Sandhoordani (Rubai Sangreh) : Gurbhajan Gill

ਸੰਧੂਰਦਾਨੀ (ਰੁਬਾਈ ਸੰਗ੍ਰਹਿ) : ਗੁਰਭਜਨ ਗਿੱਲ




ਸੰਧੂਰਦਾਨੀ (ਰੁਬਾਈ ਸੰਗ੍ਰਹਿ): ਗੁਰਭਜਨ ਗਿੱਲ

ਤੇਰੀ ਮੇਰੀ ਰੂਹ ਦਾ ਚੰਬਾ ਖਿੜ ਕੇ ਜੱਗ ਮਹਿਕਾ ਸਕਦਾ ਹੈ। ਧਰਤੀ ਬੁੱਕਲ ਬਣ ਸਕਦੀ ਹੈ, ਸੂਰਜ ਨੇੜੇ ਆ ਸਕਦਾ ਹੈ। ਪੀਂਘ ਪਈ ਅਸਮਾਨੀ ਵਿਚਲੇ ਸੱਤੇ ਰੰਗ ਮੁਸਕਾਨ ਚ ਭਰ ਲੈ, ਕੋਸ਼ਿਸ਼ ਕਰਕੇ ਵੇਖ ਜ਼ਰਾ ਤੂੰ, ਇਹ ਪਲ ਜੀਣ ਸਿਖਾ ਸਕਦਾ ਹੈ। *** ਇਹ ਵਰਕਾ ਤੂੰ ਕਿੱਥੋਂ ਪੜ੍ਹਿਆ ,ਹਰ ਵੇਲੇ ਹੀ ਝੁਰਦੇ ਰਹਿਣਾ। ਸਾਬਣ ਦੀ ਚਾਕੀ ਦੇ ਵਾਂਗੂੰ, ਕਿਣ ਮਿਣ ਥੱਲੇ ਖ਼ੁਰਦੇ ਰਹਿਣਾ। ਸਾਬਤ ਸਿਦਕ ਸਰੂਪ ਸੁਤੰਤਰ ਸਿਰੜ ਸਮਰਪਣ ਸਾਂਭ ਲਵੇਂ ਜੇ, ਮੰਜ਼ਿਲ ਨੇੜੇ ਆ ਜਾ ਜਾਵੇਗੀ, ਭੁੱਲੇਂ ਨਾ ਜੇ ਤੁਰਦੇ ਰਹਿਣਾ। *** ਹਰ ਬੰਦੇ ਨੂੰ ਸਫ਼ਰ ਉਡੀਕੇ, ਤੁਰ ਪਓ ਹਿੰਮਤ ਨਾਲ। ਬੈਠੇ ਬੈਠੇ ਲੰਘ ਜਾਣੇ ਨੇ, ਦਿਵਸ, ਮਹੀਨੇ ਸਾਲ। ਕਿਹੜਾ ਰੱਖਦੈ ਜੇਬ ਚ ਪਹਿਲਾਂ ਮੰਜ਼ਿਲ ਦਾ ਸਿਰਨਾਵਾਂ, ਬਹੁਤੀ ਵਾਰੀ ਸਮਝ ਪਵੇ ਨਾ ਸਾਨੂੰ ਸਰਲ ਸਵਾਲ। *** ਅਸਲ ਕਲਾ ਤਾਂ ਇਹ ਹੈ ਮਿੱਤਰੋ ਅੱਖਾਂ ਚੋਂ ਅਣਲਿਖਿਆ ਪੜ੍ਹੀਏ। ਜਿਉਂ ਫੁੱਲਾਂ ਵਿੱਚ ਰੰਗ ਖੁਸ਼ਬੋਈ, ਇੱਕ ਦੂਜੇ ਦੇ ਸਾਹੀਂ ਵੜੀਏ। ਏਸ ਕਲਾ ਦੇ ਜਾਨਣਹਾਰੇ ਵਿਰਲੇ ਨੇਤਰ ਧਰਤੀ ਉੱਤੇ, ਦਿਲ ਮੁੰਦਰੀ ਵਿੱਚ ਮੋਹ ਦੇ ਨਗ ਨੂੰ ਨਾਮ ਧਰੇ ਬਿਨ ਥਾਂ ਸਿਰ ਜੜੀਏ। *** ਬੱਚਿਆਂ ਦੇ ਮੱਥੇ ਦਾ ਸੂਰਜ ਚਾਨਣ ਸਦਾ ਬਿਖ਼ੇਰੇ। ਕੁੱਲ ਦੁਨੀਆਂ ਦਾ ਨ੍ਹੇਰਾ ਬਿਣਸੇ, ਰੌਸ਼ਨ ਚਾਰ ਚੁਫ਼ੇਰੇ। ਆਸ ਅਤੇ ਅਰਦਾਸ ਮੇਰੀ ਰੱਬ ਆਪ ਕਰੇਗਾ ਪੂਰੀ, ਪੈਰ ਇਨ੍ਹਾਂ ਦੇ ਮੰਜ਼ਿਲ ਚੁੰਮਣ, ਹਰ ਪਲ ਕਦਮ ਅਗੇਰੇ। *** ਮਨ ਦੇ ਟਿੱਲੇ ਸੁਪਨੇ ਜੋਗੀ ਸ਼ਾਮੀਂ ਅਕਸਰ ਆ ਜਾਂਦੇ ਨੇ। ਬਿਰਧ ਬਿਰਖ ਦੀ ਸੁਣ ਜਾਂਦੇ ਤੇ ਆਪਣੀ ਬਾਤ ਸੁਣਾ ਜਾਂਦੇ ਨੇ। ਦਿਲ ਦਿਲਗੀਰ ਨੂੰ ਢਾਰਸ ਮਿਲਦੀ ਰੂਹ ਦੀਆਂ ਤਾਰਾਂ ਸੁਰ ਹੋ ਜਾਵਣ, ਤਾਰਿਆਂ ਵੇਲੇ ਚੰਨ ਤੇ ਤਾਰੇ ਮਿਲਣ ਗਿਲਣ ਜਦ ਆ ਜਾਂਦੇ ਨੇ। *** ਮੰਡੀ ਵਿੱਚੋਂ ਹਰ ਸ਼ੈ ਲੱਭਦੀ ਨਾ ਬਾਬਲ ਨਾ ਮਾਂ ਮਿਲਦੀ ਹੈ। ਰਿਸ਼ਤਿਆਂ ਦੇ ਜੰਗਲ ਚੋਂ ਲੱਭੋ, ਕਿੱਥੇ ਐਸੀ ਛਾਂ ਮਿਲਦੀ ਹੈ। ਮਾਪੇ ਜਾਣ ਤੋਂ ਬਾਅਦ ਏਸ ਦੀ ਕੀਮਤ ਦਾ ਅਹਿਸਾਸ ਜਾਗਦਾ, ਤਖ਼ਤਪੋਸ਼ ਬੇ ਰੌਣਕ ਸੁੰਨੀ ਮੰਜੀ ਵਾਲੀ ਥਾਂ ਦਿਸਦੀ ਹੈ। *** ਰਾਜਗੁਰੂ, ਸੁਖਦੇਵ, ਭਗਤ ਸਿੰਘ ਤਿੰਨ ਫੁੱਲ ਸੁਰਖ਼ ਗੁਲਾਬ ਜਹੇ ਨੇ। ਇੱਕ ਮੌਸਮ ਵਿੱਚ ਉਗਮੇ, ਪੱਲ੍ਹਰੇ ਸਭ ਅਣਖ਼ੀਲੇ ਖ਼ਵਾਬ ਜਹੇ ਨੇ। ਗੁਲਦਸਤੇ ਚੋਂ ਮਨਮਤੀਏ ਕਿਓਂ ਆਪਣੇ ਰੰਗ ਨਿਖੇੜ ਰਹੇ ਜੀ, ਇਹ ਤਾਂ ਪੰਜ ਦਰਿਆਈ ਸੁਪਨੇ, ਸਾਬਤ ਦੇਸ ਪੰਜਾਬ ਜਹੇ ਨੇ। *** ਭਗਤ ਸਿੰਘ ਜੂਝਦੀ ਹੋਈ ਜ਼ਿੰਦਗੀ ਦਾ ਨਾਮ ਹੈ ਯਾਰੋ। ਇਹ ਤਖ਼ਤੇ ਫਾਂਸੀਆਂ ਰੱਸੇ,ਜ਼ੁਲਮ ਦੀ ਸ਼ਾਮ ਹੈ ਯਾਰੋ। ਉਹਦੀ ਬਾਰਾਤ ਵਿੱਚ ਸਰਬਾਲਿਆਂ ਦਾ ਇੱਕ ਜੋੜਾ ਸੀ, ਛਬੀਲੇ ਰਾਜਗੁਰ ਸੁਖਦੇਵ ਸੁਣ ਲਓ ਨਾਮ ਸੀ ਯਾਰੋ। *** ਅਸੀਂ ਤੇ ਯਾਰੋ ਓਸ ਗੁਰੂ ਦੇ ਜਨਮ ਜ਼ਾਤ ਹਾਂ ਚੇਲੇ। ਜਿਸ ਨੇ ਦੱਸਿਆ ਧਨ ਤੇ ਦੌਲਤ ਸਿਰਫ਼ ਮਿੱਟੀ ਦੇ ਢੇਲੇ। ਅਸਲੀ ਦੌਲਤ ਪਿਆਰ ਮੁਹੱਬਤ ਦਰਦ ਕਿਸੇ ਦਾ ਜਾਣੋ, ਪੈਰੀਂ ਹੱਥ ਕਦੇ ਨਾ ਲਾਈਏ, ਦਿਲ ਮਿਲਿਆਂ ਦੇ ਮੇਲੇ। *** ਸੂਰਮਿਆਂ ਦੀ ਨਾ ਵੱਖ ਬਸਤੀ, ਨਾ ਹੀ ਵੱਖਰਾ ਰਹਿਣਾ। ਨਬਜ਼ ਸਮੇਂ ਦੀ ਫੜ ਕੇ ਦੱਸਦੇ, ਹੁਣ ਹੈ ਵਕਤ ਕੁਲਹਿਣਾ। ਸੀਸ ਤਲੀ ਤੇ ਧਰਨ ਸੂਰਮੇ ਸਾਨੂੰ ਵੀ ਸਮਝਾਉਂਦੇ, ਫ਼ਰਜ਼ ਨਿਭਾਓ, ਗਰਜ਼ਾਂ ਲਈ ਨਾ ਬਾਰ ਪਰਾਏ ਬਹਿਣਾ। *** ਸੌ ਹੱਥ ਰੱਸਾ ਗੰਢ ਸਿਰੇ ਤੇ ਸੌ ਦੀ ਇੱਕ ਸੁਣਾਵਾਂ। ਏਥੋਂ ਤੀਕ ਲਿਆਂਦਾ ਮੈਨੂੰ, ਮਾਪਿਆਂ ,ਭੈਣ ਭਰਾਵਾਂ। ਗੁਰ ਪੀਰਾਂ, ਉਸਤਾਦਾਂ ਚੰਡਿਆ, ਗੁੰਨ੍ਹ ਘੜ ਆਵੇ ਪਾਇਆ, ਮਿੱਟੀ ਤੋਂ ਮੈਂ ਬਰਤਨ ਬਣਿਆ, ਤਾਂਹੀਂਓ ਸੇਵ ਕਮਾਵਾਂ। *** ਛਿਪ ਗਿਆ ਸੂਰਜ ਹਨ੍ਹੇਰਾ ਕਰ ਗਿਆ। ਵਕਤ ਥੋੜਾ ਬਹੁਤ ਪੈਂਡਾ ਕਰ ਗਿਆ। ਚਮਕਿਆ ,ਕੁਝ ਇਸ ਤਰ੍ਹਾਂ, ਮੈਂ ਕੀ ਕਹਾਂ, ਤੁਰ ਗਿਐ ਤਾਂ ਧਰਤ ਸੁੰਨੀ ਕਰ ਗਿਆ। *** ਸੂਰਜ ਦੀ ਲਿਸ਼ਕੋਰ ਜਹੇ ਸੀ, ਨਹੀਂ ਭੁੱਲਦੇ ਉਹ ਸੱਜਣ ਪਿਆਰੇ। ਇੱਕ ਪਲ ਦੇ ਝਲਕਾਰੇ ਬਦਲੇ, ਦੇ ਗਏ ਲੱਖਾਂ ਦਰਦ ਉਧਾਰੇ। ਲੌਂਗ ਲਾਚੀਆਂ ਵਰਗੀ ਖ਼ੁਸ਼ਬੂ,ਜੋ ਦੇ ਗਏ ਉਹ ਮਹਿਕ ਰਹੀ ਹੈ, ਰਾਤ ਪਈ ਤੇ ਸਗਲ ਸਨੇਹੀ ,ਅੰਬਰ ਦੇ ਵਿੱਚ ਬਣ ਗਏ ਤਾਰੇ। *** ਜ਼ਿੰਦਗੀ ਦੇ ਅਰਥਾਂ ਦਾ ਲੇਖਾ, ਹੋਰ ਕਿਸੇ ਤੇਂ ਕਿਉਂ ਕਰਵਾਉ। ਹਿੰਮਤ ਕਰਕੇ ਮੀਤ ਪਿਆਰੇ ਆਪੇ ਆਪਣੇ ਨੇੜੇ ਆਉ। ਇੱਕ ਇੱਕ ਕਦਮ ਹਿਸਾਬ ਦਏਗਾ, ਕੀ ਖੱਟਿਆ ਤੇ ਕਿਵੇਂ ਗਵਾਚਾ, ਆਪਣੀ ਕੁੱਲ ਹਯਾਤੀ ਏਦਾਂ ਵਰਕਾ ਵਰਕਾ ਪੜ੍ਹਦੇ ਜਾਓ। *** ਕਿਓਂ ਭੁੱਲਦੇ ਹੋ ਮਹਿੰਗਿਓ ਯਾਰੋ!ਜ਼ਿੰਦਗੀ ਕਰੜਾ ਇਮਤਿਹਾਨ ਹੈ। ਹਿੰਮਤ ਦੀ ਬਾਰੀਕ ਲੀਕ ਇੱਕ, ਹਾਰ ਤੇ ਜਿੱਤ ਦੇ ਦਰਮਿਆਨ ਹੈ। ਰੀਸ ਬਰੀਸੀ ਮਰ ਚੱਲੇ ਹੋ ਨਕਲਚੀਓ, ਕਮਅਕਲੇ ਬੰਦਿਓ, ਹਰ ਬੰਦੇ ਦਾ ਵੱਖਰਾ ਪਰਚਾ,ਜੋ ਸਮਝੇ ਓਹੀ ਇਨਸਾਨ ਹੈ। *** ਜੇ ਜਿੱਤਣੈਂ ਜੰਗ, ਮਨ ਦੇ ਅੰਦਰ ਪਹਿਲਾਂ ਪੱਕਾ ਨਿਸ਼ਚਾ ਧਾਰੋ। ਭਟਕਣ ਛੱਡਿਆਂ, ਮੰਜ਼ਿਲ ਨੇੜੇ ,ਆ ਜਾਂਦੀ ਹੈ ਬਰਖੁਰਦਾਰੋ। ਤੇਰੇ ਮੇਰੇ ਸਭ ਦੇ ਬਾਬਲ, ਬਿਨਾ ਕਿਤਾਬੋਂ ਇਹ ਕਹਿੰਦੇ ਸੀ, ਧਰਮਸਾਲ ਵਿੱਚ ਮਗਰੋਂ, ਪਹਿਲਾਂ, ਮਨ ਮੰਦਰ ਵਿੱਚ ਝਾਤੀ ਮਾਰੋ। *** ਬੈਠ ,ਉਡੀਕ ਕਰੀ ਜਾਹ ਮੇਰੀ, ਵਕਤ ਕਦੇ ਵੀ ਇਹ ਨਹੀਂ ਕਹਿੰਦਾ। ਵੇਖ ਲਿਆ ਕਰ ਸ਼ਾਮ ਸਵੇਰੇ, ਸੂਰਜ ਕਿੱਸਰਾਂ ਚੜ੍ਹਦਾ ਲਹਿੰਦਾ। ਤੂੰ ਦਰਿਆਵਾਂ ਦਾ ਪੁੱਤ ਬਾਂਕਾ, ਕਿਉਂ ਬੈਠਾ ਏਂ ਢੇਰੀ ਢਾਹ ਕੇ, ਰੁਕਿਆ ਪਾਣੀ ਬੁੱਸ ਜਾਂਦਾ ਹੈ, ਵਰਤਣ ਦੇ ਕਾਬਿਲ ਨਹੀਂ ਰਹਿੰਦਾ। *** ਸੌ ਹੱਥ ਰੱਸਾ ਗੰਢ ਸਿਰੇ ਤੇ ਮੇਰੀ ਇਹ ਗੱਲ ਪੱਲੇ ਬੰਨ੍ਹੋ। ਬਾਹਰ ਨਹੀਂ ,ਵੈਰੀ ਤਾਂ ਅੰਦਰ, ਆਪ ਪਛਾਣੋ ਤੇ ਫਿਰ ਮੰਨੋ। ਲਾਲਚ, ਹੈਂਕੜ,ਨਫ਼ਰਤ ਚੌਥਾ ਬਿਨ ਅਗਨੀ ਤੋਂ ਕੁੜ੍ਹਦੇ ਰਹਿਣਾ, ਮਾਂ ਕਹਿੰਦੀ ਸੀ, ਸੁਖ ਹੀ ਸੁਖ ਹੈ, ਜੇ ਏਨੀ ਗੱਲ ਸਮਝੋ ਚੰਨੋ। *** ਧਰਤੀ ਉੱਪਰ ਸਭ ਤੋਂ ਮਹਿੰਗੀ ਬੱਚਿਆਂ ਦੀ ਕਿਲਕਾਰੀ। ਮੁੱਲ ਤਾਰਿਆਂ ਮਿਲਦੀ ਨਹੀਂਓਂ, ਨਾ ਹੀ ਮਿਲੇ ਉਧਾਰੀ। ਧਰਤੀ , ਧਰਮ, ਧਰੇਕਾਂ , ਧੀਆਂ, ਅੰਬਰ ਥੱਲੇ ਥੰਮੀਆਂ, ਇਹ ਹੀ ਸਬਕ ਪੜ੍ਹਾਵੇ, ਪੜ੍ਹ ਲਉ ਧੀ ਮੁਸਕਾਨ ਪਿਆਰੀ। *** ਯਾਦ ਤੇਰੀ ਦੀ ਗੰਧ ਕਥੂਰੀ ਦਿਲ ਦੇ ਤਾਰ ਹਿਲਾ ਜਾਂਦੀ ਹੈ। ਸ਼ਬਦਾਂ ਦੀ ਸਤਰੰਗੀ ਲੀਲ੍ਹਾ, ਬੁੱਤ ਨੂੰ ਬੋਲਣ ਲਾ ਜਾਂਦੀ ਹੈ। ਸੱਚ ਪੁੱਛੇਂ ਤਾਂ ਰੂਹ ਨਸ਼ਿਆਵੇ,ਜਦ ਵੀ ਉਹ ਪਲ ਚੇਤੇ ਆਵੇ, ਤੂੰ ਭਾਵੇਂ ਮੁੜ ਫੇਰ ਮਿਲੀ ਨਾ, ਯਾਦ ਤੇਰੀ ਤਾਂ ਆ ਜਾਂਦੀ ਹੈ। *** ਪਲਕਾਂ ਓਹਲੇ ਤਲਖ਼ ਸਮੁੰਦਰ ਅੱਥਰੂ ਬਣ ਕੇ ਵਹਿ ਜਾਵਣ ਦੇ। ਦਿਲ ਨੂੰ ਏਨਾ ਬੰਨ੍ਹਣਾ ਮਾੜਾ, ਮੂੰਹ ਵਿੱਚ ਆਈ ਕਹਿ ਜਾਵਣ ਦੇ। ਕੀ ਦੱਸਾਂ ਤੇ ਕੀਕੂੰ ਦੱਸਾਂ ਤੜਪਦੀਆਂ ਨੇ ਮਨ ਵਿੱਚ ਲਹਿਰਾਂ, ਨਾ ਲਿਸ਼ਕੋਰ ਤੂੰ ਨੂਰੀ ਮੁੱਖੜਾ ਸ਼ੀਸ਼ੇ ਸਨਮੁਖ ਬਹਿ ਜਾਵਣ ਦੇ। *** ਕਹਿਰ ਖ਼ੁਦਾਈ ਵੇਖੋ ਸੂਰਜ 'ਨ੍ਹੇਰੇ ਦੀ ਸਾਜ਼ਿਸ਼ ਵਿਚ ਰਲਿਆ। ਪੁੱਠਾ ਤਵਾ ਕਲੂਟਾ ਕਾਲਾ, ਆਪੇ ਆਪਣੇ ਮੂੰਹ ਤੇ ਮਲਿਆ। ਦੱਸੋ ਜੀ, ਵਿਸ਼ਵਾਸ ਭਲਾ ਹੁਣ, ਕਿੱਥੇ ਕਿਸ ਤੇ ਕਰ ਲਏ ਬੰਦਾ, ਜਿਹੜਾ ਭਾਂਡਾ ਅੰਦਰੋਂ ਤੱਕਿਆ, ਓਸੇ ਦਾ ਹੀ ਥੱਲਾ ਗਲ਼ਿਆ। *** ਚੋਰ ਲੁਟੇਰੇ ਡਾਕੂ ਰਾਖੇ,ਧਰਮ ਕਰਮ ਦੀ ਧਰਤੀ ਉੱਤੇ। ਮਾਲ ਖ਼ਜ਼ਾਨੇ ਵਾਲੇ ਮਾਲਕ,ਨਸ਼ਿਆਂ ਅੰਦਰ ਨੀਂਦ ਵਿਗੁੱਤੇ, ਵਕਤ ਬੜਾ ਬੇਰਹਿਮ ਲ਼ਿਖਾਰੀ, ਨੀਝ ਲਗਾ ਕੇ ਵੇਖ ਰਿਹਾ ਏ, ਲਗਰਾਂ ਕੌਣ ਮਰੋੜੇ, ਚਾਹੇ, ਖਿੜਨ ਗੁਲਾਬ ਨਾ ਜੋਬਨ ਰੁੱਤੇ। *** ਆਪੇ ਆਪਣੇ ਵੈਰੀ ਬਣ ਗਏ,ਸਾਡਾ ਦੁਸ਼ਮਣ ਬਾਹਰ ਨਾ ਕੋਈ। ਧਰਮ ਧੁਰੇ ਤੋਂ ਲਾਹ ਕੇ ਆਪਾਂ, ਨੱਚ ਰਹੇ ਹਾਂ ਲਾਹ ਕੇ ਲੋਈ। ਅਮਰ ਵੇਲ ਦੀ ਆਪਣੀ ਜੜ੍ਹ ਤਾਂ ਨਾ ਧਰਤੀ ਨਾ ਅੰਬਰੀਂ ਹੋਵੇ, ਪੱਤ ਹਰਿਆਲੇ ਬਿਰਖ਼ ਸੁਕਾਵੇ, ਆਪਣਾ ਜਿਸ ਦਾ ਬੀਜ ਨਾ ਕੋਈ। *** ਮਨ ਦਾ ਮੋਰ ਉਦਾਸ ਖੜ੍ਹਾ ਹੈ, ਉੱਖੜੇ ਸੁਰ ਤੇ ਸਾਜ਼ ਵਜੱਈਆ। ਤਪਦੀ ਲੂਅ ਤਨ ਮਨੂਆ ਸਾੜੇ,ਇੱਕੋ ਜਹੀ ਪੱਛੋਂ ਪੁਰਵੱਈਆ। ਧਰਤੀ ਮਾਂ ,ਰੰਗਲੀ ਫੁਲਕਾਰੀ ਇੱਕੋ ਰੰਗ ਵਿੱਚ ਡੁੱਬ ਚੱਲੀ ਹੈ, ਚੁਸਤ ਵਪਾਰੀ ਬਣੇ ਲਲਾਰੀ,ਬਣਿਆ ਸਭ ਦਾ ਬਾਪ ਰੁਪਈਆ। *** ਸਾਲ ਦੇ ਤਿੰਨ ਸੌ ਪੈਂਠ ਦਿਨਾਂ ਚੋਂ ਚਿੜੀਆਂ ਲਈ ਦਿਨ ਰਾਖਵਾਂ ਰੱਖਣਾ। ਇਹ ਫੋਕੀ ਹਮਦਰਦੀ ਤੋਂ ਵੱਧ ,ਹੋਰ ਨਹੀਂ ਕੁਝ ਵੀ ਚੰਨ ਮੱਖਣਾ। ਧਰਤੀ ,ਪਾਣੀ ,ਬਿਰਖ ਬਰੂਟੇ, ਹਾਉਕੇ ਭਰ ਭਰ ਤੜਪ ਰਹੇ ਨੇ, ਜੇ ਨਾ ਰਲ ਇਹ ਪੂੰਜੀ ਸਾਂਭੀ,ਹੋ ਜਾਵੇਗਾ ਦਰ ਘਰ ਸੱਖਣਾ। *** ਬੱਚਿਆਂ ਦੇ ਮਨ ਅੰਦਰ ਕੀ ਹੈ,ਅਨਪੜ੍ਹ ਮਾਂ ਵੀ ਪੜ੍ਹ ਲੈਂਦੀ ਹੈ। ਅੱਖੀਆਂ ਵਾਲੀ ਖ਼ੁਰਦਬੀਨ ਸੰਗ ਰੂਹ ਦੀ ਚੋਰੀ ਫੜ ਲੈਂਦੀ ਹੈ। ਬਾਬਲ ਝਿੜਕੇ ਤੜਫਣ ਲੱਗਦੀ, ਕੰਬਦੀ ਧਰਤ ਭੂਚਾਲ ਦੇ ਵਾਂਗੂੰ, ਬੱਚਿਆਂ ਖ਼ਾਤਰ , ਸੁੱਚੜੀ ਰੂਹ ਵੀ ਸਗਲ ਬਹਾਨੇ ਘੜ ਲੈਂਦੀ ਹੈ। *** ਆਪਣੀ ਮੂਰਤ ਆਪੇ ਖਿੱਚ ਕੇ ਆਪੇ ਆਪਣਾ ਆਪ ਨਿਹਾਰੋ। ਕਿੰਨੇ 'ਕੱਲ੍ਹੇ ਹੋ ਚੱਲੇ ਓ, ਸੈਲਫੀ ਲੈਂਦੇ ਬਰਖੁਰਦਾਰੋ। ਇੱਕ ਦੂਜੇ ਦਾ ਬਣੋ ਸਹਾਰਾ,ਏਦਾਂ ਉੱਸਰੇ ਭਾਈਚਾਰਾ, ਜੇ ਮਨ ਲੱਗੇ ਸੌਣ ਤੋਂ ਪਹਿਲਾਂ ਰਾਤੀਂ ਮੇਰਾ ਫ਼ਿਕਰ ਵਿਚਾਰੋ। *** ਪੱਤੀਆਂ ਸੁਰਖ਼ ਗੁਲਾਬ ਦੀਆਂ ਦੇ,ਕਿਓਂ ਲਾਏ ਨੇ ਹੋਠੀਂ ਜੰਦਰੇ। ਮਰ ਨਾ ਜਾਣ ਮਾਸੂਮ ਪਰਿੰਦੇ ਰੀਝਾਂ, ਚਾਅ ਸਾਹ ਘੁੱਟ ਕੇ ਅੰਦਰੇ। ਤੂੰ ਭੁੱਲੇਂ, ਸੌ ਵਾਰੀ ਭੁੱਲ ਜਾ, ਉਸ ਮਹਿਕੰਦੜੀ ਮੁਲਾਕਾਤ ਨੂੰ, ਜਗਦੀ ਰੱਖਾਂ ਜੋਤ ਵਾਂਗਰਾਂ,ਯਾਦ ਤੇਰੀ ਮੈਂ ਦਿਲ ਦੇ ਮੰਦਰੇ। *** ਉਮਰ ਗੁਜ਼ਾਰੀ ਆਪਣੀ ਸਾਰੀ ਦੋਚਿੱਤੀ ਨੂੰ ਮਾਰਦਿਆਂ। ਅਗਨ ਸਫ਼ੇ ਦੇ ਸਾਗਰ ਉੱਤੇ ਕਾਗ਼ਜ਼ ਬੇੜੀ ਤਾਰਦਿਆਂ। ਸਮਝ ਪਵੇ ਨਾ ਅੱਜ ਤੀਕਰ ਵੀ ਕੀ ਖੱਟਿਆ ਕੀ ਵੱਟਿਆ ਏ, ਜੀਵਨ ਪੂੰਜੀ ਖ਼ਰਚ ਰਿਹਾ ਹਾਂ, ਸੱਚ ਦੇ ਸਿਰ ਤੋਂ ਵਾਰਦਿਆਂ। *** ਕਿੱਥੋਂ ਆਏ ਕਿੱਧਰ ਚੱਲੇ ਇਲਮ ਨਹੀਂ ਇਸ ਗੱਲ ਦਾ। ਅੱਜ ਦਾ ਰੋਜ਼ ਖਿਸਕਿਆ ਹੱਥੋਂ, ਪਤਾ ਨਹੀਂ ਕੁਝ ਕੱਲ੍ਹ ਦਾ। ਚਾਨਣੀਆਂ ਵਿੱਚ ਤੁਰਿਆਂ ਤੁਰਿਆ ਮਗਰ ਸਦਾ ਪਰਛਾਵਾਂ, ਰਾਤ ਪਈ ਤੇ ਭਲਿਆ ਲੋਕਾ ਕੌਣ ਕਿਸੇ ਸੰਗ ਚੱਲਦਾ। *** ਜਾਨ ਤੋਂ ਪਿਆਰੇ ਜੇ ਨਾ ਮਾਨਣ ,ਖੁਸ਼ੀਆਂ ਜਾਣ ਕਰੰਡੀਆਂ। ਮੋਹ ਦੇ ਪਾਣੀ ਬਾਝੋਂ ਤਰਸਣ, ਸੁਰਖ਼ ਫੁੱਲਾਂ ਦੀਆਂ ਡੰਡੀਆਂ। ਪਰ ਜੇ ਸੱਤ ਬੇਗਾਨਾ ਕੋਈ, ਮੀਂਹ ਮੁਸਕਾਨ ਤਰੌਂਕੇ , ਰੂਹ ਵਿੱਚ ਵਗਦਾ ਹੈ ਪੁਰਵੱਈਆ, ਮਹਿਕਦੀਆਂ ਪਗਡੰਡੀਆਂ। *** ਬੰਦਾ ਹੈ ਬੰਦੇ ਦਾ ਦਾਰੂ ਬੁਰੇ ਵਕਤ ਸਮਝਾਇਆ। ਸੁਖ ਵੇਲੇ ਤਾਂ ਪੜ੍ਹ ਨਾ ਸਕਿਆ ਗੁੰਝਲਦਾਰੀ ਮਾਇਆ। ਕੁਰਸੀ, ਪਦਵੀ, ਮਾਣ ਮਰਤਬਾ,ਖੰਭ ਉਡਾਵਣ ਉੱਚਾ, ਆਪਣੀ ਹਸਤੀ ਓਦੋਂ ਜਾਣੀ, ਜਦ ਧਰਤੀ ਤੇ ਆਇਆ। *** ਧਰਤੀ ਦੀ ਬੁੱਕਲ ਵਿੱਚ ਸੋਨਾ,ਚਾਂਦੀ ਹੀਰੇ ਲੁਕੇ ਖ਼ਜ਼ਾਨੇ। ਸਾਗਰ ਦੀ ਤਹਿ ਹੇਠ ਪਏ ਸੀ ,ਮਾਣਕ ਮੋਤੀ ਲੱਖ ਨਜ਼ਰਾਨੇ। ਇਹ ਸਾਰਾ ਕੁਝ ਹਾਸਲ ਕਰਕੇ, ਭੁੱਖਿਆ ਤੂੰ ਭੁੱਖੇ ਦਾ ਭੁੱਖਾ, ਮਨ ਦਾ ਚੈਨ ਤੇ ਖੁਸ਼ੀਆਂ ਖੇੜੇ, ਤਾਹੀਂਓਂ ਤੈਥੋਂ ਬਣੇ ਬੇਗਾਨੇ। *** ਖ਼ਬਰਦਾਰ ! ਦਰਵਾਜ਼ੇ ਉੱਪਰ ਲਿਖਿਆ ਕੁੱਤੇ ਵੱਢਦੇ। ਪਤਾ ਨਹੀਂ ਕਿਉਂ ਮਹਿਲਾਂ ਵਾਲੇ ਇਹ ਆਦਤ ਨਹੀਂ ਛੱਡਦੇ। ਉੱਚੀਆਂ ਕੰਧਾਂ ਉੱਪਰ ਸ਼ੀਸ਼ਾ ਕਿਰਚਾਂ ਵਾਂਗੂੰ ਜੜਿਆ, ਧਨਵੰਤੇ ਨੇ ਬੜੇ ਡਰਾਕਲ, ਮਨ ' ਚੋਂ ਭੈਅ ਨਹੀਂ ਕੱਢਦੇ। *** ਵਧੀਆ ਗੱਲ ਹੈ ਪੱਗ ਤਾਂ ਹੋਵੇ, ਪਰ ਉਸ ਥੱਲੇ ਸਿਰ ਵੀ ਹੋਵੇ। ਦੀਨ ਦੁਨੀ ਦਾ ਰਾਖੀ ਕਰਦਾ,ਨਾਧਿਰਿਆਂ ਦੀ ਧਿਰ ਵੀ ਹੋਵੇ। ਕਿੰਨਾ ਹੋਰ ਉਡੀਕੋਗੇ ਜੀ,ਪਟਨੇ ਤੋਂ ਦਸਮੇਸ਼ ਪਿਤਾ ਨੂੰ, ਸਾਡੇ ਲਈ ਪਰਿਵਾਰ ਨੂੰ ਵਾਰੇ, ਉਹ ਸਾਰਾ ਕੁਝ ਫਿਰ ਵੀ ਹੋਵੇ। *** ਗੋਰਖ ਦੇ ਟਿੱਲੇ ਤੇ ਜੋਗੀ ਸ਼ਾਮੀਂ ਅਕਸਰ ਆ ਜਾਂਦੇ ਨੇ। ਬਿਰਧ ਬਿਰਖ ਦੀ ਸੁਣ ਜਾਂਦੇ ਤੇ ਆਪਣੀ ਬਾਤ ਸੁਣਾ ਜਾਂਦੇ ਨੇ। ਦਿਲ ਦਿਲਗੀਰ ਨੂੰ ਢਾਰਸ ਮਿਲਦੀ ਰੂਹ ਦੀਆਂ ਤਾਰਾਂ ਸੁਰ ਹੋ ਜਾਵਣ, ਤਾਰਿਆਂ ਵੇਲੇ ਚੰਨ ਤੇ ਤਾਰੇ ਮਿਲਣ ਗਿਲਣ ਜਦ ਆ ਜਾਂਦੇ ਨੇ। *** ਧੀਆਂ ਦੇ ਮੱਥੇ ਦਾ ਸੂਰਜ ਚਾਨਣ ਸਦਾ ਬਿਖ਼ੇਰੇ। ਕੁੱਲ ਦੁਨੀਆਂ ਦਾ ਨ੍ਹੇਰਾ ਬਿਣਸੇ, ਰੌਸ਼ਨ ਚਾਰ ਚੁਫ਼ੇਰੇ। ਆਸ ਅਤੇ ਅਰਦਾਸ ਇਹ ਮੇਰੀ, ਰੱਬ ਕਰੇਗਾ ਪੂਰੀ, ਪੈਰ ਇਨ੍ਹਾਂ ਦੇ ਮੰਜ਼ਿਲ ਚੁੰਮਣ, ਹਰ ਪਲ ਕਦਮ ਅਗੇਰੇ। *** ਸ਼ਬਦ ਜਦੋਂ ਸੰਗ ਸਾਥ ਨਾ ਰਹਿੰਦੇ , ਹਾਉਕਾ ਤੇਰੀ ਬਾਤ ਕਰੇ। ਕੀ ਦੱਸਾਂ ਇਹ ਕੱਲ੍ਹੀ ਜਿੰਦੜੀ, ਏਡਾ ਸਦਮਾ ਕਿਵੇਂ ਜਰੇ। ਪਲਕਾਂ ਅੰਦਰ ਵਿਲਕਣ ਅੱਥਰੂ,ਤਲਖ਼ ਸਮੁੰਦਰ ਖੌਲ ਰਿਹਾ, ਤਪਦੀ ਲੋਹ ਤੇ ਜਲ ਕਣ ਜੀਕੂੰ ਤੜਫ਼ ਤੜਫ਼ ਕੇ ਪੈਰ ਧਰੇ। *** ਅੰਕੜਿਆਂ ਦੀ ਚਕਾਚੌਂਧ ਵਿੱਚ,ਬੰਦਾ ਕਿਤੇ ਗੁਆਚ ਗਿਆ ਹੈ। ਮਨ ਦਾ ਚੈਨ ਵੀ ਏਸੇ ਕਰਕੇ,ਏਥੋਂ ਪੱਤਰਾ ਵਾਚ ਗਿਆ ਹੈ, ਬੇਵਤਨੇ ਮਨ ਕਾਰਨ ਹੁਣ ਤਾਂ, ਚੌਵੀ ਘੰਟੇ ਭੈ ਦਾ ਆਲਮ, ਕਿੰਨੇ ਵਿੱਚ ਮੈਂ ਵਿਕ ਸਕਦਾ ਹਾਂ, ਹਾਕਮ ਮੈਨੂੰ ਜਾਚ ਗਿਆ ਹੈ। *** ਤੁਰਾਂ ਬਰਾਬਰ ਸਹਿਜ ਮਤੇ ਵਿੱਚ, ਤਾਂਹੀਓਂ ਜ਼ਰਾ ਮਲਾਲ ਨਹੀਂ। ਕਿਹੜਾ ਅੱਗੇ ਕਿਹੜਾ ਪਿੱਛੇ ਮਨ ਚਿੱਤ ਵਿੱਚ ਸਵਾਲ ਨਹੀਂ। ਵਕਤ ਬਰਾਬਰ ਤੁਰਦਾ ਮੇਰੇ, ਕਣ ਕਣ ਸੰਦਲੀ ਮਹਿਕ ਜਿਹਾ, ਏਹੀ ਏਦਾਂ ਨਿਭ ਜਾਵੇ ਜੇ, ਰੱਬ ਦੀ ਮੈਨੂੰ ਭਾਲ ਨਹੀਂ। *** ਰੰਗ ਭਰ ਦੇ, ਖ਼ੁਸ਼ਬੋਈ ਭਰ ਦੇ,ਸਾਰਾ ਬਾਗ਼ ਹਵਾਲੇ ਤੇਰੇ। ਸੱਚ ਪੁੱਛੇਂ ਤਾਂ ਮਿਹਨਤ ਕਰਨਾ, ਏਨਾ ਕੰਮ ਹੀ ਹੱਥ ਵੱਸ ਮੇਰੇ। ਤੇਰੀ ਰਹਿਮਤ ਹੋ ਜਾਵੇ ਤਾਂ ਥੋਹਰਾਂ ਤੇ ਵੀ ਫੁੱਲ ਖਿੜਦੇ ਨੇ, ਕਣ ਕਣ ਅੰਦਰ ਨੂਰ ਪਸਾਰਾ, ਜਗਮਗ ਜਗਮਗ ਕਰੇਂ ਚੁਫ਼ੇਰੇ। *** ਜੋਦੜੀਆਂ ਦੇ ਨਾਲ ,ਮੁਸੀਬਤ ,ਉੱਚੇ ਪਰਬਤ ਢਹਿੰਦੇ ਨਹੀਂਓਂ। ਪਰ ਹਾਲਾਤ ਕਦੇ ਵੀ ਮਿੱਤਰਾ ਇੱਕੋ ਜਹੇ ਤਾਂ ਰਹਿੰਦੇ ਨਹੀਂਓਂ। ਆਸ ਉਮੀਦਾਂ ਸਾਨੂੰ ਡੂੰਘੇ ਭਵਸਾਗਰ ਤੋਂ ਪਾਰ ਉਤਾਰਨ, ਸੂਰਜ ਦੀ ਲਿਸ਼ਕੋਰ ਜੇ ਪੱਲੇ, ਗ਼ਮ ਦੇ ਬੱਦਲ ਰਹਿੰਦੇ ਨਹੀਂਓਂ। *** ਸੋਚ ਸਮਝ ਕੇ ਜੀਣ ਜੋਗਿਆ, ਖ਼ੁਸ਼ਬੂ ਨਾਲ ਤੂੰ ਰਿਸ਼ਤਾ ਜੋੜੀਂ। ਮੋਹ ਦੀਆਂ ਤੰਦਾਂ ਨਾਜ਼ਕ ਹੁੰਦੀਆਂ ,ਵੇਖੀਂ ਤੂੰ ਵਿਸ਼ਵਾਸ ਨਾ ਤੋੜੀਂ। ਮਿਲੀਏ ਜਾਂ ਨਾ ਮਿਲੀਏ ਭਾਵੇਂ ,ਏਸ ਜਨਮ ਵਿੱਚ ਫੇਰ ਦੋਬਾਰਾ, ਮੇਰੀ ਰੂਹ ਰੁਸ਼ਨਾਉਣ ਵਾਲਿਆ ,ਵੇਖੀਂ ਕਿਧਰੇ ਕੰਡ ਨਾ ਮੋੜੀਂ। *** ਦਿਸਦਾ ਨਾ ਤੂੰ ਜਿਸ ਦਿਨ ਓਦਣ ਸੂਰਜ ਵੀ ਨਹੀਂ ਚੜ੍ਹਦਾ। ਵਿੱਚ ਹਨ੍ਹੇਰੇ ਦੱਸ ਮੈਂ ਕਿੱਦਾਂ ਲਿਖੀ ਇਬਾਰਤ ਪੜ੍ਹਦਾ। ਯਾਦਾਂ ਦੀ ਦੋਮੂੰਹੀਂ ਨਾਗਣ ਰਹਿ ਰਹਿ ਮੈਨੂੰ ਡੰਗਦੀ ਉਡਣੇ ਪੰਛੀ ਰੂਹ ਦੇ ਅੰਬਰੋਂ, ਦੱਸ ਕਿਸ ਤਰ੍ਹਾਂ ਫੜਦਾ। *** ਆਸ ਦਾ ਸੂਰਜ ਚੜ੍ਹਾਓ ਧਰਤ ਰੌਸ਼ਨ ਕਰ ਦਿਓ। ਹਰ ਬਨੇਰੇ ਦੀਵਿਆਂ ਨੂੰ ਸ਼ਾਮ ਵੇਲੇ ਧਰ ਦਿਓ। ਮੀਲ ਪੱਥਰ ਸਿਰਫ਼ ਪੱਥਰ ਹੋਣ ਤੋਂ ਪਹਿਲਾਂ ਜਨਾਬ, ਮੰਜ਼ਲਾਂ ਤੇ ਪਹੁੰਚ ਕੇ ਇਹ ਕੂਣ ਜੋਗੇ ਕਰ ਦਿਓ। *** ਜੋਤੋਂ ਜੋਤ ਜਗਾਇਆਂ ਮਿੱਤਰੋ, ਕੁਝ ਨਹੀਂ ਘਟਦਾ ਚਾਨਣ ਦਾ। ਰਲ ਮਿਲ ਬੈਠ ਵਿਚਾਰਾਂ ਕਰੀਏ,ਵਕਤ ਹੈ ਫ਼ਰਜ਼ ਪਛਾਨਣ ਦਾ। ਹੱਟੀਆਂ ਅੰਦਰ ਡੱਬੀਆਂ ਵਾਂਗਰ ਵਕਤ ਕਿਤੇ ਨਾ ਚਿਣ ਦੇਵੇ, ਬੰਦ ਗੁਫ਼ਾ ਚੋਂ ਬਾਹਰ ਚੱਲੀਏ,ਪਰਚਮ ਲੈ ਕੇ ਚਾਨਣ ਦਾ। *** ਪਹਿਰੇਦਾਰ ਬਿਨਾ ਦਿਨ ਰਾਤੀਂ, ਕੁੰਡੇ ਜੰਦਰੇ ਖੜਕ ਰਹੇ ਨੇ। ਚੋਰਾਂ ਦੀ ਅੱਖ ਦੇ ਵਿੱਚ ਕੂਕਰ, ਤਾਂਹੀਓਂ ਬਹੁਤੇ ਰੜਕ ਰਹੇ ਨੇ। ਲੜਦੇ ,ਭਿੜਦੇ , ਮਿੱਟੀ ਪੁੱਟਦੇ ਜਿਹੜੇ ਚੋਣ ਜਿਤਾ ਕੇ ਘੱਲੇ, ਖਾਲਮ ਖਾਲੀ ਸੱਖਣੇ ਭਾਂਡੇ, ਝੱਗੋ ਝੱਗ ਹੋ ਬੜ੍ਹਕ ਰਹੇ ਨੇ। *** ਸ਼ਬਦ ਕੋਸ਼ ਵਿੱਚ ਸ਼ਬਦ ਬੜੇ ਨੇ, ਅਰਥਾਂ ਦੀ ਭਰਮਾਰ ਬਰਾਬਰ। ਪਰ ਜ਼ਿੰਦਗੀ ਬੇਅਰਥ ਗੁਜ਼ਰਦੀ, ਹੋਵੇ ਮਾਰੋਮਾਰ ਬਰਾਬਰ। ਆਪਣੇ ਮਨ ਦਾ ਮੈਲ ਕੁਚੈਲਾ, ਸ਼ੀਸ਼ਾ ਵੀ ਹੁਣ ਪੁੱਛਦਾ ਨਹੀਓਂ, ਜਬਰ ਜ਼ੁਲਮ ਨੂੰ ਸਹਿੰਦੇ, ਕਰਦੇ, ਕਿਓਂ ਨਹੀਂ ਪੈਂਦਾ ਭਾਰ ਬਰਾਬਰ। *** ਰਾਤ ਲੰਮੇਰੀ ਮੁੱਕਣੀ ਨਹੀਂਓਂ,ਤੈਨੂੰ ਇਸ ਦਾ ਵਹਿਮ ਕਿਓਂ ਹੈ? ਪੁੱਛਿਆ ਨਾ ਕਰ ਤੇਰੀ ਮੇਰੀ ਰੂਹ ਵਿੱਚ ਏਨਾ ਸਹਿਮ ਕਿਓਂ ਹੈ? ਸੌ ਦੀ ਇੱਕ ਸੁਣਾਵਾਂ ਤੈਨੂੰ, ਤੂੰ ਮੈਂ ਸਾਰੇ ਉੱਖੜੇ ਰਾਹੋਂ, ਫੇਰ ਕਦੇ ਨਾ ਪੁੱਛੀਂ ਮੈਨੂੰ, ਵਕਤ ਭਲਾ ਬੇ ਰਹਿਮ ਕਿਓਂ ਹੈ। *** ਸੋਨੇ ਦੇ ਪਿੰਜਰੇ ਵਿੱਚ ਮਿਲਦੀ ਹਰ ਤੋਤੇ ਨੂੰ ਚੂਰੀ। ਦੱਸਿਆ ਸਬਕ ਸੁਣਾਉਣਾ ਪੈਂਦੈ, ਰੂਹ ਤੋਂ ਰੱਖ ਕੇ ਦੂਰੀ। ਉੱਡਣੇ ਪੁੱਡਣੇ ਬਾਜ਼ਾਂ ਦੇ ਲਈ ਪਿੰਜਰਾ ਨਹੀਂ ਜੀ ਬਣਦਾ, ਸੂਰਜ ਪਾਰ ਉਡਾਣ ਜਿੰਨ੍ਹਾਂ ਦੀ,ਚੋਗਾ ਨਾ ਮਜਬੂਰੀ। *** ਕਿੰਨੇ ਫੁੱਲ ਜ਼ਮੀਨ ਤੇ ਕਿਰ ਗਏ, ਬਿਰਖ਼ ਕਦੇ ਪਛਤਾਉਂਦਾ ਨਹੀਂਓਂ। ਮਾਂ ਦੇ ਕੋਲੋਂ ਲੈਂਦਾ ਦੇਂਦਾ,ਤਾਂ ਹੀ ਤਾਂ ਘਬਰਾਉਂਦਾ ਨਹੀਂਓਂ। ਹਰ ਮੌਸਮ ਵਿੱਚ ਨਵੇਂ ਸ਼ਗੂਫ਼ੇ, ਪੱਤਰ, ਫੁੱਲ , ਫ਼ਲਾਂ ਦੇ ਗੁੱਛੇ, ਸਰਲ ਸਬਕ ਕਿਓਂ ਤੈਨੂੰ ਮੈਨੂੰ, ਸਮਝ ਕਦੇ ਵੀ ਆਉਂਦਾ ਨਹੀਂਓਂ। *** ਤਿੜਕ ਗਏ ਹਾਂ, ਜੁੜ ਸਕਦੇ ਹਾਂ, ਜੇਕਰ ਆਪਾਂ ਦਿਲ ਤੋਂ ਚਾਹੀਏ। ਖ਼ਾਲੀ ਥਾਵਾਂ ਭਰਦੇ ਰਹੀਏ,ਬਹੁਤਾ ਨਾ ਅੰਬਰ ਨੂੰ ਗਾਹੀਏ। ਵੇਖ ਲਿਆ ਕਰ ਸੂਰਜ ਸ਼ਾਮੀਂ,ਚੁੰਮਦਾ ਆ ਕੇ ਧਰਤੀ ਮੱਥਾ, ਮਨ ਤੇ ਪਰਬਤ ਭਾਰ ਪਿਆ ਜੋ, ਆਪਾਂ ਵੀ ਆ ਹੇਠਾਂ ਲਾਹੀਏ। *** ਬਾਂਸ ਦੀ ਪੋਰੀ ਜਿਸ ਨੂੰ ਸਮਝੇਂ ,ਵੰਝਲੀ ਹੈ,ਹੋਠਾਂ ਵਿੱਚ ਧਰ ਲੈ। ਗ਼ਾਫ਼ਿਲ ਬੰਦਿਆ, ਇੱਕ ਸੁਰ ਹੋ ਜਾ ਰਹਿੰਦਾ ਸਫ਼ਰ ਸੁਰੀਲਾ ਕਰ ਲੈ। ਸੁਰ ਤੇ ਕੰਠ ਸੁਮੇਲ ਸਿਰਜ ਲੈ,ਇਹ ਕੰਮ ਵੀਰਾ ਤੇਰੇ ਜ਼ਿੰਮੇ, ਧਰਤ ਗਗਨ ਬ੍ਰਹਿਮੰਡ ਉਡੀਕੇ, ਸਾਰਾ ਜਗਤ ਕਲਾਵੇ ਭਰ ਲੈ। *** ਸਮਝ ਕਿਓਂ ਨਹੀਂ ਪੈਂਦੀ ਤੈਨੂੰ , ਜ਼ਿੰਦਗੀ ਤਾਂ ਅਹਿਸਾਸ ਕਟੋਰਾ। ਦਿਲ ਦੀ ਦੌਲਤ ਖ਼ਰਚ ਲਿਆ ਕਰ, ਕਿਣਕਾ ਕਿਣਕਾ, ਭੋਰਾ ਭੋਰਾ। ਮੁੜ ਆਉਂਦੀ ਹੈ ਜੇਕਰ ਆਪਾਂ ਵੰਡ ਦੇਈਏ ਕਣ ਕਣ ਖ਼ੁਸ਼ਬੋਈ, ਫਿਰ ਕਿਓਂ ਰੱਖੀਏ ਇਹ ਅਣਲਿਖਿਆ, ਦਿਲ ਤਖ਼ਤੀ ਦਾ ਮੱਥਾ ਕੋਰਾ। *** ਸਮਝ ਲਿਆ ਕਰ ਖ਼ੁਸ਼ਬੂ ਜਹੀਏ, ਹਰ ਰਿਸ਼ਤੇ ਦਾ ਨਾਂ ਨਹੀਂ ਹੁੰਦਾ। ਯਾਦ ਕਰਨ ਤੇ ਮਿਲ ਜਾਈਏ ਜਦ, ਇੱਕ ਵੀ ਕਦਮ ਅਗਾਂਹ ਨਹੀਂ ਹੁੰਦਾ। ਧਰਤੀ ਸੂਰਜ ਰੋਜ਼ ਮਿਲਣ ਪਰ ਇਹ ਕੀ ਲੇਖ ਲਿਖਾਏ ਦੋਹਾਂ, ਮੁਲਾਕਾਤ ਲਈ ਅਜ਼ਲਾਂ ਤੋਂ ਹੀ ਕੋਈ ਵੀ ਨਿਸ਼ਚਤ ਥਾਂ ਨਹੀਂ ਹੁੰਦਾ। *** ਯਾਰ ਪਿਆਰੇ ਜਦ ਤੁਰ ਜਾਂਦੇ, ਧਰਤੀ ਸੱਖਣੀ ਕਰ ਜਾਂਦੇ ਨੇ। ਰੂਹ ਦੇ ਛਾਲੇ ਫਿੱਸਦੇ ਮਗਰੋਂ,ਉਸ ਤੋਂ ਪਹਿਲਾਂ ਭਰ ਜਾਂਦੇ ਨੇ। ਅਗਨ ਭੇਟ ਜਿਸਮਾਂ ਨੂੰ ਕਰੀਏ,ਜਲ ਪ੍ਰਵਾਹੀਏ ਫਿਰ ਵੀ ਜ਼ਿੰਦਾ, ਰੂਹ ਦੀ ਨੁੱਕਰੇ ਰੋਜ਼ ਬੋਲਦੇ ,ਕੌਣ ਕਹੇ ਉਹ ਮਰ ਜਾਂਦੇ ਨੇ। *** ਲੋਕ ਵਿਚਾਰੇ ਵਖ਼ਤਾਂ ਮਾਰੇ, ਜਿਉਣ ਵਸੀਲਾ ਟੋਲ ਰਹੇ ਨੇ। ਮਿੱਟੀ ਵਿੱਚੋਂ ਆਪਣੀ ਕਿਸਮਤ ਸਦੀਆਂ ਤੋਂ ਹੀ ਫੋਲ ਰਹੇ ਨੇ। ਸਰਬ ਸਮੇਂ ਦੇ ਚਾਤਰ ਹਾਕਮ ,ਧਰਮ ਕਰਮ ਦਾ ਓਹਲਾ ਕਰਕੇ, ਅੰਨ੍ਹੀ ਰੱਯਤ ਗਿਆਨ ਵਿਹੂਣੀ ਪੈਰਾਂ ਹੇਠ ਮਧੋਲ ਰਹੇ ਨੇ। *** ਕੁਖ ਵਿੱਚ ਕਤਲ ਕਰਾਉਂਦੇ ਕੁੜੀਆਂ, ਚਿੜੀਆਂ ਦੀ ਰਖਵਾਲੀ ਕਰਦੇ। ਕੰਕਰੀਟ ਦੇ ਜੰਗਲ ਅੰਦਰ, ਥਾਂ ਥਾਂ ਫਿਰਨ ਆਲ੍ਹਣੇ ਧਰਦੇ। ਬਿਰਖਾਂ ਦੇ ਮੁੱਢ ਫਿਰਦੀ ਆਰੀ, ਅਜਬ ਤਮਾਸ਼ਾ ਵੇਖ ਰਹੇ ਹਾਂ, ਤਾਂਹੀਓਂ ਦੇਸ ਪੰਜਾਬ ਵਾਲਿਓ, ਕਿਸ਼ਤਾਂ ਦੇ ਵਿੱਚ ਜਾਈਏ ਮਰਦੇ। *** ਪਾਟੀ ਚਿੱਠੀ ਜਦ ਵੀ ਆਵੇ, ਬਿਨ ਪੜ੍ਹਿਆਂ ਤੜਫ਼ਾ ਜਾਂਦੀ ਹੈ। ਮਾਂ ਜਾਇਆਂ ਦੀ ਪੀੜ,ਆਂਦਰਾਂ ਕੱਠੀਆਂ ਕਰ ਸਮਝਾ ਜਾਂਦੀ ਹੈ। ਅੱਖ ਫਰਕਦੀ, ਚਿੱਤ ਖਲਬਲੀ, ਉੱਖੜੇ ਨੀਂਦਰ ਹੋਰ ਬੜਾ ਕੁਝ, ਏਸ ਤਰ੍ਹਾਂ ਹੀ ਤਨ ਦੀ ਮਿੱਟੀ, ਚਿੰਤਾ ਖਾਂਦੀ ਖਾ ਜਾਂਦੀ ਹੈ। *** ਰਾਤ ਬੜਾ ਬੇਚੈਨ ਰਿਹਾਂ ਮੈਂ ,ਮੋਈ ਮਾਂ ਨੂੰ ਚੇਤੇ ਕਰਕੇ। ਸੁਪਨਾ ਟੁੱਟਿਆ, ਜਾਗਣ ਮਗਰੋਂ,ਖੁੱਲ੍ਹ ਕੇ ਰੋਇਆ, ਅੱਖੀਆਂ ਭਰ ਕੇ। ਸਦਾ ਸਿਊਂਤੇ ਰਿਸ਼ਤੇ ਨਾਤੇ, ਮਾਰ ਤਰੋਪੇ ਰਹੀ ਜੋੜਦੀ ਆਪ ਕਦੇ ਵੀ ਸੀ ਨਾ ਕੀਤੀ , ਟੁੱਟਦੀ ਜੁੜਦੀ ਰਹੀ ਮਰ ਮਰ ਕੇ। *** ਅੱਜ ਬੱਦਲਾਂ ਦਾ ਰੰਗ ਸੁਨਹਿਰੀ ਸੂਰਜ ਖੁਰ ਕੇ ਰਲ਼ਿਆ ਜਾਪੇ। ਇੱਕ ਨੁੱਕਰ ਵਿੱਚ ਧੁੱਪ ਦੀ ਕਾਤਰ ਸੁਰਖ਼ ਦੰਦਾਸਾ ਮਲ਼ਿਆ ਜਾਪੇ। ਦਿਨ ਨਹੀਂ ਖਿੜਿਆ ਪਹਿਲਾਂ ਵਾਂਗਰ, ਗੜਬੜ ਜਾਪ ਰਹੀ ਏ ਮੈਨੂੰ, ਸਾਡਾ ਸੂਰਜ ਚਾਰ ਚੁਫ਼ੇਰਿਓਂ ਬੱਦਲ ਤੇ ਧੁੰਦ ਵਲ਼ਿਆ ਜਾਪੇ। *** ਵਕਤ ਵਿਚਾਰਾ ਟੁਕੜੇ ਕਰਕੇ, ਭਾਵੇਂ ਆਪਾਂ ਕੰਧ ਤੇ ਟੰਗਿਆ। ਪਲ ਪਲ ਰਹੇ ਗਿਣਤੀਆਂ ਕਰਦਾ .ਸਾਥੋਂ ਏਸ ਹਿਸਾਬ ਨਾ ਮੰਗਿਆ। ਟਿਕਟਿਕ ਵੇਖ ਟਿਕਟਿਕੀ ਲਾ ਕੇ, ਲੇਖਾ ਜੋਖਾ ਕਰਦਾ ਰਹਿੰਦਾ, ਉਸ ਨੂੰ ਅਗਲਾ ਸਾਹ ਨਾ ਆਵੇ ,ਅੱਜ ਤੀਕਰ ਜਿਸ ਨੂੰ ਇਸ ਡੰਗਿਆ। *** ਵੇਖੋ, ਮਹਿਮਾਨ ਬਣ ਖਿੜੇ ਫੁੱਲ ਆਏ ਨੇ। ਸੁਪਨੇ ਹੁਸੀਨ ਵੀ ਇਹ ਨਾਲ ਲੈ ਕੇ ਆਏ ਨੇ। ਸੂਰਜੇ ਦੀ ਜਾਪਦੈ ਸੰਧੂਰਦਾਨੀ ਟੁੱਟ ਗਈ, ਅੰਬਰਾਂ ਨੇ ਤਾਹੀਂ ਵੇਸ ਜੋਗੀਆ ਬਣਾਏ ਨੇ। *** ਰਾਜ ਭਾਗ ਦੀ ਮਸਤੀ ਵਿਚ ਬਦਮਸਤ ਫਿਰਨ ਜੋ ਖੀਵੇ। ਅਣਦਿਸਦੇ ਜਹੇ ਭੈਅ ਦੀ ਨਾਗਣ ਰੱਤ ਇਨ੍ਹਾਂ ਦੀ ਪੀਵੇ। ਬੰਦੂਕਾਂ ਦੀ ਛਾਵੇਂ ਫਿਰਦੇ, ਲੋਕ-ਮਨਾਂ ਦੇ ਰਾਜੇ, ਅੰਦਰੋਂ ਬਾਹਰੋਂ ਡਰਨ ਖ਼ਤਰਿਓਂ ਇਹ ਆਟੇ ਦੇ ਦੀਵੇ। *** ਥੋੜ੍ਹ-ਜ਼ਮੀਨੇ ਜੱਟ ਦਾ ਪੁੱਤ ਸਾਂ, ਇੱਕੋ ਨਸ਼ਾ ਉਡਾਈ ਫਿਰਦਾ। ਸ਼ਬਦ ਸਲਾਮਤ ਰੱਖਣ ਖ਼ਾਤਰ, ਕਵਿਤਾ ਲਿਖਦਾਂ ਕਾਫ਼ੀ ਚਿਰ ਦਾ। ਹੋਰ ਨਸ਼ੇ ਦੀ ਲੋੜ ਨਾ ਕੋਈ, ਮੇਰੇ ਪੱਲੇ ਕਿੰਨੀ ਸ਼ਕਤੀ, ਲੱਖੀ ਜੰਗਲ ਬਣਦੇ ਆਪੇ, ਲੋਕ ਪਿਆਰੇ ਤੇ ਚੌਗਿਰਦਾ। *** ਦਸਮ ਪਿਤਾ ਹੁਣ ਸੀਸ ਤਲੀ 'ਤੇ ਧਰਿਆ ਨਹੀਂ ਜਾਂਦਾ। ਹੱਕ, ਸੱਚ ਇਨਸਾਫ਼ ਦੀ ਖ਼ਾਤਰ ਮਰਿਆ ਨਹੀਂ ਜਾਂਦਾ। ਕੁਰਸੀ ਯੁੱਧ ਨੂੰ ਲੜਦੇ ਲੜਦੇ ਧਰਮ ਗੁਆਚ ਗਿਆ, ਸ਼ੁਭ ਕਰਮਨ ਵੀ ਅੱਜ ਕੱਲ੍ਹ ਸਾਥੋਂ ਕਰਿਆ ਨਹੀਂ ਜਾਂਦਾ। *** ਜੁਗ ਜੁਗ ਜੀਵੇਂ, ਖ਼ੁਸ਼ੀਆਂ ਮਾਣੇ ਪੁੱਤ ਪੁਨੀਤ ਪਿਆਰੇ। ਤੇਰੇ ਹੀ ਹਮਸਫ਼ਰ ਜਾਪਦੇ ਸੂਰਜ, ਚੰਨ, ਸਿਤਾਰੇ। ਕੁੱਲ ਦੁਨੀਆ ਦੀ ਰਹਿਮਤ ਤੇਰੀ ਝੋਲੀ ਅੰਦਰ ਮਹਿਕੇ, ਜੀਣ ਜੋਗਿਆ! ਤੇਰੇ ਤੋਂ ਮੈਂ ਜਾਵਾਂ ਸਦ-ਬਲਿਹਾਰੇ। *** ਨਿੱਕੀ ਜੇਹੀ ਮਾਸੂਮ ਜਿੰਦ ਅੱਖਾਂ ਵਿਚ ਚਾਨਣਾ। ਏਸ ਦਿਆਂ ਖ਼੍ਵਾਬਾਂ ਨੂੰ ਹੈ ਕਦੋਂ ਆਪਾਂ ਜਾਨਣਾ। ਧਰਤੀ, ਧਰੇਕ, ਧੀਆਂ ਖ਼ਤਰੇ ਅਧੀਨ ਕਿਉਂ? ਆਪਣਾ ਫਰਜ਼ ਹੋਰ ਕਦੋਂ ਹੈ ਪਛਾਨਣਾ। *** ਪੁੱਟ ਕੇ ਕਿਆਰੀਆਂ 'ਚੋਂ ਹੱਟੀਆਂ ਤੇ ਆ ਗਿਆ। ਵਿਕ ਜਾਣੈਂ ਜਿਸ ਪੈਸੇ ਵਾਲੇ ਤਾਈਂ ਭਾ ਗਿਆ। ਜਿਸ ਨੇ ਉਗਾਏ ਫੁੱਲ ਠੰਢੇ ਹਾਉਕੇ ਭਰਦਾ, ਲੱਗ ਕੇ ਬਾਜ਼ਾਰ ਪਿੱਛੇ, ਕਿੱਥੋਂ ਕਿੱਥੇ ਆ ਗਿਆ। *** ਤੜਫਾਉਂਦਾ ਇਹ ਫ਼ਰਜ਼ ਬੜਾ ਹੈ। ਪੁਰਖ਼ਿਆਂ ਦਾ ਸਿਰ ਕਰਜ਼ ਬੜਾ ਹੈ। ਸੱਜਣ ਬੇਲੀ, ਰਲ ਕੇ ਲਾਹੀਏ, 'ਕੱਲੇ ਲਈ ਇਹ ਮਰਜ਼ ਬੜਾ ਹੈ। *** ਗੱਲ ਸੁਣ ਲੈ ਤੂੰ ਹੀਰਿਆ ਹਰਨਾ! ਅੱਖੀਆਂ ਭਰ ਕੇ ਹੁਣ ਨਹੀਂ ਸਰਨਾ। ਵੇਖੀਂ ਕਦੇ ਉਦਾਸ ਨਾ ਹੋਵੀਂ, ਆਪਾਂ ਗ਼ਮ ਦਾ ਸਾਗਰ ਤਰਨਾ। *** ਫੁੱਲ ਕਲੀਆਂ, ਖ਼ੁਸ਼ਬੋਈਆਂ ਪੱਤੀਆਂ। ਤਰੇਲ ਮੋਤੀਆਂ ਦੇ ਰੰਗ ਰੱਤੀਆਂ। ਜ਼ਿੰਦਗੀ ਦੇ ਜਾ ਚਿਣਗ ਉਧਾਰੀਂ, ਰੌਸ਼ਨ ਕਰ ਜਾ, ਬੁਝੀਆਂ ਬੱਤੀਆਂ। *** ਸਾਂਭ ਲਉ ਭਰਾਉ, ਸੁੱਚੇ ਮਹਿਕਦੇ ਗ਼ੁਲਾਬ ਨੂੰ। ਲੱਗੇ ਨਾ ਨਜ਼ਰ, ਇਹਦੇ ਵਿਚ ਘੁਲੇ ਖ਼੍ਵਾਬ ਨੂੰ। ਲੰਘ ਚੱਲੀ ਰਾਤ ਹੁਣ ਜਾਗਣਾ, ਈਮਾਨ ਹੈ, ਕੰਗਲਾ ਬਣਾਉਣੋ ਰੋਕੋ, ਰੰਗਲੇ ਪੰਜਾਬ ਨੂੰ। *** ਜ਼ਿੰਦਗੀ! ਚੱਲ ਖੇਡੀਏ ਫਿਰ ਬਾਲ ਵਾਂਗ। ਨਾ ਕਿਸੇ ਸ਼ਾਤਰ ਦੀ ਚੱਲੀ ਚਾਲ ਵਾਂਗ। ਆ ਕਤਾਰਾ ਗੋਲ਼ ਕਰਕੇ ਬੈਠੀਏ, ਮੁੱਕ ਜੇ ਨਾ ਜਿੰਦ ਪਿਛਲੇ ਸਾਲ ਵਾਂਗ। *** ਜੀਣ ਜੋਗਿਉ, ਇਸ ਖਿੜਕੀ ਦੇ ਵਿੱਚ ਦੀ ਲੰਘੋ। ਕੁਦਰਤ ਮਾਂ ਤੋਂ ਜੋ ਵੀ ਚਾਹੋ, ਓਹੀ ਮੰਗੋ। ਚਾਰਦੀਵਾਰੀ ਕੈਦ, ਸਦੀਵੀ ਬੰਧਨ ਤੋੜੋ, ਕੋਮਲ ਜਿੰਦਾਂ ਐਵੇਂ ਨਾ ਪਏ ਸੂਲ਼ੀ ਟੰਗੋ। *** ਬਿਰਖ ਨਿਪੱਤਰੇ ਸੋਚ ਰਹੇ ਨੇ। ਕੌਣ ਜੋ ਪੱਤਰੇ ਨੋਚ ਰਹੇ ਨੇ। ਜੜ੍ਹ ਵਿਚ ਤੇਲ ਢਾਲ ਕੇ ਪਹਿਲਾਂ, ਹੁਣ ਕਿਉਂ ਛਾਵਾਂ ਲੋਚ ਰਹੇ ਨੇ। *** ਸੱਜਣਾਂ ਦੇ ਘਰ ਜਦੋਂ ਵੇਖੀਆਂ ਨਾਰੰਗੀਆਂ। ਸੱਚ ਮੁੱਚ ਲੱਗੀਆਂ ਸੀ ਬੜੀਆਂ ਹੀ ਚੰਗੀਆਂ। ਖੱਟੀਆਂ ਨੇ ਭਾਵੇਂ, ਪਰ ਰਸ ਭਰਪੂਰ ਨੇ, ਦੱਸਦੇ ਸਿਆਣੇ ਇਹ ਨੇ ਗੁਣ ਵੱਲੋਂ ਚੰਗੀਆਂ। *** ਆ ਨੀ ਭੈਣੇ! ਦੁਖ ਸੁਖ ਕਰੀਏ। 'ਕੱਲ੍ਹਿਆਂ 'ਕੱਲ੍ਹਿਆਂ ਕਾਹਨੂੰ ਮਰੀਏ। ਦਿਲ ਦੀ ਕਹੀਏ, ਦਿਲ ਦੀ ਸੁਣੀਏ, ਆ ਜਾ ਆਪਣੀ ਚੁੱਪ ਤੋਂ ਡਰੀਏ। *** ਕੱਕਰ ਕੋਰਾ ਕਹਿਰ ਦਾ, ਬਰਫ਼ ਲਿਤਾੜੇ ਰੁੱਖ। ਜੰਤ ਪਰਿੰਦੇ ਸੋਚਦੇ, ਕਿੱਦਾਂ ਮਿਟਣੀ ਭੁੱਖ। ਸੂਰਜ ਧੁੰਦ ਗਵਾਚਿਆ, ਦਿਸਦਾ ਹੀ ਨਾ ਮੂੰਹ, ਚਿੜੀਆਂ ਉੱਡਣੋਂ ਹਾਰੀਆਂ, ਸਭ ਤੋਂ ਵੱਡਾ ਦੁੱਖ। *** ਕੁਲ ਦੁਨੀਆਂ ਦਾ ਦੁਖ ਸੁਖ ਹੋਵੇ ਪਿੱਪਲ ਥੱਲੇ। ਅਕਲਾਂ ਵਾਲੇ ਦੇਣ ਦਲੀਲਾਂ, ਬੱਲੇ! ਬੱਲੇ!! ਆਪੋ ਆਪਣੀ ਤੂਤੀ ਰਾਗ ਅਲਾਪਣ ਲੋਕੀਂ, ਤਾਂ ਹੀ ਫਿਰਦੇ ਸਾਰੇ ਲੋਕੀਂ, 'ਕੱਲੇ 'ਕੱਲੇ। *** ਕਿੱਦਾਂ ਵੇਖੋ, ਸਾਹ ਲੈਂਦੇ ਨੇ। ਫੁੱਲ ਵੀ ਸੰਖ ਵਜਾ ਲੈਂਦੇ ਨੇ। ਜ਼ਾਲਮ ਜੇਕਰ ਤੋੜ ਲਵੇ ਤਾਂ, ਰੱਬ ਦੇ ਘਰ ਵੀ ਜਾ ਲੈਂਦੇ ਨੇ। *** ਰੱਖਦਾ ਸੀ ਜਿਨ੍ਹਾਂ ਨੂੰ ਤੂੰ ਜਾਨ ਤੋਂ ਪਿਆਰੀਆਂ। ਢੱਠ ਗਈਆਂ ਤੇਰੇ ਪਿਛੋਂ ਮਹਿਲ ਤੇ ਅਟਾਰੀਆਂ। ਜਾਪਦਾ ਸੀ ਤੇਰੇ ਪਿੱਛੋਂ ਪੱਤਾ ਨਹੀਂਉਂ ਹਿੱਲਣਾ, ਵੇਖ ਕਿਵੇਂ ਚੌੜ ਤੇ ਚੁਪੱਟ ਬੂਹੇ ਬਾਰੀਆਂ। *** ਜੰਮਣਹਾਰੀ ਵਾਂਗਰਾਂ ਧਰਤੀ ਮਾਂ ਦਾ ਹਾਲ। ਮਾਂ-ਬੋਲੀ ਦਾ ਹੋ ਗਿਆ, ਇਸ ਤੋਂ ਮੰਦੜਾ ਹਾਲ। ਤਿੰਨੇ ਬਹਿ ਕੇ ਝੁਰਦੀਆਂ ਸ਼ਾਮ ਢਲੇ ਤੋਂ ਬਾਦ, ਪੁੱਤ ਕਿਉਂ ਨਹੀਂ ਪੁੱਛਦੇ, ਆ ਕੇ ਸਾਡਾ ਹਾਲ। *** ਕਿੱਧਰ ਚੱਲਿਐਂ ਦਿਲ ਦਿਆ ਮੋਰਾ! ਜਾਨ ਤੇਰੀ ਦਾ ਮੈਨੂੰ ਝੋਰਾ। ਰਾਹ ਵਿਚ ਚਤੁਰ ਸ਼ਿਕਾਰੀ ਬੈਠੇ, ਵੇਖੀਂ ਨਾ ਸੁਸਤਾਵੀਂ ਭੋਰਾ। *** ਚਾਹ ਦੀ ਇੱਕੋ ਗਰਮ ਪਿਆਲੀ। ਘਰ ਵਿਚ ਹੈ ਨਹੀਂ ਬਾਗ਼ ਦਾ ਮਾਲੀ। ਜਿੰਦ ਸੋਚਾਂ ਦੀ ਚੜ੍ਹੀ ਚਰਖੜੀ, ਇੱਕ ਹੱਥ ਕਿੰਜ ਵਜਾਵਾਂ ਤਾਲੀ। *** ਬੋਲਣ ਵਾਲੇ ਕਿੱਥੇ ਮਰ ਗਏ। ਮੈਨੂੰ ਕੱਲ-ਮੁ-ਕੱਲਾ ਧਰ ਗਏ। ਮੈਂ ਆਵਾਜ਼ ਬਣਾਂਗਾ ਸਭ ਦੀ, ਇਹ ਕਿਉਂ ਏਦਾਂ ਧੋਖਾ ਕਰ ਗਏ। *** ਜੇਬ 'ਚ ਰੱਖਾਂ ਕਲਮ-ਕਟਾਰ। ਤਿੱਖਾ ਸ਼ਬਦ ਬਣੇ ਹਥਿਆਰ। ਲੋਕੀਂ ਜੋ ਕੁਝ ਮਰਜ਼ੀ ਆਖਣ, ਕਮਜ਼ੋਰਾਂ ਦਾ ਮੈਂ ਹਾਂ ਯਾਰ। *** ਧਰਤੀ ਦੀ ਧੀ ਬੜੀ ਸੁਰੀਲੀ। ਸੁਰ-ਸਹਿਜ਼ਾਦੀ ਤੇ ਅਣਖ਼ੀਲੀ। ਬਾਬਲ ਦੀ ਪੱਗ, ਮਾਂ ਦੀ ਚੁੰਨੀ ਚਾਹਵੇ ਹੋਵੇ ਯੁੱਗ ਤਬਦੀਲੀ। *** ਜਦ ਹਾਲੇ ਸਾਂ ਅਸੀਂ ਨਿਆਣੇ। ਗੱਲਾਂ ਕਰਦੇ ਸੁਣੇ ਸਿਆਣੇ। ਮੁੱਲ ਪਊ ਕੁਰਬਾਨੀ ਦਾ, ਪਰ, ਬਾਪੂ ਤੁਰ ਗਿਆ ਭੰਗ ਦੇ ਭਾਣੇ। *** ਰੁੱਖਾਂ ਮੁੱਢ ਆਰੀ ਤੇ ਬਣਾਈ ਜਾਉ ਆਲ੍ਹਣੇ। ਚਿੜੀਆਂ ਨੇ ਬੋਟ ਹੁਣ ਏਥੇ ਨਹੀਂਉਂ ਪਾਲਣੇ। ਪੰਛੀ ਪਰਿੰਦੇ ਚਾਹੁਣ ਰੁੱਖਾਂ ਦੀਆਂ ਟਾਹਣੀਆਂ, ਧਰਤੀ ਦੇ ਪੁੱਤ ਰੁੱਖ, ਸਿੱਖ ਲਉ ਸੰਭਾਲ਼ਣੇ। *** ਸੰਨ ਸੰਤਾਲ਼ੀ ਵੇਲੇ ਏਥੋਂ ਘਰਾਂ ਵਾਲੇ ਤੁਰ ਗਏ। ਸੁੰਨਿਆਂ ਮਹੱਲਾਂ ਦੇ ਬਨੇਰੇ ਤਾਹੀਉਂ ਭੁਰ ਗਏ। ਅਜੇ ਇੱਕ ਹਾਉਕਾ ਏਸ ਹਿੱਕੜੀ 'ਚ ਜਾਗਦਾ, ਬਾਕੀ ਰੰਗ ਜ਼ਿੰਦਗੀ ਦੇ ਝੱਖੜਾਂ 'ਚ ਖ਼ੁਰ ਗਏ। *** ਦੱਸੋ ਜੀ ਤੁਸੀਂ ਕੀਹ ਸੋਚੀ। ਅੰਬਰੋਂ ਡਿੱਗਦੀ ਬਿਜਲੀ ਨੋਚੀ। ਫੜਕੇ ਕਿੰਜ ਗ਼ਜ਼ਲ ਵਿਚ ਪਾਈ, ਦੱਸ ਦਿਉ ਮਨਜਿੰਦਰ, ਲੋਚੀ। *** ਖੜਸੁੱਕ ਬਿਰਖ, ਉਦਾਸ ਖੜ੍ਹੇ ਨੇ। ਬਿਲਕੁਲ ਸਾਡੇ ਪਾਸ ਖੜ੍ਹੇ ਨੇ। ਬਿਨ ਬੋਲਣ ਤੋਂ ਕਹਿਣ ਬੜਾ ਕੁਝ, ਦਿਲ ਵਿਚ ਲੈ ਇਤਿਹਾਸ ਖੜ੍ਹੇ ਨੇ। *** ਕਲਮ ਵੀ ਪਹਿਲਾਂ ਸੀਸ ਕਟਾਵੇ। ਮਗਰੋਂ ਗੂੜ੍ਹੇ ਅੱਖਰ ਪਾਵੇ। ਇਸ ਦਾ ਧਰਮ ਪੂਰਨੇ ਪਾਉਣਾ, ਜੇ ਚਾਹੇ ਤਾਂ ਯੁਗ ਪਲਟਾਵੇ। *** ਕੰਡੇ ਅਤੇ ਫੁੱਲ ਹਮੇਸ਼ਾਂ ਨਾਲ ਨਾਲ ਤੁਰਦੇ ਨੇ। 'ਕੱਠੇ ਬਹਿ ਕੇ ਖਿੜਦੇ, ਰਲ ਮਿਲ ਝੁਰਦੇ ਨੇ। ਬੰਦਾ ਹੀ ਇਕੱਲਾ, ਜਿਹੜਾ ਰੱਬ ਬਣ ਬੈਠਦਾ, ਇਨ੍ਹਾਂ ਦੇ ਸੰਜੋਗ, ਖੇੜੇ ਲਿਖੇ ਹੋਏ ਧੁਰ ਦੇ ਨੇ। *** ਸੱਜਣਾਂ ਤੋਂ ਬਿਨ, ਸਾਡੇ ਦਿਲ ਵਿਚ ਕਿਹੜਾ ਆਉਂਦਾ ਏ। ਬਿਨ ਆਏ ਤੋਂ ਕਿਹੜਾ ਰੂਹ ਵਿਚ, ਖੌਰੂ ਪਾਉਂਦਾ ਏ। ਬੰਦ ਬੂਹੇ ਦਾ ਕੂੜ ਬਹਾਨਾ ਏਥੇ ਨਹੀਂ ਚੱਲਣਾ, ਝੁੱਗੀਆਂ ਨੂੰ ਦਰਵਾਜ਼ੇ ਦੱਸੋ ਕਿਹੜਾ ਲਾਉਂਦਾ ਏ? *** ਅੱਧੀਂ ਰਾਤੀਂ ਮਨ ਦਾ ਮੋਰ ਨਚਾਇਆ ਨਾ ਕਰ ਤੂੰ ਜੇ ਨਹੀਂ ਮਿਲਣਾ, ਸੁਪਨੇ ਵਿਚ ਵੀ ਆਇਆ ਨਾ ਕਰ ਤੂੰ। ਨੀਂਦ ਚੁਰਾ ਕੇ ਲੈ ਜਾਂਦੀ ਏ, ਮੁੜ ਕੇ ਆਉਂਦੀ ਨਹੀਂ, ਜ਼ਖ਼ਮ ਪੁਰਾਣੇ ਏਦਾਂ ਰੋਜ਼ ਜਗਾਇਆ ਨਾ ਕਰ ਤੂੰ। *** ਅਣਖ਼ ਜਗਾਵੇ ਨਾ ਜੋ, ਉਹ ਵੰਗਾਰ ਨਹੀਂ ਹੁੰਦੀ। ਚੋਰਾਂ ਨਾਲ ਜੋ ਰਲ਼ ਜੇ, ਉਹ ਸਰਕਾਰ ਨਹੀਂ ਹੁੰਦੀ। ਹੱਕ, ਸੱਚ, ਇਨਸਾਫ਼ ਤੇ ਡਾਕੇ ਸਿਖ਼ਰ ਦੁਪਹਿਰੇ ਜੇ, ਵੇਖ ਕੇ ਅੱਖਾਂ ਮੀਟ ਲਵੇ, ਅਖ਼ਬਾਰ ਨਹੀਂ ਹੁੰਦੀ। *** ਜਾਣਦੇ ਨਾ ਗੁਣ, ਤੇਰੀ ਭੱਠੀ ਦਾ ਨੀ ਸ਼ਹਿਰੀਏ। ਭੁੰਨ ਦੇ ਨੀ ਰੋੜ, ਕੁਝ ਫੁੱਲੇ ਮੈਨੂੰ ਮਹਿਰੀਏ! ਵੇਖ ਲੈ ਤੂੰ ਰਲ਼ ਬੱਚੇ ਮੰਗਦੇ ਨੇ ਲੋਹੜੀਆਂ, ਜੁਗ ਜੁਗ ਜਿਉਣ ਸਿਰੀਂ ਪੱਗਾਂ ਅਤੇ ਲਹਿਰੀਏ। *** ਛੰਭ ਵਿਚ ਖਿੜੀਆਂ, ਗ਼ੁਲਾਬੀ ਵੇਖੋ ਕੰਮੀਆਂ। ਦੁੱਖਾਂ ਦੀਆਂ ਰਾਤਾਂ, ਸਾਡੀ ਜ਼ਿੰਦਗੀ ਤੋਂ ਲੰਮੀਆਂ। ਚੜ੍ਹਿਆ ਸਵੇਰਾ, ਜਿੰਦੇ! ਉੱਠ ਕੇ ਸਲਾਮ ਕਰ, ਹੋਇਆ ਕੀਹ ਜੇ ਪੀੜਾਂ ਤੇਰੇ ਨਾਲ ਨਾਲ ਜੰਮੀਆਂ। *** ਚੁੱਪ ਕਿਉਂ ਆ ਗੱਲਾਂ ਕਰੀਏ। ਐਵੇਂ ਠੰਢੇ ਹਾਉਕੇ ਭਰੀਏ । ਪੱਥਰ ਜੂਨ ਪਏ ਹਾਂ ਭਾਵੇਂ, ਦਿਲ ਦੀ ਸੁਣੀਏ, ਦਿਲ ਦੀ ਕਰੀਏ। *** ਅੰਬਰ ਦੇ ਵਿਚ ਘੁਲਿਆ ਸੂਰਜ ਮੇਰਾ ਹੈ। ਇਸ ਸੁਰਖ਼ੀ ਦਾ ਨਾਂ ਹੀ ਸੋਨ-ਸਵੇਰਾ ਹੈ। ਧਰਤੀ ਮਾਂ ਦੇ ਵਿਹੜੇ ਨੂੰ ਮਹਿਕਾਉਣਾ ਹੁਣ, ਕੁਦਰਤ ਰਾਣੀਏ, ਇਹ ਰਹਿੰਦਾ ਕੰਮ ਤੇਰਾ ਹੈ। *** ਅੱਜ ਮਨਤੇਜ ਪੁੱਤ ਚਿਹਰਾ ਵੇਖ ਆਪ ਦਾ। ਧੁੱਪ ਦਾ ਸੰਧੂਰੀ ਰੰਗ ਹੋਇਆ ਏਦਾਂ ਜਾਪਦਾ। ਲੰਘ ਜਾ ਰੁਕਾਵਟਾਂ ਨੂੰ ਇੱਕੋ ਛਾਲ਼ ਮਾਰ ਕੇ, ਤੇਰੇ ਵਿਚੋਂ ਨੂਰ ਦਿਸੇ ਦਾਦਿਆਂ ਦੇ ਬਾਪ ਦਾ। *** ਚਿੱਟੇ ਵਿਚ ਤਬਦੀਲ ਹੋ ਰਿਹਾ ਸਾਰਾ ਫੁੱਲ ਗ਼ੁਲਾਬੀ। ਜਾਗ ਵੀਰਨਾ! ਦੇਰ ਕਰੀਂ ਨਾ, ਤੁਰ ਪਉ ਹੁਣੇ ਸ਼ਤਾਬੀ। ਇਹ ਜੰਗ ਰਲ ਕੇ ਲੜਨੀ ਪੈਣੀ, ਸੁਣੋ ਸਿਆਸਤਦਾਨੋ! ਮੜ੍ਹੀਆਂ 'ਤੇ ਕਿੰਜ ਰਾਜ ਕਰੋਗੇ, ਜੇ ਨਾ ਰਹੇ ਪੰਜਾਬੀ। *** ਹੇ ਵਿਗਿਆਨ! ਤੇਰੇ ਸਿਰ ਸਿਹਰਾ, ਫੁੱਲਾਂ ਦੇ ਰੰਗ ਪੀਲੇ। ਸਾਡਾ ਸੁੱਚਾ ਫੁੱਲ ਗ਼ੁਲਾਬੀ, ਲੱਭ ਦੇ ਕਰ ਤੂੰ ਹੀਲੇ। ਮੰਨਿਆ ਕਿ ਬਾਜ਼ਾਰ ਲੋੜਦਾ, ਰੰਗ ਬਰੰਗੀਆਂ ਕਿਸਮਾਂ, ਪਰ ਖ਼ੁਸ਼ਬੋਈ ਹੀਣ ਇਹ ਮੇਲਾ, ਰੂਹ ਮੇਰੀ ਨਾ ਕੀਲੇ। *** ਕੋਠੇ ਜਿੱਡੀ ਹੋ ਗਈ ਧੀ। ਫਿਕਰੀਂ ਵਿੱਧੇ ਘਰ ਦੇ ਜੀਅ। ਦਾਜ ਦੇ ਲੋਭੀ ਪਾਟੇ ਮੂੰਹ, ਖ਼ਵਰੇ ਕਦ ਇਹ ਮਿਟਣੀ ਲੀਹ। *** ਸਿਰ ਤੇ ਸਜਾਈਂ ਪੁੱਤ, ਜਿੱਤ ਵਾਲੇ ਤਾਜ ਨੂੰ। ਛਾਲ ਮਾਰ ਟੱਪ, ਖੰਭੀਂ ਭਰ ਪਰਵਾਜ਼ ਤੂੰ। ਜ਼ਿੰਦਗੀ 'ਚ ਆਉਣ ਕਦੇ ਜਦੋਂ ਵੀ ਰੁਕਾਵਟਾਂ, ਰੱਬ ਦੀਆਂ ਰੱਖਾਂ ਸਦਾ ਸਾਡੇ ਮਨਰਾਜ ਨੂੰ। *** ਅਲਵਿਦਾ ਐ ਦੋਸਤੋ! ਮੈਂ ਜਾ ਰਿਹਾਂ। ਮੌਤ ਨੂੰ ਗਲਵੱਕੜੀ ਮੈਂ ਪਾ ਰਿਹਾਂ। ਜ਼ਿੰਦਗੀ ਜਿੱਦਾਂ ਵੀ ਗੁਜ਼ਰੀ, ਖ਼ੂਬ ਸੀ, ਦੋਸਤਾਂ ਵਿਚ ਖ਼੍ਵਾਬ ਬਣ ਕੇ ਆ ਰਿਹਾਂ। *** ਖ਼ਤ ਲਿਖਿਆ ਤੂੰ, ਪੜ੍ਹਿਆ ਮੈਂ ਵੀ ਹਿੰਮਤ ਕਰਕੇ। ਕਿੱਦਾਂ ਦੱਸਾਂ, ਬੀਤ ਰਹੀ ਹਟਕੋਰੇ ਭਰ ਕੇ। ਜਿੱਥੇ ਲਿਖਣੀ ਛੱਡ ਗਿਆ ਸੀ, ਪਾਟੀ ਚਿੱਠੀ, ਉਸ ਤੋਂ ਅੱਗੇ ਸਾਰੇ ਹੀ ਨੇ ਕੋਰੇ ਵਰਕੇ। *** ਫੁੱਲਾਂ ਅੰਦਰ ਸੁਖ਼ਨ-ਸਨੇਹਾ ਪੜ੍ਹਿਆ ਕਰ। ਅਸਲ ਨਗੀਨੇ ਦਿਲ ਮੁੰਦਰੀ ਵਿਚ ਜੜ੍ਹਿਆ ਕਰ। ਮਹਿਕਾਂ ਦੇ ਵਣਜਾਰੇ ਏਹੀ ਆਖ ਰਹੇ, ਬੰਦਿਆ, ਬੰਦਾ ਬਣ ਜਾ, ਨਾ ਤੂੰ ਲੜਿਆ ਕਰ। *** ਮੈਂ ਸੂਰਜ ਨੂੰ ਵਿੱਚ ਕਲਾਵੇ ਭਰ ਸਕਦਾ ਹਾਂ। ਧਰਤੀ ਮਾਂ ਦੇ ਚਰਨਾਂ ਅੱਗੇ ਧਰ ਸਕਦਾ ਹਾਂ। ਇਹ ਹਿੰਮਤ ਵੀ ਮੈਨੂੰ ਮੇਰੇ ਮਾਪਿਆਂ ਬਖ਼ਸ਼ੀ, ਜਿਹੜੇ ਵੇਲੇ ਜੋ ਵੀ ਚਾਹਾਂ, ਕਰ ਸਕਦਾ ਹਾਂ। *** ਘੜੀਆਂ, ਪਲ ਤੇ ਬੀਤ ਰਹੇ ਨੇ ਦਿਵਸ, ਮਹੀਨੇ। ਗਿਣਤੀ ਮਿਣਤੀ ਖਾ ਚੱਲੀ ਹੈ ਯਾਰ ਨਗੀਨੇ। 'ਥਿਤ, ਵਾਰ ਨਾ ਜੋਗੀ ਜਾਣੇ', ਗੁਰ ਫੁਰਮਾਇਆ, ਸੂਰਜ, ਚੰਦ ਵਿਗਾੜਨ ਸਾਰੀ ਖੇਡ ਕਮੀਨੇ। *** 'ਕੱਲਿਆਂ ਬਹਿ ਕੇ ਸਾਰੀ ਰਾਤ ਗੁਜ਼ਾਰ ਲਈ ਹੈ। ਤੇਰੀ ਚੁੱਪ ਦੀ ਕਿੰਨੀ ਕੀਮਤ ਤਾਰ ਲਈ ਹੈ। ਹੁਣ ਬੋਲਣ ਦੀ ਥਾਂ ਤੇ ਕਹਿ ਦੇ ਅੱਲਾ ਬੇਲੀ, ਹੋਰ ਉਡੀਕਣ ਦੀ ਮੈਂ ਚਾਹਤ ਮਾਰ ਲਈ ਹੈ। *** ਰੱਬ ਦੇ ਘਰ ਵਿਚ ਦੇਰ ਤਾਂ ਹੈ, ਅੰਧੇਰ ਨਹੀਂ। ਕਿਹੜੀ ਰਾਤ ਕਿ ਜਿਸਦੀ ਸੁਰਖ਼ ਸਵੇਰ ਨਹੀਂ ਟਾਹਣੀਆਂ ਓਹਲੇ ਲੁਕਿਆ ਸੂਰਜ ਵੇਖ ਕਿਵੇਂ, ਚਿੱਤ ਚੋਰਾਂ ਤੇ, ਤਾਹੀਓਂ ਮੇਰੀ ਮੇਰ ਨਹੀਂ। *** ਤਿਤਲੀ ਦੇ ਪਰ ਉੱਤੇ ਆਹ ਤੂੰ ਕੀ ਲਿਖਿਆ। ਪੜ੍ਹ ਕੇ ਦਿਲ ਦਾ ਕੋਨਾ ਕੋਨਾ ਮਹਿਕ ਰਿਹਾ। ਧੜਕਣ ਸ਼ਬਦ ਬਣਾ ਕੇ ਸ਼ਾਇਰੀ ਹੁੰਦੀ ਹੈ, ਫੁੱਲਾਂ ਜੇਹੀਏ, ਇਹ ਤੂੰ ਬਿਲਕੁਲ ਠੀਕ ਕਿਹਾ। *** ਵੇਖ ਫੁੱਲ ਵੀ ਖਲੋਤੇ ਅੱਜ ਬੰਨ੍ਹ ਕੇ ਕਤਾਰ। ਸਾਡੀ ਧਰਤੀ-ਮਾਂ ਬੈਠੀ ਜੀਕੂੰ ਕਰਕੇ ਸ਼ਿੰਗਾਰ। ਚਲੋ ਏਸ ਨੂੰ ਮੁਹੱਬਤਾਂ ਦਾ ਖਾਦ, ਪਾਣੀ ਪਾਉ, ਆਊ ਸਾਡੇ ਘਰ ਏਸ ਤਰ੍ਹਾਂ ਮਹਿਕਦੀ ਬਹਾਰ। *** ਬੰਦਾ ਹੈਂ ਤਾਂ ਬੰਦਿਆਂ ਵਾਂਗੂੰ ਬੋਲਿਆ ਕਰ। ਸੱਜਣਾਂ ਨਾਲ ਤੂੰ ਦਿਲ ਦੀ ਘੁੰਡੀ ਖੋਲ੍ਹਿਆ ਕਰ। ਚੁੱਪ ਰਹਿ ਕੇ ਪਥਰਾ ਜਾਵੇਂਗਾ, ਸਮਝੀਂ ਤੂੰ, ਦਿਲ ਮਾਸੂਮ ਪਰਿੰਦਾ, ਇੰਜ ਨਾ ਰੋਲਿਆ ਕਰ। *** ਰੱਬ ਦੀਆਂ ਧੀਆਂ ਦੋਵੇਂ ਸੁਰ-ਸ਼ਹਿਜ਼ਾਦੀਆਂ। ਹਿਰਦੇ ਸਰੂਪ ਲਤਾ, ਆਸ਼ਾ ਪਰੀਜ਼ਾਦੀਆਂ। ਸੁਰ ਤੇ ਅਲਾਪ ਜਿਵੇਂ ਕਾਇਨਾਤ ਬੋਲਦੀ, ਅੰਬਰੀਂ ਆਵਾਜ਼ ਝੂੰਮੇਂ, ਮਹਿਕਦੀਆਂ ਵਾਦੀਆਂ । *** ਬੱਚਿਆ! ਹੁਣ ਮੈਂ ਇੰਜ ਕਰਾਂਗਾ। ਤੇਰੇ ਮੱਥੇ ਤਿਲਕ ਧਰਾਂਗਾ। ਹਿੰਦੂ, ਸਿੱਖ ਤੇ ਮੁਸਲਿਮ ਕਰਕੇ, ਆਪਣੇ ਕੋਲੋਂ ਰੰਗ ਭਰਾਂਗਾ। *** ਚੱਲ ਸੂਰਜ ਨੂੰ ਮੱਥਾ ਟੇਕ। ਇਸ ਦੇ ਸਿਰ ਤੇ ਰੁੱਤ ਅਨੇਕ। ਰੰਗ, ਖ਼ੁਸ਼ਬੋਈ, ਹਰਕਤ, ਬਰਕਤ, ਚਾਕਰ ਇਸ ਦੀ ਵਸਤ ਹਰੇਕ। *** ਰੰਗਾਂ ਪਿੱਛੇ ਲੱਗ ਨਾ ਪਗ਼ਲੇ! ਕਦਮ ਸੋਚ ਕੇ ਰੱਖ ਤੂੰ ਅਗਲੇ। ਚੁਸਤ ਸ਼ਿਕਾਰੀ ਵਾਂਗ ਤਿਆਰੀ, ਨੀਲੇ, ਭਗਵੇਂ, ਚਿੱਟੇ ਬਗਲੇ। *** ਏਸ ਤਰ੍ਹਾਂ ਹੀ ਖਿੜ ਖਿੜ ਕੇ ਤੂੰ ਹੱਸਿਆ ਕਰ। ਹੋਰ ਕਿਸੇ ਦੀ ਸੁਣਿਆ, ਆਪਣੀ ਦੱਸਿਆ ਕਰ। ਜ਼ਿੰਦਗੀ ਫੇਰ ਦੋਬਾਰਾ ਕਿੱਥੇ ਮਿਲਣੀ ਹੈ, ਕਿਣ ਮਿਣ ਕਿਣ ਮਿਣ ਤਪਦੀ ਰੂਹ 'ਤੇ ਵੱਸਿਆ ਕਰ । *** ਕੌਣ ਆਖਦੈ ਮਾਪੇ ਹੁੰਦੇ ਬੱਦਲਾਂ ਵਰਗੀ ਛਾਂ। ਅੱਜ ਵੀ ਤੁਰਦੇ ਫਿਰਦੇ ਦਿਸਦੇ ਮੈਨੂੰ ਹਰ ਇਕ ਥਾਂ। ਅੱਜ ਵੀ ਬਾਪੂ ਜੀ ਦੀ ਘੂਰੀ ਕਦਮ ਕਦਮ ਸਮਝਾਵੇ, ਧੌਲ਼ੀ ਦਾੜ੍ਹੀ ਵਾਲੇ ਪੁੱਤ ਨੂੰ ਹੁਣ ਵੀ ਝਿੜਕੇ ਮਾਂ। *** ਸੱਜਰੀ ਸਵੇਰ ਜਹੇ ਸਾਹਾਂ ਤੋਂ ਪਿਆਰਿਓ! ਆਪਣੇ ਭਵਿੱਖ ਨਾਲ ਕਹਿਰ ਨਾ ਗੁਜ਼ਾਰਿਓ! ਧਰਤੀ, ਮਾਂ-ਬੋਲੀ ਤੇ ਜਨਣਹਾਰੀ ਮਾਤ ਨੂੰ, ਅੰਗ ਸੰਗ ਰੱਖੋ, ਭਾਈ ਕਦੇ ਨਾ ਵਿਸਾਰਿਉ! *** ਰੱਬ ਦੀ ਸਾਂਭ ਅਮਾਨਤ ਰੱਖੋ। ਆਪਣੇ ਬਾਲ ਸਲਾਮਤ ਰੱਖੋ। ਰੋਗ-ਮੁਕਤ ਬਾਲਾਂ ਨੂੰ ਕਰ ਕੇ, ਕੋਹਾਂ-ਦੂਰ ਬਲਾਮਤ ਰੱਖੋ। *** ਮਿੱਤਰਾ ਪਿਆਰਿਆ, ਤੂੰ ਦੱਸ ਕਿੱਥੇ ਚੱਲਿਆ। ਪੈਰਾਂ ਵਿਚ ਕਾਹਲ, ਮੱਥਾ ਫ਼ਿਕਰਾਂ ਨੇ ਮੱਲਿਆ। ਇਹੋ ਜਹੇ ਮਾਹੌਲ ਵਿਚ, 'ਕੱਲਿਆਂ ਨਹੀਂ ਤੁਰੀਦਾ, ਸੱਜਣਾਂ ਨੇ ਹੋਰ ਕਿਹੜੇ ਕੰਮ ਆਉਣਾ ਝੱਲਿਆ। *** ਕੁੱਲ ਧਰਤੀ ਦੀਆਂ ਜੀਵਣ ਮਾਵਾਂ! ਠੰਢੀਆਂ ਠਾਰ ਸੰਘਣੀਆਂ ਛਾਵਾਂ। ਰਹਿਣ ਸਲਾਮਤ ਧਰਤੀ, ਧੀਆਂ, ਦੋਹਾਂ ਤੋਂ ਬਲਿਹਾਰੇ ਜਾਵਾਂ। *** ਤਿਤਲੀ ਵੇਖੋ ਚੁੰਮ ਰਹੀ ਫੁੱਲ ਸੂਹੇ ਸੂਹੇ। ਸਾਰਾ ਦਿਨ ਹੈ ਘੁੰਮਦੀ ਬਾਗਾਂ ਦੇ ਬੂਹੇ। ਤੂੰ ਵੀ ਇਸ ਤੋਂ ਸਬਕ ਲੈ, ਧਰਤੀ ਦੀ ਪਰੀਏ, ਬੈਠ ਕਦੇ ਤੂੰ ਆਣ ਕੇ, ਮੇਰੇ ਦਿਲ ਦੀ ਜੂਹੇ। *** ਬਾਪੂ ਹੈ ਬੇਚੈਨ, ਰੂਹ ਤੇ ਗੱਡੇ ਜਿੰਨਾ ਭਾਰ ਹੈ। ਸੁੱਕੀ ਰੋਟੀ ਉੱਤੇ ਗੰਢਾ, ਅੰਬ ਦਾ ਅਚਾਰ ਹੈ। ਸਾਡੇ ਬੀਜੇ ਦਾਣੇ ਲੋਕੀਂ ਵੇਚ ਵੇਚ ਰੱਜ ਗਏ, ਕੱਲ੍ਹ ਵੀ ਲਾਚਾਰ ਬਾਪੂ, ਅੱਜ ਵੀ ਲਾਚਾਰ ਹੈ । *** ਆਉ ਧਰਤੀ ਵਾਲਿਓ! ਰਲ ਕਰੀਏ ਅਰਦਾਸ। ਕਸ਼ਟ ਕਲੇਸ਼ ਦਾ ਖ਼ਾਤਮਾ, ਹਰ ਥਾਂ ਹੋ ਪ੍ਰਕਾਸ਼। ਚਿੰਤਾ ਚਿਖ਼ਾ ਸਮਾਨ ਜੋ, ਤੁਰ ਜਾਏ ਦੂਰ ਪਰੇ, ਰਹੇ ਅਧੂਰੀ ਕਦੇ ਨਾ, ਪਿਰ ਮਿਲਣੇ ਦੀ ਆਸ। ਵੱਡੀ ਭੈਣ ਸਾਡੀ, ਅਸੀਂ ਤਿੰਨ ਹਾਂ ਭਰਾ। ਚਾਰ ਥਾਵੇਂ ਰਹੀਏ, ਭਾਵੇਂ ਪਰ ਇਕੋ ਚਾਹ। ਦੁਨੀਆਂ ਤੇ ਕਦੇ ਨਾ ਮੁਥਾਜ ਕਿਤੇ ਹੋਵੇ, ਕੋਸ਼ਿਸ਼ਾਂ 'ਚ ਰਹੀਏ, ਨਾਲੇ ਮੰਗੀਏ ਦੁਆ। *** ਏਨੇ ਸਾਰੇ ਫੁੱਲ ਮੇਰੀ ਝੋਲੀ ਪਰਮਾਤਮਾ । ਕਿਵੇਂ ਸ਼ੁਕਰਾਨਾ ਕਰੇ ਤੇਰਾ ਮੇਰੀ ਆਤਮਾ। ਇੱਕ ਇੱਕ ਫੁੱਲ ਮੈਂ ਤਾਂ ਵੰਡ ਦੇਵਾਂ ਸਭ ਨੂੰ, ਧਰਤੀ ਤੋਂ ਕਰਨਾ ਉਦਾਸੀਆਂ ਦਾ ਖ਼ਾਤਮਾ । *** ਕੂਕ ਰਹੀ ਹੈ ਡਾਲੀ ਡਾਲੀ। ਦੱਸੋ ਕੌਣ ਕਰੂ ਰਖਵਾਲੀ? ਹੱਥ 'ਚ ਆਰੀ ਲੈ ਕੇ ਫਿਰਦਾ, ਵੈਰੀ ਹੋਇਆ ਬਾਗ ਦਾ ਮਾਲੀ। *** ਰਾਜਗੁਰੂ, ਸੁਖਦੇਵ, ਭਗਤ ਸਿੰਘ ਫੁੱਲ ਦੀ ਜੂਨ ਪਏ। ਕਿੰਨੇ ਹਾਣੀ ਉਨ੍ਹਾਂ ਦੇ, ਅੱਜ ਕਬਰਾਂ ਹੇਠ ਪਏ। ਦੇਂਦੇ ਜੋ ਵਿਸ਼ਵਾਸ 'ਤੇ ਪਹਿਰਾ, ਓਹੀ ਅਕਸਰ ਜੀਂਦੇ, ਦੇਵੇ ਵਕਤ ਸਲਾਮੀ ਜਿਹੜੇ ਜਾਨਾਂ ਵਾਰ ਗਏ। *** ਸੁਰ ਤੇ ਸ਼ਬਦ ਸੰਗੀਤ ਦਾ, ਸਚਮੁੱਚ ਸੀ ਅਵਤਾਰ। ਬਹੁਤ ਉਦਾਸ ਸਾਰੰਗੀਆਂ, ਸ਼ਹਿਨਾਈ ਬੇਤਾਰ। ਰੂਹ ਦੀਆਂ ਤਰਬਾਂ ਛੇੜਦਾ, ਸਤਿਗੁਰ ਬਾਝੋਂ ਕੌਣ, ਜਾ ਕੇ ਮੁੜ ਨਹੀਂ ਪਰਤਿਆ, ਸਾਜ਼ ਵਜਾਵਣਹਾਰ। *** ਆਟਾ ਦਾਲ ਵੰਡਦੇ ਜੀ, ਵੋਟਾਂ ਵਾਲੇ ਆ ਗਏ। ਵੇਖ ਲਉ ਸ਼ਿਕਾਰੀ ਸਾਨੂੰ ਕਿੱਦਾਂ ਭਰਮਾ ਗਏ। ਦੇਸ ਗਹਿਣੇ ਕਰਨਾ ਜਾਂ ਚਾਹੁੰਦੇ ਹੋ ਆਜ਼ਾਦੀਆਂ, ਕਰਕੇ ਇਸ਼ਾਰਾ ਬੇਜ਼ੁਬਾਨ ਸਮਝਾ ਗਏ। *** ਚਿੱਟੇ ਵਾਲ਼ ਉਮਰ ਦੀ ਪੂੰਜੀ, ਕਾਲ਼ੇ ਝਟਪਟ ਹੋ ਜਾਂਦੇ ਨੇ। ਖ਼ੁਸ਼ੀਆਂ ਲੱਭੀਆਂ ਪਰ ਨਾ ਮਿਲੀਆਂ, ਵੰਡਦੇ ਜੋ, ਖ਼ੁਸ਼ ਹੋ ਜਾਂਦੇ ਨੇ। ਦੌਲਤ ਲੱਭਦੇ ਲੱਭਦੇ ਆਪਾਂ, ਕਿੰਨੇ ਰਿਸ਼ਤੇ ਮਾਰ ਲਏ ਨੇ, ਜੇ ਬੱਚਿਆਂ ਦੇ ਨੇੜ ਨਾ ਬਹੀਏ, ਉਹ ਵੀ ਦੂਰ ਖਲੋ ਜਾਂਦੇ ਨੇ। *** ਅਗਨੀ ਰਥ ਅਸਵਾਰ ਮੁਸਾਫ਼ਰ, ਵਾਹ ਸੂਰਜਾ ਵਾਹ! ਨ੍ਹੇਰ ਮਿਟਾਵਣ ਆ ਪਹੁੰਚਾ ਏਂ, ਸਾਫ਼ ਦਿਖਾਵੇਂ ਰਾਹ। ਹਰ ਪੱਤਾ ਹੈ ਚਾਨਣ ਚਾਨਣ, ਨੂਰ ਤੇਰੇ ਤੋਂ ਲੈ ਕੇ, ਫਿਰ ਵੀ ਸਾਡੇ ਲੋਕ ਅਜੇ ਕਿਉਂ ਹੋ ਰਹੇ ਨੇ ਗੁਮਰਾਹ। *** ਮੇਰੇ ਹੀਰਿਓ, ਜਿਉਂਦੇ ਰਹੋ! ਉੱਚੀ ਹੋਵੇ ਸ਼ਾਨ! ਸਦਾ ਏਸੇ ਤਰ੍ਹਾਂ ਰਹਿਣਾ, ਇਕ ਜਿੰਦ, ਇਕ ਜਾਨ। ਜੀਵੇ ਪੱਟਾਂ ਵਿਚ ਭੰਗੜਾ, ਸਿਆਲਕੋਟੀ ਸੱਦ, ਪੁੱਤ ਨਸ਼ਿਆਂ ਤੋਂ ਬਚੋ, ਤੁਸੀਂ ਧਰਤੀ ਦਾ ਮਾਣ। *** ਕੁਰਸੀ ਗ਼ੁਲਾਮੀ ਕਰਵਾ ਕੇ ਖ਼ੁਸ਼ ਰਹਿੰਦੀ ਏ। ਜ਼ੁਲਮ ਵੀ ਕਰੇ ਪਰ ਚੁੱਪ ਚਾਪ ਰਹਿੰਦੀ ਏ। ਆਖਦੀ ਹੈ ਗਾਉ ਜੀ, ਆਜ਼ਾਦੀਆਂ ਦੇ ਗੀਤ ਨੂੰ, ਰੱਖਦੀ ਗ਼ੁਲਾਮ ਸਾਨੂੰ ਜਿੱਥੇ ਵੀ ਇਹ ਡਹਿੰਦੀ ਏ। *** ਤਾਕਤਵਾਰ ਦੇ ਬਹਿਣ ਦਵਾਰ। ਸੂਰਜਮੁਖੀਆ ਸਭ ਸੰਸਾਰ। ਪੈਸਾ ਸ਼ਕਤੀ, ਸ਼ਕਤੀ ਪੈਸਾ, ਖੜਕੇ ਹਰ ਪਲ ਇੱਕੋ ਤਾਰ। *** ਜ਼ਿੰਦਗੀ! ਕਿੱਦਾਂ ਗਿਣਾਂ ਦੱਸ ਤੇਰੀਆਂ ਇਹ ਰਹਿਮਤਾਂ। ਮੇਰੀ ਨਿੱਕੀ ਝੋਲ ਦੇਵੇਂ ਕਿੰਨੀਆਂ ਇਹ ਨੇਹਮਤਾਂ। ਮੈਂ ਨਾ-ਸ਼ੁਕਰਾ ਰੱਜਦਾ ਨਾ, ਮੰਗੀ ਜਾਵਾਂ ਹੋਰ ਹੋਰ , ਤਾਹੀਂ ਮੇਰੇ ਪੇਸ਼ ਆਈਆਂ, ਜ਼ਹਿਮਤਾਂ ਹੀ ਜ਼ਹਿਮਤਾਂ। *** ਲੋਕੀਂ ਜਿਸ ਨੂੰ ਆਖਣ ਗਹਿਣਾ। ਕੋਹੜ ਕਦੋਂ ਇਹ ਮਗਰੋਂ ਲਹਿਣਾ। ਰੱਜਿਆਂ ਲਈ ਤਾਂ ਸ਼ੁਗਲ ਮੁਗ਼ਲ ਹੈ, ਲਿੱਸਿਆਂ ਨੂੰ ਖਾ ਜਾਏ ਕੁਲਹਿਣਾ। *** ਮਾਘ ਮਹੀਨਾ ਕਿਣ ਮਿਣ ਕਣੀਆਂ। ਕੰਬਦੀ ਜਾਨ ਮੁਸ਼ਕਲਾਂ ਬਣੀਆਂ। ਸਿਰੀਂ ਛਤਰੀਆਂ ਏਨੀ ਠੰਢ ਵਿਚ, ਕਿੱਧਰ ਚੱਲੀਆਂ ਏਨੀਆਂ ਜਣੀਆਂ। *** ਬਾਬਲ ਤੁਰਿਆ, ਮਮਤਾ ਮੋਈ। ਰੱਬਾ ਦੱਸ ਇਹ ਗੱਲ ਕੀਹ ਹੋਈ। ਧਰਤੀ ਖੋਹੀ, ਅੰਬਰ ਖੋਹਿਆ, ਇਸ ਤੋਂ ਉੱਤੇ ਜ਼ੁਲਮ ਨਾ ਕੋਈ। *** ਮੇਰਾ ਦੁਸ਼ਮਣ ਬਾਹਰ ਨਾ ਕੋਈ। ਮੇਰੀ ਵੈਰਨ ਹਉਮੈ ਹੋਈ। ਇਸ ਤੋਂ ਮੁਕਤੀ ਮਿਲਦੀ ਹੀ ਨਾ, ਤਾਹੀਂ ਕਿਧਰੇ ਮਿਲੇ ਨਾ ਢੋਈ। *** ਚਾਰ ਵਰਣ ਦਾ ਸਾਂਝਾ ਮੰਦਰ। ਵੇਖੋ, ਝਾਕੋ ਆਪਣੇ ਅੰਦਰ । ਅਨਹਦ ਨਾਦ ਸ਼ਬਦ ਧੁਨ ਪੂੰਜੀ, ਏਹੀ ਸਬਕ ਦੇਵੇ ਹਰਿਮੰਦਰ। *** ਰੁੱਖ ਵੀ ਆਪਣਾ ਚਿਹਰਾ ਵੇਖਣ ਪਾਣੀ ਅੰਦਰ। ਕਿੰਨਾ ਕੁਝ ਹੈ ਲੁਕਿਆ ਏਸ ਕਹਾਣੀ ਅੰਦਰ। ਆਪਣੇ ਮਨ ਦਾ ਸ਼ੀਸ਼ਾ ਆਪਾਂ ਕਿਉਂ ਨਾ ਤੱਕੀਏ, ਤੰਦ ਸਬੂਤੀ ਲੱਭੀਏ ਉਲਝੀ ਤਾਣੀ ਅੰਦਰ। *** ਉਲਟ ਜ਼ਮਾਨੇ ਆ ਗਏ ਵੀਰੋ! ਕਮਲੇ ਬਣੇ ਸਿਆਣੇ। ਖ਼ੁਦ ਤੋਂ ਦੂਰ ਕਰਾ ਦਿੰਦੇ ਨੇ, ਕੋਠੀ ਵਿਚਲੇ ਦਾਣੇ। ਨਹੁੰ ਤੋਂ ਮਾਸ ਕਦੇ ਨਹੀਂ ਟੁੱਟਦਾ ਬਣੀ ਕਹਾਵਤ ਐਵੇਂ, ਹਰ ਰਿਸ਼ਤੇ ਦੀ ਆਪਣੀ ਖ਼ੁਸ਼ਬੂ, ਪਰ ਵਿਰਲਾ ਹੀ ਜਾਣੇ। *** ਹੁੰਦਾ ਸੀ ਭੁਲੇਖਾ ਸਾਨੂੰ 'ਭਾਰਤ ਮਹਾਨ ਹੈ'। ਸੌ ਵਿਚੋਂ ਨੱਬੇ ਦੀ, ਕੁੜਿੱਕੀ ਵਿਚ ਜਾਨ ਹੈ। ਲੋਕ-ਰਾਜ ਵਾਲੀ ਬੀਨ ਵੱਜਦੀ ਹੈ ਬੇਸੁਰੀ, ਪੈਸਾ ਹੀ ਵਜੰਤਰੀ ਦਾ ਦੀਨ ਤੇ ਈਮਾਨ ਹੈ। *** ਖੜਸੁੱਕ ਬਿਰਖ਼ ਉਦਾਸ ਖੜ੍ਹੇ ਨੇ। ਬਿਲਕੁਲ ਸਾਡੇ ਪਾਸ ਖੜ੍ਹੇ ਨੇ। ਇਸ ਦੀ ਜੜ੍ਹ ਨੂੰ ਕਿਹੜਾ ਦੁੱਖੜਾ, ਸੋਚੋ, ਕਿਉ ਬਿਨ ਸਵਾਸ ਖੜ੍ਹੇ ਨੇ। *** ਕੁਦਰਤ ਰਾਣੀਏ! ਤੂੰ ਏਨਾ ਕੰਮ ਕਰ ਦੇ। ਸਾਹਾਂ 'ਚ ਸੁਗੰਧੀਆਂ ਤੇ ਰੰਗ ਸੋਹਣਾ ਭਰ ਦੇ। ਜਿੱਥੇ ਜਿੱਥੇ ਜ਼ਿੰਦਗੀ ਉਦਾਸ ਤੇ ਖ਼ਾਮੋਸ਼ ਹੈ, ਉੱਥੇ ਉੱਥੇ ਬੁੱਤਾਂ ਨੂੰ ਜਿਉਣ ਜੋਗਾ ਕਰ ਦੇ। *** ਹੰਝੂਆਂ ਨੂੰ ਰੋਕ ਨਾ ਤੂੰ, ਏਸੇ ਤਰ੍ਹਾਂ ਵਹਿਣ ਦੇ। ਮਨ ਉਤੋਂ ਭਾਰ ਬੀਬਾ! ਏਸੇ ਤਰ੍ਹਾਂ ਲਹਿਣ ਦੇ। ਜ਼ਿੰਦਗੀ ਉਦਾਸ ਗੀਤ, ਮੇਰੇ ਹਿੱਸੇ ਆ ਗਈ, ਮੈਨੂੰ ਮੇਰੇ ਹਾਲ ਉਤੇ ਏਸੇ ਤਰ੍ਹਾਂ ਰਹਿਣ ਦੇ। *** ਸੁਣ ਲਉ ਲੋਕੋ! ਅਜਬ ਕਹਾਣੀ। ਪਿੱਛੇ ਅੱਗ ਤੇ ਅੱਗੇ ਪਾਣੀ। ਨਾਲ ਜੁਲਾਹਿਆਂ ਡਾਂਗੋ-ਡਾਂਗੀ, ਪੱਲੇ ਤੰਦ ਨਹੀਂ ਹੈ ਤਾਣੀ। *** ਸੱਪ ਤੇ ਨਿਓਲ਼ਾ ਵੇਖੋ, ਜਾਪਦੇ ਨੇ ਲੜਦੇ। ਵੇਖ ਲਉ ਸਿਆਸੀ ਲੋਕ ਏਸੇ ਤਰ੍ਹਾਂ ਕਰਦੇ। ਸਾਡੇ ਦੋਵੇਂ ਵੈਰੀ, ਚਿੱਤੋਂ ਡੰਗ ਨਹੀਉਂ ਛੱਡਦੇ, ਵਾਰੋ ਵਾਰੋ ਕਾਟੋ ਵਾਂਗੂੰ ਕੁਰਸੀ 'ਤੇ ਚੜ੍ਹਦੇ। *** ਫੁੱਲਾਂ ਦੀ ਸੰਭਾਲ਼ ਵੀ ਤਾਂ ਸਾਡੀ ਜ਼ਿੰਮੇਵਾਰੀ ਹੈ। ਘਰ ਵਿਚ ਲਾਈ ਜੇ ਗ਼ੁਲਾਬ ਦੀ ਕਿਆਰੀ ਹੈ। ਏਸ ਦਾ ਖ਼ਿਆਲ ਕਰੂ ਕੌਣ ਹੁਣ ਮਾਲਕੋ! ਧਰਤੀ, ਜ਼ਬਾਨ, ਤੁਸੀਂ ਜਣਨੀ ਵਿਸਾਰੀ ਹੈ। *** ਚੱਲ ਪੰਛੀਆ! ਮਾਰ ਉਡਾਰੀ। ਤੇਰੇ ਪਿੱਛੇ ਚੜ੍ਹੇ ਸ਼ਿਕਾਰੀ। ਰਾਜ ਘਰਾਣੇ ਜਸ਼ਨ ਮਨਾਉਣਾ, ਆ ਨਾ ਜਾਵੇ ਤੇਰੀ ਵਾਰੀ। *** ਅੱਗ ਦੇ ਅਨਾਰ ਨਾ ਚਲਾਇਆ ਕਰੋ ਦੋਸਤੋ! ਜ਼ਿੰਦਗੀ ਤਾਂ ਜ਼ਸ਼ਨ, ਮਨਾਇਆ ਕਰੋ ਦੋਸਤੋ! ਆਪਣੀ ਹੀ ਅੱਗ ਵਿਚ ਜਿਹੜੇ ਸੜੀ ਜਾਂਦੇ ਨੇ, ਐਸੇ ਨਾਮੁਰਾਦ ਨਾ ਬੁਲਾਇਆ ਕਰੋ ਦੋਸਤੋ! *** ਧੁੰਦ ਵਿਚ ਮੈਥੋਂ ਮੇਰਾ ਚਿਹਰਾ ਪਰੇਸ਼ਾਨ ਸੀ। ਤੁਰਨਾ ਸੀ ਤੇਗ਼ ਉੱਤੇ, ਮੁੱਠੀ ਵਿਚ ਜਾਨ ਸੀ। ਜਿੱਤਣਾ ਯਕੀਨੀ ਹੋਇਆ ਜਦੋਂ ਏਸ ਪੰਧ ਨੂੰ, ਫੜੇ ਰਹਿ ਗਏ ਤੀਰ, ਪਰ ਟੁੱਟ ਗਈ ਕਮਾਨ ਸੀ। *** ਸੁੱਚੀਆਂ ਮੁਹੱਬਤਾਂ ਦਾ ਹੁੰਦਾ ਕੋਈ ਨਾਂ ਨਹੀਂ। ਮਹਿਕ ਨੂੰ ਲੋੜੀਂਦੀ ਸੂਈ-ਨੱਕੇ ਜਿੰਨੀ ਥਾਂ ਨਹੀਂ। ਧਰਤੀ, ਜ਼ਬਾਨ, ਤੀਜੀ ਮਾਂ-ਰਾਣੀ ਦੋਸਤੋ! ਇਨ੍ਹਾਂ ਨਾਲੋਂ ਦੁਨੀਆਂ ਤੇ ਠੰਢੀ ਮਿੱਠੀ ਛਾਂ ਨਹੀਂ। *** ਇਸ ਪੁਸਤਕ ਦੇ ਅੰਦਰ ਕੀਹ ਹੈ? ਪੜ੍ਹਨੋਂ ਡਰਦਾ ਹਰ ਇਕ ਜੀਅ ਹੈ। ਮਨ ਦਾ ਸ਼ੀਸ਼ਾ, ਮੈਂ ਕਿਉਂ ਵੇਖਾਂ? ਅਸਲੀ ਵਿਚੋਂ ਗੱਲ ਇਹ ਹੀ ਹੈ। *** ਝੁੱਲ ਓਏ ਤਿਰੰਗਿਆ! ਤੂੰ ਝੁੱਲ ਓਏ ਤਿਰੰਗਿਆ! ਅਸਾਂ ਤੈਨੂੰ ਖੂਨ ਦਿੱਤਾ, ਜਦੋਂ ਵੀ ਤੂੰ ਮੰਗਿਆ। ਪੁੱਛ ਕਦੇ ਦਿੱਲੀ ਦਿਆਂ ਤਾਜਰਾਂ ਨੂੰ ਪੁੱਛ ਤੂੰ, ਕਿਹੜੇ ਦੋਸ਼ ਬਦਲੇ ਹੈ, ਸੂਲ਼ੀ ਇਨ੍ਹਾਂ ਟੰਗਿਆ। *** ਧੁੱਪਾਂ ਦਾ ਉਦਾਸ ਰੰਗ ਸ਼ਾਮ-ਰੰਗਾ ਹੋ ਗਿਆ। ਪਰ ਜੀਅ ਦੁਪਹਿਰੇ ਮੇਰਾ ਸਾਰਾ ਖ਼ੂਨ ਚੋ ਗਿਆ। ਰਾਤ ਦੇ ਉਨੀਂਦਰੇ ਨੇ ਜਾਨ ਸੂਲ਼ੀ ਟੰਗ'ਤੀ, ਚੰਗਾ ਹੋਇਆ ਮੇਲ ਤਾਂ ਸਵੇਰ ਨਾਲ ਹੋ ਗਿਆ। *** ਸਾਡੇ ਪਿੰਡੀਂ ਵਗੇ ਬੀਬਾ! ਕਵਿਤਾ ਦੀ ਨਹਿਰ ਹੈ। ਤੇਰੇ ਤਾਂ ਨਸੀਬਾਂ 'ਚ ਸਿਉਂਕ ਲੱਗਾ ਸ਼ਹਿਰ ਹੈ। ਜਿਥੋਂ ਦੇ ਮੁਹੱਲਿਆਂ ਨੂੰ ਪੈਸੇ ਦਾ ਬੁਖ਼ਾਰ ਹੈ। ਧਰਤੀ ਪਲੀਤ ਹੋਈ, ਹਵਾ ਵਿਚ ਜ਼ਹਿਰ ਹੈ। *** ਉੱਡਣ ਖ਼ਾਤਰ ਤਿਤਲੀ ਤੋਂ ਲੈ ਫੰਗ ਰਿਹਾ ਹਾਂ। ਪਤਾ ਨਹੀਂ ਕਿਉਂ ਜਾਨ ਨੂੰ ਸੂਲ਼ੀ ਟੰਗ ਰਿਹਾ ਹਾਂ। ਖ਼੍ਵਾਬਾਂ ਪਿੱਛੇ ਤੁਰਦੇ ਤੁਰਦੇ ਆਹ ਦਿਨ ਆਏ, ਸ਼ਾਇਰੀ ਖ਼ਾਤਰ ਸ਼ਬਦ ਉਧਾਰੇ ਮੰਗ ਰਿਹਾ ਹਾਂ। *** ਉੱਚੀਆਂ ਸੀ ਜੋ ਸਬਜ਼ ਖ਼ਜੂਰਾਂ ਪੱਤਰ ਹੋ ਗਏ ਕਾਲੇ। ਜੜ੍ਹ ਨੂੰ ਕੀੜੇ ਵਾਂਗੂੰ ਖਾ ਗਏ, ਰਾਣੀ ਖ਼ਾਂ ਦੇ ਸਾਲੇ। ਵਤਨ ਮੇਰੇ ਦੇ ਰਾਹਬਰ ਕੋਲੋਂ, ਰੱਬਾ! ਵਤਨ ਬਚਾਈਂ, ਵੇਚਣ ਨੂੰ ਇਹ ਫਿਰਦੇ ਸਾਰਾ, ਸਣ ਕੁੰਜੀਆਂ, ਸਣ ਤਾਲੇ। *** ਧਰਤੀ-ਮਾਂ ਤੋਂ ਲੈਂਦਾ ਹਾਂ ਮੈਂ ਸ਼ਬਦ ਉਧਾਰੇ। ਰੌਸ਼ਨੀਆਂ ਦਾ ਸੋਮਾ ਅੰਬਰ ਵਿਚਲੇ ਤਾਰੇ। ਵਗਦੀ ਪੌਣ ਦਾ ਰੁਮਕਾ ਮੇਰੀ ਧੜਕਣ ਬਣਦਾ, ਲੱਭਦਾ ਫਿਰਨਾਂ, ਹੁਣ ਵੀ ਨਕਸ਼ ਗੁਆਚੇ ਸਾਰੇ। *** ਢਿੱਲੜ ਮੰਨਦੇ ਨੇ ਤਕਦੀਰਾਂ। ਹਿੰਮਤੀ ਕਰਦੇ ਨੇ ਤਦਬੀਰਾਂ। ਤੁਰਨਾ ਪੈਂਦੈ ਤਖ਼ਤ ਹਜ਼ਾਰਿਉਂ, ਅੱਗੇ ਲੱਖ ਉਡੀਕਣ ਹੀਰਾਂ। *** ਫੁੱਲਾਂ 'ਚ ਸੁਗੰਧ ਵਾਂਗੂੰ ਤੁਰੀ ਚੱਲੋ ਨਾਲ ਨਾਲ। ਦਿਲ ਦੀ ਅੰਗੀਠੀ ਨਿੱਘੀ ਰੱਖੋ, ਖ਼੍ਵਾਬ ਬਾਲ਼ ਬਾਲ਼। ਆਪਣੀ ਆਵਾਜ਼ ਨੂੰ ਬੁਲੰਦ ਕਰੀ ਰੱਖਿਓ, ਨੀਂਦਰਾਂ ਨੂੰ ਰੱਖਣਾ ਜੀ, ਅੱਖੀਆਂ 'ਚੋਂ ਟਾਲ ਟਾਲ। *** ਸੱਜਰੀ ਸਵੇਰ ਵੇਖ ਫੁੱਲਾਂ ਦੀਆਂ ਟਾਹਣੀਆਂ। ਇਨ੍ਹਾਂ ਉੱਤੇ ਲਿਖੀਆਂ ਨੇ ਲੱਖਾਂ ਹੀ ਕਹਾਣੀਆਂ। ਪੜ੍ਹਦੇ ਪਰਿੰਦੇ ਜਿਵੇਂ 'ਕੱਲੇ 'ਕੱਲੇ ਪੱਤ ਨੂੰ, ਬੰਦਿਆ! ਤੂੰ ਸੁੱਤਾ ਕਾਹਨੂੰ ਲੰਮੀਆਂ ਨੇ ਤਾਣੀਆਂ। *** ਜਿਵੇਂ ਫੁੱਲਾਂ ਉੱਤੇ ਪਵੇ, ਮੋਤੀ ਤੁਪਕੇ ਤਰੇਲ। ਇਵੇਂ ਜ਼ਿੰਦਗੀ ਦੇ ਦੀਵੇ ਵਿਚ ਪਾਈ ਜਾਵੀਂ ਤੇਲ। ਭਾਵੇਂ ਧਰਤੀ ਆਕਾਸ਼ ਅੱਜ ਤੀਕ ਨਹੀਉਂ ਮਿਲੇ, ਅਜੇ ਚਿੱਤ 'ਚ ਉਡੀਕ, ਕਦੇ ਹੋਊ ਸਾਡਾ ਮੇਲ। *** ਕਿੱਥੇ ਕੀਹਦੇ ਵਾਸਤੇ ਹੈ ਚੋਗ ਬਲਿਹਾਰੀਆ! ਜਾਵਾਂ ਕੁਰਬਾਨ ਤੇਰੇ ਮਦਨ ਮੁਰਾਰੀਆ! ਪੱਥਰਾਂ, ਸਮੁੰਦਰਾਂ ਤੇ ਕਿਸੇ ਦੇ ਲਈ ਅੰਬਰੀਂ, ਦਾਣਾ-ਪਾਣੀ, ਰਸ-ਕਸ ਰੱਖੇ ਬਨਵਾਰੀਆ! *** ਬੀਤ ਗਈ ਹੈ ਰਾਤ ਭਾਵੇਂ ਚੜ੍ਹ ਗਈ ਸਵੇਰ ਹੈ। ਮਨ ਵਿਚ ਓਸੇ ਤਰ੍ਹਾਂ ਕਾਲਖ਼ਾਂ ਤੇ ਨ੍ਹੇਰ ਹੈ। ਸੁਪਨੇ ਹਕੀਕਤਾਂ 'ਚ ਕਿੰਨਾ ਲੰਮਾ ਫ਼ਾਸਲਾ, ਹੱਕ ਤੇ ਬਰਾਬਰੀ 'ਚ ਅਜੇ ਕਿੰਨੀ ਦੇਰ ਹੈ। *** ਧੁੱਪਾਂ ਵੀ ਉਦਾਸ ਏਥੇ ਛਾਵਾਂ ਵੀ ਉਦਾਸ ਨੇ। ਰੱਬ ਦੀਆਂ ਰਹਿਮਤਾਂ ਲਈ ਕੁਝ ਬੰਦੇ ਖ਼ਾਸ ਨੇ। ਤੇਰੇ ਘਰ ਨਿੱਤ ਤਾਹੀਓਂ ਹੁੰਦੀਆਂ ਬਗ਼ਾਵਤਾਂ, ਘੜਦਾ ਕਾਨੂੰਨ ਜੋ ਤੂੰ, ਵੱਡਿਆਂ ਨੂੰ ਰਾਸ ਨੇ। *** ਏਸ ਆਸ ਤੇ ਉਮੀਦ ਵਿਚ ਕਾਲ਼ੇ ਹੋ ਗਏ ਬੱਗੇ। ਤੇਰੇ ਹਾਸਿਆਂ ਨੂੰ ਭੈਣੇ! ਮੰਦੀ ਨਜ਼ਰ ਨਾ ਲੱਗੇ। ਜੀਵੇ ਤਲੀਆਂ 'ਚ ਗਿੱਧਾ, ਮੌਲ਼ੇ ਤੇਰਾ ਸੰਸਾਰ, ਜਿਵੇਂ ਬਾਬਲ ਦਾ ਵਿਹੜਾ, ਮਿਲੇ ਓਹੋ ਜਿਹਾ ਅੱਗੇ। *** ਬਹੁਤ ਲੋਕੀਂ ਪੁੱਛਦੇ ਨੇ, ਵੇਖਿਆ ਕਿਸ ਵਾਹਿਗੁਰੂ। ਮੇਰਾ ਉੱਤਰ ਜ਼ਿੰਦਗੀ ਹੈ, ਜਿਸ ਜਗਹ ਹੁੰਦੀ ਸ਼ੁਰੂ। ਅੰਤ ਤੀਕਰ ਆਸ ਦੀ ਤੰਦ ਜੋੜਦੀ ਤੇ ਤੋੜਦੀ, ਓਸ ਵੇਲੇ ਆਸਰਾ ਹੈ, ਦੋਸਤੋ! ਇਹ ਵਾਹਿਗੁਰੂ। *** ਕੁਦਰਤ ਰਹਿਮਤ ਕਰ ਜਾਂਦੀ ਹੈ। ਝੋਲ ਫੁੱਲਾਂ ਸੰਗ ਭਰ ਜਾਂਦੀ ਹੈ। ਪੱਤਝੜ ਵਕਤ ਉਦਾਸ ਨਾ ਹੋਵੀਂ, ਰੁੱਤ ਇਕਰਾਰ ਵੀ ਕਰ ਜਾਂਦੀ ਹੈ। *** ਗਲ਼ ਵਿਚ ਚੁੰਨੀ, ਫਾਹੀ ਬਣੀ ਮੁਟਿਆਰ ਦੇ। ਘਰ ਦੀ ਕਮਾਈ ਥੋੜ੍ਹੀ, ਥੱਲੇ ਆ ਗਈ ਭਾਰ ਦੇ। ਜ਼ਿੰਦਗੀ ਜਿਉਣ ਜੋਗੀ, ਬੱਚਿਆਂ ਸਮੇਤ ਮੋਈ, ਦੱਸਦੇ ਨੇ ਰੋਂਦੇ ਹੋਏ, ਪੰਨੇ ਅਖ਼ਬਾਰ ਦੇ। *** ਮੋਹ, ਮਮਤਾ ਦੀ ਮੂਰਤ ਮਾਂ ਹੈ। ਸ਼ਕਤੀ ਇਸ ਦਾ ਦੂਜਾ ਨਾਂ ਹੈ। ਧਰਤੀ ਜੇਡੀ ਬੁੱਕਲ ਵਾਲੀ, ਆਪਣੇ ਲਈ ਨਾ ਰੱਖਦੀ ਥਾਂ ਹੈ। *** ਮਿਲਿਆ ਸੀ ਯਾਰ ਤਾਂ ਸੰਧੂਰੀ ਰੰਗ ਹੋ ਗਿਆ। ਹੱਕ ਸੀ ਪੁਰਾਣਾ ਐਵੇਂ ਦਿਲ ਮੰਗ ਹੋ ਗਿਆ। ਸੋਚਿਆ ਨਹੀਂ ਸੀ, ਇਨਕਾਰ ਕਦੇ ਹੋਏਗਾ, ਵੇਖ ਤੂੰ, ਮਾਸੂਮ ਦਿਲ ਸੂਲ਼ੀ ਟੰਗ ਹੋ ਗਿਆ। *** ਤੇਰੀ ਪਰਵਾਨ ਬੀਬਾ! ਸਤਿ ਸ੍ਰੀ ਅਕਾਲ ਹੈ। ਉਂਝ ਏਥੇ ਸੱਚ ਦਾ ਤਾਂ ਬਹੁਤ ਬੁਰਾ ਹਾਲ ਹੈ। ਕੂੜ ਵਾਲੇ ਹੱਟ ਉੱਤੇ ਗਾਹਕਾਂ ਦੀ ਭੀੜ ਹੈ, ਹੱਕ, ਇਨਸਾਫ਼, ਸੱਚ ਹੋ ਰਿਹਾ ਬੇਹਾਲ ਹੈ। *** ਮੇਰੀ ਹੈ ਸਲਾਮ ਸੂਹੀ ਸੱਜਰੀ ਸਵੇਰ ਨੂੰ। ਸੂਰਜੇ ਦੀ ਟਿੱਕੀ ਵੇਖ ਫ਼ੈਲ ਗਈ ਚੁਫ਼ੇਰ ਨੂੰ। ਆਓ! ਏਸ ਧਰਤੀ ਨੂੰ ਸਾਂਭੀਏ ਸੰਵਾਰੀਏ, ਨਾਲ ਹੀ ਮੁਕਾਈਏ ਆਪਾਂ ਮਨਾਂ ਦੇ ਹਨ੍ਹੇਰ ਨੂੰ। *** ਅੱਜ ਦਾ ਦਿਵਸ ਮੁਬਾਰਕ ਹੋਵੇ ਪਰ ਜੇ ਦੁੱਖੜੇ ਮੁੱਕਣ। ਜਗੇ ਬਨੇਰਾ, ਚੜ੍ਹੇ ਸਵੇਰਾ, ਨੇਰ੍ਹੇ ਤੰਬੂ ਚੁੱਕਣ। ਧਰਮੀ ਪੁੱਤਰ ਸਿਰ ਜੋੜਨ ਤੇ ਜਬਰ-ਖਿਲਾਫ਼ ਦਹਾੜਨ, ਮਿਥਣ ਨਿਸ਼ਾਨਾ ਲੋਕ-ਮੁਕਤੀਆਂ, ਇਸ ਤੋਂ ਕਦੇ ਨਾ ਉੱਕਣ। *** ਪੋਹੂਵਿੰਡ ਵਿਚ ਮਾਘ ਮਹੀਨੇ ਧਰਤੀ ਸੂਰਜ ਜਾਇਆ। ਜ਼ੋਰ ਜ਼ੁਲਮ ਦੇ ਅੱਗੇ ਕਿਸ ਨੇ, ਸਿਦਕੀ ਮੱਥਾ ਲਾਇਆ। ਅੱਜ ਦਾ ਦਿਵਸ ਮੁਬਾਰਕ ਬਾਬਾ ਦੀਪ ਸਿੰਘ ਜੀ ਸਦਕੇ, ਸੀਸ ਤਲੀ 'ਤੇ ਧਰਕੇ ਜਿਸ ਨੇ ਵਾਹ ਖੰਡਾ ਖੜਕਾਇਆ। *** ਕਿੰਨੀਆਂ ਉਗਾਈਆਂ ਅਸੀਂ ਫੁੱਲਾਂ ਦੀਆਂ ਵਾਦੀਆਂ। ਨਾਲੋ ਨਾਲ ਕਰੀ ਜਾਈਏ, ਨਿੱਤ ਬਰਬਾਦੀਆਂ। ਫ਼ਰਜ਼ਾਂ ਦੀ ਥਾਵੇਂ ਅਸੀਂ ਗਰਜ਼ ਦੇ ਗ਼ੁਲਾਮ ਹਾਂ, ਕੁੱਖ ਵਿਚ ਮਾਰੀ ਜਾਈਏ, ਸੁਰ-ਸ਼ਹਿਜ਼ਾਦੀਆਂ। *** ਮੋਰ ਦਿਆਂ ਖੰਭਾਂ ਵਿਚ ਪੀਂਘਾਂ ਸੱਤ ਰੰਗੀਆਂ। ਬੱਦਲਾਂ ਦੀ ਰੁੱਤੇ ਵੇਖੋ ਅੰਬਰਾਂ 'ਤੇ ਟੰਗੀਆਂ। ਰੰਗਾਂ ਦੇ ਸੁਮੇਲ ਕੋਲੋਂ ਆਪਾਂ ਕਿਉਂ ਨਹੀਂ ਸਿੱਖਦੇ, ਨਿੱਤ ਹੀ ਲੜਾਈਆਂ ਬੀਬਾ! ਹੁੰਦੀਆਂ ਨਹੀਂ ਚੰਗੀਆਂ। *** ਭਗਤੀ ਹੈ ਸੇਵਾ ਦੱਸੀ ਗੁਰੂ ਦੇ ਦੁਲਾਰਿਆ। ਅੱਧਿਆਂ ਅਧੂਰਿਆਂ ਦੇ ਪੂਰਨਾ ਪਿਆਰਿਆ। ਪਿੰਗਲੇ ਪਹਾੜ 'ਤੇ ਚੜ੍ਹਾਵੇਂ ਅੱਖੀਂ ਵੇਖਿਆ, ਆਸ ਧਰਵਾਸ ਤੂੰ ਹੈਂ ਸਰਘੀ ਦੇ ਤਾਰਿਆ! *** ਸੁੰਦਰ ਸ਼ਯਾਮ ਸੋਹਣਾ, ਬੰਸਰੀ ਵਜਾ ਗਿਆ। ਹੀਰ ਦੀ ਨਿਮਾਣੀ ਜਿੰਦ, ਰਾਂਝਾ ਭਰਮਾ ਗਿਆ। ਕਿੱਥੋਂ ਆਇਆ, ਕਿੱਥੇ ਜਾਣਾ? ਦੱਸ ਵੇ ਤੂੰ ਜੋਗੀਆ! ਸੁੰਦਰਾਂ ਦੇ ਚਿਤ ਨੂੰ ਚਿਤਬਣੀ ਜਹੀ ਲਾ ਗਿਆ। *** ਕਿਹੜਾ, ਕਿੱਥੇ, ਕੌਣ ਖਲੋਤਾ, ਇਹ ਗੱਲਾਂ ਨੇ ਵਕਤੀ। ਇਸ ਧਰਤੀ ਦੇ ਸੁਰ ਸ਼ਹਿਜ਼ਾਦੇ ਸਾਰੇ ਮੇਰੀ ਸ਼ਕਤੀ। ਬਾਈ ਅਸਲ ਮਾਲਵਾ ਸਾਡਾ, ਜੱਸੀ ਸੁਰ ਸ਼ਹਿਜ਼ਾਦਾ, ਸ਼ਿੰਦਾ ਤੇ ਹਰਭਜਨ ਪਿਆਰਾ ਪਾਰਸ ਭੰਵਰਾ ਸ਼ਕਤੀ। *** ਮੇਰੇ ਹਾਣੀ ਕਿੰਨੇ ਸਾਰੇ ਰੁੱਖ ਮੁਰਝਾ ਗਏ। ਨਸ਼ਿਆਂ ਦੇ ਝੂਟੇ ਨੇ ਸਿਉਂਕ ਵਾਂਗੂੰ ਖਾ ਗਏ। ਪਹਿਰੇਦਾਰਾਂ ਨਾਲ ਹੁਣ ਚੋਰ ਭਾਈਵਾਲ ਨੇ, ਵੇਖ ਲਉ ਪੰਜਾਬ ਉਤੇ ਕੈਸੇ ਦਿਨ ਆ ਗਏ। *** ਅੰਬਰੋਂ ਪਰਿੰਦੇ ਜਦੋਂ ਆਲ੍ਹਣੇ 'ਚ ਆਉਣਗੇ। ਤਾਰਿਆਂ ਦੀ ਬਾਤ ਆ ਕੇ ਬੋਟਾਂ ਨੂੰ ਸੁਣਾਉਣਗੇ। ਆਦਮੀ ਦੀ ਜ਼ਾਤ ਕਦੇ ਦਿਲ ਹੀ ਨਹੀਂ ਖੋਲ੍ਹਦੀ, ਇਹਦੇ ਘਰ ਜਾਏ ਕੋਈ ਚੰਦ ਹੀ ਚੜ੍ਹਾਉਣਗੇ। *** ਸ਼ਾਸਤਰਾਂ ਦੀ ਰਾਖੀ ਕਰਦੇ ਸ਼ਸਤਰਧਾਰੀ। ਅੱਜ ਸ਼ਸਤਰ ਦੀ ਮਹਿਮਾ ਹੋ ਗਈ ਅਪਰਮਪਾਰੀ। ਮਾਰਗ ਦਰਸ਼ਕ ਸ਼ਬਦ ਗੁਰੂ ਹੈ, ਵਿਚ ਹਨ੍ਹੇਰੇ, ਆਣ ਤੁਸੀਂ ਸਮਝਾਓ ਮੁੜ ਕੇ ਕਲਗੀਧਾਰੀ। *** ਸੰਤ ਸੂਰਮਾ, ਧਾਰ ਉਦਾਸੀ ਰਣਖੇਤਰ ਵਿਚ ਆਇਆ। ਕਾਲਖ਼ ਦੇ ਵਣਜਾਰਿਆਂ ਦੇ ਸੰਗ ਜਿਸ ਨੇ ਮੱਥਾ ਲਾਇਆ। ਕੰਮੀਆਂ ਦੇ ਵਿਹੜੇ ਦਾ ਸੂਰਜ, ਲਾਲ ਕਿਲ੍ਹੇ ਸੰਗ ਭਿੜਿਆ, ਫ਼ੌਲਾਦੀ ਵਿਸ਼ਵਾਸ ਦਾ ਰਾਖਾ, ਕੱਚੇ ਘਰ ਦਾ ਜਾਇਆ। *** ਮੱਥੇ ਤੇਰਾ ਟਿੱਕਾ, ਨੱਕ ਤਿੱਖਾ ਤਲਵਾਰ ਹੈ। ਲੌਂਗ ਲਿਸ਼ਕੋਰੇ, ਡਾਢਾ ਨੈਣਾਂ ਦਾ ਖੁਮਾਰ ਹੈ। ਜੋਬਨੇ ਦੀ ਰੁੱਤ ਹੈ, ਸਰੂਰ ਨੂਰ ਹੋ ਗਿਆ, ਦਿਲ ਉੱਤੇ ਦੱਸ ਫਿਰ ਹੁਣ ਕਾਹਦਾ ਭਾਰ ਹੈ। *** ਯਮਲਾ ਜੱਟ ਤੇ ਆਲਮ ਮਿਲ ਗਏ ਸੱਤ ਸਮੁੰਦਰ ਪਾਰ। ਸੁਰ ਸਹਿਜ਼ਾਦੇ, ਧਰਮੀ-ਪੁੱਤਰ ਮਿਲੇ ਸੀ ਪਹਿਲੀ ਵਾਰ। ਪੁੱਛਿਆ ਯਮਲੇ, ਦੱਸ ਲੋਹਾਰਾ, ਸਿਆਲਕੋਟ ਦਾ ਕਿੱਸਾ, ਆਲਮ ਅੱਗੋਂ ਹੱਸ ਕਿਹਾ, ਹੁਣ ਲਾਹ ਦੇ ਦਿਲ ਤੋਂ ਭਾਰ। *** ਆ ਕਦੇ ਇਸ ਜ਼ਿੰਦਗੀ ਨੂੰ ਮਾਣ ਲਈਏ। ਅਸਲ ਜੀਵਨ ਅਰਥ ਨੂੰ ਵੀ ਜਾਣ ਲਈਏ। ਚੁੱਪ ਵਾਲੇ ਕਵਚ ਨੂੰ ਤੂੰ ਲਾਹ ਨੀ ਜਿੰਦੇ! ਧਰਤ ਉੱਪਰ ਲੇਟ, ਅੰਬਰ ਤਾਣ ਲਈਏ! *** ਅੱਜ ਦਾ ਦਿਵਸ ਮੁਬਾਰਕ! ਧਰਤੀ ਮਾਂ ਨੇ ਪੁੱਤਰ ਜਾਇਆ। ਪਵਨ ਗੁਰੂ ਪਾਣੀ ਦਾ ਰਾਖਾ, ਧਰਤ ਸੰਵਾਰਨ ਆਇਆ। ਕਰਮਭੂਮ ਦਾ ਅਣਥੱਕ ਯੋਧਾ, ਕਿਸ ਮਿੱਟੀ ਦਾ ਬਣਿਆ, ਸੰਤ ਬੜੇ ਬਲਬੀਰ ਨੇ ਥੋੜ੍ਹੇ, ਵੇਖ ਜਗਤ ਦੀ ਮਾਇਆ। *** ਜ਼ਿੰਦਗੀ ਲੈਂਦੀ ਏ ਕੈਸਾ ਇਮਤਿਹਾਨ। ਕਰ ਕਮਲ ਬਿਨ ਵੇਖ ਲਉ ਮਾਸੂਮ ਜਾਨ। ਕੈਨਵਸ 'ਤੇ ਰੰਗ ਭਰਦੀ ਹੈ ਨਿਰੰਤਰ, ਤੀਸਰਾ ਨੇਤਰ ਜਗਾਵੇ, ਇਹ ਜਹਾਨ। *** ਕਿੱਥੇ ਤੁਰ ਗਈਆਂ ਯਾਰੋ! ਸੂਰਤਾਂ ਪਿਆਰੀਆਂ। ਉਮਰਾਂ ਦੇ ਵਾਅਦੇ ਕਰ ਤੋੜ ਗਈਆਂ ਯਾਰੀਆਂ। ਅੱਖਾਂ ਵਿਚ ਸੁੱਤਿਆਂ ਸਮੁੰਦਰਾਂ ਦਾ ਨੀਰ ਹੈ, ਲਾਉਂਦੇ ਨੇ ਹੁਸੀਨ ਖ਼੍ਵਾਬ ਇਨ੍ਹਾਂ ਵਿਚ ਤਾਰੀਆਂ। *** ਚੁੱਪ ਕਿਉਂ ਹੈਂ ਮਨ ਦੇ ਮੋਰਾ! ਦਰਦ ਛੁਪਾਵੇਂ ਦਿਲ ਦਿਆ ਚੋਰਾ! ਤੇਰੇ ਖੰਭਾਂ ਦੇ ਵਿਚ ਅੰਬਰ, ਪੈਰਾਂ ਦਾ ਕਿਉਂ ਕਰਦੈਂ ਝੋਰਾ। *** ਉੱਡ ਉੱਡ ਚਿੜੀਏ ਨੀ, ਤੂੰ ਬਹਿ ਫੁਲਵਾੜੀ। ਕਿਸ ਜ਼ਾਲਮ ਮਾਲੀ ਨੇ, ਪਿੰਜਰੇ ਵਿਚ ਤਾੜੀ। ਇਸ ਦੇਸ਼ ਦੇ ਰਾਜੇ ਨੂੰ ਹੁਣ ਕਿਹੜਾ ਵਰਜੇ, ਪਰਵਾਜ਼ ਨੂੰ ਕੈਦ ਕਰੇ ਇਹਦੀ ਆਦਤ ਮਾੜੀ । *** ਸਾਡੇ ਪਿੰਡ ਦੀ ਹਰ ਇਕ ਮਾਂ ਸੀ, ਬਿਲਕੁਲ ਹੀ ਇਸ ਮਾਂ ਦੇ ਵਰਗੀ। ਹੁੰਦੀ ਹੈ ਜਿਉਂ ਹਰ ਇਕ ਬੋਹੜ ਦੀ ਸੰਘਣੀ ਛਾਂ ਹੀ ਛਾਂ ਦੇ ਵਰਗੀ। ਚੁੱਪ-ਚੁਪੀਤੇ ਭਰ ਵਗਦੇ ਦਰਿਆ ਦੇ ਵਾਂਗ ਨਿਰੰਤਰ ਵਹਿੰਦੀ, ਪਾਕ-ਪਵਿੱਤਰ ਅੰਮ੍ਰਿਤ ਦੀ ਘੁੱਟ, ਨਾਂਹ ਵੀ ਜਿਸ ਦੀ ਹਾਂ ਦੇ ਵਰਗੀ। *** ਤੂੰ ਮੇਰੇ ਨੈਣਾਂ 'ਚ ਕੁਝ ਪਲ ਬੰਦ ਹੋ ਜਾਹ। ਫੁੱਲ ਨਾ ਰਹੁ, ਹੁਣ ਤੂੰ, ਸੂਰਜ, ਚੰਦ ਹੋ ਜਾਹ। ਮਹਿਕ ਦੇ ਦੇ, ਜ਼ਿੰਦਗੀ ਸਰਸ਼ਾਰ ਕਰ ਦੇਹ, ਹਸਤੀਆਂ ਨੂੰ ਮੇਟ ਤੇ ਗੁਲਕੰਦ ਹੋ ਜਾਹ। *** ਵੇਖ ਪਹਾੜੋਂ ਫੁੱਟਿਆ ਚਸ਼ਮਾ ਨੱਚਦਾ ਫਿਰਦਾ ਨੀਰ। ਧਰਤੀ-ਮਾਂ ਦਾ ਪੁੱਤਰ ਮੁੜਿਆ, ਫੁੱਲ, ਕਲੀਆਂ ਦਾ ਵੀਰ। ਆ ਜਾ ਇਸ ਦੀ ਕਲਵਲ ਕੋਲੋਂ ਰਾਗ ਇਲਾਹੀ ਸੁਣੀਏ, ਤਪਦੀ ਰੂਹ ਨੂੰ ਚੈਨ ਮਿਲੇਗਾ, ਡਾਢਾ ਦਿਲ ਦਿਲਗੀਰ। *** ਖਿੜਨ ਮਗਰੋਂ ਮਹਿਕ ਵੰਡੀਂ ਜ਼ਿੰਦਗੀ! ਕੰਡੇ ਦੀ ਵੀ ਤੇਰੇ ਜਿੰਨੀ ਬੰਦਗੀ। ਸਮਝ ਲੈ ਤੂੰ, ਜਾਣ ਲੈ ਇਸ ਭੇਦ ਨੂੰ, ਸਾਧਨਾ ਹੁੰਦੀ ਨਹੀਂ ਹੈ ਦਿਲ-ਲਗੀ। *** ਨੀਂਦਰ ਵਰਗੇ ਖ਼੍ਵਾਬ ਵੀਰਨੋ! ਜਾਗਦਿਆਂ ਹੀ ਆਪ ਉਸਾਰੋ। ਬੇਗਮਪੁਰ ਦਾ ਸ਼ਹਿਰ ਵਸਾ ਕੇ, ਆਪਣਾ ਅੱਗਾ ਆਪ ਸਵਾਰੋ। ਚੰਗੇ ਦਿਨ ਆਵਣ ਦਾ ਹੋਕਾ, ਹੋਰ ਸੁਣੋਗੇ ਕਦ ਕੁ ਤੀਕਰ, ਅੰਧੀ ਰਯਤ ਗਫ਼ਲਤ ਛੱਡੇ, ਗਿਆਨ ਦਾ ਤੇਜ਼ ਤਰੌਂਕਾ ਮਾਰੋ। *** ਬਾਪੂ ਜੀ ਕਮਾਲ ਸਾਡਾ ਬਾਪੂ ਜੀ ਕਮਾਲ। ਜਿੱਤਣਾ ਬਣਾਇਆ ਜੀਹਨੇ ਮੁੱਛ ਦਾ ਸਵਾਲ। ਬਣਿਆ ਫਰੰਗੀਆਂ ਦੇ ਦੇਸ਼ ਵਿਚ ਜੇਤੂ, ਸੌ ਨਾਲੋਂ ਵੱਧ ਮਾਣੇ ਹਾੜ੍ਹ ਤੇ ਸਿਆਲ਼। *** ਜਿਸ ਦਿਨ ਦਾ ਤੂੰ ਰੁੱਸਿਆ ਸੱਜਣਾ, ਗੱਲਾਂ ਕਰਨੀਆਂ ਛੱਡੀਆਂ। ਦਿਨ ਤਾਂ ਹੋ ਗਏ ਲੰਮ-ਸੁ-ਲੰਮੇ, ਰਾਤਾਂ ਹੋਈਆਂ ਵੱਡੀਆਂ। 'ਕੱਲ੍ਹਿਆਂ ਦੀ ਦੱਸ ਕਾਹਦੀ ਜ਼ਿੰਦਗੀ, ਪੁੱਛਦੇ ਚੰਨ ਤੋਂ ਰਾਤੇ, ਨਿੱਤ ਦਸਤਕ ਨੂੰ ਪਿਆ ਉਡੀਕਾਂ, ਨਜ਼ਰਾਂ ਬੂਹੇ ਗੱਡੀਆਂ। *** ਹਰਿਮੰਦਰ ਸਾਹਿਬ ਦੇ ਬੂਹੇ ਧੀ ਕਰਦੀ ਅਰਦਾਸ। ਇਸ ਧਰਤੀ ਤੋਂ ਕੂੜ ਨਿਖੁੱਟੇ, ਪੂਰੀ ਕਰ ਦੇਹ ਆਸ। ਜੁਗ ਜੁਗ ਜੀਣ ਧਰਤ ਦੇ ਜਾਏ, ਇੱਜ਼ਤ ਪੱਤ ਦੇ ਰਾਖੇ, ਨਸ਼ਿਆਂ ਤੋਂ ਬਚ ਜਾਵੇ ਧਰਤੀ, ਮਹਿਕਾਂ ਭਰਨ ਸਵਾਸ। *** ਕਦ ਖੋਲ੍ਹੇਂਗਾ ਹੋਠਾਂ ਉੱਤੋਂ ਚੁੱਪ ਦੇ ਜੰਦਰੇ। ਬਾਲ਼ ਚਿਰਾਗ਼ ਹਨੇਰ ਮੇਟ ਦੇ, ਮਨ ਦੇ ਮੰਦਰੇ। ਦੇਵਤਿਆਂ ਨੂੰ ਅਰਘ ਚੜ੍ਹਾ ਕੇ, ਭਟਕ ਨਾ ਐਵੇਂ, ਹੋਰ ਬੜਾ ਕੁਝ ਛੁਪਿਐ, ਭਾਈ ਤੇਰੇ ਅੰਦਰੇ। *** ਆਪਣੇ ਨਾਇਕ ਉਡੀਕ ਰਹੇ ਨੇ ਧਰਤੀ ਤੇ ਕਮਜ਼ੋਰ। ਆਪਣੇ ਵਿਚੋਂ ਆਪ ਪਛਾਣੋ, ਨਾਇਕ ਨਹੀਂ ਕੋਈ ਹੋਰ। ਦੁੱਲਾ, ਬੁੱਲ੍ਹਾ, ਭਗਤ, ਸਰਾਭਾ, ਮਾਵਾਂ ਰੋਜ਼ ਨਾ ਜੰਮਣ, ਵਕਤ ਉਸਾਰੇ, ਪਰਖੇ ਆਪੇ, ਦੇਵੇ ਬਾਂਕੀ ਤੋਰ। *** ਨਿੱਕੜੀ ਸੂਈ, ਵੱਟਵਾਂ ਧਾਗਾ, ਰੀਝਾਂ ਦੀ ਫੁਲਕਾਰੀ। ਇਕ ਇਕ ਤੋਪਾ ਸੁਪਨੇ, ਰੀਝਾਂ, ਜੜਦੀ ਸੁਪਨ-ਉਡਾਰੀ। ਇਸ ਧਰਤੀ ਦੇ ਪੁੱਤਰਾਂ ਕੋਲੋਂ, ਇੱਕ ਗੱਲ ਭੈਣਾਂ ਪੁੱਛਣ, ਰੁੱਖ ਨੂੰ ਆਰੀ ਫੇਰਨ ਮਗਰੋਂ, ਕਿਉਂ ਧੀਆਂ ਦੀ ਵਾਰੀ। *** ਵੇਖ ਲੈ ਤੇ ਮਾਣ ਲੈ ਤੂੰ, ਸੁਰਖ਼ ਪੱਤਾਂ ਦੀ ਬਹਾਰ। ਮੈਂ ਤਾਂ ਇਹਦੀ ਸਾਲ ਭਰ ਤੋਂ, ਕਰ ਰਿਹਾ ਸਾਂ ਇੰਤਜ਼ਾਰ। ਬਿਰਖ-ਬੂਟੇ ਧਰਤ-ਮਾਂ ਦਾ ਰਾਂਗਲਾ ਸ਼ਿੰਗਾਰ ਨੇ, ਏਸ ਨੂੰ ਸ਼ਬਦਾਂ 'ਚ ਕਿੱਦਾਂ ਬੀੜ ਸਕਦਾ ਕਲਮਕਾਰ। *** ਖਿੜਿਆ ਗ਼ੁਲਾਬ ਪੀਲਾ, ਪਿੱਛੇ ਦੋ ਨੇ ਡੋਡੀਆਂ। ਜੀਂਦਾ ਰਹੇ ਮਾਲੀ, ਜਿਹੜਾ ਪਾਲੇ ਕਰ ਗੋਡੀਆਂ। ਇਹਦਿਆਂ ਨਸੀਬਾਂ ਵਿਚ ਦਿਨ ਕਦੋਂ ਚੜ੍ਹਨਾ, ਜਿਸ ਦੀਆਂ ਰਾਤਾਂ ਅਜੇ ਓਡੀਆਂ ਹੀ ਓਡੀਆਂ। *** ਜੁਗ ਜੁਗ ਜੀਣ ਧਰਤ ਦੀਆਂ ਧੀਆਂ। ਮੰਗਦੀਆਂ ਸੁਖ ਸਭਨਾਂ ਜੀਆਂ। ਬੰਦਾ ਜੀਵੇ ਭਰਮ ਭੁਲੇਖੇ, ਬਿਨ ਜਣਨੀ ਤੋਂ ਆਪਾਂ ਕੀਹ ਆਂ । *** ਆਹ ਇੱਕ ਪੱਤਾ ਲਾਲ ਜਿਹਾ ਹੈ। ਕੋਮਲ ਬਾਲ ਗੋਪਾਲ ਜਿਹਾ ਹੈ। ਹੋਠ ਜਿਵੇਂ ਮੁਟਿਆਰ ਕਿਸੇ ਦੇ, ਬਿਲਕੁਲ ਸੁਰਖ਼ ਸਵਾਲ ਜਿਹਾ ਹੈ। *** ਖਿੜਨਾ ਜੇ ਚਾਹੋ ਦੋਸਤੋ! ਸੱਜਰੇ ਗ਼ੁਲਾਬ ਵਾਂਗ। ਕੰਡੇ ਚੁਫੇਰ ਰਹਿਣਗੇ, ਸਾਡੇ ਪੰਜਾਬ ਵਾਂਗ। ਮੰਦੀ ਨਜ਼ਰ ਤੋਂ ਬਚਣ ਦਾ ਵੱਖਰਾ ਨਹੀਂ ਉਪਾਅ, ਮਸਤੀ 'ਚ ਰਹਿਣਾ ਝੂਮਦੇ, ਖ਼ੁਸ਼ਬੂ ਤੇ ਖ੍ਵਾਬ ਵਾਂਗ। *** ਚੜ੍ਹਿਆ ਬਾਬਾ ਦੀਪ ਸਿੰਘ ਹੱਥ ਖੰਡਾ ਫੜ ਕੇ। ਆਹੂ ਲਾਹੇ ਵੈਰੀਆਂ ਦੇ ਪਿੱਛੇ ਚੜ੍ਹ ਕੇ। ਸੀਸ ਤਲੀ 'ਤੇ ਧਰ ਲਿਆ ਯੋਧੇ ਬਲਕਾਰੀ, ਲਿਸ਼ਕ ਰਹੀ ਸ਼ਮਸ਼ੀਰ ਸੀ ਜਿਉਂ ਬਿਜਲੀ ਕੜਕੇ। *** ਸਾਡੇ ਜੀ ਗ਼ੁਲਾਬ ਵਿਚੋਂ ਰੰਗ ਕਿਹੜਾ ਲੈ ਗਿਆ? ਸਾਡੀਆਂ ਕਿਆਰੀਆਂ 'ਚ ਨ੍ਹੇਰ ਜਿਹਾ ਪੈ ਗਿਆ। ਸਾਨੂੰ ਤਾਂ ਸਿਖਾਵੇਂ ਸਾਰੇ ਰੰਗ ਕਰਤਾਰ ਦੇ, ਤੇਰੇ ਹੁੰਦੇ ਮਾਲੀਆ! ਇਹ ਡਾਕਾ ਕਿਵੇਂ ਪੈ ਗਿਆ? *** ਜ਼ਿੰਦਗੀ ਉਦਾਸ ਗੀਤ ਐਵੇਂ ਨਾ ਤੂੰ ਗਾਈ ਜਾਹ। ਕੰਡਿਆਂ ਦੀ ਸੇਜ ਉੱਤੇ ਚਿੱਤ ਪਰਚਾਈ ਜਾਹ। ਨਾਅਰਿਆਂ ਤੇ ਲਾਰਿਆਂ ਦੇ ਤਾਜਰਾਂ ਨੂੰ ਪੁੱਛ ਖਾਂ, ਸਦੀਆਂ ਤੋਂ ਕਹਿਣ ਜਿਹੜੇ ਸਾਡੇ ਪਿੱਛੇ ਆਈ ਜਾਹ। *** ਕਰੇ ਕੀ ਕਬੀਰ ਜੱਗ ਹੋ ਗਿਆ ਸਵਾਰਥੀ। ਧਰਮੀ ਟਿਕਾਣੇ ਬਣੇ ਵੇਖ ਲਉ ਪਦਾਰਥੀ। ਬੈਠ ਗਈ ਬਾਜ਼ਾਰ ਵਿਚ ਸਰਸਵਤੀ ਵੇਖ ਲਉ, ਮੰਡੀ ਵਿਚੋਂ ਲੱਭਦੀ ਹੈ ਆਪ ਵਿਦਿਆਰਥੀ। *** ਮੇਰਾ ਹੀ ਵਡੇਰਾ ਇਹ ਜੋ ਗੱਡੇ 'ਤੇ ਸਵਾਰ ਹੈ। ਖੇਤਾਂ ਵਾਲਾ ਰਾਜਾ ਹੋ ਕੇ, ਬੜਾ ਅਵਾਜ਼ਾਰ ਹੈ। ਦਾਣਿਆਂ ਦੀ ਮੰਡੀ ਹੁਣ ਟੱਬਰ ਨਾ ਪਾਲਦੀ, ਕਰਜ਼ੇ ਦੀ ਪੰਡ ਵੱਡੀ ਸਿਰ 'ਤੇ ਸਵਾਰ ਹੈ। *** ਚੰਗਾ ਨਹੀਉਂ ਹੁੰਦਾ ਇੰਜ ਸੋਚਾਂ 'ਚ ਗਵਾਚਣਾ। ਚਿੱਠੀਆਂ ਪੁਰਾਣੀਆਂ ਨੂੰ ਘੜੀ ਮੁੜੀ ਜਾਂਚਣਾ। ਨੈਣਾਂ 'ਚ ਉਮੀਦਾਂ ਦੇ ਚਿਰਾਗ਼ ਰੱਖੋ ਜਗਦੇ, ਚੰਗਾ ਹੁੰਦੈ ਜ਼ਿੰਦਗੀ ਨੂੰ ਨੇੜੇ ਹੋ ਕੇ ਵਾਚਣਾ। *** ਨੀ ਤੂੰ ਬੋਲ, ਬੋਲ, ਬੋਲ, ਘੁੰਡੀ ਦਿਲ ਵਾਲੀ ਖੋਲ੍ਹ। ਮੱਥੇ ਸੂਰਜੇ ਦਾ ਟਿੱਕਾ, ਚਿਹਰਾ ਚੰਦ ਤੇਰੇ ਕੋਲ। ਕਦੇ ਮਿਲਾਂਗੇ ਜੀ, ਹੋਏ ਜੇ ਸੰਜੋਗ ਜ਼ੋਰਾਵਰ, ਫੇਰ ਕੋਲ ਬਹਿ ਕੇ ਸੁਣਾਂਗੇ ਜੀ, ਮਿੱਠੇ ਮਿੱਠੇ ਬੋਲ। *** ਆਖੇਂ ਕਾਹਨੂੰ ਬਾਬਲ ਤੂੰ ਧੀਆਂ ਨੂੰ ਵਿਚਾਰੀਆਂ। ਚੰਨ ਉੱਤੇ ਪੈੜਾਂ ਪਾਈਆਂ, ਸਾਡੀਆਂ ਉਡਾਰੀਆਂ। ਪੁੱਤਰਾਂ ਨੂੰ ਪੁੱਚ ਪੁੱਚ, ਛੱਡ ਦੇ ਰਿਵਾਜ ਨੂੰ, ਕੁੱਖ ਵਿਚ ਖਾਣ ਸਾਨੂੰ ਰੁੱਤਾਂ ਟੂਣੇਹਾਰੀਆਂ। *** ਉੱਡ ਉੱਡ ਚਿੜੀਏ ਨੀ, ਤੂੰ ਬਹਿ ਗਈ ਟਾਹਣੀ। ਅੰਬਰ ਵਿਚ ਪਹੁੰਚ ਗਏ, ਸਭ ਤੇਰੇ ਹਾਣੀ। ਖੰਭਾਂ ਨੂੰ ਤੁਰਤ ਜਗਾ ਤੇ ਫੁਰਤੀ ਫੜ ਲੈ, ਬੈਠੀ ਤਾਂ ਬਣ ਜਾਣਾ, ਤੇਰੇ ਖ਼ੂਨ ਦਾ ਪਾਣੀ। *** ਜਿਸ ਧਰਤੀ ਨੂੰ ਵਿੱਸਰ ਜਾਂਦੇ ਆਪਣੇ ਲੋਕ ਲਿਖਾਰੀ। ਰੋਕ ਨਹੀਂ ਸਕਦਾ ਫਿਰ ਕੋਈ, ਰੁੱਖਾਂ ਦੇ ਮੁੱਢ ਆਰੀ। ਨਾਨਕ ਸਿੰਘ ਗੁਰਬਖ਼ਸ਼ ਪੀ੍ਰਤੀ-ਡੋਰਾਂ ਜੋੜਨਹਾਰੇ, ਭੁੱਲ ਭੁਲਾ ਗਏ ਪੁੱਤਰ ਧੀਆਂ, ਮੱਤ ਗਈ ਹੈ ਮਾਰੀ। *** ਏਨੀ ਜੇ ਇਕੱਲ ਪੈਣ ਕੁੱਤੇ ਨਾਲ ਯਾਰੀਆਂ। ਮਮਤਾ-ਪਿਆਰ ਮੁੱਢ ਆਪ ਫੇਰੋ ਆਰੀਆਂ। ਕਿਹੋ ਜਹੇ ਭਵਿੱਖ ਨੂੰ ਉਸਾਰ ਰਹੇ ਹਾਂ ਦੋਸਤੋ! ਖ਼ੌਰੇ ਕਿਹੜੇ ਕੰਮੀਂ ਗ਼ਲਤਾਨ ਨਰ-ਨਾਰੀਆਂ। *** ਕਿਵੇਂ ਪੜ੍ਹ ਲਵਾਂ ਯਾਰਾ! ਨੀਵੀਂ ਅੱਖ 'ਚੋਂ ਕਹਾਣੀ। ਕਿਹੜੀ ਅੱਖ ਵਿਚ ਹੰਝੂ, ਕਿਹੜੀ ਅੱਖ ਵਿਚ ਪਾਣੀ। ਬੈਠੇ ਜਾਪਦੇ ਨੇ ਦਿਲ ਉੱਤੇ ਪੀੜਾਂ ਦੇ ਪਹਾੜ, ਫੁੱਟੂ ਚਸ਼ਮਾ ਤੂੰ ਵੇਖੀਂ, ਕਦੇ ਆਪ ਇਨ੍ਹਾਂ ਥਾਣੀਂ। *** ਵੇਖੋ ਰੱਬ ਰੂਪ ਦਿੱਤਾ ਏਸ ਮੁਟਿਆਰ ਨੂੰ। ਚਿੱਤ ਕਰੇ ਵੇਖੀ ਜਾਵਾਂ, ਫੁੱਲਾਂ ਦੀ ਬਹਾਰ ਨੂੰ। ਏਨੀ ਦੂਰੋਂ ਖ਼ੌਰੇ ਕਿਵੇਂ ਆਉਂਦੀਆਂ ਸੁਗੰਧੀਆਂ, ਰੱਖੀਂ ਤੂੰ ਖ਼ੁਦਾਇਆ! ਸਦਾ ਕਾਇਮ ਗੁਲਜ਼ਾਰ ਨੂੰ। *** ਸਾਡੇ ਕੋਲ ਆ ਕੇ ਮੁੜ ਗਈ ਮੁਹੱਬਤਾਂ ਦੀ ਡਾਰ। ਕਿੱਦਾਂ ਜਿੰਦ ਇਹ ਨਿਮਾਣੀ, ਝੱਲੇ ਓੜਕਾਂ ਦਾ ਭਾਰ। ਤੇਰੇ ਰਾਹਾਂ ਵਿਚ ਖੜ੍ਹੇ ਬਣ ਬਿਰਖਾਂ ਦੇ ਸਾਏ, ਸਾਡੇ ਟਾਹਣਾਂ ਉੱਤੇ ਨ੍ਹੇਰੀਏ ਤੂੰ ਕਹਿਰ ਨਾ ਗੁਜ਼ਾਰ। *** ਫ਼ਾਸਲੇ ਰੱਖੇਂ ਭਲਾ ਕਿਉਂ ਜ਼ਿੰਦਗੀ। ਕੀ ਅਧੂਰੀ ਹੈ ਅਜੇ ਵੀ ਬੰਦਗੀ। ਸਾਡੀਆਂ ਵੀ ਰੱਬ ਦੇ ਹੱਥ ਡੋਰੀਆਂ, ਹੋਰ ਕਰ ਲੈ, ਹੋਰ ਕਰ ਲੈ, ਦਿਲ ਲਗੀ। *** ਵੇਖ ਲੈ, ਨੈਣਾਂ 'ਚ ਤੇਰਾ ਨੂਰ ਹੈ। ਤੇਰੀ ਦਸਤਕ ਸੁਣਨ ਲਈ ਮਖ਼ਮੂਰ ਹੈ। ਮਹਿਕ ਨੂੰ ਪੌਣਾਂ ਦੇ ਹੱਥੀਂ ਭੇਜ ਦੇਹ, ਜਿਸਮ ਨੂੰ ਜਾਪੇ ਜੇ ਪੈਂਡਾ ਦੂਰ ਹੈ। *** ਦਰਦ ਸੁੱਤਾ ਜਦ ਕਦੇ ਵੀ ਬੋਲਦਾ ਹੈ। ਆਪਣੇ ਦੁੱਖਾਂ 'ਚੋਂ ਮਲ੍ਹਮ ਟੋਲ੍ਹਦਾ ਹੈ। ਰਿਸ਼ਤਿਆਂ ਦੀ ਰੇਤ ਕਿਰ ਗਈ ਮੁੱਠ 'ਚੋਂ, ਚੁੱਪ ਵਿਚੋਂ ਨਕਸ਼ ਗੁੰਮੇ ਫ਼ੋਲਦਾ ਹੈ। *** ਨਿਰਮਲ ਨੀਰ ਨਿਰੰਤਰ ਧਾਰਾ। ਗੁਰ ਕਾ ਸ਼ਬਦ ਸੁਨਾਵਣਹਾਰਾ। ਚਿਰ ਹੋਇਆ ਹੈ ਦਰਸ਼ਨ ਕੀਤੇ, ਬਹੁਤ ਉਡੀਕੇ ਮਨ ਦਾ ਦੁਆਰਾ। *** ਚਲੋ ਰਾਤ ਨੂੰ ਵਿਖਾਉ ਹੁਣ ਦਿਲ ਵਾਲੀ ਅੱਗ। ਕਿਵੇਂ ਮੰਡੀ ਵਿਚ ਰੁਲੇ ਸਾਡੇ ਬਾਬਲੇ ਦੀ ਪੱਗ। ਕਿਵੇਂ ਫਿਰਦੇ ਗਵਾਚੇ ਕੜੀ ਵਰਗੇ ਜਵਾਨ, ਰਾਜ ਭਾਗ ਨੇ ਬਣਾਏ ਕਿਵੇਂ ਪਸ਼ੂਆਂ ਦੇ ਵੱਗ। *** ਸਾਨੂੰ ਭੁੱਲ ਗਏ ਸ਼ਹੀਦ, ਨਾਲੇ ਵੱਡਾ ਘੱਲੂਘਾਰਾ। ਸਿੰਘ ਪੈਂਤੀ ਕੁ ਹਜ਼ਾਰ ਵੱਢੇ ਜ਼ਾਲਮਾਂ ਦਾ ਆਰਾ। ਅਸੀਂ ਚੋਣਾਂ ਦੇ ਮੈਦਾਨ 'ਚ ਗੁਆਚ ਗਏ ਹਾਂ ਏਨੇ, ਮੈਨੂੰ ਜਾਪਦੈ ਗ਼ੁਲਾਮੀ ਫੇਰ ਆਏਗੀ ਦੁਬਾਰਾ। *** ਰੰਗ ਖ਼ੁਸ਼ੀ ਵਾਲਾ ਕੇਸਰੀ, ਮੈਂ ਚੁੰਨੀ ਨੂੰ ਰੰਗਾਣਾ। ਮੈਂ ਵੀ ਮਾਹੀ ਵਾਲੇ ਰੰਗ ਵਿਚ ਘੁਲ ਮਿਲ ਜਾਣਾ। ਮੈਨੂੰ ਵਰਜੀਂ ਨਾ ਮਾਏ, ਇਹ ਬਸੰਤੀ ਹੈ ਰੁੱਤ, ਖਿੜੇ ਫੁੱਲਾਂ ਵੱਲ ਵੇਖ, ਪਾਇਆ ਕੇਸਰੀ ਮੈਂ ਬਾਣਾ। *** ਨੀਲੇ ਰੰਗ ਵਿਚ ਚੁੰਨੀ ਮੇਰੀ ਰੰਗ ਦੇ ਲਲਾਰੀ। ਮੈਂ ਵੀ ਅੰਬਰਾਂ 'ਚ ਲਾਉਣੀ ਬਿਨ ਖੰਭਾਂ ਤੋਂ ਉਡਾਰੀ। ਵੇਖ ਘਟ ਘਨਘੋਰ, ਕਿਵੇਂ ਪੈਲਾਂ ਪਾਉਂਦੇ ਮੋਰ, ਵੇਖ ਖੰਭਾਂ ਵਿਚ ਨੱਚੇ, ਸੱਤ ਰੰਗੀ ਫੁਲਕਾਰੀ। *** ਰੱਬ ਦੇ ਘਰ ਵਿਚ ਦੇਰ ਤਾਂ ਹੈ, ਅੰਧੇਰ ਨਹੀਂ ਹੈ। ਇਕੋ ਤਾਰਾ ਡੁੱਬਿਆ, ਚੜ੍ਹੀ ਸਵੇਰ ਨਹੀਂ ਹੈ। ਪਾਪ ਦੀ ਜੰਞ ਵਿਚ, ਸੁੱਚੇ ਕਿੱਥੋਂ ਲੱਭ ਲਿਆਈਏ, ਇੱਕ ਵੀ ਚਿਹਰਾ ਉੱਜਲਾ, ਚਾਰ ਚੁਫ਼ੇਰ ਨਹੀਂ ਹੈ। *** ਚੰਨ ਚਾਨਣੀ ਉਦਾਸ, ਹੋ ਗਏ ਸੰਘਣੇ ਹਨੇਰੇ। ਮੋਈਆਂ ਮੱਛੀਆਂ ਵਿਕਾਊ, ਹੋਕਾ ਸ਼ਾਮ ਤੇ ਸਵੇਰੇ। ਮੈਨੂੰ ਪੁੱਛਦੀ ਏ ਕਈ ਵਾਰੀ ਦਿਲ ਦੀ ਆਵਾਜ਼, ਕਦੇ ਬੋਲਦਾ ਨਾ ਕਾਗ, ਹੁਣ ਰੀਝਾਂ ਦੇ ਬਨੇਰੇ। *** ਪੰਛੀਆਂ ਸਿਰ ਕਰਮ ਏਨਾ, ਗਰਮੀਆਂ ਵਿਚ ਕਰ ਦਿਉ। ਭਰ ਪਿਆਲਾ ਨੀਰ ਨਿਰਮਲ, ਬਿਰਖ਼ ਛਾਵੇਂ ਧਰ ਦਿਉ। ਜਿਸਮ ਤਾਂ ਮਿੱਟੀ ਦੀ ਢੇਰੀ, ਬਿਨਸਣਾ ਇਹ ਬਿਨਸਣਾ, ਏਸ ਹੱਥੋਂ ਬਿਰਖ ਲਾ ਕੇ, ਧਰਤ ਸਾਵੀ ਕਰ ਦਿਉ। *** ਅਸੀਂ ਆਈ ਤੇ ਜੇ ਆ ਗਏ, ਤਾਂ ਬੁਰਿਆਂ ਦੇ ਘਰ ਤੱਕ ਜਾਵਾਂਗੇ। ਇਹ ਜਾਨ ਬਚਾ ਕੇ ਕੀਹ ਰੱਖਣੀ, ਫਿਰ ਪੈਰ ਪਿਛਾਂਹ ਨਾ ਪਾਵਾਂਗੇ। ਤੂੰ ਧਰਮ ਦੇ ਨਾਂ ਤੇ ਲੋਕਾਂ ਨੂੰ, ਭੜਕਾਉਂਦਾ ਏ, ਤੜਫਾਉਂਦਾ ਏਂ, ਧਰਤੀ ਨਹੀਂ ਤੈਨੂੰ ਥਾਂ ਦੇਣੀ, ਜਦ ਲੋਕਾਂ ਨੂੰ ਸਮਝਾਵਾਂਗੇ। ***

  • ਮੁੱਖ ਪੰਨਾ : ਕਾਵਿ ਰਚਨਾਵਾਂ, ਗੁਰਭਜਨ ਗਿੱਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ