Chiraghan Vela (Ghazals) : Gurbhajan Gill

ਚਿਰਾਗ਼ਾਂ ਵੇਲ਼ਾ (ਗ਼ਜ਼ਲ ਸੰਗ੍ਰਹਿ) : ਗੁਰਭਜਨ ਗਿੱਲ



ਹੁਸਨ ਸਦੀਵੀ ਲੰਮਾ ਚਿਰ ਤਾਂ

ਹੁਸਨ ਸਦੀਵੀ ਲੰਮਾ ਚਿਰ ਤਾਂ, ਅੱਖੀਆਂ ਅੰਦਰ ਬਹਿ ਨਹੀਂ ਸਕਦਾ। ਦਿਲ ਦੀ ਦੌਲਤ ਜੋ ਬਣ ਜਾਵੇ, ਹੋਰ ਕਿਸੇ ਥਾਂ ਰਹਿ ਨਹੀਂ ਸਕਦਾ। ਨੈਣ ਨਿਰੰਤਰ ਤੱਕਦੇ ਜਲਵੇ, ਇਸ ਧਰਤੀ ਤੇ ਵੰਨ ਸੁਵੰਨੇ, ਮੇਰੀ ਧੜਕਣ ਵਿੱਚ ਤੂੰ ਹਾਜ਼ਰ, ਇਸ ਤੋਂ ਅੱਗੇ ਕਹਿ ਨਹੀਂ ਸਕਦਾ। ਸੂਰਜ, ਚੰਨ, ਸਿਤਾਰੇ ਤੋਂ ਵੱਧ, ਮੰਨਿਆ ਤੇਰੀ ਪਹੁੰਚ ਉਚੇਰੀ, ਮੈਂ ਧਰਤੀ ਦੇ ਕੁੱਛੜ ਪਲ਼ਿਆਂ, ਇਸ ਤੋਂ ਹੇਠਾਂ ਲਹਿ ਨਹੀਂ ਸਕਦਾ। ਸਬਰ ਮੇਰੇ ਦੀ ਅੰਤਿਮ ਸੀਮਾ, ਜਬਰ ਕਰਦਿਆਂ ਤੂੰ ਨਾ ਸਮਝੀ, ਰੂਹ ਦੀ ਪੀੜ ਬਗਾਵਤ ਬਣ ਗਈ, ਇਸ ਤੋਂ ਵੱਧ ਮੈਂ ਸਹਿ ਨਹੀਂ ਸਕਦਾ। ਬਾਂਸ ਦੇ ਜੰਗਲ ਕੋਲੋਂ ਸਿੱਖਿਐ, ਅੰਦਰਲੀ ਅੱਗ ਰਾਖ਼ ਬਣਾਏ, ਆਪਣਿਆਂ ਦੇ ਨਾਲ ਕਦੇ ਮੈਂ ਤੇਰੇ ਵਾਂਗੂੰ ਖਹਿ ਨਹੀਂ ਸਕਦਾ। ਨੰਗੇ ਚਿੱਟੇ ਦੁਸ਼ਮਣ ਅੱਗੇ, ਤਣ ਜਾਣਾ ਹੈ ਫਿਤਰਤ ਮੇਰੀ, ਠਿੱਬੀ ਮਾਰਨ ਵਾਲਿਆਂ ਤੋਂ ਵੀ ਏਨਾ ਸੌਖਾ ਢਹਿ ਨਹੀਂ ਸਕਦਾ। ਮਿਲਿਆ ਹੈ ਇਹ ਸਬਕ ਵਿਰਸਿਉਂ, ਅੱਥਰਾ ਘੋੜਾ ਮੂਹਰਿਆਂ ਫੜਨਾ, ਬਣੇ ਮੁਸੀਬਤ ਸਿਰ ਤੇ ਜਦ ਵੀ, ਲੁਕ ਛਿਪ ਕੇ ਮੈਂ ਸ਼ਹਿ ਨਹੀਂ ਸਕਦਾ।

ਜੇ ਵਿਸ਼ਵਾਸ ਪਕੇਰਾ ਹੋਵੇ ਚੁੱਪ ਵੀ ਗੱਲ ਸਮਝਾ ਜਾਂਦੀ ਹੈ

ਜੇ ਵਿਸ਼ਵਾਸ ਪਕੇਰਾ ਹੋਵੇ ਚੁੱਪ ਵੀ ਗੱਲ ਸਮਝਾ ਜਾਂਦੀ ਹੈ। ਬੇ -ਵਿਸ਼ਵਾਸੀ ਬੋਲਣ ਤੇ ਵੀ ਗੱਲ ਨੂੰ ਕਰ ਗੁੰਮਰਾਹ ਜਾਂਦੀ ਹੈ। ਰਿਸ਼ਤਿਆਂ ਦੀ ਰੂਹ ਪੜ੍ਹਦੇ ਵੇਲੇ ਇਹ ਗੱਲ ਮੈਂ ਨਾ ਕਦੇ ਵਿਸਾਰੀ, ਭਰਮਾਂ ਵਾਲੀ ਅਮਰ - ਵੇਲ ਤਾਂ ਬਿਰਖ਼ ਸਬੂਤੇ ਖਾ ਜਾਂਦੀ ਹੈ। ਜਾਨੋਂ ਪਿਆਰੀ ਵਿੱਛੜੀ ਖ਼ੁਸ਼ਬੋ ਸੁਪਨਾ ਬਣਕੇ ਜਦ ਆ ਜਾਵੇ, ਬਿਨ ਬੋਲੇ ਕੋਲ਼ੋਂ ਦੀ ਲੰਘਦੀ ਚਿੱਤ ਚਿਤਵਣੀ ਲਾ ਜਾਂਦੀ ਹੈ। ਤਨ ਦੀ ਮਿੱਟੀ ਸੇਕ ਮਾਰਦੀ, ਵਿੱਛੜਨ-ਪਲ ਤੜਫ਼ਾ ਜਾਂਦਾ ਏ, ਰੂਹ ਨੂੰ ਠਾਰਨ, ਓਸੇ ਪਲ ਹੀ ਯਾਦ ਤੇਰੀ ਵੀ ਆ ਜਾਂਦੀ ਹੈ। ਸੁਰਖ਼ ਗੁਲਾਬ ਖਿੜੇ ਨੂੰ ਮਿਲਦਾਂ ਆਪਣੀ ਦੱਸਦਾਂ, ਉਸਦੀ ਸੁਣਦਾਂ, ਮਨ-ਮੌਸਮ ਵਿੱਚ ਜਦ ਵੀ ਕਿਧਰੇ, ਗ਼ਮ ਦੀ ਬੱਦਲ਼ੀ ਛਾ ਜਾਂਦੀ ਹੈ। ਜੇਕਰ ਮਨ ਵਿਸਮਾਦ ‘ਚ ਹੋਵੇ, ਰੁੱਤ ਬਸੰਤੀ ਕੌਣ ਉਡੀਕੇ, ਸੁੱਕੀਆਂ ਫ਼ਲ਼ੀਆਂ ਨੂੰ ਛਣਕਾਉਂਦੀ, ਪੱਤਝੜ ਗੀਤ ਸੁਣਾ ਜਾਂਦੀ ਹੈ। ਧਰਤੀ ਮਾਂ ਦੇ ਭੇਜੇ ਤੋਹਫ਼ੇ, ਫ਼ਲ, ਫੁੱਲ ਪੱਤੀਆਂ ਬਣ ਖ਼ੁਸ਼ਬੋਈਆਂ, ਲਹਿਰ ਲਹਿਰ ਲਹਿਰਾਉਂਦੀ ਟਾਹਣੀ, ਮੇਰੀ ਝੋਲ਼ੀ ਪਾ ਜਾਂਦੀ ਹੈ।

ਰੰਗ ਬਰੰਗੇ ਵਸਤਰ ਨੇ ਪਰ ਜ਼ਿੰਦਗੀ ਕਿਉਂ ਬਦਰੰਗ ਵੇ ਲੋਕਾ

ਰੰਗ ਬਰੰਗੇ ਵਸਤਰ ਨੇ ਪਰ ਜ਼ਿੰਦਗੀ ਕਿਉਂ ਬਦਰੰਗ ਵੇ ਲੋਕਾ। ਚਾਵਾਂ ਨੂੰ ਦੱਸ ਕੌਣ ਮਸਲਦਾ, ਕਰਦਾ ਖੱਜਲ ਤੰਗ ਵੇ ਲੋਕਾ। ਹਰ ਸੱਸੀ ਦੇ ਪੈਰਾਂ ਥੱਲੇ ਅੱਜ ਵੀ ਤਪਦੀ ਰੇਤ ਥਲਾਂ ਦੀ, ਰਾਂਝੇ ਦੀ ਥਾਂ ਹੀਰ ਦੇ ਲੇਖੀਂ, ਹਰ ਥਾਂ ਖੇੜੇ ਝੰਗ ਵੇ ਲੋਕਾ। ਸਾਦਗੀਆਂ ਨੂੰ ਲੁੱਟਣ ਵਾਲੇ, ਜੇ ਸਭ ਹਰਬੇ ਵਰਤ ਰਹੇ ਨੇ, ਤੇਗ ਮਿਆਨੋਂ ਖਿੱਚਦਿਆਂ ਹੁਣ ਸਾਨੂੰ ਕਾਹਦੀ ਸੰਗ ਵੇ ਲੋਕਾ। ਕੱਚੇ ਘਰ ਹਟਕੋਰੇ ਭਰਦੇ, ਧੀ ਤਲੀਆਂ ਤੇ ਮਹਿੰਦੀ ਮੰਗੇ, ਸਹਿਕਦੀਆਂ ਰੂਹਾਂ ਤੇ ਰੀਝਾਂ, ਦਿੱਤਾ ਸੂਲ਼ੀ ਟੰਗ ਵੇ ਲੋਕਾ। ਸ਼ਬਦਾਂ ਨੂੰ ਹਥਿਆਰ ਬਣਾਇਆ, ਵੈਰੀ ਇੱਕ ਵੀ ਕਿਉਂ ਨਾ ਮਰਿਆ, ਮੇਰੇ ਅੰਦਰ ਤੁਰੇ ਨਿਰੰਤਰ, ਰਾਤ ਦਿਨੇ ਇਹ ਜੰਗ ਵੇ ਲੋਕਾ। ਦੁਸ਼ਮਣ ਤਾਂ ਲਲਕਾਰ ਕੇ ਮਾਰੇ, ਆਪਣਿਆਂ ਤੋਂ ਕਿੱਦਾਂ ਬਚੀਏ, ਬੁੱਕਲ਼ ਦੇ ਸੱਪ ਮਾਰ ਰਹੇ ਨੇ, ਪੈਰ ਪੈਰ ਤੇ ਡੰਗ ਵੇ ਲੋਕਾ। ਉੱਚੀ ਕੁਰਸੀ ਚਾਰ ਚੁਫ਼ੇਰੇ, ਓਹੀ ਅਰਦਲ-ਜ਼ਾਦੇ ਫਿਰਦੇ, ਮੀਸਣੀਆਂ ਮੁਸਕਾਨਾਂ ਵਾਲੇ, ਕਿੱਥੋਂ ਸਿੱਖਦੇ ਢੰਗ ਵੇ ਲੋਕਾ।

ਅੱਗ ਅੰਦਰ ਘਿਰਿਆ ਜੰਗਲ ਸੀ, ਆਪਾਂ ਤਾਂ ਫਿਰ ਵੀ ਖਿੜਦੇ ਰਹੇ

ਅੱਗ ਅੰਦਰ ਘਿਰਿਆ ਜੰਗਲ ਸੀ, ਆਪਾਂ ਤਾਂ ਫਿਰ ਵੀ ਖਿੜਦੇ ਰਹੇ। ਮਿੱਟੀ ਸੀ ਅੰਗ ਸੰਗ ਮਾਂ ਮੇਰੀ, ਹਰ ਮੌਸਮ ਨਾਲ ਹੀ ਭਿੜਦੇ ਰਹੇ। ਕੀ ਕਰਦੇ ਨਜ਼ਰੋਂ ਟੀਰਿਆਂ ਦਾ ਜੋ ਰੁੱਤ ਬਸੰਤ ਨਾ ਮਾਣ ਸਕੇ, ਆਪਣੀ ਹੀ ਅੱਗ ਵਿੱਚ ਸੜਦੇ ਰਹੇ, ਸਾਡੀ ਚੜ੍ਹਤਲ ਤੇ ਚਿੜਦੇ ਰਹੇ। ਸਭ ਰਾਤਾਂ ਮਗਰੋਂ ਦਿਨ ਚੜ੍ਹਦਾ ਤੇ ਸੂਰਜ - ਟਿੱਕੀ ਛਿਪਦੇ ਹੀ, ਫਿਰ ‘ਨ੍ਹੇਰਾ ਪੰਖ ਪਸਾਰ ਲਵੇ, ਇੰਜ ਚਰਖ਼ ਸਮੇਂ ਦੇ ਗਿੜਦੇ ਰਹੇ। ਸਾਬਤ ਹਸਤੀ ਦੇ ਕਾਰਨ ਹੀ, ਸਾਨੂੰ ਪੀਸਿਆ ਜਾਬਰ ਚੱਕੀਆਂ ਨੇ, ਤੇ ਸਾਬਤ ਹਸਤੀ ਕਾਰਨ ਹੀ, ਅਸੀਂ ਵੇਲਣਿਆਂ ਵਿੱਚ ਪਿੜਦੇ ਰਹੇ। ਪੈਰਾਂ ਦੀ ਸਾਬਤ ਕਦਮੀ ਸੀ, ਹਿੱਕ ਤਾਣ ਤੁਰੇ ਹਾਂ ਬਚਪਨ ਤੋਂ, ਉਹ ਹੋਰ ਹੋਣਗੇ, ਸਮਝ ਲਵੋ, ਜੋ ਪੈਰਾਂ ਦੇ ਵਿੱਚ ਰਿੜ੍ਹਦੇ ਰਹੇ। ਜਿੰਨਾ ਕੁ ਬਰਤਨ ਹੁੰਦਾ ਏ, ਓਨੀ ਹੀ ਵਸਤ ਸੰਭਾਲ ਸਕੇ, ਉਹ ਰੂਹ ਵੱਲੋਂ ਹੀ ਸੁੰਗੜੇ ਸੀ, ਜੋ ਬਿਨ ਮਤਲਬ ਤੋਂ ਤਿੜਦੇ ਰਹੇ। ਧਰਤੀ ਵਿੱਚ ਡੂੰਘੀ ਜੜ੍ਹ ਸਾਡੀ ਟਾਹਣਾਂ ਦਾ ਘੇਰ ਵੀ ਚੋਖਾ ਏ, ਤਪਦੇ ਥਲ ਅੰਦਰ ਤਾਂ ਹੀ ਤਾਂ, ਸਾਡੇ ਹੀ ਕਿੱਸੇ ਛਿੜਦੇ ਰਹੇ।

ਤਵੀ ਤਪਦੀ ਲਾਹੌਰ ਚੱਲੇ ਦਿੱਲੀ ਵਿੱਚ ਆਰਾ

ਤਵੀ ਤਪਦੀ ਲਾਹੌਰ ਚੱਲੇ ਦਿੱਲੀ ਵਿੱਚ ਆਰਾ। ਦਾਦੇ ਪੋਤਰੇ ਨੂੰ ਇੱਕੋ “ਸਤਿਨਾਮ” ਦਾ ਸਹਾਰਾ। ਅੱਜ ਮਤੀ ਦਾਸ, ਸਤੀਦਾਸ ਤੀਜਾ ਭਾਈ ਦਿਆਲਾ, ਚੌਂਕ ਚਾਂਦਨੀ ‘ਚ ਖੜ੍ਹੇ ਮੇਰੇ ਗੁਰੂ ਜੀ ਦੋਬਾਰਾ। ਲੱਖੀ ਸ਼ਾਹ ਦੀ ਕੁਰਬਾਨੀ ਵੀ ਕਮਾਲ ਬਾ ਕਮਾਲ, ਖੜ੍ਹਾ ਗੁਰੂ ਨਾਲ ਅੱਜ ਵੀ ਉਹ ਸੁੱਚਾ ਵਣਜਾਰਾ। ਸੀਸ ਦਿੱਲੀ ਤੋਂ ਲਿਆ ਕੇ ਗੁਰੂ ਲਾਲ ਨੂੰ ਫੜਾਇਆ, ਭਾਈ ਜੈਤਾ ਨੂੰ ਸਲਾਮ, ਧੰਨ ਗੁਰੂ ਦਾ ਪਿਆਰਾ। ਤਿੱਖੀ ਧਾਰ ਵਾਲੀ ਤੇਗ਼ ਨਾਲ ਖਾਲਸਾ ਸਜਾਇਆ, ਗੂੰਜੇ ਅੱਜ ਤੀਕ ਤਾਂਹੀਉਂ ਗੁਰੂ ਫ਼ਤਹਿ ਦਾ ਜੈਕਾਰਾ। ਕੱਚੀ ਗੜ੍ਹੀ ਚਮਕੌਰ ‘ਚ ਅਜੀਤ ਤੇ ਜੁਝਾਰ, ਜ਼ੋਰਾਵਰ, ਫ਼ਤਹਿ ਸਿੰਘ ਕੀਤਾ ਨੀਹਾਂ ‘ਚ ਉਤਾਰਾ। ਠੰਢਾ ਬੁਰਜ ਸੁਣਾਵੇ, ਦਾਦੀ ਤੋਰੇ ਜਦੋਂ ਲਾਲ, ਕਿਹਾ, ਨੀਵਾਂ ਨਾ ਵੇ ਹੋਣ ਦੇਣਾ, ਗੁਰੂ ਦਸਤਾਰਾ। ਮਾਤਾ ਗੁਜਰੀ ਨੇ ਜਾਣ ਵੇਲੇ, ਬਿਨ ਬੋਲੇ ਕਿਹਾ, ਮੈਂ ਵੀ ਚੱਲੀ ਓਸੇ ਘਰ, ਜਿੱਥੇ ਗੁਰੂ ਦਾ ਉਤਾਰਾ। ਵਾਰ ਦਿੱਤਾ ਪਰਿਵਾਰ, ਨਹੀਂਉਂ ਰੱਖਿਆ ਉਧਾਰ, ਕੀਤਾ ਗੁਰੂ ਦਸਮੇਸ਼ ਸੌਦਾ ਜੱਗ ਤੋਂ ਨਿਆਰਾ। ਗੁਰਪੁਰੀ ਜਾਂਦੇ ਦਿੱਤਾ ਦਸਮੇਸ਼ ਜੀ ਸੁਨੇਹੜਾ, ਮੰਨੋ ਪੰਥ ਗੁਰੂ ਗ੍ਰੰਥ, ਇੱਕੋ ਸ਼ਬਦ ਉਚਾਰਾ

ਸ਼ੀਸ਼ਾ ਲੈ ਕੇ ਫਿਰ ਰਿਹਾਂ ਮੈਂ ਅੰਨ੍ਹਿਆਂ ਦੇ ਸ਼ਹਿਰ ਅੰਦਰ

ਸ਼ੀਸ਼ਾ ਲੈ ਕੇ ਫਿਰ ਰਿਹਾਂ ਮੈਂ ਅੰਨ੍ਹਿਆਂ ਦੇ ਸ਼ਹਿਰ ਅੰਦਰ। ਲੱਭਦਾ ਫਿਰਦਾਂ ਮੈਂ ਅੰਮ੍ਰਿਤ, ਪੌਣ-ਪਾਣੀ ਜ਼ਹਿਰ ਅੰਦਰ। ਵਹਿ ਰਹੇ ਪਾਣੀ ਦੇ ਕੰਢੇ, ਬੈਠ ਕੇ ਵੀ ਸਮਝਿਆ ਨਾ, ਖਲਬਲੀ ਕਿੰਨੀ ਕੁ ਡੂੰਘੀ, ਤੜਫਦੀ ਹੈ ਲਹਿਰ ਅੰਦਰ। ਸੌਂ ਗਿਆ ਸਾਂ, ਜਾਗਿਆ ਨਾ, ਅਗਨ ਬੂਹੇ ਆ ਖਲੋਤੀ, ਮੈਂ ਵੀ ਤਾਂ ਸ਼ਾਮਿਲ ਹਾਂ ਯਾਰੋ, ਖ਼ੁਦ ਵਿਹਾਜੇ ਕਹਿਰ ਅੰਦਰ। ਮੈਂ ਬਣਾ ਬੈਠਾ ਹਾਂ ਆਦਤ, ਹੋਰਨਾਂ ਸਿਰ ਦੋਸ਼ ਧਰਨਾ, ਆਪ ਹੀ ਸੂਰਜ ਗੁਆਇਆ, ਮਨ ਦੀ ਗੂੜ੍ਹੀ ਗਹਿਰ ਅੰਦਰ। ਕੀ ਪਤਾ, ਕਿਸ ਵਾਸਤੇ, ਕਿੱਦਾਂ ਬਣੇਗੀ ਪੀੜ-ਹਰਨੀ, ਲਿਖ ਰਿਹਾਂ ਇਸ ਗ਼ਜ਼ਲ ਨੂੰ ਮੈਂ ਦਰਦ-ਭਿੱਜੀ ਬਹਿਰ ਅੰਦਰ। ਦੌੜਦਾ ਫਿਰਦਾ ਏਂ ਪਾਗਲ, ਤਿਤਲੀਆਂ ਨੂੰ ਫੜਨ ਖ਼ਾਤਰ, ਹਫ਼ ਗਿਆ ਹੈਂ, ਸਮਝਿਆ ਨਾ, ਕੀ ਮਜ਼ਾ ਹੈ ਠਹਿਰ ਅੰਦਰ। ਡੁੱਬਦੇ ਸੂਰਜ ਨੇ ਮੈਨੂੰ, ਇਹ ਕਿਹਾ ਸੀ ਜਾਣ ਵੇਲ਼ੇ, ਫਿਰ ਮਿਲਾਂਗੇ, ਕਿਉਂ ਝੁਰੇਂ ਤੂੰ, ਦਿਨ ਦੇ ਪਿਛਲੇ ਪਹਿਰ ਅੰਦਰ।

ਵਕਤ ਦੇ ਕੋਰੇ ਸਫ਼ਿਆਂ ਉੱਤੇ, ਇੱਕ ਦੋ ਵਾਕ ਚਲੋ ਹੁਣ ਜੜੀਏ

ਵਕਤ ਦੇ ਕੋਰੇ ਸਫ਼ਿਆਂ ਉੱਤੇ, ਇੱਕ ਦੋ ਵਾਕ ਚਲੋ ਹੁਣ ਜੜੀਏ। ਲਿਖਣੋਂ ਪਹਿਲਾਂ ਬਹੁਤ ਜ਼ਰੂਰੀ, ਕੰਧ ਤੇ ਲਿਖਿਆ ਪਹਿਲਾ ਪੜ੍ਹੀਏ। ਸ਼ਬਦ-ਸਲੀਕਾ, ਤਾਲ ਤੇ ਸੁਰ ਨੂੰ ਸਹਿਜ ਸੁਮੇਲ ਸਮੋ ਕੇ ਸਾਹੀਂ, ਬੀਤੇ, ਅੱਜ ਤੋਂ ਸੁਹਣੇ ਸੁਪਨੇ, ਵਰਗੀ ਸੂਰਤ ਕੱਲ੍ਹ ਦੀ ਘੜੀਏ। ਮੂਧੇ-ਮੂੰਹ ਡਿੱਗ ਪੈਣ ਤੋਂ ਪਹਿਲਾਂ, ਸੋਚ ਲਵੋ ਜੀ, ਕਾਹਲ ਕਰਦਿਓ, ਹਰ ਮੰਜ਼ਿਲ ਤੇ ਪੱਕੇ ਪੈਰੀਂ, ਪੌੜੀ ਪੌੜੀ ਕਰਕੇ ਚੜ੍ਹੀਏ। ਗਰਜਾਂ ਪਿੱਛੇ ਫ਼ਰਜ਼ ਗੁਆਚੇ, ਗਰਦ ਗੁਬਾਰ ਚੁਫ਼ੇਰੇ ਚੜ੍ਹਿਆ, ਇਸ ਮੌਸਮ ਵਿੱਚ ਬਹੁਤ ਜ਼ਰੂਰੀ, ਤੇਜ਼ ਨਜ਼ਰ ਦੀ ਖ਼ਾਤਰ ਲੜੀਏ। ਆਲ ਦੁਆਲੇ ਖ਼ੁਸ਼ਬੂ ਵੰਡੀਏ, ਦੇਸੀ ਸੁਰਖ਼ ਗੁਲਾਬ ਦੇ ਵਾਂਗੂੰ, ਬਾਂਸ ਦੇ ਜੰਗਲ ਵਾਂਗੂੰ ਖਹਿ ਕੇ ਆਪਣੀ ਅੱਗ ਵਿੱਚ ਆਪ ਨਾ ਸੜੀਏ। ਜੀਵੇ ਆਸਾ, ਮਰੇ ਨਿਰਾਸਾ, ਗੁਰ ਫੁਰਮਾਨ ਵਸਾਈਏ ਸਾਹੀਂ, ਛੱਡੀਏ ਘੁੰਮਣ-ਘੇਰ ਦੋਚਿੱਤੀ, ਆਸ ਦੀ ਕੰਨੀ ਘੁੱਟ ਕੇ ਫੜੀਏ। ਕੰਧ ਓਹਲੇ ਪਰਦੇਸ ਬਣਾ ਕੇ, ਮਨ ਦਾ ਚੈਨ ਗੁਆਈਏ ਨਾ ਹੁਣ, ਦਿਲ-ਮੁੰਦਰੀ ਵਿੱਚ ਪਿਆਰ ਮੁਹੱਬਤ, ਆ ਜਾ ਦੋਵੇਂ ਰਲ਼ ਕੇ ਮੜ੍ਹੀਏ।

ਉਹ ਬੰਦਾ ਨਹੀਂ ਮਿਲਿਆ ਹਾਲੇ, ਜੋ ਕੋਈ ਗਲਤੀ ਨਹੀਂ ਕਰਦਾ

ਉਹ ਬੰਦਾ ਨਹੀਂ ਮਿਲਿਆ ਹਾਲੇ, ਜੋ ਕੋਈ ਗਲਤੀ ਨਹੀਂ ਕਰਦਾ। ਦਿਲ ਤੋਂ ਭਾਰ ਉਤਾਰਨ ਵੇਲ਼ੇ, ਅੱਖੀਆਂ ਵਿੱਚ ਅੱਥਰੂ ਨਹੀਂ ਭਰਦਾ। ਹੌਕੇ ਤੇ ਹਟਕੋਰੇ ਰਲ਼ ਕੇ, ਖ਼ੁਸ਼ੀਆਂ ਨਾਲ ਬਰਾਬਰ ਤੁਰਦੇ, ਇਹ ਤਾਂ ਅਰਕ ਹਯਾਤੀ ਵਾਲਾ, ਕਿਉਂ ਮਨ ਮੇਰੇ ਰਹਿੰਦੈਂ ਡਰਦਾ। ਚਿੜੀਆ-ਘਰ ਦੇ ਜੰਗਲੇ ਅੰਦਰ, ਮਿਰਗਾਂ ਨੂੰ ਚੁੰਗੀਆਂ ਨਾ ਚੇਤੇ, ਅਸਲੀ ਨਸਲ ਗੁਆ ਬਹਿੰਦਾ ਹੈ, ਚੋਗ ਅੰਗੂਰੀ ਜੋ ਵੀ ਚਰਦਾ। ਮੈਂ ਕਿਉਂ ਪੈਰੀਂ ਝਾਂਜਰ ਪਾਵਾਂ, ਕੁਰਸੀ ਨਾਚ ਨਚਾਵੇ, ਨੱਚਾਂ, ਮਗਰੋਂ ਇਸ ਦੀ ਤਾਰਾਂ ਕੀਮਤ, ਮੇਰਾ ਤਾਂ ਇਸ ਬਾਝੋਂ ਸਰਦਾ। ਕੋਸ਼ਿਸ਼ ਕਰਕੇ ਵੇਖ ਰਿਹਾਂ ਮੈਂ, ਰਹਾਂ ਸਲਾਮਤ ਰੂਹ- ਦਰਬਾਰੇ, ਮੌਤ ਸਿਰਫ਼ ਕਲਬੂਤ ਸਮੇਟੇ, ਬੰਦਾ ਨਜ਼ਰੋਂ ਗਿਰ ਕੇ ਮਰਦਾ। ਮੇਰੇ ਨਾਲ ਬਰਾਬਰ ਬਹਿ ਕੇ, ਧੁੱਪ ਸਿਆਲ਼ੀ ਸੇਕੇ ਜਿਹੜਾ, ਜੋ ਮੇਰੀ ਰੂਹ ਅੰਦਰ ਡੁੱਬਿਆ, ਅਗਨ- ਸਮੁੰਦਰ ਓਹੀ ਤਰਦਾ। ਤੂੰ ਪੁੱਛਿਆ ਸੀ, ਘਰ ਵਿੱਚ ਬੈਠਾ, ਮੈਂ ਸਾਰਾ ਦਿਨ ਕੀ ਕਰਦਾ ਹਾਂ, ਸ਼ੀਸ਼ਾ ਵੇਖ ਸਕਾਂ, ਇਸ ਕਰਕੇ, ਪੂੰਝ ਰਿਹਾਂ ਮੈਂ ਦਿਲ ਤੋਂ ਗਰਦਾ।

ਉਹ ਬੰਦਾ ਨਹੀਂ ਮਿਲਿਆ ਹਾਲੇ, ਜੋ ਕੋਈ ਗਲਤੀ ਨਹੀਂ ਕਰਦਾ

ਆਰੀਆਂ ਵਾਲੇ ਸੋਚ ਰਹੇ ਸੀ ਮੁੱਕ ਜਾਵਾਂਗਾ, ਮਰ ਜਾਵਾਂਗਾ। ਤਣਾ ਸਲਾਮਤ ਜੇ ਨਾ ਬਚਿਆ ਧਰਤੀ ਸੁੰਨੀ ਕਰ ਜਾਵਾਂਗਾ। ਉਨ੍ਹਾਂ ਨੂੰ ਕਿਹੜਾ ਸਮਝਾਵੇ ਧਰਤੀ ਬਾਂਝ ਕਦੇ ਨਹੀਂ ਹੁੰਦੀ, ਆਪਣੀ ਥਾਂ ਤੇ ਬੀਜ ਰੂਪ ਵਿੱਚ ਕਿੰਨੇ ਸੁਪਨੇ ਧਰ ਜਾਵਾਂਗਾ। ਮੈਂ ਜਿਹੜੇ ਵਿਰਸੇ ਦਾ ਵਾਰਿਸ, ਤਵੀਆਂ ਤੋਂ ਨੀਹਾਂ ਤੱਕ ਪੜ੍ਹ ਲੈ, ਮਨ ‘ਚੋਂ ਭਰਮ ਭੁਲੇਖੇ ਕੱਢ ਲੈ, ਧਮਕੀ ਤੋਂ ਮੈਂ ਡਰ ਜਾਵਾਂਗਾ। ਰਣ ਜਿੱਤਣ ਦਾ ਸ਼ੌਕ ਅਵੱਲਾ, ਸਾਰਾ ਤਾਣ ਇਕੱਠਾ ਕਰਕੇ, ਮੈਂ ਤਾਂ ਸੀਸ ਤਲੀ ਤੇ ਧਰਿਆ, ਸਮਝੀਂ ਨਾ ਮੈਂ ਹਰ ਜਾਵਾਂਗਾ। ਭੱਠੀ ਅੰਦਰ ਤਪਿਆਂ ਪਹਿਲਾਂ, ਅਹਿਰਨ ਕੁੱਟ ਲੋਹਾਰਾਂ ਘੜਿਐ, ਲੋਹੇ ਤੋਂ ਹਥਿਆਰ ਬਣ ਗਿਆਂ, ਲੂਣ ਨਹੀਂ ਮੈਂ, ਖਰ ਜਾਵਾਂਗਾ। ਮੇਰਾ ਬਾਬਲ ਸੂਰਜ ਰਾਣਾ, ਹਰ ਥਾਂ ਹਰ ਪਲ ਹਾਜ਼ਰ ਨਾਜ਼ਰ, ਮੇਰੀ ਰਾਣੀ-ਮਾਂ ਹੈ ਧਰਤੀ, ਜੋ ਸਿਰ ਆਈ, ਜਰ ਜਾਵਾਂਗਾ। ਬੇਗ਼ਮ-ਪੁਰਾ ਉਸਾਰਨ ਵਾਲਾ ਸੁਪਨਾ ਮੇਰੀ ਧੜਕਣ ਅੰਦਰ, ਜਗਦਾ ਮਘਦਾ ਕਣ ਕਣ ਮੇਰਾ, ਸਮਝੀਂ ਨਾ ਮੈਂ ਠਰ ਜਾਵਾਂਗਾ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਗੁਰਭਜਨ ਗਿੱਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ