Zevar : Gurbhajan Gill
ਜ਼ੇਵਰ : ਗੁਰਭਜਨ ਗਿੱਲ
![]()
ਸਮਰਪਣ
੨੫ ਸਤੰਬਰ ੨੦੧੮ ਦੀ ਉਸ ਸ਼ੁਭ ਪ੍ਰਭਾਤ ਦੇ ਨਾਮ ਜਿਸ ਪਲ ਸਾਡੀ ਪੋਤਰੀ ਅਸੀਸ ਕੌਰ ਗਿੱਲ ਨੇ ਧਰਤੀ ਤੇ ਪਹਿਲੀ ਕਿਲਕਾਰੀ ਮਾਰੀ ਜਿਸ ਨਾਲ ਸਾਡੇ ਘਰ-ਪਰਿਵਾਰ ਵਿੱਚ ਮਹਿਕਵੰਤੀ-ਫ਼ੁਹਾਰ ਨਿਰੰਤਰ ਅਠਖੇਲੀਆਂ ਕਰਦੀ ਹੈ ।
![]()
ਜਗਦੇ ਮਘਦੇ ਹੱਥ ਵਿੱਚ ਆ ਗਏ, ਮੈ ਸ਼ਬਦਾਂ ਨੂੰ ਜਦੋਂ ਜਗਾਇਆ । ਕਾਗਜ਼ ਦੀ ਹਿੱਕ ਉੱਤੇ ਧਰ ਕੇ ਇਨ੍ਹਾਂ ਨੂੰ ਮੈਂ ਤੋਰਨ ਲਾਇਆ । ਕੁਝ ਲੋਕਾਂ ਨੇ ਗੀਤ ਕਿਹਾ, ਕੁਝ ਗ਼ਜ਼ਲਾਂ, ਨਜ਼ਮਾਂ ਸਮਝ ਰਹੇ ਨੇ, ਮੈਂ ਤਾਂ ਆਪਣਾ ਗੱਲ ਆਖਣ ਦਾ ਸਦੀਆਂ ਲੰਮਾ ਇਸ਼ਕ ਪੁਗਾਇਆ । ਗੁਰਭਜਨ ਗਿੱਲਭੈਣੇ ! ਇਹ ਕਿਹੜਾ ਦਰਿਆ : ਬਲਵਿੰਦਰ ਸੰਧੂ
ਵਾਹ ! ਗਿੱਲ ਗੁਰਭਜਨ ਸਾਡਾ ਭਾਅ ਕੀ ਆਖੀਏ, ਕਿਹੜਾ ਦਰਿਆ ! ਜਿਸਦੀ ਆਪਣੀ ਤੋਰ, ਆਪਣਾ ਵਹਾਅ ... ਰੇਤਿਆਂ ਬਰਾਨਿਆਂ ਨੂੰ ਸਿੰਜਦਾ ਤਪਦੀਆਂ ਰੋਹੀਆਂ ਤਾਈਂ ਠਾਰਦਾ ਰਾਵੀ ਦੇ ਰਵੇ ਜਿਹਾ ਜਨਮ ਵੇਲੇ ਤੋਂ ਅੱਜ ਤੀਕਣ ਕਲਕਲ ਵਗੇ ਪਿਆ........! ਕਦੇ ਉਹ ਲੱਗਦਾ ਕਈ ਧਾਰਾਵਾਂ 'ਚ ਵੰਡਿਆ ਸਾਵਾ ਹਰਿਆਵਲਾ ... ਸੁੰਦਰਬਨ ਦੇ ਡੈਲਟੇ ਜਿਹਾ... ਜਿਸਦੇ ਵਿਹੜੇ ਅਨਿਕ ਜੀਅ-ਜੰਤਾਂ ਦਾ ਵਸੇਬਾ ਰੰਗ ਬਰੰਗੇ ਪੰਖਣੂਆਂ ਦਾ ਕੁਨਬਾ ਉਹਦੇ ਜਨਮ ਵੇਲੇ ਤੋਂ ਹੀ ਨਾਲ ਨਾਲ ਵਧਦਾ ਫ਼ਲਦਾ ਪਿਆ... ਸੂਰਤ ਤੇ ਸੀਰਤ ਦਾ ਉਹ ਬੇਤਾਜ ਬਾਦਸ਼ਾਹ.... ਜਿਸ ਕਿਸੇ ਨੂੰ ਵੀ ਮਿਲਦਾ ਅਮੁੱਕ ਚਾਅ ਨਾਲ ਭਰ ਦਿੰਦਾ ਗਿੱਠਾਂ ਵਿਚ ਸਿਮਟੇ ਕੱਦ ਨੂੰ ਗ਼ਜ਼ਾਂ ਨਾਲ ਨਾਪਦਾ ਸਾਵੇ ਸਰੂ ਦੇ ਹਾਣ ਦਾ ਕਰ ਦਿੰਦਾ ਉਹਦੀ ਸੰਗਤ ਵਿਚ ਆਇਆ ਕੀ ਨਿਆਣਾ ਕੀ ਸਿਆਣਾ ਮਾਣ ਤਾਣ ਨਾਲ ਭਰ ਜਾਂਦਾ ਮਿਲੀ ਥਾਪੜੀ 'ਤੇ ਅਸ਼-ਅਸ਼ ਕਰ ਉੱਠਦਾ... ਬਲਿਹਾਰ ਹੋ ਹੋ ਜਾਂਦਾ....! ਉਹਦੇ ਬੋਲਾਂ 'ਚ ਮਿਸ਼ਰੀ ਕੜੱਕ-ਕੜੱਕ ਬੋਲਦੀ ਟੁੱਟਦੀ ਰਸੇ ਬੁੱਲਾਂ 'ਤੇ ਹਰ ਘੜੀ ਮੁਹੱਬਤ ਦੀ ਝੜੀ ਲੱਗਦੀ... ਨੈਣਾਂ 'ਚੋਂ ਅਪਣੱਤ ਚੋ-ਚੋ ਪੈਂਦੀ ਉਹਦੇ ਅਸਮਾਨ ਜਹੇ ਲਿਲਾਟ 'ਚ ਦੂਧੀਆ ਕੋਈ ਗੰਗਾ ਵਗਦੀ ਤੇ ਨੱਕ ਦੀ ਕਰੂੰਬਲ 'ਚੋਂ ਨੀਲਮ ਲਾਟ ਉੱਠਦੀ ਕਿ ਜਣੀ ਖਣੀ ਮਲੀਨ ਮੱਖੀ ਉਹਦੇ ਨੇੜੇ ਨਾ ਢੁਕਦੀ ....! ਸੁਭਾਅ ਦਾ ਸੱਤਰੰਗਾ ਬੰਦਾ ਜਿਹਦੀਆਂ ਪੱਗਾਂ ਦੇ ਰੰਗਾਂ ਤੋਂ ਫੱਗਣ ਦੇ ਫੁੱਲ, ਉਧਾਰ ਮੰਗਦੇ ਨਰੋਏ ਨਕਸ਼ਾਂ 'ਤੇ ਭੰਵਰੇ ਆ ਆ ਬਹਿੰਦੇ ਹੁਸਨ ਦਾ ਇਤਰ ਪੀ-ਪੀ ਦੂਰ... ਉੱਡ-ਪੁੱਡ ਜਾਂਦੇ....! ਉਹ ਫਿਰਦਾ ਤੁਰਦਾ ਦੇਸ਼ ਵਿਦੇਸ਼ ਮੇਲੇ ਗਾਹੁੰਦਾ ਯਾਰਾਂ 'ਤੇ ਹੱਕ ਜਮਾਉਂਦਾ ਵਿੱਛੜਿਆਂ ਨੂੰ ਹਿੱਕ ਨਾਲ ਲਾਉਂਦਾ... ਚਿੜੀਆਂ ਘੁੱਗੀਆਂ ਦੇ ਸਿਰ ਪਲੋਸਦਾ ਇਕ ਦੋ ਮਿਲਣੀਆਂ ਵਿਚ ਹੀ ਨਿਮਾਣੀਆਂ ਨਿਤਾਣੀਆਂ ਬੱਦਲੀਆਂ ਦਾ ਧਰਮੀ ਬਾਬਲ ਹੋ ਜਾਂਦਾ... ਅੱਖਾਂ ਭਰ ਲੈਂਦਾ ! ਕਦੇ ਲੱਗਦਾ ਉਹ- ਮਾਝੇ ਦੁੱਧ ਦਾ ਛਲਕਦਾ ਲਿਸ਼ਕਦਾ ਪਿੱਤਲ ਦਾ ਡੋਹਣਾ ਲੋੜਵੰਦੇ ਆਪਣੇ ਕੀ ਤੇ ਦੁਪਰਿਆਰੇ ਕੀ ਸਭ ਡੋਲਣੂੰ ਭਰ ਭਰ ਲੈ ਜਾਂਦੇ.. ਤੇ ਕਈ ਸਨੇਹੀ ਆਪਣੀਆਂ ਭਰੀਆਂ ਭਕੁੰਨੀਆਂ ਗਾਗਰਾਂ ਉਹਦੇ ਮੋਕ੍ਹਲੇ ਭਾਂਡੇ 'ਚ ਉਲੱਦ ਜਾਂਦੇ ਵਧਣ ਘਟਣ ਦਾ ਹਿਸਾਬ ਕਿਤਾਬ ਤਾਂ ਉਸ ਲਾਇਆ ਨਾ ਕਦੇ .....! ਨਿਮਾਣਿਆਂ ਦਾ ਮਾਣ ਉਹ ਨਿਤਾਣਿਆਂ ਦਾ ਤਾਣ ਵੀ ਜਿੱਥੇ ਬਹਿੰਦਾ ਹੈ ਉਹਦੀ ਭੂਰੀ ਤੇ ਮੇਲਾ ਲੱਗ ਜਾਂਦਾ ਗੁਲਮੋਹਰਾਂ, ਪਲਾਹਾਂ ਦੇ ਮੂੰਹੀਂ ਖੇੜਾ ਉੱਗ ਪੈਂਦਾ...! ਧਰਤੀ ਦਾ ਵਣ ਤ੍ਰਿਣ ਉਹਦੀ 'ਵਾ ਨੂੰ ਮਾਣਦਾ ਮਿੱਟੀ ਦਾ ਕਣ ਕਣ ਉਹਦੀਆਂ ਪੈੜਾਂ ਪਹਿਚਾਣਦਾ ... ਉਹ ਰੱਜੀ ਪੁੱਜੀ ਰੂਹ ਦਾ ਰਾਂਝਾ ਭੇਦ ਭਾਵਾਂ ਤੋਂ ਉਚੇਰਾ, ਸਭਨਾਂ ਦਾ ਸਾਂਝਾ ਮਾਝੇ, ਮਾਲਵੇ, ਦੁਆਬੇ ਤੇ ਪੁਆਧ ਵਿਚਾਲੇ ਪੁਲ਼ ਸਕੇ-ਸਹੋਦਰਿਆਂ ਦੇ ਤੁਲ.. ਕੇਹਾ ਸ਼ਖਸ ਕਿ ਜਿਸ ਕਿਸੇ ਨੂੰ ਮਿਲਦਾ ਮਿਲਣ ਵਾਲਾ ਵੇਹਦਿਆਂ ਵੇਹਦਿਆਂ ਹੀ ਕਰਤੇ ਦੀ ਬਖਸ਼ਿਸ਼ ਦਾ ਬਸ ਪਾਤਰ ਹੋ ਜਾਂਦਾ.....! ਉਹਦੀਆਂ ਜੜ੍ਹਾਂ ਹੇਠ ਆਦਿ, ਮੱਧ ਤੇ ਨਵੇਂ ਕਾਲ ਦੀਆਂ ਬਰਕਤਾਂ ਸੀਨੇ ਵਿਚ ਸਦੀਵੀਂ ਹਸਰਤਾਂ ਬਾਪੂ ਨਾਲ ਖੇਤ ਬੰਨੇ ਜਾਣ ਜੋਗਾ ਹੋਇਆ ਤਾਂ ਘਰ 'ਚ ਲਵੇਰਾ, ਬਥੇਰਾ ਸੀ ਘੰਡੀ ਫੁੱਟਣ ਪਹਿਰੇ ਉਸ ਕਬੀਰ, ਫ਼ਰੀਦ ਤੇ ਨਾਨਕ ਹੱਥੀਂ ਕੜ੍ਹਿਆ ਕੇਸਰੀ ਦੁੱਧ ਘੁੱਟਾਂ-ਬਾਟੀ ਪੀਤਾ ਵਾਰਿਸ, ਹਾਸ਼ਮ, ਪੀਲੂ ਤੇ ਬਾਹੂ ਦਾ ਸ਼ਬਦ ਸੰਗ ਕੀਤਾ ...! ਬੁੱਲ੍ਹੇ ਨਾਲ ਚੁੱਲ੍ਹੇ 'ਤੇ ਤਾਮ ਪਕਾਇਆ ਨਵਾਂ ਤੇ ਸੱਜਰਾ ਜੋ ਵੀ ਆਇਆ ਸਾਰੇ ਦਾ ਸਾਰਾ ਹਿੱਕ ਨਾਲ ਲਾਇਆ ਸਬਰ, ਸ਼ੁਕਰ, ਸਹਿਜ, ਤੇ ਸੋਹਜ ਦਾ ਇਲਮ ਕਮਾਇਆ...! ਮੁੱਖੜੇ ਜਾ ਮੁੱਛਾਂ ਫੁੱਟੀਆਂ ਤਾਂ ਉਸ ਅੰਦਰੋਂ ਵੀ ਸ਼ਾਇਰੀ ਦੀਆਂ ਨਿਸਾਰਾਂ ਵਗ ਉੱਠੀਆਂ ਨਗਰੀਂ, ਸ਼ਹਿਰੀ, ਦੂਰ ਦੁਰੇਡੇ ਪਹਿਲੀ ਉਮਰੇ ਹੀ ਫਿਰ ਕਈ ਮਜਲਸਾਂ ਲੁੱਟੀਆਂ....! ਉਹਦੀ ਹਿੱਕ 'ਚ ਜੜਿਆ *ਸ਼ੀਸ਼ਾ ਕਦੇ ਝੂਠ ਨਾ ਬੋਲਿਆ .. ਹਰ *ਧੁਖਦਾ ਪਿੰਡ ਉਹਨੂੰ ਆਪਣਾ ਲੱਗਿਆ .. ਉਹ ਧੁਰ ਤੋਂ *ਮਿੱਟੀ ਦਾ ਬਾਵਾ ਸੱਚ ਝੂਠ ਦਾ ਤੁਲਾਵਾ ... ਆਪਣੇ ਸਮਿਆਂ ਦੀ *ਅਗਨ ਕਥਾ ਕਰਦਾ *ਪੰਜਾਂ ਪਾਣੀਆਂ ਦੀ ਖ਼ੈਰ ਮੰਗਦਾ ... ਮਿੱਤਰਾਂ ਦੀ ਖੁਸ਼ੀ ਲਈ *ਚਰਖ਼ੜੀ 'ਤੇ ਚੜ੍ਹਿਆ ਰਿਹਾ ... ਹੱਕ ਸੱਚ ਲਈ ਦੁਸ਼ਮਣਾਂ ਨਾਲ ਵੀ ਖੜ੍ਹਿਆ ਰਿਹਾ...! ਉਹਦੀ ਸੋਹਬਤ 'ਚ *ਧਰਤੀ ਨਾਦ ਵਜਾਉਂਦੀ ਗੀਤ ਗਾਉਂਦੀ ਪਵਨ, *ਫੁੱਲਾਂ ਦੀ ਝਾਂਜਰ ਪਾ ਸਦੀਵੀਂ ਨਾਚ ਨੱਚਦੀ.. ਧੁੰਦ ਧੁੰਦਲਕੇ ਉਹਦੀ ਨਜ਼ਰ' ਚ ਆ ਛਟ ਜਾਂਦੇ *ਪਾਰਦਰਸ਼ਤਾ ਪਹਿਨ ਖੁਸ਼ ਹੁੰਦੇ ਤੇ ਉਹਦੀਆਂ ਕਿਤਾਬਾਂ 'ਚ ਸਾਂਭੇ *ਮੋਰ ਪੰਖ ਰਾਤੀਂ ਅੰਬਰਾਂ 'ਚ ਉੱਡਦੇ ਰਹਿੰਦੇ ...! ਮਨ ਤੰਦੂਰ 'ਤੇ ਕਵਿਤਾਵਾਂ ਲਾਹੁੰਦਾ ਲਾਹੁੰਦਾ ਉਹ ਗ਼ਜ਼ਲਾਂ*, ਗੁਲਨਾਰਾਂ ਦਾ ਰਾਜਨ ਹੋ ਜਾਂਦਾ ... ਚੁੰਗੀਆਂ ਭਰਦੀ ਉਹਦੇ ਗੀਤਾਂ ਦੀ *ਮਿਰਗਾਵਲੀ *ਰਾਵੀ ਦੇ ਏਧਰ ਵੀ.. ਓਧਰ ਵੀ ਤੇ ਉਹਦਾ ਮਨ, ਘਰ ਰਹਿੰਦਾ ਵੀ ਪਰਦੇਸਾਂ 'ਚ ਭੌਂਦਾ ਫਿਰਦਾ .. ਉਹ ਖਾਂਦਾ-ਪੀਂਦਾ ਸੁਣਦਾ-ਸੁਣਾਉਂਦਾ ਸਦਾ *ਸੁਰਤਾਲ 'ਚ ਰਹਿੰਦਾ ਸੰਦਲੀ *ਸੰਧੂਰਦਾਨੀ 'ਚੋਂ ਸਧਰਾਂ ਕੱਢ ਕੱਢ ਦਾਨ ਕਰੀ ਜਾਂਦਾ ....! ਉਹਦੇ ਚੇਤਿਆਂ ਦੀ ਚੰਗੇਰ 'ਚੋਂ ਕੁਝ ਵੀ ਨਾ ਕਿਰਦਾ ਉਹਦੀ ਅਕਲ ਦਾ ਘੋੜਾ ਪਤਾ ਨਹੀਂ ਕਿੱਥੇ ਕਿੱਥੇ ਫਿਰਦਾ... ਯਾਦਾਂ ਦੀ ਲੜੀ ਐਨੀ ਲੰਮੀ ਕਿਤੇ ਮੁੱਕਣ ਵਿਚ ਹੀ ਨਾ ਆਉਂਦੀ.. ਅਦਬੀ ਇਤਿਹਾਸ ਦਾ ਵਿਸ਼ਵ ਕੋਸ਼ ਹੈ ਉਹ ਤਿੱਥਾਂ, ਨਾਵਾਂ ਤੇ ਘਟਨਾਵਾਂ ਨੂੰ ਸਿਮਰਦਾ ਆਦਮ ਦੇ ਜਨਮ ਤੱਕ ਪਹੁੰਚ ਜਾਂਦਾ...! ਉਹਦਾ ਅੱਖਰ ਅੱਖਰ ਬਰ ਮੇਚਵਾਂ ਤੇ ਸ਼ਬਦ ਸ਼ਬਦ ਸੁਹੰਢਣਾ ਉਹ ਗੀਤ ਦੇ ਗਲ਼ ਦਾ ਕੈਂਠੜਾ ਜਾਂ ਗ਼ਜ਼ਲ ਦੇ ਗਲ ਦਾ ਹਾਰ... ਉਹ ਨਜ਼ਮ ਦੀ ਹਿੱਕ ਤਵੀਤੜਾ ਕਿ ਨਸਰ ਦਾ ਸ਼ਾਹਸਵਾਰ... ਬਲਵਿੰਦਰ ਬੈਠਾ ਕਰੇ ਵਿਚਾਰ .....!!
ਸਾਰੀ ਰਾਤ ਗੁਜ਼ਾਰ ਲਈ ਹੈ
ਸਾਰੀ ਰਾਤ ਗੁਜ਼ਾਰ ਲਈ ਹੈ, ਅੰਬਰੋਂ ਤਾਰੇ ਤੋੜਦਿਆਂ । ਰਹਿੰਦੀ ਉਮਰ ਬਿਤਾਵਾਂਗਾ ਹੁਣ, ਟੁੱਟੇ ਟੁਕੜੇ ਜੋੜਦਿਆਂ । ਮੇਰਾ ਦਿਲ ਦਰਿਆ ਨਹੀਂ ਮੰਨਦਾ, ਕੰਢੇ ਲੱਗੀਆਂ ਰੋਕਾਂ ਨੂੰ, ਬਹੁਤ ਵਰਜਿਆ, ਇਹ ਨਹੀਂ ਟਲ਼ਦਾ ਆਪਣੀ ਮਿੱਟੀ ਰੋੜ੍ਹਦਿਆਂ । ਗਿਆਨ-ਪੋਟਲੀ ਲੈ ਕੇ ਫਿਰਦਾਂ, ਹੋਕਾ ਵੀ ਕੋਈ ਸੁਣਦਾ ਨਾ, ਜੀਅ ਕਰਦਾ ਏ, ਚੌਂਕ-ਚੁਰਸਤੇ, ਭਰਮੀ ਭਾਂਡਾ ਫੋੜ ਦਿਆਂ । ਵਾਗ ਤੁੜਾਈ ਅੱਥਰੇ ਘੋੜੇ, ਇਹ ਨਾ ਮੇਰੇ ਕਾਬੂ ਵਿੱਚ, ਮੇਰੇ ਹੱਥੋਂ ਨਿਕਲ ਗਿਆ ਹੈ, ਵਕਤ ਕਿਵੇਂ ਮੈਂ ਮੋੜ ਦਿਆਂ । ਤੁਰ ਜਾ ਤੂੰ ਬੇਅਕਲਾ ਏਥੋਂ, ਬਾਗ ਦੇ ਕਾਬਿਲ ਲੱਗਦਾ ਨਹੀਂ, ਆਖ ਰਿਹਾ ਏ, ਮੈਨੂੰ ਉਹ ਹੀ, ਡੋਡੀ ਸਿਖ਼ਰ ਮਰੋੜਦਿਆਂ । ਕੂੜ-ਬਾਜ਼ਾਰ ਦੇ ਕਾਇਦੇ ਵੱਖਰੇ, ਪੜ੍ਹ ਲੈ, ਪਰ ਇਹ ਮੰਨਦਾ ਨਾ, ਤੇਰੇ ਸੱਚ ਨੂੰ ਕਿਹੜਾ ਸਮਝੂ, ਮਰ ਚੱਲਿਆ ਮੈਂ ਹੋੜਦਿਆਂ । ਜਿਹੜੀ ਦੌੜ ’ਚ ਮੈਂ ਨਹੀਂ ਸ਼ਾਮਿਲ, ਕਹਿੰਦੇ ਨੇ ਤੂੰ ਹਾਰ ਗਿਆ, ਚਾਰ ਚੁਫ਼ੇਰੇ ਸ਼ੋਰ ਮਚਾਇਆ, ਜੇਤੂ ਚੂਹੇ-ਦੌੜ ਦਿਆਂ ।
ਸ਼ਬਦ ਕੋਲੋਂ ਦਰਦ
ਸ਼ਬਦ ਕੋਲੋਂ ਦਰਦ, ਜਿੰਨਾ ਅਣਕਿਹਾ ਸੀ ਰਹਿ ਗਿਆ । ਇੱਕ ਅੱਥਰੂ ਅੱਖ ਦਾ, ਸਾਰੀ ਕਹਾਣੀ ਕਹਿ ਗਿਆ । ਲੱਗ ਰਿਹੈ, ਤੂੰ ਯਾਦ ਮੈਨੂੰ, ਕੀਤਾ ਹੋਵੇਗਾ ਜ਼ਰੂਰ, ਮਹਿਕ ਦਾ ਬੁੱਲਾ ਵੀ ਤਾਹੀਉਂ, ਨਾਲ ਮੇਰੇ ਖਹਿ ਗਿਆ । ਇਸ ਤਰ੍ਹਾਂ ਮਿਲਿਆ ਟਿਕਾਅ ਕੁਝ, ਬੋਲ ਕੇ ਕਿੱਦਾਂ ਕਹਾਂ, ਕੰਬਦੀ ਟਾਹਣੀ ’ਤੇ ਆਕੇ, ਜਿਉਂ ਪਰਿੰਦਾ ਬਹਿ ਗਿਆ । ਤੇਜ਼ ਬਾਰਿਸ਼ ਸੀ, ਗੜੇ ਵੀ, ਚਮਕਦੀ ਬਿਜਲੀ, ਤੂਫ਼ਾਨ, ਵੇਖ ਲੈ ਤੇਰੇ ਸਹਾਰੇ, ਦਰਦ ਕਿੰਨੇ ਸਹਿ ਗਿਆ । ਪਰਬਤਾਂ ਦੇ ਸਿਖ਼ਰ ਪਿਘਲੇ, ਭਰ ਗਿਆ ਨਦੀਆਂ ’ਚ ਨੀਰ, ਭਾਫ਼ ਬਣ ਤੁਰਿਆ ਸੀ ਜਿੱਥੋਂ ਸਾਗਰਾਂ ਵੱਲ ਵਹਿ ਗਿਆ । ਭਰਮ ਸੀ ਮੈਨੂੰ ਕਿ ਸੂਰਜ ਬੱਦਲੀਆਂ ਨੇ ਫੜ ਲਿਆ, ਉਹ ਤਾਂ ਜਿੱਧਰ ਕੱਲ੍ਹ ਗਿਆ ਸੀ, ਓਸ ਪਾਸੇ ਲਹਿ ਗਿਆ । ਮੈਂ ਕਦੇ ਵੀ, ਹੋਰ ਹੱਥੋਂ, ਹਾਰਿਆ ਨਹੀਂ, ਅੱਜ ਤੀਕ, ਹਾਰ ਜਾਵੇਂ ਨਾ ਕਿਤੇ ਤੂੰ, ਆਪ ਹੀ ਮੈਂ ਢਹਿ ਗਿਆ ।
ਸਾਥੋਂ ਦੂਰ ਦੂਰ ਹੋਰ ਦੂਰ ਦੂਰ ਜਾ ਕੇ ਬਹਿਣਾ
ਸਾਥੋਂ ਦੂਰ ਦੂਰ ਹੋਰ ਦੂਰ ਦੂਰ ਜਾ ਕੇ ਬਹਿਣਾ । ਏਦਾਂ ਗ਼ਮਾਂ ਦਾ ਪਹਾੜ ਤੇਰੇ ਦਿਲ ਤੋਂ ਨਹੀਂ ਲਹਿਣਾ । ਏਸ ਬਸਤੀ ’ਚ ਦੱਸ ਤੇਰੀ ਕਿਸ ਨੂੰ ਸ਼ਨਾਸ, ਤੈਨੂੰ ਮੇਰੇ ਤੋਂ ਬਗੈਰ ਕਿਸੇ ਆਪਣਾ ਨਹੀਂ ਕਹਿਣਾ । ਰੂਹ ਨੂੰ ਜੰਦਰੇ ਨਾ ਮਾਰ, ਏਦਾਂ ਕਹਿਰ ਨਾ ਗੁਜ਼ਾਰ, ਕਿੰਜ ਦੱਸਾਂ ਕਿੰਨਾ ਔਖਾ ਤੇਰਾ ਚੁੱਪ ਚੁੱਪ ਰਹਿਣਾ । ਜਿਵੇਂ ਤਪਦੀ ਕੜਾਹੀ ਵਿੱਚ ਭੁੱਜਦੇ ਨੇ ਦਾਣੇ, ਦਿਲ ਤਪਦਾ ਤੰਦੂਰ ਹੈ ਮੁਹਾਲ ਸੇਕ ਸਹਿਣਾ । ਕਦੇ ਟਿੱਬਿਆਂ ’ਤੇ ਟਿਕੇ ਨਾ ਮੁਹੱਬਤਾਂ ਦਾ ਨੀਰ, ਐਵੇਂ ਰੋਕ ਨਾ, ਨੀਵਾਣ ਵੱਲ ਇਹਨੇ ਸਦਾ ਵਹਿਣਾ । ਤਪੇ ਸਮੇਂ ਦੀ ਕੁਠਾਲੀ ਆ ਜਾ ਘੁਲ਼ ਮਿਲ ਜਾਈਏ, ਕਦੇ ਪਿਘਲ਼ੇ ਬਗੈਰ ਸੋਨਾ ਬਣਦਾ ਨਹੀਂ ਗਹਿਣਾ । ਬਾਹਰ ਜਗਦੇ ਚਿਰਾਗ, ਤਾਂ ਵੀ ਮਨਾਂ ’ਚ ਹਨ੍ਹੇਰ, ਬਾਹਰ ਡੱਬੀ ਵਿੱਚੋਂ ਆ ਕੇ ਪੈਣਾ ਤੀਲੀ ਵਾਂਗ ਖਹਿਣਾ ।
ਰਿਸ਼ਤਾ ਤਾਂ ਵਿਸ਼ਵਾਸ ਦਾ ਨਾਂ ਹੈ
ਰਿਸ਼ਤਾ ਤਾਂ ਵਿਸ਼ਵਾਸ ਦਾ ਨਾਂ ਹੈ, ਨਹੀਂ ਨਿਭਦਾ ਇਕਰਾਰ ਦੇ ਨਾਲ । ਸ਼ਰਤਨਾਮਿਆਂ ਦਾ ਤਾਂ ਨਾਤਾ ਹੁੰਦੈ ਵਣਜ ਵਪਾਰ ਦੇ ਨਾਲ । ਇੱਕ ਦੂਜੇ ਦੀ ਰੂਹ ਦਾ ਹਾਣੀ, ਬਣਕੇ ਹੀ ਫੁੱਲ ਫ਼ਲ ’ਤੇ ਪਹੁੰਚੇ, ਮਨ ਦਾ ਮੇਲ ਸੁਮੇਲ ਬਣੇ ਜਦ, ਘਰ ਮਹਿਕੇ ਮਹਿਕਾਰ ਦੇ ਨਾਲ । ਸ਼ੀਸ਼ੇ ਤੋਂ ਵੀ ਹੁੰਦੇ ਕੋਮਲ, ਰੱਖਿਓ ਬਹੁਤ ਸੰਭਾਲ ਕੇ ਵੀਰੋ, ਟੁਕੜੇ ਹੋ ਨਾ ਖਿੱਲਰਨ ਕਿਧਰੇ, ਬੇਲੋੜੇ ਤਕਰਾਰ ਦੇ ਨਾਲ । ਸਿਰ ਸੋਹਣੀ ਦਸਤਾਰ ਤੇ ਲੀੜੇ, ਚਮਕ ਰਹੇ ਚਿਹਰੇ ਵੀ ਸੋਹਣੇ, ਸ਼ੀਸ਼ਾ ਨਹੀਂ ਹਾਂ, ਮੈਂ ਤਾਂ ਸਭ ਨੂੰ ਪਰਖਾਂਗਾ ਕਿਰਦਾਰ ਦੇ ਨਾਲ । ਜੇਕਰ ਮੱਥੇ ਅੰਦਰ ਜਗਦੀ ਜੋਤ ਨਿਰੰਤਰ ਮਘਦੀ ਨਹੀਂ ਤਾਂ, ਸਾਂਝ ਕਦੇ ਵੀ ਪੈਂਦੀ ਨਹੀਂਓਂ, ਸੂਹੀ ਸੁਰਖ਼ ਬਹਾਰ ਦੇ ਨਾਲ । ਲੋਹੇ ਨੂੰ ਜੇ ਕਿਰਪਾ ਵਾਲੀ ਪਾਣ ਚੜ੍ਹੇ ਕਿਰਪਾਨ ਕਹਾਵੇ, ਜਬਰ ਜ਼ੁਲਮ ਦਾ ਸਾਕ ਸਦੀਵੀ, ਹੁੰਦਾ ਹੈ ਤਲਵਾਰ ਦੇ ਨਾਲ । ਨਾਈਲਨ ਵਾਲੀਆਂ ਨਰਮ ਜੁਰਾਬਾਂ, ਸਭ ਪੈਰਾਂ ਨੂੰ ਪੁੱਗਦੀਆਂ ਨੇ, ਪਰ ਇਨ੍ਹਾਂ ਦਾ ਨਾਮ ਜੁੜੇ ਨਾ, ਭੁੱਲ ਕੇ ਵੀ ਦਸਤਾਰ ਦੇ ਨਾਲ ।
ਇਹ ਕ੍ਰਿਸ਼ਮਾ ਫਿਰ ਦੋਬਾਰਾ ਹੋ ਗਿਆ ਹੈ
ਇਹ ਕ੍ਰਿਸ਼ਮਾ ਫਿਰ ਦੋਬਾਰਾ ਹੋ ਗਿਆ ਹੈ । ਦੀਦ ਕੀਹ? ਜੰਨਤ ਨਜ਼ਾਰਾ ਹੋ ਗਿਆ ਹੈ । ਤਨ ਬਦਨ ਵਿੱਚ ਮਹਿਕ ਤੇਰੀ ਰਮ ਗਈ ਏ, ਮਿਲਣ ਦਾ ਕਿੰਨਾ ਸਹਾਰਾ ਹੋ ਗਿਆ ਹੈ । ਨੀਂਦ ਅੰਦਰ ਜਿਸ ਤਰ੍ਹਾਂ ਸੀ ਖ਼ਵਾਬ ਤੇਰਾ, ਦਰਸ ਉਹ ਸਾਰੇ ਦਾ ਸਾਰਾ ਹੋ ਗਿਆ ਹੈ । ਵੇਲ ਵਾਂਗੂੰ ਆਸਰੇ ਬਿਨ ਡਿੱਗ ਪਿਆ ਸਾਂ, ਤਰਲ ਮਨ ਕਿੰਨਾ ਵਿਚਾਰਾ ਹੋ ਗਿਆ ਹੈ । ਏਸ ਵਿੱਚ ਮੇਰਾ ਤਾਂ ਇੱਕ ਹੀ ਅੱਥਰੂ ਸੀ, ਕਿਉਂ ਸਮੁੰਦਰ ਹੋਰ ਖ਼ਾਰਾ ਹੋ ਗਿਆ ਹੈ । ਹੋਰ ਅੱਗੇ ਤੁਰਨ ਔਖਾ, ਸੀ ਤੇਰੇ ਬਿਨ, ਮਹਿਕ ਤੇਰੀ ਦਾ ਹੁੰਗਾਰਾ ਹੋ ਗਿਆ ਹੈ । ਦਰਦ ਲੱਦੇ ਕਾਫ਼ਲੇ ਹੁਣ ਲੈ ਤੁਰਾਂਗਾ, ਸਾਥ ਤੇਰੇ ਦਾ ਇਸ਼ਾਰਾ ਹੋ ਗਿਆ ਹੈ ।
ਅਨਘੜ ਪੱਥਰ ਵਾਂਗ ਪਿਆ ਸਾਂ
ਅਨਘੜ ਪੱਥਰ ਵਾਂਗ ਪਿਆ ਸਾਂ, ਮੈਂ ਵੀ ਹੀਰਾ ਬਣਨਾ ਚਾਹਿਆ । ਖ਼ੁਦ ਨੂੰ ਆਪ ਤਰਾਸ਼ ਨਾ ਸਕਿਆ, ਕਲਾਕਾਰ ਨਾ ਛਿੱਲਿਆ ਲਾਹਿਆ । ਹੀਰਾ ਜਨਮ ਗੁਆਚ ਗਿਆ ਹੈ, ਐਵੇਂ ਮਿੱਟੀ ਘੱਟਾ ਫੱਕਦੇ, ਧਰਤ ਆਕਾਸ਼, ਪਾਤਾਲ ਬੜਾ ਕੁਝ, ਅੱਖ ਪਲਕਾਰੇ ਅੰਦਰ ਗਾਹਿਆ । ਜੇ ਨਾ ਬੀਬੀ ਪੂਣੀਆਂ ਵੱਟਦੀ, ਰੂੰ ਦੇ ਗੋਹੜੇ ਉੱਡ ਪੁੱਡ ਜਾਂਦੇ, ਇਹ ਜਿਹੜੀ ਸੁਣਦੀ ਏ ਘੂਕਰ, ਲੱਗਦੈ ਮਾਂ ਨੇ ਚਰਖ਼ਾ ਡਾਹਿਆ । ਇਹ ਨਾ ਦੱਸਿਆ ਜਾਣ ਵਾਲਿਆ, ਦਿਲ ਦੀ ਨਰਮ ਸਲੇਟ ਦੇ ਉੱਤੇ, ਪਹਿਲਾਂ ਹਰਫ਼ ਮੁਹੱਬਤ ਲਿਖ ਕੇ, ਇਕ ਦਮ ਉਸ ਨੂੰ ਕਿਉਂ ਤੂੰ ਢਾਹਿਆ । ਹੇ ਜ਼ਿੰਦਗੀ ਤੂੰ ਕੈਸੀ ਦਾਤੀ, ਬਿਨ ਮੰਗਿਆਂ ਤੋਂ ਦੇਵੇਂ ਦਾਤਾਂ, ਜੇ ਮੰਗੀਏ ਤਾਂ ਝੋਲੀ ਪਾਵੇਂ, ਕਿੰਨਾ ਤੂੰ ਵੱਖਰ ਅਣਚਾਹਿਆ । ਧਰਤ ਬੇਰਹਿਮ ਤੇਜ਼ਾਬੀ ਅੰਦਰ, ਇੱਕ ਵੀ ਸੁਪਨਾ ਪੁੰਗਰਿਆ ਨਾ, ਮੇਰੇ ਪਿਉ-ਦਾਦੇ ਨੇ ਮੁੜ੍ਹਕਾ, ਕਈ ਸਦੀਆਂ ਤੋਂ ਇਸ ਵਿਚ ਵਾਹਿਆ । ਸ਼ਬਦ-ਪੋਟਲੀ ਦੇ ਵਿਚ ਬੰਨ੍ਹਿਆ, ਕੁਝ ਵੀ ਇਸ 'ਚੋਂ ਮੇਰਾ ਨਹੀਂ ਹੈ, ਇਹ ਤਾਂ ਕਰਜ਼ ਖੜ੍ਹਾ ਸੀ ਸਿਰ 'ਤੇ ਕਿਸ਼ਤਾਂ ਕਰਕੇ ਮਗਰੋਂ ਲਾਹਿਆ ।
ਇੱਟਾਂ ਵੱਟਿਆਂ ਹੁਣ ਕੀ ਦੱਸਣੀ
ਇੱਟਾਂ ਵੱਟਿਆਂ ਹੁਣ ਕੀ ਦੱਸਣੀ, ਹੜ੍ਹ ਦੇ ਵਾਲੀ ਦਰਦ-ਕਹਾਣੀ । ਛਮ ਛਮ ਵੱਸਦਾ ਅੱਖੀਆਂ ਵਿੱਚੋਂ ਹੰਝੂਆਂ ਹਾਰ ਉੱਬਲਦਾ ਪਾਣੀ । ਬਸਤਾ ਕਲਮ ਦਵਾਤ ਤਾਂ ਰਹਿ ਗਏ, ਬੰਦ ਬੂਹਿਆਂ ਦੇ ਮਗਰ ਵਿਚਾਰੇ, ਕਿੱਦਾਂ ਲਿਖਦੇ, ਕਿਸਨੂੰ ਦੱਸਦੇ, ਰੂਹ ਦੀ ਕਸਕ ਕਿਸੇ ਨਾ ਜਾਣੀ । ਮਾਂ ਦੀ ਮਮਤਾ ਕੀ ਕਰਦੀ ਤਦ, ਅੰਨ੍ਹੇ ਹੜ੍ਹ ਦੀ ਮਾਰ ਦੇ ਅੱਗੇ, ਸਾਜ਼ਸ਼ੀਆਂ ਨੇ ਗਰਜ਼ਾਂ ਪਿੱਛੋਂ, ਮਾਰ ਮੁਕਾਏ ਰੂਹ ਦੇ ਹਾਣੀ । ਦਰਦ ਪਹਾੜੋਂ ਭਾਰਾ ਉਸ ਪਲ, ਰੂਹ ਤੇ ਭਾਰ ਪਵੇ ਤੇ ਪਿਘਲੇ, ਮਾਂ ਦੀ ਚੁੰਨੀ ਲੀਰ ਕਚੀਰਾਂ ਵਹਿ ਜਾਵੇ ਦਿਲ ਅੱਖੀਆਂ ਥਾਣੀ । ਕਰਕ ਕਲੇਜੇ ਵਾਲੀ ਵੀਰੇ, ਵਸਤ ਨੁਮਾਇਸ਼ੀ ਹੁੰਦੀ ਨਹੀਂਉਂ, ਅੱਥਰੂ ਦਾ ਪਰਦਰਸ਼ਨ ਕਰੀਏ, ਬਣ ਜਾਂਦੈ ਇਹ ਗੰਧਲਾ ਪਾਣੀ । ਆਰ ਪਾਰ ਰੂਹ ਅੰਦਰ ਬਰਛੀ, ਹੁਣ ਵੀ ਰੜਕ ਪਵੇ ਜਦ ਬੋਲਾਂ, ਛੇੜ ਨਾ ਕਿੱਸੇ ਜ਼ਖ਼ਮਾਂ ਵਾਲੇ, ਤੇਰੇ ਲਈ ਇਹ ਕਥਾ ਕਹਾਣੀ । ਉੱਜੜ ਗਿਆ ਗੁਲਜ਼ਾਰ, ਬੁਲਬੁਲਾਂ, ਰੁਲ ਗਈਆਂ ਜੀ, ਕੀ ਕੀ ਦੱਸੀਏ? ਰੁਲ਼ੇ ਪਰਾਂਦੇ ਸ਼ਗਨਾਂ ਵਾਲੇ, ਸਿਰ ਤੇ ਚਾਦਰ ਅੱਧੋਰਾਣੀ ।
ਤੇਰੇ ਹੀ ਸਵਾਲਾਂ ਦਾ ਜਵਾਬ ਲੈ ਕੇ ਆਏ ਹਾਂ
ਤੇਰੇ ਹੀ ਸਵਾਲਾਂ ਦਾ ਜਵਾਬ ਲੈ ਕੇ ਆਏ ਹਾਂ । ਦਿਲ ਵਾਲੀ ਉੱਖੜੀ ਕਿਤਾਬ ਲੈ ਕੇ ਆਏ ਹਾਂ । ਕਿੱਥੇ ਕਿੱਥੇ, ਕਿਹੜਾ ਕਿਹੜਾ, ਤੀਰ ਤਿੱਖਾ ਮਾਰਿਆ, ਹੋਈ ਬੀਤੀ ਸਾਰੀ ਦਾ ਹਿਸਾਬ ਲੈ ਕੇ ਆਏ ਹਾਂ । ਕੰਡਿਆਂ ਦੀ ਵਾੜ ਉਹਲੇ ਦੱਸ ਕਾਹਨੂੰ ਲੁਕਦੀ, ਅਸੀਂ ਤੇਰੇ ਵਾਸਤੇ ਗੁਲਾਬ ਲੈ ਕੇ ਆਏ ਹਾਂ । ਸੁੱਕਿਆ ਬਿਆਸ, ਸਤਿਲੁਜ ਵੀ ਉਦਾਸ ਹੈ, ਹੰਝੂਆਂ ਦਾ ਰਾਵੀ ਤੇ ਚਨਾਬ ਲੈ ਕੇ ਆਏ ਹਾਂ । ਆਂਦਰਾਂ ਦੀ ਡੋਰ ਵਿੱਚ ਦਰਦਾਂ ਦੇ ਮਣਕੇ, ਵੇਖ ਨਜ਼ਰਾਨੇ ਕੀ ਜਨਾਬ ਲੈ ਕੇ ਆਏ ਹਾਂ । ’ਕੱਲ੍ਹਾ ’ਕੱਲ੍ਹਾ ਵਰਕਾ ਤੂੰ ਨੀਝ ਲਾ ਕੇ ਪੜ੍ਹ ਲੈ, ਲੀਰੋ ਲੀਰ ਹੋ ਗਿਆ, ਖ਼ਵਾਬ ਲੈ ਕੇ ਆਏ ਹਾਂ । ਦਾਤਿਆਂ ਨੂੰ ਮੰਗਤੇ ਬਣਾਉਣ ਲੱਗੀ ਦਿੱਲੀਏ, ਦਰਦਾਂ ’ਚ ਵਿੰਨ੍ਹਿਆ ਪੰਜਾਬ ਲੈ ਕੇ ਆਏ ਹਾਂ ।
ਧਰਤੀ ’ਤੇ ਹੋਰ ਕੋਈ ਸ਼ਹਿਰ ਜਾਂ ਗਿਰਾਂ ਦੱਸ
ਧਰਤੀ ’ਤੇ ਹੋਰ ਕੋਈ ਸ਼ਹਿਰ ਜਾਂ ਗਿਰਾਂ ਦੱਸ । ਮੇਰੇ ਜਿੰਨਾ ਪਿਆਰ ਜਿੱਥੇ, ਤੈਨੂੰ ਕਰੇ ਤਾਂ ਦੱਸ । ਧੁੱਪ ਵੇਲੇ ਛਾਵਾਂ ਤੇ ਸਿਆਲ ਵਿੱਚ ਧੁੱਪ ਬਣੇ, ਜਾਨ ਤੋਂ ਪਿਆਰਿਆ! ਤੂੰ ਇੱਕ ਵੀ ਤੇ ਨਾਂ ਦੱਸ । ਜਿੱਥੇ ਬਹਿ ਕੇ ਦਿਲ ਵਾਲੀ ਵਾਰਤਾ ਸੁਣਾਈ ਹੋਵੇ, ਦਿਲ ਦੀ ਹਜ਼ੂਰੀ ਬਿਨਾਂ, ਹੋਰ ਜੇ ਕੋਈ ਥਾਂ ਦੱਸ । ਜਿੱਥੇ ਜਦੋਂ ਦਿਲ ਕਰੇ, ਆਵੇਂ, ਜਾਵੇਂ, ਦਿਨੇ ਰਾਤੀਂ, ਘਰ ਤੋਂ ਬਗੈਰ ਕਿਤੇ ਹੋਰ ਕੋਈ ਸਰਾਂ ਦੱਸ । ਟਿਕੀ ਹੋਈ ਰਾਤ ਜਦੋਂ ਦਿਲ ਬੋਲੇ ਟਿਕ ਟਿਕ, ਇਹਦੇ ਤੋਂ ਬਗੈਰ ਕਦੇ ਸੁਣੀ ਚੁੱਪ ਚਾਂ ਦੱਸ । ਧਰਤੀ ਜਹੀ ਮਾਤ ਸਣੇ ਅੰਬਰ ਪਿਆਰਾ ਬਾਪ, ਬਿਰਖ਼ਾਂ ਜਹੇ ਭੈਣ ਭਾਈ, ਹੋਰ ਕਿੱਥੇ ਛਾਂ ਦੱਸ । ਦੇਰ ਨਾਲ ਆਇਐਂ ਘੜੀ ਬੈਠ ਜਾ ਆਰਾਮ ਨਾਲ, ਸ਼ਿਕਵਾ ਜੇ ਮੇਰੇ ਨਾਲ, ਚੁੱਪ ਚਾਪ, ਹਾਂ ਦੱਸ ।
ਸੱਚੀ ਗੱਲ ਹੈ, ਮੈਥੋਂ ਇਹ ਕੁਝ ਕਿਣਕਾ ਵੀ
ਸੱਚੀ ਗੱਲ ਹੈ, ਮੈਥੋਂ ਇਹ ਕੁਝ ਕਿਣਕਾ ਵੀ ਨਾ ਜਰ ਹੋਇਆ । ਤਪਦੇ ਮਨ ਤੋਂ ਸਰਦ ਹੁੰਗਾਰਾ ਤਾਹੀਉਂ ਹੀ ਨਾ ਭਰ ਹੋਇਆ । ਰੂਹ ਦੀ ਬਾਤ ਸੁਣਾਉਣੀ ਸੀ ਮੈਂ ਇਕਲਵਾਂਝੇ ਬਹਿ ਕੇ ਕੋਲ, ਪਰ ਉਹਦੇ ਤੋਂ ਜਿਸਮੋਂ ਅੱਗੇ ਪੈਰ ਜ਼ਰਾ ਨਾ ਧਰ ਹੋਇਆ । ਤੋੜ ਕੇ ਮੈਨੂੰ ਗੁੰਨ ਪਕਾ ਉਹ ਭਾਂਡੇ ਵਰਗਾ ਚਾਹੁੰਦਾ ਸੀ, ਮੈਥੋਂ ਆਪਣਾ ਆਪਾ ਸੋਨਾ, ਮਿੱਟੀ ਹੀ ਨਾ ਕਰ ਹੋਇਆ । ਨੈਣਾਂ ਤੋਂ ਲੈ ਸਾਗਰ ਤੀਕਰ, ਪਿਆਸ ਬੜੀ ਸੀ, ਕੀ ਕਰਦਾ, ਤੜਪਦਿਆਂ ਹੀ ਰਾਤ ਲੰਘਾਈ, ਨਾ ਹੀ ਜੀ ਨਾ ਮਰ ਹੋਇਆ । ਦਿਲ ਦੀ ਬਾਤ ਸੁਣਾਈ ਨਾ ਜੇ, ਸੁਣਨਾ ਸੁਣਦੇ ਮਰ ਜਾਣਾ, ਵਿੱਚ ਮੁਹੱਬਤ ਆਪੇ ਦੱਸੀਂ, ਇਹ ਕਿਸ ਰੰਗ ਦਾ ਡਰ ਹੋਇਆ । ਦੋ ਨੈਣਾਂ ਦਾ ਨੀਰ ਬਲੌਰੀ ਡੂੰਘਾ ਸਾਗਰ ਹਾਜ਼ਰ ਸੀ, ਰੂਹ ਦੀ ਇੱਕ ਮਰਯਾਦਾ ਕਰਕੇ ਮੈਥੋਂ ਇਹ ਨਾ ਤਰ ਹੋਇਆ । ਜਿੱਥੇ ਬਹਿ ਕੇ ਦਿਲ ਦੀ ਕਹਿ ਕੇ ਹੌਲ਼ਾ ਫੁੱਲ ਮਹਿਸੂਸ ਕਰੇ, ਵੈਰੀ ਵੀ ਇਹ ਕਹਿ ਕੇ ਪਰਤੇ, ਇਹ ਤਾਂ ਆਪਣਾ ਘਰ ਹੋਇਆ ।
ਅਲੋਕਾਰ ਬਾਤ
ਅਲੋਕਾਰ ਬਾਤ, ਕੇਹੀ ਰਾਤ ਕਮਜ਼ਾਤ, ਜਿਸ, ਚੰਗੇ ਭਲੇ ਵੱਸਦੇ ਸਾਂ ਧੱਕ ’ਤੇ ਸਵਾਲੀਆਂ ’ਚ । ਧਰਤੀ ਲਕੀਰਾਂ ਮਾਰ, ਕੀਤਾ ਸਾਨੂੰ ਤਾਰ ਤਾਰ, ਸਹਿਮੇ ਸਹਿਮੇ ਫੁੱਲ, ਜਾਨ ਮੁੱਕ ਚੱਲੀ ਡਾਲੀਆਂ ’ਚ । ਬਾਗ ਤੇ ਬਗੀਚਿਆਂ ਨੂੰ ਆਪ ਕਰੇ ਤਹਿਸ ਨਹਿਸ, ਕਿਹੜਾ ਭਾਈ ਗਿਣੂ ਐਸੇ ਬੰਦਿਆਂ ਨੂੰ ਮਾਲੀਆਂ ’ਚ । ਦਾਣਾ ਨਾ ਉਗਾਇਆ ਜਿਸ, ਸੂਈ ਨਾ ਬਣਾਈ ਘੜੀ, ਅੱਠੇ ਪਹਿਰ ਰਹੇ ਗਲਤਾਨ ਜੋ ਦਲਾਲੀਆਂ ’ਚ । ਐਸਾ ਸੁਲਤਾਨ, ਜੀਹਦਾ ਦੀਨ ਨਾ ਈਮਾਨ ਸੁੱਚਾ, ਲੋਕ ਹਿਤਾਂ ਬਿਨਾਂ ਰਹੇ ਹੋਰ ਹੀ ਖ਼ਿਆਲੀਆਂ ’ਚ । ਕੱਲ੍ਹ ਰਾਤੀਂ ਸੁਣੀ ਏਦਾਂ ਤੁਰੇ ਜਾਂਦੇ ਬੰਦਿਆਂ ਤੋਂ, ਕਰਦੇ ਸੀ ਖੇਤਾਂ ਵਾਲੇ ਗੱਲਾਂ ਇਹ ਟਰਾਲੀਆਂ ’ਚ । ਜੋਸ਼ ਨਾਲ ਹੋਸ਼ ਭਰੋ, ਧੀਉ ਪੁੱਤੋ, ਖੁੰਝਣਾ ਨਾ, ਸਿਰ ਦਸਤਾਰਾਂ ਅਤੇ ਚੁੰਨੀਆਂ ਨਿਰਾਲੀਆਂ ’ਚ । ਬਦਲੇ ਦੀ ਗੱਲ ਜਿਹੜਾ ਸਾਡੇ ਮੱਥੇ ਬੀਜਦਾ ਹੈ, ਕਦੇ ਵੀ ਨਾ ਪੀਣਾ ਜ਼ਹਿਰ ਐਸੀਆਂ ਪਿਆਲੀਆਂ ’ਚ । ਆਖ ਦਿਉ ਬਾਜ ਆਵੇ ਐਸੀਆਂ ਸ਼ਰਾਰਤਾਂ ਤੋਂ, ਹੁੰਦੀ ਨਹੀਂ ਈਮਾਨਦਾਰੀ, ਇਹੋ ਜਹੇ ਪਲਾਲੀਆਂ ’ਚ । ਅੱਗ ਲਾ ਕੇ ਪਹਿਲਾਂ ਵੀ ਤਾਂ, ਡੱਬੂ ਕੰਧੀਂ ਬੈਠ ਗਏ ਸੀ, ਉਹੀ ਸੇਕ ਕਾਇਮ ਅਜੇ, ਸਿਵੇ ਅੱਗਾਂ ਬਾਲੀਆਂ ’ਚ । ਦਸ ਗੁਰੂ ਸਾਹਿਬ ਸਣੇ ਦੁੱਲਾ, ਬੁੱਲ੍ਹਾ, ਬੋਲਦੇ ਨੇ, ਨੂਰ ਪ੍ਰਕਾਸ਼ ਹੋਇਆ, ਤਾਹੀਉਂ ਹਾਲ਼ੀ ਪਾਲ਼ੀਆਂ ’ਚ । ਸਾਬਰੀ ਸਬੂਰੀ ਮਿੱਸੀ, ਸਿਦਕਾਂ ਦੇ ਸੇਕ ਨਾਲ, ਦੇਂਦੀਆਂ ਪਕਾ ਕੇ ਮਾਵਾਂ, ਬੱਚਿਆਂ ਨੂੰ ਥਾਲ਼ੀਆਂ ’ਚ । ਥੋੜੀ ਕੀਤੇ ਟੁੱਟਦੇ ਨਾ, ਭੁਰਦੇ ਨਾ ਭੋਰਾ ਵੀ ਉਹ, ਹਾੜ੍ਹ ਸਾੜੇ ਚੰਮ ਜੀਹਦਾ, ਪਲ਼ੇ ਮੰਦਹਾਲੀਆਂ ’ਚ । ਸੰਨ ਸੰਤਾਲੀ ਵੇਲੇ ਲੱਕੋਂ ਚੀਰੇ, ਫੇਰ ਉੱਗੇ, ਇੱਕੋ ਹੀ ਤਾਸੀਰ ਹੈ ਪੰਜਾਬੀਆਂ ਬੰਗਾਲੀਆਂ ’ਚ । ਜਾਬਰਾਂ ਨੂੰ ਦੱਸ ਦੇਣਾ, ਸਮਾਂ ਸਭ ਵੇਖਦਾ ਹੈ, ਏਸੇ ਦੇ ਹੀ ਗੀਤ, ਲੋਕਾਂ ਗਾਉਣੇ ਨੇ ਕੱਵਾਲੀਆਂ ’ਚ । ਪਾਟੀਆਂ ਬਿਆਈਆਂ ਵਾਲੇ ਪੈਰ ਨੇ ਫ਼ੌਲਾਦ ਪੂਰੇ, ਸੂਹੇ ਅੰਗਿਆਰ ਵੇਖ ਅੱਖਾਂ ਦੀਆਂ ਲਾਲੀਆਂ ’ਚ । ਆਉਂਦੀ ਏ ਵੰਗਾਰ ਜਦੋਂ, ਹੱਸ ਪ੍ਰਵਾਨ ਕੀਤੀ, ਪੜ੍ਹ ਲੈ ਬਿਆਨ ਸਾਡੇ ਚਿਹਰੇ ਦੀਆਂ ਲਾਲੀਆਂ ’ਚ । ਧਰਤੀ ਦੇ ਪੁੱਤ ਅਸੀਂ ਸੁਤ ਦਸਮੇਸ਼ ਜੀ ਦੇ, ਸਾਡਾ ਸਿਰਨਾਵਾਂ ਮਿਲੂ ਘਾਲਣਾਵਾਂ ਘਾਲੀਆਂ ’ਚ ।
ਚਾਲ ਸਮੇਂ ਦੀ ਤੁਰ ਪਈ ਪੁੱਠੀ
ਚਾਲ ਸਮੇਂ ਦੀ ਪੁੱਠੀ ਤੁਰ ਪਈ, ਸੁਣ ਲਉ ਅਜਬ ਕਹਾਣੀ । ਵਲੀ ਕੰਧਾਰੀ ਵੇਚ ਰਿਹਾ ਏ ਬੋਤਲ ਵਿੱਚ ਬੰਦ ਪਾਣੀ । ਆਪਣੇ ਪਿੰਡ ਨੂੰ ਛੱਡ ਆਇਆ ਹੁਣ ਸ਼ਹਿਰ ਦਿਹਾੜੀ ਕਰਦਾ, ਨਲਕੀ ਵਾਂਗ ਜੁਲਾਹਾ ਭਟਕੇ, ਪੱਲੇ ਤੰਦ ਨਾ ਤਾਣੀ । ਕਣਕੋਂ ਸਾਂਵੇਂ ਵਿਕਦੇ ਨੇ ਹੁਣ ਇਸ ਮੰਡੀ ਵਿੱਚ ਬੰਦੇ, ਅਣਖ਼ ਦੀ ਰੋਟੀ ਦੱਸੋ ਏਥੇ ਕਿਸ ਨੇ ਹੈ ਹੁਣ ਖਾਣੀ । ਖ਼ੂਨ ਪੀਣੀਆਂ ਜੋਕਾਂ ਬਣ ਗਏ ਵੈਦ ਹਕੀਮ ਸਿਆਸੀ, ਵਾੜ ਖੇਤ ਦੀ ਰਾਖੀ ਦੀ ਥਾਂ ਬਣ ਗਈ ਆਦਮ ਖਾਣੀ । ਖ਼ਤਰੇ ਵਿੱਚ ਬਲਿਹਾਰੀ ਕੁਦਰਤ, ਵੰਨ-ਸੁਵੰਨਤਾ ਤੜਫ਼ੇ, ਕੈਂਚੀ ਵੱਸ ਫੁਲਕਾਰੀ ਪੈ ਗਈ, ਸਮਝੋ ਖ਼ਤਮ ਕਹਾਣੀ । ਢਾਹ ਕੇ ਵਤਨ ਬਣਾਉਣਾ ਚਾਹੁੰਦੇ ਠੇਕੇਦਾਰ ਅਜਬ ਨੇ, ਜ਼ਿੰਦਗੀ ਪੈ ਗਈ ਉਸਤਰਿਆਂ ਵੱਸ ਨੀਤ ਜਿੰਨ੍ਹਾਂ ਦੀ ਕਾਣੀ । ਰਾਹਬਰ ਟੱਕਰੇ ਸਾਨੂੰ ਤਾਂ ਹਰ ਮੋੜ ’ਤੇ ਰਾਹਜ਼ਨ ਬਣ ਕੇ, ਚੰਗੀ ਲੱਗਣ ਲਾਈ ਇਨ੍ਹਾਂ ਲੰਡਨ ਦੀ ਮਹਾਰਾਣੀ ।
ਦੁਨੀਆ ਵਾਲੇ ਮੇਲੇ ਅੰਦਰ
ਦੁਨੀਆ ਵਾਲੇ ਮੇਲੇ ਅੰਦਰ ਅਜਬ ਜਿਹਾ ਦਸਤੂਰ ਵੇਖਿਆ । ਸੁਖ ਵੇਲੇ ਜੋ ਸਭ ਤੋਂ ਨੇੜੇ, ਦੁੱਖ ਵੇਲੇ ਉਹ ਦੂਰ ਵੇਖਿਆ । ਤੈਨੂੰ ਮੈਨੂੰ ਪਰਖ਼ਣ ਵਾਲਾ ਆਪਣੀ ਵਾਰੀ ਭੱਜਦਾ ਤੱਕਿਆ, ਦੂਸਰਿਆਂ ਲਈ ਜ਼ਹਿਰ-ਪਿਆਲਾ ਨੱਕੋ ਨੱਕ ਭਰਪੂਰ ਵੇਖਿਆ । ਧਰਤੀ ਅੰਬਰ ਜਿੱਥੇ ਮਿਲਦੇ, ਦੂਰ ਦੋਮੇਲ ਕਿਸੇ ਨਾ ਡਿੱਠਾ, ਜਿਹੜਾ ਸਭ ਨੂੰ ਨੇੜੇ ਲੱਗਿਆ, ਓਹੀ ਸਭ ਤੋਂ ਦੂਰ ਵੇਖਿਆ । ਮੈਂ ਤਾਂ ਆਪਣੇ ਬਾਬੇ ਨੂੰ ਵੀ ਹਰ ਪਲ ਤੁਰਦੇ ਤੁਰਦੇ ਤੱਕਿਆ, ਸੁਪਨੇ ਵਿੱਚ ਵੀ ਅੱਕਿਆ ਥੱਕਿਆ ਨਾ ਹੀ ਟੁੱਟ ਕੇ ਚੂਰ ਵੇਖਿਆ । ਮੇਰੇ ਲਈ ਕਰਤਾਰਪੁਰੀ ਵੀ ਕਿਰਤ ਕਰਮ ਹੈ ਪਾਵਨ-ਭੂਮੀ, ਜਪੁਜੀ ਸਿਰਜਣਹਾਰ ਦੇ ਨੈਣੀਂ ਸਦ ਵਿਸਮਾਦੀ ਨੂਰ ਵੇਖਿਆ । ਮੈਂ ਆਪਣੇ ਤੋਂ ਪਾਰ ਖਲੋ ਕੇ ਜਦ ਵੀ ਚਾਰ-ਚੁਫ਼ੇਰੇ ਤੱਕਿਆ, ਕਾਦਰ ਦੀ ਕੁਦਰਤ ਦੇ ਅੰਦਰ ਕਣ ਕਣ ਅਜਬ ਸਰੂਰ ਵੇਖਿਆ । ਬਹੁਤ ਕਹਾਂ ਪਰ ਸਮਝਾਂ ਨਾ ਮੈਂ ਇਸ ਨੁਕਤੇ ਦੀ ਸਰਲ ਵਿਆਖਿਆ, ਭਰਮ-ਜਾਲ ਵਿੱਚ ਜਦ ਵੀ ਫਸਿਆ ਟੁੱਟਦਾ ਸਦਾ ਗਰੂਰ ਵੇਖਿਆ ।
ਪਹਿਰੇਦਾਰ ਬਿਨਾਂ ਦਿਨ ਰਾਤੀਂ
ਪਹਿਰੇਦਾਰ ਬਿਨਾਂ ਦਿਨ ਰਾਤੀਂ, ਕੁੰਡੇ ਜੰਦਰੇ ਖੜਕ ਰਹੇ ਨੇ । ਚੋਰਾਂ ਦੀ ਅੱਖ ਦੇ ਵਿੱਚ ਕੂਕਰ, ਤਾਹੀਓਂ ਬਹੁਤੇ ਰੜਕ ਰਹੇ ਨੇ । ਲੜਦੇ, ਭਿੜਦੇ, ਮਿੱਟੀ ਪੁੱਟਦੇ ਜਿਹੜੇ ਚੋਣ ਜਿਤਾ ਕੇ ਘੱਲੇ, ਖ਼ਾਲਮ ਖ਼ਾਲੀ ਸੱਖਣੇ ਭਾਂਡੇ, ਝੱਗੋ ਝੱਗ ਹੋ ਗੜ੍ਹਕ ਰਹੇ ਨੇ । ਬੱਦਲ ਨੇ, ਬਰਸਾਤ ਨਹੀਂ ਹੈ, ਭਟਕ ਰਹੇ ਪੌਣਾਂ ਵਿੱਚ ਗੋਹੜੇ, ਧਰਤੀ ਨੂੰ ਕੀ ਭਾਗ ਇਨ੍ਹਾਂ ਦਾ, ਬਿਜਲੀ ਬਣ ਜੋ ਕੜਕ ਰਹੇ ਨੇ । ਪੱਕੀਆਂ ਫ਼ਸਲਾਂ, ਝੱਖੜ ਝਾਂਜਾ, ਮੌਸਮ ਵੀ ਬਦਨੀਤਾ ਜਾਪੇ, ਦਾਣਾ-ਫੱਕਾ ਖ਼ਤਰੇ ਵਿੱਚ ਹੈ, ਦਿਲ ਵੀ ਧੱਕ ਧੱਕ ਧੜਕ ਰਹੇ ਨੇ । ਤੇਰੇ ਲਈ ਇਹ ਲਾਲ ਬੂਟੀਆਂ, ਸਾਡੀ ਰੱਤ ਦੇ ਨਕਸ਼ ਪਿਆਰੇ, ਵੈਰੀਆਂ ਸੁੱਟੇ ਰਾਹੀਂ ਕੰਕਰ ਪੈਰਾਂ ਦੇ ਵਿੱਚ ਅੜਕ ਰਹੇ ਨੇ । ਚਿੜੀਮਾਰ ਨੇ ਬਣੇ ਸ਼ਿਕਾਰੀ, ਬਾਜ਼ਾਂ ਨੂੰ ਵੀ ਹੁਕਮ ਸੁਣਾਉਂਦੇ, ਗਿੱਦੜ ਵੀ ਭਬਕਾਰਨ ਏਥੇ, ਸ਼ੇਰਾਂ ਅੱਗੇ ਬੜ੍ਹਕ ਰਹੇ ਨੇ । ਉੱਬਲਦੀ ਵਲਟੋਹੀ ਅੰਦਰ ਜੋ ਕੁਝ ਧਰਿਆ ਓਹੀ ਪੱਕਣਾ, ਨੀਤੋਂ ਜੋ ਬਦਨੀਤੇ ਭੁੱਖੜ, ਚੌਂਕੇ ’ਤੇ ਹੀ ਭੜਕ ਰਹੇ ਨੇ ।
ਅਸਲ ਕਲਾ ਤਾਂ ਏਹੀ ਮਿੱਤਰੋ
ਅਸਲ ਕਲਾ ਤਾਂ ਏਹੀ ਮਿੱਤਰੋ ਅੱਖੀਆਂ ’ਚੋਂ ਅਣਲਿਖਿਆ ਪੜ੍ਹੀਏ । ਜਿਉਂ ਫੁੱਲਾਂ ਵਿੱਚ ਰੰਗ ਖੁਸ਼ਬੋਈ ਇੱਕ ਦੂਜੇ ਦੇ ਸਾਹੀਂ ਵੜੀਏ । ਏਸ ਕਲਾ ਦੇ ਜਾਨਣਹਾਰੇ ਵਿਰਲੇ ਨੇਤਰ ਧਰਤੀ ਉੱਤੇ, ਦਿਲ ਮੁੰਦਰੀ ਵਿੱਚ ਮੋਹ ਦੇ ਨਗ ਨੂੰ ਨਾਮ ਧਰੇ ਬਿਨ ਥਾਂ ਸਿਰ ਜੜੀਏ । ਵਕਤ ਦੇ ਕੋਰੇ ਵਰਕੇ ਉੱਤੇ, ਇੱਕ ਅੱਧ ਵਾਕ ਨਵਾਂ ਹੁਣ ਲਿਖੀਏ, ਲਿਖਣੋਂ ਪਹਿਲਾਂ ਬਹੁਤ ਜ਼ਰੂਰੀ ਪਹਿਲਾਂ ਲਿਖਿਆ ਕੰਧ ਤੋਂ ਪੜ੍ਹੀਏ । ਸ਼ਬਦ-ਸਲੀਕਾ ਤਾਲ ਤੇ ਸੁਰ ਦਾ ਸਹਿਜ ਸੁਮੇਲ ਪਰੋ ਕੇ ਸਾਹੀਂ, ਬੀਤੇ ਨਾਲੋਂ ਸੁਹਣੇ ਸੁਪਨੇ ਵਰਗੀ ਸੂਰਤ ਕੱਲ੍ਹ ਦੀ ਘੜੀਏ । ਵਕਤ ਬੜਾ ਬੇਰਹਿਮ ਲਿਖਾਰੀ, ਪਲ ਪਲ ਦਾ ਹਰ ਲੇਖਾ ਰੱਖਦਾ,, ਫ਼ਰਜ਼ ਵਿਸਾਰ ਨਾ ਗ਼ਰਜ਼ਾਂ ਪਿੱਛੇ, ਤਲਖ਼ ਸਮੇਂ ਦੇ ਤੱਕੜ ਚੜ੍ਹੀਏ । ਤਨ ਦੀ ਮਿੱਟੀ ਖਾ ਜਾਂਦੀ ਹੈ, ਸਿਰ ਨੂੰ ਚੜ੍ਹ ਕੇ ਰੂਹ ਦਾ ਰੇਸ਼ਮ, ਜਿਸਮਾਂ ਵਿੱਚ ਗੁਆਚ ਨਾ ਜਾਈਏ, ਰੂਹ ਦੇ ਅੰਦਰ ਕੁਝ ਤਾਂ ਵੜੀਏ । ਇਹ ਦੋ ਹਰਫ਼ ਰਸੀਦੀ ਮੇਰੇ ਬੰਨ੍ਹ ਸਿਰ੍ਹਾਣੇ ਸਾਂਭ ਕੇ ਰੱਖਣਾ, ਖ਼ੁਦ ਨੂੰ ਖ਼ਰਚੀਏ ਖ਼ੁਸ਼ੀਆਂ ਖਾਤਰ, ਆਪਣੀ ਅੱਗ ਵਿੱਚ ਆਪ ਨਾ ਸੜੀਏ ।
ਤਾਰੇ ਵੀ ਤਾਂ ਮਰਦੇ ਨੇ
ਤਾਰੇ ਵੀ ਤਾਂ ਮਰਦੇ ਨੇ । ਅੰਬਰ ਖ਼ਾਲੀ ਕਰਦੇ ਨੇ । ਇਹ ਜੋ ਫੁੱਲ ਕਿਆਰੀ ਵਿਚ, ਇਹ ਤਾਂ ਮੇਰੇ ਘਰ ਦੇ ਨੇ । ਮਿੱਟੀ ਦਾ ਭਗਵਾਨ ਬਣਾ, ਆਪੇ ਲੋਕੀਂ ਡਰਦੇ ਨੇ । ਅੰਦਰਲੀ ਚੁੱਪ ਮਾਰਨ ਲਈ, ਠੰਢੇ ਹੌਕੇ ਭਰਦੇ ਨੇ । ਰੇਤੇ ਦੀ ਆਵਾਜ਼ ਸੁਣੋ, ਪੱਥਰ ਵੀ ਤਾਂ ਖ਼ਰਦੇ ਨੇ । ਜਿਹੜੇ ਲੋਕੀਂ ਜੰਮਦੇ ਨੇ, ਉਹੀ ਆਖ਼ਰ ਮਰਦੇ ਨੇ । ਕਰਾਮਾਤ ਵਿਗਿਆਨਾਂ ਦੀ, ਡੁੱਬਦੇ ਪੱਥਰ ਤਰਦੇ ਨੇ ।
ਵੇਖ ਕਿਵੇਂ ਤੂੰ, ਸੂਰਜ ਚੜ੍ਹਦਾ
ਵੇਖ ਕਿਵੇਂ ਤੂੰ, ਸੂਰਜ ਚੜ੍ਹਦਾ, ਚੜ੍ਹਦਾ ਬਾਰਮਬਾਰ । ਤੂੰ ਕਿਉਂ ਢੇਰੀ ਢਾਹ ਕੇ ਬੈਠਾ, ‘ਨੇਰ੍ਹ ਦੀ ਬੁੱਕਲ਼ ਮਾਰ । ਕਣੀਆਂ ਵਿੱਚ ਨਹਾਉਂਦੇ ਵੇਖੀਂ, ਧਰਤੀ ਅੰਬਰ ਦੋਵੇਂ, ਉੱਡ ਪੁੱਡ ਜਾਣੈਂ ਚਿਹਰੇ ਉੱਤੋਂ, ਸਾਰਾ ਗਰਦ ਗੁਬਾਰ । ਤੂੰ ਤਾਂ ਰਿਜ਼ਕ ਜ਼ੰਜੀਰਾਂ ਵਾਂਗੂੰ, ਬੰਨ੍ਹੀ ਫਿਰਦੈਂ ਪੈਰੀਂ, ਮਨ ਪੰਛੀ ਦਰਵੇਸ਼ ਨੂੰ ਵੀਰਾ ਇਸ ਮੌਤੇ ਨਾ ਮਾਰ । ਈਨ ਮੰਨਾਉਣੀ, ਮੰਨਣੀ, ਦੋਵੇਂ ਇਹ ਵਰਕੇ ਨਹੀਂ ਮੇਰੇ, ਮੇਰੇ ਦਿਲ ਦੀ ਨਗਰੀ ਅੰਦਰ, ਆਪਣੀ ਹੀ ਸਰਕਾਰ । ਸੇਵਾ ਸਿਮਰਨ ਅਤੇ ਸ਼ਹਾਦਤ ਗੁਰ ਨਗਰੀ ਵਿੱਚ ਭਾਵੇਂ, ਏਸ ਨਗਰ ਹੀ ਪੁਤਲੀਘਰ ਤੋਂ ਪਹਿਲਾਂ ਚੋਰ-ਬਾਜ਼ਾਰ । ਖੋਲ੍ਹ ਖਿੜਕੀਆਂ, ਪਿੰਜਰੇ, ਜੰਦਰੇ, ਨਾ ਕਰ ਕਬਜ਼ਾਕਾਰੀ, ਉੱਡਣ ਦੇ ਤੂੰ ਖੁੱਲ੍ਹੇ ਅੰਬਰੀਂ, ਕੂੰਜਾਂ ਵਾਲੀ ਡਾਰ । ਮੇਰਾ ਵਤਨ ਪਰਿੰਦਾ ਜਿੱਸਰਾਂ, ਇੱਲਾਂ ਦੇ ਮੂੰਹ ਫਸਿਆ, ਮਹਿਮਾ-ਗਾਨ ਕਿਵੇਂ ਦੱਸ ਗਾਵਾਂ ਪਾ ਕੇ ਰੂਹ ’ਤੇ ਭਾਰ ।
ਭਟਕਦਿਆਂ ਦਾ ਸਫ਼ਰ ਕਦੇ ਵੀ
ਭਟਕਦਿਆਂ ਦਾ ਸਫ਼ਰ ਕਦੇ ਵੀ ਬਣਦਾ ਨਾ ਇਤਿਹਾਸ ਦੇ ਵਰਕੇ । ਹਰ ਇੱਕ ਬੀਜ ਬਿਰਖ਼ ਨਹੀਂ ਬਣਦਾ ਕਹਿਣ ਸਿਆਣੇ ਏਸੇ ਕਰਕੇ । ਸਹਿਜ ਸਮਰਪਣ ਸੋਚ ਸਿਦਕ ਤੇ ਸੱਚਾ ਮਾਰਗ ਜਿੱਤ ਦੀ ਪੌੜੀ, ਮੰਜ਼ਿਲ ਦਾ ਸਿਰਨਾਵਾਂ ਲੈ ਕੇ ਤੁਰ ਪਈਏ ਜੇ ਨਿਸ਼ਚਾ ਕਰਕੇ । ਥਾਲ਼ੀ ਵਿਚਲੇ ਪਾਣੀ ਵਾਂਗੂੰ ਮਨੂਆ ਡਗਮਗ ਡੋਲ ਰਿਹਾ ਹੈ, ਅਜਬ ਖ਼ਲਬਲੀ ਸਾਹਾਂ ਅੰਦਰ ਤੜਕਸਾਰ ਤੋਂ ਅੱਖ ਪਈ ਫ਼ਰਕੇ । ਅੰਬਰੋਂ ਪਾਰ ਉਡਾਰੀਆਂ ਵਾਲੇ ਬਾਜ਼ ਜਦੋਂ ਤੋਂ ਚੂਰੀ ਗਿੱਝੇ, ਰੀਂਘਣਹਾਰੀ ਜ਼ਿੰਦਗੀ ਹੋਈ ਸਰਕ ਸਰਕ ਅੱਗੇ ਨੂੰ ਸਰਕੇ । ਹੰਝ ਤੇ ਹੌਕੇ ਹਿੱਕੜੀ ਅੰਦਰ ਆਇਆਂ ਸੁਪਨ ਸਲ੍ਹਾਭੇ ਜਾਂਦੇ, ਮੈਨੂੰ ਫੇਰ ਮਿਲੀਂ ਨਾ ਭਲੀਏ, ਅੱਜ ਦੇ ਵਾਂਗੂੰ ਅੱਖੀਆਂ ਭਰ ਕੇ । ਤਨ ਦੀ ਮਿੱਟੀ ਘੁੰਮਦੀ ਫਿਰਦੀ ਪਿਉ ਦਾਦੇ ਪੜਦਾਦੇ ਬਣ ਕੇ, ਇਹ ਗੱਲ ਮਹਿੰਗੀ ਚੇਤੇ ਰੱਖਿਓ ਪਰਤੇ ਕੌਣ ਜ਼ਮੀਰੋਂ ਮਰ ਕੇ । ਧਨ, ਦੌਲਤ ਤੇ ਅੰਨ੍ਹੀ ਤਾਕਤ, ਸਭ ਨੂੰ ਅੰਨ੍ਹਾ ਕਰ ਦੇਂਦੀ ਹੈ, ਸੋਨ-ਮਿਰਗ ਦੇ ਸਗਲ ਸ਼ਿਕਾਰੀ ਏਸੇ ਹੀ ਦਲਦਲ ਵਿੱਚ ਗਰਕੇ ।
ਖ਼ੁਸ਼ੀਆਂ ਖੇੜੇ ਘਰ ਨਾ ਪਰਤੇ
ਖ਼ੁਸ਼ੀਆਂ ਖੇੜੇ ਘਰ ਨਾ ਪਰਤੇ, ਮੁੱਕਿਆ ਨਾ ਬਨਵਾਸ ਅਜੇ ਵੀ । ਜੰਮ ਕੇ ਜ਼ੁਲਮ ਕਰਨ ਜਰਵਾਣੇ, ਛੁੱਟਣ ਦੀ ਨਾ ਆਸ ਅਜੇ ਵੀ । ਚੂੰਡ ਚੂੰਡ ਕੇ ਖਾਧਾ ਪਹਿਲਾਂ, ਭੇਸ ਬਦਲ ਮੁੜ ਆ ਗਏ ਬੂਹੇ, ਰੱਤੀ ਰੱਤ ਨਾ ਛੱਡੀ ਤਨ ਦੀ, ਬਣਦੇ ਖ਼ਾਸ-ਮ-ਖ਼ਾਸ ਅਜੇ ਵੀ । ਆਜ਼ਾਦੀ ਦਾ ਪਰਚਮ ਪੁੱਛੇ, ਰੂਹ ਨਹੀਂ ਮੰਨਦੀ ਕਿੰਜ ਲਹਿਰਾਵਾਂ, ਰੀਝਾਂ, ਸੁਪਨੇ ਇਸ ਧਰਤੀ ਦੇ ਹੋਏ ਨਾ ਬੰਦ-ਖਲਾਸ ਅਜੇ ਵੀ । ਤੁਰਕ, ਮੰਗੋਲ, ਮੁਗਲ ਤੇ ਮਗਰੋਂ ਗੋਰੇਸ਼ਾਹੀ ਤੇ ਹੁਣ ਸਾਡੇ, ਹਾਕਮ, ਹੁਕਮ, ਹਕੂਮਤ ਬਿਲਕੁਲ, ਓਹੀ ਬਚਨ -ਬਿਲਾਸ ਅਜੇ ਵੀ । ਕਿੰਨੇ ਹੀ ਗੁਰ -ਪੀਰ ਧਿਆਏ, ਚੰਗੇ ਦਿਨ ਪਰਤੇ, ਨਾ ਆਏ, ਧਰਤੀ, ਪੁੱਤਰ, ਧੀਆਂ ਦੇ ਤਾਂ, ਗਹਿਣੇ ਸਗਲ ਸਵਾਸ ਅਜੇ ਵੀ । ਊਚ-ਨੀਚ ਦੇ ਸਬਕ ਪੁਰਾਣੇ, ਚਾਅ ਤੇ ਵਸਤਰ ਅੱਧੋਰਾਣੇ, ਲਿੱਸਿਆਂ ਦੇ ਲਈ ਅੱਜ ਵੀ ਅੱਡਰੇ, ਥਾਲ਼ੀ ਕੌਲ ਗਲਾਸ ਅਜੇ ਵੀ । ਕੱਚੇ ਘਰ ਦੇ ਕੁਣਕੇ ਦਾ ਰੰਗ ਅੱਜ ਵੀ ਪੱਕਿਆਂ ਨਾਲ ਨਾ ਰਲ਼ਦਾ, ਪੱਕੇ ਮਿੱਠੇ ਦੀ ਥਾਂ ਓਥੇ, ਪੈਂਦੀ ਗੁੜ ਦੀ ਚਾਸ ਅਜੇ ਵੀ । ਦਾਣਾ ਦਾਣਾ ਮੰਡੀ ਵਿਕਿਆ, ਖ਼ੂਹ ਦੀ ਮਿੱਟੀ ਖੂਹ ਨੇ ਖਾਧੀ, ਪਏ ਭੜੋਲੇ ਸੱਖਣੇ, ਫਿਰ ਵੀ, ਵਿਕਦੀ ਹੈ ਸਲਫ਼ਾਸ ਅਜੇ ਵੀ । ਨਾਲ ਹਨ੍ਹੇਰ ਲੜਾਈ ਸਾਡੀ, ਮੁੱਕਣ ਤੀਕ ਜਗਣ ਦਾ ਵਾਅਦਾ, ਇਸ ਮਿੱਟੀ ਦੇ ਦੀਵੇ ਉੱਪਰ ਮੇਰਾ ਹੈ ਵਿਸ਼ਵਾਸ ਅਜੇ ਵੀ ।
ਆਪਣੇ ਅੰਦਰ ਹਰ ਦਿਨ ਹਰ ਪਲ
ਆਪਣੇ ਅੰਦਰ ਹਰ ਦਿਨ ਹਰ ਪਲ ਮਾਨਣ ਦਾ ਅਹਿਸਾਸ ਜਗਾਉ । ਇਸ ਧਰਤੀ ਦੇ ਕਣ ਕਣ ਅੰਦਰ ਮੋਹ ਮਮਤਾ ਦੇ ਬਿਰਖ਼ ਲਗਾਉ । ਰੌਸ਼ਨੀਆਂ ਦੀ ਬਾਗ਼-ਬਗੀਚੇ, ਮੰਗਦੇ ਮੋਹ ਦਾ ਨਿਰਮਲ ਪਾਣੀ, ਜ਼ਿੰਦਗੀ ਧਰਤ ਤਰੇੜਾਂ ਪਾਟੀ, ਭਰ ਭਰ ਮਸ਼ਕਾਂ ਜਲ ਵਰਤਾਉ । ਮੈਂ ਵੀ ਸ਼ਬਦ -ਬਗੀਚਾ ਲਾਇਐ, ਏਸੇ ਲਈ ਸੱਜਣਾਂ ਦੀ ਖ਼ਾਤਰ, ਰੋਕ ਟੋਕ, ਨਾ ਚਾਰ ਦੀਵਾਰੀ ਜਦ ਦਿਲ ਚਾਹੇ ਆਉ, ਜਾਉ । ਸਿਖ਼ਰ ਦੁਪਹਿਰੇ, ਕੋਈ ਪਾਂਧੀ, ਰਾਹ ਪੁੱਛਣ ਵੀ ਆ ਸਕਦਾ ਹੈ, ਬੂਹੇ ’ਤੇ ਹਰਿਆਲੀ ਛਤਰੀ, ਮੌਲਸਰੀ ਦੇ ਬੂਟੇ ਲਾਉ । ਗ਼ਮ ਦਾ ਗੋਲ਼ਾ ਜੇ ਨਾ ਪਿਘਲੇ, ਮਨ ਪਥਰਾਵੇ ਹੌਲ਼ੀ ਹੌਲ਼ੀ, ਧੜਕਣ ਦਾ ਸੁਰ ਤਾਲ ਬਣਾ ਕੇ, ਰੂਹ ਵਿੱਚ ਭਿੱਜੀ ਤਰਜ਼ ਬਣਾਉ । ਹਿਰਨਾਂ ਦੇ ਸਿੰਗਾਂ ’ਤੇ ਚੜ੍ਹ ਕੇ, ਭੁੱਲ ਜਾਂਦੀ ਹੈ ਜਾਚ ਤੁਰਨ ਦੀ, ਪੌਣਾਂ ਦੇ ਅਸਵਾਰ ਬਣੋ ਨਾ, ਖ਼ੁਦ ਨੂੰ ਆਪਣੇ ਕੋਲ ਬੁਲਾਉ । ਇਕੋ ਵਾਰ ਕਿਹਾ ਹੀ ਕਾਫ਼ੀ, ਬਲਿਹਾਰੀ ਕੁਦਰਤ ਵਿੱਚ ਰਹਿੰਦੈ, ਫੁੱਲ-ਪੱਤੀਆਂ ਸੰਗ ਕਰੋ ਗੁਫ਼ਤਗੂ, ਬਿਰਖ਼ ਬਰੂਟੇ ਮੀਤ ਬਣਾਉ ।
ਪੱਤਝੜਿਆਂ ਤੇ ਬਿਰਖ਼ ਬਰੂਟੇ
ਪੱਤਝੜਿਆਂ ਤੇ ਬਿਰਖ਼ ਬਰੂਟੇ ਬੰਦਿਆਂ ਵਾਂਗੂੰ ਦਿਲ ਨਹੀਂ ਛੱਡਦੇ । ਉਹ ਤਾਂ ਵਿਆਜ ਧਰਤ ਨੂੰ ਮੋੜਨ ਬੀਤ ਗਏ ਦਾ ਫਾਹਾ ਵੱਢਦੇ । ਨੰਗੇ ਟਾਹਣ ਕਦੇ ਨਾ ਵੇਖੇ ਬੀਤ ਗਏ ਦਾ ਰੁਦਨ ਕਰਦਿਆਂ, ਉਹ ਤਾਂ ਰੁੱਤ ਬਸੰਤੀ ਆਉਂਦੇ ਲਗਰਾਂ ਪੱਤੇ ਸੱਜਰੇ ਕੱਢਦੇ । ਸਬਰ, ਸਿਦਕ, ਸੰਤੋਖ, ਸਹਾਰੇ ਫ਼ੁੱਲਾਂ ਮਗਰੋਂ ਫ਼ਲ ਪੈਂਦਾ ਹੈ, ਸਾਡੇ ਵਾਂਗੂੰ ਮੰਗਤੇ ਬਣ ਕੇ, ਰੱਬ ਦੇ ਅੱਗੇ ਹੱਥ ਨਹੀਂ ਟੱਡਦੇ । ਧਰਤੀ ਪੁੱਤਰ ਬੜੇ ਸੁਲੱਗ ਨੇ ਅੰਬਰ ਸੰਗ ਵੀ ਕਰਨ ਗੁਫ਼ਤਗੂ, ਜੜ੍ਹ ਜੋਗੀ ਮਿੱਟੀ ਜਦ ਮਿਲਦੀ ਸਿਖ਼ਰ ਪਰਬਤੀਂ ਝੰਡੇ ਗੱਡਦੇ । ਨਗਨ ਬਿਰਖ਼ ਨੂੰ ਕਦੇ ਨਾ ਕਹਿਣਾ ਇਹ ਸੁੱਕਾ ਹੈ, ਮਰ ਚੱਲਿਆ ਹੈ, ਜਦ ਵੀ ਤਪੀਏ ਤਪ ਕਰਦੇ ਨੇ, ਇੱਕ ਵੀ ਬੋਲ ਨਾ ਮੂੰਹੋਂ ਕੱਢਦੇ । ਰਾਤ ਦਿਵਸ ਦੇ ਗੇੜਿਆਂ ਵਾਂਗੂੰ ਇਨ੍ਹਾਂ ਦਾ ਨਿੱਤਨੇਮ ਪੁਰਾਣਾ, ਜਿਉਂ ਰੱਖੇ ਤਿਉਂ ਰਹੀਏ ਜਪਦੇ ਮੂਲ ਅਸੂਲ ਕਦੇ ਨਾ ਛੱਡਦੇ । ਸਰਬ ਜੂਨ ਤੋਂ ਬਣੀਏ ਉੱਚੇ, ਖ਼ੁਦ ਨੂੰ ਹੀ ਸਰਵੋਤਮ ਕਹੀਏ, ਅਸੀਂ ਨਾ-ਸ਼ੁਕਰੇ, ਇਸ ਦੇ ਕੋਲੋਂ ਲੈ ਦਸਤਾ ਜੜ੍ਹ ਇਹਦੀ ਵੱਢੀਏ ।
ਹਰ ਪਲ ਆਖਣ ਬੰਦਿਆ ਟਿਕ ਟਿਕ
ਹਰ ਪਲ ਆਖਣ ਬੰਦਿਆ ਟਿਕ ਟਿਕ, ਤੂੰ ਕਿਉਂ ਇੰਜ ਰਫ਼ਤਾਰਾਂ ਫੜੀਆਂ । ਸਹਿਜ, ਸਬਰ, ਸੰਤੋਖ ਗੁਆਇਆ ਮਗਰ ਤੇਰੇ ਜਿਉਂ ਵਾਹਰਾਂ ਚੜ੍ਹੀਆਂ । ਘੋੜ ਸਵਾਰ ਰਹੇਂ ਤੂੰ ਹਰ ਪਲ, ਘਰ ਤੋਂ ਘਰ ਦਾ ਸਫ਼ਰ ਕਰਦਿਆਂ, ਵੇਖ ਲਿਆ ਕਰ, ਵਕਤ ਕਿਵੇਂ ਨੇ, ਕੰਧਾਂ ਉੱਤੇ ਟੰਗੀਆਂ ਘੜੀਆਂ । ਖ਼ੁਦ ਤਕਦੀਰਾਂ ਸਿਰਜਣ ਵਾਲੇ ਟੇਵੇ ਦੀ ਨਾ ਕਰਨ ਗੁਲਾਮੀ, ਭਟਕ ਰਹੇ ਨੇ ਓਹੀ, ਜਿਨ੍ਹਾਂ ਹਸਤ-ਰੇਖਾਵਾਂ ਖ਼ੁਦ ਨਾ ਪੜ੍ਹੀਆਂ । ਰੱਖੜੀ ਦੀ ਤੰਦ ਨਾਲੋਂ ਕੋਮਲ, ਰੂਹ ਦਾ ਰੇਸ਼ਮ ਕੱਤਦੀਆਂ ਨੇ, ਧੀਆਂ ਦੀ ਅਜ਼ਮਤ ਨਾ ਜਾਨਣ, ਜੋ ਕਹਿੰਦੇ ਨੇ ਕਿਸਮਤ ਸੜੀਆਂ । ਜਿਹੜੇ ਘਰ ਵਿੱਚ ਮੈਂ ਰਹਿੰਦਾ ਹਾਂ, ਉਸਦੀ ਨੀਂਹ ਦੇ ਹੇਠ ਨਾ ਧਰਤੀ, ਫ਼ਿਕਰਾਂ ਖਾਧੀ ਛੱਤ ਹੈ ਸਿਰ ’ਤੇ ਘੁਣ ਨੇ ਖਾਧੇ ਬਾਲੇ ਕੜੀਆਂ । ਦੌੜਾਂ ਤਾਂ ਦੱਸ ਕਿੱਸਰਾਂ ਦੌੜਾਂ ਪੈਰਾਂ ਨੂੰ ਜ਼ੰਜੀਰ ਜਕੜਿਆ, ਗਲ਼ ਵਿੱਚ ਉਸਤਰਿਆਂ ਦੀ ਮਾਲ਼ਾ ਮੱਥੇ ਅੰਦਰ ਮੇਖਾਂ ਮੜ੍ਹੀਆਂ । ਲੋਕ ਰਾਜ ਵਿੱਚ ਲੋਕ ਗੁਆਚੇ, ਆਪਣਾ ਆਪ ਤਲਾਸ਼ ਰਹੇ ਨੇ, ਨੰਗੇ ਧੜੀਂ, ਲੰਗਾਰੇ ਸੁਪਨੇ ਲੱਗੀਆਂ ਜਿਵੇਂ ਤੇਜ਼ਾਬੀ ਝੜੀਆਂ । ਮਾਰੇ, ਕੁੱਟੇ ਰੋਣ ਨਾ ਦੇਵੇ, ਦੇ ਦਿਲਬਰੀਆਂ, ਜ਼ਖ਼ਮ ਪਲੋਸੇ, ਬੇ-ਪੀਰੇ ਦੀਆਂ ਮਿੱਠੀਆਂ ਬਾਤਾਂ ਰੂਹ ’ਤੇ ਵਾਂਗ ਧਮੂੜੀ ਲੜੀਆਂ । ਸਾਰਾ ਵਤਨ ਵਿਕਾਊ ਕੀਤਾ, ਘੁੰਮਦਾ ਕਹਿਣ ਵਿਕਾਸ ਦਾ ਪਹੀਆ, ਪੁੱਛਣ ਵਾਲਾ ਹੀ ਨਾ ਕੋਈ, ਕੂੜ-ਕਿਤਾਬਾਂ ਕਿੱਥੋਂ ਪੜ੍ਹੀਆਂ ।
ਜੰਗਲ ਬੇਲਾ ਚਿੰਤਾ ਵਿੱਚ ਹੈ
ਜੰਗਲ ਬੇਲਾ ਚਿੰਤਾ ਵਿੱਚ ਹੈ ਬਿਰਖ਼ ਨਿਪੱਤਰੇ ਸੋਚ ਰਹੇ ਨੇ । ਸਾਡੇ ਸੱਕ ਉਤਾਰਨ ਵਾਲ਼ੇ ਜ਼ਾਲਮ ਤਣਾ ਖ਼ਰੋਚ ਰਹੇ ਨੇ । ਹੋਕਾ ਦੇ ਹਮਦਰਦੀ ਵਾਲ਼ਾ ਪਾਣੀ ਪਾਉਣ ਬਹਾਨੇ ਆਏ, ਬਾਗਬਾਨ ਦੇ ਭੇਸ ’ਚ ਕਿਹੜੇ ਸਾਡੇ ਪੱਤਰ ਨੋਚ ਰਹੇ ਨੇ । ਨੀਤੋਂ ਖੋਟੇ ਆਰੀਆਂ ਵਾਲ਼ੇ, ਜੜ੍ਹ ਵਿਚ ਤੇਲ ਢਾਲ ਕੇ ਪਹਿਲਾਂ, ਜੜ੍ਹ ਨੂੰ ਨਾਲ ਕੁਹਾੜੀ ਵੱਢ ਕੇ ਹੁਣ ਕਿਉਂ ਛਾਵਾਂ ਲੋਚ ਰਹੇ ਨੇ । ਗੂੜ੍ਹੀ ਨੀਂਦਰ ਸੁੱਤੀ ਸੱਸੀ ਇਸ ਨੂੰ ਕੌਣ ਬਚਾ ਸਕਦਾ ਹੈ, ਪੁਨੂੰ ਵਰਗੇ ਸਭ ਵਣਜਾਰੇ, ਜਿਸ ਦੇ ਯਾਰ ਬਲੋਚ ਰਹੇ ਨੇ । ਅਣਪੁੱਗਦੇ ਨੂੰ, ਪਾੜਨ ਡਾਢੇ, ਵਰਕਾ ਵਰਕਾ ਅੱਖਰ ਅੱਖਰ, ਸਾਡੀ ਰੂਹ ਵਿੱਚ ਰਮਿਆ ਜੋ ਕੁਝ ਪਹਿਲਾਂ ਲਿਖਿਆ ਪੋਚ ਰਹੇ ਨੇ । ਇਹ ਅੰਦਾਜ਼ ਭਲਾ ਕੀ ਹੋਇਆ ਵੇਲ ਅੰਗੂਰਾਂ ਵਾਲ਼ੀ ਪੁੱਛੇ, ਮੈਂ ਜਿਹੜੇ ਅੱਜ ਤੀਕ ਨਾ ਵੇਖੇ ਮੇਰੇ ਮੇਵੇ ਬੋਚ ਰਹੇ ਨੇ । ਮੇਰੀ ਹਿੱਕ ’ਤੇ ਜਿੰਨੇ ਤਮਗ਼ੇ ਲੀਰਾਂ ਲੱਥੇ ਸੁਪਨ ਲੰਗਾਰੇ, ਵੇਖ ਲਵੋ ਜੀ ਅੰਗ ਸੰਗ ਮੇਰੇ ਦਰਦ ਹਮੇਸ਼ ਬਰੋਚ* ਰਹੇ ਨੇ । * ਸਜਾਵਟੀ ਚਿੰਨ੍ਹ
ਤੇਰੀ ਮੇਰੀ ਰੂਹ ਦਾ ਚੰਬਾ ਖਿੜ ਕੇ
ਤੇਰੀ ਮੇਰੀ ਰੂਹ ਦਾ ਚੰਬਾ ਖਿੜ ਕੇ ਜੱਗ ਮਹਿਕਾ ਸਕਦਾ ਹੈ । ਧਰਤੀ ਬੁੱਕਲ ਬਣ ਸਕਦੀ ਹੈ, ਸੂਰਜ ਨੇੜੇ ਆ ਸਕਦਾ ਹੈ । ਪੀਂਘ ਪਈ ਸਤਰੰਗੀ ਵਿਚਲੇ ਰੰਗ ਆਪਣੀ ਮੁਸਕਾਨ ’ਚ ਭਰ ਲੈ, ਕੋਸ਼ਿਸ਼ ਕਰਕੇ ਵੇਖ ਜ਼ਰਾ ਤੂੰ, ਇਹ ਪਲ ਜੀਣ ਸਿਖਾ ਸਕਦਾ ਹੈ । ਤੇਰੇ ਅੰਦਰ ਕਿੰਨਾ ਕੁਝ ਹੈ, ਇਸਦਾ ਇਲਮ ਨਹੀਂ ਹੈ ਤੈਨੂੰ, ਤੇਰਾ ਇੱਕ ਮੁਸਕਾਨ ਤਰੌਂਕਾ, ਬੁੱਤ ਨੂੰ ਬੋਲਣ ਲਾ ਸਕਦਾ ਹੈ । ਮੇਰੇ ਅੰਦਰ ਮੇਰੇ ਤੋਂ ਬਿਨ ਚੁੱਪ ਕੀਤਾ ਇੱਕ ਤਾਣ ਹੈ ਉਹ ਵੀ, ਜੇਕਰ ਤੂੰ ਹੁਸ਼ਿਆਰੀ ਦੇਵੇਂ ਸੂਰਜ ਨੂੰ ਹੱਥ ਪਾ ਸਕਦਾ ਹੈ । ਸਰਦ ਸਰੀਰਾਂ ਅੰਦਰ ਜਦ ਵੀ ਮਰਦ-ਅਗੰਮੜਾ ਜੋਤ ਜਗਾਵੇ, ਮਰਿਆ ਜੀ ਵੀ ਸੁਰਖ਼ ਅੰਗਾਰਿਉਂ ਬੁਰਕੀ ਤੋੜ ਕੇ ਖਾ ਸਕਦਾ ਹੈ । ਮੈਂ ਉਸ ਪਿੰਡੋਂ ਆਇਆਂ, ਜਿੱਥੇ ਮਿੱਟੀ ਮਰਦਮਖ਼ੇਜ਼ ਬੜੀ ਹੈ, ਏਥੇ ਰਹਿੰਦਾ ਬੰਦਾ, ਜਾ ਕੇ ਚੰਨ ’ਤੇ ਪੈਲ਼ੀਆਂ ਵਾਹ ਸਕਦਾ ਹੈ । ਨਿੱਕੀਆਂ ਗ਼ਰਜ਼ਾਂ ਖ਼ਾਤਰ ਲੜਿਆਂ ਬੰਦੇ ਅੰਦਰ ਕੱਖ ਨਹੀਂ ਰਹਿੰਦਾ, ਸਿਰਲੱਥ ਯੋਧਾ ਨੰਗੇ ਧੜ ਵੀ ਜਾਬਰ ਨੂੰ ਅਜ਼ਮਾ ਸਕਦਾ ਹੈ ।
ਲੋਕ ਵਿਚਾਰੇ ਵਖ਼ਤਾਂ ਮਾਰੇ
ਲੋਕ ਵਿਚਾਰੇ ਵਖ਼ਤਾਂ ਮਾਰੇ, ਜਿਉਣ ਵਸੀਲਾ ਟੋਲ਼ ਰਹੇ ਨੇ । ਮਿੱਟੀ ਵਿੱਚੋਂ ਆਪਣੀ ਕਿਸਮਤ ਸਦੀਆਂ ਤੋਂ ਹੀ ਫ਼ੋਲ ਰਹੇ ਨੇ । ਸਰਬ ਸਮੇਂ ਦੇ ਚਾਤਰ ਹਾਕਮ ਧਰਮ ਕਰਮ ਦਾ ਓਹਲਾ ਕਰਕੇ, ਅੰਨ੍ਹੀ ਰੱਯਤ ਗਿਆਨ ਵਿਹੂਣੀ ਪੈਰਾਂ ਹੇਠ ਮਧੋਲ ਰਹੇ ਨੇ । ਗਿਠਮੁਠੀਆਂ ਨੂੰ ਅੰਨ੍ਹੀ ਤਾਕਤ ਏਨਾ ਅੰਨ੍ਹਾ ਕਰ ਦਿੱਤਾ ਹੈ, ਹੱਕ ਹਕੂਕ ਜੇ ਮੰਗੀਏ, ਅੱਗੋਂ ਜੋ ਮੂੰਹ ਆਇਆ ਬੋਲ ਰਹੇ ਨੇ । ਤੱਕੜੀ ਤੋਲਣਹਾਰਿਆਂ ਦੀ ਵੀ ਨੀਅਤ ਨੀਤੀ ਅੰਦਰ ਕਾਣੋਂ, ਸੱਜਣ ਠੱਗੋਂ ਵੱਧ ਹਟਵਾਣੀਏਂ, ਕੂੜਾ ਸੌਦਾ ਤੋਲ ਰਹੇ ਨੇ । ਕੁਰਸੀ ’ਤੇ ਇਹ ਮਾਣ ਮਰਤਬੇ, ਕਲਗੀ, ਘੋੜੇ ਛਤਰ-ਸੁਨਹਿਰੀ, ਆਦਿ-ਜੁਗਾਦੋਂ ਅੱਜ ਤੀਕਰ ਇਹ ਦੱਸੋ ਕਿਸ ਦੇ ਕੋਲ ਰਹੇ ਨੇ? ਪਰ-ਕਟਿਆਂ ਨੂੰ ਖੰਭ ਉੱਗੇ ਨੇ, ਸੂਰਜ ਤੀਕ ਉਡਾਰੀ ਲਾਉਂਦੇ, ਠਾਕੀਆਂ ਜੀਭਾਂ ਵਾਲੇ ਵੀ ਹੁਣ, ਬੰਦ ਜ਼ਬਾਨਾਂ ਖੋਲ੍ਹ ਰਹੇ ਨੇ । ਛੱਡ ਸਪੇਰਿਆ ਬੀਨ ਵਜਾਉਣੀ, ਤੇਰਾ ਰਾਗ ਨਹੀਂ ਜੇ ਸੁਣਦੇ, ਸਿਰ ਚਿੱਪਣ ਦੀ ਕਰੋ ਤਿਆਰੀ, ਫਨੀਅਰ ਜੇ ਵਿੱਸ ਘੋਲ਼ ਰਹੇ ਨੇ ।
ਪਾਟੀ ਚਿੱਠੀ ਜਦ ਵੀ ਆਵੇ
ਪਾਟੀ ਚਿੱਠੀ ਜਦ ਵੀ ਆਵੇ, ਬਿਨ ਪੜ੍ਹਿਆਂ ਤੜਫ਼ਾ ਜਾਂਦੀ ਹੈ । ਮਾਂ ਜਾਇਆਂ ਦੀ ਪੀੜ, ਆਂਦਰਾਂ ਕੱਠੀਆਂ ਕਰ ਸਮਝਾ ਜਾਂਦੀ ਹੈ । ਅੱਖ ਫ਼ਰਕਦੀ, ਚਿੱਤ ਖ਼ਲਬਲੀ, ਉੱਖੜੇ ਨੀਂਦਰ ਹੋਰ ਬੜਾ ਕੁਝ, ਏਸ ਤਰ੍ਹਾਂ ਹੀ ਤਨ ਦੀ ਮਿੱਟੀ, ਚਿੰਤਾ ਖਾਂਦੀ ਖਾ ਜਾਂਦੀ ਹੈ । ਮੇਰਾ ਦੋਸ਼ ਪਤਾ ਨਹੀਂ ਮੈਨੂੰ, ਨਾ ਪੁੱਛਿਆ ਨਾ ਤੂੰ ਹੀ ਦੱਸਿਆ, ਜਦ ਵੀ ਨੀਂਦ ਉਟਕਦੀ ਮੈਨੂੰ ਚਿੱਤ-ਚਿਤਵਣੀ ਲਾ ਜਾਂਦੀ ਹੈ । ਜਿੰਨੇ ਪੱਥਰ ਵੇਖ ਰਿਹਾ ਏਂ, ਇਹ ਸਭ ਚੁੱਪ ਦੀ ਜੂਨ ਪਏ ਨੇ, ਤੇਰੀ ਸਰਦ ਖ਼ਾਮੋਸ਼ੀ ਮੈਨੂੰ ਘੁੰਮਣਘੇਰ ’ਚ ਪਾ ਜਾਂਦੀ ਹੈ । ਬੋਲ ਬੋਲ ਕੇ ਕੀ ਸਮਝਾਵਾਂ, ਸੁੱਤੀ ਸੱਟ ਦੀ ਪੀੜ ਜਾਗਦੀ, ਦਰਦ-ਕਹਾਣੀ ਅੱਖੀਆਂ ਥਾਣੀਂ ਕਿੰਨਾ ਕੁਝ ਸਮਝਾ ਜਾਂਦੀ ਹੈ । ਮੇਰੀ ਰੂਹ ਦਾ ਗੂੜ੍ਹਾ ਰਿਸ਼ਤਾ ਸੂਰਜ ਨਾਲ ਦੁਪਹਿਰੀ ਵਰਗਾ, ਸਿਖ਼ਰ-ਦੁਪਹਿਰੇ ਖਿੜ ਜਾਂਦੀ ਹੈ, ਸ਼ਾਮ ਢਲ਼ੇ ਮੁਰਝਾ ਜਾਂਦੀ ਹੈ । ਤੂੰ ਕੰਡ ਕਰਕੇ ਪਰਤ ਗਿਆ ਏਂ, ਮੁੜ ਕੇ ਹਾਲ ਕਦੇ ਨਾ ਪੁੱਛਿਆ, ਦਿਲ ਨੂੰ ਇਹ ਧਰਵਾਸ ਬੜਾ ਹੈ, ਯਾਦ ਤੇਰੀ ਤਾਂ ਆ ਜਾਂਦੀ ਹੈ ।
ਗਲਤੀ ਦੇ ਅਹਿਸਾਸ ਤੋਂ ਮਗਰੋਂ
ਗਲਤੀ ਦੇ ਅਹਿਸਾਸ ਤੋਂ ਮਗਰੋਂ ਅਗਲਾ ਕਦਮ ਪਕੇਰਾ ਹੁੰਦੈ । ਜੇ ਇਹ ਸੋਚ ਸਲਾਮਤ ਰੱਖੋ ਰੌਸ਼ਨ ਚਾਰ ਚੁਫ਼ੇਰਾ ਹੁੰਦੈ । ਬੀਤੇ ਦਾ ਪਛਤਾਵਾ ਕਰਕੇ ਸਫ਼ਰ ਕਦੇ ਅੱਗੇ ਨਹੀਂ ਤੁਰਦਾ, ਸੂਰਜ ਅੱਗੇ ਰਾਤ ਟਿਕੇ ਨਾ ਅਗਲੀ ਭਲ਼ਕ ਸਵੇਰਾ ਹੁੰਦੈ । ਹੱਥਾਂ ਦੇ ਵਿੱਚ ਜਿਹੜਾ ਪਲ ਹੈ, ਜਾਣ ਮਾਣ ਕੇ ਅੱਗੇ ਤੁਰੀਏ, ਇਹ ਜ਼ਿੰਦਗਾਨੀ, ਮੈਂ ਨਹੀਂ ਮੰਨਦਾ, ਜੋਗੀ ਵਾਲਾ ਫੇਰਾ ਹੁੰਦੈ । ਧਰਮ ਤੇ ਕਰਮ ਨਿਖੇੜਨ ਜਿੱਥੇ, ਬੈਠੇ ਰਹਿਣ ਬਿਹੰਗਮ ਵਿਹਲੇ, ਸਮਝ ਲਵੋ ਕਿ ਐਸੀ ਥਾਂ ’ਤੇ ਕੂੜ ਕੁਫ਼ਰ ਦਾ ਡੇਰਾ ਹੁੰਦੈ । ਨੂਰੋ ਨੂਰ ਕਰੇ ਜੋ ਧਰਤੀ, ਰਸ ਰੰਗ ਵੰਡਦਾ ਹਰ ਘਰ ਜਾ ਕੇ, ਸੂਰਜ ਦਾ ਪਰਿਵਾਰ ਅਥਾਹ ਹੈ, ਇਸ ਦਾ ਨਾ ਕੋਈ ਘੇਰਾ ਹੁੰਦੈ । ਅੱਥਰੇ ਘੋੜੇ ਨੂੰ ਜੋ ਫੜਦਾ, ਮਾਰ ਪਲਾਕੀ ਉੱਪਰ ਚੜ੍ਹਦਾ, ਵੇਖਣ ਨੂੰ ਜੋ ਬੰਦਾ ਲੱਗਦਾ, ਉਹ ਤਾਂ ਅਸਲੀ ਜੇਰਾ ਹੁੰਦੈ । ਤੈਨੂੰ ਮੈਨੂੰ ਭਰਮ ਬੜਾ ਹੈ, ਹਾਕਮ ਨਾਲ ਯਾਰਾਨਾ ਮੇਰਾ, ਭੁੱਲ ਨਾ ਜਾਵੀਂ ਤਿੱਖਾ ਚਾਕੂ, ਨਾ ਤੇਰਾ ਨਾ ਮੇਰਾ ਹੁੰਦੈ । ਬੈਠਿਆਂ ਕਦੇ ਨਾ ਪੈਂਡਾ ਮੁੱਕਦਾ, ਸੁੱਤਿਆਂ ਰਾਤ ਲੰਮੇਰੀ ਹੋਵੇ, ਸਾਬਤ ਕਦਮ ਅਡੋਲ ਤੁਰੋ ਜੇ, ਇੱਕੋ ਸਫ਼ਰ ਬਥੇਰਾ ਹੁੰਦੈ । ਡਗਮਗ ਡੋਲਦਿਆਂ ਨਾ ਭੁੱਲੀਂ, ਆਪਣੇ ’ਤੇ ਵਿਸ਼ਵਾਸ ਨਾ ਤੈਨੂੰ, ਦੋਚਿੱਤੀ ਦਾ ਡੰਗਿਆ ਬੰਦਾ, ਅੰਦਰੋਂ ਬਹੁਤ ਕਚੇਰਾ ਹੁੰਦੈ ।
ਸਾਡੇ ਪਿੰਡ ਦੀ ਹਰ ਇਕ ਮਾਂ ਸੀ
ਸਾਡੇ ਪਿੰਡ ਦੀ ਹਰ ਇਕ ਮਾਂ ਸੀ, ਬਿਲਕੁਲ ਮੇਰੀ ਮਾਂ ਦੇ ਵਰਗੀ । ਜਿਉਂ ਹਰ ਬੋਹੜ ਦੀ ਛਾਂ ਹੁੰਦੀ ਹੈ ਸੰਘਣੀ ਛਤਰੀ ਛਾਂ ਦੇ ਵਰਗੀ । ਚੁੱਪ-ਚੁਪੀਤੇ ਭਰ ਵਗਦੇ ਦਰਿਆ ਦੇ ਵਾਂਗ ਨਿਰੰਤਰ ਵਹਿੰਦੀ, ਪਾਕ-ਪਵਿੱਤਰ ਅੰਮ੍ਰਿਤ ਦੀ ਘੁੱਟ, ਨਾਂਹ ਵੀ ਜਿਸ ਦੀ ਹਾਂ ਦੇ ਵਰਗੀ । ਮਾਂ ਦੇ ਦਿੱਤੇ ਸਬਕ ਸਹਾਰੇ, ਧਰਤੀ, ਅੰਬਰ, ਚੰਨ, ਸਿਤਾਰੇ, ਵੱਡੀ ਸਾਰੀ ਬੁੱਕਲ ਮਾਣਾਂ ਪਾਕਿ ਪਵਿੱਤਰ ਥਾਂ ਦੇ ਵਰਗੀ । ਤਿੱਪ ਤਿੱਪ ਚੋਂਦੇ ਘਰ ’ਚੋਂ ਜਿੱਥੋਂ ਤੁਰਿਆ ਦੇਸ਼ ਬਦੇਸ਼ ਵੀ ਗਾਹਿਆ, ਸ਼ਾਮ ਸਵੇਰ ਕਿਤੇ ਨਾ ਡਿੱਠੀ ਰੌਣਕ ਓਸ ਗਿਰਾਂ ਦੇ ਵਰਗੀ । ਚੌਂਕੇ ਅੰਦਰ, ਚੁੱਲ੍ਹੇ ਅੱਗੇ, ਚੋਂਘਿਆਂ ਵਾਲੀ ਮਿੱਸੀ ਰੋਟੀ, ਮੱਖਣ-ਪਿੰਨਾ ਉੱਪਰ ਧਰਦੀ, ਮਮਤਾ ਰੱਬ ਦੇ ਨਾਂ ਦੇ ਵਰਗੀ । ਬਾਲ ਉਮਰ ਦੀ ਰੰਗਲੀ ਲੀਲ੍ਹਾ ਮੋਹਵੰਤੀ ਜਲਧਾਰ ਜਹੀ ਸੀ, ਲਹਿਰ ਲਹਿਰ ਪਾਣੀ ’ਤੇ ਵਗਦੀ ਸੁੱਕ ਗਈ ਨਦੀ ਝਨਾਂ ਦੇ ਵਰਗੀ । ਗੁੰਮ ਗੁਆਚ ਗਏ ਨੇ ਹਾਣੀ, ਧਰਤੀ ਪੀ ਗਈ ਪਾਣੀ ਜੀਕੂੰ, ਗੁੰਬਦ ’ਚੋਂ ਆਵਾਜ਼ ਨਾ ਪਰਤੇ, ਜ਼ਿੰਦਗੀ ਸੁੰਨ-ਸਰਾਂ ਦੇ ਵਰਗੀ ।
ਜੇਕਰ ਧੌਲ ਉਠਾਈ ਧਰਤੀ
ਜੇਕਰ ਧੌਲ ਉਠਾਈ ਧਰਤੀ, ਮੇਰੇ ਸਿਰ ’ਤੇ ਭਾਰ ਕਿਉਂ ਹੈ? ਅਜ਼ਲਾਂ ਤੋਂ ਹੀ ਕਿਰਤੀ ਪੁੱਤਰ ਰੋਟੀ ਤੋਂ ਲਾਚਾਰ ਕਿਉਂ ਹੈ? ਕੁਰਸੀ ਵਾਲਿਉ! ਵਿਦਵਾਨੋਂ ਤੇ ਧਰਮ ਕਰਮ ਦੇ ਠੇਕੇਦਾਰੋ, ਦੱਸਿਉ! ਚੌਂਕੀਦਾਰ ਦਾ ਪੁੱਤਰ ਅੱਜ ਵੀ ਚੌਂਕੀਦਾਰ ਕਿਉਂ ਹੈ? ਜਿਹੜੇ ਚੜ੍ਹੇ ਚਬੂਤਰਿਆਂ ’ਤੇ, ਬਣ ਬੈਠੇ ਗੁਫ਼ਤਾਰ ਦੇ ਗਾਜ਼ੀ, ਕਹਿਣੀ ਤੇ ਕਰਨੀ ਵਿੱਚ ਅੰਤਰ ਗਰਕ ਰਿਹਾ ਕਿਰਦਾਰ ਕਿਉਂ ਹੈ? ਜੋੜਨ ਵਾਲਾ ਹੋਕਾ ਦੇ ਕੇ, ਰੋਜ਼ ਦਿਹਾੜੀ ਤੋੜ ਰਹੇ ਨੇ, ਧਰਮ ਕਰਮ ਦੇ ਰਾਖਿਆਂ ਹੱਥੋਂ ਏਨਾ ਅੱਤਿਆਚਾਰ ਕਿਉਂ ਹੈ । ਘਰ ਦੀ ਰੋਟੀ, ਦਾਲ਼ ਸਲੂਣਾ ਬੀਤੇ ਕੱਲ੍ਹ ਦੀ ਬਣੇ ਕਹਾਣੀ, ਚੁੱਲ੍ਹੇ ਚੌਂਕੇ ਢਾਹੁੰਦਾ ਫਿਰਦਾ ਬਿਨਾਂ ਲਗਾਮ ਬਾਜ਼ਾਰ ਕਿਉਂ ਹੈ? ਸਤਿਯੁਗ ਮਗਰ ਤਰੇਤਾ ਬਣਿਆ ਕਲਯੁਗ ਵੀ ਹੈ ਜਾਨ ਦਾ ਵੈਰੀ, ਸਾਡੀ ਧੌਣ ’ਤੇ ਹਰ ਯੁਗ ਅੰਦਰ ਤੇਜ਼ ਧਾਰ ਤਲਵਾਰ ਕਿਉਂ ਹੈ? ਨਾਮ ਜਪਦਿਆਂ ਉਮਰ ਬਿਤਾਈ, ਮਣਕੇ ’ਤੇ ਠਾਹ ਮਣਕੇ ਸੁੱਟੇ, ਮਨ ਦੀ ਬਸਤੀ ਅੰਦਰ ਯਾਰੋ ਏਨੀ ਹਾਹਾਕਾਰ ਕਿਉਂ ਹੈ?
ਰੰਗ ਬਰੰਗੇ ਵਸਤਰ ਨੇ
ਰੰਗ ਬਰੰਗੇ ਵਸਤਰ ਨੇ ਪਰ ਜ਼ਿੰਦਗੀ ਕਿਉਂ ਬਦਰੰਗ ਵੇ ਲੋਕਾ । ਚਾਵਾਂ ਨੂੰ ਦੱਸ ਕੌਣ ਮਸਲਦਾ, ਕਰਦਾ ਖੱਜਲ ਤੰਗ ਵੇ ਲੋਕਾ । ਹਰ ਸੱਸੀ ਦੇ ਪੈਰਾਂ ਥੱਲੇ ਅੱਜ ਵੀ ਤਪਦੀ ਰੇਤ ਥਲਾਂ ਦੀ, ਰਾਂਝੇ ਦੀ ਥਾਂ ਹੀਰ ਦੇ ਲੇਖੀਂ, ਹਰ ਥਾਂ ਖੇੜੇ ਝੰਗ ਵੇ ਲੋਕਾ । ਸਾਡੇ ਕੋਲੋਂ ਸੱਤਿਆ ਲੈ ਕੇ ਸਾਨੂੰ ਆਣ ਸਤਾਉਂਦੇ ਕਿਉਂ ਨੇ, ਕੌਣ ਕਹੇਗਾ ਤਾਜ ਤਖ਼ਤ ਨੂੰ ਇਹ ਕਿੱਧਰਲਾ ਢੰਗ ਵੇ ਲੋਕਾ । ਸੱਪ ਦੀ ਜੂਨ ਪਏ ਨੇ ਬੰਦੇ ਰੀਂਘ ਰਹੇ ਵੀ ਜ਼ਹਿਰਾਂ ਸੁੱਟਣ, ਨਾਗ ਪਟਾਰੀ ਵਿੱਚੋਂ ਨਿਕਲੇ ਮਾਰਨ ਸਾਨੂੰ ਡੰਗ ਵੇ ਲੋਕਾ । ਜਿੰਨੀ ਪੂੰਜੀ ਜਿਸਮ ਦੇ ਅੰਦਰ ਤੁਪਕਾ ਤੁਪਕਾ ਅਰਪਨ ਕੀਤੀ, ਰੱਤੀ ਰੱਤ ਬਚੀ ਨਾ ਪਿੱਛੇ ਹੋਰ ਨਾ ਸਾਥੋਂ ਮੰਗ ਵੇ ਲੋਕਾ । ਮੇਰੇ ਮਨ ਦੇ ਅੰਦਰ ਜਿਹੜੇ ਵੈਰੀ ਭੇਸ ਬਦਲ ਕੇ ਫਿਰਦੇ, ਸਭ ਤੋਂ ਪਹਿਲਾਂ ਭੇਖਧਾਰੀਆਂ ਨਾਲ ਕਰਾਂਗੇ ਜੰਗ ਵੇ ਲੋਕਾ । ਸੁਰਖ਼ ਬੂਟੀਆਂ ਵਾਹੀ ਜਾਂਦੇ, ਜ਼ਿੰਦਗੀ ਪੈਰੀਂ ਕੱਚ ਦੇ ਟੋਟੇ, ਟੁਕੜੇ ਚੁਗਣ ਆਸਾਨ ਨਹੀਂ ਜਦ, ਤਿੜਕੇ ਵੀਣੀਉਂ ਵੰਗ ਵੇ ਲੋਕਾ ।
ਅੱਗ ਬਗੂਲਾ ਹੋਇਆ ਫਿਰਦੈਂ
ਅੱਗ ਬਗੂਲਾ ਹੋਇਆ ਫਿਰਦੈਂ ਸੌ ਦੀ ਇੱਕ ਸੁਣਾਵਾਂ ਬੰਦਿਆ । ਭਟਕਣ ਵਿੱਚ ਮਨ ਜਦ ਵੀ ਥਿੜਕੇ ਖਿੱਚ ਕੇ ਰੱਖ ਇੱਛਾਵਾਂ ਬੰਦਿਆ । ਸਹਿਜ-ਮਤੇ ਜਦ ਟਿਕ ਜਾਵੇ ਇਹ ਹਰ ਮਸਲਾ ਹੱਲ ਹੋ ਜਾਂਦਾ ਹੈ, ਉੱਬਲਦੇ ਪਾਣੀ ਵਿੱਚ ਤਪਿਆਂ ਦਿਸਦਾ ਨਹੀਂ ਪਰਛਾਵਾਂ ਬੰਦਿਆ । ਮਨ ਦੇ ਅੰਦਰ ਬਹੁਤ ਖ਼੍ਵਾਬ ਨੇ ਪਿੰਜੇ ਰੂੰ ਦੇ ਵਾਂਗੂੰ ਉੱਡਦੇ, ਸੋਚਾਂ ਵਾਲੀ ਤੇਜ਼ ਹਨ੍ਹੇਰੀ, ਕਿੱਦਾਂ ਬੰਨ੍ਹ ਬਹਾਵਾਂ ਬੰਦਿਆ । ਜਦੋਂ ਬਸੰਤੀ ਰੁੱਤ ਆਉਂਦੀ ਹੈ, ਸੰਗੀ ਸਾਥੀ ਗਿਣਨੋਂ ਬਾਹਰੇ, ਪੱਤਝੜ ਰੁੱਤੇ ਹੋਣ ਵਿਰਲੀਆਂ ਸਭ ਬਿਰਖ਼ਾਂ ਦੀਆਂ ਛਾਵਾਂ ਬੰਦਿਆ । ਕਸਰ ਕੋਈ ਵੀ ਛੱਡੀ ਨਹੀਉਂ, ਪਿੰਜਣ, ਤੁੰਬਣ, ਕੱਤਣ ਵਾਲੀ, ਹੁਣ ਤੀਕਰ ਹੈ ਜੀਂਦਾ ਰੱਖਿਆ ਮੈਨੂੰ ਮੇਰੇ ਚਾਵਾਂ ਬੰਦਿਆ । ਪੁਤਲੀਗਰ ਹੱਥ ਪੁਤਲੀ ਨੱਚੇ ਰੋਣਾ ਹੱਸਣਾ ਕੁਝ ਵੀ ਵੱਸ ਨਾ, ਦੋਹਾਂ ਨੂੰ ਇਹ ਖ਼ਬਰ ਨਹੀਂ ਹੈ ਖਿੱਚਦਾ ਕੌਣ ਤਣਾਵਾਂ ਬੰਦਿਆ । ਜਿਸਮਾਂ ਦੀ ਵਲਗਣ ਦੇ ਅੰਦਰ ਜਿਸਮ ਭਟਕਦੇ ਮਿੱਟੀ ਖਾਣੇ, ਰਾਹ ਸਮਝਾ ਦੇ ਏਥੋਂ ਕਿੱਦਾਂ ਰੂਹ ਦੇ ਅੰਦਰ ਆਵਾਂ ਬੰਦਿਆ ।
ਤੂੰ ਨਾ ਰੂਹੇ ਦਸਤਕ ਦਿੱਤੀ
ਤੂੰ ਨਾ ਰੂਹੇ ਦਸਤਕ ਦਿੱਤੀ ਕੱਲ੍ਹ ਵਰਗਾ ਅੱਜ ਦਿਨ ਨਹੀਂ ਚੜ੍ਹਿਆ । ਕੀ ਦੱਸਾਂ ਮੈਂ ਤੇਰਾ ਲਿਖਿਆ ਕਿੰਨੀ ਵਾਰੀ ਮੁੜ ਮੁੜ ਪੜ੍ਹਿਆ । ਦੋ ਸਤਰਾਂ ਵਿਚਕਾਰ ਦੀ ਖ਼ਾਲੀ ਥਾਂ ਨੇ ਮੈਨੂੰ ਇਹ ਸਮਝਾਇਐ, ਬਹੁਤੀ ਵਾਰੀ ਉਹ ਪੜ੍ਹਿਆ ਕਰ ਜੋ ਛੱਡ ਜਾਨੈਂ ਤੂੰ ਅਣਪੜ੍ਹਿਆ । ਹੋਰ ਉਡੀਕਾਂ ਕਿੰਨਾ ਚਿਰ ਮੈਂ, ਬੈਠ ਰਹਾਂ ਜਾਂ ਪਿੱਛੇ ਮੁੜ ਜਾਂ, ਏਨਾ ਸਿਰਫ਼ ਹੁੰਗਾਰਾ ਭਰ ਕੇ, ਮੈਨੂੰ ਵੀ ਕੁਝ ਕਹਿ ਜਾ ਅੜਿਆ । ਜ਼ੇਵਰ ਤੋਂ ਵੀ ਕਿਤੇ ਵਧੇਰੇ ਸਾਂਭ ਸੰਭਾਲ਼ ਹੈ ਕਰਨੀ ਪੈਂਦੀ, ਦਿਲ-ਮੁੰਦਰੀ ਵਿੱਚ ਤੇਰੇ ਮੋਹ ਨੂੰ ਕਿੰਜ ਦੱਸਾਂ ਮੈਂ ਕਿੱਦਾਂ ਜੜਿਆ । ਹਰ ਵਾਰੀ ਕਿਉਂ ਏਦਾਂ ਹੁੰਦੈ ਬੂਰ ਪਿਆਂ ’ਤੇ ਚੜ੍ਹਦੇ ਬੱਦਲ, ਹੰਝੂਆਂ ਦੀ ਵਾਛੜ ਦੇ ਹੱਥੋਂ, ਆਸ-ਪਰੁੱਚਾ ਬੂਟਾ ਝੜਿਆ । ਆਪਣੀਆਂ ਕਮਜ਼ੋਰੀਆਂ ਦੀ ਥਾਂ ਘੜਨੇ ਸਿੱਖੇ ਬੜੇ ਬਹਾਨੇ, ਟੁੱਟਿਆਂ ਆਪਣੀ ਆਕੜ ਕਰਕੇ ਦੋਸ਼ ਹਵਾਵਾਂ ਦੇ ਸਿਰ ਮੜ੍ਹਿਆ । ਇਸ ਤੋਂ ਅੱਗੇ ਬੰਦ ਗਲ਼ੀ ਹੈ, ਏਨੀ ਭੀੜੀ, ਮੁੜ ਨਹੀਂ ਹੋਣਾ, ਸੰਭਲ ਜਾਹ ਓ ਸ਼ਾਹ ਅਸਵਾਰਾ, ਤੂੰ ਦੱਸ ਕਿਹੜੇ ਰਾਹ ਨੂੰ ਫੜਿਆ?
ਹਰ ਰਿਸ਼ਤੇ ਦਾ ਵੱਖਰਾ ਚਿਹਰਾ
ਹਰ ਰਿਸ਼ਤੇ ਦਾ ਵੱਖਰਾ ਚਿਹਰਾ, ਪਰ ਮਮਤਾ ਦੀ ਮੂਰਤ ਮਾਂ ਹੈ । ਸਬਰ, ਸਿਦਕ, ਸੰਤੋਖ, ਸਮਰਪਣ ਸ਼ਕਤੀ ਇਸ ਦਾ ਦੂਜਾ ਨਾਂ ਹੈ । ਹਰ ਪਲ ਹੁਣ ਵੀ ਅੰਗ ਸੰਗ ਰਹਿੰਦੀ ਰਾਮ ਕਾਰ ਚਉਗਿਰਦ ਹਮਾਰੇ, ਚਿਰ ਹੋਇਆ ਹੈ ਤੁਰ ਗਈ ਭਾਵੇਂ ਅੱਜ ਵੀ ਸਾਡੇ ਸਿਰ ’ਤੇ ਛਾਂ ਹੈ । ਸਾਰਾ ਵਿਸ਼ਵ ਕਲਾਵੇ ਭਰ ਕੇ ਏਹੀ ਸਬਕ ਪੜ੍ਹਾਉਂਦੀ ਰਹਿੰਦੀ, ਨਾਸ਼ਮਾਨ ਹੈ ਸਾਡੀ ਹਸਤੀ, ਭਰਮ ਜਾਲ ਸਭ ਸ਼ਹਿਰ ਗਿਰਾਂ ਹੈ । ਸਿਰ ਤੋਂ ਪੈਰਾਂ ਤੀਕਰ ਹਰ ਪਲ ਸਾਡੇ ਲਈ ਅਰਦਾਸਾਂ ਕਰਦੀ, ਧਰਤੀ ਜੇਡੀ ਬੁੱਕਲ ਵਾਲੀ, ਆਪਣੇ ਲਈ ਨਾ ਰੱਖਦੀ ਥਾਂ ਹੈ । ਸਾਡੇ ਸੌਣ ਤੋਂ ਮਗਰੋਂ ਸੌਂਦੀ, ਜਾਗਣ ਤੋਂ ਪਹਿਲਾਂ ਇਹ ਜਾਗੇ, ਅਰਧੰਗੀ ਉਸ ਮਾਂ ਨੂੰ ਆਖਣ, ਵੇਖ ਲਵੋ ਕਿੱਡਾ ਅਨਿਆਂ ਹੈ । ਮਿੱਟੀ ਨੇ ਖ਼ੁਰਨਾ ਤੇ ਭੁਰਨਾ ਮਿੱਟੀ ਵਿੱਚ ਸਮਾਉਣਾ ਭਾਵੇਂ, ਮਮਤਾ ਦੀ ਤਾਂ ਮਹਿਕ ਸਦੀਵੀ ਮਰਨ ਜਨਮ ਤੋਂ ਬਹੁਤ ਪਰ੍ਹਾਂ ਹੈ । ਇੱਕੋ ਇੱਕ ਓਂਕਾਰ ਦੇ ਵਾਂਗੂੰ ਸ਼ਬਦ ਸਰੂਪ ਸਿਖਾਵੇ ਸਾਨੂੰ, ਜਿਸ ਦੀ ਲੋਰੀ ਵਿਸ਼ਵ-ਗਾਨ ਹੈ, ਕੌਣ ਕਹੇ ਬੇ-ਜੀਭੀ ਗਾਂ ਹੈ ।
ਦਿੱਲੀਏ ਤੇਰੀ ਕਬਰ ’ਤੇ ਖਿੜਦੇ
ਦਿੱਲੀਏ ਤੇਰੀ ਕਬਰ ’ਤੇ ਖਿੜਦੇ ਕਾਲ਼ੇ ਕਿਉਂ ਗੁਲਾਬ ਤੂੰ ਸੋਚ । ਸਦੀਆਂ ਪੁੱਛ ਕੇ ਥੱਕ ਗਈਆਂ ਨੇ ਕਿਉਂ ਨਾ ਦਏਂ ਜਵਾਬ, ਤੂੰ ਸੋਚ । ਇੱਕ ਧਰਤੀ, ਕਾਨੂੰਨ ਅਨੇਕਾਂ ਇਹ ਇਨਸਾਫ਼ ਤੂੰ ਕਿੱਥੋਂ ਸਿੱਖਿਆ, ਬਾਂਦਰ ਵਰਕੇ ਪਾੜ ਰਹੇ, ਮੁੜ ਕਿੱਸਰਾਂ ਜੁੜੂ ਕਿਤਾਬ, ਤੂੰ ਸੋਚ । ਜ਼ਰਬਾਂ ਤੇ ਤਕਸੀਮਾਂ ਕਰਦੇ ਇਹ ਗੱਲ ਭਲੀਏ ਭੁੱਲੀ ਕਿਉਂ ਤੂੰ, ਰਕਮ ਅਧੂਰੀ, ਢੰਗ ਵੀ ਟੇਢਾ, ਮਿਲਣਾ ਗਲ਼ਤ ਜਵਾਬ, ਤੂੰ ਸੋਚ । ਮੇਰੇ ਖੰਭੀਂ ਰੱਸੀਆਂ ਬੰਨ੍ਹ ਕੇ, ਨਾ ਕਰ ਇੰਜ ਪਰਵਾਜ਼ ਨੂੰ ਕੈਦੀ, ਕੰਢਿਆਂ ਵਿੱਚ ਦਰਿਆ ਨਾ ਰਹਿੰਦੇ ਪਿੰਜਰੇ ਕਦੇ ਉਕਾਬ, ਤੂੰ ਸੋਚ । ਤੀਰ ਕਮਾਨੇ, ਨਜ਼ਰ ਨਿਸ਼ਾਨੇ ਸ਼ੁਭ ਕਰਮਨ ਦਾ ਨਿਸ਼ਚਾ ਕਰਕੇ, ਆਪਣਾ ਮਾਸ ਬਚਾਉਂਦਾ ਫਿਰਦਾ ਖੜਗਭੁਜਾ ਪੰਜਾਬ, ਤੂੰ ਵੇਖ । ਹਰ ਮੈਦਾਨ ਫ਼ਤਹਿ ਦਾ ਪਰਚਮ ਧਰਦੇ ਸੀਸ ਤਲੀ ’ਤੇ ਜਿਹੜੇ, ਓਹੀ ਸੱਜਣ ਆਪ ਉਜਾੜੇਂ ਲਾ ਕੇ ਗਲਤ ਹਿਸਾਬ, ਤੂੰ ਸੋਚ । ਕਿੱਥੇ ਸਨ ਕੁਰਬਾਨੀ ਵੇਲੇ ਜਦ ਸੰਗਲਾਂ ਵਿੱਚ ਜਕੜੀ ਮਾਂ ਸੀ, ਖ਼ਾਨ ਬਹਾਦਰ ਇਹ ਰਾਏਜ਼ਾਦੇ, ਕੁਰਸੀ ਪੂਤ ਨਵਾਬ, ਤੂੰ ਸੋਚ ।
ਵਕਤ ਹਮੇਸ਼ਾਂ ਲਿਖ ਸਮਝਾਵੇ
ਵਕਤ ਹਮੇਸ਼ਾਂ ਲਿਖ ਸਮਝਾਵੇ ਪਰ ਕਾਹਲੀ ਵਿੱਚ ਅਸੀਂ ਨਾ ਪੜ੍ਹੀਏ । ਪੜ੍ਹਦੇ ਹਾਂ ਪਰ ਅਸਰ ਨਾ ਕਰੀਏ ਦਿਲ ਅੰਦਰ ਇਹ ਕਦੇ ਨਾ ਜੜੀਏ । ਪੱਤੇ ਉੱਪਰ ਸਬਕ ਲਿਖੇ ਨੇ ਕਾਦਰ ਨੇ ਖ਼ੁਦ ਆਪਣੇ ਹੱਥੀਂ, ਜੇ ਸਾਹਾਂ ਵਿੱਚ ਸ਼ਾਮਿਲ ਕਰੀਏ ਆਪਣੀ ਅੱਗ ਕਦੇ ਨਾ ਸੜੀਏ । ਜਿਹੜੀ ਵੈਰਨ ਦਸਤਕ ਦੇਵੇ ਘੜੀ ਮੁੜੀ ਬੂਹਿਆਂ ਨੂੰ ਭੰਨੇ, ਅੱਖੀਆਂ ਮੀਟ ਨਾ ਬਣੋ ਕਬੂਤਰ ਬਿੱਲੀ ਦੇ ਅੱਗੇ ਤਾਂ ਅੜੀਏ । ਬਹੁਤ ਵਿਕਾਰ ਵਿਚਾਰਾਂ ਅੰਦਰ ਆਣ ਵੜੇ ਤੰਦ ਮੈਲ਼ ਦੇ ਵਾਂਗੂੰ, ਖ਼ੁਦ ਨੂੰ ਪਿੰਜੀਏ, ਕੱਤੀਏ ਮੁੜ ਕੇ, ਹਸਤੀ ਭੰਨੀਏ, ਗੁੰਨ੍ਹੀਏ, ਘੜੀਏ । ਯਾਰ ਗਲ਼ੀ ਵਿੱਚ ਸੀਸ ਤਲੀ ’ਤੇ ਵਡਪੁਰਖਾਂ ਜੋ ਕਰ ਦਿਖਲਾਇਆ, ਦੂਜਿਆਂ ਨੂੰ ਨਾ ਸਬਕ ਪੜ੍ਹਾਈਏ, ਚਰਖ਼ ਸਮੇਂ ’ਤੇ ਆ ਜਾ ਚੜ੍ਹੀਏ । ਪਤਾ ਨਹੀਂ ਕਿਉਂ ਚੜ੍ਹਦੇ ਸੂਰਜ ਜ਼ਾਲਮ ਚਿਹਰਾ ਲੈ ਕੇ ਆਵੇ, ਬਾਸਮਤੀ ਦੀਆਂ ਮੁੰਜਰਾਂ ਵਾਂਗੂੰ ਗੜ੍ਹੇਮਾਰ ਦੇ ਹੱਥੋਂ ਝੜੀਏ । ਆਸਾ ਜੀਵੇ ਮਰੇ ਨਿਰਾਸਾ ਮਹਿੰਗਾ ਨੁਕਤਾ ਜੀਵਨ ਪੂੰਜੀ, ਮੇਰਾ ਭਲ਼ਕ ਉਮੀਦਾਂ ਵਾਲਾ ਰੰਗਲਾ ਪੱਲੂ ਘੁੱਟ ਕੇ ਫੜੀਏ ।
ਨੈਣਾਂ ਦੀ ਇਹ ਝੀਲ ਬਲੌਰੀ
ਨੈਣਾਂ ਦੀ ਇਹ ਝੀਲ ਬਲੌਰੀ, ਅੱਗੇ ਪਰਦੇ ਲਾਇਆ ਨਾ ਕਰ । ਬਲ਼ਣ ਦਿਆ ਕਰ ਨੈਣ ਮਤਾਬੀ, ਕਾਲ਼ੀ ਐਨਕ ਲਾਇਆ ਨਾ ਕਰ । ਰਾਤ ਹਨ੍ਹੇਰੀ ਅੰਦਰ ਜੁਗਨੂੰ, ਵਾਹੁੰਦੇ ਵੇਖ ਲਕੀਰਾਂ ਅੰਬਰੀਂ, ਇਸ ਅਣਮੁੱਲੇ ਮਹਿੰਗੇ ਪਲ ਨੂੰ, ਵੇਖ ਲਿਆ ਕਰ, ਜ਼ਾਇਆ ਨਾ ਕਰ । ਲੰਘ ਚੱਲੀ ਏ ਉਮਰ ਮਿਲੇ ਬਿਨ, ਇਹ ਰਿਸ਼ਤਾ ਵੀ ਕੈਸਾ ਰਿਸ਼ਤਾ, ਚੱਲ ਏਨਾ ਤੂੰ ਕਰਮ ਕਮਾ ਦੇ, ਸੁਪਨੇ ਵਿੱਚ ਵੀ ਆਇਆ ਨਾ ਕਰ । ਬਿਨਾ ਹੁੰਗਾਰਾ ਬਾਤ ਬਣੇ ਨਾ, ਤੁਰੇ ਵਾਰਤਾ ਅੱਗੇ ਕਿੱਦਾਂ, ਕਦੇ ਕਦਾਈਂ ਚੱਲ ਹੋਇਆ ਪਰ, ਜਿੰਦ ਨੂੰ ਰੋਜ਼ ਸਤਾਇਆ ਨਾ ਕਰ । ਵੇਖ ਕਿਆਰੀ ਅੰਦਰ ਕਿੱਦਾਂ, ਮੰਗਦੇ ਤੈਥੋਂ ਫੁੱਲ ਖੁਸ਼ਬੋਈਆਂ, ਤੂੰ ਚੁੱਪ ਕਰਕੇ ਕੋਲੋਂ ਲੰਘ ਜੇਂ, ਏਨਾ ਕਹਿਰ ਕਮਾਇਆ ਨਾ ਕਰ । ਮੱਥੇ ਦਮਕੇ ਚੰਨ ਦਾ ਟਿੱਕਾ, ਨੂਰੋ ਨੂਰ ਦਿਸ਼ਾਵਾਂ ਚਾਰੇ, ਚੰਦਰਮਾ ਤੇ ਚੰਦਰਮਾ ਤੂੰ ਏਸ ਤਰ੍ਹਾਂ ਚਿਪਕਾਇਆ ਨਾ ਕਰ । ਅੱਗੇ ਕਦਮ ਵਧਾਵਾਂ ਜਾਂ ਮੈਂ ਪਿੱਛੇ ਮੁੜ ਜਾਂ ਚੁੱਪ ਚੁਪੀਤੇ, ਪਾਰੇ ਵਰਗਾ ਤਰਲ ਜਿਹਾ ਮਨ ਦੋਚਿੱਤੀ ਵਿੱਚ ਪਾਇਆ ਨਾ ਕਰ ।
ਇਨਕਲਾਬ ਦੀ ਪਹਿਲੀ ਝਲਕੀ
ਇਨਕਲਾਬ ਦੀ ਪਹਿਲੀ ਝਲਕੀ, ਵੇਖ ਲਈ ਹੈ ਬੱਲੇ ਬੱਲੇ । ਸੂਰਮਿਆਂ ਦੀ ਹੇੜ੍ਹ ਬੈਠ ਗਈ, ਦਿੱਲੀ ਦੀ ਮੰਜੀ ਦੇ ਥੱਲੇ । ਭਗਤ ਸਿੰਹਾਂ ਤੂੰ ਇਹ ਨਾ ਸੋਚੀਂ? ਮੇਰੇ ਵੀਰੇ ਕਿੱਧਰ ਤੁਰ ਪਏ, ਵੇਖਣ ਨੂੰ ਹੀ ਦਿਸਣ ਕਾਫ਼ਲਾ, ਗ਼ਰਜ਼ਾਂ ਬੱਧੇ ’ਕੱਲੇ ’ਕੱਲੇ । ਭੋਲੇ ਭਾਲੇ ਲੋਕ ਉਲਝ ਗਏ, ਕਿਸ ਨੂੰ ਸਕਾ ਸੋਧਰਾ ਕਹੀਏ, ਜ਼ਿੰਦਗੀ ਫਿਰ ਬਘਿਆੜਾਂ ਦੇ ਵੱਸ, ਸਾਰੇ ਪੱਤਣ ਸ਼ੀਹਾਂ ਮੱਲੇ । ਸੱਚੇ ਸੁੱਚੇ ਰੁਲ ਗਏ ਸਾਰੇ, ਕੂੜ ਫਿਰੇ ਪਰਧਾਨੀ ਕਰਦਾ, ਬੇਸ਼ਰਮਾਂ ਸ਼ਰਮੀਲਾ* ਰੋਲ਼ੀ, ਰਹਿ ਗਈ ਸਿਰਫ਼ ਨਮੋਸ਼ੀ ਪੱਲੇ । ਸੁਪਨੇ ਦਾ ਆਕਾਰ ਸਿਰਜਿਆ ਮਨਚਾਹਿਆ ਫੁੱਲ ਜੇ ਨਾ ਖਿੜਿਆ, ਫਿਰ ਆਵਾਂਗੇ ਅਗਲੇ ਮੌਸਮ, ਹੁਣ ਆਪਾਂ ਪਰਦੇਸੀ ਚੱਲੇ । ਇਸ ਧਰਤੀ ਦਾ ਕਣ ਕਣ ਭੋਗੀ, ਤਾਂ ਹੀ ਫਿਰਦੀ ਅਕਲ ਵਿਯੋਗੀ, ਹਉਮੈ ਦੇ ਪਰਬਤ ਨੇ ਪੈਰੀਂ, ਪਟਕ ਰਹੇ ਸਿਰ ਹੋ ਗਏ ਝੱਲੇ । ਵੋਟ ਮਸ਼ੀਨੀ ਲੈ ਕੇ ਭੁੱਲ ਗਏ, ਸਹਿਜ ਸਲੀਕਾ ਸੁਹਜ ਸਮਰਪਣ, ਓਸ ਖੁਸ਼ੀ ਦੀ ਉਮਰਾ ਥੋੜੀ ਜੋ ਮਿਲਦੀ ਹੈ, ਪਹਿਲੇ ਹੱਲੇ । (*ਸ਼ਰਮੀਲਾ=ਮਨੀਪੁਰ ਦੀ ਇਨਕਲਾਬੀ ਮੁਟਿਆਰ)
ਜ਼ਾਲਮ ਦੇ ਹੱਥ ਡੋਰ ਸਮੇਂ ਦੀ
ਜ਼ਾਲਮ ਦੇ ਹੱਥ ਡੋਰ ਸਮੇਂ ਦੀ ਸਰਹੰਦ ਦਾ ਵਿਸਥਾਰ ਹੋ ਗਿਆ । ਕਿਸ ਦੇ ਦਰ ’ਤੇ ਦਸਤਕ ਦੇਵਾਂ, ਹਰ ਬੂਹਾ ਦੀਵਾਰ ਹੋ ਗਿਆ । ਔਰੰਗਜ਼ੇਬ ਅਜੇ ਵੀ ਜੀਵੇ, ਤੇਰੇ ਮੇਰੇ ਸਭ ਦੇ ਅੰਦਰ, ਸੁਪਨੇ ਨੀਹਾਂ ਦੇ ਵਿਚ ਚਿਣਦੈ, ਹਰ ਬੰਦਾ ਸਰਕਾਰ ਹੋ ਗਿਆ । ਰਾਤ ਗਈ, ਤਾਰੇ ਵੀ ਤੁਰ ਗਏ, ਸੂਰਜ ਚੜ੍ਹਿਆ, ਉਹ ਨਾ ਆਇਆ, ਜਿਸਨੂੰ ਲੱਭਦੇ ਉਮਰ ਗਵਾਚੀ, ਸੱਤ ਸਮੁੰਦਰ ਪਾਰ ਹੋ ਗਿਆ । ਨਰਮ ਕਰੂੰਬਲ ਸੱਜਰੀ ਕੋਮਲ, ਦਰਦ ਦਿਲੇ ਦਾ ਬੋਟ ਜਿਹਾ ਸੀ, ਹੁਣ ਤਾਂ ਮੁਸ਼ਕਿਲ ਕਾਬੂ ਕਰਨਾ, ਇਹ ਤਾਂ ਬਹੁਤ ਉਡਾਰ ਹੋ ਗਿਆ । ਮਾਂ ਬੋਲੀ ਮਾਂ ਧਰਤੀ ਤੀਜੀ ਮਾਤਾ ਮੇਰੀ ਪੁੱਛਦੀ ਮੈਨੂੰ, ਪਹਿਰੇਦਾਰਾ! ਤੇਰੇ ਹੁੰਦਿਆਂ, ਤਾਣਾ ਤਾਰੋ -ਤਾਰ ਹੋ ਗਿਆ । ਵੇਚੇ ਨਾਅਰੇ, ਲਾਰੇ ਕਿੰਨੇ, ਉੱਡਣੇ ਪੰਛੀ ਪਿੰਜਰੇ ਤਾੜੇ, ਮੇਰੇ ਅੰਦਰ ਬੈਠਾ ਹਾਕਮ, ਕਿੰਨਾ ਤੇਜ਼ ਤਰਾਰ ਹੋ ਗਿਆ । ਚਾਂਦੀ ਵਾਲਾ ਗੋਲ ਰੁਪਈਆ, ਬਣਿਆ ਸਭ ਦਾ ਬਾਬਲ ਮੱਈਆ, ਅਣਖ਼ ਗੁਆ ਕੇ ਕਣਕਾਂ ਬਦਲੇ, ਬੰਦਾ ਸਿਰ ਦੇ ਭਾਰ ਹੋ ਗਿਆ ।
ਪਾਕਿ ਪਟਨ ਮੈਂ ਆ ਨਹੀਂ ਸਕਿਆ
ਪਾਕਿ ਪਟਨ ਮੈਂ ਆ ਨਹੀਂ ਸਕਿਆ ਆਪਣੇ ਪਿੰਡ ਤੋਂ ਯਾਰ ਫ਼ਰੀਦਾ । ਚੰਗਾ ਕੀਤਾ, ਦਰਸ਼ਨ ਦਿੱਤੇ ਲਹਿ ਗਿਆ ਰੂਹ ਤੋਂ ਭਾਰ ਫ਼ਰੀਦਾ । ਅੱਠ ਸਦੀਆਂ ਤੋਂ ਬਾਦ ਅਜੇ ਵੀ ਮਾਂ ਬੋਲੀ ਗੋਲੀ ਦੀ ਗੋਲੀ, ਸਾਡੇ ਹਾਕਮ ਨੂੰ ਸਮਝਾਈਂ ਜੋੜੀਂ ਟੁੱਟੀ ਤਾਰ ਫ਼ਰੀਦਾ । ਵੇਦ ਕਤੇਬ ਸੁਣਾ ਕੇ ਸਾਨੂੰ, ਲੈਣ ਪਦਾਰਥ ਸ਼ਰਧਾ ਬਦਲੇ, ਪੰਡਿਤ ਮੁੱਲਾਂ ਭਾਈਆਂ ਨੂੰ ਕਹਿ, ਧਰਮ ਨਹੀਂ ਰੁਜ਼ਗਾਰ ਫ਼ਰੀਦਾ । ਰਾਜ ਕਰਦਿਆਂ ਲੋਕਾਂ ਨੇ ਹੁਣ, ਸਗਲ ਪੁਜਾਰੀ ਕੀਲ ਬਿਠਾਏ, ਮਰਯਾਦਾ ਤੇ ਸ਼ਰਮ ਵਿਸਾਰੀ, ਕਰਦੇ ਮਾਰੋ ਮਾਰ ਫ਼ਰੀਦਾ । ਧਰਮਸਾਲ ’ਚੋਂ ਧਰਮ ਗੁਆਚਾ, ਸ਼ਬਦ ਹਨ੍ਹੇਰੇ ਅੰਦਰ ਡੁੱਬਿਆ, ਸਿਰ ਬੱਧੀ ਦਸਤਾਰ ਪਾਟ ਗਈ, ਚੁੰਨੀ ਤਾਰੋ ਤਾਰ ਫ਼ਰੀਦਾ । ਸ਼ੱਕਰ ਗੰਜ ਨੂੰ ਮੁਸਲਿਮ ਆਖਣ, ਮੈਨੂੰ ਸਿੱਖ, ਈਸਾਈ, ਹਿੰਦੂ, ਕਿੱਥੋਂ ਕਿੱਧਰ ਤੁਰ ਪਏ ਸਾਰੇ, ਇਹ ਮੇਰੇ ਮਨ ਭਾਰ ਫ਼ਰੀਦਾ । ਤੇਰੇ ਤੋਂ ਦੱਸ ਕਾਹਦਾ ਓਹਲਾ, ਕੂੜਾ ਵਣਜ ਵਿਹਾਜ ਰਹੇ ਹਾਂ, ਭਟਕਣ ਵਿੱਚ ਹੈ ਏਸੇ ਕਰਕੇ, ਸਾਡਾ ਦਿਲ-ਦਰਬਾਰ ਫ਼ਰੀਦਾ । ਤੇਰੀ ਬਖ਼ਸ਼ੀ ਮਿੱਠੀ ਬਾਣੀ, ਮਾਖਿਉਂ ਹੈ ਵਿਸਮਾਦ ਸਦੀਵੀ, ਤਾਹੀਉਂ ਹਰ ਪਲ ਤਾਰ ਟੁਣਕਦੀ, ਰੂਹ ਦੇ ਅੰਦਰਵਾਰ ਫ਼ਰੀਦਾ । ਬਾਬਾ ! ਤੂੰ ਤੇ ਸ਼ਬਦ ਹਿਮਾਲਾ, ਪਹਿਲ ਪਲੇਠੀ ਨੂਰੀ ਟੀਸੀ, ਜਿੰਨੀ ਵਾਰ ਪੜ੍ਹਾਂ ਜਾਂ ਸੁਣਦਾਂ, ਮੈਂ ਜਾਵਾਂ ਬਲਿਹਾਰ ਫ਼ਰੀਦਾ ।
ਡੋਲ ਰਿਹਾ ਕਿਉਂ ਮੇਰੇ ਹੁੰਦਿਆਂ
ਡੋਲ ਰਿਹਾ ਕਿਉਂ ਮੇਰੇ ਹੁੰਦਿਆਂ, ਤੇਰਾ ਦੀਨ ਈਮਾਨ ਬਾਬਲਾ । ਪੈਰਾਂ ਥੱਲੇ ਮਾਂ ਧਰਤੀ ਹੈ, ਸਿਰ ਛਤਰੀ ਅਸਮਾਨ ਬਾਬਲਾ । ਮੈਂ ਤੇਰੀ ਅੱਖ ਵਿੱਚੋਂ ਪੜ੍ਹਿਆ, ਦਰਦ ਇਬਾਰਤ ਅੰਦਰ ਲਿਖਿਆ, ਅਗਨ ਲਗਨ ਦੀ ਸ਼ਕਤੀ ਵਰਗੀ ਧੀ ਤੇਰੀ ਇਨਸਾਨ ਬਾਬਲਾ । ਛਾਂਗੇ ਤੂਤ ਉਦਾਸ ਨਾ ਹੁੰਦੇ, ਪਿਆਂ ਫੁਟਾਰਾ ਫੁੱਟ ਪੈਂਦੇ ਨੇ, ਤੂੰ ਤੇ ਸਾਬਤ, ਦੱਸ ਤੂੰ ਕਿਹੜਾ, ਤੈਥੋਂ ਹੈ ਧਨਵਾਨ ਬਾਬਲਾ । ਮਨ ਪਰਦੇਸੀ ਹੋਣ ਨਾ ਦੇਵੀਂ, ਭਾਵੇਂ ਸਾਰਾ ਕੁਝ ਵਹਿ ਚੱਲਿਆ, ਸਾਰਾ ਕੁਝ ਕਰ ਸਕਦੀ ਹਿੰਮਤ, ਸੋਚੀਂ ਕਿਉਂ ਗੁਲਤਾਨ ਬਾਬਲਾ । ਚਿੰਤਾ ਰੋਗ ਸਿਉਂਕ ਤੇ ਚੰਦਰਾ, ਅੰਦਰੋਂ ਅੰਦਰੀ ਖਾ ਜਾਂਦਾ ਹੈ, ਹਰ ਮੁਸ਼ਕਿਲ ਨੂੰ ਵਾਂਗ ਚੁਣੌਤੀ ਕਰਿਆ ਕਰ ਪਰਵਾਨ ਬਾਬਲਾ । ਕੁਝ ਵੀ ਕੋਲੋਂ ਮੈਂ ਨਾ ਆਖਾਂ, ਓਹੀ ਦੱਸਾਂ ਪੜ੍ਹਿਆ ਹੈ ਜੋ, ਤੀਜੇ ਨੇਤਰ ਵਾਚੇ ਜਿਹੜੇ, ਗੂੜ੍ਹ ਗਰੰਥ -ਗਿਆਨ ਬਾਬਲਾ । ਆਤਮ ਬਲ ਵਿਸ਼ਵਾਸ ਦੀ ਤਾਕਤ ਲੋਹਿਉਂ ਪਾਰਸ ਕਰ ਦੇਂਦੀ ਹੈ, ਦੋਚਿੱਤੀ ਦਰਬਾਨ ਬਣਾਵੇ, ਤਖ਼ਤਾਂ ਦੇ ਸੁਲਤਾਨ ਬਾਬਲਾ ।
ਮਾਂ ਤੇਰੇ ਦਰਦਾਂ ਨੇ ਦੱਸਿਐ
ਮਾਂ ਤੇਰੇ ਦਰਦਾਂ ਨੇ ਦੱਸਿਐ, ਉੱਜੜਿਆਂ ਦੇ ਘਰ ਨਹੀਂ ਹੁੰਦੇ । ਘਰ ਜੇ ਹੋਵਣ ਉਨ੍ਹਾਂ ਦੇ ਫਿਰ, ਖੁੱਲ੍ਹਦੇ ’ਕੱਲਿਆਂ ਦਰ ਨਹੀਂ ਹੁੰਦੇ । ਡਾਰੋਂ ਵਿੱਛੜੀ ਕੂੰਜ ਇਕੱਲੀ, ਜੀਵੇ ਤਾਂ ਕਿਸ ਆਸ ’ਤੇ ਜੀਵੇ, ਪੀੜਾਂ ਵਿੰਨ੍ਹੇ ਪੰਛੀ ਪੱਲੇ, ਉੱਡਣ ਜੋਗੇ ਪਰ ਨਹੀਂ ਹੁੰਦੇ । ਚਿੜੀਆਂ ਮੌਤ ਗੰਵਾਰਾਂ ਹਾਸਾ ਮਹਿੰਗੇ ਮੋਤੀ ਅੱਖ ਦੇ ਅੱਥਰੂ, ਬੇਕਦਰੇ ਪੱਥਰਾਂ ਦੇ ਅੱਗੇ, ਮੈਥੋਂ ਐਵੇਂ ਧਰ ਨਹੀਂ ਹੁੰਦੇ । ਮੈਂ ਕੀ ਆਖਿਆ, ਤੂੰ ਕੀ ਸੁਣਿਆ, ਇਸ ਤੋਂ ਅੱਗੇ ਪੁੱਛ ਨਾ ਮੈਨੂੰ, ਹੰਝੂਆਂ ਦਾ ਅਨੁਵਾਦ ਕਰਦਿਆਂ ਐਵੇਂ ਹੌਕੇ ਭਰ ਨਹੀਂ ਹੁੰਦੇ । ਪੀੜਾਂ ਦੇ ਇਹ ਢੇਰ ਪੁਰਾਣੇ ਸਿਖ਼ਰ ਚੋਟੀਆਂ ਵਾਲੇ ਪਰਬਤ, ਤੁਰਨੋਂ ਪਹਿਲਾਂ ਥੱਕਿਆਂ ਕੋਲੋਂ ਸਾਰੀ ਉਮਰਾ ਸਰ ਨਹੀਂ ਹੁੰਦੇ । ਰੂਹ ਵਿੱਚ ਤੜਫ਼ੇ ਕਿੰਨਾ ਕੁਝ ਹੀ, ਲਾਵਾ ਇਸਦੇ ਹੇਠਾਂ ਜਾਪੇ, ਕਾਗ਼ਜ਼ ਦੀ ਬੇੜੀ ਦੇ ਕੋਲੋਂ ਦਰਦ-ਸਮੁੰਦਰ ਤਰ ਨਹੀਂ ਹੁੰਦੇ । ਆ ਜਾ ਸੁਰਤਿ ਇਕਾਗਰ ਕਰੀਏ, ਪਾਈਏ ਬਾਤ, ਹੁੰਗਾਰਾ ਭਰੀਏ, ਰੂਹ ਤੋਂ ਰੂਹ ਵਿਚਕਾਰ ਦੇ ਪੈਂਡੇ ਦੋਚਿੱਤੀ ਵਿੱਚ ਕਰ ਨਹੀਂ ਹੁੰਦੇ ।
ਜੇਕਰ ਵਿਦਿਆ ਵਰਤੀ ਹੀ ਨਾ
ਜੇਕਰ ਵਿਦਿਆ ਵਰਤੀ ਹੀ ਨਾ, ਕਿਹੜੇ ਕੰਮ ਕਿਤਾਬਾਂ ਪੜ੍ਹੀਆਂ । ਬੋਝ ਢੋਂਦਿਆਂ ਉਮਰ ਗੁਜ਼ਾਰੀ, ਟੁੱਟੀਆਂ ਨਾ ਜ਼ੰਜੀਰਾਂ, ਕੜੀਆਂ । ਹੇ ਗਿਆਨੀ ਵਿਗਿਆਨੀ ਵੀਰਾ, ਝਾਤੀ ਮਾਰ ਕਦੇ ਮਨ ਅੰਦਰ, ਵਕਤ ਖਲੋਤਾ ਫੜਦਾ ਕਿਉਂ ਨਹੀਂ, ਵਾਹੋ-ਦਾਹੀ ਭੱਜਣ ਘੜੀਆਂ । ਵਕਤ ਜਿਵੇਂ ਦਰਿਆ ਵਹਿੰਦਾ ਹੈ, ਹਰ ਪਲ ਬਦਲਣਹਾਰ ਹੈ ਪਾਣੀ, ਪੁਲ ਦੇ ਥੱਲਿਉਂ ਕੁਝ ਪਲ ਪਹਿਲਾਂ, ਲੰਘੀਆਂ ਲਹਿਰਾਂ ਕਿਸ ਨੇ ਫੜੀਆਂ । ਕਿਸ ਧਰਤੀ ਪੁਰ ਤੈਨੂੰ ਮੈਨੂੰ ਖਿੜਨਾ ਪੈ ਗਿਆ ਮਹਿਕਣ ਖ਼ਾਤਰ, ਧਰਮ ਕਰਮ ਕਹਿ ਕਰਦੇ ਜਿੱਥੇ ਅਗਨ ਭੇਂਟ ਫੁੱਲਾਂ ਦੀਆਂ ਲੜੀਆਂ । ਦਰਦਾਂ ਦਾ ਦਰਿਆ ਵਗਦਾ ਹੈ ਮੇਰੇ ਅੰਦਰ ਰੂਹ ਦੇ ਵੱਲ ਨੂੰ, ਬਾਹਰਵਾਰ ਤਾਂ ਏਹੀ ਦਿਸਦਾ ਨੈਣਾਂ ਵਿੱਚੋਂ ਲੱਗੀਆਂ ਝੜੀਆਂ । ਟਿਕ ਟਿਕ ਟਿਕ ਟਿਕ ਸੁਣੇ ਨਿਰੰਤਰ, ਸਮਿਆਂ ਦੀ ਧੜਕਣ ਤੇ ਸੂਈਆਂ, ਕੰਧ -ਘੜੀ ਤੇ ਦੋਵੇਂ ਅੜ ਕੇ ਵੇਖ ਕਿਵੇਂ ਇੱਕੋ ਥਾਂ ਖੜ੍ਹੀਆਂ । ਗ਼ਰਜ਼ਾਂ ਦੀ ਥਾਂ ਫ਼ਰਜ਼ ਪਛਾਣੇ, ਸੀਸ ਤਲੀ ’ਤੇ ਜਿਨ੍ਹਾਂ ਧਰਿਆ, ਸੂਰਜ ਦਾ ਪਰਿਵਾਰ ਹਸਤੀਆਂ ਵਕਤ-ਫਰੇਮ ’ਚ ਓਹੀ ਜੜੀਆਂ ।
ਉਹ ਹਿੱਕੜੀ ਵੀ ਕਾਹਦੀ ਹਿੱਕੜੀ
ਉਹ ਹਿੱਕੜੀ ਵੀ ਕਾਹਦੀ ਹਿੱਕੜੀ, ਜਿਸ ਵਿੱਚ ਲੱਗਿਆ ਤੀਰ ਨਹੀਂ ਹੈ । ਉਹ ਅੱਖ ਭਲਿਉ ਪੱਥਰ-ਡੇਲਾ, ਜਿਸ ’ਚੋਂ ਵਹਿੰਦਾ ਨੀਰ ਨਹੀਂ ਹੈ । ਦਰਦਾਂ ਦੇ ਦਰਿਆ ਦੇ ਕੰਢੇ, ਬੈਠ ਰਿਹਾਂ ਏਂ ਅਣਭਿੱਜਿਆ ਹੀ, ਆਪਣਾ ਰੋਗ ਪਛਾਣ ਜੇ ਤੇਰਾ ਹੁਣ ਵੀ ਦਿਲ ਦਿਲਗੀਰ ਨਹੀਂ ਹੈ । ਘਰ ਤੋਂ ਘਰ ਦੇ ਤੀਕ ਉਮਰ ਦਾ ਸਾਰਾ ਪੈਂਡਾ ਚਾਰ ਕਦਮ ਹੀ, ਪਰ ਏਨੀ ਗੱਲ ਕਦੇ ਨਾ ਭੁੱਲੀਂ, ਕੋਈ ਵੀ ਕਦਮ ਅਖ਼ੀਰ ਨਹੀਂ ਹੈ । ਇਹ ਤਾਂ ਐਵੇਂ ਰਾਹ ਵਿੱਚ ਰਲ਼ਿਆ, ਵੇਖੀਂ, ਤੂੰ ਨਾ ਪਵੀਂ ਕੁਰਾਹੇ, ਗੁੱਸਾ ਤਾਂ ਚੰਡਾਲ ਭਰਾਵਾ, ਇਹ ਤੇਰਾ ਹਮਸ਼ੀਰ ਨਹੀਂ ਹੈ । ਵੈਰੀ ਹੱਥ ਤਲਵਾਰ ਹਮੇਸ਼ਾਂ, ਕਿਰਪਾਲੂ ਕਿਰਪਾਨ ਧਾਰਦਾ, ਜ਼ਾਲਮ ਕੋਲ਼ ਕਦੇ ਵੀ ਹੁੰਦੀ ਹੱਕ ਸੱਚ ਦੀ ਸ਼ਮਸ਼ੀਰ ਨਹੀਂ ਹੈ । ਕਿੰਨੇ ਦਰਦਾਂ ਵਿੰਨ੍ਹਿਆ ਕਿੱਦਾਂ, ਦੱਸੇ ਗੁਰ ਦਸਮੇਸ਼ ਵਾਰਤਾ, ਮਾਛੀਵਾੜੇ ਅੰਦਰ ਅੱਜ ਤਾਂ, ਐਸਾ ਜੰਡ ਕਰੀਰ ਨਹੀਂ ਹੈ । ਐਵੇਂ ਹੀ ਬੱਸ ਦਿਲ ਭਰ ਆਇਆ, ਚੇਤੇ ਕਰਕੇ ਦਰਦ ਪੁਰਾਣੇ, ਇਹ ਤਾਂ ਪਰਬਤ ਸਿੰਮਿਆਂ ਅੰਦਰੋਂ, ਮੇਰੀ ਅੱਖ ਵਿੱਚ ਨੀਰ ਨਹੀਂ ਹੈ ।
ਆਹ ਫੜ ਸੂਰਜ ਆਹ ਫੜ ਕਿਰਨਾਂ
ਆਹ ਫੜ ਸੂਰਜ, ਆਹ ਫੜ ਕਿਰਨਾਂ, ਖਿੜੇ ਗੁਲਾਬ ਨੇ ਤੇਰੇ ਲਈ । ਮੋੜ ਦਿਆ ਕਰ ਸ਼ਾਮ ਢਲੇ ਤੋਂ, ਸਿਰਫ਼ ਚਿਰਾਗ ਬਨੇਰੇ ਲਈ । ਅਗਨ ਲਗਨ ਨੂੰ ਜੰਦਰੇ ਅੰਦਰ, ਨਾ ਕਰਿਆ ਕਰ ਕਮਜ਼ਰਫ਼ਾ, ਚੰਗਾ ਹੁੰਦੈ, ਜਗਣਾ ਮਘਣਾ, ਧਰਤੀ ਚਾਰ-ਚੁਫ਼ੇਰੇ ਲਈ । ਇਹ ਅਣਖ਼ੀ ਇਤਿਹਾਸ ਤੇ ਵਿਰਸਾ, ਸਿਰਫ਼ ਢਾਡੀਆਂ ਖ਼ਾਤਰ ਨਾ, ਚੰਗਾ ਭਲਕ ਸੰਵਾਰਨ ਖ਼ਾਤਰ, ਪੂੰਜੀ ਤੇਰੇ ਮੇਰੇ ਲਈ । ਅੰਬਰ ਦੇ ਵਿੱਚ ਨਿੱਕੇ-ਨਿੱਕੇ ਕਿੰਨੇ ਤਾਰੇ ਟਿਮਕ ਰਹੇ, ਪਹਿਰੇਦਾਰ ਖੜ੍ਹੇ ਨੇ ਇਹ ਸਭ, ਸਾਡੇ ਸੁਰਖ਼ ਸਵੇਰੇ ਲਈ । ਹੱਥ ਕੜੀਆਂ, ਕਾਨੂੰਨ ਤੇ ਪਹਿਰਾ, ਸਿਰਫ ਨਕਾਬ ਹਕੂਮਤ ਦਾ, ਮੈਂ ਦਰਬਾਨੀ ਕਰਦੇ ਵੇਖੇ, ਇਹ ਸਭ ਚੋਰ ਲੁਟੇਰੇ ਲਈ । ਜੇ ਜ਼ਿੰਦਗੀ ਨੂੰ ਵਾਂਗ ਬਗੀਚੇ, ਜਾਣ ਲਵੇਂ ਤੂੰ ਇਕ ਵਾਰੀ, ਤੈਨੂੰ ਸਮਝ ਪਵੇਗੀ ਆਪੇ, ਫੁੱਲ ਨਾ ਸਿਰਫ਼ ਫੁਲੇਰੇ ਲਈ? ਭਰਮ-ਜਾਲ ਨੂੰ ਸਮਝ ਲਿਆ ਕਰ, ਤਾਣਾ ਬਾਣਾ ਬੱਦਲਾਂ ਦਾ, ਸੁਰਮ-ਸਲੇਟੀ ਕੋਰ ਚਮਕਦੀ, ਇਹ ਚਾਨਣ ਦੇ ਘੇਰੇ ਲਈ ।
ਰੰਗ ਬਰੰਗ ਗੁਬਾਰੇ ਏਥੇ
ਰੰਗ-ਬਰੰਗ ਗੁਬਾਰੇ ਏਥੇ ਜ਼ਿੰਦਗੀ ਕਿਉਂ ਬਦਰੰਗ ਵੇ ਲੋਕਾ । ਚਾਵਾਂ ਨੂੰ ਦੱਸ ਕੌਣ ਮਸਲਦਾ, ਕਰਦਾ ਖੱਜਲ ਤੰਗ ਵੇ ਲੋਕਾ । ਹਰ ਸੱਸੀ ਦੇ ਪੈਰਾਂ ਥੱਲੇ ਅੱਜ ਵੀ ਤਪਦੀ ਰੇਤ ਥਲਾਂ ਦੀ, ਹੀਰ ਦੇ ਲੇਖੀਂ ਅੱਜ ਵੀ ਨੀਂਗਰ, ਹਰ ਥਾਂ ਖੇੜੇ ਝੰਗ ਵੇ ਲੋਕਾ । ਪੈਰ ਛਾਂਗ ਕੇ ਆਖੇ ਦੌੜੋ, ਖ਼ਬਰਦਾਰ ਜੇ ਪਿੱਛੇ ਰਹਿ ਗਏ, ਖੇਡ- ਖਿਡਾਵੇ ਨੂੰ ਤਾਂ ਪੁੱਛੋ, ਇਹ ਦੱਸ ਕਿਹੜਾ ਢੰਗ ਵੇ ਲੋਕਾ । ਜਬਰ ਜ਼ੁਲਮ ਦਾ ਭਰਿਆ ਭਾਂਡਾ, ਉੱਡ ਗਿਆ ਇਨਸਾਫ਼ ਧਰਤੀਓਂ, ਧਰਤੀ ਵਾਲ਼ੇ ਕਿਹੜੇ ਵੇਲੇ ਛੇੜਨਗੇ ਹੁਣ ਜੰਗ ਵੇ ਲੋਕਾ । ਰੋਕ ਲਵੋ ਇਹ ਕਰਨ ਮਜ਼ਾਕਾਂ, ਨਸਲੋਂ ਹੀਣੇ ਟੋਡੀ ਬੱਚੇ, ਸੂਰਮਿਆਂ ਨੂੰ ਦੂਜੀ ਵਾਰੀ ਰਹੇ ਨੇ ਸੂਲ਼ੀ ਟੰਗ ਵੇ ਲੋਕਾ । ਧਰਮ ਕਰਮ ਦਾ ਸੌਦਾ ਕਹਿ ਕੇ, ਵੇਚ ਰਹੇ ਨੇ ਵਿਸ਼-ਵਣਜਾਰੇ, ਨਾਗ-ਸਿਆਸੀ ਮਾਰਨ ਸਾਨੂੰ ਦਿਲ ’ਤੇ ਜ਼ਹਿਰੀ ਡੰਗ ਵੇ ਲੋਕਾ । ਪੈਰਾਂ ਹੇਠ ਸਲਾਮਤ ਧਰਤੀ, ਬਿਰਖ਼ ਬਰੂਟੇ ਨਾ ਮੁਰਝਾਵਣ, ਸੁਪਨ-ਸੁਨਹਿਰੀ ਸਾਂਝਾ ਪਰਚਮ, ਸਾਡੀ ਏਹੀ ਮੰਗ ਵੇ ਲੋਕਾ ।
ਗੁਰੂ ਨਾਨਕ ਦੀ ਬਾਣੀ ਪੜ੍ਹਦਾਂ
ਗੁਰੂ ਨਾਨਕ ਦੀ ਬਾਣੀ ਪੜ੍ਹਦਾਂ, ਸਿਰ ਸੂਹੀ ਦਸਤਾਰ ਵੀ ਹੈ । ਦਸਮ ਪਿਤਾ ਤਾਂ ਮੁਸ਼ਕਿਲ ਵੇਲੇ ਬੇਕਸੀਆਂ ਵਿੱਚ ਯਾਰ ਵੀ ਹੈ । ਧਰਤੀ ਦੀ ਮਰਯਾਦਾ ਸਮਝਾਂ ਦੁੱਲਾ ਬੁੱਲਾ ਬੁੱਕਲ ਵਾਂਗ, ਫਿਰ ਵੀ ਸੰਗਲ ਟੁੱਟਦੇ ਹੀ ਨਾ ਇਸਦਾ ਮਨ ’ਤੇ ਭਾਰ ਵੀ ਹੈ । ਸਗਲ ਸਮੁੰਦਰ ਅਸਗਾਹ ਭਟਕਣ, ਤਰਨ ਦੁਹੇਲਾ, ਪਰ, ਯਾਰ ਪਿਆਰੇ ਨਾਲ ਪੁਗਾਉਣਾ, ਕੀਤਾ ਕੌਲ ’ਕਰਾਰ ਵੀ ਹੈ । ਸਾਰੇ ਪੰਛੀ ਚੋਗ ਨਾ ਚੁਗਦੇ, ਸੀਸ ਤਲੀ ਵੀ ਧਰਦੇ ਨੇ, ਨੰਗੀ ਅੱਖ ਨੂੰ ਦਿਸਦਾ ਨਾ ਜੋ, ਵੱਖਰਾ ਉਹ ਸੰਸਾਰ ਵੀ ਹੈ । ਬੰਸਰੀਆਂ ’ਚੋਂ ਕਦੇ ਕਦੇ ਮੈਂ, ਦਰਦ ਕੀਰਨੇ ਸੁਣਦਾ ਹਾਂ, ਰੂਹ ਦੇ ਬਿੰਦਰਾਬਨ ਵਿੱਚ ਬੈਠਾ ਮੇਰਾ ਕ੍ਰਿਸ਼ਨ ਮੁਰਾਰ ਵੀ ਹੈ । ਕਾਨੇ, ਕਿਲਕਾਂ ਕਲਮਾਂ ਬਣ ਕੇ, ਬਾਲਣ ਬਣਨੋਂ ਬਚੀਆਂ ਨੇ, ਏਸੇ ਕਰਕੇ ਸ਼ਬਦ ਜਣਦੀਆਂ, ਜੀਭਾ ਤਿੱਖੀ ਧਾਰ ਵੀ ਹੈ । ਜਦੋਂ ਕਦੇ ਵੀ ਬਹੁਤ ਇਕੱਲਾ ਹੋ ਜਾਵਾਂ ਮਨ ਪੁੱਛਦਾ ਹੈ, ਉੱਡਦੇ ਫੰਬੇ ਚੁਗਦਾ ਫਿਰਦੈਂ, ਤੈਨੂੰ ਆਪਣੀ ਸਾਰ ਵੀ ਹੈ? ਫ਼ੈਸਲਿਆਂ ਦੀ ਮੰਡੀ ਅੰਦਰ ਵਿਕਦਾ ਹੈ ਇਨਸਾਫ਼ ਕਿਉਂ, ਭੁੱਲਿਆ ਸਾਨੂੰ, ਰੂਹ ਦੀ ਨਗਰੀ ਲੱਗਦਾ ਵੱਖ ਦਰਬਾਰ ਵੀ ਹੈ । ਸੂਰਜ ਪਾਰ ਕਦੇ ਤਾਂ ਜਾ ਕੇ, ਵੇਖ ਸਕਾਂਗੇ ਨੂਰ ਪਹਾੜ, ਬੰਨ੍ਹ ਪਰਵਾਜ਼ ਪਰਾਂ ਵਿੱਚ ਉੱਡਦੀ, ਬਾਜ਼ਾਂ ਵਾਲੀ ਡਾਰ ਵੀ ਹੈ ।
ਸਮਝ ਪਵੇ ਨਾ ਇਸ ਧਰਤੀ ’ਤੇ
ਸਮਝ ਪਵੇ ਨਾ ਇਸ ਧਰਤੀ ’ਤੇ ਕਾਹਦੀ ਖ਼ਾਤਰ ਆਉਂਦੇ ਹਾਂ । ਰੂਹ ਦਾ ਨਗਨ ਵਜੂਦ ਲੁਕਾਈਏ, ਕੂੜ ਦੇ ਵਸਤਰ ਪਾਉਂਦੇ ਹਾਂ । ਰੋਂਦੇ ਰੋਂਦੇ ਹੱਸ ਪੈਂਦੇ ਹਾਂ ਹੱਸਦੇ ਹੱਸਦੇ ਰੋ ਪਈਏ, ਅਜਬ ਨਸਲ ਦੇ ਲੋਕ ਹਾਂ ਯਾਰੋ ਫ਼ੋਟੋ ਵਿੱਚ ਮੁਸਕਾਉਂਦੇ ਹਾਂ । ਓਸੇ ਵੇਲੇ ਊੜਾ ਐੜਾ ਸਿਰ ਸੁੱਟ ਊਂਧੀ ਪਾ ਬਹਿੰਦਾ, ਧਰਤੀ ਵਿੱਚੋਂ ਪੁੱਟ ਕੇ ਬੂਟਾ ਜਦ ਗਮਲੇ ਵਿੱਚ ਲਾਉਂਦੇ ਹਾਂ । ਦਿਲ ਦੇ ਵਿਹੜੇ ਗੂੜ੍ਹ ਹਨ੍ਹੇਰਾ ਜਗਣ ਬਨੇਰੇ ਦਿਨ ਪਹਿ ਰਾਤ, ਬਾਲ਼ ਚਿਰਾਗ ਬਾਜ਼ਾਰੀ ਚਾਨਣ ਖ਼ੁਦ ਨੂੰ ਹੀ ਭਰਮਾਉਂਦੇ ਹਾਂ । ਆਪੇ ਤੀਲੀ ਬਾਲ਼ ਮੁਆਤੇ ਜੰਗਲ ਮੰਗਲ ਫੂਕ ਲਏ, ਰਾਗ ਮੇਘ ਮਲਹਾਰ ਭਲਾ ਦੱਸ ਕਿਸ ਨੂੰ ਬੈਠ ਸੁਣਾਉਂਦੇ ਹਾਂ । ਕਦਮ ਤਾਲ ਕਰਦੇ ਹੀ ਘਸ ਗਏ ਸਫ਼ਰ ਭਲਾ ਕੀ ਮੁੱਕਣਾ ਸੀ, ਮੰਜ਼ਿਲ ਤੇ ਮਕਸਦ ਤੋਂ ਸੱਖਣੇ, ਰੂਹ ਨੂੰ ਸੁੱਕਣੇ ਪਾਉਂਦੇ ਹਾਂ । ਅਜਬ ਜਿਹਾ ਮੇਲਾ ਹੈ ਦੁਨੀਆਂ, ਬੇਸੁਰਿਆਂ ਦੀ ਭੀੜ ਬੜੀ, ਸਰਗਮ ਸਹਿਮੀ ਦੂਰ ਖੜੀ ਹੈ, ਪਤਾ ਨਹੀਂ ਕੀ ਗਾਉਂਦੇ ਹਾਂ?
ਵਾਇਰਸ ਨਾਲ ਲੜੇ ਹੁਣ ਕਿਹੜਾ
ਵਾਇਰਸ ਨਾਲ ਲੜੇ ਹੁਣ ਕਿਹੜਾ, ਕਿੱਧਰ ਗਏ ਹਥਿਆਰਾਂ ਵਾਲੇ । ਅੰਦਰੋਂ ਕੁੰਡੀ ਲਾ ਕੇ ਬੈਠੋ, ਰਹੇ ਆਖ ਸਰਕਾਰਾਂ ਵਾਲੇ । ਵੇਖ ਲਵੋ ਜੀ ਲਾਲ ਚੀਨ ਵੀ, ਸਰਮਾਏ ਦੇ ਗੋਡੇ ਥੱਲੇ, ਇਸ ਹੋਣੀ ਨੇ ਵਾਪਰਨਾ ਸੀ, ਪੜ੍ਹ ਕੇ ਸਬਕ ਵਪਾਰਾਂ ਵਾਲੇ । ਜੇਕਰ ਜਾਨ ਪਿਆਰੀ ਕਹਿੰਦੇ, 'ਵਾਜ਼ ਨਾ ਕੱਢੋ ਮੂੰਹ 'ਚੋਂ ਭਾਈ, ਪਾਜੀ ਬਣ ਗਏ ਗਾਜ਼ੀ ਸਾਰੇ, ਤੇਜ਼ ਧਾਰ ਤਲਵਾਰਾਂ ਵਾਲੇ । ਇੰਟਰਨੈੱਟ ’ਤੇ ਟੀ.ਵੀ. ਸਾਰੇ, ਬੇਨਸਲੇ ਸਭ ਬੇ-ਇਤਬਾਰੇ, ਅਫ਼ਵਾਹਾਂ ਦਿਨ ਰਾਤ ਪਰੋਸਣ, ਪੈਸੇ ਲਈ ਅਖ਼ਬਾਰਾਂ ਵਾਲੇ । ਕਰਨ ਦਿਹਾੜੀ ਚੱਲਿਆ ਜਿਹੜਾ, ਪੱਲੇ ਬੰਨ੍ਹ ਅਚਾਰ ਤੇ ਰੋਟੀ, ਕੀ ਕਰਨੇ ਉਹ ਸਬਕ ਦੋਸਤੋ, ਦੇਂਦੇ ਜੋ ਦਰਬਾਰਾਂ ਵਾਲੇ । ਗਿਆਨੀ ਤੇ ਵਿਗਿਆਨੀ ਦੀ ਥਾਂ, ਬੋਲ ਰਹੇ ਕੁਰਸੀ ਤੇ ਨੇਤਾ, ਤਾਹੀਓਂ ਕੰਨੀਂ ਪੈਣ ਸੁਨੇਹੇ ਹੁਣ ਖੰਭਾਂ ਦੀਆਂ ਡਾਰਾਂ ਵਾਲੇ । ਧਰਮ-ਸਾਲ ਤੋਂ ਆਉਣ ਆਵਾਜ਼ੇ, ’ਕੱਲੇ ’ਕੱਲੇ ਹੋ ਕੇ ਬੈਠੋ, ਰੱਬ ਤੋਂ ਡਾਢਾ ਵਾਇਰਸ ਬਣਿਆ, ਲੁਕਦੇ ਫਿਰਨ ਬਾਜ਼ਾਰਾਂ ਵਾਲੇ ।
ਯਾਦ ਤੇਰੀ ਦਾ ਚਾਨਣ ਏਨਾ
ਯਾਦ ਤੇਰੀ ਦਾ ਚਾਨਣ ਏਨਾ ਹਰ ਪਲ ਜਿਵੇਂ ਸਵੇਰਾ ਹੋਵੇ । ਸੂਰਜ ਰੰਗੀਏ, ਤੈਨੂੰ ਡਿੱਠਿਆਂ, ਰੂਹ ਚਾਨਣ ਦਾ ਡੇਰਾ ਹੋਵੇ । ਮਹਿਕਦੀਏ ਚੰਬੇ ਦੀਏ ਕਲੀਏ, ਮੇਰੇ ਧੁਰ ਅੰਦਰ ਖ਼ੁਸ਼ਬੋਈਏ, ਜਿਹੜੀ ਥਾਂ ਤੂੰ ਹਾਜ਼ਰ ਨਾਜ਼ਰ, ਓਥੇ ਕਿਵੇਂ ਹਨ੍ਹੇਰਾ ਹੋਵੇ । ਰਹਿਮਤ ਦਾ ਮੀਂਹ ਵਰ੍ਹਿਆ ਰੱਜ ਕੇ, ਪਲ ਅਣਮੁੱਲੇ ਪੈ ਗਏ ਝੋਲੀ, ਇਹ ਵਿਸਮਾਦ, ਖ਼ਜ਼ਾਨਾ ਸਾਂਝਾ, ਨਾ ਮੇਰਾ ਨਾ ਤੇਰਾ ਹੋਵੇ । ਤੇਰੇ ਦਿਲ ਦੀ ਤਖ਼ਤੀ ਉੱਤੇ, ਸੁਣਿਆ ਹੈ ਕਿ ਮੈਂ ਵੀ ਹਾਜ਼ਰ, ਟਿਮਕਣਿਆਂ ਦੀ ਹਸਤੀ ਵੱਡੀ, ਹਰ ਬਿੰਦੂ ਦਾ ਘੇਰਾ ਹੋਵੇ । ਜਦ ਵੀ ਯਾਦ ਕਰਾਂ ਮਿਲ ਜਾਵੇਂ ਲੱਖ ਸ਼ੁਕਰਾਨਾ ਮਹਿਕਵੰਤੀਏ, ਚਿਤਵਦਿਆਂ ਰੂਹ ਚਾਨਣ ਚਾਨਣ, ਨੂਰੋ ਨੂਰ ਬਨੇਰਾ ਹੋਵੇ । ਤੁਰ ਜਾਵੇ ਦਿਲ ਡੋਬੇ ਖਾਵੇ, ਦਿਸ ਜਾਵੇਂ ਮਨ ਦੇ ਬਿਹਬਲ ਹੋਵੇ, ਦਿਲ ਦੀ ਬਾਤ ਸੁਣਾ ਦਿਆਂ ਤੈਨੂੰ, ਇਹ ਨਾ ਮੈਥੋਂ ਜੇਰਾ ਹੋਵੇ । ਮਨ ਮੇਰੇ ਦਾ ਬਾਗ ਬਗੀਚਾ, ਖਿੜਦੈ, ਫਿਰ ਮੁਰਝਾ ਜਾਂਦਾ ਹੈ, ਟਾਹਣੀ ’ਤੇ ਫੁੱਲ ਕੰਬਦੇ ਰਹਿੰਦੇ, ਵੈਰੀ ਜਦੋਂ ਫੁਲੇਰਾ ਹੋਵੇ ।
ਥੱਕ ਚੱਲੇ ਹਾਂ, ਰੋਜ਼ ਵਜਾਉਂਦੇ
ਥੱਕ ਚੱਲੇ ਹਾਂ, ਰੋਜ਼ ਵਜਾਉਂਦੇ, ਦਰਦਾਂ ਦੀ ਸ਼ਹਿਨਾਈ ਨੂੰ । ਫਿਰ ਵੀ ਰਾਹਤ ਮਿਲਦੀ ਨਹੀਓਂ, ਰੂਹ ਵਿਚਲੀ ਤਨਹਾਈ ਨੂੰ । ਇੱਕੋ ਚਾਰ ਦੀਵਾਰੀ ਅੰਦਰ, ਆਪੋ ਆਪਣੇ ਕਮਰੇ ਨੇ ਪਰ, ਖੁੱਲ੍ਹਣ ਤੋਂ ਇਨਕਾਰੀ ਸਾਰੇ, ਮਨ ’ਤੇ ਜੰਦਰੀ ਲਾਈ ਨੂੰ । ਇਕ ਦੂਜੇ ਦੇ ਨਾਲ ਤੁਰਦਿਆਂ, ਰੇਲ ਦੇ ਪਹੀਏ, ਵੱਖਰੇ ਨੇ, ਇੱਕੋ ਮੰਜ਼ਿਲ, ਸਫ਼ਰ ਬਰਾਬਰ, ਗਿਣਦੇ ਵਾਟ ਮੁਕਾਈ ਨੂੰ । ਮਨ ਤੋਂ ਮਨ ਦਾ ਟੇਢਾ ਪੱਲੜਾ, ਕਰਦਾ ਰਹਿੰਦਾ ਰੋਜ਼ ਹਲਾਲ, ਸਿਰਫ਼ ਮੁਹੱਬਤ ਭਰ ਸਕਦੀ ਹੈ, ਮਨ ਤੋਂ ਮਨ ਦੀ ਖਾਈ ਨੂੰ । ਬਹੁਤੀ ਵਾਰੀ ਕੰਧਾਂ ਨੂੰ ਵੀ ਦਰਦ ਸੁਣਾਉਣਾ ਪੈ ਜਾਂਦੈ, ਕਦੇ ਕਦਾਈਂ ਮਿਲੇ ਸਰੋਤਾ, ਮੂੰਹ ਵਿਚਲੀ ਗੱਲ ਆਈ ਨੂੰ । ਤੂੰ ਮਿਲਿਐਂ, ਦਿਲ ਹੌਲਾ ਕੀਤਾ ਮੁੱਦਤ ਮਗਰੋਂ ਪਹਿਲੀ ਵਾਰ, ਸ਼ੁਕਰ ਗੁਜ਼ਾਰ ਕਰਾਂ ਮੈਂ ਕਿੱਦਾਂ ਚਿਣਗ-ਚਵਾਤੀ ਲਾਈ ਨੂੰ । ਸੂਰਜ ਦੀ ਲਿਸ਼ਕੋਰ ਵਾਂਗਰਾਂ, ਮਿਲ ਜਾਇਆ ਕਰ ਏਸ ਤਰ੍ਹਾਂ, ਮਿਲ ਜਾਂਦੀ ਹੈ ਰਿਸ਼ਮ ਰੁਪਹਿਲੀ, ਮਨ ’ਤੇ ਬੱਦਲੀ ਛਾਈ ਨੂੰ ।
ਵਕਤ ਕਦੇ ਨਹੀਂ ਪਿੱਛੇ ਮੁੜਦਾ
ਵਕਤ ਕਦੇ ਨਹੀਂ ਪਿੱਛੇ ਮੁੜਦਾ, ਕਿੰਨੀ ਵਾਰ ਘੁੰਮਾਈਆਂ ਘੜੀਆਂ । ਹਰ ਪਲ ਰੂਹ ਨੂੰ ਠਾਰਨ, ਤੇਰੇ ਨੈਣਾਂ ’ਚੋਂ ਕਵਿਤਾਵਾਂ ਪੜ੍ਹੀਆਂ । ਖੁੱਲ੍ਹ ਕੇ ਹੱਸਣਾ ਤੇ ਸ਼ਰਮਾਉਣਾ, ਹੋਠਾਂ ਵਿੱਚ ਮੁਸਕਾਨ ਲੁਕਾਉਣਾ, ਉਹ ਨਜ਼ਰਾਂ ਮੁੜ ਮਿਲੀਆਂ ਨਾ ਪਰ, ਦਿਲ ਵਿੱਚ ਵਾਂਗ ਨਗੀਨੇ ਜੜੀਆਂ । ਮਿਲਣ-ਘੜੀ ਦੀ ਉਹ ਖੁਸ਼ਬੋਈ, ਬਾਤਾਂ ਦੀ ਟੁਣਕਾਰ ਨਾ ਵਿੱਸਰੀ, ਉਸ ਦਿਨ ਮਗਰੋਂ ਪਲ ਨਾ ਸੁੱਤੇ, ਤਾਂ ਹੀ ਹੁਣ ਵੀ ਅੱਖੀਆਂ ਚੜ੍ਹੀਆਂ । ਏਨੇ ਸਾਲ ਗੁਜ਼ਰ ਗਏ ਭਾਵੇਂ, ਹੁਣ ਵੀ ਮਹਿਕਣ ਟਹਿਕਣ ਓਵੇਂ, ਹਰੀਆਂ ਭਰੀਆਂ ਰੱਖੀਆਂ ਨੇ ਮੈਂ, ਯਾਦਾਂ ਵਿੱਚ ਫੁੱਲਾਂ ਦੀਆਂ ਲੜੀਆਂ । ਉਹ ਤਸਵੀਰਾਂ ਮੇਰੀ ਪੂੰਜੀ, ਸਮਾਂ-ਕਾਲ ਨਾ ਪਹੁੰਚੇ ਜਿੱਥੇ, ਨਾ ਜਲ ਡੋਬੇ, ਸਾੜੇ ਅਗਨੀ, ਵਕਤ-ਫਰੇਮ ਦੇ ਅੰਦਰ ਮੜ੍ਹੀਆਂ । ਵਕਤ ਠਹਿਰਿਆ ਓਸੇ ਥਾਂ ’ਤੇ, ਜਿੱਥੇ ਪਹਿਲੀ ਵਾਰ ਮਿਲੇ ਸੀ, ਕੰਧ-ਘੜੀ ਦੇ ਅੰਦਰ ਸੂਈਆਂ, ਅੱਜ ਵੀ ਉਸੇ ਥਾਂ ’ਤੇ ਖੜ੍ਹੀਆਂ । ਰੱਖਿਆ ਕਰ ਤੂੰ ਚੇਤੇ ਇਹ ਵੀ, ਕਿੱਥੇ ਕਿਸ ਨੂੰ ਬੰਨ੍ਹ ਬਹਾਇਆ, ਕੈਦ ਉਮਰ ਦੀ ਕੱਟ ਲਈ ਜਿਨ੍ਹਾਂ, ਨਾ ਦੇ ਹੋਰ ਸਜ਼ਾਵਾਂ ਬੜੀਆਂ ।
ਮੈਂ ਅਜੇ ਨਿੱਕਾ ਹਾਂ ਭਾਵੇਂ
ਮੈਂ ਅਜੇ ਨਿੱਕਾ ਹਾਂ ਭਾਵੇਂ, ਕਾਇਮ ਕਰ ਦੇਣੀ ਮਿਸਾਲ! ਰੋਕਿਉ ਨਾ, ਮੈਂ ਲਵਾਂਗਾ ਦਸਤਪੰਜਾ ਵਕਤ ਨਾਲ! ਸੂਰਜੇ ਤੋਂ ਪਾਰ ਖੇਡਾਂ, ਜਾ ਕੇ ਸ਼ਾਮੀਂ ਪਰਤਦਾ ਹਾਂ, ਬਾਜ਼ ਦੇ ਬੱਚੇ ਨੂੰ ਫੜਨਾ, ਸ਼ਿਕਰਿਆਂ ਦੀ ਕੀ ਮਜ਼ਾਲ! ਆਖਦੈਂ ਇਨਸਾਨ ਹਾਂ ਮੈਂ, ਕਿਉਂ ਨਾ ਮੂੰਹ ਬੋਲਦਾ ਤੂੰ, ਤੇਰੇ ਪੱਲੇ ਹੈ ਪਕੇਰੀ, ਸਰਬ-ਲੋਹ ਤੋਂ ਸ਼ਬਦ -ਢਾਲ! ਧਰਮ ਤੇ ਇਖ਼ਲਾਕ ਗਿਰਵੀ ਕਰਨ ਵਾਲੇ ਕੂਕਦੇ ਨੇ, ਧਰਮ ਦੀ ਰਾਖੀ 'ਚ ਆਪਾਂ, ਕਾਇਮ ਕਰ ਦੇਣੀ ਮਿਸਾਲ! ਮੈਂ ਕਿਉਂ ਪੈਰਾਂ 'ਚ ਪਾਵਾਂ, ਝਾਂਜਰਾਂ ਦਰਬਾਰ ਤੇਰੇ, ਕਲਮ ਦੀ ਮੈਂ ਲਾਜ ਪਾਲਾਂ, ਕਿਉਂ ਬਣਾਂ ਮੰਡੀ ਦਾ ਮਾਲ! ਭਰਮ ਨਾ ਮੈਨੂੰ ਇਹ ਕੋਈ, ਸਫ਼ਰ ਤਿੱਖੀ ਤੇਜ਼ ਧਾਰ, ਮੈਂ ਤੁਰਾਂਗਾ ਏਸ ਉੱਤੇ, ਵੇਖ ਲਈਂ ਤੂੰ ਸਿਦਕ ਨਾਲ! ਬਦਲਿਆ ਬਾਣਾ ਤੇ ਤਾਣਾ, ਤਣ ਲਿਆ ਜੱਲਾਦ ਨੇ ਵੀ, ਝਟਕਿਉਂ ਜੇ ਬਚ ਗਿਆ ਤਾਂ, ਲਾਜ਼ਮੀ ਕਰਨਾ ਹਲਾਲ!
ਖਤਰਨਾਕ ਅਣਗੌਲ਼ਿਆ ਕਰਨਾ
ਖਤਰਨਾਕ ਅਣਗੌਲ਼ਿਆ ਕਰਨਾ, ਸੋਚਾਂ ਵਿਚਲਾ ਤਲਖ਼ ਸਮੁੰਦਰ! ਖੋਲ੍ਹ ਦਿਆ ਕਰ ਤੂੰ ਵੀ ਭਲਿਆ, ਹੋਠੀਂ ਲੱਗੇ ਚੁੱਪ ਦੇ ਜੰਦਰ! ਮਸਤਕ ਸੱਚ ਤੋਂ ਲਾਂਭੇ ਕਰਨਾ, ਕਿਉਂ ਏਦਾਂ ਬਿਨ ਮੌਤੇ ਮਰਨਾ, ਤਾਰੀ ਲਾਉਣ ਕਦੇ ਤਾਂ ਆ ਜਾ, ਧੁਖ਼ਦੇ ਦਿਲ ਦਰਿਆ ਦੇ ਅੰਦਰ । ਚੰਗੀ ਖ਼ਬਰ ਗੁਆਚ ਗਈ ਹੈ, ਕੀ ਪੜ੍ਹੀਏ ਅਖ਼ਬਾਰਾਂ ਵਿੱਚੋਂ, ਵੇਚ ਰਹੀ ਜੋ ਦਿੱਲੀ ਸੌਦਾ, ਚੰਡੀਗੜ੍ਹ ਤੇ ਸ਼ਹਿਰ ਜਲੰਧਰ! ਇਕ ਵਾਰੀ ਮੈਂ ਬਾਜ਼ ਨੂੰ ਪੁੱਛਿਆ, ਜਨਮ ਭੂਮ ਕਿੱਥੇ ਹੈ ਤੇਰੀ, ਹੱਸ ਕਿਹਾ ਉਸ, ਮੇਰੀ ਨਗਰੀ, ਬਿਰਖ਼ ਕਿਸੇ ਦੀ ਭੀੜੀ ਕੰਦਰ! ਨਾਗ ਵਰਮੀਆਂ ਅੰਦਰ ਪਲ਼ ਕੇ, ਸੜਕਾਂ ’ਤੇ ਫੁੰਕਾਰੇ ਮਾਰਨ, ਧਰਮਸਾਲ ਤੋਂ ਬਾਹਰ ਖਲੋ ਕੇ, ਘੂਰਨ ਸਾਨੂੰ ਮਸਜਿਦ ਮੰਦਰ! ਗਿਆਨ ਗੋਸ਼ਟਾਂ, ਤਰਕ ਦਲੀਲਾਂ, ਖ਼ਤਰੇ ਹੇਠ ਵਿਚਾਰ ਵਿਚਾਰਾ, ਮੇਰੇ ਗੁਰ-ਉਪਦੇਸ਼ ਦੇ ਪਿੱਛੇ, ਟੁੱਟ ਕੇ ਪੈ ਗਏ ਨਾਥ ਮਛੰਦਰ! ਵੇਖ ਰਿਹਾ ਇਤਿਹਾਸ ਹੈ ਸਾਨੂੰ, ਬੁੱਤ ਬਣੇ ਹੋ, ਚੁੱਪ ਨੂੰ ਤੋੜੋ, ਪਾੜ ਵਿਗਾੜ ਰਹੇ ਨੇ ਨਕਸ਼ਾ, ਵਤਨ ਮੇਰੇ ਦਾ ਸਾਰੇ ਬੰਦਰ!
ਬਿਨ ਰੰਗਾਂ ਤੋਂ ਰੀਝਾਂ ਦੇ ਫੁੱਲ
ਬਿਨ ਰੰਗਾਂ ਤੋਂ ਰੀਝਾਂ ਦੇ ਫੁੱਲ, ਕੰਧਾਂ ’ਤੇ ਵੀ ਬੋਲ ਰਹੇ ਨੇ । ਮਾਏ ! ਤੇਰੇ ਸੁਪਨ ਪਰਿੰਦੇ, ਵੇਖ ਕਿਵੇਂ ਪਰ ਤੋਲ ਰਹੇ ਨੇ । ਕਿਹੜਾ ਕਹਿੰਦੈ, ਰੇਸ਼ਮ ਅੱਟੀ ਹੀ ਬਣ ਸਕਦੀ ਫੁੱਲ ਫੁਲਕਾਰੀ, ਵੇਖ ਲਵੋ ਮਿੱਟੀ ਦੇ ਕਣ ਵੀ, ਦਿਲ ਦੇ ਵਰਕੇ ਫ਼ੋਲ ਰਹੇ ਨੇ । ਮਿੱਟੀ ਅੰਦਰ ਮਿੱਟੀ ਹੋ ਕੇ, ਮਿੱਟੀ ਕੀ ਕੁਝ ਬੋਲੇ, ਸੁਣ ਲਉ, ਇੱਕ ਰੰਗ ਦੀ ਫੁਲਕਾਰੀ ਬਣ ਕੇ ਕੰਧੀਂ ਦਰਦ ਫਰੋਲ ਰਹੇ ਨੇ । ਮੀਂਹ ਆਵੇਗਾ, ਖ਼ੁਰ ਜਾਵੇਗਾ, ਚਾਵਾਂ ਦਾ ਇਹ ਬਾਗ਼-ਬਗੀਚਾ, ਲਿੱਸੇ ਘਰ ਨੂੰ ਲੱਭ ਕੇ ਦੇਵੋ, ਫੁੱਲ ਕਲੀਆਂ ਰੰਗ ਟੋਲ ਰਹੇ ਨੇ । ਜਿਸ ਦੇ ਬਾਗ਼ ਹਵਾਲੇ ਕੀਤਾ, ਉਹ ਹੀ ਆਰੀ ਫੇਰ ਰਿਹਾ ਹੈ, ਰਖਵਾਲੇ ਹੀ ਪੱਤਾ ਪੱਤਾ, ਪੈਰਾਂ ਹੇਠ ਮਧੋਲ ਰਹੇ ਨੇ । ਮਾਣ ਮਰਤਬੇ ਕਲਗੀ ਕੌਡਾਂ, 'ਕੱਠੀਆਂ ਕਰਦੇ ਮਰ ਚੱਲੇ ਹੋ, ਸੋਨੇ ਦੇ ਇਹ ਮਹਿਲ ਮੁਨਾਰੇ, ਦੱਸੋ! ਕਿਸ ਦੇ ਕੋਲ ਰਹੇ ਨੇ । ਉੱਡੀਆਂ ਧੂੜਾਂ, ਚੜ੍ਹੀ ਹਨ੍ਹੇਰੀ, ਅੱਖੀਆਂ ਅੱਗੇ ਗਹਿਰ ਚੁਫ਼ੇਰੇ, ਦੀਵੇ ਆਸ ਉਮੀਦ ਵਾਲੇ, ਜਗਦੇ, ਪਰ ਨਾ ਡੋਲ ਰਹੇ ਨੇ ।
ਗਲ਼ੀ ਗਲ਼ੀ ਵਣਜਾਰਾ ਫਿਰਦਾ
ਗਲ਼ੀ ਗਲ਼ੀ ਵਣਜਾਰਾ ਫਿਰਦਾ, ਹੋਕਾ ਦਏ ਹਥਿਆਰਾਂ ਦਾ । ਜ਼ਿੰਦਗੀ ਬਦਲੇ ਮੌਤ ਖ਼ਰੀਦੋ, ਸੌਦਾ ਗੁੱਝੀਆਂ ਮਾਰਾਂ ਦਾ । ਉੱਡਣ-ਖਟੋਲੇ, ਤੋਪਾਂ ਲੈ ਲਉ, ਅਮਨ ਚੈਨ ਤੋਂ ਸਾਵੇਂ ਤੋਲ, ਸ਼ਿਸਤਾਂ ਬੰਨ੍ਹ ਕੇ ਘੁੱਗੀਆਂ ਮਾਰੋ, ਨਾਸ ਕਰੋ ਸਭ ਡਾਰਾਂ ਦਾ । ਕਣਕਾਂ, ਨਰਮੇ, ਜੰਤ ਪਰਿੰਦੇ, ਖ੍ਵਾਬ ਖ਼ਿਆਲ ਤਿਆਗ ਦਿਓ, ਸਿਰਫ਼ ਧਿਆਨ ਧਰੋ ਇਹ ਕਹਿੰਦਾ, ਤੇਗਾਂ ਤੇ ਤਲਵਾਰਾਂ ਦਾ । ਸੱਤ-ਸਮੁੰਦਰ ਪਾਰੋਂ ਆਇਆ, ਨਾਰਦ ਪਰਖਣ ਨਰਦਾਂ ਨੂੰ, ਕਿੰਨਾ ਦਮ ਹੈ ਬਾਕੀ ਬਚਿਆ, ਹਿੰਮਤੀ ਪੌਣ ਸਵਾਰਾਂ ਦਾ । ਸ਼ਾਮ ਸਵੇਰੇ ਟੀ ਵੀ ਭੌਂਕੇ, ਅੰਨ੍ਹੀ 'ਵਾ ਨੂੰ ਪਾਗਲ ਵਾਂਗ, ਅੱਖਰ ਅੱਖਰ ਝੱਗੋ ਝੱਗ ਹੈ, ਹਲ਼ਕ ਗਏ ਹੈ ਅਖ਼ਬਾਰਾਂ ਦਾ । ਵੇਖ ਲਓ ਖਰਗੋਸ਼ ਬਰਾਬਰ, ਨਾਲ ਸ਼ਿਕਾਰੀ ਦੌੜ ਰਿਹਾ, ਸਮਝ ਰਿਹਾ ਨਾ ਚਾਲਾਂ ਇਹ ਜੀ, ਸਬਜ਼-ਬਾਗ ਸਰਕਾਰਾਂ ਦਾ । ਸੋਚ ਬਾਜ਼ਾਰੀ, ਚੁਸਤ ਮਦਾਰੀ, ਤੇਜ਼ ਲਲਾਰੀ ਵੇਖ ਲਵੋ, ਡੋਬਾ ਦੇ ਕੇ ਇੱਕ ਰੰਗ ਚਾਹੁੰਦੈ, ਚੁੰਨੀਆਂ ਤੇ ਦਸਤਾਰਾਂ ਦਾ ।
ਘਰ ਵਿੱਚ ਬੰਦ ਹਾਂ, ਸੋਚ ਰਿਹਾ ਹਾਂ
ਘਰ ਵਿੱਚ ਬੰਦ ਹਾਂ, ਸੋਚ ਰਿਹਾ ਹਾਂ, ਕੰਧ ’ਤੇ ਲਿਖਿਆ ਕਦੋਂ ਪੜ੍ਹਾਂਗੇ । ਲਿਖੇ ਲਿਖਾਏ ਸਬਕ ਸੁਣਦਿਆਂ, ਵਾਗ ਸਮੇਂ ਦੀ ਕਿੰਝ ਫੜਾਂਗੇ । ਕੱਚੀ ਮਿੱਟੀ ਗੁੰਨ੍ਹ ਕੇ ਮਗਰੋਂ, ਮਨ ਭਾਉਂਦਾ ਸੰਸਾਰ ਸਿਰਜ ਕੇ, ਭੱਠੇ ਦੀ ਅੱਗ ਵਿੱਚ ਮਨ ਚਾਹਿਆ ਕਦ ਆਪਣਾ ਆਕਾਰ ਘੜਾਂਗੇ । ਜ਼ਿੰਦਗੀ ਭਾਵੇਂ ਦੁਸ਼ਮਣ ਲੱਖਾਂ, ਇਸ ਨੂੰ ਸਦਾ ਸਲਾਮਤ ਰੱਖਾਂ, ਲੱਖੀ-ਜੰਗਲ ਮੇਰੇ ਅੰਗ ਸੰਗ, ਵੈਰੀ ਸਨਮੁਖ ਫੇਰ ਖੜ੍ਹਾਂਗੇ । ਨਸਲ-ਪ੍ਰਸਤੇ ਕੁਰਸੀ ਖ਼ਾਤਰ ਵੇਚਣ ਭਾਵੇਂ ਵਤਨ-ਪ੍ਰਸਤੀ, ਧਰਤੀ ਦੇ ਰਖਵਾਲੇ ਬਣ ਕੇ, ਹਰ ਵਾਇਰਸ ਦੇ ਨਾਲ ਲੜਾਂਗੇ । ਮੇਰੇ ਸੰਗ ਇਤਿਹਾਸ ਤੁਰੇਗਾ, ਰਾਜਗੁਰੂ, ਸੁਖਦੇਵ, ਭਗਤ ਸਿੰਘ, ਦੁਸ਼ਮਣ ਦੀ ਛਾਤੀ ਵਿੱਚ ਮੇਖਾਂ, ਇੱਕ ਸਾਹ ਹੋ ਕੇ ਫੇਰ ਜੜਾਂਗੇ । ਦੂਜੇ ਦੇ ਘਰ ਅੱਗ ਬਸੰਤਰ, ਆਖਣ ਵਾਲੇ ਹੋਰ ਹੋਣਗੇ, ਜੇ ਨਾ ਬਲ਼ਦੀ ਅਗਨ ਬੁਝਾਈ, ਆਪਾਂ ਇਸ ਵਿੱਚ ਆਪ ਸੜਾਂਗੇ । ਹਰ ਮੁਸ਼ਕਿਲ ਦਾ ਹੱਲ ਹੁੰਦਾ ਹੈ, ਅੱਜ ਨਹੀਂ ਤਾਂ ਕੱਲ੍ਹ ਹੋਵੇਗਾ, ਬਹਿ ਨਾ ਜਾਇਉ, ਤੁਰਦੇ ਰਹਿਣਾ, ਹਰ ਚੋਟੀ ’ਤੇ ਆਪ ਚੜ੍ਹਾਂਗੇ ।
ਧੋ ਕੇ ਰੂਹ ਤੋਂ ਨਕਸ਼ ਉਦਾਸੇ
ਧੋ ਕੇ ਰੂਹ ਤੋਂ ਨਕਸ਼ ਉਦਾਸੇ, ਹੱਸਿਆ ਕਰ ਮੁਸਕਾਇਆ ਕਰ ਤੂੰ । ਜ਼ਿੰਦਗੀ ਤਾਂ ਇਕ ਅਮਰ ਗੀਤ ਹੈ, ਨਾ ਦਿਲ ਚਾਹੇ, ਗਾਇਆ ਕਰ ਤੂੰ । ਜਿਹੜੀ ਦਸਤਕ ਸੁਪਨੇ ਅੰਦਰ, ਵਾਰ ਵਾਰ ਖੜਕਾਵੇ ਬੂਹੇ, ਖੋਲ੍ਹ ਦਿਆ ਕਰ ਮਨ ਦੇ ਜੰਦਰੇ, ਉਸ ਨੂੰ ਦਰਦ ਸੁਣਾਇਆ ਕਰ ਤੂੰ । ਤੇਰੇ ਨਾਲੋਂ ਵਧ ਕੇ ਦੁਖੀਏ, ਹੋਰ ਬਥੇਰੇ ਉਹ ਵੀ ਲੋਕੀਂ, ਜਿੰਨ੍ਹਾਂ ਕੋਲ ਸ਼ਬਦ ਵੀ ਹੈ ਨਹੀਂ, ਦਿਲ ਨੂੰ ਇਹ ਸਮਝਾਇਆ ਕਰ ਤੂੰ । ਜਿੱਥੇ ਰੀਝਾਂ, ਸੁਪਨੇ ਸੂਹੇ, ਖੁਸ਼ਬੋਈਆਂ ਨੇ ਚੌਂਕ ਚੁਰਸਤੇ, ਘੁੰਮਣ-ਘੇਰਾ ਤੋੜਨ ਮਗਰੋਂ, ਓਸ ਨਗਰ ਵੀ ਜਾਇਆ ਕਰ ਤੂੰ । ਤ੍ਰੇਲ ਦੇ ਮੋਤੀ ਫੁੱਲਾਂ ਉਤੇ, ਦਿਨ ਚੜ੍ਹਦੇ ਤੱਕ ਸਾਥ ਨਿਭਾਉਂਦੇ, ਰੰਗ ਉਦਾਸ ਨਾ ਹੋਣ ਦਿਆ ਕਰ, ਖ਼ੁਸ਼ਬੋਈ ਬਣ ਜਾਇਆ ਕਰ ਤੂੰ । ਦਰਦ-ਪੋਟਲੀ ਦੇ ਜਾਂਦੇ ਨੇ, ਅਕਸਰ ਹੁਣ ਤਾਂ ਬਹੁਤੇ ਆਪਣੇ, ਇਹ ਅਣਮਿਣਵੀਂ ਮਹਿੰਗੀ ਪੂੰਜੀ, ਹੱਸ ਕੇ ਝੋਲੀ ਪਾਇਆ ਕਰ ਤੂੰ । ਵਿੰਗ-ਤੜਿੰਗੇ ਰਾਹ ਦੇ ਪੈਂਡੇ, ਅਸਲ ਕਿਤਾਬ ਹਯਾਤੀ ਵਾਲੀ, ਡੋਲਦਿਆਂ ਕਦਮਾਂ ਨੂੰ ਇਸ ਤੋਂ, ਗਾ ਕੇ ਸਬਕ ਪੜ੍ਹਾਇਆ ਕਰ ਤੂੰ ।
ਆ ਜਾਂਦੇ ਨੇ, ਤੁਰ ਜਾਂਦੇ ਨੇ
ਆ ਜਾਂਦੇ ਨੇ, ਤੁਰ ਜਾਂਦੇ ਨੇ, ਦੁੱਖ ਸੁਖ ਤਾਂ ਮਹਿਮਾਨ ਜਹੇ ਨੇ । ਰੂਹ ਵਿੱਚ ਸੁਪਨੇ ਕਰਨ ਕਲੋਲਾਂ ਉਹ ਤਾਂ ਮੇਰੀ ਜਾਨ ਜਹੇ ਨੇ । ਸਿਰ ’ਤੇ ਨੀਲਾ ਅੰਬਰ ਫਿਰ ਵੀ, ਲਾਉਂਦੇ ਹੇਕਾਂ ਦਿਨ ਤੇ ਰਾਤਾਂ, ਮੇਰੇ ਪਿੰਡ ਦੇ ਸਰਬ -ਨਿਵਾਸੀ, ਨਿਰਧਨ ਵੀ ਧਨਵਾਨ ਜਹੇ ਨੇ । ਉਹ ਪਲ ਮੇਰੀ ਰੂਹ ਦੀ ਪੂੰਜੀ, ਜੋ ਖ਼ੁਸ਼ਬੋਈਆਂ ਬਣ ਕੇ ਆਉਂਦੇ, ਸੱਚ ਪੁੱਛੇਂ ਜੇ ਫੇਰ ਦੁਬਾਰਾ, ਉਹ ਤੇਰੀ ਮੁਸਕਾਨ ਜਹੇ ਨੇ । ਸਿਦਕ-ਸਬੂਰੀ ਰੂਹ ਦਾ ਗਹਿਣਾ, ਸਦਾ ਜਗਾ ਕੇ ਰੱਖਦੀ ਮੈਨੂੰ, ਵਿਚਲੀ ਗੱਲ ਤਾਂ ਕੇਵਲ ਏਨੀ, ਇਹ ਮਨ ਦੇ ਦਰਬਾਨ ਜਹੇ ਨੇ । ਮਾਂ ਦੀ ਬੁੱਕਲ ਅੰਦਰ ਬੈਠੇ, ਬਾਲ ਅਲੂੰਏਂ ਨਿਰਛਲ ਹੱਸਦੇ, ਰੂਹ ਦਾ ਚੰਬਾ ਖੇੜਨ ਖ਼ਾਤਰ, ਬਿਨ ਮੰਗੇ ਵਰਦਾਨ ਜਹੇ ਨੇ । ਮਨ-ਮਸਤਕ ਦੀ ਚਾਰ ਦੀਵਾਰੀ, ਅੰਦਰ ਬਾਲਣ ਜੋਤ ਨਿਰੰਤਰ, ਤੇਰੇ ਬੋਲ ਮੁਹੱਬਤ ਵਾਲੇ, ਮੇਰੇ ਲਈ ਭਗਵਾਨ ਜਹੇ ਨੇ । ਪਿਆਰ-ਵਿਹੂਣੇ ਅੰਦਰੋਂ ਸੱਖਣੇ, ਅਗਨ - ਅੰਗੀਠੀ ਬਾਲੀ ਰੱਖਣ, ਕੀ ਪੁੱਛਦੇ ਹੋ ਇਨ੍ਹਾਂ ਬਾਰੇ, ਤਨ-ਮਨ ਕਬਰਿਸਤਾਨ ਜਿਹੇ ਨੇ ।
ਪਿੰਜਰਿਆਂ ਵਿੱਚ ਵੱਸਦੇ ਵੱਸਦੇ
ਪਿੰਜਰਿਆਂ ਵਿੱਚ ਵੱਸਦੇ ਵੱਸਦੇ, ਮਰ ਚੱਲੀ ਪਰਵਾਜ਼ ਦੋਸਤੋ । ਭੁੱਲ ਗਿਆ ਹਾਂ ਸ਼ਿਕਵਾ ਕਰਨਾ, ਮਰ ਚੱਲੀ ਆਵਾਜ਼ ਦੋਸਤੋ । ਛਣਕ ਰਹੀ ਜੋ ਪੈਰੀਂ ਝਾਂਜਰ, ਗਲ਼ ਵਿੱਚ ਗਾਨੀ ਸਾਹ ਨੂੰ ਘੁੱਟਦੀ, ਏਸ ਤਰ੍ਹਾਂ ਹੀ ਰੂਹ ਮਰ ਚੱਲੀ, ਇਹ ਉਸ ਦਾ ਆਗਾਜ਼ ਦੋਸਤੋ । ਆਪਾ ਧਾਪੀ, ਢੋਲ ਢਮੱਕੇ, ਖਿਲਰੀ ਤਾਸ਼ ਬਵੰਜਾ ਪੱਤੇ, ਸੁਰ ਵਿੱਚ ਕੌਣ ਕਰੇ ਹੁਣ ਏਥੇ, ਬੇਸੁਰਿਆਂ ਦੇ ਸਾਜ਼ ਦੋਸਤੋ ? ਮੇਰੇ ਅੰਦਰ ਤਲਖ਼ ਸਮੁੰਦਰ, ਖ਼ਲਬਲੀਆਂ ਨੇ ਕਣ ਕਣ ਅੰਦਰ, ਸਮਝ ਪਵੇ ਨਾ ਭਟਕਣ ਵਾਲਾ, ਇਹ ਕੈਸਾ ਅੰਦਾਜ਼ ਦੋਸਤੋ । ਮੀਸਣੀਆਂ ਮੁਸਕਾਨਾਂ ਓਹਲੇ, ਹੋਰ ਬੜਾ ਕੁਝ ਛੁਪਿਆ ਰਹਿੰਦੈ, ਜਾਣ ਗਿਆ ਹਾਂ ਮੈਂ ਵੀ ਹੁਣ ਤਾਂ, ਡੂੰਘੀ ਚੁੱਪ ਦਾ ਰਾਜ਼ ਦੋਸਤੋ । ਮੈਥੋਂ ਵੱਧ ਡਰਾਕਲ ਕਿਹੜਾ, ਲੋਕ-ਦਿਖਾਵੇ ਬਣਾਂ ਸੂਰਮਾ, ਮੈਂ ਤਾਂ ਉਸ ਤੋਂ ਵੀ ਹਾਂ ਲੁਕਦਾ, ਜੋ ਮੇਰਾ ਹਮਰਾਜ਼ ਦੋਸਤੋ । ਮੈਂ ਚੱਲਿਆ ਹਾਂ ਸੂਰਜ ਤੀਕਰ, ਮੇਰੇ ਖੰਭੀਂ ਸਿਦਕ ਸਮਰਪਣ, ਇਹ ਸਾਰਾ ਕੁਝ ਬਹੁਤ ਜ਼ਰੂਰੀ, ਆਖੇ ਉੱਡਦਾ ਬਾਜ਼ ਦੋਸਤੋ ।
ਧਰਮ ਦਾਸ ਜੀ, ਧਰਮ ਨਾਲ ਜੀ
ਧਰਮ ਦਾਸ ਜੀ, ਧਰਮ ਨਾਲ ਜੀ, ਦੱਸਿਓ ਇਹ ਗੱਲਾਂ ਕਿਉਂ ਤੁਰੀਆਂ । ਬਚ ਕੇ ਰਹਿਣਾ ਉਨ੍ਹਾਂ ਤੋਂ ਜਿਸ, ਮੂੰਹ ਵਿਚ ਰਾਮ ਬਗਲ ਵਿਚ ਛੁਰੀਆਂ । ਬੁਰਕੇ ਵਾਲੀ, ਚੁੰਨੀ ਵਾਲੀ ਨੂੰ ਕੁਝ ਏਦਾਂ ਆਖ ਰਹੀ ਸੀ, ਕਾਹਦਾ ਧਰਮ ਜੋ ਬੱਚੜੇ ਖਾਵੇ, ਏਨਾ ਕਹਿ ਕੇ, ਦੋਵੇਂ ਝੂਰੀਆਂ । ਚੋਰ ਤੇ ਕੁੱਤੀ ਰਲ਼ ਗਏ ਦੋਵੇਂ, ਘਰ ਕੁੱਲੇ ਦੀ ਖ਼ੈਰ ਨਹੀਂ ਹੈ, ਸੋਅ ਚੰਗੀ ਨਾ ਆਵੇ ਕਿਤਿਓਂ, ਚੜ੍ਹ ਚੜ੍ਹ ਆਵਣ ਖ਼ਬਰਾਂ ਬੁਰੀਆਂ । ਧਰਮ-ਕਰਮ ਖੰਭ ਲਾ ਕੇ ਉੱਡਿਆ, ਕਿੱਥੇ ਜਾਂ ਫ਼ਰਿਆਦ ਕਰਾ ਮੈਂ, ਅਦਲ, ਕਚਹਿਰੀ, ਮੁਨਸਿਫ਼, ਕਾਜ਼ੀ, ਆਸ ਉਮੀਦਾਂ ਕੰਧਾਂ ਭੁਰੀਆਂ । ਸਾਜ਼ਾਂ ਨਾਲ ਆਵਾਜ਼ ਨਾ ਮਿਲਦੀ, ਅਜਬ ਰਾਗ ਦਰਬਾਰੀ ਸੁਣੀਏ, ਧੜਕਣ ਤੇਜ਼ ਧੜਕਦੀ, ਹੋਈਆਂ ਨਬਜ਼ਾਂ ਵੀ, ਸੁਰ ਤੋਂ ਬੇਸੁਰੀਆਂ । ਸਾਂਝੀ ਕੰਧ ਸੀ ਬਾਬੇ ਵੇਲੇ, ਧਰਮਸਾਲ ਦੇ ਨਾਲ ਸੀ ਤਕੀਆ, ਬੇ-ਵਿਸ਼ਵਾਸੀ ਦਾ ਹੜ੍ਹ ਚੜ੍ਹਿਆ, ਵਿਸ਼ਵਾਸਾਂ ਦੀਆਂ ਨੀਹਾਂ ਖ਼ੁਰੀਆਂ । ਲੋਕਾਂ ਦੇ ਵਿੱਚ ਵੰਡੀਆਂ ਪਾਉ, ਜੋ ਮਨ ਚਾਹੋ, ਹੁਕਮ ਚਲਾਉ, ਰੂਹ ਨੂੰ ਕਾਂਬਾ ਲਾ ਕੇ ਲੁੱਟਣਾ, ਇਹ ਗੱਲਾਂ ਦੱਸ ਕਿੱਥੋਂ ਫੁਰੀਆਂ ।
ਤਨ-ਮਨ ਕਵਿਤਾ ਹੋਇਆ
ਤਨ-ਮਨ ਮੇਰਾ ਕਵਿਤਾ ਹੋਇਆ, ਪਿਘਲ ਗਿਆ ਸਾਰੇ ਦਾ ਸਾਰਾ । ਵਕਤ -ਵੇਲਣੇ ਵਿੱਚੋਂ ਲੰਘ ਕੇ, ਵਹੇ ਨਿਰੰਤਰ ਸਿਰਜਣਹਾਰਾ । ਏਸ ਜਨਮ ਦੇ ਹਰ ਇੱਕ ਪਲ ਨੂੰ, ਖ਼ਰਚਿਆ ਆਪਾਂ ਸ਼ਬਦਾਂ ਖ਼ਾਤਰ, ਇਸ ਧਰਤੀ ਦੀ ਕਹਿਣ ਵਾਰਤਾ, ਕਿਹੜਾ ਆਉਣਾ ਫੇਰ ਦੁਬਾਰਾ । ਸੀਸ ਤਲੀ ’ਤੇ ਧਰਨ ਸਮੇਂ ਦੀ, ਇਹ ਗੱਲ ਸਾਨੂੰ ਹੁਣ ਵੀ ਚੇਤੇ, ਚਰਖ਼ੜੀਆਂ ਦੇ ਕੋਸ- ਮੀਨਾਰ ਨੇ, ਪੈਰ ਪੈਰ ’ਤੇ ਚੱਲਦਾ ਆਰਾ । ਕਦਮ ਅਡੋਲ, ਸਿਦਕ ਤੇ ਨਿਸ਼ਚਾ, ਮੰਜ਼ਲ ਤੀਕ ਪੁਚਾਵੇ ਸਾਨੂੰ, ਚੜ੍ਹਨ ਲਾਲੀਆਂ ਵਿਚ ਮੈਦਾਨੇ, ਤੱਕ ਫ਼ੌਜਾਂ ਦਾ ਲਸ਼ਕਰ ਭਾਰਾ । ਬੰਦੇ ਜਿਉਂ ਪੈਟਰੋਲ ਟੈਂਕੀਆਂ, ਤੁਰੀ ਫਿਰੇ ਜਿਉਂ ਸੱਤ ਇਕਵੰਜਾ, ਇੱਕ ਨਾ ਬੂੰਦ ਸਲਾਮਤ ਮਿੱਠੀ, ਸਗਲ ਸਮੁੰਦਰ ਕੌੜਾ ਖ਼ਾਰਾ । ਬੰਦਾ ਹੈ ਬੰਦੇ ਦਾ ਦਾਰੂ, ਲੁਕਦਾ ਹੈ ਕਿਉਂ ਆਪਣਿਆਂ ਤੋਂ, ਦੇਖ ਕਰੋਨਾ ਵਾਇਰਸ ਅੱਗੇ, ਬਣਿਆ ਕਿਵੇਂ ਗਲੋਬ ਵਿਚਾਰਾ । ਸਰਮਾਏ ਦੀ ਦੌੜ ਦੌੜਦੇ, ਪਿੱਛਾ ਚੌੜ ਕਰਾ ਕੇ ਬਹਿ ਗਏ, ਨਹੀਂ ਪੜ੍ਹਿਆ ਦੀਵਾਰ ਤੋਂ ਵੀਰੋ, ਸਹਿਜ ਤੋਰ ਦਾ ਸਬਕ ਪਿਆਰਾ ।
ਬਿਨ ਮਿਲਿਆਂ ਵੀ ਇਸ਼ਕ ਨਿਰੰਤਰ
ਬਿਨ ਮਿਲਿਆਂ ਵੀ ਇਸ਼ਕ ਨਿਰੰਤਰ ਹੋ ਸਕਦਾ ਹੈ । ਇੱਕ ਅੱਥਰੂ ਵੀ ਦਰਦ-ਸਮੁੰਦਰ ਹੋ ਸਕਦਾ ਹੈ । ਤੂੰ ਇਹ ਜ਼ਿੰਦਗੀ ਦੌਲਤ ਵਾਂਗੂੰ ਸਮਝ ਲਿਆ ਕਰ, ਗਿਣਤੀ ਮਿਣਤੀ ਵਾਧਾ ਘਾਟਾ ਹੋ ਸਕਦਾ ਹੈ । ਜ਼ਖ਼ਮ ਦਿਲਾਂ ਦੇ ਅੰਦਰ ਵੱਲ ਨੂੰ ਜਾਣ ਨਾ ਦੇਵੀਂ, ਏਸ ਤਰ੍ਹਾਂ ਇਹ ਦਰਿਆ ਪੱਥਰ ਹੋ ਸਕਦਾ ਹੈ । ਮਰ ਕੇ ਆਪੇ ਸਿਵਿਆਂ ਅੰਦਰ ਸੜਨਾ ਪੈਂਦਾ, ਏਸ ਚਿਖ਼ਾ ਵਿੱਚ ਦੂਜਾ ਕਿੱਦਾਂ ਹੋ ਸਕਦਾ ਹੈ । ਮਾਂ, ਮਹਿਬੂਬਾ, ਭੈਣ ਤੇ ਪਤਨੀ, ਰੂਹ ਦੇ ਰਿਸ਼ਤੇ, ਖ਼ੁਸ਼ਬੋਈ ਦਾ ਨਾਮ ਕੋਈ ਵੀ ਹੋ ਸਕਦਾ ਹੈ । ਤੂੰ ਮੇਰੇ ਧੁਰ ਅੰਦਰ ਵੀ ਤੇ ਬਾਹਰ ਵੀ ਹੈਂ, ਤੁਧ ਬਿਨ ਮੇਰਾ ਕੌਣ ਸਹਾਰਾ ਹੋ ਸਕਦਾ ਹੈ । ਧੀ ਤਿਤਲੀ, ਖੁਸ਼ਬੋਈ, ਹੱਥਾਂ ਦੇ ਵਿੱਚ ਤੜਫ਼ੇ, ਇਲਮ ਨਹੀਂ ਸੀ, ਵਕਤ ਵੀ ਜ਼ਾਲਮ ਹੋ ਸਕਦਾ ਹੈ ।
ਸਮਝਿਆ ਤੂੰ ਦੋਸਤੀ ਨੂੰ
ਸਮਝਿਆ ਤੂੰ ਦੋਸਤੀ ਨੂੰ, ਕਿਉਂ ਸਦਾ ਹੀ ਭਾਰ ਵਾਂਗ । ਮੈਂ ਤਾਂ ਤੈਨੂੰ ਸਿਰ ਸਜਾਇਆ, ਹੈ ਸਦਾ ਦਸਤਾਰ ਵਾਂਗ । ਮੈਂ ਹਮੇਸ਼ਾ ਢਾਲ਼ ਬਣ ਕੇ, ਨਾਲ ਨਿਭਿਆਂ ਰਾਤ ਦਿਨ, ਦੱਸ ! ਤੂੰ ਮੇਰੇ ’ਤੇ ਕੀ ਕੀਤਾ, ਵਾਰ ਕਿਉਂ ਤਲਵਾਰ ਵਾਂਗ । ਰਿਸ਼ਤਿਆਂ ਦੀ ਉਮਰ ਤਾਂ ਹੁੰਦੀ ਹੈ ਪੋਥੀ ਦੇ ਸਮਾਨ, ਮੈਂ ਕਿਉਂ ਰੱਦੀ 'ਚ ਜਾਵਾਂ, ਸ਼ਾਮ ਨੂੰ ਅਖ਼ਬਾਰ ਵਾਂਗ । ਬੋਝ ਤਾਂ ਬਣਨਾ ਨਹੀਂ ਮੈਂ, ਮਹਿਕ ਹਾਂ, ਮੈਂ ਰੰਗ ਹਾਂ, ਵਹਿਮ ਸੀ ਮੇਰਾ ਜੋ ਤੈਨੂੰ, ਸਮਝਿਆ ਸੀ ਯਾਰ ਵਾਂਗ । ਬਹੁਤ ਮਿਲ ਜਾਣੇ ਨੇ ਤੈਨੂੰ, ਗੋਲੇ, ਬੇਗਮ, ਬਾਦਸ਼ਾਹ, ਤਾਸ਼ ਦੇ ਪੱਤੇ ਬਥੇਰੇ, ਹਰ ਜਗ੍ਹਾ ਦਰਬਾਰ ਵਾਂਗ । ਚੋਗ ਦਾ ਲਾਲਚ ਨਾ ਕੋਈ, ਸ਼ੌਕ ਹੈ ਪਰਵਾਜ਼, ਬੱਸ, ਧਰਤ ਅੰਬਰ ਮੇਰੀ ਧਿਰ ਹੈ, ਪੰਛੀਆਂ ਦੀ ਡਾਰ ਵਾਂਗ । ਵਕਤ ਕੋਲੋਂ ਮਲ੍ਹਮ ਲੈ ਕੇ, ਜ਼ਖ਼ਮ ਤਾਂ ਭਰ ਜਾਣਗੇ, ਦਰਦ ਬੋਲੇਗਾ ਹਮੇਸ਼ਾਂ, ਪੀੜ ਦੀ ਗੁਫ਼ਤਾਰ ਵਾਂਗ ।
ਜ਼ਿੰਦਗੀ ਦੇ ਸਾਜ਼ ਨੂੰ, ਸੁਰ ਕਰਦਿਆਂ
ਜ਼ਿੰਦਗੀ ਦੇ ਸਾਜ਼ ਨੂੰ, ਸੁਰ ਕਰਦਿਆਂ ਗੁਜ਼ਰੀ ਏ ਰਾਤ । ਹਾਏ! ਤੇਰੀ ਜ਼ੁਲਫ਼ ਨੂੰ ਸਰ ਕਰਦਿਆਂ ਗੁਜ਼ਰੀ ਏ ਰਾਤ । ਅਗਨ ਦਾ ਬਿਸਤਰ ਵਿਛੌਣਾ, ਬਣ ਗਿਆ ਤੂੰ ਵੇਖਦੀ, ਪਰਤਦਾ ਪਾਸੇ ਰਿਹਾ, ਇਉਂ ਮਰਦਿਆਂ ਗੁਜ਼ਰੀ ਏ ਰਾਤ । ਹੋਂਠ ਤਾਂ ਸੁੱਚੇ ਸੀ ਮੇਰੇ, ਤੇਰੀ ਰੂਹ ਦੀ ਪਿਆਸ ਵਾਂਗ, ਫੇਰ ਕਿਸ ਤੋਂ ਇਹ ਭਲਾ, ਕਿਉਂ ਡਰਦਿਆਂ ਗੁਜ਼ਰੀ ਏ ਰਾਤ । ਧਰਮ ਤੇ ਇਖਲਾਕ ਦੇ ਸ਼ੀਸ਼ੇ 'ਚ ਕੋਈ ਹੋਰ ਸੀ, ਆਪਣੇ ਹੱਥੋਂ ਹੀ ਚਾਬਕ ਜਰਦਿਆਂ ਗੁਜ਼ਰੀ ਏ ਰਾਤ । ਭਰਮ ਸੀ ਮਿੱਠਾ ਜਿਹਾ ਜਾਂ ਸੀ ਹਕੀਕਤ ਖ਼ਬਰ ਨਹੀਂ, ਚਾਨਣੀ ਦੀ ਰਿਸ਼ਮ ਨੂੰ ਹੀ ਵਰਦਿਆਂ ਗੁਜ਼ਰੀ ਏ ਰਾਤ । ਮੈਂ ਤੇਰੇ ਵਾਲਾਂ 'ਚ ਗੁੰਦਾਂ, ਤਾਰਿਆਂ ਦੀ ਕਹਿਕਸ਼ਾਂ, ਇਸ ਤਰ੍ਹਾਂ ਦੇ ਖ਼ਵਾਬ, ਪੂਰੇ ਕਰਦਿਆਂ ਗੁਜ਼ਰੀ ਏ ਰਾਤ ।
ਚੱਲ ਨੀ ਭੈਣੇ ਆਪਾਂ ਰਲ਼ ਕੇ
ਚੱਲ ਨੀ ਭੈਣੇ ਆਪਾਂ ਰਲ਼ ਕੇ, ਵੀਰਾਂ ਦੇ ਸੰਗ ਕਦਮ ਵਧਾਈਏ । ਘਰ ਦੀ ਚਾਰ-ਦੀਵਾਰੀ ਅੰਦਰ, ਘਿਰ ਕੇ ਨਾ ਪਿੱਛੇ ਰਹਿ ਜਾਈਏ । ਧਰਤੀ ਤੋਂ ਲੈ ਚੰਦਰਮਾ ਤੱਕ, ਕਿਹੜੀ ਥਾਂ ਜੋ ਸਾਥੋਂ ਓਹਲੇ, ਹਰ ਵਰਕੇ ’ਤੇ ਲੀਕਾਂ ਵਾਹੀਏ, ਹਰ ਖੇਤਰ ਵਿੱਚ ਸੇਵ ਕਮਾਈਏ । ਧਰਤੀ ਵਾਂਗਰ ਧੀ ਵੀ ਧਨ ਹੈ, ਬਾਬਲ ਧਰਮੀ ਨੂੰ ਇਹ ਦੱਸੀਏ, ਦਾਦੀ ਨਾਨੀ ਮਾਂ ਮਮਤਾ ਨੂੰ, ਅਣਪੜ੍ਹਿਆ ਜੋ ਸਬਕ ਪੜ੍ਹਾਈਏ । ਨਾ ਅਰਧਾਂਗਣ, ਨਾ ਹਾਂ ਅਬਲਾ, ਪੂਰੀ ਹਸਤੀ ਲੈ ਕੇ ਜੰਮੀ, ਆਪੇ ਜੱਗ ਇਹ ਸਮਝ ਲਵੇਗਾ, ਪਹਿਲਾਂ ਤਾਂ ਖ਼ੁਦ ਨੂੰ ਸਮਝਾਈਏ । ਗੀਤ ਗ਼ਜ਼ਲ ਕਵਿਤਾਵਾਂ ਜਹੀਆਂ, ਧੀਆਂ ਇਸ ਤੋਂ ਹੋਰ ਅਗੇਰੇ, ਜ਼ਿੰਦਗੀ ਦੇ ਮੈਦਾਨ 'ਚ ਵੀ ਹੁਣ, ਰਣ ਚੰਡੀ ਦਾ ਰੂਪ ਵਿਖਾਈਏ । ਜ਼ਿੰਦਗੀ ਦੀ ਸ਼ਤਰੰਜ ਦੇ ਮੋਹਰੇ, ਆਪਾਂ ਦੋਹਾਂ ਨੇ ਨਹੀਂ ਬਣਨਾ, ਸੱਜੇ ਖੱਬੇ ਹੱਥ ਦੇ ਵਾਂਗੂੰ, ਇਕ ਦੂਜੇ ਦਾ ਸਾਥ ਨਿਭਾਈਏ । ਸਦੀਆਂ ਸਿਦਕ, ਸਲੀਕਾ, ਸੇਵਾ, ਸ਼ੁਭ ਕਰਮਨ ਦਾ ਬੀਜ ਸਾਂਭਿਆ, ਆ ਜਾ ਆਪਣੇ ਹੱਥੀਂ ਆਪੇ, ਵਿੱਚ ਸਿਆੜਾਂ ਇਹ ਸਭ ਲਾਈਏ ।
ਮੌਸਮ ਦੇ ਪੈਰਾਂ ਵਿੱਚ ਝਾਂਜਰ
ਮੌਸਮ ਦੇ ਪੈਰਾਂ ਵਿੱਚ ਝਾਂਜਰ, ਫ਼ੁੱਲਾਂ ਨੇ ਛਣਕਾਈ ਫੇਰ । ਦਿਨ ਚੜ੍ਹਦੇ ਹੀ ਅਮਲਤਾਸ ਦੇ, ਅੰਗ ਸੰਗ ਵੇਖੋ ਛਣਛਣ ਢੇਰ । ਟਾਹਣੀਆਂ ਉੱਤੇ ਬੈਠੇ ਰੱਬ ਦੇ, ਪੀਲੇ, ਲਾਲ, ਗੁਲਾਬੀ ਵੇਸ, ਵੰਨ ਸੁਵੰਨੇ ਜੰਤ ਪਰਿੰਦੇ, ਟਹਿਕਣ ਚਹਿਕਣ ਚਾਰ ਚੁਫ਼ੇਰ । ਬਲਿਹਾਰੀ ਦਾ ਅਤਾ-ਪਤਾ ਸਭ, ਲਿਖਿਆ ਬਾਬੇ ਕੁਦਰਤ ਹੈ, ਨੀਂਦ ਖੁਮਾਰੀ ਦੇ ਵਿੱਚ ਸਾਨੂੰ, ਦਿਸਦੀ ਹੀ ਨਾ ਸੁਰਖ਼ ਸਵੇਰ । ਘੁੱਗੀ ਕਹੇ ਸੁਭਾਨ ਦੀ ਕੁਦਰਤ, ਜਾਗ ਮੁਸਾਫ਼ਰ ਨੀਂਦਰ 'ਚੋਂ, ਆਲ੍ਹਣਿਆਂ ਵਿਚ ਜਾਗੇ ਪੰਛੀ, ਤੈਨੂੰ ਢਾਹੇ ਨੀਂਦਰ ਫੇਰ । ਪੱਤਿਆਂ ਦੇ ਸੁਰ ਸਾਜ਼ ਸੁਣਾਂ ਤਾਂ, ਰੂਹ ਅੰਦਰ ਕੁਝ ਤੁਰਦਾ ਹੈ, ਵੱਤਰ ਮਨ ਦੀ ਮਿੱਟੀ ਅੰਦਰ, ਕੌਣ ਰਿਹਾ ਏ ਸੁਪਨੇ ਕੇਰ! ਸਭਨਾਂ ਖ਼ਾਤਰ ਇੱਕੋ ਧਰਤੀ, ਸੂਰਜ ਟਿੱਕਾ ਅੰਬਰ ਵਿਚ, ਟੁਕੜੇ ਟੁਕੜੇ ਹੋ ਕੇ ਵੀ ਨਾ, ਬੰਦਿਆ ਛੱਡੇਂ ਤੇਰ ਤੇ ਮੇਰ । ਸਾਵਧਾਨ! ਸੁਲਤਾਨੀ ਵਾਇਰਸ, ਸਬਕ ਦਏ ਜੋ, ਪੜ੍ਹਿਓ ਨਾ, ਇਸ ਦੀ ਇੱਛਿਆ, ਸਾਡੇ ਮਨ 'ਚੋਂ, ਮੁੱਕੇ ਹੀ ਨਾ ਸਹਿਮ ਹਨ੍ਹੇਰ ।
ਜੇਕਰ ਟੁਕੜੇ ਹੁੰਦਾ ਸੂਰਜ
ਜੇਕਰ ਟੁਕੜੇ ਹੁੰਦਾ ਸੂਰਜ, ਧਰਤੀ ’ਤੇ ਪਰਭਾਤ ਨਾ ਹੁੰਦੀ । ਨਾ ਖਿੜਦੇ ਫੁੱਲ, ਰਸਦੇ ਨਾ ਫ਼ਲ, ਰੌਣਕ, ਤਵਾ-ਪਰਾਤ ਨਾ ਹੁੰਦੀ । ਮਾਣ ਅਤੇ ਮਰਯਾਦਾ ਸਾਂਭਣ, ਕਰਜ਼ ਉਤਾਰਨ ਸਰਬ ਸਮੇਂ ਦਾ, ਧਰਮ, ਗੋਤਾਂ ਵਿਚ ਨਾ ਵੰਡੋ, ਸੂਰਮਿਆਂ ਦੀ ਜ਼ਾਤ ਨਾ ਹੁੰਦੀ । ਸ਼ਾਸਤਰਾਂ ਤੇ ਸ਼ਸਤਰ ਦੇ ਸਮਤੋਲ ਸਿਰਜਿਆ ਮੇਰਾ ਵਿਰਸਾ, ਸੀਸ ਤਲੀ ਧਰ, ਯਾਰ ਗਲੀ ਵੱਲ, ਜਾਣਾ ਸੌਖੀ ਬਾਤ ਨਾ ਹੁੰਦੀ । ਭਲਾ ਕਹੋ ਜਾਂ ਬੁਰਾ ਮਨਾਉ, ਪੋਥੀਆਂ ਨਾਲੋਂ ਜੇ ਨਾ ਟੁੱਟਦੇ, ਸੁਣੀ ਸੁਣਾਈ ਮੰਨਦੇ ਜੇ ਨਾ, ਏਨੀ ਲੰਮੀ ਰਾਤ ਨਾ ਹੁੰਦੀ । ਧਰਮਾਂ ਵਾਲੇ ਅਸਲੀ ਵਸਤੂ, ਵੰਡਦੇ ਜੇਕਰ ਕਿਣਕਾ ਸਾਨੂੰ, ਸਾਡੇ ਸੁਪਨੇ ਚਰ ਜਾਂਦਾ ਇਹ, ’ਨ੍ਹੇਰੇ ਦੀ ਔਕਾਤ ਨਾ ਹੁੰਦੀ । ਕਹਿਣਾ ਸੌਖਾ, ਕਰਨਾ ਔਖਾ, ਫਾਂਸੀ ਚੁੰਮਣਾ ਤੇ ਮੁਸਕਾਉਣਾ, ਮਿਲੇ ਸ਼ਹਾਦਤ ਨਾ ਬਿਨ ਮੰਗੇ, ਇਹ ਕੋਈ ਖ਼ੈਰਾਤ ਨਾ ਹੁੰਦੀ । ਮੈਨੂੰ ਆਪ ਸਮੁੰਦਰ ਦੱਸਿਆ, ਜਦ ਮੈਂ ਤਪਦਾਂ ਜਲ-ਕਣ ਉੱਡਦੇ, ਇਹ ਹੌਕੇ ਹੀ ਬੱਦਲ ਬਣਦੇ, ਗੱਲੀਂ ਤਾਂ ਬਰਸਾਤ ਨਾ ਹੁੰਦੀ?
ਵੱਖੋ-ਵੱਖਰੀ ਜੜ੍ਹ ਹੈ ਭਾਵੇਂ
ਵੱਖੋ-ਵੱਖਰੀ ਜੜ੍ਹ ਹੈ ਭਾਵੇਂ, ਇਕ ਮਿੱਟੀ ਦੇ ਜਾਏ ਹਾਂ । ਕਿਹੜਾ ਦੱਸ ਨਿਖੇੜੂ ਸਾਨੂੰ, ਸਦੀਆਂ ਤੋਂ ਹਮਸਾਏ ਹਾਂ । ਇੱਕ ਦੂਜੇ ਦੀ ਗੱਲਵੱਕੜੀ ਵਿੱਚ, ਕਿੰਨਾ ਕੁਝ ਹੈ ਦੱਸੀਏ ਕੀ, 'ਕੱਲੇ 'ਕੱਲੇ ਮਰ ਨਾ ਜਾਇਓ, ਇਹ ਹੀ ਦੱਸਣ ਆਏ ਹਾਂ । ਮਾਂ ਧਰਤੀ ਦੇ ਅੰਗ-ਸੰਗ ਰਹਿਣੈਂ, ਹਰ ਮੌਸਮ ਵਿੱਚ ਨਿਭਣਾ ਹੈ, ਬੀਜ ਨਾਲ ਇਹ ਪੱਕਾ ਕਾਗਤ, ਧੁਰੋਂ ਲਿਖਾ ਕੇ ਲਿਆਏ ਹਾਂ । ਪੱਤ ਹਰਿਆਲੇ ਜਦ ਝੜ ਜਾਂਦੇ, ਨਾ ਡਰਦੇ ਨਾ ਕੰਬਦੇ ਜੀ, ਸਾਡੇ ਵੀ ਤਾਂ ਦੁਸ਼ਮਣ ਚੋਖੇ, ਕਦੇ ਵੀ ਨਾ ਘਬਰਾਏ ਹਾਂ । ਪੱਤਝੜ ਮਗਰੋਂ ਫੇਰ ਫੁਟਾਰਾ, ਹਰ ਟਾਹਣੀ ਤੋਂ ਗੀਤ ਸੁਣੋ, ਅੰਤਰ-ਧਿਆਨ ਕਰੋ ਤੇ ਸੁਣ ਲਓ, ਅਨਹਦ ਰਾਗ ਲਿਆਏ ਹਾਂ । ਸਬਰ, ਸਮਰਪਣ, ਸਿਦਕੀ ਸੇਵਾ, ਸਾਡੇ ਸੰਗੀਓ ਸਿੱਖ ਲਵੋ, ਧੁੱਪਾਂ ਸਹੀਏ, ਵੰਡੀਏ ਛਾਵਾਂ, ਕਦੇ ਨਹੀਂ ਪਛਤਾਏ ਹਾਂ । ਪੱਤ-ਪਤਰਾਲ ਨੇ ਭਾਵੇਂ ਖਹਿੰਦੇ, ਸਾਨੂੰ ਕੁਝ ਨਾ ਕਹਿ ਸਕਦੇ, ਸਾਡੇ ਵਿਚ ਏਕਾ ਹੈ ਤਾਹੀਉਂ, ਇਕ ਸਾਹ ਹੋ ਲਹਿਰਾਏ ਹਾਂ ।
ਕੀ ਆਖਾਂ ਹੁਣ ਇਸ ਤੋਂ ਵੱਧ ਮੈਂ
ਕੀ ਆਖਾਂ ਹੁਣ ਇਸ ਤੋਂ ਵੱਧ ਮੈਂ, ਦਰਦ ਸੁਣਾ ਕੇ ਦਿਲ ਨਹੀਂ ਭਰਿਆ । ਅਚਨਚੇਤ ਕਿਉਂ ਚੁੱਪ ਧਾਰੀ ਤੂੰ, ਦੱਸ ਕੀ ਅਜਬ ਸਿਤਮ ਹੈ ਕਰਿਆ । ਤੁਰਦੇ-ਤੁਰਦੇ ਤੁਰੇ ਜਾਂਦਿਆਂ, ਅੱਗੇ ਜਿਉਂ ਧਰਤੀ ਮੁੱਕ ਜਾਵੇ, ਤੇਰੀ ਅੱਖ ਵਿੱਚ ਤੱਕਿਆ ਅੱਥਰੂ, ਲੱਗਦੈ ਖ਼ਾਰਾ ਸਾਗਰ ਤਰਿਆ । ਅੰਬਰ ਵਿਚ ਉਡਾਰੀ ਭਰਦਾਂ, ਜਾਂ ਤਰਦਾ ਹਾਂ ਤਲਖ਼ ਸਮੁੰਦਰ, ਮੇਰੇ ਵਿਚ ਨਿਰੰਤਰ ਵਹਿੰਦਾ, ਹਿੰਮਤ ਦਾ ਇੱਕ ਅੱਥਰਾ ਦਰਿਆ । ਸੋਨੇ ਦੀ ਲੰਕਾ ਵਿਚ ਬੈਠਾ, ਅੱਜ ਵੀ ਹੁਕਮ ਹਕੂਮਤ ਕਰਦਾ, ਹੇ ਭਗਵਾਨ ਜੀ, ਸਦੀਆਂ ਮਗਰੋਂ, ਸਾਥੋਂ ਇੱਕ ਰਾਵਣ ਨਹੀਂ ਮਰਿਆ । ਕਈ ਵਾਰੀ ਤਾਂ ਏਦਾਂ ਲੱਗਦਾ, ਤੂੰ ਚੰਨ ਟੋਟਾ ਬੱਦਲਾਂ ਓਹਲੇ, ਸੱਚ ਪੁੱਛੇਂ, ਇਹ ਕਹਿਰ ਮੇਰੇ ਤੋਂ, ਇੱਕ ਪਲ ਵੀ ਨਾ ਜਾਵੇ ਜਰਿਆ । ਤੇਰੇ ਦਮ ’ਤੇ ਜੀਣ ਜੋਗੀਏ, ਹੁਣ ਤੀਕਰ ਹਾਂ ਸਾਬਤ ਬਚਿਆ, ਦੱਸ ਭਲਾ ਇਹ ਅਗਨ ਸਮੁੰਦਰ, ’ਕੱਲਿਆਂ ਅੱਜ ਤੱਕ ਕਿਸ ਨੇ ਤਰਿਆ । ਅਣ-ਆਖੇ ਦੀ ਸਰਲ ਵਿਆਖਿਆ, ਮੇਰੀ ਕਵਿਤਾ, ਗੀਤ, ਗਜ਼ਲ ਹੈ, ਜੇ ਨਾ ਪਾਉਂਦਾ ਵਰਕਿਆਂ ਪੱਲੇ, ਮਨ ਰਹਿਣਾ ਸੀ ਭਰਿਆ ਭਰਿਆ ।
ਤੇਰੇ ਨੈਣਾਂ ਦੇ ਵਿਚ ਸੂਰਜ
ਤੇਰੇ ਨੈਣਾਂ ਦੇ ਵਿਚ ਸੂਰਜ, ਤੂੰ ਕੀ ਕਰਨੇ ਚੰਨ ਸਿਤਾਰੇ । ਬੁੱਕਲ ਵਿੱਚ ਬ੍ਰਹਿਮੰਡ ਵਾਲੀਏ, ਦੁਨੀਆਂ ਚੱਲਦੀ ਪਿਆਰ ਸਹਾਰੇ । ਤੜਕ ਸਾਰ ਪਰਭਾਤੀ ਗਾਉਂਦਾ, ਸਾਧੂ ਗਿਰ ਤਾਂ ਦੂਰ ਤੁਰ ਗਿਆ, ਸ਼ਬਦ-ਸਦੀਵੀ, ਮਾਣਕ ਮੋਤੀ, ਜਾਂਦਾ ਜਾਂਦਾ ਦੇ ਗਿਆ ਸਾਰੇ । ਦੇਖ ਕਿਵੇਂ ਅੱਜ ਹਰ ਮੂੰਹ ਕਿੱਦਾਂ, ਲੁਕਿਆ ਫਿਰਦਾ ਚਿੱਟੇ ਚਾਨਣ, ਵਕਤ ਵਿਖਾਇਆ ਉਜਲਾ ਸ਼ੀਸ਼ਾ, ਵੇਖ ਓ ਬੰਦਿਆ ਆਪਣੇ ਕਾਰੇ । ਤੂੰ ਵੀ ਚੂਹੇ-ਦੌੜ 'ਚ ਸ਼ਾਮਲ, ਜੇਤੂ ਬਣ ਕੇ ਵੀ ਹੈਂ ਚੂਹਾ, ਸ਼ੀਸ਼ੇ ਨੇ ਖ਼ੁਦ ਦੱਸਿਆ ਮੈਨੂੰ, ਜਦ ਪੁੱਛਿਆ ਮੈਂ ਤੇਰੇ ਬਾਰੇ । ਰੇਤ-ਛਲਾਵਾ ਮਾਰੂਥਲ ਹੈ, ਇਸ ਜ਼ਿੰਦਗੀ ਦੀ ਅਸਲ ਹਕੀਕਤ, ਅੱਜ ਤੀਕਰ ਦਮ ਤੋੜ ਰਹੇ ਨੇ, ਮਿਰਗਜਲੀ ਲਈ ਮਿਰਗ ਵਿਚਾਰੇ । ਨਿਰਮਲ ਜਲ ਵਿਚ ਘੋਲ ਪਤਾਸੇ, ਪੀਂਦੇ ਸਾਰੀ ਉਮਰ ਗੁਜ਼ਾਰੀ, ਨੈਣ ਨਾ-ਸ਼ੁਕਰੇ, ਮੈਲੀ ਅੱਖ ਵਿਚ, ਹਾਲੇ ਵੀ ਖ਼ਾਰੇ ਦੇ ਖ਼ਾਰੇ । ਮਾਰ ਆਵਾਜ਼, ਮੇਰਾ ਨਾਂ ਲੈ ਕੇ, ਨੀ ਮਿੱਠੀਏ ਨੀ ਪਵਨ ਸਮੀਰੇ, ਬਖ਼ਸ਼ ਸਵਾਂਤੀ ਬੂੰਦ, ਮੇਘਲੇ, ਜਿਹੜੀ ਰੂਹ ਦੀ ਤਪਸ਼ ਨਿਵਾਰੇ ।
ਏਸ ਆਜ਼ਾਦੀ ਅੱਥਰੂ ਦਿੱਤੇ
ਏਸ ਆਜ਼ਾਦੀ ਅੱਥਰੂ ਦਿੱਤੇ, ਜਸ਼ਨ ਮਨਾ ਨਹੀਂ ਹੋਇਆ । ਅੱਖੀਆਂ ਦੀ ਮਜਬੂਰੀ, ਮੈਥੋਂ ਹੰਝ ਲੁਕਾ ਨਹੀਂ ਹੋਇਆ । ਖਾ ਗਏ ਲੱਖ ਕਰੋੜਾਂ ਰੀਝਾਂ, ਤਖ਼ਤਾਂ ਤਾਜਾਂ ਵਾਲੇ, ਸਾਥੋਂ ਇਕ ਵੀ ਹੌਕਾ ਦਿਲ ਵਿਚ, ਦਰਦ ਪਚਾ ਨਹੀਂ ਹੋਇਆ । ਆਈ ਵਿਸਾਖੀ, ਢੋਲ ਵਜਾਵੇਂ, ਚਾਹਵੇਂ ਰਲ਼ ਕੇ ਨੱਚੀਏ, ਤੇਰੇ ਨਾਲ ਕਦੇ ਵੀ ਮਨ ਦਾ ਮੋਰ ਨਚਾ ਨਹੀਂ ਹੋਇਆ । ਤੇਰੇ ਤੋਂ ਇਨਸਾਫ਼ ਮਿਲੇਗਾ, ਹੁਣ ਤਾਂ ਰੂਹ ਨਾ ਮੰਨੇ, ਧੱਕੇ ਜਰਦੇ ਜਰਦੇ ਮੈਥੋਂ, ਮਨ ਸਮਝਾ ਨਹੀਂ ਹੋਇਆ । ਲਾਰੇ ਲਾਵੇਂ, ਤੇਰੇ ’ਤੇ ਵਿਸ਼ਵਾਸ ਕਰੇ ਹੁਣ ਕਿਹੜਾ, ਤੈਥੋਂ ਵੀ ਤਾਂ ਅੱਜ ਤੱਕ ਇੱਕ ਵੀ ਬੋਲ ਪੁਗਾ ਨਹੀਂ ਹੋਇਆ । ਚਾਰ ਚੁਫ਼ੇਰੇ ਦੁਸ਼ਮਣ ਫ਼ੌਜਾਂ ਜੇ ਤੂੰ ਅੱਜ ਹੈਂ ’ਕੱਲਾ, ਤੈਥੋਂ ਵੀ ਤਾਂ ਆਪਣਾ ਟੱਬਰ, ਗਲ਼ ਨਾਲ ਲਾ ਨਹੀਂ ਹੋਇਆ । ਦੇਸ਼ ਦੀ ਖ਼ਾਤਰ ਸੂਲੀ ਚੜ੍ਹ ਗਏ, ਅੰਬਰ ਤਾਰੇ ਬਣ ਗਏ, ਸੂਰਮਿਆਂ ਦਾ ਅੱਜ ਤੱਕ ਸਾਥੋਂ ਕਰਜ਼ ਚੁਕਾ ਨਹੀਂ ਹੋਇਆ । ਪੰਝੀ ਮੀਲ ਪੁਰਾਣਿਆਂ ਤੋਂ ਵੀ ਥੋੜਾ ਪੈਂਡਾ ਭਾਵੇਂ, ਅੰਬਰਸਰੋਂ ਲਾਹੌਰ ਨੂੰ ਸਾਥੋਂ ਸਫ਼ਰ ਮੁਕਾ ਨਹੀਂ ਹੋਇਆ । ਰਾਵੀ ਦੇ ਉਰਵਾਰ ਪਾਰ ਹੜ੍ਹ ਚੜ੍ਹਿਆ ਲੋਕੀਂ ਡੁੱਬੇ, ਅਜ਼ਾਦੀ ਦਾ ਤੋਹਫ਼ਾ ਸਾਥੋਂ ਕਦੇ ਭੁਲਾ ਨਹੀਂ ਹੋਇਆ । ਮੱਥੇ ’ਤੇ ਕਾਲਖ਼ ਦਾ ਟਿੱਕਾ ਲਾ ਗਿਆ ਸੰਨ ਸੰਤਾਲੀ, ਪੌਣੀ ਸਦੀ ਗੁਜ਼ਾਰ ਕੇ ਸਾਥੋਂ ਇਹ ਵੀ ਲਾਹ ਨਹੀਂ ਹੋਇਆ ।
ਵੇਦ ਕਤੇਬ ਦੇ ਨਾਂ ’ਤੇ ਜੋ ਵੀ ਲੜਦੇ ਨੇ
ਵੇਦ ਕਤੇਬ ਦੇ ਨਾਂ ’ਤੇ ਜੋ ਵੀ ਲੜਦੇ ਨੇ । ਪਤਾ ਨਹੀਂ ਉਹ ਕਿਹੜੀ ਪੋਥੀ ਪੜ੍ਹਦੇ ਨੇ । ਪਤਾ ਨਹੀਂ ਇਹ ਕਿਸ ਮਿੱਟੀ ਦੇ ਬਣੇ ਹੋਏ, ਦਿਨ ਚੜ੍ਹਦੇ ਹੀ ਨਵੀਂ ਸ਼ਰਾਰਤ ਘੜਦੇ ਨੇ । ਮਨ ਤੋਂ ਹੂੰਝਣ ਨਫ਼ਰਤ ਜੋ ਲਿਸ਼ਕੋਰਾਂ ਨਾਲ, ਪਤਾ ਨਹੀਂ ਉਹ ਸੂਰਜ ਕਿੱਥੇ ਚੜ੍ਹਦੇ ਨੇ । ਗੁੜ੍ਹਤੀ ਵਿਚ ਮਿਲ ਜਾਵੇ ਜਿਸਨੂੰ ਸ਼ਬਦ -ਕਣੀ, ਉਹੀ ਤਾਂ ਇਨਸਾਫ਼ ਦੀ ਖ਼ਾਤਰ ਅੜਦੇ ਨੇ । ਹੱਦਾਂ ਤੇ ਸਰਹੱਦਾਂ ਬਣੀਆਂ ਗਰਜ਼ਾਂ ਲਈ, ਫ਼ਰਜ਼ਾਂ ਵਾਲੇ ਕਿਸ ਲਈ ਸੂਲੀ ਚੜ੍ਹਦੇ ਨੇ । ਸਾਰਾ ਦਿਨ ਤਾਂ ਖ੍ਵਾਬ ਭਟਕਦੇ ਥਾਂ ਪਰ ਥਾਂ, ਸ਼ਾਮ ਢਲ਼ੇ ਹੀ ਘਰ ਦੇ ਬੂਹੇ ਵੜਦੇ ਨੇ । ਸੌ ਫੁੱਲਾਂ ਦੀ ਵਾੜੀ ਵਰਗਾ ਬੇਗ਼ਮਪੁਰ, ਸੜਨ ਦਿਓ, ਜੋ ਵੇਖ ਵੇਖ ਕੇ ਸੜਦੇ ਨੇ ।
ਖ਼ੁਸ਼ਬੂ ਦਾ ਫੁੱਲ ਤੂੰ ਵਿਛੜਨਾ
ਖ਼ੁਸ਼ਬੂ ਦਾ ਫੁੱਲ ਤੂੰ ਵਿਛੜਨਾ, ਕੀ ਕਹਿਰ ਕਰ ਗਿਆ । ਖਿੜਿਆ ਗੁਲਾਬ, ਆਪਣੇ ਰੰਗਾਂ ਤੋਂ ਡਰ ਗਿਆ । ਸ਼ਬਦਾਂ ਨੂੰ ਇਮਤਿਹਾਨ ਵਿੱਚ ਪਾਇਆ ਸੀ ਵਕਤ ਨੇ, ਸਿਦਕਾਂ ਦੀ ਪਰਖ ਵਾਸਤੇ, ਤਵੀਆਂ ’ਤੇ ਧਰ ਗਿਆ । ਹੰਝੂ ਦਾ ਅੱਖ 'ਚ ਠਹਿਰਨਾ, ਆਉਣਾ ਨਾ ਬਾਹਰ ਨੂੰ, ਧੜਕਣ ਨੂੰ ਏਹੀ ਹਾਦਸਾ, ਪੱਥਰ ਹੈ ਕਰ ਗਿਆ । ਆਇਆ ਤੂਫ਼ਾਨ, ਆਣ ਕੇ, ਰੁਕਿਆ ਨਾ ਅਟਕਿਆ, ਬਸਤੀ ਉਜਾੜ ਤੁਰ ਗਿਆ, ਖੰਡਰ ਹੈ ਕਰ ਗਿਆ । ਕਿੱਥੇ ਬਿਰਾਜਮਾਨ ਹੈਂ ਤੂੰ, ਦਿਲ ਦੇ ਮਹਿਰਮਾ, ਦੇ ਜਾ ਉਧਾਰਾ ਜ਼ਖਮ ਇੱਕ, ਪਹਿਲਾ ਤਾਂ ਭਰ ਗਿਆ । ਗ਼ਰਜ਼ਾਂ ਦੇ ਡੂੰਘੇ ਸਾਗਰੀਂ, ਮੈਂ ਤੈਰਦਾ ਨਹੀਂ, ਜਿਹੜਾ ਵੀ ਲਾਸ਼ ਬਣ ਗਿਆ, ਉਹੀ ਏ ਤਰ ਗਿਆ । ਤੇਰੀ ਰਜ਼ਾ ਕਮਾਲ ਹੈ, ਬੇ-ਰਹਿਮ ਐ ਖ਼ੁਦਾ, ਬਾਗਾਂ 'ਚੋਂ ਫੁੱਲ ਤੋੜ ਕੇ, ਸਿਵਿਆਂ 'ਚ ਕਰ ਗਿਆ ।
ਖ਼ੂਨ ਜਿਗਰ ਦਾ ਪਾਉਣਾ ਪੈਂਦਾ
ਖ਼ੂਨ ਜਿਗਰ ਦਾ ਪਾਉਣਾ ਪੈਂਦਾ, ਸ਼ਬਦ ਸਦਾ ਕੁਰਬਾਨੀ ਮੰਗਦੇ । ਜੇ ਬੋਲੇ ਤਾਂ ਜਾਨ ਨੂੰ ਖ਼ਤਰਾ, ਨਾ ਬੋਲੇ ਤਾਂ ਸੂਲੀ ਟੰਗਦੇ । ਹਰ ਪਲ ਜੀਕੂੰ ਇਮਤਿਹਾਨ ਹੈ, ਰਹਿਣਾ ਪੈਂਦੈ ਲੱਤ ਇੱਕੋ ’ਤੇ, ਚੌਂਕੀਦਾਰ ਤੋਂ ਸਖ਼ਤ ਨੌਕਰੀ, ਫ਼ਿਕਰ ਚੁਫ਼ੇਰਿਉਂ ਰਹਿੰਦੇ ਡੰਗਦੇ । ਖਿੱਲਰੇ ਪੁੱਲਰੇ ਸੁਪਨ ਹਜ਼ਾਰਾਂ, ਸ਼ਬਦਾਂ ਨੂੰ ਮੈਂ ਰਹਾਂ ਸੌਂਪਦਾ, ਦਿਨ ਤੇ ਰਾਤ ਮੈਂ ਚੁਗਦਾ ਰਹਿੰਦਾਂ ਖਿੱਲਰੇ ਟੋਟੇ ਤਿੜਕੀ ਵੰਗ ਦੇ । ਮਸ਼ਕ ਘਨੱਈਏ ਵਾਲੀ ਮੇਰੇ ਸ਼ਬਦ ਉਸੇ ਪਲ ਬਣ ਜਾਂਦੇ ਨੇ, ਵਤਨਾਂ ਦੀ ਰਖਵਾਲੀ ਕਹਿ ਕੇ, ਬਨਣ ਆਸਾਰ ਜਦੋਂ ਵੀ ਜੰਗ ਦੇ । ਇਹ ਵੈਰੀ ਨੇ ਮਾਨਵਤਾ ਦੇ, ਤਾਰ ਤਾਰ ਫੁਲਕਾਰੀਆਂ ਕਰਦੇ, ਜੋ ਕਹਿੰਦੇ ਨੇ ਵਤਨ ਹਮਾਰਾ, ਹੋ ਜਾਊ ਸਾਰੇ ਇਕੋ ਰੰਗ ਦੇ । ਸੱਚ ਪੁੱਛੋ ਤਾਂ ਤੋਰੀ ਫਿਰਦੀ, ਮਿਰਗ ਨੂੰ ਜੀਕਣ ਗੰਧ -ਕਥੂਰੀ, ਸ਼ਬਦ ਬਿਨਾਂ ਮੈਂ ਰੁਲ਼ ਜਾਣਾ ਸੀ, ਜ਼ਿੰਦਗੀ ਜਾਂਦੀ ਭਾੜੇ ਭੰਗ ਦੇ । ਦੇਸ਼ ਆਜ਼ਾਦ ਭਲਾ ਕੀ ਹੋਇਆ, ਮੇਰੀ ਰਾਵੀ ਹੋ ਗਈ ਟੁਕੜੇ, ਪਹਿਲੀ ਵਾਰ ਤੱਕਿਆ ਜੱਗ ਨੇ, ਏਨੇ ਟੋਟੇ ਇਕੋ ਅੰਗ ਦੇ ।
ਆਹ ਫੜ ਸੂਰਜ, ਮੱਥੇ ਜੜ ਲੈ
ਆਹ ਫੜ ਸੂਰਜ, ਮੱਥੇ ਜੜ ਲੈ, ਅੰਬਰ ਵਿਚਲੇ ਚੰਨ ਸਿਤਾਰੇ । ਨੂਰੋ ਨੂਰ ਚੁਫ਼ੇਰਾ ਕਰ ਦੇ, ਧਰਤੀ ਮਾਂ ਦੇ ਰਾਜ-ਦੁਲਾਰੇ । ਗਿਠਮੁਠੀਆਂ ਨੇ ਧਰਮ ਕਰਮ ਨੂੰ, ਆਪਣੇ ਜੇਡ ਬਣਾ ਹੈ ਧਰਿਆ, ਜੀਵਨ ਸੇਧ, ਸਮਰਪਣ ਗੁੰਮਿਆਂ, ਲੁਕਦੇ ਫਿਰਦੇ ਸ਼ਬਦ ਵਿਚਾਰੇ । ਨਾਈਲਨ ਬੁਣੀ ਜੁਰਾਬ ਜਿਹੇ ਨੇ, ਹਰ ਇਕ ਪੈਰ 'ਚ ਪੂਰੇ ਬਹਿੰਦੇ, ਬੰਦਿਆਂ ਨੂੰ ਕੀ ਹੋਇਆ ਯਾਰੋ, ਕਿੱਧਰ ਤੁਰ ਗਏ ਸਿਰ -ਦਸਤਾਰੇ । ਸ਼ਬਦ ਕਟਹਿਰੇ ਅੰਦਰ ਫਸਿਆ, ਰੋਜ਼ ਤਰੀਕਾਂ ਭੁਗਤ ਰਿਹਾ ਹੈ, ਅੰਨ੍ਹੀ ਨਗਰੀ ਚੌਪਟ ਰਾਜਾ, ਹੱਕ ਸੱਚ ਕਿੱਥੇ ਅਰਜ਼ ਗੁਜ਼ਾਰੇ । ਬੇਗ਼ਮਪੁਰ ਦੇ ਨਕਸ਼ ਗੁਆ ਕੇ, ਮੇਰੇ ਵਰਗੇ ਕਿੰਨੇ ਪਾਗਲ, 'ਨ੍ਹੇਰ ਗਲੀ ਫਿਰਨ ਗੁਆਚੇ, ਸੁਰਗਪੁਰੀ ਦੇ ਵੇਚਣ ਲਾਰੇ । ਕੂੜ ਫਿਰੇ ਪ੍ਰਧਾਨ ਅਜੇ ਵੀ, ਪੰਜ ਸਦੀਆਂ ਦੇ ਪੈਂਡੇ ਮਗਰੋਂ, ਹੇ ਇਨਸਾਨ ! ਤੂੰ ਗੁੰਮਿਆਂ ਕਿੱਥੇ, ਲੱਭਦੇ ਫਿਰਦੇ ਤੈਨੂੰ ਸਾਰੇ । ਨਿਸ਼ਚੇ ਤੋਂ ਬਿਨ ਭਟਕ ਰਹੇ ਹਾਂ, ਲਟਕ ਰਹੇ ਆਂ ਏਸੇ ਕਰਕੇ, ਪੈਰਾਂ ਹੇਠ ਨਾ ਧਰਤੀ ਸਾਡੇ, ਬਿਨ ਵਿਸ਼ਵਾਸੋਂ, ਬੇ ਹਥਿਆਰੇ ।
ਸੁਰਮ ਸਲੇਟੀ ਰੰਗ 'ਚ ਰੂਹ ਨੂੰ
ਸੁਰਮ ਸਲੇਟੀ ਰੰਗ 'ਚ ਰੂਹ ਨੂੰ, ਡੋਬ ਲਿਆ ਦਿਲਦਾਰ ਅਸੀਂ । ਹੋਰ ਕੋਈ ਰੰਗ ਨਹੀਉਂ ਕਰਨਾ ਇਸ ’ਤੇ ਦੂਜੀ ਵਾਰ ਅਸੀਂ । ਧੁੱਪਾਂ ਛਾਵਾਂ ਵੰਡਦਾ ਸੂਰਜ, ਸਾਡੇ ਹਿੱਸੇ ਰਾਤ ਕਿਉਂ, ਤਾਰਿਆਂ ਨਾਲ ਯਾਰਾਨੇ ਪਾਏ, ਬਦਲ ਲਿਆ ਪਰਿਵਾਰ ਅਸੀਂ । ਰੋਜ਼ ਦਿਹਾੜੀ ਤੁਰਦੇ-ਤੁਰਦੇ, ਵਾਲੋਂ ਨਿੱਕੜੀ ਪੰਧੀ 'ਤੇ, ਵਾਹੋ ਵਾਹੀ ਲੰਘਦੇ ਹਾਂ ਹੁਣ, ਤੇਗ਼ ਤਿਖ਼ੇਰੀ ਧਾਰ ਅਸੀਂ । ਸੂਰਜ ਤੋਂ ਵੀ ਪਰਲੇ ਪਾਸੇ, ਕੌਤਕ ਵੇਖਣ ਜਾਵਾਂਗੇ, ਹਿੰਮਤ ਨਾਲ ਪੁਗਾਵਾਂਗੇ ਜੇ, ਕੀਤਾ ਹੈ ਇਕਰਾਰ ਅਸੀਂ । ਫੁੱਲਾਂ ਵਿਚ ਖੁਸ਼ਬੋਈ ਜਿਉਂ ਰੰਗ, ਸੁਰ-ਸ਼ਬਦੀਂ ਢਲ ਜਾਵਾਂਗੇ, ਬਣਨਾ ਨਾ ਪਰ ਧਰਤੀ ਉੱਤੇ, ਹੁਣ ਬੇਲੋੜਾ ਭਾਰ ਅਸੀਂ । ਸਗਲ ਸ੍ਰਿਸ਼ਟੀ ਸਾਂਝੀ ਬੁੱਕਲ, ਲੀਕ ਵਿਹੂਣੀ ਧਰਤੀ ਜੋੜ, ਏਸ ਤਰ੍ਹਾਂ ਹੀ ਜੋੜ ਲਵਾਂਗੇ, ਦਿਲ ਦੀ ਟੁੱਟੀ ਤਾਰ ਅਸੀਂ । ਹਮਨਸਲਾਂ ਦੀ ਫ਼ਸਲ ਵਧਾਉ, ਰੰਗਾਂ ਦੀ ਰਖਵਾਲੀ ਲਈ, ਮੁੱਕਦੇ-ਮੁੱਕਦੇ ਮੁੱਕ ਨਾ ਜਾਈਏ, ਗ਼ਰਜ਼ਾਂ ’ਤੇ ਅਸਵਾਰ ਅਸੀਂ ।
ਤੇਰੀ ਚੁੱਪ ਦਾ ਪਹਾੜ
ਤੇਰੀ ਚੁੱਪ ਦਾ ਪਹਾੜ, ਮੇਰੀ ਹਿੱਕ ’ਤੇ ਸਵਾਰ । ਜਿੰਦੇ ਭੋਲਿਆਂ ਪਰਿੰਦਿਆਂ ਨੂੰ ਇੰਝ ਤਾਂ ਨਾ ਮਾਰ । ਤੇਰੇ ਸ਼ਹਿਰ ਵਿਚੋਂ ਲੰਘਦਿਆਂ, ਹਰ ਵਾਰੀ ਲੱਗਾ, ਕਦੇ ਭੁੱਲ ਕੇ ਵੀ ਕਰੀਏ ਨਾ ਦਿਲਾਂ ਦਾ ਵਪਾਰ । ਮੈਨੂੰ ਸਮਝ ਨਾ ਆਇਆ ਇਹ ਮੁਹੱਬਤਾਂ ਦਾ ਕਿੱਸਾ, ਇਹ ਤਾਂ ਨਕਦੀ ਦਾ ਸੌਦਾ, ਜੀਹਦੇ ਵਿੱਚ ਨਾ ਉਧਾਰ! ਤੇਰੀ ਯਾਦ ਕਾਹਦੀ ਆਈ, ਗੁੰਮੇ ਹੋਸ਼ ਤੇ ਹਵਾਸ, ਜਿਵੇਂ ਗਿੱਲੇ ਪਿੰਡੇ ਛੋਹੇ ਨੰਗੀ ਬਿਜਲੀ ਦੀ ਤਾਰ । ਅੱਜ ਵਰ੍ਹਿਆਂ ਤੋਂ ਬਾਅਦ ਫਿਰ ਆਈ ਖੁਸ਼ਬੋਈ, ਜਿਵੇਂ ਸ਼ਾਮੀਂ ਘਰੀਂ ਪਰਤੇ ਪਰਿੰਦਿਆਂ ਦੀ ਡਾਰ! ਅੱਜ ਉਮਰਾਂ ਦੀ ਪੌਣੀ ਰੋਟੀ ਖਾਣ ਪਿੱਛੋਂ ਲੱਗਾ, ਕਦੇ ਛੱਡਦੇ ਨਾ ਪਿੱਛਾ ਕੀਤੇ ਕੌਲ ਤੇ ’ਕਰਾਰ । ਘੜੀ ਸਾਹਾਂ ਵਾਲੀ ਟਿੱਕ ਟਿੱਕ ਯਾਦ ਤੈਨੂੰ ਕਰੇ, ਸਾਨੂੰ ਸਾਹਾਂ ਤੋਂ ਪਿਆਰਿਆ ਤੂੰ ਇੰਜ ਨਾ ਵਿਸਾਰ ।
ਦਿਲ ਦਾ ਕਮਾਲ ਵੇਖ
ਦਿਲ ਦਾ ਕਮਾਲ ਵੇਖ, ਪਹਿਲਾਂ ਤਾਂ ਨਹੀਂ ਬੋਲਦਾ । ਜਦੋਂ ਮੁਸਕਾਵੇਂ, ਅੱਗੋਂ ਪਾਰੇ ਵਾਂਗੂੰ ਡੋਲਦਾ । ਸੂਰਜੇ ਦੀ ਜਾਈਏ, ਲਿਸ਼ਕੋਰ ਤੇਰੇ ਨੂਰ ਦੀ, ਰਾਤ ਦੇ ਹਨ੍ਹੇਰਿਆਂ 'ਚੋਂ ਰਹਾਂ ਤੈਨੂੰ ਟੋਲਦਾ । ਤੇਰੇ ਅੱਗੇ ਟੁੱਟ ਗਿਆ, ਚੁੱਪ ਵਾਲਾ ਜੰਦਰਾ, ਜਣੇ ਖਣੇ ਅੱਗੇ ਮੈਂ ਵੀ ਚਿੱਤ ਨਹੀਂ ਫ਼ਰੋਲਦਾ । ਤੇਰੇ ਬਿਨਾਂ ਕਿਸੇ ਦਾ ਮੁਰੀਦ ਨਾ ਮੈਂ ਅੱਜ ਤੀਕ, ਮੋਤੀਆਂ ਦੇ ਥਾਲ਼ ਐਵੇਂ ਮਿੱਟੀ 'ਚ ਨਹੀਂ ਰੋਲ਼ਦਾ । ਤੂੰ ਤੇ ਮੈਥੋਂ ਦੂਰ ਕਿੰਨੀ ਦੇਰ ਹੋਈ ਤੁਰ ਗਈ, ਯਾਦਾਂ ਵਾਲੀ ਗਠੜੀ ਮੈਂ ਕੀਹਦੇ ਅੱਗੇ ਫ਼ੋਲਦਾ । ਸਮਿਆਂ ਦੇ ਨਾਗ ਸ਼ੀਸ਼ੇ ਉੱਤੇ ਡੰਗ ਮਾਰਿਆ, ਆਪਣਾ ਵਜੂਦ ਵੇਖ, ਵਿੱਸ ਬੜੀ ਘੋਲ਼ਦਾ । ਤੇਰੀ ਹੀ ਸੁਣਾਈ ਗੱਲ ਹਾਲੇ ਕੰਨੀਂ ਗੂੰਜਦੀ, ਸਮਾਂ ਕਦੇ ਤੱਕੜੀ ’ਚ ਵਸਤਾਂ ਨਹੀਂ ਤੋਲਦਾ ।
ਟੁੱਟਿਆਂ ਸੌ ਵਾਰ ਫਿਰ ਵੀ
ਟੁੱਟਿਆਂ ਸੌ ਵਾਰ ਫਿਰ ਵੀ ਟਾਹਣੀਆਂ ’ਤੇ ਜੁੜ ਗਿਆ । ਜ਼ਰਦ ਪੱਤਾ ਕਿਰ ਗਿਆ ਫਿਰ ਸਬਜ਼ ਪੱਤਾ ਪੁੰਗਰਿਆ । ਧਰਤ ਅੰਦਰ ਉਗਮਦਾ ਤੇ ਬਿਨਸਦਾ ਵੇਖੋ ਕਮਾਲ, ਤੁਰ ਰਿਹਾ ਹੈ ਜ਼ਿੰਦਗੀ, ਤੇਰਾ ਨਿਰੰਤਰ ਕਾਫ਼ਲਾ । ਮੈਂ ਤੇਰੇ ਤੋਂ ਦੂਰ ਵੀ ਹਾਂ, ਨੇੜ ਵੀ ਧੜਕਣ ਦੇ ਵਾਂਗ, ਮਨ-ਪਰਿੰਦਾ ਮੌਜ ਅੰਦਰ, ਇੱਕ ਥਾਂ ਨਹੀਂ ਠਹਿਰਦਾ । ਸੜ ਗਿਆ ਜੰਗਲ ਤੇ ਉਸ ਵਿਚ ਰਾਖ਼ ਹੋਇਆ ਬਹੁਤ ਕੁਝ, ਕਰਮ ਇਹ ਤੇਰਾ ਮੁਹੱਬਤ, ਫੇਰ ਹੈ ਜੰਗਲ ਹਰਾ । ਅਜਬ ਹੈ ਰਿਸ਼ਤਾ ਸਨੇਹ ਦਾ, ਰੋਜ਼ ਤੁਰਨਾ ਤੇਗ਼ ’ਤੇ, ਵਾ-ਵਰੋਲੇ ਤੇਜ਼, ਤਿੱਖੇ, ਝੁਲਸਦੀ ਤਪਦੀ ਹਵਾ । ਐ ਦਿਲਾ ! ਪੁੱਛੀਂ ਕਦੇ ਤੂੰ ਇਸ਼ਕ ਨੂੰ ਵਿਸ਼ਵਾਸ ਨਾਲ, ਚੋਰ ਵਾਂਗੂੰ ਤੂੰ ਕਦੋਂ ਸੈਂ ਏਥੇ ਆ ਕੇ ਬਹਿ ਗਿਆ । ਖੁੱਲ੍ਹਦੀਆਂ ਨੇ ਖਿੜਕੀਆਂ, ਹਰ ਰੋਜ਼ ਰੌਸ਼ਨਦਾਨ ਵੀ, ਮਨ ਦਾ ਬੂਹਾ ਤੇਰੇ ਮਗਰੋਂ, ਦਸਤਕਾਂ ਲਈ ਸਹਿਕਦਾ ।
ਨਵੇਂ ਰੰਗ ਵਿਚ ਰੰਗ ਦੇ
ਨਵੇਂ ਰੰਗ ਵਿਚ ਰੰਗ ਦੇ, ਮੈਨੂੰ ਮਹਿਕਾਂ ਭਰ ਕੇ । ਮਿੱਟੀ ਦਾ ਬੁੱਤ ਛੂਹ ਕੇ, ਇਸ ਨੂੰ ਜੀਂਦਾ ਕਰ ਕੇ । ਮੇਰੇ ਦਿਲ ’ਤੇ ਹੱਥ ਧਰ ਦੇ, ਇਹ ਧੜਕ ਪਵੇਗਾ, ਇਸ ਨੂੰ ਧੜਕਣ ਲਾ ਦੇ, ਥੋੜ੍ਹੀ ਰਹਿਮਤ ਕਰ ਕੇ । ਦਿਲ ਵਿਚ ਲੀਕਾਂ ਚਾਰ ਦੀਵਾਰੀ ਤੋਂ ਵੱਧ ਜਾਬਰ, ਸਹਿਜ ਬਖਸ਼ ਦੇ ਇਨ੍ਹਾਂ ਨੂੰ ਫੁੱਲ ਕਲੀਆਂ ਕਰ ਕੇ । ਦੂਰ ਦੇਸ ਪਰਦੇਸ ਅਸਲ ਵਿਚ ਜਿਸਮਾਂ ਲਈ ਹੈ, ਪੌਣਾਂ ਵਾਂਗੂੰ ਮਿਲ ਜਾਇਆ ਕਰ ਹਿੰਮਤ ਕਰ ਕੇ । ਜੀਵਣ ਖ਼ਾਤਰ ਜੀਵਨ ਨੂੰ ਤੂੰ ਸਮਝੀਂ ਪਹਿਲਾਂ, ਕਿਉਂ ਮਰ ਚੱਲਿਐਂ, ਵਕਤੋਂ ਪਹਿਲਾਂ ਮੌਤੋਂ ਡਰ ਕੇ । ਵੇਖੀਂ ਇਹ ਕੀ ਧੜਕੇ, ਤੇਰੇ ਚਰਨਾਂ ਦੇ ਵਿੱਚ, ਲੱਗਦੈ ਮੈਂ ਦਿਲ ਭੁੱਲ ਗਿਆ ਹਾਂ ਏਥੇ ਧਰ ਕੇ । ਪੜ੍ਹ ਲੈ, ਪੜ੍ਹ ਲੈ, ਇਹ ਪੁਸਤਕ ਹੈ ਤੇਰੇ ਕੰਮ ਦੀ, ਹੋਰ ਕਿਸੇ ਨੇ ਕੀ ਕਰਨੇ ਨੇ ਦਿਲ ਦੇ ਵਰਕੇ ।
ਹੁਣੇ-ਹੁਣੇ ਬੱਸ ਚੇਤੇ ਕੀਤਾ
ਹੁਣੇ-ਹੁਣੇ ਬੱਸ ਚੇਤੇ ਕੀਤਾ, ਓਸੇ ਪਲ ਆਹ ਸੂਰਜ ਚੜ੍ਹਿਆ । ਕਿਰਨਾਂ ਚਾਰ-ਚੁਫ਼ੇਰੇ ਝੁਰਮਟ, ਤੂੰ ਇਹ ਕਿਹੜਾ ਮੰਤਰ ਪੜ੍ਹਿਆ । ਦਿਨ ਤੇ ਰਾਤ ਮਿਲਾ ਕੇ ਚੌਵੀ ਘੰਟੇ ਹੁੰਦੇ ਰੋਜ਼ ਦਿਹਾੜੀ, ਮੇਰੇ ਸਾਹਾਂ ਅੰਦਰ ਧੜਕੇਂ, ਲਾਵੇਂ ਅੱਖ ਘੜੀ ਨਾ ਅੜਿਆ । ਮਨ ਸਾਂਭਣ ਲਈ ਤਨ ਦੀਵਾਰਾਂ, ਮਨ ’ਤੇ ਪਹਿਰਾ ਤਨ ਦੀ ਖ਼ਾਤਰ, ਮਹਿਕ ਤੇਰੀ ਦਾ ਮਾਣਕ ਮੋਤੀ, ਦਿਸਦਾ ਨਹੀਂ ਇਹ ਮੁੰਦਰੀ ਜੜਿਆ । ਅਜੇ ਝਨਾਂ ’ਚੋਂ ਆਉਣ ਅਵਾਜ਼ਾਂ, ਪਾਰ ਲੰਘਾ ਦੇ ਸੋਹਣੀ ਨੂੰ ਤੂੰ, ਵੇ ਵੀਰਾ ਵੇ ਜੀਣ ਜੋਗਿਆ, ਖ਼ੁਰ ਨਾ ਜਾਈਂ ਸਿਦਕੀ ਘੜਿਆ । ਪੀਂਘ ਹੁਲਾਰੇ ਮਾਰ ਭਰ ਦਿਆਂ ਸੂਰਜ ਤੋਂ ਵੀ ਪਾਰ ਉਡਾਰੀ, ਤੂੰ ਮਿਲਿਆ ਮਨ ਚੰਬਾ ਖਿੜਿਆ, ਜਾਪੇ ਜਿਉਂ ਹੈ ਚੇਤਰ ਚੜ੍ਹਿਆ । ਤੇਰੇ ਮੋਹ ਦੀ ਰਿਸ਼ਮ ਸੁਨਹਿਰੀ, ਮਹਿਕ ਰਹੀ ਚੰਬੇਲੀ ਵਾਂਗਰ, ਵੇਖ ਤੇਰੇ ਅਹਿਸਾਸ ਦੀ ਕੰਨੀ, ਨੂੰ ਮੈਂ ਕਿੰਨਾ ਘੁੱਟ ਕੇ ਫੜਿਆ । ਦਿਨ ਦੇ ਚਿੱਟੇ ਚਾਨਣ ਅੰਦਰ, ਤੇਰੇ ਨੈਣਾਂ ਕੀ ਨਹੀਂ ਕੀਤਾ, ਫੇਰ ਪਤਾ ਨਹੀਂ ਕਿਉਂ ਤੂੰ ਸਾਰਾ, ਦੋਸ਼ ਹਨ੍ਹੇਰੇ ਦੇ ਸਿਰ ਮੜ੍ਹਿਆ ।
ਛੱਡ ਦੇ ਹੁਣ ਤੂੰ ਬੀਤੀਆਂ ਗੱਲਾਂ
ਛੱਡ ਦੇ ਹੁਣ ਤੂੰ ਬੀਤੀਆਂ ਗੱਲਾਂ, ਕੀ ਲੈਣਾ ਏਂ ਹੌਕੇ ਭਰਕੇ । ਏਨੇ ਕਦਮ ਸਬੂਤੇ ਰਹਿ ਗਏ, ਸਫ਼ਰ ਸਹੀ, ਵਿਸ਼ਵਾਸ ਦੇ ਕਰਕੇ । ਗਰਦਨ ਸਿੱਧੀ ਰੱਖਣਾ ਕਹਿ ਕੇ, ਪੈਂਦਾ ਹੈ ਤਲਵਾਰ ’ਤੇ ਤੁਰਨਾ, ਜੇ ਤੁਰ ਪਉ ਇੱਕ ਵਾਰ ਫ਼ੇਰ ਤਾਂ, ਮੁੜਦੇ ਹੋ ਮੰਜ਼ਿਲ ਸਰ ਕਰਕੇ । 'ਕੱਲਿਆਂ ਤੁਰਨਾ ਔਖਾ ਹੈ ਪਰ, ਮੇਰੇ ਅੰਗ ਸੰਗ ਕਿੰਨੇ ਸਾਥੀ, ਸਬਰ, ਸਿਦਕ, ਸੰਤੋਖ, ਸਮਰਪਣ, ਰੂਹ ਮੇਰੀ ਦੇ ਸੂਹੇ ਵਰਕੇ । ਕਿੰਨੀ ਵਾਰੀ ਮੋੜੀ ਬੂਹਿਓਂ, ਆ ਜਾਂਦੀ ਹੈ ਫ਼ੇਰ ਖ਼ਰੀਦਣ, ਵਿਕਿਆ ਨਹੀਂ ਮੈਂ, ਤਾਂ ਹੀ ਝਾਕੇ, ਕੁਰਸੀ ਅੱਖ 'ਚ ਹਸਰਤ ਭਰਕੇ । ਕੋਲ਼ੇ ਵਾਲੀ ਖਾਣ ’ਚ, ਦੋਧੇ ਵਸਤਰ ਚਿੱਟੇ ਰੱਖਣ ਖ਼ਾਤਰ, ਸੱਚ ਪੁੱਛੇਂ ਤਾਂ ਜੀਣਾ ਪੈਂਦਾ, ਪਲ ਅੰਦਰ ਸੌ ਵਾਰੀ ਮਰ ਕੇ । ਕੌੜਾ ਤੁੰਮਾ ਸੌ ਰੋਗਾਂ ਦੀ ਜੜ੍ਹ ਦਾ ਵੈਰੀ ਰੁਲ਼ਦਾ ਤਾਹੀਉਂ, ਮਿੱਠਾ ਹੈ ਖ਼ਰਬੂਜ਼ਾ ਵਿਕਦਾ ਮੰਡੀ ਦੇ ਵਿੱਚ ਏਸੇ ਕਰਕੇ । ਹੇ ਗੁਰ ਸ਼ਬਦ ਨਾ ਡੋਲਣ ਦੇਵੀਂ, ਇੱਕ ਸਤਰੀ ਅਰਦਾਸ ਕਰਾਂ ਮੈਂ, ਭੁੱਲ ਜਾਂਦਾ ਹਾਂ ਕਿੰਨੀ ਵਾਰੀ, ਸੀਸ ਤੇਰੇ ਕਦਮਾਂ ’ਤੇ ਧਰ ਕੇ ।
ਰੰਗ ਤੇ ਖ਼ੁਸ਼ਬੂ ਦਾ ਰਿਸ਼ਤਾ
ਰੰਗ ਤੇ ਖ਼ੁਸ਼ਬੂ ਦਾ ਰਿਸ਼ਤਾ, ਜਿਸ ਤਰ੍ਹਾਂ ਫੁੱਲਾਂ ਦੇ ਨਾਲ ! ਮੈਂ ਬਰਾਬਰ ਤੁਰ ਰਿਹਾ ਹਾਂ, ਵੇਖ ਤੇਰੇ ਨਾਲ ਨਾਲ ! ਹੱਦ ਨਾ ਸਰਹੱਦ ਰੋਕੇ, ਮਹਿਕ-ਬੁੱਲਾਂ ਜਿਸਮ ਹੀਣ, ਨਾ ਕਰੇ ਮਹਿਸੂਸ ਮੈਨੂੰ, ਹੈ ਭਲਾ ਕਿਸ ਦੀ ਮਜ਼ਾਲ । ਯਾਦ ਤੇਰੀ ਫੇਰ ਆਈ, ਇਸ ਤਰ੍ਹਾਂ ਮਹਿਸੂਸ ਹੋਇਆ, ਖੇਡ ਕੇ ਪਰਤਣ ਘਰਾਂ ਨੂੰ, ਜਿਸ ਤਰ੍ਹਾਂ ਪਿੰਡਾਂ 'ਚ ਬਾਲ । ਤੁਰਨ ਦਾ ਨਾਂ ਜ਼ਿੰਦਗੀ ਹੈ, ਮੀਲ ਪੱਥਰ ਅਰਥ-ਹੀਣ, ਸਮਝਦਾ ਹਾਂ, ਪਰ ਕਿਉਂ ਮੈਂ, ਕਰ ਰਿਹਾ ਹਾਂ ਕਦਮ ਤਾਲ । ਤੂੰ ਗੁਆਈਂ ਨਾ ਕਦੇ ਵੀ, ਤੁਰਨ ਦੀ ਦਿਲਕਸ਼ ਅਦਾ, ਕੀ ਕਹਾਂ ਇਸ ਤੋਂ ਜ਼ਿਆਦਾ, ਬੇ-ਮਿਸਾਲੋ ਬੇ-ਮਿਸਾਲ । ਡੁੱਲ੍ਹ ਨਾ ਜਾਵਣ ਕਿਤੇ, ਵੇਖੀਂ ਤੂੰ, ਪੀਵੇ ਰੇਤ ਨਾ, ਹਾਸਿਆਂ ਦੀ ਫ਼ਸਲ ਮਹਿੰਗੀ, ਮੋਤੀਆਂ ਵਾਂਗੂੰ ਸੰਭਾਲ । ਕੱਲ ਰਾਤੀਂ ਗੁਫ਼ਤਗੂ ਵਿੱਚ, ਖ਼ਬਰ ਨਹੀਂ ਮੈਂ ਕੀ ਕਿਹਾ, ਚੰਨ ਤਾਰੇ ਸੁਣ ਰਹੇ ਸੀ, ਭੇਤ ਰੱਖਣਾ ਸੀ ਮੁਹਾਲ ।
ਵਿਛੜਿਆਂ ਦਾ ਜ਼ਿਕਰ ਜਦੋਂ ਵੀ
ਵਿੱਛੜਿਆਂ ਦਾ ਜ਼ਿਕਰ ਜਦੋਂ ਵੀ, ਆਪਣੇ ਨਾਲ ਹੀ ਕਰ ਬਹਿੰਦਾ ਹਾਂ । ਉਸ ਤੋਂ ਮਗਰੋਂ ਕਿੰਨਾ ਚਿਰ ਹੀ, ਅੱਖੀਉਂ ਅੱਥਰੂ ਬਣ ਵਹਿੰਦਾ ਹਾਂ । ਤੜਪਾਉਂਦੇ ਨੇ ਰੋਸੇ, ਮਿਹਣੇ, ਆਪਣਿਆਂ ਦੇ ਨਾਲ ਸ਼ਿਕਾਇਤਾਂ, ਮਿਲਣ-ਘੜੀ ਚੇਤੇ ਨਾ ਰਹਿੰਦੇ, ਪਲ ਕੁ ਪਹਿਲਾਂ ਜੋ ਕਹਿੰਦਾ ਹਾਂ । ਮੈਂ ਆਪਣਾ ਹੀ ਦੁਸ਼ਮਣ ਬਣਿਆ, ਸਭ ਨੂੰ ਆਪਣਾ ਮੀਤ ਸਮਝਿਆ, ਇਸੇ ਕਰਕੇ ਬਹੁਤੀ ਵਾਰੀ, ਆਪਣੇ ਹੱਥੀਂ ਖ਼ੁਦ ਢਹਿੰਦਾ ਹਾਂ । ਮੈਂ ਸੂਰਜ ਤੋਂ ਏਹੀ ਸਿੱਖਿਐ, ਹਰ ਪਲ ਜਗਣਾ, ਹਰ ਥਾਂ ਮਘਣਾ, ਨਾਲ ਹਨ੍ਹੇਰਿਆਂ ਮੱਥਾ ਲਾ ਕੇ, ਏਸੇ ਕਰਕੇ ਹੀ ਖਹਿੰਦਾ ਹਾਂ । ਦਿਲ ਦਰਿਆ ਦੀ ਸੀਮਾ ਜਾਣੀਂ, ਸਾਰਾ ਕੁਝ ਨਾ ਇਸ ਤੋਂ ਮਿਲਣਾ, ਤਾਹੀਉਂ ਮੋਤੀ ਢੂੰਡਣ ਖ਼ਾਤਰ, ਡੂੰਘੇ ਸਾਗਰ ਵਿਚ ਲਹਿੰਦਾ ਹਾਂ । ਮਿੱਠੇ ਕੌੜੇ ਬੋਲ ਸੁਣਦਿਆਂ, ਹੁਣ ਤਾਂ ਫ਼ਰਕ ਪਛਾਣਾਂ ਮੈਂ ਵੀ, ਉੱਤਰ ਹੁੰਦਿਆਂ ਸੁੰਦਿਆਂ ਪੱਲੇ, ਪਰ ਮੈਂ ਸੁਣ ਕੇ ਚੁੱਪ ਰਹਿੰਦਾ ਹਾਂ । ਸ਼ੁਕਰ ਮੁਹੱਬਤ, ਵੇਖ ਲਿਆ ਤੂੰ ਜਦ ਤੋਂ ਮਿਹਰ ਨਜ਼ਰ ਦੀ ਕਰਕੇ, ਇਸ ਤੋਂ ਵੱਧ ਹੁਣ ਕੀ ਦੱਸਾਂ ਮੈਂ, ਤੇਰੇ ਕਰਕੇ ਖੁਸ਼ ਰਹਿੰਦਾ ਹਾਂ ।
ਵਕਤ ਮਿਲੇ ਤਾਂ ਹਿੰਮਤ ਕਰਕੇ
ਵਕਤ ਮਿਲੇ ਤਾਂ ਹਿੰਮਤ ਕਰਕੇ ਬੰਦ ਬੂਹਿਆਂ ਨੂੰ ਖੋਲ੍ਹ ਦਿਆ ਕਰ । ਸ਼ਬਦ ਮਾਸੂਮ ਪਰਿੰਦੇ ਹੁੰਦੇ, ਮੂੰਹ ਆਇਆਂ ਨੂੰ ਬੋਲ ਦਿਆ ਕਰ । ਰੂਹ ਦੇ ਸੁੱਚੇ ਮਾਣਕ ਮੋਤੀ, ਕਦਰ ਪੁਆਉਂਦੇ ਕਿਸੇ ਕਿਸੇ ਤੋਂ, ਚਹੁੰ ਕੌਡਾਂ ਲਈ ਮਹਿੰਗਾ ਸੌਦਾ, ਸਸਤੇ ਭਾਅ ਨਾ ਤੋਲ ਦਿਆ ਕਰ । ਦੀਨ ਈਮਾਨ ਵਿਰਾਸਤ ਪੂੰਜੀ, ਦਿਲ-ਦਰਿਆਵਾ ਖ਼ਰਚ ਲਿਆ ਕਰ, ਮੱਖੀ - ਚੂਸ ਕੰਜੂਸ ਦੇ ਵਾਂਗੂੰ, ਬਹੁਤੀ ਨਾ ਗੰਢ ਗੋਲ਼ ਦਿਆ ਕਰ । ਹਰ ਕਠਿਨਾਈ ਸਦਾ ਚੁਣੌਤੀ, ਸਮਝ ਲਿਆ ਕਰ ਰਮਜ਼ਾਂ ਯਾਰਾ, ਸ਼ਿਕਵੇ ਨੈਣੀਂ ਅੱਥਰੂ ਬਣਦੇ, ਹਰ ਥਾਵੇਂ ਨਾ ਡੋਲ੍ਹ ਦਿਆ ਕਰ । ਟਾਕੀ ਦੇ ਵਿਚ ਜੁਗਨੂੰ ਜਿਹੜੇ, ਦਿਨੇ ਗੁਆਚਣ ਰਾਤੀਂ ਲੱਭਣ, ਏਸ ਬੁਝਾਰਤ ਵਿਚਲੇ ਤਾਰੇ, ਬੱਚਿਆਂ ਨੂੰ ਵੀ ਟੋਲ਼ ਦਿਆ ਕਰ । 'ਕੱਲਿਆਂ 'ਕੱਲਿਆਂ ਧੁਖਦੇ ਰਹਿਣਾ, ਫਿਰ ਕਹਿਣਾ ਕਿ ਦਮ ਘੁਟਦਾ ਹੈ, ਗ਼ਮ ਦੀ ਧੂਣੀ ਬਲਣੋਂ ਪਹਿਲਾਂ, ਸੱਜਣਾ ਦੇ ਸੰਗ ਫ਼ੋਲ ਦਿਆ ਕਰ । ਚੰਦਨ ਰੁੱਖੜਾ ਸੀਤਲ ਛਾਵਾਂ, ਹੁੰਦਿਆਂ, ਤਪਦਾ ਮਨ ਦਾ ਵਿਹੜਾ, ਵਗਦੀ ਰਹਿ ਲਟਬੌਰੀਏ ਪੌਣੇ, ਸਾਹੀਂ ਸੰਦਲ ਘੋਲ਼ ਦਿਆ ਕਰ ।
ਮੇਰੇ ਹੱਥ ਵਿਚ ਸੂਰਜ ਨਹੀਉਂ
ਮੇਰੇ ਹੱਥ ਵਿਚ ਸੂਰਜ ਨਹੀਉਂ, ਦੀਵਾ ਹੈ ਇਕ ਟਿਮਕ ਰਿਹਾ । ਇਹਦੇ ਸਿਰ ’ਤੇ ਰਾਤ ਹਨ੍ਹੇਰੀ, ਵਿਚੋਂ ਦੀ ਮੈਂ ਗੁਜ਼ਰ ਗਿਆ । ਵਿਕਦੇ ਨੇ ਗੁਫ਼ਤਾਰ ਦੇ ਗ਼ਾਜ਼ੀ, ਮੰਡੀ ਦੇ ਵਿੱਚ ਗਾਹਕ ਬੜੇ, ਏਸ ਸ਼ਹਿਰ ਕਿਰਦਾਰ ਗੁਆਚਾ, ਚਾਨਣ ਸੂਹੀ ਲੀਕ ਜਿਹਾ । ਕਾਲ਼ਾ ਅੰਬਰ ਵਿਚ ਵਿਚ ਤਾਰੇ, ਇਹ ਹਨ ਵਿਛੜੇ ਮੀਤ ਮੇਰੇ, ਸਿੱਲੀ ਅੱਖ ਨੇ ਵੇਖਦਿਆਂ ਹੀ, ਭਰਿਆ ਹੌਕਾ ਸਰਦ ਜਿਹਾ । ਸੱਚੀ ਮੈਂ ਦਰਿਆ ਹੋਣਾ ਸੀ, ਵਹਿੰਦਾ ਜੇ ਮੈਂ ਬਹਿੰਦਾ ਨਾ, ਨਾ ਪੀਂਦੇ ਇਹ ਰੇਤਲ ਟਿੱਬੇ, ਇਹ ਤੂੰ ਬਿਲਕੁਲ ਠੀਕ ਕਿਹਾ । ਬੁਝਿਆ ਬੁਝਿਆ ਮਰ ਜਾਵੇਂਗਾ, ਜੱਗ ’ਤੇ ਕਰ ਦੇ ਸੁਰਖ਼ ਸਵੇਰ, ਚਾਰ ਚੁਫ਼ੇਰ ਵਿਛਾ ਦੇ ਚਾਨਣ, ਦਿਲ ਨੂੰ ਕਿੰਨੀ ਵਾਰ ਕਿਹਾ । ਸੂਰਜ ਦੀ ਲਿਸ਼ਕੋਰ ਵਰਗਿਆ, ਧਰਤ ਉਡੀਕੇ ਤੈਨੂੰ ਹੀ, ਕਿਰਨਾਂ ਬੀਜ ਸਿਆੜਾਂ ਅੰਦਰ, ਗਲੀਆਂ ਕੂਚੇ ਤੂੰ ਰੁਸ਼ਨਾ । ਗੀਤ ਗਜ਼ਲ ਜਾਂ ਆਖ ਰੁਬਾਈ, ਇਹ ਤੇਰੇ ’ਤੇ ਨਿਰਭਰ ਹੈ, ਅੱਥਰੂ ਕਿਰਿਆ ਸਫ਼ਿਆਂ ਉੱਤੇ, ਦਿਲ ਨੇ ਆਪਣਾ ਦਰਦ ਕਿਹਾ ।
ਅੱਜ ਕੱਲ੍ਹ ਅੰਬਰੀਂ ਫ਼ਿਰਨ ਅਵਾਰਾ
ਅੱਜ ਕੱਲ੍ਹ ਅੰਬਰੀਂ ਫ਼ਿਰਨ ਅਵਾਰਾ, ਬੱਦਲ ਨੇ, ਬਰਸਾਤ ਨਹੀਂ । ਇਸ ਤੋਂ ਵੱਧ ਮੈਂ ਕੁਝ ਨਹੀਂ ਕਹਿਣਾ, ਇਹ ਮੇਰੀ ਔਕਾਤ ਨਹੀਂ । ਡੁੱਬਦੇ ਸੂਰਜ ਮੇਰਾ ਚਿਹਰਾ ਲੱਥਿਆ ਵੇਖ ਕੇ ਆਪ ਕਿਹਾ, ਘਾਬਰ ਨਾ ਤੂੰ, ਕੱਲ੍ਹ ਆਵਾਂਗਾ, ਬਹੁਤੀ ਲੰਮੀ ਰਾਤ ਨਹੀਂ । ਖ਼ੁਦ ਨੂੰ ਆਪ ਪਛਾਨਣ ਤੋਂ ਹੀ, ਮੁੱਕਰ ਜਾਵਾਂ ਨਾਮੁਮਕਿਨ, ਭਾਵੇਂ ਡਰਿਆ, ਪਰ ਨਹੀਂ ਮਰਿਆ, ਐਸੇ ਵੀ ਹਾਲਾਤ ਨਹੀਂ । ਏਹੀ ਹਾਲ ਰਿਹਾ ਤਾਂ ਵੇਖਿਓ, ਬੁਰਜ ਮੁਨਾਰੇ ਢਹਿ ਜਾਣੇ, ਤਲਖ਼ ਹਕੀਕਤ ਆਪ ਵੇਖਿਉ, ਇਹ ਮੇਰੇ ਜਜ਼ਬਾਤ ਨਹੀਂ । ਮੰਡੀ ਅੰਦਰ ਸਾਡੀਆਂ ਫ਼ਸਲਾਂ, ਕਿੰਜ ਲੁੱਟਦਾ ਲੁਟਵਾਉਂਦਾ ਏਂ, ਸਮਝ ਸਕਾਂ ਨਾ ਬਦਨੀਤੀ ਨੂੰ, ਐਡੀ ਵੀ ਕੋਈ ਬਾਤ ਨਹੀਂ । ਕਤਲ ਕਰੇਂ, ਖ਼ੁਦਕੁਸ਼ੀਆਂ ਆਖੇਂ, ਦੋਸ਼ ਦਏਂ ਫਿਰ ਸਾਨੂੰ ਹੀ, ਧਰਤੀ-ਪੁੱਤਰ ਟੁੱਟ ਸਕਦਾ ਏ, ਕਰਦਾ ਆਤਮਘਾਤ ਨਹੀਂ । ਜ਼ਹਿਰ-ਪਿਆਲਾ ਮੈਂ ਹੀ ਪੀਵਾਂ ਸੱਚ ਬੋਲਣ ਦੇ ਬਦਲੇ ਕਿਉਂ, ਪੁੱਛ ਸਕਦਾ ਹਾਂ ਸਦੀਆਂ ਮਗਰੋਂ, ਹੁਣ ਮੈਂ ਉਹ ਸੁਕਰਾਤ ਨਹੀਂ ।
ਖੰਭਾਂ ਵਿਚ ਪਰਵਾਜ਼ ਭਰੇ ਜੇ
ਖੰਭਾਂ ਵਿਚ ਪਰਵਾਜ਼ ਭਰੋ ਜੇ, ਸੂਰਜ ਬਹੁਤਾ ਦੂਰ ਨਹੀਂ ਹੈ । ਹਰ ਹਿੱਕੜੀ ਵਿੱਚ ਸੁਪਨ ਕਰੋੜਾਂ, ਕਿਹੜੀ ਅੱਖ ਪੁਰਨੂਰ ਨਹੀਂ ਹੈ । ਸਿਰਲੱਥਾਂ ਦੀ ਬਸਤੀ ਅੰਦਰ, ਸਾਬਤ ਸੂਰੇ ਰਹਿਣ ਸਰੂਰੇ, ਸੀਸ ਤਲੀ 'ਤੇ ਧਰ ਕੇ ਤੁਰਿਆ, ਇਹ ਕੋਈ ਪਹਿਲਾ ਪੂਰ ਨਹੀਂ ਹੈ । ਕਿਣਕੇ ਵਿਚ ਜਿਉਂ ਕਾਇਨਾਤ ਹੈ, ਰਿਸ਼ਮਾਂ ਵਿੱਚ ਤੂੰ ਹਾਜ਼ਰ-ਨਾਜ਼ਰ, ਤੇਰੀ ਨਜ਼ਰ ਇਨਾਇਤ ਮਗਰੋਂ, ਕਿਹੜਾ ਜ਼ੱਰਾ ਤੂਰ ਨਹੀਂ ਹੈ । ਰਿਸ਼ਤਿਆਂ ਦੀ ਪਰਿਕਰਮਾ ਕਰਦੇ, ਬੇਵਿਸ਼ਵਾਸੀ ਕਦਮ ਕਦਮ 'ਤੇ, ਹਰ ਪਲ ਤਿਲ੍ਹਕਣਬਾਜ਼ੀ ਦਾ ਡਰ, ਮੈਨੂੰ ਇਹ ਮਨਜ਼ੂਰ ਨਹੀਂ ਹੈ । ਵਿੱਚ ਅਮਾਨਤ, ਕਰਾਂ ਖ਼ਿਆਨਤ, ਆਪਣੀ ਰੂਹ ਤੋਂ ਚੋਰੀ ਚੋਰੀ, ਖ਼ੁਦ ਤੋਂ ਲੁਕਦੇ ਫਿਰਨਾ ਮਗਰੋਂ, ਮੇਰਾ ਇਹ ਦਸਤੂਰ ਨਹੀਂ ਹੈ । ਬੁੱਲ੍ਹੇ ਸ਼ਾਹ ਦਾ ਸ਼ਹਿਰ ਕਸੂਰੋਂ, ਬਾਹਰ ਟਿਕਾਣਾ ਏਸੇ ਕਰਕੇ, ਰੂਹ ਦੀ ਕਹਿੰਦੈ, ਦਿਲ ਦੀ ਕਰਦੈ, ਇਸ ਤੋਂ ਵੱਧ ਕਸੂਰ ਨਹੀਂ ਹੈ । ਅਸਲ ਨਕਲ ਨੂੰ ਪਰਖ਼ਣ ਖ਼ਾਤਰ, ਇਹ ਪੈਮਾਨਾ ਚੇਤੇ ਰੱਖਿਉ, ਉਸ ਤੋਂ ਆਸ ਕਰੋ ਨਾ ਫ਼ਲ ਦੀ, ਜਿਸ ਬੂਟੇ ’ਤੇ ਬੂਰ ਨਹੀਂ ਹੈ ।
ਜਦ ਵੀ ਤੱਕਿਆ ਤੇ ਇੰਝ ਲੱਗਿਆ
ਜਦ ਵੀ ਤੱਕਿਆ ਤੇ ਇੰਝ ਲੱਗਿਆ, ਮੇਰੇ ਚਾਰ-ਚੁਫ਼ੇਰੇ ਖ਼ੁਸ਼ਬੂ । ਜਾਗਦਿਆਂ ਤੇ ਸੁੱਤਿਆਂ ਖ਼ੁਸ਼ਬੂ ਮਹਿਕੇ ਸ਼ਾਮ ਸਵੇਰੇ ਖ਼ੁਸ਼ਬੂ । ਹੱਸੇਂ, ਲੱਗਦਾ ਫੁੱਲ ਕਿਰਦੇ ਨੇ, ਜਾਪੇ ਧਰਤੀ ਭਰ ਚੱਲੀ ਹੈ, ਕੋਸੀ ਧੁੱਪ ਸਿਆਲ ਦੀ ਜਿੱਸਰਾਂ, ਚੜ੍ਹ ਕੇ ਖੜ੍ਹੀ ਬਨੇਰੇ ਖ਼ੁਸ਼ਬੂ । ਮੱਥੇ ਚਮਕੇ ਨੂਰ ਇਲਾਹੀ, ਜ਼ੱਰਰਾ ਜ਼ੱਰਰਾ ਚਾਨਣ ਚਾਨਣ, ਮਨ ਮਸਤਕ ਨੂੰ ਰੌਸ਼ਨ ਰੌਸ਼ਨ, ਕਰਦੀ ਦੂਰ ਹਨ੍ਹੇਰੇ ਖ਼ੁਸ਼ਬੂ । ਬਿਨ ਮਿਲਿਆਂ ਵੀ ਚੰਨ ਦੀ ਟਿੱਕੀ, ਧੋ ਦੇਂਦੀ ਨਿੱਤ ਰਾਤ ਦੇ ਲੀੜੇ, ਰੋਜ਼ ਸਵੇਰੇ ਮੁੜ ਜਾਂਦੀ ਹੈ, ਕਰਦੀ ਪੰਧ ਲੰਮੇਰੇ ਖ਼ੁਸ਼ਬੂ । ਅਜ਼ਲਾਂ ਤੋਂ ਜੋ ਪਿਆਸ ਨਿਰੰਤਰ, ਮਿਟਦੀ ਨਾ ਇੱਕ ਵਾਰੀ ਤੱਕਿਆਂ, ਤਪਦੀ ਲੋਹ ਤੇ ਕਿਣਮਿਣ ਕਣੀਆਂ, ਤਰੇਲ ਦੇ ਮੋਤੀ ਕੇਰੇ ਖ਼ੁਸ਼ਬੂ । ਖ਼੍ਵਾਬ ਖ਼ਿਆਲ 'ਚ ਵੀ ਨਹੀਂ ਤੱਕਿਆ, ਏਦਾਂ ਕਿੱਸਰਾਂ ਹੋ ਸਕਦਾ ਹੈ, ਪੋਲੇ ਕਦਮੀਂ ਪਿੱਛਿਉਂ ਆ ਕੇ ਨੇਤਰ ਘੁੱਟੇ ਮੇਰੇ ਖ਼ੁਸ਼ਬੂ । ਮਨ ਦੇ ਬਾਗ਼ -ਬਗੀਚੇ, ਅੰਦਰ ਖਿੜਨ ਦਿਆ ਕਰ ਫੁੱਲ ਤੇ ਕਲੀਆਂ, ਵੇਖ ਲਵੀਂ ਕਿੰਜ ਹਰਦਮ ਰਹਿੰਦੀ, ਸਾਹਾਂ ਅੰਦਰ ਤੇਰੇ ਖ਼ੁਸ਼ਬੂ । ਅੰਬਰ ਦੇ ਵਿੱਚ ਟਿਮਕਣ ਤਾਰੇ ਚੁੱਪ ਬੈਠੇ ਨਾ, ਭਰਨ ਹੁੰਗਾਰੇ, ’ਕੱਲੇ ’ਕੱਲੇ ਇੰਜ ਕਿਉਂ ਬੈਠੇ, ਪੁੱਛਦੀ ਫ਼ੋਲ ਹਨ੍ਹੇਰੇ ਖ਼ੁਸ਼ਬੂ । ਕਣ ਕਣ ਵਿੱਚ ਵਿਸਮਾਦ ਘੁਲ਼ ਗਿਆ, ਨੂਰੀ ਮੁਖੜਾ ਤੇਰਾ ਤੱਕਿਆ, ਦਿਲ ਦੇ ਮੰਦਰ ਚੋਖਾ ਅੰਦਰ, ਲਾ ਕੇ ਬਹਿ ਗਈ ਡੇਰੇ ਖ਼ੁਸ਼ਬੂ ।
ਇਕ ਦੂਜੇ ਦੀ ਸਾਹੀਂ ਹਾਜ਼ਰ
ਇਕ ਦੂਜੇ ਦੀ ਸਾਹੀਂ ਹਾਜ਼ਰ, ਜਿਵੇਂ ਮੁਹੱਬਤ ਸਿਰ ਚੜ੍ਹ ਬੋਲੇ । ਰੰਗਾਂ ਨੂੰ ਖੁਸ਼ਬੋਈ ਜੀਕੂੰ, ਮਾਣੇਂ, ਪਰ ਨਾ ਮੂੰਹ ਨੂੰ ਖੁੱਲ੍ਹੇ । ਮਾਲਾ ਅੰਦਰ ਤੰਦ ਸਬੂਤੀ, ਰੱਖਣਾ ਬਹੁਤ ਜ਼ਰੂਰੀ ਮਿੱਤਰੋ, ਖਿੱਲਰ ਹੀ ਨਾ ਜਾਵਣ ਮਣਕੇ, ਵੇਖਿਉ ਇਹ ਵਿਸ਼ਵਾਸ ਨਾ ਡੋਲੇ । ਏਹੀ ਤਾਂ ਵਿਸਮਾਦੀ ਪਲ ਹੈ, ਬੜੀ ਤਪੱਸਿਆ ਮਗਰੋਂ ਮਿਲਦੈ, ਆਹਟ ਸਿਰਫ ਸੁਣੇ ਜਦ ਰੂਹ ਨੂੰ, ਕਦਮ ਕਦਮ ਤੁਰ ਪੋਲੇ ਪੋਲੇ । ਸਭ ਰਾਹ ਟੋਏ-ਟਿੱਬੇ ਧਰਤੀ, ਵਿੰਗ ਤੜਿੰਗੀ ਮੰਜ਼ਲ ਮੇਰੀ, ਪੈਰ ਪੈਰ ’ਤੇ ਠੇਡੇ ਤਾਹੀਉਂ, ਪਰਖ਼ ਰਹੇ ਮੈਨੂੰ ਹਿਚਕੋਲੇ । ਇਕ ਅੱਧ ਗੁੰਝਲ ਹੁੰਦੀ ਤਾਂ ਮੈਂ, ਗੰਢ ਪੀਚਵੀਂ ਸਮਝ ਖੋਲ੍ਹਦਾ, ਉਲਝੇ ਤਾਣੇ-ਪੇਟੇ ਅੰਦਰੋਂ, ਮਨ ਮੇਰਾ ਤੰਦ ਕਿਹੜੀ ਖੋਲ੍ਹੇ । ਸਗਲ ਸਵਾਲ ਸਿਲੇਬਸ ਬਾਹਰੋਂ, ਇੱਕ ਵੀ ਰਕਮ ਪਛਾਣ ਪਵੇ ਨਾ, ਮਨ ਅੰਦਰ ਘਮਸਾਣ ਨਿਰੰਤਰ, ਕਿਹੜਾ ਕਿੱਥੋਂ ਉੱਤਰ ਟੋਲੇ । ਤਖ਼ਤ ਬਦਲ ਗਏ, ਤਾਜ਼ ਬਦਲ ਗਏ, ਪਰ ਹਾਲੇ ਅੰਦਾਜ਼ ਨੇ ਓਹੀ, ਚੇਤੇ ਕਰ ਲਏ ਸਬਕ ਪੁਰਾਣੇ, ਨਵੀਆਂ ਗੁੱਡੀਆਂ, ਨਵੇਂ ਪਟੋਲੇ ।
ਰੂਹ ਦਾ ਸਾਜ਼ ਤਾਂ ਆਪਣੇ ਅੰਦਰੋਂ
ਰੂਹ ਦਾ ਸਾਜ਼ ਤਾਂ ਆਪਣੇ ਅੰਦਰੋਂ, ਆਪੇ ਹੀ ਟੁਣਕਾਉਣਾ ਪੈਂਦੈ । ਮਨ ਦਾ ਅੱਥਰਾ ਘੋੜਾ ਆਪੇ, ਵਾਗਾਂ ਖਿੱਚ ਸਮਝਾਉਣਾ ਪੈਂਦੈ । ਜੇ ਇਕ ਵਾਰੀ ਨੱਕਾ ਟੁੱਟ ਜੇ, ਵਹਿਣ ਨੀਵਾਣਾਂ ਵੱਲ ਨੂੰ ਜਾਵੇ, ਬੰਨ੍ਹ ਮਜ਼ਬੂਤ ਬਣਾ ਕੇ, ਪਾਣੀ ਪੈਲ਼ੀ ਵੱਲ ਪਰਤਾਉਣਾ ਪੈਂਦੈ । ਮਰ ਜਾਵੇ ਨਾ ਸੁਖ ਦੀ ਛਾਵੇਂ, ਮੇਰੇ ਵਿਚਲਾ ਧਰਤੀ- ਪੁੱਤਰ, ਸਿੱਧੀ ਗਰਦਨ ਰੱਖਣ ਖਾਤਰ, ਖ਼ੁਦ ’ਚੋਂ ਮਰਦ ਜਗਾਉਣਾ ਪੈਦੈ । ਸਦੀਆਂ ਦਾ ਇਤਿਹਾਸ ਫ਼ੋਲ ਕੇ, ਗ਼ੈਰਤ ਟਿੱਕਾ ਮੱਥੇ ਧਰ ਕੇ, ਹਰ ਪੁਸਤਕ 'ਚੋਂ ਅਣਖ਼ੀ ਵਰਕਾ, ਖ਼ੁਦ ਨੂੰ ਆਪ ਸੁਣਾਉਣਾ ਪੈਂਦੈ । ਧਰਤੀ ਉਤੇ ਵੱਸਦੇ ਰਸਦੇ, ਖੰਭਾਂ ਵਿਚ ਪਰਵਾਜ਼ ਭਰਦਿਆਂ, ਪੰਛੀ ਨੂੰ ਵੀ ਜੀਣ ਦੀ ਖ਼ਾਤਰ, ਤਨ-ਤੰਦੂਰ ਤਪਾਉਣਾ ਪੈਂਦੈ । ਅੰਤਰਨਾਦ ਸੁਣਨ ਲਈ ਮਿੱਤਰੋ, ਇੱਕੋ ਇੱਕ ਹੈ ਸ਼ਰਤ ਜ਼ਰੂਰੀ, ਆਪੇ ਤਰਜ਼ ਬਣਾ ਕੇ ਉਸਨੂੰ, 'ਕੱਲੇ ਬਹਿ ਕੇ ਗਾਉਣਾ ਪੈਂਦੈ । ਸਭ ਤੋਂ ਡੂੰਘੀ ਚੁੱਪ ਦੀ ਭਾਸ਼ਾ, ਪੜ੍ਹਨ-ਪੜ੍ਹਾਵਣਹਾਰ ਨੇ ਵਿਰਲੇ, ਰੱਖਣ ਲਈ ਸੁਰਤਾਲ 'ਚ ਧੜਕਣ, ਮਨ ਦਾ ਸਾਜ਼ ਵਜਾਉਣਾ ਪੈਂਦੈ ।
ਵਕਤ ਸਾਡੇ ਨਾਲ ਕੀਹ ਕਾਰਾ
ਵਕਤ ਸਾਡੇ ਨਾਲ ਕੀਹ ਕਾਰਾ-ਸ਼ੈਤਾਨੀ ਕਰ ਗਿਆ । ਸਿਖ਼ਰ-ਡੋਡੀ ਤੋੜ ਕੇ ਅੰਗਿਆਰ ਉੱਤੇ ਧਰ ਗਿਆ । ਮੈਂ ਤਾਂ ਜਿਸਨੂੰ ਜਲ ਤਰੌਂਕੇ, ਸਮਝ ਕੇ ਸੁੱਚਾ ਗੁਲਾਬ, ਉਹ ਜਵਾਨੀ ਚੜ੍ਹਦਿਆਂ ਹੀ ਨਾਲ ਸੂਲਾਂ ਭਰ ਗਿਆ । ਮੈਂ ਤਾਂ ਬਾਤਾਂ ਬਹੁਤ ਪਾਈਆਂ ਪਰ ਤੁਰੀ ਨਾ ਵਾਰਤਾ, ਏਨੀ ਡੂੰਘੀ ਚੁੱਪ ਦੇ ਜੰਗਲ ’ਚ ਮੈਂ ਵੀ ਡਰ ਗਿਆ । ਕੌਡੀਆਂ ਦੀ ਖੇਡ ਵਿੱਚ ਜੇਤੂ ਸਾਂ ਦੋਵੇਂ ਬੇਮਿਸਾਲ, ਸਾਕ ਜੋ ਦੋਹਾਂ ਵਿਚਾਲੇ ਬਿਨ ਮੁਹੱਬਤ ਮਰ ਗਿਆ । ਸੇਕ ਤੂੰ ਦਿੱਤਾ, ਫਲੂਹਾ ਬਣ ਕੇ ਹੁਣ ਵੀ ਟਸਕਦਾ, ਵੇਖ ਆ ਕੇ, ਓਸ ਅੰਦਰ ਜ਼ਹਿਰ ਜੋ ਸੈਂ ਧਰ ਗਿਆ । ਦਰਦ ਜਿਹੜੇ ਦੇ ਗਿਆ ਸੈਂ ਜਾਣ ਵੇਲੇ ਤੂੰ ਸੌਗਾਤ, ਓਸ ਪੂੰਜੀ ਦੇ ਸਹਾਰੇ, ਮੋਹ ਬਿਨਾਂ ਵੀ ਸਰ ਗਿਆ । ਏਸ ਦੀ ਬੁੱਕਲ ’ਚ ਮੈਂ ਤਾਂ, ਅੱਜ ਵੀ ਮਹਿਫ਼ੂਜ਼ ਹਾਂ, ਥਿੜਕਦੇ ਨੂੰ ਬੋਚਦੈ ਇਹ, ਡੋਲਦਾ ਜਦ ਘਰ ਗਿਆ ।
ਡੁੱਬਦੇ ਸੂਰਜ ਦੇ ਵਿੱਚ ਘੁਲ਼ਿਆ
ਡੁੱਬਦੇ ਸੂਰਜ ਦੇ ਵਿੱਚ ਘੁਲ਼ਿਆ, ਕਿੱਧਰ ਸਾਡਾ ਯਾਰ ਤੁਰ ਗਿਆ । ਦਿਲ ਦਾ ਹਾਣ ਜ਼ਬਾਨ ਦਾ ਪੱਕਾ, ਛੱਡ ਕੇ ਕੌਲ-ਕਰਾਰ ਤੁਰ ਗਿਆ । ਬੜੇ ਵਾਸਤੇ ਪਾਏ! ਹਾਏ! ਇੱਕ ਨਾ ਮੰਨੀ ਜਾਣ ਦੇ ਵੇਲ਼ੇ, ਸਾਡੇ ਮਨ ’ਤੇ ਅਣਮਿਣਵਾਂ ਉਹ ਪਾ ਕੇ ਕੈਸਾ ਭਾਰ ਤੁਰ ਗਿਆ । ਬਾਤ- ਹੁੰਗਾਰਾ ਭਰਦਾ ਭਰਦਾ, ਅਚਨਚੇਤ ਕਿਸ ਖੂਹ ਵਿੱਚ ਲੱਥਿਆ, ਰੂਹ ’ਤੇ ਪੈੜਾਂ ਪਾਉਂਦਾ ਪਾਉਂਦਾ ’ਨੇਰ੍ਹ ਦੀ ਬੁੱਕਲ ਮਾਰ ਤੁਰ ਗਿਆ । ਅਜੇ ਅਲਾਪ ਲਿਆ ਸੀ ਉਸ ਨੇ, ਗਾਉਣਾ ਸੀ ਜਿਸ ਹੇਕਾਂ ਲਾ ਕੇ, ਸਾਜ਼ ਵਿਲ੍ਹਕਦੇ ਹਾਲੇ ਤੱਕ ਵੀ ਤੋੜ ਸਬੂਤੀ ਤਾਰ ਤੁਰ ਗਿਆ । ਕਿੰਨੇ ਸੁਪਨੇ, ਕਿੰਨੀਆਂ ਰੀਝਾਂ, ਕੋਰੇ ਵਰਕੇ ਵਾਹੀਆਂ ਲੀਕਾਂ, ਤੜਪ ਰਹੇ ਰੰਗ ਡੱਬੀਆਂ ਅੰਦਰ, ਸਭ ਨੂੰ ਜਿਉਂਦੇ ਮਾਰ ਤੁਰ ਗਿਆ । ਬਾਂਸ ਦੀ ਪੋਰੀ ਛੇਕਾਂ ਵਿੰਨ੍ਹੀ, ਹੁਣ ਹੋਠਾਂ ਨੂੰ ਸਹਿਕ ਰਹੀ ਹੈ, ਸੁਰ ਦੇ ਨਾਲ ਕਲੋਲਾਂ ਕਰਦਾ, ਵੰਝਲੀ ਵਰਗਾ ਯਾਰ ਤੁਰ ਗਿਆ । ਅੱਥਰੇ ਘੋੜੇ ਮਾਰ ਪਲਾਕੀ, ਚੜ੍ਹ ਜਾਂਦਾ ਸੀ ਵਾਗਾਂ ਫੜ ਕੇ, ਸਾਨੂੰ ਛੱਡ ਕੇ ਕਿਹੜੇ ਰਾਹੀਂ, ਸਾਡਾ ਪੌਣ-ਸਵਾਰ ਤੁਰ ਗਿਆ ।
ਸੜ ਗਏ ਜੰਗਲ ਦੇ ਵਿੱਚ ਵੇਖੋ
ਸੜ ਗਏ ਜੰਗਲ ਦੇ ਵਿੱਚ ਵੇਖੋ, ਕੁਝ ਇੱਕ ਸ਼ਾਖ਼ਾਂ ਹਰੀਆਂ ਨੇ । ਸੂਰਮਗਤੀ ਕਮਾਲ ਦੀ ਵੇਖੋ, ਇਹ ਨਾ ਅੱਗ ਤੋਂ ਡਰੀਆਂ ਨੇ । ਸੁਣੋ ਸਿਆਣੇ ਜੋ ਕੁਝ ਕਹਿ ਗਏ, ਜਾਂਦਿਆਂ ਡੁੱਬਦੇ ਸੂਰਜ ਵਾਂਗ, ਅਗਨ-ਕੁਠਾਲੀ ਢਲ਼ੀਆਂ ਜੋ ਵੀ ਸੋਲਾਂ ਆਨੇ ਖਰੀਆਂ ਨੇ । ਆਪਣੀ ਅੱਗ ਵਿੱਚ ਮਰ ਮੁੱਕ ਚੱਲਿਐਂ, ਜੀਣ ਜੋਗਿਆ, ਸੁਣਦਾ ਜਾ, ਅਗਨ-ਖੇਡ ’ਚੋਂ ਰਾਖ਼ ਬਿਨਾਂ, ਕਿਸ ਹੋਰ ਕਮਾਈਆਂ ਕਰੀਆਂ ਨੇ । ਜਾਣ ਵਾਲਿਆ ਜਾਂਦੇ ਜਾਂਦੇ ਏਨੀ ਗੱਲ ਤਾਂ ਦੱਸਦਾ ਜਾਹ, ਲਿਖੀਆਂ ਵਕਤ, ਗਿਆਨ -ਪੋਥੀਆਂ ਕਿਸ ਆਲ਼ੇ ਤੂੰ ਧਰੀਆਂ ਨੇ । ਫ਼ੋਕੀ ਸ਼ਾਨ ਦੇ ਰੰਗਲੇ ਬੰਗਲੇ, ਖਹਿੰਦੇ ਅੰਬਰ ਨਾਲ ਹਮੇਸ਼, ਧਰਤੀ ਅੰਦਰ ਉੱਗਣ ਬਾਝੋਂ, ਕਿਸ ਨੇ ਝੋਲ਼ੀਆਂ ਭਰੀਆਂ ਨੇ । ਧੁੱਪਾਂ ਛਾਵਾਂ ਦਾ ਸਿਰਨਾਵਾਂ ਕਿਸ ਚਿੱਠੀ ਤੋਂ ਪੜ੍ਹਿਐ ਤੂੰ, ਭਰਮ-ਜਲੀ ਲਿਸ਼ਕੰਦੜੀ ਵਾਲੀਆਂ ਕਿਸ ਨੇ ਨਦੀਆਂ ਤਰੀਆਂ ਨੇ । ਬਿਰਖ਼ਾਂ ਦੀ ਹਰਿਆਲੀ ਛਤਰੀ, ਭਾਵੇਂ ਸਿਰ ’ਤੇ ਬਾਬਲ ਵਾਂਗ, ਫਿਰ ਵੀ ਕਿਰਨਾਂ ਸੂਰਜ ਰੰਗੀਆਂ, ਪੱਤਿਆਂ ਵਿੱਚ ਦੀ ਝਰੀਆਂ ਨੇ ।
ਟਾਹਣੀ ਬੈਠੀ ਬੁਲਬੁਲ ਬੋਲੇ
ਟਾਹਣੀ ਬੈਠੀ ਬੁਲਬੁਲ ਬੋਲੇ, ਧਰਤੀ ਅੰਬਰ ਦੋਵੇਂ ਮੇਰੇ । ਬੰਦਿਆ ਤੂੰ ਹੰਕਾਰ -ਪੁਲੰਦਾ, ਦੱਸ ਤੂੰ ਪੱਲੇ ਕੀ ਹੈ ਤੇਰੇ? ਵਿੱਚ ਖ਼੍ਵਾਬਾਂ ਦੇ ਉੱਡਦਾ ਫਿਰਦੈਂ, ਨਕਲੀ ਖੰਭ ਉਧਾਰੇ ਲੈ ਕੇ, ਸੂਰਜ-ਸ਼ੀਸ਼ਾ ਵੇਖ ਲਿਆ ਕਰ, ਸੁੱਚੇ ਮੂੰਹ ਤੂੰ ਰੋਜ਼ ਸਵੇਰੇ । ਏਸੇ ਲਈ ਮੈਂ ਦੇਣਦਾਰ ਹਾਂ, ਤੇਰਾ ਮੇਰੀਏ ਸੁਹਜਵੰਤੀਏ, ਕਣ ਕਣ ਅੰਦਰ ਤੇਰਾ ਵਾਸਾ, ਮੇਰੇ ਵਿੱਚ ਸਾਹ ਚੱਲਦੇ ਤੇਰੇ । ਪੱਲੇ ਬੰਨ੍ਹ ਕੇ ਤੁਰਿਆਂ ਤਾਹੀਉਂ, ਹਰ ਮੈਦਾਨ ਫ਼ਤਹਿ ਮੂੰਹ ਚੁੰਮੇ, ਮੇਰੀ ਸ਼ਕਤੀ ਕਥਨ-ਕਹਾਣੇ ਦਰਵੇਸ਼ਾਂ ਦੇ ਚਾਲ਼ੀ ਸੇਰੇ । ਜਦੋਂ ਜਗਾਇਆ ਤੂੰ ਨਾ ਜਾਗਿਆ, ਤੈਨੂੰ ਤਦ ਸੀ ਨੀਂਦ ਪਿਆਰੀ, ਵਕਤ ਗੁਆਚਾ ਹੱਥ ਨਹੀਂ ਆਉਣਾ, ਹੁਣ ਕਿਉਂ ਨਕਲੀ ਅੱਥਰੂ ਕੇਰੇ? ਤੇਰੀ ਸੁਸਤੀ ਇਸ ਵਿਚ ਸ਼ਾਮਿਲ, ਦੁਸ਼ਮਣ ਐਵੇਂ ਸ਼ੇਰ ਨਾ ਬਣਿਆ, ਹਸਤੀ ਮੇਟਣ ਖ਼ਾਤਰ ਪੈ ਗਏ, ਤੈਨੂੰ ਹੁਣ ਚਹੁੰ-ਪਾਸਿਉਂ ਘੇਰੇ । ਅੱਜ ਦੇ ਵੱਲ ਪਿਛਾੜੀ ਕਰਕੇ, ਅਗਲਾ ਜਨਮ ਸੰਵਾਰਨ ਖ਼ਾਤਰ, ਸੁਣਿਐਂ ! ਤੂੰ ਵੀ ਰਹਿੰਦੈਂ ਅੱਜ ਕੱਲ੍ਹ, ਬਹੁਤਾ ਹੀ ਸਾਧਾਂ ਦੇ ਡੇਰੇ ।
ਸਹਿਜ ਮਤੇ ਸੰਤੋਖ ਨਾਲ ਤੁਰ
ਸਹਿਜ-ਮਤੇ ਸੰਤੋਖ ਨਾਲ ਤੁਰ, ਕਾਹਲੀ ਕੀ, ਰਫ਼ਤਾਰਾਂ ਫੜੀਆਂ । ਮਨ ਅੰਦਰ ਹੈ ਤੇਜ਼ ਹਨ੍ਹੇਰੀ, ਗਰਦ ਗੁਬਾਰਾਂ ਤਾਹੀਉਂ ਚੜ੍ਹੀਆਂ । ਪੌਣ-ਸਵਾਰੀ ਕਰਦਾ ਰਹਿੰਦੈਂ, ਸੁਪਨੇ ਵਿੱਚ ਵੀ ਸਫ਼ਰ ਕਰਦਿਆਂ, ਵੇਖ ਅਡੋਲ ਕਿਵੇਂ ਇੱਕ ਥਾਂ ’ਤੇ ਤੁਰਦੀਆਂ ਕੰਧੀਂ ਟੰਗੀਆਂ ਘੜੀਆਂ । ਇੱਕ ਵੀ ਵਰਕਾ ਦਰਦ ਪਰੁੱਚਾ, ਲਿਖ ਸਕਿਆ ਨਾ ਸਾਰੀ ਉਮਰਾ, ਓਦਾਂ ਮੈਂ ਵੀ ਲਿਖ ਬੈਠਾ ਹਾਂ, ਢੇਰ ਕਿਤਾਬਾਂ ਵਾਹਵਾ-ਵੜੀਆਂ । ਸਾਡੀ ਵਾਰੀ ਕਦ ਆਵੇਗੀ, ਪੈਸਿਆਂ ਬਦਲੇ ਗਾਉਣ ਵਾਲਿਆ, ਹੌਕਿਆਂ ਵਰਗੀਆਂ ਕਿੰਨੀਆਂ ਤਰਜ਼ਾਂ, ਤੇਰੇ ਕੰਠ ਸਵਾਲੀ ਖੜ੍ਹੀਆਂ । ਬੜੇ ਆਫ਼ਰੇ ਮਾਲ ਵੇਖ ਲੈ, ਧੌਲਰ ਉੱਚੀਆਂ ਧੌਣਾਂ ਵਾਲੇ, ਭੁੰਜ-ਬਾਜ਼ਾਰ ਡਕਾਰੇ ਇਨ੍ਹਾਂ, ਸੜਕਾਂ ਕੰਢੇ ਵਾਲੀਆਂ ਫੜ੍ਹੀਆਂ । ਬੰਦਾ ਹੀ ਬੰਦੇ ਦਾ ਦਾਰੂ, ਮੇਰੇ ਬਾਬਲ ਇਹ ਸਮਝਾਇਆ, ਹਰ ਥਾਂ ਪੈਸਾ ਕੰਮ ਆਉਂਦਾ ਏ, ਇਹ ਗੱਲਾਂ ਤੂੰ ਕਿੱਥੋਂ ਪੜ੍ਹੀਆਂ । ਚੁੱਲ੍ਹਾ-ਚੌਂਕਾ ਕਰਦੀ ਮਾਂ ਨੇ, ਬਿਨਾਂ ਕਿਤਾਬੋਂ ਜੋ ਸਮਝਾਈਆਂ, ਓਹੀ ਅਕਲਾਂ ਰਾਹ ਰੁਸ਼ਨਾਵਣ, ਰੂਹ ਵਿੱਚ ਵਾਂਗ ਨਗੀਨੇ ਜੜੀਆਂ ।
ਹੋਰ ਸੁਨੇਹੇ ਰਾਹ ਵਿੱਚ ਰਹਿ ਗਏ
ਹੋਰ ਸੁਨੇਹੇ ਰਾਹ ਵਿੱਚ ਰਹਿ ਗਏ, ਚਿੱਠੀਆਂ ਤੁਰੀਆਂ ਮੇਰੇ ਨਾਲ । ਹਾਲੇ ਰੂਹ ਟੁਣਕਾਰਦੀਆਂ ਨੇ, ਲੰਘੇ ਲਿਖਿਆਂ ਕਿੰਨੇ ਸਾਲ । ਫ਼ਿਕਰੇ, ਵਾਕ ਬਣਤਰਾਂ ਹੁਣ ਵੀ, ਕਿੰਨਾ ਕੁਝ ਸਮਝਾਵਣ ਮੈਨੂੰ, ‘ਲਿਖਤੁਮ’ ਤੁਰ ਗਏ ਦੂਰ ਸਫ਼ਰ ’ਤੇ, ‘ਪੜ੍ਹਤੁਮ’ ਕਿਉਂ ਹਾਲੋਂ ਬੇਹਾਲ । ਮੇਰੀ ਮਾਂ ਜਿਉਂ ਕੱਤ ਪੂਣੀਆਂ, ਫੇਰ ਅਟੇਰਨ ’ਤੇ ਸੀ ਵਲ਼ਦੀ, ਮੈਂ ਵੀ ਉਸ ਤੋਂ ਪੋਖਾ ਲੈ ਕੇ, ਲਿਖਤਾਂ ਸਾਂਭਾਂ ਨਾਲੋ ਨਾਲ । ਸੁਰਖ਼ ਬਹਾਰਾਂ ਦੇ ਵਣਜਾਰੇ, ਲੋਕ-ਮਾਤ ਦੇ ਰਾਜ ਦੁਲਾਰੇ, ਕੋਰੇ ਵਰਕੇ ਉੱਪਰ ਤੁਰ ਤੂੰ, ਕਿਰਨਾਂ ਜੀਕੂੰ ਪਾਲ਼ੋ-ਪਾਲ਼। ਦਰਦ -ਸੁਨੇਹਾ ਤੂੰ ਲਿਖ ਸਕਦੈਂ, ਕਾਨੀ ਦੀ ਲੱਜ- ਪਾਲ ਪਿਆਰੇ, ਇਹ ਵਿਸ਼ਵਾਸ, ਮੁਹੱਬਤ, ਤੌਬਾ! ਕਰ ਗਈ ਮੈਨੂੰ ਮਾਲਾ ਮਾਲ । ਡਾਕ ਅਜੇ ਵੀ ਆਉਂਦੀ ਹੈ, ਪਰ, ਰੂਹ ਤੋਂ ਸੱਖਣੀ ਛਪੀ ਛਪਾਈ, ਜਿਉਂ ਕਲਬੂਤ, ਬਿਨਾਂ ਰੂਹ ਭਟਕੇ, ਚੱਲੀ ਸਮਿਆਂ ਕੈਸੀ ਚਾਲ । ਹੱਥ-ਲਿਖੀਆਂ ਚਿੱਠੀਆਂ ਦੇ ਅੱਖਰ ਬੋਲ ਬੋਲ ਕੇ ਪੁੱਛਦੇ ਮੈਨੂੰ, ਮਾਂ ਸਦਕੇ! ਵੇ ਜਿਊਣ ਜੋਗਿਆ, ਕੀ ਦੁਖਦਾ ਈ ਮੇਰੇ ਲਾਲ ।
ਚੜ੍ਹਦੇ ਸੂਰਜ ਦੇ ਵਿੱਚ ਲੁਕਿਆ
ਚੜ੍ਹਦੇ ਸੂਰਜ ਦੇ ਵਿੱਚ ਲੁਕਿਆ, ਕਿੱਧਰ ਸ਼ਬਦ ਸਵਾਰ ਤੁਰ ਗਿਆ । ਕਦੇ ਕੁਵੇਲਾ ਹੁਣ ਨਹੀਂ ਕਰਦਾ, ਕਰਕੇ ਕੌਲ ਕਰਾਰ ਤੁਰ ਗਿਆ । ਏਸ ਤਰ੍ਹਾਂ ਤਾਂ ਹੌਕਾ ਵੀ ਨਾ ਹਿੱਕੜੀ ਵਿੱਚੋਂ ਰੁਖ਼ਸਤ ਹੁੰਦਾ, ਕੋਲ ਪਿਆਂ ਨੂੰ ਮਾਰ ਝਕਾਨੀ, ਚੁੱਪ ਦੀ ਬੁੱਕਲ ਮਾਰ ਤੁਰ ਗਿਆ । ਅਚਨਚੇਤ ਕਿਸ ਮਾਰਗ ਤੁਰਿਆ, ਪਿੱਛੇ ਛੱਡ ਕੇ ਗੰਧ ਕਸਤੂਰੀ, ਲੱਭਦੇ ਫਿਰੀਏ ਪੌਣਾਂ ਵਿੱਚੋਂ, ਸਭ ਨੂੰ ਜਿਊਂਦੇ ਮਾਰ ਤੁਰ ਗਿਆ । ਅਜੇ ਤਾਂ ਉਸਨੇ ਦੱਸਣਾ ਸੀ ਕਿ, ਸਾਥੋਂ ਧਰਤੀ ਕੀ ਚਾਹੁੰਦੀ ਹੈ, ਸੁਰ ਸ਼ਬਦਾਂ ਦਾ ਵਹਿੰਦਾ ਚਸ਼ਮਾ ਸਰਦ ਖ਼ਾਮੋਸ਼ੀ ਧਾਰ ਤੁਰ ਗਿਆ । ਲਿਖਤੁਮ ਪਾਤਰ, ਪੜ੍ਹਤੁਮ ਦੁਨੀਆਂ, ਸਗਲ ਸ੍ਰਿਸ਼ਟੀ ਮਾਰ ਕਲਾਵੇ, ਕਣ ਕਣ ਵਿੱਚੋਂ ਲੱਭਦੇ ਫਿਰੀਏ, ਕਿੱਧਰ ਰੂਹ-ਅਸਵਾਰ ਤੁਰ ਗਿਆ । ਬੰਸਰੀਆਂ ਦੇ ਛੇਕਾਂ ਅੰਦਰੋਂ, ਹੂਕ ਕਿਸੇ ਦਰਦੀਲੀ ਪੁੱਛਿਆ, ਹੋਂਠ ਛੁਹਾਇਆਂ ਤੋਂ ਬਿਨ ਸਾਡਾ, ਕਿੱਧਰ ਕ੍ਰਿਸ਼ਨ ਮੁਰਾਰ ਤੁਰ ਗਿਆ । ਕੋਰੇ ਵਰਕ ਉਡੀਕ ਰਹੇ ਨੇ, ਰੰਗਲੀ ਡਾਇਰੀ ਅੱਥਰੂ ਅੱਥਰੂ, ਕਲਮ, ਦਵਾਤ ਸਮੇਟ ਪਿਆਰਾ, ਕਿੱਧਰ ਸਿਰਜਣਹਾਰ ਤੁਰ ਗਿਆ ।
ਖਿੜਨਾ ਚਾਹਾਂ ਸਿਖ਼ਰ ਦੁਪਹਿਰੇ
ਖਿੜਨਾ ਚਾਹਾਂ ਸਿਖ਼ਰ ਦੁਪਹਿਰੇ ਇੱਕ ਮੁਸਕਾਨ ਪਿਆਰੀ ਦੇ ਦੇ । ਕੁਝ ਪਲ ਮੇਰੇ ਸਾਹੀਂ ਰਮ ਜਾ, ਰੰਗਾਂ ਭਰੀ ਪਟਾਰੀ ਦੇ ਦੇ। ਇਹ ਇਕਰਾਰ ਤੇਰਾ ਤੇ ਮੇਰਾ, ਕਣ ਕਣ ਮਹਿਕਾਂ ਵੰਡ ਦਿਆਂਗਾ, ਕੁੱਲ ਧਰਤੀ ਤੇ ਫ਼ੈਲਣ ਦੇ ਲਈ, ਪੌਣਾਂ ਦੀ ਅਸਵਾਰੀ ਦੇ ਦੇ । ਤੈਨੂੰ ਲੱਭਦੇ ਲੱਭਦੇ ਮੈਂ ਤਾਂ, ਧਰਤ ਆਕਾਸ਼ ਬੜਾ ਕੁਝ ਗਾਹਿਆ, ਰਹਿੰਦੀ ਦੁਨੀਆਂ ਵੇਖ ਲਵਾਂ ਮੈਂ, ਸਾਗਰ ਲੰਮੀ ਤਾਰੀ ਦੇ ਦੇ । ਇੱਕੋ ਹੀ ਅਰਦਾਸ ਸੁਣੀਂ ਤੂੰ, ਵਿੱਛੜਨ ਵੇਲੇ ਰਹਿਮਤ ਕਰ ਦੇ, ਸ਼ੁਭ-ਕਰਮਨ ਲਈ ਨੇਕ ਇਰਾਦੇ, ਪਰਬਤ ਜਿੱਡੇ ਭਾਰੀ ਦੇ ਦੇ । ਉਮਰ ਪਕੇਰੀ ਬਚਪਨ ਰੁੱਸਿਆ, ਅਕਲਾਂ ਨੇ ਮੱਤ ਮਾਰੀ ਮੇਰੀ, ਖਿੜਦੇ ਫੁੱਲਾਂ ਵਰਗੀ ਨਿਰਮਲ ਬੱਚਿਆਂ ਦੀ ਕਿਲਕਾਰੀ ਦੇ ਦੇ । ਥੁੜਿਆਂ ਟੁੱਟਿਆਂ ਲੋਕਾਂ ਵਰਗੀ, ਹਰ ਸਾਹ ਜਿੱਥੇ ਰੁੱਤ ਕੰਡਿਆਲੀ, ਬੰਜਰ ਧਰਤੀ, ਸਹਿਕ ਰਹੀ ਹੈ, ਫੁੱਲਾਂ ਭਰੀ ਕਿਆਰੀ ਦੇ ਦੇ । ਨਾਭੀ ਵਿੱਚ ਕਸਤੂਰੀ ਵਰਗੀ, ਉਹ ਮਹਿੰਗੀ ਵਿਸਮਾਦੀ ਪੂੰਜੀ, ਕਿਰਸਾਂ ਕਰ ਕਰ ਵੰਡੀ ਜੋ ਤੂੰ, ਉਹ ਖ਼ੁਸ਼ਬੋਈ ਸਾਰੀ ਦੇ ਦੇ ।
ਜੋ ਕੁਝ ਵਕਤ ਹਵਾ ਵਿੱਚ ਲਿਖਿਆ
ਜੋ ਕੁਝ ਵਕਤ ਹਵਾ ਵਿੱਚ ਲਿਖਿਆ, ਉਸਨੂੰ ਪੜ੍ਹਨਾ ਸਿੱਖ ਲਿਆ ਹੈ । ਰਾਤ ਦੇ ਕੇਸੀਂ ਚੰਨ ਸਿਤਾਰੇ, ਕਿੱਦਾਂ ਜੜਨਾ ਸਿੱਖ ਲਿਆ ਹੈ । ਆਖ ਦਿਉ ਝੱਖੜ ਨੂੰ, ਸਾਡਾ ਹੋਰ ਵਧੇਰੇ ਦਮ ਨਾ ਪਰਖੇ, ਅਸੀਂ ਵੀ ਇਸ ਦੇ ਕਹਿਰ ਦੇ ਅੱਗੇ, ਤਣ ਕੇ ਖੜ੍ਹਨਾ, ਸਿੱਖ ਲਿਆ ਹੈ । ਸਬਰ ਸਿਦਕ ਨੂੰ ਢਾਲ ਬਣਾ ਤੇ, ਬੰਨ੍ਹ ਪੈਂਤੜਾ ਪੱਕੇ ਪੈਰੀਂ, ਜਬਰ ਜ਼ੁਲਮ ਦੀ ਮਾਰ ਦੇ ਅੱਗੇ, ਕਿੱਦਾਂ ਅੜਨਾ ਸਿੱਖ ਲਿਆ ਹੈ । ਸਾਡਾ ਤਾਂ ਇਤਿਹਾਸ ਗਵਾਹ ਹੈ, ਮਰ ਮਿਟਣਾ ਚਾਨਣ ਦੀ ਖ਼ਾਤਰ, ਲਾਟ ਦੁਆਲੇ ਭੰਬਟ ਕੋਲੋਂ, ਕਿੱਦਾਂ ਸੜਨਾ ਸਿੱਖ ਲਿਆ ਹੈ । ਆਪਣੀ ਮਿੱਟੀ ਰੱਤ ਵਿੱਚ ਗੁੰਨ੍ਹ ਕੇ, ਘਾੜਤਿ ਆਵੇ ਵਿੱਚ ਤਪਾ ਕੇ, ਆਪਣੀ ਹਸਤੀ ਮੇਟਣ ਮਗਰੋਂ, ਕਿੱਦਾਂ ਘੜਨਾ ਸਿੱਖ ਲਿਆ ਹੈ । ਸਿਖ਼ਰ ਚੋਟੀਆਂ ਦੀ ਗੱਲ ਛੱਡੋ, ਓਸ ਦੌੜ ਵਿੱਚ ਮੈਂ ਨਾ ਸ਼ਾਮਿਲ, ਗੁਰ ਚਰਨੀਂ ਧਰ ਸੀਸ ਚੜ੍ਹਾਵਾ, ਨਜ਼ਰੀਂ ਚੜ੍ਹਨਾ ਸਿੱਖ ਲਿਆ ਹੈ । ਚੜ੍ਹਨਾ ਮਾਰ ਪਲਾਕੀ ਕਿੱਸਰਾਂ, ਵਕਤ ਦੇ ਅੱਥਰੇ ਘੋੜੇ ਉੱਤੇ, ਵਾਗ ਸਮੇਂ ਦੀ ਕਰੜੇ ਹੱਥੀਂ, ਕਿੱਦਾਂ ਫੜਨਾ ਸਿੱਖ ਲਿਆ ਹੈ ।
ਤੂੰ ਨਾ ਰੂਹੇ ਦਿੱਤੀ ਦਸਤਕ
ਤੂੰ ਨਾ ਰੂਹੇ ਦਿੱਤੀ ਦਸਤਕ, ਕੱਲ੍ਹ ਵਰਗਾ ਅੱਜ ਦਿਨ ਨਹੀਂ ਚੜ੍ਹਿਆ । ਕੀ ਦੱਸਾਂ ਮੈਂ, ਤੇਰਾ ਲਿਖਿਆ, ਕਿੰਨੀ ਵਾਰੀ, ਮੁੜ ਮੁੜ ਪੜ੍ਹਿਆ । ਦੋ ਸਤਰਾਂ ਵਿਚਕਾਰ ਦੀ ਖ਼ਾਲੀ ਥਾਂ ਨੇ ਮੈਨੂੰ ਇਹ ਸਮਝਾਇਐ, ਬਹੁਤੀ ਵਾਰੀ ਉਹ ਸੁਣਿਆ ਕਰ, ਜੋ ਛੱਡ ਜਾਨੈਂ ਤੂੰ ਅਣਪੜ੍ਹਿਆ । ਕਾਹਲੀ ਕਾਹਲੀ, ਹਰ ਸਾਹ ਕਾਹਲੀ, ਫਿਰ ਝੋਲੀ ਖ਼ਾਲੀ ਦੀ ਖਾਲੀ, ਰੂਹ ਦੇ ਬੋਲ ਕਦੇ ਤਾਂ ਸੁਣ ਲੈ, ਬਹਿ ਕੇ ਆਪਣੇ ਕੋਲ ਤੂੰ ਅੜਿਆ । ਕਲਗੀ ਸਬਕ ਪੜ੍ਹਾਇਆ ਕੇਹਾ, ਸੁਪਨੇ ਵਿੱਚ ਵੀ ਹੁਕਮ ਚਲਾਵੇਂ, “ਹਮ ਕੋ” “ਤੁਮ ਕੋ” ਕਰਦਾ ਰਹਿੰਨੈਂ, ਸੜ ਗਈ ਰੱਸੀ ਵੱਟ ਨਹੀਂ ਸੜਿਆ । ਮੇਰੇ ਅੰਦਰ ਸਿਦਕ, ਸਮਰਪਣ, ਲੂੰ ਲੂੰ ਭਰਿਆ ਏਸੇ ਕਰਕੇ, ਜਲ-ਸੇਵਾ ਦੀ ਗਾਗਰ ਵਾਂਗੂੰ, ਠਠਿਆਰਾਂ ਨੇ ਕੁੱਟ ਕੁੱਟ ਘੜਿਆ । ਸੂਰਮਿਆਂ ਦੀ ਵੱਖਰੀ ਬਸਤੀ, ਅੱਡਰੀ ਹਸਤੀ ਸਦੀਆਂ ਤੋਂ ਹੀ, ਸੁਣ ਅਰਦਾਸ ਸਦਾ ਚਿੱਤ ਲਾ ਕੇ, ਵਕਤ-ਫਰੇਮ 'ਚ ਕਿਸ ਨੂੰ ਜੜਿਆ । ਸਾਰੀ ਉਮਰ ਗੁਜ਼ਾਰਨ ਮਗਰੋਂ ਇਹ ਗੱਲ ਮੈਨੂੰ ਸਮਝ ਪਈ ਏ, ਮੈਨੂੰ ਮੇਰੀ “ਮੈਂ” ਨੇ ਮਾਰਿਆ, ਜਿੰਨਾ ਇਸ ਨੂੰ ਘੁੱਟ ਕੇ ਫੜਿਆ ।
ਇੱਕ ਦਰਵਾਜ਼ਾ ਬੰਦ ਹੋਵੇ ਤਾਂ
ਇੱਕ ਦਰਵਾਜ਼ਾ ਬੰਦ ਹੋਵੇ ਤਾਂ, ਅੱਗੇ ਤੁਰ, ਸੌ ਖੁੱਲ੍ਹ ਜਾਂਦਾ ਹੈ । ਜ਼ਿੰਦਗੀ ਸਫ਼ਰ ਨਿਰੰਤਰ ਬੰਦਗੀ, ਬੰਦਾ ਅਕਸਰ ਭੁੱਲ ਜਾਂਦਾ ਹੈ । ਮੇਰੇ ਮੁਰਸ਼ਦ ਇਹ ਸਮਝਾਇਆ, ਸੰਭਲ ਤੁਰਿਆਂ ਕਦਮ ਨਾ ਥਿੜਕੇ, ਕਾਹਲਿਆਂ ਦੇ ਸਿਰ ਉੱਤੋਂ ਅਕਸਰ, ਘਿਉ ਦਾ ਪੀਪਾ ਡੁੱਲ੍ਹ ਜਾਂਦਾ ਹੈ । ਵਗਦੀ ਤੇਜ਼ ਹਨ੍ਹੇਰੀ ਅੱਗੇ, ਕਰਕੇ ਸਾਬਤ ਕਦਮ ਖਲੋਈਏ, ਚੌਮੁਖੀਆ ਦੀਵਾ ਜੇ ਕੱਲ੍ਹਾ, ਪਲ ਅੰਦਰ ਹੋ ਗੁੱਲ ਜਾਂਦਾ ਹੈ । ਲੱਖੀ-ਜੰਗਲ ਬਿਰਖ-ਬਰੂਟੇ, ਸੰਗੀ ਸਾਥੀ ਭਾਈਚਾਰਾ, ਏਸ ਯਕੀਨ ਦੇ ਡੋਲਦਿਆਂ ਹੀ, ਸਿਰ ਤੇ ਝੱਖੜ ਝੁੱਲ ਜਾਂਦਾ ਹੈ । ਸਹਿਜ, ਸਬਰ, ਸੰਤੋਖ, ਸਮਰਪਣ ਅਸਲੀ ਤਾਕਤ ਸਾਂਭ ਕੇ ਰੱਖੀਂ, ਗੈਸ-ਗੁਬਾਰਾ ਫੂਕ ਛਕਦਿਆਂ ਕੁੱਪੇ ਵਾਂਗੂੰ ਫੁੱਲ ਜਾਂਦਾ ਹੈ । ਵਾਇਰਸ-ਮੁਕਤ ਰਹੋ ਮਨ ਮੇਰੇ, ਲਾਲਚ ਫੂਕੇ ਰੂਹ ਦੀ ਪੂੰਜੀ, ਛੋਲਿਆਂ ਵਾਲਾ ਖੇਤ ਜਿਸ ਤਰ੍ਹਾਂ ਡੁੱਬਾ ਰਹੇ ਤਾਂ ਹੁੱਲ ਜਾਂਦਾ ਹੈ । ਮਰਦਾਂ ਵਿੱਚ ਓਦੋਂ ਤੱਕ ਗਿਣਤੀ, ਜਦ ਤੀਕਰ ਗਰਦਨ ਹੈ ਸਿੱਧੀ, ਕੌਡੀਓਂ ਖੋਟਾ ਹੋ ਜੇ ਬੰਦਾ, ਜੋ ਤੱਕੜੀ ਵਿੱਚ ਤੁੱਲ ਜਾਂਦਾ ਹੈ ।
ਹਾਕਮ ਨੂੰ ਸਮਝਾਵੇ ਕਿਹੜਾ
ਹਾਕਮ ਨੂੰ ਸਮਝਾਵੇ ਕਿਹੜਾ, ਦਿੱਲੀ ਹੁਣ ਦਰਬਾਰ ਨਹੀਂ ਹੈ । ਮੈ ਪਰਜਾ ਨਾ ਰਾਜਾ ਹੁਣ ਤੂੰ, ਮੁਗਲਾਂ ਦੀ ਸਰਕਾਰ ਨਹੀਂ ਹੈ । ਜਨਪਥ ਅੰਦਰ ਵਰਜਿਤ ਜਨ ਹੈ, ਗਣ ਬਿਨ ਦੱਸ ਗਣਤੰਤਰ ਕਾਹਦਾ, ਹਿੱਕ ਤੇ ਹੱਥ ਧਰੀਂ ਫਿਰ ਦੱਸੀਂ, ਕੀ ਇਹ ਅੱਤਿਆਚਾਰ ਨਹੀਂ ਹੈ ? ਚਿੜੀਆਂ ਮੌਤ, ਗੰਵਾਰਾਂ ਹਾਸਾ, ਸੁਣਿਆ ਸੀ, ਪਰ ਵੇਖ ਲਿਆ ਹੈ, ਰਖਵਾਲੇ ਹੀ ਬਣੇ ਸ਼ਿਕਾਰੀ, ਕਿਣਕਾ ਰੂਹ ਤੇ ਭਾਰ ਨਹੀਂ ਹੈ । ਗੁਰ-ਉਪਦੇਸ਼ ਵਿਸਾਰਿਆ ਤਾਹੀਂਉਂ, ਸਹਿਜ, ਸਬਰ, ਸੰਤੋਖ ਗੁਆਚਾ, ਗੁਰ ਬਖ਼ਸ਼ੀ ਕਿਰਪਾਨ ਅਸਾਨੂੰ, ਜ਼ੁਲਮ ਲਈ ਤਲਵਾਰ ਨਹੀਂ ਹੈ । ਪੱਥਰ ਦੇ ਭਗਵਾਨ ਬਣੇ ਨੇ, ਅੰਨ੍ਹੇ, ਬੋਲ਼ੇ, ਮਾਇਆਧਾਰੀ, ਇਨ੍ਹਾਂ ਦੇ ਪਿੰਜਰੇ ਵਿੱਚ ਕੈਦੀ, ਰੱਬ ਨੂੰ ਸਾਡੀ ਸਾਰ ਨਹੀਂ ਹੈ । ਵੰਡ ਦਿੱਤੀ ਬਟਿਆਂ ਵਿੱਚ ਧਰਤੀ, ਅੰਬਰ ਚੀਰਿਆ ਫਾੜੀ ਫਾੜੀ, ਸਾਂਝੇ ਸੁਪਨੇ ਵਾਲੀ ਦਿਸਦੀ, ਹੁਣ ਕੂੰਜਾਂ ਦੀ ਡਾਰ ਨਹੀਂ ਹੈ । ਜ਼ਖ਼ਮੀ ਸੁਪਨ-ਪਰਿੰਦੇ ਤੜਪਣ, ਮਨ ਦੀ ਚਾਰ-ਦੀਵਾਰੀ ਅੰਦਰ, ਬੇਦਰਦਾਂ ਦੀ ਨਗਰੀ ਅੰਦਰ, ਕਿਧਰੇ ਹਾਹਾਕਾਰ ਨਹੀਂ ਹੈ ।
ਵਕਤ ਮੇਰੇ ਨਾਲ ਟਿਚਕਰ
ਵਕਤ ਮੇਰੇ ਨਾਲ ਟਿਚਕਰ ਕਿਸ ਤਰ੍ਹਾਂ ਦੀ ਕਰ ਗਿਆ । ਜਾਨ ਤੋਂ ਵਧ ਸੀ ਪਿਆਰਾ, ਸਾਥ ਓਹੀ ਮਰ ਗਿਆ । ਦੇ ਗਿਆ ਉਹ ਜਾਣ ਵੇਲੇ ਪੋਟਲੀ ਪੀੜਾਂ ਸੁਗਾਤ, ਦੇ ਗਿਆ ਕੈਸੀ ਨਿਸ਼ਾਨੀ, ਰੂਹ ਬਗੀਚੀ ਚਰ ਗਿਆ । ਇੱਕ ਮੁੱਦਤ ਬਾਦ ਜਦ ਹੋਇਆ ਮੈਂ ਸ਼ੀਸ਼ੇ ਰੂ ਬ ਰੂ, ਕਿੰਜ ਦੱਸਾਂ, ਆਪਣੇ ਚਿਹਰੇ ਤੋਂ ਕਿੰਨਾ ਡਰ ਗਿਆ । ਯਾਦ ਉਹਦੀ ਬਣ ਦੋਮੂੰਹੀਂ, ਡੰਗਦੀ ਹੈ ਬਾਰ ਬਾਰ, ਸਿਤਮ ਤੇਰਾ, ਸਿਦਕ ਮੇਰਾ ਵੇਖ ਕਿੱਦਾਂ ਜਰ ਗਿਆ । ਟਸਕਦੀ ਹੈ ਪੀੜ ਹਾਲੇ ਜਾਂਦਿਆਂ ਜੋ ਦੇ ਗਿਉਂ, ਵੇਖ ਲੈ ਤੂੰ, ਓਹੀ ਛਾਲਾ, ਫੇਰ ਪੂਰਾ ਭਰ ਗਿਆ । ਇਹ ਜਨਮ ਤੇਰੇ ਹਵਾਲੇ, ਹੋਰ ਦੀ ਹੁਣ ਲੋੜ ਨਹੀਂ, ਕਿਸ਼ਤ ਇੱਕੋ ਤਾਰ ਕੇ, ਥੋੜੇ 'ਚ ਮੇਰਾ ਸਰ ਗਿਆ । ਯਾਦ ਤੈਨੂੰ ਕਰ ਲਿਆ ਤਾਂ ਪਰਤ ਕੇ ਆਈ ਬਹਾਰ, ਸੁੰਨੀਆਂ ਟਾਹਣਾਂ ਤੇ ਮੌਸਮ ਸਬਜ਼ ਪੱਤੇ ਧਰ ਗਿਆ ।
ਸਭਨਾਂ ਨੂੰ ਨਹੀਂ ਮਿਲਦੀ ਏਥੇ
ਸਭਨਾਂ ਨੂੰ ਨਹੀਂ ਮਿਲਦੀ ਏਥੇ, ਜ਼ਿੰਦਗੀ ਕੇਸਰ-ਕਿਆਰੀ ਵਰਗੀ । ਖ਼ੁਸ਼ਬੂ ਦੀ ਰਖਵਾਲੀ ਵੀ ਤਾਂ ਜ਼ਿੰਮੇਵਾਰੀ ਭਾਰੀ ਵਰਗੀ । ਜਿਸਮੋਂ ਪਾਰ ਲੰਘਾ ਕੇ ਸੂਈਆਂ, ਫੁੱਲ ਬੋਲਦੇ ਖੱਦਰ ਉੱਤੇ, ਐਵੇਂ ਤਾਂ ਮੁਸਕਾਨ ਮਿਲੇ ਨਾ, ਖਿੜੀ-ਪੁੜੀ ਫੁਲਕਾਰੀ ਵਰਗੀ । ਢਿੱਲੇ ਬੋਲ, ਹੁੰਗਾਰਾ ਸਿੱਲ੍ਹਾ, ਗਿੱਲਾ ਪੀਹਣ ਨਾ ਪਾਇਆ ਕਰ ਤੂੰ, ਕਰਿਆ ਕਰ ਗੁਫ਼ਤਾਰ ਹਮੇਸ਼ਾਂ, ਤਿੱਖੀ ਤੇਜ਼ ਕਟਾਰੀ ਵਰਗੀ । ਰੂਹ ਨਿਰਵਸਤਰ ਤੇਰੇ ਅੱਗੇ, ਨਾ ਓਹਲਾ ਮੈਂ ਪਰਦਾ ਰੱਖਿਆ, ਨਜ਼ਰ ਮਿਲਾਏ ਬਿਨ ਕਿਉਂ ਕਰਦੈਂ, ਹਰ ਗੱਲ ਤੂੰ ਹੁਸ਼ਿਆਰੀ ਵਰਗੀ । ਵਕਤ ਦਿਆਂ ਸਫ਼ਿਆਂ ਤੇ ਓਹੀ, ਹਰਫ਼ ਹਮੇਸ਼ਾਂ ਰਹਿਣ ਜਿਉਂਦੇ, ਜਿੰਨ੍ਹਾਂ ਦੀ ਔਕਾਤ ਨਾ ਹੋਵੇ, ਖ਼ਬਰ ਕਿਸੇ ਅਖ਼ਬਾਰੀ ਵਰਗੀ । ਅਗਨ, ਲਗਨ ਦੀ ਬਾਲ਼ ਅੰਗੀਠੀ, ਤੁਰਿਆਂ ਹੀ ਨੇ ਪੈਂਡੇ ਮੁੱਕਣੇ, ਹੱਡਾਂ ਵਿੱਚ ਗਫ਼ਲਤ ਨਾ ਬਹਿ ਜੇ, ਸਰਦ-ਸਿਆਲੀ ਠਾਰੀ ਵਰਗੀ । ਅਜਬ ਖ਼ਲਬਲੀ, ਸਾਹ ਘੁਟਦਾ ਹੈ ਕੀ ਦੱਸਾਂ ਜੀ ਰੂਹ ਦੀ ਹਾਲਤ, ਲਾਲ ਫੀਤਿਆਂ ਅੰਦਰ ਕੈਦਣ, ਮਿਸਲ ਕਿਸੇ ਸਰਕਾਰੀ ਵਰਗੀ ।