Mirgawali (Punjabi Ghazals) : Gurbhajan Gill

ਮਿਰਗਾਵਲੀ (ਗ਼ਜ਼ਲ ਸੰਗ੍ਰਹਿ) : ਗੁਰਭਜਨ ਗਿੱਲ




ਅਕਲਾਂ ਵਾਲੇ ਕਿੱਧਰ ਤੁਰ ਪਏ

ਅਕਲਾਂ ਵਾਲੇ ਕਿੱਧਰ ਤੁਰ ਪਏ ਭਾਸ਼ਨ ਝਾੜੀ ਜਾਂਦੇ ਨੇ। ਚਾਰ ਘਰਾਣੇ ਵਣਜਾਂ ਪਿੱਛੇ, ਵਤਨ ਉਜਾੜੀ ਜਾਂਦੇ ਨੇ। ਪਰਮਾਰਥ ਦਾ ਦੇਂਦਾ ਹੋਕਾ, ਨਜ਼ਰਾਂ ਸਿਰਫ਼ ਪਦਾਰਥ ਤੇ, ਅਕਲਾਂ ਦੀ ਪੋਥੀ 'ਚੋਂ ਬਾਂਦਰ ਵਰਕੇ ਪਾੜੀ ਜਾਂਦੇ ਨੇ। ਘਰ ਵਿਚ ਰੌਸ਼ਨਦਾਨ ਖਿੜਕੀਆਂ, ਚਾਨਣ ਖ਼ਾਤਰ ਸ਼ੀਸੇ ਵੀ, ਖ਼ੁਦ ਤੋਂ ਡਰਦੇ ਮਾਰੇ ਲੋਕੀਂ ਪਰਦੇ ਚਾੜ੍ਹੀ ਜਾਂਦੇ ਨੇ। ਬਾਗਬਾਨ ਬੇਨਸਲੇ ਹੋ ਗਏ, ਧਰਮ ਕਰਮ ਦੇ ਨਾਂ ਥੱਲੇ, ਨਫ਼ਰਤ ਦੀ ਅੱਗ ਅੰਦਰ ਫੁੱਲ ਤੇ ਕਲੀਆਂ ਸਾੜੀ ਜਾਂਦੇ ਨੇ। ਗਿਆਨ ਅਤੇ ਵਿਗਿਆਨ ਦੇ ਨਾਂ ਤੇ ਅੰਬਰ ਕੀਤਾ ਛਾਨਣੀਆਂ, ਚੰਦਰਮਾ ਤੇ ਮੰਗਲ ਖ਼ਾਤਰ, ਧਰਤ ਪਛਾੜੀ ਜਾਂਦੇ ਨੇ। ਲੋਕਤੰਤਰੀ ਲੀਲ੍ਹਾ ਓਹਲੇ, ਵੇਖੋ ਕੀ ਕੁਝ ਵਾਪਰਦਾ, ਰਖਵਾਲੇ ਹੀ ਚੋਰ ਲੁਟੇਰੇ ਸੰਸਦ ਵਾੜੀ ਜਾਂਦੇ ਨੇ। ਆਪਣੀ ਮਾਂ ਤੋਂ ਤੋੜ ਵਿਛੋੜਾ, ਹੇਜ ਪਰਾਈ ਬੋਲੀ ਦਾ, ਬਾਲ ਬਚਪਨਾ ਸਾਂਭਣ ਵਾਲੇ, ਸ਼ਬਦ ਲਿਤਾੜੀ ਜਾਂਦੇ ਨੇ।

ਭੀਲ ਬੱਚਾ ਫੇਰ ਹਾਜ਼ਰ

ਭੀਲ ਬੱਚਾ ਫੇਰ ਹਾਜ਼ਰ ਹੇ ਦਰੋਣਾਚਾਰੀਆ। ਮੈਂ ਦਰਾਵੜ ਏਕਲਵਿਆ, ਤੂੰ ਬ੍ਰਾਹਮਣ ਆਰੀਆ। ਫਿਰ ਅੰਗੂਠਾ ਮੰਗਦਾ ਹੈ, ਦਖਸ਼ਣਾ ਵਿਚ ਵੇਖ ਲੈ, ਚੁੱਪ ਕਿਉਂ, ਤੂੰ ਬੋਲਦਾ ਨਹੀਂ, ਮੌਸਮੀ ਬਨਵਾਰੀਆ। ਏਨੀਆਂ ਸਦੀਆਂ ਤੋਂ ਮਗਰੋਂ, ਫੇਰ ਓਥੇ ਹੀ ਖੜਾਂ, ਘੂਰਦਾ ਮੈਨੂੰ ਅਜੇ ਵੀ ਧਰਮ-ਵੇਦਾਚਾਰੀਆ। ਤੀਸਰਾ ਨੇਤਰ ਲਿਆਕਤ, ਤੇਰੇ ਮੱਥੇ ਦਾ ਸ਼ਿੰਗਾਰ, ਖੜਗ-ਭੁਜ ਬਣਿਆ ਰਹੀਂ ਨਾ ਯੋਧਿਆ ਬਲਕਾਰੀਆ। ਮੈਂ ਅਕਲ ਮੰਗਾਂ ਤਾਂ ਕਿਸ ਤੋਂ, ਨੇਰ੍ਹ ਘੁੰਮਣਘੇਰ ਵਿਚ, ਚੋਰ, ਕੁੱਤੀ ਨਾਲ ਰਲਿਆ ਤੀਸਰਾ ਅਖ਼ਬਾਰੀਆ। ਤੂੰ ਕਦੇ ਸੀ ਢਾਲ ਬਣਿਆ, ਧਰਮ-ਧਰਤੀ ਪਾਲਕਾ, ਬਾਜ਼ ਤੋਂ ਚਿੜੀਆਂ ਨੂੰ ਖ਼ਤਰਾ, ਫੇਰ ਕਲਗੀਧਾਰੀਆ। ਲਿਖ ਰਿਹਾ ਸਿਹਰੇ ਕਸੀਦੇ, ਲੈ ਵਜ਼ੀਫ਼ੇ ਭੁਰ ਗਿਆ, ਕਲਮਧਾਰੀ ਵੇਖ ਲਉ ਹੁਣ ਬਣ ਗਿਆ ਦਰਬਾਰੀਆ।

ਦੀਵੇ ਨਾਲ ਤੂਫ਼ਾਨ ਲੜਾਈ

ਦੀਵੇ ਨਾਲ ਤੂਫ਼ਾਨ ਲੜਾਈ ਕਰਦਾ ਕਰਦਾ ਹਾਰ ਗਿਆ ਹੈ। ਸੱਚ ਪੁੱਛੋ ਤਾਂ ਰੂੰ ਦਾ ਫੰਬਾ, ਹਸਤੀ-ਕੀਮਤ ਤਾਰ ਗਿਆ ਹੈ। ਧੁੱਪ ਤੇ ਛਾਂ ਵੀ ਮੇਰੇ ਅੰਗ ਸੰਗ, ਦੁੱਖ ਤੇ ਸੁਖ ਵੀ ਮੇਰੀ ਸ਼ਕਤੀ, ਮੈਂ ਕਿਉਂ ਡਰਾਂ ਹਨ੍ਹੇਰੇ ਕੋਲੋਂ, ਭਾਵੇਂ ਇਹ ਹੰਕਾਰ ਗਿਆ ਹੈ। ਸ਼ਾਮ ਢਲੇ ਕਿਉਂ ਤੁਰ ਜਾਂਦਾ ਹੈਂ, ਸੂਰਜ ਵਾਂਗੂੰ ਮਾਰ ਕੇ ਬੁੱਕਲ, ਤਾਰੇ ਰਾਤੀਂ ਪੁੱਛਦੇ ਤੇਰਾ ਕਿੱਧਰ ਮਹਿਰਮ ਯਾਰ ਗਿਆ ਹੈ। ਇੱਕ ਦੂਜੇ ਨੂੰ ਜੋ ਦਿਲਬਰੀਆਂ ਦਿੱਤੀਆਂ ਸੀ ਉਹ ਲੀਰਾਂ ਹੋਈਆਂ, ਰੂਹ ਦਾ ਕੋਰਾ ਵਸਤਰ, ਤੇਰਾ ਇੱਕੋ ਸ਼ਬਦ ਲੰਗਾਰ ਗਿਆ ਹੈ। ਯਾਦਾਂ ਦੀ ਕੰਨੀ ਨੂੰ ਫੜ ਕੇ, ਨਕਸ਼ ਗੁਆਚੇ ਲੱਭਦਾ ਫਿਰਦਾਂ, ਵੇਖ ਕਿਵੇਂ ਪਰ ਹੀਣਾ ਪੰਛੀ ਦੂਰ ਦੋਮੇਲੋਂ ਪਾਰ ਗਿਆ ਹੈ। ਵੇਖ ਲਵੋ ਸੰਸਾਰ ਮੇਰੇ ਘਰ ਖੋਲ੍ਹ ਜਬਾੜੇ ਆ ਬੈਠਾ ਏ, ਨਿੱਕੀਆਂ ਨਿੱਕੀਆਂ ਕਿੰਨੀਆਂ ਹੱਟੀਆਂ, ਵੱਟਿਆਂ ਸਣੇ ਡਕਾਰ ਗਿਆ ਹੈ। ਆਸਾਂ ਦੀ ਤੰਦ ਟੁੱਟ ਗਈ ਜਾਪੇ, ਕੰਧਾਂ ਡੁਸਕਦੀਆਂ ਨੇ ਦੱਸਿਆ, ਪੁੱਤ ਪਰਦੇਸੀ ਘਰ ਨੂੰ ਬਾਹਰੋਂ, ਕੁੰਡੇ ਜੰਦਰੇ ਮਾਰ ਗਿਆ ਹੈ।

ਪਾਣੀ ਪਹਿਰੇਦਾਰ ਚੁਫ਼ੇਰੇ

ਪਾਣੀ ਪਹਿਰੇਦਾਰ ਚੁਫ਼ੇਰੇ, ਬਿਰਖ਼ ਇਕੱਲਾ ਨਹੀ. ਘਬਰਾਉਂਦਾ। ਇਸ ਤੋਂ ਮੈਂ ਵੀ ਲਵਾਂ ਹੌਸਲਾ, ਦਰਦ ਜਦੋਂ ਹੱਲੇ ਕਰ ਆਉਂਦਾ। ਸ਼ਾਮ ਸਵੇਰੇ ਨਵੀਂ ਕਰੂੰਬਲ, ਆਸ ਦੀ ਟਾਹਣੀ ਇੰਜ ਲਹਿਰਾਵੇ, ਨਿੱਤਨੇਮੀ ਕਾਦਰ ਜਿਉਂ ਮੈਨੂੰ, ਲਾਗੇ ਬਹਿ ਕੇ ਗੀਤ ਸੁਣਾਉਂਦਾ। ਜਿਸ ਧਰਤੀ ਨੂੰ ਮੈਂ ਨਹੀਂ ਤੱਕਿਆ, ਨਾ ਹੀ ਸ਼ਾਇਦ ਕਦੇ ਹੈ ਚਿਤਵੀ, ਸਮਝ ਨਾ ਪੈਂਦੀ, ਕਿਉਂ ਹਰ ਵਾਰੀ, ਓਸੇ ਦਾ ਹੀ ਸੁਪਨ ਜਗਾਉਂਦਾ। ਸ਼ਹਿਰ ਨਿਵਾਸੀ ਹੋ ਗਏ ਭਾਵੇ ਅੰਦਰੋਂ ਹਾਲੇ ਪਿੰਡ ਨਾ ਮਰਿਆ, ਹੱਥ ਅਰਦਾਸ 'ਚ ਜੁੜ ਜਾਂਦੇ ਵੈਸਾਖ 'ਚ ਜਦ ਬੱਦਲ ਘਿਰ ਆਉਂਦਾ। ਬਲਦੇ ਖੰਭਾਂ ਵਾਲਾ ਪੰਛੀ, ਉੱਡਦਾ ਉੱਡਦਾ ਇਹ ਕਹਿੰਦਾ ਹੈ, ਬਿਰਖ਼ ਵਿਹੂਣੀ ਧਰਤੀ ਉੱਤੇ ਰੱਬ ਵੀ ਕਹਿੰਦੇ ਪੈਰ ਨਹੀਂ ਪਾਉਂਦਾ। ਵੇਖ ਸ਼ਰੀਂਹ ਕਿੰਜ ਪੱਤਝੜ ਰੁੱਤੇ, ਵਜਦ 'ਚ ਆ ਫ਼ਲੀਆਂ ਛਣਕਾਵੇ, ਐਸੇ ਗੀਤ ਇਲਾਹੀ ਦੀ ਰੱਬ, ਬਿਰਖ਼ੀ ਬਹਿ ਕੇ ਤਰਜ਼ ਬਣਾਉਂਦਾ। ਹਰ ਹਾਲਤ ਵਿਚ ਖਿੜ ਕੇ ਰਹਿ ਤੇ ਰੱਖ ਹਯਾਤੀ ਘੁੰਮਦਾ ਪਹੀਆ, ਕੰਧ ਤੇ ਟੰਗਿਆ ਟਾਈਮ ਪੀਸ ਵੀ ਟਿੱਕ ਟਿੱਕ ਮੈਨੂੰ ਇਹ ਸਮਝਾਉਂਦਾ।

ਸੱਤ ਸਮੁੰਦਰ ਪਾਰ

ਗੁਲਿੰਦਰ ਗਿੱਲ ਦੇ ਨਾਂ.. ਸੱਤ ਸਮੁੰਦਰ ਪਾਰ ਗਵਾਚੇ ਫਿਰਦੇ ਹਾਂ। ਖ਼ੁਦ ਨੂੰ ਲੱਭਦੇ ਫਿਰਦੇ ਕਿੰਨੇ ਚਿਰ ਦੇ ਹਾਂ। ਮਾਂ ਹੀ ਚੇਤੇ ਆਵੇ ਜਾਂ ਫਿਰ ਧਰਤੀ ਮਾਂ, ਵਿੱਚ ਮੁਸੀਬਤ ਜਦ ਵੀ ਆਪਾਂ ਘਿਰਦੇ ਹਾਂ। ਚਿੱਤ ਬੇਚੈਨ ਉਦਾਸੀ, ਘੁੰਮਣ ਘੇਰੀ ਵਿੱਚ, ਪਤਾ ਨਹੀਂ ਕਿਸ ਖ਼ਾਤਰ ਦੌੜੇ ਫਿਰਦੇ ਹਾਂ। ਵਿੱਚ ਵਿਚਾਲੇ ਹਾਂ ਨਾ ਗੋਰੇ ਨਾ ਕਾਲੇ, ਕਿੱਦਾਂ ਦੱਸੀਏ ਆਪਾਂ ਕਿਹੜੀ ਧਿਰ ਦੇ ਹਾਂ। ਜੜ੍ਹ ਤੋਂ ਹੀਣ ਬਿਰਖ਼ ਦੀ ਜੂਨੇ ਹਾਂ ਪੈ ਗਏ, ਟਾਹਣੀ ਨਾਲੋਂ ਪੱਤਿਆਂ ਵਾਂਗੂੰ ਕਿਰਦੇ ਹਾਂ। ਮਨ ਮਸਤਕ ਵਿਚ ਕਿੰਨਾ ਕੁਝ ਹੈ ਅਣਚਾਹਿਆ, ਖ਼ੁਦ ਨੂੰ ਕਹੀਏ, ਆਪਾਂ ਕੋਮਲ ਹਿਰਦੇ ਹਾਂ। ਹੱਸ ਕੇ ਵੇਖ ਮਨਾ ਲੈ ਰੁੱਸਿਆ ਸੱਜਣਾਂ ਨੂੰ, ਵੇਖੀ ਫਿਰ ਤੂੰ ਕਿੰਨੀ ਜਲਦੀ ਵਿਰਦੇ ਹਾਂ।

ਰੰਗ ਕਿਉਂ ਥੁੜ੍ਹੇ ਮੁਸੱਵਰ ਮਿੱਤਰਾ

ਪਿਆਰੇ ਰਣਜੋਧ ਸਿੰਘ ਪਰਿਵਾਰ ਦੇ ਨਾਂ.... ਰੰਗ ਕਿਉਂ ਥੁੜ੍ਹੇ ਮੁਸੱਵਰ ਮਿੱਤਰਾ, ਮੱਥੇ ਲੀਕਾਂ ਵਾਹੀਆਂ ਲਈ। ਬੇਪਰਵਾਹਾ ਕਿੰਜ ਬਲਿਹਾਰੇ ਜਾਵਾਂ, ਲਾਪਰਵਾਹੀਆਂ ਲਈ। ਸਾਥੋਂ 'ਰੱਬ' ਕਹਾਵੇਂ ਤੇ 'ਯੱਬ' ਪਾਵੇਂ ਗਲਮੇ ਲਈ ਸਾਡੇ, ਜ਼ਾਲਮ ਨੂੰ ਪਰਵਾਨਗੀਆਂ ਕਿਉਂ ਥਾਂ ਥਾਂ ਗੱਡੀਆਂ ਫਾਹੀਆਂ ਲਈ। ਰਾਜ ਘਰਾਣਿਆਂ ਖ਼ਾਤਰ ਤੇਰੇ ਸਭ ਦਰਵਾਜ਼ੇ ਖੁੱਲ੍ਹਦੇ ਨੇ, ਬੰਦ ਕਿਉਂ ਹੋ ਜਾਂਦੇ ਨੇ ਇਹ, ਗੁਰ-ਮਾਰਗ ਦੇ ਰਾਹੀਆਂ ਲਈ। ਦੌਲਤਮੰਦ ਨੂੰ ਹੋਰ ਮਸ਼ੀਨਾਂ ਵੰਡੀ ਜਾਵੇਂ ਦੌਲਤ ਲਈ, ਖੁੰਢੀਆਂ ਕਿਉਂ ਨੇ ਰੰਬੀਆਂ ਹਾਲੇ, ਸਾਡੇ ਪਿੰਡ ਦੇ ਘਾਹੀਆਂ ਲਈ। ਦਿਲ ਦੀ ਦੌਲਤ ਖਿੱਲਰ ਚੱਲੀ, ਰੂਹ ਨੂੰ ਗੁਰਬਤ ਘੇਰ ਲਿਆ, ਤਨ ਮੇਰੇ ਨੂੰ ਝੋਰਾ ਲੱਗਾ, ਕੁਝ ਮਰਲੇ ਸਰਸਾਹੀਆਂ ਲਈ। ਕਲਮ ਦਵਾਤ ਡੁਸਕਦੀ ਵੇਖੀ ਕੱਚੇ ਘਰ ਦੇ ਵਿਹੜੇ ਵਿੱਚ, ਦੇਸ਼ ਆਜ਼ਾਦ ਗੁਲਾਮ ਬਚਪਨਾ, ਤਰਸੇ ਕਲਮ ਸਿਆਹੀਆਂ ਲਈ। ਟੁੱਟੀ ਮੰਜੀ ਵਾਣ ਪੁਰਾਣਾ, ਗਾਂਢੇ ਲਾ ਲਾ ਹੰਭ ਗਏ ਹਾਂ, ਹੁਣ ਤੇ ਸਿਰਫ਼ ਸਹਾਰਾ ਇੱਟਾਂ ਰੱਖੀਆਂ ਦਾ ਹੀ ਬਾਹੀਆਂ ਲਈ।

ਅੱਜ ਉੱਠਦੇ ਸਵੇਰੇ ਤੇਰਾ ਆਇਆ

ਅੱਜ ਉੱਠਦੇ ਸਵੇਰੇ ਤੇਰਾ ਆਇਆ ਸੀ ਖ਼ਿਆਲ। ਝੋਲੀ ਭਰ ਗਈ ਹੈ ਮੇਰੀ ਸੂਹੇ ਸੂਹੇ ਫੁੱਲਾਂ ਨਾਲ। ਹੋਰ ਸਾਰੇ ਹੀ ਸਵਾਲਾਂ ਦੇ ਜਵਾਬ ਮੇਰੇ ਕੋਲ, ਕੱਲ੍ਹਾ ਹੱਲ ਹੀ ਨਾ ਹੋਵੇ, ਤੇਰੀ ਚੁੱਪ ਦਾ ਸਵਾਲ। ਰਾਤੀਂ ਵੇਖਿਆ ਮੈਂ ਚੰਨ, ਟਿਕੀ ਰਾਤ ਸੀ ਚੁਫ਼ੇਰ, ਜਾਪ ਅੰਬਰਾਂ 'ਚ ਲੈ ਕੇ ਫਿਰੇਂ ਮੋਤੀਆਂ ਦਾ ਥਾਲ। ਓਸ ਖ਼ਤ ਨੂੰ ਵੀ ਕਦੇ ਪੜ੍ਹ ਲਿਆ ਕਰ ਜਾਨੇ, ਜਿਹੜਾ ਲਿਖਿਆ ਮੈਂ ਕਿੰਨੀ ਵਾਰੀ ਹੰਝੂਆਂ ਦੇ ਨਾਲ। ਤੈਨੂੰ ਪਹਿਲੀ ਵਾਰੀ ਸੁਪਨੇ 'ਚ ਵੇਖਿਆ ਸੀ ਜਦੋਂ, ਲੱਗਾ ਕਿੰਨੀ ਸੋਹਣੀ ਵੇਲ ਭਰੀ ਮੋਤੀਏ ਦੇ ਨਾਲ। ਆ ਜਾ ਜ਼ਿੰਦਗੀ ਨੂੰ ਹਾਉਕਿਆਂ ਦੇ ਕਹਿਰ ਤੋਂ ਬਚਾ, ਇਹ ਤੇ ਮੰਗਦੀ ਹੁੰਗਾਰਾ ਤੈਥੋਂ ਹਾੜ੍ਹ ਤੇ ਸਿਆਲ। ਪੱਤਝੜ ਤੋਂ ਫੁਟਾਰਾ ਤੇ ਫੁਟਾਰੇ ਪਿੱਛੋਂ ਫੁੱਲ, ਫੁੱਲਾਂ ਪਿੱਛੋਂ ਫ਼ਲ ਪੈਣੈਂ, ਤੇਰੇ ਮੇਰੇ ਸੰਗ ਨਾਲ।

ਹਾਮੀ ਨਾ ਇਨਕਾਰ ਕਰੇਂ ਤੂੰ

ਹਾਮੀ ਨਾ ਇਨਕਾਰ ਕਰੇਂ ਤੂੰ ਕਿਉਂ ਏਦਾਂ ਸਰਕਾਰ ਵਾਂਗਰਾਂ। ਇਸ ਰਿਸ਼ਤੇ ਨੂੰ ਚੁੱਕੀ ਫਿਰਦਾਂ ਮੈਂ ਸਦੀਆਂ ਤੋਂ ਭਾਰ ਵਾਂਗਰਾਂ। ਕੰਮ ਦੀ ਖ਼ਬਰ ਕਦੇ ਨਾ ਕੋਈ, ਦੁਨੀਆਂ ਭਰ ਦਾ ਰੋਲ ਘਚੋਲਾ, ਕੀਹ ਦੱਸਾਂ ਮੈਂ ਮਨ ਦੀ ਹਾਲਤ, ਹੋ ਗਈ ਹੈ ਅਖ਼ਬਾਰ ਵਾਂਗਰਾਂ। ਕੰਬਦੀ ਟਾਹਣੀ ਉੱਤੋਂ ਉੱਡ ਗਏ ਵੇਖ ਪਰਿੰਦੇ, ਡਰ ਕੇ ਸਾਰੇ, ਦਿਲ ਦੀ ਬੁੱਕਲ ਦੇ ਵਿੱਚ ਜਿਹੜੇ, ਰਹਿੰਦੇ ਸੀ ਪਰਿਵਾਰ ਵਾਂਗਰਾਂ। ਦਰਦ ਦਿਲੇ ਦਾ ਸੁਣ ਲੈਂਦਾ ਜੇ ਮਹਿਰਮ ਮੇਰਾ ਕੋਲ ਬੈਠ ਕੇ, ਮਹਿੰਗੇ ਮੋਤੀ ਕਿੰਜ ਪਰੋਂਦਾ, ਮੈਂ ਹੰਝੂਆਂ ਦੇ ਹਾਰ ਵਾਂਗਰਾਂ। ਕਿੰਨਾ ਚਾਨਣ, ਅਗਨੀ, ਤਾਕਤ, ਅੰਦਰ ਤੇਰੇ ਕਿੰਨੇ ਸੂਰਜ, ਅਪਣੇ ਅੰਦਰ ਕੀ ਕੁਝ ਰੱਖਿਆ, ਤੂੰ ਬਿਜਲੀ ਦੀ ਤਾਰ ਵਾਂਗਰਾਂ। ਅੱਖਾਂ ਮੀਟ ਲਵਾਂ ਤੇ ਦਿਸਦੀ, ਤੇਰੀ ਸੂਰਤ ਜੁਗਨੂੰ ਜਗਦੇ, ਨੰਗੀ ਅੱਖ ਨੂੰ ਖ਼ਬਰ ਨਹੀਂ ਹੈ, ਅਣਦਿਸਦੇ ਸੰਸਾਰ ਵਾਂਗਰਾਂ। ਯਾਦ ਤੇਰੀ ਦਾ ਪੱਲੂ ਫੜ ਕੇ, ਹੁਣ ਵੀ ਭਟਕਣ ਤੋਂ ਬਚ ਜਾਨਾਂ, ਜੀਵਨ ਦੀ ਰਣਭੂਮੀ ਅੰਦਰ, ਤੂੰ ਹੈਂ ਕ੍ਰਿਸ਼ਨ ਮੁਰਾਰ ਵਾਂਗਰਾਂ।

ਅੱਗੇ ਅੱਗ ਸੀ ਪਿੱਛੇ ਪਾਣੀ

ਅੱਗੇ ਅੱਗ ਸੀ ਪਿੱਛੇ ਪਾਣੀ, ਜਾਨ ਦੀ ਖ਼ਾਤਰ ਦੱਸ ਕੀਹ ਕਰਦੇ। ਦੋਹੀਂ ਪਾਸੀਂ ਮੌਤ ਖੜ੍ਹੀ ਸੀ, ਦੱਸ ਤੂੰ ਕਿਸਦੀ ਹਾਮੀ ਭਰਦੇ। ਸੱਤ ਨਦੀਆਂ ਤੇ ਸੱਤ ਸਮੁੰਦਰ, ਇਸ ਤੋਂ ਡੂੰਘੇ ਨੈਣ ਬਲੌਰੀ, ਦਿਲ ਦਰਿਆ ਤੋਂ ਅੱਗੇ ਜਾ ਕੇ, ਇਹ ਸਾਰਾ ਕੁਝ ਕਿੱਦਾਂ ਤਰਦੇ। ਸ਼ਾਮ ਢਲੀ ਪਰਛਾਵੇਂ ਲੰਮੇ, ਰਾਤ ਪਈ ਤੇ ਜਗ ਪਏ ਦੀਵੇ, ਪੌਣ ਵਗੀ ਤੇ ਲਾਟਾਂ ਡੋਲਣ, ਜੀਕਣ ਉਹ ਸੀ ਹੌਕੇ ਭਰਦੇ। ਡਾਢਾ ਗੂੜ੍ਹਾ ਘੋਰ ਹਨੇਰਾ, ਮਨ ਦੇ ਅੰਦਰ ਸ਼ੋਰ ਬਥੇਰਾ, ਚੁੱਪ ਦਾ ਚਾਰ ਚੁਫ਼ੇਰੇ ਜੰਗਲ, ਏਸੇ ਚੁੱਪ ਤੋਂ ਰਹੀਏ ਡਰਦੇ। ਤੂੰ ਤੇ ਹੁਕਮ ਚੜ੍ਹਾ ਦਿੱਤਾ ਸੀ, ਸਿਖ਼ਰ ਚੁਬਾਰੇ ਪਹੁੰਚੋ ਸਾਰੇ, ਬਿਨ ਪੌੜੀ ਤੋਂ ਆਪੇ ਦੱਸ ਤੂੰ, ਕਦਮ ਉਤਾਂਹ ਨੂੰ ਕਿੱਥੇ ਧਰਦੇ। ਮੰਡੀ ਦੇ ਵਿਚ ਆਸ ਦੇ ਪੰਛੀ, ਪੈਲੀ ਵਿਚ ਉਮੀਦਾਂ ਮੋਈਆਂ, ਰਾਤ ਹਨ੍ਹੇਰੀ ਅੰਦਰ ਜੁਗਨੂੰ, ਜੇ ਨਾ ਮੱਚਦੇ, ਦੱਸ ਕੀ ਕਰਦੇ। ਗਿਲਤੀ ਬੰਨ੍ਹੀ, ਗ਼ਮ ਦੀ ਬੁੱਕਲ, ਬੈਠੇ ਬੀਬੇ ਬੱਚਿਆਂ ਵਾਂਗੂੰ, ਹੌਕੇ, ਹਾਵੇ ਤੇ ਉਦਰੇਵੇਂ, ਮੇਰੇ ਸਾਰੇ ਹਾਣੀ ਠਰਦੇ।

ਅੰਬਰਾਂ ਵਿਚ ਤਾਰੀ ਲੱਗਣੀ ਨਹੀਂ

ਅੰਬਰਾਂ ਵਿਚ ਤਾਰੀ ਲੱਗਣੀ ਨਹੀਂ, ਜੇ ਖੰਭਾਂ ਵਿਚ ਪਰਵਾਜ਼ ਨਹੀਂ। ਕਬਰਾਂ ਜਿਹੀ ਚੁੱਪ ਕਿਉਂ ਚਿਹਰੇ ਤੇ, ਹੈ ਬੰਦ ਜ਼ਬਾਨ, ਆਵਾਜ਼ ਨਹੀਂ। ਕਾਵਾਂ ਦੀ ਅਸਲ ਹਕੀਕਤ ਨੂੰ, ਤੂੰ ਜਾਣਦਿਆਂ ਵੀ ਚੁੱਪ ਰਹਿੰਦੈਂ, ਸੱਚ ਬੋਲਣ ਤੋਂ ਘਬਰਾ ਜਾਣਾ, ਇਸ ਧਰਤੀ ਦਾ ਅੰਦਾਜ਼ ਨਹੀਂ। ਚਿੜੀਆਂ ਵੀ ਜਿਸ ਤੋਂ ਸਹਿਮਦੀਆਂ, ਨਾ ਸੁਣੇਂ ਅਪੀਲਾਂ ਰਹਿਮ ਦੀਆਂ, ਇਹ ਸ਼ਿਕਰਾ ਆਦਮਖ਼ੋਰ ਜਿਹਾ, ਚੋਟੀ ਤੇ ਬੈਠਾ ਬਾਜ਼ ਨਹੀਂ। ਗਰਜ਼ਾਂ ਲਈ ਫ਼ਰਜ਼ ਭੁਲਾ ਬੈਠਾਂ, ਮੈਂ ਹੌਲੀ ਹੌਲੀ ਗਰਕ ਗਿਆਂ, ਮੈਂ ਤਾਹੀਉਂ ਚੁੱਪ ਚੁੱਪ ਰਹਿੰਦਾ ਹਾਂ, ਉਂਝ ਤੇਰੇ ਨਾਲ ਨਾਰਾਜ਼ ਨਹੀਂ। ਮੇਰੀ ਚੁੱਪ ਨੂੰ ਜੋ ਮਿਸਮਾਰ ਕਰੇ, ਤੇ ਰੂਹ ਮੇਰੀ ਸਰਸ਼ਾਰ ਕਰੇ, ਸਾਹਾਂ ਵਿਚ ਸੰਦਲ ਘੋਲੇ ਜੋ, ਕਿਉਂ ਵੱਜਦਾ ਇੱਕ ਵੀ ਸਾਜ਼ ਨਹੀਂ। ਇਹ ਸਾਰਾ ਖੇਲ ਰਚਾਇਆ ਹੈ, ਚੋਰਾਂ ਤੇ ਸਾਧਾਂ ਰਲ ਮਿਲ ਕੇ, ਸਭ ਜਾਣਦਿਆਂ ਵੀ ਚੁੱਪ ਬੈਠੇ, ਹੁਣ ਇਹ ਗੱਲ ਲੁਕਵਾਂ ਰਾਜ਼ ਨਹੀਂ। ਤੂੰ ਮਾਣ ਮਰਤਬੇ ਕੁਰਸੀ ਤੇ, ਕਲਗੀ ਦਾ ਕੈਦੀ ਬਣ ਬੈਠਾ, ਜੋ ਸੱਚ ਦਾ ਮਾਰਗ ਛੱਡ ਜਾਵੇ, ਫਿਰ ਰਹਿੰਦਾ ਉਹ ਜਾਂਬਾਜ਼ ਨਹੀਂ।

ਬੰਸਰੀ ਵਿਚ ਫੂਕ ਮਾਰੀਂ

ਬੰਸਰੀ ਵਿਚ ਫੂਕ ਮਾਰੀਂ, ਦੇ ਤੂੰ ਇਸ ਨੂੰ *ਨਗ਼ਮਗੀ। ਇੱਕ ਲੱਤ ਦੇ ਭਾਰ ਬਾਂਸਾਂ ਬਹੁਤ ਕੀਤੀ ਬੰਦਗੀ। ਰੁਮਕਦੀ ਵੇਖੀਂ, ਸੁਣੀਂ ਤੂੰ ਆਪ ਗਾਉਂਦੀ ਕਾਇਨਾਤ, ਇੰਜ ਹੀ ਫੁੱਲਾਂ 'ਚ ਭਰਦੀ ਮਹਿਕ ਵੀ ਤੇ ਤਾਜ਼ਗੀ। ਮੈਂ ਥਲਾਂ ਵਿਚ ਭਟਕਿਆ ਹਾਂ, ਅੱਜ ਤੀਕਰ ਥਾਂ ਕੁਥਾਂ, ਨਾ ਕੋਈ ਮੰਜ਼ਿਲ ਮਿਲੀ ਨਾ ਖ਼ਤਮ ਹੋਈ ਤਿਸ਼ਨਗੀ**। ਪੌਣ ਹੈ, ਇਹ ਕੌਣ ਹੈ ਜਾਂ ਮਨ ਮੇਰੇ ਦੀ ਭਟਕਣਾ, ਮੁੱਕਦੀ ਨਹੀਂ ਅੰਤਹੀਣੀ, ਰੋਜ਼ ਦੀ ਆਵਾਰਗੀ। ਤੇਜ਼ ਤਿੱਖੀ ਧਾਰ ਤੇ ਨਾ ਤੋਰ ਤੂੰ ਤਲਵਾਰ ਤੇ, ਬਹੁਤ ਮਹਿੰਗੀ ਪੈਣ ਵਾਲੀ ਮੈਨੂੰ ਤੇਰੀ ਦਿਲਲਗੀ। ਚੂਹੇ ਦੌੜਾਂ ਦਾ ਸਿਕੰਦਰ, ਜਿੱਤ ਕੇ ਚੂਹੇ ਸਮਾਨ, ਅਸਲ ਸ਼ਕਤੀ ਸਹਿਜ ਤੁਰਦੀ ਆਦਮੀ ਦੀ ਸਾਦਗੀ। ਮੈਂ ਕਿਸੇ ਮੰਡੀ ਵਿਕਾਊ ਮਾਲ ਵਰਗਾ ਕਿਉਂ ਬਣਾਂ, ਇਸ ਨੇ ਮੇਰੇ ਤੋਂ ਹੈ ਖੋਹਣੀ, ਅਣਖ਼ ਤੇ ਮਰਦਾਨਗੀ। *ਸੰਗੀਤਕਤਾ **ਪਿਆਸ

ਵੇਖ ਲਵੋ ਜੀ, ਸਾਡੇ ਹੁੰਦਿਆਂ

ਹਰਵਿੰਦਰ ਰਿਆੜ ਪਰਿਵਾਰ ਦੇ ਨਾਂ..... ਵੇਖ ਲਵੋ ਜੀ, ਸਾਡੇ ਹੁੰਦਿਆਂ, ਸੱਚ ਨੂੰ ਏਥੇ ਡੰਨ ਹੁੰਦੇ ਨੇ। ਜ਼ੁਲਮ ਜ਼ਬਰ ਦੇ ਡੇਰੇ ਮੈਥੋਂ, ਕੱਲ੍ਹਿਆਂ ਕਿੱਥੇ ਭੰਨ ਹੁੰਦੇ ਨੇ। ਕੰਧਾਂ ਕਰਨ ਚੁਗਲੀਆਂ ਅਕਸਰ, ਵਤਨ ਮੇਰੇ ਵਿਚ ਸੁਣਿਆ ਸੀ ਪਰ, ਅਮਰੀਕਾ ਵਿਚ ਅੱਖੀਂ ਤੱਕਿਐ, ਪੌਣਾਂ ਨੂੰ ਵੀ ਕੰਨ ਹੁੰਦੇ ਨੇ। ਚੰਦਰਬੰਸੀ, ਸੂਰਜ ਬੰਸੀ, ਮਾਵਾਂ ਹੀ ਤਾਂ ਹੈਣ ਜੰਮਦੀਆਂ, ਧੀਆਂ ਦੀ ਥਾਂ ਪੁੱਤਰ ਹੀ ਕਿਉਂ, ਅੱਖ ਦੇ ਤਾਰੇ ਚੰਨ ਹੁੰਦੇ ਨੇ। ਸੀਸ ਤਲੀ ਤੇ ਧਰਦੇ, ਮਰਦੇ, ਚੌਂਕ ਚੁਰਸਤੇ ਦੀਵੇ ਧਰਦੇ, ਏਸ ਨਸਲ ਦੇ ਪੁੱਤਰ ਧੀਆਂ, ਸੱਚੀਂ ਮੁੱਚੀਂ ਧੰਨ ਹੁੰਦੇ ਨੇ। ਤੂੰ ਮਿਲਿਆ, ਦਿਲ ਹੌਲਾ ਕੀਤਾ, ਹੁਣ ਮੈਂ ਵੇਖੀਂ ਤੇਜ਼ ਤੁਰਾਂਗਾ, ਦਿਲ ਦਰਿਆਈ ਹੜ੍ਹ ਦੇ ਪਾਣੀ, ਕੱਲ੍ਹਿਆਂ ਕਿੱਥੇ ਬੰਨ੍ਹ ਹੁੰਦੇ ਨੇ। ਭੁਰਦੇ ਜਾਈਏ ਚੁੱਪ ਚੁਪੀਤੇ, ਸਿਵਿਆਂ ਦੇ ਵੱਲ ਰੋਜ਼ ਦਿਹਾੜੀ, ਛਲਕ ਰਹੇ ਨੈਣਾਂ ਦੇ ਕੁੱਜੇ, ਓਦਾਂ ਕਿੱਥੇ ਭੰਨ ਹੁੰਦੇ ਨੇ। ਵਕਤ ਵਿਖਾਵੇ ਸ਼ੀਸ਼ਾ ਸਭ ਨੂੰ, ਵੇਖੋ ਜਾਂ ਨਾ ਵੇਖੋ ਮਰਜ਼ੀ, ਰੂਹ ਦੇ ਦਾਗ ਤੇ ਮੈਲੇ ਚਿਹਰੇ, ਓਦਾਂ ਕਿੱਥੇ ਮੰਨ ਹੁੰਦੇ ਨੇ।

ਇਨਕਲਾਬ ਦਾ ਨਾਅਰਾ ਲਾਇਆ

ਇਨਕਲਾਬ ਦਾ ਨਾਅਰਾ ਲਾਇਆ, ਸੀਸ ਤਲੀ ਤੇ ਧਰਿਆ ਨਹੀਂ। ਏਸੇ ਕਰਕੇ ਹੁਕਮਰਾਨ ਵੀ, ਕਿਣਕਾ ਮਾਤਰ ਡਰਿਆ ਨਹੀਂ। ਕੰਢੇ ਕੰਢੇ ਤੁਰਦੇ ਤੁਰਦੇ, ਮਾਰਗ ਦੱਸਦੈ ਹੋਰਾਂ ਨੂੰ, ਆਪ ਕਦੇ ਸ਼ਹੁ ਸਾਗਰ ਵਿਚ ਜੋ ਇੱਕ ਵੀ ਤਾਰੀ ਤਰਿਆ ਨਹੀਂ। ਸਾਡੇ ਸਭ ਦੇ ਅੰਦਰ ਕਿਧਰੇ ਹਾਕਮ ਛੁਪ ਕੇ ਬੈਠ ਗਿਆ, ਬੰਦ ਕਮਰੇ ਤੋਂ ਬਾਹਰ ਕਦੇ ਇਸ ਪੈਰ ਅਗਾਂਹ ਨੂੰ ਧਰਿਆ ਨਹੀਂ। ਬਹਿਸ ਕਰਦਿਆਂ ਉਮਰ ਗੁਜ਼ਾਰੀ, ਅਕਲਾਂ ਨੇ ਮੱਤ ਮਾਰ ਲਈ, ਜਿਸ ਨੂੰ ਆਪਾਂ ਦੁਸ਼ਮਣ ਕਹੀਏ, ਤਾਹੀਉਂ ਸਾਥੋਂ ਮਰਿਆ ਨਹੀਂ। ਸੁਣਿਆ ਸੀ ਕਿ ਪਾਪ ਦਾ ਭਾਂਡਾ ਭਰ ਜਾਵੇ ਤਾਂ ਡੁੱਬ ਜਾਂਦਾ, ਅਜਬ ਸਰੋਵਰ ਡੋਬੇ ਨਾ ਜੋ, ਆਖੇ ਪੂਰਾ ਭਰਿਆ ਨਹੀਂ। ਓਸ ਜੁਰਮ ਦੀ ਸਜ਼ਾ ਭੁਗਤਣਾ ਸਭ ਤੋਂ ਔਖਾ ਜਾਪ ਰਿਹੈ, ਜਿਹੜਾ ਏਸ ਜਨਮ ਵਿਚ ਅੱਜ ਤੱਕ, ਸਹੁੰ ਮੇਰੀ ਮੈਂ ਕਰਿਆ ਨਹੀਂ। ਤੋਰ ਮਟਕਣੀ ਤੁਰਦਾ ਹੋਵੇ, ਕਲਕਲ ਕਲਕਲ ਲਹਿਰ ਲਹਿਰ, ਮੇਰੇ ਦੇਸ ਪੰਜਾਬ 'ਚ ਹੁਣ ਤਾਂ ਇੱਕ ਵੀ ਐਸਾ ਦਰਿਆ ਨਹੀਂ।

ਤੂੰ ਮੈਨੂੰ ਜੀਣ ਜੋਗਾ ਛੱਡ

ਤੂੰ ਮੈਨੂੰ ਜੀਣ ਜੋਗਾ ਛੱਡ, ਰਹਿੰਦਾ ਮਾਰ ਦੇ ਮੈਨੂੰ। ਮੇਰੇ 'ਚੋਂ ਮੈਂ ਮੁਕਾ ਦੇ, ਤੇ ਨਵਾਂ ਵਿਸਥਾਰ ਦੇ ਮੈਨੂੰ। ਮੁਹੱਬਤ ਸਾਂਭ ਲੈ ਤੂੰ, ਜਿੱਤ ਦੇ ਤਮਗੇ ਮੈਂ ਕੀਹ ਕਰਨੇ, ਮੇਰੇ ਨੇੜੇ ਰਹੀਂ ਤੂੰ, ਹਾਰ ਦੀ ਮਹਿਕਾਰ ਦੇ ਮੈਨੂੰ। ਜਵਾਨੀ ਠਰ ਗਈ, ਬੇਹਰਕਤੀ ਹੈ, ਜਜ਼ਬਿਆਂ ਹੀਣੀ, ਲਗਨ ਦੇ ਦੇ ਇਨ੍ਹਾਂ ਨੂੰ, ਅੱਗ ਤੇ ਅੰਗਿਆਰ ਦੇ ਮੈਨੂੰ। ਤੂੰ ਮੈਨੂੰ ਸ਼ਾਸਤਰ ਤੋਂ ਤੋੜਿਆ ਤੇ ਜੋੜਿਆ ਕਿੱਥੇ, ਨਿਰੰਤਰ ਜੀਣ ਖ਼ਾਤਰ 'ਸ਼ਬਦ' ਜਹੇ ਹਥਿਆਰ ਦੇ ਮੈਨੂੰ। ਮੈਂ ਸਾਰੀ ਧਰਤ ਦੀ ਅਗਨੀ 'ਚ ਖ਼ੁਦ ਨੂੰ ਭਸਮ ਕੀਤਾ ਹੈ, ਨਜ਼ਰ ਭਰ ਵੇਖ ਮੈਨੂੰ, ਧੁਖ਼ ਰਿਹਾਂ, ਹੁਣ ਠਾਰ ਦੇ ਮੈਨੂੰ। ਮੈਂ ਟਾਹਣੀ ਨਾਲ ਜੁੜਿਆ ਰਹਿਣ ਦਾ ਇਕਰਾਰ ਕਰਦਾ ਹਾਂ, ਤੂੰ ਮੈਥੋਂ ਫੁੱਲ ਲੈ ਜਾ, ਸਿਰਫ਼ ਤਿੱਖੇ ਖ਼ਾਰ ਦੇ ਮੈਨੂੰ। ਮੇਰੇ ਬਿਰਖ਼ਾਂ ਦੇ ਪੱਤਰ, ਟਾਹਣ ਅੱਜ ਕੱਲ੍ਹ ਬਹੁਤ ਸੁੰਨੇ ਨੇ, ਖੁਦਾਇਆ ਰਹਿਮਤਾਂ ਕਰ, ਪੰਛੀਆਂ ਦੀ ਡਾਰ ਦੇ ਮੈਨੂੰ।

ਮੰਜ਼ਿਲ ਵੱਲ ਨਾ ਜਾਵੇ

ਮੰਜ਼ਿਲ ਵੱਲ ਨਾ ਜਾਵੇ, ਮਿੱਤਰਾ ਰਾਹ ਨਹੀਂ ਹੁੰਦਾ। ਤੀਜੇ ਨੇਤਰ ਵਾਲਾ ਤਾਂ ਗੁਮਰਾਹ ਨਹੀਂ ਹੁੰਦਾ। ਗ਼ਫ਼ਲਤ ਮਾਰੇ ਬੰਦੇ ਅਕਸਰ ਕਹਿੰਦੇ ਸੁਣਿਆਂ, ਤੂੰ ਹੀ ਕਰਦੇ, ਮੇਰੇ ਤੋਂ ਤੇ ਆਹ ਨਹੀਂ ਹੁੰਦਾ। ਆਜ਼ਾਦੀ ਆਜ਼ਾਦੀ ਗਾਉਂਦੇ ਥੱਕ ਚੱਲੇ ਹਾਂ, ਤੌਕ ਗੁਲਾਮੀ ਵਾਲਾ ਗਲ 'ਚੋਂ ਲਾਹ ਨਹੀਂ ਹੁੰਦਾ। ਜ਼ਿੰਦਾਦਿਲ ਦੇ ਅੰਦਰ ਤੁਰਦਾ ਹੋਰ ਬੜਾ ਕੁਝ, ਤੇਰੇ ਮੇਰੇ ਵਾਂਗੂੰ, ਕੱਲ੍ਹਾ ਸਾਹ ਨਹੀਂ ਹੁੰਦਾ। ਆਪਣੀ ਜਿੰਦ ਨੂੰ ਆਪੇ ਕੱਤਣਾ ਸੌਖਾ ਨਹੀਂਓਂ, ਸੱਚ ਪੁੱਛੋ ਤਾਂ ਐਸਾ ਚਰਖ਼ਾ ਡਾਹ ਨਹੀਂ ਹੁੰਦਾ। ਦੂਜੇ ਦੇ ਮੂੰਹ ਪਾਉਣਾ, ਆਪਣਾ ਰੂਪ ਸਮਝ ਕੇ, ਖ਼ੁਦ ਤੋਂ ਟੁੱਟਣ ਵਾਲਾ ਸਭ ਨੂੰ ਥਾਹ ਨਹੀਂ ਹੁੰਦਾ। ਮੈਂ ਮੇਰੀ ਤੋਂ ਅਪਣੀ ਤੀਕਰ ਘੁੰਮੀ ਜਾਈਏ, ਘੁੰਮਣਘੇਰੀ ਨਾਲੋਂ ਵੱਡਾ ਫਾਹ ਨਹੀਂ ਹੁੰਦਾ। ਫ਼ਨਕਾਰਾਂ ਸੰਗ ਯਾਰੀ ਲਾ ਲੈ, ਜਾਣ ਲਏਂਗਾ, ਗੱਦੀ ਉੱਤੇ ਬੈਠ ਕੇ ਬੰਦਾ ਸ਼ਾਹ ਨਹੀਂ ਹੁੰਦਾ।

ਗੈਰਾਂ ਤੋਂ ਖ਼ਬਰਾਂ ਮਿਲੀਆਂ ਨੇ

ਗੈਰਾਂ ਤੋਂ ਖ਼ਬਰਾਂ ਮਿਲੀਆਂ ਨੇ ਅਪਣੇ ਵੀ ਸ਼ਹਿਰ 'ਚ ਆਏ ਨੇ। ਏਦਾਂ ਵੀ ਸੁਣਿਆ ਲੋਕਾਂ ਤੋਂ, ਖੁਸ਼ਬੋਈਆਂ ਨਾਲ ਲਿਆਏ ਨੇ। ਲੱਭ ਲੈਣਾ ਰਿੜਕ ਸਮੁੰਦਰਾਂ 'ਚੋਂ ਜੋ ਮਾਣਕ ਮੋਤੀ ਮਹਿੰਗਾ ਹੈ, ਅਰਸ਼ਾਂ ਤੇ ਧਰਤ ਪਤਾਲਾਂ ਵਿੱਚ ਤੁਸੀਂ ਹਰ ਥਾਂ ਪਹਿਰੇ ਲਾਏ ਨੇ। ਕਿੱਦਾਂ ਦੱਸ ਛੁਪ ਕੇ ਰਹਿ ਸਕਦੇ, ਇਹ ਇਸ਼ਕ, ਮੁਸ਼ਕ ਤੇ ਚਾਨਣੀਆਂ, ਇਹ ਮਹਿਕਾਂ ਨੂੰ ਤੂੰ ਦੱਸ ਭਲਿਆ, ਬਈ ਕਿਸ ਨੇ ਜੰਦਰੇ ਲਾਏ ਨੇ। ਇਸ ਓਪਰਿਆਂ ਦੀ ਧਰਤੀ ਤੇ, ਕੋਈ ਅਪਣਾ ਮਰ ਕੇ ਮਿਲਦਾ ਹੈ, ਜੇ ਦਮ ਵੀ ਆਉਂਦੇ ਇੰਜ ਲੱਗਦਾ ਇਹ ਆਪਣੇ ਨਹੀਂ, ਪਰਾਏ ਨੇ। ਤੂੰ ਦਿਲ ਦਾ ਹਾਲ ਸੁਣਾ ਦੇਵੀਂ, ਝਿਜਕੀਂ ਨਾ ਸੰਗੀ ਮਹਿਰਮ ਤੋਂ, ਵਤਨਾਂ ਤੋਂ ਤੇਰੇ ਮਗਰੇ ਹੀ, ਪੌਣਾਂ ਦੇ ਸੁਨੇਹੇ ਆਏ ਨੇ। ਤੇਰੇ ਹੀ ਦਿਲ ਦਰਵਾਜ਼ੇ ਤੇ, ਅੱਜ ਤੱਕ ਮੈਂ ਜੰਦਰਾ ਤੱਕਿਆ ਨਹੀਂ, ਤਾਂ ਹੀ ਤੇ ਅੰਦਰ ਆ ਵੜਿਆਂ, ਏਥੇ ਬਾਕੀ ਬਾਰ ਪਰਾਏ ਨੇ। ਪਰਦੇਸਾਂ ਵਿਚ ਵੀ ਢੂੰਡ ਲਿਆ, ਅਸੀਂ ਰੂਹ ਦੇ ਸੱਜਣ ਬੇਲੀ ਨੂੰ, ਸਿਰਨਾਵਾਂ ਵੀ ਨਾ ਦੱਸਿਆ ਜਿਸ ਤੇ ਸੌ ਸੌ ਭੇਸ ਵਟਾਏ ਨੇ।

ਰੁੱਸ ਗਿਆ ਦਿਲ ਹੁਣ

ਰੁੱਸ ਗਿਆ ਦਿਲ ਹੁਣ ਕਦੋਂ ਤੂੰ ਮਨਾਵੇਂਗਾ। ਕਰੀਂ ਇਕਰਾਰ, ਕਦੇ ਰੁੱਸ ਕੇ ਨਹੀਂ ਜਾਵੇਂਗਾ। ਉਮਰਾ ਤੇ ਲੰਘ ਚੱਲੀ, ਗਿਣ ਗਿਣ ਤਾਰਿਆਂ, ਮੁੱਕ ਚੱਲੀ ਜਿੰਦ ਹੋਰ ਕਿੰਨਾ ਤੜਫ਼ਾਵੇਂਗਾ। ਬੇਪਰਵਾਹਾ ਦੱਸੀਂ ਬੇੜੀ ਦੇ ਮਲਾਹਾ ਮੇਰੀ, ਭੰਵਰਾ 'ਚ ਜਾਨ ਫਸੀ ਪਾਰ ਕਦੋਂ ਲਾਵੇਂਗਾ। ਨੇਤਰਾਂ ਦੇ ਖੂਹੇ ਖ਼ਾਲੀ, ਨਜ਼ਰਾਂ ਸਵਾਲੀ ਦੱਸ, ਮਿਲਿਆ ਨੂੰ ਯੁਗ ਬੀਤੇ, ਫੇਰਾ ਕਦੋਂ ਪਾਵੇਂਗਾ। ਔੜ ਮਾਰੀ ਧਰਤੀ ਦੇ ਵਾਂਗਰਾਂ ਤਰੇੜੀ ਜਿੰਦ, ਦਿਲ ਦੀ ਬਗੀਚੜੀ ਨੂੰ ਪਾਣੀ ਕਦੋਂ ਲਾਵੇਂਗਾ। ਮੇਰਿਆ ਤੂੰ ਪੂਰਨਾ ਵੇ, ਜਾਹ ਮੈਥੋਂ ਦੂਰ ਨਾ ਵੇ, ਸੁੰਦਰਾਂ ਦੇ ਮਹਿਲੀਂ ਕਦੋਂ ਅਲਖ ਜਗਾਵੇਂਗਾ। ਓਦਰੀ ਮਧੋਲੀ ਜਿੰਦ, ਕੱਖੋਂ ਹੌਲੀ ਹੋਈ ਪਿੰਜ, ਮਰ ਮੁੱਕ ਚੱਲੀ ਹੋਰ ਕਿੰਨੀ ਕੁ ਮੁਕਾਵੇਂਗਾ। ਕੱਸ ਕੇ ਉਮੀਦ ਵਾਲੀ ਕੰਨੀ ਮੈਂ ਵੀ ਫੜੀ ਹੋਈ, ਕਦੋਂ ਮੇਰੀ ਸੁਣੇਂਗਾ ਤੇ ਆਪਣੀ ਸੁਣਾਵੇਂਗਾ।

ਜੀ ਆਇਆਂ ਨੂੰ ਆਖਣ ਦੇ

ਮਲਕੀਤ ਬੋਪਾਰਾਏ ਦੇ ਨਾਂ ਜੀ ਆਇਆਂ ਨੂੰ ਆਖਣ ਦੇ ਲਈ ਹਰ ਵਾਰੀ ਮੁਸਕਾਨ ਨਹੀਂ ਹੁੰਦੀ। ਹਰ ਵੰਗਾਰ, ਚੁਣੌਤੀ ਮਿੱਤਰੋ, ਹਰ ਮਨ ਵਿਚ ਮਹਿਮਾਨ ਨਹੀਂ ਹੁੰਦੀ। ਤੋਪਾਂ ਤੇ ਬੰਦੂਕਾਂ ਭਾਵੇਂ ਅਜ਼ਲਾਂ ਤੋਂ ਹੀ ਚੱਲ ਰਹੀਆਂ ਨੇ, ਵੇਖ ਲਵੋ ਜੀ ਹਾਕਮ ਕੋਲੋਂ, ਸੱਚ ਦੀ ਬੰਦ ਜ਼ਬਾਨ ਨਹੀਂ ਹੁੰਦੀ। ਰੂਹ ਦੇ ਖੇਡ ਖਿਡੌਣੇ ਵੇਚੇ, ਬਿਨ ਪੈਸੇ ਤੋਂ ਨਗਦ-ਮ-ਨਕਦੀ, ਦਿਲ-ਦਰਬਾਰ ਬਿਨਾ ਓ ਭੋਲੇ, ਸੱਚ ਦੀ ਕੋਈ ਦੁਕਾਨ ਨਹੀਂ ਹੁੰਦੀ। ਤੂੰ ਦਾਰੂ ਦੇ ਲੋਰ 'ਚ ਆ ਕੇ, ਸੜਕਾਂ ਉੱਤੇ ਬੜ੍ਹਕਾਂ ਮਾਰੇਂ, ਤੇਰੇ ਵਰਗੇ ਅੰਦਰ ਸ਼ੀਸ਼ਾ, ਖ਼ੁਦ ਵੇਖਣ ਲਈ ਜਾਨ ਨਹੀਂ ਹੁੰਦੀ। ਸੰਗਮਰਮਰ ਤੇ ਸੋਨੇ ਵਾਲੇ ਮਹਿਲ ਮੁਨਾਰੇ ਹੋ ਸਕਦੇ ਨੇ, ਗੁਰ ਦੇ ਸ਼ਬਦ ਬਿਨਾ ਓ ਭਲਿਓ, ਕੌਮਾਂ ਦੀ ਕੋਈ ਸ਼ਾਨ ਨਹੀਂ ਹੁੰਦੀ। ਸ਼ਬਦ, ਵਿਚਾਰ ਲਿਆਕਤ ਹੀਣੀ ਅੱਜ ਵੀ ਮੋਈ, ਕੱਲ੍ਹ ਵੀ ਮੋਈ, ਸਿਰਫ਼ ਭੁਲੇਖੇ ਪਾਲਣ ਵਾਲੀ ਕੌਮ ਕਦੇ ਬਲਵਾਨ ਨਹੀਂ ਹੁੰਦੀ। ਵਿਰਸੇ ਦਾ ਸਵੈਮਾਣ ਜ਼ਰੂਰੀ, ਪਰ ਹਿੰਮਤ ਵੀ ਓਨੀ ਲਾਜ਼ਿਮ, ਸਾਹਾਂ ਬਾਝੇਂ ਨਿਰਜਿੰਦ ਪੋਰੀ, ਵੰਝਲੀ ਵਿਚ ਵੀ ਤਾਨ ਨਹੀਂ ਹੁੰਦੀ।

ਸ਼ੀਸ਼ੇ ਅੰਦਰ ਕਿਸ ਦਾ ਚਿਹਰਾ

ਸ਼ੀਸ਼ੇ ਅੰਦਰ ਕਿਸ ਦਾ ਚਿਹਰਾ, ਮੇਰੇ ਤੇ ਕਿਉਂ ਹੱਸ ਰਿਹਾ ਹੈ। ਜੋ ਕੁਝ ਮੈਂ ਅੱਜ ਤੀਕ ਲੁਕਾਇਆ, ਬੋਲ ਬੋਲ ਕੇ ਦੱਸ ਰਿਹਾ ਹੈ। ਮਾਰੂਥਲ ਵਿਚ ਕਾਲੇ ਬੱਦਲ, ਅਜਬ ਕ੍ਰਿਸ਼ਮਾ, ਇਹ ਕੀ ਵਰ੍ਹਦਾ, ਅਣਵਿੱਧ ਮੋਤੀ ਗਿਣਨੋਂ ਬਾਹਰੇ, ਨੈਣੋਂ ਸਾਵਣ ਵੱਸ ਰਿਹਾ ਹੈ। ਵਰ੍ਹਿਆਂ ਬਾਦ ਮੁਹੱਬਤ ਚੇਤੇ ਆਈ, ਮੈਨੂੰ ਇਹ ਕੀ ਹੋਇਆ, ਚਾਨਣ ਵੰਨੀ ਰੂਹ ਦਾ ਜਲਵਾ, ਗਲਵੱਕੜੀ ਵਿਚ ਕੱਸ ਰਿਹਾ ਹੈ। ਅਜਬ ਕਹਿਰ, ਇਹ ਨੀਮ ਜ਼ਹਿਰ, ਕਿਉਂ ਅੰਗ ਅੰਗ ਤੇ ਜਾਵੇ ਚੜ੍ਹਦਾ, ਅੱਗ ਦੀ ਉਮਰੇ ਸੱਪ ਲੜਿਆ ਸੀ, ਓਹੀ ਮੁੜ ਕੇ ਡੱਸ ਰਿਹਾ ਹੈ। ਬੇਹੋਸ਼ੀ ਹੈ, ਕੁਝ ਨਹੀਂ ਚੇਤੇ, ਪਰ ਮੇਰੇ ਅੰਦਰ ਕੁਝ ਤੁਰਦਾ, ਨਾਲ ਮੁਹੱਬਤ ਜੀਕੂੰ ਕੋਈ, ਮੇਰੀਆਂ ਤਲੀਆਂ ਝੱਸ ਰਿਹਾ ਹੈ। ਮਟਕ ਚਾਨਣਾ, ਆਲ ਦੁਆਲੇ, ਰੂਹ ਵਿੱਚ ਇਹ ਕੀ, ਗੂੜ੍ਹ ਹਨੇਰੇ, ਮੇਰਾ ਮਹਿਰਮ, ਏਦਾਂ ਕਰਕੇ, ਖੁਸ਼ੀਆਂ ਨੂੰ ਕਿਉਂ ਖੱਸ ਰਿਹਾ ਹੈ। ਮੈਂ ਕਿੱਧਰ ਨੂੰ ਤੁਰਿਆ ਜਾਵਾਂ, ਜਲਥਲ, ਦਲਦਲ ਚਾਰ ਚੁਫ਼ੇਰੇ, ਪਿਛਲਾ ਕਦਮ ਗਵਾਚ ਰਿਹਾ ਹੈ, ਅਗਲਾ ਹੇਠਾਂ ਧੱਸ ਰਿਹਾ ਹੈ।

ਰਾਤੀਂ ਬਿਰਖ਼ ਉਦਾਸ ਬੜੇ ਸੀ

ਰਾਤੀਂ ਬਿਰਖ਼ ਉਦਾਸ ਬੜੇ ਸੀ, ਲੱਭਦੇ ਫਿਰਦੇ ਛਾਵਾਂ ਨੂੰ। ਰੋਗ ਵਿਯੋਗ ਦਾ ਖਾਵੇ ਜੀਕੂੰ, ਕੱਲ-ਮ-ਕੱਲ੍ਹੀਆਂ ਮਾਵਾਂ ਨੂੰ। ਪਹਿਲੀ ਵਾਰ ਮਿਲੇ ਸੀ ਜਿੱਥੇ, ਅੱਜ ਵੀ ਨੁੱਕਰਾਂ ਮਹਿਕਦੀਆਂ, ਆਪਾਂ ਭੁੱਲ ਭੁਲਾ ਗਏ ਭਾਵੇਂ, ਸੱਜਣਾਂ ਉਹਨਾਂ ਥਾਵਾਂ ਨੂੰ। ਤਨ ਤੇ ਮਨ ਵਿਚਕਾਰ ਹਮੇਸ਼ਾਂ ਉਹ ਧਰਤੀ ਵੀ ਹੁੰਦੀ ਹੈ, ਜਿਥੇ ਮਿਲਦੀ ਅਜਬ ਚਾਨਣੀ, ਪਾਲਣਹਾਰੇ ਚਾਵਾਂ ਨੂੰ। ਏਸ ਸ਼ਹਿਰ ਵਿਚ ਪੱਕੀਆਂ ਸੜਕਾਂ, ਰਾਹ ਭੁੱਲ ਜਾਂਦਾ ਹਾਂ ਅਕਸਰ ਹੀ, ਭੁੱਲਦਾ ਨਹੀਂ ਮੈਂ ਪੈਰੀਂ ਗਾਹੀਆਂ, ਪਗਡੰਡੀਆਂ ਤੇ ਰਾਹਵਾਂ ਨੂੰ। ਰਿਸ਼ਤੇ ਨਾਤੇ ਅਸਲੀ ਤਾਕਤ, ਪੜ੍ਹ ਤੂੰ ਮੇਰੇ ਹੰਝੂਆਂ 'ਚੋਂ, ਪੱਥਰ ਦੀ ਅੱਖ ਵੇਖ ਸਕੇ ਨਾ, ਦਿਲ ਦੇ ਹਾਵਾਂ ਭਾਵਾਂ ਨੂੰ। ਵਲੀ ਕੰਧਾਰੀ ਵਾਲੀ ਬਿਰਤੀ, ਤੇਰੇ ਵਿੱਚ ਵੀ ਜਾਗ ਪਈ, ਤਾਂਹੀਉਂ ਮੁੱਠੀ ਦੇ ਵਿੱਚ ਬੰਨ੍ਹਣਾ ਚਾਹਵੇਂ ਤੂੰ ਦਰਿਆਵਾਂ ਨੂੰ। ਦਿਲ ਦੀਵਾਰ ਉਸਾਰ ਨਾ ਵੀਰਾ, ਇਸ ਨੇ ਪੱਕੀ ਹੋ ਜਾਣਾ, ਕਿੱਦਾਂ ਛਾਤੀ ਨਾਲ ਲਗਾਵੇਂਗਾ ਤੂੰ ਭੱਜੀਆਂ ਬਾਹਵਾਂ ਨੂੰ। ਚੱਲ ਬੱਚੇ ਬਣ ਜਾਈਏ ਮੁੜ ਕੇ, ਮੀਂਹ ਵਿੱਚ ਭਿੱਜੀਏ ਪਹਿਲਾਂ ਵਾਂਗ, ਇੱਕ ਦੂਜੇ ਨੂੰ ਫੇਰ ਬੁਲਾਈਏ, ਲੈ ਲੈ ਕੱਚਿਆਂ ਨਾਵਾਂ ਨੂੰ।

ਕੀਹ ਦੱਸਾਂ ਮਹਿਕੰਦੜੇ ਯਾਰੋ

ਸੁੱਖ ਧਾਲੀਵਾਲ ਦੇ ਨਾਂ ਕੀਹ ਦੱਸਾਂ ਮਹਿਕੰਦੜੇ ਯਾਰੋ, ਹੁਣ ਤਾਂ ਚੇਤਾ ਭੁਲ ਜਾਂਦਾ ਹੈ। ਇਹ ਮਨ ਚੰਚਲ, ਕਿੰਨਾ ਸ਼ੋਹਦਾ, ਮੋਹ ਮਿਲਿਆ ਤੇ ਡੁਲ੍ਹ ਜਾਂਦਾ ਹੈ। ਕਹਿਣ ਅਮੋਲਕ ਦਿਲ ਦਾ ਸੌਦਾ, ਇਸ ਦੀ ਕੀਮਤ ਕਿਹੜਾ ਪਾਵੇ, ਤੂੰ ਵੇਖੇਂ ਤਾਂ ਢੇਰੀ ਹੋ ਕੇ, ਪਿਆਰ ਦੀ ਤੱਕੜੀ ਤੁਲ ਜਾਂਦਾ ਹੈ। ਇੱਕ ਪੁੰਨੂੰ ਕੀਹ ਕਿੰਨੇ ਰਾਂਝੇ, ਯੂਸਫ਼ ਵਰਗੇ, ਮਿਰਜ਼ੇ ਮੋਏ, ਇਸ਼ਕ ਸਮੁੰਦਰ ਵਿੱਚ ਬੁਲ-ਬੁਲਾ, ਛੱਲਾਂ ਦੇ ਵਿਚ ਰੁਲ ਜਾਂਦਾ ਹੈ। ਓਹੀ ਹਰਕਤ, ਓਹੀ ਲਹਿਰਾਂ, ਕਾਲੀ ਚਿੱਟੀ ਚਮੜੀ ਥੱਲੇ, ਨੈਣਾਂ ਤੋਂ ਨੈਣਾਂ ਤੱਕ ਹਰ ਥਾਂ, ਅਣਦਿਸਦਾ ਇੱਕ ਪੁਲ ਜਾਂਦਾ ਹੈ। ਤੇਰੀ ਰੂਹ ਦਾ ਰੰਗ ਬਲੌਰੀ, ਨਿਰਮਲ ਜਿਉਂ ਭਰ ਵਗਦਾ ਚਸ਼ਮਾ, ਜਿਸਮਾਂ ਨੂੰ ਛੱਡ, ਦਿਲ ਵਿਚ ਮੇਰੇ, ਧੁਰ ਅੰਦਰ ਤੱਕ ਘੁਲ਼ ਜਾਂਦਾ ਹੈ। ਪੱਛੋਂ ਤੇ ਪੁਰਵੱਈਏ ਵਰਗਾ, ਕੁਝ ਨਹੀਂ ਦਿਸਦਾ, ਧੁੱਪੇ ਛਾਵੇਂ, ਮਨ ਦੇ ਮਹਿਰਮ ਬਾਝੋਂ ਤਨ ਤੇ, ਇਹ ਵੀ ਝੱਖੜ ਝੁਲ ਜਾਂਦਾ ਹੈ। ਮਿੱਟੀ ਦੇ ਦੀਵੇ ਵਿੱਚ ਬੱਤੀ, ਤੇਲ-ਮੁਹੱਬਤੀ ਮੰਗਦੀ ਤੈਥੋਂ, ਭੁੱਲ ਨਾ ਜਾਵੀਂ, ਏਸ ਬਿਨਾਂ ਇਹ, ਪਲ ਅੰਦਰ ਹੋ ਗੁਲ ਜਾਂਦਾ ਹੈ।

ਇਕ ਦੂਜੇ ਦੀ ਛਾਵੇਂ ਰਹੀਏ

ਸਤਿਬੀਰ ਤੇ ਤੇਜਪ੍ਰਤਾਪ ਸਿੰਘ ਸੰਧੂ ਦੇ ਨਾਂ... ਇਕ ਦੂਜੇ ਦੀ ਛਾਵੇਂ ਰਹੀਏ, ਆ ਜਾ ਬੈਠ ਉਦਾਸੀ ਧੋਈਏ। ਆਪੋ ਅਪਣੇ ਮਨ ਦੀ ਮਿੱਟੀ, ਕੁੱਟੀਏ, ਭੁੰਨੀਏ, ਮੁੜ ਕੇ ਗੋਈਏ। ਸ਼ਬਦ ਵਿਚਾਰੇ ਰਾਹ ਵਿੱਚ ਰਹਿ ਗਏ, ਸੰਗਦੇ ਮਰਦੇ ਦੱਸ ਕੀ ਕਰਦੇ, ਆ ਇਨ੍ਹਾਂ ਵਿਚ ਜਾਨ ਪਰੋਈਏ, ਹੁਣ ਹੀ ਤੁਰੀਏ, ਅੱਗੇ ਹੋਈਏ। ਇਹ ਜੀਵਨ ਸ਼ਤਰੰਜ ਦੀ ਬਾਜ਼ੀ, ਬਿਨ ਖੇਡਣ ਤੋਂ ਆਪਾਂ ਹਾਰੇ, ਆ ਹਾਰਨ ਦਾ ਜਸ਼ਨ ਮਨਾਈਏ, ਖੁੱਲ੍ਹ ਕੇ ਹੱਸੀਏ, ਕਾਹਨੂੰ ਰੋਈਏ। ਕੀਹ ਕਰਨੇ ਦੁਨੀਆਂ ਦੇ ਮੇਲੇ, ਵੰਨ ਸੁਵੰਨੇ ਦਰਦ-ਝਮੇਲੇ, ਯਾਦਾਂ ਦੀ ਕੰਨੀ ਨਾ ਛੱਡੀਏ, ਇੱਕ ਦੂਜੇ ਦੇ ਨੈਣੀਂ ਖੋਈਏ। ਜਿਸ ਰਿਸ਼ਤੇ ਦਾ ਨਾਮ ਨਾ ਕੋਈ, ਚਿਤਵਦਿਆਂ ਮਨ ਖਿੜ ਪੁੜ ਜਾਵੇ, ਆ ਐਸੇ ਮਹਿਬੂਬ ਦੀ ਖ਼ਾਤਰ, ਰਲ ਕੇ ਤੇਲ ਬਰੂਹੀਂ ਚੋਈਏ। ਅਣਵਾਹੀ ਇੱਕ ਲੀਕ ਵਿਚਾਲੇ, ਲੰਘਣਾ ਚਾਹਿਆ, ਲੰਘ ਨਹੀਂ ਸਕਿਆ, ਬਿਨ ਮਿਲਿਆ ਤੋਂ ਸਾਂਝੀ ਧੜਕਣ, ਆ ਜਾ ਦੋਵੇਂ ਇੱਕ ਸਾਹ ਹੋਈਏ। ਲੰਘ ਗਈ ਰੇਲ ਮੁਸਾਫ਼ਿਰ ਬੈਠੇ, ਟੇਸਣ ਉੱਤੇ ਕੱਲ-ਮ-ਕੱਲ੍ਹੇ, ਆ ਜਾ ਤੁਰੀਏ ਰਲ਼ ਕੇ ਦੋਵੇਂ, ਮੰਜ਼ਿਲ ਦੇ ਕੁਝ ਨੇੜੇ ਹੋਈਏ।

ਝੀਲ ਦੇ ਪਾਣੀ 'ਚ ਚਿਹਰਾ

*ਝੀਲ ਦੇ ਪਾਣੀ 'ਚ ਚਿਹਰਾ ਆਪਣਾ ਕੀ ਤੱਕਿਆ। ਆਦਮੀ ਹੈਂ, ਰੀਸ ਕਰ, ਬਿਨ ਬੋਲਿਆਂ ਉਸ ਆਖਿਆ। ਰੌਸ਼ਨੀ ਤੋਂ ਵੀ ਕਿਤੇ ਸੀ ਪਾਰਦਰਸ਼ੀ ਨੀਰ ਸਾਫ਼, ਵੇਖਿਆ ਇਕ ਵਾਰ ਤਾਂ ਬੱਸ, ਬੱਸ ਵੇਖਦਾ ਹੀ ਰਹਿ ਗਿਆ। ਜੰਮ ਜਾਂਦੀ ਹਾਂ ਸਿਆਲਾਂ ਵਿੱਚ ਮੈਂ ਵੀ ਬਰਫ਼ ਬਣ, ਤੂੰ ਜਦੋਂ ਆਉਂਦਾ ਨਹੀਂ, ਨਜ਼ਦੀਕ ਮੇਰੇ ਉਸ ਕਿਹਾ। ਮੇਰੇ ਕੰਢੇ ਫੁੱਲ ਬੂਟੇ, ਵਗ ਰਹੀ ਨਿਰਮਲ ਸਮੀਰ, ਮੇਰੀ ਰੂਹ ਦੇ ਗੀਤ ਨੂੰ ਬ੍ਰਹਿਮੰਡ ਸਾਰਾ ਗਾ ਰਿਹਾ। ਹੋਰ ਲੋਕਾਂ ਵਾਸਤੇ ਮੈਂ ਸਿਰਫ਼ ਨਿੱਤਰੀ ਝੀਲ ਹਾਂ, ਮੈਂ ਤੇਰੀ ਕਵਿਤਾ, ਗ਼ਜ਼ਲ ਜਾਂ ਗੀਤ ਲਿਖ ਲੈ ਭੋਲਿਆ। ਤੂੰ ਤਾਂ ਮਨ ਦੀ ਲਹਿਰ ਵਾਂਗੂੰ ਅੰਗ ਸੰਗ ਮੇਰੇ ਸਦਾ, ਲਿਖ ਸਕੇਂ ਤਾਂ ਉਹ ਸੁਖ਼ਨ ਲਿਖ, ਜੋ ਅਜੇ ਹੈ ਅਣਕਿਹਾ। ਮੇਰੇ ਪਿੱਛੇ, ਬਹੁਤ ਪਿੱਛੇ, ਬਰਫ਼ ਦੇ ਅਣਮੁੱਕ ਪਹਾੜ, ਦਰਦ ਉਨ੍ਹਾਂ ਦਾ ਮੇਰੇ ਸਾਹੀਂ ਨਿਰੰਤਰ ਘੁਲ਼ ਰਿਹਾ। ਫੇਰ ਨੂਰੋ ਨੂਰ ਸੀ, ਮਖ਼ਮੂਰ ਸੀ, ਦਿਲ ਤੇ ਬਦਨ, ਬੋਲਿਆਂ ਬਿਨ ਜਦ ਸੁਣਾਈ ਓਸ ਪੂਰੀ ਵਾਰਤਾ। ਜਦ ਮੁਹੱਬਤ ਨਾਲ ਉਸ ਨੇ ਨਜ਼ਰ ਭਰ ਕੇ ਵੇਖਿਆ, ਓਸ ਪਿੱਛੋਂ ਯਾਦ ਨਹੀਂ, ਮੈਨੂੰ ਕਿ ਉਸ ਨੇ ਕੀਹ ਕਿਹਾ? *ਬਲਵਿੰਦਰ ਸਿੰਘ ਕਾਹਲੋਂ, ਸੰਗਰਾਮ ਸੰਧੂ, ਬਲਜੀਤ ਪੰਧੇਰ ਅਤੇ ਅਵਿਨਾਸ਼ ਸਿੰਘ ਖੰਘੂੜਾ ਦੇ ਸੰਗ ਲੇਕ ਲੂਈਸ ਕੈਲਗਰੀ ਦੇ ਕੰਢੇ ਬੈਠ ਕੇ

ਸਮੁੰਦਰ ਜਦ ਕਦੇ ਫੁੰਕਾਰਦਾ ਹੈ

ਸਮੁੰਦਰ ਜਦ ਕਦੇ ਫੁੰਕਾਰਦਾ ਹੈ। ਉਹ ਬੇੜੇ ਡੋਬਦਾ ਹੈ, ਮਾਰਦਾ ਹੈ। ਉਹੀ ਫਿਰ ਸ਼ਾਂਤ ਸਾਗਰ ਹੋਣ ਵੇਲੇ, ਕਰੋੜਾਂ ਬੇੜਿਆਂ ਨੂੰ ਤਾਰਦਾ ਹੈ। ਮੈਂ ਖ਼ੁਦ ਵੀ ਆਪ ਅੱਖੀਂ ਵੇਖਿਆ ਹੈ, ਕਿ ਤਾਕਤਵਰ ਕਿਵੇਂ ਹੰਕਾਰਦਾ ਹੈ। ਤੂੰ ਕਿਸਦੇ ਜਾਲ ਵਿਚ ਉਲਝੀ ਨੀ ਜਿੰਦੇ, ਇਹ ਮਾਹੀਗੀਰ ਦੂਜੇ ਪਾਰ ਦਾ ਹੈ। ਇਹ ਜਿਹੜਾ ਚੋਗ ਚੁਗਦੈ ਮੋਤੀਆਂ ਦੀ, ਪਰਿੰਦਾ ਓਪਰੀ ਜਹੀ ਡਾਰ ਦਾ ਹੈ। ਹਜ਼ਾਰਾਂ ਜ਼ਖ਼ਮ ਖਾਧੇ ਦਿਲ ਮਿਰੇ ਨੇ, ਅਜੇ ਵੀ ਬਾਜ਼ ਨੂੰ ਲਲਕਾਰਦਾ ਹੈ। ਮੈਂ ਦਿਲ ਦਰਿਆ ਨੂੰ ਜੇਕਰ ਪਾਰ ਕੀਤਾ, ਇਹ ਸਾਰਾ ਕਰਮ ਉਸ ਇਕਰਾਰ ਦਾ ਹੈ।

ਤੇਰਾ ਹੱਸਣਾ ਬਹਾਰ ਦੇਂਦਾ ਹੈ

ਕੁਲਦੀਪ ਗਿੱਲ ਪਰਿਵਾਰ ਦੇ ਨਾਂ ਤੇਰਾ ਹੱਸਣਾ ਬਹਾਰ ਦੇਂਦਾ ਹੈ। ਚੁੱਪ ਰਹਿਣਾ ਤਾਂ ਮਾਰ ਦੇਂਦਾ ਹੈ। ਬਿਰਖ਼ ਨਵੀਆਂ ਕਰੂੰਬਲਾਂ ਖ਼ਾਤਰ, ਜ਼ਰਦ ਪੱਤੇ ਉਤਾਰ ਦੇਂਦਾ ਹੈ। ਤੀਰ ਸੀਨੇ ਮੇਰੇ ਨੂੰ ਚੁੰਮਦੇ ਨੇ, ਵੈਰੀ ਕਿੰਨਾ ਪਿਆਰ ਦੇਂਦਾ ਹੈ। ਨਕਦ ਸੌਦਾ ਹੈ ਤੇਗ ਤੇ ਤੁਰਨਾ, ਵਕਤ ਕਿਸ ਨੂੰ ਉਧਾਰ ਦੇਂਦਾ ਹੈ। ਫੇਰ ਮੇਰੇ ਤੇ ਪਿਆਰ ਵਾਲੀ ਨਜ਼ਰ, ਤੇਰਾ ਤੱਕਣਾ ਖ਼ੁਮਾਰ ਦੇਂਦਾ ਹੈ। ਕਹੀਏ ਪੱਤਝੜ ਨੂੰ ਜੇਕਰ ਜੀ ਆਇਆਂ, ਵਕਤ ਆਪੇ ਬਹਾਰ ਦੇਂਦਾ ਹੈ। ਨੇਰ੍ਹ ਬੁੱਕਲ 'ਚ ਲੈਂਦਾ ਧਰਤੀ ਨੂੰ, ਸੂਰਜ ਆ ਕੇ ਉਤਾਰ ਦੇਂਦਾ ਹੈ।

ਚਲੋ ਚਲੋ ਜੀ, ਧਰਤੀ ਪੈਰੀਂ ਝਾਂਜਰ ਪਾਈਏ

ਚਲੋ ਚਲੋ ਜੀ, ਧਰਤੀ ਪੈਰੀਂ ਝਾਂਜਰ ਪਾਈਏ, ਨੱਚੀਏ ਗਾਈਏ। ਸੂਰਜ ਟਿੱਕਾ, ਚੰਨ ਦੀ ਦਾਉਣੀ, ਤਾਰਿਆਂ ਰਾਣੀ ਹਾਰ ਬਣਾਈਏ। ਅੱਗੇ ਤੁਰੀਏ, ਤੇਜ਼ ਤਰਾਰੀ, ਜ਼ਿੰਦਗੀ ਨੂੰ ਉਪਰਾਮ ਨਾ ਕਰੀਏ, ਪੌਣਾਂ ਤੇ ਅਸਵਾਰ ਮੁਸਾਫ਼ਰ ਵਾਂਗੂੰ ਰਹਿੰਦਾ ਸਫ਼ਰ ਮੁਕਾਈਏ। ਫੁੱਲ ਕਲੀਆਂ ਵਿਚ ਘੁਲ ਮਿਲ ਜਾਈਏ, ਪਹਿਲੋਂ ਅਪਣੇ ਨਕਸ਼ ਮਿਟਾਈਏ, ਸ਼ਾਮ ਸਵੇਰੇ ਖੁਸ਼ਬੂ ਚੁੰਮੀਏ, ਰੰਗਾਂ ਨੂੰ ਗਲਵੱਕੜੀ ਪਾਈਏ। ਆ ਜਾ ਮੇਰੀ ਮਹਿਰਮ ਬਣ ਜਾ, ਪੌੜੀ ਪੌੜੀ ਦਿਲ ਵਿਚ ਲਹਿ ਜਾ, ਕੁੰਜ ਲੈ ਮੇਰੇ ਖਿੱਲਰੇ ਫੰਬੇ, ਨੀ ਰਿਸ਼ਤੇ ਦੀ ਪੂਣ ਸਲਾਈਏ। ਦਰ ਦੀਵਾਰ ਨਿਖੇੜਨਹਾਰੇ, ਤੈਨੂੰ ਮੈਨੂੰ, ਸਭਨਾਂ ਨੂੰ ਹੀ, ਰੂਹ ਦਰਵਾਜ਼ੇ ਖੁੱਲੇ ਰੱਖੀਏ, ਜਦ ਚਿੱਤ ਚਾਹੇ ਆਈਏ ਜਾਈਏ। ਸਾਹਾਂ ਨਾਲ ਕਰਿੰਘੜੀ ਪਾ ਲੈ, ਮੈਨੂੰ ਵੀ ਤੂੰ ਨਾਲ ਰਲਾ ਲੈ, ਮੈਂ ਵੀ ਦਿਲ ਦਰਿਆ ਤਰਨਾ ਹੈ, ਤੇਰੇ ਅੰਗ ਸੰਗ ਨੀ ਮੁਰਗਾਈਏ। ਜੇ ਨਾ ਮਨ ਪਰਦੇਸੀ ਹੋਵੇ, ਕੋਈ ਵੀ ਥਾਂ ਪਰਦੇਸ ਨਹੀਂ ਹੁੰਦਾ, ਆਪ ਸਮਝੀਏ ਪਹਿਲਾਂ ਏਦਾਂ, ਮਗਰੋਂ ਦੁਨੀਆਂ ਨੂੰ ਸਮਝਾਈਏ।

ਮਨ ਵਿਚਾਲੇ ਤੂੰ ਭਲਾ ਕਿੱਦਾਂ

ਮਨ ਵਿਚਾਲੇ ਤੂੰ ਭਲਾ ਕਿੱਦਾਂ ਦੀ ਵਾਹੀ ਲੀਕ ਹੈ। ਠੀਕ ਨੂੰ ਵੀ ਗਲਤ ਮੰਨੇਂ, ਗਲਤ ਆਖੇਂ ਠੀਕ ਹੈ। ਤੇਰਿਆਂ ਹੋਠਾਂ ਦੀ ਥਿਰਕਣ, ਬੇਬਸੀ ਏਨੀ ਕਿ ਬੱਸ, ਬਾਹਰ ਆਉਣੋਂ ਸਹਿਕਦੀ ਹੈ, ਦਿਲ 'ਚ ਗੁੰਗੀ ਚੀਕ ਹੈ। ਜ਼ਿੰਦਗੀ ਜੇ ਬੇ-ਮਜ਼ਾ ਹੈ, ਜਾਣ ਲੈ ਤੂੰ ਇਸ ਤਰ੍ਹਾਂ, ਖੌਲ ਵਿਚ ਬੰਦ ਹੋ ਰਿਹਾਂ ਇਹ ਓਸ ਦੀ ਤਸਦੀਕ ਹੈ। ਮੇਰੀ ਰੂਹ ਦੀ ਵੇਦਨਾ ਤੇ ਜਜ਼ਬਿਆਂ ਦੀ ਸੁਰਖ਼ ਲਾਟ, ਤੂੰ ਕਿਵੇਂ ਸਮਝੇਂਗਾ ਤੇਰੇ ਕੋਲ ਬੱਸ ਤਕਨੀਕ ਹੈ। ਇਹ ਪੁਰਾਣੇ ਬੋਹਲ ਪਿੱਪਲ, ਵਰਕ ਨੇ ਇਤਿਹਾਸ ਦੇ, ਜਾਣਦੇ ਕਿਹੜਾ ਪਰਿੰਦਾ, ਪਿੰਡ ਦਾ ਵਸਨੀਕ ਹੈ। ਜਿਉਂ ਸਰੋਵਰ ਵਿਚ ਤਰ ਕੇ ਸੁੱਕੀਆਂ ਮੁਰਗਾਬੀਆਂ, ਸ਼ਬਦ ਰੰਗਣ ਤੋਂ ਵਿਹੂਣਾ, ਕਿਉਂ ਭਲਾ ਭਜਨੀਕ ਹੈ? ਜ਼ਹਿਰ ਦਾ ਕਚਕੌਲ ਖ਼ਾਲੀ ਕਰ ਦਿਆਂਗਾ ਠਹਿਰ ਜਾ, ਵੇਖਦੀ ਰਹਿ ਐ ਹਯਾਤੀ ਹਾਲੇ ਪਹਿਲੀ ਡੀਕ ਹੈ।

ਜ਼ਿੰਦਗੀ ਕੀਤਾ ਤੂੰ ਮੈਨੂੰ

ਜ਼ਿੰਦਗੀ ਕੀਤਾ ਤੂੰ ਮੈਨੂੰ, ਸੱਚ ਦੇ ਅੱਜ ਰੂਬਰੂ। ਹੱਕ ਤੇਰੇ ਤੇ ਗੁਆਚਾ, ਹੋ ਗਿਆ ਹਾਂ ਸੁਰਖ਼ੁਰੂ। ਨਜ਼ਰ ਭਰ ਨਾ ਵੇਖਿਆ ਤੂੰ, ਨਾ ਮੁਹੱਬਤ ਨਾ ਖਲੂਸ, ਇਸ ਤਰ੍ਹਾਂ ਹੋਇਆ ਨਹੀਂ ਸੀ, ਮੈਂ ਕਦੇ ਬੇਆਬਰੂ। ਤੂੰ ਹਿਮਾਲਾ ਹੋਣ ਦਾ ਜੇ ਮਾਣ ਕਰਦੀ, ਫੇਰ ਸੁਣ, ਮੈਂ ਤੇਰੀ ਟੀਸੀ ਤੋਂ ਹੇਠਾਂ, ਕਰ ਲਿਆ ਤੁਰਨਾ ਸ਼ੁਰੂ। ਜਿਸ ਤਰ੍ਹਾਂ ਸਾਇਆ ਮੇਰਾ, ਅੱਜ ਕਹਿ ਗਿਆ ਏ ਅਲਵਿਦਾ, ਨਾ ਵਿਖਾਈਂ ਖ਼ੂਨ ਦਾ ਰੰਗ, ਇਸ ਤਰ੍ਹਾਂ ਚਿੱਟਾ ਗੁਰੂ। ਅੰਨ੍ਹੀਆਂ ਗਲੀਆਂ ਦੇ ਵਾਂਗੂੰ, ਅੰਤ ਨਾ ਕੋਈ ਪੜਾਅ, ਏਸ ਮੰਜ਼ਿਲ ਵੱਲ ਦੱਸ ਤੂੰ, ਕਮਲਿਆ ਕਿਹੜਾ ਤੁਰੂ। ਹਮਸਫ਼ਰ ਰਹਿਣਾ ਤੂੰ ਮੇਰੀ, ਆਸ ਦੀ ਕੰਨੀ ਦੇ ਵਾਂਗ, ਜਿਸਮ ਤਾਂ ਮਿੱਟੀ ਹੈ ਆਖ਼ਰ, ਅੱਜ ਨਹੀਂ ਤਾਂ ਕੱਲ੍ਹ ਭੁਰੂ। ਤੂੰ ਮੇਰੇ ਸਾਹਾਂ 'ਚ ਘੁਲ ਜਾ, ਮਹਿਕਦੀ ਜੀਕੂੰ ਰਵੇਲ, ਹੌਕਿਆਂ ਦੇ ਨਾਲ ਜਿੱਦਾਂ, ਆਖ ਦੇਈਏ ਵਾਹਿਗੁਰੂ।

ਇਹ ਸਾਰੀ ਸ਼ਾਨ ਤਾਂ

ਇਹ ਸਾਰੀ ਸ਼ਾਨ ਤਾਂ ਦਸਤਾਰ ਦੀ ਹੈ। ਜੋ ਬਖਸ਼ਿਸ਼ ਬੇਕਸਾਂ ਦੇ ਯਾਰ ਦੀ ਹੈ। ਤੁਸੀਂ ਅਰਦਾਸ ਕਰਿਓ, ਸੰਭਲ ਜਾਵਾਂ, ਖ਼ੁਦੀ ਦੀ ਨਾਗਣੀ ਫੁੰਕਾਰਦੀ ਹੈ। ਤੁਹਾਡੇ ਆਸਰੇ ਜ਼ਿੰਦਾ ਹਾਂ, ਓਦਾਂ, ਰੋਜ਼ਾਨਾ ਮੌਤ 'ਵਾਜ਼ਾਂ' ਮਾਰਦੀ ਹੈ। ਜੇ ਮੇਰੀ ਗੱਲ ਨਹੀਂ ਸੁਣਦੀ ਤਾਂ ਸਮਝੋ, ਰੁਕਾਵਟ ਰੂਹ ਦੇ ਉਤਲੇ ਭਾਰ ਦੀ ਹੈ। ਇਹ ਚੋਗਾ ਚੁਗਦਿਆਂ ਵਿੱਛੜੀ ਹੈ ਡਾਰੋਂ, ਵਿਚਾਰੀ ਕੂੰਜ ਪਰਬਤ ਪਾਰ ਦੀ ਹੈ। ਨਵੇਂ ਸੂਰਜ ਮੁਹਿੰਮਾਂ ਰੋਜ਼ ਨਵੀਆਂ, ਜਵਾਨੀ ਕੌਣ ਆਖੇ, ਹਾਰਦੀ ਹੈ। ਤੁਸੀਂ ਵਿਸ਼ਵਾਸ ਕਰਿਉ ਮਿਹਰਬਾਨੋ, ਮੁਹੱਬਤ ਡੁੱਬਦਿਆਂ ਨੂੰ ਤਾਰਦੀ ਹੈ।

ਦਹਿਸ਼ਤ ਦਾ ਕੋਈ ਧਰਮ ਨਾ ਹੁੰਦਾ

ਦਹਿਸ਼ਤ ਦਾ ਕੋਈ ਧਰਮ ਨਾ ਹੁੰਦਾ, ਇਹ ਤਾਂ ਨੇਰ੍ਹਾ ਗਰਦੀ। ਗ਼ਾਜ਼ੀ ਬਣ ਕੇ ਲੋਕ ਕਰਨ ਜਾਂ ਕਰਦੀ ਸ਼ਾਹੀ ਵਰਦੀ। ਬਾਬਰ ਵੇਲੇ ਤੋਂ ਅੱਜ ਤੀਕਰ, ਸਰਬ ਸਮੇਂ ਨੇ ਤੱਕਿਆ, ਕੁਰਸੀ ਦੀ ਰਖਵਾਲੀ ਖ਼ਾਤਰ, ਕਲਗੀ ਕੀਹ ਕੁਝ ਕਰਦੀ। ਹਾਲ਼ੀ ਬਲਦਾਂ ਦੇ ਮੂੰਹ ਛਿੱਕਲੀ, ਅਦਲ ਸਮੇਂ ਦਾ ਵੇਖੋ, ਰਾਜੇ ਦੀ ਘੋੜੀ ਮੈਂ ਤੱਕਿਆ, ਸਦਾ ਅੰਗੂਰੀ ਚਰਦੀ। ਖੁੱਸ ਗਏ ਧਰਤੀ ਅੰਬਰ ਦੋਵੇਂ, ਤੜਫ਼ ਰਹੀ ਲੋਕਾਈ, ਚੌਂਕ ਚੁਰਸਤੇ ਵਿੱਚ ਆ ਬੈਠੀ, ਮਰਦੀ ਕੀਹ ਨਾ ਕਰਦੀ। ਗੂੰਗਾ ਹੈ ਅਸਮਾਨ ਤੇ ਬੋਲ਼ੀ ਧਰਤੀ ਕਿੱਧਰ ਜਾਈਏ, ਹਾੜ੍ਹ ਸਿਆਲ ਚਿਖ਼ਾ ਵਿਚ ਚਿਣਦੇ, ਕੀਹ ਗਰਮੀ ਕੀਹ ਸਰਦੀ। ਕੁੱਟਿਆਂ ਤੇ ਇਹ ਭੁਰਦੀ ਨਹੀਂਓਂ, ਨਾ ਵਾਛੜ ਵਿਚ ਖ਼ੋਰਾ, ਜਿਸ ਮਿੱਟੀ ਵਿਚ ਗੈਰਤ ਹੋਵੇ, ਕਿਣਕਾ ਵੀ ਨਹੀਂ ਮਰਦੀ। ਹੋਵੀਂ ਨਾ ਉਪਰਾਮ ਕਦੇ ਵੀ, ਨੀ ਉਮਰਾ ਦੀ ਸੂਈਏ, ਰੁਕ ਨਾ ਜਾਵੀਂ ਵੇਖ ਚੜ੍ਹਾਈਆਂ, ਰਹੀਂ ਤੂੰ ਟਿਕ ਟਿਕ ਕਰਦੀ।

ਰੂਹ ਦੀ ਤੂੰਬੀ ਖ਼ੁਦ ਟੁਣਕਾਉਣੀ

ਮਨਜੀਤ ਤੇ ਇਕਬਾਲ ਮਾਹਲ ਦੇ ਨਾਂ ਰੂਹ ਦੀ ਤੂੰਬੀ ਖ਼ੁਦ ਟੁਣਕਾਉਣੀ ਪੈਂਦੀ ਹੈ। ਆਪਣੇ ਮਨ ਦੀ ਤਾਰ ਹਿਲਾਉਣੀ ਪੈਂਦੀ ਹੈ। ਸਾਰਾ ਦਿਨ ਤਲਵਾਰ-ਧਾਰ ਤੇ ਤੁਰ ਤੁਰ ਕੇ, ਰਾਤਾਂ ਵਾਲੀ ਨੀਂਦ ਕਮਾਉਣੀ ਪੈਂਦੀ ਹੈ। ਦਿਲ ਤੋਂ ਭਾਰ ਉਤਾਰਨ ਖ਼ਾਤਰ ਹਮਸਫ਼ਰੋ, ਕੰਧਾਂ ਨੂੰ ਵੀ ਬਾਤ ਸੁਣਾਉਣੀ ਪੈਂਦੀ ਹੈ। ਚੰਦ ਸਿਤਾਰੇ ਤੋੜਨ ਖਾਤਰ ਅੰਬਰ 'ਤੋਂ, ਸੁਪਨੇ ਵਰਗੀ ਪੌੜੀ ਲਾਉਣੀ ਪੈਂਦੀ ਹੈ। ਕੱਲ-ਮ-ਕੱਲ੍ਹੇ ਸਿਖ਼ਰ ਸਵਾਰਾ ਭੁੱਲੀਂ ਨਾ, ਆਪੇ ਆਪਣੀ ਘੋੜੀ ਗਾਉਣੀ ਪੈਂਦੀ ਹੈ। ਅੰਦਰੋਂ ਕੂਚਣ ਖਾਤਰ ਕੂੜ-ਕਬਾੜੇ ਨੂੰ, ਮਨ ਮੰਦਰ ਵਿਚ ਝਾਤੀ ਪਾਉਣੀ ਪੈਂਦੀ ਹੈ। ਸਿਰਦਾਰੀ ਨੂੰ ਲੈਣ ਲਈ ਗੁਰਭਜਨ ਸਿਹਾਂ, ਪਹਿਲਾਂ ਸਿਰ ਦੀ ਬਾਜ਼ੀ ਲਾਉਣੀ ਪੈਂਦੀ ਹੈ।

ਚਲੋ ਤੁਰੀਏ ਕਿ ਮੰਜ਼ਿਲ ਦੂਰ ਭਾਵੇਂ

ਚਲੋ ਤੁਰੀਏ ਕਿ ਮੰਜ਼ਿਲ ਦੂਰ ਭਾਵੇਂ। ਬੜਾ ਚਿਰ ਬਹਿ ਲਿਆ ਰੁੱਖਾਂ ਦੀ ਛਾਵੇਂ। ਚਲੋ ਕਿ ਸ਼ਬਦ ਜੁੜੀਏ, ਅਰਥ ਬਣੀਏ, ਗੁਆਚੇ ਫਿਰਨ ਕਿਉਂ ਅੱਖਰ ਭੁਲਾਵੇਂ। ਸਿਖਾਵੇ ਕੌਣ ਤੈਨੂੰ ਹੁਕਮਰਾਨੀ, ਜਦੋਂ ਕੁਰਸੀ ਦੇ ਨੇੜੇ ਪਹੁੰਚ ਜਾਵੇਂ। ਤੂੰ ਉੱਡਣਹਾਰਿਆ ਭੁੱਲੀਂ ਕਦੇ ਨਾਂਹ, ਹਮੇਸ਼ਾਂ ਧਰਤ ਰੱਖੇ ਅਸਲ ਥਾਵੇਂ। ਇਹ ਤੇਰਾ ਵਿੱਤ ਪਰਖ਼ਣ ਵਾਸਤੇ ਹੈ, ਮਿਲੇ ਜੋ ਹੁਸਨ, ਤਾਕਤ, ਨਾਂ ਤੇ ਨਾਵੇਂ। ਹਮੇਸ਼ਾਂ ਲੋਕ ਨੇ ਭਰਦੇ ਹੁੰਗਾਰਾ, ਜਦੋਂ ਵੀ ਚੋਟ ਤੂੰ ਡੰਕੇ ਦੀ ਲਾਵੇ। ਹਕੂਮਤ ਪਾਸ ਜੇ ਤੋਪਾਂ ਬੰਦੂਕਾਂ, ਖਲੋਂਦੇ ਸੂਰਮੇ ਹੀ ਇਨ੍ਹਾਂ ਸਾਹਵੇਂ।

ਇਹ ਨਾ ਸਮਝੀਂ ਮੈਂ ਤਾਂ ਸਿਰਫ਼ ਲਿਖਾਰੀ ਹਾਂ

ਕਰਮਜੀਤ ਬੁੱਟਰ ਦੇ ਨਾਂ ਇਹ ਨਾ ਸਮਝੀਂ ਮੈਂ ਤਾਂ ਸਿਰਫ਼ ਲਿਖਾਰੀ ਹਾਂ। ਹਰ ਪਲ ਬਦੀਆਂ ਦੀ ਜੜ੍ਹ ਕੱਟਦੀ ਆਰੀ ਹਾਂ। ਜ਼ਿੰਦਗੀ ਨੂੰ ਉਪਰਾਮ ਕਦੇ ਮੈਂ ਕਰਦਾ ਨਹੀਂ, ਨਵੇਂ ਸਫ਼ਰ ਦੀ ਹਰ ਪਲ ਨਵੀਂ ਤਿਆਰੀ ਹਾਂ। ਮੇਰੇ ਮਾਂ ਪਿਉ ਸ਼ਬਦ ਸਲਾਮਤ ਰਹਿਣ ਸਦਾ, ਇਸ ਕਰਕੇ ਹੀ ਭਰਦਾ ਸਦਾ ਉਡਾਰੀ ਹਾਂ। ਹੱਕ ਸੱਚ, ਇਨਸਾਫ ਰਮਾਇਆ ਸਾਹਾਂ ਵਿੱਚ, ਤਾਂਹੀਓਂ ਕੱਲ੍ਹਾ ਲੱਖਾਂ ਉੱਤੇ ਭਾਰੀ ਹਾਂ। ਗੀਤ, ਗ਼ਜ਼ਲ ਤੇ ਕਵਿਤਾ ਲਿਖਣਾ ਸ਼ੌਕ ਨਹੀਂ, ਧਰਮ ਪਛਾਨਣ ਵਰਗੀ ਜ਼ੁੰਮੇਵਾਰੀ ਹਾਂ। ਜੇ ਮੇਰਾ ਇੱਕ ਸ਼ਬਦ ਕਦੇ ਵੀ ਡੋਲੇ ਤਾਂ, ਮੈਂ ਮੁਜਰਿਮ ਹਾਂ, ਲਾਅਣਤ ਦਾ ਅਧਿਕਾਰੀ ਹਾਂ। ਤੂੰ ਮੇਰਾ ਵਿਸ਼ਵਾਸ ਹਮੇਸ਼ਾਂ ਪੁੱਛਦਾ ਏਂ, ਮੈਂ ਤਾਂ ਵੀਰਾ ਨਾਨਕ ਦਾ ਦਰਬਾਰੀ ਹਾਂ।

ਕਾਲੇ ਕਾਫ਼ਰ ਪਹਿਨ ਰਹੇ

ਕਾਲੇ ਕਾਫ਼ਰ ਪਹਿਨ ਰਹੇ ਨੇ ਧੋਬੀ ਧੋਤੇ ਚਿੱਟੇ ਬਾਣੇ। ਅਕਲਾਂ ਤੇ ਵੀ ਕਾਬਜ਼ ਓਹੀ, ਜਿੰਨ੍ਹਾਂ ਦੀ ਕੋਠੀ ਵਿਚ ਦਾਣੇ। ਬਾਬੇ ਨਾਨਕ ਠੀਕ ਕਿਹਾ ਸੀ, ਜ਼ੋਰੀਂ ਦਾਨ ਮੰਗਦਿਆਂ ਬਾਰੇ, ਰਾਜੇ ਸ਼ੀਂਹ ਮੁਕੱਦਮ ਕੁੱਤੇ, ਕਦ ਸੁਧਰਨਗੇ ਜ਼ਰ-ਜਰਵਾਣੇ। ਇੱਕ ਇੱਕ ਪਲ ਹੈ ਮੌਤ ਬਰਾਬਰ, ਲੀਰੋ ਲੀਰ ਦਿਵਸ ਤੇ ਰਾਤਾਂ, ਤਕੜੇ ਹੋਰ ਵੀ ਤਾਕਤਵਰ ਤੇ ਲਿੱਸੇ ਹੋ ਗਏ ਹੋਰ ਨਿਤਾਣੇ। ਮੰਦਿਰ ਮਸਜਿਦ ਗੁਰਘਰ ਸਾਰੇ, ਇਹ ਕੀ ਸੌਦਾ ਵੇਚ ਰਹੇ ਨੇ, ਕੁਫ਼ਰ ਵੇਖ ਕੇ ਆਖੀ ਜਾਵਣ, ਉਸ ਦਾਤੇ ਦੀਆਂ ਓਹੀ ਜਾਣੇ। ਸਾਡੀ ਧਰਤੀ ਡੋਲ ਗਈ ਹੈ, ਲਗਰਾਂ ਪੱਤ ਹਵਾ ਨੇ ਝੰਬੇ, ਉੱਖੜੇ ਆਸ ਉਮੀਦ ਦੇ ਬੂਟੇ, ਫ਼ਿਕਰਾਂ ਅੰਬਰ ਤੰਬੂ ਤਾਣੇ। ਜ਼ੋਰ ਜਬਰ ਨੂੰ ਸਹਿੰਦੇ ਸਹਿੰਦੇ, ਬਹੁਤ ਗੁਜ਼ਾਰੀ ਉਮਰਾ ਬਾਬਾ, ਹੁਣ ਦੱਸ ਹੋਰ ਕਿਵੇਂ ਇਹ ਜਰੀਏ, ਤੇਰੀ ਆਸ ਤੇ ਰੱਬ ਦੇ ਭਾਣੇ। ਕੁਰਸੀ ਵੱਲ ਨੂੰ ਅਹੁਲ ਰਿਹਾ ਏ, ਹਰ ਘੋੜੀ ਦੇ ਮਗਰ ਵਛੇਰਾ, ਆਜ਼ਾਦੀ ਤੇ ਕਾਬਜ਼ ਹੁਣ ਵੀ, ਟੋਡੀ ਪੁੱਤਰ ਰਾਜੇ ਰਾਣੇ।

ਜੋ ਹਾਲੇ ਚੁੱਪ ਨੇ

ਜੋ ਹਾਲੇ ਚੁੱਪ ਨੇ, ਇਹ ਵੀ ਜ਼ਬਾਨ ਰੱਖਦੇ ਨੇ। ਇਕੱਲੇ ਤੀਰ ਨਹੀਂ, ਤਰਕਸ਼ ਕਮਾਨ ਰੱਖਦੇ ਨੇ। ਉਦੋਂ ਸਰਹੰਦ ਨੂੰ ਵੀ ਕੁਝ ਕੁ ਪਲ ਤਹਿ-ਤੇਗ ਕਰਦੇ, ਸਤਾਏ ਲੋਕ ਜਦ ਖਿੱਚ ਕੇ ਮਿਆਨ ਰੱਖਦੇ ਨੇ। ਉਨ੍ਹਾਂ ਨੂੰ ਮਿਹਰਬਾਨਾਂ ਵਿਚ ਕਿਉਂ ਸ਼ੁਮਾਰ ਕਰਾਂ, ਜੋ ਖ੍ਵਾਬ ਨੋਚਦੇ, ਮੁੱਠੀ 'ਚ ਜਾਨ ਰੱਖਦੇ ਨੇ। ਜ਼ਮੀਰ ਆਪਣੀ ਰੱਖਦੇ ਨੇ ਰਹਿਣ ਕੁਰਸੀ ਲਈ, ਪਤਾ ਨਹੀਂ ਜਿਸਮ ਕਿੰਝ ਫੋਕੀ ਇਹ ਸ਼ਾਨ ਰੱਖਦੇ ਨੇ। ਨਾ ਹੇਠ ਧਰਤ ਸਾਡੇ, ਗਾਇਬ ਸਿਰ ਤੋਂ ਅੰਬਰ ਹੈ, ਕਿ ਹਾਕਮ ਵੇਖ ਲਉ ਕਿੰਨਾ ਧਿਆਨ ਰੱਖਦੇ ਨੇ। ਸ਼ਿਕਾਰੀ ਜਾਲ ਲਾ ਕੇ ਚੋਗ ਪਾ ਭਰਮਾ ਰਿਹਾ ਏ, ਪਰਿੰਦੇ ਚਾਲ ਦਾ ਕਿੰਨਾ ਗਿਆਨ ਰੱਖਦੇ ਨੇ। ਕਿਵੇਂ ਹੈ ਰੌਸ਼ਨੀ ਦਿਲਕਸ਼ ਤੇ ਜਗਮਗ ਮੈਖ਼ਾਨੇ, ਸਜਾ ਕੇ ਜ਼ਹਿਰ ਦੀ ਕਿੱਦਾਂ ਦੁਕਾਨ ਰੱਖਦੇ ਨੇ।

ਸੀਨਾ ਤਾਂਹੀਓ ਤਾਣ ਬਰਾਬਰ

ਸਾਹਿਬ ਥਿੰਦ ਦੇ ਨਾਂ.... ਸੀਨਾ ਤਾਂਹੀਓ ਤਾਣ ਬਰਾਬਰ ਰੱਖਦੇ ਹਾਂ। ਮਰ ਮੁੱਕਣ ਦੀ ਬਾਣ ਬਰਾਬਰ ਰੱਖਦੇ ਹਾਂ। ਗੰਦਲ ਵਾਂਗੂੰ ਕੱਚੀਆਂ ਤਾਂ ਨਹੀਂ ਦੋਸਤੀਆਂ, ਦੁਸ਼ਮਣ ਦੀ ਪਹਿਚਾਣ ਬਰਾਬਰ ਰੱਖਦੇ ਹਾਂ। ਅਕਲ ਛੁਰੀ ਨੂੰ ਤੇਜ਼ ਕਰਨ ਲਈ ਹਰ ਵੇਲੇ, ਸ਼ਬਦ ਗੁਰੂ ਦੀ ਸਾਣ ਬਰਾਬਰ ਰੱਖਦੇ ਹਾਂ। ਗਹਿਰ-ਗੰਭੀਰ ਨਾ ਰਹਿੰਦੇ ਸ਼ਾਮ ਸਵੇਰ ਕਦੇ, ਚਾਵਾਂ ਨੂੰ ਵੀ ਹਾਣ ਬਰਾਬਰ ਰੱਖਦੇ ਹਾਂ। ਲੋਹਾ ਢਲੇ ਕੁਠਾਲੀ, ਤਦ ਕਿਰਪਾਨ ਬਣੇ, ਕਿਰਪਾ ਦੀ ਵੀ ਪਾਣ ਬਰਾਬਰ ਰੱਖਦੇ ਹਾਂ। ਮੜ੍ਹਕ ਸਲਾਮਤ ਰੱਖਣ ਦੇ ਲਈ ਧਰਤੀ ਦੀ, ਮਾਣ ਸਦਾ ਨਿਰਮਾਣ ਬਰਾਬਰ ਰੱਖਦੇ ਹਾਂ। ਅਣਖ਼ ਬਚਾਉਣ ਦੀ ਖ਼ਾਤਰ ਢਾਲ ਜ਼ਰੂਰੀ ਹੈ, ਭੱਥੇ ਵਿਚ ਵੀ ਬਾਣ ਬਰਾਬਰ ਰੱਖਦੇ ਹਾਂ।

ਸਾਡੇ ਹੋਠਾਂ ਨਾਲੋਂ

ਸਾਡੇ ਹੋਠਾਂ ਨਾਲੋਂ ਪਿੱਛੇ ਅਜੇ ਜ਼ਹਿਰ ਦਾ ਗਿਲਾਸ। ਅਸੀਂ ਜਾਗਦੇ ਜਿਉਂਦੇ, ਹੈ ਹੁੰਗਾਰਿਆਂ ਦੀ ਆਸ। ਰੱਬ ਜਾਣੇ ਕਦੋਂ ਮੁੱਕਣੀ ਖੜਾਵਾਂ ਦੀ ਉਡੀਕ, ਇੱਕ ਮੁੱਕਦਾ ਤੇ ਸ਼ੁਰੂ ਹੁੰਦਾ ਦੂਜਾ ਬਨਵਾਸ। ਇਹ ਤਾਂ ਉਮਰਾਂ ਦੇ ਸੌਦੇ, ਚੱਲ ਕਰੀਏ ਸੰਭਾਲ, ਤੇਰੇ ਸਾਹਾਂ 'ਚ ਗੁਜ਼ਾਰਾਂ, ਮਿਲੇ ਜਿੰਨੇ ਵੀ ਸਵਾਸ। ਅਸੀਂ ਆਪਣੇ ਹਿਸਾਬ ਕਦੇ ਰੋਂਦ ਨਹੀਓਂ ਮਾਰੇ, ਖੇਡ ਸੁਥਰੀ ਤੋਂ ਡੋਲਿਆ ਨਾ ਅਜੇ ਵਿਸ਼ਵਾਸ। ਮੇਰੀ ਧਰਤੀ ਹੈ ਮਾਤਾ, ਮੇਰਾ ਬਾਬਲ ਆਕਾਸ਼, ਮੈਨੂੰ ਧੁੱਪੇ ਛਾਵੇਂ ਏਹੀ ਸਦਾ ਦੇਣ ਧਰਵਾਸ। ਏਹ ਤਾਂ ਤੇਰੀ ਮੇਰੀ ਸੀਮਾ ਆਹ ਜੋ ਹੱਦਾਂ ਸਰਹੱਦਾਂ, ਏਥੇ ਲੱਖਾਂ ਨੇ ਪਾਤਾਲ ਏਥੇ ਲੱਖਾਂ ਨੇ ਆਗਾਸ। ਸੁਣ, ਆਖਿਆ ਫ਼ਰੀਦ ਕਾਗਾ ਚੁੰਝ ਨਾ ਤੂੰ ਮਾਰ, ਇਹਨਾਂ ਨੈਣਾਂ ਵਿਚ ਜਿਉਂਦੀ, ਪਿਰ ਮਿਲਣੇ ਦੀ ਆਸ।

ਬੱਦਲ ਬਣ ਕੇ ਉੱਡਿਆ ਫਿਰਦੈਂ

ਬੱਦਲ ਬਣ ਕੇ ਉੱਡਿਆ ਫਿਰਦੈਂ, ਕਿਣਮਿਣ ਕਿਣਮਿਣ ਵਰ੍ਹਿਆ ਕਰ ਤੂੰ। ਧਰਤੀ, ਜੰਤ, ਪਰਿੰਦੇ ਮੰਗਦੇ, ਜਲ ਥਲ ਮਹੀਅਲ ਕਰਿਆ ਕਰ ਤੂੰ। ਇਹ ਧਰਤੀ, ਇਹ ਜੰਗਲ ਬੇਲੇ, ਅੰਬਰ ਚੰਨ ਸਿਤਾਰੇ ਸਾਰੇ, ਤੇਰੀ ਖ਼ਾਤਰ ਬ੍ਰਹਿਮੰਡ ਸਾਰਾ, ਮਿਰਗਾ ਚੁੰਗੀਆਂ ਭਰਿਆ ਕਰ ਤੂੰ। ਸੂਰਜ ਤੇਰੀ ਮੁੱਠੀ ਅੰਦਰ, ਧਰਤੀ ਤੇਰੇ ਪੈਰਾਂ ਥੱਲੇ, ਚੌਰ ਝੁਲਾਵੇ ਸਗਲ ਬਨਸਪਤ, ਐਵੇਂ ਨਾ ਫਿਰ ਡਰਿਆ ਕਰ ਤੂੰ। ਕਿੱਲੇ ਦੀ ਪਰਿਕਰਮਾ ਕਰਦੇ, ਉਮਰ ਗੁਜ਼ਾਰ ਲਈ ਕਿਉਂ ਸਾਰੀ, ਮਿਥ ਲੈ ਮੰਜ਼ਿਲ ਸ਼ੇਰ ਜਵਾਨਾ, ਪੈਰ ਅਗਾਂਹ ਨੂੰ ਧਰਿਆ ਕਰ ਤੂੰ। ਇਹ ਛਤਰੀ ਜੋ ਤੇਰੇ ਸਿਰ ਤੇ, ਸਮਝੀਂ ਨਾ ਇਹ ਸਾਥ ਸਦੀਵੀ, ਵੇਖ ਬਿਰਖ਼ ਤੂੰ ਮਾਰੂਥਲ ਦੇ, ਹਰ ਮੌਸਮ ਨੂੰ ਜਰਿਆ ਕਰ ਤੂੰ। ਦੋ ਚਿੱਤੀ ਵਿਚ ਹਰ ਪਲ ਰਹਿ ਕੇ, ਆਦਰਸ਼ਾਂ ਦੀ ਲੀਹੋਂ ਲਹਿ ਕੇ, ਫ਼ਰਜ਼ ਵਿਸਾਰੇਂ ਗਰਜ਼ਾਂ ਪਿੱਛੇ, ਜੀਂਦੇ ਜੀਅ ਨਾ ਮਰਿਆ ਕਰ ਤੂੰ। ਜਿੱਤ ਨਾ ਸਕਿਆ ਵਿਸ਼ਵ ਸਿਕੰਦਰ, ਪੋਰਸ ਉਸਦਾ ਘੋੜਾ ਫੜਿਆ, ਲੋਕ-ਸਮੁੰਦਰ ਅੰਗ ਸੰਗ ਤੇਰੇ, ਇਸ ਅੰਦਰ ਵੀ ਤਰਿਆ ਕਰ ਤੂੰ।

ਇੱਕੋ ਵਿਹੜੇ ਚੋਗ ਚੁਗਦੀਆਂ

ਅਜੀਤ ਭੱਠਲ ਪਰਿਵਾਰ ਦੇ ਨਾਂ.... ਇੱਕੋ ਵਿਹੜੇ ਚੋਗ ਚੁਗਦੀਆਂ ਚਿੜੀਆਂ ਰੰਗ ਬਰੰਗੀਆਂ ਨੇ। ਸੋਚਦੀਆਂ, ਇੱਕ ਸ਼ਿਕਰੇ ਨੇ ਕਿਉਂ, ਜਾਨਾਂ ਸੂਲੀ ਟੰਗੀਆਂ ਨੇ। ਅਪਣੇ ਤਨ ਦੀ ਰਾਖੀ ਲਈ ਜੇ ਚੁੰਝਾਂ ਹੀ ਕੰਮ ਆਈਆਂ ਨਾ, ਫਿਰ ਤਾਂ ਐਸ ਹਯਾਤੀ ਨਾਲੋਂ, ਸੱਜਣੋਂ ਮੌਤਾਂ ਚੰਗੀਆਂ ਨੇ। ਅਪਣੇ ਅਸਲੀ ਰੰਗ ਸਲਾਮਤ ਰੱਖਣਾ ਧਰਮ ਬਰਾਬਰ ਹੈ, ਏਸ ਲਈ ਹੀ ਦਸਮ ਗੁਰੂ ਨੇ ਕਸਮਾਂ ਸਾਥੋਂ ਮੰਗੀਆਂ ਨੇ। ਸਾਡੇ ਪੁੱਤਰ ਧੀਆਂ ਬਣ ਗਏ ਵਰਮੀ ਦੇ ਰਖਵਾਲੇ ਕਿਉਂ, ਏਥੇ ਵੱਸਦੀ ਨਾਗਣ ਨੇ ਹੀ ਸਾਡੀਆਂ ਪੁਸ਼ਤਾਂ ਡੰਗੀਆਂ ਨੇ। ਚੰਦਰਮਾ ਜਾਂ ਮੰਗਲ ਉੱਤੇ, ਆਪਾਂ ਜਾ ਕੇ ਕੀਹ ਲੈਣਾ, ਇਸ ਧਰਤੀ ਨਾ ਉੱਗੀਆਂ ਹਾਲੇ ਰੀਝਾਂ ਸੋਨੇ ਰੰਗੀਆਂ ਨੇ। ਤੀਰਾਂ ਵਿੰਨਿਆ ਬਾਬਲ ਮੇਰਾ, ਖੇਤਾਂ ਅੰਦਰ ਫ਼ਿਕਰ ਖੜ੍ਹੇ, ਪੈਰੀਂ ਧੌੜੀ ਜੁੱਤੀ ਭੀੜੀ, ਚਾਰ ਚੁਫ਼ੇਰੇ ਤੰਗੀਆਂ ਨੇ। ਖ਼ਵਰੇ ਕਦ ਪੱਤਝੜ ਦੇ ਮਗਰੋਂ, ਲਗਰਾਂ ਫੁੱਟਣ, ਖ਼ਬਰ ਨਹੀਂ, ਜਿਉਂ ਜੰਮੇ ਹਾਂ, ਹਾਲੇ ਤੱਕ ਤਾਂ, ਸਾਰੀਆਂ ਟਾਹਣਾਂ ਨੰਗੀਆਂ ਨੇ।

ਮਨ ਦਾ ਵਿਹੜਾ

ਮਨ ਦਾ ਵਿਹੜਾ ਮਹਿਕ ਗਿਆ ਹੈ। ਹੁਣ ਹੀ ਤੇਰਾ ਖ਼ਤ ਮਿਲਿਆ ਹੈ। ਵਗਦੀ ਪੌਣ ਮਗਰ ਨਹੀਂ ਜਾਣਾ, ਮੈਂ ਸਧਰਾਂ ਨੂੰ ਵਰਜ ਲਿਆ ਹੈ। ਰੰਗ ਤੇ ਖ਼ੁਸ਼ਬੂ ਕੌਣ ਨਿਖੇੜੇ, ਇਹ ਤੂੰ ਬਿਲਕੁਲ ਠੀਕ ਕਿਹਾ ਹੈ। ਦਰਦ ਉਧਾਰਾ ਕਿਹੜਾ ਮੰਗੇ, ਹਰ ਮਨ ਹੀ ਭਰਿਆ ਭਰਿਆ ਹੈ। ਲੰਮੀ ਚੁੱਪ ਤੇ ਐਡੇ ਜੰਦਰੇ, ਦਿਲ ਦੇ ਅੰਦਰ ਕੀਹ ਧਰਿਆ ਹੈ? ਜੀਅ ਕਰਦਾ ਏ ਪਾਰ ਕਰਨ ਨੂੰ, ਇਹ ਜੋ ਅਗਨੀ ਦਾ ਦਰਿਆ ਹੈ। ਕਈ ਵਾਰੀ ਸਮਝਾਇਐ ਰੂਹ ਨੂੰ, ਦਰਦ-ਸਮੁੰਦਰ ਕਿਸ ਤਰਿਆ ਹੈ।

ਮੈਂ ਅਪਣੇ ਆਪ ਨੂੰ

ਮੈਂ ਅਪਣੇ ਆਪ ਨੂੰ ਆਖਾਂ ਮੁਕੰਮਲ ਹੋ ਨਹੀਂ ਸਕਣਾ। ਕਿ ਸਭ ਕੁਝ ਵੇਖ ਕੇ, ਏਨਾ ਵੀ ਗਾਫ਼ਿਲ ਹੋ ਨਹੀਂ ਸਕਣਾ। ਮੇਰੇ ਸਾਹਾਂ 'ਚ ਹਾਉਕੇ, ਪੀੜ ਮੱਥੇ, ਕਸਕ ਦਿਲ ਅੰਦਰ, ਇਕੱਲਾ ਜਿਸਮ ਤਾਂ ਜਸ਼ਨਾਂ 'ਚ ਸ਼ਾਮਿਲ ਹੋ ਨਹੀਂ ਸਕਣਾ। ਮੈਂ ਅਪਣੇ ਅਜ਼ਮ ਤੇ ਆਪੇ ਹੀ ਪਹਿਰੇਦਾਰ ਬਹਿਣਾ ਹੈ, ਪਤੈ ਦਰਬਾਨੀਆਂ ਤੋਂ ਕੁਝ ਵੀ ਹਾਸਿਲ ਹੋ ਨਹੀਂ ਸਕਣਾ। ਕਿਸੇ ਦੂਜੇ ਦੀ ਖ਼ਾਤਰ ਮੈਂ ਪਵਾਂ ਬਲਦੀ ਚਿਖ਼ਾ ਅੰਦਰ, ਇਹ ਕਹਿਣਾ ਸਹਿਲ ਹੈ ਪਰ, ਕਰਨ ਮੁਸ਼ਕਿਲ ਹੋ ਨਹੀਂ ਸਕਣਾ। ਚਲੋ ਇਖ਼ਲਾਕ ਨੂੰ ਤੇ ਧਰਮ ਨੂੰ ਕਹੀਏ ਕਿ ਮੁੜ ਆਓ, ਇਹ ਜੋ ਤੂੰ ਆਖਦੈਂ ਏਹੀ ਤਾਂ ਫ਼ਾਜ਼ਿਲ ਹੋ ਨਹੀਂ ਸਕਣਾ। ਮੈਂ ਕੱਸੀ ਤਾਰ ਤੇ ਤੁਰਿਆ ਵੀ ਜਾਵਾਂ ਨਾ ਕਦੇ ਡੋਲਾਂ, ਅਸੰਭਵ ਹੈ ਤੁਰੇ ਰਹਿਣਾ, ਮੁਸਲਸਲ ਹੋ ਨਹੀਂ ਸਕਣਾ। ਇਹ ਦਿਲ ਦਰਵੇਸ਼ ਵਰਗੈ, ਮੌਜ ਅੰਦਰ ਬਹੁਤ ਕੁਝ ਕਹਿੰਦੈ, ਲੁਟਾਵੇ ਸਾਦਗੀ, ਏਨਾ ਵੀ, ਪਾਗ਼ਲ ਹੋ ਨਹੀਂ ਸਕਣਾ।

ਮੈਂ ਬਦਕਿਸਮਤ

ਮੈਂ ਬਦਕਿਸਮਤ ਉਹ ਪੁਸਤਕ ਹਾਂ ਜਿਸ ਨੂੰ ਤੂੰ ਤੇ ਪੜ੍ਹਿਆ ਨਹੀਂ। ਸ਼ਬਦ ਨਗੀਨੇ ਅਣਵਰਤੇ ਨੂੰ ਦਿਲ ਮੁੰਦਰੀ ਵਿਚ ਮੜ੍ਹਿਆ ਨਹੀਂ। ਕਲਮ ਕਟਾਰ ਬਣੀ ਮੈਂ ਵੇਖੀ, ਪੁੱਛ ਲਉ ਦੀਨੇ ਕਾਂਗੜ ਤੋਂ, ਜਿਸ ਦੇ ਅੱਗੇ ਔਰੰਗਜ਼ੇਬ ਜਿਹਾ ਜ਼ਾਲਮ ਵੀ ਅੜਿਆ ਨਹੀਂ। ਕੁੱਟ ਕੇ ਮਿੱਟੀ ਗੁੰਨਣ ਵੇਲੇ, ਖ਼ੂਨ ਪਸੀਨਾ ਵਿਚ ਪੈਂਦਾ, ਚੱਕ ਤੇ ਧਰ ਘੁਮਿਆਰਾਂ ਆਵੇ, ਇੱਕ ਵੀ ਭਾਂਡਾ ਘੜਿਆ ਨਹੀਂ। ਸੀਸ ਤਲੀ ਤੇ ਧਰਨ ਤੋਂ ਪਹਿਲਾਂ, ਦੀਪ ਸਿਹੁੰ ਬਲਕਾਰੀ ਨੇ, ਸ਼ਾਸਤਰਾਂ ਦੀ ਕਰੀ ਸਿਰਜਣਾ, ਐਵੇਂ ਖੰਡਾ ਫੜਿਆ ਨਹੀਂ। ਬੰਦ ਬੰਦ ਕਟਵਾਉਣਾ ਔਖਾ, ਕਹਿਣਾ ਬਹੁਤ ਸੁਖ਼ਾਲਾ ਹੈ, ਮਨੀ ਸਿੰਘ ਨੂੰ ਵਕਤ ਨੇ ਐਵੇਂ, ਕਲਗੀ ਦੇ ਵਿਚ ਜੜਿਆ ਨਹੀਂ। ਸੁੱਚੇ ਪੱਕੇ ਰੰਗ ਵਿੱਚ ਰੰਗਿਆ, ਮੈਨੂੰ ਧਰਮੀ ਬਾਬਲ ਨੇ, ਏਸੇ ਕਰਕੇ ਰੰਗ ਬਾਜ਼ਾਰੀ, ਮੇਰੇ ਮਨ ਤੇ ਚੜ੍ਹਿਆ ਨਹੀਂ। ਮੇਰੀ ਪਿੱਠ 'ਤੇ ਮੇਰੇ ਪੁਰਖੇ ਨਾਨਕ, ਬੁੱਲ੍ਹਾ, ਵਾਰਸ ਨੇ, ਐਵੇਂ ਤਾਂ ਹਰ ਨ੍ਹੇਰੀ ਅੱਗੇ ਛਾਤੀ ਤਾਣ ਕੇ ਖੜ੍ਹਿਆ ਨਹੀਂ। ਕਾੜ੍ਹਨੀਆਂ ਵਿਚ ਦੁੱਧ ਤੇ ਜਜ਼ਬੇ ਕਾੜ੍ਹ ਕਾੜ੍ਹ ਮਾਂ ਦਿੱਤੇ ਸੀ, ਗ਼ਜ਼ਲ ਮੇਰੀ ਵਿਚ ਤਾਹੀਓਂ ਕੱਚਾ ਸ਼ਬਦ ਕਦੇ ਵੀ ਵੜਿਆ ਨਹੀਂ।

ਲੋਕਤੰਤਰ ਬਣ ਗਿਆ

ਰਾਜਿੰਦਰ ਤੇ ਰੁਸਤਮ ਗਿੱਲ ਦੇ ਨਾਂ... ਲੋਕਤੰਤਰ ਬਣ ਗਿਆ ਹੈ ਵੇਖ ਲਉ ਦਾਦਾਗਿਰੀ। ਟੰਗਦੇ ਸੂਲੀ ਤੇ ਪਹਿਲਾਂ, ਫੇਰ ਦਿੰਦੇ ਦਿਲਬਰੀ। ਸਾਜ਼ਿਸ਼ੀ ਮਾਹੌਲ ਅੰਦਰ ਹੋ ਰਿਹਾ ਵਿਸ਼ਵਾਸਘਾਤ, ਧਰਮਸਾਲੀਂ ਬੈਠ ਧਰਮੀ ਕਰ ਰਹੇ ਨੇ ਚਾਕਰੀ। ਜਾਬਰਾਂ ਦੇ ਹੱਥ ਚਾਬੀ ਅਮਨ ਤੇ ਕਾਨੂੰਨ ਦੀ, ਰਾਹਜ਼ਨਾਂ ਨੂੰ ਸੌਂਪ ਦਿੱਤੀ ਆਪ ਆਪਾਂ ਰਾਹਬਰੀ। ਵੇਖ ਲਉ ਕਲਜੁਗ ਦਾ ਪਹਿਰਾ, ਖੋਲ੍ਹ ਅੱਖਾਂ ਵੇਖ ਲਉ, ਕਾਲੇ ਧਨ ਦੇ ਵਾਸਤੇ ਚਿੱਟੇ ਦੀ ਹੈ ਸੌਦਾਗਰੀ। ਤੂੰ ਕਹੇਂ ਹਰ ਵਾਰ ਹੀ ਪੰਜਾਬ ਸੂਲੀ ਉੱਤੇ ਕਿਉਂ, ਸਮਝਿਆ ਕਰ ਏਸ ਦੇ ਤਾਂ ਖ਼ੂਨ ਵਿਚ ਹੈ ਨਾਬਰੀ। ਮਰਨ ਵਾਲੇ ਮਰ ਗਏ, ਫਿਰ ਟੋਡੀਆਂ ਦਾ ਰਾਜ ਭਾਗ, ਭੋਲਿਆ ਓ ਪੰਛੀਆ, ਇਹ ਜਾਲ ਦੀ ਕਾਰਾਗਰੀ। ਛਤਰ ਸਿਰ ਤੇ, ਚੌਰ ਝੁੱਲਣ,ਕਵਚ ਸੋਨੇ ਤਾਰ ਦਾ, ਬਹੁਤ ਕੁਝ ਦੇਵੇ ਹਕੂਮਤ ਜੇ ਕਰੋਗੇ ਮੁਖ਼ਬਰੀ। ਤੇਰੇ ਭਾਣੇ ਬੇਅਕਲ, ਪਰ ਫ਼ਰਜ਼ ਨੂੰ ਪਹਿਚਾਣਦਾਂ, ਪੱਥਰਾਂ ਦੇ ਸ਼ਹਿਰ ਤਾਂ ਹੀ ਕਰ ਰਿਹਾਂ ਸ਼ੀਸ਼ਾਗਰੀ। ਸਬਰ ਅੱਗੇ ਜਬਰ ਹਾਰੇ, ਪੁੱਛ ਲੈ ਇਤਿਹਾਸ ਤੋਂ, ਹਾਰਿਆ ਸੀ ਮੀਰ ਮੰਨੂੰ ਟੁੱਟ ਗਈ ਸੀ ਦਾਤਰੀ।

ਦਿਲ ਦੀ ਬਗੀਚੜੀ

ਦਿਲ ਦੀ ਬਗੀਚੜੀ 'ਚ ਅੱਜ ਮੇਰਾ ਯਾਰ ਆਇਆ। ਸੱਜਰੀ ਸਵੇਰ ਜੇਹੀਏ, ਰੱਜ ਕੇ ਪਿਆਰ ਆਇਆ। ਪੌਣ ਖੁਸ਼ਬੋਈ ਲੈ ਕੇ ਵੇਖ ਮੇਰੇ ਦਵਾਰ ਆਈ, ਤੱਕ ਮੇਰੇ ਨੈਣਾਂ ਵਿਚ ਕਿੰਨਾ ਹੈ ਨਿਖ਼ਾਰ ਆਇਆ। ਤੇਰਾ ਪੱਲੂ ਜਦੋਂ ਮੇਰੇ ਹੱਥ ਵਿਚੋਂ ਛੁੱਟਿਆ ਸੀ, ਦਿਲ ਉੱਤੇ ਕਿੰਜ ਦੱਸਾਂ, ਮੇਰੇ ਕਿੰਨਾ ਭਾਰ ਆਇਆ । ਹੱਸ ਕੇ ਤੂੰ ਦਿੱਤਾ ਬਿਨ ਬੋਲਿਆਂ ਹੁੰਗਾਰਾ ਜਦੋਂ, ਆਪ ਹੀ ਤੂੰ ਜਾਣ ਕਿੰਨਾ ਚੈਨ ਤੇ ਕਰਾਰ ਆਇਆ। ਤੇਰਾ ਇਹ ਸੁਨੇਹਾ ਕਿ ਮੈਂ ਅੰਗ ਸੰਗ ਸਾਥ ਤੇਰੇ, ਸੋਚ ਸੋਚ ਸੋਚ ਕਿੰਨਾ ਜਿੰਦ ਨੂੰ ਖ਼ੁਮਾਰ ਆਇਆ। ਮੈਂ ਤਾਂ ਸਰਕੰਡੇ ਵਾਂਗੂੰ ਦਰਿਆ ਦੇ ਕੰਢੇ ਖੜ੍ਹਾਂ, ਚਲੋ ਜੀ, ਜਿਉਂਦਿਆਂ 'ਚ ਸਾਡਾ ਵੀ ਸ਼ੁਮਾਰ ਆਇਆ। ਪਿੱਪਲੀ ਤੇ ਬੋਹੜੀ ਨੂੰ ਉਡੀਕ ਤੇਰੀ ਅੱਜ ਵੀ ਹੈ, ਆਵੀਂ ਬੀਬਾ ਆਵੀਂ, ਜਦੋਂ ਤੀਆਂ ਦਾ ਤਿਹਾਰ ਆਇਆ।

ਜ਼ੁਲਮ ਜਬਰ ਦਾ ਕਹਿਰੀ

ਜ਼ੁਲਮ ਜਬਰ ਦਾ ਕਹਿਰੀ ਚਿਹਰਾ ਜਰਿਆ ਜਾਂਦਾ ਨਹੀਂ। ਰੋਜ਼ ਦਿਹਾੜੀ ਹੁਣ ਤਾਂ ਏਦਾਂ ਮਰਿਆ ਜਾਂਦਾ ਨਹੀਂ। ਸੱਤ ਪੱਤਣਾਂ ਦੇ ਤਾਰੂ ਏਥੇ ਆ ਕੇ ਹਾਰ ਗਏ, ਰੇਤ ਛਲਾਵੇ ਅੰਦਰ ਤਾਂ ਹੁਣ ਤਰਿਆ ਜਾਂਦਾ ਨਹੀਂ। ਹੱਕ ਸੱਚ ਇਨਸਾਫ਼ ਦੀ ਖ਼ਾਤਰ ਕਿੰਜ ਮਨਸੂਰ ਬਣਾਂ, ਜ਼ਹਿਰ ਪਿਆਲਾ ਹੋਠੀਂ ਹੈ, ਘੁੱਟ ਭਰਿਆ ਜਾਂਦਾ ਨਹੀਂ। ਦਲਦਲ ਅੰਦਰ ਧਸਦੇ ਜਾਈਏ, ਪਲ ਪਲ ਹੇਠਾਂ ਨੂੰ, ਇਕ ਵੀ ਕਦਮ ਅਗਾਂਹ ਨੂੰ ਤਾਹੀਓਂ ਧਰਿਆ ਜਾਂਦਾ ਨਹੀਂ। ਧਰਤੀ ਪੁੱਤਰ ਬਣੀਏ, ਤਣੀਏ ਜ਼ਾਲਮ ਅੱਗੇ ਜੀ, ਏਸ ਤਰ੍ਹਾਂ ਦਾ ਕਰਮ ਕਿਉਂ ਹੁਣ ਕਰਿਆ ਜਾਂਦਾ ਨਹੀਂ। ਅਜਬ ਤਰ੍ਹਾਂ ਦੀ ਦਹਿਸ਼ਤ ਇਸ ਦੇ ਚਾਰ ਚਫ਼ੇਰੇ ਹੈ, ਮਨ ਦਾ ਸੱਖਣਾ ਭਾਂਡਾ ਸਾਥੋਂ ਭਰਿਆ ਜਾਂਦਾ ਨਹੀਂ। ਬੰਨ੍ਹ ਕਲੀਰੇ ਬੈਠੀ, ਕੰਜ ਕੁਆਰੀ ਧੜਕਣ ਨੂੰ, ਤਖ਼ਤਾ ਤਖ਼ਤ ਬਣਾਏ ਤੋਂ ਬਿਨ ਵਰਿਆ ਜਾਂਦਾ ਨਹੀਂ।

ਮੰਗਾਂ ਜੇ ਤੈਥੋਂ ਖ਼ੁਦ

ਮੰਗਾਂ ਜੇ ਤੈਥੋਂ ਖ਼ੁਦ ਕਦੇ ਜੀਵਨ ਉਧਾਰ ਦੇ। ਮੰਨੀਂ ਨਾ, ਜਿੰਨਾ ਬਚ ਗਿਆ, ਰਹਿੰਦਾ ਵੀ ਮਾਰ ਦੇ। ਜਿੰਨੇ ਸਵਾਸ ਬਚ ਗਏ, ਇਹ ਵੀ ਨਿਚੋੜ ਲੈ, ਮੇਰੇ 'ਚੋਂ ਮੈਂ ਨੂੰ ਮਾਰ ਕੇ, ਡੁੱਬਿਆਂ ਨੂੰ ਤਾਰ ਦੇ। ਈਮਾਨ ਧਰਮ ਵੇਚਿਆ, ਕਿਰਦਾਰ ਖ਼ੁਰ ਗਿਆ, ਕਾਹਦੇ ਲਈ ਜਿਸਮ ਸਾਂਭਿਆ, ਇਹ ਵੀ ਲੰਗਾਰ ਦੇ। ਦਸਤਾਰ ਤਾਂ ਯਕੀਨ ਸੀ, ਕਿਉਂ ਭਾਰ ਸਮਝਨੈਂ, ਕਾਹਦੇ ਲਈ ਚੁੱਕੀ ਫਿਰ ਰਿਹੈਂ, ਇਸ ਨੂੰ ਉਤਾਰ ਦੇ। ਤਿਤਲੀ ਦੇ ਖੰਭ ਨੋਚਦੈਂ, ਭੌਰੇ ਨੂੰ ਵਰਜਦੈਂ, ਬਾਗਾਂ 'ਚ ਕਿੱਥੋਂ ਆ ਗਿਐਂ ਰਾਖ਼ੇ ਬਹਾਰ ਦੇ। ਮੇਰੇ ਵਡੇਰੇ ਉੱਜੜੇ, ਛੱਡਿਆ ਸੀ ਨਾਰੋਵਾਲ, ਖਵਾਬਾਂ 'ਚ ਦਰਦ ਕਾਇਮ ਹਾਲੇ ਓਸ ਪਾਰ ਦੇ। ਹੈਰਾਨ, ਪਰੇਸ਼ਾਨ ਹੈ, ਉਪਰਾਮ ਜ਼ਿੰਦਗੀ, ਉਲਝੇ ਨੇ ਵਾਲ ਏਸ ਦੇ, ਜ਼ੁਲਫ਼ਾਂ ਸੰਵਾਰ ਦੇ।

ਖ਼ੁਰ ਗਿਆ ਜੀ

ਖ਼ੁਰ ਗਿਆ ਜੀ, ਭੁਰ ਗਿਆ ਜੀ, ਕੌਮ ਦਾ ਕਿਰਦਾਰ ਹੈ। ਪੁੱਛਦੇ ਮੈਨੂੰ ਅਜੇ ਵੀ, ਕੌਣ ਜ਼ਿੰਮੇਵਾਰ ਹੈ? ਸਾਡਿਆਂ ਸਮਿਆਂ ਦੇ ਸਭ ਯੂਸਫ਼ ਵਿਕਾਊ ਹੋ ਗਏ, ਹਰ ਗਲੀ ਹਰ ਮੋੜ ਬਣਿਆ ਮਿਸਰ ਦਾ ਬਾਜ਼ਾਰ ਹੈ। ਪੁੱਛਦੇ ਨੇ ਯਾਰ ਬੇਲੀ ਅੱਜ ਕੱਲ੍ਹ ਕੀ ਕਰ ਰਿਹੈਂ, ਸ਼ੀਸ਼ਾਗਰ ਸਾਂ, ਅੱਜ ਕੱਲ੍ਹ ਪੱਥਰ ਦਾ ਕਾਰੋਬਾਰ ਹੈ। ਰਾਹ ਦਿਸੇਰਾ ਹੋਣ ਦਾ ਮੈਂ ਭਰਮ ਕੈਸਾ ਪਾਲਿਆ, ਰਾਤ ਦਿਨ ਹੀ ਸੁਰਤ ਮੇਰੀ ਚੌਂਕ ਦੇ ਵਿਚਕਾਰ ਹੈ। ਉਹ ਵਿਰਾਸਤ ਹੁਣ ਵੀ ਮੇਰੇ ਖ਼ੂਨ ਵਿਚ ਜਾਗੇ ਕਿਤੇ, ਜਿਸਦੇ ਇਕ ਹੱਥ ਵਿਚ ਪਰਾਣੀ ਦੂਸਰੇ ਤਲਵਾਰ ਹੈ। ਨਾ ਕਿਤੇ ਅਰਦਾਸ ਕੋਈ, ਨਾ ਦੁਆ ਨਾ ਕਾਮਨਾ, ਸ਼ੁਕਰ ਲੋਕੀਂ ਕਰ ਰਹੇ ਨੇ, ਬਾਦਸ਼ਾਹ ਬੀਮਾਰ ਹੈ। ਮੈਂ ਤੇਰੀ ਹਰ ਪੀੜ ਨੂੰ ਸ਼ਬਦੀਂ ਪਰੋਵਾਂਗਾ ਹਜ਼ੂਰ, ਦੌਰ ਆਪਣੇ ਨਾਲ ਮੇਰਾ ਅਹਿਦ ਹੈ, ਇਕਰਾਰ ਹੈ।

ਤੂੰ ਛੇੜ ਨਾ ਦਿਲ ਦੀਆਂ

ਤੂੰ ਛੇੜ ਨਾ ਦਿਲ ਦੀਆਂ ਤਰਬਾਂ ਨੂੰ, ਇਹ ਸਾਜ਼ ਵਜਾਉਣ ਅਸਾਨ ਨਹੀਂ। ਦਿਲ ਸਭ ਕੁਝ ਖ਼ੁਦ ਹੀ ਕਹਿੰਦਾ ਹੈ, ਬੱਸ ਲੱਗੀ ਸਿਰਫ਼ ਜ਼ਬਾਨ ਨਹੀਂ। ਨਾ ਕੁਝ ਪਲ ਉੱਠਣਾ ਬਹਿਣਾ ਹੈ, ਮੈਂ ਪੱਕਾ ਏਥੇ ਰਹਿਣਾ ਹੈ, ਤੂੰ ਚਿੱਤ ਵਿਚ ਮੈਨੂੰ ਥਾਂ ਤਾਂ ਦੇ, ਮੈਂ ਕੁਝ ਪਲ ਦਾ ਮਹਿਮਾਨ ਨਹੀਂ। ਖੁਸ਼ਬੋਈ ਵਰਗੀ ਹਸਤੀ ਹਾਂ, ਤੇਰੇ ਨੈਣਾਂ ਵਿਚਲੀ ਮਸਤੀ ਹਾਂ, ਨਾ ਮੰਗਾਂ ਧਰਤੀ ਰਹਿਣ ਲਈ, ਤੇ ਸਿਰ ਉੱਤੇ ਅਸਮਾਨ ਨਹੀਂ। ਮੈਂ ਦਿਲ ਦਰਿਆ ਦੇ ਵਾਂਗ ਵਗਾਂ ਤੇ ਹਰ ਪਲ ਸੂਰਜ ਵਾਂਗ ਜਗਾਂ, ਧਰਤੀ ਨੂੰ ਭਰਾਂ ਕਲਾਵੇ ਮੈਂ, ਇੱਕ ਬੰਦਾ ਹਾਂ, ਭਗਵਾਨ ਨਹੀਂ। ਤੂੰ ਨਿੱਕੜੇ ਨਿੱਕੜੇ ਦੀਵਿਆਂ ਨੂੰ ਹੀ ਗੁੱਲ ਕਰਕੇ ਹੰਕਾਰ ਗਿਐਂ ਸੂਰਜ ਦੀ ਲਾਟ ਬੁਝਾ ਦੇਵੇਂ, ਤੂੰ ਏਡਾ ਵੀ ਤੂਫ਼ਾਨ ਨਹੀਂ। ਹਰ ਕੋਈ ਫਿਰਦਾ ਘਬਰਾਇਆ, ਪੁੱਛਦਾ ਹੈ ਕਿੱਥੋਂ ਕਿਉਂ ਆਇਆ, ਫ਼ਿਕਰਾਂ ਦਾ ਤਾਣਾ ਤਣਿਆ ਹੈ, ਕਿਉਂ ਚਿਹਰੇ ਤੇ ਮੁਸਕਾਨ ਨਹੀਂ। ਮੈਂ ਦਿਲ ਦੀ ਦੌਲਤ ਵੰਡ ਦਿਆਂ, ਤੇ ਖਾਲੀ ਚਾਦਰ ਛੰਡ ਦਿਆਂ, ਕੁਝ ਮੋੜ ਦਿਆ ਕਰ ਵਾਪਸ ਵੀ, ਮੈਂ ਏਨਾ ਵੀ ਧਨਵਾਨ ਨਹੀਂ।

ਜਿੰਦੇ ਮੇਰੀਏ ਨਾ

ਜਿੰਦੇ ਮੇਰੀਏ ਨਾ ਹੋਵੀਂ ਕਦੇ ਏਨੀ ਵੀ ਉਦਾਸ। ਤੇਰੀ ਮਰ ਮੁੱਕ ਜਾਵੇ, ਸਾਰੀ ਭੁੱਖ ਤੇ ਪਿਆਸ। ਸਾਨੂੰ ਸਾਰਿਆਂ ਨੂੰ ਘੇਰਦੀ ਹਮੇਸ਼ ਕਾਲੀ ਰਾਤ, ਚੜ੍ਹੇ ਰਾਤ ਪਿੱਛੋਂ ਦਿਨ, ਸਦਾ ਰੱਖੀਂ ਵਿਸ਼ਵਾਸ। ਏਸ ਜ਼ਿੰਦਗੀ ਨੂੰ ਤੇਰੇ ਹੀ ਪਿਆਰ ਦਾ ਸਹਾਰਾ, ਤੰਦ ਜੁੜੀ ਰਹੇ ਸਦਾ, ਇਹੀ ਕਰੀਂ ਅਰਦਾਸ। ਮਾਰੂਥਲ ਵਿਚ ਮਿਲੇ ਜੀਕੂੰ ਰੁੱਖ ਹੇਠ ਸਾਇਆ, ਥੋੜਾ ਮਿਲਣਾ ਵੀ ਦੇਵੇ ਸਦਾ ਚੰਗਾ ਅਹਿਸਾਸ। ਤੇਰੇ ਹਾਸਿਆਂ 'ਚੋਂ ਟੱਲੀਆਂ ਦਾ ਅਨਹਦ ਰਾਗ, ਮੇਰੀ ਜਿੰਦ ਨਸ਼ਿਆਵੇ, ਮਿਲੇ ਰੂਹ ਨੂੰ ਵਿਗਾਸ। ਜੀਕੂੰ ਬੇਲੇ ਵਿੱਚ ਰਾਂਝਣੇ ਦੀ ਮੁਰਲੀ ਚ ਹੀਰ, ਕਦੇ ਮੰਦਰੀਂ ਸ਼ਿਆਮ ਜਾਪੇ ਰਾਧਾ ਜੀ ਦੇ ਪਾਸ। ਮੇਰੀ ਮਾਂ ਨੇ ਮੈਨੂੰ ਆਉਣ ਵੇਲੇ ਇਹੀ ਸਮਝਾਇਆ, ਪੁੱਤ ਪੀੜ ਨੂੰ ਨਾ ਪਾਵੀਂ ਕਦੇ ਚੁੱਪ ਦਾ ਲਿਬਾਸ।

ਹੁਣ ਜ਼ਿੰਦਗੀ ਵਿਚ

ਹੁਣ ਜ਼ਿੰਦਗੀ ਵਿਚ ਕੋਈ ਥੋੜ ਨਹੀਂ, ਮਿਲਣੇ ਤੋਂ ਮਗਰੋਂ ਇਉਂ ਲਗਦਾ। ਜੋ ਬਾਲ ਚਿਰਾਗ ਤੂੰ ਧਰ ਦਿੱਤਾ, ਉਹ ਵੇਖ ਨਿਰੰਤਰ ਹੈ ਜਗਦਾ। ਉਹ ਬੋਲ ਤੇ ਇੱਕ ਵੀ ਯਾਦ ਨਹੀਂ, ਖੁਸ਼ਬੋਈ ਅੱਜ ਤੱਕ ਅੰਗ ਸੰਗ ਹੈ, ਓਸੇ ਵਿੱਚ ਚੁੱਭੀਆਂ ਮਾਰ ਰਿਹਾਂ, ਜੋ ਇਤਰਾਂ ਦਾ ਦਰਿਆ ਵਗਦਾ। ਉਸ ਰੁੱਖ ਦਾ ਨਾਂ ਤੇ ਯਾਦ ਨਹੀਂ, ਤੂੰ ਜਿਸ ਦੀ ਨਰਮ ਕਰੂੰਬਲ ਹੈਂ, ਪਰ ਪੱਤਿਆਂ ਅੰਦਰ ਤੱਕਿਆ ਮੈਂ, ਇੱਕ ਨੂਰ ਇਲਾਹੀ ਹੈ ਜਗਦਾ। ਤੁਰ ਜਾਣ ਤੋਂ ਮਗਰੋਂ ਇਉਂ ਲੱਗਾ, ਹੁਣ ਮੁੜ ਕੇ ਫੇਰ ਅਧੂਰਾ ਹਾਂ, ਪਰ ਯਾਦ ਕਰਦਿਆਂ ਫਿਰ ਦਿਸਦਾ ਉਹ ਮੁਖੜਾ ਸੁਰਖ਼ ਜਿਹਾ ਦਗਦਾ। ਇਹ ਮੋਤੀ ਮਾਲਾ ਗਲ਼ ਵਾਲੀ, ਪਲ ਪਲ ਦੀਆਂ ਖ਼ਬਰਾਂ ਦੇਵੇ ਪਈ, ਸਾਹਾਂ ਤੋਂ ਚੋਰੀ ਚੋਰੀ ਇਹ ਸਭ ਲੇਖਾ ਰੱਖਦੀ ਹੈ ਸ਼ਾਹ ਰਗ ਦਾ। ਮੁੱਖ ਮੈਦਾ ਰਲੇ ਸੰਧੂਰ ਜਿਹਾ, ਤੱਕ ਹੋਇਆ ਦਿਲ ਮਖਮੂਰ ਬੜਾ, ਅੱਖਾਂ ਯਮੁਨਾ ਦੇ ਪਾਣੀ ਵਿੱਚ ਜਿਉਂ ਦੀਵਿਆਂ ਦਾ ਪ੍ਰਵਾਹ ਜਗਦਾ। ਕੀਹ ਦੱਸਾਂ ਦਿਲ ਦੀ ਧੜਕਣ ਦਾ ਤੇ ਕਾਰਨ ਅੱਖੀਆਂ ਫ਼ਰਕਣ ਦਾ, ਪਰ ਉਸ ਮਿਲਣੀ ਤੋਂ ਮਗਰੋਂ ਇਹ ਮੇਰਾ ਤਨ ਤੰਦੂਰ ਰਹੇ ਮਘਦਾ। ਇਹ ਜਾਣਦਿਆਂ ਤੂੰ ਅੰਬਰ ਵਿੱਚ, ਮੈਂ ਧਰਤੀ ਉੱਪਰ ਰਹਿੰਦਾ ਹਾਂ, ਤੇਰੇ ਹਾਸੇ ਦੀ ਛਣਕਾਰ ਜਿਹਾ, ਕੁੱਲ ਤਾਰਾ ਮੰਡਲ ਹੀ ਲਗਦਾ। ਸੁਪਨਾ ਸੀ ਉਹ ਜਾਂ ਭਰਮ-ਨੂਰ, ਉਸ ਪਲ ਜੋ ਚਾਰ ਚੁਫ਼ੇਰੇ ਸੀ, ਮੈਂ ਪੂੰਜੀ ਵਾਂਗ ਸੰਭਾਲ ਲਿਆ, ਸੱਚ ਦੱਸੀਂ ਤੈਨੂੰ ਕੀਹ ਲਗਦਾ।

ਜਰਦਾ ਜਰਦਾ ਮਰ ਨਾ ਜਾਵਾਂ

ਪ੍ਰਿੰ. ਪ੍ਰੀਤਮ ਸਿੰਘ ਨਾਹਲ ਪਰਿਵਾਰ ਦੇ ਨਾਂ ਜਰਦਾ ਜਰਦਾ ਮਰ ਨਾ ਜਾਵਾਂ, ਸੁੱਤਾ ਦਰਦ ਜਗਾਉਂਦੇ ਰਹਿਣਾ। ਮਿਲਣ ਮਿਲਾਉਣ ਜ਼ਰੂਰੀ ਤਾਂ ਨਹੀਂ ਪਰ ਸੁਪਨੇ ਵਿੱਚ ਆਉਂਦੇ ਰਹਿਣਾ। ਵਿਹੜੇ ਵਿਚ ਰਵੇਲ ਦਾ ਬੂਟਾ, ਲਾ ਕੇ ਰੱਖਣਾ ਖੁਸ਼ਬੂ ਖ਼ਾਤਰ, ਪਹਿਰਾ ਰੱਖਿਉ ਸੁੱਕ ਨਾ ਜਾਵੇ, ਪਿਆਰ ਦਾ ਪਾਣੀ ਪਾਉਂਦੇ ਰਹਿਣਾ। ਤੇਰੀ ਮੇਰੀ ਤਾਰ ਜੁੜੀ ਹੈ, ਅਣਦਿਸਦੀ ਹੈ, ਕਾਇਮ ਦਾਇਮ, ਪੋਟੇ ਸੁਰ ਤੇ ਲਾਈ ਜਾਣਾ, ਟੁਣਕ ਟੁਣਕ ਟੁਣਕਾਉਂਦੇ ਰਹਿਣਾ। ਗੁਲਕੰਦ ਸੁਰਖ਼ ਗੁਲਾਬ ਦੀ ਮਿੱਠੀ, ਸੁੱਚੀ ਖੁਸ਼ਬੂ ਸਾਂਭ ਕੇ ਰੱਖਣਾ, ਹਰ ਵਿਹੜੇ ਵਿਚ ਧਰਤੀ ਵਾਲਿਉ, ਦਾਬਾਂ ਕਲਮਾਂ ਲਾਉਂਦੇ ਰਹਿਣਾ। ਭੁੱਲ ਨਾ ਜਾਵੇ ਪਿੰਡ ਦਾ ਚੇਤਾ, ਦੂਰ ਦੇਸ ਪਰਦੇਸ 'ਚ ਫਿਰਦੇ, ਯਾਦਾਂ ਦੇ ਪੰਖੇਰੂ ਨੂੰ ਇਹ ਸਬਕ ਸਦਾ ਸਮਝਾਉਂਦੇ ਰਹਿਣਾ। ਇਸ ਮੰਡੀ ਸਭ ਮਾਲ ਵਿਕਾਊ, ਬੰਦੇ, ਧੰਦੇ, ਬਚ ਕੇ ਵੀਰੋ, ਰੀਝਾਂ ਦੀ ਫੁਲਕਾਰੀ ਉੱਤੇ ਮੋਰ ਬੂਟੀਆਂ ਪਾਉਂਦੇ ਰਹਿਣਾ। ਦਰਦਾਂ ਦੇ ਦਰਿਆ ਵਿਚ ਡੁੱਬੀ, ਅੰਤਰ ਮਨ ਦੀ ਪੀੜ ਗ਼ਜ਼ਲ ਨੂੰ, ਸੁਰ ਨਾ ਡੋਲੇ ਤੇ ਬਿਨ ਬੋਲੇ ਚੁੱਪ ਚੁਪੀਤੇ ਗਾਉਂਦੇ ਰਹਿਣਾ।

ਸ਼ਹਿਰ ਬਣ ਗਿਆ

ਸ਼ਹਿਰ ਬਣ ਗਿਆ ਲੱਕੜਮੰਡੀ ਥਾਂ ਥਾਂ ਵੇਖੋ ਲੱਗੇ ਆਰੇ। ਸਾਬਤ ਬੰਦੇ ਕਿੱਧਰ ਤੁਰ ਗਏ, ਟੁਕੜੇ ਟੁਕੜੇ ਫਿਰਦੇ ਸਾਰੇ। ਰੇਲ ਪਟੜੀਆਂ ਉੱਪਰ ਆ ਕੇ ਕਿਉਂ ਬੈਠੇ ਨੇ ਅੰਨ ਦੇ ਦਾਤੇ, ਫ਼ਸਲ ਮਰੀ ਦੇ ਸੋਗ 'ਚ ਡੁੱਬੇ, ਅੱਖੀਂ ਅੱਥਰੂ ਮਣ ਮਣ ਭਾਰੇ। ਸ਼ੀਸ਼ੇ ਉੱਪਰ ਕਾਲਖ਼ ਮਲ਼ਦੀ, ਕੈਸੀ ਹੈ ਇਹ ਬਾਂਦਰ ਸੈਨਾ, ਚਿਹਰਾ ਵੇਖਣ ਤੋਂ ਇਨਕਾਰੀ, ਕੁੱਲ ਧਰਤੀ ਦੇ ਦਾਨਵ ਸਾਰੇ। ਮੋਦੀ ਖ਼ਾਨੇ ਦੇ ਵਿਚ ਪੁੜੀਆਂ, ਜ਼ਹਿਰ ਦੀਆਂ ਟਕਸਾਲੀ ਮੋਹਰਾਂ, ਹਰ ਮੰਡੀ ਵਿਚ ਫ਼ੈਲ ਗਏ ਨੇ, ਇਸ ਵਸਤੂ ਦੇ ਤੋਲਣਹਾਰੇ। ਵਕਤ ਅਸਾਨੂੰ ਦੇ ਜਾਵੇਗਾ ਅਗਲੀ ਨਸਲ ਦੀ ਖ਼ਾਤਰ ਤੋਹਫ਼ੇ, 'ਵਾ ਜ਼ਹਿਰੀਲੀ ਜਰਜਰ ਮਿੱਟੀ, ਦਰਿਆਵਾਂ ਦੇ ਪਾਣੀ ਖ਼ਾਰੇ। ਮੇਰੇ ਮੱਥੇ ਤਲਖ਼ ਸਮੁੰਦਰ, ਫਟ ਸਕਦਾ ਹੈ ਬਣ ਕੇ ਲਾਵਾ, ਹਾਉਕੇ ਹੀ ਵੰਗਾਰ ਬਣਨਗੇ, ਕੱਠੇ ਜੇਕਰ ਹੋ ਗਏ ਸਾਰੇ। ਧਰਮ ਈਮਾਨ ਵੀ ਲੁਕਿਆ ਫਿਰਦਾ, ਲਿਖ ਲਿਖ ਚਿੱਠੀਆਂ ਕਿੱਧਰ ਪਾਵਾਂ, ਕਿਹੜਾ ਦਰ ਖੜਕਾਵਾਂ ਹੋ ਗਏ ਪਹਿਰੇਦਾਰ ਵੀ ਬੇਇਤਬਾਰੇ। ਵੇਖੋ ਅੱਗ ਬੁਝਾਉਣ ਦੀ ਖ਼ਾਤਰ, ਚਿੜੀਆਂ ਖੰਭ ਭਿਉਂ ਕੇ ਛੰਡਣ, ਵਕਤ ਹਿਸਾਬ ਕਰੇਗਾ ਜਿਸ ਦਿਨ, ਮੁਜਰਿਮ ਨਾ ਬਣ ਜਾਇਉ ਸਾਰੇ।

ਮੰਨਿਆ ਦਰਦ ਦਿਲੇ ਦਾ

ਮੰਨਿਆ ਦਰਦ ਦਿਲੇ ਦਾ ਜੁੜ ਕੇ ਪਰਬਤ ਜੇਡਾ ਹੋ ਸਕਦਾ ਹੈ। ਇਸ ਦੀ ਅੱਖ ਪਥਰੀਲੀ ਵਿਚੋਂ, ਇੱਕ ਅੱਧ ਅੱਥਰ ਚੋ ਸਕਦਾ ਹੈ। ਤੂੰ ਕਹਿੰਦਾ ਏ, ਇਸ ਧਰਤੀ ਤੇ, ਹੁਣ ਤੇ ਕੁਝ ਵੀ ਹੋ ਨਹੀਂ ਸਕਦਾ, ਮੈਂ ਕਹਿੰਦਾ ਹਾਂ, ਨਿਸ਼ਚਾ ਕਰਕੇ, ਜੋ ਚਾਹੀਏ ਉਹ ਹੋ ਸਕਦਾ ਹੈ। ਉੱਡਦਾ ਉੱਡਦਾ ਪੰਛੀ ਜੇਕਰ, ਬੈਠ ਗਿਆ ਹੈ ਬਲਦੇ ਰੁੱਖ ਤੇ, ਸੁਰਖ਼ ਅੰਗਾਰਾਂ ਨਾਲ ਖੇਡਣਾ, ਸ਼ੌਕ ਅਵੱਲਾ ਹੋ ਸਕਦਾ ਹੈ। ਕਿਣਮਿਣ ਕਿਣਮਿਣ ਵਰ੍ਹਦਾ ਇਹ ਜਲ, ਕਿਰਨ ਦਿਆ ਕਰ ਅੱਖਾਂ ਵਿਚੋਂ, ਮੇਰਾ ਮੈਲ ਕੁਚੈਲਾ ਮਨ ਹੈ, ਇੱਕ ਅੱਥਰੂ ਵੀ ਧੋ ਸਕਦਾ ਹੈ। ਤਪਦੀ ਲੋਹ ਤੇ ਤੜਫ਼ਣ ਜਲਕਣ, ਲਿਖੀ ਇਬਾਰਤ ਪੜ੍ਹਿਆ ਕਰ ਤੂੰ, ਤੇਰੀ ਮੇਰੀ ਰੂਹ ਅਣਲਿਖਿਆ, ਇਹ ਇਕਰਾਰ ਵੀ ਹੋ ਸਕਦਾ ਹੈ। ਚਹੁੰ ਰੁੱਤਾਂ ਤੋਂ ਵੱਖਰਾ ਇਹ ਹੈ, ਮਨ ਦੀ ਬਸਤੀ ਵਿਚਲਾ ਮੌਸਮ, ਕੱਲ੍ਹਾ ਬੰਦਾ ਹੱਸ ਸਕਦਾ ਹੈ, ਕੱਲ-ਮੁ-ਕੱਲ੍ਹਾ ਰੋ ਸਕਦਾ ਹੈ। ਉਹ ਪਲ ਫੇਰ ਕਦੇ ਨਾ ਆਏ, ਮਨ ਪਰਦੇਸੀ ਹੁੰਦਾ ਜਿਸ ਪਲ, ਜਿੱਥੇ ਆ ਕੇ ਆਸ ਦਾ ਪੰਛੀ, ਚਾਨਣ ਵਿਚ ਵੀ ਖੋ ਸਕਦਾ ਹੈ।

ਆ ਜਾ ਤੈਨੂੰ ਬਾਤ ਸੁਣਾਵਾਂ

ਆ ਜਾ ਤੈਨੂੰ ਬਾਤ ਸੁਣਾਵਾਂ ਸੁਣ ਨੀ ਕੋਮਲ ਕਲੀਏ। ਰੂਹ ਤੇ ਜਿਸਮ ਸੰਭਾਲ ਕੇ ਰੱਖੀਂ, ਫਿਰਦੇ ਏਥੇ ਛਲੀਏ। ਤੂੰ ਧਰਤੀ ਦੀ ਜਾਈ, ਅਣਖ਼ ਖ਼ੁਰਾਕ ਤੇਰੀ ਦਾ ਹਿੱਸਾ, ਤੂੰ ਸ਼ਕਤੀ ਤੇ ਅਣਮੁੱਕ ਜਵਾਲਾ, ਆ ਜਾ ਲਟ ਲਟ ਬਲੀਏ। ਤੂੰ ਸਾਹਾਂ ਦੀ ਝਾਂਜਰ ਬਣ ਜਾ, ਲੌਂਗ ਬੁਰਜੀਆਂ ਵਾਲਾ, ਪਿਆਰ ਦੇ ਪੱਤਰ, ਮਹਿੰਦੀ ਵਾਂਗੂੰ ਘੋਟ ਕੇ ਲਾ ਲੈ ਤਲੀਏ। ਆ ਧਰਤੀ ਦੀ ਬੁੱਕਲ ਬਹਿ ਕੇ, ਲਈਏ ਧੁੱਪ ਦੀ ਚਾਦਰ, ਨੀਮ ਗੁਲਾਬੀ ਮੁਖੜੇ ਉੱਤੇ ਸੂਰਜ ਕਿਰਨਾਂ ਮਲੀਏ। ਇਕ ਦੂਜੇ ਬਿਨ ਅਸੀਂ ਅਧੂਰੇ, ਆ ਜਾ ਹੋਈਏ ਪੂਰੇ, ਮਨ ਦੀ ਮਿੱਟੀ ਸੁਪਨ ਬੀਜ ਕੇ ਖਿੜੀਏ, ਫੁੱਲੀਏ ਫ਼ਲੀਏ। ਦੱਸ ਦਿਆ ਕਰ ਖੁਸ਼ਬੂ ਜਹੀਏ, ਜਦ ਤੂੰ ਆਉਣਾ ਹੋਵੇ, ਬਹੁਤ ਖਿਲਾਰਾ ਹੁੰਦੈ ਅਕਸਰ ਸੁੰਨੇ ਮਨ ਦੀ ਗਲੀਏ। ਰਿਸ਼ਤੇ ਕਰੀਂ ਗੁਲਾਮ ਕਦੇ ਨਾ ਮਨ ਦੀ ਲਹਿਰ ਹਵਾਲੇ, ਧਰਤ ਆਕਾਸ਼ ਨੇ ਮਿਲਦੇ ਜਿੱਥੇ ਆ ਜਾ ਓਥੇ ਚਲੀਏ।

ਤੇਰੇ ਨੀਮ ਨਸ਼ੀਲੇ ਨੈਣਾਂ ਵਿਚ

ਤੇਰੇ ਨੀਮ ਨਸ਼ੀਲੇ ਨੈਣਾਂ ਵਿਚ ਮੈਂ ਡੁੱਬਿਆਂ ਹੋ ਮਖ਼ਮੂਰ ਜਿਹਾ। ਤੂੰ ਕਿੱਥੇ ਸਾਂਭ ਕੇ ਰੱਖਿਆ ਸੀ ਇਹ ਅਜਬ ਨੂਰਾਨੀ ਨੂਰ ਜਿਹਾ। ਦਿਲ ਕਰਦੈ ਉੱਡ ਕੇ ਆ ਜਾਵਾਂ, ਖੰਭ ਲਾ ਕੇ ਅੱਖ ਪਲਕਾਰੇ ਵਿਚ, ਪਰ ਅਸਲ ਹਕੀਕਤ ਚੇਤੇ ਹੈ, ਇਹ ਪੈਂਡਾ ਕਾਫ਼ੀ ਦੂਰ ਜਿਹਾ। ਤੂੰ ਤੱਕਿਆ ਪਹਿਲੀ ਵਾਰ ਜਦੋਂ, ਉਹ ਪਲ ਸਨ ਸੁੱਚੀ ਮਹਿਕ ਜਹੇ, ਤੇ ਉਸ ਤੋਂ ਮਗਰੋਂ ਕੀਹ ਹੋਇਆ, ਬੱਸ ਜਲਵਾ ਸੀ ਕੋਹ ਤੂਰ ਜਿਹਾ। ਮੈਂ ਹੋਂਠ ਫ਼ਰਕਦੇ ਵੇਖੇ ਸੀ, ਇੰਜ ਲੱਗਿਆ ਤੂੰ ਕੁਝ ਕਹਿਣਾ ਹੈ, ਤੂੰ ਚੁੱਪ ਰਹੀਂ ਕੁਝ ਨਾ ਬੋਲੀ, ਫਿਰ ਝੜਿਆ ਆਸ ਦਾ ਬੂਰ ਜਿਹਾ। ਮੈਂ ਚੰਨ ਦਾ ਮੁੱਖੜਾ ਤੱਕਿਆ ਹੈ, ਹੁਣ ਇਹ ਗੱਲ ਖੁੱਲ੍ਹ ਕੇ ਕਹਿ ਸਕਦਾਂ, ਸਾਹਾਂ ਵਿਚ ਤੈਨੂੰ ਸਾਂਭ ਲਿਆ, ਦਿਲ ਤਾਂ ਹੀ ਕਰੇ ਗਰੂਰ ਜਿਹਾ। ਬੇਨਾਮ ਮੁਹੱਬਤ ਹੋ ਸਕਦੀ ਇਹ ਨਾਵਾਂ ਦੀ ਮੁਹਤਾਜ ਨਹੀਂ, ਯਾਦਾਂ 'ਚੋਂ ਅਕਸਰ ਦਿਸਦਾ ਹੈ, ਕਿਰਨਾਂ ਦਾ ਭਰਵਾਂ ਪੂਰ ਜਿਹਾ। ਤਲਬਾਂ ਦੇ ਰਿਸ਼ਤੇ ਥੋੜ ਚਿਰੇ, ਇਹ ਮਰ ਜਾਵਣਗੇ ਵੇਖ ਲਵੀਂ, ਕੁਝ ਕਦਮ ਤੁਰਾਂ ਤੇ ਬਹਿ ਜਾਵਾਂ, ਇਹ ਮੇਰਾ ਨਹੀਂ ਦਸਤੂਰ ਜਿਹਾ।

ਹੋਠਾਂ ਉੱਤੋਂ ਚੁੱਪ ਦੇ ਜੰਦਰੇ

ਹੋਠਾਂ ਉੱਤੋਂ ਚੁੱਪ ਦੇ ਜੰਦਰੇ ਖੋਲ੍ਹ ਦਿਆ ਕਰ। ਮਨ ਮਸਤਕ ਵਿਚ ਜੋ ਵੀ ਆਵੇ ਬੋਲ ਦਿਆ ਕਰ। ਤੂੰ ਧਰਤੀ ਦੀ ਧੀ ਹੈਂ ਲੇਖਾ ਮਾਵਾਂ ਧੀਆਂ, ਮਾਂ ਦੀ ਬੁੱਕਲ ਬਹਿ ਕੇ ਦੁਖ ਸੁਖ ਫ਼ੋਲ ਦਿਆ ਕਰ। ਇਕ ਮੁਸਕਾਨ ਉਧਾਰੀ ਦੇ ਕੇ ਪੌਣਾਂ ਨੂੰ ਤੂੰ, ਕੁਲ ਆਲਮ ਦੇ ਸਾਹੀਂ ਸੰਦਲ ਘੋਲ ਦਿਆ ਕਰ। ਸੱਤ ਸਮੁੰਦਰ ਡੂੰਘੀਆਂ ਅੱਖਾਂ ਅੰਦਰ ਸੁਪਨੇ, ਨਕਸ਼ ਗਵਾਚਣ ਤੋਂ ਪਹਿਲਾਂ ਤੂੰ ਟੋਲ ਦਿਆ ਕਰ। ਸਾਰਾ ਅੰਬਰ ਤੇਰਾ, ਤੇਰੇ ਚੰਦ ਸਿਤਾਰੇ, ਮਾਰ ਉਡਾਰੀ ਪੌਣਾਂ ਵਿਚ ਪਰ ਤੋਲ ਦਿਆ ਕਰ। ਮਾਣਕ ਮੋਤੀ ਮਹਿੰਗੇ ਇਹ ਅਣਮੋਲ ਖ਼ਜ਼ਾਨਾ, ਪਾਣੀ ਵਾਂਗੂੰ ਅੱਥਰੂ ਨਾ ਤੂੰ ਡੋਲ੍ਹ ਦਿਆ ਕਰ। ਖ਼ਵਰੇ ਕਿੱਥੇ ਬਹਿ ਕੇ ਦਰਦ ਵੰਡਾਉਣਾ ਪੈ ਜੇ, ਦਿਲ ਨੂੰ ਗੰਢਾਂ ਪੀਚਵੀਆਂ ਨਾ ਗੋਲ ਦਿਆ ਕਰ।

ਹੁੱਬਿਆ ਨਾ ਫਿਰ

ਸਵਰਨਜੀਤ ਸਵੀ ਦੇ ਨਾਂ..... ਹੁੱਬਿਆ ਨਾ ਫਿਰ, ਤੇਰੀ ਮੁੱਠੀ ਅੰਦਰ ਕੁੱਲ ਸੰਸਾਰ ਨਹੀਂ ਹੈ। ਇੱਕ ਦੂਜੇ ਦੀ ਅੱਜ ਕੱਲ੍ਹ ਸਾਨੂੰ, ਖ਼ਬਰ ਤਾਂ ਹੈ, ਪਰ ਸਾਰ ਨਹੀਂ ਹੈ। ਇੱਕ ਛੱਤ ਹੇਠ ਇਕੱਠੇ ਰਹੀਏ, ਪਰ ਬਟਿਆਂ ਵਿੱਚ ਵੰਡੇ ਪਏ ਹਾਂ, ਇੰਟਰਨੈੱਟ ਤੇ ਘੱਲਦਾਂ ਜੋ ਤੂੰ, ਫ਼ੋਟੋ ਹੈ, ਪਰਿਵਾਰ ਨਹੀਂ ਹੈ। ਖਾ ਚੱਲਿਆ ਹੈ ਸਾਦਗੀਆਂ ਨੂੰ, ਚੂਹਾ ਸਾਈਂ ਬਣ ਕੇ ਬੈਠਾ, ਆਪਣੇ ਪਿੱਛੇ ਲਾਈ ਫਿਰਦਾ, ਸ਼ੁਭ ਦਿਸਦਾ ਕਿਰਦਾਰ ਨਹੀਂ ਹੈ। ਅੰਤਰ ਧਿਆਨ ਨੇ ਪੁੱਤਰ ਧੀਆਂ, ਕਹਿੰਦੇ ਨਹੀਂ ਪਰ ਏਦਾਂ ਮੰਨਦੇ, ਜਾਣੀ ਜਾਣ ਹੈ ਗੂਗਲ ਬਾਬਾ, ਇਸ ਦਾ ਪਾਰਾਵਾਰ ਨਹੀਂ ਹੈ। ਨਾਮ ਜਾਪ ਕਰਵਾਉਣ ਤੋਂ ਮਗਰੋਂ, ਨੰਗੇ ਨਾਚ ਵਿਖਾਈ ਜਾਂਦਾ, ਸ਼ਰਮ ਘੋਲ ਕੇ ਟੀ ਵੀ ਪੀਤੀ, ਰੂਹ ਤੇ ਕਿਣਕਾ ਭਾਰ ਨਹੀਂ ਹੈ। ਬੰਦ ਕਮਰੇ ਦੀ ਚਾਰ ਦੀਵਾਰੀ, ਬਾਹਰ ਨੂੰ ਖੁੱਲ੍ਹਦੀ ਖਿੜਕੀ ਇੱਕੋ, ਇਸ ਥਾਣੀਂ ਜੋ ਵੇਖ ਰਿਹਾ ਏਂ, ਏਹੀ ਕੁੱਲ ਸੰਸਾਰ ਨਹੀਂ ਹੈ। ਚੌਵੀ ਕੈਰਿਟ ਸੁੱਚਾ ਸੋਨਾ, ਸੱਚ ਵਾਂਗੂੰ ਲੈ ਤੁਰਿਆ ਫਿਰਦਾਂ, ਖੋਟ ਬਿਨਾ ਜੋ ਘੜ ਦਏ ਗਹਿਣੇ, ਮਿਲਦਾ ਉਹ ਸੁਨਿਆਰ ਨਹੀਂ ਹੈ।

ਦੂਰ ਦੇਸ ਪਰਦੇਸੋਂ ਹੁਣ ਤੂੰ

ਹਰਜਿੰਦਰ ਥਿੰਦ ਦੇ ਨਾਂ.... ਦੂਰ ਦੇਸ ਪਰਦੇਸੋਂ ਹੁਣ ਤੂੰ, ਸੱਜਰੀ ਜਹੀ ਮੁਸਕਾਨ ਭੇਜ ਦੇ। ਦਿਲ ਦੀ ਧੜਕਣ ਖ਼ਾਤਰ ਹੁਣ ਤੂੰ, ਕੁਝ ਤੇ ਮੇਰੀ ਜਾਨ ਭੇਜ ਦੇ। ਸੁੱਤਿਆਂ ਲੰਮੀ ਰਾਤ ਨਾ ਲੰਘਦੀ, ਨਾਗਣ ਵਾਂਗੂੰ ਰਹਿੰਦੀ ਡੰਗਦੀ, ਸੂਰਜ ਵਰਗਾ ਸੂਹਾ ਸੁਪਨਾ, ਇੱਕ ਅੱਧ ਤੇ ਮਹਿਮਾਨ ਭੇਜ ਦੇ। ਪਲਕਾਂ ਦੇ ਵਿਚ ਅਟਕੇ ਅੱਥਰੂ, ਘੜੀ ਮੁੜੀ ਇਹ ਡੁੱਲ੍ਹ ਡੁੱਲ੍ਹ ਪੈਂਦੇ, ਦਿਲ ਦੇ ਬੂਹੇ ਪੀੜ ਪ੍ਰਾਹਣੀ, ਰੋਕਣ ਲਈ ਦਰਬਾਨ ਭੇਜ ਦੇ। ਤੈਨੂੰ ਮਿਲੇ ਬਗੈਰ ਪਰਤਿਆਂ, ਦਿਲ ਦਾ ਕਾਸਾ ਸੱਖਮ ਸੱਖਣਾ, ਮਹਿਕਾਂ ਦੇ ਸਰਵਰ 'ਚੋਂ ਭਰ ਕੇ, ਜੋ ਤੈਨੂੰ ਪਰਵਾਨ ਭੇਜ ਦੇ। ਪੈਰਾਂ ਥੱਲੇ ਸਫ਼ਰ ਨਿਰੰਤਰ, ਸੂਰਜ ਚੰਦ ਸਿਤਾਰੇ ਸਾਰੇ, ਪੌਣ ਸਵਾਰਾਂ ਖਾਤਰ ਬੀਬਾ ਧਰਤੀ ਤੇ ਅਸਮਾਨ ਭੇਜ ਦੇ। ਫੁਲਕਾਰੀ ਦੇ ਫੁੱਲਾਂ ਵਰਗਾ, ਵੰਨ-ਸੁ-ਵੰਨਾ ਤਾਰਾ-ਮੰਡਲ, ਸਪਤ ਸੁਰਾਂ ਸਾਜ਼ੀਨੇ ਅੰਦਰ, ਐਸਾ ਕੌਮੀ ਗਾਨ ਭੇਜ ਦੇ। ਕ੍ਰਿਸ਼ਨ ਘਨੱਈਆ, ਵਜਦ ਵਜੱਈਆ, ਲੱਭਦੀ ਫਿਰਦੀ ਰੂਹ ਦੀ ਰਾਧਾ, ਮੋੜ ਲਿਆਵੇ ਮਨ ਦਾ ਮਹਿਰਮ, ਬੰਸਰੀਆਂ ਦੀ ਤਾਨ ਭੇਜ ਦੇ।

ਅੱਜ ਹੀ ਸੁਣ ਲੈ

ਅੱਜ ਹੀ ਸੁਣ ਲੈ, ਜੋ ਮੈਂ ਕਹਿਣਾ, ਕੱਲ੍ਹ ਦਾ ਕੋਈ ਇਤਬਾਰ ਨਹੀਂ। ਦਿਲ ਦੀ ਦੌਲਤ ਮਹਿੰਗਾ ਸੌਦਾ, ਵਿਕਦਾ ਕਿਸੇ ਬਾਜ਼ਾਰ ਨਹੀਂ। ਗੁਪਤ ਕੈਮਰਾ ਤੈਨੂੰ ਮੈਨੂੰ, ਵੇਖ ਰਿਹੈ, ਪਰ ਭੁੱਲੀਂ ਨਾ ਤੂੰ, ਹਰਕਤ ਨੂੰ ਇਹ ਫੜ ਸਕਦਾ ਹੈ, ਮਨ ਵਿਚਲਾ ਸੰਸਾਰ ਨਹੀਂ। ਸਾਈਬਰ ਦਾ ਸੰਸਾਰ ਛਲਾਵਾ ਫਾਈਬਰ ਰੁੱਖ ਦੇ ਪੱਤਿਆਂ ਵਾਂਗ, ਇਧਰ ਉਧਰ ਕਾ ਮਾਲ ਉਧਾਰਾ, ਇਕ ਵੀ ਮੂਲ ਵਿਚਾਰ ਨਹੀਂ। ਨਜ਼ਰ, ਨਜ਼ਰੀਆ ਧੁੰਦਲਾ ਕਰਦਾ, ਚੱਟਦਾ ਖ੍ਵਾਬ ਉਡਾਰੀ ਨੂੰ, ਮੱਕੜੀ ਵਾਂਗੂੰ ਬੰਦਾ ਸਮਝੇ, ਮੈਂ ਤਾਂ ਅਸਲ ਸ਼ਿਕਾਰ ਨਹੀਂ। ਵਟਸ ਐਪ ਹੈ ਦੱਸੀ ਜਾਂਦਾ, ਨਾਲੋ ਨਾਲ ਹੀ ਸਭ ਖ਼ਬਰਾਂ ਨੂੰ, ਮੇਰੀ ਲੋੜ 'ਚ ਸ਼ਾਮਲ ਹੁਣ ਇਹ ਟੀ ਵੀ ਤੇ ਅਖ਼ਬਾਰ ਨਹੀਂ। ਏ ਟੀ ਐਮ ਮਸ਼ੀਨ ਤੇ ਮਾਪੇ ਬਣ ਗਏ ਨੇ ਸਿਰਨਾਵੀਂਏ ਹੁਣ, ਜੋ ਕੁਝ ਬੱਚੇ ਮੰਗਣ ਦੇਵੋ, ਬੋਲਣ ਦਾ ਅਧਿਕਾਰ ਨਹੀਂ। ਅੱਥਰੇ ਘੋੜੇ ਉੱਪਰ ਚੜ੍ਹ ਕੇ, ਵੇਖੋ ਕਿੱਥੇ ਪਹੁੰਚ ਗਿਆਂ, ਪੈਰਾਂ ਹੇਠ ਜ਼ਮੀਨ ਰਹੀ ਨਾ, ਸਿਰ ਉੱਤੇ ਦਸਤਾਰ ਨਹੀਂ। ਹੋਰ ਕਿਸੇ ਨੂੰ ਕੀਹ ਆਖਾਂ ਮੈਂ, ਹੁਣ ਤੇ ਆਪ ਗਵਾਚ ਗਿਆਂ, ਬੁੱਕਲ ਵਿਚ ਬ੍ਰਹਿਮੰਡ ਸਾਂਭਦਾ, ਹੋਇਆ ਕੌਣ ਬੀਮਾਰ ਨਹੀਂ।

ਕਿਸ ਨੂੰ ਇਸ ਪਲ ਕੀਹ

ਕਿਸ ਨੂੰ ਇਸ ਪਲ ਕੀਹ ਪੁੱਗਦਾ ਹੈ ਸਮਝੋ ਏਸ ਕਹਾਣੀ ਨੂੰ। ਰਿੜਕ ਰਹੇ ਕਿਉਂ ਚਾਟੀ ਅੰਦਰ, ਪਾਣੀ ਵਿੱਚ ਮਧਾਣੀ ਨੂੰ। ਸਾਡੇ ਪੁੱਤਰ ਧੀਆਂ ਕਾਹਨੂੰ ਭੱਠੀਏਂ ਡਾਹੀ ਜਾਂਦੇ ਹੋ, ਕਿਉਂ ਉਲਝਾਈ ਜਾਂਦੇ ਅੱਗੇ, ਪਹਿਲੋਂ ਉਲਝੀ ਤਾਣੀ ਨੂੰ। ਅਮਨ ਅਮਾਨ ਧਰਤ ਤੇ ਹੋਵੇ, ਇਹ ਵੀ ਬਹੁਤ ਜ਼ਰੂਰੀ ਪਰ, ਮਨ ਵਿਚਲੇ ਕੋਹਰਾਮ ਦੀ ਖ਼ਾਤਰ ਰੋਕ ਦਿਉ ਵੰਡ ਕਾਣੀ ਨੂੰ। ਧਰਮ ਕਰਮ ਤੋਂ ਡਿਗਿਆ ਬੰਦਾ, ਮਾਲ ਵਿਕਾਊ ਵਰਗਾ ਹੈ, ਮੈਂ ਇਹ ਗੱਲ ਕੋਲੋਂ ਨਹੀਂ ਕਹਿੰਦਾ, ਪੁੱਛ ਲਵੋ ਗੁਰਬਾਣੀ ਨੂੰ। ਤੇਰਾ ਕੂੜਾ ਸੌਦਾ ਵਿਕਦਾ ਸੱਚੇ ਵਾਲੇ ਅਸਲੀ ਭਾਅ, ਕਿੱਦਾਂ ਆਖਾਂ ਸ਼ਹਿਦ ਕਟੋਰੀ ਤੇਰੀ ਖੰਡ ਦੀ ਚਾਹਣੀ ਨੂੰ। ਗ਼ਮੀ ਖੁਸ਼ੀ ਦੀ ਸਾਂਝੀ ਬੁੱਕਲ ਰਾਜਾ ਕਹੀਏ ਨਾਈ ਨੂੰ, ਅਣਲੱਗ ਸੂਟ ਕਿਉਂ ਨਹੀਂ ਮਿਲਦਾ, ਉਸ ਰਾਜੇ ਦੀ ਰਾਣੀ ਨੂੰ। ਸੀਸ ਕਟਾਵੇ ਕਲਮ ਕਰਾਵੇ, ਸਰਬ ਸਮੇਂ ਦੀ ਬਾਤ ਕਹੇ, ਅਨਹਦ ਨਾਦ ਵਜਾਵੇ, ਸੁਣ ਲਓ ਮਨ ਦੇ ਰੁੱਖ ਦੀ ਟਾਹਣੀ ਨੂੰ।

ਤੈਨੂੰ ਇਸ ਦਾ ਇਲਮ ਪਤਾ ਨਹੀਂ

ਤੈਨੂੰ ਇਸ ਦਾ ਇਲਮ ਪਤਾ ਨਹੀਂ, ਹੈ ਕਿ ਨਹੀਂ, ਮੈਂ ਤੇਰੇ ਸਾਹਾਂ ਵਿਚ ਵਸਣਾ ਚਾਹੁੰਦਾ ਹਾਂ। ਅਣਬੋਲੇ 'ਚੋਂ ਖ਼ੁਦ ਤੂੰ ਆਪੇ ਜਾਣ ਲਵੀਂ, ਸ਼ਬਦਾਂ ਤੋਂ ਬਿਨ ਤੈਨੂੰ ਦਸਣਾ ਚਾਹੁੰਦਾ ਹਾਂ। ਸਿਖ਼ਰ ਪਹਾੜੀ ਚੋਟੀ ਪਈਆਂ ਬਰਫ਼ਾਂ ਜਿਉਂ, ਪਿਘਲਣ ਮਗਰੋਂ ਭਾਫ਼ ਬਣਨ ਤੇ ਉੱਡ ਜਾਵਣ, ਧਰਤ ਤਰੇੜੀ ਮੰਗੇਗੀ ਜਦ ਪਾਣੀ ਨੂੰ, ਵਾਂਗ ਮੇਘਲੇ ਖੁੱਲ੍ਹ ਕੇ ਵਸਣਾ ਚਾਹੁੰਦਾ ਹਾਂ। ਜਿਉਂ ਭੁੰਨਦੀ ਭਠਿਆਰੀ ਦਾਣੇ ਮੱਕੀ ਦੇ, ਖਿੜ ਜਾਂਦੇ ਨੇ ਸੇਕ ਮਿਲਣ ਤੇ ਸਾਰੇ ਹੀ, ਮਿਲ ਜਾਵੇ ਜੇ ਕਿਣਕਾ ਨਿੱਘ ਦਾ ਤੇਰੇ ਤੋਂ, ਬਾਕੀ ਉਮਰਾ ਖੁੱਲ੍ਹ ਕੇ ਹਸਣਾ ਚਾਹੁੰਦਾ ਹਾਂ। ਜਿਸਮ ਹਮੇਸ਼ਾਂ ਮੰਗਦੇ ਰਹਿੰਦੇ ਜਿਸਮਾਂ ਨੂੰ, ਮੇਰਾ ਨਹੀਂ ਦਸਤੂਰ ਕਿ ਚਾਹਵਾਂ ਮਿੱਟੀ ਨੂੰ, ਤੂੰ ਕਸਤੂਰੀ ਮਿਰਗਣੀਆਂ ਦੀ ਨਾਭੀ ਦੀ, ਗਲਵੱਕੜੀ ਵਿਚ ਘੁੱਟ ਕੇ ਕਸਣਾ ਚਾਹੁੰਦਾ ਹਾਂ। ਸੂਰਜ ਵੀ ਹਮਸਾਇਆ ਮਾਂ ਪਿਉ ਜਾਇਆ ਹੈ, ਚੰਦਰਮਾ ਵੀ ਅੰਗ ਸੰਗ ਮੇਰੇ ਰਹਿੰਦਾ ਏ, ਦੋਵੇਂ ਅਕਸਰ ਸੇਵਾ ਪੁੱਛਦੇ ਰਹਿੰਦੇ ਨੇ, ਤੇਰੇ ਮੱਥੇ ਚਾਨਣ ਝਸਣਾ ਚਾਹੁੰਦਾ ਹਾਂ। ਤੂੰ ਬਣ ਜਾਵੇਂ ਧਰਤੀ ਦੇਸ ਦੋਆਬੇ ਦੀ, ਕੋਇਲ ਵਾਂਗੂੰ ਰੂਹ ਦੇ ਬਾਗੀਂ ਗਾਉਂਦੀ ਰਹੁ, ਪੈਣ ਛਰਾਟੇ ਸਾਉਣ 'ਚ ਜਦੋਂ ਮੁਹੱਬਤਾਂ ਦੇ, ਟਪਕੇ ਦੇ ਅੰਬ ਵਾਂਗੂੰ ਰਸਣਾ ਚਾਹੁੰਦਾ ਹਾਂ। ਤੇਰੇ ਮੇਰੇ ਰਾਹ ਵਿੱਚ ਦਰ ਦੀਵਾਰਾਂ ਜੋ, ਅੱਖ ਝਪਕਦੇ ਢਾਹ ਦੇਵਾਂਗਾ ਵੇਖੀ ਜਾਹ, ਤੇਰੇ ਹਾਸੇ ਨੂੰ ਜਿਹੜਾ ਵੀ ਜਰਦਾ ਨਹੀਂ, ਨਾਗ ਖੜੱਪਾ ਬਣ ਕੇ ਡਸਣਾ ਚਾਹੁੰਦਾ ਹਾਂ।

ਹੋ ਗਿਆ ਮੈਨੂੰ ਭਲਾ ਕੀਹ

ਹੋ ਗਿਆ ਮੈਨੂੰ ਭਲਾ ਕੀਹ ਹੋ ਗਿਆ। ਉਹ ਮੇਰੇ ਭਾਗਾਂ 'ਚ ਲਿਖ ਕੇ ਜੋ ਗਿਆ। ਵੇਖ ਲੈ ਸਾਲਮ ਸਬੂਤਾ ਆਦਮੀ, ਤੇਰਿਆਂ ਕਦਮਾਂ 'ਚ ਢੇਰੀ ਹੋ ਗਿਆ। ਤੂੰ ਭਲਾ ਕੀਹ ਕਦਰ ਜਾਣੀ ਏਸ ਦੀ, ਦਿਲ ਮੇਰਾ ਨੈਣਾਂ ਦੇ ਥਾਣੀਂ ਚੋ ਗਿਆ। ਹੁਣ ਮੇਰੇ ਕਿਸ ਕੰਮ ਨੇ ਹਮਦਰਦੀਆਂ, ਵਕਤ ਨੇ ਸੰਗਸਾਰ ਕੀਤਾ, ਹੋ ਗਿਆ। ਓਸ ਹੀ ਹਾਉਕੇ 'ਚ ਮੇਰੀ ਜਾਨ ਸੀ, ਆਖ਼ਰੀ ਹਿਚਕੀ 'ਚ ਸਭ ਕੁਝ ਖੋ ਗਿਆ। ਐਤਕੀਂ ਫੁੱਟੇ ਪੁੰਗਾਰੇ ਫੇਰ ਤੋਂ, ਬਾਗ਼ ਵਿੱਚ ਖ਼ੁਸ਼ਬੋ ਦਾ ਪੱਲੂ ਛੋਹ ਗਿਆ। ਫੇਰ ਮਿਲਣਾ ਸ਼ਾਇਦ ਸੁਪਨੇ ਵਾਂਗ ਹੈ, ਰਹਿਣ ਦੇ, ਹੋਣਾ ਸੀ ਜੋ ਹੁਣ ਹੋ ਗਿਆ। ਕੰਡ ਕਰਕੇ ਤੂੰ ਤੁਰੀ ਸੀ, ਓਸ ਪਲ, ਵਕਤ ਵੀ ਬੂਹਾ ਬਰਾਬਰ ਢੋ ਗਿਆ।

ਰਹਿਣ ਦਿਆ ਕਰ

ਰਹਿਣ ਦਿਆ ਕਰ, ਕਿਉਂ ਪੁੱਛਦਾ ਹੈਂ, ਮੁੜ ਮੁੜ ਕੇ ਤੂੰ ਦਰਦ ਕਹਾਣੀ। ਪੜ੍ਹਿਆ ਕਰ ਤੂੰ ਦਿਲ ਦੀ ਧੜਕਣ, ਕਤਰਾ ਕਤਰਾ ਅੱਖ ਦਾ ਪਾਣੀ। ਤੂੰ ਵੀ ਸਮਝ ਨਹੀਂ ਇਹ ਸਕਣਾ, ਆਪ ਮਰੇ ਬਿਨ ਕਿੰਜ ਸਮਝਾਵਾਂ, ਰੋਜ਼ ਦਿਹਾੜੀ ਲੰਘਣਾ ਪੈਂਦਾ ਮੈਨੂੰ ਸੜਦੇ ਜੰਗਲ ਥਾਣੀਂ। ਧਰਤੀ ਪਾਲ ਉਸਾਰੇ ਇਸ ਨੂੰ ਖੁਸ਼ਬੂ ਖੁਸ਼ਬੂ ਚੰਦਨ ਗੇਲੀ, ਪਰ ਬੇਕਦਰੇ ਲੱਕੜਹਾਰੇ, ਕਿੱਕਰ ਜਿੰਨੀ ਕਦਰ ਨਾ ਜਾਣੀ। ਪਰਛਾਵੇਂ ਦੀ ਉਂਗਲੀ ਫੜ ਕੇ, ਨਾ ਫਿਰ ਬੰਦ ਗਲੀ ਦੇ ਅੰਦਰ, ਏਸ ਹਨ੍ਹੇਰੇ ਚੋਂ ਨਹੀਂ ਲੱਭਣਾ, ਤੈਨੂੰ ਤੇਰੀ ਰੂਹ ਦਾ ਹਾਣੀ। ਰਿਸ਼ਤਿਆਂ ਵਿਚ ਵੀ ਤਾਣਾ ਪੇਟਾ, ਸੰਭਲ ਸੰਭਲ ਕੇ ਤਣਨਾ ਪੈਂਦਾ , ਸਗਲ ਹਯਾਤੀ ਰੋ ਰੋ ਲੰਘਦੀ, ਇੱਕ ਵਾਰੀ ਜੇ ਉਲਝੇ ਤਾਣੀ। ਭਟਕਣ ਅੰਦਰ ਮਿਰਗ ਮਿਰਗਣੀ ਨੱਸਦੇ ਨੱਸਦੇ ਹਫ਼ ਜਾਂਦੇ ਨੇ, ਨਾਭੀ ਵਿਚ ਕਸਤੂਰੀ ਦੀ ਵੀ ਸਦੀਆਂ ਲੰਮੀ ਪੀੜ ਪੁਰਾਣੀ। ਇਹ ਜਾਦੂ ਨਾ ਟੂਣਾ ਕੋਈ ਵੇਖ ਮੁਹੱਬਤੀ ਅੱਖ ਦੀ ਸ਼ਕਤੀ, ਪਰਬਤ ਜੇਰੇ ਵਾਲਾ ਬੰਦਾ, ਪਿਘਲ ਗਿਆ ਤੇ ਹੋਇਆ ਪਾਣੀ।

ਸਰਹੱਦਾਂ ਜਾਂ ਚੌਂਕ ਚੁਰਸਤੇ

ਸਰਹੱਦਾਂ ਜਾਂ ਚੌਂਕ ਚੁਰਸਤੇ, ਵਰਦੀ ਵਿਚ ਜੋ ਦਿਸਦੇ ਨੇ। ਸੱਚੋ ਸੱਚ ਸੁਣਾ ਵੇ ਜੋਗੀ, ਇਹ ਰਖਵਾਲੇ ਕਿਸ ਦੇ ਨੇ। ਜਬਰ ਕਰੇ ਜੇ ਸੱਤ ਬੇਗਾਨਾ ਪੀੜ ਤੇ ਉਹ ਵੀ ਭੁੱਲਦੀ ਨਾ, ਸੱਜਣਾਂ ਦੇ ਫੁੱਲ ਜ਼ਖ਼ਮੀ ਕਰਦੇ, ਫੱਟ ਸਦੀਆਂ ਤਕ ਰਿਸਦੇ ਨੇ। ਮੈਂ ਸਮਿਆਂ ਦਾ ਮੁਣਸ਼ੀ, ਲੇਖਾ ਰੱਖਣਾ ਜ਼ੁੰਮੇਵਾਰੀ ਹੈ, ਦੱਸਣਾ ਪੈਣਾ ਲੋਕ ਨਿਤਾਣੇ ਕਿਸ ਚੱਕੀ ਵਿਚ ਪਿਸਦੇ ਨੇ। ਕੁਰਬਾਨੀ ਦਾ ਤੇਲ ਤੇ ਬੱਤੀ ਚੇਤਨਤਾ ਦੀ ਪਾ ਦੇਵੋ, ਕਾਲੀ ਰਾਤ ਦਾ ਪਹਿਰ ਅਖ਼ੀਰੀ, ਦੀਵੇ ਜਾਂਦੇ ਹਿਸਦੇ ਨੇ। ਅਗਨ-ਅਨਾਰ ਦਿਉ ਨਾ ਇਸ ਨੂੰ, ਬੱਚਾ ਹੈ ਮਾਸੂਮ ਜਿਹਾ, ਨਾ ਖੋਹਵੋ ਜੀ ਬਚਪਨ ਇਸ ਦਾ ਖੇਡ ਖਿਡੌਣੇ ਜਿਸ ਦੇ ਨੇ। ਸਰਬ ਸਮੇਂ ਦੀ ਤਖ਼ਤੀ ਉੱਤੇ ਸਾਬਰ ਜੋ ਵੀ ਨੇ ਲਿਖਦੇ, ਵਕਤ ਹਮੇਸ਼ ਸੰਭਾਲੇ ਅੱਖਰ, ਜ਼ਾਲਮ ਤੋਂ ਨਾ ਮਿਸਦੇ ਨੇ। ਏਥੇ ਸੀ ਗੁਰ ਗਿਆਨ ਦਾ ਪਹਿਰਾ, ਸਾਥੋਂ ਸ਼ਬਦ ਗੁਆਚ ਗਿਆ, ਪੱਥਰ ਦੇ ਭਗਵਾਨ ਦੇ ਅੱਗੇ ਮੱਥੇ ਤਾਹੀਂਓਂ ਘਿਸਦੇ ਨੇ।

ਜੇ ਦੁੱਧ ਦੀ ਰਾਖੀ

ਜੇ ਦੁੱਧ ਦੀ ਰਾਖੀ ਬਿੱਲਿਆਂ ਨੂੰ ਹੀ ਪਹਿਰੇਦਾਰ ਬਿਠਾਉਗੇ। ਪਛਤਾਉਗੇ ਪਛਤਾਉਗੇ, ਮੈਂ ਫਿਰ ਕਹਿੰਨਾਂ ਪਛਤਾਉਗੇ। ਤਾਕਤ ਦਾ ਨਸ਼ਾ ਅਜੀਬ ਜਿਹਾ, ਬੰਦੇ ਨੂੰ ਕੀੜੀ ਦੱਸਦਾ ਹੈ, ਜਦ ਵਕਤ ਨੇ ਉੱਤਰ ਮੰਗਿਆ ਤਾਂ, ਫਿਰ ਹੱਥ ਮਲਦੇ ਰਹਿ ਜਾਉਗੇ। ਧਰਤੀ ਦੀ ਅਸਲ ਹਕੀਕਤ ਨੂੰ, ਵੇਖਣ ਤੋਂ ਹੋ ਇਨਕਾਰੀ ਕਿਉਂ, ਕਿੰਨੀ ਕੁ ਦੇਰ ਮੁਸੀਬਤ ਤੋਂ, ਮੂੰਹ ਫੇਰ ਫੇਰ ਲੰਘ ਜਾਉਗੇ। ਕਦ ਤੀਕਣ ਸੁੱਕਣੇ ਪਾਉਣਾ ਹੈ, ਮਾਸੂਮ ਗੁਟਾਰਾਂ ਘੁੱਗੀਆਂ ਨੂੰ, ਹੁਣ ਉੱਡਣਹਾਰੇ ਪੰਛੀਆਂ ਨੂੰ, ਦੱਸ ਕਿਹੜਾ ਚੋਗਾ ਪਾਉਗੇ। ਕੁਰਸੀ ਦੀ ਖਾਤਰ ਧਰਮਾਂ ਨੂੰ, ਟੰਗ ਦੇਵੋ ਛਿੱਕੇ ਸ਼ਰਮਾਂ ਨੂੰ, ਅਸੀਂ ਭਰਮ ਜਾਲ ਨੂੰ ਸਮਝ ਲਿਆ, ਹੁਣ ਸਾਨੂੰ ਕੀਹ ਸਮਝਾਉਗੇ। ਸ਼ੀਸ਼ੇ ਨੇ ਉਹ ਕੁਝ ਦੱਸ ਦੇਣਾ, ਜੋ ਵੇਖਣ ਤੋਂ ਇਨਕਾਰੀ ਹੋ, ਜੇ ਤੋੜ ਦਿਉਗੇ ਇਸ ਨੂੰ ਤਾਂ, ਹਰ ਟੁਕੜੇ ਤੋਂ ਘਬਰਾਉਗੇ। ਤੁਸੀਂ ਰੱਸੀਆਂ ਦੇ ਸੱਪ ਮਾਰਨ ਲਈ, ਲਾਠੀ ਤੇ ਗੋਲੀ ਵਰਤ ਲਏ, ਜੇ ਅਸਲ ਪਟਾਰੀ ਖੁੱਲ੍ਹ ਗਈ ਤਾਂ, ਫਿਰ ਕਿੱਦਾਂ ਕੀਲ ਬਿਠਾਉਗੇ। ਇਹ ਦਰਬਾਰੀ, ਅਖ਼ਬਾਰੀ ਜੋ, ਭਰਮਾਂ ਦਾ ਜਾਲ ਫ਼ੈਲਾਉਂਦੇ ਨੇ, ਇਨ੍ਹਾਂ ਤੋਂ ਮੁਕਤੀ ਸੌਖੀ ਨਹੀਂ, ਕਦ ਤੀਕ ਭੁਲੇਖੇ ਖਾਉਗੇ। ਆਪਾਂ ਤਾਂ ਸ਼ਬਦ ਲਿਖਾਰੀ ਹਾਂ, ਸਦੀਆਂ ਤੋਂ ਏਦਾਂ ਆਖ ਰਹੇ, ਇਹ ਧਰਤੀ ਕੁਝ ਵੀ ਰੱਖਦੀ ਨਹੀਂ, ਜੋ ਬੀਜੋਗੇ ਸੋ ਪਾਉਗੇ।

ਪਿਆਰ ਮੁਹੱਬਤ ਖ਼ੁਸ਼ਬੂ

ਪਿਆਰ ਮੁਹੱਬਤ ਖ਼ੁਸ਼ਬੂ ਕਬਜ਼ਾ ਠੀਕ ਨਹੀਂ। ਦੋ ਸਾਹਾਂ ਵਿਚ ਹੁੰਦੀ ਕੋਈ ਲੀਕ ਨਹੀਂ। ਚੰਨ ਦਾ ਟੋਟਾ ਮੇਰੀ ਬੁੱਕਲ ਆਣ ਪਿਆ, ਉਂਝ ਧਰਤੀ ਦੇ ਭਾਵੇਂ ਇਹ ਨਜ਼ਦੀਕ ਨਹੀਂ। ਰੂਹ ਦਾ ਪਿਆਰ ਉਧਾਰਾ ਦੇ ਕੇ ਦਿਲਬਰ ਨੂੰ, ਕੀ ਹੋਇਆ ਜੇ ਪਹੁੰਚੇ ਮੰਜ਼ਿਲ ਤੀਕ ਨਹੀਂ। ਜਿਸਮਾਂ ਦੀ ਮੋਹਤਾਜ ਚਾਨਣੀ ਨਹੀਂ ਹੁੰਦੀ, ਏਸੇ ਕਰਕੇ ਲੱਗਦੀ ਇਸ ਨੂੰ ਡੀਕ ਨਹੀਂ। ਰੰਗਾਂ ਵਿਚ ਖੁਸ਼ਬੋਈ ਵੇਖੀ, ਮਾਣ ਲਈ, ਤੁਧ ਬਿਨ ਕਰਨੀ ਹੋਰ ਕਿਸੇ ਤਸਦੀਕ ਨਹੀਂ। ਦੂਰ ਦੇਸ ਪਰਦੇਸ ਬੇਗਾਨੀ ਧਰਤੀ ਤੇ, ਸੱਜਣਾਂ ਨੂੰ ਕਿਉਂ ਸੁਣਦੀ ਮੇਰੀ ਚੀਕ ਨਹੀਂ। ਦਿਲ ਤੋਂ ਦਿਲ ਤਲਵਾਰ ਧਾਰ ਦਾ ਪੈਂਡਾ ਹੈ, ਇਸ ਤੋਂ ਵਧ ਕੇ ਕੋਈ ਸਫ਼ਰ ਬਰੀਕ ਨਹੀਂ। ਮੈਂ ਤੇ ਵਗਦੀ ਪੌਣ ਹਵਾ ਦਾ ਬੁੱਲਾ ਹਾਂ, ਬਦਨ ਮੇਰਾ ਤਾਂ ਮੇਰੇ ਨਾਲ ਸ਼ਰੀਕ ਨਹੀਂ। ਤੂੰ ਮੇਰੇ ਵਿਚ ਸੁੱਤਾ ਨਾਗ ਜਗਾ ਦਿੱਤਾ, ਕੀਲ ਪਟਾਰੀ ਪਾਉਣਾ ਵੀ ਹੁਣ ਠੀਕ ਨਹੀਂ।

ਨੈਣ ਜਦੋਂ ਬਰਸਣ ਲਈ ਤਰਸਣ

ਨੈਣ ਜਦੋਂ ਬਰਸਣ ਲਈ ਤਰਸਣ, ਉਹ ਪਲ ਕਦੇ ਨਾ ਆਵੇ ਰੱਬਾ। ਹਾਉਕਾ ਬਾਹਰ ਨਿਕਲਣੋਂ ਸਹਿਮੇ, ਵਕਤ ਨਾ ਇੰਜ ਡਰਾਵੇ ਰੱਬਾ। ਦਾਨਿਸ਼ ਨੂੰ ਬੇਅਦਬ ਕਰਨ ਦੀ, ਰੀਤ ਪੁਰਾਣੀ ਮਰ ਮੁੱਕ ਜਾਵੇ, ਅਦਲੀ ਰਾਜਾ ਸੱਚ ਨੂੰ ਫਾਂਸੀ, ਹੁਣ ਨਾ ਫੇਰ ਸੁਣਾਵੇ ਰੱਬਾ। ਪੌਣਾਂ ਵਿਚ ਜ਼ਹਿਰੀਲਾ ਧੂੰਆਂ, ਧਰਮ ਕਰਮ ਦੇ ਨਾਂ ਦੇ ਥੱਲੇ, ਇਨਸਾਨਾਂ ਨੂੰ ਫੇਰ ਕੁਰਾਹੇ, ਪਾ ਨਾ ਬਲੀ ਚੜ੍ਹਾਵੇ ਰੱਬਾ। ਪੁਸਤਕ ਸਾਲ, ਚਕਿਤਸਾ ਗੁੰਮੀ, ਪਾਠਸ਼ਾਲ ਦੀ ਥਾਂ ਵੀ ਉੱਜੜੀ, ਗੁੰਮ ਗਵਾਚ ਗਏ ਨੇ ਚਾਰੋਂ, ਧਰਮਸਾਲ ਦੇ ਪਾਵੇ ਰੱਬਾ। ਸ਼ਬਦ ਗੁਰੂ ਰਖਵਾਲਾ ਸਾਡਾ, ਪਰ ਕਿਉਂ ਆਗੂ ਅਕਲੋਂ ਪੈਦਲ, ਪੰਜ ਸਦੀਆਂ ਵਿਚ ਜੋ ਨਾ ਆਈ, ਕਿਹੜਾ ਅਕਲ ਸਿਖਾਵੇ ਰੱਬਾ। ਜ਼ਿੰਦਗੀ ਮੈਨੂੰ ਇਹ ਸਮਝਾਉਂਦੀ, ਮੁੜ ਮੁੜ ਨਾਅਰੇ ਮਾਰ ਡਰਾਉਂਦਾ, ਜਿਸ ਨੇ ਬਚਪਨ ਸਣੇ ਜਵਾਨੀ, ਖਾਧੀ, ਮੁੜ ਨਾ ਆਵੇ ਰੱਬਾ। ਰੱਤੇ ਰੰਗ ਹਲਵਾਨ ਦੇ ਉੱਤੇ, ਮੋਰ ਬੂਟੀਆਂ ਰੀਝਾਂ ਸਾਲਮ, ਪੱਟ ਦਾ ਧਾਗਾ ਸੂਈ ਅੰਦਰ ਤੁਧ ਬਿਨ ਕਿਹੜਾ ਪਾਵੇ ਰੱਬਾ। ਧਰਤੀ ਉੱਤੇ ਲੀਕ ਤਾਂ ਵਾਹੀਂ, ਰੂਹਾਂ ਵਿਚ ਨਾ ਵੰਡੀਆਂ ਪਾਵੀਂ, ਯਮਲਾ ਸ਼ਹਿਰ ਲਾਹੌਰ ਤੇ ਆਲਮ ਅੰਬਰਸਰ ਵਿੱਚ ਗਾਵੇ ਰੱਬਾ।

ਸਹਿਮ ਦੀ ਬਗੀਚੜੀ

ਸਹਿਮ ਦੀ ਬਗੀਚੜੀ 'ਚ ਚਿੜੀ ਵੀ ਨਾ ਚੂਕਦੀ। ਹਾਏ ਮੇਰੀ ਜਿੰਦ ਚੱਲੀ, ਜਿੰਦ ਚਲੀ ਕੂਕਦੀ। ਚੱਲਿਆ ਪਟਾਕਾ ਭਾਵੇਂ ਬੱਚਿਆਂ ਲਈ ਖੇਡ ਹੈ, ਕੰਬਿਆ ਵਜੂਦ, ਜਾਪੇ ਗੋਲੀ ਜਾਵੇ ਸ਼ੂਕਦੀ। ਏਸ ਨੇ ਹਮੇਸ਼ ਲਾਈਆਂ ਸਿਵਿਆਂ 'ਚ ਰੌਣਕਾਂ, ਕਲਮੂੰਹੀ ਬੂਥੀ ਸਦਾ, ਚੰਦਰੀ ਬੰਦੂਕ ਦੀ। ਤੈਨੂੰ ਸੀ ਬਣਾਇਆ, ਭਗਵਾਨ ਰਾਖੀ ਵਾਸਤੇ, ਤੇਰੇ ਤੋਂ ਉਮੀਦ ਨਾ ਸੀ, ਇਹੋ ਜਿਹੇ ਸਲੂਕ ਦੀ। ਸਾਡਿਆਂ ਤੇ ਹਾਉਕਿਆਂ ਦੀ, ਜਾਣੀ ਨਾ ਤੂੰ ਵੇਦਨਾ, ਅੰਬਰਾਂ ਨੂੰ ਚੀਰਦੀ, ਹਮੇਸ਼ ਪੀੜ ਹੂਕ ਦੀ। ਰੂਹ ਮੇਰੀ ਉੱਤੇ ਏਸ ਵੇਲੇ ਜਿੰਨਾ ਭਾਰ ਹੈ, ਜਿੰਦ ਚੁੱਕ ਸਕੇ, ਇਹ ਔਕਾਤ ਨਹੀਂ ਮਲੂਕ ਦੀ। ਅੱਕ ਦੀ ਤੂੰ ਰਾਖੀ ਕਰੇਂ ਅੰਬ ਵੱਢੇਂ ਰਾਜਿਆ, ਸਮਝ ਨਾ ਆਵੇ ਤੈਨੂੰ ਸਿੱਧੀ ਸਾਦੀ ਟੂਕ ਦੀ।

ਇਸ ਵਾਰੀ ਨਾ ਦਿਲ ਦੇ

ਇਸ ਵਾਰੀ ਨਾ ਦਿਲ ਦੇ ਆਖੇ, ਦੀਵੇ ਬਾਲ਼ ਦੀਵਾਲ਼ੀ ਨੂੰ। ਅੱਥਰੂ ਅੱਥਰੂ ਟੀਂਡੇ ਵੇਖੀਂ, ਖੇਤ 'ਚ ਰੁਲਦੇ ਹਾਲ਼ੀ ਨੂੰ। ਦੋ ਡੰਗ ਦੀ ਜੋ ਰੋਟੀ ਖ਼ਾਤਰ, ਪੜ੍ਹਨ ਸਕੂਲੋਂ ਰਹਿ ਚੱਲਿਆ, ਸਿਰ ਤੇ ਪੈਰੋਂ ਨੰਗ ਧੜੰਗੇ, ਭੁੱਲ ਨਾ ਜਾਇਓ ਪਾਲ਼ੀ ਨੂੰ। ਚੋਰ ਚੋਰ ਦਾ ਰੌਲਾ ਹੁਣ ਤੇ ਚੋਰ ਵਧੇਰੇ ਪਾਉਂਦੇ ਨੇ, ਬੁੱਕਲ ਵਿਚ ਲੁਕਾ ਕੇ ਬੈਠਾ ਅਲੀਆ ਬਾਬਾ ਚਾਲ਼ੀ ਨੂੰ। ਅਣਖ਼ ਦੀ ਰੋਟੀ ਖਾਂਦੇ ਖਾਂਦੇ, ਆਹ ਹੁਣ ਸਾਨੂੰ ਕੀ ਹੋਇਆ, ਪੀਜ਼ਾ ਬਰਗਰ ਖੋਹ ਕੇ ਲੈ ਗਏ, ਸਾਡੇ ਹੱਥ 'ਚੋਂ ਥਾਲ਼ੀ ਨੂੰ। ਚਿੱਟੀ ਦਾਲ 'ਚ ਕਾਲਾ ਦਾਣਾ ਮੇਰੀ ਮਾਂ ਲਈ ਮਿਹਣਾ ਸੀ, ਹੁਣ ਤੇ ਸਾਰੀ ਦਾਲ ਕਲੂਟੀ, ਕਹੀਏ ਕੀਹ ਹੁਣ ਕਾਲ਼ੀ ਨੂੰ। ਸਿਰ ਤੋਂ ਲਹਿ ਕੇ ਸਾਡੀ ਪਗੜੀ, ਥਾਂ ਪਰ ਥਾਂ ਜੇ ਰੁਲਦੀ ਹੈ, ਚਿਰ ਹੋਇਆ ਸੀ ਸਾਨੂੰ ਵੀ ਤਾਂ ਇੱਜ਼ਤ ਵਾਂਗ ਸੰਭਾਲ਼ੀ ਨੂੰ। ਕੀਹ ਹੋਇਆ ਜੇ ਡਾਂਗ ਤੇ ਗੋਲੀ ਮਿਲਦੀ ਤੈਨੂੰ ਸ਼ੁਕਰ ਮਨਾ, ਇਹ ਹੀ ਸਨਦ ਹਕੂਮਤ ਦੇਵੇ, ਹੱਕ ਸੱਚ ਦੀ ਰਖਵਾਲ਼ੀ ਨੂੰ।

ਰਾਜਿਆਂ ਦੇ ਪੁੱਤ ਰਾਜੇ

ਰਾਜਿਆਂ ਦੇ ਪੁੱਤ ਰਾਜੇ ਬਣ ਗਏ, ਘਾਹੀਆਂ ਦੇ ਪੁੱਤ ਘਾਹੀ ਨੇ। ਜ਼ਿੰਦਗੀ ਮੌਤ ਬਰਾਬਰ ਕੀਤੀ, ਦੀਨ ਈਮਾਨ ਦੀ ਫਾਹੀ ਨੇ। ਆਦਮਖ਼ੋਰ ਆਵਾਜ਼ ਤੇ ਹੋਕਾ ਜਿਸਦੇ ਮੂੰਹੋਂ ਸੁਣਦੇ ਰਹੇ, ਤਾਂਡਵ ਨਾਚ ਬੜਾ ਚਿਰ ਨੱਚਿਆ, ਵਰਦੀਧਾਰ ਸਿਪਾਹੀ ਨੇ। ਜੋ ਕੁਝ ਵੀ ਹੈ ਮੰਗਿਆਂ ਮਿਲਦਾ, ਉਸ ਨੂੰ ਦੌਲਤ ਨਹੀਂ ਕਹਿੰਦੇ, ਕੀਹ ਜ਼ਿੰਦਗੀ ਦੀ ਝੋਲੀ ਪਾਇਆ, ਅਸਲ ਸਵਾਲ ਤੇ ਆਹੀ ਨੇ। ਕੀਮਤ ਤਾਰੇ ਬਿਨ ਜੋ ਮਿਲਦਾ, ਖਾਣਾ ਪੀਣਾ ਸੌਖਾ ਹੈ, ਧਰਤੀ ਪੁੱਤਰਾ ਸਮਝ ਨਿਸ਼ਾਨੀ, ਇਹ ਹੀ ਅਸਲ ਤਬਾਹੀ ਨੇ। ਜਿਸ ਗੱਡੀ ਅਸਵਾਰ ਮੁਸਾਫਿਰ,ਸਿਵਿਆਂ ਅੰਦਰ ਅੰਤ ਪੜਾਅ, ਮੌਤ ਸਵਾਰੀ ਕਰਦੇ ਪੁੱਤਰ, ਕਿਸ ਮੰਜ਼ਿਲ ਦੇ ਰਾਹੀ ਨੇ। ਨਾਅਰਾ ਧਰਮ ਈਮਾਨ ਦੀ ਰਾਖੀ ਅਸਲ ਨਿਸ਼ਾਨਾ ਹੋਰ ਕਿਤੇ, ਅੰਨ੍ਹੀ ਰੱਯਤ ਗਿਆਨ ਦੇ ਬਾਝੋਂ, ਬਣ ਗਏ ਕਾਨੇ ਕਾਹੀ ਨੇ। ਇਸ ਪਾਸੇ ਦੁਸ਼ਮਣ ਦੀਆਂ ਫ਼ੌਜਾਂ, ਦੂਜੇ ਬੰਨੇ ਕੌਣ ਭਲਾ, ਸਾਡੇ ਜੋ ਹਮਦਰਦ ਕਹਾਉਂਦੇ, ਵੇਖੋ ਜੀ ਕਿਸ ਬਾਹੀ ਨੇ।

ਅੱਜ ਪਾਪ ਵਾਲੀ ਜੰਝ

ਅੱਜ ਪਾਪ ਵਾਲੀ ਜੰਝ ਘਰੋਂ ਆਪਣੇ ਹੀ ਚੜ੍ਹੀ। ਵੇਖ ਅੰਬਰਾਂ 'ਚ ਲਾਲਗੀ ਹਨ੍ਹੇਰ ਪਿੱਛੇ ਖੜ੍ਹੀ। ਵੇਖ ਪੁਤਲੀ ਦਾ ਨਾਚ ਐਵੇਂ ਤਾੜੀਆਂ ਨਾ ਮਾਰ, ਇਹ ਵੀ ਵੇਖ ਤੇ ਪਛਾਣ, ਪਿੱਛੇ ਡੋਰ ਕਿਸ ਫੜੀ। ਹੁਣ ਫੇਰ ਤੁਰੀ ਲਹਿੰਦੀ ਗੁੱਠੋਂ ਬੱਦਲਾਂ ਦੀ ਧਾੜ, ਅਜੇ ਮੁੱਕੀ ਨਾ ਸੀ ਪਹਿਲਾਂ ਵਾਲੀ ਹੰਝੂਆਂ ਦੀ ਝੜੀ। ਭਾਵੇਂ ਤਖ਼ਤ ਲਾਹੌਰ, ਭਾਵੇਂ ਦਿੱਲੀ ਦਰਬਾਰ, ਤਾਜ਼ਦਾਰਾਂ ਨੂੰ ਹਮੇਸ਼ ਹੁੰਦੀ ਲੱਥੀ ਨਾ ਹੀ ਚੜ੍ਹੀ। ਰਾਤੀਂ ਸੁਪਨੇ 'ਚ ਕੰਬਿਆ ਵਜੂਦ ਮੇਰਾ ਸਾਰਾ, ਜਿਸ ਖਾਧੀ ਸੀ ਜਵਾਨੀ, ਇਹ ਤੇ ਓਸ ਦੀ ਹੈ ਕੜੀ। ਨਾ ਸਿਕੰਦਰਾ ਤੂੰ ਭੁੱਲੀਂ, ਹੋ ਕੇ ਘੋੜੇ ਤੇ ਸਵਾਰ, ਸਦਾ ਧਰਤੀ ਦੇ ਪੁੱਤਰਾਂ ਨੇ ਵਾਗ ਤੇਰੀ ਫੜੀ। ਸਾਨੂੰ ਕਹੇ ਇਤਿਹਾਸ ਤੇ ਆਨੰਦਪੁਰੀ ਖ਼ੂਨ, ਅਸੀਂ ਜਾਬਰਾਂ ਦੀ ਮੰਨਣੀ ਨਾ ਕਦੇ ਵੀ ਜੀ ਤੜੀ। ਸਾਡੇ ਵਿਚੋਂ ਹੀ ਔਰੰਗੇ ਤੇ ਫਰੰਗੀਆਂ ਦੇ ਪੁੱਤ, ਜਿਹੜੇ ਮਨ ਦੇ ਸਰੋਵਰਾਂ 'ਚ ਘੋਲਦੇ ਨੇ ਕੜ੍ਹੀ। ਦੱਸਾਂ ਭੇਤ ਵਾਲੀ ਗੱਲ, ਮੰਨੀਂ ਅੱਜ ਭਾਵੇਂ ਕੱਲ੍ਹ, ਕਦੇ ਸੱਜਣਾ, ਭਰਾਵਾਂ ਨਾਲ ਕਰੀਏ ਨਾ ਅੜੀ।

ਵਕਤ ਦੇ ਇਸ ਕਾਫ਼ਲੇ ਨੂੰ

ਵਕਤ ਦੇ ਇਸ ਕਾਫ਼ਲੇ ਨੂੰ ਵਾਚਣਾ ਨਾ ਸਰਸਰੀ। ਇਹ ਤਾਂ ਦਰਿਆ ਦਰਦ ਭਰਿਆ ਤੇ ਸੁਭਾਅ ਹੈ ਨਾਬਰੀ। ਖੇਤ ਜਦ ਵੀ ਜਾਗਦੇ ਨੇ, ਧਰਤ ਆਵੇ ਜ਼ਲਜ਼ਲਾ, ਕੰਬਦੇ ਧੌਲਰ ਤੇ ਕੁਰਸੀ, ਨੱਕੋ ਨੱਕ ਜੋ ਆਫ਼ਰੀ। ਲੋਕਤਾ ਦੇ ਹੜ੍ਹ ਦੇ ਅੱਗੇ, ਕੌਣ ਤੱਗ ਸਕਦਾ ਭਲਾ, ਮਾਣਮੱਤੀ ਜ਼ਿੰਦਗੀ ਜਿੰਨ੍ਹਾਂ ਦੀ ਮੰਜ਼ਿਲ ਆਖ਼ਰੀ। ਬਹੁਤ ਵਾਰੀ ਹੱਥ ਨੇੜੇ ਪਹੁੰਚਿਆ ਤੇ ਤਿਲਕਿਆ, ਧਰਤ ਪੈਰਾਂ ਹੇਠ ਸਾਡੇ ਖਿਸਕਵੀਂ ਤੇ ਮਰਮਰੀ। ਕਿਉਂ ਮੁਸੀਬਤ ਭੁੱਲ ਜਾਂਦੀ ਅੱਖ ਦੇ ਇੱਕ ਫੋਰ ਵਿਚ, ਵਰਤਦਾ ਚਾਤਰ ਹਮੇਸ਼ਾਂ ਧਰਮ ਦੀ ਜਾਦੂਗਰੀ। ਫੁੱਲ ਨੂੰ ਅੰਗਿਆਰ ਤੇ ਧਰਨਾ ਤੇ ਕਹਿਣਾ ਸਬਰ ਕਰ, ਕਿਉਂ ਨਹੀਂ ਰੁਕਦੀ ਨਿਰੰਤਰ ਜਾਬਰਾਨਾ ਬਰਬਰੀ। ਸ਼ਾਸਤਰ ਨੂੰ ਕੌਣ ਮਾਰੇ, ਅਗਨ ਸਾੜੇ, ਭਰਮ ਹੈ, ਸਰਬ ਸਮਿਆਂ ਤੀਕ ਜਗਣੀ, ਜੋਤ ਇਹ ਆਸਾਵਰੀ।

ਅਜਬ ਹੈ ਇਹ ਗਜ਼ਬ

ਇੰਦਰਪ੍ਰੀਤ ਸਿੰਘ ਚੱਢਾ ਦੇ ਨਾਂ..... ਅਜਬ ਹੈ ਇਹ ਗਜ਼ਬ ਵੀ ਹੈ, ਧਰਮ ਦੀ ਸੌਦਾਗਰੀ। ਕਰ ਰਹੇ ਧਰਮਾਤਮਾ ਵੀ ਕੁਰਸੀਆਂ ਦੀ ਚਾਕਰੀ। ਹੁਕਮ ਦੀ ਕਰਨਾ ਅਦੂਲੀ, ਫ਼ਰਜ਼ ਵੀ ਤੇ ਸ਼ੌਕ ਵੀ, ਪੱਥਰਾਂ ਦੇ ਸ਼ਹਿਰ ਅੰਦਰ ਕਰ ਰਿਹਾਂ ਸ਼ੀਸ਼ਾਗਰੀ। ਭੁੱਲ ਗਏ ਨੇ ਫ਼ਰਕ ਲੋਕੀਂ ਜੀਣ ਦਾ ਤੇ ਮਰਨ ਦਾ, ਮੰਨ ਗਏ ਉਸਤਾਦ ਤੇਰੀ ਅਜਬ ਹੈ ਜਲਵਾਗਰੀ। ਇੱਕ ਹੀ ਉਂਕਾਰ ਸਾਡਾ, ਜਾਪਦਾ ਖ਼ਤਰੇ ਅਧੀਨ, ਪਿੰਡ ਗੇੜਾ ਮਾਰਦੇ ਹੁਣ ਮੌਲਵੀ ਤੇ ਪਾਦਰੀ। ਬਿਰਖ਼ ਬੂਟੇ ਗੈਰਹਾਜ਼ਰ, ਇੱਟ ਪੱਥਰ ਬੇਸ਼ੁਮਾਰ, ਸ਼ਹਿਰ ਵਿਚ ਹੁੰਦੀ ਸੀ ਪਹਿਲਾਂ ਏਸ ਥਾਂ ਬਾਰਾਂਦਰੀ। ਬਿਨ ਬੁਲਾਵੇ ਰੋਜ਼ ਆਵੇਂ, ਸੁਪਨਿਆਂ ਤੂੰ ਬਾਰ ਬਾਰ, ਕਿਉਂ ਤੂੰ ਸਾਡੇ ਦਿਲ ਦੀ ਏਦਾਂ ਕਰ ਰਿਹਾ ਏਂ ਮੁਖ਼ਬਰੀ। ਫ਼ਸਲ ਸੋਇਆਂ ਦੀ ਖੜ੍ਹੀ, ਭਰਪੂਰ ਮੁੜ ਕੇ ਦੇਖ ਲੈ, ਮੀਰ ਮੰਨੂ ਮਰ ਗਿਆ ਹੈ, ਕਾਇਮ ਉਸ ਦੀ ਦਾਤਰੀ।

ਜਬਰ ਸਬਰ ਦਾ ਜ਼ਿਕਰ

ਅਮਨ ਫੱਲੜ੍ਹ ਦੇ ਨਾਂ..... ਜਬਰ ਸਬਰ ਦਾ ਜ਼ਿਕਰ ਹਮੇਸ਼ਾਂ ਤੁਰਦਾ ਨਾਲੋਂ ਨਾਲ ਸਦਾ। ਫ਼ਾਸਲਿਆਂ ਦੇ ਬਾਵਜੂਦ ਜਿਉਂ ਪਾਣੀਪੱਤ ਕਰਨਾਲ ਸਦਾ। ਅੰਬਰ ਦੇ ਵਿਚ ਤਾਰੇ ਰਾਤੀਂ ਜਗਦੇ ਏਦਾਂ ਲੱਗਦੇ ਨੇ, ਨੇਰ੍ਹ ਮਿਟਾਵਣ ਖਾਤਰ ਤਣਿਆ, ਚਾਨਣੀਆਂ ਦਾ ਜਾਲ ਸਦਾ। ਬੇਸੁਰਿਆਂ ਦੇ ਹੱਥ ਸਿਤਾਰਾਂ, ਚੀਕਦੀਆਂ ਨੇ ਤਾਰਾਂ ਸੁਣ, ਜ਼ਿੰਦਗੀ ਵਾਲੀ ਝਾਂਜਰ ਤਾਹੀਉਂ, ਤਾਲੋਂ ਹੈ ਬੇਤਾਲ ਸਦਾ। ਦਸਤਾਰਾਂ ਵੀ ਘੱਟੇ ਰੁਲੀਆਂ, ਚੁੰਨੀਆਂ ਬਣੀਆਂ ਫਾਹੀਆਂ ਨੇ, ਇਕ ਵੀ ਉੱਤਰ ਮਿਲਦਾ ਨਹੀਓਂ, ਰੁਲਦੇ ਫਿਰਨ ਸਵਾਲ ਸਦਾ। ਵੇਖ ਮਜ਼ਾਰੀਂ ਰੌਣਕ ਮੇਲੇ, ਕਬਰੀਂ ਦੀਵੇ ਜਗਦੇ ਨੇ, ਪੌਣ ਮਰਸੀਏ ਗਾਉਂਦੀ ਰੋਂਦੀ, ਹਾਲੋਂ ਹੈ ਬੇਹਾਲ ਸਦਾ। ਲੁੱਟਣ, ਕੁੱਟਣ, ਜੜ੍ਹ ਤੋਂ ਪੁੱਟਣ, ਧਰਤੀ ਦੀ ਮਰਯਾਦਾ ਨੂੰ, ਧਰਮੀ ਪੁੱਤ ਯੁਧਿਸ਼ਟਰ ਚੱਲਣ, ਵੇਖੋ ਕੈਸੀ ਚਾਲ ਸਦਾ। ਆਣ ਜਗਾਉਂਦੇ ਬੈਠੇ ਸੁੱਤੇ, ਬਾਬਾ ਓਹੀ ਸਾਰੇ ਫੇਰ, ਰਲਦੇ ਵੇਖ, ਮੁਕੱਦਮ ਸਾਰੇ, ਰਾਜੇ ਸ਼ੀਂਹਾਂ ਨਾਲ ਸਦਾ।

ਮੇਰੇ ਵੀਰੋ, ਮਾਂ ਪਿਉ ਜਾਇਓ

ਮਨਜੀਤ ਤੇ ਮੋਹਨ ਗਿੱਲ ਦੇ ਨਾਂ.... ਮੇਰੇ ਵੀਰੋ, ਮਾਂ ਪਿਉ ਜਾਇਓ, ਅੱਗੇ ਲੱਗਿਆ ਜਾਲ ਬਈ। ਹਾਲੇ ਤਾਂ ਰੋਹੀਆਂ ਵਿਚ, ਕੂਕਣ, ਪਿਛਲੇ ਹੀ ਕੰਕਾਲ ਬਈ। ਕੈਸਾ ਮੌਸਮ ਆਇਆ ਸਾਨੂੰ ਸਿਵਿਆਂ ਦੇ ਰਾਹ ਲੈ ਤੁਰਿਆ, ਮੌਲਾ ਖ਼ੈਰ ਕਰੇ ਹੁਣ ਸਿਰ ਤੇ ਚੜ੍ਹਿਆ ਆਣ ਸਿਆਲ ਬਈ। ਇਹ ਵਿਗਿਆਨੀ ਮੰਨਣ ਜਾਂ ਨਾ ਮੰਨਣ ਮਰਜ਼ੀ ਉਨ੍ਹਾਂ ਦੀ, ਜ਼ਾਲਮ ਦੇ ਹੱਥਾਂ ਵਿੱਚ ਧਰਤੀ, ਤਾਂ ਹੀ ਆਉਣ ਭੂਚਾਲ ਬਈ। ਇਨਕਲਾਬ ਨੇ ਕੀਹ ਆਉਣਾ ਸੀ, ਦੋ ਅਮਲੀ ਨੇ ਮਾਰ ਲਿਆ, ਸੱਜੇ ਖੱਬੇ ਪਹੀਏ ਚੱਲਦੇ, ਵੱਖੋ ਵੱਖਰੀ ਚਾਲ ਬਈ। ਖਾਲਸਿਆਂ ਦੀ ਵਾਸੀ ਅੰਦਰ ਥਾਂ ਥਾਂ ਆਰੇ ਚਾਲੂ ਨੇ, ਬਿਰਖ ਵਿਹੂਣਾ ਹੋ ਚੱਲਿਆ ਏ ਲੱਖੀ ਜੰਗਲ ਢਾਲ ਬਈ। ਮਿਰਗਜਲੀ ਦੇ ਪਿੱਛੇ ਪਿੱਛੇ ਤੁਰਦੇ ਤੁਰਦੇ ਮਰ ਚੱਲੇ, ਜਨਮ ਘੜੀ ਤੋਂ ਅੱਜ ਤੀਕਰ ਤਾਂ ਹਾਲੋਂ ਹਾਂ ਬੇਹਾਲ ਬਈ। ਨਵੇਂ ਸਾਲ ਦਾ ਜਸ਼ਨ ਮਨਾ, ਹਰ ਵਾਰ ਭੁਲੇਖਾ ਖਾਂਦੇ ਹਾਂ, ਵੇਖਿਓ ਸੂਹਾ ਫੁੱਲ ਖਿੜੇਗਾ, ਏਥੇ ਅਗਲੇ ਸਾਲ ਬਈ।

ਭੁੱਲ ਗਈ ਪਰਵਾਜ਼ ਮੈਨੂੰ

ਭੁੱਲ ਗਈ ਪਰਵਾਜ਼ ਮੈਨੂੰ ਜਾਮ ਕਿਉਂ ਪਰ ਹੋ ਗਏ। ਉੱਡਣੇ ਪੰਛੀ ਦੇ ਕਿਉਂ, ਵਰਮੀ 'ਚ ਨੇ ਘਰ ਹੋ ਗਏ। ਇਹ ਸਿਖਾਏ ਸਬਕ ਨਾਲੋਂ ਵੱਧ ਕਿੰਨਾ ਬੋਲਦੇ, ਵੇਖ ਲੈ ਤੋਤੇ ਕਿਵੇਂ ਹੁਣ ਹੋਰ ਚਾਤਰ ਹੋ ਗਏ। ਸਾਦਗੀ ਸਵਰੂਪ ਜਿਸ ਨੂੰ ਕਹਿ ਰਹੇ ਸੀ ਅੱਜ ਤੀਕ, ਖੰਭ ਉੱਗਣ ਸਾਰ ਹੀ ਇਹ ਵੇਖ ਸ਼ਾਤਰ ਹੋ ਗਏ। ਘੇਰ ਲਏ ਚਿੜੀਆਂ ਜਦੋਂ ਵੀ, ਬਾਜ਼ ਸ਼ਾਹੀ ਮਹਿਲ ਦੇ, ਜ਼ੁਲਮ ਕਰਦੇ ਇਹ ਪਰਿੰਦੇ, ਤਰਸ ਪਾਤਰ ਹੋ ਗਏ। ਹੁਣ ਤੇ ਮੇਰੇ ਪਿੰਡ ਵਾਲੇ, ਕੰਬਦੇ ਅਖ਼ਬਾਰ ਤੋਂ, ਵਕਤ ਹੱਥੋਂ ਇਹ ਵਿਚਾਰੇ ਕਿੰਨੇ ਆਤੁਰ ਹੋ ਗਏ। ਦਰੋਪਦੀ ਦੀ ਪੱਤ ਲੁੱਟੇ ਰੋਜ਼ ਹੀ ਕੌਰਵ ਸਭਾ, ਸਿਤਮ ਤਾਂ ਇਹ ਹੈ ਕਿ ਹੁਣ ਖਾਮੋਸ਼ ਠਾਕੁਰ ਹੋ ਗਏ। ਮਨ ਦੇ ਅੰਦਰ ਖਲਬਲੀ ਹੈ, ਕਦਮ ਪਿੱਛੇ ਖਿਸਕਦੇ, ਤੁਰ ਰਿਹਾਂ ਪਰ ਦੂਰ ਮੈਥੋਂ ਕਿਉਂ ਤੇਰੇ ਦਰ ਹੋ ਗਏ। ਔੜ ਮਾਰੀ ਧਰਤ ਵਾਂਗੂੰ ਖੁਸ਼ਕ ਅੱਖ ਦੇ ਖ੍ਵਾਬ ਸੀ, ਦਿਲ ਅਚਾਨਕ ਪਿਘਲਿਆ ਤੇ ਨੈਣ ਵੀ ਤਰ ਹੋ ਗਏ।

ਜਦ ਵੀ ਤੱਕਿਆ ਤੇ ਇੰਜ ਲੱਗਿਆ

ਪਿਆਰੇ ਗੁਰਦੀਪ ਢੀਂਡਸਾ ਦੇ ਪਰਿਵਾਰ ਦੇ ਨਾਂ.... ਜਦ ਵੀ ਤੱਕਿਆ ਤੇ ਇੰਜ ਲੱਗਿਆ ਮੇਰੇ ਚਾਰ ਚੁਫ਼ੇਰੇ ਖ਼ੁਸ਼ਬੂ। ਜਾਗਦਿਆਂ ਤੇ ਸੁੱਤਿਆਂ ਖ਼ੁਸ਼ਬੂ, ਮਹਿਕੇ ਸ਼ਾਮ ਸਵੇਰੇ ਖ਼ੁਸ਼ਬੂ। ਹੱਸੇਂ ਲੱਗਦਾ ਫੁੱਲ ਕਿਰਦੇ ਨੇ, ਸਾਰੀ ਧਰਤੀ ਭਰ ਚੱਲੀ ਹੈ, ਕੋਸੀ ਧੁੱਪ ਸਿਆਲ ਦੀ ਜਿੱਸਰਾਂ, ਚੜ੍ਹ ਕੇ ਖੜ੍ਹੀ ਬਨੇਰੇ ਖ਼ੁਸ਼ਬੂ। ਮੱਥੇ ਚਮਕੇ ਨੂਰ ਇਲਾਹੀ, ਜ਼ੱਰਾ ਜ਼ੱਰਾ ਚਾਨਣ ਚਾਨਣ, ਮਨ ਮਸਤਕ ਨੂੰ ਰੌਸ਼ਨ ਰੌਸ਼ਨ, ਕਰਦੀ ਦੂਰ ਹਨ੍ਹੇਰੇ ਖ਼ੁਸ਼ਬੂ। ਬਿਨ ਮਿਲਿਆਂ ਵੀ ਚੰਨ ਦੀ ਟਿੱਕੀ ਧੋ ਜਾਂਦੀ ਨਿੱਤ ਰਾਤ ਦੇ ਵਸਤਰ, ਰੋਜ਼ ਸਵੇਰੇ ਮੁੜ ਜਾਂਦੀ ਹੈ, ਕਰਦੀ ਪੰਧ ਲੰਮੇਰੇ ਖ਼ੁਸ਼ਬੂ। ਅਜ਼ਲਾਂ ਤੋਂ ਜੋ ਪਿਆਸ ਨਿਰੰਤਰ, ਮਿਟਦੀ ਨਹੀਂ ਇੱਕ ਵਾਰੀ ਤੱਕਿਆਂ, ਤਪਦੀ ਲੋਹ ਤੇ ਕਿਣ ਮਿਣ ਕਣੀਆਂ, ਤਰੇਲ ਦੇ ਮੋਤੀ ਕੇਰੇ ਖ਼ੁਸ਼ਬੂ। ਖ੍ਵਾਬ ਖ਼ਿਆਲ 'ਚ ਵੀ ਨਹੀਂ ਤੱਕਿਆ, ਏਦਾਂ ਕਿੱਸਰਾਂ ਹੋ ਸਕਦਾ ਹੈ, ਪੋਲੇ ਕਦਮੀਂ ਪਿੱਛਿਉਂ ਆ ਕੇ ਨੇਤਰ ਘੁੱਟੇ ਮੇਰੇ ਖੁਸ਼ਬੂ। ਮਨ ਦੇ ਬਾਗ ਬਗੀਚੇ ਅੰਦਰ, ਫੁੱਲ ਕਲੀਆਂ ਨੂੰ ਖਿੜਨ ਦਿਆ ਕਰ, ਆਪੇ ਮਾਣ ਲਵੇਂਗਾ ਰਹਿੰਦੀ, ਸਾਹਾਂ ਅੰਦਰ ਤੇਰੇ ਖੁਸ਼ਬੂ। ਅੰਬਰ ਵਿਚ ਟਿਮਕਦੇ ਤਾਰੇ, ਕੱਲ੍ਹੇ ਕੱਲ੍ਹੇ ਕਿੰਨੇ ਸਾਰੇ, ਚੁੱਪ ਨੇ ਕਿਉਂ ਨਾ ਭਰਨ ਹੁੰਗਾਰੇ, ਪੁੱਛਦੀ ਸ਼ਾਮ ਸਵੇਰੇ ਖੁਸ਼ਬੂ। ਨੀਮ ਗੁਲਾਬੀ ਚਿਹਰਾ ਤੱਕਿਆ, ਕਣ ਕਣ ਅੰਦਰ ਇਹ ਕੀ ਹੋਇਆ, ਦਿਲ ਦੇ ਅੰਦਰ ਡੂੰਘਾ ਕਿਧਰੇ, ਲਾ ਕੇ ਬਹਿ ਗਈ ਡੇਰੇ ਖੁਸ਼ਬੂ।

ਧਰਤੀ ਉੱਤੇ ਸਦਾ ਹਨ੍ਹੇਰਾ

ਧਰਤੀ ਉੱਤੇ ਸਦਾ ਹਨ੍ਹੇਰਾ ਰਹਿਣਾ ਨਹੀਂ। ਵਕਤ ਨਿਰੰਤਰ ਤੁਰਦਾ ਇਸਨੇ ਬਹਿਣਾ ਨਹੀਂ। ਘੁੱਟ ਗਲਵੱਕੜੀ ਪਾ ਲੈ ਇਸ ਜ਼ਿੰਦਗਾਨੀ ਨੂੰ, ਇਸ ਤੋਂ ਮਹਿੰਗਾ ਹੋਰ ਕੋਈ ਵੀ ਗਹਿਣਾ ਨਹੀਂ। ਠੋਕਰ ਮਾਰਨ ਵਾਲੇ ਹੀ ਬਦਕਿਸਮਤ ਸਨ, ਦਾਗ ਉਨ੍ਹਾਂ ਦੇ ਮੱਥੇ ਤੋਂ ਇਹ ਲਹਿਣਾ ਨਹੀਂ। ਨਾਲ ਮੁਹੱਬਤ ਜਿੰਦ ਵੀ ਮੰਗੇਂ ਦੇ ਦੇਵਾਂ, ਜ਼ੋਰ ਜਬਰ ਮੈਂ ਹੋਰ ਕਿਸੇ ਦਾ ਸਹਿਣਾ ਨਹੀਂ। ਪਿਛਲੇ ਜ਼ਾਲਮ ਕਿੱਥੇ ਨੇ ਹੁਣ ਲੱਭਦੇ ਨਹੀਂ, ਇਨ੍ਹਾਂ ਦਾ ਵੀ ਵੇਖ ਲਵੀਂ ਕੱਖ ਰਹਿਣਾ ਨਹੀਂ। ਚਾਨਣ ਨਾਲ ਹਨ੍ਹੇਰੇ ਦੀ ਵੀ ਕੁਸ਼ਤੀ ਹੈ, ਸੂਰਜ ਜਿਸ ਦੀ ਸ਼ਕਤੀ ਉਸ ਨੇ ਢਹਿਣਾ ਨਹੀਂ। ਸੂਰਜ ਮੈਨੂੰ ਆਪਣੀ ਗੱਦੀ ਸੌਂਪ ਗਿਐ, ਮੈਂ ਉਸਦੀ ਥਾਂ ਜਗਦਾਂ, ਸਿਰਫ਼ ਟਟਹਿਣਾ ਨਹੀਂ।

ਮਹਿਕਦਾ ਗੁਲਜ਼ਾਰ ਜਾਪੇ

ਮਹਿਕਦਾ ਗੁਲਜ਼ਾਰ ਜਾਪੇ ਮਰ ਗਿਆ। ਕੌਣ ਸਾਡੇ ਪਿੰਡ ਟੂਣਾ ਕਰ ਗਿਆ। ਜਾਪਿਆ ਹਰ ਕੰਧ ਹੀ ਬੇਚੈਨ ਹੈ, ਕੰਬਿਆ ਬੂਹਾ ਜਦੋਂ ਮੈਂ ਘਰ ਗਿਆ। ਬਾਹਰਲੀ ਬੱਤੀ ਜਗਾ ਕੇ ਰੱਖਦਾਂ, ਕਾਲਜਾ ਹੀ ਅੰਦਰੋਂ ਹੈ ਡਰ ਗਿਆ। ਘਰ 'ਚ ਹੀ ਲੱਭੋ, ਪਛਾਣੋਂ ਆਪ ਹੀ, ਕੌਣ ਜੋ ਉੱਗਦੀ ਅੰਗੂਰੀ ਚਰ ਗਿਆ। ਡੁੱਬਣਾ ਖ਼ੌਰੇ ਕਦੋਂ ਇਹ ਦੋਸਤੋ, ਪਾਪ ਦਾ ਭਾਂਡਾ ਚਿਰੋਕਾ ਭਰ ਗਿਆ। ਮੈਂ ਤਾਂ ਐਵੇਂ ਇੱਕ ਪਲ ਲਈ ਮੌਨ ਸੀ, ਭਰਮ ਸੀ ਤੇਰਾ ਕਿ ਮੈਂ ਹਾਂ ਹਰ ਗਿਆ। ਵੇਖ ਲੈ ਭਖਿਆ ਤੇ ਮੁੜ ਕੇ ਸੁਰਖ਼ ਹੈ, ਵਹਿਮ ਸੀ ਤੇਰਾ ਕਿ ਲੋਹਾ ਠਰ ਗਿਆ।

ਸੱਜਣਾ ਤੇਰਾ ਬੋਲ ਤਿਖੇਰਾ

ਸੱਜਣਾ ਤੇਰਾ ਬੋਲ ਤਿਖੇਰਾ, ਚੀਰ ਜਿਸਮ ਤੋਂ ਪਾਰ ਗਿਆ। ਮੈਂ ਤਾਂ ਦੌੜ 'ਚ ਸ਼ਾਮਲ ਨਹੀਂ ਸਾਂ, ਕੌਣ ਕਹੇ ਮੈਂ ਹਾਰ ਗਿਆ। ਕੀਤਾ ਸੀ ਵਿਸ਼ਵਾਸ ਬਥੇਰਾ, ਬੈਠੇ ਹੁਣ ਪਛਤਾਉਂਦੇ ਹਾਂ, ਸਾਡੇ ਪੱਲੇ ਕੱਖ ਨਹੀਂ ਛੱਡਿਆ, ਜਾਹ ਤੇਰਾ ਇਤਬਾਰ ਗਿਆ। ਸਾਬਤ ਕਦਮ, ਸਲਾਮਤ ਨਿਸ਼ਚਾ, ਨਾ ਡੋਲੇ ਨਾ ਥਿੜਕੇਗਾ, ਜ਼ਹਿਰ ਪਰੁੱਚਾ ਭਾਵੇਂ ਤੇਰਾ, ਤੀਰ ਜਿਗਰ ਤੋਂ ਪਾਰ ਗਿਆ। ਗਰਜਾਂ ਦਾ ਸੰਸਾਰ ਵਚਿੱਤਰ, ਸਾਬਤ ਬੰਦੇ ਖਾ ਜਾਂਦਾ, ਬੜਾ ਬਹਾਦਰ ਸੁਣਦੇ ਸਾਂ ਜੋ ਅਣਖ਼ਾਂ ਸਣੇ ਡਕਾਰ ਗਿਆ। ਤਲਖ਼ ਸਮੁੰਦਰ, ਚੜ੍ਹਿਆ , ਕੰਢਿਉਂ ਉੱਛਲਿਆ ਤੇ ਪਰਤ ਗਿਆ, ਘੋਗੇ ਸਿੱਪੀਆਂ, ਮਾਣਕ ਮੋਤੀ, ਸਾਨੂੰ ਬਾਹਰ ਉਤਾਰ ਗਿਆ। ਸੂਰਜ ਮੁਖੀਏ ਸਭ ਸੰਸਾਰੀ, ਘੁੰਮੀ ਜਾਂਦੇ ਫ਼ਿਰਕੀ ਵਾਂਗ, ਓਧਰ ਪੂਛ ਘੁਮਾਉਂਦੇ ਪਿੱਛੇ, ਜਿੱਧਰ ਨੂੰ ਦਰਬਾਰ ਗਿਆ। ਚਪਲ ਸਮੇਂ ਦੇ ਘੋੜੇ ਉੱਤੇ, ਮਾਰ ਪਲਾਕੀ ਬੈਠੇ ਸਾਂ, ਸਫ਼ਰ ਮੁਕਾਉਣੋਂ ਪਹਿਲਾਂ ਸਾਨੂੰ, ਵਕਤ ਝਕਾਨੀ ਮਾਰ ਗਿਆ।

ਬਿਰਖ਼ ਬਰੂਟੇ ਚੀਕ ਰਹੇ ਨੇ

ਬਿਰਖ਼ ਬਰੂਟੇ ਚੀਕ ਰਹੇ ਨੇ ਕਿਉਂ ਨਹੀਂ ਸੁਣਦਾ ਮਾਲੀ ਨੂੰ। ਦੋਸ਼ ਕਿਉਂ ਇਹ ਦੇਈ ਜਾਵੇ, ਹਰ ਪੱਤੇ ਹਰ ਡਾਲੀ ਨੂੰ। ਦਿਨ ਦੀਵੀਂ ਕੀ ਨੇਰ੍ਹ ਪਿਆ ਤੇ ਰਖਵਾਲੇ ਵੀ ਨਾਲ ਮਿਲੇ, ਲੈ ਫਰਨਾਹੀ ਚੀਰੀ ਜਾਵਣ ਸ਼ਾਮਲਾਟ ਦੀ ਟਾਹਲੀ ਨੂੰ। ਬਲਦ ਖਲੋਤੇ ਬਿਰਖ਼ਾਂ ਥੱਲੇ, ਮਾਲਕ ਦੇ ਗਲ ਫਾਹੀਆਂ ਨੇ, ਬਿਨ ਬੋਲਣ ਤੋਂ ਕੇਰਨ ਅੱਥਰੂ ਵੇਖ ਵੇਖ ਕੇ ਹਾਲੀ ਨੂੰ। ਬੀਜਣ ਤੋਂ ਪਹਿਲਾਂ ਦਿਨ ਦੀਵੀਂ, ਖੇਤ ਲੁਟੇਰੇ ਲੁੱਟ ਲੈਂਦੇ, ਕਿੱਦਾਂ ਤੁਰੀਏ ਰਾਤ ਬਰਾਤੇ ਫ਼ਸਲਾਂ ਦੀ ਰਖਵਾਲੀ ਨੂੰ। ਸਾਡੇ ਪਿੰਡ ਪੁਆੜੇ ਪਾ ਗਈ, ਮਰ ਮਰ ਲੋਕੀਂ ਮੁੱਕ ਚੱਲੇ, ਮੋਮੋਠਗਣੀ ਚੁੱਪ ਕਿਉਂ ਹੈ, ਪੁੱਛਿਓ ਬਾਰਾਂ ਤਾਲੀ ਨੂੰ। ਰੁੱਖੇ ਸੁੱਕੇ ਟੁੱਕਰ ਨੂੰ ਵੀ ਕੈਦੋ ਝਪਟੀ ਮਾਰਨ ਪਏ, ਹੀਰੇ ਚੂਰੀ ਕਦ ਦੇਵੇਂਗੀ, ਤੂੰ ਮੱਝੀਆਂ ਦੇ ਪਾਲੀ ਨੂੰ। ਰਾਵੀ ਦਰਿਆ ਅੱਜ ਵੀ ਤਪਦਾ ਤੇਰੇ ਭਾਣੇ ਵਗਦਾ ਹੈ, ਅੱਥਰੂ ਅੱਥਰੂ ਤਨ ਮਨ ਹੋ ਜੇ, ਚੇਤੇ ਕਰ ਸੰਤਾਲੀ ਨੂੰ।

ਕਿੱਥੇ ਵੱਸਦੇ ਭੇਤ ਨਾ ਦੱਸਦੇ

ਕਿੱਥੇ ਵੱਸਦੇ ਭੇਤ ਨਾ ਦੱਸਦੇ, ਏਦਾਂ ਜੀਣ ਆਸਾਨ ਨਹੀਂ। ਨਾ ਬੋਲੋਗੇ ਤੁਰ ਜਾਵਾਂਗਾ ਮੈਂ ਐਸਾ ਮਹਿਮਾਨ ਨਹੀਂ। ਦਸਤਕ ਦੇ ਦੇ ਮੁੜੇ ਮੁਸਾਫ਼ਿਰ, ਦੀਦ ਪਿਆਸੇ ਨੈਣ ਲਈ, ਬੰਦ ਬੂਹੇ ਨੂੰ ਖੋਲ੍ਹ ਦਿਆ ਕਰ,ਘਟਦੀ ਫਿਰ ਵੀ ਸ਼ਾਨ ਨਹੀਂ। ਸੁਰਮੇ ਵਾਂਗਰ ਪੀਸ ਕੇ ਪਾ ਲੈ, ਜਗਮਗ ਕਰਦੇ ਨੈਣਾਂ ਵਿੱਚ, ਨੇਤਰ ਜੋਤ ਬਣਾਂ ਮੈਂ ਤੇਰੀ, ਇਸ ਤੋਂ ਵੱਧ ਸਨਮਾਨ ਨਹੀਂ। ਗਰਦ ਗੁਬਾਰ ਹਨ੍ਹੇਰਾ ਮਨ ਦਾ, ਜਲ ਵੀ ਨਿਰਮਲ ਕਰਨਾ ਹੈ, ਇਹ ਤਾਂ ਸਾਡੀ ਸਾਂਝੀ ਪੂੰਜੀ, ਦੂਜੇ ਤੇ ਅਹਿਸਾਨ ਨਹੀਂ। ਰੂਹ ਦੀ ਮਿੱਟੀ ਤੜਫ਼ ਤੜਫ਼ ਕੇ ਦਰਸ ਦੀਦਾਰੇ ਮੰਗਦੀ ਹੈ, ਰੱਬ ਦੇ ਵਾਂਗੂੰ ਲੁਕ ਛਿਪ ਬਹਿਣਾ, ਕੀਹ ਮੇਰਾ ਅਪਮਾਨ ਨਹੀਂ? ਹਰ ਕਿਣਕੇ ਦੀ ਅਪਣੀ ਹਸਤੀ ਬਣਦੀ ਮਿਟਦੀ ਰਹਿੰਦੀ ਹੈ, ਬਿਰਖ਼ ਬਰੂਟੇ ਦੱਸਣ ਹੁੰਦੀ ਕਿਸ ਮਿੱਟੀ ਵਿਚ ਜਾਨ ਨਹੀਂ। ਬਿਨਾ ਆਵਾਜ਼ ਹੁੰਗਾਰੇ ਭਰਦੇ, ਫੁੱਲ ਪੱਤੇ, ਖੁਸ਼ਬੋਈਆਂ ਵੀ, ਸਭ ਕੁਝ ਹੁੰਦਿਆਂ ਸੁੰਦਿਆਂ ਫਿਰ ਵੀ ਮਸਤੀ ਵਿਚ ਗਲਤਾਨ ਨਹੀਂ।

ਖ਼ੁਸ਼ਬੂ, ਚਾਰ ਚੁਫ਼ੇਰੇ ਖ਼ੁਸ਼ਬੂ

ਖ਼ੁਸ਼ਬੂ, ਚਾਰ ਚੁਫ਼ੇਰੇ ਖ਼ੁਸ਼ਬੂ, ਰੂਹ ਤੋਂ ਰੂਹ ਵਿਚਕਾਰ ਫ਼ਾਸਲਾ। ਜਿਉਂ ਰਿਸ਼ਮਾਂ ਤੇ ਚੰਨ ਦੇ ਅੰਦਰ, ਹੁੰਦਾ ਨਹੀਂ ਵਿਚਕਾਰ ਫ਼ਾਸਲਾ। ਯਾਦ ਕਰਾਂ ਤੂੰ ਸਨਮੁਖ ਹੋਵੇਂ, ਸਗਵੀਂ ਸਾਲਮ ਸਾਬਤ ਸੂਰਤ, ਅੱਖੀਆਂ ਖੋਲਾਂ ਨਜ਼ਰ ਨਾ ਆਵੇਂ, ਦੋ ਸਾਹਾਂ ਵਿਚਕਾਰ ਫ਼ਾਸਲਾ। ਪੋਲੇ ਪੋਲੇ ਪੋਲੇ ਕਦਮੀਂ, ਇਉਂ ਲੱਗਦਾ ਜਿਉਂ ਤੁਰੇ ਚਾਨਣੀ, ਕਿਉਂ ਟੁੱਟ ਜਾਂਦਾ ਸੁਪਨੇ ਵਾਂਗੂੰ, ਇਹ ਰਾਹਾਂ ਵਿਚਕਾਰ ਫ਼ਾਸਲਾ। ਕਿਉਂ ਮਿਲੀਏ ਜਿਉਂ ਧਰਤੀ ਅੰਬਰ, ਦੂਰ ਦੋਮੇਲ 'ਚ ਤਰਸ ਰਹੇ ਨੇ, ਮਿਟਦਾ ਕਿਉਂ ਨਹੀਂ ਤੈਥੋਂ ਮੈਥੋਂ, ਦੋ ਬਾਹਾਂ ਵਿਚਕਾਰ ਫ਼ਾਸਲਾ। ਆ ਜਾ ਰਲ ਕੇ ਖਿੜੀਏ, ਹੱਸੀਏ, ਦਿਲ ਦੀ ਸੁਣੀਏ, ਆਪਣੀ ਦੱਸੀਏ, ਵੇਖੀਂ ਕਿੱਦਾਂ ਮਿਟ ਜਾਵੇਗਾ, ਦੋ ਨਾਵਾਂ ਵਿਚਕਾਰ ਫ਼ਾਸਲਾ। ਖੜ੍ਹੇ ਅਜੇ ਹਾਂ ਆਪਣੀ ਥਾਵੇਂ, ਮੈਂ ਹਾਂ ਧੁੱਪੇ ਤੂੰ ਹੈਂ ਛਾਵੇਂ, ਧੁੱਪ ਦੀ ਬੁੱਕਲ ਮਾਰ ਮਿਟਾ ਦੇ, ਦੋ ਛਾਵਾਂ ਵਿਚਕਾਰ ਫ਼ਾਸਲਾ। ਸੱਤ ਸਮੁੰਦਰ ਡੂੰਘੀਆਂ ਅੱਖਾਂ, ਜਿਥੇ ਨੂਰ ਛੁਪਾ ਕੇ ਰੱਖਿਆ, ਧੜਕਣ ਵਿਚ ਪਰੋ ਲੈ, ਮਿਟ ਜੇ, ਇਹ ਚਾਵਾਂ ਵਿਚਕਾਰ ਫ਼ਾਸਲਾ।

ਟੁਕੜੇ ਟੁਕੜੇ ਦਿਲ ਦੇ ਵਰਕੇ

ਟੁਕੜੇ ਟੁਕੜੇ ਦਿਲ ਦੇ ਵਰਕੇ ਜੋੜੋਗੇ ਤਾਂ ਜਾਣ ਲਵੋਗੇ। ਅਸਲ ਇਬਾਰਤ ਕੀ ਕਹਿੰਦੀ ਹੈ, ਖ਼ੁਦ ਆਪੇ ਪਹਿਚਾਣ ਲਵੋਗੇ। ਬੰਸਰੀਆਂ ਦੇ ਪੋਰ ਪੂਰਨੇ, ਛੱਡ ਦਿਉ ਇਹ ਸ਼ੌਕ ਅਵੱਲਾ, ਇਨ੍ਹਾਂ ਅੰਦਰ ਦਰਦ ਸਦੀਵੀ, ਸਾਹ ਰੋਕੋਗੇ, ਮਾਣ ਲਵੋਗੇ। ਸੂਰਜ ਦੀ ਧੁੱਪ ਤੇਜ਼ ਨਾ ਲੱਗਦੀ, ਜੇ ਬਿਰਖ਼ਾਂ ਦੀ ਛਤਰੀ ਹੋਵੇ, ਇਸ ਧਰਤੀ ਨੂੰ ਘੋਨਾ ਕਰਕੇ, ਕਿਸ ਨੂੰ ਸਿਰ ਤੇ ਤਾਣ ਲਵੋਗੇ। ਖੁੰਢੀ ਸੋਚ ਅਤੇ ਕਿਰਪਾਨਾਂ, ਤਿੱਖੀਆਂ ਕਰੋ ਤਰੀਕਾ ਦੱਸਦਾਂ, ਕਲਮ, ਕਿਤਾਬ, ਰਬਾਬ ਦੀ ਸ਼ਕਤੀ, ਸਮਝੋਗੇ ਜਦ ਸਾਣ ਲਵੋਗੇ। ਇੱਲ ਤੇ ਬਾਜ਼ ਸ਼ਕਲ ਤੋਂ ਇੱਕੋ, ਪਰ ਦੋਹਾਂ ਵਿਚ ਫ਼ਰਕ ਪਛਾਣੋ, ਜਾਣ ਲਵੋਗੇ ਆਪੇ ਜਦ ਵੀ, ਤਾਰਿਆਂ ਤੀਕ ਉਡਾਣ ਲਵੋਗੇ । ਇਸ ਧਰਤੀ ਦੀ ਅਸਲ ਲਿਆਕਤ, ਛੱਡੀ ਫਿਰੀਏ, ਸਮਝੋਗੇ ਕਦ, ਕਿੰਨੀ ਅਗਨ ਮੁਹਾਵਰਿਆਂ ਵਿਚ, ਸੁਣ ਫਿਰ ਜਦੋਂ ਅਖਾਣ ਲਵੋਗੇ। ਸੂਰਮਿਆਂ ਦੀ ਮਿੱਟੀ ਵੱਖਰੀ, ਵਕਤ ਹਮੇਸ਼ ਸੰਭਾਲ ਕੇ ਰੱਖਦਾ, ਦੁੱਲਾ, ਬੁੱਲ੍ਹਾ, ਭਗਤ, ਸਰਾਭਾ, ਮਿਲਦੇ ਹੀ ਇਹ ਜਾਣ ਲਵੋਗੇ।

ਨਜ਼ਰ ਤੇਰੀ ਦੀ ਇਨਾਇਤ

ਪਿਆਰੀ ਜੀਵਨ ਸਾਥਣ ਜਸਵਿੰਦਰ ਕੌਰ ਦੇ ਨਾਂ.... ਨਜ਼ਰ ਤੇਰੀ ਦੀ ਇਨਾਇਤ, ਵੇਖ ਕੀ ਕੁਝ ਕਰ ਗਈ। ਬਿਰਖ਼ ਸੁੱਕਾ ਫੁੱਟਿਆ, ਹਰ ਟਾਹਣ ਫੁੱਲੀਂ ਭਰ ਗਈ। ਲੋਕ ਮਰਦੇ ਰੋਜ਼ ਏਥੇ ਧਰਤ ਅੰਬਰ ਵਾਸਤੇ, ਮੁਸਕਣੀ ਤੇਰੀ ਕਿਵੇਂ ਮੈਨੂੰ ਸਿਕੰਦਰ ਕਰ ਗਈ। ਐ ਹਵਾ ਤੈਨੂੰ ਭਲਾ ਕੀ ਇਲਮ ਮੇਰੇ ਤਾਣ ਦਾ, ਲਿਫ਼ਣ ਦਾ ਇਹ ਅਰਥ ਨਾ ਲੈ, ਟਾਹਣ ਤੈਥੋਂ ਡਰ ਗਈ। ਰਾਤ ਨੂੰ ਇਹ ਭਰਮ ਹੈ ਕਿ ਮੈਂ ਹਰਾਈ ਚਾਨਣੀ, ਉਹ ਤਾਂ ਕੁਝ ਪਲ ਵਾਸਤੇ ਹੀ ਦੂਸਰੇ ਹੈ ਘਰ ਗਈ। ਜੀਅ ਤੇ ਕਰਦੈ ਬਹੁਤ ਵਾਰੀ, ਕਹਿ ਦਿਆਂ ਦਿਲ ਖੋਲ੍ਹ ਕੇ, ਅਸਲ ਦੱਸਾਂ, ਹੁਣ ਤੇ ਰਹਿੰਦੀ ਤਲਬ ਵੀ ਹੈ ਮਰ ਗਈ। ਮੈਂ ਤੇ ਅਕਸਰ ਸੋਚਦਾਂ ਤੂੰ ਹਿੰਮਤੀ ਫ਼ੌਲਾਦ ਹੈਂ, ਹਾਦਸੇ ਦਰ ਹਾਦਸੇ ਤੂੰ ਹੱਸ ਕੇ ਸਭ ਜਰ ਗਈ। ਉਹ ਤਾਂ ਸੂਰਜ ਹੈ ਨਿਰੰਤਰ ਜਗ ਰਿਹਾ ਤੇ ਮਘ ਰਿਹਾ, ਮੌਤ ਰਾਣੀ ਨੂੰ ਭੁਲੇਖਾ ਓਸ ਨੂੰ ਹੈ ਵਰ ਗਈ।

ਵੇਖ ਲਉ ਤਾਰੀਖ਼ ਕੀਹ

ਵੇਖ ਲਉ ਤਾਰੀਖ਼ ਕੀਹ ਕੀਹ ਕਾਰਨਾਮੇ ਕਰ ਗਈ। ਮਾਣ ਮੱਤੀ ਧਰਤ 'ਚੋਂ ਗੈਰਤ ਜਿਉਂਦੀ ਮਰ ਗਈ। ਧਰਤੀਆਂ ਤੇ ਮਰਦ-ਬੱਚੇ ਸਿਰਜਦੇ ਇਤਿਹਾਸ ਨੂੰ, ਜਿਸਮ ਤਾਂ ਮਿੱਟੀ ਨਿਰੀ ਜੇ ਅਣਖ਼ ਵਿਚੋਂ ਠਰ ਗਈ। ਹੋਰ ਕਿੰਨੀ ਦੇਰ ਹਾਲੇ ਰਾਜ ਕਰਨਾ ਹੈ ਜਨਾਬ, ਪਾਪ ਦੀ ਗਾਗਰ ਤੇ ਗਲਮੇ ਤੀਕਰਾਂ ਹੈ ਭਰ ਗਈ। ਵੇਖ ਤੂੰ ਬਰਸਾਤ ਕਿੱਦਾਂ, ਰਾਤ ਭਰ ਵਰ੍ਹਦੀ ਰਹੀ, ਦਿਨ ਚੜ੍ਹੇ ਟੋਏ ਤੇ ਟਿੱਬੇ, ਸਭ ਬਰਾਬਰ ਕਰ ਗਈ। ਵੇਖਿਉ ਪੰਜਾਬ ਨਾ ਮੁੜ ਅਗਨ-ਭੇਟਾ ਕਰ ਦਿਉ, ਸਾਜ਼ਿਸ਼ੀ ਬਦ-ਜ਼ਾਤ ਹੈ ਚੌਂਕਾਂ 'ਚ ਟੂਣੇ ਕਰ ਗਈ। ਗਾਫ਼ਲੀ ਦਾ ਇਹ ਨਤੀਜਾ ਭੁਗਤਿਆ ਤੇ ਭੁਗਤਣਾ, ਕੂਕਿਆਂ ਦੇ ਡੋਲ ਵਾਂਗੂੰ ਮਾਂਜ ਸਾਨੂੰ ਧਰ ਗਈ। ਕੌਮ ਨੂੰ ਇਤਿਹਾਸ ਤੋਂ ਵਾਕਿਫ਼ ਕਰਾਉਣਾ ਧਰਮ ਹੈ, ਫੇਰ ਨਾ ਕਹਿਣਾ ਸਿਆਸਤ ਸਾਨੂੰ ਗੁੰਮਰਾਹ ਕਰ ਗਈ।

ਤੇਰੇ ਨੈਣੀਂ ਸੁਪਨਾ ਬਣ ਜਾਂ

ਤੇਰੇ ਨੈਣੀਂ ਸੁਪਨਾ ਬਣ ਜਾਂ, ਡੁੱਬਦਾ ਤਰਦਾ। ਸੱਜਣਾਂ ਪਾਸ ਰਹਿਣ ਲਈ ਬੰਦਾ ਕੀ ਨਹੀਂ ਕਰਦਾ। ਮਿਸ਼ਰੀ ਵਾਂਗੂੰ ਘੁਲ ਗਈ ਮੇਰੇ ਸਾਹਾਂ ਅੰਦਰ, ਕਿੰਜ ਰੱਖਾਂ ਨੀ ਜਿੰਦੜੀਏ, ਹੁਣ ਤੈਥੋਂ ਪਰਦਾ। ਸੱਚ ਪੁੱਛੇਂ ਤਾਂ ਤਪਦਾ ਤਨ ਤੰਦੂਰ ਦੇ ਵਾਂਗੂੰ, ਦੀਦ ਤੇਰੀ ਦੇ ਬਾਝੋਂ ਲੱਗਦੈ, ਇਹ ਨਹੀਂ ਠਰਦਾ। ਬੋਲ ਪਿਆ ਕਰ ਫੁੱਲ, ਪੱਤੀਆਂ ਖੁਸ਼ਬੋਈਆਂ ਵਾਂਗੂੰ, ਜਾਂ ਇੱਕ ਵਾਰੀ ਕਹਿ ਦੇ, ਮੇਰਾ ਜੀ ਨਹੀਂ ਕਰਦਾ। ਚੱਲ ਜਿਸਮਾਂ ਤੋਂ ਪਾਰ ਦੇਸ ਦੇ ਵਾਸੀ ਬਣੀਏ, ਮਹਿਕ ਜਿਹਾ ਲਟਬੌਰਾ ਰਿਸ਼ਤਾ ਕਦੇ ਨਾ ਮਰਦਾ। ਦਿਲ ਦੀ ਬਾਤ ਸੁਣਨ ਦਾ ਤੇਰੇ ਕੋਲ ਸਮਾਂ ਨਹੀਂ, ਭੁੱਲ ਨਾ ਜਾਵੀਂ, ਵਕਤ ਉਡੀਕ ਕਦੇ ਨਹੀਂ ਕਰਦਾ। ਮੇਰੇ ਅੰਦਰ ਸ਼ੋਰ ਬੜਾ ਹੈ ਬੇ ਤਰਤੀਬਾ, ਖ਼ਵਰੇ ਏਨਾ ਕਿਉਂ ਹੈ, ਤੇਰੀ ਚੁੱਪ ਤੋਂ ਡਰਦਾ।

ਮਨ ਵਿੱਚ ਆਵੇ ਜਾਂ ਫਿਰ ਆਵੇ

ਮਨ ਵਿੱਚ ਆਵੇ ਜਾਂ ਫਿਰ ਆਵੇ ਧਰਤੀ ਹੇਠ ਭੂਚਾਲ ਬਈ। ਇੱਕੋ ਜਿੰਨਾ ਕਰ ਦੇਂਦਾ ਹੈ, ਜੀਅ ਤੇ ਜਾਨ ਹਲਾਲ ਬਈ। ਸਦੀਆਂ ਤੋਂ ਹੀ ਮਾਨਵਤਾ ਤੇ ਦਾਨਵਤਾ ਦਾ ਰੌਲਾ ਹੈ, ਇਸ ਦੀ ਅਸਲ ਗਵਾਹੀ ਤੱਕ ਤੂੰ, ਧਰਤੀ ਲਾਲੋ ਲਾਲ ਬਈ। ਮੈਂ ਅੰਬਰ ਨੂੰ ਪੌੜੀ ਲਾਈ, ਤਾਰੇ ਤੋੜੇ, ਜੀਅ ਭਰ ਕੇ, ਜਾਗੀ ਅੱਖ ਤੇ ਸਮਝ ਗਿਆ ਮੈਂ, ਇਹ ਸੀ ਖ੍ਵਾਬ ਖ਼ਿਆਲ ਬਈ। ਮੇਰੇ ਪਿੰਡ ਦੀ ਕੱਚੀ ਫਿਰਨੀ, ਘਰ ਦੇ ਅੱਗੇ ਛੱਪੜ ਸੀ, ਲੁਧਿਆਣੇ, ਅਮਰੀਕਾ ਵਿਚ ਉਹ ਤੁਰਦਾ ਨਾਲੋ ਨਾਲ ਬਈ। ਦੋਸ਼ਵਾਨ ਨੇ ਛਤਰੀ ਥੱਲੇ, ਬੇਦੋਸ਼ੇ ਨੂੰ ਸਖ਼ਤ ਸਜ਼ਾ, ਧਰਤੀ ਉੱਤੇ ਆ ਕੇ ਮੌਲਾ, ਵੇਖ ਹਮਾਰਾ ਹਾਲ ਬਈ। ਬੇਸੁਰਿਆਂ ਦੇ ਹੱਥ ਵਿਚ ਆਈਆਂ ਬੀਨਾਂ ਨਾਲੇ ਬੰਸਰੀਆਂ, ਜ਼ਿੰਦਗੀ ਉੱਖੜੀ ਉੱਖੜੀ ਤਾਂਹੀਓਂ, ਸੁਰ ਤੇ ਨਾ ਹੈ ਤਾਲ ਬਈ। ਇਹ ਦੀਵੇ ਜੋ ਮਿੱਟੀ ਵਾਲੇ, ਲੈ ਲੈ ਕਰਦੈਂ ਆਰਤੀਆਂ, ਵੇਖ ਲਿਆ ਕਰ ਅੰਬਰ ਉੱਤੇ, ਰੌਸ਼ਨੀਆਂ ਦਾ ਥਾਲ ਬਈ।

ਮਹਿੰਗੇ ਵਸਤਰ

ਮਹਿੰਗੇ ਵਸਤਰ, ਸੋਨਾ, ਗਹਿਣੇ, ਰੰਗ ਬਰੰਗਾ ਜਾਲ ਕੁੜੇ। ਕਿੱਥੇ ਉਲਝੀ ਨਜ਼ਰ ਨੂਰਾਨੀ, ਭੁੱਲ ਗਈ ਅਸਲੀ ਚਾਲ ਕੁੜੇ । ਸੱਚ ਦੇ ਨਾਲ ਦੂਰ ਦਾ ਰਿਸ਼ਤਾ, ਤਨ ਦਾ ਵੀ ਤੇ ਮਨ ਦਾ ਵੀ, ਸਿਰਫ਼ ਇਕੱਲੀ ਜੀਭ ਕਰੇ ਕਿੰਜ, ਨਦਰੀ ਨਦਰਿ ਨਿਹਾਲ ਕੁੜੇ। ਨਰਮੇ ਪਿੱਛੋਂ ਬਾਸਮਤੀ ਤੇ ਉਸ ਤੋਂ ਮਗਰੋਂ ਘਰ ਦੇ ਜੀਅ, ਮੰਡੀ ਦੇ ਵਿਚ ਰੁਲਦਾ ਫਿਰਦਾ ਸਾਡਾ ਮਹਿੰਗਾ ਮਾਲ ਕੁੜੇ। ਨਾਗਣੀਆਂ ਤੇ ਸਰਪ ਖੜੱਪੇ, ਵੇਖ ਕਿਵੇਂ ਫ਼ੁੰਕਾਰ ਰਹੇ, ਬੀਨਾਂ ਵਾਲੇ ਜੋਗੀ ਵੀ ਕਿਉਂ, ਰਲ ਗਏ ਇਨ੍ਹਾਂ ਨਾਲ ਕੁੜੇ। ਮੰਡੀ ਦੇ ਵਿਚ ਧਰ ਕੇ ਵੇਚਣ ਧਰਮ ਸਿਆਸਤ ਇੱਕੋ ਭਾਅ, ਸਾਨੂੰ ਆਖਣ ਪੈ ਚੱਲਿਆ ਏ ਸ਼ਰਮ ਸ਼ਰ੍ਹਾ ਦਾ ਕਾਲ ਕੁੜੇ। ਬਾਗਬਾਨ ਬਦਨੀਤੇ ਹੋ ਗਏ, ਧਰਮੀ ਬਾਬਲ ਡੋਲ ਗਏ, ਚੋਰ ਲੁਟੇਰੇ ਬੈਠ ਗਏ ਨੇ ਹਰ ਪੱਤੀ ਹਰ ਡਾਲ ਕੁੜੇ। ਧੌਲ ਧਰਮ ਦੇ ਸਿਰ ਤੋਂ ਧਰਤੀ, ਡੋਲ ਰਹੀ ਮਹਿਸੂਸ ਕਰਾਂ, ਬਾਬਰ ਵਾਣੀ ਫਿਰ ਗਈ ਤਾਹੀਓਂ ਗਲ਼ ਵਿਚ ਉਲਝੇ ਵਾਲ ਕੁੜੇ।

ਡੋਰ ਨਾ ਬੰਨ੍ਹੀਂ

ਡੋਰ ਨਾ ਬੰਨ੍ਹੀਂ ਕਦੇ ਮੇਰੇ ਪਰਾਂ ਨੂੰ। ਜਾਣ ਦੇਹ ਮੈਂ ਪਾਰ ਕਰਨਾ ਸਾਗਰਾਂ ਨੂੰ। ਪਾਲਤੂ ਤਾਰੀਖ਼ ਨਾ ਹੁੰਦੀ ਕਦੇ ਵੀ, ਕੌਣ ਦੇਵੇ ਸਬਕ ਹੁਣ ਇਹ ਕਾਫ਼ਰਾਂ ਨੂੰ। ਨਿਰਭਉ, ਨਿਰਵੈਰ, ਸਾਡਾ ਮੂਲ ਮੰਤਰ, ਮਨ ਚੋਂ ਬਾਹਰ ਹੂੰਝ ਦੇ ਸਾਰੇ ਡਰਾਂ ਨੂੰ। ਭਰ ਕਲ਼ਾਵੇ ਧਰਤ ਅੰਬਰ ਘੇਰ ਨਾ ਤੂੰ, ਇੱਕ ਮੁੱਠੀ ਰਾਖ਼ ਬਚਣੀ ਆਖ਼ਰਾਂ ਨੂੰ। ਮਾਰਿਆਂ ਮਰਦੇ ਕਦੇ ਨਾ ਸੂਰਮੇ ਜੀ, ਸਮਝ ਕਿਉਂ ਆਉਂਦੀ ਨਹੀਂ ਇਹ ਜਾਬਰਾਂ ਨੂੰ। ਧੁੱਪ, ਕਿਰਨਾਂ, ਸੇਕ ਤੇ ਆਹ ਪਹੁ-ਫੁਟਾਲਾ, ਸਾਂਭ ਲੈ ਸੂਰਜ ਦੀਆਂ ਸਭ ਕਾਤਰਾਂ ਨੂੰ। ਕਿਉਂ ਭਲਾ ਹੁਣ ਸਾਦਗੀ ਨੂੰ ਮੈਂ ਗੁਆਵਾਂ, ਜਿੰਦ ਕਿਉਂ ਗਹਿਣੇ ਧਰਾਂ ਮੈਂ ਚਾਤਰਾਂ ਨੂੰ।

ਕਾਲੀ ਬੋਲੀ ਰਾਤ ਸਿਰਾਂ ਤੇ

ਪਿਆਰੇ ਰਘੁਬੀਰ ਸਿੰਘ ਘੁੰਨ ਦੇ ਨਾਂ.... ਕਾਲੀ ਬੋਲੀ ਰਾਤ ਸਿਰਾਂ ਤੇ, ਦੀਵਾ ਬਾਲ ਬਨੇਰੇ ਧਰੀਏ। ਚੁੱਪ ਦੇ ਜੰਦਰੇ ਤੋੜਨ ਖ਼ਾਤਰ, ਆ ਜਾ ਰਲ ਕੇ ਕੁਝ ਤਾਂ ਕਰੀਏ। ਸਾਡੇ ਸੁਪਨੇ ਚੁਗਣ ਮਸ਼ੀਨਾਂ, ਦਿਨ ਤੇ ਰਾਤ ਹੌਂਕਦੇ ਪਹੀਏ, ਜਿਥੇ ਕਿਧਰੇ ਮਹਿਕ ਗੁਆਚੀ, ਆ ਜਾ ਖ਼ਾਲੀ ਥਾਵਾਂ ਭਰੀਏ। ਕਰ ਨਾ ਮਾਨ ਸਰੋਵਰ ਸੱਖਣਾ, ਮਾਰ ਉਡਾਰੀ ਆ ਜਾ ਕਿਤਿਉਂ, ਹੰਸਣੀਆਂ ਤੇ ਹੰਸਾਂ ਖਾਤਰ, ਚੋਗਾ ਸੁੱਚੇ ਮੋਤੀ ਧਰੀਏ। ਸਾਥ ਦਏਂ ਤਾਂ ਪਾਰ ਕਰ ਦਿਆਂ, ਸੱਤੇ ਸਾਗਰ ਇੱਕੋ ਤਾਰੀ, ਭਵ-ਸਾਗਰ ਤੋਂ ਡਰਦੇ ਲੋਕੀਂ, ਪੁੱਛੀ ਜਾਵਣ ਹੁਣ ਕੀ ਕਰੀਏ। ਤੇਰੇ ਰੰਗਾਂ ਵਿਚੋਂ ਮੈਂ ਵੀ, ਇੱਕ ਅੱਧ ਰਿਸ਼ਮ ਉਧਾਰੀ ਚਾਹੁੰਨਾਂ, ਨੀ ਸਤਰੰਗੀਏ ਅੰਬਰੀਂ ਪੀਂਘੇ, ਨੀ ਖ੍ਵਾਬਾਂ ਦੀ ਅੱਲ੍ਹੜ ਪਰੀਏ। ਥੱਕ ਜਾਂਦੇ ਹਾਂ ਸੁਣਦੇ ਸੁਣਦੇ ਰਾਗ ਰਬਾਬ ਕਿਤਾਬ ਪੜ੍ਹਦਿਆਂ, ਸ਼ਬਦ-ਬਗੀਚੀ ਦੇ ਫੁੱਲ ਮਹਿਕਣ, ਸੁੰਘਣ ਤੋਂ ਕਿਉਂ ਆਪਾਂ ਡਰੀਏ। ਇਹ ਧਰਤੀ ਸੀ ਗਿਆਨ ਪੰਘੂੜਾ, ਮੱਥੇ ਊੜਾ ਸਿਰ ਤੇ ਜੂੜਾ, ਦੇਸ ਦੁਆਬਾ, ਧਰਤ ਮਾਲਵਾ, ਸਮਝਣ ਕਿਉਂ ਨਾ ਅੰਬਰਸਰੀਏ।

ਜ਼ਿੰਦਗੀ ਦੇ ਸਾਜ਼ ਨੂੰ

ਜ਼ਿੰਦਗੀ ਦੇ ਸਾਜ਼ ਨੂੰ ਸੁਰ ਕਰਦਿਆਂ ਗੁਜ਼ਰੀ ਏ ਰਾਤ। ਅੱਖ ਉਲਝੀ ਜ਼ੁਲਫ਼ ਉੱਤੇ ਧਰਦਿਆਂ ਗੁਜ਼ਰੀ ਏ ਰਾਤ। ਮੁੱਦਤਾਂ ਪਹਿਲਾਂ ਮਿਲੇ ਸੀ ਪੱਤਣਾਂ ਤੇ ਜਿਸ ਤਰ੍ਹਾਂ, ਮਹਿਕਦੇ ਓਸੇ ਸਰਾਂ ਵਿਚ ਤਰਦਿਆਂ ਗੁਜ਼ਰੀ ਏ ਰਾਤ। ਅਗਨ ਦਾ ਬਿਸਤਰ ਵਿਛਾਉਣਾ ਬਣ ਗਿਆ ਤੂੰ ਵੇਖਦੀ, ਪਰਤਦਾ ਪਾਸੇ ਰਿਹਾਂ ਇਉਂ ਮਰਦਿਆਂ ਗੁਜ਼ਰੀ ਏ ਰਾਤ। ਹੋਠ ਤਾਂ ਸੁੱਚੇ ਸੀ ਮੇਰੇ ਤੇਰੀ ਰੂਹ ਦੀ ਪਿਆਸ ਵਾਂਗ, ਫੇਰ ਕਿਸ ਤੋਂ ਇਹ ਭਲਾ ਕਿਉਂ ਡਰਦਿਆਂ ਗੁਜ਼ਰੀ ਏ ਰਾਤ। ਧਰਮ ਤੇ ਇਖ਼ਲਾਕ ਦੇ ਸ਼ੀਸ਼ੇ 'ਚ ਕੋਈ ਹੋਰ ਕਿਉਂ, ਆਪਣੇ ਹੱਥੋਂ ਹੀ ਚਾਬਕ ਜਰਦਿਆਂ ਗੁਜ਼ਰੀ ਏ ਰਾਤ। ਭਰਮ ਸੀ ਮਿੱਠਾ ਜਿਹਾ ਜਾਂ ਸੀ ਹਕੀਕਤ ਕੀ ਪਤਾ, ਚਾਨਣੀ ਦੀ ਰਿਸ਼ਮ ਨੂੰ ਹੀ ਵਰਦਿਆਂ ਗੁਜ਼ਰੀ ਏ ਰਾਤ। ਮੈਂ ਤੇਰੇ ਵਾਲਾਂ 'ਚ ਗੁੰਦਾਂ ਤਾਰਿਆਂ ਦੀ ਕਹਿਕਸ਼ਾਂ, ਇਸ ਤਰ੍ਹਾਂ ਦੇ ਖ੍ਵਾਬ ਪੂਰੇ ਕਰਦਿਆਂ ਗੁਜ਼ਰੀ ਏ ਰਾਤ।

ਜ਼ਿੰਦਗੀ ਨੂੰ ਵਰਨ ਦਾ

ਜ਼ਿੰਦਗੀ ਨੂੰ ਵਰਨ ਦਾ ਇਲਜ਼ਾਮ ਮੇਰੇ ਨਾਂ ਕਰੋ। ਮਾਂਗ ਸੁੰਨੀ ਭਰਨ ਦਾ ਇਲਜ਼ਾਮ ਮੇਰੇ ਨਾਂ ਕਰੋ। ਉਹਦਿਆਂ ਨੈਣਾਂ 'ਚ ਗੁੰਮੇ ਸ਼ਾਇਦ ਮੇਰੇ ਖ੍ਵਾਬ ਹੋਣ, ਇਹ ਸਮੁੰਦਰ ਤਰਨ ਦਾ ਇਲਜ਼ਾਮ ਮੇਰੇ ਨਾਂ ਕਰੋ। ਝੀਲ ਹੈ ਨੀਲੀ ਬਲੌਰੀ, ਪਾਰਦਰਸ਼ੀ ਨੀਰ ਵੇਖ, ਸਰਦ ਹਾਉਕੇ ਭਰਨ ਦਾ ਇਲਜ਼ਾਮ ਮੇਰੇ ਨਾਂ ਕਰੋ। ਵੇਖ ਲੈ ਨਿਰਵਸਤਰੀ ਹੈ, ਜਾਗਦੀ ਮੇਰੀ ਜ਼ਮੀਰ , ਏਸ ਖ਼ਾਤਰ ਮਰਨ ਦਾ ਇਲਜ਼ਾਮ ਮੇਰੇ ਨਾਂ ਕਰੋ। ਮੈਂ ਭਲਾ ਕਰਦਾ ਕਿਉਂ ਸੌਦਾਗਰੀ ਜੀ ਅਣਖ਼ ਨਾਲ, ਜਿੱਤੀ ਬਾਜ਼ੀ ਹਰਨ ਦਾ ਇਲਜ਼ਾਮ ਮੇਰੇ ਨਾਂ ਕਰੋ। ਮੈਂ ਕਲਾਵੇ ਭਰ ਰਿਹਾਂ ਹਾਂ, ਬਿਨ ਮਿਲੇ ਤੋਂ ਵੇਖ ਲਉ, ਇਹ ਗੁਨਾਹ ਵੀ ਕਰਨ ਦਾ ਇਲਜ਼ਾਮ ਮੇਰੇ ਨਾਂ ਕਰੋ। ਕਸਕ ਉੱਠਦੀ ਹੈ ਕਲੇਜੇ, ਕਰਕ ਜਾਵੇ ਆਰ ਪਾਰ, ਹੂਕ ਦਿਲ ਦੀ ਜਰਨ ਦਾ ਇਲਜ਼ਾਮ ਮੇਰੇ ਨਾਂ ਕਰ

ਧਰਤੀ ਵੀ ਬਦ ਰੰਗ

ਧਰਤੀ ਵੀ ਬਦ ਰੰਗ ਹੈ, ਅੰਬਰ ਵੀ ਕਾਲਾ ਹੈ। ਪੁੱਛੀਏ ਕੀਹ, ਸਾਫ਼ ਦਿਸੇ, ਸਭ ਘਾਲ਼ਾ ਮਾਲ਼ਾ ਹੈ। ਤੂੰ ਜਿਸਮ ਨਹੀਂ ਕੇਵਲ, ਇੱਕ ਰੂਹ ਦਾ ਕ੍ਰਿਸ਼ਮਾ ਹੈਂ, ਅੰਦਰ ਤੇ ਬਾਹਰ ਤਿਰੇ, ਤਾਂ ਹੀ ਤੇ ਉਜਾਲਾ ਹੈ। ਉਹ ਅਸਲ ਹਕੀਕਤ ਨੂੰ, ਪਹਿਚਾਨਣ ਯੋਗ ਨਹੀਂ, ਨੀਯਤ ਵੀ ਸਾਫ਼ ਨਹੀਂ, ਅੱਖੀਆਂ 'ਚ ਵੀ ਜਾਲਾ ਹੈ। ਗੁੱਸੇ ਵਿਚ ਜਦ ਬੋਲਾਂ, ਕੁਝ ਹੋਰ ਹੀ ਬਣ ਜਾਵਾਂ, ਧੀਰਜ ਵੀ ਧਰਦਾ ਨਹੀਂ, ਅਕਲਾਂ ਤੇ ਵੀ ਤਾਲਾ ਹੈ। ਬਗਲੇ ਨੂੰ ਭਗਤ ਕਹੋ, ਪਛਤਾਉਗੇ ਆਪੇ ਹੀ, ਬਗਲਾਂ ਵਿਚ ਛੁਰੀਆਂ ਨੇ, ਹੱਥਾਂ ਵਿਚ ਮਾਲ਼ਾ ਹੈ। ਆਂਦਰ ਦੇ ਧਾਗੇ ਵਿਚ, ਮੋਤੀ ਨੇ ਅੱਖਰਾਂ ਦੇ, ਇਹ ਅਜਬ ਸਵੰਬਰ ਹੈ, ਕੈਸੀ ਵਰ ਮਾਲ਼ਾ ਹੈ। ਬਾਪੂ ਜੀ ਅਨਪੜ੍ਹ ਸੀ, ਪਰ ਅਕਸਰ ਕਹਿੰਦੇ ਸੀ, ਹਥਿਆਰ ਦਾ ਹਰ ਧਰਤੀ, ਹਰ ਥਾਂ ਮੂੰਹ ਕਾਲਾ ਹੈ।

ਜੇ ਤੂੰ ਸਭ ਕੁਝ ਸੌਂਪਣਾ

ਜੇ ਤੂੰ ਸਭ ਕੁਝ ਸੌਂਪਣਾ ਤਕਦੀਰ ਨੂੰ। ਪੂੰਝ ਦੇਹ ਦਿਲ 'ਚੋਂ ਮੇਰੀ ਤਸਵੀਰ ਨੂੰ। ਤੇਰੇ ਹੁੰਦੇ ਲੁਟ ਗਿਆ ਈਮਾਨ ਕਿਉਂ, ਪੁੱਛੀਏ ਚੱਲ ਕਾਫ਼ਲੇ ਦੇ ਮੀਰ ਨੂੰ। ਰੂਹ ਬਿਨਾਂ ਕਲਬੂਤ ਕਿੱਦਾਂ ਜੀ ਰਿਹਾ, ਜੇ ਮਿਲੀ, ਪੁੱਛਾਂਗੇ ਆਪਾਂ ਹੀਰ ਨੂੰ। ਜਿਸਮ ਤੋਂ ਵੀ ਪਾਰ ਕਰਕੇ, ਮਾਰ ਦੇ, ਖਿੱਚ ਕੇ ਤੰਦੀ ਚਲਾ ਦੇ ਤੀਰ ਤੂੰ। ਮੈਂ ਅਜੇ ਵਿਕਿਆ ਨਹੀਂ ਬਾਜ਼ਾਰ ਵਿਚ, ਦੱਸ ਦੇ ਤੂੰ ਅੱਖ ਵਿਚਲੇ ਟੀਰ ਨੂੰ। ਜੇ ਖ਼ੁਦਾ ਆਵੇ ਤਾਂ ਆਖੇ ਯਾ ਖ਼ੁਦਾ, ਵੇਖ ਕੇ ਸ਼ੀਸ਼ੇ 'ਚ ਟੇਢੇ ਚੀਰ ਨੂੰ। ਦਰਦ ਵੀ, ਅਹਿਸਾਸ ਵੀ ਤੇ ਬਹੁਤ ਕੁਝ, ਪੜ੍ਹ ਲਿਆ ਕਰ ਅੱਖ ਵਿਚਲੇ ਨੀਰ ਨੂੰ।

ਡੇਰਾ ਲਾ ਕੇ ਬਹਿ ਨਾ ਜਾਵੇ

ਖੁਸ਼ਵੰਤ ਬਰਗਾੜੀ ਦੇ ਨਾਂ.... ਡੇਰਾ ਲਾ ਕੇ ਬਹਿ ਨਾ ਜਾਵੇ, ਸਾਡੇ ਪਿੰਡ ਤਕਰਾਰ ਦਾ ਮੌਸਮ। ਇਸ ਦੇ ਪਿੱਛੇ ਪਿੱਛੇ ਆਉਂਦੈ, ਅਕਸਰ ਹੀ ਤਲਵਾਰ ਦਾ ਮੌਸਮ। ਪਿੱਪਲ ਥੱਲੇ ਬਹੀਏ, ਜਾਂ ਫਿਰ ਗੋਲ ਮੇਜ਼ ਤੇ ਕਰੀਏ ਗੱਲਾਂ, ਸਦਾ ਲਿਆਕਤ ਜਿੱਤ ਜਾਂਦੀ ਤੇ ਹਰ ਜਾਂਦਾ ਹਥਿਆਰ ਦਾ ਮੌਸਮ। ਮੱਖੀ ਮੱਛਰ ਵਾਂਗੂੰ ਘੇਰੇ, ਮਨ ਮਸਤਕ ਤੇ ਸੋਚ ਵਿਚਾਰਾਂ, ਚਿਹਰਾ ਬਦਲ-ਬਦਲ ਕੇ ਡੰਗੇ, ਟੀ ਵੀ ਤੇ ਅਖ਼ਬਾਰ ਦਾ ਮੌਸਮ। ਧਰਮ ਗਰੰਥੋਂ ਪੱਤਰੇ ਪਾੜੇ, ਗੀਤਾ ਅਤੇ ਕੁਰਾਨ ਨਾ ਬਖਸ਼ੇ, ਕੀਹ ਕੀਹ ਰੰਗ ਦਿਖਾਏ ਸਾਨੂੰ, ਤਿੱਖੇ ਚੋਣ ਬੁਖ਼ਾਰ ਦਾ ਮੌਸਮ। ਨਜ਼ਰੋਂ ਗਿਰਿਆ ਬੰਦਾ ਜੀਕੂੰ, ਉੱਠ ਨਹੀਂ ਸਕਦਾ ਜ਼ੋਰ ਲਗਾ ਕੇ, ਸਭ ਤੋਂ ਮਾਰੂ ਹੁੰਦੈ ਅਕਸਰ ਮਨ ਦੇ ਉਤਲੇ ਭਾਰ ਦਾ ਮੌਸਮ। ਹੱਥ ਵਿਚ ਫ਼ੋਨ, ਮੋਬਾਈਲ, ਧਰਤੀ ਮੁੱਠੀ ਦੇ ਵਿਚ ਲੈ ਲਏ ਭਾਵੇਂ, ਫਿਰ ਵੀ ਚੰਗਾ ਚੰਗਾ ਲੱਗਦੈ, ਖ਼ਤ, ਚਿੱਠੀ ਤੇ ਤਾਰ ਦਾ ਮੌਸਮ। ਚਹੁੰ ਰੁੱਤਾਂ ਵਿਚ ਜ਼ਿੰਦਗੀ ਬੀਤੇ, ਦਿਵਸ ਮਹੀਨੇ ਸਾਲਾਂ ਅੰਦਰ, ਖੁਸ਼ਬੋਈ ਵਿਸਵਾਸ਼ 'ਚ ਰੰਗਿਆ, ਪੰਜਵਾਂ ਹੁੰਦੈ ਪਿਆਰ ਦਾ ਮੌਸਮ।

ਇੱਕ ਚਸ਼ਮਾ ਫੁੱਟਿਆ

ਇੱਕ ਚਸ਼ਮਾ ਫੁੱਟਿਆ, ਦਿਲ ਦੇ ਬਰਾਬਰ ਹੋ ਗਿਆ। ਵੇਖ ਲੈ ਗ਼ਮ ਕਿਸ ਤਰ੍ਹਾਂ ਖ਼ੁਰ ਕੇ ਸਮੁੰਦਰ ਹੋ ਗਿਆ। ਬਹੁਤ ਕੋਸਿਸ਼ ਕਰ ਰਿਹਾਂ, ਇਸ ਨੂੰ ਨਿਖ਼ਾਰਨ ਵਾਸਤੇ, ਜ਼ਿੰਦਗੀ, ਨਕਸ਼ਾ ਤੇਰਾ ਪਹਿਲਾਂ ਤੋਂ ਬਦਤਰ ਹੋ ਗਿਆ। ਹੁਣ ਤੇ ਸ਼ੀਸ਼ੇ ਵਾਂਗ ਹਰ ਦੀਵਾਰ ਮੂੰਹੋਂ ਬੋਲਦੀ, ਕਿਉਂ ਭਲਾ ਹਰ ਬਿਰਖ਼ ਬੂਟਾ ਤੈਥੋਂ ਨਾਬਰ ਹੋ ਗਿਆ। ਧਰਮ ਦੀ ਬੇੜੀ 'ਚ ਵੱਟੇ ਪਾ ਰਿਹਾ ਧਰਮਾਤਮਾ, ਕੀਹ ਕਰਾਂ, ਇਹ ਵੇਖ ਕੇ ਮਨ ਫੇਰ ਕਾਫ਼ਰ ਹੋ ਗਿਆ। ਤੀਰ ਤੇ ਤਲਵਾਰਧਾਰੀ ਰੋਜ਼ ਬੂਹੇ ਭੰਨਦੇ, ਸਹਿਮ ਗਏ ਬੋਟਾਂ ਦੇ ਵਾਂਗੂੰ, ਕਿਉਂ ਮੇਰਾ ਘਰ ਹੋ ਗਿਆ। ਦੌੜਦਾ ਫਿਰਦੈ ਗਲੀ ਬਾਜ਼ਾਰ ਅੰਦਰ ਰਾਤ ਦਿਨ, ਅਣ ਕਮਾਇਆ ਧਨ ਕਿਉਂ, ਦੁਨੀਆਂ ਦਾ ਰਾਹਬਰ ਹੋ ਗਿਆ। ਕਿਸ ਤਰ੍ਹਾਂ ਦੌਲਤ ਦਾ ਕਾਲਾ, ਫ਼ੈਲਿਆ ਹੈ ਰਾਜ ਭਾਗ, ਨੇਰ੍ਹ ਘੁੰਮਣ ਘੇਰ ਵਾਂਗੂੰ ਧਰਤ ਅੰਬਰ ਹੋ ਗਿਆ।

ਕਿਸ ਧਰਤੀ ਨੂੰ ਅਪਣੀ ਆਖਾਂ

ਕਿਸ ਧਰਤੀ ਨੂੰ ਅਪਣੀ ਆਖਾਂ, ਕਿਸ ਨੂੰ ਦਿਲ ਦੀ ਬਾਤ ਕਹਾਂ। ਤੂੰ ਤਾਂ ਮੈਨੂੰ ਇਹ ਕਹਿੰਦਾ ਏਂ, ਦਿਨ ਨੂੰ ਦਿਨ ਨਹੀਂ, ਰਾਤ ਕਹਾਂ। ਤੂੰ ਤੇ ਮੈਨੂੰ ਓਸੇ ਪਲ ਹੀ ਬੇਦਖ਼ਲਾਂ ਵਿਚ ਲਿਖ ਲੈਂਦੈਂ, ਜੇ ਮੈਂ ਕਦੇ ਕਦਾਈਂ ਤੈਨੂੰ ਦਿਲ ਵਾਲੇ ਜਜ਼ਬਾਤ ਕਹਾਂ। ਜੋ ਨਾਟਕ ਵਿਚ ਜ਼ਹਿਰ ਪਿਆਲਾ ਅਕਸਰ ਨਕਲੀ ਨਿੱਤ ਪੀਂਦਾ, ਜ਼ਿਦ ਕਰਦਾ ਹੈ, ਜ਼ਿੰਦਗੀ ਵਿਚ ਵੀ, ਉਸ ਨੂੰ ਮੈਂ ਸੁਕਰਾਤ ਕਹਾਂ। ਦਿਲ ਨੂੰ ਜੀਭ ਲਗਾਉਂਦਾ ਜੇ ਰੱਬ, ਆਹ ਦਿਨ ਤੱਕਣੋਂ ਬਚ ਰਹਿੰਦੇ, ਸੁਰਤੀ ਟਪਲਾ ਖਾ ਜਾਂਦੀ ਹੈ, ਕਿਉਂ ਦਿਲ ਦੇ ਹਾਲਾਤ ਕਹਾਂ। ਅੱਥਰੂ ਅੱਥਰੂ ਮਨ ਦਾ ਵਿਹੜਾ, ਝੜ ਗਏ ਫੁੱਲ ਅਨਾਰਾਂ ਦੇ, ਖ੍ਵਾਬ ਨਗਰ ਵਿਚ ਗੜ੍ਹੇਮਾਰ ਨੂੰ, ਕਿੱਦਾਂ ਰੱਬ ਦੀ ਦਾਤ ਕਹਾਂ। ਮੈਂ ਤੇ ਟੁੱਟਿਆ ਤਾਰਾ ਅੰਬਰੋਂ, ਭਟਕਣ ਵਿਚ ਹਾਂ ਅਜ਼ਲਾਂ ਤੋਂ, ਹੋਰ ਭਰਮ ਨਹੀਂ ਪਲਦਾ ਮੈਥੋਂ, ਖ਼ੁਦ ਨੂੰ ਰੱਬ ਦੀ ਜ਼ਾਤ ਕਹਾਂ। ਤੂੰ ਕਹਿੰਦਾ ਏ ਵਕਤ ਕਰੋਪੀ, ਲੈ ਕੇ ਆਇਐ ਧਰਤੀ ਤੇ, ਨੀਤੀ ਵਿਚ ਬਦਨੀਤੀ ਕਾਰਨ, ਵਿਗੜੇ ਮੈਂ ਹਾਲਾਤ ਕਹਾਂ।

ਮੈਂ ਚਾਹਾਂ ਰਾਤ ਰਾਣੀ

ਮੈਂ ਚਾਹਾਂ ਰਾਤ ਰਾਣੀ ਬਣ ਕੇ ਆਵੇਂ। ਤੂੰ ਮੈਨੂੰ ਮਿਲ ਕਦੇ ਧੁੱਪੇ ਨਾ ਛਾਵੇਂ। ਕਿਆਰੀ ਵਿੱਚ ਜੀਕੂੰ ਲਾਜਵੰਤੀ, ਹਮੇਸ਼ਾਂ ਸਹਿਮ ਨਾ ਜਦ ਕੋਲ ਆਵੇਂ। ਤੂੰ ਚੰਦਨ ਬਿਰਖ਼ ਨੂੰ ਗਲਵੱਕੜੀ ਪਾ, ਤੇ ਛੱਡੀਂ ਜਦ ਬਰਾਬਰ ਮਹਿਕ ਜਾਵੇਂ। ਕਰਾਂ ਮਹਿਸੂਸ ਖੁਸ਼ਬੂ ਦਾ ਕਲਾਵਾ, ਤੂੰ ਮੇਰਾ ਨਾਮ ਲੈ ਜਦ ਵੀ ਬੁਲਾਵੇਂ। ਜਿਵੇਂ ਖਿੜਦੀ ਦੁਪਹਿਰੀ ਕੜਕ ਧੁੱਪੇ, ਮੈਂ ਚਾਹਾਂ ਤੂੰ ਵੀ ਏਦਾਂ ਮੁਸਕਰਾਵੇਂ। ਤੂੰ ਆਪਣੀ ਰੂਹ ਨੂੰ ਬੇਪਰਦ ਰੱਖੀਂ, ਜੇ ਪਾਏਂ ਵੇਸ ਤਾਂ ਕਿਰਨਾਂ ਦੇ ਪਾਵੇਂ। ਸਵੇਰੇ ਮਹਿਕ ਮੈਨੂੰ ''ਝਾਤ'' ਆਖੂ, ਤੂੰ ਸੁੱਚੀ ਚਾਂਦਨੀ ਜੇ ਘਰ 'ਚ ਲਾਵੇਂ।

ਦਰਦ ਸਮੁੰਦਰ ਭਾਫ਼ ਬਣੇ

ਤ੍ਰੈਲੋਚਨ ਲੋਚੀ ਤੇ ਮਨਜਿੰਦਰ ਧਨੋਆ ਦੇ ਨਾਂ.... ਦਰਦ ਸਮੁੰਦਰ ਭਾਫ਼ ਬਣੇ ਤੇ ਅੱਥਰੂ ਬਣ ਕੇ ਵਰ੍ਹ ਜਾਂਦਾ ਏ। ਦਿਲ ਦੇ ਟੋਏ, ਵੱਟਾਂ ਬੰਨੇ, ਜਲ ਥਲ ਛਹਿਬਰ ਕਰ ਜਾਂਦਾ ਏ। ਧੜਕਣ ਵਰਗੇ ਮਨ ਦੇ ਮਹਿਰਮ, ਨੇੜੇ ਰਹਿ ਕੇ ਜੇ ਨਾ ਬੋਲਣ, ਦਿਲ ਦਰਿਆ ਵੀ ਹੌਕੇ ਲੈਂਦਾ, ਛਾਲੇ ਵਾਂਗੂੰ ਭਰ ਜਾਂਦਾ ਏ। ਦੁਨੀਆਂ ਜਿੱਤਣ ਤੁਰਿਆ ਏਂ ਤਾਂ, ਬੀਬਾ ਇਹ ਗੱਲ ਚੇਤੇ ਰੱਖੀਂ, ਬਹੁਤੀ ਵਾਰ ਸਿਕੰਦਰ ਵਰਗਾ ਮਨ ਦੀ ਬਾਜ਼ੀ ਹਰ ਜਾਂਦਾ ਏ। ਏਨੀ ਚੁੱਪ ਦਾ ਪਰਬਤ ਭਾਰਾ, ਚੁੱਕ ਲੈ, ਚੁੱਕ ਲੈ ਮੇਰੀ ਹਿੱਕ ਤੋਂ, ਏਸ ਤਰ੍ਹਾਂ ਤਾਂ ਪਿਆਰ ਦਾ ਬੂਟਾ ਮਰਦਾ ਮਰਦਾ ਮਰ ਜਾਂਦਾ ਏ। ਸੁਪਨੇ ਵਾਲੀ ਕੱਚੀ ਮਿੱਟੀ ਗੁੰਨ ਪਕਾ ਲੈ ਆਵੇ ਅੰਦਰ, ਜੇ ਆਕਾਰ ਸਾਕਾਰ ਨਾ ਕਰੀਏ, ਕਣੀਆਂ ਦੇ ਵਿਚ ਖਰ ਜਾਂਦਾ ਏ। ਸੂਰਜ ਗੋਡੀ ਲਾਉਂਦਾ ਜਦ ਵੀ, ਰਾਵੀ ਕੰਢੇ ਤੱਕਿਆ ਹੈ ਮੈਂ, ਹਰ ਵਾਰੀ ਕਿਉਂ ਲੱਗਦੈ ਰਾਵੀ ਪਾਰ ਇਹ ਸਾਡੇ ਘਰ ਜਾਂਦਾ ਏ। ਬਿਨ ਗੈਰਤ ਤੋਂ ਤਨ ਦੀ ਗੇਲੀ, ਔਖੀ ਭਾਰੀ ਹੋ ਗਈ ਚੁੱਕਣੀ, ਬਿਨ ਪਰਵਾਜ਼ ਪਰਿੰਦਾ ਜੀਕੂੰ, ਕੰਬਦਾ ਰਹਿੰਦਾ, ਡਰ ਜਾਂਦਾ ਏ।

ਉਹ ਤਾਂ ਕੇਵਲ ਚੋਲ਼ਾ ਬਦਲੇ

ਉਹ ਤਾਂ ਕੇਵਲ ਚੋਲ਼ਾ ਬਦਲੇ, ਕੌਣ ਕਹੇ ਮਾਂ ਮਰ ਜਾਂਦੀ ਹੈ। ਪੁੱਤਰ ਧੀਆਂ ਅੰਦਰ ਉਹ ਤਾਂ, ਆਪਣਾ ਸਭ ਕੁਝ ਧਰ ਜਾਂਦੀ ਹੈ। ਮਹਿਕ ਸਦੀਵੀ, ਮੋਹ ਦੀਆਂ ਤੰਦਾਂ, ਮਮਤਾ ਮੂਰਤ ਰੂਪ ਬਦਲਦੀ, ਕਿੰਨੇ ਮਹਿੰਗੇ ਅਸਲ ਖ਼ਜ਼ਾਨੇ, ਦੇ ਕੇ ਝੋਲੀ ਭਰ ਜਾਂਦੀ ਹੈ। ਸਬਰ, ਸਿਦਕ, ਸੰਤੋਖ, ਸਮਰਪਣ, ਸੇਵਾ, ਸਿਮਰਨ, ਸੁਰਤੀ ਸੁੱਚੀ, ਸਬਕ ਸਦੀਵੀ ਹੋਰ ਬੜਾ ਕੁਝ, ਆਪ ਹਵਾਲੇ ਕਰ ਜਾਂਦੀ ਹੈ। ਘਰ ਦੀ ਥੁੜ ਨੂੰ ਕੱਜਦੀ ਕੱਜਦੀ, ਆਪ ਟਾਕੀਆਂ ਲਾਉਂਦੀ ਰਹਿੰਦੀ, ਰਿਸ਼ਤੇ ਨਾਤੇ ਜੋੜ ਜੋੜ ਕੇ, ਨੀਂਹ ਨੂੰ ਪੱਕਿਆਂ ਕਰ ਜਾਂਦੀ ਹੈ। ਮਿੱਟੀ ਦੇ ਸੰਗ ਮਿੱਟੀ ਹੋ ਕੇ, ਮਿੱਟੀ 'ਚੋਂ ਆਕਾਰ ਸਿਰਜਦੀ, ਟੁੱਟ ਜਾਵੇ ਨਾ ਖੇਡ ਖਿਡਾਉਣਾ, ਸੋਚ ਸੋਚ ਮਾਂ ਡਰ ਜਾਂਦੀ ਹੈ। ਧਰਤੀ ਮਾਂ ਤੇ ਅੰਬਰ ਬਾਬਲ, ਰੂਹ ਦਾ ਸੂਰਜ ਕੌਣੀ ਟਿੱਕਾ, ਲੈ ਕੇ ਸੂਹੀ ਸਿਰ ਫੁਲਕਾਰੀ, ਚੰਨ ਨੂੰ ਚਾਨਣੀ ਵਰ ਜਾਂਦੀ ਹੈ। ਧਰਤੀ ਮਾਂ ਦੀ ਧੀ ਸੁਚਿਆਰੀ, ਮੇਰੀ ਮਾਂ ਦੇ ਵਰਗੀ ਹਰ ਮਾਂ, ਬਿਨ ਕੋਸ਼ਿਸ਼ ਤੋਂ ਮਾਂ ਬੋਲੀ ਦਾ ਸ਼ਬਦ-ਭੰਡਾਰਾ ਭਰ ਜਾਂਦੀ ਹੈ।

ਦੀਨਾ ਕਾਂਗੜ ਵਿਚ ਬਹਿ ਲਿਖਿਆ

ਭਾਈ ਨਰਿੰਦਰ ਸਿੰਘ ਮੁਕਤਸਰ ਦੇ ਨਾਂ.... ਦੀਨਾ ਕਾਂਗੜ ਵਿਚ ਬਹਿ ਲਿਖਿਆ, ਕੀਹ ਐਸਾ ਪਰਵਾਨੇ ਤੇ। ਔਰੰਗਜ਼ੇਬ ਤੜਫਿਆ ਪੜ੍ਹ ਕੇ, ਲੱਗਿਆ ਤੀਰ ਨਿਸ਼ਾਨੇ ਤੇ। ਖਿਦਰਾਣੇ ਦੀ ਢਾਬ ਨੂੰ ਜਾਂਦਾ, ਮਾਰਗ ਅੱਜ ਕਿਉਂ ਖਾਲੀ ਹੈ, ਪੁੱਤਰ ਧੀਆਂ ਪੜ੍ਹਦੇ ਕਿਉਂ ਨਹੀਂ, ਕੀਹ ਲਿਖਿਆ ਅਫ਼ਸਾਨੇ ਤੇ। ਵੇਲ ਧਰਮ ਦੀ ਸੂਹੇ ਪੱਤੇ, ਸੁੱਕਦੇ ਜਾਂਦੇ ਬਿਰਖ਼ ਕਿਉਂ, ਅਮਰ-ਵੇਲ ਕਿਉਂ ਚੜ੍ਹਦੀ ਜਾਂਦੀ, ਰੰਗ ਰੱਤੜੇ ਮਸਤਾਨੇ ਤੇ। ਚਾਲੀ ਸਿੰਘ ਤੇ ਮੁਕਤੀ ਪਾ ਗਏ, ਬੇਦਾਵੇ ਤੇ ਲੀਕ ਫਿਰੀ, ਰਣਭੂਮੀ ਵਿਚ ਜੋ ਨਾ ਪਹੁੰਚਾ, ਗੁਜ਼ਰੀ ਕੀਹ ਦੀਵਾਨੇ ਤੇ। ਸ਼ਮ੍ਹਾਂਦਾਨ ਵਿਚ ਤੇਲ ਨਾ ਬੱਤੀ, ਚਾਰ ਚੁਫ਼ੇਰ ਹਨ੍ਹੇਰ ਜਿਹਾ, ਲਾਟ ਗਵਾਚੀ ਵੇਖੀ ਜਦ ਉਸ ਬੀਤੀ ਕੀਹ ਪ੍ਰਵਾਨੇ ਤੇ। ਆਪ ਅਜੇ ਜੋ ਕਦਮ ਨਾ ਤੁਰਿਆ, ਸਫ਼ਰ ਮੁਕਾਉਣਾ ਉਸ ਨੇ ਕੀਹ, ਸ਼ੀਸ਼ ਵਿਚ ਨਾ ਚਿਹਰਾ ਵੇਖ, ਸ਼ਿਕਵਾ ਕਰ ਜ਼ਮਾਨੇ ਤੇ। ਜ਼ੋਰਾਵਰ ਦਾ ਸੱਤੀਂ ਵੀਹੀਂ, ਸਿਰਫ਼ ਸੈਂਕੜਾ ਅੱਜ ਵੀ ਹੈ, ਧਰਮ ਨਿਤਾਣਾ ਅੱਜ ਕਿਉਂ ਰੁਲਦਾ, ਵਿਕਦਾ ਆਨੇ ਆਨੇ ਤੇ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਗੁਰਭਜਨ ਗਿੱਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ