Man Pardesi (Ghazals) : Gurbhajan Gill

ਮਨ ਪਰਦੇਸੀ (ਗ਼ਜ਼ਲ ਸੰਗ੍ਰਹਿ) : ਗੁਰਭਜਨ ਗਿੱਲ


ਮਰ ਚੱਲੇ ਹਾਂ ਆਪਾਂ ਯਾਰੋ ਚੁੱਪ ਰਹਿ ਕੇ ਨਾ ਬੋਲਣ ਕਰਕੇ । ਮਨ ਪਰਦੇਸੀ ਹੋ ਚੱਲਿਆ ਹੈ ਦਿਲ ਬੂਹਾ ਨਾ ਖੋਲ੍ਹਣ ਕਰਕੇ । ਤਨ ਦੇਸੀ ਪਰ ਮਨ ਪਰਦੇਸੀ ਹੌਲੀ ਹੌਲੀ ਹੋ ਜਾਂਦੇ, ਪਿੰਡਾਂ ਵਾਲੇ ਜਦ ਸ਼ਹਿਰਾਂ ਵਿਚ ਕਰਨ ਕਮਾਈ ਜਾਂਦੇ ਨੇ ।

ਚੇਤੇ ਰੱਖਿਓ ਇਹ ਦੋ ਬੋਲ ਫ਼ਕੀਰਾਂ ਦੇ

ਚੇਤੇ ਰੱਖਿਓ ਇਹ ਦੋ ਬੋਲ ਫ਼ਕੀਰਾਂ ਦੇ । ਮਾਣ ਕਰੋ ਨਾ ਐਵੇਂ ਤੇਗਾਂ ਤੀਰਾਂ ਦੇ । ਸੁਰਖ਼ ਗੁਲਾਬ ਵੀ ਉੱਗ ਸਕਦਾ ਹੈ ਬੰਜਰ ਵਿਚ, ਤਕਦੀਰਾਂ ਵੀ ਵੱਸ ਵਿਚ ਨੇ ਤਦਬੀਰਾਂ ਦੇ । ਸਾਬਤ ਕੱਪੜਾ ਵਸਤਰ ਬਣਦਾ ਕਿਸੇ ਲਈ, ਕਿਸੇ ਲਈ ਨੇ ਕੱਜਣ ਟੋਟੇ ਲੀਰਾਂ ਦੇ । ਪਾਰਦਰਸ਼ਨੀ ਰਿਸ਼ਤੇ ਨਿਭਦੇ ਉਮਰਾਂ ਤੀਕ, ਓਹਲਾ ਚੋਰੀ ਵਾਧੂ ਭਾਰ ਜ਼ਮੀਰਾਂ ਦੇ । ਗੁੜ ਦੇ ਚੌਲ ਨਿਆਜ਼ ਖਾਣ ਨੂੰ ਤਰਸੇ ਹਾਂ, ਸਾਡੇ ਪਿੰਡ ਚੋਂ ਢਹਿ ਗਏ ਤਕੀਏ ਪੀਰਾਂ ਦੇ । ਮੱਝੀਆਂ ਦੀ ਥਾਂ ਮਾਪਿਆਂ ਨੂੰ ਅੱਜ ਚਾਰ ਰਹੇ, ਫਿਰਦੇ ਵੱਗ ਆਵਾਰਾ ਰਾਂਝੇ ਹੀਰਾਂ ਦੇ । ਔੜਾਂ ਵਿਚ ਵੀ ਸੂਹੇ ਫੁੱਲ ਮੁਸਕਾਉਂਦੇ ਨੇ, ਮੈਂ ਬਲਿਹਾਰੇ ਜਾਵਾਂ ਜੰਡ ਕਰੀਰਾਂ ਦੇ ।

ਲਾਹ ਦੇ ਰੂਹ ਤੋਂ ਭਾਰ ਵੀਰਨਾ

ਲਾਹ ਦੇ ਰੂਹ ਤੋਂ ਭਾਰ ਵੀਰਨਾ, ਏਦਾਂ ਤਾਂ ਨਾ ਮਾਰ ਵੀਰਨਾ । ਤੇਰੀ ਧੜਕਣ ਏਥੇ ਧੜਕੇ, ਤੂੰ ਰਾਵੀ ਤੋਂ ਪਾਰ ਵੀਰਨਾ । ਤੂੰ ਤੇ ਮੈਂ ਇੱਕ ਮਾਂ ਦੇ ਜਾਏ, ਤੀਜਾ ਕਰੇ ਖ਼ਵਾਰ ਵੀਰਨਾ । ਹੱਥਾਂ ਵਿਚ ਹਥਿਆਰ ਫੜਾਵੇ, ਇਹ ਕਿੱਦਾਂ ਦਾ ਯਾਰ ਵੀਰਨਾ । ਇਕ ਦੂਜੇ ਦੀ ਛਾਂ ਤੋਂ ਡਰਕੇ, ਡਿੱਗੇ ਮੂੰਹ ਦੇ ਭਾਰ ਵੀਰਨਾ । ਦਿਲ ਤੋਂ ਦਿਲ ਨੂੰ ਸੜਕ ਸਲੇਟੀ, ਰੋਕੇ ਕਿਉਂ ਸਰਕਾਰ ਵੀਰਨਾ । ਹਾਸ਼ਮ ਦੀ ਧਰਤੀ ਦਾ ਜਾਇਆਂ, ਹਾਫ਼ਿਜ਼ ਬਰਖ਼ੁਰਦਾਰ ਵੀਰਨਾ । ਬੁੱਲ੍ਹੇ ਸ਼ਾਹ ਦਾ ਵਾਰਿਸ ਹਾਂ ਮੈਂ, ਕਾਦਰ ਮੇਰਾ ਯਾਰ ਵੀਰਨਾ । ਪੀਲੂ ਦੀ ਸੱਦ ਬਣ ਚੱਲੀ ਏ, ਦੁੱਲੇ ਦੀ ਵੰਗਾਰ ਵੀਰਨਾ । ਮੇਰਾ ਤਾਂ ਸੁਲਤਾਨ ਹੈ ਬਾਹੂ, ਦਿਲ ਤੇ ਰਹੇ ਸਵਾਰ ਵੀਰਨਾ । ਮੈਂ ਦਾਮਨ ਦੀ ਕਵਿਤਾ ਵਿਚਲੀ, ਹਾਕਮ ਨੂੰ ਫਿਟਕਾਰ ਵੀਰਨਾ । ਆਖ ਦਮੋਦਰ ਅੱਖੀਂ ਡਿੱਠਾ, ਰੱਖ ਨਾ ਰੂਹ ’ਤੇ ਭਾਰ ਵੀਰਨਾ ।

ਤੁਰਦੇ ਫਿਰਦੇ ਸਾਰੇ ਪਰ ਨਾ ਹਲਚਲ ਹੈ

ਤੁਰਦੇ ਫਿਰਦੇ ਸਾਰੇ ਪਰ ਨਾ ਹਲਚਲ ਹੈ । ਏਸ ਨਗਰ ਵਿਚ ਹਰ ਬੰਦਾ ਕਿਉਂ ਨਿੱਸਲ ਹੈ । ਰੁੱਖ ਦੀ ਟਾਹਣੀ ਦਸਤਾ ਬਣੇ ਕੁਹਾੜੀ ਦਾ, ਮੇਰਾ ਆਪਣਾ ਆਪਾ ਬਣਿਆ ਕਾਤਲ ਹੈ । ਚੋਰਾਂ ਨੇ ਤਦ ਤੀਕਣ ਆਉਣਾ ਬਾਜ਼ ਨਹੀਂ, ਜਦ ਤੱਕ ਘਰ ਦਾ ਮਾਲਿਕ ਹੀ ਖ਼ੁਦ ਗਾਫ਼ਿਲ ਹੈ । ਭਰਮ ਭੁਲੇਖੇ ਕਮਅਕਲੀ ਦੇ ਕੋਟ ਕਿਲ੍ਹੇ, ਫਿਰ ਵੀ ਲੋਕੀਂ ਮੈਨੂੰ ਆਖਣ ਆਕਿਲ ਹੈ । ਆਪਣੇ ਹੀ ਪਰਛਾਵੇਂ ਕੋਲੋਂ ਡਰ ਜਾਨਾਂ, ਮੇਰੇ ਨਾਲੋਂ ਵਧ ਕੇ ਕਿਹੜਾ ਬੁਜ਼ਦਿਲ ਹੈ । ਤਲਖ਼ ਸਮੁੰਦਰ ਧਰਤੀ ਨੂੰ ਨਾ ਪੀ ਜਾਵੇ, ਜ਼ਾਲਮ ਲਹਿਰਾਂ ਦੱਸਿਆ ਇਹ ਤਾਂ ਪਾਗਲ ਹੈ । ਵੱਡੇ ਸੁਪਨੇ ਲੈ ਕੇ ਫਿਰ ਘਬਰਾ ਜਾਨਾਂ, ਸਾਥ ਤੇਰੇ ਬਿਨ ਤੁਰਨਾ ਡਾਢਾ ਮੁਸ਼ਕਿਲ ਹੈ ।

ਪਾਣੀ ਭਰੇ ਗਿਲਾਸ 'ਚ ਇਹ ਜੋ

ਪਾਣੀ ਭਰੇ ਗਿਲਾਸ 'ਚ ਇਹ ਜੋ ਡੋਲ ਰਿਹਾ ਪਰਛਾਵਾਂ । ਮਾਏ ਨੀ, ਪਰਦੇਸੀ ਪੁੱਤ ਦਾ ਬੱਸ ਏਹੀ ਸਿਰਨਾਵਾਂ । ਪਤਾ ਨਹੀਂ ਕਦ ਮੀਂਹ ਨੇ ਵਰ੍ਹਨੈਂ, ਜਾਂ ਧੁੱਪਾਂ ਨੇ ਚੜ੍ਹਨੈਂ, ਬੇ-ਵਿਸ਼ਵਾਸੀ ਚਾਰ ਚੁਫ਼ੇਰੇ, ਕਾਲੀਆਂ ਘੋਰ ਘਟਾਵਾਂ । ਘਰੋਂ ਤਾਂ ਆਏ ਕਰਨ ਕਮਾਈ, ਧਰਤ ਪਰਾਈ ਉੱਤੇ, ਕੈਸਾ ਹੈ ਬਨਵਾਸ ਜੋ ਕੁਤਰੇ ਨਿੱਕੇ ਨਿੱਕੇ ਚਾਵਾਂ । ਇਸ ਧਰਤੀ ਤੇ ਆਸ ਦਾ ਬੂਟਾ ਨਾ ਸੁੱਕਾ ਨਾ ਹਰਿਆ, ਸਮਝ ਨਾ ਆਵੇ, ਇਹਦੀ ਜੜ੍ਹ ਨੂੰ ਕਿਹੜਾ ਪਾਣੀ ਪਾਵਾਂ । ਏਥੇ ਭਾਵੇਂ ਚੰਦਰਮਾ ਵੀ, ਆਪਣੇ ਚੰਨ ਤੋਂ ਵੱਡਾ, ਪਰ ਨਾ ਵਿੱਚੋਂ ਦਿਸਦਾ ਮੈਨੂੰ ਨਾਨੀ ਦਾ ਪਰਛਾਵਾਂ । ਏਸ ਮਸ਼ੀਨੀ ਧਰਤੀ ਉੱਤੇ ਪੁੱਤ ਗੁਆਚਾ ਤੇਰਾ, ਐਵੇਂ ਕਾਹਨੂੰ ਪਾਈ ਜਾਵੇਂ ਕੁੱਟ ਕੁੱਟ ਚੂਰੀ ਕਾਵਾਂ । ਸੱਤ ਸਮੁੰਦਰ ਪਾਰ ਬੇਗਾਨੀ ਧਰਤੀ ਚੋਗਾ ਚੁਗੀਏ , ਉਡਣ ਖਟੋਲੇ ਵਾਲੀ ਕਿਸਮਤ ਨਾ ਪੈੜਾਂ ਨਾ ਰਾਹਵਾਂ ।

ਮਰਨ ਮਾਰਨ ਦਾ ਜੋ ਚਲਦਾ ਸਿਲਸਿਲਾ

ਮਰਨ ਮਾਰਨ ਦਾ ਜੋ ਚਲਦਾ ਸਿਲਸਿਲਾ । ਮੁੱਕ ਜਾਵਾਂਗੇ ਇਹ ਖਾਵੇ ਤੌਖ਼ਲਾ । ਪਰਤ ਕੇ ਪਿੱਛੇ ਤਾਂ ਵੇਖੋ ਰਾਹਬਰੋ, ਬਹੁਤ ਪਿੱਛੇ ਰਹਿ ਗਿਆ ਹੈ ਕਾਫ਼ਲਾ । ਤੇਰੇ ਪਿੱਛੋਂ ਕੀ ਬਣੇਗਾ ਏਸ ਦਾ, ਜਾਣ ਵੇਲੇ ਏਨੀ ਗੱਲ ਤਾਂ ਸੋਚਦਾ । ਹੁਣ ਸਾਧਾਰਨ ਆਦਮੀ ਬੇਚੈਨ ਹੈ, ਓਸ ਦੇ ਹਰ ਕਦਮ ਅੱਗੇ ਕਰਬਲਾ । ਧਰਤ ਨੂੰ ਵੇਖੋ ਸਮੁੰਦਰ ਪੀ ਗਿਆ, ਏਸ ਤੋਂ ਵੱਡਾ ਕੀ ਹੋਊ ਹਾਦਿਸਾ । ਪੁੱਤ ਵੀ ਦੇਵੇ ਹੁੰਗਾਰਾ ਫ਼ੋਨ 'ਤੇ, ਵਧ ਰਿਹਾ ਵੇਖੋ ਨਿਰੰਤਰ ਫ਼ਾਸਲਾ । ਫ਼ਿਕਰ ਦਾ ਤਾਣਾ ਤੇ ਪੇਟਾ ਸਹਿਮ ਦਾ, ਆਦਮੀ ਏ ਤੁਰਦਾ ਫਿਰਦਾ ਮਕਬਰਾ ।

ਇਹ ਜੋ ਦਿਸਦੈ ਚਿਹਰਾ

ਇਹ ਜੋ ਦਿਸਦੈ ਚਿਹਰਾ ਇਹ ਵੀ ਮੇਰਾ ਨਹੀਂ । ਸੂਰਜ ਦੀ ਪਿੱਠ ਪਿਛਲਾ ਨੇਰ੍ਹਾ, ਮੇਰਾ ਨਹੀਂ । ਮੈਂ ਜੋ ਏਥੇ ਆਇਆਂ ਪੈੜਾਂ ਪਾਵਾਂਗਾ, ਮੇਰਾ ਏਥੇ ਜੋਗੀ ਵਾਲਾ, ਫੇਰਾ ਨਹੀਂ । ਸਾਹਾਂ ਦੀ ਸਰਗਮ 'ਚੋਂ ਤੇਰੀ 'ਵਾਜ਼ ਸੁਣੇ , ਧੜਕ ਰਿਹਾ ਦਿਲ ਜਿਹੜਾ, ਇਹ ਵੀ ਮੇਰਾ ਨਹੀਂ । ਬਿੰਦੂ ਵਾਂਗੂੰ ਮੈਂ ਤਾਂ ਸਿਰਫ਼ ਨਿਸ਼ਾਨੀ ਹਾਂ, ਮੇਰੇ ਆਲੇ-ਦੁਆਲੇ, ਘੇਰਾ ਮੇਰਾ ਨਹੀਂ । ਤਲਖ਼ ਸਮੁੰਦਰ, ਧਰਤੀ, ਅੰਬਰ, ਚਾਰ ਚੁਫ਼ੇਰ, ਇਨ੍ਹਾਂ ਵਿਚੋਂ ਇਕ ਵੀ, ਅੱਥਰੂ ਮੇਰਾ ਨਹੀਂ । ਮੈਂ ਤਾਂ ਬਾਲ ਚਿਰਾਗ਼ ਧਰਾਂ ਦਰਵਾਜ਼ੇ ’ਤੇ , ਕਮਰੇ ਵਿਚਲਾ ਨੇਰ੍ਹਾ, ਇਹ ਵੀ ਮੇਰਾ ਨਹੀਂ । ਪੈਰੀਂ ਝਾਂਜਰ ਛਣਕ ਛਣਕ ਕੇ ਆਖ ਰਹੀ, ਸੁਰ ਤੇ ਤਾਲ ਬੇਗਾਨਾ, ਕੁਝ ਵੀ ਮੇਰਾ ਨਹੀਂ । ਆਦਰ, ਮਾਣ, ਮਰਤਬੇ , ਕੁਰਸੀ, ਲੱਕੜੀਆਂ, ਜੋ ਕੁਝ ਸਮਝੋ ਮੇਰਾ, ਇਹ ਵੀ ਮੇਰਾ ਨਹੀਂ ।

ਜਿੱਥੇ ਤੂੰ ਨਹੀਂ ਓਸੇ ਥਾਂ ਹੀ ਨੇਰ੍ਹਾ ਹੈ

ਜਿੱਥੇ ਤੂੰ ਨਹੀਂ ਓਸੇ ਥਾਂ ਹੀ ਨੇਰ੍ਹਾ ਹੈ । ਜਿੱਥੇ ਤੂੰ ਹੈਂ, ਓਥੇ ਸੋਨ ਸਵੇਰਾ ਹੈ । ਸੂਰਜ ਕਹਿ ਕਹਿ ਤੈਨੂੰ ਉਮਰ ਗੁਜ਼ਾਰ ਲਈ, ਤੇਰਾ ਤਾਂ ਪਿਛਵਾੜਾ ਬਿਲਕੁਲ 'ਨੇਰ੍ਹਾ ਹੈ । ਤੇਰੇ ਨਾਂ ਨੂੰ ਲਿਖਿਆ, ਕਟਿਆ, ਮੁੜ ਲਿਖਿਆ, ਦੋਚਿੱਤੀ ਵਿਚ ਪਾਟਾ ਵਰਕਾ ਮੇਰਾ ਹੈ । ਰੁੱਖ ਤੇ ਬੰਦੇ ਦੇਖੋ ਸਿਰਫ਼ ਦੁਪਹਿਰਾਂ ਨੂੰ, ਸ਼ਾਮ ਸਵੇਰੇ ਸਭ ਦਾ ਕੱਦ ਲੰਮੇਰਾ ਹੈ । ਪੱਥਰਾਂ ਦੀ ਬਰਸਾਤ ਨਿਰੰਤਰ ਵਰ੍ਹਦੀ ਰਹੀ, ਤਿੜਕੇ ਸ਼ੀਸ਼ੇ ਵਾਲਾ ਚਿਹਰਾ ਮੇਰਾ ਹੈ । ਮੈਂ ਕਾਗਜ਼ 'ਤੇ ਲੀਕਾਂ ਵਾਹੁੰਦਾ ਹਾਰ ਗਿਆਂ, ਸੁਪਨੇ ਦਾ ਕੱਦ ਮੈਥੋਂ ਬਹੁਤ ਲੰਮੇਰਾ ਹੈ । ਮੈਂ ਤੇਰੇ ਸਾਹਾਂ 'ਚੋਂ ਤੁਰ ਜਾਂ ਹੋਰ ਕਿਤੇ , ਮੇਰੇ ਅੰਦਰ ਏਨਾ ਕਿੱਥੇ ਜੇਰਾ ਹੈ ।

ਵੇਖਾ ਵੇਖੀ ਐਵੇਂ ਨਾ ਭਗਵਾਨ ਬਣ

ਵੇਖਾ ਵੇਖੀ ਐਵੇਂ ਨਾ ਭਗਵਾਨ ਬਣ । ਬਣ ਸਕੇਂ ਤਾਂ ਦੋਸਤਾ ਇਨਸਾਨ ਬਣ । ਤਿੜਕ ਜਾਵੇਗਾ ਰਿਹਾ ਜੇ ਕਹਿਰਵਾਨ, ਬਣ ਸਕੇਂ ਤਾਂ ਤੋਤਲੀ ਮੁਸਕਾਨ ਬਣ । ਧਰਤ ਅੰਬਰ ਭਟਕ ਨਾ ਤੂੰ, ਐ ਹਵਾ, ਬਾਂਸ ਦੀ ਪੋਰੀ 'ਚ ਵੜ ਕੇ ਤਾਨ ਬਣ । ਵੰਡਦਾ ਫਿਰਦਾ ਏ ਜਿਹੜਾ ਮੌਤ ਨੂੰ, ਆਖ ਉਸਨੂੰ ਜ਼ਿੰਦਗੀ ਦੀ ਸ਼ਾਨ ਬਣ॥ ਜਿਸਮ ਦੀ ਮਿੱਟੀ ਨੂੰ ਫੋਲਣ ਵਾਲਿਆ, ਮੇਰੇ ਦਿਲ ਨੂੰ ਜਾਣ ਤੂੰ ਸੁਲਤਾਨ ਬਣ । ਮੰਦਰੀਂ ਫੁੱਲਾਂ ਨੂੰ ਅਰਪਣ ਵਾਲਿਆ, ਦੇਵਤਾ ਪੱਥਰ ਹੈ ਇਸਦੀ ਜਾਨ ਬਣ । ਹਰ ਮੁਸੀਬਤ ਆਏ ਪਰਖ਼ਣ ਵਾਸਤੇ, ਮੁਸ਼ਕਿਲਾਂ ਨੂੰ ਵੇਖ ਕੇ ਬਲਵਾਨ ਬਣ ।

ਕਿੱਥੋਂ ਤੁਰ ਕੇ ਪਹੁੰਚੀ ਵੇਖੋ

ਕਿੱਥੋਂ ਤੁਰ ਕੇ ਪਹੁੰਚੀ ਵੇਖੋ ਕਿੱਥੇ ਆਣ ਕਹਾਣੀ । ਪੰਜ ਦਰਿਆਵਾਂ ਦੀ ਧਰਤੀ 'ਤੇ, ਅੱਜ ਮੁੱਲ ਵਿਕਦਾ ਪਾਣੀ । ਪੰਜ ਸਦੀਆਂ ਦੇ ਪੈਂਡੇ ਮਗਰੋਂ ਕਿੱਥੇ ਪਹੁੰਚ ਗਏ ਆਂ, ਸਿਰਫ਼ ਜਨੇਊ ਗਾ ਸਕਦੇ ਨੇ, ਗੁਰੂ ਨਾਨਕ ਦੀ ਬਾਣੀ । ਇਹ ਜ਼ਿੰਦਗਾਨੀ ਸਫ਼ਰ ਨਿਰੰਤਰ ਤੁਰਿਆ ਜਾਹ, ਬਣ ਦਰਿਆ, ਰੁਕਿਆ ਪਾਣੀ ਬਦਬੂ ਮਾਰੇ, ਸੌਂ ਨਾ ਲੰਮੀਆਂ ਤਾਣੀ । ਇਸ ਨਗਰੀ ਵਿਚ ਉਮਰ ਗੁਆ ਕੇ ਲੱਭਦੇ ਫਿਰਦੇ ਸਾਰੇ, ਇੱਕ ਦੂਜੇ ਤੋਂ ਚੋਰੀ ਚੋਰੀ, ਮੈਂ ਤੇ ਮੇਰੇ ਹਾਣੀ । ਜ਼ਿੰਦਗੀ ਦੇ ਉਪਰਾਮ ਪਲਾਂ ਵਿਚ ਤੂੰ ਹੀ ਬਣੇਂ ਸਹਾਰਾ, ਖ਼ੁਸ਼ਬੂ ਜਿੰਦ ਨਸ਼ਿਆ ਜਾਂਦੀ ਹੈ, ਵੜਕੇ ਸਾਹਾਂ ਥਾਣੀ । ਤਨ ਦੇ ਨਾਲੋਂ ਤੋੜ ਵਿਛੋੜੀ ਜਾਬਰ ਸਮਿਆਂ ਵੇਖੋ, ਇਕ ਦੂਜੇ ਨੂੰ ਘੂਰ ਰਹੇ ਨੇ, ਛਾਂ ਤੇ ਰੁੱਖ ਦੀ ਟਾਹਣੀ । ਜ਼ਿੰਦਗੀ, ਧਰਮ, ਧਰਾਤਲ ਤਿੰਨੇ ਵਕਤ ਲਿਤਾੜੇ ਪੈਰੀਂ, ਆਦਮ ਦੀ ਸੰਤਾਨ ਵੇਖ ਲਓ, ਹੋ ਗਈ ਆਦਮਖਾਣੀ । ਧੜਕਣ ਤੇਜ਼, ਤੜਪਣੀ ਤਨ ਦੀ, ਮਨ ਨੂੰ ਭਟਕਣ ਲਾਵੇ, ਮਹਿਕ ਪਰੁੱਚੇ ਫੁੱਲਾਂ ਦੀ ਰੁੱਤ, ਲੰਘ ਚੱਲੀ ਅਣਮਾਣੀ ।

ਕਿਸ ਘੁੰਮਣ ਘੇਰ ’ਚ ਫਸ ਗਏ ਹਾਂ

ਕਿਸ ਘੁੰਮਣ ਘੇਰ ’ਚ ਫਸ ਗਏ ਹਾਂ, ਨਾ ਜੀਅ ਹੋਵੇ ਨਾ ਮਰ ਹੋਏ । ਹਰ ਤਰਫ਼ ਤਪਦੀਆਂ ਲੋਹਾਂ ਨੇ, ਇਕ ਪੈਰ ਅਗਾਂਹ ਨਾ ਧਰ ਹੋਏ । ਮੈਂ ਦੇ ਦੇ ਦਸਤਕ ਹਾਰ ਗਿਆਂ, ਹਰ ਪਾਸੇ ਹੀ ਦੀਵਾਰਾਂ ਨੇ, ਮੈਂ ਕਿੱਥੇ ਬੈਠ ਆਰਾਮ ਕਰਾਂ, ਕੋਈ ਤਾਂ ਖੁੱਲ੍ਹਾ ਦਰ ਹੋਏ । ਰੋਣਾ ਕੁਰਲਾਉਣਾ ਸੁਣ ਸੁਣ ਕੇ ਇਹ ਤਨ ਮਨ ਪੱਥਰ ਹੋ ਚੱਲਿਆ, ਕੜ ਪਾਟ ਜਾਣ 'ਤੇ ਗੱਲ ਪਹੁੰਚੀ, ਹੁਣ ਹੋਰ ਸਿਤਮ ਨਾ ਜਰ ਹੋਏ । ਰਾਹਾਂ ਦੀ ਧੂੜ ਪਿਆਸੀ ਬੜੀ, ਨਾ ਬਹਿ ਸਕੀਏ ਨਾ ਤੁਰ ਸਕੀਏ , ਹੁਣ ਸ਼ਹਿਰ ਸਮੁੰਦਰ ਖ਼ਾਰੇ ’ਚੋਂ, ਘੁੱਟ ਪਾਣੀ ਦੀ ਨਾ ਭਰ ਹੋਏ । ਇਸ ਯੁਗ ਦਾ ਨਾਇਕ ਗੁਆਚ ਗਿਆ, ਖ਼ਲਨਾਇਕਾਂ ਨੇ ਸਿਰ ਤਾਜ ਧਰੇ, ਇਸ ਰੀਂਘਣਹਾਰੀ ਬਸਤੀ ਵਿਚ, ਕਿਉਂ ਵਰਮੀ ਵਰਗੇ ਘਰ ਹੋਏ? ਸਾਹਾਂ ਨੂੰ ਸੂਤ ਨਿਢਾਲ ਕਰਨ, ਤੇ ਚੱਟ ਜਾਂਦੇ ਨੇ ਰੂਹਾਂ ਨੂੰ, ਸੱਜਣਾਂ ਦੇ ਭੇਖ ’ਚ ਵੇਖ ਲਵੋ, ਕਿੱਦਾਂ ਦੇ ਚਾਰਾਗਰ ਹੋਏ । ਮੈਂ ਜਦ ਤੱਕ ਚੋਗਾ ਚੁਗਦਾ ਸੀ, ਕੋਈ ਤੋਟ ਨਹੀਂ ਸੀ ਚੂਰੀ ਦੀ, ਪਰਵਾਜ਼ ਭਰੀ ਤਾਂ ਵੇਖ ਲਵੋ, ਅੱਜ ਵੈਰੀ ਮੇਰੇ ਪਰ ਹੋਏ । ਗ਼ਰਜ਼ਾਂ ਤੋਂ ਫ਼ਰਜ਼ਾਂ ਤੀਕ ਸਫ਼ਰ, ਮੀਲਾਂ ਵਿਚ ਮਿਣਨਾ ਸਹਿਲ ਨਹੀਂ, ਤਲੀਆਂ ਤੇ ਸੀਸ ਨਹੀਂ ਟਿਕਦਾ, ਜੇ ਖੱਲੜੀ ਦੇ ਵਿਚ ਡਰ ਹੋਏ । ਇਕ ਆਮ ਸਧਾਰਣ ਬੰਦੇ ਦੀ, ਆਵਾਜ਼ ਜਦੋਂ ਪਰਵਾਜ਼ ਭਰੇ , ਧਰਤੀ ਵੀ ਸੌੜੀ ਲੱਗਦੀ ਹੈ ਫਿਰ ਅੰਬਰਾਂ ਦੇ ਵਿਚ ਘਰ ਹੋਏ । ਮੈਂ ਘਿਰ ਜਾਨਾਂ, ਘਬਰਾ ਜਾਨਾਂ, ਆਪਣੇ ਤੋਂ ਦੂਰ ਚਲਾ ਜਾਨਾਂ, ਫਿਰ ਮੁੜ ਆਉਨਾਂ, ਜਦ ਸਮਝ ਲਵਾਂ, ਕਿਤੇ ਮਨ ਦਾ ਹੀ ਨਾ ਡਰ ਹੋਏ ।

ਲੱਤਾਂ ਤੇਰੀਆਂ ਨੇ ਚੁੱਕਣੈਂ

ਲੱਤਾਂ ਤੇਰੀਆਂ ਨੇ ਚੁੱਕਣੈਂ ਅਖ਼ੀਰ ਤੇਰਾ ਭਾਰ । ਤੇਰਾ ਕੋਈ ਨਹੀਉਂ ਬੇਲੀ, ਤੇਰਾ ਕੋਈ ਨਹੀਉਂ ਯਾਰ । ਬਿਨਾਂ ਗੋਡੀਆਂ ਤੋਂ ਡੋਡੀਆਂ ਨਾ ਫੁੱਲ ਪੱਤੀਆਂ, ਏਦਾਂ ਬੈਠੇ ਬੈਠੇ ਆਉਣੀ ਨਹੀਓਂ ਵਿਹੜੇ 'ਚ ਬਹਾਰ । ਪੱਤਝੜਾਂ ਪਿੱਛੋਂ ਫੁੱਟਦਾ ਹੁੰਗਾਰਾ ਰੋਜ਼ ਮਾਣ, ਸੂਹੇ ਸੁਪਨੇ ਦੇ ਵਾਂਗ ਵੇਖ ਖਿੜਿਆ ਅਨਾਰ । ਵੇਖ ਅੰਬਾਂ ਉੱਤੇ ਬੂਰ, ਚੜ੍ਹੇ ਚਿੱਤ ਨੂੰ ਸਰੂਰ, ਸਾਂਭ ਅੰਬੀਆਂ ਨੂੰ ਟੁੱਕ ਦਏ ਨਾ ਤੋਤਿਆਂ ਦੀ ਡਾਰ । ਤੇਰੇ ਮੁੱਕ ਚੱਲੇ ਪਾਣੀ, ਰੁੱਸੀ ਚਾਟੀ ਤੋਂ ਮਧਾਣੀ, ਤੇਰੇ ਪੰਜ ਦਰਿਆਵਾਂ ਨੂੰ ਕੀ ਵਗ ਚੱਲੀ ਮਾਰ । ਤੇਰੇ ਪੁੱਤਰਾਂ ਦੇ ਹੱਥੀਂ ਨਸ਼ੇ ਵੈਰੀਆਂ ਫੜਾਏ , ਕੁਲ ਨਾਸ਼ ਦੇ ਵਸੀਲੇ , ਨਿੱਤ ਨਵੇਂ ਹਥਿਆਰ । ਮੋੜ ਵੈਰੀਆਂ ਦੇ ਹੱਲੇ, ਚੁੱਪ ਬੈਠਾ ਕਿਹੜੀ ਗੱਲੇ, ਰਣ ਭੂਮੀ ਵਿਚ ਜਾ ਕੇ ਤੂੰ ਵੀ ਵੈਰੀ ਲਲਕਾਰ । ਤੇਰੇ ਦੁਸ਼ਮਣਾਂ ਕੀਤਾ, ਭਾਵੇਂ ਆਪੋ ਵਿਚ ਏਕਾ, ਇੱਕ ਵਾਰ ਤਾਂ ਵੰਗਾਰ, ਹੋਵੇ ਜਿੱਤ ਭਾਵੇਂ ਹਾਰ ।

ਵਰਜ ਨਾ, ਕਿਓਂ ਆਖਦੈਂ

ਵਰਜ ਨਾ, ਕਿਓਂ ਆਖਦੈਂ, ਬੱਚੇ, ਖਿਡੌਣੇ ਤੋੜ ਨਾ । ਇਸ ਤਰ੍ਹਾਂ ਹੀ ਸਿੱਖਣੈਂ, ਇਨ੍ਹਾਂ ਨੇ ਸਭ ਕੁਝ ਜੋੜਨਾ । ਬੁਝ ਗਈ ਏ ਲਾਟ ਤਾਂ ਤੂੰ ਤੇਲ ਬੱਤੀ ਸੀਖ ਫੇਰ, ਦੀਵਿਆਂ ਤੇ ਕਿਉਂ ਖ਼ਫ਼ਾ ਏਂ, ਮਾਰ ਭੁੰਜੇ ਫੋੜ ਨਾ । ਸ਼ਿਕਾਰੀ ਜਾਲ ਪਾਵੇਂ, ਵਿਚ ਪਿੰਜਰੇ ਚੋਗ ਵੀ, ਮੈਂ ਪਰਿੰਦੇ ਨੂੰ ਸਿਖਾਵਾਂ, ਜਾਲ ਕਿੱਦਾਂ ਤੋੜਨਾ । ਤੂੰ ਸਦਾ ਬਿਫ਼ਰੇ ਸਮੁੰਦਰ ਨਾਲ ਆਉਨੈਂ, ਮੌਤ ਵਾਂਗ, ਜ਼ਿੰਦਗੀ ਮੈਨੂੰ ਸਿਖਾਇਐ, ਤੇਰੀ ਭਾਜੀ ਮੋੜਨਾ । ਬਲ਼ ਰਹੀ ਚੁੱਲ੍ਹੇ 'ਚ ਭਾਵੇਂ, ਜਾਂ ਬਲੇ ਸ਼ਮਸ਼ਾਨ ਵਿਚ, ਅਗਨ ਹੈ ਸੁੱਚੀ ਹਮੇਸ਼ਾਂ, ਅਰਥ ਇਸ ਦੇ ਤੋੜ ਨਾ । ਜਕੜਿਆ ਕੁਰਸੀ ’ਚ ਬੰਦਾ, ਤਰਸਦੈ ਅੰਬਰ ਲਈ, ਉੱਡਣੇ ਪੰਛੀ ਨੂੰ ਪੈਂਦੀ, ਪੌੜੀਆਂ ਦੀ ਲੋੜ ਨਾ । ਸੱਚ ਦੀ ਹੱਟੀ ਤੋਂ ਸੌਦਾ ਲੈਣ ਵਾਲੇ ਤੁਰ ਗਏ , ਕੱਚ ਦੀ ਮੰਡੀ ’ਚ ਰੌਣਕ, ਗਾਹਕਾਂ ਦੀ ਥੋੜ ਨਾ । ਠੀਕ ਹੈ ਗਹਿਰਾ ਗੰਭੀਰਾ ਜੀਣ ਦਾ ਅੰਦਾਜ਼, ਪਰ, ਮੁਸਕਣੀ ਨੂੰ ਹੋਠਾਂ ਉੱਤੇ, ਆਉਣ ਤੋਂ ਤੂੰ ਹੋੜ ਨਾ ।

ਮੇਰਾ ਸੂਰਜ ਹਨ੍ਹੇਰਾ ਖਾ ਰਿਹਾ ਹੈ

ਮੇਰਾ ਸੂਰਜ ਹਨ੍ਹੇਰਾ ਖਾ ਰਿਹਾ ਹੈ । ਫ਼ਿਜ਼ਾ 'ਚੋਂ ਨਿੱਘ ਖੁਰਦਾ ਜਾ ਰਿਹਾ ਹੈ । ਸ਼ਹਿਰ ਵਿਚ ਲੱਗ ਰਿਹਾ ਆਰੇ ਤੇ ਆਰਾ, ਅਜੇ ਵੀ ਪਿੰਡ ਨਿੰਮਾਂ ਲਾ ਰਿਹਾ ਹੈ । ਨਦੀ ਦੇ ਨੀਰ ਨੂੰ ਮੁੱਠੀ 'ਚ ਕਰਕੇ, ਕੋਈ ਫ਼ਸਲਾਂ ਨੂੰ ਸੁੱਕਣੇ ਪਾ ਰਿਹਾ ਹੈ । ਤੇਰੀ ਸ਼ਹਿਰੀ ਹਵਾ ਦਾ ਜ਼ਹਿਰਾ ਕੈਸਾ, ਮੇਰੇ ’ਚੋਂ ਪਿੰਡ ਮਰਦਾ ਜਾ ਰਿਹਾ ਹੈ । ਇਸੇ ਨੇ ਚੱਬ ਜਾਣੀ 'ਧਰਤ' ਸਾਡੀ, ਇਹ ਜੋ ‘ਸੰਸਾਰ’ ਤੁਰਿਆ ਆ ਰਿਹਾ ਹੈ । ਇਹ ਬਲਦੀ ਅੱਗ ਨਾ ਬੁੱਝੇ, ਸੰਭਾਲੋ, ਕੋਈ ਭੱਠੀ ਤੇ ਪਾਣੀ ਪਾ ਰਿਹਾ ਹੈ । ਮਲਾਹੋ! ਵਰਤਿਓ ਹੁਣ ਸਾਵਧਾਨੀ, ਸਮੁੰਦਰ ਫੇਰ ਖੌਰੂ ਪਾ ਰਿਹਾ ਹੈ । ਗੁਆਚੇ ਮਾਣ ਨਾ ਧਰਤੀ ਦਾ ਪੁੱਤਰੋ, ਸੁਣੋ! ਦਰਵੇਸ਼ ਇਹ ਕੀ ਗਾ ਰਿਹਾ ਹੈ?

ਤੇਰੇ ਹੱਥ ਮੇਰੀ ਡੋਰ

ਤੇਰੇ ਹੱਥ ਮੇਰੀ ਡੋਰ, ਰੱਖੀਂ ਖਿੱਚ ਕੇ ਤਣਾਵਾਂ । ਮਤਾਂ ਅੰਬਰਾਂ 'ਚ ਉੱਡਦਾ ਜ਼ਮੀਨ ਭੁੱਲ ਜਾਵਾਂ । ਤੇਰੇ ਸੰਗ ਸਾਥ ਉੱਡੂੰ -ਉੱਡੂੰ ਕਰੇ ਮੇਰਾ ਚਿੱਤ, ਜੀਕੂੰ ਗੋਦੀ 'ਚ ਬਿਠਾ ਕੇ ਦੇਣ ਲੋਰੀਆਂ ਹਵਾਵਾਂ । ਰਹੇ ਅੱਖਾਂ 'ਚ ਖੁਮਾਰ, ਤੇਰੇ ਸਾਥ ਦਾ ਸਰੂਰ, ਮੈਨੂੰ ਇਸੇ ਗੱਲੋਂ ਜਾਪਦੈ ਜਵਾਨ ਹੁੰਦਾ ਜਾਵਾਂ । ਜਦੋਂ ਅੱਧੀ-ਅੱਧੀ ਰਾਤੀਂ ਕਿਤੇ ਬੋਲਦੀ ਚਕੋਰ, ਚਿੱਤ ਕਰੇ ਮੈਂ ਵੀ ਸੁੱਤੀ ਪਈ ਚਾਨਣੀ ਜਗਾਵਾਂ । ਉਦੋਂ ਹੋ ਜੇ ਮੇਰੀ ਬੱਸ, ਹੋਵਾਂ ਵੱਸ ਤੋਂ ਬੇਵੱਸ, ਜਦੋਂ ਫੜਿਆ ਨਾ ਜਾਵੇ ਮੈਥੋਂ ਤੇਰਾ ਪਰਛਾਵਾਂ । ਦੇ ਦੇ ਇਕੋ ਧਰਵਾਸ, ਰੱਖੀਂ ਸਾਹਾਂ ’ਚ ਨਿਵਾਸ, ਤੇਰੀ ਖ਼ੁਸ਼ਬੂ ਨੂੰ ਬਹੁਤ ਕਿਤੇ ਅੰਦਰ ਵਸਾਵਾਂ । ਇਸ ਮੰਡੀ ਵਿਚ ਬਣਿਆ ਜੇ ਪਿਆਰ ਹੈ ਵਪਾਰ, ਤੂੰ ਹੀ ਪੜ੍ਹਿਆ ਏ ਪਹਿਲੀ ਵਾਰੀ ਰੂਹ ਦਾ ਸਿਰਨਾਵਾਂ ।

ਵਗਦੇ ਪਾਣੀ ਨਾਲ ਅਜ਼ਲ ਤੋਂ

ਵਗਦੇ ਪਾਣੀ ਨਾਲ ਅਜ਼ਲ ਤੋਂ ਮੇਰੀ ਗੂੜ੍ਹੀ ਯਾਰੀ ਹੈ । ਸਾਨੂੰ ਤੁਰਨ ਸਿਖਾਇਆ ਇਸ ਨੇ, ਦੱਸਿਆ ਲਾਉਣਾ ਤਾਰੀ ਹੈ । ਮਰ ਚੁੱਕੇ ਦਰਿਆਵਾਂ ਨੂੰ ਬਸ ਆਪਣੀ ਕਥਾ ਸੁਣਾਉਣੀ ਸੀ, ਮੈਂ ਤਾਂ ਸਿਰਫ਼ ਸਮੁੰਦਰ ਅੰਦਰ ਛਾਲ ਏਸ ਲਈ ਮਾਰੀ ਹੈ । ਗਰਮੀ ਖਾਂਦਾ, ਰੂਪ ਬਦਲਦਾ, ਅੰਬਰ ਨੂੰ ਤੁਰ ਜਾਂਦਾ ਹੈ, ਬੱਦਲ ਬਣ ਕੇ ਵਰ੍ਹੇ ਸਮੁੰਦਰ, ਫਿਰ ਵੀ ਧਰਤੀ ਪਿਆਰੀ ਹੈ । ਇਸ ਦੀ ਬੁੱਕਲ ਦੇ ਵਿਚ ਰੀਝਾਂ, ਸੁਪਨ ਪਰਿੰਦੇ ਦਫ਼ਨ ਪਏ, ਘੋਗੇ ਸਿੱਪੀਆਂ ਅੰਦਰ ਜ਼ਿੰਦਗੀ, ਕੈਸਾ ਅਜਬ ਸ਼ਿਕਾਰੀ ਹੈ । ਖੁੱਲ੍ਹੀਆਂ ਅੱਖਾਂ ਨਾਲ ਨਿਰੰਤਰ, ਵੇਖੀਂ ਜ਼ਰਾ ਸਮੁੰਦਰ ਨੂੰ, ਸਮਝ ਲਵੇਂਗਾ ਲਹਿਰਾਂ ਅੰਦਰ, ਹੁੰਦੀ ਅਜਬ ਉਡਾਰੀ ਹੈ । ਆਦਮ ਬੋ , ਆਦਮ ਬੋ ਕਰਦਾ, ਚੀਰੀ ਜਾਵੇ ਰੋਜ਼ ਗਲੋਬ, ਨਵੀਂ ਸਦੀ ਦਾ ਅਜਬ ਕੋਲੰਬਸ, ਜਿਸਦੇ ਹੱਥ ਵਿਚ ਆਰੀ ਹੈ । ਤਲਖ਼ ਸਮੁੰਦਰ ਕਰੇ ਤਬਾਹੀ, ਸਮਝ ਰਤਾ ਗੁਰਭਜਨ ਸਿਹਾਂ, ਅਸਲਾ ਚੁੱਕ ਕੇ ਤੁਰਿਆ ਫਿਰਨਾ, ਕਿੱਧਰਲੀ ਸਰਦਾਰੀ ਹੈ ।

ਅੱਖ ਤੇ ਅੱਥਰੂ ਜੀਕਣ 'ਕੱਠੇ

ਅੱਖ ਤੇ ਅੱਥਰੂ ਜੀਕਣ 'ਕੱਠੇ, ਵੱਖਰੇ ਨਹੀਉਂ ਕਰ ਹੁੰਦੇ ਨੇ । ਟਾਹਣੀ ਨਾਲੋਂ ਟੁੱਟੇ ਫੁੱਲ ਤੋਂ, ਸਦਮੇ ਵੀ ਨਾ ਜਰ ਹੁੰਦੇ ਨੇ । ਤੂੰ ਮੇਰੀ ਉਂਗਲੀ ਨਾ ਛੱਡੀਂ, ਸਦਾ ਹੁੰਗਾਰਾ ਦੇਂਦਾ ਰਹੁ ਤੂੰ, ਨੈਣਾਂ ਵਿਚਲੇ ਤਲਖ਼ ਸਮੁੰਦਰ, ਕੱਲਿਆਂ ਕਿੱਥੇ ਤਰ ਹੁੰਦੇ ਨੇ । ਛੱਡ ਜਿਸਮਾਂ ਦੀ ਮਿੱਟੀ, ਆ ਕੇ ਰੂਹ ਦੇ ਨੇੜੇ ਬੈਠ ਜ਼ਰਾ ਤੂੰ, ਕਿਲ੍ਹੇ ਮੁਹੱਬਤ ਵਾਲੇ ਸੱਜਣਾ, ਏਸ ਤਰ੍ਹਾਂ ਹੀ ਸਰ ਹੁੰਦੇ ਨੇ । ਉੱਛਲ ਕੇ ਬਰਬਾਦ ਕਰੇਂ, ਦਰਿਆਵਾ! ਰੋੜ੍ਹੇਂ ਫ਼ਸਲਾਂ ਨੂੰ ਵੀ, ਕੌਣ ਭਲਾ ਸਮਝਾਵੇ ਤੈਨੂੰ, ਮਿੱਟੀ ਦੇ ਵੀ ਘਰ ਹੁੰਦੇ ਨੇ । ਬੜ੍ਹਕਾਂ ਮਾਰਨ ਵਾਲੇ ਬੰਦੇ, ਹੁੰਦੇ ਨਹੀਂ ਦਲੇਰ ਕਦੇ ਵੀ, ਏਹੋ ਜਹੇ ਮਨ ਅੰਦਰ ਬੈਠੇ, ਵੰਨ ਸੁਵੰਨੇ ਡਰ ਹੁੰਦੇ ਨੇ । ਹੱਕ ਸੱਚ ਤੇ ਇਨਸਾਫ਼ ਦੀ ਪਹਿਰੇਦਾਰੀ ਕਰਨਾ ਸਹਿਲ ਨਹੀਂ ਹੈ, ਲੱਖ ਲੋਕਾਂ ਦੀ ਭੀੜ ਦੇ ਅੰਦਰ, ਵਿਰਲੇ ਬੰਦੇ ਨਰ ਹੁੰਦੇ ਨੇ । ਤਨ ਦੀ ਸ਼ਕਤੀ, ਮਨ ਦਾ ਨਿਸ਼ਚਾ, ਤਰਦੈ ਸੱਤ ਸਮੁੰਦਰਾਂ ਨੂੰ ਵੀ, ਪੈਰਾਂ ਥੱਲੇ ਧਰਤੀ ਹੋਵੇ, ਤਾਂ ਹੀ ਪੈਂਡੇ ਕਰ ਹੁੰਦੇ ਨੇ । ਤੂੰ ਮੇਰੇ ਖੰਭਾਂ ਨੂੰ ਨੋਚੇਂ, ਸਮਝ ਲਵੇਂ ਮੈਂ ਹਾਰ ਗਿਆ ਹਾਂ, ਅੰਬਰ ਤੀਕ ਉਡਾਰੀ ਭਰਦੇ, ਖ਼ਾਬਾਂ ਦੇ ਵੀ ਪਰ ਹੁੰਦੇ ਨੇ । ਹੁਣ ਦੇ ਪਲ ਨੂੰ ਮਿੱਟੀ ਕਰਦੈਂ, ਕਾਹਲ਼ੀ ਨਾ ਕਰ ਬੈਠ ਜ਼ਰਾ ਤੂੰ, ਏਸ ਤਰ੍ਹਾਂ ਦੇ ਘਾਟੇ ਬੀਬਾ, ਮਗਰੋਂ ਕਿੱਥੇ ਭਰ ਹੁੰਦੇ ਨੇ ।

ਯਤਨ ਕਰਾਂਗਾ, ਵਕਤ ਸਮਾਵੇ

ਯਤਨ ਕਰਾਂਗਾ, ਵਕਤ ਸਮਾਵੇ ਆਉਂਦੇ ਜਾਂਦੇ ਸਾਹਾਂ ਅੰਦਰ । ਇਹ ਨਾ ਸਬਕ ਸੁਣਾਵੀਂ ਮੈਨੂੰ, ਮਰ ਖਪ ਜਾਵਾਂ ਰਾਹਾਂ ਅੰਦਰ । ਰੇਗਿਸਤਾਨ 'ਚ ਲੁਕੀਆਂ ਨਦੀਆਂ, ਝੀਲਾਂ ਪਰਬਤ ਨਦੀਆਂ ਨਾਲੇ, ਮੇਰਾ ਤਾਂ ਵਿਸ਼ਵਾਸ ਅਟਲ ਹੈ, ਸਭ ਕੁਝ ਲੁਕਿਆ ਧਰਤੀਆਂ ਅੰਦਰ । ਚੰਨ ਤੇ ਤਾਰੇ, ਸੂਰਜ ਮਿਲਕੇ ਅੰਬਰੀਂ ਖੇਡਣ ਲੁਕਣ ਮਚਾਈਆਂ, ਰੀਝਾਂ ਦੀ ਸਤਰੰਗੀ ਝੂਲੇ, ਨੀਲ ਬਲੌਰੀ ਅੰਬਰਾਂ ਅੰਦਰ । ਕਾਲ ਕਲੂਟੀ ਰਾਤੋਂ ਡਰ ਕੇ, ਕਿਉਂ ਬਹਿ ਜਾਈਏ ਚੁੱਪ ਚੁਪੀਤੇ, ਯਤਨ ਕਰਾਂਗੇ, ਇਹ ਨਾ ਬਹਿ ਕੇ, ਹੱਡ ਮਾਸ ਦੇ ਪੁਤਲਿਆਂ ਅੰਦਰ । ਤੂੰ ਵੀ ਘਰ ਦੀ ਖਿੜਕੀ ਖੋਲ੍ਹੀਂ, ਮੈਂ ਵੀ ਤੋੜੂੰ ਦਰ-ਦੀਵਾਰਾਂ, ਮੁੱਕ ਜਾਵੇ ਨਾ ਸਾਂਝੀ ਧੜਕਣ, ਖ਼ੁਦ ਵਣਜੇ ਬਣਵਾਸਾਂ ਅੰਦਰ । ਥੱਕਿਆ ਤਨ ਤੇ ਮਨ ਬੁਝਿਆ ਹੈ, ਬਿਨ ਸਿਰਨਾਵੇਂ ਭਟਕ ਰਿਹਾਂ ਮੈਂ, ਗੁੰਮ ਗਵਾਚ ਗਿਆ ਹਾਂ ਏਥੇ, ਝਿਲਮਿਲ ਕਰਦੇ ਸ਼ਹਿਰਾਂ ਅੰਦਰ । ਨਦੀਏ ਦੱਸ ਤੂੰ ਕਿਉਂ ਡਰਦੀ ਏਂ, ਜੇ ਸਾਗਰ ਦਾ ਅਸਗਾਹ ਪੈਂਡਾ, ਫ਼ਿਕਰਾਂ ਅੰਦਰ ਕਿਉਂ ਡੁੱਬਦੀ ਏਂ, ਜ਼ਿੰਦਗੀ ਧੜਕੇ ਲਹਿਰਾਂ ਅੰਦਰ ।

ਜਿਹੜੇ ਬੰਦੇ ਜਿੰਨਾ ਮਗਰੂਰ ਹੁੰਦੇ ਨੇ

ਜਿਹੜੇ ਬੰਦੇ ਜਿੰਨਾ ਮਗਰੂਰ ਹੁੰਦੇ ਨੇ । ਜ਼ਿੰਦਗੀ ਤੋਂ ਓਹੀ ਓਨਾ ਦੂਰ ਹੁੰਦੇ ਨੇ । ਹਊਮੈਂ ਦੇ ਚੁਫ਼ੇਰ ਤੁਰੇ ਰਹਿਣ ਦਿਨ ਰਾਤ, ਓਹੀ ਲੋਕੀਂ ਥੱਕ ਥੱਕ ਚੂਰ ਹੁੰਦੇ ਨੇ । ਨੀਤੀ ਤੇ ਨਿਸ਼ਾਨਾ ਜੀਹਦਾ ਸ਼ੀਸ਼ੇ ਵਾਂਗ ਸਾਫ਼, ਮੰਜ਼ਲਾਂ ਤੇ ਪਹੁੰਚਦੇ ਜ਼ਰੂਰ ਹੁੰਦੇ ਨੇ । ਸੁਪਨੇ ਨੂੰ ਐਵੇਂ ਹੀ ਨਾ ਸਮਝੋ ਜਨਾਬ, ਫ਼ਲੋਂ ਪਹਿਲਾਂ ਟਾਹਣੀਆਂ ਤੇ ਬੂਰ ਹੁੰਦੇ ਨੇ । ਮਾਘ ਦੇ ਮਹੀਨੇ ਸੁੱਕੀ ਵੇਲ ਨਾ ਗਿਣੋ, ਇਹਦੀ ਗੋਦੀ ਚੇਤਰੀਂ ਅੰਗੂਰ ਹੁੰਦੇ ਨੇ । ਨੇਰ੍ਹੀਆਂ ਤੂਫ਼ਾਨਾਂ ’ਚ ਵੀ ਰਹਿੰਦੇ ਨੇ ਅਡੋਲ, ਜਿਹੜੇ ਲੋਕੀਂ ਚਿੱਤੋਂ ਭਰਪੂਰ ਹੁੰਦੇ ਨੇ । ਜਾਨ ਤੋਂ ਪਿਆਰੇ ਜਦੋਂ ਜਾਂਦੇ ਅੱਖਾਂ ਫੇਰ, ਐਸੇ ਘਾਟੇ ਫੇਰ ਕਿੱਥੋਂ ਪੂਰ ਹੁੰਦੇ ਨੇ ।

ਲੜਨਾ ਹੁੰਦੈ ਸੌਖਾ ਯਾਰੋ

ਲੜਨਾ ਹੁੰਦੈ ਸੌਖਾ ਯਾਰੋ, ਜੰਗਲ ਚਾਰ ਚੁਫ਼ੇਰੇ ਨਾਲ਼ । ਸਭ ਤੋਂ ਔਖਾ ਲੜਨਾ ਹੁੰਦੈ, ਆਪਣੇ ਮਨ ਦੇ ਨੇਰ੍ਹੇ ਨਾਲ਼ । ਆਪਣੇ ਨਾਲ ਵਿਚਾਰ ਕਦੇ ਮੈਂ, ਇੱਕ ਪਲ ਸਾਂਝਾ ਕੀਤਾ ਨਹੀਂ, ਚੌਵੀ ਘੰਟੇ ਚੱਲਦਾ ਰਹਿੰਦਾ, ਸਾਰੀਆਂ ਚਾਲਾਂ ਤੇਰੇ ਨਾਲ਼ । ਆਪੇ ਚਾਰ ਦੀਵਾਰੀ ਘੜਦਾਂ, ਡਰ ਦਾ ਮਾਰਾ ਕੀ ਕਰਦਾਂ, ਮਨ ਦਾ ਮਣਕਾ ਫਿਰਦਾ ਹੀ ਨਹੀਂ, ਲੱਖਾਂ ਮਾਲ਼ਾਂ ਫੇਰੇ ਨਾਲ਼ । ਸੁਪਨਾ ਦੁਨੀਆਂ ਜਿੱਤਣ ਦਾ ਪਰ ਇਕ ਨੁਕਤੇ ਤੇ ਸਿਮਟ ਗਿਆਂ, ਲੜਨਾ ਭੁੱਲ ਗਿਆ ਸਾਂ ਪਹਿਲਾਂ ਅਣਦਿਸਦੇ ਜਹੇ ਘੇਰੇ ਨਾਲ਼! ਆਰੀ ਤੇਜ਼, ਕੁਹਾੜਾ ਤਿੱਖਾ, ਸਭ ਨੀਅਤਾਂ ਬਦਨੀਤ ਕਿਓਂ, ਸਭ ਰੁੱਖਾਂ ਨੇ ਕੱਠਿਆਂ ਹੋ ਕੇ, ਸ਼ਿਕਵਾ ਕੀਤਾ ਮੇਰੇ ਨਾਲ਼! ਧਰਤੀ ਦੀ ਹਰਿਔਲ ਉਦਾਸੀ, ਸੁੱਕ ਰਹੇ ਬਿਰਖ਼ ਬਰੂਟੇ ਵੀ, ਇਨ੍ਹਾਂ ਵਿਚ ਨਹੀਂ ਜਿੰਦ ਧੜਕਣੀ, ਫੋਕੇ ਹੰਝੂ ਕੇਰੇ ਨਾਲ਼ । ਉੱਠੋ! ਜਾਗੋ! ਨੀਂਦ ਤਿਆਗੋ, ਧਰਤੀ-ਪੁੱਤਰੋ ਕਰਮ ਕਰੋ, ਮੰਜ਼ਿਲ ਤੇ ਵਿਸ਼ਵਾਸ ਪੁਚਾਵੇ, ਪਰ ਜੇ ਕਰੀਏ ਜੇਰੇ ਨਾਲ਼ ।

ਜ਼ਿੰਦਗੀ ਨਾ ਰੰਗਾਂ ਦੀ ਗ਼ੁਲਾਮ

ਜ਼ਿੰਦਗੀ ਨਾ ਰੰਗਾਂ ਦੀ ਗ਼ੁਲਾਮ ਮੇਰੇ ਮਿੱਤਰਾ ਓ, ਜ਼ਿੰਦਗੀ ਨਾ ਰੰਗਾਂ ਦੀ ਗ਼ੁਲਾਮ । ਕਿਸੇ ਨੂੰ ਸਵੇਰ ਪਹਿਰ ਨੇਰ੍ਹ ਚੰਗਾ ਲੱਗਦਾ ਏ, ਕਿਸੇ ਨੂੰ ਸੰਧੂਰੀ ਹੋਈ ਸ਼ਾਮ । ਕੱਚਿਆਂ ਬਨੇਰਿਆਂ ਨੂੰ ਪੋਚ ਪੋਚ ਰੱਖਦੇ ਹਾਂ, ਜਿਥੇ ਬਹਿੰਦੇ ਘੁੱਗੀਆਂ ਤੇ ਮੋਰ, ਪੱਕਿਆਂ ਮਕਾਨਾਂ ਵਾਲੇ ਕੱਚ ਟੋਟੇ ਗੱਡਦੇ ਨੇ, ਪੰਛੀ ਨਾ ਕਰਨ ਆਰਾਮ । ਚਿਹਰੇ ਨੂੰ ਸ਼ਿੰਗਾਰਦੇ ਹਾਂ, ਸ਼ੀਸ਼ੇ ਨੂੰ ਨਿਹਾਰਦੇ ਹਾਂ, ਦਿਨ ਵਿਚ ਕਈ-ਕਈ ਵਾਰ, ਇਹਦੇ ਵਿਚੋਂ ਲੱਭਦੇ ਹਾਂ, ਗੁੰਮੇ ਹੋਏ ਮੁਹਾਂਦਰੇ ਨੂੰ, ਲੈ ਕੇ ਸਦਾ ਵੱਖ-ਵੱਖ ਨਾਮ । ਜਿੰਨ੍ਹਾਂ ਕਦੇ ਜ਼ਿੰਦਗੀ 'ਚ ਨੇਰ੍ਹ ਕਦੇ ਵੇਖਿਆ ਨਾ, ਚੰਨ ਦੀ ਕੀ ਉਨ੍ਹਾਂ ਨੂੰ ਪਛਾਣ, ਨੇਰ੍ਹੇ ਦੀ ਕਿਤਾਬ ਹੀ ਸਿਖਾਵੇ ਤੇ ਪੜ੍ਹਾਵੇ ਸਾਨੂੰ ਰਾਵਣਾਂ ਨੂੰ ਮਾਰੇ ਕਿਵੇਂ ਰਾਮ । ਜ਼ਿੰਦਗੀ ਦੇ ਰਣ ਵਿਚ ਜੂਝਦੇ ਜੁਝਾਰ ਸਦਾ, ਸਦੀਆਂ ਦੀ ਰੀਤ ਨੂੰ ਤੂੰ ਜਾਣ, ਮਨ ਵਾਲੀ ਨਗਰੀ 'ਚ ਚਾਨਣੇ ਦਾ ਵਾਸ ਰੱਖ, ਦੂਰੋਂ ਹੀ ਹਨ੍ਹੇਰ ਨੂੰ ਸਲਾਮ । ਜਾਮਨੀ, ਗੁਲਾਬੀ, ਨੀਲੇ, ਪੀਲ਼ੇ ਤੇ ਬਲੰਭਰੀ ਜੋ, ਲਾਲੀ ਦਾ ਪਸਾਰ ਬੇਸ਼ੁਮਾਰ, ਰੰਗਾਂ ਦੀ ਸਲਾਮਤੀ ਲਈ ਜਾਗੀਏ ਜਗਾਈਏ ਲੋਕ, ਹੋਏ ਪ੍ਰਮਾਣੂ ਬੇਲਗਾਮ ।

ਤਾਰੇ ਵੀ ਤਾਂ ਮਰਦੇ ਨੇ

ਤਾਰੇ ਵੀ ਤਾਂ ਮਰਦੇ ਨੇ । ਅੰਬਰ ਖ਼ਾਲੀ ਕਰਦੇ ਨੇ । ਇਹ ਜੋ ਫੁੱਲ ਕਿਆਰੀ ਵਿਚ, ਇਹ ਤਾਂ ਮੇਰੇ ਘਰ ਦੇ ਨੇ । ਮਿੱਟੀ ਦਾ ਭਗਵਾਨ ਬਣਾ, ਆਪੇ ਲੋਕੀਂ ਡਰਦੇ ਨੇ । ਅੰਦਰਲੀ ਚੁੱਪ ਮਾਰਨ ਲਈ, ਠੰਢੇ ਹਾਉਕੇ ਭਰਦੇ ਨੇ । ਰੇਤੇ ਦੀ ਆਵਾਜ਼ ਸੁਣੋ, ਪੱਥਰ ਵੀ ਤਾਂ ਖ਼ਰਦੇ ਨੇ । ਜਿਹੜੇ ਲੋਕੀਂ ਜੰਮਦੇ ਨੇ, ਉਹੀ ਆਖ਼ਰ ਮਰਦੇ ਨੇ । ਕਰਾਮਾਤ ਵਿਗਿਆਨਾਂ ਦੀ, ਡੁੱਬਦੇ ਪੱਥਰ ਤਰਦੇ ਨੇ ।

ਕੁਖ਼ ਵਿਚ ਨਾ ਤੂੰ ਮਾਰ ਬਾਬਲਾ

ਕੁਖ਼ ਵਿਚ ਨਾ ਤੂੰ ਮਾਰ ਬਾਬਲਾ । ਕਰ ਨਾ ਅੱਤਿਆਚਾਰ ਬਾਬਲਾ । ਮਾਂ ਦੇ ਸਿਰ ਦੀ ਚੁੰਨੀ ਹਾਂ ਮੈਂ, ਤੇਰੀ ਵੀ ਦਸਤਾਰ ਬਾਬਲਾ । ਦੱਸ ਬਗੀਚੇ ਵਿਚ ਕੀ ਹੁੰਦੈ, ਇਕ ਤਿਤਲੀ ਦਾ ਭਾਰ ਬਾਬਲਾ । ਨਾ ਤੋੜੀਂ ਨਾ ਤੋੜੀਂ, ਵੇਖੀਂ, ਮੈਂ ਜ਼ਿੰਦਗੀ ਦੀ ਤਾਰ ਬਾਬਲਾ । ਤੇਰੀਆਂ ਸੱਤੇ ਖ਼ੈਰਾਂ ਮੰਗਦੀ, ਸਭ ਕੂੰਜਾਂ ਦੀ ਡਾਰ ਬਾਬਲਾ । ਖੁਸ਼ਬੋਈ ਬਿਨ ਫੁੱਲ ਵੀ ਮੰਨਦੇ, ਰੰਗਾਂ ਦਾ ਵੀ ਭਾਰ ਬਾਬਲਾ । ਮੈਂ ਵੀ ਤੇਰੀ ਕੁਲ ਦਾ ਚਾਨਣ, ਕਿਉਂ ਸਮਝੇਂ ਤੂੰ ਭਾਰ ਬਾਬਲਾ । ਮੈਂ ਤੇਰੇ ਤੋਂ ਹੋਰ ਨਾ ਮੰਗਾਂ, ਲੈ ਬਾਹਾਂ ਵਿਚਕਾਰ ਬਾਬਲਾ ।

ਚਿਰ ਹੋਇਆ ਏ ਬਾਪੂ ਜੀ ਤਾਂ ਤੁਰ ਗਏ

ਚਿਰ ਹੋਇਆ ਏ ਬਾਪੂ ਜੀ ਤਾਂ ਤੁਰ ਗਏ ਲੰਮੀ ਵਾਟੇ । ਚੇਤੇ ਆ ਗਏ ਅੱਜ ਉਨ੍ਹਾਂ ਦੇ, ਪੈਰ ਬਿਆਈਆਂ ਪਾਟੇ । ਤੁਰਦੇ-ਤੁਰਦੇ ਤੁਰਦੇ ਭਾਵੇਂ, ਜਾਂਦੇ ਅੱਖੀਂ ਵੇਖੇ, ਪਰ ਤੇਰੇ ਵਿਚ ਹਾਜ਼ਰ ਨਾਜ਼ਰ ਅੱਜ ਵੀ ਸੂਹੀ ਲਾਟੇ । ਘਰ ਤੋਂ ਮੰਜ਼ਿਲ ਤੀਕ ਪਹੁੰਚਦੇ, ਮਿਥਦੇ ਪਹਿਲਾਂ ਦਾਈਆ, ਸੁਪਨੇ ਵਿਚ ਵੀ ਮੈਂ ਨਹੀਂ ਵੇਖੇ, ਖੜ੍ਹੇ ਕਿਤੇ ਅਧਵਾਟੇ । ਰਿਸ਼ਤੇ ਦੀ ਪਾਕੀਜ਼ ਡੋਰ ਨੂੰ, ਧਰਮ ਦੇ ਵਾਂਗੂੰ ਫੜਦੇ, ਮਰਦੇ ਦਮ ਤੱਕ ਡਿੱਠੇ ਹੀ ਨਹੀਂ, ਗਿਣਦੇ ਵਾਧੇ ਘਾਟੇ । ਅਨਪੜ੍ਹ ਸੀ, ਪਰ ਸਦਾ ਆਖਦੇ ਤੇ ਸਮਝਾਉਂਦੇ ਸਾਨੂੰ, ਢਿੱਡੋਂ ਇਕ ਨੇ, ਕੁਰਸੀਆਂ ਵਾਲੇ, ਟਾਟੇ ਬਿਰਲੇ ਬਾਟੇ । ਨਿਰਭਉ ਤੇ ਨਿਰਵੈਰ ਜਿਸਮ ਵਿਚ ਰਹਿੰਦਾ ਰੱਬ ਸੀ ਓਹੀ, ਕਾਲ ਮੁਕਤ ਸਮਕਾਲੀ ਬਾਬਲ, ਅੱਜ ਵੀ ਬੰਧਨ ਕਾਟੇ । ਅਸਲ ਨਸ਼ਾ ਤਾਂ ਕਿਰਤ ਕਮਾਈ, ਜਾਗਿਓ, ਰਾਖੀ ਕਰਿਉ, ਚਾਤਰ ਸ਼ਾਤਰ ਬੜਾ ਚਾਹੁਣਗੇ, ਲਾਉਣਾ ਪੁੱਠੀ ਚਾਟੇ । ਧਰਤੀ ਧਰਮ ਨਿਭਾਉਣਾ ਦੱਸਿਆ ਤੇ ਏਦਾਂ ਸਮਝਾਇਆ, ਮਰਿਆਦਾ ਦੀ ਸ਼ਕਤੀ ਸਾਂਭੋ, ਰੱਖ ਕੇ ਸਿੱਧੇ ਗਾਟੇ । ਅਣਖ਼ ਦੀ ਰੋਟੀ ਸਦਾ ਕਮਾਇਓ, ਮੇਰੇ ਬਰਖ਼ੁਰਦਾਰੋ, ਪੈਸੇ ਦੇ ਪੁੱਤ ਕਰਨ ਹਕੂਮਤ, ਖੇਡਣ ਝੂਟੇ ਮਾਟੇ ।

ਹਿੰਮਤ ਕਰੋ, ਜੀਵਨ ਨਿਭੇ ਕਿਰਦਾਰ ਵਾਂਗਰਾਂ

ਹਿੰਮਤ ਕਰੋ, ਜੀਵਨ ਨਿਭੇ ਕਿਰਦਾਰ ਵਾਂਗਰਾਂ । ਬੈਠੋ ਨਾ ਢਾਹ ਕੇ ਢੇਰੀਆਂ, ਮੁਰਦਾਰ ਵਾਂਗਰਾਂ । ਹੌਕੇ ਤੇ ਪੀੜਾਂ ਮਨ ਦੀਆਂ, ਹੰਝੂ ਵੀ ਨੇਤਰੀਂ, ਫਿਰਦੇ ਨੇ ਭੇਸ ਬਦਲ ਕੇ, ਦਿਲਦਾਰ ਵਾਂਗਰਾਂ । ਸੁਪਨੇ, ਆਦਰਸ਼, ਵਲਵਲੇ, ਨਵੀਆਂ ਚੁਣੌਤੀਆਂ, ਵੱਸਣ ਇਹ ਮੇਰੇ ਨਾਲ ਹੀ ਪਰਿਵਾਰ ਵਾਂਗਰਾਂ । ਇਸ ਨੂੰ ਤੂੰ ਵਾਚ, ਪੜ੍ਹ ਕਦੇ, ਸਾਹਾਂ 'ਚ ਸਾਂਭ ਲੈ, ਵੇਦਨ ਨਹੀਂ ਹੁੰਦੀ ਕਦੇ ਵੀ ਅਖ਼ਬਾਰ ਵਾਂਗਰਾਂ । ਬਾਬਰ ਦੀ ਨਸਲ ਫੈਲ ਗਈ ਸਾਰੇ ਗਲੋਬ ਤੇ, ਕਰਦੇ ਨੇ ਜਬਰ ਜ਼ੁਲਮ ਜੋ, ਅਧਿਕਾਰ ਵਾਂਗਰਾਂ । ਠੋਕਰ ਹਰੇਕ ਕਦਮ 'ਤੇ ਲੱਗਦੀ ਹੈ ਇਸ ਲਈ, ਨੀਤੀ ਨਾ ਨੀਅਤ ਸਾਫ਼ ਹੈ, ਸਰਕਾਰ ਵਾਂਗਰਾਂ । ਏਨਾ ਵੀ ਕੁਰਸੀ ਨਾਲ ਨਾ ਜੁੜ ਕੇ ਰਿਹਾ ਕਰੋ, ਬੈਠੇ ਹੋ ਅਪਣੇ ਘਰ 'ਚ ਵੀ ਦਰਬਾਰ ਵਾਂਗਰਾਂ. ਫ਼ਰਜ਼ਾਂ ਨੂੰ ਗਰਜ਼ ਵਾਸਤੇ ਕੁਰਬਾਨ ਨਾ ਕਰੋ, ਜੀਵਨ ਤੁਰੇਗਾ ਆਪ ਹੀ ਖ਼ੁਦਦਾਰ ਵਾਂਗਰਾਂ । ਸਾਹਾਂ ਦੀ ਪੂੰਜੀ ਖ਼ਰਚ ਲਓ ਦੂਜੇ ਲਈ ਜਨਾਬ, ਜਾਪੂ ਕਦੇ ਨਾ ਜ਼ਿੰਦਗੀ ਇਹ ਭਾਰ ਵਾਂਗਰਾਂ ।

ਮਨ ਦੇ ਅੰਦਰ ਖ਼ਲਬਲੀ ਹੈ

ਮਨ ਦੇ ਅੰਦਰ ਖ਼ਲਬਲੀ ਹੈ, ਬੋਲਦਾ ਕੋਈ ਨਹੀਂ । ਸਭ ਗੁਆਚੇ ਫਿਰ ਰਹੇ ਨੇ, ਟੋਲਦਾ ਕੋਈ ਨਹੀਂ । ਕਾਫ਼ਲੇ ਦੇ ਲੋਕ ਸਾਰੇ, ਦੂਰ ਮੈਥੋਂ ਦੂਰ ਨੇ, ਹੈ ਅਜਬ ਬੇਗਾਨਗੀ ਰੂਹ ਕੋਲ ਦਾ ਕੋਈ ਨਹੀਂ । ਗੁੰਝਲਾਂ ਮਾਹੌਲ ਅੰਦਰ, ਪਿਲਚੀਆਂ ਨੇ ਆਂਦਰਾਂ, ਪੀੜ ਦਿਲ ਦੀ ਕੋਲ ਬਹਿ ਕੇ ਫ਼ੋਲਦਾ ਕੋਈ ਨਹੀਂ । ਰੰਗ ਨੇ ਡੱਬੀਆਂ 'ਚ ਕੈਦੀ, ਹੋਲੀਆਂ ਖ਼ਾਮੋਸ਼ ਨੇ, ਸਹਿਮੀਆਂ ਪੌਣਾਂ 'ਚ ਮਹਿਕਾਂ ਘੋਲਦਾ ਕੋਈ ਨਹੀਂ । ਮੋਰ ਦੇ ਪੈਰਾਂ 'ਚ ਡੋਰਾਂ, ਖੰਭ ਵੀ ਕਤਰੇ ਪਏ, ਡੁਸਕਦੇ ਹਮਦਰਦ, ਐਪਰ ਖੋਲ੍ਹਦਾ ਕੋਈ ਨਹੀਂ । ਦੇਸ਼ ਮੇਰੇ ਨੂੰ ਲਿਆਕਤ ਦੀ ਕਦਰਦਾਨੀ ਨਹੀਂ, ਏਸ ਵਾਂਗੂੰ ਅਕਲ ਨੂੰ ਤਾਂ ਰੋਲ਼ਦਾ ਕੋਈ ਨਹੀਂ । ਜਗ ਰਹੇ ਵਿਸ਼ਵਾਸ ਦੇ ਦੀਵੇ, ਹਨ੍ਹੇਰੀ ਤੇਜ਼ ਹੈ, ਵੇਖ ਤੂੰ ਸਾਡੇ ਵੀ ਜ਼ੇਰੇ, ਡੋਲਦਾ ਕੋਈ ਨਹੀਂ ।

ਚੱਲ ਅੰਬਰਾਂ ਨੂੰ ਚੁੰਮੀਏ

ਚੱਲ ਅੰਬਰਾਂ ਨੂੰ ਚੁੰਮੀਏ ਹੁਲਾਰਿਆਂ ਦੇ ਨਾਲ । ਕੋਈ ਗੱਲਬਾਤ ਤੋਰੀਏ, ਸਿਤਾਰਿਆਂ ਦੇ ਨਾਲ । ਮੇਰੇ ਅੰਦਰ ਖਾਮੋਸ਼ੀ, ਬਾਹਰ ਚੁੱਪ ਦੇ ਪਹਾੜ, ਮੈਨੂੰ ਜੀਣ ਜੋਗਾ ਕਰ ਦੇ ਹੁੰਗਾਰਿਆਂ ਦੇ ਨਾਲ । ਭਾਵੇਂ ਉਮਰਾਂ ਦੀ ਪੌੜੀ ਵਾਲੇ ਡੰਡੇ ਮੁੱਕ ਚੱਲੇ, ਦਿਲ ਖੇਡੀ ਜਾਵੇ ਅਜੇ ਵੀ ਗੁਬਾਰਿਆਂ ਦੇ ਨਾਲ । ਇਹ ਜੋ ਰਾਂਗਲੀ ਸੁਰਾਂਗਲੀ ਹੈ, ਫੁੱਲਾਂ ਭਰੀ ਵੇਲ, ਵੰਡੇ ਖ਼ੁਸ਼ਬੂ ਇਹ ਤੇਰੇ ਹੀ ਇਸ਼ਾਰਿਆਂ ਦੇ ਨਾਲ । ਆ ਜਾ ਇੱਕ ਦੂਜੇ ਵਿਚ ਦੋਵੇਂ ਡੁੱਬ ਜਾਈਏ ਪੂਰੇ, ਮੈਂ ਤਾਂ ਥੱਕ ਗਿਆਂ ਤਰਦਾ ਕਿਨਾਰਿਆਂ ਦੇ ਨਾਲ । ਤੂੰ ਤਾਂ ਰਾਜ ਗੱਦੀ ਓਹਲੇ ਨਿੱਤ ਲੁਕ ਛਿਪ ਜਾਵੇਂ, ਖੇਡਾਂ ਲੁਕਣ ਮਚਾਈਆਂ, ਬੇਸਹਾਰਿਆਂ ਦੇ ਨਾਲ । ਸਾਡੀ ਕੱਖਾਂ ਵਾਲੀ ਕੁੱਲੀ ਤੇ ਹਨ੍ਹੇਰੀ ਜਦੋਂ ਝੁੱਲੀ, ਸਾਰੇ ਕਹਿਣ ਨੇੜ ਕੀਤਾ ਕਿਉਂ ਚੁਬਾਰਿਆਂ ਦੇ ਨਾਲ ।

ਜਦੋਂ ਵਿਧੀ ਤੇ ਵਿਧਾਨ ਜਾਣ ਬੰਦੇ ਪਿੱਛੇ ਲੱਗ

ਜਦੋਂ ਵਿਧੀ ਤੇ ਵਿਧਾਨ ਜਾਣ ਬੰਦੇ ਪਿੱਛੇ ਲੱਗ । ਉਦੋਂ ਚੰਗਾ ਭਲਾ ਦੇਸ਼ ਬਣੇ ਪਸ਼ੂਆਂ ਦਾ ਵੱਗ । ਜਿਹੜੇ ਸਿੱਧਾਂ ਨੇ ਸੁਧਾਰਨੀ ਸੀ ਜ਼ਿੰਦਗੀ ਦੀ ਤੋਰ, ਉਨ੍ਹਾਂ ਲਾ ਲਈ ਏ ਸਮਾਧੀ, ਦੀਨ ਦੁਨੀ ਤੋਂ ਅਲੱਗ । ਮੇਰੀ ਅੱਖ ਵਿਚ ਅੱਥਰੂ, ਸਮੁੰਦਰਾਂ ਦੇ ਬੱਚੇ, ਵੇਖ ਕਿੰਨੇ ਨੇ ਅਸੀਲ, ਕਦੇ ਛੱਡਦੇ ਨਾ ਝੱਗ । ਜਦੋਂ ਚੜ੍ਹਦੀ ਜਵਾਨੀ ਜਾਣ ਲਵੇ ਸਹੀ ਰਾਹ, ਉਦੋਂ ਧੀਆਂ ਪੁੱਤ ਸਾਂਭ ਲੈਂਦੇ ਬਾਬਲੇ ਦੀ ਪੱਗ । ਜਿਹੜੀ ਹਿੱਕ ਵਿਚ ਬਲ਼ੇ, ਓਹੀ ਬਣਦੀ ਜਵਾਲਾ, ਨਾ ਇਹ ਸਿਵਿਆਂ 'ਚ ਬਲ਼ੇ, ਨਾ ਹੀ ਚੁੱਲ੍ਹੇ ਵਾਲੀ ਅੱਗ । ਸਾਨੂੰ ਹੁਕਮਾਂ ਹਕੂਮਤਾਂ ਨੇ ਇਹੀ ਸਮਝਾਇਆ, ਅੰਨ੍ਹੇ ਗੂੰਗੇ ਬੋਲੇ ਲੋਕ ਹੁੰਦੇ ਬੜੇ ਹੀ ਸੁਲੱਗ । ਜਿੰਨ੍ਹਾਂ ਮੱਥਿਆਂ 'ਚ ਜਾਗ ਪਵੇ "ਬਾਬੇ" ਵਾਲੀ ਅੱਖ, ਉਹ ਤਾਂ ਲੈਂਦੇ ਨੇ ਪਛਾਣ, ਝੂਠੇ ਸੱਜਣਾਂ 'ਚੋਂ ਠੱਗ ।

ਅੰਬਰਾਂ ਨੂੰ ਉਡਾਰੀ ਭਰਨ ਲਈ

ਅੰਬਰਾਂ ਨੂੰ ਉਡਾਰੀ ਭਰਨ ਲਈ, ਅੱਖੀਆਂ 'ਚੋਂ ਨੀਂਦਰ ਟਾਲ਼ ਦਿਉ । ਪੌਣਾਂ ਦੇ ਪੈਰੀਂ ਝਾਂਜਰ ਪਾ, ਧੜਕਣ ਨੂੰ ਸੁਰ ਤੇ ਤਾਲ ਦਿਉ । ਜੇ ਮਨ ਮੰਦਿਰ ਦੀ ਬਸਤੀ ਵਿਚ ਨੇਰ੍ਹੇ ਦਾ ਵਾਸ ਰਿਹਾ ਏਦਾਂ, ਰੂਹ ਵਾਲਾ ਚੰਬਾ ਖਿੜਨਾ ਨਹੀਂ, ਕਿਰਨਾਂ ਲਈ ਸੂਰਜ ਬਾਲ਼ ਦਿਉ । ਅਣਦਿਸਦੀ ਚਾਰ ਦੀਵਾਰੀ ਵਿਚ, ਮੈਂ ਆਪੇ ਘਿਰਿਆ ਕੈਦੀ ਹਾਂ, ਮੇਰੇ ਤੋਂ ਮੈਨੂੰ ਮੁਕਤ ਕਰੋ, ਉਇ ਸੱਜਣੋ ਮਿੱਤਰੋ ਨਾਲ ਦਿਉ । ਜੇ ਚਾਹੋ ਬਰਕਤ ਘਰ ਆਵੇ, ਹਰਕਤ ਵੀ ਹਿੰਮਤ ਨਾਲ ਕਰੋ, ਮੱਥੇ ਵਿੱਚ ਜੋਤ ਜਗਾਉ ਫਿਰ, ਪੈਰਾਂ ਨੂੰ ਸੁਜਾਖ਼ੀ ਚਾਲ ਦਿਉ । ਇਹ ਜ਼ੋਰ ਜਵਾਨੀ ਮੁੜ ਮੁੜ ਕੇ, ਬੂਹੇ ਤੇ ਦਸਤਕ ਨਹੀਂ ਦੇਂਦੇ, ਹੁਣ ਤੇਲ ਬਰੂਹੀਂ ਸ਼ਗਨਾਂ ਦਾ, ਖ਼ੁਦ ਅਪਣੇ ਹੱਥੀਂ ਢਾਲ਼ ਦਿਉ । ਬੰਦੇ 'ਚੋਂ ਬੰਦਾ ਦਿਸਦਾ ਨਹੀਂ, ਇਹ ਸ਼ਿਕਵਾ ਬਹੁਤ ਪੁਰਾਣਾ ਹੈ, ਆਪੇ 'ਚੋਂ ਖ਼ੁਦ ਨੂੰ ਢੂੰਡ ਲਵੋ, ਰੱਬ ਪੱਥਰਾਂ ਅੰਦਰੋਂ ਭਾਲ਼ਦਿਉ । ਵੱਡਿਆਂ ਦੀਆਂ ਪੈੜਾਂ ਨਾਪਦਿਆਂ, ਮੈਂ ਏਥੋਂ ਤੀਕਰ ਆਇਆ ਹਾਂ, ਤੁਰਦੇ ਰਹੋ ਸਫ਼ਰ ਨਿਰੰਤਰ ਤੇ, ਓਇ ਰਾਹੀਓ ਪਿਛਲੀ ਪਾਲ਼ ਦਿਉ ।

ਦਰਦ ਸੁੱਤਾ ਜਦ ਕਦੇ ਵੀ ਜਾਗਦਾ ਹੈ

ਦਰਦ ਸੁੱਤਾ ਜਦ ਕਦੇ ਵੀ ਜਾਗਦਾ ਹੈ । ਚੁੱਪ ਰਹਿ ਕੇ ਵੀ ਬੜਾ ਕੁਝ ਆਖਦਾ ਹੈ । ਧਰਤੀਆਂ ਆਕਾਸ਼ ਸਾਗਰ ਬੋਲ ਰਹੇ ਨੇ, ਫੇਰ ਵੀ ਹਾਲੇ ਬੜਾ ਕੁਝ ਅਣ-ਕਿਹਾ ਹੈ । ਮੇਘਲਾ ਬਰਸਾਤ ਮੰਗਣ ਧਰਤ ਵਾਲੇ, ਬੱਦਲੀਆਂ ਦੇ ਦਰਦ ਨੂੰ ਕਿਸ ਗੌਲ਼ਿਆ ਹੈ । ਜਿਸਮ ਦੀ ਕਰਤੂਤ ਵੇਖੋ, ਆਪ ਜਿਸਨੇ, ਅੱਜ ਤੀਕਰ ਰੂਹ 'ਚ ਨਾ ਮੁੜ ਝਾਕਿਆ ਹੈ । ਤੂੰ ਮੇਰੇ ਸਾਹਾਂ 'ਚ ਬਰਸੇਂ ਪਿਆਸ ਬਣ ਕੇ, ਰੂਹ 'ਚ ਕਿਣਮਿਣ ਕਰਨ ਤੋਂ ਕਿਸ ਵਰਜਿਆ ਹੈ । ਮੈਂ ਵੀ ਓਸੇ ਮਿਰਗ ਦੀ ਜੂਨੇ ਪਿਆ ਹਾਂ, ਜਿਸ ਦੀ ਖ਼ੁਸ਼ਬੂ, ਜ਼ਿੰਦਗੀ ਚੋਂ ਲਾਪਤਾ ਹੈ । ਪਰਤਣਾ ਪੈਂਦਾ ਹੈ ਆਖ਼ਰ ਧਰਤ ਉੱਤੇ, ਬਹੁਤ ਉੱਚਾ ਉੱਡ ਕੇ ਵੀ ਵੇਖਿਆ ਹੈ । ਤੂੰ ਮੇਰੇ ਵਿਸ਼ਵਾਸ ਨੂੰ ਠੋਕਰ ਜੇ ਮਾਰੀ, ਸਮਝ ਲਈਂ ਮੇਰੀ ਸਦੀਵੀ ਅਲਵਿਦਾ ਹੈ । ਦਰਦ ਕੱਲ੍ਹੇ ਹੋਣ ਦਾ, ਮੈਂ ਕੀਹ ਸੁਣਾਵਾਂ, ਸਿਖ਼ਰਲੀ ਟੀਸੀ ਤੇ ਉੱਗ ਦੇ ਵੇਖਿਆ ਹੈ ।

ਤੂੰ ਮਿਲੀ ਤਾਂ ਉਸ ਵੇਲੇ ਸਿਰ ਤੇ

ਤੂੰ ਮਿਲੀ ਤਾਂ ਉਸ ਵੇਲੇ ਸਿਰ ਤੇ ਕਾਲੀ ਰਾਤ ਸੀ । ਚਾਰੇ ਪਾਸੇ ਉਸਤਰੇ ਸਨ, ਵਿੱਚ ਮੇਰੀ ਜ਼ਾਤ ਸੀ । ਮੈਂ ਹੁੰਗਾਰਾ ਭਰਨ ਤੋਂ ਪਹਿਲਾਂ ਤਾਂ ਨਾਬਰ ਸੀ ਜ਼ਰੂਰ, ਗੁਫ਼ਤਗੂ ਹੋਈ ਸ਼ੁਰੂ ਤਾਂ ਸਾਹਮਣੇ ਪ੍ਰਭਾਤ ਸੀ । ਪਿਆਰ ਦਾ ਇਜ਼ਹਾਰ ਤੂੰ ਕੀਤਾ, ਮੈਂ ਅੰਬਰ ਹੋ ਗਿਆ, ਚੰਨ ਤੇ ਸੂਰਜ ਵੀ ਰਲ ਕੇ ਸਾਡੇ ਅੱਗੇ ਮਾਤ ਸੀ । ਮੈਂ ਵੀ ਪਿਆਲਾ ਜ਼ਹਿਰ ਦਾ ਪੀਂਦਾ ਕਿਵੇਂ ਨਾ ਦੋਸਤੋ, ਮਾਪਿਆਂ ਨੇ ਮੇਰਾ ਨਾਂ ਜਦ ਰੱਖਿਆ ਸੁਕਰਾਤ ਸੀ । ਨੇਤਰਾਂ 'ਚੋਂ ਨੀਰ ਕਿਣ ਮਿਣ ਵਰ੍ਹ ਰਿਹੈ ਅੰਦਰ ਨੂੰ ਵੇਖ, ਫੇਰ ਨਾ ਆਖੀਂ ਤੂੰ ਇਹ ਬੇਮੌਸਮੀ ਬਰਸਾਤ ਸੀ । ਵਾਵਰ੍ਹੋਲਾ ਮਹਿਕ ਦਾ ਆਇਆ ਤੇ ਆ ਕੇ ਤੁਰ ਗਿਆ, ਰੋਕ ਲੈਂਦਾ ਓਸ ਨੂੰ, ਕਿੱਥੇ ਮੇਰੀ ਔਕਾਤ ਸੀ । ਖੰਭ ਟੁੱਟਣ ਬਾਦ ਜੀਕੂੰ, ਸਹਿਕਦੇ ਪੰਛੀ ਉਦਾਸ, ਤੇਰੇ ਪਿੱਛੋਂ ਹੋ ਗਏ ਕੁਝ, ਇਸ ਤਰ੍ਹਾਂ ਹਾਲਾਤ ਸੀ ।

ਵਗ ਰਹੇ ਦਰਿਆ 'ਚ ਸੂਰਜ

ਵਗ ਰਹੇ ਦਰਿਆ 'ਚ ਸੂਰਜ ਸ਼ਾਮ ਵੇਲੇ ਲਹਿ ਗਿਆ । ਲਾਲਗੀ ਕੁਝ ਚਿਰ ਦਿਸੀ, ਫਿਰ ਉਹ ਵੀ ਮੰਜ਼ਰ ਵਹਿ ਗਿਆ । ਮੈਂ ਖਲੋਤਾ ਰਾਤ ਸਾਰੀ, ਰਹਿ ਗਿਆ ਇਸ ਬੋਲ ਤੇ, ਮੈਂ ਮੁੜਾਂਗਾ, ਕੱਲ੍ਹ ਸਵੇਰੇ, ਜਾਣ ਵਾਲਾ ਕਹਿ ਗਿਆ । ਨਾ ਕਿਤੇ ਅਸਮਾਨ ਤੰਬੂ ਵਾਂਗ ਹੇਠਾਂ ਆ ਪਵੇ, ਮੇਰੀ ਰੂਹ ਅੰਦਰ ਕਿਤੇ, ਡੂੰਘਾ ਜਿਹਾ ਡਰ ਛਹਿ ਗਿਆ । ਮਹਿਕ ਭਿੱਜੀ ਪੌਣ ਸੀ ਜਾਂ ਰੱਬ ਜਾਣੇ ਕੌਣ ਸੀ, ਸੁੰਘਿਆ, ਮਹਿਸੂਸਿਆ ਮੈਂ ਉਸ ਜਗ੍ਹਾ ਹੀ ਬਹਿ ਗਿਆ । ਰਾਤ ਭਰ ਸੁਪਨੇ 'ਚ ਵੱਸਿਆ, ਦਿਨ ਚੜ੍ਹੇ ਤੇ ਤੁਰ ਗਿਆ, ਇਤਰ ਦਾ ਤੂੰਬਾ ਜਿਵੇਂ ਧੜਕਣ ਮਿਰੀ ਨੂੰ ਖਹਿ ਗਿਆ । ਠੋਕਰਾਂ ਦਰ ਠੋਕਰਾਂ ਖਾ ਕੇ ਵੀ ਸਾਬਤ ਹੈ ਅਜੇ, ਭਰਮ-ਭਾਂਡਾ ਕਾਇਮ ਤੇਰੇ ਕਰਮ ਕਰਕੇ ਰਹਿ ਗਿਆ । ਧਰਮ ਨੂੰ ਬਾਜ਼ਾਰ ਵਿਚ ਵਿਕਦਾ ਮੈਂ ਅੱਖੀਂ ਵੇਖਿਐ, ਤੂੰ ਭੁਲੇਖਾ ਪਾਲ ਭਾਵੇਂ, ਮੇਰੇ ਮਨ ਤੋਂ ਲਹਿ ਗਿਆ ।

ਹੌਕੇ ਜਦ ਵੀ ਰੋ ਰੋ ਪੱਥਰ ਹੋ ਜਾਂਦੇ

ਹੌਕੇ ਜਦ ਵੀ ਰੋ ਰੋ ਪੱਥਰ ਹੋ ਜਾਂਦੇ । ਅੱਥਰੂ ਆ ਕੇ ਜੰਮੀ ਰੱਤ ਨੂੰ ਧੋ ਜਾਂਦੇ । ਕੁਝ ਕੌਡਾਂ ਲਈ ਬੰਦੇ ਵਿਕਦੇ ਵੇਖੇ ਨੇ, ਲਾਲਚ ਖ਼ਾਤਰ ਅੰਨ੍ਹੇ ਬੋਲੇ ਹੋ ਜਾਂਦੇ । ਦੋਧੇ ਵਸਤਰ, ਬਗਲੇ ਇੱਕ ਲੱਤ ਭਾਰ ਖੜ੍ਹੇ, ਚਤੁਰ ਸ਼ਿਕਾਰੀ, ਬਹੁਤ ਨਿਮਾਣੇ ਹੋ ਜਾਂਦੇ । ਜਿਹੜੇ ਲੋਕੀਂ ਧਰਤੀ ਮਾਂ ਨੂੰ ਮਾਂ ਸਮਝਣ, ਅਪਣੀ ਰੱਤ ਵਿੱਚ ਤਨ ਦੀ ਮਿੱਟੀ ਗੋ ਜਾਂਦੇ । ਮੇਰੀ ਜ਼ਾਤ ਔਕਾਤ ਨਹੀਂ ਸੀ ਲਿਖ ਸਕਦਾ, ਕਈ ਵਾਰੀ ਬੱਸ 'ਸ਼ਬਦ' ਸਿਆਣੇ ਹੋ ਜਾਂਦੇ । ਬੰਦੇ ਦੀ ਵਲਦੀਅਤ ਪੈਸਾ ਜਦ ਬਦਲੇ, ਧਰਮ ਅਤੇ ਇਖ਼ਲਾਕ ਵੀ ਕਾਣੇ ਹੋ ਜਾਂਦੇ ।

ਤੈਨੂੰ ਜੇ ਦਸਤਾਰ ਵੀ ਸਿਰ ਤੇ ਭਾਰੀ ਹੈ

ਤੈਨੂੰ ਜੇ ਦਸਤਾਰ ਵੀ ਸਿਰ ਤੇ ਭਾਰੀ ਹੈ । ਸਮਝ, ਪ੍ਰਾਹਣੀ ਫਿਰ ਤੇਰੀ ਸਰਦਾਰੀ ਹੈ । ਜੇ ਤੇਰਾ ਮੂੰਹ ਦੁਖੇ ਪੰਜਾਬੀ ਬੋਲਦਿਆਂ, ਸਮਝੀਂ ਤੇਰੀ ਜੜ੍ਹ ਤੇ ਫਿਰਦੀ ਆਰੀ ਹੈ । ਧਰਤੀ ਦੀ ਮਰਿਆਦਾ ਕੌਣ ਸੰਭਾਲੇਗਾ, ਧੀਆਂ ਪੁੱਤਰਾਂ ਦੀ ਇਹ ਜ਼ਿੰਮੇਵਾਰੀ ਹੈ । ਬੋਲ ਸਲਾਮਤ ਰੱਖੀਂ, ਜੇ ਤੂੰ ਜੀਣਾ ਏਂ, ਨਿਰਸ਼ਬਦਾਂ ਦਾ ਜੀਵਨ ਵੀ ਕਿਸ ਕਾਰੀ ਹੈ । ਨਾਨਕ, ਬੁੱਲ੍ਹਾ, ਵਾਰਿਸ, ਬਾਹੂ ਜਾਂ ਫਿਰ ਕੌਣ? ਮੈਨੂੰ ਪਿੱਛੋਂ, 'ਵਾਜ਼ ਕਿਸੇ ਨੇ ਮਾਰੀ ਹੈ । ਗਰਦਨ ਸਿੱਧੀ ਰੱਖਣਾ ਕੋਈ ਸਹਿਲ ਨਹੀਂ, ਤੂੰ ਕੀਹ ਜਾਣੇ, ਕਿੰਨੀ ਕੀਮਤ ਤਾਰੀ ਹੈ । ਸੀਸ ਤਲੀ ਤੇ, ਧਰਦੇ ਲੋਕੀਂ ਮੁੱਕੇ ਨਹੀਂ, ਸਫ਼ਰ ਨਿਰੰਤਰ ਹਾਲੇ ਤੱਕ ਵੀ ਜਾਰੀ ਹੈ । 'ਊੜਾ ਐੜਾ' ਦੁਨੀਆਂ ਅੰਦਰ ਰੁਲ ਚੱਲਿਆ, ਏ ਬੀ ਸੀ ਦੀ ਹੁਕਮਰਾਨ ਸੰਗ ਯਾਰੀ ਹੈ । ਸੰਗਲੀ ਬੱਧਾ ਸ਼ੇਰ, ਕਤੂਰਾ ਬਣ ਬੈਠਾ, ਸੱਚ ਪੁੱਛੋ ਤਾਂ ਲਾਅਣਤ ਦਾ ਅਧਿਕਾਰੀ ਹੈ ।

ਜ਼ਿੰਦਗੀ ਦਾ ਹੱਕ ਖੋਹਣ ਵਾਲੇ

ਜ਼ਿੰਦਗੀ ਦਾ ਹੱਕ ਖੋਹਵਣ ਵਾਲੇ, ਬੋਲਣ ਦਾ ਹੱਕ ਮੰਗ ਰਹੇ ਨੇ । ਜਦ ਜੀਅ ਚਾਹੇ, ਜਿਉਂ ਜੀਅ ਚਾਹੇ, ਵਕਤ ਨੂੰ ਸੂਲੀ ਟੰਗ ਰਹੇ ਨੇ । ਸੱਥਰ ਵਿਛਦੇ ਵੇਖ, ਬਾਘੀਆਂ ਪਾਉਂਦੇ ਪਾਉਂਦੇ, ਇਹ ਕੀ ਹੋਇਆ, ਆਪਣੀ ਵਾਰੀ ਮਿੱਟੀ ਹੋ ਗਏ, ਹੁਣ ਕਿਉਂ ਮਰਨੋਂ ਸੰਗ ਰਹੇ ਨੇ । ਸ਼ਬਦਾਂ ਓਹਲੇ ਲੁਕਣ ਮਚਾਈਆਂ, ਖੇਡਣ ਵਾਲੇ ਖੇਖਣਹਾਰੇ, ਥੋੜ੍ਹੇ ਬਹੁਤੇ ਫ਼ਰਕ ਨਾਲ ਸਭ ਹਥਿਆਰਾਂ ਦਾ ਅੰਗ ਰਹੇ ਨੇ । ਸ਼ਾਸਤਰਾਂ ਨੂੰ ਪਿੱਛੇ ਕਰਕੇ, ਸੀਸ ਵਿਹੂਣਾ ਕਰਦੇ ਸਾਨੂੰ, ਸ਼ਸਤਰ ਨੂੰ ਹੀ ਪੂਜੋ, ਲੁਕਵੇਂ ਹਰ ਵੈਰੀ ਦੇ ਢੰਗ ਰਹੇ ਨੇ । ਸੱਜੇ ਹੱਥ ਤੋਂ ਚੋਰੀ ਚੋਰੀ, ਖੱਬਾ ਹੱਥ ਭਲਾ ਕੀਹ ਕਰਦਾ? ਵਕਤ ਗੁਆ ਕੇ ਅਕਲਾਂ ਵਾਲੇ, ਹੁਣ ਕਿਉਂ ਏਨੇ ਦੰਗ ਰਹੇ ਨੇ । ਚਿੱਟਾ ਪਰਚਮ ਹੱਥੀਂ ਲੈ ਕੇ, ਅਮਨ ਕੂਕਦੇ ਫਿਰਦੇ ਟੋਲੇ, ਸਾਡਾ ਖ਼ੂਨ ਕਸ਼ੀਦ ਕੇ ਸਾਨੂੰ, ਆਪਣੇ ਰੰਗ ਵਿਚ ਰੰਗ ਰਹੇ ਨੇ । ਨਾ ਬਾਬਰ ਹੁਣ ਕਾਬਲੋਂ ਆਵੇ, ਨਾ ਹੀ ਲਸ਼ਕਰ ਯੁੱਧ ਮਚਾਵੇ, ਰੂਹਾਂ ਉੱਪਰ ਕਬਜ਼ਾ ਕਰਕੇ, ਹੁਣ ਤਾਂ ਜਾਬਰ ਡੰਗ ਰਹੇ ਨੇ ।

ਪੂਰਨ ਪੁੱਤ ਪਰਦੇਸੀਂ ਜਦ ਵੀ

ਪੂਰਨ ਪੁੱਤ ਪਰਦੇਸੀਂ ਜਦ ਵੀ ਕਰਨ ਕਮਾਈਆਂ ਤੁਰ ਜਾਂਦੇ ਨੇ । ਕੱਚੇ ਕੋਠੇ ਸਣੇ ਬਨੇਰੇ, ਭੁਰਦੇ ਭੁਰਦੇ ਭੁਰ ਜਾਂਦੇ ਨੇ । ਘਰ ਦਾ ਨਾਂ ਤਾਂ ‘ਰੈਣ ਬਸੇਰਾ' ਰੱਖ ਲਿਆ ਸੀ ਵੇਖਾ ਵੇਖੀ, ਯਾਦ ਨਹੀਂ ਸੀ ਸਗਲ ਮੁਸਾਫ਼ਿਰ, ਰਾਤਾਂ ਕੱਟ ਕੇ ਤੁਰ ਜਾਂਦੇ ਨੇ । ਰਾਤੀਂ ਅੰਬਰ ਤੇ ਚੰਨ ਚੜ੍ਹਿਆ, ਤਾਰੇ ਲਿਸ਼ਕੇ, ਚਲੇ ਗਏ ਨੇ, ਠੋਸ ਹਕੀਕਤ ਪੱਲੇ ਪਾ ਕੇ, ਕੱਚੇ ਸੁਪਨੇ ਖ਼ੁਰ ਜਾਂਦੇ ਨੇ । ਧਰਤ ਸਮੁੰਦਰ, ਅੰਬਰ ਗਾਵੇ, ਜਿੰਦ ਸਾਹਵਾਂ ਵਿਚ ਘੁਲਦੀ ਜਾਵੇ, ਕਣ ਕਣ ਵਿਚ ਖੁਸ਼ਬੋਈ ਦੇ ਸੰਗ, ਸ਼ਬਦ ਸਰੂਰੇ ਸੁਰ ਜਾਂਦੇ ਨੇ । ਧਰਤ ਤਪੰਦੜੀ ਕਣੀਆਂ ਲੋੜੇ, ਸ਼ਾਇਰ ਹੈਂ ਤੂੰ ਖੁੱਲ੍ਹ ਕੇ ਵਰ੍ਹ ਜਾ, ਬੋਲ ਇਲਾਹੀ ਵੇਖੀਂ ਕਿੱਦਾਂ, ਰੂਹ ਦੇ ਅੰਦਰ ਧੁਰ ਜਾਂਦੇ ਨੇ । ਵਕਤ ਬੜਾ ਹੀ ਜ਼ਾਲਮ ਸਾਈਂ, ਸਭ ਪਹਿਚਾਣੇ ਅਸਲੀ ਨਕਲੀ, ਬਿਰਖ਼ ਸਲਾਮਤ ਰਹਿੰਦਾ, ਸਾਏ ਨੇਰ੍ਹੇ ਦੇ ਵਿਚ ਖ਼ੁਰ ਜਾਂਦੇ ਨੇ । ਜੇ ਧਰਤੀ ਦੇ ਨੇੜੇ ਰਹੀਏ, ਵਣ ਤ੍ਰਿਣ ਨਾਲ ਦੋਸਤੀ ਰੱਖੀਏ, ਤੁਰਦੇ ਫਿਰਦੇ, ਗ਼ਜ਼ਲਾਂ ਵਰਗੇ, ਕਿੰਨੇ ਫੁਰਨੇ ਫੁਰ ਜਾਂਦੇ ਨੇ ।

ਕੱਚੇ ਵਿਹੜਿਆਂ ਨੇ ਜਿਹੜਾ ਸਾਨੂੰ

ਕੱਚੇ ਵਿਹੜਿਆਂ ਨੇ ਜਿਹੜਾ ਸਾਨੂੰ ਸਬਕ ਪੜ੍ਹਾਇਆ । ਸੱਚੀਂ ਅੜੇ ਥੁੜੇ ਵੇਲੇ ਸਾਨੂੰ ਬੜਾ ਕੰਮ ਆਇਆ । ਆਡਾਂ ਬੰਨਿਆਂ ਤੇ ਦੌੜਦੇ ਨਾ ਕਦੇ ਅਸੀਂ ਡਿੱਗੇ, ਸੰਗਮਰਮਰ ਉੱਤੇ ਸਾਨੂੰ ਤੁਰਨਾ ਨਾ ਆਇਆ । ਤੈਨੂੰ ਘੇਰਨੈਂ ਮੁਸੀਬਤਾਂ ਨੇ ਹੋਵੀਂ ਨਾ ਉਦਾਸ, ਮੈਨੂੰ ਤਲਖ਼ ਹਕੀਕਤਾਂ ਨੇ ਇਹੀ ਏ ਸਿਖਾਇਆ । ਖ਼ੁਦ ਬਣਨਾ ਪਿਆ ਤਾਂ ਪੁੱਤ ਬਣੀਂ ਸਦਾ ਰੁੱਖ, ਮੇਰੇ ਮਾਪਿਆਂ ਨੇ ਮੈਨੂੰ ਸਦਾ ਏਹੀ ਸਮਝਾਇਆ । ਮੇਰੀ ਰੂਹ ਵਿਚ ਜੀਣ ਸਦਾ ਧੀਆਂ ਤੇ ਧਰੇਕਾਂ, ਏਸੇ ਕਰਕੇ ਮੈਂ ਚਿੜੀਆਂ ਨੂੰ ਕਦੇ ਨਹੀਂ ਉਡਾਇਆ । ਜਦੋਂ ਮੁੱਕ ਜਾਵੇ ਜ਼ਿੰਦਗੀ ਦੇ ਦੀਵੇ ਵਿਚੋਂ ਤੇਲ, ਬੱਤੀ ਆਂਦਰਾਂ ਦੀ ਬਾਲ਼, ਸਾਡੀ ਰੱਤ ਨੇ ਜਗਾਇਆ । ਮੇਰੇ ਮੋਢਿਆਂ 'ਤੇ ਚੜ੍ਹ ਕੇ ਜੇ ਬੌਣੇ ਖ਼ੁਸ਼ ਹੋਏ, ਮੇਰਾ ਮਿੱਟੀ ਦਾ ਵਜੂਦ, ਚਲੋ ! ਕਿਸੇ ਕੰਮ ਆਇਆ ।

ਮਨ ਦਾ ਬਗੀਚਾ ਭਰਪੂਰ ਜਿਹਾ ਰਹਿੰਦਾ ਏ

ਮਨ ਦਾ ਬਗੀਚਾ ਭਰਪੂਰ ਜਿਹਾ ਰਹਿੰਦਾ ਏ । ਅੱਖੀਆਂ ’ਚ ਤਾਹੀਓਂ ਹੀ ਸਰੂਰ ਜਿਹਾ ਰਹਿੰਦਾ ਏ । ਮੈਂ ਵੀ ਕਿਤੇ ਬੈਠਿਆ ਹਾਂ, ਧੁਰ ਤੇਰੇ ਦਿਲ ਵਿਚ, ਏਸੇ ਲਈ ਹੀ ਅੱਖੀਆਂ ’ਚ ਨੂਰ ਜਿਹਾ ਰਹਿੰਦਾ ਏ । ਤਾਰਿਆਂ ਨੂੰ ਝੋਰਾ ਖਾਵੇ, ਕੱਲ੍ਹੇ ਕੱਲ੍ਹੇ ਹੋਣ ਵਾਲਾ, ਕਾਹਦਾ ਫਿਰ ਚੰਨ ਨੂੰ ਗਰੂਰ ਜਿਹਾ ਰਹਿੰਦਾ ਏ । ਬੇਲਿਆਂ 'ਚ ਵੰਝਲੀ ਉਦਾਸ ਜਦੋਂ ਬੋਲਦੀ, ਦਿਲ ਦਾ ਪਰਿੰਦਾ, ਮੈਥੋਂ ਦੂਰ ਜਿਹਾ ਰਹਿੰਦਾ ਏ । ਇਕ ਪਾਸੇ ਵਾਢੀਆਂ ਤੇ ਦੂਜੇ ਪਾਸੇ ਫੁੱਲ ਵੀ ਨੇ, ਏਸ ਰੁੱਤੇ ਅੰਬਾਂ ਨੂੰ ਵੀ ਬੂਰ ਜਿਹਾ ਰਹਿੰਦਾ ਏ । ਜਦੋਂ ਕਦੇ ਕਰੇ ਕੋਸੇ ਸਾਹਾਂ ਦੀ ਟਕੋਰ ਮੈਨੂੰ, ਓਸ ਪਿੱਛੋਂ ਦਿਲ ਮਖ਼ਮੂਰ ਜਿਹਾ ਰਹਿੰਦਾ ਏ । ਜਦੋਂ ਵੀ ਸਵੇਰ ਸਾਰ ਬੋਲ ਤੇਰੇ ਪੈਣ ਕੰਨੀਂ, ਓਸ ਦਿਨ ਦਿਲ ਪੁਰਨੂਰ ਜਿਹਾ ਰਹਿੰਦਾ ਏ ।

ਸ਼ਹਿਰ ਆ ਕੇ ਦਿਲ ਮਗਰੂਰ ਜਿਹਾ ਹੋ ਗਿਆ

ਸ਼ਹਿਰ ਆ ਕੇ ਦਿਲ ਮਗਰੂਰ ਜਿਹਾ ਹੋ ਗਿਆ । ਖ਼ੁਸ਼ੀਆਂ ਦਾ ਡੇਰਾ ਤਾਹੀਓਂ ਦੂਰ ਜਿਹਾ ਹੋ ਗਿਆ । ਫੁੱਲਾਂ ਵਿਚ ਰੰਗ, ਖੁਸ਼ਬੋਈ ਮੇਰੇ ਅੰਗ ਸੰਗ, ਕਣ ਕਣ ਮਹਿਕ ਭਰਪੂਰ ਜਿਹਾ ਹੋ ਗਿਆ । ਜਿਸਮਾਂ ਨੂੰ ਛੱਡ ਇਹ ਤਾਂ ਮਿੱਟੀ ਦੀਆਂ ਢੇਰੀਆਂ, ਦਿਲ ਵੀ ਤਾਂ ਪਹਿਲਾਂ ਨਾਲੋਂ ਦੂਰ ਜਿਹਾ ਹੋ ਗਿਆ । ਜਾਬਰਾਂ ਦੇ ਵੱਸ ਵੇਖ ਨਾਬਰਾਂ ਦੀ ਜ਼ਿੰਦਗੀ, ਸਾਬਰਾਂ ਦਾ ਦਿਲ ਕਿਉਂ ਮਨੂਰ ਜਿਹਾ ਹੋ ਗਿਆ । ਲਾਲ ਪੀਲਾ ਹੋਈ ਜਾਵੇਂ, ਚਿੱਟੇ ਖ਼ੂਨ ਵਾਲਿਆ, ਜਾਪੇ ਤੂੰ ਵੀ ਧਰਤੀ ਤੋਂ ਦੂਰ ਜਿਹਾ ਹੋ ਗਿਆ । ਆਈ ਏ ਆਵਾਜ਼ ਮੈਨੂੰ ਦੁੱਲੇ ਵਾਲੀ ਬਾਰ ’ਚੋਂ, ਰਾਵੀ ਦਿਆਂ ਪੱਤਣਾਂ ਤੇ ਨੂਰ ਜਿਹਾ ਹੋ ਗਿਆ । ਗ਼ਜ਼ਲਾਂ 'ਚੋਂ ਲੱਭ ਲਵੀਂ, ਦੱਸੀਂ ਤੂੰ ਪਛਾਣ ਕੇ, ਮੈਥੋਂ ਮੇਰਾ ਪਿੰਡ ਕਿਵੇਂ ਦੂਰ ਜਿਹਾ ਹੋ ਗਿਆ ।

ਭੋਲਿਆਂ ਪਰਿੰਦਿਆਂ ਨੂੰ ਜਦੋਂ ਕੋਈ ਠੱਗਦਾ

ਭੋਲਿਆਂ ਪਰਿੰਦਿਆਂ ਨੂੰ ਜਦੋਂ ਕੋਈ ਠੱਗਦਾ । ਮੈਨੂੰ ਸਦਾ ਆਪਣਾ ਕਸੂਰ ਜਿਹਾ ਲੱਗਦਾ । ਧਰਤੀ ਦਾ ਪੁੱਤ ਬਣ, ਏਨੀ ਗੱਲ ਜਾਣ ਲੈ, ਫ਼ਲ ਨਾਲੋਂ ਪਹਿਲਾਂ ਸਦਾ ਬੂਰ ਜਿਹਾ ਲੱਗਦਾ । ਨੇਰ੍ਹ ਤੇ ਸਵੇਰ ਦਾ ਵਿਰੋਧ ਨਹੀਓਂ ਮੁੱਕਣਾ, ਰਾਤਾਂ ਨੂੰ ਤਾਂ ਐਵੇਂ ਹੀ ਫਤੂਰ ਜਿਹਾ ਲੱਗਦਾ । ਪੀਣ ਵਾਲੀ ਇਨ੍ਹਾਂ ਕੋਲ ਇਕ ਸੁੱਚੀ ਤਿੱਪ ਨਹੀਂ, ਸਾਗਰਾਂ ਨੂੰ ਫੋਕਾ ਕਿਉਂ ਗਰੂਰ ਜਿਹਾ ਲੱਗਦਾ । ਵਿੱਚੋਂ ਤਪੀ ਮਿੱਟੀ ਤੇ ਪਕਾਵੇ ਬੀਬੀ ਰੋਟੀਆਂ, ਬਾਹਰੋਂ ਠੰਢਾ ਠਾਰ ਕਿਉਂ ਤੰਦੂਰ ਜਿਹਾ ਲੱਗਦਾ । ਚੁੰਮਦਾ ਦਲ੍ਹੀਜ਼ ਇਹਦੀ ਸੂਰਜਾ ਸਵੇਰ ਸ਼ਾਮ, ਧਰਤੀ ਨੂੰ ਐਵੇਂ ਮਗਰੂਰ ਜਿਹਾ ਲੱਗਦਾ । ਜਿੰਨਾ ਸਾਡਾ ਗੁਰੂ ਦੇ ਸੰਦੇਸ਼ੜੇ ਤੋਂ ਫ਼ਾਸਲਾ, ਓਨਾ ਨਨਕਾਣਾ ਸਾਨੂੰ ਦੂਰ ਜਿਹਾ ਲੱਗਦਾ ।

ਡਰਦੇ ਹਾਂ ਧੁੱਪਾਂ ਕੋਲੋਂ ਛਾਵਾਂ ਦੇ ਗ਼ੁਲਾਮ ਹਾਂ

ਡਰਦੇ ਹਾਂ ਧੁੱਪਾਂ ਕੋਲੋਂ ਛਾਵਾਂ ਦੇ ਗ਼ੁਲਾਮ ਹਾਂ । ਘੁੱਗੀਆਂ ਦੇ ਬੱਚੇ ਵਾਂਗੂ ਕਾਵਾਂ ਦੇ ਗ਼ੁਲਾਮ ਹਾਂ । ਆਲ੍ਹਣੇ ਨਾ ਪੈਂਦੇ ਸਾਡੇ, ਪੱਕਿਆਂ ਮਹੱਲਾਂ ਵਿੱਚ, ਰੁੱਖਾਂ ਦੀਆਂ ਟਾਹਣੀਆਂ ਜਹੇ ਥਾਵਾਂ ਦੇ ਗ਼ੁਲਾਮ ਹਾਂ । ਤਰਨਾ ਜੇ ਜਾਣਦੇ ਤਾਂ ਪਾਰ ਲੰਘ ਜਾਂਦੇ ਅਸੀਂ, ਹੁਣ ਤਾਂ ਸ਼ੈਤਾਨ ਜਹੇ ਮਲਾਹਵਾਂ ਦੇ ਗ਼ੁਲਾਮ ਹਾਂ । ਕੱਢਿਆ ਫਰੰਗੀ ਨੂੰ ਸੀ ਗ਼ੈਰ ਖ਼ੂਨ ਜਾਣ ਕੇ ਹੀ, ਹੁਣ ਕੀਹਨੂੰ ਦੱਸੀਏ ਭਰਾਵਾਂ ਦੇ ਗ਼ੁਲਾਮ ਹਾਂ । ਫ਼ਸਲਾਂ ਦੇ ਸਾਂਈਂ ਅਸੀਂ ਅੰਨ-ਦਾਤੇ ਦੁਨੀਆਂ ਦੇ, ਸਾਰਾ ਕੁਝ ਹੁੰਦੇ ਸੁੰਦੇ ਸ਼ਾਹਵਾਂ ਦੇ ਗ਼ੁਲਾਮ ਹਾਂ । ਸੜਕਾਂ, ਹਵਾਈ ਅੱਡੇ, ਰੇਲ ਗੱਡੀ, ਸਾਡਾ ਕੀਹ ਏ? ਪੈਰੋਂ ਨੰਗੇ ਅਸੀਂ ਕੱਚੇ ਰਾਹਵਾਂ ਦੇ ਗ਼ੁਲਾਮ ਹਾਂ । ਜ਼ਾਤਾਂ, ਗੋਤਾਂ, ਧਰਮਾਂ ਨੇ ਬਟਿਆਂ 'ਚ ਵੰਡਿਆ ਹੈ, ਰੁਲ਼ ਕੇ ਵੀ ਅਸੀਂ ਹਾਲੇ ਨਾਵਾਂ ਦੇ ਗ਼ੁਲਾਮ ਹਾਂ । ਆਪਣੀ ਔਕਾਤ, ਜ਼ਾਤ ਕਦੇ ਵੀ ਪਛਾਣੀਏ ਨਾ, ਮੰਡੀ ਵਿਚ ਟੰਗੇ ਹੋਏ ਭਾਵਾਂ ਦੇ ਗ਼ੁਲਾਮ ਹਾਂ । ਜੰਮਿਆ ਤੇ ਪਾਲਿਆ, ਸੰਭਾਲਿਆ ਹੈ ਤਿੰਨਾਂ ਨੇ ਹੀ, ਮਾਤ ਭੂਮ, ਬੋਲੀ ਅਤੇ ਮਾਵਾਂ ਦੇ ਗ਼ੁਲਾਮ ਹਾਂ ।

ਹਨ੍ਹੇਰੇ ਦੀ ਰਿਆਸਤ ਵੇਖ ਕੇ ਜੇ ਡਰ ਗਏ ਹੁੰਦੇ

ਹਨ੍ਹੇਰੇ ਦੀ ਰਿਆਸਤ ਵੇਖ ਕੇ ਜੇ ਡਰ ਗਏ ਹੁੰਦੇ । ਅਸੀਂ ਵੀ ਸ਼ਾਮ ਢਲਣੋਂ ਬਹੁਤ ਪਹਿਲਾਂ ਘਰ ਗਏ ਹੁੰਦੇ । ਜੇ ਚੂਰੀ ਖਾਣ ਦੀ ਆਦਤ ਪਕਾ ਲੈਂਦੇ ਤਾਂ ਕੀਹ ਹੁੰਦਾ, ਅਸੀਂ ਜਿਸਮਾਂ ਦੀ ਮੌਤੋਂ, ਬਹੁਤ ਪਹਿਲਾਂ ਮਰ ਗਏ ਹੁੰਦੇ । ਮੈਂ ਦਾਤਾ ਬਣਨ ਵਾਲੀ ਰੀਝ ਦਾ ਧੰਨਵਾਦ ਕਰਦਾ ਹਾਂ, ਜੇ ਰਲਦੇ ਮੰਗਤਿਆਂ ਵਿਚ, ਧੁਰ ਜ਼ਮੀਰੋਂ ਠਰ ਗਏ ਹੁੰਦੇ । ਨਿਰੰਤਰ ਜੀਣ ਦੀ ਇੱਛਾ ਨੂੰ ਆਪਾਂ ਮਰਨ ਨਾ ਦਿੱਤਾ, ਇਹੀ ਜੇ ਡੁੱਬ ਜਾਂਦੀ, ਲਾਸ਼ ਵਾਂਗੂੰ ਤਰ ਗਏ ਹੁੰਦੇ । ਨਹੀਂ ਜੇਤੂ ਅਸੀਂ ਪਰ ਵੇਖ ਲਉ ਸਿੱਧੇ ਖਲੋਤੇ ਹਾਂ, ਅਸੀਂ ਵੀ ਰੀਂਘਦੇ ਹੋਣਾ ਸੀ, ਜੇਕਰ ਹਰ ਗਏ ਹੁੰਦੇ । ਕਿਵੇਂ ਦੁੱਲੇ ਤੋਂ ਬੁੱਲ੍ਹੇ ਤੀਕ ਆਪਾਂ ਪਹੁੰਚਦੇ ਯਾਰੋ, ਅਸੀਂ ਤਲਵਾਰ ਤੋਂ ਜਾਂ ਤੀਰ ਤੋਂ ਜੇ ਡਰ ਗਏ ਹੁੰਦੇ । ਅਸੀਂ ਰਾਹਵਾਂ 'ਚ ਗੁੰਮ ਜਾਵਣ ਤੋਂ ਕਿੰਜ ਬਚਣਾ ਸੀ ਹਮਸਫ਼ਰੋ, ਵਡੇਰੇ ਮਮਟੀਆਂ ਤੇ ਜੇ ਨਾ ਦੀਵੇ ਧਰ ਗਏ ਹੁੰਦੇ ।

ਲਾਵੀਂ ਨਾ ਗਮਲੇ ਵਿਚ

ਲਾਵੀਂ ਨਾ ਗਮਲੇ ਵਿਚ, ਧਰਤੀ ’ਚ ਉਗਾ ਮੈਨੂੰ । ਜੜ੍ਹ ਡੂੰਘੀ ਫ਼ੈਲਰ ਕੇ, ਮਹਿਕਣ ਦਾ ਚਾਅ ਮੈਨੂੰ । ਖ਼ੁਸ਼ਬੂ ਮਹਿਸੂਸ ਕਰੀਂ, ਚਾਵਾਂ ਵਿਚ, ਸਾਹਵਾਂ ਵਿਚ, ਮੰਡੀ ਵਿਚ ਵੇਚੀਂ ਨਾ, ਮਿੱਟੀ ਦੇ ਭਾਅ ਮੈਨੂੰ । ਦਮ ਮੇਰਾ ਘੁਟਦਾ ਹੈ, ਪਥਰੀਲੇ ਘਰ ਅੰਦਰ, ਮੈਂ ਜੀਣਾ ਚਾਹੁੰਦੀ ਹਾਂ, ਲੈ ਲੈਣ ਦੇ ਸਾਹ ਮੈਨੂੰ । ਜੰਗਲ ਦੀ ਛੋਹਰੀ ਹੈਂ, ਤੂੰ ਮੇਰੀ ਪੋਰੀ ਹੈਂ, ਮੈਂ ਆਖਿਆ ਵੰਝਲੀ ਨੂੰ, ਕੋਈ ਤਾਨ ਸੁਣਾ ਮੈਨੂੰ । ਪਹਿਚਾਣ ਜ਼ਰਾ ਮੈਨੂੰ, ਮੈਂ ਤੇਰੀ ਸ਼ਕਤੀ ਹਾਂ, ਟਾਹਣਾਂ ਨੂੰ ਛੇੜ ਜ਼ਰਾ ਤੇ ਪੌਣ ਝੁਲਾ ਮੈਨੂੰ । ਤੂੰ ਦੂਰ ਖਲੋਵੀਂ ਨਾ, ਮਗਰੂਰ ਨਾ ਹੋ ਜਾਵੀਂ, ਜੇ ਆਪ ਨਹੀਂ ਆਉਣਾ ਤਾਂ ਕੋਲ ਬੁਲਾ ਮੈਨੂੰ । ਵੇਦਨ ਹਾਂ ਭਟਕ ਰਹੀ, ਬਿਨ ਦੇਹੀ ਅਜ਼ਲਾਂ ਤੋਂ, ਸੁਰਤਾਲ ਚ ਬੰਨ੍ਹ ਮੈਨੂੰ ਤੇ ਗ਼ਜ਼ਲ ਬਣਾ ਮੈਨੂੰ ।

ਆਪਸ ਦੇ ਵਿਚ ਕਿਉਂ ਲੜਦੇ ਹਾਂ

ਆਪਸ ਦੇ ਵਿਚ ਕਿਉਂ ਲੜਦੇ ਹਾਂ, ਦੁਸ਼ਮਣ ਤਾਂ ਕੋਈ ਹੋਰ ਹੈ । ਪੁਤਲੀਗਰ ਨੂੰ ਕਿਉਂ ਨਹੀਂ ਲੱਭਦੇ, ਜਿਸਦੇ ਹੱਥ ਵਿਚ ਡੋਰ ਹੈ । ਚੋਰ ਚੋਰ ਦਾ ਰੌਲਾ ਪਾਉਂਦੇ, ਚੋਰ ਗੁਆ ਕੇ ਬਹਿ ਗਏ ਹਾਂ, ਉਹ ਤਾਂ ਚੁੱਪ ਚੁਪੀਤਾ ਬੈਠਾ, ਜਿਸਦੇ ਮਨ ਵਿਚ ਚੋਰ ਹੈ । ਉੱਚੀ 'ਵਾਜ਼ ਵਜਾ ਕੇ ਵਾਜੇ, ਦਰ ਦਰਵਾਜ਼ੇ ਤੋੜ ਰਿਹੈ, ਚੌਂਕ ਚੁਰਸਤੇ ਫਿਰੇ ਭਟਕਦਾ, ਇਹ ਤਾਂ ਮਨ ਦਾ ਸ਼ੋਰ ਹੈ । ਬਿਰਖਾਂ ਦੇ ਰਖਵਾਲੇ ਬਹਿ ਗਏ ਆਰੇ ਲਾ ਕੇ ਜੰਗਲ ਵਿਚ, ਹਿੱਸੇ ਆਉਂਦਾ ਚੀਰੀ ਜਾਂਦੇ, ਜਿੰਨਾ ਜਿੰਨਾ ਜ਼ੋਰ ਹੈ । ਸਾਲਮ ਸਾਬਤ ਚਿਹਰੇ ਵਾਲਾ ਕਦ ਤੱਕ ਭਰਮ ਸੰਭਾਲੇਗਾ, ਜਿਹੜਾ ਅੰਦਰੋਂ ਤਿੜਕ ਗਿਆ ਏ, ਉਹ ਸ਼ੀਸ਼ਾ ਤਾਂ ਹੋਰ ਹੈ । ਮੂੰਹ ਵਿਚ ਰਾਮ ਬਗਲ ਵਿਚ ਛੁਰੀਆਂ ਰੱਖਣ ਵਾਲੇ ਦੱਸਦੇ ਨੇ, ਧਰਮ ਅਤੇ ਇਨਸਾਫ਼ ਦਾ ਰਾਖਾ ਖ਼ੁਦ ਵੀ ਆਦਮਖੋਰ ਹੈ । ਉੱਚੇ ਬਿਰਖ਼ ਮੁਹੱਬਤਾਂ ਵਾਲੇ, ਸਿਰ ਤੇ ਛਾਵਾਂ ਤਣਦੇ ਨੇ, ਤਾਂਹੀ ਪੈਲਾਂ ਪਾਉਂਦਾ, ਗਾਉਂਦਾ, ਮਨ ਮੰਦਿਰ ਦਾ ਮੋਰ ਹੈ ।

ਡਾਲਰਾਂ ਦੇ ਅੱਗੇ ਮੁੱਲ ਘਟਿਆ

ਡਾਲਰਾਂ ਦੇ ਅੱਗੇ ਮੁੱਲ ਘਟਿਆ ਰੁਪਈਆਂ ਦਾ । ਪੈ ਗਿਆ ਪਟਾਕਾ ਸਾਡੇ ਭਰਮਾਂ ਦੇ ਪਹੀਆਂ ਦਾ । ਚੱਬ ਜਾਊ ਸਾਨੂੰ ਮੰਡੀ ਆਲਮੀ ਦਾ ਦਿਓ-ਦੈਂਤ, ਪਿੱਛੋਂ ਪਤਾ ਲੱਗਦੈ ਸਿਆਣੇ ਦੀਆਂ ਕਹੀਆਂ ਦਾ । ਸੱਜਰੀ ਪਕਾ ਕੇ ਦੇਣ ਵਾਲੀ ਬੇਬੇ ਮਰ ਗਈ, ਢੇਰ ਹੈ ਫਰਿੱਜ ਵਿਚ ਬੇਹੀਆਂ ਤਰ ਬੇਹੀਆਂ ਦਾ । ਘੜ ਨਾ ਬਹਾਨੇ, ਤੁਰ ਕਾਫ਼ਲੇ ਦੇ ਨਾਲ-ਨਾਲ, ਬਣੀ ਨਾ ਮਜੌਰ ਵੀਰਾ, ਪਿੱਛੇ ਪੈੜਾਂ ਰਹੀਆਂ ਦਾ । ਮੁੱਲ ਕਦੇ ਮੰਗਿਆ, ਸ਼ਹੀਦਾਂ ਨਾ ਮੁਰੀਦਾਂ ਨੇ, ਕੀਤਾ ਨਾ ਵਿਖਾਵਾ, ਸੱਟਾਂ ਮੌਰਾਂ ਉੱਤੇ ਸਹੀਆਂ ਦਾ । ਸੁਰਗਾਂ ਨੂੰ ਵੇਚ ਨਾ ਤੂੰ ਨਰਕਾਂ ਦਾ ਡਰ ਦੇ ਕੇ, ਪਾਂਧਿਆ ਤੂੰ ਛੱਡ ਖਹਿੜਾ ਪੱਤਰੀਆਂ ਵਹੀਆਂ ਦਾ । ਅਕਲੇ ਨੀ ਅਕਲੇ, ਤੂੰ ਰੋਕ ਨਾ ਦੀਵਾਨਗੀ ਤੋਂ, ਕਤਲਗਾਹ ’ਚ ਮੁੱਲ ਕੀਹ ਏ ਦੱਸ ਤੇਰੇ ਜਹੀਆਂ ਦਾ ।

ਜ਼ਿੰਦਗੀ ਖ਼ਾਤਰ ਹੁਣ ਕਿਉਂ ਆਪਾਂ

ਜ਼ਿੰਦਗੀ ਖ਼ਾਤਰ ਹੁਣ ਕਿਉਂ ਆਪਾਂ ਮਰਦੇ ਨਹੀਂ । ਜੋ ਚਾਹੀਦੈ, ਉਹ ਕਿਉਂ ਆਪਾਂ ਕਰਦੇ ਨਹੀਂ । ਪੌਣੀ ਸਦੀ ਗੁਜ਼ਾਰ ਲਈ ਹੈ ਹੰਝੂਆਂ ਨੇ, ਸੰਤਾਲੀ ਦੇ ਜ਼ਖ਼ਮ ਅਜੇ ਵੀ ਭਰਦੇ ਨਹੀ । ਰਾਵੀ ਦੇ ਉਰਵਾਰ ਪਾਰ ਰੁੱਖ ਇੱਕੋ ਜਹੇ, ਮੈਨੂੰ, ਤੈਨੂੰ ਇਹ ਕਿਉਂ ਛਾਵਾਂ ਕਰਦੇ ਨਹੀਂ । ਸਿਖ਼ਰ ਦੁਪਹਿਰੇ ਡਾਕੂ ਤੱਕੀਏ, ਲੁਕ ਜਾਈਏ, ਓਦਾਂ ਕਹੀਏ, ਅਸੀਂ ਕਿਸੇ ਤੋਂ ਡਰਦੇ ਨਹੀ । ਹਾਉਕੇ ਭਰਦੀ, ਮਰਦੀ ਜ਼ਖ਼ਮੀ ਰੂਹ ਖ਼ਾਤਰ, ਹਮਦਰਦੀ ਦੇ ਬੋਲ ਵੀ ਸਾਥੋਂ ਸਰਦੇ ਨਹੀਂ । ਦੇਣ ਦਿਲਬਰੀ ਆਏ ਪਾਰ ਸਮੁੰਦਰਾਂ ਤੋਂ, ਭੁੱਲੀਂ ਨਾ, ਇਹ ਬੰਦੇ ਆਪਣੇ ਘਰ ਦੇ ਨਹੀਂ । ਲੀਕਾਂ ਦੀ ਰਖਵਾਲੀ ਕਰਦੇ ਰਹਿ ਗਏ ਆਂ, ਚੋਰ ਲੁਟੇਰੇ ਤਾਹੀਓਂ ਸਾਥੋਂ ਡਰਦੇ ਨਹੀ ।

ਏਸ ਆਜ਼ਾਦੀ ਅੱਥਰੂ ਦਿੱਤੇ

ਏਸ ਆਜ਼ਾਦੀ ਅੱਥਰੂ ਦਿੱਤੇ, ਜਸ਼ਨ ਮਨਾ ਨਹੀਂ ਹੋਇਆ । ਅੱਖੀਆਂ ਦੀ ਮਜ਼ਬੂਰੀ ਮੈਥੋਂ, ਹੰਝ ਲੁਕਾ ਨਹੀਂ ਹੋਇਆ । ਖਾ ਗਏ ਲੱਖ ਕਰੋੜਾਂ ਰੀਝਾਂ, ਤਖ਼ਤਾਂ ਤਾਜਾਂ ਵਾਲੇ, ਸਾਥੋਂ ਇਕ ਵੀ ਹੌਕਾ ਦਿਲ ਵਿਚ, ਦਰਦ ਪਚਾ ਨਹੀਂ ਹੋਇਆ । ਆਈ ਆਜ਼ਾਦੀ ਢੋਲ ਵਜਾਵੇਂ, ਚਾਹਵੇਂ ਰਲ ਕੇ ਨੱਚੀਏ ਤੇਰੇ ਨਾਲ ਕਦੇ ਵੀ ਮਨ ਦਾ ਮੋਰ ਨਚਾ ਨਹੀਂ ਹੋਇਆ । ਤੇਰੇ ਤੋਂ ਇਨਸਾਫ਼ ਮਿਲੇਗਾ, ਮੇਰੀ ਰੂਹ ਨਾ ਮੰਨੇ, ਧੱਕੇ ਜਰਦੇ ਜਰਦੇ ਮੈਥੋਂ, ਮਨ ਸਮਝਾ ਨਹੀਂ ਹੋਇਆ । ਤੇ ਰੇ ਝੂਠੇ ਲਾਰੇ ਤੇ ਵਿਸ਼ਵਾਸ ਕਰੇ ਹੁਣ ਕਿਹੜਾ, ਜਦ ਕਿ ਤੈਥੋਂ ਅੱਜ ਤੱਕ ਇਕ ਵੀ ਬੋਲ ਪੁਗਾ ਨਹੀਂ ਹੋਇਆ । ਚਾਰ ਚੁਫ਼ੇਰੇ ਦੁਸ਼ਮਣ ਫ਼ੌਜਾਂ, ਜੇ ਤੂੰ ਅੱਜ ਹੈਂ ਕੱਲ੍ਹਾ, ਤੈਥੋਂ ਵੀ ਤਾਂ ਆਪਣਾ ਟੱਬਰ, ਗਲ ਨੂੰ ਲਾ ਨਹੀਂ ਹੋਇਆ । ਦੇਸ਼ ਦੀ ਖ਼ਾਤਰ ਸੂਲੀ ਚੜ੍ਹ ਗਏ, ਅੰਬਰ ਤਾਰੇ ਬਣ ਗਏ, ਸੂਰਮਿਆਂ ਦਾ ਅੱਜ ਤੱਕ ਸਾਥੋਂ, ਕਰਜ਼ ਚੁਕਾ ਨਹੀਂ ਹੋਇਆ । ਰਾਵੀ ਦੇ ਉਰਵਾਰ ਪਾਰ ਹੜ੍ਹ ਚੜ੍ਹਿਆਂ ਲੋਕੀਂ ਡੁੱਬੇ, ਆਜ਼ਾਦੀ ਦਾ ਤੋਹਫ਼ਾ ਸਾਥੋਂ ਕਦੇ ਭੁਲਾ ਨਹੀਂ ਹੋਇਆ । ਮੱਥੇ ਤੇ ਕਾਲਖ ਦਾ ਟਿੱਕਾ, ਲਾ ਗਿਆ ਸੰਨ ਸੰਤਾਲੀ, ਪੌਣੀ ਸਦੀ ਮੁਜ਼ਾਰਨ ਮਗਰੋਂ, ਇਹ ਵੀ ਲਾਹ ਨਹੀਂ ਹੋਇਆ ।

ਤਪਿਆ ਖਪਿਆ ਸੂਰਜ ਸ਼ਾਮੀਂ

ਤਪਿਆ ਖਪਿਆ ਸੂਰਜ ਸ਼ਾਮੀਂ 'ਨੇਰ੍ਹੇ ਦੇ ਘਰ ਢਲ ਜਾਂਦਾ ਹੈ । ਸਾਡੇ ਪਿੰਡ ਦਾ ਕਹਿਣਾ ਇਹ ਤਾਂ ਚੋਰਾਂ ਦੇ ਸੰਗ ਰਲ ਜਾਂਦਾ ਹੈ । ਮਿੱਟੀ ਦਾ ਕਲਬੂਤ ਵਿਚਾਰਾ, ਸਿਰ ਤੇ ਚੁੱਕ ਹੰਕਾਰ ਦੀ ਗਠੜੀ, ਚਹੁੰ ਕਣੀਆਂ ਦੀ ਮਾਰ ਨਾ ਝੱਲੇ, ਖੜ੍ਹਾ ਖਲੋਤਾ ਗਲ ਜਾਂਦਾ ਹੈ । ਸਤਿਜੁਗ ਤੋਂ ਅੱਜ ਤੀਕ ਫਰੋਲੋ, ਸਦੀਆਂ ਦਾ ਇਤਿਹਾਸ ਪਛਾਣੋ, ਸੋਨ-ਮਿਰਗ ਕਿਉਂ ਹਰ ਵਾਰੀ ਹੀ ਸੀਤਾ ਮਈਆ ਛਲ ਜਾਂਦਾ ਹੈ । ਦੁਸ਼ਮਣ ਦੀ ਨਾਭੀ ਵਿਚ ਸਿੱਧਾ ਤੀਰ ਨਿਸ਼ਾਨੇ ਤੇ ਨਹੀਂ ਲੱਗਦਾ, ਏਸੇ ਕਰਕੇ ਬਿਰਖ਼ ਬਦੀ ਦਾ ਹੋਰ ਵਧੇਰੇ ਫ਼ਲ ਜਾਂਦਾ ਹੈ । ਬਦਰੂਹਾਂ ਤੋਂ ਮੁਕਤੀ ਖ਼ਾਤਰ, ਨਾਟਕ ਦੀ ਥਾਂ ਹਿੰਮਤ ਕਰੀਏ, ਸਦੀਆਂ ਤੋਂ ਕਾਗਜ਼ ਦਾ ਰਾਵਣ ਆਏ ਵਰੇ ਹੀ ਜਲ ਜਾਂਦਾ ਹੈ । ਸਾਡੇ ਵਿਚੋਂ ਬਹੁਤੇ ਲੋਕੀਂ ਚੁੱਪ ਰਹਿੰਦੇ ਨੇ, ਕੁਝ ਨਹੀਂ ਕਹਿੰਦੇ, ਜਿਉਂ ਬਿੱਲੀ ਨੂੰ ਭਰਮ ਕਿ ਏਦਾਂ ਆਇਆ ਖ਼ਤਰਾ ਟਲ ਜਾਂਦਾ ਹੈ । ਸੱਚ ਬੋਲਣ ਤੋਂ ਡਰ ਜਾਂਦੇ ਹਾਂ, ਕੁਰਸੀ ਖ਼ਾਤਰ ਮਰ ਜਾਂਦੇ ਹਾਂ, ਤਾਹੀਓਂ ਵਕਤ ਹਮੇਸ਼ਾਂ ਸਾਡੇ ਮੂੰਹ ਤੇ ਕਾਲਖ ਮਲ਼ ਜਾਂਦਾ ਹੈ ।

ਚਾਤਰ ਸ਼ਾਤਰ ਸਾਨੂੰ ਪੁੱਠੇ ਸਬਕ

ਚਾਤਰ ਸ਼ਾਤਰ ਸਾਨੂੰ ਪੁੱਠੇ ਸਬਕ ਪੜ੍ਹਾਈ ਜਾਂਦੇ ਨੇ । ਬੋਹੜ ਦਾ ਬੂਟਾ ਛਾਂਗ ਛਾਂਗ ਗਮਲੇ ਵਿਚ ਲਾਈ ਜਾਂਦੇ ਨੇ । ਤੋਤੇ ਵਾਂਗ ਰਟਾਉਂਦੇ ਬੋਲੀ, ਜੋ ਕੁਝ ਉਨ੍ਹਾਂ ਨੂੰ ਏ ਪੁੱਗਦਾ ਚੂਰੀ ਬਦਲੇ ਕੀਹ ਕੁਝ ਸਾਡੇ ਮੂੰਹ ਵਿਚ ਪਾਈ ਜਾਂਦੇ ਨੇ । ਕੁਝ ਲੋਕੀਂ ਤਾਂ ਕੀਮਖਾਬ ਤੇ ਰੇਸ਼ਮ ਪਾਉਂਦੇ ਨੇ ਔਖੇ, ਉਹ ਵੀ ਤਾਂ ਇਨਸਾਨ ਜੋ ਤਨ ਦਾ ਮਾਸ ਹਢਾਈ ਜਾਂਦੇ ਨੇ । ਕੁੱਲ ਦੁਨੀਆਂ ਦੀ ਇੱਕੋ ਮੰਡੀ ਸਿਰਜਣ ਵਾਲੇ ਵੇਖ ਲਵੋ, ਬੰਦੇ ਦੀ ਰੂਹ ਅੰਦਰ ਧੁਰ ਤੱਕ ਲੀਕਾਂ ਪਾਈ ਜਾਂਦੇ ਨੇ । ਪੁਤਲੀਗਰ ਪਏ ਨਾਚ ਨਚਾਉਂਦੇ, ਕਿੱਥੇ ਬੈਠੇ ਦਿਸਦੇ ਨਹੀਂ, ਫ਼ਰਜ਼ਾਂ ਦੀ ਥਾਂ ਗ਼ਰਜ਼ਾਂ ਵਾਲੀ ਤਾਰ ਹਿਲਾਈ ਜਾਂਦੇ ਨੇ । ਲਹਿ ਗਏ ਪਾਣੀ, ਮਾਲ੍ਹ ਤਰੀ ਹੈ, ਉੱਜੜ ਗਏ ਖੂਹ ਰੀਝਾਂ ਦੇ, ਖ਼ਾਲੀ ਟਿੰਡਾਂ ਵਰਗੇ ਸੁਪਨੇ ਹੁਣ ਵੀ ਆਈ ਜਾਂਦੇ ਨੇ । ਪਾਥੀਆਂ ਦੀ ਅੱਗ ਬਾਲ, ਤਪਾ ਕੇ, ਧਰਤੀ ਮਾਂ ਦੇ ਸੀਨੇ ਨੂੰ, ਮੀਂਹ ਮੰਗਦੇ ਸ਼ਰਧਾਲੂ ਅੱਜ ਵੀ ਰੋਟ ਪਕਾਈ ਜਾਂਦੇ ਨੇ । ਕੰਕਰੀਟ ਦੇ ਜੰਗਲ ਵਾਸੀ, ਅੰਦਰੋਂ ਹੋ ਗਏ ਨੇ ਪੱਥਰ, ਬਿਰਧ ਘਰਾਂ ਦੀ ਕਰਨ ਉਸਾਰੀ, ਬਿਰਖ਼ ਮੁਕਾਈ ਜਾਂਦੇ ਨੇ । ਤਨ ਦੇਸੀ ਪਰ ਮਨ ਪਰਦੇਸੀ ਹੌਲੀ ਹੌਲੀ ਹੋ ਜਾਂਦੇ, ਪਿੰਡਾਂ ਵਾਲੇ ਜਦ ਸ਼ਹਿਰਾਂ ਵਿਚ ਕਰਨ ਕਮਾਈ ਜਾਂਦੇ ਨੇ ।

ਰੋ ਰੋ ਮੈਥੋਂ ਗੀਤ ਬਣਾਇਆ

ਰੋ ਰੋ ਮੈਥੋਂ ਗੀਤ ਬਣਾਇਆ ਜਾਣਾ ਨਹੀਂ । ਹੌਕੇ ਭਰਕੇ ਜਸ਼ਨ ਮਨਾਇਆ ਜਾਣਾ ਨਹੀਂ । ਨੇਤਰਦਾਨ ਕਰਨ ਦੀ ਸਿੱਖਿਆ ਦੇਂਦੇ ਹੋ, ਆਪ ਤੁਸਾਂ ਨੇ ਕਿਸਨੂੰ ਕੀਤਾ ਕਾਣਾ ਨਹੀਂ । ਨਸ਼ਿਆਂ ਦੀ ਭੱਠੀ ਨੂੰ ਚਾੜ੍ਹੀ ਬੈਠੇ ਹੋ, ਦਾਰੂ ਪੀ ਕੇ ਮਰਨਾ, ਰੱਬ ਦਾ ਭਾਣਾ ਨਹੀਂ । ਨਾਗ ਵਰਮੀਆਂ ਦੀ ਹੀ ਪੂਜਾ ਹੁੰਦੀ ਹੈ, ਐਸੀ ਥਾਂ ਤੇ ਮੇਰਾ ਆਉਣਾ ਜਾਣਾ ਨਹੀਂ । ਅਸਲੀ ਨਕਲੀ ਅੱਥਰੂ ਤੁਰੰਤ ਪਛਾਣ ਲਵੇ, ਕਮਲਾ ਵੀ ਨਹੀਂ, ਦਿਲ ਜੋ ਬਹੁਤ ਸਿਆਣਾ ਨਹੀਂ । ਸੱਜਰੇ ਧੋਖੇ ਖਾਧੇ ਤਾਹੀਂਓ ਡਰਦਾ ਹਾਂ, ਮੇਰਾ ਬੇ-ਵਿਸ਼ਵਾਸੀ ਰੋਗ ਪੁਰਾਣਾ ਨਹੀਂ । ਵਰਜ ਦਈਂ ਤੂੰ, ਜੇ ਵਿਸ਼ਵਾਸੋਂ ਡੋਲਾਂ ਮੈਂ, ਮੇਰਾ ਕੁਝ ਨਹੀਂ ਰਹਿਣਾ, ਤੇਰਾ ਜਾਣਾ ਨਹੀਂ ।

ਸਰਦ ਪਹਾੜੋਂ ਮਹਿਕਾਂ ਭਿੱਜੀ ਪੌਣ

ਸਰਦ ਪਹਾੜੋਂ ਮਹਿਕਾਂ ਭਿੱਜੀ ਪੌਣ ਜਦੋਂ ਵੀ ਆਉਂਦੀ ਹੈ । ਟਾਹਣੀ ਟਾਹਣੀ ਪੱਤੇ ਪੱਤੇ, ਰੁੱਖ ਨੂੰ ਗੀਤ ਸੁਣਾਉਂਦੀ ਹੈ । ਤਪਦੀ ਧਰਤੀ ਉਤੇ ਪਹਿਲੀਆਂ ਕਣੀਆਂ ਜੀਕੂੰ ਮਹਿਕਦੀਆਂ, ਅਣਦਿਸਦੀ ਖੁਸ਼ਬੋਈ ਮੈਨੂੰ ਏਦਾਂ ਕੋਲ ਬੁਲਾਉਂਦੀ ਹੈ । ਰੋਮ ਰੋਮ ਵਿਚ ਕੀਹ ਤੁਰਦਾ ਹੈ, ਸੱਚ ਜਾਣੀ, ਇਹ ਸਮਝ ਨਹੀਂ, ਧਰਤ ਸੁਹਾਵੀ ਪਤਾ ਨਹੀਂ ਕੀਹ, ਅਨਹਦ ਰਾਗ ਅਲਾਉਂਦੀ ਹੈ । ਮੈਂ ਕਿਉਂ ਜੰਗਲ ਜੰਗਲ ਭਟਕਾਂ, ਤਨ ਦੀ ਪਿਆਸ ਮਿਟਾਵਣ ਲਈ, ਅੰਦਰੋਂ ਫੁੱਟਦੀ ਆਬਸ਼ਾਰ ਵਿਚ, ਰੂਹ ਤਾਂ ਰੋਜ਼ ਨਹਾਉਂਦੀ ਹੈ । ਸੀਸ ਕਟਾਵੇ, ਕਲਮ ਕਹਾਵੇ, ਸ਼ਬਦ ਜਗਾਵੇ ਕਾਲਖ਼ 'ਚੋਂ, ਕੋਰੇ ਕਾਗ਼ਜ਼ ਉੱਤੇ ਤਾਹੀਓਂ, ਲਿਖ ਲਿਖ ਹੁਕਮ ਚਲਾਉਂਦੀ ਹੈ । ਯਾਦਾਂ ਦੀ ਦੋਮੂੰਹੀਂ ਨਾਗਣ, ਮੇਰਾ ਖਹਿੜਾ ਛੱਡਦੀ ਨਹੀਂ, ਰੋਜ਼ ਰਾਤ ਨੂੰ ਸੁਪਨੇ ਅੰਦਰ ਮੈਨੂੰ ਆਣ ਜਗਾਉਂਦੀ ਹੈ । ਵਣ ਹਰਿਆਲੇ ਸੁੱਕ ਚੱਲੇ ਨੇ, ਸਰਵਰ ਸੱਖਣੇ ਪਾਣੀ ਤੋਂ, ਖੜੀ ਖ਼ਜੂਰ ਸੜਕ ਦੇ ਕੰਢੇ, ਮੈਨੂੰ ਬਹੁਤ ਡਰਾਉਂਦੀ ਹੈ ।

ਖੇਤਾਂ ਦੀ ਲਾਲੀ ਹਰਿਆਲੀ

ਖੇਤਾਂ ਦੀ ਲਾਲੀ ਹਰਿਆਲੀ ਢੋਰ ਉਜਾੜੀ ਜਾਂਦੇ ਨੇ । ਫ਼ਿਕਰ ਫ਼ਾਕਿਆਂ ਵਾਲੀਆਂ ਫ਼ੌਜਾਂ, ਸਿਰ ’ਤੇ ਚਾੜ੍ਹੀ ਜਾਂਦੇ ਨੇ । ਵੱਡੀਆਂ ਵੱਡੀਆਂ ਕਾਰਾਂ ਵਾਲੇ ਕਾਬਜ਼ ਹੋ ਗਏ ਸੜਕਾਂ ਤੇ, ਰਿਕਸ਼ੇ ਵਾਲੇ ਨੂੰ ਕਿਉਂ ਵਰਦੀਧਾਰੀ ਤਾੜੀ ਜਾਂਦੇ ਨੇ । ਬਹੁਬਲ ਤੇ ਕਾਲੇ ਧਨ ਦਾ ਗੰਢ-ਚਿਤਰਾਵਾ ਕੁਰਸੀ ਨਾਲ, ਅਪਣੇ ਟਿੱਬਿਆਂ ਉੱਤੇ ਰਲ ਕੇ ਪਾਣੀ ਚਾੜ੍ਹੀ ਜਾਂਦੇ ਨੇ । ਅਪਣੇ ਦੇਸ਼ ਪੰਜਾਬ ’ਚ ਅੱਜ ਕੱਲ੍ਹ ਲਾਉਣ ਖ਼ਜੂਰਾਂ ਵੇਖ ਲਵੋ, ਸੋਹਣੇ ਵਰਕੇ ਫੁੱਲਾਂ ਵਾਲੇ, ਮਾਲੀ ਪਾੜੀ ਜਾਂਦੇ ਨੇ । ਧਰਤੀ ਪੁੱਤਰੋ ਵਿਕ ਨਾ ਜਾਇਉ, ਏਨੀ ਗੱਲ ਨੂੰ ਜਾਣ ਲਵੋ, ਮਿੱਠਾ ਮਹੁਰਾ ਦੇ ਧਨਵੰਤੇ ਪਿੰਡ ਉਜਾੜੀ ਜਾਂਦੇ ਨੇ । ਸਾਨੂੰ ਧੱਕੇ ਮਾਰ ਮਾਰ ਕੇ ਨੂੰ ਕਰੇ ਲਾਉਂਦੇ ਹਰ ਵੇਲੇ, ਰਾਜ ਘਰਾਣੇ ਪੁੱਤ ਭਤੀਜੇ ਸੰਸਦ ਵਾੜੀ ਜਾਂਦੇ ਨੇ । ਨੇਰੀ ਵੀ ਮੂੰਹ ਜ਼ੋਰ ਚੜ੍ਹੀ ਹੈ, ਖਿੱਲਰਿਆ ਘਰ ਵੇਖ ਲਵੋ, ਤਖ਼ਤਾਂ ਵਾਲੇ, ਮਹਿਲਾਂ ਖਾਤਰ, ਕੁੱਲੀਆਂ ਸਾੜੀ ਜਾਂਦੇ ਨੇ ।

ਅੰਦਰੋਂ ਕੁੰਡੀ ਮਾਰਨ ਵਾਲੇ

ਅੰਦਰੋਂ ਕੁੰਡੀ ਮਾਰਨ ਵਾਲੇ ਏਸ ਤਰ੍ਹਾਂ ਕਿਉਂ ਡਰਦੇ ਨੇ । ਦੌਲਤ `ਕੱਠੀ ਕਰਦੇ ਪਹਿਲਾਂ, ਮਗਰੋਂ ਰਾਖੀ ਕਰਦੇ ਨੇ । ਭਰਮ ਭੁਲੇਖਾ ਦੀਵੜਿਆਂ ਨੂੰ ਆਪੋ ਅਪਣੀ ਅਗਨੀ ਦਾ, ਲਾਟਾਂ ਨਾਲ ਰੋਜ਼ਾਨਾ ਖੇਡਣ, ਜੁਗਨੂੰ ਕਿੱਥੇ ਮਰਦੇ ਨੇ? ਰੂਹ ਦੀ ਤਲਬ, ਮੁਹੱਬਤ ਕਹਿ ਲੈ, ਦੇ ਲੈ ਨਾਮ ਹਜ਼ਾਰਾਂ ਤੂੰ, ਏਸ ਵਣਜ ਵਿਚ ਖੱਟੀ ਏਹੋ, ਦਿਲ ਹਰਜਾਨੇ ਭਰਦੇ ਨੇ । ਪਹਿਲਾਂ ਬੀਜ ਗੁਆਵੇ ਹਸਤੀ, ਬਿਰਖ਼ ਬਣੇ ਤੇ ਤਣ ਜਾਵੇ, ਜਿਉਂਦੇ ਬੰਦੇ ਏਸ ਤਰ੍ਹਾਂ ਹੀ ਧੁੱਪਾਂ ਛਾਵਾਂ ਜਰਦੇ ਨੇ । ਜਿੰਨ੍ਹਾਂ ਤੋਂ ਤੂੰ ਲੁਕਦਾ ਫਿਰਦੈ ਸ਼ਾਮ ਸਵੇਰੇ ਰਾਤਾਂ ਨੂੰ, ਏਹੀ ਕਸ਼ਟ ਉਸਾਰਨ ਬੰਦਾ, ਇਹ ਤਾਂ ਆਪਣੇ ਘਰ ਦੇ ਨੇ । ਅੱਗ ਦੇ ਗੋਲੇ ਵਰਗਾ ਸੂਰਜ, ਤਪੀਆ ਹੈ ਤਪ ਕਰਦਾ ਹੈ, ਏਸ ਤਪੱਸਿਆ ਕਾਰਨ ਹੀ ਤਾਂ ਫੁੱਲਾਂ ਵਿਚ ਰੰਗ ਭਰਦੇ ਨੇ । ਵਾਹੋਦਾਹੀ ਤੁਰਦੇ ਬੰਦੇ, ਗਿਣਦੇ ਨਹੀਉਂ ਮੀਲਾਂ ਨੂੰ, ਕਦਮ ਕਦਮ ਦਰ, ਕਦਮ ਕਦਮ ਦਰ, ਪੈਰ ਅਗਾਂਹ ਨੂੰ ਧਰਦੇ ਨੇ ।

ਦਿਸਦਾ ਵੀ ਨਹੀਂ, 'ਵਾਜ਼ ਨਾ ਆਵੇ

ਦਿਸਦਾ ਵੀ ਨਹੀਂ, 'ਵਾਜ਼ ਨਾ ਆਵੇ, ਕੌਣ ਸੁਨੇਹੇ ਘਲਦਾ ਹੈ? ਕਿਹੜਾ ਮੈਨੂੰ ਏਨਾ ਚਾਹਵੇ, ਰੌਲਾ ਏਸੇ ਗੱਲ ਦਾ ਹੈ? ਖ਼ੁਸ਼ਬੂ ਖ਼ੁਸ਼ਬੂ ਚਾਨਣ ਚਾਨਣ, ਲੂੰ ਲੂੰ, ਕਣ ਕਣ ਲਰਜ਼ਾਵੇ, ਬੰਦ ਬੂਹਿਆਂ ਨੂੰ ਚੀਰ ਕੇ ਕਿਹੜਾ ਤਖ਼ਤ ਦਿਲਾਂ ਦਾ ਮੱਲਦਾ ਹੈ? ਨਾ ਡਾਚੀ ਦੀ ਪੈੜ ਨਾ ਟੱਲੀਆਂ ਟੁਣਕਦੀਆਂ ਦੀ 'ਵਾਜ਼ ਸੁਣੇ, ਅੱਖਾਂ ਨੂਟ ਲਵਾਂ ਤਾਂ ਨਕਸ਼ਾ ਦਿਸਦਾ ਮਾਰੂ-ਥੱਲ ਦਾ ਹੈ । ਨੀਂਦਰ ਆਵੇ ਸੌਂ ਜਾਂਦਾ ਹਾਂ, ਬਿੜਕਾਂ ਸੁਣਦਾ ਰਹਿੰਦਾ ਹਾਂ, ਜਾਗਾਂ ਨਾ ਮੈਂ, ਸੁਪਨਾ ਟੁੱਟ ਜੂ, ਧੁੜਕੂ ਏਹੀ ਸੱਲਦਾ ਦਾ ਹੈ । ਬੀਤੇ ਦਾ ਪਛਤਾਵਾ ਹੈ ਨਹੀਂ, ਅੱਜ ਨੂੰ ਰੱਜ ਕੇ ਮਾਣ ਰਿਹਾਂ, ਇਕਲਾਪੇ ਦਾ ਕੀਹ ਕਰਨਾ ਹੈ, ਇਹ ਤਾਂ ਮਸਲਾ ਕੱਲ੍ਹ ਦਾ ਹੈ । ਅਗਨ ਲਗਨ ਦੀ ਮਘਨ ਅੰਗੀਠੀ, ਹੁਣ ਤੀਕਰ ਤਾਂ ਬੁਝ ਜਾਂਦੀ, ਜ਼ਿੰਦਗੀ ਦਾ ਹੀ ਇਸ਼ਕ ਨਿਰੰਤਰ ਇਸ ਨੂੰ ਪੱਖੀਆਂ ਝੱਲਦਾ ਹੈ । ਚੋਰ ਸਿਪਾਹੀ ਲੁਕਣ ਮਚਾਈ ਖੇਡ ਖੇਡ ਕੇ ਥੱਕਦੇ ਨਹੀਂ, ਵੇਖ ਰਹੇ ਨੇ ਲੋਕ ਤਮਾਸ਼ਾ, ਕਿਹੜਾ ਕਿਸਦੇ ਵੱਲ ਦਾ ਹੈ ।

ਸੁਣੋ ਸੁਣਾਵਾਂ ਬੋਲ ਜੋ ਪੁਰਖੇ

ਸੁਣੋ ਸੁਣਾਵਾਂ ਬੋਲ ਜੋ ਪੁਰਖੇ ਕਹਿ ਗਏ ਨੇ । ਗ਼ਰਜ਼ਾਂ ਲਈ ਕਿਉਂ ਬੰਦੇ ਨਿੱਕੇ ਰਹਿ ਗਏ ਨੇ । ਸਖ਼ਤ ਵਿਗੋਚਾ ਅੰਬਰ ਨੂੰ ਇਸ ਗੱਲ ਦਾ ਹੈ, ਉੱਡਦੇ ਉੱਡਦੇ ਪੰਛੀ ਹੁਣ ਕਿਉਂ ਬਹਿ ਗਏ ਨੇ । ਤੇਰੇ ਇਕ ਵਿਸ਼ਵਾਸ ਸਹਾਰੇ ਤੁਰਿਆ ਹਾਂ, ਦੋਚਿੱਤੀ ਦੇ ਪੈਂਖੜ ਪੈਰੋਂ ਲਹਿ ਗਏ ਨੇ । ਕੰਪਿਊਟਰ ਦੀ ਹੁਕਮ ਅਦੂਲੀ ਕਿਸ ਕੀਤੀ, ਘੁੰਮਦੇ ਪਹੀਏ ਚੱਲਦੇ ਲੀਹੋਂ ਲਹਿ ਗਏ ਨੇ । ਲੋਕ ਰਾਜ ਦੀ ਲਾੜੀ ਲੈ ਗਏ ਥੈਲੀਸ਼ਾਹ, ਸੀਸ-ਕਟਾਵੇ ਹਉਕੇ ਭਰਦੇ ਰਹਿ ਗਏ ਨੇ । ਅੱਧ ਅਸਮਾਨੇ ਸਾਡੀ ਗੁੱਡੀ ਬੋਅ ਹੋਈ, ਡੋਰ ਚਰਖ਼ੜੀ ਜ਼ਖ਼ਮੀ ਹੱਥ ਵਿਚ ਰਹਿ ਗਏ ਨੇ । ਸੜਕਾਂ ਕੰਢੇ ਰੁੱਖ ਹਰਿਆਲੇ ਕਿੱਧਰ ਗਏ, ਮੁੱਢ ਵਿਚਾਰੇ ਏਥੋਂ ਜੋਗੇ ਰਹਿ ਗਏ ਨੇ ।

ਹਿੰਮਤ ਦੀ ਥਾਂ ਰਹਿੰਦੇ ਹੌਕੇ ਭਰਦੇ ਜੀ

ਹਿੰਮਤ ਦੀ ਥਾਂ ਰਹਿੰਦੇ ਹੌਕੇ ਭਰਦੇ ਜੀ । ਓਹੀ ਲੋਕੀਂ ਮੌਤੋਂ ਪਹਿਲਾਂ ਮਰਦੇ ਜੀ । ਬਦ-ਇਖ਼ਲਾਕੇ ਨਾਲ ਯਾਰਾਨਾ ਕਿਉਂ ਰੱਖੀਏ, ਮੈਂ ਸੁਣਿਆ ਪਰਛਾਵੇਂ ਗੱਲਾਂ ਕਰਦੇ ਜੀ । ਕੱਚੇ ਘਰ ਦੀ ਥੰਮ੍ਹੀ ਕਿਹੜਾ ਬਣਦਾ ਹੈ, ਮਹਿਲਾਂ ਦੀ ਰਖਵਾਲੀ ਸਾਰੇ ਕਰਦੇ ਜੀ । ਜਕੜੀ ਬੈਠਾ ਤੰਦੂਆ ਜਿਉਂਦੇ ਲੋਕਾਂ ਨੂੰ, ਚੋਰਾਂ ਨੂੰ ਵੀ ਚੋਰ ਕਹਿਣ ਤੋਂ ਡਰਦੇ ਜੀ । ਨੱਕ ਰਗੜਦੈ, ਦਾਨੀ ਬਣਦੈ, ਭੁੱਲੀ ਨਾਂਹ, ਚੋਰ ਮਨਾਂ ਦੇ ਏਦਾਂ ਕਿੱਥੇ ਮਰਦੇ ਜੀ । ਘਰ ਪਹੁੰਚਣ ਤੱਕ ਇਕ ਵੀ ਚੇਤੇ ਨਹੀਂ ਰਹਿੰਦੀ, ਸਿਵਿਆਂ ਅੰਦਰ ਲੋਕ ਜੋ ਗੱਲਾਂ ਕਰਦੇ ਜੀ । ਰੂਹ ਨੂੰ ਕਰਨ ਹਲਾਲ, ਜੀਭ ਦੀ ਨਸ਼ਤਰ ਸੰਗ, ਪਤਾ ਨਹੀਂ ਕਿਉਂ ਲੋਕੀਂ ਏਦਾਂ ਕਰਦੇ ਜੀ ।

ਜਿਵੇਂ ਗੁਲਾਬ ਖਿੜੇ ਤੇ ਟਹਿਕੇ

ਜਿਵੇਂ ਗੁਲਾਬ ਖਿੜੇ ਤੇ ਟਹਿਕੇ ਏਸ ਤਰ੍ਹਾਂ ਮੁਸਕਾਇਆ ਕਰ ਤੂੰ । ਦਿਲ ਦਰਵਾਜ਼ੇ ਖੁੱਲ੍ਹੇ ਥਾਈਂ, ਜਦ ਰੂਹ ਮੰਨੇ ਆਇਆ ਕਰ ਤੂੰ । ਲੰਮ ਸਲੰਮੀ ਕਾਲੀ ਨਾਗਣ, ਗ਼ਮ ਦੀ ਰਾਤ ਕਦੇ ਨਾ ਮੁੱਕੇ, ਅੰਨ੍ਹੀ ਸੁਰੰਗ, ਉਦਾਸ ਬੜੀ ਹੈ, ਇਸ ਅੰਦਰ ਨਾ ਜਾਇਆ ਕਰ ਤੂੰ । ਸੁੱਤਿਆਂ ਨੂੰ ਤਾਂ ਸਗਲ ਸਬੂਤੇ, ਖਾ ਜਾਂਦੀ ਹੈ ਰਾਤ ਹਨ੍ਹੇਰੀ, ਸ਼ਾਮ ਢਲਦਿਆਂ, ਮਨ ਦੀ ਮਮਟੀ ਦੀਵੇ ਚਾਰ ਜਗਾਇਆ ਕਰ ਤੂੰ । ਕੰਕਰੀਟ ਦੇ ਜੰਗਲ ਅੰਦਰ, ਬਣ ਨਾ ਜਾਵੀਂ ਸਿਲ ਤੇ ਪੱਥਰ, ਕੱਚਾ ਵਿਹੜਾ ਰੱਖ ਲੈ ਕੁਝ ਤਾਂ, ਵੇਲਾਂ ਬੂਟੇ ਲਾਇਆ ਕਰ ਤੂੰ । ਲੰਮੀ ਚੁੱਪ ਦੇ ਪੱਕੇ ਜੰਦਰੇ, ਮਾਰਨ ਲੱਗਿਆਂ ਚੇਤੇ ਰੱਖੀਂ, ਨਿਰਸ਼ਬਦੇ, ਬਿਨ ਸਾਜ਼ ਸੁਰੀਲੇ ਖ਼ੁਦ ਨੂੰ ਗੀਤ ਸੁਣਾਇਆ ਕਰ ਤੂੰ । ਮੇਰਾ ਕੀ ਹੈ, ਮੈਂ ਤਾਂ ਧੜਕਣ, ਹਰ ਸਾਹ ਰਹਿਣਾ ਰੰਗ ਸੰਗ ਤੇਰੇ, ਫੁੱਲ ਖੁਸ਼ਬੋਈ ਟਾਹਣੀ ਉੱਤੇ, ਲਰਜ਼ ਲਰਜ਼ ਲਹਿਰਾਇਆ ਕਰ ਤੂੰ । ਕਈ ਜਨਮਾਂ ਦੇ ਵਿੱਛੜੇ ਭਾਵੇਂ, ਹੁਣ ਵੀ ਨੇੜ ਨਹੀਂ ਜੇ ਕੋਈ, ਨਾਲ ਸਵਾਸਾਂ ਆਸਾਂ ਮੌਲਣ, ਬਹੁਤਾ ਨਾ ਪਛਤਾਇਆ ਕਰ ਤੂੰ ।

ਦਿਲ ਨਾ ਛੱਡੀਂ, ਏਦਾਂ ਸੁਪਨੇ ਮਰ ਜਾਂਦੇ ਨੇ

ਦਿਲ ਨਾ ਛੱਡੀਂ, ਏਦਾਂ ਸੁਪਨੇ ਮਰ ਜਾਂਦੇ ਨੇ । ਹੌਕਾ ਨਾ ਭਰ, ਜਗਦੇ ਦੀਵੇ ਡਰ ਜਾਂਦੇ ਨੇ । ਵਿੱਛੜਨ ਵੇਲੇ ਲੱਗਦੈ, ਜ਼ਿੰਦਗੀ ਮੁੱਕ ਚੱਲੀ ਹੈ, ਜ਼ਖ਼ਮ ਪੁਰਾਣੇ ਆਪੇ ਮਗਰੋਂ ਭਰ ਜਾਂਦੇ ਨੇ । ਅਪਣੀ ਮੰਜ਼ਿਲ ਲੱਭ ਲੈਂਦੇ ਨੇ ਰਾਤ-ਬ- ਰਾਤੇ, ਮਮਟੀ ’ਤੇ ਜੋ ਜਗਦਾ ਦੀਵਾ ਧਰ ਜਾਂਦੇ ਨੇ । ਰਾਹਬਰ ਖ਼ੁਦ ਗੁੰਮਰਾਹ ਕਰਦੇ ਨੇ ਕਾਫ਼ਲਿਆਂ ਨੂੰ, ਪਤਾ ਨਹੀਂ ਕਿਉਂ ਏਸ ਤਰ੍ਹਾਂ ਉਹ ਕਰ ਜਾਂਦੇ ਨੇ । ਬਣਨ ਚਿਰਾਗ਼ ਜਗਣ ਲਈ ਤਪ ਕੇ ਆਵੇ ਅੰਦਰ, ਕੱਚੇ ਦੀਵੇ ਕਣੀਆਂ ਦੇ ਵਿਚ ਖ਼ਰ ਜਾਂਦੇ ਨੇ । ਅੰਬਰ ਦੇ ਵਿਚ ਤਾਰੇ, ਪੁੱਠੇ ਲਮਕਣ ਸਾਰੇ, ਖ਼ਬਰ ਨਹੀਂ, ਇਹ ਕਿਹੜੇ ਵੇਲੇ ਘਰ ਜਾਂਦੇ ਨੇ । ਮਘਦਾ ਰੱਖੀ ਜ਼ਿੰਦਗੀ ਦਾ ਤੰਦੁਰ ਹਮੇਸ਼ਾਂ, ਰੀਝਾਂ ਦੇ ਬਾਲਣ ਬਿਨ ਇਹ ਵੀ ਠਰ ਜਾਂਦੇ ਨੇ ।

ਹਊਮੈਂ ਦੇ ਪਰਬਤ ਨੂੰ ਏਹੀ ਸੱਚ ਸਮਝਾ

ਹਊਮੈਂ ਦੇ ਪਰਬਤ ਨੂੰ ਏਹੀ ਸੱਚ ਸਮਝਾ ਨਹੀਂ ਹੋਇਆ । ਸਾਗਰ ਦੀ ਤਹਿ ਹੇਠ ਬੜਾ ਕੁਝ, ਸਾਥੋਂ ਗਾਹ ਨਹੀਂ ਹੋਇਆ । ਬੇ-ਤਰਤੀਬੇ ਸਾਜ਼ ਨਾਲ ਮੈਂ ਕਿਵੇਂ ਆਵਾਜ਼ ਮਿਲਾਉਂਦਾ, ਅਪਣੇ ਗੀਤ ਦੀ ਅਜ਼ਮਤ ਖ਼ਾਤਰ ਮੈਥੋਂ ਗਾ ਨਹੀਂ ਹੋਇਆ । ਗੋਲ ਗਲੋਬ ’ਤੇ ਕੀੜੀ ਵਾਂਗੂੰ ਮੈਂ ਵੀ ਸੀ ਫਿਰ ਸਕਦਾ, ਮੈਥੋਂ ਤਾਂ ਬਸ ਤੇਰੀ ਰੂਹ 'ਚੋਂ ਬਾਹਰ ਹੀ ਜਾ ਨਹੀਂ ਹੋਇਆ । ਦੁਸ਼ਮਣ ਨਾਲ ਲੜਨ ਨੂੰ, ਜੀਅ ਤਾਂ ਕਰਦਾ ਸੀ ਸੌ ਵਾਰੀ, ਸਬਰ, ਸ਼ੁਕਰ, ਸੰਤੋਖ ਵਰਜਿਆ, ਮੱਥਾ ਲਾ ਨਹੀਂ ਹੋਇਆ । ਹੋ ਸਕਦਾ ਸੀ ਮੈਂ ਵੀ ਤੈਥੋਂ ਉਤਲੀ ਟੀਸੀ ਬਹਿੰਦਾ, ਧਰਤੀ-ਧਰਮ ਗੁਆ ਕੇ ਮੈਥੋਂ ਅੰਬਰੀਂ ਜਾ ਨਹੀਂ ਹੋਇਆ । ਲੁਕਣ ਮੀਚੀਆਂ ਖੇਡੇ ਜੀਕੂ ਦਿਲਦਾਰਾਂ ਸੰਗ ਦਿੱਲੀ, ਤੇਰੇ ਦਿਲ ਦਾ ਭੇਤ ਅਜੇ ਤੱਕ ਮੈਥੋਂ ਪਾ ਨਹੀਂ ਹੋਇਆ । ਆ ਗਏ ਆਂ ਲੁਧਿਆਣੇ ਭਾਵੇਂ, ਪਿੰਡ ਸਾਹਾਂ ਵਿੱਚ ਰਹਿੰਦਾ, ਬਾਰ ਪਰਾਏ ਤਾਹੀਓਂ ਸਾਥੋਂ, ਯਾਰੋ ਜਾ ਨਹੀਂ ਹੋਇਆ ।

ਬਹੁਤੇ ਲੋਕੀਂ ਬੋਲ ਰਹੇ

ਬਹੁਤੇ ਲੋਕੀਂ ਬੋਲ ਰਹੇ, ਕੁਝ ਕਰਦੇ ਕਿਉਂ ਨਹੀਂ । ਹੱਕ ਅਤੇ ਇਨਸਾਫ਼ ਦੀ ਹਾਮੀ, ਭਰਦੇ ਕਿਉਂ ਨਹੀਂ । ਕੂੜ ਫਿਰੇ ਪ੍ਰਧਾਨ, ਮਧੋਲੇ ਜ਼ਿੰਦਗੀ ਨੂੰ ਵੀ, ਸੱਚ ਦੀ ਅਰਥੀ ਵੇਖ ਕੇ ਹੌਕੇ ਭਰਦੇ ਕਿਉਂ ਨਹੀਂ । ਭਵ ਸਾਗਰ ਤੋਂ ਪਾਰ ਕਰਨ ਦੇ ਲਾਰੇ ਵੇਚਣ, ਮਿੱਟੀ ਦੇ ਭਗਵਾਨ ਕਦੇ ਵੀ ਤਰਦੇ ਕਿਉਂ ਨਹੀਂ । ਵੇਖ ਟਟਹਿਣੇ ਜਗਦੇ ਬੁਝਦੇ ਅੰਬਰ ਗਾਹੁੰਦੇ, ਕੁੱਲ ਧਰਤੀ ਦੇ ਨੇਰ੍ਹੇ ਕੋਲੋਂ ਮਰਦੇ ਕਿਉਂ ਨਹੀਂ । ਜਿਸ ਦੇ ਅੰਦਰ ਚਾਨਣ ਓਸੇ ਨੇ ਹੀ ਜਗਣੈ, ਚੌਂਕ ਚੁਰਸਤੇ ਮੁਰਦੇ ਦੀਵੇ ਧਰਦੇ ਕਿਉਂ ਨਹੀਂ । ਮੰਡੀ ਅੰਦਰ ਮਾਲ ਵਿਕਾਊ ਵੇਚ ਰਹੇ ਨੇ, ਹੱਟੀਆਂ ਵਾਲੇ ਦਿਲ ਦੇ ਸੌਦੇ ਕਰਦੇ ਕਿਉਂ ਨਹੀਂ । ਮਿੱਟੀ, ਮਿੱਟੀ, ਮਿੱਟੀ, ਮਿੱਟੀ ਸਾਂਭ ਰਹੇ ਆਂ ਆਪਾਂ, ਮਹਿਕ ਗੁਆਚਣ ਤੇ ਵੀ ਹੌਕੇ ਭਰਦੇ ਕਿਉਂ ਨਹੀਂ ।

ਤੋਰਨੀ ਜੇ ਗੱਲ ਅੱਗੇ

ਤੋਰਨੀ ਜੇ ਗੱਲ ਅੱਗੇ, ਖ਼ਤਾਂ ਦਾ ਜੁਆਬ ਲਿਖੋ । ਦਿਲ ਚ ਤਰੰਗਾਂ ਤੇ ਉਮੰਗਾਂ ਦਾ ਹਿਸਾਬ ਲਿਖੋ । ਫ਼ਰਜ਼ਾਂ ਦੀ ਪੂਰਤੀ ਲਈ ਗਰਜ਼ਾਂ ਨੂੰ ਛੱਡ ਪਿੱਛੇ, ਕੰਡਿਆਂ ਨੂੰ ਕੰਡੇ ਤੇ ਗੁਲਾਬ ਨੂੰ ਗੁਲਾਬ ਲਿਖੋ । ਜੀਹਨੂੰ ਤੁਸੀਂ ਮਿਲੇ ਵੀ ਨਹੀਂ, ਉਸ ਨੂੰ ਵੀ ਮਿਲ ਸਕੋ, ਘੁਲ ਜਾਵੋ ਸ਼ਬਦਾਂ 'ਚ, ਮਹਿਕਦੀ ਕਿਤਾਬ ਲਿਖੋ । ਝੁੱਗੀਆਂ ’ਚ ਟੁਣਕੇ ਜੋ, ਦੀਵਿਆਂ ਦੀ ਲੋਏ ਕਿਤੇ, ਬਾਣੀ ਤੋਂ ਵਿਛੋੜੀ ਏਸ ਤਾਨ ਨੂੰ ਰਬਾਬ ਲਿਖੋ । ਹੱਦਾਂ ਸਰਹੱਦਾਂ, ਰਾਵੀ ਪਾਰ ਜਾਂ ਉਰਾਰ ਕਿਤੇ, ਦੁੱਲਿਆਂ ਤੇ ਬੁੱਲ੍ਹਿਆਂ ਨੂੰ ਨਾਨਕਾਂ ਦਾ ਖ੍ਵਾਬ ਲਿਖੋ । ਪਾਉਣ ਜੋ ਘਚੋਲਾ ਸਾਡੇ ਸੁੱਚਿਆਂ ਸਰੋਵਰਾਂ 'ਚ, ਭੁੱਲ ਕੇ ਵੀ ਇਹੋ ਜਿਹੇ ਬੋਲ ਨਾ ਜਨਾਬ ਲਿਖੋ । ਘਿਰਿਆ ਮੁਸੀਬਤਾਂ ’ਚ ਦਿਸੇ ਜੇ ਉਦਾਸ ਕੋਈ, ਨਾਮ ਪਤਾ ਓਸ ਦਾ ਨਿਸ਼ੰਗ ਹੋ ਪੰਜਾਬ ਲਿਖੋ ।

ਪਿੰਡੋਂ ਤੁਰਦਿਆਂ ਅੱਖੀਓਂ ਜੋ ਅੱਥਰੂ ਸੀ ਡੁੱਲ੍ਹੇ

ਪਿੰਡੋਂ ਤੁਰਦਿਆਂ ਅੱਖੀਓਂ ਜੋ ਅੱਥਰੂ ਸੀ ਡੁੱਲ੍ਹੇ । ਮੈਨੂੰ ਝੱਗੇ ਉੱਤੇ ਪਏ, ਅਜੇ ਦਾਗ਼ ਨਹੀਓਂ ਭੁੱਲੇ । ਮਾਈ ਸੰਤੀ ਦੀ ਭੱਠੀ ਕਦੇ ਹੋਲਾਂ ਕਦੇ ਆਭੂ, ਕਦੇ ਤਪਦੀ ਕੜਾਹੀ ਵਿਚ ਖਿੜਦੇ ਸੀ ਫੁੱਲੇ । ਸਾਂਝੀ ਪਾਥੀਆਂ ਦੀ ਅੱਗ ਪਿੰਡਾਂ ਬੁਝਦੀ ਕਦੇ ਨਾ, ਸਭ ਘਰਾਂ ਵਿਚ ਓਹੀ ਨਿੱਤ ਬਾਲਦੀ ਸੀ ਚੁੱਲ੍ਹੇ । ਗਿੱਲਾ ਪਰਨਾ ਲਪੇਟ ਸੌਣਾ ਕੋਠੇ ਮੰਜਾ ਡਾਹ ਕੇ, ਬਾਤਾਂ ਸੁਣਦੇ ਉਡੀਕੀ ਜਾਣਾ ਪੁਰੇ ਵਾਲੇ ਬੁੱਲੇ । ਮਿੱਠੇ ਖ਼ਾਨਗਾਹ ਦੇ ਚੌਲ, ਰੋਟ ਪੱਕਣਾ ਕਮਾਲ, ਚਾਚੇ ਧੰਨਾ ਸਿੰਘ ਵਾਲੇ ਮੈਨੂੰ ਮੇਸੂ ਨਹੀਉਂ ਭੁੱਲੇ । ਕੱਚੇ ਵਿਹੜੇ ਵਿਚ ਸ਼ਾਮ ਨੂੰ ਤਰੌਂਕ ਦੇਣਾ ਪਾਣੀ, ਪੈਂਦ ਮੰਜਿਆ ਦੀ ਕੱਸਣੀ ਤੇ ਸੌਣਾ ਹੋ ਕੇ ਖੁੱਲ੍ਹੇ । ਜਦੋਂ ਮੁੜਨਾ ਸਕੂਲੋਂ ਰਾਹ ਚ ਤਾਏ ਘੇਰ ਲੈਣਾ, ਉਹਦੇ ਟੋਕਵੇਂ ਪਹਾੜੇ ਪੁੱਛੇ, ਅੱਜ ਵੀ ਨਹੀਂ ਭੁੱਲੇ । ਹੱਟੀ ਸ਼ਾਹਵਾਂ ਦੀ ਤੋਂ ਲੈ ਕੇ ਖਾਣਾ ਜਦੋਂ ਵੀ ਮਰੂੰਡਾ, ਕਿੰਜ ਦੱਸੀਏ ਸਵਾਦ, ਨਿਰੇ ਲੁੱਟੇ ਅਸਾਂ ਬੁੱਲੇ । ਪੱਕੇ ਪੇਪਰਾਂ ਦੇ ਨੇੜੇ ਜਾ ਕੇ ਚੜ੍ਹਨਾ ਬੁਖ਼ਾਰ, ਕੱਚੇ ਪੇਪਰਾਂ 'ਚ ਹੋਈਦਾ ਸੀ ਪਾਸ ਲਾ ਕੇ ਫੁੱਲੇ । ਏਸ ਸ਼ਹਿਰ 'ਚ ਮੈਂ ਅੱਧੀ ਸਦੀ ਰੱਜ ਕੇ ਹੰਢਾਈ, ਤੁਰੇ ਨਾਲ ਮੇਰੇ ਪਿੰਡ ਦੇ ਸਵਾਸ ਅਣਮੁੱਲੇ ।

ਕੌਣ ਕਹਿੰਦਾ ਹੈ ਗ਼ਜ਼ਾਲਾ ਮਰ ਗਈ ਹੈ

ਕੌਣ ਕਹਿੰਦਾ ਹੈ ਗ਼ਜ਼ਾਲਾ* ਮਰ ਗਈ ਹੈ । ਮਹਿਕ ਸੀ, ਤਾਹੀਓਂ ਖ਼ੁਦਾ ਦੇ ਘਰ ਗਈ ਹੈ । ਜਿਸਮ ਤਾਂ ਮਿੱਟੀ ਸੀ, ਕਬਰੀਂ ਸੌਂ ਗਿਆ ਹੈ, ਰੰਗ ਸਭ ਫੁੱਲਾਂ ਵਿੱਚ ਆਪਣੇ ਭਰ ਗਈ ਹੈ । ਪਾਣੀਆਂ ਵਿਚ ਕਲਵਲਾਂ ਓਸੇ ਦੀਆਂ ਨੇ, ਵੇਖ ਲਉ, ਕਿੱਦਾਂ ਸਮੁੰਦਰ ਤਰ ਗਈ ਹੈ । ਬੁਲਬੁਲਾਂ ਤੇ ਕਿਉਂ ਨਿਸ਼ਾਨੇ ਮਾਰਦੇ ਹੋ, ਦਰਦ-ਭਿੰਨੀ 'ਵਾਜ਼ ਤਾਂ ਦਰ ਦਰ ਗਈ ਹੈ । ਕਾਤਲਾਂ ਨੂੰ ਭਰਮ ਹਰ ਧਰਤੀ ਤੇ ਏਹੀ, ਜ਼ਿੰਦਗੀ ਹਥਿਆਰ ਕੋਲੋਂ ਡਰ ਗਈ ਹੈ । ਫੁੰਡ ਕੇ ਸ਼ੀਸ਼ੀ ਇਤਰ ਦੀ ਢੂੰਡਦੇ ਹੋ, ਲੱਭਣੀ ਨਹੀਂ, ਮਹਿਕ ਹਿਜਰਤ ਕਰ ਗਈ ਹੈ । ਜਾਣ ਤੋਂ ਪਹਿਲਾਂ ਗ਼ਜ਼ਲਾ ਮਿਰਗ-ਬੱਚੀ, ਵੰਡਕੇ ਕਸਤੂਰੀਆਂ ਘਰ ਘਰ ਗਈ ਹੈ । *ਸਵਾਤ ਘਾਟੀ (ਪਾਕਿਸਤਾਨ) ਵਿੱਚ ਕੁਝ ਵਰ੍ਹੇ ਪਹਿਲਾਂ ਗੁਜ਼ਾਲਾ ਜਾਵੇਦ ਨਾਂ ਦੀ ਸੁਰੀਲੀ ਤੇ ਖੂਬਸੂਰਤ ਗਾਇਕਾ ਨੂੰ ਉਸਦੇ ਪਿਤਾ ਸਮੇਤ ਹਥਿਆਰ ਪੂਜਕਾਂ ਵੱਲੋਂ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ, ਇਸ ਦੋਸ਼ ਬਦਲੇ ਕਿ ਉਹ ਗਾਉਂਦੀ ਕਿਉਂ ਹੈ?

ਹਰ ਯੁਗ ਅੰਦਰ ਧਰਤੀ ਉੱਤੇ

ਹਰ ਯੁਗ ਅੰਦਰ ਧਰਤੀ ਉੱਤੇ, ਐਸੇ ਜਨ ਵੀ ਆਉਂਦੇ ਨੇ । ਹਰ ਮੌਸਮ ਵਿਚ ਕੰਡਿਆਂ ਅੰਦਰ, ਫੁੱਲਾਂ ਜਿਉਂ ਮੁਸਕਾਉਂਦੇ ਨੇ । ਧਰਤੀ ਧਰਮ ਨਿਭਾਵਣਹਾਰੇ ਡਰਨ ਨਾ ਧੁੱਪਾਂ ਛਾਵਾਂ ਤੋਂ, ਮੰਜ਼ਿਲ ਦੇ ਸਿਰਨਾਵੇਂ ਖ਼ਾਤਰ ਅਗਨ-ਨਦੀ ਵਿਚ ਨ੍ਹਾਉਂਦੇ ਨੇ । ਨਾਨਕ, ਈਸਾ, ਬੁੱਧ ਦੇ ਚੇਲੇ, ਨਸਲੋਂ ਭਾਈ ਘਨੱਈਆ ਜਹੇ, ਜ਼ਖ਼ਮੀ ਖ਼ਾਤਰ ਮਲ੍ਹਮ ਬਣਨ ਤੇ ਮੂੰਹ ਨੂੰ ਪਾਣੀ ਲਾਉਂਦੇ ਨੇ । ਕਹਿਣ ਕੁਰਾਹੀਆਂ ਸੂਲੀ ਟੰਗਣ, ਲੱਬ ਲਾਲਚ ਦੇ ਪਾਂਧੀ ਜੋ, ਬੋਧ ਬਿਰਖ਼ ਜਹੇ ਬੁੱਲ੍ਹੇ, "ਮੂੰਹ ਵਿਚ ਆਈ ਬਾਤ" ਸੁਣਾਉਂਦੇ ਨੇ । ਚਾਨਣ ਵਾਲੀ ਲੀਕ ਮਿਟਾਉਂਦੇ, ਹੰਭ ਗਏ ਨੇਰ੍ਹੇ ਸਦੀਆਂ ਤੋਂ, ਕਾਲਖ਼ ਦੇ ਆਲੇ ਵਿੱਚ ਜਗ ਕੇ ਤਾਰੇ ਰਾਹ ਰੁਸ਼ਨਾਉਂਦੇ ਨੇ । ਹਰ ਮੰਜ਼ਿਲ ਤੇ ਨਵੇਂ ਸੁਨੇਹੇ, ਗੁੰਝਲਦਾਰ ਬੁਝਾਰਤ ਵਾਂਗ, ਜ਼ਾਤ ਔਕਾਤ ਵੇਖ ਕੇ ਸੁਪਨੇ ਮਨ ਮਸਤਕ ਵਿਚ ਆਉਂਦੇ ਨੇ । ਤਨ ਦੇ ਚੋਰ ਮਨਾਂ ਦੇ ਖੋਟੇ, ਤੀਰਥ ਮੈਲੇ ਕਰ ਦੇਵਣ, ਮੈਂ ਨਹੀਂ ਕਹਿੰਦਾ, ਬਾਣੀ ਅੰਦਰ, ਬਾਬਾ ਜੀ ਫੁਰਮਾਉਂਦੇ ਨੇ ।

ਵੇਖ ਕਿਵੇਂ ਤੂੰ ਸੂਰਜ ਚੜ੍ਹਦਾ

ਵੇਖ ਕਿਵੇਂ ਤੂੰ ਸੂਰਜ ਚੜ੍ਹਦਾ, ਸੂਹਾ ਬਾਰ ਮ ਬਾਰ, ਤੂੰ ਕਿਉਂ ਢੇਰੀ ਢਾਹ ਕੇ ਬੈਠਾ, ਨੇਰ੍ਹ ਦੀ ਬੁੱਕਲ ਮਾਰ । ਕਣੀਆਂ ਵਿਚ ਨਹਾਉਂਦੇ ਵੇਖੀ, ਧਰਤੀ ਅੰਬਰ ਦੋਵੇਂ, ਉੱਡ-ਪੁੱਡ ਜਾਣੈ, ਚਿਹਰੇ ਉਤੋਂ ਸਾਰਾ ਗਰਦ ਗੁਬਾਰ । ਤੂੰ ਤਾਂ ‘ਰਿਜ਼ਕ' ਜੰਜ਼ੀਰਾਂ ਵਾਂਗੂੰ ਬੰਨ੍ਹੀ ਫਿਰਦੈ ਪੈਰੀਂ, ਮਨ ਪੰਛੀ ਦੀ ਦਰਵੇਸ਼ੀ ਨੂੰ, ਇਸ ਮੌਤੇ ਨਾ ਮਾਰ । ਈਨ ਮੰਨਾਉਣੀ, ਮੰਨਣੀ ਦੋਵੇਂ, ਇਹ ਵਰਕੇ ਨਹੀਂ ਮੇਰੇ, ਮੇਰੇ ਦਿਲ ਦੀ ਨਗਰੀ ਅੰਦਰ, ਅਪਣੀ ਹੀ ਸਰਕਾਰ । ਸੇਵਾ, ਸਿਮਰਨ ਅਤੇ ਸ਼ਹਾਦਤ, ਨਗਰ ਗੁਰਾਂ ਦੇ ਭਾਵੇਂ, ਅੰਬਰਸਰ ਵਿਚ ਪੁਤਲੀਘਰ ਤੋਂ ਪਹਿਲਾਂ ਚੋਰ-ਬਾਜ਼ਾਰ । ਖੋਲ੍ਹ ਖਿੜਕੀਆਂ, ਪਿੰਜਰੇ, ਜੰਦਰੇ, ਕਰ ਨਾ ਕਬਜ਼ਾਕਾਰੀ, ਉੱਡਣ ਦੇ ਤੂੰ ਖੁੱਲ੍ਹੇ ਅੰਬਰੀਂ, ਤੂੰ ਕੂੰਜਾਂ ਵਾਲੀ ਡਾਰ । ਪਰ ਹੀਣੇ ਪੰਛੀ ਦੇ ਵਾਂਗੂ, ਵਤਨ ਮੇਰੇ ਦੀ ਸੂਰਤ, ਮਹਿਮਾ-ਗਾਨ ਕਿਵੇਂ ਮੈਂ ਗਾਵਾਂ, ਪਾ ਕੇ ਰੂਹ ’ਤੇ ਭਾਰ ।

ਵੇਲ ਬੂਟੇ ਬਣ ਧਰਤੀ ਸ਼ਿੰਗਾਰਦੇ ਰਹੋ

ਵੇਲ ਬੂਟੇ ਬਣ ਧਰਤੀ ਸ਼ਿੰਗਾਰਦੇ ਰਹੋ । ਤੁਸੀਂ ਮਹਿਕ ਭਰੀ ਜ਼ਿੰਦਗੀ ਗੁਜ਼ਾਰਦੇ ਰਹੋ । ਤੁਸੀਂ ਰੱਖਣਾ ਸੰਭਾਲ ਸਦਾ ਬੁੱਧੀ ਤੇ ਵਿਵੇਕ, ਜਿਹਦੇ ਆਸਰੇ ਇਹ ਜ਼ਿੰਦਗੀ ਉਸਾਰਦੇ ਰਹੋ । ਕਿਤੇ ਜਿੰਦ ਵਾਲੀ ਡੋਰ, ਪੈ ਨਾ ਜਾਵੇ ਕਮਜ਼ੋਰ, ਤੁਸੀਂ ਸਾਹਾਂ ਵਿਚ ਕਵਿਤਾ ਉਤਾਰਦੇ ਰਹੋ । ਜਿਵੇਂ ਪੈਂਦੀ ਏ ਤਰੇਲ ਘਾਹ ਦੀ ਹਰੀ ਦਰੀ ਉੱਤੇ, ਤੁਸੀਂ ਰਹਿਮਤਾਂ ਨੂੰ ਇੰਜ ਹੀ ਫੁਹਾਰਦੇ ਰਹੋ । ਏਸ ਧਰਤੀ ਦੇ ਜੀਆਂ ਨੂੰ ਮੁਹੱਬਤਾਂ ਦੀ ਲੋੜ, ਖੇੜੇ ਖ਼ੁਸ਼ੀਆਂ ਸਿਆੜਾਂ ’ਚ ਖਿਲਾਰਦੇ ਰਹੋ । ਇਹ ਵੀ ਧੀਆਂ ਅਤੇ ਪੁੱਤਰਾਂ ਦੀ ਸਾਂਝੀ ਜੁੰਮੇਵਾਰੀ, ਤੁਸੀਂ ਜ਼ਿੰਦਗੀ ਦੀ ਲਿਟ ਨੂੰ ਸੰਵਾਰਦੇ ਰਹੋ । ਆਵੇ ਜਿੰਦ ਦੇ ਬਗੀਚੇ ਪੱਤਝੜ ਜਾਂ ਬਹਾਰ, ਹਰ ਹਾਲ ਤੁਸੀਂ ਰੀਝਾਂ ਨੂੰ ਦੁਲਾਰਦੇ ਰਹੋ ।

ਪਿੱਛੋਂ ਤੋੜਨੇ ਨਾ ਪੈਣ, ਪਹਿਲਾਂ ਬੁੱਤ ਨਾ ਬਣਾਉ

ਪਿੱਛੋਂ ਤੋੜਨੇ ਨਾ ਪੈਣ, ਪਹਿਲਾਂ ਬੁੱਤ ਨਾ ਬਣਾਉ । ਕਦੇ ਮਿੱਟੀ ਦੇ ਦਿਓਤਿਆਂ ਨੂੰ ਫੁੱਲ ਨਾ ਚੜ੍ਹਾਉ । ਕਰੋ ਮੰਜ਼ਿਲਾਂ ਦੁਰਾਡੀਆਂ ਦੇ ਰਾਹੀਆਂ ਦੀ ਪਛਾਣ, ਚਿੱਤੋਂ ਹਾਰਿਆਂ ਦੇ ਨਾਲ ਕਦੇ ਅੱਖ ਨਾ ਮਿਲਾਉ । ਤੁਰੇ ਜਿੰਨਾ ਚਿਰ ਨਾਲ, ਮੰਨੋ ਓਸ ਨੂੰ ਕਮਾਲ, ਓਸ ਮਹਿਕ ਨੂੰ ਸੰਭਾਲ, ਅੱਗੇ ਕਦਮ ਵਧਾਉ । ਅੱਖਾਂ ਮੀਟ ਪਹਿਲਾਂ ਕਰੋ ਨਾ ਜੀ ਅੰਧ-ਵਿਸ਼ਵਾਸ, ਪਿੱਛੋਂ ਤੁਸੀਂ ਇਨਸਾਨ ਨੂੰ ਸ਼ੈਤਾਨ ਨਾ ਬਣਾਉ । ਕੋਈ ਰਿਸ਼ਤਾ ਜਦੋਂ ਵੀ ਬਣੇ ਰੂਹਾਂ ਉੱਤੇ ਬੋਝ, ਦੇ ਕੇ ਸੋਹਣਾ ਜਿਹਾ ਮੋੜ, ਬਾਤ ਅੱਗੇ ਨਾ ਵਧਾਉ । ਬਹੁਤਾ ਬੋਲਣਾ ਹੀ ਬਹੁਤੀ ਵਾਰੀ ਕਰਦੈ ਖੁਆਰ, ਮੈਨੂੰ ਚੁੱਪ ਰਹਿਣ ਦੇਵੋ, ਮੈਨੂੰ ਹੋਰ ਨਾ ਬੁਲਾਉ । ਮੇਰਾ ਚਿੱਕੜਾਂ ’ਚ ਭਾਵੇਂ ਕੌਲ-ਫੁੱਲ ਵਾਂਗੂ ਵਾਸ, ਉੱਚੇ ਮਹਿਲਾਂ ਨਾਲ ਤਾਹੀਓਂ ਮੇਰਾ ਲਾਗ ਨਾ ਲਗਾਉ । ਹੋਣ ਦੋਸਤੀ ਦੇ ਬੂਟੇ, ਜੀਕੂ ਗਮਲੇ ਦੀ ਵੇਲ, ਫੁੱਲ ਆਉਣਗੇ ਜ਼ਰੂਰ, ਜੇ ਰੋਜ਼ਾਨਾ ਪਾਣੀ ਪਾਉ । ਸਦਾ ਨੀਤੀਆਂ ਤੇ ਨੀਤਾਂ ਬਦਨੀਤ ਹੋਣ ਜਿੱਥੇ, ਫਿਰ ਹੋਣੈ ਕੀਹ ਨਤੀਜਾ, ਮੇਰਾ ਮੂੰਹ ਨਾ ਖੁੱਲ੍ਹਾਉ ।

ਸੁਰਖ਼ ਅੰਗਾਰਾਂ ਉੱਤੇ ਵੇਖਾਂ ਜਦ ਵੀ

ਸੁਰਖ਼ ਅੰਗਾਰਾਂ ਉੱਤੇ ਵੇਖਾਂ ਜਦ ਵੀ ਭੁੱਜਦੀ ਛੱਲੀ । ਤਿੜ ਤਿੜ ਕਰਦੀ, ਕਹਿੰਦੀ ਜਾਪੇ, ਹਾਏ! ਜਿੰਦ ਨਿਕਲ ਚੱਲੀ । ਪਾਲੋ ਪਾਲ ਕਤਾਰ 'ਚ ਬੈਠੇ, ਕਿਰ ਗਏ ਵਾਰੋ ਵਾਰੀ, ਪਰਦੇ ਹੇਠ ਭਰਮ ਸੀ ਹਸਤੀ, ਹਰ ਦਾਣੇ ਦੀ ਕੱਲ੍ਹੀ । ਚੱਕੀ ਦੇ ਪੁੜ ਪੀਸ ਰਹੇ ਨੇ, ਦਿਨ ਤੇ ਰਾਤ ਗਰੀਬੀ, ਕਸਕ ਕਿਤੇ ਨਾ ਪੱਥਰ ਦਿਲ ਵਿਚ ਮੱਚਦੀ ਨਾ ਤਰਥੱਲੀ । ਤੇਰੇ ਹੁੰਦਿਆਂ ਨੂੰ ਸੁੰਦਿਆਂ ਏਥੇ ਡਾਕੇ ਸਿਖ਼ਰ ਦੁਪਹਿਰੇ, ਪਹਿਰੇਦਾਰ ਭਲਾ ਤੂੰ ਕਾਹਦਾ, ਦੱਸ ਵੇ ਕਾਕਾ ਬੱਲੀ । ਅਕਲ ਵਿਕਾਊ ਸਣੇ ਜ਼ਮੀਰਾਂ ਨਕਦ ਮ ਨਕਦੀ ਸੌਦੇ, ਰਾਤੋ-ਰਾਤ ਗਲੋਬ ਦੀ ਸਾਰੀ ਧਰਤ ਦਲਾਲਾਂ ਮੱਲੀ । ਦਰ ਦਰਵਾਜ਼ੇ ਬੰਦ ਪਏ ਨੇ, ਧੀਆਂ ਪੁੱਤ ਪਰਦੇਸੀ, ਕਿਸਨੂੰ ਪੀੜ ਸੁਣਾਵੇ ਧਰਤੀ, ਰੋ ਰੋ ਹੋ ਗਈ ਝੱਲੀ । ਮਨ ਦਾ ਮੋਰ ਨਚਾਈਏ ਕਿੱਦਾਂ, ਸੰਗਮਰਮਰ ਦੇ ਉੱਤੇ, ਬਾਗ ਬਗੀਚਿਆਂ ਤੋਂ ਬਿਨ ਇਸਦੀ ਪਾਵੇ ਰੂਹ ਨਾ ਚੱਲੀ ।

ਸੂਰਜ ਜਾਣ ਤੋਂ ਮਗਰੋਂ ਤਾਂ ਬਸ

ਸੂਰਜ ਜਾਣ ਤੋਂ ਮਗਰੋਂ ਤਾਂ ਬਸ ਕੁਝ ਪਲ ਲੱਗਦੇ ਰਾਤ ਬਣਨ ਲਈ । ਚੀਰ ਹਨ੍ਹੇਰਾ ਚਾਨਣ ਆਵੇ, ਸਾਡੀ ਸ਼ੁਭ ਪਰਭਾਤ ਬਣਨ ਲਈ । ਵਕਤ ਦੀਆਂ ਅੱਖਾਂ ਵਿੱਚ ਤੱਕਣਾ, ਸੱਚ 'ਤੇ ਪਹਿਰਾ ਦੇਣਾ ਪੈਣਾ, ਜ਼ਹਿਰ ਪਿਆਲਾ ਸ਼ਰਤ ਜ਼ਰੂਰੀ ਬੰਦੇ ਤੋਂ ਸੁਕਰਾਤ ਬਣਨ ਲਈ । ਧਰਤੀ ਧਰਮ ਅਜ਼ਲ ਤੋਂ ਏਹੀ, ਨਿਰਭਉ ਤੇ ਨਿਰਵੈਰ ਸਲੀਕਾ, ਸੀਸ ਤਲੀ 'ਤੇ ਧਰਨਾ ਲਾਜ਼ਿਮ, ਸੂਰਮਿਆਂ ਦੀ ਜ਼ਾਤ ਬਣਨ ਲਈ । ਜ਼ਿੰਦਗੀ ਤੇਰੇ ਤੀਕ ਰਸਾਈ, ਸੱਚ ਮੰਨੀਂ ਤੂੰ, ਸਹਿਲ ਨਹੀਂ ਸੀ, ਵਿੰਗ ਤਵਿੰਗੇ ਮੋੜ ਬੜੇ ਸੀ, ਇਹ ਮੇਰੀ ਔਕਾਤ ਬਣਨ ਲਈ । ਕਲਮਾਂ ਨੂੰ ਵੀ ਸੀਸ ਕਟਾ ਕੇ ਸ਼ਬਦ ਸਵਾਰੀ ਦਾ ਹੱਕ ਮਿਲਦੈ, ਤੇਜ਼ ਧਾਰ ’ਤੇ ਤੁਰਨਾ ਪੈਂਦਾ, ਲੋਕ ਮਨਾਂ ਦੀ ਬਾਤ ਬਣਨ ਲਈ । ਸਾਰਾ ਕੁਝ ਹੀ ਵੈਰੀਆਂ ਨੇ ਤਾਂ ਸਾਡੇ ਮੱਥੇ ਤੇ ਨਹੀਂ ਲਿਖਿਆ, ਸਾਡੀ ਗਫ਼ਲਤ ਵੀ ਕੁਝ ਸ਼ਾਮਿਲ, ਏਦਾਂ ਦੇ ਹਾਲਾਤ ਬਣਨ ਲਈ । ਪੱਥਰ ਮਨ ਜਜ਼ਬਾਤ ਵਿਹੂਣਾ ਕਿੰਜ ਪਿਘਲੇਗਾ ਖ਼ੁਦ ਸਮਝਾਓ, ਦਰਦ ਸਮੁੰਦਰ ਜਲ ਕਣ ਦੇਵੇ, ਹੰਝੂਆਂ ਨੂੰ ਬਰਸਾਤ ਬਣਨ ਲਈ ।

ਕਦੇ ਵੀ ਆਸ ਦੇ ਦੀਵੇ

ਪ੍ਰਿੰਸੀਪਲ ਸਵਰਨ ਸਿੰਘ ਵਿਰਕ (ਤੁਗਲਾਵਾਲਾ) ਦੇ ਨਾਮ ਕਦੇ ਵੀ ਆਸ ਦੇ ਦੀਵੇ, ਹਵਾ ਤੋਂ ਡਰਨ ਨਾ ਦੇਣਾ । ਉਮੀਦਾਂ ਵਕਤ ਜੋ ਕਰਦੈ, ਕਦੇ ਵੀ ਮਰਨ ਨਾ ਦੇਣਾ । ਹਨ੍ਹੇਰੀ ਰਾਤ ਹੈ, ਤੁਫ਼ਾਨ, ਝੱਖੜ, ਡੋਲਦੇ ਸਾਏ, ਜਿਊਂਦੀ ਲਾਸ਼ ਵਾਂਗੂੰ ਦੋਸਤੀ ਨੂੰ ਤਰਨ ਨਾ ਦੇਣਾ । ਸਿਰਾਂ ਤੇ ਸ਼ਾਮ ਹੈ, ਸੂਰਜ ਸਮੁੰਦਰ ਮਿਲਣ ਲੱਗੇ ਨੇ, ਦਿਲਾਂ ਨੂੰ ਸਾਂਭਣਾ ਤੇ ਸਰਦ ਹੌਕਾ ਭਰਨ ਨਾ ਦੇਣਾ । ਕਦੇ ਵੀ ਰਾਤ ਦੇ ਸਾਏ ਤੋਂ ਡਰ ਕੇ ਸਹਿਮ ਨਾ ਜਾਣਾ, ਜਿਉਂਦੇ ਖ਼੍ਵਾਬ ਨੂੰ ਅਗਨੀ ਹਵਾਲੇ ਕਰਨ ਨਾ ਦੇਣਾ । ਬੜੇ ਤੂਫ਼ਾਨ ਆਏ, ਆਉਣਗੇ ਵੀ ਹੋਰ ਚੜ੍ਹ ਚੜ੍ਹ ਕੇ, ਦਿਲਾ ਤੂੰ ਹੌਸਲਾ ਰੱਖੀਂ, ਉਮੀਦਾਂ ਠਰਨ ਨਾ ਦੇਣਾ । ਨਿਖਸਮੀ ਜੂਹ ਦੇ ਅੰਦਰ ਫਿਰਨ ਟੋਲੇ ਬੇਲਗਾਮੇ ਜੋ, ਤੂੰ ਆਪਣੀ ਫ਼ਸਲ ਅੰਦਰ ਵਰਜ, ਏਥੇ ਚਰਨ ਨਾ ਦੇਣਾ । ਕਦੇ ਜੇ ਆਉਣ ਉਹ ਪਲ, ਕਹਿਣ ਜੋ ਦੜ ਵੱਟਕੇ ਬਹਿ ਜਾ, ਬਰੂੰਹੀਂ ਚੜ੍ਹਨ ਨਾ ਦੇਣਾ, ਕਦੇ ਵੀ ਸ਼ਰਨ ਨਾ ਦੇਣਾ ।

ਦਰਦ ਸਿਆਹੀ ਨਾਲ ਤੂੰ ਲੀਕਾਂ

ਦਰਦ ਸਿਆਹੀ ਨਾਲ ਤੂੰ ਲੀਕਾਂ ਵਾਹੀਆਂ ਨੇ । ਦਿਲ ਤੇ ਅੱਖੀਆਂ ਦੋਵੇਂ ਹੀ ਭਰ ਆਈਆਂ ਨੇ । ਮੱਥਾ ਟਸ ਟਸ ਕਰਦੈ ਕਹਿ ਕੁਝ ਸਕਦਾ ਨਾ, ਰੂਹ ਦੇ ਬਾਗੀਂ ਕੋਇਲਾਂ ਵੀ ਕੁਰਲਾਈਆਂ ਨੇ । ਬਿਨ ਬੂਹੇ ਤੇ ਦਸਤਕ, ਪੋਲੇ ਪੈਰੀਂ ਇਹ, ਪੀੜਾਂ ਮਨ ਵਿੱਚ ਕਦੋਂ ਪ੍ਰਾਹੁਣੀਆਂ ਆਈਆਂ ਨੇ । ਮੈਂ ਇਨ੍ਹਾਂ ਨੂੰ ਕਿਵੇਂ ਕਹਿ ਦਿਆਂ, ਤੁਰ ਜਾਵੋ, ਪੀੜਾਂ ਮੇਰੀ ਮਾਂ ਜਾਈਆਂ ਹਮਸਾਈਆਂ ਨੇ । ਸੱਜਰੀ ਪੌਣ ਦਾ ਬੁੱਲਾ ਤੇਰੀ ਹਸਤੀ ਹੈ, ਸੁਰਖ਼ ਗੁਲਾਬਾਂ ਇਹ ਬਾਤਾਂ ਸਮਝਾਈਆਂ ਨੇ । ਤੇਰੇ ਹੌਕੇ ਅੰਦਰ ਮੈਂ ਹੀ ਹਾਜ਼ਰ ਸੀ, ਇਹ ਰਮਜ਼ਾਂ ਸਭ ਅੱਖੀਆਂ ਨੇ ਉਲਥਾਈਆਂ ਨੇ । ਦਿਲ ਦਰਵਾਜ਼ੇ ਖੁੱਲ੍ਹੇ ਨੇ ਤੂੰ ਲੰਘ ਵੀ ਆ, ਤੇਰੀ ਖਾਤਰ ਨਜ਼ਰਾਂ ਵੇਖ ਵਿਛਾਈਆਂ ਨੇ ।

ਮਰ ਚੱਲੇ ਹਾਂ ਆਪਾਂ ਯਾਰੋ

ਮਰ ਚੱਲੇ ਹਾਂ ਆਪਾਂ ਯਾਰੋ, ਚੁੱਪ ਰਹਿ ਕੇ ਨਾ ਬੋਲਣ ਕਰਕੇ । ਮਨ ਪਰਦੇਸੀ ਹੋ ਚੱਲਿਆ ਹੈ ਦਿਲ ਬੂਹਾ ਨਾ ਖੋਲ੍ਹਣ ਕਰਕੇ । ਸ਼ੱਕੀ ਹੋ ਗਏ ਦੋਵੇਂ ਪੱਲੜੇ, ਦਰ ਦਰ ਪੈਂਦੀ ਹਰ ਦੋ ਲਾਅਣਤ, ਤੱਕੜੀ ਬੇਵਿਸ਼ਵਾਸੀ ਹੋ ਗਈ ਉੱਚਾ ਨੀਵਾਂ ਤੋਲਣ ਕਰਕੇ । ਕੂੜਾ ਹੂੰਝਣ ਖਾਤਰ ਬੰਨ੍ਹੀ, ਤੀਲ੍ਹਾ ਤੀਲ੍ਹਾ ਖਿੱਲਰੀ ਬਹੁਕਰ, ਕੌਡੀ ਮੁੱਲ ਰਿਹਾ ਨਾ ਤਾਂਹੀਂਉਂ ਇੱਕ ਦੂਜੇ ਨੂੰ ਰੋਲਣ ਕਰਕੇ । ਪੰਜੇ ਦੀ ਅਜ਼ਮਤ ਸੀ ਕਿੰਨੀ, ਜਦ ਤੱਕ ਸੀ ਸ਼ੁਭਕਰਮਨ ਕਰਦਾ, ਹੁਣ ਤਾਂ ਵਾਂਗ ਚਪੇੜ ਦੇ ਲੱਗੇ, ਨੀਤ ਮੁਰਾਦੋਂ ਡੋਲਣ ਕਰਕੇ । ਸਣੇ ਦਾਤਰੀ ਸਿੱਟੇ ਵਾਲੇ, ਪਤਾ ਨਹੀਂ ਜੀ ਕਿੱਥੇ ਤੁਰ ਗਏ, ਵਾਂਗ ਹਥੌੜੇ ਵੱਜਣ ਵਾਲੇ, ਹੱਕ ਸੱਚ ਦੇ ਲਈ ਬੋਲਣ ਵਾਲੇ । ਲੱਭਦੇ ਨਹੀਂ ਸੁਪਨੀਲੇ ਘੋੜੇ, ਨਸਲ ਖ਼ਤਮ ਹੀ ਹੋ ਗਈ ਜਾਪੇ, ਚਿੱਟੇ ਹਾਥੀ, ਹੂਟਰ, ਹੰਟਰ ਚਾਰ ਚੁਫ਼ੇਰ ਮਧੋਲਣ ਵਾਲੇ । ਤੂੰ ਵੀ ਉਨ੍ਹਾਂ 'ਚੋਂ ਨਹੀਂ ਲੱਗਦਾ, ਜੋ ਕਰਦੇ ਸੀ ਪਹਿਰੇਦਾਰੀ, ਕਵੀਆ! ਕਲਮ ਚਲਾ ਕੇ ਜਿਹੜੇ, ਲੀਰਾਂ ਖਿੱਦੋ ਫ਼ੋਲਣ ਵਾਲੇ ।

ਇਸ ਧਰਤੀ ਤੇ ਵਿਰਲੇ ਵਿਰਲੇ

ਇਸ ਧਰਤੀ ਤੇ ਵਿਰਲੇ ਵਿਰਲੇ ਸੰਕਟ ਸਮੇਂ ਸਹਾਰੇ ਬਣਦੇ । ਓਹੀ ਸੁਣਿਐ, ਅੰਬਰੀਂ ਜਾ ਕੇ ਸੂਰਜ, ਚੰਨ ਜਾਂ ਤਾਰੇ ਬਣਦੇ । ਆਪਣੀ ਅੱਗ ਵਿੱਚ ਆਪੇ ਸੜ ਕੇ, ਵਕਤ ਗੁਆਚਾ, ਹੱਥ ਕੀ ਆਇਆ, ਓਹੀ ਪਲ ਤਾਂ ਵੀਰ ਮੇਰਿਆ, ਹੱਡੀਆਂ ਦੇ ਵਿੱਚ ਪਾਰੇ ਬਣਦੇ । ਚੀਰੀ ਜਾਵੇ ਤਨ ਦੀ ਗੇਂਲੀ, ਦੂਜੇ ਕੰਨ ਆਵਾਜ਼ ਨਾ ਪਹੁੰਚੇ, ਬਾਗ ਬਗੀਚੇ ਢੇਰ ਕਰਨ ਲਈ, ਸ਼ਿਕਵੇ ਰੋਸੇ ਆਰੇ ਬਣਦੇ । ਨਿੱਕੀਆਂ ਨਿੱਕੀਆਂ ਗੰਢਾਂ ਬੰਨ੍ਹ ਕੇ, ਮਨ ਮੰਦਰ ਵਿੱਚ ਰੱਖਿਆ ਨਾ ਕਰ, ਸਫ਼ਰ ਸਮੇਂ ਇਹ ਬਹੁਤੇ ਨਗ ਵੀ ਬੰਦੇ ਖਾਤਰ ਭਾਰੇ ਬਣਦੇ । ਤੇਰੀ ਛਤਰੀ ਸਬਜ਼ ਕਬੂਤਰ, ਚੋਗ ਚੁਗਣ ਲਈ ਬੈਠੇ ਜਿਹੜੇ, ਉੱਡ ਜਾਣੇ ਨੇ, ਦਾਣੇ ਚੁਗ ਕੇ ਜਿਹੜੇ ਬਹੁਤ ਦੁਲਾਰੇ ਬਣਦੇ । ਧਨਵੰਤੇ ਪਤਵੰਤੇ ਜਿੱਥੇ, ਕਲਾਵੰਤ ਗੁਣਵੰਤੇ ਰੁਲ਼ਦੇ, ਘਰ ਤੇ ਵਤਨ ਉਜਾੜਨ ਖਾਤਰ, ਏਹੀ ਪਲ ਅੰਗਿਆਰੇ ਬਣਦੇ । ਕੂੜ ਕੁਫ਼ਰ ਦੇ 'ਨ੍ਹੇਰੇ ਅੰਦਰ, ਤੂੰ ਜੋ ਬੋਲੇਂ ਤਖ਼ਤ ਨਸ਼ੀਨਾ, ਵਕਤ ਕਚਹਿਰੀ ਦੇ ਵਿੱਚ ਬੀਬਾ, ਅਸਲ ਗਵਾਹ ਤਾਂ ਕਾਰੇ ਬਣਦੇ ।

ਅੱਗ ਨਾਲ ਖੇਡੀਏ ਅੰਗਾਰਾਂ ਨਾਲ ਖੇਡੀਏ

ਅੱਗ ਨਾਲ ਖੇਡੀਏ ਅੰਗਾਰਾਂ ਨਾਲ ਖੇਡੀਏ । ਆ ਜਾ ਕਦੇ ਸੋਹਣਿਆ, ਵਿਚਾਰਾਂ ਨਾਲ ਖੇਡੀਏ । ਤੈਨੂੰ ਮੈਨੂੰ ਰੋਕਦੀਆਂ, ਨਜ਼ਰਾਂ ਮਿਲਾਉਣ ਤੋਂ, ਕਾਹਨੂੰ ਸੜ ਜਾਣੀਆਂ ਦੀਵਾਰਾਂ ਨਾਲ ਖੇਡੀਏ । ਸ਼ਿਕਰੇ ਤੇ ਬਾਜ਼ ਦੋਵੇਂ ਮਹਿਲਾਂ ਪੱਲੇ ਰਹਿਣ ਦੇ, ਆ ਜਾ ਦੋਵੇਂ ਘੁੱਗੀਆਂ, ਗੁਟਾਰਾਂ ਨਾਲ ਖੇਡੀਏ । ਜੋੜਦੇ ਨਾ, ਤੋੜਦੇ ਨੇ, ਕਹਿਰਵਾਨ ਬਾਗਬਾਨ, ਖਿੜੇ ਹੋਏ ਫੁੱਲਾਂ ਗੁਲਜ਼ਾਰਾਂ ਨਾਲ ਖੇਡੀਏ । ਅੱਥਰੀ ਬੰਦੂਕ ਦਿਆਂ ਘੋੜਿਆਂ ਨੂੰ ਛੱਡ ਦੇ, ਪੋਟਿਆਂ ਨੂੰ ਆਖ ਦੇ, ਸਿਤਾਰਾਂ ਨਾਲ ਖੇਡੀਏ । ਹੀਲੇ ਤੇ ਵਸੀਲੇ ਜਦੋਂ ਮਰ ਮੁੱਕ ਜਾਣ ਸਾਰੇ, ਗੁਰੂ ਫੁਰਮਾਨ ਹੈ ਕਟਾਰਾਂ ਨਾਲ ਖੇਡੀਏ । ਜਿੱਤ ਹਾਰ ਕਾਹਦੀ ਵੀ ਹੁੰਦੀ ਪਰਿਵਾਰ 'ਚ, ਜਿੰਨੀ ਦੇਰ ਖੇਡਣਾ ਪਿਆਰਾਂ ਨਾਲ ਖੇਡੀਏ ।

ਟਾਹਲੀ ਤੂਤ ਫੁਟਾਰਾ ਫੁੱਟਿਆ

ਟਾਹਲੀ ਤੂਤ ਫੁਟਾਰਾ ਫੁੱਟਿਆ ਵੇਖ ਮਹੀਨਾ ਚੇਤਰ ਚੜਿਆ । ਪੱਤਝੜ ਮਗਰੋਂ ਰੂਹ ਦੇ ਸਾਈਂਆਂ ਤੂੰ ਵੀ ਤਾਂ ਮਿਲ ਜਾ ਵੇ ਅੜਿਆ । ਚੁੱਪ ਦੇ ਜੰਗਲ ਦਿਨ ਤੇ ਰਾਤਾਂ ਸ਼ਾਮ ਸਵੇਰਾਂ, ਕੀ ਤੂੰ ਕਰਦੈ, ਰੂਹ ਤੇ ਦਸਤਕ ਦੇ ਦੇ ਪਰ ਇਹ ਤੂੰ ਵਰਕਾ ਕਿੱਥੋਂ ਪੜ੍ਹਿਆ । ਲੱਸੀ ਨੂੰ ਵੀ ਮਾਰੇ ਫੂਕਾਂ ਏਨਾ ਵੀ ਦੱਸ ਡਰ ਕੀ ਹੋਇਆ, ਹੋਠ ਛੁਹਾ ਕੇ ਰੂਹ ਨੂੰ ਸਿੰਜ ਲੈ, ਝਿਜਕ ਰਿਹੈਂ ਕਿਉਂ, ਦੁੱਧ ਦਾ ਸੜਿਆ । ਕਣਕਾਂ ਹੋਈਆਂ ਸੋਨ ਸੁਨਹਿਰੀ ਸਿੱਟਿਆਂ ਦੇ ਮੂੰਹ ਦਾਣੇ ਮੋਤੀ, ਬੱਲੀਆਂ ਦੇ ਵਿੱਚ ਜੜ ਮਾਣਕ ਕੇ ਮਾਣਕ ਇਸ ਨੂੰ ਕਿੰਜ ਸੁਨਿਆਰੇ ਘੜਿਆ । ਉੱਖਲੀ ਦੇ ਵਿੱਚ ਸਿਰ ਸੀ ਮੇਰਾ ਸਖ਼ਤ ਮੇਰੀ ਹਸਤੀ ਦੇ ਕਰਕੇ, ਵਕਤ ਲਿਹਾਜ਼ ਨਾ ਕੀਤਾ ਮੇਰਾ ਮੋਹਲੇ ਮਾਰ ਮਾਰ ਕੇ ਛੜਿਆ । ਤੋੜ ਰਹੇ ਨੇ ਫੁੱਲ ਤੇ ਕਲੀਆਂ ਵਣਜਾਂ ਖਾਤਰ ਚੁਸਤ ਫੁਲੇਰੇ, ਟਾਹਣੀ ਟਾਹਣੀ ਖ਼ੁਸ਼ਬੂ ਪੁੱਛਦੀ, ਕਿਰਨ ਮਕਿਰਨੀ ਕਿਹੜਾ ਝੜਿਆ । ਮੈਂ ਉਹ ਯੁੱਧ ਲੜਨ ਦੀ ਖਾਤਰ, ਰਣ ਭੂਮੀ ਵਿੱਚ ਪਹੁੰਚ ਗਿਆ ਹਾਂ, ਆਪਣੇ ਉਲਟ ਲੜਾਈ ਹੈ ਇਹ, ਜੋ ਸੀ ਮੈਂ ਅੱਜ ਤੀਕ ਨਾ ਲੜਿਆ । ਮੋਹ ਤੇਰੇ ਦੀ ਸੁਰਮ ਸਲਾਈ ਪਾ ਨੈਣਾਂ ਵਿੱਚ ਹੋਇਆ ਚਾਨਣ, ਦਿਲ ਦਰਵਾਜ਼ੇ ਅੰਦਰ ਤੱਕ ਤੂੰ , ਮੁੰਦਰੀ ਵਿੱਚ ਨਗੀਨਾ ਜੜਿਆ । ਵੇਖੀ ਰਾਹ ਵਿਚਕਾਰ ਨਾ ਛੱਡੀ ਕੱਲ੍ਹਿਆਂ ਮੈਂ ਰਾਹ ਭੁੱਲ ਜਾਵਾਂਗਾ, ਰੱਬ ਤੋਂ ਵੱਧ ਵਿਸ਼ਵਾਸ ਸਹਾਰੇ , ਯਾਦ ਤੇਰੀ ਦਾ ਪੱਲੂ ਫੜਿਆ ।

ਇੱਕ ਅੱਧ ਬੋਲ ਸੁਣਾ ਦੇ ਮੈਨੂੰ

ਇੱਕ ਅੱਧ ਬੋਲ ਸੁਣਾ ਦੇ ਮੈਨੂੰ ਹਾਲੇ ਦਿਲ ਨਹੀਂ ਭਰਿਆ ਯਾਰ । ਇਕਲਾਪੇ ਦਾ ਬੋਝ ਮੇਰੇ ਤੋਂ, ਹੋਰ ਨਾ ਜਾਵੇ ਜਰਿਆ ਯਾਰ । ਜਿਵੇਂ ਸ਼ਰੀਂਹ ਦੀਆਂ ਫ਼ਲੀਆਂ ਛਣਕਣ ਪੌਣ ਵਗੇ ਘੁੰਗਰਾਲਾਂ ਵਾਂਗ, ਹਾਸੇ ਦੀ ਛਣਕਾਰ ’ਚ ਕੀ ਤੂੰ , ਜਾਦੂ ਦੱਸ ਦੇ, ਭਰਿਆ ਯਾਰ । ਚੂਸ ਲਵਾਂ ਸਭ ਤਲਖੀਆਂ ਤੇਰੇ ਮੱਥੇ ਅੰਦਰੋਂ ਦਿਲ ਕਰਦੈ , ਏਸ ਜਗਾ ਨਾ ਸ਼ਿਕਨ ਮੇਰੇ ਤੋਂ, ਹੁਣ ਨਾ ਜਾਵੇ ਜਰਿਆ ਯਾਰ । ਹਰ ਵਾਰੀ, ਹਰ ਥਾਂ ਨਾ ਦਰਦ ਸੁਣਾਇਆ ਜਾਵੇ ਸਭਨਾਂ ਨੂੰ, ਅੱਜ ਅਚਾਨਕ ਉੱਛਲਿਆ ਹੈ, ਜੋ ਮਨ ਰਹਿੰਦਾ ਭਰਿਆ ਯਾਰ । ਚਾਰ ਚੁਫ਼ੇਰੇ ਮੇਰੇ ਕਿਉਂ ਨੇ , ਸਹਿਮੇ ਹੋਏ ਧਰਤ ਆਕਾਸ਼ , ਹਰ ਚਿਹਰਾ ਹੀ ਜ਼ਰਦ ਭੂਕ ਹੈ, ਹੋਵੇ ਜੀਕੂ ਡਰਿਆ ਯਾਰ । ਤੂੰ ਹੋਵੇਂ ਤਾਂ ਅਗਨੀ ਵੀ ਹਮਰਾਜ਼ ਵਾਂਗਰਾਂ ਲੱਗਦੀ ਮੈਨੂੰ ਕਲ੍ਹਿਆਂ ਬਹੁਤ ਮੁਹਾਲ ਅਗਨ ਦਾ ਮੈਂ ਦਰਿਆ ਹੈ ਤਰਿਆ ਯਾਰ । ਗਲਵੱਕੜੀ ਵਿੱਚ ਉਹ ਪਲ ਸਾਰੇ , ਕੱਸਣੇ ਚਾਹਾਂ ਮੁੜ ਕੇ ਫੇਰ, ਇਤਰ ਸਰੋਵਰ ਨੂੰ ਜਦ ਆਪਾਂ, ਰਲ ਮਿਲ ਕੇ ਸੀ ਤੁਰਿਆ ਯਾਰ ।

ਝੜ ਗਏ ਪੱਤ ਪੁਰਾਣੇ ਭਾਵੇਂ

ਝੜ ਗਏ ਪੱਤ ਪੁਰਾਣੇ ਭਾਵੇਂ, ਰੁੱਤ ਨਵਿਆਂ ਦੀ ਆਈ ਨਹੀਂ । ਤਾਂਹੀਂਉਂ ਰਸਮ ਨਿਭਾਉਣ ਲਈ ਮੈਂ ਦਿੱਤੀ ਅੱਜ ਵਧਾਈ ਨਹੀਂ । ਮੋਦੀਖ਼ਾਨੇ ਅੰਦਰ ਸੌਦਾ ਜਿੰਨਾ ਵੀ ਸੀ ਵਿਕ ਚੁੱ ਕਿਆ, ਕੀਹਦਾ ਹੋਕਾ ਹੁਣ ਦੇਵੋਗੇ, ਨਵੀਂ ਰਸਦ ਜੇ ਪਾਈ ਨਹੀਂ । ਤਨ ਜ਼ਖ਼ਮੀ ਹੈ, ਰੂਹ ’ਤੇ ਛਾਲੇ, ਲੱਗਦੈ ਮਨ ਪਰਦੇਸੀ ਹੈ, ਖ਼ੁਦ ਨੂੰ ਪੁੱਛ ਕੇ ਦੱਸਿਓ ਆਪੇ, ਕਿਸ ਦੀ ਸ਼ਾਮਤ ਆਈ ਨਹੀਂ । ਮੈਂ ਜੇ ਚੁੱਪ ਹਾਂ, ਇਹ ਨਾ ਸਮਝੋ , ਚੋਰ ਸਾਧ ਪਹਿਚਾਣਾਂ ਨਾ, ਵੇਖਣ ਨੂੰ ਹੀ ਸਿੱਧਰਾ ਲੱਗਦਾਂ, ਏਨਾ ਵੀ ਸ਼ੌਦਾਈ ਨਹੀਂ । ਵਤਨ ਮੇਰਾ ਬਰਬਾਦ ਕਰਦਿਓ, ਇਹ ਗੱਲ ਚੇਤੇ ਰੱਖ ਲੈਣਾ, ਮਨ ਦੀ ਖੋਟ ਸਮਝਦੇ ਲੋਕਾਂ, ਹੁਣ ਚੱਲਣੀ ਚਤੁਰਾਈ ਨਹੀਂ । ਚੋਰਾਂ ਦੇ ਹੱਥ, ਡਾਂਗਾਂ ਦੇ ਗ਼ਜ਼, ਸੁਣਦੇ ਸਾਂ, ਅੱਜ ਵੇਖ ਲਏ, ਪਹਿਰੇਦਾਰ ਬਰਾਬਰ ਦੋਸ਼ੀ, ਜਿਸ ਰਾਖੀ ਕਰਵਾਈ ਨਹੀਂ । ਪੌਣੀ ਸਦੀ ਗੁਜ਼ਾਰਨ ਮਗਰੋਂ ਕੱਚੇ ਵਿਹੜੇ ਪੁੱਛਦੇ ਨੇ , ਹੁਕਮਰਾਨ ਜੀ, ਉਹ ਆਜ਼ਾਦੀ ਸਾਡੇ ਘਰ ਕਿਉਂ ਆਈ ਨਹੀਂ?

ਮਿਲਦਿਆਂ ਤੈਨੂੰ ਮੇਰਾ ਕੈਸਾ

ਮਿਲਦਿਆਂ ਤੈਨੂੰ ਮੇਰਾ ਕੈਸਾ ਮੁਕੱਦਰ ਹੋ ਗਿਆ । ਪਿਆਰ ਕਤਰਾ ਮਿਲ ਗਿਆ, ਮੈਂ ਵੀ ਸਮੁੰਦਰ ਹੋ ਗਿਆ । ਮੇਰਿਆਂ ਖ਼ਾਬਾਂ ’ਚ ਤੂੰ ਜਾਂ ਰਾਤ ਰਾਣੀ ਮਹਿਕਦੀ, ਮੇਰੇ ਚਾਅ ਦਾ ਕੱਦ ਵੀ ਤੇਰੇ ਬਰਾਬਰ ਹੋ ਗਿਆ । ਮੇਰੀ ਰੂਹ ਦਾ ਸਿਦਕ ਵੀ ਅੱਜ ਮੌਲਿਆ ਬਣ ਕੇ ਬਹਾਰ, ਸੋਨ ਰੰਗੀ ਧਰਤ ਦਾ, ਜੀਕੂ ਸਵੰਬਰ ਹੋ ਗਿਆ । ਮਿਲ ਗਈ ਪਰਵਾਜ਼ ਮੈਨੂੰ, ਖੰਭ ਲਾਉਂਦੇ ਤਾਰੀਆਂ, ਮਿਲ ਗਿਆ ਏ ਸਾਥ ਤੇਰਾ, ਮੈਂ ਵੀ ਅੰਬਰ ਹੋ ਗਿਆ । ਮੇਰਿਆਂ ਨੈਣਾਂ ਚੋਂ ਹੰਝੂ , ਖ਼ੁਸ਼ਕ ਹੋਣੋਂ ਬਚ ਗਏ, ਮਿਲਣ ਦਾ ਇਕਰਾਰ ਹੀ ਅਸਲੀ ਪੈਗੰਬਰ ਹੋ ਗਿਆ । ਤੂੰ ਖਲੋਤੇ ਪਾਣੀਆਂ 'ਤੇ ਨਜ਼ਰ ਕੀਤੀ, ਬਾ ਕਮਾਲ, ਬਹੁਤ ਗੰਧਲੀ ਝੀਲ ਦਾ ਪਾਣੀ ਵੀ ਸਰਵਰ ਹੋ ਗਿਆ । ਸੁਰ ਮਿਲੇ ਸ਼ਬਦਾਂ ਨੂੰ ਸੰਗੀ, ਤਾਲ ਵੀ ਨੇ ਆ ਜੁੜੇ, ਖੌਲਦਾ ਮਨ ਭਟਕਦਾ ਸੀ, ਸ਼ਾਂਤ ਸਾਗਰ ਹੋ ਗਿਆ ।

ਜਾਣ ਵਾਲਿਆ ਜਾਹ ਨਾ ਬੀਬਾ

ਜਾਣ ਵਾਲਿਆ ਜਾਹ ਨਾ ਬੀਬਾ, ਇੱਕ ਵਾਰੀ ਫਿਰ ਮੇਰਾ ਹੋ ਜਾ । ਦਿਲ ਡੁੱਬ ਚੱਲਿਐ ਵਿੱਚ ਹਰੇ, ਮੁੜ ਕੇ ਸੁਰਖ਼ ਸਵੇਰਾ ਹੋ ਜਾ । ਜੋ ਕੁਝ ਹੋਇਆ ਬੀਤਿਆ ਛੱਡਦੇ ਲੀਕਾਂ ਪਿੱਟਣ ਦਾ ਕੀ ਫ਼ਾਇਦਾ, ਮੈਂ ਵੀ ਮਨ ਨੂੰ ਇਹ ਸਮਝਾਇਐ ਸਿਰ ਪੈਰੋਂ ਸਭ ਤੇਰਾ ਹੋ ਜਾ । ਮਾਣਕ ਜਨਮ ਅਮੋਲਕ ਹੀਰਾ, ਰੁੱਸਿਆਂ ਰੁੱਸਿਆਂ ਬੀਤ ਨਾ ਜਾਵੇ, ਦਿਲ ਦਰਵਾਜ਼ੇ ਖੋਲ੍ਹ ਪਿਆਰੇ, ਮੁੜ ਸੱਜਣਾਂ ਦਾ ਡੇਰਾ ਹੋ ਜਾ । ਪਹਿਲਾਂ ਕਿਲ੍ਹੇ ਉਸਾਰ ਹਵਾਈ, ਫਿਰ ਉਹਦੀ ਰਖਵਾਲੀ ਕਰਦੈ, ਮੇਰੀ ਮੰਨ ਲੈ , ਦੀਵੇ ਖ਼ਾਤਰ, ਕੱਚੇ ਘਰੀਂ ਬਨੇਰਾ ਹੋ ਜਾ । ਅਗਨੀ ਦਾ ਵਣਜਾਰਾ ਬਣ ਕੇ, ਫਿਰੇਂ ਭਟਕਦਾ ਆਲਮਗੀਰਾ, ਬਾਗ ਬਗੀਚੇ ਸਾੜਨ ਦੀ ਥਾਂ, ਧਰਤੀ ਪੁੱਤ ਫੁਲੇਰਾ ਹੋ ਜਾ । ਦਹਿਸ਼ਤ ਔਫ਼ ਸਹਿਮ ਦੇ ਇੱਕੋ ਨੁਕਤੇ ਅੰਦਰ ਸਿਮਟ ਗਿਆ ਏਂ, ਫੈਲ ਗੁਲਾਬੀ ਮਹਿਕ ਵਾਂਗਰਾਂ, ਬਿੰਦੂ ਦੀ ਥਾਂ ਘੇਰਾ ਹੋ ਜਾ । ਹਰ ਮੁਸ਼ਕਿਲ ਦਾ ਹੱਲ ਹੁੰਦਾ ਹੈ, ਜੇ ਵਿਸ਼ਵਾਸ ਪਕੇਰਾ ਹੋਵੇ, ਸਰਬ ਸ਼ਕਤੀਆਂ ਤੇਰੇ ਅੰਦਰ, ਬੇਹਿੰਮਤੀ ਛੱਡ, ਜੇਰਾ ਹੋ ਜਾ ।

ਸ਼ਾਮਾਂ ਨੂੰ ਸੂਰਜ ਜਾਂਦਿਆਂ

ਸ਼ਾਮਾਂ ਨੂੰ ਸੂਰਜ ਜਾਂਦਿਆਂ ਇਕਰਾਰ ਕਰ ਗਿਆ । ਮੁੜਿਆ ਨਾ ਸਾਰੀ ਰਾਤ ਹੱਦਾਂ ਪਾਰ ਕਰ ਗਿਆ । ਮਹਿਰਮ ਦਿਲਾਂ ਦਾ ਕੰਡ ਕਰਕੇ ਦੂਰ ਬਹਿ ਗਿਆ, ਪੁੱਛੋ ਨਾ ਦਿਲ ਦਾ ਹਾਲ ਕੀ, ਬੀਮਾਰ ਕਰ ਗਿਆ । ਕਦਮਾਂ ਤੋਂ ਕੁਝ ਕੁ ਦੂਰ ਪਰ ਰੂਹੋਂ ਕਰੋੜਾਂ ਮੀਲ, ਖੌਰੇ ਪਤਾ ਨਹੀਂ ਕੌਣ ਇਹ ਦੀਵਾਰ ਕਰ ਗਿਆ । ਮਾਰਾਂ ਆਵਾਜ਼, ਪਰਤ ਆਵੇ ਫਿਰ ਤੋਂ ਮੇਰੇ ਕੋਲ, ਵੇਖੋ ਬੇਰਹਿਮ ਵਕਤ ਕੀ ਕੀ ਵਾਰ ਕਰ ਗਿਆ । ਮੈਨੂੰ ਨਜ਼ਰ ਭਰ ਵੇਖਿਆ, ਪਹਿਚਾਣਿਆ ਨਹੀਂ, ਦੱਸਾਂ ਕਿਵੇਂ ਮੈਂ ਰੂਹ ’ਤੇ ਕਿੰਨਾ ਭਾਰ ਕਰ ਗਿਆ । ਯਾਦਾਂ 'ਚੋਂ ਕਾਹਦਾ ਨਿਕਲਿਆ ਦਿਲਦਾਰ ਮਲਕੜੇ, ਮੇਰਾ ਵਜੂਦ ਬਰਫ਼ , ਠੰਢਾ ਠਾਰ ਕਰ ਗਿਆ । ਮੇਰਾ ਖ਼ਾਬ ਘੁਲ ਗਿਆ, ਸ਼ਬਦਾਂ 'ਚ ਇਸ ਤਰ੍ਹਾਂ, ਅੰਬਰ, ਸਮੁੰਦਰ, ਧਰਤ ਨੂੰ ਪਰਿਵਾਰ ਕਰ ਗਿਆ ।

ਪਿਆਰ ਦੇ ਰਾਹ ਵਿੱਚ ਦੱਸੋ ਤਾਂ ਸਹੀ

ਪਿਆਰ ਦੇ ਰਾਹ ਵਿੱਚ ਦੱਸੋ ਤਾਂ ਸਹੀ ਕਿਸਨੂੰ ਨਹੀਂਉਂ ਦਰਦ ਮਿਲੇ । ਵੱਖਰੀ ਗੱਲ ਹੈ, ਵਣ ਹਰਿਆਲੇ, ਬਣ ਕੇ ਕੁਝ ਹਮਦਰਦ ਮਿਲੇ । ਸਿਰ ਤੇ ਸੂਰਜ ,ਤਪਦੀ ਧਰਤੀ,ਜਦ ਪੈਰਾਂ ਵਿੱਚ ਬਹੁਤੀ ਵਾਰੀ, ਕੋਲ ਖੜ੍ਹੇ ਨਾ, ਜਿੰਨੇ ਰਿਸ਼ਤੇ, ਸਰਦ ਮਿਲੇ । ਮੈਂ ਮਿੱਠੇ ਖਰਬੂਜ਼ੇ ਵਾਂਗੂ ਜਿੰਨ੍ਹਾਂ ਸਨਮੁਖ ਹਾਜ਼ਰ ਸੀ, ਚਾਕੂ , ਤੇਜ਼ ਕਟਾਰ ਕਦੇ ਕੁਝ ਬਣ ਕੇ ਮੈਨੂੰ ਕਦ ਮਿਲੇ । ਕਾਲੇ ਮੈਡੇ ਕੱਪੜੇ ਭਾਵੇ, ਚਿੱਟੇ ਵਸਤਰ ਪਾ ਤੁਰਿਆ, ਸਮਝ ਪਵੇ ਨਾ ਸਾਰੇ ਰਾਹੀਂ, ਮਗਰੇ ਉੱਡਦੀ ਗਰਦ ਮਿਲੇ । ਚੂਸ ਗਿਆ ਰੱਤ ਚੰਦਰਾ ਮੌਸਮ, ਸੁਰਖ਼ ਗੁਲਾਬ ਦੀ ਵਾੜੀ ਦਾ, ਮੇਰੇ ਦੇਸ ਪੰਜਾਬ ਦਾ ਚਿਹਰਾ, ਪੀਲਾ ਭੂਕ ਤੇ ਜ਼ਰਦ ਮਿਲੇ । ਕੁਰਸੀ ਤੇ ਭਗਵਾ ਜਾਂ ਸੂਹਾ, ਨੀਲਾ ਪੀਲਾ ਜੋ ਬਹਿੰਦਾ, ਜਿੱਤਣ ਲਈ ਸ਼ਤਰੰਜ ਦੀ ਬਾਜ਼ੀ, ਰੰਗ ਬਰੰਗੀ ਨਰਦ ਮਿਲੇ । ਵਕਤ ਉਡੀਕ ਰਿਹਾ ਏ ਚਿਰ ਤੋਂ,ਰੂਹ ਦਾ ਦਰਦ ਨਿਵਾਰਨ ਲਈ, ਮੋਈ ਮਿੱਟੀ ਜਾਗ ਪਵੇ ਇਹ, ਫੇਰ ਅਗੰਮੜਾ ਮਰਦ ਮਿਲੇ ।

ਯਾਦ ਤੇਰੀ ਦਾ ਚਾਨਣ ਏਨਾ

ਯਾਦ ਤੇਰੀ ਦਾ ਚਾਨਣ ਏਨਾ, ਹਰ ਪਲ ਜਿਵੇਂ ਸਵੇਰਾ ਹੋਵੇ । ਸੂਰਜ ਰੰਗੀਏ, ਤੈਨੂੰ ਡਿੱਠਿਆਂ, ਰੂਹ ਚਾਨਣ ਦਾ ਡੇਰਾ ਹੋਵੇ । ਮਹਿਕਦੀਏ ਚੰਬੇ ਦੀ ਕਲੀਏ , ਮੇਰੇ ਧੁਰ ਅੰਦਰ ਖੁਸ਼ਬੋਈਏ , ਜਿਹੜੀ ਥਾਂ ਤੂੰ ਹਾਜ਼ਰ ਨਾਜ਼ਰ ਓਥੇ ਕਿਵੇਂ ਹਨੇਰਾ ਹੋਵੇ । ਰਹਿਮਤ ਦਾ ਮੀਂਹ ਵਰ੍ਹਿਆ ਰਜ ਕੇ, ਪਲ ਅਣਮੁੱਲੇ ਪੈ ਗਏ ਝੋਲੀ, ਇਹ ਵਿਸਮਾਦ ਖ਼ਜ਼ਾਨਾ ਸਾਂਝਾ, ਨਾ ਤੇਰਾ ਨਾ ਮੇਰਾ ਹੋਵੇ । ਤੇਰੇ ਦਿਲ ਦੀ ਤਖ਼ਤੀ ਉੱਤੇ, ਸੁਣਿਆ ਹੈ ਕਿ ਮੈਂ ਵੀ ਹਾਜ਼ਰ, ਟਿਮਕਣਿਆਂ ਦੀ ਹਸਤੀ ਵੱਡੀ, ਹਰ ਬਿੰਦੂ ਦਾ ਘੇਰਾ ਹੋਵੇ । ਜਦ ਵੀ ਯਾਦ ਕਰਾਂ ਮਿਲ ਜਾਵੇਂ, ਲੱਖ ਸ਼ੁਕਰਾਨਾ ਮਹਿਕਵੰਤੀਏ, ਚਿਤਵਦਿਆਂ ਰੂਹ ਚਾਨਣ ਚਾਨਣ ਨੂਰੋ ਨੂਰ ਬਨੇਰਾ ਹੋਵੇ । ਤੁਰ ਜਾਵੇਂ ਦਿਲ ਡੋਰੇ ਖਾਵੇ, ਦਿਸ ਜਾਵੇਂ ਮਨ ਹੋਵੇ ਬਿਹਬਲ, ਦਿਲ ਦੀ ਬਾਤ ਸੁਣਾਵਾਂ ਨੂੰ, ਇਹ ਨਾ ਮੈਥੋਂ ਜੇਰਾ ਹੋਵੇ । ਮਨ ਮੇਰੇ ਦਾ ਬਾਗ ਬਗੀਚਾ, ਖਿੜਦੈ ਫਿਰ ਮੁਰਝਾ ਹੈ ਜਾਂਦਾ, ਟਾਹਣੀ ਤੇ ਫੁੱਲ ਕੰਬਦੇ ਰਹਿੰਦੇ, ਵੈਰੀ ਜਿਵੇਂ ਫੁਲੇਰਾ ਹੋਵੇ ।

ਸੂਰਜ ਅੱਗੇ ਨਾਕਾ ਭਲਿਆ

ਸੂਰਜ ਅੱਗੇ ਨਾਕਾ ਭਲਿਆ, ਕੌਣ ਭਲਾ ਦੱਸ ਲਾ ਸਕਿਆ ਹੈ । ਸਗਲ ਸ੍ਰਿਸ਼ਟੀ ਚਾਨਣ ਦਾ ਹੜ੍ਹ, ਕੌਣ ਰੁਕਾਵਟ ਡਾਹ ਸਕਿਆ ਹੈ । ਮੈਂ ਵੀ ਤਾਂ ਉਸ ਨੂਰ ਦਾ ਹਿੱਸਾ, ਜੋ ਹੈ ਰਿਸ਼ਮ ਨੂਰਾਨੀ ਸੁੱਚੀ, ਅਨਹਦ ਨਾਦ ਵਜਦ ਨੂੰ ਕਿਹੜਾ, ਪਿੰਜਰੇ ਅੰਦਰ ਪਾ ਸਕਿਆ ਹੈ । ਇਹ ਜੋ ਪੌਣ ਪੁਰੇ ਦੀ ਵਗਦੀ, ਤੇਰੇ ਵੱਸ ਨਾ ਪਿੰਜਰੇ ਪਾਉਣਾ, ਖੁਸ਼ਬੋਈ ਨੂੰ ਕਿਹੜਾ ਏਥੇ, ਪੋਟਲੀਆਂ ਵਿੱਚ ਪਾ ਸਕਿਆ ਹੈ । ਵਕਤ ਲਿਹਾਜ਼ ਕਦੇ ਨਾ ਕਰਦਾ, ਜੋ ਪਲ ਗੁਜ਼ਰੇ ਮੁੜ ਨਾ ਆਏ, ਜਿਹੜਾ ਪੱਤਣੋਂ ਲੰਘ ਜਾਂਦਾ ਏ, ਨੀਰ ਪਰਤ ਨਾ ਆ ਸਕਿਆ ਹੈ । ਇੱਕ ਵਾਰੀ ਦਿਲ ਟੁੱਟ ਜਾਵੇ ਜੇ, ਸੁਰਤ ਜੋੜਨੀ ਸੌਖੀ ਨਹੀਂਉਂ, ਕੌਣ ਭਲਾ ਇਕਤਾਰਾ ਟੁੱਟਿਆਂ, ਰਾਗ ਵਸਲ ਦਾ ਗਾ ਸਕਿਆ ਹੈ । ਤੂੰ ਜੋ ਲਿਖੇ ਭੁਲਾਵੇਂ ਅੱਖਰ, ਹੁਣ ਤੱਕ ਵਾਕ ਨਾ ਬਣਿਆ ਭਾਵੇਂ, ਦਿਲ ਦੇ ਵਰਕੇ ਉੱਪਰ ਜਗਦੇ, ਨਕਸ਼ ਕਿਵੇਂ ਕੋਈ ਢਾਹ ਸਕਿਆ ਹੈ । ਆਸ ਉਮੀਦ ਜਿਉਂਦੀ ਹਾਲੇ, ਦਿਲ ਮੇਰੇ ਦੀ ਨਗਰੀ ਰੌਸ਼ਨ, ਤੇਰਾ ਗੂੜ੍ਹ ਹਨ੍ਹੇਰਾ ਏਥੇ, ਅੱਜ ਤੀਕਰ ਨਾ ਛਾ ਸਕਿਆ ਹੈ ।

ਮਹਿੰਗੇ ਵਸਤਰ, ਸੋਨਾ, ਗਹਿਣੇ

ਮਹਿੰਗੇ ਵਸਤਰ, ਸੋਨਾ, ਗਹਿਣੇ, ਰੰਗ ਬਰੰਗਾ ਜਾਲ ਕੁੜੇ । ਕਿੱਥੇ ਉਲਝੀ ਨਜ਼ਰ ਨੂਰਾਨੀ, ਭੁੱਲ ਗਈ ਅਸਲੀ ਚਾਲ ਕੁੜੇ । ਸੱਚ ਦੇ ਨਾਲ ਦੂਰ ਦਾ ਰਿਸ਼ਤਾ, ਤਨ ਦਾ ਵੀ ਤੇ ਮਨ ਦਾ ਵੀ, ਸਿਰਫ਼ ਇਕੱਲ੍ਹ ਜੀਭ ਕਰੇ ਕਿੰਜ, ਨਦਰੀ ਨਦਰਿ ਨਿਹਾਲ ਕੁੜੇ । ਨਰਮੇ ਪਿੱਛੋਂ ਬਾਸਮਤੀ ਤੇ ਉਸ ਤੋਂ ਮਗਰੋਂ ਘਰ ਦੇ ਜੀਅ, ਮੰਡੀ ਦੇ ਵਿੱਚ ਰੁਲਦਾ ਫਿਰਦਾ, ਸਾਡਾ ਮਹਿੰਗਾ ਮਾਲ ਕੁੜੇ । ਨਾਗਣੀਆਂ ਤੇ ਸਰਪ ਖੜੱਪੇ, ਵੇਖ ਕਿਵੇਂ ਨੰੂ ਕਾਰਨ ਪਏ, ਬੀਨਾਂ ਵਾਲੇ ਜੋਗੀ ਵੀ ਹੁਣ, ਰਲ ਗਏ ਇਨ੍ਹਾਂ ਨਾਲ ਕੁੜੇ । ਮੰਡੀ ਦੇ ਵਿੱਚ ਧਰ ਕੇ ਵੇਚਣ, ਧਰਮ ਸਿਆਸਤ ਇੱਕੋ ਭਾਅ, ਸਾਨੂੰ ਆਖਣ ਪੈ ਚੱਲਿਆ ਏ, ਸ਼ਰਮ ਸ਼ਰ੍ਹਾਂ ਦਾ ਕਾਲ ਕੁੜੇ । ਬਾਗਬਾਨ ਬਦਨੀਤ ਹੋ ਗਏ , ਧਰਮੀ ਬਾਬਲ ਡੋਲ ਗਏ , ਚੋਰ ਲੁਟੇਰੇ ਮੱਲ ਕੇ ਬਹਿ ਗਏ, ਹਰ ਪੱਤੀ ਹਰ ਡਾਲ ਕੁੜੇ । ਧੌਲ ਧਰਮ ਦੇ ਸਿਰ ਤੋਂ ਧਰਤੀ, ਡੋਲ ਰਹੀ ਮਹਿਸੂਸ ਕਰਾਂ, ਬਾਬਰਵਾਣੀ ਫਿਰ ਗਈ ਤਾਂਹੀਉਂ, ਗਲ ਵਿੱਚ ਉਲਝੇ ਵਾਲ ਕੁੜੇ ।

ਮਨ ਦਾ ਚੈਨ ਗੁਆਚ ਨਾ ਜਾਵੇ

ਮਨ ਦਾ ਚੈਨ ਗੁਆਚ ਨਾ ਜਾਵੇ, ਲਾ ਦੇਈਏ ਵਿਸ਼ਵਾਸ ਦਾ ਬੂਟਾ । ਬਹੁਤ ਜ਼ਰੂਰੀ ਰੂਹ ਵਿੱਚ ਲਾਉਣਾ, ਖੇੜੇ ਵੰਡਦੀ ਆਸ ਦਾ ਬੂਟਾ । ਮਨ ਪਰਦੇਸੀ ਘਰ ਨਹੀਂ ਮੁੜਿਆ, ਡਗਮਗ ਡਗਮਗ ਡੋਲ ਰਿਹਾ ਹੈ, ਰੋਜ਼ ਦਿਹਾੜੀ ਫੈਲ ਰਿਹਾ ਹੈ, ਅਜਬ ਜਹੇ ਬਨਵਾਸ ਦਾ ਬੂਟਾ । ਆਪਣੀ ਧਰਤ ਪਈ ਲੱਗਦੀ, ਨਜ਼ਰ ਜਿਵੇਂ ਪਥਰਾ ਚੱਲੀ ਹੈ, ਕੰਕਰੀਟ ਦੇ ਜੰਗਲ ਅੰਦਰ ਇੱਕ ਵੀ ਨਹੀਂ ਧਰਵਾਸ ਦਾ ਬੂਟਾ । ਚਾਤਰ ਚਤੁਰ ਕਰੇ ਚਤੁਰਾਈ, ਪਿਆਰ ਵਿਖਾਵੇ ਜਿਸਮ ਪਲੋਸੇ, ਡੰਗਦਾ ਖ਼ੂਨ ਜਿਗਰ ਦਾ ਮੰਗਦਾ ਰੂਹ ਦੇ ਅੰਦਰ ਲਾਸ ਦਾ ਬੂਟਾ । ਫ਼ਸਲਾਂ ਵਾਲੀ ਧਰਤੀ ਬੰਜਰ, ਉੱਜੜ ਚੱਲੇ ਸੁਪਨ ਬਗੀਚੇ, ਬਿਰਖਾਂ ਨਾਲ ਲਮਕਦੇ ਅੱਥਰੂ, ਖਾ ਚੱਲਿਆ ਸਲਫ਼ਾਸ ਦਾ ਬੂਟਾ । ਚਤੁਰ ਸ਼ੈਤਾਨ ਦੀ ਹਰਕਤ ਵੇਖੋ, ਕਰ ਲਿਆ ਹੈ ਵਿਗਿਆਨ ਪਾਲਤੂ, ਗਮਲੇ ਅੰਦਰ ਲਾ ਦਿੱਤਾ ਹੈ, ਹੱਡੀਆਂ ਬਿਨ ਹੀ ਮਾਸ ਦਾ ਬੂਟਾ । ਆਪੋ ਆਪਣੀ ਜ਼ਾਤ ਵਡੇਰੀ, ਅਮਰਵੇਲ ਜਦ ਫੈਲਰਦੀ ਹੈ, ਏਸ ਤਰ੍ਹਾਂ ਹੀ ਸੁੱਕ ਜਾਂਦਾ ਹੈ, ਸਾਂਝਾਂ ਦੇ ਇਤਿਹਾਸ ਦਾ ਬੂਟਾ ।

ਨੀ ਖੁਸ਼ਬੋਈਏ, ਜੀਣ ਜੋਗੀਏ

ਨੀ ਖੁਸ਼ਬੋਈਏ, ਜੀਣ ਜੋਗੀਏ, ਚਾਨਣ ਦੇ ਘਰ ਰਾਤ ਨਾ ਹੋਵੇ । ਪਿਆਰ ਭਰੀ ਬਦਲੋਟੀ ਤੋਂ ਬਿਨ, ਰੂਹ ਉੱਤੇ ਬਰਸਾਤ ਨਾ ਹੋਵੇ । ਮਿਲ ਜਾਇਆ ਕਰ ਏਸ ਤਰ੍ਹਾਂ ਹੀ, ਨੀ ਖ਼੍ਵਾਬਾਂ ਵਿੱਚ ਅੱਲ੍ਹੜ ਪਰੀਏ, ਸੌ ਦੀ ਇੱਕ ਸੁਣਾਵਾਂ ਤੈਨੂੰ, ਬਿਨਾ ਹੁੰਗਾਰੇ ਬਾਤ ਨਾ ਹੋਵੇ । ਦਿਲ ’ਨ੍ਹੇਰੇ ਵਿੱਚ ਡੁੱਬਿਆ ਰਹਿੰਦੈ, ਰਾਤਾਂ ਰਾਤਾਂ ਚਾਰ ਚੁਫ਼ੇਰੇ, ਮਰ ਮੁੱਕ ਜਾਂਦੇ ਰੂਹ ਦੇ ਪੰਛੀ, ਜੇ ਸੂਰਜ ਦੀ ਝਾਤ ਨਾ ਹੋਵੇ । ਅੱਖ ਵਿੱਚ ਅੱਥਰੂ ਰਹਿਣ ਸਲਾਮਤ, ਦਰਦ ਕਿਸੇ ਦਾ ਆਪਣਾ ਲੱਗੇ, ਯਤਨ ਕਰਾਂਗਾ ਰਹਿੰਦੀ ਉਮਰਾ ਪੱਥਰ ਚਿੱਤ ਜਜ਼ਬਾਤ ਨਾ ਹੋਵੇ । ਵੱਡੇ ਸਾਰੇ ਘਰ ਦੇ ਅੰਦਰ ਸਹਿਕਣ ਸ਼ਬਦ ਵਿਚਾਰੇ ਜਿੱਥੇ , ਕੰਕਰੀਟ ਦੀ ਕਬਰ ਕਹਾਂ ਜੇ, ਓਥੇ ਕਲਮ, ਦਵਾਤ ਨਾ ਹੋਵੇ । ਹੱਥਾਂ ਦੀ ਛੋਹ ਬਿਨਾ ਰਸੋਈ, ਆਟਾ ਗੁੰਨ੍ਹ ਮਸ਼ੀਨ ਪਕਾਵੇ, ਤਿੜਕ ਜਾਂਦੀਆਂ ਦਰ ਦੀਵਾਰਾਂ, ਜਿਸ ਘਰ ਤਵਾ ਪਰਾਤ ਨਾ ਹੋਵੇ । ਤਨ ਤਪਦਾ ਤੰਦੂਰ ਨਿਰੰਤਰ, ਸੇਕ ਮਾਰਦੇ ਚਿਹਰੇ ਦੂਰੋਂ, ਜਿਹੜੇ ਮਨ ਦੇ ਅੰਦਰ ਕੋਈ ਯਾਦਾਂ ਦੀ ਬਾਰਾਤ ਨਾ ਹੋਵੇ ।

ਮੈਂ ਇਹ ਗੱਲ ਕਦੇ ਵਿਸਾਰੀ ਨਾ

ਮੈਂ ਇਹ ਗੱਲ ਕਦੇ ਵਿਸਾਰੀ ਨਾ, ਇਹ ਜਾਨ ਬੁਲਬੁਲਾ ਪਾਣੀ ਦਾ । ਦਮ ਆਵੇ ਬੰਦਾ ਜਾਂਦਾ ਹੈ, ਰੁਕਦੈ ਤਾਂ ਅੰਤ ਕਹਾਣੀ ਦਾ । ਹਾਸਾ ਤੇ ਖੇੜਾ ਜ਼ਿੰਦਗੀ ਹੈ, ਰੋਣਾ ਕੁਰਲਾਉਣਾ ਪੱਤਝੜ ਹੈ, ਰੀਝਾਂ ਜੇ ਤਾਣਾ ਤਾਣਦੀਆਂ, ਹਿੰਮਤ ਦਾ ਪੇਟਾ ਤਾਣੀ ਦਾ । ਇੱਕੋ ਹੀ ਸਬਕ ਸਧਾਰਨ ਇਹ ਜੇ ਯਾਦ ਰਹੇ ਤਾਂ ਤਰ ਜਾਈਏ, ਹਰ ਕਦਮ ਅਗਾਂਹ ਨੂੰ ਹੋ ਜਾਵੇ, ਜੇ ਇੱਕੋ ਨਿਸ਼ਚਾ ਠਾਣੀਦਾ । ਜੇ ਖ਼ਿਮਾ ਯਾਚਨਾ ਸਿੱਖ ਜਾਈਏ ਤੁਰ ਪਈਏ ਹਉਮੈ ਪਾਰ ਕਿਤੇ, ਉਹ ਪਲ ਵਿਸਮਾਦੀ ਬਣ ਜਾਵੇ, ਓਸੇ ਦਾ ਰਸ ਰੰਗ ਮਾਣੀਦਾ । ਫੁੱਲਾਂ ਨੂੰ ਭੰਵਰਾ ਚੁੰਮਦਾ ਹੈ, ਉੱਡ ਜਾਵੇ ਲੈ ਖੁਸ਼ਬੋਈਆਂ ਨੂੰ, ਇਹ ਰੱਬ ਲਿਖੀਆਂ ਕਵਿਤਾਵਾਂ ਨੂੰ ਪੌਣਾਂ 'ਚੋਂ ਪੜ੍ਹ ਕੇ ਜਾਣੀਦਾ । ਟੁੱਟੇ ਨਾ ਮਾਣ ਮੁਹੱਬਤ ਦਾ ਇਹ ਜੀਂਦਾ ਰੱਖੀਂ ਧਰਮ ਵਾਂਗ, ਖ਼ਤ ਆਇਆ ਬਿਨ ਸਿਰਨਾਵੇਂ ਤੋਂ, ਬਿਨ ਲਿਖਿਆ ਦਿਲ ਦੀ ਰਾਣੀ ਦਾ । ਜੜ੍ਹ ਆਖੇ ਸਦਾ ਕਰੂੰਬਲ ਨੂੰ, ਇਕਰਾਰ ਨਿਭਾਈਂ ਹਰ ਮੌਸਮ, ਖਿੜਦੀ ਤੇ ਮਹਿਕਾਂ ਵੰਡਦੀ ਰਹਿ, ਲੈ ਝੂਟਾ ਮੇਰੀ ਟਾਹਣੀ ਦਾ ।

ਹੱਕ ਸੱਚ ਇਨਸਾਫ਼ ਦਾ ਪਹਿਰੂ

ਹੱਕ ਸੱਚ ਇਨਸਾਫ਼ ਦਾ ਪਹਿਰੂ, ਡਾਂਗ* ਦੇ ਵਰਗਾ ਯਾਰ ਤੁਰ ਗਿਆ । ਲੋਕ ਅਜੇ ਵੀ ਜਾਗੇ ਕਿਉਂ ਨਹੀਂ, ਲੈ ਕੇ ਰੂਹ ਤੇ ਭਾਰ ਤੁਰ ਗਿਆ । ਲੋਕ-ਸ਼ਕਤੀਆਂ ਫਾੜੀ ਫਾੜੀ, ਖੱਖੜੀਆਂ ਖ਼ਰਬੂਜ਼ੇ ਹੋਈਆਂ, ਇਕ ਹਿੱਕੜੀ ਵਿੱਚ ਧੜਕਣ ਕਿਉਂ ਨਾ, ਲੈ ਕੇ ਸੋਚ ਵਿਚਾਰ ਤੁਰ ਗਿਆ । ਸੰਘਰਸ਼ਾਂ ਦਾ ਅਣਥੱਕ ਯੋਧਾ ਵਾਹੋ ਦਾਹੀ ਤੁਰਦਾ ਤੁਰਦਾ, ਨੇਕੀ ਦੀ ਗਠੜੀ ਨੂੰ ਚੁੱਕੀ, ਅਹੁ ਸੂਰਜ ਤੋਂ ਪਾਰ ਤੁਰ ਗਿਆ । ਪੈਰੀਂ ਛਾਲੇ, ਅੱਖ ਵਿੱਚ ਅੱਥਰੂ, ਅਮਨ ਦੇ ਚਿੱਟੇ ਪਰਚਮ ਵਾਲਾ, ਗੋਲੀਮਾਰਾਂ ਦੀ ਬਸਤੀ ਵਿੱਚ, ਸਭਨਾਂ ਨੂੰ ਲਲਕਾਰ ਤੁਰ ਗਿਆ । ਜ਼ੋਰ ਜਬਰ ਦੀ ਤੇਜ਼ ਹਨ੍ਹੇਰੀ, ਅੱਗੇ ਅੜਿਆ ਪਰ ਨਾ ਝੜਿਆ, ਕਿਰਤ-ਕਰਮ ਦਾ ਸੰਤ ਸਿਪਾਹੀ, ਦੂਰ ਦੁਮੇਲੋਂ ਪਾਰ ਤੁਰ ਗਿਆ । ਕਲਮ ਉਦਾਸ, ਸਿਆਹੀ ਸੁੱਕੀ, ਕੋਰੇ ਵਰਕ ਉਡੀਕ ਰਹੇ ਨੇ, ਲੱਭਦੇ ਫਿਰਨ "ਵਿਚਾਰ" ਵਿਚਾਰੇ, ਕਿੱਧਰ ਮਹਿਰਮ ਯਾਰ ਤੁਰ ਗਿਆ । ਉਹਦੇ ਵਰਗਾ ਉਹੀ ਸੀ, ਬੱਸ, ਹੋਰ ਨਹੀਂ ਸੀ ਉਹਦੇ ਵਰਗਾ, ਅਗਨ-ਪੰਖੇਰੂ ਜਗਦਾ ਮਘਦਾ, ਕਰਦਾ ਮਾਰੋ ਮਾਰ ਤੁਰ ਗਿਆ । ਵੱਡੀ ਬੁੱਕਲ ਵਾਲਾ ਬਾਬਾ, ਸੱਤ ਉਂਗਲਾਂ ਘੱਟ ਸਦੀ ਹੰਢਾ ਕੇ, ਨਾ ਧਿਰਿਆਂ ਦੀ ਧਿਰ ਦੇ ਵਰਗਾ, ਲੋਕਾਂ ਦਾ ਇਤਬਾਰ ਤੁਰ ਗਿਆ । ਛੇਹਰਟੇ ਵਿੱਚ ਸਤਵਾਂ ਖੂਹ ਸੀ, ਨਿਰਮਲ ਜਲ ਦਾ ਅਣਮੁੱਕ ਸੋਮਾ, ਮਸ਼ਕਾਂ ਭਰ ਭਰ ਵੰਡਦਾ ਵੰਡਦਾ, ਬਿਨ ਕੀਤੇ ਇਕਰਾਰ ਤੁਰ ਗਿਆ । ਮਾਂ ਧਰਤੀ ਨੂੰ ਸੱਚ ਨਹੀਂ ਆਉਂਦਾ, ਪੁੱਛਦੀ ਫਿਰਦੀ ਅੰਬਰ ਕੋਲੋਂ, ਦੱਸ ਵੇ ਅੜਿਆ ਕਿਹੜੇ ਰਾਹੀਂ, ਮੇਰਾ ਬਰਖ਼ੁਰਦਾਰ ਤੁਰ ਗਿਆ । *ਸੱਤ ਪਾਲ ਡਾਂਗ

  • ਮੁੱਖ ਪੰਨਾ : ਕਾਵਿ ਰਚਨਾਵਾਂ, ਗੁਰਭਜਨ ਗਿੱਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ