਮਰਨੋਂ ਬਾਅਦ ਪਿਆਰੇ
ਮੇਰੀ ਰਾਖ਼ ਜਹਾਜ਼ੀਂ ਲੱਦ ਕੇ
ਲੋਕਾਂ ਦਿਆਂ ਸਿਰਾਂ ਵਿਚ ਪਾਉਣਾ
(ਆਪਣੇ ਖ਼ਿਲਾਫ਼)
ਇਸ ਦਾ ਮਨ ਇਸ ਪਾਜ ਨੂੰ ਉਘਾੜਨਾ ਚਾਹੁੰਦਾ ਹੈ ਪਰ ਇਹ ਇਸ ਮਨ
ਨੂੰ ਵਰਜਦਾ ਹੈ ਭਾਵੇਂ ਵਿਅੰਗ ਨਾਲ ਹੀ।ਇਹ ਪੀੜ੍ਹੀ ਵਿਅੰਗ ਇਕ ਤਿੱਖੀ ਤਲਵਾਰ
ਨੂੰ ਆਪਣੇ ਹੀ ਸੀਨੇ ਵਿਚ ਕਿਉਂ ਖੋਭ ਰਹੀ ਹੈ।
ਇਹ ਵਿਅੰਗ ਉਸ ਪੁੱਤਰ ਉੱਤੇ ਖ਼ੂਬ ਚੁਕਿਆ ਹੈ ਜਿਸਦੇ ਯਾਰ ‘ਗੋਡਿਆਂ
’ਚ ਸਿਰ ਦੇ ਕੇ’ ਸੋਚਦੇ ਹਨ:
ਬਾਪੂ ਦੀ ਹੰਡਾਲੀ ਇਕ, ਖਾਣ ਨੂੰ ਟੱਬਰ ਸਾਰਾ
ਕਿੱਦਾਂ ਮੈਂ ਵੰਡਾਵਾਂ ਉਹਦਾ ਭਾਰ ਨੀ
ਅੱਖੀਆਂ ਨੂੰ ਨੀਵਾਂ ਕਰ ਪੁੱਤ ਤੇਰਾ ਰੋਜ਼
ਨਿੱਤ ਸ਼ਾਹਾਂ ਦੀ ਹਵੇਲੀ ਲੰਘ ਜਾਵੇ।
ਮੱਝੀਆਂ ਦੀ ਖੁਰਲੀ ਤੇ ਪੱਠੇ ਸਾਡਾ ਬਾਪੂ ਪਾਵੇ
ਦੁੱਧ ਸਾਰਾ ਉੱਚੇ ਘਰੀਂ ਜਾਏ
ਮਾਏ ਨੀ ਮਾਏ ਤੇਰਾ ਪੁੱਤ ਦੱਸਣੋਂ ਸ਼ਰਮਾਏ
ਕੱਢੇ ਜੋ ਆਵਾਜ਼ ਮੂੰਹੋਂ ਪੁੱਤ ਤੇਰਾ ਬਾਂਕੜਾ ਨੀ
ਪੌਣ ਉਹਨੂੰ ਕੁੱਤੇ ਹਲਕਾਏ।
(ਗੀਤ)
ਸਾਡੀ ਨਵੀਂ ਪੀੜ੍ਹੀ ਏਨੀ ਬੌਣੀ ਕਿਉਂ ਮਹਿਸੂਸ ਕਰਦੀ ਹੈ। ਅਸੀਂ ਅੰਗਰੇਜ਼ੀ
ਸਾਮਰਾਜ ਸਾਹਮਣੇ ਏਨੇ ਬੌਣੇ ਨਹੀਂ ਸੀ ਮਹਿਸੂਸ ਕਰਦੇ। ਅਸੀਂ ਅੰਗਰੇਜ਼ ਸਾਮਰਾਜ
ਦੇ ਪ੍ਰਰਤਿਦਵੰਦੀ ਸੀ। ਇਹ ਪੀੜ੍ਹੀ ਪੂੰਜੀਵਾਦ ਦੀ ਪ੍ਰਰਤਿਦਵੰਦੀ ਹੈ ਪਰ ਇਸ ਦੀ ਆਸ
ਇਸ ਗੱਲ ਉੱਤੇ ਹੀ ਲੱਗੀ ਹੋਈ ਹੈ ਕਿ-
ਟੁਰਨਾ ਏ ਕਾਫ਼ਿਲਾ, ਜਹਾਨ ਹੋਣੈਂ ਨਾਲ ਇਹਦੇ
ਪੁੱਟਣਾ ਏ ਖੋੜ੍ਹਾਂ ਵਾਲਾ ਬੋੜ੍ਹ ਨੀ।
(ਗੀਤ)
ਬੱਸ, ਲੈ ਦੇ ਕੇ ਇਤਨਾ ਹੀ ਦਾਈਆ ਹੈ ਨਵੀਂ ਪੀੜ੍ਹੀ ਦਾ!
ਸਭਿਅਤਾ ਇਸ ਪੀੜ੍ਹੀ ਲਈ ਕੇਵਲ ਇਕ ਸਹਿਮ ਬਣੀ ਹੋਈ ਹੈ। ਜਿਸ
ਵਿਚ ਇਹ ‘ਬਾਵਰਦੀ ਸਿਪਾਹੀ ਦੇ ਇਸ਼ਾਰੇ ਉੱਤੇ’ ਨੱਚਦੀ ਹੈ, ਇੰਜ ਜਾਪਦਾ ਹੈ
ਜਿਵੇਂ ਗੁਰਭਜਨ ਦੇ ਮਨ ਵਿਚ ਉਸ ਸਮੇਂ ਦਾ ਵੈਰਾਗ ਹੈ।
ਜਦ ਰਿੜ੍ਹਦੇ ਪਹੇ ਵਿਚਕਾਰ ਰਿੜ੍ਹਦੇ
ਕਦੇ ਹਾਦਸੇ ਵਿਚ ਨਾਮਰਦੇ
ਨਾ ਸਮੱਸਿਆ ਸੀ ਕੋਈ
ਹੱਲ ਸੋਚਣ ਦੀ ਲੋੜ ਹੀ ਕੀ ਸੀ
(ਬਨਾਮ ਸਭਿਅਤਾ।
ਕੀ ਸਮਾਜਵਾਦ ਦਾ ਅਮਲ ਇਨ੍ਹਾਂ ਨੂੰ ਕੇਵਲ ‘ਲਾਰਿਆਂ ਦੀ ਘੁੱਗੀ’
ਪ੍ਰਰਤੀਤ ਹੁੰਦੀ ਹੈ। ਮਿਰਜ਼ਾ ਗਾਲਿਬ ਦਾ ਸ਼ਿਅਰ ਹੈ।
ਮੁਹਸਰ ਮਰਨੇ ਪਿ ਹੈ ਜਿਸ ਕੀ ਉਮੀਦ
ਨਾ-ਉਮੀਦੀ ਉਸ ਕੀ ਦੇਖਾ ਚਾਹੀਏ।
ਇਸ ਪੀੜ੍ਹੀ ਦੀ ਆਸ ਦਾ ਆਧਾਰ ਹੈ ਕੋਈ ਜਾਂ ਇਹ ਆਸ ਦੀ ਜੜ੍ਹ
ਬਿਲਕੁਲ ਛੱਡ ਚੁੱਕੀ ਹੈ ? ਉਹ ਕੁਝ ਚਿਰ ਪਹਿਲਾਂ ਦਾ ਸਮਾਂ ਕਿਹੜਾ ਸੀ ਜਦੋਂ ਯੁਵਕ
ਮੰਨਦੇ ਨਹੀਂ ਸਨ ਕਿ-
‘ਤਪਦਾ ਮੌਸਮ ਠਰ ਜਾਵੇਗਾ’
‘ਲੱਗੀ ਰਾਹ ਵਿਚ ਟੁੱਟ ਜਾਵੇਗੀ’
ਕਦੇ ਨਾ ਮੰਨਦੇ
(ਕੁਝ ਚਿਰ ਪਹਿਲਾਂ)
ਕੀ ਸਚਮੁੱਚ ਹੀ ਉਹ ਯੁਗ ਦੂਰ ਚਲਾ ਗਿਆ ਹੈ ਤੇ ਸਫ਼ਰ ਪਿਆ ਓਨਾ ਹੀ ਬਾਕੀ ?
ਕੀ ਸੱਚ ਹੀ ਇਸ ਪੀੜ੍ਹੀ ਦੇ ਪੈਰ ਰੁਜ਼ਗਾਰ ਦੀ ਝਾਂਜਰ ਝਣਕਣ ਨਾਲ
ਤਾਲ ਦੇਂਦੇ ਹਨ ? ਸੰਘਰਸ਼ ਕਰਨ ਵਾਲੇ ਠੀਕ ਹਰ ਇਕ ਲਈ ਰੁਜ਼ਗਾਰ ਦੀ ਮੰਗ
ਕਰਦੇ ਹਨ ਪਰ ਉਹ ਇਸ ਤੇ ਤਾਲ ਉੱਤੇ ਨੱਚਦੇ ਨਹੀਂ। ਕੀ ਗੁਰਭਜਨ ਇਨ੍ਹਾਂ
ਸ਼ਬਦਾਂ ਵਿਚ ਆਪਣੀ ਪੀੜ੍ਹੀ ਤੇ ਵਿਅੰਗ ਕੱਸ ਰਿਹਾ ਹੈ ਜਾਂ ਉਸ ਨੂੰ ਕੋਈ ਵੰਗਾਰ
ਦੇ ਰਿਹਾ ਹੈ ? ਇਹ ਵੰਗਾਰ ਵਧੇਰੇ ਸਪਸ਼ਟ ਹੋਣੀ ਚਾਹੀਦੀ ਹੈ।
ਸਾਡੀ ਪੀੜ੍ਹੀ ਇਹ ਵੰਗਾਰ ਦੇਂਦੀ ਸੀ। ਸਾਡੀ ਵੰਗਾਰ ਨੂੰ ਨਵੀਂ ਪੀੜ੍ਹੀ
ਨਾਅਰੇਬਾਜ਼ੀ ਆਖ ਕੇ ਛੁਟਿਆਉਂਦੀ ਹੈ। ਪਰ ਕੀ ਸੱਚ ਹੀ ਸਾਡੀ ਵੰਗਾਰ ਦਾ ਕੋਈ
ਅਸਰ ਨਹੀਂ ਹੋਇਆ। ਕੀ ਨਵੀਂ ਪੀੜ੍ਹੀ ਨੂੰ ਵਿਸ਼ਵਾਸ਼ ਨਹੀਂ ਆਉਂਦਾ ਕਿ 1937-47
ਵਿਚ ਤੇ 1977-78 ਵਿਚ ਯੁਗਾਂ ਦੀ ਵਿੱਥ ਪੈ ਚੁੱਕੀ ਹੈ ? ਇਹ ਇਤਨੇ ਨਿਰਾਸ਼
ਕਿਉਂ ਹੋ ਗਏ ਹਨ, ਸਾਥੋਂ ਤੇ ਆਪਣੇ ਆਪ ਤੋਂ। ਕੀ ਇਹ ਚਾਹੁੰਦੇ ਹਨ ਕਿ ਅਸੀਂ
ਹੱਥਾਂ ਤੇ ਸਰ੍ਹੋਂ ਉਗਾ ਦੇਂਦੇ ? ਜੇ ਇਨ੍ਹਾਂ ਨੂੰ ਬੰਗਾਲ ਤੇ ਕੇਰਲ ਵਿਚੋਂ ਕੋਈ ਆਸ ਦੀ
ਕਿਰਨ ਨਹੀਂ ਦਿਸਦੀ ਤਾਂ ਇਹ ਕੋਈ ਹੋਰ ਸੂਰਜ ਪ੍ਰਰਚੰਡ ਕਰਨ, ਇਹ ਏਨੀ ਅੰਨ੍ਹੀ
ਬੋਲੀ ਰਾਤ ਕਿਉਂ ਪਾ ਕੇ ਬਹਿ ਗਏ ਹਨ ?
1975-77 ਦੇ ਆਪਿਤੀਕਾਲ (ਐਮਰਜੈਂਸੀ) ਉਤੇ ਵਿਅੰਗ ਕਰਦਾ ਗੁਰਭਜਨ ਕਹਿੰਦਾ ਹੈ-
ਮੇਰੇ ਦਿਲ ਦੀ ਦਿੱਲੀ ਲੁੱਟ ਲਈ ਨਾਦਰਸ਼ਾਹਾਂ
ਸੁਪਨਿਆਂ ਦਾ ਸੰਸਾਰ ਮੇਰਾ ਬੁਲਡੋਜ਼ਰ ਢਾਹ ਗਏ
ਠੱਪਿਆਂ ਵਾਲੇ ਸਾਨ੍ਹ ਫਿਰਨ ਸਰਕਾਰੀ ਬੁੱਕਦੇ
ਧੀਆਂ ਵਾਂਗੂੰ ਪਾਲੀਆਂ ਕਣਕਾਂ ਮਿੱਧਦੇ ਫਿਰਦੇ
(ਮੇਰਾ ਸਿਰ ਵਾਪਿਸ ਕਰੋ)
ਪਰ ਗੁਰਭਜਨ ਜਾਣਦਾ ਹੈ ਕਿ
ਸਿਰ ਹੋਵੇ ਸਹੀ
ਸੀਸ ਕਦੇ ਵੀ ਝੁਕਦਾ ਨਹੀਂ ਹੈ।
ਤੇ ਇਹ ਪੁਰਾਣਾ ਵਿਸ਼ਵਾਸ਼ ਵੀ ਦੁਹਰਾਉਂਦਾ ਦਾ ਹੈ ਕਿ ਸੀਸ ਕਦੇ
ਮੰਗਿਆਂ ਨਹੀਂ ਮੁੜਦੇ ਭਾਵ ਕਟਾਏ ਸੀਸ ਵਾਪਸ ਨਹੀਂ ਹੁੰਦੇ।
ਪਰ ਫਿਰ ਕੀ ਹੁੰਦਾ ਹੈ ? ਨਵਾਂ ਸੀਸ ਉੱਗਦਾ ਹੈ ਜਿਵੇਂ ਸਾਡੇ ਸੇਖੋਂਆਂ ਦੇ
ਮਿਥਿਹਾਸਕ ਪੁਰਖੇ ਰਾਜਾ ਜਗਦੇਵ ਦਾ ਉੱਗਿਆ ਸੀ ? ਪਰ ਉਸ ਨੇ ਤਾਂ ਆਪਣਾ
ਸੀਸ ਕਾਲੀ ਭੱਟਣੀ ਦੇ ਨਾਚ ਉੱਤੇ ਖ਼ੁਸ਼ ਹੋ ਕੇ ਦਿੱਤਾ ਸੀ ਜਿਸ ਨੇ ਪੂੰਜੀਵਾਦ ਨੂੰ
ਸਮਾਪਤ ਕਰਨ ਤੇ ਸਮਾਜਵਾਦ ਨੂੰ ਸਥਾਪਤ ਕਰਨ ਲਈ ਸੀਸ ਦੇਣਾ ਹੈ ਉਹ ਫਿਰ
ਨਹੀਂ ਉੱਗੇਗਾ ?
ਇਹ ਤੇ ਹੋਰ ਅਨੇਕਾਂ ਅਜਿਹੇ ਪ੍ਰਰਸ਼ਨ ਅੱਜ ਦੀ ਪੀੜ੍ਹੀ ਦੀ ਨਿਰਾਸ਼ਾ ਤੋਂ
ਉਤਪੰਨ ਹੁੰਦੇ ਹਨ ਇਨ੍ਹਾਂ ਦਾ ਉੱਤਰ ਦੇਣਾ ਇਹ ਪੀੜ੍ਹੀ ਯੋਗ ਨਹੀਂ ਸਮਝਦੀ
ਸ਼ਾਇਦ ਇਸ ਨੂੰ ਵੀ ਮੇਰੀ ਪੀੜ੍ਹੀ ਵਾਂਗ ਆਸ ਹੈ ਕਿ ਇਸ ਦਾ ਉੱਤਰ ਅਗਲੀ ਪੀੜ੍ਹੀ
ਦੇਵੇਗੀ। ਮੇਰੀ ਪੀੜ੍ਹੀ ਨੇ ਉੱਤਰ ਦਿੱਤਾ ਸੀ ਕਿ ਜਿਸ ਨਾਲ ਇਹ ਨਵੀਂ ਪੀੜ੍ਹੀ
ਸੰਤੁਸ਼ਟ ਨਹੀਂ ਹੈ। ਪਰ ਇਸ ਤੋਂ ਇਹ ਨਹੀਂ ਮੰਨ ਲੈਣਾ ਚਾਹੀਦਾ ਕਿ ਇਨ੍ਹਾਂ ਪ੍ਰਰਸ਼ਨਾਂ
ਦਾ ਉੱਤਰ ਹੈ ਹੀ ਨਹੀਂ।
ਫਿਰ ਮੈਂ ਉਸੇ ਪੁਰਾਤਨਵਾਦੀ ਗ਼ਾਲਿਬ ਦੇ ਸ਼ਬਦਾਂ ਵਿਚੋਂ ਆਪਣੇ ਉਦੇਸ਼
ਦੇ ਅਨੁਕੂਲ ਅਰਥ ਕੱਢਦਾ ਹਾਂ:
ਯਿਹ ਕਿਆ ਫ਼ਰਜ਼ ਹੈ ਮਿਲੇ ਸਭ ਕੋ ਏਕ ਸਾ ਜਵਾਬ ?
ਆਓ ਤੋ ਹਮ ਭੀ ਸੈਰ ਕਰੇਂ ਕੋਹਿ-ਤੂਰ ਕੀ।
ਸੋ ਨਵੀਂ ਪੀੜ੍ਹੀ ਦੇ ਮੇਰੇ ਯੁਵਕ ਬਰਖ਼ੁਰਦਾਰੋ, ਬਹੁਤੇ ਸਿਆਣੇ ਨਾ ਬਣੋ,
ਤੁਸੀਂ ਵੀ ਮੂਸਾ ਵਾਲੇ ਕੋਹਿ ਤੂਰ ਦੀ ਸੈਰ ਕਰੋ, ਤੁਹਾਨੂੰ ਮੂਸਾ ਨਾਲੋਂ ਚੰਗਾ ਉੱਤਰ ਮਿਲੇਗਾ।
ਪਰ ਮੈਂ ਗੁਰਭਜਨ ਦੀ ਪੀੜ੍ਹੀ ਦੀ ਕਿਰਤ ਕਰਮ ਤੋਂ ਕਿੰਨਾ ਵੀ ਅਸੰਤੁਸ਼ਟ
ਹੋਵਾਂ ਮੈਨੂੰ ਇਹ ਸੁਹਣੇ ਲੱਗਦੇ ਹਨ। ਇਹ ਪਏ ਆਖਣ-
ਉਹ ਮੇਰਾ ਪਰਛਾਵਾਂ ਹੋਊ
ਤੇਰੇ ਘਰ ਦੇ ਬਾਹਰ ਖੜਾ
ਮੈਂ ਤਾਂ ਆਪਣੇ ਘਰ ਵੀ ਯਾਰਾ
ਕਈ ਦਿਨ ਹੋ ਗਏ ਵੜਿਆ ਨਹੀਂ
(ਭਰਮ)
ਮੈਨੂੰ ਇਨ੍ਹਾਂ ਦਾ ਪ੍ਰਰਛਾਵਾਂ ਇਨ੍ਹਾਂ ਦਾ ਵਜੂਦ ਹੀ ਪ੍ਰਰਤੀਤ ਹੁੰਦਾ ਹੈ।
ਰੁਜ਼ਗਾਰ ਦਾ ਫ਼ਿਕਰ ਇਸ ਪੀੜ੍ਹੀ ਨੂੰ ਏਨਾ ਚਿੰਬੜਿਆ ਹੋਇਆ ਹੈ ਕਿ
ਇਨ੍ਹਾਂ ਦੀਆਂ ਅਣਖਾਂ ਦਾ ਨਾਗ ਇਨ੍ਹਾਂ ਨੂੰ ਕਿਸੇ ਸਪੇਰੇ ਦਾ ਕੀਲਿਆ ਹੋਇਆ
ਭਾਸਦਾ ਹੈ। ਮਰਹੂਮ ਗ਼ਾਲਿਬ ਪਾਸ ਇਸ ਦਾ ਇਲਾਜ ਵੀ ਸੀ- ਗ਼ਮਿ-ਇਸ਼ਕ।
ਕਾਸ਼, ਇਹ ਨਵੀਂ ਪੀੜ੍ਹੀ ਵੀ ਰੁਜ਼ਗਾਰ ਦੇ ਗ਼ਮ ਦੀ ਥਾਂ ਇਸ਼ਕ ਸਮਾਜਵਾਦ ਦੇ
ਪਿਆਰ ਦਾ ਗ਼ਮ ਸਹੇੜ ਸਕੇ।
ਅਲਬੱਤਾ! ਸੱਚ ਦੀ ਪਛਾਣ ਇਸ ਪੀੜ੍ਹੀ ਨੂੰ ਹੈ ਜਦੋਂ ਗੁਰਭਜਨ ਆਖਦਾ ਹੈ:
ਜੋ ਸੁਣਨੋਂ ਤੂੰ ਝਿਜਕੇਂ
ਉਹ ਵੀ ਸੱਚ ਵਰਗਾ ਹੈ
ਸੱਚ ਕੋਈ ਸ਼ਸਤਰ ਨਹੀਂ ਭਾਵੇਂ
ਪਰ ਇਹ ਵਾਰ ਕਰਨ ਦਾ
ਸਭ ਤੋਂ ਵਧੀਆ ਢੰਗ ਹੈ
(ਸੱਚ)
ਤਾਂ ਉਹ ਆਪਣੇ ਸਮੇਂ ਦਾ ਹਾਣੀ ਹੁੰਦਾ ਹੋਇਆ ਸਾਡੇ ਸਮੇਂ ਦਾ ਹਰ
ਇਨਕਲਾਬੀ ਯੋਗ ਦਾ ਹਾਣੀ ਬਣ ਜਾਂਦਾ ਹੈ। ਤੇ ਜਦੋਂ ਇਹ ਆਖਦਾ ਹੈ-
ਜੇ ਤੈਨੂੰ ਸੱਚ ਨਹੀਂ ਲੱਗਦਾ
ਤਾਂ ਕਿਸੇ ਵੀ ਵਕਤ ਪਰਖ ਸਕਨੈਂ
ਕੋਈ ਡਰ ਨਾ ਦੇਵੀਂ ਮੌਤ ਤੋਂ ਛੋਟਾ
ਟਿਚਕਰ ਕਰਨਗੇ
(ਤਪੇ ਹੋਏ ਪੱਥਰ ਤੇ ਸੀਤ ਰਾਤ)
ਤਾਂ ਇਉਂ ਲੱਗਦਾ ਹੈ ਇਸ ਦਾ ਰੁਜ਼ਗਾਰ ਦਾ ਡਰ ਕੇਵਲ ਇਕ ਪੋਜ਼ ਹੈ,
ਦਿਖਾਵਾ ਹੈ। ਮੈਂ ਜਾਣਦਾ ਹਾਂ ਕਿ ਇਹ ਪੀੜ੍ਹੀ ਇਨ੍ਹਾਂ ਨਿਗੂਣੀਆਂ ਗੱਲਾਂ ਤੋਂ ਨਹੀਂ
ਡਰਦੀ ਪਰ ਸਾਡੇ ਸਧਾਰਨ ਵਿਵਹਾਰੀ, ਸੰਸਾਰੀ ਲੋਕਾਂ ਦੇ ਡਰ ਦਾ ਮਜ਼ਾਕ ਉਡਾ ਰਹੀ ਹੁੰਦੀ ਹੈ।
ਗੁਰਭਜਨ ਨੇ ਗ਼ਜ਼ਲਾਂ ਤੇ ਵੀ ਹੱਥ ਅਜਮਾਇਆ ਹੈ। ਮੈਂ ਸਮਝਨਾਂ ਕਿ
ਗ਼ਜ਼ਲ ਇਸ ਪੀੜ੍ਹੀ ਦੀ ਇਕ ਹੋਰ ਕਮਜ਼ੋਰੀ ਹੈ। ਸਾਡੀ ਪੀੜ੍ਹੀ ਨੇ ਬੈਂਤ ਕੋਰੜੇ ਛੰਦ ਦੇ
ਨਾਲ ਗ਼ਜ਼ਲ ਨੂੰ ਵੀ ਆਪਣੇ ਸ਼ਿਲਪ ਖੇਤਰ ਵਿਚੋਂ ਬਾਹਰ ਹੀ ਰੱਖਿਆ ਸੀ- ਤੇ ਜੇ
ਕਿਤੇ ਇਹ ਸਾਡੀ ਕਵਿਤਾ ਦੇ ਖੇਤਰ ਵਿਚ ਆ ਹੀ ਆ ਵੜਦੀ ਸੀ ਤਾਂ ਲੁਕ ਛਿਪ
ਕੇ ਹੀ ਭਾਵੇਂ ਆ ਵੜੇ। ਗੁਰਭਜਨ ਦੇ ਇਸ ਸੰਗ੍ਰਹਿ ਵਿਚ ਵੀ ਇਕ ਗ਼ਜ਼ਲ ਏਸੇ
ਤਰ੍ਹਾਂ ਹੀ ਅਗਿਆਤਵੇਸ ਵਿਚ ਆ ਵੜੀ ਹੈ ਤੇ ਇਨ੍ਹਾਂ ਹੋਰ ਗ਼ਜ਼ਲਾਂ ਨਾਲੋਂ ਸੁਹਣੀ ਹੈ
ਜਿਹੜੀਆਂ ਸੁਚੇਤ ਰੂਪ 'ਚ ਆਈਆਂ ਹਨ ਇਹ ਗਜ਼ਲ ਹੈ ‘ਮੋਹ ਦਾ ਰਿਸ਼ਤਾ’।
ਬੜਾ ਚਿਰ ਜੀ ਲਿਆ ਮੈਂ ਪਿੰਡ ਦਿਆਂ ਰੁੱਖਾਂ ਤੋਂ ਡਰ ਡਰ ਕੇ
ਪਤਾ ਨਹੀਂ ਕਿੰਝ ਸਾਂ ਜਿੰਦਾ ਅਨੇਕਾਂ ਵਾਰ ਮਰ ਮਰ ਕੇ
ਇਹ ਮੇਰਾ ਸੀਸ ਐਵੇਂ ਦਰ-ਬਦਰ ਨਹੀਂ ਭਟਕਦਾ ਫਿਰਦਾ
ਇਹ ਝੁਕਿਆ ਜਦ ਵੀ ਝੁਕਿਆ ਸਿਰਫ਼ ਝੁਕਿਆ ਤੇਰੇ ਘਰ ਕਰਕੇ
(ਗ਼ਜ਼ਲ)
ਦੁਬਿਧਾ ਦੁਚਿੱਤੀ ਇਸ ਪੀੜ੍ਹੀ ਦਾ ਰੋਗ ਹੀ ਤਾਂ ਹੈ ਤੇ ਇਸ ਰੋਗ ਨੂੰ ਇਹ
ਆਪਣੀ ਦੌਲਤ ਸਮਝਦੀ ਹੈ। ਮੈਨੂੰ ਜਾਪਦਾ ਹੈ ਕਿ ਇਹ ਮੇਰੀ ਪੀੜ੍ਹੀ ਦੀ ਵੰਗਾਰ ਦੀ
ਅਖਾਉਤੀ ਅਸਫ਼ਲਤਾ ਤੋਂ ਏਨਾ ਡਰੀ ਹੋਈ ਹੈ ਕਿ ਆਪਣੀ ਵੰਗਾਰ ਨੂੰ ਨਿਹੋਰੇ ਦਾ
ਰੂਪ ਦੇਂਦੀ ਹੈ।
ਅੰਬਰ ਵਿਚ ਅੱਜ ਤੁਰ ਜਾਵਣ ਨੂੰ,
ਜੀਅ ਕਰਦਾ ਸੀ,
ਇਹ ਹੀ ਸੋਚ ਕੇ ਬੈਠ ਗਿਆ ਹਾਂ,
ਖੰਭਾਂ ਤੋਂ ਬਿਨ ਕੀਕਣ ਅੰਬਰੀਂ ਪਹੁੰਚ ਸਕਾਂਗਾ ?
ਹੱਥਾਂ ਤੋਂ ਬਿਨ ਕੀਕਣ ਤਾਰੇ ਤੋੜ ਸਕਾਂਗਾ।
(ਦੋਚਿੱਤੀ 'ਚੋਂ ਲੰਘਦਿਆਂ।
ਮੇਰੀ ਪੀੜ੍ਹੀ ਨੂੰ ਵਿਸ਼ਵਾਸ ਸੀ ਕਿ ਉਹ ਅੰਬਰੀਂ ਪਹੁੰਚ ਸਕੇਗੀ, ਖੰਭਾਂ ਦੀ
ਲੋੜ ਨਹੀਂ, ਹਵਾਈ ਜਹਾਜ਼ ਜੁ ਹਨ। ਅੰਗਰੇਜ਼ ਸਾਮਰਾਜ ਤੋਂ ਛੁਟਕਾਰਾ ਬਹੁਤੀ
ਦੁਨੀਆਂ ਨੂੰ ਤਾਰੇ ਤੋੜਨ ਦੇ ਤੁਲ ਲੱਗਦਾ ਸੀ, ਤੇ ਅਸੀਂ ਉਹ ਤਾਰੇ ਤੋੜ ਲਏ।
ਸ਼ਾਇਦ ਇਹ ਪੀੜ੍ਹੀ ਸਮਝਦੀ ਹੈ ਕਿ ਹੋਰ ਤਾੜੇ ਤੋੜਨ ਨੂੰ ਰਹਿ ਹੀ ਨਹੀਂ
ਗਏ। ਜਦੋਂ ਮੈਂ 1958 ਵਿਚ ਤਾਸ਼ਕੰਦ ਗਿਆ ਸਾਂ ਤਾਂ ਉਥੇ ਇਕ ਯੁਵਕ ਮਿਲਿਆ
ਜਿਹੜਾ ਸਭ ਕੁਝ, ਰੁਜ਼ਗਾਰ ਮਿਲਣ ਉਪਰੰਤ ਵੀ ਉਦਾਸ ਰਹਿੰਦਾ ਸੀ। ਉਹ
ਕਹਿੰਦਾ ਸੀ ਕਾਹਦਾ ਸੁਆਦ ਹੈ, ਹਰ ਚੀਜ਼ ਸਰਕਾਰ ਤੇ ਸਮਾਜ ਵਿਚੋਂ ਸਹਿਜੇ ਹੀ
ਪ੍ਰਰਾਪਤ ਹੋ ਗਈ ਹੈ, ਕਿਸੇ ਚੀਜ਼ ਲਈ ਸੰਘਰਸ਼ ਕਰਨ ਲਈ ਨਹੀਂ ਰਹਿ ਗਿਆ। ਇਸ
ਨਵੀਂ ਪੀੜ੍ਹੀ ਨੂੰ ਸਾਡੀ ਪੀੜ੍ਹੀ ਦੀ ਪ੍ਰਰਾਪਤੀ ਵੀ ਇਸੇ ਤਰ੍ਹਾਂ ਬੇਸੁਆਦੀ ਲੱਗਦੀ ਹੈ।
ਮੇਰੀ ਇਸ ਪੀੜ੍ਹੀ ਨੂੰ ਇਹ ਹੀ ਫ਼ਰਮਾਇਸ਼ ਹੈ ਕਿ ਜੀਵਨ ਤੇ ਸਮਾਜ ਨੂੰ
ਏਨਾ ਬੇਸੁਆਦੀ ਨਾ ਸਮਝੋ । ਇਸਦੇ ਇਸ਼ਕਾਂ ਮੁਸ਼ਕਾਂ ਵਿਚ ਲਿਪਟੇ ਰਹੋ, ਜਲ
ਵਿਚਲੀ ਮੁਰਗਾਬੀ ਨਾ ਬਣੋ।
ਸੰਤ ਸਿੰਘ ਸੇਖੋਂ
ਪ੍ਰਰੋਫ਼ੈਸਰ ਈਮੈਰੀਟਸ
ਪੰਜਾਬੀ ਖੇਤੀਬਾੜੀ ਯੂਨੀਵਰਸਿਟੀ
ਲੁਧਿਆਣਾ
ਦਾਖਾ (ਲੁਧਿਆਣਾ)
29 ਜੁਲਾਈ 1978
ਸ਼ੀਸ਼ਾ ਝੂਠ ਬੋਲਦਾ ਹੈ (ਸਿਰਜਣਾ) : ਸੁਰਜੀਤ ਗਿੱਲ
ਪਿਛਲੇ ਕੁਝ ਸਮੇਂ ਤੋਂ ਇਕ ਸਵਾਲ ਕਾਫੀ ਉਭਾਰਕੇ ਪੇਸ਼ ਕੀਤਾ ਜਾ ਰਿਹਾ ਹੈ ਕਿ "ਕੀ ਕਵਿਤਾ ਦਾ ਯੁਗ ਖ਼ਤਮ ਨਹੀਂ ਹੋ ਗਿਆ ?" ਉਂਜ ਨਵੀਨ ਵਿਗਿਆਨ ਦੇ ਜਨਮ ਤੋਂ ਹੀ ਇਹ ਸਵਾਲ ਖੜਾ ਹੋ ਗਿਆ ਸੀ। ਪ੍ਰੰਤੂ ਸਮੇਂ ਸਮੇਂ ਜਾਂ ਕਿਸੇ ਕੌਮੀ ਸਾਹਿਤ ਦੇ ਵਿਕਾਸ ਦੇ ਕਿਸੇ ਮੋੜ ਉਤੇ ਇਹ ਸਵਾਲ ਅਵਸ਼ ਖੜਾ ਹੋਇਆ ਹੈ । ਅੱਜ ਪੰਜਾਬੀ ਸਾਹਿਤ ਵਿਚ ਇਹ ਸਵਾਲ ਉਭਰਿਆ ਹੈ । ਇਸ ਸਵਾਲ ਦੇ ਉਭਰਨ ਪਿਛੇ ਹੋਰਨਾਂ ਕਾਰਨਾਂ ਤੋਂ ਬਿਨਾਂ ਇਕ ਕਾਰਨ ਪੰਜਾਬੀ ਅੰਦਰ ਲਿਖੀ ਜਾ ਰਹੀ ਅੱਜੋਕੀ ਕਵਿਤਾ ਹੈ । ਜਿਹੜੀ ਰੂਪ ਤੇ ਵਿਸ਼ੇ ਦੇ ਪੱਖੋਂ ਸਮੂਹਕਤਾ ਦੀ ਪ੍ਰਤਿਨਿਧਤਾ ਕਰਨ ਦੀ ਥਾਂ ਅਕਸਰ ਵਿਅਕਤੀ ਦੀ ਹੀ ਪ੍ਰਤਿਨਿਧਤਾ ਕਰਦੀ ਹੈ। ਆਮ ਤੌਰ 'ਤੇ ਕਿਸੇ ਵਿਅਕਤੀ ਵਿਸ਼ੇਸ਼ ਦੀ ਅੰਤਰਮੁਖਤਾ ਦਾ ਪ੍ਰਗਟਾਵਾ ਹੁੰਦੀ ਹੈ। ਜਿਸ ਕਾਰਨ ਆਮ ਪਾਠਕ ਲਈ ਇਹ ਓਪਰੀ ਰਹਿੰਦੀ ਹੈ ।
ਸਾਹਿਤ ਦਾ ਕੋਈ ਵੀ ਰੂਪ ਸਮੇਂ ਤੇ ਸਥਿਤੀ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦਾ । ਬਹੁਤੀ ਵੇਰ ਅਚੇਤ ਜਾਂ ਸੁਚੇਤ ਤੌਰ 'ਤੇ ਸਾਹਿਤ ਸਮਕਾਲੀ ਸਮਾਜਕ ਪਰਿਸਥਿਤੀਆਂ, ਜਮਾਤੀ ਦਵੰਦ ਤੇ ਵਿਅਕਤੀ ਦੇ ਆਪਣੇ ਅੰਦਰਲੇ ਮਾਨਸਿਕ ਦਵੰਦ ਦਾ ਅਕਸ ਹੁੰਦਾ ਹੈ । ਭਾਵ ਇਸ ਵਿਚੋਂ ਲੇਖਕ ਦੀ ਆਪਣੀ ਨਿੱਜੀ ਮਾਨਸਿਕ ਦਸ਼ਾ ਤੇ ਉਸ ਉਤੇ ਪੈ ਰਹੇ ਸਮਾਜਕ ਪਰਿਸਥਿਤੀਆਂ ਦੇ ਪ੍ਰਭਾਵ ਨੂੰ ਦੇਖਿਆ ਜਾ ਸਕਦਾ ਹੈ । ਅਜੋਕੀ ਸਥਿਤੀ ਵਿਚ ਲਿਖੀ ਜਾ ਰਹੀ ਕਵਿਤਾ ਤੇ ਹੋਰ ਸਾਹਿਤ ਨੂੰ ਘੋਖਣ ਲਈ ਅਜੋਕੀ ਸਮਾਜਕ, ਅਵਸਥਾ ਦਾ ਮੋਟਾ ਜਿਹਾ ਜਾਇਜ਼ਾ ਲੈਣਾ ਕੁਥਾਂ ਨਹੀਂ ਹੋਵੇਗਾ ।
ਅੱਜ ਦੇਸ਼ ਅੰਦਰ ਸਰਮਾਏਦਾਰ ਵਿਕਾਸ ਕਾਰਨ ਪੁਰਾਤਨ ਜਗੀਰਦਾਰੀ ਸਮਾਜ ਆਰਥਿਕ ਤੇ ਸਮਾਜਕ ਪਖੋਂ ਤੇਜ਼ੀ ਨਾਲ ਟੁੱਟ ਰਿਹਾ ਹੈ । ਇਸ ਸਮਾਜਕ ਢਾਂਚੇ ਵਿਚ ਪਰਿਵਾਰ ਵੀ ਟੁੱਟ ਕੇ ਖੇਰੂੰ ਖੇਰੂੰ ਹੋ ਰਿਹਾ ਹੈ। ਇਸ ਦਵੰਦ ਵਿਚ ਵਿਅਕਤੀ ਆਪਣੇ ਆਪ ਨੂੰ ਇਕੱਲਾ ਤੇ ਨਿਖੜਿਆ ਹੋਇਆ ਮਹਿਸ ਕਰਦਾ ਹੈ। ਇਸੇ ਇਕੱਲਤਾ ਵਿਚੋਂ ਅੱਜੋਕੀ ਕਵਿਤਾ ਦਾ ਜਨਮ ਹੋਇਆ ਹੈ ।
ਕੁਝ ਸਮਾਂ ਪਹਿਲਾਂ ਛਪੇ ਗੁਰਭਜਨ ਗਿੱਲ ਦੇ ਕਾਵਿ ਸੰਗ੍ਰਹਿ “ਸ਼ੀਸ਼ਾ ਝੂਠ ਬੋਲਦਾ ਹੈ" (ਨਿਊ ਏਜ ਬੁਕ ਸੈਂਟਰ, ਅੰਮ੍ਰਿਤਸਰ, ਪੰਨੇ 96, ਮੁੱਲ ਬਾਰਾਂ ਰੁਪਏ) ਨੂੰ ਵੀ ਇਸੇ ਸੰਦਰਭ ਵਿਚ ਪਰਖਣਾ ਚਾਹੀਦਾ ਹੈ । ਗੁਰਭਜਨ ਗਿੱਲ ਦੀ ਸਮੁੱਚੀ ਕਵਿਤਾ ਤੇ ਉਹਦੇ ਆਪਣੇ ਅਨੁਭਵਾਂ, ਸੋਚਾਂ ਤੇ ਗ੍ਰਹਿਣ ਕੀਤੇ ਪ੍ਰਤਿਕਰਮਾਂ ਦੀ ਗੁਹੜੀ ਛਾਪ ਹੈ । ਇਸ ਲਈ ਉਹਦੇ ਵਲੋਂ ਦਿਤੇ ਅਰਥ, ਬਿੰਬ ਤੇ ਪ੍ਰਤੀਕ ਨਿਰੋਲ ਉਹਦੇ ਆਪਣੇ ਹਨ । ਜਿਥੇ ਕਿਤੇ ਉਹਨੇ ਆਪੇ ਤੋਂ ਬਾਹਰ ਆਕੇ ਸਮਾਜ ਤੇ ਪਰਿਸਥਿਤੀਆਂ ਦੀ ਗੱਲ ਕੀਤੀ ਹੈ ਉਥੇ ਵੀ ਉਹਦਾ ਨਿਜੱਤਵ ਭਾਰੂ ਹੈ । ਕਲਾ ਦੇ ਪੱਖੋਂ ਕਵੀ ਲਈ ਰੂਪ ਤੇ ਵਿਸ਼ੇ ਦੇ ਪੱਖੋਂ ਵਿਲਖਣ ਹੋਣਾ ਜ਼ਰੂਰੀ ਹੈ । ਪਰ ਇਸ ਵਿਲਖਣਤਾ ਵਿਚ ਕਈ ਨਾ ਕੋਈ ਅੰਸ਼ ਅਜਿਹਾ ਹੋਣਾ ਜ਼ਰੂਰੀ ਹੈ ਜਿਹੜਾ ਉਹਨੂੰ ਸਮੂਹਕਤਾ ਨਾਲ ਜੋੜੇ । ਗੁਰਭਜਨ ਗਿੱਲ ਦੀ ਕਵਿਤਾ ਵਿਚ ਅਜਿਹਾ ਅੰਸ਼ ਹੈ । ਕਿਉਂਕਿ ਉਹ ਨਿੱਜ ਦੀ ਗੱਲ ਵੀ ਕਰਦਾ ਹੈ ਤਾਂ ਆਲੇ ਦੁਆਲੇ ਤੋਂ ਟੁੱਟ ਕੇ ਨਹੀਂ ਕਰਦਾ। ਉਹਦੀਆਂ ਕਵਿਤਾਵਾਂ ‘‘ਆਪਣੇ ਖਿਲਾਫ ‘‘ਤੇਈ ਮਾਰਚ" ਆਦਿ ਅਜਿਹੀਆਂ ਹਨ ।
ਪਰਿਸਥਿਤੀਆਂ ਨਾਲ ਨਾਰਾਜ਼ਗੀ ਪ੍ਰਗਟ ਕਰਨ ਦਾ ਇਕ ਢੰਗ ਵਿਅੰਗ ਹੈ । ਪੰਜਾਬੀ ਵਿਚ ਇਹ ਸਾਧਨ ਅਕਸਰ ਵਰਤਿਆ ਜਾਂਦਾ ਰਿਹਾ ਹੈ ਤੇ ਹੁਣ ਵੀ ਵਰਤਿਆ ਜਾ ਰਿਹਾ ਹੈ। ਪਰੰਤ ਗੁਰਭਜਨ ਦੇ ਵਿਅੰਗ ਦਾ ਡੰਗ ਕੁਝ ਵੱਧ ਹੀ ਤਿੱਖਾ ਹੈ । ਉਹ ਵਿਅੰਗ ਕਰਨ ਲਗਿਆਂ ਆਪੇ ਨੂੰ ਵੀ ਨਹੀਂ ਬਖਸ਼ਦਾ। ਜਿਵੇਂ ਉਹ ਕਹਿੰਦਾ ਹੈ :
ਮਨ ਚੰਦਰੇ ਨੂੰ ਕਿਹੜਾ ਆਖੇ
ਤੇਰੇ ਪਿਛੇ ਤੁਰਕੇ ਮੈਂ ਭੁੱਖਾ ਨਹੀਂ ਮਰਨਾ
ਤੇਰੇ ਪਿਛੇ ਲੱਗਕੇ ਮੈਂ ਭੜੂਆ ਨਹੀਂ ਬਣਨਾ
ਮੇਰਾ ਤਾਂ ਸੰਗਰਾਮਾਂ ਵਿਚ ਵਿਸ਼ਵਾਸ ਨਹੀਂ ਹੈ ।
ਗੁਰਭਜਨ ਨੇ ਆਪਣੇ ਸਮੇਂ ਦੀਆਂ ਘਟਨਾਵਾਂ ਤੇ ਪਰਿਸਥਿਤੀਆਂ 'ਤੇ ਵਿਅੰਗ ਦੇ ਭਰਪੂਰ ਵਾਰ ਕੀਤੇ ਹਨ ।
ਰੂਪ ਦੇ ਪੱਖੋਂ ਗੁਰਭਜਨ ਨੇ ਛੋਟੀ ਕਵਿਤਾ ਤੇ ਗ਼ਜ਼ਲ 'ਤੇ ਵੀ ਹੱਥ ਅਜ਼ਮਾਇਆ ਹੈ । ਇਹਨਾਂ ਦੋਨਾਂ ਵਿਚ ਹੀ ਕਾਫ਼ੀ ਸਫਲ ਹੈ । ਇਸ ਸੰਗ੍ਰਹਿ ਵਿੱਚ ਛੋਟੀਆਂ ਕਵਿਤਾਵਾਂ ਬਹੁਤ ਵਧੀਆਂ ਹਨ । ਗੁਰਭਜਨ ਵੱਡੀ ਗੱਲ ਥੋਹੜੇ ਵਿੱਚ ਕਹਿਣ ਦਾ ਮਾਹਰ ਹੈ । ਮੌਸਮ' ਕਵਿਤਾ ਵਿਚ ਉਹ ਕਹਿੰਦਾ ਹੈ, ...
ਕੇਹੀ ਅਨੋਖੀ ਰੁੱਤ ਹੈ ।
ਜਦ ਜੰਮਦੇ ਨੇ ਸਿਰਫ ਅੰਗਿਆਰ
ਤੇ ਦੱਬ ਦੇਣ ਦੇ ਬਾਵਜੂਦ ਵੀ ਚੀਕਦੇ ਨੇ
"ਸੰਗਰਾਮ ਦੀ ਜਿੱਤ ਹੁੰਦੀ ਹੈ ?"
ਕੋਈ ਕਿੰਨਾ ਵੀ ਅੰਤਰਮੁਖੀ ਹੋਵੇ ਪਰ ਪਰਿਸਥਿਤੀਆਂ ਤੋਂ ਅਣਭਿਜ ਨਹੀਂ ਰਹਿ ਸਕਦਾ । ਗੁਰਭਜਨ ਦਾ ਨਿੱਜ ਤਾਂ ਹੈ ਹੀ ਚੇਤਨ । ਉਹਨੇ ਸਮਕਾਲੀ ਘਟਨਾਵਾਂ ਦਾ ਅਸਰ ਕਬੂਲਿਆ ਹੈ ।
ਸਮੁਚੇ ਤੌਰ 'ਤੇ ਗੁਰਭਜਨ ਗਿੱਲ ਪੜ੍ਹੀ ਲਿਖੀ ਮਧ ਸ਼੍ਰੇਣੀ ਦਾ ਕਵੀ ਹੈ ਅਤੇ ਉਹਦੀ ਪਹੁੰਚ ਉਸੇ ਜਮਾਤ ਤਕ ਹੀ ਹੈ । ਲੋਕ ਪੱਖੀ ਵਿਸ਼ਿਆ ਦੇ ਹੁੰਦਿਆਂ ਵੀ ਉਹਨਾਂ ਨੂੰ ਪੇਸ਼ ਕਰਨ ਦਾ ਢੰਗ ਬਿੰਬ ਤੇ ਪ੍ਰਤੀਕ ਅਜਿਹੇ ਹਨ ਜਿਹੜੇ ਆਮ ਲੋਕਾਂ ਦੀ ਸਮਝ ਤੋਂ ਓਪਰੇ ਹਨ । ਦੂਜੇ ਅਜੋਕੀਆਂ ਪਰਿਸਥਿਤੀਆਂ ਤੇ ਸਮਾਜਕ ਦਵੰਦ ਨੂੰ ਸਮਝਕੇ ਵੀ ਉਹਨਾਂ ਦਾ ਵਿਗਿਆਨਕ ਨਿਰਣਾ ਤੇ ਹੱਲ ਪੇਸ਼ ਨਹੀਂ ਕਰਦਾ । ਪਰਿਸਥਿਤੀਆਂ ਤੇ ਵਿਅੰਗ ਕਰਕੇ ਉਨ੍ਹਾਂ ਨਾਲ ਅਸਿਹਮਤੀ ਤਾਂ ਪ੍ਰਗਟ ਕਰਦਾ ਹੈ ਪਰ ਅੱਗੇ ਸਭ ਕੁਝ ਖਲਾ ਵਿਚ ਲਟਕਦਾ ਛੱਡ ਦਿੰਦਾ ਹੈ । ਪਤਾ ਨਹੀਂ ਇਹ ਕੁਝ ਉਹ ‘‘ਪ੍ਰਤੀਬਧਤਾ ਦੇ ਲੇਬਲ ਲਗਣ ਤੋਂ ਡਰਦਾ ਜਾਂ ਆਪਣੀ ਮਧ ਸ਼੍ਰੇਣਿਕ ਬੁਧੀਜੀਵੀ ਹਉਮੈ ਨੂੰ ਪੱਠੇ ਪਾਉਣ ਲਈ ਕਰਦਾ ਹੈ ।
ਸੁਰਜੀਤ ਗਿੱਲ
ਗ਼ਜ਼ਲ ਕਾਵਿ ਖੇਤਰ ਵਿਚ ਆਧੁਨਿਕ ਸੀਸੀਫ਼ਸ (ਮਨ ਦੇ ਬੂਹੇ ਬਾਰੀਆਂ) : ਜਗਤਾਰ (ਡਾ.)
ਪ੍ਰਰਸਿੱਧ ਵਿਦਵਾਨ ਆਲੇ ਅਹਿਮਦ ‘ਸਰੂਰ’ ਦਾ ਇਕ ਸ਼ਿਅਰ ਹੈ:
ਗ਼ਜ਼ਲ ਮੇਂ ਜ਼ਾਤ ਭੀ ਹੈ ਔਰ ਕਾਇਨਾਤ ਭੀ ਹੈ,
ਤੁਮ੍ਹਾਰੀ ਬਾਤ ਭੀ ਹੈ ਔਰ ਹਮਾਰੀ ਬਾਤ ਭੀ ਹੈ।
ਜ਼ਾਤ ਤੋਂ ਕਾਇਨਾਤ ਤਕ ਫੈਲੇ ਦ੍ਰਿਸ਼ਟੀਕੋਣ ਦੀ ਉਦਾਹਰਣ ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਵਿਚ ਵੇਖੀ ਜਾ ਸਕਦੀ ਹੈ।
ਵਾਸਤਵ ਵਿਚ ਗੁਰਭਜਨ ਗਿੱਲ ਦੀ ਸ਼ਾਇਰੀ ਜਿਗਰ ਮੁਰਾਦਾਬਾਦੀ ਦੇ ਇਕ ਸ਼ਿਅਰ:-
ਇਕ ਲਫ਼ਜ਼ ਮੁਹੱਬਤ ਕਾ ਅਦਨਾ ਯੇਹ ਫ਼ਸਾਨਾ ਹੈ,
ਸਿਮਟੇ ਤੋ ਦਿਲੇ ਆਸ਼ਕ ਫ਼ੈਲੇ ਤੋ ਜ਼ਮਾਨਾ ਹੈ।
ਦਾ ਪੂਰਾ ਪੂਰਾ ਤਰਜਮਾਨ ਹੈ। ਕਿਉਂਕਿ ਫ਼ੈਲਣ ਤੇ ਸਿਮਟਣ ਦੀ ਪ੍ਰਰਕਿਰਿਆ ਹੀ ਕਿਸੇ ਸ਼ਾਇਰ ਨੂੰ ਆਤਮ ਤੋਂ ਅਨਾਤਮ ਨਾਲ ਜੋੜਦੀ ਹੈ ਅਤੇ ਆਤਮ ਤੋਂ ਅਨਾਤਮ ਨਾਲ ਜੁੜਨ ਦਾ ਰਿਸ਼ਤਾ ਹੀ ਸ਼ਾਇਰ ਨੂੰ ਪੂਰਨਤਾ ਪ੍ਰਰਦਾਨ ਕਰਦਾ ਹੈ। ਸਿਮਟਣ ਤੇ ਫ਼ੈਲਣ ਵਿਚ ਹੀ ਕਾਇਨਾਤ ਦੀ ਪ੍ਰਰਗਤੀ ਛੁਪੀ ਹੋਈ ਹੈ ਜਿਸ ਦੁਆਰਾ ਪਦਾਰਥਾਂ ਦੀ ਹੋਂਦ ਅਤੇ ਅਣਹੋਂਦ ਬਣਦੀ ਮਿਟਦੀ ਰਹਿੰਦੀ ਹੈ।
ਇਸ ਤੋਂ ਬਿਨਾਂ ਗੁਰਭਜਨ ਗਿੱਲ ਦੀ ਸ਼ਾਇਰੀ ਵਿਚ ਰਮਜ਼ੀਅਤ ਦਾ ਕਮਾਲ ਥਾਂ ਥਾਂ ਵਿਦਮਾਨ ਹੈ। ਇਸਦਾ ਇਕ ਦ੍ਰਿਸ਼ਟਾਂਤ ਵੇਖੋ:
ਡੇਰਾ ਬਾਬਾ ਨਾਨਕੋਂ ਕੋਠੇ ਚੜ੍ਹਕੇ ਜੋ ਦਿਸਣ
ਜਿਸਮ ਨਾਲੋਂ ਕੁਤਰ ਕੇ ਸੁੱਟੇ ਗਏ ਪਰ ਯਾਦ ਨੇ।
ਇਸ ਸ਼ਿਅਰ ਵਿਚ ਰਮਜ਼ ਤੇ ਅਣਕਹੀ ਕਵਿਤਾ (unsaid poetry) ਦਾ ਕਮਾਲ ਹੀ ਨਹੀਂ ਛੁਪਿਆ ਹੋਇਆ, ਇਸਦੇ ਪਸੇਮੰਜ਼ਰ (background) ਵਿਚ ਅਸੀਮ ਅਰਥਚਾਰਕ ਸੰਸਾਰ ਵੀ ਹੈ। ਸ਼ਾਇਰ ਸੰਕੇਤ ਨਾਲ ਹੀ ਦੇਸ਼ ਦੀ ਵੰਡ ਕਾਰਨ ਸਾਡੇ ਨਾਲੋਂ ਅਲੱਗ ਕੀਤੀ ਗਈ ਧਰਤੀ, ਰਿਸ਼ਤਿਆਂ, ਧਾਰਮਿਕ ਅਕੀਦਿਆਂ ਤੇ ਮੁਹੱਬਤਾਂ ਵਲ ਇਸ਼ਾਰਾ ਕਰ ਜਾਂਦਾ ਹੈ।
ਇਸ ਤਰ੍ਹਾਂ ਉਸਦੀ ਸ਼ਾਇਰੀ ਰਮਜ਼ਾਂ ਦੀ ਕੈਮੋਫਲਾਜਿਕ (camouflagic) ਜੁਗਤ ਕਾਰਨ ਕਦੇ ਵੀ ਸਪਾਟ ਜਾਂ ਓਪਰੀ ਤੇ ਮਸਨੂਈ ਪ੍ਰਰਤੀਤ ਨਹੀਂ ਹੁੰਦੀ। ਜੇ ਉਹ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਜ਼ਿਕਰ ਕਰ ਦੇਂਦਾ ਤਾਂ ਇਹ ਸ਼ਿਅਰ ਅਸੀਮ ਅਰਥਾਂ ਦਾ ਸੁਆਮੀ ਨਹੀਂ ਰਹਿਣਾ ਸੀ ਅਤੇ ਇਕ ਵਿਸ਼ੇਸ਼ ਸੰਪਰਦਾਇ (sect) ਤਕ ਸੀਮਤ ਹੋ ਜਾਣਾ ਸੀ। ਇਸ ਰਮਜ਼ੀਅਤ ਨੇ ਹੀ ਸਲਾਸਤ ਤੇ ਤੁਗ਼ਜ਼ਲ ਦਾ ਐਸਾ ਉਸਾਰ ਉਸਾਰਿਆ ਹੈ ਜੋ ਬੇਮਿਸਾਲ ਹੈ। ਸ਼ਾਇਦ ਅਜਿਹੀ ਪ੍ਰਰਗਟਾਅ ਵਿਧੀ ਨੂੰ ਹੀ ਗ਼ਾਲਿਬ ਨੇ 'ਸਾਦਗੀ-ਓ ਪੁਰਕਾਰੀ’ ਦਾ ਕਮਾਲ ਕਿਹਾ ਹੈ। ਅਜਿਹੇ ਲੱਛਣਾਂ ਵਾਲੇ ਉਸਦੇ ਕੁਝ ਹੋਰ ਸ਼ਿਅਰ ਵੇਖੋ:
ਜਿਸਦੀ ਸ਼ੂਕਰ ਦਿੱਲੀ ਤਖ਼ਤ ਡਰਾਉਂਦੀ ਸੀ,
ਅੱਥਰਾ ਦਰਿਆ ਕਿਹੜੇ ਟਿੱਬਿਆਂ ਡੀਕ ਲਿਆ।
ਦਰਿਆ ਸ਼ਬਦ ਕਈ ਤਰ੍ਹਾਂ ਦਾ ਅਰਥਚਾਰਾ ਸੰਭਾਲੀ ਬੈਠਾ ਹੈ। ਇਹ ਦਰਿਆ ਗੁਰੂ ਤੇਗ ਬਹਾਦਰ ਤੋਂ ਲੈ ਕੇ ਸ਼ਹੀਦ ਭਗਤ ਸਿੰਘ ਤਕ, ਊਧਮ ਸਿੰਘ ਤੋਂ ਫ਼ਤਿਆਨਾ ਗ਼ਦਰੀ ਬਾਬਿਆਂ ਜਾਂ ਦੁੱਲੇ ਭੱਟੀ ਤਕ ਕੋਈ ਵੀ ਹੋ ਸਕਦਾ ਹੈ। ‘ਦਰਿਆ’ ਵਰਗੀ ਸ਼ਕਤੀਸ਼ਾਲੀ ਚੀਜ਼ ਨੂੰ 'ਟਿੱਬਿਆਂ' ਵਰਗੇ ਗੀਦੀ ਲੋਕਾਂ ਦਾ ਡੀਕ ਜਾਣਾ ਬਹੁਤ ਵੱਡਾ ਦੁਖਾਂਤ ਹੈ। ਇਹ ਸ਼ਿਅਰ ਪੰਜਾਬ ਦੀ ਖ਼ਤਮ ਹੋ ਰਹੀ ਮਰਦਾਨਗੀ ਬਾਰੇ ਰੁਦਨ ਵੀ ਕਿਹਾ ਜਾ ਸਕਦਾ ਹੈ ਅਤੇ ਦਿੱਲੀ ਦੇ ਦਿਨ-ਬ-ਦਿਨ ਵਧ ਰਹੇ ਦਬਦਬਾ ਤੇ ਚੌਧਰਾਹਟ (hegmony) ਦਾ ਦੁਖਾਂਤ ਵੀ ਕਿਹਾ ਜਾ ਸਕਦਾ ਹੈ। ਉਸਦਾ ਇਕ ਹੋਰ ਸ਼ਿਅਰ ਹੈ:
ਪੌਣ ਜਿਵੇਂ ਤ੍ਰਿਹਾਈ ਹੈ
ਪਾਣੀ ਪੀਵਣ ਆਈ ਹੈ।
ਇਹ ਅੱਤ ਦਾ ਸਾਧਾਰਨ ਸ਼ਿਅਰ ਹੈ ਪਰ ਇਸਦੇ ਅਰਥ ਬੜੇ ਹੀ ਗਹਿਰੇ ਹਨ।
ਵਾਸਤਵ ਵਿਚ ਹਵਾ ਗੈਸਾਂ ਦਾ ਮਿਸ਼ਰਨ ਹੈ ਜਿਸ ਵਿਚ ਆਕਸੀਜਨ (oxygen) ਨਾਈਟਰੋਜਨ (nitrogen) ਤੋਂ ਬਿਨਾਂ ਪਾਣੀ ਦੇ ਵੀ ਵਾਸ਼ਪ ਹਨ। ਹਵਾ ਹੀ ਬ੍ਰਹਿਮੰਡ ਵਿਚ ਵਾਤਾਵਰਣ ਸਿਰਜਦੀ ਹੈ। ਹਵਾ ਤੇ ਪਾਣੀ ਦਾ ਮੇਲ ਮਹਿਬੂਬ ਤੇ ਪ੍ਰਰੀਤਮ ਦੇ ਮਿਲਾਪ ਦੇ ਵੀ ਪ੍ਰਰਤੀਕ ਕਹੇ ਜਾ ਸਕਦੇ ਹਨ। ਅਜਿਹੇ ਸਾਧਾਰਨ ਬਲਕਿ ਅੱਤ ਸਾਧਾਰਨ ਸ਼ਿਅਰ ਵਿਚ ਏਡੇ ਡੂੰਘੇ ਅਰਥ ਪੈਦਾ ਕਰਨੇ ਕੋਈ ਆਸਾਨ ਕੰਮ ਨਹੀਂ।
ਉਸਦਾ ਇਕ ਹੋਰ ਪ੍ਰਰਤੀਕਮਈ ਸ਼ਿਅਰ ਵੇਖੋ ਜੋ ਹਾਸ਼ੀਏ ਤੇ ਪਏ ਲੋਕਾਂ ਦੇ ਦੁਖਾਂਤ ਦੀ ਤਰਜਮਾਨੀ ਕਰ ਰਿਹਾ ਹੈ।
ਮੀਂਹ ਦਾ ਪਾਣੀ ਹੜ੍ਹ ਦਾ ਪਾਣੀ ਏਥੇ ਆਣ ਖਲੋਵੇ,
ਨੀਵੀਂ ਥਾਂ ਤੇ ਉੱਗੇ ਰੁੱਖ ਨੂੰ ਡਾਢੀ ਸਖ਼ਤ ਸਜ਼ਾ।
ਉਸਦੇ ਕੁਝ ਸਾਦੇ ਤੇ ਸਾਧਾਰਨ ਸ਼ਿਅਰਾਂ ਵਿਚ ਅਸਾਧਾਰਨਤਾ ਦਾ ਕਮਾਲ ਵੇਖੋ:
ਮੈਨੂੰ ਖਿੜਦੇ ਫੁੱਲ ਕਿਹਾ,
ਵੇਖ ਮੈਂ ਤੇਰਾ ਬਚਪਨ ਹਾਂ।
ਕਰਫ਼ਿਊ ਕੈਸਾ ਮਨਾਂ ਤੇ ਬਹਿ ਗਿਆ
ਡਰਦਿਆਂ ਨਿਕਲੇ ਨਾ ਬਾਹਰ ਚੀਕ ਵੀ।
ਉਸ ਦਿਨ ਪਿੱਛੋਂ ਅਗ ਦਾ ਸੇਕ ਹੈ ਮੇਰਾ ਪਿੰਡਾ ਸਾੜ ਰਿਹਾ,
ਜਿਸ ਦਿਨ ਦਾ ਮੈਂ ਇਸ ਵਿਚ ਸੜਦਾ ਸੁਰਖ਼ ਗੁਲਾਬ ਹੈ ਦੇਖ ਲਿਆ।
ਗੁਰਭਜਨ ਗਿੱਲ ਨੂੰ ਜਿੱਥੇ ਕਦਮ ਕਦਮ 'ਤੇ ਨਪੀੜੇ ਜਾ ਰਹੇ ਆਮ ਜਨਜੀਵਨ ਦਾ ਦੁੱਖ ਹੈ ਉਥੇ ਦੇਸ਼ ਦੀ ਵੰਡ ਦਾ ਵੀ ਬੜਾ ਦੁੱਖ ਹੈ, ਬਲਕਿ ਜ਼ਿਹਨੀ ਤੌਰ 'ਤੇ ਉਹ ਵੰਡ ਨੂੰ ਸਵੀਕਾਰਨ ਲਈ ਤਿਆਰ ਨਹੀਂ।
ਬਾਬਾ ਨਾਨਕ ਤੇ ਮਰਦਾਨਾ ਜੋਟੀਦਾਰ ਪੁਰਾਣੇ,
ਚੁਸਤ ਮਜ਼ੌਰਾਂ ਵੱਖਰੇ ਕੀਤੇ, ਬਾਣੀ ਅਤੇ ਰਬਾਬ।
ਸਤਲੁਜ ਤੇ ਰਾਵੀ ਵਿਚ ਡੁੱਬੀਆਂ ਹੇਕਾਂ, ਕੂਕਾਂ, ਚੀਕਾਂ,
ਹੰਝੂਆਂ ਨਾਲ ਬਿਆਸਾ ਭਰਿਆ, ਨੱਕੋ ਨਕ ਚਨਾਬ।
ਇਹ ਉੱਚੀ ਪੱਗ ਲੰਮੀ ਧੌਣ ਦੇ ਹੀ ਕਾਰਨੇ ਹੋਇਐ,
ਅਸਾਨੂੰ ਚੀਰਿਆ ਸ਼ੈਤਾਨ ਨੇ ਹੀ ਦੋ ਪੰਜਾਬਾਂ ਵਿਚ।
ਗੁੜ ਦੇ ਚੌਲ, ਨਿਆਜ਼ ਖਾਣ ਨੂੰ ਤਰਸੇ ਹਾਂ,
ਸਾਡੇ ਪਿੰਡ 'ਚੋਂ ਢਹਿ ਗਏ ਤਕੀਏ ਪੀਰਾਂ ਦੇ।
ਗੁਰਭਜਨ ਗਿੱਲ ਦੀ ਸ਼ਾਇਰੀ ਦੀ ਇਕ ਹੋਰ ਵਿਸ਼ੇਸ਼ਤਾ ਹੈ ਮਰ ਰਹੀਆਂ ਰਹੁ-ਰੀਤਾਂ, ਲੋਕ-ਕਾਵਿ ਮੁਹਾਵਰੇ, ਲੋਪ ਹੋ ਰਹੇ ਸ਼ਬਦ ਭੰਡਾਰ ਦੀ ਪੁਨਰ ਸੁਰਜੀਤੀ ਅਤੇ ਜੀਵਤ ਪ੍ਰਰੰਪਰਾਈ ਰੰਗਾਂ ਨੂੰ ਵਰਤਮਾਨਿਕ-ਮਾਹੌਲ ਨਾਲ ਜੋੜਨ ਦੀ ਕੋਸ਼ਿਸ਼। ਇਹ ਕੋਸ਼ਿਸ਼ ਹੀ ਉਸਦੇ ਗ਼ਜ਼ਲ ਕਾਵਿ ਨੂੰ ਪੰਜਾਬੀ ਦੇ ਕੁੱਲ ਗ਼ਜ਼ਲ ਕਾਵਿ ਤੋਂ ਵਖਰਿਆਉਂਦੀ ਹੈ। ਇਸਦੇ ਢੇਰਾਂ ਪ੍ਰਰਮਾਣ ਉਸਦੀਆਂ ਗ਼ਜ਼ਲਾਂ ਵਿਚੋਂ ਦਿੱਤੇ ਜਾ ਸਕਦੇ ਹਨ।
ਇਹ ਵਿਗਿਆਨਕ ਅਤੇ ਕਾਵਿਕ-ਸੱਚ ਹੈ ਕਿਸੇ ਕਿਸੇ ਗ਼ਜ਼ਲ ਦਾ ਮੁਕੱਦਰ ਹੀ ਅਜਿਹਾ ਹੁੰਦਾ ਹੈ ਕਿ ਉਸ ਵਿਚ ਭਰਤੀ ਦਾ ਕੋਈ ਸ਼ਿਅਰ ਨਾ ਹੋਵੇ। ਪਰ ਗੁਰਭਜਨ ਗਿੱਲ ਦੀਆਂ ਕੁਝ ਇਕ ਗ਼ਜ਼ਲਾਂ ਵਿਚ ਇਹ ਗੁਣ ਵੀ ਵਿਦਮਾਨ ਹੈ। ਇਕ ਪ੍ਰਰਮਾਣ ਵੇਖੋ:
ਯਤਨ ਕਰਾਂਗਾ ਮੱਥੇ ਵਿਚਲੀ, ਬਲਦੀ ਅੱਗ ਨੂੰ ਠਾਰ ਦਿਆਂ।
ਆਪਣੇ ਵਿਚਲਾ ਅੱਥਰਾ ਘੋੜਾ ਮਾਰ ਮਾਰ ਕੇ ਮਾਰ ਦਿਆਂ।
ਪੂਰੀ ਗ਼ਜ਼ਲ ਸਫ਼ਾ 50 ਤੇ ਪੜ੍ਹੋ। ਇਹ ਗ਼ਜ਼ਲ ਬੜੀ ਸਫ਼ਲ ਮਰੱਸਾ ਗ਼ਜ਼ਲ ਹੈ।
ਪਰ ਇਹ ਵੀ ਨਹੀਂ ਕਿ ਉਸਦੀ ਸਾਰੀ ਸ਼ਾਇਰੀ ਫ਼ਿਕਰ (concern) ਦੀ ਸ਼ਾਇਰੀ ਹੈ। ਉਸਦੀ ਸ਼ਾਇਰੀ ਦਾ ਅਜਿਹਾ ਪ੍ਰਰਗਟਾਵਾ ਵੀ ਸਹਿਜੇ ਹੀ ਮਿਲ ਜਾਂਦਾ ਹੈ ਜੋ ਜ਼ਿਕਰ ਤਕ ਹੀ ਮਹਿਦੂਦ ਹੈ।
ਪਰ ਉਸਦੇ ਕੁਝ ਸ਼ਿਅਰ ਤਾਂ ਬੜੇ ਮਾਰਮਿਕ, ਅਭੁੱਲ ਤੇ ਅਮੁੱਲੇ ਹਨ। ਜਿਸ ਨੂੰ ਮੈਂ ਆਪਣੀ ਪਸੰਦ ਵੀ ਕਹਿ ਸਕਦਾ ਹਾਂ। ਜਿਵੇਂ:
ਅਰਸ਼ ਵਿਚ ਡਾਰ ਤਕ ਮੁਰਗ਼ਾਬੀਆਂ ਦੀ,
ਕੁਈ ਰੇਤੇ 'ਚ ਪੈੜਾਂ ਟੋਲਦਾ ਹੈ।
ਇਹ ਸੰਨਾਟਾ ਉਦਾਸੀ ਪੌਣ ਕਹਿਰੀ
ਦੋਹਾਂ ਦਾ ਰੂਪ ਮੇਰੇ ਘਰ ਜਿਹਾ ਸੀ।
ਜੇ ਤਪਦੇ ਥਲ 'ਚ ਸੂਰਜ ਵੀ ਨਾ ਹੁੰਦਾ
ਤੂੰ ਅਪਣੀ ਛਾਂ ਲਈ ਤਰਸਣਾ ਸੀ।
ਸੋਚਾਂ ਦੀ ਹਨੇਰੀ ਵਿਚ ਮੈਂ ਖਿੰਡ ਗਿਆਂ ਏਦਾਂ,
ਬੂਹੇ 'ਤੇ ਖੜੋਤਿਆਂ ਵੀ ਸੌ ਮੀਲ ’ਤੇ ਘਰ ਲੱਗੇ।
ਕਤਰਨ ਨੂੰ ਉਹ ਪਰ ਮੇਰੇ, ਫਿਰ ਲੈਕੇ ਤੇ ਆਏ ਨੇ,
ਕੈਂਚੀ ਵੀ ਉਹ ਜਿਸ ਨੂੰ ਕਿ ਸੋਨੇ ਦੇ ਨੇ ਪਰ ਲੱਗੇ।
ਗੁਰਭਜਨ ਗਿੱਲ ਨੇ ਗ਼ਜ਼ਲਾਂ ਦੇ ਰੂਪਕ ਪੱਖ ਬਾਰੇ ਵੀ ਕੁਝ ਤਜਰਬੇ ਕੀਤੇ ਹਨ। ਕਿਤੇ ਸੁਲਤਾਨ ਬਾਹੂ ਦੀ ਰਵਸ਼ ਅਖ਼ਤਿਆਰ ਕੀਤੀ ਹੈ ਤੇ ਕਿਤੇ ਪੀਲੂ ਦੀ। ਕਿਤੇ ਲੋਕ-ਕਾਵਿ ਦੀਆਂ ਧਾਰਨਾਂ ਸੁਰਜੀਤ ਕੀਤੀਆਂ ਹਨ ਤੇ ਕਿਤੇ ਕਬਿੱਤ ਦਾ ਛੰਦ ਅਪਣਾਇਆ ਹੈ।
ਇਕ ਫ਼ਾਰਸੀ ਵਿਦਵਾਨ ਨੇ ਕਿਹਾ ਸੀ ਕਿ ਜਿਸ ਸ਼ਾਇਰ ਕੋਲ ਪੇਂਡੂ ਪਿਛੋਕੜ ਨਹੀਂ ਉਸ ਕੋਲ ਪ੍ਰਰਗਟਾਅ ਵਿਧੀ ਅੰਦਰ ਸ਼ਬਦਾਂ ਦੀ ਸਦਾ ਥੁੜ ਰਹੇਗੀ। ਗੁਰਭਜਨ ਗਿੱਲ ਸਗਵਾਂ ਪੇਂਡੂ ਪਿਛੋਕੜ ਵਾਲਾ ਸ਼ਾਇਰ ਹੈ ਏਸੇ ਲਈ ਉਸ ਕੋਲ ਸੱਚੀ ਸੁੱਚੀ ਭਾਸ਼ਾ ਦਾ ਭੰਡਾਰਾ ਹੈ।
ਅੱਜ ਦੇ ਬਹੁਤੇ ਕਵੀ ਤੇ ਖਾਸ ਕਰਕੇ ਕਵਿਤ੍ਰੀਆਂ (ਗ਼ਜ਼ਲਗੋ) ਸਵੈ-ਤਰਸ ਦੇ ਭਾਗੀ ਬਣ ਕੇ ਲੋਕਾਂ/ਪਾਠਕਾਂ/ਆਲੋਚਕਾਂ ਤੋਂ ਤਰਸ ਰਾਹੀਂ ਸਥਾਪਨਾ ਦੀ ਖ਼ੈਰਾਇਤ ਲੈਣਾ ਚਾਹੁੰਦੇ ਹਨ ਪਰ ਗੁਰਭਜਨ ਦੀ ਸ਼ਾਇਰੀ ਵਿਚ ਅਜਿਹੀ ਖ਼ੈਰ ਦੀ ਪ੍ਰਰਸੰਸਾ ਲੈਣ ਦੇ ਕਿਤੇ ਵੀ ਚਿੰਨ੍ਹ ਵਿਖਾਈ ਨਹੀਂ ਦਿੰਦੇ। ਬਲਕਿ ਉਹ ਨਿਰਾਸ਼ਾ ਦੇ ਹਨੇਰੇ ਵਿਚ ਸੂਰਜ ਵਾਂਗ ਮਘਦਾ ਹੈ:
ਇਸਨੂੰ ਵੇਖ ਉਦਾਸ ਨਹੀਂ ਹੈ ਜੂਨ ਮਹੀਨੇ ਕੇਸੂ,
ਸੂਹੇ ਸੂਰਜ ਹਰ ਟ੍ਹਾਣੀ 'ਤੇ ਪੱਤਰ ਟਾਵੇਂ ਟਾਵੇਂ।
ਮੈਂ ਤੇਰੇ ਤੋਂ ਕੁਝ ਨਈ ਮੰਗਦਾ, ਠੀਕਰੀਆਂ ਨਾ ਲੀਰਾਂ,
ਕਰ ਅਰਦਾਸ ਉਮਰ ਭਰ ਤੁਰੀਏ ਇਕ ਦੂਜੇ ਦੀ ਛਾਵੇਂ।
ਲਫ਼ਜ਼ਾਂ ਦੇ ਸੁਰ ਨੇ ਮਿਲਕੇ 'ਨ੍ਹੇਰੇ' ਨੂੰ ਚੀਰਨਾ ਹੈ,
ਖ਼ਾਮੋਸ਼ੀਆਂ ਨੂੰ ਤੋੜੋ ਦਰਦੀਲੀ ਹੇਕ ਲਾ ਕੇ।
ਜਿਹੜੇ ਲੋਕ ਇਹ ਕਹਿੰਦੇ ਹਨ ਕਿ ਗ਼ਜ਼ਲ ਵਿਚ ਸਾਰੇ ਸਰੋਕਾਰ ਨਹੀਂ ਸਮੇਟੇ ਜਾ ਸਕਦੇ ਉਹਨਾਂ ਨੂੰ ਗੁਰਭਜਨ ਦੀ ਸ਼ਾਇਰੀ ਜ਼ਰੂਰ ਪੜ੍ਹਨੀ ਚਾਹੀਦੀ ਹੈ। ਪਿੰਡਾਂ ਵਿਚ ਆ ਰਹੇ ਬਦਲਾਉ ਤੋਂ ਲੈ ਕੇ ਸ਼ਹਿਰੀ ਲੋਕਾਂ ਦੀ ਤੋਤਾ ਚਸ਼ਮੀ ਤਕ, ਪਿਆਰ ਮੁਹੱਬਤ ਦੇ ਪਾਕ ਜਜ਼ਬੇ ਵਿਚ ਆ ਰਹੀ ਖੁਦਗਰਜ਼ੀ ਤੇ ਮਨਾਫ਼ਕਤ (hypocrisy) ਤੋਂ ਇਨਸਾਨੀ ਰਿਸ਼ਤਿਆਂ ਵਿਚ ਪੈ ਰਹੀਆਂ ਵਿੱਥਾਂ ਤਕ, ਪਦਾਰਥਾਂ ਦੇ ਮੰਡੀਕਰਨ ਤੋਂ ਲੈ ਕੇ ਇਕਲਾਪੇ ਦੀ ਕੁੰਠਾ ਤਕ, ਦੇਸ਼ ਦੀ ਵੰਡ ਦੇ ਦੁਖਾਂਤ ਦੇ ਸਰਾਪੇ ਪੰਜਾਬ ਦੇ ਸੰਤਾਪ ਤਕ ਤੇ ਹਾਸ਼ੀਏ ਤਕ ਸੀਮਤ ਲੋਕਾਂ ਦੇ ਸਰੋਕਾਰਾਂ ਦੀ ਅਭਿਵਿਅਕਤੀ ਸਹਿਜੇ ਹੀ ਉਸਦੀਆਂ ਗ਼ਜ਼ਲਾਂ ਵਿਚ ਵੇਖੀ ਜਾ ਸਕਦਾ ਹੈ। ਕੁਝ ਸ਼ਿਅਰ ਵੇਖੋ:
ਸੋਚਾਂ ਦੀ ਹਨੇਰੀ ਵਿਚ ਮੈਂ ਖਿੰਡ ਗਿਆਂ ਏਦਾਂ,
ਬੂਹੇ ਤੇ ਖੜੋਤਿਆਂ ਵੀ ਸੌ ਮੀਲ 'ਤੇ ਘਰ ਲੱਗੇ।
ਮੀਂਹ ਦਾ ਪਾਣੀ ਹੜ੍ਹ ਦਾ ਪਾਣੀ ਏਥੇ ਆਣ ਖਲੋਵੇ,
ਨੀਵੀਂ ਥਾਂ ਤੇ ਉੱਗੇ ਰੁੱਖ ਨੂੰ ਡਾਢੀ ਸਖ਼ਤ ਸਜ਼ਾ।
ਕੌਣ ਕਰੇ ਮਹਿਮਾਨ ਨਵਾਜ਼ੀ ਪਿੰਡ ਗਿਆਂ ਤੇ ਸਾਡੀ,
ਦੋਧੀ ਲੈ ਗਏ ਦੁੱਧ ਨਗਰ ਨੂੰ ਮਿੱਲਾਂ ਵਾਲੇ ਗੰਨੇ।
ਵਾਸਤਵ ਵਿਚ ਉਸਦੀਆਂ ਗ਼ਜ਼ਲਾਂ ਵਿਚ ਏਨੇ ਪਹਿਲੂ ਹਨ ਕਿ ਸਾਰਿਆਂ ਦਾ ਜ਼ਿਕਰ ਕਰਨਾ ਸੰਭਵ ਪ੍ਰਰਤੀਤ ਨਹੀਂ ਹੋ ਰਿਹਾ।
ਜੇ ਮੈਂ ਕੁਝ ਸ਼ਬਦਾਂ ਵਿਚ ਹੀ ਕਹਿਣਾ ਹੋਵੇ ਤਾਂ ਏਹੀ ਕਹਾਂਗਾ ਕਿ ਗੁਰਭਜਨ ਗਿੱਲ ਪੰਜਾਬੀ ਗ਼ਜ਼ਲ ਕਾਵਿ ਖੇਤਰ ਵਿਚ ਅਜਿਹਾ ਸੀਸੀਫ਼ਸ (sisyphus) ਹੋ ਜੋ ਸਮਕਾਲੀ ਗ਼ਜ਼ਲਗੋਆਂ ਦੇ ਡਿੱਗ ਰਹੇ ਗਰਾਫ਼ ਨੂੰ ਹਰ ਰੋਜ਼ ਇਕ ਸਿਖ਼ਰ ਤੇ ਲੈ ਜਾਂਦਾ ਹੈ, ਗਰਾਫ਼ ਰੋਜ਼ ਡਿੱਗਦਾ ਹੈ ਤੇ ਉਹ ਰੋਜ਼ ਸਿਖ਼ਰ ਤੇ ਲੈ ਜਾਂਦਾ ਹੈ। ਉਹ ਇਹ ਸਜ਼ਾ ਖਿੜੇ ਮੱਥੇ ਭੁਗਤ ਰਿਹਾ ਹੈ, ਸ਼ਾਇਦ ਇਹ ਸਿਲਸਿਲਾ ਉਦੋਂ ਤੱਕ ਜਾਰੀ ਰਹੇ ਜਦੋਂ ਤਕ ਕੋਈ ਹੋਰ ਸੀਸੀਫ਼ਸ (sisyphus) ਗੁਰਭਜਨ ਗਿੱਲ ਦੀ ਥਾਂ ਨਹੀਂ ਲੈ ਲੈਂਦਾ।
ਜਗਤਾਰ (ਡਾ.)
ਕਹਿਕਸ਼ਾਂ
ਕੈਂਟ ਰੋਡ, ਮਿੱਠਾਪੁਰ, ਜਲੰਧਰ
ਗ਼ਜ਼ਲ ਦਾ ਕੁਤਬਨੁਮਾ (ਮਨ ਦੇ ਬੂਹੇ ਬਾਰੀਆਂ) : ਸਰਦਾਰ ਪੰਛੀ
ਗੁਰਭਜਨ ਗਿੱਲ ਦੇ ਇਸ ਗ਼ਜ਼ਲ ਸੰਗ੍ਰਹਿ ਵਿਚਲੀਆਂ ਗ਼ਜ਼ਲਾਂ ਨੂੰ ਵਾਚਦਿਆਂ ਇਹ ਗੱਲ ਹੋਰ ਵੀ ਸਪਸ਼ਟ ਹੋ ਜਾਂਦੀ ਹੈ ਕਿ ਪੰਜਾਬੀ ਗ਼ਜ਼ਲ ਨੇ ਵਿਸ਼ੇ ਵਸਤੂ, ਸ਼ਿਲਪ, ਭਾਵਾਂ, ਭਾਸ਼ਾ ਅਤੇ ਨਿਭਾਅ ਦਾ ਧਿਆਨ ਰਖਦਿਆਂ ਮੰਜ਼ਿਲ ਵੱਲ ਸਾਰਥਿਕ ਕਦਮ ਪੁੱਟੇ ਹਨ। ਗੁਰਭਜਨ ਗਿੱਲ ਨੇ ਗਜ਼ਲ ਰੂਪੀ ਈਰਾਨੀ ਮੁਟਿਆਰ ਨੂੰ ਉਹਦੇ ਸਰੀਰ ਨਾਲ ਮੇਚ ਖਾਂਦੇ ਕਪੜੇ ਪੁਆਏ ਹਨ। ਸਲਵਾਰ ਕਮੀਜ਼ ਦੇ ਨਾਲ ਸਿਰ ਤੇ ਲੈਣ ਲਈ ਗੋਟੇ ਵਾਲੀ ਚੁੰਨੀ ਅਤੇ ਪੈਰਾਂ ਵਿਚ ਕਸੂਰੀ ਜੱਤੀ। ਉਸ ਨੇ ਉਸ ਮੁਟਿਆਰ ਨੂੰ ਇਹ ਆਖਣ ਦਾ ਮੌਕਾ ਨਹੀਂ ਦਿੱਤਾ ਕਿ ‘ਜੁੱਤੀ ਕਸੂਰੀ ਪੈਰੀਂ ਨਾ ਪੂਰੀ ਹਾਏ ਰੱਬਾ ਵੇ ਸਾਨੂੰ ਟੁਰਨਾ ਪਿਆ’ ਸਗੋਂ ਉਸ ਦੇ ਪੈਰਾਂ ਦੀ ਬਨਾਵਟ ਨਾਲ ਢੁਕਦੀ ਸਾਈ ਦੀ ਜੁੱਤੀ ਸੁਆ ਦਿੱਤੀ ਹੈ ਅਤੇ ਉਸ ਦੇ ਪੈਰੀਂ ਪਾਉਣ ਤੋਂ ਪਹਿਲਾਂ ਉਸ ਜੁੱਤੀ ਨੂੰ ਖ਼ਾਲਿਸ ਸਰ੍ਹੋਂ ਦੇ ਤੇਲ ਨਾਲ ਚੋਪੜ ਵੀ ਦਿੱਤਾ ਹੈ ਕਿਉਂਕਿ ਉਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਜੇਕਰ ਜੁੱਤੀ ਮਾੜੀ ਮੋਟੀ ਵੀ ਲੱਗਦੀ ਹੋਵੇ ਤਾਂ ਉਹ ਤੁਰਨ ਵਾਲੇ ਦੀ ਤੋਰ ਬਦਸੂਰਤ ਬਣਾ ਦਿੰਦੀ ਹੈ।ਇਸ ਤਰ੍ਹਾਂ ਗੁਰਭਜਨ ਗਿੱਲ ਨੇ ਖੁੰਮਖਾਨੇ ਦੀ ਜ਼ੀਨਤ ਨੂੰ ਭੱਤਾ ਲੈ ਕੇ ਪੈਲੀਆਂ ਵੱਲ ਜਾਣਾ ਵੀ ਸਿਖਾ ਦਿੱਤਾ ਹੈ।
ਗੁਰਭਜਨ ਗਿੱਲ ਦੀ ਗ਼ਜ਼ਲ ਸਿਰਫ਼ ਹੋਠਾਂ ਦੀ ਮੁਸਕਣੀ ਤੇ ਅੱਖਾਂ ਦੇ ਤੀਰਾਂ ਤੱਕ ਮਹਿਦੂਦ ਨਹੀਂ ਹੈ। ਧਰਤੀ ਤੋਂ ਆਕਾਸ਼ ਤੀਕ ਬਿਖਰੇ ਹੋਏ ਜ਼ਿੰਦਗੀ ਦੇ ਹਜ਼ਾਰਾਂ ਮਸਲਿਆਂ ਨੂੰ, ਧਰਤੀ ਨਾਲ ਜੁੜੇ ਮਨੁੱਖੀ ਸਵਾਲਾਂ ਨੂੰ, ਮੁਲਕਾਂ ਦੀ ਗੈਰ ਕੁਦਰਤੀ ਵੰਡ ਨੂੰ, ਪਾੜੂਆਂ ਦੇ ਦਿਨ ਬ ਦਿਨ ਭਾਰੇ ਹੁੰਦੇ ਜਾ ਰਹੇ ਬਸਤਿਆਂ ਨੂੰ, ਸਮਾਜ ਵਿਚ ਪਈ ਕਾਣੀ ਵੰਡ ਨੂੰ, ਸ਼ੋਸ਼ਣ ਅਤੇ ਜ਼ੁਲਮ ਜਬਰ ਨੂੰ ਆਪਣੀਆਂ ਗ਼ਜ਼ਲਾਂ ਦਾ ਵਿਸ਼ਾ ਬਣਾਇਆ ਹੈ ਅਤੇ ਉਹ ਆਪਣੀ ਗੱਲ ਆਪਣੇ ਪਾਠਕਾਂ ਤੱਕ ਪਹੁੰਚਾਉਣ ਵਿਚ ਸਫ਼ਲ ਹੋਇਆ ਹੈ।
ਦੇਸ਼ ਦੀ ਵੰਡ ਦੇ ਬਾਰੇ ਹੇਠ ਲਿਖੇ ਸ਼ੇਅਰ ਇਸ ਦੇ ਚਸ਼ਮਦੀਦ ਗਵਾਹ ਹਨ:
ਡੇਰਾ ਬਾਬਾ ਨਾਨਕੋਂ ਕੋਠੇ 'ਤੇ ਚੜ੍ਹ ਕੇ ਦਿਸਣ ਜੋ,
ਜਿਸਮ ਨਾਲੋਂ ਕੁਤਰ ਕੇ ਸੁੱਟੇ ਗਏ ਪਰ ਯਾਦ ਨੇ।
ਰਾਵੀ ਦੇ ਉਰਵਾਰ-ਪਾਰ ਦੁਖ-ਦਰਦਾਂ ਦਾ ਰੰਗ ਇਕੋ,
ਜਿਸਮ ਚੀਰ ਕੇ ਮੁਲਕ ਬਣਾਏ ਭਾਵੇਂ ਇਕ ਤੋਂ ਦੋ।
ਸਾਡੇ ਪਿੰਡ ਦੇ ਚਿਹਰੇ ਤੇ ਉਦਰੇਵਾਂ ਆ ਕੇ ਬੈਠ ਗਿਆ,
ਬੋਹੜਾਂ ਤੇ ਪਿੱਪਲਾਂ ਦੀ ਰੌਣਕ ਜਦ ਤੋਂ ਦਰਿਆ ਪਾਰ ਗਈ।
ਸ਼ਹਿਰੀ ਜੀਵਨ ਅਤੇ ਸਭਿਆਚਾਰ ਦਾ ਅਟੁੱਟ ਅੰਗ ਬਣ ਚੁੱਕੇ ਸ਼ਾਇਰ ਨੂੰ ਪਿੰਡ ਵਿਚ ਬਿਤਾਇਆ ਬਚਪਨ ਯਾਦ ਆਉਂਦਾ ਹੈ ਤਾਂ ਉਸ ਦੇ ਮਨ ਦੇ ਧੁਰ ਹੇਠਾਂ ਇਕ ਹੂਕ ਉਠਦੀ ਹੈ। ਉਹ ਲਿਖਦਾ ਹੈ:
ਪਿੰਡ ਜਾਕੇ ਇਸ ਤਰ੍ਹਾਂ ਮਹਿਸੂਸਦਾਂ,
ਸ਼ਹਿਰ ਸਾਡੀ ਖਾ ਰਹੇ ਨੇ ਸਾਦਗੀ।
ਕੌਣ ਕਰਕੇ ਮਹਿਮਾਨ ਨਵਾਜ਼ੀ ਪਿੰਡ ਗਿਆਂ ਤੇ ਸਾਡੀ,
ਦੋਧੀ ਲੈ ਗਏ ਦੁੱਧ ਨਗਰ ਨੂੰ ਮਿੱਲਾਂ ਵਾਲੇ ਗੰਨੇ।
ਤੇਜ਼ੀ ਨਾਲ ਬਦਲ ਰਹੀਆਂ ਸਮਾਜਿਕ ਕਦਰਾਂ ਕੀਮਤਾਂ ਨੇ ਗੁਰਭਜਨ ਗਿੱਲ ਦੇ ਅੰਦਰਲੇ ਨੂੰ ਨਸ਼ਤਰਾਂ ਚੁਭੋਈਆਂ ਹਨ। ਉਹਦੇ ਅੰਦਰਲੇ ਦਰਦ ਦਾ ਪ੍ਰਰਗਟਾਵਾ ਇਸ ਤਰ੍ਹਾਂ ਹੋਇਆ ਹੈ:
ਰਿਸ਼ਤੇ ਦੀ ਚਾਦਰ ਦੀਆਂ ਲੀਰਾਂ ਖਿਲਰ ਗਈਆਂ ਏਸ ਤਰ੍ਹਾਂ।
ਚਾਰ ਕਦਮ ਨਾ ਤੁਰ ਕੇ ਰਾਜ਼ੀ ਸੱਕੀ ਭੈਣ ਭਰਾਵਾਂ ਨਾਲ।
ਕਰਕੇ ਜਿਨ੍ਹਾਂ ਨੂੰ ਯਾਦ ਮੈਂ ਰਾਤੀਂ ਸੀ ਰੋ ਲਿਆ।
ਉਹਨਾਂ ਸਵੇਰੇ ਉਠਦਿਆਂ ਹੀ ਬੂਹਾ ਢੋ ਲਿਆ।
ਰਿਸ਼ਤੇ ਨਾਤੇ ਗਏ ਗੁਆਚੇ ਉੱਜੜ ਗਈਆਂ ਥਾਵਾਂ ਨਾਲ।
ਬੇੜੀ ਦਾ ਕੀ ਸਾਕ ਰਹਿ ਗਿਆ ਸੁੱਕ ਗਏ ਦਰਿਆਵਾਂ ਨਾਲ।
ਸਮਾਜਿਕ ਅਨਿਆਂ, ਸ਼ੋਸ਼ਣ ਅਤੇ ਕਾਣੀ ਵੰਡ ਤੋਂ ਉਪਜੇ ਦੁਖਾਂਤ ਦਾ ਚਿਤਰਣ ਗ਼ਜ਼ਲ ਦੇ ਕਿਸੇ ਸ਼ੇਅਰ ਵਿਚ ਸਮੇਟਣਾ ਥੋੜਾ ਮੁਸ਼ਕਿਲ ਹੈ ਪਰ ਇਹ ਮੁਸ਼ਕਿਲ ਕੰਮ ਵੀ ਗੁਰਭਜਨ ਗਿੱਲ ਨੇ ਬਹੁਤ ਹੀ ਸੌਖੇ ਢੰਗ ਨਾਲ ਨੇਪਰੇ ਚਾੜ੍ਹ ਦਿੱਤਾ ਹੈ।
ਨੰਗ ਮੁਨੰਗੇ ਠੁਰ ਠੁਰ ਕਰਦੇ ਕੱਚੀਆਂ ਕੰਧਾਂ ਓਹਲੇ,
ਇਹਨਾਂ ਹਿੱਸੇ ਆਉਂਦੀ ਅੱਗ ਹੈ ਕਿਹੜਾ ਸੇਕ ਰਿਹਾ।
ਪੱਥਰਾਂ ਦੀ ਬਰਸਾਤ 'ਚ ਟੁੱਟੇ ਸ਼ੀਸ਼ੇ ਵਰਗੇ ਸੁਪਨੇ ਸਭ,
ਫਿਰ ਵੀ ਪੱਥਰ ਚਾਹੁੰਦੇ ਨੇ ਮੈਂ ਉਹਨਾਂ ਨੂੰ ਸਤਿਕਾਰ ਦਿਆਂ।
ਕੱਲ੍ਹ ਤਿਰਕਾਲੀਂ ਡੁੱਬਦਾ ਸੂਰਜ ਜਾਪ ਰਿਹਾ ਸੀ ਏਦਾਂ,
ਜੀਕਣ ਸਾਮੀ ਘੇਰੀ ਹੋਵੇ ਮੇਰੇ ਪਿੰਡ ਦੇ ਸ਼ਾਹਵਾਂ।
ਕੋਈ ਵੀ ਬੰਦਾ ਸਮਾਜਿਕ ਅਨਿਆਂ, ਜਬਰ, ਜ਼ੁਲਮ ਅਤੇ ਸ਼ੋਸ਼ਣ ਦੇ ਖ਼ਿਲਾਫ਼ ਇਕੱਲਾ ਨਹੀਂ ਲੜ ਸਕਦਾ ਭਾਵੇਂ ਉਸ ਵਿਚ ਕਿੰਨਾ ਵੀ ਜੋਸ਼ ਕਿਉਂ ਨਾ ਹੋਵੇ। ਉਸ ਨੂੰ ਜੋਸ਼ ਦੇ ਨਾਲ ਹੋਸ਼ ਦਾ ਸੁਮੇਲ ਕਰਨਾ ਪਏਗਾ। ਤਦ ਹੀ ਉਹ ਕਾਮਯਾਬੀ ਵੱਲ ਵਧ ਸਕਦਾ ਹੈ। ਇਹ ਗੱਲ ਹੇਠਲੇ ਸ਼ੇਅਰ ਵਿਚ ਬਹੁਤ ਖੂਬਸੂਰਤੀ ਤੇ ਉਸਾਰੂ ਢੰਗ ਨਾਲ ਕਹੀ ਗਈ ਹੈ:
ਇਕ ਇਕੱਲਾ ਕੁਝ ਨਹੀਂ ਹੁੰਦਾ ਨਾ ਏਧਰ ਨਾ ਓਧਰ ਦਾ,
ਮੱਥੇ ਨੂੰ ਵੀ ਤੁਰਨਾ ਪੈਂਦਾ ਇਕ ਜੁੱਟ ਹੋ ਕੇ ਬਾਹਵਾਂ ਨਾਲ।
ਅਤੇ ਉਸ ਦਾ ਵਿਸ਼ਵਾਸ ਹੈ ਕਿ ਚੰਗੇ ਤੇ ਕਲਿਆਣਕਾਰੀ ਵਿਚਾਰ ਦਬਾਇਆਂ ਦਬਦੇ ਨਹੀਂ, ਸਾੜਿਆਂ ਸੜਦੇ ਨਹੀਂ। ਆਪਣੇ ਰਾਹ ਤੋਂ ਹਟਦੇ ਨਹੀਂ:
ਬਲਦੀ ਕੇਵਲ ਮਿੱਟੀ ਹੈ ਜਾਂ ਲੱਕੜੀਆਂ,
ਮੜ੍ਹੀਆਂ ਅੰਦਰ ਸੜਦੇ ਨਹੀਂ ਵਿਚਾਰ ਕਦੇ।
ਹਾਲਾਂਕਿ ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਵਿਚ ਡਿੱਗੇ ਨੂੰ ਉਠਾਉਣ ਦੀ ਸਮਰੱਥਾ ਹੈ। ਹੌਸਲਾ ਢਾਹੀ ਬੈਠੇ ਨੂੰ ਉਠ ਕੇ ਜੂਝਣ ਦੀ ਪ੍ਰਰੇਰਣਾ ਦੇਣ ਦੀ ਸ਼ਕਤੀ ਹੈ ਪਰ ਉਹ ਇਸ ਸ਼ਕਤੀ ਨੂੰ ਭਰਮ ਆਖਦਾ ਹੈ। ਸ਼ਾਇਦ ਇਹਦੇ ਪਿਛੇ ਇਜਜ਼ ਦੀ ਭਾਵਨਾ ਹੋਵੇ। ਉਹ ਲਿਖਦਾ ਹੈ:
ਐਵੇਂ ਭਰਮ ਜਿਹਾ ਇਕ ਮਨ ਨੂੰ ਚੌਵੀ ਘੰਟੇ ਡੰਗਦਾ ਹੈ,
ਪੱਥਰਾਂ ਨੂੰ ਪਿਘਲਾ ਸਕਨਾਂ ਮੈਂ ਗ਼ਜ਼ਲਾਂ ਤੇ ਕਵਿਤਾਵਾਂ ਨਾਲ।
ਤੇਰੇ ਪੱਲੇ ਅੱਖਰਾਂ ਬਿਨ ਹੋਰ ਕੀ,
ਆਖਿਆ ਕਈ ਵਾਰ ਮੈਨੂੰ ਘਰਦਿਆਂ।
ਗੁਰਭਜਨ ਗਿੱਲ ਨੇ ਆਪਣੀਆਂ ਗ਼ਜ਼ਲਾਂ ਵਿਚ ਹੋਰਨਾਂ ਵਿਸ਼ਿਆਂ ਦੇ ਨਾਲ ਨਾਲ ਪਿਆਰ ਮੁਹੱਬਤ ਅਤੇ ਮਹਿਬੂਬ ਦੇ ਹੁਸਨ ਨੂੰ ਵੀ ਗ਼ਜ਼ਲਾਂ ਵਿਚ ਪੇਸ਼ ਕੀਤਾ ਹੈ। ਪਰ ਇਸ ਪਰੰਪਰਾਗਤ ਵਿਸ਼ੇ ਤੇ ਸ਼ੇਅਰ ਲਿਖਦਿਆਂ ਉਸ ਨੇ ਬੜੀ ਚੌਕਸੀ ਤੋਂ ਕੰਮ ਲਿਆ ਹੈ। ਸ਼ਾਇਦ ਇਹ ਇਹਤਿਆਤ ਉਹਦੀ ਸ਼ਖ਼ਸੀਅਤ ਦੀ ਹੀ ਤਰਜ਼ਮਾਨੀ ਕਰਦੀ ਹੈ।ਉਹ ਲਿਖਦਾ ਹੈ:
ਬੁੱਕਲ ਵਿਚ ਸਮੋ ਲਿਆ ਭਾਵੇਂ ਮੈਂ ਸਾਰਾ ਬ੍ਰਹਿਮੰਡ ਓ ਯਾਰ।
ਤੇਰੀ ਇਕ ਗਲਵੱਕੜੀ ਬਾਝੋਂ ਪੈਂਦੀ ਨਹੀਓ ਠੰਡ ਓ ਯਾਰ।
ਕਾਲੀ ਰਾਤ ਲਿਸ਼ਕਦੇ ਤਾਰੇ,
ਤੂੰ ਜਿਉਂ ਮਾਂਗ ਸਜਾਈ ਹੋਵੇ।
ਹਵਾ ਹੱਥ ਭੇਜੀਂ ਨਾ ਤੂੰ ਚੇਤਿਆਂ ਦੀ ਡਾਕ,
ਵਾਪਸੀ ਬੇਰੰਗ ਚਿੱਠੀ ਮੁੜੂ ਤੇਰੇ ਘਰੇ।
ਗੁਰਭਜਨ ਗਿੱਲ ਨੇ ਆਪਣੀਆਂ ਗ਼ਜ਼ਲਾਂ ਵਿਚ ਪੰਜਾਬੀ ਭਾਸ਼ਾ ਦਾ ਉਹ ਰੂਪ ਪੇਸ਼ ਕੀਤਾ ਹੈ ਜਿਸ ਤੇ ਹਰ ਪੰਜਾਬੀ ਪਿਆਰੇ ਨੂੰ ਮਾਣ ਕਰਨਾ ਚਾਹੀਦਾ ਹੈ।ਉਸ ਨੇ ਹਿੰਦੀ ਸੰਸਕ੍ਰਿਤ ਨੁਮਾ ਪੰਜਾਬੀ ਭਾਸ਼ਾ ਦੀ ਥਾਂ ਪੰਜਾਬੀ ਦੀ ਮਿੱਟੀ ਨਾਲ ਜੁੜੀ ਹੋਈ ਮੁਹਾਵਰੇਦਾਰ ਭਾਸ਼ਾ ਦਾ ਇਸਤੇਮਾਲ ਕੀਤਾ ਹੈ। ਇਸ ਭਾਸ਼ਾ ਦੇ ਲਫ਼ਜ਼ ਅੰਗੂਰ ਦੇ ਦਾਣਿਆਂ ਵਰਗੇ ਕੋਮਲ ਹਨ। ਮੂੰਹ ਵਿਚ ਪਾਉਂਦਿਆਂ ਹੀ ਉਹਨਾਂ ਦਾਣਿਆਂ ਦੀ ਗੋਲਾਈ ਜੀਭ ਨਾਲ ਕਲੋਲ ਕਰਦੀ ਹੋਈ ਚੰਗੀ ਲੱਗਦੀ ਹੈ। ਫਿਰ ਦਾਣਾ ਚਿੱਥਣ ਤੋਂ ਬਾਅਦ ਉਹਦਾ ਪੂਰਾ ਸੁਆਦ ਮਨ ਆਤਮਾ ਨੂੰ ਹਲੂਣ ਦੇਂਦਾ ਹੈ। ਖਾਣ ਵਾਲਾ ਸਮਝ ਜਾਂਦਾ ਹੈ ਕਿ ਉਸ ਨੇ ਅੰਗੂਰ ਦਾ ਦਾਣਾ ਚੱਬਿਆ ਹੈ ਕੰਕਰ ਨਹੀਂ ਚੱਬਿਆ।
ਗੁਰਭਜਨ ਗਿੱਲ ਨੇ ਅਰਬੀ ਫਾਰਸੀ ਬਹਿਰਾਂ ਦੇ ਨਾਲ ਨਾਲ ਪੰਜਾਬੀ ਲੋਕ ਧੁਨਾਂ ਵਿਚੋਂ ਉਪਜੀਆਂ ਬਹਿਰਾਂ ਜਾਂ ਛੰਦਾਂ ਦਾ ਖੁੱਲ੍ਹ ਕੇ ਇਸਤੇਮਾਲ ਕੀਤਾ ਹੈ। ਉਸ ਨੇ ਕਈ ਗ਼ਜ਼ਲਾਂ ਗੈਰ ਮੁਰੱਦਫ਼ ਵੀ ਲਿਖੀਆਂ ਹਨ। ਇਕ ਗ਼ਜ਼ਲ ਦੀ ਰਦੀਫ਼ ਹੂ ਰੱਖੀ ਹੈ ਜੋ ਸੂਫ਼ੀ ਕਵੀ ਸੁਲਤਾਨ ਬਾਹੂ ਦੇ ਕਲਾਮ ਦੀ ਯਾਦ ਕਰਾਉਂਦੀ ਹੈ। ਇਸ ਰਦੀਫ਼ ਦਾ ਨਿਭਾਅ ਬਹੁਤ ਹੀ ਸੁਚੱਜੇ ਢੰਗ ਨਾਲ ਹੋਇਆ ਹੈ:
ਜੀ ਕਰਦੈ ਆਪਣੇ ਪਿੰਡ ਜਾ ਕੇ ਚੱਬਾਂ ਦੋਧਾ ਛੱਲੀਆਂ ਹੂ।
ਵਰ੍ਹਦੇ ਮੀਂਹ ਵਿਚ ਨੰਗਾ ਦੌੜਾਂ ਮਾਰਾਂ ਝੱਲ ਵਲੱਲੀਆਂ ਹੂ।
ਕੂੰਜਾਂ ਗਈਆਂ ਦੂਰ ਦੇਸ਼ ਨੂੰ ਬੱਚੇ ਦੇ ਕੇ ਮੁੜ ਆਈਆਂ ਨਾ,
ਖਾਲਮ ਖਾਲੀ ਆਲ੍ਹਣਿਆਂ ਵਿਚ ਚੁੱਪ ਨੇ ਟੱਲਮ ਟੱਲੀਆਂ ਹੂ।
ਗ਼ਜ਼ਲ ਦੇ ਹੁਸਨ ਨੂੰ ਚਾਰ ਚੰਨ ਲਾਉਣ ਵਾਸਤੇ ਖ਼ੂਬਸੂਰਤ ਮੁਹਾਵਰੇਦਾਰ ਮਿੱਠੀ ਭਾਸ਼ਾ ਦਾ ਇਸਤੇਮਾਲ ਕਰਨਾ ਜ਼ਰੂਰੀ ਹੈ। ਤਸ਼ਬੀਹਾਂ, ਕਨਾਏ, ਇਸਤਿਆਰੇ ਵੀ ਉਸ ਦੇ ਹੁਸਨ ਨੂੰ ਦਿਲਕਸ਼ ਬਣਾਉਂਦੇ ਅਤੇ ਚਾਰ ਚੰਨ ਲਾਉਂਦੇ ਹਨ। ਤਸ਼ਬੀਹ ਸ਼ੇਅਰ ਦਾ ਜ਼ੇਵਰ ਹੈ। ਜਿਸ ਤਰ੍ਹਾਂ ਕੋਈ ਮੁਟਿਆਰ ਢੁਕਵੀਂ ਪੌਸ਼ਾਕ ਨਾਲ ਜ਼ੇਵਰ ਪਾ ਕੇ ਹੂਰ ਪਰੀ ਲੱਗਣ ਲੱਗਦੀ ਹੈ ਉਸੇ ਤਰ੍ਹਾਂ ਤਸ਼ਬੀਹ ਅਤੇ ਇਸਤਿਆਰੇ ਸ਼ੇਅਰ ਦੇ ਹੁਸਨ ਨੂੰ ਦੋਬਾਲਾ ਕਰਦੇ ਹਨ। ਜਿਸ ਤਰ੍ਹਾਂ:
ਉੱਚੇ ਪਰਬਤ ਉੱਤੇ ਸਬਜ਼ ਦਿਆਰ ਖੜ੍ਹੇ।
ਸਾਵੀ ਵਰਦੀ ਪਾ ਕੇ ਪਹਿਰੇਦਾਰ ਖੜ੍ਹੇ।
ਨ੍ਹੇਰੇ ਦੇ ਵਿਚ ਜੰਮੇ ਜਾਏ ਕਿੱਸਰਾਂ ਸੱਚ ਪਛਾਨਣਗੇ,
ਸੂਰਜ ਵੱਲ ਮੂੰਹ ਕੀਤੇ ਬਿਨ ਤੁਰਦਾ ਨ ਪਰਛਾਵਾਂ ਨਾਲ।
ਠੋਕਰੋਂ ਬਚਾਉਂਦਾ ਤੇ ਸੰਭਾਲਦਾ ਹਾਂ ਹਰ ਵੇਲੇ,
ਸੁਪਨਾ ਨਾ ਟੁੱਟ ਜਾਏ ਕੱਚ ਦਾ ਸਮਾਨ ਹੈ।
ਖੋਹ ਲਿਆ ਸੂਰਜ ਸੀ ਜਿਹੜਾ ਰਾਤ ਨੇ,
ਮੋੜ ਦਿੱਤਾ ਦਿਨ ਚੜ੍ਹੇ ਪ੍ਰਰਭਾਤ ਨੇ।
ਮਨ ਦੇ ਬੂਹੇ ਬਾਰੀਆਂ ਵਿਚਲੀਆਂ ਗ਼ਜ਼ਲਾਂ ਪੜ੍ਹਦਿਆਂ ਜਦੋਂ ਕਿਤੇ ਊਣਤਾਈਆਂ ਚੁਭਦੀਆਂ ਹਨ ਤਾਂ ਜਾਪਦਾ ਹੈ ਮਿਸਰਾ ਬੇ-ਬਹਿਰ ਹੈ। ਪਰ ਜਦ ਫਿਰ ਉਸ ਵਿਚਲੇ ਸ਼ਬਦਾਂ ਨੂੰ ਕਿਸੇ ਹੋਰ ਉਚਾਰਣ ਨਾਲ ਪੜ੍ਹੀਏ ਤਾਂ ਲੱਗਦਾ ਹੈ ਕਿ ਮਿਸਰਾ ਵਜ਼ਨ ਤੋਲ ਵਿਚ ਪੂਰਾ ਹੈ। ਸ਼ਾਇਦ ਇਹ ਇਸ ਲਈ ਵੀ ਹੈ ਕਿ ਅਜੇ ਤਕ ਪੰਜਾਬੀ ਭਾਸ਼ਾ ਦੇ ਲਫ਼ਜ਼ਾਂ ਦਾ ਕੋਈ ਸਰਬ ਸੰਮਤ ਉਚਾਰਣ ਨਿਸ਼ਚਿਤ ਨਹੀਂ ਹੋ ਸਕਿਆ।
ਕਈ ਵਾਰੀ ਇੰਝ ਵੀ ਹੁੰਦਾ ਹੈ ਕਿ ਖ਼ਿਆਲ ਏਨਾ ਭਾਰਾ ਹੁੰਦਾ ਹੈ ਕਿ ਸ਼ਬਦਾਂ ਅਤੇ ਬਹਿਰ ਲਈ ਉਸ ਨੂੰ ਸੰਭਾਲਣਾ ਮੁਸ਼ਕਿਲ ਹੋ ਜਾਂਦਾ ਹੈ। ਉਸ ਵੇਲੇ ਗ਼ਜ਼ਲ ਦਾ ਫ਼ਨ ਸ਼ਾਇਰ ਦੀ ਮਦਦ ਕਰਦਾ ਹੈ ਅਤੇ ਉਹ ਆਇਆ ਅੜਿੱਕਾ ਦੂਰ ਕਰ ਲੈਂਦਾ ਹੈ।
ਕਈਆਂ ਗ਼ਜ਼ਲਾਂ ਵਿਚ ਫ਼ਸਾਹਤ ਅਤੇ ਬਲਾਗਤ ਦਾ ਉਹ ਪੱਧਰ ਨਹੀਂ, ਜੋ ਹੋਣਾ ਚਾਹੀਦਾ ਹੈ। ਹਾਂ ਕਈ ਸ਼ੇਅਰ ਐਸੇ ਹਨ ਜਿਹੜੇ ਇਸ ਕਮੀ ਨੂੰ ਪੂਰਾ ਕਰਦੇ ਹਨ।
ਕੁਲ ਮਿਲਾ ਕੇ ਮਨ ਦੇ ਬੂਹੇ ਬਾਰੀਆਂ ਵਿਚਲੀਆਂ ਗ਼ਜ਼ਲਾਂ ਚੰਗੀਆਂ ਹਨ। ਮੈਨੂੰ ਪੂਰਾ ਯਕੀਨ ਹੈ ਕਿ ਪੰਜਾਬੀ ਗ਼ਜ਼ਲ ਸੰਸਾਰ ਵਿਚ ਇਹਨਾਂ ਨੂੰ ਬਣਦਾ ਹੁੰਗਾਰਾ ਜ਼ਰੂਰ ਮਿਲੇਗਾ।
ਆਉਣ ਦੇ ਤਾਜ਼ਾ ਹਵਾ ਨੂੰ ਆਉਣ ਦੇ,
ਖੋਲ੍ਹਦੇ ਤੂੰ ਸਾਰੇ ਬੂਹੇ ਬਾਰੀਆਂ।
ਸਰਦਾਰ ਪੰਛੀ
ਨਸ਼ੇਮਨ,
ਪੰਜਾਬ ਮਾਤਾ ਨਗਰ, ਲੁਧਿਆਣਾ
ਨੰਗੇ ਸ਼ਬਦਾਂ ਦੇ ਸਨਮੁਖ (ਧਰਤੀ ਨਾਦ) : ਜਸਵੰਤ ਜ਼ਫ਼ਰ
ਗੁਰਭਜਨ ਗਿੱਲ ਨੇ ਗੀਤ, ਗ਼ਜ਼ਲ, ਰੁਬਾਈ ਅਤੇ ਨਜ਼ਮ ਦੀ ਰਚਨਾ ਕੀਤੀ ਹੈ। ਉਹਨਾਂ ਦੇ ਇਕੱਲੀਆਂ ਗ਼ਜ਼ਲਾਂ, ਇਕੱਲੇ ਗੀਤਾਂ ਅਤੇ ਇਕੱਲੀਆਂ ਰੁਬਾਈਆਂ ਦੇ ਸੰਗ੍ਰਹਿ ਛਪ ਚੁੱਕੇ ਹਨ। ਪਰ ਇਸ ਕਾਵਿ ਸੰਗ੍ਰਹਿ ਵਿਚ ਕਵਿਤਾ ਦੇ ਇਹ ਸਾਰੇ ਰੂਪ ਹਾਜ਼ਰ ਹਨ। ਇਸ ਤਰ੍ਹਾਂ ਰੂਪਕ ਪੱਖ ਤੋਂ 'ਧਰਤੀ ਨਾਦ' ਉਹਨਾਂ ਦੀ ਪ੍ਰਰਤੀਨਿਧ ਕਾਵਿ-ਪੁਸਤਕ ਹੈ।
ਆਪਣੀਆਂ ਸਾਂਝਾਂ ਅਤੇ ਸਰਗਰਮੀਆਂ ਕਾਰਨ ਗੁਰਭਜਨ ਗਿੱਲ ਇਸ ਵੇਲੇ ਪੰਜਾਬੀ ਸਾਹਿਤਕਾਰਾਂ ਵਿਚੋਂ ਸਭ ਤੋਂ ਵੱਧ ਜਾਣਿਆਂ ਜਾਣ ਵਾਲਾ ਨਾਮ ਹੈ। ਪੜ੍ਹਨ ਦੇ ਨਾਲ-ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜਾਨਣਾ, ਜਾਣੇ ਜਾਣਾ ਅਤੇ ਜਾਣਦਿਆਂ ਨਾਲ ਜੁੜਨਾ ਉਹਨਾਂ ਦਾ ਸ਼ੌਕ ਅਤੇ ਸੁਭਾਅ ਹੈ। ਉਹ ਲੁਧਿਆਣੇ ਤੋਂ ਕਿਸੇ ਵੀ ਰੂਟ ਦੀ ਬੱਸ ਵਿਚ ਜਾਂ ਕਿਸੇ ਵੀ ਗੱਡੀ ਦੇ ਡੱਬੇ ਵਿਚ ਬੈਠ ਜਾਣ, ਜਾਣੂੰ ਸਵਾਰੀਆਂ ਮਿਲ ਹੀ ਜਾਂਦੀਆਂ ਹਨ। ਉਹ ਕਿਸੇ ਗਰੀਬੜੇ ਜਿਹੇ ਕਿਰਤੀ ਤੋਂ ਲੈ ਕੇ ਉੱਚੀ ਤੋਂ ਉੱਚੀ ਕਲਗੀ ਵਾਲੇ ਕਿਸੇ ਅਮੀਰ ਵਜ਼ੀਰ ਨਾਲ ਇੱਕੋ ਜਿੰਨੀ ਸੌਖ ਅਤੇ ਅਪਣੱਤ ਨਾਲ ਗੱਲਬਾਤ ਕਰ ਲੈਂਦੇ ਹਨ। ਸਾਂਝ, ਸੰਵਾਦ ਜਾਂ ਸੰਗਤ ਕਰਨ ਵੇਲੇ ਅਗਲੇ ਦਾ ਛੋਟਾ-ਵੱਡਾ ਹੋਣਾ ਅੜਿਕਾ ਨਹੀਂ ਬਣਦਾ। ਇੰਜ ਉਹਨਾਂ ਨੇ ਆਪਣੀ ਅਕਾਦਮਿਕ ਮੁਸ਼ੱਕਤ ਅਤੇ ਮਿਲਣਸਾਰਤਾ ਦੇ ਸੰਯੋਗ ਨਾਲ ਆਪਣੇ ਭਾਸ਼ਾਈ ਭੰਡਾਰ ਜਾਂ ਭਾਸ਼ਾਈ ਯੋਗਤਾ ਨੂੰ ਭਰਪੂਰ ਕੀਤਾ ਹੈ। ਉਹਨਾਂ ਦਾ ਚਿੱਤ ਅਤੇ ਚੇਤਨਾ ਭਾਸ਼ਾਈ ਸਮਰੱਥਾ ਨਾਲ ਮਾਲਾਮਾਲ ਹਨ। ਇਸ ਸਮਰੱਥਾ ਕਾਰਨ ਉਹਨਾਂ ਨੂੰ ਆਪਣੇ ਕਿਸੇ ਵਿਚਾਰ, ਅਨੁਭਵ ਜਾਂ ਟਿੱਪਣੀ ਨੂੰ ਕਵਿਆਉਣ ਵਿਚ ਬਹੁਤ ਸੌਖਿਆਈ ਰਹਿੰਦੀ ਹੈ। ਭਾਸ਼ਾ ਵਲੋਂ ਖੁੱਲ੍ਹਾ ਹੱਥ ਉਹਨਾਂ ਨੂੰ ਕਵਿਤਾਕਾਰੀ ਲਈ ਪ੍ਰਰੇਰਤ ਜਾਂ ਰਵਾਂ ਕਰੀ ਰੱਖਦਾ ਹੈ। ਦੂਜੇ ਸ਼ਬਦਾਂ ਵਿਚ ਉਹਨਾਂ ਵਲੋਂ ਗ੍ਰਹਿਣ ਕੀਤੀ ਭਾਸ਼ਾਈ ਸਮਰੱਥਾ ਉਹਨਾਂ ਉਤੇ ਕਵਿਤਾ ਲਿਖਣ ਲਈ ਅਜਿਹਾ ਦਬਾਅ ਬਣਾ ਕੇ ਰੱਖਦੀ ਹੈ ਕਿ ਵੰਨ-ਸੁਵੰਨੇ ਵਿਸ਼ਿਆਂ, ਹਾਲਤਾਂ, ਵਿਚਾਰਾਂ ਅਤੇ ਭਾਵਾਂ ਨੂੰ ਕਵਿਆਉਣ ਲਈ ਉਹਨਾਂ ਦਾ ਚਾਅ ਅਤੇ ਉਤਸ਼ਾਹ ਹਮੇਸ਼ਾ ਬਣਿਆਂ ਰਹਿੰਦਾ ਹੈ। ਇਸ ਤਰ੍ਹਾਂ ਰਚਨਾਕਾਰੀ ਦੀ ਨਿਰੰਤਰਤਾ ਅਤੇ ਆਪਣੇ ਲੋਕਾਂ ਨਾਲ ਜੁੜੇ ਰਹਿਣ ਦੇ ਸ਼ੌਕ ਕਾਰਨ ਵਰਤਮਾਨ ਸਮੇਂ ਵਿਚ ਉਹ ਪੰਜਾਬੀ ਦੇ ਸਭ ਤੋਂ ਸਰਗਰਮ ਕਵੀ ਹੋ ਨਿਬੜੇ ਹਨ।
ਚਿੱਤ ਵਿਚ ਗ੍ਰਹਿਣ ਕੀਤੇ ਮੋਕਲੇ ਭਾਸ਼ਾਈ ਭੰਡਾਰ ਦੀ ਮੌਜੂਦਗੀ ਕਾਰਨ ਉਹਨਾਂ ਦਾ ਕਾਵਿ ਬਿਆਨ ਸੰਕੋਚਵਾਂ ਜਾਂ ਸੰਜਮੀ ਹੋਣ ਦੀ ਬਜਾਏ ਖੁੱਲ੍ਹੇ ਖੁਲਾਸੇ ਬਿਆਨ ਵਾਲਾ ਹੁੰਦਾ ਹੈ। ਆਕਾਰ ਪੱਖੋਂ ਭਾਵੇਂ ਉਹਨਾਂ ਲਘੂ ਕਵਿਤਾਵਾਂ ਦੀ ਵੀ ਰਚਨਾ ਕੀਤੀ ਹੈ ਪਰ ਉਹਨਾਂ ਦੀ ਤਸੱਲੀ ਵਿਸਥਾਰ ਵਾਲੀਆਂ ਕਵਿਤਾਵਾਂ ਲਿਖ ਕੇ ਹੀ ਹੁੰਦੀ ਜਾਪਦੀ ਹੈ। ਨਿੱਕੀਆਂ ਕਵਿਤਾਵਾਂ ਵਿਚ ਵੀ ਉਹ ਝਲਕਾਰੇ ਜਾਂ ਇਸ਼ਾਰੇ ਮਾਤਰ ਗੱਲ ਕਹਿ ਕੇ ਬਾਕੀ ਗੱਲ ਬੁਝਾਰਤ ਵਾਂਗ ਅੰਦਾਜ਼ੇ ਲਗਾਉਣ ਲਈ ਪਾਠਕ ਤੇ ਛੱਡ ਨਹੀਂ ਛੱਡ ਸਕਦੇ। ਆਪਣੀਆਂ 'ਲਘੂ ਕਵਿਤਾਵਾਂ' ਵਿਚ ਵੀ ਗੱਲ ਪੂਰੀ ਤਸੱਲੀ ਨਾਲ ਕਰਦੇ ਹਨ:
ਕਬਰਾਂ ਵਿਚ ਪਏ ਮੁਰਦਾ ਸਰੀਰੋ!
ਆਵਾਜ਼ ਦਿਓ।
ਘਰਾਂ 'ਚ ਟੀ. ਵੀ. ਦੇਖਦੇ ਮਿਹਰਬਾਨ ਵੀਰੋ!
ਚੁੱਪ ਨਾ ਬੈਠੋ! ਆਵਾਜ਼ ਦਿਓ।
ਨੌਕਰੀ ਕਰਦੀਓ ਮੇਜ਼ ਕੁਰਸੀਓ!
ਕੁਝ ਤਾਂ ਕਹੋ।
ਜਬਰ ਝੱਲਣ ਨੂੰ ਸਬਰ ਨਾ ਕਹੋ!
ਦੂਰ ਦੇਸ਼ ਚਲਦੇ ਪਟਾਕੇ,
ਜੋ ਅੱਜ ਤੁਹਾਡੇ ਘਰ ਖ਼ਬਰਾਂ ਘੱਲਦੇ ਨੇ
ਤਾਂ ਕੱਲ ਨੂੰ ਚਿੱਟੀਆਂ ਚੁੰਨੀਆਂ ਵੀ ਭੇਜ ਸਕਦੇ ਨੇ।
(ਅਵਾਜ਼ ਦਿਓ)
ਜੇ ਸੂਰਜ ਤੇ ਧਰਤੀ ਦੋਵੇਂ
ਸਦੀਆਂ ਤੋਂ ਨਹੀਂ 'ਕੱਠੇ ਹੋਏ।
ਦੱਸ ਨੀਂ ਮੇਰੀਏ ਮਹਿੰਗੀਏ ਜਾਨੇ,
ਤੇਰੀ ਮੇਰੀ ਅੱਖ ਕਿਉਂ ਰੋਏ?
ਸ਼ੁਕਰ ਖ਼ੁਦਾ ਦਾ ਤੁਰਦੇ ਆਪਾਂ,
ਇਕ ਦੂਜੇ ਦੀ ਸੱਜਰੀ ਲੋਏ।
(ਸੱਜਰੀ ਲੋਏ))
ਦੂਜੇ ਪਾਸੇ ਬਹੁਤੀਆਂ ਕਵਿਤਾਵਾਂ ਪੜ੍ਹਦਿਆਂ ਕਿਤੇ ਕਿਤੇ ਅਜਿਹੀਆਂ ਸਤਰਾਂ ਦ੍ਰਿਸ਼ਟੀਗੋਚਰ ਹੁੰਦੀਆਂ ਹਨ ਕਿ ਇਹ ਆਪਣੇ ਆਪ ਵਿਚ ਸੁਤੰਤਰ ਨਿੱਕੀਆਂ ਕਵਿਤਾਵਾਂ ਹੋ ਸਕਦੀਆਂ ਹਨ। ਕਵਿਤਾ ਵਿਚ ਅਜਿਹੀਆਂ ਸਤਰਾਂ ਦੀ ਮੌਜੂਦਗੀ ਬਿਲਕੁਲ ਗਹਿਣਿਆਂ ਵਿਚ ਹੀਰੇ ਮੋਤੀਆਂ ਵਾਂਗ ਜਾਪਦੀ ਹੈ:
ਤੇਜ਼ ਵਣਜਾਰਾ ਕਿਤੇ ਸਾਨੂੰ ਚਾਰ ਜਾਵੇ ਨਾ
ਵੇਖਿਓ ਮਸ਼ੀਨ ਕੋਲੋਂ ਹੱਥ ਹਾਰ ਜਾਵੇ ਨਾ
ਚਲੋ! ਤੁਰੋ ਆਓ! ਲਾਈਏ ਅੰਬਰੀਂ ਉਡਾਰੀਆਂ
ਧਰਤੀ ਆਕਾਸ਼ ਨੂੰ ਨਾ ਹੁੰਦੇ ਬੂਹੇ ਬਾਰੀਆਂ
(ਰੰਗ ਹੀ ਤਾਂ ਬੋਲਦੇ ਨੇ)
ਇਬਾਰਤ ਰਲਗੱਡ ਹੋ ਚੱਲੀ ਹੈ
ਸ਼ਹਿਦ ਵਿਚ ਰਲ਼ੀ ਰੇਤ ਦੇ ਕਣਾਂ ਵਾਂਗ
ਦੰਦਾਂ ਹੇਠ ਕਿਰਚ ਕਿਰਚ ਹੁੰਦਾ ਹੈ
ਨਾ ਖਾਣ ਜੋਗੇ ਹਾਂ ਨਾ ਥੁੱਕਣ ਜੋਗੇ
(ਤੇਤੀ ਕਰੋੜ ਦੇਵਤੇ)
ਬੋਲਦੇ ਸਾਰੇ ਨੇ ਏਥੇ ਪਰ ਜਾਗਦਾ ਕੋਈ ਨਹੀਂ
ਸਫ਼ਰ ਵਿਚ ਹਾਂ ਆਖਦੇ ਨੇ ਤੁਰ ਰਿਹਾ ਕੋਈ ਨਹੀਂ
(ਸ਼ਹੀਦ ਬੋਲਦਾ ਹੈ)
ਮੇਰੇ ਕੋਲ ਰੁਮਾਲ ਨਾ ਕੋਈ,
ਕਿਸੇ ਮੁਹੱਬਤੀ ਰੂਹ ਦਾ ਦਿੱਤਾ
ਜਿਸ ਨੂੰ ਅੱਖੀਆਂ ਉੱਤੇ ਧਰਕੇ
ਵਹਿੰਦੇ ਅੱਥਰੂ ਰੁਕ ਜਾਂਦੇ ਨੇ
ਜਿਸ ਵਿਚ ਨਦੀਆਂ, ਦਰਿਆ, ਸਾਗਰ ਸੁੱਕ ਜਾਂਦੇ ਨੇ।
(ਚੀਸ ਪ੍ਰਰਾਹੁਣੀ)
ਗੀਤ ਦਾ ਪੰਜਾਬੀ ਬੰਦੇ ਜਾਂ ਪੰਜਾਬੀ ਸੱਭਿਆਚਾਰ ਨਾਲ ਆਦਿਕਾਲੀ ਅਨਿੱਖੜਵਾਂ ਸਬੰਧ ਹੈ। ਪੰਜਾਬੀ ਬੰਦੇ ਦਾ ਧਰਤੀ 'ਤੇ ਆਉਣ ਵੇਲੇ ਗੀਤਾਂ ਨਾਲ ਸਵਾਗਤ ਹੁੰਦਾ ਹੈ ਅਤੇ ਵਿਦਾਇਗੀ ਵੀ ਗੀਤਾਂ ਨਾਲ ਹੀ ਹੁੰਦੀ ਹੈ। ਜੀਵਨ ਭਰ ਸਾਰੀਆਂ ਰਸਮਾਂ ਗੀਤਾਂ ਨਾਲ ਨੇਪਰੇ ਚੜ੍ਹਦੀਆਂ ਹਨ। ਪਹਿਲਾਂ ਤਾਂ ਸਾਰੇ ਕੰਮ ਧੰਦੇ ਵੀ ਗੀਤ ਗਾਉਂਦਿਆਂ ਕੀਤੇ ਜਾਂਦੇ ਸਨ। ਇਸ ਤਰ੍ਹਾਂ ਪੰਜਾਬੀ ਚਿੱਤ ਜਾਂ ਅਵਚੇਤਨ ਵਿਚ ਗੀਤਾਂ ਦਾ ਪੱਕਾ ਵਸੇਬਾ ਹੈ। ਦੂਜੇ ਸ਼ਬਦਾਂ ਵਿਚ ਪ੍ਰਰਗੀਤ ਪੰਜਾਬੀ ਮਨ ਦੇ ਡੀ. ਐਨ. ਏ. ਦਾ ਸਥਾਈ ਅੰਗ ਬਣਿਆਂ ਹੋਇਆ ਹੈ। ਪ੍ਰਰਗੀਤ ਰੁਚੀ ਦੀ ਪ੍ਰਰਬਲਤਾ ਕਾਰਨ ਗੀਤ, ਗ਼ਜ਼ਲ ਅਤੇ ਰੁਬਾਈ ਗੁਰਭਜਨ ਗਿੱਲ ਦੇ ਮਨ ਭਾਉਂਦੇ ਕਾਵਿ ਰੂਪ ਹਨ। ਆਜ਼ਾਦ ਨਜ਼ਮ ਜਾਂ ਖੁੱਲੀ ਕਵਿਤਾ ਲਿਖਣ ਵੇਲੇ ਵੀ ਉਹਨਾਂ ਦੀ ਗੀਤ ਰੁਚੀ ਰੱਸੇ ਤੁੜਾ ਕੇ ਇਸ ਵਿਚ ਆ ਦਾਖਲ ਹੁੰਦੀ ਹੈ। ਸਤਰਾਂ ਦੇ ਤੁਕਾਂਤ ਮਿਲਣ ਲਈ ਬਿਹਬਲ ਰਹਿੰਦੇ ਹਨ। ਇੰਜ ਉਹਨਾਂ ਦੀ ਖੁੱਲ੍ਹੀ ਕਵਿਤਾ ਵੀ ਪੰਜਾਬੀ ਪਾਠਕ ਨੂੰ ਰਸੀਲੀ ਹੋ ਕੇ ਆਕਰਸ਼ਿਤ ਕਰਦੀ ਹੈ:
ਅੱਜ ਦੀ ਰਾਤ ਉਹਦੇ ਸਾਹਾਂ ਵਿਚ,
ਅਚਨਚੇਤ ਕੀਹ ਭਰਦੀ ਜਾਵੇ।
ਗੱਲਾਂ ਕਰਦਿਆਂ ਸਾਹ ਫੁੱਲਦਾ ਹੈ,
ਚੁੱਪ ਕਰਦੀ ਤਾਂ ਨੀਂਦ ਨਾ ਆਵੇ।
(ਅੱਜ ਦੀ ਰਾਤ)
ਮਿੱਟੀ ਦੇ ਘਰਾਂ ਤੇ ਕਾਨਿਆਂ ਵਿਚ
ਕਾਗਜ਼ੀ ਲਕੀਰਾਂ ਤੇ ਖਾਨਿਆਂ ਵਿਚ
ਬੱਚਾ ਕਿੰਨਾ ਕੁਝ ਉਸਾਰਦਾ ਹੈ
ਇਹ ਤੁਸੀਂ ਨਹੀਂ ਜਾਣ ਸਕਦੇ
ਕਿਉਂਕਿ ਤੁਸੀਂ ਬੱਚੇ ਨਹੀਂ ਹੋ
(ਕਿਉਂਕਿ ਤੁਸੀਂ ਬੱਚੇ ਨਹੀਂ ਹੋ)
ਕਵੀ ਗੁਰਭਜਨ ਗਿੱਲ ਦੀ ਜੀਵਨ ਸਰਗਰਮੀ ਬਹੁ-ਦਿਸ਼ਾਵੀ ਅਤੇ ਬਹੁਪੱਖੀ ਹੈ। ਇਸ ਕਰਕੇ ਉਹਨਾਂ ਦਾ ਕਾਵਿ ਕਿਸੇ ਇਕ ਜਾਂ ਕੁਝ ਇਕ ਸੀਮਤ ਵਿਸ਼ਿਆਂ ਦੀ ਜਕੜ ਵਿਚ ਨਹੀਂ। ਰਸੂਲ ਹਮਜ਼ਾਤੋਵ ਦਾ ਕਹਿਣਾ ਹੈ ਕਿ ਜੇ ਕਵੀ ਕਵਿਤਾ ਲਿਖਣ ਲਈ ਵਿਸ਼ਾ ਪੁੱਛੇ ਤਾਂ ਉਸ ਨੂੰ ਕਹੋ ਕਿ ਉਹ ਅੱਖਾਂ ਖੋਲ੍ਹੇ। ਗੁਰਭਜਨ ਗਿੱਲ ਦੀਆਂ ਕਵਿਤਾਵਾਂ ਵਿਚ ਵਿਸ਼ਿਆਂ ਦੀ ਭਰਪੂਰਤਾ ਅਤੇ ਵੰਨ-ਸੁਵੰਨਤਾ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਉਹ ਡਾਹਢੀਆਂ ਖੁੱਲ੍ਹੀਆਂ ਅੱਖਾਂ ਵਾਲੇ ਕਵੀ ਹਨ।
ਗੁਰਭਜਨ ਕਾਵਿ ਬਾਰੇ ਬਹੁਤ ਕੁਝ ਕਿਹਾ ਜਾ ਸਕਦਾ ਹੈ ਪਰ ਬਹੁਤਾ ਕਹਿਣ ਦੀ ਲੋੜ ਨਹੀਂ। ਕਵਿਤਾ ਆਪ ਹੀ ਸਭ ਕੁਝ ਕਹਿ ਲੈਂਦੀ ਹੈ। ਇਹ ਆਪਣੇ ਪਾਠਕ ਨੂੰ ਸਿੱਧੀ ਜਾ ਮਿਲਣ ਵਾਲੀ ਹੈ। ਵਿਆਖਿਆਕਾਰ ਦੇ ਰੂਪ ਵਿਚ ਕਿਸੇ ਵਿਚੋਲੇ ਦੀ ਲੋੜ ਨਹੀਂ। ਇਹ ਗਿੱਲ ਸਾਹਿਬ ਦੇ ਸੁਭਾਅ ਵਾਂਗ ਖੁੱਲ੍ਹੀ ਖੁਲਾਸੀ ਹੈ, ਕੋਈ ਓਹਲਾ ਨਹੀਂ, ਪਰਦਾ ਨਹੀਂ:
ਏਸ ਤੋਂ ਪਹਿਲਾਂ ਕਿ ਮਘਦੇ ਸ਼ਬਦ
ਹੋ ਜਾਵਣ ਸਵਾਹ
ਜ਼ਿੰਦਗੀ ਤੁਰਦੀ ਨਿਰੰਤਰ ਠਹਿਰ ਜਾਵੇ
ਮੇਰੀ ਮੰਨੋ ਇਕ ਸਲਾਹ
ਸ਼ਬਦ ਨੂੰ ਬੇਪਰਦ ਕਰ ਦੇਵੋ
ਜੇ ਹੁਣ ਚੰਗਾ ਕਰੋ
ਸ਼ਬਦ ਨੂੰ ਨੰਗਾ ਕਰੋ
(ਸ਼ਬਦ ਨੂੰ ਨੰਗਾ ਕਰੋ)
ਨੰਗੇ ਸ਼ਬਦਾਂ ਦੀ ਇਸ ਸ਼ਾਇਰੀ ਦੇ ਪ੍ਰਰਵੇਸ਼ ਦੁਆਰ 'ਤੇ ਆਪ ਦਾ ਸਵਾਗਤ ਹੈ।
ਗ਼ਜ਼ਲਾਂ ਦੀ ਜ਼ਰਖ਼ੇਜ਼ ਜ਼ਮੀਨ (ਸੁਰਤਾਲ) : ਸੁਰਜੀਤ ਪਾਤਰ
ਗੁਰਭਜਨ ਗਿੱਲ ਕੋਲ ਗ਼ਜ਼ਲਾਂ ਦੀ ਬਹੁਤ ਜ਼ਰਖ਼ੇਜ਼ ਜ਼ਮੀਨ ਹੈ ।ਜ਼ਰਖ਼ੇਜ਼ ਜ਼ਮੀਨ ਦੋਹਾਂ ਸ਼ਬਦਾਂ ਦੇ ਜੋੜ ਵਿਚ ਐਬ ਏ
ਤਨਾਫ਼ੁਰ ਹੈ ਪਰ ਗ਼ਜ਼ਲ ਦੇ ਪ੍ਰਰਸੰਗ ਵਿਚ ਸ਼ਬਦ ਜ਼ਮੀਨ ਹੀ ਸਜਦਾ ਹੈ ।ਪਰ ਜੇ ਇਨ੍ਹਾਂ ਦੋਹਾਂ ਸ਼ਬਦਾਂ ਨੂੰ ਇਹਤਿਹਾਤ
ਤੇ ਠਰੰਮ੍ਹੇ ਨਾਲ ਪੜ੍ਹਿਆ ਜਾਵੇ ਤਾਂ ਇਨ੍ਹਾਂ ਦੀ ਸਾਂਝੀ ਧੁਨ ਵਿਚੋਂ ਇਕ ਮਿਠਾਸ ਵੀ ਮਿਲਦੀ ਹੈ।
ਗੁਰਭਜਨ ਗਿੱਲ ਨਿਰੰਤਰ ਕਵੀ ਹੈ ।ਕਦੀ ਕਦਾਈਂ, ਵਰ੍ਹੇ ਛਿਮਾਹੀਂ ਲਿਖਣ ਵਾਲ਼ਾ ਕਵੀ ਨਹੀਂ । ਉਹ ਲਿਖਦਾ ਹੈ :
ਗੀਤ, ਗ਼ਜ਼ਲ , ਕਵਿਤਾਵਾਂ ਮੈਨੂੰ ਰਾਤ ਦਿਨੇ ਅਨੁਵਾਦ ਕਰਦੀਆਂ
ਖ਼ਵਰੇ ਕਿਹੜਾ ਸ਼ਬਦ ਕਿਸੇ ਨੂੰ ਕਿਹੜੇ ਵੇਲੇ ਭਾ ਜਾਂਦਾ ਹੈ
ਗ਼ਜ਼ਲ ਨੂੰ ਪਰਦੇਸੀ ਤੇ ਜਾਗੀਰੂ ਸਿਨਫ਼ ਕਹਿ ਕੇ ਬਹੁਤ ਦੇਰ ਅਪ੍ਰਰਵਾਨ ਕੀਤਾ ਜਾਂਦਾ ਰਿਹਾ ਪਰ ਸ਼ੁਕਰ ਹੈ ਇਸ ਨੂੰ
ਸਿੱਧਾ ਜਵਾਬ ਦੇਣ ਦੀ ਵੀ ਲੋੜ ਨਹੀਂ ਪਈ।ਆਧੁਨਿਕ ਸਮਿਆਂ ਵਿਚ ਤੇ ਬਹੁਤ ਸਾਰੀਆਂ ਧਰਤੀਆਂ ਤੇ ਬੇਹੱਦ
ਮਕਬੂਲ ਹੋ ਕੇ ਇਸ ਨੇ ਬਿਨਾ ਕਿਹਾਂ ਹੀ ਸਾਬਤ ਕਰ ਦਿੱਤਾ ਕਿ ਸੁਹਣੀਆਂ ਸਿਨਫ਼ਾਂ ਕਦੇ ਨਹੀਂ ਮਰਦੀਆਂ ।ਹਰ
ਯੁਗ ਵਿਚ ਤੇ ਹਰ ਧਰਤੀ ਤੇ ਉਹ ਉਸਦੀਆਂ ਹੋ ਜਾਂਦੀਆਂ ਹਨ ।ਉਨ੍ਹਾਂ ਵਿਚ ਬਹੁਤ ਕੁਝ ਸਮੋਣ ਦੀ ਸਮਰੱਥਾ ਹੁੰਦੀ
ਹੈ ।
ਗੁਰਭਜਨ ਦੀਆਂ ਗ਼ਜ਼ਲਾਂ ਵੀ ਇਸ ਸੱਚ ਦਾ ਪ੍ਰਰਮਾਣ ਹਨ ।ਉਸਦੀਆਂ ਗ਼ਜ਼ਲਾਂ ਹਰ ਪੱਖੋਂ ਪੰਜਾਬ ਦੀ ਧਰਤੀ ਦੀਆਂ
ਜਾਈਆਂ ਲਗਦੀਆਂ ਹਨ ।ਉਨ੍ਹਾਂ ਵਿਚ ਪਿੰਡ, ਖੇਤ, ਕਿਰਤ ਸਭ ਸਮੋਏ ਹੋਏ ਹਨ ।ਇਸ ਸੰਗ੍ਰਹਿ ਵਿਚ ਸ਼ਰੀਂਹ,
ਟਾਹਲੀਆਂ ਤੂਤ ਵੀ ਹਾਜ਼ਰ ਹਨ, ਖੂਹ ਵੀ ਤੇ ਤੂੜੀ ਦੀ ਪੰਡ ਵੀ ਤੇ ਜੂਹ ਵਿਚ ਚਰਦੇ ਪਸ਼ੂ ਵੀ, ਰੰਬੀ ਪੱਲੀ ਵੀ :
ਸਿਰ ਸੀ ਭਾਰੀ ਜ਼ਿੰਮੇਵਾਰੀ, ਖਿਸਕਦਿਆਂ ਗੰਢ ਖਿਸਕੀ ਐਸੀ
ਵਿੱਚ ਦਰਿਆ ਦੇ ਤੂੜੀ ਦੀ ਪੰਡ ਵਾਂਗ ਭਰਾਓ ਖੁੱਲ੍ਹ ਚੱਲੇ ਹਾਂ
ਭਰ ਭਰ ਟਿੰਡਾਂ ਜਿੱਥੋਂ ਮਾਲ੍ਹ ਲਿਆਉਂਦੀ ਸੀ ਬਈ ਪਾਣੀ
ਵੇਖੋ ਸਾਡੇ ਵੇਖਦਿਆਂ ਹੁਣ ਖ਼ਾਲੀ ਹੋ ਗਏ ਖੂਹੇ
ਨਿਖਸਮੀ ਜੂਹ ਦੇ ਅੰਦਰ ਫਿਰਨ ਟੋਲੇ ਬੇਲਗ਼ਾਮੇ ਜੋ
ਤੂੰ ਅਪਣੀ ਫ਼ਸਲ ਅੰਦਰ ਵਰਜ, ਏਥੇ ਚਰਨ ਨਾ ਦੇਣਾ
ਘੋੜ-ਸਵਾਰ ਹਕੂਮਤ ਕਰਦੇ, ਵਾਰੋ ਵਾਰੀ ਵਕਤ ਸਵਾਰੀ
ਓਹੀ ਰੰਬੀ, ਓਹੀ ਪੱਲੀ, ਘਾਹੀਆਂ ਦੇ ਪੁੱਤ ਅੱਜ ਵੀ ਘਾਹੀ
ਉਸ ਦੀ ਬੋਲੀ, ਲਹਿਜਾ ਤੇ ਮਿਸਾਲਾਂ ਵੀ ਪਿੰਡ ਦੇ ਸਿਆਣੇ ਜਿਹੀਆਂ ਹਨ :
ਬਚ ਜਾਹ ਪੰਜਾਬ ਸਿੰਹਾਂ ਚੌਕੀਦਾਰ ਕਹਿ ਗਿਆ
ਓਨਾ ਤਾਂ ਬਚਾ ਲੈ , ਜਿੰਨਾ ਪੱਲੇ ਤੇਰੇ ਰਹਿ ਗਿਆ
ਨਰਮੇ ਦੀ ਪੰਡ ਭਾਰੀ, ਤੁਰਿਆ ਰਹਿ ਰੁਕੀਂ ਨਾ
ਉੱਠਿਆ ਨਹੀਂ ਜਾਣਾ ਜੇ ਤੂੰ ਪਾਣੀ ਵਿਚ ਬਹਿ ਗਿਆ
ਚੀਨ ਵੀ ਤਾਂ ਉੱਠਿਆ ਸੀ ਫੀਮ ਦੇ ਪਹਾੜ ਚੋਂ
ਜੱਗ ਸਾਰਾ ਕੂਕਦਾ ਸੀ ਢਹਿ ਗਿਆ ਬਈ ਢਹਿ ਗਿਆ
ਕਈ ਦੇਸੀ ਲਫ਼ਜ਼ਾਂ ਦਾ ਦੇਸੀਪਨ ਤਾਂ ਏਨਾ ਗੂੜ੍ਹਾ ਹੈ ਕਿ ਉਸ ਨੂੰ ਗ਼ਜ਼ਲ ਦੇ ਹੇਠ ਸ਼ਬਦਾਰਥ ਵੀ ਦੇਣਾ ਪਿਆ ਹੈ :
ਧੇਤੇ, ਪੁਤੇਤੇ, ਦਵਾਖੜੀ, ਘਰਕੀਣਾਂ, ਬੋਹੀਆ, ਪੜਾਵੇ, ਟਾਂਡ, ਘੜਵੰਜੀ, ਸੱਬਰਕੱਤਾ, ਚੋਪ, ਤਰੰਗੜ, ਝੁੰਬ, ਦੁੱਪੜ,
ਊਰੀ, ਮੂਰਾ, ਦਮਕੜੇ ।
ਸ਼ਬਦਾਂ ਤੋਂ ਇਲਾਵਾ ਉਸ ਦੀਆਂ ਗ਼ਜ਼ਲਾਂ ਦੀਆਂ ਬਹਿਰਾਂ ਵੀ ਪੰਜਾਬੀ ਦੇਸੀ ਛੰਦਾਂ ਦੀਆਂ ਹਨ :
ਸੱਜਣਾਂ ਬਗੀਚਿਓਂ ਗੁਲਾਬ ਭੇਜਿਆ
ਬਿਨਾ ਲਿਖੇ ਖ਼ਤ ਦਾ ਜਵਾਬ ਭੇਜਿਆ
ਸਾਡੇ ਵੱਲ ਭੇਜ ਹੋਰ ਸੰਦਲੀ ਸਵੇਰ
ਅਸਾਂ ਤੈਨੂ ਰਾਵੀ ਤੇ ਚਨਾਬ ਭੇਜਿਆ
ਕਿਹੜੇ ਕੰਮ ਆਈਆਂ ਸਾਡੇ ਦੋਸਤੋ ਫ਼ਕੀਰੀਆਂ
ਪਹਿਲੀ ਹੀ ਕਤਾਰ ਮੱਲ ਬਹਿੰਦੀਆਂ ਵਜ਼ੀਰੀਆਂ
ਵੇਖ ਲਓ ਘੁਮਾਈ ਜਾਵੇ ਅਕਲਾਂ ਦੇ ਗੇੜ ਨੂੰ
ਕਈ ਵਾਰੀ ਜਾਪਦਾ ਏ ਬਣ ਗਏ ਭੰਬੀਰੀਆਂ
ਪੁੱਛਦੇ ਨੇ ਲੋਕ ਜੀ ਹਨ੍ਹੇਰਾ ਕਦੋਂ ਮੁੱਕਣਾ
ਪਾਪ ਵਾਲੀ ਜੰਝ ਏਥੋਂ ਡੇਰਾ ਕਦੋਂ ਚੁੱਕਣਾ
ਕਦੋਂ ਤੀਕ ਰਹਿਣਾ ਜੀ ਹਨ੍ਹੇਰ ਘੁੱਪ ਘੇਰ ਹੈ
ਕਦੋਂ ਤੀਕ ਰਹਿਣਾ ਹੈ ਨਿਸ਼ਾਨਿਆਂ ਤੋਂ, ਉੱਕਣਾ
ਸਿਰਫ਼ ਵਿਰਾਸਤੀ ਸ਼ਬਦਾਵਲੀ ਨੂੰ ਹੀ ਨਹੀਂ ਗੁਰਭਜਨ ਨੇ ਆਪਣੇ ਅਜੋਕੇ ਪੰਜਾਬ ਨੂੰ ਵੀ ਸਮੁੱਚੇ ਸਮਾਜਕ,
ਸਭਿਆਚਾਰਕ ਤੇ ਰਾਜਨੀਤਕ ਵਰਤਾਰਿਆਂ ਸਮੇਤ ਆਪਣੀਆਂ ਗ਼ਜ਼ਲਾਂ ਵਿਚ ਸਮੋਇਆ ਹੈ :
ਗ਼ਮਗੀਨ ਜਿਹਾ ਦਿਲ ਭਾਰੀ ਹੈ, ਬਣ ਚੱਲਿਆ ਨਿਰੀ ਮਸ਼ੀਨ ਜਿਹਾ
ਦਿਨ ਰਾਤ ਚਰਖੜੀ ਘੁੰਮੇ ਪਈ, ਬੱਸ ਅਪਣੇ ਲਈ ਵਕਤ ਨਹੀਂ
ਦਿਨ ਰਾਤ ਸਰਕਦੇ ਸਭ ਪਹੀਏ, ਹੁਣ ਹੋਰ ਕਿਸੇ ਨੂੰ ਕੀ ਕਹੀਏ
ਅਪਣੀ ਹੀ ਜ਼ਿੰਦਗੀ ਜੀਊਣ ਲਈ ਹੁਣ ਅਪਣੇ ਕੋਲ ਹੀ ਵਕਤ ਨਹੀਂ
ਚੀਨ ਦੀਆਂ ਲੜੀਆਂ ਦਾ ਭਾਂਵੇਂ, ਚਾਨਣ ਮਿਲਦਾ ਸਸਤੇ ਭਾਅ
ਮੈਂ ਤਾਂ ਦੀਵੇ ਬਾਲ ਹਨ੍ਹੇਰਾ ਮੇਟੂੰ ਫ਼ਰਜ਼ ਪਛਾਨਣ ਲਈ
ਪਵਨ ਗੁਰੂ ਨੂੰ ਗੰਧਲਾ ਨਾ ਕਰ, ਸ਼ਾਮ ਪਈ ਤੂੰ ਦਿਨ ਢਲਿਆਂ
ਕੁੱਲ ਆਲਮ ਵਿਚ ਖੁਸ਼ੀਆਂ ਵੰਡ ਤੂੰ , ਮਿਲੀਆਂ ਨੇ ਜੋ ਮਾਨਣ ਲਈ
ਨਸ਼ਿਆਂ ਸਮੇਤ ਕਿੰਨੇ ਵੈਲਾਂ ਤੈਨੂੰ ਮਾਰਿਆ
ਐਵੇਂ ਤਾਂ ਨਹੀਂ ਪਹੀਆ ਤੇਰਾ ਪਟੜੀ ਤੋਂ ਲਹਿ ਗਿਆ
ਨਰਮੇ ਦੀ ਪੰਡ ਭਾਰੀ, ਤੁਰਿਆ ਰਹਿ ਰੁਕੀਂ ਨਾ
ਉੱਠਿਆ ਨਹੀਂ ਜਾਣਾਂ ਜੇ ਤੂੰ ਪਾਣੀ ਵਿਚ ਬਹਿ ਗਿਆ
ਚੀਨ ਵੀ ਤਾਂ ਉੱਠਿਆ ਸੀ ਫੀਮ ਦੇ ਪਹਾੜ ਚੋਂ
ਜੱਗ ਸਾਰਾ ਕੂਕਦਾ ਸੀ ਢਹਿ ਗਿਆ ਬਈ ਢਹਿ ਗਿਆ
ਦਿੱਲੀ ਵਿਚ ਦਰਬਾਰੀ ਦੇਖੋ ਦੁੱਧ ਵਿਚ ਕਾਂਜੀ ਘੋਲ ਰਹੇ ਨੇ
ਹੋਸ਼ ਹਵਾਸ ਗਵਾ ਬੈਠੇ ਨੇ ਜੋ ਜੀ ਆਇਆ ਬੋਲ ਰਹੇ ਨੇ
ਕੁਰਸੀ ਅਜਬ ਖ਼ੁਮਾਰੀ ਦੇ ਵਿਚ ਨਾਲ ਹਕੀਕਤ ਪਾਏ ਵਿਛੋੜਾ
ਧਰਮ ਧਰਾਤਲ ਵਾਲੇ ਪਾਵੇ, ਤਾਂਹੀਓਂ ਪੈਰੋਂ ਡੋਲ ਰਹੇ ਨੇ
ਉਸ ਦੀਆਂ ਪਿਆਰ-ਗ਼ਜ਼ਲਾਂ ਦਾ ਰੰਗ ਵੀ ਗੂੜ੍ਹਾ ਪੰਜਾਬੀ ਹੈ :
ਸਾਡੇ ਮਨ ਦੀ ਗਲੀ ਚੋਂ ਅੱਜ ਕੌਣ ਲੰਘਿਆ
ਵੇ ਮੈਂ ਜੀਹਦੇ ਕੋਲੋਂ ਬਿਨ ਬੋਲੇ ਦਿਲ ਮੰਗਿਆ
ਮੈਨੂੰ ਸੁੱਧ ਬੁੱਧ ਭੁੱਲੀ, ਹੋਈ ਜਿੰਦ ਅਧਮੋਈ
ਜਦੋਂ ਵਾਲਾਂ ਵਿਚ ਓਸ ਨੇ ਗੁਲਾਬ ਟੰਗਿਆ
ਲਾਜਵੰਤੀ ਦੇ ਵਾਂਗ ਮੈਂ ਵੀ ਖੋਲ੍ਹੀ ਨਾ ਜ਼ੁਬਾਨ
ਉਹ ਵੀ ਛੂਈ ਮੂਈ ਛੂਈ ਮੂਈ ਬੜਾ ਸੰਗਿਆ
ਵੇਖੋ ਪਿਆਰ ਨਾਲ ਜੇ ਐਨਕ ਉਤਾਰ ਕੇ
ਮਿਟਦੀ ਪਿਆਸ ਇਸਤਰਾਂ ਅੱਖਾਂ ਨੂੰ ਠਾਰ ਕੇ
ਚੰਗਾ ਨਹੀਂ ਜੀ ਇਸਤਰਾਂ ਕੰਡ ਕਰ ਕੇ ਪਰਤਣਾ
ਚੱਲੇ ਕਿਉਂ ਹੋ ਸੁਹਣਿਓਂ ਜੀਂਦੇ ਨੂੰ ਮਾਰ ਕੇ
ਮੈਂ ਤੇਰੇ ਸਾਹਾਂ ਚ ਹਾਜ਼ਰ, ਅਲਵਿਦਾ ਕਹਿਣਾ ਨਹੀਂ ਹੈ
ਇੱਕ ਪਲ ਕੀ, ਇੱਕ ਸਾਹ ਵੀ ਦੂਰ ਮੈਂ ਰਹਿਣਾ ਨਹੀਂ ਹੈ
ਪਲਕ ਦੇ ਅੰਦਰ ਨੂਰਾਨੀ ਰੌਸ਼ਨੀ ਵਿਚ ਘੁਲ ਗਿਆ ਹਾਂ
ਏਸ ਥਾਂ ਬਿਨ ਹੋਰ ਕਿਧਰੇ ਮੈਂ ਕਦੇ ਬਹਿਣਾ ਨਹੀਂ ਹੈ
ਤੂੰ ਕਦੇ ਵੀ ਸ਼ਾਮ ਵੇਲੇ ਇਹ ਕਹੀਂ ਨਾ ਜਾਣ ਦੇ ਹੁਣ
ਬਿਨ ਸਵਾਸਾਂ ਜੀਣ ਵਾਲ਼ਾ ਦਰਦ ਮੈਂ ਸਹਿਣਾ ਨਹੀਂ ਹੈ
ਪੌਣਾਂ ਹੱਥ ਸੁਨੇਹਾ ਘੱਲਿਆ, ਇਸ ਨੂੰ ਖ਼ੁਦ ਪਰਵਾਨ ਕਰੋ ਜੀ
ਏਨੀ ਡੂੰਘੀ ਚੁੱਪ ਧਾਰੀ ਹੈ ਕੁਝ ਤਾਂ ਮੇਰੀ ਜਾਨ ਕਰੋ ਜੀ
ਗੁਰਭਜਨ ਗਿੱਲ ਦੀ ਗ਼ਜ਼ਲ ਦੇ ਸਰੋਕਾਰ ਪੰਜਾਬ ਦੇ ਦਰਾਂ ਘਰਾਂ, ਖੇਤਾਂ ਖਲਿਹਾਣਾਂ, ਪਗਡੰਡੀਆਂ ਸ਼ਾਹਰਾਹਾਂ, ਢਾਰਿਆਂ
ਮਹਿਲਾਂ, ਰਾਜੇ ਰੰਕਾਂ, ਅਣਹੋਇਆਂ ਤੇ ਕਹਿੰਦੇ ਕਹਾਉਂਦਿਆਂ ਤੱਕ ਫੈਲੇ ਹੋਏ ਹਨ ।ਅਤੇ ਇਸ ਸਭ ਕੁਝ ਦੇ
ਦਰਮਿਆਨ ਗੁਰਭਜਨ ਗਿੱਲ ਦਾ ਮੋਹ ਤੇ ਰੋਹ ਬਰਕਰਾਰ ਹੈ।ਸ਼ਬਦ ਵਿਚ ਉਸ ਦੀ ਆਸਥਾ ਕਾਇਮ ਦਾਇਮ ਹੈ
।ਸਤਿਗੁਰਾਂ, ਸੂਫ਼ੀਆਂ ਸੰਤਾਂ ਤੋਂ ਮਿਲਦਾ ਚਾਨਣ ਅੰਗਸੰਗ ਹੈ, ਗਭਰੂਆਂ ਮੁਟਿਆਰਾਂ ਨੂੰ ਮਿਲਦੀ ਉਸਦੀ ਅਸੀਸ
ਜੀਊਂਦੀ ਜਾਗਦੀ ਹੈ ।
ਸੁਰਤਾਲ ਦੀ ਆਮਦ ਤੇ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ, ਦੁਆਵਾਂ ਤੇ ਸ਼ੁਭ ਇੱਛਾਵਾਂ
ਸਭਿਆਚਾਰਕ ਸੰਵੇਦਨਾ ਦੀ ਕਵਿਤਾ (ਚਰਖ਼ੜੀ) : ਸਰਬਜੀਤ ਸਿੰਘ (ਡਾ.)
ਗੁਰਭਜਨ ਗਿੱਲ ਪੰਜਾਬੀ ਅਦਬ ਵਿਚ ਜਾਣੀ-ਪਛਾਣੀ ਸ਼ਖ਼ਸੀਅਤ ਹੈ । ਉਹ ਕਾਵਿ
ਕਰਮ ਅਤੇ ਸਾਹਿਤਕ ਤੇ ਸਭਿਆਚਾਰਕ ਸੰਸਥਾਵਾਂ ਵਿਚ ਨਿਰੰਤਰ ਗਤੀਸ਼ੀਲ ਹੈ । ਉਹ
ਬੁਨਿਆਦੀ ਤੌਰ ’ਤੇ ਪ੍ਰਰਗੀਤਕ ਸ਼ਾਇਰ ਹੈ ਜਿਸ ਦੀ ਸਮੁੱਚੀ ਸ਼ਾਇਰੀ ਪੰਜਾਬੀ ਸਭਿਆਚਾਰ
ਦੀ ਰਹਿਤਲ ਨਾਲ ਨੇੜਿਓਂ ਜੁੜੀ ਹੋਈ ਹੈ । ਭਾਵੇਂ ਉਹ ਪੰਜਾਬੀ ਸਭਿਆਚਾਰ ਦੀਆਂ ਅਮੀਰ
ਪਰੰਪਰਾਵਾਂ ਦਾ ਜ਼ਨ ਸਿਰਜ ਰਿਹਾ ਹੋਵੇ, ਭਾਵੇਂ ਉਹ ਗੁਆਚ ਰਹੇ ਸਭਿਆਚਾਰ ਪ੍ਰਰਤੀ
ਚਿੰਤਤ ਹੋਵੇ, ਭਾਵੇਂ ਉਹ ਸਮਕਾਲ ਦੇ ਵਰਤਾਰਿਆਂ ਪ੍ਰਰਤੀ ਆਪਣੀ ਪ੍ਰਰਤਿਉੱਤਰ ਸਿਰਜ
ਰਿਹਾ ਹੋਵੇ, ਭਾਵੇਂ ਉਹ ਵਿਅਕਤੀ ਵਿਸ਼ੇਸ਼ ਸੰਬੰਧੀ ਆਪਣੇ ਭਾਵਾਂ ਦਾ ਪ੍ਰਰਗਟਾਵਾ ਕਰ
ਰਿਹਾ ਹੋਵੇ, ਪੰਜਾਬੀ ਸਭਿਆਚਾਰਕ ਸੰਵੇਦਨਾ ਉਸਦੇ ਸ਼ਬਦਾਂ ਵਿਚ ਧੁਨੀ ਬਣ ਕੇ ਸਮਾਈ
ਰਹਿੰਦੀ ਹੈ । ਇਸੇ ਕਰਕੇ ਉਸਦੀ ਕਾਵਿ ਭਾਸ਼ਾ ਸਰਲ ਸੰਚਾਰ ਵਾਲੀ, ਲੋਕ ਜੀਵਨ ਦੇ
ਵਰਤ-ਵਿਹਾਰ ਦੇ ਨੇੜ-ਤੇੜ ਵਾਲੀ ਰਹਿੰਦੀ ਹੈ । ਉਹ ਵਿਚਾਰਾਤਮਕ ਕਵਿਤਾ ਨੂੰ ਬੌਧਿਕ
ਕਾਵਿ ਭਾਸ਼ਾ ’ਚ ਘੜਨ ਦੀ ਥਾਵੇਂ ਲੋਕ-ਰਹਿਤਲ ਵਾਲੀ ਬੋਲ-ਵਿਹਾਰ ਦੀ ਕਾਵਿ ਭਾਸ਼ਾ
ਵਿਚ ਬਹੁਤ ਸਮਰੱਥ ਰੂਪ ਵਿਚ ਸਿਰਜਦਾ ਹੈ ।
ਹੱਥਲਾ ਕਾਵਿ ਸੰਗ੍ਰਹਿ ਪ੍ਰਰਗੀਤਕਤਾ ਤੋਂ ਮੁਕਤ ਨਹੀਂ ਹੈ ਪਰੰਤੂ ਇਹ ਨਜ਼ਮਾਂ ਦਾ
ਸੰਗ੍ਰਹਿ ਹੈ । ਨਜ਼ਮ ਸਿਰਜਦਿਆਂ ਉਹ ਕਾਵਿ-ਕਲਾ ਲਈ ਪ੍ਰਰਗੀਤਕਤਾ ਅਤੇ ਸਰੋਦੀਪਣ
ਨੂੰ ਇਕ ਜੁਗਤ ਬਣਾ ਕੇ ਵਰਤਦਾ ਹੈ । ਇਸ ਨਾਲ ਕਵਿਤਾ ਦੀ ਰਵਾਨੀ ਅਤੇ ਸੁਹਜ
ਹੋਰ ਤਾਕਤਵਰ ਹੋ ਜਾਂਦਾ ਹੈ । ਇਹ ਸ਼ਾਇਦ ਪੰਜਾਬੀ ਮਨੁੱਖ ਦੇ ਅਵਚੇਤਨ ਸਦਕਾ ਹੈ
ਕਿ ਅਜੇ ਵੀ ਵਧੇਰੇ ਕਰਕੇ ਪੰਜਾਬੀ ਵਿਚ ਰਚੀ ਜਾਣ ਵਾਲੀ ਉਹੀ ਸ਼ਾਇਰੀ ਵਧੇਰੇ ਪ੍ਰਰਵਾਨ
ਹੁੰਦੀ ਹੈ ਜਿਹੜੀ ਪ੍ਰਰਗੀਤਕਤਾ ਅਤੇ ਸਰੋਦੀਪਣ ਦੇ ਨੇੜੇ ਹੁੰਦੀ ਹੈ । ਵਿਚਾਰ ਉਨਮੁਖ ਕਵਿਤਾ
ਜਿਹੜੀ ਵਧੇਰੇ ਬੌਧਿਕ ਭਾਸ਼ਾ ਨਾਲ ਲਬਰੇਜ਼ ਹੋਵੇ, ਉਸਦਾ ਦਾਇਰਾ ਸੀਮਤ ਹੀ ਰਹਿੰਦਾ
ਹੈ । ਗੁਰਭਜਨ ਗਿੱਲ ਦੀ ਕਵਿਤਾ ਦੀ ਸੰਰਚਨਾ ਸੰਬੋਧਨ, ਭਾਸ਼ਾ ਅਤੇ ਸੰਚਾਰ ਪ੍ਰਰਗੀਤਕ
ਸੁਰਤੀ ਬਿਰਤੀ ਦਾ ਹੈ । ਇਸ ਕਾਵਿ-ਸੰਗ੍ਰਹਿ ਵਿਚ ਵਿਵਿਧ ਵਿਚਾਰ, ਵਿਵਿਧ ਸਥਿਤੀਆਂ
ਅਤੇ ਵਿਵਿਧ ਸ਼ੇਡਜ਼ ਦੇ ਬਾਵਜੂਦ ਵੀ ਉਨ੍ਹਾਂ ਦੀ ਸੰਰਚਨਾ ਅਤੇ ਦ੍ਰਿਸ਼ਟੀ ਵਿਚ
ਸਭਿਆਚਾਰਕ ਸੰਵੇਦਨਾ ਪ੍ਰਰਮੁੱਖ ਰੂਪ ਵਿਚ ਬਣੀ ਰਹਿੰਦੀ ਹੈ ।
ਇਸ ਕਾਵਿ ਸੰਗ੍ਰਹਿ ਵਿਚ ਕਰੋਨਾ ਦੁਆਰਾ ਉਪਜੀ ਦਹਿਸ਼ਤ, ਸਹਿਮ ਅਤੇ ਬੇਵਸੀ
ਤੋਂ ਬਿਨਾਂ ਸਮਕਾਲ ਦੀ ਰਾਜਸੀ ਸਥਿਤੀ ਦੇ ਨਾਲ ਨਾਲ ਵਿਰਾਸਤ, ਮਾਂ, ਬਾਲਪਣ, ਔਰਤ,
ਸਿੱਖ ਇਤਿਹਾਸ, ਕੁਦਰਤ, ਕਿਸਾਨੀ ਅਤੇ ਕੁਝ ਵਿਅਕਤੀਆਂ ਨਾਲ ਸੰਬੰਧਿਤ ਵਿਭਿੰਨ
ਥੀਮ ਵਾਲੀਆਂ ਕਵਿਤਾਵਾਂ ਹਨ ।
ਪਿਛਲੇ ਸਮੇਂ ਵਿਚ ਸਭ ਤੋਂ ਵਧੇਰੇ ਦਹਿਸ਼ਤਜ਼ਦਾ ਕਰ ਦੇਣ ਵਾਲੀ ਘਟਨਾ ਕਰੋਨਾ
ਮਹਾਂਮਾਰੀ ਹੈ । ਇਸ ਮਹਾਂਮਾਰੀ ਨੇ ਸਮੁੱਚੇ ਵਿਸ਼ਵ ਨੂੰ ਹੀ ਆਪਣੀ ਚਪੇਟ ਵਿਚ ਲੈ ਲਿਆ ।
ਲੱਖਾਂ ਦੀ ਗਿਣਤੀ ਵਿਚ ਮਨੁੱਖ ਮਾਰੇ ਗਏ ਹਨ । ਇਸ ਮਹਾਂਮਾਰੀ ਦਾ ਸੱਚ ਜਾਂ ਹਕੀਕਤ ਕੀ
ਹੈ, ਇਸ ਬਾਰੇ ਪੂਰੇ ਭਰੋਸੇ ਨਾਲ ਅੱਜ ਵੀ ਕੁਝ ਨਹੀਂ ਕਿਹਾ ਜਾ ਸਕਦਾ, ਪਰੰਤੂ ਇਸ ਦੇ ਭਿਆਨਕ
ਪ੍ਰਰਭਾਵ ਅਤੇ ਸਿੱਟੇ ਤੋਂ ਕੋਈ ਨਹੀਂ ਬਚ ਸਕਿਆ । ਵੱਡੀ ਪੱਧਰ ਉੱਪਰ ਆਰਥਿਕਤਾ ਨੂੰ ਸੱਟ
ਵੱਜੀ, ਅਣਗਿਣਤ ਲੋਕ ਬੇਰੁਜ਼ਗਾਰ ਹੋ ਗਏ, ਭੁੱਖਮਰੀ ਦੀ ਸਥਿਤੀ ਪੈਦਾ ਹੋ ਗਈ । ਇਸ ਨੇ
ਵੱਡੀਆਂ ਵੱਡੀਆਂ ਸਿਰਜੀਆਂ ਅਰਥ ਵਿਵਸਥਾਵਾਂ ਦੇ ਅੰਦਰਲੇ ਕਮਜ਼ੋਰ ਪੱਖਾਂ ਨੂੰ ਉਜਾਗਰ
ਕਰ ਦਿੱਤਾ ਅਤੇ ਇਹ ਪ੍ਰਰਮਾਣਿਤ ਕਰ ਦਿੱਤਾ ਕਿ ਇਹ ਵਿਵਸਥਾਵਾਂ ਵਿਚੋਂ ਮਨੁੱਖ ਗੈਰ ਹਾਜ਼ਰ
ਰਿਹਾ ਹੈ । ਇਹ ਵਿਵਸਥਾਵਾਂ ਨੇ ਮੰਡੀ ਅਤੇ ਮੁਨਾਫ਼ੇ ਨੂੰ ਅਹਿਮੀਅਤ ਦਿੱਤੀ ਪਰੰਤੂ ਸਿਹਤ
ਸਹੂਲਤਾਂ ਵਰਗਾ ਪ੍ਰਰਬੰਧ ਨਦਾਰਦ ਹੀ ਰਿਹਾ । ਲੱਖਾਂ ਦੀ ਤਾਦਾਦ ਵਿਚ ਲੋਕਾਂ ਨੂੰ ਵੇਲੇ ਸਿਰ
ਸਿਹਤ-ਸਹੂਲਤਾਂ ਨਹੀਂ ਮਿਲੀਆਂ । ਮੁਲਕਾਂ ਦੇ ਮੁਲਕ ਤਾਲਾਬੰਦੀ ਦੀ ਮਾਰ ਹੇਠ ਆ ਗਏ ।
ਜ਼ਿੰਦਗੀ ਥਮ ਗਈ, ਸਭ ਪਾਸੇ ਚੁੱਪ ਚਾਂ, ਗਲੀਆਂ-ਸੜਕਾਂ ਸੁੰਨੀਆਂ ਭਾਵ ਸਮੁੱਚਾ ਬ੍ਰਹਿਮੰਡ
ਹੀ ਜਿਵੇਂ ਠਹਿਰ ਗਿਆ ਹੋਵੇ । ਇਸ ਸਮੇਂ ਪੰਜਾਬੀ ਤੇ ਹੋਰਨਾਂ ਜ਼ੁਬਾਨਾਂ ਵਿਚ ਬਹੁਤ ਕਵਿਤਾ
ਲਿਖੀ ਗਈ । ਇਸ ਕਵਿਤਾ ’ਚੋਂ ਕਿੰਨੀ ਕੁ ਕਵਿਤਾ ਜਿਊੱਦੀ ਰਹੇਗੀ, ਇਹ ਤਾਂ ਇਤਿਹਾਸ
ਹੀ ਦੱਸੇਗਾ । ਪਰੰਤੂ ਇੱਥੇ ਪਹੁੰਚ ਕੇ ਮਨੁੱਖ ਨੇ ਮਨੁੱਖ ਬਾਰੇ, ਸਮੁੱਚੇ ਜੀਅ-ਜੰਤ ਬਾਰੇ ਸੋਚਣਾ ਜ਼ਰੂਰ
ਸ਼ੁਰੂ ਕੀਤਾ । ਕੁਦਰਤ ਨੇ ਤੇਜ਼ ਰਫ਼ਤਾਰ ਚੱਲਦੀ ਜੀਵਨ ਚਰਖੜੀ ਨੂੰ ਰੁਕ ਕੇ ਜਿਵੇਂ ਚੇਤਾਵਨੀ
ਦਿੱਤੀ ਹੋਵੇ ਕਿ ਐ ਬੰਦਿਆ! ਬੰਦਾ ਬਣ ਜਾਹ, ਤੂੰ ਇਸ ਬ੍ਰਹਿਮੰਡ ਦਾ ਇਕ ਅੰਗ ਹੈ, ਇਸ
ਬ੍ਰਹਿਮੰਡ ਦਾ ਮਾਲਕ ਨਹੀਂ । ਬਹੁਤ ਸਾਰੇ ਭਾਵਪੂਰਤ ਦ੍ਰਿਸ਼ ਅਤੇ ਵੇਦਨਾ-ਸੰਵੇਦਨਾ ਨਾਲ
ਲਬਰੇਜ਼ ਕਾਵਿ-ਅੰਗ ਦੇਖਣ-ਪੜ੍ਹਨ ਨੂੰ ਮਿਲੇ । ਗੁਰਭਜਨ ਗਿੱਲ ਦੇ ਇਸ ਕਾਵਿ ਸੰਗ੍ਰਹਿ ਵਿਚ
ਕਈ ਨਜ਼ਮਾਂ ਜਿਵੇਂ ਸੱਥਾਂ ਚੌਕ ਚੁਰਸਤੇ ਚੁੱਪ ਨੇ, ਬੰਦ ਬੂਹਿਆਂ ਨੂੰ ਖੋਲ੍ਹ ਕੇ ਦੇਖੋ, ਆਸ ਉਮੀਦ
’ਤੇ ਜੱਗ ਜੀਂਦਾ ਹੈ । ਹੁਣ ਦੁਸ਼ਮਣ ਨੇ ਭੇਸ ਬਦਲਿਆ, ਮੇਰੇ ਨਾਲ ਆਵਾਜ਼ ਮਿਲਾਓ, ਖੇਡ
ਮੈਦਾਨ ਉਦਾਸ ਨਾ ਰਹਿਣੇ, ਪਾਠਸ਼ਾਲ ਵਿਚ, ਕਿਧਰ ਗਏ ਅਸਵਾਰ, ਇਸ ਵਾਰੀ ਦੀ ਅਜਬ
ਵਿਸਾਖੀ, ਬਾਹਰ ਛਲੇਡਾ ਤੁਰਿਆ ਫਿਰਦਾ, ਰੱਬ ਦੇ ਘਰ ਵਿਚ ਰੱਬ ਇਕੱਲ੍ਹਾ, ਬਿਨ ਬੂਹਿਓਂ
ਦਰਵਾਜ਼ੇ ਖੁੱਲ੍ਹੇ ਆਦਿ ਸ਼ਾਮਲ ਹਨ ਜੋ ਇਸ ਮਹਾਂਮਾਰੀ ਦੇ ਦੌਰ ਦੇ ਕਈ ਖ਼ੂਬਸੂਰਤ ਦ੍ਰਿਸ਼
ਸਿਰਜਦੀਆਂ ਹਨ । ਇਨ੍ਹਾਂ ਦ੍ਰਿਸ਼ਾਂ ਵਿਚੋਂ ਪ੍ਰਰਮੁੱਖ ਤੌਰ ’ਤੇ ਠਹਿਰੇ ਹੋਏ, ਸਿੱਥਲ ਕਰ ਦਿੱਤੇ ਗਏ
ਜੀਵਨ ਦੇ ਵੇਦਨਾ ਭਰਪੂਰ ਦ੍ਰਿਸ਼ ਹਨ । ਕੁਝ ਦ੍ਰਿਸ਼ ਇੱਥੇ ਦੇਖਣੇ ਜ਼ਰੂਰੀ ਹਨ :
ਸੱਥਾਂ ਚੌਕ ਚੁਰਸਤੇ ਚੁੱਪ ਨੇ
ਬਿਰਖ਼ ਉਦਾਸ ਹਵਾ ਨਾ ਰੁਮਕੇ
ਟਾਹਣੀਏਂ ਬੈਠੇ ਪੰਛੀ ਝੁਰਦੇ
ਆਪਸ ਦੇ ਵਿਚ ਗੱਲਾਂ ਕਰਦੇ
ਏਸ ਗਿਰਾਂ ਨੂੰ ਕੀ ਹੋਇਆ ਹੈ?
ਪਤਾ ਨਹੀਂ ਕਦ ਨੇਰ੍ਹੀ ਥੰਮੇ ।
ਹੋਈ ਜਾਂਦੇ ਰੋਜ਼ ਦਿਹਾੜੀ
ਫ਼ਿਕਰਾਂ ਦੇ ਪਰਛਾਵੇਂ ਲੰਮੇ ।
ਮੈਨੂੰ ਹੁਣ ਤੱਕ ਭਰਮ ਜਿਹਾ ਸੀ
ਸਮੇਂ ਦੀਆਂ ਘੜੀਆਂ ਨੂੰ
ਚਾਬੀ ਮੈਂ ਦਿੰਦਾ ਹਾਂ
ਮੈਂ ਚਾਹਾਂ ਤਾਂ ਅੱਗੇ ਤੋਰਾਂ
ਮੈਂ ਚਾਹਾਂ ਤਾਂ ਪਿੱਛੇ ਮੋੜਾਂ
ਹੁਣ ਮੇਰਾ ਇਹ ਭਰਮ ਤਿੜਕਿਆ
ਵਕਤ ਬੜਾ ਕੁਝ ਮੁੱਠੀ ਅੰਦਰ
ਬੰਦ ਰੱਖਦਾ ਹੈ
ਹੁਣ ਮੈਂ ਕਮਰੇ ਅੰਦਰ ਬੰਦ ਹਾਂ
ਆਪਣੇ ਘਰ ਵਿਚ ਆਪੇ ਕੈਦੀ
ਨਿਰਦੋਸ਼ਾ ਪਰ
ਸਜ਼ਾ ਭੁਗਤਦਾ ਅਣਕੀਤੇ ਦੀ ।
ਇਸ ਕਾਵਿ ਸੰਗ੍ਰਹਿ ਦਾ ਦੂਜਾ ਮੁੱਖ ਪਾਸਾਰ ਰਾਜਸੀ ਚੇਤਨਾ ਵਾਲੀਆਂ ਨਜ਼ਮਾਂ ਦਾ
ਹੈ । ਪਿਛਲੇ ਕੁਝ ਸਾਲਾਂ ਵਿੱਚ ਸਮੁੱਚੇ ਦੇਸ਼ ਦੀ ਰਾਜਨੀਤੀ ਦਾ ਸਵਰ ਵੀ ਬਦਲਿਆ ਹੈ ਅਤੇ
ਤੇਵਰ ਵੀ । ਭਾਰਤ ਬਹੁ ਵੰਨ-ਸੁਵੰਨਤਾ ਵਾਲਾ ਮੁਲਕ ਹੈ । ਇਸ ਦੀ ਇਹ ਵੰਨ-ਸੁਵੰਨਤਾ
ਦੀ ਆਪਣੀ ਖ਼ੂਬਸੂਰਤੀ ਵੀ ਹੈ ਪਰੰਤੂ ਇਸੇ ਵੰਨ ਸੁਵੰਨਤਾ ਦੇ ਆਪਣੇ ਸੰਕਟ ਅਤੇ
ਸਮੱਸਿਆਕਾਰ ਵੀ ਹਨ । ਭਾਰਤ ਦੁਨੀਆਂ ਦਾ ਕਈ ਪੱਖਾਂ ਤੋਂ ਨਿਵੇਕਲਾ ਮੁਲਕ ਹੈ, ਜਿੰਨੇ
ਧਰਮ ਜਾਂ ਵਿਸ਼ਵਾਸ ਦੀਆਂ ਰਵਾਇਤਾਂ ਅਤੇ ਸੰਸਥਾਵਾਂ ਇਸ ਮੁਲਕ ਵਿਚ ਜੰਮੀਆਂ,
ਨਿੱਸਰੀਆਂ ਸ਼ਾਇਦ ਹੋਰ ਕਿਸੇ ਵੀ ਮੁਲਕ ਵਿੱਚ ਨਹੀਂ । ਜਿੱਥੇ ਇਹ ਧਰਮ ਵੰਨ-ਸੁਵੰਨਤਾ ਦੇ
ਪ੍ਰਰਮਾਣ ਹਨ, ਉੱਥੇ ਹੀ ਇਸ ਦੇ ਮੂਲਵਾਦ ਵਿਚ ਬਦਲ ਜਾਣ ਨਾਲ ਦੂਜੇ ਧਰਮਾਂ ਜਾਂ ਘੱਟ
ਗਿਣਤੀਆਂ ਲਈ ਸੰਕਟ ਬਣ ਜਾਣ ਦੇ ਵਧੇਰੇ ਆਸਾਰ ਬਣ ਜਾਂਦੇ ਹਨ । ਇਸ ਦੇ ਇਤਿਹਾਸ
ਵਿਚ ਨਾ ਵੀ ਜਾਈਏ ਤਾਂ ਇਹ ਤੱਥ ਸਪਸ਼ਟ ਹੈ ਕਿ ਹੁਣ ਤੱਕ ਭਾਰਤ ਵਿਚ ਸਭ ਤੋਂ ਵੱਧ
ਅਣਿਆਈ ਅਤੇ ਨਿਰਦੋਸ਼ ਕਤਲ ਧਰਮ ਦੇ ਨਾਂ ਉੱਪਰ ਹੋਏ ਹਨ । ਇਸੇ ਤਰ੍ਹਾਂ ਜ਼ਾਤ-ਪਾਤ
ਵਿੱਚ ਵੰਡਿਆ ਸਮਾਜ ਵੀ ਅਨੇਕਾਂ ਤਰ੍ਹਾਂ ਦੇ ਜਬਰ ਦੀ ਮਾਰ ਹੇਠ ਹੈ । ਪਿੱਤਰੀ ਸੱਤਾ ਦੇ ਦਮਨ
ਵਿਚ ਨਾਰੀ ਅੱਜ ਵੀ ਅਨੇਕ ਤਰ੍ਹਾਂ ਦੇ ਦੇਹਿਕ ਅਤੇ ਮਾਨਸਿਕ ਸੋਸ਼ਣ ਦੀ ਸ਼ਿਕਾਰ ਹੈ । ਇਹ
ਵਖਰੇਵੇਂ ਅਤੇ ਵਿਤਕਰੇ ਜਦੋਂ ਰਾਜਸੀ ਰੰਗਤ ਲੈਂਦੇ ਹਨ ਤਾਂ ਮਨੁੱਖਘਾਤੀ ਬਣ ਜਾਂਦੇ ਹਨ ।
ਇਨ੍ਹਾਂ ਦਾ ਜੀਵੰਤ ਅਤੇ ਖ਼ਤਰਨਾਕ ਰੂਪ ਪਿਛਲੇ ਕੁਝ ਸਾਲਾਂ ਵਿੱਚ ਰਾਜਸੀ ਸੱਤਾ ਹਥਿਆ
ਚੁੱਕੀ ਵਿਸ਼ੇਸ਼ ਤਾਕਤ ਵਲੋਂ ਵਧੇਰੇ ਉਗਰ ਰੂਪ ਵਿਚ ਸਾਹਮਣੇ ਆਇਆ ਹੈ । ਜਿੱਥੇ ਅੱਜ
ਵਿਸ਼ਵ ਬਹੁ-ਸਭਿਆਚਾਰੀਕਰਨ ਦੀ ਪ੍ਰਰਕਿਰਿਆ ਵਿਚ ਹੈ, ਉਥੇ ਭਾਰਤ ਵਰਗੇ ਪਹਿਲਾਂ ਤੋਂ
ਬਹੁ-ਸਭਿਆਚਾਰੀ ਮੁਲਕ ਨੂੰ ਇਕ-ਰੰਗੇ ਸਭਿਆਚਾਰ ਵਿਚ ਪਲਟ ਦਿੱਤੇ ਜਾਣ ਲਈ ਹਰ
ਤਰ੍ਹਾਂ ਦਾ ਪ੍ਰਰਯੋਗ ਕੀਤਾ ਜਾ ਰਿਹਾ ਹੈ । ਇਕ ਮੁਲਕ, ਇਕ ਨਿਸ਼ਾਨ, ਇਕ ਧਰਮ, ਇਕ
ਸਭਿਆਚਾਰ, ਇਕੋ-ਇਕ ਵਰਤਾਰਾ ਅੱਜ ਪ੍ਰਰਮੁੱਖ ਤੌਰ ’ਤੇ ਸਥਾਪਤ ਕਰਨ ਦੇ ਯਤਨ ਹਨ ।
ਇਸ ਨਾਲ ਭਾਰਤੀ ਰਾਜਨੀਤਕ ਪ੍ਰਰਬੰਧ ਵਿਗਿਆਨਕ, ਸੰਵਿਧਾਨਕ ਅਤੇ ਧਰਮ ਨਿਰਪੇਖ
ਹੋਣ ਦੀ ਥਾਵੇਂ ਅਵਿਗਿਆਨਕ, ਵਰਣ-ਆਸ਼ਰਮ ਅਤੇ ਧਾਰਮਕ ਮੂਲਵਾਦ ਦੀਆਂ ਨੀਹਾਂ
ਉੱਪਰ ਉਸਾਰੇ ਜਾਣ ਦੀ ਚਾਹਤ ਹੈ । ਇਸ ਚਾਹਤ ਨੇ ਵਿਭਿੰਨ ਵਿਸ਼ਵਾਸਾਂ ਵਾਲੇ ਲੋਕਾਂ
ਵਿਚ ਸਹਿਮ, ਡਰ, ਦਹਿਸ਼ਤ ਅਤੇ ਵਹਿਸ਼ਤ ਭਰ ਦਿੱਤੀ ਹੈ । ਇਸ ਹਿੰਸਕ ਦੌਰ ਵਿਚ ਭਾਸ਼ਾ
ਵੀ ਹਿੰਸਕ ਹੋ ਗਈ ਹੈ । ਹਜੂਮੀ ਹਿੰਸਾ, ਅਰਬਨ ਨਕਸਲ, ਦੇਸ਼ ਧ੍ਰੋਹੀ ਅਨੇਕਾਂ ਅਜਿਹੇ ਨਵੇਂ
ਸ਼ਬਦ ਇਸ ਹਿੰਸਕ ਵਾਤਾਵਰਣ ਨੂੰ ਹੀ ਚਿਹਨਤ ਕਰਦੇ ਹਨ । ਇਸ ਦੌਰ ਵਿਚ ਸਭ ਤੋਂ
ਵੱਧ ਹਮਲਾ ਬੁੱਧੀਜੀਵੀਆਂ, ਕਲਾਕਾਰਾਂ, ਪੱਤਰਕਾਰਾਂ, ਇਤਿਹਾਸਕਾਰਾਂ ਉੱਪਰ ਹੋਇਆ
ਹੈ । ਪ੍ਰਰਗਟਾਵੇ ਦੀ ਆਜ਼ਾਦੀ ਦੀ ਸੰਘੀ ਨੱਪ ਕੇ ਇਕ ਗ਼ੈਰ ਪ੍ਰਰਤੀਰੋਧੀ ਸਮਾਜ ਸਿਰਜਿਆ
ਜਾ ਰਿਹਾ ਹੈ, ਜਿਹੜਾ ਮੌਨ ਹੋਵੇ ਅਤੇ ਸੱਤਾ ਦੇ ਹਰ ਪ੍ਰਰਵਚਨ ਨੂੰ ਸਤਿਬਚਨ ਕਹਿ ਕੇ ਸਵੀਕਾਰ
ਕਰੇ । ਅਜਿਹੇ ਸਮੇਂ ਵਿਚ ਉਨ੍ਹਾਂ ਸ਼ਾਇਰਾਂ ਨੇ ਵੀ ਰਾਜਸੀ ਪ੍ਰਰਤਿਉੱਤਰ ਵਾਲੀ ਕਵਿਤਾ ਲਿਖੀ
ਹੈ ਜਿਨ੍ਹਾਂ ਲਈ ਰਾਜਨੀਤੀ ਕਦੇ ਮਨਭਾਉਂਦਾ ਵਿਸ਼ਾ ਨਹੀਂ ਸੀ । ਦਰਅਸਲ ਕਵਿਤਾ ਜਾਂ
ਕਲਾਵਾਂ ਤਾਂ ਆਪਣੇ ਸਮੇਂ ਦੇ ਹਿੰਸਕ, ਦਰਿੰਦਰਾਨਾ ਅਤੇ ਜਾਬਰਾਨਾ ਵਿਹਾਰ ਨਾਲ
ਦਸਤਪੰਜਾ ਲੈਣ ਵਾਲੀਆਂ ਹੁੰਦੀਆਂ ਹਨ । ਇਹ ਮਾਨਵ ਨਾਲ ਬੱਝੀਆਂ ਹੋਣ ਕਰਕੇ
ਅਮਾਨਵੀ ਵਿਹਾਰ ਦੇ ਖ਼ਿਲਾਫ਼ ਪ੍ਰਰਤਿਰੋਧ ਦਾ ਪ੍ਰਰਵਚਨ ਬਣਦੀਆਂ ਹਨ । ਦੂਸਰਾ, ਕਵਿਤਾ
ਉਹ ਹੀ ਇਤਿਹਾਸ ਦਾ ਅੰਗ ਬਣਦੀ ਹੈ ਜਿਹੜੀ ਸੱਤਾ, ਸਥਾਪਤੀ ਅਤੇ ਦਮਨ ਦੇ ਵਿਹਾਰ
ਦੇ ਵਿਰੁੱਧ ਮਨੁੱਖੀ ਜੀਵਨ ਦੀ ਬਿਹਤਰੀ ਦੀ ਚਾਹਤ ਨਾਲ ਲਬਰੇਜ਼ ਹੁੰਦੀ ਹੈ । ਗੁਰਭਜਨ ਗਿੱਲ
ਦੇ ਇਸ ਸੰਗ੍ਰਹਿ ਵਿਚ ਬਹੁਤ ਸਾਰੀਆਂ ਅਜਿਹੀਆਂ ਨਜ਼ਮਾਂ ਹਨ ਜੋ ਆਪਣੇ ਸਮਕਾਲ ਦੇ
ਦਰਿੰਦਾਨਾ ਵਿਹਾਰ ਨਾਲ ਮੁੱਠਭੇੜ ਵਿਚ ਹਨ । ਇਨ੍ਹਾਂ ਕਵਿਤਾਵਾਂ ਵਿਚ ਪਤਾ ਰੱਖਿਆ ਕਰੋ,
ਦੁਸਹਿਰਾ, ਕੇਸਰੀ, ਉਹ ਪੁੱਛਦੇ ਨੇ ਅੱਥਰਾ ਘੋੜਾ ਕੀ ਹੁੰਦੈ, ਅਜਬ ਸਰਕਸ ਦੇਖਦਿਆਂ,
ਡਾਰਵਿਨ ਝੂਠ ਬੋਲਦਾ ਹੈ, ਜਾਗ ਮੁਸਾਫ਼ਰ, ਉਹ ਕਲਮ ਕਿੱਥੇ ਹੈ ਜਨਾਬ, ਸੰਸਦ ਵੱਲ, ਤੁਸੀਂ
ਕਿਸ ਨੂੰ ਉਡੀਕਦੇ ਹੋ? ਆਦਿ ਕਵਿਤਾਵਾਂ ਸ਼ਾਮਲ ਹਨ । ਗੁਰਭਜਨ ਗਿੱਲ ਮੁਖਰ ਰੂਪ ਵਿਚ
ਇਸ ਰਾਜਨੀਤੀ ਦੇ ਅੰਦਰਲੇ ਸਾਰ-ਤੱਤ ਨੂੰ ਆਪਣੇ ਕਾਵਿਕ ਅੰਦਾਜ਼ ਵਿਚ ਅੰਕਿਤ ਕਰਦਾ
ਹੈ । ਉਸ ਦੇ ਕਾਵਿਕ ਅੰਦਾਜ਼ ਦੇ ਕੁਝ ਰੰਗ ਇਹ ਹਨ :
ਉਨ੍ਹਾਂ ਨੂੰ ਕਹੋ
ਸਾਨੂੰ ਨਾ ਵੇਚਣ ਸਾਰਾਗੜ੍ਹੀ ਦਾ ਮੈਦਾਨ
ਯੁੱਧ ਕਹਿ ਕੇ ਗੁਲਾਮੀ ਦਾ ਸਮਾਨ
ਕੇਸਰੀ ਪੁੜੀ ਵਿਚ ਬੰਨ੍ਹਿਆ ਚੋਣ ਨਿਸ਼ਾਨ
ਪਰ ਇਹ ਧਾੜਾਂ ਕਿਧਰੋਂ ਚੜ੍ਹੀਆਂ?
ਹੱਥਾਂ ਵਿਚ ਤਲਵਾਰਾਂ ਕਿਰਚਾਂ
ਬਹੁਤਿਆਂ ਨੇ ਤ੍ਰਿਸ਼ੂਲਾਂ ਫੜੀਆਂ ।
ਪੌਣ ਕਸ਼ੀਦਣ ਵਾਲੇ ਕਿਹੜੇ?
ਸਾਜ਼ ਦੇ ਅੰਦਰੋਂ
ਟੱਲੀਆਂ ਦੀ ਟੁਣਕਾਰ ਨਿਖੇੜਨ
ਸ਼ਬਦ ਸਨੇਹ ਨੂੰ ਨੱਕ ਮੂੰਹ ਚਾੜ੍ਹਨ ।
ਇਕੋ ਖਿੜੀ ਕਿਆਰੀ ਅੰਦਰ
ਗੇਂਦੇ ਨਾਲ ਗੁਲਾਬ ਨਾ ਜਰਦੇ
ਤਾਕਤ ਦੇ ਨਸ਼ਿਆਏ ਅੰਨ੍ਹੇ
ਕਤਰਨ ਪਏ ਫੁਲਕਾਰੀ ਦੇ ਫੁੱਲ
ਫੜਕੇ ਕੈਂਚੀ ਕੀ ਪਏ ਕਰਦੇ?
ਜਾਗ ਮੁਸਾਫ਼ਰ, ਜਾਗਣ ਵੇਲਾ ।
ਹੋ ਨਾ ਜਾਵੇ ਹੋਰ ਕੁਵੇਲਾ ।
ਰਾਜਨੀਤੀ ਦਾ ਇਹ ਫਿਰਕੂ ਅੱਥਰਾ ਘੋੜਾ ਜਦੋਂ ਸਾਂਝੀਆਂ ਮਨੁੱਖੀ ਰਵਾਇਤਾਂ ਨੂੰ
ਮਿੱਧਦਾ ਮਸਲਦਾ ਹਰ ਸੰਵੇਦਨਸ਼ੀਲ ਬੰਦੇ ਨੂੰ ਅੰਦਰੋਂ ਹਿਲਾਉਂਦਾ ਹੈ ਤਾਂ ਉਹ ਇਸ ਅੱਥਰੇ
ਘੋੜੇ ਨੂੰ ਠੱਲਣ ਦੀ ਚਾਰਾਜੋਈ ਕਰਦਾ ਹੈ । ਇਹ ਚਾਰਾਜੋਈ ਵਿਚਾਰਧਾਰਕ ਬਣ ਜਾਂਦੀ
ਹੈ । ਇਥੇ ਹੀ ਗੁਰਭਜਨ ਗਿੱਲ ਦਾ ਵਿਚਾਰਧਾਰਕ ਪ੍ਰਰੇਰਕ ਸਿੱਖ ਦਰਸ਼ਨ ਬਣਦਾ ਹੈ ਅਤੇ ਦ੍ਰਿਸ਼ਟੀ
ਉਹ ਸਿੱਖ ਲਹਿਰ ਬਣਦੀ ਹੈ ਜੋ ਜਬਰ ਅਤੇ ਅਨਿਆਂ ਦੇ ਖ਼ਿਲਾਫ਼ ਮਨੁੱਖਤਾ ਲਈ ਸ਼ਹਾਦਤ
ਦੇ ਜਾਮ ਤੱਕ ਪੀ ਗਈ । ਸਿੱਖ ਦਰਸ਼ਨ ਉਸਦੀ ਆਸਥਾ ਦਾ ਕੇਂਦਰ ਵੀ ਬਣਦਾ ਹੈ ਅਤੇ
ਵਿਚਾਰਧਾਰਕ ਪ੍ਰਰੇਰਕ ਵੀ । ਇਹ ਉਸ ਦੇ ਕਾਵਿ ਅਵਚੇਤਨ ਦਾ ਸਭ ਤੋਂ ਸੂਜਮ ਅਤੇ
ਮਹੱਤਵਪੂਰਨ ਪਹਿਲੂ ਹੈ, ਇਸ ਤੋਂ ਬਿਨਾਂ ਉਸ ਦੀ ਕਵਿਤਾ ਦੀ ਵਿਚਾਰਧਾਰਕ ਥਾਹ ਨਹੀਂ
ਪਾਈ ਜਾ ਸਕਦੀ । ਇਸ ਸੰਗ੍ਰਹਿ ਦੀਆਂ ਜਿੰਨੀਆਂ ਵੀ ਕਵਿਤਾਵਾਂ ਸਿੱਖ ਨਾਇਕਾਂ, ਗੁਰੂਆਂ
ਜਾਂ ਲਹਿਰ ਨਾਲ ਸੰਬੰਧਿਤ ਰਚਨਾਵਾਂ ਹਨ, ਉਹ ਸਿਰੋ ਸਿੱਖ ਗਲੋਰੀਫਿਕੇਸ਼ਨ ਦੀਆਂ
ਕਵਿਤਾਵਾਂ ਹੀ ਨਹੀਂ ਹਨ, ਸਗੋਂ ਉਹ ਵਿਚਾਰਧਾਰਕ ਦ੍ਰਿਸ਼ਟੀ ਵਾਲੀਆਂ ਹਨ । ਇਹ ਪਾਸਾਰ
ਗੁਰਭਜਨ ਗਿੱਲ ਦੀ ਕਵਿਤਾ ਦਾ ਅਹਿਮ ਅਤੇ ਸਭਿਆਚਾਰਕ ਮਹੱਤਤਾ ਵਾਲਾ ਹੈ ਕਿਉਂਕਿ
ਇਹ ਸੰਪਰਦਾਈ ਸੰਦਰਭ ਵਿਚੋਂ ਅਰਥ ਗ੍ਰਹਿਣ ਨਹੀਂ ਕਰਦਾ ਸਗੋਂ ਇਹ ਸਭਿਆਚਾਰਕ
ਸੰਦਰਭ ਵਿਚੋਂ ਉਦੈ ਹੁੰਦਾ ਹੈ । ਇਥੇ ਦੋ ਉਦਾਹਰਨਾਂ ਹੀ ਕਾਫ਼ੀ ਹਨ । ਗੁਰਭਜਨ ਗਿੱਲ ‘ਉਹ
ਪੁੱਛਦੇ ਨੇ ਅੱਥਰਾ ਘੋੜਾ ਕੀ ਹੁੰਦੈ” ਕਵਿਤਾ ਦੇ ਅੰਤ ਉੱਪਰ ਕਹਿੰਦਾ ਹੈ:
ਅਜੇ ਪੁੱਛਦੇ ਹੋ
ਇਹ ਅੱਥਰਾ ਘੋੜਾ ਕੌਣ ਹੁੰਦਾ ਹੈ?
ਕੀਰਤਨੀਏ ਗਾਉਂਦੇ
ਬੇੜਾ ਬੰਧਿ ਨਾ ਸਕਿਉ ਬੰਧਨ ਕੀ ਬੇਲਾ ।
ਭਰ ਸਰਵਰ ਜਬ ਉਛਲੇ ਤਬ ਤਰਣ ਦੁਹੇਲਾ ।
ਏਸੇ ਨੂੰ ਵਕਤ ਸੰਭਾਲਣਾ ਆਖਦੇ ਨੇ ।
ਏਸ ਤੋਂ ਪਹਿਲਾਂ ਇਹ ਘੋੜਾ ਮਿੱਧ ਜਾਵੇ ।
ਇਸ ਨੂੰ ਨੱਥ ਪਾਓ ਤੇ ਪੁੱਛੋ
ਤੇਰਾ ਮੂੰਹ
ਅਠਾਰਵੀਂ ਸਦੀ ਵੱਲ ਕਿਉਂ ਹੈ?
‘ਬਦਲ ਗਏ ਮੰਡੀਆਂ ਦੇ ਭਾਅ’ ਅਤੇ ‘ਪਹਿਲੀ ਵਾਰ” ਦੋਵੇਂ ਨਜ਼ਮਾਂ ਵੀ ਇਸ ਰਾਜਸੀ
ਸੰਵੇਦਨਾ ਨਾਲ ਸੰਬੰਧਿਤ ਕਰਕੇ ਹੀ ਪੜ੍ਹਨ ਦੀ ਜ਼ਰੂਰਤ ਹੈ ਜੋ ਪੰਜਾਬ ਦੀ ਕਿਸਾਨੀ ਦੀ
ਦੁਰਦਸ਼ਾ ਅਤੇ ਫਿਰ ਅਨੂਠੇ ਜਨ ਅੰਦੋਲਨ ਨਾਲ ਸੰਬੰਧਿਤ ਹਨ । ਇਹ ਕਵਿਤਾਵਾਂ ਪਹਿਲੀ
ਵਾਰ ਚੜ੍ਹੇ ਵੱਖਰੀਆਂ ਕਿਰਨਾਂ ਵਾਲੇ ਸੂਰਜ ਦੀ ਨਿਸ਼ਾਨਦੇਹੀ ਕਰਕੇ ਭਵਿੱਖ ਵਿਚ ਉੱਠਣ
ਵਾਲੇ ਸੈਲਾਬ ਪ੍ਰਰਤੀ ਸੰਕੇਤ ਕਰਦੀਆਂ ਹਨ । ਜਨ ਚੇਤਨਾ ਵਿਚ ਰਾਜਨੀਤਕ ਚੇਤਨਾ ਦਾ
ਪ੍ਰਰਵੇਸ਼ ਪੰਜਾਬ ਦੇ ਇਤਿਹਾਸ ਵਿਚ ਗੁਣਾਤਮਕ ਮੋੜ ਹੈ ਜਿਹੜਾ ਆਮ ਜਨ ਨੂੰ ਵਿਵਸਥਾਵੀ
ਦੈਂਤਾਂ ਵਿਰੁੱਧ ਜਾਗਰੂਕ ਕਰ ਰਿਹਾ ਹੈ ।
ਗੁਰਭਜਨ ਗਿੱਲ ਦੇ ਇਸ ਕਾਵਿ ਸੰਗ੍ਰਹਿ ਵਿੱਚ ਔਰਤਾਂ ਅਤੇ ਬਾਲਾਂ ਨਾਲ ਜੁੜੇ
ਅਨੁਭਵ ਸੰਬੰਧੀ ਕਵਿਤਾਵਾਂ ਪਰੰਪਰਾ ਨਾਲੋਂ ਹਟ ਕੇ ਹਨ । ਇਹ ਕਵਿਤਾਵਾਂ ਮਹਿਜ਼ ਔਰਤ
ਨਾਲ ਭਾਵੁਕ ਰਿਸ਼ਤਿਆਂ ਦੀ ਸਾਂਝ ਦਾ ਪ੍ਰਰਗਟਾਵਾ ਨਹੀਂ ਹਨ, ਸਗੋਂ ਸਭਿਆਚਾਰਕ ਰੂਪ
ਵਿੱਚ ਔਰਤ ਦੀ ਹੋਂਦ ਅਤੇ ਹਸਤੀ ਨਾਲ ਜੁੜੇ ਹੋਏ ਸੱਚ ਦੀਆਂ ਕਵਿਤਾਵਾਂ ਹਨ । ਮਾਂ
ਨਾਲ ਸੰਬੰਧਿਤ ਕਵਿਤਾਵਾਂ ਵਿਚ ਸਭਿਆਚਾਰਕ ਸੰਵੇਦਨਾ ਮੂੰਹ ਜ਼ੋਰ ਹੈ । ਇਸ ਔਰਤ
ਪਾਸਾਰ ਨਾਲ ਸੰਬੰਧਿਤ ਜਦੋਂ ਬਹੁਤ ਕੁਝ ਗੁਆਚਦੈ ਮਾਂ ਸਣੇ, ਜਾਗਦੀ ਹੈ ਮਾਂ ਅਜੇ, ਭੱਠੇ
’ਚ ਤਪਦੀ ਮਾਂ, ਲੰਮੀ ਉਮਰ ਇਕੱਠਿਆਂ, ਮੇਰੀ ਮਾਂ ਤਾਂ ਰੱਬ ਦੀ ਕਵਿਤਾ, ਕਰੋਸ਼ੀਏ ਨਾਲ
ਮਾਂ, ਮਾਂਵਾਂ ਨਹੀਂ ਥੱਕਦੀਆਂ, ਦੀਪਿਕਾ ਪਾਦੂਕੋਨ ਦੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ
ਦੇ ਜ਼ਖ਼ਮੀਆਂ ਕੋਲ ਜਾਣ ’ਤੇ, ਨੰਦੋ ਬਾਜ਼ੀਗਰਨੀ, ਅਸੀਸ ਨਾਲ ਸੰਬੰਧਿਤ ਕਵਿਤਾਵਾਂ
ਸਭਿਆਚਾਰਕ ਵਰਤਾਰੇ ਨਾਲ ਸੰਬੰਧਿਤ ਨਜ਼ਮਾਂ ਹਨ । ਨੰਦੋ ਬਾਜ਼ੀਗਰਨੀ ਪੰਜਾਬ ਦੇ ਪੇਂਡੂ
ਰਹਿਤਲ ਦਾ ਦਿਲਕਸ਼ ਚਿੱਤਰ ਹੈ । ਮਾਂ ਦਾ ਸੰਵੇਦਨਸ਼ੀਲ ਰੂਪ, ਮੂਕ ਸਮਰਪਣ, ਸ਼ਖਸੀਅਤ
ਉਸਾਰੀ ਵਿਚ ਉਸਦੀ ਸੰਵੇਦਨਾਤਮਕ ਭੂਮਿਕਾ ਬਹੁਤ ਧਿਆਨ ਦੀ ਮੰਗ ਕਰਦੀ ਹੈ । ਇਨ੍ਹਾਂ
ਨਜ਼ਮਾਂ ਵਿਚੋਂ ਇਕ ਸਭਿਆਚਾਰਕ ਔਰਤ ਦਾ ਬਿੰਬ ਜਾਗਦਾ ਹੈ । ਇਹ ਨਜ਼ਮਾਂ ਪਾਠਕ
ਨੂੰ ਔਰਤ ਪ੍ਰਰਤੀ ਸੰਵੇਦਨਸ਼ੀਲ ਬਣਾਉਣ ਵਾਲੀਆਂ ਨਜ਼ਮਾਂ ਹਨ ਜਿਨ੍ਹਾਂ ’ਚ ਪੰਜਾਬੀ
ਸਭਿਆਚਾਰ ਦੀ ਆਦਰਸ਼ਕ ਰਵਾਇਤ ਵੀ ਸਮਾਨਾਂਤਰ ਤੁਰਦੀ ਜਾਂਦੀ ਹੈ ਅਤੇ ਔਰਤ
ਦਾ ਸੁਪਨ ਸੰਸਾਰ ਵੀ ਉਦੈ ਹੁੰਦਾ ਜਾਂਦਾ ਹੈ :-
ਕਰੋਸ਼ੀਏ ਨਾਲ ਮਾਂ
ਧਾਗੇ ਇਕ ਦੂਸਰੇ ’ਚ ਪਾ
ਰੁਮਾਲ ਨਹੀਂ ਬੁਣਦੀ
ਕਵਿਤਾਵਾਂ ਲਿਖਦੀ ਹੈ
ਰੀਝਾਂ ਦੇ ਮੇਜ਼ਪੋਸ਼
ਮੂੰਹੋ ਬੋਲਦੇ ਦਸਤਰਖ਼੍ਵਾਨ
ਹੋਰ ਬਹੁਤ ਕੁਝ
ਗੀਤਾਂ ਗ਼ਜ਼ਲਾਂ ਜਿਹਾ ।
ਔਰਤ ਨਾਲ ਸੰਬੰਧਿਤ ਨਜ਼ਮਾਂ ’ਚੋਂ ਉਹ ਅਤੀਤ ਜਾਗ ਉੱਠਦਾ ਹੈ ਜੋ ਪੰਜਾਬੀ
ਸਭਿਆਚਾਰ ਦੇ ਸ਼ਿਲਪਕਾਰੀ ਪੜਾਅ ਨਾਲ ਸੰਬੰਧਿਤ ਹੈ । ਸ਼ਿਲਪਕਾਰੀ ਦਾ ਮੂੰਹ ਪੇਂਡੂ
ਜਨ ਜੀਵਨ ਵੱਲ ਹੁੰਦਾ ਹੈ, ਸਨਅਤ ਦਾ ਮੂੰਹ ਸ਼ਹਿਰੀ ਜੀਵਨ ਵੱਲ । ਇਨ੍ਹਾਂ ਨਜ਼ਮਾਂ ਵਿਚ
ਅਤੀਤ ਪ੍ਰਰਤੀ ਹੇਰਵਾ ਹੈ ਕਿਉਂਕਿ ਅਤੀਤ ’ਚ ਮਨੁੱਖ ਕੇਂਦਰਿਤ ਕਦਰਾਂ-ਕੀਮਤਾਂ ਅਰਥ
ਰੱਖਦੀਆਂ ਹਨ । ਵਰਤਮਾਨ ਪ੍ਰਰਤੀ ਸ਼ਿਕਵਾ ਹੈ ਕਿਉਂਕਿ ਇਹ ਮੰਡੀ ਤੇ ਮੁਨਾਫ਼ੇ ਦੀਆਂ ਕਦਰਾਂ
ਕੀਮਤਾਂ ਨੂੰ ਵਰੋਸਾਏ ਧੰਦੇਕਾਰੀ ਬੰਦੇ ਨੂੰ ਸਭਿਅਕ ਮਨੁੱਖ ਵਜੋਂ ਸਥਾਪਤ ਕਰਦਾ ਹੈ । ਇਨ੍ਹਾਂ
ਨਜ਼ਮਾਂ ’ਚ ਅਤੀਤ ਅਤੇ ਵਰਤਮਾਨ ਦਾ ਤਣਾਓ ਹੈ । ਇਸ ਸੰਬੰਧੀ “ਨੰਦੋ ਬਾਜ਼ੀਗਰਨੀ”
ਕਵਿਤਾ ਦੇ ਇਕੋ ਬਿਰਤਾਂਤਕ ਵੇਰਵੇ ਦਾ ਉਲੇਖ ਕਾਫ਼ੀ ਹੈ :-
ਨੰਦੋ ਦੱਸਦੀ
ਬਈ ਸਾਡੀ ਬਾਜ਼ੀਗਰਾਂ ਦੀ ਆਪਣੀ ਪੰਚਾਇਤ ਹੈ ਸਰਦਾਰੋ ।
ਅਸੀਂ ਤੁਹਾਡੀਆਂ ਕਚਹਿਰੀਆਂ ’ਚ
ਨਹੀਂ ਵੜਦੇ, ਚੜ੍ਹਦੇ ।
ਸਾਡੇ ਵਡੇਰੇ ਇਨਸਾਫ਼ ਕਰਦੇ ਨੇ
ਫ਼ੈਸਲੇ ਨਹੀਂ
ਤੁਹਾਡੀਆਂ ਅਦਾਲਤਾਂ ’ਚ
ਇਨਸਾਫ਼ ਨਹੀਂ, ਫ਼ੈਸਲੇ ਹੁੰਦੇ ਨੇ ।
ਇਸ ਕਾਵਿ ਸੰਗ੍ਰਹਿ ਵਿਚ ਕੁਝ ਵਿਅਕਤੀ-ਚਿੱਤਰ ਵੀ ਸ਼ਾਮਲ ਹਨ । ਨਾਮਧਾਰੀ
ਸਤਿਗੁਰੂ ਜਗਜੀਤ ਸਿੰਘ ਜੀ, ਜਗਦੇਵ ਸਿੰਘ ਜੱਸੋਵਾਲ, ਸੰਗੀਤਕਾਰ ਖੱਯਾਮ, ਭੂਸ਼ਨ
ਧਿਆਨਪੁਰੀ, ਜਰਨੈਲ ਸਿੰਘ ਸੇਖਾ, ਰਾਜਪਾਲ ਸਿੰਘ, ਪਰਵੇਜ਼ ਸੰਧੂ ਆਦਿ ਦੀ ਸਾਹਿਤਕ,
ਸਭਿਆਚਾਰਕ ਅਤੇ ਵਿਅਕਤੀਗਤ ਪਛਾਣ ਕਰਵਾਉਂਦੇ ਵਿਅਕਤੀ ਚਿੱਤਰ ਹਨ ।
ਵਿਅਕਤੀ ਮਹਿਜ਼ ਵਿਅਕਤੀ ਹੀ ਨਹੀਂ ਹੁੰਦੇ, ਉਹ ਇਕ ਦੇਸ਼-ਕਾਲ ਵਿਚ ਵਿਚਰਦੇ
ਵਰਤਾਰੇ ਹੁੰਦੇ ਹਨ ਜਿਹੜੇ ਉਸ ਯੁੱਗ ਦੇ ਨਕਸ਼ ਬਣਦੇ ਹਨ । ਇਤਿਹਾਸਕ ਰੂਪ ਵਿਚ ਇਹ
ਵਿਅਕਤੀ ਆਪਣੇ ਸਮਕਾਲ ਦੀ ਕਿਸੇ ਪ੍ਰਰਤੀਨਿਧ ਪਰਤ ਦਾ ਪ੍ਰਰਤੀਕ ਹੁੰਦੇ ਹਨ । ਸਮਾਜ
ਅਤੇ ਸਭਿਆਚਾਰ ਇਨ੍ਹਾਂ ਵਿਅਕਤੀਆਂ ਦੇ ਰਸਤਿਓਂ ਉਦੈ ਹੋ ਰਿਹਾ ਹੁੰਦਾ ਹੈ । ਗੁਰਭਜਨ
ਗਿੱਲ ਦੇ ਵਿਅਕਤੀ ਚਿੱਤਰ ਸਾਹਿਤ, ਸੰਗੀਤ, ਕਲਾਵਾਂ ਅਤੇ ਸਭਿਆਚਾਰ ਦੇ ਖੇਤਰ
ਨਾਲ ਸੰਬੰਧਿਤ ਸ਼ਖਸੀਅਤਾਂ ਦਾ ਚਿੱਤਰ ਹਨ । ਭੂਸ਼ਨ ਧਿਆਨਪੁਰੀ, ਜਗਦੇਵ ਸਿੰਘ
ਜੱਸੋਵਾਲ ਅਤੇ ਖੱਯਾਮ ਦੇ ਰੇਖਾ ਚਿੱਤਰ ਕਵਿਤਾ ਅਤੇ ਵਿਅਕਤੀ ਦਾ ਸੁੰਦਰ ਸੁਮੇਲ ਹਨ ।
ਇਸ ਸੰਗ੍ਰਹਿ ਦੀਆਂ ਕੁਝ ਨਜ਼ਮਾਂ ਉਹ ਹਨ ਜੋ ਵਿਅਕਤੀ, ਘਟਨਾ, ਸੰਕਟ,
ਸਮੱਸਿਆ, ਸੰਘਰਸ਼ ਜਾਂ ਵਿਰਾਸਤੀ ਮੋਹ ਦੀ ਥਾਵੇਂ ਅਹਿਸਾਸ ਅਤੇ ਸ਼ਾਇਰਾਨਾ ਕੈਫ਼ੀਅਤ
ਦੀਆਂ ਨਜ਼ਮਾਂ ਹਨ । ਕਵਿਤਾ ਲਿਖਿਆ ਕਰੋ, ਪ੍ਰਰਮਾਣੂ ਜੰਗ, ਸੂਰਜ ਨਾਲ ਖੇਡਦਿਆਂ,
ਕੰਕਰੀਟ ਦਾ ਜੰਗਲ ਬੇਲਾ, ਮੈਂ ਉਸ ਨੂੰ ਪੁੱਛਿਆ, ਕੰਧ ਤੇ ਲਿਖਿਆ ਪੜ੍ਹੋ, ਬੱਚੇ ਕੋਰੀ ਸਲੇਟ
ਨਹੀਂ ਹੁੰਦੇ, ਕੋਲੋਂ ਲੰਘਦੇ ਹਾਣੀਓ, ਬੱਚੇ ਨਾਲ ਬੱਚਾ ਬਣਦਿਆਂ, ਸਿਤਾਰ ਵਾਦਨ
ਸੁਣਦਿਆਂ ਆਦਿਕ ਨਜ਼ਮਾਂ ਮਨ-ਮਸਤਕ ’ਤੇ ਡੂੰਘੀ ਛਾਪ ਛੱਡਦੀਆਂ ਹਨ । ਪ੍ਰਰਗੀਤਕ
ਗੋਲਾਈ ਦੀਆਂ ਇਹ ਨਜ਼ਮਾਂ ਅਹਿਸਾਸ ਅਤੇ ਕਾਵਿਕਤਾ ਦਾ ਭਰਪੂਰ ਪ੍ਰਰਮਾਣ ਹਨ । ਇਕ
ਕਵਿਤਾ ਦਾ ਸੁਹਜ-ਆਨੰਦ ਮਾਣਦਿਆਂ ਹੀ ਇਸ ਦਾ ਤਿੱਖਾ ਅਹਿਸਾਸ ਹੁੰਦਾ ਹੈ :-
ਤਾਜਦਾਰ ਨੂੰ ਕਵਿਤਾ ਹੀ ਆਖ ਸਕਦੀ
ਬਾਬਰਾ ਤੂੰ ਜਾਬਰ ਹੈਂ
ਰਾਜਿਆ ਤੂੰ ਸ਼ੀਂਹ ਹੈਂ
ਮੁਕੱਦਮਾ ਤੂੰ ਕੁੱਤਾ ਹੈਂ
ਕਵਿਤਾ ਲਿਖਿਆ ਕਰੋ ।
ਸੀਸ ਦੀ ਫੀਸ ਦੇ ਕੇ ਲਿਖੀ ਕਵਿਤਾ
ਵਕਤ ਸਾਹਾਂ ’ਚ ਰਮਾ ਲੈਂਦਾ ਹੈ ।
ਭਾਰਤੀ ਵਰਣ ਵਿਵਸਥਾ ਅਤੇ ਅਜੋਕੇ ਦੌਰ ਦੇ ਫਿਰਕੂ ਤੰਤਰ ਦੇ ਸੰਘਣੇ ਬੋਧ ਵਾਲੀ
ਕਵਿਤਾ ਪਰਜਾਪੱਤ ਵਿੱਚ ਸ਼ਿਲਪ ਅਤੇ ਕਿਰਤ ਦੀ ਵਡਿਆਈ ਦੇ ਨਾਲ ਮਾਨਸਿਕ ਤੌਰ
ਤੇ ਹੀਣੇ ਕੀਤੇ ਜਾ ਰਹੇ ਮਨੁੱਖ ਦਾ ਦੁਖਾਂਤ ਹੈ । ਇਸ ਕਵਿਤਾ ਦੀ ਮੂਲ ਭਾਵਨਾ ਅਨਿਆਂ
ਦੇ ਖਿਲਾਫ਼ ਨਿਆਂ ਦੀ ਚਾਹਤ ਦਾ ਸੁਪਨਾ ਹੈ ਜੋ ਪਾਠਕ ਨੂੰ ਸੋਚਣ-ਚਿੰਤਨ ਦੇ ਰਸਤੇ
ਤੋਰਦਾ ਹੈ ।
ਗੁਰਭਜਨ ਗਿੱਲ ਦਾ ਇਹ ਕਾਵਿ ਸੰਗ੍ਰਹਿ ਵਿਭਿੰਨ ਸ਼ੇਡਜ਼ ਅਤੇ ਰੰਗਾਂ ਦਾ ਕਾਵਿ
ਸੰਗ੍ਰਹਿ ਹੈ । ਇਹ ਪ੍ਰਰਗੀਤਕ ਅਤੇ ਸਰੋਦੀ ਅੰਸ਼ਾਂ ਨਾਲ ਭਰਪੂਰ ਪੰਜਾਬੀ ਸਭਿਆਚਾਰ ਦੀ
ਸੰਵੇਦਨਾ ਵਾਲਾ ਹੈ । ਇਹ ਗੁਰਭਜਨ ਗਿੱਲ ਦੇ ਕਾਵਿਕ ਵਿਕਾਸ ਦਾ ਸੂਚੀ ਵੀ ਹੈ ਅਤੇ
ਪੰਜਾਬੀ ਕਵਿਤਾ ਦੇ ਘੇਰੇ ਨੂੰ ਮੋਕ੍ਹਲਾ ਵੀ ਕਰਦਾ ਹੈ । ਇਸ ਸੰਗ੍ਰਹਿ ਨਾਲ ਪ੍ਰਰੋ. ਗੁਰਭਜਨ
ਗਿੱਲ ਦੀ ਕਾਵਿ-ਸਖ਼ਸੀਅਤ ਹੋਰ ਗੂੜ੍ਹੀ ਹੋਵੇਗੀ ।
ਸਰਬਜੀਤ ਸਿੰਘ (ਡਾ.)
ਪ੍ਰਰੋਫ਼ੈਸਰ ਤੇ ਚੇਅਰਮੈਨ
ਪੰਜਾਬੀ ਅਧਿਐਨ ਸਕੂਲ,
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ।
ਸਮਕਾਲ ਨੂੰ ਮੁਖ਼ਾਤਿਬ ਸਾਇਰੀ (ਗੁਲਨਾਰ) : ਸ਼ਮਸ਼ੇਰ ਮੋਹੀ (ਡਾ.)
ਗ਼ਜ਼ਲ ਕਵਿਤਾ ਦਾ ਅਜਿਹਾ ਰੂਪਾਕਾਰ ਹੈ, ਜਿਸ ਦੇ ਕਾਵਿ-ਸ਼ਾਸਤਰ ਦੇ ਸੁਭਾਅ ਅਨੁਸਾਰ ਕਹੀ ਜਾਣ ਵਾਲ਼ੀ
ਗੱਲ ਨੂੰ ਤਗੱਜ਼ੁਲ ਦੇ ਰੰਗ ਵਿਚ ਰੰਗ ਕੇ ਪ੍ਰਰਸਤੁਤ ਕਰਨ ਨੂੰ ਤਰਜੀਹ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਪੇਸ਼
ਕੀਤਾ ਵਿਚਾਰ/ਭਾਵ ਸਰਬਕਾਲਿਕ ਤੇ ਸਰਬਭੌਮਿਕ ਅਰਥਾਂ ਦਾ ਧਾਰਨੀ ਹੋ ਜਾਂਦਾ ਹੈ। ਅਜਿਹਾ ਕਰਦਿਆਂ ਕਈ
ਵਾਰ ਗ਼ਜ਼ਲ ਵਿਚ ਸਮਕਾਲ ਦੀ ਤਸਵੀਰ ਸਪੱਸ਼ਟ ਨਜ਼ਰ ਨਹੀਂ ਆਉਂਦੀ ।ਗ਼ਜ਼ਲ ’ਤੇ ਆਮ ਤੌਰ ’ਤੇ ਇਹ ਦੋਸ਼ ਵੀ ਲਗਦਾ
ਹੈ ਕਿ ਇਹ ਸਮਕਾਲ ਦੇ ਬਾਹਰਮੁਖੀ ਯਥਾਰਥ ਨੂੰ ਫੜਨ ਤੋਂ ਖੁੰਝ ਜਾਂਦੀ ਹੈ।ਬਿਨਾਂ ਸ਼ੱਕ ਬਹੁਤ ਸਾਰੀ
ਗ਼ਜ਼ਲ ਇਸ ਕਿਸਮ ਦੀ ਵੀ ਲਿਖੀ ਜਾ ਰਹੀ ਹੈ।ਪਰ ਗ਼ਜ਼ਲ ਵਿਚ ਸਮਕਾਲ ਨੂੰ ਉਸਦੀ ਸਮੁੱਚਤਾ ਵਿਚ ਪ੍ਰਰਸਤੁਤ ਕਰਨ
ਵਾਲ਼ੇ ਸ਼ਾਇਰਾਂ ਦੀ ਗਿਣਤੀ ਵੀ ਤਸੱਲੀਬਖ਼ਸ਼ ਹੈ।ਪੰਜਾਬੀ ਵਿਚ ਲਿਖੀ ਜਾ ਰਹੀ ਗ਼ਜ਼ਲ ਦੇ ਸਮਕਾਲੀ ਦ੍ਰਿਸ਼ ’ਤੇ ਝਾਤ
ਮਾਰਨ ’ਤੇ ਜਿਹੜੇ ਅਜਿਹੇ ਗ਼ਜ਼ਲਗੋ ਸਾਡੇ ਸਾਹਮਣੇ ਆਉਂਦੇ ਹਨ, ਜਿਹਨਾਂ ਨੇ ਸਮਕਾਲੀ ਯਥਾਰਥ ਨੂੰ
ਬਹੁਤ ਸ਼ਿੱਦਤ ਨਾਲ ਪੇਸ਼ ਕੀਤਾ ਹੈ, ਉਹਨਾਂ ਵਿਚ ਗੁਰਭਜਨ ਗਿੱਲ ਦਾ ਨਾਂ ਪ੍ਰਰਮੁੱਖ ਹੈ। ਗੁਰਭਜਨ ਗਿੱਲ ਦੀ
ਨਵ-ਪ੍ਰਰਕਾਸ਼ਿਤ ਪੁਸਤਕ ‘ਗੁਲਨਾਰ’ ਇਸ ਪ੍ਰਰਸੰਗ ਵਿਚ ਵਿਸ਼ੇਸ਼ ਅਰਥਾਂ ਦੀ ਧਾਰਨੀ ਹੈ।ਗੁਰਭਜਨ ਗਿੱਲ ਦੀ ਇਹ
ਬਾਰ੍ਹਵੀ ਮੌਲਿਕ ਪੁਸਤਕ ਹੈ। ਉਹ ਕਵਿਤਾ ਦੇ ਵਿਭਿੰਨ ਰੂਪਾਂ ਗ਼ਜ਼ਲ, ਗੀਤ, ਨਜ਼ਮ ਆਦਿ ਵਿਚ ਬਰਾਬਰ ਦੀ
ਕਾਵਿ-ਮੁਹਾਰਤ ਰਖਦਾ ਹੈ। ਇਹਨਾਂ ਬਾਰਾਂ ਪੁਸਤਕਾਂ ’ਚੋਂ ਤਿੰਨ ਉਸਦੇ ਨਿਰੋਲ ਗ਼ਜ਼ਲ-ਸੰਗ੍ਰਹਿ ਹਨ। ਇਸ
ਤਰ੍ਹਾਂ ਚਰਚਾ ਅਧੀਨ ਗ਼ਜ਼ਲ-ਸੰਗ੍ਰਹਿ ‘ਗੁਲਨਾਰ’ ਉਸਦਾ ਤੀਜਾ ਨਿਰੋਲ ਗ਼ਜ਼ਲ-ਸੰਗ੍ਰਹਿ ਹੈ।
‘ਗੁਲਨਾਰ’ ਵਿਚ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਦੀ ਝਲਕ ਵੀ ਪੇਸ਼ ਕੀਤੀ ਗਈ ਹੈ ਤੇ ਸਮਕਾਲ ਵਿਚ
ਪੰਜਾਬ ਨੂੰ ਹਰ ਪਾਸਿਓਂ ਪੈ ਰਹੀ ਮਾਰ ਦੀ ਵੀ ਚਿੰਤਨ ਭਰਪੂਰ ਕਾਵਿ-ਪ੍ਰਰਸਤੁਤੀ ਕੀਤੀ ਗਈ ਹੈ। ਮੌਜੂਦਾ
ਸਮੇਂ ਬਹੁਤ ਸਾਰੀਆਂ ਸਮੱਸਿਆਵਾਂ ਪੰਜਾਬ ਅੱਗੇ ਮੂੰਹ ਅੱਡੀ ਖੜੀਆਂ ਹਨ। ਇਹਨਾਂ ਸਮੱਸਿਆਵਾਂ
ਦੇ ਹੱਲ ਹੋਣ ਦੀ ਤਾਂ ਕੀ ਘਟਣ ਦੀ ਵੀ ਕੋਈ ਆਸ ਨਜ਼ਰ ਨਹੀਂ ਆਉਂਦੀ ਕਿਉਂਕਿ ਇਸ ਸੰਬੰਧ ਵਿਚ ਜੋ
ਉਪਰਾਲੇ ਹੋਣੇ ਚਾਹੀਦੇ ਹਨ, ਉਹ ਹੋ ਨਹੀਂ ਰਹੇ।ਗੁਰਭਜਨ ਗਿੱਲ ਪੰਜਾਬ ਦੇ ਦਰਦ ਦੀ ਦ੍ਰਿਸ਼ਕਾਰੀ ਕਰਨ ਦੇ
ਨਾਲ਼-ਨਾਲ਼ ਭਾਰਤੀ ਰਾਜਨੀਤੀ ਦੇ ਰੰਗਾਂ-ਢੰਗਾਂ ਅਤੇ ਸ਼ੋਸ਼ਣ ਦਾ ਸ਼ਿਕਾਰ ਜਨਤਾ ਦੇ ਦਰਦ ਨੂੰ ਵੀ ਜ਼ੁਬਾਨ
ਦਿੰਦਾ ਹੈ।ਅਸਲ ਵਿਚ ਸਾਇਰ ਗੁਰਭਜਨ ਗਿੱਲ ਪੀੜਤ ਲੋਕਾਈ ਦੇ ਨਾਲ਼ ਖੜਾ ਹੈ, ਉਹ ਲੋਕਾਈ ਚਾਹੇ ਪੰਜਾਬ
ਦੀ ਹੈ ਜਾਂ ਭਾਰਤ ਦੇ ਕਿਸੇ ਹੋਰ ਹੋਰ ਹਿੱਸੇ ਦੀ।ਉਸਨੂੰ ਪੇਸ਼ਾਵਰ (ਪਾਕਿਸਤਾਨ) ਦੇ ਇਕ ਸਕੂਲ ਵਿਚ
ਵਾਪਰੇ ਦਹਿਸ਼ਤਗਰਦ ਹਮਲੇ ਦੀ ਵੀ ਪੀੜ ਵੀ ਓਨੀ ਹੀ ਸ਼ਿੱਦਤ ਨਾਲ਼ ਵਿੰਨਦੀ ਹੈ, ਜਿੰਨੀ ਸ਼ਿੱਦਤ ਨਾਲ਼ ਏਧਰਲੀ
ਧਰਤੀ ’ਤੇ ਵਾਪਰਦੀਆਂ ਘਟਨਾਵਾਂ ਦੀ ਪੀੜ ਵਿੰਨਦੀ ਹੈ।ਇਕ ਸੱਚਾ-ਸੁੱਚਾ ਪੰਜਾਬੀ ਹੋਣ ਦੇ ਨਾਤੇ ਉਹ
ਪੰਜਾਬ ਦੇ ਦਰਦ ਦਾ ਚਿਤਰਨ ਕਰਨ ਵਿਚ ਵਧੇਰੇ ਸਮਰੱਥ ਨਜ਼ਰ ਆਉਂਦਾ ਹੈ।
ਅਤੀਤ ਵਿਚ ਪੰਜਾਬ ਦੀ ਸਥਾਨਕਤਾ ਦੀ ਵਿਸ਼ੇਸ਼ ਤੇ ਮਾਣਯੋਗ ਪਛਾਣ ਰਹੀ ਹੈ।ਪੰਜਾਬੀਆਂ ਦੀ ਅਤੀਤ ਵਿਚ
ਪਛਾਣ ਮਿਹਨਤੀ, ਦਲੇਰ, ਤਾਕਤਵਰ, ਹੱਕ ਸੱਚ ਲਈ ਲੜਨ ਵਾਲੇ, ਗੁਰੂਆਂ/ਮਹਾਂਪੁਰਸ਼ਾਂ ਦੇ ਦੱਸੇ ਰਾਹ ’ਤੇ
ਤੁਰਨ ਵਾਲ਼ੇ, ਪਾਕਿ-ਇਸ਼ਕ ਵਿਚ ਵਿਸ਼ਵਾਸ ਰੱਖਣ ਵਾਲੇ ਅਤੇ ਸ਼ੁੱਧ ਗੀਤ-ਸੰਗੀਤ ਨਾਲੇ ਜੁੜੇ ਹੋਏ ਲੋਕਾਂ ਦੀ
ਰਹੀ ਹੈ। ਇਹ ਪਛਾਣ ਹੁਣ ਧੁੰਦਲੀ ਪੈ ਗਈ ਹੈ।ਦਰਅਸਲ ਪੰਜਾਾਬੀਆਂ ਦਾ ਭਾਸ਼ਾ, ਸਾਹਿਤ ਅਤੇ
ਸੱਭਿਆਚਾਰ ਨਾਲੋਂ ਟੁੱਟਿਆ ਨਾਤਾ ਕਈ ਸਮੱਸਿਆਵਾਂ ਦਾ ਕਾਰਨ ਬਣਿਆ ਹੈ।ਵਿਸ਼ਵੀਕਰਨ ਦੀ ਮੰਡੀ ਵਿਚ
ਸੱਭਿਆਚਾਰ ਦਾ ਉਦਯੋਗ ਬਣ ਜਾਣ ਨਾਲ਼ ਇਸਦਾ ਸੱਭਿਆਚਾਰਕ ਮੁੱਲਾਂ ਨਾਲੋਂ ਟੁੱਟਣਾ ਤੇ ਰਸਾਤਲ ਵੱਲ
ਜਾਣਾ ਕੋਈ ਹੈਰਾਨੀਜਨਕ ਵਰਤਾਰਾ ਤਾਂ ਭਾਵੇਂ ਨਹੀਂ, ਤ੍ਰਾਸਦਿਕ ਵਰਤਾਰਾ ਜ਼ਰੂਰ ਹੈ।ਗੁਰਭਜਨ ਗਿੱਲ
ਪੁਰਾਣੇ ਪੰਜਾਬ ਨੂੰ ਯਾਦ ਕਰਦਾ ਹੋਇਆ ਉਸ ਮਜ਼ਬੂਤ ਪਛਾਣ ਦੇ ਗੁਆਚ ਜਾਣ ਦੀ ਪੀੜ ਨੂੰ
ਮਹਿਸੂਸ ਕਰਦਾ ਹੋਇਆ ਕਹਿੰਦਾ ਹੈ-
ਸੀ ਰੱਬਾਬ ਕਿਤਾਬ ਦਾ ਮਾਲਕ ਉਹ ਪੰਜਾਬ ਹੈ ਕਿੱਥੇ
ਸ਼ਬਦ ਗੁਰੁ ਨੂੰ ਭੁੱਲ ਗਏ ਸਾਧੋ, ਧਰਮ ਤਰਾਜ਼ੂ ਸਾਰੇ ।
ਕਿੱਧਰ ਗਏ ਸੰਗੀਤ ਘਰਾਣੇ, ਆਲਮ ਮੀਰ ਨਿਤਾਣੇ
ਮਰਦਾਨੇ ਦੀ ਅੱਖ ਵਿਚ ਅੱਥਰੂ ਡਲ੍ਹਕਣ ਮਣ ਮਣ ਭਾਰੇ।
ਪੰਜਾਬ ਦੇ ਕਾਲ਼ੇ ਦਿਨ ਨਾ ਮੁੱਕਣ ਦਾ ਦਰਦ ਇਸ ਪੁਸਤਕ ਦੇ ਆਰ-ਪਾਰ ਫੈਲਿਆ ਹੋਇਆ ਹੈ। ਪਹਿਲਾਂ
ਵੰਡ ਨੇ ਦੋਨਾਂ ਪਾਸਿਆਂ ਦੇ ਪੰਜਾਬੀਆਂ ਦਾ ਘਾਣ ਕੀਤਾ। ਹੁਣ ਵੀ ਹਾਕਮਾਂ ਦੀਆਂ ਕੁਰਸੀਆਂ ਦੀ
ਸਲਾਮਤੀ ਲਈ ਆਏ ਦਿਨ ਪੰਜਾਬੀ ਨੌਜਵਾਨ ਸਰਹੱਦਾਂ ’ਤੇ ਢੇਰੀ ਹੋ ਰਹੇ ਹਨ। ਫੇਰ ਏਧਰਲੇ ਪੰਜਾਬ ਵਿਚ
ਮੰਡੀ ਦੀਆਂ ਲੋੜਾਂ ਦੀ ਪੂਰਤੀ ਲਈ ਲਿਆਂਦੇ ਗਏ ਅਖੌਤੀ ਹਰੇ ਇਨਕਲਾਬ ਨੇ ਪੰਜਾਬ ਦੀ ਜ਼ਮੀਨ ਦੇ ਜੈਵਿਕ
ਪਦਾਰਥਾਂ ਅਤੇ ਖੁਰਾਕੀ ਤੱਤਾਂ ਨੂੰ ਪ੍ਰਰਵਾਵਿਤ ਕੀਤਾ, ਪਾਣੀ ਦੇ ਪ੍ਰਰਦੂਸ਼ਣ ਵਿਚ ਵਾਧਾ ਕਰਨ ਦੇ ਨਾਲ਼
ਨਾਲ਼ ਇਸਦਾ ਪੱਧਰ ਡੇਗ ਕੇ ਪੰਜਾਬ ਨੂੰ ਮਾਰੂਥਲ ਬਣਨ ਦੇ ਰਾਹ ਤੋਰਿਆ। ਅੱਜ ਪੰਜਾਬ ਦੇ ਕੁਝ
ਹਿੱਸਿਆਂ ਦੀ ਜ਼ਮੀਨ ਵਿਚ ਕਿਤੇ ਨਾਈਟ੍ਰੋਜਨ ਦੀ ਘਾਟ ਹੈ, ਕਿਤੇ ਫਾਸਫੋਰਸ ਦੀ ਘਾਟ ਹੈ ਤੇ ਕਿਤੇ
ਪੋਟਾਸ਼ੀਅਮ ਦੀ ਘਾਟ ਹੈ। ਪਾਣੀ ਦਾ ਪ੍ਰਰਦੂਸ਼ਣ ਖ਼ਤਰਨਾਕ ਹੱਦ ਤੱਕ ਵਧ ਚੁੱਕਾ ਹੈ। ਮਾਲਵਾ ਖੇਤਰ ਵਿਚ
ਪਾਣੀ ਵਿਚ ਯੂਰੇਨੀਅਮ ਅਤੇ ਆਰਸੈਨਿਕ ਦੀ ਵਧੇਰੇ ਮਾਤਰਾ ਨਾਲ ਮਾਰੂ ਬੀਮਾਰੀਆਂ ਫੈਲ ਚੁੱਕੀਆਂ
ਹਨ। ਅੱਸੀਵਿਆਂ ਵਿਚ ਸ਼ੁਰੂ ਹੋਏ ਹਿੰਸਕ ਦੌਰ ਦੇ ਡਰ ਅਤੇ ਸਹਿਮ ਨੇ ਵੀ ਪੰਜਾਬ ਨੂੰ ਮੌਲਣੋਂ-
ਵਿਗਸਣੋ ਹੋੜ ਦਿੱਤਾ ਤੇ ਹੁਣ ਵਿਸ਼ਵੀਕਰਨ ਦੀ ਹਨੇਰੀ ਨੇ ਪੰਜਾਬ ਦੇ ਸਾਹ ਸੂਤੇ ਹੋਏ ਹਨ। ਪੰਜਾਬ ਦਾ
ਨੌਜਵਾਨ ਇਸ ਵਕਤ ਗਿਆਨ, ਸਭਿਆਚਾਰ ਅਤੇ ਕਿਰਤ ਤੋਂ ਟੁੱਟ ਚੁੱਕਾ ਹੈ। ਪੰਜਾਬ ਦੇ ਇਸ ਲੰਮੇਰੇ ਦਰਦ
ਨੂੰ ਚਿਤਰਨ ਵਾਲੇ ਗ਼ਜ਼ਲਗੋਆਂ ਵਿਚ ਗੁਰਭਜਨ ਗਿੱਲ ਦਾ ਮੋਹਰੀ ਨਾਂ ਹੈ-
ਆਪਣੇ ਘਰ ਪਰਦੇਸੀਆਂ ਵਾਗੂੰ, ਪਰਤਣ ਦਾ ਅਹਿਸਾਸ ਕਿਉਂ ਹੈ?
ਮੈਂ ਸੰਤਾਲੀ ਮਗਰੋਂ ਜੰਮਿਆ, ਮੇਰੇ ਪਿੰਡੇ ਲਾਸ ਕਿਉਂ ਹੈ ?
ਇੱਕੋ ਫਾਂਸੀ, ਇੱਕੋ ਗੋਲ਼ੀ, ਰਹਿਮਤ ਅਲੀ, ਸਰਾਭਾ, ਬਿਸਮਿਲ,
ਆਜ਼ਾਦੀ ਤੋਂ ਮਗਰੋਂ ਸਾਡਾ ਵੱਖੋ ਵੱਖੋ ਇਤਿਹਾਸ ਕਿਉਂ ਹੈ?
ਪਹਿਲਾਂ ਗੋਲ਼ੀਆਂ ਦਾ ਕਹਿਰ, ਹੁਣ ਪੁੜੀਆਂ ਚ ਜ਼ਹਿਰ,
ਕਿੱਦਾਂ ਮਰ ਮੁੱਕ ਚੱਲੇ, ਸਾਡੇ ਘਰੀਂ ਜਾਏ ਛਿੰਦੇ ।
ਮੈਂ ਮਿੱਸੀ ਖਾਣ ਵਾਲ਼ਾ ਆਦਮੀ ਸਾਂ,
ਮੇਰੀ ਥਾਲ਼ੀ ’ਚ ਬਰਗਰ ਆ ਗਿਆ ਹੈ।
ਅਜੋਕੇ ਦੌਰ ਵਿਚ ਵਿਸ਼ਵੀਕਰਨ ਦੀ ਸਿਆਸਤ ਨੇ ਮਨੁੱਖ ਨੂੰ ਬਾਜ਼ਾਰ ਦਾ ਗ਼ੁਲਾਮ ਬਣਾ ਧਰਿਆ ਹੈ।ਇਸ
ਸਾਰੇ ਮਾਹੌਲ ਦੇ ਪਿਛੋਕੜ ਵਿਚ ਸਾਮਰਾਜੀ ਸ਼ਕਤੀਆਂ ਹਨ। ਸਾਮਰਾਜੀ ਸ਼ਕਤੀਆਂ ਨੇ ਭਾਰਤ ਨੂੰ ਮੰਡੀ
ਵਿਚ ਤਬਦੀਲ ਕਰਕੇ ਇਸਦਾ ਹੁਲੀਆ ਹੀ ਵਿਗਾੜ ਦਿੱਤਾ ਹੈ।ਪੰਜਾਬ ਭਾਰਤ ਦੇ ਉਹਨਾਂ ਸੂਬਿਆਂ ਵਿਚ
ਸੁਮਾਰ ਹੈ, ਜਿਹੜੇ ਬੜੀ ਛੇਤੀ ਸੰਸਾਰ ਮੰਡੀ ਦੀ ਗ੍ਰਿਫ਼ਤ ਵਿਚ ਆ ਗਏ ਹਨ। ਬਹੁਕੌਮੀ ਕਾਰਪੋਰੇਸ਼ਨਾਂ
ਨੇ ਪੰਜਾਬ ਸਮੇਤ ਭਾਰਤ ਦੀ ਸਥਾਨਕਤਾ ਨੂੰ ਵੱਡੇ ਪੱਧਰ ’ਤੇ ਖੋਰਨ ਦਾ ਕੰਮ ਕੀਤਾ ਹੈ।ਪੰਜਾਬ ਦਾ
ਖਾਣ ਪੀਣ, ਪਹਿਰਾਵਾ, ਵਾਤਾਵਰਣ, ਮਨੋਰੰਜਨ, ਸੁਹਜ ਸੁਆਦ ਆਦਿ ਸਭ ਕੁਝ ਪ੍ਰਰਭਾਵਿਤ ਹੋ ਗਿਆ ਹੈ।
ਸ਼ੁੱਧ ਦੇਸੀ ਖੁਰਾਕਾਂ ਦੀ ਥਾਂ ਪੀਜ਼ੇ, ਬਰਗਰ ਆ ਗਏ ਹਨ। ਜੋ ਗੀਤ-ਸੰਗੀਤ ਪੰਜਾਬੀਆਂ ਦੀ ਰੂਹ ਦੀ
ਖੁਰਾਕ ਸੀ, ਪੰਜਾਬੀਆਂ ਦੀ ਜੀਵਨ-ਜਾਂਚ ਦਾ ਹਿੱਸਾ ਸੀ, ਅੱਜ ਮੰਡੀ ਦੀ ਵਸਤੂ ਬਣ ਗਿਆ ਹੈ।ਪੰਜਾਬੀ ਬੰਦਾ
ਇਸ ਗੀਤ-ਸੰਗੀਤ ਦਾ ਖਪਤਕਾਰ ਬਣ ਕੇ ਰਹਿ ਗਿਆ ਹੈ।ਰੂਹ ਨੂੰ ਸਕੂਨ ਦੇਣ ਵਾਲੇ ਗੀਤ-ਸੰਗੀਤ ਦੀ ਥਾਂ
ਪੱਛਮੀ ਰੰਗ ਵਿਚ ਰੰਗਿਆ ਸ਼ੋਰ ਭਰਪੂਰ ਸੰਗੀਤ ਆ ਗਿਆ ਹੈ, ਜੋ ਅਸ਼ਲੀਲਤਾ, ਉਪਭੋਗਤਾਵਾਦ ਤੇ
ਹੈਂਕੜ ਨੂੰ ਉਤਸ਼ਾਹਿਤ ਕਰਦਾ ਹੈ। ਪੰਜਾਬੀ ਬੰਦਾ ਨਸ਼ੇ ਅਤੇ ਹਥਿਆਰਾਂ ਦੇ ਗਲੈਮਰ ਦਾ ਮੁਰੀਦ
ਬਣ ਗਿਆ ਹੈ।ਗੁਰਭਜਨ ਗਿੱਲ ਵਿਸ਼ਵੀਕਰਨ ਦੀ ਸਿਆਸਤ ਦੇ ਮਨੁੱਖ ਵਿਰੋਧੀ ਰੁਝਾਨਾਂ ਪ੍ਰਰਤੀ ਅਸਵੀਕ੍ਰਿਤੀ ਅਤੇ
ਵਿਰੋਧ ਦਾ ਰੁਖ਼ ਅਪਣਾਉਂਦਾ ਹੋਇਆ ਕਹਿੰਦਾ ਹੈ-
ਅਮਰੀਕਾ ਤੋਂ ਦਿੱਲੀ ਥਾਣੀਂ ਮਾਲ ਪਲਾਜ਼ੇ ਆ ਗਏ ਨੇ,
ਬੁਰਕੀ ਬੁਰਕੀ ਕਰਕੇ ਖਾ ਗਏ ਨਿੱਕੀਆਂ ਨਿੱਕੀਆਂ ਮੰਡੀਆਂ ਨੂੰ ।
ਸਾਡੀ ਧਰਤੀ ਪਲੀਤ, ਸਾਡੇ ਪਾਣੀਆਂ ’ਚ ਮੌਤ,
ਪੈਂਦੇ ਘਰ ਘਰ ਵੈਣ, ਵਗੇ ਜ਼ਹਿਰ ਭਿੱਜੀ ਪੌਣ।
ਪੰਜਾਬੀ ਗ਼ੈਰਤਮੰਦ ਲੋਕ ਮੰਨੇ ਜਾਂਦੇ ਸਨ, ਜਿਹਨਾਂ ਦਾ ਖ਼ਾਸਾ ਜ਼ਾਲਮ ਨਾਲ਼ ਟੱਕਰ ਲੈਣਾ ਤੇ
ਮਜ਼ਲੂਮਾਂ ਦੀ ਰੱਖਿਆ ਕਰਨਾ ਰਿਹਾ ਹੈ।ਅੱਜ ਪੰਜਾਬੀ ਆਪਣੀ ਇਹ ਪਛਾਣ ਗੁਆ ਚੁੱਕੇ ਹਨ ।ਉਹਨਾਂ
ਨੂੰ ਦੁਸ਼ਮਣ ਦੀ ਪਹਿਚਾਣ ਭੁੱਲ ਗਈ ਹੈ। ਲੜਾਕੂ ਸੁਭਾਅ ਤਾਂ ਉਹਨਾਂ ਦਾ ਹੁਣ ਵੀ ਹੈ, ਪਰ ਉਹ
ਜ਼ਿਆਦਾਤਰ ਭਰਾ ਮਾਰੂ ਜੰਗ ਲੜ ਕੇ ਹੀ ਆਪਣੀ ਤਾਕਤ ਜ਼ਾਇਆ ਕਰ ਰਹੇ ਹਨ। ਗੁਰਭਜਨ ਗਿੱਲ ਆਪਣੀ ਹੱਥਲੀ
ਪੁਸਤਕ ਵਿਚ ਪੰਜਾਬੀਆਂ ਦੇ ਇਸ ਸੁਭਾਅ ਨੂੰ ਚਿਤਰਦਾ ਵੀ ਹੈ ਤੇ ਤਰਕ ਅਤੇ ਪਿਆਰ ਨਾਲ ਉਹਨਾਂ
ਨੂੰ ਸਮਝਾਉਂਦਾ ਵੀ ਹੈ-
ਮਾਂ ਦੀ ਚੁੰਨੀ, ਧੀ ਦੀ ਅਜ਼ਮਤ, ਜਿਹੜੇ ਭੁੱਲੀ ਬੈਠੇ ਨੇ,
ਕੱਪੜਾ ਬੰਨ੍ਹੀ ਫਿਰਦੇ ਸਿਰ ’ਤੇ ਇਹ ਲੜ ਸਾਡੀ ਪੱਗ ਦੇ ਨਹੀਂ।
ਤੇਰਾ ਕਿਸੇ ਨਾਲ਼ ਹੋਣਾ ਕੀ ਵਿਰੋਧ ਤੂੰ ਗੰਡੋਇਆ,
ਸਾਡੇ ਤਾਂ ਹੀ ਬਹੁਤੇ ਵੈਰੀ ਸਾਡੀ ਗਿੱਠ ਲੰਮੀ ਧੌਣ।
ਮੁੜ ਜਾ ਚਿੜੀਏ ਸ਼ੀਸ਼ੇ ਅੱਗਿਓਂ, ਆਲ੍ਹਣਿਆਂ ਵਿਚ ਬੋਟ ਉਡੀਕਣ,
ਆਪਣੇ ਨਾਲ਼ ਲੜਨ ਦੀ ਜੰਗ ਦਾ, ਕਦੇ ਮੋਰਚਾ ਸਰ ਨਹੀਂ ਹੁੰਦਾ।
ਹਾਕਮਾਂ ਦੀਆਂ ਦੋਸ਼ਪੂਰਨ ਨੀਤੀਆਂ ਕਾਰਨ ਪੈਦਾ ਹੋਈਆਂ ਤਮਾਮ ਸਮੱਸਿਆਵਾਂ ਦੇ ਫ਼ਲਸਰੂਪ
ਪੰਜਾਬ ਦਿਨ ਪ੍ਰਰਤੀ ਦਿਨ ਨਿਘਾਰ ਵੱਲ ਵਧਦਾ ਜਾ ਹੈ । ਗੁਰਭਜਨ ਗਿੱਲ ਉਹਨਾਂ ਵਿਭਿੰਨ ਸਮੱਸਿਆਵਾਂ ਨੂੰ
ਆਪਣੀ ਸ਼ਾਇਰੀ ਦਾ ਅੰਗ ਬਣਾਉਂਦਾ ਹੈ।ਕਿਸਾਨੀ ਦਾ ਸੰਕਟ, ਧਰਤੀ ਹੇਠਲੇ ਪਾਣੀ ਦਾ ਨਿੱਤ ਦਿਨ ਡਿੱਗਦਾ
ਪੱਧਰ, ਹਵਾ ਅਤੇ ਪਾਣੀ ਦਾ ਖ਼ਤਰਨਾਕ ਹੱਦ ਤੱਕ ਪ੍ਰਰਦੂਸ਼ਿਤ ਹੋਣਾ, ਬੇਰੁਜ਼ਗਾਰੀ ਦਾ ਵਧਦੇ ਜਾਣਾ, ਨਸ਼ਿਆਂ
ਦਾ ਵਧਦਾ ਸੇਵਨ/ਵਪਾਰ , ਸੱਭਿਆਚਾਰਕ ਪ੍ਰਰਦੂਸ਼ਣ, ਮਾਂ-ਬੋਲੀ ਪ੍ਰਰਤੀ ਅਵੇਸਲਾਪਨ, ਵਧ ਰਿਹਾ
ਅਪਰਾਧੀਕਰਨ, ਧਰਮ ਦੇ ਸ਼ੋਸ਼ਣਿਕ ਅਤੇ ਅਡੰਬਰੀ ਰੂਪ ਦਾ ਅਗਰਭੂਮੀ ’ਤੇ ਆਉਣਾ ਅਤੇ ਪੰਜਾਬ ਦਾ
ਭਿਆਨਕ ਬੀਮਾਰੀਆਂ ਦੀ ਲਪੇਟ ਵਿਚ ਆਉਣਾ ਆਦਿ ਵਿਭਿੰਨ ਸਮੱਸਿਆਵਾਂ ਉਸਦੀ ਸ਼ਾਇਰੀ ਵਿਚ ਪੇਸ਼
ਪੇਸ਼ ਹਨ-
ਪੱਕੀ ਫ਼ਸਲ ’ਤੇ ਬਿਜਲੀ ਪੈ ਗਈ ਸਰਸਵਤੀ ’ਤੇ ਲੱਛਮੀ ਬਹਿ ਗਈ,
ਗਿਆਨ ਪੰਘੂੜੇ ਵਾਲ਼ੇ ਘਰ ਵਿਚ ਰੁਲ਼ ਗਈ ਕਲਮ ਦਵਾਤ ਕਿਉਂ ਹੈ।
ਸ਼ਹਿਰ ਮਿਲ਼ੇ ਨਾ ਦਿਹਾੜੀ ਪਿੰਡੋਂ ਸੁੰਗੜੇ ਸਿਆੜ,
ਤੀਜਾ ਕਰਜ਼ੇ ਦੇ ਹੇਠ ਹੋਇਆ ਆਮ ਆਦਮੀ ।
ਆਪੋ-ਧਾਪੀ ਦੇ ਇਸ ਦੌਰ ’ਚ ਗਿਆਨ ਪੋਥੀਆਂ ਕਿਹੜਾ ਵਾਚੇ
ਉਡਦੀ ਧੂੜ ’ਚ ਸ਼ਬਦ ਵਿਚਾਰਾ, ਏਸ ਤਰ੍ਹਾਂ ਹੀ ਰੁਲ਼ ਜਾਣਾ ਹੈ।
ਪੰਜਾਬ ਜਾਂ ਭਾਰਤ ਦੀਆਂ ਸਮੱਸਿਆਵਾਂ ਦਾ ਆਜ਼ਾਦੀ ਦੇ 68 ਵਰ੍ਹਿਆਂ ਬਾਅਦ ਵੀ ਜੇ ਹੱਲ ਨਹੀਂ
ਹੋਇਆ ਤਾਂ ਇਸ ਲਈ ਨਿਰਸੰਦੇਹ ਇੱਥੋਂ ਦੀ ਸ਼ੋਸ਼ਣਕਾਰੀ ਵਿਵਸਥਾ ਜ਼ਿਮੇਵਾਰ ਹੈ। ਪ੍ਰਰਚਾਰ ਦੇ ਪੱਧਰ ’ਤੇ
ਭਾਵੇਂ ਸਾਡੇ ਹਾਕਮਾਂ ਦੁਆਰਾ ਇਹ ਪ੍ਰਰਵਚਨ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਭਾਰਤ ਨੇ ਬਹੁਤ
ਵਿਕਾਸ ਕਰ ਲਿਆ ਹੈ, ਪਰ ਗੁਰਭਜਨ ਗਿੱਲ ਇਸ ਝੂਠ ਤੋਂ ਪਰਦਾ ਉਠਾਉਂਦਾ ਹੋਇਆ ਕਹਿੰਦਾ ਹੈ ਕਿ
ਸਿਰਫ਼ ਮੁੱਠੀਭਰ ਲੋਕਾਂ (ਦਸ-ਪੰਦਰਾਂ ਫ਼ੀਸਦੀ) ਦਾ ਹੀ ਵਿਕਾਸ ਹੋਇਆ ਹੈ। ਗੁਰਭਜਨ ਗਿੱਲ ਇਸ ਅਮਾਨਵੀ
ਸੱਤਾ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੋਇਆ ਬੜੇ ਮਾਰਮਿਕ ਸ਼ਿਅਰ ਕਹਿੰਦਾ ਹੈ-
ਖ਼ੌਰੇ ਕੈਸਾ ਹੈ ਵਿਕਾਸ, ਜਿੱਥੇ ਨੱਬੇ ਨੇ ਉਦਾਸ,
ਆਖ ਘੜੀ ਮੁੜੀ ਸਾਨੂੰ ਕੂੜਾ ਗੀਤ ਨਾ ਸੁਣਾਉਣ।
ਲ਼ੋਕ ਰਾਜ ਦੀ ਲਾੜੀ ਲੈ ਗਏ ਥੈਲੀਸ਼ਾਹ,
ਅਕਲਾਂ ਵਾਲ਼ੇ ਹਾਉਕੇ ਭਰਦੇ ਰਹਿ ਗਏ ਨੇ।
ਇਸ ਧਰਤੀ ਦੇ ਮਾਲ ਖ਼ਜ਼ਾਨੇ, ਕੁਰਸੀ ਵਾਲੇ ਚੁੰਘੀ ਜਾਂਦੇ,
ਸਾਡੇ ਹਿੱਸੇ ਹਰ ਵਾਰੀ ਹੀ, ਭਾਗਾਂ ਦੀ ਧਰਵਾਸ ਕਿਉਂ ਹੈ?
ਪੰਜਾਬ ਕਿਸੇ ਸਮੇਂ ਸਭ ਤੋਂ ਵੱਧ ਪ੍ਰਰਤੀ ਵਿਅਕਤੀ ਆਮਦਨ ਵਾਲ਼ਾ ਸੂਬਾ ਰਿਹਾ ਹੈ। ਪਰ ਏਸ ਸਮੇਂ
ਇਹ ਆਰਥਿਕ ਦੀਵਾਲ਼ੀਏਪਨ ਦੀ ਕਗਾਰ ’ਤੇ ਪਹੁੰਚ ਗਿਆ ਹੈ।ਨਵੀਂ ਭਰਤੀ ਤਕਰੀਬਨ ਬੰਦ ਹੈ, ਜੇ ਹੁੰਦੀ
ਹੈ ਤਾਂ ਠੇਕੇ ’ਤੇ ਹੁੰਦੀ ਹੈ। ਹਰ ਵਿਭਾਗ ਵਿਚ ਹਜ਼ਾਰਾਂ ਪੋਸਟਾਂ ਖ਼ਾਲੀ ਹਨ। ਪਹਿਲਾਂ ਤੋਂ ਕੰਮ ਕਰਦੇ
ਮੁਲਾਜ਼ਮਾਂ ਨੂੰ ਕਈ ਵਾਰ ਕਈ ਕਈ ਮਹੀਨੇ ਤਨਖਾਹਾਂ ਨਹੀਂ ਮਿਲਦੀਆਂ। ਹੁਣ ਤਾਂ ਮੁਲਾਜ਼ਮਾਂ ਨੂੰ
ਤਨਖਾਹਾਂ ਲਈ ਵੀ ਧਰਨੇ ਲਾਉਣੇ ਪੈਂਦੇ ਹਨ ।ਟੈਕਸਾਂ ਨੇ ਲੋਕਾਂ ਦਾ ਜੀਣਾ ਦੁੱਭਰ ਕੀਤਾ ਹੋਇਆ
ਹੈ।ਹੁਣ ਤਾਂ ਹਰ ਪੰਜਾਬੀ ਨੌਜਵਾਨ ਆਪਣਾ ਭਵਿੱਖ ਵਿਦੇਸ਼ੀ ਧਰਤੀਆਂ ’ਤੇ ਜਾ ਕੇ ਸੰਵਾਰਨ ਦਾ ਸੁਪਨਾ
ਲੈਣ ਲੱਗਾ ਹੈ।ਅੱਜ ਸਿੱਖਿਆ ਵੀ ਵਿਦੇਸ਼ਾਂ ਵਿਚ ਜਾ ਕੇ ਸੈੱਟਲ ਹੋਣ ਵਿਚ ਮਦਦ ਕਰਨ ਵਾਲੀ ਜਾਂ ਕਾਰਪੋਰੇਸ਼ਨਾਂ
ਲਈ ਕਾਮੇ ਤਿਆਰ ਕਰਨ ਵਾਲ਼ੀ ਦਿੱਤੀ ਜਾ ਰਹੀ ਹੈ।ਰਾਜ ਕਰਦੇ ਲੋਕਾਂ ਦੀ ‘ਸੂਝ ਬੂਝ’ ਅਤੇ ਨੀਅਤ ਦਾ ਪਤਾ ਇਸ
ਤੱਥ ਤੋਂ ਹੀ ਲੱਗ ਜਾਂਦਾ ਹੈ ਕਿ ਹੁਣ ਸਿੱਖਿਆ ਅਤੇ ਸੱਭਿਆਚਾਰ ਵਰਗੇ ਖੇਤਰ ਸ਼ਰਾਬ ਤੋਂ ਹੋਣ ਵਾਲੀ
ਕਮਾਈ ਦੇ ਮੁਥਾਜ ਹੋ ਗਏ ਹਨ। ਗੁਰਭਜਨ ਗਿੱਲ ਹਾਕਮਾਂ ਦੀ ਇਸ ਬਦਨੀਤੀ ਤੇ ਗ਼ੈਰ-ਸੰਜੀਦਗੀ ਨੂੰ ਬੜੀ
ਬੇਬਾਕੀ ਨਾਲ਼ ਪੇਸ਼ ਕਰਦਾ ਹੈ-
ਓਸ ਧਰਤੀ ਨੂੰ ਹੋਰ ਕਿਵੇਂ ਖਾਵੇਗੀ ਸਿਉਂਕ,
ਜਿੱਥੇ ਗਿਆਨ ਦੀ ਕਿਆਰੀ ਸਿੰਜੇ ਠੇਕੇ ਦੀ ਸ਼ਰਾਬ।
ਰਾਜਨੀਤੀ ਅੱਜ ਲੁੱਟ ਅਤੇ ਮੁਨਾਫ਼ੇ ਦਾ ਦਾ ਧੰਦਾ ਬਣ ਚੁੱਕੀ ਹੈ।ਲੋਕਾਂ ਦੀਆਂ ਸਮੱਸਿਆਵਾਂ ਦੀ ਕਿਸੇ
ਨੂੰ ਕੋਈ ਚਿੰਤਾ ਨਹੀਂ। ਬੇਆਸ ਹੋਏ ਲੋਕਾਂ, ਖ਼ਾਸ ਕਰ ਕਿਸਾਨਾਂ ਨੇ ਖ਼ੁਦਕਸ਼ੀ ਨੂੰ ਹੀ ਆਪਣੀ
ਮੁਕਤੀ ਦਾ ਰਾਹ ਸਮਝ ਲਿਆ ਹੈ।ਅਜੋਕੇ ਸੰਵੇਦਨਾਹੀਣ ਹਾਕਮ ਜਿਹਨਾਂ ਦੀਆਂ ਅਮਾਨਵੀ ਨੀਤੀਆਂ ਕਾਰਨ
ਜਨਤਾ ਦੇ ਦੁੱਖਾਂ-ਦਰਦਾਂ ਦਾ ਕੋਈ ਅੰਤ ਹੋਣ ਵਿਚ ਨਹੀਂ ਆ ਰਿਹਾ, ਉਹਨਾਂ ਨੂੰ ਗੁਰਭਜਨ ਗਿੱਲ
ਔਰੰਗਜੇਬ ਤੋਂ ਵੀ ਮਾੜੇ ਕਹਿੰਦਾ ਹੈ-
ਔਰੰਗਜ਼ੇਬ ਉਦਾਸ ਕਬਰ ਵਿਚ , ਅੱਜ ਕੱਲ੍ਹ ਏਦਾਂ ਸੋਚ ਰਿਹਾ ਹੈ,
ਅੱਜ ਦੇ ਹਾਕਮ ਵਰਗਾ ਬਣਦਾ, ਮੈਂ ਖ਼ਤ ਪੜ੍ਹ ਕੇ ਕਿਉਂ ਮਰਨਾ ਸੀ।
ਇਸ ਸਾਰੇ ਵਰਤਾਰੇ ਵਿਰੁੱਧ ਗੁਰਭਜਨ ਗਿੱਲ ਪੰਜਾਬੀਆਂ ਨੂੰ ਚੌਕਸ ਕਰਦਾ ਹੈ।ਇਸ ਤਰ੍ਹਾਂ ਉਹ ਇਕ
ਸੁਚੇਤ ਰਚਨਾਕਾਰ ਵਜੋਂ ਪਾਠਕ ਨੂੰ ਮੁਖ਼ਾਤਿਬ ਹੁੰਦਾ ਹੈ।ਉਸਦੀ ਸ਼ਾਇਰੀ ਸਮਾਜਿਕ ਚੇਤਨਾ ਦਾ ਇਕ
ਖ਼ਾਸ ਪ੍ਰਰਯੋਜਨ ਲੈ ਕੇ ਸਾਹਮਣੇ ਆਉਂਦੀ ਹੈ। ਇਹ ਪ੍ਰਰਯੋਜਨ ਤਾਂ ਹੀ ਪੂਰਾ ਹੋ ਸਕਦਾ ਹੈ ਜੇਕਰ ਇਹ
ਸ਼ਾਇਰੀ ਸੰਚਾਰ ਯੁਕਤ ਹੋਵੇ। ਆਪਣੀ ਸ਼ਾਇਰੀ ਨੂੰ ਸੰਚਾਰ ਯੁਕਤ ਬਣਾਉਣ ਲਈ ਉਹ ਇਸਨੂੰ ਸਰਲਤਾ
ਅਤੇ ਸਹਿਜਤਾ ਜਿਹੀਆਂ ਖ਼ੂਬੀਆਂ ਦੀ ਧਾਰਨੀ ਬਣਾਉਂਦਾ ਹੈ। ਉਹ ਵੱਧ ਤੋਂ ਵੱਧ ਬਹਿਰਾਂ ਨਿਭਾਉਣ ਜਾਂ
ਬਹਿਰਾਂ ਦੇ ਤਜਰਬੇ ਕਰਨ ਨਾਲੋਂ ਪੇਸ਼ ਕੀਤੇ ਜਾਣ ਵਾਲ਼ੇ ਯਥਾਰਥ ਵੱਲ ਜ਼ਿਆਦਾ ਬਲ ਦਿੰਦਾ ਹੈ। ਉਸਨੇ
ਬਹਿਰਾਂ ਵੀ ਜ਼ਿਆਦਾਤਰ ਉਹੀ ਲਈਆਂ ਹਨ, ਜਿਹਨਾਂ ਦੀ ਲੈਅ ਪੰਜਾਬੀਆਂ ਲਈ ਜਾਣੀ ਪਹਿਚਾਣੀ ਹੈ, ਉਹਨਾਂ
ਦੀ ਰੂਹ ਵਿਚ ਸਮਾਈ ਹੋਈ ਹੈ। ਉਸਨੇ ਦੇਸੀ ਛੰਦਾਂ ਦਵੱਈਆ, ਪ੍ਰਰਮੋਦਕ, ਕਬਿੱਤ ਤੇ ਕੋਰੜਾ ਆਦਿ
ਵਿਚ ਵੀ ਗ਼ਜ਼ਲਾਂ ਦੀ ਸਿਰਜਣਾ ਕਰਕੇ ਗ਼ਜ਼ਲ ਨੂੰ ਠੇਠ ਪੰਜਾਬੀ ਰੰਗ ਪ੍ਰਰਦਾਨ ਕੀਤਾ ਹੈ।ਉਸਦੀ ਸ਼ਬਦਾਵਲੀ ਠੇਠ
ਪੰਜਾਬੀ ਰੰਗ ਢੰਗ ਨਾਲ਼ ਓਤ ਪੋਤ ਹੈ। ਉਸ ਦੁਆਰਾ ਸ਼ਾਇਰੀ ਵਿਚ ਰਚਾਏ ਸੰਵਾਦ ਵਿਚ ਇਕ ਖ਼ਾਸ
ਤਰ੍ਹਾਂ ਦੀ ਅਪਣੱਤ ਤੇ ਮਿਠਾਸ ਹੈ। ਇਸ ਅਪਣੱਤ ਅਤੇ ਮਿਠਾਸ ਦਾ ਜਾਦੂ ਪਾਠਕਾਂ/ਸਰੋਤਿਆਂ ਦੇ ਸਿਰ
ਚੜ੍ਹ ਬੋਲਦਾ ਹੈ।ਅਜਿਹੀ ਜਟਿਲਤਾ ਰਹਿਤ ਲੋਕ ਪੱਖੀ ਸ਼ਾਇਰੀ ਹੀ ਹਰ ਦੌਰ ਵਿਚ ਪ੍ਰਰਵਾਨ ਚੜ੍ਹਦੀ ਆਈ ਹੈ।ਗੁਰਭਜਨ
ਗਿੱਲ ਦੀ ਪੰਜਾਬ ਅਤੇ ਭਾਰਤ ਦੇ ਦਰਦ ਨੂੰ ਦਿਲਕਸ਼ ਅੰਦਾਜ਼ ਵਿਚ ਪ੍ਰਰਸਤੁਤ ਕਰਦੀ ਅਜਿਹੀ ਸ਼ਾਇਰੀ ਦਾ ਜ਼ੋਰਦਾਰ
ਸਵਾਗਤ ਕਰਨਾ ਬਣਦਾ ਹੈ।
‘ਸੰਧੂਰਦਾਨੀ’ ਦਾ ਰਚਨਾਤਮਕ ਵਿਵੇਕ : ਜਗੀਰ ਸਿੰਘ ਨੂਰ (ਡਾ.)
ਗੁਰਭਜਨ ਗਿੱਲ ਪੰਜਾਬੀ ਸਾਹਿਤ ਜਗਤ ਵਿਚ ਜਾਣਿਆਂ-ਪਛਾਣਿਆਂ ਹਸਤਾਖਰ ਹੈ। ਉਹ
ਇਕੋ ਸਮੇਂ ਕਵੀ, ਵਾਰਤਕਕਾਰ, ਉੱਚ ਪੱਧਰ ਦੀਆਂ ਸੰਸਥਾਵਾਂ ਦਾ ਕਰਤਾ-ਧਰਤਾ ਅਤੇ ਨਵੇਂ ਸਥਾਪਿਤ ਹੋ ਰਹੇ
ਸਾਹਿਤਕਾਰਾਂ, ਸਾਹਿਤ-ਸੰਮੇਲਨਾਂ ਆਦਿ ਦਾ ਪ੍ਰੇਰਕ ਵੀ ਚਲਿਆ ਆ ਰਿਹਾ ਹੈ। ਕਵਿਤਾ ਦੇ ਖੇਤਰ ਵਿਚ ਖੁੱਲ੍ਹੀ
ਕਵਿਤਾ, ਛੰਦ-ਬੱਧ ਕਵਿਤਾ, ਗੀਤ ਅਤੇ ਵਿਸ਼ੇਸ਼ਤਰ ਗ਼ਜ਼ਲ ਦੇ ਖੇਤਰਾਂ ਵਿਚ ਸ਼ਾਹ ਸਵਾਰ ਮੰਨਿਆਂ ਜਾਂਦਾ ਹੈ। ਇਨ੍ਹਾਂ ਸਭ ਵਿਧਾਵਾਂ
ਜਾਂ ਰੂਪਾਂ ਵਿਚ ਉਸ ਦਾ ਰਚਨਾਤਮਕ-ਵਿਵੇਕ ਪੰਜਾਬੀ ਰਹਿਤਲ ਵਿਚੋਂ ਆਪਣੀ ਵੱਥ ਗ੍ਹਿਣ ਕਰਦਾ ਹੈ ਅਤੇ ਇਸਦੇ
ਕਾਵਿਕ ਪ੍ਰਗਟਾਵੇ ਲਈ ਉਹ ਪੰਜਾਬੀ ਬੋਲੀ, ਪੰਜਾਬ ਦੀ ਧਰਤੀ ਅਤੇ ਇਸਦੇ ਬੋਲਣਹਾਰਿਆਂ-ਵਸਨੀਕਾਂ ਦੇ
ਭਾਵਨਾਤਮਕ ਮੁਹਾਵਰੇ ਨੂੰ ਬੜੀ ਨੇੜਿਉਂ ਪਕੜ ਕੇ ਠੇਠ-ਮੁਹਾਵਰੇ ਵਿਚ ਵਿਅਕਤ ਕਰਦਾ ਹੈ। ਪੰਜਾਬੀ ਜਨਜੀਵਨ ਦੇ ਵਿਭਿੰਨ
ਪਾਸਾਰਾਂ ਵਿਚਲੀਆਂ ਵਿਭਿੰਨ ਪਰਤਾਂ ਨੂੰ ਬਿਆਨ ਕਰਨ ਲੱਗਿਆਂ ਸ਼ਬਦ ਝਰ-ਝਰ ਪੈਂਦੇ ਹਨ ਜੋ ਸੁੱਤੇ-ਸਿੱਧ ਪਾਠਕਾਂ ਅਤੇ
ਸਰੋਤਿਆਂ ਦੇ ਮਨਾਂ ਵਿਚ ਵਾਸਾ ਕਰ ਲੈਂਦੇ ਹਨ। ਅਸਲ ਵਿਚ ਕਿਸੇ ਵੀ ਭਾਸ਼ਾ ਦੇ ਸਾਹਿਤ ਵਿਚ ਅਜਿਹਾ ਹੋਣਾ,
ਉਸ ਭਾਸ਼ਾ ਦੇ ਸਾਹਿਤ ਦੀ ਅਮੀਰੀ ਅਖਵਾਉਂਦੀ ਹੈ। ਇਸੇ ਲੜੀ ਤਹਿਤ ਗਿੱਲ ਸਾਹਿਬ ਨੇ ‘ ਸੰਧੂਰਦਾਨੀ ’ ਪੁਸਤਕ
ਪਾਠਕਾਂ ਦੇ ਸਨਮੁੱਖ ਕੀਤੀ ਹੈ, ਜਿਸ ਵਿਚ ਢਾਈ ਸੌ ਤੋਂ ਵੱਧ ਰੁਬਾਈਆਂ ਸ਼ਾਮਿਲ ਕੀਤੀਆਂ ਗਈਆਂ ਹਨ।
‘ਰੁਬਾਈ’ ਉਹ ਕਾਵਿ-ਰੂਪ ਹੈ, ਜਿਸ ਵਿਚ ਕੇਵਲ ਚਾਰ ਸਤਰਾਂ ’ਚ ਹੀ ਆਜ਼ਾਦ ਵਿਚਾਰਾਂ ਦਾ ਭਾਵ-ਪੂਰਤ ਪ੍ਰਗਟਾਵਾ ਕੀਤਾ ਜਾਂਦਾ ਹੈ। ਇਹ ਚਾਰ ਸਤਰਾਂ ਬੜੀ ਹੀ ਸੂਤਰਿਕ
ਕਾਵਿ-ਸ਼ੈਲੀ ’ਚ ਪਰੋਈਆਂ ਜਾਂਦੀਆਂ ਹਨ। ਪਹਿਲੀ, ਦੂਜੀ ਅਤੇ ਚੌਥੀ ਤੁਕ ਦਾ ਤੁਕਾਂਤ ਆਪਸ ਵਿਚ ਮਿਲਦਾ ਹੁੰਦਾ ਹੈ, ਜਦ ਕਿ ਤੀਜੀ ਤੁਕ ਦਾ
ਨਹੀਂ ਮਿਲਦਾ। ਪਰੰਤੂ ਵਿਚਾਰ-ਕੜੀ ਨੂੰ ਇਹ ਤੀਜੀ ਤੁਕ ਨਵਾਂ ਮੋੜ ਦੇ ਕੇ ਚੌਥੀ ਤੁਕ ਰਾਹੀਂ ਸਮੁੱਚੇ ਅਰਥ-ਸੰਚਾਰ ਨੂੰ ਪ੍ਰਭਾਵਸ਼ਾਲੀ ਬਣਾ ਦੇਂਦੀ ਹੈ।
ਉਦਾਹਰਣ ਵਜੋਂ-
ੳ
ਅਣਖ ਜਗਾਵੇ ਨਾ ਜੋ, ਉਹ ਵੰਗਾਰ ਨਹੀਂ ਹੁੰਦੀ।
ਚੋਰਾਂ ਨਾਲ ਜੋ ਰਲ਼ ਜੇ, ਉਹ ਸਰਕਾਰ ਨਹੀਂ ਹੁੰਦੀ।
ਹੱਕ, ਸੱਚ, ਇਨਸਾਫ ਤੇ ਡਾਕੇ ਸਿਖਰ ਦੁਪਹਿਰੇ ਜੇ,
ਵੇਖ ਕੇ ਅੱਖਾਂ ਮੀਟ ਲਵੇ, ਅਖਬਾਰ ਨਹੀਂ ਹੁੰਦੀ। ( ਪੰਨਾ50)
ਅ
ਦਸਮ ਪਿਤਾ ਹੁਣ ਸੀਸ ਤਲੀ ’ਤੇ ਧਰਿਆ ਨਹੀਂ ਜਾਂਦਾ।
ਹੱਕ, ਸੱਚ ਇਨਸਾਫ ਦੀ ਖਾਤਰ ਮਰਿਆ ਨਹੀਂ ਜਾਂਦਾ।
ਕੁਰਸੀ ਯੁੱਧ ਨੂੰ ਲੜਦੇ ਲੜਦੇ ਧਰਮ ਗੁਆਚ ਗਿਆ,
ਸ਼ੁੱਭ ਕਰਮਨ ਵੀ ਅੱਜ ਕੱਲ੍ਹ ਸਾਥੋਂ ਕਰਿਆ ਨਹੀਂ ਜਾਂਦਾ। (ਪੰਨਾ39 )
ਗੁਰਭਜਨ ਗਿੱਲ ਦੀ ਕਾਵਿ-ਰਚਨਾਤਮਕ ਖੂਬੀ ਹੈ ਕਿ ਉਹ ਰੂਪਾਕਾਰ ਦੇ ਬੰਧਨਾਂ ਵਿਚ
ਬੱਝ ਕੇ ਸ਼ਾਇਰੀ ਨਹੀਂ ਕਰਦਾ। ਉਸਦਾ ਰਚਨਾਤਮਕ ਵਿਵੇਕ ਵਿਚਾਰਧਾਰਕ ਪਹਿਲੂਆਂ ਦੇ ਦਾਰਸ਼ਨਿਕ, ਸਮਾਜਕ,
ਸਭਿਆਚਾਰਕ, ਰਾਜਸੀ, ਪ੍ਰਸ਼ਾਸਨਿਕ ਅਤੇ ਨਵਤਕਨੀਕੀ ਯੁੱਗ ਨਾਲ ਜੁੜੇ ਹੋਏ ਵਿਭਿੰਨ ਮੀਡੀਏ ਦੇ ਸਰੋਕਾਰਾਂ ਦਾ
ਆਲੋਚਨਾਤਮਕ ਯਥਾਰਥ ਪੇਸ਼ ਕਰਨ ਵਿਚ ਨਿਹਿੱਤ ਹੁੰਦਾ ਹੈ। ਇਸ ਪੱਧਤੀ ਦਾ ਪਿਛੋਕੜ ਕਾਰਨ ਇਹ ਵੀ ਹੈ ਕਿ
ਜਿੰਨਾਂ ਚਿਰ ਸਾਡਾ ਘਰ, ਸਮਾਜ, ਕੌਮ ਅਤੇ ਦੇਸ਼ ਵਿਭਿੰਨ ਬੁਰਾਈਆਂ ਦੀ ਜਕੜਬੰਦੀ ਤੋਂ ਸੁਤੰਤਰ ਨਹੀਂ ਹੋ ਜਾਂਦਾ , ਉਦੋਂ ਤਕ
ਮਾਨਵ ਸੁੱਖ ਦਾ ਸਾਹ ਨਹੀਂ ਲੈ ਸਕਦਾ। ਨਿਰੇ ਰੂਪਾਕਾਰ ਜਾਂ ਛੰਦ-ਵਿਧਾਨ ਜਾਂ ਕਾਵਿ-ਭੇਦਾਂ ਦੀ ਵਿਭਿੰਨ ਬਣਤਰ-ਬੁਣਤਰ ਇਨ੍ਹਾਂ ਰੁਬਾਈਆਂ ਨੂੰ ਭਾਵੇਂ
ਸੋਧਣ ਦੀ ਲੋੜ ਦੱਸਣ ਪਰ ਚੇਤਨਾ ਆਧਾਰਿਤ ਵਿਚਾਰਾਂ ਦੀ ਪ੍ਰਮੁੱਖਤਾ ਦਾ ਬੋਧ ਹੋਣਾ ਵੀ ਤਾਂ ਲਾਜ਼ਮੀ ਹੈ।
ਪੰਜਾਬੀ ਕੌਮ ਨੂੰ, ਚਾਹੇ ਉਹ ਹਿੰਦੂ ਹੈ, ਮੁਸਲਿਮ ਹੈ, ਈਸਾਈ ਹੈ, ਸਿੱਖ ਹੈ ਜਾਂ ਹੋਰ
ਧਰਮਾਂ ਦਾ ਅਨੁਯਾਈ ਹੈ, ਸਮਾਂ ਹੈ ਕਿ ਉਹ ਸੁਚੇਤ ਹੋਵੇ, ਜਾਗਿ੍ਤ ਹੋਵੇ, ਸਮਕਾਲੀਨ ਮਨੁੱਖ ਨੂੰ ਪੇਸ਼-ਦਰ-ਪੇਸ਼ ਤੰਗੀਆਂ-
ਤੁਰਸ਼ੀਆਂ ਦੀ ਜਗਿਆਸਾ ਹੋਵੇ, ਤਾਂ ਹੀ ਤਾਂ, ਨਵੀਨ ਚੇਤਨਾ ਜਾਗੇਗੀ? ਇਹੋ ਪੈਗ਼ਾਮ ਗੁਰਭਜਨ ਗਿੱਲ ਦੀਆਂ ਇਨ੍ਹਾਂ
ਰੁਬਾਈਆਂ ’ਚ ਅੰਕਿਤ ਹੈ। ਹੇਠਾਂ ਅੰਕਿਤ ਰੁਬਾਈਆਂ ਉਸਦੇ ਵਿਭਿੰਨ ਵਿਚਾਰਧਾਰਕ ਪਹਿਲੂਆਂ ਦਾ ਸਹਿਜ- ਪ੍ਰਗਟਾਵਾ ਹਨ-
ੳ
ਰਾਜਗੁਰੂ, ਸੁਖਦੇਵ, ਭਗਤ ਸਿੰਘ ਤਿੰਨ ਫੁੱਲ ਸੁਰਖ ਗੁਲਾਬ ਜਹੇ ਨੇ।
ਇੱਕ ਮੌਸਮ ਵਿਚ ਉਗਮੇਂ, ਪੱਲ੍ਹਰੇ ਸਭ ਅਣਖੀਲੇ ਖਵਾਬ ਜਹੇ ਨੇ।
ਗੁਲਦਸਤੇ ’ਚੋਂ ਮਨਮਤੀਏ ਕਿਉਂ, ਆਪਣੇ ਰੰਗ ਨਿਖੇੜ ਰਹੇ ਜੀ,
ਇਹ ਤਾਂ ਪੰਜ ਦਰਿਆਈ ਸੁਪਨੇ, ਸਾਬਤ ਦੇਸ ਪੰਜਾਬ ਜਹੇ ਨੇ। (ਪੰਨਾ-19 )
ਅ
ਕਿਹੋ ਜਿਹਾ ਸ਼ਹਿਰ ਜਿੱਥੇ ਧੁੱਪ ਹੈ ਨਾ ਛਾਂ ਹੈ।
ਚੱਤੇ ਪਹਿਰ ਮੌਸਮਾਂ ਦਾ ਇੱਕੋ ਜਿਹਾ ਨਾਂ ਹੈ।
ਨਵੀਂ ਤਹਿਜ਼ੀਬ ਜਿਸ ਜਿਸ ਨੂੰ ਮਧੋਲਿਆ,
ਉਨ੍ਹਾਂ ਅੰਗ-ਮਾਰਿਆਂ ’ਚ ਮੇਰਾ ਵੀ ਗਰਾਂ ਹੈ। (ਪੰਨਾ-97 )
ੲ
ਆਹ ਇੱਕ ਪੱਤਾ ਲਾਲ ਜਿਹਾ ਹੈ।
ਕੋਮਲ ਬਾਲ ਗੋਪਾਲ ਜਿਹਾ ਹੈ।
ਹੋਠ ਜਿਵੇਂ ਮੁਟਿਆਰ ਕਿਸੇ ਦੇ,
ਬਿਲਕੁਲ ਸੁਰਖ ਸਵਾਲ ਜਿਹਾ ਹੈ। ( ਪੰਨਾ-86 )
ਗੁਰਭਜਨ ਗਿੱਲ ਦੀ ਸ਼ਾਇਰੀ ਮਾਨਵ ਦੇ ਕਲਿਆਣਕਾਰੀ ਸਰੋਕਾਰਾਂ ਦੇ ਲਈ ਕਾਰਜਸ਼ੀਲ
ਸਰੋਕਾਰਾਂ ਦੇ ਭਾਵਾਂ- ਉਦਗਾਰਾਂ, ਚਾਹਤਾਂ ਅਤੇ ਉਮੰਗਾਂ ਦੇ ਭਾਵ-ਬੋਧ ਦਾ ਪ੍ਰਗਟਾਵਾ ਹੈ। ਉਹ
ਸ਼ਾਇਰੀ ਦੇ ਸ਼ਬਦਾਂ ਦੇ ਸੰਚਾਰ ਜ਼ਰੀਏ ਮਨੁੱਖ ਨੂੰ ਭਲਾ-ਪੁਰਸ਼, ਨੇਕ-ਦਿਲ, ਖਾਹ-ਮ-ਖਾਹ ਦੀਆਂ
ਰੁੱਚੀਆਂ ਤੋਂ ਉਪਰ ਉੱਠਿਆ ਹੋਇਆ ਵੇਖਣਾ ਚਾਹੁੰਦਾ ਹੈ ਅਤੇ ਨਾਲ ਦੀ ਨਾਲ ਉਹ
ਇਸ ਤਾਲਾਸ਼ ਵਿਚ ਵੀ ਹੈ ਕਿ ਕਾਇਨਾਤ ਆਪਣੇ ਹੱਕਾਂ-ਸੱਚਾਂ, ਦੀ ਪ੍ਰਾਪਤੀ ਅਤੇ
ਸਥਾਪਤੀ ਲਈ ਰੜੇ ਮੈਦਾਨ ’ਚ ਵੀ ਉੱਤਰੇ। ਕਿਉਂ ਜੋ ਹੱਕ ਅੰਦਰ ਵੜਿਆਂ ਨੂੰ ਨਹੀਂ ਮਿਲਦੇ, ਨਾ ਹੀ ਆਪਣੇ ਆਪ ਨੂੰ ਰਾਜਸੀ
ਤਾਕਤਾਂ ਸਾਹਮਣੇ ਗਿਰਵੀ ਰੱਖ ਕੇ ਮਿਲਦੇ ਹਨ ਅਤੇ ਨਾ ਹੀ ਅਡੰਬਰੀ ਸਮਾਜਕ ਅਤੇ ਧਾਰਮਿਕ ਆਗੂਆਂ ਦੀ ਰਹਿਨੁਮਾਈ
’ਚ ਪ੍ਰਾਪਤ ਹੋ ਸਕਦੇ ਹਨ।
ਗੁਰਭਜਨ ਗਿੱਲ ਅਜੋਕੇ ਸਮੇਂ ਦੀ ਨਬਜ਼ ਨੂੰ ਪਛਾਨਣ ਵਾਲਾ ਹੈ। ਸਮਾਜ ਵਿਚ ਕਿਥੇ ਵਿਸਫੋਟਕ
ਪ੍ਰਸਥਿਤੀਆਂ ਪੈਦਾ ਹੋ ਰਹੀਆਂ ਹਨ? ਕਿਥੇ ਅਸਾਵੀਂ ਆਰਥਿਕਤਾ ਕਿਸਾਨੀ ਧੰਦੇ ਨਾਲ
ਜੁੜੇ ਲੋਕਾਂ ਅਤੇ ਮਜ਼ਦੂਰ ਵਰਗ ਨਾਲ ਜੀਵਨ ਤੋਂ ਮੌਤ ਤਕ ਦਾ ਖੇਲ ਖੇਡ ਰਹੀ ਹੈ ਅਤੇ ਇਨ੍ਹਾਂ ਦੇ
ਘਰ ਪਰਿਵਾਰਾਂ ਵਿਚ ਮੁੜ ਜਹਾਲਤ ਕਿਉਂ ਪ੍ਰਵੇਸ਼ ਕਰ ਰਹੀ ਹੈ? ਆਦਿ ਪ੍ਰਸ਼ਨਾਂ
ਦਾ ਚਿਤਰਨ ਅਤੇ ਇਨ੍ਹਾਂ ਅਸੰਗਤੀਆਂ ਤੋਂ ਜੀਊਂਦੇ-ਜਾਗਦੇ ਮੁਕਤ ਹੋ ਜਾਣ ਵਾਲੇ ਸਰੋਕਾਰਾਂ
ਨੂੰ ਵੀ ਇਹ ਰੁਬਾਈਆਂ ਚੇਤੰਨ ਅਤੇ ਉਸਾਰੂ ਪੱਧਤੀ ਨਾਲ ਪਾਠਕਾਂ ਦੇ ਸਨਮੁਖ ਹੁੰਦੀਆਂ ਹਨ। ਰੁਬਾਈ ਹੈ-
ੳ
ਇਹ ਵਰਕਾ ਤੂੰ ਕਿਥੋਂ ਪੜ੍ਹਿਆ, ਹਰ ਵੇਲੇ ਹੀ ਝੁਰਦੇ ਰਹਿਣਾ।
ਸਾਬਣ ਦੀ ਚਾਕੀ ਦੇ ਵਾਂਗੂੰ, ਕਿਣ ਮਿਣ ਥੱਲੇ ਖੁਰਦੇ ਰਹਿਣਾ।
ਸਾਬਤ ਸਿਦਕ ਸਰੂਪ ਸੁਤੰਤਰ ਸਿਰੜ ਸਮਰਪਣ ਸਾਂਭ ਲਵੇਂ ਜੇ,
ਮੰਜ਼ਿਲ ਨੇੜੇ ਆ ਜਾਵੇਗੀ, ਭੁੱਲੇੀਂ ਨਾ ਜੇ ਤੁਰਦੇ ਰਹਿਣਾ। (ਪੰਨਾ-17)
ਹੋਰ ਵੇਖੋ
ਅ
ਜੇ ਜਿੱਤਣੈਂ ਜੰਗ, ਮਨ ਦੇ ਅੰਦਰ ਪਹਿਲਾਂ ਪੱਕਾ ਨਿਸ਼ਚਾ ਧਾਰੋ।
ਭਟਕਣ ਛੱਡਿਆਂ, ਮੰਜ਼ਿਲ ਨੇੜੇ, ਆ ਜਾਂਦੀ ਹੈ ਬਰਖੁਰਦਾਰੋ।
ਤੇਰੇ ਮੇਰੇ ਸਭ ਦੇ ਬਾਬੁਲ, ਬਿਨਾ ਕਿਤਾਬੋਂ ਇਹ ਕਹਿੰਦੇ ਸੀ,
ਧਰਮਸਾਲ ਵਿਚ ਮਗਰੋਂ, ਪਹਿਲਾਂ, ਮਨ ਮੰਦਰ ਵਿਚ ਝਾਤੀ ਮਾਰੋ। (ਪੰਨਾ-22)
ਕਵੀ ਅਨੁਸਾਰ ਆਸ਼ਾਵਾਦੀ ਹੋ ਕੇ ਹੀ ਅਗਾਉਂ ਜੀਵਨ ਮਾਰਗ ਨੂੰ ਰੁਸ਼ਨਾਇਆ ਜਾ ਸਕਦਾ ਹੈ।
ਗੁਰਭਜਨ ਗਿੱਲ ਦੀਆਂ ਇਹ ਰੁਬਾਈਆਂ ਖਪਤਕਾਰੀ ਯੁੱਗ ਦੇ ਮਨੁੱਖ ਨੂੰ ਇਨਸਾਨੀਅਤ
ਧਾਰਨ ਕਰਨ ਦੀ ਪ੍ਰੇਰਨਾ ਦੇਂਦੀਆਂ ਹਨ, ਮਾਂ ਦੀ ਮਮਤਾ ਦਾ ਅੁਹਿਸਾਸ ਕਰਵਾਉਂਦੀਆਂ ਹਨ, ਭੈਣਾਂ
ਅਤੇ ਵਿਸ਼ੇਸ਼ਤਰ ਧੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਹਿੱਤ ਭਰਾਵਾਂ ਅਤੇ ਮਾਪਿਆਂ ਨੂੰ ਆਂਤਰਿਕ ਬੋਧ ਕਰਵਾਉਂਦੀਆਂ ਹਨ, ਤਾਂ ਜੋ ਮਾਨਵੀ
ਹਿਰਦਿਆਂ ਵਿਚੋਂ ਭਰਾਤਰੀ-ਭਾਵ ਖਤਮ ਤੇ ਕੀ ਨਸ਼ਟ ਨਾ ਹੋ ਜਾਵੇ! ਵਡੇਰਿਆਂ ਪ੍ਰਤੀ ਸਤਿਕਾਰ ਅਤੇ ਬੱਚਿਆਂ ਵਾਸਤੇ
ਪਿਆਰ ਦੀ ਜੋਤ ਜਗਾਉਂਦੀਆਂ ਇਹ ਰੁਬਾਈਆਂ ਸੱਚਮੁੱਚ ਪਰੰਪਰਾਇਕ ਰੁਬਾਈਆਂ ਤੋਂ ਅਗਲੇਰਾ ਕਦਮ ਜਾਪੀਆਂ ਹਨ। ਬੁਢੇਪੇ ’ਚ ਭਾਵੇਂ ਮਾਂ-ਬਾਪ ਹੈ ਜਾਂ
ਹੋਰ ਰਿਸ਼ਤੇਦਾਰੀਆਂ ’ਚੋਂ ਕੋਈ, ਕਵੀ ਅਨੁਸਾਰ ਉਹ ਅਗਲੇਰੀਆਂ ਪੀੜ੍ਹੀਆਂ ਲਈ ਪ੍ਰੇਰਕ ਵੀ ਹੈ ਅਤੇ ਸ਼ੁੱਭ ਇਛਾਵਾਂ ਦੇਣ
ਵਾਲਾ ਵੀ ਹੈ ਪਰੰਤੂ ਕਵੀ ਨੂੰ ਚਿੰਤਾ ਹੈ ਕਿ ਬਜ਼ੁਰਗੀ ਕਿਉਂ ਰੁਲ੍ਹ ਰਹੀ ਹੈ-
ਖੜਸੁੱਕ ਬਿਰਖ, ਉਦਾਸ ਖੜੇ ਨੇ।
ਬਿਲਕੁਲ ਸਾਡੇ ਪਾਸ ਖੜੇ ਨੇ।
ਬਿਨ ਬੋਲਣ ਤੋਂ ਕਹਿਣ ਬੜਾ ਕੁਝ,
ਦਿਲ ਵਿਚ ਲੈ ਇਤਿਹਾਸ ਖੜੇ ਨੇ। (ਪੰਨਾ 48)
ਇਨ੍ਹਾਂ ਰੁਬਾਈਆਂ ਦੀ ਹੋਰ ਉੱਘੀ ਵਿਸ਼ੇਸ਼ਤਾ ਹੈ ਕਿ ਇਨ੍ਹਾਂ ਵਿਚ ਵਿਅੰਗ ਸਿੱਧੇ ਅਤੇ
ਪਰੋਖ ਦੋਹਾਂ ਰੂਪਾਂ ਜ਼ਰੀਏ ਪ੍ਰਗਟ ਹੁੰਦਾ ਵੇਖਿਆ ਜਾ ਸਕਦਾ ਹੈ। ਇਹ ਵਿਅੰਗ ਭਿ੍ਸ਼ਟਾਚਾਰ, ਪ੍ਰਦੂਸ਼ਿਤ ਵਾਤਾਵਰਣ, ਖੁਸ ਰਹੀ ਅਤੇ
ਟੁੱਟ ਰਹੀ ਰਿਸ਼ਤਾ ਪ੍ਰਣਾਲੀ, ਜਾਤੀ ਅਤੇ ਸਮਾਜੀ ਵਖਰੇਵਿਆਂ ਬਾਬਤ ਅਤੇ ਘਰੇਲੂ ਜ਼ਿੰਦਗੀ ਦੇ ਪੰਜ-ਪਾਂਜੇ ਪੂਰਨ ਕਰਨ
ਹਿੱਤ ਵਰਤੀਂਦੇ ਸਾਧਨਾਂ ਆਦਿ ਨਾਲ ਸੰਬੰਧਿਤ ਹਨ। ਜੋ ਪੁਸਤਕ ਪੜ੍ਹਿਆਂ ਹੀ ਪਤਾ ਲੱਗ ਸਕਦੇ ਹਨ।
‘ ਸ਼ਬਦ ’,‘ ਸੂਰਜ ’, ‘ ਲਿਸ਼ਕੋਰ ’, ‘ ਸੰਧੂਰ ’, ‘ ਸੰਧੂਰਦਾਨੀ ’, ‘ ਫੁੱਲ ’, ‘
ਬਨਾਸਪਤੀ ’, ‘ ਮਾਂ ’ ( ਧਰਤੀ ਮਾਂ,
ਜਣਨਹਾਰੀ ਮਾਂ, ਮਾਂ-ਬੋਲੀ ) ‘ ਧੀ ’, ‘ ਨਦੀ-ਦਰਿਆ ’, ‘ ਪਾਣੀ ’, ‘ ਲੋਕ-ਗਾਇਕ ’, ‘
ਰਾਤ ’, ‘ ਸਵੇਰਾ ’, ‘ ਸੋਨੇ ਦੇ ਪਿੰਜਰੇ ’, ‘ ਬਿਰਖ ਨਿਪੱਤਰੇ ’, ‘ਖੜਸੁੱਕ ਬਿਰਖ ’, ‘
ਦਿਲ ਦਾ ਮੋਹ ’, ‘ ਕਲਮ-ਕਟਾਰ ’ ‘ ਚਿੜੀ ’, ‘ ਪਿੰਡਾ ’ ਆਦਿ ਸ਼ਬਦ
ਜੋ ਰੁਬਾਈਆਂ ’ਚ ਵਰਤੇ ਗਏ ਹਨ ਮਹਿਜ਼ ਸ਼ਬਦ ਨਹੀਂ ਹਨ। ਵਿਚਾਰਧਾਰਿਕ ਪੱਧਰ ’ਤੇ ਇਹ
ਸੰਕਲਪ ਵੀ ਹਨ ਅਤੇ ਵਿਸ਼ੈ ਪਾਸਾਰ ਦੇ ਵਿਭਿੰਨ ਸਰੋਕਾਰ ਵੀ ਹਨ। ਭਾਰਤੀ ਕਾਵਿ-ਸ਼ਾਸਤਰ ਦੀ ਅਧਿਐਨ ਪੱਧਤੀ ਅਨੁਸਾਰ
ਇਹ ਦਿ੍ਸ਼ਟਾਂਤ ਵੀ ਹਨ ਜੋ ਵਿਭਿੰਨ ਪ੍ਰਕਾਰ ਦੇ ਬਿੰਬ ਵੀ ਉਭਾਰਦੇ ਹਨ ਅਤੇ ਨਾਲ ਦੀ ਨਾਲ ਅਲੰਕਾਰਿਕ ਲਹਿਜ਼ੇ ’ਚ
ਵਿਭਿੰਨ ਰਸਾਂ ਦਾ ਉਤਪਾਦਨ ਵੀ ਕਰਦੇ ਹਨ। ਅਜਿਹਾ ਗੁਣ ਪ੍ਰੌੜ ਕਾਵਿਕ-ਸਿਰਜਕ ਕੋਲ ਹੀ
ਨਹੀਂ ਹੁੰਦਾ ਸਗੋਂ ਜੋ ਕਾਵਿਕ ਜੀਵਨ-ਸ਼ੈਲੀ ’ਚ ਜੀਊ ਰਿਹਾ ਹੋਵੇ , ਉਸ ਕੋਲ ਹੀ ਸੰਭਵ ਹੋ ਸਕਦਾ ਹੈ। ਅਜਿਹਾ ਬੋਧ ਮੈਨੂੰ ‘ ਸੰਧੂਰਦਾਨੀ ’ ਦੀਆਂ
ਰੁਬਾਈਆਂ ਤੋਂ ਮਹਿਸੂਸ ਹੋਇਆ ਹੈ। ਇਸੇ ਪ੍ਰਸੰਗਤਾ ’ਚ ਉਸਦੇ ਕਾਵਿ-ਬੋਲ ਹਨ ਕਿ ‘ ਅੰਬਰ ਦੇ ਵਿਚ ਘੁਲਿਆ
ਸੂਰਜ ਮੇਰਾ ਹੈ, ਇਸ ਸੁਰਖੀ ਦਾ ਨਾਂ ਹੀ ਸੋਨ-ਸਵੇਰਾ ਹੈ। ’ ਹੋਰ ਬਿਆਨ ਹੈ ਕਿ ‘ ਜੰਮਣਹਾਰੀ ਵਾਂੰਗਰਾਂ ਧਰਤੀ ਮਾਂ ਦਾ ਹਾਲ, ਮਾਂ
ਬੋਲੀ ਦਾ ਹੋ ਗਿਆ ਇਸ ਤੋਂ ਮੰਦੜਾ ਹਾਲ। ’ ਮੁਹੱਬਤੀ ਵਿਹਾਰ ’ਚ ਆਈਆਂ ਤਰੇੜਾਂ ਨੂੰ ਵਿਅੱਕਤ ਕਰਦਾ ਗਿੱਲ
ਕਹਿੰਦਾ ਹੈ ਕਿ‘ ਵੇੇਖ ਮੁਹੱਬਤ ਦਾ ਰੰਗ ਕੈਸਾ ਅਜਬ ਕਿਸਮ ਦੀ ਮਿਲੀ ਸਜ਼ਾ ਹੈ, ਤੇਰੇ ਮੇਰੇ ਵਿਚ ਅਣਦਿਸਦਾ ਚੁੱਪ ਦਾ ਭਰ ਵਗਦਾ
ਦਰਿਆ ਹੈ। ’
ਇਹ ਕਵੀ ਪਤਝੜਾਂ ’ਚ ਵੀ ਉਦਾਸ ਨਹੀਂ ਹੁੰਦਾ, ਸਗੋਂ ਬਹਾਰ ਰੁੱਤ ਦੇ ਫੁੱਲਾਂ ਦੀ
ਆਸ ਵਿਚ ਜੀਊਂਦਾ ਹੈ ਅਤੇ ਜੀਊਣ ਜੋਗਾ ਸੰਦੇਸ਼ ਵੀ ਦੇਂਦਾ ਹੈ। ਇਸੇ ਸੋਚ-ਦਿ੍ਸ਼ਟੀ ਦਾ ਧਾਰਕ ਇਹ ਕਵੀ ਨੇੜੇ ਦੇ
ਜੀਵਨ ਸਾਥੀ ਦੇ ਵਿਛੋੜੇ ਨੂੰ ਵੀ ਜ਼ਰ ਲੈਂਦਾ ਹੈ ਭਾਵੇਂ ਕਿ ਉਸਦੀਆਂ ਯਾਦਾਂ ਤੋਂ ਮੁਕਤ ਹੋਇਆ ਨਹੀਂ ਜਾਪਦਾ।
‘ ਸੰਧੂਰਦਾਨੀ ’ ਪੁਸਤਕ ਵਿਚ ਅੰਕਿਤ ਹਰ ਰੁਬਾਈ ਆਪਣੇ ਆਪ ਵਿਚ ਸੁਤੰਤਰ ਅਤੇ ਸੰਪਨ ਵਿਚਾਰ, ਭਾਵ,
ਜਜ਼ਬੇ ਅਤੇ ਅਹਿਸਾਸ ਦਾ ਪ੍ਰਗਟਾਵਾ ਕਰਦੀ ਹੈ। ਸੂਰਜ ਜੀਵਨ ਦੀ ਜੋਤ ਜਗਾਉਂਦਾ ਹੈ ਅਤੇ ਰੁਸ਼ਨਾਉਂਦਾ ਹੈ, ਚੰਦਰਮਾ
ਠੰਡੀ-ਠਾਰ ਰੌਸ਼ਨੀ ਪ੍ਰਦਾਨ ਕਰਦਾ ਹੈ, ਰੁੱਤਾਂ-ਬਹਾਰਾਂ ਜੀਵਨ ਨੂੰ ਜੀਊਣ ਜੋਗਾ ਕਰਦੀਆਂ ਹਨ
ਅਤੇ ਪ੍ਰਕਿਰਤਕ ਵਾਤਾਵਰਣ, ਸਮਾਜਕ ਵਰਤਾਰਾ ਜੀਊਣ ਜੋਗੇ ਸਾਹ ਭਰਦਾ ਹੈ। ਇਸ ਸਭ ਕਾਸੇ ਦਾ ਬੋਧ ਇਨ੍ਹਾਂ
ਰੁਬਾਈਆਂ ਨੂੰ ਪੜ੍ਹ ਕੇ ਹੀ ਅਨੁਭਵ ਕੀਤਾ ਜਾ ਸਕਦਾ ਹੈ।
‘ ਸੰਧੂਰਦਾਨੀ ’ ’ਚ ਅੰਕਿਤ ਸ਼ਬਦਾਵਲੀ ਠੇਠ ਮਾਝੀ ਪੰਜਾਬੀ ਮੁਹਾਵਰੇ ਦੀ ਰੰਗਤ
ਵਿਚ ਗੜੂੰਦ ਹੈ, ਇਸ ਵਿਚ ਕਾਵਿਕ ਰਸਕਤਾ ਵੀ ਹੈ, ਰਵਾਨਗੀ ਵੀ ਹੈ ਅਤੇ ਹਰ ਵਰਗ ਦੇ ਪਾਠਕਾਂ
ਦੇ ਚੇਤਿਆਂ ਵਿਚ ਘਰ ਕਰ ਜਾਣ ਦੇ ਸਮਰੱਥ ਵੀ ਹੈ। ‘ ਸੰਧੂਰ ’ ਅਤੇ ‘ ਸੰਧੂਰਦਾਨੀ ’ ‘ ਨੂੰਹ-ਧੀ ’ ਨੂੰ ‘ ਸਦਾ ਸੁਹਾਗਣ ਰਹੋ ’ ਅਸ਼ੀਰਵਾਦ
ਦੇ ਕੇ ਦਿੱਤੀ ਜਾਂਦੀ ਹੈ। ਗੁਰਭਜਨ ਗਿੱਲ ਨੇ ਪੰਜਾਬੀ ਅਤੇ ਪੰਜਾਬੀ ਰਹਿਤਲ ਦੀ ਪਛਾਣ ਕਰਨ ਹਿੱਤ ਅਤੇ ਮਾਨਵ-ਹਿਤੈਸ਼ੀ ਹੋਣ
ਦੀ ਭਾਵਨਾ ਨਾਲ ਪੰਜਾਬੀ ਪਾਠਕਾਂ ਨੂੰ ਅਰਪਿਤ ਕੀਤੀ ਹੈ। ਆਸ ਕਰਦੇ ਹਾਂ ਕਿ ਗੁਰਭਜਨ ਗਿੱਲ ਇਸ ਤੋਂ ਅਗਾਂਹ ਹੋਰ ਪੁਖਤਾ
ਰੁਬਾਈਆਂ ਸਿਰਜੇਗਾ।
ਸੰਪਰਕ-ਏ-9, ਚਾਹਲ ਨਗਰ, ਫਗਵਾੜਾ-144401
ਸੂਰਜ ਦੀ ਧੁੱਪ ਤੇ ਫੁੱਲਾਂ ਦੀ ਕੋਮਲਤਾ ਦਾ ਸੁਮੇਲ -''ਸੰਧੂਰਦਾਨੀ'': ਪਰਮਜੀਤ ਸੋਹਲ (ਡਾ.)
ਸੀਹਰਫ਼ੀ, ਜੰਗਨਾਮਾ, ਗ਼ਜ਼ਲ ਤੇ ਸ਼ੇਅਰ ਵਾਂਗ ਰੁਬਾਈ ਵੀ ਫ਼ਾਰਸੀ ਕਾਵਿ ਦਾ ਪ੍ਰਸਿੱਧ ਰੂਪ ਹੈ। ਰੁਬਾਈ ਇਕ ਛੰਦ ਨਹੀਂ, ਇਸ ਨੂੰ ਕਈ ਛੰਦਾਂ/ਬਹਿਰਾਂ ਵਿਚ ਨਿਭਾਇਆ ਜਾਂਦਾ ਹੈ। ਇਸ ਵਿਚ ਸੰਖੇਪਤਾ ਤੇ ਡੂੰਘਿਆਈ ਵੱਲ ਤਵੱਜੋ ਦਿੱਤੀ ਜਾਂਦੀ ਹੈ। ਰੁਬਾਈ ਦੀ ਪਹਿਲੀ ਤੁਕ ਵਿਚ ਵਿਚਾਰ ਆਰੰਭ ਹੋ ਕੇ ਦੂਜੀ ਤੇ ਤੀਜੀ ਤੁਕ ਤੱਕ ਫ਼ੈਲਦਾ ਹੈ ਅਤੇ ਆਖ਼ਰ ਚੌਥੀ ਤੁਕ ਵਿਚ ਪ੍ਰਵਾਨ ਚੜ੍ਹਦਾ ਹੈ।
''ਅਰਬੀ ਭਾਸ਼ਾ ਵਿੱਚ ਰੁਬਾਈ ਦਾ ਅਰਥ ਹੈ ਚਾਰ ਅਕਸ਼ਰਾਂ ਦਾ ਸ਼ਬਦ, ਅਤੇ ਚਾਰ ਪਦਾਂ ਦਾ ਛੰਦ (ਚੌਪਦਾ) ਰੁਬਾਈ ਦੇ ਵਜ਼ਨ ਭੀ ਅਨੇਕ ਹਨ, ਪਰੰਤੂ ਜੋ ਬਹੁਤ ਹੀ ਪ੍ਰਸਿੱਧ ਅਤੇ ਭਾਈ ਨੰਦ ਲਾਲ ਜੀ ਦੀ ਰਚਨਾ ਵਿਖੇ ਆਯਾ ਹੈ, ਅਸੀਂ ਉਸ ਦਾ ਲਕਸ਼ਣ ਲਿਖਦੇ ਹਾਂ, ਚਾਰ ਚਰਣ, ਪਹਿਲੇ ਅਤੇ ਦੂਜੇ ਚਰਣ ਦੀਆਂ ਬਾਈ ਬਾਈ ਮਾਤ੍ਰਾਂ, ਤੀਜੇ ਦੀਆਂ ੧੯, ਅਤੇ ਚੌਥੇ ਚਰਣ ਦੀਆਂ ੨੦ ਮਾਤ੍ਰਾ, ਅੰਤ ਸਭ ਦਾ ਲਘੂ। ਪਹਿਲੀ ਦੂਜੀ ਅਤੇ ਚੌਥੀ ਤੁਕ ਦਾ ਅਨੁਪ੍ਰਾਸ ਮਿਲਦਾ ਹੋਯਾ, ਉਦਾਹਰਣ:
ਹਰ ਕਸ ਕਿਜ਼ ਸ਼ੌਕੇ ਤੋ ਕਦਮ ਅਜ਼ ਸਰਤਾਖ਼ੂ,
ਬਰ ਨਹ ਤਬਕ ਚਰਖ਼ ਅਲਮ ਬਰ ਸਰਾਤਾਖ਼ੂ
ਸ਼ੁਦ ਆਮਦਨ ਮੁਬਾਰਕ ਵ ਰਫ਼ਤਨ ਸਰਾਤਖੂ,
ਗੋਯਾ ਆਂ ਕਸ ਕਿ ਰਾਹੇ ਹਕ ਬ ਸ਼ਨਾਖੂ।''
(ਭਾਈ ਕਾਨ੍ਹ ਸਿੰਘ ਨਾਭਾ,
ਗੁਰ ਛੰਦ ਦਿਵਾਕਰ, ਪੰਨਾ ੩੦੨)
''ਰੁਬਾਈ ਅਤਿ ਲਘੂ ਕਾਵਿ-ਰੂਪਕਾਰ ਹੈ। ਇਸੇ ਕਾਰਨ ਇਸ ਦੀ ਸੰਰਚਨਾ ਬੜੀ ਸੁਗਠਿਤ ਬਣ ਜਾਂਦੀ ਹੈ। ਇਸ ਚੌਤੁਕੀ ਸੰਰਚਨਾ ਦੇ ਅਗੋਂ ਭਾਗ ਕਰਨੇ ਮੁਸ਼ਕਿਲ ਜਾਪਦੇ ਹਨ ਪਰ ਇਸ ਦੀ ਲਘੂਤਾ ਵਿਚ ਵੀ ਇਕ ਕ੍ਰਮ/ਵਿਵਸਥਾ ਦੇਖੀ ਜਾ ਸਕਦੀ ਹੈ। ਇਸ ਰੂਪਕਾਰ ਦੀ ਲਘੂ ਸੰਰਚਨਾ ਨੂੰ ਸੁਭਾਵਕ ਹੀ ਦੋ ਅੰਗਾਂ ਵਿਚ ਵੰਡਿਆ ਜਾ ਸਕਦਾ ਹੈ। ਪਹਿਲਾ ਅੰਗ, ਪਹਿਲੀਆਂ ਦੋ ਤੁਕਾਂ ਦਾ ਹੋ ਸਕਦਾ ਹੈ, ਜਿਨ੍ਹਾਂ ਵਿਚ ਵਰਣਨਗੋਚਰੇ ਵਾਤਾਵਰਣ ਦਾ ਚਿਤਰਣ ਕੀਤਾ ਜਾਂਦਾ ਹੈ। ਦੂਜਾ ਅੰਗ ਮਗਰਲੀਆਂ ਦਾ ਤੁਕਾਂ ਦਾ ਹੋ ਸਕਦਾ ਹੈ, ਜਿਹੜੀਆਂ ਸਾਰੰਸ਼ ਰੂਪ ਵਿਚ ਕਿਸੇ ਵਿਚਾਰ ਨੂੰ ਸੁਝਾਉਂਦੀਆਂ ਹਨ। ਰੁਬਾਈ ਦੀ ਪ੍ਰਾਕਿਰਤਕ ਸੰਰਚਨਾ ਵਿਚ ਪਹਿਲੀ ਨਾਲੋਂ ਦੂਜੀ, ਦੂਜੀ ਨਾਲੋਂ ਤੀਜੀ, ਅਤੇ ਤੀਜੀ ਨਾਲੋਂ ਚੌਥੀ ਪੰਕਤੀ ਉਤਰੋਤਰ ਵਿਕਾਸ ਕਰਦੀ ਜਾਂਦੀ ਹੈ। ਅਖ਼ੀਰਲੀ ਪੰਕਤੀ ਇਕ ਸਾਰ ਗਰਭਿਤ ਪ੍ਰਭਾਵ ਪਾਉਂਦੀ ਹੋਈ ਮੁਕਦੀ ਹੈ। ਇਸ ਤਰ੍ਹਾਂ ਪਹਿਲੀਆਂ ਦੋ ਪੰਕਤੀਆਂ ਆਮ ਤੌਰ ਤੇ ਆਦਿਕਾ ਦਾ ਕਾਰਜ ਕਰਦੀਆਂ ਹਨ ਅਤੇ ਮਗਰਲੀਆਂ ਦੋ ਪੰਕਤੀਆਂ ਅੰਤਿਕਾ (ਸਾਰੰਸ਼ ) ਦਾ। ਸੋ ਰੁਬਾਈ ਦੀ ਰਚਨਾ 2/2 ਪੰਕਤੀਆਂ ਦੇ ਜੋਟਿਆਂ ਵਿਚ ਵੰਡੀ ਹੋਈ ਨਜ਼ਰ ਆਉਂਦੀ ਹੈ। ''
(ਸਤਿੰਦਰ ਸਿੰਘ, ਆਧੁਨਿਕ ਪੰਜਾਬੀ ਕਾਵਿ ਰੂਪ ਅਧਿਐਨ,
ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ)
ਭਾਈ ਕਾਨ੍ਹ ਸਿੰਘ ਨਾਭਾ ਜੀ ਅਤੇ ਸਤਿੰਦਰ ਸਿੰਘ ਜੀ ਦੁਆਰਾ ਦਿੱਤੇ ਗਏ ਉਪਰੋਕਤ ਦੋਵੇਂ ਹਵਾਲਿਆਂ ਤੋਂ ਰੁਬਾਈ ਕਾਵਿ-ਵਿਧਾ ਦੀ ਪਰਿਭਾਸ਼ਾ ਅਤੇ ਕਾਵਿ ਰੂਪ ਦੇ ਵਿਸ਼ਲੇਸ਼ਣੀ ਸਰੋਕਾਰਾਂ ਦਾ ਭਲੀਭਾਂਤ ਰੂਪ ਉਜਾਗਰ ਹੋ ਜਾਂਦਾ ਹੈ।
''ਖ਼ਯਾਮ ਦੀ ਉਹ ਰਚਨਾ ਜੋ ਰੁਬਾਈਆਂ ਦੇ ਰੂਪ ਵਿਚ ਸਾਡੇ ਤੀਕ ਪਹੁੰਚੀ ਹੈ, ਬਾਕੀ ਦੇ ਸੂਫ਼ੀ ਕਵੀਆਂ ਦੀ ਰਚਨਾ ਵਾਂਗ ਉਸ ਵਿਚ ਵੀ ਬਹੁਤ ਸਾਰਾ ਹਿੱਸਾ ਉਹਨਾਂ ਲੋਕਾਂ ਦੀ ਕਿਰਤ ਹੈ, ਜਿੰਨ੍ਹਾਂ ਨੇ ਖ਼ਯਾਮ ਦੇ ਨਾਮ ਉਤੇ ਰੁਬਾਈਆਂ ਲਿਖੀਆਂ ਤੇ ਪਿਛੋਂ ਉਹ ਰੁਬਾਈਆਂ ਖ਼ਯਾਮ ਦੀ ਰਚਨਾ ਹੀ ਸਮਝ ਲਈਆਂ ਗਈਆਂ। ਬ੍ਰਿਟੇਸ਼ ਮਿਊਜ਼ੀਅਮ ਵਿਚ ਖ਼ਯਾਮ ਦੀਆਂ ਰੁਬਾਈਆਂ ਦਾ ਜਿਹੜਾ ਹੱਥ ਲਿਖੀ ਉਤਾਰਾ ਹੈ, ਉਹ ੧੦੬੦ ਈਸਵੀ ਵਿਚ ਸ਼ੇਖ਼ ਸਾਅਦੀ ਦੇ ਜਨਮ ਨਗਰ ਸ਼ੀਰਾਜ਼ ਵਿਚ ਲਿਖਿਆ ਗਿਆ ਆਖਿਆ ਜਾਂਦਾ ਹੈ। ਏਸ ਉਤਾਰੇ ਵਿਚ ਸਿਰਫ਼ ੧੫੮ ਰੁਬਾਈਆਂ ਹਨ ਅਤੇ ਐਉਂ ਜਾਪਦਾ ਹੈ ਕਿ 'ਫਿਟਜ਼ ਸੈਰਲਡ' ਤੇ ਹੋਰ ਅੰਗ੍ਰੇਜ਼ ਉਲਥਾਕਾਰਾਂ ਨੇ ਵਧੀਕ ਕਰਕੇ ਓਸ ਉਤਾਰੇ ਦੀਆਂ ਰੁਬਾਈਆਂ ਦਾ ਤਰਜ਼ਮਾ ਹੀ ਕੀਤਾ ਹੈ। ਏਸ਼ੀਆਟਿਕ ਸੁਸਾਇਟੀ ਕਲਕੱਤਾ ਦੇ ਪੁਸਤਕਾਲੇ ਵਿਚ ਰੁਬਾਈਆਂ ਦਾ ਜਿਹੜਾ ਉਤਾਰਾਂ ਮੌਜੂਦ ਹੈ, ਓਸ ਵਿਚ ੫੧੬ ਰੁਬਾਈਆਂ ਦਿਤੀਆਂ ਗਈਆਂ ਹਨ।...ਜਿਹੜਾ ਉਤਾਰਾ ਪ੍ਰਸਿੱਧ ਜਰਮਨ ਵਿਦਵਾਨ 'ਵਨ ਹੈਮਰ' ਦੇ ਪਾਸ ਹੈ, ਓਸ ਵਿਚ ਦਰਜ ਰੁਬਾਈਆਂ ਦੀ ਗਿਣਤੀ ਲਗ ਪਗ ੨੦੦ ਦੱਸੀ ਜਾਂਦੀ ਹੈ।''
(ਅਵਤਾਰ ਸਿੰਘ, ਖ਼ੱਯਾਮ ਖੁਮਾਰੀ,
ਭਾਪੇ ਦੀ ਹੱਟੀ ਰਜਿਸਟਰਡ ਪੁਸਤਕਾਂ ਵਾਲੇ)
ਅਵਤਾਰ ਸਿੰਘ ਵਲੋਂ ਅਨੁਵਾਦਿਤ ਉਮਰ ਖਯਾਮ ਦੀਆਂ ਰੁਬਾਈਆਂ ਦੇ ਇਸ ਗਿਣਾਤਮਿਕ ਹਵਾਲੇ ਤੋਂ ਜ਼ਾਹਰ ਹੁੰਦਾ ਹੈ ਕਿ ਰੁਬਾਈ ਉਮਰ ਖਯਾਮ ਤੋਂ ਪ੍ਰਭਾਵਿਤ ਹੋ ਕੇ ਫ਼ਾਰਸੀ ਪਰੰਪਰਾ ਵਿਚ ਪ੍ਰਚਲਿਤ ਹੋਈ ਜਿਸ ਨੂੰ ਕਾਵਿ ਰੂਪ ਵਜੋਂ ਅਪਣਾ ਲਿਆ ਗਿਆ। ਉਮਰ ਖ਼ਯਾਮ, ਸਰਮਦ, ਸ਼ੇਖ ਸਾਅਦੀ ਅਤੇ ਹਾਫ਼ਜ਼ ਵਲੋਂ ਰਚੀਆਂ ਗਈਆਂ ਰੁਬਾਈਆਂ ਦੇ ਪ੍ਰਭਾਵ ਵਜੋਂ ਬਾਅਦ ਵਿਚ ਪੰਜਾਬੀ ਕਾਵਿ ਖੇਤਰ ਵਿਚ ਰੁਬਾਈ ਦੀ ਆਮਦ ਹੋਈ। ਰੁਬਾਈ ਮੂਲ ਰੂਪ ਵਿਚ ਫ਼ਾਰਸੀ ਕਾਵਿ-ਰੂਪ ਹੈ, ਜੋ ਹੋਰਨਾਂ ਕਾਵਿ-ਰੂਪਾਂ ਵਾਂਗ ਪੰਜਾਬੀ ਵਿਚ ਪ੍ਰਚਲਿਤ ਹੋਇਆ। ਆਧੁਨਿਕ ਕਵੀਆਂ ਨੇ ਰੁਬਾਈ ਨੂੰ 'ਚੌਬਰਗੇ' ਦਾ ਨਾਮ ਵੀ ਦਿੱਤਾ ਹੈ।
ਪੰਜਾਬੀ ਵਿਚ ਰੁਬਾਈ ਦਾ ਇਤਿਹਾਸ ਭਾਈ ਵੀਰ ਸਿੰਘ 'ਕੰਬਦੀ ਕਲਾਈ', 'ਮੇਰੇ ਸਾਈਆਂ ਜੀਓ', ਧਨੀ ਰਾਮ ਚਾਤ੍ਰਿਕ 'ਚੰਦਨਵਾੜੀ', ਪ੍ਰੋ. ਮੋਹਨ ਸਿੰਘ, 'ਸਾਵੇ ਪੱਤਰ' ਤੇ 'ਕਚ ਸੱਚ', ਹੀਰਾ ਸਿੰਘ ਦਰਦ ਦੇ 'ਹੋਰ ਅਗੇਰੇ', ਪਿਆਰਾ ਸਿੰਘ ਸਹਿਰਾਈ ਦੇ 'ਰੁਣਝੁਣ', 'ਸਹਿਰਾਈ ਪੰਛੀ', ਤਖ਼ਤ ਸਿੰਘ ਦੇ 'ਕਾਵਿ ਹਿਲੂਣੇ', ਗੁਰਦਿੱਤ ਸਿੰਘ ਕੁੰਦਨ ਦੇ 'ਨਵੇਂ ਪੱਤਣ', ਹਜ਼ਾਰਾ ਸਿੰਘ ਗੁਰਦਾਸਪੁਰੀ ਦੇ 'ਦੀਵਾ ਮੁੜਕੇ ਕੋਈ ਜਗਾਵੇ', ਬਿਸ਼ਨ ਸਿੰਘ ਉਪਾਸ਼ਕ ਦੇ 'ਸੂਹਾ ਸਾਲੂ' ਅਤੇ ਜਸਵੰਤ ਸਿੰਘ ਨੇਕੀ ਦੇ 'ਅਸਲੇ ਤੇ ਓਹਲੇ' ਤੇ ਬਿਸਮਿਲ ਫ਼ਰੀਦ ਕੋਟੀ ਦੇ ''ਖੌਲਦੇ ਸਾਗਰ'' ਆਦਿ ਕਾਵਿ ਸੰਗ੍ਰਿਹਾਂ ਵਿਚਲੀਆਂ ਰੁਬਾਈਆਂ ਤੋਂ ਜਾਣਿਆ ਜਾ ਸਕਦਾ ਹੈ। ਇਹਨਾਂ ਕਵੀਆਂ ਤੋਂ ਇਲਾਵਾ ਵੀ ਵਿੱਕੋਲਿਤਰੇ ਰੂਪ ਵਿਚ ਭਾਵੇਂ ਹੋਰ ਕਈ ਕਵੀਆਂ ਵਲੋਂ ਵੀ ਰੁਬਾਈ ਦੀ ਰਚਨਾ ਜਾਰੀ ਰਹੀ ਜਿਸ ਨੂੰ ਭਰਵੇਂ ਰੂਪ ਵਿਚ ਮਕਬੂਲੀਅਤ ਹਾਸਲ ਨਹੀਂ ਹੋ ਸਕੀ।
ਗੁਰਭਜਨ ਗਿੱਲ ਦੀ ਪ੍ਰਤਿਭਾ ਸਾਹਿਤ, ਸਭਿਆਚਾਰ ਤੇ ਖੇਡ-ਜਗਤ ਨਾਲ ਸਮਾਂਨਤਰ ਜੁੜੀ ਹੋਈ ਹੈ। ਇਸ ਪ੍ਰਕਾਰ ਉਸਦਾ ਕੱਦ ਨਾ ਕੇਵਲ ਸਾਹਿਤਕ, ਸਭਿਆਚਾਰਕ ਤੇ ਅਕਾਦਮਿਕ ਖੇਤਰ ਵਿਚ ਹੀ ਉੱਚਾ ਹੋਇਆ; ਬਲਕਿ ਖੇਡ ਤੇ ਸਭਿਆਚਾਰ ਜਗਤ ਵਿਚ ਵੀ ਉਸ ਦੀ ਦੇਣ ਨੂੰ ਹਮੇਸ਼ਾ ਹਾਂ ਪੱਖੀ ਹੁੰਗਾਰਾ ਮਿਲਿਆ। ਛੋਟੇ ਤੋਂ ਲੈ ਕੇ ਹਰ ਵੱਡੇ ਵਿਅਕਤੀ ਤੱਕ ਉਸ ਦੇ ਹਸਮੁਖ ਤੇ ਮਿਲਵਰਤਣੀ ਸੁਭਾਅ ਦੀ ਖ਼ੁਸ਼ਬੋ ਪਹੁੰਚੀ ਹੈ। ਵੈਸੇ ਉਹ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ, ਉਸਦੀ ਹਾਜ਼ਰੀ ਹੀ ਸਾਨੂੰ ਉਸਦੀ ਪਛਾਣ ਕਰਾ ਦਿੰਦੀ ਹੈ। ਉਸ ਦੀ ਬਹੁਦਿਸ਼ਾਵੀ ਸ਼ਖ਼ਸੀਅਤ ਤੇ ਸੋਚਣੀ ਹੀ ਉਸ ਦੀ ਪਛਾਣ ਦਾ ਆਧਾਰ-ਬਿੰਦੂ ਬਣਦੀ ਹੈ। 2010 ਤੋਂ 2014 ਤੱਕ ਉਹ ਚਾਰ ਸਾਲ ਪੰਜਾਬੀ ਸਾਹਿਤ ਅਕਾਡਮੀ ਦਾ ਪ੍ਰਧਾਨ ਰਿਹਾ ਇਸ ਦੇ ਨਾਲ ਹੀ ਉਸ ਨੇ ਹੋਰ 20 ਅਹੁਦਿਆਂ ਤੇ ਬਿਰਾਜਮਾਨ ਰਹਿ ਕੇ ਸੇਵਾਵਾਂ ਨਿਭਾਈਆਂ। ਛੇ-ਛੇ ਸਾਲ ਮੀਤ ਪ੍ਰਧਾਨ ਤੇ ਸੀਨੀਅਰ ਮੀਤ ਪ੍ਰਧਾਨ ਤੋਂ ਇਲਾਵਾ ਚਾਰ ਸਾਲ ਪ੍ਰਧਾਨ ਦੀਆਂ ਸੇਵਾਵਾਂ ਨਿਭਾਉਣ ਦਾ ਗੁਰਭਜਨ ਗਿੱਲ ਨੂੰ ਮਾਣ ਪ੍ਰਾਪਤ ਹੋਇਆ ਹੈ। ਉਹ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਡੇਸ਼ਨ ਦੇ ਸਕੱਤਰ ਜਨਰਲ ਵੀ ਰਹੇ ਅਤੇ ਪੰਜਾਬੀ ਸਭਿਆਚਾਰ ਤੇ ਮੋਹਨ ਸਿੰਘ ਮੇਲੇ ਦੀ ਰੂਹੇ-ਰਵਾਂ ਸਵਰਗੀ ਜਗਦੇਵ ਸਿੰਘ ਜੱਸੋਵਾਲ ਦੇ ਨਾਲ ਜੁੜ ਕੇ ਮੋਹਨ ਸਿੰਘ ਮੇਲੇ ਨੂੰ ਕੌਮਾਂਤਰੀ ਪ੍ਰਸਿੱਧੀ ਦਿਵਾਉਣ ਵਿਚ ਵੀ ਉਨ੍ਹਾਂ ਦਾ ਯੋਗਦਾਨ ਉਲੇਖਨੀਯ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਉਹ 1983 ਤੋਂ 2013 ਤੀਕ ਪੜ੍ਹਾਇਆ। ਸੇਵਾਮੁਕਤ ਹੋਣ ਉਪਰੰਤ ਬਠਿੰਡਾ ਜ਼ਿਲ੍ਹੇ 'ਚ ਸਥਿਤ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਡਾਇਰੈਕਟਰ (ਯੋਜਨਾ ਤੇ ਵਿਕਾਸ) ਵਜੋਂ ਕੁਝ ਸਮਾਂ ਸੇਵਾ ਨਿਭਾਈ।
ਗੁਰਭਜਨ ਗਿੱਲ ਨੇ ਪੰਜਾਬੀ ਸਾਹਿਤ ਨੂੰ 13 ਕਾਵਿ ਸੰਗ੍ਰਹਿ ਦਿੱਤੇ ਹਨ। ਉਸ ਦੀ ਪਹਿਲੀ ਕਾਵਿ-ਪੁਸਤਕ 'ਸ਼ੀਸ਼ਾ ਝੂਠ ਬੋਲਦਾ ਹੈ' 1978 ਵਿਚ ਪ੍ਰਕਾਸ਼ਿਤ ਹੋਈ। 'ਹਰ ਧੁਖਦਾ ਪਿੰਡ ਮੇਰਾ ਹੈ', ਬੋਲ ਮਿੱਟੀ ਦਿਆ ਬਾਵਿਆ', 'ਅਗਨ ਕਥਾ', 'ਧਰਤੀ ਨਾਦ', ਖ਼ੈਰ ਪੰਜਾਂ ਪਾਣੀਆਂ ਦੀ', 'ਫੁੱਲਾਂ ਦੀ ਝਾਂਜਰ', 'ਪਾਰਦਰਸ਼ੀ', 'ਮੋਰਪੰਖ', 'ਮਨ ਤੰਦੂਰ', 'ਗੁਲਨਾਰ', 'ਮਿਰਗਾਵਲੀ' ਤੇ 'ਰਾਵੀ' ਉਸ ਦੀਆਂ ਹੋਰ ਕਿਤਾਬਾਂ ਦੇ ਨਾਮ ਹਨ। ਗੁਰਭਜਨ ਗਿੱਲ ਦੀਆਂ ਪੰਜ ਪੁਸਤਕਾਂ 'ਸੁਰਖ਼ ਸਮੁੰਦਰ', ਦੋ ਹਰਫ਼ ਰਸੀਦੀ, ਮਨ ਦੇ ਬੂਹੇ ਬਾਰੀਆਂ', 'ਤਾਰਿਆਂ ਨਾਲ ਗੱਲਾਂ ਕਰਦਿਆਂ' ਤੇ ਪਿੱਪਲ ਪੱਤੀਆਂ' ਵੀ ਵੱਖ ਵੱਖ ਸੰਪਾਦਕਾਂ ਵੱਲੋਂ ਸੰਪਾਦਿਤ ਹੋਈਆਂ ਹਨ। ਤੇਜ ਪ੍ਰਤਾਪ ਸਿੰਘ ਸੰਧੂ ਦੀ ਫ਼ੋਟੋਗ੍ਰਾਫ਼ੀ ਵਾਲੀ ਪੁਸਤਕ 'ਕੈਮਰੇ ਦੀ ਅੱਖ ਬੋਲਦੀ' ਲਈ ਇਬਾਰਤਾਂ ਗੁਰਭਜਨ ਗਿੱਲ ਨੇ ਹੀ ਲਿਖੀਆਂ ਸਨ। ਮੂਲ ਰੂਪ ਵਿਚ ਉਹ ਗੀਤਕਾਰ, ਕਵੀ ਤੇ ਗ਼ਜ਼ਲਕਾਰ ਹੈ। ਉਸ ਦੀ ਰਚਨਾ ਵਿਚ ਸਮਾਜਿਕ ਬੁਰਾਈਆਂ ਤੇ ਤਿੱਖਾ ਵਿਅੰਗ ਹੁੰਦਾ ਹੈ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਪ੍ਰਤੀ ਉਹ ਹਮੇਸ਼ਾ ਸੁਚੇਤ ਰਹਿੰਦਾ ਹੈ।
ਪੁਰਸਕਾਰਾਂ ਦੀ ਸੂਚੀ ਗਿਣੀਏ ਤਾਂ ਗੁਰਭਜਨ ਗਿੱਲ ਨੂੰ ਸ਼ਿਵ ਕੁਮਾਰ ਬਟਾਲਵੀ ਗੋਲਡ ਮੈਡਲ 1992, 'ਭਾਈ ਵੀਰ ਸਿੰਘ ਐਵਾਰਡ, 1979, ਬਾਵਾ ਬਲਵੰਤ ਐਵਾਰਡ 1998, ਪ੍ਰੋ. ਪੂਰਨ ਸਿੰਘ ਅਵਾਰਡ , ਗਿਆਨੀ ਸੁੰਦਰ ਸਿੰਘ ਨਾਭਾ ਅਵਾਰਡ ਤੇ ਸ. ਸ. ਮੀਸ਼ਾ ਐਵਾਰਡ 2002, ਸਾਹਿੱਤ ਟਰੱਸਟ ਢੁੱਡੀਕੇ ਵੱਲੋਂ ਬਾਵਾ ਬਲਵੰਤ ਪੁਰਸਕਾਰ ਪ੍ਰਿੰ: ਸੰਤ ਸਿੰਘ ਸੇਖੋਂ ਮੈਮੋਰੀਅਲ ਗੋਲਡ ਮੈਡਲ ਟੋਰੰਟੋ (ਕੈਨੇਡਾ) ਤੇ ਸਫ਼ਦਰ ਹਾਸ਼ਮੀ ਲਿਟਰੇਰੀ ਐਵਾਰਡ 2003, ਬਲਵਿੰਦਰ ਰਿਸ਼ੀ ਮੈਮੋਰੀਅਲ ਗ਼ਜ਼ਲ ਐਵਾਰਡ ਤੇ ਸੁਰਜੀਤ ਰਾਮਪੁਰੀ ਐਵਾਰਡ 2005 ਪੰਜਾਬ ਸਰਕਾਰ ਵਲੋਂ ਪੰਜਾਬੀ ਕਵੀ ਪੁਰਸਕਾਰ 2013 ਤੇ ਹਰਿਭਜਨ ਹਲਵਾਰਵੀ ਕਵਿਤਾ ਪੁਰਸਕਾਰ ਆਦਿ ਵਿਭਿੰਨ ਮਿਆਰੀ ਪੁਰਸਕਾਰ ਉਸ ਨੂੰ ਪ੍ਰਾਪਤ ਹੋਏ ਹਨ। ਇਹ ਮਾਣ ਸਨਮਾਨ ਗੁਰਭਜਨ ਗਿੱਲ ਦੀ ਹਰਮਨਪਿਆਰਤਾ ਦੇ ਲਖਾਇਕ ਹਨ।
ਕਿਲ੍ਹਾ ਰਾਏਪੁਰ ਖੇਡਾਂ, ਸੁਰਜੀਤ ਸਪੋਰਟਸ ਐਸੋਸੀਏਸ਼ਨ ਬਟਾਲਾ ਅਧੀਨ ਹੁੰਦੀਆਂ ਕਮਲਜੀਤ ਖੇਡਾਂ-ਕੋਟਲਾਂ ਸ਼ਾਹੀਆਂ ਤੇ ਹੋਰ ਅਨੇਕਾਂ ਸੰਸਥਾਵਾਂ ਰਾਹੀਂ ਖੇਡ ਜਗਤ ਨਾਲ ਲੰਬਾ ਅਰਸਾ ਜੁੜੇ ਰਹਿਣ ਕਾਰਨ ਉਨ੍ਹਾਂ ਦੀਆਂ ਸੇਵਾਵਾਂ ਦੀ ਲੰਬੀ ਸੂਚੀ ਹੈ। ਇਸ ਤੋਂ ਇਲਾਵਾ ਉਹ ਹੋਰ ਵੀ ਕਈ ਸਭਿਆਚਾਰਕ ਸੰਸਥਾਵਾਂ ਦੇ ਸਰਪ੍ਰਸਤ ਅਤੇ ਅਹੁਦੇਦਾਰ ਰਹੇ ਹਨ ਅਤੇ 2016 ਵਿਚ ਉਹਨਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੰਜਾਬੀ ਸਾਹਿੱਤ ਅਕਾਡਮੀ ਦੀ ਫੈਲੋਸ਼ਿਪ ਵੀ ਮਿਲੀ ਹੈ। ਗੁਰਭਜਨ ਗਿੱਲ ਦੀਆਂ ਗਤੀਵਿਧੀਆਂ ਦਾ ਦਾਇਰਾ ਪੰਜਾਬ ਤੱਕ ਹੀ ਮਹਿਦੂਦ ਨਹੀਂ ਹੈ, ਸਗੋਂ ਇਹ ਕੌਮਾਂਤਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੱਕ ਫ਼ੈਲਿਆ ਹੋਇਆ ਹੈ। ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਹੁੰਦਿਆਂ ਕੋਲਕਾਤਾ ਵਿਖੇ ਗੁਰੂਦੇਵ ਰਾਬਿੰਦਰ ਨਾਥ ਟੈਗੋਰ ਦੀਆਂ ਸਮੁੱਚੀਆਂ ਰਚਨਾਵਾਂ ਦਾ 12 ਜਿਲਦਾਂ ਵਿਚ ਸੈੱਟ ਛਪਵਾ ਕੇ ਵਿਸ਼ਵ ਭਾਰਤੀ ਯੂਨੀਵਰਸਿਟੀ ਸ਼ਾਂਤੀ ਨਿਕੇਤਨ ਵਿਖੇ ਲੋਕ ਅਰਪਨ ਕਰਵਾਉਣ ਵਿਚ ਉਹਨਾਂ ਨੇ ਕੌਮਾਂਤਰੀ ਅਤੇ ਸੱਰੀ ਕੈਨੇਡਾ ਵਿਖੇ ਸੁੱਖੀ ਬਾਠ ਤੋਂ ਸ. ਅਰਜਨ ਸਿੰਘ ਬਾਠ ਦੀ ਯਾਦ ਵਿੱਚ ਪੰਜਾਬ ਭਵਨ ਦੇ ਸੁਪਨੇ ਨੂੰ ਸਾਕਾਰ ਕਰਵਾਉਣ ਵਿਚ ਉਸਦਾ ਦਾ ਪ੍ਰਮੁੱਖ ਰੋਲ ਰਿਹਾ ਹੈ। ਉਹ ਕੈਨੇਡਾ, ਅਮਰੀਕਾ, ਇੰਗਲੈਂਡ, ਪਾਕਿਸਤਾਨ ਤੇ ਜਰਮਨੀ ਦੇ ਦੌਰੇ ਕਰ ਚੁੱਕਾ ਹੈ। ਵੱਖ ਵੱਖ ਦੇਸ਼ੀ ਵਿਦੇਸ਼ੀ ਟੀ.ਵੀ. ਚੈਨਲਾਂ ਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਝੰਡਾ ਬਰਦਾਰ ਵਜੋਂ ਗੁਰਭਜਨ ਗਿੱਲ ਦਾ ਨਾਮ ਬੋਲਦਾ ਹੈ।
ਗੁਰਭਜਨ ਗਿੱਲ ਦੇ ਰੁਬਾਈ ਸੰਗ੍ਰਹਿ ''ਸੰਧੂਰਦਾਨੀ'' ਵਿਚ 'ਸੂਰਜ', 'ਫੁੱਲ' ਚਿਹਨ ਵਾਰ ਵਾਰ ਵਰਤੇ ਗਏ ਹਨ। ਸੂਰਜ ਕੁੱਲ ਬਨਸਪਤੀ ਤੇ ਸਾਡੀ ਜ਼ਿੰਦਗੀ ਦਾ ਧੁਰਾ ਹੈ, ਫੁੱਲ ਸੁੰਦਰਤਾ ਦਾ ਆਸ਼ਾਵਾਦੀ ਤੇ ਕੋਮਲਭਾਵੀ ਇਜ਼ਹਾਰ ਹਨ। ਗੁਰਭਜਨ ਗਿੱਲ ਦੀ ''ਸੰਧੂਰਦਾਨੀ'' ਵਿਚ ਇਹ ਰੰਗ ਆਪਸ ਵਿਚ ਘੁਲ ਮਿਲ ਕੇ ਸੰਧੂਰੀ ਹੋ ਜਾਂਦੇ ਹਨ। ਉਸਦੀ ਹਰ ਪੰਕਤੀ ਚਿੰਤਨ ਦੀ ਲੋਅ ਨਾਲ ਜਗਮਗਾਉਂਦੀ ਸੂਰਜ ਦੀ ਹਮਸਫ਼ਰ ਹੁੰਦੀ ਫੁੱਲਾਂ ਜਿਹੇ ਕੋਮਲ ਭਾਵਾਂ ਨਾਲ ਸ਼ਬਦਾਂ ਦੀ ਸਲਾਮਤੀ ਮੰਗਦੀ ਹੈ। ਇਹ ਸ਼ਾਇਰੀ ਸਾਡੇ ਸਨਮੁਖ ਕਈ ਸਵਾਲੀਆਂ ਨਿਸ਼ਾਨ ਖੜ੍ਹੇ ਕਰਦੀ ਤੇ ਸਾਰਥਕ ਸੰਵਾਦ ਰਚਾਉਂਦੀ ਹੈ। ਆਪਣੇ ਕਾਵਿ-ਕਥਨ ਨੂੰ ਉਹ ਇਸ ਤਰ੍ਹਾਂ ਜੁਬਾਨ ਦਿੰਦਾ ਹੈ:
ਥੋੜ੍ਹ-ਜ਼ਮੀਨੇ ਜੱਟ ਦਾ ਪੁੱਤ ਸਾਂ, ਇੱਕੋ ਨਸ਼ਾ ਉਡਾਈ ਫਿਰਦਾ।
ਸ਼ਬਦ ਸਲਾਮਤ ਰੱਖਣ ਖ਼ਾਤਰ, ਕਵਿਤਾ ਲਿਖਦਾਂ ਕਾਫ਼ੀ ਚਿਰ ਦਾ।
ਹੋਰ ਨਸ਼ੇ ਦੀ ਲੋੜ ਨਾ ਕੋਈ, ਮੇਰੇ ਪੱਲੇ ਕਿੰਨੀ ਸ਼ਕਤੀ,
ਲੱਖੀ ਜੰਗਲ ਬਣਦੇ ਆਪੇ, ਲੋਕ ਪਿਆਰੇ ਤੇ ਚੌਗਿਰਦਾ।
ਉਹਦੇ ਰਾਹਾਂ ਵਿਚਲੇ ਲੱਖੀ ਜੰਗਲ ਤੇ ਉਸਦਾ ਚੌਗਿਰਦਾ ਲੋਕ ਬਣਦੇ ਹਨ। ਹਰ ਵੇਲੇ ਜਨਮ ਜ਼ਾਤ ਸੋਫ਼ੀ ਹੁੰਦੇ ਹੋਏ ਵੀ ਉਹ ਸ਼ਰਾਬੀਆਂ ਵਾਂਗ ਸ਼ਾਇਰੀ ਨਾਲ ਸਰੂਰਿਆ ਰਹਿੰਦਾ ਹੈ।
ਗੁਰਭਜਨ ਗਿੱਲ ਵਿਭਿੰਨ ਕਾਵਿ-ਰੂਪਾਂ ਵਿਚ ਰਚਨਾ ਕਰਨ ਵਾਲਾ ਸਰੋਦੀ ਕਵੀ ਹੈ। ਭਾਵੇਂ ਬੁਨਿਆਦੀ ਤੌਰ ਤੇ ਉਹ ਇਕ ਕਵਿਤਾ, ਗ਼ਜ਼ਲ ਤੇ ਗੀਤ ਦਾ ਸ਼ਾਇਰ ਹੈ; ਪਰ ਇਨ੍ਹਾਂ ਰੁਬਾਈਆਂ ਵਿਚ ਉਸ ਦੀ ਗ਼ਜ਼ਲ ਕਾਵਿ-ਰੂਪ ਵਾਲੀ ਪ੍ਰਤੀਧੁਨੀ ਗੂੰਜਦੀ ਸੁਣਦੀ ਹੈ। ਇਹਨਾਂ ਰੁਬਾਈਆਂ ਵਿਚ ਲੋਕ-ਕਾਵਿ ਦੀ ਲੈਅਮਈ ਪੈੜਚਾਲ ਵੀ ਪ੍ਰਤੱਖ ਹੁੰਦੀ ਹੈ।
ਉੱਡ ਉੱਡ ਚਿੜੀਏ ਨੀ , ਤੂੰ ਬਹਿ ਗਈ ਟਾਹਣੀ।
ਅੰਬਰ ਵਿਚ ਪਹੁੰਚ ਗਏ, ਸਭ ਤੇਰੇ ਹਾਣੀ।
ਖੰਭਾਂ ਨੂੰ ਤੁਰਤ ਜਗਾ ਤੇ ਫੁਰਤੀ ਫੜ ਲੈ,
ਬੈਠੀ ਤਾਂ ਬਣ ਜਾਣਾ, ਤੇਰੇ ਖ਼ੂਨ ਦਾ ਪਾਣੀ।
ਉਸ ਦਾ ਠੇਠ ਪੰਜਾਬੀ ਲਹਿਜ਼ਾ ਉਸ ਦੀ ਕਾਵਿਕ ਰਵਾਨੀ ਨੂੰ ਹੋਰ ਵੀ ਵੇਗਮਈ ਬਣਾ ਦਿੰਦਾ ਹੈ। ਉਸਦੀਆਂ ਰੁਬਾਈਆਂ ਵਿਚ ਵਿਭਿੰਨ ਰੰਗਾਂ ਦੇ ਕੋਲਾਜ ਬਣਦੇ ਹਨ। ਲੋਕ-ਕਾਵਿ ਤੋਂ ਲੈ ਕੇ ਮੌਜੂਦਾ ਦੌਰ ਦੇ ਹਰ ਮਸਲੇ ਨੂੰ ਉਸ ਨੇ ਆਪਣੀਆਂ ਰੁਬਾਈਆਂ ਦੇ ਰੰਗ ਵਿਚ ਘੋਲ਼ਿਆ ਹੋਇਆ ਹੈ। ਕਿਸਾਨ ਦੀ ਮੌਜੂਦਾ ਸਥਿਤੀ ਨੂੰ ਵੇਖੋ ਕਿਸ ਅੰਦਾਜ਼ ਵਿਚ ਬਿਆਨਿਆ ਹੈ:
ਮੇਰਾ ਹੈ ਵਡੇਰਾ ਇਹ ਜੋ ਗੱਡੇ 'ਤੇ ਸਵਾਰ ਹੈ।
ਖੇਤਾਂ ਵਾਲਾ ਰਾਜਾ ਹੋ ਕੇ, ਬੜਾ ਅਵਾਜ਼ਾਰ ਹੈ।
ਦਾਣਿਆਂ ਦਾ ਬੋਹਲ ਹੁਣ ਟੱਬਰ ਨਾ ਪਾਲਦਾ,
ਕਰਜ਼ੇ ਦੀ ਪੰਡ ਵੱਡੀ ਸਿਰ 'ਤੇ ਸਵਾਰ ਹੈ।
ਇਹਨਾਂ ਚਾਰ ਸਤਰਾਂ ਵਿਚ ਕਵੀ ਨੇ ਪੰਜਾਬ ਦੀ ਕਿਰਸਾਣੀ ਤੇ ਉਸ ਦੇ ਕਰਜ਼ਈ ਹੋ ਕੇ ਵਿਚਰਨ ਦੀ ਹਾਲਤ ਨੂੰ ਸੰਖੇਪ ਵਿਚ ਉਜਾਗਰ ਕਰ ਦਿੱਤਾ ਹੈ।
ਔਰਤ ਦੇ ਕੁਦਰਤੀ ਸੌਂਦਰਯ ਨੂੰ ਉਸ ਨੇ ਆਦਰਯੋਗ ਥਾਂ ਦਿੱਤੀ ਹੈ। ਉਹ ਧੀਆਂ-ਧਿਆਣੀਆਂ ਲਈ 'ਹਾਅ ਦਾ ਨਾਅਰਾ' ਮਾਰਦਾ ਹੈ। ਰੁੱਖਾਂ, ਕੁੱਖਾਂ ਤੇ ਜ਼ਿੰਦਗੀ ਦੇ ਦੁੱਖਾਂ-ਸੁੱਖਾਂ ਨੂੰ ਉਹ ਆਸਵੰਤ ਹੋ ਕੇ ਦੇਖਦਾ ਹੈ ਅਤੇ ਹਨੇਰਿਆਂ ਵਿਚ ਜੁਗਨੂੰ ਟਿਮਟਾਉਂਦੇ ਹੋਏ ਦਿਖਾ ਕੇ ਚਾਨਣ ਦੀ ਬਾਂਹ ਫੜਦਾ ਹੈ। ਧਰਤੀ ਤੇ ਮਾਂ-ਬੋਲੀ ਪ੍ਰਤੀ ਹਮੇਸ਼ਾ ਦੇਣਦਾਰ ਵਾਂਗ ਨਿਮਰ ਰਹਿੰਦਾ ਹੈ। ਤਿੰਨਾਂ ਮਾਂਵਾਂ ਦਾ ਸਾਂਝਾ ਦੁੱਖ ਇਸ ਰੁਬਾਈ ਵਿਚੋਂ ਝਲਕਦਾ ਵੇਖੋ:
ਜੰਮਣਹਾਰੀ ਵਾਂਗਰਾਂ ਧਰਤੀ ਮਾਂ ਦਾ ਹਾਲ।
ਮਾਂ-ਬੋਲੀ ਦਾ ਹੋ ਗਿਆ ਇਸ ਤੋਂ ਮੰਦੜਾ ਹਾਲ।
ਤਿੰਨੇ ਬਹਿ ਕੇ ਝੁਰਦੀਆਂ ਸ਼ਾਮ ਢਲੇ ਤੋਂ ਬਾਦ,
ਪੁੱਤ ਕਿਉਂ ਨਹੀਂ ਪੁੱਛਦੇ ਆ ਕੇ ਸਾਡਾ ਹਾਲ।
ਇਸੇ ਤਰ੍ਹਾਂ ਇਕ ਹੋਰ ਰੁਬਾਈ ਵਿਚ ਉਹ ਸਾਹਾਂ ਜਿਹੇ ਪਿਆਰਿਆਂ ਨੂੰ ਧਰਤੀ, ਮਾਂ-ਬੋਲੀ ਅਤੇ ਜਨਣਹਾਰੀ ਨੂੰ ਹਮੇਸ਼ਾ ਅੰਗ-ਸੰਗ ਰੱਖਣ ਦੀ ਤਾਕੀਦ ਕਰਦਾ ਹੈ। ਨਿਮਨ ਰੁਬਾਈ ਵਿਚ ਉਸ ਨੇ ਫੁੱਲਾਂ ਦੀ ਸੰਭਾਲ ਪ੍ਰਤੀ ਜ਼ਿੰਮੇਵਾਰੀ ਅਤੇ ਧਰਤੀ, ਜ਼ੁਬਾਨ ਅਤੇ ਜੰਮਣਹਾਰੀ ਜਣਨੀ ਨੂੰ ਵਿਸਾਰਨ ਦਾ ਸੰਤਾਪ ਬਿਆਨਿਆ ਹੈ:
ਫੁੱਲਾਂ ਦੀ ਸੰਭਾਲ ਵੀ ਤਾਂ ਸਾਡੀ ਜ਼ਿੰਮੇਵਾਰੀ ਹੈ।
ਘਰ ਵਿਚ ਲਾਈ ਜੇ ਗ਼ੁਲਾਬ ਦੀ ਕਿਆਰੀ ਹੈ।
ਏਸ ਦਾ ਖ਼ਿਆਲ ਕਰੂ ਕੌਣ ਹੁਣ ਮਾਲਕੋ,
ਧਰਤੀ, ਜ਼ਬਾਨ, ਤੁਸੀਂ ਜਣਨੀ ਵਿਸਾਰੀ ਹੈ।
ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀਆਂ ਕਸਕਾਂ ਪੰਜਾਬੀ ਵਿਰਸੇ ਤੇ ਸਭਿਆਚਾਰ ਪ੍ਰਤੀ ਹੂਕ ਸਮੇਤ ਉਸਦੀ ਸਮੁੱਚੀ ਰਚਨਾ ਵਿਚੋਂ ਸੁਣਾਈ ਦਿੰਦੀਆਂ ਹਨ। ਉਹ ਰੀਝਾਂ ਦੀ ਫੁਲਕਾਰੀ 'ਤੇ ਸ਼ਬਦਾਂ ਦੇ ਫੁੱਲ ਵੇਖਦਾ ਹੋਇਆ ਆਪਣੇ ਦਿਲ ਦੀ ਆਵਾਜ਼ ਨੂੰ ਸ਼ਬਦਾਂ ਰਾਹੀਂ ਸਲਾਮਤ ਕਰਦਾ ਹੈ। ਦਰਅਸਲ ਉਸ ਕੋਲ ਫੁੱਲਾਂ ਵਰਗੇ ਸ਼ਬਦ ਹਨ ਜਿਨ੍ਹਾਂ ਨੂੰ ਉਹ ਸਾਰਿਆਂ ਨੂੰ ਵੰਡ ਕੇ ਧਰਤੀ ਤੋਂ ਉਦਾਸੀਆਂ ਦਾ ਖ਼ਾਤਮਾ ਕਰਨਾ ਚਾਹੁੰਦਾ ਹੈ:
ਏਨੇ ਸਾਰੇ ਫੁੱਲ ਮੇਰੀ ਝੋਲੀ ਪਰਮਾਤਮਾ।
ਕਿਵੇਂ ਸ਼ੁਕਰਾਨਾ ਕਰੇ ਤੇਰਾ ਮੇਰੀ ਆਤਮਾ।
ਇੱਕ ਇੱਕ ਫੁੱਲ ਮੈਂ ਤਾਂ ਵੰਡ ਦੇਵਾਂ ਸਭ ਨੂੰ,
ਧਰਤੀ ਤੋਂ ਕਰਨਾ ਉਦਾਸੀਆਂ ਦਾ ਖ਼ਾਤਮਾ।
ਸਿਆਸਤ ਦੀ ਕੂਟਨੀਤੀ ਨੂੰ ਨਕਾਰਦਾ ਹੈ ਅਤੇ ਪੰਜਾਬ ਦੇ ਸਿੱਖੀ ਸਭਿਆਚਾਰ ਨਾਲ ਪਕੇਰੀ ਸਾਂਝ ਦਾ ਮੁਦੱਈ ਹੈ। ਉਸਦੀ ਸ਼ਬਦਾਵਲੀ ਵਿਭਿੰਨ ਸੋਮਿਆਂ ਤੋਂ ਸੂਰਜ ਦੀ ਸੰਧੂਰਦਾਨੀ ਵਿਚ ਸ਼ੁਮਾਰ ਹੁੰਦੀ ਹੈ। 'ਵਾਰ' ਜਿਹਾ ਬੀਰ-ਰੰਗ ਇਸ ਰੁਬਾਈ ਦੇ ਤੇਵਰਾਂ ਵਿਚੋਂ ਰੂਪਮਾਨ ਹੁੰਦਾ ਹੈ:
ਚੜ੍ਹਿਆ ਬਾਬਾ ਦੀਪ ਸਿੰਘ ਹੱਥ ਖੰਡਾ ਫੜ ਕੇ।
ਆਹੂ ਲਾਹੇ ਵੈਰੀਆਂ ਦੇ ਪਿੱਛੇ ਚੜ੍ਹ ਕੇ।
ਸੀਸ ਤਲੀ 'ਤੇ ਧਰ ਲਿਆ ਯੋਧੇ ਬਲਕਾਰੀ ,
ਲਿਸ਼ਕ ਰਹੀ ਸ਼ਮਸ਼ੀਰ ਸੀ ਜਿਉਂ ਬਿਜਲੀ ਕੜਕੇ।
ਪੰਜਾਬ ਦੀ ਲੋਕ ਗਾਇਕੀ ਨੂੰ ਉਹ ਤਹਿ ਦਿਲੋਂ ਮਾਣ ਦਿੰਦਾ ਹੈ ਤੇ ਅਜਿਹੇ ਸਿਤਾਰਿਆਂ ਲਈ ਹਮੇਸ਼ਾ ਅਕੀਦਤ ਦੇ ਬੋਲ ਬੋਲਦਾ ਹੈ ਉਹ ਚਾਹੇ ਏਧਰਲੇ ਪੰਜਾਬ ਦੀ ਹੋਣ ਜਾਂ ਓਧਰਲੇ ਪੰਜਾਬ ਦੇ।
ਯਮਲਾ ਜੱਟ ਤੇ ਆਲਮ ਮਿਲ ਗਏ ਸੱਤ ਸਮੁੰਦਰ ਪਾਰ।
ਸੁਰ ਸਹਿਜ਼ਾਦੇ, ਧਰਮੀ ਪੁੱਤਰ, ਮਿਲੇ ਸੀ ਪਹਿਲੀ ਵਾਰ।
ਪੁੱਛਿਆ ਯਮਲੇ, ਦੱਸ ਲੋਹਾਰਾ, ਸਿਆਲਕੋਟ ਦਾ ਕਿੱਸਾ,
ਆਲਮ ਅਗੋਂ ਹੱਸ ਕਿਹਾ, ਹੁਣ ਲਾਹ ਦੇ ਦਿਲ ਤੋਂ ਭਾਰ।
ਉਹ ਇਹ ਅਹਿਸਾਸ ਕਰਵਾਉਂਦਾ ਹੈ ਕਿ ਇਹ ਮੁਲਕਾਂ ਦੇ ਟੋਟੇ ਤੇ ਸਰਹੱਦਾਂ ਦੀਆਂ ਦੂਰੀਆਂ ਹਿੰਦੁਸਤਾਨ ਦੇ ਖ਼ੁਦਗਰਜ਼ੀ ਭਰੇ ਨੇਤਾਵਾਂ ਦੀ ਬਦ-ਰਾਜਨੀਤੀ ਨੇ ਪਾਈਆਂ ਹਨ। ਪੰਜਾਬ ਦੀ ਨੌਜਵਾਨੀ ਨੂੰ ਉਹ ਨਸ਼ਿਆਂ ਤੋਂ ਬਚਣ ਅਤੇ ਆਪਣੇ ਸਾਹਿਤਕ ਤੇ ਸਭਿਆਚਾਰਕ ਵਿਰਸੇ ਨਾਲ ਜੋੜਨ ਹਿਤ ਕੁਝ ਇਸ ਤਰ੍ਹਾਂ ਦੀ ਫਿਟਕਾਰ ਪਾਉਂਦਾ ਹੈ:
ਜਿਸ ਧਰਤੀ ਨੂੰ ਵਿੱਸਰ ਜਾਂਦੇ ਆਪਣੇ ਲੋਕ ਲਿਖਾਰੀ।
ਰੋਕ ਨਹੀਂ ਸਕਦਾ ਫਿਰ ਕੋਈ, ਰੁੱਖਾਂ ਦੇ ਮੁੱਢ ਆਰੀ।
ਨਾਨਕ ਸਿੰਘ, ਗੁਰਬਖਸ਼ ਪ੍ਰੀਤੀ ਡੋਰਾਂ ਜੋੜਨਹਾਰੇ,
ਭੁੱਲ ਭੁਲਾ ਗਏ ਪੁੱਤਰ ਧੀਆਂ, ਮੱਤ ਗਈ ਹੈ ਮਾਰੀ।
ਆਪਣੇ ਬਜ਼ੁਰਗਾਂ ਪ੍ਰਤੀ ਸਤਿਕਾਰ ਅਤੇ ਆਉਣ ਵਾਲੀਆਂ ਨਸਲਾਂ ਪ੍ਰਤੀ ਜ਼ਿੰਮੇਵਾਰੀ ਦਾ ਉਸ ਨੂੰ ਪੂਰਾ-ਪੂਰਾ ਅਹਿਸਾਸ ਹੈ। ਰੁੱਖਾਂ ਦੀ ਜੀਰਾਂਦ ਨੂੰ ਉਹ ਸੂਫ਼ੀਆਂ ਵਾਂਗ ਪਿਆਰ ਕਰਦਾ ਹੈ।
''ਸੰਧੂਰਦਾਨੀ'' ਵਿਚ ਉਸ ਨੇ ਆਪਣੀ ਕਾਵਿਕ ਸਮਰੱਥਾ ਦਾ ਇਕ ਹੋਰ ਪਾਸਾਰ ਦ੍ਰਿਸ਼ਟਮਾਨ ਕਰਵਾਇਆ ਹੈ। ਕਵੀ ਫੁੱਲਾਂ ਵਿਚੋਂ ਕੇਵਲ ਸੁਖ਼ਨ-ਸੁਨੇਹੇ ਪੜ੍ਹਦਾ ਹੀ ਨਹੀਂ, ਸਾਡੇ ਤੀਕ ਪਹੁੰਚਾਉਂਦਾ ਵੀ ਹੈ। ਉਹਦੀ ਕਵਿਤਾ ਵਿਚ ਫੁੱਲ ਸੰਖ ਵਜਾਉਂਦੇ ਨੇ। ਉਸਦੀ ਸ਼ਾਇਰੀ ਫੁੱਲਾਂ ਦੀ ਮਹਿਕ ਵਾਂਗ ਤੇ ਗੁਲਕੰਦ ਦੇ ਸਵਾਦ ਵਾਂਗ ਤੁਹਾਡੇ ਅੰਗ-ਸੰਗ ਰਹਿੰਦੀ ਤੇ ਨਾਲ-ਨਾਲ ਤੁਰਦੀ ਹੈ। ਜ਼ਰਾ ਆਪਣੇ ਦਿਲਾਂ 'ਚ ਝਾਤੀ ਮਾਰ ਵੇਖੋ:
ਵੇਖੋ, ਮਹਿਮਾਨ ਬਣ ਖਿੜੇ ਫੁੱਲ ਆਏ ਨੇ।
ਸੁਪਨੇ ਹੁਸੀਨ ਵੀ ਇਹ ਨਾਲ ਲੈ ਕੇ ਆਏ ਨੇ।
ਸੂਰਜੇ ਦੀ ਜਾਪਦੈ ਸੰਧੂਰਦਾਨੀ ਟੁੱਟ ਗਈ,
ਅੰਬਰਾਂ ਨੇ ਵੇਸ ਤਾਹੀਂ ਜੋਗੀਆ ਬਣਾਏ ਨੇ।
ਸੂਰਜ ਦੀ ਸੰਧੂਰਦਾਨੀ ਦੇ ਟੁੱਟਣ ਨਾਲ ਹੀ ਅੰਬਰ ਜੋਗੀਆ ਵੇਸ ਧਾਰਦਾ ਹੈ। ਪਰ ਚਿੰਤਨ ਨਾਲ ਫਿਰ ਸ਼ਬਦ ਸਲਾਮਤ ਰਹਿੰਦੇ ਨੇ ਤੇ ਫੁੱਲਾਂ ਦੀ ਮਹਿਕ ਨਾਲ ਸਾਡਾ ਰਿਸ਼ਤਾ ਬਰਕਰਾਰ ਰਹਿੰਦਾ ਹੈ। ਮੈਂ ਇਸ ਸ਼ਾਇਰੀ ਨੂੰ ਉਸ ਦੀ ਗ਼ਜ਼ਲ ਦੇ ਵਿਕਾਸ-ਕ੍ਰਮ ਵਜੋਂ ਹੀ ਦੇਖਦਾ ਹੋਇਆ ਉਸਦੀ ਇਕ ਹੋਰ ਰੁਬਾਈ ਦਾ ਹਵਾਲਾ ਦੇ ਕੇ ਆਪਣੀ ਗੱਲ ਖ਼ਤਮ ਕਰਦਾ ਹਾਂ:
ਤੂੰ ਮੇਰੇ ਨੈਣਾਂ 'ਚ ਕੁਝ ਪਲ ਬੰਦ ਹੋ ਜਾਹ।
ਫੁੱਲ ਨਾ ਰਹੁ, ਹੁਣ ਤੂੰ ਸੂਰਜ, ਚੰਦ ਹੋ ਜਾਹ।
ਮਹਿਕ ਦੇ ਦੇ, ਜ਼ਿੰਦਗੀ ਸਰਸ਼ਾਰ ਕਰ ਦੇਹ,
ਹਸਤੀਆਂ ਨੂੰ ਮੇਟ ਕੇ ਗੁਲਕੰਦ ਹੋ ਜਾਹ।
ਉਮੀਦ ਹੈ ਪਾਠਕਾਂ ਨੂੰ ਗੁਰਭਜਨ ਗਿੱਲ ਦੀ ਇਹ ਸ਼ਾਇਰੀ ਮਹਿਕ ਦੇ ਕੇ ਉਹਨਾਂ ਦੀ ਜ਼ਿੰਦਗੀ ਨੂੰ ਸ਼ਰਸ਼ਾਰ ਕਰਨ ਦਾ ਸਬੱਬ ਬਣੇਗੀ।
ਪਰਮਜੀਤ ਸੋਹਲ (ਡਾ.)
ਲੁਧਿਆਣਾ
ਨਿਰੋਲ ਪੰਜਾਬੀ ਗ਼ਜ਼ਲ ਦੀ ਸਿਰਜਣਾ (ਮੋਰ ਪੰਖ) : ਸਰਦਾਰ ਪੰਛੀ
ਗ਼ਜ਼ਲ ਦੇ ਸ਼ਿਅਰ ਕਿਸੇ ਸੱਜਰੀ ਸਵੇਰ ਵੇਲੇ ਖਿੜੇ ਹੋਏ ਫੁੱਲਾਂ ਵਰਗੇ ਹੁੰਦੇ ਹਨ । ਫੁੱਲਾਂ
ਦੀਆਂ ਪੱਤੀਆਂ 'ਤੇ ਪਏ ਤੇਲ ਦੇ ਤੁਪਕਿਆਂ ਵਰਗੇ ਹੁੰਦੇ ਹਨ । ਪਹਾੜਾਂ ਤੋਂ ਲਹਿੰਦੇ ਹੋਏ
ਸੁੱਚੇ ਪਾਣੀ ਦੇ ਝਰਨੇ ਵਰਗੇ ਹੁੰਦੇ ਹਨ । ਹਵਾ ਦੀ ਤਾਲ ਤੇ ਕਿੱਕਲੀ ਪਾ ਰਹੀਆਂ ਰੁੱਖਾਂ
ਦੀਆਂ ਲਚਕੀਲੀਆਂ ਟਹਿਣੀਆਂ ਵਰਗੇ ਹੁੰਦੇ ਹਨ, ਅੰਬਾਂ ਨਾਲ ਲੱਦੀਆਂ ਅਤੇ ਲਿਫ਼ੀਆਂ
ਹੋਈਆਂ ਟਹਿਣੀਆਂ 'ਤੇ ਬੈਠੀ ਬਿਰਹਾ ਰਾਗ ਅਲਾਪ ਰਹੀ ਕੋਇਲ ਦੀ ਕੁਹੂ-ਕੁਹੂ ਵਰਗੇ
ਹੁੰਦੇ ਹਨ, ਸਿੱਪ ਦੇ ਮੂੰਹ ਵਿਚ ਪੈ ਕੇ ਸਵਾਂਤੀ ਬੂੰਦ ਦੇ ਮੋਤੀ ਬਣ ਜਾਣ ਵਰਗੇ ਹੁੰਦੇ ਹਨ ।
ਰੇਗਿਸਤਾਨ ਦਾ ਸਫ਼ਰ ਕਰ ਰਹੇ ਕਾਫ਼ਲੇ ਦੇ ਊਠਾਂ ਗਲ ਲਟਕ ਰਹੀਆਂ ਟੱਲੀਆਂ ਦੀ
ਟੁਣਕਾਰ ਵਰਗੇ ਹੁੰਦੇ ਹਨ, ਕਿਸੇ ਸੂਫ਼ੀ ਫ਼ਕੀਰ ਦੀ ਦਰਗਾਹ ਵਿਚੋਂ ਆ ਰਹੀ ਅੱਲਾ ਹੂ
ਦੀ ਆਵਾਜ਼ ਵਰਗੇ ਹੁੰਦੇ ਹਨ ।
ਸਮਾਂ ਬੀਤਣ ਅਤੇ ਰੁੱਤ ਬਦਲਣ ਨਾਲ ਪੰਜਾਬ ਦੇ ਵਿਹੜਿਆਂ ਵਿਚਲੇ ਗ਼ਮਲਿਆਂ
ਵਿਚੋਂ ਕੋਮਲ ਕਲੀਆਂ ਵੀ ਫੁੱਟਣੀਆਂ ਸ਼ੁਰੂ ਹੋ ਗਈਆਂ । ਇਨ੍ਹਾਂ ਕਲੀਆਂ ਵਿਚ ਮਸਤ ਕਰ
ਦੇਣ ਵਾਲੀ ਖ਼ੁਸ਼ਬੋ ਵੀ ਸੀ ਅਤੇ ਬਹੁ-ਅਰਥੀ ਰੰਗ ਵੀ । ਇਨ੍ਹਾਂ ਦੀਆਂ ਪੱਤੀਆਂ ਦੇ ਰੇਸ਼ਿਆਂ
ਉੱਤੇ ਲਿਖੀ ਹੋਈ ਇਬਾਰਤ ਗ਼ਜ਼ਲ ਦੇ ਸ਼ਿਅਰਾਂ ਦਾ ਰੂਪ ਧਾਰ ਕੇ ਲੋਕਾਂ ਸਾਹਮਣੇ ਆਈ ।
ਇਹਨਾਂ ਕਲੀਆਂ ਦੇ ਗ਼ਜ਼ਲ-ਕਾਫ਼ਲੇ ਵਿਚ ਸ਼ਾਮਲ ਹੋਣ ਨਾਲ ਸਿਰਜਣਾ ਦਾ ਨਵਾਂ ਸੰਸਾਰ
ਹੋਂਦ ਵਿਚ ਆਇਆ ਜਿਸ ਦੀ ਜ਼ਿਆਰਤ ਕਰਕੇ ਰੂਹ ਸਰਸ਼ਾਰ ਹੋ ਜਾਂਦੀ ਹੈ ।
ਪੰਜਾਬ ਵਿਚ ਵੱਸਦੇ ਪੰਜਾਬੀ ਗ਼ਜ਼ਲਗੋ ਸ਼ਾਇਰਾਂ ਵਿਚ ਗੁਰਭਜਨ ਗਿੱਲ ਦਾ ਨਾਂ
ਕਿਸੇ ਜਾਣ-ਪਛਾਣ ਦਾ ਮੋਹਤਾਜ਼ ਨਹੀਂ ਹੈ । ਗੁਰਭਜਨ ਗਿੱਲ ਦਾ ਗ਼ਜ਼ਲ ਸੰਗ੍ਰਹਿ “ਮੋਰ
ਪੰਖ' ਉਹਨਾਂ ਦਾ ਆਪਣੀ ਮੰਜ਼ਿਲ ਵੱਲ ਇਕ ਸਾਰਥਿਕ ਕਦਮ ਹੈ, ਜਿਸ 'ਤੇ ਸ਼ਾਇਰ ਨੂੰ
ਮਾਣ ਵਰਗੀ ਤਸੱਲੀ ਹੋ ਸਕਦੀ ਹੈ । ਗੁਰਭਜਨ ਗਿੱਲ ਨੇ ਲਗਾਤਾਰ ਪਿਛਲੀ ਸਦੀ ਦੇ
ਸੱਤਵੇਂ ਦਹਾਕੇ ਦੇ ਸ਼ੁਰੂ ਤੋਂ ਲੈ ਕੇ ਨਜ਼ਮਾਂ ਤੇ ਗ਼ਜ਼ਲਾਂ ਵੀ ਲਿਖੀਆਂ ਹਨ ਅਤੇ ਗੀਤ ਵੀ,
ਜੋ ਸਿਰਕੱਢ ਗਾਇਕਾਂ ਨੇ ਗਾਏ ਹਨ ਅਤੇ ਚੰਗਾ ਨਾਮਣਾ ਖੱਟਿਆ ਹੈ । ਪੰਜਾਬ ਦੀ ਤ੍ਰਾਸਦੀ
ਬਾਰੇ ਲਿਖਿਆ ਹੋਇਆ ਉਹਨਾਂ ਦਾ ਗੀਤ 'ਸਾਨੂੰ ਮੋੜ ਦਿਓ ਰੰਗਲਾ ਪੰਜਾਬ ਅਸੀਂ ਨਹੀਂ
ਕੁਝ ਹੋਰ ਮੰਗਦੇ ਅਤੇ ਭਰੂਣ ਹੱਤਿਆ ਤੇ ਲਿਖਿਆ ਗੀਤ “ਮਾਏ ਨੀ ਇਕ ਲੋਰੀ ਦੇ ਦੇ'
ਜਿਸ ਨੂੰ ਜਸਬੀਰ ਜੱਸੀ ਗੁਰਦਾਸਪੁਰੀਏ ਨੇ ਗਾਇਆ ਹੈ, ਬਹੁਤ ਮਕਬੂਲ ਹੋਏ ਹਨ । ਰੁਬਾਈ,
ਟੱਪੇ, ਬੈਂਤ, ਬਾਰਾਂ ਮਾਹ, ਵਰਗੇ ਸਾਹਿਤ-ਰੂਪ ਵੀ ਉਸ ਦੀਆਂ ਬਾਕੀ ਕਿਤਾਬਾਂ ਵਿਚ
ਪ੍ਰਕਾਸ਼ਤ ਹੁੰਦੇ ਰਹੇ ਨੇ ।
ਗੁਰਭਜਨ ਗਿੱਲ ਦੀ ਭਾਸ਼ਾ ਧਰਤੀ ਦੀ ਭਾਸ਼ਾ ਹੈ । ਸੌਖੀ, ਪੁਰ ਅਸਰ ਅਤੇ ਢੁਕਵੀਂ
ਕਾਵਿ-ਭਾਸ਼ਾ ਕਵਿਤਾ ਦਾ ਸ਼ਿੰਗਾਰ ਹੁੰਦੀ ਹੈ । ਧਰਤੀ ਦੀ ਭਾਸ਼ਾ ਵਿਚੋਂ ਮਿੱਟੀ ਦੀ ਸੁਗੰਧ
ਆਉਂਦੀ ਹੈ ਜੋ ਸਿੱਧਾ ਦਿਲ ਅਤੇ ਰੂਹ 'ਤੇ ਅਸਰ ਕਰਦੀ ਹੈ । ਸੌਖੀ ਜ਼ਬਾਨ ਵਿਚ ਕਹੇ
ਗਏ ਸ਼ਿਅਰ ਲੋਕਾਂ ਨੂੰ ਜ਼ਬਾਨੀ ਯਾਦ ਹੋ ਜਾਂਦੇ ਹਨ । ਇਹ ਸੌਖੀ ਜ਼ਬਾਨ ਨੂੰ ਮਿਲੀ ਸ਼ਾਬਾਸ਼ ਹੈ ।
ਗਜ਼ਲ ਦੇ ਸ਼ਿਅਰਾਂ ਵਿਚ ਬਿਆਨ ਦਾ ਬੜਾ ਮਹੱਤਵ ਹੈ । ਬਿਆਨ ਦਾ ਅਰਥ ਲਫ਼ਜ਼ਾਂ
ਦੀ ਤਰਤੀਬ ਹੈ । ਲਫ਼ਜ਼ਾਂ ਦੀ ਚੋਣ ਅਤੇ ਉਹਨਾਂ ਦੀ ਚੋਣ ਤੇ ਜੜਤ ਬਹੁਤ ਹੀ ਮਹੱਤਵਪੂਰਨ
ਅਮਲ ਹੈ ਜੋ ਵਿਸ਼ੇ ਨੂੰ ਦੁੱਧ ਵਿਚ ਇਸ਼ਨਾਨ ਕਰਾ ਦੇਂਦਾ ਹੈ ।
ਵਿਸ਼ਾ ਮੁਟਿਆਰ ਦੀ ਤਰ੍ਹਾਂ ਹੁੰਦਾ ਹੈ ਜਿਸਦੇ ਸਰੀਰ ਦੀ ਬਣਤਰ ਅਨੁਸਾਰ ਕੱਪੜੇ
ਸਿਉਂ ਕੇ ਪੁਆਉਣੇ ਹੁੰਦੇ ਹਨ । ਦਰਜ਼ੀ ਦਾ ਇਹ ਕੰਮ ਜ਼ਬਾਨ ਤੇ ਬਿਆਨ ਕਰ ਸਕਦੇ
ਹਨ । ਉਹ ਆਪਣੀ ਕਲਾ ਨਾਲ ਕਾਮਨੀ ਦੇ ਸਰੀਰ ਦੀ ਬਨਾਵਟ ਅਨੁਸਾਰ ਵੇਤਰ ਕਾਤਰ
ਕਰਦੇ ਹਨ ਤੇ ਉਸ ਮੁਟਿਆਰ ਨੂੰ ਸੀਤੇ ਹੋਏ ਕੱਪੜੇ ਪੁਆਏ ਜਾਂਦੇ ਹਨ ਤਾਂ ਉਸ ਦੇ ਸਰੀਰ
ਦਾ ਹਰ ਅੰਗ ਖ਼ੁਸ਼ਨੁਮਾ ਲੱਗਦਾ ਹੈ । ਉਸ ਦਾ ਜੋਬਨ ਠਾਠਾਂ ਮਾਰਦਾ ਹੋਇਆ ਨਜ਼ਰ
ਆਉਂਦਾ ਹੈ । ਜ਼ਬਾਨ ਅਤੇ ਬਿਆਨ ਦੀ ਇਹ ਸਫ਼ਲਤਾ ਵੀ ਗੁਰਭਜਨ ਗਿੱਲ ਦੇ ਹੀ ਹਿੱਸੇ
ਆਈ ਹੈ ।
ਗੁਰਭਜਨ ਗਿੱਲ ਨੇ ਹਰ ਪ੍ਰਕਾਰ ਦੀਆਂ ਬਹਿਰਾਂ ਦਾ ਇਸਤੇਮਾਲ ਕੀਤਾ ਹੈ । 'ਮੋਰ
ਪੰਖ' ਵਿਚ ਇਕ ਹੀ ਗ਼ਜ਼ਲ ਗੈਰ ਮੁਰੱਦਫ਼ ਹੈ ਜਿਸ ਨੂੰ ਪੜ੍ਹਦਿਆਂ ਹੋਇਆਂ ਓਨਾ ਹੀ ਰਸਸਵਾਦਨ
ਹੁੰਦਾ ਹੈ ਜਿੰਨਾ ਬਾ ਰਦੀਫ਼ ਗ਼ਜ਼ਲ ਪੜ੍ਹਦਿਆਂ ਮਹਿਸੂਸ ਹੋ ਸਕਦਾ ਹੈ । ਜ਼ਰਾ
ਇਹ ਦੋਵੇਂ ਸ਼ੇਅਰ ਵੇਖੋ:
ਐਵੇਂ ਕਰੀ ਜਾਵੇਂ ਕਾਹਨੂੰ ਮੇਰੇ ਆਉਣ ਦੀ ਉਡੀਕ ।
ਕਦੋਂ ਧਰਤੀ ਨੇ ਚੁੰਮੀ ਟੁੱਟੇ ਤਾਰਿਆਂ ਦੀ ਲੀਕ ।
ਵਿਦੇਸ਼ਾਂ ਵਿਚ ਕਈ ਵਾਰ ਯਾਤਰੀ ਦੇ ਤੌਰ ਤੇ ਵਿਚਰਨ ਤੋਂ ਬਾਅਦ ਆਪਣੇ ਵਤਨ
ਪਰਤ ਕੇ ਆਪਣੇ ਦਿਲ ਦੇ ਜਜ਼ਬਾਤ ਐਸੀ ਖੂਬੀ ਨਾਲ ਬਿਆਨ ਕਰਦਾ ਹੈ ਕਿ ਆਪ
ਮੁਹਾਰੇ ਮੂੰਹ ਵਿਚੋਂ ਵਾਹ-ਵਾਹ ਨਿਕਲ ਜਾਂਦੀ ਹੈ:
ਹੰਝੂਆਂ ਨਾਲ ਸਮੁੰਦਰ ਸੱਤੇ ਭਰ ਆਇਆ ਹਾਂ ।
ਦਰਦ ਸੁਣਾ ਕੇ ਪਾਣੀ ਖ਼ਾਰੇ ਕਰ ਆਇਆ ਹਾਂ ।
ਸ਼ਾਇਰ ਦੀ ਨਜ਼ਰ ਵਿਚ ਮਹਿਬੂਬ ਨੂੰ ਪਹਿਲੀ ਵਾਰੀ ਮਿਲਣ ਵਾਲੀ ਥਾਂ ਬਹੁਤ ਪਿਆਰੀ
ਹੈ । ਉਹਨੇ ਆਪਣੇ ਮਹਿਬੂਬ ਦੇ ਪੈਰਾਂ ਦੀ ਛੋਹ ਪ੍ਰਾਪਤ ਥਾਂ ਨੂੰ ਪਵਿੱਤਰ ਕਰਾਰ ਦੇਣ ਲਈ
ਕੀਹ ਕੀਤਾ ਹੈ, ਉਸ ਦੇ ਆਪਣੇ ਲਫ਼ਜ਼ਾਂ ਵਿਚ ਸੁਣੋ:
ਜਿੱਥੇ ਆਪਾਂ ਦੋਵੇਂ ਪਹਿਲੀ ਵਾਰ ਮਿਲੇ ਸੀ,
ਓਸ ਜਗ੍ਹਾ ਚੌਮੁਖੀਆ ਦੀਵਾ ਧਰ ਆਇਆ ਹਾਂ ।
ਮੁਕੰਮਲ ਸ਼ਿਅਰ ਦੀ ਇਕ ਪਹਿਚਾਣ ਇਹ ਵੀ ਹੈ ਕਿ ਉਸ ਦੇ ਦੋਵੇਂ ਮਿਸਰੇ ਦੋ ਜਿਸਮ
ਪਰ ਇਕ ਰੂਹ ਜਾਪਣ । ਇੰਜ ਜਾਪੇ ਕਿ ਮਿਸਰਾ ਉਲਾ ਦਾ ਮਿਸ਼ਰਾ ਸਾਨੀ ਬਿਨਾਂ ਸਰ ਨਹੀਂ
ਸਕਣਾ । ਇਸ ਦਾ ਨਮੂਨਾ ਵੇਖੋ:
ਠੋਕਰਾਂ ਨਾ ਮਾਰ ਸ਼ੀਸ਼ਾ, ਚੂਰ ਨਾ ਕਰ ।
ਅਕਸ ਨੂੰ ਤੂੰ ਆਪਣੇ ਤੋਂ ਦੂਰ ਨਾ ਕਰ ।
ਇਸ ਸ਼ਾਇਰ ਕੋਲ ਬੜੀ ਬਾਰੀਕ ਨਜ਼ਰ ਹੈ । ਇਹ ਨਦੀ ਵਿੱਚ ਤਾਰੇ ਜਾਂਦੇ ਅਰੀਜਿਆਂ
ਵਰਗੇ ਦੀਵਿਆਂ ਦੀ ਭੂਮਿਕਾ ਨੂੰ ਬਿਲਕੁਲ ਨਿਵੇਕਲੇ ਅੰਦਾਜ਼ ਨਾਲ ਵੇਖਦਾ ਅਤੇ ਬਿਆਨ
ਕਰਦਾ ਹੈ:
ਨਿਰਮਲ ਨੀਰ ਵਿਚਾਰਾ ਰਸਤਾ ਭੁੱਲ ਨਾ ਜਾਵੇ,
ਵਗਦੇ ਪਾਣੀ ਉੱਪਰ ਦੀਵੇ ਤਾਰ ਲਏ ਨੇ ।
ਆਪਣੇ ਮਹਿਬੂਬ ਦੇ ਜਿਸਮ ਦੀ ਖ਼ੁਸ਼ਬੂ ਨੂੰ ਅਮਾਨਤ ਵਾਂਗ ਸੰਭਾਲ ਕੇ ਰੱਖਣਾ ਮੁਹੱਬਤ
ਦਾ ਸਿਰ ਉੱਚਾ ਕਰਨਾ ਹੈ । ਮੁਹੱਬਤ ਵਿਚ ਕਿਸੇ ਚੀਜ਼ ਦੇ ਪ੍ਰਾਪਤ ਹੋਣ ਦੀ ਰਸੀਦ ਦੇਣ
ਦਾ ਇਕ ਅਨੋਖਾ ਢੰਗ ਇਹ ਵੀ ਹੈ:
ਤੈਨੂੰ ਛੂਹ ਕੇ ਆਈ, ਜਿਸ ਨੂੰ ਪੌਣ ਲਿਆਈ,
ਉਸ ਖ਼ੁਸ਼ਬੂ ਨੂੰ ਕੁੰਡੇ ਜੰਦਰੇ ਮਾਰ ਲਏ ਨੇ ।
ਪਰਦੇਸਾਂ ਵਿਚ ਵੱਸਦੇ ਲੋਕਾਂ ਲਈ ਆਪਣੇ ਵਤਨ ਦੀ ਮਿੱਟੀ ਨਾਲ ਮੋਹ ਕੁਦਰਤੀ
ਹੁੰਦਾ ਹੈ । ਲੰਮਾ ਸਮਾਂ ਆਪਣੇ ਵਤਨ ਤੋਂ ਦੂਰ ਰਹਿਣਾ ਉਨ੍ਹਾਂ ਦੀ ਮਜਬੂਰੀ ਹੁੰਦੀ ਹੈ । ਏਸ
ਬੇਬਸੀ ਵਿਚੋਂ ਜਿਹੜੀ ਪੀੜ ਜਨਮ ਲੈਂਦੀ ਹੈ ਉਸ ਦਾ ਨਾਮਕਰਨ ਕੋਈ ਸੌਖਾ ਕੰਮ ਨਹੀਂ
ਤੇ ਜੇਕਰ ਉਸ ਨੂੰ ਬਿਆਨ ਕਰਨ ਲਈ ਕਿਸੇ ਤਸ਼ਬੀਹ ਨੂੰ ਕਨਾਏ ਦੇ ਤੌਰ 'ਤੇ ਕਹਿਣਾ
ਹੋਵੇ ਤਾਂ ਇਹ ਸ਼ਾਇਰ ਦੇ ਫ਼ਨ ਦਾ ਇਮਤਿਹਾਨ ਹੁੰਦਾ ਹੈ:
ਮਾਂ ਬੋਲੀ, ਮਾਂ ਜਨਣੀ, ਧਰਤੀ ਮਾਤਾ ਕੋਲੋਂ,
ਟੁੱਟ ਕੇ ਬੰਦਾ ਮਰਦਾ ਮਰਦਾ ਮਰ ਜਾਂਦਾ ਹੈ ।
ਸਾਡੇ ਸਮਾਜ ਵਿਚ ਤੇਜ਼ੀ ਨਾਲ ਬਦਲ ਰਹੀਆਂ ਕਦਰਾਂ-ਕੀਮਤਾਂ ਨੇ ਮਨੁੱਖ ਦੇ
ਅਹਿਸਾਸ ਦਾ ਮੂੰਹ ਦੂਜੇ ਪਾਸੇ ਕਰ ਦਿੱਤਾ ਹੈ । ਹੁਣ ਇਸ ਦੀ ਸੰਵੇਦਨਾ ਪੱਥਰ ਬਣਦੀ
ਜਾ ਰਹੀ ਹੈ । ਇਸ ਤੱਥ ਵੱਲ ਸਾਡਾ ਧਿਆਨ ਖਿੱਚਦਾ ਹੋਇਆ ਇਹ ਸ਼ਿਅਰ ਵੇਖੋ:
ਲੋਕਾਂ ਦੇ ਮਨ ਉੱਤੇ ਇਸ ਦਾ ਭਾਰ ਨਹੀਂ ਹੁਣ ।
ਕਿਉਂ ਬਿਰਖਾਂ ਤੇ ਬਹਿੰਦੀ ਆ ਕੇ ਡਾਰ ਨਹੀਂ ਹੁਣ ।
ਮਨੁੱਖ ਲਈ ਖੁਸ਼ਹਾਲ ਅਤੇ ਸਤਿਕਾਰਯੋਗ ਜ਼ਿੰਦਗੀ ਲਈ ਸੰਘਰਸ਼ ਕਰਦੇ ਲੋਕ ਮੌਜੂਦਾ
ਨਿਜ਼ਾਮ ਦੀ ਹਨ੍ਹੇਰੀ ਰਾਤ ਨਾਲ ਤੁਲਨਾ ਕਰਦੇ ਹਨ । ਉਹ ਇਸ ਨਿਜ਼ਾਮ ਨੂੰ ਬਦਲ ਕੇ
ਐਸਾ ਨਿਜ਼ਾਮ ਸਥਾਪਤ ਕਰਨਾ ਚਾਹੁੰਦੇ ਹਨ ਜਿਸ ਵਿਚ ਮਨੁੱਖ ਹੱਥੋਂ ਮਨੁੱਖ ਦਾ ਸ਼ੋਸ਼ਣ
ਨਾ ਹੋਵੇ । ਜਦੋਂ ਤੱਕ ਐਸਾ ਨਿਜ਼ਾਮ ਕਾਇਮ ਨਹੀਂ ਹੋ ਜਾਂਦਾ ਉਸ ਲਈ ਸੰਘਰਸ਼
ਜਾਰੀ ਰਹੇਗਾ:
ਚਿਰਾਗਾਂ ਦਾ ਇਹ ਕਹਿਣਾ ਹੈ, ਜਦੋਂ ਤੱਕ ਰਾਤ ਬਾਕੀ ਹੈ ।
ਅਸਾਂ ਤਾਂ ਬਲਦੇ ਰਹਿਣਾ ਹੈ, ਜਦੋਂ ਤੱਕ ਰਾਤ ਬਾਕੀ ਹੈ ।
ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਵਿਚ ਭਰਪੂਰ ਜ਼ਿੱਦਤ ਹੈ ਅਤੇ ਉਸ ਦੀਆਂ
ਤਸ਼ਬੀਹਾਂ ਨਵੀਆਂ, ਕਨਾਏ ਅਤੇ ਇਸਤਿਆਰੇ ਵੀ ਤਾਜ਼ੇ ਫੁੱਲਾਂ ਵਰਗੇ ਹਨ । ਅਜੋਕੀ
ਜ਼ਿੰਦਗੀ ਨਾਲ ਸਬੰਧਿਤ ਸਮੱਸਿਆਵਾਂ ਪ੍ਰਤੀ ਉਹਨਾਂ ਦਾ ਵਰਤਾਰਾ ਹਮਦਰਦੀ,
ਈਮਾਨਦਾਰੀ, ਸੁਹਜ ਅਤੇ ਨਿਆਂ ਭਰਿਆ ਹੈ । ਇਸ ਦੇ ਨਾਲ ਹੀ ਉਹਦੀ ਕਲਮ ਮਹਿਬੂਬ
ਦੇ ਹੁਸਨ, ਅਦਾਵਾਂ ਅਤੇ ਨਾਜ਼ ਨਖ਼ਰਿਆਂ ਨੂੰ ਅੱਖੋਂ ਉਹਲੇ ਨਹੀਂ ਕਰਦੀ ਕਿਉਂਕਿ ਇਹ
ਅਮਲ ਵੀ ਮਨੁੱਖੀ ਭਾਵਨਾਵਾਂ ਦਾ ਸੁਭਾਵਕ ਪ੍ਰਗਟਾਵਾ ਹੈ ਅਤੇ ਗ਼ਜ਼ਲ ਦਾ ਸ਼ਿੰਗਾਰ ਵੀ ।
ਇਸ ਸਬੰਧ ਵਿਚ ਗੁਰਭਜਨ ਗਿੱਲ ਦੇ ਇਹ ਦੋ ਸ਼ਿਅਰ ਸਲਾਹੁਣਯੋਗ ਹਨ:
ਉਹਦੀ ਛੋਹ ਜਿਉਂ ਛੋਹ ਬਿਜਲੀ ਦੀ ਤਾਰ ਗਈ ਏ ।
ਤੜਪ ਰਿਹਾ ਦਿਲ ਕਰ ਉਹ ਠੰਡਾ ਠਾਰ ਗਈ ਏ ।
ਗੁਰਭਜਨ ਗਿੱਲ ਦੇ ਇਸ ਗ਼ਜ਼ਲ ਸੰਗ੍ਰਹਿ ਵਿਚ ਕਾਫ਼ੀ ਸ਼ਿਅਰ ਇਸ ਤਰ੍ਹਾਂ ਦੇ ਮਿਜ਼ਾਜ
ਦੇ ਹਨ ਜੋ ਵਰ੍ਹਿਆਂ ਤੀਕਰ ਲੋਕਾਂ ਦੀ ਜ਼ੁਬਾਨ ਦਾ ਸੁਆਦ ਬਣੇ ਰਹਿਣਗੇ । ਮੈਨੂੰ ਪੂਰਾ ਭਰੋਸਾ
ਹੈ ਕਿ ਪੰਜਾਬੀ ਗ਼ਜ਼ਲ ਦੇ ਚਾਹਵਾਨ ਪਾਠਕ ਇਸ ਗ਼ਜ਼ਲ ਸੰਗ੍ਰਹਿ ਵਿਚਲੀਆਂ ਗ਼ਜ਼ਲਾਂ
ਦਾ ਰਸ-ਸਵਾਦਨ ਕਰਕੇ ਸਰਸ਼ਾਰ ਹੋਇਆ ਕਰਨਗੇ ।
ਸਿਵਾ ਸ਼ਾਇਰ, ਮੁਸੱਵਰ ਕੇ ਕਿਸੀ ਕੋ ਭੀ ਨਹੀਂ ਆਤਾ,
ਕਿਸੀ ਕਾਗਜ਼ ਸੇ, ਰੰਗੋਂ ਕੀ ਜ਼ੁਬਾਂ ਮੈਂ ਗੁਫ਼ਤਗੂ ਕਰਨਾ ।
ਮਨੁੱਖੀ ਸਰੋਕਾਰਾਂ ਨਾਲ ਲਬਰੇਜ਼ ਗੁਰਭਜਨ ਗਿੱਲ ਦਾ ਕਾਵਿ ਸੰਗ੍ਰਹਿ ‘ਚਰਖ਼ੜੀ’ : ਸੁਰਜੀਤ
ਕਵਿਤਾ ਅਜਿਹਾ ਸਾਹਿਤ ਰੂਪ ਹੈ ਜੋ ਮਨੁੱਖ ਦੇ ਅੰਦਰ ਲੱਥ ਜਾਣ ਦੀ ਸਮਰੱਥਾ ਰੱਖਦੀ ਹੈ। ਭਾਸ਼ਾ ਵਿਭਾਗ ਪੰਜਾਬ ਵਲੋਂ ਸ਼੍ਰੋਮਣੀ ਕਵੀ ਪੁਰਸਕਾਰ ਪ੍ਰਾਪਤ ਗੁਰਭਜਨ ਗਿੱਲ ਸਾਡਾ ਸਮਰੱਥਾਵਾਨ ਤੇ ਸੁਪ੍ਰਸਿੱਧ ਕਵੀ ਹੈ ਜਿਸਦੀ ਕਵਿਤਾ ਦਾ ਅਸਰ ਦਿਲ-ਦਿਮਾਗ ਤੇ ਸਿੱਧਾ ਤੇ ਚਿਰਜੀਵੀ ਹੁੰਦਾ ਹੈ। ਉਸਦੀ ਬਹੁਤ ਪ੍ਰਚੱਲਤ ਕਵਿਤਾ ਲੋਰੀ,
ਮਾਏ ਨੀ ਅਣਜੰਮੀ ਧੀ ਨੂੰ,
ਆਪਣੇ ਨਾਲੋਂ ਵਿੱਛੜੇ ਜੀਅ ਨੂੰ,
ਜਾਂਦੀ ਵਾਰੀ ਮਾਏ ਨੀ
ਇਕ ਲੋਰੀ ਦੇ ਦੇ।
ਬਾਬਲ ਤੋਂ ਭਾਵੇਂ ਚੋਰੀ ਨੀ
ਇਕ ਲੋਰੀ ਦੇ ਦੇ।
ਦਾ ਹਵਾਲਾ ਦਿੱਤਾ ਜਾ ਸਕਦਾ ਹੈ। ਸ਼ਾਇਦ ਹੀ ਕੋਈ ਵਿਅਕਤੀ ਹੋਵੇ ਜਿਸ ਨੇ ਇਹ ਕਵਿਤਾ ਨਾ ਪੜ੍ਹੀ/ਸੁਣੀ ਹੋਵੇ। ਇਸ ਕਵਿਤਾ/ਗੀਤ ਦਾ ਕਵੀਆਂ ‘ਤੇ ਅਜਿਹਾ ਪ੍ਰਭਾਵ ਪਿਆ ਕਿ ਉਨ੍ਹਾਂ ਨੇ ਇਹੋ ਜਿਹੀਆਂ ਹੋਰ ਅਨੇਕਾਂ ਕਵਿਤਾਵਾਂ ਨੂੰ ਜਨਮ ਦਿੱਤਾ।
ਹੁਣੇ ਜਿਹੇ ਤ੍ਰੈਮਾਸਿਕ ਪੱਤਰ ਸਿਰਜਣਾ ਵਿਚ ਉਸਦੀਆਂ ਕੁਝ ਕਵਿਤਾਵਾਂ ਪੜ੍ਹੀਆਂ ਤਾਂ ਉਂਨ੍ਹਾਂ ਵਿੱਚੋਂ ਇਕ ਕਵਿਤਾ ‘ਮਿਲ ਜਾਇਆ ਕਰ’ ਪੜ੍ਹ ਕੇ ਅੱਜ ਦੇ ਕਰੋਨਾ ਸੰਕਟ ਕਾਲ ਵਿਚ ਜਦੋਂ ਬੰਦਾ ਬੰਦੇ ਨੂੰ ਮਿਲਣ ਨੂੰ ਤਰਸ ਰਿਹਾ ਹੈ, ਇਉਂ ਲੱਗਦਾ ਹੈ ਜਿਵੇਂ ਉਸਨੇ ਸਾਡੀ ਸਾਰਿਆਂ ਦੀ ਦੁਖਦੀ ਰਗ਼ ਤੇ ਹੱਥ ਧਰ ਦਿੱਤਾ ਹੋਵੇ।
ਬਹੁਤ ਖੁਸ਼ੀ ਹੋਈ ਜਦੋਂ ਇਹ ਕਵਿਤਾ ਇਸ ਸੰਗ੍ਰਹਿ ਵਿਚੋਂ ਵੀ ਲੱਭ ਪਈ,
ਏਸੇ ਤਰ੍ਹਾਂ ਹੀ ਮਿਲ ਜਾਇਆ ਕਰ।
ਜਿਉਂਦੇ ਹੋਣ ਦਾ
ਭਰਮ ਬਣਿਆ ਰਹਿੰਦਾ ਹੈ।
ਫਿਕਰਾਂ ਦਾ ਚੱਕਰਵਿਊ
ਟੁੱਟ ਜਾਂਦਾ ਹੈ।
ਕੁਝ ਦਿਨ ਚੰਗੇ ਲੰਘ ਜਾਂਦੇ ਨੇ,
ਰਾਤਾਂ ਨੂੰ ਨੀਦ ਨਹੀਂ ਉਟਕਦੀ।
ਮਿਲ ਜਾਇਆ ਕਰ।
ਮਨੁੱਖ ਸਮਾਜਕ ਪ੍ਰਾਣੀ ਹੈ,ਰਿਸ਼ਤਿਆਂ ਵਿਚ ਬੱਝਿਆ ਹੋਇਆ। ਇਹ ਕਵਿਤਾ ਆਪਣੇ ਪਿਆਰਿਆਂ ਨੂੰ ਮਿਲਣ ਦੇ ਮੋਹ ਵਿਚੋਂ ਉਪਜਿਆ ਇਕ ਤਰਲਾ ਹੈ ਜੋ ਹਰ ਪਾਠਕ ਨੂੰ ਪ੍ਰਭਾਵਿਤ ਕਰਦਾ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਡਾ. ਐੱਸ ਪੀ. ਸਿੰਘ ਇਸ ਪੁਸਤਕ ਦੇ ਸਰਵਰਕ ਦੇ ਪਿਛਲੇ ਪਾਸੇ ਲਿਖਦੇ ਹਨ, “ਗੁਰਭਜਨ ਗਿੱਲ ਸਮਰੱਥ ਤੇ ਲਗਾਤਾਰ ਕ੍ਰਿਆਸ਼ੀਲ ਪੰਜਾਬੀ ਕਵੀ, ਸਾਹਿਤਕ ਟਿੱਪਣੀਕਾਰ, ਵਿਗਿਆਨ ਸਾਹਿਤ ਸੰਪਾਦਨਾ ਅਤੇ ਖੇਡਾਂ ਦੇ ਖੇਤਰ ਵਿਚ ਬਹੁਤ ਸਰਗਰਮ ਸੱਭਿਆਚਾਰਕ ਸ਼ਖ਼ਸੀਅਤ ਹੈ।”
ਅਸੀਂ ਸਾਰੇ ਜਾਣਦੇ ਹਾਂ ਕਿ ਗੁਰਭਜਨ ਗਿੱਲ ਨਾ ਕੇਵਲ ਸਾਹਿਤ ਰਚਨਾ ਕਰਦਾ ਹੈ ਪਰੰਤੂ ਦੇਸ਼-ਵਿਦੇਸ਼ ਦੇ ਸਾਹਿਤਕ ਹਲਕਿਆਂ ਵਿਚ ਵੀ ਬਹੁਤ ਸਰਗਰਮ ਰਹਿੰਦਾ ਹੈ।
ਉਹ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਵੱਖ ਵੱਖ ਅਹੁਦਿਆਂ ‘ਤੇ ਬਹੁਤ ਸਮੇਂ ਤੱਕ ਕਾਰਜਸ਼ੀਲ ਰਿਹਾ ਅਤੇ ਅੰਤ ਵਿਚ 2010-14 ਤੀਕ ਇਸ ਦਾ ਚਾਰ ਸਾਲ ਪ੍ਰਧਾਨ ਵੀ ਰਿਹਾ।
ਕਿੱਤੇ ਵਜੋਂ ਉਹ ਗੁਰੂ ਨਾਨਕ ਨੈਸ਼ਨਲ ਕਾਲਿਜ ਦੋਰਾਹਾ ਤੇ ਲਾਜਪਤ ਰਾਏ ਮੈਮੋਰੀਅਲ ਕਾਲਿਜ ਜਗਰਾਉਂ (ਲੁਧਿਆਣਾ) ਕਾਲਿਜਾਂ ਚ ਸੱਤ ਸਾਲ ਪੜ੍ਹਾਉਣ ਉਪਰੰਤ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਚ 1983 ਤੋਂ 2013 ਤੀਕ ਪੜ੍ਹਾਉਂਦਾ ਰਿਹਾ ਅਤੇ ਹੁਣ ਰਿਟਾਇਰਮੈਂਟ ਤੋਂ ਬਾਅਦ ਬਹੁਤ ਸਾਰੀਆਂ ਸਾਹਿਤਕ ਸਰਗਰਮੀਆਂ ਖਾਸ ਕਰਕੇ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ਵਲੋਂ ਕਰਵਾਏ ਜਾਂਦੇ ਸਾਹਿਤਕ ਪ੍ਰੋਗਰਾਮਾਂ ਵਿਚ ਵਿਅਸਤ ਰਹਿੰਦਾ ਹੈ।
ਗੁਰਭਜਨ ਗਿੱਲ ਦੇ ਸਾਹਿਤਕ ਸਫ਼ਰ ਦੀ ਜੇ ਗੱਲ ਕਰੀਏ ਤਾਂ ਅੱਜ ਤੱਕ ਉਹ ਦਸ ਕਾਵਿ-ਸੰਗ੍ਰਹਿ, ਇਕ ਗੀਤ-ਸੰਗ੍ਰਹਿ, ਛੇ ਗ਼ਜ਼ਲ ਸੰਗ੍ਰਹਿ, ਦੋ ਰੁਬਾਈ ਸੰਗ੍ਰਹਿ, ਇਕ ਵਾਰਤਕ ਪੁਸਤਕ ਦੀ ਰਚਨਾ ਕਰ ਚੁੱਕਿਆ ਹੈ। ਹੋਰ ਬਹੁਤ ਸਾਰੇ ਸੰਪਾਦਿਤ ਸਾਂਝੇ ਸੰਗ੍ਰਹਿਆਂ ਵਿਚ ਉਸ ਦੇ ਗੀਤ, ਗਜ਼ਲਾਂ ਤੇ ਕਵਿਤਾਵਾਂ ਸ਼ਾਮਿਲ ਹਨ। ‘ਚਰਖੜੀ’ ਉਸਦੀ ਪੁਸਤਕ ਅਮਰੀਕਾ ਵੱਸਦੀ ਕਹਾਣੀਕਾਰ ਪਰਵੇਜ਼ ਸੰਧੂ ਦੀ ਬੇਟੀ ਦੀ ਯਾਦ ਚ ਸਥਾਪਿਤ ਸਵੀਨਾ ਪ੍ਰਕਾਸ਼ਨ ਕੈਲੇਫੋਰਨੀਆ(ਅਮਰੀਕਾ )ਵੱਲੋਂ ਨਵ-ਪ੍ਰਕਾਸ਼ਿਤ ਕਾਵਿ ਸੰਗ੍ਰਹਿ ਹੈ। ਪੰਜਾਬੀ ਕਾਵਿ-ਜਗਤ ਵਿਚ ‘ਚਰਖੜੀ’ ਦੀ ਆਮਦ ਇਕ ਸ਼ੁਭ ਸ਼ਗਨ ਹੈ।
‘ਚਰਖੜੀ’ ਦੋ ਸੌ ਬੱਤੀ ਸਫ਼ਿਆਂ ਦਾ ਵੱਡਆਕਾਰੀ ਕਾਵਿ-ਸੰਗ੍ਰਹਿ ਹੈ। ਕਵੀ ਤੇ ਚਿਤਰਕਾਰ ਸਵਰਨਜੀਤ ਸਵੀ ਵਲੋਂ ਬਣਾਇਆ ਇਸਦਾ ਸਰਵਰਕ ਪਹਿਲੀ ਨਜ਼ਰ ‘ਚ ਆਕਰਸ਼ਿਤ ਕਰਦਾ ਹੈ। ਇਸ ਸੰਗ੍ਰਹਿ ਵਿਚ ਪਹਿਲੀ ਤੇ ਆਖ਼ਰੀ ਕੁਝ ਰਚਨਾਵਾਂ ਛੱਡ ਕੇ ਵਧੇਰੇ ਕਰਕੇ ਖੁੱਲ੍ਹੀਆਂ ਕਵਿਤਾਵਾਂ ਹਨ। ਇਨ੍ਹਾਂ ਵਿਚ ਬਹੁਤ ਵਿਸ਼ਿਆਂ ਨੂੰ ਛੋਹਿਆ ਗਿਆ ਹੈ। ਕੁਝ ਮਹੱਤਵਪੂਰਨ ਲੇਖਕਾਂ/ਵਿਅਕਤੀਆਂ ਦੇ ਕਾਵਿ-ਚਿੱਤਰ ਵੀ ਅੰਕਿਤ ਕੀਤੇ ਗਏ ਹਨ। ਕਵਿਤਾਵਾਂ ਦੇ ਕੁਝ ਕੁ ਪਾਤਰ ਇਤਿਹਾਸ ਅਤੇ ਮਿਥਿਹਾਸ ਵਿੱਚੋਂ ਲਏ ਗਏ ਹਨ। ਇਨ੍ਹਾਂ ਆਮ ਨਾਲੋਂ ਕੁਝ ਲੰਮੀਆਂ ਬਿਰਤਾਂਤਕ ਕਵਿਤਾਵਾਂ ਵਿਚ ਉਸਨੇ ਮਹਾਂਰਿਸ਼ੀ ਵਾਲਮੀਕਿ , ਰਾਵਣ, ਸੀਤਾ, ਦੁਸਹਿਰਾ, ਡਾਰਵਿਨ, ਸ਼ਹੀਦ ਭਗਤ ਸਿੰਘ, ਔਰੰਗਜ਼ੇਬ, ਆਸਿਫ਼ਾ, ਗੁਰੂ ਸਾਹਿਬਾਨ ਤੇ ਹੋਰ ਬਹੁਤ ਸਾਰੇ ਚਰਚਿਤ ਪਾਤਰਾਂ ਦਾ ਜ਼ਿਕਰ ਕੀਤਾ ਹੈ।
ਕਿਸਾਨੀ ਸੰਕਟ, ਕਰੋਨਾ ਕਾਲ ਦੀਆਂ ਦੁਸ਼ਵਾਰੀਆਂ, ਜ਼ਾਤ -ਪਾਤ, ਛੋਟੇ-ਵੱਡੇ ਦਾ ਭੇਦ-ਭਾਵ, ਗੱਲ ਕੀ ਤਕਰੀਬਨ ਹਰ ਵਿਸ਼ਾ ਆਪਣੀ ਕਵਿਤਾ ਲਈ ਚੁਣਿਆ ਹੈ।
‘ਸੂਰਜ ਦੀ ਕੋਈ ਜ਼ਾਤ ਨਹੀਂ ਹੁੰਦੀ’ ਕਵਿਤਾ ਵਿਚ ਉਸਨੇ ਮਹਾਰਿਸ਼ੀ ਵਾਲਮੀਕ ਨੂੰ ਸੂਰਜ ਦੀ ਉਪਾਧੀ ਦਿੱਤੀ ਹੈ। ਉਹ ਲਿਖਦਾ ਹੈ,
ਉਸ ਦੇ ਹੱਥ ਵਿਚ ਮੋਰਪੰਖ ਸੀ ਪੱਤਰਿਆਂ ‘ਤੇ ਨੱਚਦਾ
ਸ਼ਬਦਾਂ ਸੰਗ ਪੈਲਾਂ ਪਾਉਂਦਾ।
ਇਤਿਹਾਸ ਰਚਦਾ,
ਪਹਿਲੇ ਮਹਾਂਕਾਵਿ ਦਾ ਸਿਰਜਣਹਾਰ।
ਕਿਸੇ ਲਈ ਰਿਸ਼ੀ
ਕਿਸੇ ਵਾਸਤੇ ਮਹਾਂਰਿਸ਼ੀ।
ਲਿੱਸਿਆਂ ਨਿਤਾਣਿਆਂ ਲਈ
ਸਗਵਾਂ ਭਗਵਾਨ ਸੀ ਮੁਕਤੀਦਾਤਾ
ਸਵੈਮਾਣ ਦਾ
ਉੱਚ ਦੁਮਾਲੜਾ ਬੁਰਜ।
ਰੌਸ਼ਨ ਪਾਠ ਸੀ ਵਕਤ ਦੇ ਸਫੇ ਤੇ
ਤ੍ਰੈਕਾਲ ਦਰਸ਼ੀ ਮੱਥਾ ਸੀ,
ਫੈਲ ਗਿਆ।
ਚੌਵੀ ਹਜ਼ਾਰ ਸ਼ਲੋਕਾਂ ਵਿਚ
ਘੋਲ ਕੇ ਸੰਪੂਰਨ ਆਪਾ
ਇਤਿਹਾਸ ਹੋ ਗਿਆ।
ਸੋ ਅਸੀਂ ਵੇਖ ਸਕਦੇ ਹਾਂ ਕਿ ਉਸਦੀਆਂ ਕਵਿਤਾਵਾਂ ਵਿਚ ਬਹੁਤ ਸਾਰੀ ਜਾਣਕਾਰੀ ਵੀ ਵਿਦਮਾਨ ਹੈ ਜਿਵੇਂ ਵਾਲਮੀਕ ਦਾ ਚੌਵ੍ਹੀ ਹਜ਼ਾਰ ਸ਼ਲੋਕਾਂ ਵਾਲੇ ਮਹਾਂਕਾਵਿ ਦਾ ਪਹਿਲਾ ਰਚੈਤਾ ਹੋਣਾ।
ਪਹਿਲੀ ਕਵਿਤਾ ਚਰਖੜੀ ਜਿਸ ਦੇ ਨਾਂ ਤੇ ਕਵੀ ਨੇ ਆਪਣੀ ਪੁਸਤਕ ਦਾ ਨਾਂ ਵੀ ਰੱਖਿਆ ਹੈ, ਇਸ ਸੰਗ੍ਰਹਿ ਦੀ ਇਕ ਮਹੱਤਵਪੂਰਣ ਕਵਿਤਾ ਹੈ ਜਿਸਦਾ ਕੇਂਦਰੀ ਭਾਵ ਹੈ ਕਿ ਅੱਜ ਦੇ ਸਮੇਂ ਵਿਚ ਮਨੁੱਖ ਇੰਨਾ ਉਲਝ ਗਿਆ ਹੈ ਕਿ ਉਸ ਕੋਲ ਬਾਕੀ ਸਭ ਕੁਝ ਤਾਂ ਹੈ ਪਰ ਆਪਣੇ ਜੋਗਾ ਵਕਤ ਨਹੀਂ। ਨਾ ਉਸ ਕੋਲ ਜੀਣ ਜੋਗਾ ਵਕਤ ਹੈ ਤੇ ਨਾ ਮਰਨ ਜੋਗਾ। ਇਹ ਉਸਦੀ ਤ੍ਰਾਸਦੀ ਹੀ ਸਮਝੋ ਕਿ ਅੱਜ ਦਾ ਮਨੁੱਖ ਚਰਖੜੀ ਵਾਂਗ ਘੁੰਮ ਰਿਹਾ ਹੈ ਜਾਂ ਇਹ ਕਹਿ ਲਉ ਉਹ ਖੁਦ ਜ਼ਿੰਦਗੀ ਨਾਮੀ ਚਰਖੜੀ ਤੇ ਚੜ੍ਹਿਆ ਹੋਇਆ ਜ਼ਿੰਦਗੀ ਦਾ ਆਨੰਦ ਮਾਨਣ ਦੀ ਬਜਾਇ ਦੁਖਾਂ ਪਰੇਸ਼ਾਨੀਆਂ ਵਿਚ ਘਿਰਿਆ ਹੋਇਆ ਹੈ।
ਉਹ ਲਿਖਦਾ ਹੈ,
ਗ਼ਮਗ਼ੀਨ ਜਿਹਾ ਦਿਲ ਭਾਰੀ ਹੈ
ਬਣ ਚੱਲਿਆ ਨਿਰੀ ਮਸ਼ੀਨ ਜਿਹਾ
ਦਿਨ ਰਾਤ ਚਰਖੜੀ ਘੁੰਮੇ ਪਈ
ਹੁਣ ਰੋਣ ਲਈ ਹੀ ਵਕਤ ਨਹੀਂ।
ਕਿਸੇ ਵਰਤਾਰੇ ਨੂੰ ਉਸਦੇ ਮੌਲਿਕ ਰੂਪ ਅਤੇ ਉਸ ਤੋਂ ਪਰੇ ਉਸਦੇ ਧੁਰ ਸੋਮੇ ਤੱਕ ਸਮਝ ਲੈਣਾ ਕਾਵਿ-ਚੇਤਨਾ ਦਾ ਕਦੀਮੀ ਵਿਹਾਰ ਹੈ। ਪੰਜਾਬ ਦੇ ਕਿਸਾਨੀ ਸੰਕਟ ਨੂੰ ਆਪਣੀ ਇਕ ਕਵਿਤਾ ‘ਬਦਲ ਗਏ ਮੰਡੀਆਂ ਦੇ ਭਾਅ’ ਵਿਚ ਉਸਨੇ ਬਾਖੂਬੀ ਸਮਝਿਆ ਹੈ। ਕਿਸਾਨੀ ਸੰਕਟ ਨੇ ਪੰਜਾਬ ਦੀ ਤਕਦੀਰ ਬਦਲ ਦਿੱਤੀ ਹੈ।
ਮੰਡੀ ਦੇ ਮੁਨਾਫ਼ਾ ਆਧਾਰਿਤ ਵਿਹਾਰ ਨੇ ਕਿਸਾਨ ਨੂੰ ਕੱਖੋਂ ਹੌਲਾ ਕਰਕੇ ਰੱਖ ਦਿੱਤਾ ਹੈ। ਅਜੋਕੇ ਕਿਸਾਨੀ ਸੰਕਟ ਬਾਰੇ ਉਹ ਲਿਖਦਾ ਹੈ ਕਿ ਉਹ ਆੜਤੀਆ ਜਿਸਨੂੰ ਲੋਕ ਕੈਲਾ ਕਹਿ ਕੇ ਬੁਲਾਉਂਦੇ ਸਨ ਕਿਸਾਨ ਦੇ ਅਨਾਜ ਨੂੰ ਸਸਤੇ ਭਾਅ ਖਰੀਦ ਕੇ ਡੇਢੇ ਭਾਅ ਵੇਚ ਵੇਚ ਕੇ ਹੁਣ ਕਰਨੈਲ ਸਿੰਘ ਬਣ ਗਿਆ ਹੈ ਅਤੇ ਖੇਤਾਂ ਦਾ ਮਾਲਕ ਜਰਨੈਲ ਸਿੰਘ ਮੰਡੀ ਹੱਥੋਂ ਲੁੱਟ ਹੁੰਦਾ ਹੁੰਦਾ ਕਰਜ਼ਿਆਂ ਹੇਠ ਦੱਬਿਆ ਜੈਲੂ ਬਣ ਗਿਆ ਹੈ। ਕਿਸਾਨ ਦੇ ਦਰਪੇਸ਼ ਦੁਸ਼ਵਾਰੀਆਂ ਦਾ ਬਹੁਤ ਮਾਰਮਿਕ ਚਿਤਰ ਪੇਸ਼ ਕੀਤਾ ਗਿਆ ਹੈ ਇਸ ਕਵਿਤਾ ਵਿਚ।
ਅਸਲ ਵਿਚ ਇਹ ਕਵਿਤਾ ਕੇਵਲ ਪੰਜਾਬ ਦੇ ਕਿਸਾਨੀ ਸੰਕਟ ਦਾ ਹੀ ਬਿਆਨ ਨਹੀਂ ਕਰਦੀ ਸਗੋਂ ਪੰਜਾਬ ਦੀ ਧੁੰਦਲੀ ਪੈਂਦੀ ਜਾ ਰਹੀ ਤਸਵੀਰ ਦੀ ਕਹਾਣੀ ਹੈ, ਕਿਸਾਨ ਦੀ ਮਾੜੀ ਤਕਦੀਰ ਦੀ ਨਿਸ਼ਾਨ ਦੇਹੀ ਕਰਦੀ ਹੈ,
ਮੀਂਹ ਕਣੀ ‘ਚ ਕੋਠਾ ਚੋਂਦਾ ਹੈ।
ਕੋਠੇ ਜਿੱਡੀ ਧੀ ਦਾ
ਕੱਦ ਡਰਾਉਂਦਾ ਹੈ।
ਸਕੂਲੋਂ ਹਟੇ ਪੁੱਤਰ ਨੂੰ
ਫ਼ੌਜ ਵੀ ਨਹੀਂ ਲੈਂਦੀ।
ਅਖੇ ਛਾਤੀ ਘੱਟ ਚੌੜੀ ਹੈ!
ਕੌਣ ਦੱਸੇ
ਇਹ ਹੋਰ ਸੁੰਗੜ ਜਾਣੀ ਹੈ,
ਇੰਜ ਹੀ ਪੁੜਾਂ ਹੇਠ।
‘ਚਰਖੜੀ’ ਦੇ ਸਰਵਰਕ ਦੇ ਮੂਹਰਲੇ ਫਲਿੱਪਰ ‘ਤੇ ਡਾ. ਗੁਰਇਕਬਾਲ ਸਿੰਘ ਲਿਖਦੇ ਹਨ, “ ਗੁਰਭਜਨ ਗਿੱਲ ਦੀ ਕਾਵਿ-ਸੰਵੇਦਨਾ ਮਾਨਵੀ ਸਮਾਜ ਤੋਂ ਉਪਜੇ ਤਣਾਉ ਨੂੰ ਸਿਰਜਣਾਤਮਕਤਾ ਦਾ ਵਾਹਨ ਬਣਾਉਂਦੀ ਹੈ। ਉਹ ਆਪਣੀ ਕਵਿਤਾ ਵਿਚ ਜੀਵੰਤ ਸਮਾਜ ਵਿਚ ਜੀਣ ਦੀ ਤਮੰਨਾ ਦਾ ਪ੍ਰਵਚਨ ਉਸਾਰਦਾ ਹੈ। ਇਹ ਪ੍ਰਵਚਨ ਸਥਾਪਤੀ ਤੇ ਵਿਸਥਾਪਤੀ ਵਿਅਕਤੀ ਤੇ ਸਮਾਜ ਦਰਮਿਆਨ ਉਪਜੇ ਤਣਾਉ ਵਿੱਚੋਂ ਅਰਥ ਗ੍ਰਹਿਣ ਕਰਦਾ ਹੈ।”
ਅਸੀਂ ਗੁਰਭਜਨ ਗਿੱਲ ਦੀਆਂ ਕਵਿਤਾਵਾਂ ਵਿਚ ਵੇਖਦੇ ਹਾਂ ਕਿ ਅਜੋਕਾ ਮਨੁੱਖ ਸਮਾਜ ਵਿਚ ਬਹੁਤ ਸਾਰੇ ਮੁਹਾਜਾਂ ਤੇ ਲੜ ਰਿਹਾ ਹੈ।
ਗੁਰਭਜਨ ਗਿੱਲ ਸਾਧਾਰਣ ਭਾਸ਼ਾ ਵਿਚ ਆਪਣੀ ਕਵਿਤਾ ਰਚਦਾ ਹੈ ਜਿਸਦਾ ਸੰਚਾਰ ਬੜੀ ਆਸਾਨੀ ਨਾਲ ਹੋ ਜਾਂਦਾ ਹੈ ਪਰ ਉਸਦੀ ਸਾਧਾਰਣ ਦਿਸਦੀ ਕਵਿਤਾ ਰਾਹੀਂ ਉਹ ਬਹੁਤ ਕੁਝ ਬਿਆਨ ਕਰਦਾ ਬਹੁਤ ਦੂਰ ਤੱਕ ਸੋਚ ਨੂੰ ਲੈ ਜਾਂਦਾ ਹੈ। ਪਾਠਕ ਉਸਦੇ ਨਾਲ ਤੁਰਦਾ ਤੁਰਦਾ ਕਵਿਤਾ ਦਾ ਆਨੰਦ ਵੀ ਮਾਣਦਾ ਹੈ ਅਤੇ ਦਰਪੇਸ਼ ਸਥਿਤੀਆਂ ਨੂੰ ਜਾਂਚਦਾ ਘੋਖਦਾ ਵੀ ਹੈ। ‘ਨੰਦੋ ਬਾਜ਼ੀਗਰਨੀ’ ਕਵਿਤਾ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਕਿੰਨੇ ਸਰਲ ਤਰੀਕੇ ਨਾਲ ਉਹ ਸਾਧਾਰਣ ਦਿਸਦੇ ਵਾਕਾਂ ਵਿਚੋਂ ਮਨੁੱਖੀ ਵਰਤਾਰਿਆਂ, ਸਮਾਜ ਦੀ ਸੋਚ ਅਤੇ ਰਹਿਣ ਸਹਿਣ ਪ੍ਰਤੀ ਵਾਰਤਾਲਾਪ ਉਸਾਰਦਾ ਹੈ ਅਤੇ ਸਵਾਲ ਖੜੇ ਕਰਦਾ ਹੈ। ਇਸ ਕਵਿਤਾ ਵਿਚ ਉਹ ਨੰਦੋ ਦੀ ਸੰਪੂਰਨ ਸਖਸ਼ੀਅਤ ਤੇ ਉਸਦੇ ਕਿਰਦਾਰ ਨੂੰ ਬਿਆਨ ਕਰਦਾ ਕਰਦਾ ਪੂਰੇ ਬਾਜ਼ੀਗਰ ਕਬੀਲੇ ਦੀ ਤਸਵੀਰ ਖਿੱਚ ਕੇ ਰੱਖ ਦਿੰਦਾ ਹੈ ਜੋ ਕਿ ਚਲਚਿੱਤਰ ਵਾਂਗ ਪਾਠਕ ਦੇ ਮਨ ਤੇ ਲਗਾਤਾਰ ਚੱਲਦੀ ਰਹਿੰਦੀ ਹੈ। ਨੰਦੋ ਦਾ ਬਾਸੀ ਰੋਟੀ ਖਾਣਾ, ਉਸਦਾ ਆਪਣੇ ਕੋਲ ਡਾਂਗ ਰੱਖਣਾ ਜੋ ਕਿ ਉਹ ਕੁੱਤਿਆਂ ਲਈ ਨਹੀਂ ਕੁੱਤਿਆਂ ਵਰਗੇ ਬੰਦਿਆਂ ਲਈ ਰੱਖਦੀ ਸੀ, ਗਰੀਬ ਤੇ ਅਮੀਰ ਦਾ ਪਾੜਾ, ਬਾਜ਼ੀਗਰ ਕਬੀਲੇ ਨੂੰ ਵਿਦਿਆ ਪ੍ਰfਪਤੀ ਤੋਂ ਵਾਂਝਿਆਂ ਰੱਖਿਆ ਜਾਣਾ ਸਭ ਕੁਝ ਅੱਖਾਂ ਮੂਹਰੇ ਸਾਕਾਰ ਹੋ ਜਾਂਦਾ ਹੈ ਤੇ ਸੰਵੇਦਨਸ਼ੀਲ ਪਾਠਕ ਨੂੰ ਪ੍ਰਭਾਵਤ ਕਰਦਾ ਹੈ।
‘ਉਹ ਪੁੱਛਦੇ ਨੇ ਅੱਥਰਾ ਘੋੜਾ ਕੀ ਹੁੰਦੈ’ ਵਿਚ ਉਸਨੇ ਰਾਜਨੀਤਕ ਲੋਕਾਂ ਨੂੰ ਲੰਮੇ ਹੱਥੀਂ ਲਿਆ ਹੈ। ਉਂਨ੍ਹਾਂ ਨੂੰ ਬੇਨਸਲੇ, ਵੋਟਾਂ ਲੈ ਕੇ ਮੁੱਕਰ ਜਾਣ ਵਾਲੇ ਤੇ ਸਿੱਧੀਆਂ ਕੌੜੀਆਂ ਗੱਲਾਂ ਕਰਦਾ ਹੋਇਆ ਉਨ੍ਹਾਂ ਨੂੰ ਸਵਾਲ ਕਰਦਾ ਹੈ ਕਿ ਤੁਸੀਂ ਦੇਸ਼ ਲਈ ਕੀ ਕੀਤਾ?
ਲੋਕਾਂ ਨੂੰ ਸੁਚੇਤ ਕਰਦਾ ਹੈ ਕਿ
ਏਸ ਤੋਂ ਪਹਿਲਾਂ ਕਿ
ਇਹ ਘੋੜਾ ਤੁਹਾਨੂੰ ਮਿੱਧ ਜਾਵੇ,
ਇਸ ਨੂੰ ਨੱਥ ਪਾਉ ਤੇ ਪੁੱਛੋ
ਕਿ ਤੇਰਾ ਮੂੰਹ
ਅਠਾਰਵੀਂ ਸਦੀ ਵੱਲ ਕਿਉਂ ਹੈ?
‘ਚਰਖੜੀ’ ਵਿੱਚ ਮਾਂ ਤੇ ਲਿਖੀਆਂ ਸੱਤ ਭਾਵਪੂਰਤ ਕਵਿਤਾਵਾਂ ਲਿਖੀਆਂ ਮਿਲਦੀਆਂ ਹਨ ਜਿਨ੍ਹਾਂ ਦੇ ਵੱਖੋ ਵੱਖਰੇ ਭਾਵ ਹਨ ਤੇ ਵੱਖੋ ਵੱਖਰੇ ਕਿਰਦਾਰ ਹਨ।
ਮੇਰੀ ਮਾਂ ਨੂੰ,
ਸਵੈਟਰ ਬੁਣਨਾ ਨਹੀਂ ਸੀ ਆਉਂਦਾ
ਪਰ ਉਹ
ਰਿਸ਼ਤੇ ਬੁਨਣੇ ਜਾਣਦੀ ਸੀ।
ਮਾਂ ਨੂੰ ਤਰਨਾ ਨਹੀਂ ਸੀ ਆਉਂਦਾ
ਪਰ ਉਹ ਤਾਰਨਾ ਜਾਣਦੀ ਸੀ
ਜਾਂ
ਮਾਂ ਵੱਡਾ ਸਾਰਾ ਰੱਬ ਹੈ
ਧਰਤੀ ਜਿੱਡਾ ਜੇਰਾ
ਅੰਬਰ ਜਿੱਡੀ ਅੱਖ
ਸਮੁੰਦਰ ਤੋਂ ਡੂੰਘੀ ਨੀਝ
ਪੌਣਾਂ ਤੋਂ ਤੇਜ਼ ਉਡਾਰੀ
ਬਾਗ ਹੈ ਚੰਦਨ ਰੁੱਖਾਂ ਦਾ
ਮਹਿਕਵੰਤੀ ਬਹਾਰ।
ਚਰਖੜੀ ਬਹੁਤ ਸਾਰੇ ਵਿਸ਼ਿਆਂ ਦਾ ਦਸਤਾਵੇਜ਼ ਹੈ। ਵੰਨ-ਸੁਵੰਨੇ ਵਿਸ਼ਿਆਂ ਦੀ ਭਰਮਾਰ ਹੈ ਇਸ ਵਿਚ।
ਇਉਂ ਲੱਗਦਾ ਹੈ ਇਤਿਹਾਸ, ਮਿਥਿਹਾਸ ਉਸਨੂੰ ਟੁੰਬਦਾ ਹੈ ਅਤੇ ਅੱਜ ਦੀਆਂ ਅਖਬਾਰਾਂ ਦੀਆਂ ਸੁਰਖੀਆਂ ਜਦੋਂ ਉਸਦਾ ਮਨ ਵਲੂੰਧਰ ਕੇ ਰੱਖ ਦਿੰਦੀਆਂ ਹਨ ਤਾਂ ਉਹ ਅਛੋਪਲੇ ਜਿਹੇ ਕਵਿਤਾਵਾਂ ਬਣ ਜਾਂਦੀਆਂ ਹਨ। ਉਸਦੇ ਅੰਦਰ ਦੀ ਸੰਵੇਦਨਾ ਕਵਿਤਾ ਦਾ ਰੂਪ ਧਾਰ ਲੈਂਦੀ ਹੈ।
ਉਹ ਪਾਠਕਾਂ ਨੂੰ ਵੀ ਇਹੀ ਸਲਾਹ ਦਿੰਦਾ ਹੈ ਕਿ
ਕਵਿਤਾ ਲਿਖਿਆ ਕਰੋ
ਦਰਦਾਂ ਨੂੰ ਧਰਤ ਮਿਲਦੀ ਹੈ।
ਕੋਰੇ ਵਰਕਿਆਂ ਨੂੰ ਸੌਂਪਿਆ ਕਰੋ,
ਰੂਹ ਦਾ ਸਗਲ ਭਾਰ।
ਇਹ ਲਿਖਣ ਨਾਲ
ਨੀਂਦ ‘ਚ ਖ਼ਲਲ ਨਹੀਂ ਪੈਂਦਾ।
ਇਉਂ ਜਾਪਦੈ ਜਿਵੇਂ ਗੁਰਭਜਨ ਲਈ ਕਵਿਤਾ ਵਿਰੇਚਨ(ਕਥਾਰਸਿਜ਼)ਹੈ ਸ਼ਾਇਦ ਇਸੇ ਲਈ ਉਹ ਲਗਾਤਾਰ ਹਰ ਵਿਸ਼ੇ ਤੇ ਲਿਖ ਰਿਹਾ ਹੈ। ਉਸਦੀ ਭਾਸ਼ਾ ਵਰਨਾਣਤਮਕ ਹੈ ਤੇ ਸ਼ੈਲੀ ਬਿਰਤਾਂਤਕ।
ਉਹ ਇਸ਼ਾਰਿਆਂ ਜਾਂ ਬਿੰਬਾਂ ਵਿਚ ਘੱਟ ਤੇ ਸਪਸ਼ਟ ਰੂਪ ਵਿਚ ਵਧੇਰੇ ਗੱਲ ਕਰਦਾ ਹੈ। ਅਲੰਕਾਰ ਤੇ ਬਿੰਬ ਉਸਦੀ ਕਵਿਤਾ ਵਿਚ ਸਹਿਜੇ ਹੀ ਪਰਵੇਸ਼ ਕਰ ਜਾਂਦੇ ਹਨ ਜਿਵੇਂ ‘ਦੀਵੇ ਵਾਂਗ ਬਲਦੀ ਅੱਖ ਵਾਲੀ ਨੰਦੋ’, ‘ਰੋਟੀ ਦਾ ਗੋਲ ਪਹੀਆ’, ‘ਸ਼ਬਦ ਅੰਗਿਆਰ ਬਣੇ’, ‘ਸਿੱਲੀਆਂ ਕੰਧਾਂ’, ‘ਸੁਪਨਿਆਂ ਦੀ ਮਮਟੀ’, ‘ਕੱਥਕ ਕਥਾ ਸੁਣਾਉਂਦੇ ਪੱਤੇ’, ‘ਚਿੱਟੀਆਂ ਚੁੰਨੀਆਂ ਦਾ ਵੈਣ’ ਪਾਉਣਾ ਆਦਿ ਉਸਦੀ ਕਵਿਤਾ ਵਿਚ ਰਚ ਮਿਚ ਗਏ ਹਨ।
ਅਜਿਹੇ ਕਾਰਨਾਂ ਕਰਕੇ ‘ਚਰਖ਼ੜੀ ’ ਇਕ ਮਹੱਤਵਪੂਰਣ ਤੇ ਪੜ੍ਹਨ ਯੋਗ ਪੁਸਤਕ ਹੈ ਜੋ ਸਾਨੂੰ ਆਪਣੇ ਵਿਸ਼ਿਆਂ ਦੀ ਬਹੁਲਤਾ, ਇਸਦੀ ਸੁਚੱਜੀ ਭਾਸ਼ਾ, ਕਵਿਤਾ ਦੀ ਸੰਘਣੀ ਬੁਣਤੀ ਤੇ ਇਸਦੀ ਰਵਾਨਗੀ ਕਰਕੇ ਪ੍ਰਭਾਵਿਤ ਕਰਦੀ ਹੈ। ਇਹ ਵਿਚਾਰ ਚਰਚਾ ‘ਚਰਖ਼ੜੀ ‘ਦੀ ਸਟੀਕ ਜਿਹੀ ਜਾਣਕਾਰੀ ਹੀ ਹੈ ਕੋਈ ਸਾਹਿਤਕ ਮੁੱਲਾਂਕਣ ਨਹੀਂ। ਇਸਦਾ ਪੂਰਣ ਆਨੰਦ ਮਾਨਣ ਲਈ ਤੁਹਾਨੂੰ ਇਸ ਕਿਤਾਬ ਨੂੰ ਪੜ੍ਹਨਾ ਪਵੇਗਾ।
‘ਚਰਖ਼ੜੀ ’ ਦੇ ਰਚਣਹਾਰੇ ਗੁਰਭਜਨ ਗਿੱਲ ਹੋਰਾਂ ਨੂੰ ਇਸ ਪੁਸਤਕ ਦੀ ਆਮਦ ਤੇ ਬਹੁਤ ਬਹੁਤ ਵਧਾਈ। ਕਲਮ ਇਵੇਂ ਹੀ ਚੱਲਦੀ ਰਹੇ।
ਬਰੈਂਪਟਨ(ਕੈਨੇਡਾ)
+1 (416) 605-3784
ਸਮਾਜਿਕ ਚਿੰਤਵਾਂ ਦਾ ਗਲੋਟਾ : ਕਾਵਿ ਸੰਗ੍ਰਹਿ ਚਰਖ਼ੜੀ : ਉਜਾਗਰ ਸਿੰਘ
ਚਰਖ਼ੜੀ ਸ਼ਬਦ ਸਿੱਖ ਇਤਿਹਾਸ ਵਿੱਚ ਪਵਿਤਰਤਾ ਦਾ ਪ੍ਰਤੀਕ ਬਣਕੇ ਗਿਆਨ ਦੀ ਰੌਸ਼ਨੀ ਫ਼ੈਲਾ ਰਿਹਾ ਹੈ। ਗੁਰਭਜਨ ਗਿੱਲ
ਮਾਖ਼ਿਓਂ ਮਿੱਠੀ ਸ਼ਬਦਾਵਲੀ ਦਾ ਵਣਜ਼ਾਰਾ ਹੈ, ਜਿਨ੍ਹਾਂ ਦੀ ਕਲਮ ਦੀ ਸਿਆਹੀ ਸਾਹਿਤਕ ਖੇਤਰ ਵਿੱਚ ਸੁਨਹਿਰੀ ਸ਼ਬਦਾਂ ਦੀ ਖ਼ੁਸ਼ਬੂ ਨਾਲ
ਸਮਾਜਿਕ ਵਾਤਾਵਰਨ ਨੂੰ ਸ਼ਰਸਾਰ ਕਰ ਰਹੀ ਹੈ। ਉਨ੍ਹਾਂ ਦਾ ਚਰਖ਼ੜੀ ਕਾਵਿ ਸੰਗ੍ਰਹਿ ਵੀ ਸਮਾਜਿਕ ਦੁਸੰਗਤੀਆਂ ਨੂੰ ਆਪਣੀ ਸਰਲ ਅਤੇ
ਆਮ ਜੀਵਨ ਵਿੱਚ ਬੋਲੀ ਜਾਣ ਵਾਲੀ ਸ਼ਬਦਾਵਲੀ ਰਾਹੀਂ ਸਮਾਜ ਨੂੰ ਮਿੱਠੀ ਮਿੱਠੀ ਟਣਕੋਰ ਲਾ ਕੇ ਪ੍ਰੇਰਨਾ ਦੇ ਰਿਹਾ ਹੈ ਕਿ ਵਕਤ ਨੂੰ
ਸੰਭਾਲ ਲਵੋ। ਹੱਥੋਂ ਨਿਕਲਿਆ ਵਕਤ ਪਕੜਿਆ ਨਹੀਂ ਜਾਣਾ, ਜਿਸਦਾ ਪਛਤਾਵਾ ਸਮਾਜ ਨੂੰ ਸਾਰੀ ਜ਼ਿੰਦਗੀ ਕਰਨਾ ਪਵੇਗਾ। ਭਾਰਤੀਆਂ
ਖਾਸ ਤੌਰ ਤੇ ਪੰਜਾਬੀਆਂ ਨੂੰ ਆਪਣੀ ਵਿਰਾਸਤ ‘ਤੇ ਪਹਿਰਾ ਦਿੰਦਿਆਂ ਆਪਣੀ ਪਛਾਣ ਬਣਾਕੇ ਜ਼ੁਲਮ ਦੇ ਵਿਰੁਧ ਆਵਾਜ਼ ਬੁਲੰਦ ਕਰਨ
ਲਈ ਪ੍ਰੇਰਨਾ ਦੇ ਰਿਹਾ ਹੈ। ਚਰਖ਼ੜੀ ਪਤੰਗ ਦੀ ਡੋਰ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਜ਼ਿੰਦਗੀ ਦੀਆਂ ਤਹਿਾਂ ਦਾ ਸੂਚਕ ਬਣਕੇ ਇਸ
ਪੁਸਤਕ ਦੇ ਰੂਪ ਵਿੱਚ ਪ੍ਰਗਟ ਹੋਈ ਹੈ। ਚਰਖ਼ੜੀ ਦੀਆਂ ਕਵਿਤਾਵਾਂ ਮਨੋਰੰਜਨ ਦਾ ਪ੍ਰਗਟਾਵਾ ਨਹੀਂ ਕਰਦੀਆਂ ਸਗੋਂ ਇਹ ਕਵਿਤਾਵਾਂ ਤਾਂ
ਸਮਾਜ ਵਿੱਚਲੀਆਂ ਚਲੰਤ ਘਟਨਾਵਾਂ ਅਤੇ ਸਮੱਸਿਆਵਾਂ ਦੇ ਹਲ ਲਈ ਮਾਨਵਤਾ ਨੂੰ ਜਾਗ੍ਰਤ ਕਰਨ ਦਾ ਸਨੇਹਾ ਦੇ ਰਹੀਆਂ ਹਨ।
ਦਰਦਨਾਮਾ ਸਿਰਲੇਖ ਵਾਲੀ ਕਵਿਤਾ ਵਿੱਚ ਕਵੀ ਲਿਖਦਾ ਹੈ-
ਇਹ ਮਾਰੂ ਹਥਿਆਰ ਪਾੜਦੇ ਸਾਡੇ ਬਸਤੇ।
ਬੰਬ ਬੰਦੂਕਾਂ ਖਾ ਚਲੀਆਂ ਨੇ ਪਿਆਰ ਚੁਰੱਸਤੇ।
ਮਿੱਧਣ ਸੁਰਖ਼ ਗੁਲਾਬ ਨਾ ਸਮਝਣ ਹਾਥੀ ਮਸਤੇ।
ਤਿੜਕ ਰਹੇ ਰੰਗ ਰੱਤੜੇ ਚੂੜੇ ਸਣੇ ਕਲ੍ਹੀਰੇ।
ਕਿਵੇਂ ਤਿਰੰਗੇ ਦੇ ਵਿੱਚ ਲਿਪਟੇ,
ਸੁੱਤੇ ਨੀਂਦ ਸਦੀਵੀ ਜਿਹੜੀ ਭੈਣ ਦੇ ਵੀਰੇ।
ਸਰਹੱਦਾਂ ਉਰਵਰ ਪਾਰ ਇਹ ਹੋਕਾ ਲਾਉ,
ਧਰਮ, ਜ਼ਾਤ ਦੇ ਪਟੇ ਉਤਾਰੋ।
ਬਰਖ਼ੁਰਦਾਰੋ, ਆਪਣੀ ਹੋਣੀ ਆਪ ਸੰਵਾਰੋ,
ਅੰਨ੍ਹੇ ਬੋਲੇ ਤਖ਼ਤ ਤਾਜ ਨੂੰ ਇਹ ਵੀ ਆਖ ਸੁਣਾਉ।
ਗੁਰਭਜਨ ਗਿੱਲ ਦੀ ਕੋਈ ਇਕ ਕਵਿਤਾ ਵੀ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ ਬਣਦੀ ਭਾਵੇਂ ਉਹ ਇਨਸਾਨ ਸਕੂਨ ਤਾਂ ਜ਼ਰੂਰ
ਦਿੰਦੀਆਂ ਹਨ। ਚਰਖ਼ੜੀ ਦੀਆਂ 91 ਕਵਿਤਾਵਾਂ, ਗੀਤ ਅਤੇ ਰੁਬਾਈਆਂ ਸਮਾਜਿਕ ਹਾਲਾਤ ਨੂੰ ਦਿ੍ਰਸ਼ਟਾਂਤਿਕ ਤੌਰ ‘ਤੇ ਵਿਖਾਕੇ ਪਾਠਕਾਂ
ਨੂੰ ਜਾਗ੍ਰਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਤਾਂ ਜੋ ਪਾਠਕ ਸਮਾਜਿਕ, ਸਭਿਆਚਾਰਿਕ ਅਤੇ ਧਾਰਮਿਕ ਸੋਚ ਵਿੱਚ ਤਬਦੀਲੀ
ਲਿਆਉਣ ਲਈ ਪ੍ਰਬੰਧਕੀ ਢਾਂਚੇ ਦੀ ਕੋਝੀ ਚਾਲ ਨੂੰ ਠੱਲ ਪਾ ਸਕੇ। ਵਿਰਾਸਤ ਨਾਲੋਂ ਟੁਟਕੇ ਕੋਈ ਵੀ ਕੌਮ ਚਿਰ ਸਥਾਈ ਨਹੀਂ ਰਹਿ
ਸਕਦੀ। ਆਪਣੀ ਪਹਿਲੀ ਨਜ਼ਮ ਚਰਖ਼ੜੀ ਵਿੱਚ ਹੀ ਕਵੀ ਨੇ ਅਨੇਕਾਂ ਵਿਸ਼ਿਆਂ ਨੂੰ ਛੂੰਹਦਿਆਂ ਵਰਤਮਾਨ ਸਮੇਂ ਦੀਆਂ ਤਬਦੀਲੀਆਂ ਦੀ
ਦੌੜ ਵਿੱਚ ਲਿਪਟਕੇ ਆਪਸੀ ਰਿਸ਼ਤਿਆਂ ਦੇ ਹੋ ਰਹੇ ਘਾਣ ਬਾਰੇ ਜਾਣੂੰ ਕਰਵਾਇਆ ਹੈ। ਨੰਦੋ ਬਾਜ਼ੀਗਰਨੀ ਅਲੋਪ ਹੋ ਰਹੇ ਚੇਟਕਾਂ ਦਾ
ਵਾਸਤਾ ਪਾਉਂਦੀ ਇਨਸਾਨੀਅਤ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਨੈਤਿਕਤਾ ਦਾ ਪੱਲਾ ਫੜਕੇ ਹੀ ਸਰਵੋਤਮ ਇਨਸਾਨ ਬਣਿਆਂ
ਜਾ ਸਕਦਾ ਹੈ। ਨੰਦੋ ਬਾਜ਼ੀਗਰਨੀ ਦੀ ਸੋਚ ਨੂੰ ਸਲਾਮ ਕਰਨਾ ਬਣਦਾ ਹੈ ਕਿ ਉਹ ਸਾਡੇ ਸਮਾਜ ਦੀ ਮਾਨਸਿਕ ਦੁਰਦਸ਼ਾ ਨੂੰ ਸਮਝਦੀ
ਹੋਈ ਚੇਤਨਤਾ ਪੈਦਾ ਕਰਨਾ ਚਾਹੁੰਦੀ ਹੈ। ਪੈਸੇ ਦੀ ਦੌੜ ਵਿੱਚ ਸਮਾਜ ਆਪਣਾ ਆਪਾ ਗੁਆਚ ਰਿਹਾ ਹੈ। ਦੁਸਹਿਰਾ ਯੁੱਧ ਦਾ ਆਖ਼ਰੀ
ਦਿਨ ਨਹੀਂ ਹੁੰਦਾ, ਵਿੱਚ ਕਵੀ ਮਾਨਵਤਾ ਨੂੰ ਅਜਿਹੇ ਢੌਂਗ ਕਰਨ ਦੀ ਥਾਂ ਆਪਣੇ ਅੰਦਰਲੇ ਰਾਵਣ ਨੂੰ ਮਾਰਨ ਦੀ ਖੇਚਲ ਕਰਨ ਲਈ
ਪ੍ਰੇਰਦਾ ਹੈ। ਸਮਾਜ ਦਾ ਬੁਰਾਈਆਂ ਨਾਲ ਲੜਨ ਲਈ ਹਮੇਸ਼ਾ ਤਤਪਰ ਰਹਿਣਾ ਜ਼ਰੂਰੀ ਹੈ। ਪਰਜਾਪੱਤ ਕਵਿਤਾ ਵਿਚ ਸ਼ਾਇਰ ਲਿਖਦੇ
ਹਨ-
ਕਹਿਣਗੇ, ਅਸੀਂ ਭਿੱਟੇ ਗਏ! ਤੁਸੀਂ ਨਹਾ ਕੇ ਆਉ!
ਪੁੱਛਣ ਵਾਲਾ ਹੀ ਕੋਈ ਨਹੀਂ,
ਭਿੱਟੇ ਗਏ ਤੁਸੀਂ ਤੇ ਨਹਾਈਏ ਅਸੀ!
ਗਿਆਨ ਦੇ ਮੋਤੀ ਲੱਭਣੇ ਤਾਂ ਸੌਖੇ ਹਨ ਪ੍ਰੰਤੂ ਉਨ੍ਹਾਂ ਤੇ ਪਹਿਰਾ ਦੇਣਾ ਮੁਸ਼ਕਲ ਅਤਿਅੰਤ ਅਤੇ ਜ਼ਰੂਰੀ ਹੈ। ਸੂਰਜ ਦੀ ਜ਼ਾਤ ਨਹੀਂ ਹੁੰਦੀ
ਕਵਿਤਾ ਵਿੱਚ ਕਵੀ ਮਨ ਦੀ ਰੌਸ਼ਨੀ ਪੈਦਾ ਕਰਨ ਦੀ ਤਾਕੀਦ ਕਰਦਾ ਹੈ। ਉਹ ਪੁੱਛਦੇ ਨੇ ਅੱਥਰਾ ਘੋੜਾ ਕੀ ਹੁੰਦੈ ਕਵਿਤਾ ਵਿੱਚ ਗੁਰਭਜਨ
ਗਿੱਲ ਸਿਆਸਤਦਾਨਾ ਦੀਆਂ ਫਰੇਬੀ ਚਾਲਾਂ ਦਾ ਪਰਦਾ ਫ਼ਾਸ਼ ਕਰਦਾ ਹੈ। ਇਤਿਹਾਸ ਵਿੱਚੋਂ ਧਾਰਮਿਕ ਉਦਾਹਰਨਾ ਦੇ ਕੇ ਸਮਝਾਉਣ ਦੀ
ਕੋਸ਼ਿਸ਼ ਕਰਦੇ ਹਨ। ਅਜ਼ਬ ਸਰਕਸ, ਡਾਰਵਿਨ ਝੂਠ ਬੋਲਦਾ ਅਤੇ ਉਹ ਕਲਮ ਕਿੱਥੇ ਹੈ ਜਨਾਬ ਕਵਿਤਾਵਾਂ ਵਿੱਚ ਵੀ ਭਰਿਸ਼ਟ ਨਿਜ਼ਾਮ
ਤੇ ਕਿੰਤੂ ਪ੍ਰੰਤੂ ਕਰਦੇ ਹਨ। ਝੁਗੀਆਂ ਵਾਲੇ ਸਿਰਲੇਖ ਵਾਲੀ ਕਵਿਤਾ ਵਿੱਚ ਕਵੀ ਲਿਖਦਾ ਹੈ-
ਵੋਟਾਂ ਵਾਲੇ ਵੀ ਪੰਜ ਸਾਲਾਂ ਬਾਅਦ, ਆਟਾ ਦਾਲ, ਸ਼ਰਾਬ ਦੀ ਬੋਤਲ।
ਭੁੱਕੀ, ਅਫ਼ੀਮ ਤੇ ਹੋਰ ਨਿੱਕ ਸੁੱਕ, ਝੁੱਗੀਆਂ ‘ਚ ਪੰਜੀਂ ਸਾਲੀਂ ਦੀਵਾਲੀ।
ਨੇਤਾ ਜੀ ਨੇ ਮੈਨੂੰ ਪੁੱਛਿਆ ਕਵਿਤਾ ਵਿਚ ਗੁਰਭਜਨ ਗਿੱਲ ਲਿਖਦਾ ਹੈ-
ਤੇਰੀ ਚੁੱਭ ਤੈਨੂੰ ਮਹਿੰਗੀ ਪੈ ਸਕਦੀ ਹੈ।
ਇਹ ਆਖ਼ਰੀ ਮੌਕਾ ਹੈ, ਪੱਥਰ ਹੋ ਜਾਵੇਂਗਾ।
ਮੈਂ ਕਿਹਾ, ਰਾਹ ਦਾ ਪੱਥਰ ਨਹੀਂ, ਮੀਲ ਪੱਥਰ ਬਣਾਂਗਾ।
ਸੁਣੋ ਜੇ ਸੁਣ ਸਕਦੇ ਹੋ।
ਟੈਂਕੀਆਂ ਤੇ ਚੜ੍ਹਨ ਵਾਲੇ, ਹਰ ਮੌਸਮ ‘ਚ ਹੱਕ ਮੰਗਦੇ।
ਤਿਲ ਤਿਲ ਕਰਕੇ ਮਰਨ ਵਾਲੇ, ਲਾਠੀਆਂ, ਗੋਲੀਆਂ ਤੇ ਬੁਛਾੜਾਂ।
ਨੰਗੇ ਪਿੰਡੇ ਜਰਨ ਵਾਲੇ, ਆਪਣੇ ਹੀ ਭਾਈਬੰਦ ਹਨ।
ਲੋਕਾਂ ਦੀਆਂ ਮਾਵਾਂ ਧੀਆਂ-ਪੁੱਤਰਾਂ ਨੂੰ, ਨੁਹਾ ਧੁਆ ਕੇ ਸਕੂਲ ਤੋਰਦੀਆਂ।
ਸੁਪਨ-ਚੋਗ ਚੁਗਣ ਲਈ, ਪਰ ਸਾਡੀਆਂ ਮਾਵਾਂ।
ਰੱਦੀ, ਮੋਮੀ ਲਿਫ਼ਾਫ਼ੇ ਤੇ ਕਿਲ ਕਾਂਟੇ, ਚੁਕਣ ਲਈ ਤੋਰਦੀਆਂ ਨੇ।
ਬਦਲ ਗਏ ਮੰਡੀਆਂ ਦੇ ਭਾਅ ਕਵਿਤਾ ਵਿੱਚ ਕਿਸਾਨੀ ਕਰਜ਼ੇ ਦੀ ਗੱਲ ਕਰਦੇ ਹੋਏ ਆਧੁਨਿਕ ਤਕਨੀਕ ਦੇ ਨਾਂ ਤੇ ਖੇਤੀ ਉਤਪਾਦਨ
ਲਈ ਕੀਤੇ ਜਾ ਰਹੇ ਖ਼ਰਚਿਆ ਨੂੰ ਘਟਾਉਣ ਅਤੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਦੀ ਸਲਾਹ ਵੀ ਦਿੰਦੇ ਹਨ। ਜਾਗਦੀ ਹੈ ਮਾਂ
ਅਜੇ, ਮੇਰੀ ਮਾਂ, ਭੱਠੇ ‘ਚ ਤਪਦੀ ਮਾਂ, ਮੇਰੀ ਮਾਂ ਤਾਂ ਰੱਬ ਦੀ ਕਵਿਤਾ, ਕਰੋਸ਼ੀਏ ਨਾਲ ਮਾਂ, ਬਹੁਤ ਯਾਦ ਆਉਂਦੀ ਹੈ ਲਾਲਟੈਣ, ਕੋਲੋਂ ਲੰਘਦੇ
ਹਾਣੀਓ, ਲੰਮੀ ਉਮਰ ਇਕੱਠਿਆਂ, ਜਦੋਂ ਬਹੁਤ ਕੁਝ ਗੁਆਚਦੈ ਮਾਂ ਸਣੇ ਅਤੇ ਮਾਵਾਂ ਨਹੀਂ ਥੱਕਦੀਆਂ ਕਵਿਤਾਵਾਂ ਵਿੱਚ ਮਾਂ ਦੀ ਪਰਿਵਾਰਾਂ
ਲਈ ਦੇਣ ਅਤੇ ਇਸਤਰੀ ਜ਼ਾਤੀ ਦੀ ਅਹਿਮੀਅਤ ਦਰਸਾਉਂਦੀਆਂ ਹਨ ਕਿ ਇਸਤਰੀ ਦਾ ਸਿਹਤਮੰਦ ਸਮਾਜ ਦੀ ਉਸਾਰੀ ਵਿੱਚ ਯੋਗਦਾਨ
ਕਿਤਨਾ ਮਹੱਤਵਪੂਰਨ ਹੈ। ਇਸਤਰੀ ਜਿਤਨੀ ਦੇਰ ਪੜ੍ਹੀ ਲਿਖੀ ਨਹੀਂ ਹੁੰਦੀ, ਉਤਨੀ ਦੇਰ ਸਮਾਜ ਤਰੱਕੀ ਨਹੀਂ ਕਰ ਸਕਦਾ। ਔਰਤ
ਪਰਮਾਤਮਾ ਦੀ ਬਿਹਤਰੀਨ ਸਿਰਜਣਾ ਹੈ। ਇਸਤਰੀ, ਮਾਂ, ਭੈਣ, ਪਤਨੀ ਅਤੇ ਭਾਵੇਂ ਸਪੁੱਤਰੀ ਦੇ ਰੂਪ ਵਿੱਚ ਹੋਵੇ ਜੇ ਉਹ ਗਿਆਨ ਦੀ
ਗੁਥਲੀ ਹੋਵੇਗੀ ਤਾਂ ਬਿਹਤਰੀਨ ਸਮਾਜ ਸਿਰਜਿਆ ਜਾ ਸਕਦਾ ਹੈ। ਕਵੀ ਇਸਤਰੀ ਦੀ ਮਹੱਤਤਾ ਨੂੰ ਸਮਝਣ ਦੀ ਦਲੀਲ ਦਿੰਦਾ ਹੈ।
ਗੁਰਭਜਨ ਗਿੱਲ ਦੀਆਂ ਬਹੁਤੀਆਂ ਕਵਿਤਾਵਾਂ ਵਿੱਚ ਕਿਤੇ ਨਾ ਕਿਤੇ ਮਾਂ ਦਾ ਜ਼ਿਕਰ ਜ਼ਰੂਰ ਹੁੰਦਾ ਹੈ। ਲੰਮੀ ਉਮਰ ਇਕੱਠਿਆਂ ਕਵਿਤਾ
ਵਿੱਚ ਬੱਚਿਆਂ ਦੇ ਮਾਪਿਆਂ ਨਾਲੋਂ ਭੰਗ ਹੋ ਰਹੇ ਮੋਹ ਬਾਰੇ ਸਲੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਮਾਪੇ ਹਰ ਔਖੀ ਘੜੀ
ਵਿੱਚ ਬੱਚਿਆਂ ਦੀ ਪਰਵਰਿਸ਼ ਕਰਦੇ ਹਨ ਪ੍ਰੰਤੂ ਜਦੋਂ ਮਾਪਿਆਂ ਤੇ ਬੁਢਾਪਾ ਆਉਂਦਾ ਹੈ, ਤੇਰੀ ਮਾਂ ਕਹਿਕੇ ਪਾਸਾ ਵੱਟਣਾ ਲਾਹਣਤ ਦੇ
ਬਰਾਬਰ ਹੈ। ਮਾਪੇ ਸੀਮਤ ਸਾਧਨਾ ਵਿੱਚ ਵੀ ਬੱਚੇ ਪਾਲਦੇ ਰਹੇ ਪ੍ਰੰਤੂ ਅੱਜ ਕਲ੍ਹ ਸਾਰੇ ਸਾਧਨ ਹੋਣ ਦੇ ਬਾਵਜੂਦ ਮਾਪਿਆਂ ਦੀ ਨਿਰਾਦਰੀ
ਕੀਤੀ ਜਾ ਰਹੀ ਹੈ। ਜੇ ਇਹ ਕਹਿ ਲਿਆ ਜਾਵੇ ਕਿ ਇਹ ਪੁਸਤਕ ਇਸਤਰੀਆਂ, ਗ਼ਰੀਬਾਂ ਮਜ਼ਦੂਰਾਂ, ਦੱਬੇ ਕੁਚਲੇ ਅਤੇ ਲਿਤਾੜੇ ਜਾ ਰਹੇ
ਵਰਗਾਂ ਦੀਆਂ ਨਪੀੜੀਆਂ ਭਾਵਨਵਾਂ ਦੀ ਤਰਜਮਾਨੀ ਕਰਦੀ ਹੈ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ। ਸਮਾਜਿਕ ਨਾ ਬਰਾਬਰੀ ਦੇ ਵਿਰੁਧ
ਅਤੇ ਅਤੇ ਮਨੁੱਖੀ ਹੱਕਾਂ ਦੀ ਵਕਾਲਤ ਵੀ ਕਰਦੀ ਹੈ। ਕੋਈ ਅਜਿਹਾ ਵਿਸ਼ਾ ਨਹੀਂ ਜਿਸ ਰਾਹੀਂ ਸਮਾਜ ਵਿੱਚ ਅਨਿਅਏ ਹੋ ਰਿਹਾ ਹੋਵੇ, ਉਸ
ਵਿਰੁੱਧ ਸ਼ਾਇਰ ਨੇ ਆਵਾਜ਼ ਨਾ ਬੁਲੰਦ ਕੀਤੀ ਹੋਵੇ ਪ੍ਰੰਤੂ ਕਵੀ ਦਾ ਕੋਮਲ ਮਨ ਬਹੁਤ ਹੀ ਭਾਵਪੂਰਤ ਸ਼ਬਦਾਵਲੀ ਵਿੱਚ ਸਹਿੰਦੇ ਸਹਿੰਦੇ
ਤੁਣਕੇ ਮਾਰਦਾ ਹੈ। ਵਿਸ਼ਾ ਚੁਣਨਾ ਤਾਂ ਵੱਡੀ ਗੱਲ ਨਹੀਂ ਪ੍ਰੰਤੂ ਵਿਸ਼ੇ ਨਾਲ ਇਨਸਾਫ ਕਰਨਾ ਬਹੁਤ ਮਹੱਤਵਪੂਰਨ ਹੈ। ਗੁਰਭਜਨ ਗਿੱਲ
ਇਹ ਜ਼ਿੰਮੇਵਾਰੀ ਨਿਭਾਉਣ ਵਿੱਚ ਸਫ਼ਲ ਸਾਬਤ ਹੋਏ ਹਨ। ਪਦਾਰਥਵਾਦ ਦਾ ਭੂਤ ਸਮਾਜ ਨੂੰ ਘੁਣ ਵਾਂਗ ਖਾ ਰਿਹਾ ਹੈ। ਕਵੀ ਸਮਾਜ
ਵਿੱਚ ਸੁਧਾਰ ਲਿਆਉਣ ਲਈ ਸ੍ਰੀ ਗੁਰੂ ਨਾਨਕ ਦੇਵ, ਸ੍ਰੀ ਗੁਰੂ ਅਰਜਨ ਦੇਵ, ਸ੍ਰੀ ਗੁਰੂ ਤੇਗ ਬਹਾਦਰ, ਭੈਣ ਨਾਨਕੀ ਵੀਰ ਨੂੰ ਲੱਭਦਿਆਂ,
ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਤੋਂ ਨਸੀਹਤ ਲੈਣ ਦੀ ਪ੍ਰੇਰਨਾ ਦਿੰਦਾ ਹੈ। ਹਰ ਸਮੱਸਿਆ ਦੇ ਹਲ
ਲਈ ਗੁਰੂਆਂ ਦੀ ਵਿਚਾਰਧਾਰਾ ਦਾ ਸਹਾਰਾ ਲੈ ਕੇ ਕਵਿਤਾਵਾਂ ਰਾਹੀਂ ਪ੍ਰੇਰਨਾ ਦਿੰਦੇ ਹਨ। ਅਮੀਰ ਵਿਰਾਸਤ ਤੋਂ ਮੁਖ ਮੋੜਨਾ ਸਮਾਜ ਲਈ
ਭਾਰੂ ਪੈ ਰਿਹਾ ਹੈ। ਧਾਰਮਿਕ ਕੱਟੜਤਾ ਸਮਾਜ ਨੂੰ ਖੋਖਲਾ ਕਰ ਰਹੀ ਹੈ। ਕਵੀ ਦੀਆਂ ਕਵਿਤਾਵਾਂ ਦੇ ਵਿਸ਼ੇ ਹਰ ਸਮਾਜਿਕ ਬਿਮਾਰੀ
ਦੀਆਂ ਪਰਤਾਂ ਖੋਲ੍ਹਦੇ ਹਨ। ਗ਼ਰੀਬੀ, ਹੱਕ ਸੱਚ ਦੀ ਲੜਾਈ, ਬਲਤਕਾਰ, ਭਰੂਣ ਹੱਤਿਆ ਅਤੇ ਕਰਜ਼ਿਆਂ ਦੀ ਹੋੜ੍ਹ ਬਾਰੇ ਕਵਿਤਾਵਾਂ
ਲਿਖਕੇ ਸਮਾਜ ਨੂੰ ਜਗਾਉਣ ਦੀ ਕੋਸ਼ਿਸ਼ ਕਰਦੇ ਹਨ। ਆਪਣੀਆਂ ਕਵਿਤਾਵਾਂ ਵਿੱਚ ਰਾਜਨੀਤਕ ਭਰਿਸ਼ਟਚਾਰ ਅਤੇ ਬੇਹੂਦਗੀ ਦੀ
ਤਸਵੀਰ ਪੇਸ਼ ਕਰ ਦਿੰਦੇ ਹਨ। ਸਮਾਜ ਵਿੱਚ ਮਾਫੀਆ ਪ੍ਰਣਾਲੀ ਦੇ ਘਾਤਕ ਪ੍ਰਣਾਮ ਗ਼ਰੀਬਾਂ ਨੂੰ ਹੋਰ ਗ਼ਰੀਬ ਕਰ ਰਹੇ ਹਨ। ਪਤਾ ਹੋਵੇ ਤਾਂ
ਦੱਸਦਾ ਕਵਿਤਾ ਵਿੱਚ ਕਾਰਪੋਰੇਟ ਦੇ ਹਮਲੇ ਬਾਰੇ ਲਿਖਦੇ ਹਨ-
ਦਰਜੀ ਦੀ ਮਸ਼ੀਨ ਖਾ ਗਏ ਕਾਰਪੋਰੇਟ, ਹੱਟੀਆਂ ਨੂੰ ਉਜਾੜ ਗਏ ਮਾਲ।
ਭੱਠੀਆਂ ਤੋਂ ਦਾਣੇ ਦੇ ਪੈਕਿਟਾਂ ‘ਚ ਜਾ ਲੁਕੇ, ਥੈਲੀਸ਼ਾਹਾਂ ਦੇ ਕਰਿੰਦੇ ਬਣ ਗਏ।
ਕੁਆਰ ਗੰਦਲ ਐਲੋਵੀਰਾ ਬਣ ਕੇ, ਜਾ ਬੈਠੀ ਹੈ ਮੁਨਾਫ਼ੇ ਦੀਆਂ ਡੱਬੀਆਂ ‘ਚ।
ਸਾਈਂ ਲੋਕ ਗਾਉਂਦੇ ਕਵਿਤਾ ਵਿੱਚ ਸੁਹਜਾਤਮਿਕ ਢੰਗ ਨਾਲ ਦੱਸਿਆ ਹੈ ਕਿ ਕੋਮਲ ਕਲਾਵਾਂ ਬੜਾ ਕੁਝ ਕਹਿ ਜਾਂਦੀਆਂ ਹਨ।
ਕਵਿਤਾ ਲਿਖਿਆ ਕਰੋ ਬਿੰਬਾਤਮਿਕ ਕਵਿਤਾ ਹੈ, ਜਿਸ ਵਿੱਚ ਅਨੇਕ ਨੁਕਤੇ ਉਠਾਉਂਦਿਆਂ ਕਵੀ ਨੇ ਸਬਰ ਸੰਤੋਖ ਦਾ ਪੱਲਾ ਫੜਨ,
ਸਹਿਜਤਾ ਗ੍ਰਹਿਣ ਕਰਨ, ਕੁੜੀਆਂ ਨੂੰ ਧੀਆਂ ਸਮਝਣ, ਪੀੜ ਸਮੂਹਕ ਹੋਣਾ ਆਦਿ ਬਾਰੇ ਕਵਿਤਾਵਾਂ ਇਥੇ ਸੂਤਰਧਾਰ ਦਾ ਕੰਮ ਕਰਦੀਆਂ
ਹਨ। ਕਾਲਾ ਟਿੱਕਾ ਕਵਿਤਾ ਰਾਜ ਕਰ ਰਹੀ ਕੇਂਦਰ ਸਰਕਾਰ ‘ਤੇ ਵਿਅੰਗ ਕਰਦੀ ਉਨ੍ਹਾਂ ਦੀਆਂ ਆਪ ਹੁਦਰੀਆਂ ਨੂੰ ਨੰਗਿਆਂ ਕਰਦੀ ਹੈ।
ਥੋੜ੍ਹੇ ਜਹੇ ਪੈਸਿਆਂ ਵਿੱਚ ਕਵਿਤਾ ਬਿਹਤਰੀਨ ਸੰਦੇਸ਼ ਦਿੰਦੀ ਹੈ ਕਿ ਇਨਸਾਨ ਨੂੰ ਸਿਆਣਪ ਨਾਲ ਹਰ ਕੰਮ ਕਰਨਾ ਚਾਹੀਦਾ ਪੈਸਾ ਹਰ
ਥਾਂ ਕੰਮ ਨਹੀਂ ਆਉਂਦਾ। ਗੁਰਭਜਨ ਗਿੱਲ ਦੀ ਇਸ ਪੁਸਤਕ ਵਿੱਚ ਕੇਂਦਰ ਵਿੱਚ ਰਾਜ ਕਰ ਰਹੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ
ਬਾਰੇ ਬੜੇ ਹੀ ਸੁਚੱਜੇ ਢੰਗ ਨਾਲ ਚੋਟਾਂ ਲਾਈਆਂ ਹਨ, ਜਿਹੜੀਆਂ ਸਮਝਦਾਰ ਪਾਠਕ ਲਈ ਉਸਾਰੂ ਯੋਗਦਾਨ ਪਾ ਰਹੀਆਂ ਹਨ। ਸਿੱਧੇ
ਢੰਗ ਨਾਲ ਟਕਰਾਓ ਪੈਦਾ ਕਰਨ ਵਾਲੀਆਂ ਕਵਿਤਾਵਾਂ ਨਹੀਂ ਹਨ ਪ੍ਰੰਤੂ ਬੁੱਧੀਜੀਵੀਆਂ ਦੀ ਮਾਨਸਕਤਾ ਨੂੰ ਕੁਰੇਦਣ ਦਾ ਕੰਮ ਕਰ ਰਹੀਆਂ
ਹਨ। ਬੂਬੂ ਨੂੰ ਕੁੱਤਾ ਨਾ ਕਹੋ ਮਨੁੱਖਤਾ ਦੀ ਮੂਰਖਤਾ ਦਾ ਪ੍ਰਗਟਾਵਾ ਕਰਦੀ ਹੈ, ਜਦੋਂ ਉਹ ਕਹਿੰਦੇ ਹਨ ‘‘ਰੋਟੀ ਵੇਖ ਕੇ ਪੂਛ ਨਹੀਂ
ਹਿਲਾਉਂਦਾ’’। ਭਾਵ ਇਨਸਾਨ ਵਫ਼ਦਾਰ ਨਹੀਂ ਬਣਦਾ, ਕੁੱਤਾ ਇਨਸਾਨ ਤੋਂ ਵਧੇਰੇ ਵਫ਼ਦਾਰ ਹੈ। ਅਸੀਸ ਕਵਿਤਾ ਵਿੱਚ ਸੋਚ ਬਦਲਣ
ਨਾਲ ਸਮਾਜ ਬਦਲ ਸਕਦਾ ਹੈ। ਭਾਸੋ ਜਦ ਵੀ ਬੋਲਦੈ ਕਵਿਤਾ ਇਕ ਸਾਧਨ ਬਣਾਕੇ ਕਵੀ ਨੇ ਇਨਸਾਨੀਅਤ ਦੀ ਸੋਚ ‘ਤੇ ਚਿੰਤਾ ਪ੍ਰਗਟ
ਕੀਤੀ ਹੈ। ਦਿੱਲੀ ਆਪ ਨਹੀਂ ਉਜੜਦੀ ਸੰਕੇਤਕ ਕਵਿਤਾ ਹੈ, ਜਿਸ ਰਾਹੀਂ ਦਰਸਾਇਆ ਗਿਆ ਹੈ ਕੁਝ ਲੋਕਾਂ ਦੀ ਮਾਨਸਿਕਤਾ ਮਨੁੱਖਤਾ
ਨੂੰ ਨੁਕਸਾਨ ਪਹੁੰਚਾਉਣ ਤੱਕ ਸੀਮਤ ਹੁੰਦੀ ਹੈ। ਪ੍ਰਕਾਸ਼ ਜਾਈ ਕਵਿਤਾ ਵਿਦਵਾਨ ਇਸਤਰੀਆਂ ਦੀ ਜਦੋਜਹਿਦ ਦਾ ਪ੍ਰਤੀਕ ਬਣਦੀ ਹੈ।
ਗੁਰਭਜਨ ਗਿੱਲ ਦੀਆਂ ਬਹੁਤੀਆਂ ਕਵਿਤਾਵਾਂ ਵਰਤਮਾਨ ਰਾਜ ਪ੍ਰਬੰਧ ਦੀਆਂ ਗ਼ਲਤ ਨੀਤੀਆਂ ਦੇ ਵਿਰੁੱਧ ਲੋਕਾਈ ਨੂੰ ਜਾਗ੍ਰਤ ਕਰਦੀਆਂ
ਹਨ।
ਉਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਲੋਕਤਾ ਦੀ ਗ਼ਜ਼ਲਕਾਰੀ : ਸੁਰਤਾਲ : ਪ੍ਰੋ ਜਾਗੀਰ ਸਿੰਘ ਕਾਹਲੋਂ
ਗੁਰਭਜਨ ਗਿੱਲ ਬਹੁ ਵਿਧਾਈ ਲੇਖਕ ਹੈ। ਉਸ ਨੇ ਪੰਜਾਬੀ ਸ਼ਾਇਰੀ ਵਿੱਚ ਕਾਵਿ ਸੰਗ੍ਰਹਿ ਸ਼ੀਸ਼ਾ ਝੂਠ ਬੋਲਦਾ ਹੈ ਨਾਲ 1978 ਵਿੱਚ ਪ੍ਰਵੇਸ਼ ਕੀਤਾ ਸੀ। ਇਸ ਪਿੱਛੋਂ ਉਹ ਛੇ ਕਾਵਿ ਸੰਗ੍ਰਹਿ ਬੋਲ ਮਿੱਟੀ ਦਿਆ ਬਾਵਿਆ, ਅਮਨ ਕਥਾ, ਖੈਰ ਪੰਜਾਂ ਪਾਣੀਆਂ ਦੀ, ਧਰਤੀ ਨਾਦ, ਪਾਰਦਰਸ਼ੀ, ਮਨ ਤੰਦੂਰ ਸ਼ਾਮਲ ਹਨ।
'ਸੁਰਤਾਲ' ਉਸ ਦਾ ਤਾਜ਼ਾ ਗ਼ਜ਼ਲ ਸੰਗ੍ਰਹਿ ਹੈ ਜੋ 2021 ਵਿੱਚ ਛਪਿਆ ਹੈ। ਇਸ ਗ਼ਜ਼ਲ ਸੰਗ੍ਰਹਿ ਵਿਚ 156 ਗ਼ਜ਼ਲਾਂ ਸ਼ਾਮਲ ਹਨ। ਉਸ ਦੀਆਂ ਲਗਾਤਾਰ ਛਪੀਆਂ ਕਾਵਿ -ਪੁਸਤਕਾਂ ਉਸ ਦੀ ਲਿਖਣ ਦੀ ਲਗਾਤਾਰਤਾ ਦਾ ਠੋਸ ਸਬੂਤ ਹਨ।
ਇਹ ਗ਼ਜ਼ਲ ਸੰਗ੍ਰਹਿ ਉਸ ਦੀ ਸਿਰਜਣ ਸ਼ਕਤੀ ਦੇ ਭਰਪੂਰ ਦਰਸ਼ਨ ਕਰਵਾਉਂਦਾ ਹੈ। ਅੱਧੀ ਸਦੀ ਹੰਢਾਉਣ ਉਪਰੰਤ ਬਹੁਤੇ ਸ਼ਾਇਰਾਂ ਦੇ ਪ੍ਰੇਰਨਾ ਸਰੋਤ ਮੁੱਕ ਜਾਂਦੇ ਨੇ ਤੇ ਉਹ ਜਾਂ ਤਾਂ ਸ਼ਾਇਰੀ ਦੇ ਪਿੜ ਚੋਂ ਲਾਂਭੇ ਹੋ ਜਾਂਦੇ ਨੇ ਜਾਂ ਕਿਸੇ ਹੋਰ ਸਾਹਿਤਕ ਵਿਧਾ ਵੱਲ ਮੁੜ ਜਾਂਦੇ ਨੇ ਤੇ ਜਾਂ ਸਿਰਜਣਾ ਦੇ ਜਗਤ ਨੂੰ ਅਲਵਿਦਾ ਕਹਿ ਦਿੰਦੇ ਨੇ ਤੇ ਜਾਂ ਫਿਰ ਪਹਿਲੇ ਰਚੇ ਨੂੰ ਦੁਹਰਾਉਣ ਲੱਗ ਪੈਂਦੇ ਨੇ।
'ਸੁਰਤਾਲ' ਦਾ ਗ਼ਜ਼ਲਕਾਰ ਅਜਿਹੇ ਸਿਰਜਕ ਵਜੋਂ ਉਭਰਦਾ ਹੈ ਜੋ ਨਾ ਕੇਵਲ ਆਪਣੀ ਲੇਖਣੀ ਦੀ
ਲਗਾਤਾਰਤਾ ਨੂੰ ਲਗਾਤਾਰ ਕਾਇਮ ਰੱਖ ਰਿਹਾ ਹੈ। ਉਸ ਦੀ ਹਰ ਨਵੀਂ ਗ਼ਜ਼ਲ ਦੇ ਸ਼ਿਅਰਾਂ ਵਿੱਚ ਨਵੀਨਤਾ ਅਤੇ ਰਵਾਨੀ ਵੇਖਣ ਨੂੰ ਮਿਲਦੀ ਹੈ।
ਸ਼ਹੀਦ ਭਗਤ ਸਿੰਘ ਦਾ ਕਿੱਸਾ ਲਿਖਣ ਵਾਲੇ ਪ੍ਰੋ. ਦੀਦਾਰ ਸਿੰਘ ਨੇ ਕਦੇ ਕਿਹਾ ਸੀ।
ਸਾਹਿਤ ਸਿਰਜਣਾ ਸੂਰਮਤਾਈ ਸੂਰਮਿਆਂ ਦਾ ਕੰਮ।
ਕਵੀਆਂ ਉਹਨਾਂ ਸ਼ਿਅਰ ਕੀ ਕਹਿਣੇ ਜੋ ਸੁਖਰਹਿਣੇ ਚੰਮ।
ਸਾਹਿਤ ਸਿਰਜਣਾ ਤਾਂ ਸੂਰਮਤਾਈ ਹੈ ਹੀ, ਲਗਾਤਾਰ ਸਿਰਜਣਾ ਕਰਨੀ ਹੋਰ ਵੀ ਵੱਡੀ ਸੂਰਮਤਾਈ ਹੈ। ਇਸ ਪੱਖੋਂ 'ਸੁਰਤਾਲ' ਦਾ ਕਰਤਾ ਗੁਰਭਜਨ ਗਿੱਲ ਵੱਡਾ ਸੂਰਮਾ ਹੈ।
ਸੁਰਤਾਲ ਦੀ ਗ਼ਜ਼ਲਕਾਰੀ ਰਵਾਇਤੀ ਗ਼ਜ਼ਲ ਦੇ ਰੰਗਾਂ 'ਜ਼ੁਲਫਾਂ' ਤੇ 'ਰੁਖ਼ਸਾਰਾਂ' ਨੂੰ ਨਕਾਰ ਕੇ ਜ਼ਿੰਦਗੀ ਦੇ ਤਿੰਨ ਰੰਗਾਂ ਨੂੰ ਆਪਣਾ ਵਿਸ਼ਾ ਬਣਾਉਂਦੀ ਹੈ ਜਿਸ ਵਿੱਚ ਆਪਣੇ ਇਤਿਹਾਸ, ਮਿਥਿਹਾਸ, ਸੱਭਿਆਚਾਰ ਤੇ ਲੋਕਾਂ ਦੇ ਦਰਦ ਲਈ ਵੰਗਾਰ ਤੇ ਪ੍ਰੇਰਨਾ ਦਾ ਰੰਗ ਪ੍ਰਬਲ ਹੈ। ਪਹਿਲੀ ਗ਼ਜ਼ਲ ਵਿੱਚ ਹੀ ਉਪਰੋਕਤ ਰੰਗਾਂ ਵਿੱਚੋਂ ਬਹੁਤਿਆਂ ਦੇ ਝਲਕਾਰੇ ਮਿਲ ਜਾਂਦੇ ਨੇ।
ਲੋਕ ਸ਼ਕਤੀਆਂ ਦਸਤਕ ਦੇਵਣ ਲੋਕ ਉਡੀਕਣ ਸੂਰਜ,
ਭੋਲੇ ਪੰਛੀ ਕਹਿੰਦੇ ਥੱਕ ਗਏ, ਸਤਿਗੁਰ ਤੇਰੀ ਓਟ ਮੁਬਾਰਕ।
ਸੂਰਜ ਦੀ ਲਾਲੀ ਦਾ ਚਾਨਣ, ਹਰ ਥਾਂ ਰਹਿਮਤ ਬਣ ਕੇ ਚਮਕੇ,
ਜਗਣ ਚਿਰਾਗ਼ ਉਮੀਦਾਂ ਵਾਲੇ, ਲਮਕਣ ਚਿਹਰੇ ਕੋਟ ਮੁਬਾਰਕ।
ਇਹ ਤਾਂ ਸਿਰਫ਼ ਲੜਾਈ ਨਿੱਕੀ, ਜਿੱਤਣ ਹਾਰਨ ਹੈ ਬੇ ਅਰਥਾ,
ਲੰਮੇ ਯੁੱਧਾਂ ਖ਼ਾਤਰ ਕਿਉਂ ਨਾ, ਲੱਗੇ ਦਿਲ ਤੇ ਚੋਟ ਮੁਬਾਰਕ।
(ਪੰਨਾ-13)
ਇਹ ਸੁਚੱਜੀ ਗ਼ਜ਼ਲ ਇਕ ਤਰ੍ਹਾਂ ਨਾਲ 'ਸੁਰਤਾਲ' ਦੀ ਗ਼ਜ਼ਲਕਾਰੀ ਦਾ ਮੈਨੀਫੈਸਟੋ ਹੈ, ਐਲਾਨਨਾਮਾ ਹੈ।ਸਿਰਮੌਰ ਪੰਜਾਬੀ ਲੇਖਕ ਸ: ਗੁਰਬਖਸ਼ ਸਿੰਘ ਪ੍ਰੀਤ ਲੜੀ ਨੇ ਕਿਹਾ ਸੀ: ਪਿਆਰ ਜ਼ਿੰਦਗੀ ਦਾ ਸ਼੍ਰੋਮਣੀ ਜਜ਼ਬਾ ਹੈ।
ਗ਼ਜ਼ਲਕਾਰ ਦੇ ਕੁਝ ਸ਼ਿਅਰ ਇਸ ਪਰਖ਼ ਅਨੁਸਾਰ ਗੌਲਣ ਯੋਗ ਹਨ :
ਪਿਆਰ ਦਾ ਬੂਟਾ ਰੂਹ ਵਿੱਚ ਲਾਇਆ ਜਾਂਦਾ ਹੈ।
ਖ਼ੂਨ ਜਿਗਰ ਦਾ ਹਰ ਪਲ ਪਾਇਆ ਜਾਂਦਾ ਹੈ।
ਹੋਵੇ ਨਾ ਦਿਲਦਾਰ ਸੁਣਨ ਲਈ, ਕੋਲ ਜਦੋਂ,
ਸ਼ਬਦਾਂ ਨੂੰ ਹੀ ਦਰਦ ਸੁਣਾਇਆ ਜਾਂਦਾ ਹੈ।
ਰੂਹ ਤੋਂ ਭਾਰ ਉਤਾਰਨ ਦੇ ਸਭ, ਤਰਲੇ ਨੇ,
ਓਦਾਂ ਕਿੱਥੇ ਮਨ ਉਲਥਾਇਆ ਜਾਂਦਾ ਹੈ।
ਸੁਰ ਤੇ ਸਾਜ਼ ਵਿਲਕਦੇ, ਪੀੜਾਂ ਦੱਸਣ ਲਈ,
ਧੁਰ ਅੰਦਰੋਂ ਜੇ, ਮਨ ਪਿਘਲਾਇਆ ਜਾਂਦਾ ਹੈ।
(ਪੰਨਾ-14)
ਗੁਰਭਜਨ ਕੋਲ ਉਸ ਵੱਡੇ ਬਾਬੇ ਨਾਨਕ ਦੀ ਸ਼ਬਦ ਸੁੱਚਮ ਦੀ ਉਹ ਵਿਰਾਸਤ ਹੈ ਜਿਸ ਨੇ ਕਿਹਾ ਸੀ 'ਸੱਚ ਸੁਣਾਇਸੀ ਸੱਚ ਕੀ ਬੇਲਾ'। ਉਹ ਸਾਡੇ ਸਮੇਂ ਦੇ ਹਾਕਮਾਂ ਨੂੰ ਵੀ ਬੇਪਰਦ ਕਰਦਾ ਹੈ ਜੋ ਕਹਿੰਦਾ ਹੈ ਕਿ ਲਾਲ ਸੂਹੇ ਫੁੱਲਾਂ ਦੀ ਥਾਂ ਬਾਗਾਂ ਵਿਚ ਕੇਸਰੀ ਫੁੱਲ ਬੀਜਣ ਦਾ ਹੁਕਮ ਆ ਗਿਆ ਹੈ ਅਰਥਾਤ ਦੇਸ਼ ਨੂੰ ਭਗਵੇ ਰੰਗ ਵਿੱਚ ਰੰਗਣ ਦੀ ਬਦਨੀਤੀ ਨੂੰ ਨੰਗਾ ਹੀ ਨਹੀਂ ਕੀਤਾ ਗਿਆ ਸਗੋਂ ਇਸ ਨੀਤੀ ਨੂੰ ਬਦਕਾਰ ਅਤੇ ਟੀਰੀ ਵੀ ਕਿਹਾ ਹੈ :-
ਜਿੱਥੇ ਕਿਤੇ ਬਾਗਾਂ ਵਿਚ, ਲਾਲ ਸੂਹੇ ਫੁੱਲ ਨੇ ,
ਆ ਗਿਆ ਆਦੇਸ਼, ਬੀਜੋ ਕੇਸਰੀ ਪਨੀਰੀਆਂ।
ਰੱਖ ਨਾ ਉਮੀਦ ਐਵੇਂ, ਭੋਲੇ ਦਿਲਾ ਪਾਤਸ਼ਾਹ,
ਨੀਤ ਬਦਕਾਰ ਉਹਦੀ, ਨੀਤੀਆਂ ਵੀ ਟੀਰੀਆਂ।
(ਪੰਨਾ-16)
ਜਦੋਂ ਸਮਕਾਲ ਵਿਚ ਬੋਲਣ ਤੇ ਲਿਖਣ ਤੇ ਪਾਬੰਦੀਆਂ ਆਇਦ ਕੀਤੀਆਂ ਜਾ ਰਹੀਆਂ ਹੋਣ,ਕਲਮਕਾਰਾਂ ਦੇ ਕਤਲੋਗਾਰਤ ਦਾ ਮਾਹੌਲ ਸਿਰਜਿਆ ਜਾ ਚੁੱਕਾ ਹੈ, ਲਾਸ਼ਾਂ ਦੇ ਢੇਰਾਂ ਤੇ ਇੱਲਾਂ, ਗਿਰਝਾਂ ਅਤੇ ਕਾਵਾਂ ਦਾ ਝੁਰਮਟ ਹੈ ਤਾਂ ਗੁਰਭਜਨ ਗਿੱਲ ਚੁੱਪ ਤੇ ਸ਼ਾਂਤ ਕਿਵੇਂ ਬੈਠ ਸਕਦਾ ਹੈ? ਉਹ ਤਾਂ ਕੁਰਲਾ ਉੱਠਦਾ ਹੈ:
ਨਾ ਬੋਲਾਂ ਤੇ ਦਮ ਘੁੱਟਦਾ ਹੈ, ਬੋਲਣ ਤੇ ਇਤਰਾਜ਼ ਹੈ ਤੈਨੂੰ ,
ਜੀਂਦੇ ਜੀਅ ਤਾਂ ਰੂਹ ਦਾ ਪੰਛੀ, ਆਪਣੇ ਹੱਥੋਂ ਮਾਰ ਨਹੀਂ ਹੁੰਦਾ।
ਤੇਰੇ ਆਲੇ ਦੁਆਲੇ ਝੁਰਮਟ, ਇੱਲ੍ਹਾਂ ਗਿਰਝਾਂ ਕਾਵਾਂ ਦਾ ਹੈ,
ਵੱਸਦੇ ਘਰ ਵਿਚ ਏਸ ਤਰ੍ਹਾਂ ਦਾ, ਬਿਲਕੁਲ ਹੀ ਪਰਿਵਾਰ ਨਹੀਂ ਹੁੰਦਾ
(ਪੰਨਾ-17)
ਸਮੇਂ ਦੀਆਂ ਸਾਜ਼ਿਸ਼ਾਂ ਨੂੰ ਵੇਖ ਕੇ ਉਸ ਦਾ ਮਨ ਦੁਖੀ ਹੋ ਜਾਂਦਾ ਹੈ ਜਦੋਂ ਇਨ੍ਹਾਂ ਸਾਜ਼ਿਸ਼ਾਂ ਨੂੰ ਹੀ ਸਲਾਹਾਂ ਕਿਹਾ ਜਾ ਰਿਹਾ ਹੈ।
ਇਸੇ ਤਰ੍ਹਾਂ ਦਾ ਕਹਿਰ ਅੱਜ ਤਕ, ਵੇਖਿਆ ਸੀ ਨਾ ਕਦੇ,
ਸਾਜ਼ਿਸ਼ੀ ਚਾਲਾਂ ਨੂੰ ਲੋਕੀਂ, ਕਹਿਣ ਲੱਗ ਪਏ ਮਸ਼ਵਰੇ।
(ਪੰਨਾ-18)
ਉਹ ਸਮਾਜ ਦੀ ਕਾਣੀ ਵੰਡ ਨੂੰ ਵੇਖਦਾ ਤੇ ਮਹਿਸੂਸਦਾ ਹੀ ਨਹੀਂ ਸਗੋਂ ਮਜ਼ਲੂਮ ਧਿਰ ਨਾਲ ਖਲੋਂਦਾ ਹੈ। ਉਸ ਨੂੰ ਲੱਗਦਾ ਹੈ ਕਿ ਇਹ ਸ਼ਾਇਦ ਜ਼ੁਲਮ ਸਹਿਣ ਲਈ ਹੀ ਪੈਦਾ ਹੋਈ ਹੈ ਤੇ ਇਹੀ ਉਸ ਦੀ ਹੋਣੀ ਹੈ:
ਕੱਚੇ ਘਰਾਂ ਉੱਤੇ ਕਹਿਰ, ਸਦਾ ਜ਼ਿੰਦਗੀ ਚ ਜ਼ਹਿਰ,
ਨਦੀ ਸ਼ੂਕਦੀ ਨੀਵਾਣਾਂ ਵੱਲ, ਵਗਦੇ ਹੀ ਰਹਿਣਾ।
(ਪੰਨਾ-19)
ਬਿਰਹਣ ਦੇ ਰੂਪ ਵਿੱਚ ਲੂਣਾ ਕੁਰਲਾਉਂਦੀ ਜਾਪਦੀ ਹੈ ਜਿਸ ਦਾ ਕੰਤ ਚਾਂਦੀ ਦੇ ਫੁੱਲ ਚੁਗਦਾ ਫਿਰਦਾ ਹੈ।
ਉਸ ਬਿਰਹਣ ਦੀ ਕੌਣ ਸੁਣੇਗਾ, ਜਿਸ ਦਾ ਕੰਤ ਘਰੇ ਨਾ ਮੁੜਿਆ ,
ਚਾਂਦੀ ਵਾਲਾ ਚੋਗਾ ਚੁਗਦਾ, ਰੱਜਦਾ ਹੀ ਨਹੀਂ ਕਮਲਾ ਢੋਲਣ।
ਲੋਕ ਸ਼ਕਤੀ ਵਿੱਚ ਏਨਾ ਬਲ ਹੈ ਪਈ ਉਹ ਵੱਡੇ ਵੱਡੇ ਰਾਜ ਭਾਗਾਂ ਦੇ ਤਖ਼ਤੇ ਵੀ ਉਲਟਾ ਸਕਦੀ ਹੈ:
ਅੱਕੇ ਲੋਕ ਪਲਟਦੇ ਤਖ਼ਤਾ, ਰਾਜ ਭਾਗ ਤਾਂ ਸ਼ੈਅ ਹੀ ਕੁਝ ਨਾ
ਵਗਦੀ ਪੌਣੇ ਦੇਈਂ ਸੁਨੇਹੜਾ, ਹੋਰ ਨਾ ਸਾਡੀ ਹਸਤੀ ਰੋਲਣ।
(ਪੰਨਾ-21)
ਜ਼ਿੰਦਗੀ ਬੇਤਰਤੀਬੀ ਹੋ ਗਈ ਹੈ, ਰੁਝੇਵੇਂ ਇੰਨੇ ਵਧ ਗਏ ਨੇ ਪਰਿਵਾਰ ਦੇ ਜੀਅ ਕਈ ਕਈ ਦਿਨਾਂ ਤਕ ਵੀ ਮਿਲ ਨਹੀਂ ਸਕਦੇ। ਸੁਰ ਤੇ ਤਾਲ ਦੀਆਂ ਵੀ ਹੁਣ ਦੁਰਗਤੀਆਂ ਹੋ ਰਹੀਆਂ ਨੇ। ਜ਼ਿੰਦਗੀ ਸੰਗੀਤ ਵਿਗੁੱਤੀ ਹੋ ਗਈ ਹੈ। ਆਲੇ ਦੁਆਲੇ ਗੁਲਾਬਾਂ ਦੀ ਥਾਂ ਕੰਡੇ ਹੀ ਰਹਿ ਗਏ ਨੇ। ਇਸ ਤਰ੍ਹਾਂ ਦੀ ਝਲਕ ਇਨ੍ਹਾਂ ਸ਼ਿਅਰਾਂ ਵਿਚੋਂ ਵੇਖੀ ਜਾ ਸਕਦੀ ਹੈ :
ਉੱਖੜੀ ਸੋਚ ਦੇ ਵਾਂਗੂੰ ਸਾਡੇ ਮਨ ਦੀ ਹਾਲਤ ਬੇਤਰਤੀਬੀ,
ਤਰਬ ਤਾਨ ਦੀ ਸਮਝ ਗੁਆਚੀ, ਦੁਰਗਤੀਆਂ ਸੁਰ ਤਾਲ ਦੀਆਂ ਹੁਣ।
ਕੰਮੀਂ ਕਾਰੀਂ ਰੁਲੇ ਬੱਚੜੇ, ਅੱਠੀੰ ਪਹਿਰੀਂ ਜੀਅ ਨਾ ਮਿਲਦੇ,
ਸਾਰਾ ਦਿਨ ਤਾਂ ਕੱਲੀਆਂ ਯਾਦਾਂ ਤਨ ਮਨ ਆਪ ਸੰਭਾਲਦਿਆਂ ਹੁਣ।
ਝੜ ਚੱਲੀਆਂ ਨੇ ਕਿਰਕ ਮਕਿਰਨੀ, ਟਾਹਣਾਂ ਸੁਰਖ਼ ਗੁਲਾਬ ਦੀਆਂ ਵੀ,
ਕੰਡੇ ਕੰਡੇ ਛੱਡ ਚੱਲੀਆਂ ਨੇ ਝੜ ਕੇ ਪੱਤੀਆਂ ਨਾਲ ਦੀਆਂ ਹੁਣ।
(ਪੰਨਾ-29)
ਇਨ੍ਹਾਂ ਗ਼ਜ਼ਲਾਂ ਵਿੱਚ ਜਿੱਥੇ ਜ਼ਿੰਦਗੀ ਦੇ ਵੰਨ ਸੁਵੰਨੇ ਰੰਗ ਪੇਸ਼ ਹੋਏ ਨੇ ਉੱਥੇ ਪੰਜਾਬੀ ਸਾਹਿਤ ਦੀ ਵਿਰਾਸਤ ਵੀ ਇਨ੍ਹਾਂ ਗ਼ਜ਼ਲਾਂ ਦਾ ਵਿਸ਼ਾ ਬਣੀ ਹੈ ਇਨ੍ਹਾਂ ਵਿੱਚ
ਜਿੱਥੇ ਪੰਜਾਬੀ ਕਿੱਸਾ ਕਾਵਿ ਵਿਚਲੀ ਮੁਹੱਬਤ ਦੇ ਝਲਕਾਰੇ ਮਿਲਦੇ ਨੇ ਉੱਥੇ ਵਾਰ - ਕਾਵਿ ਵਾਲਾ ਬੀਰ ਰਸ ਵੀ ਝਲਕਦਾ ਹੈ ਜੋ ਜ਼ਿੰਦਗੀ ਨੂੰ ਹਿੰਮਤ ਅਤੇ ਹੌਸਲਾ ਦਿੰਦਾ ਹੈ।
ਬੇਹਿੰਮਤੇ ਨੂੰ ਮਾਂ ਧਰਤੀ ਵੀ, ਚੋਗ ਚੁਗਾਉਣੋਂ ਟਲ਼ ਜਾਂਦੀ ਹੈ,
ਜਿਉ ਪਰ -ਹੀਣ ਪਰਿੰਦਾ ਕੋਈ ਬਿਨਾਂ ਉਡਾਰੀ ਫਿਰਦਾ ਮਰਿਆ।
ਕੱਚੀਆਂ ਪਿੱਲੀਆਂ ਇੱਟਾਂ ਦਾ ਮੈਂ, ਗਾਹਕ ਨਹੀਂ ਜੀ ਸੁਣ ਲਉ ਸਾਰੇ,
ਨਾਨਕਸ਼ਾਹੀ ਪੱਕੀਆਂ ਇੱਟਾਂ, ਸਿਦਕ ਸਲਾਮਤ ਮੇਰਾ ਕਰਿਆ।
ਵਕਤ ਦੇ ਅੱਥਰੇ ਘੋੜੇ ਉੱਪਰ, ਮਾਰ ਪਲਾਕੀ ਚੜ੍ਹਿਆ ਹਾਂ ਮੈਂ,
ਤੇਰੇ ਦਮ ਤੇ ਉੱਡਿਆ ਫਿਰਦਾਂ,ਪਹਿਲਾਂ ਸਾਂ ਮੈਂ ਡਰਿਆ ਡਰਿਆ।
ਕੌਣ ਕਿਸੇ ਦੀ ਖ਼ਾਤਰ ਮਰਦੈ, ਸੂਰਮਿਆਂ ਜਾਂਬਾਜ਼ਾਂ ਤੋਂ ਬਿਨ,
ਸੀਸ ਤਲੀ ਤੇ, ਪੈਰ ਧਾਰ ਤੇ, ਨਿਸ਼ਚੇ ਬਾਝੋਂ ਕਿਸ ਨੇ ਧਰਿਆ।
(ਪੰਨਾ-34)
ਨਾਰੀ ਨੂੰ ਵਡਿਆਉਣ ਵਾਲੇ ਸਾਡੇ ਬਾਬਾ ਨਾਨਕ ਦਾ ਇਹ ਵਾਰਿਸ ਨਾਰੀ ਦੀ ਮਹਿਮਾ ਇੰਜ ਕਰਦਾ ਹੈ
ਚੱਲ ਨੀ ਭੈਣੇ ਆਪਾਂ ਰਲ ਕੇ, ਵੀਰਾਂ ਦੇ ਸੰਗ ਕਦਮ ਵਧਾਈਏ।
ਘਰ ਦੀ ਚਾਰਦੀਵਾਰੀ ਅੰਦਰ, ਘਿਰ ਕੇ ਨਾ ਪਿੱਛੇ ਰਹਿ ਜਾਈਏ।
ਨਾ ਅਰਧਾਂਗਣ ਨਾ ਹਾਂ ਅਬਲਾ, ਪੂਰੀ ਹਸਤੀ ਲੈ ਕੇ ਜੰਮੀ,
ਆਪੇ ਜੱਗ ਇਹ ਸਮਝ ਲਵੇਗਾ, ਪਹਿਲਾਂ ਤਾਂ ਖੁਦ ਨੂੰ ਸਮਝਾਈਏ।
ਸਦੀਆਂ ਸਿਦਕ, ਸਲੀਕਾ, ਸੇਵਾ ਸ਼ੁਭਕਰਮਨ ਦਾ ਬੀਜ ਸਾਂਭਿਆ,
ਆ ਜਾ ਆਪਣੇ ਹੱਥੀਂ ਆਪੇ, ਵਿੱਚ ਸਿਆੜਾਂ ਇਹ ਸਭ ਲਾਈਏ।
(ਪੰਨਾ-37)
ਗ਼ਜ਼ਲਕਾਰ ਆਪਣੇ ਸਮਕਾਲੀ ਗ਼ਜ਼ਲਕਾਰਾਂ ਦਾ ਵਰਨਣ ਕਰਨੋਂ ਹੀ ਨਹੀਂ ਖੁੰਝਿਆ। ਸਮਕਾਲੀ ਸ਼ਾਇਰ ਡਾ. ਲਖਵਿੰਦਰ ਸਿੰਘ ਜੌਹਲ ਬਾਰੇ ਗ਼ਜ਼ਲ ਲਿਖ ਉਹ ਕਹਿੰਦਾ ਹੈ :
ਆ ਲਖਵਿੰਦਰ ਰਲ ਤੁਰ ਚੱਲੀਏ ਵਕਤ ਦੀਆਂ ਦੀਵਾਰਾਂ ਓਹਲੇ।
ਕਿੱਥੋਂ ਤੁਰ ਕੇ ਕਿੱਥੇ ਆਏ, ਕਦਮ ਕਦਮ ਤੇ ਖਾ ਹਿਚਕੋਲੇ।
ਕਿੱਥੇ ਪਿੰਡ ਜੰਡਿਆਲਾ ਤੇਰਾ, ਹੋਰਸ ਥਾਂ ਮੈਂ ਉੱਗਿਆ ਪੁੱਗਿਆ,
ਵਕਤ ਦੀ ਤੱਕੜੀ ਤੋਲ ਤੋਲ ਕੇ, ਕਿੰਨੇ ਸੱਚੇ ਸੌਦੇ ਤੋਲੇ।
(ਪੰਨਾ-136)
ਇਸ ਤਰ੍ਹਾਂ ਗ਼ਜ਼ਲਕਾਰਾ ਸੁਖਵਿੰਦਰ ਅੰਮ੍ਰਿਤ ਬਾਰੇ ਲਿਖਦਾ ਹੈ:
ਸਤਲੁਜ ਕੰਢੇ ਬੇਟ 'ਚ ਜੰਮੀ, ਵੇਖੋ ਧੀ ਫੁਲਕਾਰੀ ਵਰਗੀ।
ਗੀਤ ਗਜ਼ਲ ਕਵਿਤਾਵਾਂ ਲਿਖਦੀ, ਤਿੱਖੜੀ ਤੇਜ਼ ਕਟਾਰੀ ਵਰਗੀ।
ਪੰਨਾ: 166
ਸੁਖਵਿੰਦਰ ਅੰਮ੍ਰਿਤ ਨੇ ਕੁਝ ਸਾਲ ਪਹਿਲਾਂ ਜਦੋਂ ਸੁਰਜੀਤ ਪਾਤਰ ਬਾਰੇ ਗ਼ਜ਼ਲ ਲਿਖੀ ਸੀ ਤਾਂ ਉਸ ਨੂੰ ਇਹ ਇਲਮ ਨਹੀਂ ਹੋਣਾ ਕਿ ਇਕ ਦਿਨ ਗੁਰਭਜਨ ਗਿੱਲ ਵੀ ਸੁਖਵਿੰਦਰ ਅੰਮ੍ਰਿਤ ਬਾਰੇ ਗ਼ਜ਼ਲ ਲਿਖੇਗਾ?
ਸੂਰਮੇ ਪੰਜਾਬੀ ਨਾਇਕ ਵੀ ਉਸ ਦੀ ਗ਼ਜ਼ਲਕਾਰੀ ਦਾ ਵਿਸ਼ਾ ਬਣੇ ਨੇ:
ਭਗਤ ਸਰਾਭਾ ਊਧਮ ਸਿੰਘ ਤਾਂ ਅਣਖੀ ਰੁੱਤ ਕਿਰਦਾਰ ਦਾ ਨਾਂ ਹੈ।
ਲੋਕ ਮੁਕਤੀਆਂ ਖ਼ਾਤਰ ਪੱਲ੍ਹਰੀ ਸੂਹੀ ਸੁਰਖ਼ ਬਹਾਰ ਦਾ ਨਾਂ ਹੈ।
(ਪੰਨਾ-90)
ਗ਼ਜ਼ਲਕਾਰ ਦਾ ਕਲਾਵਾ ਬੜਾ ਵਿਸ਼ਾਲ ਹੈ। ਉਹ ਕੁੱਲ ਆਲਮ ਨੂੰ ਆਪਣੀ ਬੁੱਕਲ ਵਿਚ ਲੈਂਦਾ ਹੈ। ਲਤੀਨੀ ਅਮਰੀਕਾ ਦੇ ਦੇਸ਼ ਕਿਊਬਾ ਦੇ ਇਨਕਲਾਬੀ ਆਗੂ ਫੀਦਲ ਕਾਸਟਰੋ ਨੂੰ ਵੀ ਆਪਣੇ ਸ਼ਿਅਰਾਂ ਰਾਹੀਂ ਆਪਣੀ ਅਕੀਦਤ ਦੇ ਬੋਲ ਪੇਸ਼ ਕਰਦਾ ਹੈ।
ਤੂੰ ਤੁਰਿਐਂ ਤਾਂ ਏਦਾਂ ਲੱਗਿਆ ਮੌਤ ਝਕਾਨੀ ਦੇ ਗਈ ਯਾਰਾ।
ਇੱਕ ਦੂਜੇ ਨੂੰ ਮਿਲੇ ਕਦੇ ਨਾ ਕਿਉਂ ਲੱਗਦਾ ਸੀ ਭਾਈਚਾਰਾ।
ਤੇਰਾ ਵਤਨ ਕਿਊਬਾ ਸੂਹੇ ਸੂਰਜ ਦਾ ਹਮਨਾਮ ਬਣ ਗਿਆ,
ਪਿਘਲ ਗਿਆ ਤੂੰ ਲੋਕਾਂ ਖ਼ਾਤਰ, ਸਿਰ ਪੈਰੋਂ ਸਾਰੇ ਦਾ ਸਾਰਾ।
ਇਨਕਲਾਬ ਦਾ ਸੂਹਾ ਪਰਚਮ, ਡਿੱਗਿਆ, ਝੁਕਿਆ ਫਿਰ ਲਹਿਰਾਇਆ,
ਰਿਹਾ ਚਮਕਦਾ ਨੂਰ ਨਿਰੰਤਰ, ਤੇਰੀ ਟੋਪੀ ਉਤਲਾ ਤਾਰਾ।
ਤੇਰੀ ਫ਼ੌਜੀਆਂ ਵਾਲੀ ਵਰਦੀ, ਜਿਸਮ ਤੇਰੇ ਦਾ ਹਿੱਸਾ ਬਣ ਗਈ,
ਤੂੰ ਇੱਕ ਵਾਰੀ ਵੀ ਨਾ ਕੰਬਿਆ, ਦੁਸ਼ਮਣ ਦਾ ਤੱਕ ਲਸ਼ਕਰ ਭਾਰਾ।
(ਪੰਨਾ-135)
ਗ਼ਜ਼ਲਕਾਰ ਦੇ ਵੰਨ ਸੁਵੰਨੇ ਵਿਸ਼ੇ ਸੀਮਤ ਸਮੇਂ ਵਿੱਚ ਵਿਚਾਰਨੇ ਸੰਭਵ ਨਹੀਂ ਹਨ ਕਿਉਂਕਿ ਉਸ ਨੇ ਜ਼ਿੰਦਗੀ ਦਾ ਕੋਈ ਪਹਿਲੂ ਅਣਗੌਲਿਆ ਨਹੀਂ ਕੀਤਾ ਅਤੇ 156 ਗ਼ਜ਼ਲਾਂ ਦਾ ਵਿਸਥਾਰ ਸੀਮਤ ਪੰਨਿਆ ਤੇ ਨਹੀਂ ਦਿੱਤਾ ਜਾ ਸਕਦਾ।
ਗ਼ਜ਼ਲਾਂ ਦੇ ਤਕਨੀਕੀ ਪੱਖ ਬਾਰੇ ਗ਼ਜ਼ਲਕਾਰੀ ਦੇ ਉਸਤਾਦ ਵਧੇਰੇ ਰੌਸ਼ਨੀ ਪਾ ਸਕਦੇ ਨੇ। ਉਸ ਦੀ ਬੋਲੀ ਅਤੇ ਸ਼ਿਅਰਾਂ ਦੀ ਰਵਾਨੀ ਇਸ ਤਰ੍ਹਾਂ ਦੀ ਹੈ ਜਿਵੇਂ ਪੰਛੀ ਡਾਰਾਂ ਤੇ ਕਤਾਰਾਂ ਵਿੱਚ ਅਸਮਾਨੀਂ ਪਰਵਾਜ਼ ਕਰਦੇ ਨੇ।
ਗ਼ਜ਼ਲ ਦੇ ਤਕਨੀਕੀ ਪੱਖ ਬਾਰੇ ਮੈਂ ਪ੍ਰਮੁੱਖ ਪੰਜਾਬੀ ਸ਼ਾਇਰ ਹਰਭਜਨ ਸਿੰਘ ਹੁੰਦਲ ਦੇ ਸ਼ਿਅਰ ਦਾ ਸਹਾਰਾ ਲੈਂਦਾ ਹਾਂ:
ਫ਼ਿਕਰ ਬੜਾ ਪਏ ਕਰਨ ਗ਼ਜ਼ਲਗੋ ਟਿੱਪੀ ਅਤੇ ਸਿਹਾਰੀ ਦਾ।
ਐਪਰ ਚੇਤਾ ਭੁੱਲ ਜਾਂਦੇ ਨੇ ਦਿਲ ਤੇ ਚੱਲਦੀ ਆਰੀ ਦਾ।
ਗੁਰਭਜਨ ਟਿੱਪੀ ਅਤੇ ਸਿਹਾਰੀ ਦਾ ਜ਼ਿਕਰ ਵੀ ਕਰਦਾ ਹੈ ਪਰ ਉਸ ਦਾ ਵਧੇਰੇ ਬਲ ਦਿਲ ਤੇ ਚਲਦੀ ਆਰੀ ਦਾ ਹੈ।
ਸਿਰਫ਼ ਵਜ਼ਨ ਅਤੇ ਬਹਿਰ ਦੀ ਚਿੰਤਾ ਕਰਨ ਦੀ ਥਾਂ ਗੁਰਭਜਨ ਗਿੱਲ ਖ਼ੂਨ ਵਿੱਚ ਡੁੱਬ ਕੇ ਗ਼ਜ਼ਲ ਲਿਖਦਾ ਹੈ ,ਇਸੇ ਕਰਕੇ ਹੀ ਉਸ ਦੀ ਗ਼ਜ਼ਲ ਪਾਠਕ ਦੇ ਧੁਰ ਦਿਲ ਤਕ ਧੂ ਪਾਉਂਦੀ ਹੈ ।
ਵੱਖ ਵੱਖ ਵਿਸ਼ਿਆਂ, ਲੋਕ ਬੋਲੀ ਤੇ ਮੁਹਾਵਰਿਆਂ ਦੀ ਪੁੱਠ ਵਾਲੇ ਇਸ ਗ਼ਜ਼ਲ ਸੰਗ੍ਰਹਿ ਸੁਰ ਤਾਲ ਨੂੰ ਲੋਕਤਾ ਦੀ ਗ਼ਜ਼ਲਕਾਰੀ ਕਿਹਾ ਜਾ ਸਕਦਾ ਹੈ। ਗੁਰਭਜਨ ਗਿੱਲ ਦੀ ਇਹ ਘਾਲਣਾ ਪੰਜਾਬੀ ਗ਼ਜ਼ਲਕਾਰੀ ਵਿਚ ਵਿਸ਼ੇਸ਼ ਥਾਂ ਹਾਸਲ ਕਰਨ ਦੀਆਂ ਸੰਭਾਵਨਾਵਾਂ ਨਾਲ ਭਰਪੂਰ ਹੈ।
ਪੰਜਾਬੀ ਵਿਰਾਸਤ ਦਾ ਸ਼ੀਸ਼ਾ (ਗ਼ਜ਼ਲ ਸੰਗ੍ਰਹਿ ਸੁਰਤਾਲ) : ਉਜਾਗਰ ਸਿੰਘ
ਗੁਰਭਜਨ ਗਿੱਲ ਪੰਜਾਬੀ ਦਾ ਸਥਾਪਤ ਗ਼ਜ਼ਲਗ਼ੋ ਹੈ। ਉਨ੍ਹਾਂ ਦੀਆਂ ਹੁਣ ਤੱਕ
21 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚੋਂ 17 ਉਨ੍ਹਾਂ ਦੀਆਂ ਮੌਲਿਕ ਪੁਸਤਕਾਂ ਹਨ। 4 ਪੁਸਤਕਾਂ ਉਨ੍ਹਾਂ ਬਾਰੇ ਹੋਰ ਲੇਖਕਾਂ ਨੇ
ਪ੍ਰਕਾਸ਼ਤ ਕੀਤੀਆਂ ਹਨ। ਉਨ੍ਹਾਂ ਪੁਸਤਕਾ ਵਿਚੋਂ 8 ਕਾਵਿ ਸੰਗ੍ਰਹਿ, 4 ਗ਼ਜ਼ਲ ਸੰਗ੍ਰਹਿ, ਇਕ ਗੀਤ ਸੰਗ੍ਰਹਿ, ਇਕ ਰੁਬਾਈਆਂ ਦਾ ਸੰਗ੍ਰਹਿ,
2 ਸੁਚਿਤਰ ਵਾਰਤਕ ਸੰਗ੍ਰਹਿ ਅਤੇ ਪੜਚੋਲ ਅਧੀਨ ਇਹ ਸੁਰਤਾਲ ਗ਼ਜ਼ਲ ਸੰਗ੍ਰਹਿ ਸ਼ਾਮਲ ਹੈ। ਉਨ੍ਹਾਂ ਦੀਆਂ ਕਵਿਤਾਵਾਂ ਅਤੇ ਗ਼ਜ਼ਲਾਂ ਦੇ
ਹੋਰ ਵਿਦਵਾਨਾ ਨੇ ਇਕ ਕਾਵਿ ਸੰਗ੍ਰਹਿ ਅਤੇ 3 ਗ਼ਜ਼ਲ ਸੰਗ੍ਰਹਿ ਸੰਪਾਦਤ ਕੀਤੇ ਹਨ। ਗੁਰਭਜਨ ਗਿੱਲ ਸਹੀ ਅਰਥਾਂ ਵਿਚ ਪੰਜਾਬ ਦੀ
ਧਰਤੀ ਦਾ ਪੁੱਤਰ ਹੈ, ਜਿਹੜਾ ਆਪਣੀ ਵਿਰਾਸਤ ਦੀ ਧਰਤੀ ਨਾਲ ਬਾਖ਼ੂਬੀ ਜੁੜਿਆ ਹੋਇਆ ਹੈ। ਉਹ ਪੰਜਾਬ ਦੇ ਸਭਿਆਚਾਰਕ
ਵਿਰਸੇ ਅਤੇ ਵਿਰਾਸਤ ਨੂੰ ਭਲੀ ਭਾਂਤ ਜਾਣਦਾ ਹੀ ਨਹੀਂ, ਸਗੋਂ ਵਿਰਾਸਤ ਨੂੰ ਆਪਣੇ ਮੋਢਿਆਂ ਤੇ ਚੁੱਕੀ ਫਿਰਦਾ ਹੈ ਤਾਂ ਜੋ ਨੌਜਵਾਨ ਪੀੜ੍ਹੀ
ਆਪਣੀ ਵਿਰਾਸਤ ਤੋਂ ਮੁੱਖ ਨਾ ਮੋੜ ਸਕੇ। ਉਹ ਨੌਜਵਾਨ ਪੀੜ੍ਹੀ ਦੇ ਕਵੀਆਂ, ਕਵਿਤਰੀਆਂ ਅਤੇ ਗ਼ਜ਼ਲਗ਼ੋਆਂ ਲਈ ਪ੍ਰਰਨਾ ਸਰੋਤ ਹਨ।
ਉਹ ਆਮ ਜਨ ਜੀਵਨ ਅਤੇ ਸਾਹਿਤਕ ਸਮਾਜ ਵਿਚ ਵੀ ਵਿਰਾਸਤੀ ਸਭਿਅਚਾਰ ਵਿਚ ਬੋਲੀ ਜਾਣ ਵਾਲੀ ਸ਼ਬਦਾਵਲੀ ਰਾਹੀਂ ਵਿਚਰਦੇ
ਹਨ। ਉਨ੍ਹਾਂ ਦੀਆਂ ਗ਼ਜ਼ਲਾਂ ਪਾਠਕ ਲਈ ਭਾਰੂ ਨਹੀਂ ਬਣਦੀਆਂ, ਸਗੋਂ ਹਰ ਪਾਠਕ ਦੀ ਸਮਝ ਵਿਚ ਸੌਖਿਆਂ ਹੀ ਆ ਜਾਂਦੀਆਂ ਹਨ
ਕਿਉਂਕਿ ਉਨ੍ਰ੍ਹਾਂ ਦੀ ਸ਼ਬਦਾਵਲੀ ਪੰਜਾਬੀ ਵਿਰਾਸਤ ਵਿਚੋਂ ਲੈ ਕੇ ਵਰਤੀ ਗਈ ਹੈ। ਹਰ ਘਰ ਖਾਸ ਤੌਰ ਤੇ ਦਿਹਾਤੀ ਪੰਜਾਬ ਵਿਚ ਬੋਲੀ
ਜਾਣ ਵਾਲੀ ਸ਼ਬਦਾਵਲੀ, ਉਨ੍ਹਾਂ ਦੀਆਂ ਗ਼ਜ਼ਲਾਂ ਦਾ ਸ਼ਿੰਗਾਰ ਬਣਦੀ ਹੈ। ਖਾਸ ਤੌਰ ਤੇ ਸਾਡੇ ਪੁਰਖਿਆਂ ਵੱਲੋਂ ਬੋਲੀ ਜਾਂਦੀ ਸ਼ਬਦਾਵਲੀ ਨੂੰ
ਉਹ ਤਰਜ਼ੀਹ ਦਿੰਦੇ ਹਨ। ਕਹਿਣ ਤੋਂ ਭਾਵ ਉਹ ਆਪਣੀ ਵਿਰਾਸਤ ਦੇ ਪਹਿਰੇਦਾਰ ਬਣਕੇ ਵਰਤਮਾਨ ਅਖੌਤੀ ਵਿਦਵਾਨੀ ਸਮਾਜ ਵਿਚ
ਵਿਚਰਦੇ ਹਨ। ਜਿਹੜੇ ਔਖੀ ਤੋਂ ਔਖੀ ਸ਼ਬਦਾਵਲੀ ਵਰਤਕੇ ਆਪਣੀ ਵਿਦਵਾਨੀ ਦਾ ਰੋਹਬ ਪਾ ਕੇ ਵਿਖਾਵਾ ਕਰਦੇ ਹਨ। ਇਸ ਕਰਕੇ
ਉਨ੍ਹਾਂ ਦੀਆਂ ਗ਼ਜ਼ਲਾਂ ਦੀ ਖ਼ੁਸ਼ਬੂ ਹਰ ਪਾਠਕ ਦੀ ਮਾਨਸਿਕਤਾ ਨੂੰ ਸੁਗੰਧਤ ਕਰਦੀ ਰਹਿੰਦੀ ਹੈ। ਉਨ੍ਹਾਂ ਦੀਆਂ ਗ਼ਜ਼ਲਾਂ ਦਿ੍ਰਸ਼ਟਾਂਤਕ
ਹਨ। ਗ਼ਜ਼ਲ ਪੜ੍ਹਕੇ ਪਾਠਕ ਦੇ ਸਾਹਮਣੇ ਦਿਹਾਤੀ ਪੰਜਾਬ ਦਾ ਸੀਨ ਅੱਖਾਂ ਅੱਗੇ ਭੰਬੂ ਤਾਰੇ ਵਾਂਗੂੰ ਨੱਚਣ ਲੱਗ ਜਾਂਦਾ ਹੈ। ਭਾਵ ਗਰਭਜਨ
ਗਿੱਲ ਪਾਠਕ ਨੂੰ ਆਪਣੇ ਨਾਲ ਤੋਰ ਲੈਂਦਾ ਹੈ। ਉਨ੍ਹਾਂ ਦੀਆਂ ਗ਼ਜ਼ਲਾਂ ਪੜ੍ਹਕੇ ਪਾਠਕ ਆਪਣੇ ਆਪ ਹੀ ਸੁਰਤਾਲ ਵਿਚ ਵਿਚਰਣ ਲੱਗ
ਜਾਂਦਾ ਹੈ। ਪੰਜਾਬ ਦੀ ਵਿਰਾਸਤ ਵਿਚੋਂ ਅਲੋਪ ਹੋ ਰਹੇ ਸ਼ਬਦਾਂ ਨੂੰ ਜੀਵਤ ਰੱਖਣ ਵਿਚ ਉਨ੍ਹਾਂ ਦਾ ਵਡਮੁਲਾ ਯੋਗਦਾਨ ਆਉਣ ਵਾਲੇ ਸਮੇਂ
ਲਈ ਬਹੁਤ ਹੀ ਲਾਭਦਾਇਕ ਸਾਬਤ ਹੋਵੇਗਾ। ਜਿਹੜਾ ਕੰਮ ਯੂੂਨੀਵਰਸਿਟੀਆਂ ਦੇ ਭਾਸ਼ਾ ਵਿਗਿਆਨ ਵਿਭਾਗਾਂ ਨੂੰ ਕਰਨਾ ਚਾਹੀਦਾ ਹੈ,
ਉਹ ਕੰਮ ਗੁਰਭਜਨ ਗਿੱਲ ਆਪਣੀਆਂ ਗ਼ਜ਼ਲਾਂ ਵਿਚ ਉਨ੍ਹਾਂ ਸ਼ਬਦਾਂ ਨੂੰ ਵਰਤਕੇ ਕਰ ਰਿਹਾ ਹੈ, ਜਿਹੜੇ ਅਲੋਪ ਹੋ ਰਹੇ ਹਨ। ਇਕ ਕਿਸਮ
ਨਾਲ ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਅਤੇ ਕਵਿਤਾਵਾਂ ਦੀਆਂ ਪੁਸਤਕਾਂ ਪੰਜਾਬੀ ਸ਼ਬਦਾਵਲੀ ਦੇ ਸ਼ਬਦ ਕੋਸ਼ਾਂ ਦਾ ਕੰਮ ਕਰ ਰਹੀਆਂ
ਹਨ। ਕੋਈ ਸਾਹਿਤਕਾਰ ਆਪਣੀ ਵਿਰਾਸਤ ਤੋਂ ਆਧੁਨਿਕਤਾ ਦੇ ਨਾਮ ਤੇ ਮੁੱਖ ਮੋੜਕੇ ਹਰਮਨ ਪਿਆਰਾ ਨਹੀਂ ਹੋ ਸਕਦਾ ਕਿਉਂਕਿ ਬੋਲੀ
ਲੋਕਾਂ ਦੇ ਬੁਲਾਂ ਤੇ ਜਿਉਂਦੀ ਹੈ। ਹਰਮ ਪਿਆਰਤਾ ਅਤ ਫ਼ੋਕੀ ਵਾਹਵਾ ਸ਼ਾਹਵਾ ਸਾਹਿਤਕਾਰ ਦੀ ਸਾਹਿਤਕ ਦੇਣ ਨੂੰ ਮਾਪਣ ਦਾ ਕੋਈ ਮਾਪ
ਦੰਡ ਨਹੀਂ ਹੁੰਦਾ। ਪੁਸਤਕਾਂ ਵਿਚ ਸਾਂਭੀ ਔਖੀ ਬੋਲੀ ਲਾਇਬਰੇਰੀਆਂ ਦਾ ਸ਼ਿੰਗਾਰ ਤਾਂ ਬਣ ਜਾਂਦੀ ਹੈ ਪ੍ਰੰਤੂ ਲੋਕਾਂ ਦੀ ਜ਼ੁਬਾਨ ‘ਚੋਂ ਲਹਿ
ਜਾਂਦੀ ਹੈ। ਜਿਤਨੀ ਸੌਖੀ ਸ਼ਬਦਾਵਲੀ ਵਰਤੀ ਜਾਵੇਗੀ ਉਤਨੀ ਹੀ ਉਹ ਪੁਸਤਕ ਪੜ੍ਹੀ ਜਾਵੇਗੀ। ਵਿਦਵਾਨ ਗੂੜ੍ਹੀ ਅਤੇ ਔਖੀ
ਸ਼ਬਦਾਵਲੀ ਲਿਖਣ ਵਾਲਾ ਨਹੀਂ ਹੁੰਦਾ। ਵਿਦਵਾਨ ਉਹ ਹੁੰਦਾ ਹੈ, ਜਿਨ੍ਹਾਂ ਦੀ ਰਚਨਾ ਨੂੰ ਪੜ੍ਹਕੇ ਪਾਠਕ ਆਨੰਦਤ ਹੋ ਜਾਵੇ। ਜਿਹੜੇ
ਵਿਦਵਾਨਾ ਦੀ ਰਚਨਾ ਸ਼ਬਦਕੋਸ਼ ਦੀ ਮਦਦ ਨਾਲ ਸਮਝਣੀ ਪਵੇ ਤਾਂ ਲੇਖਕ ਦੀ ਸਫਲਤਾ ਨਹੀਂ ਸਗੋਂ ਅਸਫਲਤਾ ਹੁੰਦੀ ਹੈ। ਗੁਰਭਜਨ
ਗਿੱਲ ਭਾਵੇਂ ਮਾਝੇ ਦਾ ਜੰਮਪਲ ਹੈ ਪ੍ਰੰਤੂ ਮਾਲਵੇ ਦੇ ਲੁਧਿਆਣਾ ਸ਼ਹਿਰ ਵਿਚ ਪੜ੍ਹਨ ਅਤੇ ਵਿਚਰਣ ਕਰਕੇ ਠੇਠ ਪੰਜਾਬੀ ਦਾ ਸ਼ਾਹ ਅਸਵਾਰ
ਬਣ ਗਿਆ ਹੈ। ਉਨ੍ਹਾਂ ਦੀਆਂ ਗ਼ਜ਼ਲਾਂ ਰੰਗ ਵਿਰੰਗੀਆਂ ਹਨ। ਜੀਵਨ ਦੇ ਹਰ ਰੰਗ ਨੂੰ ਉਨ੍ਹਾਂ ਦੀਆਂ ਗ਼ਜ਼ਲਾਂ ਵਿਚ ਦਰਸਾਇਆ ਗਿਆ ਹੈ।
ਪ੍ਰੰਤੂ ਉਨ੍ਹਾਂ ਦੀਆਂ ਗ਼ਜ਼ਲਾਂ ਮੁੱਖ ਤੌਰ ਤੇ ਸਮਾਜਿਕ ਸਰੋਕਾਰਾਂ ਅਤੇ ਰੁਮਾਂਸਵਾਦ ਦੀ ਗੱਲ ਕਰਦੀਆਂ ਹਨ। ਸੁਰਤਾਲ ਪੜ੍ਹਕੇ ਇਹ ਮੁਸ਼ਕਲ
ਹੋ ਗਿਆ ਹੈ ਕਿ ਪੁਸਕਤ ਦੀ ਕਿਹੜੀ ਗ਼ਜ਼ਲ ਦੇ ਕਿਹੜੇ ਸ਼ੇਅਰ ਨੂੰ ਪਾਠਕਾਂ ਦੀ ਕਚਹਿਰੀ ਵਿਚ ਰੱਖਣ ਲਈ ਚੋਣ ਕਰਾਂ। ਫ਼ਿਰ ਵੀ ਕੁਝ
ਸ਼ੇਅਰਾਂ ਰਾਹੀਂ ਗੁਰਭਜਨ ਗਿੱਲ ਦਾ ਸਮਾਜਿਕ ਸਰੋਕਾਰਾਂ ਦੀ ਬਾਤ ਪਾਉਣ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗਾ। ਪੰਜਾਬ ਦੀ
ਕਿਰਸਾਨੀ ਦੀ ਦੁਰਦਸ਼ਾ ਅਤੇ ਕਿਰਸਾਨੀ ਵੱਲੋਂ ਬੋਲੀ ਜਾਂਦੀ ਸ਼ਬਦਾਵਲੀ ਦੇ ਅਲੋਪ ਹੋਣ ਬਾਰੇ ਗ਼ਜ਼ਲਾਂ ਦੇ ਸ਼ੇਅਰ ਹਨ-
ਘੁੰਗਰੂ ਤੇ ਘੁੰਗਰਾਲਾਂ ਗੁੰਮੀਆਂ ਬਲਦ ਗੁਆਚੇ ਚੁੱਪ ਨੇ ਟੱਲੀਆਂ।
ਕਰਜ਼ਾ ਧੌਣ ਮਰੋੜ ਰਿਹਾ ਏ ਕਣਕਾਂ ਝੂਰਨ ਸਿਰ ਬੱਲੀਆਂ।
ਮਰਦਾ ਕਿੱਧਰ ਜਾਵੇ ਯਾਰੋ ਵੈਦ ਹਕੀਮ ਟਿਚਕਰਾਂ ਕਰਦੇ,
ਵੇਖ ਮਕਾਣੇ ਆਈਆਂ ਪੀੜਾਂ, ਮੱਕੀ ਟਾਂਡੇ ਢਾਕ ਤੇ ਛੱਲੀਆਂ।
ਭਰ ਟਿੰਡਾਂ ਜਿਥੋਂ ਮਾਲ੍ਹ ਲਿਆਉਂਦੀ ਸੀ ਬਈ ਪਾਣੀ,
ਵੇਖੋ ਸਾਡੇ ਵੇਖਦਿਆਂ ਹੁਣ ਖਾਲੀ ਹੋ ਗਏ ਖੂਹ।
ਘੋੜ ਸਵਾਰ ਹਕੂਮਤ ਕਰਦੇ, ਵਾਰੋ ਵਾਰੀ ਵਕਤ ਸਵਾਰੀ,
ਉਹੀ ਰੰਬੀ, ਉਹੀ ਪੱਲੀ, ਘਾਹੀਆਂ ਦੇ ਪੁੱਤ ਅੱਜ ਵੀ ਘਾਹੀ।
ਕਿਰਸਾਨੀ ਅੰਦੋਲਨ ਬਾਰੇ ਗੰਭੀਰਤਾ ਨਾ ਵਿਖਾਉਣ ਅਤੇ ਇਸ ਅੰਦੋਲਨ ਨੂੰ ਫੇਲ੍ਹ ਕਰਨ ਲਈ ਬੇਅਰਥੇ ਦੋਸ਼ ਲਾਉਣ ਵਾਲੀ ਕੇਂਦਰ
ਸਰਕਾਰ ਬਾਰੇ ਇਕ ਸ਼ੇਅਰ ਵਿਚ ਕਹਿੰਦੇ ਹਨ-
ਦਿੱਲੀ ਵਿੱਚ ਦਰਬਾਰੀ ਦੇਖੋ ਦੁੱਧ ਵਿੱਚ ਕਾਂਜੀ ਘੋਲ ਰਹੇ ਨੇ,
ਹੋਸ਼ ਹਵਾਸ ਗਵਾ ਬੈਠੇ ਨੇ ਜੋ ਜੀ ਆਇਆ ਬੋਲ ਰਹੇ ਨੇ।
ਉਪਰੋਕਤ ਸ਼ੇਅਰ ਪੜ੍ਹਕੇ ਪਾਠਕ ਲਾ ਚਾਹੁੰਦੇ ਹੋਏ ਵੀ ਖੇਤਾਂ ਦੀ ਗੇੜੀ ਮਾਰ ਆਉਂਦਾ ਹੈ। ਕਿਸਾਨ ਅੰਦੋਲਨ ਵਾਲਾ ਸ਼ਅਰ ਅੰਦੋਲਨ ਦਾ
ਗੇੜਾ ਮਰਵਾ ਦਿੰਦਾ ਹੈ। ਇਹੋ ਗ਼ਜ਼ਲਗ਼ੋ ਦੀ ਕਾਬਲੀਅਤ ਹੈ ਕਿ ਉਹ ਪਾਠਕ ਨੂੰ ਜਾਗਰੂਕ ਕਰਨ ਵਿਚ ਸਫਲ ਹੋ ਜਾਂਦੇ ਹਨ।
ਪੰਜਾਬ ਵਿਚ ਨਸ਼ਿਆਂ ਦੇ ਚਲ ਰਹੇ ਦਰਿਆ ਬਾਰੇ ਬਹੁਤ ਸਾਰੇ ਸ਼ਾਇਰਾਂ ਨੇ ਕਵਿਤਾਵਾਂ ਅਤੇ ਗ਼ਜ਼ਲਾਂ ਰਾਹੀਂ ਆਪੋ ਆਪਣੇ ਦਰਦ ਦਾ
ਇਜ਼ਹਾਰ ਕੀਤਾ ਹੈ। ਗੁਰਭਜਨ ਗਿੱਲ ਨੇ ਇਸ ਸਮਾਜਿਕ ਬਿਮਾਰੀ ਨੂੰ ਪੰਜਾਬੀਆਂ ਦੇ ਸੁਭਾਅ ਨਾਲ ਜੋੜਕੇ ਲਿਖਿਆ ਹੈ ਕਿ ਉਨ੍ਹਾਂ ਵਿਚ
ਹੋਰ ਬਹੁਤ ਸਾਰੇ ਐਬ ਹਨ। ਨਸ਼ਿਆਂ ਦਾ ਐਬ ਵੀ ਇਕ ਹੋਰ ਐਬ ਵੀ ਉਨ੍ਹਾਂ ਵਿਚ ਸ਼ਾਮਲ ਹੋ ਗਿਆ ਹੈ-
ਨਸ਼ਿਆਂ ਸਮੇਤ ਕਿੰਨੇ ਵੈਲਾਂ ਤੈਨੂੰ ਮਾਰਿਆ,
ਐਵੇਂ ਤਾਂ ਨਹੀਂ ਪਹੀਆ ਪਟੜੀ ਤੋਂ ਲਹਿ ਗਿਆ।
ਪਰਵਾਸ ਵਿਚ ਜਾਣਾ ਪੰਜਾਬੀ ਨੌਜਵਾਨ ਲੜਕੇ ਅਤੇ ਲੜਕੀਆਂ ਦਾ ਜਾਣਾ ਮਜ਼ਬੂਰੀ ਬਣ ਗਿਆ ਹੈ ਕਿਉਂਕਿ ਪੰਜਾਬ ਵਿਚ ਰੋਜ਼ਗਾਰ ਦੇ
ਸਾਧਨ ਖ਼ਤਮ ਹੋਣ ਦੇ ਬਰਾਬਰ ਹਨ। ਪ੍ਰਵਾਸ ਦੀ ਤ੍ਰਾਸਦੀ ਬਾਰੇ ਪਰਵਾਸ ਵਿਚ ਧੜਾ ਧੜ ਰੋਜ਼ੀ ਰੋਟੀ ਲਈ ਨੌਜਵਾਨਾ ਦੇ ਜਾਣ ਸੰਬੰਧੀ
ਲਿਖੇ ਸ਼ੇਅਰ ਦੀ ਸ਼ਬਦਾਵਲੀ ਦਿਲ ਨੂੰ ਛੂਹ ਜਾਣ ਵਾਲੀ ਹੈ-
ਦਾਣਾ ਦੁਣਕਾ ਕਿਣਕਾ ਕਿਣਕਾ , ਕਰਨ ਇਕੱਠਾ ਚਿੜੀਆਂ ਵੇਖੋ,
ਤੋਰੀ ਫਿਰਦੀ ਦੇਸ ਦੇਸ਼ੰਤਰ, ਸਭ ਨੂੰ ਸੱਖਣੀ ਪੋਟ ਮੁਬਾਰਕ।
ਧਰਮ ਨਿੱਜੀ ਅਤੇ ਪਵਿਤਰ ਵਿਸਵਾਸ਼ ਹੈ। ਦੇਸ਼ ਵਿਚ ਧਰਮ ਦੇ ਨਾਮ ਤੇ ਸਿਆਸਤ ਕਰਨ ਵਾਲੇ ਲੋਕ ਅਤੇ ਧਰਮ ਦੇ ਠੇਕਦਾਰ
ਇਸਦੀ ਦੁਰਵਰਤੋਂ ਕਰਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਂਦੇ ਹੋਏ ਆਪਣਾ ਉਲੂ ਸਿੱਧਾ ਕਰਦੇ ਹਨ। ਉਨ੍ਹਾਂ ਬਾਰੇ ਗੁਰਭਜਨ ਗਿੱਲ ਦੇ
ਸ਼ੇਅਰ ਹਨ-
ਹੁਣ ਫਿਰਨ ਬਾਘੀਆਂ ਪਾਉਂਦੇ, ਧਰਮ ਕਰਮ ਦੇ ਪਰਦੇ ਲਾਹੀ,
ਹੋਰ ਕਹਾਂ ਕੀ ਬੇਅਕਲਾਂ ਨੂੰ, ਸ਼ਰਮ ਹਯਾ ਦੀ ਤੋਟ ਮੁਬਾਰਕ।
ਧਰਮਾ ਦੀ ਮੰਡੀ ਵੀ, ਨੀਲਾਮ-ਘਰ ਹੋ ਗਈ,
ਵੇਚਦਾ ਬਾਜ਼ਾਰ ਹੁਣ ਗਧਿਆਂ ਨੂੰ ਪੀਰੀਆਂ।
ਮੁਹੱਬਤ ਬਾਰੇ ਸ਼ਾਇਰ ਦਾ ਦਿ੍ਰਸ਼ਟੀਕੋਣ ਵੱਖਰਾ ਹੀ ਹੈ। ਉਨ੍ਹਾਂ ਦੀਆਂ ਗ਼ਜ਼ਲਾਂ ਮੁਹੱਬਤ ਦੇ ਨਾਮ ਤੇ ਪਿਆਰ ਦਾ ਰੋਣਾ ਧੋਣਾ ਜਾਂ ਬਿਰਹਾ
ਦੀ ਦੁਹਾਈ ਨਹੀਂ ਪਾਉਂਦੀਆਂ, ਸਗੋਂ ਬਹੁਤ ਹੀ ਸਲੀਕੇ ਅਤੇ ਸੰਜੀਦਗੀ ਨਾਲ ਭਾਵਨਾਵਾਂ ਦਾ ਪ੍ਰਗਟਾਵਾ ਕਰਦੀਆਂ ਹਨ-
ਪਿਆਰ ਦਾ ਬੂਟਾ ਰੂਹ ਵਿਚ ਲਾਇਆ ਜਾਂਦਾ ਹੈ।
ਖ਼ੂਨ ਜਿਗਰ ਦਾ ਹਰ ਪਲ ਪਾਇਆ ਜਾਂਦਾ ਹੈ।
ਹੋਵੇ ਨਾ ਦਿਲਦਾਰ ਸੁਣਨ ਲਈ, ਕੋਲ ਜਦੋਂ,
ਸ਼ਬਦਾਂ ਨੂੰ ਹੀ ਦਰਦ ਸੁਣਾਇਆ ਜਾਂਦਾ ਹੈ।
ਦੇਸ਼ ਦੀ ਵੰਡ ਦਾ ਦਰਦ ਭਾਵੇਂ ਸਾਰੇ ਪੰਜਾਬੀਆਂ ਨੇ ਆਪਣੇ ਪਿੰਡੇ ਤੇ ਹੰਢਾਇਆ ਹੈ ਪ੍ਰੰਤੂ ਸਾਹਿਤਕਾਰਾਂ ਨੇ ਆਪੋ ਆਪਣੇ ਢੰਗ ਨਾਲ
ਇਸ ਦਰਦ ਦਾ ਸੂਖ਼ਮਤਾ ਨਾਲ ਆਪੋ ਆਪਣੀਆਂ ਰਚਨਾਵਾਂ ਵਿਚ ਪ੍ਰਗਟਾਵਾ ਕੀਤਾ ਹੈ। ਗੁਰਭਜਨ ਗਿੱਲ ਦਾ ਇਕ ਸ਼ੇਅਰ ਉਸ ਦਰਦ
ਦਾ ਬਹੁਤ ਹੀ ਸੰਵੇਦਨਾਸ਼ੀਲਤਾ ਨਾਲ ਪ੍ਰਗਟਾਵਾ ਕਰਦਾ ਹੈ-
ਸਾਡੇ ਵਲ ਭੇਜ ਹੋਰ ਸੰਦਲੀ ਸਵੇਰ,
ਅਸਾਂ ਤੈਨੂੰ ਰਾਵੀ ਤੇ ਚਨਾਬ ਭੇਜਿਆ।
ਇਸੇ ਤਰ੍ਹਾਂ ਸਿਆਸਤਦਾਨਾ ਅਤੇ ਆਮ ਲੋਕਾਂ ਦੀਆਂ ਕਾਰਗੁਜ਼ਾਰੀਆਂ ਅਤੇ ਉਨ੍ਹਾਂ ਦੇ ਨਤੀਜਿਆਂ ਬਾਰੇ ਸ਼ਾਇਰ ਨੇ ਇਕ ਸ਼ੇਅਰ ਵਿਚ ਹੀ
ਪਰਦਾ ਫ਼ਾਸ਼ ਕਰ ਦਿੰਤਾ ਹੈ ਕਿ ਆਮ ਲੋਕ ਭਾਵੇਂ ਕਿਤਨੀ ਹੀ ਮਿਹਨਤ , ਸਾਦਗੀ, ਸਿਆਣਪ ਅਤੇ ਸੰਜੀਦਗੀ ਨਾਲ ਕੰਮ ਕਰਦੇ ਰਹਿਣ
ਅਖ਼ੀਰ ਉਹ ਸਿਆਸਤਦਾਨਾ ਦੀਆਂ ਚਾਲਾਂ ਅਤੇ ਚੁਸਤੀਆਂ ਚਲਾਕੀਆਂ ਸਾਹਮਣੇ ਬੇਬਸ ਹੋ ਕੇ ਬੌਣੇ ਹੋ ਜਾਂਦੇ ਹਨ।
ਕਿਹੜੇ ਕੰਮ ਆਈਆਂ ਸਾਡੇ ਦੋਸਤੋ ਫ਼ਕੀਰੀਆਂ,
ਪਹਿਲੀ ਹੀ ਕਤਾਰ ਮਲ ਬਹਿੰਦੀਆਂ ਵਜ਼ੀਰੀਆਂ।
ਪੁਛਦੇ ਨੇ ਲੋਕ ਜੀ ਹਨ੍ਹੇਰਾ ਕਦੋਂ ਮੁਕਣਾ,
ਪਾਪ ਵਾਲੀ ਜੰਝ ਏਥੋਂ ਡੇਰਾ ਕਦੋਂ ਚੁੱਕਣਾ।
ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ ਗੁਰਭਜਨ ਗਿੱਲ ਦਾ ਸੁਰਤਾਲ ਗ਼ਜ਼ਲ ਸੰਗ੍ਰਹਿ ਪੰਜਾਬ ਦੀ ਵਿਰਾਸਤ, ਵਿਰਸਾ ਅਤੇ ਸਭਿਆਚਾਰ
ਦਾ ਸ਼ੀਸ਼ਾ ਹੈ ਜਿਸ ਵਿਚ ਸਾਡੀ ਵਿਰਾਸਤ ਦੇ ਹਰ ਰੰਗ ਦੀ ਮਹਿਕ ਦਾ ਆਨੰਦ ਮਾਣਿਆਂ ਜਾ ਸਕਦਾ ਹੈ। ਗੁਰਭਜਨ ਗਿੱਲ ਲਗਾਤਾਰ
ਲਿਖਣ ਵਾਲਾ ਗ਼ਜ਼ਲਗ਼ੋ ਹੈ, ਜਿਹੜਾ ਸਮਾਜ ਵਿਚ ਵਾਪਰ ਰਹੀ ਹਰ ਘਟਨਾ ਨੂੰ ਆਪਣੀਆਂ ਗ਼ਜ਼ਲਾਂ ਅਤੇ ਕਵਿਤਾਵਾਂ ਵਿਚ ਸ਼ਿੰਗਾਰ ਕੇ
ਸਮਾਜ ਅੱਗੇ ਸੋਚਣ ਲਈ ਰੱਖ ਦਿੰਦਾ ਹੈ।
ਉਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਗ਼ਜ਼ਲਾਂ ਦੇ ਅੰਗ ਸੰਗ (ਹਰ ਧੁਖਦਾ ਪਿੰਡ ਮੇਰਾ ਹੈ) : ਪ੍ਰਿੰਸੀਪਲ ਤਖ਼ਤ ਸਿੰਘ
ਹਰ ਧੁਖਦਾ ਪਿੰਡ ਮੇਰਾ ਹੈ ਗੁਰਭਜਨ ਗਿੱਲ ਦਾ ਦੂਜਾ ਕਾਵਿ ਸੰਗ੍ਰਹਿ (ਗ਼ਜ਼ਲਾਂ) ਹੈ । ਇਸ ਬਾਰੇ ਲਿਖਣ ਲਈ ਹੱਥ ਵਿਚ ਕਲਮ ਫੜੀ ਤਾਂ ਮੈਨੂੰ ਇਕ ਦਮ ਲਿਡੀਆ (Lydia) ਦੀ ਕੁੜੀ ਅਰੈਕਨਾ (Arachne) ਦਾ ਚੇਤਾ ਆ ਗਿਆ । ਉਸ ਕੋਲ ਜੇ ਕੋਈ ਜਾਦੂ ਸੀ ਤਾਂ ਉਹ ਸੀ ਕਤਾਈ ਦੇ ਹੁਨਰ ਵਿਚ ਉਸਦੀ ਨਿਪੁੰਨਤਾ । ਯੂਨਾਨੀ ਮਿਥਿਹਾਸ ਦੀ ਇਕ ਪ੍ਰਾਚੀਨ ਕਥਾ ਅਨੁਸਾਰ ਲਿਡੀਅਨ ਮੁਟਿਆਰ ਦਾ ਜਾਦੂ ਇਕ ਦਿਨ ਉਸ ਦੇ ਸਿਰ ਚੜ੍ਹ ਕੇ ਬੋਲ ਪਿਆ । ਕੁੜੀ ਨੇ ਅਥੀਨਾ (Athena) ਨੂੰ ਲਲਕਾਰਿਆ : ਜੇ ਤੂੰ ਸੱਚੀ ਸਿਆਣਪ ਦੀ ਦੇਵੀ ਏਂ ਤਾਂ ਮੇਰੇ ਬਰਾਬਰ ਮੇਰੇ ਵਰਗਾ ਕੱਤ ਕੇ ਤਾਂ ਵਿਖਾ । ਦੇਵੀ ਅੱਗੇ ਹੀ ਮਿਜ਼ਾਜ ਦੀ ਤੇਜ਼ ਸੀ । ਕਰੋਧ ਵਿਚ ਆਈ ਨੇ ਲਿਡੀਅਨ ਲੜਕੀ ਦਾ ਰੂਪ ਬਦਲ ਕੇ ਉਸ ਨੂੰ ਤੱਤਕਾਲ ਮੱਕੜੀ ਬਣਾ ਦਿੱਤਾ । ਇਹ ਭਾਵੇਂ ਬੜੀ ਮਾੜੀ ਘਟਨਾ ਸੀ ਪਰ ਮੁਟਿਆਰ ਲਈ ਉਲਟਾ ਵਰਦਾਨ ਸਿੱਧ ਹੋਈ । ਉਹ ਅੰਦਰ ਹੀ ਅੰਦਰ ਪਹਿਲਾਂ ਨਾਲੋਂ ਵੀ ਮਹੀਨ ਸੂਤ ਕੱਤ ਕੇ ਮੂੰਹ ਵਿਚੋਂ ਬੜੇ ਕੂਲੇ ਕੂਲੇ ਰੇਸ਼ੇ ਬਾਹਰ ਕੱਢਣ ਲੱਗੀ । ਪਤਾ ਨਹੀਂ ਕਿਹੜੀਆਂ ਪ੍ਰਸਥਿਤੀਆਂ ਨੇ ਰੋਹ ਵਿਚ ਆਕੇ ਗੁਰਭਜਨ ਗਿੱਲ ਨੂੰ ਇਕ ਕਵੀ ਤੋਂ ਗ਼ਜ਼ਲਗੋ ਬਣਾ ਦਿੱਤਾ । ਇਸ ਅਚਾਨਕ ਕਾਇਆ ਪਲਟ ਦਾ ਸਿੱਟਾ ਸਭ ਦੇ ਸਾਹਮਣੇ ਹੈ । ਤੀਖਣ ਬੁੱਧੀ ਵਾਲਾ ਇਹ ਗਜ਼ਲਕਾਰ ਸੋਚ ਦੀਆਂ ਹੋਰ ਵੀ ਡੂੰਘੀਆਂ ਤਹਿਆਂ ਦੀ ਥਾਹ ਲੈਣ ਲੱਗ ਪਿਆ ਹੈ । ਉਸ ਨੂੰ ਹੋਰ ਵੀ ਨੀਝ ਲਾ ਕੇ ਵੇਖਣ ਦੀ ਜਾਚ ਆ ਗਈ ਹੈ । ਪੰਜਾਬੀ ਗ਼ਜ਼ਲ ਵਿਚ ਉਸ ਦੀ ਅੱਖ ਦਾ ਦਿਮਾਗ਼ (Eye-Brain) ਹੋਰ ਵੀ ਚੜਦੀਆਂ ਕਲਾਂ ਵਿਚ ਅਤੇ ਉਸ ਦੀ ਕਲਾਤਮਕ ਉੱਤਮਤਾ ਅਤੇ ਸਿਰਜਣਾਤਮਕ ਸਮਰਥਾ ਦੀ ਪੀਘ ਪੂਰੇ ਹੁਲਾਰੇ ਤੇ ਹੈ ।
ਨਿਰਸੰਦੇਹ ਕਵਿਤਾ ਵਿਚ ਗੁਰਭਜਨ ਗਿੱਲ ਦੀ ਸਿਰਜਣਸ਼ੀਲ ਤੇ ਮੌਲਿਕ ਯਾਤਰਾ ਅਜਾਈਂ ਨਹੀਂ ਗਈ। ਕਵੀ ਦੇ ਤੌਰ ਤੇ ਜਿਹੜੀ ਸੋਝੀ ਉਸ ਨੂੰ ਢੇਰ ਸਾਰੀਆਂ ਇਕਾਈਆਂ ਦੀ ਸ਼ਕਲ ਵਿਚ ਪ੍ਰਾਪਤ ਹੁੰਦੀ ਰਹੀ, ਗਜ਼ਲ ਵਿਚ ਉਹ ਹੋਰ ਵੀ ਸੰਪੂਰਨ ਤੇ ਸਮੂਹਿਕ ਰੂਪ ਧਾਰਨ ਕਰਦੀ ਪ੍ਰਤੀਤ ਹੁੰਦੀ ਹੈ। ਜੇ ਉਸ ਨੇ ਕਵਿਤਾ ਵਿਚ ਪਹਿਲਾਂ ਬੜੀ ਕਰੜੀ ਕਾਵਿ ਸਾਧਨਾ ਨਾ ਕੀਤੀ ਹੁੰਦੀ ਤਾਂ ਉਸ ਦੀ ਗ਼ਜ਼ਲ ਵਿਚ ਚਿੰਨ੍ਹ ਰਚਨਾ ਤੇ ਰੂਪ-ਸਿਰਜਣਾ ਦੀ ਵਿਧੀ ਪੂਰੇ ਜਲੌ ਤੇ ਨਾ ਹੁੰਦੀ ।
ਪੰਜਾਬੀ ਦੇ ਨਵੇਂ ਗ਼ਜ਼ਲਗੋਆਂ ਵਿਚ ਅਜੇ ਵੀ ਇਕ ਪੋਚ ਵਰਤਮਾਨ ਸਮਾਜਕ ਅਨਿਆਂ ਵਿਰੁੱਧ ਆਪਣੇ ਸੰਘਰਸ਼ ਵਿਚ ਕਵਿਤਾ ਨੂੰ ਹਥਿਆਰ ਬਣਾਉਣ ਤੇ ਤੁਲਿਆ ਹੋਇਆ ਹੈ । ਮੇਰੀ ਜਾਚੇ ਇਹ ਪ੍ਰਵਿਰਤੀ ਘਿਨਾਉਣੀ ਤਾਂ ਕੀਹ, ਬਹੁਤੀ ਭੰਡਣ ਯੋਗ ਵੀ ਨਹੀਂ। ਜੇ ਇਹ ਵੀ ਆਖ ਲਿਆ ਜਾਵੇ ਕਿ ਅਜਿਹੀ ਰੁਚੀ ਮਨੁੱਖੀ ਸੁਭਾਅ ਦੇ ਇਕ ਅਤਿ ਆਵੱਸ਼ਕ ਮੂਲ ਤਕਾਜ਼ੇ ਨੂੰ ਪੂਰਾ ਕਰਦੀ ਹੈ ਤਾਂ ਅਨੁਚਿਤ ਨਹੀਂ। ਪਰ ਦੁਖਾਂਤ ਤਾਂ ਉਸ ਸਮੇਂ ਵਾਪਰਦਾ ਹੈ ਜਦੋਂ ਕੋਈ ਅਨਾੜੀ ਗਜ਼ਲਕਾਰ ਇਸ ਹਥਿਆਰ ਨੂੰ ਪੁੱਠਾ ਸਿੱਧਾ ਜਿਵੇਂ ਵੀ ਵੱਜੇ ਮਾਰਨ ਲੱਗ ਜਾਂਦਾ ਹੈ।
ਗੁਰਭਜਨ ਗਿੱਲ ਨੇ ਆਪਣੀ ਅਸਾਧਾਰਣ ਕਲਾ-ਕੁਸ਼ਲਤਾ ਨੂੰ ਸਦਾ ਸੰਦ ਦੇ ਤੌਰ ਤੇ ਹੀ ਵਰਤਿਆ ਹੈ, ਕਵਿਤਾ ਵਿਚ ਵੀ ਤੇ ਗ਼ਜ਼ਲ ਵਿਚ ਵੀ। ਇਕ ਕਲਾਕਾਰ ਦੇ ਤੌਰ ਤੇ ਉਸ ਨੇ ਆਪਣੀ ਕਾਵਿ ਪ੍ਰਤਿਭਾ ਰਾਹੀਂ ਯੂਨਾਨੀ ਦੇਵ ਮਾਲਾਈ ਲੜਾਕੀ ਔਰਤ ਐਮਾਜ਼ਾਨ (Amazon) ਦਾ ਰੋਲ ਹੀ ਨਿਭਾਇਆ ਹੈ। ਇਹ ਵੱਖਰੀ ਗੱਲ ਹੈ, ਇਸ ਸੂਰਬੀਰ ਇਸਤਰੀ ਨੇ ਜਿੰਨਾ ਚਿਰ ਰਚਨਾ ਦੀ ਥੱਲਵੀਂ ਮੰਜ਼ਿਲ ਵਿਚ ਇਕ ਕਵੀ ਦੀ ਜੂਨ ਭੋਗੀ, ਉਸ ਨੂੰ ਦੂਰ ਤਕ ਮਾਰ ਕਰਨ ਵਾਲੇ ਹਥਿਆਰਾਂ ਦੀ ਲੋੜ ਨਹੀਂ ਪਈ। ਪਹਿਲੀ ਛੱਤ ਹੇਠ ਉਸ ਦੇ ਹੱਥ ਇਸ ਲਈ ਉੱਪਰ ਸਨ ਕਿ ਉਸ ਨੂੰ ਅਨੁਕੂਲ ਪੈਂਤੜੇ ਦੀਆਂ ਸਾਰੀਆਂ ਸਹੂਲਤਾਂ ਪ੍ਰਾਪਤ ਸਨ। ਕਿਉਂਕਿ ਇਸ ਮੰਜ਼ਿਲ ਦੀਆਂ ਸਾਰੀਆਂ ਤਾਕੀਆਂ ਬਾਹਰਲੀ ਬੀਹੀ ਵਿਚ ਖੁੱਲਦੀਆਂ ਸਨ, ਧਰਤੀ ਦੀ ਵਾਸ਼ਨਾ ਉਸ ਦੇ ਅੰਗ ਸੰਗ ਰਹਿੰਦੀ । ਨਿੱਕੇ ਤੋਂ ਨਿੱਕਾ ਹਾਦਿਸਾ ਭਾਵੇਂ ਕਿੰਨਾ ਪੋਲੇ ਪੈਰੀਂ ਉਸਦੇ ਲਾਗਿਉ ਦੀ ਲੰਘਦਾ ਉਹਦੇ ਕੰਨ ਉਸ ਦੀ ਬਿੜਕ ਲੈਣੋਂ ਨਾ ਖੁੰਝਦੇ । ਗਲੀ ਦੇ ਸ਼ੋਰ ਨਾਲ ਜੇ ਉਸ ਨੂੰ ਆਪਣੇ ਕੰਨ ਪਾਟਦੇ ਪ੍ਰਤੀਤ ਹੁੰਦੇ ਤਾਂ ਮਿੱਟੀ ਦੀ ਗੋਲੀ ਚਲਾਉਣ ਵਾਲੀ ਕਮਾਨ ਨਾਲ ਹੀ ਅਚੇਤ ਮਨ ਵਿਚੋਂ ਉੱਠਦੇ ਰੌਲੇ ਦੇ ਸਾਹ ਸੂਤ ਲੈਂਦੀ । ਵਿਸ਼ਲੇਸ਼ਣਾਤਮਕ ਪ੍ਰਕ੍ਰਿਆ ਦਾ ਝੱਲ ਉੱਠਦਾ ਤਾਂ ਅੰਤਰ ਝਾਤ ਦੇ ਪੱਛਣੇ ਨਾਲ ਆਪਣੇ ਅੰਤਹਕਰਣ ਤੇ ਛੋਟੇ ਛੋਟੇ ਚੀਰ ਲਾਉਣ ਲੱਗ ਪੈਂਦੀ । ਜਦੋਂ ਜੀਅ ਕਰਦਾ ਇਕ ਕਦਮ ਵਧਾ ਕੇ ਗਲੀ ਵਿਚ ਉੱਤਰ ਜਾਂਦੀ ਤੇ ਕਲਮ ਦੀ ਨੌਕ ਵਿਚ ਵਿਅੰਗ ਦੀ ਅਣੀ ਜੜ ਕੇ ਜਦੋਂ ਗਲੀਓ ਗਲੀ ਘੁੰਮਦੀ ਤਾਂ ਹਰ ਕੋਝੀ ਝਾਕੀ ਦੀ ਸ਼ਾਮਤ ਆ ਜਾਂਦੀ। ਜਿਥੇ ਉਸ ਨੂੰ ਭੀੜਾਂ ਵਿਚ ਵੀ ਆਪਣੀ ਇਕਾਂਤ ਦਾ ਬੜਾ ਤੀਖਣ ਅਨੁਭਵ ਹੁੰਦਾ ਓਥੇ ਉਸ ਦੀ ਨਿੱਜੀ ਹੋਂਦ ਦਾ ਚਿਹਰਾ ਹੋਰ ਵੀ ਨਿੱਖਰ ਨਿੱਖਰ ਜਾਂਦਾ ।
ਇਹੋ ਲੜਾਕੂ ਤੀਵੀਂ ਜਦੋਂ ਪੰਜਾਬੀ ਗ਼ਜ਼ਲ ਦੀ ਰਣਭੂਮੀ ਵਿਚ ਜੂਝਣ ਲੱਗੀ ਤਾਂ ਉਸ ਨੂੰ ਆਪਣੀ ਯੁੱਧ-ਕਲਾ ਦਾ ਸਾਰਾ ਢਾਂਚਾ ਮੁੜ ਤੋਂ ਬਦਲਣਾ ਪਿਆ। ਉਸਨੇ ਜੇ ਮੋਰਚਾ ਸੰਭਾਲਿਆ ਤਾਂ ਵੀ ਚੁਬਾਰੇ ਵਿਚ । ਚੁਬਾਰੇ ਵਿਚ ਹੀ ਨਹੀਂ ਸਗੋਂ ਇਸ ਦੀ ਉੱਪਰਲੀ ਛੱਤ ਉੱਤੇ । ਇਸ ਯੁੱਧ ਖੇਤਰ ਸਦਕਾ ਜਿੱਥੇ ਉਸ ਨੂੰ ਫਿਜ਼ਾ ਵਿਚ ਲੰਬੇ ਲੰਬੇ ਸਾਹ ਲੈਣ ਦਾ ਉਸ ਨੂੰ ਦੁਰਲੱਭ ਅਵਸਰ ਮਿਲ ਗਿਆ, ਉਥੇ ਉਸ ਨੂੰ ਲੰਬੀ ਮਾਰ ਵਾਲੇ ਹਥਿਆਰ ਵਰਤਣ ਦਾ ਮੌਕਾ ਵੀ ਨਸੀਬ ਹੋਇਆ । ਅੱਗੇ ਜਿਸ ਝਾਤ ਲਈ ਕੇਵਲ ਬੀਹੀ ਦੀ ਲੰਬਾਈ ਚੌੜਾਈ ਹੀ ਉਸ ਦੀ ਦੁਰੇਡੀ ਤੋਂ ਦੁਰੇਡੀ ਸੀਮਾ ਸੀ, ਹੁਣ ਉਹ ਏਨੀ ਦੂਰਦਰਸ਼ੀ ਹੋ ਗਈ ਕਿ ਉਸ ਦਾ ਘੇਰਾ ਸਾਰੇ ਆਕਾਸ਼ ਤੇ ਸਾਰੀ ਧਰਤੀ ਦੀ ਲੰਮੀ ਤੋਂ ਲੰਮੀ ਦੂਰ ਦੀ ਝਾਕੀ ਤਕ ਫ਼ੈਲ ਚੁੱਕਾ ਸੀ । ਹੁਣ ਤੇ ਉਸ ਦੀ ਵਿਸ਼ਾਲ ਤੇ ਵਿਸਤ੍ਰਿਤ ਦ੍ਰਿਸ਼ਟੀ ਦੀ ਅੱਖ ਵਿਚ ਉਹ ਸੀਮਾ ਰੇਖਾ ਵੀ ਕੰਡੇ ਵਾਂਗ ਰੜਕਦੀ ਜਿੱਥੇ ਧਰਤੀ ਤੇ ਆਕਾਸ਼ ਦੀ ਸਦੀਵੀ ਸਮਵਿੱਥਤਾ ਬੁਰੀ ਤਰ੍ਹਾਂ ਦਮ ਤੋੜ ਰਹੀ ਹੁੰਦੀ । ਹੁਣ ਉਹ ਆਪਣੇ ਨਿਰੀਖਣ ਦੀ ਕਮਾਨ ਦੇ ਡਰੇ ਨੂੰ ਏਨੇ ਜ਼ੋਰ ਨਾਲ ਖਿੱਚ ਕੇ ਪੰਛੀ-ਝਾਤ ਦਾ ਤੀਰ ਚਲਾਉਂਦੀ ਕਿ ਇਹ ਪਲਾਂ ਵਿਚ ਹੀ ਸਾਰੇ ਬ੍ਰਹਿਮੰਡ ਨੂੰ ਆਪਣੀ ਲਪੇਟ ਵਿਚ ਲੈਂਦਾ ਹੋਇਆ ਸਿੱਧੇ ਦਿੱਸਹੱਦੇ ਦੇ ਕਾਲਜੇ ਵਿਚ ਵੱਜਦਾ ।
ਇਸ ਮਿਥਿਹਾਸਕ ਦ੍ਰਿਸ਼ਟਾਂਤ ਦੇ ਹਵਾਲੇ ਤੋਂ ਮੇਰਾ ਭਾਵ ਸਪਸ਼ਟ ਹੈ । ਉਹ ਇਹ ਕਿ ਗੁਰਭਜਨ ਗਿੱਲ ਜਦ ਤੋਂ ਗ਼ਜ਼ਲ ਲਿਖਣ ਲੱਗਾ ਹੈ, ਉਸਦੀ ਵਿਚਾਰਧਾਰਾ ਦੀ ਸਾਰੀ ਰੂਪਰੇਖਾ ਹੀ ਬਦਲ ਗਈ ਹੈ । ਕਾਵਿ-ਸੰਸਾਰ ਵਿਚ ਗੁਰਭਜਨ ਨੇ ਜਿਹੜੀ ਪੀੜ ਆਪ ਭੋਗੀ ਅਤੇ ਜਿਹੜੇ ਹੁਲਾਸਾਂ ਦਾ ਆਨੰਦ ਆਪ ਹੀ ਮਾਣਿਆ, ਹੁਣ ਇਨ੍ਹਾਂ ਵਿਚ ਪੂਰਾ ਜ਼ਮਾਨਾ ਉਸ ਦਾ ਭਾਈਵਾਲ ਹੈ । ਹੁਣ ਉਸ ਦੇ ਜੀਵਨ-ਅਨੁਭਵ ਦਾ ਦ੍ਰਿਸ਼ਟੀਕੋਣ ਵਿਅਕਤੀਗਤ ਨਹੀਂ, ਸਮੂਹਿਕ ਹੈ । ਉਸ ਨੂੰ ਭਲੀ ਭਾਂਤ ਗਿਆਨ ਹੈ ਕਿ ਸਮਾਜ ਨਾਲੋਂ ਟੁੱਟ ਕੇ ਉਸ ਦੀ ਹੋਂਦ ਦੇ ਕੋਈ ਅਰਥ ਨਹੀਂ ਰਹਿ ਜਾਂਦੇ।
ਹੁਣ ਉਹ ਅਜੋਕੇ ਕਾਲ ਦੇ ਵਿਚਾਰਾਂ ਤੇ ਭਾਵਨਾਵਾਂ ਦੇ ਨਾਲ ਅਜੋਕੇ ਕਾਲ ਦੇ ਰੁਝਾਨ ਦਾ ਭਲੀ ਭਾਂਤ ਜਾਣੂੰ ਹੈ ਤਦੇ ਤਾਂ ਗੁਰਭਜਨ ਜ਼ਮਾਨੇ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਦਾ ਹੈ । ਹੁਣ ਉਸ ਦੀ ਆਵਾਜ਼ ਥਲਾਂ ਵਿਚ ਗੁਆਚੀ ਹਾਕ ਵਾਂਗ ਨਹੀਂ ਸਗੋਂ ਕਾਫ਼ਲੇ ਦੇ ਸਭ ਤੋਂ ਮੂਹਰਲੇ ਉਠ ਦੇ ਗਲ਼ ਵਿਚ ਪਈਆਂ ਉਨਾਂ ਟੱਲੀਆਂ ਦੀ ਨਿਰੰਤਰ ਟੁਣਕਾਰ ਹੈ ਜਿਹੜੀ ਨਾ ਕੇਵਲ ਦਿਸ਼ਾਹੀਨ ਯਾਤਰਾ ਲਈ ਇਕ ਸੇਧ ਹੋ ਨਿਬੜਦੀ ਹੈ ਸਗੋ ਬਾਕੀ ਦੇ ਕਾਰਵਾਂ ਦੀ ਸਲਾਮਤੀ ਦੀ ਵੀ ਗਵਾਹ ਹੈ ।
ਗੁਰਭਜਨ ਗਿੱਲ ਦੀ ਗ਼ਜ਼ਲ ਦਾ ਪ੍ਰਮੁਖ ਲੱਛਣ ਨਾ ਕੇਵਲ ਗ਼ਮ ਨਾਲ ਇਸ ਦਾ ਗੂੜ੍ਹਾ ਨਾਤਾ ਹੈ, ਬਲਕਿ ਹੁਣ ਤੱਕ ਇਸ ਨਾਲ ਨਿਰਬਾਹ ਦੀ ਇਕ ਲੰਮੀ ਦਾਸਤਾਨ ਵੀ । ਇਹ ਰਿਸ਼ਤਾ ਟੁੱਟਣ ਵਿਚ ਕਿਉਂ ਨਹੀਂ ਆਉਂਦਾ ? ਕਮਾਲ ਹੈ, ਮੋਮ ਹੁਣ ਤੱਕ ਅੱਗ ਨਾਲ ਦੋਸਤੀ ਨਿਭਾਈ ਜਾ ਰਿਹੈ। ਪਰ ਮੇਰੇ ਲਈ ਇਹ ਕੋਈ ਅਸਚਰਜਤਾ ਵਾਲੀ ਗੱਲ ਨਹੀਂ। ਗੁਰਭਜਨ ਗਿੱਲ ਨੇ ਜਦ ਹੁਣ ਤੱਕ ਜ਼ਿੰਦਗੀ ਦਾ ਸਲੂਣਾ ਗ਼ਮ ਰੱਜ ਰੱਜ ਕੇ ਖਾਧਾ ਹੈ, ਫਿਰ ਉਹ ਜ਼ਿੰਦਗੀ ਦਾ ਲੂਣ ਹਰਾਮ ਕਰਕੇ ਅਕਿਰਤਘਣ ਕਿਉਂ ਅਖਵਾਵੇ ?
ਪਤਾ ਨਹੀਂ ਮੈਂ ਕਿਉਂ ਇਹ ਸੋਚੇ ਬਿਨਾਂ ਨਹੀਂ ਰਹਿ ਸਕਦਾ ਕਿ ਗੁਰਭਜਨ ਗਿੱਲ ਨੇ ਗ਼ਜ਼ਲ ਦੀਆਂ ਚੋਖੀਆਂ ਨਿਸ਼ਚਤ ਬਹਿਰਾਂ ਵਿਚੋਂ ਕੇਵਲ ਦੋ ਤਿੰਨ ਬਹਿਰਾਂ ਹੀ ਵਰਤੀਆਂ ਹਨ, ਹਾਲਾਂ ਕਿ ਹਰ ਗ਼ਜ਼ਲ ਦਾ ਮੂਲ-ਆਧਾਰ ਇਸ ਦੀ ਬਹਿਰ ਹੀ ਤਾਂ ਹੁੰਦੀ ਹੈ ।
ਹੋਰ ਵੀ ਅਜੀਬ ਗੱਲ ਇਹ ਹੈ, ਜਿਹੜੀਆਂ ਦੋ ਤਿੰਨ ਬਹਿਰਾਂ ਵਰਤੀਆਂ ਗਈਆਂ ਹਨ, ਉਨ੍ਹਾਂ ਦੀ ਗਿਣਤੀ ਵੀ ਨਾਮ-ਮਾਤਰ ਹੀ ਹੈ । ਇਹ ਦੋ ਤਿੰਨ ਬਹਿਰਾਂ ਵੀ ਠੀਕ ਨਿਭਾਈਆਂ ਗਈਆਂ ਹਨ ਜਾਂ ਗਲਤ । ਇਸ ਵਾਧੂ ਦੇ ਵਾਦ ਵਿਵਾਦ ਵਿਚ ਪੈ ਕੇ ਮੈਂ ਮੱਲੋ ਮੱਲੀ ਦਾ ਦੋਸ਼ੀ ਨਹੀਂ ਬਣਨਾ ਚਾਹੁੰਦਾ। ਮੇਰਾ ਕੰਮ ਤਾਂ ਇਨ੍ਹਾਂ ਗ਼ਜ਼ਲਾਂ ਦਾ ਵਿਸ਼ਾ-ਵਸਤੂ ਪਰਖ਼ਣਾ ਹੈ । ਚਮਤਕਾਰ ਤਾਂ ਇਹ ਹੈ ਕਿ ਛੇ ਸੱਤ ਗ਼ਜ਼ਲਾਂ ਨੂੰ ਛੱਡ ਕੇ ਬਾਕੀ ਦੀਆਂ ਸਾਰੀਆਂ ਭਾਵੇਂ ਲੰਮੇ ਸ੍ਵਰਾਂ ਵਾਲੇ ਇਕ ਛੰਦ ਵਿਚ ਲਿਖੀਆਂ ਗਈਆਂ ਹਨ, ਫੇਰ ਵੀ ਦੋ ਮਾਤਰਾ ਵਾਲੇ ਸ਼ਬਦਾਂਗਾਂ ਨੇ ਗੁਰਭਜਨ ਗਿੱਲ ਦੇ ਅਨੇਕਾਂ ਵੰਨ ਸੁਵੰਨੇ ਵਿਚਾਰਾਂ ਨੂੰ ਇਉਂ ਸਮੋ ਲਿਆ ਹੈ ਕਿ ਗੁਰਭਜਨ ਗਿੱਲ ਮਿਰਜ਼ਾ ਗਾਲਿਬ ਵਾਂਗ ਇਕ ਵਾਰ ਵੀ “ਤੰਗਨਾਏ ਗ਼ਜ਼ਲ'' ਦਾ ਰੋਣਾ ਨਹੀਂ ਰੋਂਦਾ । ਹੋਰ ਤਾਂ ਹੋਰ, ਇਕ ਪਾਠਕ ਹੋਣ ਦੇ ਨਾਤੇ ਮੈਨੂੰ ਵੀ ‘ਤੰਗਨਾਏ ਗ਼ਜ਼ਲ ‘ ਦਾ ਖ਼ਿਆਲ ਨਹੀਂ ਆਇਆ ॥
ਭਾਵੇਂ ਮੇਰਾ ਮੁੱਖ ਵਿਸ਼ਾ ਇਨ੍ਹਾਂ ਗ਼ਜ਼ਲਾਂ ਦੀ ਵਿਚਾਰ ਸਾਮੱਗਰੀ ਪਰਖਣਾ ਹੈ, ਪਰ ਇਨ੍ਹਾਂ ਰਚਨਾਵਾਂ ਦੀ ਬੁਣਤੀ ਕਿਹੋ ਜਿਹੇ ਤਾਣੇ-ਪੇਟੇ ਨਾਲ ਵਰਤਮਾਨ ਰੂਪ ਵਿਚ ਉਜਾਗਰ ਹੋਈ ਹੈ, ਇਸ ਬਾਰੇ ਵੀ ਬਹੁਤ ਕੁਝ ਆਖਿਆ ਜਾ ਸਕਦਾ ਹੈ ਪਰ ਮੈਂ ਸੰਖੇਪ ਵਿਚ ਹੀ ਇਸ ਪੱਖ ਨੂੰ ਉਘਾੜਨ ਦਾ ਜਤਨ ਕਰਾਂਗਾ। ਗੁਰਭਜਨ ਗਿੱਲ ਸ਼ਬਦ ਦੇ ਛਿਲਕੇ ਨਾਲ ਚਿੰਬੜੇ ਅਰਥਾਂ ਤੇ ਬਹੁਤ ਘੱਟ ਟੇਕ ਰੱਖਦਾ ਹੈ। ਉਹ ਸ਼ਬਦਾਂ ਦੇ ਸਰੀਰ ਵਿਚ ਵਿਚਾਰਾਂ ਦੀ ਰੂਹ ਕੁਝ ਇਉਂ ਫੂਕਦਾ ਹੈ ਕਿ ਉਸ ਦੇ ਮਨੋਭਾਵ ਆਪਣੇ ਆਪ ਲਿਸ਼ਕਾਰੇ ਮਾਰਨ ਲੱਗ ਪੈਂਦੇ ਹਨ । ਸ਼ਬਦ ਇਕ ਨਵਾਂ ਮੋੜ ਕੱਟ ਕੇ ਆਪਣੇ ਅਰਥ ਪਾਠਕਾਂ ਸਾਹਮਣੇ ਉਘਾੜਦੇ ਹਨ ।
ਦੂਜੇ ਸ਼ਬਦਾਂ ਵਿਚ ਗੁਰਭਜਨ ਗਿੱਲ ਦੇ ਸ਼ਬਦ ਆਪਣੀਆਂ ਪੁਰਾਣੀਆਂ ਕੁੰਜਾਂ ਲਾਹ ਕੇ ਅਰਥਾਂ ਦੇ ਇਕ ਨਵੇਂ ਸੰਸਾਰ ਦੇ ਸਾਖਿਆਤ ਦਰਸ਼ਨ ਕਰਾਉਂਦੇ ਪ੍ਰਤੀਤ ਹੁੰਦੇ ਹਨ । ਇਕ ਹੋਰ ਤੱਥ ਜਿਹੜਾ ਮੇਰੇ ਮਨ ਨੂੰ ਟੁੰਬਦਾ ਹੈ, ਉਹ ਇਹ ਹੈ ਕਿ ਗੁਰਭਜਨ ਗਿੱਲ ਚਿੰਨ੍ਹ ਨੂੰ ਇਕਹਿਰੀ ਇਕਾਈ ਦੇ ਰੂਪ ਵਿਚ ਕਦੇ ਪ੍ਰਗਟ ਨਹੀਂ ਕਰਦਾ ਕਿਉਂਕਿ ਪ੍ਰਤੀਕ ਦਾ ਇਕ ਪਾਸੜ ਰੂਪ ਸੰਖੇਪ ਤੌਰ ਤੇ ਕਵਿਤਾ ਵਿਚ ਹੀ ਵਧੇਰੇ ਸਫ਼ਲਤਾ ਨਾਲ ਵਰਤਿਆ ਜਾ ਸਕਦਾ ਹੈ, ਉਸ ਨੇ ਤਾਂ ਪੰਜਾਬੀ ਗ਼ਜ਼ਲ ਵਿਚ ਇਕ ਵਿਸ਼ੇਸ਼ ਪ੍ਰਕਾਰ ਦਾ ਪ੍ਰਤੀਕਾਤਮਕ ਵਾਤਾਵਰਣ ਉਸਾਰਿਆ ਹੈ ।
ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਇਸ ਦ੍ਰਿਸ਼ਟਮਾਨ ਸੰਸਾਰ ਦੇ ਪਿੱਛੇ ਇਕ ਹੋਰ ਸੰਸਾਰ ਲੁਕਿਆ ਹੋਇਆ ਹੈ । ਹਰ ਝਾਕੀ ਦੇ ਅੰਤਰੀਵ ਵਿਚ , ਇਕ ਨਿਰੋਲ ਅੱਡਰਾ ਦ੍ਰਿਸ਼ ਉਦੈ ਹੁੰਦਾ ਹੈ । ਇਕ ਮੂਰਤ ਪੂਰੇ ਭੂ-ਦ੍ਰਿਸ਼ ( Land-scape) ਨੂੰ ਗਤੀਸ਼ੀਲ ਦੁਭਾਸ਼ੀਏ ਦੇ ਰੂਪ ਵਿਚ ਪ੍ਰਸਤੁਤ ਕਰਦੀ ਹੈ। ਇਹ ਅਵਸਥਾ ਲੁਕ ਲੁਕਾਅ ਤੇ ਪਸਾਰ ਦੀ ਨਹੀਂ ਹੁੰਦੀ, ਬਲਕਿ ਇਸ ਨਾਲ ਗ਼ਜ਼ਲ ਦੀ ਸੁੰਦਰਤਾ ਅਤੇ ਚਿੰਨ੍ਹਾਤਮਕਤਾ ਵਿਚ ਚੋਖਾ ਵਾਧਾ ਹੋ ਜਾਂਦਾ ਹੈ | ਗੁਰਭਜਨ ਗਿੱਲ ਦੀ ਸਭ ਤੋਂ ਵੱਡੀ ਦੇਣ ਇਹ ਹੈ ਕਿ ਉਸ ਨੇ ਗ਼ਜ਼ਲ ਦੇ ਸਰਬ-ਜਨਕ, ਵਿਆਪਕ ਤੇ ਲੌਕਿਕ ਵਾਤਾਵਰਣ ਨੂੰ ਪ੍ਰਤੀਕ ਦੀ ਖ਼ੁਸ਼ਰੰਗ ਫ਼ਿਜ਼ਾ ਵਿਚ ਪ੍ਰਵਰਤਿਤ ਕਰਨ ਦੀ ਚੇਸ਼ਟਾ ਕੀਤੀ ਹੈ । ਜਿਵੇਂ ਉਹ ਸ਼ਬਦ ਦੇ ਅੰਤਹਕਰਣ ਵਿਚੋਂ ਆਪਣੇ ਵਿਅਕਤੀਗਤ ਅਨੁਭਵ ਦੀ ਕੰਬਦੀ ਡੋਲਦੀ ਕਿਰਨ ਜਗਾਉਣ ਦੀ ਕਲਾ ਜਾਣਦਾ ਹੈ ਤਿਵੇਂ ਉਹ ਯਥਾਰਥ ਦੇ ਰਹੱਸ-ਮਈ ਭੇਦਾਂ ਨੂੰ ਗੱਠਾਂ ਦੇਣ ਦੀ ਥਾਂ ਇਕ ਸੱਚੇ ਸਿਰਜਕ ਵਾਂਗ ਗਜ਼ਲ ਵਿਚ ਜਿਗਿਆਸਾ ਦੀ ਪ੍ਰਕਿਰਿਆ ਨੂੰ ਪਰਤਿਆਉਣ ਦੇ ਗੁਰ ਤੋਂ ਵੀ ਅਣਜਾਣ ਨਹੀਂ। ਇਸ ਨੂੰ ਅਨੁਭਵ ਦਾ ਟਿਕਵਾਂ ਸਿੱਧਾ ਸਪਾਟ ਗਿਆਨ ਦੇਣ ਦੀ ਥਾਂ ਗੁਰਭਜਨ ਗਿੱਲ ਉਸ ਨੂੰ ਪੁਨਰ-ਸਿਰਜਣਾ ਵਿਚੋਂ ਦੀ ਲੰਘਣ ਦਾ ਸੱਦਾ ਦਿੰਦਾ ਹੈ । ਉਸ ਦੀ ਗ਼ਜ਼ਲ ਦਾ ਇਹ ਨਿਵੇਕਲਾ ਪ੍ਰਤੀਕਾਤਮਕ ਅੰਦਾਜ਼ ਹੇਠ ਲਿਖੇ ਸ਼ਿਅਰਾਂ ਵਿਚ ਸੱਚ ਮੁੱਚ ਆਪਣੇ ਸਿਖਰ-ਬਿੰਦੂ ਤੇ ਹੈ :
ਬੰਜਰ ਧਰਤੀ, ਰੇਤਲੇ ਟਿੱਬੇ ਪੁੰਗਰਿਆ ਸੀ ਆਸ ਦਾ ਬੀਜ,
ਪਾਣੀ ਦੀ ਥਾਂ ਬੀਬੀ ਰਾਣੀ ਗੱਲੀ ਬਾਤੀ ਸਾਰ ਗਈ ।
ਜਿਨ੍ਹਾਂ ਰੁੱਖਾਂਕੋਲ ਫੁੱਲ ਫ਼ਲ ਹਰੇ ਪੱਤ ਸਨ,
ਸੇਕੇ ਇਸ ਤਰਾਂ ਹਵਾ ਨੇ ਰਹਿ ਗਏ ਕੋਲ਼ਿਆਂ ਦੇ ਵਾਂਗ ।
ਬੇਬਸ ਬੱਚਾ ਉਲਝ ਗਿਆ ਹੈ ਜੇਕਰ ਪਿਲਚੀ ਡੋਰ ਦੇ ਨਾਲ,
ਕਾਗ਼ਜ਼ ਦੀ ਗੱਡੀ ਸੰਗ ਜੁੜਿਆ ਉੱਡਣ ਦਾ ਸੁਪਨਾ ਤਾਂ ਦੇਖ।
ਰਾਤਾਂ ਦੇ ਜਗਰਾਤੇ ਕੱਟ ਕੇ ਜੋ ਬੁਣਿਆ ,
ਨੇੜੇ ਆਇਆ ਸੁਪਨਾ ਹੱਥੋਂ ਤਿਲਕ ਗਿਆ ।
ਬੰਦਿਆਂ ਦਾ ਇਤਬਾਰ ਭਲਾ ਮੈਂ ਕੀ ਕਰਦਾ ਇਸ ਰੁੱਤੇ,
ਰੁੱਖਾਂ ਨਾਲ ਖਲੋਤਾ ਮੈਂ ਹਾਂ ਜਾਂ ਪੱਤ ਵਿਰਲਾ ਟਾਵਾਂ ।
ਉਪਰੋਕਤ ਭਾਂਤ ਦੇ ਸ਼ਿਅਰਾਂ ਵਿਚ ਉਹ ਦਰਦੀਲੀ ਹੂਕ ਵੀ ਹੈ ਜਿਹੜੀ ਗ਼ਜ਼ਲ ਦੇ ਆਂਤਰਿਕ ਸੁਭਾਅ ਦਾ ਅਨਿੱਖੜਵਾਂ ਅੰਗ ਹੁੰਦੀ ਹੈ ਅਤੇ ਉਹ ਬਿਜਲਈ ਰੌਂਅ ਵੀ ਜਿਹੜੀ ਗ਼ਜ਼ਲ ਦੀ ਅੰਤਰ ਆਤਮਾ ਤੇ ਨੂਰ ਅੰਦਰਲੀ ਡੂੰਘਾਣ ਵਿਚੋਂ ਪਾਠਕ ਵੱਲ ਆਪ ਮੁਹਾਰੇ ਛਾਲਾਂ ਮਾਰਦੀ ਨੱਸੀ ਆਉਦੀ ਹੈ ।
ਉਕਤ ਟੂਕਾਂ ਤੋਂ ਇਹ ਵੀ ਸਪਸ਼ਟ ਹੈ ਕਿ ਗੁਰਭਜਨ ਗਿੱਲ ਦੀ ਗ਼ਜ਼ਲ ਵਿਚ ਪ੍ਰਗਟਾਉ ਸਿੱਧਾ ਤੇ ਪ੍ਰਤੱਖ ਨਹੀਂ, ਸਗੋਂ ਵਿੰਗਾ, ਟੇਢਾ, ਅਸਿੱਧਾ, ਅਪ੍ਰਤੱਖ ਤੇ ਪਰੋਖ ਭਾਂਤ ਦਾ ਹੈ ।
ਗੁਰਭਜਨ ਨੇ ਪੰਜਾਬੀ ਗ਼ਜ਼ਲ ਨੂੰ ਜਿਹੜਾ ਨਵੀਨ ਲਹਿਜਾ ਪ੍ਰਦਾਨ ਕੀਤਾ ਹੈ, ਉਸ ਦੀ ਇਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚੋਂ ਹਾਸ-ਰਸ ਦੀ ਉਹ ਨਿਵੇਕਲੀ ਲਹਿਰ ਵੀ ਉਛਾਲੇ ਮਾਰਦੀ ਹੈ ਜਿਹੜੀ ਵਿਅਕਤੀ ਨਾਲ ਸੰਬੰਧਿਤ ਹੈ, ਜਿਵੇਂ ਹੇਠਲੇ ਸ਼ਿਅਰ ਤੋਂ ਸਪਸ਼ਟ ਹੈ :
ਆਪਣਾ ਆਪ ਲੁਕਾ ਕੇ ਭਾਵੇਂ ਪਿੰਜਰੇ ਦੇ ਵਿਚ ਵਾਸ ਕਰਾਂ,
ਉੱਡਣ ਦੀ ਸਿਖਲਾਈ ਦੇਵਾਂ, ਪਰ-ਕਟਿਆਂ ਦੀ ਡਾਰ ਨੂੰ ।
ਉਪਰਲੇ ਸ਼ਿਅਰ ਵਿਚ ਗ਼ਜ਼ਲਗੋ ਨੇ ਜਿਵੇਂ ਨਿੱਜੀ ਹੋਂਦ ਨਾਲ ਹੀ ਟਿੱਚਰ ਕੀਤੀ ਹੈ ਉਹ ਸੱਚ ਮੁੱਚ ਬੜੀ ਵਿਲੱਖਣ ਤੇ ਅਦੁੱਤੀ ਹੈ । ਹੰਝੂਆਂ ਦੀ ਅੰਤਰਧਾਰਾ ਵਿਚੋਂ ਮੁਸਕਰਾਹਟ ਦੀ ਮੌਜ ਨੂੰ ਉਭਾਰਨਾ ਸਹੀ ਆਧੁਨਿਕ ਦ੍ਰਿਸ਼ਟੀਕੋਣ ਨਹੀਂ ਤਾਂ ਹੋਰ ਕੀ ਹੈ ?
ਗੁਰਭਜਨ ਗਿੱਲ ਦਾ ਇਕ ਹੋਰ ਕਮਾਲ ਇਹ ਹੈ ਕਿ ਉਹ ਵਿਨਾਸ਼ ਤੇ ਉਸਾਰ ਦੇ ਸੰਗਮ ਤੇ ਖਲੋ ਕੇ ਨਵੀਂ ਗ਼ਜ਼ਲ ਨੂੰ ਜਨਮ ਦੇਂਦਾ ਹੈ । ਉਸ ਦੀ ਗ਼ਜ਼ਲ ਜਿੱਥੇ ਇਕ ਬੰਨੇ ਤੋੜ ਫੋੜ ਤੇ ਅਵਿਵਸਥਾ ਦਾ ਰੋਣਾ ਰੋਂਦੀ ਹੈ, ਉਥੇ ਦੂਜੇ ਪਾਸੇ ਉਹ ਉਸ ਆਕ੍ਰਿਤੀ ਦੇ ਦਰਸ਼ਨ ਵੀ ਕਰਾਉਂਦੀ ਹੈ ਜਿਹੜੀ ਪੁਰਾਣੇ ਮਲਬੇ ਹੇਠੋ ਪ੍ਰਗਟ ਹੋ ਕੇ ਇਕ ਦਮ ਆਪਣੀ ਹੋਂਦ ਦੀ ਘੋਸ਼ਨਾ ਕਰਦੀ ਪ੍ਰਤੀਤ ਹੁੰਦੀ ਹੈ । ਅਗਲੇ ਦੋਵੇਂ ਸ਼ਿਅਰ ਉਪ੍ਰੋਕਤ ਤੱਥਾਂ ਦੀ ਭਲੀ ਭਾਂਤ ਗਵਾਹੀ ਭਰਦੇ ਹਨ ।
ਸਾਉਣ ਛਰਾਟੇ ਵਰ੍ਹਨ ਦੇ ਮਗਰੋਂ ਤੁਰ ਪਈ ਤੇਜ਼ ਹਨੇਰੀ,
ਫ਼ਸਲਾਂ ਦਾ ਲੱਕ ਟੁੱਟਿਆ ਹਾਲੇ ਸਿਰ ਤੇ ਘਟ ਘਨਘੋਰ।
ਸੱਜੇ ਖੱਬੇ ਸਿਰ ਤੇ ਅਗਨੀ,
ਆਸ ਕਰੂੰਬਲ ਫਿਰ ਵੀ ਪਲਦੀ ।
ਗੁਰਭਜਨ ਗਿੱਲ ਦੀ ਗ਼ਜ਼ਲ ਨਾ ਕੇਵਲ ਵੀਹਵੀ ਸ਼ਤਾਬਦੀ ਦੀ ਬੰਜਰ /ਰੱਕੜ ਧਰਤੀ (Waste Land) ਵਿਚੋਂ ਸਿਰ ਚੁੱਕਦੇ ਪਰਛਾਵਿਆਂ ਨੂੰ ਹੀ ਵੇਖਦੀ ਹੈ ਬਲਕਿ ਉਨ੍ਹਾਂ ਦੇ ਵਧਦੇ ਕਦਮਾਂ ਦੀ ਚਾਪ ਨੂੰ ਵੀ ਚੁਪਾਸੀਂ ਪਸਰੀ ਚੁੱਪ ਨਾਲ ਕੰਨ ਲਾ ਲਾ ਕੇ ਸੁਣਦੀ ਹੈ :
ਜੇ ਰਾਤਾਂ ਕਾਲੀਆਂ ਏਦਾਂ ਹੀ ਰਹੀਆਂ ਹੋਰ ਕੁਝ ਰਾਤਾਂ,
ਮੈਂ ਕੀਕਣ ਚਾਨਣੀ ਵਿਚ ਫ਼ਲਣ ਵਾਲਾ ਬਿਰਖ਼ ਲਾਵਾਂਗਾ ?
ਅੱਧੀ ਰਾਤੇ ਜਦ ਕੋਈ ਤਾਰਾ ਟੁੱਟੇ ਤਾਂ,
ਮੈਨੂੰ ਜਾਪੇ ਮੈਂ ਹੀ ਕਿਤਿਉਂ ਤਿੜਕ ਗਿਆ ।
ਆਮ ਵੇਖਣ ਵਿਚ ਆਉਂਦਾ ਹੈ ਕਿ ਕਵੀ-ਦਰਬਾਰਾਂ ਵਿਚ ਉਹ ਸ਼ਿਅਰ ਬੇਪਨਾਹ ਦਾਦ ਲੈਂਦੇ ਹਨ ਜਿਹੜੇ ਕੁਝ ਰਾਜਨੀਤਕ ਜਾਂ ਸਮਾਜਕ ਕਰਵਟਾਂ ਵੱਲ ਸਾਫ਼ ਸੰਕੇਤ ਕਰਦੇ ਹੋਣ । ਦੂਜੇ ਸ਼ਬਦਾਂ ਵਿਚ ਅਜੋਕੀ ਯੁਗ ਚੇਤਨਾ ਦਾ ਹਾਣੀ ਹੀ ਆਮ ਲੋਕਾਂ ਵਿਚ ਆਪਣੀ ਗ਼ਜ਼ਲ ਦੀ ਧਾਂਕ ਜਮਾ ਸਕਦਾ ਹੈ । ਗੁਰਭਜਨ ਗਿੱਲ ਦੀ ਗ਼ਜ਼ਲ ਦੀ ਇਕ ਪ੍ਰਮੁੱਖ ਖੂਬੀ ਇਹ ਵੀ ਹੈ ਕਿ ਇਹ ਸਮੇਂ ਦੀ ਨਬਜ਼ ਪਛਾਣਦੀ ਹੈ । ਵੰਨਗੀ ਵਜੋਂ , ਕੁਝ ਸ਼ਿਅਰ ਵੀ ਹਾਜ਼ਰ ਹਨ :
ਚੰਡੀਗੜ ਦੇ ਜੰਡ ਕਰੀਰਾਂ ਸੜਕਾਂ ਕੱਲ ਤਾਂ ਚਾਨਣ ਹੈ,
ਸਾਡੇ ਪਿੰਡ ਦੇ ਅੰਦਰ ਬਾਹਰ ਕਾਲਾ ਘੋਰ ਹਨੇਰਾ ਹੈ ।
ਸਾਡੇ ਘਰ ਨੂੰ ਤੀਲੀ ਲਾ ਗਏ ਬਹੁ-ਰੰਗੇ ਅਖ਼ਬਾਰ,
ਅੰਨੇ ਕਾਣੇ ਫਿਰਨ ਘੁਮਾਉਂਦੇ ਦੋ ਧਾਰੀ ਤਲਵਾਰ ।
ਬੰਦ ਕਮਰੇ ਵਿਚ ਬੈਠ ਕੇ ਪੜ੍ਹਾਂ ਮੈਂ ਰੋਜ਼ਾਨਾ ਅਖ਼ਬਾਰ ਨੂੰ ।
ਫਿਰ ਵੀ ਡਾਢਾ ਖ਼ਤਰਾ ਜਾਪੇ ਮੇਰੇ ਤੋਂ ਸਰਕਾਰ ਨੂੰ ।
ਕੁਝ ਮੌਸਮ ਦੀ ਭੇਟ ਚੜ੍ਹ ਗਿਆ, ਬਾਕੀ ਜੋ ਵੀ ਬਚਿਆ,
ਦਾਣਾ ਫੱਕਾ ਹੁੰਝ ਕੇ ਲੈ ਗਏ ਰਲ ਮੰਡੀਆਂ ਦੇ ਚੋਰ ।
ਦੋ ਮਾਸਕ ਪੱਤਰਾਂ ‘ਸਾਹਿੱਤਕਾਰ’ ਤੇ ‘ਲੋਅ' ਵਿਚ ਗੁਰਭਜਨ ਗਿੱਲ ਦੀਆਂ ਦੋ ਵੱਖ ਵੱਖ ਗ਼ਜ਼ਲਾਂ ਦਾ ਜਿਹੜਾ ਵਿਸ਼ਲੇਸ਼ਣਾਤਮਕ ਅਧਿਐਨ ਸੰਖੇਪ ਜਿਹੀਆਂ ਟਿੱਪਣੀਆਂ ਦੇ ਰੂਪ ਵਿਚ ਮੈਂ ਪਹਿਲਾਂ ਹੀ ਪ੍ਰਸਤੁਤ ਕਰ ਚੁੱਕਾ ਹਾਂ, ਮੈਂ ਉਸ ਵਿਚੋਂ ਕੁਝ ਅੰਸ਼ਾਂ ਨੂੰ ਜੇ ਇਸ ਲੇਖ ਵਿਚ ਵੀ ਦੁਹਰਾਵਾਂ ਤਾਂ ਅਨੁਚਿਤ ਨਹੀਂ ਹੋਵੇਗਾ। ਅਨੁਚਿਤ ਇਸ ਲਈ ਨਹੀਂ ਕਿ ਇਸ ਗ਼ਜ਼ਲਕਾਰ ਦੀਆਂ ਰਚਨਾਵਾਂ ਵਿਚਲੀ ਵਿਚਾਰ-ਸਾਮੱਗਰੀ ਭਾਵੇਂ ਕਿੰਨੀ ਹੀ ਵੰਨ-ਸਵੰਨੀ ਹੈ ਪਰ ਉਸ ਦੀ ਵਿਚਾਰਧਾਰਾ ਦੇ ਪ੍ਰਵਾਹ ਵਿਚ ਜੋ ਇਕਸਾਰਤਾ ਹੈ, ਉਹ ਹੈਰਾਨ ਕਰਨ ਵਾਲੀ ਹੈ । ਉਸ ਦੀ ਸ਼ੈਲੀ ਤੇ ਲਹਿਜਾ ਭਾਵੇਂ ਦੋਵੇਂ ਨਵੇਂ ਨਿਵੇਕਲੀ ਸੁਰ ਵਾਲੇ ਹਨ, ਪ੍ਰੰਤੂ ਇਨ੍ਹਾਂ ਦਾ ਸੁਭਾਅ ਘੜੀ ਮੁੜੀ ਬਦਲਦਾ ਰਹਿਣ ਵਾਲਾ ਨਹੀਂ ਅਤੇ ਨਾ ਹੀ ਉਸ ਦੀਆਂ ਪ੍ਰਗਟਾਅ ਵਿਧੀਆਂ ਦਾ ਨਿਭਾਅ ਕੋਈ ਬਹੁਤਾ ਮਨ -ਮੌਜੀ ਤੇ ਲੋਰ -ਮੱਤਾ ਹੈ । ਦੋ ਕੁ ਟਿੱਪਣੀਆਂ ਵਿਚ ਹੀ ਉਸਦੀ ਗ਼ਜ਼ਲ ਨੇ ਮੇਰੇ ਮਨ ਵਿਚ ਜੋ ਆਪਣਾ ਸੰਕਲਪ ਉਘਾੜਿਆ, ਉਸ ਦਾ ਪਰਛਾਵਾਂ ਇਸ ਸੰਗ੍ਰਹਿ ਹਰ ਧੁਖਦਾ ਪਿੰਡ ਮੇਰਾ ਹੈ ਦੀਆਂ ਸਾਰੀਆਂ ਗ਼ਜ਼ਲਾਂ ਵਿਚ ਸਹਿਜੇ ਵੇਖਿਆ ਜਾ ਸਕਦਾ ਹੈ ।
ਉਪਰੋਕਤ ਧਾਰਨਾ ਦੇ ਆਧਾਰ ਤੇ ਮੇਰੀ ਇਹ ਰਾਇ ਹੈ ਕਿ ਗੁਰਭਜਨ ਗਿੱਲ ਰਦੀਫ਼ ਤੋਂ ਸੱਖਣੀ ਗ਼ਜ਼ਲ ਲਿਖਣੀ ਵਧੇਰੇ ਪਸੰਦ ਕਰਦਾ ਹੈ, ਹਾਲਾਂਕਿ ਉਹ ਜਾਣਦਾ ਹੈ ਕਿ ਰਦੀਫ਼-ਵਿਹੁਣੀ ਗ਼ਜ਼ਲ ਵਿਚੋਂ ਸੰਗੀਤ ਦਾ ਜਾਦੂ ਕਾਫ਼ੀ ਹੱਦ ਤੱਕ ਮਨਫ਼ੀ ਹੋ ਜਾਂਦਾ ਹੈ । ਜਾਪਦਾ ਹੈ ਕਿ ਉਸਨੂੰ ਏਨਾ ਲਯ ਤਾਲ ਨਾਲ ਮੋਹ ਨਹੀਂ, ਜਿੰਨਾ ਯਥਾਰਥ ਚਿਤਰਣ ਨਾਲ ਹੈ । ਕਈ ਵਾਰ ਜੇ ਰਦੀਫ਼ ਦੀ ਵਰਤੋਂ ਕਰ ਵੀ ਬੈਠੇ ਤਾਂ ਉਸ ਦਾ ਲੜ ਇਕ ਵਿਉਂਤ ਨਾਲ ਲਮਕਦਾ ਰਹਿਣ ਦੇਂਦਾ ਹੈ ।
ਵੇਖਣ ਨੂੰ ਤਾਂ ਉਸ ਦੀ ਗ਼ਜ਼ਲ ਦੇ ਮਿਸਰਿਆਂ ਦੀਆਂ ਕੰਨੀਆਂ ਵਿਸਮਿਕ ਤੇ ਪ੍ਰਸ਼ਨਾਤਮਕ ਚਿੰਨਾਂ ਦੀ ਝਾਲਰ ਨਾਲ ਸਜੀਆਂ ਬੜੀਆਂ ਸੁੰਦਰ ਤੇ ਕਲੋਲਮਈ ਜਾਪਦੀਆਂ ਹਨ ਪਰ ਉਨ੍ਹਾਂ ਦੇ ਲਹਿਰਾਏ ਦ੍ਰਿਸ਼ ਹੇਠੋਂ ਗੁਰਭਜਨ ਗਿੱਲ ਦੇ ਮਨ ਦੀ ਮੱਠੀ ਮੱਠੀ ਪੀੜ ਹਟ ਹਟ ਕੇ ਨਿੱਕੇ ਨਿੱਕੇ ਹਟਕੋਰੇ ਭਰਦੀ ਸਾਫ਼ ਦਿਖਾਈ ਦਿੰਦੀ ਹੈ ।
ਗੁਰਭਜਨ ਨੂੰ ਪਤਾ ਹੈ ਕਿ ਵਿਚਾਰਾਂ ਨੂੰ ਜਦ ਤੀਕ ਸ਼ਬਦਾਂ ਦਾ ਪ੍ਰਗਟ ਰੂਪ ਨਾ ਦਿੱਤਾ ਜਾਵੇ, ਇਨਾਂ ਦੀ ਹੋਂਦ ਦਾ ਪ੍ਰਮਾਣ ਨਹੀਂ ਦਿੱਤਾ ਜਾ ਸਕਦਾ ਇਸ ਲਈ ਉਹ ਅਤੀਤ, ਭਵਿੱਖ ਤੇ ਵਰਤਮਾਨ ਨੂੰ ਇਕ ਅਜਿਹੀ ਕ੍ਰਮਬੱਧ ਕ੍ਰਿਆ ਦੇ ਸੰਚੇ ਵਿਚ ਢਾਲਦਾ ਹੈ ਕਿ ਆਪਣੇ ਸੀਮਿਤ ਤੇ ਸੰਖੇਪ ਜਿਹੇ ਜੀਵਨ ਵਿਚ ਪਦਾਰਥਕ ਸੰਸਾਰ ਰਾਹੀਂ ਗ੍ਰਹਿਣ ਕੀਤਾ ਸਾਰਾ ਕੌੜਾ ਅਨੁਭਵ ਉਸ ਦੇ ਸ਼ਿਅਰਾਂ ਵਿਚ ਪ੍ਰਤੱਖ ਵੇਖਿਆ ਜਾ ਸਕਦਾ ਹੈ । ਭਾਵੇਂ ਉਹ ਅੰਦਰੋਂ ਪਹਿਲਾਂ ਹੀ ਤਿੜਕਿਆ ਤਿੜਕਿਆ ਤੇ ਖੰਡਿਤ ਹੋਇਆ ਜਾਪਦਾ ਹੈ ਪਰ ਉਹ ਵਿਅਰਥ ਦੇ ਸੁਪਨੇ ਵੇਖੀ ਜਾਣ ਤੋਂ ਫੇਰ ਵੀ ਨਹੀਂ ਟਲਦਾ, ਭਾਵੇਂ ਉਹ ਹੋਰ ਵੀ ਖੇਰੂੰ ਖੇਰੂੰ ਹੋ ਕੇ ਰਹਿ ਜਾਵੇ। ਉਸ ਦਾ ਅਨੁਭਵ ਬਾਕੀ ਸਾਰੀਆਂ ਬੋਧ -ਇੰਦਰੀਆਂ ਨਾਲੋਂ ਤਿੱਖਾ ਹੈ। ਉਸ ਦੀ ਬੌਧਿਕ ਸ਼ਕਤੀ ਅੰਤਾਂ ਦੀ ਸੁਜਾਖ਼ੀ ਅੱਖ ਵਾਲੀ ਹੈ ।
ਗੁਰਭਜਨ ਗਿੱਲ ਦੀ ਹਰ ਗ਼ਜ਼ਲ ਇਸ ਤੱਥ ਦੀ ਗਵਾਹੀ ਭਰਦੀ ਹੈ ਕਿ ਉਹ ਜੋ ਵੇਖਦਾ ਜਾਂ ਸੋਚਦਾ ਹੈ, ਉਸ ਨੂੰ ਸ਼ਬਦਾਂ ਵਿਚ ਪ੍ਰਗਟ ਕਰ ਦੇਣ ਨੂੰ ਆਪਣਾ ਸਭ ਤੋਂ ਪਵਿੱਤਰ ਕੰਮ ਮੰਨਦਾ ਹੈ, ਸ਼ਾਇਦ ਇਸ ਲਈ ਕਿ ਲਿਖੇ ਹੋਏ ਸ਼ਬਦ ਆਪਣੀ ਹੋਂਦ ਸਦਾ ਕਾਇਮ ਰੱਖਦੇ ਹਨ । ਅਣ-ਕਹੇ ਬੋਲ ਉਂਜ ਵੀ ਮਨ ਵਿਚ ਪਏ ਪਏ ਵਿੱਸ ਘੋਲਣ ਲੱਗ ਪੈਂਦੇ ਹਨ । ਉਸ ਦੀ ਕੋਈ ਵੀ ਗ਼ਜ਼ਲ ਨਾ ਤਾਂ ਨਿਰੀ ਬੁਝਾਰਤ ਹੁੰਦੀ ਹੈ ਅਤੇ ਨਾ ਹੀ ਦੋ ਜਮ੍ਹਾਂ ਦੋ ਬਰਾਬਰ ਚਾਰ ਵਰਗੀ ਰਚਨਾ ਹੁੰਦੀ ਹੈ।
ਕਿਹੜੇ ਸ਼ਿਅਰ ਵਿਚਲੇ ਵਿਅੰਗ ਦੀ ਕਰਾਰੀ ਸੱਟ ਸਮਾਜ ਦੇ ਕਿਹੜੇ ਅੰਗ ਤੇ ਵੱਜਦੀ ਹੈ, ਪਾਠਕ ਸਹਿਜੇ ਹੀ ਉਸ ਤੇ ਉਂਗਲ ਰੱਖ ਸਕਦਾ ਹੈ । ਸਮੇਂ ਦੇ ਰੰਗ ਮੰਚ ਉਤੇ ਜੇ ਕਰ ਉਸਦੀ ਹਰ ਰਚਨਾ ਨੂੰ ਜੀਵਨ ਨਾਟਕ ਦੀ ਇਕ ਝਾਕੀ ਮੰਨ ਲਿਆ ਜਾਵੇ ਤਾਂ ਕਈ ਪ੍ਰਕਾਰ ਦੇ ਪਾਤਰਾਂ ਦੀ ਵੱਖ ਵੱਖ ਅਦਾਕਾਰੀ ਦਾ ਸਹਿਜੇ ਹੀ ਮੁਲਾਂਕਣ ਕੀਤਾ ਜਾ ਸਕਦਾ ਹੈ । ਕਈ ਕਿਰਦਾਰ ਪਸ਼ੂ ਬਿਰਤੀ ਵਾਲੇ ਸਵਾਰਥ-ਸਾਧਕ ਤੇ ਲੋਟੂ ਹਨ । ਕਈ ਅਕਲ ਦੇ ਅੰਨ੍ਹੇ ਹੱਦ ਦਰਜ਼ੇ ਦੇ ਲੜਾਕੂ ਐਵੇਂ ਦੋਧਾਰੀ ਤਲਵਾਰ ਘੁੰਮਾਉਣ ਵਾਲੇ ਹਨ।
ਸਾਰੇ ਮਨੁੱਖੀ ਸੰਬੰਧ ਤੇ ਕਦਰਾਂ ਕੀਮਤਾਂ ਆਪਣੀ ਪਛਾਣ ਗੁਆ ਰਹੀਆਂ ਹਨ । ਇਹ ਇਸ ਲਈ ਵੰਡੀਆਂ ਪਾਉਣ ਵਾਲੇ ਜ਼ਹਿਰ ਦੇ ਵਣਜਾਰੇ ਸਮਾਜੀ ਤਾਣੇ-ਪੇਟੇ ਦੇ ਖੁੱਲ੍ਹੇ-ਆਮ ਫੂਸੜੇ ਉਡਾ ਰਹੇ ਹਨ । ਦੂਜੇ ਪਾਸੇ ਉਹ ਪਾਤਰ ਹਨ ਜਿਹੜੇ ਉਸ ਵਾਂਗ ਹੀ ਲੁੱਟ ਦਾ ਸ਼ਿਕਾਰ ਹਨ। ਸੋਸ਼ਿਤ ਅਭਿਨੇਤਾਵਾਂ ਦਾ ਰੋਲ ਮੂਲ ਰੂਪ ਵਿਚ ਆਤਮਘਾਤੀ ਹੈ । ਕੁਝ ਅਦਾਕਾਰ ਬੁਧੀਜੀਵੀ ਤੇ ਧਨੰਤਰ ਵੈਦ ਹੁੰਦੇ ਹੋਏ ਵੀ ਜਦੋਂ ਆਪਣੇ ਨਿਆਂ ਵਿਚ ਦੜ ਵੱਟ ਕੇ ਬੈਠੇ ਦਿਖਾਈ ਦੇਂਦੇ ਹਨ ਤਾਂ ਏਦਾਂ ਲੱਗਦਾ ਹੈ ਜਿਵੇਂ ਡਰ ਦੀ ਭਾਵਨਾ ਨੇ ਆਪਣੀ ਰੱਖਿਆ ਤੇ ਬਚਾਅ ਲਈ ਇਨਾਂ ਨੂੰ ਆਪਣੇ ਦੁਆਲੇ ਲਛਮਣ ਰੇਖਾਵਾਂ ਖਿੱਚਣ ਲਈ ਮਜਬੂਰ ਕਰ ਦਿਤਾ ਹੈ । ਉਨਾਂ ਨੂੰ ਸ਼ਾਇਦ ਇਹ ਵੀ ਨਹੀਂ ਪਤਾ ਕਿ ਅਰਾਜਕਤਾ ਦੀ ਇਸ ਅਵਸਥਾ ਵਿਚ ਕੁਦਰਤੀ ਇਨਕਲਾਬ ਦਾ ਉਹ ਰਸਤਾ ਵੀ ਫੁੱਟ ਸਕਦਾ ਹੈ ਜਿਸ ਉਪਰ ਹਿੱਕ ਕੱਢ ਕੇ ਟੁਰਨ ਲਈ ਉਹ ਪੂਰਣ ਭਾਂਤ ਸੁਤੰਤਰ ਹੋਣਗੇ ।
ਚੁਫ਼ੇਰੇ ਮੱਛਰਦੀ ਅਰਾਜਕਤਾ ਅਤੇ ਸਾਗਰ ਮੰਥਨ ਸਮੇਂ ਦੀ ਨਿਆਂਕਾਰਤਾ ਵਿਚਕਾਰ
ਕਿੰਨਾ ਕੁ ਅੰਤਰ ਹੈ ? ਵਰਤਮਾਨ ਸਮੇਂ ਦਾ ਦੁਖਾਂਤ ਇਹ ਹੈ ਕਿ ਅਜੇ ਕੇਵਲ ਦੈਂਤ ਹੀ ਸਮੁੰਦਰ ਨੂੰ ਰਿੜਕੀ ਜਾ ਰਹੇ ਹਨ । ਜਦੋਂ ਇਸ ਕੰਮ ਵਿਚ ਦੇਵਤੇ ਵੀ ਹੱਥ ਵਟਾਉਣ ਲੱਗ ਪਏ ਤਾਂ ਸੰਭਵ ਹੈ ਧਨੰਤਰ ਵਰਗੇ ਵੈਦ ਫੇਰ ਭੈ ਦੇ ਸਮੁੰਦਰਾਂ ਵਿਚੋਂ ਬਾਹਰ ਨਿਕਲ ਆਉਣ ।
ਗੁਰਭਜਨ ਗਿੱਲ ਦੀ ਗ਼ਜ਼ਲ ਆਪਣੀ ਸਿਰਜਣਾਤਮਕ ਯਾਤਰਾ ਸ਼ਹਿਰ ਦੇ ਵਾਤਾਵਰਣ ਵਿਚ ਸੰਪੰਨ ਨਹੀਂ ਕਰਦੀ। ਉਹ ਇਸ ਵਿਚੋਂ ਪਿੰਡ ਦੀ ਮਿੱਟੀ ਦਾ ਸਤ ਵੀ ਨਿਚੋੜਦਾ ਹੈ । ਸੋਚਣ ਵਾਲੀ ਗੱਲ ਇਹ ਹੈ ਕਿ ਪਿੰਡਾਂ ਵਿਚ ਕੁਦਰਤ ਦੀ ਕਰੋਪੀ ਤੋਂ ਬਚਾਉ ਦਾ ਕੋਈ ਕਾਰਗਰ ਉਪਾਅ ਵੀ ਨਹੀਂ।
ਪਿੰਡਾਂ ਵਿਚ ਕਈ ਵਾਰ ਤੇਜ਼ ਹਨ੍ਹੇਰੀ, ਤਿੱਖੀ, ਧੁੱਪ, ਮੀਂਹ ਦੇ ਛਰਾਟਿਆਂ, ਜੜ੍ਹਾਂ ਤੇ ਵਾ ਵਰੋਲਿਆਂ ਦਾ ਏਨਾ ਜ਼ੋਰ ਸ਼ੋਰ ਹੁੰਦਾ ਹੈ ਕਿ ਜੀਵਨ ਸਦਾ ਸਹਿਮ ਤੇ ਭਯ
ਦੇ ਜਬਾੜਿਆਂ ਹੇਠ ਆਇਆ ਰਹਿੰਦਾ ਹੈ ਅਤੇ ਘਟਨਾਵਾਂ ਮੌਤ ਤੇ ਸਰਬਨਾਸ਼ ਦੇ ਇਹਸਾਸ ਨੂੰ ਹਮੇਸ਼ਾ ਜਗਾਈ ਰੱਖਦੀਆਂ ਹਨ । ਗੁਰਭਜਨ ਗਿੱਲ ਦੀ ਗ਼ਜ਼ਲ ਵਿਚ ਦੁੱਖ ਤੇ ਪੀੜ ਦੀ ਜਿਹੜੀ ਕਸਕ ਆਪਣੀ ਪਰੀ ਸਿਖ਼ਰ 'ਤੇ ਵਿਖਾਈ ਦਿੰਦੀ ਹੈ, ਉਹ ਇਸੇ ਆਤੰਕ ਤੇ ਵਿਨਾਸ਼ ਦੇ ਇਹਸਾਸ ਦੀ ਦੇਣ ਹੈ ।
ਨਿਰਸੰਦੇਹ ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਅਜੋਕੇ ਕਾਲ ਦੇ ਵਿਚਾਰਾਂ ਤੇ ਭਾਵਨਾਵਾਂ ਦੀਆਂ ਲਖਾਇਕ ਹਨ ।
ਪੰਜਾਬੀ ਗ਼ਜ਼ਲ ਦੇ ਪਿੜ ਵਿਚ ਇਸ ਸੰਗ੍ਰਹਿ ਦੇ ਪ੍ਰਵੇਸ਼ ਨਾਲ ਨਿਸ਼ਚੇ ਹੀ ਵਡਮੁੱਲਾ ਵਾਧਾ ਹੋਏਗਾ | ਆਸ ਹੈ ਮੇਰੀ ਇਹ ਆਸ ਨਿਰਮਲ ਸਿੱਧ ਨਹੀਂ ਹੋਏਗੀ ।
ਆਮੀਨ !
ਪ੍ਰਿੰਸੀਪਲ ਤਖ਼ਤ ਸਿੰਘ
ਅਗਵਾੜ ਗੁੱਜਰਾਂ, ਜਗਰਾਉਂ (ਲੁਧਿਆਣਾ)
ਮੇਰੀ ਨਜ਼ਰ ਵਿਚ (ਹਰ ਧੁਖਦਾ ਪਿੰਡ ਮੇਰਾ ਹੈ) : ਸੁਰਜੀਤ ਪਾਤਰ
‘ਹਰ ਧੁਖਦਾ ਪਿੰਡ ਮੇਰਾ ਹੈ' ਨਾਲ ਗੁਰਭਜਨ ਗਿੱਲ ਉਨਾਂ ਪੰਜਾਬੀ ਕਵੀਆਂ ਦੀ ਕਤਾਰ ਵਿਚ ਆ ਗਿਆ ਹੈ ਜਿਹੜੇ ਪੰਜਾਬੀ ਗ਼ਜ਼ਲ ਦੀ ਵਿਸ਼ੇਸ਼ ਨੁਹਾਰ ਸਿਰਜਣ ਵਿਚ ਕਹਿਣ ਸੁਣਨ ਯੋਗ ਹਿੱਸਾ ਪਾ ਰਹੇ ਹਨ। ਗੁਰਭਜਨ ਗਿੱਲ ਬੜਾ ਸੁਚੇਤ ਗ਼ਜ਼ਲਕਾਰ ਹੈ ਤੇ ਉਸ ਦੀਆਂ ਗ਼ਜ਼ਲਾਂ ਨੂੰ ਪੜ੍ਹ ਕੇ ਇਸ ਗੱਲ ਦਾ ਇਹਸਾਸ ਹੁੰਦਾ ਹੈ ਕਿ ਉਸ ਨੇ ਪਾਕਿਸਤਾਨੀ ਤੇ ਭਾਰਤੀ ਪੰਜਾਬੀ ਗ਼ਜ਼ਲ ਦੀ ਸਮੁੱਚੀ ਪਰੰਪਰਾ ਨੂੰ ਆਪਣੀ ਸਾਧਨਾ ਵਿਚ ਸਮੋਇਆ ਹੈ। ਉਸ ਪਰੰਪਰਾ ਦਾ ਉਹ ਵਫ਼ਾਦਾਰ ਵਾਰਿਸ ਤੇ ਅਲਮਬਰਦਾਰ ਹੈ । ਉਸ ਦੀਆਂ ਬਹਿਰਾਂ, ਸ਼ਬਦਾਂ ਦੀ ਚੋਣ ਤੇ ਬੀੜ ਪੂਰੀ ਤਰ੍ਹਾਂ ਪੰਜਾਬੀ ਮੁਹਾਂਦਰੇ ਵਾਲੀ ਹੈ ਤੇ ਸ਼ਬਦ 'ਪਿੰਡ' ਸਿਰਫ਼ ਉਸ ਦੀ ਕਿਤਾਬ ਦੇ ਨਾਮ ਵਿਚ ਸ਼ਾਮਿਲ ਨਹੀਂ ਸਾਰੀ ਕਿਤਾਬ ਵਿਚ ਹੀ ਕਿਤੇ ਪ੍ਰਗਟ ਤੇ ਕਿਤੇ ਅਪ੍ਰਗਟ ਰੂਪ ਵਿਚ ਰਚਿਆ ਹੋਇਆ ਹੈ । ਪਿੰਡ ਸ਼ਬਦ ਪੰਜਾਬੀ ਗ਼ਜ਼ਲ ਲਈ ਨਵਾਂ ਨਹੀਂ, ਪਰ ਇਸ ਸ਼ਬਦ ਤੇ ਇਸ ਨਾਲ ਜੁੜੇ ਹਵਾਲਿਆਂ ਦੀ ਏਨੀ ਸੰਘਣੀ ਵਰਤੋਂ ਕਿਸੇ ਹੋਰ ਦੀਆਂ ਗ਼ਜ਼ਲਾਂ ਵਿਚੋਂ ਮਿਲਣੀ ਮੁਸ਼ਕਲ ਹੈ । ਉਸ ਦੀ ਕੋਈ ਵਿਰਲੀ ਗ਼ਜ਼ਲ ਹੀ ਫ਼ਸਲਾਂ ਜਾਂ ਪਿੰਡ ਤੋਂ ਵਿਰਵੀ ਹੈ । ਕੋਈ ਕੋਈ ਗ਼ਜ਼ਲ ਤਾਂ ਸਾਰੀ ਦੀ ਸਾਰੀ ਪਿੰਡ ਦੀ ਕਿਸੇ ਇਕ ਸਥਿਤੀ ਦਾ ਵਰਨਣ ਹੈ ਜਿਵੇਂ :
ਅੰਬਰ ਦੇ ਵਿਚ ਬਿਜਲੀ ਕੜਕੇ ਲਿਸ਼ਕੇ ਚਮਕ ਡਰਾਵੇ।
ਬਾਹਰ ਖਲੋਤੀਆਂ ਪੱਕੀਆਂ ਕਣਕਾਂ ਜਾਨ ਨਿਕਲਦੀ ਜਾਵੇ।
ਲਿਸ਼ਕ ਚਾਨਣੀ ਮਾਰ ਗਈ ਹੈ ਲਹਿ-ਲਹਿਰਾਉਂਦੇ ਛੋਲੇ,
ਦਾਣਿਆਂ ਦੀ ਥਾਂ ਘਰ ਵਿਚ ਆਏ ਹਾਉਕੇ ਹੰਝੂ ਹਾਵੇ।
ਸਾਡੇ ਪਿੰਡ ਤਾਂ ਫੂਹੜੀ ਵਿਛ ਗਈ ਗੜ੍ਹੇਮਾਰ ਦੇ ਮਗਰੋਂ,
ਸ਼ਹਿਰਾਂ ਦੇ ਵਿਚ ਲਾਊਡ ਸਪੀਕਰ ਉੱਚੀ ਉੱਚੀ ਗਾਵੇ।
ਕੱਚੇ ਘਰ ਪਾਣੀ ਵਿਚ ਡੁੱਬੇ ਖੁਰਦੀਆਂ ਜਾਵਣ ਕੰਧਾਂ,
ਉੱਚੇ ਪੱਕੇ ਘਰ ਦੇ ਵਿਹੜੇ ਚਿੜੀ ਰੇਤ ਵਿਚ ਨ੍ਹਾਵੇ।
ਚਾਰ ਚੁਫ਼ੇਰੇ ਚਿੱਕੜ ਖੋਭਾ ਗੋਡੇ ਗੋਡੇ ਪਾਣੀ,
ਸਾਡੀ ਖ਼ਬਰ-ਸਾਰ ਨੂੰ ਕਿੱਦਾਂ ਪਤਵੰਤਾ ਕੋਈ ਆਵੇ।
ਲਹਿਣੇਦਾਰ ਆਵਾਜ਼ਾਂ ਮਾਰਨ ਬੂਹੇ ਨੂੰ ਖੜਕਾ ਕੇ,
ਖ਼ਾਲੀ ਜੇਬ ਹੁੰਗਾਰਾ ਭਰਨੋਂ ਵੀ ਕੰਨੀ ਕਤਰਾਵੇ।
ਠੰਢਾ ਚੁੱਲ੍ਹਾ ਖਾਲੀ ਬੋਰੀ ਸੱਖਣੇ ਪੀਪੇ ਰੋਂਦੇ,
ਵੇਖ ਭੜੋਲੀਆਂ ਖ਼ਾਲੀ-ਖ਼ਾਲੀ ਸਾਹ-ਸਤ ਮੁੱਕਦਾ ਜਾਵੇ।
ਗੁਰਭਜਨ ਗਿੱਲ ਦੀ ਪੰਜਾਬੀ ਗ਼ਜ਼ਲ ਦੇ ਪਿੰਡ-ਪਰਾਣ ਨੂੰ ਪੰਜਾਬੀਪਨ ਦਾ ਜਾਮਾ ਪਹਿਨਾਉਣ ਦੀ ਕੋਸ਼ਿਸ਼ ਬੜੀ ਉੱਘੜਵੀਂ ਤੇ ਮੁੱਲਵਾਨ ਹੈ।
ਪਰੰਪਰਾ ਨੂੰ ਅੰਦਰ ਸਮੋਣ ਦੇ ਸਿਲਸਿਲੇ ਵਿਚ ਹੀ ਇਕ ਗੱਲ ਹੋਰ ਦੇਖਣਯੋਗ ਹੈ ਕਿ ਗੁਰਭਜਨ ਗਿੱਲ ਨੇ ਲਗਪਗ ਉਨ੍ਹਾਂ ਸਾਰੇ ਵਿਸ਼ਿਆਂ ਤੇ ਸਾਰੇ ਸਰੋਕਾਰਾਂ ਨੂੰ ਛੋਹਿਆ ਹੈ ਜਿਹੜੇ ਆਧੁਨਿਕ ਹਨ ।
ਨਕਸਲਬਾੜੀ ਲਹਿਰ ਦਾ ਉਤਰਾਅ, ਆਪਣੀ ਦੁਚਿੱਤੀ, ਆਪਣੀ ਨਿਕਰਮਤਾ ਦਾ ਇਕਬਾਲ, ਆਪਣੀ ਸੁਰੱਖਿਆ ਦੀ ਇੱਛਾ ਕਾਰਨ ਆਪਣੇ ਅੰਦਰੋਂ ਬਿਨਸ ਰਹੇ ਵਿਦਰੋਹ ਦਾ ਖ਼ਿਆਲ, ਮੁੜ ਆਇਆਂ ਨੂੰ ਮਿਹਣਾ, ਆਤਮਗਿਲਾਨੀ, ਟੇਰਿਆਂ ਪ੍ਰਤੀ ਗੁੱਸਾ ਤੇ ਕਿਰਤੀ-ਪੁੱਤਾਂ ਨਾਲ ਮੋਹ ਅਤੇ ਇਕ ਉਮੀਦ ਲਗਪਗ ਸਾਰੇ ਸਰੋਕਾਰ ਉਸ ਨੇ ਅਪਣਾਏ ਹਨ । ਇਹ ਉਸ ਦੀ ਜਾਗਰੂਕਤਾ ਦੇ ਉਸ ਦੀ ਗ੍ਰਹਿਣਸ਼ੀਲ ਸੰਵੇਦਨਾ ਦੀ ਵੱਡੀ ਗਵਾਹੀ ਹੈ ।
ਗੁਰਭਜਨ ਗਿੱਲ ਦੀ ਗ਼ਜ਼ਲ, ਤਰਾਸ਼ੀ ਹੋਈ, ਸਲੀਕੇ ਵਾਲੀ, ਸੰਤੁਲਿਤ ਗ਼ਜ਼ਲ ਹੈ। ਉਸ ਵਿਚ ਅੰਤਰਮੁਖੀ ਉਲਾਰ ਜਾਂ ਬੇਮੁਹਾਰਾ ਵਹਾਅ ਨਹੀਂ । ਇਹ ਉਸ ਦਾ ਗੁਣ ਹੈ ਪਰ ਕਿਤੇ ਕਿਤੇ ਇਹ ਗੱਲ ਇਕ ਸੀਮਾ ਵੀ ਬਣ ਜਾਂਦੀ ਹੈ ਕਿਉਂਕਿ ਇਹ ਉਸ ਦੀ ਗ਼ਜ਼ਲ ਨੂੰ ਆਪ ਮੁਹਾਰੀ ਬਣਨ ਤੋਂ ਆਪਣੇ ਆਪ ਦੀਆਂ ਹਨ੍ਹੇਰੀਆਂ ਗਹਿਰਾਈਆਂ ਵਿਚ ਜਾਣ ਵੱਲੋਂ ਤੇ ਸਰਲਤਾ ਅਪਣਾਉਣ ਤੋਂ ਵਰਜੀ ਰੱਖਦੀ ਹੈ ।
ਇਸ ਲਈ ਜਿੱਥੇ ਕਿਤੇ ਗੁਰਭਜਨ ਗਿੱਲ ਨੇ ਸਿੱਕੇਬੰਦ ਸਲੀਕੇ ਨੂੰ ਛੱਡ ਕੇ ਆਪਣੇ ਆਪ ਦੀ ਮੁਹਾਰ ਨੂੰ ਜ਼ਰਾ ਢਿੱਲੀ ਛੱਡਿਆ ਹੈ, ਉਥੇ ਉਹ ਮੈਨੂੰ ਵਧੇਰੇ ਪ੍ਰਭਾਵਸ਼ਾਲੀ ਜਾਪਿਆ ਹੈ :
ਅੰਨ੍ਹੀ ਬੋਲੀ ਰਾਤ ਹਨੇਰੀ ਰਹਿਣ ਦਿਉ।
ਕਾਲਖ਼ ਦੇ ਦਰਿਆ ਨੂੰ ਏਦਾਂ ਵਹਿਣ ਦਿਉ।
ਏਸ ਨਮੋਸ਼ੀ ਨੂੰ ਵੀ ਜੀਣਾ ਚਾਹੁੰਦਾ ਹਾਂ,
ਮੈਨੂੰ ਮੇਰਾ ਹਿੱਸਾ ਆਪੇ ਸਹਿਣ ਦਿਉ।
ਕਿੱਥੋਂ ਕਿੱਥੋਂ ਗਰਕਦਿਆਂ ਨੂੰ ਰੋਕੋਗੇ,
ਜੋ ਢਹਿੰਦਾ ਹੈ ਉਹਨੂੰ ਤਾਂ ਬੱਸ ਢਹਿਣ ਦਿਉ।
ਫ਼ਿਰ ਆਖੋਗੇ ਸਿਲ-ਪੱਥਰ ਹੈ ਕੂੰਦਾ ਨਹੀਂ,
ਮੈਨੂੰ ਅਪਣੀ ਦਰਦ-ਕਹਾਣੀ ਕਹਿਣ ਦਿਉ।
ਨਹਿਰਾਂ ਸੂਏ ਖਾਲ ਤੁਹਾਡੇ ਨੌਕਰ ਨੇ,
ਮੇਰਾ ਇਕ ਦਰਿਆ ਤਾਂ ਵਗਦਾ ਰਹਿਣ ਦਿਉ।
ਹੌਲੀ ਹੌਲੀ ਇਕ ਦਿਨ ਆਪੇ ਨਿੱਤਰੇਗਾ,
ਮਿੱਟੀ ਰੰਗੇ ਪਾਣੀ ਨੂੰ ਹੁਣ ਬਹਿਣ ਦਿਉ।
ਜਗਦਾ ਬੁਝਦਾ ਜੰਗਲ ਹੈ ਇਹ ਆਸਾਂ ਦਾ,
ਦਿਨ ਚੜ੍ਹਦੇ ਤਕ ਬਾਸਾਂ ਨੂੰ ਇੰਞ ਖਹਿਣ ਦਿਉ।
ਸ਼ਾਇਦ ਕੁਝ ਲੋਕਾਂ ਨੂੰ ਇਸ ਗ਼ਜ਼ਲ ਦੀ ਭਾਵਨਾ ਨਾਂਹ-ਮੁਖੀ ਤੇ ਨਿਰਾਸ਼ਾਵਾਦੀ ਲੱਗੇ, ਪਰ ਮੈਂ ਇਸ ਪੱਖ ਦਾ ਧਾਰਨੀ ਹਾਂ ਕਿ ਝੂਠੀ ਜਾਂ ਪੇਤਲੀ ਆਸ਼ਾ ਨਾਲੋਂ ਸੱਚੀ ਨਿਰਾਸ਼ਾ ਬਿਹਤਰ ਹੁੰਦੀ ਹੈ ਕਿਉਕਿ ਉਹ ਸਾਡੀ ਸੋਚ ਤੇ ਸਾਡੇ ਅਮਲ ਨੂੰ ਠੋਸ ਧਰਾਤਲ ਦਿੰਦੀ ਹੈ।
ਸਾਨੂੰ ਵਧੇਰੇ ਯਥਾਰਥਵਾਦੀ ਤੇ ਵਧੇਰੇ ਦ੍ਰਿੜ ਬਣਾਉਂਦੀ ਹੈ । ਨਿਰਾਸ਼ਾ ਦੀਆਂ ਜੜ੍ਹਾਂ
ਤਕ ਪਹੁੰਚਣਾ ਹੀ ਨਿਰਾਸ਼ਾ ਤੋਂ ਮੁਕਤ ਹੋਣ ਦੀ ਪਹਿਲੀ ਅਵਸਥਾ ਹੈ । ਨਿਰਾਸ਼ਾ ਨੂੰ ਢੱਕਣਾ, ਉਸ ਉਤੇ ਝੂਠੀ ਆਸ ਦੇ ਪਰਦੇ ਪਾਉਣੇ ਤਾਂ ਟੋਏ ਉਤੇ ਸਰਕੜਾ ਵਿਛਾਉਣ ਵਰਗਾ ਕੰਮ ਹੈ।
ਗੁਰਭਜਨ ਗਿੱਲ ਦਾ ਇਕ ਹੋਰ ਹਾਂ-ਮੁਖੀ ਪਹਿਲੂ ਇਹ ਹੈ ਉਸ ਦੀਆਂ ਕਾਫ਼ੀ ਗ਼ਜ਼ਲਾਂ ਇਕਾਗਰ ਗ਼ਜ਼ਲਾਂ ਹਨ । ਉਨ੍ਹਾਂ ਵਿਚਲੇ ਸ਼ਿਅਰਾਂ ਦੀ ਆਪਸੀ ਸਾਂਝ ਕੇਵਲ ਬਹਿਰ ਵਜ਼ਨ ਜਾਂ ਕਾਫ਼ੀਏ ਰਦੀਫ਼ ਦੀ ਨਹੀਂ, ਸਗੋਂ ਵਿਸ਼ੇ ਦੀ ਵੀ ਹੁੰਦੀ ਹੈ । ਗ਼ਜ਼ਲ ਦੀ ਇਕਾਗਰਤਾ ਉਸ ਦੀ ਕਾਵਿਕ ਹੂਕ ਨਜ਼ਮ ਦੇ ਕੋਲ ਲੈ ਜਾਂਦੀ ਹੈ । ਉਸ ਦੀ ਗ਼ਜ਼ਲ ਦਾ ਅਗਲਾ ਸ਼ਿਅਰ ਪਹਿਲੇ ਸ਼ਿਅਰ ਦੇ ਪ੍ਰਭਾਵ ਨੂੰ ਡੂੰਘਾ ਬੇਸ਼ੱਕ ਨਾ ਕਰੋ, ਉਸ ਨੂੰ ਖੰਡਿਤ ਨਹੀਂ ਕਰਦਾ। ਇਸ ਨੂੰ ਦੂਜੇ ਸ਼ਬਦਾਂ ਵਿਚ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਉਸ ਦੀਆਂ ਗ਼ਜ਼ਲਾਂ ਦੇ ਸ਼ਿਅਰਾਂ ਦਾ ਆਪਸੀ ਸੰਬੰਧ ਗਗਨ-ਮੁਖੀ ਹੋਣ ਦੀ ਥਾਂ ਦੋਮੇਲ-ਮੁਖੀ ਹੈ । ਉਸ ਦੇ ਸ਼ਿਅਰ ਉਪਰ ਚੜ੍ਹਦੇ ਜਾਂ ਹੇਠ ਆਉਂਦੇ ਪੌਡਿਆਂ ਵਾਂਗ ਨਹੀਂ ,ਸਮਾਨੰਤਰ ਰੇਖਾਵਾਂ ਵਾਂਗ ਹਨ ।
ਇਨਾਂ ਦਿਨਾਂ ਵਿਚ ਗ਼ਜ਼ਲ ਸ਼ਬਦ ਆਮ ਮੱਧ-ਵਰਗੀ ਪੰਜਾਬੀ ਘਰਾਂ ਲਈ ਓਪਰਾ ਨਹੀਂ ਰਿਹਾ। ਇਸ ਨੂੰ ਲੋਕ-ਪ੍ਰਿਯ ਬਣਾਉਣ ਵਿਚ ਉਰਦੂ ਗ਼ਜ਼ਲਾਂ ਦੀਆਂ ਕੈਸਟਾਂ ਦਾ ਵਿਸ਼ੇਸ਼ ਹੱਥ ਹੈ । ਗ਼ਜ਼ਲਾਂ ਸੁਣੀਆਂ ਜਾਂਦੀਆਂ ਹਨ, ਪੜ੍ਹੀਆਂ ਨਹੀਂ ਜਾਂਦੀਆਂ । ਪੰਜਾਬੀ ਗ਼ਜ਼ਲ ਨੂੰ ਅਜੇ ਤੱਕ ਇਸ ਦਾ ਚੰਗਾ ਗਾਇਕ ਨਹੀਂ ਮਿਲਿਆ । ਇਸ ਲਈ ਪੰਜਾਬੀ ਸੰਗੀਤ ਵਿਚ ਇਸ ਦਾ ਵਿਸ਼ੇਸ਼ ਥਾਂ ਨਹੀਂ ਬਣਿਆ ਜਦ ਕਿ ਪੰਜਾਬੀ ਸਾਹਿਤ ਵਿਚ ਇਸ ਦਾ ਜ਼ਿਕਰਯੋਗ ਥਾਂ ਹੈ । ਪੰਜਾਬੀ ਸੰਗੀਤ ਲੋਕ-ਧੁਨਾਂ ਅਤੇ ਰਾਗ ਆਧਾਰਿਤ ਗੁਰਬਾਣੀ ਕੀਰਤਨ ਦੇ ਦੋ ਦੁਫਾੜ ਦੁਰਾਡੇ ਸਿਰਿਆਂ ਤੇ ਸੁਭਾਇਮਾਨ ਹੈ ਅਤੇ ਇਸ ਦੀ ਵਿਚਕਾਰਲੀ ਵਿੱਥ ਨੂੰ ਭਰਨ ਲਈ ਗੰਭੀਰ ਗੀਤਾਂ ਤੇ ਗ਼ਜ਼ਲਾਂ ਦੇ
ਗਾਇਨ ਦੀ ਸਖ਼ਤ ਲੋੜ ਹੈ ।
ਇਸ ਨਾਲ ਪੰਜਾਬੀ ਮਾਨਸਿਕਤਾ ਦੁਫਾੜ ਤੋਂ ਮੁਕਤ ਹੋ ਸਕਦੀ ਹੈ । ਗੁਰਭਜਨ ਦੀਆਂ ਗ਼ਜ਼ਲਾਂ ਕਿਤੇ ਕਿਤੇ ਲੋਕ -ਗੀਤਕ ਵਾਕੰਸ਼ਾਂ ਨੂੰ ਅਪਣਾ ਕੇ ਮਿੱਸਾ ਰੂਪ ਉਸਾਰਨ ਦਾ ਯਤਨ ਕਰਦੀਆਂ ਹਨ । ਇਹ ਮਿਸ਼ਰਣ ਸੰਜੋਗ ਬਣ ਸਕਦਾ ਹੈ ਜਾਂ ਨਹੀਂ ਇਹ ਭਵਿੱਖ ਦੀ ਸਾਧਨਾ ਤੇ ਮਾਹੌਲ ਤੇ ਨਿਰਭਰ ਕਰਦਾ ਹੈ ।
ਜਦੋਂ ਤਕ ਪੰਜਾਬੀ ਗ਼ਜ਼ਲ ਇਕ ਕਾਵਿ-ਰੂਪ ਵਜੋਂ ਕਾਫ਼ੀ ਵਾਦ-ਵਿਵਾਦ ਵਿਚ ਸੀ ਹੋਈ ਹੈ, ਕਈ ਗੰਭੀਰ ਆਲੋਚਕ ਇਸ ਦੀ ਪ੍ਰਮਾਣਿਕਤਾ ਨੂੰ ਸੰਦੇਹ ਨਾਲ ਦੇਖਦੇ ਹਨ । ਗੁਰਭਜਨ ਗਿੱਲ ਦੇ ਨਿਰੋਲ ਗ਼ਜ਼ਲ-ਸੰਗ੍ਰਹਿ ਹਰ ਧੁਖਦਾ ਪਿੰਡ ਮੇਰਾ ਹੈ ਦਾ ਪ੍ਰਕਾਸ਼ਤ ਹੋਣਾ ਉਪਰੋਕਤ ਵਾਦ ਵਿਵਾਦ ਨੂੰ ਜ਼ਰਾ ਹੋਰ ਤਿੱਖਾ ਕਰੇਗਾ ਤੇ ਪੰਜਾਬੀ ਗ਼ਜ਼ਲ ਦੇ ਪੱਖ ਨੂੰ ਹੋਰ ਮਜ਼ਬੂਤ ਕਰੇਗਾ।
ਇਸ ਸੰਗ੍ਰਹਿ ਪ੍ਰਤੀ ਪਾਠਕਾਂ ਤੇ ਆਲੋਚਕਾਂ ਦਾ ਪ੍ਰਤੀਕਰਮ ਬੜਾ ਨਿੱਘਾ ਤੇ ਸਰਗਰਮ ਹੋਵੇਗਾ, ਇਸ ਗੱਲ ਦੀ ਮੈਨੂੰ ਸਿਰਫ਼ ਇੱਛਾ ਹੀ ਨਹੀਂ, ਪੱਕੀ ਉਮੀਦ ਵੀ ਹੈ ।
ਸੁਰਜੀਤ ਪਾਤਰ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਅਗਨ ਕਥਾ ਬਾਰੇ ਗੱਲ ਕਰਦਿਆਂ : (ਡਾ.) ਸੁਤਿੰਦਰ ਸਿੰਘ ਨੂਰ
ਗੁਰਭਜਨ ਗਿੱਲ ਦੇ ਕਾਵਿ-ਸੰਗ੍ਰਹਿ ਅਗਨ ਕਥਾ ਬਾਰੇ ਮੈਂ ਉਸਦੀ ਕਵਿਤਾ ਗੁਬਾਰੇ
ਵੇਚਦਾ ਬੱਚਾ ਤੋਂ ਗੱਲ ਸ਼ੁਰੂ ਕਰਨਾ ਚਾਹੁੰਦਾ ਹਾਂ। ਇਸ ਕਵਿਤਾ ਤੋਂ ਹੀ ਉਸਦੇ ਇਸ
ਕਾਵਿ ਸਮਗਰਹਿ ਵਿਚ ਫੈਲਣਾ ਚਾਹੁੰਦਾ ਹਾਂ :
ਗਲੀ ਵਿਚ ਗੁਬਾਰੇ ਵੇਚਦੇ,
ਬੱਚੇ ਦਾ ਹੋਕਾ ਸੁਣੋ ।
ਇਹ ਗੁਬਾਰੇ ਨਹੀਂ,
ਸੁਪਨੇ ਵੇਚਦਾ ਹੈ ।
ਨਿੱਕੇ ਨਿੱਕੇ ਸੂਰਜ,
ਗਲੀਉ ਗਲੀ,
ਸੂਰਜ ਲਈ ਫਿਰਦਾ ਹੈ ।
ਵਣਜ ਕਰਦਾ ।
ਇਨ੍ਹਾਂ ਰੰਗ ਬਰੰਗੇ ਸੂਰਜਾਂ ਨਾਲ,
ਤੁਸੀਂ ਭਾਵੇਂ ਘਰ ਤਾਂ ਨਹੀਂ ਰੁਸ਼ਨਾ ਸਕਦੇ ।
ਪਰ ਸੁਪਨੇ ਵਿਹਾਜ ਸਕਦੇ ਹੋ ।
ਸੁਪਨੇ ਖਰੀਦੋ।
ਸੁਪਨੇ ਵਿਹਾਜਣਾ ਸ਼ੁਭ ਸ਼ਗਨ ਹੈ ।
ਗੁਬਾਰੇ ਵੇਚਦੇ ਬੱਚੇ ਦੀਆਂ,
ਅੱਖਾਂ ਵਿਚ ਦੇਖੋ।
ਹਰ ਗੁਬਾਰੇ ਦਾ ਰੰਗ,
ਉਸ ਵਿਚ ਡਲ੍ਹਕਦਾ ਹੈ
ਇਹ ਗੁਬਾਰੇ ਨਹੀਂ,
ਸੁਪਨੇ ਵੇਚਦਾ ਹੈ ।
ਮੈਨੂੰ ਇਹ ਕਵਿਤਾ ਇਸ ਸੰਗ੍ਰਹਿ ਦੀ ਕੇਂਦਰੀ ਕਵਿਤਾ ਵੀ ਲੱਗਦੀ ਹੈ ਤੇ ਸ਼੍ਰੇਸ਼ਟ ਵੀ ।
ਇਸ ਕਵਿਤਾ ਕੋਲ ਗੁਰਭਜਨ ਗਿੱਲ ਦੀ ਕਵਿਤਾ ਦਾ ਕਿੰਨਾ ਕੁਝ ਸਾਂਭਿਆ ਹੋਇਆ ਹੈ ।
ਉਸ ਦੀ ਕਾਵਿ ਵਿਧੀ ਦੀਆਂ ਵੀ ਕਈ ਗੱਲਾਂ, ਉਸਦਾ ਸੰਬੋਧਨ, ਸੰਦੇਸ਼ ਤੇ ਸੰਚਾਰ ਵੀ । ਉਸ
ਦੀ ਕਵਿਤਾ ਦਾ ਮੂਲ ਚਿਹਨ ਸੁਪਨਾ ਵੀ ਇਸ ਕਵਿਤਾ ਵਿਚ ਪਰਿਭਾਸ਼ਤ ਹੋ ਗਿਆ ਹੈ ।
ਉਸਦੀ ਸਮੁੱਚੀ ਕਵਿਤਾ ਯਥਾਰਥ ਤੇ ਸੁਪਨੇ ਵਿਚ ਤਣਾਉ ਹੈ । ਯਥਾਰਥ ਨੂੰ ਉਹ ਬਹੁਤ
ਕੌੜੇ ਰੂਪ ਵਿਚ, ਉੱਚੀ ਆਵਾਜ਼ ਵਿਚ, ਦੁਹਰਾਉ ਦੀ ਹੱਦ ਤੱਕ ਪੇਸ਼ ਕਰਦਾ ਹੈ । ਉਸਦੀ
ਲੰਮੀ ਕਵਿਤਾ ਅਗਨ ਕਥਾ, ਸ਼ਹਿਰਾਂ ਵਿਚ ਗੁਆਚ ਗਏ ਹਾਂ, ਹੁਣ ਨਾ ਹੋਰ ਪੰਘੂੜੇ ਉੱਜੜਣ
ਤੇ ਹੋਰ ਕਈ ਕਵਿਤਾਵਾਂ ਗ਼ਜ਼ਲਾਂ ਦੇ ਕਈ ਸ਼ਿਅਰ ਇਸ ਯਥਾਰਥ ਨਾਲ ਸਬੰਧਤ ਹਨ ।
ਉਦਾਹਰਣ ਦੇ ਤੌਰ ਤੇ ਉਸਦੀ ਕਵਿਤਾ ਵਿਚ ਅਜਿਹਾ ਪ੍ਰਗਟਾਅ :
ਇਹ ਕੇਹੀ ਰੁੱਤ ਆਈ ਸਾੜਨ ਲੱਗੇ ਰੁੱਖ ਤੇ ਛਾਵਾਂ ।
ਦੋਧੀ ਦੰਦੀ ਬਾਲ ਸਹਿਕਦੇ ਹੰਝੂ ਡੁੱਬੀਆਂ ਮਾਵਾਂ ।
ਖੜ੍ਹੇ ਖਲੋਤੇ ਪੁੱਤਰ ਖਾ ਲਏ ਆਦਮ ਖੋਰ ਹਵਾਵਾਂ।
ਨੇਰ੍ਹੇ ਦੇ ਵਿਚ ਸਾਥ ਨਾ ਦੇਵੇ ਹੁਣ ਸਾਨੂੰ ਪਰਛਾਵਾਂ ।
ਇਹ ਯਥਾਰਥ ਕਿਤੇ ਪੰਜਾਬ ਦੇ ਸੰਕਟ ਨਾਲ ਸਬੰਧਤ ਹੈ, ਕਿਤੇ ਸਭਿਆਚਾਰਕ ਸੰਕਟ ਨਾਲ
ਤੇ ਕਿਤੇ ਹੋਰ ਸਥਿਤੀਆਂ ਨਾਲ ਪਰ ਇਸਦਾ ਤਣਾਉ ਸੁਪਨੇ ਨਾਲ ਹੈ, ਇਸ ਲਈ ਬਾਰ ਬਾਰ
ਸੁਪਨੇ ਨਾਲ ਜੋੜਦਾ ਹੈ :
0 ਲੜਨਾ ਹੈ ਉਸ ਦੇ ਖਿਲਾਫ਼
ਜਿਨ੍ਹਾਂ ਨੇ ਸੁਪਨਿਆਂ ਦਾ ਵਣਜ ਕਰਨ ਦੇ ਬਹਾਨੇ
ਤੂਤ ਦੀ ਲਗਰ ਵਰਗੇ ਮੁੰਡਿਆਂ ਦੇ ਹੱਥੀਂ ਹਥਿਆਰ ਫੜਾਏ
0 ਸੁਪਨੇ ਸੰਸਕਾਰ ਸਦਾਚਾਰ ਤੇ ਸਭਿਆਚਾਰ
0 ਸਰਦ ਸੁਪਨਿਆਂ ਨੂੰ ਧੁੱਪ ਦਾ ਅਹਿਸਾਸ ਕਰਾਉਣਾ ਹੈ।
0 ਕੈਂਠੇ ਵਾਲਾ ਪ੍ਰਾਹੁਣਾ ਬਣਨ ਦਾ ਹੁਸੀਨ ਸੁਪਨਾ ਸੀ
0 ਸਾਡੇ ਸੁਪਨੇ ਗੁਆਚ ਗਏ।
0 ਜਿੰਦੇ ਸੁਪਨੇ 'ਚ ਕੀ ਕੀਤਾ
0 ਸੁਪਨਿਆਂ ਦੀ ਫ਼ਸਲ
ਝੋਨੇ ਦੀਆਂ ਮੁੰਜਰਾਂ ਫੰਡਣ ਵਾਂਗ
ਝੜੀ ਜਾ ਰਹੀ ਹੈ
0 ਸੁਪਨਿਆਂ ਦੀ ਨਗਰੀ ਵਿਚ
0 ਸੁਪਨਿਆਂ ਦੇ ਅੱਥਰੇ ਅਮੋੜ ਘੋੜੇ ਨੂੰ
0 ਰੰਗ ਬਰੰਗੇ ਸੁਪਨੇ ਖਰ੍ਹਵੀ ਤਲਖ ਹਕੀਕਤ
0 ਨਿੱਕੇ ਪਿੰਡ ਵਿਚ ਜੰਮਿਆ ਜਾਇਆ ਵੱਡਾ ਸੁਪਨਾ
0 ਸੁਪਨਾ ਕਾਲਜ ਵਾਲਾ ਲੀਤਾ
0 ਕੀ ਸੁਪਨੇ ਨੇ ਕੀ ਗ਼ਰਜ਼ਾਂ ਨੇ ।
0 ਇਸ ਚੁੱਪ ਪਿੱਛੇ ਅਧਮੋਏ ਸੁਪਨੇ ਤੇ ਰੀਝਾਂ
0 ਤੂੰ ਸੁਪਨਾ ਬਣਕੇ ਆ
0 ਮੈਂ ਜਿਹੜਾ ਸੁਪਨਿਆਂ ਵਿਚ ਸਾਜਿਆ ਸੰਸਾਰ ਕਿੱਥੇ ਹੈ
0 ਸਣੇ ਮਲਾਹਾਂ ਡੁੱਬ ਗਏ ਸੁਪਨੇ ਅੱਧ ਵਿਚਕਾਰੇ ਬੇੜੀ ਦੇ
0 ਅੱਖਾਂ ਵਿਚੋਂ ਨੀਂਦਰਾਂ ਤੇ ਖ਼ਵਾਬ ਰੁੱਸ ਗਏ ਨੇ
0 ਉਹ ਤਾਂ ਸੀ ਇਕ ਖ਼ਵਾਬ ਰਾਤੀਂ ਆਇਆ ਆ ਕੇ ਤੁਰ ਗਿਆ
0 ਮੈਂ ਹੁਣੇ ਜੋ ਲਾਕੇ ਹਟਿਆਂ ਸੁਪਨਿਆਂ ਦੀ ਸਬਜ਼ ਡਾਲ
ਗੁਰਭਜਨ ਦੀ ਕਵਿਤਾ ਦੀ ਟੈਕਸਟ ’ਚੋਂ ਇਹ ਵਿਸਥਾਰ ਮੈਂ ਇਸ ਲਈ ਕੀਤਾ ਹੈ
ਤਾਕਿ ਉਸਦੀ ਕਵਿਤਾ ਦੇ ਅਵਚੇਤਨ ਦਾ ਅਨੁਮਾਨ ਲਾਇਆ ਜਾ ਸਕੇ । ਬਾਰ ਬਾਰ ਇਹ
ਚਿਹਨ ਕਿਉਂ ਜਾਗਦਾ ਤੇ ਫ਼ੈਲਦਾ ਹੈ । ਉਹ ਗੁਬਾਰੇ ਵੇਚਦਾ ਬਾਲ ਕਿਤੇ ਉਸਦੇ ਆਪਣੇ
ਅੰਦਰ ਵੀ ਹੈ, ਇਸ ਲਈ ਉਹ ਉਨ੍ਹਾਂ ਸੁਪਨਿਆਂ ਦੇ ਸੰਚਾਰ ਨਾਲ ਬਾਰ ਬਾਰ ਜੁੜਦਾ ਹੈ ।
ਸੁਪਨਿਆਂ ਦੀਆਂ ਉਹ ਕਈ ਪਰਤਾਂ ਪੇਸ਼ ਕਰਦਾ ਹੈ । ਉਸ ਦੀ ਕਲਪਨਾ ਸੁਪਨਿਆਂ ਦੇ
ਉਨਾਂ ਰੰਗਾਂ ਨਾਲ ਸਬੰਧਤ ਹੈ । ਉਹ ਅੰਦਰ ਸਾਂਭਿਆ ਬਾਲ ਮਨ ਬਾਰ ਬਾਰ ਮਾਂ ਦੀ ਮਮਤਾ
ਨੂੰ ਯਾਦ ਕਰਦਾ ਹੈ । ਮਾਂ ਉਸ ਦੀ ਕਵਿਤਾ ਦਾ ਦੂਜਾ ਮੁੱਖ ਚਿਹਨ ਹੈ, ਜਿਸ ਨਾਲ ਸਮਾਜ
ਤੇ ਸਭਿਆਚਾਰ ਦੀਆਂ ਆਦਰਸ਼ਕ ਕੀਮਤਾਂ ਜੁੜੀਆਂ ਹੋਈਆਂ ਹਨ । ਉਹ ਕਵਿਤਾ ਮਾਂ ਦਾ
ਸਫ਼ਰ ਵਿਚ ਇਸ ਚਿਹਨ ਦੇ ਮੂਲ ਨੂੰ ਸਿਮ੍ਰਤੀ ਨਾਲ ਸਬੰਧਤ ਹੋਕੇ ਪੇਸ਼ ਕਰਦਾ ਹੈ :
ਮਾਂ ਦੀ ਇੱਛਆ ਮੂਜਬ ਚੱਲਦੇ,
ਘਰ ਦੇ ਕਾਰੋਬਾਰੀ ਪਹੀਏ ।
ਜੇ ਚਾਹੁੰਦੀ ਤਾਂ ਅੱਗੇ ਰਿੜ੍ਹਦੇ,
ਨਾ ਚਾਹੁੰਦੀ ਤਾਂ ਰੁਕ ਜਾਂਦੇ ਸਨ ।
ਇਕ ਵੀ ਕਦਮ ਅਗਾਂਹ ਨਾ ਗਿੜਦੇ ।
ਕਵਿਤਾ ਪੁੱਤਰ ਤਾਂ ਪਰਦੇਸ ਗਏ ਨੇ ਵਿਚ ਵੀ ਮਾਂ ਦੀ ਇਕੱਲਤਾ ਹੈ । ਇਹ ਚਿਹਨ
ਉਸਦੀ ਕਵਿਤਾ ਵਿਚ ਕਿਵੇਂ ਕਿਵੇਂ ਫੈਲਿਆ ਹੋਇਆ ਹੈ । ਉਸਦੀਆਂ ਕੁਝ ਉਦਾਹਰਣਾਂ ਹਨ :
0 ਕੀਰਨੇ ਸਨ ਦੁਹੱਥੜੀ ਪਿੱਟਦੀ ਧਰਤੀ ਮਾਂ ਦੇ
0 ਕਿਹੋ ਜਿਹਾ ਦਿਨ ਚੜ੍ਹਿਆ ਮਾਂ
0 ਮਾਂ ਦੀ ਗੋਦੀ ਬਾਲ ਅਲੂੰਆਂ ਬੈਠ ਕਲੋਲ ਕਰੇ
0 ਦੋਧੀ ਦੰਦੀ ਬਾਲ ਸਹਿਕਦੇ ਹੰਝੂ ਡੁੱਬੀਆਂ ਮਾਵਾਂ
0 ਹਮਸਾਇਆ ਹੈ ਫਿਰ ਵੀ ਆਪਣਾ ਮਾਂ ਜਾਇਆ ਹੈ
0 ਘਰ ਵਿਚ ਮਾਂ ਹੈ
ਬੈਠੀ ਰਹਿੰਦੀ ਕੱਲ ਮੁਕੱਲ੍ਹੀ
0 ਕਿਣਕਾ ਕਿਣਕਾ ਹੋ ਗਈ ਮਾਂ ਦੀ ਕਥਾ-ਕਹਾਣੀ
0 ਧਰਤੀ ਮਾਂ ਦਾ ਸਬਰ ਵੀ ਵੇਖੋ
0 ਆਪਣੇ ਘਰ ਵਿਚ ਬਣੀ ਓਪਰੀ
ਪੰਜ ਪੁੱਤਰਾਂ ਦੀ ਮਾਂ
0 ਮਾਂ ਪਿਉ ਜਾਏ ਮਾਰ ਮੁਕਾਏ
0 ਉਸ ਧਰਤੀ ਨੂੰ ਮਾਂ ਕਿੰਝ ਆਖਾਂ
0 ਮੇਰੀ ਮਾਂ ਭੁੱਲਦੀ ਨਹੀਂ ਅੱਧੀ ਸਦੀ ਪਹਿਲਾਂ ਦੀ ਬਾਤ
0 ਇੱਕੋ ਮਾਂ ਦੀ ਛਾਤੀ ਚੁੰਘਦੇ ਵੀਰਾਂ ਦੇ ਵਿਚਕਾਰ ਲਕੀਰ
0 ਮੇਰੇ ਨਾਲ ਨਾ ਬੋਲੇਂ ਤੂੰ, ਤੇਰੀ ਮੇਰੀ ਇਕੋ ਮਾਂ
0 ਮਾਂ ਦੀ ਹਿੱਕ ਤੇ ਖੋਭ ਰਿਹਾ ਏਂ ਸੂਹਾ ਖੰਜਰ
0 ਸਾਨੂੰ ਜਿਹੜੇ ਵੇਲੇ ਧਰਤੀ ਮਾਂ ਆਵਾਜ਼ ਦਏ ਅਸੀਂ ਪਹੁੰਚ ਗਏ
ਇਸ ਬਾਲ ਮਨ ਦਾ ਅਵਚੇਤਨ ਹੀ ਆਲੇ ਦੁਆਲੇ ਦੀ ਵਿਕ੍ਰਿਤੀ ਦੇਖ ਕੇ ਕ੍ਰਿਝਦਾ ਤੇ
ਕਈ ਵਾਰ ਉਸ ਗੁਸੈਲ ਭਾਸ਼ਾ ਵਿਚ ਵੀ ਬੋਲਦਾ ਹੈ ਜੋ ਕਾਵਿਕ ਨਹੀਂ ਹੁੰਦੀ। ਇਉਂ ਉਸਦੀ
ਕਵਿਤਾ ਵਿਚ ਭਾਸ਼ਾਈ ਤਣਾਉ ਵੀ ਹੈ, ਜਿਸਦਾ ਇਕ ਪੱਖ ਗ਼ਜ਼ਲਾਂ ਦੇ ਕੁਝ ਸ਼ਿਅਰਾਂ ਦੇ
ਸੌਂਦਰਯ ਵਿਚ ਉੱਘੜਦਾ ਹੈ :
0 ਵੇਖ ਲੈ ਮਾਰੂਥਲਾਂ ਵਿਚ ਘਿਰ ਗਿਆ,
ਜੋ ਲਗਾਉਂਦਾ ਸੀ ਹਵਾ ਵਿਚ ਤਾਰੀਆਂ ।
0 ਗੁਆਚਾ ਫਿਰ ਰਿਹਾਂ ਦੱਸੋ ਮੇਰਾ ਘਰ ਬਾਰ ਕਿੱਥੇ ਹੈ,
ਹੁਣੇ ਜੋ ਉੱਡਦੀ ਸੀ ਪੰਛੀਆਂ ਦੀ ਡਾਰ ਕਿੱਥੇ ਹੈ ।
0 ਘੁੱਗੀਆਂ ਮੋਰ ਦਸੂਤੀ ਚਾਦਰ ਮੁੜ ਏਹੋ ਆਖ ਰਹੇ,
ਤਰਸ ਗਏ ਹਾਂ ਤੇਰੀ ਛੋਹ ਨੂੰ ਐਵੇਂ ਚੱਲੇ ਹੰਢ ਓ ਯਾਰ ।
0 ਪੁਸਤਕ ਦੇ ਪੰਨਿਆਂ ਵਿਚ ਦੇ ਕੇ ਮਾਰੀ ਜੋ,
ਉਸ ਤਿੱਤਲੀ ਦਾ ਪੈਂਦਾ ਰੂਹ ਤੇ ਭਾਰ ਕਦੇ ।
0 ਸਿਰ ਦੀ ਚੁੰਨੀ ਲਾਸ਼ ਪੁੱਤਰ ਦੀ ਤੇ ਪਾ ਅੱਗੇ ਤੁਰੀ,
ਏਸ ਤੋਂ ਵਧ ਕੇ ਭਲਾ ਹੋਵੇਗੀ ਕਿਹੜੀ ਕਰਬਲਾ ।
ਉਸਦੀ ਕਾਵਿ-ਭਾਸ਼ਾ ਦੀ ਪਛਾਣ ਸ਼ਿਅਰਾਂ ਦੀ ਇਸ ਸਮਰਥਾ ਤੇ ਸੌਂਦਰਯ ਤੋਂ ਕੀਤੀ
ਜਾਣੀ ਚਾਹੀਦੀ ਹੈ ।
ਮੈਂ ਉਮੀਦ ਕਰਦਾ ਹਾਂ ਕਿ ਭਵਿੱਖ ਵਿਚ ਗੁਰਭਜਨ ਗਿੱਲ ਇਸ ਕਾਵਿ-ਯੋਗਤਾ ਨਾਲ
ਹੋਰ ਵੱਧ ਜੁੜਣ ਦਾ ਯਤਨ ਕਰੇਗਾ ।
(ਡਾ.) ਸੁਤਿੰਦਰ ਸਿੰਘ ਨੂਰ
ਪ੍ਰੋਫ਼ੈਸਰ
ਪੰਜਾਬੀ ਵਿਭਾਗ
ਦਿੱਲੀ ਯੂਨੀਵਰਸਿਟੀ, ਦਿੱਲੀ
ਅਗਨ ਕਥਾ : ਆਸ, ਅਰਦਾਸ ਤੇ ਸੰਘਰਸ਼ ਦੇ ਸੰਕਲਪ ਨੂੰ ਬਿਆਨਦੀ ਕਿਤਾਬ : ਸੁਰਜੀਤ ਪਾਤਰ
ਹਿੰਦੀ ਕਵੀ ਕੁਮਾਰ ਵਿਕਲ ਦੀਆਂ ਸਤਰਾਂ ਹਨ :
ਮੈਂ ਛੋਟੀਆਂ ਛੋਟੀਆਂ ਲੜਾਈਆਂ ਵਿਚ ਏਨਾ ਥੱਕ ਗਿਆ ਹਾਂ
ਕਿ ਕਿਸੇ ਵੱਡੀ ਲੜਾਈ ਦੇ ਕਾਬਿਲ ਨਹੀਂ ਰਿਹਾ
ਗੁਰਭਜਨ ਗਿੱਲ ਦੀ ਨਵੀਂ ਕਾਵਿ-ਪੁਸਤਕ ਕਿਸੇ ਵੱਡੀ ਲੜਾਈ ਲੜਨ ਦੀ ਲੋੜ ਦਾ
ਜ਼ੋਰਦਾਰ ਅਹਿਸਾਸ ਕਰਵਾਉਂਦੀ ਹੈ, ਜਿਹੜੀ ਲੜਾਈ ਅਨੇਕਾਂ ਮੁਹਾਜ਼ਾਂ ਉਤੇ ਗੁਪਤ ਪ੍ਰਗਟ
ਅਨੇਕਾ ਸੰਸਥਾਵਾਂ, ਵਿਅਕਤੀਆਂ, ਰੀਤਾਂ, ਰੁਚੀਆਂ ਤੇ ਬਿਰਤੀਆਂ ਦੇ ਖਿਲਾਫ਼ ਲੜੀ ਜਾਣੀ
ਹੈ ਆਰਥਿਕ ਸ਼ੋਸ਼ਨ ਦੇ ਖਿਲਾਫ਼, ਸਭਿਆਚਾਰਕ ਪ੍ਰਦੂਸ਼ਣ ਦੇ ਖਿਲਾਫ਼, ਕਾਲੇ ਹੁਕਮਾਂ ਦੇ
ਖਿਲਾਫ਼, ਸਾਰੇ ਨਿਜ਼ਾਮ ਦੇ ਖਿਲਾਫ਼, ਖੜੋਤ ਦੇ ਖਿਲਾਫ਼, ਨਸ਼ੀਲੇ ਪਦਾਰਥਾਂ ਤੇ ਜ਼ਹਿਰਾਂ ਦੇ
ਵਣਜਾਰਿਆਂ ਦੇ ਖਿਲਾਫ਼, ਬਿਜਲਈ ਸੰਚਾਰ ਮਾਧਿਅਮਾਂ ਰਾਹੀਂ ਸਾਡੇ ਘਰਾਂ ਵਿਚ ਨਿਰਵਸਤਰ
ਸਦਾਚਾਰ ਦੇ ਪਰਚਾਰ ਕਰਨ ਵਾਲੇ ਮੁਸ਼ਟੰਡਿਆਂ ਦੇ ਖਿਲਾਫ਼, ਟੂਣੇ ਟਾਮਣ ਜਾਦੂ ਤਵੀਤ
ਅੰਧਵਿਸ਼ਵਾਸ ਦੇ ਖਿਲਾਫ਼, ਗਫ਼ਲਤ ਤੇ ਨਾਲਾਇਕੀ ਦੇ ਖਿਲਾਫ਼, ਰੰਗ ਬਰੰਗੇ ਨਾਅਰਿਆਂ
ਦੇ ਗੁਬਾਰਿਆਂ ਦੇ ਖਿਲਾਫ਼, ਯੋਜਨਾ ਭਵਨਾਂ ਵਿਚ ਬੈਠੇ ਜੁਗਾੜ ਪੰਥੀਆਂ ਦੇ ਖਿਲਾਫ਼,
ਅਬਦਾਲੀਆਂ ਹਿਟਲਰਾਂ ਮਸੋਲੀਨੀਆਂ ਦੇ ਖਿਲਾਫ਼, ਉਸ ਧੌਲਦਾੜੀਏ ਟੋਲੇ ਦੇ ਖਿਲਾਫ਼
ਜਿਸਨੇ ਇਸ ਮਹਾਨ ਦੇਸ਼ ਨੂੰ ਇਕ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ, ਫ਼ੈਸ਼ਨ ਮੁਖੀ ਸਾਹਿਤਕ
ਵਾਦਾਂ ਦੇ ਖਿਲਾਫ਼, ਪਥਰੀਲੇ ਅਹਿਸਾਸਾਂ ਦੇ ਖਿਲਾਫ਼ । ਅਸੀਂ ਜ਼ਿੰਦਗੀ ਵਿਚ ਨਿੱਕੀਆਂ
ਨਿੱਕੀਆਂ ਲੜਾਈਆਂ ਵਿਚ ਇਉਂ ਗਲਤਾਨ ਰਹਿੰਦੇ ਹਾਂ ਕਿ ਉਪਰੋਕਤ ਦੁਸ਼ਮਣਾਂ ਦੇ
ਖਿਲਾਫ਼ ਲੋੜੀਂਦੇ ਅਸਲੀ ਮਾਨਵੀ ਯੁੱਧ ਨੂੰ ਵਿਸਾਰੀ ਹੀ ਰੱਖਦੇ ਹਾਂ । ਸਾਡੇ ਤਥਾ-ਕਥਿਤ
ਵਿਰੋਧੀਆਂ ਪਿੱਛੇ ਸਾਡੇ ਅਸਲੀ ਦੁਸ਼ਮਣ ਆਪਣੀ ਹੁਸ਼ਿਆਰੀ ਨਾਲ ਜਾਂ ਸਾਡੀ ਅਗਿਆਨਤਾ
ਕਾਰਨ ਛੁਪੇ ਰਹਿੰਦੇ ਹਨ ਤੇ ਅਸੀਂ ਆਪਣੇ ਦੋਸਤਾਂ ਜਾਂ ਆਪਣੇ ਪਰਛਾਵਿਆਂ ਨਾਲ ਲੜਦੇ
ਹੀ ਆਪਣਾ ਜੀਵਨ ਗੁਜ਼ਾਰ ਦਿੰਦੇ ਹਾਂ । ਕਈ ਵਾਰ ਅਸਲੀ ਦੁਸ਼ਮਣ ਸਾਡੇ ਆਪਣੇ ਹੀ
ਅੰਦਰ ਛੁਪਿਆ ਹੁੰਦਾ ਹੈ, ਜਿਸਨੂੰ ਅਸੀਂ ਕਦੀ ਪਹਿਚਾਨਦੇ ਨਹੀਂ । ਬੁੱਲ੍ਹੇ ਸ਼ਾਹ ਦਾ ਕਹਿਣਾ ਹੈ :
ਬੁੱਲ੍ਹਿਆ ਹੋਰਾਂ ਨਾਲ ਤੂੰ ਨਿੱਤ ਨਿੱਤ ਲੜਦਾ,
ਕਦੇ ਆਪਣੇ ਆਪ ਨਾਲ ਲੜਿਆ ਹੀ ਨਹੀਂ ।
ਗੁਰਭਜਨ ਗਿੱਲ ਇਨ੍ਹਾਂ ਦੋਹਾਂ ਸਥਿਤੀਆਂ ਪ੍ਰਤੀ ਸੁਚੇਤ ਹੈ । ਉਸ ਦਾ ਕਥਨ ਹੈ :
ਉਸ ਅੰਨ੍ਹੇ ਕੁੱਤੇ ਦੇ ਖਿਲਾਫ਼ ਲੜਨਾ ਹੈ ।
ਜੋ ਹਵਾ ਨੂੰ ਹੀ ਭੌਂਕੀ ਜਾਂਦਾ ਹੈ ਰਾਤ ਦਿਨ ।
ਹਾਲੇ ਤਾਂ ਲੜਨਾ ਹੈ,
ਆਪਣੀਆਂ ਹੀ ਕਮੀਨਗੀਆਂ ਦੇ ਖਿਲਾਫ਼ ।
ਜਿਨ੍ਹਾਂ ਦੀ ਰਾਖੀ ਲਈ ਆਦਮੀ ਹਰ ਰੋਜ਼,
ਥੱਲੇ ਹੀ ਥੱਲੇ ਗਰਕਦਾ ਜਾ ਰਿਹਾ ਹੈ ਰਸਾਤਲ ਵੱਲ ।
ਆਪਣੇ ਦੁਆਲੇ ਰੇਤ ਦੀ ਕੰਧ ਖੜੀ ਕਰ ਬੈਠਾ ਹੈ ।
ਰੇਤ ਦੇ ਕਿਲ੍ਹੇ ਵਾਂਗ ।
ਇਸ ਲੰਮੀ ਤੇ ਬਹੁ-ਮੁਹਾਜ਼ੀ ਲੜਾਈ ਜੋ ਅਜੇ ਸ਼ੁਰੂ ਕਰਨੀ ਹੈ ਕਦੋਂ ਜਿੱਤੀ ਜਾਏਗੀ ?
ਇਹ ਪ੍ਰਸ਼ਨ ਵੀ ਸਾਡੇ ਕਵੀ ਦੇ ਧਿਆਨ ਤੋਂ ਉਹਲੇ ਨਹੀਂ ਤੇ ਇਸ ਆਪਣੇ ਆਪ ਨੂੰ ਪੁੱਛੇ
ਖਾਮੋਸ਼ ਪ੍ਰਸ਼ਨ ਦੇ ਉੱਤਰ ਵਿਚ ਕਵੀ ਦਾ ਜਵਾਬ ਬਹੁਤ ਅਰਥ ਭਰਪੂਰ ਹੈ ।
ਲੰਮੀ ਲੜਾਈ ਵਿਚ,
ਜਿੱਤ ਹਾਰ ਕੋਈ ਮਾਅਨਾ ਨਹੀਂ ਰੱਖਦੀ।
ਮਹੱਤਵਪੂਰਨ ਹੁੰਦਾ ਹੈ,
ਤੁਸੀਂ ਕਿਸ ਖਾਤਿਰ ਲੜ ਰਹੇ ਹੋ ।
ਇਸ ਕਾਵਿ-ਪੁਸਤਕ ਵਿਚ ਇਕ ਹੋਰ ਮਹੱਤਵਪੂਰਨ ਵਿਸ਼ਾ ਵੀ ਆਪਣੀ ਸਮਕਾਲੀ
ਪ੍ਰਾਸੰਗਿਕਤਾ ਕਾਰਨ ਧਿਆਨ ਖਿੱਚਦਾ ਹੈ ਉਹ ਹੈ ਆਪਣੀ ਰੋਜ਼ੀ ਰੋਟੀ ਖਾਤਰ ਪਿੰਡੋਂ ਆ ਕੇ
ਸ਼ਹਿਰ ਵੱਸੇ ਵਿਅਕਤੀਆਂ ਦਾ ਪਿੰਡ ਨਾਲ ਬਦਲਦਾ ਰਿਸ਼ਤਾ । ਕਵਿਤਾ ‘ਸ਼ਹਿਰਾਂ ਵਿਚ
ਗੁਆਚ ਗਏ ਹਾਂ’ ਇਸ ਸਿਲਸਿਲੇ ਵਿਚ ਮਹੱਤਵਪੂਰਨ ਕਵਿਤਾ ਹੈ ਜੋ ਇਨ੍ਹਾਂ ਅਰਥ-ਭਰਪੂਰ
ਸਤਰਾਂ ਨਾਲ ਸ਼ੁਰੂ ਹੁੰਦੀ ਹੈ :
ਸ਼ਹਿਰੋਂ ਪਿੰਡ ਦਾ ਕਿੰਨਾ ਪੈਂਡਾ,
ਰੋਜ਼ ਦਿਹਾੜੀ ਵਧ ਜਾਂਦਾ ਹੈ ।
ਏਸ ਦਾ ਮੈਨੂੰ ਇਲਮ ਨਹੀਂ ਸੀ ।
ਫਲੈਸ਼ ਬੈਕ ਦੀ ਤਕਨੀਕ ਵਿਚ ਲਿਖੀ ਇਹ ਕਵਿਤਾ ਪਿੰਡ ਦੀਆਂ ਸੁਹਾਵਣੀਆਂ ਯਾਦਾਂ
ਨਾਲ ਓਤਪੋਤ ਹੈ । ਪਿੰਡਾਂ ਸ਼ਹਿਰ ਆ ਕੇ ਵੱਸੇ ਸਿਮਰਤੀਆਂ ਵਿਚ ਗੁਆਚੇ ਕਿਰਦਾਰ ਨੂੰ
ਅਚਾਨਕ ਗੁੱਟ-ਘੜੀ ਦੇਖ ਕੇ ਦਫ਼ਤਰ ਜਾਣ ਦਾ ਖਿਆਲ ਆਉਂਦਾ ਹੈ :
ਮੈਂ ਫ਼ਸਲਾਂ ਦੇ ਬੰਨੇ ਬੈਠਾ ਭੁੱਲ ਚੁਕਿਆ ਸਾਂ ।
ਮੁੜਨਾ ਵੀ ਹੈ।
ਗੁੱਟ ਤੋਂ ਘੜੀ ਅਚਾਨਕ ਵੇਖੀ,
ਦਫ਼ਤਰ ਜਾਣ ਦਾ ਵੇਲਾ ਹੋਇਆ ।
ਮੈਂ ਫ਼ਿਰ ਵਾਹੋਦਾਹੀ ਭੱਜਾ ।
ਏਥੇ ਮੁੜ ਕੇ ਓਹੀ ਢਾਂਚਾ ।
ਟਾਂਗੇ ਵਾਲੇ ਘੋੜੇ ਵਾਂਗੂੰ ਓਹੀ ਛਾਂਟਾ ਓਹੀ ਵਾਗ ।
ਉੱਚੀ ਉੱਚੀ ਵਾਜੇ ਵੱਜਣ ਬੇਤਰਤੀਬੇ,
ਸਮਝ ਨਾ ਆਵੇ ਇਹ ਕੀ ਗਾਉਂਦੇ,
ਇਸ ਵੇਲੇ ਬੇਵਕਤਾ ਰਾਗ ।
ਉਹ ਕਿਰਦਾਰ, ਜਿਸਦੀ ਸੁਰ ਪਿੰਡ ਨਾਲ ਮਿਲਦੀ ਸੀ, ਜਿੱਥੇ ਵਕਤ ਘੜੀ ਵਿਚ
ਬੱਝਿਆ ਨਹੀਂ ਸੀ ਹੁੰਦਾ ਸਗੋਂ ਸਮੁੱਚੇ ਪੌਣ ਪਾਣੀ ਦਾ ਰਾਗ ਹੁੰਦਾ ਸੀ । ਉਸ ਲਈ ਘੜੀ ਤੋਂ
ਪੁੱਛ ਕੇ ਸ਼ੁਰੂ ਹੋਈ ਗਤੀ ਵਿਧੀ ਦੀਆਂ ਆਵਾਜ਼ਾਂ ਦਾ ਬੇਵਕਤਾ ਰਾਗ ਲੱਗਣਾ ਬਿਲਕੁਲ ਸਹੀ
ਇਜ਼ਹਾਰ ਹੈ । ਇਹ ਰਾਗ ਹੌਲੀ ਹੌਲੀ ਪਿੰਡੋਂ ਆਇਆਂ ਦੀ ਆਤਮਾ ਵਿਚ ਵੀ ਰਚ ਮਿਚ
ਰਿਹਾ ਹੈ ਤੇ ਹੁਣ ਉਨ੍ਹਾਂ ਕੋਲ ਪਿੰਡ ਵਿਚ ਵੱਸ ਰਿਹਾਂ ਦੇ ਮਾਸੂਮ ਜਿਹੇ ਸਵਾਲ ਦਾ ਵੀ ਜਵਾਬ
ਨਹੀਂ । ਇਕ ਗ਼ਜ਼ਲ ਦਾ ਇਹ ਸ਼ੇਅਰ ਦੇਖੋ :
ਪਿੰਡ ਵਾਲੇ ਪੁੱਛਦੇ ਨੇ ਫੇਰ ਕਦੋਂ ਆਵੇਂਗਾ,
ਸ਼ਹਿਰ ਵਿਚ ਰਹਿੰਦਿਆਂ ਜਵਾਬ ਰੁੱਸ ਗਏ ਨੇ ।
ਭਾਵੇਂ ਪਿਛਲੇ ਸਾਲਾਂ ਵਿਚ ਪਿੰਡ ਵੀ ਉਹ ਨਹੀਂ ਰਹੇ, ਪਿੰਡਾਂ ਨੇ ਵੀ ਕਿੰਨੀ ਰੱਤ ਡੁੱਲ੍ਹਦੀ
ਦੇਖੀ, ਕੁਫ਼ਰ ਤੋਂ ਕਿੰਨਾ ਹੌਲਾ ਹੋਇਆ ਈਮਾਨ ਦੇਖਿਆ, ਕਿੰਨੇ ਕਹਿਰ ਦੇਖੇ ਤੇ ਰਿਸ਼ਤਿਆਂ
ਵਿਚ ਵਾਪਰ ਰਿਹਾ ਪੇਤਲਾਪਨ ਦੇਖਿਆ ਹੈ । ਸ਼ਾਇਦ ਏਸੇ ਲਈ ਗੁਰਭਜਨ ਦੀ ਕਵਿਤਾ
ਵਿਚ ਇਹ ਧਰਤ ਦ੍ਰਿਸ਼ ਉੱਭਰਦਾ ਹੈ :
ਧਰਤੀ ਉਪਰ ਡੁੱਬਦਾ ਟੇਢਾ ਸੂਰਜ ਦੇਖੋ,
ਮਾਂ ਦੀ ਹਿੱਕ ਵਿਚ ਖੋਭ ਰਿਹਾ ਏ ਸੂਹਾ ਖੰਜਰ ।
ਤਪਦੀ ਧਰਤੀ ਛਾਲੇ ਛਾਲੇ ਮਨ ਦਾ ਵਿਹੜਾ,
ਦੱਸੋ ਏਥੇ ਕਿਸਰਾਂ ਆ ਕੇ ਛਣਕੇ ਝਾਂਜਰ ।
ਇਹ ਕਾਵਿ-ਸੰਗ੍ਰਹਿ ਪੰਜਾਬ ਦੇ ਸਰੋਕਾਰਾਂ ਤੇ ਦੁੱਖਾਂ ਸੁੱਖਾਂ ਨਾਲ ਡੂੰਘਾ ਜੁੜਿਆ
ਹੋਇਆ ਹੈ, ਇਸ ਵਿਚ ਸੰਨ ਸੰਤਾਲੀ ਦੀ ਦੁਖਾਂਤਕ ਵੰਡ ਤੋਂ ਲੈ ਕੇ ਬੀਤੇ ਡੇਢ ਦੋ ਦਹਾਕਿਆਂ
ਦੇ ਸੰਘਣੇ ਹਵਾਲੇ ਮਿਲਦੇ ਹਨ :
ਰਾਵੀ ਤੇ ਬਿਆਸ ਮੈਨੂੰ ਕਈ ਵਾਰੀ ਪੁੱਛਿਆ,
ਕਿਹੜੀ ਗੱਲੋਂ ਦੋਵੇਂ ਹੀ ਪੰਜਾਬ ਰੁੱਸ ਗਏ ਨੇ ।
ਮਾਂ ਪਿਉ ਜਾਏ ਮਾਰ ਮੁਕਾਏ,
ਇਹ ਕਿੱਧਰਲੀ ਜੰਗ ਲੜੀ ਹੈ ।
ਕਿੱਥੇ ਪੈਰ ਧਰੋਗੇ ਏਥੇ,
ਚਹੁੰ ਗਿੱਠਾਂ ਤੇ ਫੇਰ ਮੜ੍ਹੀ ਹੈ ।
ਡਰਦੀ ਵਾਜ ਨਾ ਸੰਘੋ ਨਿਕਲੇ,
ਹਰ ਬੂਹੇ ਤੇ ਮੌਤ ਖੜ੍ਹੀ ਹੈ ।
ਇਨ੍ਹਾਂ ਸਾਰੇ ਦੁਖਾਂਤਕ ਅਨੁਭਵਾਂ ਦੇ ਰੂਬਰੂ ਗੁਰਭਜਨ ਦੀ ਕਵਿਤਾ ਉਦਾਸੀ, ਆਕ੍ਰੋਸ਼
ਅਤੇ ਸੰਘਰਸ਼ ਦੇ ਸੰਕਲਪਾਂ ਵਿਚੋਂ ਲੰਘਦੀ ਹੈ । ਪੱਤਝੜ ਦੇ ਸੋਗੀ ਮਾਹੌਲ ਵਿਚ ਜਿਹੜੀ
ਚੇਤਨਾ ਇਸ ਕਵਿਤਾ ਨੂੰ ਸ਼ਕਤੀ ਬਖ਼ਸ਼ਦੀ ਹੈ ਉਹ ਹੈ ਕੁਦਰਤ ਵਿਚ ਰੁੱਤਾਂ ਦਾ ਗੇੜ, ਖਿਜ਼ਾਂ
ਤੋਂ ਬਾਅਦ ਆਉਣ ਵਾਲੀ ਬਹਾਰ ਦਾ ਪ੍ਰਾਕ੍ਰਿਤਕ ਨਿਸਚਾ ਤੇ ਮਾਨਵੀ ਦੇਹ ਦੇ ਅੰਤ ਤੋਂ
ਬਾਅਦ ਵੀ ਵਿਚਾਰਾਂ ਦੇ ਜੀਉਂਦੇ ਰਹਿਣ ਦੀ ਸੰਸਕ੍ਰਿਤਕ ਧਰਵਾਸ :
ਹਰੇ ਕਚੂਰ ਦਰਖ਼ਤਾਂ ਵੱਲ ਤੂੰ ਦੇਖਿਆ ਕਰ ਤੇ ਸਮਝਿਆ ਕਰ,
ਪੱਤਝੜ ਮਗਰੋਂ ਲਗਰਾਂ ਫੁੱਟਣ, ਦੁੱਖ ਮਗਰੋਂ ਦਿਨ ਸੁੱਖਾਂ ਦੇ ।
ਬਲਦੀ ਕੇਵਲ ਮਿੱਟੀ ਹੈ ਜਾਂ ਲੱਕੜੀਆਂ,
ਮੜ੍ਹੀਆਂ ਅੰਦਰ ਸੜਦੇ ਨਹੀਂ ਵਿਚਾਰ ਕਦੇ ।
ਕੁਦਰਤ ਦੇ ਅਦਭੁਤ ਤੇ ਨਿਰੰਤਰ ਚਲਦੇ ਰੁੱਤ ਚੱਕਰ ਤੇ ਦੇਹੀ ਦੇ ਅੰਤ ਤੋਂ ਬਾਅਦ ਵੀ
ਸੰਸਕ੍ਰਿਤਕ ਪ੍ਰਤੀਕਾਂ ਦੇ ਸਹਾਰੇ ਜੀਵੰਤ ਰਹਿੰਦੇ ਵਿਚਾਰਾਂ ਦੀ ਧਰਵਾਸ ਸਦਕਾ ਹੀ ਇਹ
ਬ੍ਰਹਿਮੰਡ ਸਚੇਤ ਦੇਹੀ ਪ੍ਰਤੀਤ ਹੁੰਦੀ ਹੈ, ਜਿਸ ਅੱਗੇ ਦੁਆ ਕੀਤੀ ਜਾ ਸਕਦੀ ਹੈ :
ਨਵੀਂ ਸਦੀ ਵਿਚ ਇਸ ਧਰਤੀ 'ਤੇ ਰੱਬ ਹੁਣ ਮਿਹਰ ਕਰੇ ।
ਵਣ ਤ੍ਰਿਣ ਮੌਲਣ ਮਹਿਕਣ ਟਹਿਕਣ ਪੱਲ੍ਹਰਨ ਬਿਰਖ ਹਰੇ ।
ਇਸ ਧਰਤੀ ਦਾ ਕਿਣਕਾ ਕਿਣਕਾ ਇਹ ਅਰਦਾਸ ਕਰੇ ।
ਜਿਹੜੀ ਥਾਂ ਬੰਜਰ ਤੇ ਬੇਲਾ ਉਥੇ ਫ਼ਸਲ ਭਰੇ ।
ਆਦਿ ਜੁਗਾਦੀ ਪਿਆਰ ਤੇ ਕੁਦਰਤ ਪ੍ਰਤੀ ਮੋਹ ਵਾਲੀਆਂ ਸਤਰਾਂ ਵੀ ਇਸ ਪੁਸਤਕ
ਦੀ ਇਕ ਸੁਰ ਬਣਦੀਆਂ ਹਨ । ਇਨ੍ਹਾਂ ਸਤਰਾਂ ਵਿਚ ਗਜ਼ਲ ਲਈ ਲੋੜੀਂਦੀ ਸੰਖੇਪਤਾ, ਭਾਸ਼ਾ
ਸਮਰਥਾ ਤੇ ਕਲਾ ਕੁਸ਼ਲਤਾ ਵੀ ਦੇਖੀ ਜਾ ਸਕਦੀ ਹੈ ।
ਤਾਰੇ ਟਾਂਵੇ ਟਾਂਵੇ ਨੇ
ਅੱਖਰ ਜਿਵੇਂ ਭੁਲਾਵੇਂ ਨੇ ।
ਜਿਹਨਾਂ ਤੋਂ ਤੂੰ ਡਰਦਾ ਏਂ ।
ਇਹ ਤਾਂ ਸਭ ਪਰਛਾਵੇਂ ਨੇ ।
ਰੂਹ ਦੀ ਪਿਆਸ ਮਿਟਾਵਣ ਖਾਤਰ ਪੁੱਠੇ ਖੂਹ ਨਹੀਂ ਗੇੜੀਦੇ ।
ਵਗਦੀ ਨੈਂ 'ਚੋਂ ਪਾਣੀ ਪੀਂਦੇ ਮਿਰਗ ਕਦੇ ਨਹੀਂ ਛੇੜੀਦੇ ।
ਵਾਜ ਦਿਆਂਗਾ ਆਖੀਂ ਹਾਂ
ਹੁਣ ਨਹੀਂ ਆਪਾਂ ਵੰਡਣੀ ਛਾਂ ।
ਖਿੜਦੇ ਫੁੱਲ ਨੇ ਆਪ ਕਿਹਾ
ਦੇਖ ਮੈਂ ਤੇਰਾ ਬਚਪਨ ਹਾਂ ।
ਅਰਦਾਸ, ਆਸ ਤੇ ਸੰਘਰਸ਼ ਤੇ ਸੰਕਲਪ ਨੂੰ ਬਿਆਨਦੀ, ਸਰੋਦੀ ਸਤਰਾਂ ਸਿਰਜਣ ਦੇ
ਸਮਰੱਥ ਤੇ ਪੰਜਾਬੀ ਗ਼ਜ਼ਲ ਨੂੰ ਸਹੀ ਅਰਥਾਂ ਵਿਚ ਪੰਜਾਬੀ ਬਣਾਉਣ ਵਿਚ ਯੋਗਦਾਨ ਪਾਉਣ
ਵਾਲੀ ਇਸ ਪੁਸਤਕ ਨੂੰ ਜੀ ਆਇਆ ਕਹਿੰਦਿਆਂ ਮੈਂ ਇਸ ਵਿਸ਼ਵਾਸ ਦਾ ਧਾਰਨੀ ਹਾਂ ਕਿ
ਇਹ ਪੁਸਤਕ ਮਾਨਵਤਾ, ਪੰਜਾਬ, ਸਰੋਦ ਤੇ ਗ਼ਜ਼ਲ ਨੂੰ ਪਿਆਰ ਕਰਨ ਵਾਲੇ ਪਾਠਕਾਂ ਦਾ
ਧਿਆਨ ਅਤੇ ਪਿਆਰ ਅਵੱਸ਼ ਹੀ ਆਕਰਸ਼ਿਤ ਕਰੇਗੀ ।
ਸੁਰਜੀਤ ਪਾਤਰ
ਭਾਸ਼ਾ, ਸਾਹਿੱਤ ਤੇ ਸਭਿਆਚਾਰ ਵਿਭਾਗ
ਪੰਜਾਬ ਖੇਤੀਬਾੜੀ ਯੂਨੀਵਰਸਿਟੀ
ਲੁਧਿਆਣਾ।
ਨਿਵੇਕਲੀਆਂ ਖ਼ੂਬਸੂਰਤ ਕਾਵਿਕ ਖ਼ੂਬੀਆਂ ਨਾਲ ਲੈਸ ਜਰਖ਼ੇਜ਼ ਅਤੇ ਵੱਤਰ ਭੋਇੰ ’ਤੇ ਬੀਜੀ ਕਮਾਲ ਦੀ ਕਵਿਤਾ : ਸੀ. ਮਾਰਕੰਡਾ
ਲੇਖਕ ਜੱਥੇਬੰਦੀਆਂ ਅਤੇ ਸਾਹਿਤਕ ਸੰਗਠਨਾਂ ਵਿਚ ਮੋਹਰੀ ਆਗੂ ਵਜੋਂ ਸਰਗਰਮ ਭੂਮਿਕਾ ਨਿਭਾਉਣ ਵਾਲਾ ਗੁਰਭਜਨ ਗਿੱਲ ਪੰਜਾਬੀ ਕਵਿਤਾ ਦਾ ਇਕ ਅਜਿਹਾ ਰੁਕਨ ਹੈ, ਜਿਨ੍ਹਾਂ ਪੰਜਾਬੀ ਕਾਵਿ ਖੇਤਰ ਵਿਚ
ਆਪਣਾ ਨਾਂ ਰੱਜ ਕੇ ਕਮਾਇਆ ਹੈ। ਉਹ ਪੰਜਾਬੀ ਪਾਠਕਾਂ ਦੇ ਜਾਣੇ ਪਛਾਣੇ ਚਰਚਿਤ ਸ਼ਾਇਰ ਹਨ ਜੋ ਕਾਵਿ ਦੇ ਮੁੱਲਵਾਨ ਛਿਣਾਂ ਨੂੰ ਆਪਣੇ ਚੇਤਿਆਂ ’ਚ ਪਾਲ ਕੇ ਰਖਦੇ ਹਨ ਅਤੋ ਵੇਲੇ ਸਿਰ ਇਹ ਛਿਣ ਆਪ ਮੁਹਾਰੇ
ਉਦੇ ਹੋਣ ਲਗਦੇ ਹਨ। ਗੁਰਭਜਨ ਗਿੱਲ ਨੂੰ ਇਹ ਤੌਫ਼ੀਕ ਹਾਸਲ ਹੈ ਕਿ ਉਹ ਹੁਣ ਤੱਕ ਪੰਜਾਬੀ ਸਾਹਿਤ ਨੂੰ ਸਸ਼ਕਤ ਅਤੇ ਸੁਹਜ ਭਰੀਆਂ ਲਿਖਤਾਂ ਨਾਲ ਲਗਾਤਾਰ ਨਿਵਾਜ਼ਦੇ ਆ ਰਹੇ ਹਨ। ਗੁਰਭਜਨ ਗਿੱਲ ਮੂਲ
ਰੂਪ ਵਿੱਚ ਸ਼ਾਇਰ ਹੀ ਹੈ ਜਿਸਨੇ ਆਪਣੀ ਹੱਥਲੀ ਕਾਵਿ ਕਿਤਾਬ ‘ਚਰਖ਼ੜੀ’ (ਪੰਨੇ: 232, ਮੁੱਲ: 300/- ਸਵੀਨਾ ਪ੍ਰਕਾਸ਼ਨ, ਕੈਲੀਫੋਰਨੀਆ) ਤੋਂ ਪਹਿਲਾਂ 20 ਦੇ ਕਰੀਬ ਕਾਵਿ-ਸੰਗ੍ਰਿਹ, ਗ਼ਜ਼ਲ ਸੰਗ੍ਰਿਹ, ਗੀਤ ਸੰਗ੍ਰਿਹ ਅਤੇ
ਰੁਬਾਈਆਂ ਦੀਆਂ ਕਾਵਿ ਪੁਸਤਕਾਂ ਪੰਜਾਬੀ ਪਾਠਕਾਂ ਦੀ ਨਜ਼ਰ ਕੀਤੀਆਂ ਹਨ। ਸ਼ਾਇਰ ਗਿੱਲ ਦੀਆਂ ਚਰਖ਼ੜੀ ਕਾਵਿ ਸੰਕਲਨ ਵਿਚਲੀਆਂ ਕਵਿਤਾਵਾਂ ਪੜ੍ਹਦਿਆਂ ਸਵਰਗੀ ਸਤਿੰਦਰ ਸਿੰਘ ਨੂਰ ਦੀ ਕਵਿਤਾ ਬਾਰੇ ਕੀਤੀ ਉਹ
ਟਿੱਪਣੀ ਮੈਨੂੰ ਬੇਤੁਕੀ ਜਾਪਦੀ ਹੈ ਜਿਸ ਰਾਹੀਂ ਉਨਾਂ ‘ਕਵਿਤਾ ਦਾ ਯੁਗ ਬੀਤ ਗਿਆ’ ਕਹਿਕੇ ਅਤਿਕਥਨੀ ਕੀਤੀ ਸੀ। ਇਹ ਖ਼ਿਆਲ ਇੱਕ ਕਾਵਿ ਗੋਸ਼ਟੀ ਵਿਚ ਕੁੰਜੀਵਤ ਭਾਸ਼ਣ ਦੌਰਾਨ ਉਨ੍ਹਾਂ ਨੂੰ ਔੜਿਆ ਸੀ। ਇਹ ਧਾਰਨਾ
ਸ਼ਾਇਦ ਵਧੇਰੇ ਕਵੀਆਂ ਵੱਲੋਂ ਥੋਕ ਵਿੱਚ ਲਿਖੀਆਂ ਗਈ ਅਕਵਿਤਾ ਨੂੰ ਵਾਚਦਿਆਂ ਉਹਨਾ ਦੇ ਜ਼ਿਹਨ ਵਿਚ ਅਟਕ ਗਈ ਹੋਵੇ। ਜਦੋ ਗੁਰਭਜਨ ਗਿੱਲ ਦੀਆਂ ਚਰਖ਼ੜੀ ਵਿਚਲੀਆਂ ਕਵਿਤਾਵਾਂ ਪੜ੍ਹੀਆਂ ਤਾਂ ਇਹ ਮੇਰੀ ਤਵੱਜੋ
ਵਿਚ ਇੰਝ ਰਚ ਮਿਚ ਗਈਆਂ ਜਿਵੇਂ ਦੁੱਧ ਵਿਚ ਸ਼ੱਕਰ ਘੁਲੀ ਹੋਵੇ।
ਗਿੱਲ ਦੀਆਂ ਕਵਿਤਾਵਾਂ ਦਾ ਰੰਗ-ਰੂਪ ਅਤੇ ਕਾਵਿ ਮੁਹਾਂਦਰਾ ਲੋਕ-ਰੰਗ ਵਾਲਾ ਤਾਂ ਹੈ ਹੀ ਪਰ ਕਵੀ ਯੂਨੀਵਰਸਿਟੀ ਦਾ ਪ੍ਰੋਫੈਸਰ ਰਿਹਾ ਹੋਣ ਦੇ ਬਾਵਜੂਦ ਆਪਣੀਆਂ ਕਵਿਤਾਵਾਂ ’ਤੇ ਬੌਧਿਕਤਾ ਦੀ ਪੁੱਠ ਚਾੜ੍ਹਨੋਂ ਗੁਰੇਜ਼ ਕਰਦਾ ਹੈ।
ਗਿੱਲ ਦੀਆਂ ਕਵਿਤਾਵਾਂ ਦਾ ਇਹੀਓ ਮੀਰੀ ਗੁਣ ਕਿਹਾ ਜਾ ਸਕਦਾ ਹੈ, ਜਿਸ ਸਦਕਾ ਇਹ ਸੰਗ੍ਰਿਹ ਪੜ੍ਹਨ ਯੋਗ ਅਤੇ ਗੌਲਣਯੋਗ ਹੋ ਗਿਆ ਹੈ। ਸਰਲ, ਸੁਖਾਲੀ ਅਤੇ ਸੰਚਾਰ ਯੁਗਤ ਲੋਕ ਗੀਤਾਂ ਦੇ ਸੁਭਾਅ ਵਾਲੀ ਕਲਾਤਮਿਕ ਜੁਗਤਾਂ
ਨਾਲ ਰਚੀ ਨਦੀ ਦੀ ਤਰਜ਼ ਦੀ ਤੋਰ ਨੂੰ ਪ੍ਰਭਾਸ਼ਿਤ ਕਰਦੀ ਨਿਵੇਕਲੇਪਣ ਨਾਲ ਲੈਸ ਵੱਤਰ ਜ਼ਰਖ਼ੇਜ਼ ਭੋਇੰ ’ਤੇ ਬੀਜੀ ਕਮਾਲ ਦੀ ਕਹੀ ਜਾ ਸਕਦੀ ਹੈ ਇਸ ਸੰਗ੍ਰਿਹ ਦੀ ਕਵਿਤਾ ਜੋ ਸ਼ਿਲਪਕਾਰੀ ਦੇ ਊੱਤਮ ਨਮੂਨੇ ਵਜੋਂ ਪ੍ਰਵਾਨ ਚੜ੍ਹਨ ਦੀ
ਸਮਰੱਥਾ ਰਖਦੀ ਹੈ। ਕਾਵਿ ਸੰਗ੍ਰਹਿ ਚਰਖ਼ੜੀ ਦੀਆਂ ਨਜ਼ਮਾਂ ਵਿਚ ਜਨ-ਜੀਵਨ ਦੇ ਸਭਿਆਚਾਰਕ, ਸਮਾਜਿਕ, ਧਾਰਮਿਕ ਅਤੇ ਸਿਆਸੀ ਮੁੱਦਿਆਂ ਦਾ ਬਰੀਕਬੀਨੀ ਨਾਲ ਮੁਤਾਲਿਆ ਕਰਕੇ ਅਨੂਠੀ ਸ਼ੈਲੀ ਦੇ ਪ੍ਰਯੋਗ ਸਦਕਾ ਪੁਸਤਕ ਸ੍ਰੇਸ਼ਟ
ਕਾਵਿਕ ਗੁਣਾਂ ਨਾਲ ਓਤ ਪੋਤ ਹੋ ਗਈ ਹੈ।
‘ਉਹ ਪੁੱਛਦੇ ਨੇ’, ‘ਅੱਥਰਾ ਘੋੜਾ ਕੀ ਹੁੰਦੈ’, ‘ਬਦਲ ਗਏ ਮੰਡੀਆਂ ਦੇ ਭਾਅ’ ਅਤੇ ਹੋਰ ਕਿੰਨੀਆਂ ਹੀ ਕਵਿਤਾਵਾਂ ਦੀਆਂ ਕਾਵਿ ਟੁਕੜੀਆਂ ਮੇਰੇ ਵਿਚਾਰਾਂ ਦੀ ਸ਼ਾਹਦੀ ਭਰਨ ਦੇ ਲਾਇਕ ਕਹੀਆਂ ਜਾ ਸਕਦੀਆਂ ਹਨ:
ਮੈਂ ਕਿਹਾ, ਜਿਸ ਨੂੰ ਪੰਜੀਂ ਸਾਲੀਂ ਵੋਟਾਂ ਪਾਉਦੇ ਹੋ।/ ਬਦਾਮ ਛੋਲੇ ਤੇ ਕਿੰਨਾਂ ਕੁੱਝ ਹੋਰ ਚਾਰਦੇ। ਏਸ ਭਰਮ ਨਾਲ ਕਿ ਉਹ, ਸਾਡਾ ਖੁਭਿਆ ਪਹੀਆ, ਗਾਰੇ ’ਚੋਂ ਕੱਢੇਗਾ ਕਦੇ ਨਾ ਕਦੇ। ਪਰ ਉਹ ਲਾਰਿਆਂ ਨਾਲ, ਸਾਨੂੰ ਹੀ
ਚਾਰੀ ਜਾਂਦਾ ਹੈ। ਸਵਾਲ ਕਰਦੇ ਹਾਂ ਤਾਂ ਨਾਸਾਂ ਫੁਲਾਉਦਾ ਹੈ। ਚਪੇੜ ਮਾਰਦਾ ਹੈ।
ਗਿੱਲ ਦੀ ਕਾਵਿ-ਪਰਕਾਰ ਦਾ ਦਾਇਰਾ ਵਡੇਰਾ ਹੈ ਜੋ ਹਕੀਕਤਾਂ ਓਹਲੇ ਅਦਿਸਦੇ ਵਰਤਾਰਿਆਂ ਨੂੰ ਭਾਲ ਕੇ ਕਵਿਤਾਉਦਾ ਹੈ। ਇਹੀ ਉਸਦੇ ਵਿਸ਼ਾਲ ਅਨੁਭਵ ਦਾ ਕ੍ਰਿਸ਼ਮਾ ਹੈ। ਉਹ ਪੰਜਾਬੀ ਸਭਿਅਚਾਰ ਦੀ ਪੇਸ਼ਕਾਰੀ ਕਰਨ
ਦੇ ਨਾਲ ਨਾਲ ਕਿਰਤੀ ਕਿਸਾਨਾਂ ਦਾ ਸ਼ੋਸ਼ਣ ਕਰ ਰਹੀਆਂ ਜਮਾਤਾਂ ਵੱਲੋਂ ਕੀਤੀ ਜਾ ਰਹੀ ਲੁੱਟ ਖਸੁੱਟ, ਅਮਾਨਵੀ ਵਰਤਾਰਿਆਂ ਅਤੇ ਲੋਕ ਵਿਰੋਧੀ ਵੇਰਵਿਆਂ ਦੀ ਤਸਵੀਰਕਸ਼ੀ ਕਰਦਾ ਹੈ ਜਿਸਦੀ ਮਿਸਾਲ ‘ ਬਦਲ ਗਏ ਮੰਡੀਆਂ
ਦੇ ਭਾਅ’ ਵਿਚੋਂ ਸਹਿਜੇ ਹੀ ਮਿਲਦੀ ਹੈ: ਸੌਣ ਨਹੀਂ ਦੇਂਦੀ,/ ਸਰਦਾਰ ਕਰਨੈਲ ਸਿੰਘ ਆੜਤੀਏ ਦੀ ਖ਼ੂਨ ਪੀਣੀ ਵਹੀ।/ ਬਹੁਤ ਤੇਜ਼ ਸੂੰਦੀ ਹੈ ਸੂਰਨੀ ਵਾਂਗ।/ ਵਿਆਜ ਦਰ ਵਿਆਜ ਦਾ ਪਹੀਆ ਬਹੁਤ ਤੇਜ਼ ਘੁੰਮਦਾ ਹੈ।/ ਮਸ਼ੀਨੀ ਟੋਕੇ
ਵਾਂਗ ਸੁਪਨੇ ਰੀਝਾਂ ਉਮੰਗਾਂ ਕੁਤਰ ਜਾਂਦਾ ਹੈ।
ਕਵੀ ਆਮ ਲੋਕਾਂ ਨਾਲੋਂ ਵੱਧ ਸੰਵੇਦਨਸ਼ੀਲ ਹੋਣ ਕਰਕੇ ਉਸ ਅੰਦਰ ਸਮਾਜ ਅੰਦਰ ਅਤੇ ਇਰਦ ਗਿਰਦ ਜੋ ਵੀ ਚੰਗਾ ਮਾੜਾ ਵਾਪਰਦਾ ਹੈ ਉਸ ਨੂੰ ਵੇਖਕੇ ਅਤੇ ਮਹਿਸੂਸ ਕਰਕੇ ੳਸ ਕੋਲੋਂ ਰਿਹਾ ਨਹੀਂ ਜਾਂਦਾ। ਅਜਿਹੇ ਵਰਤਾਰੇ
ਸੁਭਾਵਕ ਹੀ ਉਸ ਦੀ ਕਾਨੀ ਰਾਹੀਂ ਕਾਵਿਕ ਰੂਪ ਧਾਰ ਲੈਂਦੇ ਹਨ। ਅਜਿਹਾ ਹੀ ਗੁਰਭਜਨ ਗਿੱਲ ਨੇ ਕਰੋਨਾ ਕਾਲ ਦੌਰਾਨ ਜਿਸ ਕਦਰ ਵਕਤ ਨੂੰ ਭੋਗਿਆ ਉਹ ਉਸ ਨੇ ਬੜੇ ਹੀ ਮਾਰਮਿਕ ਪ੍ਰਭਾਵ ਛੱਡਦੀਆਂ ਕਾਵਿ ਸਤਰਾਂ ਰਾਹੀਂ ਉਦੈਮਾਨ
ਕੀਤਾ ਹੈ। ਸਮਕਾਲ ਦੀਆਂ ਰਚੀਆਂ ਅਜਿਹੀਆ ਕਵਿਤਾਵਾਂ ਇਕੱਲਤਾ ਹੰਢਾ ਰਹੇ ਮਨੁੱਖ ਦੇ ਅੰਦਰਲੇ ਸੁੰਨੇਪਣ ਦੀ ਮਨੋਸਥਿਤੀ ਦੀ ਪਛਾਣ ਕਰਵਾਉਦੀਆਂ ਹੋਈਆਂ ਭਾਵਪੂਰਤ ਰਚਨਾਵਾਂ ਦਾ ਰੂਪ ਧਾਰਨ ਕਰ ਗਈਆਂ ਹਨ। ਇਨਾਂ ਨਜ਼ਮਾਂ
ਰਾਹੀ ਸਮਕਾਲ ਦੀ ਤ੍ਰਾਸਦਿਕ ਪਰਸਥਿਤੀਆਂ ਪਾਠਕ ਮਨ ਨੂੰ ਝੰਜੋੜਨ ਵਾਲੀਆਂ ਹਨ।
ਚਰਖ਼ੜੀ ਵਿਚਲੀਆਂ ਕਵਿਤਾਵਾਂ ਪੜਦਿਆਂ ਪਾਨਕ ਉਕਤਾਉਣਗੇ ਨਹੀਂ। ਵੱਡ ਅਕਾਰੀ ਹੋਣ ਦੇ ਬਾਵਜੂਦ ਨਜ਼ਮਾਂ ਦਾ ਪਾਠ ਕਰਦਿਆਂ ਉਨਾਂ ਨੂੰ ਵਿਚ ਵਿਚਾਲੇ ਛੱਡਣ ਨੂੰ ਜੀਅ ਨਹੀਂ ਕਰਦਾ ਕਿਉਕਿ ਨਜ਼ਮਾਂ ਅੰਦਰ ਕਥਾ ਰਸ, ਕਾਵਿਕ ਸੱਚ
ਅਤੇ ਪ੍ਰਗੀਤਕ ਮਜਾਜ਼ ਹੈ। ‘ਨੰਦੋ ਬਾਜ਼ਗਰਨੀ’ ਇਕ ਅਜਿਹੀ ਕਾਵਿ ਕਿਰਤ ਹੈ ਜਿਸ ਰਾਹੀਂ ਸ਼ਾਇਰ ਨੇ ਮਹਾਂ ਪੰਜਾਬ ਦੇ ਅਲੋਪ ਹੋ ਚੁੱਕੇ ਅਤੇ ਹੋ ਰਹੇ ਸਭਿਆਚਾਰ ਦੀ ਅਜਿਹੀ ਤਸਵਾਰਕਸ਼ੀ ਕੀਤੀ ਹੈ ਜੋ ਸਾਡੀ ਜ਼ੁਬਾਨ ਦਾ ਮੁਹਾਵਰਾ ਬਣਨ ਦੇ ਤੁੱਲ ਹੈ।
ਗੁਰਭਜਨ ਗਿੱਲ ਦੀ ਇਸ ਕਵਿਤਾ ਰਾਹੀਂ ਪ੍ਰਾਚੀਨ ਪੰਜਾਬ ਦਾ ਇੱਕ ਪਿੰਡ ਹੀ ਸਾਕਸ਼ਾਤ ਰੂਪ ਵਿਚ ਪ੍ਰਗਟ ਹੋ ਗਿਆ ਜਾਪਦਾ ਹੈ। ਕਵੀ ਆਪਣੇ ਕਵੀ ਹੋਣ ਦੀ ਪ੍ਰਕਿਰਿਆ ਨੂੰ ਹੀ ਨੰਦੋ ਬਾਜ਼ਪਗਰਨੀ ਦੇ ਕਿਰਦਾਰ ਨੂੰ ਮਿਥਦਾ ਹੈ: ਘਾਹ ਦੀਆਂ ਤਿੜਾਂ ਤੋਂ
ਅੰਗੂਨੀ ਬੁਣਨੀ/ ਉਸਨੇ ਹੀ ਮੈਨੂੰ ਸਿਖਾਈ ਸੀ।/ ਕਿਤਾਬਾਂ ਨੇ ਉਹ ਜਾਚਾਂ ਤਾਂ ਭੁਲਾ ਦਿੱਤੀਆਂ/ ਪਰ ਹੁਣ ਮੈਂ ਸ਼ਬਦ ਬੁਣਦਾ ਹਾਂ।/ ਅੱਖਰ ਅੱਖਰ ਘਾਹ ਦੀਆਂ ਤਿੜਾਂ ਜਿਹੇ।/
ਚਰਖ਼ੜੀ ਕਾਵਿ-ਸੰਗਿਹ ਹਰ ਪੱਖੋਂ ਕਾਵਿਕ ਖ਼ੂਬੀਆਂ ਨਾਲ ਭਰਪੂਰ ੍ਰਖ਼ੂਬਸੂਰਤ ਕਾਵਿ ਸੰਗ੍ਰਿਹ ਹੈ ਜੋ ਪਾਨਕ ਦੀ ਦਿਲਚਸਪੀ ਦਾ ਸਬੱਬ ਹੀ ਨਹੀਂ ਬਣਦਾ ਸਗੋਂ ਇਸ ਵਿਚੋਂ ਉਸ ਨੂੰ ਹੋਰ ਬਹੁਤ ਕੁੱਝ ਸਿੱਖਣ ਅਤੇ ਸਮਝਣ ਨੂੰ ਮਿਲੇਗਾ। ਬਕੌਲ ਡਾ.
ਸਰਬਜੀਤ ਸਿੰਘ ਇਸ ਸੰਗ੍ਰਿਹ ਦੀਆਂ ਕੁੱਝ ਨਜ਼ਮਾਂ ਉਹ ਹਨ ਜੋ ਵਿਅਕਤੀ, ਘਟਨਾ, ਸੰਕਟ, ਸਮੱਸਿਆ, ਸੰਘਰਸ਼ ਜਾਂ ਵਿਰਾਸਤੀ ਮੋਹ ਦੀ ਥਾਵੇਂ ਅਹਿਸਾਸ ਅਤੇ ਸ਼ਾਇਰਾਨਾ ਕੈਫ਼ੀਅਤ ਦੀਆਂ ਨਜ਼ਮਾਂ ਹਨ। ਸਮੁੱਚੇ ਤੌਰ ’ਤੇ ਗੁਰਭਜਨ ਗਿੱਲ ਦੀ ਇਹ
ਕਾਵਿ ਕਿਤਾਬ ਵੱਡੇ ਮਹੱਤਵ ਤੇ ਆਕਾਰ ਵਾਲੀ ਹੈ ਜਿਸ ਨੂੰ ਮੈਂ ਹਰ ਕਵਿ ਸਨੇਹੀ ਨੂੰ ਆਪਣੀ ਪੁਸਤਕਸ਼ਾਲਾ ਦਾ ਸ਼ਿੰਗਾਰ ਬਣਾਉਣ ਦੀ ਸਿਫ਼ਰਸ਼ ਕਰਦਾ ਹਾਂ।
-ਸੰਪਰਕ: 94172- 72161
ਆਦਿਕਾ (ਰਾਵੀ)
ਦਿਲ ਕੀਤਾ ਵਿਹੜਾ1:
ਗੁਰਭਜਨ ਗਿੱਲ ਦੀ ਸ਼ਾਇਰੀ -ਸਵਰਾਜਬੀਰ (ਡਾ.)
ਗੁਰਭਜਨ ਗਿੱਲ ਦਾ ਕਾਵਿ-ਸੰਸਾਰ ਸਮੁੱਚੇ ਪੰਜਾਬ ਨੂੰ ਆਪਣੇ ਕਲਾਵੇ ਵਿਚ ਲੈਂਦਾ ਹੈ; ਇਹ ਉਹ ਪੰਜਾਬ ਹੈ, ਜਿੱਥੇ ਗੁਰਭਜਨ ਗਿੱਲ ਵੱਸਦਾ, ਹੱਸਦਾ, ਸਾਹ ਲੈਂਦਾ ਤੇ ਗ਼ਜ਼ਲਾਂ ਲਿਖਦਾ ਹੈ ਤੇ ਉਹ ਪੰਜਾਬ ਜੋ ਉਸ ਪੰਜਾਬ ਤੋਂ ਪਰੇ ਲਹਿੰਦੇ ਪੰਜਾਬ ਵਿਚ ਵੱਸਦਾ ਹੈ; ਜੰਮੂ, ਹਰਿਆਣੇ, ਦਿੱਲੀ ਤੇ ਹਿੰਦੋਸਤਾਨ ਦੇ ਹੋਰ ਸੂਬਿਆਂ ਵਿਚ ਵੱਸਦਾ ਹੈ, ਜੋ ਕਨੇਡਾ, ਯੋਰਪ, ਅਮਰੀਕਾ, ਆਸਟਰੇਲੀਆ ਤੇ ਹੋਰ ਦੇਸ਼ਾਂ-ਬਦੇਸ਼ਾਂ ਵਿਚ ਵੱਸਦਾ ਹੈ, ਉਹ ਪੰਜਾਬ ਜਿਸ ਦੇ ਕੋਈ ਹੱਦ ਬੰਨੇ ਨਹੀਂ ਹਨ, ਜਿਸ ਨੇ ਆਪਣੇ ਬੋਲ ਸ਼ੇਖ ਫਰੀਦ ਤੇ ਗੁਰੂ ਨਾਨਕ ਤੋਂ ਲਏ ਹਨ, ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ, ਵਾਰਿਸ ਸ਼ਾਹ ਤੇ ਕਾਦਰ ਯਾਰ ਤੋਂ ਲਏ ਹਨ।
ਗੁਰਭਜਨ ਗਿੱਲ ਦੇ ਕਾਵਿ-ਸੰਸਾਰ ਵਿਚ ਦੋ ਉਪ-ਸੰਸਾਰ ਜਾਂ ਬਿਰਤਾਂਤ ਸਾਫ਼ ਵੇਖੇ ਜਾ ਸਕਦੇ ਹਨ, ਪੰਜਾਬ ਤੇ ਪੰਜਾਬੀਅਤ ਦਾ ਬਿਰਤਾਂਤ ਅਤੇ ਨਿੱਜਤਾ ਦਾ ਬਿਰਤਾਂਤ। ਪੰਜਾਬ ਤੇ ਪੰਜਾਬੀਅਤ ਦਾ ਬਿਰਤਾਂਤ ਦੇ ਮੋਕ੍ਹਲੇ ਵਿਹੜੇ ਵਿਚ ਗੁਰਭਜਨ ਗਿੱਲ ਪੰਜਾਬ ਦੇ ਅਤੀਤ ਅਤੇ ਅੱਜ ਦੀਆਂ ਬਾਤਾਂ ਪਾਉਂਦਾ ਹੈ। ਇਸ ਬਿਰਤਾਂਤ ਵਿਚ ਨਿਹਿਤ ਹੈ ਕਿ ਇਹ ਬਿਰਤਾਂਤ ਵੀਹਵੀਂ ਸਦੀ ਵਿਚ ਹੋਈ ਪੰਜਾਬ ਦੀ ਵੰਡ ਤੋਂ ਬਾਅਦ ਦੀ ਹੋਣੀ ਜੋ ਦੋਹਾਂ ਪੰਜਾਬਾਂ ਨੇ ਭੋਗੀ, ਇਹ (ਬਿਰਤਾਂਤ) ਉਨ੍ਹਾਂ ਨੂੰ ਕਲਾਵੇ ਵਿਚ ਲਵੇ। ਇਹ ਬਿਰਤਾਂਤ ਕੁਝ ਗੁੰਮ ਜਾਣ ਦਾ ਬਿਰਤਾਂਤ ਹੈ, ਲੁੱਟੇ ਜਾਣ, ਉੱਜੜ ਜਾਣ ਤੇ ਮੁੜ ਵੱਸਣ ਦਾ ਬਿਰਤਾਂਤ ਹੈ, ਜੜ੍ਹਹੀਣੇ ਹੋ ਜਾਣ ਤੇ ਫਿਰ ਜੜ੍ਹਾਂ ਲਾਉਣ ਦਾ ਬਿਰਤਾਂਤ, ਇਨ੍ਹਾਂ ਪ੍ਰਕਿਰਿਆਵਾਂ ਵਿਚ ਪਏ ਬੰਦੇ ਨੇ ਜੋ ਦੁੱਖ ਆਪਣੇ ਪਿੰਡੇ 'ਤੇ ਹੰਢਾਏ ਤੇ ਜਦੋ ਜਹਿਦ ਕੀਤੀ ਉਸ ਦਾ ਬਿਰਤਾਂਤ ਹੈ। ਗੁਰਭਜਨ ਗਿੱਲ ਇਨ੍ਹਾਂ ਸਭ ਗੱਲਾਂ ਦੀ ਨਿਸ਼ਾਨਦੇਹੀ ਕਰਦਾ, ਲਿਖਦਾ ਹੈ:
ਮਾਂ ਧਰਤੀ ਦਾ ਚੀਰ ਕੇ ਸੀਨਾ, ਅੱਧੀ ਰਾਤੀਂ ਕਿਹਾ ਆਜ਼ਾਦੀ,
ਕਿਉਂ ਘਰ ਬਾਰ ਗੁਆਚਾ ਸਾਡਾ, ਸਾਨੂੰ ਹੁਣ ਤੱਕ ਸਮਝ ਨਾ ਆਇਆ।
ਸੁਣੋ ਇੱਕ ਵਾਰ ਸੁਣੋ, ਮੇਰਾ ਪਿੱਛਾ ਨਾਰੋਵਾਲ,
ਅਸੀਂ ਉੱਜੜੇ ਆਜ਼ਾਦੀ ਹੱਥੋਂ ਸੁਣੋ ਮੇਰੇ ਮੀਤ।
ਕਿੱਥੇ ਸੁੱਟਿਆ ਲਿਆ ਕੇ ਸਾਨੂੰ ਵੰਡ ਤੇ ਵੰਡਾਰੇ,
ਜੜ੍ਹਾਂ ਅੱਜ ਤੀਕ ਭੁੱਲੀਆਂ ਨਾ ਪਿਛਲੀ ਪ੍ਰੀਤ।
ਜਿਸ ਪਿੰਡ ਵਿਚ ਜੰਮਿਆ ਤੇ ਪਾਇਆ ਪਹਿਲਾ ਊੜਾ,
ਓਸ ਪਾਠਸ਼ਾਲ ਥਾਵੇਂ ਪਹਿਲਾਂ ਹੁੰਦੀ ਸੀ ਮਸੀਤ।
ਸਾਨੂੰ ਦਰਦਾਂ ਪੜ੍ਹਾਇਆ ਹੈ ਮੁਹੱਬਤਾਂ ਦਾ ਕਾਇਦਾ,
ਤਾਂ ਹੀ ਪੈਰ ਪੈਰ ਉੱਤੇ ਪਿੱਛਾ ਛੱਡੇ ਨਾ ਅਤੀਤ।
ਉੱਪਰ ਦਿੱਤੀਆਂ ਟੂਕਾਂ ਤੋਂ ਸਪਸ਼ਟ ਹੈ ਕਿ ਗੁਰਭਜਨ ਗਿੱਲ- ਕਾਵਿ ਵਿਚਲੇ ਪੰਜਾਬ ਦਾ ਬਿਰਤਾਂਤ ਕੋਈ ਰਹੱਸਮਈ ਜਾਂ ਅਮੂਰਤ ਪੰਜਾਬੀਅਤ ਦਾ ਬਿਰਤਾਂਤ ਨਹੀਂ ਹੈ। ਇਹ ਬਿਰਤਾਂਤ ਥਾਵਾਂ, ਨਦੀਆਂ, ਦਰਿਆਵਾਂ ਤੇ ਉਨ੍ਹਾਂ ਜੂਹਾਂ ਨਾਲ ਗੰਢਿਆ ਹੋਇਆ ਹੈ, ਜਿੱਥੇ ਗੁਰਭਜਨ ਗਿੱਲ ਜੰਮਿਆ ਪਲਿਆ ਤੇ ਜਵਾਨ ਹੋਇਆ। ਇਸ ਬਿਰਤਾਂਤ ਵਿਚ ਸਥਾਨਕਤਾ ਦਾ ਗੌਰਵ ਹੈ ਅਤੇ ਇਸ ਸਥਾਨਕਤਾ ਦੀ ਧੁਰੀ ਹੈ ਦਰਿਆ ਰਾਵੀ, ਉਹ ਰਾਵੀ ਜਿਸ ਦੇ ਕੰਢਿਆਂ 'ਤੇ ਪੰਜਾਬ ਦੇ ਸਭ ਤੋਂ ਅਜ਼ੀਮ ਪੁੱਤਰ ਗੁਰੂ ਨਾਨਕ ਦੇਵ ਜੀ ਨੇ ਆਪਣਾ ਪੱਕਾ ਟਿਕਾਣਾ ਬਣਾਇਆ, ਓਹੀ ਰਾਵੀ, ਜਿਸ ਦੇ ਪਾਣੀਆਂ ਨਾਲ ਪੰਜਾਬ ਦੀਆਂ ਮੁਟਿਆਰਾਂ ਗੱਲਾਂ ਕਰਦੀਆਂ ਹਨ ਤੇ ਉਸ 'ਤੇ ਤਰਦੇ ਪੀਲੇ ਫੁੱਲਾਂ ਨਾਲ ਆਪਣੇ ਦੁੱਖ-ਸੁੱਖ ਸਾਂਝੇ ਕਰਦੀਆਂ ਹਨ। ਉਹ ਰਾਵੀ ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਵਿਚ ਇੱਕ ਜੀਉਂਦੀ ਜਾਗਦੀ ਸਾਹ ਲੈਂਦੀ ਇਕਾਈ ਹੈ:
ਤੇਰੇ ਲਈ ਦਰਿਆ ਹੈ ਰਾਵੀ, ਮੇਰੇ ਲਈ ਇਹ ਦੇਸ ਵੀਰਿਆ।
ਧਰਮੀ ਬਾਬਲ, ਮਾਂ ਹੈ ਰਾਵੀ, ਇਸ ਓਹਲੇ ਪਰਦੇਸ ਵੀਰਿਆ।
ਏਸ ਦਰਿਆ ਦੀ ਕਹਾਣੀ, ਨਾ ਸੁਣਾ, ਮੈਂ ਜਾਣਦਾਂ,
ਏਸ ਰਾਵੀ ਜ਼ਖ਼ਮ ਦਿੱਤੇ ਅੱਜ ਵੀ ਓਵੇਂ ਹਰੇ।
ਕਿਵੇਂ ਲਿਖੇਂ ਤੂੰ ਮੁਹੱਬਤਾਂ ਦਾ ਗ਼ਜ਼ਲਾਂ ਤੇ ਗੀਤ।
ਕਿੱਦਾਂ ਸ਼ਬਦੀਂ ਪਰੋਨੈਂ, ਵਿੱਚ ਰਾਵੀ ਦਾ ਸੰਗੀਤ।
ਜਿਹੜੇ ਰਾਵੀ ਦਿਆਂ ਪੱਤਣਾਂ ਤੇ ਮਾਰਦੇ ਆਵਾਜ਼ਾਂ,
ਮੋਏ ਮਿੱਤਰਾਂ ਦੇ ਨਾਲ ਆ ਜਾ ਅੱਖ ਤਾਂ ਮਿਲਾਈਏ।
ਕੀ ਦੱਸਾਂ ਕੀ ਦੱਸਾਂ ਯਾਰਾ, ਰਾਵੀ ਮੈਨੂੰ ਦੇਸ ਵਾਂਗ ਹੈ।
ਜਿੱਥੇ ਆਹ ਮੈਂ ਰਹਿੰਦਾ ਮਰਦਾਂ, ਇਹ ਤਾਂ ਸਭ ਪਰਦੇਸ ਵਾਂਗ ਹੈ।
ਇਸ ਤਰ੍ਹਾਂ ਰਾਵੀ ਗੁਰਭਜਨ ਗਿੱਲ ਕਾਵਿ ਵਿਚ ਥਾਂ-ਥਾਂ 'ਤੇ ਮੌਜੂਦ ਹੈ, ਜਿਉਂਦੇ ਜਾਗਦੀ ਰਹਿਤਲ ਦੀ ਨਿਸ਼ਾਨੀ ਵਜੋਂ, ਯਾਦ ਵਾਂਗ, ਵੰਡ ਦੇ ਜ਼ਖ਼ਮ ਦੀ ਨਿਸ਼ਾਨ-ਦੇਹੀ ਕਰਦੇ ਮੈਟਾਫ਼ਰ ਵਾਂਗ, ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਵਿਚਕਾਰ ਵੱਜੀ ਲੀਕ ਦੇ ਪ੍ਰਤੀਕ ਵਜੋਂ ਤੇ ਲਹਿੰਦੇ ਪੰਜਾਬ ਨਾਲ ਸਾਂਝ ਤੇ ਕਦੇ ਵੀ ਨਾ ਵੰਡੇ ਜਾਣ ਦੀ ਤੜਪ ਵਜੋਂ।
ਪੰਜਾਬ ਤੇ ਪੰਜਾਬੀਅਤ ਦੇ ਇਸ ਬਿਰਤਾਂਤ ਸਦਕਾ ਗੁਰਭਜਨ ਗਿੱਲ ਦੀ ਕਾਵਿ-ਬਗੀਚੀ ਵਿਚੋਂ ਵਾਰਿਸ ਸ਼ਾਹ, ਸ਼ਿਵ ਕੁਮਾਰ, ਮੁਨੀਰ ਨਿਆਜ਼ੀ, ਮਜ਼ਹਰ ਤਿਰਮਜ਼ੀ ਤੇ ਬਾਬਾ ਨਜ਼ਮੀ ਦੀ ਮਹਿਕ ਆਉਂਦੀ ਹੈ। ਏਹੋ ਜੇਹੀ ਨਜ਼ਾਕਤ ਨੂੰ ਪਹਿਰਨ ਦੇਂਦੇ ਸ਼ੇਅਰ ਪੰਜਾਬੀ ਲੋਕਮਾਣਸ ਦੇ ਸਾਂਝੀਵਾਲ ਹਨ :
ਕੈਂਚੀ ਵਾਲੇ ਰਾਜ ਕਰਨ ਤੇ ਸੂਈਆਂ ਵਾਲੇ ਫਿਰਨ ਬਾਜ਼ਾਰੀਂ,
ਸਿਰ ਤੋਂ ਪੈਰ ਲੰਗਾਰੀ ਜ਼ਿੰਦਗੀ, ਲੀਰਾਂ ਟੁਕੜੇ ਨਾ ਕੋਈ ਸੀਵੇ।
ਮੇਰੀ ਬੁੱਕਲ ਦੇ ਵਿਚ ਖ਼ਬਰੇ, ਕੀ ਕੁਝ ਸੱਜਣ ਛੱਡ ਜਾਂਦੇ ਨੇ,
ਬਹੁਤੀ ਵਾਰੀ ਦਰਦ ਕੰਵਾਰੇ, ਭੁੱਲ ਜਾਂਦੇ ਨੇ ਏਥੇ ਧਰ ਕੇ।
ਪਰ ਲਹਿੰਦੇ ਪੰਜਾਬ ਦੇ ਜਿਸ ਸ਼ਾਇਰ ਨਾਲ ਗੁਰਭਜਨ ਗਿੱਲ ਨੇ ਲਗਾਤਾਰ ਸੰਵਾਦ ਰਚਾਇਆ ਹੈ ਉਹ ਹੈ ਮਜ਼ਹਰ ਤਿਰਮਜ਼ੀ। ਮਜ਼ਹਰ ਤਿਰਮਜ਼ੀ ਦੇ ਲਿਖੇ ਗੀਤ "ਉਮਰਾਂ ਲੰਘੀਆਂ ਪੱਬਾਂ ਭਾਰ" ਨੂੰ ਅਸਦ ਅਮਾਨਤ ਅਲੀ ਨੇ ਗਾਇਆ ਅਤੇ ਇਹ ਗੀਤ ਪੰਜਾਬੀਆਂ ਦੇ ਮਨਾਂ ਅੰਦਰ ਘਰ ਬਣਾ ਕੇ ਵੱਸ ਗਿਆ। ਇਸ ਗੀਤ ਵਿਚ ਪੰਜਾਬ ਦੀ ਵੰਡ ਤੋਂ ਪੱਕਾ ਹੋਇਆ ਦੁੱਖ ਲੁਕਵੇਂ ਰੂਪ ਵਿਚ ਮੌਜੂਦ ਹੈ ਤੇ ਉਹ ਦੁੱਖ ਤੇ ਸੰਤਾਪ ਜੋ ਲਹਿੰਦੇ ਪੰਜਾਬ ਦੇ ਵਾਸੀਆਂ ਨੇ ਫ਼ੌਜੀ ਹਕੂਮਤਾਂ ਦੇ ਜਬਰ ਹੇਠ ਹੰਢਾਇਆ, ਜਿਹਦੇ ਕਰਕੇ ਸੁਰਖ਼ ਗੁਲਾਬਾਂ ਦੇ ਮੌਸਮ ਵਿਚ ਫੁੱਲਾਂ ਦੇ ਰੰਗ ਕਾਲੇ ਹੋ ਗਏ, ਉਮਰਾਂ ਪੱਬਾਂ ਭਾਰ ਬੈਠਿਆਂ ਲੰਘ ਗਈਆਂ। ਚੜ੍ਹਦੇ ਪੰਜਾਬ ਨੇ ਵੀ ਏਹੋ ਜਿਹੀ ਹੋਣੀ ਹੰਢਾਈ, ਖ਼ਾਸ ਕਰਕੇ 1980 ਈ. ਦੇ ਦਹਾਕੇ ਤੋਂ ਸ਼ੁਰੂ ਹੋਏ ਦੁੱਖ ਦੇ ਦਰਦ ਦੀ ਹੋਣੀ। ਦੋਵੇਂ ਪੰਜਾਬ ਪੰਜਾਬੀਆਂ ਨੂੰ ਭਵਿੱਖਹੀਣੇ ਭੂਗੋਲਿਕ ਖਿੱਤੇ ਲੱਗਦੇ ਨੇ ਜਿੱਥੋਂ ਉਹ ਭੱਜ ਜਾਣਾ ਚਾਹੁੰਦੇ ਹਨ, ਕੈਨੇਡਾ ਨੂੰ ਅਮਰੀਕਾ, ਇੰਗਲੈਂਡ, ਆਸਟਰੇਲੀਆ, ਨਿਊਜ਼ੀਲੈਂਡ ਨੂੰ, ਯੂਰੋਪ ਦੇ ਕਿਸੇ ਵੀ ਦੇਸ਼ ਨੂੰ, ਕਿਉਂਕਿ ਦੋਹਾਂ ਪੰਜਾਬਾਂ ਵਿਚ ਗੁਰੂਆਂ, ਪੀਰਾਂ, ਫ਼ਕੀਰਾਂ ਦੀਆਂ ਧਰਤੀਆਂ ਦੇ ਢੋਲ ਵੱਜਣ ਦੇ ਬਾਵਜੂਦ ਏਥੋਂ ਦੇ ਰਹਿਣ ਵਾਲਿਆਂ ਨੂੰ ਅੱਜ ਪੈਰ ਲਾਉਣ ਲਈ ਧਰਤੀ ਨਹੀਂ ਮਿਲਦੀ। ਦੋਹਾਂ ਪੰਜਾਬਾਂ ਵਿਚ ਸੁਰਖ਼ ਗੁਲਾਬਾਂ ਦੇ ਮੌਸਮਾਂ ਵਿਚ ਫੁੱਲਾਂ ਦੇ ਰੰਗ ਕਾਲੇ ਹਨ। ਗੁਰਭਜਨ ਗਿੱਲ ਇਸ ਦੀ ਤਸਵੀਰਕਸ਼ੀ ਕੁਝ ਤਰ੍ਹਾਂ ਕਰਦਾ ਹੈ:
ਵਿਹੜੇ ਦੇ ਵਿੱਚ ਬੀਜੀਆਂ ਰੀਝਾਂ, ਬਿਰਖ਼ ਮੁਹੱਬਤਾਂ ਵਾਲੇ।
ਪਰ ਇਨ੍ਹਾਂ ਨੂੰ ਫੁੱਲ ਕਿਉਂ ਪੈਂਦੇ, ਹਰ ਮੌਸਮ ਵਿਚ ਕਾਲੇ।
ਸੁਰਖ਼ ਗੁਲਾਬਾਂ ਦੇ ਮੌਸਮ ਵਿੱਚ, ਫ਼ੁੱਲਾਂ ਦੇ ਰੰਗ ਕਾਲ਼ੇ ਕਿਉਂ ਨੇ।
ਵੇਖਣ ਵਾਲੀ ਅੱਖ ਦੇ ਅੰਦਰ, ਏਨੇ ਗੂੜ੍ਹੇ ਜਾਲ਼ੇ ਕਿਉਂ ਨੇ।
ਸੁਰਖ਼ ਗੁਲਾਬਾਂ ਦੇ ਬਾਗ਼ਾਂ ਵਿੱਚ, ਪੀਲ਼ੀ ਰੁੱਤ ਵੀ ਆ ਜਾਂਦੀ ਹੈ।
ਗੁਰਬਤ ਜੀਕੂੰ ਖੜ੍ਹੇ ਖਲੋਤੇ, ਸਾਬਤ ਬੰਦੇ ਖਾ ਜਾਂਦੀ ਹੈ।
ਰਾਵੀ ਪਾਰੋ ਅਸਦ ਅਮਾਨਤ
ਗਾ ਕੇ ਲਾਹਵੇ ਜਾਲ਼ੇ।
ਸੁਰਖ਼ ਗੁਲਾਬਾਂ ਦੇ ਮੌਸਮ ਕਿਉਂ, ਫੁੱਲਾਂ ਦੇ ਰੰਗ ਕਾਲ਼ੇ।
ਗੁਰਭਜਨ ਗਿੱਲ ਦੇ ਕਾਵਿ-ਸੰਸਾਰ ਵਿਚਲਾ ਦੂਸਰਾ ਮੁੱਖ ਬਿਰਤਾਂਤ ਹੈ, ਉਸ ਦੀ ਨਿੱਜਤਾ ਦਾ ਬਿਰਤਾਂਤ। ਇਸ ਤਰ੍ਹਾਂ ਦੇ ਕਾਵਿ ਵਿਚ ਰੋਜ਼ਮੱਰਾ ਦੀ ਜ਼ਿੰਦਗੀ ਤੇ ਸੰਘਰਸ਼ ਤੋਂ ਪੈਦਾ ਹੁੰਦਾ ਖ਼ਲਲ ਹੈ, ਬੰਦੇ ਦੀ ਟੁੱਟ-ਭੱਜ ਤੇ ਸਿਰਜਣਾ ਦਾ ਬਿਆਨ ਹੈ, ਟਕਰਾਉ ਹੈ, ਅਸੰਗਤੀਆਂ ਹਨ, ਬੰਦੇ ਦੇ ਅਧੂਰੇਪਨ ਦੀਆਂ ਬਾਤਾਂ ਹਨ, ਪੰਜਾਬੀ ਸਮਾਜ ਨੂੰ ਦਰਪੇਸ਼ ਸਮੱਸਿਆਵਾਂ ਨਾਲ ਲੋਹਾ ਲੈਂਦੀ ਮਾਨਸਿਕਤਾ ਹੈ:
ਹੁਣੇ ਹੁਣੇ ਤੂੰ ਯਾਦ ਸੀ ਕੀਤਾ, ਪਹੁੰਚ ਗਿਆ ਹਾਂ।
ਵੇਖ ਜ਼ਰਾ ਮੈਂ ਤੇਰੇ ਦਿਲ ਵਿੱਚ ਧੜਕ ਰਿਹਾ ਹਾਂ।
ਸ਼ੁਕਰ ਤੇਰਾ ਧੰਨਵਾਦ ਨੀ ਜਿੰਦੇ, ਜੇ ਨਾ ਲਾਉਂਦੀ ਫਿਰ ਕੀ ਹੁੰਦਾ,
ਸਾਰੀ ਜ਼ਿੰਦਗੀ ਦਾ ਇਹ ਹਾਸਿਲ, ਟੁੱਟਾ ਭੱਜਿਆ ਇੱਕ ਅੱਧ ਲਾਰਾ।
ਤੇਰੇ ਅੰਦਰ ਕਿੰਨਾ ਲਾਵਾ, ਦਿਲ ਵਿੱਚ ਤੜਪੇ, ਦਸਤਕ ਦੇਵੇ,
ਅੱਥਰੂ ਬਣ ਕਿਉਂ ਵਹਿ ਜਾਂਦਾ ਏ, ਦੱਸ ਤਾਂ ਸਹੀ ਅੱਖੀਆਂ ਦੇ ਕੋਇਆ।
ਲਗਨ ਹੈ ਤਾਂ ਅਗਨ ਹੈ, ਮਗਰੋਂ ਤਾਂ ਸਾਰੀ ਰਾਖ਼ ਹੈ,
ਐ ਹਵਾ! ਤੂੰ ਦੱਸ ਦੇਵੀਂ, ਜਾ ਕੇ ਮੇਰੇ ਯਾਰ ਨੂੰ।
ਹਰ ਸ਼ਾਇਰ ਦੇ ਅੰਦਰ ਇੱਕ ਸੱਚਾ ਮਨੁੱਖ ਬੈਠਾ ਹੁੰਦਾ ਹੈ। ਸ਼ਾਇਰ ਸੰਸਾਰੀ ਜੀਵ ਹੈ। ਉਸ ਨੇ ਨੌਕਰੀ ਕਰਨੀ ਹੈ, ਰਿਸ਼ਤੇਦਾਰੀਆਂ ਨਿਭਾਉਣੀਆਂ ਹਨ, ਜਿਸ ਧਰਮ ਤੇ ਜਾਤ ਵਿਚ ਉਸ ਨੇ ਜਨਮ ਲਿਆ, ਉਨ੍ਹਾਂ ਦੇ ਆਇਦ ਕੀਤੇ ਤੌਰ-ਤਰੀਕਿਆਂ ਨਾਲ ਉਲਝਣਾ ਹੈ, ਸਮਾਜ ਵਿਚ ਮੌਜੂਦ ਵਿਚਾਰਧਾਰਕ ਸੱਤਾ ਸੰਸਥਾਵਾਂ ਜਿਵੇਂ ਪਰਿਵਾਰ, ਵਿਦਿਅਕ ਅਦਾਰੇ, ਧਾਰਮਿਕ ਅਦਾਰੇ ਆਦਿ) ਨਾਲ ਉਲਝਣਾ ਹੈ, ਕਿਤੇ ਸਮਝੌਤੇ ਕਰਨੇ ਹਨ ਤੇ ਕਿਤੇ ਬੋਲਣਾ ਹੈ। ਇਸ ਟਕਰਾਉ ਤੇ ਦਵੰਦ ਨੂੰ ਗੁਰਭਜਨ ਗਿੱਲ ਏਦਾਂ ਪੇਸ਼ ਕਰਦਾ ਹੈ :
ਮੈਂ ਜੋ ਵੀ ਸੋਚਦਾ ਹਾਂ, ਕਹਿਣ ਵੇਲੇ ਜਰਕ ਜਾਂਦਾ ਹਾਂ,
ਮੇਰੇ ਵਿੱਚ ਕੌਣ ਆ ਬੈਠਾ ਹੈ, ਬਿਲਕੁਲ ਅਜਨਬੀ ਵਰਗਾ।
ਵਾਰਿਸ ਸ਼ਾਹ ਨੇ ਆਪਣੇ ਕਿੱਸੇ ਵਿਚ ਇਹ ਪਰੰਪਰਾ ਦੀ ਸ਼ੁਰੂਆਤ ਕੀਤੀ ਸੀ, ਜਿਸ ਵਿਚ ਹੀਰ-ਰਾਂਝੇ ਦੇ ਇਸ਼ਕ ਦਾ ਬਿਰਤਾਂਤ, ਵਾਰਿਸ ਦੀ ਨਿੱਜਤਾ ਦਾ ਬਿਰਤਾਂਤ ਤੇ ਦੇਸ਼ ਪੰਜਾਬ ਹਾਲ ਅਹਿਵਾਲ ਦਾ ਬਿਰਤਾਂਤ ਇਕਮਿੱਕ ਹੋ ਜਾਂਦੇ ਹਨ, ਸੁਖ ਵਿਚ, ਦੁੱਖ ਵਿਚ, ਵਸਲ ਵਿਚ, ਬਿਰਹਾ ਵਿਚ, ਜਸ਼ਨ ਵਿਚ, ਨਿਰਾਸ਼ਾ ਵਿਚ ਤੇ ਇਨ੍ਹਾਂ ਜਜ਼ਬਿਆਂ ਦੇ ਮਿਲਣ ਦੇ ਮਟਕ-ਚਾਨਣੇ ਵਿਚ :
ਸੁਰਮਾ ਨੈਣਾਂ ਦੀ ਧਾਰ ਵਿਚ ਖੂਬ ਰਹਿਆ,
ਚੜ੍ਹਿਆ ਹਿੰਦ ਤੇ ਕਟਕ ਪੰਜਾਬ ਦਾ ਜੀ॥
ਮੱਝੀਂ ਜੇਡ ਨਾ ਕਿਸੇ ਦੇ ਹੋਣ ਜ਼ੇਰੇ,
ਰਾਜ ਹਿੰਦ ਪੰਜਾਬ ਦਾ ਬਾਬਰੀ ਵੇ॥
ਵਾਂਗ ਕਿਲ੍ਹੇ ਦਿਪਾਲਪੁਰ ਹੋਇ ਆਲੀ,
ਮੇਰੇ ਬਾਬ ਦਾ ਤੁਧ ਭੁੰਚਾਲ ਕੀਤਾ॥
ਕੁੜੀਆਂ ਪਿੰਡ ਦੀਆਂ ਬੈਠ ਕੇ ਮਤਾ ਕੀਤਾ,
ਲੁੱਟੀ ਅੱਜ ਕੰਧਾਰ ਪੰਜਾਬੀਆਂ ਜੀ॥
ਅਹਿਮਦ ਸ਼ਾਹ ਵਾਂਗੂੰ ਮੇਰੇ ਵੈਰ ਪੈ ਕੇ,
ਪੁੱਟ ਹਿੰਦ ਦੇ ਚੱਲ ਦਾ ਤਾਲ ਕੀਤੋ॥
ਫਿਰ ਰਵਾਇਤ ਚੇਤਨ ਤੇ ਅਵਚੇਤਨ ਤੌਰ ਬਹੁਤ ਸਾਰੇ ਪੰਜਾਬੀ ਸ਼ਾਇਰਾਂ ਦੀ ਸ਼ਾਇਰੀ ਵਿਚ ਉੱਭਰੀ ਤੇ ਕਾਇਮ ਰਹੀ ਹੈ ਤੇ ਗੁਰਭਜਨ ਗਿੱਲ ਦੀ ਸ਼ਾਇਰੀ ਵਿਚ ਇਹ ਇੱਕ ਉੱਭਰਦੀ ਸੁਰ ਹੈ। ਗੁਰਭਜਨ ਗਿੱਲ ਦੀ ਨਿੱਜਤਾ ਦਾ ਸੰਸਾਰ ਪੰਜਾਬ ਹਾਲਾਤ ਨਾਲ ਟਕਰਾਉਂਦਾ ਹੈ। ਨਿੱਜਤਾ ਦਾ ਬਿਰਤਾਂਤ ਪੰਜਾਬ ਤੇ ਪੰਜਾਬੀਅਤ ਦੇ ਬਿਰਤਾਂਤ ਨਾਲ ਖਹਿਬੜਦਾ ਹੈ:
ਜਿਸ ਦਿਨ ਤੂੰ ਨਜ਼ਰੀਂ ਆ ਜਾਵੇ, ਓਹੀ ਦਿਵਸ ਗੁਲਾਬ ਦੇ ਵਰਗਾ।
ਬਾਕੀ ਬਚਦਾ ਹਰ ਦਿਨ ਜੀਕੂੰ, ਰੁੱਸ ਗਏ ਦੇਸ਼ ਪੰਜਾਬ ਦੇ ਵਰਗਾ।
ਅੱਖੀਆਂ ਦੇ ਵਿੱਚ ਸਹਿਮ ਸੰਨਾਟਾ ਵੱਖੀਆਂ ਅੰਦਰ ਭੁੱਖ ਦਾ ਤਾਂਡਵ,
ਬੰਨ੍ਹ ਕਾਫ਼ਲੇ ਨਾਰੋਵਾਲ ਤੋਂ ਲੱਗਦੈ ਮੇਰਾ ਟੱਬਰ ਆਇਆ।
ਇਹ ਜਿਹੇ ਬਿਆਨ ਗੁਰਭਜਨ ਗਿੱਲ ਦੀ ਸ਼ਾਇਰੀ ਵਿਚ ਥਾਂ ਥਾਂ 'ਤੇ ਮਿਲਦੇ ਹਨ, ਕਿਤੇ ਸਾਫ਼ ਸਪਸ਼ਟ ਤੇ ਕਿਤੇ ਬੜੀ ਨਜ਼ਾਕਤ ਨਾਲ, ਉਹਲੇ ਵਿਚ, ਲੁਕੇ ਲੁਕੇ ਜਿਹੇ:
ਜਿਸ ਵਿੱਚ ਤੇਰੀ ਮੇਰੀ ਰੂਹ ਦਾ ਰੇਸ਼ਮ ਸੀ,
ਕਿੱਧਰ ਗਈ ਹੁਣ ਉਹ ਫੁਲਕਾਰੀ, ਹਾਏ ਤੌਬਾ।
ਇੱਕ ਹੋਰ ਰਵਾਇਤ ਜੋ ਸ਼ੇਖ ਫ਼ਰੀਦ ਦੀ ਸ਼ਾਇਰੀ
ਫਰੀਦਾ ਰੁਤਿ ਫਿਰੀ, ਵਣੁ ਕੰਬਿਆ, ਪਤ ਝੜੇ ਝੜਿ ਪਾਹਿ॥
ਲੰਮੀ ਲੰਮੀ ਨਦੀ ਵਹੈ ਕੰਧੀ ਕੇਰੈ ਹੇਤਿ॥
ਫਰੀਦਾ ਪੰਖ ਪਰਾਹੁਣੀ ਦੁਨੀ ਸੁਹਾਵਾ ਬਾਗੁ॥
ਕਲਰ ਕੇਰੀ ਛਪੜੀ ਆਏ ਉਲਥੇ ਹੰਝ॥
ਤੋਂ ਲੈ ਕੇ ਸਾਰੀ ਪੰਜਾਬੀ ਸ਼ਾਇਰੀ ਵਿਚ ਕਾਇਮ ਰਹੀ ਹੈ, ਉਹ ਬੰਦੇ ਦੀ ਹੋਣ ਥੀਣ ਨੂੰ ਕੁਦਰਤ ਨਾਲ ਮੇਲਣਾ। ਇਹ ਰਵਾਇਤ ਗੁਰਬਾਣੀ ਵਿਚ ਵੀ ਮਿਲਦੀ ਹੈ ਤੇ ਮੱਧਕਾਲੀਨ ਸੂਫ਼ੀ ਸ਼ਾਇਰਾਂ ਵਿਚ ਵੀ। ਮੋਹਨ ਸਿੰਘ ਤੇ ਸ਼ਿਵ ਕੁਮਾਰ ਵਿਚ ਵੀ।
ਤੇਰੇ ਦੋ ਨੈਣਾਂ ਵਿਚ ਸੁਪਨਾ ਦਿਨ ਵੇਲੇ ਜਿਉਂ ਸੂਰਜ ਦਗਦਾ।
ਸ਼ਾਮ ਢਲੇ ਤੋਂ ਮਗਰੋਂ ਏਹੀ, ਪਤਾ ਨਹੀਂ ਕਿਉਂ ਚੰਨ ਹੈ ਲਗਦਾ।
ਛਣਕੀਆਂ ਫ਼ਲੀਆਂ ਸ਼ਰੀਂਹ ਤੇ, ਮੈਂ ਕਿਹਾ,
ਸੁਣ ਜ਼ਰਾ ਇਹ ਬਿਰਖ਼ ਦਾ ਜੋ ਤਾਲ ਹੈ।
ਬਹੁਤ ਸਾਰੀਆਂ ਰਵਾਇਤਾਂ ਦਾ ਪੱਲੂ ਫੜਦਾ ਤੇ ਆਪਣੀ ਨਿਵੇਕਲੀ ਸੁਰ ਸਿਰਜਦਾ ਗੁਰਭਜਨ ਗਿੱਲ ਸਾਨੂੰ ਅੱਜ ਦੇ ਪੰਜਾਬ ਦੇ ਰੂਬਰੂ ਕਰਦਾ ਹੈ। ਉਹ 'ਧਰਤੀ ਦੀਆਂ ਧੀਆਂ' ਦੇ ਦੁੱਖਾਂ ਦੀਆਂ ਗੱਲਾਂ ਕਰਦਾ ਸਾਡੀ ਲੋਕ-ਸਮਝ ਤੇ ਵਿਦਵਤਾ 'ਤੇ ਪ੍ਰਸ਼ਨ ਕਰਦਾ ਹੈ। ਸੰਤਾਲੀ ਦੇ ਜ਼ਖ਼ਮ ਦੇ ਸ਼ਿੱਦਤ ਮਹਿਸੂਸ ਕਰਦਿਆਂ ਉਹ ਇਸ ਸਿੱਟੇ 'ਤੇ ਪਹੁੰਚਦਾ ਹੈ ਕਿ 'ਦਰਦਾਂ ਵਾਲੀ ਗਠੜੀ' ਨੂੰ ਤੋਲਿਆ ਨਹੀਂ ਜਾ ਸਕਦਾ। ਸ਼ਾਇਰੀ ਦੇ ਇਸ ਸਫ਼ਰ ਵਿਚ ਉਸ ਨੂੰ ਇਹ ਪਤਾ ਵੀ ਲੱਗਦਾ ਹੈ ਪੰਜ ਦਰਿਆਵਾਂ ਦੀ ਇਸ ਧਰਤੀ, ਜਿਸ ਦੀਆਂ ਰਵਾਇਤਾਂ ਤੇ ਸਭਿਆਚਾਰ 'ਤੇ ਅਸੀਂ ਮਾਣ ਕਰਦੇ ਹਾਂ, 'ਗਫ਼ਲਤ ਦੇ ਟਿੱਬਿਆਂ' ਵਿਚ ਜ਼ੀਰ ਗਏ ਹਨ। ਇਸ ਸਫ਼ਰ ਵਿਚ ਉਹ ਸੌ ਜਨਮਾਂ ਦੇ ਵਿਛੋੜੇ ਮਾਧਉ, ਬੇਗਮਪੁਰੇ ਦੇ ਵਾਸੀਆਂ ਤੇ ਪਾਸ਼ ਨਾਲ ਸੰਵਾਦ ਰਚਾਉਂਦਾ ਹੈ। ਏਸੇ ਕਰਕੇ ਉਹਦੇ ਸ਼ੇਅਰ ਐਹੋ ਜਿਹੇ ਹਨ, ਜਿਨ੍ਹਾਂ ਦੀ ਨੌਈਅਤ ਪੂਰੀਆਂ ਨਜ਼ਮਾਂ ਜਿਹੀ ਹੈ :
ਮੈਂ ਦੋਚਿੱਤੀਆਂ ਨਸਲਾਂ ਕੋਲੋਂ ਏਹੀ ਸਬਕ ਸਮਝਿਐ, ਤਾਂਹੀਓਂ,
ਬੋਲ ਮੈਂ ਜਿਹੜੇ ਸੋਚ ਲਏ ਉਹ ਜਾਂਦੇ ਜਾਂਦੇ ਕਹਿ ਜਾਣੇ ਨੇ।
ਹਰ ਸ਼ਾਇਰ ਦਾ ਸਫ਼ਰ ਡਰ, ਭਉ, ਆਸ਼ਾ, ਨਿਰਾਸ਼ਾ, ਜਗਿਆਸਾ, ਯਾਦਾਂ, ਮਹਿਕਾਂ, ਸੁਗੰਧੀਆਂ, ਦੁੱਖਾਂ, ਸੁਖਾਂ, ਬਿਰਹਾ ਤੇ ਵਸਲ ਦੇ ਜੰਜ਼ਾਲਾਂ, ਜ਼ਿੰਦਗੀ ਵਿਚਲੇ ਖ਼ਤਰਿਆਂ, ਵੇਦਨਾ ਤੇ ਜ਼ੋਖ਼ਮ ਨਾਲ ਭਰਿਆ ਹੁੰਦਾ ਹੈ। ਗੁਰਭਜਨ ਗਿੱਲ ਦੇ ਸਫ਼ਰ ਵਿਚ ਇਹ ਸਭ ਕੁਝ ਵਿਦਮਾਨ ਹੈ, ਪਰ ਉਹ ਆਸ ਦਾ ਪੱਲੂ ਨਹੀਂ ਛੱਡਦਾ :
ਤੁਸੀਂ ਪਾਣੀ ਤਾਂ ਪਾਓ, ਫੇਰ ਫ਼ਲ ਫੁੱਲ ਹਾਰ ਮਹਿਕਣਗੇ,
ਭਲਾ ਜੀ ਆਸ ਦੇ ਬੂਟੇ ਨੂੰ ਦੱਸੋ ਕੀਹ ਨਹੀਂ ਲੱਗਦਾ ?
ਆਸ ਦੇ ਬੂਟੇ ਨੂੰ ਤਾਂ ਬਹੁਤ ਕੁਝ ਲੱਗਦਾ ਹੈ ਤੇ ਇਹ ਭੇਤ ਗੁਰਭਜਨ ਗਿੱਲ ਜਾਣਦਾ ਹੈ ਅਤੇ ਉਹ ਇਹ ਵੀ ਜਾਣਦਾ ਹੈ ਕਿ ਉਹ ਬਹੁਤ ਕੁਝ ਕਹਿ ਚੁੱਕਾ ਹੈ, ਪਰ ਹਾਲੇ ਉਹਦੇ ਕੋਲ ਬਹੁਤ ਅਣਕਿਹਾ ਵੀ ਹੈ ਤੇ ਇਸੇ ਲਈ ਉਹ ਸਾਨੂੰ ਦੱਸਦਾ ਹੈ :
ਬਹੁਤ ਹਾਲੇ ਅਣਕਿਹਾ, ਲਿਖਿਆ ਨਹੀਂ, ਪੜ੍ਹਿਆ ਨਹੀਂ।
ਕੰਢੇ ਕੰਢੇ ਫਿਰ ਰਿਹਾਂ ਸਾਗਰ 'ਚ ਮੈਂ ਵੜਿਆ ਨਹੀਂ।
ਅਖ਼ੀਰ ਵਿਚ ਮੈਂ ਇਹ ਕਹਿਣਾ ਚਾਹੁੰਦਾ ਕਿ ਗੁਰਭਜਨ ਗਿੱਲ ਦੇ ਕਹੇ ਸ਼ੇਅਰਾਂ ਵਿਚ ਪਾਠਕਾਂ ਨੂੰ ਅਣਕਹੇ ਦੀਆਂ ਗੂੰਜਾਂ ਵੀ ਸੁਣਨਗੀਆਂ ਤੇ ਕਹੇ ਦੀਆਂ ਵੀ। ਉਸ ਨੇ ਆਪਣੇ ਦਿਲ ਨੂੰ ਪੰਜਾਬ ਤੇ ਪੰਜਾਬੀਅਤ ਦਾ ਵਿਹੜਾ ਬਣਾ ਲਿਆ ਹੈ, ਜਿਸ ਵਿਚ ਪੰਜਾਬ ਦੇ ਲੋਕਾਂ ਦੇ ਸੁੱਖ, ਦੁੱਖ, ਮਜ਼ਬੂਰੀਆਂ, ਪ੍ਰੇਸ਼ਾਨੀਆਂ, ਮੁਸ਼ਕਿਲਾਂ ਸਭ ਹਾਜ਼ਰ ਨਾਜ਼ਰ ਹਨ। ਏਹੀ ਗੁਰਭਜਨ ਗਿੱਲ ਤੇ ਉਸ ਦੇ ਕਲਾਮ ਦੀ ਪ੍ਰਾਪਤੀ ਹੈ।
ਸਵਰਾਜਬੀਰ (ਡਾ.)
ਸ਼ਿਲਾਂਗ
21 ਸਤੰਬਰ, 2017
1ਚਸ਼ਮਾਂ ਸੇਜ ਵਿਛਾਨੀਆਂ, ਦਿਲ ਕੀਤਾ ਵਿਹੜਾ-ਬੁੱਲ੍ਹੇ ਸ਼ਾਹ
ਅੰਤਿਕਾ (ਰਾਵੀ)
ਚੌਮੁਖੀਆ ਚਿਰਾਗ : ਗੁਰਭਜਨ ਗਿੱਲ -ਸੁਰਜੀਤ ਸਿੰਘ ਭੱਟੀ (ਡਾ.)
ਗੁਰਭਜਨ ਗਿੱਲ ਪੰਜਾਬੀ ਅਦਬ ਦੀ ਇੱਕ ਜਾਣੀ-ਪਛਾਣੀ ਸਖ਼ਸ਼ੀਅਤ ਹੈ। ਸਾਹਿਤ ਦੇ ਖੇਤਰ ਵਿਚ ਉਸ ਨੇ ਕਾਵਿ ਵਿਧਾ ਨੂੰ ਆਪਣਾ ਆਪਾ ਸਮਰਪਿਤ ਕੀਤਾ ਹੋਇਆ ਹੈ। ਉਹ ਪੰਜਾਬੀ ਦੇ ਪ੍ਰਮੁਖ ਸ਼ਾਇਰਾਂ ਵਿਚ ਸ਼ੁਮਾਰ ਕੀਤਾ ਜਾਂਦਾ ਹੈ। ਨਜ਼ਮ, ਗੀਤ, ਗ਼ਜ਼ਲ, ਪੰਜਾਬੀ ਕਾਵਿ ਦੇ ਪ੍ਰਮੁੱਖ ਕਾਵਿ-ਰੂਪ ਪ੍ਰਵਾਨ ਕੀਤੇ ਜਾਂਦੇ ਹਨ। ਗੁਰਭਜਨ ਨੇ ਇਨ੍ਹਾਂ ਸਾਰੇ ਰੂਪਾਂ ਨੂੰ ਆਪਣੀ ਕਲਮ ਨਾਲ ਭਰਪੂਰ ਮਾਤਰਾ ਵਿਚ ਸਿਰਜਣ ਦਾ ਮਾਣ ਪ੍ਰਾਪਤ ਕੀਤਾ ਹੈ। ਫਿਰ ਵੀ ਗੀਤ ਅਤੇ ਗ਼ਜ਼ਲ ਦੀ ਸਿਨਫ਼ ਵਿਚ ਉਸ ਦੀ ਸਿਰਜਣ-ਸ਼ਕਤੀ ਆਪਣੀ ਪੂਰੀ ਵੰਨ-ਸੁਵੰਨਤਾ ਅਤੇ ਭਰਪੂਰਤਾ ਵਿੱਚ ਉਦੈਮਾਨ ਹੋਈ ਹੈ। ਗੁਰਭਜਨ ਨੇ ਆਪਣੀ ਪਹਿਲੀ ਕਾਵਿ-ਪੁਸਤਕ 'ਸ਼ੀਸ਼ਾ ਝੂਠ ਬੋਲਦਾ ਹੈ' (1978) ਤੋਂ ਲੈ ਕੇ ਹਥਲੇ ਗ਼ਜ਼ਲ-ਸੰਗ੍ਰਹਿ ਰਾਵੀ ਤੀਕ ਤੇਰਾਂ ਕਾਵਿ-ਸੰਗ੍ਰਹਿ ਪੰਜਾਬੀ ਜ਼ਬਾਨ ਅਤੇ ਪੰਜਾਬੀ ਪਿਆਰਿਆਂ ਨੂੰ ਭੇਟ ਕੀਤੇ ਹਨ। ਇਸ ਗ਼ਜ਼ਲ-ਸੰਗ੍ਰਹਿ ਵਿਚ 103 ਗ਼ਜ਼ਲਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹ ਹਥਲਾ ਯਤਨ ਕਾਵਿ-ਸਿਰਜਣ ਪ੍ਰਤੀ ਉਸ ਦੀ ਨਿਰੰਤਰ ਅਤੇ ਨਿਰਵਿਘਨ ਕਾਵਿ-ਸਾਧਨਾ ਦਾ ਇੱਕ ਟਕਸਾਲੀ ਪ੍ਰਮਾਣ ਹੈ।
ਪੰਜਾਬੀ ਗ਼ਜ਼ਲ ਦਾ ਆਰੰਭ ਸ਼ਾਹ ਮੁਰਾਦ (ਮ੍ਰਿ. 1702 ਈ.) ਤੋਂ ਪ੍ਰਵਾਨ ਕੀਤਾ ਜਾਂਦਾ ਹੈ। ਅਰਬੀ-ਫ਼ਾਰਸੀ ਪਰੰਪਰਾ ਵਿਚੋਂ ਆਪਣਾ ਵਜੂਦ ਧਾਰਨ ਵਾਲੀ ਗ਼ਜ਼ਲ ਦਾ ਆਰੰਭ 5ਵੀਂ ਸਤਵੀਂ ਸਦੀ ਤੋਂ ਪ੍ਰਵਾਨ ਕੀਤਾ ਜਾਂਦਾ ਹੈ। ਕੁਝ ਵਿਦਵਾਨ ਬਾਬਾ ਫ਼ਰੀਦ ਨੂੰ ਵੀ ਪੰਜਾਬੀ ਦਾ ਪਹਿਲਾ ਗ਼ਜ਼ਲਗੋ ਪ੍ਰਵਾਨ ਕੀਤੇ ਜਾਣ ਦੀ ਦਲੀਲ ਦਿੰਦੇ ਹਨ। ਕੁਝ ਵੀ ਹੋਵੇ ਪੰਜਾਬੀ ਵਿਚ ਗ਼ਜ਼ਲ ਦੇ ਸਥਾਪਿਤ ਅਤੇ ਵਿਕਸਿਤ ਹੋਣ ਦਾ ਦੌਰ ਆਧੁਨਿਕ ਕਾਲ ਨੂੰ ਹੀ ਪ੍ਰਦਾਨ ਕੀਤਾ ਜਾਣਾ ਵਧੇਰੇ ਤਰਕਸੰਗਤ ਪ੍ਰਤੀਤ ਹੁੰਦਾ ਹੈ।
ਗੁਰਭਜਨ ਗਿੱਲ ਦੀ ਸ਼ਾਇਰੀ ਜੀਵਨ ਦੀਆਂ ਸਾਰੀਆਂ ਧੁੱਪਾਂ-ਛਾਵਾਂ ਨੂੰ ਆਪਣੇ ਕਲਾਵੇ ਵਿਚ ਸਮੋਣ ਵਾਲੀ ਸ਼ਾਇਰੀ ਹੈ। ਗੁਰਭਜਨ ਦੀ ਗ਼ਜ਼ਲ ਆਪਣੇ ਸਵੈ ਦੇ ਚੇਤਨ-ਅਵਚੇਤਨ ਸਾਰੇ ਭਾਵਾਂ ਅਤੇ ਰੰਗਾਂ ਦਾ ਖੂਬਸ਼ੂਰਤ ਗੁਲਦਸਤਾ ਜਾਂ ਸਤਰੰਗੀ ਪੀਂਘ ਹੈ। ਪਰੰਤੂ ਇਸ ਦਾ ਅਰਥ ਇਹ ਨਾ ਲਿਆ ਜਾਵੇ ਕਿ ਇਹ ਨਿਰੋਲ ਉਸਦੀ ਆਪਣੀ ਹੱਡ-ਬੀਤੀ ਦਾ ਕਲਾਤਮਕ ਪ੍ਰਗਟਾਵਾ ਹੈ। ਇਹ ਹੱਡ-ਬੀਤੀ ਦਾ ਪ੍ਰਗਟਾਵਾ ਤਾਂ ਨਿਰਸੰਦੇਹ ਹੈ, ਪਰੰਤੂ ਇਸ ਵਿਚ ਵੱਡਾ ਹਿੱਸਾ ਜੱਗ-ਬੀਤੀ ਦਾ ਵੀ ਪੂਰੀ ਤਰ੍ਹਾਂ ਵਿਦਮਾਨ ਰਹਿੰਦਾ ਹੈ। ਜਿਵੇਂ ਸਾਹਿਰ ਲੁਧਿਆਣਵੀ ਸਾਹਿਬ ਨੇ ਕਿਹਾ ਹੈ:
ਦੁਨੀਆਂ ਨੇ ਤਜ਼ਰਬਾਤ-ਓ-ਹਵਾਦਿਸ ਕੀ ਸ਼ਕਲ ਮੇਂ,
ਜੋ ਕੁਛ ਮੁਝੇ ਦੀਆ ਹੈ, ਲੌਟਾ ਰਹਾ ਹੂੰ ਮੈਂ...!
ਗੁਰਭਜਨ ਦੀਆਂ ਗ਼ਜ਼ਲਾਂ ਵਿਚੋਂ ਵੀ ਇਹੋ ਭਾਵਨਾ ਅਤੇ ਕਾਵਿ-ਸਿਰਜਣਾ ਬਾਰੇ ਉਸਦਾ ਸਵੈ-ਕਥਨ ਵੱਖ-ਵੱਖ ਗ਼ਜ਼ਲਾਂ ਵਿਚੋਂ ਬੜੇ ਸਹਿਜ ਰੂਪ ਵਿਚ ਪ੍ਰਗਟ ਹੁੰਦਾ ਹੈ। ਪਰੰਤੂ ਅਜੋਕੇ ਮਾਹੌਲ ਵਿਚ ਖ਼ਾਸ ਕਰਕੇ ਹਾਕਮ ਜਮਾਤਾਂ ਦੇ ਫ਼ਾਸੀਵਾਦੀ ਰੁਝਾਨ ਦੇ ਹਨ੍ਹੇਰੇ ਵਿਚ ਲੇਖਣੀ ਕੋਈ ਰੁਮਾਂਸਕਾਰੀ ਕਾਰਜ ਨਹੀਂ ਰਹਿ
ਗਿਆ। ਗੁਰਭਜਨ ਨੇ ਲੇਖਕ ਦੀ ਮੌਜੂਦਾ ਦੌਰ ਵਿਚ ਹਨ੍ਹੇਰੇ ਨਾਲ ਲੜਨ ਦੀ ਸ਼ਕਤੀ ਨੂੰ ਦ੍ਰਿੜ ਕਰਵਾਉਂਦਿਆਂ ਦਰਪੇਸ਼ ਖ਼ਤਰਿਆਂ ਅਤੇ ਸੱਤਾ ਦੇ ਆਕ੍ਰੋਸ਼ ਦੀ ਵੀ ਨਿਸ਼ਾਨਦੇਹੀ ਕੀਤੀ ਹੈ:
ਖ਼ੂਨ ਜਿਗਰ ਦਾ ਪਾਉਣਾ ਪੈਂਦਾ, ਸ਼ਬਦ ਸਦਾ ਕੁਰਬਾਨੀ ਮੰਗਦੇ।
ਜੇ ਬੋਲੋ ਤਾਂ ਜਾਨ ਨੂੰ ਖ਼ਤਰਾ ਨਾ ਬੋਲੋ ਤਾਂ ਸੂਲੀ ਟੰਗਦੇ।
ਖਿੱਲਰੇ ਪੁੱਲਰੇ ਸੁਪਨ ਹਜ਼ਾਰਾਂ, ਸ਼ਬਦਾਂ ਨੂੰ ਮੈਂ ਰਹਾਂ ਸੌਂਪਦਾ
ਦਿਨ ਤੇ ਰਾਤ ਰਹਾਂ ਮੈਂ ਚੁਗਦਾ ਰਹਿੰਦਾ, ਖਿੱਲਰੇ ਟੋਟੇ ਰੰਗਲੀ ਵੰਗ ਦੇ।
ਮਸ਼ਕ ਘਨੱਈਏ ਵਾਲੀ, ਮੇਰੇ ਸ਼ਬਦ ਉਸੇ ਪਲ ਬਣ ਜਾਂਦੇ ਨੇ,
ਵਤਨਾਂ ਦੀ ਰਖਵਾਲੀ ਕਹਿ ਕੇ, ਬਣਨ ਅਸਾਰ ਜਦੋਂ ਵੀ ਜੰਗ ਦੇ। (ਪੰਨਾ: 116)
ਇਸ ਇੱਕੋ ਨੁਕਤੇ ਤੋਂ ਆਰੰਭ ਹੋ ਕੇ ਅਸੀਂ ਗੁਰਭਜਨ ਗਿੱਲ ਦੇ ਕਾਵਿ-ਸੰਸਾਰ, ਕਾਵਿ-ਦ੍ਰਿਸ਼ਟੀ, ਕਾਵਿ-ਉਦੇਸ਼ ਅਤੇ ਕਾਵਿ-ਵਸਤ ਨੂੰ ਸਮਝ ਸਕਦੇ ਹਾਂ। ਪੰਜਾਬੀ ਸ਼ਾਇਰੀ ਦੀ ਅਮੀਰ ਪਰੰਪਰਾ ਵਿਚ ਬਾਬਾ ਫ਼ਰੀਦ ਨੇ ਮਨੁੱਖੀ ਦੁੱਖਾਂ ਨੂੰ ਅੰਗੀਕਾਰ ਕਰਦਿਆਂ "ਉਚੇ ਚੜਿ ਕੈ ਦੇਖਿਆ ਘਰਿ ਘਰਿ ਏਹਾ ਅਗਿ॥" ਅਤੇ ਗੁਰੂ ਨਾਨਕ ਦੇਵ ਜੀ ਦੇ ਕਥਨ 'ਦੁਖੀਆ ਸਭਿ ਸੰਸਾਰ" ਦੇ ਮਹਾਂਵਾਕ ਨਾਲ-ਪੰਜਾਬੀ ਸਾਹਿਤ ਦੀ ਲੋਕ-ਪੱਖੀ ਅਤੇ ਲੋਕਮੁਖੀ ਸ਼ਾਇਰੀ ਦਾ ਨੀਂਹ ਪੱਥਰ ਰੱਖਦੇ ਹਨ। ਗੁਰਭਜਨ ਦੀ ਗ਼ਜ਼ਲ ਆਪਣੇ ਨਿੱਜੀ ਪਿਆਰ ਦੀਆਂ ਪੀੜਾਂ, ਅਤ੍ਰਿਪਤੀ, ਖੁਸ਼ੀ, ਵੇਦਨਾ ਅਤੇ ਸੰਵੇਦਨਾ ਨੂੰ ਵੀ ਪ੍ਰਗਟਾਉਂਦੀ ਹੈ, ਪਰੰਤੁ ਪ੍ਰੋ. ਮੋਹਨ ਸਿੰਘ ਦੇ ਰਾਹ 'ਤੇ ਤੁਰਦਿਆਂ ਉਸ ਦੀ ਗ਼ਜ਼ਲ 'ਮਿੱਤਰਾਂ ਦੇ ਗ਼ਮ' ਤੋਂ ਤੁਰ ਕੇ ਲੋਕਾਂ ਦੇ ਗ਼ਮ' ਨੂੰ ਆਪਣੀ ਕਲਮ ਦਾ ਹਾਸਿਲ ਬਣਾਉਣ, ਇਸ ਦੇ ਹਰ ਸੰਕਟ ਨੂੰ ਸਮਝਣ, ਉਸ ਦੀ ਚੇਤਨਾ ਲੋਕਾਂ ਤੀਕ ਪਹੁੰਚਾਉਣ, ਇਸ ਦੇ ਸਹੀ ਸਮਾਜਿਕ ਅਤੇ ਰਾਜਨੀਤਕ ਹੱਲ ਦਾ ਫਲਸਫ਼ਾ ਪੇਸ਼ ਕਰਨ ਵਿਚ ਆਪਣਾ ਇਤਿਹਾਸਕ ਯੋਗਦਾਨ ਦੇਣ ਦਾ ਮਾਣ ਪ੍ਰਾਪਤ ਕਰਦੀ ਹੈ।
ਇਹ ਇਸੇ ਪ੍ਰਸੰਗ ਵਿਚ ਹੀ ਹੈ ਕਿ ਗੁਰਭਜਨ ਦੀ ਗ਼ਜ਼ਲ 1947 ਵਿਚ ਪ੍ਰਾਪਤ ਆਜ਼ਾਦੀ ਨੂੰ ਸਹੀ ਅਰਥਾਂ ਵਿਚ ਲੋਕਾਂ ਦੀ ਆਜ਼ਾਦੀ ਪ੍ਰਵਾਨ ਕਰਨ ਦੀ ਥਾਂ- ਇਸ ਨੂੰ ਹਾਕਮ ਜਮਾਤਾਂ ਲਈ ਲੁੱਟ ਅਤੇ ਵਿਕਾਸ ਦੀ ਆਜ਼ਾਦੀ ਵਜੋਂ ਪੇਸ਼ ਕਰਦੀ ਹੈ। ਇਸ ਦੇ ਨਾਲ ਹੀ ਦੇਸ਼ ਦੀ ਵੰਡ ਦਾ ਸੰਤਾਪ ਵੀ ਹਾਕਮ ਜਮਾਤਾਂ ਵੱਲੋਂ ਗ਼ਰੀਬ ਜਨਤਾ ਨੂੰ ਬਿਨਾਂ ਮੰਗੇ 'ਤੋਹਫ਼ੇ' ਵਜੋਂ ਪ੍ਰਵਾਨ ਕਰਦੀ ਹੈ। ਇਸ ਦੇ ਨਾਲ ਹੀ ਧਰਮ ਦੇ ਨਾਂ 'ਤੇ ਫ਼ੈਲਾਈ ਫ਼ਿਰਕਾਪ੍ਰਸਤੀ, ਭਰਾ-ਮਾਰ ਜੰਗ, ਸੰਸਾਰ ਅਮਨ ਦੀ ਥਾਂ ਸਾਮਰਾਜੀ ਤਾਕਤਾਂ ਵਲੋਂ ਭਾਰਤ/ਪਾਕਿਸਤਾਨ ਦੀ ਭਰਾਮਾਰ ਲੜਾਈ, ਸੱਤਾ ਉਪਰ ਕਾਬਜ਼ ਜਮਾਤ ਵਲੋਂ ਲੋਕਾਂ ਨੂੰ ਆਰਥਿਕ, ਸਮਾਜਕ, ਰਾਜਨੀਤਕ ਪੱਖ ਤੋਂ ਹਰ ਪ੍ਰਕਾਰ ਦੀ ਲੁੱਟ ਅਤੇ ਜਬਰ ਦਾ ਸ਼ਿਕਾਰ ਬਣਾਉਣਾ। ਗ਼ਰੀਬਾਂ ਨੂੰ ਵਿੱਦਿਆ/ਸਿਹਤ ਸਹੂਲਤਾਂ/ਆਰਥਿਕ ਬਰਾਬਰੀ, ਚੰਗੇ ਸਮਾਜਕ ਜੀਵਨ ਤੋਂ ਮਹਿਰੂਮ ਕਰਨਾ ਇਸ ਜਾਅਲੀ ਆਜ਼ਾਦੀ ਦੇ ਦੰਭ ਹੇਠ ਲੁਕੀ ਆਮ ਮਨੁੱਖ ਅਤੇ ਜਨਤਾ ਦੀ ਲਾਚਾਰਗੀ ਅਤੇ ਨਿਤਾਣੇਪਣ ਨੂੰ ਆਪਣੀ ਸ਼ਾਇਰੀ ਵਿਚ ਜਿਸ ਸੰਵੇਦਨਾ, ਪ੍ਰਮਾਣਿਕਤਾ, ਬੇਬਾਕੀ ਅਤੇ ਲੋਕਾਂ ਲਈ ਸੁਹਿਰਦ ਭਾਵਨਾ ਨਾਲ ਪੇਸ਼ ਕੀਤਾ ਗਿਆ ਹੈ। ਇਹ ਸਾਰੇ ਤੱਥ ਮਿਲ ਕੇ ਗੁਰਭਜਨ ਗਿੱਲ ਨੂੰ ਪੰਜਾਬ ਦੇ ਹੀ ਨਹੀਂ ਸਗੋਂ ਭਾਰਤ ਤੋਂ ਵੀ ਵੱਧ ਕੁਝ ਦੁਨੀਆਂ ਦੇ ਮਜਬੂਰ ਅਤੇ ਲਿਤਾੜੇ ਲੋਕਾਂ ਅਤੇ ਖ਼ਾਸ ਕਰਕੇ ਕਿਰਤੀ ਜਮਾਤ ਦਾ ਸ਼ਾਇਰ ਬਣਾਉਂਦੀਆਂ ਹਨ। ਇਸ ਵਿਚ ਵਾਧਾ ਇਹ ਕਿ ਗੁਰਭਜਨ ਗਿੱਲ ਦਾ ਪ੍ਰਗਤੀਵਾਦ ਅਤੇ ਆਮ ਜਨਤਾ ਲਈ ਪ੍ਰਤੀਬੱਧਤਾ ਇੱਕ ਅਜਿਹੇ ਮੁਹਾਵਰੇ, ਸ਼ੈਲੀ ਅਤੇ ਪਰਿਪੇਖ ਵਿਚ ਪੇਸ਼ ਹੁੰਦੀ ਹੈ, ਜਿਸ ਨੂੰ ਅਸੀਂ "ਪੰਜਾਬੀਅਤ' ਅਤੇ 'ਵਿਰਾਸਤ" ਦੋ ਸੰਕਲਪਾਂ ਅਧੀਨ ਰੱਖ ਕੇ ਵਧੇਰੇ ਸਹੀ ਦ੍ਰਿਸ਼ਟੀਕੋਣ ਤੋਂ ਸਮਝ ਸਕਦੇ ਹਾਂ।
ਉਸ ਦੀ ਸ਼ਾਇਰੀ ਚੇਤਨਾ, ਚਿੰਤਨ, ਚਿਤਵਣ ਅਤੇ ਮੰਜ਼ਿਲ ਦੀ ਪ੍ਰਾਪਤੀ ਲਈ ਸਾਰਿਆਂ ਨੂੰ ਏਕੇ ਦੇ ਸੂਤਰ ਵਿਚ ਪਰੋ ਕੇ ਸਾਂਝੇ ਦੁਸ਼ਮਣ ਦੇ ਖ਼ਿਲਾਫ਼ ਅਮਲ ਦੀ ਪੱਧਰ 'ਤੇ ਨਿੱਤਰਨ ਅਤੇ ਸੰਘਰਸ਼ ਕਰਨ ਲਈ ਪੂਰੀ ਹੋਸ਼ ਅਤੇ ਜੋਸ਼ ਨਾਲ ਕਰਮਸ਼ੀਲ ਹੋਣ ਦੀ ਪ੍ਰੇਰਨਾ ਦਿੰਦੀ ਹੈ। ਉਸ ਦੀ ਸ਼ਾਇਰੀ ਭਾਰਤੀ ਪ੍ਰਸੰਗ ਵਿਚ ਸੱਤਾ ਅਤੇ ਧਰਮ ਦੋਹਾਂ ਦੇ ਗੱਠਜੋੜ ਨੂੰ ਵੰਗਾਰਦੀ ਅਤੇ ਲੋਕ-ਵਿਰੋਧੀ ਤਾਕਤ ਵਜੋਂ ਗਰਦਾਨਦੀ ਹੈ। ਉਸਦੀ ਰਚਨਾ ਭਾਰਤੀ ਜਨਤਾ ਦੀ ਪੱਛੜੀ ਚੇਤਨਾ ਨੂੰ ਇਸ ਦਲਦਲ ਵਿਚੋਂ ਨਿਕਲਣ ਦਾ ਸੰਦੇਸ਼ ਅਤੇ ਕੱਢਣ ਦੀ ਸਾਹਿਤਕ ਜ਼ਿੰਮੇਵਾਰੀ ਨੂੰ ਪੂਰੀ ਪ੍ਰਚੰਡਤਾ ਅਤੇ ਪ੍ਰਤਿਬੱਧਤਾ ਨਾਲ ਨਿਭਾਉਂਦੀ ਹੈ।
ਉਹ ਪ੍ਰਗਤੀਵਾਦੀ ਧਾਰਾ ਦੇ ਪ੍ਰਚਲਿਤ ਮੁਹਾਵਰੇ ਅਤੇ ਸ਼ਬਦਾਵਲੀ ਤੋਂ ਬਾਹਰ ਰਹਿ ਕੇ ਵੀ ਪ੍ਰਗਤੀਵਾਦੀ ਸ਼ਾਇਰ ਹੋਣ ਦਾ ਵਿਲੱਖਣ ਮਾਣ ਪ੍ਰਾਪਤ ਕਰਨ ਦੀ ਅਧਿਕਾਰੀ ਹੈ। ਇਹੋ ਉਸਦੇ ਪ੍ਰਗਤੀਵਾਦ ਦੀ ਵਿਰਾਸਤੀ ਵਿਲੱਖਣਤਾ ਹੈ।
ਇਨ੍ਹਾਂ ਦੀਆਂ ਅਜੇ ਤੀਕ ਆਸਾਂ ਨਹੀਂਉਂ ਪੁੱਗੀਆਂ।
ਤਿੱਪ ਤਿੱਪ ਚੋਂਦੀਆਂ ਗ਼ਰੀਬਾਂ ਦੀਆਂ ਝੁੱਗੀਆਂ।
ਮੋਤੀਆਂ ਦੀ ਚੋਗ ਦਾ ਭੁਲੇਖਾ ਖਾਧਾ ਹੰਸ ਨੇ,
ਕੰਙਣੀ ਤੇ ਰੀਝ ਗਈਆਂ ਭੋਲੀਆਂ ਨੇ ਘੁੱਗੀਆਂ। (ਪੰਨਾ: 79)
ਦੇਸ਼ ਦੀ ਵੰਡ ਦਾ ਦਰਦ ਬਹੁਤ ਉੱਭਰਵੇਂ ਰੂਪ ਵਿਚ ਗੁਰਭਜਨ ਦੀ ਸ਼ਾਇਰੀ ਵਿਚ ਪਰੁੱਚਿਆ ਪ੍ਰਾਪਤ ਹੁੰਦਾ ਹੈ। ਭਾਵੇਂ ਸ਼ਾਇਰ ਦਾ ਜਨਮ ਦੇਸ਼ ਦੀ ਵੰਡ ਤੋਂ ਬਾਅਦ ਦੋ ਮਈ 1953 'ਚ ਹੋਇਆ ਹੈ, ਫਿਰ ਵੀ ਆਪਣੇ ਪਰਿਵਾਰ ਤੋਂ ਸਣੇ ਵੰਡ ਦੇ ਕਹਿਰ ਅਤੇ ਸੰਤਾਪ ਦੇ ਕਿੱਸੇ ਉਸ ਦੀ ਰਚਨਾ ਵਿਚ ਅਤੀਤ ਦੇ ਜ਼ਖ਼ਮ ਹਰੇ ਹੋ ਕੇ ਥਾਂ ਪੁਰ ਥਾਂ ਫੁੱਟਦੇ ਪ੍ਰਤੀਤ ਹੁੰਦੇ ਹਨ। ਵੰਡ ਬਾਰੇ ਪ੍ਰੋ. ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਹਰਿਭਜਨ ਸਿੰਘ, ਅਹਿਮਦ ਰਾਹੀ, ਇੰਦਰਜੀਤ ਹਸਨਪੁਰੀ, ਉਸਤਾਦ ਦਾਮਨ ਅਤੇ ਪੰਜਾਬੀ ਦੇ ਹੋਰ ਪ੍ਰਬੁੱਧ ਸ਼ਾਇਰਾਂ ਨੇ, ਵੰਡ ਦੀ ਤ੍ਰਾਸਦੀ ਦੇ ਅਭੁੱਲ ਚਿੱਤਰ ਆਪਣੀ ਕਵਿਤਾ ਵਿਚ ਪੇਸ਼ ਕੀਤੇ ਹਨ। ਗੁਰਭਜਨ ਦੀ ਸ਼ਾਇਰੀ ਵਿਚ ਇਸ ਦੁਖਾਂਤ ਦਾ ਬਹੁਤ ਮਾਰਮਿਕ ਚਿਤਰਣ ਪੇਸ਼ ਕੀਤਾ ਗਿਆ ਪ੍ਰਾਪਤ ਹੁੰਦਾ ਹੈ।
ਰਾਵੀ ਵੰਡ ਦੇ ਇੱਕ ਸਦੀਵੀ ਪ੍ਰਤੀਕ ਵਜੋਂ ਉਸ ਦੀ ਗ਼ਜ਼ਲ ਦਾ ਇੱਕ ਪ੍ਰਮੁੱਖ ਪ੍ਰਤੀਕ ਹੈ। ਕਵੀ ਨੇ ਵੰਡ ਦੇ ਇਤਿਹਾਸ ਬਾਰੇ ਅੰਕੜੇ ਨਹੀਂ ਪੇਸ਼ ਕਰਨੇ ਹੁੰਦੇ। ਉਸ ਦਾ ਫ਼ਰਜ਼ ਤਾਂ ਉਸ ਦੁਖਾਂਤਕ ਸਥਿਤੀ ਵਿਚੋਂ ਲੰਘਦਿਆਂ ਮਨੁੱਖਾਂ ਉਪਰ ਕੀ ਬੀਤੀ, ਇਸ ਦਰਦ ਨੂੰ ਜ਼ਬਾਨ ਦੇਣਾ ਹੁੰਦਾ ਹੈ। ਵੰਡ ਦਾ ਦੁਖ ਸਹਿਣ ਕਾਰਨ ਉਨ੍ਹਾਂ ਨੂੰ ਆਪਣੇ ਘਰ ਬਾਰ ਮਜਬੂਰਨ ਤਿਆਗਣੇ ਪਏ। ਉੱਜੜਨ ਵਾਲੇ ਲੋਕਾਂ ਨੂੰ ਆਜ਼ਾਦੀ ਦੀ ਖੁਸ਼ੀ ਕੀ ਹੁੰਦੀ? ਫਿਰ ਵੀ ਗੁਰਭਜਨ ਨੇ ਲਹੂ ਦੀ ਇਸ ਵੈਤਰਨੀ ਨਦੀ ਨੂੰ ਤਰਨ ਤੋਂ ਬਾਅਦ ਵੀ ਹਿੰਦੁਸਤਾਨ ਅਤੇ ਪਾਕਿਸਤਾਨ ਦੋਹਾਂ ਦੇਸ਼ਾਂ ਦੇ ਲੋਕਾਂ ਨੂੰ ਆਪਸੀ ਪਿਆਰ ਵਧਾਉਣ ਅਤੇ ਕੁੜੱਤਣ ਨੂੰ ਭੁੱਲ ਜਾਣ ਦਾ ਮਾਨਵਵਾਦੀ ਸੰਦੇਸ਼ ਦਿੱਤਾ ਹੈ। ਸਾਡੇ ਵਿਚਾਰ ਵਿਚ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਹਿਤਾਂ ਦੀ ਸਾਂਝ ਅਤੇ ਪੂਰਤ ਇਸੇ ਸਦਭਾਵਨਾ ਵਿਚ ਹੈ ਕਿ ਅਸੀਂ ਸਾਰੇ ਪਿਆਰ ਨਾਲ ਮਿਲ ਜੁਲ ਕੇ ਰਹੀਏ। ਹਾਕਮਾਂ ਨੂੰ ਸਾਨੂੰ ਲੜਾਉਣ ਅਤੇ ਫ਼ਿਰਕੂ ਪਾੜਿਆਂ ਰਾਹੀਂ ਵੰਡਣ ਵਿਚ ਹੀ ਫ਼ਾਇਦਾ ਹੈ। ਉਸਤਾਦ ਦਾਮਨ ਦੀ ਆਜ਼ਾਦੀ ਮਗਰੋਂ ਦੀ ਨਜ਼ਮ ਹੈ।
ਲਾਲੀ ਅੱਖੀਆਂ ਦੀ ਪਈ ਦੱਸਦੀ ਏ,
ਰੋਏ ਤੁਸੀਂ ਵੀ ਓ ਰੋਏ ਅਸੀਂ ਵੀ ਹਾਂ।
ਇਨ੍ਹਾਂ ਆਜ਼ਾਦੀਆਂ ਹੱਥੋਂ ਬਰਬਾਦ ਯਾਰੋ,
ਹੋਏ ਤੁਸੀਂ ਵੀ ਹੋਏ ਅਸੀਂ ਵੀ ਹਾਂ।
ਗੁਰਭਜਨ ਗਿੱਲ ਦਾ ਕਾਵਿ ਨਿਰਾ ਭਾਵੁਕ ਸੰਦੇਸ਼ ਨਹੀਂ, ਸਗੋਂ ਇਹ ਉਸ ਦੀ ਕਾਵਿਦ੍ਰਿਸ਼ਟੀ ਦੀ ਇੱਕ ਚੇਤੰਨ ਪ੍ਰਾਪਤੀ ਅਤੇ ਕਿਰਤੀ ਅਤੇ ਲੁੱਟੇ ਜਾ ਰਹੇ ਦੋਵਾਂ ਦੇਸ਼ਾਂ ਦੇ ਲੋਕਾਂ ਦੀ ਸੁਚੇਤ ਭਲਾਈ ਅਤੇ ਬਿਹਤਰੀ ਦਾ ਇੱਕ ਮੁੱਲਵਾਨ ਅਤੇ ਮਾਨਵਵਾਦੀ ਯਤਨ ਹੈ। ਵੰਡ ਦੇ ਦਰਦਨਾਕ ਪਹਿਲੂ ਅਤੇ ਮਨੁੱਖ ਨੂੰ ਸਾਰੀ ਉਮਰ ਲਈ ਝੰਜੋੜਨ ਵਾਲਾ ਇੱਕ ਹਵਾਲਾ ਹੀ ਕਾਫ਼ੀ ਹੈ:
ਚੁੱਲ੍ਹੇ ਅੰਦਰ ਬਲਦੀ ਅੱਗ ਤੇ ਗੁੰਨ੍ਹਿਆ ਆਟਾ ਵਿਚ ਪਰਾਤੇ,
ਨਹੀਂ ਸੀ ਵਿਚ ਨਸੀਬਾਂ ਰੋਟੀ, ਛੱਡ ਆਏ ਤੰਦੂਰ ਤਪਾਇਆ।
ਮਾਂ ਧਰਤੀ ਦਾ ਚੀਰ ਕੇ ਸੀਨਾ, ਅੱਧੀ ਰਾਤੀਂ ਕਿਹਾ ਆਜ਼ਾਦੀ,
ਕਿਉਂ ਘਰ ਬਾਰ ਗੁਆਚਾ ਸਾਡਾ, ਸਾਨੂੰ ਹੁਣ ਤੱਕ ਸਮਝ ਨਾ ਆਇਆ।
ਦੋਹਾਂ ਮੁਲਕਾਂ ਦੀ ਸਾਂਝ ਦੀ ਤੰਦ ਨੂੰ ਮਨੋਂ ਮਹਿਸੂਸ ਕਰਦਿਆਂ ਦੋਵਾਂ ਦੀ ਸਲਾਮਤੀ ਅਤੇ ਆਪਸੀ ਪਿਆਰ ਦੀ ਬਲਵਾਨ ਰੀਝ ਉਸ ਦੇ ਗ਼ਜ਼ਲ-ਸੰਸਾਰ ਦੀ ਇੱਕ ਹੋਰ ਮਾਣਮੱਤੀ ਅਤੇ ਦੋਹਾਂ ਦੇਸ਼ਾਂ ਲਈ ਬਹੁਤ ਲੋੜੀਂਦੀ ਪ੍ਰਾਪਤੀ ਹੈ, ਪਰੰਤੂ ਆਪਣੀ ਜਨਮ ਭੂਮੀ ਦੇ ਹੇਰਵੇ ਮਨੁੱਖਾਂ ਦੇ ਮਰਨ ਨਾਲ ਵੀ ਨਹੀਂ ਮਰਦੇ। ਇੱਕ ਹੋਰ ਗ਼ਜ਼ਲ ਦੇ ਸ਼ਿਅਰ ਹਾਜ਼ਰ ਹਨ:
ਜਿਸ ਨੂੰ ਲੋਕੀ ਕਹਿਣ ਆਜ਼ਾਦੀ ਇਸ ਦਾ ਲੈ ਨਾ ਨਾਂ ਵੇ ਬੱਚਿਆ।
ਸੇਕ ਰਹੇ ਸੰਤਾਲੀ ਤੋਂ ਵੀ ਅਗਨ ਬਿਰਖ ਦੀ ਛਾਂ ਵੇ ਬੱਚਿਆ।
ਮਰਦੇ ਦਮ ਤੱਕ ਬਾਬਲ ਤੇਰਾ ਰਿਹਾ ਤੜਫ਼ਦਾ ਆਪਣੇ ਪਿੰਡ ਨੂੰ,
ਇਹ ਧਰਤੀ ਨਾ ਬਣੀ ਕਦੇ ਵੀ, ਉਸ ਦੀ ਖ਼ਾਤਰ ਮਾਂ ਵੇ ਬੱਚਿਆ।
ਭਰੇ ਭਕੁੰਨੇ ਘਰ ਨੂੰ ਛੱਡਿਆ, ਤਨ ਦੇ ਤਿੰਨੇ ਕੱਪੜੇ ਲੈ ਕੇ,
ਇਲਮ ਨਹੀਂ ਸੀ ਉੱਜੜਨ ਵੇਲੇ, ਮੁੜਨਾ ਨਹੀਂ ਇਸ ਥਾਂ ਵੇ ਬੱਚਿਆ। (ਪੰਨਾ: 20)
ਸਾਂਝ ਦਾ ਸੁਨੇਹਾ ਵੀ ਬਹੁਤ ਦਿਲ ਟੁੰਬਣ ਵਾਲਾ ਹੈ। ਸਾਨੂੰ ਲੋਕ-ਪੱਖੀ ਸਾਹਿਤਕਾਰਾਂ ਨੂੰ ਦੋਵਾਂ ਪਾਸਿਆਂ ਤੋਂ ਇੱਕ ਪ੍ਰਚਾਰਨ, ਪ੍ਰਸਾਰਨ ਅਤੇ ਆਪਣੀਆਂ ਕਲਮਾਂ ਦਾ ਹਿੱਸਾ ਬਣਾਉਣ ਦੀ ਪਹਿਲਾਂ ਨਾਲੋਂ ਵੀ ਕਿਤੇ ਜ਼ਿਆਦਾ ਜ਼ਰੂਰਤ ਮਹਿਸੂਸ ਕਰਨ ਦੀ ਲੋੜ ਹੈ:
ਚੱਲ ਪੱਤਣਾਂ ਤੇ ਰੋਂਦਿਆਂ ਨੂੰ ਚੁੱਪ ਤਾਂ ਕਰਾਈਏ।
ਜਿੰਨਾ ਸਾਡੇ ਹਿੱਸੇ ਆਇਆ ਓਨਾ ਧਰਮ ਨਿਭਾਈਏ।
ਜਿਹੜੇ ਰਾਵੀ ਦਿਆਂ ਪੱਤਣਾਂ ਤੇ ਮਾਰਦੇ ਆਵਾਜ਼ਾਂ,
ਮੋਏ ਮਿੱਤਰਾਂ ਦੇ ਨਾਲ, ਆ ਜਾ ਅੱਖ ਤਾਂ ਮਿਲਾਈਏ।
ਭਾਵੇਂ ਆਰ ਭਾਵੇਂ ਪਾਰ ਸਾਡਾ ਇੱਕੋ ਪਰਿਵਾਰ,
ਕੁਝ ਉਨ੍ਹਾਂ ਦੀ ਵੀ ਸੁਣੀਏ ਤੇ ਆਪਣੀ ਸੁਣਾਈਏ। (ਪੰਨਾ: 84)
ਗੁਰਭਜਨ ਦੀ ਸ਼ਾਇਰੀ ਬਾਬਾ ਫ਼ਰੀਦ ਅਤੇ ਬਾਬੇ ਨਾਨਕ ਦੀ ਪਰੰਪਰਾ ਨੂੰ ਪਰਪੱਕ ਕਰਦਿਆਂ ਨਿਮਾਣੀ, ਨਿਤਾਣੀ ਅਤੇ ਬੇਸਮਝ ਜਨਤਾ ਨੂੰ ਸਿਆਣੀ ਬਣਾ ਕੇ ਏਕਤਾ ਦੇ ਸੂਤਰ ਵਿਚ ਪਰੋਣ ਅਤੇ ਜੋੜਨ ਦੇ ਯਤਨ ਦੀ ਭਾਈਵਾਲ ਸ਼ਾਇਰੀ ਹੈ। ਇਹ ਸ਼ਾਇਰੀ ਸਿਰਫ਼ ਹਿੰਦ/ਪਾਕਿਸਤਾਨ ਦੇ ਏਕੇ ਦੀ ਬਾਤ ਹੀ ਨਹੀਂ ਪਾਉਂਦੀ, ਸਗੋਂ ਇਹ ਆਪਣੇ ਮੰਤਵ ਅਤੇ ਸੋਚ ਕਾਰਨ ਅੰਤਰਰਾਸ਼ਟਰਵਾਦੀ ਸ਼ਾਇਰੀ ਹੈ:
ਕਿਰਤੀ ਦੇ ਹੱਥਾਂ ਨੂੰ ਕੜੀਆਂ, ਹੋਰ ਮੁਸੀਬਤਾਂ ਬੜੀਆਂ,
ਜੇ ਬੋਲੇ ਤਾਂ ਤੁਰੰਤ ਲਗਾਉਂਦੇ, ਜੀਭਾਂ ਉਪਰ ਤਾਲੇ।
ਸ਼ਹਿਰ ਸ਼ਿਕਾਗੋ ਵਰਗਾ ਨਕਸ਼ਾ, ਹਰ ਜ਼ਾਲਮ ਦੇ ਮੱਥੇ,
ਓਹੀ ਲਾਠੀ, ਓਹੀ ਗੋਲੀ, ਕੀ ਗੋਰੇ ਕੀ ਕਾਲੇ। (ਪੰਨਾ: 111)
ਇਉਂ ਉਹ ਕਿਰਤ ਅਤੇ ਕਿਰਤੀ ਦਾ ਅੰਤਰਰਾਸ਼ਟਰੀਕਰਨ ਦੇ ਨਾਲ-ਨਾਲ ਰਾਜਸੱਤਾ ਅਤੇ ਮਜ਼ਦੂਰ ਜਮਾਤ ਉਪਰ ਸਦੀਆਂ ਤੋਂ ਹੋ ਰਹੇ ਜ਼ੁਲਮ ਅਤੇ ਜਬਰ ਦਾ ਅਤੇ ਨਾਲ ਇਸ ਦੇ ਵਿਰੁੱਧ ਸਦਾ ਹੀ ਸੰਘਰਸ਼ਸ਼ੀਲ ਰਹੇ ਮਜ਼ਦੂਰ ਜਮਾਤ ਦੇ ਸੰਘਰਸ਼ ਦਾ ਵੀ ਅੰਤਰਰਾਸ਼ਟਰੀਕਰਨ ਕਰਦਾ ਹੈ।
ਗੁਰਭਜਨ ਦੇ ਅੰਤਰਰਾਸ਼ਟਰੀਵਾਦ ਦੇ ਨਾਲ-ਨਾਲ ਉਸ ਦੀ ਗ਼ਜ਼ਲ ਰਾਸ਼ਟਰਵਾਦ ਅਤੇ ਅੱਗੋਂ ਪਾਰ-ਰਾਸ਼ਟਰੀ (Transnational) ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਪਰਚਮ ਨੂੰ ਵੀ ਬੁਲੰਦ ਕਰਦੀ ਹੈ।
ਰਾਸ਼ਟਰਵਾਦ ਵਿਚ ਉਸ ਦੀ ਕਵਿਤਾ ਇੱਕ ਤਰ੍ਹਾਂ ਨਾਲ ਦੋ ਧਾਰੀ ਤਲਵਾਰ ਦਾ ਕੰਮ ਕਰਦੀ ਹੈ। ਉਸ ਦੀਆਂ ਗ਼ਜ਼ਲਾਂ ਵਿਚ ਦੇਸ਼ ਦੇ ਮੌਜੂਦਾ ਹਾਕਮਾਂ ਵਲੋਂ ਹਿੰਦੂਵਾਦ ਅਤੇ ਭਗਵਾਕਰਣ ਦੇ ਨਾਮ ਉੱਤੇ ਫੈਲਾਈ ਜਾ ਰਹੀ ਦਹਿਸ਼ਤ ਅਤੇ ਵਹਿਸ਼ਤ ਦੀ ਖੁੱਲ੍ਹ ਕੇ ਵਿਰੋਧਤਾ ਕੀਤੀ ਗਈ ਪ੍ਰਤੀਤ ਹੁੰਦੀ ਹੈ। ਅਯੁੱਧਿਆ ਵਰਗੇ ਅਤਿ ਸੰਵੇਦਨਸ਼ੀਲ ਅਤੇ ਧਾਰਮਿਕ ਮੁੱਦਿਆਂ ਨੂੰ ਵੀ ਆਪਣੀ ਗ਼ਜ਼ਲ ਵਿਚ ਥਾਂ ਦੇ ਕੇ, ਉਸ ਦੀ ਸ਼ਾਇਰੀ ਦੇਸ਼ ਦੀ ਸੱਤਾ 'ਤੇ ਕਾਬਜ਼ ਫ਼ਾਸੀਵਾਦੀ, ਅੰਧ ਰਾਸ਼ਟਰਵਾਦੀ ਅਤੇ ਫ਼ਿਰਕਾਪ੍ਰਸਤ ਤਾਕਤਾਂ ਦੇ ਵਿਰੁੱਧ ਸਾਰੀਆਂ ਪ੍ਰਗਤੀਸ਼ੀਲ ਧਿਰਾਂ, ਵਿਚਾਰਧਾਰਾਵਾਂ, ਸੰਗਠਨਾਂ ਅਤੇ ਤਾਕਤਾਂ ਦੇਸ਼ ਨੂੰ ਇੱਕ ਹੋਰ ਵੰਡ ਵੱਲ ਧੱਕਣ ਵਾਲੀਆਂ ਇਨ੍ਹਾਂ ਭਰਾ-ਪਾੜ ਅਤੇ ਭਰਾ-ਮਾਰੂ ਤਾਕਤਾਂ ਦਾ ਡਟ ਕੇ ਵਿਰੋਧ ਕਰਨ ਦਾ ਸੱਦਾ ਦਿੰਦਿਆਂ, ਘੱਟ ਗਿਣਤੀਆਂ ਦੀ ਆਪਣੀ ਹੋਂਦ, ਹੋਣੀ, ਭਾਸ਼ਾ, ਸਭਿਆਚਾਰ ਅਤੇ ਵਿਰਾਸਤ ਦੀ ਵਿਲੱਖਣਤਾ ਦਾ ਪੂਰਨ ਸਤਿਕਾਰ ਕੀਤੇ ਜਾਣ ਅਤੇ ਇਨ੍ਹਾਂ ਦੀ ਵਿਲੱਖਣ ਹਸਤੀ ਨੂੰ ਪਛਾਣਨ ਅਤੇ ਬਣਾਈ ਰੱਖਣ ਦਾ ਸੰਦੇਸ਼ ਦਿੰਦੀਆਂ ਹਨ। ਅੰਧ ਰਾਸ਼ਟਰਵਾਦ ਦੇ ਨਾਂ 'ਤੇ ਦੇਸ਼ ਦੀਆਂ ਘੱਟ ਗਿਣਤੀਆਂ ਦੀ ਵਿਲੱਖਣ ਪਛਾਣ ਉੱਪਰ ਕਿਸੇ ਵੀ ਪ੍ਰਕਾਰ ਦੇ ਹਕੂਮਤੀ ਬੁਲਡੋਜ਼ਰ ਜਿਸ ਨੂੰ ਗੁਰਭਜਨ ਗਿੱਲ ਨੇ 'ਸੁਹਾਗਾ' ਕਿਹਾ ਹੈ, ਫੇਰੇ ਜਾਣ ਦਾ ਡਟ ਕੇ ਵਿਰੋਧ ਕੀਤਾ ਜਾਣਾ ਅਤੇ ਘੱਟ ਗਿਣਤੀਆਂ ਦੇ ਹੱਕ ਵਿਚ ਡਟ ਕੇ ਖਲੋ ਜਾਣਾ ਅਤੇ ਘੱਟ ਗਿਣਤੀਆਂ ਵਿਚ ਇਸ ਫ਼ਾਸੀਵਾਦੀ ਰੁਝਾਨ ਦੇ ਵਿਰੁੱਧ ਏਕਤਾ ਕਰਕੇ ਸੰਘਰਸ਼ਸ਼ੀਲ ਹੋਣ ਦਾ ਸੰਦੇਸ਼ ਦੇਣਾ, ਇਸ ਸ਼ਾਇਰੀ ਦੀ ਇੱਕ ਹੋਰ ਸ਼ਲਾਘਾਯੋਗ ਪ੍ਰਾਪਤੀ ਹੈ। ਅੱਜ ਭਾਵੇਂ ਕਿਸੇ ਨੂੰ ਇਹ ਵਰਤਾਰਾ ਛੋਟੇ ਪੱਧਰ ਅਤੇ ਛੋਟੇ ਘੇਰੇ ਦਾ ਲੱਗੇ, ਪਰੰਤੂ ਗੁਰਭਜਨ ਦੀ ਸ਼ਾਇਰੀ ਇਸ ਰੁਝਾਨ ਦੇ ਦੇਸ਼ ਵਿਰੋਧੀ, ਮਾਨਵ-ਵਿਰੋਧੀ ਅਤੇ ਅਨੇਕਤਾ ਵਿਰੋਧੀ ਚਿਹਰੇ ਨੂੰ ਪਛਾੜਨ ਅਤੇ ਨੰਗਾ ਕਰਨ ਵਿਚ ਵਿਚਾਰਧਾਰਕ ਦ੍ਰਿਸ਼ਟੀ ਤੋਂ ਬਹੁਤ ਹੀ ਸਪਸ਼ਟ ਅਤੇ ਲੋਕ-ਪੱਖੀ ਪੈਂਤੜਾ ਲੈਣ ਕਾਰਨ ਵਧਾਈ ਦੀ ਹੱਕਦਾਰ ਹੈ। ਇਸ ਵਰਤਾਰੇ ਪ੍ਰਤੀ ਉਸ ਦੀ ਦ੍ਰਿਸ਼ਟੀਮੂਲਕ ਪਹੁੰਚ ਵੇਖੋ:
ਸਾਡੀ ਵੀ ਇਹ ਮਾਂ ਧਰਤੀ ਹੈ, ਤੈਥੋਂ ਡਰ ਕੇ ਜੈ ਕਿਉਂ ਕਹੀਏ?
ਚਾਰੇ ਚੱਕ ਜਾਗੀਰ ਅਸਾਡੀ, ਜਿੱਥੇ ਜਿੱਦਾਂ ਮਰਜ਼ੀ ਰਹੀਏ।
ਸਾਡੀ ਧਰਤੀ ਵੇਦ ਵਿਆਸੀ, ਵਾਲਮੀਕਿ ਨਾਨਕ ਦੀ ਵਾਸੀ,
ਸ਼ਬਦ ਗੁਰੂ ਨੇ ਸਾਵੇਂ ਰੱਖੇ ਇਸ ਜ਼ਿੰਦਗੀ ਦੇ ਚਾਰੇ ਪਹੀਏ।
ਤੇਰੀ ਲਿਖੀ ਇਬਾਰਤ ਅੰਦਰ, ਇੱਕੋ ਰੰਗ ਦੀ ਮੂਰਤ ਦਿਸਦੀ,
ਏਸੇ ਬੇਵਿਸ਼ਵਾਸੀ ਕਰਕੇ, ਇੱਕ ਦੂਜੇ ਦੀ ਨਜ਼ਰੋਂ ਲਹੀਏ।
ਵਤਨ ਮੇਰਾ ਫੁਲਕਾਰੀ ਵਰਗਾ, ਖੱਦਰ ਸ਼ਕਤੀ, ਰੇਸ਼ਮ ਡੋਰਾਂ,
ਸਭ ਰੰਗਾਂ ਦਾ ਮੇਲਾ ਧਰਤੀ, ਸਭ ਦੀ ਸੁਣੀਏ, ਸਭ ਨੂੰ ਕਹੀਏ।
ਰਾਜ ਭਾਗ ਤਾਂ ਆਉਣੇ ਜਾਣੇ, ਬੱਦਲਾਂ ਦੇ ਪਰਛਾਵੇਂ ਵਾਂਗੂੰ,
ਫੁੱਲਾਂ ਵਿਚ ਖੁਸ਼ਬੋਈ ਜੀਕੂੰ, ਰੰਗਾਂ ਅੰਦਰ ਵੱਸਦੇ ਰਹੀਏ। (ਪੰਨਾ: 110)
ਧਿਆਨ ਦਿਓ, ਦੇਸ਼ ਦੇ ਮੌਜੂਦਾ ਹਾਲਾਤ ਨੂੰ ਕਿੰਨੇ ਸੰਜਮ ਅਤੇ ਸੂਖ਼ਮਤਾ ਨਾਲ ਬਿਆਨ ਕੀਤਾ ਹੈ:
ਮਨ ਤੇ ਮਨ ਵਿਚਕਾਰ ਪਸਰਿਆ, ਸਹਿਮ ਜਿਹਾ ਤੇ ਚੁੱਪ ਦਾ ਪਹਿਰਾ
ਰੁੱਖ ਘਣਛਾਵੇਂ ਦੀ ਜੜ੍ਹ ਇੱਕੋ, ਟਾਹਣਾਂ ਵਾਂਗੂੰ ਕਾਹਨੂੰ ਖਹੀਏ। (ਪੰਨਾ: 110)
ਸਾਨੂੰ ਚੇਤਨ-ਵਰਗ ਨੂੰ ਸੱਤਾ ਦੇ ਚਿਹਰੇ ਪਿੱਛੇ ਬੈਠੇ ਔਰੰਗਜ਼ੇਬ ਨੂੰ ਪਛਾਣਨ ਅਤੇ ਪਛਾਣ ਕੇ ਲੋਕ-ਸ਼ਕਤੀ ਨਾਲ ਪਛਾੜਨ ਦੀ ਵੀ ਬਹੁਤ ਵੱਡੀ ਜ਼ਰੂਰਤ ਹੈ।
ਗੁਰਭਜਨ ਨੇ ਵੀ ਅੰਧ-ਰਾਸ਼ਟਰਵਾਦ ਅਤੇ ਦੇਸ਼ ਵਿਚ ਸੋਚੀ-ਸਮਝੀ ਸਾਜ਼ਿਸ਼ ਅਧੀਨ ਚਲਾਈ ਜਾ ਰਹੀ ਭਗਵਾਕਰਣ ਦੀ ਲਹਿਰ ਦਾ ਬਹੁਤ ਠੋਕਵੇਂ ਢੰਗ ਨਾਲ ਵਿਰੋਧ ਕੀਤਾ ਹੈ। ਗ਼ਜ਼ਲ ਬਹੁਤ ਹੀ ਸੂਖਮ ਅਤੇ ਧੁਨੀ ਰੂਪ ਵਿਚ ਗੱਲ ਕਹਿਣ ਵਾਲੀ ਸਿਨਫ਼ ਹੈ। ਗੁਰਭਜਨ ਦੀ ਸ਼ਾਇਰੀ ਰਾਜਨੀਤੀ ਦੇ ਟੇਢੇ, ਵੱਡੇ ਅਤੇ ਦੇਸ਼ ਦੇ ਭਖ਼ਦੇ ਮਸਲਿਆਂ ਵੱਲ ਇਸੇ ਸੂਖਮਤਾ ਨਾਲ ਸੰਕੇਤ ਕਰਦੀ ਹੈ:
ਧਰਮਾਂ ਦੀ ਮੰਡੀ ਵੀ ਨੀਲਾਮ ਘਰ ਹੋ ਗਿਆ,
ਵੇਚਦਾ ਬਾਜ਼ਾਰ ਹੁਣ ਗਧਿਆਂ ਨੂੰ ਪੀਰੀਆਂ।
ਜਿੱਥੇ ਕਿਤੇ ਬਾਗ਼ ਵਿਚ ਲਾਲ ਸੂਹੇ ਫੁੱਲ ਨੇ,
ਆ ਗਿਆ ਆਦੇਸ਼, ਬੀਜੋ ਕੇਸਰੀ ਪਨੀਰੀਆਂ।
ਸੱਤਾ ਤੋਂ ਕਿਸੇ ਪ੍ਰਕਾਰ ਦੀ ਉਮੀਦ ਨਾ ਰੱਖਣ ਦੀ ਤਾਕੀਦ ਕਰਦਿਆਂ ਸਰਕਾਰ ਪ੍ਰਤੀ ਨੀਤ ਅਤੇ ਨੀਤੀ ਦੋਹਾਂ ਨੂੰ 'ਟੀਰੀ' ਕਹਿਣ ਦਾ ਸੁਭਾਅ ਵੀ ਇਹ ਸ਼ਾਇਰੀ ਪ੍ਰਾਪਤ ਕਰਦੀ ਹੈ:
ਅੰਬਰਾਂ ਤੇ ਗੁੱਡੀਆਂ ਚੜ੍ਹਾਉਣ ਵਾਲੀ ਰੀਝ ਨੇ,
ਸੁਤੀ ਹੋਈ ਡੋਰ ਨਾਲ ਉਂਗਲਾਂ ਨੇ ਚੀਰੀਆਂ।
ਰੱਖ ਨਾ ਉਮੀਦ ਐਵੇਂ ਭੋਲੇ ਦਿਲਾ ਪਾਤਸ਼ਾਹ
ਨੀਤ ਬਦਕਾਰ ਤੇਰੀ, ਨੀਤੀਆਂ ਵੀ ਟੀਰੀਆਂ।
ਗੁਰਭਜਨ ਦੀ ਸ਼ਾਇਰੀ ਦੀ ਸਭ ਤੋਂ ਵੱਡੀ ਪ੍ਰਾਪਤੀ ਇਸ ਦਾ ਪੰਜਾਬੀ ਵਿਰਾਸਤ ਨਾਲ ਡੂੰਘੀ ਤਰ੍ਹਾਂ ਜੁੜੇ ਹੋਣਾ ਹੈ। ਇਸ ਵਿਰਾਸਤ ਵਿਚ ਪੰਜਾਬ ਦਾ ਇਤਿਹਾਸ, ਸਿੱਖ ਧਰਮ, ਸਿੱਖ-ਇਤਿਹਾਸ, ਗੁਰੂ ਗ੍ਰੰਥ ਸਾਹਿਬ ਦੀ ਸਾਂਝੀਵਾਲਤਾ, ਪੰਜਾਬੀ ਬੋਲੀ, ਪੰਜਾਬ ਦੀ ਲੋਕਧਾਰਾ, ਲੋਕ-ਮੁਹਾਵਰੇ, ਲੋਕ-ਰੀਤਾਂ, ਲੋਕ-ਧੰਦੇ, ਲੋਕ ਕਲਾਵਾਂ ਗੱਲ ਕੀ ਪੰਜਾਬੀ ਵਿਰਾਸਤ ਦਾ ਕਣ ਕਣ ਜੋੜ ਕੇ ਗੁਰਭਜਨ ਨੇ ਇਸ ਫੁਲਕਾਰੀ ਦਾ ਇੱਕ ਇੱਕ ਤੋਪਾ, ਇੱਕ ਰੰਗ ਜਿਸ ਮੁਹੱਬਤ, ਖ਼ਲੂਸ, ਸ਼ਰਧਾ, ਸਤਿਕਾਰ ਅਤੇ ਦਿਲ ਦੀ ਰੀਝ ਨਾਲ ਇਸ ਫੁਲਕਾਰੀ ਨੂੰ ਅੱਖਰਾਂ ਦਾ ਜਾਮਾ ਪੁਆਇਆ ਹੈ। ਇਹ ਪੰਜਾਬੀ ਸ਼ਾਇਰੀ ਅਤੇ ਵਿਸ਼ੇਸ਼ ਕਰਕੇ ਪੰਜਾਬੀ ਗ਼ਜ਼ਲ ਦੇ ਖੇਤਰ ਵਿਚ ਪੰਜਾਬੀਅਤ ਦਾ ਇੰਨਾ ਗੂੜਾ ਰੰਗ ਸਾਨੂੰ ਦੋਹਾਂ ਪੰਜਾਬਾਂ ਦੇ ਗ਼ਜ਼ਲਗੋਆਂ ਵਿਚੋਂ ਸਭ ਤੋਂ ਵੱਧ ਖ਼ੂਬਸੂਰਤ ਅੰਦਾਜ਼ ਵਿਚ ਪੇਸ਼ ਕੀਤਾ ਗਿਆ ਪ੍ਰਾਪਤ ਹੁੰਦਾ ਹੈ। ਪੰਜਾਬੀਅਤ ਦੀ ਸਾਂਝ, ਦਾਨਾਪਣ, ਸੂਰਮਗਤੀ, ਸੰਘਰਸ਼, ਦਰਿਆਦਿਲੀ ਅਤੇ ਦੂਜਿਆਂ ਲਈ ਸਿਰ ਵਾਰਨ ਅਤੇ ਪਿਆਰ ਵਿਚ ਪ੍ਰੋ. ਪੂਰਨ ਸਿੰਘ ਦੇ ਕਹਿਣ ਵਾਂਗ 'ਗੁਲਾਮੀ ਕਰਨ' ਪਰ ਕਿਸੇ ਰਾਣੀ ਖਾਂ ਦੇ ਸਾਲੇ ਦੀ "ਟੈਂ" ਨਾ ਮੰਨਣ ਦੇ ਖੂਬਸੂਰਤ ਪਹਿਲੂਆਂ ਨੂੰ ਜਿਸ ਸੰਘਣੇਪਨ, ਸਮੁੱਚਤਾ ਅਤੇ ਸਹਿਜਤਾ ਵਿਚ ਗੁਰਭਜਨ ਦੀ ਗ਼ਜ਼ਲ ਇਸ ਪੰਜਾਬੀਅਤ ਨੂੰ ਪੇਸ਼ ਕਰਨ ਵਿਚ ਅਤੇ ਇਸ ਨੂੰ ਸਮਰਿੱਧ ਕਰਨ ਵਿਚ ਜੋ ਨਵੇਂ ਪਸਾਰ ਅਤੇ ਦਿਸਹੱਦੇ ਸਥਾਪਿਤ ਹੋਏ ਹਨ, ਇਸ ਪ੍ਰਾਪਤੀ ਨੂੰ ਸਲਾਮ ਕਰਨਾ ਬਣਦਾ ਹੈ। ਨਿਰਸੰਦੇਹ ਇਸ ਸਾਰੇ ਚਿੰਤਨ ਪਿੱਛੇ ਗੁਰੂ ਗ੍ਰੰਥ ਸਾਹਿਬ ਦੀ ਸਰਬੱਤ ਭਲਾ ਅਤੇ ਬਹੁਲਵਾਦੀ ਦ੍ਰਿਸ਼ਟੀ ਦਾ ਮੁੱਲਵਾਨ ਫ਼ਲਸਫ਼ਾ ਇਸ ਦਾ ਆਧਾਰ ਬਣਿਆ ਹੈ।
ਗੁਰਭਜਨ ਨੂੰ ਪੰਜਾਬ ਦੇ ਹਰ ਵਾਸੀ ਨਾਲ, ਹਰ ਧਰਮ ਨਾਲ, ਹਰ ਫ਼ਿਰਕੇ ਨਾਲ, ਹਰ ਕਿਰਤੀ ਨਾਲ, ਹਰ ਗੀਤਕਾਰ, ਕਲਮਕਾਰ ਅਤੇ ਸੰਗੀਤਕਾਰ ਨਾਲ ਮੋਹ ਹੈ। ਉਹ ਇੱਕ ਸਥਾਪਿਤ ਕਵੀ ਹੋਣ ਦੇ ਨਾਲ ਨਾਲ ਇੱਕ ਸਾਹਿਤ ਕਾਮਾ ਅਤੇ ਸੰਗਠਨਕਾਰ ਵੀ ਹੈ। "ਪੱਗ, ਪੀਂਘ ਅਤੇ ਫੁਲਕਾਰੀ" ਉਸਦੀ ਸ਼ਾਇਰੀ ਦੇ ਤਿੰਨ ਸਭਿਆਚਾਰਕ ਪ੍ਰਤੀਕ ਹਨ। ਫੁਲਕਾਰੀ ਦਾ ਬਾਬਲ ਖ਼ੁਦਕੁਸ਼ੀਆਂ ਕਰਨ ਦੇ ਲਈ ਹਾਕਮਾਂ ਦੀਆਂ ਗ਼ਲਤ ਨੀਤੀਆਂ ਨੇ ਮਜ਼ਬੂਰ ਕਰ ਦਿੱਤਾ ਹੈ। ਗੁਰਭਜਨ ਦੀ ਕਲਮ ਨੇ ਪੰਜਾਬ ਦੇ ਕਿਸਾਨਾਂ ਦੀ ਖ਼ੁਦਕੁਸ਼ੀ ਦੀ ਫ਼ਸਲ ਉੱਪਰ ਵੀ ਆਪਣੀ ਕਲਮ ਦੇ ਅੱਥਰੂ ਤਾਂ ਕੇਰੇ ਹੀ ਹਨ। ਨਾਲ ਹੀ ਸੰਗਰਾਮ ਅਤੇ ਸੰਘਰਸ਼ ਕਰਨ ਦਾ ਹੌਸਲਾ ਵੀ ਡੁੱਬਦੀ/ਮਰਦੀ ਕਿਸਾਨੀ ਨੂੰ ਖੜ੍ਹਾ ਕਰਨ ਲਈ ਦਿੱਤਾ ਹੈ।
ਲਹਿ ਗਿਆ ਇੱਕ ਸਾਲ ਜੀ ਕਰਜ਼ਾ ਪੁਰਾਣਾ ਲਹਿ ਗਿਆ,
ਹੁਣ ਨਵਾਂ ਇਹ ਸਾਲ ਕਿਧਰੇ ਟੰਗ ਨਾ ਦਏ ਜਾਨ।
ਪੱਤਿਆਂ ਦੇ ਵਾਂਗ ਟੰਗੇ, ਧਰਤੀ ਪੁੱਤਰ ਪੁੱਛਦੈ,
ਖ਼ੁਦਕੁਸ਼ੀ ਮਾਰਗ 'ਤੇ ਤੋਰੋਗੇ, ਭਲਾ ਕਦ ਤੱਕ ਕਿਸਾਨ।
ਲੋਕ ਨਾ ਕਿਉਂ ਜਾਗਦੇ ਤੇ ਇੰਜ ਕਿਉਂ ਨਾ ਕੂਕਦੇ,
ਜਿਸ ਦਿਆਂ ਹੱਕਾਂ ਤੇ ਡਾਕਾ ਮਾਰਦਾ ਹੈ ਹੁਕਮਰਾਨ। (ਪੰਨਾ: 92)
ਫਿਰ ਕਿਸਾਨੀ ਨੂੰ ਜਾਗਣ ਅਤੇ ਸੰਘਰਸ਼ ਦਾ ਸੁਨੇਹਾ:
ਫ਼ਸਲਾਂ ਵਾਲਿਓ ਅਕਲ ਸਹਾਰੇ, ਆਪਣਾ ਆਪ ਸੰਭਾਲਣਾ ਸਿੱਖੋ,
ਗ਼ਫ਼ਲਤ ਵਿਚ ਹਰਿਆਲੀ ਪੈਲੀ, ਜੰਤ ਜਨੌਰੇ ਚਰ ਜਾਂਦੇ ਨੇ।
ਅਣਖ ਲਈ ਜੀਣਾ ਮਰਨਾ ਸਿੱਖੋ, ਸਿੱਖੋ ਪੈਰ ਟਿਕਾ ਕੇ ਧਰਨਾ,
ਇਸ ਮੰਤਰ ਨੂੰ ਜਾਨਣ ਵਾਲੇ, ਹਰ ਮੰਜ਼ਲ ਨੂੰ ਵਰ ਜਾਂਦੇ ਨੇ।
ਸਾਰੀਆਂ ਬੀਮਾਰੀਆਂ ਦੀ ਜੜ੍ਹ ਪੂੰਜੀਵਾਦ ਹੈ। ਇਸ ਜਮਾਤੀ-ਸਮਾਜ ਵਿਚ ਆਰਥਿਕ ਨਾ ਬਰਾਬਰੀ-ਕਿਰਤ ਦੀ ਲੁੱਟ ਉਪਰ ਆਧਾਰਿਤ ਹੁੰਦੀ ਹੈ। ਜਿੰਨਾ ਚਿਰ ਤੀਕ ਇਸ ਜਮਾਤੀ ਸਮਾਜ ਵਿਚ ਇਨਕਲਾਬੀ ਤਾਕਤਾਂ ਆਪਣੀ ਏਕਤਾ ਅਤੇ ਸੰਘਰਸ਼ ਨਾਲ ਇਸ ਮਨੁੱਖ-ਦੋਖੀ ਜਮਾਤੀ ਢਾਂਚੇ ਨੂੰ ਲਾਹ ਕੇ ਵਗਾਹ ਨਹੀਂ ਮਾਰ ਦੀਆਂ, ਉਨਾ ਚਿਰ ਤੀਕ ਸਮਾਜ ਦੀਆਂ ਸਾਰੀਆਂ ਬੀਮਾਰੀਆਂ, ਔਕੜਾਂ, ਗ਼ਰੀਬੀ, ਬੇਰੁਜ਼ਗਾਰੀ, ਸੱਤਾ ਦਾ ਜਬਰ ਹਮੇਸ਼ਾ ਬਰਕਰਾਰ ਰਹੇਗਾ। ਗੁਰਭਜਨ ਨੇ ਪੂੰਜੀਵਾਦੀ ਢਾਂਚੇ ਦੀਆਂ ਸਾਰੀਆਂ ਅਲਾਮਤਾਂ ਦਾ ਜ਼ਿਕਰ ਆਪਣੀ ਸ਼ਾਇਰੀ ਵਿਚ ਬਹੁਤ ਬਾਰੀਕ ਸੂਝ ਅਤੇ ਸਪਸ਼ਟ ਦ੍ਰਿਸ਼ਟੀ ਨਾਲ ਕੀਤਾ ਹੈ।
ਪੂੰਜੀਵਾਦੀ ਢਾਂਚੇ ਦਾ ਮਨੁੱਖ ਨੂੰ ਮਨੁੱਖ ਨਾ ਰਹਿਣ ਦੇਣਾ ਜਾਂ ਦੂਜੇ ਸ਼ਬਦਾਂ ਵਿਚ ਮਨੁੱਖ ਦਾ ਅਮਾਨਵੀਕਰਣ ਇਸ ਢਾਂਚੇ ਦੀ ਮਨੁੱਖੀ ਸਮਾਜ ਦੇ ਇਤਿਹਾਸਕ ਵਿਕਾਸ ਵਿਚ ਪੈਦਾ ਕੀਤੀ ਸਭ ਤੋਂ ਵੱਡੀ ਲਾਹਣਤ ਹੈ। ਇਹ ਇਸੇ ਦਾ ਨਤੀਜਾ ਹੈ ਕਿ ਮੱਧ-ਸ਼੍ਰੇਣੀ ਦੇ ਬਹੁਤੇ ਲੋਕ ਦੰਭੀ, ਦੋਗਲਾ, ਖੋਖਲਾ ਅਤੇ ਵਿਅਕਤੀਵਾਦੀ ਜੀਵਨ ਜਿਉਂਦੇ ਹਨ। ਕਾਰਲਾਈਲ ਦੇ ਸ਼ਬਦਾਂ ਵਿਚ ਮਨੁੱਖੀ ਰਿਸ਼ਤੇ 'ਨਕਦ ਨਾਰਾਇਣ' ਦੇ ਰਿਸ਼ਤੇ ਬਣ ਜਾਂਦੇ ਹਨ। ਮਨੁੱਖ ਤੋਂ ਮਨੁੱਖ ਵਿਚਕਾਰ ਮੋਹ ਪਿਆਰ ਦੇ ਸੰਬੰਧ ਖ਼ਤਮ ਹੋ ਕੇ ਮਨੁੱਖ ਮਾਇਆ ਦੇ ਅਧੀਨ ਹੋ ਕੇ ਇੱਕ ਵਸਤ ਬਣ ਜਾਂਦਾ ਹੈ। ਸਾਰਾ ਕੁਝ ਬਾਜ਼ਾਰ ਦੇ ਲੇਖੇ ਲੱਗ ਉਸ ਦੇ ਅਧੀਨ ਹੋ ਜਾਂਦਾ ਹੈ। ਮਨੁੱਖ ਆਪਾ ਧਾਪੀ ਦੀ ਚੂਹੇ ਦੌੜ ਵਿਚ ਆਪਣੀ ਮਨੁੱਖੀ ਹੋਂਦ, ਮਨੁੱਖੀ ਕੀਮਤਾਂ, ਮਨੁੱਖੀ ਸਾਂਝ ਅਤੇ ਮਨੁੱਖ ਦੀ ਸਮਾਜ ਪ੍ਰਤੀ ਜ਼ਿੰਮੇਵਾਰੀ ਨੂੰ ਤਿਆਗ ਕੇ ਰੇਸ਼ਮ ਦੇ ਕੀੜੇ ਵਾਂਗ ਆਪਣੀ ਇਕੱਲਤਾ ਅਤੇ ਖ਼ੁਦਗ਼ਰਜ਼ੀ ਦੇ ਖੌਲ ਵਿਚ ਬੰਦ ਹੋ ਜਾਂਦਾ ਹੈ। ਕਾਰਲ ਮਾਰਕਸ ਨੇ ਇਸ ਤਰਾਂ ਦੇ ਵਸਤੂ ਪੂਜ ਜਾਂ ਮਾਇਆਧਾਰੀ ਮਨੁੱਖ ਬਾਰੇ ਠੀਕ ਹੀ ਕਿਹਾ ਸੀ ਕਿ "The more you have and the less you are" ਜਿੰਨੀ ਤੁਹਾਡੇ ਕੋਲ ਦੌਲਤ ਵੱਧ ਹੋਵੇਗੀ, ਤੁਸੀਂ ਮਨੁੱਖ ਦੇ ਤੌਰ 'ਤੇ ਓਨੇ ਹੀ ਨੀਚ ਅਤੇ ਬੌਨੇ ਹੋਵੋਗੇ। ਪੂੰਜੀਵਾਦ ਦੇ ਇਨ੍ਹਾਂ ਸਾਰੇ ਅਣਮਨੁੱਖੀ ਪਹਿਲੂਆਂ ਦੀ ਅਮਰਵੇਲ ਹੇਠ ਦੱਬੇ ਮਨੁੱਖ ਦੇ ਹਰ ਪਹਿਲੂ ਨੂੰ ਗੁਰਭਜਨ ਦੀ ਸ਼ਾਇਰੀ ਸਾਡੇ ਸਾਹਮਣੇ ਨੰਗਿਆਂ ਕਰਦੀ ਹੈ।
ਮੁੱਠੀ ਦੇ ਵਿਚ ਦੁਨੀਆਂ ਕਰਦੇ, ਕਿੱਥੋਂ ਕਿੱਥੇ ਪਹੁੰਚ ਗਏ ਹਾਂ,
ਆਪਣੇ ਘਰ ਪਰਦੇਸੀ, ਵਧਿਆ ਬੰਦੇ ਤੋਂ ਬੰਦੇ ਦਾ ਪਾੜਾ।
ਅੰਧਲੀ ਅੰਧਲੇ ਮਾਪਿਆਂ ਵਾਂਗੂੰ, ਬੇਵੱਸ ਜਨਤਾ ਰਾਹੀਂ ਬੈਠੀ,
ਪਾਲ ਪੋਸ ਕੇ ਗੱਭਰੂ ਕੀਤਾ, ਸਰਵਣ ਪੁੱਤ ਵੀ ਮੰਗਦਾ ਭਾੜਾ।
ਅੰਧੀ ਰੱਯਤ ਗਿਆਨ ਵਿਹੂਣੀ, ਲਾਮਡੋਰ ਬੰਨ੍ਹ ਤੁਰਦੀ ਜਾਵੇ,
ਆਜੜੀਆਂ ਦੇ ਕਬਜ਼ੇ ਅੰਦਰ ਹਾਲੇ ਵੀ ਭੇਡਾਂ ਦਾ ਵਾੜਾ।
ਸੰਸਾਰ ਅਮਨ ਦੀ ਸਲਾਮਤੀ, ਵਾਤਾਵਰਣ ਦੀ ਚੇਤਨਾ, ਪੰਜਾਬ ਵਿਚ ਨਸ਼ਿਆਂ ਦਾ ਰੁਝਾਨ, ਭਰੂਣ ਹੱਤਿਆ, ਔਰਤ ਦੀ ਬੰਦ-ਖ਼ਲਾਸੀ, ਵਿਰਾਸਤ ਦਾ ਪਿਆਰ ਅਤੇ ਵਿਰਾਸਤ ਦੇ ਮੁਰਦਾ ਤੱਤਾਂ ਦਾ ਨਿਕਾਰਨ, ਔਰਤ ਦੀ ਸਭਿਆਚਾਰਕ ਮੁੱਲਾਂ ਰਾਹੀਂ ਮਾਨਸਿਕ ਗੁਲਾਮੀ ਅਤੇ ਨਰ ਅਤੇ ਨਾਰੀ ਦੋਹਾਂ ਦੇ ਸੰਯੋਗ ਅਤੇ ਸਰਗਰਮ ਸੰਘਰਸ਼ ਨਾਲ ਸਮਾਜਕ ਇਨਕਲਾਬ ਦੇ ਨੇਪਰੇ ਚੜ੍ਹਨ ਦਾ ਸੁਪਨਾ, ਗ਼ਰੀਬਾਂ ਦਾ ਵਿਦਿਆ ਅਤੇ ਗਿਆਨ ਤੋਂ ਮਹਿਰੂਮ ਹੋਣਾ, ਸਮਾਜਿਕ ਤਬਦੀਲੀ ਲਈ ਸਮਾਜਿਕ ਚੇਤਨਾ ਅਤੇ ਮਨੁੱਖਾਂ ਨੂੰ ਸਹੀ ਸਮਾਜਿਕ ਸੋਝੀ ਪਰਦਾਨ ਕਰਨਾ ਅਤੇ ਹਰ ਪ੍ਰਕਾਰ ਦੇ ਦੰਭ, ਦਿਖਾਵੇ, ਅੰਧ-ਵਿਸ਼ਵਾਸਾਂ, ਰਹੁ-ਰੀਤਾਂ ਅਤੇ ਪੁਰਤਾਨ-ਪੰਥੀ ਕੀਮਤਾਂ ਦਾ ਤਿਆਗ ਅਤੇ ਸਾਰਿਆਂ ਦੀ ਏਕਤਾ ਨਾਲ ਬਿਹਤਰ ਸਮਾਜ-ਸਿਰਜਣਾ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਲੋਚਾ ਗੁਰਭਜਨ ਦੀ ਸ਼ਾਇਰੀ ਵਿਚੋਂ ਝਲਕਦੀ ਹੈ। ਉਹ ਕਿਰਤ ਅਤੇ ਕਿਰਤੀ ਦੋਹਾਂ ਦਾ ਮਹਿਮਾਕਾਰ ਹੈ। ਕਿਰਤ ਵਾਲੇ ਹੱਥ ਉਸ ਦੀ ਸ਼ਾਇਰੀ ਵਿਚ ਪੁਜਣਯੋਗ ਸਥਾਨ ਗ੍ਰਹਿਣ ਕਰ ਰਹੇ ਹਨ।
'ਮੁਹੱਬਤ' ਗੁਰਭਜਨ ਦੀ ਸ਼ਾਇਰੀ ਦੀ ਇੱਕ ਤਾਕਤਵਰ ਸੁਰ ਹੈ। ਸ਼ਾਇਦ ਉਸਦੀ ਸ਼ਾਇਰੀ ਦਾ ਸੰਗੀਤ ਇਸੇ ਮੂਲ ਸੁਰ ਦਾ ਵਿਸਤਾਰ ਹੈ। ਉਸ ਦੀ ਸ਼ਾਇਰੀ ਵਿਚ 'ਮੁਹਬੱਤ' ਦੀ ਭਾਵਨਾ ਨਾਲ ਮਨੁੱਖੀ ਵਿਸਤਾਰ ਹੈ। ਉਸ ਦੀ ਸ਼ਾਇਰੀ ਵਿਚ 'ਮੁਹੱਬਤ' ਦੀ ਭਾਵਨਾ ਨਾਲ ਮਨੁੱਖੀ ਜੀਵਨ ਵਿਚ ਖੇੜੇ, ਖ਼ੁਸ਼ੀ ਅਤੇ ਇੱਕ ਨਵੇਂ ਸੰਸਾਰ ਵਿਚ ਜਿਉਣ ਦੀ ਭਾਵਨਾ ਦਾ ਪ੍ਰਕਾਸ਼ ਪਿਆਰ ਵਰਗੇ ਸੂਖ਼ਮ ਭਾਵ ਪ੍ਰਤੀ ਵੀ ਉਸ ਦੇ ਪ੍ਰਗਤੀਸ਼ੀਲ ਦ੍ਰਿਸ਼ਟੀਕੋਣ ਨੂੰ ਮੂਰਤੀਮਾਨ ਕਰਦਾ ਹੈ। ਉਸ ਦੀ ਮੁਹੱਬਤ ਉਰਦੂ ਗ਼ਜ਼ਲ ਦੇ ਹਉਕੇ/ਹਾਵੇ ਅਤੇ ਜਗਰਾਤੇ ਕੱਟਣ ਵਾਲੀ ਸ਼ਾਇਰੀ ਦੇ ਉਲਟ, ਮੁਹੱਬਤ ਨੂੰ ਮਨੁੱਖੀ ਜੀਵਨ ਲਈ ਇੱਕ ਅਨਮੋਲ ਸੰਜੀਵਨੀ ਬੂਟੀ ਵਜੋਂ ਗ੍ਰਹਿਣ ਅਤੇ ਪੇਸ਼ ਕਰਦੀ ਹੈ।
ਗੁਰਭਜਨ ਵਿਚੋਂ ਜੇ ਮੁਹੱਬਤ ਕੱਢ ਲਓ ਤਾਂ ਉਸ ਦੀ ਸ਼ਾਇਰੀ ਦੀ ਆਤਮਾ ਨਿਕਲ ਜਾਵੇਗੀ। ਉਸਦੀ ਮੁਹੱਬਤ ਛੋਟੇ ਅਰਥਾਂ ਵਿਚ ਸਿਰਫ਼ ਕਿਸੇ ਇੱਕ ਹੁਸੀਨ ਚਿਹਰੇ ਤੀਕ ਸੀਮਤ ਨਹੀਂ, ਬਿਹਤਰ ਜ਼ਿੰਦਗੀ ਕਵੀ ਚਿੰਤਨਸ਼ੀਲ ਅਤੇ ਯਤਨਸ਼ੀਲ ਹਰ ਇਨਸਾਨ ਉਸ ਦੀ ਮੁਹੱਬਤ ਦੇ ਘੇਰੇ ਵਿਚ ਸ਼ਾਮਿਲ ਹੈ। ਉਸ ਦੀ ਮੁਹੱਬਤ ਸਰਬੱਤ ਨੂੰ ਆਪਣੇ ਕਲਾਵੇ ਵਿਚ ਲੈਣ ਵਾਲੀ ਹੈ। ਇਸ ਲਿਹਾਜ਼ ਨਾਲ ਉਹ ਮਿਰਜ਼ਾ ਗਾਲਿਬ ਦੇ ਬੋਲਾਂ ਨਾਲ ਸੁਰ ਮਿਲਾਉਂਦਾ ਹੈ:
ਹਮ ਮੁਵੱਹਿਦ ਹੈਂ ਹਮਾਰਾ ਕੇਸ਼ ਹੈ ਤਰਕ-ਇ-ਰਸੂਮ
ਮਿੱਲਤੇਂ ਜਬ ਮਿਟ ਗਈਂ ਇਜ਼ਜ਼ਾਇ ਈਮਾਂ ਹੋ ਗਈਂ।
ਸਾਡਾ ਇਕਰਾਰਨਾਮਾ ਧਰਮ ਨਾਲ ਤਾਂ ਹੈ ਪਰ ਅਸੀਂ ਰਸਮਾਂ ਦੇ ਗੁਲਾਮ ਨਹੀਂ ਹਾਂ, ਜਦ ਹਰ ਤਰ੍ਹਾਂ ਦੀਆਂ ਹੱਦਾਂ ਹੀ ਮਿਟ ਗਈਆਂ ਤਾਂ ਸਰਬ ਸਾਂਝੀਵਾਲਤਾ ਹੀ ਸਾਰਾ ਈਮਾਨ ਹੈ। ਗੁਰਭਜਨ ਦੀ ਆਪਣੀ ਮੁਹੱਬਤ ਦਾ ਕਿਰਮਚੀ ਰੰਗ ਵੇਖੋ:
ਜਿਸਮ ਨਹੀਂ ਨਾ ਸੂਰਤ ਦੇਖੀ, ਰੂਪ ਨਹੀਂ ਨਾ ਰੰਗ ਸੀ ਉਸਦਾ,
ਯਾਦ ਕਰਾਂ ਜੇ ਹੁਣ ਵੀ ਉਹ ਪਲ, ਕਣ ਕਣ ਵਿਚ ਲਰਜ਼ੇ-ਖੁਸ਼ਬੋਈ।
ਧਰਮ ਜਾਤ ਨਾ ਇਸ ਦਾ ਹੋਵੇ, ਰਿਸ਼ਤਾ ਤਾਂ ਅਹਿਸਾਸ ਦਾ ਨਾਂ ਹੈ,
ਇਹ ਤਾਂ ਧੜਕੇ ਰੋਮ ਰੋਮ ਵਿਚ, ਸਾਹੀਂ ਜੀਕੂੰ ਨਬਜ਼ ਪਰੋਈ।
ਮੈਂ ਚਾਨਣ ਦਾ ਨੂਰ ਇਲਾਹੀ, ਤੇਰੇ ਨੈਣਾਂ ਦੇ ਵਿਚ ਤੱਕਿਆ,
ਪਲਕਾਂ ਅੰਦਰ ਕਿੱਦਾਂ ਰੱਖਦੀ, ਤੂੰ ਇਹ ਤਾਰੇ ਚੰਨ ਲਕੋਈ।
ਸੂਰਜ ਤੀਕਰ ਪੀਂਘ ਚੜ੍ਹਾ ਕੇ, ਆ ਅੰਬਰ ਵਿਚ ਤਾਰੀ ਲਾਈਏ,
ਕੁੱਲ ਸ੍ਰਿਸ਼ਟੀ ਨੂੰ ਇਹ ਦੱਸੀਏ, ਤੂੰ ਮੇਰਾ ਮੈਂ ਤੇਰੀ ਹੋਈ।
ਜ਼ਿੰਦਗੀ ਅਤੇ ਸਮਾਜ ਦੇ ਹਰ ਹਨ੍ਹੇਰੇ ਕੋਨੇ ਨੂੰ ਵੇਖਣ ਅਤੇ ਪਾਠਕਾਂ ਨੂੰ ਵਿਖਾਉਣ ਤੋਂ ਬਾਅਦ ਆਸ ਦੀ ਸੁਨਹਿਰੀ ਕਿਰਨ ਵਿਚ ਵਿਸ਼ਵਾਸ ਅਤੇ ਨਿਰਾਸ਼ਾ ਵਿਚੋਂ ਵੀ ਆਸ਼ਾ ਪੈਦਾ ਕਰਨ ਦਾ ਕਰਤਾਰੀ ਗੁਣ ਗੁਰਭਜਨ ਗਿੱਲ ਦੀ ਗ਼ਜ਼ਲ ਵਿਚ ਇਵੇਂ ਸਮੋਇਆ ਬੈਠਾ ਹੈ, ਜਿਵੇਂ ਕਾਲੇ ਬੱਦਲਾਂ ਵਿਚ ਅਸਮਾਨੀ ਬਿਜਲੀ ਸੁੱਤੀ ਪਈ ਹੁੰਦੀ ਹੈ। ਇਹ ਬਿਜਲੀ ਉਸ ਦੀ ਸ਼ਾਇਰੀ ਦੇ ਲੋਕਮੁਖੀ ਅਤੇ ਲੋਕਪੱਖੀ ਹੋਣ ਦਾ ਇੱਕ ਅਟੁੱਟ ਪ੍ਰਮਾਣ ਹੈ। ਉਸਦਾ ਹਰ ਅੱਖਰ ਆਪਣੇ ਪੂਰੇ ਜਲੌ ਨਾਲ, ਸੰਗੀਤਕਤਾ, ਰਵਾਨੀ ਅਤੇ ਨਾਜ਼ੁਕਤਾ ਨਾਲ ਇਸ 'ਆਸ਼ਾਵਾਦ' ਦੇ ਸੰਦੇਸ਼ ਨੂੰ ਪਾਠਕ ਦੀ ਸੁੱਤੀ ਚੇਤਨਾ ਵਿਚ 'ਦੀਵਾ ਜਗਾਉਣ' ਵਾਂਗ ਚਾਨਣ ਅਤੇ ਹਿੰਮਤ ਨਾਲ ਭਰਪੂਰ ਕਰ ਦਿੰਦਾ ਹੈ। ਜਿਵੇਂ ਉਸਤਾਦ ਦਾਮਨ ਨੇ ਲਿਖਿਆ ਹੈ:
ਬੰਦਾ ਚਾਹੇ ਤਾਂ ਕੀ ਨਹੀਂ ਕਰ ਸਕਦਾ,
ਭਾਵੇਂ ਵਕਤ ਹੈ ਤੰਗ ਤੋਂ ਤੰਗ ਆਉਂਦਾ।
ਰਾਂਝਾ ਤਖ਼ਤ ਹਜ਼ਾਰਿਉਂ ਤੁਰੇ ਤਾਂ ਸਹੀ,
ਪੈਰਾਂ ਹੇਠ ਸਿਆਲਾਂ ਦਾ ਝੰਗ ਆਉਂਦਾ।
ਗੁਰਭਜਨ ਗਿੱਲ ਦੀ ਸ਼ਾਇਰੀ ਦੀ ਇਹ ਰੌਸ਼ਨ-ਚਿਰਾਗ਼ ਹਰ ਪਾਠਕ ਵਿਚ ਹਿੰਮਤ, ਸੰਘਰਸ਼, ਏਕਤਾ ਅਤੇ ਮਨੁੱਖ ਦੀ ਹਰ ਮੈਦਾਨ ਵਿਚ ਫ਼ਤਿਹ ਦਾ ਸੰਦੇਸ਼ ਇਸ ਸ਼ਾਇਰੀ ਦੀ ਇੱਕ ਸ਼ਲਾਘਾਯੋਗ, ਪਿਆਰਨਯੋਗ ਪ੍ਰਾਪਤੀ ਹੈ। ਗੁਰਭਜਨ ਦੇ ਆਪਣੇ ਕਲਾਮ ਵਿਚ ਪਾਸ਼ ਦੀ ਮਹਿਮਾ ਵਿਚ ਲਿਖੀ ਉਸ ਦੀ ਗ਼ਜ਼ਲ ਦੇ ਸ਼ਿਅਰ ਇਸ ਭਾਵਨਾ ਦਾ ਪ੍ਰਗਟਾਵਾ ਇਉਂ ਕਰਦੇ ਹਨ:
ਬਲਦੀ ਜਿਉਂ ਪ੍ਰਚੰਡ ਜਵਾਲਾ, ਪਾਸ਼ ਕੋਈ ਅਵਤਾਰ ਨਹੀਂ ਸੀ।
ਜਿੰਨਾ ਵੀ ਸੀ ਲਟ ਲਟ ਬਲਿਆ, ਉਹ ਕੱਲ੍ਹਾ ਇਕਰਾਰ ਨਹੀਂ ਸੀ।
ਜਦ ਵੀ ਆਉਂਦਾ ਵਾਂਗ ਹਨ੍ਹੇਰੀ, ਝੱਖੜ ਵਾਂਗੂੰ ਝੁੱਲ ਜਾਂਦਾ ਉਹ,
ਤਿੱਖੀ ਤੇਜ਼ ਨਜ਼ਰ ਦਾ ਸਾਈਂ, ਉਹ ਧਰਤੀ 'ਤੇ ਭਾਰ ਨਹੀਂ ਸੀ।
ਅੱਥਰੂ ਨਹੀਂ ਸੀ, ਹੌਕਾ ਵੀ ਨਾ, ਉਹ ਸੀ ਬਿਖੜਾ ਸਫ਼ਰ ਨਿਰੰਤਰ,
ਉਸ ਦੇ ਸ਼ਬਦ ਕੋਸ਼ ਵਿਚ ਲਿਖਿਆ, ਇਕ ਵਾਰੀ ਵੀ ਹਾਰ ਨਹੀਂ ਸੀ।
ਸਾਲਮ ਸੂਰਾ ਸ਼ਬਦ ਬਾਣ ਸੀ, ਵੈਰੀ ਵਿੰਨ੍ਹਦਾ ਲਿਖ ਕਵਿਤਾਵਾਂ,
ਵੇਖਣ ਨੂੰ ਉਸ ਦੇ ਹੱਥ ਭਾਵੇਂ, ਤਿੱਖੀ ਤੇਜ਼ ਕਟਾਰ ਨਹੀਂ ਸੀ।
ਹੁਣ ਆਪ ਤੋਂ ਵਿਦਾ ਚਾਹੁੰਦਾ ਹਾਂ, ਲਿਖਣ ਨੂੰ ਤਾਂ ਇੱਕ ਇੱਕ ਗ਼ਜ਼ਲ ਦੇ ਇੱਕ ਸ਼ਿਅਰ ਉਪਰ ਹੀ ਕਾਫ਼ੀ ਕੁਝ ਲਿਖਿਆ ਜਾ ਸਕਦੈ। ਪਰੰਤੂ ਪ੍ਰੋ. ਮੋਹਨ ਸਿੰਘ ਯਾਦ ਆ ਰਹੇ ਨੇ।
ਪੂਰੀ ਸ਼ੈਅ ਨੂੰ ਡਰ ਘਾਟੇ ਦਾ, ਡਰ ਨਾ ਅੱਧੀ ਤਾਈਂ
ਯਾ ਰੱਬ ਪਿਆਰ ਮੇਰੇ ਦੀ ਮੰਜ਼ਿਲ ਪੂਰੀ ਕਦੇ ਨਾ ਹੋਵੇ।
ਇਸ ਪਿਆਰੇ ਗ਼ਜ਼ਲ ਸੰਗ੍ਰਹਿ ਨੂੰ ਪੰਜਾਬੀ ਪਿਆਰਿਆਂ ਅਤੇ ਕਾਵਿ-ਮਹਿਰਮਾਂ ਨੂੰ ਭੇਟ ਕਰਦਿਆਂ ਅਥਾਹ ਖੁਸ਼ੀ ਅਤੇ ਮਾਣ ਮਹਿਸੂਸ ਕਰਦਿਆਂ, ਆਪ ਸਾਰਿਆਂ ਨੂੰ ਇਹ ਗ਼ਜ਼ਲਾਂ ਦਾ ਗੁਲਦਸਤਾ ਭੇਟ ਕਰਨ ਦਾ ਮਾਣ ਮਹਿਸੂਸ ਕਰਦਾ ਹਾਂ।
ਮੈਂ ਆਪਣੇ ਪਿਆਰੇ ਨਿੱਕੇ ਵੀਰ, ਗੁਰਭਜਨ ਗਿੱਲ ਦਾ ਧੰਨਵਾਦ ਕਰਦਾ ਹਾਂ, ਜਿਸ ਨੇ ਮੈਨੂੰ 'ਚਾਰ ਅੱਖਰ' ਲਿਖਣ ਦਾ ਹੱਕ ਪ੍ਰਦਾਨ ਕੀਤਾ।
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸੁਰਜੀਤ ਸਿੰਘ ਭੱਟੀ (ਡਾ.) (ਪ੍ਰੋਫੈਸਰ)
ਗੁਰਭਜਨ ਗਿੱਲ ਦਾ ਕਾਵਿ ਸੰਗ੍ਰਹਿ ਪਾਰਦਰਸ਼ੀ : ਪ੍ਰਾਪਤੀ ਭਰਪੂਰ ਰਚਨਾ : ਡਾ. ਸੁਰਿੰਦਰ ਗਿੱਲ ਮੋਹਾਲੀ
ਗੁਰਭਜਨ ਗਿੱਲ ਪੰਜਾਬੀ ਸੰਸਾਰ ਵਿਚ ਜਾਣਿਆ ਪਹਿਚਾਣਿਆ ਸਾਹਿੱਤਕ ਹਸਤਾਖ਼ਰ ਹੈ। ਉਹ ਸਾਹਿਤਕ ਅਤੇ ਸਭਿਆਚਾਰਕ ਸਰਗਰਮੀਆਂ ਵਿਚ ਨਿਰੰਤਰ ਯੋਗਦਾਨ ਪਾਉਂਦਾ ਰਹਿੰਦਾ ਹੈ। ਅੱਜ ਸਾਡੇ ਹੱਥਾਂ ਵਿਚ ਗੁਰਭਜਨ ਗਿੱਲ ਰਚਿਤ ਕਾਵਿ ਸੰਗ੍ਰਹਿ ‘ਪਾਰਦਰਸ਼ੀ’ ਦਾ ਦੂਜਾ ਸੰਸਕਰਣ ਹੈ।ਜਿਸ ਨੂੰ ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ ਨੇ ਪ੍ਰਕਾਸ਼ਿਤ ਕੀਤਾ ਹੈ।
ਇਸ ਸੰਗ੍ਰਹਿ ਵਿਚ ਗੁਰਭਜਨ ਗਿੱਲ ਦੇ ਕਾਵਿ ਅਨੁਭਵ ਵਿਚੋਂ ਪੂਰੀਆਂ ਇਕਾਹਠ ਕਵਿਤਾਵਾਂ ਅਤੇ ਬਾਰਾਂ ਗ਼ਜ਼ਲਾਂ ਸੰਕਲਿਤ ਹਨ।
ਗੁਰਭਜਨ ਗਿੱਲ ਸਾਧਾਰਨ ਜੀਵਨ ਵਿਚੋਂ ਪ੍ਰਾਪਤ ਤੱਤਸਾਰ ਅਨੁਭਵ ਨੂੰ ਕਾਵਿ ਰੂਪ ਢਾਲਣ ਅਤੇ ਵਿਅਕਤ ਕਰਨ ਦਾ ਮਾਹਿਰ ਹੈ।ਇਸ ਸੰਗ੍ਰਹਿ ਦੀ ਮੁੱਖ ਕਵਿਤਾ ਪਾਰਦਰਸ਼ੀ (ਪੰਨਾ 23-28) ਸਾਡੇ ਇਸ ਕਥਨ ਦੀ ਸਾਖ਼ਸ਼ਾਤ ਗਵਾਹੀ ਹੈ।
ਉਪਰੋਕਤ ਕਵਿਤਾ ਵਿਚ ਇੱਕ ਸਾਧਾਰਨ ਪੰਜਾਬਣ ਮੁਟਿਆਰ ਦੇ ਜੀਵਨ, ਉਸਦੇ ਦੱਬੇ ਘੁੱਟੇ ਵਲਵਲੇ, ਕਿਸੇ ਅਨੋਖੇ ਭੈਅ ਦਾ ਅਨੁਭਵ ਅਤੇ ਪ੍ਰਸਥਿਤੀਆਂ ਕਾਰਨ ਉਸਦਾ ਚੁੱਪ ਤੇ ਅਬੋਲ ਹੋ ਜਾਣਾ ਅਤੇ ਮੂੰਹੋਂ ਕੁਝ ਵੀ ਨਾ ਕਹਿਣ ਨੂੰ ਗੁਰਭਜਨ ਗਿੱਲ ਨੇ ਅਨੂਠੇ ਢੰਗ ਨਾਲ ਚਿਤਰਿਆ ਹੈ।
ਅਸਲ ਵਿਚ ‘ਪਾਰਦਰਸ਼ੀ’ ਦੀ ਨਾਇਕਾ ਕੋਈ ਇਕ ਕੁੜੀ ਨਹੀਂ ,ਸਗੋਂ ਪੰਜਾਬ ਦੇ ਪਿੰਡਾਂ ਕਸਬਿਆਂ ਵਿਚ ਵਸਦੀਆਂ ਬਹੁਗਿਣਤੀ ਕੁੜੀਆਂ ਦੀ ਯਥਾਰਥਕ ਕਹਾਣੀ ਹੈ:
ਉਸ ਕੁੜੀ ਨੂੰ
ਬੋਲਣ ਤੋਂ ਕਿਉਂ ਡਰ ਲਗਦਾ ਹੈ
ਸ਼ਬਦਾਂ ਨੂੰ ਨਾ ਦਰਦ ਸੁਣਾਵੇ
ਅੰਦਰੋਂ ਅੰਦਰ ਝੁਰਦੀ ਖੁਰਦੀ ਭੁਰਦੀ ਜਾਵੇ।
ਖਿੱਤੀਆਂ ਤਾਰੇ ਬੇਇਤਬਾਰੇ
ਤੋੜ ਤੋੜ ਬੁੱਕਲ ਵਿਚ ਭਰਦੀ
ਬੜੇ ਸਾਂਭਦੀ ਚੰਦਰਮਾ ਸੰਗ ਖਹਿੰਦੀ
ਮੂੰਹੋਂ ਕੁਝ ਨਾ ਕਹਿੰਦੀ....।
ਕੁੱਲ ਦੁਨੀਆਂ ਤੋਂ ਬਿਲਕੁਲ ਵੱਖਰੀ
ਜੀਕੂੰ ਅਣਲਿਖੀਆਂ ਕਵਿਤਾਵਾਂ
ਨਿਰਮਲ ਜਲ ਵਿਚ ਘੁਲੀ ਚਾਨਣੀ
ਝੀਲ ਬਲੌਰੀ
ਵਿਚ ਘੁਲਿਆ ਪਰਛਾਵਾਂ।
(ਪੰਨਾ 23-24)
ਗੁਰਭਜਨ ਗਿੱਲ ਰਚਿਤ ਇਹ ਲੰਮੀ ਕਵਿਤਾ, ਸ਼ਬਦ ਚਿਤਰਨ ਦੇ ਨਾਲ ਨਾਲ ਭਾਵ-ਚਿਤਰ ਪੇਸ਼ ਕਰਨ ਵਿਚ ਵੀ ਅਨੂਠੀ ਅਤੇ ਸ਼ਕਤੀਸ਼ਾਲੀ ਰਚਨਾ ਹੈ।
ਗੁਰਭਜਨ ਗਿੱਲ ਦੀ ਲਿਖਤ ਅਨੁਸਾਰ:
ਜਗਮਗ ਜਗਮਗ ਜਗਦੇ
ਦੋ ਨੈਣਾਂ ਦੇ ਦੀਵੇ।
ਚੰਨ ਤੇ ਸੂਰਜ ਵੇਖ ਵੇਖ
ਹੁੰਦੇ ਨੇ ਖੀਵੇ।
ਹਿੱਕ ਦੇ ਅੰਦਰ ਕਿੰਨਾ ਕੁਝ,
ਆਕਾਰ ਨਾ ਧਾਰੇ।
ਸ਼ਬਦ ਸ਼ਕਤੀਆਂ ਤੋਂ ਬਿਨ
ਹੌਕੇ ਬਣੇ ਵਿਚਾਰੇ।
(ਪੰਨਾ 27)
ਪੰਜਾਬ ਦੀ ਸਾਧਾਰਣ ਪੇਂਡੂ ਕੁੜੀ ਦਾ ਯਥਾਰਥਕ ਚਿਤਰ ਪੇਸ਼ ਕਰਨ ਉਪਰੰਤ ਕਵੀ ਗੁਰਭਜਨ ਗਿੱਲ ਸ੍ਵੈ ਨੂੰ ਸੰਬੋਧਨ ਹੁੰਦਾ ਹੋਇਆ ਆਧੁਨਿਕ, ਕਲਿਆਣਕਾਰੀ ਅਤੇ ਕ੍ਰਾਂਤੀਕਾਰੀ ਆਵਾਜ਼ ਮਾਰਦਾ ਹੈ:
‘‘ਜੀਣ ਜੋਗੀਏ`
ਸੁਪਨੇ ਨੂੰ ਆਕਾਰ
ਜੋ ਬੋਲਣ ਤੋਂ ਵਰਜੇ,
ਦੁਸ਼ਮਣ ਮਾਰ ਤਾਂ ਦੇਹ
ਕਦੋਂ ਕਹੇਂਗੀ
ਮੈਨੂੰ ਤਾਂ ਇਹ ਧਰਤੀ ਸਾਰੀ
ਭਰਿਆ ਭਰਿਆ ਘਰ ਲੱਗਦਾ ਹੈ।
ਵੇ ਵੀਰਾ ਵੇ ਜੀਣ ਜੋਗਿਆ,
ਸਾਥ ਦਏਂ ਤਾਂ
ਤੇਰੇ ਹੁੰਦਿਆਂ ਸੁੰਦਿਆਂ ਏਥੇ,
ਹੁਣ ਨਾ ਮੈਨੂੰ ਬੋਲਣ ਲੱਗਿਆਂ
ਡਰ ਲਗਦਾ ਹੈ।’’
ਪਾਰਦਰਸ਼ੀ 28
ਯਥਾਰਥਕਤਾ, ਭਾਵਨਾਤਮਿਕਤਾ ਅਤੇ ਪ੍ਰਗਤੀਸ਼ੀਲਤਾ ਦੇ ਸਾਂਝੇ ਰੰਗਾਂ ਵਿਚ ਰੰਗੀ ਇਹ ਕਵਿਤਾ ਪੜ੍ਹ ਕੇ ਕੌਣ ਕਹੇਗਾ ਕਿ ਆਧੁਨਿਕ ਪੰਜਾਬੀ ਕਾਵਿ ਨਿਰਾਸ਼ਵਾਦ ਵੱਲ ਜਾ ਰਹੀ ਹੈ -
ਇਸ ਸੰਗ੍ਰਹਿ ਵਿਚ ਕੁਝ ਅਤਿ ਨਿੱਕੀਆਂ ਕਵਿਤਾਵਾਂ ਵੀ ਸੰਕਲਿਤ ਹਨ। ਇਨ੍ਹਾਂ ਨਿੱਕੀਆਂ ਕਵਿਤਾਵਾਂ ਵਿਚ ਵੀ ਕਵੀ ਆਪਣੇ ਨਿਵੇਕਲੇ ਰੰਗ ਵਿਚ ਨਜ਼ਰ ਆਉਂਦਾ ਹੈ।
ਇਹ ਕਵਿਤਾ ਹੈ:
ਕਾਹਲੀ ਕਾਹਲੀ
ਕਾਹਲੀ ਕਾਹਲੀ
ਤੁਰਨ ਵਾਲਿਓ
ਅੱਗੇ ਲੰਘ ਕੇ
ਬਿਲਕੁਲ ਕੱਲ੍ਹੇ ਰਹਿ ਜਾਓਗੇ।
ਫਿਰ ਨਾ ਕਹਿਣਾ
ਕੋਈ ਨਾ ਏਥੇ ਭਰੇ ਹੁੰਗਾਰਾ।
ਪੰਨਾ 68
ਪਾਰਦਰਸ਼ੀ ਦਾ ਰਚੈਤਾ ਭਾਵੇਂ ਪੰਜਾਬ ਵਿਚ ਹੀ ਵੱਸਦਾ ਹੈ ਪਰ ਉਸਨੇ ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਵਿਖੇ ਪਰਵਾਸ ਭੋਗਦੇ, ਪੰਜਾਬੀਆਂ ਦੇ ਜੀਵਨ, ਦੁੱਖਾਂ, ਦਰਦਾਂ ਨੂੰ ਦੇਖਿਆ
ਜਾਣਿਆਂ ਅਤੇ ਅਨੁਭਵ ਕੀਤਾ ਹੈ।
ਉਸ ਅਨੁਭਵ ਨੂੰ ਉਸਨੇ ਕਾਵਿ ਸਰੂਪ ਦਿੱਤਾ ਹੈ।
ਆਪਣੇ ਦੇਸ, ਆਪਣੇ ਘਰਾਂ, ਪਿੰਡਾਂ ਅਤੇ ਸ਼ਹਿਰਾਂ ਤੋਂ ਦੂਰ ਵੱਸਦੇ ਪੰਜਾਬੀਆਂ ਦਾ ਭੂ ਹੇਰਵਾ,ਉਦਾਸੀ, ਓਪਰੇਪਨ ਦੇ ਅਹਿਸਾਸ ਅਤੇ ਮਾਤਾ ਪਿਤਾ ਅਤੇ ਪਰਵਾਰਕ ਸਾਝਾਂ ਦੀਆਂ ਯਾਦਾਂ ਨੂੰ ਭਲੀ ਭਾਂਤ ਚਿਤਰਿਆ ਹੈ।
ਘਰ ਨੂੰ ਮੁੜ ਆ’ (72), ਹਵਾਈ ਜਹਾਜ ਵਿਚ ਸਫ਼ਰ (73-74), ਲਾਸ ਵੇਗਾਸ ’ਚ (75-76), ਮੇਰਾ ਬਾਬਲ ਅੱਜ (77-78) ਆਦਿ ਕਵਿਤਾਵਾਂ ਪਰਵਾਸੀ ਅਨੁਭਵ ਦੀਆਂ ਕਵਿਤਾਵਾਂ ਹਨ।
ਪਾਰਦਰਸ਼ੀ ਵਿਚ ਸੰਕਲਿਤ ਕੁਝ ਕੁਝ ਕਵਿਤਾਵਾਂ ਵਿਅਕਤੀ ਵਿਸ਼ੇਸ਼ ਵਿਅਕਤੀ ਕਾਵਿ ਚਿਤਰ ਹਨ।
ਇਸ ਭਾਂਤ ਦੀਆਂ ਕਵਿਤਾਵਾਂ ਵਿਚ ‘ਇਨਕਲਾਬ ਦਾ ਪਾਂਧੀ’ (ਗੁਰਸ਼ਰਨ ਸਿੰਘ ਭਾਅ ਜੀ) ਇਹ ਤਾਂ ਜੋਤ ਨਿਰੰਤਰ (ਬਾਬਾ ਬੁੱਧ ਸਿੰਘ ਢਾਹਾਂ) ਗੁਰੂ ਦਾ ਪੂਰਨ ਸਿੰਘ (ਭਗਤ ਪੂਰਨ ਸਿੰਘ ਪਿੰਗਲਵਾੜੇ ਵਾਲੇ), ਸ਼ਬਦ ਚੇਤਨਾ ਦਾ ਵਣਜਾਰਾ (ਡਾ- ਪ੍ਰੇਮ ਪ੍ਰਕਾਸ਼ ਸਿੰਘ, ਭਾਸ਼ਾ ਵਿਗਿਆਨੀ) ਆਦਿ ਕਵਿਤਾਵਾਂ ਸੰਕਲਿਤ ਹਨ। ਵਿਅਕਤੀ ਕੇਂਦਰਿਤ ਹੋਣ ਕਾਰਨ ਅਤੇ ਸ਼ਰਧਾ ਯੁਕਤ ਇਹ ਕਵਿਤਾਵਾਂ, ਸਾਹਿੱਤਕ ਰੰਗਣ ਦੇ ਹੁੰਦਿਆਂ ਵੀ ਆਮ ਜੇਹੀਆਂ ਬਣ ਕੇ ਰਹਿ ਗਈਆਂ ਹਨ। ਭਗਤ ਪੂਰਨ ਸਿੰਘ ਦੀ ਸੇਵਾ ਅਤੇ ਲਗਨ ਦਾ ਵਰਣਨ ਕਰਦਾ ਕਵੀ ਕੁਝ ਜ਼ਿਆਦਾ ਹੀ ਸ਼ਰਧਾਵਾਦੀ ਹੋ ਗਿਆ ਜਾਪਦਾ ਹੈ ਅਤੇ ਕਈ ਅਤਿ ਕਥਨੀ ਅਲੰਕਾਰਾਂ ਦੀ ਵਰਤੋਂ ਕਰਦਾ ਹੈ।
ਇਸ ਸੰਗ੍ਰਹਿ ਵਿਚ ਗੁਰਭਜਨ ਰਚਿਤ ਬਾਰਾਂ ਗ਼ਜ਼ਲਾਂ ਵੀ ਸੰਕਲਿਤ ਹਨ। ਗੁਰਭਜਨ ਨੇ ਗ਼ਜ਼ਲ ਰਚਨਾ ਸਬੰਧੀ ਪਿੰਗਲ ਅਤੇ ਅਰੂਜ਼ ਨੂੰ ਸਮਝਿਆ ਅਤੇ ਗੰਭੀਰਤਾ ਨਾਲ ਗ਼ਜ਼ਲ ਰਚਨਾ ਕੀਤੀ ਹੈ। ਗੁਰਭਜਨ ਗਿੱਲ ਰਚਿਤ ਗ਼ਜ਼ਲਾਂ ਕੇਵਲ ਮਨ ਪਰਚਾਵੇ ਦਾ ਸਾਧਨ ਮਾਤਰ ਨਾ ਹੋ ਕੇ ਲੋਕ ਜੀਵਨ ਦੀ ਗੱਲ, ਲੋਕ ਬੋਲੀ ਵਿਚ ਕਰਦੀਆਂ ਅਤੇ ਜੀਵਨ ਦਾ ਯਥਾਰਥਦ ਚਿਤਰ ਪੇਸ਼ ਕਰਦੀਆਂ ਹਨ। ਉਸਦੇ ਕਈ ਕਈ ਸ਼ਿਅਰ ਜੀਵਨ ਦਾ ਤਤਸਾਰ ਪ੍ਰਗਟ ਕਰਦੇ ਹੋਏ ਕੋਈ ਸਾਰਥਕ ਸੁਨੇਹਾ, ਕੋਈ ਲਲਕਾਰ ਅਤੇ ਕੋਈ ਵੰਗਾਰ ਬਣ ਜਾਂਦੇ ਹਨ:
‘‘ਬਿਨਾ ਗੋਡੀਆਂ ਤੋਂ ਡੋਡੀਆਂ ਨਾ ਫੁੱਲ ਪੱਤੀਆਂ
ਏਦਾਂ ਬੈਠੇ ਬੈਠੇ ਆਉਣੀ ਨਹੀਂਓ ਵਿਹੜੇ ’ਚ ਬਹਾਰ।’’
(ਪੰਨਾ 117)
ਪੰਜਾਬ ਦੀ ਸਾਧਾਰਣ ਪੇਂਡੂ ਕੁੜੀ ਦਾ ਯਥਾਰਥਕ ਚਿਤਰ ਪੇਸ਼ ਕਰਨ ਉਪਰੰਤ ਕਵੀ ਗੁਰਭਜਨ ਗਿੱਲ ਖ਼ੁਦ ਉਸਨੂੰ ਸੰਬੋਧਨ ਹੁੰਦਾ ਹੋਇਆ ਆਧੁਨਿਕ, ਕਲਿਆਣਕਾਰੀ ਇਹ ਕ੍ਰਾਂਤੀਕਾਰੀ ਆਵਾਜ਼ ਮਾਰਦਾ ਹੈ:
ਏਹੋ ਸੋਚਾਂ,
ਏਸ ਪਰਬਤੋਂ, ਗੰਗਾ ਯਮੁਨਾ ਕਿਉਂ ਨਹੀਂ ਲਹਿੰਦੀ?
ਪੀੜ ਪਿਘਲ ਕੇ ਪੱਥਰਾਂ ਦੇ ਸੰਗ ਕਿਉਂ ਨਹੀਂ ਖਹਿੰਦੀ?
ਅੰਬਰ ਦੇ ਵਿਚ ਉੱਡਦੀ ਥੱਲੇ ਕਿਉਂ ਨਹੀਂ ਲਹਿੰਦੀ?
ਆਲ-ਦੁਆਲ਼ੇ ਵਲਗਣ ਕਿਉਂ ਹੈ ਵਲਦੀ ਰਹਿੰਦੀ?
ਇਸ ਨੂੰ ਆਖੋ,
ਇਹ ਸ਼ਬਦਾਂ ਦਾ ਸੰਗ ਕਰੇ।
ਜਿੱਥੇ ਜਿੱਥੇ ਕੋਰੀ ਧਰਤੀ, ਰੰਗ ਭਰੇ।
ਸ਼ਬਦ ਵਿਹੂਣੀ ਜ਼ਿੰਦਗੀ
ਮਾਂਗ ਸੰਧੂਰ ਭਰੇ।
ਚੁੱਪ ਨੂੰ ਤੋੜੇ,
ਜ਼ਿੰਦਗੀ ਨੂੰ ਭਰਪੂਰ ਕਰੇ।
ਇਸ ਨੂੰ ਆਖੋ
ਜੀਣ ਜੋਗੀਏ!
ਸੁਪਨੇ ਨੂੰ ਆਕਾਰ ਤਾਂ ਦੇਹ।
ਜੋ ਬੋਲਣ ਤੋਂ ਵਰਜੇ,
ਦੁਸ਼ਮਣ ਮਾਰ ਤਾਂ ਦੇਹ।
ਸਦੀਆਂ ਤੋਂ ਬੋਲਣ ਤੋਂ ਡਰਦੀ,
ਡਰਦੀ ਮਾਰੀ, ਹਰ ਹਰ ਕਰਦੀ,
ਕਦੋਂ ਕਹੇਗੀ?
ਮੈਨੂੰ ਤਾਂ ਇਹ ਧਰਤੀ ਸਾਰੀ,
ਭਰਿਆ ਭਰਿਆ ਘਰ ਲੱਗਦਾ ਹੈ।
ਵੇ ਵੀਰਾ ਵੇ ਜੀਣ ਜੋਗਿਆ,
ਸਾਥ ਦਏਂ ਤਾਂ
ਤੇਰੇ ਹੁੰਦਿਆਂ ਸੁੰਦਿਆਂ ਏਥੇ,
ਹੁਣ ਨਾ ਮੈਨੂੰ ਬੋਲਣ ਲੱਗਿਆਂ
ਡਰ ਲੱਗਦਾ ਹੈ।
ਪਾਰਦਰਸ਼ੀ 28
ਯਥਾਰਥਕਤਾ, ਭਾਵਨਾਤਮਿਕਤਾ ਅਤੇ ਪ੍ਰਗਤੀਸ਼ੀਲਤਾ ਦੇ ਸਾਂਝੇ ਰੰਗਾਂ ਵਿਚ ਰੰਗੀ ਇਹ ਕਵਿਤਾ ਪੜ੍ਹ ਕੇ ਕੌਣ ਕਹੇਗਾ ਕਿ ਆਧੁਨਿਕ ਪੰਜਾਬੀ ਕਾਵਿ ਨਿਰਾਸ਼ਵਾਦ ਵੱਲ ਜਾ ਰਹੀ ਹੈ -
ਇਸ ਸੰਗ੍ਰਹਿ ਵਿਚ ਕੁਝ ਅਤਿ ਨਿੱਕੀਆਂ ਕਵਿਤਾਵਾਂ ਵੀ ਸੰਕਲਿਤ ਹਨ। ਇਨ੍ਹਾਂ ਨਿੱਕੀਆਂ ਕਵਿਤਾਵਾਂ ਵਿਚ ਵੀ ਕਵੀ ਆਪਣੇ ਨਿਵੇਕਲੇ ਰੰਗ ਵਿਚ ਨਜ਼ਰ ਆਉਂਦਾ ਹੈ।
ਇਹ ਕਵਿਤਾ ਹੈ:
ਕਾਹਲੀ ਕਾਹਲੀ
ਕਾਹਲੀ ਕਾਹਲੀ ਤੁਰਨ ਵਾਲਿਓ
ਅੱਗੇ ਲੰਘ ਕੇ
ਬਿਲਕੁਲ ਕੱਲੇ ਰਹਿ ਜਾਓਗੇ।
ਫਿਰ ਨਾ ਕਹਿਣਾ ਕੋਈ ਨਾ ਏਥੇ ਭਰੇ ਹੁੰਗਾਰਾ।
ਪੰਨਾ 68
ਪਾਰਦਰਸ਼ੀ ਦਾ ਰਚੇਤਾ ਭਾਵੇਂ ਪੰਜਾਬ ਵਿਚ ਹੀ ਵੱਸਦਾ ਹੈ ਪਰ ਉਸਨੇ ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਵਿਖੇ ਪਰਵਾਸ ਭੋਗਦੇ, ਪੰਜਾਬੀਆਂ ਦੇ ਜੀਵਨ, ਦੁੱਖਾਂ, ਦਰਦਾਂ ਨੂੰ ਵੀ ਦੇਖਿਆ
ਜਾਣਿਆਂ ਅਤੇ ਅਨੁਭਵ ਕੀਤਾ ਹੈ। ਉਸ ਅਨੁਭਵ ਨੂੰ ਕਾਵਿ ਰੂਪ ਵੀ ਦਿੱਤਾ ਹੈ। ਆਪਣੇ ਦੇਸ, ਆਪਣੇ ਘਰਾਂ, ਪਿੰਡਾਂ ਅਤੇ ਸ਼ਹਿਰਾਂ ਤੋਂ ਦੂਰ ਵੱਸਦੇ ਪੰਜਾਬੀਆਂ ਦਾ ਹੂ ਬ ਹੂ ਵੇਰਵਾ, ਹੇਰਵਾ
ਉਦਾਸੀ, ਓਪਰੇਪਨ ਦੇ ਅਹਿਸਾਸ ਅਤੇ ਮਾਤਾ ਪਿਤਾ ਅਤੇ ਪਰਿਵਾਰਕ ਸਾਝਾਂ ਦੀਆਂ ਯਾਦਾਂ ਨੂੰ ਭਲੀ ਭਾਂਤ ਚਿਤਰਿਆ ਹੈ।
ਘਰ ਨੂੰ ਮੁੜ ਆ’ (72),
ਹਵਾਈ ਜਹਾਜ ਵਿਚ ਸਫ਼ਰ (73-74),
ਲਾਸ ਵੇਗਾਸ ’ਚ (75-76),
ਮੇਰਾ ਬਾਬਲ ਅੱਜ ਮੋਇਆ ਹੈ (77-78)
ਆਦਿ ਕਵਿਤਾਵਾਂ ਪਰਵਾਸੀ ਅਨੁਭਵ ਦੀਆਂ ਹਨ।
ਪਾਰਦਰਸ਼ੀ ਵਿਚ ਸੰਕਲਿਤ ਕੁਝ ਕੁਝ ਕਵਿਤਾਵਾਂ ਵਿਅਕਤੀ ਵਿਸ਼ੇਸ਼ ਕਾਵਿ ਚਿਤਰ ਹਨ। ਇਸ ਭਾਂਤ ਦੀਆਂ ਕਵਿਤਾਵਾਂ ਵਿਚ ‘ਇਨਕਲਾਬ ਦਾ ਪਾਂਧੀ’ (ਨਾਟਕ ਕਾਰ ਗੁਰਸ਼ਰਨ ਸਿੰਘ ਭਾਅ ਜੀ) ਇਹ ਤਾਂ ਜੋਤ ਨਿਰੰਤਰ ਕੋਈ (ਸਮਾਜ ਸੇਵਕ ਬਾਬਾ ਬੁੱਧ ਸਿੰਘ ਢਾਹਾਂ) ਗੁਰੂ ਦਾ ਪੂਰਨ ਸਿੰਘ (ਭਗਤ ਪੂਰਨ ਸਿੰਘ ਪਿੰਗਲਵਾੜੇ ਵਾਲੇ), ਸ਼ਬਦ ਚੇਤਨਾ ਦਾ ਵਣਜਾਰਾ (ਡਾਃ ਪ੍ਰੇਮ ਪ੍ਰਕਾਸ਼ ਸਿੰਘ, ਭਾਸ਼ਾ ਵਿਗਿਆਨੀ) ਆਦਿ ਕਵਿਤਾਵਾਂ ਸੰਕਲਿਤ ਹਨ। ਵਿਅਕਤੀ ਕੇਂਦਰਿਤ ਹੋਣ ਕਾਰਨ ਅਤੇ ਸ਼ਰਧਾ ਯੁਕਤ ਇਹ ਕਵਿਤਾਵਾਂ, ਸਾਹਿਤਕ ਰੰਗਣ ਦੇ ਹੁੰਦਿਆਂ ਸੁੰਦਿਆਂ ਵੀ ਆਮ ਬਣ ਕੇ ਰਹਿ ਗਈਆਂ ਹਨ।
ਭਗਤ ਪੂਰਨ ਸਿੰਘ ਦੀ ਸੇਵਾ ਅਤੇ ਲਗਨ ਦਾ ਵਰਣਨ ਕਰਦਾ ਕਵੀ ਕੁਝ ਜ਼ਿਆਦਾ ਹੀ ਸ਼ਰਧਾਵਾਦੀ ਹੋ ਗਿਆ ਜਾਪਦਾ ਹੈ ਅਤੇ ਕਈ ਅਤਿ ਕਥਨੀ ਅਲੰਕਾਰਾਂ ਦੀ ਵਰਤੋਂ ਕਰਦਾ ਹੈ।
ਇਸ ਸੰਗ੍ਰਹਿ ਵਿਚ ਗੁਰਭਜਨ ਰਚਿਤ ਬਾਰਾਂ ਗ਼ਜ਼ਲਾਂ ਸੰਕਲਿਤ ਹਨ। ਗੁਰਭਜਨ ਨੇ ਗ਼ਜ਼ਲ ਰਚਨਾ ਸਬੰਧੀ ਪਿੰਗਲ ਅਤੇ ਅਰੂਜ਼ ਨੂੰ ਸਮਝਿਆ ਅਤੇ ਗੰਭੀਰਤਾ ਨਾਲ ਗ਼ਜ਼ਲ ਰਚਨਾ ਕੀਤੀ ਹੈ। ਗੁਰਭਜਨ ਗਿੱਲ ਰਚਿਤ ਗ਼ਜ਼ਲਾਂ ਕੇਵਲ ਮਨ ਪਰਚਾਵੇ ਦਾ ਸਾਧਨ ਮਾਤਰ ਨਾ ਹੋ ਕੇ ਲੋਕ ਜੀਵਨ ਦੀ ਗੱਲ, ਲੋਕ ਬੋਲੀ ਵਿਚ ਕਰਦੀਆਂ ਅਤੇ ਜੀਵਨ ਦਾ ਯਥਾਰਥਕ ਚਿਤਰ ਪੇਸ਼ ਕਰਦੀਆਂ ਹਨ।
ਉਸਦੇ ਕਈ ਕਈ ਸ਼ਿਅਰ ਜੀਵਨ ਦਾ ਤੱਤ ਸਾਰ ਪ੍ਰਗਟ ਕਰਦੇ ਹੋਏ ਕੋਈ ਸਾਰਥਕ ਸੁਨੇਹਾ, ਲਲਕਾਰ ਅਤੇ ਕੋਈ ਵੰਗਾਰ ਬਣ ਜਾਂਦੇ ਹਨ:
‘‘ਬਿਨਾ ਗੋਡੀਆਂ ਤੋਂ ਡੋਡੀਆਂ ਨਾ ਫੁੱਲ ਪੱਤੀਆਂ
ਏਦਾਂ ਬੈਠੇ ਬੈਠੇ ਆਉਣੀ ਨਹੀਂਓ ਵਿਹੜੇ ’ਚ ਬਹਾਰ।’’
(ਪੰਨਾ 117)
ਕਈ ਵਾਰ ਉਹ ਸ੍ਵੈ ਵਿਰੋਧੀ ਅਲੰਕਾਰ ਦੀ ਵਰਤੋਂ ਵੀ ਕਰਦਾ ਹੈ।
‘‘ਸ਼ਹਿਰ ਵਿਚ ਲੱਗ ਰਿਹਾ ਆਰੇ
ਤੇ ਆਰਾ,
ਅਜੇ ਵੀ ਪਿੰਡ ਨਿੰਮਾਂ ਲਾ ਰਿਹਾ ਹੈ।’’
(ਪੰਨਾ 119)
ਗੁਰਭਜਨ ਗਿੱਲ ਲੋਕਾਂ ਨੂੰ ਚੇਤੰਨ ਕਰਦਾ ਹੈ:
ਮਲਾਹੋ ਵਰਤਿਓ ਹੁਣ ਸਾਵਧਾਨੀ
ਸਮੁੰਦਰ ਫੇਰ ਖ਼ੌਰੂ ਪਾ ਰਿਹਾ ਹੈ।
(ਪੰਨਾ 119)
ਗੁਰਭਜਨ ਗਿੱਲ ਦੇ ਕਈ ਸ਼ਿਅਰ ਜੀਵਨ ਦੀਆਂ ਅਟੱਲ ਸਚਾਈਆਂ ਬਿਆਨ ਕਰ ਜਾਂਦੇ ਹਨ।
ਜਿਵੇਂ:
‘‘ਤੂੰ ਮੇਰੀ ਉਂਗਲੀ ਨਾ ਛੱਡੀਂ, ਸਦਾ ਹੁੰਗਾਰ ਦੇਂਦਾ ਰਹੀ ਤੂੰ,
ਨੈਣਾਂ ਵਿਚਲੇ ਤਲਖ਼ ਸਮੁੰਦਰ ਕੱਲ੍ਹਿਆਂ ਕਿੱਥੇ ਤਰ ਹੁੰਦੇ ਨੇ।
ਛੱਡ ਜਿਸਮਾਂ ਦੀ ਮਿੱਟੀ ਆ ਕੇ ਰੂਹ ਦੇ ਨੇੜੇ ਬੈਠ ਜ਼ਰਾ ਤੂੰ,
ਕਿਲ੍ਹੇ ਮੁਹੱਬਤ ਵਾਲੇ ਸੱਜਣਾ, ਏਸ ਤਰ੍ਹਾਂ ਹੀ ਸਰ ਹੁੰਦੇ ਨੇ।’’
(ਪੰਨਾ 122)
ਇਨ੍ਹਾਂ ਗ਼ਜ਼ਲਾਂ ਵਿਚਲੇ ਕੁਝ ਸ਼ਿਅਰ ਜੀਵਨ ਦੀਆਂ ਅਟੱਲ ਸੱਚਾਈਆਂ ਅਤੇ ਜੀਵਨ ਯਥਾਰਥ ਦੇ ਤਤਸਾਰ ਦਾ ਪ੍ਰਗਟਾ ਹਨ। ਉਦਾਹਰਣ ਹਿਤ:
‘‘ ਲੜਨਾ ਹੁੰਦੈ ਸੌਖਾ ਯਾਰੋ, ਜੰਗਲ ਚਾਰ ਚੁਫ਼ੇਰੇ ਨਾਲ।
ਸਭ ਤੋਂ ਔਖਾ ਹੁੰਦੈ ਲੜਨਾ ਆਪਣੇ ਮਨ ਦੇ ‘ਨੇਰ੍ਹੇ ਨਾਲ।
ਆਰੀ ਤੇਜ਼, ਕੁਹਾੜਾ ਤਿੱਖਾ, ਸਭ ਨੀਅਤਾਂ ਬਦਨੀਤ ਕਿਉਂ,
ਸਭ ਰੁੱਖਾਂ ਨੇ ਕੱਠਿਆਂ ਹੋ ਕੇ, ਸ਼ਿਕਵਾ ਕੀਤਾ ਮੇਰੇ ਨਾਲ।’’
(ਪੰਨਾ 125)
ਪਾਰਦਰਸ਼ੀ ਵਿਚ ਪ੍ਰਕਾਸ਼ਿਤ 61 ਕਵਿਤਾਵਾਂ ਅਤੇ 12 ਗ਼ਜ਼ਲਾਂ ਦਾ ਪਾਠ ਗੁਰਭਜਨ ਗਿੱਲ ਦੇ ਸੂਖਮ ਕਾਵਿ ਅਨੁਭਵ ਅਤੇ ਕਾਵਿ ਦ੍ਰਿਸ਼ਟੀ ਦੀ ਪ੍ਰਪੱਕਤਾ ਦੀ ਗਵਾਹੀ ਭਰਦਾ ਹੈ। ਉਸਦੀਆਂ ਕਵਿਤਾਵਾਂ ਜੀਵਨ ਪ੍ਰਤੀ ਉਸਦੀ ਸਮਝ, ਸਾਂਝ ਅਤੇ ਮੋਹ ਦਾ ਪ੍ਰਮਾਣ ਹਨ।
ਕੁਝ ਵਰ੍ਹਿਆਂ ਪਿੱਛੋਂ ਹੀ ਕਾਵਿ ਪੁਸਤਕ ਪਾਰਦਰਸ਼ੀ ਦਾ ਦੂਜਾ ਐਡੀਸ਼ਨ ਕਵੀ ਗੁਰਭਜਨ ਗਿੱਲ ਦੀ ਪਾਠਕਾਂ ਵਿੱਚ ਲੋਕ ਪ੍ਰਿਅਤਾ ਦਾ ਪ੍ਰਮਾਣ ਹੈ।
128 ਪੰਨਿਆਂ ਦੇ ਇਸ ਕਾਵਿ ਸੰਗ੍ਰਹਿ ਦਾ ਮੁੱਲ 200/- ਰੁਪਏ ਅਤੇ ਇਸਦੇ ਪ੍ਰਕਾਸ਼ਕ ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ ਹਨ।
ਪੰਜਾਬੀ ਕਾਵਿ ਚ ਫੁੱਟਿਆ ਚਸ਼ਮਾਃ ਗੁਰਭਜਨ ਗਿੱਲ ਦਾ ਕਾਵਿ ਸੰਗ੍ਰਹਿ ਬੋਲ ਮਿੱਟੀ ਦਿਆ ਬਾਵਿਆ -ਪ੍ਰੋਃ ਸੁਰਿੰਦਰ ਸਿੰਘ ਨਰੂਲਾ
ਗੁਰਭਜਨ ਗਿੱਲ ਦਾ ਕਾਵਿ ਸੰਗ੍ਰਹਿ ਬੋਲ ਮਿੱਟੀ ਦਿਆ ਬਾਵਿਆ ਪੰਜਾਬੀ ਕਾਵਿ - ਜਗਤ ਵਿਚ ਨਵੇਂ ਫੁੱਟੇ ਚਸ਼ਮੇ , ਵਾਂਗ ਆਪਣਾ ਰਾਹ ਆਪ ਤਿਆਰ ਕਰਦਾ ਲੱਗਦਾ ਹੈ । ਪੰਜਾਬੀ ਕਾਵਿ ਦੀ ਧਰਤੀ ਨੇ ਅਨੇਕ ਸਰਸਬਜ਼ ਬਹਾਰਾਂ ਅਤੇ ਖੜ ਖੜ ਕਰਦੀਆਂ ਪੱਤਝੜ ਵਾਲੀਆਂ ਰੁੱਤਾਂ ਦੇ ਗੇੜਾਂ ਦੀ ਬਿੰਬਾਵਲੀ ਦੀਆਂ ਝਲਕੀਆਂ ਵੇਖੀਆਂ ਹਨ।
ਪੰਜਾਬ ਦੇ ਜਾਇਆਂ ਨੂੰ ਨਿੱਤ ਨਵੀਆਂ ਮੁਹਿੰਮਾਂ ਤੇ ਜਾਣਾ ਪੈਂਦਾ ਰਿਹਾ ਹੈ ਇਹ ਮੁਹਿੰਮਾਂ ਬਾਹਰੀ ਰੂਪ ਵਿਚ ਤਾਂ ਕਿਸੇ ਬਾਹਰ ਅਤੇ ਹਮਲਾਵਰ ਵਿਰੁੱਧ ਹੁੰਦੀਆਂ ਰਹੀਆਂ ਹਨ ਪਰ ਹਰ ਅਜਿਹੇ ਸਮੇਂ ਪੰਜਾਬ ਵਾਸੀ ਆਪਣੇ ਅੰਤਹ ਕਰਣੀ ਰਣ ਖੇਤਰ ਵਿਚ ਵੀ ਜੂਝਦੇ ਰਹੇ ਹਨ ।ਇਸੇ ਕਾਰਨ ਬਾਹਰੀ ਮੁਹਿੰਮਬਾਜ਼ਾਂ ਨੇ ਇਤਿਹਾਸ ਦਾ ਰੂਪ ਧਾਰ ਕੇ ਸਾਨੂੰ ਜਨਮ ਸਾਖੀਆਂ , ਪਰਚੀਆ, ਵਾਰਾਂ ਆਦਿ ਦਾ ਸਾਹਿੱਤ ਦਿੱਤਾ ਹੈ ਅਤੇ ਅੰਤਹਕਰਣੀ ਮੁਹਿੰਮਬਾਜ਼ੀ ਨੇ ਗੀਤਾਂ , ਬਾਰਾਂਮਾਹੇ , ਕਿੱਸਿਆਂ ਅਤੇ ਗ਼ਜ਼ਲਾਂ ਦਾ I
ਅਜੋਕੇ ਪੰਜਾਬ ਦਾ ਜਿਹੜਾ ਦੁਖਾਂਤ ਹੈ ਇਹ ਸ਼ੈਕਸਪੀਅਰ ਦੇ ਦੁਖਾਂਤ ਵਾਂਗ ਦੋ -ਪਰਤੀ ਵਾਰਤਾ ਵਾਲਾ ਹੈ।
ਪੰਜਾਬ ਦੇ ਪੁਰਾਣੇ ਜਾਂ ਮੱਧਕਾਲੀ ਦੁਖਾਂਤ ਵਾਂਗ ਇਕਹਿਰਾ ਤੇ ਇਕ ਪਰਤੀ ਨਹੀਂ ਜੋ ਕੁਝ ਅੱਜ ਪੰਜਾਬ ਵਿਚ ਅੱਜ ਵਾਪਰ ਰਿਹਾ ਹੈ ਉਹ ਹਰੇਕ ਸੰਵੇਦਨਸ਼ੀਲ ਵਿਅਕਤੀ ਨੂੰ ਭਾਵੇਂ ਉਹ ਕਵੀ ਹੈ ਜਾਂ ਨਹੀਂ ਆਪਣੇ ਮਨ ਨੂੰ ਪਰਤ ਦਰ ਪਰਤ ਫ਼ਰੋਲਣ ਲਈ ਮਜਬੂਰ ਕਰ ਦਿੰਦਾ ਹੈ । ਜਿਹੜੇ ਵਰਤਮਾਨ ਪੱਤਰਕਾਰੀ ਦੇ ਮਾਧਿਅਮ ਰਾਹੀਂ ਜਾਂ ਨਿੱਗਰ ਖੋਜ ਵਿਧੀਆਂ ਦਵਾਰਾ ਇਸ ਅਜੋਕੇ ਦੁਖਾਂਤ ਦਾ ਵਿਸ਼ਲੇਸ਼ਣ ਕਰ ਰਹੇ ਹਨ ਉਹ ਤਾਂ ਵਿਸ਼ਲੇਸ਼ਣੀ ਢੰਗ ਨਾਲ ਕਿਸੇ ਸਿੱਟੇ ਤੇ ਅਪੜਣ ਦਾ ਸਫ਼ਲ ਜਾਂ ਅਸਫ਼ਲ ਯਤਨ ਕਰ ਸਕਦੇ ਹਨ ਪਰ ਕੋਈ ਕੋਈ ਸਿੱਟਾ ਕੋਈ ਅੰਤਿਮ ਨਿਰਣਾ ਜਾਂ ਕਿੰਤੂ - ਮੁਕਤ ਫ਼ੈਸਲਾ ਨਹੀਂ ਦੇ ਸਕਦਾ ਇਸ ਕਾਰਨ ਉਹ ਦੁਬਿਧਾ ਦਾ ਸ਼ਿਕਾਰ ਹੋ ਕੇ ਕੇਵਲ ਕੀਰਨੇ ਪਾਉਂਦੀ ਬੁਲਬੁਲ ਵਾਂਗ ਗੁਲਾਬ ਦੀ ਮਹਿਕ ਉੱਤੇ ਚਹਿਕਦਾ ਕੀਰਨੇ ਪਾ ਸਕਦਾ ਹੈ। ਕਿਉਂਕਿ ਬੁਲਬੁਲ ਵਾਂਗ ਹੀ ਉਹ ਜਾਣਦਾ ਹੈ ਕਿ ਚਮਨ ਦੀ ਫ਼ਿਕਰ ਕਰਨ ਵਾਲੇ ਘੱਟ ਹਨ ਤੇ ਵਧੇਰੇ ਅਜਿਹੇ ਚਿੜੀਮਾਰ ਹਨ ਜਿਨ੍ਹਾਂ ਨੇ ਜਾਲ ਫ਼ੈਲਾਏ ਹੋਏ ਹਨ ।
ਗੁਰਭਜਨ ਗਿੱਲ ਨੂੰ ਅਜੋਕੇ ਪੰਜਾਬ ਦੇ ਦੁਖਾਂਤ ਦਾ ਤਿੱਖਾ ਅਹਿਸਾਸ ਹੈ । ਉਹ ਆਪਣੇ ਅਹਿਸਾਸ ਭਾਵ ਅਰਥਾਤ ਭਾਵਨਾ ਨੂੰ ਪ੍ਰਗਟਾਉਣ ਲਈ ਜਿਹੜੇ ਕਾਵਿ - ਪ੍ਰਤੀਕ ਵਰਤਦਾ ਹੈ ਉਹ ਪੰਜਾਬੀ ਮਨ ਨਾਲ ਜੁਗਾਂ ਤੋਂ ਜੁੜੇ ਹੋਏ ਹਨ ਅਤੇ ਉਸ ਸੋਚ ਦੇ ਲਖਾਇਕ ਹਨ ਜਿਹੜਾ ਕਿ ਅਨਾਦਿ ਹੈ । ਆਦਿ ਸੱਚ ਤੇ ਜੁਗਾਦਿ ਸੱਚ ਹੈ।
ਜੇਕਰ ਗੁਰਭਜਨ ਗਿੱਲ ਨੇ ਬੋਲ ਮਿੱਟੀ ਦਿਆ ਬਾਵਿਆ ਲਿਖਣ ਤੋਂ ਪਹਿਲਾ ਸ਼ੀਸ਼ਾ ਝੂਠ ਬੋਲਦਾ ਹੈ ,ਹਰ ਧੁਖਦਾ ਪਿੰਡ ਮੇਰਾ ਹੈ , ਅਤੇ ਸੁਰਖ ਸਮੁੰਦਰ ਜਿਹੇ ਕਾਵਿ ਸੰਗ੍ਰਿਹਾਂ ਉਤੇ ਹੱਥ ਨਾ ਅਜ਼ਮਾਇਆ ਹੁੰਦਾ ਤਾਂ ਸ਼ਾਇਦ ਉਹ ਸਾਨੂੰ ‘ ਬੋਲ ਮਿੱਟੀ ਦਿਆ ਬਾਵਿਆ ਵਰਗਾ ਪ੍ਰਤਿਭਾ ਸੰਪਨ ਅਤੇ ਕਲਾਵੰਤ ਕਾਵਿ ਸੰਗ੍ਰਿਹ ਨਾ ਦੇ ਸਕਦਾ, ਉਸ ਦੀਆਂ ਗ਼ਜ਼ਲਾਂ ਸਮਕਾਲੀਨ ਵਿਸ਼ੇ ਵਸਤੂ ਵਾਲੀਆਂ ਹੋਣ ਦੇ ਬਾਵਜੂਦ ਰਵਾਇਤੀ ਕਲਾਸੀਕਲ ਉਰਦੂ ਦੀਆਂ ਗ਼ਜ਼ਲਾਂ ਵਾਂਗ ਸੈਨਤਾਂ, ਸਿੱਠਣੀਆਂ ਅਤੇ ਸੰਗੀਤ ਸੁਰਾਂ ਦੀ ਤ੍ਰਿਵੈਣੀ ਦਵਾਰਾ ਸਿੰਜੀਆਂ ਗਈਆਂ ਹਰੀਆਂ ਭਰੀਆਂ ਕਿਆਰੀਆਂ ਹਨ। ਇਨ੍ਹਾਂ ਕਿਆਰੀਆਂ ਵਿੱਚ ਉਸ ਵੇਲੋਂ ਪਾਈਆਂ ਗਈਆਂ ਰਵਿਸ਼ਾਂ ਅਰਥਾਤ ਆਪਣੀ ਚਹਿਲਕਦਮੀ ਦੀਆਂ ਰਾਹਾਂ ਰਵਾਇਤੀ ਗ਼ਜ਼ਲ ਦੀ ਕਾਫ਼ੀਆ ਬੰਦੀ ਅਤੇ ਰੱਖ ਰਖਾਉ ਦੀਆਂ ਲਖਾਇਕ ਤਾਂ ਨਹੀਂ ਪਰ ਇਹ ਰਵਿਸ਼ਾਂ ਕੁਦਰਤੀ ਰਾਹ ਗੁਜ਼ਰਾਂ ਵਾਂਗ ਹਨ ਜਿਹੜੀਂ ਸਾਡੇ ਲੋਕ ਗੀਤਾਂ ਅਤੇ ਪੁਰਾਣੇ ਬੈਂਤਾਂ ਦੀਆਂ ਧੁਨੀਆਂ ਤੇ ਆਧਾਰਿਤ ਹਨ।
ਇਨ੍ਹਾਂ ਵਿੱਚ ਕਾਵਿ ਸ਼ੈਲੀ ਦੇ ਗਿਣਤਾਰੇ ਵਾਲੀਆਂ ਗੀਟੀਆਂ ਪੂਰੀਆਂ ਕਰਨ ਦੀ ਥਾਂ ਲੋਕ ਗੀਤਾਂ ਦੇ ਬਲੌਰੀ ਮਣਕਿਆਂ ਦਾ ਅੱਲ੍ਹੜ ਬੱਲ੍ਹੜ ਹੈ।
ਸ਼ਾਇਦ ਗੁਰਭਜਨ ਗਿੱਲ ਦਾ ਮਿੱਟੀ ਦਾ ਬਾਵਾ ਉਸ ਮਿੱਟੀ ਦੇ ਬਾਵੇ ਦਾ ਜੁੜਵਾਂ ਭਰਾ ਹੈ ਜਿਸ ਨੂੰ ਸੰਬੋਧਨ ਕਰ ਕੇ ਚੜ੍ਹਦੀ ਜਵਾਨੀ ਵਿੱਚ ਪੈਰ ਧਰਦੀ ਪੰਜਾਬਣ ਮੁਟਿਆਰ ਕਹਿੰਦੀ ਹੈ।
ਮਿੱਟੀ ਦਾ ਮੈਂ ਬਾਵਾ ਬਣਾਨੀ ਆਂ
ਨੀ ਝੱਗਾ ਪਾਨੀ ਆਂ ਨੀ ਉੱਤੇ ਦੇਨੀ ਆਂ ਖੇਸੀ।
ਨਾ ਰੋ ਮਿੱਟੀ ਦਿਆ ਬਾਵਿਆ
ਵੇ ਤੇਰਾ ਪਿਉ ਪਰਦੇਸੀ।
ਮਿੱਟੀ ਦਾ ਬਾਵਾ ਨਹੀਂਉਂ ਬੋਲਦਾ, ਨਹੀਂਉਂ ਚਾਲਦਾ ਨੀ ਨਹੀਂਉਂ ਭਰਦਾ ਹੁੰਗਾਰਾ।
ਨੁਹਾਉਣ ਲੱਗੀ ਦਾ ਖੁਰ ਗਿਆ
ਨੀ ਮੇਰਾ ਮਿੱਟੀ ਦਾ ਬਾਵਾ।
ਇੱਕ ਵਿਸ਼ੇਸ਼ ਗੱਲ ਜਿਹੜੀ ਇਸ ਕਾਵਿ ਸੰਗ੍ਰਹਿ ਦੇ ਸੰਦਰਭ ਵਿੱਚ ਯਾਦ ਰੱਖਣ ਵਾਲੀ ਹੈ, ਉਹ ਇਹ ਕਿ ਕਵੀ ਨੇ ਆਪਣੀ ਧਾਰਮਿਕ ਨਿਸ਼ਠਾ, ਰਾਜਸੀ ਸੂਝ ਬੂਝ, ਅਰਥਚਾਰੇ ਦੇ ਗਿਆਨ ਅਤੇ ਪੰਜਾਬੀ ਰਹਿਣੀ ਬਹਿਣੀ ਬਾਰੇ ਆਪਣੇ ਗਿਆਨ ਨੂੰ ਇੱਕੋ ਕੁਠਾਲੀ ਵਿੱਚ ਪਾ ਕੇ ਆਪਣੀ ਕਾਵਿਕ ਪ੍ਰਤਿਭਾ ਦੀ ਰਸਾਇਣਕ ਵਿਧੀ ਨਾਲ ਇਸ ਤਰ੍ਹਾਂ ਇੱਕ ਮਿੱਕ ਕੀਤਾ ਹੈ ਕਿ ਇੱਕ ਨਵਾਂ ਧਾਤੂ ਪਾਰਸ ਛੋਹ ਹੋ ਨਿੱਬੜਿਆ ਹੈ।
ਉਹ ਅਜਿਹੇ ਪੰਜਾਬੀ ਸੱਭਿਆਚਾਰ ਬਾਰੇ ਆਪਣੇ ਸੰਕਲਪ ਸਦਕਾ ਕਰ ਸਕਿਆ ਹੈ।
ਇਹ ਸੰਕਲਪ ਇਸ ਮੂਲ ਵਿਸ਼ਵਾਸ ਉਤੇ ਅਧਾਰਿਤ ਹੈ ਕਿ ਪੰਜਾਬੀ ਜੀਵਨ ਦੀ ਸਾਰਥਕਤਾ ਇਸ ਰੀਤ ਵਿਚ ਹੀ ਵਿਅਜੋਸ਼ੀ ਨਿਰਾਸ਼ਾ ਜਨਕ ਸਥਿਤੀ ਨੂੰ ਕੇਵਲ ਇਸ ਢੰਗ ਨਾਲ ਸੁਧਾਰਿਆ ਜਾ ਸਕਦਾ ਹੈ । ਜੇਕਰ ਪੰਜਾਬ ਦੇ ਰਾਂਗਲੇ ਅਤੀਤ ਨੂੰ ਚਿਤਰਕਾਰ ਦੀ ਰੰਗਦਾਨੀ ਵਜੋਂ ਵਰਤਦੇ ਕਾਲਖ਼ਮਈ ਰੰਗਤ ਨੂੰ ਆਸ ਦਾ ਕੇਸਰੀ ਰੰਗ ਪ੍ਰਦਾਨ ਕੀਤਾ ਜਾਏ ਜਾਂ ਨਵੇਂ ਹੈਸਲੇ ਉਪਜਾਉਣ ਲਈ ਕਿਰਮਚੀ ਬਣਾਇਆ ਜਾਵੇ ।
ਚਿਤਰਕਾਰੀ ਵਿਧੀ ਅਨੁਸਾਰ ਕਿਰਮਚੀ ਰੰਗ ਸੁਹਣੇ ਪੀਲੇ ਰੰਗ ਵਿਚ ਗੂੜ੍ਹਾ ਲਾਲ ਰੰਗ ਯੋਗ ਅਨੁਪਾਤ ਵਿਚ ਮਿਲਾਕੇ ਉੱਘੜਦਾ ਹੈ ।
ਗੁਰਭਜਨ ਗਿੱਲ ਦਾ ਹਰੇਕ ਗੀਤ, ਕਵਿਤਾ ਤੇ ਗਜ਼ਲ ਅਨੋਖੀ ਚਿਤਰਾਵਲੀ ਦੇ ਅੱਡ ਅੱਡ ਦ੍ਰਿਸ਼ਾਂ ਨੂੰ ਦਰਸਾਂਦੀ ਹੈ ।
ਇਹ ਦ੍ਰਿਸ਼ ਉਹ ਦ੍ਰਿਸ਼ ਨਹੀਂ ਹਨ ਜਿਹੜੇ ਕੇਵਲ ਅੱਖਾਂ ਨੂੰ ਲੁਭਾਉਂਦੇ ਹਨ । ਇਹ ਚਿਤਰ ਕਈ ਵਾਰ ਅੱਖਾਂ ਨੂੰ ਚੁਭਦੇ ਹਨ ।
ਇਹ ਚਿਤਰ ਹਨ ਕਾਲੀ ਬਾਰਸ਼ ਹੈ , ਜੰਗਲ ਦੀ ਰਾਤ ਦੇ,ਟੁੱਟਦੇ ਖਿਡੌਣਿਆਂ ਦੇ , ਖੰਭ ਖਿਲਾਰਦੇ ਕਾਵਾਂ ਦੇ,ਨੀਂਦਰ ਵਿਚ ਬਰੜਾਂਦੇ ਵਿਅਕਤੀਆਂ ਦੇ,ਕਿਸੇ ਉਦਾਸ ਭੈਣ ਦੀ ਹੂਕ ਦੇ , ਉਨ੍ਹਾਂ ਹਾਵਿਆਂ ਤੇ ਹੌਕਿਆਂ ਦੇ।
ਜਦੋਂ ਕਵੀ ਹੋਰ ਨਿਘਾਰ ਵੱਲ
ਪੈਰ ਪੁੱਟਣ ਲੱਗਦਾ ਹੈ ।
ਪਰ ਇਹ ਸਾਰੀ ਚਿਤਰਾਵਲੀ ਲਹੂ ਰੰਗੀ ਹੋਣ ਤੇ ਵੀ ਕਵੀ ਦੀ ਸੰਵੇਦਨਸ਼ੀਲਤਾ ਸਦਕਾ ਉਸ ਦੀ ਦੁਖਾਂਤਕ ਭਾਵਨਾ ਅਤੇ ਉਸ ਦੀ ਕਲਾ ਕੌਸ਼ਲਤਾ ਸਦਕਾ ਉਨ੍ਹਾਂ ਚਿੰਗਾਰੀਆਂ ਦਾ ਸੁਝਾਉ ਦਿੰਦੀ ਹੈ ਜਿਹੜੀਆਂ ਕਿ ਰਾਖ ਦੇ ਹੇਠ ਦੱਬੀਆਂ ਹੋਈਆਂ ਕਿਸੇ ਉਸ ਸਵਾਣੀ ਦੀ ਉਡੀਕ ਕਰਦੀਆਂ ਹਨ ਜਿਸ ਨੇ ਜਦੋਂ ਭਾਂਡੇ ਟੀਂਡੇ ਤਰਤੀਬ ਦੇ ਕੇ ਨਵੀਂ ਰਸੋਈ ਦਾ ਆਹਰ ਕਰਨਾ ਹੈ ।
ਅਪਣੇ ਚਿਰ ਵਿਛੁੰਨੇ ਢੋਲ ਸਿਪਾਰੀ ਨੂੰ ਸ਼ਰਮੀਲੀ ਨਿਗਾਹ ਨਾਲ ਚੁੱਪ ਡਰੀ ਜੀ ਆਇਆਂ ਨੂੰ ਕਹਿਣਾ ਹੈ ਅਤੇ ਆਪਣੀ ਦੁੱਖ ਦੀ ਅੱਗ ਨੂੰ ਇਨ੍ਹਾਂ ਚੰਗਿਆੜੀਆਂ ਦੀ ਸਹਾਇਤਾ ਨਾਲ ਪ੍ਰਚੰਡ ਕਰਕੇ ਮਿੱਟੀ ਦੇ ਬਾਵੇ ਨੂੰ ਮਾਸ ਲੋਥੜੇ ਵਿਚ ਬਦਲ ਕੇ ਉਸ ਨੂੰ ਸਜੀਵ ਬਾਲਕਾ ਬਣਾਉਣਾ ਹੈ।
ਗੁਰਭਜਨ ਗਿੱਲ ਅਜੋਕੇ ਪੰਜਾਬ ਦੇ ਦੁਖਾਂਤ ਤੇ ਨਿਰਾਸ਼ ਤੇ ਨਿਰਵਿਸ਼ਵਾਸ ਨਹੀਂ । ਜੇਕਰ ਪੰਜਾਬ ਦੀ ਧਰਤੀ ਧੁਆਂਖੀ ਗਈ ਹੈ ਅਤੇ ਚਾਰੇ ਪਾਸੇ ਧੂੰਆਂ ਖਿਲਰ ਰਿਹਾ ਹੈ ਤਾਂ ਵੀ ਉਹ ਇਹ ਜਾਣਦਾ ਹੈ ਕਿ ਇਸ ਧੁਆਂਖੇ ਨਭਮੰਡਲੀ ਦਾਇਰੇ ਤੋਂ ਉੱਪਰ ਹਾਲੇ ਅੰਤਰਿਕਸ਼ੀ ਨਭਮੰਡਲ ਨਿਰਮਲ ਹੈ। ਕੈਲਾਸ਼ ਪਰਬਤ ਦੇ ਪੈਰਾਂ ਵਿਚ ਵਿਛੀ ਨੀਲੀ ਝੀਲ ਵਾਂਗ ।
ਉਸ ਦੇ ਹਰੇਕ ਗੀਤ ਅਤੇ ਗਜ਼ਲ ਵਿਚਲੀ ਅੰਦਰਲੀ ਤਹਿ ਆਸ਼ਾ ਦੀ ਸਵਰਨਮਈ ਰੁਪਹਿਲੀ ਧਾਤੂ ਤ੍ਰੇੜਾਂ ਵਾਲੀ ਹੈ । ਮੈਨੂੰ ਇਸ ਵਿਚ ਹੀ ਉਸ ਦੀ ਵੱਡੀ ਸਫਲਤਾ ਦਿਸਦੀ ਹੈ ਅਤੇ ਸ਼ਾਇਦ ਇਹ ਆਧੁਨਿਕ ਪੰਜਾਬੀ ਕਾਵਿ ਦੀ ਵੀ ਵੱਡੀ ਸਫ਼ਲਤਾ ਹੈ ।
ਗੁਰਭਜਨ ਗਿੱਲ ਦਾ ਗੀਤ ਸੰਗ੍ਰਹਿ 'ਪਿੱਪਲ ਪੱਤੀਆਂ’ ਸਮਾਜਿਕਤਾ ਦੀ ਤਰਜ਼ਮਾਨੀ-ਉਜਾਗਰ ਸਿੰਘ
ਪੰਜਾਬੀ ਲੋਕ ਬੋਲੀ ‘ ਲੈ ਜਾ ਨੱਤੀਆਂ ਕਰਾ ਲੈ ਪਿੱਪਲ ਪੱਤੀਆਂ, ਕਿਸੇ ਕੋਲ ਗੱਲ ਨਾ ਕਰੀਂ’ ਮਰਦ ਅਤੇ ਔਰਤ ਦੀਆਂ ਭਾਵਨਾਵਾਂ ਨਾਲ ਜੁੜੀ ਹੋਈ ਹੈ। ਦਿਹਾਤੀ ਔਰਤਾਂ ਦਾ ਸਰਵੋਤਮ ਗਹਿਣਾ ਪਿੱਪਲ ਪੱਤੀਆਂ ਰਿਹਾ ਹੈ। ਪਿੱਪਲ ਪੱਤੀਆਂ ਸਿਰਫ ਪਿੱਪਲ ਦੇ ਰੁੱਖ ਦੇ ਪੱਤਿਆਂ ਤੱਕ ਹੀ ਸੀਮਤ ਨਹੀਂ ਸਗੋਂ ਪਿੱਪਲ ਪੱਤੀਆਂ ਸਾਡੇ ਦਿਹਾਤੀ ਸਭਿਅਚਾਰ ਦਾ ਅੰਗ ਅਤੇ ਗਹਿਣਿਆਂ ਦਾ ਪ੍ਰਤੀਕ ਵੀ ਹਨ। ਗੁਰਭਜਨ ਸਿੰਘ ਗਿੱਲ ਦਾ ‘ਪਿੱਪਲ ਪੱਤੀਆਂ’ ਗੀਤ ਸੰਗ੍ਰਹਿ ਲੋਕ ਬੋਲੀ ਦੀ ਤਰ੍ਹਾਂ ਕਿਸੇ ਕੋਲ ਗੱਲ ਕਰਨ ਤੋਂ ਰੋਕਦਾ ਨਹੀਂ ਸਗੋਂ ਇਹ ਗੀਤ ਸੰਗ੍ਰਹਿ ਪੰਜਾਬੀਆਂ ਨੂੰ ਖੁਲ੍ਹ ਕੇ ਆਪਣੇ ਹੱਕਾਂ ਪ੍ਰਤੀ ਸੁਚੇਤ ਹੋਣ ਦੀ ਪ੍ਰੇਰਨਾ ਦਿੰਦਾ ਹੈ। ਸਾਹਿਤਕ ਤੁਣਕਿਆਂ ਨਾਲ ਆਰਾਂ ਮਾਰਕੇ ਉਨ੍ਹਾਂ ਨੂੰ ਸੁਜੱਗ ਹੋਣ ਲਈ ਕਮਰਕੱਸੇ ਕਸਣ ਲਈ ਉਤਸ਼ਾਹਤ ਕਰਦਾ ਹੈ। ਗੀਤ ਸੰਗ੍ਰਹਿ ਦੇ ਨਾਮ ‘ਪਿੱਪਲ ਪੱਤੀਆਂ’ ਤੋਂ ਹੀ ਗੀਤਕਾਰ ਦੀ ਭਾਵਨਾ ਦਾ ਪਤਾ ਲੱਗਦਾ ਹੈ ਕਿ ਉਹ ਪੰਜਾਬੀ ਵਿਰਾਸਤ ਅਤੇ ਪੇਂਡੂ ਸਭਿਅਚਾਰ ਨਾਲ ਕਿਤਨਾ ਗੜੂੰਦ ਹੈ। ਪਿੱਪਲ ਦੇ ਪੱਤਿਆਂ ਦੀ ਖੜ ਖੜ ਮਨੁੱਖੀ ਮਾਨਸਿਕਤਾ ਨੂੰ ਸਰੋਦੀ ਸੁਰਾਂ ਵਿੱਚ ਤਬਦੀਲ ਕਰ ਦਿੰਦੀ ਹੈ ਕਿਉਂਕਿ ਸੰਗੀਤ ਮਾਨਵਤਾ ਦੀ ਰੂਹ ਦਾ ਖੁਰਾਕ ਹੁੰਦੀ ਹੋਈ ਸਕੂਨ ਦਿੰਦੀ ਹੈ।
ਮਰਦ, ਔਰਤ ਦੀ ਗਹਿਣਿਆਂ ਦੀ ਕਮਜ਼ੋਰੀ ਨੂੰ ਸਮਝਦਾ ਹੋਇਆ ਉਸਦੀ ਮਾਨਸਿਕ ਭੁੱਖ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਹੈ। ਗਹਿਣੇ ਸਾਡੇ ਵਿਰਾਸਤੀ ਸਭਿਅਚਾਰ ਦਾ ਅਟੁੱਟ ਅੰਗ ਹਨ। ਭਾਵ ਇਹ ਗੀਤ ਸਾਡੇ ਵਿਰਾਸਤੀ ਗਹਿਣੇ ਹਨ। ਗੁਰਭਜਨ ਗਿੱਲ ਪੰਜਾਬੀ ਦਾ ਸੰਗੀਤਕ ਤੇ ਸਰੋਦੀ ਲੋਕ ਕਵੀ ਹੈ। ਉਹ ਬਹੁਪਰਤੀ ਅਤੇ ਬਹੁਰੰਗੀ ਕਵੀ ਹੈ। ਕਵਿਤਾ ਅਤੇ ਗੀਤ ਉਸਦੀ ਰੂਹ ਦੀ ਖੁਰਾਕ ਹਨ। ਗੀਤ ਇਨਸਾਨੀ ਭਾਵਨਾਵਾਂ ਨੂੰ ਲੋਕ ਬੋਲੀ ਵਿੱਚ ਲਿਖਣ ਦਾ ਸਾਹਿਤਕ ਰੂਪ ਹੁੰਦਾ ਹੈ। ਗੁਰਭਜਨ ਗਿੱਲ ਮੁਢਲੇ ਤੌਰ ‘ਤੇ ਸਮਾਜਿਕ ਸਰੋਕਾਰਾਂ ਦਾ ਲੋਕ ਕਵੀ ਹੈ। ਉਨ੍ਹਾਂ ਦੀਆਂ ਲਗਪਗ ਦੋ ਦਰਜਨ ਕਵਿਤਾ ਅਤੇ ਗ਼ਜ਼ਲਾਂ ਦੀਆਂ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਉਨ੍ਹਾਂ ਦਾ ਇੱਕ ਗੀਤ ਸੰਗ੍ਰਹਿ ‘ਫੁੱਲਾਂ ਦੀ ਝਾਂਜਰ’ ਪਹਿਲਾਂ ਹੀ ਪ੍ਰਕਾਸ਼ਤ ਹੋ ਚੁੱਕਾ ਹੈ। ‘ਪਿੱਪਲ ਪੱਤੀਆਂ’ ਉਨ੍ਹਾਂ ਦਾ ਦੂਜਾ ਗੀਤ ਸੰਗ੍ਰਹਿ ਹੈ। ਇਸ ਗੀਤ ਸੰਗ੍ਰਹਿ ਵਿੱਚ 81 ਗੀਤਾਂ ਅਤੇ ਦੋ ਟੱਪਿਆਂ ਦੇ ਪੰਨੇ ਹਨ। ਪਿੱਪਲ ਪੱਤੀਆਂ ਦੇ ਗੀਤਾਂ ਦੀਆਂ ਰੰਗ ਬਰੰਗੀਆਂ ਵੰਨਗੀਆਂ ਇਨਸਾਨੀ ਮਨਾਂ ਵਿੱਚ ਅਨੇਕਾਂ ਰੌਸ਼ਨੀਆਂ ਪੈਦਾ ਕਰਦੀਆਂ ਹਨ, ਜਿਹੜੀਆਂ ਮਨੁੱਖੀ ਮਾਨਸਿਕਤਾ ਨੂੰ ਚੁੰਧਿਆਉਂਦੀਆਂ ਹੀ ਨਹੀਂ ਸਗੋਂ ਦਿਲ ਅਤੇ ਦਿਮਾਗ ਨੂੰ ਰੌਸ਼ਨ ਵੀ ਕਰਦੀਆਂ ਹਨ। ਇਹ ਰੌਸ਼ਨੀ ਗੀਤਕਾਰ ਦੀ ਮਾਨਸਿਕਤਾ ਦਾ ਪ੍ਰਗਟਾਵਾ ਕਰਦੀ ਹੈ। ਪਿੱਪਲ ਪੱਤੀਆਂ ਵਿਚਲੇ ਗੀਤ, ਗੀਤਕਾਰ ਦੇ ਸੁੱਤੇ ਪਏ ਆਲਸੀ ਸਮਾਜ ਨੂੰ ਜਾਗ੍ਰਤ ਕਰਨ ਦਾ ਯੋਗਦਾਨ ਪਾਉਂਦੇ ਹਨ। ਗੀਤਕਾਰ ਦੇ ਹਰ ਗੀਤ ਵਿੱਚ ਸਿੱਧੇ ਜਾਂ ਅਸਿਧੇ ਢੰਗ ਨਾਲ ਸਮਾਜ ਵਿੱਚ ਵਾਪਰ ਰਹੀਆਂ ਘਿਨਾਉਣੀਆਂ ਘਟਨਾਵਾਂ ਨੂੰ ਟਕੋਰਾਂ ਲਾਈਆਂ ਹੁੰਦੀਆਂ ਹਨ ਤਾਂ ਜੋ ਲੋਕਾਈ ਨੂੰ ਆਪਣੇ ਹੱਕਾਂ ਬਾਰੇ ਜਾਗਰੂਕ ਕੀਤਾ ਜਾ ਸਕੇ। ਪੰਜਾਬ ਵਿੱਚ ਰਾਜਨੀਤਕ, ਸਮਾਜਿਕ, ਸਭਿਆਚਾਰਿਕ, ਆਰਥਿਕ ਅਤੇ ਪਰਿਵਾਰਿਕ ਵਾਪਰ ਰਹੀਆਂ ਵਿਸੰਗਤੀਆਂ ਕੋਮਲ ਦਿਲ ਸਾਹਿਤਕ ਪ੍ਰਵਿਰਤੀ ਵਾਲੇ ਗੀਤਕਾਰ ਗੁਰਭਜਨ ਗਿੱਲ ‘ਤੇ ਗਹਿਰਾ ਪ੍ਰਭਾਵ ਛੱਡਦੀਆਂ ਹੋਈਆਂ, ਉਨ੍ਹਾਂ ਦੀ ਅੰਤਹਕਰਨ ਨੂੰ ਲੋਕਾਈ ਦੇ ਹੱਕ ਵਿੱਚ ਕੁੱਦਣ ਲਈ ਕੁਰੇਦਦੀਆਂ ਰਹਿੰਦੀਆਂ ਹਨ। ਫਿਰ ਗੀਤਕਾਰ ਸੁਤੇ ਸਿੱਧ ਹੀ ਖਾਂਦਿਆਂ, ਪੀਂਦਿਆਂ, ਉਠਦਿਆਂ, ਬੈਠਦਿਆਂ ਅਤੇ ਸਮਾਜ ਵਿੱਚ ਵਿਚਰਦਿਆਂ ਆਪਣੀ ਕਲਮ ਨਾਲ ਕੋਰੇ ਕਾਗ਼ਜ਼ ਨੂੰ ਸੁਰ, ਤਾਲ, ਲੈ ਵਿੱਚ ਬਦਲਕੇ ਮਾਨਵੀ ਹਿੱਤਾਂ ‘ਤੇ ਪਹਿਰਾ ਦੇਣ ਲਈ ਪ੍ਰੇਰਿਤ ਕਰ ਦਿੰਦਾ ਹੈ। ਗੁਰਭਜਨ ਗਿੱਲ ਦੀ ਸੋਚ ਦਾ ਘੇਰਾ ਵਿਸ਼ਾਲ ਹੈ, ਜਿਸ ਕਰਕੇ ਉਸ ਦੇ ਵਿਸ਼ੇ ਵੀ ਅਨੇਕ ਹਨ। ਉਹ ਪੰਜਾਬੀ ਭਾਸ਼ਾ ਨੂੰ ਅੰਗਰੇਜ਼ੀ ਸਿੱਖਣ ਦੇ ਬਹਾਨੇ ਅਣਡਿਠ ਕਰਨ ਤੋਂ ਸ਼ੁਰੂ ਕਰਕੇ ਕਿਸਾਨੀ ਸੰਘਰਸ਼, ਇਸਤਰੀ ਜਾਤੀ ਨਾਲ ਹੋ ਰਹੇ ਦੁੱਖਦਾਈ ਤੇ ਘਿਨਾਉਣੇ ਅਤਿਆਚਾਰ, ਬਲਾਤਕਾਰ, ਪ੍ਰਕਿ੍ਰਤੀ ਨਾਲ ਛੇੜ ਛਾੜ, ਵਾਤਾਵਰਨ, ਹਵਾ, ਪਾਣੀ, ਧਰਤੀ ਅਤੇ ਸਾਹਿਤਕ ਪ੍ਰਦੂਸ਼ਣ, ਮੁਹੱਬਤ, ਦੇਸ਼ ਦੀ ਵੰਡ, ਭਾਈਚਾਰਕ ਸੰਬੰਧ, ਨਸ਼ਿਆਂ, ਧਾਰਮਿਕ, ਰਾਜਨੀਤਕ, ਸਭਿਅਚਾਰਿਕ, ਗ਼ਰੀਬੀ, ਮਜ਼ਦੂਰੀ, ਲੁੱਟ ਘਸੁੱਟ, ਦਗ਼ਾ, ਫ਼ਰੇਬ ਅਤੇ ਦੇਸ਼ ਭਗਤੀ ਤੋਂ ਬਾਅਦ ਅਖ਼ੀਰ ਵਿਸਮਾਦੀ ਅਵਸਥਾ ਤੱਕ ਪਹੁੰਚ ਜਾਂਦਾ ਹੈ। ਇਹੋ ਉਨ੍ਹਾਂ ਦਾ ਵਿਲੱਖਣ ਗੁਣ ਹੈ। ਉਨ੍ਹਾਂ ਦੇ ਗੀਤਾਂ ਦਾ ਮੁੱਖ ਵਿਸ਼ਾ ਸਮਾਜਿਕ ਸਰੋਕਾਰ ਹੀ ਹਨ ਕਿਉਂਕਿ ਉਹ ਸਮਾਜ ਦੀ ਚੜ੍ਹਦੀ ਕਲਾ ਅਤੇ ਬਿਹਤਰੀ ਲਈ ਵਚਨਬੱਧ ਹੈ। ‘ਤੋੜ ਦਿਉ ਜੰਜ਼ੀਰਾਂ’ ਸਿਰਲੇਖ ਵਾਲੇ ਗੀਤ ਵਿੱਚ ਉਹ ਮਨੁੱਖਤਾ ਦੇ ਹੱਕਾਂ ਦੇ ਹੋ ਰਹੇ ਘਾਣ ਦੀ ਚੀਸ ਨੂੰ ਮਹਿਸੂਸ ਕਰਦੇ ਹੋਏ ਬਗ਼ਾਬਤ ਤੁਣਕਾ ਲਗਾਉਂਦੇ ਹੋਏ ਲਿਖਦੇ ਹਨ-
ਤੋੜ ਦਿਉ ਜੰਜ਼ੀਰਾਂ ਪੈਰੋਂ ਤੋੜ ਦਿਉ,
ਸਾਨੂੰ ਸਾਡਾ ਬਾਲ ਬਚਪਨਾ ਮੋੜ ਦਿਉ।
ਕੀ ਕਰਨਾ ਹੈ ਲਾਗੂ ਤੁਸੀਂ ਅਸੂਲਾਂ ਨੂੰ।
ਸਾਡੇ ਵਰਗੇ ਤਰਸਣ ਪੜ੍ਹਨ ਸਕੂਲਾਂ ਨੂੰ।
ਰੱਦੀ ਚੁਗਦਿਆਂ ਸਾਨੂੰ ਰੱਦੀ ਗਿਣਦੇ ਹੋ।
ਸਾਨੂੰ ਕਿਹੜੇ ਫੀਤੇ ਦੇ ਸੰਗ ਮਿਣਦੇ ਹੋ।
ਗੀਤਕਾਰ ਨੇ ਸਿਆਸਤਦਾਨਾਂ ਤੇ ਕਿਤਨੀ ਵੱਡੀ ਚੋਟ ਲਗਾਈ ਹੈ। ਉਹ ਵਿਰਾਸਤੀ ਵਸਤਾਂ ਭਿੱਜੀ ਸ਼ਬਦਾਵਲੀ ਦੀ ਵਰਤੋਂ ਕਰਦੇ ਹੋਏ, ਇਸਤਰੀ ਜਾਤੀ ਨਾਲ ਹੋ ਰਹੇ ਦੁਰਵਿਵਹਾਰ ਅਤੇ ਮਰਦ ਪ੍ਰਧਾਨ ਸਮਾਜ ਦੀ ਸੋਚ ਤੇ ਕਟਾਖ਼ਸ਼ ਕਰਦੇ ਹਨ। ਉਨ੍ਹਾਂ ਦੇ ਗੀਤਾਂ ਦੇ ਸ਼ਬਦਾਂ ਦਾ ਵਹਿਣ ਦਰਿਆ ਦੀਆਂ ਲਹਿਰਾਂ ਦੀ ਤਰ੍ਹਾਂ ਇਨਸਾਨੀ ਭਾਵਨਾਵਾਂ ਦਾ ਪ੍ਰਗਟਾਵਾ ਕਰਦਾ ਹੈ। ‘ਵੇ ਵੀਰੋ ਵੇ ਅੰਮੜੀ ਜਾਇਓ’ ਵਾਲੇ ਗੀਤ ਵਿੱਚ ਇਸਤਰੀਆਂ ਦੀ ਤ੍ਰਾਸਦੀ ਬਾਰੇ ਲਿਖਦੇ ਹਨ-
ਪੜ੍ਹਨ ਸਕੂਲ ਜਦ ਵੀ ਜਾਈਏ, ਡਰੀਏ ਜ਼ਾਲਮ ਡਾਰਾਂ ਤੋਂ।
ਇੱਜ਼ਤ ਪੱਤ ਦੀ ਰਾਖੀ ਵਾਲੀ, ਆਸ ਨਹੀਂ ਸਰਕਾਰਾਂ ਤੋਂ।
ਪ੍ਰਦੂਸ਼ਣ ਦੀ ਸਮੱਸਿਆ ਨੂੰ ਅਤੀ ਗੰਭੀਰ ਸਮਝਦੇ ਹੋਏ ਉਨ੍ਹਾਂ ਆਪਣੇ ‘ਮੇਰੀ ਬਾਤ ਸੁਣੋ ਚਿੱਤ ਲਾ ਕੇ’ ਸਿਰਲੇਖ ਵਾਲੇ ਗੀਤ ਵਿੱਚ ਕਿਸਾਨਾਂ ਨੂੰ ਤਾਕੀਦ ਕੀਤੀ ਹੈ ਕਿ ਉਹ ਆਪਣੇ ਭਵਿਖ ਨੌਜਵਾਨ ਪੀੜ੍ਹੀ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਪਰਾਲੀ ਨੂੰ ਸਾੜਨ ਤੋਂ ਪ੍ਰਹੇਜ਼ ਕਰਨ ਦੀ ਤਾਕੀਦ ਕਰਦੇ ਹੋਏ ਕਹਿੰਦੇ ਹਨ ਕਿ ਜੇਕਰ ਲਾਪਰਵਾਹੀ ਵਰਤੀ ਗਈ ਤਾਂ ਪਛਤਾਉਣਾ ਪਵੇਗਾ। ਸਿਆਣਪ ਤੋਂ ਕੰਮ ਲਓ, ਸਾਹ ਘੁੱਟ ਕੇ ਨਾ ਮਰੋ।
ਮੇਰੀ ਬਾਤ ਸੁਣੋ ਚਿੱਤ ਲਾ ਕੇ, ਖੇਤਾਂ ਦੇ ਸਰਦਾਰੋ, ਬਰਖ਼ੁਰਦਾਰੋ।
ਸਾੜ ਪਰਾਲੀ, ਕਰਕੇ ਧੂੰਆਂ, ਸਾਹ ਘੁੱਟ ਮਰੋ ਨਾ ਮਾਰੋ, ਪਹਿਰੇਦਾਰੋ।
ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਬੀਮਾਰੀ ਨੇ ਆਪਣੇ ਕਲਾਵੇ ਵਿੱਚ ਬੁਰੀ ਤਰ੍ਹਾਂ ਲੈ ਲਿਆ ਹੈ। ਇਸ ਲਾਹਣਤ ਨੂੰ ਗਲੋਂ ਲਾਹੁਣ ਲਈ ਉਨ੍ਹਾਂ ਆਪਣੇ ‘ਰੰਗ ਦਿਆ ਚਿੱਟਿਆ’ ਗੀਤ ਵਿੱਚ ਨੌਜਵਾਨਾਂ ਨੂੰ ਖ਼ਬਰਦਾਰ ਕਰਦਿਆਂ ਲਿਖਿਆ ਹੈ-
ਰੰਗ ਦਿਆ ਚਿੱਟਿਆ ਤੇ ਦਿਲ ਦਿਆ ਕਾਲ਼ਿਆ।
ਮੇਰਾ ਤੂੰ ਪੰਜਾਬ ਬਿਨਾ ਦੰਦਾਂ ਤੋਂ ਹੀ ਖਾ ਲਿਆ।
ਕਿੱਦਾਂ ਹੁਣ ਪੈਲਾਂ ਪਾਉਣ, ਪੱਟਾਂ ਉੱਤੇ ਮੋਰ ਵੀ।
ਫਿਰਦੀ ਗੁਆਚੀ ਇਹ ਜਵਾਨੀ ਭੁੱਲੀ ਤੋਰ ਵੀ।
ਸਾਡੇ ਪੁੱਤਾਂ ਧੀਆਂ ਨੂੰ ਤੂੰ ਚਾਟ ਉੱਤੇ ਲਾ ਲਿਆ।
ਇਨ੍ਹਾਂ ਗੀਤਾਂ ਨੂੰ ਪੜ੍ਹਕੇ ਗੀਤਕਾਰ ਦੇ ਦਿਲ ਦੀ ਚੀਸ ਸੁਣਾਈ ਦਿੰਦੀ ਹੈ। ਪੰਜਾਬ ਦਾ ਸਮਾਜਿਕਤਾ, ਆਪਸੀ ਪਿਆਰ, ਸਦਭਾਵਨਾ ਅਤੇ ਸਾਂਝੀਵਾਲਤਾ ਦਾ ਸਭਿਅਚਾਰ ਖੇਰੂੰ ਖੇਰੂੰ ਹੋਇਆ ਵਿਖਾਈ ਦਿੰਦਾ ਹੈ। ਗੀਤਕਾਰ ਆਪਣੇ ਇਨ੍ਹਾਂ ਗੀਤਾਂ ਰਾਹੀਂ ਪੰਜਾਬੀਆਂ ਨੂੰ ਆਪਣੇ ਭਵਿਖ ਨੂੰ ਸੁਨਹਿਰਾ ਬਣਾਉਣ ਲਈ ਪ੍ਰੇਰਿਤ ਕਰਦਾ ਨਜ਼ਰ ਆ ਰਿਹਾ ਹੈ। ਪੰਜਾਬੀ ਆਪਣੇ ਸਭਿਅਚਾਰ ਅਤੇ ਸਭਿਅਤਾ ਤੋਂ ਦੂਰ ਹੋ ਰਹੇ ਹਨ। ਗੁਰਭਜਨ ਗਿੱਲ ਆਪਣੇ ਇੱਕ ‘ ਆ ਜਾ ਮੇਰੇ ਪਿੰਡ ਦੀ ਨੁਹਾਰ ਵੇਖ ਲੈ’ ਸਿਰਲੇਖ ਵਾਲੇ ਗੀਤ ਵਿੱਚ ਲਿਖਦਾ ਹੈ-
ਆ ਜਾ ਮੇਰੇ ਪਿੰਡ ਦੀ ਨੁਹਾਰ ਵੇਖ ਲੈ।
ਥੁੜ੍ਹਾਂ ਮਾਰੀ ਓਦਰੀ ਬਹਾਰ ਵੇਖ ਲੈ।
ਬਲ਼ਦਾਂ ਦੇ ਗਲ਼ਾਂ ਵਿੱਚ ਗੁੰਮ ਟੱਲੀਆਂ।
ਲਗਦੈ ਬਹਾਰਾਂ ਏਥੋਂ ਉੱਡ ਚੱਲੀਆਂ।
ਫਸਲਾਂ ਤੇ ਕਰਜ਼ੇ ਦਾ ਭਾਰ ਵੇਖ ਲੈ।
ਗੀਤਕਾਰ ਸਿਆਸਤਦਾਨਾਂ ਦੀਆਂ ਕਾਲੀਆਂ ਕਰਤੂਤਾਂ ਤੇ ਆਪਣੇ ਗੀਤਾਂ ਵਿੱਚ ਕਟਾਖ਼ਸ਼ ਕਰਦੇ ਹਨ। ਨੌਜਵਾਨਾ ਨੂੰ ਆਪਣੇ ਪੈਰੀਂ ਆਪ ਕੁਹਾੜੀਆਂ ਮਾਰਨ ਤੋਂ ਵਰਜਦੇ ਹਨ। ਕੁਦਰਤ ਦੇ ਕਾਦਰ ਦੀ ਪ੍ਰਸੰਸਾ ਕਰਦਿਆਂ ਵਾਤਾਵਰਨ ਸਾਫ਼ ਤੇ ਸੁੰਦਰ ਬਣਾਈ ਰੱਖਣ ਲਈ ਦਰਖ਼ਤਾਂ ਦੀ ਅਹਿਮੀਅਤ ਬਾਰੇ ਵਿਅੰਗਾਤਮਕ ਢੰਗ ਨਾਲ ਦੱਸਦੇ ਹਨ। ਕੁਝ ਕੁ ਗੀਤ ਪਿਆਰ ਪਰੁੱਚੇ ਵੀ ਹਨ। ਮੁਹੱਬਤ ਤੋਂ ਬਿਨਾ ਜੀਵਨ ਅਧੂਰਾ ਹੈ। ਇਸ ਲਈ ਉਹ ਆਪਣੇ ਗੀਤਾਂ ਵਿੱਚ ਹਰ ਇਨਸਾਨ ਨੂੰ ਮੁਹੱਬਤ ਕਰਨ ਤੇ ਜ਼ੋਰ ਦਿੰਦੇ ਹਨ ਤਾਂ ਜੋ ਭਾਈਚਾਰਕ ਸੰਬੰਧ ਬਰਕਰਾਰ ਰਹਿ ਸਕਣ। ਪੰਜਾਬੀਆਂ ਦਾ ਆਪਣੀ ਵਿਰਾਸਤ ਨਾਲੋਂ ਟੁੱਟਣ ਦਾ ਦਰਦ ਗੁਰਭਜਨ ਗਿੱਲ ਦੇ ਬਹੁਤੇ ਗੀਤਾਂ ਵਿੱਚੋਂ ਝਲਕ ਰਿਹਾ ਹੈ। ਭਰੂਣ ਹੱਤਿਆ ਬਾਰੇ ਬਹੁਤ ਹੀ ਸੰਵੇਦਨਾ ‘ਸਮਝੇਂ ਤੂੰ ਪੁੱਤਾਂ ਨਾਲ ਸ਼ਾਨ ਮਾਏ ਮੇਰੀਏ’ ਵਾਲੇ ਗੀਤ ਵਿਚ ਲਿਖੇ ਸ਼ਬਦ ਹਰ ਇਨਸਾਨ ਦੇ ਮਨ ‘ਤੇ ਗਹਿਰਾ ਪ੍ਰਭਾਵ ਪਾਉਂਦੇ ਹਨ ਜਦੋਂ ਗੀਤਕਾਰ ਲਿਖਦੇ ਹਨ-
ਏਨੀ ਤੂੰ ਬੇਰਹਿਮੀ ਨਾਲ ਕੁੱਖ ਵਿੱਚੋਂ ਤੋਰ ਨਾ।
ਡੋਡੀ ਤੂੰ ਗੁਲਾਬ ਵਾਲੀ, ਅੱਗ ਉੱਤੇ ਭੋਰ ਨਾ।
ਦਾਜ ਤੇ ਦਹੇਜ ਵਾਲੇ ਲੋਭੀਆਂ ਤੋਂ ਡਰ ਨਾ।
ਹੰਝੂਆਂ ਨੂੰ ਪੂੰਝ, ਐਵੇਂ ਰੋਜ਼ ਰੋਜ਼ ਮਰ ਨਾ।
ਇਸੇ ਤਰ੍ਹਾਂ ਧੀ ਦੇ ਘਰ ਬੈਠੀਏ ਮਾਏ ਵਾਲੇ ਗੀਤ ਦੇ ਬੋਲ ਧੁਰ ਅੰਦਰ ਤੱਕ ਲਹਿ ਜਾਂਦੇ ਹਨ ਜਦੋਂ ਗੀਤਕਾਰ ਲਿਖਦਾ ਹੈ-
ਜੇ ਨੂੰਹ ਦੀ ਕੁੱਖ ਅੰਦਰ ਧੀ ਏ।
ਇਸ ਵਿੱਚ ਉਸਦਾ ਦੋਸ਼ ਕੀਹ ਏ।
ਇਹ ਵੀ ਉਸੇ ਰੱਬ ਦਾ ਜੀਅ ਏ।
ਜੇ ਤੈਨੂੰ ਨਾਨੀ ਨਾ ਜਣਦੀ।
ਤੂੰ ਮੇਰੀ ਮਾਂ ਕਿੱਦਾਂ ਬਣਦੀ।
ਆਧੁਨਿਕਤਾ ਨੇ ਪੰਜਾਬ ਦੇ ਪ੍ਰਚੂਨ ਦੇ ਕਾਰੋਬਾਰ ਅਤੇ ਸੰਗੀਤਕ ਵਾਤਾਵਰਨ ਨੂੰ ਤਬਾਹ ਕਰ ਦਿੱਤਾ ਹੈ, ਜਿਸਦਾ ਝਲਕਾਰਾ ਗੀਤਕਾਰ ਦੇ ‘ਦੱਸੋ ਗੁਰੂ ਵਾਲਿਓ’ ਵਾਲੇ ਗੀਤ ਵਿੱਚੋਂ ਆਉਂਦਾ ਹੈ-
ਦੱਸੋ ਗੁਰੂ ਵਾਲਿਓ ਪੰਜਾਬ ਕਿੱਥੇ ਹੈ?
ਬਾਣੀ ਨਾਲ ਵਜਦੀ ਰਬਾਬ ਕਿੱਥੇ ਹੈ?
ਹੱਟੀ ਦੀ ਥਾਂ ਮਾਲ ਤੇ ਪਲਾਜ਼ੇ ਆ ਗਏ।
ਪੱਕੇ ਤੇ ਪਕਾਏ ਬਾਹਰੋਂ ਖਾਜੇ ਆ ਗਏ।
ਤੂੰਬੀ ਅਲਗੋਜ਼ੇ ਦੀ ਥਾਂ ਵਾਜੇ ਆ ਗਏ।
ਮਹਿਕਦਾ ਉਹ ਸੁੱਚੜਾ ਗੁਲਾਬ ਕਿੱਥੇ ਹੈ?
ਸੰਸਾਰ ਵਿੱਚ ਦੋਖੀ, ਲੋਭੀ ਤੇ ਫਰੇਬੀ ਲੋਕ ਮੁਖੌਟੇ ਪਹਿਨੀ ਫਿਰਦੇ ਹਨ। ਗੀਤਕਾਰ ਉਨ੍ਹਾਂ ਦਾ ਪਰਦਾ ਫਾਸ਼ ਕਰਦਾ ਲਿਖਦਾ ਹੈ-
ਵੇਖਣ ਨੂੰ ਸਾਊ ਬੰਦਾ, ਠੱਗੀ ਹੈ ਮੇਰਾ ਧੰਦਾ।
ਆਖ਼ਰ ਨੂੰ ਪੈਂਦਾ ਭਾਵੇਂ, ਮੇਰੇ ਹੀ ਗਲ ਵਿੱਚ ਫੰਦਾ।
ਫਿਰ ਵੀ ਨਾ ਟਲ਼ਦਾ ਹਾਂ ਮੈਂ ਮੇਰੇ ਭਰਾਉ।
ਗੀਤਕਾਰ ਦੇ ਗੀਤਾਂ ਵਿੱਚੋਂ ਮਾਪਿਆਂ ਦੇ ਪ੍ਰਦੇਸ ਗਏ ਪੁੱਤਰਾਂ ਦੇ ਦਰਦ ਨੂੰ ਬਹੁਤ ਹੀ ਖ਼ੂਬਸੂਰਤ ਢੰਗ ਨਾਲ ਲਿਖਿਐ-
ਦੱਸ ਵੇ ਪੁੱਤਰਾ ਦੱਸ ਤੂੰ ਮੇਰਾ ਘਰ ਕਿੱਥੇ ਹੈ?
ਜਿੱਥੇ ਬੈਠ ਆਰਾਮ ਕਰਾਂ ਉਹ ਦਰ ਕਿਥੇ ਹੈ?
ਦੂਰ ਦੇਸ ਪਰਦੇਸ ਗੁਆਚੀ ਛਾਂ ਪੁੱਛਦੀ।
ਪੁੱਤਰ ਦੇ ਘਰ ਬੇਘਰ ਹੋਈ ਮਾਂ ਪੁੱਛਦੀ।
ਰੁੱਖਾਂ ਅਤੇ ਕੁੱਖਾਂ ਦੀ ਅਹਿਮੀਅਤ ਬਾਰੇ ਗੁਰਭਜਨ ਗਿੱਲ ਲਿਖਦੇ ਹਨ-
ਵਿਹੜੇ ਅੰਦਰ ਧੀ ਤੇ ਛਾਂ ਲਈ ਬਿਰਖ਼ ਜ਼ਰੂਰੀ ਹੈ।
ਖ਼ੁਸ਼ਬੂ ਤੇ ਹਰਿਆਵਲ ਤੋਂ ਬਿਨ ਧਰਤ ਅਧੂਰੀ ਹੈ।
ਸਚਿਤਰ ਰੰਗਦਾਰ ਦਿਲਕਸ਼ ਮੁੱਖ ਕਵਰ, 112 ਪੰਨਿਆਂ, 200 ਰੁਪਏ ਕੀਮਤ ਵਾਲਾ ਪਿੱਪਲ ਪੱਤੀਆਂ ਗੀਤ ਸੰਗ੍ਰਹਿ ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਅਤੇ ਸਵੀਨਾ ਪ੍ਰਕਾਸ਼ਨ ਕੈਲੇਫ਼ੋਰਨੀਆ ਯੂ ਐਸ ਏ ਨੇ ਪ੍ਰਕਾਸ਼ਤ ਕੀਤਾ ਹੈ।
ਇਹ ਗੀਤ ਸੰਗ੍ਰਹਿ ਸਿੰਘ ਬ੍ਰਦਰਜ਼ ਅੰਮ੍ਰਿਤਸਰ ਤੋਂ ਇਲਾਵਾ ਪੰਜਾਬ ਦੇ ਸਮੂਹ ਪੁਸਤਕ ਵਿਕਰੇਤਾਵਾਂ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਐਮਾਜ਼ੋਨ ਰਾਹੀਂ ਵੀ ਮੰਗਵਾ ਸਕਦੇ ਹੋ।
ਗੁਰਭਜਨ ਗਿੱਲ ਦਾ ਲੋਕ ਮੁਖੀ ਸਰੋਕਾਰਾਂ ਵਾਲਾ ਕਾਵਿ ਸੰਗ੍ਰਹਿ ਚਰਖੜੀ : ਸੁਵਰਨ ਸਿੰਘ ਵਿਰਕ
ਗੁਰਭਜਨ ਗਿੱਲ ਕਵਿਤਾ ਦੀ ਰੂਹ ਤੋਂ ਡਾਹਢਾ ਵਾਕਿਫ਼ ਹੈ। ਕਵਿਤਾ ਉਸ ਲਈ ਭਗਤੀ ਵੀ ਹੈ ਅਤੇ ਸ਼ਕਤੀ ਵੀ। ਉਹ ਐਸਾ ਦਰਵੇਸ਼ ਹੈ ਜਿਹੜਾ ਸ਼ਬਦਾਂ ਦੀ ਸੇਲ੍ਹੀਆਂ ਟੋਪੀਆਂ ਸਜਾ ਕੇ ਹੀ ਕੇਹੀ ਜਦੋਂ ਜਾਵੇ ਤਾਂ ਮੇਲਾ ਭਰ ਜਾਂਦਾ ਹੈ। ਹਰਫ਼ਾਂ ਦੀਆਂ ਬਾਰੀਕੀਆਂ ਨੂੰ ਪਛਾਨਣ ਲਈ ਉਹ ਪਾਰਦਰਸ਼ੀ ਨਜ਼ਰ ਵਾਲਾ ਅਲਬੇਲਾ ਸ਼ਾਇਰ ਹੈ। ਸੁਰ ਤਾਲ ਦੀ ਸਮਝ ਰੱਖਦਾ ਹੋਇਆ ਉਹ ਛੰਦ ਮੁਕਤ ਕਵਿਤਾ ਵੀ ਲੈਅ ਤਾਲ ਦਾ ਪੂਰਾ ਧਿਆਨ ਰੱਖ ਕੇ ਇਸ ਵਿੱਚੋਂ ਰਬਾਬ ਦੀ ਟੁਣਕਾਰ ਜਿਹੇ ਬੋਲ ਕੱਢ ਸਕਦਾ ਹੈ। ਉਹ ਰਾਵੀ ਦੇ ਗੁਲਨਾਰੀ ਪਾਣੀਆਂ ਦੇ ਤਰੌਂਕੇ ਮਾਰ ਕੇ ਧੁਖ਼ਦੇ ਮਨ - ਤੰਦੂਰ ਨੂੰ ਮੋਰਪੰਖ ਦੀ ਝੱਲ ਮਾਰ ਕੇ ਪੰਜਾਂ ਪਾਣੀਆਂ ਦੀ ਖ਼ੈਰ ਮੰਗਦਾ ਹੈ। ਧਰਤੀ ਨਾਦ ਅਤੇ ਅਗਨ ਕਥਾ ਸੁਣਾਉਂਦਿਆਂ ਸੁਣਾਉਂਦਿਆਂ ਉਹ ਮਿੱਟੀ ਦੇ ਬਾਵੇ ਨੂੰ ਵੀ ਬੋਲਣ ਲਾ ਸਕਦਾ ਹੈ। ਫੁਲਾਂ ਦੀ ਝਾਂਜਰ ਨੂੰ ਬੰਨ੍ਹ ਕੇ ਜਦੋਂ ਮਿਰਗਾਵਲੀ ਚੜ੍ਹਦੇ ਸੂਰਜ ਦੀ ਸੰਧੂਰਦਾਨੀ ਵਿੱਚੋਂ ਫੁੱਟਦੀਆਂ ਰਿਸ਼ਮਾਂ ਸੰਗ ਕਲੋਲ ਕਰਦੀ ਹੈ ਤਾਂ ਮਨ ਪਰਦੇਸੀ ਨੂੰ ਸ਼ੀਸ਼ਾ ਝੂਠ ਬੋਲਦਾ ਨਜ਼ਰ ਆਉਂਦਾ ਹੈ। ਇਹ ਮਨ ਦੇ ਬੂਹੇ ਬਾਰੀਆਂ ਭੇੜ ਕੇ ਜਦੋਂ ਯਾਦਾਂ ਦੇ ਸੁਰਖ ਸਮੁੰਦਰ ਵਿੱਚ ਉੱਤਰਦਾ ਹੈ ਤਾਂ ਦੋ ਹਰਫ਼ ਰਸੀਦੀ ਪੜ੍ਹ ਕੇ ਉਹ ਤਾਰਿਆਂ ਦੇ ਨਾਲ ਗੱਲਾਂ ਕਰਦਿਆਂ ,ਮਨ ਦੇ ਕੈਮਰੇ ਦੀ ਅੱਖ ਰਾਹੀਂ ਪੱਤੇ ਪੱਤੇ ਲਿਖੀ ਇਬਾਰਤ ਪੜ੍ਹਨ ਦੇ ਸਮਰੱਥ ਹੋ ਜਾਂਦਾ ਹੈ।
ਸਮੇਂ ਦੀ ਚਰਖੜੀ ਨੂੰ ਗੇੜਦਿਆਂ ਕਵੀ ਨੇ ਸਾਲ 2013 ਤੋਂ 2020 ਤੀਕ ਦੇ ਆਪਣੇ ਕਾਵਿ ਅਨੁਭਵ ਨੂੰ ਹੱਥਲੇ ਕਾਵਿ ਸੰਗ੍ਰਹਿ ਵਿੱਚ ਬੜੀ ਕਰੀਨੇ ਅਤੇ ਸਲੀਕੇ ਨਾਲ ਸਹੇਜਿਆ ਹੈ।
ਉਹ ਸੰਵੇਦਨਸ਼ੀਲ ਮਨ ਅਤੇ ਹੱਸਾਸ ਹਿਰਦੇ ਦਾ ਸੁਆਮੀ ਹੈ। ਇਨ੍ਹਾਂ ਵਰ੍ਹਿਆਂ ਵਿਚ ਮਨੁੱਖੀ ਜਾਤੀ ਦੇ ਭਵਿੱਖ ਤੇ ਮਾਰੂ ਅਸਰ ਪਾਉਣ ਵਾਲੀਆਂ ਅਨੇਕ ਘਟਨਾਵਾਂ ਦੇਸ਼ ਅਤੇ ਦੁਨੀਆਂ ਵਿਚ ਵਾਪਰੀਆਂ ਹਨ। ਭਾਰਤ ਵਿੱਚ 2014 ਤੋਂ ਧਰਮ ਆਧਾਰਿਤ ਰਾਜਨੀਤੀ, ਸੌੜੇ ਅਤੇ ਸੰਕੀਰਣ ਵਿਚਾਰਾਂ ਦਾ ਰਾਜ ਤੇ ਸਮਾਜ ਵਿੱਚ ਬੋਲਬਾਲਾ ਹੈ। ਮਨੁੱਖ ਦੀ ਪਹਿਚਾਣ ਉਸਦੇ ਮਜ਼੍ਹਬ, ਫਿਰਕੇ ਜਾਂ ਜ਼ਾਤ ਪਾਤ ਨਾਲ ਕੀਤੀ ਜਾਣ ਲੱਗ ਪਈ ਹੈ। ਪੁਰਾਣੀਆਂ ਸੱਭਿਆਚਾਰਕ ਇਕਾਈਆਂ, ਖੇਤਰੀ ਪਹਿਚਾਣਾਂ ਕਾਟੇ ਹੇਠ ਹਨ।
ਆਮ ਆਦਮੀ ਦੀ ਕੀਮਤ ਤੇ ਕੁਝ ਚੁਨਿੰਦਾ ਕਾਰਪੋਰੇਟ, ਆਪਣੇ ਆਰਥਿਕ ਸਾਮਰਾਜ ਵਿਚ ਬੇਤਹਾਸ਼ਾ ਵਾਧਾ ਕਰ ਰਹੇ ਹਨ। ਅਮੀਰੀ ਤੇ ਗ਼ਰੀਬੀ ਵਿਚਲਾ ਪਾੜਾ ਦਿਨ ਰਾਤ ਵਧ ਰਿਹਾ ਹੈ। ਦੇਸ਼ ਵਿੱਚ ਬੇਰੁਜ਼ਗਾਰ ਜੁਆਨੀ ਅਪਰਾਧ, ਨਸ਼ੇ ਜਾਂ ਅੰਧ ਵਿਸ਼ਵਾਸ ਦੀ ਦਲਦਲ ਵਿੱਚ ਧਸਦੀ ਜਾ ਰਹੀ ਹੈ।
ਸੰਨ 2020 ਅਤੇ 2021 ਦੇ ਸਾਲਾਂ ਵਿਚ ਕੋਰੋਨਾ ਮਹਾਂਮਾਰੀ ਦਾ ਜਿਹੜਾ ਕਹਿਰ ਵਾਪਰਿਆ, ਇਸ ਦੀ ਸਭ ਤੋਂ ਭਿਆਨਕ ਮਾਰ ਹੇਠਲੇ ਤਬਕੇ ਨੂੰ ਹੀ ਪਈ। ਸੜਕਾਂ ਤੇ ਪੈਰਾਂ ਵਿੱਚ ਛਾਲਿਆਂ ਵਾਲੇ ਲੱਖਾਂ ਦੇ ਕਾਫ਼ਲੇ, ਪ੍ਰਬੰਧ ਦੀ ਨਾਕਾਮੀ ਦੀ ਸੂਚਕ ਸਨ। ਸੰਨ 2020-21 ਵਿੱਚ ਜਦੋਂ ਤਿੰਨ ਕਾਲੇ ਕਾਨੂੰਨ ਲਿਆ ਕੇ ਕੇਂਦਰ ਸਰਕਾਰ ਦੇਸ਼ ਦੇ ਕਿਸਾਨਾਂ ਦੀ ਭੋਇੰ, ਕਾਰਪੋਰੇਟਾਂ ਦੇ ਹਵਾਲੇ ਕਰਨਾ ਚਾਹੁੰਦੀ ਸੀ।
ਦਿੱਲੀ ਦੀਆਂ ਬਰੂਹਾਂ ਤੇ ਤੇਰਾਂ ਮਹੀਨਿਆਂ ਦੇ ਲਗਪਗ, 735 ਸ਼ਹਾਦਤਾਂ ਵਾਲਾ ਇੱਕ ਕਿਸਾਨ ਅੰਦੋਲਨ ਚੱਲਿਆ ਸੀ ਜਿਸ ਨੇ ਕੇਂਦਰੀ ਸੱਤਾ ਦੇ ਥੰਮ੍ਹ ਹਿਲਾ ਦਿੱਤੇ ਸੀ। ਇਸ ਇਤਿਹਾਸਕ ਅੰਦੋਲਨ ਨੂੰ ਵੀ ਸਾਡਾ ਕਵੀ ਆਪਣੀ ਕਵਿਤਾ ਦਾ ਵਿਸ਼ਾ ਬਣਾਉਂਦਾ ਹੈ। ਇਹ ਲੋਕ ਮੁਖੀ ਸਰੋਕਾਰਾਂ ਵਾਲੀ ਕਵਿਤਾ ਹੈ।
ਗੁਰਭਜਨ ਗਿੱਲ ਆਦਿ ਕਵੀ ਤੇ ਰਮਾਇਣ ਦੇ ਕਰਤਾ ਮਹਾਂ ਰਿਸ਼ੀ ਵਾਲਮੀਕਿ ਜੀ ਨੂੰ, ਸੂਰਜ ਨਾਲ ਤੁਲਨਾਉਂਦਾ ਹੈ। ਉਸ ਦੇ ਅਨੁਸਾਰ ਸੂਰਜ ਇਕ ਥਾਂ ਤੇ ਸਥਿਰ ਹੈ ਜੋ ਆਪਣੀ ਧੁਰੀ ਦੁਆਲੇ ਹੀ ਘੁੰਮਦਾ ਹੈ। "ਸੂਰਜ ਨੂੰ ਕਿਸੇ ਵੀ ਜ਼ਾਵੀਏ ਤੋਂ ਨਿਹਾਰੋ
ਉਹ ਸੂਰਜ ਹੀ ਰਹਿੰਦਾ ਹੈ
ਨਾ ਡੁੱਬਦਾ ਨਾ ਚੜ੍ਹਦਾ,
ਤੁਸੀਂ ਹੀ ਹੇਠ ਉੱਤੇ ਹੁੰਦੇ ਹੋ।
"ਰੰਗ , ਜ਼ਾਤ ,ਗੋਤ, ਧਰਮ, ਨਸਲ
ਤੋਂ ਬਹੁਤ ਉਚੇਰਾ ਹੈ।
ਰਵੀ ਆਦਿ ਕਵੀ ਵਾਲਮੀਕ
ਸੂਰਜ ਦੀ ਜ਼ਾਤ ਪਾਤ ਨਹੀਂ,
ਸਰਬ ਕਲਿਆਣੀ ਔਕਾਤ ਹੁੰਦੀ ਹੈ। ਤਾਂ ਹੀ ਉਸਦੇ ਆਉਂਦਿਆਂ
ਪਰਭਾਤ ਹੁੰਦੀ ਹੈ।"
(ਸੂਰਜ ਦੀ ਜ਼ਾਤ ਨਹੀਂ ਹੁੰਦੀ)
ਅੱਜ ਦਾ ਕਾਰਪੋਰੇਟੀ ਪੂੰਜੀਵਾਦ ਦੁਨੀਆਂ ਵਿਚ ਹਾਬੜਿਆ ਫਿਰਦਾ ਹੈ। ਇੱਕ ਧਰੁਵੀ ਸੰਸਾਰ ਵਿੱਚ ਉਹ ਵਿਰੋਧੀ ਸੁਰਾਂ ਨੂੰ ਸੁਣਨ ਤੋਂ ਇਨਕਾਰੀ ਹੈ। ਉਹ ਦੁਨੀਆਂ ਵਿੱਚ ਜੋ ਵੀ ਜਿਊਣ ਜੋਗਾ ਉਸ ਨੂੰ ਤਹਿਸ ਨਹਿਸ ਕਰਦਾ ਜਾਂਦਾ ਹੈ ਪਰ ਉਹ ਅੰਦਰੋਂ ਕਿੰਨਾ ਖ਼ੋਖ਼ਲਾ ਹੋ ਚੁੱਕਾ ਹੈ, ਕਵੀ ਗੁਰਭਜਨ ਗਿੱਲ ਦੇ ਸ਼ਬਦਾਂ ਵਿਚ ਉਸ ਦੀ ਪਿਛਾਖੜੀ ਸੋਚ ਤੇ ਵਿਅੰਗ ਹੈ-
"ਸਾਨ੍ਹ ਬਣਦੈ ਪਰ ਹਰ ਦੇਸ਼ ,ਚ,
ਗਿੱਠ ਕੁ ਸੁਰਖ ਕੱਪੜੇ ਤੋਂ ਡਰਦੈ।
ਏਸ ਤੋਂ ਪਹਿਲਾਂ ਕਿ
ਇਹ ਘੋੜਾ ਤੁਹਾਨੂੰ ਮਿੱਧ ਜਾਵੇ,
ਇਸ ਨੂੰ ਨੱਥ ਪਾਉ ਤੇ ਪੁੱਛੋ,।
ਕਿ ਤੇਰਾ ਮੂੰਹ
ਅਠਾਰਵੀਂ ਸਦੀ ਵੱਲ ਕਿਉਂ ਹੈ?....
(ਉਹ ਪੁੱਛਦੇ ਨੇ ਅੱਥਰਾ ਘੋੜਾ ਕੀ ਹੁੰਦੈ)
ਗੁਰਭਜਨ ਗਿੱਲ ਖ਼ੁਰਦੀ ਕਿਸਾਨੀ ਦੇ ਉੱਖੜੇ ਸਿਰਨਾਵਿਆਂ ਵਾਲੀ ਤਖ਼ਤੀ ਨੂੰ, ਸੋਗੀ ਨਜ਼ਰਾਂ ਨਾਲ ਨਿਹਾਰਦਾ ਹੈ। ਕੈਲਾ ਆਡ਼੍ਹਤੀ ਤੂੰ ਜੋ ਪਿੰਡਾਂ ਵਿੱਚ ਜੱਟਾਂ ਦੀ ਜਿਣਸ/ਉਪਜ ਆਪਣੀਆਂ ਖੱਚਰਾਂ ਤੇ ਲੱਦ ਕੇ ਮੰਡੀ ਵਿੱਚ ਵੇਚਦਾ ਸੀ, ਖ਼ੁਦ ਬੋਰੀਆਂ ਲੱਕ ਤੇ ਚੁੱਕਦਾ, ਅੱਜ ਸਰਦਾਰ ਕਰਨੈਲ ਸਿੰਘ ਬਣ ਗਿਆ ਹੈ ਜਿਸ ਦੀ ਹੁਣ ਰੱਤ ਪੀਣੀ ਵਹੀ ਜਰਨੈਲ ਸਿੰਘ ਜਿਹੇ ਕਿਸਾਨਾਂ ਦੀਆਂ ਜ਼ਮੀਨਾਂ ਡਕਾਰ ਗਈ ਹੈ ਤੇ ਉਹ ਜਰਨੈਲ ਸਿੰਘ ਵਿਚਾਰਾ ਜੈਲੂ ਬਣਿਆ ਅੱਜ ਦਿਨ ਰਾਤ ਝੋਰਿਆਂ ਦੀ ਚੱਕੀ ਝੋਈ ਰੱਖਦਾ ਹੈ-
"ਮੀਂਹ ਕਵੀ ਚ ਕੋਠਾ ਚੋਂਦਾ ਹੈ।
ਕੋਠੇ ਜਿੱਡੀ ਧੀ ਦਾ ਕੱਦ ਡਰਾਉਂਦਾ ਹੈ।
ਸਕੂਲੋਂ ਹਟੇ ਪੁੱਤਰ ਨੂੰ
ਫ਼ੌਜ ਵੀ ਨਹੀਂ ਲੈਂਦੀ,
ਅਖੇ ਛਾਤੀ ਘੱਟ ਚੌੜੀ ਹੈ।
ਕੌਣ ਦੱਸੇ ?
ਇਹ ਹੋਰ ਸੁੰਗੜ ਜਾਣੀ ਹੈ,
ਇੰਜ ਹੀ ਪੁੜਾਂ ਹੇਠ।
"ਚਿੱਟੇ ਚਾਦਰੇ ਵਾਲਾ ਸਰਦਾਰ ਜਰਨੈਲ ਸਿੰਘ
ਮੈਲੇ ਪਰਨੇ ਵਾਲਾ ਜੈਲੂ ਕਦੋਂ ਬਣਿਆ ?
ਦੋ ਪੱਟਾ ਚਾਦਰਾ ਸੁੰਗੜ ਕੇ,
ਪਰੋਲੇ ਜਿਹਾ ਪਰਨਾ ਕਦੋਂ ਬਣਿਆ ?
ਹੇਠ ਵਿਛੀ ਦਰੀ ਕਦੋਂ
ਖਿੱਚ ਕੇ ਕੋਈ ਲੈ ਗਿਆ,
ਪਤਾ ਨਹੀਂ ਲੱਗਿਆ ।
(ਬਦਲ ਗਏ ਮੰਡੀਆਂ ਦੇ ਭਾਅ)
ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਆਏ ਦਿਨ ਹੁੰਦੀਆਂ ਆਤਮ ਹੱਤਿਆਵਾਂ ਤੋਂ ਦੁਖੀ ਕਵੀ ਮਨ, ਆਪਣੇ ਪਾਠਕ ਸਰੋਤੇ ਨੂੰ ਚੜ੍ਹਦੀ ਕਲਾ ਦਾ ਸੁਨੇਹਾ ਦਿੰਦਾ ਹੈ-
"ਹੱਟੀ ਤੇ ਜਾ ਕੇ ਅਖ਼ਬਾਰ ਸੁਣਦਾ ਹੈ।ਮਰਨ ਰੁੱਤੇ ਕਿੱਥੇ ਕਿੱਥੇ ਕੌਣ ਗਿਆ?
ਹਰ ਦੇ ਦੁਆਰ
ਅੱਖੀਆਂ ਪੂੰਝਦਾ ਖ਼ੁਦ ਨੂੰ ਕਹਿੰਦਾ ਹੈ
ਓ ਜਰਨੈਲਾ !
ਤੂੰ ਨਾ ਮਰੀਂ।
ਕਿਉਂ ਨਾ ਕਰੀਂ,
ਜਦ ਤਕ ਜੀਣਾ ਹੈ
ਅੜਨਾ ਹੈ ਖੜ੍ਹਨਾ ਹੈ।
ਮਰਨੋਂ ਪਹਿਲਾਂ ਲੜਨਾ ਹੈ।....
( ਉਪਰੋਕਤ )
ਅੱਜ ਜਦੋਂ ਦੁਨੀਆਂ ਦੀ ਜ਼ਿਆਦਾਤਰ ਵੱਸੋਂ ਰੋਟੀ ਰੋਜ਼ੀ ਦੇ ਓਹੜ ਪੋਹੜ ਵਿੱਚ ਹੀ ਰੁੱਝੀ ਰਹਿੰਦੀ ਹੈ, ਸਾਮਰਾਜੀ ਸ਼ਕਤੀਆਂ ਆਪਣੇ ਨਵੇਂ ਬਣੇ ਹਥਿਆਰ ਵੇਚਣ ਲਈ ਨਿੱਤ ਨਵੇਂ ਸੂਰਜ ਦੁਨੀਆਂ ਦੀ ਕਿਸੇ ਨਾ ਕਿਸੇ ਗੁੱਠ ਵਿੱਚ ਸੇਹ ਦਾ ਤੱਕਲਾ ਗੱਡੀ ਰੱਖਦੀਆਂ ਹਨ। ਨਾਗਾਸਾਕੀ ਤੇ ਹੀਰੋਸ਼ੀਮਾ ਜਾਪਾਨ ਦੇ ਦੋ ਸ਼ਹਿਰ ਪਰਮਾਣੂੰ ਤਬਾਹੀ ਦੇ ਸੱਲ, ਅੱਜ ਵੀ ਆਪਣੀ ਧਰਤੀ ਵਿੱਚ, ਉਸ ਰਿਸਦੇ ਜ਼ਖ਼ਮਾਂ ਵਾਂਗ ਲਈ ਫਿਰਦੇ ਹਨ।
ਵੀਅਤਨਾਮ, ਉੱਤਰੀ ਏਸ਼ੀਆ ਕੋਰੀਆ, ਅਫ਼ਗਾਨਿਸਤਾਨ, ਫਲਸਤੀਨ, ਇਰਾਨ ਆਦਿ ਅਤੇ ਹੁਣ ਯੂਕਰੇਨ, ਅਮਰੀਕਾ ਪੱਖੀ ਨਾਟੋ ਮੁਲਕਾਂ ਦੀਆਂ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਕੇ ਰੂਸੀ ਫ਼ੌਜੀ ਹਮਲੇ ਦਾ ਨਿਸ਼ਾਨਾ ਬਣਿਆ ਹੈ।
ਗੁਰਭਜਨ ਗਿੱਲ ਸਾਡੇ ਸੰਸਾਰ ਲਈ ਅਮਨ ਦੀ ਖ਼ੈਰ ਮੰਗਦਾ ਹੈ ਕਿਉਂਕਿ ਜੰਗ ਤਬਾਹੀ ਤੇ ਭੁੱਖਮਰੀ ਲਿਆਉਂਦਾ ਹੈ -
"ਗਾਉਂਦੀਆਂ ਨੇ ਦਰਦ ਰਾਗ,
ਖੰਭ ਖਿੱਲਰੇ ਨੇ ਕਾਵਾਂ ਦੇ
ਜੰਗਬਾਜ਼ਾਂ ਬਸ ਕਰ ਤੂੰ,
ਪੁੱਤ ਮੁੱਕ ਚੱਲੀ ਮਾਵਾਂ ਦੇ।
"ਪਰਮਾਣੂ ਜੰਗ ਦੇ ਪਹਿਲੇ ਵਰਕੇ ਨੇ,
ਸਬਕ ਦਿੱਤਾ ਪੂਰੇ ਬ੍ਰਹਿਮੰਡ ਨੂੰ।
ਪਿਕਾਸੋ ਦੇ ਚਿੱਤਰ ਵਾਲੀ,
ਘੁੱਗੀ ਦੇ ਮੂੰਹ ਵਿੱਚ ਫੜੀ
ਜੈਤੂਨ ਦੀ ਪੱਤੀ,
ਨਾ ਮੁਰਝਾਏ ਕਦੇ।
ਉਹ ਜ਼ਾਲਮ ਮੌਤ ਦਾ ਉੱਡਣ ਖਟੋਲਾ ਪਰਤ ਨਾ ਆਵੇ ਕਦੇ।
(ਪਰਮਾਣੂ ਦੇ ਖ਼ਿਲਾਫ਼ )
ਲੋਕਤੰਤਰ ਮਜ਼ਾਕ ਬਣ ਕੇ ਰਹਿ ਗਿਆ। ਕੁਝ ਕੁ ਟੱਬਰਾਂ / ਵਿਅਕਤੀਆਂ ਦੇ ਗਿਰਦੇ ਸੱਤਾ ਤੰਤਰ ਘੁੰਮੀ ਜਾਂਦਾ ਹੈ। ਹਸਪਤਾਲਾਂ ਵਿੱਚ ਦਵਾਈ ਨਹੀਂ, ਸਕੂਲਾਂ ਵਿੱਚ ਪੜ੍ਹਾਈ ਨਹੀਂ। ਲੋਕਾਂ ਨੂੰ ਧੜਿਆਂ ਵਿੱਚ ਵੰਡ ਕੇ ਉਹ ਦੁਫ਼ੇੜਬਾਜ਼ ਆਪੋ ਵਿਚ ਕਰਿੰਘੜੀ ਪਾ ਕੇ ਤੁਰਦੇ ਹਨ, ਅਤੇ "ਉੱਤਰ ਕਾਟੋ ਮੈਂ ਚੜ੍ਹਾਂ" ਦੀ ਖੇਡ ਖੇਡਦੇ ਹਨ।
ਕਵੀ ਪੰਜੀਂ ਸਾਲੀਂ ਲੱਗਣ ਵਾਲੇ ਚੋਣ ਮੇਲੇ ਅਤੇ ਇਸ ਪ੍ਰਬੰਧ ਵਿਵਸਥਾ ਨੂੰ ਸਰਕਸ ਦੀ ਖੇਡ ਹੀ ਦੱਸਦਾ ਹੈ-
"ਸਹਿਮੀਆਂ ਸਹਿਮੀਆਂ
ਧੀਆਂ ਧਿਆਣੀਆਂ,
ਪੁੱਛਦੀਆਂ ਹਨ ?
ਉਹ ਪਿੜ ਕਿੱਧਰ ਗਿਆ ?
ਜਿੱਥੇ ਬੋਲੀਆਂ ਪੈਂਦੀਆਂ ਸਨ।
ਮਾਣ ਭਰਾਵਾਂ ਦੇ,
ਮੈਂ ਕੱਲੀ ਖੇਤ ਨੂੰ ਜਾਵਾਂ ।
"ਸਾਨੂੰ ਟੋਟਿਆਂ ਧੜਿਆਂ ਚ
ਡੱਕਰੇ ਕਰਕੇ,
ਆਪਸ 'ਚ ਹੱਸ ਹੱਸ ਬੋਲਦੇ
ਬੰਦ ਕਮਰਿਆਂ 'ਚ,
ਆਪ ਕੁੜਮਾਚਾਰੀਆਂ ਤੇ
ਯਾਰਾਨੇ ਪਾਲਦੇ।"....
(ਅਜਬ ਸਰਕਲ ਵੇਖਦਿਆਂ)
ਸਾਡੇ ਲੋਕਾਂ ਦੀ ਦੱਬੂ ਮਾਨਸਿਕਤਾ ਤੋਂ ਵੀ ਕਵੀ ਪਰੇਸ਼ਾਨ ਹੈ। ਲੋਕਤੰਤਰ ਭੀੜਤੰਤਰ ਵਿੱਚ ਬਦਲ ਚੁੱਕਾ ਹੈ ਤੇ ਭੀੜ ਭੇਡ ਚਾਲ ਦਾ ਸ਼ਿਕਾਰ ਹੈ। ਵਿਅੰਗ ਦੀ ਵਿਧਾ ਵਰਤ ਕੇ ਸ਼ਾਇਰ ਡਾਰਵਿਨ ਦੀ ਵਿਕਾਸਵਾਦੀ ਸਿਧਾਂਤ ਤੇ ਹੀ ਪ੍ਰਸ਼ਨ ਚਿੰਨ੍ਹ ਲਾਉਂਦਾ ਹੈ ,ਜਿਸ ਵਿਚ ਮੁੱਢਲੇ ਮਨੁੱਖ ਦੇ ਵਿਕਾਸ ਦੇ ਪੜਾਅ ਮਿਥੇ ਗਏ ਸਨ।
"ਡਾਰਵਿਨ ਝੂਠ ਬੋਲਦਾ ਹੈ
ਸਾਡਾ ਵਿਕਾਸ ਬਾਂਦਰ ਤੋਂ ਨਹੀਂ
ਭੇਡਾਂ ਤੋਂ ਹੋਇਆ ਹੈ
ਭੇਡਾਂ ਸਾਂ
ਭੇਡਾਂ ਹਾਂ ਤੇ ਭੇਡਾਂ ਹੀ ਰਹਾਂਗੀਆਂ
ਜਦ ਤੀਕ ਸਾਨੂੰ ਆਪਣੀ
ਉੱਨ ਦੀ ਕੀਮਤ ਦਾ
ਪਤਾ ਨਹੀਂ ਲੱਗਦਾ
ਕਿ ਸਾਨੂੰ ਚਾਰਨ ਵਾਲਾ ਹੀ
ਸਾਨੂੰ ਮੁੰਨਦਾ ਹੈ।
(ਡਾਰਵਿਨ ਝੂਠ ਬੋਲਦਾ ਹੈ )
ਦੇਸ਼ ਵਿੱਚ ਦੱਖਣ ਪੱਖੀ ਰਾਜਨੀਤੀ ਦਾ ਬੋਲਬਾਲਾ ਹੈ। ਇਤਿਹਾਸ ਦੀਆਂ ਗਲਤੀਆਂ ਨੂੰ ਸੁਧਾਰਨ ਦੇ ਨਾਂ ਤੇ ਵਿਦੇਸ਼ਾਂ ਦੇ ਹਜੂਮੀ ਕਤਲ ਆਨੇ-ਬਹਾਨੇ ਘੜ ਕੇ ਕੀਤੇ ਜਾ ਰਹੇ ਹਨ। ਸ਼ਮਸ਼ਾਨ, ਕਬਰਿਸਤਾਨ, ਮੰਦਰ ਮਸਜਿਦ, ਧਰਮਬਦਲੀ, ਹਿਜ਼ਾਬ, ਨਾਗਰਿਕਤਾ ਪ੍ਰਮਾਣ ਪੱਤਰ, ਜੰਮੂ ਕਸ਼ਮੀਰ ਤੋਂ ਰਾਜ ਦਾ ਦਰਜ਼ਾ ਖੋਹ ਕੇ ਤਿੰਨ ਟੁਕੜੇ ਕਰਨੇ,ਸਾਮਾਨ ਨਾਗਰਿਕ ਸਿਵਿਲ ਕੋਡ, ਲਵ ਜਹਾਦ ਆਦਿ ਇਸ ਸਿਆਸਤ ਦੀਆਂ ਕੜੀਆਂ ਹਨ। ਜਿਨ੍ਹਾਂ ਤੋਂ ਆਸ ਸੀ ਕਿ ਖੱਬੇ ਪੱਖੀ ਸੱਤਾ ਸੰਤੁਲਨ ਨੂੰ ਮਜ਼ਦੂਰਾਂ ਕਿਸਾਨਾਂ ਦੇ ਪੱਖ ਵਿਚ ਬਦਲਣਗੇ, ਉਨ੍ਹਾਂ ਦੀ ਫੁੱਟ ਦਰ ਫੁੱਟ ਤੇ ਸਾਡਾ ਕਵੀ ਖ਼ੂਨ ਦੇ ਅੱਥਰੂ ਕੇਰਦਾ ਹੋਇਆ ਇਨ੍ਹਾਂ ਸਾਰੇ ਧੜਿਆਂ ਦੀ ਹਕੀਕੀ ਏਕਤਾ ਲਈ ਉਨ੍ਹਾਂ ਨੂੰ ਵੰਗਾਰਦਾ ਹੈ-
"ਭਰਮ ਸੀ ਕੇ ਤੁਸੀਂ ਮੁਕਤੀ ਦਾਤਾ ਹੋ।ਟੋਏ ਚੋਂ ਕੱਢੋਗੇ ਖੁੱਭਿਆ ਪਹੀਆ।
ਪਰ ਤੁਸੀਂ ਵੀ ਆਪਸ ਵਿੱਚ
ਜ਼ਿੰਦਾਬਾਦ ਮੁਰਦਾਬਾਦ ਦੀ
ਜਿੱਲ੍ਹਣ ਵਿੱਚ ਫਸੇ ਹੋਏ ਹੋਏ ਹੋ।
ਬਾਈ ਮੰਜੀਆਂ ਵਾਲੇ
ਵੰਨ ਸੁਵੰਨੇ ਧੜੇ ਬਾਜ਼ੋ।
ਇਕ ਬੱਸ ਚ ਕਦੇ ਨਹੀਂ ਬੈਠਦੇ
ਸਾਰੇ ਦਿੱਲੀ ਦੇ ਸਵਾਰੋ।
ਆਪੋ ਆਪਣਾ ਘੋੜਾ ਭਜਾਉਂਦੇ
ਮਰ ਚੱਲੇ।"....
(ਭੱਠੇ ਚ ਤਪਦੀ ਮਾਂ )
ਮਾਂ ਜਿਹਾ ਸਕੂਨ ਭਰਿਆ ਹੋਰ ਕੋਈ ਸ਼ਬਦ ਨਹੀਂ। ਬਿਪਤਾ ਵੇਲੇ ਹਰ ਮਨੁੱਖ ਨੂੰ ਮੂੰਹੋਂ 'ਹਾਏ ਮਾਂ' ਹੀ ਨਿਕਲਦਾ ਹੈ। ਬੜਾ ਨਿੱਘਾ ਨਿਵੇਕਲਾ ਤੇ ਅਪਣੱਤ ਭਰਿਆ ਰਿਸ਼ਤਾ ਮਾਂ ਹੈ। ਉਸ ਦੀ ਅਉਧ, ਆਪਣੇ ਬੱਚਿਆਂ ਦੇ ਫ਼ਿਕਰ ਹੰਢਾਉਂਦਿਆਂ ਬਤੀਤ ਹੁੰਦੀ ਹੈ। ਕਵੀ ਮਾਂ ਦੀ ਜਾਗਰਿਤ ਮਨੋਦਸ਼ਾ ਦਾ ਉੱਚ ਮੁਲੰਕਣ ਕਰਦਾ ਹੈ। ਉਹ ਮਾਂ ਤੋਂ ਵੀ ਆਪਣੇ ਵਿਰਸੇ,ਭਾਸ਼ਾ ,ਵਿਸ਼ਵਾਸ ਅਤੇ ਸੱਭਿਆਚਾਰ ਨਾਲ ਜੁੜਨ ਦੀ ਜਾਚ ਸਿੱਖਦਾ ਹੈ-
"ਜਿਹੜੇ ਘਰੀਂ ਮਾਵਾਂ ਸੌਂ ਜਾਂਦੀਆਂ,
ਉੱਥੇ ਘਰਾਂ ਨੂੰ ਜਗਾਉਣ ਵਾਲਾ
ਕੋਈ ਨਹੀਂ ਹੁੰਦਾ।
ਰੱਬ ਵੀ ਨਹੀਂ।
" ਮਾਂ ਜਦ ਤੀਕ ਜਾਗਦੀ ਹੈ।
ਲਾਲਟੈਨ ਵੀ ਨਹੀਂ ਬੁਝਣ ਦਿੰਦੀ।
ਪੁੱਤਰ ਧੀਆਂ ਦੇ ਸਗਲ ਸੰਸਾਰ ਲਈ। ਜਾਗਦੀ ਹੈ ਮਾਂ ਅਜੇ
( ਜਾਗਦੀ ਹੈ ਮਾਂ ਅਜੇ )
"ਮਾਂ ਊੜੇ ਨੂੰ ਜੂੜੇ ਤੋਂ ਪਛਾਣ ਕੇ ਅਕਸਰ ਆਖਦੀ,
ਪੁੱਤ ਇਹ ਦਾ ਪੱਲਾ ਨਾ ਛੱਡੀਂ
ਇਹੀ ਤਾਰਨਹਾਰ ਹੈ।"
( ਮੇਰੀ ਮਾਂ )
ਸੂਖਮ ਮਨੋਭਾਵਾਂ ਨੂੰ ਕਵਿਤਾ ਦਾ ਜਾਮਾ ਪੁਆਉਣ ਵਿਚ ਗੁਰਭਜਨ ਗਿੱਲ ਉਸਤਾਦ ਕਵੀ ਹੈ। ਵਿਅੰਗ ਦੀ ਸਾਣ ਤੇ ਲੱਗਿਆਂ ਉਸ ਦੀ ਕਵਿਤਾ ਦੀ ਧਾਰ ਹੋਰ ਤਿੱਖੀ ਹੋ ਜਾਂਦੀ ਹੈ। ਅਸੀਂ ਕਰੋਨਾ ਕਾਲ ਵਿੱਚ ਖ਼ਾਲੀ ਪੇਟ ਅਤੇ ਸੱਖਣੇ ਭਾਂਡੇ ਖੜਕਾਉਣ ਦੇ ਸੱਤਾਧਾਰੀਆਂ ਵੱਲੋਂ ਲੋਕਾਂ ਨਾਲ ਹੁੰਦਾ ਕਰੂਰ ਮਜ਼ਾਕ ਵੀ ਵੇਖਿਆ ਹੈ।
ਦੇਸ਼ ਦੇ ਮੁੱਠੀ ਭਰ ਮਜ਼ਦੂਰ ਜੋ ਸੰਗਠਿਤ ਖੇਤਰ ਵਿੱਚ ਹਨ ਆਪਣੇ ਹੱਕਾਂ ਪ੍ਰਤੀ ਸੁਚੇਤ ਹੋ ਕੇ ਪਹਿਲੀ ਮਈ ਨੂੰ ਮਜ਼ਦੂਰ ਦਿਵਸ ਵਜੋਂ ਮਨਾਉਂਦੇ ਹਨ ਪਰ ਕਰੋੜਾਂ ਅਸੰਗਠਿਤ ਖੇਤਰ ਦੇ ਮਜ਼ਦੂਰਾਂ ਦਾ ਦਰਦ ਕਵੀ ਬਿਆਨਦਾ ਹੈ-
"ਮਜ਼ਦੂਰ ਦਾ
ਕੋਈ ਦਿਹਾੜਾ ਨਹੀਂ ਹੁੰਦਾ
ਦਿਹਾੜੀ ਹੁੰਦੀ ਹੈ
ਟੁੱਟ ਜਾਵੇ ਤਾਂ
ਸੱਖਣਾ ਪੀਪਾ ਰੋਂਦਾ ਹੈ।
ਰਾਤ ਵਿਲਕਦੀ ਹੈ ।
ਤਵਾ ਠਰਦਾ
ਹਉਕੇ ਭਰਦਾ ਹੈ।
ਦਿਹਾੜੀ ਟੁੱਟਿਆਂ
ਬੰਦਾ ਟੁੱਟ ਜਾਂਦਾ ਹੈ ।"
(ਮਜ਼ਦੂਰ ਦਿਹਾੜਾ)
ਜੰਮੂ ਕਸ਼ਮੀਰ ਦੇ ਕਿਸੇ ਧਰਮ ਸਥਾਨ ਵਿਚ ਜਦੋਂ ਆਸਿਫ਼ਾ ਨਾਮ ਦੀ ਇਕ ਬੱਚੀ ਦੀ ਬੇਪਤੀ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਤਾਂ ਕਵੀ ਹਿਰਦਾ ਵਲੂੰਧਰਿਆ ਗਿਆ ਉਸ ਦੀ ਦਰਦਨਾਕ ਮੌਤ ਦੇ ਕੀਰਨੇ ਪਾਉਂਦਾ ਗੁਰਭਜਨ ਗਿੱਲ ਸਾਡੇ ਰਾਜ ਸਮਾਜ ਦੀਆਂ ਉਨ੍ਹਾਂ ਤਰਜੀਹਾਂ ਦਾ ਜ਼ਿਕਰ ਕਰਦਾ ਹੈ ਜਿਨ੍ਹਾਂ ਦੇ ਸਾਹਮਣੇ ਮਾਸੂਮ ਆਸਿਫ਼ਾ ਕਿਤੇ ਵੀ ਨਹੀਂ ਟਿਕਦੀ।
" ਜਾ ਨੀ ਧੀਏ ਮਰਨ ਪਿੱਛੋਂ,
ਸਾਡੀਆਂ ਲੋੜਾਂ 'ਚ
ਤੂੰ ਸ਼ਾਮਲ ਨਹੀਂ ਹੋਈ ਅਜੇ
ਨਾ ਤੂੰ ਭਾਰਤ ਮਾਤ ਹੈੰ।
ਨਾ ਗਊ ਦੀ ਜ਼ਾਤ ਹੈ।
ਕਿਉਂ ਬਚਾਈਏ ਤੇਰੀ ਚੁੰਨੀ?
ਤੂੰ ਅਜੇ ਨਾ ਵੋਟ ਹੈਂ।
ਸਾਡੀ ਸੂਚੀ ਵਿਚ ਹਾਲੇ ਤੂੰ,
ਚਿੜੀ ਦਾ ਬੋਟ ਹੈ।
ਆਸਿਫਾ ਤੂੰ ਜਿਸਮ ਹੈ ਮਾਸੂਮ ਭਾਵੇਂ, ਦਾਨਵਾਂ ਖ਼ਾਤਰ ਤੂੰ ਹੈ 'ਭੋਗਣ ਲਈ' ।"
(ਆਸਿਫਾ ਤੂੰ ਨਾ ਜਗਾ)
ਕਵੀ ਨੇ 90 ਕਵਿਤਾਵਾਂ ਵਾਲਾ ਆਪਣਾ ਇਹ ਸੰਗ੍ਰਹਿ ਗੁਰੂ ਤੇਗ ਬਹਾਦਰ ਜੀ ਦੀ ਚੌਥੀ ਪ੍ਰਕਾਸ਼ ਸ਼ਤਾਬਦੀ ਤੇ ਉਸ ਸੰਸਾਰ ਨੂੰ ਭੇਂਟ ਕੀਤਾ, ਜਿਥੇ ਆਪ ਦਾ ਇਹ ਸੰਦੇਸ਼ ਗੂੰਜ ਰਿਹਾ ਹੈ-
ਜੋ ਨਾ ਕਿਸੇ ਨੂੰ ਅਕਾਰਨ ਡਰਾਉਂਦਾ ਹੈ ਅਤੇ ਨਾ ਹੀ ਕਿਸੇ ਤੋਂ ਡਰਦਾ ਹੈ।
ਗੁਰੂ ਜੀ ਕਹਿੰਦੇ ਹਨ ਕਿ ਉਹੋ ਮਨੁੱਖ ਗਿਆਨਵਾਨ ਹੈ। ਗੁਰੂ ਜੀ ਨੇ ਆਪਣੀ ਮਹਾਨ ਸ਼ਹਾਦਤ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਦਿੱਤੀ। ਕਵੀ ਕਹਿੰਦਾ ਹੈ ਕਿ ਗੁਰੂ ਜੀ ਨੇ ਔਰੰਗਜ਼ੇਬ ਨੂੰ ਇਹੋ ਸਮਝਾਇਆ ਸੀ ਕਿ ਜੇ ਕਦੀ ਤਿਲਕਧਾਰੀ ਜ਼ੁਲਮ ਕਰੇਗਾ ਤਾਂ ਮੈਂ ਸੁੰਨਤਧਾਰੀ ਦੇ ਨਾਲ ਹੋਵਾਂਗਾ।
ਉਹ ਭਾਰਤ ਦੀ ਗੰਗਾ-ਯਮੁਨੀ ਤਹਿਜ਼ੀਬ ਨੂੰ ਫ਼ਲਦੀ ਫੁੱਲਦੀ ਵੇਖਣਾ ਚਾਹੁੰਦੇ ਸਨ ਤੇ ਦੇਸ਼ ਦੇ ਬਗੀਚੇ ਵਿਚ ਵਿਚਾਰਾਂ ਰੂਪੀ ਫੁੱਲਾਂ ਦੀ ਵੰਨ ਸੁਵੰਨਤਾ ਬਣਾਈ ਰੱਖਣ ਦੇ ਹਾਮੀ ਸਨ।
ਕੁੱਲ ਧਰਤੀ ਦੇ ਵੰਨ ਸੁਵੰਨੇ
ਜੇ ਨਾ ਰਹੇ ਖਿੜੇ ਫੁੱਲ ਪੱਤੀਆਂ।
ਕਿੰਜ ਆਵੇਗੀ ਰੁੱਤ ਬਸੰਤੀ ਵਗਣਗੀਆਂ ਫਿਰ ਪੌਣਾਂ ਤੱਤੀਆਂ।
ਕੂੜ ਅਮਾਵਸ ਕਾਲਾ ਅੰਬਰ
ਕਿਉਂ ਤਣਦੇ ਹੋ ਏਡ ਅਡੰਬਰ।
(ਮੇਰਾ ਬਾਬਲ)
ਗੁਰੂ ਅਰਜਨ ਦੇਵ ਜੀ ਦੀ ਮਹਾਨ ਸ਼ਹਾਦਤ ਵੀ ਆਦਿ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਸਮੇਂ ਕਥਿਤ ਨੀਵੀਆਂ ਜ਼ਾਤੀਆਂ ਦੇ ਭਗਤਾਂ ਦੀ ਬਾਣੀ , ਸੂਫ਼ੀਆਂ ਅਤੇ ਗੁਰੂ ਸਾਹਿਬਾਨ ਦੀ ਬਾਣੀ ਨਾਲ ਇਕ ਥਾਂ ਕਰਨ, ਦਰ ਤੇ ਆਏ ਸ਼ਾਹੀ ਬਾਗ਼ੀਆਂ ਦੀ ਲੋੜਵੰਦਾਂ ਵਾਂਗ ਸਹਾਇਤਾ ਕਰਨ ਅਤੇ ਦੀਨ ਦੁਖੀਆਂ ਦੀ ਦਿਲਾਂ ਵਿੱਚ, ਸਿੱਖੀ ਲਈ ਵਧਦਾ ਸਤਿਕਾਰ ਵੇਖ ਕੇ ਹੀ ਹੋਈ ਸੀ। ਕਵੀ ਦੇ ਮੁਤਾਬਿਕ ਗੁਰੂ ਅਰਜਨ ਦੇਵ ਜੀ ਜੋ ਵੱਡੇ ਬਾਣੀਕਾਰ ਅਤੇ ਬਾਣੀ ਦੇ ਸਫ਼ਲ ਚੋਣਕਾਰ ਵੀ ਸਨ, ਇਸ ਬਾਣੀ ਵਾਲੀ ਦੁੱਖ ਸੁੱਖ ਨੂੰ ਇੱਕ ਸਾਮਾਨ ਮੰਨਣ ਵਾਲੀ ਬਿਰਤੀ ਕਾਰਨ ਹੀ ਤੱਤੀ ਤਵੀ ਤੇ ਅਡੋਲ ਬੈਠ ਗਏ ਸਨ। ਗੁਰਭਜਨ ਗਿੱਲ ਇਸ ਕਰਤਾਰੀ ਸ਼ਕਤੀ ਨੂੰ ਕਵਿਤਾ ਦੀ ਸ਼ਕਤੀ ਦੇ ਸਮਵਿੱਥ ਰੱਖ ਕੇ ਵਿਖਾ ਰਿਹਾ ਹੈ ।
"ਆਪਣੇ ਆਪ ਨਾਲ
ਲੜਨ ਸਿਖਾਉਂਦੀ ਹੈ ਕਵਿਤਾ
ਸਾਨੂੰ ਦੱਸਦੀ ਹੈ
ਕਿ ਸੁਹਜ ਦਾ ਘਰ,
ਸਹਿਜ ਦੇ ਬਹੁਤ ਨੇੜੇ ਹੁੰਦਾ ਹੈ।
ਸਬਰ ਨਾਲ
ਜਬਰ ਦਾ ਕੀ ਰਿਸ਼ਤਾ ਹੈ?
ਤਪਦੀ ਤਵੀ ਕਿਵੇਂ ਠਰਦੀ ਹੈ?
ਤਵੀ ਤਪੀਸ਼ਰ ਸਿਦਕਵਾਨ
ਸ਼ਬਦ ਸਿਰਜਕ ਤੇ ਵਹਿਣ ਸਾਰ ਰਾਵੀ
ਸਿਦਕੀ ਲਈ ਕਿਵੇਂ ਬੁੱਕਲ ਬਣਦੀ ਹੈ।"
(ਕਵਿਤਾ ਲਿਖਿਆ ਕਰੋ )
ਕਵੀ ਆਪਣੇ ਅਤੀਤ ਦੇ ਸਬਕ ਸਦਾ ਯਾਦ ਰੱਖਦਾ ਹੈ। ਦਸਮੇਸ਼ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਜ਼ਾਲਮ ਦਿੱਲੀਸ਼ਾਹੀ ਦੀਆਂ ਨੀਂਹਾਂ ਹਿਲਾਉਣ ਵਾਲੀ ਸਿੱਧ ਹੋਈ। ਇਸੇ ਲਈ ਸਾਡਾ ਸ਼ਾਇਰ ਉਨ੍ਹਾਂ ਦੇ ਵੱਡੇ ਕਾਰਨਾਮੇ ਤੋਂ ਹਮੇਸ਼ਾ ਪ੍ਰੇਰਨਾ ਲੈ ਕੇ ਹੱਕ, ਸੱਚ ਤੇ ਨਿਆਂ ਦੀ ਲੜਾਈ ਲਈ, ਜੂਝਣ ਵਾਲਿਆਂ ਦਾ ਰਾਹ ਰੌਸ਼ਨ ਕਰਦਾ ਹੈ-
"ਤੇਰਾਂ ਪੋਹ ਦਾ ਧਿਆਨ ਧਾਰਿਓ
ਮੇਰੇ ਵੱਲ ਵੀ ਝਾਤ ਮਾਰਿਓ,
ਜੋ ਫ਼ਰਜ਼ੰਦਾਂ ਚਰਖਾ ਗੇੜਿਆ,
ਸਾਂਭੋ ਉਹ ਸਭ ਪੂਣੀਆਂ ਕੱਤੀਆਂ।"
(ਸਰਹਿੰਦ ਦਾ ਸੁਨੇਹਾ)
ਸਿੱਖ ਗੁਰੂਆਂ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਸ਼ਹਾਦਤਾਂ ਦੇ ਨਾਲ ਨਾਲ ਗੁਰਭਜਨ ਗਿੱਲ ਪੰਜਾਬ ਵਿੱਚ ਬਸਤੀਵਾਦ ਵਿਰੋਧੀ ਕੂਕਾ ਲਹਿਰ ਦੀਆਂ ਸਤਿਗੁਰੂ ਰਾਮ ਸਿੰਘ ਜੀ ਦੀ ਅਗਵਾਈ ਵਿਚ ਦਿੱਤੀਆਂ ਦਿਲ ਕੰਬਾਊ ਸ਼ਹਾਦਤਾਂ ਦਾ ਵੀ ਜ਼ਿਕਰ ਕਰਦਾ ਹੈ ਕਿਉਂਕਿ ਮਲੇਰਕੋਟਲੇ ਵਿਚ 65 ਕੂਕੇ ਸਿੰਘਾਂ ਦਾ ਤੋਪਾਂ ਨਾਲ ਉਡਾਇਆ ਜਾਣਾ, ਸਾਡੇ ਲੋਕ ਅਵਚੇਤਨ ਦਾ ਸਦੀਵੀ ਭਾਗ ਬਣ ਗਿਆ ਹੈ।
"ਕੂਕੇ ਕੂਕ ਕੂਕ ਬੋਲੇ,
ਅਡੋਲ ਰਹੇ ਕਦਮ ਨਾ ਡੋਲੇ।
ਪੌਣਾਂ 'ਚ ਘੁਲ ਗਏ ਜੈਕਾਰੇ
ਦਸਮੇਸ਼ ਦੇ ਲਾਡਲੇ,
ਬਾਬਾ ਰਾਮ ਸਿੰਘ ਦੇ ਮਾਰਗ ਪੰਥੀ
ਗਊ ਗ਼ਰੀਬ ਰਖਵਾਲੇ
ਮਸਤ ਮਤਵਾਲੇ।
ਕਣ ਕਣ ਕਰੇ ਉਜਾਲੇ।
ਗੁਰੂ ਰੰਗ ਰੱਤੀਆਂ।
ਇੱਕੋ ਥਾਂ ਨਿਰੰਤਰ
ਜਗਦੀਆਂ ਮਘਦੀਆਂ
ਛਿਆਹਠ ਮੋਮਬੱਤੀਆਂ।"
....(ਕੂਕੇ ਸ਼ਹੀਦਾਂ ਨੂੰ ਚਿਤਵਦਿਆਂ)
ਗੁਰੂ ਸਾਹਿਬਾਨ ਦੀਆਂ ਪ੍ਰਕਾਸ਼ ਸ਼ਤਾਬਦੀਆਂ ਤਾਂ ਅਸੀਂ ਬੜੀ ਧੂਮਧਾਮ ਨਾਲ ਮਨਾਉਂਦੇ ਹਾਂ। ਆਦਿ ਗੁਰੂ ਬਾਬਾ ਨਾਨਕ ਜੀ ਦੀ 550ਵੀਂ ਪ੍ਰਕਾਸ਼ ਸ਼ਤਾਬਦੀ, ਥਾਂ ਥਾਂ ਤੇ ਇੱਕ ਦੂਜੇ ਤੋਂ ਵਧ ਚੜ੍ਹ ਕੇ ਮਨਾਈ ਗਈ ਪਰ ਗੁਰੂ ਨਾਨਕ ਪਾਤਸ਼ਾਹ ਦੀ ਸਿੱਖਿਆ ਤੋਂ ਤਾਂ ਅਸੀਂ ਆਪਹੁਦਰੇ , ਅੱਖੜ, ਸੁਆਰਥੀ, ਕੁਨਬਾ ਪਾਲ ਲੋਕ, ਦਿਨੋਂ ਦਿਨ ਦੂਰ ਹੁੰਦੇ ਜਾ ਰਹੇ ਹਾਂ। ਬਾਬਾ ਨਾਨਕ ਜੀ ਦੇ ਨਾਲ ਪਰਛਾਵੇਂ ਵਾਂਗ ਜੁੜੇ ਰਹੇ ਭਾਈ ਮਰਦਾਨੇ ਦੇ ਵੰਸ਼ਜਾਂ ਨੂੰ ਮਰਿਆਦਾ ਦੇ ਨਾਮ ਤੇ ਅਸੀਂ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਕੀਰਤਨ ਕਰਨ ਤੋਂ ਬਿਨਾਂ ਖਾਲੀ ਮੋੜ ਦਿੰਦੇ ਹਾਂ। ਇਸ ਲਈ ਕਵੀ ਨੂੰ ਇਨ੍ਹਾਂ ਸਾਰੇ ਸਮਾਗਮਾਂ ਵਿੱਚੋਂ ਗੁਰੂ ਬਾਬਾ ਗ਼ੈਰਹਾਜ਼ਰ ਨਜ਼ਰ ਆਉਂਦਾ ਹੈ।
"ਥਾਂ ਥਾਂ ਤੰਬੂ ਅਤੇ ਕਨਾਤਾਂ
ਪਹਿਲਾਂ ਨਾਲੋਂ ਕਾਲੀਆਂ ਰਾਤਾਂ ।
ਦਿਨ ਵੀ ਜਿਉਂ ਘਸਮੈਲਾ ਵਰਕਾ ਮਨ ਪਰਦੇਸ ਸਿਧਾਇਆ
ਨਾਨਕ ਨਹੀਂ ਆਇਆ।"
(ਭੈਣ ਨਾਨਕੀ ਵੀਰ ਨੂੰ ਲੱਭਦਿਆਂ )
ਅਭਿਵਿਅਕਤੀ ਦੀ ਸੁਤੰਤਰਤਾ ਤੇ ਰੋਕ ਲੱਗ ਰਹੀ ਹੈ। ਸਰਕਾਰ ਦੇ ਵਿਰੋਧ ਨੂੰ ਰਾਸ਼ਟਰ ਦਾ ਵਿਰੋਧ ਸਮਝਣ ਦੀ ਹਿਮਾਕਤ ਕੀਤੀ ਜਾਂਦੀ ਹੈ। ਨਰੋਈ ਸੋਚ ਅਤੇ ਜਾਗਦੀ ਜ਼ਮੀਰ ਵਾਲੇ ਵਿੱਦਿਅਕ ਅਦਾਰਿਆਂ ਵਿਚ ਪਡ਼੍ਹਨ ਆਏ ਧੀਆਂ ਪੁੱਤਰਾਂ ਨੂੰ, ਗੁੰਡਿਆਂ ਤੋਂ ਪੁਲੀਸ ਦੀ ਮੌਜੂਦਗੀ ਵਿਚ ਕੁਟਵਾਇਆ ਜਾਂਦਾ ਹੈ। ਅਦਾਲਤਾਂ ਦੀ ਮੌਜੂਦਗੀ ਵਿੱਚ ਵਕੀਲ 'ਵਿਰੋਧੀ ਆਵਾਜ਼ਾਂ' ਨਾਲ ਹੱਥੋਪਾਈ ਤੇ ਉੱਤਰ ਆਉਂਦੇ ਹਨ। ਅਜੀਬ ਵਹਿਸ਼ਤ ਦਾ ਦੌਰ ਹੈ। ਇਸ ਦੌਰ ਦੀਆਂ ਜਿਊਣ ਯੋਗ ਘਟਨਾਵਾਂ ਨੂੰ ਵੀ ਕਵੀ ਕਲਮਬੰਦ ਕਰਕੇ ਸਾਂਭ ਲੈਂਦਾ ਹੈ। ਉਹ ਅਰਥਾਂ ਦੇ ਅਨਰਥ ਹੁੰਦੇ ਨਹੀਂ ਵੇਖ ਸਕਦਾ ਤੇ ਅਰਥਾਂ ਦੀ ਸਾਰਥਿਕਤਾ ਤੇ ਰਸ਼ਕ ਕਰਦਾ ਹੈ। ਉਸ ਲਈ ਦੀਪਿਕਾ ਪਾਦੁਕੋਨ ਦਾ ਅਰਥ ਹੈ ਪ੍ਰਕਾਸ਼ ਜਾਈ। ਉਸ ਅਦਾਕਾਰਾ ਨੂੰ ਸਮਰਪਿਤ ਅਨੂਠੇ ਕਾਵਿ ਬੋਲ ਹਨ-
"ਜੇ ਤੂੰ ਸਿਨੇਮਾ ਸਕਰੀਨ ਤੋਂ ਉੱਤਰ
ਹੱਕ ਸੱਚ ਇਨਸਾਫ ਲਈ ਲੜਦੀ ਬੰਗਾਲ ਦੀ ਜਾਈ ਆਇਸ਼ਾ ਘੋਸ਼ ਦਾ,
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਚ ਜਾ ਕੇ ਜ਼ਖ਼ਮੀ ਮੱਥਾ ਨਾ ਚੁੰਮਦੀ,
ਤਾਂ ਮੈਨੂੰ ਭਰਮ ਰਹਿਣਾ ਸੀ,
ਕਿ ਮਾਪਿਆਂ ਦੇ ਰੱਖੇ ਨਾਮ
ਵਿਅਰਥ ਹੀ ਹੁੰਦੇ ਹਨ ।
ਤੂੰ ਦੱਸਿਆ
"ਤ੍ਰਿਸ਼ੂਲਾਂ, ਕਿਰਪਾਨਾਂ,
ਡਾਕੂਆਂ ਦੇ ਜਮਘਟੇ ਅੰਦਰ ਘਿਰੇ ਅਸੀਂ ਇਕੱਲੇ ਨਹੀਂ ਹਾਂ
ਬਹੁਤ ਜਣੇ ਹਾਂ।"
ਘੇਰਾ ਤੋੜਨ ਦੇ ਕਾਬਲ
.....( ਪ੍ਰਕਾਸ਼ ਜਾਈ )
ਅੱਜ ਦੇਸ਼ ਦਾ ਸੰਵਿਧਾਨ ਰਹੇਗਾ ਜਾਂ ਇਸ ਦੀ ਥਾਂ 'ਮਨੂ ਸਿਮਰਤੀ' ਜਿਹਾ ਪਿਛਾਖੜ ਪੁਰਾਣ ਲਿਆਂਦਾ ਜਾਏਗਾ।
"ਮੰਨਿਆ ਕਿ
ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ, ਪਰ ਤੁਸੀਂ ਤਾੜੀ ਨਹੀਂ
ਚਪੇੜਾਂ ਮਾਰ ਰਹੇ ਹੋ।
ਵਿਧਾਨ ਦੇ ਲਾਲੋ ਲਾਲ ਕੀਤੇ ਮੂੰਹ ਤੇ।
(ਅਗਲੀ ਗੱਲ ਕਰੋ)
ਦਿੱਲੀ ਦੀਆਂ ਸਰਦਲਾਂ ਤੇ ਨਸਲਾਂ ਅਤੇ ਫ਼ਸਲਾਂ ਬਚਾਉਣ ਲਈ ਪੈਲੀ ਅਤੇ ਪੱਤ ਬਚਾਉਣ ਲਈ ਚੱਲੇ, ਇਤਿਹਾਸਕ ਕਿਸਾਨ ਅੰਦੋਲਨ ਦੀ ਧਮਕ, ਚਹੁੰਆਂ ਕੂੰਟਾਂ ਵਿੱਚ ਸੁਣੀ ਗਈ। ਕਵੀ ਇਸ ਅੰਦੋਲਨ ਦੀ ਊਰਜਾ ਸਾਡੇ ਗ਼ਦਰੀ ਬਾਬਿਆਂ ਦੁਆਰਾ ਲੜੇ ਕਿਰਤੀ ਕਿਸਾਨ ਅੰਦੋਲਨਾਂ, ਅਤੇ ਸਰਦਾਰ ਅਜੀਤ ਸਿੰਘ,ਲਾਲ ਚੰਦ ਫਲਕ ਤੇ ਸੂਫ਼ੀ ਅੰਬਾ ਪ੍ਰਸ਼ਾਦਿ ਆਦਿ ਦੁਆਰਾ ਲੜੇ 'ਪਗੜੀ ਸੰਭਾਲ ਜੱਟਾ' ਲਹਿਰ ਵਿੱਚੋਂ ਤਲਾਸ਼ਦਾ ਹੈ। ਸਾਡੇ ਕਿਸਾਨ ਅੰਦੋਲਨ ਦੀ ਵਿਸ਼ੇਸ਼ਤਾ ਹੈ ਕਿ ਦੁਸਹਿਰੇ ਦੇ ਦਿਨ ਰਾਵਣ ਦੀ ਥਾਂ ਖੂਨ ਪੀਣੇ ਕਾਰਪੋਰੇਟਾਂ ਦੇ ਪੁਤਲੇ ਸਾੜੇ ਗਏ।
ਕਿਸਾਨ ਅੰਦੋਲਨ ਅੱਗੇ ਸੱਤਾ ਅਤੇ ਉਸਦੀ ਸਿਧਾਂਤਕ ਜੁੰਡਲੀ ਬੇਵੱਸ ਨਜ਼ਰ ਆਈ। ਇਸੇ ਨੂੰ ਕਹਿੰਦੇ ਹਨ ਹੇਠਲੀ ਉੱਤੇ ਆਉਣੀ।
"ਨਹਿਰਾਂ ਚ ਡੱਕੇ ਮੋਗੇ ਖੋਲ੍ਹੇ ਨੇ ਬਾਬਿਆਂ
ਹਰਸਾ ਛੀਨਾ ਅੱਜ ਵੀ ਵੰਗਾਰਦਾ ਹੈ ਮਾਲਵੇ ਚੋਂ ਬਿਸਵੇਦਾਰਾਂ ਨੂੰ
ਭਜਾਇਆ ਸੀ ਸੁਤੰਤਰ ਦੇ ਸਾਥੀ ਮੁਜ਼ਾਰਿਆਂ।
ਕਿਸ਼ਨ ਗੜ੍ਹੋਂ।
ਦਬੋਚ ਲਿਆ ਸੀ ਪਿੰਡ ਪਿੰਡ ਮੰਡੀ ਮੰਡੀ
ਸਫ਼ੈਦਪੋਸ਼ਾਂ ਨੂੰ ਸੁਰਖ਼ ਪੋਸ਼ਾਂ ਪਾਈਆਂ ਭਾਜੜਾਂ
ਇਤਿਹਾਸ ਨੇ ਵੇਖਿਆ।
"ਪਰ ਇਹ ਤੱਕਿਆ ਪਹਿਲੀ ਵਾਰ ਵੱਖਰਾ ਸੂਰਜ
ਨਵੀਆਂ ਕਿਰਨਾਂ ਸਮੇਤ ਚੜ੍ਹਿਆ ਦੁਸ਼ਮਣ ਦੀ ਨਿਸ਼ਾਨਦੇਹੀ ਕੀਤੀ ਹੈ।ਕਾਰਪੋਰੇਟ ਘਰਾਣਿਆਂ ਦੇ
ਕੰਪਨੀ ਸ਼ਾਹਾਂ ਨੂੰ
ਰਾਵਣ ਦੇ ਨਾਲ ਫੂਕਿਆ ਹੈ।
ਦੁਸਹਿਰੇ ਦੇ ਅਰਥ ਬਦਲੇ ਨੇ।
"ਪਹਿਲੀ ਵਾਰ ਹੋਇਆ ਹੈ ਕਿ
ਖੇਤ ਅੱਗੇ ਅੱਗੇ ਤੁਰ ਰਹੇ ਨੇ। ਕੁਰਸੀਆਂ ਮਗਰ ਮਗਰ ਫਿਰਦੀਆਂ,
ਬਿਨ ਬੁਲਾਏ ਬਰਾਤੀ ਵਾਂਗ।
ਮਨੂ ਸਮਰਿਤੀ ਤੋਂ ਬਾਅਦ/
ਨਵੇਂ ਅਛੂਤ ਐਲਾਨੇ ਗਏ ਹਨ ਨੇਤਾਗਣ।
"ਕਿਤਾਬਾਂ ਤੋਂ ਬਹੁਤ ਪਹਿਲਾਂ
ਵਕਤ ਬੋਲਿਆ ਹੈ।
ਨਾਗਪੁਰੀ ਸੰਤਰਿਆਂ ਦਾ ਰੰਗ,
ਫੱਕ ਹੋਇਆ ਹੈ ਲੋਕ ਦਰਬਾਰੇ।
ਪਹਿਲੀ ਵਾਰ
ਤੱਥ ਸਿਰ ਚੜ੍ਹ ਬੋਲੇ ਹਨ
ਬੇਬਾਕ ਹੋ ਕੇ।
ਧਰਤੀ ਪੁੱਤਰਾਂ ਨੇ ਸਵਾ ਸਦੀ ਬਾਅਦ ਪਗੜੀ ਸੰਭਾਲੀ ਹੈ।
ਸਿਆੜਾਂ ਦੀ ਸਲਾਮਤੀ ਲਈ।"
(ਪਹਿਲੀ ਵਾਰ)
ਕਵੀ ਦੀਆਂ ਖ਼ਿਆਲ ਉਡਾਰੀ ਸੂਖ਼ਮ ਭਾਵਾਂ ਦੀ ਤਰਜਮਾਨੀ ਕਰਦੀ, ਬਾਰੀਕੀਆਂ ਦੀ ਸਿਖਰ ਛੋਂਹਦੀ, ਨਿੱਘੀਆਂ ਧੁੱਪਾਂ ਅਤੇ ਠੰਢੀਆਂ ਛਾਵਾਂ ਜਿਹੀ ਕਵਿਤਾ, ਚੀਚ ਵਹੁਟੀ ਦੇ ਮਖ਼ਮਲੀ ਪਹਿਰਨ ਜਿਹੀ ਸ਼ਬਦਾਵਲੀ, ਲੋਕ ਰੰਗ ਵਿੱਚ ਡੁੱਬੇ ਹੋਏ ਫ਼ਿਕਰੇ, ਸੂਫ਼ੀਆਂ ਦੇ ਪਹਿਨਣ ਜਿਹਾ ਖੁੱਲ੍ਹਾ ਡੁੱਲਾ ਮੋਕਲਾ ਕਾਵਿ ਲਿਬਾਸ, ਗੁਰਭਜਨ ਗਿੱਲ ਦੀ ਕਵਿਤਾ ਦੀ ਅਨੂਪਮ ਸ਼ੈਲੀ ਸਿਰਜਦੇ ਹਨ।
ਉਹ ਸੇਵਾ ਸਿੰਘ ਭਾਸ਼ੋ ਜਿਹੇ ਸਿਆਣੇ ਮਿੱਤਰ ਦੇ ਬਹਾਨੇ ਕਾਵਿ ਸੰਵਾਦ ਸਿਰਜਦਾ ਹੈ।
"ਚੁੱਪ ਨਾ ਬੈਠਿਆ ਕਰੋ
ਕੋਈ ਜਣਾ ਕੋਲ ਨਾ ਹੋਵੇ,
ਤਾਂ ਕੰਧਾਂ ਨਾਲ
ਗੁਫ਼ਤਗੂ ਕਰਿਆ ਕਰ।
ਖ਼ੁਦ ਨੂੰ ਆਪੇ ਹੁੰਗਾਰਾ ਭਰਨ ਦੀ
ਜਾਚ ਸਿੱਖੋ।
ਆਪਣੇ ਤੋਂ ਵਧੀਆ
ਹੋਰ ਕੋਈ ਸਾਥੀ ਨਹੀਂ।
ਸ਼ੀਸ਼ੇ ਨਾਲ
ਵਾਰਤਾਲਾਪ ਕਰਿਆ ਕਰੋ।
ਬੰਦਾ ਚਾਹੇ ਤਾਂ ਉਮਰ ਨੂੰ
ਬੰਨ੍ਹ ਕੇ ਬਿਠਾ ਸਕਦਾ ਹੈ।"
"ਇਨ੍ਹਾਂ ਹਿੱਸੇ ਆਉਂਦੀ ਪੈਂਤੀ ਅੱਖਰੀ,
ਗੁਆਚ ਗਈ ਹੈ ਛਣਕਣੇ ਦੀ ਉਮਰੇ
ਆਪਣੇ
ਰੋਂਦੂ ਜਿਹੇ ਹਾਣੀਆਂ ਤੋਂ ਸਾਵਧਾਨ।
ਇਹ ਤੁਹਾਡੇ ਚਾਵਾਂ ਦੀ ਮਾਚਿਸ ਨੂੰ,
ਸਿੱਲੀ ਕਰ ਦਿੰਦੇ ਨੇ ਹੋਕਿਆਂ ਨਾਲ।
ਨਾ ਅਗਨ ਨਾ ਲਗਨ
ਨਿਰੀ ਨੇਸਤੀ ਜਿਹੇ ਪ੍ਰਛਾਵੇਂ
ਲਾਗੇ ਨਾ ਲੱਗਣ ਦਿਓ।
" ਚਾਵਾਂ ਨਾਲ ਖੇਡਦਿਆਂ ਬੰਦਾ ਬੁੱਢਾ ਨਹੀਂ ਹੁੰਦਾ।"
......( ਭਾਸ਼ੋ ਜਦ ਵੀ ਬੋਲਦੈ )
ਸੱਚ ਦਾ ਚਿਹਰਾ ਮੁਹਰਾ ਬਹੁਤ ਕਰੂਰ ਹੁੰਦਾ ਹੈ। ਦਿੱਲੀ ਦੇਸ਼ ਦੀ ਕੇਂਦਰੀ ਸੱਤਾ ਦੀ ਪ੍ਰਤੀਕ ਹੈ। ਇਹ ਸਦੀਆਂ ਤੋਂ ਅਨੇਕ ਵੇਰ ਉੱਜੜੀ ਹੈ। ਕਵੀ ਦੇ ਸ਼ਬਦਾਂ ਵਿੱਚ ਸੱਤ ਵਾਰੀ ਜੋ ਵੱਡਿਆ ਤੋਂ ਸੁਣਿਆ। ਪਰ ਦਿੱਲੀ ਦੇ ਉੱਜੜਨ ਦੇ ਨਾਲ ਲੱਖਾਂ ਲੋਕ ਉੱਜੜਦੇ ਹਨ। ਦਿੱਲੀ ਤਾਂ ਮੁੜ ਵੱਸ ਜਾਂਦੀ ਹੈ ਪਰ ਉਸ ਦੇ ਉਜਾੜੇ ਲੋਕ, ਸ਼ਾਇਦ ਸਦੀਆਂ ਤਕ ਭਟਕਦੇ ਫਿਰਦੇ ਹਨ। ਰਾਜੇ ਪਾਂਡਵਾਂ ਦੀ ਨਸਲ ਹੁਣ ਪੰਡਾਂ ਢੋਂਹਦੀ ਹੈ। ਮੁਗਲ ਬਾਦਸ਼ਾਹਾਂ ਦੇ ਵੰਸ਼ਜ਼ ਰੇਲਵੇ ਸਟੇਸ਼ਨਾਂ ਤੇ ਚਾਹ ਦੀਆਂ ਜੂਠੀਆਂ ਪਿਆਲੀਆਂ ਧੋਂਦੇ ਹਨ।
1984 ਦੀ ਹਿੰਸਾ ਵਿੱਚ ਮਾਰੇ ਗਏ ਸਿੱਖਾਂ ਦੀਆਂ ਵਿਧਵਾਵਾਂ ਨਿਆਂ ਲਈ ਦਰ ਦਰ ਭਟਕ ਰਹੀਆਂ ਹਨ। ਆਜ਼ਾਦੀ ਘੁਲਾਟੀਆਂ ਦੀ ਸੰਤਾਨ ਦਰਬਾਨ ਬਣ ਕੇ ਜੂਨ ਗੁਜ਼ਾਰਾ ਕਰਦੀ ਹੈ। ਇਤਿਹਾਸ ਨਾਲ ਕੋਝਾ ਮਜ਼ਾਕ ਹੈ ਪੁਰਾਣੀਆਂ ਥਾਵਾਂ, ਸ਼ਹਿਰਾਂ, ਇਮਾਰਤਾਂ ਦੀ ਧਰਮ ਆਧਾਰਿਤ ਨਾਮ ਬਦਲੀ। ਕਵੀ ਇਸ ਅਸਹਿਜ ਕਰਨ ਵਾਲੇ ਵਰਤਾਰੇ ਤੇ ਬਿਹੰਗਮ ਦ੍ਰਿਸ਼ਟੀ ਪਾਉਂਦਾ ਹੈ-
"ਮਾਲਕ ਪਾਂਡਵ ਪਾਂਡੀ ਬਣ ਗਏ ਨੇ ਰੇਲਵੇ ਸਟੇਸ਼ਨ ਤੇ।
ਮਰ ਚੱਲੇ ਨੇ ਪੰਡਾਂ ਢੋਂਹਦੇ ਢੋਂਹਦੇ।
ਲੰਗੜਾ ਤੈਮੂਰ ਹੋਵੇ
ਜਾਂ ਨਾਦਰਸ਼ਾਹ
ਫਿਰੰਗੀਆਂ ਤੀਕ ਲੰਮੀ ਕਤਾਰ
ਅੱਥਰੇ ਘੋੜਿਆਂ ਦੀ।
ਮਿੱਧਦਾ ਫਿਰੇ ਜੋ ਰੀਝਾਂ ਪਰੁੱਚਿਆ ਫੁਲਕਾਰੀ ਜਿਹਾ ਦੇਸ਼।
"ਲਾਲ ਕਿਲ੍ਹੇ ਦੀ ਫ਼ਸੀਲ ਵੀ,
ਕੁਫ਼ਰ ਸੁਣ ਸੁਣ
ਅੱਕ ਥੱਕ ਗਈ ਹੈ।
ਪੁਰਾਣੀਆਂ ਕਿਤਾਬਾਂ ਉਹੀ ਸਬਕ।ਸਿਰਫ਼ ਜੀਭ ਬਦਲਦੀ ਹੈ।
"ਕੁਰਬਾਨੀਆਂ ਵਾਲੇ ਪੁੱਛਦੇ ਹਨ,
ਕੌਣ ਹਨ ਇਹ ਟੋਡੀ ਬੱਚੇ?
ਰਾਏ ਬਹਾਦਰ, ਸਰਦਾਰ ਬਹਾਦੁਰ,
ਪਰ ਕ੍ਰਿਪਾਨ ਬਹਾਦੁਰ ਕਿੱਧਰ ਗਏ?ਜਵਾਬ ਮਿਲਦੈ
ਸਾਡੇ ਦਰਬਾਨ ਹਨ
ਸ਼ਾਹੀ ਬੂਹਿਆਂ ਤੇ।
"ਜਿਨ੍ਹਾਂ ਦੇ ਗਲਮੇ ਚ ਹਾਰ ਨੇ
ਬਲ਼ਦੇ ਟਾਇਰਾਂ ਦੇ।
ਰਾਜ ਬਦਲੀ ਨਹੀਂ ਹਾਲੇ ਡਾਇਰਾਂ ਦੇ। ਦਿੱਲੀ ਨਹੀਂ ਉੱਜੜਦੀ
ਸਿਰਫ਼ ਉਜਾੜਦੀ ਹੈ।
(ਦਿੱਲੀ ਆਪ ਨਹੀਂ ਉੱਜੜਦੀ)
ਕਦੇ ਪ੍ਰੋਫ਼ੈਸਰ ਮੋਹਨ ਸਿੰਘ ਹੁਰਾਂ ਨੇ ਧਰਤੀ ਦੇ ਦੋ ਟੋਟਿਆਂ ਦਾ ਜ਼ਿਕਰ ਕੀਤਾ ਸੀ।
ਇੱਕ ਲੋਕਾਂ ਦਾ ਤੇ ਇੱਕ ਜੋਕਾਂ ਦਾ ਦੇ ਰੂਪ ਵਿੱਚ ਵਿਖਿਆਨ ਕੀਤਾ ਸੀ ਪਰ ਸਾਡਾ ਕਵੀ ਤਾਂ ਗੱਲ ਹੋਰ ਅੱਗੇ ਲੈ ਜਾਂਦਾ ਹੈ ਜਦੋਂ ਲੋਕਾਂ ਦੇ ਹਿੱਸੇ ਦਾ ਟੋਟਾ ਵੀ ਸਰਕਾਰੀ ਮਿਲੀਭੁਗਤ ਨਾਲ ਕਾਰਪੋਰੇਟ ਹੜੱਪ ਰਹੇ ਹਨ।
"ਤੁਸੀਂ ਨਹੀਂ ਜਾਣ ਸਕੋਗੇ
ਚੂਰੀਆਂ ਖਾਣਿਓਂ।
ਇਕ ਹੋ ਕੇ ਵੀ ਧਰਤੀ ਦੇ ਦੋ ਟੁਕੜੇ ਨੇ, ਅੱਧਾ ਤੁਹਾਡਾ
ਤੇ ਦੂਸਰਾ ਅੱਧਾ ਵੀ ਸਾਡਾ ਨਹੀਂ।"
( ਕੋਲੋਂ ਲੰਘਦੇ ਹਾਣੀਓਂ )
ਕਵੀ ਦੀ ਕਵਿਤਾ ਦੇ ਸੋਮੇ ਹਨ ਉਸ ਦੇ ਲੋਕ, ਉਨ੍ਹਾਂ ਨਾਲ ਵਾਪਰਦਾ ਦੁੱਖ ਸੁਖ। ਸਾਡਾ ਆਲਾ ਦੁਆਲਾ ਅਤੇ ਦੇਸ਼ ਦੁਨੀਆਂ ਵਿੱਚ ਵਾਪਰਦੀਆਂ ਘਟਨਾਵਾਂ।
"ਉਸ ਕਿਹਾ ਤੂੰ ਕਿੱਥੋਂ ਲੈਂਦਾ ਹੈਂ
ਕਵਿਤਾ ਦਾ ਨੀਲਾਂਬਰ
ਫੁਲਕਾਰੀ ਵਰਗੀ ਧਰਤੀ ਨੂੰ ਕਿਵੇਂ ਗੀਤਾਂ ਚ ਪਰੋ ਲੈਂਦਾ ਹੈ?
ਮੈਂ ਕਿਹਾ !
ਸਭ ਕੁਝ ਉਧਾਰਾ ਹੈ, ਇਧਰੋਂ ਉਧਰੋਂ।"
( ਮੈਂ ਉਸਨੂੰ ਪੁੱਛਿਆ)
ਸਾਡੇ ਗੁਰੂ ਸਾਹਿਬਾਨ ਨੇ ਲੜਕੀਆਂ ਮਾਰਨ ਦੇ ਭੈੜੇ ਰਿਵਾਜ ਦੇ ਖ਼ਿਲਾਫ਼ ਝੰਡਾ ਬੁਲੰਦ ਕੀਤਾ ਸੀ ,ਪਰ ਕੰਨਿਆ ਭਰੂਣ ਹੱਤਿਆ, ਸਾਡੇ ਸਮੇਂ ਦਾ ਵਰਤਾਰਾ ਬਣ ਗਿਆ ਹੈ। ਗੁਰਭਜਨ ਗਿੱਲ ਨੇ ਸਮਾਜ ਦੇ ਇਸ ਕੋਹੜ ਤੇ ਵੀ ਉਂਗਲ ਰੱਖ ਕੇ ਆਪਣੀ ਜਾਗਰਿਤ ਸੋਚ ਦਾ ਸਬੂਤ ਦਿੱਤਾ ਹੈ।
ਰੱਖੜੀ ਵਿਆਹ ਦੀਆਂ ਵਾਗਾਂ ਗੁੰਦਣੀਆਂ ਆਦਿ ਰੀਤੀ ਰਿਵਾਜ, ਲੜਕੀਆਂ ਦੀ ਗੈਰ ਹਾਜ਼ਰੀ ਵਿਚ ਕਿਵੇਂ ਨਿਭਣਗੇ?
"ਨਾ ਗਿੱਧੇ ਦੀ ਧਮਕ
ਨਾ ਰਿਸ਼ਤਿਆਂ ਚ ਚਮਕ।
ਸਾਰਾ ਕੁਝ ਬਦਰੰਗ ਹੋ ਜਾਂਦਾ ਹੈ
ਧੀਆਂ ਬਗੈਰ।
ਪੀਂਘ ਤਰਸਦੀ ਹੈ,
ਸੂਰਜ ਨੂੰ ਹੱਥ ਲਾ ਕੇ ਪਰਤਣ ਵਾਲੀ ਚੰਚਲੋ ਨੂੰ ਬੇਕਰਾਰ।
"ਕਿਤਾਬਾਂ ਤੇ ਕੁੜੀਆਂ ਪਿਆਰੀਏ।ਸੁਪਨੇ ਤੇ ਧੀਆਂ ਕਦੇ ਕੁੱਖ ਨਾ ਮਾਰੀਏ।"
( ਕੰਧ ਤੇ ਲਿਖਿਆ ਪੜ੍ਹੋ )
1947 ਤੂੰ ਪਹਿਲਾਂ ਭਾਰਤ ਤੇ ਪਾਕਿਸਤਾਨ ਇੱਕ ਹੀ ਮੁਲਕ ਸੀ। ਬਟਵਾਰੇ ਤੋਂ ਬਾਅਦ ਪਹਿਲਾ ਦੋ ਅਤੇ ਫਿਰ 1971 ਵਿੱਚ ਤੀਜਾ ਬੰਗਲਾਦੇਸ਼, ਇਸ ਧਰਤੀ ਦੇ ਤਿੰਨ ਟੋਟੇ ਹੋ ਗਏ। ਕਸ਼ਮੀਰ ਦਾ ਮਸਲਾ, ਭਾਰਤ ਪਾਕਿਸਤਾਨ ਵਿਚਲੇ ਸਦੀਵੀ ਟਕਰਾਅ ਦਾ ਵਿਸ਼ਾ ਬਣ ਗਿਆ। ਦੋਹਾਂ ਦੇਸ਼ਾਂ ਦੇ ਥੁੜ੍ਹੇ ਟੁੱਟੇ ਪਰਿਵਾਰਾਂ ਦੇ ਬੱਚੇ, ਜੰਗ ਦਾ ਖਾਜਾ ਬਣਦੇ ਹਨ। ਕਵੀ ਹਿਰਦਾ ਤੜਪ ਉੱਠਦਾ ਹੈ ਜਦੋਂ ਹੱਦ ਦੇ ਦੋਹੀਂ ਪਾਸੀਂ ਬੇਦੋਸ਼ੇ ਗੱਭਰੂਆਂ ਦਾ ਅਜਾਈਂ ਖ਼ੂਨ ਵਹਿੰਦਾ ਹੈ। ਸਾਡੀਆਂ ਸਾਂਝੀਆਂ ਦੁਸ਼ਮਣ ਭੁੱਖ, ਅਨਪੜ੍ਹਤਾ, ਮਾੜੀ ਸਿਹਤ, ਜਹਾਲਤ ਅਤੇ ਬੇਰੁਜ਼ਗਾਰੀ ਹਨ।
ਹੇਠਲੀ ਕਵਿਤਾ ਵਿਚ ਕਵੀ ਅਖੌਤੀ ਤੁਅਸਬਾਂ ਤੋਂ ਉੱਪਰ ਉੱਠ ਕੇ, ਦੋਹਾਂ ਗੁਆਂਢੀ ਮੁਲਕਾਂ ਲਈ ਅਮਨ ਦੀ ਖ਼ੈਰ ਮੰਗਦਾ ਹੈ-
"ਗ਼ਰਜ਼ਾਂ ਖ਼ਾਤਰ ਕੱਚੀਆਂ ਵਿਹੜਿਆਂ
ਪੁੱਤਰ ਘੱਲੇ ਕਰਨ ਕਮਾਈਆਂ।
ਇਹ ਕਿਉਂ ਘਰ ਨੂੰ ਲਾਸ਼ਾਂ ਆਈਆਂ?ਚਿੱਟੀਆਂ ਚੁੰਨੀਆਂ ਦੇਣ ਦੁਹਾਈਆਂ।
"ਹੱਦਾਂ ਤੇ ਸਰਹੱਦਾਂ ਆਦਮ ਖਾਣੀਆਂ ਡੈਣਾਂ।
ਜਿਸਰਾਂ ਜੰਗ ਤੇ
ਗੁਰਬਤ ਦੋਵੇਂ ਸਕੀਆਂ ਭੈਣਾਂ।
ਵਾਰ ਵਾਰ ਇਹ ਖੇਡਣ ਹੋਲੀ।
ਕੁਰਸੀ ਦੇ ਕਲਜੋਗਣ ਬੋਲਣ ਇਕ ਹੀ ਬੋਲੀ
ਸਿੱਧੇ ਮੂੰਹ ਨਾ ਦਿੰਦੀਆਂ ਉੱਤਰ।
ਖਾ ਚੱਲੀਆਂ ਨੇ ਸਾਡੇ ਪੁੱਤਰ।
ਲਾਸ਼ ਲਪੇਟਣ ਦੇ ਕੰਮ ਲੱਗੇ ਕੌਮੀ ਝੰਡੇ।
ਹੁਕਮ ਹਕੂਮਤ ਖਾਣ ਚ ਰੁੱਝੇ ਹਲਵੇ ਮੰਡੇ।
"ਰਾਵੀ ਤੇ ਜੇਹਲਮ ਦਾ ਪਾਣੀ
ਅੱਕ ਚੁੱਕੀਆਂ ਸੁਣ ਦਰਦ ਕਹਾਣੀ।
ਏਧਰ ਓਧਰ
ਲਾਸ਼ਾਂ ਦੇ ਅੰਬਾਰ ਨਾ ਲਾਓ।
ਨਫ਼ਰਤ ਦੀ ਅੱਗ ਸਦਾ ਫੂਕਦੀ
ਸੁਪਨੇ ਸੂਹੇ।
ਚੁੱਲ੍ਹਿਆਂ ਅੰਦਰ ਬੀਜੇ ਘਾਹ
ਕਰਦੀ ਬੰਦ ਬੂਹੇ।
ਇਹ ਮਾਰੂ ਹਥਿਆਰ ਪਾੜਦੇ
ਸਾਡੇ ਬਸਤੇ।
ਬੰਬ ਬੰਦੂਕਾਂ ਖਾ ਚੱਲੀਆਂ ਨੇ ਪਿਆਰ ਚੁਰਸਤੇ।
ਮਿੱਧਣ ਸੁਰਖ਼ ਗੁਲਾਬ
ਨਾ ਸਮਝ ਹਾਥੀ ਮਸਤੇ।
"ਸ਼ਮਸ਼ਾਨਾਂ ਦੀ ਬਲਦੀ ਮਿੱਟੀ
ਕੂਕ ਪੁਕਾਰੇ।
ਧਰਤੀ ਨੂੰ ਨਾ ਲੰਮ ਸਲੰਮੀ ਕਬਰ ਬਣਾਓ।"
.....( ਦਰਦਨਾਮਾ)
ਅੱਜ ਦੇਸ਼ ਕਾਰਪੋਰੇਟਾਂ ਤੇ ਦਲਾਲਾਂ ਦੇ ਹੱਥ ਵਿੱਚ ਆ ਗਿਆ ਹੈ। ਭੜਕਾਊ ਨਾਅਰੇ ਸੱਤਾ ਦੀ ਕੁਰਸੀ ਦਾ ਮੰਤਰ ਹੈ, ਪਰ ਸ਼ਾਇਰ ਤਾਂ ਸਾਨੂੰ ਸੁਚੇਤ ਕਰ ਰਿਹਾ ਹੈ-
ਦਾਣਾ ਨਾ ਉਗਾਇਆ ਜਿਨ,
ਸੂਈ ਨਾ ਬਣਾਈ ਘੜੀ,
ਅੱਠੇ ਪਹਿਰ ਰਹੇ ਗਲਤਾਨ ਜੋ ਦਲਾਲੀਆਂ 'ਚ।
ਬਦਲੇ ਦੀ ਗੱਲ ਜਿਹੜਾ
ਸਾਡੇ ਮੱਥੇ ਬੀਜਦਾ ਹੈ,
ਕਦੇ ਵੀ ਨਾ ਪੀਣਾ ਜ਼ਹਿਰ
ਐਸੀਆਂ ਪਿਆਲੀਆਂ 'ਚ।"
.......(ਵਕਤ ਬੋਲਦਾ ਹੈ)
ਸਾਡੇ ਦੇਸ਼ ਦੇ ਜ਼ਾਤ ਪਾਤੀ ਸਮਾਜ ਵਿੱਚ ਕਥਿਤ ਨੀਵੀਆਂ ਜ਼ਾਤਾਂ ਦੇ ਦਿਲਾਂ ਤੇ, ਕਹੇ ਜਾਂਦੇ ਉੱਚੀਆਂ ਜ਼ਾਤਾਂ ਵਾਲੇ ਨਸ਼ਤਰ ਕਿੰਜ ਚਲਾਉਂਦੇ ਹਨ, ਕਵੀ ਆਪਣੀ ਕਵਿਤਾ ਵਿੱਚ ਬਹੁਤ ਗਹਿਰਾ ਉੱਤਰ ਕੇ ਬਿਆਨਦਾ ਹੈ, ਜਦੋਂ ਕਾਨੂੰਨੀ ਨੁਕਤੇ ਵੀ ਉਨ੍ਹਾਂ ਦੇ ਕਿਸੇ ਕੰਮ ਨਹੀਂ ਆਉਂਦੇ।
"ਕਾਨੂੰਨ ਨੂੰ ਵੀ ਟਿੱਚ ਜਾਣਦੇ ਨੇ ਇਹ
ਧੱਕਾ ਕਰਕੇ ਆਪੇ ਆਖਦੇ
ਸਬੂਤ ਪੇਸ਼ ਕਰੋ।
ਦਿਲ ਦੇ ਜ਼ਖ਼ਮ
ਐਕਸਰੇ ਚ ਨਹੀਂ ਆਉਂਦੇ।
ਹੌਕਿਆਂ ਦੀ ਸਕੈਨਿੰਗ ਨਹੀਂ ਹੁੰਦੀ। ਰੂਹ ਤੇ ਪਈਆਂ ਲਾਸਾਂ ਦਾ
ਜੁਰਮ ਨਹੀਂ ਬਣਦਾ।
ਅਰਜ਼ੀ ਵਿਚ ਇਹ ਸਾਰਾ ਕੁਝ
ਕਿਵੇਂ ਲਿਖੀਏ।
ਸਬੂਤਾਂ ਨੰਗੀ ਅੱਖ ਹੀ ਵੇਖ ਸਕਦੀ। ਇਹ ਜ਼ਬਰ ਜਾਨਣ ਲਈ
ਤੀਸਰਾ ਨੇਤਰ ਚਾਹੀਦਾ ਹੈ।
ਉਹੀ ਗ਼ੈਰਹਾਜ਼ਰ ਹੈ।"
.......(ਪਰਜਾਪਤ)
ਇਸ ਸੰਗ੍ਰਹਿ ਵਿੱਚ ਕੁਝ ਆਮ ਅਤੇ ਕੁਝ ਖਾਸ ਵਿਅਕਤੀਆਂ ਦੇ ਰੇਖਾ ਚਿੱਤਰ ਬੜੇ ਦਿਲਕਸ਼ ਅੰਦਾਜ਼ ਵਿੱਚ ਲਿਖੇ ਗਏ ਹਨ। "ਨੰਦੋ ਬਾਜ਼ੀਗਰਨੀ ਬਾਜ਼ੀਗਰ ਜੀਵਨ ਜਾਚ ਅਤੇ ਸੱਭਿਆਚਾਰ ਦੀ, ਕਬੀਲਾਈ ਸੋਚ ਨਾਲ ਪਰਣਾਈ, ਪ੍ਰਤੀਨਿਧ ਪਾਤਰ ਹੈ। ਉਸ ਨੇ ਸਾਰੀ ਉਮਰ ਬੇਸ਼ੱਕ ਲੋਕਾਂ ਦੇ ਘਰੋਂ ਮਿਲੇ ਆਟੇ ਦਾਣੇ ਦੇ ਸਿਰ ਤੇ ਗੁਜ਼ਾਰਾ ਕੀਤਾ ਹੈ, ਪਰ ਉਸ ਦਾ ਮੰਗਣਾ ਮੰਗਤਿਆਂ ਵਰਗਾ ਨਹੀਂ ,ਸਗੋਂ ਆਪਣੀ ਕਿਰਤ ਦਾ ਇਵਜ਼ਾਨਾ ਵਸੂਲਣ ਜਿਹਾ ਹੈ। ਲੋਕਾਂ ਦਾ ਮਨੋਰੰਜਨ ਕਰਦਿਆਂ ਜੁਆਨ ਪੁੱਤਰ ਬਾਜ਼ੀ ਦੀ ਤੀਹਰੀ ਛਾਲ ਲਾਉਂਦਾ ਮਾਰਿਆ ਗਿਆ।
ਇਹ ਦਰਦ ਨੰਦੋ ਨੇ ਸਾਰੀ ਉਮਰ ਹੰਢਾਇਆ। ਆਪਣੇ ਭਾਈਚਾਰੇ ਦੀਆਂ ਰਵਾਇਤਾਂ ਦੀ ਸਦਾ ਪਾਲਣਾ ਕਰਨ ਵਾਲੀ ਨੰਦੋ, ਇਕ ਮੂਲ ਵੇਦਨਾ, ਬੇਗਾਨਗੀ, ਥੁੜ੍ਹੇ ਟੁੱਟੇ ਜੀਵਨ ਦੀ ਬੇਚਾਰਗੀ ਨੂੰ ਕਦੇ ਆਪਣੇ ਉੱਪਰ ਹਾਵੀ ਨਹੀਂ ਹੋਣ ਦਿੰਦੀ। ਸਬਰ ਸ਼ੁਕਰ ਦੀ ਮੂਰਤ ਨੰਦੋ।
" ਨੰਦੋ ਚਲੰਤ ਰੇਡੀਓ ਸੀ ਬਿਨ ਬੈਟਰੀ ਤੁਰਦੀ ਫਿਰਦੀ ਅਖ਼ਬਾਰ ਸੀ,
ਬਿਨ ਅੱਖਰੋਂ।
ਸਥਾਨਕ ਖ਼ਬਰਾਂ ਵਾਲੀ।
ਵੀਹ ਤੀਹ ਪਿੰਡਾਂ ਦੀ
ਸਾਂਝੀ ਬੁੱਕਲ ਸੀ ਨੰਦੋ।
ਦੁੱਖ ਸੁੱਖ ਪੁੱਛਦੀ,
ਕਦੇ ਆਪਣਾ ਨਾ ਦੱਸਦੀ।
ਦੀਵੇ ਵਾਂਗ ਬਲਦੀ ਅੱਖ ਵਾਲੀ ਨੰਦੋ,
ਬੁਰੇ ਭਲੇ ਦਾ ਨਿਖੇੜ ਕਰਦੀ।
ਪੂਰੇ ਪਿੰਡ ਨੂੰ ਦੱਸਦੀ
ਨੀਤੋਂ ਬਦਨੀਤਾਂ ਤੇ ਸ਼ੁਭ ਨੀਤਾਂ ਬਾਰੇ।"
......(ਨੰਦੋ ਬਾਜ਼ੀਗਰਨੀ)
ਦੇਸ਼ ਤਾਂਡਵ ਪੱਖੀ ਤਮਾਸ਼ਬੀਨਾਂ ਦੇ ਹੱਥ ਆ ਗਿਆ ਹੈ। ਜਿਸ ਵਿੱਚ ਕੁਝ ਕੁ 'ਤਰੱਕੀ ਰਾਮਾਂ' ਨੂੰ ਸਿਰਫ ਉਨ੍ਹਾਂ ਦੀ ਤਰੱਕੀ ਦਾ ਫ਼ਿਕਰ ਹੈ, ਜੋ ਟਾਂਗੇ ਵਾਲੇ ਘੋੜੇ।
ਜਿਵੇਂ ਸਿਰਫ਼ ਘਰ ਤੋਂ ਦਫ਼ਤਰ ਤੇ ਵਾਪਸ ਘਰ ਦਾ ਹੀ ਸਫ਼ਰ ਤੈਅ ਕਰੀ ਜਾਂਦੇ ਹਨ। ਕਵੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਵਿਚ 'ਰਾਜਾ-ਸ਼ਾਹੀ' ਕਿਲ੍ਹਾ ਤੋੜਨ ਵਾਲੀ, ਕਨੂ ਪ੍ਰਿਆ ਨੂੰ 'ਤਬਦੀਲੀ ਦੀ ਸਿੱਕ' ਆਖ ਕੇ, ਉਸ ਦਾ ਅਭਿਨੰਦਨ ਕਰਦਾ ਹੈ।
ਉਹ ਕਠੂਆ (ਜੰਮੂ)ਵਿੱਚ ਮਾਰੀ ਗਈ ਆਸਿਫ਼ਾ ਨੂੰ ਵੀ ਸਲਾਮ ਕਰਦਾ ਹੈ। ਡੂੰਘੇ ਬੋਰਵੈੱਲ ਵਿੱਚ ਡਿੱਗ ਕੇ ਜਾਨ ਗੁਆਉਣ ਵਾਲੇ ਬੱਚੀ ਫਤਿਹਵੀਰ ਦੇ ਮਾਧਿਅਮ ਰਾਹੀਂ ਇਸ ਗੱਲ ਵੱਲ ਇਸ਼ਾਰਾ ਕਰਦਿਆਂ ਸ਼ਾਇਰ ਇਹ ਨੁਕਤਾ ਉਭਾਰਦਾ ਹੈ ਕਿ ਇੱਕੀਵੀਂ ਸਦੀ ਦੇ ਵਿਗਿਆਨ ਤਕਨੀਕ ਦੇ ਯੁੱਗ ਵਿੱਚ ਵੀ ਸਾਡਾ ਮੁਲਕ ਤਾਂ ਰੱਬ ਆਸਰੇ ਹੀ ਚੱਲ ਰਿਹਾ ਹੈ।
ਦੇਸ਼ ਵਿਚ ਬੀਤੇ ਸਮੇਂ ਫ਼ੈਲੇ ਕੋਰੋਨਾ ਵਾਇਰਸ ਤੋਂ ਪੀੜਤ ਗ੍ਰਸਤ ਲੋਕਾਂ ਨੂੰ ਇਹ ਕਵਿਤਾ ਜ਼ੁਬਾਨ ਦਿੰਦੀ ਹੈ-
"ਇਸ ਵਾਇਰਸ ਦੀ ਦੋਸਤੀ ਹੁਕਮ ਹਕੂਮਤ ਨਾਲ।
ਭੁੱਖਿਓ ਨਾ ਕੁਝ ਮੰਗਿਓ ਕੁਰਸੀ ਤੋਂ ਕੁਝ ਸਾਲ।"
( ਵਕਤ ਨਾਮਾ ਸੰਸਾਰ )
ਭੁੱਖ, ਬੀਮਾਰੀ , ਥੋਡ਼੍ਹਾ, ਮੌਤਾਂ, ਪਰਵਾਸੀ ਜੀਵਨ, ਇਲਾਜ ਦਾ ਨਾਕਾਫ਼ੀ ਹੋਣਾ, ਆਕਸੀਜਨ ਲਈ ਮਾਰਾਮਾਰੀ ਆਦਿ ਦਾ ਕਵੀ ਪਰਤੱਖ ਦਰਸ਼ੀ ਹੈ।
"ਅਜਬ ਚਰਖੜੀ ਪਿੰਡ ਦੀ ਰੂਹ ਹੈ।ਟਿੰਡਾ ਭਰ ਭਰ ਆਉਂਦੇ ਅੱਥਰੂ/ ਜ਼ਿੰਦਗੀ ਬਣ ਗਈ ਅੰਨ੍ਹਾ ਖੂਹ ਹੈ।ਇਸ ਦੀ ਹਾਥ ਪਵੇ ਨਾ ਮੈਥੋਂ।
ਕਿੰਨਾ ਜ਼ਹਿਰੀ ਪਾਣੀ ਹਾਲੇ,
ਅੱਖੀਆਂ ਅੰਦਰੋਂ ਸਿੰਮਣਾ ਬਾਕੀ।"
(ਅੰਨ੍ਹਾ ਖੂਹ)
ਇਸ ਕਾਵਿ ਸੰਗ੍ਰਹਿ ਦੇ ਸਿਰਲੇਖ ਵਾਲੀ ਕਵਿਤਾ ਚਰਖੜੀ ਦੇ ਤਿੰਨ ਅਰਥ ਮਿਲਦੇ ਹਨ। ਇੱਕ ਉਹ ਚਰਖੜੀ ਜਿਸ ਨਾਲ ਪਤੰਗ ਉਡਾਈ ਜਾਂਦੀ ਹੈ ਜੋ ਕਵੀ ਮੁਤਾਬਕ ਬਦਲਦੇ ਵਕਤ ਦੀ ਸੂਚਕ ਹੈ-
"ਗ਼ਮਗੀਨ ਜਿਹਾ ਦਿਲ ਭਾਰੀ ਹੈ,
ਬਣ ਚੱਲਿਆ ਨਿਜੀ ਮਸ਼ੀਨ ਜਿਹਾ, ਦਿਨ ਰਾਤ ਚਰਖ਼ੜੀ ਘੁੰਮੇ ਪਈ,
ਹੁਣ ਰੋਣ ਲਈ ਵੀ ਵਕਤ ਨਹੀਂ।"
( ਚਰਖੜੀ )
ਦੂਸਰੇ ਅਰਥ ਹਨ ਚਰਖੇ ਵਾਲੀ ਚਰਖ਼ੜੀ ਇਤਿਹਾਸ ਦਾ ਉਹ ਪਹੀਆ ਜੋ ਸ਼ਹਾਦਤਾਂ ਨਾਲ ਹੀ ਅੱਗੇ ਨੂੰ ਤੁਰਿਆ ਜਾਂਦਾ ਹੈ। ਆਮ ਲੋਕ ਤੇ 'ਚਰਖੜੀ' ਸ਼ਬਦ ਸੁਣਿਆਂ ਇਸ ਤੇ ਪਿੰਜਿਆ ਜਾ ਰਿਹਾ ਅਠਾਰ੍ਹਵੀਂ ਸਦੀ ਦਾ ਮਹਾਨ ਤਪੱਸਵੀ ਤੇ ਕਿਰਤੀ ਸਿੱਖ ਸ਼ਹੀਦ ਭਾਈ ਤਾਰੂ ਸਿੰਘ ਹੁਰਾਂ ਦਾ ਚਿੱਤਰ ਸਾਕਾਰ ਹੁੰਦਾ ਹੈ।
ਕਰੋਨਾ ਕਾਲ ਵਿੱਚ ਰੂੰ ਪਿੰਜਣ ਵਾਲੀ ਚਰਖ਼ੜੀ ਚੱਲਦੀ ਹੈ।
ਪੰਜਾਬੀ ਵਿਚ ਸ਼ਬਦ ਚਿੱਤਰਾਂ ਦੀ ਪਰੰਪਰਾ ਬੇਸ਼ੱਕ ਗੁਰੂ ਨਾਨਕ ਜੀ ਦੇ ਬਾਬਰ ਦੇ ਚਿਤਰ ਤੋਂ ਤੁਰਦੀ ਹੋਈ ਵਰਤਮਾਨ ਪੰਜਾਬੀ ਕਵੀ ਮੋਹਨਜੀਤ ਹੋਰਾਂ ਤੱਕ ਆਉਂਦਿਆਂ ਪੂਰੇ ਜਲੌਅ ਵਿੱਚ ਮੂਰਤੀਮਾਨ ਹੁੰਦੀ ਹੈ ਪਰ
ਚਰਖ਼ੜੀ ਵਿੱਚ ਛਪੇ ਆਪਣੇ ਕੁਝ ਆਮ ਤੇ ਖਾਸ ਸ਼ਬਦ ਚਿੱਤਰਾਂ ਦੁਆਰਾ, ਗੁਰਭਜਨ ਗਿੱਲ ਵੀ ਇਕ ਵੱਡਾ ਸ਼ਬਦ ਚਿੱਤਰ ਸਿਰਜਕ ਨਜ਼ਰ ਆਉਂਦਾ ਹੈ। ਵਿਅੰਗਕਾਰ ਭੂਸ਼ਨ ਧਿਆਨਪੁਰੀ ਦਾ ਕੁਝ ਸਤਰਾਂ ਵਿੱਚ ਹੀ ਅਗੇਤਰ ਪਛੇਤਰ ਚਿਹਰਾ ਮੂਹਰੇ ਬਿਆਨ ਦਿੰਦਾ ਹੈ -
"ਨਾਮਧਾਰੀਆਂ ਦਾ ਬੇਅੰਤ ਸਰੂਪ ਸ਼ਰਮਾ।
ਸਾਹਿਤ ਦਾ ਭੂਸ਼ਨ
ਬਾਪੂ ਅਮਰਨਾਥ ਸ਼ਾਦਾਬ ਦਾ ਸਪੁੱਤਰ।
ਕਲਾਨੌਰੀਆ ਦਾ ਦੋਹਤਰਵਾਨ।
ਰੁਕ ਰੁਕ ਬੋਲਦਾ
ਤੇਜ਼ ਤੇਜ਼ ਲਿਖਦਾ ਤੇ ਕਹਿੰਦਾ,
ਮੈਂ ਕਿਸੇ ਵਸਤਰ ਕਿਸੇ ਪੋਸ਼ਾਕ ਦਾ ਨਿੰਦਕ ਨਹੀਂ,
ਮੈਂ ਸਗੋਂ ਕਹਿੰਦਾਂ ਕਿ
ਵਸਤਰ ਪਹਿਨ ਕੇ ਨੰਗੇ ਰਹੋ।
ਇਹ ਨਾ ਹੋਵੇ ਕਿ ਤੁਹਾਨੂੰ,
ਇਸ਼ਟ ਮੰਨ ਬੈਠੇ ਸਮਾਂ,
ਤੇ ਤੁਸੀਂ ਸਾਰੀ ਉਮਰ
ਦੀਵਾਰ ਤੇ ਟੰਗੇ ਰਹੋ।"
(ਭੂਸ਼ਨ ਧਿਆਨਪੁਰੀ ਨੂੰ ਮਿਲਦਿਆਂ)
ਸਰਦਾਰਨੀ ਜਗਜੀਤ ਕੌਰ ਨਾਲ, ਫੁੱਲ ਵਿਚ ਖੁਸ਼ਬੋਈ ਵਾਂਗ, ਉਮਰ ਗੁਜ਼ਾਰਨ ਵਾਲਾ ਸੰਗੀਤਕਾਰ ਖੱਯਾਮ, ਬਾਬਾ ਫ਼ਰੀਦ ਸ਼ਾਹ ਹੁਸੈਨ ਅਤੇ ਬੁੱਲ੍ਹੇ ਸ਼ਾਹ ਦੀ ਸੁਲਹਕੁਲ ਪਰੰਪਰਾ ਨੂੰ ਅੱਗੇ ਤੋਰਦਾ, ਫ਼ੈਜ਼ ਅਹਿਮਦ ਫ਼ੈਜ਼ ਦੀ ਕਵਿਤਾ ਵਾਂਗ, ਬੰਧਨ ਮੁਕਤ ਹੋ ਕੇ ਵਿਚਰਦਾ ਹੈ।
"ਕਿਤੇ ਨਹੀਂ ਗਿਆ ਖੱਯਾਮ।
ਇੱਥੇ ਹੀ ਕਿਤੇ ਗੁਲਜ਼ਾਰ ਜਾਂ
ਜਾਵੇਦ ਅਖ਼ਤਰ ਦੇ ਸ਼ਬਦਾਂ ਚੋਂ
ਸੁਰਵੰਤੇ ਅਰਥਾਂ ਦੀ
ਤਲਾਸ਼ ਕਰ ਰਿਹਾ ਹੋਵੇਗਾ।"
(ਕਿਤੇ ਨਹੀਂ ਜਾਵੇਗਾ ਖੱਯਾਮ)
"ਸੂਰਜਮੁਖੀ ਦੇ ਖੇਤ ਵਾਂਗ ਖਿੜਨ ਵਾਲੇ" ਸਿਆਸਤਦਾਨ ਘੱਟ ਪਰ ਸੱਭਿਆਚਾਰਕ ਕਾਮੇ ਜਹੀ ਪਛਾਣ ਬਣਾਉਣ ਵਾਲੇ, ਸਃ ਜਗਦੇਵ ਸਿੰਘ ਜੱਸੋਵਾਲ ਨੂੰ ਉਸ ਦੇ ਜਾਣ ਦੇ ਬਾਅਦ ਵੀ ਕਵੀ ਦੇ ਘਰ ਦੀਆਂ ਪੌੜੀਆਂ ਉਡੀਕ ਰਹੀਆਂ। ਵੱਡੇ ਫ਼ਿਕਰਾਂ ਤੇ ਵੱਡੇ ਟੀਚਿਆਂ ਵਾਲੇ ਦਬੰਗ ਸੱਜਣ ਨੇ ਜੀਵਨ ਦਾ ਹਰ ਪਲ, ਸੱਜਣਾਂ, ਮਿੱਤਰਾਂ ਲੋੜਵੰਦਾਂ ਦੇ ਲੇਖੇ ਲਾਉਂਦਿਆਂ ਬਿਤਾਇਆ।
"ਨਿਰਮਲਾ ਨਰਿੰਦਰਾ ਰਵਿੰਦਰਾ/
ਚਲੋ ਬਟਾਲੇ
ਕੋਟਲਾ ਸ਼ਾਹੀਆਂ ਖੇਡਾਂ ਨੇ।ਪਿਰਥੀਪਾਲ ਉਡੀਕਦੈ।
ਖ਼ਤਰਾਵੀਂ ਦਿਲਬਾਗ ਨਾਲ,
ਮੇਲੇ ਦੀ ਵਿਉਂਤ ਬਣਾਉਣੀ ਹੈ।
ਰਾਹ 'ਚ ਮਿਲਣਾ ਹੈ
ਜਥੇਦਾਰ ਕਰਮ ਸਿੰਘ ਨੂੰ
ਮੇਰਾ ਜੇਲ੍ਹ ਸਾਥੀ ਹੈ ਮੋਰਚਿਆਂ ਦਾ।
ਕਾਮਰੇਡ ਜਗਜੀਤ ਸਿੰਘ ਆਨੰਦ ਵੀ ਢਿੱਲਾ ਹੈ।
ਬਾਬੇ ਬਕਾਲੇ ਜੋਗਾ ਸਿੰਘ ਜੋਗੀ ਉਡੀਕਦੈ।
ਬਰਕਤ ਸਿੱਧੂ ਵੀ ਬਿਮਾਰ ਹੈ ਮੋਗੇ।ਚਲੋ ! ਚਲੋ ! ਚਲੋ ! ਭਾਈ
....(ਹੁਣ ਆਏਗਾ ਪੌੜੀਆਂ ਚੜ੍ਹਦਾ)
ਨਾਮਧਾਰੀ ਪੰਥ ਦੇ ਮੁਖੀ, ਸਤਿਗੁਰੂ ਜਗਜੀਤ ਸਿੰਘ ਜੀ ਗੁਰਭਜਨ ਗਿੱਲ ਲਈ ਕੰਢਿਆਂ ਤਕ ਭਰਿਆ ਉਹ ਦਰਿਆ ਸਨ, ਜਿਸ ਵਿੱਚ ਸਦੀ ਭਰ ਨਿਰਮਲ ਨੀਰ ਵਗਦਾ ਰਿਹਾ। ਸਤਿਗੁਰੂ ਜੀ ਦੀ ਬਹੁ ਆਯਾਮੀ ਸ਼ਖ਼ਸੀਅਤ ਨੂੰ ਗੁਰਭਜਨ ਗਿੱਲ ਬੜਾ ਹੀ ਨੇੜਿਓਂ ਨਿਹਾਰਦਾ ਰਿਹਾ ਸੀ ਤਾਂ ਹੀ ਉਹ ਲਿਖ ਸਕਿਆ-
"ਖੇਡ ਮੈਦਾਨਾਂ ਦੇ ਦਿਲਬਰੀਆਂ।ਮਿਹਰਵੰਤ ਨੇ ਮਿਹਰਾਂ ਕਰੀਆਂ।ਸਿਮਰਨ ਸੇਵਾ ਜਾਪ ਜਪੰਤਾ
ਰਸਨਾ ਤੋਂ ਰੱਜ ਕੇ ਰਸਵੰਤਾ।
ਰਾਮ, ਹਰੀ, ਪਰਤਾਪੀ ਸੂਰਜ,
ਚਾਨਣ ਹੀ ਝਰਿਆ।"
.......(ਨਿਰਮਲ ਨੀਰ)
ਬ੍ਰਿਟਿਸ਼ ਰਾਜ ਵੇਲੇ ਉਨ੍ਹੀਵੀਂ ਸਦੀ ਦੇ ਆਖ਼ਰੀ ਦਹਾਕੇ ਵਿੱਚ ਬ੍ਰਿਟਿਸ਼ ਸੱਤਾ ਤੋਂ ਨਾਬਰ ਪਠਾਣਾਂ ਨੂੰ ਮਾਰਨ ਵਾਲੇ, ਅੰਗਰੇਜ਼ ਸਰਕਾਰ ਵੱਲੋਂ ਲੜਦੇ, ਸਿੱਖ ਫ਼ੌਜੀਆਂ ਦੀ ਬਹਾਦਰੀ ਦੇ ਕਸੀਦਿਆਂ ਨੂੰ ਗੁਰਭਜਨ ਗਿੱਲ ਪਹਿਲੀ ਵੇਰ ਕਾਟੇ ਹੇਠ ਲਿਆ ਕੇ, ਆਪਣੀ ਲੋਕ ਭਗਤੀ ਦਾ ਸਬੂਤ ਦਿੰਦਾ ਹੈ। ਬੁੱਧ ਵਿਵੇਕ ਨਾਲ ਭਰਪੂਰ, ਇਸ ਕਾਵਿ ਸੰਗ੍ਰਹਿ ਦਾ ਪਾਠ, ਦਿਲ ਦਿਮਾਗ਼ ਦੀਆਂ ਅਨੇਕ ਹਨੇਰੀਆਂ ਨੁੱਕਰਾਂ ਨੂੰ ਰੌਸ਼ਨ ਕਰਨ ਵਾਲਾ ਹੈ।
ਇਸ ਦੇ ਪਾਠ ਵਿੱਚੋਂ ਪ੍ਰਾਪਤ ਹੋਣ ਵਾਲੀ ਕਾਵਿ ਆਨੰਦ ਦੀ ਅਨੁਭੂਤੀ, ਕਵਿਤਾ ਦੇ ਗੰਭੀਰ ਪਾਠਕਾਂ ਨੂੰ ਕਦੇ ਕਦੇ ਹੀ ਮਿਲਦੀ ਹੈ। ਅਖੀਰ ਵਿੱਚ ਭੂਮਿਕਾ ਲੇਖਕ ਡਾ ਸਰਬਜੀਤ ਸਿੰਘ ਨੇ ਹੇਠਲੇ ਸ਼ਬਦਾਂ ਨਾਲ ਸੌ ਫ਼ੀਸਦੀ ਸਹਿਮਤ ਹੁੰਦਿਆਂ, ਮੈਂ ਗੱਲ ਨੇੜੇ ਲਾਉਂਦਾ ਹਾਂ - "ਗੁਰਭਜਨ ਗਿੱਲ ਦਾ ਇਹ ਕਾਵਿ ਸੰਗ੍ਰਹਿ ਵਿਭਿੰਨ ਸ਼ੇਡਜ਼ ਅਤੇ ਰੰਗਾਂ ਦਾ ਕਾਵਿ ਸੰਗ੍ਰਹਿ ਹੈ। ਇਹ ਪ੍ਰਗੀਤਕ ਅਤੇ ਸਰੋਦੀ ਅੰਸ਼ਾਂ ਨਾਲ ਭਰਪੂਰ ਪੰਜਾਬੀ ਸੱਭਿਆਚਾਰ ਦੀ ਸੰਵੇਦਨਾ ਵਾਲਾ ਹੈ। ਇਹ ਗੁਰਭਜਨ ਗਿੱਲ ਦੀ ਕਾਵਿਕ ਵਿਕਾਸ ਦਾ ਸੂਚਕ ਵੀ ਹੈ ਅਤੇ ਪੰਜਾਬੀ ਕਵਿਤਾ ਦੇ ਘੇਰੇ ਨੂੰ ਮੋਕ੍ਹਲਾ ਵੀ ਕਰਦਾ ਹੈ। ਇਸ ਸੰਗ੍ਰਹਿ ਨਾਲ ਗੁਰਭਜਨ ਗਿੱਲ ਦੀ ਕਾਵਿ ਸ਼ਖ਼ਸੀਅਤ ਹੋਰ ਗੂੜ੍ਹੀ ਹੋਵੇਗੀ।"
ਸੁਵਰਨ ਸਿੰਘ ਵਿਰਕ
ਪਿੰਡ ਤੇ ਡਾਕ: ਕਰੀਵਾਲਾ
ਜ਼ਿਲ੍ਹਾ: ਸਿਰਸਾ (ਹਰਿਆਣਾ) 12075
ਸੰਪਰਕ : 99963-71716