Sheesha Jhooth Bolda Hai : Gurbhajan Gill

ਸ਼ੀਸ਼ਾ ਝੂਠ ਬੋਲਦਾ ਹੈ (ਕਾਵਿ ਸੰਗ੍ਰਹਿ) : ਗੁਰਭਜਨ ਗਿੱਲ




ਸ਼ੀਸ਼ਾ ਝੂਠ ਬੋਲਦਾ ਹੈ

ਮੇਰੇ ਸਿਰ ਤੇ ਇਹ ਕਿੱਦਾਂ ਦੀ ਸ਼ਾਮ ਢਲੀ ਹੈ ਆਸਾਂ ਵਾਲੇ ਸਾਰੇ ਪੰਛੀ ਬਿਨਾ ਚੋਗਿਉਂ ਮੁੜ ਆਏ ਨੇ ਬਿਨ ਰੁਜ਼ਗਾਰ ਦਫ਼ਤਰੋਂ ਮੁੜ ਗਏ ਕਾਰਡ ਵਾਂਗੂੰ ਵਿੱਥਾਂ ਵਿਰਲਾਂ ਦੇ ਵਿਚ ਆ ਕੇ ਉਲਝ ਗਏ ਨੇ ਮੇਰੇ ਸਿਰ ਤੇ ਇਹ ਕਿੱਦਾਂ ਦੀ ਸ਼ਾਮ ਢਲੀ ਹੈ ਮਹਿਬੂਬਾ ਦਾ ਪੱਤਰ ਬਲਦੇ ਅੱਖਰਾਂ ਵਾਲਾ ਘਰ ਦਾ ਪਰਛਾਵਾਂ ਪੈਂਦੇ ਹੀ ਇਕ ਦਮ ਅੱਗ ਤੋਂ ਰਾਖ਼ ਬਣ ਗਿਆ ਮੇਰੇ ਮੱਥੇ ਟਹਿਕਣ ਦੀ ਥਾਂ ਦਾਗ਼ ਬਣ ਗਿਆ ਇਹ ਕਿੱਦਾਂ ਦੀ ਸ਼ਾਮ ਕਿ ਸੁਪਨੇ ਮਾਤਮੀਆਂ ਦੇ ਵਾਂਗ ਬਰੂਹਾਂ ਮੱਲ ਬੈਠੇ ਨੇ ਕਾਲੇ ਸਿਆਹ ਚਿਹਰੇ ਲਟਕਾਈ ਵਾਲ ਖਿੰਡਾਈ ਕਿਸਦਾ ਪ੍ਰੇਤ ਡਰਾਵੇ ਦੇ ਦੇ ਘੂਰ ਰਿਹਾ ਹੈ। ਸ਼ਾਮ ਕਿਹੀ ਹੈ ? ਵੱਸਦਾ ਸ਼ਹਿਰ ਪਰਾਇਆ ਵਾਂਗੂੰ ਜਾਪ ਰਿਹਾ ਹੈ ਸੜਕਾਂ ਨਾਗਣੀਆਂ ਦੇ ਵਾਂਗੂੰ ਦੋ-ਮੂੰਹਾਂ ਤੋਂ ਡੱਸ ਰਹੀਆਂ ਨੇ ਕਿਸ ਪਾਸੇ ਵੱਲ ਜਾਵੇਂਗਾ ? ਕਹਿ ਹੱਸ ਰਹੀਆਂ ਨੇ ਸ਼ਾਮ ਢਲੀ ਹੈ ਘਰ ਵੱਲ ਪਰਤ ਰਹੇ ਨੇ ਲੋਕੀਂ, ਮੋਢਿਆਂ ਉੱਤੇ ਧੌਣ ਟਿਕਾਈ ਕਿਹੜੇ ਨੇ ਇਹ ਬਾਹਾਂ ਵਾਲੇ ਟੁੰਡੇ ਲੋਕੀਂ ? ਰੋਜ਼ ਸਵੇਰੇ ਆਪਣੇ ਪਰਛਾਵੇਂ ਦੇ ਪਿੱਛੇ ਲੱਗ ਤੁਰਦੇ ਨੇ ਸ਼ਾਮ ਢਲਦਿਆਂ ਆਪਣੇ ਪਰਛਾਵੇਂ ਤੋਂ ਡਰ ਕੇ ਅੱਗੇ ਅੱਗੇ ਨੱਸ ਤੁਰਦੇ ਨੇ ਪਤਾ ਨਹੀਂ ਕਿਓਂ ? ਨਿੱਤ ਦਾ ਇਹ ਬੌਣਾ ਜਿਹਾ ਜੀਵਨ ਡਾਇਰੀ ਦੇ ਮੱਥੇ ਤੇ ਮੜ੍ਹ ਕੇ ਮਾਣ ਜਹੇ ਨਾਲ ਹਿੱਕਾਂ ਕੱਢ ਕੇ ਫਿਰ ਤੁਰਦੇ ਨੇ ਮੇਰੇ ਸਿਰ ਤੇ ਇਹ ਕਿੱਦਾਂ ਦੀ ਸ਼ਾਮ ਢਲੀ ਹੈ ਆਪਣੇ ਅੰਦਰ ਝਾਤੀ ਪਾਉਣੋਂ ਡਰ ਲੱਗਦਾ ਹੈ। ਕਿੰਜ ਦਾ ਕੋੜ੍ਹ ਜੋ ਮੇਰੇ ਹੱਡੀਂ ਰਚ ਚੁੱਕਾ ਹੈ ਨਹੀਂ! ਨਹੀਂ ! ਇਹ ਕੋੜ੍ਹ ਮੇਰਾ ਆਪਣਾ ਤਾਂ ਨਹੀਂ ਹੈ ਮੈਂ ਜਿਸ ਤਪਦਿਕ ਮਾਰੀ ਕੌਮ ਦਾ ਵਾਰਿਸ ਬਣਿਆ ਉਸਦੇ ਹੱਥੀਂ ਕੋੜ੍ਹ ਕਈ ਸਦੀਆਂ ਦਾ ਤੁਰਿਆ ਗੰਦੇ ਨਾਵਲ ਬਲਿਊ ਫਿਲਮਾਂ ਤੱਕਦਾ ਬਾਬਲ ਕਿਸੇ ਬੇਟੇ ਤੋਂ ਚੰਗੇ ਚਾਲ-ਚਲਣ ਦੀਆਂ ਯਾਰੋ ਰੀਝਾਂ ਰੱਖਦੈ ਸ਼ਾਮ ਢਲੀ ਹੈ ਮੇਰੇ ਮਿੱਤਰਾਂ ਦੀ ਮਹਿਫ਼ਲ ਅੱਜ ਫੇਰ ਜੁੜੀ ਹੈ। ਆਪੋ ਆਪਣੇ ਰੰਗਲੇ ਬਚਪਨ ਦਾ ਚਰਚਾ ਹੈ ਮੈਨੂੰ ਆਪਣੇ ਬਚਪਨ ਤੋਂ ਅੱਜ ਤੀਕ ਦਾ ਹਰ ਪਲ ਅੱਖ ਵਿਚ ਪਏ ਕਸੀਰਾਂ ਵਾਂਗੂੰ ਤੰਗ ਕਰਦਾ ਹੈ ਮੈਨੂੰ ਕੁਝ ਵੀ ਰੰਗ ਬਰੰਗਾ ਚੇਤਾ ਨਹੀਂ ਹੈ ਮੇਰੀਆਂ ਅੱਖਾਂ ਸਾਹਵੇਂ ਬਾਪੂ ਹੂੰਘ ਰਿਹਾ ਹੈ ਮੇਰੀਆਂ ਅੱਖਾਂ ਸਾਹਵੇਂ ਮਾਂ ਬੀਮਾਰ ਦਾ ਗ਼ਮ ਹੈ ਆਉਂਦੀ ਰਾਤ ਦਾ ਫ਼ਿਕਰ ਤੇ ਅਗਲੇ ਡੰਗ ਦਾ ਝੋਰਾ ਰਹਿ ਰਹਿ ਕੇ ਡੰਗ ਮਾਰ ਰਿਹਾ ਹੈ ਜੇ ਕੋਈ ਪੁੱਛੇ ਮੈਂ ਸਾਰਾ ਦਿਨ ਕੀਹ ਕਰਦਾ ਹਾਂ ਚੁੱਪ ਕਰਕੇ ਫੱਟ ਕਹਿ ਦੇਂਦਾ ਹਾਂ ਥਲ ਵਿਚੋਂ ਮੱਛੀਆਂ ਫੜਦਾ ਹਾਂ। ਕਿੰਜ ਦੀ ਹੈ ਇਹ ਸ਼ਾਮ ਕਿ ਸ਼ੀਸ਼ਾ ਝੂਠ ਬੋਲ ਕੇ ਹੱਸ ਰਿਹਾ ਹੈ ਮੇਰਾ ਖੱਖਰੀ ਚਿਹਰਾ ਚੰਦਰਾ ਅਜੇ ਸਬੂਤਾ ਦੱਸ ਰਿਹਾ ਹੈ । ਮੈਨੂੰ ਮੇਰਾ ਮਨ ਪੁੱਛਦਾ ਹੈ ਤੇਰੇ ਸ਼ਬਦ-ਕੋਸ਼ ਵਿਚ ਖਰ੍ਹਵੇ ਅੱਖ਼ਰਾਂ ਦੀ ਭਰਮਾਰ ਕਿਉਂ ਹੈ ਕਈ ਜਨਮਾਂ ਦੀ ਪੀੜ ਭਟਕਣਾ ਤੇਰੇ ਪੱਲੇ ਆਮ ਕਿਉਂ ਹੈ ? ਆਪਣੇ ਹੀ ਬੋਲਾਂ ਤੇ ਤੇਰਾ ਕਬਜ਼ਾ ਨਹੀਂ ਹੈ। ਤੂੰ ਕਿਉਂ ਐਵੇਂ ਬੋਲ ਵਿਹੂਣਾ ਭਟਕ ਰਿਹਾ ਏਂ ਕਿਉਂ ਆਪਣੇ ਪ੍ਰਛਾਵਿਉਂ ਡਰ ਕੇ ਅੱਧ ਵਿਚਕਾਹੇ ਲਟਕ ਰਿਹਾ ਏਂ ਕਿਉਂ ਚਿੜੀਆਂ ਦੇ ਵਾਂਗੂੰ ਆਪਣੇ ਅਕਸ ਤੇ ਠੂੰਗੇ ਮਾਰ ਰਿਹਾ ਏ ? ਤੇਰਾ ਏਦਾਂ ਸੁੰਨ ਬੈਠੇ ਬਿਲਕੁਲ ਨਹੀਂ ਸਰਨਾ ਆਪਣੇ ਈ ਕੋੜ੍ਹਾਂ ਤੋਂ ਡਰਕੇ ਤੂੰ ਕਿੰਨਾ ਚਿਰ ਅਟਕ ਲਵੇਂਗਾ ? ਇਹ ਬੇਚੈਨੀ ਉਮਰਾ ਭਰਦੀ ਤੂੰ ਕਿੰਨਾ ਚਿਰ ਭਟਕ ਲਵੇਂਗਾ ? ਅਜੇ ਤਾਂ ਗਲ ਵਿਚ ਰੱਸਾ ਪਾਇਆ ਤੂੰ ਕਿੰਨਾ ਚਿਰ ਲਟਕ ਲਵੇਂਗਾ ?

ਆਪਣੇ ਖ਼ਿਲਾਫ਼

ਦਿਲ ਦਾ ਰਾਂਝਣ ਬਹੁਤ ਨਿਚੱਲਾ ਜ਼ਿਦ ਕਰਦਾ ਹੈ ਘੜੀ ਮੁੜੀ ਕੋਈ ਸਿੜ੍ਹੀ-ਸਿਆਪਾ ਵਿੱਢ ਬਹਿੰਦਾ ਹੈ ਪਤਾ ਨਹੀਂ ਕਿਸਦਾ ਪਰਛਾਵਾਂ ਸੋਚ ਉਹਦੀ ਤੇ ਆ ਚੜ੍ਹਿਆ ਹੈ ਗ਼ੈਰਾਂ ਦੀ ਮਹਿਫ਼ਲ ਵਿਚ ਜਾਣੋਂ ਝਕਦਾ ਨਹੀਂ ਹੈ ਸੱਚ ਵਰਗੇ ਨੰਗੇਜ਼ ਦਾ ਹੈ ਪ੍ਰਦਰਸ਼ਨ ਕਰਦਾ ਭੀੜਾਂ ਦੇ ਵਿਚ ਗਿੱਠ ਗਿੱਠ ਲੰਮੇ ਨਾਅਰੇ ਲਾਉਂਦਾ ਸਾਹੋ ਸਾਹੀ ਵਾਂਗ ਕਿਸੇ ਹਲਕਾਏ ਕੁੱਤੇ ਹਫ਼ਿਆ ਰਹਿੰਦਾ ਰੋਜ਼ ਦਿਹਾੜੀ ਮੇਰੇ ਕੰਨ ਵਿਚ ਬਾਤ ਨਵੀਂ ਕੋਈ ਪਾ ਦੇਂਦਾ ਹੈ ਕਿਉਂ ਮਾਂ ਦੇ ਹੀ ਲਾਡ-ਲਡਿੱਕੇ ਆਪਣੀ ਮਾਂ ਦਾ ਸੂਹਾ ਸਾਲੂ ਆਪਣੇ ਹੱਥੀ ਪਾੜ ਰਹੇ ਨੇ ਕੈਂਹ ਦੀ ਥਾਲੀ ਜੇਡੇ ਚੰਦ ’ਤੇ ਕਿੱਦਾਂ ਜਾ ਕੇ ਚੋਰ ਉਚੱਕੇ ਆਪਣੀ ਪੈੜ ਛਪਾ ਆਉਂਦੇ ਨੇ ਜਦੋਂ ਕਿਤਾਬਾਂ ਦੇ ਵਿਚ ਕਿਧਰੇ ਆਪਣੇ ਨੇਤਾ ਦੀ ਇਕ ਰਚਨਾ “ਅੰਤਿਮ ਇੱਛਾ’ ਨੂੰ ਪੜ੍ਹਦਾ ਹੈ। ਬਿਨਾਂ ਝਿਜਕ ਤੋਂ ਵਾਂਗ ਜੁਆਕਾਂ ਏਦਾਂ ਹੀ ਕੁਝ ਬਕਦਾ ਰਹਿੰਦੈ ਇਕ ਸੀ ਸਾਡੇ ਦੇਸ਼ ਦਾ ਰਾਜਾ ਭੋਲਾ ਭਾਲਾ ਬੀਬਾ ਰਾਣਾ ਰੁੜ ਪੁੜ੍ਹ ਜਾਣਾ ਬੜਾ ਸਿਆਣਾ ਮਰਨੋਂ ਪਹਿਲਾਂ ‘ਅੰਤਿਮ ਇੱਛਾ’ ਵਰਗਾ ਹੀ ਕੁਝ ਏਦਾਂ ਲਿਖ ਕੇ ਰੱਖ ਗਿਆ ਸੀ ਮੇਰੇ ਮਰਨੋਂ ਬਾਅਦ ਪਿਆਰੇ ਮੇਰੀ ਰਾਖ਼ ਜਹਾਜ਼ੀ ਲੱਦ ਕੇ ਲੋਕਾਂ ਦਿਆਂ ਸਿਰਾਂ ਵਿਚ ਪਾਉਣਾ। ਮੇਰਾ ਤੇ ਲੋਕਾਂ ਦਾ ਰਿਸ਼ਤਾ ਬਹੁ ਗੂੜ੍ਹਾ ਹੈ ਮੈਂ ਲੋਕਾਂ ਦੇ ਬਾਝੋਂ ਇਕ ਪਲ ਰਹਿ ਨਹੀਂ ਸਕਣਾ ਪਤਾ ਨਹੀਂ ਕਿਉਂ ? ਹਰ ਵੇਲੇ ਵੀ ਪੋਲ ਉਘਾੜਨ ਦੇ ਵੱਲ ਚੰਦਰਾ ਰੁੱਝਿਆ ਰਹਿੰਦੈ ਨਵੀਆਂ ਨਵੀਆਂ ਬਣਤ-ਬਣਾਉਤਾਂ ਘੜਦਾ ਰਹਿੰਦੈ ਪਰ ਮੈਂ ਕਹਿਨਾਂ- ਗੱਲ ਤਾਂ ਸਾਰੀ ਹੀ ਮਨ ਦੀ ਹੈ ਮਨ ਤੋਂ ਬਾਅਦ ਹੀ ਜਨ ਦੀ ਕੋਈ ਗੱਲ ਸੁੱਝਦੀ ਹੈ ਪੇਟ ਨਾ ਰੋਟੀ ਹਰ ਗੱਲ ਖੋਟੀ ਹੀ ਲੱਗਦੀ ਹੈ ਮਨ ਚੰਦਰੇ ਨੂੰ ਕਿਹੜਾ ਆਖੇ ਤੇਰੇ ਪਿੱਛੇ ਤੁਰ ਕੇ ਮੈਂ ਭੁੱਖਾ ਨਹੀਂ ਮਰਨਾ ਤੇਰੇ ਪਿੱਛੇ ਲੱਗ ਕੇ ਮੈਂ ਭੜੂਆ ਨਹੀਂ ਬਣਨਾ ਮੇਰਾ ਤਾਂ ਸੰਗਰਾਮਾਂ ਵਿਚ ਵਿਸ਼ਵਾਸ ਨਹੀਂ ਹੈ ਮੈਂ ਕਿਉਂ ਐਵੇਂ ਜਜ਼ਬਾਤੀ ਹੋ ਤੁਰਦੇ ਟੁੱਕਰ ਨੂੰ ਲੱਤਾਂ ਮਾਰਾਂ ਤੇਰੇ ਵਰਗਾ ਤਾਂ ਓਦੋਂ ਪਹਿਚਾਣ ਨਹੀਂ ਕੱਢਦਾ ਜਦੋਂ ਜੇਬ ਵਿਚ ਖ਼ਾਲੀ ਹੱਥ ਬਿਨ ਕੁਝ ਨਹੀਂ ਹੁੰਦਾ ਹੁਣ ਤਾਂ ਆਪਣਾ ਕੰਮ ਵਧੀਆ ਹੈ ਹਰੀ ਕ੍ਰਾਂਤੀ ਤੇ ਕੋਈ ਕਵਿਤਾ ਲਿਖ ਛੱਡਦਾ ਹਾਂ ਦੁੱਧ ਦੀਆਂ ਨਦੀਆਂ ਦੇ ਕਿੱਸੇ ਬੜੀ ਐਸ਼ ਹੈ ਉੱਚੇ ਮਹਿਲ-ਮੁਨਾਰੀਂ ਵੱਸਦੀ ਰਾਣੀ ਬਾਬਤ ਉਹ ਕਹਿੰਦਾ ਹੈ ਮੈਂ ਨਹੀਂ ਉਸ ਚੰਦਰੀ ਦੀ ਪਰਜਾ ਜਿਸਨੂੰ ਮੇਰਾ ਫ਼ਿਕਰ ਨਹੀਂ ਹੈ। ਜਿਸ ਮਹਿਫ਼ਲ ਵਿਚ ਉਹ ਰਹਿੰਦੀ ਹੈ ਉਸ ਵਿਚ ਮੇਰਾ ਜ਼ਿਕਰ ਨਹੀਂ ਹੈ ਪਰ ਮਨ ਨੂੰ ਕਿਹੜਾ ਸਮਝਾਵੇ ਤੂੰ ਤਾਂ ਬੱਸ ਰੋਂਦੇ ਹੀ ਰਹਿਣੈ ਤੇਰੇ ਲਈ ਹੁਣ ਵੈਦ-ਮਾਂਦਰੀ ਕਿੱਥੋਂ ਆਵੇ ਜਿਹੜਾ ਤੇਰੇ ਰੋਣੇ ਕੀਲੇ ਜਿਹੜਾ ਤੇਰੇ ਕੋੜ੍ਹ ਮਿਟਾਵੇ ਪਰ ਚੰਦਰਾ ਮਨ ਸੁਣਦਾ ਨਹੀਂ ਹੈ ਬਹੁਤ ਨਿਚੱਲਾ ਜ਼ਿਦ ਕਰਦਾ ਹੈ ਘੜੀ ਮੁੜੀ ਕੋਈ ਸਿੜ੍ਹੀ ਸਿਆਪਾ ਵਿੱਢ ਬਹਿੰਦਾ ਹੈ।

ਤੇਈ ਮਾਰਚ

(ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਨਾਂ) ਕੇਹੀ ਉਹ ਸੋਗੀ ਸ਼ਾਮ ਸੀ ਜਦ ਤੁਰ ਲਾਹੌਰੋਂ ਜੇਲ੍ਹ 'ਚੋਂ ਅੱਗ ਵਾਂਗ ਮੱਚਦੀ ਲਾਟ ਜਹੀ ਸਤਲੁਜ 'ਚ ਆ ਕੇ ਬੁੱਝ ਗਈ ਸੋਗੀ ਨਾ ਕਹਿਣ ਫੱਬਦਾ ਕੇਹੀ ਉਹ ਸੂਹੀ ਸ਼ਾਮ ਸੀ ਜਦ ਦੂਰ ਦਿਸਹੱਦੇ ਤੋਂ ਲਾਲੀ ਪੱਸਰੀ ਬੁੰਬਲ ਇਹ ਸਾਵੇ ਕਾਨਿਆਂ ਦੇ ਲਾਲ ਸੂਹੇ ਕਰ ਗਈ ਤੇ ਉਸ ਲਾਟ ਦੇ ਪਿੱਛੇ ਅਨੇਕਾਂ ਲੋਕ ਸੀ ਜੋ ਕੂਕਦੇ ਸੀ ਬਾਰ ਬਾਰ ਬੁੰਬਲ ਇਹ ਸਾਵੇ ਕਾਨਿਆਂ ਦੇ ਚੁੱਪ ਨਹੀਂ ਰਹਿਣੇ ਇਹ ਸਾਵੇ ਕਾਨਿਆਂ 'ਚੋਂ ਅੱਗ ਮੱਚੇਗੀ ਤੇ ਸਾਵੇ ਕਾਨਿਆਂ ਦੀ ਅੱਗ ਬਦਲੇਗੀ ਨੁਹਾਰ ਕੌਮਾਂ ਦੀ ਤੇ ਸੋਗੀ ਸ਼ਾਮ ਦੇ ਫਿਰ ਅਰਥ ਮੁੱਢੋਂ ਬਦਲ ਜਾਵਣਗੇ।

ਬਨਾਮ ਸਭਿਅਤਾ

ਉਂਝ ਗੱਲ ਕਿੰਨੀ ਕੁ ਪੁਰਾਣੀ ਹੋ ਸਕਦੀ ਏ ਭਲਾ ਉਦੋਂ ਤਾਂ ਅਜੇ ਸੜਕਾਂ ਤੇ ਰਿੜ੍ਹਦੇ ਸਾਂ ਤੁਰਨ ਦੀ ਹੋਸ਼ ਕਿਸ ਨੂੰ ਸੀ ਨਾ ਚੌਂਕ ’ਚ ਖਲੋਤਾ ਸੀ ਕੋਈ ਬਾ-ਵਰਦੀ ਸਿਪਾਹੀ ਨਾ ਇਸ਼ਾਰਿਆਂ ਤੇ ਨਚਾਉਂਦਾ ਕੋਈ ਹਾਕਮ ਕੀਹ ਕਪਟ ਸੀ ਤੇ ਕੀਹ ਨਿਰਛਲਤਾ ਕਿਸਨੂੰ ਪਰਖ਼ ਸੀ ਗੱਲ ਦੀ ਜਦ ਰਿੜ੍ਹਦੇ ਪਹੇ ਵਿਚਕਾਰ ਰਿੜ੍ਹਦੇ ਕਦੇ ਹਾਦਸੇ ਵਿਚ ਨਾ ਮਰਦੇ ਨਾ ਸਮੱਸਿਆ ਸੀ ਕੋਈ ਹੱਲ ਸੋਚਣ ਦੀ ਲੋੜ ਹੀ ਕੀ ਸੀ ਉਦੋਂ ਨਾ ਈਸਵੀ ਸੰਮਤ ਤੇ ਨਾ ਹਿਜਰੀ ਤੁਰੇ ਸਨ ਦਰਾਵੜ ਤੇ ਆਰੀਆ ਵੀ ਮਗਰੋਂ ਦੀ ਗੱਲ ਹੈ ਇਹ ਬਹੁਤ ਮਗਰੋਂ ਦੀ ਗੱਲ ਹੈ ਕਿ ਸੜਕਾਂ ਭੀੜ ਵਿਚ ਡੁੱਬੀਆਂ ਤੇ ਉਮਰਾਂ ਸੜਕ ਤੇ ਦੁਰਘਟਨਾ 'ਚ ਮਰੀਆਂ ਦਿਨੇ ਵੀ ਰਾਤ ਵੀ ਬੱਸ ਸਹਿਮ ਬਾ-ਵਰਦੀ ਸਿਪਾਹੀ ਦੇ ਇਸ਼ਾਰੇ ਤੇ ਨੱਚਦਾ ਹਾਂ ਮੈਂ ਇਹ ਸਭ ਮਗਰੋਂ ਦੀ ਗੱਲ ਹੈ।

ਲਾਰਿਆਂ ਦੀ ਘੁੱਗੀ

ਉਹ ਖ਼ੁਦ ਵੀ ਮੰਨਦਾ ਹੈ ਖੂਹ ’ਚ ਵੱਸਦਾ ਮਿੱਤਰਾਂ ਦੀ ਆਪਣੀ ਸੰਗਤ ਹੈ ਯਾਰ ਨਾ ਡੱਡੂਆਂ ਨੂੰ ਭੇਤ ਤੇ ਨਾ ਪਾਣੀਆਂ ਨੂੰ ਸਾਰ ਕਿ ਟਿੰਡਾਂ ਪ੍ਰਸ਼ਨ ਚਿੰਨ੍ਹ ਹੀ ਹੁੰਦੀਆਂ ਨੇ ਟਿਕਟਿਕੀ ਆਵਾਜ਼ ਦੀ ਬੁੱਢੀ ਰਵਾਇਤ ਕੀ ਜਾਣੇ ਖ਼ਾਮੋਸ਼ੀ ਕੀ ਅਰਥ ਦੇਂਦੀ ਧੁੱਪ ਚੜ੍ਹਨ ਤੋਂ ਸੂਰਜ ਅਸਤਣ ਤੀਕ ‘ਨਿਤ-ਨੇਮ’ ਵਰਗੀ ਮਿੱਠੀ ਹਕੀਕਤ ਅਮਨ ਦੀ ਘੁੱਗੀ ਕਰੂਪੀ ਲਾਰਿਆਂ ਦੀ ਉਮਰ ਜੀਂਦੀ ਨਾਹਰਿਆਂ ਤੋਂ ਬਹੁਤ ਡਰਦੀ ਰੱਥ ਤੇ ਚੜ੍ਹਿਆ ਹੈ ਰਾਜਾ ਬੁੱਧ ਨਾਇਕ ਕੌਣ ਸੱਚਾ ਕੌਣ ਝੂਠਾ, ਵਕਤ ਹੀ ਦੱਸੇਗਾ ਤਾਲ ਖੂਹ ਦੀ ਗੁੰਮਨਾਮੀ 'ਚ ਲੱਥੇ ਸ਼ਾਂਤ ਸੂਰਤ ਧੁੱਪ ਦੇ ਮਹਿਕਣ ਦੀ ਆਪਣੀ ਰੁੱਤ ਹੁੰਦੀ ਧੁੱਪ ਜੋ ਸੂਹੀ ਸੁਨਹਿਰੀ ਅਰਥ ਬੁੱਚੀ ਧੁੱਪ ਜੋ ਨੰਗੀ ਹੀ ਘੁੰਮੇ ਧੁੱਪ ਦੀ ਖੱਦੀ ਤੜਾਗੀ ਖਿਸਕ ਚੁੱਕੀ ਹੱਥ ਵਿਚ ਸੁਪਨੇ ਬਲੌਰੀ ਦੇਵ-ਦੱਤ ਨੇ ਤੋੜ ਦੇਣੇ ਗੌਤਮਾ! ਪਹਿਲਾਂ ਸੁਣੀ ਤੂੰ ਘੁੱਗੀਆਂ ਕਾਵਾਂ ਦੀ ਕਾਹਦੀ ਸਾਂਝ ਹੁੰਦੀ ਇੱਜ਼ਤਾਂ ਸੰਗ ਪਰਤਣਾ ਹੀ ਬਹੁਤ ਚੰਗਾ।

ਕੁਝ ਚਿਰ ਪਹਿਲਾਂ

ਬੀਤੇ ਸਾਲੀਂ ਜਦੋਂ ਕਦੀ ਵੀ ਮਿਲਦੇ ਰਹੇ ਆਂ ਅਸਲ ਨਕਲ ਦੀ ਗੱਲ ਚਲਦੀ ਸੀ ਦੋਵੇਂ ਹੀ ਸ਼ੱਕਾਂ ਵਿਚ ਫਾਥੇ ਮਿਲਣ ਤੀਕ ਸੀਮਤ ਸਾਂ ਰਹਿੰਦੇ ਬਹਿਸ ਮੁਬਾਹਸਾ ਜਦ ਚੱਲਦਾ ਸੀ ‘ਤਪਦਾ ਮੌਸਮ ਠਰ ਜਾਵੇਗਾ ? ਲੱਗੀ ਰਾਹ ਵਿਚ ਟੁੱਟ ਜਾਵੇਗੀ ? ਕਦੇ ਨਾ ਮੰਨਦੇ। ਸਮਾਂ ਗਰਾਰੀ ਫਿਰ ਚੁਕੀ ਹੁਣ ਰਾਤ ਬਚੀ ਓਨੀ ਹੀ ਬਾਕੀ ਸੂਰਜ ਪਾਸਾ ਪਲਟ ਲਿਆ ਹੈ ਚੰਦਰਮਾ ਦੀ ਲੋਅ ਹੁਣ ਸਾਨੂੰ ਫਿੱਕੀ ਜਹੀ ਤੇ ਬੇ-ਰਸ ਜਾਪੇ ਪਰ ਉਹ ਯੁਗ ਕਿੰਨੀ ਦੂਰ ਗਿਆ ਹੈ ਕਿਹੜਾ ਨਾਪੇ ? ਵਕਤ ਦਾ ਪਹੀਆ ਘੁੰਮ ਚੁੱਕਾ ਹੈ ਸਫ਼ਰ ਪਿਆ ਓਨਾ ਹੀ ਬਾਕੀ

ਤਪੇ ਹੋਏ ਪੱਥਰ ਤੇ ਸੀਤ ਰਾਤ

ਯੁਗ ਉਹੀ ਹੈ ਜਿਹਦੇ ਵਿਚ ਤੂੰ ਤੇ ਅਸੀਂ ਵਿਚਰ ਰਹੇ ਆਂ ਕਿਸੇ ਪੁਰਾਤਨ ਜਹੇ ਯੁਗ ਦੀ ਬਾਤ ਪਾਵਾਂ ਵਾਜਬ ਨਹੀਂ ਹੈ ਅਸੀਂ ਵੀ ਤੇਰੇ ਵਾਲੇ ਰਸਤਿਉਂ ਗੁਜ਼ਰੇ ਸਾਂ ਨਕਸ਼ ਜੋ ਸਾਨੂੰ ਲੱਭੇ ਜ਼ਰੂਰੀ ਨਹੀਂ ਤੇਰੇ ਵੀ ਵਾਕਿਫ਼ ਹੋਣ ਤੂੰ ਸੋਚਦਾ ਹੋਣੈਂ ਸੜਕ ਵਿਚ ਗੱਡਿਆ ਮਜ਼ਬੂਰ ਪੱਥਰ ਸੁੰਨ ਹੋ ਜਾਂਦਾ ਹੋਵੇਗਾ ਰਾਤ ਨੂੰ ਇੰਜ ਨਹੀਂ ! ਉਹ ਤਾਂ ਸਰਦ ਰਾਤਾਂ ਨੂੰ ਮਰਦਾਂ ਦੀ ਪੈੜ ਵੇਖਦਾ ਹੈ। ਤੇ ਰਾਤ ਦੀ ਮਹਾਂ ਸੁੰਨਤਾਈ ’ਚ ਬੈਠਾ ਜਾਣਦਾ ਹੈ ਕੌਣ ਜਗਦਾ, ਕੌਣ ਤਪਦਾ ਕੌਣ ਹੈ ਠਰਦਾ ਤੂੰ ਜੋ ਦਰਿਆ ਤੋਂ ਅਤ੍ਰਿਪਤ ਹੀ ਘਰ ਨੂੰ ਪਰਤ ਆਇਆ ਤੂੰ ਕਿੰਜ ਦੱਸ ਸਕਨੈਂ ਫੁੱਟਪਾਥਾਂ ਤੇ ਰੋੜ ਕਿਉਂ ਨਹੀਂ ਚੁਭਦੇ ਹਾਂ! ਗਦੇਲਿਆਂ 'ਚੋਂ ਵੜੇਵੇਂ ਭਾਲ ਸਕਨੈਂ ਮੈਂ ਬੁਰਾ ਹਾਂ ਜਾਂ ਚੰਗਾ ਜੋ ਕੁਝ ਵੀ ਹਾਂ ਤੇਰੇ ਸਾਹਮਣੇ ਹਾਂ ਜੰਗਲ ਦਾ ਰਾਜਾ ਸ਼ੇਰ ਹੋਵੇ ਜਾਂ ਰੰਗਿਆ ਗਿੱਦੜ ਕੀ ਫ਼ਰਕ ਪੈਂਦਾ ਕੰਦਰਾਂ 'ਚ ਲੁਕਿਆ ਮਾਣਸ, ਦੱਸਣੋ ਸੰਕੋਚ ਕਰਦਾ ਹੈ ਮੈਂ ਖ਼ੁਦ ਵੀ ਜਾਣਦਾ ਹਾਂ ਤੈਨੂੰ ਵੀ ਭੁੱਲ ਹੈ ਕਾਹਦੀ ਮੇਰੀ ਅਣਸ ਆਪ ਜਨਮਣ ਤੋਂ ਪਹਿਲਾਂ ਆਪਣੇ ਹਾਣ ਦੀ ਸਲੀਬ ਆਪ ਘੜਦੀ ਹੈ ਜੇ ਤੈਨੂੰ ਸੱਚ ਨਹੀਂ ਲੱਗਦਾ ਤਾਂ ਕਿਸੇ ਵੀ ਵਕਤ ਪਰਖ਼ ਸਕਨੈਂ ਕੋਈ ਡਰ ਨਾ ਦੇਵੀਂ ਮੌਤ ਤੋਂ ਛੋਟਾ ਟਿਚਕਰ ਕਰਨਗੇ

ਮਿੱਟੀ ਕੰਬਦੀ ਹੈ

ਕਿਹੋ ਜਿਹੀ ਰੁੱਤ ਆਈ ਹੈ ਨਾ ਮਹਿਕਾਂ ਵੰਡਦੀ ਜ਼ਿੰਦਗੀ ਨਾ ਮਿੱਟੀ ਮੁਸਕਰਾਈ ਹੈ ਜੋ ਲੋਕੀਂ ਘੁੰਮਦੇ ਨੇ ਰਾਤ ਦਿਨ ਮਨਹੂਸ ਖ਼ਬਰਾਂ ਵਾਂਗ ਸਰੇ-ਬਾਜ਼ਾਰ ਉਹ ਮੱਥਿਆਂ 'ਚ ਵੱਜਦੇ ਨੇ ਮੈਂ ਉਹ ਵੀ ਲੋਕ ਤੱਕੇ ਨੇ ਜੋ ਗੇਂਦਾਂ ਵਾਂਗ ਬੁੜਕਣ ਤੀਕ ਜਾਂਦੇ ਨੇ ਜਦੋਂ ਉਹ ਭਰ ਜਸ਼ਨ ਵਿਚ ਲੜ ਮਰਨ ਦੀ ਸਹੁੰ ਚੁਕਾਂਦੇ ਨੇ ਤਾਂ ਮੈਂ ਗੁਸਤਾਖ਼ ਜਹੇ ਲਹਿਜ਼ੇ 'ਚ ਕਹਿੰਦਾ ਹਾਂ ਤੇਰੇ ਕਿੰਨੇ ਨੇ ਪੁੱਤਰ ? ਦੱਸ ਤਾਂ ਭਲਿਆ ਕਿੰਨੇ ਸਰਹੱਦ ਤੇ ਲੜਦੇ ਨੇ ਕਿੰਨੇ ਰੋਜ਼ ਮਰਦੇ ਨੇ ਤੇ ਮੇਰੀ ਏਸ ਗੁਸਤਾਖ਼ੀ ਤੇ ਉਹ ਰੱਜ ਰੱਜ ਕੇ ਖਿਝਦਾ ਹੈ ਇਹ ਸੱਚ ਤਾਂ ਬਹੁਤ ਖਰੁਵਾ ਹੈ ਇਹ ਸੱਚ ਤਾਂ ਬਹੁਤ ਕੌੜਾ ਹੈ। ਜਿਵੇਂ ਮੈਂ ਬਹੁਤ ਪਹਿਲਾਂ ਆਖਿਆ ਸੀ ਕਿ ਹੱਦਾਂ ਤੇ ਖਲੋਤੀ ਹੈ ਲੜਾਈ ਜਿੰਨ੍ਹਾਂ ਦੇ ਪੁੱਤ ਨਹੀਂ ਪਰਤੇ ਜਿੰਨ੍ਹਾਂ ਦੇ ਕੰਤ ਨਹੀਂ ਆਏ ਉਹ ਕਿੱਦਾਂ ਸੌਣਗੇ ਯਾਰੋ ਜਿੰਨ੍ਹਾਂ ਦੇ ਵੀਰ ਨਹੀਂ ਆਏ ਜਿੰਨ੍ਹਾਂ ਦੇ ਬਾਪ ਨਹੀਂ ਬਹੁੜੇ ਉਹ ਕਿੱਦਾਂ ਜੀਣਗੇ ਯਾਰੋ। ਤੇ ਇਕ ਆਹ ਮਾਂ ਕਿ ਜਿਸਦਾ ਪੁੱਤ ਸਰਹੱਦਾਂ ਤੇ ਦੁਸ਼ਮਣ ਮਾਰਦਾ ਸੀ ਹੁਣੇ ਹੀ ਖ਼ਬਰ ਆਈ ਹੈ ਕਿ ਇਸ ਮਾਤਾ ਦਾ ਪੁੱਤ ਵੀ ਸਰਹੱਦਾਂ ਤੇ ਰਾਖ਼ ਹੈ ਬਣਿਆ ਉਦੋਂ ਤੋਂ ਮਮਤਾ ਵੀ ਮਿੱਟੀ ਜਿਹੀ ਹੋ ਗਈ ਹੈ ਉਸੇ ਪਲ ਤੋਂ ਜਿਮੀਂ ਕੰਬਣ ਦੀ ਇਕ ਲਹਿਰ ਆਉਂਦੀ ਹੈ ਤੇ ਉਹ ਮਾਂ ਚੀਕ ਕਹਿੰਦੀ ਹੈ ਕਿ ਅੱਜ ਜੋ ਜੰਗ ਦਾ ਐਲਾਨ ਕਰਦਾ ਹੈ ਉਹਦਾ ਪੁੱਤਰ ਨਹੀਂ ਮਰਿਆ ਉਹਦੇ ਪੈਰੀਂ ਕਦੇ ਸੁਪਨੇ ’ਚ ਵੀ ਕੰਡਾ ਨਹੀਂ ਪੁੜਿਆ ਤੇ ਮਿੱਟੀ ਕੰਬਦੀ ਹੋਈ ਆਖਦੀ ਹੈ ਮੇਰਾ ਹੁਣ ਗਰਭ ਸੱਖਣਾ ਹੋ ਗਿਆ ਹੈ ਪਤਾ ਨਹੀਂ ਕਿਉਂ ? ਬੇਸ਼ਰਮੀ ਤੇ ਬਜ਼ਿਦ ਹਾਕਮ ਖਲੋਤਾ ਹੈ ਜੋ ਮੇਰੇ ਬਾਲ ਨੇਜ਼ੇ ਟੰਗਦਾ ਹੈ ਜੋ ਮੇਰੀ ਹੋਂਦ ਦਾ ਕਤਲਾਮ ਕਰਨ ਤੇ ਹੀ ਤੁਲਿਆ ਹੈ ।

ਬਾਤ ਮੁੱਕੀ ਤਾਂ ਨਹੀਂ

ਬਾਤ ਮੁੱਕੀ ਤਾਂ ਨਹੀਂ ਹਾਲੇ ਪਲ ਕੁ ਪਿਛੋਂ ਸੁਣਦਾ ਹਾਂ ਮਾਂ ਦੇ ਮੂੰਹੋਂ ਅਜੇ ਤਾਂ ਨਾਇਕ ਨੇ ਚੜ੍ਹਨਾ ਹੈ ਸਲੀਬ ਦੇ ਉਤਲੇ ਸਿਰੇ ਭਾਵੁਕ ਜਿਹਾ ਹੋ ਕੇ ਮੈਂ ਪੁੱਛਦਾ ਹਾਂ ਕਿੰਨੀ ਕੁ ਲੰਮੇਰੀ ਬਾਤ ਹੈ ਮਾਂ ਪੁੱਤ! ਮੇਰੇ ਤੋਂ ਤੇਰੇ ਤੀਕ ਦਾ ਹਰ ਵਰਕਾ ਜੋ ਇਤਿਹਾਸ ਬਣਦਾ ਹੈ ਸਭ ਇੰਜ ਹੀ ਲਟਕਿਆ ਸੀ ਕਦੇ ਬਾਤ ਵਿਚ ਚਰਚਾ ਹੈ ਜਿਸ ਨਾਇਕ ਦਾ ਉਹ ਪ੍ਰਸ਼ਨ ਚਿੰਨ੍ਹ ਦੀ ਸ਼ਕਲ ਵਿਚ ਵਿਚਰਦਾ ਹੈ ਕਹਾਣੀ ਵਿਚਕਾਰ ਕਟਹਿਰੇ ਵਿਚ ਉਹ ਜਦ ਵੀ ਆਇਆ ਹੈ ਮੌਤ ਦਾ ਪੈਗਾਮ ਸੁਣਕੇ ਮੁਸਕਰਾਇਆ ਹੈ ਬਲਦੀ ਅਗਨੀ ਤੇ ਤਿੜਕਿਆ ਹੈ ਚੀਣਾ ਚੀਣਾ ਹੋ ਕੇ ਵਿਛਿਆ ਹੈ ਖੁਭਿਆ ਹੈ ਧਰਤ ਵਿਚ ਉੱਗਿਆ ਹੈ ਫ਼ਲਿਆ ਹੈ ਨਿੱਤ ਵਾਂਗ ਅਖ਼ਬਾਰ ਦੀ ਸੁਰਖੀ ਬਣਦਾ ਹੈ ਤੇ ਰੋਜ਼ ਵਾਂਗ ਧਰਤੀ ਤੇ ਆਉਂਦਾ ਹੈ ਪ੍ਰਚਲਤ ਰੀਤਾਂ ਠਕੋਰਦਾ ਕੁਝ ਭੰਨਦਾ ਕੁਝ ਤੋੜਦਾ ਬੱਸ ਨਿੱਤ-ਨੇਮ ਜਿਹਾ ਬਣ ਆਉਂਦਾ ਹੈ ਬੱਸ ਆਮ ਵਾਂਗ ਹੀ ਉਹ ਆਦਿ ਪੁਰਖ ਸੀ ਤੇ ਹੁਣ ਵੀ ਉਵੇਂ ਹੀ ਐਟਮੀ ਯੁਗ ਦਾ ਨਾਇਕ ਹੈ।

ਸਰਵਣ ਪੁੱਤਰ

ਚਲੋ ਸਰਵਣ ਪੁੱਤਰ ਈ ਸਹੀ ਬਣ ਜਾਂਦੇ ਹਾਂ ਪਰ ਦਸ਼ਰਥ ਨੂੰ ਕਹੋ ਘੱਟੋ ਘੱਟ ਮੇਰਾ ਸ਼ਿਕਾਰ ਤਾਂ ਨਾ ਖੇਡੇ ਮੈਂ ਜੋ ਰਿਸ਼ਤੇ ਵਿਚ ਉਹਦਾ ਕੁਝ ਲੱਗਦਾ ਹਾਂ ਭਲਾ ਜੇ ਨਾ ਵੀ ਲੱਗਦਾ ਹੋਵਾਂ ਤਦ ਵੀ ਉਹ ਬੰਦਾ ਬਣੇ ਮੇਰੇ ਜ਼ਖ਼ਮਾਂ ਦੀ ਪੀੜ ਜਿਸ ਮੇਰੀ ਮੌਤ ਤਕ ਦਾ ਸਫ਼ਰ ਕੀਤਾ ਹੈ ਤੇ ਪਿੱਛੇ ਬਾਪ ਅੰਨ੍ਹਾ ਮਾਂ ਵਿਚਾਰੀ ਰਹਿ ਗਈ ਹੈ ਉਨ੍ਹਾਂ ਨੂੰ ਰਿਸ਼ਤਿਆਂ ਦਾ ਨਿੱਘ ਕੀਹ ਦੇਵੇਗਾ ਕੋਈ ਦਸ਼ਰਥ ਮੇਰੇ ਪਰਤ ਆਉਣ ਬਾਰੇ ਲੱਖ ਦੁਆਵਾਂ ਮੰਗੇ ਪਿਆ ਮੈਂ ਤਾਂ ਨਹੀਂ ਪਰਤਾਂਗਾ ਤੇ ਜੇ ਪਰਤਿਆ ਤਾਂ ਸੋਚੋ ਭਲਾ ਮੈਂ ਖ਼ਾਲੀ ਹੱਥ ਹੋਵਾਂਗਾ ਉਸ ਨੂੰ ਕਹੋ ! ਮੇਰੇ ਆਉਣ ਤੋਂ ਪਹਿਲਾਂ ਚਲਾ ਜਾਵੇ ਮੇਰੇ ਮਸਤਕ ਦੀ ਅਗਨੀ ਨੇ ਚਿਰਾਂ ਦੇ ਜ਼ਬਤ ਤੇ ਪਿੱਛੋਂ ਵੀਣੀ 'ਚ ਹੁਣ ਪ੍ਰਵੇਸ਼ ਕੀਤਾ ਹੈ।

ਇਸ ਰੁੱਖ ਥੱਲੇ ਜੀਅ ਨਹੀਂ ਲੱਗਦਾ

(ਗੌਰਮਿੰਟ ਕਾਲਜ ਲੁਧਿਆਣਾ ਦੇ ਨਾਂ) ਇਸ ਰੁੱਖ ਦੀ ਹੁਣ ਛਾਵੇਂ ਬਹਿ ਕੇ ਕੀ ਕਰਨਾ ਹੈ ਦੂਰ ਪਰ੍ਹੇ ਹੁਣ ਧੁੱਪ ਥੱਲੇ ਈ ਸਾਰ ਲਵਾਂਗੇ ਚੁਭਦੀਆਂ ਧੁੱਪਾਂ ਤੋਂ ਕੀ ਡਰਨਾ ਇਕ ਦਿਨ ਪੈਣੈਂ ਇਹ ਕੁਝ ਕਰਨਾ ਉਂਝ ਆਪਾਂ ਤਾਂ ਛਾਵੇਂ ਬਹਿ ਬਹਿ ਆਪਣੀ ਕੰਡ ਨੂੰ ਮਾਰ ਬਹਾਂਗੇ ਆ ਚੱਲੀਏ ਹੁਣ ਰੁੱਖ ਦੇ ਹੇਠੋਂ ਦੂਰ ਪਰ੍ਹੇ ਹੁਣ ਧੁੱਪ ਥੱਲੇ ਈ ਸਾਰ ਲਵਾਂਗੇ ਇਸ ਰੁੱਖ ਹੇਠਾਂ ਉੱਲੂਆਂ ਦੀ ਪੰਚਾਇਤ ਜੁੜੀ ਹੈ। ਉਦਘਾਟਨ ਲਈ ਦੇਸ਼ ਦਸੌਰੋਂ ਮਹਾਂ-ਉਲੂ ਜੀ ਖ਼ੁਦ ਆਏ ਨੇ ਇਹ ਜੋ ਆਪਣੇ ਸਿਰ 'ਤੇ ਆਲ-ਦੁਆਲੇ ਤੁਰਦੀ ਫਿਰਦੀ ਛਾਂ ਹੈ ਇਹ ਸਭ ਉਨ੍ਹਾਂ ਦੇ ਸਾਏ ਨੇ ਤੂੰ ਸੋਚੇਂਗਾ ਤੇਰੇ ਆਪਣੇ ਬੁੱਤ ਦੀ ਛਾਂ ਵੀ ਧੁੱਪ ਵਰਗੀ ਹੈ ਸੇਕਣ ਆਉਂਦੇ ਇਹਨੂੰ ਲੋਕੀਂ ਟਾਵੇਂ ਟਾਵੇਂ ਮੈਂ ਮੰਨਦਾ ਹਾਂ । ਤੇਰੇ ਬੁੱਤ ਦੀ ਛਾਂ ਵੀ ਬੇਸ਼ੱਕ ਧੁੱਪ ਵਰਗੀ ਹੈ ਠਰਦੇ ਲੋਕੀਂ ਇਹਨੂੰ ਆ ਕੇ ਸੇਕਣ ਭਾਵੇਂ ਪਰ ਇਸ ਉੱਘੜ ਦੁੱਗੜੀ ਰੁੱਤੇ ਕਿਸੇ ਵੀ ਤੈਨੂੰ ਇਕ ਪਲ ਵੀ ਹੁਣ ਬਹਿਣ ਨਹੀਂ ਦੇਣਾ ਆਪਣੀ ਛਾਵੇਂ ਆਪਣੀ ਧੁੱਪ ਦਾ ਭਰਮ ਸਾਂਭ ਕੇ ਡੌਰ-ਭੌਰਿਆਂ ਹੋ ਕੇ ਤੂੰ ਤਾਂ ਲੱਭਦਾ ਫਿਰਨੈਂ ਆਪਣੀ ਕਾਇਆ ਸੱਚ ਮੰਨੀ! ਮੈਂ ਏਦੂੰ ਅੱਗੇ ਕਈ ਵਰ੍ਹਿਆਂ ਦਾ ਟੋਂਹਦਾ ਫਿਰਨਾਂ ਕਿਸ ਰੁੱਖ ਦੀ ਛਾਂ ਫੜ ਕੇ ਆਖਾਂ ਇਹ ਰੁੱਖ ਮੇਰੇ ਬਾਪੂ ਲਾਇਆ ਨਾ ਏਥੇ ਮਾਂ ਨਾ ਹੀ ਬਾਪੂ ਵਰਗੀ ਛਾਂ ਹੈ ਕੋਇਲਾਂ ਦੇ ਘਰ ਮਾਤਮ ਵਿਛਿਆ ਚਾਰੇ ਬੰਨੇ ਅੱਜ ਦੀ ਏਸ ਸੰਗੀਤ ਸਭਾ ਦਾ ਮੁਖੀਆ ਕਾਂ ਹੈ ਇਸ ਰੁੱਖ ਦੀ ਛਾਂ ਹੇਠਾਂ ਬਹਿ ਕੇ ਮੈਂ ਕਈ ਸਾਲ ਗੁਆ ਚੁੱਕਾ ਹਾਂ ਜੱਗੇ ਜੱਟ ਜਹੀ ਜਾਨ ਤੀਰ ਸੀ ਮਿਰਜ਼ੇ ਵਰਗੇ ਖਿੜੇ ਹੋਏ ਅਨਾਰ ਦੇ ਫੁੱਲ ਜਾਂ ਸੂਹੇ ਸੁਪਨੇ ਕੀ ਕੀ ਦੱਸਾਂ ਹੁਣ ਤਾਂ ਇਨ੍ਹਾਂ ਵਿਚੋਂ ਕਈ ਕੁਝ ਮੈਂ ਖ਼ੁਦ ਆਪ ਭੁਲਾ ਚੁੱਕਾ ਹਾਂ ਸੱਚ ਯਾਰਾ! ਹੁਣ ਇਸ ਰੁੱਖ ਥੱਲੇ ਜੀਅ ਨਹੀਂ ਲੱਗਦਾ ਵਾਂਗ ਕਿਸੇ ਅਣਚਾਹੀ ਬੂਟੀ ਬਾਬੂ ਵਾਂਗੂ ਉੱਗੇ ਰਹਿਣਾ ਜਾਂ ਫ਼ਿਰ ਤੋਤੇ ਟੁੱਕੀਆਂ ਗੋਲ੍ਹਾਂ ਖਾਣ ਨੂੰ ਉੱਕਾ ਮਨ ਨਹੀਂ ਮੰਨਦਾ ਜੀਅ ਕਰਦੈ ਮੈਂ ਹੁਣ ਤਾਂ ਦੌੜ ਮੈਦਾਨੀ ਜਾਵਾਂ ਚੁੰਗੀਆਂ ਭਰਾਂ ਮਿਰਗ ਬਣ ਜਾਵਾਂ ਪੇਟ ਭਰਨ ਨੂੰ ਕਈ ਕੁਝ ਖ਼ੁਦ ਨੂੰ ਚਾਰ ਲਵਾਂਗੇ ਆ ਚੱਲੀਏ ਹੁਣ ਰੁੱਖ ਦੇ ਹੇਠੋਂ ਦੂਰ ਪਰੇ ਹੁਣ ਧੁੱਪ ਥੱਲੇ ਈ ਸਾਰ ਲਵਾਂਗੇ ਚੁਭਦੀਆਂ ਧੁੱਪਾਂ ਤੋਂ ਕੀ ਡਰਨਾ ਇਕ ਦਿਨ ਪੈਣਾ ਏਦਾਂ ਕਰਨਾ

ਹਵਾ ਦੀ ਦਸਤਕ

ਸਿਰਾਂ ਤੇ ਸੁਆਰ ਹੈ ‘ਅੱਜ ਦਾ ਸੁਨੇਹਾ’ ਅਰਥਾਂ ਸੰਗ ਚਿਪਕਿਆ ਹੈ ਲੋਕ-ਰਥ ਦਾ ਦੌੜਦਾ ਪਹੀਆ ਕਿੱਸੇ ਦਾ ਨਾਮਕਰਣ ‘ਦਰਦ-ਯੁੱਧ-ਤੇ ਸਫ਼ਰ’ ਹੀ ਹੋ ਸਕਦਾ ਹੈ ਯਾਤਰਾ ਜਦ ਜ਼ਿੰਦਗੀ ਵੱਲ ਤੁਰਦੀ ਹੈ ਇਹੀ ਇਤਿਹਾਸ ਬਣਦਾ ਹੈ ਚਿਰਾਂ ਮਗਰੋਂ ਹਾਂ ਮੈਂ ਵੀ ਆਣ ਪਹੁੰਚਾ ਅਜਬ ਜਹੀ ਸ਼ਰਮ ਹੈ ਮੇਰੇ ਵੀ ਮੂੰਹ ਤੇ ਕਿ ਮੈਂ ਪਹਿਲਾਂ ਨਹੀਂ ਪਹੁੰਚਾ ਤੁਸੀਂ ਕੰਮ ਛੇੜਿਆ ਹੈ ਨਵੇਂ ਹੱਥਾਂ ਨਵੀ ਗਾਥਾ ਸਿਰਜਣੀ ਹੈ ਪੁਰਾਣੀ ਕੰਧ ਜੇ ਡਿੱਗੀ ਤਾਂ ਕੀਹ ਹੋਇਆ ਇਹ ਸੂਹੀ ਮਹਿਕ ਜੋ ਤੇਰੇ ਘਰੋਂ ਹੁਣ ਆਣ ਪਹੁੰਚੀ ਹੈ ਮੇਰੇ ਪਿੰਡੇ ਨੂੰ ਛੋਹੀ ਹੈ ਤੂੰ ਸੱਚ ਜਾਣੀਂ ਮੇਰੇ ਜਨਮਣ ਦੀ ਦੂਹਰੀ ਰੀਤ ਹੋਈ ਹੈ। ਜੋ ਤੇਰੇ ਹੱਥ 'ਚ ਹੈ ਫੜਿਆ ਉਹ ਸੁਪਨਾ ਸਭ ਦੇ ਦਿਲ ਵਿਚ ਹੈ ਪੁਰਤਾਨ ਘਾਸੀਆਂ ਤੇ ਤੁਰਨ ਤੋਂ ਪਹਿਲਾਂ ਅਸਾਂ ਨੇ ਰਾਹ ਬਦਲਣਾ ਹੈ ਨਾ ਦੂਹਰੀ ਮੌਤ ਮਰਨਾ ਹੈ ਜੇ ਛਿਣ-ਭੰਗਰੀ ਜਿਹੀ ਰੌਣਕ ਘਰਾਂ ਵਿਚ ਆਣ ਹੀ ਪਹੁੰਚੀ ਤਾਂ ਕੀਹ ਹੋਇਆ ? ਅਸਾਂ ਨੇ ਰੁੱਤ ਘੜਨੀ ਹੈ ਜੇ ਚਾਹੀਏ ਧੁੱਪ-ਧੁੱਪ ਮਿਲ ਜੇ ਜੇ ਚਾਹੀਏ ਛਾਂ ਤਾਂ ਛਾਂ ਮਿਲ ਜੇ ਤੇਰੇ ਹੱਥਾਂ ਦੀ ਦਸਤਕ ਮੇਰੇ ਬੂਹੇ ਨੇ ਜਾਣੀ ਹੈ ਮੈਂ ਬੂਹਾ ਖੋਲ੍ਹ ਦਿੱਤਾ ਹੈ ਤੇਰੀ ਛੋਹੀ ਅਧੂਰੀ ਬਾਤ ਤਾਂ ਨਵ-ਜਨਮ ਵਰਗੀ ਹੈ ਤੇ ਹੁਣ ਮੁੜ ਮੁੜ ਜਨਮਣਾ ਹੈ

ਪੁਰਾਣੀ ਸਾਂਝ

ਕਈ ਸਦੀਆਂ ਪੁਰਾਣਾ ਆਜੜੀ ਅੱਜ ਫੇਰ ਆਇਆ ਹੈ ਕੋਈ ਰਿਸ਼ਤਾ ਪੁਰਾਣਾ ਆਦਿ ਤੋਂ ਉਸ ਫਿਰ ਜਗਾਇਆ ਹੈ ਦੁਆਰੇ ਤੇ ਖਲੋਤਾ ਸਭਿਅਤਾ ਨੂੰ ਵਾਜ਼ ਦੇਂਦਾ ਹੈ ਕਿਵੇਂ ਨਿਰਲੱਜ ਹੋਈ ਤੂੰ ਖੜ੍ਹੀ ਹੈਂ ਤੇਰੇ ਮੱਥੇ ਤੇ ਭੈੜੇ ਦਾਗ਼ ਕਾਹਦੇ ਨੇ ਤੇਰੇ ਮੂੰਹ ਤੇ ਝਰੀਟਾਂ ਇੰਝ ਕਿਉਂ ਪਈਆਂ ਤੂੰ ਸੁਣ ਕੇ ਚੁੱਪ ਕਿਉਂ ਹੋਈ ਬੜਾ ਕੁਝ ਹੋਰ ਮੈਂ ਕਹਿਣੈਂ ਉਹ ਵੇਲਾ ਯਾਦ ਕਰ ਇਕ ਵੇਰ ਜਦੋਂ ਮੈਂ ਮਰਦ ਸਾਂ ਨੰਗਾ ਜਦੋਂ ਮੈਂ ਸ਼ਾਲ-ਪੱਤਰ ਪਹਿਨਦਾ ਨਹੀਂ ਸਾਂ ਤੇਰੇ ਪਿੰਡੇ ਝਰੀਟਾਂ ਉਦੋਂ ਤਾਂ ਨਹੀਂ ਸਨ ਤੇਰੀ ਸੀ ਤੋਰ ਬਾਂਕੀ ਸੁਪਨ ਪਰੀਆਂ ਵਾਂਗਰਾਂ ਸੁਹਣੀ ਇਹ ਗੱਲ ਭਾਵੇਂ ਕਈ ਸਦੀਆਂ ਪੁਰਾਣੀ ਹੈ ਇਹ ਫ਼ਿਰ ਵੀ ਯਾਦ ਹੈ ਮੈਨੂੰ ਤਾਂ ਹੁਣ ਵੀ ਮੂੰਹ-ਜ਼ਬਾਨੀ ਤੇ ਦੂਜਾ ਵਕਤ ਉਹ ਵੀ ਸੀ ਜਦੋਂ ਮੈਂ ਸ਼ਾਲ-ਪੱਤਰ ਪਹਿਨਦਾ ਸਾਂ ਮੇਰੇ ਪੱਲੇ ਸੀ ਕੰਗਾਲੀ ਤੇ ਤੂੰ ਸੀ ਨਹੀਂ ਸੀ ਹੋਰ ਕੁਝ ਵੀ ਬਾਝ ਇਹਦੇ ਤੇ ਉਸ ਵੇਲੇ ਤੇਰਾ ਚਿਹਰਾ ‘ਅਨਾਰੀ ਫੁੱਲ’ ਵਾਕੁਣ ਲਾਲ ਸੀ ‘ਸੂਹਾ’ ਤੇਰਾ ਹਰ ਸ਼ਬਦ ਸੁਪਨੇ ਵਾਂਗ ‘ਸੁੰਦਰ’ ਸੀ ਤੇ ਤੀਜਾ ਵਕਤ ਉਹ ਵੀ ਕਦੋਂ ਮੇਰੀ ਕੋਲੰਬਸੀ ਸੋਚ ਨੇ ਹੈ ਘੇਰਿਆ ਮੈਨੂੰ ਮੇਰੇ ਲਈ ਵਗਦੀਆਂ ਪੌਣਾਂ ਨੂੰ ਮੇਰੇ ਆਪੇ ਖ਼ੁਦ ਡੱਸਿਆ ਤੇ ਜ਼ਹਿਰੀਲੀ ਫ਼ਿਜ਼ਾ ਵਿਚ ਪੌਣ ਢਿਲਕੀ ਫਿਰ ਰਹੀ ਹੈ ਕਈ ਰੀਝਾਂ ਦੇ ਜੰਗਲ ਸੜਕੇ ਸੁਆਹ ਹੋਏ ਫਨਾਹ ਹੋਏ ਅਸੀਂ ਦੋਵੇਂ ਹਾਂ ਨਿੱਖੜੇ ਅਸਲ ਉਸ ਵੇਲੇ ਜਦੋਂ ਉਮਰਾਂ ਦੇ ਪੱਤਣਾਂ ਤੇ ਨੇ ਭੀੜਾਂ ਕੱਦ ਤੋਂ ਲੰਮੀਆਂ ਤੇ ਹੁਣ ਇਕਲਾਪੇ ਦੀ ਪੰਡ ਨੂੰ ਸਿਰ ਟਿਕਾਈ ਫਿਰ ਫਿਰਾਂ ਅੱਜ ਵੀ ਮੇਰੇ ਹੱਥ ਹੈ ਕਈ ਸਦੀਆਂ ਪੁਰਾਣੀ ਇਕ ਡੰਗੋਰੀ ਹੀ ਤੇ ਅੱਜ ਮੈਂ ਲੰਘ ਰਿਹਾ ਸਾਂ। ਪਿੰਡ ਤੇਰੇ ਕੋਲ ਦੀ ਹੀ ਤੇ ਚਿੱਤ ਕੀਤਾ ਮੈਂ ਜਾਂਦਾ ਸਾਰ ਲੈ ਜਾਵਾਂ ਤੂੰ ਕੁਝ ਤਾਂ ਬੋਲ! ਚੁੱਪ ਕਿਉਂ ਹਂੈ ਕਈ ਸਦੀਆਂ ਪੁਰਾਣਾ ਆਜੜੀ ਅੱਜ ਫੇਰ ਆਇਆ ਹੈ ਕੋਈ ਰਿਸ਼ਤਾ ਪੁਰਾਣਾ ਆਦਿ ਤੋਂ ਉਸ ਫ਼ਿਰ ਜਗਾਇਆ ਹੈ।

ਸਮਾਂ ਨਿਰਪੱਖ ਨਹੀਂ ਹੁੰਦਾ

ਸਮਾਂ ਨਿਰਪੱਖ ਨਹੀਂ ਹੁੰਦਾ ਜਾਂ ਤੇਰੇ ਪੱਖ ਦਾ ਹੁੰਦੈ ਜਾਂ ਸਾਡੇ ਪੱਖ ਦਾ ਹੁੰਦੈ ਨਿਰੀ ਨਿਰਪੱਖਤਾ ਨਾਹਰਾ ਨਿਰਾ ਹੈ ਕਿਉਂ ਉਲਝੇ ਮਨ ਮੇਰਾ ਮੋੜਾਂ ਤੇ ਜਾ ਜਾ ਕੇ ਪਵੇ ਏਨਾ ਭੁਲੇਖਾ ਕਿਉਂ ਇਹ ਮੈਨੂੰ ਧੂੜ ਬੱਦਲ ਦਾ ਸਿਰਫ਼ ਇਤਿਹਾਸ ਹੀ ਜੇ ਮੰਨਦੇ ਹੋ ਤਾਂ ਦੱਸੋ ਕਿਸ ਵਕਤ ਨਿਰਪੱਖਤਾ ਨੇ ਸਾਥ ਦਿੱਤਾ ਹੈ ਅਸੀਂ ਹਰ ਵਕਤ ਹੀ ਇਕ ਪੱਖ ਹੋਏ ਹਾਂ ਤੁਸੀਂ ਖ਼ੁਦ ਵੀ ਤਾਂ ਇਕ ਪੱਖ ਸੀ ਅਸਾਡਾ ਪੱਖ ਸਿੱਧਾ ਹੈ ਜਿਦ੍ਹੇ ਵਿਚ ਤਪਸ਼ ਹੈ ਜਿਦ੍ਹੇ ਵਿਚ ਠੰਡ, ਅਗਨੀ ਤੇ ਜ਼ਬਤ ਹੈ ਜਿਦ੍ਹੇ ਵਿਚ ਜੋਸ਼ ਵੀ ਤੇ ਹੋਸ਼ ਵੀ ਹੈ ਮੈਂ ਬੇਹੋਸ਼ਾ ਆਵਾਜ਼ ਕੱਸਦਾ ਨਹੀਂ ਮੈਂ ਹੋਸ਼ਾਂ ਦੀ ਪਹਾੜੀ ਤੋਂ ਹੀ ਉੱਚੀ ਬੋਲਦਾ ਹਾਂ ਤੁਸੀਂ ਜਦ ਪੱਖ-ਪਾਤਾਂ ਨੂੰ ਨਿਰੀ ਨਿਰਪੱਖਤਾ ਕਹਿੰਦੇ ਤਾਂ ਮੈਂ ਫ਼ਿਰ ਕੂਕਦਾ ਹਾਂ । “ਨਿਰੀ ਨਿਰਪੱਖਤਾ ਨਾਹਰਾ ਨਿਰਾ ਹੀ ਹੈ” ਜਿਦ੍ਹੀ ਰੰਗੀਨ ਝਿਲਮਿਲ ਤੋਂ ਮੇਰਾ ਮਨ ਦੂਰ ਨੱਸਦਾ ਹੈ ਮੇਰਾ ਮਨ ਤ੍ਰਭਕ ਜਾਂਦਾ ਹੈ ਤੇ ਹੁਣ ਇਹ ਗੱਲ ਸਿੱਧੀ ਹੈ ਜਦੋਂ ਵੀ ਸੁਪਨਿਆਂ ਨੂੰ ਖੰਭ ਉੱਗੇ ਨੇ ਅਸਲ ਦੁਨੀਆਂ ਨੂੰ ਉੱਡੇ ਨੇ ਤੁਸਾਂ ਨੂੰ ਕਦੇ ਉਹ ਪੁੱਗੇ ਨੇ ਤੁਸਾਂ ਫਿਰ ਕੁਤਰ ਦਿੱਤੇ ਨੇ ਤੇ ਫਿਰ ਹਿੱਕਾਂ ਸਹਾਰੇ ਪਹੁੰਚ ਕੇ ਅਰਸ਼ੀਂ ਅਸੀਂ ਸਭ ਰਲ ਕੇ ਕਹਿੰਦੇ ਹਾਂ ‘ਸਮਾਂ ਨਿਰਪੱਖ ਨਹੀਂ ਹੁੰਦਾ’ ਜਾਂ ਤੇਰੇ ਪੱਖ ਦਾ ਹੁੰਦੈ ਜਾਂ ਮੇਰੇ ਪੱਖ ਦਾ ਹੁੰਦੈ

ਖ਼ੁਦ-ਕੁਸ਼ੀ ਤੋਂ ਬਾਅਦ

ਛੱਡੋ ਮਿੱਤਰੋ! ਇਹ ਤੋੜੋ ਮੋਹ ਦੀਆਂ ਤੰਦਾਂ ਖ਼ੁਦਕੁਸ਼ੀ ਬਾਅਦ ਹੁਣ ਕਿਉਂ ਸੋਚਦੇ ਹੋ ਤੁਸੀਂ ਕਵਿਤਾ 'ਚ ਲਿਖਦੇ ਹੋ ‘ਉਹ ਕਿੱਥੇ ਨੇ ?’ ਜੋ ਕਹਿੰਦੇ ਸੀ ‘ਹਵਾ ਨੂੰ ਬੰਨ੍ਹ ਦੇਵਾਂਗੇ’ ‘ਟੁਣਕਵੀਂ ਤਾਰ ਛੇੜਾਂਗੇ’ ‘ਅਸੰਭਵ ਨੂੰ ਵੀ ਬਦਲਾਂਗੇ’ ਕਿਤੇ ਵੀ ਹੋਣ ਉਹ ‘ਸਾਰੇ’ ਤੁਹਾਨੂੰ ਫ਼ਿਕਰ ਕਾਹਦਾ ਹੈ ਸੁਆਲਾਂ ਦੀ ਝੜੀ ਤੱਕ ਕੇ ਅਚੰਭਾ ਕੁਝ ਵੀ ਨਹੀਂ ਹੋਇਆ ਤੇ ਨਾ ਹੀ ਆਸ ਸੀ ਏਦਾਂ ਅਸਾਂ ਨੂੰ ਆਸ ਸੀ ਪਹਿਲਾਂ ਉਹ ਕੀਕਣ ਲੜਨਗੇ ਯਾਰੋ ਜਿੰਨ੍ਹਾਂ ਦੇ ਮੂੰਹ ’ਚ ਬੁਰਕੀ ਹੈ ਜਿੰਨ੍ਹਾਂ ਦੇ ਹੱਥ ਚਾਬੀ ਹੈ ਜਿੰਨ੍ਹਾਂ ਦਾ ਇਸ਼ਟ ਹੁੱਕਾ ਹੈ ਜਿੰਨ੍ਹਾਂ ਨਾ ਧੁੱਪ ਸੇਕੀ ਹੈ ਜਿੰਨ੍ਹਾਂ ਨਾ ਵੱਟ ਖਾਧਾ ਹੈ। ਅਸਾਂ ਨੂੰ ਆਸ ਸੀ ਪਹਿਲਾਂ ਉਹ ਕੀਕਣ ਤੁਰਨਗੇ ਯਾਰੋ ! ਜਦੋਂ ਵੀ ਧੁੱਪ ਲੜਦੀ ਹੈ ਉਦੋਂ ਈ ਵੱਟ ਚੜ੍ਹਦਾ ਹੈ ਇਹ ਤਾਂਹੀਓਂ ਅਣਖ਼ ਸਾਡੀ ਤੇਜ਼ ਖ਼ਰ੍ਹਵੀਂ ਦਿਨ-ਬ-ਦਿਨ ਹੋਵੇ ਅਸੀਂ ਤਾਂ ਆਸ ਪੂਰਨ ਲਈ ਅਜੇ ਮੁੜ ਮੁੜ ਜਨਮਣਾ ਹੈ ਤੁਸਾਂ ਇਕ ਵਾਰ ਜੰਮ ਕੇ ਵੀ ਨਿਰੀ ਕਾਲਖ਼ ਸਹੇੜੀ ਹੈ ਤੁਸੀਂ ਜੇ ਸੱਚ ਪੁੱਛਦੇ ਹੋ ਖ਼ੁਦਕੁਸ਼ੀ ਕਰਨ ਤੋਂ ਪਿਛੋਂ ਤੁਹਾਡਾ ਸਭ ਹੀ ਫੱਬਦਾ ਹੈ ਕਿਉਂ ਕਰਦੇ ਫ਼ਿਕਰ ਏਨਾ ਹੋ ਤੁਸੀਂ ਜੇ ਆਪ ਡਰਦੇ ਹੋ ਚਲੋ ਛੱਡੋ! ਇਹ ਤੋੜੇ ਮੋਹ ਦੀਆਂ ਤੰਦਾਂ ਖ਼ੁਦਕੁਸ਼ੀ ਬਾਅਦ ਹੁਣ ਕਿਉਂ ਸੋਚਦੇ ਹੋ

ਟਾਈਮ ਕੈਪਸੂਲ

ਜ਼ੁਲਮ ਦਾ ਨਾਂ ਵੀਅਤਨਾਮ ਈ ਨਹੀਂ ਅਨੇਕਾਂ ਹੋਰ ਨਾਂ ਹਨ: ਮੋਗਾ, ਮੁਕਤਸਰ, ਤਾਰਾਗੜ੍ਹ ਜਹੇ ਲੈ ਸਕਦੇ ਹੋ ਪਿਛਲੇ ਇਤਿਹਾਸ ਦੇ ਪੰਨੇ ਹੁਣ ਫਿੱਕੇ ਪੈ ਗਏ ਨੇ ਜਦ ਵਰਤਮਾਨ ਬੀਤੇ ਤੋਂ ਵੀ ਕਰੜਾ ਹੈ ਜਦ ਕੱਲ੍ਹ ਦੇ ਅਖੌਤੀ ਹੀਰਿਆਂ ਨੂੰ ਗੋਲੀ ਨਾਲ ਉਡਾਇਆ ਜਾਂਦਾ ਹੈ ਜਦ ਕੱਲ੍ਹ ਦੇ ਅਖੌਤੀ ਵਾਰਸਾਂ ਨੂੰ ਭੌਣਾਂ ਤੇ ਲਿਟਾਇਆ ਜਾਂਦਾ ਹੈ ਤਾਂ ਇਤਿਹਾਸ ਵਾਲੀ ਗੱਲ ਕੋਈ ਅਰਥ ਨਹੀਂ ਰੱਖਦੀ ਉਦੋਂ ਦੇ ‘ਮੁਕਤਿਆਂ’ ਦਾ ਸ਼ਹਿਰ ਅੱਜ ‘ਸਰਹੰਦ’ ਲੱਗਦਾ ਹੈ ਇਤਿਹਾਸ ਦੇ ਕੁਝ ਕਾਂਡ ਹੋਰ ਵਧੇ ਹਨ ਪਰ ਅਜੇ ਇਹ ਜੂਝਦੀਆਂ ਜਿੰਦਾਂ ਦੇ ਪਲ ਇਤਿਹਾਸ ਨਹੀਂ ਬਣਨੇ ਜੇ ਬਣ ਵੀ ਗਏ ਤੇ ਇਸ ਨੂੰ ਮਿਥਿਹਾਸ ਬਣਾ ਕੇ ਉਲੀਕਿਆ ਜਾਵੇਗਾ ਤੇ ਕੱਲ੍ਹ ਦੇ ਵਾਰਸਾਂ ਨਾਲ ਵਿਸਾਹਘਾਤ ਕੀਤਾ ਜਾਵੇਗਾ ਇਤਿਹਾਸ ਵਿਚ ਤੁਸੀਂ ‘ਤੁਸੀਂ ਨਹੀਂ ਹੋਵੇਗੇ ਆਉਣ ਵਾਲੇ ‘ਕੱਲ੍ਹ’ ਨੂੰ ਤਰਲੇ ਕਰ ਕਰ ਰੋਕਿਆ ਜਾਵੇਗਾ ਪਰ ਉਹ ਰੁਕੇਗਾ ਨਹੀਂ ਉਹ ਇਨਸਾਨ ਪਛਾਣੇਗਾ ਉਹ ਤੋੜ ਸੁੱਟੇਗਾ ਤਿੜਕੇ ਰਿਵਾਜ਼ ਗੰਦੇ ਗਲੀਜ਼ ਰਿਸ਼ਤੇ ਉਹ ਮੁਨਕਰ ਹੋਵੇਗਾ ਇਸ ਇਤਿਹਾਸ ਨੂੰ ਅਪਨਾਉਣ ਤੋਂ ਤੇ ਫ਼ਿਰ ਉਹ ਰੋਹ ਦੇ ਵਿਚ ਆ ਕੇ ਪੁਰਾਣਾ ਪਾੜ ਦੇਵਣਗੇ ਨਵੇਂ ਦੀ ਗੱਲ ਚੱਲੇਗੀ

ਹਾਰਿਆ ਮਦਾਰੀ

ਉਹ ਅਕਸਰ ਹਰ ਮਹਿਫ਼ਲ ਵਿਚ ਹਾਜ਼ਰ ਹੁੰਦੈ ਗੱਲ ਚਾਹੇ ਅੰਤਿਮ ਪੜਾਅ ਤੇ ਪੁੱਜੇ ਯਾਤਰੀ ਦੀ ਹੋਵੇ ਜਾਂ ਉਡਾਰੀ ਤੇ ਚੜੇ ਪਰਿੰਦਿਆਂ ਦੀ ਡਾਰ ਬਾਬਤ ਗੁਫ਼ਾ ਦੇ ਸਿਆਹ ਹਨੇਰੇ ਵਿਚ ਉਹ ਆਸ਼ਰਮ ਦੇ ਮਹਾਂ-ਰਿਸ਼ੀ ਕੋਲ ਆਉਂਦੈ ਬਨਵਾਸੀ ਰਾਮ ਦੀਆਂ ਖੜਾਵਾਂ ਨੂੰ ਰੱਬ ਆਖਦੈ ਕੁੰਜ ਇੰਜ ਬਦਲਦੈ ਹਾਰਿਆ ਮਦਾਰੀ ਜੀਕਣ ਥੈਲੇ ਦਾ ਅਸਬਾਬ ਨਿੱਤ ਬਦਲਦੈ ਖੁੰਝੇ ਹੋਏ ਤੀਰ ਨੂੰ ਤੀਰ ਹੀ ਨਹੀਂ ਮੰਨਦਾ ਬੱਸ ਤੁੱਕਾ ਕਹਿ ਕੇ ਟਾਲ ਛੱਡਦੈ ਪਿੰਡ ਦੇ ਲੂੰਬੜ ਮਹਾਂਯੋਗੀ ਦੀ ਹਰ ਅਦਾ ਸੁਖਾਵੀਂ ਆਖਦੈ ਯਾਰਾਂ ਦੀ ਮਹਿਫ਼ਲ 'ਚ ਉਹਦੀ ਬੱਕੀ ਤੋਂ ਵੀ ਫਰਿਸ਼ਤੇ ਡਰਦੇ ਨੇ ਤੇ ਉਸ ਤੋਂ ਖ਼ੁਦਾ ਖ਼ੁਦ ਆਪ

ਚਿੜੀਆਂ ਮੋਰ ਕਬੂਤਰ ਤੋਤੇ

ਅਸੀਂ ਜੋ ਆਲ ਦੁਆਲੇ ਫਿਰਦੇ ਚੋਗਾ ਚੁਗਦੇ ਬੰਦੇ ਨਹੀਂ ਹਾਂ ਚਿੜੀਆਂ ਮੋਰ ਕਬੂਤਰ ਕਾਂ ਹਾਂ ਜਾਂ ਹਾਂ ਤੋਤੇ ਗਾਨੀ ਵਾਲੇ ਲਟ ਪਟ ਪੰਛੀ ਚਤੁਰ ਸੁਜਾਨ ਸਭ ਕਾ ਦਾਤਾ ਸ੍ਰੀ ਭਗਵਾਨ ਰਟੀ ਜਾਂਦੇ ਹਾਂ ਟੁੱਟੇ ਭੱਜੇ ਖਿੰਘਰ ਜਹੇ ਸ਼ੀਸੇ ਦੇ ਅੰਦਰ ਆਪਣਾ ਅਕਸ ਨਿਹਾਰ ਰਹੇ ਹਾਂ ਪਰਛਾਵਾਂ ਲਲਕਾਰ ਰਹੇ ਹਾਂ ਪੌਣ ਵਗੇ ਤਾਂ ਪੈਲਾਂ ਪਾਈਏ ਚਿਤ ਪਰਚਾਈਏ ਮੋਰ ਵਾਂਗ ਚਿਤਕਬਰੇ ਸਾਡਾ ਆਪਣਾ ਤਾਂ ਕੋਈ ਰੰਗ ਨਹੀਂ ਹੈ ਵਾਂਗ ਕਬੂਤਰ ਗੋਲੇ ਬੀਬੇ ਦੋ ਧਿਰ ਬਣ ਕੇ ਬੈਠ ਗਏ ਹਾਂ ਆਪਸ ਦੇ ਵਿਚ ਨਿੱਤ ਲੜਦੇ ਹਾਂ ਅਸੀਂ ਜੋ ਆਲ-ਦੁਆਲੇ ਫਿਰਦੇ ਚੋਗਾ ਚੁਗਦੇ ਬੰਦੇ ਨਹੀਂ ਹਾਂ ਚਿੜੀਆਂ ਮੋਰ ਕਬੂਤਰ ਕਾਂ ਹਾਂ ਜਾਂ ਹਾਂ ਤੋਤੇ ਗਾਨੀ ਵਾਲੇ ਜੋ ਵੀ ਹਾਂ ਬੰਦੇ ਨਹੀਂ ਹਾਂ

ਇਕ ਮਿੰਟ ਖ਼ਾਮੋਸ਼ੀ

ਤੇਰੀ ਅੱਜ ਇਕ ਮਿੰਟ ਖ਼ਾਮੋਸ਼ੀ ਮੇਰਾ ਪਿੰਡਾ ਝੁਲਸ ਗਈ ਹੈ ਛਾਲੇ ਛਾਲੇ ਲੁੱਛਦਾ ਮਨ ਹਟਕੋਰੇ ਭਰਦਾ ਕਿਸੇ ਉਡੀਕ 'ਚ ਬੈਠਾ ਛਾਂ ਨੂੰ ਤੜਪ ਰਿਹਾ ਹੈ ਕੇਹੇ ਦਿਨ ਸਨ ਆਪਣੇ ਹੀ ਆਲਮ ਵਿਚ ਡੁੱਬੇ ਅੱਗ ਦੇ ਭੱਠ ਵਿਚ ਪੈ ਕੇ ਵੀ ਅਸਾਂ ਸੀ ਨਾ ਕੀਤੀ ਦੱਸ ਤਾਂ ਸਹੀ ਕੁਛ ਅੱਥਰੇ ਯਾਰਾ ਤੇਰੇ ਪਿੱਛੇ ਕੀਹ ਨਾ ਕੀਤੀ ਅੱਜ ਦੀ ਮਿੰਟ ਖ਼ਾਮੋਸ਼ੀ ਦਾ ਵਿਸਥਾਰ ਮੇਰੇ ਨਕਸ਼ਾਂ ਨੂੰ ਤਾਰੋ-ਤਾਰ ਕਰ ਗਿਆ ਵਹਿੰਦਾ ਦਰਿਆ ਉੱਛਲ ਕੇ ਜਿਉਂ ਲਾਗੇ ਚਾਗੇ ਦੇ ਸਾਰੇ ਪਿੰਡ ਰਾਤੀਂ ਮਾਰੋ-ਮਾਰ ਕਰ ਗਿਆ ਉਂਝ ਮੈਂ ਭਾਵੇਂ ਐਵੇਂ ਰੱਖ ਰਖਾਈ ਖ਼ਾਤਿਰ ਤੈਨੂੰ ਏਦਾਂ ਕਹਿ ਦਿੱਤਾ ਹੈ ਮੈਨੂੰ ਤੇਰੀ ਪ੍ਰਵਾਹ ਨਹੀਂ ਹੈ ਮੈਨੂੰ ਤੇਰੀ ਲੋੜ ਨਹੀਂ ਹੈ ਪਰ ਤੂੰ ਦੱਸ ਖਾਂ! ਪ੍ਰਵਾਹ ਤੋਂ ਬਿਨ ਕੌਣ ਕਿਸੇ ਦੀਆਂ ਪੈੜਾਂ ਦੇ ਹੁਲੀਏ ਪਹਿਚਾਣੇ ਕੌਣ ਕਿਸੇ ਦੀ ਛਾਂ ਨੂੰ ਲੱਭੇ ਛਾਵਾਂ 'ਚੋਂ ਖੁਸ਼ਬੋਈ ਮਾਣੇ।

ਬਤਰਜ਼ ਦੇਵਿੰਦਰ ਸਤਿਆਰਥੀ

ਘੋਨਾ ਹਾਥੀ ਮੁੰਦਰਾਂ ਪਾਵੇ ਦੱਸ ਰੰਝੇਟਾ ਕਿਧਰ ਜਾਵੇ ਖਾਉ ਪੀਉ ਮਲੋ ਸੁਆਹ ਇਸ਼ਕੇ ਦਾ ਇਹ ਕੈਸਾ ਫਾਹ ਦਿੱਲੀ ਦੀ ਚੰਦਰੀ ਸਰਕਾਰ ਖੋਲ੍ਹੀ ਜਾਵੇ ਚੋਰ ਬਜ਼ਾਰ ਬਿਜਲੀ ਬੰਦ ਹਨੇਰਾ ਘੁੱਪ ਸ਼ਹਿਰ 'ਚ ਛਾਪੇਖ਼ਾਨੇ ਚੁੱਪ ਇਸ ਸਰਕਾਰ ਕੀ ਪਾਇਆ ਗੰਦ ਜੇਲ੍ਹਾਂ ਖੁੱਲ੍ਹੀਆਂ ਕਾਲਜ ਬੰਦ ਗ਼ਮਲੇ ਦੇ ਵਿਚ ਲਾਇਆ ਅੱਕ ਆਟੇ ਵਿਚੋਂ ਨਿਕਲੀ ਫ਼ੱਕ ਬਾਗਾਂ ਵਿਚ ਕੂਕਦੇ ਮੋਰ ਕੁਰਸੀ ਉੱਪਰ ਬੈਠੇ ਚੋਰ ਕਵੀ ਨੂੰ ਛਾਵਾਂ ਕਰਦੇ ਸੱਪ ਸੁਣ ਲਉ ਸਭ ਤੋਂ ਵੱਡੀ ਗੱਪ ਇਕ ਨਾਵਲ ਦੇ ਸਫ਼ੇ ਹਜ਼ਾਰ ਪਾਠਕ ਪੜ੍ਹ ਕੇ ਹੋਏ ਬੀਮਾਰ ਬੁੱਢੀ ਉਮਰੇ ਧੌਲਾ ਝਾਟਾ ਰੰਗਦੀ ਵਾਲ ਸ਼ਰਮ ਦਾ ਘਾਟਾ ਦਾਹੜੀ ਦਾ ਕਿਉਂ ਕਰਨੈਂ ਪਰਦਾ ਜੀਅ ਤੇਰਾ ਬਦੀਆਂ ਨੂੰ ਕਰਦਾ ਬਿੱਲੀ ਕੱਲ੍ਹੀ ਘੁੱਪ ਹਨੇਰ ਕਰੇ ਗ਼ੁਲਾਮੀ ਬੱਗਾ ਸ਼ੇਰ ਕਬਰਾਂ ਦੇ ਵਿਚ ਸੌਣ ਮਲੰਗ ਸ਼ਹਿਰ ਦੀਆਂ ਹੱਦਾਂ ਨੇ ਤੰਗ ਅੰਬਰਸਰ ਦੀ ਕੈਸੀ ਬਾਤ ਚਲੇ ਚਰਖ਼ੜੀ ਦਿਨ ਤੇ ਰਾਤ ਪਹਿਲੀ ਵਾਰ ਜਦੋਂ ਸਾਂ ਮੋਏ ਕਾਫ਼ੀ ਹਾਊਸ ਦੇ ਬਹਿਰੇ ਰੋਏ ਦਿੱਲੀ ਸ਼ਹਿਰ ਨਿਰਾ ਬਕਵਾਸ ਹੋਣਾ ਚਾਹੁੰਦਾ ਬੰਦ ਖ਼ਲਾਸ ਉਹ ਸੀ ਬੰਦਾ ਬੜਾ ਮਹਾਨ ਲੋਕ ਗੀਤ ਸਨ ਉਸਦੀ ਜਾਨ

ਦੁਚਿੱਤੀ 'ਚੋਂ ਲੰਘਦਿਆਂ

ਅੰਬਰ ਵਿਚ ਅੱਜ ਤੁਰ ਜਾਵਣ ਨੂੰ ਜੀ ਕਰਦਾ ਸੀ ਇਹ ਹੀ ਸੋਚ ਕੇ ਬੈਠ ਗਿਆ ਹਾਂ ਖੰਭਾਂ ਤੋਂ ਬਿਨ ਕੀਕਣ ਅੰਬਰੀਂ ਪਹੁੰਚ ਸਕਾਂਗਾ ? ਹੱਥਾਂ ਤੋਂ ਬਿਨ ਕੀਕਣ ਤਾਰੇ ਤੋੜ ਸਕਾਂਗਾ ? ਮਿੱਤਰ-ਬੇਲੀ ਆਪਣੀ ਛਾਵੇਂ ਕੱਲ ਰਾਤੀਂ ਜਦ ਘੂਕ ਪਏ ਸੀ ਅੱਖ ਬਚਾ ਕੇ ਮੈਂ ਤਾਂ ਉਥੋਂ ਤੁਰ ਚੱਲਿਆ ਸਾਂ ਰਾਹ ਵਿਚ ਐਵੇਂ ਚਾਣ-ਚੱਕ ਈ ਚੇਤੇ ਆਇਆ ਖ਼ੈਰ! ਉਹ ਚੇਤਾ ਕੁਛ ਵੀ ਹੋਵੇ ਚੇਤੇ ਦਾ ਹੁਣ ਚੇਤਾ ਨਹੀਂ ਹੈ ਇਹ ਹੀ ਸੋਚ ਕੇ ਮੁੜ ਆਇਆ ਹਾਂ ਆ ਕੇ ਕੀਕਣ ਧਰਤੀ ਉਤੇ ਮੁੜ ਕੇ ਰਿਸ਼ਤਾ ਜੋੜ ਸਕਾਂਗਾ ਖੰਭਾਂ ਤੋਂ ਬਿਨ ਕੀਕਣ ਅੰਬਰੀਂ ਪਹੁੰਚ ਸਕਾਂਗਾ ਕੇਹੇ ਦਿਨ ਸਨ ਆਪਣੇ ਹੀ ਆਲਮ ਵਿਚ ਡੁੱਬੇ ਯਾਰਾਂ ਦੀ ਛਾਵੇਂ ਜਦ ਰੋਜ਼ ਸ਼ਾਮ ਸਾਂ ਬਹਿੰਦੇ ਜਿੱਤ ਵਰਗਾ ਅਹਿਸਾਸ ਹਮੇਸ਼ਾਂ ਭਾਵੇਂ ਸਾਂ ਹਰ ਵਾਰੀ ਢਹਿੰਦੇ ਹੁਣ ਜਦ ਬੜੇ ਹੌਸਲੇ ਬੰਨ ਕੇ ਮਨ ਵਿਚ ਰੀਝ ਤੁਰਨ ਦੀ ਲੈ ਕੇ ਚੱਲ ਪੈਂਦੇ ਹਾਂ ਭਾਵੇਂ ਆਖ਼ਰ ਨੂੰ ਜਿੱਤਣਾ ਹੈ ਹਰ ਵਾਰੀ ਹੀ ਹਾਰਨ ਦੀ ਗੱਲੋਂ ਹਾਂ ਤ੍ਰਹਿੰਦੇ ਹੁਣ ਨਹੀਂ! ਓਦੋਂ ਬੜੇ ਖ਼ੂਬ ਸੀ ਦੁਸ਼ਮਣ ਮੇਰੇ ਬਾਰੂਦੀ ਸੁਰੰਗਾਂ ਦੇ ਵਾਂਗੂੰ ਰਾਹਾਂ ਦੇ ਵਿਚ ਵਿਛੇ ਪਏ ਸੀ ਭੁੱਲ ਭੁਲੇਖੇ ਜੇਕਰ ਪੈਂਡੇ ਪੈ ਜਾਂਦਾ ਤਾਂ ਤੂੰਬਾ ਤੂੰਬਾ ਹੋ ਕੇ ਮੈਂ ਤਾਂ ਉੱਡ ਜਾਣਾ ਸੀ ਹਰ ਵਾਰੀ ਹੀ ਮਿੱਤਰ ਲੰਮੀਆਂ ਬਾਹਾਂ ਵਾਲੇ ਮਰਦਾਨੇ ਦੀ ਜਿੰਦ ਦੇ ਵਾਂਗੂੰ ਰੱਖ ਲੈਂਦੇ ਨੇ ਹੁਣ ਵੀ ਕੀ ਹੈ ਐਵੇਂ ਈ ਦੁਸ਼ਮਣ ਦੀ ਚਾਲੋਂ ਡਰ ਬੈਠਾ ਸਾਂ ਸੋਚ ਰਿਹਾ ਸਾਂ! ਧਰਤੀ ਉੱਤੇ ਰਹਿ ਕੇ ਕੀ ਮੈਂ ਦੁਸ਼ਮਣ ਦੀਆਂ ਚਾਲਾਂ ਦਾ ਉੱਤਰ ਮੋੜ ਸਕਾਂਗਾ ਤਾਹੀਉਂ ਈ ਅੱਜ ਤੁਰ ਜਾਵਣ ਨੂੰ ਜੀਅ ਕਰਦਾ ਸੀ ਹੁਣ ਤਾਂਹੀਏ ਈ ਮੁੜ ਆਇਆ ਹਾਂ ਹੁਣ ਤਾਂ ਮੈਨੂੰ ਇੰਝ ਲੱਗਦਾ ਹੈ ਜੀਕਣ ਹੁਣ ਮੈਂ ਸਭ ਦੀ ਭਾਜੀ ਮੋੜ ਸਕਾਂਗਾ ਆਪਣੇ ਬੁੱਤ ਨੂੰ ਤੋੜ ਸਕਾਂਗਾ ਟੁੱਟੇ ਬੁੱਤ ਨੂੰ ਜੋੜ ਸਕਾਂਗਾ ਹੁਣ ਤਾਂ ਮੈਨੂੰ ਇੰਜ ਲੱਗਦਾ ਹੈ ਤਾਂਹੀਏ ਈ ਮੈਂ ਮੁੜ ਆਇਆ ਹਾਂ।

ਮੇਰਾ ਸਿਰ ਵਾਪਿਸ ਕਰੋ

(ਐਮਰਜੈਂਸੀ ਵਾਲੇ ਦਿਨਾਂ ਨੂੰ ਸਮਰਪਿਤ) ਸੀਸ ਵਿਹੂਣਾ ਮੈਂ ਤਾਂ ਯਾਰੋ ਅੱਕ ਗਿਆ ਹਾਂ ਹੁਣ ਤਾਂ ਮੇਰਾ ਸੀਸ ਦੁਸ਼ਮਣੋ ਵਾਪਿਸ ਕਰ ਦਿਉ ਸੀਸ ਵਿਹੂਣੇ ਇਸ ਧੜ ਨੂੰ ਮੈਂ ਕੀਹ ਕਰਨਾ ਹੈ ਇਸ ਨੂੰ ਲੈ ਕੇ ਤੁਰਨਾ ਫਿਰਨਾ ਇੰਜ ਲੱਗਦਾ ਹੈ ਆਪਣੇ ਹੱਥੋਂ ਹੀ ਮਰਨਾ ਹੈ ਬਹੁਤ ਪੁਰਾਣੀ ਬਾਤ ਨਹੀਂ ਇਹ ਕੱਲ੍ਹ ਦੀ ਗੱਲ ਹੈ ਜਦੋਂ ਤੁਸਾਂ ਵਿਚ ਭਰੀ ਸਭਾ ਦੇ ਸਿਰ ਮੰਗੇ ਨਹੀਂ ਸਿਰ ਕੱਟੇ ਸੀ ਓਦੋਂ ਮੇਰੀ ਜੀਭ ਕਿਸੇ ਹੱਥ, ਹੱਥ ਕਿਸੇ ਵੱਸ ਪੈਰ ਕਿਸੇ ਜੰਜ਼ੀਰ ਜਕੜਿਆ ਹੋਰ ਕੀ ਦੱਸਾਂ, ਮੈਂ ਤਾਂ ਯਾਰੋ ਬੋਲ ਬੋਲ ਕੇ ਅੱਕ ਗਿਆ ਹਾਂ ਹੁਣ ਤਾਂ ਮੇਰਾ ਸੀਸ ਦੁਸ਼ਮਣੋਂ ਵਾਪਿਸ ਕਰ ਦਿਉ ਮੇਰੀ ਧੌਣ ਤੇ ਬੈਠੀ ਕੁਰਸੀ ਇੰਜ ਕਹਿੰਦੀ ਸੀ ਇਸ ਨੂੰ ਸ਼ਹਿਰੋਂ ਬਾਹਰ ਲਿਜਾ ਕੇ ਇਸ ਦੇ ਟੋਟੇ ਟੋਟੇ ਕਰ ਦਿਓ ਇਸ ਦੀ ਜੀਭ ’ਚੋਂ ਇਹਨੂੰ ਕੱਢ ਕੇ ਮੇਰੇ ਵਾਲੇ ਬੋਲ ਭਰ ਦਿਓ ਉਸ ਨੂੰ ਡਰ ਸੀ ਏਸ ਤਰ੍ਹਾਂ ਦਾ ਬੁੱਤ ਵੇਖ ਕੇ ਮੈਨੂੰ ਲੋਕੀਂ ਕੀਹ ਆਖਣਗੇ ਉਸਨੂੰ ਖ਼ਬਰੇ ਭਰਮ ਅਜੇਹਾ ਕਿਸ ਪਾਇਆ ਸੀ ਮੇਰੀ ਜੀਭ ਉਹਦੇ ਬੋਲਾਂ ਨੂੰ ਸਾਂਭ ਲਵੇਗੀ ਜੋ ਆਖੇਗੀ ਬੋਲ ਪਵੇਗੀ ਪਰ ਮੈਂ ਚੁੱਪ ਸਾਂ ਕੀ ਕਹਿੰਦਾ ਮੈਂ ਓਦੋਂ ਮੇਰੀ ਜੀਭ ਕਿਸੇ ਹੱਥ ਹੱਥ ਕਿਸੇ ਹੱਥ ਪੈਰ ਕਿਸੇ ਜੰਜ਼ੀਰ ਜਕੜਿਆ ਮੇਰੇ ਦਿਲ ਦੀ ਦਿੱਲੀ ਲੁੱਟ ਲਈ ਨਾਦਰਸ਼ਾਹਾਂ ਸੁਪਨਿਆਂ ਦਾ ਸੰਸਾਰ ਮੇਰਾ ਬੁਲਡੋਜ਼ਰ ਢਾਹ ਗਏ ਠੱਪਿਆਂ ਵਾਲੇ ਸਾਨ੍ਹ ਫਿਰਨ ਸਰਕਾਰੀ ਬੁੱਕਦੇ ਧੀਆਂ ਵਾਂਗੂੰ ਪਾਲੀਆਂ ਕਣਕਾਂ ਮਿੱਧਦੇ ਫਿਰਦੇ ਇਹ ਨਾ ਰੁਕਦੇ ਕੌਣ ਇਨ੍ਹਾਂ ਨੂੰ ਰੋਕ-ਟੋਕ ਕੇ ਮੌਤ ਸਹੇੜੇ ਕੌਣ ਰੋਕਦਾ ਉਦੋਂ ਤਾਂ ਸਭਨਾਂ ਦੀਆਂ ਜੀਭਾਂ ਸਨ ਕਿਸੇ ਵੱਸ ਹੱਥ ਕਿਸੇ ਵੱਸ ਪੈਰ ਕਿਸੇ ਜ਼ੰਜੀਰ ਜਕੜਿਆ ਸੁੰਨ ਮਸਾਣ ਸ਼ਹਿਰ ਵਿਚ ਵਰਤੀ ਕੁੱਤੇ ਭੌਕਣ, ਇੱਲਾਂ ਘੁੰਮਣ ਕਾਵਾਂ ਰੌਲੀ, ਬੋਦਾਖ਼ੋਹੀ ਪੁੱਛ ਰਿਹਾ ਸਾਂ ਸੀਸ ਵਿਹੂਣਾ ਦੱਸ ਮਨਾਂ ਇਹ ਗੱਲ ਕੀ ਹੋਈ ਮਾਵਾਂ ਤੋਂ ਪੁੱਤ ਖੋਹ ਕੇ ਲੈ ਗਏ ਬਾਪੂ ਦੀ ਦਾੜ੍ਹੀ ਨੂੰ ਪੈ ਗਏ ਇੱਜ਼ਤਾਂ ਮਿੱਟੀ ਘੱਟੇ ਰੁਲੀਆਂ ਕੋਈ ਕਿਸੇ ਨੂੰ ਕੁਝ ਵੀ ਆਖਣ ਤੋਂ ਡਰਦਾ ਸੀ ਕਹਿੰਦਾ ਵੀ ਕਿੰਜ ਓਦੋਂ ਤਾਂ ਸਭਨਾਂ ਦੀਆਂ ਜੀਭਾਂ ਸਨ ਕਿਸੇ ਵੱਸ, ਹੱਥ ਕਿਸੇ ਵੱਸ ਪੈਰ ਕਿਸੇ ਜੰਜ਼ੀਰ ਜਕੜਿਆ ਪਰ ਮੇਰਾ ਸਿਰ ਐਵੇਂ ਤਾਂ ਨਹੀਂ ਲਾਹ ਕੇ ਲੈ ਗਏ ਹਾਲੇ ਤੀਕਣ ਕਬਜ਼ੇ ਦੇ ਵਿਚ ਰੱਖੀ ਬੈਠੇ ਉਨਾਂ ਨੂੰ ਇਹ ਮੇਰੇ ਸਿਰ ਤੋਂ ਆਸ ਨਹੀਂ ਸੀ ਮੈਂ ਉਨ੍ਹਾਂ ਦੀ ਅਰਦਲ ਦੇ ਵਿਚ ਜਾ ਬੈਠਾਂਗਾ ਏਸੇ ਕਰਕੇ ਹਾਲੇ ਵੀ ਉਹ ਮੇਰੇ ਸਿਰ ਨੂੰ ਸਾਂਭੀ ਬੈਠੇ ਕੁਰਸੀ ਨੂੰ ਇਹ ਭਰਮ ਕਿਸੇ ਨੇ ਸੱਚ ਪਾਇਆ ਹੈ ਸਿਰ ਹੋਵੇ ਸਹੀ ਸੀਸ ਕਦੇ ਵੀ ਝੁਕਦਾ ਨਹੀਂ ਹੈ ਜਿਸ ਦਾ ਨਾਤਾ ਅਣਖ਼ ਨਾਲ ਹੈ ਪੈਰ ਕਦੇ ਵੀ ਰੁਕਦਾ ਨਹੀਂ ਹੈ ਭਾਵੇਂ ਹੋਵੇ ਹੱਥ ਕਿਸੇ ਵੱਸ ਭਾਵੇਂ ਹੋਵੇ ਜੀਭ ਕਿਸੇ ਵੱਸ ਪੈਰ ਕਿਸੇ ਜੰਜ਼ੀਰ ਜਕੜਿਆ ਐਵੇਂ ਅੱਜ ਮੈਂ ਤੈਨੂੰ ਏਦਾਂ ਹਾਸੇ ਭਾਣੇ ਆਖ ਰਿਹਾ ਸਾਂ ਮੈਨੂੰ ਮੇਰਾ ਸੀਸ ਦੁਸ਼ਮਣਾ ਵਾਪਿਸ ਕਰ ਦੇਹ ਮੈਨੂੰ ਇਹ ਵਿਸ਼ਵਾਸ ਪੁਰਾਣਾ ਸੀਸ ਕਦੇ ਮੰਗਿਆਂ ਨਹੀਂ ਮੁੜਦੇ ਸੀਸ ਕਦੇ ਮੰਗਿਆਂ ਨਹੀਂ ਮੁੜਦੇ

ਇਕ ਉਦਾਸ ਸ਼ਾਮ*

ਸ਼ਾਮ ਉਦਾਸ ਹੈ ਯਾਰੋ, ਹਾਉਕਾ ਨਾ ਭਰੋ । ਚੁੱਪ ਦਾ ਦਰਦ ਆਇਐ ਦਹਿਲੀਜ਼ੇ, ਇਹਨੂੰ ਸੱਦੋ ਤੇ ਜਰੋ। ਜੇ ਨਹੀਂ ਕੁਝ ਵੀ ਕਰਨਾ, ਨਾ ਸਹੀ, ਜੇ ਕਰਨਾ ਹੈ ਨਾ ਟਾਲੋ, ਹੁਣ ਹੀ ਕਰੋ। ਇਹ ਮੌਕਾ ਪੀੜ ਪਰੁੱਚਿਆ ਫੇਰ ਨਹੀਂ ਆਉਣਾ, ਇਹਨੂੰ ਅੱਜ ਮਾਣ ਕੇ, ਪੱਬ ਅੱਗੇ ਨੂੰ ਧਰੋ। ਕਿਸੇ ਦਰਿਆ ਦੇ ਕੰਢੇ, ਚੌਂਕ, ਜਾਂ ਬੀਆਬਾਨ ’ਚ ਰਾਤੀਂ, ਜੋ ਅਨਹੋਣੀ ਨੇ ਹੋਣਾ ਹੈ, ਮੇਰੇ ਕਾਤਿਲ ਜੀ ਆਓ, ਹੁਣ ਕਰੋ ! ਰਹੀ ਜੇ ਲਾਟ ਤਾਂ ਦੱਸਾਂਗੇ ਜੁਗਨੂੰ ਨੂੰ, ਬਿਨਾ ਅੱਗ ਤੋਂ ਭੁਲੇਖਾ ਜੱਗ ਨੂੰ, ਪਾਉਣ ਦੀ ਕੋਸ਼ਿਸ਼ ਤਾਂ ਨਾ ਕਰੋ। ਪਰਤ ਜਾਉ, ਨਾ ਆਓ ਨਾਲ ਮੇਰੇ, ਨਹੀਂ ਇਕਰਾਰ ਤਾਂ ਇਨਕਾਰ ਕਰੋ। ਜੇ ਮੰਨਦੇ ਹੋ, ਤੁਰਨ ਨੂੰ ਜੀਅ ਨਹੀਂ ਕਰਦਾ, ਤਾਂ ਬੀਮਾਰੋ, ਕਿਸੇ ਹੀ ਤੁਰਨ ਵਾਲੇ ਦਾ, ਕਦੇ ਸਤਿਕਾਰ ਕਰੋ। *ਐਮਰਜੈਂਸੀ ਲੱਗਣ ਵਾਲਾ ਦਿਨ 27 ਜੂਨ 1975

ਸ਼ਹਿਰ ਸੌਂ ਰਿਹਾ ਹੈ

ਸ਼ਹਿਰ ਚੁੱਪ ਚਾਪ ਘੂਕਰ ਸੌਂ ਰਿਹਾ ਹੈ। ਇਹ ਕਿਹੜਾ ਬਾਦਸ਼ਗਨ ਹਾਲੇ ਵੀ, ਮਿਰਜ਼ਾ ਗੌਂ ਰਿਹਾ ਹੈ। ਸ਼ਹਿਰ ਦੇ ਬੰਦ ਦਰਵਾਜ਼ੇ, ਖੜ੍ਹਾ ਹਰ ਮੋੜ 'ਤੇ ਪਹਿਰਾ। ਸੀ ਦਰਿਆ ਭੀੜ ਦਾ ਜੋ ਕੱਲ੍ਹ, ਬਣੀ ਬੈਠਾ ਏ ਅੱਜ ਸਹਿਰਾ। ਆਵਾਜ਼ਾਂ ਬੁੱਤ ਬਣਕੇ ਕੱਲ੍ਹ ਤੀਕਣ, ਬੈਠੀਆਂ ਸਨ ਜੋ। ਸਵੇਰੇ ਦਿਨ ਚੜ੍ਹੇ ਤੋਂ ਗਾਇਬ ਨੇ ਉਹ। ਹਵਾ ਦੇ ਕੰਨ ਵੀ ਓਦਣ ਦੇ ਉੱਕਾ ਬੰਦ ਹੋ ਗਏ ਨੇ। ਸ਼ਹਿਰ ਦੇ ਬਾਹਰਲੇ ਬੂਹੇ, ਜਿੱਦਣ ਦੇ ਰੰਗ ਹੋ ਗਏ ਨੇ। ਸ਼ਹਿਰ ਵਿਚ ਡਾਰ ਛਹਿ ਕੇ ਬਹਿ ਗਈ ਹੈ। ਹਵਾ ਵਿਚ ਖੰਭ ਉੱਡਦੇ ਫ਼ਿਰ ਰਹੇ ਨੇ। ਸ਼ਿਕਾਰੀ ਖੰਭ ਨੂੰ ਬੈਠੇ ਸਲਾਮੀ ਦੇ ਰਹੇ ਨੇ।

ਫ਼ੁਲਕਾਰੀ ਦਾ ਫੁੱਲ* ਪਲੇਠਾ

ਰੁੱਖ ਦੇ ਹੇਠਾਂ ਰੁੱਖ ਨਹੀਂ ਉੱਗਦਾ। ਪਰ ਇਹ ਐਸਾ ਰੁੱਖ ਹੈ, ਜਿਸ ਦੇ ਹੇਠ ਅਨੇਕਾਂ ਰੁੱਖ ਉੱਗੇ ਨੇ। ਇਕ ਪਲ ਲਾਵੇ ਦਾ ਦਰਿਆ ਹੈ, ਦੂਜੇ ਪਲ ਬਰਫ਼ਾਨੀ ਟੀਸੀ। ਫ਼ੁਲਕਾਰੀ ਦਾ ਫੁੱਲ ਪਲੇਠਾ। ਬੁਰਸ਼ਾਂ ਨਾਲ ਲਿਖੇ ਕਵਿਤਾਵਾਂ। ਮੌਨ ਪਲਾਂ ਦਾ ਚਿਤਰਕਾਰ, ਹਿਰਨੋਟਾ ਮਨ ਦਾ। ਟਿੱਲੇ ਉੱਤੇ ਜਟਾਧਾਰ ਗੋਰਖ ਦਾ ਚੇਲਾ। ਏਸ ਸਦੀ ਦੇ ਹੱਥੀਂ ਰਚਿਆ, ਗੁੜ੍ਹਤੀ ਵਾਗੂੰ । ਆਪ ਪਤਾ ਨਹੀਂ ਕਿਹੜੀ ਮਿੱਟੀ ਦਾ ਬਣਿਆ ਹੈ, ਪਰ ਮਿੱਟੀ ਵਿਚ ਜਿੰਦ ਧੜਕਾਵੇ। ਮਾਂ ਦੀ ਲੋਰੀ ਵਰਗਾ ਸੁੱਚਾ, ਫ਼ੁਲਕਾਰੀ ਦਾ ਫੁੱਲ ਪਲੇਠਾ। *ਸ. ਸੋਭਾ ਸਿੰਘ ਚਿਤਰਕਾਰ

ਲਾਲ ਬੱਤੀ ਤੋਂ ਅੱਗੇ

ਕੱਲ ਤੀਕਣ ਮੈਂ ਜੀਹਦਾ ਸ਼ਾਹ ਸਾਂ, ਅੱਜ ਮੈਂ ਉਸਦਾ ਕਰਜ਼ਾਦਾਰ ਹਾਂ । ਅੱਗੇ ਮੈਂ ਜਿਸਦੇ ਸਿਰ ਉੱਤੇ, ਜਦ ਜੀਅ ਚਾਹੁੰਦਾ, ਫ਼ਨੀਅਰ ਬਣ ਕੇ ਬਹਿ ਜਾਂਦਾ ਸਾਂ। ਪਤਾ ਨਹੀਂ ਉਸ ਕਿੱਥੋਂ ਜਾਦੂ ਸਿੱਖ ਲਿਆ ਏ। ਖੜ੍ਹਾ-ਖਲੋਤਾ ਮੈਨੂੰ ਸਗਵਾਂ ਕੀਲ, ਪਟਾਰੀ ਬੰਦ ਕਰ ਬਹਿ ਗਏ। ਅੰਦਰ ਦਾ ਘਸਮੈਲਾ ਚਾਨਣ, ਹੱਥ ਨੂੰ ਹੱਥ, ਪਛਾਨਣ ਤੋਂ ਇਨਕਾਰ ਕਰ ਗਿਆ। ਮੇਰਾ ਸੋਨਾ ਮਿੱਟੀ, ਉਹਦੀ ਮਿੱਟੀ ਸੋਨਾ, ਪਲ ਵਿਚ ਮੇਰਾ ਖਿੱਦੋ ਤਾਰੋ ਤਾਰ ਕਰ ਗਿਆ। ਪਤਾ ਨਹੀਂ ਉਸ ਕਿਥੋਂ ਜਾਦੂ ਸਿੱਖ ਲਿਆ ਹੈ। ਨਜ਼ਰਾਂ ਦੀ ਵਲਗਣ ਦੀ ਪੱਕੀ ਸੀਮਾ ਬੰਦੀ, ਹਰ ਪਲ ਸਾਹਾਂ ਦੇ ਪਿੱਛੇ ਸਾਹ ਸੂਹਾਂ ਰੱਖਦੇ। ਬਾਜ਼ਾਰਾਂ, ਗਲੀਆਂ, ਸੜਕਾਂ ਤੇ, ਚੌਰਾਹਿਆਂ 'ਤੇ। ਭੀੜਾਂ ਨੇ, ਭੀੜਾਂ ਵਿਚ ਮੈਂ ਹਾਂ। ਮੇਲਾ ਹੈ, ਮੇਲੇ ਵਿਚ ਮੈਂ ਵੀ, ਮੇਲੀ ਬਣ ਕੇ ਵਿਚਰ ਰਿਹਾ ਹਾਂ। ਮੇਲਾ ਚੌਂਕ ਦੀਆਂ ਬੱਤੀਆਂ ਨੇ, ਰੋਕ ਲਿਆ ਹੈ। ਵੱਜਦੀ ਸੀਟੀ ਭੀੜ ਕੀਲ ਕੇ ਗੁੰਮ ਬੈਠੀ ਹੈ। ਮੈਂ ਮੇਲਾ ਮੈਂ ਭੀੜ ਦਾ ਪੁਰਜ਼ਾ, ਹੌਲੀ ਹੌਲੀ ਛਿੜ ਜਾਵਾਂਗਾ। ਸਭ ਧਾਗੇ ਨਜ਼ਰਾਂ ਦੀ ਵਲਗਣ ਗਲ ਚੁੱਕੀ ਹੈ, ਹੁਣ ਲੋਹੇ ਦੀ ਸੀਮਾ ਬੰਦੀ ਘੇਰੀ ਬੈਠੀ, ਵੱਜਦੀ ਸੀਟੀ ਚੌਕ ਦੀਆਂ ਬੱਤੀਆਂ ਤੋਂ ਡਰ ਕੇ, ਜੀਅ ਨਹੀਂ ਸਕਣਾ। ਹੁਣ ਬੱਤੀ ਦੀ ਹੱਦ ਟੱਪਣ ਲਈ, ਤੜਫ਼ ਰਿਹਾ ਹਾਂ।

ਕਿਸੇ ਨਾਲ ਵੀ ਮੁਲਾਕਾਤ

ਅੱਜ ਦੀ ਰਾਤ ਮੈਂ ਕਿਸੇ ਵੀ ਚਿਹਰੇ ਤੋਂ ਪੁੱਛਦਾ ਹਾਂ। ਤੇਰੇ ਹੋਠਾਂ ਦੇ ਦਰਵਾਜ਼ੇ, ਕਿਉਂ ਸਦੀਆਂ ਤੋਂ ਬੰਦ ਪਏ ਨੇ। ਖੱਦੇ ਬੂਹੇ ਦਸਤਕ ਦੀਆਂ ਉਡੀਕਾਂ ਕਰਦੇ, ਕੰਧਾਂ ਦੇ ਵੱਲ ਘੂਰ ਰਹੇ ਨੇ। ਕੁਝ ਤਾਂ ਬੋਲ ਪਿਆਰੇ ! ਸੂਰਜ ਘਸ ਕੇ ਮੁੱਕ ਚਲਿਆ ਹੈ। ਡੁੱਬ ਚੱਲੇ ਨੇ ਤਾਰੇ। ਤੇਰੇ ਮੱਥੇ ਤੇ ਜੋ ਨਦੀਆਂ ਕਿਸਮਤ ਥਾਵੇਂ, ਮੈਂ ਤਰ ਲਈਆਂ। ਚਿਹਰੇ ਤੋਂ ਨਜ਼ਮਾਂ ਦੀਆਂ ਸਤਰਾਂ, ਮੈਂ ਪੜ੍ਹ ਲਈਆਂ। ਹੁਣ ਤਾਂ ਮੂੰਹੋਂ ਬੋਲ ! ਐਵੇਂ ਭਰਮ ਭੁਲੇਖਾ ਬਣਿਆ ਰਹਿਣ ਦੇ। ਜੋ ਢਹਿੰਦਾ ਏ ਚੁੱਪ ਕਰਕੇ ਤੂੰ ਢਹਿਣ ਦੇ। ਕਿਸ ਕਿਸ ਥੱਲੇ ਹੁਣ ਤੂੰ ਮੋਢਾ ਡਾਹਵੇਂਗਾ। ਇਕ ਦਿਨ ਐਵੇਂ ਥੱਲੇ ਆ ਕੇ ਹਾਸੇ-ਭਾਣੇ ਮਰ ਜਾਵੇਂਗਾ।

ਗਰੀਟਿੰਗ ਕਾਰਡ

ਵੱਖ ਵੱਖ ਰੰਗਾਂ ਦੇ ਪੱਤਰਾਂ ’ਤੇ, ਸੁਨੇਹਾ ਇਕ ਹੀ ਲੱਦ ਕੇ, ਮੈਂ ਸਮਝਾਂ ਹੁਣ ਸੁਰਖ਼ਰੂ ਹਾਂ, ਨਵਾਂ ਇਹ ਸਾਲ ਸ਼ੁਭ ਪਿਆਰੇ, ਤੁਸਾਂ ਸਭ ਲਈ ਹੈ ਮੁਬਾਰਿਕ। ਪੁਰਾਣੇ ਸਾਲ ਵਾਲੇ ਅੱਖਰਾਂ ਤੇ ਹਿੰਦਸਿਆਂ ਦੀ, ਚਾਲ ਵਿਚ ਅੰਤਰ ਨਹੀਂ ਹੈ। ਪੁਰਾਣੇ ਸਾਲ ਵਰਗਾ ਹੀ ਤਾਂ ਸਭ ਕੁਝ ਹੈ, ਪੁਰਾਤਨ ਸ਼ਹਿਰ, ਚਰਚਾ ਤੇ, ਉਲਾਂਭੇ । ਸੁਨਹਿਰਾ ਹਿਰਨ ਘੁੰਮਦਾ ਹੈ, ਜੋ ਮੇਰੇ ਮਨ ਨੂੰ ਬੁਰਕੀ ਸੁੱਟ ਜਾਂਦਾ ਹੈ। ਮੈਂ ਲੱਭਾਂ ਹਿਰਨ ਕਸਤੂਰੀ। ਪਰ ! ਪੁਰਾਣੇ ਸ਼ਹਿਰ ਦੀਆਂ ਕੰਧਾਂ ਤੇ ਚਿਪਕੇ ਇਸ਼ਤਿਹਾਰ। ਨਹੀਂ ਤਾਂ ਕੌਣ ਹੈ ? ਜੋ ਚੱਕਰਾਂ 'ਚ ਘਿਰਿਆ ਰਹੇ ਬਿਨ ਮਰਜ਼ੀਓਂ ਹੀ। ਹੋਰ ਤਾਂ ਹੋਰ, ਪੁਰਾਣੇ ਸਾਲ ਵਾਲਾ ਮੈਂ ਵੀ, ਖ਼ਾਲੀ ਹੱਥ ਫ਼ਿਰਦਾ ਹਾਂ। ਜੋ ਖ਼ਾਲੀ ਪੇਟ ਨਵ-ਵਰ੍ਹਿਆਂ ਦੇ ਨਾਂ 'ਤੇ, ਜਸ਼ਨ ਕਰਦਾ ਹਾਂ। ਤੇ ਉਂਝ ਜਦ ਰਾਤ ਪੈਂਦੀ ਹੈ। ਰਿਵਾਜਨ ਹੱਸ ਛੱਡਦਾ ਹਾਂ। ਜਿਵੇਂ ਮੈਂ ਬਹੁਤ ਹੀ ਖੁਸ਼ ਹਾਂ, ਅਸਲ ਵਿਚ ਹਾਰੀਆਂ ਸੱਧਰਾਂ ਦਾ ਭਾਂਡਾ ਤਿੜਕ ਜਾਵਣ ਤੇ, ਨਿਰੀ ਸ਼ਰਮਿੰਦਗੀ ਹੀ ਹੈ। ਤੇ ਆਖ਼ਰ ਮੇਰਿਉ ਮਿੱਤਰੋ ! ਮੈਂ ਅਗਲਾ ਖ਼ਤ-ਮੁਬਾਰਕ ਪਾਉਣ ਤੋਂ ਪਹਿਲਾਂ, ਨਰੋਏ ਸ਼ਬਦ ਢੂੰਡਾਂਗਾ। ਪੁਰਾਤਨ ਸ਼ਹਿਰ ਦੇ ਖੋਲੇ ’ਚ ਗੁਜ਼ਰੀ ਜ਼ਿੰਦਗੀ ਜ਼ਹਿਰੀ ਦੇ, ਹੁਣ ਮੈਂ ਅਰਥ ਬਦਲਾਂਗਾ। ਤੁਸਾਂ ਨਾਲ ਰਲ ਕੇ ਸੋਚਾਂਗਾ। ਤੁਸਾਂ ਨਾਲ ਰਲ ਕੇ ਜੀਵਾਂਗਾ। ਕਿ ਨਾ ਹਰ ਸਾਲ ਬੁੱਢਾ ਸ਼ਬਦ, ਖ਼ਤ ਦੀ ਸ਼ਾਨ ਬਣਦਾ ਰਹੇ। ਜਦੋਂ ਕੁਝ ਨਵਾਂ ਜਿਹਾ ਹੋਊ, ਉਦੋਂ ਮੈਂ ਆਪ ਆਖਾਂਗਾ। ਨਵੇਂ ਯੁਗ ਦਾ ਵਰ੍ਹਾ-ਪਿਆਰੇ, ਤੁਸਾਂ ਸਭ ਨੂੰ ਹੀ ਹੈ ਮੁਬਾਰਕ।

ਸਾਡਾ ਸਾਂਝਾ ਦੁੱਖ ਦਰਿਆ

(ਪ੍ਰੋ. ਸ਼ਰੀਫ਼ ਕੁੰਜਾਹੀ ਦੇ ਨਾਂ) ਸਰਹੱਦ ਪਾਰ ਖਲੋਤੇ ਮਿੱਤਰਾ, ਕਾਹਨੂੰ ਦਿਲ ਭਰਿਆ। ਆਪਾਂ ਦੋਵੇਂ ਵੱਖ ਹਾਂ ਭਾਵੇਂ, ਸਾਡਾ ਸਾਂਝਾ ਦੁੱਖ ਦਰਿਆ। ਦਰਦ ਕਹਾਣੀ ਸਾਂਝੀ ਸਾਡੀ, ਸਾਂਝੀਆਂ ਸਾਡੀਆਂ ਪੀੜਾਂ। ਇਕ ਦੂਜੇ ਦਾ ਪਿੰਡਾਂ ਵਿੰਨਿਆ, ਸਾਡੇ ਆਪਣੇ ਤੀਰਾਂ। ਸਿੰਮਦੀ ਪੀੜ ਮੇਰੀ ਦੀ ਗਾਥਾ, ਇਹ ਵਹਿੰਦਾ ਦਰਿਆ। ਤੇਰੇ ਪਿੰਡ ਵਿਚ ਉੱਗੇ ਰੁੱਖ ਦਾ, ਮੈਂ ਅਦਨਾ ਪ੍ਰਛਾਵਾਂ। ਸੰਨ ਸੰਤਾਲੀ ਖਾ ਗਿਆ ਜੀਹਦੇ, ਟਾਹਣ ਸਣੇ ਹੀ ਛਾਵਾਂ। ਹੁਣ ਤਾਂ ਤੇਰੀ ਛਾਂ ਬਿਨ ਯਾਰਾ, ਰਹਿੰਦਾ ਦਿਲ ਪਿਆ। ਸਾਂਝੀ ਹੀਰ ਤੇ ਮਿਰਜ਼ੇ ਸਾਂਝੇ , ਸਾਂਝੇ ਸਾਡੇ ਰਾਂਝੇ । ਆਪਾਂ ਹੀ ਦੋਵੇਂ ਕਿਉਂ ਯਾਰਾ, ਇਕ ਦੂਜੇ ਬਿਨ ਵਾਂਝੇ । ਇਕ ਦੂਜੇ ਦੇ ਜ਼ਖ਼ਮਾਂ ਉੱਤੇ, ਦੇਈਏ ਮਰਮਾਂ ਲਾ। ਤੇਰੇ ਸ਼ਹਿਰ ਦੇ ਹਾਕਮ ਵਾਂਗੂੰ, ਹਾਕਮ ਸਾਡਾ ਚੰਦਰਾ। ਤਾਹੀਉਂ ਤੇਰੇ ਹੋਠਾਂ ਵਾਂਗੂੰ, ਮੇਰੇ ਹੋਠੀਂ ਜੰਦਰਾ। ਲੱਖ ਜ਼ੰਜੀਰਾਂ ਹੋਵਣ ਭਾਵੇਂ, ਸਾਨੂੰ ਕੀਹ ਪ੍ਰਵਾਹ। ਹੱਦ ਬੰਦੀਆਂ ਸਾਡੀ ਸਾਂਝ ਦੀ ਕੰਧ, ਬੇ-ਮਤਲਬ ਨੇ ਲੀਕਾਂ। ਬੋਲ ਤੇਰੇ ਜਦ ਸਹਿਣ ਤਸੀਹੇ, ਮੈਂ ਸੁਣਦਾ ਹਾਂ ਚੀਕਾਂ। ’ਵਾ ਨੂੰ ਕੌਣ ਕਹੇ ਨਾ ਦੱਸੀਂ, ਹੱਡਾਂ ਦਾ ਤੜਪਾਅ। ਸਰਹੱਦ ਪਾਰ ਖਲੋਤੇ ਮਿੱਤਰਾ, ਕਾਹਨੂੰ ਦਿਲ ਭਰਿਆ। ਆਪਾਂ ਦੋਵੇਂ ਵੱਖ ਹਾਂ ਭਾਵੇਂ, ਸਾਡਾ ਸਾਂਝਾ ਦੁੱਖ ਦਰਿਆ।

ਆਪੋ ਆਪਣੀ ਧਰਤੀ ਆਪੋ ਆਪਣਾ ਸੂਰਜ

ਦਿਲ ਨੂੰ ਕੌਣ ਕਹੇ ਦਰਿਆਵਾ, “ਬੰਦਾ ਬਣ ਜਾਹ” ਕਿਹੜੀ ਰੁੱਤੇ ਐਵੇਂ ਖੌਰੂ ਪਾਉਣ ਡਿਹਾ ਏਂ ! ਨਿੱਕੇ ਨਿੱਕੇ ਖ਼ਾਬ ਬੁਣੇ ਜੋ ਨਿੱਕੀ ਉਮਰੇ, ਤਾਰ ਤਾਰ ਹਟਕੋਰੇ ਵਾਂਗੂੰ ਖਿੱਲਰ ਗਏ ਨੇ। ਉੱਡਣੇ ਘੋੜੇ ਸਣੇ ਲਗਾਮਾਂ ਤੋੜ ਕੇ ਭੱਜ ਗਏ, ਵੰਝਲੀ ਵਰਗੇ ਯਾਰ ਤੂੰ ਲੱਭ ਲੈ ਕਿੱਧਰ ਗਏ ਨੇ। ਹੱਥਾਂ ਤੋਂ ਰੇਖਾਵਾਂ ਉੱਡ ਪੁੱਡ ਕਿਧਰ ਗਈਆਂ, ਪਲ ਵਿਚ ਸੂਹਾ ਚਿਹਰਾ ਵੀ ਬਦਰੰਗ ਹੋ ਗਿਆ। ਪੌਣ ਔਂਤਰੀ ਪਤਾ ਨਹੀਂ ਕੇਹੀ ਵਿਹੜੇ ਆ ਗਈ, ਮੇਰੇ ਵਰਗਾ ਸ਼ਾਹ ਵੀ ਪਲ ਵਿਚ ਨੰਗ ਹੋ ਗਿਆ। ਆਪੋ ਆਪਣੀ ਧਰਤੀ ਉੱਤੇ, ਆਪੋ ਆਪਣਾ ਸੂਰਜ ਮੱਲ ਕੇ, ਬੈਠ ਗਿਆ ਨੂੰ ਕੀਹ ਕੋਈ ਆਖੇ ? ਆਪੋ ਆਪਣੇ ਸਿਰ ਤੇ ਆਪੋ ਆਪਣਾ ਰੁੱਖ ਹੈ। ਸਭਨਾਂ ਦੇ ਮਨ ਅੰਦਰ ਆਪੋ ਆਪਣਾ ਦੁੱਖ ਹੈ। ਕਿਸੇ ਦੀਆਂ ਪੀੜਾਂ ਨੂੰ ਜਰਨਾ ਬਹੁਤ ਕਠਿਨ ਹੈ। ਆਪੋ ਆਪਣੀ ਮੌਤ ਮਰਨ ਦੀ ਵਿਹਲ ਨਹੀਂ ਹੈ। ਵੰਨ ਸੁਵੰਨੇ ਸੰਸੇ ਭਰਮ ਭੁਲੇਖੇ, ਪਤਾ ਨਹੀਂ ਕਿੰਜ ਸਾਂਝੇ। ਆਪੋ ਆਪਣੇ ਖੰਭ ਨੇ, ਤੇ ਖੰਭ ਖੰਭ ਦੀਆਂ ਡਾਰਾਂ। ਉੱਡਦੇ ਜੇ ਪੰਖੇਰੂ ਤਾਂ ਮੈਂ ’ਵਾਜ ਮਾਰਦਾ, ਹੌਂਕਦਿਆਂ ਖੰਭਾਂ ਨੂੰ ਕੀਕਣ ’ਵਾਜ਼ਾਂ ਮਾਰਾਂ। ਆਪੋ ਆਪਣੀ ਧਰਤੀ ਆਪੋ ਆਪਣਾ ਸੂਰਜ, ਆਪੋ ਆਪਣੀ ਧੁੱਪ ਹੈ ਆਪੋ ਆਪਣਾ ਦੁੱਖ ਹੈ। ਸਭਨਾਂ ਦੇ ਸਿਰ ਉੱਤੇ ਆਪੋ ਆਪਣਾ ਰੁੱਖ ਹੈ। ਦਿਲ ਨੂੰ ਕਿੰਜ ਸਮਝਾਵਾਂ, ਇਹਦੇ ਵਾਰੇ ਆਵਾਂ, ਖਿੱਲਰ ਗਏ ਹਟਕੋਰੇ ਵਰਗੇ ਯਾਰ ਗੁਆਚੇ। ਕਿੱਦਾਂ ਮੈਂ ਅੱਜ ਖੰਭਾਂ ਵਿਚੋਂ ਲੱਭਣ ਜਾਵਾਂ। ਦਿਲ ਨੂੰ ਕਿਹੜੇ ਮੂੰਹ ਨਾਲ ਆਖਾਂ, ਬੰਦਾ ਬਣ ਜਾਹ! ਕਿਹੜੀ ਰੁੱਤੇ ਐਵੇਂ ਖ਼ੌਰੂ ਪਾਉਣ ਡਿਹਾ ਏਂ ? ਨਿੱਕੇ ਨਿੱਕੇ ਖ਼ਾਬ ਬੁਣੇ ਜੋ ਤੂੰ ਨਿੱਕੀ ਉਮਰੇ, ਤਾਰ ਤਾਰ ਹਟਕੋਰੇ ਵਾਂਗੂੰ ਖਿੱਲਰ ਗਏ ਨੇ। ਉੱਡਣੇ ਘੋੜੇ ਸਣੇ ਲਗਾਮਾਂ ਤੋੜ ਕੇ ਭੱਜ ਗਏ, ਵੰਝਲੀ ਵਰਗੇ ਯਾਰ ਤੂੰ ਲੱਭ ਲੈ, ਕਿੱਧਰ ਗਏ ਨੇ ?

ਸਮੂਹ ਗੀਤ

ਬੰਦ ਦਰਵਾਜ਼ੇ ਅੰਦਰ ਸੋਚੇ ਪਤਾ ਨਹੀਂ ਕੀ ਯਾਰ ਹੋ। ਨਿਮੋਝੂਣ ਤਬੀਅਤ ਤੇਰੀ ਦੱਸਦੀ ਤੂੰ ਬੇਕਾਰ ਹੋ। ਉਮਰ ਆਪਣੀ ਦੇ ਤੂੰ ਗਿਣ ਲੈ ਕਿੰਨੇ ਵਰ੍ਹੇ ਲੰਘਾਏ । ਹਰ ਰੁੱਤੇ ਤੇਰੀ ਫ਼ਸਲ ਨੂੰ ਖਾਵਣ ਕੌਣ ਬਟੇਰੇ ਆਏ । ਤੂੰ ਸਕਦੈਂ ਪਹਿਚਾਣ ਕਿ ਉੱਠ ਕੇ ਉਂਗਲ ਨਾਲ ਚਿਤਾਰ ਹੋ। ਤੇਰੇ ਹੱਕ ਨੂੰ ਰੋਜ਼ ਦਿਹਾੜੀ ਕਿਹੜਾ ਛੇੜੀ ਜਾਵੇ। ਧਰਤੀ ਘੁੰਮੇ ਅਸੀਂ ਖਲੋਤੇ ਕਿਹੜਾ ਗੇੜੀ ਜਾਵੇ। ਜਨਮ ਵੇਲੇ ਦੀ ਪਹਿਲੀ ਲੋਰੀ ਤੋਂ ਉੱਠ ਪਉ ਹੁਣ ਯਾਰ ਹੋ। ਤੇਰੀ ਲਾਡ ਲਡਿੱਕੀ ਮੱਖ਼ਣੀ ਨੂੰ ਪਿਆ ਕਿਹੜਾ ਖਾਵੇ। ਤੇਰੇ ਘਰ ਤੋਂ ਰੀਝ ਪ੍ਰਾਹੁਣੀ ਬਿਨ ਪਾਣੀ ਮੁੜ ਜਾਵੇ। ਪਹਿਲਾਂ ਸੁਸਤੀ ਬਹੁਤ ਕਰੀ ਹੁਣ ਉੱਠ ਤੇ ਥਾਪੀ ਮਾਰ ਹੋ। ਮੇਰੇ ਸਿਰ ਤੇ ਪੱਗ ਹੈ ਬਝੀ ਫ਼ਿਕਰਾਂ ਵਿੰਨੀ ਤਾਣੀ। ਡੌਲੇ ਪਰਖ਼ਣ ਦੀ ਨਾ ਐਵੇਂ ਹੋ ਜਾਏ ਰੀਝ ਪੁਰਾਣੀ। ਉੱਠ ਸਮਾਂ ਦੁਰਕਾਰੂ ਤੈਨੂੰ ਜੇ ਨਾ ਉੱਠਿਉਂ ਯਾਰ ਹੋ ! ਅੰਦਰ ਵੜ ਕੇ ਏਦਾਂ ਆਪਾਂ ਬੈਠੇ ਰਹੇ ਜੇ ਸਾਰੇ। ਮੁੱਕਣਗੇ ਕਿੰਜ ਅੰਬਰ ਵਿਚੋਂ ਬੋਦੀ ਵਾਲੇ ਤਾਰੇ। ਨਹਿਸ਼ ਕੁਲਹਿਣੇ ਧਰਤੀ 'ਤੇ ਪਟਕਾਈਏ ਮੂੰਹ ਦੇ ਭਾਰ ਹੋ। ਬੰਦ ਦਰਵਾਜ਼ੇ ਅੰਦਰ ਸੋਚੇ ਪਤਾ ਨਹੀਂ ਕੀ ਯਾਰ ਹੋ।

ਗੀਤ

ਮਾਏ ਨੀ ਮਾਏ! ਤੇਰਾ ਪੁੱਤ ਦੱਸਣੋਂ ਸ਼ਰਮਾਏ। ਕੱਢੇ ਜੇ ਆਵਾਜ਼ ਮੂੰਹੋਂ ਪੁੱਤ ਤੇਰਾ ਬਾਂਕੜਾ ਨੀ, ਪੈਣ ਉਹਨੂੰ ਕੁੱਤੇ ਹਲਕਾਏ। ਕਾਹਦੀ ਨੀ ਉਡੀਕ ਮੇਰੇ ਮੱਥੇ ਉੱਤੋਂ ਤੱਕਨੀ ਏਂ, ਖ਼ਾਲੀ ਹੱਥੀਂ ਘਰ ਨੂੰ ਮੈਂ ਆਉਣਾ। ਸੁਪਨੇ ’ਚ ਰੱਖ ਨਾ ਤੂੰ, ਆਸਾਂ ਦੇ ਅੰਬਾਰ ਲਾ ਕੇ, ਗੱਲੀਂ ਬਾਤੀਂ ਤੈਨੂੰ ਮੈਂ ਰਜਾਉਣਾ। ਕਰਕੇ ਪੜ੍ਹਾਈ ਪੂਰੀ ਡਿਗਰੀ ਨੂੰ ਮਾਰ ਕੱਛੇ, ਪੁੱਤ ਤੇਰਾ ਕਿੱਧਰ ਨੂੰ ਜਾਏ। ਰੋਜ਼ ਰਾਹੀਂ ਅੰਮੀਏਂ ਨੀ ਗੋਡਿਆਂ 'ਚ ਸਿਰ ਦੇ ਕੇ , ਸੋਚਦੇ ਨੇ ਲੱਖਾਂ ਮੇਰੇ ਯਾਰ ਨੀ। ਬਾਪੂ ਦੀ ਹੰਡਾਲੀ ਇਕ ਖਾਣ ਨੂੰ ਟੱਬਰ ਸਾਰਾ, ਕਿੱਦਾਂ ਮੈਂ ਵੰਡਾਵਾਂ ਉਹਦਾ ਭਾਰ ਨੀ। ਅੱਖੀਆਂ ਨੂੰ ਨੀਵਾਂ ਕਰ ਪੁੱਤਰ ਤੇਰਾ ਰੋਜ਼ ਮਾਏ, ਸ਼ਾਹਾਂ ਦੀ ਹਵੇਲੀ ਲੰਘ ਜਾਏ। ਮੰਡੀ ਵਿਚ ਵਿਕਿਆ ਨੀ ਅੱਜ ਤੇਰੇ ਪੁੱਤ ਵਾਂਗੂੰ, ਪੁੱਛ ਲੈ ਤੂੰ ਮੈਨੂੰ ਉਹਦਾ ਨਾਮ ਨੀ। ਸੁੱਟ ਕੇ ਉਦਾਸ ਸਿਰ ਗੋਡਿਆਂ ਦੇ ਭਾਰ ਬੈਠਾ, ਪੁੱਤ ਤੇਰੇ ਵਰਗਾ ਜੁਆਨ ਨੀ। ਹੋਰ ਕਿੰਨੀ ਦੇਰ ਅਜੇ ਓਸ ਏਦਾਂ ਬੈਠੇ ਰਹਿਣਾ, ਮੈਨੂੰ ਨਾ ਸਮਝ ਨਾ ਕੋਈ ਆਏ। ਮਾਏ ਨੀ ਤੂੰ ਮਮਤਾ ਨੂੰ ਸਾਂਭ ਰੱਖ ਦਿਲ ਵਿਚ, ਅਜੇ ਇਹਦੀ ਜਾਪਦੀ ਨਾ ਲੋੜ ਨੀ। ਤੁਰਨਾ ਏਂ ਕਾਫ਼ਲਾ, ਜਹਾਨ ਹੋਣ ਨਾਲ ਇਹਦੇ, ਪੁੱਟਣਾ ਏਂ ਖੋੜ੍ਹਾਂ ਵਾਲਾ ਬੋਹੜ ਨੀ। ਮੱਝੀਆਂ ਦੀ ਖੁਰਲੀ ਤੇ ਪੱਠੇ ਸਾਡਾ ਬਾਪੂ ਪਾਵੇ, ਦੁੱਧ ਸਾਰੇ ਉੱਚੇ ਘਰੀਂ ਜਾਏ । ਮਾਏ ਨੀ ਮਾਏ, ਤੇਰਾ ਪੁੱਤ ਦੱਸਣੋਂ ਸ਼ਰਮਾਏ। ਕੱਢੇ ਜੇ ਆਵਾਜ਼ ਮੂੰਹੋਂ, ਪੁੱਤ ਤੇਰਾ ਬਾਂਕੜਾ ਨੀ, ਪੈਣ ਉਹਨੂੰ ਕੁੱਤੇ ਹਲਕਾਏ।

ਕੁਝ ਨਿੱਕੀਆਂ ਕਵਿਤਾਵਾਂ

ਕਿਵੇਂ ਹੋ ਸਕਦਾ ਹੈ ?

ਕਿਵੇਂ ਹੋ ਸਕਦਾ ਹੈ, ਕੂਕੇ ਭੁੱਲ ਜਾਣ ਤੋਪ ਦਾ ਮੂੰਹ। ਹਰਫ਼ ਕਿੰਜ ਭੁੱਲ ਸਕਦੇ ਨੇ, ਹਿੱਕ ਤੋਂ ਦੀ ਦੌੜਦੇ ਘੋੜਿਆਂ ਦੀ ਟਾਪ । ਮਾਂ ਦਾ ‘ਤਾਰੂ’ ਪੁੱਤ, ਕਿੰਜ ਭੁੱਲ ‘ਰੰਬੀ’ ਦੀ ਧਾਰ । ਸਿਰਫ਼ ਅਸੀਂ ਭੁੱਲ ਸਕਦੇ ਹਾਂ, ਜੋ ਕੇਵਲ ਗੱਲਾਂ ਦਾ ਖਟਿਆ ਖਾਂਦੇ ਹਾਂ।

ਮੌਸਮ

ਕੇਹੀ ਅਨੋਖੀ ਰੁੱਤ ਹੈ! ਜਦ ਜੰਮਦੇ ਨੇ ਸਿਰਫ਼ ਅੰਗਿਆਰ। ਤੇ ਦੱਬ ਦੇਣ ਦੇ ਬਾਵਜੂਦ ਵੀ ਚੀਖ਼ਦੇ ਨੇ, “ਸੰਗ੍ਰਾਮ ਦੀ ਜਿੱਤ ਹੁੰਦੀ ਹੈ।”

ਇਕ ਸੁਆਲ

ਸ਼ਾਇਰਾਂ ਦਾ ਕਥਨ ਔਰਤ ਫੁੱਲ ਹੁੰਦੀ ਹੈ। ਮੈਂ ਪੁੱਛਦਾ ਹਾਂ ? ਕੋਲੇ ਚੁਗਦੀ ਮਦਰਾਸਣ ਤੋਂ ਲੈ ਕੇ, ਇੰਪਾਲਾ ਕਾਰ 'ਚ ਬੈਠੀ ਔਰਤ ਤੀਕ, ਫੁੱਲਾਂ ਦੀਆਂ ਕਿੰਨੀਆਂ ਕਿਸਮਾਂ ਹਨ ?

ਹਕੂਮਤ

ਨਵੇਂ ਲਾਰਿਆਂ, ਨਵੇਂ ਸ਼ੋਸ਼ਿਆਂ, ਦੀ ਟਕਸਾਲ ਪੁਰਾਣੀ। ਮਨ ਪੁੱਛਦਾ ਹੈ-ਕੀਕਣ ਆਖਾਂ, ‘ਰੜਕ’ ਨੂੰ ਨੀਂਦਰ ਰਾਣੀ।

ਪੁਲਸੀਏ

ਸਿਰ ਤੇ ਹਾਕਮ ਖ਼ੌਰੂ ਪਾਉਂਦੇ ਅੱਖ ’ਚ ਲਟਕਣ ਲਾਰੇ। ਖ਼ਾਕੀ ਵਰਦੀ ਦੇ ਵਿਚ ਬੱਝੇ , ਕਿਧਰ ਜਾਣ ‘ਵਿਚਾਰੇ।

ਵਰਜਿਤ ਬੋਲ

ਜ਼ਰੂਰੀ ਨਹੀਂ ਕਿ ਸੂਹਾ ਟਹਿਕਦਾ, ਗੁਲਾਬ ਹੀ ‘ਜਿੱਤ’ ਹੈ, ਕਈ ਵਾਰੀ ਵਿਵਰਜਿਤ ‘ਫੁੱਲ’, ਪੋਸਤ ਦਾ ਵੀ, ਆਪਣੀ ਬਾਤ ਕਹਿੰਦਾ ਹੈ।

ਰੰਗ

ਕੋਰਾ ਸਾਂ ਉੱਕਾ ਹੀ ਮੈਂ ਤਾਂ, ਤੈਥੋਂ ਪਹਿਲਾਂ। ਤੇਰੇ ਰੰਗ ਨੂੰ ਸਾਂਭ ਰਿਹਾ ਹਾਂ, ਤੇਰੇ ਮਗਰੋਂ। ਜਦ ਮਨ ਚਾਹਿਆ, ਵੇਖ ਵੇਖ ਕੇ ਆਪਣੀ ਝੋਲੀ, ਚਿੱਤ ਪਰਚਾਉਂ। ਏਸ ਰੰਗ ਤੋਂ ਬਿਨਾ ਹੋਰ ਰੰਗ, ਕੀਹ ਕਰਨਾ ਹੈ ?

ਬੇਚੈਨੀ

ਬਿਨਾ ਵਜ੍ਹਾ ਹੀ ਧੁੱਪ ਲੜਦੀ ਹੈ। ਕੰਡਿਆਂ ਵਾਗੂੰ ਚੁਭ ਰਹੀਆਂ, ਸੂਰਜ ਦੀਆਂ ਕਿਰਨਾਂ। ਮਹਿਫ਼ਲ ਦੇ ਵਿਚ ਹੱਸਦੇ ਲੋਕੀਂ, ਫਿਕੇ ਜਾਪਣ। ਮੇਲੇ ਦੇ ਵਿਚ ਕੱਲ-ਮੁ-ਕੱਲਾ, ਜੀਕਣ ਗੁੰਗਾ ਬਾਲ ਗੁਆਚਾ। ਨਾ ਸਿਰਨਾਵਾਂ ਖ਼ਤ ਵਾਗੂੰ ਮੱਥੇ ਤੇ ਜੜਿਆ। ਪਤਾ ਨਹੀਂ, ਮੈਨੂੰ ਕੀਹ ਲੜਿਆ ਹੈ ? ਘਰ ਵਿਚ ਉੱਕਾ ਜੀਅ ਨਹੀਂ ਲੱਗਦਾ। ਗੱਲ ਗੱਲ ਉੱਤੇ, ਖਿਝ ਜਾਂਦਾ ਹਾਂ।

ਰਿਸ਼ਤੇ

ਮੈਂ ਜਿਸ ਛਿਣ ਦੀ ਗੱਲ ਕਰਦਾ ਹਾਂ, ਉਸ ਨਾਲ ਮੇਰੇ ਪੁਰਖ਼ਿਆਂ ਦਾ ਇਤਿਹਾਸ ਜੁੜਿਆ ਹੈ। ਖਿਡੌਣਾ! ਜਿਸ ਨਾਲ ਮੈਂ ਜਨਮ ਤੋਂ ਲੈ ਕੇ ਅੱਜ ਤੀਕ ਪਰਚਿਆ ਹਾਂ, ਉਨ੍ਹਾਂ ਨੇ ‘ਵਗਾਹ’ ਕੇ ਰਾਵੀ ’ਚ ਸੁੱਟਿਆ ਸੀ। ਖ਼ਾਲੀ ਪੀਪਿਆਂ ਦਾ ਸ਼ੋਰ, ਉਦੋਂ ਨਾਲੋਂ ਹੁਣ ਹੋਰ ਤੇਜ਼ ਹੈ। ਬੱਸ ਫੇਰ ਵੀ ਕੇਵਲ ਹੱਸ ਛੱਡੀਦਾ ਹੈ। ਰੁਜ਼ਗਾਰ ਦੀ ਝਾਂਜਰ ਛਣਕਣ ਨਾਲ, ਸਾਡੇ ਪੈਰ ਤਾਲ ਦੇਂਦੇ ਹਨ। ਤਾਂ ਹੀ ਮੈਂ ਇਸ ਛਿਣ ਦੀ ਗੱਲ ਨਹੀਂ ਕਰਦਾ। ਪੁਰਖਿਆਂ ਨਾਲ ਰਿਸ਼ਤੇ ਤਾਂ, ਕੇਵਲ ਜਨਮ ਤੀਕਣ, ਸਨ।

ਮੱਧਸ਼੍ਰੇਣੀ

ਨਾ ਕਾਵਾਂ ਵਿਚ ਹੀ ਰਹੇ, ਨਾ ਹੰਸਾਂ ਵਿਚ ਹੀ ਰਲੇ, ਕੇਹੇ ਨਿੱਖੜੇ ਹਾਂ ਯਾਰੋ, ਡਾਰ ’ਚੋਂ ਆਪਾਂ। ਘੁਮਿਆਰ ਦੇ ਚੱਕ ਉੱਤੇ, ਮਿੱਟੀ ਨੂੰ ਵੀ ਰੂਪ ਮਿਲੇ, ਵਕਤਾਂ ਦੇ ਪਹੀਏ 'ਤੇ, ਅਨਘੜ ਹੀ ਪਏ ਆਪਾਂ।

ਸੰਕੇਤ

ਸੰਭਲ ਜਾਓ ! ਰੁੱਤ ਗਰਭਵਤੀ ਹੈ। ਕੌਣ ਨਹੀਂ ਜਾਣਦਾ ? ਜਣੇਪਾ-ਘੜੀਆਂ ਤੰਗ ਹੁੰਦੀਆਂ ਨੇ, ਕੀ ਪਤਾ ਆਉਣ ਵਾਲਾ ਕੌਣ ਹੋਵੇ ? ਬੰਦਾ ਬਹਾਦਰ ਜਾਂ ਬਾਬਾ ਦੀਪ ਸਿੰਘ ਸੰਭਲ ਜਾਉ ! ਰੁੱਤ ਗਰਭਵਤੀ ਹੈ।

ਸਾਂਝ

ਬਹੁਤ ਪੁਰਾਣੀ ਗੱਲ ਨੇ, ਮਨ ਨੂੰ ਆ ਮੱਲਿਆ ਹੈ। ਦੋਸਤੀਆਂ ਦੀਆਂ ਯਾਦਾਂ ਨੂੰ, ਜਦ ਸਿਰ 'ਤੇ ਚੁੱਕ ਕੇ, ਭੱਜੇ ਫਿਰਦੇ, ਥੱਕਦੇ ਨਹੀਂ ਸਾਂ। ਹੁਣ ਵਿਗੜਨ 'ਤੇ, ਉਹੀਓ ਗੱਲ ਕੁਝ ਇੰਜ ਲੱਗਦੀ ਹੈ। ਜੀਕਣ ਮੇਰੇ ਸਿਰ ’ਤੇ ਬੈਠਾ, ਕਈ ਸਦੀਆਂ ਦਾ ਭਾਰ ਪੁਰਾਣਾ।

ਸੱਚ

ਜੋ ਸੁਣਨੋਂ ਤੂੰ ਝਿਜਕੇਂ, ਉਹ ਹੀ ਸੱਚ ਵਰਗਾ ਹੈ। ਸੱਚ ਕੋਈ ‘ਸ਼ਸਤਰ’ ਨਹੀਂ ਭਾਵੇਂ, ਪਰ ਇਹ ‘ਵਾਰ’ ਕਰਨ ਦਾ, ਸਭ ਤੋਂ ਵਧੀਆ ਢੰਗ ਹੈ।

ਆਸ

ਅਹੁ ਕਾਲੀ ਚਿਮਨੀ ਦਾ ਧੂੰਆਂ, ਮੇਰਾ ਰੰਗ ਬਦਰੰਗ ਕਰੀ ਜਾ ਰਿਹੈ। ਕਦੇ ਤਾਂ ਵਕਤ ਆਵੇਗਾ, ਜਦੋਂ ਮੈਂ ਮੈਲ ਦੀ ਤਹਿ ਨੂੰ ਵੀ, ਹਿੱਕ ਤੋਂ ਖ਼ੁਰਚ ਦੇਵਾਂਗਾ।

ਰੁਟੀਨ

ਰੋਜ਼ ਵਾਂਗ ਹੀ, ਅੱਜ ਦਾ ਦਿਨ ਵੀ, ਹੱਥਾਂ ਦੇ ਵਿਚ ਮਰ ਜਾਣਾ ਹੈ। ਬਿਨ ਅਫ਼ਸੋਸ ਚਿਖ਼ਾ ਸੜ ਬਲ ਕੇ, ਬੁਝ ਜਾਣੀ ਹੈ। ਰਾਖ਼ ਦੀ ਗਠੜੀ ਨੂੰ, ਵਿਰਲਾਪਾਂ ਦੀ ਸਿੱਲ੍ਹ ਚੜ੍ਹਨੀ। ਬੀਤ ਗਏ ਦੀ ਯਾਦ ਪੁਰਾਣੀ, ਜਦ ਆਉਣੀ ਹੈ, ਚੇਤੇ ਕਰਕੇ ਰੋ ਛੱਡਣਾ ਹੈ। ਕੱਲ੍ਹ ਵਾਗੂੰ ਫਿਰ ਅੱਜ ਦਾ ਦਿਨ ਵੀ, ਹੱਥਾਂ ਵਿਚੋਂ ਕਿਰ ਜਾਣਾ ਹੈ।

ਰੁਜ਼ਗਾਰ

ਮੇਰਿਆਂ ਹੋਠਾਂ 'ਤੇ ਰੁਕ ਗਈ, ਹੈ ਮੇਰੀ ਆਪਣੀ ਆਵਾਜ਼। ਕਿਸ ਸਪੇਰੇ ਕੀਲਿਆ ਹੈ, ਮੇਰੀਆਂ ਅਣਖਾਂ ਦਾ ਨਾਗ। ਸੁਪਨਿਆਂ ਦੀ ਰੇਤ, ਜੇ ਕਿਰਦੀ ਤਾਂ ਕੋਈ ਗ਼ਮ ਨਹੀਂ ਸੀ, ਕਿਰ ਗਿਆ ਸਾਲਮ ਸਬੂਤਾ, ਆਪ ਹੀ ਮੈਂ ਸੁਪਨ-ਸਾਜ਼।

ਭਰਮ

ਉਹ ਮੇਰਾ ਪ੍ਰਛਾਵਾਂ ਹੋਊ, ਤੇਰੇ ਘਰ ਦੇ ਬਾਹਰ ਖੜ੍ਹਾ, ਮੈਂ ਤਾਂ ਆਪਣੇ ਘਰ ਵੀ ਯਾਰਾ, ਕਈ-ਦਿਨ ਹੋ ਗਏ ਵੜਿਆ ਨਹੀਂ।

ਗ਼ਜ਼ਲ

ਗੁਆਚੇ ਯਾਰ ਸਾਰੇ ਸ਼ਹਿਰ ਵਿਚ ਕਿਸਨੂੰ ਬੁਲਾਵਾਂਗਾ । ਮੈਂ ਕਿਸੇ ਕੋਲ ਜਾ ਕੇ ਆਪਣੀ ਵਿਥਿਆ ਸੁਣਾਵਾਂਗਾ । ਮੈਂ ਸਾਰੀ ਰਾਤ ਅੱਥਰੇ ਸੁਪਨਿਆਂ ਨੂੰ ਟਾਲਦਾ ਰਹਿੰਨਾਂ, ਪਤਾ ਹੈ, ਸਾਂਭ ਕੇ ਇਨ੍ਹਾਂ ਨੂੰ ਮੈਂ ਤਾਂ ਬਿਖ਼ਰ ਜਾਵਾਂਗਾ । ਜੇ ਰਾਤਾਂ ਕਾਲੀਆਂ ਏਦਾਂ ਹੀ ਰਹੀਆਂ ਹੋਰ ਕੁਝ ਰਾਤਾਂ, ਮੈਂ ਕੀਕਣ ਚਾਨਣੀ ਵਿਚ ਫ਼ਲਣ ਵਾਲਾ ਬਿਰਖ਼ ਲਾਵਾਂਗਾ। ਮੈਂ ਬਚਪਨ ਵਿਚ ਕਦੀ ਜਦ ਬੰਟਿਆਂ ਤੇ ਚੋਟ ਲਾਉਂਦਾ ਸਾਂ, ਨਹੀਂ ਸਾਂ ਜਾਣਦਾ ਏਦਾਂ ਹੀ ਮੈਂ ਵੀ ਤਿੜਕ ਜਾਵਾਂਗਾ। ਤੁਸੀਂ ਐਵੇਂ ਹੀ ਤਾੜੀ ਮਾਰ ਕੇ ਨਾ ਗੱਲ ਗੁਆ ਦੇਣੀ, ਜਦੋਂ ਮੈਂ ਆਪਣੇ ਮੱਥੇ ’ਚ ਖੁਭੇ ਕਿੱਲ ਗਿਣਾਵਾਂਗਾ । ਗੁਆਚੇ ਚਿਹਰਿਓ ! ਆਓ ! ਤੁਹਾਨੂੰ ਘਰ ਨੂੰ ਲੈ ਚੱਲਾਂ, ਨਹੀਂ ਤਾਂ ਆਪ ਵੀ ਮੈਂ ਰੌਲਿਆਂ ਵਿਚ ਗਰਕ ਜਾਵਾਂਗਾ।

ਗ਼ਜ਼ਲ

ਪੈੜਾਂ ਤੇ ਕੁਝ ਰਿਸ਼ਤੇ ਨਵੇਂ ਨਵੇਲੇ । ਇਕਲਾਪੇ ਵਿਚ ਇਹੀਓ ਸਾਥ ਸੁਹੇਲੇ । ਭਟਕ ਚੁਕੇ ਆਂ ਅਸੀਂ ਬੜਾ ਈ ਪਹਿਲਾਂ, ਖਾਣ ਨੂੰ ਆਉਂਦੇ ਹੁਣ ਤਾਂ ਜੂਹਾਂ ਬੇਲੇ। ਮੋਇਆ ਦਾ ਗ਼ਮ ਸਿੱਲ੍ਹਾ ਸਿਰ ਤੇ ਚੁੱਕ ਕੇ, ਜਾਗਦਿਆਂ ਦੇ ਸੁਪਨੇ ਗਏ ਤਰੇਲੇ। ਤੇਰੇ ਕਿਉਂ ਹੋਠਾਂ ਤੇ ਚੁੱਪ ਦਾ ਜੰਦਰਾ, ਨਾਗ ਜ਼ਰੀਲਾ ਮੁਸਕਣੀਆਂ ਸੰਗ ਖੇਲ੍ਹੇ । ਨਾ ਰੋ ਐਵੇਂ ਬੀਤ ਗਿਆ ਕਰ ਚੇਤੇ, ਨਾ ਹੁਣ ਐਵੇਂ ਟੱਕਰਾਂ ਮਾਰ ਕੁਵੇਲੇ ।

ਗ਼ਜ਼ਲ

ਗਰਦ ਚੜ੍ਹੀ ਅਸਮਾਨੇ ਰਾਤਾਂ ਕਾਲੀਆਂ। ਮਾਵਾਂ ਪੁੱਤ ਗਵਾ ਲਏ ਪੁੱਤਾਂ ਵਾਲੀਆਂ। ਸਿਖ਼ਰ ਦੁਪਹਿਰਾ ਸਿਰ 'ਤੇ ਕਾਂਬਾ ਕਹਿਰ ਦਾ, ਦੋਹਾਂ 'ਚੋਂ ਕਿਸ ਰੁੱਤ ਨੂੰ ਦੇਵਾਂ ਗਾਲੀਆਂ। ਪਾਲੇ ਠਰ ਕੇ ਰਾਤ ਮੁਸਾਫ਼ਿਰ ਮਰ ਗਿਆ, ਹੁਣ ਕਿਉਂ ਲੋਥ ਸਿਰ੍ਹਾਣੇ ਅੱਗਾਂ ਬਾਲੀਆਂ। ਆਰ ਪਾਰ ਪਈ ਮਹਿਕ ਕਰੇ ਅਠਖੇਲੀਆਂ, ਕਾਹਨੂੰ ਵਿਚ ਵਿਚਾਲੇ ਲਾਈਆਂ ਜਾਲੀਆਂ। ਪੇਟ ਵਜਾ ਕੇ ਭੁੱਖੇ ਗਾ ਕੇ ਰੱਜ ਗਏ, ਦੇਣ ਤਸੱਲੀ ਆਈਆਂ ਜਦ ਨੂੰ ਥਾਲੀਆਂ। ਰਾਤੀਂ ਖ਼ਬਰੇ ਕੌਣ ਸੁਨਾਉਣੀ ਦੇ ਗਿਆ, ਬੋਹੜਾਂ ਦੇ ਪੱਬ ਡੋਲਣ ਥਿੜਕਣ ਟਾਲ੍ਹੀਆਂ। ਜਾਦੂਗਰ ਦੀ ਸਾਜ਼ਿਸ਼ ਨਾ ਕੋਈ ਸਮਝਦਾ, ਐਵੇਂ ਭੀੜ ਵਜਾਈ ਜਾਵੇ ਤਾਲੀਆਂ। ਫੁੱਲਾਂ ਦਾ ਰੰਗ ਲਾਲ ਬਣੇਗਾ ਅੰਤ ਨੂੰ, ਭਾਵੇਂ ਇਨ੍ਹਾਂ ਥੱਲੇ ਹਰੀਆਂ ਡਾਲੀਆਂ।

ਗ਼ਜ਼ਲ

ਬੜਾ ਚਿਰ ਜੀਅ ਲਿਆ ਮੈਂ ਪਿੰਡ ਦਿਆਂ ਰੁੱਖਾਂ ਤੋਂ ਡਰ ਡਰ ਕੇ। ਪਤਾ ਨਹੀਂ ਕਿੰਜ ਸਾਂ ਜਿੰਦਾ ਅਨੇਕਾਂ ਵਾਰ ਮਰ ਮਰ ਕੇ । ਕਿਸੇ ਨੂੰ ਕੀ ਪਤਾ ਸੀ ਮਘ ਪਵੇਗੀ ਰਾਖ਼ ਚੋਂ ਏਦਾਂ, ਜੋ ਆਪਾਂ ਠਾਰ ਦਿੱਤੀ ਅੱਗ ਬਰਫ਼ਾਂ ਹੇਠ ਧਰ ਧਰ ਕੇ । ਇਹ ਦਿਲ ਦਰਿਆ ਨਹੀਂ ਸੀ ਨਹਿਰ ਵੀ ਲਹਿਰਾਂ ਵਿਹੂਣੀ ਸੀ, ਇਹ ਜਾਦੂ ਮੇਲ ਦਾ ਕਿ ਵਗ ਰਿਹਾਂ ਕੰਢਿਆਂ ਤੋਂ ਭਰ ਭਰ ਕੇ । ਤੂੰ ਜਿਸ ਦਿਨ ਮੇਰਿਆਂ ਹੋਠਾਂ ’ਤੋਂ ਮੇਰੀ ਬਾਤ ਖੋਹੀ ਸੀ, ਮੈਂ ਉਸ ਦਿਨ ਬਹੁਤ ਰੋਇਆ ਆਪਣੇ ਪਰਛਾਵੇਂ ਤੋਂ ਡਰ ਡਰ ਕੇ। ਮੈਂ ਤੈਥੋਂ ਵਿਛੜ ਕੇ ਸਮਝਾਂ ਜਿਵੇਂ ਮੈਂ ਬਹੁਤ ਭਟਕਾਂਗਾ, ਮੈਂ ਦਿਲ ਨੂੰ ਸਾਂਭਨਾਂ ਵਾਂ ਤੇਰੀਆਂ ਗੱਲਾਂ ਨੂੰ ਕਰ ਕਰਕੇ । ਇਹ ਮੇਰਾ ਸੀਸ ਐਵੇਂ ਦਰ-ਬ-ਦਰ ਨਹੀਂ ਭਟਕਦਾ ਫਿਰਦਾ, ਇਹ ਝੁਕਿਆ ਜਦ ਵੀ ਝੁਕਿਆ ਸਿਰਫ਼ ਝੁਕਿਆ ਤੇਰੇ ਘਰ ਕਰਕੇ ।

ਗ਼ਜ਼ਲ

ਮੇਰੀ ਆਵਾਜ਼ ਪਰਤ ਕੇ ਆਈ ਨਾ ਮੇਰੇ ਕੋਲ। ਕਾਹਨੂੰ ਤੂੰ ਐਵੇਂ ਵੇਖਨੈਂ ਭੁੱਬਲ ਨੂੰ ਫੋਲ ਫੋਲ। ਜਸ਼ਨਾਂ 'ਚ ਰੁੱਝੇ ਲੋਕ ਨੇ ਤੇ ਬਲ ਰਿਹਾ ਹਾਂ ਮੈਂ, ਵੱਜਦੇ ਨਗਾਰੇ ਤੂਤੀਆਂ ਪਏ ਖੜਕਦੇ ਨੇ ਢੋਲ। ਤੇਰੀ ਇਹ ਬਲਦੀ ਮੁਸਕਣੀ ਮੇਰੇ ਸਿਵੇ ਦੀ ਲਾਟ, ਕੰਬਦੀ ਆਵਾਜ਼ ਵਾਂਗਰਾਂ ਕਿੱਦਾਂ ਰਹੀ ਏ ਡੋਲ। ਪੈਂਡੇ ਦੋਹਾਂ ਦੇ ਘਟਣ ਦੀ ਥਾਂ ਵਧ ਰਹੇ ਨੇ ਹੋਰ, ਜਿੰਨਾਂ ਵੀ ਦੋਵੇਂ ਆ ਰਹੇ ਆਂ ਖੁਦ ਦੇ ਕੋਲ ਕੋਲ। ਕਿੰਨਾ ਅਜੀਬ ਹਾਦਸਾ ਕਿ ਮਰ ਗਿਆ ਹਾਂ ਮੈਂ, ਦੁਸ਼ਮਣ ਤਾਂ ਖ਼ਾਲੀ ਹੱਥ ਸੀ ਹਥਿਆਰ ਮੇਰੇ ਕੋਲ।

ਗ਼ਜ਼ਲ

ਯਾਦਾਂ ਦੇ ਹਵਾਲੇ ਜਿੰਦ ਕੀਤਿਆਂ ਨਾ ਸਰੇ। ਕੌਣ ਜਾ ਬੇਗਾਨੇ ਗਮ ਸਾਗਰਾਂ 'ਚ ਤਰੇ। ਕਾਹਦਾ ਪਛਤਾਵਾ ਜੜ੍ਹੋਂ ਆਪ ਹੀ ਤਾਂ ਪੁੱਟੇ, ਭਰਮਾਂ ਦੇ ਰੁੱਖ ਕਦੇ ਹੋਣੇ ਨਹੀਂ ਸੀ ਹਰੇ। ਮੋਮ ਦਾ ਸਾਂ ਬੁੱਤ ਮੈਂ ਤਾਂ ਫਸਿਆ ਕੁਥਾਵੇਂ, ਸੋਚਦਾ ਸਾਂ ਅੱਗ ਤੋਂ ਮੈਂ ਹੋਵਾਂ ਕਿੰਜ ਪਰੇ। ਰੋਕ ਲੈ ਤੂੰ ਅੱਖਾਂ ਤੋਂ ਪਿਛਾਂਹ ਹੀ ਦਰਿਆ, ਰੋੜ੍ਹ ਹੀ ਨਾ ਦੇਵੇ ਮੈਨੂੰ ਹਠ ਤੋਂ ਇਹ ਪਰੇ। ਠੀਕ ਹੈ ਜੇ ਦੋਵੇਂ ਹੀ ਨਾ ਜਿੱਤੇ ਨਾ ਹਰੇ, ਠੀਕ ਹੈ ਜੇ ਦੋਵੇਂ ਨਾ ਹੀ ਜਿੱਤੇ ਨਾ ਹੀ ਹਰੇ। ਖੋਟ ਦੇ ਜ਼ਮਾਨੇ ਵਿਚ ਹੋਣੀ ਸੀ ਅਖ਼ੀਰ, ਫ਼ਿਰਦੇ ਗਵਾਚੇ ਦੋਵੇਂ ਸਿੱਕੇ ਆਪਾਂ ਖ਼ਰੇ । ਹਵਾ ਹੱਥ ਭੇਜੀਂ ਨਾ ਤੂੰ ਚੇਤਿਆਂ ਦੀ ਡਾਕ, ਵਾਪਸੀ ਬੇਰੰਗ ਚਿੱਠੀ ਮੁੜੂ ਤੇਰੇ ਘੇਰੇ ।

ਗ਼ਜ਼ਲ

ਦਿਨ ਭਰ ਜਿਹੜੀ ਰਾਤ ਉਡੀਕਾਂ ਰਾਤ ਪਏ ਘਬਰਾਵਾਂ। ਸਮਝ ਨਹੀਂ ਆਉਂਦੀ ਅੰਨ੍ਹੇ ਖੂਹ ’ਚੋਂ ਕਿੱਧਰ ਨੂੰ ਮੈਂ ਜਾਵਾਂ। ਓਸ ਕੁੜੀ ਨੂੰ ਹੁਣ ਹੱਥਾਂ ਦੀ ਮਹਿੰਦੀ ਤੋਂ ਡਰ ਲੱਗੇ, ਜੀਹਦਾ ਕੰਤ ਜਹਾਜ਼ੇ ਚੜ੍ਹਿਆ ਲੈ ਕੇ ਚਾਰ ਕੁ ਲਾਵਾਂ। ਬੰਦਿਆਂ ਦਾ ਇਤਬਾਰ ਭਲਾ ਮੈਂ ਕੀ ਕਰਦਾ ਇਸ ਰੁੱਤੇ, ਰੁੱਖਾਂ ਨਾਲ ਖਲੋਤਾ ਮੈਂ ਹਾਂ ਜਾਂ ਪੱਤ ਵਿਰਲਾ ਟਾਵਾਂ। ਕੱਲ੍ਹ ਤਿਰਕਾਲੀਂ ਡੁੱਬਦਾ ਸੂਰਜ ਜਾਪ ਰਿਹਾ ਸੀ ਏਦਾਂ, ਜੀਕਣ ਸਾਮੀ ਘੇਰੀ ਹੋਵੇ, ਸਾਡੇ ਪਿੰਡ ਦੇ ਸ਼ਾਹਵਾਂ। ਕੱਲ੍ਹ ਦਰਿਆ ਸੀ ਚਾਰ ਚੁਫ਼ੇਰੇ ਵਿਚ ਖਲੋਤਾ ਮੈਂ ਸਾਂ, ਅੱਜ ਮੈਂ ਉਹਦੀ ਰੇਤ ’ਚ ਪੋਟਾ ਪੋਟਾ ਧਸਦਾ ਜਾਵਾਂ। ਆਪਣੇ ਸ਼ਹਿਰ ਪਰਾਇਆਂ ਵਾਗੂੰ ਰੁੱਖ ਘੂਰਦੇ ਮੈਨੂੰ, ਸ਼ਹਿਰ ਬੇਗਾਨੇ ਦੇ ਵਿਚ ਮੈਨੂੰ ਬੁੱਤ ਵੀ ਕਰਦੇ ਛਾਵਾਂ। ਇਹ ਤਾਂ ਇਕ ਦਿਨ ਹੋਣੀ ਹੀ ਸੀ, ਬਹੁਤ ਉਡੀਕ ਰਿਹਾ ਸਾਂ, ਹਾਦਸਿਆਂ ਵਿਚ ਨਕਸ਼ ਗੁਆ ਕੇ ਹੁਣ ਕਾਹਨੂੰ ਪਛਤਾਵਾਂ। ਤੇਰੀ ਧੁੱਪ ਮੁਬਾਰਕ ਤੈਨੂੰ ਤੇਰੀ ਛਾਂ ਤੇਰੀ ਵੀ ਤੈਨੂੰ, ਮੈਨੂੰ ਬਹੁਤ ਗੁਜ਼ਾਰੇ ਜੋਗਾ ਆਪਣਾ ਹੀ ਪਰਛਾਵਾਂ।

ਗ਼ਜ਼ਲ

ਕਰਕੇ ਜਿੰਨ੍ਹਾਂ ਨੂੰ ਯਾਦ ਮੈਂ ਰਾਤੀਂ ਸੀ ਰੋ ਪਿਆ ਉਨ੍ਹਾਂ ਸਵੇਰੇ ਉੱਠਦਿਆਂ ਬੂਹਾ ਹੀ ਢੋ ਲਿਆ। ਇਹ ਉਮਰ ਜਿੰਨ੍ਹਾਂ ਵਾਸਤੇ ਰੱਖਣੀ ਸੀ ਰਾਖਵੀਂ, ਉਨ੍ਹਾਂ ਨੇ ਸਾਡਾ ਰਾਤ ਦਿਨ ਹੁਣ ਤੋਂ ਹੀ ਖੋਹ ਲਿਆ। ਦੁਸ਼ਮਣ ਤਾਂ ਦੁਸ਼ਮਣ ਹੈਣ ਹੀ ਯਾਰਾਂ ਨੂੰ ਕੀ ਕਹਾਂ, ਸਾਰੇ ਦੇ ਸਾਰੇ ਸਾਜ਼ਸ਼ੀ ਸਭ ਨੂੰ ਹੈ ਟੋਹ ਲਿਆ। ਜਿਸਨੂੰ ਮੈਂ ਲੱਭ ਰਿਹਾ ਸਾਂ ਢੱਕ ਕੇ ਜਿਸਮ ਆਪਣਾ, ਰੌਲੇ ’ਚੋਂ ਕਿਸਨੇ ਮੈਥੋਂ ਮੇਰਾ ਚਿਹਰਾ ਖੋਹ ਲਿਆ। ਵਗਦੀ ਹਵਾ ਦੇ ਕੰਨ ਵਿਚ ਖ਼ਵਰੇ ਤੂੰ ਕੀ ਕਿਹਾ, ਉਹ ਲਿਪਟ ਗਈ ਮੈਨੂੰ ਜਦੋਂ ਮੈਂ ਤੇਰਾ ਨਾਂ ਲਿਆ। ਕਾਹਦੇ ਗਿਲੇ ਸ਼ਿਕਾਇਤਾਂ ਜੇ ਨਾ ਮਿਲੇ ਤਾਂ ਕੀਹ, ਏਨਾ ਬਹੁਤ ਹੈ ਦਰਦ ਦਾ ਮੈਂ ਗੀਤ ਛੋਹ ਲਿਆ।

ਗ਼ਜ਼ਲ

ਤੇਰੀ ਦੋਸਤੀ ਦੀ ਮਹਿਕ ਤਾਂ ਸਾਹਾਂ 'ਚ ਭਰ ਗਈ। ਤੇਰਾ ਹੀ ਮਣਕਾ ਫੇਰਦੇ ਉਮਰ ਹੈ ਲੰਘ ਰਹੀ। ਤੇਰੀ ਉਡੀਕ ਕਰਦਿਆਂ ਖ਼ੁਰਿਆ ਮੇਰਾ ਵਜੂਦ, ਆ ਕੇ ਕਦੇ ਤਾਂ ਪੁੱਛ ਲੈ ਕਿੱਦਾਂ ਗੁਜ਼ਰ ਰਹੀ। ਜੀਂਦੇ ਹੀ ਰਹਿਣਗੇ ਸਦਾ ਕੁਝ ਪਲ ਉਹ ਮਹਿਕਦੇ, ਕੀ ਹੋ ਗਿਆ ਜੇ ਦੋਸਤੀ ਰੰਗੋਂ ਬਦਲ ਗਈ। ਇਹ ਆਮ ਅੱਗ ਤੋਂ ਵਧਕੇ ਹੈ ਪਰਚੰਡ ਮੇਰੇ ਯਾਰ, ਅਗਨੀ ਜੋ ਸਾਡੇ ਜ਼ਿਹਨ ਵਿਚ ਯਾਦਾਂ ਦੀ ਬਲ ਰਹੀ। ਨਾਤੇ ਦੀ ਭੁੱਖ ਸਹਾਰਨੀ ਔਖੀ ਹੈ ਦੋਸਤਾ, ਕਿੱਦਾਂ ਕਹਾਂ ਮੈਂ ਯਾਰ ਦੀ ਯਾਰੀ ਬਦਲ ਗਈ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਗੁਰਭਜਨ ਗਿੱਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ