Aarambhika (Pippal-Pattian) : Harinder Kaur Sohal

ਆਰੰਭਿਕਾ (ਪਿੱਪਲ ਪੱਤੀਆਂ) : ਹਰਿੰਦਰ ਕੌਰ ਸੋਹਲ (ਡਾ.)

ਗੁਰਭਜਨ ਗਿੱਲ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਅਲਮ-ਬਰਦਾਰ ਹੈ । ਉਸ ਦੀ ਕਲਮ ਬਿਨਾਂ ਕਿਸੇ ਖ਼ੌਫ਼, ਬੇਪਰਵਾਹੀ ਦੀ ਸਿਆਹੀ ਵਿੱਚ ਡੁੱਬ ਕੇ ਇਨਸਾਨੀਅਤ ਦੇ ਨਕਸ਼ ਉਲੀਕਦੀ ਹੈ । ਪੰਜਾਬ ਦੀ ਧਰਤ ਪ੍ਰਤੀ ਸੰਜੀਦਾ ਮੋਹ ਤੇ ਸਭਿਆਚਾਰ ਦੀਆਂ ਪਰੰਪਰਾਗਤ ਤੰਦਾਂ ਦੇ ਟੁੱਟ ਜਾਣ ਦਾ ਅਹਿਸਾਸ ਉਸਦੇ ਸ਼ਬਦਾਂ ਵਿੱਚੋਂ ਸਹਿਜੇ ਹੀ ਭਾਲਿਆ ਜਾ ਸਕਦਾ ਹੈ । ਸ਼ਬਦਾਂ ਵਿੱਚ ਭਾਵ ਨੂੰ ਰੂਪ ਦੇਂਦਿਆਂ ਉਹ ਸਹਿਜ ਹੀ ਉਹਨਾਂ ਅਤ੍ਰਿਪਤ ਭਾਵਨਾਵਾਂ ਦੀ ਗੱਲ ਕਰ ਜਾਂਦਾ ਹੈ ਜੋ ਸਮੇਂ ਸਮੇਂ ਪੰਜਾਬੀ ਮਨ ਦੀ ਬਿਹਬਲਤਾ ਦਾ ਕਾਰਨ ਬਣੀਆਂ । ਮਨੁੱਖੀ ਮਨ ਦੇ ਕੋਮਲ ਧਰਾਤਲਾਂ ਨੂੰ ਸਮਝਣ ਤੇ ਲੋਕ ਬੋਲੀ ਦੇ ਠੁੱਕਦਾਰ ਮੁਹਾਵਰੇ ਕਾਰਨ ਜੇਕਰ ਉਸਨੂੰ ‘ਲੋਕ ਕਵੀ’ ਕਹਿ ਲਿਆ ਜਾਵੇ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ । ਲੋਕ-ਮਨ ਦਾ ਹਾਣੀ ਬਣ ਲੋਕਾਂ ਦੀਆਂ ਸ੍ਰਿਮਤੀਆਂ ਦੀਆਂ ਵਿਭਿੰਨ ਪਰਤਾਂ ਨੂੰ ਗੁੱਝੀ ਨੀਝ ਨਾਲ ਘੋਖਣਾ, ਪਰਖ਼ਣਾ ਤੇ ਫਿਰ ਆਪਣੀ ਕਲਮ ਦਾ ਹਾਸਿਲ ਬਣਾਉਣਾ ਗੁਰਭਜਨ ਗਿੱਲ ਦੇ ਹਿੱਸੇ ਆਇਆ ਹੈ ।

ਆਪਣੀ ਨਿਰੰਤਰ ਕਾਵਿ-ਸਾਧਨਾ ਵਿਚੋਂ ਇਹ ਗੀਤਾਂ ਦੀ ਪੁਸਤਕ “ਪਿੱਪਲ ਪੱਤੀਆਂ” ਗੀਤ ਦੀ ਪਰਿਭਾਸ਼ਕ ਕਸਵੱਟੀ ’ਤੇ ਖਰੀ ਉੱਤਰਦੀ ਅਜਿਹੀ ਪੁਸਤਕ ਹੈ ਜਿਸ ਵਿੱਚ ਗੀਤ ਦੀਆਂ ਬੰਦਿਸ਼ਾਂ ਤੇ ਸੂਖ਼ਮ ਪਰਤਾਂ ਦਾ ਬਰਾਬਰ ਖ਼ਿਆਲ ਰੱਖਿਆ ਗਿਆ ਹੈ ।

ਕਲਾ ਦਾ ਸੰਬੰਧ ਸੁਹਜ ਨਾਲ ਜੋੜਿਆ ਜਾਂਦਾ ਹੈ । ਭਾਵਾਂ ਦਾ ਪ੍ਰਤੱਖਣ ਹੀ ਕਲਾ ਦਾ ਮਾਧਿਅਮ ਬਣਦਾ ਹੈ ਜਿਵੇਂ ਹਰੇਕ ਵਰਤਾਰਾ ਇਕ ਮਾਧਿਅਮ ਦੇ ਜ਼ਰੀਏ ਆਪਣੀ ਹੋਂਦ ਅਖਤਿਆਰ ਕਰਦਾ ਹੈ । ਉਵੇਂ ਹੀ ਗੀਤ ਦਾ ਮਾਧਿਅਮ ਸ਼ਬਦ ਤੇ ਭਾਵ ਬਣਦੇ ਹਨ । ਸ਼ਬਦਾਂ ਤੇ ਭਾਵਾਂ ਦੇ ਸਰੋਦੀ ਸੁਮੇਲ ਵਿੱਚ ਇਹ ਵਿਧਾ ਆਪਣਾ ਰੂਪ ਅਖਤਿਆਰ ਕਰਦੀ ਹੈ । ਸੁਰਬੱਧ ਕਾਵਿ-ਰੂਪ ਹੋਣ ਕਰਕੇ ਇਸ ਵਿੱਚ ਲੈਅ, ਸੁਰ, ਰਿਦਮ ਦਾ ਪੂਰਾ-ਪੂਰਾ ਖ਼ਿਆਲ ਰੱਖਣਾ ਲਾਜ਼ਮੀ ਮੰਨਿਆ ਜਾਂਦਾ ਹੈ । ਪੱਛਮੀ ਕਾਵਿ-ਪਰੰਪਰਾ ਵਿੱਚ ਗੀਤ ਲਈ ‘ਲਿਰਿਕ’ ਸ਼ਬਦ ਦਾ ਇਸਤੇਮਾਲ ਕੀਤਾ ਜਾਂਦਾ ਹੈ । ਲਿਰਿਕ ਤੋਂ ਭਾਵ ਉਹ ਸੁਰਮਈ ਅੰਦਾਜ਼ ਜੋ ਸਾਜ਼ ਤੋਂ ਬਿਨਾਂ ਸਹਿਜ ਸੁਭਾਅ ਵੀ ਨਿਭਾਇਆ ਜਾ ਸਕਦਾ ਹੈ । ਗੀਤ ਅਕਾਰ ਪੱਖੋ ਬਹੁਤ ਲੰਮੇਰਾ ਨਹੀਂ ਹੁੰਦਾ । ਗੀਤ ਨੂੰ ਗਾਉਣਾ ਹੀ ਇਸਦੀ ਅਸਲ ਪਛਾਣ ਹੈ । ਜੇਕਰ ਗੀਤ ਦੀ ਬਣਤਰ ਨੂੰ ਘੋਖੀਏ ਤਾਂ ਇਸ ਵਿੱਚ ਸਥਾਈ ਅੰਤਰਾ, ਅਸਥਾਈ ਤੇ ਮੁੜ ਸਥਾਈ ਦਾ ਦੁਹਰਾਅ ਨਜ਼ਰੀਂ ਆਉਂਦਾ ਹੈ । ਗੀਤ ਦੀ ਇਸ ਤੋਲ-ਤੁਕਾਂਤ ਤੇ ਰਿਦਮਿਕ ਸੁਰ ਵਿੱਚ ਅੰਤਰੇ ਦੀ ਜੇਕਰ ਗੱਲ ਕਰੀਏ ਤਾਂ ਇਸ ਦੇ ਅਧੀਨ ਭਾਵ ਆਪਣੀ ਬਿਹਬਲਤਾ ਸਹਿਤ ਸਮੂਰਤ ਹੁੰਦੇ ਨਜ਼ਰੀਂ ਆਉਂਦੇ ਹਨ, ਜਿਥੇ ਕਿ ਇਸ ਤੋਂ ਪਹਿਲਾ-ਸਥਾਈ ਵਿੱਚ ਭਾਵ ਸਹਿਜ ਰੂਪ ਵਿੱਚ ਨਜ਼ਰੀਂ ਆਉਂਦੇ ਹਨ । ਸਹਿਜ ਤੋਂ ਬਿਹਬਲਤਾ ਜਾਂ ਹੁਲਾਰੇ ਵੱਲ ਵਧਣਾ ਹੀ ਸਥਾਈ ਤੋਂ ਅੰਤਰੇ ਵੱਲ ਜਾਣਾ ਹੈ । ਅਸਥਾਈ ਦੀ ਅਵਸਥਾ ਮੁੜ ਸਥਾਈ ਨਾਲ ਜੁੜਦਿਆਂ ਭਾਵ ਦੀ ਭਾਵਨਾ ਨੂੰ ਹੋਰ ਵੀ ਨਿੱਖਰਵੇਂ ਰੂਪ ਵਿੱਚ ਸਾਹਮਣੇ ਲਿਆਉਂਦੀ ਹੈ ।

ਅਸਲ ਵਿੱਚ ਜੇਕਰ ਪ੍ਰਾਕ੍ਰਿਤਕ ਨਜ਼ਾਰਿਆਂ ’ਤੇ ਨਜ਼ਰ ਮਾਰੀਏ ਤਾਂ ਸਾਰੀ ਪ੍ਰਕ੍ਰਿਤੀ ਹੀ ਲੈਅ ਰਿਦਮ ਵਿੱਚ ਗੀਤ ਅਲਾਪਦੀ ਨਜ਼ਰ ਆਉਂਦੀ ਹੈ । ਭਾਵੇਂ ਕਿ ਇਥੇ ਸ਼ਬਦ ਦੀ ਕਮੀ ਮਹਿਸੂਸ ਹੁੰਦੀ ਹੈ ਪਰ ਸੁਰ ਦਾ ਸਰਗਮ ਇਸ ਕਮੀ ਨੂੰ ਮਹਿਸੂਸ ਨਹੀਂ ਹੋਣ ਦਿੰਦਾ । ਪੱਤਿਆਂ ਦੇ ਧਰਤੀ ਤੇ ਡਿੱਗਣ ਦੀ ਆਵਾਜ਼, ਝਰਨਿਆਂ ਦੇ ਵਹਿਣ ਦੀ ਆਵਾਜ਼, ਹਵਾਵਾਂ ਦੀ ਸ਼ਾਂਅ-ਸ਼ਾਂਅ ਦੀ ਆਵਾਜ਼ ਇਹ ਸੁਰ ਹੀ ਹੈ ਜੋ ਕੁਦਰਤ ਅਲਾਪ ਰਹੀ ਹੈ । ਗੁਰੂ ਨਾਨਕ ਦੇਵ ਜੀ ਕੁਦਰਤ ਦੇ ਇਸ ਗਾਉਂਦੇ ਰੂਪ ਦੀ ਗੱਲ ਕਰਦਿਆਂ ਆਖਦੇ ਹਨ:

ਗਾਵਨਿ ਤੁਧਨੋ ਪਵਣੁ ਪਾਣੀ ਬੈਸੰਤਰੁ ਗਾਵੇ ਰਾਜਾ ਧਰਮ ਦੁਆਰੇ ॥
ਗਾਵਨਿ ਤੁਧਨੋ ਚਿਤੁ ਗੁਪਤੁ ਲਿਖਿ ਜਾਣਨਿ ਲਿਖਿ ਲਿਖਿ ਧਰਮੁ ਬੀਚਾਰੇ ॥

ਜੇਕਰ ਇਸ ਪੁਸਤਕ ਦੇ ਸਿਰਲੇਖ ਤੇ ਨਜ਼ਰ ਮਾਰੀਏ ਤਾਂ ‘ਪਿੱਪਲ ਪੱਤੀਆਂ’ ਸਿਰਲੇਖ ਹੀ ਗੁਰਭਜਨ ਗਿੱਲ ਦੇ ਅਵਚੇਤਨ ਵਿੱਚ ਪਏ ਉਨ੍ਹਾਂ ਮੋਟਿਫ਼ਸ ਦੀ ਗੱਲ ਕਰਦਾ ਹੈ ਜੋ ਸਭਿਆਚਾਰ ਜਾਂ ਲੋਕਧਾਰਾ ਦੇ ਨਕਸ਼ ਘੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ । ਪਿੱਪਲ ਅਜਿਹਾ ਦਰਖ਼ਤ ਹੈ ਜੋ ਆਪਣੀ ਆਕਾਰ ਪੱਖੋਂ ਹੀ ਨਹੀਂ ਸਗੋਂ ਆਪਣੇ ਨਾਲ ਜੁੜੀਆਂ ਸਭਿਆਚਾਰਕ-ਲੋਕਧਾਰਾਈ ਕੀਮਤਾਂ ਪੱਖੋਂ ਵੀ ਰੁੱਖਾਂ ਦੀ ਸਭ ਤੋਂ ਉੱਤਮ ਜ਼ਾਤ ਵਿੱਚ ਗਿਣਿਆ ਜਾਂਦਾ ਹੈ । ਪਿੱਪਲ ਦੇ ਦਰਖ਼ਤ ਵਿੱਚ ਤ੍ਰੈਮੂਰਤੀ ਦਾ ਨਿਵਾਸ ਮੰਨਿਆ ਜਾਂਦਾ ਹੈ । ਜੜ੍ਹ ਵਿੱਚ ਬ੍ਰਹਮਾ, ਤਣੇ ਵਿੱਚ ਵਿਸ਼ਨੂੰ ਤੇ ਟਹਿਣੀਆਂ ਵਿੱਚ ਸ਼ਿਵਜੀ ਦਾ ਨਿਵਾਸ ਸਵੀਕਾਰਿਆ ਗਿਆ ਹੈ । ਇਕ ਮਾਨਤਾ ਇਹ ਵੀ ਹੈ ਕਿ ਪਿੱਪਲ ਦੀ ਹਰੇਕ ਪੱਤੀ ਉਤੇ ਇਕ ਇਕ ਦੇਵਤਾ ਬਿਰਾਜਮਾਨ ਹੋਇਆ ਹੈ । ਇਸ ਬਾਰੇ ਪੰਕਤੀਆਂ ਹਨ :

ਪੱਤੇ ਪੱਤੇ ਗੋਵਿੰਦ ਬੈਠਾ, ਟਾਹਣੀ ਟਾਹਣੀ ਦਿਉਤਾ ।
ਮੁੱਢੇ ਤੇ ਸ਼੍ਰੀ ਕ੍ਰਿਸ਼ਨ ਬੈਠਾ, ਧਨ ਬ੍ਰਹਮ ਦਿਉਤਾ ।

ਇਥੇ “ਪਿੱਪਲ ਪੱਤੀਆਂ” ਸਿਰਲੇਖ ਦਾ ਭਾਵ ਹੀ ਇਸ ਪੁਸਤਕ ਵਿਚਲੀਆਂ ਲਿਖਤਾਂ ਨੂੰ ਸ੍ਰਿਸ਼ਟੀ ਸਿਰਜਕ ਤੇ ਪਾਲਕ ਵੱਲ ਲੈ ਜਾਂਦਾ ਹੈ । ਪਿੱਪਲ ਦੇ ਦਰਖ਼ਤ ਬਾਰੇ ਇਕ ਮਾਨਤਾ ਇਹ ਵੀ ਹੈ ਕਿ ਪਿੱਪਲ ਦੇ ਥੱਲੇ ਖਲੋ ਕੇ ਝੂਠ ਬੋਲਣਾ, ਕਿਸੇ ਨਾਲ ਧੋਖਾ ਕਰਨ ਜਾਂ ਕਿਸੇ ਦੀ ਜਾਨ ਲੈਣਾ ਮਹਾਂ-ਪਾਪ ਹੈ ।

ਇਥੇ ਪਿੱਪਲ ਸੱਚਾਈ ਦਾ ਪ੍ਰਤੀਕ ਬਣ ਸਾਹਮਣੇ ਆਉਂਦਾ ਹੈ । ਗੁਰਭਜਨ ਗਿੱਲ ਨੇ ਆਪਣੀ ਇਸ ਪੁਸਤਕ ਵਿੱਚ ਸ਼ਾਮਿਲ ਸਾਰੇ ਗੀਤਾਂ ਵਿੱਚ ਸੱਚ ਤੇ ਬੇਬਾਕੀ ਤੇ ਪਹਿਰਾ ਦਿੱਤਾ ਹੈ ਭਾਵੇਂ ਕਿ ਇਸ ਪੁਸਤਕ ਦੀ ਸਿਰਲੇਖ ਸਿਰਜਣਾ ਵੇਲੇ ਉਨ੍ਹਾਂ ਨੇ ਸੁਚੇਤ ਪੱਧਰ ਤੇ ਇਹ ਨਾਮਕਰਣ ਨਹੀਂ ਕੀਤਾ ਪਰ ਅਚੇਤਨ ਵਿੱਚ ਪਏ ਮੋਟਿਫ਼ ਤੇ ਵਿਸ਼ਵਾਸ ਇਸ ਗੱਲ ਦੀ ਹਾਮੀ ਭਰਦੇ ਹਨ ਕਿ ਗੁਰਭਜਨ ਗਿੱਲ ਦੇ ਅਚੇਤਨ ਵਿੱਚ ਪਈਆਂ ਸਭਿਆਚਾਰਕ ਕੀਮਤਾਂ ਤੇ ਪ੍ਰਤਿਮਾਨ ਸਹਿਜ ਭਾਵੀ ਉਸਦੀ ਲਿਖਤ ਦਾ ਸ਼ਿੰਗਾਰ ਬਣ ਜਾਂਦੇ ਹਨ ।

“ਪਿੱਪਲ ਪੱਤੀਆਂ” ਪੁਸਤਕ ਗੀਤਾਂ ਦੀ ਅਜਿਹੀ ਕਿਆਰੀ ਹੈ ਜਿਸ ਵਿੱਚ ਉਸਨੇ ਭਾਂਤ-ਭਾਂਤ ਦੇ ਫੁੱਲਾਂ ਨੂੰ ਬੋਲੀਆਂ, ਟੱਪਿਆਂ ਤੇ ਮਾਹੀਆ ਦੇ ਰੂਪ ਵਿਚ ਸਿੰਜਿਆ ਹੈ । ਇਸ ਪੁਸਤਕ ਵਿਚ ਜਿਥੇ ਗੁਰਭਜਨ ਗਿੱਲ ਨੇ ਜ਼ਾਤ ਤੇ ਜਮਾਤ ਦੇ ਹੁੰਦੇ ਆਰਥਿਕ ਤੇ ਮਾਨਸਿਕ ਸ਼ੋਸ਼ਣ, ਕਿਸਾਨੀ ਸੰਘਰਸ਼ ਦੀਆਂ ਜਿੱਤਾਂ ਤੇ ਕਾਲ਼ੇ ਕਾਨੂੰਨ ਦੇ ਕਾਲੇ ਹਨ੍ਹੇਰਿਆਂ, ਲੋਟੂ ਸਮਾਜ ਦੀ ਦਰਿੰਦਗੀ ਦੇ ਖੌਫ਼ਜ਼ਦਾ ਪੈਂਤੜਿਆਂ, ਬਾਬੇ ਨਾਨਕ ਦੀ ਵਰੋਸਾਈ ਧਰਤ ਤੇ ਹੁੰਦੀ ਔਰਤ ਤੇ ਧਰਤ ਮਾਂ ਦੀ ਬੇਪਤੀ ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ, ਉਥੇ ਨਾਲ ਹੀ ਆਪਣੀ ਕਲਮ ਨੂੰ ਗੀਤਾਂ ਦੀ ਵਿਧਾਗਤ ਕਸੌਟੀ ਤੇ ਪੂਰਾ ਉਤਾਰਿਆ ਹੈ ।

ਸਾਹਿਤਕ ਜਾਂ ਸਿਰਜਕ ਮਨ ਦੀ ਸਿਰਜਣਾ ਦੇ ਪਲ ਅਸਲ ਵਿੱਚ ਉਸਦੇ ਸਭਿਆਚਾਰਕ ਦਾਇਰਿਆਂ ਦਾ ਹੀ ਪ੍ਰਤੀਫ਼ਲ ਹੁੰਦੇ ਹਨ । ਇਹ ਵਰਤਾਰੇ ਕਵੀ ਮਨ ਨੂੰ ਆਪਣੇ ਵੱਲ ਆਕਰਸ਼ਿਤ ਤਾਂ ਕਰਦੇ ਹੀ ਹਨ ਪਰ ਨਾਲ ਹੀ ਕਵੀ ਦੀ ਕਲਮ ਰਾਹੀਂ ਇੱਛਾ ਪੂਰਤੀ ਦੀ ਮੰਗ ਵੀ ਕਰਦੇ ਹਨ । ਇਸ ਇੱਛਾ ਪੂਰਤੀ ਵਿੱਚੋਂ ਸਹਿਜ ਹੀ ਕਵੀ ਮਨ ਦੀ ਸਹਿਜਤਾ ਤੇ ਕੋਮਲਤਾ ਦੇ ਨਕਸ਼ਾਂ ਨੂੰ ਨਿਹਾਰਿਆ ਜਾ ਸਕਦਾ ਹੈ ਜਿਵੇਂ ਗੀਤ “ਤੋੜ ਦਿਉ ਜੰਜ਼ੀਰਾਂ” ਵਿੱਚ ਤੀਜੇ ਨੇਤਰ ਨਾਲ ਜੁੜਨ ਦੀ ਅਪੀਲ ਕਰਦਾ ਹੋਇਆ ਆਪਣੇ ਬਚਪਨ ਦੇ ਮੁੜ ਆਉਣ ਦੀ ਉਮੀਦ ਲਾਈ ਬੈਠਾ ਹੈ । ਇਥੇ ਅਸੂਲ ਦੇ ਤਿੜਕਣ ਜਾਂ ਡਗਮਗਾਉਣ ਨੂੰ ਸਕੂਲੀ ਵਿਦਿਆ ਦੇ ਗਿਆਨਮਈ ਪ੍ਰਬੰਧ ਨਾਲ ਜੋੜਦਿਆਂ ਉਹ ਸਕੂਲਾਂ ਨੂੰ ਤੀਜੇ ਨੇਤਰ ਨਾਲ ਜੋੜਦਿਆਂ ਬਚਪਨ ਦੀਆਂ ਅਣਭੋਲ ਦਹਿਲੀਜ਼ਾਂ ਦੇ ਮੁੜ ਪਰਤਣ ਦੀ ਗੱਲ ਕਰਦਾ ਹੈ :

ਕੀ ਕਰਨਾ ਹੈ ਲਾਗੂ ਤੁਸੀਂ ਅਸੂਲਾਂ ਨੂੰ ।
ਸਾਡੇ ਵਰਗੇ ਤਰਸਣ ਪੜ੍ਹਨ ਸਕੂਲਾਂ ਨੂੰ ।
ਤੀਜੇ ਨੇਤਰ ਨਾਲ ਅਸਾਂ ਨੂੰ ਜੋੜ ਦਿਓ ।
ਸਾਨੂੰ ਸਾਡਾ ਬਾਲ ਬਚਪਨ ਮੋੜ ਦਿਉ ।

ਗੁਰਭਜਨ ਗਿੱਲ ਨੇ ਜਿਥੇ ਗੀਤ ਦੀ ਨਿਸ਼ਚਿਤ ਬਣਤਰ, ਲੜੀਵਾਰ ਤਰਤੀਬ ਤੇ ਰਿਦਮ ਦਾ ਖ਼ਿਆਲ ਰੱਖਿਆ ਹੈ ਉੱਥੇ ਉਸ ਨੇ ਥੀਮਿਕ ਪੈਟਰਨ ਵਿੱਚ ਵਿਭਿੰਨ ਵਿਸ਼ਿਆਂ ਦੀ ਪੇਸ਼ਕਾਰੀ ਕਰਦਿਆਂ ਪੰਜਾਬੀ ਬੋਲੀ ਦੇ ਘਾਣ ਦੇ ਮਸਲੇ ਤੇ ਵੀ ਚਿੰਤਾ ਪ੍ਰਗਟਾਈ ਹੈ । ਨਾਥ ਜੋਗੀਆਂ ਪੀਰਾਂ ਫ਼ਕੀਰਾਂ ਦੀ ਸੋਚ ਦਾ ਵਾਰਿਸ ਗੁਰਭਜਨ ਗਿੱਲ ਆਪਣੀ ਮਾਂ ਬੋਲੀ ਨੂੰ ਬਚਾਉਣ ਲਈ ਨਾਹਰਾ ਲਾਉਂਦਾ ਹੋਇਆ ਕਦੇ ਬੁੱਲੇ੍ਹ ਸ਼ਾਹ ਤੇ ਕਦੇ ਗੁਰੂਆਂ ਪੀਰਾਂ ਪੈਗੰਬਰਾਂ ਦਾ ਪੈਗ਼ਾਮ ਦੇਂਦਾ ਹੋਇਆ ਆਪਣੀ ਕਲਮ ਰਾਹੀ ਸਰਬ ਸਾਂਝੀਵਾਲਤਾ ਦਾ ਹੁੰਗਾਰਾ ਭਰਦਾ ਹੈ । ਉਹ ਹਰੇਕ ਜ਼ੁਬਾਨ ਦੀ ਖ਼ੈਰ ਸੁੱਖ ਮੰਗਦਾ ਹੈ । ਪਰ ਕਿਸੇ ਹੋਰ ਜ਼ੁਬਾਨ ਪਿੱਛੇ ਲੱਗ ਕੇ ਆਪਣੀ ਜ਼ੁਬਾਨ ਦਾ ਘਾਣ ਕਰਨ ਤੇ ਇਕ ਰੋਸ ਵੀ ਜ਼ਾਹਿਰ ਕਰਦਾ ਹੈ । ਉਹ ਲਿਖਦਾ ਹੈ:

ਹਰ ਧਰਤੀ ਦੀ ਸ਼ਾਨ ਸਲਾਮਤ ਮਾਂ ਬੋਲੀ ਦੇ ਸਦਕੇ ।
ਮੁੱਲ ਤਾਰਨਾ ਪੈ ਸਕਦਾ ਹੈ ਫ਼ੋਕੀ ਸ਼ਾਨ ਨਵਾਬੀ ਦਾ
ਅੰਗਰੇਜ਼ੀ ਦੇ ਪਿੱਛੇ ਲੱਗ ਕੇ ਕਰਨਾ ਘਾਣ ਪੰਜਾਬੀ ਦਾ ।

ਸਿਆਸਤ ਦੀ ਕੂਟ ਰਾਜਨੀਤੀ ਨੂੰ ਉਹ ਸਮੇਂ ਦੀ ਕੋਝੀ ਚਾਲ ਮੰਨਦਾ ਹੈ ਤੇ ਇਸ ਕੋਝੀ ਚਾਲ ਪਿਛੇ ਕੰਮ ਕਰਦੀ ਸੋਚ ਉਸ ਲਈ ਏਨੀ ਘਾਤਕ ਹੈ ਕਿ ਉਥੇ ਸਾਰਾ ਅਵਾਮ ਉਸਨੂੰ ਅਣਭੋਲ ਬੋਟਾਂ ਜਿਹਾ ਜਾਪਦਾ ਹੈ । ਜਿੰਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹਨਾਂ ਨੂੰ ਕਿਹੜੇ ਪੈਂਤੜਿਆਂ ਅਧੀਨ ਲੁੱਟਿਆ ਤੇ ਲਤਾੜਿਆ ਜਾ ਰਿਹਾ ਹੈ । ਗੁਰਭਜਨ ਗਿੱਲ ਗਰੀਬ ਦੀ ਹੂਕ ਤੇ ਸ੍ਵੈ ਮਾਣ ਬਣ ਕੇ ਆਪਣੇ ਗੀਤਾਂ ਵਿੱਚ ਰੂਹ ਫੂਕਦਾ ਹੈ । ਉਹ ਲਿਖਦਾ ਹੈ:

ਕੌਣ ਸੰਭਾਲੇ ਸਾਨੂੰ ਨਿੱਕਿਆਂ ਬੋਟਾਂ ਨੂੰ ।
ਆ ਜਾਂਦੇ ਹੋ ਹਰ ਚੌਥੇ ਦਿਨ ਵੋਟਾਂ ਨੂੰ ।
ਟੁੱਟੇ ਪੱਤਰ ਬਿਰਖ਼ਾਂ ਦੇ ਸੰਗ ਜੋੜ ਦਿਓ ।

ਸ਼ਬਦ ਨੂੰ ਗੁਰੂ ਵਜੋਂ ਸਤਿਕਾਰ ਦੇਂਦਿਆਂ, ਔਰਤ, ਭੈਣ, ਧੀ ਨੂੰ ਸ਼ਬਦ ਨਾਲ ਜੋੜਨ ਦੀ ਹਾਮੀ ਸ਼ਾਇਦ ਇਸ ਅਲਬੇਲੇ ਗੀਤਕਾਰ ਦੇ ਹਿੱਸੇ ਆਈ ਹੈ । ਸਮਾਜਿਕ, ਪਰਿਵਾਰਕ ਤੇ ਰਾਜਨੀਤਿਕ ਅਧਿਕਾਰਾਂ ਉਪਰ ਮਰਦ ਦਾ ਦਬਦਬਾ ਹੋਣ ਕਾਰਨ ਉਹ ਆਪਣੀ ਹੋਂਦ ਨੂੰ ਔਰਤ ਦੇ ਮੁਕਾਬਲੇ ਜ਼ਿਆਦਾ ਪ੍ਰਭਾਵੀ ਤੇ ਬਾਹੂਬਲੀ ਸਿੱਧ ਕਰਦਾ ਹੈ । ਨਾਰੀ ਅਕਸਰ ਮਰਦ ਜ਼ਾਤ ਲਈ ਕਾਮੁਕ ਪੂਰਤੀ ਦਾ ਮਾਧਿਅਮ ਬਣ ਕੇ ਰਹਿ ਜਾਂਦੀ ਹੈ । ਸਭਿਆਚਾਰਕ ਅਕੀਦਿਆਂ ਤੇ ਪ੍ਰਤਿਮਾਨਾਂ ਦਾ ਸਿਰਜਕ ਮਰਦ ਹੋਣ ਕਾਰਨ ਅਕਸਰ ਉਹ ਸਮਾਜ ਵਿੱਚ ਔਰਤ ਨੂੰ ਦੂਜੈਲੀ ਸਥਿਤੀ ਤੇ ਰੱਖ ਕੇ ਵੇਖਦਾ ਹੈ ਪਰ ਗੁਰਭਜਨ ਗਿੱਲ ਨੇ ਔਰਤ ਵਲੋਂ ਅੰਮੜੀ ਦੀ ਕੁੱਖ ਦਾ ਵਾਸਤਾ ਦੇ ਕੇ ਸਮੂਹ ਮਰਦ ਜਮਾਤ ਨੂੰ “ਵੀਰੋ” ਨਾਲ ਸੰਬੋਧਨ ਕਰਦਿਆਂ ਸ਼ਬਦ-ਗੁਰੂ ਦੇ ਲੜ ਲਗਣ ਦੀ ਗੁਜ਼ਾਰਿਸ਼ ਕਰਦਿਆਂ ਆਪਣੀ ਪੱਤ ਬਚਾਉਣ ਦਾ ਨਾਹਰਾ ਦੇਂਦੀ ਔਰਤ ਦੀ ਤਸਵੀਰ ਸਾਡੇ ਸਾਹਮਣੇ ਲਿਆਂਦੀ ਹੈ । ਉਹ ਲਿਖਦਾ ਹੈ:

ਸਾਡਾ ਹੱਕ ਵੀ ਇਸ ਧਰਤੀ ਤੇ, ਪੁੱਤਰਾਂ ਜੇਡ ਬਰਾਬਰ ਹੈ ।
ਕਿਉਂ ਗੁਰੂਆਂ ਦੀ ਧਰਤੀ ਉੱਤੇ, ਅੱਜ ਵੀ ਘੋਰ ਨਿਰਾਦਰ ਹੈ ।
ਸ਼ਬਦ ਗੁਰੂ ਸਾਡਾ ਵੀ ਓਨਾ, ਸਾਡੇ ਹੱਥ ਕਿਤਾਬ ਦਿਓ ।

ਇਸੇ ਤਰ੍ਹਾਂ ਦਰੀ, ਘੁੱਗੀਆਂ, ਮੋਰ, ਰੂੰ, ਸੂਤ, ਖੇਸ, ਦਰੀ, ਦਸੂਤੀ, ਖੱਦਰ ਆਦਿ ਅਜਿਹੇ ਵਿਰਾਸਤੀ ਵਸਤ ਸਭਿਆਚਾਰ ਨਾਲ ਮੁੜ ਜਾਣੂੰ ਕਰਵਾਇਆ ਹੈ ਜੋ ਪੰਜਾਬੀ ਅਵਚੇਤਨ ਵਿੱਚ ਸ਼ਬਦ ਜਾਂ ਰੂਪ ਦੀ ਪੱਧਰ ਤੇ ਆਪਣੀ ਵਿਲੱਖਣ ਤੇ ਸਥਾਪਿਤ ਥਾਂ ਬਣਾਈ ਬੈਠੇ ਹਨ । ਅਜਿਹੇ ਵੇਰਵੇ ਜਿਥੇ ਸਾਡੇ ਲੋਪ ਹੋ ਰਹੇ ਸਭਿਆਚਾਰਕ ਪ੍ਰਤਿਮਾਨਾਂ ਦਾ ਜ਼ਿਕਰ ਕਰਦੇ ਹਨ, ਉਥੇ ਨੌਜਆਨ ਪੀੜ੍ਹੀ ਦੇ ਮਨਾਂ ਵਿੱਚ ਇਸ ਵਸਤ ਸਭਿਆਚਾਰ ਨੂੰ ਜਾਣਨ ਦੀ ਰੀਝ ਪੈਦਾ ਕਰਦੇ ਹਨ । ‘ਯਾਦ’ ’ਤੇ ‘ਪਰਦੇਸੀ’ ਇਥੇ ਮੋਟਿਫ਼ ਬਣ ਕੇ ਫੁਲਕਾਰੀ ਦੀ ਤੰਦ ਨਾਲ ਸਹਿਜ-ਸੁਭਾਅ ਜਾ ਜੁੜਦੇ ਹਨ :

“ਰੱਤੜੇ ਰੰਗ ਖੱਦਰ ਉੱਤੇ, ਕੱਢਾਂ ਮੈਂ ਜਦ ਫੁਲਕਾਰੀ ।
ਯਾਦਾਂ ਦੀ ਲੜੇ ਦੋ-ਮੂੰਹੀਂ, ਸੀਨੇ ਵਿੱਚ ਫਿਰਦੀ ਆਰੀ ।
ਕਿਰ ਚੱਲੇ ਝਾਂਜਰ ਵਿੱਚ ਬੋਰ, ਵੇ ਪਰਦੇਸੀਆ ।”

ਵਿਸ਼ਿਆਂ ਦੀ ਵਿਸ਼ੇਸ਼ਤਾ ਨੂੰ ਛੱਡ ਕੇ ਸਾਧਾਰਨਤਾ ਦਾ ਪੱਲਾ ਫੜ ਉਹ ਸਾਧਾਰਨ ਜਾਪਦੇ ਵਿਸ਼ਿਆਂ ਨੂੰ ਵੀ ਸ਼ਬਦ ਸੰਸਾਰ ਦੇ ਰਾਹੀਂ ਵਿਸ਼ੇਸ਼ ਕਰ ਜਾਂਦਾ ਹੈ । ਧਰਤੀ ਜਿਥੇ ਕੁਦਰਤ ਦਾ ਰੂਪ ਹੈ ਉਥੇ ਗੁਰਭਜਨ ਗਿੱਲ ਲਈ ਇਹ ਮਾਂ ਦਾ ਰੂਪ ਵੀ ਹੈ । ਬਹੁਤ ਹੀ ਸੰਜੀਦਗੀ ਨਾਲ ਉਹ ਧਰਤੀ ਦੀ ਹਿੱਕ ਤੇ ਕੀਤੇ ਜਾਂਦੇ ਪਰਾਲੀਆਂ ਸਾੜਨ ਵਾਲੇ ਕਹਿਰ ਪ੍ਰਤੀ ਡੂੰਘਾ ਹੌਕਾ ਭਰਦਾ ਹੈ ਉਸਨੂੰ ਧਰਤੀ ਮਾਂ ਦੀ ਨਾਰਾਜ਼ਗੀ ਦਾ ਸੁਨੇਹਾ ਸਤਾਉਂਦਾ ਹੈ । ਉਹ ਹੱਥ ਜੋੜ ਕੇ ਧਰਤ ਦੀ ਇਸ ਬੇਹੁਰਮਤੀ ਪ੍ਰਤੀ ਆਵਾਜ਼ ਬੁਲੰਦ ਕਰਦਾ ਲਿਖਦਾ ਹੈ:

ਬਣੇ ਮੁਸੀਬਤ ਸਿਰ ਤੇ ਭਾਰੀ, ਜੇ ਸੌਖਾ ਰਾਹ ਕੱਢੀਏ, ਜ਼ਿਦ ਨਾ ਛੱਡੀਏ ।
ਧਰਤੀ ਮਾਤ ਨਾਰਾਜ਼ ਨਾ ਹੋਵੇ, ਐਸਾ ਜਗਤ ਉਸਾਰੋ, ਆਗਿਆਕਾਰੋ ।
ਜਿਸ ਦੇ ਖੇਤ ‘ਚ ਧੂੰਆਂ ਵੇਖੋ, ਜਾ ਕੇ ਅਰਜ਼ ਗੁਜ਼ਾਰੋ, ਕਸ਼ਟ ਨਿਵਾਰੋ ।

ਖ਼ਾਸ ਕਰ ਪੰਜਾਬ ਵਿਚ ਸਿੱਖ ਗੁਰੂਆਂ ਦੇ ਫ਼ਲਸਫ਼ੇ ਨੇ ਸਿੱਖੀ ਸਿਧਾਂਤ ਦੇ ਨਾਲ-ਨਾਲ ਪੰਜਾਬੀਅਤ ਦੀ ਨਿਸ਼ਾਨਦੇਹੀ ਵੀ ਕੀਤੀ ਹੈ । ਸਿੱਖ ਫ਼ਲਸਫ਼ੇ ਨੂੰ ਸਿਧਾਂਤ ਬੱਧ ਕਰਦੀ ਗੁਰੂ ਰੂਪ ਬਾਣੀ ਦੇ ਵੇਰਵੇ ਦਿੰਦਿਆਂ ਹਰੇਕ ਗੁਰੂ ਸਾਹਿਬ ਦੀ ਸਿੱਖ ਧਰਮ ਨੂੰ ਦਿੱਤੀ ਅਦੁੱਤੀ ਦੇਣ ਜਾਂ ਕੁਰਬਾਨੀ ਦਾ ਜ਼ਿਕਰ ਕਰਦਿਆਂ ਉਹ ਸਹਿਜ-ਸੁਭਾਅ ਹੀ ਸਿੱਖੀ ਅਸੂਲਾਂ ਦੀ ਨਿਸ਼ਾਨਦੇਹੀ ਕਰਦਾ ਨਜ਼ਰ ਆਉਂਦਾ ਹੈ ।

“ਅੰਗਦ ਗੁਰੂ ਨੇ ਸ਼ਬਦ ਗੁਰਮੁਖੀ ਦੇ ਲੜ ਸਾਨੂੰ ਲਾਇਆ ।

ਪੰਚਮ ਗੁਰੂ ਨੇ ਹਰਿਮੰਦਰ ਦੀ ਐਸੀ ਬਣਤ ਬਣਾਈ ।”

ਸੂਰਜ, ਚੰਨ, ਤਾਰੇ ਤਸ਼ਬੀਹਾਂ ਬਣ ਕੇ ਉਸਦੇ ਗੀਤ ਦੀ ਰੂਹ ਬਣਦੇ ਹਨ । ਚੰਨ ਦੀਆਂ ਰਿਸ਼ਮਾਂ ਵਿੱਚੋਂ ਰਾਤ ਦਾ ਲੰਘਣਾ ਇਕ ਅਜਿਹਾ ਸਬੱਬ ਬਣਦਾ ਹੈ ਜੋ ਜ਼ਾਤ ਜਾਂ ਕੁਜ਼ਾਤ ਹੋਣ ਦੀ ਵਿੱਥ ਮੇਟ ਦਿੰਦਾ ਹੈ । ਇਥੇ ਜ਼ਾਤ ਦਾ ਬੇਪਛਾਣ ਹੋ ਜਾਣਾ ਇਸ਼ਕ ਦੀ ਰੂਹਾਨੀਅਤ ਭਰੇ ਜਜ਼ਬੇ ਦਾ ਹੁੰਗਾਰਾ ਬਣਦਾ ਹੈ :

ਚੰਨ ਦੀਆਂ ਰਿਸ਼ਮਾਂ ਚੋਂ ਤੈਨੂੰ ਵੇਖਿਆ ਕੱਲ ਲੰਘੀ ਰਾਤ ਨੂੰ ।
ਓਸ ਪਿੱਛੋਂ ਜਿੰਦ ਮਦਹੋਸ਼ ਹੋ ਗਈ ਨਾ ਪੁੱਛ ਮੇਰੀ ਜ਼ਾਤ ਨੂੰ ।

ਮਾਂ ਨੂੰ ਧੀ ਦਾ ਸੰਬੋਧਨਮਈ ਜੁਗਤ ਵਿੱਚ ਆਪਣੀਆਂ ਮਨੋਕਾਮਨਾਵਾਂ ਦੀ ਪ੍ਰਾਪਤੀ ਲਈ ਕਹਿਣਾ ਅਸਲ ਵਿੱਚ ਔਰਤ ਦੀਆਂ ਉਨ੍ਹਾਂ ਕੁਆਰੀਆਂ ਭਾਵਨਾਵਾਂ ਦਾ ਪ੍ਰਤੱਖਣ ਹੈ ਜਿਸ ਵਿਚ ਉਹ ਆਪਣੀਆਂ ਝਾਂਜਰਾਂ ਤੇ ਚੁੰਨੀਆਂ ਨੂੰ ਆਵਾਜ਼ ਦੇਣਾ ਲੋਚਦੀ ਹੈ । ਮਾਂ ਨੂੰ ਉੱਡਣ ਦੀ ਗੁਜ਼ਾਰਿਸ਼ ਕਰਦਿਆਂ ਉਹ ਖੰਭ ਮੰਗਦੀ ਹੈ ਤੇ ਇਸ ਮਰਦ ਪ੍ਰਧਾਨ ਸਮਾਜ ਵਿੱਚ ਵਿਚਰਦਿਆਂ ਉਹ ਚਾਹੁੰਦੀ ਹੈ ਕਿ ਉਸਦੀ ਮਾਂ ਜਿਸਨੇ ਪਿੱਤਰੀ ਪ੍ਰਬੰਧ ਵਿੱਚ ਇਨ੍ਹਾਂ ਹੀ ਭਾਵਨਾਵਾਂ ਨੂੰ ਦਬਾਅ ਕੇ ਰੱਖਿਆ ਅੱਜ ਆਪਣੀ ਧੀ ਦੀਆਂ ਭਾਵਨਾਵਾਂ ਨੂੰ ਸਮਝਣ ਹਿਤ ਸਮਾਜ ਦੀਆਂ ਵਹਿਸ਼ੀ ਤੇ ਦਰਿੰਦਗੀ ਭਰੀਆਂ ਨਜ਼ਰਾਂ ਨਾਲ ਉਸਦੀ ਵਾਕਫ਼ੀਅਤ ਕਰਵਾ ਦੇਵੇ ਤਾਂ ਕਿ ਉਹ ਇਸ ਕੁਹਜ ਭਰੇ ਸਮਾਜ ਵਿੱਚ ਅਸਲ ਨਕਲ ਦੀ ਪਹਿਚਾਣ ਕਰ ਸਕੇ । ਗੁਰਭਜਨ ਗਿੱਲ ਦਾ ਇਹ ਸੰਵੇਦਨਾਮੂਲਕ ਸੰਬੋਧਨ ਅਜਿਹੇ ਸੰਚਾਰ ਨੂੰ ਪ੍ਰਤੀਬਿੰਬਤ ਕਰਦਾ ਹੈ ਜਿਸ ਦੇ ਤਹਿਤ ਹਰੇਕ ਔਰਤ ਦੀਆਂ ਦਿਲੀ ਵੇਦਨਾਵਾਂ ਨੂੰ ਭਲੀਭਾਂਤ ਨਿਹਾਰਿਆ ਜਾ ਸਕਦਾ ਹੈ ।

ਜੀਅ ਕਰਦਾ ਮੈਂ ਮਹਿਕ ਬਣਾਂ ਤੇ ਰਲ ਜਾਂ ਵਿੱਚ ਹਵਾਵਾਂ ।
ਸਿਰ ਤੇ ਲੈ ਅੰਬ ਰਸੀਆ ਚੁੰਨੀ ਅੰਬਰ ਵਿੱਚ ਉੱਡ ਜਾਵਾਂ ।
ਝਾਂਜਰ ਗੁੰਮ ਸੁੰਮ ਹੁਣ ਤੇ ਬੋਲਣ ਲਈ ਮਜ਼ਬੂਰ ਨੀ ਮਾਏ ।

ਦਿੱਲੀ ਦੀ ਹਿੱਕ ਉਤੇ ਹੱਕ ਤੇ ਸੱਚ ਦਾ ਝੰਡਾ ਗੱਡਣ ਵਾਲੀ ਪੰਜਾਬੀ ਕੌਮ ਦੇ ਦਲੇਰਾਨਾ ਹੱਕੀ ਫ਼ੈਸਲੇ ਤੇ ਮੋਹਰ ਲਾਉਂਦਾ ਹੋਇਆ ਗੁਰਭਜਨ ਗਿੱਲ ਵਰਤਮਾਨ ਜਾਬਰ ਦੀ ਰਾਵਣ ਨਾਲ ਤੁਲਨਾ ਕਰਦਾ ਹੋਇਆ ਕਿਧਰੇ ਤੇਗ਼ ਦੀ ਗੱਲ ਕਰਦਾ ਹੈ ਤੇ ਕਿਧਰੇ ਪੰਜਾਬੀਆਂ ਦੀ ਅਣਖ਼ ਤੇ ਵੰਗਾਰ ਦੇ ਸੁਰ ਅਲਾਪਦਾ ਹੈ । ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਮੁੱਦਈ ਉਸਦਾ ਹਰੇਕ ਸ਼ਬਦ “ਕਲੀ ਕਿਸਾਨ ਦੀ” ਗੀਤ ਵਿੱਚ ਭਗਤ, ਸਰਾਭੇ ਤੇ ਗਦਰੀ ਬਾਬਿਆਂ ਦੇ ਵਾਰਿਸ ਮੰਨਦਾ ਹੋਇਆ, ਹਰਸ਼ਾ ਛੀਨਾ ਤੇ ਕਿਸ਼ਨਗੜ੍ਹ ਦੇ ਯੋਧਿਆਂ ਦੀ ਮੋਰਚੇ ਵਿੱਚ ਕੀਤੀ ਫ਼ਤਹਿ ਦਾ ਨਾਅਰਾ ਬੁਲੰਦ ਕਰਦਾ ਹੈ:

ਵੱਡੇ ਵਡੇਰੇ ਜਿੰਨ੍ਹਾਂ ਦੇ ਸੀ ਪਰਜਾ ਮੰਡਲੀਏ,
ਜੂਝੇ ਤੇਜਾ ਸਿੰਘ ਸੁਤੰਤਰ ਸੰਗ ਹਿੱਕ ਡਾਹ ਕੇ ।

ਬੋਲੀਆਂ ਵਿੱਚ ਮਨੁੱਖੀ ਸੰਸਕ੍ਰਿਤੀ ਦੇ ਅਵਸ਼ੇਸ਼ ਸਮਾਏ ਹੁੰਦੇ ਹਨ । ‘ਬੋਲੀ’ ਪੰਜਾਬੀ ਲੋਕ ਕਾਵਿ ਦਾ ਸਭ ਤੋਂ ਛੋਟਾ ਰੂਪ ਹੈ ਜੋ ਆਕਾਰ ਦੇ ਪੱਖੋਂ ਨਿੱਕੀ ਹੋਣ ਦੇ ਬਾਵਜੂਦ ਟੁੰਬਵੇਂ ਤੇ ਆਕਰਸ਼ਿਤ ਪ੍ਰਭਾਵ ਨਾਲ ਖ਼ਤਮ ਹੁੰਦੀ ਹੈ । ਜ਼ਿਆਦਾਤਰ ਬੋਲੀਆਂ ਰਿਸ਼ਤਿਆਂ ਦੇ ਦਾਇਰੇ ਅਧੀਨ ਵਿਚਰਦੀਆਂ ਹਨ, ਪਰ ਗੁਰਭਜਨ ਗਿੱਲ ਨੇ ਰਾਜਨੀਤਿਕ ਪੈਂਤੜਿਆਂ ਤੇ ਗੁੱਝੀ ਸੱਟ ਮਾਰਦਿਆਂ ਸਿਆਸੀ ਮਨ ਦੀਆਂ ਕਿਆਸ-ਅਰਾਈਆਂ ਨੂੰ ਇਨ੍ਹਾਂ ਬੋਲੀਆਂ ਵਿੱਚ ਨਿਸੰਗ ਹੋ ਕੇ ਪ੍ਰਗਟਾਇਆ ਹੈ । ਕਿਸਾਨੀ ਦੁੱਖੜੇ, ਕਾਲੇ ਕਾਨੂੰਨ, ਵੈਲੀਆਂ ਦੇ ਨਾਲ ਮੁਲਾਹਜ਼ੇ ਆਦਿ ਵਿਸ਼ਿਆਂ ਦੀ ਪ੍ਰਬੀਨਤਾ ਇਹਨਾਂ ਬੋਲੀਆਂ ਵਿਚ ਸਹਿਜ ਹੀ ਵੇਖੀ ਜਾ ਸਕਦੀ ਹੈ:

ਸਾਨੂੰ ਏਕਤਾ ਦਾ ਸਬਕ ਪੜ੍ਹਾਇਆ, ਕਾਲਿਆਂ ਕਾਨੂੰਨਾਂ ਨੇ ।

ਤੈਨੂੰ ਲੱਗਦੇ ਨੇ ਯਾਰ ਪਿਆਰੇ, ਸਾਨੂੰ ਤੂੰ ਉਜਾੜ ਧਰਿਆ ।

ਸਾਡੀ ਮੰਗ ਨਾ ਹੋਰ ਵੀ ਕੋਈ, ਸਾਨੂੰ ਸਾਡਾ ਹੱਕ ਮੋੜ ਦੇ ।

ਤੇਰੇ ਦਾਨ ਦੀ ਲੋੜ ਨਾ ਕੋਈ, ਮਿਹਨਤਾਂ ਦਾ ਮੁੱਲ ਮੋੜ ਦੇ ।

ਵਿਰਸੇ ਦੇ ਗੁਆਚ ਜਾਣ ਤੇ ਡੂੰਘਾ ਹੌਕਾ ਭਰਦਿਆਂ ਗੁਰਭਜਨ ਗਿੱਲ ਦੇ ਸ਼ਬਦ ਕੁਰਲਾਉਂਦੇ ਨਜ਼ਰ ਆਉਂਦੇ ਹਨ । ਉਸ ਦੀ ਕਲਮ ਦੀ ਇਹ ਖ਼ਾਸੀਅਤ ਹੈ ਕਿ ਸ਼ਬਦਾਂ ਦਾ ਸਿਰਜਤ ਮੰਡਲ ਸ਼ਬਦ ਦੀ ਵੇਦਨਾ ਦਾ ਪ੍ਰਗਟਾਅ ਸਹਿਜੇ ਹੀ ਕਰ ਜਾਂਦਾ ਹੈ । ਜਦੋਂ ਉਹ ਪਿੰਡ ਦੀਆਂ ਰੌਣਕਾਂ, ਖੂਹਾਂ, ਸੱਥਾਂ ਤੇ ਫ਼ਸਲਾਂ ਦੀ ਗੱਲ ਕਰਦੇ ਨੇ ਤਾਂ ਵਿਸ਼ਵੀਕਰਨ ਦੇ ਦੌਰ ਵਿੱਚ ਪਈ ਮੰਡੀ ਦੀ ਮਾਰ ਦਾ ਅਸਰ ਸਹਿਜ ਹੀ ਪਛਾਣਿਆ ਜਾ ਸਕਦਾ ਹੈ :

“ਇਕੋ ਵਿਹੜੇ ਵੱਖਰਾ ਵਿਹਾਰ ਵੇਖ ਲੈ ।”

ਧੀ, ਬਿਰਖ਼ ਤੇ ਧਰਤੀ ਉਸਨੂੰ ਹਮਸਾਏ ਜਾਪਦੇ ਨੇ । ਤਿੰਨਾਂ ਦਾ ਦਰਦ ਤੇ ਵੇਦਨਾ ਇਕ ਸਾਂਝਾ ਸੰਬੋਧਨ ਹੋ ਕੇ ਉਸਦੀ ਟੈਕਸਟ ਵਿੱਚ ਰੂਪਮਾਨ ਹੁੰਦਾ ਹੈ । ਧੀ, ਬਿਰਖ਼ ਤੇ ਧਰਤੀ ਦਾ ਜ਼ਿਕਰ ਕਰਦਿਆਂ ਇੰਜ ਲੱਗਦਾ ਹੈ ਜਿਵੇਂ ਗੁਰਭਜਨ ਗਿੱਲ ਜਾਣੇ-ਪਹਿਚਾਣੇ ਤੇ ਲੋਕਾਈ ਨਾਲ ਜੁੜੇ ਬਿੰਬਾਂ ਦੀ ਸਿਰਜਣਾ ਕਰ ਰਿਹਾ ਹੋਵੇ । ਧੀ, ਬਿਰਖ਼ ਤੇ ਧਰਤੀ ਤਿੰਨੇ ਹੀ ਸ਼ੁੱਧ ਕੁਦਰਤੀ ਤੇ ਸੁਭਾਵਿਕ ਸੰਰਚਨਾ ਦੇ ਲਖਾਇਕ ਹਨ । ਇਹ ਤਿੰਨੇ ਸ਼ਬਦ ਅਰਥ ਸੰਰਚਨਾ ਦੀ ਪੱਧਰ ਤੇ ਲੋਕਧਾਰਾਈ ਪਰਿਪੇਖ ਤੋਂ ਸਭਿਆਚਾਰਕ ਪ੍ਰਸੰਗਿਕਤਾ ਦੀ ਹਾਮੀ ਭਰਦੇ ਹਨ । ਧੀ, ਬਿਰਖ਼ ਤੇ ਧਰਤੀ ਤਿੰਨਾਂ ਨੂੰ ਸਿੰਜਣ ਦੀ ਪ੍ਰਕ੍ਰਿਆ ਕੁਦਰਤੀ ਵੀ ਹੈ ਤੇ ਮਨੁੱਖੀ ਵੀ । ਇਥੇ ਗੁਰਭਜਨ ਗਿੱਲ ਕੁਦਰਤੀ ਸਿਰਜਣ ਪ੍ਰਕ੍ਰਿਆ ਨੂੰ ਮਨੁੱਖੀ ਵਿਹਾਰ ਨਾਲੋਂ ਪਹਿਲ ਦੇਂਦਾ ਹੈ । ਧੀਆਂ ਨੂੰ ਧਰਤੀ ਦਾ ਧਰਮ ਮੰਨਿਆ ਗਿਆ ਹੈ ਤੇ ਵਿਹੜੇ ਵਿੱਚ ਧਰਤੀ ਦੀ ਹਿੱਕ ਤੇ ਬਿਰਖ਼ ਤੇ ਧੀ ਦਾ ਹੋਣਾ ਜ਼ਰੂਰੀ ਹੈ ।

‘ਟੱਪਾ’ ਨਾਚ ਨਾਲੋਂ ਮੁਕਤ ਲੋਕ ਕਾਵਿ ਰੂਪ ਹੈ । ਟੱਪੇ ਤੋਂ ਭਾਵ ਇਕ ਤੁਕੀ ਬੋਲੀ ਤੋਂ ਵੀ ਲਿਆ ਜਾਂਦਾ ਹੈ । ਇਸਨੂੰ ਦੋ ਸਤਰਾਂ ਵਿੱਚ ਬੰਨਿਆ ਟੋਟਕਾ ਵੀ ਕਿਹਾ ਜਾਂਦਾ ਹੈ । ਇਕਾਗਰਮੁਖ ਹੋਣ ਕਰਕੇ ਟੱਪਾ ਸੰਬੋਧਨੀ ਜੁਗਤ ਵਿੱਚ ਨਿਭਾਇਆ ਜਾਂਦਾ ਹੈ । ਸੰਬੋਧਨ ਵਿਚਲੀ ਸੰਜੀਦਗੀ ਹੀ ਇਸਨੂੰ ਸਰੋਦੀ ਅੰਸ਼ ਬਖਸ਼ਦੀ ਹੈ । ਪ੍ਰੋ. ਗੁਰਭਜਨ ਗਿੱਲ ਲੋਕ-ਕਾਵਿ ਦੀ ਇਸ ਵੰਨਗੀ ਦੀਆਂ ਬਾਰੀਕੀਆਂ ਨੂੰ ਜਾਣਦਿਆਂ ਸ਼ਬਦਾਂ ਰਾਹੀਂ ਭਾਵ ਸਿਰਜਣਾ ਦਾ ਰੁਮਾਂਟਿਕ ਸੰਸਾਰ ਸਿਰਜਿਆ ਹੈ । ਟੱਪਿਆਂ ਦੀ ਇਹ ਖ਼ਾਸੀਅਤ ਹੁੰਦੀ ਹੈ ਕਿ ਇਹਨਾਂ ਦੀ ਸਿਰਜਣ ਪ੍ਰਕ੍ਰਿਆ ਵਿੱਚ ਤੱਟ-ਫੱਟ ਤੋਲ-ਤੁਕਾਂਤ ਦੀ ਰਿਦਮ ਨੂੰ ਪਛਾਣਿਆ ਜਾ ਸਕਦਾ ਹੈ । ਟੱਪੇ ਦੀ ਸਿਰਜਣਾ ਵੇਲੇ ਸੰਪੂਰਨ ਭਾਵ ਇਕਾਈ ਨੂੰ ਸਹਿਜ ਹੀ ਵੇਖਿਆ ਜਾ ਸਕਦਾ ਹੈ ਜਿਵੇਂ:-

ਕਾਂ ਕੂਕਦਾ ਬਨੇਰੇ ਤੋਂ ।
ਸੱਜੀ ਅੱਖ ਫ਼ਰਕ ਰਹੀ,
ਚੇਤੇ ਆ ਰਿਹੈਂ ਸਵੇਰੇ ਤੋਂ ।

ਇਸੇ ਤਰ੍ਹਾਂ ਮਾਹੀਏ ਦਾ ਆਪਣਾ ਇਕ ਰੂਪ-ਵਿਧਾਨ ਹੈ । ਇਹ ਛੋਟੇ ਅਕਾਰ ਦਾ ਦੋ ਸਤਰਾਂ ਦਾ ਗੀਤ ਹੈ ਪਹਿਲੀ ਸਤਰ ਅਕਾਰ ਵਿੱਚ ਦੂਜੀ ਸਤਰ ਨਾਲੋਂ ਅੱਧੀ ਹੁੰਦੀ ਹੈ । ਦੂਜੀ ਸਤਰ ਦੇ ਦੋ ਤੁਕਾਂਤ ਹੁੰਦੇ ਹਨ । ਜਿਵੇਂ:

ਅੰਬਾਂ ਤੇ ਬੂਰ ਪਿਆ ।
’ਕੱਠੇ ਬਹਿ ਕੇ ਹੱਸਦੇ ਸਾਂ,
ਐਸਾ ਮੌਸਮ ਦੂਰ ਗਿਆ ।

‘ਧਰਤੀ ਤੇ ਚੰਨ’ ਉਸ ਦੇ ਗੀਤਾਂ ਵਿੱਚ ਬਾਰ-ਬਾਰ ਤਸ਼ਬੀਹਾਂ ਬਣਕੇ ਉੱਭਰਦੇ ਹਨ । ਧਰਤੀ ਤੇ ਚੰਨ ਦੋਹਾਂ ਦੀ ਪ੍ਰਕ੍ਰਿਤੀ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਨ੍ਹਾਂ ਗੀਤਾਂ ਦੀ ਪ੍ਰਕ੍ਰਿਤੀ ਦਾ ਦਾਇਰਾ ਕਿੰਨਾ ਵਸੀਹ ਹੋਵੇਗਾ:

ਚੰਨ ਮਾਹੀ ਕਿਧਰ ਗਿਆ ਦੱਸ ਨੀ ਕਾਲੀਏ ਰਾਤੇ ।

ਕਿੱਥੇ ਚੜ੍ਹਿਐਂ ਚੰਨਾ ਵੇ ਤੂੰ ਬੇਕਦਰਾਂ ਦੇ ਵਿਹੜੇ ।

“ਦੀਵਾ” ਗੁਰਭਜਨ ਗਿੱਲ ਦੀ ਗੀਤਕਾਰੀ ਦਾ ਅਜਿਹਾ ਮੌਟਿਫ਼ ਹੈ ਜੋ ਆਸ ਉਮੰਗ ਬਣ ਕੇ ਉਦਾਸੀਆਂ ਦੇ ਬਨੇਰਿਆਂ ਤੇ ਲੋਅ ਖਿਲਾਰਦਾ ਹੈ । ਆਸ ਦਾ ਦੀਵਾ ਵਿਸ਼ਵਾਸ ਦੀ ਚਿਣਗ ਬਣਕੇ ਰੋਸ਼ਨ ਹੁੰਦਾ ਹੈ । ਰਾਤਾਂ ਦੀ ਕਾਲ਼ੀ ਨਾਗਣ ਦੇ ਡੰਗ ਦਾ ਕਾਰਨ ਵੀ ਦੀਵੇ ਦੀ ਲੋਅ ਦੇ ਮੱਧਮ ਪੈਣ ਦਾ ਕਾਰਨ ਬਣਦਾ ਹੈ:

“ਆ ਤੂੰ ਹੀ ਦੀਵਾ ਧਰ ਜਾ ਨੀ ਮੇਰੇ ਦਿਲ ਦੇ ਉਦਾਸ ਬਨੇਰੇ ਤੇ”

ਸੰਖਿਆਪਰਕ ਰੂੜ੍ਹੀਆਂ ਵਿਚ ਬਾਰਾਂ ਸਾਲ ਦੀ ਰੂੜ੍ਹੀ ਗੁਰਭਜਨ ਗਿੱਲ ਦੇ ਗੀਤਾਂ ਵਿੱਚ ਭਰਪੂਰ ਰੂਪ ਵਿੱਚ ਵਰਤੀ ਗਈ ਹੈ । ਕਿਸੇ ਰਚਨਾ ਵਿਚ ਜਦ ਇਕ ਪ੍ਰਕਾਰ ਦੇ ਸ਼ਬਦ ਜਾਂ ਰੂਪ ਬਾਰ-ਬਾਰ ਦੁਹਰਾਓ ਮੂਲਕ ਬਿਰਤੀ ਅਧੀਨ ਆਉਂਦੇ ਹਨ ਤਾਂ ਸ਼ਬਦ ਵੀ ਇਸ ਦੁਹਰਾਓ ਮੂਲਕਤ ਨੂੰ ‘ਰੂੜ੍ਹੀ’ ਕਿਹਾ ਜਾਂਦਾ ਹੈ । ਇਹ ਰੂੜ੍ਹੀਆਂ ਆਪਣਾ ਪ੍ਰੰਪਰਾਗਤ ਵਿਧਾਨ ਲੈ ਕੇ ਚੱਲਦੀਆਂ ਹਨ । ਰਾਂਝੇ ਦੇ ਮੱਝੀਆਂ ਚਰਾਉਣ ਦਾ ਜ਼ਿਕਰ ਕਰਦਿਆਂ ਪ੍ਰੋ. ਗਿੱਲ ਨੇ ਬਾਰ੍ਹਾਂ ਸਾਲਾਂ ਦੀ ਰੂੜ੍ਹੀ ਨੂੰ ਵਰਤ ਕੇ ਕਿੱਸਾ ਪ੍ਰੰਪਰਾ ਦੀ ਇੱਕ ਮਹੱਤਵਪੂਰਨ ਕੜੀ ਨੂੰ ਛੂਹਿਆ ਹੈ :

“ਬਾਰਾਂ ਸਾਲ ਮੰਗੂ ਚਾਰੇ ਸਾਨੂੰ ਰੱਖਿਆ ਕੁਆਰੇ,
ਚੜ੍ਹ ਗਈ ਖੇੜਿਆਂ ਦੀ ਡੋਲੀ ।
ਨੀ ਹੁਣ ਕਾਹਨੂੰ ਹੰਝੂ ਕੇਰਦੀ ਉਦੋਂ ਮੂੰਹੋਂ ਨਾ ਚੰਦਰੀਏ ਬੋਲੀ ।”

ਪੰਜ ਦਰਿਆਵਾਂ ਦੇ ਨਿਖੜਨ ਦਾ ਡਰ ਅੱਥਰੂਆਂ ਦਾ ਕਾਰਨ ਬਣਦਾ ਹੈ । ਪੰਜ ਦਰਿਆਵਾਂ ਦੀ ਸਾਂਝੀ ਆਬ ਗੁਆਚਣ ਨਾਲ ਹੀ ਰਿਸ਼ਤਿਆਂ ਦੇ ਖੇਰੂੰ ਹੋ ਜਾਣ ਤੇ ਗੁਰਭਜਨ ਗਿੱਲ ਦੀ ਕਲਮ ਡੂੰਘਾ ਹੌਕਾ ਭਰਦੀ ਹੈ । ਪੰਜ ਦਰਿਆਵਾਂ ਦੇ ਵੰਡੇ ਜਾਣ ਅਤੇ ਨਸ਼ਿਆਂ ਦੀ ਦਲਦਲ ਵਿੱਚ ਗਰਕ ਰਹੀ ਜਵਾਨੀ ਦਾ ਚਿਤਰ ਦਿਲ ਦਹਿਲਾ ਦੇਣ ਵਾਲਾ ਹੈ । ਸਾਂਝੇ ਪਰਿਵਾਰਾਂ ਦੇ ਟੁੱਟ ਕੇ ਬਿਖ਼ਰ ਜਾਣਾ ਵੀ ਕਿਤੇ ਨਾ ਕਿਤੇ ਭੋਇੰ ਦੀ ਵੰਡ ਨਾਲ ਸੰਬੰਧਿਤ ਦੁਖਾਂਤ ਬਣ ਕੇ ਸਾਹਮਣੇ ਆਉਂਦਾ ਹੈ । ਉਸਦੇ ਗੀਤਾਂ ਵਿੱਚ ਬੋਹੜ ਅਤੇ ਪਿੱਪਲ ਦੀ ਸੰਘਣੀ ਛਾਂ ਦਾ ਸਾਡੇ ਨਾਲ ਰੁੱਸ ਬਹਿਣਾ ਵੀ ਸਾਡੀ ਜਵਾਨੀ ਦੇ ਨਸ਼ਿਆਂ ਵਿੱਚ ਰੁਲ ਜਾਣ ਦਾ ਪ੍ਰਤੀਕ ਬਣਦਾ ਹੈ । ਵਿਰਸੇ ਦੇ ਗੁਆਚਣ ਦੀ ਹੂਕ ਲੋਰੀਆਂ, ਵੈਣਾਂ, ਸੁਹਾਗ, ਘੋੜੀਆਂ ਦੇ ਗੁਆਚਣ ਨਾਲ ਜਾ ਮਿਲਦੀ ਹੈ । ਮਾਂ, ਬੋਲੀ ਤੇ ਵਿਰਸਾ ਤਿੰਨੇ ਗੱਲਾਂ ਗੁਰਭਜਨ ਗਿੱਲ ਦੀ ਗੀਤਕਾਰੀ ਦਾ ਅਹਿਮ ਹਾਸਿਲ ਬਣਦਾ ਹੈ ।

ਮੈਂ “ਗੀਤਾਂ” ਦੀ ਇਸ ਪੁਸਤਕ ਦੀ ਮਾਣਮੱਤੀ ਆਮਦ ਤੇ ਗੁਰਭਜਨ ਗਿੱਲ ਨੂੰ ਵਧਾਈ ਦਿੰਦੀ ਹਾਂ ਤੇ ਨਾਲ ਹੀ ਇਹ ਆਸ ਕਰਦੀ ਹਾਂ ਕਿ ਉਹਨਾਂ ਦੀ ਕਲਮ ਇਸੇ ਤਰ੍ਹਾਂ ਹੀ ਸਮਾਜਕ ਕੁਰੀਤੀਆਂ ਤੇ ਸਭਿਆਚਾਰਕ ਸੰਜੀਦਗੀਆਂ ਪ੍ਰਤੀ ਸ਼ਬਦ ਸੰਸਾਰ ਨਾਲ ਜੁੜਦਿਆਂ ਪਾਠਕ ਵਰਗ ਦੇ ਦਿਲਾਂ ਤੱਕ ਦਸਤਕ ਦੇਂਦੀ ਰਹੇਗੀ । ਆਮੀਨ !

ਹਰਿੰਦਰ ਕੌਰ ਸੋਹਲ (ਡਾ.)
ਪੰਜਾਬੀ ਅਧਿਐਨ ਸਕੂਲ,
ਗੁਰੂ ਨਾਨਕ ਦੇਵ ਯੂਨੀਵਰਸਿਟੀ,
ਅੰਮ੍ਰਿਤਸਰ

  • ਮੁੱਖ ਪੰਨਾ : ਕਾਵਿ ਰਚਨਾਵਾਂ, ਗੁਰਭਜਨ ਗਿੱਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ