Dharti Naad (Kaav Sangreh) : Gurbhajan Gill

ਧਰਤੀ ਨਾਦ (ਕਾਵਿ ਸੰਗ੍ਰਹਿ) : ਗੁਰਭਜਨ ਗਿੱਲ




ਕਵਿਤਾ ਵਹਿਣ ਨਿਰੰਤਰ

ਕਵਿਤਾ ਮੇਰੇ ਅੰਤਰ ਮਨ ਦੀ ਮੂਕ ਵੇਦਨਾ ਨੇਰ੍ਹੇ ਤੋਂ ਚਾਨਣ ਵੱਲ ਜਾਂਦੀ ਇਕ ਪਗਡੰਡੀ। ਹਰੇ ਕਚੂਰ ਦਰਖ਼ਤਾਂ ਵਿਚ ਦੀ ਦਿਸਦਾ ਚਾਨਣ। ਧਰਤ, ਸਮੁੰਦਰ, ਦਰਿਆ, ਅੰਬਰ, ਚੰਨ ਤੇ ਤਾਰੇ, ਇਸ ਦੀ ਬੁੱਕਲ ਬਹਿੰਦੇ ਸਾਰੇ। ਇਕਲਾਪੇ ਵਿਚ ਆਤਮ-ਬਚਨੀ। ਗੀਤ ਕਿਸੇ ਕੋਇਲ ਦਾ ਸੱਚਾ। ਅੰਬਾਂ ਦੀ ਝੰਗੀ ਵਿਚ ਬਹਿ ਕੇ, ਜੋ ਉਹ ਖ਼ੁਦ ਨੂੰ ਆਪ ਸੁਣਾਵੇ। ਜਿਉਂ ਅੰਬਰਾਂ 'ਚੋਂ, ਸੜਦੀ ਤਪਦੀ ਧਰਤੀ ਉੱਪਰ ਮੀਂਹ ਵਰ੍ਹ ਜਾਵੇ। ਪਹਿਲੀਆਂ ਕਣੀਆਂ ਪੈਣ ਸਾਰ ਜੋ, ਮਿੱਟੀ 'ਚੋਂ ਇਕ ਸੋਂਧੀ ਸੋਂਧੀ ਖੁਸ਼ਬੂ ਆਵੇ। ਓਹੀ ਤਾਂ ਕਵਿਤਾ ਅਖਵਾਏ। ਕਵਿਤਾ ਤਾਂ ਜ਼ਿੰਦਗੀ ਦਾ ਗਹਿਣਾ, ਇਸ ਬਿਨ ਰੂਹ ਵਿਧਵਾ ਹੋ ਜਾਵੇ। ਰੋਗਣ ਸੋਗਣ ਮਨ ਦੀ ਬਸਤੀ, ਤਰਲ ਜਿਹਾ ਮਨ, ਇਕ ਦਮ ਜਿਉਂ ਪੱਥਰ ਬਣ ਜਾਵੇ। ਸ਼ਬਦ 'ਅਹੱਲਿਆ' ਬਣ ਜਾਵੇ ਤਾਂ ਕਵਿਤਾ ਵਿਚਲਾ 'ਰਾਮ' ਜਗਾਵੇ। ਕਵਿਤਾ ਤਾਂ ਸਾਹਾਂ ਦੀ ਸਰਗਮ, ਜੀਵੇ ਤਾਂ ਧੜਕਣ ਬਣ ਜਾਵੇ। ਨਿਰਜਿੰਦ ਹਸਤੀ ਚੁੱਕ ਨਾ ਹੋਵੇ, ਜਦ ਤੁਰ ਜਾਵੇ। ਜ਼ਿੰਦਗੀ ਦੀ ਰਣ ਭੂਮੀ ਅੰਦਰ, ਕਦੇ ਇਹੀ ਅਰਜੁਨ ਬਣ ਜਾਵੇ। ਮੱਛੀ ਦੀ ਅੱਖ ਵਿੰਨ੍ਹਣ ਖ਼ਾਤਰ, ਇਕ ਸੁਰ ਹੋਵੇ, ਸਿਰਫ਼ ਨਿਸ਼ਾਨਾ ਫੁੰਡਣਾ ਚਾਹੇ। ਪਰ ਸ਼ਬਦਾਂ ਦੀ ਅਦਭੁਤ ਲੀਲ੍ਹਾ, ਚਿੱਲੇ ਉੱਪਰ ਤੀਰ ਚਾੜ੍ਹ ਕੇ, ਸੋਚੀ ਜਾਵੇ। ਆਪਣੀ ਜਿੱਤ ਦੀ ਖ਼ਾਤਰ, ਮੱਛੀ ਨੂੰ ਵਿੰਨ੍ਹ ਦੇਵਾਂ? ਇਹ ਨਾ ਭਾਵੇ। ਕਵਿਤਾ ਤਾਂ ਸਾਜ਼ਾਂ ਦਾ ਮੇਲਾ, ਸ਼ਬਦਾਂ ਦੀ ਟੁਣਕਾਰ ਜਗਾਵੇ। ਤਬਲੇ ਦੇ ਦੋ ਪੁੜਿਆਂ ਵਾਂਗੂੰ ਭਾਵੇਂ ਅੱਡਰੀ-ਅੱਡਰੀ ਹਸਤੀ, ਮਿੱਲਤ ਹੋਵੇ ਇਕ ਸਾਹ ਆਵੇ। ਕਾਇਨਾਤ ਨੂੰ ਝੂੰਮਣ ਲਾਵੇ। ਬਿਰਖ਼ ਬਰੂਟਿਆਂ ਸੁੱਕਿਆਂ 'ਤੇ ਹਰਿਆਵਲ ਆਵੇ। ਤੂੰਬੀ ਦੀ ਟੁਣਕਾਰ ਹੈ ਕਵਿਤਾ। ਖੀਵਾ ਹੋ ਕੇ ਜਦ ਕੋਈ ਯਮਲਾ ਪੋਟੇ ਲਾਵੇ। ਕਣ ਕਣ ਫੇਰ ਵਜਦ ਵਿਚ ਆਵੇ। ਸਾਹ ਨੂੰ ਰੋਕਾਂ, ਧੜਕਣ ਦੀ ਰਫ਼ਤਾਰ ਨਾ ਕਿਧਰੇ, ਮੇਰੇ ਤੋਂ ਪਲ ਖੋਹ ਲੈ ਜਾਵੇ। ਇਹ ਕਰਤਾਰੀ ਪਲ ਹੀ ਤਾਂ ਕਵਿਤਾ ਅਖਵਾਵੇ। ਕਵਿਤਾ ਤਾਂ ਕੇਸੂ ਦਾ ਫੁੱਲ ਹੈ, ਖਿੜਦਾ ਹੈ ਜਦ ਜੰਗਲ ਬੇਲੇ। ਅੰਬਰ ਦੇ ਵਿਚ, ਰੰਗਾਂ ਦੇ ਫਿਰ ਲੱਗਦੇ ਮੇਲੇ। ਤਪਦੇ ਜੂਨ ਮਹੀਨੇ ਵਿਚ ਵੀ, ਬਿਰਖ਼ ਨਿਪੱਤਰੇ ਦੀ ਟਾਹਣੀ 'ਤੇ, 'ਕੱਲ੍ਹਾ ਖਿੜਦਾ, 'ਕੱਲਾ ਬਲ਼ਦਾ। ਇਹ ਨਾ ਟਲ਼ਦਾ। ਕਹਿਰਵਾਨ ਸੂਰਜ ਵੀ ਘੂਰੇ, ਵਗਣ ਵਰ੍ਹੋਲੇ, ਅੰਨ੍ਹੇ ਬੋਲੇ, ਆਪਣੀ ਧੁਨ ਦਾ ਪੱਕਾ, ਇਹ ਨਾ ਪੈਰੋਂ ਡੋਲੇ। ਜ਼ਿੰਦਗੀ ਦੇ ਉਪਰਾਮ ਪਲਾਂ ਵਿਚ, ਕਵਿਤਾ ਮੇਰੀ ਧਿਰ ਬਣ ਜਾਵੇ। ਮਸਲੇ ਦਾ ਹੱਲ ਨਹੀਂ ਦੱਸਦੀ, ਤਾਂ ਫਿਰ ਕੀ ਹੋਇਆ? ਦਏ ਹੁੰਗਾਰਾ ਫਿਰ ਅੰਬਰੋਂ 'ਨੇਰ੍ਹਾ ਛਟ ਜਾਵੇ। ਰਹਿਮਤ ਬਣ ਜਾਂਦੀ ਹੈ ਕਵਿਤਾ, ਜਦ ਬੰਦਾ ਕਿਧਰੇ ਘਿਰ ਜਾਵੇ। ਜਦ ਫਿਰ ਜਾਪੇ ਸਾਹ ਰੁਕਦਾ ਹੈ, ਅਗਲਾ ਸਾਹ ਹੁਣ ਖ਼ਬਰੇ, ਆਵੇ ਜਾਂ ਨਾ ਆਵੇ। ਪੋਲੇ ਪੈਰੀਂ ਤੁਰਦੀ-ਤੁਰਦੀ ਨੇੜੇ ਆਵੇ। ਜੀਕਣ ਮੇਰੀ ਜੀਵਨ ਸਾਥਣ, ਅਣਲਿਖਿਆ ਕੋਈ ਗੀਤ ਸੁਣਾਵੇ। ਮਨ ਦਾ ਚੰਬਾ ਖਿੜ-ਖਿੜ ਜਾਵੇ। ਮਖ਼ਮੂਰੀ ਵਿਚ ਮੈਨੂੰ, ਕੁਝ ਵੀ ਸਮਝ ਨਾ ਆਵੇ। ਕਵਿਤਾ ਵਹਿਣ ਨਿਰੰਤਰ ਜੀਕੂੰ, ਚਸ਼ਮਿਉਂ ਫੁੱਟੇ, ਧਰਤੀ ਸਿੰਜੇ, ਤੇ ਆਖ਼ਰ ਨੂੰ ਅੰਬਰ ਥਾਣੀਂ, ਤਲਖ਼ ਸਮੁੰਦਰ ਵਿਚ ਰਲ ਜਾਵੇ। ਆਪਣੀ ਹਸਤੀ ਆਪ ਮਿਟਾਵੇ।

ਲੋਰੀ

ਮਾਏ ਨੀ ਅਣਜੰਮੀ ਧੀ ਨੂੰ, ਆਪਣੇ ਨਾਲੋਂ ਵਿੱਛੜੇ ਜੀਅ ਨੂੰ, ਜਾਂਦੀ ਵਾਰੀ ਮਾਏ ਨੀ, ਇਕ ਲੋਰੀ ਦੇ ਦੇ। ਬਾਬਲ ਤੋਂ ਭਾਵੇਂ ਚੋਰੀ ਨੀ ਇਕ ਲੋਰੀ ਦੇ ਦੇ। ਮੰਨਿਆ ਤੇਰੇ ਘਰ ਵਿਚ ਵਧ ਗਏ, ਧੀਆਂ ਵਾਲੇ ਗੁੱਡੀ ਪਟੋਲੇ। ਤੇਰੇ ਦਿਲ ਦਾ ਹਾਉਕਾ ਨੀ ਮੈਂ, ਸੁਣਦੀ ਰਹੀ ਆਂ ਤੇਰੇ ਓਹਲੇ। ਮੈਨੂੰ ਮਾਰ ਮੁਕਾਉਣ ਦੀ ਗੱਲ ਕਿਉਂ, ਤੂੰਹੀਉਂ ਪਹਿਲਾਂ ਤੋਰੀ...? ਨੀ ਇਕ ਲੋਰੀ ਦੇ ਦੇ। ਮਾਏ ਨੀ ਤੇਰੀ ਗੋਦੀ ਅੰਦਰ, ਬੈਠਣ ਨੂੰ ਮੇਰਾ ਜੀਅ ਕਰਦਾ ਸੀ। ਬਾਬਲ ਦੀ ਤਿਊੜੀ ਨੂੰ ਤੱਕ ਕੇ, ਹਰ ਵਾਰੀ ਮੇਰਾ ਜੀਅ ਡਰਦਾ ਸੀ। ਧੀਆਂ ਬਣਕੇ ਜੰਮਣਾ ਏਥੇ, ਕਿਉਂ ਬਣ ਗਈ ਕਮਜ਼ੋਰੀ... ਨੀ ਇਕ ਲੋਰੀ ਦੇ ਦੇ। ਮਾਏ ਨੀ ਮੇਰੀ ਨਾਨੀ ਦੇ ਘਰ, ਤੂੰ ਵੀ ਸੀ ਕਦੇ ਧੀ ਬਣ ਜੰਮੀ। ਕੁੱਖ ਵਿਚ ਕਤਲ ਕਰਾਵਣ ਵਾਲੀ, ਕਿਉਂ ਕੀਤੀ ਤੂੰ ਗੱਲ ਨਿਕੰਮੀ। ਵੀਰਾ ਲੱਭਦੀ ਲੱਭਦੀ ਹੋ ਗਈ, ਕਿਉਂ ਮਮਤਾ ਤੋਂ ਕੋਰੀ...? ਨੀ ਇਕ ਲੋਰੀ ਦੇ ਦੇ। ਹਸਪਤਾਲ ਦੇ ਕਮਰੇ ਅੰਦਰ, ਪਈਆਂ ਨੇ ਜੋ ਅਜਬ ਮਸ਼ੀਨਾਂ। ਪੁੱਤਰਾਂ ਨੂੰ ਇਹ ਕੁਝ ਨਾ ਆਖਣ, ਸਾਡੇ ਲਈ ਕਿਉਂ ਬਣਨ ਸੰਗੀਨਾਂ। ਡਾਕਟਰਾਂ ਚਹੁੰ ਸਿੱਕਿਆਂ ਖ਼ਾਤਰ, ਕੱਟੀ ਜੀਵਨ ਡੋਰੀ...। ਨੀ ਇਕ ਲੋਰੀ ਦੇ ਦੇ। ਧੀ ਤਿਤਲੀ ਨੂੰ ਮਸਲਣ ਵੇਲੇ, ਚੁੱਪ ਖੜ੍ਹੇ ਕਿਉਂ ਧਰਮਾਂ ਵਾਲੇ, ਗੁੰਗੇ ਬੋਲੇ ਹੋ ਗਏ ਸਾਰੇ, ਨੱਕ ਨਮੂਜ਼ਾਂ ਸ਼ਰਮਾਂ ਵਾਲੇ। ਬਿਨ ਡੋਲੀ ਤੋਂ ਧਰਮੀ ਮਾਪਿਆਂ, ਕਿੱਧਰ ਨੂੰ ਧੀ ਤੋਰੀ...? ਨੀ ਇਕ ਲੋਰੀ ਦੇ ਦੇ। ਸੁੱਤਿਆਂ ਲਈ ਸੌ ਯਤਨ ਵਸੀਲੇ, ਜਾਗਦਿਆਂ ਨੂੰ ਕਿਵੇਂ ਜਗਾਵਾਂ? ਰੱਖੜੀ ਦੀ ਤੰਦ ਖ਼ਤਰੇ ਵਿਚ ਹੈ, ਚੁੱਪ ਨੇ ਕੁੱਲ ਧਰਤੀ ਦੀਆਂ ਮਾਵਾਂ। ਅੰਮੜੀਏ! ਮੈਨੂੰ ਗੁੜ੍ਹਤੀ ਦੀ ਥਾਂ, ਦੇ ਨਾ ਜ਼ਹਿਰ ਕਟੋਰੀ...। ਨੀ ਇਕ ਲੋਰੀ ਦੇ ਦੇ।

ਧਰਤੀ ਨਾਦ

ਧਰਤੀ ਨਾਦ ਵਜਾਵੇ। ਧੜਕਣ ਰੋਕ ਸੁਣੀਂ ਮਨ ਮੇਰੇ, ਇਹ ਪਲ ਰੋਜ਼ ਨਾ ਆਵੇ। ਸਾਹਾਂ ਵਿਚ ਕਸਤੂਰੀ ਭਰ ਲੈ। ਦੋ ਸਾਹਾਂ ਨੂੰ ਇਕ ਸਾਹ ਕਰ ਲੈ। ਬਿਨ ਖੰਭਾਂ ਤੋਂ ਸਾਗਰ ਤਰ ਲੈ। ਸਦੀਆਂ ਮਗਰੋਂ, ਵੱਡੇ ਭਾਗੀਂ, ਇਹੋ ਜਿਹਾ ਪਲ ਆਵੇ। ਧਰਤੀ ਨਾਦ ਵਜਾਵੇ। ਜਲ ਤੇ ਅੰਬਰ ਦੇ ਵਿਚਕਾਰੇ। ਰਾਤ ਹਨੇਰੀ ਡਲ੍ਹਕਣ ਤਾਰੇ। ਮੂਧੇ ਹੋਏ ਵੇਖ ਵਿਚਾਰੇ। ਇਕੋ ਝਾਕ ਨਿਰੰਤਰ ਕਿ ਉਹ ਪਲ ਵਿਸਮਾਦੀ ਆਵੇ। ਧਰਤੀ ਨਾਦ ਵਜਾਵੇ। ਸਰਦ ਸਿਆਲਾਂ ਜੋ ਸੀ ਲੁੱਟੇ। ਰੁੰਡੇ ਰੁੱਖੀਂ ਪੱਤਰ ਫੁੱਟੇ। ਪ੍ਰਕਿਰਤੀ ਦੀ ਨੀਂਦਰ ਟੁੱਟੇ। ਰੁੱਤ ਬਸੰਤੀ ਵਣ ਹਰਿਆਉਲੇ, ਪਹਿਨੇ ਵਸਤਰ ਸਾਵੇ। ਧਰਤੀ ਨਾਦ ਵਜਾਵੇ। ਕਣ ਕਣ ਜੀਕੂੰ ਭਰੇ ਉਡਾਰੀ। ਨਿੱਕੜੇ ਬਾਲਾਂ ਦੀ ਕਿਲਕਾਰੀ। ਰੂਹ ਵਿਚ ਰਮ ਗਈ ਖ਼ੁਸ਼ਬੂ ਸਾਰੀ। ਮੇਰੇ ਸਾਹੀਂ ਚੰਬਾ ਖਿੜਿਆ, ਖੁਸ਼ਬੂ ਭਰੇ ਕਲਾਵੇ। ਧਰਤੀ ਨਾਦ ਵਜਾਵੇ। ਧੜਕਣ ਰੋਕ ਸੁਣੀ ਮਨ ਮੇਰੇ, ਇਹ ਪਲ ਰੋਜ਼ ਨਾ ਆਵੇ।

ਅਲਵਿਦਾ ਵੀਹਵੀਂ ਸਦੀ

ਖੜਕੇ ਨੇ ਘੜਿਆਲ, ਸਮੇਂ ਨੇ ਵਸਤਰ ਬਦਲੇ। ਕੰਧਾਂ ਉੱਪਰ ਲਟਕ ਰਹੇ ਕੈਲੰਡਰ ਮੂਧੇ। ਅੰਕੜਿਆਂ ਆਪਣੀ ਕੁੰਜ ਲਾਹੀ। ਘੁੰਮਦਾ ਪਹੀਆ ਘਸਰ ਘਸਰ ਕੇ, ਇਕ ਟੋਏ ਤੋਂ ਦੂਜੇ ਟੋਏ ਤੀਕਰ ਪੁੱਜਾ। ਵੱਜੇ ਖ਼ੂਬ ਪਟਾਕੇ, ਲਿਸ਼ਕੀ ਆਤਿਸ਼ਬਾਜ਼ੀ। ਇਕ ਦੂਜੇ ਨੂੰ ਕਮਲੇ ਹੋ ਹੋ, ਦੇਂਦੇ ਫਿਰਦੇ ਲੋਕ ਵਧਾਈ। ਜਾਪੇ ਖ਼ਲਕ ਤਮਾਸ਼ੇ ਆਈ। ਰੌਸ਼ਨੀਆਂ ਦੀ ਚਕਾਚੌਂਧ ਵਿਚ, ਅੱਧ ਨੰਗੇ ਜਿਸਮਾਂ ਦੀ ਮੰਡੀ। ਦਾਰੂ ਪੀਣੇ ਅਲਕ ਵਹਿੜਕੇ ਥਾਂ ਥਾਂ ਰੌਣਕ। ਬੁੱਢੇ ਹੱਡ ਤੇ ਅਧਖੜ ਜਹੇ ਕੁਝ ਮੌਲੇ ਬਲਦਾਂ, ਹੋਟਲਾਂ ਅਤੇ ਕਲੱਬਾਂ ਅੰਦਰ, 'ਕੱਤੀ ਰਾਤ ਧਮੱਚੜ ਪਾਇਆ। ਜਾਪੇ ਜੀਕਣ ਨਾਰਦ ਡਮਰੂ ਫੇਰ ਵਜਾਇਆ। ਵੀਹਵੀਂ ਸਦੀ ਦਾ ਕੂੜਾ ਕਰਕਟ, ਮਨ ਅੰਦਰਲਾ ਜੰਗਲ ਨੇਰ੍ਹਾ, ਰੱਦੀ ਕਾਗਜ਼ ਵਰਗਾ ਨਿਕਸੁਕ, ਆਪਣਾ ਕੋਝਾ ਚਿਹਰਾ ਲੈ ਕੇ, ਨਵੀਂ ਸਦੀ ਦੇ ਵਿਹੜੇ ਆਇਆ। ਅੱਖ ਚੁੰਧਿਆਉਂਦੀ ਤੇਜ਼ ਤਰਾਰ ਰੌਸ਼ਨੀ ਅੰਦਰ, ਮਨ ਦਾ ਨੇੜ੍ਹਾ ਗੂੜ੍ਹਾ ਹੋਇਆ। ਜਸ਼ਨਾਂ ਦੇ ਵਿਚ ਰੁੱਝੇ ਲੋਕੀਂ, ਕੰਨ ਪਾੜਵੇਂ ਵਾਜੇ ਗਾਜੇ, ਸ਼ੋਰ ਅਤੇ ਸੰਗੀਤ 'ਚ ਰਹੀ ਲਕੀਰ ਨਾ ਕੋਈ। ਵੀਹਵੀਂ ਸਦੀ ਦਾ ਪਹਿਰ ਆਖ਼ਰੀ, ਨਸ਼ਿਆਂ ਵਿਚ ਮਖ਼ਮੂਰ ਜਗਤ ਦੀ ਭੇਟਾ ਚੜ੍ਹਿਆ। ਸਭ ਜੱਗ ਭੁੱਲਿਆ, ਸਮਾਂ-ਕਾਲ ਦੀ ਮਿਣਤੀ ਖ਼ਾਤਰ, ਦਿਵਸ ਮਹੀਨੇ ਸਾਲ ਤੇ ਸਦੀਆਂ, ਬਿਲਕੁਲ ਓਵੇਂ, ਜਿੱਸਰਾਂ ਮੇਰੇ ਬਾਪੂ ਫ਼ਸਲਾਂ ਸਿੰਜਣ ਖ਼ਾਤਰ, ਪੈਲੀ ਵਿਚ ਕਿਆਰੇ ਪਾਏ। ਪਰ ਇਹ ਗੱਲ ਕਿਹੜਾ ਸਮਝਾਏ? ਧਰਮਾਂ, ਕਰਮਾਂ, ਸ਼ਰਮਾਂ ਤੇ ਬੇਸ਼ਰਮੀ ਵਾਲੇ, ਸਾਰੇ ਇਕੋ ਰੱਸੇ ਬੱਝੇ। ਰਾਤਾਂ ਨੂੰ ਜਗਰਾਤੇ ਕੱਟ ਕੇ ਸਮਝ ਰਹੇ ਨੇ, ਬੀਤੇ ਸੌ ਸਾਲਾਂ ਦਾ ਟੋਟਾ, ਸਾਡਾ ਕੁਝ ਵੀ ਲੱਗਦਾ ਨਹੀਂ ਹੈ। ਕੌਣ ਕਹੇਗਾ? ਜਸ਼ਨ ਮਨਾ ਕੇ ਧਰਮ ਸਥਾਨਾਂ ਅਤੇ ਮਕਾਨਾਂ, ਦੀ ਮਮਟੀ ਤੇ ਦੀਪ ਜਗਾ ਕੇ, ਕੁਝ ਪਲ ਨੇਰ੍ਹਾ ਗਲੀਆਂ ਵਿਚੋਂ ਦੂਰ ਹਟੇਗਾ। ਪਰ ਜਿਸ ਨੇਰ੍ਹੇ ਸਾਨੂੰ ਪੈਰ ਪੈਰ ਤੇ ਡੰਗਣਾ। ਜਿਸ ਦੇ ਡੰਗਿਆਂ ਅਸੀਂ ਤੁਸੀਂ, ਨਾ ਹੋਰ ਕਿਸੇ ਵੀ ਪਾਣੀ ਮੰਗਣਾ। ਏਸ ਨਾਗ ਨੂੰ ਕੀਲਣ ਖ਼ਾਤਰ, ਘਰੋ ਘਰੀ ਉਹ ਦੀਪ ਜਗਾਈਏ। ਜਿੰਨ੍ਹਾਂ ਦੀ ਰੁਸ਼ਨਾਈ ਉਮਰਾਂ ਸਾਥ ਨਿਭਾਏ। ਪੈਰ ਪੈਰ ਤੇ ਅਸੀਂ ਤੁਸੀਂ, ਜਾਂ ਤੁਰਿਆ ਜਾਂਦਾ ਕੋਈ ਵੀ ਰਾਹੀ, ਫੇਰ ਕਦੇ ਨਾ ਠੇਡੇ ਖਾਏ। ਸ਼ਬਦ ਸ਼ਕਤੀਆਂ ਘਰ ਘਰ ਅੰਦਰ, ਚਲੋ ਜਗਾਈਏ। ਆਪਣੇ ਆਪਣੇ ਘਰ ਤੇ ਆਲ ਦੁਆਲੇ ਸਾਰੇ, ਚੌਂਕ ਚੁਰਸਤੇ, ਘਰ ਨੂੰ ਜਾਂਦੇ ਹਰ ਇਕ ਰਾਹ ਤੇ, ਚਾਨਣ ਦੀ ਤ੍ਰਿਵੈਣੀ ਲਾਈਏ। ਜਿਸ ਦੀ ਛਾਵੇਂ ਰਲ ਕੇ ਬਹੀਏ। ਸਭ ਦੀ ਸੁਣੀਏ ਆਪਣੀ ਕਹੀਏ। ਭੂਤ ਭਵਿੱਖ ਤੇ ਵਰਤਮਾਨ ਦੀ ਮਿਲਣੀ ਕਰੀਏ। ਜੋ ਕੁਝ ਪਿੱਛੇ ਹੋਇਆ ਬੀਤਿਆ, ਅਸੀਂ ਜਾਂ ਸਾਡੇ ਪੁਰਖ਼ਿਆਂ ਕੀਤਾ। ਉਸ ਉੱਪਰ ਨਾ ਮਿੱਟੀ ਪਾਈਏ, ਜੋ ਕੁਝ ਖੱਟਿਆ ਅਤੇ ਗੁਆਇਆ, ਉਸ ਦਾ ਲੇਖਾ ਜੋਖਾ ਕਰੀਏ। ਸੁਰਖ਼ ਲਹੂ ਸੰਗ ਲਿਖੀ ਇਬਾਰਤ, ਮੁੜ ਕੇ ਪੜ੍ਹੀਏ। ਅਣਖ਼ੀ ਮਾਂ ਦੇ ਅਣਖ਼ੀ ਪੁੱਤਰ, ਸੂਲੀ ਚੜ੍ਹ ਮੁਸਕਾਉਂਦੇ ਸੀ ਜੋ, ਉਨ੍ਹਾਂ ਦੇ ਸਨਮੁਖ ਤਾਂ ਖੜ੍ਹੀਏ। ਜੋ ਜੋ ਇਨ੍ਹਾਂ ਸੂਰਮਿਆਂ ਨੇ, ਚਾਹਿਆ ਸੀ ਉਹ ਸੂਰਤ ਘੜੀਏ। ਕੰਧਾਂ ਉੱਪਰ ਲਿਖਿਆ ਪੜ੍ਹੀਏ।

ਕਪਿਲ ਵਸਤੂ ਉਦਾਸ ਹੈ

ਅਜੇ ਤੀਕ ਵੀ ਹਰ ਰੋਜ਼, ਕਪਿਲਵਸਤੂ ਉਡੀਕਦੀ ਹੈ, ਆਪਣੇ ਸਿਧਾਰਥ ਪੁੱਤਰ ਨੂੰ। ਉਨ੍ਹਾਂ ਭਾਣੇ ਬੋਧ ਗਯਾ ਦੇ ਬਿਰਖ਼ ਨੇ, ਉਨ੍ਹਾਂ ਦਾ ਪੁੱਤਰ ਖਾ ਲਿਆ ਹੈ। ਤੇ ਜੋ ਬਾਕੀ ਬਚਿਆ, ਉਹ ਤਾਂ ਬੁੱਧ ਸੀ। ਕਪਿਲ ਵਸਤੂ ਦੀਆਂ ਗਲੀਆਂ, ਕੂਚੇ ਤੇ ਭੀੜੇ ਬਾਜ਼ਾਰ, ਅੱਜ ਵੀ ਤੜਕਸਾਰ ਜਾਗ ਉੱਠਦੇ ਨੇ। ਉਡੀਕਦੇ ਹਨ ਹਰ ਰੋਜ਼। ਸੋਚਦੇ ਹਨ ਸ਼ਾਹੀ ਰੱਥ 'ਚੋਂ ਉੱਤਰ ਕੇ, ਉਹ ਜ਼ਰੂਰ ਆਵੇਗਾ। ਦੇਰ ਸਵੇਰ ਜ਼ਰੂਰ ਪਰਤੇਗਾ। ਤੰਗ ਹਨੇਰੀਆਂ ਗਲੀਆਂ ਵਿਚ ਘੁੰਮੇਗਾ। ਕਪਿਲ ਵਸਤੂ ਨੂੰ ਵਿਸ਼ਵਾਸ ਹੈ, ਉਨ੍ਹਾਂ ਦੇ ਘਰਾਂ ਵਿਚਲੀਆਂ ਹਨ੍ਹੇਰੀਆਂ ਰਾਤਾਂ, ਸਿਧਾਰਥ ਦੇ ਪਰਤਣ ਨਾਲ ਹੀ ਮੁੱਕਣਗੀਆਂ। ਕਪਿਲ ਵਸਤੂ ਨੂੰ ਬੁੱਧ ਦੀ ਨਹੀਂ, ਗੌਤਮ ਦੀ ਉਡੀਕ ਹੈ। ਨਿੱਕੇ ਜਹੇ ਅਲੂੰਈਂ ਉਮਰ ਦੇ ਸਿਧਾਰਥ ਦੀ। ਯਸ਼ੋਧਰਾ ਅਜੇ ਵੀ ਸਿਰ ਤੇ ਚਿੱਟੀ ਚੁੰਨੀ ਨਹੀਂ ਓੜ੍ਹਦੀ। ਰਾਹੁਲ ਜਾਗ ਪਿਆ ਹੈ ਗੂੜ੍ਹੀ ਨੀਂਦਰੋਂ। ਆਪਣੇ ਬਾਪ ਦੀਆਂ ਪੈੜਾਂ ਨੱਪਦਾ ਨੱਪਦਾ, ਉਹ ਕਿਧਰੇ ਗੁਆਚ ਨਾ ਜਾਵੇ। ਉਸਨੂੰ ਮਹਿਲ ਦੀ ਚਾਰਦੀਵਾਰੀ ਵਿਚ ਹੀ, ਖੇਡਣ ਦੀ ਪ੍ਰਵਾਨਗੀ ਹੈ। ਬਿਰਧ ਬਾਪ ਤੇ ਮਾਂ ਡੰਗੋਰੀ ਲੱਭਦੇ ਹਨ। ਉਨ੍ਹਾਂ ਨੂੰ ਸੂਰਜ ਨਹੀਂ, ਮੋਢਾ ਚਾਹੀਦਾ ਹੈ।

ਜਿੰਨਾ ਕੁ ਬਾਕੀ ਬਚਿਆ ਹਾਂ

ਜਿੰਨਾ ਕੁ ਬਾਕੀ ਬਚਿਆਂ ਹਾਂ, ਏਸੇ ਦੀ ਸਲਾਮਤੀ ਲਈ ਅਰਦਾਸ ਕਰ। ਸਦੀਆਂ ਤੋਂ, ਇਤਿਹਾਸ ਮੇਰੇ ਨਾਲ ਖਹਿ ਕੇ ਲੰਘਦਾ ਰਿਹਾ ਹੈ, ਦਰਿਆ ਵਾਂਗ। ਮੈਂ ਵਗਦੇ ਪਾਣੀਆਂ ਨੂੰ ਬਹੁਤ ਵਾਰ ਕਿਹਾ, ਮੇਰੇ ਤੇ ਮਿਹਰ ਕਰੋ। ਖ਼ੋਰਨ ਲਈ ਹੁਣ ਕੋਈ ਹੋਰ ਦਰ ਲੱਭੋ। ਜੁਆਬ ਮਿਲਿਆ, ਇਕੋ ਥਾਂ ਖੜ੍ਹੇ ਰਹਿਣ ਦੀ ਤੈਨੂੰ ਇਹੀ ਸਜ਼ਾ ਹੈ। ਵਗਦੀ ਤੇਜ਼ ਹਵਾ ਨੇ ਵੀ, ਮੇਰੇ ਘਰ 'ਚ ਖਲੋਤੀ ਧਰੇਕ ਨੂੰ ਏਹੀ ਜੁਆਬ ਦਿੱਤਾ। ਲਿਫ਼ਣਾ ਸਿੱਖ, ਤਣੀ ਰਹੇਂਗੀ ਤਾਂ ਟੁੱਟ ਜਾਵੇਂਗੀ। ਮੇਰੇ ਆਲ ਦੁਆਲੇ ਕਿੰਨੇ ਲੋਕ ਸਨ, ਕਿੰਨੇ ਸਾਰੇ ਘਰ। ਹੁਣ ਸੁੰਨੇ ਦਲਾਣ ਪਏ ਨੇ। ਹੜ੍ਹਾਂ ਤੋਂ ਡਰਦੇ ਲੋਕ ਪਿੰਡ ਛੱਡ ਗਏ ਨੇ। ਪੱਕੀਆਂ ਹਵੇਲੀਆਂ, ਖੁਰਲੀ ਬੱਝੇ ਡੰਗਰਾਂ ਸਣੇ। ਆਦਮੀ ਏਨਾ ਖ਼ੁਦਗ਼ਰਜ਼ ਕਿਉਂ ਹੈ? ਰੁੱਖਾਂ ਨੇ ਮੈਨੂੰ ਕਈ ਵਾਰ ਪੁੱਛਿਆ।

ਲਫ਼ਜ਼ਾਂ ਦੇ ਘੋੜੇ

ਲਫ਼ਜ਼ਾਂ ਦੇ ਘੋੜੇ, ਕੋਰੇ ਕਾਗਜ਼ਾਂ ਤੇ ਦੌੜਦੇ ਦੌੜਦੇ, ਕਿੱਥੋਂ ਕਿੱਥੇ ਪਹੁੰਚ ਗਏ ਹਨ? ਦੌੜੀ ਜਾਂਦੇ ਹਨ ਕਿੱਲੇ ਦੁਆਲੇ, ਦੌੜੀ ਜਾਂਦੇ ਹਨ, ਪਰ ਪੈਂਡਾ ਨਹੀਂ ਮੁਕਾਉਂਦੇ। ਅੱਥਰੇ ਅਮੋੜ ਸੁਪਨੇ, ਇਨ੍ਹਾਂ ਘੋੜਿਆਂ 'ਤੇ ਸਵਾਰ ਹੋ ਕੇ, ਖ਼ੂਬ ਦੁੜਕੀਆਂ ਲਾਉਂਦੇ ਹਨ। ਪਰ ਪਹੁੰਚਦੇ ਕਿਤੇ ਵੀ ਨਹੀਂ। ਕੱਚੇ ਰਸਤਿਆਂ 'ਤੇ ਤੁਰਨ ਗਿੱਝੇ ਪੈਰ, ਸ਼ਹਿਰਾਂ ਵਿਚ ਜੁੱਤੀ ਪਾ ਕੇ ਤੁਰਨਾ ਨਹੀਂ ਜਾਣਦੇ। ਬਾਜ਼ਾਰ ਵਿਚ ਭੀੜ ਹੈ। ਗਾਹਕ ਹਨ- ਸੌਦਾ ਹੈ। ਤੱਕੜੀਆਂ ਹਨ- ਵੱਟੇ ਹਨ। ਵਣਜ ਹੈ, ਵਪਾਰ ਹੈ। ਲਿਫ਼ਾਫੇ ਹਨ। ਸ਼ੀਸ਼ੇ ਵਿਚ ਬੰਦ ਪਲਾਸਟਰ ਆਫ਼ ਪੈਰਿਸ ਦੀਆਂ ਨੰਗ ਧੜੰਗੀਆਂ ਤ੍ਰੀਮਤਾਂ ਹਨ। ਜਿਸਮਾਂ ਦੀ ਨੁਮਾਇਸ਼ ਹੈ। ਗੰਢੇ ਦੀ ਛਿੱਲ ਨਾਲੋਂ ਪਤਲੀ ਸਾੜ੍ਹੀ ਹੈ। ਬਾਜ਼ਾਰ ਵਿਚ ਮੇਰੀ ਮਾਂ, ਧੀ ਤੇ ਭੈਣ ਕਿੱਥੇ ਹੈ? ਪਾਟੇ ਹੋਏ ਰੱਦੀ ਅਖ਼ਬਾਰ ਵਾਂਗ, ਹਵਾ ਖਿੱਚੀ ਫਿਰਦੀ ਹੈ, ਸਾਨੂੰ ਸਾਰਿਆਂ ਨੂੰ ਥਾਂ ਕੁ ਥਾਂ। ਅਸਮਾਨ ਵਿਚ ਬੱਦਲ ਹੈ। ਤਾਰੇ ਕਿਤੇ ਗੁਆਚ ਗਏ ਨੇ। ਹਨੇਰੀ ਰਾਤ ਦੀ ਬੁੱਕਲ ਵਿਚ, ਕਾਗਜ਼ਾਂ ਦੇ ਜੰਗਲ ਵਿਚ, ਲਫ਼ਜ਼ਾਂ ਦੇ ਘੋੜੇ ਵੀ ਗੁਆਚ ਗਏ ਨੇ। ਰੁੱਤਾਂ ਦੇ ਗੇੜ ਨੂੰ ਬਦਲਦੇ ਬਦਲਦੇ, ਖ਼ੁਦ ਹੀ ਬਦਲ ਗਏ ਨੇ ਸੁਪਨ ਸਾਜ਼। ਚੰਗੇ ਭਲੇ ਬੀਬੀਆਂ ਦਾੜ੍ਹੀਆਂ ਵਾਲੇ, ਹੁਣ ਚੌਰ ਬਣ ਗਏ ਨੇ। ਬੈਠ ਗਏ ਹਨ ਬੱਕਰ-ਹਾਤੇ ਵਿਚ, ਝਟਕਈ ਦੇ ਦੁਆਰ। ਸਾਰਾ ਦਿਨ ਬੈਠੇ ਮੱਖੀਆਂ ਉਡਾਈ ਜਾਂਦੇ ਨੇ। ਕਿੱਥੋਂ ਤੁਰੇ ਸਨ, ਕਿੱਧਰ ਨੂੰ ਚਲੇ ਗਏ?

ਇਸ ਰੁੱਖ ਦੇ ਹੇਠਾਂ ਪਹਿਲੀ ਵਾਰ

ਇਸ ਰੁੱਖ ਦੇ ਹੇਠਾਂ ਪਹਿਲੀ ਵਾਰ, ਇਕ ਸਤਰ ਮਿਲੀ ਸੀ ਗੀਤ ਜਹੀ। ਜੱਗ ਭਰਿਆ ਮੇਲਾ ਵੇਖਦਿਆਂ, ਜੋ ਭੀੜ 'ਚੋਂ ਉਂਗਲੀ ਛੱਡ ਤੁਰੀ, ਉਸ ਪਹਿਲ ਪਲੇਠੀ ਪ੍ਰੀਤ ਜਹੀ। ਜਦ ਹੱਸਦੀ ਵੱਜਦਾ ਜਲ-ਤਰੰਗ। ਅੱਖਾਂ ਵਿਚ ਕੰਜ ਕੁਆਰੀ ਸੰਗ। ਚਿਹਰੇ ਤੇ ਕੁੰਡਲ ਇਉਂ ਜਾਪੇ, ਜਿਉਂ ਨਾਗ ਦਾ ਬੱਚਾ ਰਿਹਾ ਡੰਗ। ਦਿਨ ਚੜ੍ਹਦੇ ਦੀ ਲਿਸ਼ਕੋਰ ਜਹੀ। ਵਗਦੇ ਪਾਣੀ ਦੀ ਤੋਰ ਜਹੀ। ਬੱਦਲਾਂ ਦੇ ਰੰਗ ਦੀ ਚੁੰਨੀ 'ਤੇ, ਸੁੱਚੇ ਗੋਟੇ ਦੀ ਕੋਰ ਜਹੀ। ਕਿਸੇ ਭਰ ਵਗਦੇ ਦਰਿਆ ਵਰਗੀ। ਲਏ ਅੱਲ੍ਹੜ ਉਮਰੇ ਚਾਅ ਵਰਗੀ। ਅਣਮਾਣੇ ਕੋਸੇ ਸਾਹ ਵਰਗੀ। ਜਾਂ ਤ੍ਰੇਲ 'ਚ ਨ੍ਹਾਤੇ ਘਾਹ ਵਰਗੀ। ਚੌਦਸ ਦੇ ਚੰਨ ਵਰਗੀ ਰਾਤ ਜਹੀ। ਬਿਨ ਮੰਗੇ ਮਿਲ ਗਈ ਦਾਤ ਜਹੀ। ਤਪਦੀ ਧਰਤੀ ਦੇ ਪਿੰਡੇ ਤੇ, ਖੁੱਲ੍ਹ ਕੇ ਵਰ੍ਹਦੀ ਬਰਸਾਤ ਜਹੀ। ਬੱਚਿਆਂ ਦੇ ਨਿਰਮਲ ਹਾਸੇ ਜਹੀ। ਪਾਣੀ ਵਿਚ ਘੁਲੇ ਪਤਾਸੇ ਜਹੀ। ਕਿਸੇ ਕਾਫ਼ਲੇ ਨਾਲੋਂ ਵਿੱਛੜ ਗਏ, ਰਾਹਗੀਰ ਨੂੰ ਮਿਲੇ ਦਿਲਾਸੇ ਜਹੀ। ਕੂਜ਼ਾ ਮਿਸ਼ਰੀ ਗੁਲਕੰਦ ਜਹੀ। ਏਕਮ ਦੇ ਫਾੜੀ ਚੰਦ ਜਹੀ। ਚਰਖ਼ਾ ਕੱਤਦੀ ਮੁਟਿਆਰ ਦਿਆਂ, ਪੋਟਿਆਂ 'ਚੋਂ ਨਿਕਲੀ ਤੰਦ ਜਹੀ। ਪੂਰਬ ਦੀ ਪਵਨ ਸਮੀਰ ਜਹੀ। ਕਦੇ ਸੋਹਣੀ ਸੱਸੀ ਹੀਰ ਜਹੀ। ਚਸ਼ਮੇ 'ਚੋਂ ਫੁੱਟਦੇ ਨੀਰ ਜਹੀ। ਨੇਰ੍ਹੇ ਵਿਚ ਰਿਸ਼ਮ ਲਕੀਰ ਜਹੀ। ਕਿਸੇ ਲੋਕ ਗੀਤ ਦੀ 'ਵਾਜ਼ ਜਹੀ। ਜਾਂ ਪੰਛੀ ਦੀ ਪਰਵਾਜ਼ ਜਹੀ। ਬਲਦਾਂ ਗਲ ਟੱਲੀਆਂ ਟੁਣਕਦੀਆਂ, ਇਸ ਤੋਂ ਵੀ ਮਿੱਠੜੇ ਸਾਜ਼ ਜਹੀ। ਮੇਰੇ ਘਰ ਅਣਜੰਮੀ ਧੀ ਵਰਗੀ। ਵਿਹੜੇ ਵਿਚ ਖੇਡਦੇ ਜੀਅ ਵਰਗੀ। ਜੀਵਨ ਦੇ ਵਿਹੜੇ ਲੋਅ ਵਰਗੀ। ਸੀ ਗੋਕੇ ਦੇ ਦੁੱਧ ਦੇ ਘਿਉ ਵਰਗੀ।

ਬਰਾਬਰ ਤੁਰਦਿਆਂ

ਤੂੰ ਮੈਨੂੰ ਆਪਣੇ ਸਾਹਾਂ ਵਿਚ ਪਰੋ ਲੈ, ਗਾਨੀ ਵਿਚ ਪਏ ਮਣਕਿਆਂ ਵਾਂਗ। ਮੈਨੂੰ ਵਿੰਨ੍ਹ ਕੇ ਆਰ ਪਾਰ ਕਰਦੇ। ਜਿਸਮ ਨਹੀਂ, ਖ਼ੁਸ਼ਬੋ ਸਮਝ ਕੇ ਆਪਣੀ ਧੜਕਣ ਵਿਚ ਮਿਲਾ ਲੈ। ਮੈਂ ਤੇਰੇ ਅੰਗ ਸੰਗ ਰਹਿਣਾ ਚਾਹੁੰਦਾ ਹਾਂ। ਚੱਲ! ਤੂੰ ਵੀ ਸਾਹ ਰੋਕ, ਤੇ ਮੈਂ ਵੀ ਰੋਕਦਾ ਹਾਂ। ਇਕੋ ਧੜਕਣ ਨਾਲ ਬਾਕੀ ਰਹਿੰਦੀ ਉਮਰ ਗੁਜ਼ਾਰੀਏ। ਤੂੰ ਮੇਰੇ ਪਿੱਛੇ ਪਿੱਛੇ ਨਹੀਂ, ਨਾਲ ਨਾਲ ਤੁਰ। ਪਰਛਾਵੇਂ ਵਾਂਗ ਨਹੀਂ, ਹਮਜੋਲੀ ਵਾਂਗ। ਧਿਰ ਬਣ ਕੇ, ਬਰਾਬਰ ਦੀ ਭਾਈਵਾਲ। ਚੱਲ! ਜ਼ਰੂਰਤ ਤੋਂ ਮੁਹੱਬਤ ਵੱਲ ਸਫ਼ਰ ਕਰੀਏ। ਬਰਾਬਰ ਤੁਰਦਿਆਂ।

ਪੱਤਰ ਹਰੇ ਕਚੂਰ

ਪੁੰਗਰ ਪਈ ਹੈ ਧਰੇਕ। ਸਿਰੋਂ ਵੱਢੇ ਹੋਏ ਟਾਹਣ, ਫੇਰ ਪੱਲ੍ਹਰੇ ਹਨ। ਹਰੇ ਕਚੂਰ ਪੱਤੇ, ਮੇਰੇ ਵਿਹੜੇ ਵਿਚ ਮਹਿਕੇ ਹਨ। ਘੋਨ ਮੋਨ ਟੁੰਡ ਜਿਹਾ ਤਣਾ, ਫੇਰ ਬਿਰਖ਼ ਬਣਿਆ ਹੈ। ਜਿਸ ਦੀ ਛਾਵੇਂ ਮੇਰੀ ਬੀਮਾਰ ਮਾਂ ਦਾ ਮੰਜਾ ਹੈ। ਸਿਲੇਬਸ ਦੀਆਂ ਕਿਤਾਬਾਂ ਨੂੰ, ਅਲਗਰਜ਼ੀ ਨਾਲ ਫ਼ੋਲਦਾ ਮੇਰਾ ਪੁੱਤਰ ਹੈ। ਮੈਂ ਵੀ ਹਾਂ- ਨੰਗੇ ਸਿਰ ਬੈਠਾ। ਅਖ਼ਬਾਰ ਵਿਚੋਂ ਬਦਹਵਾਸ ਜਹੀਆਂ ਖ਼ਬਰਾਂ ਪੜ੍ਹਦਾ। ਬੇਚੈਨ ਮਨ ਸ਼ਾਂਤ ਹੈ ਇਸ ਪਲ। ਕਿਰਮਚੀ ਫੁੱਲਾਂ ਲੱਦੀਆਂ ਟਾਹਣੀਆਂ ਨੂੰ, ਹਵਾ ਨਾਲ ਅਠਖੇਲੀਆਂ ਕਰਦਿਆਂ ਵੇਖਦਿਆਂ।

ਪੱਥਰਾਂ ਨੇ ਕਿਹਾ

ਪੱਥਰਾਂ ਨੇ ਕਿਹਾ, ਝਰਨਿਆਂ ਨੂੰ ਪੁੱਛੋ! ਇਹ ਕਿਸ ਦੀ ਪ੍ਰਵਾਨਗੀ ਨਾਲ ਵਗਦੇ ਹਨ? ਇਨ੍ਹਾਂ ਦੇ ਕਲਵਲ ਕਲਵਲ ਕਰਦੇ ਪਾਣੀ, ਸਾਨੂੰ ਖਹਿ ਕੇ ਕਿਉਂ ਲੰਘਦੇ ਹਨ? ਗੂੜ੍ਹੀ ਨੀਂਦਰ ਵਿਚ ਖਲਲ ਪਾਉਂਦੇ ਹਨ। ਗੱਡੇ ਹੋਏ ਰੁੱਖਾਂ ਨੇ ਕਿਹਾ, ਮਹਿਕਦੀਆਂ ਹਵਾਵਾਂ ਦੀ ਜੁਆਬ ਤਲਬੀ ਕਰੋ। ਇਹ ਕਿਸ ਨੂੰ ਪੁੱਛ ਕੇ ਸਾਡੇ ਨਾਲ ਖਹਿਸਰਦੀਆਂ ਨੇ? ਸ਼ਾਂਤ ਅਡੋਲ ਟਾਹਣੀਆਂ ਨੂੰ ਪਰੇਸ਼ਾਨ ਕਰਦੀਆਂ ਨੇ। ਕਾਨੂੰਨ ਦੀ ਕਿਤਾਬ ਵਿਚ ਪਏ ਹਰਫ਼ਾਂ ਨੇ ਕਿਹਾ, ਸਾਨੂੰ ਇਨ੍ਹਾਂ ਪੱਥਰਾਂ ਤੇ ਗੱਡੇ ਹੋਏ ਰੁੱਖਾਂ ਜਹੇ, ਵਿਆਖਿਆਕਾਰਾਂ ਤੋਂ ਬਚਾਉ। ਇਹ ਸਾਡੀ ਮੂਲ ਭਾਵਨਾ ਦੀ, ਬੇਹੁਰਮਤੀ ਕਰਦੇ ਨੇ। ਆਪਣੇ ਮੈਲੇ ਕੁਚੈਲੇ ਬਦਬੂਦਾਰ ਅਰਥ, ਸਾਡੇ ਮੋਢਿਆਂ ਤੇ ਲੱਦ ਕੇ, ਬਦਲੇ ਖ਼ੋਰੀਆਂ ਨੀਤਾਂ ਨਾਲ, ਸਾਡੀ ਕੰਜ ਕੁਆਰੀ ਆਤਮਾ ਦਾ ਗਰਭ ਪਾਤ ਕਰਦੇ ਨੇ। ਸਾਡੇ ਮੋਢਿਆਂ ਤੇ ਆਪਣੀ ਕਮਾਨ ਧਰ ਕੇ ਤੀਰ ਚਲਾਉਂਦੇ ਨੇ।

ਬਹੁਤ ਉਦਾਸ ਸੀ ਰਾਤ

ਬਹੁਤ ਉਦਾਸ ਸੀ ਰਾਤ। ਨਿੰਮੋਝੂਣ ਸਵੇਰ। ਦੁਪਹਿਰਾਂ ਵੀ ਐਵੇਂ ਬੀਮਾਰ ਜਹੀਆਂ। ਤੇ ਸ਼ਾਮਾਂ ਵੀ ਰੁੱਸੇ ਹੋਏ ਬਾਲ ਵਾਂਗ, ਰੀਂ ਰੀਂ ਕਰਦੀਆਂ। ਇਹ ਸਭ ਕੁਝ ਤੇਰੀ ਗ਼ੈਰ ਹਾਜ਼ਰੀ ਦਾ ਨਜ਼ਾਰਾ ਹੈ। ਕਈ ਵਰ੍ਹਿਆਂ ਬਾਅਦ, ਚਲੋ! ਸੁਪਨੇ ਵਿਚ ਹੀ ਸਹੀ, ਤੂੰ ਫੇਰ ਮਿਲੀ ਹੈਂ। ਓਹੀ ਸੂਰਜ ਮੇਰੇ ਨਾਲ ਗੁਫ਼ਤਗੂ ਕਰ ਰਿਹਾ ਹੈ। ਧਰਤੀ ਦਾ ਸਮੂਲਚਾ ਵਣ-ਤ੍ਰਿਣ, ਮੇਰੇ ਸਾਹਾਂ ਦੀ ਸਰਗਮ ਵਿਚ ਸ਼ਾਮਲ ਹੈ। ਤੇਰੀ ਆਵਾਜ਼ ਨੂੰ ਸਹਿਕਦੇ ਕੰਨ, ਹੁਣ ਫਿਰ ਰਵਾਂ ਹੋ ਗਏ ਨੇ। ਤੇ ਪਥਰਾਏ ਹੋਠਾਂ ਨੂੰ ਹਰਕਤ ਮਿਲੀ ਹੈ, ਅਹੱਲਿਆ ਨੂੰ ਮਿਲੀ ਰਾਮ ਦੀ ਛੋਹ ਵਾਂਗ, ਮੈਂ ਫਿਰ ਜਿਉਂਦਾ ਹੋ ਗਿਆ ਹਾਂ।

ਭਟਕਣ ਨਹੀਂ, ਸਫ਼ਰ ਹੈ

ਰਾਹ ਵਿਚ ਪੱਥਰ ਤਾਂ ਬਹੁਤ ਸਨ, ਪਰ ਮੈਂ ਸਾਰੇ ਹੀ ਉਲੰਘ ਆਇਆ ਹਾਂ। ਇਹ ਵੀ ਟੁੱਟੇ ਹੋਏ ਹਨ, ਆਪਣੇ ਅਸਲ ਟਿਕਾਣੇ ਤੋਂ ਮੇਰੇ ਵਾਂਗ। ਰਸਤੇ ਵਿਚ ਮੈਂ ਰੁੱਖਾਂ ਨੂੰ ਪੁੱਛਿਆ, ਇਕੋ ਲੱਤ ਦੇ ਭਾਰ ਖੜ੍ਹੇ, ਤੁਸੀਂ ਥੱਕਦੇ ਕਿਉਂ ਨਹੀਂ? ਬੋਲੇ! ਸੱਜਣਾਂ ਨੂੰ ਉਡੀਕਣ ਵਾਲੇ ਕਦੇ ਨਹੀਂ ਥੱਕਦੇ। ਬਹਾਰ ਆਵੇਗੀ ਨਰਮ ਪੱਤੇ ਲੈ ਕੇ। ਨਿੱਘ ਨਾਲ ਭਰ ਦੇਣਗੇ, ਟਾਹਣੀਆਂ ਨੂੰ ਕਲਾਵੇ ਵਿਚ ਲੈ ਕੇ। ਸਾਨੂੰ ਵਸਤਰ ਮਿਲੇਗਾ। ਮੈਂ ਹਵਾਵਾਂ ਦੀ ਸਰਸਰਾਹਟ ਨੂੰ ਪੁੱਛਿਆ? ਕਿੱਥੋਂ ਤੁਰ ਕੇ ਕਿੱਧਰ ਨੂੰ ਚੱਲੀਆਂ ਹੋ? ਉਹ ਬੋਲੀਆਂ, ਸਹਿਕਦੀ ਧਰਤੀ ਤੋਂ ਮਹਿਕਦੀ ਵਾਦੀ ਵੱਲ। ਤੇ ਮਹਿਕਦੀ ਵਾਦੀ ਤੋਂ ਸਹਿਕਦੀ ਧਰਤੀ ਵੱਲ। ਨਿਰੰਤਰ ਸਫ਼ਰ ਹੈ। ਅਨੰਤ ਪੈਂਡੇ ਝਾਗਦੀਆਂ ਹਵਾਵਾਂ ਬੋਲੀਆਂ, ਜਦ ਤੂੰ ਸਾਡੇ ਨਾਲ ਨਾਲ ਤੁਰੇਂਗਾ, ਆਪੇ ਹੀ ਜਾਣ ਜਾਵੇਂਗਾ। ਇਹ ਭਟਕਣ ਨਹੀਂ, ਸਫ਼ਰ ਹੈ।

ਸ਼ੋਰ ਦੇ ਖ਼ਿਲਾਫ਼

ਸ਼ੋਰ ਦੇ ਖਿਲਾਫ਼, ਮੇਰੀ ਚੁੱਪ ਦੱਸੋ ਕਿਵੇਂ ਲੜੇ? ਅਣਲਿਖੀ ਵਾਰਤਾ ਨੂੰ, ਦੱਸੋ ਕੋਈ ਕਿਵੇਂ ਪੜ੍ਹੇ? ਸ਼ੋਰ ਦੇ ਖਿਲਾਫ਼, ਹੁਣ ਬੋਲ ਮਨਾਂ ਬੋਲ ਤੂੰ। ਚੁੱਪ ਵਾਲੀ ਗੰਢ ਮਨਾਂ, ਖੋਲ੍ਹ ਹੁਣ ਖੋਲ੍ਹ ਤੂੰ। ਖ਼ੌਲਦੇ ਸਮੁੰਦਰਾਂ ਨੂੰ, ਜਿਥੇ ਚਾਹੁਣ ਬਹਿਣ ਦੇਵੋ। ਜੀਭਾ ਜੋ ਜੋ ਬੋਲਦੀ ਏ, ਉਸਨੂੰ ਵੀ ਕਹਿਣ ਦੇਵੋ। ਨਦੀਆਂ ਦੇ ਸ਼ੂਕਦਿਆਂ, ਪਾਣੀਆਂ ਨੂੰ ਵਹਿਣ ਦੇਵੋ। ਹੜ੍ਹਾਂ ਦੀ ਕਰੋਪੀ, ਇਕ ਵਾਰੀ ਹੇਠਾਂ ਲਹਿਣ ਦੇਵੋ। ਜ਼ਿੰਦਗੀ 'ਚ ਸ਼ੋਰ ਨੂੰ ਨਾ, ਡੇਰਾ ਲਾ ਕੇ ਬਹਿਣ ਦੇਵੋ।

ਹੇ ਵਿਗਿਆਨੀ

ਹੇ ਵਿਗਿਆਨੀ, ਜੇ ਤੇਰਾ ਵਿਗਿਆਨ, ਸਿਰਫ਼ ਤੇਰੇ ਹੀ ਹੱਥ ਵਿਚ, ਬਣ ਜਾਣਾ ਏਂ ਖੇਡ-ਖਿਡੌਣਾ। ਲੋਕ ਭਲੇ ਦੇ ਕੰਮ ਨਹੀਂ ਆਉਣਾ। ਤਾਂ ਫਿਰ ਤੇਰਾ ਮੇਰਾ ਰਾਹ ਹੁਣ ਵੱਖਰਾ ਵੱਖਰਾ। ਜੇ ਤੇਰੇ ਵਿਗਿਆਨ ਸਿਰਫ਼ ਹਥਿਆਰ ਬਣਾਉਣੇ। ਜੋ ਹਾਕਮ ਦੇ ਕੰਮ ਨੇ ਆਉਣੇ। ਲੋਕ ਸ਼ਕਤੀਆਂ ਕੁਚਲਣ ਖ਼ਾਤਰ, ਜਾਂ ਫਿਰ ਸਰਹੱਦ ਬਣੇ ਬਹਾਨਾ। ਭਰਨ ਗਰੀਬ ਲੋਕ ਹਰਜਾਨਾ। ਤਾਂ ਫਿਰ ਤੇਰਾ ਮੇਰਾ ਰਸਤਾ ਵੱਖਰਾ ਵੱਖਰਾ। ਜੇ ਤੇਰੇ ਵਿਗਿਆਨ ਦੇ ਹੱਥੋਂ, ਧਰਤੀ ਮਾਂ ਦੇ ਨਕਸ਼ ਵਿਗੜਨੇ। ਅੰਬਰ ਲੀਰੋ ਲੀਰ ਪਾਟਣਾ, ਸਾਗਰ ਵਿਚ ਤਰਥੱਲੀ ਮੱਚਣੀ। ਪੌਣਾਂ ਦੇ ਵਿਚ ਜ਼ਹਿਰ ਪਸਰਨਾ। ਬਿਰਛ ਬਰੂਟੇ ਮੁਰਝਾਉਣੇ ਨੇ। ਤਾਂ ਫਿਰ ਤੇਰਾ ਮੇਰਾ ਰਸਤਾ ਵੱਖਰਾ ਵੱਖਰਾ। ਜੇ ਤੇਰੇ ਵਿਗਿਆਨ 'ਚ ਦਮ ਹੈ, ਮੇਰੀ ਮਾਂ ਦੇ ਅੱਥਰੂਆਂ 'ਚੋਂ ਵੇਖ ਪਰਖ਼ ਲੈ। ਕਿਹੜੇ ਦੁੱਖ ਤੇ, ਕਿਹੜੇ ਮੌਸਮ, ਮਾਂ ਦੀ ਕਮਰ ਕਮਾਨ ਬਣਾਈ? ਭੈਣ ਮੇਰੀ ਦੇ ਸੁਪਨ ਅਧੂਰੇ, ਲੱਭ ਕੇ ਦੱਸ ਤੂੰ ਕਿਸਦੇ ਕਾਰਨ ਹੋਏ ਨਾ ਪੂਰੇ? ਧੀ ਮੇਰੀ ਹਟਕੋਰੇ ਭਰ ਕੇ ਕਿਉਂ ਰੋਂਦੀ ਹੈ? ਇਸ ਧਰਤੀ ਦੀ ਹਰ ਧੀ ਅੱਖੋਂ ਦਰਦ-ਪਰੁੱਚੀ ਰੱਤ ਕਿਉਂ ਚੋਂਦੀ? ਜੇ ਤੇਰੇ ਵਿਗਿਆਨ ਨੇ, ਕੁੜੀਆਂ ਚਿੜੀਆਂ ਨੂੰ ਹੀ ਭੱਠ ਵਿਚ ਤਾਉਣੈਂ। ਮਾਵਾਂ ਨੂੰ ਫ਼ਿਕਰਾਂ ਦੇ ਚੁੱਲ੍ਹੇ ਅੰਦਰ ਡਾਹੁਣੈਂ। ਤਾਂ ਫਿਰ ਤੇਰਾ ਮੇਰਾ ਰਸਤਾ ਵੱਖਰਾ ਵੱਖਰਾ। ਹੇ ਵਿਗਿਆਨੀ! ਆਪਣੇ ਤੂੰ ਵਿਗਿਆਨ ਦੀ ਅੰਨ੍ਹੀ ਸੁਰੰਗ 'ਚ ਵੜਿਆ। ਮੁੜ ਆ ਘਰ ਨੂੰ, ਵੇਖ ਕਿਵੇਂ ਅਹੁ ਸੂਰਜ ਚੜ੍ਹਿਆ। ਚਿੱਟੇ ਦਿਨ ਦੀ ਨਗਨ ਹਕੀਕਤ, ਰੰਗਲੀ ਐਨਕ ਲਾਹ ਦੇ ਪਹਿਲਾਂ, ਨੰਗੀ ਅੱਖੇ ਨਿਰਖ਼ ਪਛਾਣ। ਜੇ ਨਾ ਅੱਜ ਤੂੰ ਫ਼ਰਜ਼ ਪਛਾਤਾ, ਹੋ ਜੂ ਘਾਣ। ਜੀਵਨ ਦੇ ਵਰਤਾਰੇ ਨੂੰ ਤੂੰ ਆਪਣੇ ਨਾਲੋਂ ਵੱਖਰਾ ਨਾ ਕਰ। ਆਪਣੇ ਸਾਈਂ ਕੋਲੋਂ ਏਨਾ ਵੀ ਤਾਂ ਨਾ ਡਰ। ਜੇ ਤੂੰ ਫਿਰ ਵੀ ਭਰਮ ਜਕੜਿਆ, ਆਪਣੇ ਲੋਕਾਂ ਵੱਲ ਪਿੱਠ ਕਰਕੇ ਤੁਰਦੇ ਰਹਿਣਾ। ਤਾਂ ਹੁਣ ਸੁਣ ਲੈ ਮੇਰਾ ਕਹਿਣਾ, ਤੇਰਾ ਮੇਰਾ ਰਸਤਾ ਵੱਖਰਾ ਵੱਖਰਾ ਰਹਿਣਾ। ਤੂੰ ਆਪਣੇ ਵਿਗਿਆਨ 'ਚ ਮਾਂ ਦੀ ਲੋਰੀ ਭਰ ਲੈ। ਚਿਤਰਕਾਰ ਤੋਂ ਰੰਗ ਉਧਾਰੇ, ਬੰਸਰੀਆਂ ਤੋਂ ਹੂਕਾਂ ਲੈ ਲੈ, ਤੂੰਬੀ ਤੋਂ ਟੁਣਕਾਰ ਨਿਰੰਤਰ, ਇਹ ਵਿਗਿਆਨ ਜਿਉਂਦਾ ਕਰ ਲੈ। ਨਿੱਕੇ ਬਾਲਾਂ ਤੋਂ ਕਿਲਕਾਰੀ। ਜਿਉਂਦੇ ਰੰਗਾਂ ਦੀ ਪਿਚਕਾਰੀ। ਅੰਬਰ 'ਚੋਂ ਸਤਰੰਗੀ ਲੈ ਕੇ, ਪੀਂਘਾਂ ਚਾੜ੍ਹ ਹਵਾ ਵਿਚ ਤਰ ਲੈ। ਵਰ ਲੱਭਦੀ ਮੁਟਿਆਰ ਦੀ ਧੜਕਣ, ਗੱਭਰੂ ਦੇ ਸਾਹਾਂ ਦੀ ਤੜਪਣ। ਤਪਦੀ ਧਰਤੀ ਉੱਪਰ ਵਰ੍ਹ ਜਾ, ਬਣ ਕੇ ਕਿਣ ਮਿਣ। ਫਿਰ ਤੇਰਾ ਤੇ ਮੇਰਾ ਰਸਤਾ ਇਕ ਹੋ ਸਕਦੈ।

ਰੰਗ ਹੀ ਤਾਂ ਬੋਲਦੇ ਨੇ

ਰੰਗ ਹੀ ਤਾਂ ਬੋਲਦੇ ਨੇ। ਹੋਵੋ ਜੇ ਉਦਾਸ ਬੈਠੇ ਦੁੱਖ ਸੁਖ ਫ਼ੋਲਦੇ ਨੇ। ਖੁਸ਼ੀ ਦੇ ਫ਼ੁਹਾਰਿਆਂ 'ਚ ਰਸ ਮਿੱਠਾ ਘੋਲਦੇ ਨੇ। ਸੁਣੋ! ਰੰਗ ਬੋਲਦੇ ਨੇ। ਦਾਦੀ ਦੀਆਂ ਬਾਤਾਂ ਅਤੇ ਸੁਣੀਆਂ ਕਹਾਣੀਆਂ 'ਚ। ਉੱਡਦੀ ਏ ਜਲਪਰੀ ਸੁਪਨੇ ਦੇ ਪਾਣੀਆਂ 'ਚ। ਜਿਸ ਰੰਗੇ ਲੀੜੇ ਪਾ ਕੇ ਅੱਖਾਂ ਅੱਗੇ ਆਉਂਦੀ ਏ। ਉਹੋ ਜਹੇ ਮਨ 'ਚ ਖ਼ਿਆਲਾਂ ਨੂੰ ਜਗਾਉਂਦੀ ਏ। ਰੰਗਾਂ ਨੂੰ ਲਿਬਾਸ ਵਾਲੀ ਹੁੰਦੀ ਭਾਵੇਂ ਲੋੜ ਨਾ। ਪਰ ਸਦਾ ਰੰਗਾਂ ਨੂੰ ਨੰਗੇਜ਼ ਵਲੋਂ ਮੋੜਨਾ। ਜੀਹਦੇ ਹੱਥ ਕੂਚੀ ਉਹਦਾ ਰੰਗ ਹੀ ਧਰਮ ਹੈ। ਰੰਗਾਂ ਦੀ ਵੀ ਅੱਖ 'ਚ ਬਾਰੀਕ ਜਹੀ ਸ਼ਰਮ ਹੈ। ਏਸ ਨੂੰ ਪਛਾਨਣਾ ਤੇ ਜਾਨਣਾ ਜ਼ਰੂਰੀ ਹੈ। ਵਧ ਜਾਣੀ ਨਹੀਂ ਤਾਂ ਹੋਰ ਰੰਗਾਂ ਕੋਲੋਂ ਦੂਰੀ ਹੈ। ਕੁਝ ਰੰਗ ਨਿਰੀ ਹੀ ਬੇਸ਼ਰਮੀ ਨੇ ਘੋਲਦੇ। ਜਦੋਂ ਵੀ ਬੁਲਾਉ ਅੱਗੋਂ ਅਵਾ ਤਵਾ ਬੋਲਦੇ। ਧਰਤੀ 'ਚ ਜੰਮੇ ਜਾਏ ਰੁੱਖ ਜਦੋਂ ਬੋਲਦੇ। ਬਕ ਬਕੀ ਜ਼ਿੰਦਗੀ 'ਚ ਰੰਗ ਜਾਣ ਘੋਲਦੇ। ਆਪਣੀ ਪਿਆਸ ਵਾਲੇ ਰੰਗ ਵਿਚ ਰੰਗ ਕੇ। ਰੰਗਾਂ ਨੂੰ ਮਨੁੱਖ ਰੱਖੇ ਸੂਲੀ ਉੱਤੇ ਟੰਗ ਕੇ। ਪਾਣੀ ਨੂੰ ਵੀ ਆਦਮੀ ਹੀ ਰੰਗਾਂ 'ਚ ਵਟਾਉਂਦਾ ਹੈ। ਜਿਹੋ ਜਿਹੀ ਪਿਆਸ ਹੋਵੇ ਉਹੋ ਜਿਹੀ ਬਣਾਉਂਦਾ ਹੈ। ਨੱਥ ਪਾਈਏ ਇਹੋ ਜਹੇ ਅਵਾਰਾ ਹੋਏ ਟੋਲੇ ਨੂੰ। ਬਹੁਤਾ ਹੀ ਖਿਲਾਰੀ ਜਾਂਦੇ ਰੰਗ ਬੜਬੋਲੇ ਨੂੰ। ਲਿੱਬੜੀ ਦੀਵਾਰ ਵੇਖੋ ਰੰਗ ਪਾਉਂਦਾ ਸ਼ੋਰ ਹੈ। ਰੰਗ ਦਾ ਸਲੀਕਾ ਤਾਂ ਰਕਾਨ ਵਾਲੀ ਤੋਰ ਹੈ। ਵੇਖੋ ਵਣਜਾਰੇ ਚਾਲਾਂ ਨਵੀਆਂ ਚਲਾ ਰਹੇ। ਆਖਦੇ ਸੁਮੇਲ ਰੰਗ ਰੰਗਾਂ 'ਚ ਮਿਲਾ ਰਹੇ। ਨਵੇਂ ਨਵੇਂ ਨਾਮ ਲੈ ਕੇ ਮੰਡੀ ਵਿਚ ਆ ਰਹੇ। ਰੀਝਾਂ ਦੇ ਬਹਾਨੇ ਸਾਡੀ ਜੇਬ ਹੱਥ ਪਾ ਰਹੇ। ਮਨਾਂ ਵਿਚੋਂ ਕੱਢ ਦਿਓ ਡਾਢਿਆਂ ਦੇ ਰੋਅਬ ਨੂੰ। ਇਕੋ ਰੰਗ ਰੰਗਣਾ ਜੋ ਚਾਹੁੰਦੇ ਨੇ ਗਲੋਬ ਨੂੰ। ਵੇਚ ਕੇ ਬਾਜ਼ਾਰੀ ਧਾਗੇ ਕਰਨਗੇ ਖੱਟੀਆਂ। ਕਿਤੇ ਮੇਰੀ ਭੈਣ ਘਰੇ ਰੰਗ ਲਏ ਨਾ ਅੱਟੀਆਂ। ਇਕੋ ਡੋਬੇ ਵਿਚ ਚਾਹੁੰਦੇ ਚਾਅ ਸਾਡੇ ਰੰਗਣਾ। ਚੂੜੀਆਂ ਬਲੌਰੀ ਹੋਕਾ ਪਿੰਡ 'ਚੋਂ ਨਹੀਂ ਲੰਘਣਾ। ਕੱਪੜੇ ਮਸ਼ੀਨੀ ਉੱਤੇ ਫੁੱਲ ਵੀ ਮਸ਼ੀਨ ਦੇ। ਸੁਣੂ ਤੇ ਸੁਣਾਊ ਕੌਣ ਦੁੱਖੜੇ ਜ਼ਮੀਨ ਦੇ। ਰੰਗਾਂ ਨੂੰ ਸੰਭਾਲਣਾ ਵੀ ਸਾਡੀ ਜ਼ਿੰਮੇਵਾਰੀ ਏ। ਇਨ੍ਹਾਂ ਹੀ ਬਚਾਉਣੀ ਸਾਡੇ ਖੰਭਾਂ ਦੀ ਉਡਾਰੀ ਏ। ਰੰਗਾਂ ਦਿਓ ਵਾਰਸੋ ਤੇ ਧਰਤੀ ਦੇ ਪੁੱਤਰੋ। ਸਮੇਂ ਦੀ ਵੰਗਾਰ ਨੂੰ ਪਛਾਣੋ ਹੇਠਾਂ ਉੱਤਰੋ। ਤੇਜ਼ ਵਣਜਾਰਾ ਕਿਤੇ ਸਾਨੂੰ ਚਾਰ ਜਾਵੇ ਨਾ। ਵੇਖਿਓ ਮਸ਼ੀਨ ਕੋਲੋਂ ਹੱਥ ਹਾਰ ਜਾਵੇ ਨਾ। ਪੈਸੇ ਦੀਆਂ ਪੀਰ ਨੇ, ਹਕੂਮਤਾਂ ਨਿਲੱਜੀਆਂ। ਖਾ ਖਾ ਮੁਰਦਾਰ ਅਜੇ ਨੀਤਾਂ ਨਹੀਂਓਂ ਰੱਜੀਆਂ। ਹੱਡਾ ਰੋੜੀ ਵਿਚੋਂ ਆਈਆਂ ਇੱਲਾਂ ਭਾਵੇਂ ਰੱਜ ਕੇ। ਇਨ੍ਹਾਂ ਕੋਲੋਂ ਜ਼ਿੰਦਗੀ ਬਚਾਉ ਗੱਜ ਵੱਜ ਕੇ। ਰੰਗਾਂ ਦੇ ਬਹਾਨੇ ਇਹ ਤਾਂ ਧੜੇ ਕਦੀ ਬਣਾਉਂਦਾ ਹੈ। ਫੇਰ ਉਨ੍ਹਾਂ ਰੰਗਾਂ ਨੂੰ ਵੀ ਆਪਸੀ ਲੜਾਉਂਦਾ ਹੈ। ਰਖਵਾਲੀ ਰੰਗਾਂ ਦੀ ਬਹਾਨਾ ਬਣੇ ਜੰਗ ਦਾ। ਵੱਸਦੇ ਘਰਾਂ ਦੀ ਜਾਨ ਨੇਜ਼ੇ ਉੱਤੇ ਟੰਗਦਾ। ਸਾਰੇ ਹਥਿਆਰਾਂ ਮੂੰਹੋਂ ਇੱਕੋ ਜੇਹੀ ਅੱਗ ਹੈ। ਲਾਟਾਂ ਵਾਲਾ ਰੰਗ ਇੱਕੋ ਕੌਣ ਕਹੇ ਅਲੱਗ ਹੈ? ਜੰਗ ਪਿਛੋਂ ਸੂਹਾ ਖ਼ੂਨ ਇਕੋ ਤਰ੍ਹਾਂ ਵਹਿੰਦਾ ਏ। ਸੁਣੋ ਜਾਂ ਨਾ ਸੁਣੋ ਸਦਾ ਇੱਕੋ ਗੱਲ ਕਹਿੰਦਾ ਏ। ਆਪਣੀ ਲੜਾਈ ਕਾਹਨੂੰ ਬਹਿ ਕੇ ਨਹੀਂ ਨਿਬੇੜਦੇ। ਰਾਜਨੀਤੀ ਵਾਸਤੇ ਕਿਉਂ ਰੰਗਾਂ ਨੂੰ ਲਬੇੜਦੇ। ਅੱਗ ਤੇ ਅਨਾਰ ਵਿਚ ਕੋਹਾਂ ਲੰਮੀ ਦੂਰੀ ਹੈ। ਸੁੱਚਮ ਜਿਉਂਦਾ ਰਹੇ ਰੰਗਾਂ ਲਈ ਜ਼ਰੂਰੀ ਹੈ। ਰੰਗਾਂ 'ਚੋਂ ਪਛਾਣੋ ਕਿਸੇ ਏਹੋ ਜਹੇ ਰੰਗ ਨੂੰ। ਤਿੜਕੇ ਨਾ ਚੂੜਾ ਪਵੇ ਖ਼ਤਰਾ ਨਾ ਵੰਗ ਨੂੰ। ਉੱਡਦੇ ਦੁਪੱਟੇ ਸੂਹੇ ਲਹਿਰੀਏ ਤੇ ਡੋਰੀਏ। ਹਵਾ 'ਚ ਗੜੂੰਦ ਵੇਖੋ ਸਰ੍ਹੋਂ ਫੁੱਲ ਤੋਰੀਏ। ਇਕ ਦੂਜੇ ਨਾਲ ਖਹਿ ਕੇ ਫੇਰ ਵੀ ਮੁਲਾਇਮ ਨੇ। ਮੋਰ ਦਿਆਂ ਖੰਭਾਂ ਵਿਚ ਸੱਤੇ ਰੰਗ ਕਾਇਮ ਨੇ। ਘੁੱਗੀਆਂ ਸਲੇਟੀ ਗਲ ਗੋਲ ਗੋਲ ਗਾਨੀਆਂ। ਲੱਗਦੈ ਪ੍ਰੇਮੀਆਂ ਨੇ ਦਿੱਤੀਆਂ ਨਿਸ਼ਾਨੀਆਂ। ਜੀਣ ਰੰਗ, ਰਾਗ ਤੇ ਸੁਹਾਗ ਫੁਲਕਾਰੀਆਂ। ਰੰਗਾਂ ਦਿਓ ਪਾਹਰੂਓ ਸੰਭਾਲੋ ਜ਼ਿੰਮੇਵਾਰੀਆਂ। ਟੁੱਕਦੇ ਨੇ ਫ਼ਲ ਤੋਤੇ ਚੁੰਝਾਂ ਲਾਲ ਲਾਲ ਨੇ। ਧਰਤੀ ਦੇ ਲੋਕਾਂ ਲਈ ਇਹ ਬਲਦੇ ਸੁਆਲ ਨੇ। ਚਲੋ! ਤੁਰੋ ਆਓ! ਲਾਈਏ ਅੰਬਰੀਂ ਉਡਾਰੀਆਂ। ਧਰਤੀ ਆਕਾਸ਼ ਨੂੰ ਨਾ ਹੁੰਦੇ ਬੂਹੇ ਬਾਰੀਆਂ। ਬੀਜ ਦਿਉ ਕਿਆਰੀਆਂ 'ਚ ਰੀਝ ਤੇ ਉਮੰਗ ਨੂੰ। ਜੜ੍ਹਾਂ ਤੋਂ ਉਖਾੜ ਦਿਉ, ਹਾਉਕੇ ਬਦਰੰਗ ਨੂੰ। ਕਰੋ ਅਰਦਾਸ ਰੰਗ ਕਦੇ ਨਾ ਉਦਾਸ ਹੋਵੇ। ਰੰਗਾਂ ਤੇ ਸੁਗੰਧਾਂ 'ਚ ਪਰੁੱਚਿਆ ਸਵਾਸ ਹੋਵੇ। ਸਮਾਂ ਤੇ ਸਥਾਨ ਵੇਖ ਬੰਦਾ ਨਹੀਉਂ ਬੋਲਦਾ। ਦਿਲ ਵਿਚ ਘੁੰਡੀ ਰੱਖੇ ਗੰਢ ਨਹੀਉਂ ਖੋਲ੍ਹਦਾ। ਏਹੋ ਜੇਹੀ ਚੁੱਪ ਵੇਲੇ ਰੰਗ ਹੀ ਤਾਂ ਬੋਲਦੇ ਨੇ। ਚਿਹਰੇ ਵਾਲੇ ਰੰਗ ਸਭ ਗੁੰਝਲਾਂ ਨੂੰ ਖੋਲ੍ਹਦੇ ਨੇ, ਸੁਣੋ! ਰੰਗ ਬੋਲਦੇ ਨੇ।

ਚੀਸ ਪ੍ਰਾਹੁਣੀ

ਸ਼ਾਮਾਂ ਵੇਲੇ ਚੀਸ ਪ੍ਰਾਹੁਣੀ, ਮੇਰੇ ਮਨ ਦਾ ਦਰ ਖੜਕਾਵੇ। ਜਾਗੀ ਪੀੜ ਇਕੱਲੀ ਜਿੰਦੜੀ। ਦਿਲ ਵੀ ਜੀਕਣ ਬੁਝਿਆ ਬੁਝਿਆ, ਕਿਸੇ ਮਜ਼ਾਰ 'ਤੇ ਮੂਧਾ ਜਿਵੇਂ ਤਰੇੜਿਆ ਦੀਵਾ। ਦੂਰ ਕਿਤੇ ਸਾਗਰ ਦੇ ਸਿਰ 'ਤੇ ਬੱਦਲ ਚੜ੍ਹਿਆ। ਕਾਲੀ ਘਟ ਨੇ ਨ੍ਹੇਰ ਮਚਾਇਆ, ਮੇਰੇ ਪਿੰਡ ਦੇ ਸਿਰ 'ਤੇ ਪਰ ਔੜਾਂ ਦਾ ਸਾਇਆ। ਹਰ ਜੀਅ ਜੀਕਣ ਹਾਉਕਾ ਤੁਰਦਾ। ਧੂੰਏ ਵਿਚ ਰਾਹ ਦਿਸੇ ਨਾ ਕੋਈ, ਸ਼ਾਮਾਂ ਵੇਲੇ ਇਹ ਕੈਸੀ ਅਨਹੋਣੀ ਹੋਈ। ਮੇਰੇ ਸਨਮੁਖ ਟੁੱਟਿਆ ਸ਼ੀਸ਼ਾ। ਕੰਕਰ ਕੰਕਰ ਅਕਸ ਖਿੱਲਰਿਆ। ਇਸ ਤੋਂ ਆਪਣੇ ਬਾਰੇ ਹੁਣ ਮੈਂ ਕੀਹ ਜਾਣਾਂਗਾ? ਇਹ ਤਾਂ ਆਪ ਗੁਆਚੀ ਕਾਇਆ। ਤਿੜਕਿਆ ਅਕਸ ਨਿਹਾਰ ਰਿਹਾ ਹਾਂ। ਹੁਣ ਮੈਂ ਕਿਹੜੇ ਮੋਢੇ ਆਪਣਾ ਸੀਸ ਟਿਕਾਵਾਂ? ਰੋਂਦਾ ਰੋਂਦਾ ਥੱਕ ਜਾਵਾਂ, ਹੌਲਾ ਹੋ ਜਾਵਾਂ। ਅੱਖਾਂ ਵਿਚ ਦਰਿਆ ਤੇ ਨਦੀਆਂ। ਦਿਲ ਵਿਚ ਉੱਛਲੇ ਤਲਖ਼ ਸਮੁੰਦਰ। ਮੈਥੋਂ ਆਪਣਾ ਰਾਹ ਪੁੱਛਦਾ ਹੈ, ਕਿੱਧਰ ਜਾਵਾਂ? ਮੇਰੇ ਕੋਲ ਰੁਮਾਲ ਨਾ ਕੋਈ, ਕਿਸੇ ਮੁਹੱਬਤੀ ਰੂਹ ਦਾ ਦਿੱਤਾ, ਜਿਸਨੂੰ ਅੱਖੀਆਂ ਉੱਤੇ ਧਰਕੇ ਅੱਥਰੂ ਵਹਿੰਦੇ ਰੁਕ ਜਾਂਦੇ ਨੇ, ਜਿਸ ਵਿਚ ਨਦੀਆਂ, ਦਰਿਆ, ਸਾਗਰ ਸੁੱਕ ਜਾਂਦੇ ਨੇ। ਏਸ ਪਰਾਈ ਧਰਤੀ ਉੱਤੇ, ਮੇਰੀ ਆਪਣੀ ਪੈੜ ਨਹੀਂ ਹੈ। ਨਾ ਮੇਰਾ ਪਰਛਾਵਾਂ ਏਥੇ, ਨਾ ਮੇਰਾ ਪਰਛਾਵਾਂ ਓਥੇ। ਬਰਫ਼ਾਨੀ ਟੀਸੀ ਤੇ ਚੰਨ ਹੈ। ਰਾਤ ਚੌਧਵੀਂ ਦੂਰ ਪਿਆ ਲਿਸ਼ਕੋਰਾਂ ਮਾਰੇ। ਬਿਟ ਬਿਟ ਝਾਕ ਰਹੇ ਨੇ ਤਾਰੇ। ਇਹ ਵੀ ਮੇਰੇ ਵਰਗੇ ਸਾਰੇ। ਨਾ ਜਾਗੇ, ਨਾ ਸੁੱਤੇ ਲੱਗਣ ਥੱਕੇ ਹਾਰੇ। ਹਰੇ ਕਚੂਰ ਦਰਖ਼ਤਾਂ ਉੱਤੇ ਪੱਤ ਹਰਿਆਲੇ। ਸੂਰਜ ਦੀ ਲਿਸ਼ਕੋਰ 'ਚ ਲਿਸ਼ਕਣ, ਪਰ ਹੋਠਾਂ 'ਤੇ ਚੁੱਪ ਦੇ ਤਾਲੇ। ਜੀਭਾ ਕਿਤੇ ਗੁਆਚ ਗਈ ਹੈ। ਕੰਨਾਂ ਦੇ ਵਿਚ ਸਿੱਕਾ ਢਲਿਆ, ਕੁੱਲ ਧਰਤੀ ਦਾ ਸਾਂਝਾ ਦੀਵਾ, ਕਿੱਥੇ ਚੜ੍ਹ ਕੇ ਸੂਰਜ ਬਲਿਆ। ਬਾਲ ਅਲੂੰਏਂ ਧਰਤੀ ਦੀ ਹਿੱਕੜੀ 'ਤੇ ਠਰਦੇ। ਪੈਰੋਂ ਤੇੜੋਂ ਨੰਗ ਮੁਨੰਗੇ ਹਰ ਹਰ ਕਰਦੇ। ਜੰਮਣ ਸਾਰ ਹੀ ਜ਼ਿੰਦਗੀ ਕਿਤੇ ਗੁਆਚ ਗਈ ਹੈ, ਰਹਿਣ ਮੌਤ ਦਾ ਲੇਖਾ ਕਰਦੇ। ਪਰ ਨਾ ਡਾਢੇ ਰੱਬ ਤੋਂ ਡਰਦੇ। ਹਾੜ੍ਹ ਸਿਆਲੇ, ਪੱਤਝੜ ਅਤੇ ਪੁੰਗਾਰੇ ਰੁੱਤੇ। ਖੜ ਖੜ ਖੜ ਖੜ ਡੱਬੇ ਰੇਲ ਪਟੜੀਆਂ ਉੱਤੇ। ਵਕਤ ਦੇ ਹੇਠਾਂ ਅੱਥਰਾ ਘੋੜਾ, ਇਹ ਨਾ ਮੈਨੂੰ ਦੇਵੇ ਦਾਈ। ਖੇਡੀ ਜਾਵੇ ਲੁਕਣ ਮਚਾਈ। ਮੈਂ ਇਹਦੇ ਸੰਗ ਦੌੜ ਰਿਹਾਂ ਸਿਰਤੋੜ ਨਿਰੰਤਰ। ਆਦਮ ਜੂਨ ਗੁਆਚੀ ਬਣ ਬੈਠਾ ਹਾਂ ਯੰਤਰ। ਜਿਉਂਦੇ ਜੀਅ ਨਹੀਂ ਹੋ ਸਕਣਾ, ਮੈਂ ਕਦੇ ਸੁਤੰਤਰ। ਉੱਚੇ ਭਵਨ, ਪਹਾੜਾਂ, ਮਹਿਲ ਅਟਾਰੀਆਂ ਉੱਤੇ। ਚੰਨ ਤੇ ਸੂਰਜ ਪੁੱਠੇ ਹੋ ਕੇ ਵੰਡਦੇ ਚਾਨਣ। ਧਰਤੀ 'ਤੇ ਵੀ ਵੱਸਦੇ ਲੋਕੀਂ, ਜੋ ਨਾ ਸ਼ਿਕਵਾ, ਰੋਸ ਸ਼ਿਕਾਇਤ, ਆਪਣੀ ਜੀਭਾ ਉੱਤੇ ਧਰਦੇ। ਸ਼ਾਮ, ਸਵੇਰੇ, ਰਾਤਾਂ ਤੇ ਪ੍ਰਭਾਤਾਂ ਵੇਲੇ, ਖ਼ੌਰੇ ਕਿੰਨੇ ਤਰਲੇ ਪਾਉਂਦੇ। ਰਹਿੰਦੇ ਦੇਵੀ ਦੇਵ ਧਿਆਉਂਦੇ। ਨੇਰ੍ਹੇ ਦੀ ਲੋਈ ਨਾ ਪਾਟੇ, ਰਾਹਾਂ ਦੇ ਵਿਚ ਜਿੰਦ ਮੁਕਾਉਂਦੇ। ਮੇਰਾ ਅੰਬਰ ਵੀ ਕਿਉਂ ਅੱਜ ਤੱਕ ਕਾਲ ਕਲੂਟਾ। ਪੁੰਗਰਦਾ ਨਾ ਆਸ ਦਾ ਬੂਟਾ। ਫੁੱਲਾਂ 'ਚੋਂ ਖੁਸ਼ਬੋਈ ਮੋਈ, ਪ੍ਰਕ੍ਰਿਤੀ ਦੀ ਨਬਜ਼ ਖਲੋਈ। ਸੂਰਜ ਮੇਰੇ ਨਾਲ ਜਿਵੇਂ ਹੈ ਰੁੱਸਿਆ ਰੁੱਸਿਆ। ਚੰਦਰਮਾ 'ਚੋਂ ਚਾਨਣ ਜਾਪੇ ਖੁੱਸਿਆ ਖੁੱਸਿਆ। ਬਿਰਖ਼ ਨਿਪੱਤਰੇ ਵਾਂਗੂੰ ਗੁੰਮ ਗੁੰਮ, ਦਲਦਲ ਅੰਦਰ ਇਕੋ ਲੱਤ ਦੇ ਭਾਰ ਖੜ੍ਹਾ ਹਾਂ। ਕਦੇ ਕਦੇ ਤਾਂ ਇਉਂ ਲੱਗਦਾ ਹੈ, ਮੈਂ ਉਹ ਪੰਛੀ, ਜਿਸ ਦੇ ਪੈਰੀਂ ਝਾਂਜਰ ਹੋਏ। ਖੰਭ ਧਾਗੇ ਵਿਚ ਉਲਝੇ, ਉਸ ਤੋਂ ਉੱਡ ਨਾ ਹੋਏ। ਸੁਪਨੇ ਦੇ ਵਿਚ ਹੇਕ ਅਧੂਰੀ ਸੰਘ ਵਿਚ ਅਟਕੇ। ਜਾਂ ਖੂਹੀ ਵਿਚ ਡਿੱਗਦੇ ਡਿੱਗਦੇ, ਮੌਣ ਕਿਨਾਰੇ ਹੱਥ ਪੈ ਜਾਵੇ। ਕੱਲ੍ਹ-ਮੁ-ਕੱਲ੍ਹਾ ਰੋਵਾਂ ਤੇ ਕੋਈ ਨੇੜ ਨਾ ਆਵੇ। ਨਾ ਉੱਪਰ ਨਾ ਹੇਠਾਂ, ਦੱਸੋ ਕਿੱਧਰ ਜਾਵੇ। ਸ਼ਾਮਾਂ ਵੇਲੇ ਕਈ ਵਾਰੀ ਇਉਂ ਸਾਹ ਰੁਕਦਾ ਹੈ। ਹੇ ਮੇਰੇ ਜੀਵਨ ਦੀ ਜਗਮਗ ਜਗਦੀਏ ਬੱਤੀਏ। ਆ ਜਾ ਰਲ ਕੇ ਸੁਪਨੇ ਕੱਤੀਏ। ਸੁਪਨੇ ਵਿਚ ਪਰੁੱਚੀਏ ਨੀ ਸਾਹਾਂ ਦੀਏ ਲੜੀਏ। ਆ ਜਾ ਏਸ ਇਬਾਰਤ ਨੂੰ ਅੱਜ ਰਲ ਕੇ ਪੜ੍ਹੀਏ। ਸੂਰਜ ਸਾਡੇ ਸਾਹੀਂ ਕਿਉਂ ਨਹੀਂ ਨਿੱਘ ਵਰਤਾਉਂਦਾ। ਚੰਦਰਮਾ ਵੀ ਕਿਉਂ ਨਹੀਂ ਸਾਡੇ ਮਨ ਰੁਸ਼ਨਾਉਂਦਾ। ਆ ਜਾ ਮਨ ਦੇ ਮੈਲੇ ਸ਼ੀਸ਼ੇ ਮੁੜ ਲਿਸ਼ਕਾਈਏ। ਸ਼ਾਮਾਂ ਵੇਲੇ ਇੱਕ ਦੂਜੇ ਦਾ ਚਾਨਣ ਬਣੀਏ। ਆਪਣੇ ਅਤੇ ਬੇਗਾਨੇ ਰਾਹ 'ਚੋਂ ਨੇਰ੍ਹ ਮਿਟਾਈਏ। ਸਾਹਾਂ ਵਿਚ ਕਸਤੂਰੀ ਮੱਥੇ ਕੇਸਰ ਟਿੱਕਾ, ਇਸ ਧਰਤੀ ਨੂੰ ਜਿਉਣ ਜੋਗੜੀ ਆਪ ਬਣਾਈਏ।

ਸੁਪਨੇ ਦਾ ਰੰਗ

ਸੁਪਨੇ ਦਾ ਰੰਗ ਵੱਖਰਾ ਵੱਖਰਾ ਕਿਉਂ ਹੁੰਦਾ ਹੈ? ਕਿਸੇ ਦਾ ਸੁਪਨਾ ਸੂਰਜ ਵਰਗਾ, ਖਿੜਿਆ ਖਿੜਿਆ ਸੱਜਰਾ ਸੱਜਰਾ। ਕਿਸੇ ਅਮੀਰ ਦੇ ਘਰ ਦੇ ਅੰਦਰ, ਲਾਅਨ 'ਚ ਖਿੜੇ ਗੁਲਾਬਾਂ ਵਰਗਾ। ਕਿਸੇ ਦਾ ਸੁਪਨਾ ਮਿੱਟੀ ਰੰਗਾ ਕਿਉਂ ਹੁੰਦਾ ਹੈ? ਨੰਗ ਧੜੰਗੇ, ਮਾਰ ਦੁੜੰਗੇ, ਭੱਜਦੇ ਨੱਸਦੇ, ਲਿੱਬੜੇ ਤਿੱਬੜੇ ਬਾਲਾਂ ਵਰਗਾ। ਖਿੱਲਰੇ ਵਾਲਾਂ ਵਾਲਾ ਸੁਪਨਾ। ਮਿੱਟੀ ਘੱਟੇ ਦੇ ਵਿਚ ਰੁਲ ਗਏ ਹਾਸੇ ਵਰਗਾ। ਅੱਡੀ ਹੇਠਾਂ ਆ ਕੇ ਭੁਰੇ ਪਤਾਸੇ ਵਰਗਾ। ਕਿਸੇ ਦਾ ਸੁਪਨਾ ਮੀਂਹ ਮਗਰੋਂ ਸਤਰੰਗੀ ਵਰਗਾ। ਅੰਬਰ ਦੇ ਵਿਚ ਲਟਕ ਰਹੀ ਉਸ ਪੀਂਘ ਦਾ ਝੂਟਾ, ਜਿਸਨੂੰ ਮਾਣ ਨਾ ਸਕਦਾ ਕੋਈ। ਸੋਨ ਬਿਰਖ਼ ਦੀ ਕਲਪਿਤ ਛਾਇਆ। ਜਿਸ ਦੇ ਹੇਠਾਂ ਬਹਿ ਨਹੀਂ ਸਕਦਾ ਆਦਮ ਕੋਈ। ਕਿੱਥੇ ਉੱਗਿਆ, ਕਿਸ ਨੇ ਲਾਇਆ? ਇਹ ਗੱਲ ਜਾਣ ਨਹੀਂ ਸਕਦਾ ਕੋਈ। ਹਰ ਬੰਦੇ ਦੇ ਸੁਪਨੇ ਦਾ ਰੰਗ, ਵੱਖਰਾ ਵੱਖਰਾ ਕਿਉਂ ਹੁੰਦਾ ਹੈ? ਕਦੀ ਲੋਕਾਂ ਦਾ ਸੁਪਨਾ ਜੀਕਣ ਬਾਲਾਂ ਦੀ ਕਿਲਕਾਰੀ ਹੋਵੇ। ਨਰਮ ਕਰੂੰਬਲ ਦੇ ਸਿਰ ਜੀਕੂੰ ਅੰਬਰ ਦੀ ਫੁਲਕਾਰੀ ਹੋਵੇ। ਅੱਖ ਮਿਰਗਣੀ ਅੰਦਰ ਜੀਕੂੰ ਸੁਰਮਾ ਤੇਜ਼ ਕਟਾਰੀ ਹੋਵੇ। ਬੋਟ ਨਿਖੰਭੇ ਪਹਿਲੀ ਵਾਰੀ ਜੀਕਣ ਭਰੀ ਉਡਾਰੀ ਹੋਵੇ। ਹਰ ਸੁਪਨੇ ਦਾ ਹਰ ਮੌਸਮ ਵਿਚ ਵੱਖਰਾ ਵੱਖਰਾ ਰੂਪ ਸਰੂਪ ਕਿਉਂ ਹੁੰਦਾ ਹੈ?

ਤੇਤੀ ਕਰੋੜ ਦੇਵਤੇ

ਆਪਣੇ ਹੀ ਪੁੱਤਰਾਂ ਹੱਥੋਂ, ਨੀਲਾਮ ਹੋ ਰਹੇ ਮੇਰੇ ਦੇਸ਼। ਤੈਨੂੰ ਕਿਹੋ ਜਿਹਾ ਲੱਗਦਾ ਹੈ, ਘਪਲਿਆਂ, ਘੋਟਾਲਿਆਂ ਤੇ ਹਵਾਲਿਆਂ ਦੇ, ਚੱਕਰਵਿਊਹ ਵਿਚ ਲਗਾਤਾਰ ਘਿਰੇ ਰਹਿਣਾ? ਮੁਖੌਟੇ ਦਰ ਮੁਖੌਟੇ, ਪਰਤ ਦਰ ਪਰਤ ਚਿਹਰੇ ਲੈ ਕੇ, ਹਕੂਮਤ ਕਰ ਰਹੇ ਮਦਾਰੀਆਂ ਹੱਥੋਂ, ਹਰ ਵਾਰ ਬੇਅਦਬ ਹੋਣਾ, ਤੈਨੂੰ ਕਿਹੋ ਜਿਹਾ ਲੱਗਦਾ ਹੈ? ਦੇਸ਼ ਭਗਤੀ ਦੇ ਲਿਬਾਸ ਹੇਠਾਂ ਲੁਕੀ, ਮਾਨਸ ਖਾਣੀ ਦੁਰਗੰਧ, ਕਿੰਨਾ ਕੁ ਚਿਰ ਸੁੰਘਦਾ ਰਹੇਂਗਾ। ਵੇਖ ਕੇ ਅਣਡਿੱਠ ਕਰਦਾ ਰਹੇਂਗਾ। ਬੜੇ ਚਿਰ ਤੋਂ ਪਰਚ ਰਹੇ ਹਾਂ, ਸੁਨਹਿਰੇ ਲਾਰਿਆਂ ਤੇ ਰੰਗਲੇ ਗੁਬਾਰਿਆਂ ਜਹੇ ਬੋਲਾਂ ਨਾਲ। ਬਚਪਨ ਨਹੀਂ, ਹੁਣ ਤਾਂ ਜਵਾਨੀ ਵੀ ਹੰਢ ਗਈ ਹੈ। ਦਰਿੰਦਗੀ ਮੇਰੇ ਸਾਹਾਂ ਵਿਚ ਵੀ ਸ਼ਾਮਲ ਹੋ ਚੁੱਕੀ ਹੈ। ਵੱਡੇ ਵੱਡੇ ਬੁੱਤ ਟੁੱਟ ਰਹੇ ਨੇ, ਨਿੱਕੇ ਨਿੱਕੇ ਲਾਲਚਾਂ ਲਈ। ਲਿਲਕੜ੍ਹੀਆਂ ਕੱਢਦੇ ਬਿਰਧ ਹੱਥ ਵੇਖਣੇ, ਸਾਡੇ ਹੀ ਨਸੀਬਾਂ ਵਿਚ ਕਿਉਂ ਸਨ ਮੇਰੇ ਦੇਸ਼। ਖ਼ਲਨਾਇਕ ਨਾਇਕ ਦੀ ਵਰਦੀ ਪਹਿਨ ਕੇ, ਲੁੱਟ ਰਹੇ ਨੇ ਦਿਨੇ ਰਾਤ। ਡਾਕੂਆਂ ਦੀ ਸੁਰਖ਼ ਝੰਡੇ ਵਾਲੇ ਬਾਬੇ ਨਾਲ ਗਲਵੱਕੜੀ ਵੇਖਦਿਆਂ, ਮੇਰੇ ਤਾਂ ਸੋਤਰ ਸੁੱਕ ਗਏ ਨੇ। ਇਸ ਨਵੀਂ ਭਾਈਵਾਲੀ ਨੂੰ, ਸਿਧਾਂਤ ਦੀ ਕਿਹੜੀ ਕਿਤਾਬ 'ਚੋਂ ਪੜ੍ਹ ਕੇ ਕੀ ਸਮਝਾਂ ਮੇਰੇ ਦੇਸ਼। ਇਬਾਰਤ ਰਲਗੱਡ ਹੋ ਚੱਲੀ ਹੈ। ਸ਼ਹਿਦ ਵਿਚ ਰਲੀ ਰੇਤ ਦੇ ਕਣਾਂ ਵਾਂਗ। ਦੰਦਾਂ ਹੇਠ ਕਿਰਚ ਕਿਰਚ ਹੁੰਦਾ ਹੈ। ਨਾ ਖਾਣ ਜੋਗੇ ਹਾਂ, ਨਾ ਥੁੱਕਣ ਜੋਗੇ। ਇਕ ਵੱਡੇ ਨੀਲਾਮ ਘਰ 'ਚ ਵੱਸਦਿਆਂ, ਦਮ ਘੁੱਟਦਾ ਹੈ। ਜਾਪਦਾ ਹੈ- ਸਵੇਰੇ ਉੱਠਣ ਸਾਰ, ਮੈਂ ਵੀ ਵਿਕ ਚੁਕਿਆ ਹੋਵਾਂਗਾ। ਮਹਿੰਗੇ ਸਸਤੇ ਮੁੱਲ ਕਿਸੇ ਵੀ ਬਾਜ਼ਾਰ ਵਿਚ! ਮੂੰਹ ਵਿਚਲੀ ਜੀਭ ਵੀ ਸੁੰਗੜ ਗਈ ਹੈ। ਬਾਹਾਂ ਦੀ ਕੀਹ ਪੁੱਛਦਾ ਹੈਂ? ਕਦੇ ਮੁੱਕਾ ਬਣ ਕੇ ਹਵਾ ਵਿਚ ਲਹਿਰਾਉਂਦੀਆਂ ਹੀ ਨਹੀਂ। ਅਰਜ਼ੀਆਂ ਲਿਖਦੀਆਂ ਲਿਖਦੀਆਂ ਉਂਗਲਾਂ, ਅਰਜ਼ਮੰਦ ਹੱਥਾਂ ਦੇ ਆਖੇ ਹੀ ਲੱਗਦੀਆਂ ਹਨ। ਰਾਤ ਨੂੰ ਬਹੁਤ ਵਾਰ, ਦੇਸ਼ ਦੇ ਤੇਤੀ ਕਰੋੜ ਭੁੱਖੇ ਦੇਵਤੇ, ਮੇਰੇ ਸਿਰ੍ਹਾਣੇ ਆਣ ਬੈਠਦੇ ਹਨ। ਰੋਟੀ ਮੰਗਦੇ ਹਨ। ਕੱਪੜਾ ਮੰਗਦੇ ਹਨ। ਤੇ ਕਦੇ ਸਿਰ ਢਕਣ ਲਈ ਘਰ। ਮੈਂ ਇਨ੍ਹਾਂ ਤੋਂ ਲੁਕ ਜਾਂਦਾ ਹਾਂ ਚਿਹਰੇ 'ਤੇ ਚਾਦਰ ਤਾਣ ਕੇ। ਪਰ ਬੜੇ ਕੁਰਖ਼ਤ ਹਨ ਹਕੀਕਤਾਂ ਦੇ ਪਹਾੜ। ਇਹ ਸਾਰੇ ਦੇਵਤੇ ਸਿਰ੍ਹਾਣਿਉਂ ਉੱਠ ਕੇ, ਮੇਰੀ ਹਿੱਕ 'ਤੇ ਆਣ ਬੈਠਦੇ ਹਨ। ਆਖਦੇ ਹਨ, ਹੁਣ ਬੋਲ। ਪੁੱਛਦੇ ਹਨ ਕਿ ਤੇਰੇ ਅਨਾਜ ਦੇ ਭੰਡਾਰ, ਪੈਸੇ ਬਦਲੇ ਹੀ ਕਿਉਂ ਤੁਲਦੇ ਨੇ। ਆਖਦੇ ਹਨ, ਸਾਡੇ ਕੋਲ ਹੱਥ ਹਨ- ਕੰਮ ਦਿਉ। ਸਾਡੇ ਕੋਲ ਪੈਰ ਹਨ- ਸਫ਼ਰ ਦਿਉ। ਸਾਡੇ ਕੋਲ ਖੰਭ ਹਨ- ਪ੍ਰਵਾਜ਼ ਦਿਉ। ਸਾਡੇ ਕੋਲ ਸੁਪਨੇ ਹਨ, ਇਨ੍ਹਾਂ ਵਿਚ ਰੰਗ ਭਰੋ। ਸਾਡੇ ਕੋਲ ਬੜਾ ਕੁਝ ਹੈ, ਪੱਥਰਾਂ 'ਚ ਲੁਕੀ ਅਗਨ ਜਿਹਾ। ਜ਼ਰਾ ਕੁ ਜਗਾਉ ਤਾਂ ਸਹੀ, ਅਸੀਂ ਵੀ ਤੜ ਤੜ ਮੱਚਣਾ ਜਾਣਦੇ ਹਾਂ। ਤੇਰੀ ਗਰੀਬੀ ਰੇਖਾ ਤੋਂ ਹੇਠਾਂ ਵੱਸਦੇ, ਇਨ੍ਹਾਂ ਤੇਤੀ ਕਰੋੜ ਦੇਵਤਿਆਂ ਨੂੰ ਕੀਹ ਆਖਾਂ ਮੇਰੇ ਦੇਸ਼? ਮੈਂ ਇਨ੍ਹਾਂ ਛਿਆਹਠ ਕਰੋੜ ਅੱਖਾਂ, ਏਨੀਆਂ ਹੀ ਬਾਹਾਂ ਅਤੇ ਉਸ ਤੋਂ ਵੀ ਦਸ ਗੁਣਾਂ ਉਂਗਲਾਂ ਤੋਂ, ਮੈਂ ਬਹੁਤ ਭੈਭੀਤ ਹਾਂ ਮੇਰੇ ਦੇਸ਼। ਇਹ ਕਿਸੇ ਵੀ ਦਿਨ, ਤੇਰਾ ਤੇ ਮੇਰਾ ਭਰਮ-ਭਾਂਡਾ ਭੰਨ ਸਕਦੇ ਨੇ। ਇਨ੍ਹਾਂ ਤੇਤੀ ਕਰੋੜ ਜੀਭਾਂ ਨੂੰ, ਜੇ ਬੋਲਣ ਦੀ ਜਾਚ ਆ ਗਈ ਤਾਂ ਕੀਹ ਬਣੇਗਾ? ਅਜੇ ਤਾਂ ਇਹ ਜੀਭਾਂ ਕਦੇ ਕਦੇ ਹੀ ਬੋਲਦੀਆਂ ਨੇ। ਜਦ ਵੀ ਬੋਲਦੀਆਂ ਨੇ, ਮੇਰੀ ਨੀਂਦ ਹਰਾਮ ਕਰਦੀਆਂ ਨੇ। ਅਣੂੰਆਂ, ਪ੍ਰਮਾਣੂੰਆਂ ਦੀ ਸ਼ਕਤੀ ਦੇ ਭਰਮ ਵਿਚ ਸੁੱਤੇ ਮੇਰੇ ਦੇਸ਼। ਇਹ ਤੇਤੀ ਕਰੋੜ ਭੁੱਖੇ ਦੇਵਤੇ, ਤੇਰੀ ਪ੍ਰਮਾਣੂ ਸ਼ਕਤੀ ਵੀ ਬਣ ਸਕਦੇ ਨੇ। ਤੇ ਤਬਾਹੀ ਦਾ ਕਾਰਨ ਵੀ। ਹੁਣ ਇਨ੍ਹਾਂ ਨੂੰ ਭਾਸ਼ਨ ਨਹੀਂ ਸੁਣਾਏ ਜਾ ਸਕਦੇ ਲੰਮਾ ਚਿਰ। ਏਨੇ ਵਰ੍ਹੇ ਥੋੜ੍ਹੇ ਨਹੀਂ ਹੁੰਦੇ। ਗੂੜ੍ਹੀ ਨੀਂਦਰੋਂ ਜਾਗੇ, ਇਹ ਤੇਤੀ ਕਰੋੜ ਪੱਥਰ ਹੋਏ ਦੇਵਤੇ, ਹੁਣ ਭਗਵਾਨ ਬਣੇ ਰਹਿਣ ਦੇ ਭਰਮ ਵਿਚ ਹੁਣ ਲੰਮਾ ਸਮਾਂ ਨਹੀਂ ਸੌਣਾ ਚਾਹੁੰਦੇ।

ਉੱਡੇ ਪਿਆ ਜਹਾਜ਼

ਉੱਡੇ ਪਿਆ ਜਹਾਜ਼, ਜਿਵੇਂ ਕੋਈ ਪੰਛੀ ਕਰੇ ਪਰਵਾਜ਼, ਤੇ ਅੰਗ ਸੰਗ ਮੈਂ ਵੀ ਹੋਵਾਂ। ਬੱਦਲਾਂ ਤੋਂ ਵੀ ਪਾਰ, ਹਵਾ ਨੂੰ ਜਾਂਦਾ ਗੰਢਾਂ ਮਾਰ, ਤੇ ਦਿਲ ਵਿਚ ਇਹ ਪਿਆ ਆਵੇ। ਚਿਰੀਂ ਵਿਛੁੰਨੇ ਯਾਰ ਪਿਆ ਵਿਗਿਆਨ ਮਿਲਾਵੇ। ਧਰਤੀ ਹੋਈ ਦੂਰ, ਮੈਂ ਵੇਖਾਂ ਅੰਬਰ ਵੱਲ ਨੂੰ ਘੂਰ, ਹਵਾ ਵਿਚ ਲਟਕ ਰਿਹਾ ਹਾਂ। ਅਣਵੇਖੀ ਨੂੰ ਲੱਭਦਾ ਕਿੱਥੇ ਭਟਕ ਰਿਹਾ ਹਾਂ?

ਜੜ੍ਹਾਂ

ਧਰਤੀ ਦੀ ਹਿੱਕ ਤੇ ਖਲੋਤੇ ਰੁੱਖ ਨੂੰ ਮੈਂ ਪੁੱਛਿਆ ਤੇਰੀ ਸ਼ਕਤੀ ਕਿੱਥੇ ਹੈ? ਉਹ ਬੋਲਿਆ, "ਜੜ੍ਹਾਂ ਵਿਚ"। ਤੇ ਤੇਰੀ ਕਮਜ਼ੋਰੀ, ਉਸਨੇ ਕਿਹਾ, "ਟਾਹਣੀਆਂ ਵਿਚ" ਜਦੋਂ ਟਾਹਣੀਆਂ ਟੁੱਟ ਜਾਂਦੀਆਂ ਨੇ, ਜਾਂ ਕੋਈ ਛਾਂਗ ਸੁੱਟਦਾ ਹੈ, ਤਾਂ ਮੈਂ ਬਹੁਤ ਉਦਾਸ ਹੋ ਜਾਂਦਾ ਹਾਂ। ਇਹ ਤਾਂ ਜੜ੍ਹਾਂ ਹੀ ਨੇ, ਜਿੰਨ੍ਹਾਂ ਦੇ ਸਹਾਰੇ ਮੈਂ ਮੁੜ ਫੇਰ ਹਰਿਆ ਭਰਿਆ ਹੋ ਜਾਂਦਾ ਹਾਂ। ਮੈਨੂੰ ਧਰਤੀ, ਜੜ੍ਹਾਂ ਤੇ ਟਾਹਣੀਆਂ ਦਾ ਰਿਸ਼ਤਾ ਪਛਾਣਦਿਆਂ, ਰੁੱਖ ਤੇ ਮਨੁੱਖ ਵਿਚਕਾਰ ਬਹੁਤ ਕੁਝ ਉੱਘੜ-ਦੁੱਘੜਾ ਜਾਪਿਆ। ਆਦਮੀ ਨਾ ਜੜ੍ਹਾਂ ਲੈ ਕੇ ਜਿਉਂਦਾ ਹੈ। ਸਿਰਫ਼ ਟਾਹਣੀਆਂ ਟੁੱਟਣ 'ਤੇ ਮੁਰਝਾਉਂਦਾ ਹੈ। ਇਹ ਆਪਣੇ ਆਪ ਤੋਂ ਟੁੱਟ ਕੇ, ਕਿੰਨਾ ਕੁ ਚਿਰ ਜੀਵੇਗਾ? ਇਹੀ ਸੋਚ ਕੇ ਮੈਂ ਫ਼ੇਰ ਰੁੱਖ ਕੋਲ ਜਾ ਖਲੋਤਾ।

ਬੱਤੀ ਦੀ ਥਾਂ ਆਂਦਰ ਬਲਦੀ

ਬੱਤੀ ਦੀ ਥਾਂ ਆਂਦਰ ਬਲਦੀ, ਤੇਲ ਦੀ ਥਾਂ ਮੇਰੀ ਚਰਬੀ ਢਲਦੀ। ਇਸ ਦੀਵੇ ਦੇ ਨਾਲ ਭਲਾ ਦੱਸ, ਕਿਹੜਾ ਜੱਗ ਰੁਸ਼ਨਾਓਗੇ? ਜਬਰ ਜ਼ੁਲਮ ਦੀ ਮੂਰਤ ਬਣਕੇ, ਤੁਸੀਂ ਹੀ ਚੇਤੇ ਆਉਗੇ। ਬਲਦੀਆਂ ਸੜਕਾਂ ਸਿਖ਼ਰ ਦੁਪਹਿਰੇ। ਮੀਟ ਗਏ ਅੱਖਾਂ ਅਦਲ ਕਟਹਿਰੇ। ਹਾਕਮ ਬਣ ਗਏ ਗੁੰਗੇ ਬਹਿਰੇ। ਜਦੋਂ ਕਿਤੇ ਵੀ ਟਾਇਰ ਬਲੇਗਾ, ਆਪੇ ਤੋਂ ਘਬਰਾਓਗੇ। ਮਨ ਦੀ ਏਸ ਕਚਹਿਰੀ ਕੋਲੋਂ, ਬਚ ਕੇ ਕਿੱਧਰ ਜਾਓਗੇ? ਚੜ੍ਹਦੈ ਹੁਣ ਵੀ ਜਦੋਂ ਨਵੰਬਰ। ਜਾਪੇ ਧਰਤੀ ਕਾਲਾ ਅੰਬਰ। ਸੋਚ ਸੋਚ ਕੇ ਜਾਵਾਂ ਠਠੰਬਰ। ਜਿੰਨ੍ਹਾਂ ਘਰਾਂ ਦੇ ਦੀਵੇ ਬੁਝ ਗਏ, ਮੁੜ ਕੇ ਕਿਵੇਂ ਜਗਾਓਗੇ? ਸੱਜਣਾ! ਤੂੰ ਚੰਗੀ ਨਾ ਕੀਤੀ। ਭਗਤ ਕਹਾਵੇਂ ਮਨ ਬਦਨੀਤੀ। ਨਾ ਜਗਦੀਸ਼ਰ ਉਲਟੀ ਰੀਤੀ। ਚਿੱਟੇ ਵਸਤਰ ਹੇਠ ਭਲਾ ਦੱਸ, ਕਾਲਖ ਕਿਵੇਂ ਛੁਪਾਓਗੇ? ਵਿਧਵਾਵਾਂ ਦੇ ਹਾਉਕੇ ਕੋਲੋਂ, ਬਚ ਕੇ ਕਿੱਧਰ ਜਾਓਗੇ। ਤੇਰੇ ਸ਼ਹਿਰ ਦੀਆਂ ਜੋ ਗਲੀਆਂ। ਕਦੇ ਨਹੀਂ ਸੀ ਏਦਾਂ ਬਲੀਆਂ। ਲਾਟਾਂ ਭਰਨ ਕਲਾਵੇ ਕਲੀਆਂ। ਸਣੇ ਪੰਘੂੜੇ ਬਾਲਣ ਬਣ ਗਏ, ਕਿੱਦਾਂ ਬਾਲ ਜਗਾਉਗੇ? ਮੰਨਿਆ ਮੈਂ ਇਹ ਕਥਨ ਕਹਾਣਾ। ਡਿੱਗੇ ਜਦ ਵੀ ਰੁੱਖ ਪੁਰਾਣਾ। ਧਰਤ ਡੋਲਦੀ ਵਰਤੇ ਭਾਣਾ। ਪਰ ਅੱਗ ਪਰਖ਼ੇ ਚਿਹਰੇ, ਬੰਦੇ, ਇਹ ਸੱਚ ਕਿੰਜ ਮੰਨਵਾਉਗੇ? ਚੀਕਾਂ ਤੇ ਕੁਰਲਾਹਟਾਂ ਵਿਚੋਂ ਤੁਸੀਂ ਹੀ ਨਜ਼ਰੀਂ ਆਉਗੇ। ਜਿੰਨ੍ਹਾਂ ਨੂੰ ਹਥਿਆਰ ਬਣਾਇਆ। ਬੰਦੇ ਮਾਰਨ ਧੰਦੇ ਲਾਇਆ। ਵੋਟਾਂ ਦਾ ਤੰਦੂਰ ਤਪਾਇਆ। ਉਨ੍ਹਾਂ ਪਸ਼ੂਆਂ ਤਾਈਂ ਮੁੜ ਕੇ, ਮਾਣਸ ਕਿਵੇਂ ਬਣਾਉਗੇ? ਬਲਦੀ ਤੀਲੀ ਵੇਖਦਿਆਂ ਹੀ, ਤੁਸੀਂ ਹੀ ਚੇਤੇ ਆਉਗੇ। ਰਾਜ ਭਾਗ ਦੇ ਰੰਗਲੇ ਪਾਵੇ। ਚਮਕਣ ਰਾਜਾ ਜਿੱਦਾਂ ਚਾਹਵੇ। ਸਾਡੀ ਰੱਤ ਦਾ ਲੇਪ ਚੜ੍ਹਾਵੇ। ਦਰਦ ਮੰਦਾਂ ਦੀਆਂ ਚੀਕਾਂ ਸੁਣ ਕੇ, ਨੀਂਦਰ ਕਿੱਦਾਂ ਪਾਉਗੇ?

ਚੱਲ ਬੁੱਲ੍ਹਿਆ ਧਰਤੀ 'ਤੇ ਚੱਲੀਏ

ਚੱਲ ਬੁੱਲ੍ਹਿਆ ਧਰਤੀ 'ਤੇ ਚੱਲੀਏ। ਲੱਭੀਏ ਫੇਰ ਪੁਰਾਣੇ ਡੇਰੇ। ਜੋ ਨਾ ਤੇਰੇ ਨਾ ਹੁਣ ਮੇਰੇ। ਜਿੱਥੇ ਅੱਜ ਕੱਲ ਘੋਰ ਹਨੇਰੇ। ਮੁੜ ਕੇ ਓਹੀ ਥਾਵਾਂ ਮੱਲ੍ਹੀਏ। ਧਰਮ ਕਰਮ ਦੇ ਨਾਂ ਦੇ ਥੱਲੇ। ਕੂੜ ਕੁਸੱਤ ਦੀ ਨ੍ਹੇਰੀ ਚੱਲੇ। ਸਭ ਧਰਮਾਂ ਦੀ ਸੋਚ ਧੁਆਂਖੀ, ਮੌਲਵੀਆਂ ਦੀ ਬੱਲੇ ਬੱਲੇ। ਆ ਇਨ੍ਹਾਂ ਨੂੰ ਫੇਰ ਦਬੱਲੀਏ। ਅਕਲ ਇਲਮ ਸਭ ਵਿਕਦਾ ਹੱਟੀਆਂ। ਸੱਚ ਦੇ ਪਾਂਧੀ ਭਰਦੇ ਚੱਟੀਆਂ। ਵਣਜ ਜ਼ਹਿਰ ਦਾ ਕਰਦੇ ਖੱਟੀਆਂ। ਸਾਡੇ ਵਰਗਿਆਂ ਦੀ ਜਿੰਦ ਕੱਲ੍ਹੀ ਏ। ਮਾਂ ਪਿਉ ਜਾਇਆਂ ਸਕੇ ਭਰਾਵਾਂ। ਵੰਡ ਕੇ ਧਰਤੀ ਪਾੜੀਆਂ ਛਾਵਾਂ। ਨਫ਼ਰਤ ਦੇ ਖੇਤੀ ਤੇ ਫ਼ਸਲਾਂ, ਪਿਆਰ ਦਾ ਬੂਟਾ ਟਾਵਾਂ ਟਾਵਾਂ। ਮੋਹ ਦਾ ਕੋਈ ਸੁਨੇਹਾ ਘੱਲੀਏ। ਡੁੱਬੀ ਬੇੜੀ ਸਣੇ ਖਵੱਈਆ। ਬਣ ਗਿਆ ਸਭ ਦਾ ਬਾਪ ਰੁਪੱਈਆ। ਨੋਟ ਨਚਾਵੇ ਥੱਈਆ ਥੱਈਆ। ਵਗਦੀ ਨੇਰ੍ਹੀ ਨੂੰ ਆ ਠੱਲ੍ਹੀਏ। ਹਾਕਮਾਂ ਸਾਥੋਂ ਬਦਲੇ ਲੀਤੇ। ਸ਼ਰਮ ਦੇ ਘੋਲ ਪਿਆਲੇ ਪੀਤੇ। ਕਿਰਤਾਂ ਵਾਲੇ ਹੱਥ ਤੰਗ ਕੀਤੇ। ਕਾਲੀ ਨੇਰ੍ਹੀ ਫਿਰ ਚੱਲੀ ਏ। ਧਰਮਸਾਲ ਦੇ ਬੂਹੇ ਅੰਦਰ। ਬਾਂਦਰ ਵੱਸਦਾ ਤਨ ਦੇ ਮੰਦਰ। ਕੀਲੇਗਾ ਦੱਸ ਕੌਣ ਕਲੰਦਰ? ਬਿਖੜੇ ਰਾਹਾਂ ਨੂੰ ਹੁਣ ਮੱਲੀਏ। ਚੁੱਪ ਰਹਿਣਾ ਵੀ ਜ਼ੁਲਮ ਹਮਾਇਤ। ਜੀਂਦੇ ਬੰਦੇ ਕਰਨ ਸ਼ਿਕਾਇਤ। ਹੱਕ ਸੱਚ ਇਨਸਾਫ਼ ਰਵਾਇਤ। ਖੰਭ ਲਗਾ ਕੇ ਉੱਡ ਚੱਲੀ ਏ। ਨਾ ਹੀ ਜੀਂਦੇ, ਨਾ ਹੀ ਮੋਏ। ਜਿਥੇ ਸਾਰੇ ਗੁੰਮ ਸੁੰਮ ਹੋਏ। ਹਰ ਕੋਈ ਆਪਣੇ ਆਪ ਨੂੰ ਰੋਏ। ਓਸ ਦੇਸ਼ ਦੀਆਂ ਜੂਹਾਂ ਮੱਲੀਏ। ਚੱਲ ਬੁੱਲ੍ਹਿਆ ਧਰਤੀ 'ਤੇ ਚੱਲੀਏ।

ਵਰਜਿਤ ਰਾਹਾਂ 'ਤੇ

ਜਿੰਨ੍ਹਾਂ ਰਾਹਾਂ 'ਤੇ ਤੁਰਨ ਤੋਂ, ਤੁਹਾਨੂੰ ਕੋਈ ਵਰਜਦਾ ਹੈ, ਉਨ੍ਹਾਂ 'ਤੇ ਜ਼ਰੂਰ ਤੁਰੋ। ਜਿੰਨ੍ਹਾਂ ਪਗਡੰਡੀਆਂ 'ਤੇ ਬੂਝੇ ਹਨ, ਸਰਕੜਾ, ਕਾਹੀ ਤੇ ਮਲ੍ਹੇ ਝਾੜੀਆਂ ਹਨ, ਉਨ੍ਹਾਂ 'ਤੇ ਜ਼ਰੂਰ ਤੁਰੋ। ਪੈਰਾਂ ਨੂੰ ਰਸਤਾ ਲੱਭਣ ਦੀ ਆਦਤ ਬਣੀ ਰਹਿੰਦੀ ਹੈ। ਕੱਚੇ ਰਾਹਾਂ 'ਤੇ ਪੈਦਲ ਤੁਰਨ ਨਾਲ, ਬੰਦਾ ਕਦੇ ਨਹੀਂ ਗੁਆਚਦਾ। ਪੱਕੇ ਰਾਹਾਂ 'ਤੇ ਲਿਖੇ ਦਿਸ਼ਾ ਸੂਚਕਾਂ ਦੇ ਬਾਵਜੂਦ, ਸਾਫ਼ ਸੁਥਰੀਆਂ ਸੜਕਾਂ 'ਤੇ ਸਰਪਟ ਦੌੜਨ ਵਾਲੇ ਅਕਸਰ ਰਾਹ ਭੁੱਲ ਜਾਂਦੇ ਨੇ।

ਫ਼ਰਕ

ਹੱਕ ਸੱਚ ਇਨਸਾਫ਼ ਲਈ ਲੜਨ ਵਾਲਾ ਚਿਹਰਾ ਹਰ ਵਾਰ ਇਕੋ ਜਿਹਾ ਕਿਉਂ ਹੁੰਦਾ ਹੈ? ਰੱਜ ਕੇ ਸੋਹਣਾ ਦਗ ਦਗ ਕਰਦਾ ਨੂਰਾਨੀ ਚਿਹਰਾ ਤੇਜ਼ ਸਰਪੱਟ ਦੌੜਦੇ ਘੋੜੇ 'ਤੇ ਸਵਾਰ ਉਹ ਇਕੋ ਜਿਹਾ ਜਾਂਬਾਜ਼ ਹੀ ਕਿਉਂ ਜਾਪਦਾ ਹੈ? ਤੇ ਜਾਬਰ ਹਰ ਵਾਰ ਇਕੋ ਜਿਹਾ। ਬਦ ਸ਼ਕਲ ਤੇ ਕਰੂਪ ਹੀ ਕਿਉਂ ਹੁੰਦਾ ਹੈ? ਹਰਾਮਜ਼ਦਗੀ 'ਤੇ ਉਤਾਰੂ। ਬਦਚਲਣ ਬੰਦੇ ਜਿਹਾ। ਉਹਦੇ ਸਾਹਵਾਂ 'ਚੋਂ ਹਰ ਸਮੇਂ, ਹਰ ਥਾਂ, ਹਰ ਦੇਸ਼ ਦਰਿੰਦਗੀ ਹੀ ਕਿਉਂ ਫੁੰਕਾਰੇ ਮਾਰਦੀ ਹੈ? ਹਰ ਵਾਰ ਇਨ੍ਹਾਂ ਦੋਹਾਂ ਵਿਚਕਾਰ ਏਨਾ ਪੱਕਾ ਪਕੇਰਾ ਪਾੜਾ ਕਿਉਂ ਹੁੰਦਾ ਹੈ?

ਕਿਉਂਕਿ ਤੁਸੀਂ ਬੱਚੇ ਨਹੀਂ ਹੋ

(ਅਰਸ਼ ਤੇ ਨੂਰ ਤੇ ਪ੍ਰੀਤੀ ਦੇ ਨਾਂ) ਬੱਚਾ ਮਿੱਟੀ ਦਾ ਘਰ ਬਣਾਉਂਦਾ ਹੈ। ਪਹਿਲਾਂ ਦੀਵਾਰਾਂ ਉਸਾਰਦਾ ਹੈ। ਬੂਹੇ, ਖਿੜਕੀਆਂ ਰੌਸ਼ਨਦਾਨ, ਕੁਝ ਨਹੀਂ ਰੱਖਦਾ। ਕਾਨਿਆਂ ਦੀ ਛੱਤ ਪਾ ਕੇ, ਨਿਸ਼ਚਿੰਤ ਸੌਂ ਜਾਂਦਾ ਹੈ। ਸਕੂਲੋਂ ਪਰਤ ਕੇ 'ਹੋਮ ਵਰਕ' ਕਰਦਾ ਹੈ। ਮਾਪਿਆਂ ਤੋਂ ਚੋਰੀ ਸਕੂਲ ਵਾਲੀ ਕਾਪੀ ਵਿਚ, ਲਕੀਰਾਂ ਵਾਹੁੰਦਾ ਹੈ। ਫੇਰ ਉਨ੍ਹਾਂ ਵਿਚ ਰੰਗ ਭਰਦਾ ਹੈ। ਨਿੱਕਾ ਜਿਹਾ ਕਾਗ਼ਜ਼ੀ ਘਰ ਉਸਾਰਦਾ ਹੈ। ਮਿੱਟੀ ਦੇ ਘਰਾਂ ਤੇ ਕਾਨਿਆਂ ਵਿਚ। ਕਾਗ਼ਜ਼ੀ ਲਕੀਰਾਂ ਤੇ ਖਾਨਿਆਂ ਵਿਚ, ਉਹ ਕਿੰਨਾ ਕੁਝ ਉਸਾਰਦਾ ਹੈ। ਇਹ ਤੁਸੀਂ ਨਹੀਂ ਜਾਣ ਸਕਦੇ? ਕਿਉਂਕਿ ਤੁਸੀਂ ਬੱਚੇ ਨਹੀਂ ਹੋ।

ਬਘਿਆੜਾਂ ਨੂੰ ਕਹੋ

ਬਘਿਆੜਾਂ ਨੂੰ ਕਹੋ, ਸਾਵਧਾਨ ਰਹੋ, ਅਸੀਂ ਆ ਰਹੇ ਹਾਂ। ਇਸ ਵਾਰ ਭੇਡਾਂ ਬਣ ਕੇ ਨਹੀਂ, ਬਹੁਤ ਸਾਰੀ ਸ਼ਕਤੀ ਨਾਲ, ਸ਼ਸ਼ਤਰ ਬੱਧ ਹੋ ਕੇ ਆ ਰਹੇ ਹਾਂ। ਉਹ ਜਿੱਧਰ ਚਾਹੁਣ ਜਾ ਸਕਦੇ ਹਨ। ਭੱਜਣਾ ਚਾਹੁਣ ਭੱਜ ਸਕਦੇ ਹਨ। ਅਸੀਂ ਹੁਣ ਉਨ੍ਹਾਂ ਨੂੰ ਖ਼ੂਬ ਪਛਾਣਦੇ ਹਾਂ। ਉਨ੍ਹਾਂ ਦੀ ਔਕਾਤ ਨੂੰ ਜਾਣਦੇ ਹਾਂ। ਹੁਣ ਅਸੀਂ ਖਲੋਤੇ ਪਾਣੀ ਨਹੀਂ, ਦਰਿਆ ਬਣ ਕੇ ਆ ਰਹੇ ਹਾਂ। ਸਾਡੇ ਹੱਥਾਂ ਵਿਚ ਹੁਣ ਹੋਣਗੀਆਂ, ਸੂਹੀਆਂ, ਤੇਜ਼ ਬਲਦੀਆਂ ਮਸ਼ਾਲਾਂ। ਨ੍ਹੇਰ ਚੀਰਦੀਆਂ ਸਰਵਾਹੀਆਂ। ਇਕ ਨਹੀਂ, ਅਨੇਕ ਹੋ ਕੇ ਆ ਰਹੇ ਹਾਂ। ਇਕ ਤੋਂ ਅਨੇਕ, ਤੇ ਅਨੇਕ ਤੋਂ ਅਨੰਤ ਹੋ ਜਾਵਾਂਗੇ। ਬਘਿਆੜਾਂ ਹੱਥੋਂ, ਜ਼ਿੰਦਗੀ ਦੀ ਬੁਰਕੀ ਬੁਰਕੀ ਬਚਾਵਾਂਗੇ। ਵਕਤ ਦੇ ਬੇ-ਰਹਿਮ ਪੰਜਿਆਂ ਵਿਚ, ਤੜਫ਼ਦੀ ਫੜਫੜਾਉਂਦੀ ਜ਼ਿੰਦਗੀ, ਸਾਨੂੰ ਲੰਮੇ ਸਮੇਂ ਤੋਂ ਉਡੀਕ ਰਹੀ ਹੈ। ਅਸੀਂ ਹੁਣ ਆਵਾਂਗੇ। ਤਾਰ ਤਾਰ ਜ਼ਿੰਦਗੀ ਨੂੰ ਤੰਦ ਤੰਦ ਜੋੜਾਂਗੇ। ਵਕਤ ਦਾ ਅਮੋੜ ਘੋੜਾ, ਪਿਛਲੇ ਮੂੰਹ ਮੋੜਾਂਗੇ।

ਅੱਜ ਦੀ ਰਾਤ

ਅੱਜ ਦੀ ਰਾਤ ਜਿਵੇਂ ਕੋਈ ਬਿਰਹਣ, ਖ਼ਤ ਲਿਖਦੀ ਹੈ। ਦੂਰ ਦੇਸ ਪਰਦੇਸ ਗਏ ਨੂੰ, 'ਵਾਜ਼ਾਂ ਮਾਰੇ। ਕਾਲੀ ਰਾਤ ਦੇ ਵਰਕੇ ਉੱਤੇ, ਤਾਰੇ ਜਿਵੇਂ ਭੁਲਾਵੇਂ ਅੱਖਰ। ਕੱਲ੍ਹੇ ਕੱਲ੍ਹੇ ਫ਼ਿਕਰੇ ਵਿਚੋਂ, ਸੁਆਹ ਝੜਦੀ ਹੈ। ਪੜ੍ਹਨ ਹਾਰ ਪ੍ਰਦੇਸੀ ਤਾਈਂ, ਲਿਖਣ ਹਾਰ ਦੀ ਰੀਝ ਪਰੁੱਚੀ, ਹਰ ਇਕ ਸਤਰ ਉਡੀਕ ਰਹੀ ਹੈ। ਅੱਜ ਦੀ ਰਾਤ ਜਿਉਂ ਬਿਰਹਣ ਦੀ, ਅੱਖ ਰੋਂਦੀ ਹੈ। ਰੋਂਦੀ ਰੋਂਦੀ ਦੀ ਅੱਖ ਵਿਚੋਂ, ਰੱਤ ਚੋਂਦੀ ਹੈ। ਸੂਰਜ ਦੀ ਲਿਸ਼ਕੋਰ, ਜਿਵੇਂ ਫੁੰਕਾਰੇ ਨਾਗਣ। ਉਸਨੇ ਚਾਨਣ ਕੀਹ ਕਰਨਾ ਹੈ? ਆਪਣੇ ਤਨ ਦੀ ਮਿੱਟੀ ਰੱਤ ਵਿਚ ਗੁੰਨ੍ਹੀ ਜਾਵੇ। ਦਿਨ ਭਰ ਤਵਾ ਸੂਰਜੀ ਤਪਦਾ। ਇਕਵਾਸੀ ਰੋਟੀ ਦੇ ਵਾਂਗੂੰ, ਸੇਕ ਹੰਢਾਉਂਦੀ ਸੜ ਸੁੱਕ ਜਾਵੇ। ਨਾ ਕੋਈ ਉਸਨੂੰ ਥਾਲ ਪਰੋਸੇ, ਸੜੀ ਹੋਈ ਨੂੰ ਮੂੰਹ ਨਾ ਲਾਵੇ। ਦਿਨ ਢਲਿਆਂ 'ਤੇ, ਡੁੱਬਦਾ ਜਾਂਦਾ ਸੂਰਜ ਉਸਨੂੰ ਇਹ ਸਮਝਾਵੇ। ਵੇਖ ਮੁਸਾਫ਼ਰ ਮੋਢੇ 'ਤੇ ਬੁਚਕੀ ਲਟਕਾਈ, ਦੂਰ ਦੇਸ ਦੀ ਵਾਟ ਮੁਕਾਵੇ। ਜਿਵੇਂ ਰਾਤ ਦੀ ਕਾਲੀ ਲੋਈ, ਜਾਵੇ ਉਸਦਾ ਚੰਨ ਲੁਕੋਈ। ਜਿਵੇਂ ਅਧੂਰੇ ਸੁਪਨੇ ਖਿੱਲਰੇ, ਉਸਦੇ ਅੰਬਰ ਵਿਚਲੇ ਤਾਰੇ। ਜੀਕੂੰ ਚੱਬ ਖੋਪੇ ਦੀ ਠੂਠੀ, ਕਾਲੀ ਚਾਦਰ ਉੱਤੇ ਕੋਈ, ਮਾਰ ਫੁਰਕੜਾ ਪਿਆ ਖਿਲਾਰੇ। ਅੱਜ ਦੀ ਰਾਤ ਉਹਦੇ ਸਾਹਾਂ ਵਿਚ, ਅਚਨਚੇਤ ਕੀਹ ਭਰਦੀ ਜਾਵੇ। ਗੱਲਾਂ ਕਰਦਿਆਂ ਸਾਹ ਫੁੱਲਦਾ ਹੈ, ਚੁੱਪ ਕਰਦੀ ਤਾਂ ਨੀਂਦ ਨਾ ਆਵੇ। ਅੱਜ ਦੀ ਰਾਤ ਜਿਵੇਂ ਕੋਈ ਨਾਗਣ, ਕਿਸੇ ਸਪੇਰੇ ਕੋਲੋਂ ਭੱਜ ਕੇ, ਸਾਹੋ ਸਾਹੀ, ਵਾਹੋ ਦਾਹੀ, ਆਪਣੀ ਵਰਮੀ ਢੂੰਡ ਰਹੀ ਹੈ। ਅੱਜ ਦੀ ਰਾਤ ਜਿਵੇਂ ਕੋਈ ਕਵਿਤਾ, ਜਾਂ ਫਿਰ ਕੋਈ ਗੀਤ ਅਧੂਰਾ। ਅੜਿਆ ਸ਼ਿਅਰ ਗ਼ਜ਼ਲ ਦਾ ਜੀਕੂੰ, ਨਾ ਲਿਖਿਆ ਨਾ ਕੱਟਿਆ ਜਾਵੇ। ਕੱਲ੍ਹੀ ਜਾਨ ਕਵੀ ਦੀ ਕੋਹਵੇ ਤੇ ਤੜਫ਼ਾਵੇ। ਅੱਜ ਦੀ ਰਾਤ ਜਿਵੇਂ ਕੋਈ ਰਿਸ਼ਤਾ, ਮਰ ਮੁੱਕ ਜਾਵੇ। ਰੀਝਾਂ ਨਾਲ ਲਗਾਇਆ ਬੂਟਾ, ਸੜ ਸੁੱਕ ਜਾਵੇ। ਪੱਤਰ ਝੜਨ ਦੇ ਬਾਵਜੂਦ ਵੀ, ਹੱਥੀਂ ਖ਼ੁਦ ਪੁੱਟਣਾ ਨਾ ਚਾਹਵੇ। ਅੱਜ ਦੀ ਰਾਤ ਜਿਵੇਂ ਉਹ ਨਾਰੀ, ਆਪਣਾ ਹਾਰ ਸ਼ਿੰਗਾਰ, ਪਟਾਰੀ, ਇਕ ਇਕ ਕਰਕੇ ਦਰਿਆ ਵਿਚ ਪ੍ਰਵਾਹੀ ਜਾਵੇ। ਆਸ ਉਮੀਦ ਦਾ ਇਕ ਇਕ ਮਣਕਾ, ਟੁੱਟੀ ਤੰਦ 'ਚੋਂ ਨਿਕਲ ਗਿਆ ਜੋ, ਪਹਿਲਾਂ ਚੁਗਦੀ, ਚੁੰਮਦੀ ਚੱਟਦੀ, ਵਗਦੇ ਪਾਣੀ ਅੰਦਰ ਮਗਰੋਂ, ਇਕ ਇਕ ਕਰਕੇ ਆਪਣੇ ਆਪ ਵਗਾਹੀ ਜਾਵੇ। ਅੱਜ ਦੀ ਰਾਤ ਗੁਆਚੇ ਚੰਨ ਦੀ, ਆਪਣੀ ਜੋਤ ਗੁਆਚੀ ਹੋਈ। ਬਿਨਾ ਚਕੋਰੀ ਉਸਦਾ ਚਾਨਣ, ਹੋਰ ਨਹੀਂ ਲੱਭ ਸਕਦਾ ਕੋਈ। ਪਰ ਬਿਰਹਣ ਦੇ ਸਾਹਾਂ ਅੰਦਰ, ਮਨ ਮਸਤਕ ਦੇ ਸੂਹੇ ਮੰਦਰ, ਜੋ ਦੀਵਾ ਤੂੰ ਬਾਲ ਧਰ ਗਿਆ। ਉਸਦੀ ਬੱਤੀ ਕਾਵਾਂ ਚੂੰਡੀ, ਦੀਵਾ ਸਾਰਾ ਤੇਲ ਪੀ ਗਿਆ। ਏਸੇ ਕਰਕੇ ਮੇਰੇ ਨੈਣੀਂ ਨ੍ਹੇਰ ਪਸਰਿਆ। ਤੇ ਜ਼ਿੰਦਗੀ 'ਚੋਂ ਨੂਰ ਮਰ ਗਿਆ ਜਾਣ ਵਾਲਿਆ। ਇਹ ਕੈਸਾ ਅਹਿਸਾਨ ਕਰ ਗਿਆ।

ਸ਼ਬਦ ਨੂੰ ਨੰਗਾ ਕਰੋ

ਮਨ 'ਚ ਘੁੱਟੀ ਚੀਕ ਨੂੰ ਆਵਾਜ਼ ਦੇਵੋ। ਹਾਉਕਿਆਂ ਨੂੰ ਸਰਦ ਹੋਵਣ ਤੋਂ ਬਚਾਉ। ਜਜ਼ਬਿਆਂ ਦੇ ਮਰਨ ਤੋਂ ਪਹਿਲਾਂ ਭਰਾਓ! ਆਪਣੀ ਅੱਗ ਦੇ ਕੋਲ ਆਉ। ਇਹ ਅਗਨ ਨਾ ਲੱਕੜਾਂ ਨਾ ਕੋਲਿਆਂ ਦੀ ਹੈ ਗੁਲਾਮ। ਇਹ ਨਿਰੰਤਰ ਮਘਦੀ ਮਨ ਮੰਦਿਰ 'ਚ ਸੇਕੋ ਸੁਬਹ ਸ਼ਾਮ। ਸ਼ਬਦ ਨੂੰ ਵਸਤਰ ਨਾ ਦੇਵੋ, ਇਸ ਨੂੰ ਨੰਗਾ ਕਰਨ ਖ਼ਾਤਰ, ਜੀਭ ਨੂੰ ਆਖੋ ਕਰੇ ਨਾ ਪਰਦਾਦਾਰੀ। ਪਰ ਵਿਚਾਰੀ ਕੀ ਕਰੇ? ਕੀ ਨਾ ਕਰੇ! ਬਾਹਰ ਮੌਸਮ ਬੇ ਯਕੀਨਾ, ਹਾੜ੍ਹ ਵਿਚ ਪਾਲਾ ਪਵੇ 'ਤੇ, ਪੋਹ ਚੜ੍ਹੇ ਆਵੇ ਪਸੀਨਾ। ਸੰਘ ਵਿਚ ਜਾਲਾ ਜਿਹਾ ਹੈ, ਸ਼ਬਦ ਤਾਹੀਓਂ ਬੋਲਦੇ ਨਹੀਂ, ਜੀਭ ਨੂੰ ਤਾਲਾ ਜਿਹਾ ਹੈ। ਸ਼ਬਦ ਜਦ ਵੀ ਗ਼ਰਜ਼ ਖ਼ਾਤਰ ਤਿਲਕਦੇ ਨੇ। ਜ਼ਿੰਦਗੀ ਲਈ ਵਿਲਕਦੇ ਨੇ। ਜੀਣ ਵਾਲੇ ਸ਼ਬਦ ਹਨ ਸਿੱਧੇ ਖਲੋਂਦੇ, ਨਾ ਕਦੇ ਵੀ ਮੌਤ ਵਾਲਾ ਭਾਰ ਢੋਂਦੇ। ਮੈਂ ਹਵਾ 'ਚੋਂ, ਨੇਰ੍ਹਿਆਂ 'ਚੋਂ, ਜ਼ਿੰਦਗੀ ਲੱਭਣ ਨੂੰ ਮੰਨਦਾ ਹਾਂ ਗੁਨਾਹ। ਮੇਰਾ ਬਾਬਲ ਸੂਰਜਾ ਤੇ ਧਰਤ ਮਾਂ। ਹੁਣ ਲਿਖੇ ਤੇ ਅਣਲਿਖੇ ਨੂੰ ਫ਼ੇਰ ਫੋਲੋ। ਓਸ 'ਚੋਂ ਗੁੰਮੀ ਗੁਆਚੀ ਅਗਨ ਟੋਲੋ। ਸ਼ਬਦ ਵਿਚਲੀ ਅਗਨ ਨੂੰ ਪਹਿਰਨ ਨੇ ਕੱਜਿਆ। ਉਸਦੇ ਤਪਦੇ ਤੇਜ਼ ਨੂੰ ਜੰਜ਼ੀਰ ਵੱਜਿਆ। ਸ਼ਬਦ ਦੀ ਬੇਹੁਰਮਤੀ ਦੋ ਅਰਥ ਦੇਣਾ। ਸ਼ਬਦ ਨੰਗੇ ਦੀ ਸਦਾ ਸਿੱਧੀ ਜ਼ਬਾਨ। ਸ਼ਬਦ ਨੰਗਾ ਨਾ ਦਏ ਕੋਈ ਇਮਤਿਹਾਨ ਤੀਰ ਤਿੱਖਾ ਜਿਓਂ ਕਮਾਨੋਂ ਸ਼ੂਕਦਾ ਹੈ। ਨ੍ਹੇਰਿਆਂ ਦੇ ਜਾਲ ਕਾਲੇ ਫੂਕਦਾ ਹੈ। ਏਸ ਤੋਂ ਪਹਿਲਾਂ ਕਿ ਮਘਦੇ ਸ਼ਬਦ, ਹੋ ਜਾਵਣ ਸਵਾਹ। ਜ਼ਿੰਦਗੀ ਤੁਰਦੀ ਨਿਰੰਤਰ ਠਹਿਰ ਜਾਵੇ, ਮੇਰੀ ਮੰਨੋ ਇਹ ਸਲਾਹ! ਸ਼ਬਦ ਨੂੰ ਬੇਪਰਦ ਕਰ ਦੇਵੋ, ਜੇ ਹੁਣ ਚੰਗਾ ਕਰੋ। ਸ਼ਬਦ ਨੂੰ ਨੰਗਾ ਕਰੋ।

ਸ਼ਹੀਦ ਭਗਤ ਸਿੰਘ ਬੋਲਦਾ ਹੈ

ਜਿਹੜੀ ਉਮਰੇ ਬਾਲ ਖੇਡਣ ਗੁੱਲੀ ਡੰਡਾ। ਬੰਟਿਆਂ 'ਤੇ ਚੋਟ ਲਾਉਂਦੇ, ਮਿੱਟੀ ਗੋ ਗੋ ਘਰ ਬਣਾਉਂਦੇ। ਇਕ ਦੂਜੇ ਨਾਲ ਲੜਦੇ, ਦੂਸਰੇ ਦਾ ਘਰ ਨੇ ਢਾਹੁੰਦੇ, ਉਹ ਬੰਦੂਕਾਂ ਬੀਜਦਾ ਸੀ। ਉਹ ਇਕੱਲਾ ਸੋਚਦਾ ਸੀ, ਸਾਡੇ ਘਰ ਜਿਹੜੀ ਵੀ ਚਿੱਠੀ ਡਾਕ ਆਉਂਦੀ, ਓਸ ਨੂੰ ਕੋਈ ਤੀਸਰਾ ਕਿਉਂ ਖੋਲ੍ਹਦਾ ਹੈ? ਪੜ੍ਹਨ ਮਗਰੋਂ, ਮੇਰੀ ਮਾਂ ਤੇ ਚਾਚੀਆਂ ਨੂੰ ਪੁੱਠਾ ਸਿੱਧਾ ਬੋਲਦਾ ਹੈ। ਮਾਂ ਨੂੰ ਪੁੱਛੇ, ਮੇਰੇ ਚਾਚੇ ਕਿਉਂ ਕਦੇ ਨਹੀਂ ਘਰ ਨੂੰ ਆਉਂਦੇ। ਉਹ ਭਲਾ ਕਿਹੜੀ ਕਮਾਈ ਲੋਕਾਂ ਤੋਂ ਵੱਖਰੀ ਕਮਾਉਂਦੇ। ਦੱਸਦੀ ਚੇਤੰਨ ਚਾਚੀ 'ਨਾਮ੍ਹ ਕੌਰ। ਤੇਰੇ ਦੋਹਾਂ ਚਾਚਿਆਂ ਦੀ ਜੱਗ ਤੋਂ ਵੱਖਰੀ ਹੈ ਤੋਰ। ਉਹ ਫਰੰਗੀ ਰਾਜ ਤੋਂ ਬਾਗੀ ਬਣੇ ਨੇ। ਧੌਣ ਉੱਚੀ ਕਰ ਖੜ੍ਹੇ, ਮੁੱਕੇ ਤਣੇ ਨੇ। ਗੋਰਿਆਂ ਨੇ ਫੜ ਉਨ੍ਹਾਂ ਨੂੰ ਜੇਲ੍ਹ ਪਾਇਆ। ਤੇ ਇਲਾਕੇ ਵਿਚ ਇਹ ਫੁਰਮਾਨ ਲਾਇਆ। ਇਹ ਫਰੰਗੀ ਰਾਜ ਦੇ ਦੁਸ਼ਮਣ ਨੇ ਵੱਡੇ। ਸਾਡੇ ਘਰ ਦੇ ਚਾਰ ਪਾਸੇ ਤਾਂ ਹੀ ਉਨ੍ਹਾਂ ਸੂਹੀਏ ਛੱਡੇ। ਸਾਡੇ ਆਪਣੇ ਸਕਿਆਂ ਨੇ ਕਰ ਗੱਦਾਰੀ। ਲੈ ਲਈ ਸਾਡੇ ਹੀ ਚਾਚੇ ਜ਼ੈਲਦਾਰੀ। ਏਸੇ ਕਰਕੇ ਸਾਡਾ ਰਾਹ ਸੌਖਾ ਨਹੀਂ ਹੈ। ਪਰ ਜੇ ਲੋਕੀਂ ਜਾਗ ਉੱਠਣ, ਸਾਥ ਦੇਵਣ, ਫਿਰ ਕੋਈ ਔਖਾ ਨਹੀਂ ਹੈ। ਓਸ ਨੂੰ ਇਹ ਸੁਆਲ ਹਰ ਪਲ ਡੰਗਦਾ ਸੀ। ਤੇ ਉਹ ਕਾਲੇ ਵਕਤ ਪਾਸੋਂ ਇਹਦਾ ਉੱਤਰ ਮੰਗਦਾ ਸੀ। "ਬੋਲਦੇ ਸਾਰੇ ਨੇ ਏਥੇ ਜਾਗਦਾ ਕੋਈ ਨਹੀਂ। ਸਫ਼ਰ ਵਿੱਚ ਹਾਂ ਆਖ਼ਦੇ ਨੇ ਤੁਰ ਰਿਹਾ ਕੋਈ ਨਹੀਂ।" ਇਸ ਜਗ੍ਹਾ ਕਿਉਂ ਦਨ-ਦਨਾਉਂਦਾ ਚੁੱਪ ਖਿਲਾਅ ਹੈ। ਮਰ ਰਿਹਾ ਜੀਵਨ ਦਾ ਚਾਅ ਹੈ। ਏਨੀ ਡੂੰਘੀ ਚੁੱਪ ਨੂੰ ਮੈਂ ਕਿੰਜ ਤੋੜਾਂ। ਤੇ ਸਮੇਂ ਦੀ ਵਾਗ ਮੋੜਾਂ। ਫਿਰ ਅਚਾਨਕ ਸੋਚ ਆਵੇ। ਜੇ ਨਹੀਂ ਸੁਣਦੇ ਤਾਂ ਲੋਕੀਂ ਨਾ ਸਹੀ। ਅਸਰ ਰੱਖਦੀ ਹੈ ਹਮੇਸ਼ਾਂ ਗੱਲ ਕਹੀ। ਦੂਰ ਥਾਂ, ਏਥੇ ਜਾਂ ਕਿਧਰੇ ਹੋਰ ਥਾਵੇਂ। ਤੁਰ ਰਿਹਾ ਹਰ ਸ਼ਖਸ ਮੇਰਾ ਆਪਣਾ ਹੈ। ਬੋਲਦਾ ਹਰ ਆਦਮੀ ਮੇਰਾ ਭਰਾ ਹੈ। ਤਪ ਰਿਹਾ ਮੈਂ ਹੀ ਹਾਂ ਹਰ ਥਾਂ। ਧਰਤ ਬਦਲਣ ਨਾਲ ਬਦਲੇ ਮੇਰਾ ਨਾਂ। ਆਖਦਾ ਉਹ, ਜੇ ਭਲਾ ਪੁੱਛੋਗੇ ਮੈਨੂੰ, ਤੂੰ ਗੁਲਾਮੀ ਨੂੰ ਕਿਹੋ ਜਹੀ ਸਮਝਦਾ ਹੈਂ? ਮੈਂ ਕਹੂੰ ਔਰਤ ਦੇ ਪੈਰੀਂ ਛਣਕਦੀ ਪੰਜੇਬ ਵਰਗੀ। ਜੇ ਕਹੋਗੇ ਜ਼ੁਲਮ ਦੀ ਸੂਰਤ ਪਛਾਣ। ਮੈਂ ਕਹੂੰ ਗੋਰਾ ਫਰੰਗੀ, ਫਿਰ ਕਹਾਂਗਾ ਬੀਤਿਆਂ ਵਕਤਾਂ 'ਚ ਔਰੰਗਜ਼ੇਬ ਵਰਗੀ। ਫੇਰ ਉੱਚੀ 'ਵਾਜ਼ ਮਾਰੇ ਤੇ ਉਚਾਰੇ। ਏਸ ਧਰਤੀ ਨੂੰ ਸੁਹਾਗਣ ਕਰਨ ਵਾਲੇ, ਮਾਂਗ ਅੰਦਰ ਖ਼ੂਨ ਦਾ ਸੰਧੂਰ ਹੱਥੀਂ ਭਰਨ ਵਾਲੇ, ਦੂਰ ਕਾਫ਼ੀ ਦੂਰ ਤੁਰ ਗਏ ਜਾਪਦੇ ਨੇ। ਓਸ ਨੂੰ ਇਹ ਵੀ ਪਤਾ ਸੀ, ਓਸ ਦੇ ਵੱਡਿਆਂ ਨੇ "ਪੱਗ ਸਾਂਭਣ" ਦੀ ਪਹਿਲੀ ਬਾਤ ਪਾਈ। ਸੌਂ ਰਹੀ ਜਨਤਾ ਜਗਾਈ- ਰੀਤ ਪਾਈ। ਜ਼ੁਲਮ ਦੇ ਅੱਗੇ ਖਲੋਈਏ ਹਿੱਕ ਤਣ ਕੇ। ਜੀਵੀਏ ਤਾਂ ਜੀਵੀਏ ਸਿਰਦਾਰ ਬਣ ਕੇ। ਜੱਲ੍ਹਿਆਂ ਵਾਲੇ 'ਚ ਜਦ ਕਤਲਾਮ ਹੋਇਆ ਉਹ ਅਜੇ ਬੱਚਾ ਸੀ ਭਾਵੇਂ, ਕਹਿਣ ਲੱਗਾ "ਕਹਿਰ ਹੋਇਆ।" ਤੁਰ ਲਾਹੌਰੋਂ ਆ ਗਿਆ ਉਹ ਰਾਤੋ ਰਾਤ ਅੰਬਰਸਰ। ਉਸ ਦੇ ਮਨ ਅੰਦਰ ਨਹੀਂ ਸੀ ਕੋਈ ਵੀ ਡਰ। ਰੱਤ ਭਿੱਜੀ ਮਿੱਟੀ ਉਸ ਸ਼ੀਸ਼ੀ 'ਚ ਪਾਈ-ਕਸਮ ਖਾਈ, ਜ਼ੁਲਮ ਤੇ ਜ਼ਾਲਮ ਨੂੰ ਏਥੋਂ ਕੱਢਣਾ ਹੈ। ਕਰਨੀਆਂ ਆਜ਼ਾਦ ਪੌਣਾਂ, ਧੁੱਪਾਂ ਛਾਵਾਂ, ਜੂੜ ਗੋਰੇਸ਼ਾਹੀ ਦਾ ਹੁਣ ਵੱਢਣਾ ਹੈ। ਨਾਲ ਉਹਦੇ ਰਲ ਗਏ ਕੁਝ ਹਮ ਖਿਆਲ। ਮੁਕਤੀਆਂ ਦੇ ਪਾਂਧੀਆਂ ਤੋਂ ਫੜ ਮਿਸ਼ਾਲ। ਕਾਫ਼ਲਾ ਬਣ ਤੁਰ ਪਿਆ ਉਹ ਬੇਮਿਸਾਲ। ਵਿਸ਼ਵ ਦਰਸ਼ਨ ਨਾਲ ਉਸ ਮੱਥਾ ਜਗਾਇਆ। ਹਾਣੀਆਂ ਨੂੰ ਕਹਿ ਸੁਣਾਇਆ- ਹਰ ਜਗ੍ਹਾ ਸ਼ਸਤਰ ਨਹੀਂ ਹਥਿਆਰ ਹੁੰਦਾ। ਬਹੁਤ ਵਾਰੀ ਸ਼ਾਸਤਰ ਵੀ ਯਾਰ ਹੁੰਦਾ। ਉਹ ਕਿਤਾਬਾਂ ਬਹੁਤ ਪੜ੍ਹਦਾ ਗਿਆਨ ਪੀਂਦਾ। ਸ਼ਬਦ ਸੋਝੀ ਨਾਲ ਜੀਂਦਾ। ਆਪ ਲਿਖਦਾ ਜਦ ਕਦੇ ਵੀ, ਨੇਰ੍ਹਿਆਂ ਦੇ ਜਾਲ ਤਾਰੋ ਤਾਰ ਕਰਦਾ। ਦੇਸ਼ ਦੇ ਫ਼ਿਕਰਾਂ 'ਚ ਜੀਂਦਾ ਨਾਲ ਮਰਦਾ। ਵਿਸ਼ਵ ਦੇ ਯੋਧੇ ਉਹਦੇ ਸੰਗੀ ਬਣੇ ਸੀ। ਵੱਖ ਵੱਖ ਥਾਵਾਂ ਤੇ ਜੋ ਸੋਚਾਂ ਜਣੇ ਸੀ। ਬੰਬ ਤੇ ਪਿਸਤੌਲ ਵੀ ਸਾਥੀ ਬਣਾਏ। ਪਰ ਇਰਾਦਾ ਸਾਫ਼ ਸੀ ਕਿ, ਉਸ ਦੇ ਹੱਥੋਂ ਨਾ ਬੇਦੋਸ਼ੀ ਜਾਨ ਜਾਵੇ। ਚਮਕਿਆ ਸੂਰਜ ਦੇ ਵਾਂਗੂੰ ਦੇਸ਼ ਅੰਦਰ। ਪਰ ਕਦੇ ਪ੍ਰਵਾਨਿਆ ਨਾ ਪੋਰਬੰਦਰ। ਓਸ ਨੇ ਗਾਇਆ ਸੀ ਇੱਕੋ ਹੀ ਤਰਾਨਾ। ਬਣਨ ਨਹੀਂ ਦੇਣਾ ਵਤਨ ਨੂੰ ਜੇਲ੍ਹਖ਼ਾਨਾ। ਆਪਣੀ ਹੋਣੀ ਨੂੰ ਆਪੇ ਹੀ ਲਿਖਾਂਗੇ। ਦੂਸਰੇ ਦਾ ਹੁਕਮ ਕਿਉਂ ਰਾਹ ਵਿਚ ਖਲੋਏ। ਜਾਗ ਉੱਠਦੇ ਸੁਪਨ ਸੁੱਤੇ, ਬਿਰਧ, ਬੱਚੇ, ਓਸ ਦੇ ਹਰ ਬੋਲ ਵਿਚੋਂ ਰੱਤ ਚੋਏ। ਓਸ ਦੇ ਸਿਰ ਬੋਲਦਾ ਇੱਕੋ ਜਨੂੰਨ। ਬਣਦੇ ਕਿਉਂ ਨੇ ਰਾਤ ਦਿਨ ਕਾਲੇ ਕਾਨੂੰਨ। ਦੇਸ਼ ਦੀ ਦੌਲਤ ਬੇਗਾਨੇ ਲੁੱਟਦੇ ਨੇ। ਜਿਸਨੂੰ ਜਿੱਥੇ ਜੀਅ 'ਚ ਆਵੇ, ਅਮਨ ਤੇ ਕਾਨੂੰਨ ਦਾ ਕਰਕੇ ਬਹਾਨਾ, ਆਪ ਹੀ ਬਣ ਬਹਿੰਦੇ ਮੁਨਸਿਫ਼, ਚੌਂਕ ਵਿਚ ਢਾਹ ਕੁੱਟਦੇ ਨੇ। ਜਿਸ ਨੂੰ ਜਿੱਥੇ ਜੀਅ 'ਚ ਆਵੇ, ਛਾਂਗ ਦੇਂਦੇ, ਪਾੜ ਦੇਂਦੇ। ਉਮਰ ਕੈਦਾਂ, ਨਰਕ ਕੁੰਭੀ, ਫਾਂਸੀਆਂ ਤੇ ਚਾੜ੍ਹ ਦੇਂਦੇ। ਰਹਿਣ ਦੇਣਾ ਹੁਣ ਕੋਈ ਸੰਗਲ ਨਹੀਂ ਹੈ। ਦੇਸ਼ ਹੈ ਇਹ, ਇਹ ਕੋਈ ਜੰਗਲ ਨਹੀਂ ਹੈ। ਹੋਰ ਨਹੀਂ ਝੱਲਣੀ ਭਰਾਓ ਹੁਣ ਜ਼ਲਾਲਤ। ਆਪਣੇ ਵਿਸ਼ਵਾਸ ਦੀ ਕੀਤੀ ਸੀ ਉਹਨੇ ਖ਼ੁਦ ਵਕਾਲਤ। ਬੋਲਦੀ ਕੀਹ ਓਸ ਦੇ ਅੱਗੇ ਅਦਾਲਤ? ਮੁਨਸਿਫ਼ਾਂ ਨੂੰ ਓਸ ਹਰ ਵਾਰੀ ਸੁਣਾਇਆ। ਫ਼ੈਸਲਾ ਦੇਂਦੇ ਹੋ ਮਾਲਕ ਜੋ ਲਿਖਾਇਆ। ਹੱਕ ਤੇ ਇਨਸਾਫ਼ ਵੀ ਕਰਿਆ ਕਰੋ। ਆਪਣੀ ਨਜ਼ਰੋਂ ਨਾ ਡਿੱਗੋ, ਕੌਡਾਂ ਬਦਲੇ, ਰੋਜ਼ ਨਾ ਮਰਿਆ ਕਰੋ। ਮੈਂ ਹਕੂਮਤ ਤੋਂ ਕਦੇ ਡਰਨਾ ਨਹੀਂ ਹੈ। ਫਾਂਸੀ ਚੜ੍ਹ ਕੇ ਵੀ ਕਦੇ ਮਰਨਾ ਨਹੀਂ ਹੈ। ਮੈਂ ਤਾਂ ਸੂਰਜ ਹਾਂ- ਉਦੈ ਹੋਵਾਂਗਾ ਫ਼ੇਰ। ਜ਼ਿੰਮੇਵਾਰੀ ਹੈ, ਮਿਟਾਉਣਾ ਕੂੜ੍ਹ ਨੇਰ੍ਹ। ਨਰਮ ਪੰਥੀ ਅਰਜ਼ਮੰਦਾਂ ਨੂੰ ਵੀ ਸਿੱਧਾ ਆਖਿਆ ਸੀ। ਐਵੇਂ ਇਹ ਹਥਿਆਰ ਤੱਕ ਕੇ, ਦੋਸ਼ ਨਾ ਝੂਠੇ ਘੜੋ। ਵਿਸ਼ਵ ਦਰਸ਼ਨ ਨਾਲ ਵੀ ਕੁਝ ਸਾਂਝ ਪਾਉ-ਤੇ ਪੜ੍ਹੋ। ਆਖਦੀ ਏ ਮੁਕਤੀਆਂ ਦੀ ਹਰ ਕਿਤਾਬ। ਲੋਕ ਮੁਕਤੀ ਦਾ ਵਸੀਲਾ, ਸਿਰਫ਼ ਇੱਕੋ-ਇਨਕਲਾਬ। ਕੌਮ ਨੂੰ ਕਿੰਨਾ ਕੁ ਚਿਰ ਰੱਖੋਗੇ ਹਾਲੇ ਨਾਅਰਿਆਂ ਵਿਚ। ਹੋਰ ਨਾ ਪਚੇਗੀ ਹੁਣ ਇਹ ਲਾਰਿਆਂ ਵਿਚ। ਦੇਸ਼ ਨੂੰ ਗੁਰਬਤ ਹਨੇਰਾ ਖਾ ਰਿਹਾ ਹੈ। ਦੇਸ਼ ਦਾ ਸਰਮਾਇਆ ਕਿੱਥੇ ਜਾ ਰਿਹਾ ਹੈ? ਦੇਸ਼ ਦੀ ਪੀੜਾ ਨੂੰ ਜਾਣੋ ਤੇ ਪਛਾਣੋ। ਅੱਜ ਵੀ ਓਹੀ ਸਵਾਲ। ਕਰ ਰਹੇ ਨੇ ਲੋਕਾਂ ਤਾਈਂ ਫਿਰ ਹਲਾਲ। ਮੈਂ ਸ਼ਹਾਦਤ ਦੇਣ ਲਈ ਹਾਜ਼ਰ ਖੜ੍ਹਾ ਹਾਂ। ਮੈਂ ਤਾਂ ਲੰਮੇ ਸਫ਼ਰ ਦਾ ਕੇਵਲ ਪੜਾਅ ਹਾਂ।

ਪਾਣੀ ਕਰੇ ਕਲੋਲ

(ਵਿਕਟੋਰੀਆ ਬੀ.ਸੀ. ਦੇ ਬੁਸ਼ਾਰਟ ਬਾਗ 'ਚ ਫ਼ੁਹਾਰਿਆਂ ਕੋਲ ਬੈਠਿਆਂ) ਪਾਣੀ ਕਰੇ ਕਲੋਲ। ਧਰਤ ਦੇ ਜਦ ਵੀ ਰਹਿੰਦਾ ਕੋਲ, ਹਵਾ ਵਿਚ ਆ ਕੇ ਡੋਲੇ। ਨੱਚਦਾ ਇਹ ਸਮਤੋਲ। ਫਿਜ਼ਾ ਵਿਚ ਵੇਖੋ ਮਹਿਕਾਂ ਘੋਲ, ਮਨਾਂ ਵਿਚ ਮਿਸ਼ਰੀ ਘੋਲੇ। ਮੈਂ ਵੇਖਾਂ ਨੱਚਦੀ ਜਦੋਂ ਫੁਹਾਰ। ਜਿਵੇਂ ਕੋਈ ਕਰਨ ਵਿਚਾਰਾਂ ਯਾਰ, ਕੋਈ ਨਾ ਮੂੰਹੋਂ ਬੋਲੇ। ਹੇ ਧਰਤੀ ਦੇ ਜਾਇਓ। ਜਾ ਕੇ ਵੀਰਾਂ ਨੂੰ ਸਮਝਾਇਓ। ਰੋਜ਼ ਉਡੀਕੇ ਧਰਤੀ ਮਾਤਾ, ਮੂੰਹੋਂ ਕਦੇ ਨਾ ਬੋਲੇ। ਧਰਤੀ ਮਾਤਾ ਪਾਣੀ ਪੁੱਤਰ। ਦੇਵੇ ਹਰ ਸੁਆਲ ਦਾ ਉੱਤਰ। ਘੁੰਡੀ ਸਾਰੀ ਖੋਲ੍ਹੇ।

ਦੇਹ ਪੁੱਤਰਾਂ ਨੂੰ 'ਵਾਜ਼ ਨੀ ਮਾਏ

(ਪਰਦੇਸੀ ਪੰਜਾਬੀ ਵੀਰਾਂ ਦੇ ਨਾਮ) ਵੇਖੋ ਮੁੰਡਿਓ ਕੀਹ? ਦੇਸ ਪੰਜਾਬ ਦਾ ਬੀਅ। ਕਿੱਥੇ ਸੀ ਇਹ ਬੀਜਿਆ, ਤੇ ਕਿੱਥੇ ਆ ਕੇ ਉੱਗਿਆ? ਮੌਸਮਾਂ ਨੇ ਭਾਵੇਂ ਇਹਨੂੰ, ਕਈ ਵੇਰ ਖੁੱਗਿਆ। ਕਿੱਥੇ ਆ ਕੇ ਉੱਗਿਆ? ਕਣੀਆਂ ਬਈ ਕਣੀਆਂ। ਚੱਕਰੀ ਘੁੰਮਾਈ ਜਾਵੇ, ਖਿੱਚ ਖਿੱਚ ਤਣੀਆਂ। ਦੇਸ਼ ਤੇ ਦੇਸ਼ਾਂਤਰਾਂ 'ਚ, ਫ਼ੈਲ ਗਿਆ ਸਮਾਰਾਜ। ਪੈਸੇ ਦੀ ਗੁਲਾਮੀ, ਕਰੀ ਜਾਵੇ ਵੇਖੋ ਰਾਮ ਰਾਜ। ਪੁੱਤਰਾਂ ਨੂੰ ਨੀਂਦ ਆਈ, ਪੌਂਡਾਂ ਅਤੇ ਡਾਲਰਾਂ ਦੀ, ਛਾਂ ਵੀ ਅਜੀਬ ਹੈ। ਕੱਚਿਆਂ ਮਕਾਨਾਂ ਵਿਚ, ਬੈਠੇ ਜੋ ਉਡੀਕਦੇ ਨੇ, ਉਨ੍ਹਾਂ ਬੁੱਢੇ ਮਾਪਿਆਂ ਲਈ, ਕਿਹੋ ਜਹੀ ਸਲੀਬ ਹੈ। ਨਿੱਤ ਦੀ ਉਡੀਕ ਹੈ। ਜਿਹੜੀ ਧਾਰ ਚੀਰੀ ਜਾਵੇ, ਵਾਲੋਂ ਵੀ ਬਰੀਕ ਹੈ। ਲੀਰੋ ਲੀਰੋ ਦਿਲ ਹੋਇਆ, ਚੂੜੇ ਵਾਲੀ ਨਾਰ ਦਾ। ਘਰ ਹੋਵੇ ਬੰਦਾ, ਚਿੱਤ ਕਦੇ ਵੀ ਨਹੀਂ ਹਾਰਦਾ। ਵੇਖੋ ਕੁੜੀਓ ਕੀਹ? ਲਾਵਾਂ ਵਾਲਾ ਭੱਜ ਗਿਆ, ਪਿੱਛੇ ਰਹਿ ਗਈ ਕਿਸੇ ਦੀ ਧੀ। ਨਾ ਚਿੱਠੀ ਨਾ ਚੀਰਾ। ਤੁਰ ਗਿਆ ਨਣਦ ਦਾ ਵੀਰਾ। ਧਰਤ ਬੇਗਾਨੀ ਅੰਬਰ ਕਾਲਾ। ਕਦ ਆਵੇਗਾ ਕਰਮਾਂ ਵਾਲਾ। ਵਰ੍ਹ ਵੇ! ਬੱਦਲਾ ਵਰ੍ਹ ਵੇ! ਸਾਡੀ ਆਸ ਕਰੂੰਬਲ, ਮੁੜ ਹਰਿਆਲੀ ਕਰ ਵੇ। ਬੁਝਦੇ ਜਾਣ ਚਿਰਾਗ, ਵੇ ਵੀਰਾ ਜਾਗ। ਨੀ ਭੈਣੇ ਜਾਗ। ਸੁੱਤਿਆਂ ਸੁੱਤਿਆਂ ਸੌਂ ਨਾ ਜਾਵਣ, ਧਰਤੀ ਮਾਂ ਦੇ ਭਾਗ। ਦੇਹ ਪੁੱਤਰਾਂ ਨੂੰ 'ਵਾਜ਼ ਨੀ ਮਾਏ, ਦੇਹ ਪੁੱਤਰਾਂ ਨੂੰ 'ਵਾਜ਼। ਵਰੀ ਵਿਆਹੀ ਛੱਡ ਕੇ ਕੱਲ੍ਹੀ, ਲਾਉਣ ਨਾ ਦੁੱਧ ਨੂੰ ਲਾਜ। ਨੀ ਮਾਏ! ਲਾਉਣ ਨਾ ਦੁੱਧ ਨੂੰ ਲਾਜ।

ਅੱਜ ਕੱਲ੍ਹ ਦਿੱਲੀਏ

ਅੱਜ ਕੱਲ੍ਹ ਦਿੱਲੀਏ ਉਦਾਸ ਬੜੀ ਰਹਿੰਦੀ ਏਂ। ਚੁੱਪ ਚੁੱਪ ਰਹਿੰਦੀ, ਮੂੰਹੋਂ ਕੁਝ ਵੀ ਨਾ ਕਹਿੰਦੀ ਏਂ। ਕਦੇ ਤੈਨੂੰ ਨਾਦਰਾਂ, ਚੁਗੱਤਿਆਂ ਨੇ ਲੁੱਟਿਆ। ਲੁੱਟ ਦੇ ਬਹਾਨੇ, ਤੈਨੂੰ ਬੜੀ ਵਾਰ ਕੁੱਟਿਆ। ਜੜ੍ਹ ਦੇ ਸਮੇਤ ਬੂਟਾ ਧਰਤੀ 'ਚੋਂ ਪੁੱਟਿਆ। ਜਾਬਰਾਂ ਦੇ ਵਾਰ ਹਰ ਵਾਰ ਤੂੰ ਹੀ ਸਹਿੰਦੀ ਏਂ। ਅੱਜ ਕੱਲ੍ਹ ਦਿੱਲੀਏ ...। ਚਿੱਟੇ ਕਦੇ ਲਾਲ ਪੀਲੇ ਵੇਸ ਪਾ ਕੇ ਆਉਂਦੇ ਨੇ। ਮਨਾਂ ਦੀ ਹਵਾੜ ਗੰਦੀ ਮੁੱਖੋਂ ਫੁਰਮਾਉਂਦੇ ਨੇ। ਖੋਟਾ ਸਿੱਕਾ ਖ਼ਰਿਆਂ ਦੇ ਮੁੱਲ 'ਤੇ ਚਲਾਉਂਦੇ ਨੇ। ਲੱਠ ਮਾਰ ਹਾਕਮਾਂ ਦੇ ਕੋਲੋਂ ਤੂੰ ਤਰਹਿੰਦੀ ਏਂ। ਚੁੱਪ ਚੁੱਪ ਰਹਿੰਦੀ ਮੂੰਹੋਂ ਕੁਝ ਵੀ ਨਾ ਕਹਿੰਦੀ ਏਂ। ਜਿੰਨ੍ਹਾਂ ਹੱਥ ਦੇਸ਼ ਦਾ ਨਿਜ਼ਾਮ ਤੇ ਵਿਧਾਨ ਹੈ। ਉਨ੍ਹਾਂ ਨੇ ਹੀ ਕੀਤੀ ਤੇਰੀ ਮੁੱਠੀ ਵਿਚ ਜਾਨ ਹੈ। ਸੇਧਿਆ ਏ ਤੇਰੇ ਵੱਲ ਤੀਰ ਤੇ ਕਮਾਨ ਹੈ। ਉਨ੍ਹਾਂ ਨੂੰ ਹੀ ਲਾਡਲੇ ਸਪੂਤ ਸਦਾ ਕਹਿੰਦੀ ਏਂ। ਅੱਜ ਕੱਲ੍ਹ ਦਿੱਲੀਏ ...। ਧੰਨ ਤੇਰੇ ਪੁੱਤ ਆਉਂਦੇ ਲੋਕਾਂ ਤਾਈਂ ਚਾਰ ਕੇ। ਤੇਰੀ ਗੋਦੀ ਬੈਠਦੇ ਨੇ ਕਾਲਾ ਧਨ ਤਾਰ ਕੇ। ਲੁੱਟਦੇ ਨੇ ਪੰਜ ਵਰ੍ਹੇ ਦੇਸ਼ ਨੂੰ ਵੰਗਾਰ ਕੇ। ਹੁਣ ਨਹੀਂ ਵਿਸਾਹ ਖਾਣਾ, ਹਰ ਵਾਰੀ ਕਹਿੰਦੀ ਏਂ। ਅੱਜ ਕੱਲ੍ਹ ਦਿੱਲੀਏ ...। ਕੀਹਨੂੰ ਕੀਹਨੂੰ ਰੋਵੇਂਗੀ ਤੂੰ ਸੱਭੇ ਭੇਡਾਂ ਕਾਲੀਆਂ। ਵੇਚਦੇ ਰਹੇ ਤੈਨੂੰ ਤੇਰੇ ਪੁੱਤ ਖਾ ਦਲਾਲੀਆਂ। ਵੇਖਦੀ ਜ਼ਮੀਰ ਦੀਆਂ ਰੋਜ਼ ਹੀ ਕੰਗਾਲੀਆਂ। ਫੇਰ ਕਿਉਂ ਤੂੰ ਇਨ੍ਹਾਂ ਨਾਲ ਢਕ ਢੁਕ ਬਹਿੰਦੀ ਏਂ। ਅੱਜ ਕੱਲ੍ਹ ਦਿੱਲੀਏ...।

ਮੈਂ ਤਾਰੇ ਵੇਖਣੇ ਨੇ

ਮੇਰੀਆਂ ਅੱਖਾਂ ਤੋਂ ਅੱਖੜ ਬਾਨ੍ਹੇ ਖੋਲ੍ਹ ਦੇਵੋ। ਉਤਾਰ ਦੇਵੋ ਆਪਣੀ ਪਸੰਦ ਦੇ ਖੋਪੇ। ਰੰਗ ਬਰੰਗੀਆਂ ਦੇਸੀ ਬਦੇਸ਼ੀ ਸਾਰੀਆਂ ਐਨਕਾਂ ਲਾਹੋ। ਮੈਂ ਤਾਰੇ ਵੇਖਣੇ ਨੇ। ਚਾਰ ਦੀਵਾਰਾਂ ਨੂੰ ਦੂਰ ਹਟਾਓ। ਖੋਲ੍ਹ ਦੇਵੋ ਦਰ ਦਰਵਾਜ਼ੇ। ਪਿਘਲਾ ਦਿਉ ਕੁੰਡੇ ਜੰਦਰੇ ਤਰਲ ਲੋਹੇ ਵਿਚ। ਪੈਰਾਂ ਵਿਚੋਂ ਜੰਜ਼ੀਰਾਂ ਖੋਲ੍ਹੋ। ਪੁੱਟ ਦਿਉ ਕਿੱਲੇ, ਲਾਹ ਦਿਉ ਸੰਗਲ, ਮੈਨੂੰ ਖੁੱਲ੍ਹੀ ਹਵਾ ਵਿਚ ਆਉਣ ਦਿਉ। ਮੈਂ ਤਾਰੇ ਵੇਖਣੇ ਨੇ। ਅੰਨ੍ਹੇ ਬੋਲੇ ਸ਼ਹਿਰ ਦੀ ਹਨ੍ਹੇਰੀ ਰਾਤ ਵਿਚ, ਤੁਸੀਂ ਅੰਦਰ ਵੜੇ ਰਹੋ। ਚੋਰਾਂ ਤੋਂ ਡਰਦੇ ਅੰਦਰ ਦੜੇ ਰਹੋ ਸੌਣ ਲਈ ਮੰਜਾ ਬਿਸਤਰਾ ਮੈਨੂੰ ਨਹੀਂ ਚਾਹੀਦਾ, ਮੈਨੂੰ ਕੋਠੇ 'ਤੇ ਚੜ੍ਹ ਕੇ ਭੌਣ ਦਿਉ। ਮੈਂ ਤਾਰੇ ਵੇਖਣੇ ਨੇ। ਠਰੀ ਹੋਈ ਰਾਤ ਨੂੰ। ਸਰਦ ਜਜ਼ਬਾਤ ਨੂੰ। ਸੁਸਤੀ ਕਮਜ਼ਾਤ ਨੂੰ। ਸੁੱਤੇ ਰਹਿਣ ਦਿਉ। ਮੈਂ ਤਾਰੇ ਵੇਖਣੇ ਨੇ। ਗੁੰਮ ਸੁੰਮ ਧਰਤੀਆਂ ਨੂੰ। ਰੋਟੀਆਂ ਅਣਪਰਤੀਆਂ ਨੂੰ। ਠਰੇ ਹੋਏ ਪਾਣੀਆਂ ਨੂੰ। ਚਾਟੀਆਂ ਮਧਾਣੀਆਂ ਨੂੰ। ਜੰਮੇ ਹੋਏ ਖ਼ੂਨ ਨੂੰ ਜਗਾਓ। ਮੈਂ ਤਾਰੇ ਵੇਖਣੇ ਨੇ। ਲਿਸ਼ਕਦੇ ਪਸੀਨੇ ਨੂੰ। ਭਾਦਰੋਂ ਮਹੀਨੇ ਨੂੰ। ਚੁਮਾਸਿਆਂ ਨੂੰ ਆਉਣ ਦਿਉ। ਮੈਂ ਤਾਰੇ ਵੇਖਣੇ ਨੇ। ਫੁੱਲਾਂ ਅਤੇ ਟਾਹਣੀਆਂ ਨੂੰ। ਮੇਰੇ ਸਾਰੇ ਹਾਣੀਆਂ ਨੂੰ। ਹਲੂਣ ਕੇ ਜਗਾਓ। ਮੈਂ ਤਾਰੇ ਵੇਖਣੇ ਨੇ। ਅੱਖਾਂ 'ਚੋਂ ਉਦਾਸੀਆਂ ਨੂੰ, ਬੁੱਲ੍ਹਾਂ ਉਤੋਂ ਹਾਸੀਆਂ ਨੂੰ, ਜੰਗਲਾਂ 'ਚ ਗੁੰਮ ਹੋਏ, ਸਾਰੇ ਬਨਵਾਸੀਆਂ ਨੂੰ। ਲੱਭ ਕੇ ਲਿਆਉ। ਮੈਂ ਤਾਰੇ ਵੇਖਣੇ ਨੇ। ਬੁਝੇ ਹੋਏ ਚਿਰਾਗਾਂ ਨੂੰ, ਗੁੰਮ ਚੁਕੇ ਰਾਗਾਂ ਨੂੰ। ਡਾਢੇ ਹੀ ਉਦਾਸ ਜਹੇ, ਉੱਜੜੇ ਹੋਏ ਬਾਗਾਂ ਨੂੰ, ਫੇਰ ਤੋਂ ਵਸਾਉ। ਮੈਂ ਤਾਰੇ ਵੇਖਣੇ ਨੇ। ਜ਼ਿੰਦਗੀ ਦੇ ਨੂਰ ਨੂੰ। ਟੁੱਟ ਗਈ ਦਿਹਾੜੀ ਜੀਹਦੀ, ਓਸ ਮਜ਼ਦੂਰ ਨੂੰ। ਓਸ ਤੋਂ ਵੀ ਡਾਢੇ ਕਿਸੇ ਹੋਰ ਮਜ਼ਬੂਰ ਨੂੰ। ਭੁੱਖੇ ਭਾਣੇ ਸੁੱਤੇ ਹੋਏ ਚੁੱਪ ਦੇ ਤੰਦੂਰ ਨੂੰ। ਅਗਨੀ ਵਿਖਾਉ। ਮੈਂ ਤਾਰੇ ਵੇਖਣੇ ਨੇ।

ਇਕ ਅੱਖ ਰੋਂਦੀ ਦੂਜੀ ਹੱਸਦੀ

ਇਕ ਅੱਖ ਰੋਂਦੀ, ਦੂਜੀ ਹੱਸਦੀ। ਚਿਹਰੇ ਦੀ ਮੁਸਕਾਨ ਨਾ ਦੱਸਦੀ, ਕਿੱਥੇ ਅੱਜ ਖਲੋਤਾ ਹਾਂ ਮੈਂ? ਕਦਮ ਅਗਾਂਹ ਹੈ, ਕਦਮ ਪਿਛਾਂਹ ਹੈ। ਸਫ਼ਰ ਜਿਵੇਂ ਹੈ ਵਕਤ ਠਹਿਰਿਆ। ਸਿਰ ਦੇ ਭਾਰ ਖਲੋਤਾ ਹਾਂ ਮੈਂ। ਦਿਲ ਵਿਚਲੀ ਗੱਲ, ਮੂੰਹ ਵਿਚ ਹੈ ਨਹੀਂ। ਮੂੰਹ ਵਿਚਲੀ ਗੱਲ, ਕੇਵਲ ਓਹੀ। ਜੋ ਅਗਲੇ ਨੂੰ ਮੇਚੇ ਆਵੇ। ਬੰਦਾ ਨਹੀਂ, ਹੁਣ ਤੋਤਾ ਹਾਂ ਮੈਂ। ਰੀਂਘ-ਰੀਂਘ ਤੇ ਉਮਰ ਬਿਤਾਈ। ਫਿਰ ਵੀ ਲੋਕੀਂ ਦੇਣ ਵਧਾਈ। ਭੋਲੀ ਜਨਤਾ ਸਮਝ ਰਹੀ ਹੈ, ਆਪਣੇ ਭਾਰ ਖਲੋਤਾ ਹਾਂ ਮੈਂ। ਚੱਲ ਨੀ ਜਿੰਦੇ, ਚੱਲ ਕੋਈ ਨਾਂਹ। ਤੇਰੇ ਨਾਲ ਕੋਈ ਵੱਖ ਹੋਈ ਨਾਂਹ। ਜ਼ਿੰਦਗਾਨੀ ਦਾ ਸਫ਼ਰ ਕਰਦਿਆਂ, ਆਪਣੇ ਹੱਥੋਂ ਆਪ ਹਰਦਿਆਂ, ਧੂੜ ਲਪੇਟੇ ਰਾਹਾਂ ਅੰਦਰ, ਫਿਰ ਵੀ ਨ੍ਹਾਤਾ ਧੋਤਾ ਹਾਂ ਮੈਂ।

ਅੱਜ ਤੂੰ ਮੇਰੀ ਹੋਈ

ਅੱਜ ਤੂੰ ਮੇਰੀ ਹੋਈ। ਪੱਤਝੜ ਮਗਰੋਂ, ਰੁੱਖਾਂ ਦੀਆਂ ਟਾਹਣੀਆਂ ਉੱਤੇ, ਜੀਕੂੰ ਕੂਲੇ ਪੱਤਰ ਆਉਂਦੇ, ਪੱਤਰਾਂ ਵਿਚ ਖੁਸ਼ਬੋਈ। ਨੂਰੋ ਨੂਰ ਧਰਤ ਦਾ ਮੱਥਾ। ਸੂਰਜ ਜਾਪੇ ਧਰਤੀ ਲੱਥਾ। ਕਣ ਕਣ ਵਿਚ ਝਰਨਾਟ ਛਿੜੀ ਹੈ, ਕੀਹ ਅਨਹੋਣੀ ਹੋਈ? ਸੁਪਨੇ ਕਿਰਨਾਂ ਕਿਰਨਾਂ ਹੋਏ। ਚਾਨਣੀਆਂ ਰਾਤਾਂ ਦੀ ਲੋਏ। ਚੰਦਰਮਾ ਗੋਦੀ ਵਿਚ ਖੇਡੇ, ਲਾਹ ਨੇਰ੍ਹੇ ਦੀ ਲੋਈ। ਧਰਤ ਸੁਹਾਵੀ ਜਲ ਥਲ ਅੰਦਰ। ਸਭ ਤੋਂ ਉੱਚਾ ਮਨ ਦਾ ਮੰਦਰ। ਸੁੱਚੇ ਘਿਉ ਦਾ ਦੀਵਾ ਏਥੇ, ਜਾਪੇ ਧਰ ਗਿਆ ਕੋਈ। ਤੂੰ ਤਾਂ ਮੇਰੇ ਗੀਤ ਜਹੀ ਏਂ। ਜੱਗ ਤੋਂ ਵੱਖਰੀ ਰੀਤ ਜਹੀ ਏਂ। ਸੁੱਤੇ ਅੱਖਰ ਜਾਗ ਪਏ ਨੇ ਕੀਹ ਤੂੰ ਤਰਜ਼ ਪਰੋਈ। ਖੁਸ਼ੀਆਂ ਚੜ੍ਹਦੀਆਂ ਸਿਰ ਸਿਰ ਤਾਣੀ। ਚੜ੍ਹਦਾ ਜੀਕੂੰ ਹੜ੍ਹ ਦਾ ਪਾਣੀ। ਧਰਤ ਤਰੇੜਾਂ ਪਾਟੀ 'ਤੇ ਜਿਓਂ, ਵਰ੍ਹ ਜਾਏ ਬੱਦਲ ਕੋਈ। ਬੁੱਕਲ ਵਿਚ ਲੁਕੋ ਲੈ ਮੈਨੂੰ। ਇਕ ਵਾਰੀ ਫਿਰ ਛੋਹ ਲੈ ਮੈਨੂੰ। ਐਸੀ ਘੜੀ ਸੁਲੱਖਣੀ, ਜਿੱਥੇ ਹੋਰ ਨਾ ਹੋਵੇ ਕੋਈ। ਧਰਤੀ ਅੰਬਰ ਵੇਖ ਟਹਿਕਿਆ। ਰੂਹ ਦਾ ਸਾਰਾ ਬਾਗ਼ ਮਹਿਕਿਆ। ਤੜਕਸਾਰ ਪ੍ਰਭਾਤੀ ਗਾਉਂਦਾ, ਲੰਘਿਆ ਤਪੀਸ਼ਰ ਕੋਈ।

ਬਾਪੂ ਤੇਰੇ ਦੇਸ ਵਿਚ

ਬਾਪੂ ਤੇਰੇ ਦੇਸ ਵਿਚ, ਹਾਕਮਾਂ ਦੇ ਭੇਸ ਵਿਚ, ਦਾਨਵ ਦਨਦਨਾਉਂਦਾ ਹੈ। ਆਪੇ ਤੀਲੀ ਬਾਲਦਾ, ਆਪੇ ਹੀ ਬੁਝਾਉਂਦਾ ਹੈ। ਬਾਪੂ ਤੇਰੇ ਦੇਸ ਵਿਚ, ਧਰਮ ਵੀ, ਈਮਾਨ ਵੀ। ਸਾਧੂ ਤੇ ਸ਼ੈਤਾਨ ਵੀ, ਮਨੁੱਖ ਵੀ ਹੈਵਾਨ ਵੀ। ਇਕੋ ਬੋਲੀ ਬੋਲਦੇ। ਆਦਮੀ ਦੀ ਲਾਸ਼ ਵੱਟੇ, ਰਾਜ ਭਾਗ ਤੋਲਦੇ। ਬੜੇ ਸਿਦਕਵਾਨ ਨੇ, ਸੰਘੀਆਂ ਨਪੀੜਦੇ ਨੇ, ਹੱਥ ਨਹੀਂਓ ਡੋਲਦੇ। ਬਾਪੂ ਤੇਰੇ ਦੇਸ ਵਿਚ, ਕੈਸਾ ਇਹ ਰਿਵਾਜ ਹੈ। ਜਿਉਂਦੇ ਬੰਦੇ ਸਾੜ ਕੇ, ਸਹਿਮੀਆਂ ਮਾਸੂਮ ਜਿੰਦਾਂ, ਬੂਹਿਆਂ ਅੰਦਰ ਤਾੜ ਕੇ। ਕੈਸਾ ਰਾਮ ਰਾਜ ਹੈ। ਰਾਵਣਾਂ ਦੀ ਫੌਜ ਮੱਥੇ, ਸੋਨੇ ਵਾਲਾ ਤਾਜ ਹੈ। ਬਾਪੂ ਤੇਰੀ ਜਨਮ ਭੂਮੀ, ਜੋ ਸੀ ਤੇਰੀ ਕਰਮ ਭੂਮੀ ਇਹ ਜੋ ਗੁਜਰਾਤ ਹੈ ਮਿਲੀ ਕੀਹ ਸੁਗਾਤ ਹੈ, ਚੰਦ ਸੂਰਜ ਗਾਇਬ ਹੋ ਗਏ, ਚੌਵੀ ਘੰਟੇ ਰਾਤ ਹੈ। ਬਾਪੂ ਤੇਰੇ ਦੇਸ ਵਿਚ, ਕਿੱਦਾਂ ਦਾ ਅਸੂਲ ਹੈ। ਕੇਸਰੀ ਪੌਸ਼ਾਕ ਵਾਲਾ, ਠੱਗ ਵੀ ਕਬੂਲ ਹੈ। ਕਿਉਂਕਿ ਉਹਦੇ ਹੱਥਾਂ ਵਿਚ, ਖੂਨੀ ਤ੍ਰਿਸ਼ੂਲ ਹੈ। ਬਾਪੂ ਤੇਰੇ ਦੇਸ ਵਿਚ, ਵਿਧੀ ਨਾ ਵਿਧਾਨ ਹੈ। ਤੁਰੀ ਜਾਂਦੀ ਬੱਸ, ਬਣ ਜਾਂਦੀ ਸ਼ਮਸ਼ਾਨ ਹੈ। ਗੋਲੀਆਂ ਬੰਦੂਕਾਂ ਸਾਹਵੇਂ, ਸਹਿਮਿਆਂ ਕਾਨੂੰਨ ਹੈ। ਕੁਰਸੀ 'ਤੇ ਆਣ ਬੈਠਾ, ਮਜ਼੍ਹਬੀ ਜਨੂੰਨ ਹੈ। ਬਾਪੂ ਤੇਰੇ ਦੇਸ ਵਿਚ, ਘਰ ਘਰ ਨੇਰ੍ਹ ਹੈ। ਚੁੱਲ੍ਹੇ ਵੀ ਉਦਾਸ ਬੁਝੇ, ਸੱਖਣੀ ਚੰਗੇਰ ਹੈ। ਸ਼ਾਮਾਂ ਦੀ ਉਦਾਸੀ ਵਿਚ, ਡੁੱਬੀ ਹੋਈ ਸਵੇਰ ਹੈ। ਬਾਪੂ ਤੇਰੇ ਦੇਸ ਵਿਚ, ਕਿਹੋ ਜਿਹੇ ਬਜ਼ਾਰ ਨੇ। ਨਵੇਂ ਨਵੇਂ ਸ਼ਾਹ ਏਥੇ, ਨਵੇਂ ਸ਼ਾਹੂਕਾਰ ਨੇ। ਕੱਪੜੇ ਸਬੂਤੇ ਭਾਵੇਂ, ਚਿਹਰੇ 'ਤੇ ਲੰਗਾਰ ਨੇ। ਬਾਪੂ ਤੇਰੇ ਦੇਸ਼ ਵਿਚ ਧੁੱਪਾਂ ਵੀ ਉਦਾਸ ਨੇ ਤੇ ਛਾਵਾਂ ਵੀ ਉਦਾਸ ਨੇ। ਧੀਆਂ ਵੀ ਉਦਾਸ ਨੇ ਤੇ ਮਾਵਾਂ ਵੀ ਉਦਾਸ ਨੇ। ਖੁਸ਼ੀਆਂ ਨੂੰ ਮਿਲ ਹੋਏ, ਕੇਹੇ ਬਨਵਾਸ ਨੇ? ਨਾਗਾਂ ਜ਼ਹਿਰੀਲਿਆਂ, ਮਨੁੱਖਤਾ ਨੂੰ ਡੱਸਿਆ। ਫ਼ਿਰਕੂ ਜਨੂੰਨੀਆਂ, ਸ਼ਿਕੰਜਾ ਐਸਾ ਕੱਸਿਆ। ਓਦਰੇ ਉਦਾਸ ਬੰਦੇ, ਮੂੰਹਾਂ ਉੱਤੇ ਮੱਸਿਆ। ਲੱਗਦੈ ਮਨੁੱਖ ਇਥੇ, ਕਦੇ ਵੀ ਨਾ ਹੱਸਿਆ। ਢੱਠੇ ਖੂਹ 'ਚ ਪੈ ਗਈ, ਤੇਰੀ ਕੀਤੀ ਹੋਈ ਤਪੱਸਿਆ। ਭੁੱਲ ਗਏ ਅਜ਼ਾਦੀ ਵਾਲੇ, ਕੌਮੀ ਸੰਗ੍ਰਾਮ ਨੂੰ। ਕੀਤਾ ਹੈ ਵਿਕਾਊ, ਹਰ ਦੇਵਤੇ ਦੇ ਨਾਮ ਨੂੰ। ਰਾਜ ਭਾਗ ਵਾਸਤੇ, ਸਵੇਰ ਅਤੇ ਸ਼ਾਮ ਨੂੰ। ਅੱਥਰੇ ਅਮੋੜ ਇਸ, ਘੋੜੇ ਬਦਨਾਮ ਨੂੰ। ਲੱਭਦਾ ਨਾ ਕੋਈ, ਜਿਹੜਾ ਫੜੇਗਾ ਲਗਾਮ ਨੂੰ। ਬਾਪੂ ਤੇਰੇ ਦੇਸ ਵਿਚ, ਕਿਰਤੀ ਕਿਸਾਨਾਂ ਨੂੰ। ਕਾਲਜਾਂ, ਸਕੂਲਾਂ ਦੇ, ਪੜ੍ਹਾਕੂ ਨੌਜੁਆਨਾਂ ਨੂੰ। ਬਣ ਚੁੱਕੇ ਸਾਰੇ ਇਨ੍ਹਾਂ, ਤੀਰਾਂ ਤੇ ਕਮਾਨਾਂ ਨੂੰ। ਬੰਦਿਆਂ ਦੇ ਵਾਂਗ ਕੌਣ ਜੀਵਣਾ ਸਿਖਾਏਗਾ। ਨਹੀਂ ਤਾਂ ਫਿਰ ਵੇਖ ਲੈਣਾ, ਧਰਤੀ ਤੇ ਹਰ ਬੰਦਾ, ਆਪਣੀ ਔਲਾਦ ਨੂੰ ਹੀ ਭੁੰਨ-ਭੁੰਨ ਖਾਏਗਾ।

ਸਾਡੇ ਲਈ ਜੰਗ ਹੋਈ ਤਿਆਰ ਵੇ ਹਾਂ

ਰਾਜੇ ਤਾਂ ਹੋ ਗਏ ਅੱਜ ਤੋਂ ਜੰਗਾਂ ਤੋਂ ਵਿਹਲੇ ਜੀ, ਸਾਡੇ ਲਈ ਜੰਗ ਹੋਈ ਤਿਆਰ ਵੇ ਹਾਂ। ਘਰ ਤੋਂ ਤਾਂ ਘੱਲਿਆ ਸੀ ਪੁੱਤਰ ਕਰਨ ਕਮਾਈਆਂ ਨੂੰ, ਦਿਲ ਉੱਤੇ ਰੱਖ ਕੇ ਪੱਥਰ ਭਾਰ ਵੇ ਹਾਂ। ਪਿਛਲੇ ਦੋ ਮਹੀਨੇ ਛੁੱਟੀ ਵੇਲੇ ਤਾਂ ਵਿਆਹਿਆ ਸੀ, ਹੋਏ ਮਹੀਨੇ ਹਾਲੇ ਚਾਰ ਵੇ ਹਾਂ। ਮਰਿਆ ਨੀ ਮਰਿਆ ਵੀਰਨ, ਮਰਿਆ ਏ ਦੇਸ਼ ਲਈ, ਛਪਿਆ ਨੀ ਨਾਂ ਵੀ ਵਿਚ ਅਖ਼ਬਾਰ ਵੇ ਹਾਂ। ਪੁੱਤਰ ਦੀ ਥਾਂ 'ਤੇ ਮੁੜਿਆ ਬਕਸਾ ਜਿਹਾ ਵੇਖ ਕੇ, ਰੋਇਆ ਸੀ ਟੱਬਰ ਭੁੱਬਾਂ ਮਾਰ ਵੇ ਹਾਂ। ਅੰਬਰ ਨੂੰ ਛੋਹਣ ਕੀਰਨੇ, ਧਰਤੀ ਵੀ ਕੰਬ ਗਈ ਸੀ, ਡਿੱਗੀ ਗਸ਼ ਖਾ ਕੇ ਉਹਦੀ ਨਾਰ ਵੇ ਹਾਂ। ਰੰਗਲਾ ਨੀ ਰੰਗਲਾ ਚੂੜਾ ਬਾਹਾਂ 'ਚੋਂ ਤਿੜਕ ਗਿਆ, ਚਿਹਰਾ ਵੀ ਹੋਇਆ ਜ਼ਰਦ ਵਿਸਾਰ ਵੇ ਹਾਂ। ਨਿੱਕੀ ਜਹੀ ਅਗਨ ਵਰੇਸੇ, ਭਾਣਾ ਕੀ ਵਰਤ ਗਿਆ, ਕਿੱਧਰ ਨੂੰ ਜਾਊ ਇਹ ਮੁਟਿਆਰ ਵੇ ਹਾਂ। ਬਾਪੂ ਦੀ ਟੁੱਟੀ ਡੰਗੋਰੀ, ਮਾਂ ਦੀ ਅੱਖ ਜੋਤ ਗਈ, ਹੋਇਆ ਜੱਗ ਸਾਰਾ ਅੰਧਕਾਰ ਵੇ ਹਾਂ। ਕਹਿੰਦਾ ਸੀ ਅਗਲੀ ਛੁੱਟੀ ਵੇਲੇ ਜਦ ਆਊਂਗਾ, ਲੱਭਾਂਗਾ ਭੈਣ ਲਈ ਘਰ-ਬਾਰ ਵੇ ਹਾਂ। ਕੰਧਾਂ ਗਲ ਲੱਗ ਲੱਗ ਰੋਵੇ, ਮੂੰਹੋਂ ਨਾ ਬੋਲਦੀ, ਖ਼ਬਰੇ ਦਿਲ ਉੱਤੇ ਕਿੰਨਾ ਭਾਰ ਵੇ ਹਾਂ। ਐਧਰ ਦੀ ਗੋਲੀ ਭਾਵੇਂ ਓਧਰ ਦੀ ਗੋਲੀ ਸੀ, ਪੁੱਤਰ ਤਾਂ ਮੋਏ ਦੋਵੇਂ ਵਾਰ ਵੇ ਹਾਂ। ਕਿੰਨੇ ਪੁੱਤ ਐਧਰ ਮਰ ਗਏ, ਓਧਰ ਦੀ ਖ਼ਬਰ ਨਹੀਂ, ਤੋਪਾਂ ਨੂੰ ਆਇਆ ਨਾ ਡਕਾਰ ਵੇ ਹਾਂ। ਸਿਰ 'ਤੇ ਲੈ ਚਿੱਟੀ ਚੁੰਨੀ ਵਿਧਵਾ ਜਦ ਫਿਰਨਗੀਆਂ, ਧਰਤੀ ਵੀ ਕਿੱਦਾਂ ਚੁੱਕੂ ਭਾਰ ਵੇ ਹਾਂ। ਸੋਚੋ ਵੇ ਸੋਚੋ ਵੀਰੋ, ਇਨ੍ਹਾਂ ਦਾ ਕਾਲਾ ਮੂੰਹ, ਧਰਤੀ 'ਤੇ ਜਿੰਨੇ ਹਥਿਆਰ ਵੇ ਹਾਂ। ਵੋਟਾਂ ਦੇ ਵਣਜਾਂ ਖ਼ਾਤਰ, ਮਸਲੇ ਉਲਝਾਉਣ ਲਈ, ਚਾੜ੍ਹ ਦਿੱਤਾ ਜੰਗ ਦਾ ਬੁਖ਼ਾਰ ਵੇ ਹਾਂ। ਏਧਰ ਤੇ ਓਧਰ ਕਲਮਾਂ ਝੱਗੋ ਝੱਗ ਹੋਈਆਂ ਨੇ, ਰੱਤ ਵਿਚ ਭਿੱਜੇ ਅਖ਼ਬਾਰ ਵੇ ਹਾਂ। ਸਾਡੇ ਤਾਂ ਘਰ ਘਰ ਰੋਣੇ ਉਮਰਾਂ ਲਈ ਪੈ ਗਏ ਨੇ, ਉਨ੍ਹਾਂ ਲਈ ਚੋਣ ਪ੍ਰਚਾਰ ਵੇ ਹਾਂ। ਬਹੁਤੇ ਤਾਂ ਲੋਕਾਂ ਖ਼ਾਤਰ ਕਿਰਕਟ ਦਾ ਮੈਚ ਸੀ, ਸਾਡੇ ਲਈ ਲਾਮ ਸੀ ਤੀਜੀ ਵਾਰ ਵੇ ਹਾਂ। ਸਾਨੂੰ ਤਾਂ ਗੋਲੀ ਵਾਂਗੂੰ ਸੀਨੇ ਵਿਚ ਵੱਜਦਾ ਏ, ਰਾਜੇ ਦਾ ਭਾਸ਼ਨ ਲੱਛੇਦਾਰ ਵੇ ਹਾਂ। ਹਾਕਮ ਤੋਂ ਨਕਦ ਰੁਪਈਏ, ਦੱਸੋ ਜੀ ਕਿੱਦਾਂ ਲਈਏ, ਪੁੱਤਰ ਨਾ ਵਿਕਦੇ ਕਿਸੇ ਬਾਜ਼ਾਰ ਵੇ ਹਾਂ। ਲੱਖਾਂ ਨਹੀਂ, ਕਈ ਕਰੋੜਾਂ, ਖ਼ਰਚੇ ਬਾਰੂਦ ਲਈ, ਲੀਕਾਂ ਤਾਂ ਉਵੇਂ ਬਰਕਰਾਰ ਵੇ ਹਾਂ। ਪਹਿਲਾਂ ਹਥਿਆਰ ਫੜਾਵੇ, ਮਗਰੋਂ ਫਿਰ ਸੁਲ੍ਹਾ ਕਰਾਵੇ, ਕਿੱਦਾਂ ਦਾ ਚਾਤਰ ਥਾਣੇਦਾਰ ਵੇ ਹਾਂ। ਸਾਡੇ ਹੀ ਮਾਂ ਪਿਉ ਜਾਏ, ਧਰਮਾਂ ਦੀ ਚੁੱਕ ਵਿਚ ਆਏ, ਲੜਦੇ ਨੇ ਅਕਲੀਂ ਜਿੰਦੇ ਮਾਰ ਵੇ ਹਾਂ। ਜਾਗੋ ਵੇ ਜਾਗੋ ਲੋਕੋ, ਏਨੀ ਗੱਲ ਜਾਣ ਲਵੋ, ਬਣਨਾ ਨਹੀਂ ਆਪਾਂ ਹੁਣ ਹਥਿਆਰ ਵੇ ਹਾਂ। ਜੰਗਾਂ ਕਦ ਸਰਹੱਦ ਉੱਤੇ ਆਖ਼ਰ ਨੂੰ ਰੁਕਣਗੀਆਂ, ਅਮਨਾਂ ਤੋਂ ਹਾਰੂਗਾ ਹਥਿਆਰ ਵੇ ਹਾਂ।

ਸੋਲਾਂ ਲਘੂ ਕਵਿਤਾਵਾਂ

ਜਿੱਥੇ ਕਵਿਤਾ ਜੀਵੇ

ਆਮ ਸਧਾਰਨ ਬੰਦੇ ਅੰਦਰ, ਕਵਿਤਾ ਜੀਵੇ। ਫੁੱਲ ਪੱਤੀਆਂ, ਖੁਸ਼ਬੋਈਆਂ ਵਾਂਗੂੰ। ਦੂਰ ਦੇਸ਼, ਪ੍ਰਦੇਸ਼ ਦੇ ਮਿੱਠੇ ਸੁਪਨੇ ਵਾਂਗੂੰ। ਧੜਕਣ ਧੜਕੇ, ਸਾਹ ਲੈਂਦੀ ਹੈ, ਸੱਜਰਾ ਖ਼ੂਨ ਜਿਗਰ ਦਾ ਪੀਵੇ। ਜਦੋਂ ਕਿਤਾਬਾਂ, ਗਿਆਨ-ਫ਼ਲਸਫ਼ੇ, ਇਹੋ ਜਿਹਾ ਦੁਨਿਆਵੀ ਨਿਕਸੁਕ। ਆਮ ਸਧਾਰਨ ਬੰਦੇ ਅੰਦਰ ਰਲ ਜਾਂਦਾ ਹੈ, ਉਸ ਵਿਚੋਂ ਕਵਿਤਾ ਮਰ ਜਾਵੇ।

ਮਾਂ ਦੀ ਬੁੱਕਲ

ਨਾ ਧਰਤੀ ਨਾ ਅੰਬਰ, ਇਹ ਕੋਈ ਹੋਰ ਹੀ ਥਾਂ ਹੈ। ਬੁੱਕਲ ਦੇ ਵਿਚ ਲੈ ਕੇ ਬੈਠੀ, ਮੇਰੀ ਮਾਂ ਹੈ। ਨਾ ਪੁੱਤਰਾ ਨਾ ਰੋ। ਨੇਰ੍ਹੇ ਵਿਚੋਂ ਫੁੱਟ ਪਊ ਆਪੇ, ਕੱਲ੍ਹ ਸੂਰਜ ਦੀ ਲੋਅ।

ਬੱਦਲਾਂ ਦੀ ਛਾਂ

ਨਾ ਵੇ ਅੜਿਆ ਨਾਂਹ। ਤੂੰ ਛੱਡ ਮੇਰੀ ਬਾਂਹ। ਦੱਸ ਕੀਹਨੇ ਫੜੀ ਅੱਜ ਤੱਕ, ਬੱਦਲਾਂ ਦੀ ਛਾਂ।

ਪੁੰਗਾਰਾ

ਮਨ ਦੇ ਬਾਗ 'ਚ ਕੌਣ ਗੁਆਚਾ, ਪੱਤਝੜ ਰੁੱਤੇ। ਵੇਖ ਪੁੰਗਾਰਾ, ਚੰਬਾ ਖਿੜਿਆ ਟਾਹਣੀਆਂ ਉੱਤੇ।

ਸੂਰਜ ਮੈਨੂੰ ਕੀਹ ਆਖੇਗਾ?

ਜਿਸਨੂੰ ਅੱਜ ਤੱਕ ਮਾਂ ਕਹਿੰਦਾ ਸਾਂ, ਧਰਤੀ ਨਾਲ ਨਿਭਾ ਨਹੀਂ ਸਕਿਆ। ਇਸ ਵਣ ਤ੍ਰਿਣ ਤੇ ਖ਼ੁਸ਼ਬੋਈ ਨੂੰ, ਲਾਲਚ ਵੱਸ ਬਚਾ ਨਹੀਂ ਸਕਿਆ। ਜਿਸ ਪਿੰਡ ਮੈਨੂੰ ਗੋਦ ਖਿਡਾਇਆ, ਓਥੇ ਮੁੜ ਕੇ ਜਾ ਨਹੀਂ ਸਕਿਆ। ਧਰਮੀ ਬਾਬਲ ਸੂਰਜ ਮੈਨੂੰ ਕੀਹ ਆਖੇਗਾ?

ਸਾਡੀ ਧੀ ਮਨਿੰਦਰ

ਬਾਪੂ ਜੀ ਦੀ ਪੋਤੀ। ਘੜੇ ਜਿੱਡਾ ਮੋਤੀ। ਹੰਝੂਆਂ ਦੇ ਨਾਲ ਜਦੋਂ ਭਰਦੀ ਏ ਅੱਖਾਂ। ਅੱਖਾਂ ਅੱਗੋਂ ਲੰਘਦੀਆਂ ਇਹੋ ਜੇਹੀਆਂ ਲੱਖਾਂ। ਕਿੱਥੇ ਸੀ ਇਹ ਜੰਮੀ, ਤੇ ਕਿੱਥੇ ਤੁਰ ਚੱਲੀ? ਮੇਰੀ ਮਾਂ ਦੇ ਚਰਖ਼ੇ 'ਤੇ, ਕੱਤੀ ਹੋਈ ਛੱਲੀ। ਨਾ ਨੀ ਧੀਏ ਰੋ, ਕੌਣ ਭਲਾ ਦੱਸ ਵੰਡ ਸਕਦਾ ਏ, ਅੱਗ, ਸੂਰਜ ਤੇ ਲੋਅ।

ਅੱਗ ਦੇ ਖਿਡੌਣੇ

ਜਿੰਨ੍ਹਾਂ ਕੋਲ ਹਥਿਆਰ ਹਨ। ਉਹ ਬਿਲਕੁਲ ਨਹੀਂ ਜਾਣਦੇ, ਕਿ ਉਨ੍ਹਾਂ ਦੇ ਵਿਰੋਧੀਆਂ ਦੇ ਬੱਚੇ ਵੀ, ਖਿਡੌਣਿਆਂ ਨਾਲ ਖੇਡਣਾ ਚਾਹੁੰਦੇ ਨੇ। ਜਿੰਨ੍ਹਾਂ ਕੋਲ ਆਪਣੇ ਦੁਸ਼ਮਣਾਂ ਲਈ, ਅੱਗ ਦੇ ਖਿਡੌਣੇ ਨੇ। ਜੋ ਉਨ੍ਹਾਂ ਦੂਰ ਦੇਸ ਜਾ ਕੇ, ਸ਼ੌਕੀਆ ਚਲੌਣੇ ਨੇ। ਕਿਵੇਂ ਜਾਣ ਸਕਦੇ ਨੇ? ਕਿ ਬੱਚਿਆਂ ਲਈ ਖਿਡੌਣੇ ਇਹੋ ਜਹੇ ਨਹੀਂ ਹੁੰਦੇ।

ਨਿੱਕਾ ਜੇਹਾ ਕਰਣ

ਨਿੱਕਾ ਜਿਹਾ ਕਰਣ ਬੜੇ ਕਰਦੈ ਕਲੋਲ! 'ਕੱਲ੍ਹਾ ਜਦੋਂ ਖੇਡਦੈ, ਕਦੇ ਵੀ ਨਹੀਂ ਬੋਲਦਾ। ਜਦੋਂ ਵੀ ਮੈਂ ਆਖਦਾ ਹਾਂ, ਆ ਜਾ ਮੇਰੇ ਕੋਲ ਦੂਰ ਦੂਰ ਭੱਜਦਾ ਏ ਦੂਰ ਦੂਰ ਭੱਜਦਾ ਏ। ਜਦੋਂ ਫਿਰ ਆਖਦਾ ਹਾਂ ਨੂਰ ਮੇਰੀ ਧੀ, ਸੂਰਜ ਮੇਰਾ ਪੁੱਤਰ ਤਾਂ ਤੁਰੰਤ ਮੋੜੇ ਉੱਤਰ "ਉਹ ਤਾਂ ਏਥੇ ਰਹਿੰਦਾ ਹੀ ਨਹੀਂ।" ਨਿੱਕੇ ਦਾਦਾ ਗੋਦੀ ਚੁੱਕੋ, ਹੁਣ ਮੈਂ ਹੇਠਾਂ ਲਹਿੰਦਾ ਈ ਨਹੀਂ। ਚੁੰਮ ਚੁੰਮ ਚੱਟ ਜਾਵੇ ਮੇਰਾ ਸਾਰਾ ਮੂੰਹ! ਕਰੇ ਹਾਂ ਨਾ ਹੂੰ!

ਆਵਾਜ਼ ਦਿਓ

ਕਬਰਾਂ 'ਚ ਪਏ ਮੁਰਦਾ ਸਰੀਰੋ! ਆਵਾਜ਼ ਦਿਓ। ਘਰਾਂ 'ਚ ਟੀ. ਵੀ. ਦੇਖਦੇ ਮਿਹਰਬਾਨ ਵੀਰੋ! ਚੁੱਪ ਨਾ ਬੈਠੋ! ਆਵਾਜ਼ ਦਿਓ। ਨੌਕਰੀ ਕਰਦੀਓ ਮੇਜ਼ ਕੁਰਸੀਓ! ਕੁਝ ਤਾਂ ਕਹੋ। ਜਬਰ ਝੱਲਣ ਨੂੰ ਸਬਰ ਨਾ ਕਹੋ! ਦੂਰ ਦੇਸ ਚੱਲਦੇ ਪਟਾਕੇ, ਜੇ ਅੱਜ ਤੁਹਾਡੇ ਘਰ ਖ਼ਬਰਾਂ ਘੱਲਦੇ ਨੇ ਤਾਂ ਕੱਲ੍ਹ ਨੂੰ ਚਿੱਟੀਆਂ ਚੁੰਨੀਆਂ ਵੀ ਭੇਜ ਸਕਦੇ ਨੇ।

ਰੇਤ ਕਣ

ਰੇਤ ਦੇ ਕਣ ਨੂੰ ਕਣ ਨਾ ਸਮਝੋ। ਇਸ ਦੇ ਹੇਠਾਂ, ਉੱਪਰ, ਲਾਗੇ, ਜਦ ਕਿਧਰੇ ਕਿਣਕੇ ਮਿਲ ਜਾਵਣ। ਰੇਤੇ ਦਾ ਅੰਬਾਰ ਬਣਾਵਣ। ਇਸ ਅੰਬਰ ਨੂੰ ਜੀਵਨ ਦੀ ਰਫ਼ਤਾਰ ਨਾ ਸਮਝੋ। ਇਸ ਅੰਬਾਰ ਦਾ ਕਣ ਕਣ ਫ਼ੋਲੋ। ਟਿੱਲੇ ਵਿਚੋਂ ਹਸਤੀ ਟੋਲੋ। ਜ਼ਿੰਦਗੀ ਦੇ ਸਭ ਸੰਕਟ, ਮਸਲੇ ਸਮਝ ਲਵੋਗੇ।

ਉਪਰਾਮ ਪਲਾਂ ਵਿਚ

ਜ਼ਿੰਦਗੀ ਦੇ ਉਪਰਾਮ ਪਲਾਂ ਵਿਚ, ਜਦ ਵੀ ਤੇਰਾ ਚੇਤਾ ਆਵੇ। ਇਕੋ ਥਾਂ 'ਤੇ ਸੈਆਂ ਤਾਰੇ, ਜਗਮਗ ਜਗਦੇ। ਮੈਨੂੰ ਕੁੱਲ ਧਰਤੀ ਦੇ ਬੂਟੇ। ਆਪਣੇ ਲੱਗਦੇ। ਮੈਂ ਰੁੱਖਾਂ 'ਚੋਂ ਫੁੱਲ ਪੱਤੀਆਂ ਤੇ ਖ਼ੁਸ਼ਬੋਈਆਂ 'ਚੋਂ ਤੈਨੂੰ ਜਿੰਦੀਏ ਭਾਲ ਲਿਆ ਹੈ।

ਸੱਜਰੀ ਲੋਏ

ਜੇ ਸੂਰਜ ਤੇ ਧਰਤੀ ਦੋਵੇਂ, ਸਦੀਆਂ ਤੋਂ ਨਹੀਂ 'ਕੱਠੇ ਹੋਏ। ਦੱਸ ਨੀ ਮੇਰੀਏ ਮਹਿੰਗੀਏ ਜਾਨੇ, ਤੇਰੀ ਮੇਰੀ ਅੱਖ ਕਿਉਂ ਰੋਏ? ਸ਼ੁਕਰ ਖ਼ੁਦਾ ਦਾ ਤੁਰਦੇ ਆਪਾਂ, ਇਕ ਦੂਜੇ ਦੀ ਸੱਜਰੀ ਲੋਏ।

ਮੇਰੀ ਮਾਂ ਦੇ ਕਮਰੇ ਅੰਦਰ

ਮੇਰੀ ਮਾਂ ਦੇ ਕਮਰੇ ਅੰਦਰ, ਚੜ੍ਹਦਾ ਸੂਰਜ ਦਏ ਸਲਾਮੀ। ਏਨਾ ਚਾਨਣ, ਜੀਕੂੰ ਲੱਖਾਂ ਦੀਵੇ ਬਲਦੇ। ਮੇਰੀ ਆਸ ਉਮੀਦ ਦੇ ਕਿੰਨੇ ਰੁੱਖੜੇ ਫ਼ਲਦੇ। ਧੁੱਪ ਜਿਵੇਂ ਮੇਰੀ ਮਾਂ ਦੀ ਨੌਕਰ, ਤਲੀਆਂ ਝੱਸਦੀ। ਗੱਲਾਂ ਕਰਦੀ, ਖਿੜ ਖਿੜ ਹੱਸਦੀ, ਮਾਂ ਦੇ ਹੁੰਦਿਆਂ, ਭਰਿਆ ਭਰਿਆ ਘਰ ਲੱਗਦਾ ਹੈ। ਜੇ ਤੁਰ ਗਈ ਤਾਂ... ਏਸੇ ਗੱਲ ਦਾ ਡਰ ਲੱਗਦਾ ਹੈ।

ਧਰਮੀ ਬਾਬਲ

ਧਰਮੀ ਬਾਬਲ ਕਿੱਧਰ ਜਾਵੇ। ਕੁਝ ਹੰਝੂ ਅੱਖੀਆਂ ਵਿਚ ਲੈ ਕੇ, ਵਰ ਟੋਲੇ ਤੇ ਪਿਆ ਘਬਰਾਵੇ।

ਛੱਡ ਗਈ ਮੈਨੂੰ ਛਾਂ

ਧੁੱਪ ਵਿਚ ਖੜ੍ਹਾ ਮੈਂ ਕੱਲ-ਮ-ਕੱਲ੍ਹਾ, ਛੱਡ ਗਈ ਮੈਨੂੰ ਛਾਂ। ਜਿਵੇਂ ਅਲੂੰਏਂ ਬਾਲ ਦੀ ਮਰ ਜਾਏ, ਫੁੱਲ-ਵਰੇਸੇ ਮਾਂ। ਕਿਸ ਧਰਤੀ ਨੂੰ ਆਪਣੀ ਆਖਾਂ? ਲੱਭਾਂ ਆਪਣੀ ਥਾਂ।

ਧੀਏ ਘਰ ਜਾਹ ਆਪਣੇ

ਮੇਰੇ ਨਾਲ ਨਾ ਵੱਖਰੀ ਹੋਈ। ਪਹਿਲੀ ਵਾਰੀ ਘਰ ਕੰਬਿਆ ਹੈ, ਅੱਖ ਨਹੀਂ ਰੋਈ ਧੀਏ ਨੀ! ਤੈਨੂੰ ਕਿੱਸਰਾਂ ਆਖਾਂ "ਘਰ ਜਾਹ ਆਪਣੇ"

ਬਦਲੋਟੀਆਂ (ਤੇਤੀ ਰੁਬਾਈਆਂ)

ਉੱਸਰ ਰਹੇ ਨੇ ਮੰਦਰ ਮਸਜਿਦ ਮਰ ਮੁੱਕ ਰਹੇ ਨੇ ਬੰਦੇ। ਮਰਿਆਂ ਖ਼ਾਤਰ ਧਰਮੀ ਬੰਦੇ ਕਰਨ ਇਕੱਠੇ ਚੰਦੇ। ਜਿਸ 'ਡੋਰੀ' ਨੂੰ ਧਰਮ ਸਮਝ ਕੇ ਵੱਟ ਚਾੜ੍ਹਦੇ ਆਪਾਂ, ਏਸੇ ਨੇ ਹੀ ਬਣ ਜਾਣਾ ਏਂ, ਸਾਡੇ ਗਲ ਵਿਚ ਫੰਦੇ। *** ਰੂਪ ਦੀ ਰਾਣੀ ਇਹ ਨਖ਼ਰੇਲੋ, ਕੁਰਸੀ ਸੱਤਾ ਵਾਲੀ। ਲੰਗੜੇ ਨੂੰ ਵੀ ਨਾਚ ਨਚਾਵੇ, ਐਸੀ ਸ਼ਕਤੀਸ਼ਾਲੀ। ਬੇਸ਼ਰਮਾਂ ਨੂੰ ਗੋਦ ਬਿਠਾਵੇ, ਜਦ ਜੀ ਚਾਹੇ ਮਾਰੇ, ਫਿਰ ਵੀ ਇਸ ਦੀ ਅਰਦਲ ਬੈਠੇ ਧਰਮ ਕਰਮ ਦੇ ਵਾਲੀ। *** ਵੇਦ ਕਤੇਬਾਂ ਹਾਰੇ ਹੰਭੇ, ਪੈਸੇ ਨੇ ਮੱਤ ਮਾਰੀ। ਇਹ ਐਸੀ ਭੁੱਖ ਕਦੇ ਨਾ ਮਰਦੀ ਕੀ ਬੰਦਾ ਕੀ ਨਾਰੀ। ਮੰਦਰ ਵਿਚ ਪੁਜਾਰੀ ਆਖੇ ਰੋਜ਼ ਸਵੇਰੇ ਸ਼ਾਮੀਂ, ਉੱਲੂ ਦੀ ਪਿੱਠ ਉੱਤੇ ਕਰਦੀ, ਲੱਛਮੀ ਵੀ ਅਸਵਾਰੀ। *** ਡਾਕੂ ਨੂੰ ਹੁਣ ਡਾਕੂ ਕਹੀਏ, ਚੋਰ ਨੂੰ ਕਹੀਏ ਚੋਰ। ਸ਼ਰਮ ਧਰਮ ਜੇ ਚੁੱਪ ਬੈਠੇ ਨੇ, ਕਿਹੜਾ ਬੋਲੂ ਹੋਰ। ਨੇਰ੍ਹ ਨਾਨਕਾ! ਲਿਖੇ ਲੁਟੇਰਿਆਂ ਚੋਣ ਮਨੋਰਥ ਪੱਤਰ, ਤੇਰੇ ਘਰ ਨੂੰ ਲੁੱਟੀ ਜਾਂਦੇ, ਹਾਕਮ ਵੱਢੀ ਖ਼ੋਰ। *** ਇਸ ਧਰਤੀ ਦੇ ਸਾਰੇ ਬੰਨੇ। ਫਿਰਦੇ ਸਭ ਹੰਕਾਰ 'ਚ ਅੰਨ੍ਹੇ। ਆਪਾ ਧਾਪੀ ਰੂਹ ਸੰਤਾਪੀ, ਦੱਸੋ ਕਿਹੜਾ ਕੀਹਦੀ ਮੰਨੇ? *** ਚੁਰਸਤੇ ਮੋਮਬੱਤੀ ਧਰਦੇ ਰਹੀਏ। ਹਨੇਰੇ ਨਾਲ "ਦੋ ਹੱਥ" ਕਰਦੇ ਰਹੀਏ। ਕਿਤੇ ਸੂਰਜ ਇਕੱਲਾ ਰਹਿ ਨਾ ਜਾਵੇ, ਚਿਰਾਗੀਂ ਤੇਲ ਬੱਤੀ ਭਰਦੇ ਰਹੀਏ। *** ਸ਼ਬਦਾਂ ਨੂੰ ਹਥਿਆਰ ਬਣਾਉ। ਹਥਿਆਰਾਂ ਨੂੰ ਜੰਦਰੇ ਲਾਉ। ਇਸ ਧਰਤੀ ਤੇ ਜੀਣ ਜੋਗਿਓ, ਫੁੱਲਾਂ ਨੂੰ ਨਾ ਤਾਰ ਲਗਾਉ। *** ਉਹ ਜੋ ਵੀ ਚਾਨਣੀ ਤੋਂ ਡਰ ਰਿਹਾ ਹੈ। ਹਨ੍ਹੇਰੇ ਦੀ ਹਮਾਇਤ ਕਰ ਰਿਹਾ ਹੈ। ਨਹੀਂ ਵਿਸ਼ਵਾਸ ਦੇ ਕਾਬਲ ਉਹ ਬੰਦਾ, ਬਿਨਾ ਆਈ ਤੋਂ ਪਹਿਲਾਂ ਮਰ ਰਿਹਾ ਹੈ। *** ਖ਼ੁਰਦੇ ਖ਼ੁਰਦੇ ਖ਼ੁਰ ਚੱਲੇ ਆਂ। ਭੁਰਦੇ ਭੁਰਦੇ ਭੁਰ ਚੱਲੇ ਆਂ। ਝੋਰੇ ਝੂਰਦਿਆਂ ਉਮਰ ਗੁਜ਼ਾਰੀ, ਤੁਰਦੇ ਤੁਰਦੇ ਤੁਰ ਚੱਲੇ ਆਂ। *** ਕਈ ਥਾਂ ਰੌਣਕ ਤਾਂ ਨਹੀਂ ਹੁੰਦੀ। ਕਿਉਂਕਿ ਉਸ ਘਰ ਮਾਂ ਨਹੀਂ ਹੁੰਦੀ। ਤਪਦੀ ਧਰਤੀ ਭਖ਼ਦਾ ਅੰਬਰ, ਓਥੇ ਠੰਢੜੀ ਛਾਂ ਨਹੀਂ ਹੁੰਦੀ। *** ਚੜ੍ਹ ਪਏ ਬੱਦਲ ਰਾਤ ਹਨੇਰੀ। ਲੰਮੀ ਔੜ ਨੇ ਜਿੰਦੜੀ ਘੇਰੀ। ਮੇਘਲਿਆ ਤੂੰ ਵਰ੍ਹ ਜਾ ਏਥੇ, ਸਾਡੇ ਪਿੰਡ ਵਿਚ ਹੋ ਜਾ ਢੇਰੀ। *** ਇਹ ਕੀ ਕਾਰਾ ਕਰ ਚੱਲੇ ਹੋ। ਆਪ ਕਿਨਾਰਾ ਕਰ ਚੱਲੇ ਹੋ ਸਾਡੀ ਬੇੜੀ ਪੱਥਰ ਧਰ ਕੇ, ਡੋਬ ਕੇ ਸਾਨੂੰ ਤਰ ਚੱਲੇ ਹੋ। *** ਮਹਿਕਾਂ 'ਚ ਭਿੱਜੀ ਪੌਣ ਨੂੰ, ਸਾਹਾਂ 'ਚ ਭਰ ਲਿਆ ਹੈ। ਅਗਨੀ ਸਰੋਵਰਾਂ ਨੂੰ, ਕਈ ਵਾਰ ਤਰ ਲਿਆ ਹੈ। ਪੁੱਛਦੇ ਹੋ ਫ਼ਰਕ ਜੇਕਰ, ਤਾਂ ਫ਼ਰਕ ਸਿਰਫ਼ ਏਨਾ, ਇਕ ਵਾਰ ਜੀਣ ਖ਼ਾਤਰ ਕਈ ਵਾਰ ਮਰ ਲਿਆ ਹੈ। *** ਘਿਰੀ ਹੈ ਜ਼ਿੰਦਗੀ ਕੁਝ ਇਸ ਤਰ੍ਹਾ ਦੇ ਘੇਰੇ ਵਿਚ। ਸ਼ੈਤਾਨ ਜ਼ੋਰ ਫੜਦਾ ਜਾ ਰਿਹਾ ਹਨੇਰੇ ਵਿਚ। ਮੈਂ ਇਸ ਨੂੰ ਬਹੁਤ ਵਾਰੀ ਹੋੜਿਆ ਹੈ ਮੁੜਦਾ ਨਹੀਂ, ਇਹ ਫਿਰਦੈ ਕਰਨ ਨੂੰ ਪੱਕਾ ਨਿਵਾਸ ਮੇਰੇ ਵਿਚ। *** ਸੁਪਨੇ ਰੰਗ ਬਰੰਗੇ ਵੇਖੋ। ਮੌਸਮ ਸੂਲੀ ਟੰਗੇ ਵੇਖੋ। ਪੱਤਰ ਪੱਤਰ ਸਦਾ ਨਾ ਸੰਗੀ, ਪੱਤਝੜੀਂ ਰੁੱਖ ਨੰਗੇ ਵੇਖੋ। *** ਜ਼ਿੰਦਗੀ ਤੋਂ ਉਪਰਾਮ ਨਾ ਹੋਵੇ। ਖ਼ੁਦ ਦੇ ਕਦੇ ਗੁਲਾਮ ਨਾ ਹੋਵੋ। ਸੂਰਜ ਨਾਲ ਕਰੋ ਅਠਖੇਲੀ, ਸੁਬਹ ਸਵੇਰੇ ਸ਼ਾਮ ਨਾ ਰੋਵੋ। *** ਧਰਤੀ ਅੰਬਰ ਸਭ ਤੇਰਾ ਹੈ। ਜੋ ਕੁਝ ਤੇਰਾ ਸਭ ਮੇਰਾ ਹੈ। ਤੂੰ ਮੇਰੇ ਵਿਚ, ਮੈਂ ਤੇਰੇ ਵਿਚ, ਬਾਕੀ ਸਭ ਜੱਗ ਨੇਰ੍ਹਾ ਹੈ। *** ਰਾਹਾਂ ਦੇ ਵਿਚ ਡੂੰਘੇ ਟੋਏ। ਜੀਵਨ ਕਥਾ ਕਹਾਣੀ ਟੋਏ। ਸਾਵੀਂ ਪੱਧਰੀ ਤੋਰ ਦਾ ਸੁਪਨਾ, ਦੱਸੋ ਕੀਕਣ ਪੂਰਾ ਹੋਏ। *** ਤੇਰਾ ਜਦ ਵੀ ਚੇਤਾ ਆਵੇ। ਸਾਹਾਂ ਨੂੰ ਕੰਬਣੀ ਛਿੜ ਜਾਵੇ। ਸੁੰਨੀ ਪਈ ਰਬਾਬ ਤੇ ਪੋਟੇ, ਤੁਧ ਬਿਨ ਕਿਹੜਾ ਤਾਰ ਹਿਲਾਵੇ। *** ਧੁੱਪ 'ਚੋਂ ਚੱਲੀਏ, ਛਾਂ 'ਚੋਂ ਚੱਲੀਏ। ਚਲੋ! ਚਲੋ! ਇਸ ਥਾਂ ਤੋਂ ਚੱਲੀਏ। ਸੱਚ ਦਾ ਵਣਜ ਵਿਹਾਜਣ ਖ਼ਾਤਰ, ਕੂੜ ਨਿਖੁੱਟੀ ਥਾਂ ਤੋਂ ਚੱਲੀਏ। *** ਆ ਅੰਬਰ ਨੂੰ ਪੌੜੀ ਲਾਈਏ। ਸੂਰਜ ਤੀਕਣ ਪੀਂਘ ਚੜ੍ਹਾਈਏ। ਚੰਦਰਮਾ ਨੂੰ ਝਾਤ ਆਖ ਕੇ, ਪੌਣਾਂ ਨੂੰ ਗਲਵੱਕੜੀ ਪਾਈਏ। *** ਨੇਰ੍ਹੇ ਅੰਦਰ ਦੀਪ ਜਗਾਏ। ਸਾਡੇ ਸਭ ਦੇ ਰਾਹ ਰੁਸ਼ਨਾਏ। ਕਰਮਸ਼ੀਲ ਜ਼ਿੰਦਗੀ ਦੇ ਸੂਰਜ, ਨਮਸਕਾਰ ਧਰਤੀ ਦੇ ਜਾਏ। *** ਕਿਣਮਿਣ ਬੱਦਲ ਬਣ ਕੇ ਵਰ੍ਹ ਜਾ। ਧਰਤੀ ਪਿਆਸੀ ਜਲ ਥਲ ਕਰ ਜਾ। ਇਸ ਧਰਤੀ ਤੋਂ ਜਾਣ ਵਾਲਿਆ, ਇਕ ਦੋ ਬਿਰਖ਼ ਨਿਸ਼ਾਨੀ ਧਰ ਜਾ। *** ਮੂੰਹ ਦੇ ਵਿਚੋਂ ਕੁਝ ਤਾਂ ਬੋਲ। ਦਿਲ ਵਿਚ ਬੱਝੀ ਘੁੰਡੀ ਖੋਲ੍ਹ। ਜਾਣ ਵਾਲਿਆ ਲੈ ਜਾ ਮੈਥੋਂ, ਜਿੰਦੜੀ ਪਿਆਰ ਤੋਂ ਸਾਂਵੇਂ ਤੋਲ। *** ਤਪਦੀ ਧਰਤੀ ਤਲਖ਼ ਹਵਾਵਾਂ। ਛਾਲੇ ਪੈਰੀਂ ਕਿੱਧਰ ਜਾਵਾਂ? ਤੂੰ ਵੀ ਕੱਲ੍ਹਾ ਛੱਡ ਨਾ ਜਾਵੀਂ, ਜੇ ਮੈਂ ਤੈਨੂੰ ਜ਼ਖ਼ਮ ਵਿਖਾਵਾਂ। *** ਜੇ ਨਾ ਤੇਰੀ ਨੀਅਤ ਖੋਟੀ। ਬਣ ਜਾ ਮੇਰੇ ਸਿਰ ਬਦਲੋਟੀ। ਕੁਝ ਪਲ ਜੀਵਨ ਮਿਲੂ ਉਧਾਰਾ, ਭੁੱਖੇ ਨੂੰ ਜਿਉਂ ਬੁਰਕੀ ਰੋਟੀ। *** ਦੱਸ ਤੂੰ ਕਿਹੜਾ ਬੋਲ ਸੁਣਾਵਾਂ। ਹਰ ਸਾਹ ਅਗਨੀ ਦਾ ਪਰਛਾਵਾਂ। ਛਾਲੇ ਪੈਰੀਂ, ਅੱਖੀਂ ਅੱਥਰੂ, ਅੱਜ ਕੱਲ੍ਹ ਮੇਰਾ ਇਹ ਸਿਰਨਾਵਾਂ। *** ਚੱਲ ਸਾਹਾਂ ਨੂੰ ਇਕ ਸਾਹ ਕਰੀਏ। ਧੜਕਣ ਅੰਦਰ ਧੜਕਣ ਧਰੀਏ। ਇਸ ਧਰਤੀ ਦੇ ਕਣ ਕਣ ਅੰਦਰ, ਨੇਰ੍ਹੇ ਦੀ ਥਾਂ ਚਾਨਣ ਭਰੀਏ। *** ਸੁਣ ਧਰਤੀ ਦੀਏ ਅੱਲ੍ਹੜ ਪਰੀਏ। ਆ ਜਾ ਆਪਣੀ ਚੁੱਪ ਤੋਂ ਡਰੀਏ। ਸ਼ਬਦ ਨਿਰੰਤਰ ਸਾਹ ਤੇ ਸੁਪਨੇ, ਆ ਇਨ੍ਹਾਂ ਨੂੰ ਜਿਉਂਦੇ ਕਰੀਏ। *** ਵੇਖੋ! ਰੱਬ ਦਾ ਕੇਡ ਆਡੰਬਰ। ਹੇਠਾਂ ਧਰਤੀ ਉੱਤੇ ਅੰਬਰ। ਪਾਣੀ ਪੌਣ ਬਨਸਪਤ ਜਾਂਝੀ, ਹੋਈ ਜਾਵੇ ਰੋਜ਼ ਸਵੰਬਰ। *** ਵੇਖੋ ਗਿਆਨ ਦੀ ਆਈ ਸ਼ਾਮਤ। ਡੱਬਿਆਂ ਅੰਦਰ ਬੰਦ ਕਿਆਮਤ। ਬਟਨ ਦਬਾਓ ਦੁਨੀਆਂ ਵੇਖੋ, ਕਿੱਦਾਂ ਰਹੂ ਕਿਤਾਬ ਸਲਾਮਤ। *** ਜੀਵਨ ਰਾਹ 'ਤੇ ਤੁਰਦੇ ਤੁਰਦੇ, ਪਹੁੰਚੇ ਐਸੀ ਥਾਂ। ਸਾਰੀ ਧਰਤੀ ਬਣੀ ਓਪਰੀ, ਬਦਲੇ ਸ਼ਹਿਰ ਗਿਰਾਂ। ਸ਼ੁਕਰ ਖ਼ੁਦਾ ਦਾ ਅਜੇ ਸਲਾਮਤ, ਕੁਝ ਬੂਟੇ ਹਰਿਆਲੇ, ਜਿੰਨ੍ਹਾਂ ਮੇਰੇ ਸਿਰ 'ਤੇ ਰੱਖੀ, ਸਦਾ ਸਬੂਤੀ ਛਾਂ। *** ਹਨ੍ਹੇਰਾ ਦੂਰ ਕਰਦੇ, ਦੀਵਿਆਂ ਨੂੰ ਮਾਰ ਹੱਲਾ। ਬੁਝਾਉਣਾ ਚਾਹੁਣਗੇ ਨੇਰ੍ਹੇ, ਹਵਾ ਦਾ ਮਾਰ ਪੱਲਾ। ਮੈਂ ਤੇਰੇ ਨਾਲ ਹਾਂ, ਹੱਥਾਂ 'ਚ ਲਾਟ ਸਾਂਭਾਂਗਾ, ਤੂੰ ਵੇਖੀਂ ਡੋਲ ਨਾ ਜਾਵੀਂ, ਸਮਝ ਕੇ ਖ਼ੁਦ ਨੂੰ 'ਕੱਲ੍ਹਾ।

ਨੌਂ ਗਜ਼ਲਾਂ

1.

ਲਾਹ ਦੇ ਰੂਹ ਤੋਂ ਭਾਰ ਵੀਰਨਾ, ਏਦਾਂ ਤਾਂ ਨਾ ਮਾਰ ਵੀਰਨਾ। ਤੇਰੀ ਧੜਕਣ ਏਥੇ ਧੜਕੇ, ਤੂੰ ਰਾਵੀ ਤੋਂ ਪਾਰ ਵੀਰਨਾ। ਤੂੰ ਤੇ ਮੈਂ ਇਕ ਮਾਂ ਦੇ ਜਾਏ, ਤੀਜਾ ਕਰੇ ਖ਼ਵਾਰ ਵੀਰਨਾ। ਹੱਥਾਂ ਵਿਚ ਹਥਿਆਰ ਫੜਾਵੇ, ਇਹ ਕਿੱਦਾਂ ਦਾ ਯਾਰ ਵੀਰਨਾ। ਇਕ ਦੂਜੇ ਦੀ ਛਾਂ ਤੋਂ ਡਰਕੇ, ਡਿੱਗੇ ਮੂੰਹ ਦੇ ਭਾਰ ਵੀਰਨਾ। ਦਿਲ ਤੋਂ ਦਿਲ ਨੂੰ ਸੜਕ ਸਲੇਟੀ, ਰੋਕੇ ਕਿਉਂ ਸਰਕਾਰ ਵੀਰਨਾ। ਹਾਸ਼ਮ ਦੀ ਧਰਤੀ ਦਾ ਜਾਇਆਂ, ਹਾਫ਼ਿਜ਼ ਬਰਖ਼ੁਰਦਾਰ ਵੀਰਨਾ। ਬੁੱਲ੍ਹੇ ਸ਼ਾਹ ਦਾ ਵਾਰਿਸ ਹਾਂ ਮੈਂ, ਕਾਦਰ ਮੇਰਾ ਯਾਰ ਵੀਰਨਾ। ਪੀਲੂ ਦੀ ਸੱਦ ਬਣ ਚੱਲੀ ਏ, ਦੁੱਲੇ ਦੀ ਵੰਗਾਰ ਵੀਰਨਾ। ਮੇਰਾ ਤਾਂ ਸੁਲਤਾਨ ਹੈ ਬਾਹੂ, ਦਿਲ ਤੇ ਰਹੇ ਸਵਾਰ ਵੀਰਨਾ। ਮੈਂ ਦਾਮਨ ਦੀ ਕਵਿਤਾ ਵਿਚਲੀ, ਹਾਕਮ ਨੂੰ ਫਿਟਕਾਰ ਵੀਰਨਾ। ਆਖ ਦਮੋਦਰ ਅੱਖੀਂ ਡਿੱਠਾ, ਰੱਖ ਨਾ ਰੂਹ 'ਤੇ ਭਾਰ ਵੀਰਨਾ।

2.

ਤੁਰਦੇ ਫਿਰਦੇ ਸਾਰੇ ਪਰ ਨਾ ਹਲਚਲ ਹੈ। ਏਸ ਨਗਰ ਵਿਚ ਹਰ ਬੰਦਾ ਕਿਉਂ ਨਿੱਸਲ ਹੈ। ਰੁੱਖ ਦੀ ਟਾਹਣੀ ਦਸਤਾ ਬਣੇ ਕੁਹਾੜੇ ਦਾ, ਮੇਰਾ ਆਪਣਾ ਆਪਾ ਬਣਿਆ ਕਾਤਿਲ ਹੈ। ਚੋਰਾਂ ਨੇ ਤਦ ਤੀਕਣ ਆਉਣਾ ਬਾਜ਼ ਨਹੀਂ, ਜਦ ਤਕ ਘਰ ਦਾ ਮਾਲਿਕ ਹੀ ਖ਼ੁਦ ਗਾਫ਼ਿਲ ਹੈ। ਭਰਮ ਭੁਲੇਖੇ ਕਮਅਕਲੀ ਦੇ ਕੋਟ ਕਿਲ੍ਹੇ, ਫਿਰ ਵੀ ਲੋਕੀਂ ਆਖੀ ਜਾਵਣ ਆਕਿਲ ਹੈ। ਆਪਣੇ ਹੀ ਪਰਛਾਵੇਂ ਕੋਲੋਂ ਡਰ ਜਾਨਾਂ, ਮੇਰੇ ਨਾਲੋਂ ਵਧ ਕੇ ਕਿਹੜਾ ਬੁਜ਼ਦਿਲ ਹੈ। ਤਲਖ਼ ਸਮੁੰਦਰ ਧਰਤੀ ਨੂੰ ਨਾ ਪੀ ਜਾਵੇ, ਜ਼ਾਲਮ ਲਹਿਰਾਂ ਦੱਸਿਆ ਇਹ ਤਾਂ ਪਾਗਲ ਹੈ। ਵੱਡੇ ਸੁਪਨੇ ਲੈ ਕੇ ਫਿਰ ਘਬਰਾ ਜਾਨਾਂ, ਸਾਥ ਤੇਰੇ ਬਿਨ ਤੁਰਨਾ ਡਾਢਾ ਮੁਸ਼ਕਿਲ ਹੈ।

3.

ਪਾਣੀ ਭਰੇ ਗਿਲਾਸ 'ਚ ਇਹ ਜੋ ਡੋਲ ਰਿਹਾ ਪਰਛਾਵਾਂ। ਮਾਏ ਨੀ, ਪਰਦੇਸੀ ਪੁੱਤ ਦਾ ਬਸ ਏਹੀ ਸਿਰਨਾਵਾਂ। ਪਤਾ ਨਹੀਂ ਕਦ ਮੀਂਹ ਨੇ ਵਰ੍ਹਨੈਂ, ਜਾਂ ਧੁੱਪਾਂ ਨੇ ਚੜ੍ਹਨੈਂ, ਬੇ ਵਿਸ਼ਵਾਸੀ ਚਾਰ ਚੁਫ਼ੇਰੇ, ਕਾਲੀਆਂ ਘੋਰ ਘਟਾਵਾਂ। ਘਰੋਂ ਤਾਂ ਆਏ ਕਰਨ ਕਮਾਈ, ਧਰਤ ਪਰਾਈ ਉੱਤੇ, ਕੈਸਾ ਹੈ ਬਨਵਾਸ ਜੋ ਕੁਤਰੇ ਨਿੱਕੇ ਨਿੱਕੇ ਚਾਵਾਂ। ਇਸ ਧਰਤੀ ਤੇ ਆਸ ਦਾ ਬੂਟਾ ਨਾ ਸੁੱਕਾ ਨਾ ਹਰਿਆ, ਸਮਝ ਨਾ ਆਵੇ, ਇਹਦੀ ਜੜ੍ਹ ਨੂੰ ਕਿਹੜਾ ਪਾਣੀ ਪਾਵਾਂ। ਏਥੇ ਭਾਵੇਂ ਚੰਦਰਮਾ ਵੀ, ਆਪਣੇ ਚੰਨ ਤੋਂ ਵੱਡਾ, ਪਰ ਨਾ ਵਿੱਚੋਂ ਦਿਸਦਾ ਮੈਨੂੰ ਨਾਨੀ ਦਾ ਪਰਛਾਵਾਂ। ਏਸ ਮਸ਼ੀਨੀ ਧਰਤੀ ਉੱਤੇ ਪੁੱਤ ਗੁਆਚਾ ਤੇਰਾ, ਐਵੇਂ ਕਾਹਨੂੰ ਪਾਈ ਜਾਵੇਂ ਕੁੱਟ ਕੁੱਟ ਚੂਰੀ ਕਾਵਾਂ। ਸੱਤ ਸਮੁੰਦਰ ਪਾਰ ਬੇਗਾਨੀ ਧਰਤੀ ਚੋਗਾ ਚੁਗੀਏ, ਉਡਣ ਖਟੋਲੇ ਵਾਲੀ ਕਿਸਮਤ ਨਾ ਪੈੜਾਂ ਨਾ ਰਾਹਵਾਂ।

4.

ਮਰਨ ਮਾਰਨ ਦਾ ਜੋ ਚੱਲਦਾ ਸਿਲਸਿਲਾ। ਮੁੱਕ ਜਾਵਾਂਗੇ ਇਹ ਖਾਵੇ ਤੌਖ਼ਲਾ। ਪਰਤ ਕੇ ਪਿੱਛੇ ਤਾਂ ਵੇਖੋ ਰਾਹਬਰੋ, ਬਹੁਤ ਪਿੱਛੇ ਰਹਿ ਗਿਆ ਹੈ ਕਾਫ਼ਲਾ। ਤੇਰੇ ਪਿੱਛੋਂ ਕੀ ਬਣੇਗਾ ਏਸ ਦਾ, ਜਾਣ ਵਾਲੇ ਏਨੀ ਗੱਲ ਤਾਂ ਸੋਚਦਾ। ਹੁਣ ਸਾਧਾਰਨ ਆਦਮੀ ਬੇਚੈਨ ਹੈ, ਓਸ ਦੇ ਹਰ ਕਦਮ ਅੱਗੇ ਕਰਬਲਾ। ਧਰਤ ਨੂੰ ਵੇਖੋ ਸਮੁੰਦਰ ਪੀ ਗਿਆ, ਏਸ ਤੋਂ ਵੱਡਾ ਕੀ ਹੋਊ ਹਾਦਿਸਾ। ਪੁੱਤ ਵੀ ਦੇਵੇ ਹੁੰਗਾਰਾ ਫ਼ੋਨ ਤੇ, ਵਧ ਰਿਹਾ ਵੇਖੋ ਨਿਰੰਤਰ ਫ਼ਾਸਲਾ। ਫ਼ਿਕਰ ਦਾ ਤਾਣਾ ਤੇ ਪੇਟਾ ਸਹਿਮ ਦਾ, ਆਦਮੀ ਏ ਤੁਰਦਾ ਫਿਰਦਾ ਮਕਬਰਾ।

5.

ਇਹ ਜੋ ਦਿਸਦੈ ਚਿਹਰਾ ਇਹ ਵੀ ਮੇਰਾ ਨਹੀਂ। ਸੂਰਜ ਦੀ ਪਿੱਠ ਪਿਛਲਾ ਨੇਰ੍ਹਾ ਮੇਰਾ ਨਹੀਂ। ਮੈਂ ਜੋ ਏਥੇ ਆਇਆਂ ਪੈੜਾਂ ਪਾਵਾਂਗਾ, ਮੇਰਾ ਏਥੇ ਜੋਗੀ ਵਾਲਾ ਫੇਰਾ ਨਹੀਂ। ਸਾਹਾਂ ਦੀ ਸਰਗਮ 'ਚੋਂ ਤੇਰੀ 'ਵਾਜ਼ ਸੁਣੇ, ਧੜਕ ਰਿਹਾ ਦਿਲ ਮੇਰਾ, ਇਹ ਵੀ ਮੇਰਾ ਨਹੀਂ। ਬਿੰਦੂ ਵਾਂਗੂੰ ਮੈਂ ਤਾਂ ਸਿਰਫ਼ ਨਿਸ਼ਾਨੀ ਹਾਂ, ਮੇਰੇ ਆਲ ਦੁਆਲੇ ਘੇਰਾ ਮੇਰਾ ਨਹੀਂ। ਤਲਖ਼ ਸਮੁੰਦਰ, ਧਰਤੀ, ਅੰਬਰ, ਚਾਰ ਚੁਫ਼ੇਰ, ਇਨ੍ਹਾਂ ਵਿਚੋਂ ਇਕ ਵੀ ਅੱਥਰੂ ਮੇਰਾ ਨਹੀਂ। ਮੈਂ ਤਾਂ ਬਾਲ ਚਿਰਾਗ਼ ਧਰਾਂ ਦਰਵਾਜ਼ੇ ਤੇ, ਕਮਰੇ ਵਿਚਲਾ ਨੇਰ੍ਹਾ, ਇਹ ਵੀ ਮੇਰਾ ਨਹੀਂ। ਪੈਰੀਂ ਝਾਂਜਰ ਛਣਕ ਛਣਕ ਕੇ ਆਖ ਰਹੀ, ਸੁਰ ਤੇ ਤਾਲ ਬੇਗਾਨਾ ਕੁਝ ਵੀ ਮੇਰਾ ਨਹੀਂ। ਆਦਰ, ਮਾਣ, ਮਰਤਬੇ, ਕੁਰਸੀ, ਲੱਕੜੀਆਂ, ਜੋ ਕੁਝ ਸਮਝੋ ਮੇਰਾ, ਇਹ ਵੀ ਮੇਰਾ ਨਹੀਂ।

6.

ਜਿੱਥੇ ਤੂੰ ਨਹੀਂ ਓਸੇ ਥਾਂ ਹੀ 'ਨੇਰ੍ਹਾ ਹੈ। ਜਿੱਥੇ ਤੂੰ ਹੈਂ, ਓਥੇ ਸੋਨ ਸਵੇਰਾ ਹੈ। ਸੂਰਜ ਕਹਿ ਕਹਿ ਤੈਨੂੰ ਉਮਰ ਗੁਜ਼ਾਰ ਲਈ, ਤੇਰਾ ਤਾਂ ਪਿਛਵਾੜਾ ਬਿਲਕੁਲ 'ਨੇਰ੍ਹਾ ਹੈ। ਤੇਰੇ ਨਾਂ ਨੂੰ ਲਿਖਿਆ, ਕੱਟਿਆ, ਮੁੜ ਲਿਖਿਆ, ਦੋਚਿੱਤੀ ਵਿਚ ਪਾਟਾ ਵਰਕਾ ਮੇਰਾ ਹੈ। ਰੁੱਖ ਤੇ ਬੰਦੇ ਵੇਖੋ ਸਿਰਫ਼ ਦੁਪਹਿਰਾਂ ਨੂੰ, ਸ਼ਾਮ ਸਵੇਰੇ ਸਭ ਦਾ ਕੱਦ ਲੰਮੇਰਾ ਹੈ। ਪੱਥਰਾਂ ਦੀ ਬਰਸਾਤ ਨਿਰੰਤਰ ਵਰ੍ਹਦੀ ਰਹੀ, ਤਿੜਕੇ ਚਿਹਰੇ ਵਾਲਾ ਸ਼ੀਸ਼ਾ ਮੇਰਾ ਹੈ। ਮੈਂ ਕਾਗ਼ਜ਼ 'ਤੇ ਲੀਕਾਂ ਵਾਹੁੰਦਾ ਹਾਰ ਗਿਆਂ, ਸੁਪਨੇ ਦਾ ਕੱਦ ਅੰਬਰ ਜੇਡ ਲੰਮੇਰਾ ਹੈ। ਮੈਂ ਤੇਰੇ ਸਾਹਾਂ 'ਚੋਂ ਤੁਰ ਜਾਂ ਹੋਰ ਕਿਤੇ, ਮੇਰੇ ਅੰਦਰ ਏਨਾ ਕਿੱਥੇ ਜ਼ੇਰਾ ਹੈ।

7.

ਵੇਖਾ ਵੇਖੀ ਐਵੇਂ ਨਾ ਭਗਵਾਨ ਬਣ। ਬਣ ਸਕੇਂ ਤਾਂ ਦੋਸਤਾ ਇਨਸਾਨ ਬਣ। ਤਿੜਕ ਜਾਵੇਂਗਾ ਰਿਹਾ ਜੇ ਕਹਿਰਵਾਨ, ਬਣ ਸਕੇਂ ਤਾਂ ਤੋਤਲੀ ਮੁਸਕਾਨ ਬਣ। ਧਰਤ ਅੰਬਰ ਭਟਕ ਨਾ ਤੂੰ, ਐ ਹਵਾ, ਬਾਂਸ ਦੀ ਪੋਰੀ 'ਚ ਵੜ ਕੇ ਤਾਨ ਬਣ। ਵੰਡਦਾ ਫਿਰਦਾ ਏ ਜਿਹੜਾ ਮੌਤ ਨੂੰ, ਆਖ ਉਸਨੂੰ ਜ਼ਿੰਦਗੀ ਦੀ ਸ਼ਾਨ ਬਣ। ਜਿਸਮ ਦੀ ਮਿੱਟੀ ਨੂੰ ਫ਼ੋਲਣ ਵਾਲਿਆ, ਮੇਰੇ ਦਿਲ ਨੂੰ ਜਾਣ ਤੂੰ ਸੁਲਤਾਨ ਬਣ। ਮੰਦਰੀਂ ਫੁੱਲਾਂ ਨੂੰ ਅਰਪਣ ਵਾਲਿਆ, ਦੇਵਤਾ ਪੱਥਰ ਹੈ ਇਸਦੀ ਜਾਨ ਬਣ। ਹਰ ਮੁਸੀਬਤ ਆਏ ਪਰਖ਼ਣ ਵਾਸਤੇ, ਮੁਸ਼ਕਿਲਾਂ ਨੂੰ ਵੇਖ ਕੇ ਬਲਵਾਨ ਬਣ।

8.

ਕਿੱਥੋਂ ਤੁਰ ਕੇ ਪਹੁੰਚੀ ਵੇਖੋ ਕਿੱਥੇ ਆਣ ਕਹਾਣੀ। ਪੰਜ ਦਰਿਆਵਾਂ ਦੀ ਧਰਤੀ 'ਤੇ, ਅੱਜ ਮੁੱਲ ਵਿਕਦਾ ਪਾਣੀ। ਪੰਜ ਸਦੀਆਂ ਦੇ ਪੈਂਡੇ ਮਗਰੋਂ ਕਿੱਥੇ ਪਹੁੰਚ ਗਏ ਆਂ, ਸਿਰਫ਼ ਜਨੇਊ ਗਾ ਸਕਦੇ ਨੇ, ਗੁਰੂ ਨਾਨਕ ਦੀ ਬਾਣੀ। ਇਹ ਜ਼ਿੰਦਗਾਨੀ ਸਫ਼ਰ ਨਿਰੰਤਰ ਤੁਰਿਆ ਜਾਹ ਬਣ ਦਰਿਆ, ਰੁਕਿਆ ਪਾਣੀ ਬਦਬੂ ਮਾਰੇ, ਸੌਂ ਨਾ ਲੰਮੀਆਂ ਤਾਣੀਂ। ਇਸ ਨਗਰੀ ਵਿੱਚ ਉਮਰ ਗੁਆ ਕੇ ਲੱਭਦੇ ਫਿਰਦੇ ਸਾਰੇ, ਇੱਕ ਦੂਜੇ ਤੋਂ ਚੋਰੀ ਚੋਰੀ, ਮੈਂ ਤੇ ਮੇਰੇ ਹਾਣੀ। ਜ਼ਿੰਦਗੀ ਦੇ ਉਪਰਾਮ ਪਲਾਂ ਵਿਚ ਤੂੰ ਹੀ ਬਣੇਂ ਸਹਾਰਾ, ਖ਼ੁਸ਼ਬੂ ਜਿੰਦ ਨਸ਼ਿਆ ਜਾਂਦੀ ਹੈ, ਵੜਕੇ ਸਾਹਾਂ ਥਾਣੀਂ। ਤਨ ਦੇ ਨਾਲੋਂ ਤੋੜ ਵਿਛੋੜੀ ਜਾਬਰ ਸਮਿਆਂ ਵੇਖੋ, ਇਕ ਦੂਜੇ ਨੂੰ ਘੂਰ ਰਹੇ ਨੇ, ਛਾਂ ਤੇ ਰੁੱਖ ਦੀ ਟਾਹਣੀ। ਜ਼ਿੰਦਗੀ, ਧਰਮ, ਧਰਾਤਲ ਤਿੰਨੇ ਵਕਤ ਲਿਤਾੜੇ ਪੈਰੀਂ, ਆਦਮ ਦੀ ਸੰਤਾਨ ਵੇਖ ਲਓ, ਹੋ ਗਈ ਆਦਮਖਾਣੀ। ਧੜਕਣ ਤੇਜ਼, ਤੜਪਣੀ ਤਨ ਦੀ, ਮਨ ਨੂੰ ਭਟਕਣ ਲਾਵੇ ਮਹਿਕ ਪਰੁੱਚੇ ਫੁੱਲਾਂ ਦੀ ਰੁੱਤ, ਲੰਘ ਚੱਲੀ ਅਣਮਾਣੀ।

9.

ਕਿਸ ਘੁੰਮਣ ਘੇਰ 'ਚ ਫਸ ਗਏ ਹਾਂ, ਨਾ ਜੀਅ ਹੋਵੇ ਨਾ ਮਰ ਹੋਏ। ਹਰ ਤਰਫ਼ ਤਪਦੀਆਂ ਲੋਹਾਂ ਨੇ, ਇਕ ਪੈਰ ਅਗਾਂਹ ਨਾ ਧਰ ਹੋਏ। ਮੈਂ ਦੇ ਦੇ ਦਸਤਕ ਹਾਰ ਗਿਆਂ, ਹਰ ਪਾਸੇ ਹੀ ਦੀਵਾਰਾਂ ਨੇ, ਮੈਂ ਕਿੱਥੇ ਬੈਠ ਆਰਾਮ ਕਰਾਂ, ਕੋਈ ਤਾਂ ਖੁੱਲ੍ਹਾ ਦਰ ਹੋਏ। ਰੋਣਾ ਕੁਰਲਾਉਣਾ ਸੁਣ ਸੁਣ ਕੇ ਇਹ ਤਨ ਮਨ ਪੱਥਰ ਹੋ ਚੱਲਿਆ, ਕੜ ਪਾਟ ਜਾਣ 'ਤੇ ਗੱਲ ਪਹੁੰਚੀ, ਹੁਣ ਹੋਰ ਸਿਤਮ ਨਾ ਜਰ ਹੋਏ। ਰਾਹਾਂ ਦੀ ਧੂੜ ਪਿਆਸ ਬੜੀ, ਨਾ ਬਹਿ ਸਕੀਏ ਨਾ ਤੁਰ ਸਕੀਏ, ਹੁਣ ਸ਼ਹਿਰ ਸਮੁੰਦਰ ਖ਼ਾਰੇ 'ਚੋਂ, ਘੁੱਟ ਪਾਣੀ ਦੀ ਨਾ ਭਰ ਹੋਏ। ਇਸ ਯੁਗ ਦਾ ਨਾਇਕ ਗੁਆਚ ਗਿਆ, ਖਲਨਾਇਕਾਂ ਨੇ ਸਿਰ ਤਾਜ ਧਰੇ, ਇਸ ਰੀਂਘਣਹਾਰੀ ਬਸਤੀ ਵਿਚ, ਕਿਉਂ ਵਰਮੀ ਵਰਗੇ ਘਰ ਹੋਏ? ਸਾਹਾਂ ਨੂੰ ਸੂਤ ਨਿਢਾਲ ਕਰਨ, ਤੇ ਚੱਟ ਜਾਂਦੇ ਨੇ ਰੂਹਾਂ ਨੂੰ, ਸੱਜਣਾਂ ਦੇ ਭੇਖ 'ਚ ਵੇਖ ਲਵੋ, ਕਿੱਦਾਂ ਦੇ ਚਾਰਾਗਰ ਹੋਏ। ਮੈਂ ਜਦ ਤੱਕ ਚੋਗਾ ਚੁਗਦਾ ਸੀ, ਕੋਈ ਤੋਟ ਨਹੀਂ ਸੀ ਚੂਰੀ ਦੀ, ਪਰਵਾਜ਼ ਭਰੀ ਤਾਂ ਵੇਖ ਲਵੋ, ਅੱਜ ਵੈਰੀ ਮੇਰੇ ਪਰ ਹੋਏ। ਗ਼ਰਜ਼ਾਂ ਤੋਂ ਫ਼ਰਜ਼ਾਂ ਤੀਕ ਸਫ਼ਰ, ਮੀਲਾਂ ਵਿਚ ਮਿਣਨਾ ਸਹਿਲ ਨਹੀਂ, ਤਲੀਆਂ ਤੇ ਸੀਸ ਨਹੀਂ ਟਿਕਦਾ, ਜੇ ਖੱਲੜੀ ਦੇ ਵਿਚ ਡਰ ਹੋਏ। ਇਕ ਆਮ ਸਧਾਰਨ ਬੰਦੇ ਦੀ, ਆਵਾਜ਼ ਜਦੋਂ ਪਰਵਾਜ਼ ਭਰੇ, ਧਰਤੀ ਵੀ ਸੌੜੀ ਲੱਗਦੀ ਹੈ ਫਿਰ ਅੰਬਰਾਂ ਦੇ ਵਿਚ ਘਰ ਹੋਏ। ਮੈਂ ਘਿਰ ਜਾਨਾਂ, ਘਬਰਾ ਜਾਨਾਂ, ਆਪਣੇ ਤੋਂ ਦੂਰ ਚਲਾ ਜਾਨਾਂ, ਫਿਰ ਮੁੜ ਆਉਨਾਂ, ਜਦ ਸਮਝ ਲਵਾਂ, ਕਿਤੇ ਮਨ ਦਾ ਹੀ ਨਾ ਡਰ ਹੋਏ। ***

  • ਮੁੱਖ ਪੰਨਾ : ਕਾਵਿ ਰਚਨਾਵਾਂ, ਗੁਰਭਜਨ ਗਿੱਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ