Raavi (Ghazals) : Gurbhajan Gill
ਰਾਵੀ (ਗ਼ਜ਼ਲ ਸੰਗ੍ਰਹਿ) : ਗੁਰਭਜਨ ਗਿੱਲ
ਪਹਿਲਾ ਬੋਲ ਸਮਰਪਿਤ ਮੇਰਾ
ਪਹਿਲਾ ਬੋਲ ਸਮਰਪਿਤ ਮੇਰਾ, ਕੁੱਲ ਧਰਤੀ ਦੀਆਂ ਮਾਵਾਂ ਨੂੰ। ਪਾਲ ਪੋਸ ਜਿਨ ਵੱਡਿਆਂ ਕੀਤਾ, ਨਿੱਕਿਆਂ ਨਿੱਕਿਆਂ ਚਾਵਾਂ ਨੂੰ। ਧਰਮੀ ਬਾਬਲ ਜੁਗਤ ਸਿਖਾਈ,ਚੜ੍ਹਦੇ ਪਾਣੀ ਤਰਨ ਲਈ, ਪਾਰ ਕਰਨ ਦੀ ਤਾਕਤ ਬਖ਼ਸ਼ੀ, ਭਰ ਵਗਦੇ ਦਰਿਆਵਾਂ ਨੂੰ। ਰੂਪ ਮੇਰੇ ਵਿੱਚ ਤੂੰ ਵੀ ਸ਼ਾਮਿਲ, ਸੂਰਜ ਦੀ ਲਿਸ਼ਕੋਰ ਦੇ ਵਾਂਗ, ਨਵਾਂ ਨਵੇਲਾ ਰੰਗ ਚੜ੍ਹਾਇਆ, ਆਉਂਦੇ ਜਾਂਦੇ ਸਾਹਵਾਂ ਨੂੰ। ਘਾਹ ਦੀਆਂ ਪੱਤੀਆਂ, ਤਰੇਲ ਦੇ ਮੋਤੀ, ਕਰਨ ਗੁਫ਼ਤਗੂ ਸ਼ਾਮ ਸਵੇਰ, ਵੇਖ ਲਿਆ ਕਰ ਤੜਕਸਾਰ ਤੂੰ, ਮਨ ਤੋਂ ਮਨ ਦੇ ਰਾਹਵਾਂ ਨੂੰ। ਸੱਜਰੀ ਸੱਜਰੀ, ਕੋਸੀ ਕੋਸੀ, ਸਿਖ਼ਰ ਸਿਆਲੀ ਧੁੱਪ ਦੇ ਵਾਂਗ, ਰਿਸ਼ਮ ਰੁਪਹਿਲੀ ਬਣ ਆਇਆ ਕਰ, ਸਾਡੇ ਵਤਨ ਗਿਰਾਵਾਂ ਨੂੰ। ਬੱਚਿਆਂ ਹੱਥੋਂ ਟੁੱਕਰ ਖੋਂਹਦੇ, ਝਪਟ ਮਾਰ ਕੇ ਉੱਡ ਜਾਂਦੇ, ਮਾਰ ਗੁਲੇਲਾਂ ਚੱਲ ਉਡਾਈਏ, ਮੱਕੀਆਂ ਡੁੰਗਦੇ ਕਾਵਾਂ ਨੂੰ। ਉਂਗਲੀ ਪਕੜ ਸਿਖਾਇਆ ਤੁਰਨਾ,ਪਰ ਦਿੱਤੇ ਨੇ ਉੜਨ ਲਈ, ਸਦਾ ਸਲਾਮਤ ਰੱਖੀਂ ਮੌਲਾ, ਮੇਰੇ ਭੈਣ ਭਰਾਵਾਂ ਨੂੰ।
ਸਦੀਆਂ ਮਗਰੋਂ ਅੱਜ ਵੀ ਡਾਢੇ
ਸਦੀਆਂ ਮਗਰੋਂ ਅੱਜ ਵੀ ਡਾਢੇ, ਮਾਰਨ ਗਊ ਗਰੀਬ ਤੇ ਧਾੜਾ। ਪਰਸੂ ਰਾਮ ਚਲਾਉ ਜੀ ਹੁਣ, ਜਾਬਰ ਉੱਤੇ ਤੇਜ਼ ਕੁਹਾੜਾ। ਜ਼ਰ ਜਰਵਾਣੇ ਕਾਬਜ਼ ਹੋ ਗਏ, ਧਰਮ ਵਰਤ ਕੇ ਸ਼ਕਤੀ ਉੱਤੇ, ਬਾਹੂਬਲੀ ਬਣੇ ਵਰਦਾਨੀ, ਗਿਆਨਵੰਤ ਮਾੜੇ ਦਾ ਮਾੜਾ। ਅੰਧਲੀ ਅੰਧਲੇ ਮਾਪਿਆਂ ਵਾਂਗੂ, ਬੇਵੱਸ ਜਨਤਾ ਰਾਹੀਂ ਬੈਠੀ, ਪਾਲ ਪੋਸ ਕੇ ਗੱਭਰੂ ਕੀਤਾ, ਸਰਵਣ ਪੁੱਤਰ ਮੰਗਦਾ ਭਾੜਾ। ਕੁੱਲ ਦੁਨੀਆਂ ਦੇ ਧਰਮ ਗਰੰਥਾਂ, ਲਿਖਕੇ ਸਾਨੂੰ ਇਹ ਸਮਝਾਇਆ, ਕੰਚਨ ਕਾਇਆ ਨੂੰ ਖਾ ਜਾਵੇ, ਮਨ ਮੰਦਰ ਦਾ ਕੀਨਾ ਸਾੜਾ। ਮੁੱਠੀ ਦੇ ਵਿੱਚ ਦੁਨੀਆਂ ਕਰਦੇ, ਕਿੱਥੋਂ ਕਿੱਥੇ ਪਹੁੰਚ ਗਏ ਹਾਂ, ਆਪਣੇ ਘਰ ਪਰਦੇਸੀ, ਵਧਿਆ, ਬੰਦੇ ਤੋਂ ਬੰਦੇ ਵਿੱਚ ਪਾੜਾ। ਭਰਮ ਨਹੀਂ, ਵਿਸ਼ਵਾਸ ਪੁਰਾਣਾ, ਹੁਣ ਤੀਕਰ ਵੀ ਨਾਲ ਬਰਾਬਰ, ਦੋ ਹੱਥਾਂ ਤੋਂ ਵੱਡਾ ਕਿਧਰੇ, ਦਿਸਿਆ ਹੀ ਨਹੀਂ ਕਿਸਮਤ ਘਾੜਾ। ਅੰਧੀ ਰੱਯਤ ਗਿਆਨ ਵਿਹੂਣੀ, ਲਾਮਡੋਰ ਬੰਨ੍ਹ ਤੁਰਦੀ ਜਾਵੇ, ਆਜੜੀਆਂ ਦੇ ਕਬਜ਼ੇ ਅੰਦਰ, ਹਾਲੇ ਵੀ ਭੇਡਾਂ ਦਾ ਵਾੜਾ।
ਮੇਰਾ ਵੀਰ ਜਤਿੰਦਰ ਪੰਨੂੰ
ਮੇਰਾ ਵੀਰ ਜਤਿੰਦਰ ਪੰਨੂੰ, ਤੇਜ਼ ਧਾਰ ਤਲਵਾਰ ਦੇ ਵਰਗਾ। ਹਰ ਪਲ ਹਰ ਥਾਂ, ਨਜ਼ਰ ਟਿਕਾਏ, ਕੋਈ ਨਾ ਮੇਰੇ ਯਾਰ ਦੇ ਵਰਗਾ। ਉਸ ਨੂੰ ਸੁਣ ਕੇ ਹਰ ਵਾਰੀ ਹੀ, ਜੀਅ ਕਰਦਾ ਹੈ ਸੁਣਦੇ ਰਹੀਏ, ਦੁਸ਼ਮਣ ਖ਼ਾਤਰ ਸ਼ਬਦ ਹਮੇਸ਼ਾਂ, ਵਰਤੇ ਤੇਜ਼ ਕਟਾਰ ਦੇ ਵਰਗਾ। ਤਰਨ ਤਾਰਨੀ ਪੌਣ ਤੇ ਪਾਣੀ ਸਾਹੀਂ ਬਾਣੀ ਗੁਰ ਅਰਜੁਨ ਦੀ, ਦੁਸ਼ਟ ਦਮਨ ਦਾ ਆਗਿਆਕਾਰੀ, ਅਣਖ਼ੀਲੀ ਭਬਕਾਰ ਦੇ ਵਰਗਾ। ਤਰਕ, ਦਲੀਲ ਤੇ ਸ਼ਬਦ ਮੁਹਾਰਤ, ਚਿਣ ਚਿਣ ਵਾਕ ਪੜ੍ਹਾਵੇ ਸਾਨੂੰ, ਮੇਰੇ ਦੇਸ਼ ਪੰਜਾਬ ਦੀ ਪੂੰਜੀ, ਦਾਨਿਸ਼ਵਰ ਦਸਤਾਰ ਦੇ ਵਰਗਾ। ਮੰਡੀ ਅੰਦਰ ਮਾਲ ਵਿਕਾਊ, ਸ਼ਰਮ ਧਰਮ ਸਭ ਲੁਕਦੇ ਫਿਰਦੇ, ਦੇਸ ਅਤੇ ਪਰਦੇਸ 'ਚ ਬੜ੍ਹਕੇ, ਸਾਣ ਚੜ੍ਹੇ ਹਥਿਆਰ ਦੇ ਵਰਗਾ। ਧਰਤੀ ਦੀ ਮਰਿਆਦਾ ਸਮਝੇ, ਬੀਤਿਆ, ਅੱਜ, ਤੇ ਜਾਣੇਂ ਕੱਲ੍ਹ ਨੂੰ, ਸੂਰਜ ਤੋਂ ਪਰਵਾਜ਼ ਅਗੇਰੇ, ਰੂਹੋਂ ਬਾਜ਼ ਉਡਾਰ ਦੇ ਵਰਗਾ। ਅਗਨ ਨਿਰੰਤਰ, ਲਗਨ ਅਥਾਹ ਤੇ, ਦਮ ਦਮ ਫ਼ਿਕਰ ਸਵਾਸੀਂ ਤੁਰਦੇ, ਕਰੇ ਨਿਸ਼ਾਵਰ ਦਿਲ ਦੀ ਪੂੰਜੀ, ਦੌਲਤਮੰਦ ਦਿਲਦਾਰ ਦੇ ਵਰਗਾ।
ਰਾਮ ਦਾਸ ਗੁਰ ਮੋਹੜੀ ਗੱਡੀ
ਰਾਮ ਦਾਸ ਗੁਰ ਮੋਹੜੀ ਗੱਡੀ, ਜਿਹੜੀ ਥਾਂ ਸਿਫ਼ਤੀ ਦਾ ਘਰ ਹੈ। ਸਰਬ ਕਲਾ ਸੰਪੂਰਨ ਨਗਰੀ, ਗੁਰ ਕੇ ਕਾਰਨ ਅੰਮ੍ਰਿਤਸਰ ਹੈ। ਧਰਮ ਕਰਮ ਲਈ ਹਰਿਮੰਦਰ ਹੈ, ਗੁਰ ਅਰਜਨ ਦੀ ਦੂਰ ਦ੍ਰਿਸ਼ਟੀ, ਮੀਆਂਮੀਰ ਬਰਾਬਰ ਬੈਠਾ, ਸਰਬ ਕਾਲ ਦਾ ਦੀਦਾਵਰ ਹੈ। ਹਰਗੋਬਿੰਦ ਗੁਰੂ ਦੀ ਪੀਰੀ, ਨਾਲ ਖੜ੍ਹੀ ਕਿਰਪਾਲੂ ਪੀਰੀ, ਤਖ਼ਤ ਅਕਾਲ ਉਸਾਰਨਹਾਰਾ, ਨਿਰਭਓ ਤੇ ਨਿਰਵੈਰੀ ਦਰ ਹੈ। ਇੱਕ ਮਾਰਗ ਦੇ ਪਾਂਧੀ ਖ਼ਾਤਰ, ਚਾਰੇ ਬੂਹੇ ਹਰ ਪਲ ਖੁੱਲ੍ਹੇ, ਸੁਰਤਿ ਇਕਾਗਰ ਜੇਕਰ ਹੋਵੇ, ਸੱਖਣੀ ਝੋਲੀ ਦੇਂਦਾ ਭਰ ਹੈ। ਬਿਪਰਨਵਾਦੀਆਂ ਭੇਸ ਬਦਲਿਆ, ਰਾਖੇ ਬਣ ਗਏ ਸਾਡੇ ਘਰ ਦੇ, ਅਮਰਵੇਲ ਮੁੜ ਬੇਰੀ ਚੜ੍ਹ ਗਈ, ਚੱਟ ਨਾ ਜਾਵੇ ਏਹੀ ਡਰ ਹੈ। ਸ਼ਬਦ ਗੁਰੂ ਸੰਦੇਸ਼ ਸੁਹਾਵਾ, ਸਾਡੀ ਰੂਹ ਤੇ ਪਰਚਮ ਝੂਲੇ, ਘਰ ਘਰ ਉੱਸਰੇ ਧਰਮਸਾਲ ਦਾ, ਗੁਰ ਮੇਰੇ ਨੇ ਦਿੱਤਾ ਵਰ ਹੈ। ਧਰਤਿ ਗਗਨ ਤੇ ਕੁੱਲ ਸ੍ਰਿਸ਼ਟੀ, ਪੱਤੇ ਪੱਤੇ ਗੋਬਿੰਦ ਬੈਠਾ, ਆਦਿ ਜੁਗਾਦੀ ਜੋਤ ਨਿਰੰਤਰ, ਨੂਰ ਨੂਰਾਨੀ ਦਾ ਸਰਵਰ ਹੈ।
ਛਾਂਗੇ ਰੁੱਖ ਦੀ ਟੀਸੀ ਬਹਿ ਕੇ
ਛਾਂਗੇ ਰੁੱਖ ਦੀ ਟੀਸੀ ਬਹਿ ਕੇ, ਸੁਣ ਲਉ ਕੀ ਕੁਝ ਮੋਰ ਬੋਲਦਾ। ਕੱਲ ਮੁ ਕੱਲ੍ਹਾ ਮੁੱਕ ਨਾ ਜਾਵਾਂ, ਆਪਣੇ ਵਰਗੇ ਹੋਰ ਟੋਲਦਾ। ਸੱਤ ਰੰਗੀ ਅਸਮਾਨ ਦੀ ਲੀਲ੍ਹਾ, ਖੰਭਾਂ ਅੰਦਰ ਸਗਲ ਸਮੋਈ, ਮੋਰਨੀਆਂ ਬਿਨ ਦੱਸੋ ਕਿੱਸਰਾਂ ਦਿਲ ਦੇ ਗੁੱਝੇ ਭੇਤ ਖੋਲ੍ਹਦਾ। ਰੂਹ ਤੇ ਭਾਰ ਪਿਆਂ ਤੇ ਅੱਥਰੂ, ਵਹਿਣ ਪਏ ਦਰਿਆ ਦੇ ਵਾਂਗੂੰ, ਦਿਲ ਦੇ ਵਰਕੇ ਪੀੜ ਪਰੁੱਚੇ, ਤੇਰੇ ਤੋਂ ਬਿਨ ਕੌਣ ਫ਼ੋਲਦਾ। ਮਨ ਦੇ ਮਹਿਰਮਯਾਰ ਬਿਨਾ ਦੱਸ, ਕਿਹੜਾ ਵੈਦ ਨਿਵਾਰੇ ਮਰਜ਼ਾਂ, ਸਾਹਾਂ ਦੀ ਮਾਲਾ ਦੇ ਮਣਕੇ, ਥਿੜਕ ਰਹੇ ਤੇ ਚਿੱਤ ਡੋਲਦਾ। ਤੂੰ ਪੁੱਛਿਐ ਕਿ ਮੇਰੇ ਮਗਰੋਂ, ਮਨ ਤੇਰੇ ਦੀ ਹਾਲਤ ਕੈਸੀ, ਦਰਦਾਂ ਵਾਲੀ ਗਠੜੀ ਨੂੰ ਮੈਂ, ਤੱਕੜੀ ਦੇ ਵਿੱਚ ਕਿਵੇਂ ਤੋਲਦਾ। ਸਾਰੀ ਧਰਤ ਵੈਰਾਗਣ ਹੋ ਗਈ, ਪੂਰਨ ਪੁੱਤ ਬਰੋਟਿਆਂ ਮਗਰੋਂ, ਛਾਵਾਂ ਲੱਭਣ ਮਾਵਾਂ ਇੱਛਰਾਂ, ਪਾਰੇ ਵਾਂਗੂੰ ਚਿੱਤ ਡੋਲਦਾ। ਬਹੁਤਾ ਉੱਚੀ ਬੋਲ ਬੋਲ ਕੇ, ਜੋ ਕੰਨਾਂ ਦੇ ਦਰ ਖੜਕਾਵੇ, ਅੰਦਰੋਂ ਬਾਹਰੋਂ ਖਾਲਮ ਖ਼ਾਲੀ, ਭੇਤੀ ਹਾਂ ਮੈਂ ਏਸ ਢੋਲ ਦਾ।
ਜਿਸ ਨੂੰ ਲੋਕੀਂ ਕਹਿਣ ਆਜ਼ਾਦੀ
ਜਿਸ ਨੂੰ ਲੋਕੀਂ ਕਹਿਣ ਆਜ਼ਾਦੀ, ਇਸ ਦਾ ਲੈ ਨਾ ਨਾਂ ਵੇ ਬੱਚਿਆ। ਸੇਕ ਰਹੇ ਸੰਤਾਲੀ ਤੋਂ ਹੀ, ਅਗਨ ਬਿਰਖ਼ ਦੀ ਛਾਂ ਵੇ ਬੱਚਿਆ। ਮਰਦੇ ਦਮ ਤੱਕ ਬਾਬਲ ਤੇਰਾ, ਰਿਹਾ ਤੜਫ਼ਦਾ ਆਪਣੇ ਪਿੰਡ ਨੂੰ, ਇਹ ਧਰਤੀ ਨਾ ਬਣੀ ਕਦੇ ਵੀ, ਉਸ ਦੀ ਖ਼ਾਤਰ ਮਾਂ ਵੇ ਬੱਚਿਆ। ਕੇਰੇ ਬੀਜ ਸਿਆੜਾਂ ਅੰਦਰ, ਖ਼ੂਨ ਪਸੀਨਾ ਬੜਾ ਖ਼ਰਚਿਆ, ਸਾਡੀ ਫ਼ਸਲ ਉਮੀਦਾਂ ਵਾਲੀ, ਚੂੰਡ ਗਏ ਸਭ ਕਾਂ ਵੇ ਬੱਚਿਆ। ਭਰੇ ਭਕੁੰਨੇ ਘਰ ਨੂੰ ਛੱਡਿਆ, ਤਨ ਦੇ ਤਿੰਨੇ ਕੱਪੜੇ ਲੈ ਕੇ, ਇਲਮ ਨਹੀਂ ਸੀ ਉੱਜੜਨ ਵੇਲੇ, ਮੁੜਨਾ ਨਹੀਂ ਇਸ ਥਾਂ ਵੇ ਬੱਚਿਆ। ਦਸ ਲੱਖ ਤੋਂ ਵੱਧ ਚੰਨ ਸਿਤਾਰੇ, ਮਾਵਾਂ ਵਾਰੇ ਕਿਹੜੇ ਲੇਖੇ, ਜਸ਼ਨ ਮਨਾਉਂਦਿਆਂ ਨੂੰ ਤੂੰ ਪੁੱਛੀਂ, ਜਦ ਹੋਵੇ ਚੁੱਪ ਚਾਂ ਵੇ ਬੱਚਿਆ। ਇਹ ਰਾਜੇ ਇਹ ਰਾਜ ਘਰਾਣੇ, ਸਾਡੀ ਰੂਹ ਦੇ ਜ਼ਖ਼ਮ ਪੁਰਾਣੇ, ਇੱਕੋ ਤਾਸ਼ ਬਵੰਜਾ ਪੱਤੇ, ਚਾਰਨ ਭੋਲ਼ੀ ਗਾਂ ਵੇ ਬੱਚਿਆ। ਓਹੀ ਸਫ਼ਰ ਬਿਖੜਿਆ ਪੈਂਡਾ, ਰਾਤ ਦਿਵਸ ਦੇ ਸੰਸੇ ਝੋਰੇ, ਸਿਰਫ਼ ਟਿਕਾਣਾ ਬਦਲ ਗਿਆ ਹੈ, ਇਹ ਕੁਝ ਦੱਸਿਐ ਤਾਂ ਵੇ ਬੱਚਿਆ।
ਵੇਖ ਲਵੋ ਇਹ ਮੋਮ ਤੇ ਬੱਤੀ
ਵੇਖ ਲਵੋ ਇਹ ਮੋਮ ਤੇ ਬੱਤੀ, ਜਦ ਕਿਧਰੇ ਵੀ ਰਲ਼ ਕੇ ਜਗਦੇ। ਪਿਘਲੇ ਗੂੜ੍ਹ ਹਨੇਰਾ ਬਿਨਸੇ, ਚਾਨਣ ਦੇ ਦਰਿਆ ਨੇ ਵਗਦੇ। ਸ਼ਬਦ ਗੁਆਚੇ ਅੱਖਰ ਅੱਖਰ, ਨੈਣੀਂ ਜੋਤ ਬਣਨ ਤੇ ਬੋਲਣ, ਅਰਥਾਂ ਤੀਕ ਪੁਚਾਵੀਂ ਸਾਨੂੰ, ਰੱਖ ਸਦਾ ਜੀਵਨ ਵਿੱਚ ਦਗਦੇ। ਜਿਨ੍ਹਾਂ ਕੋਲ ਤੁਰਨ ਦੀ ਇੱਛਿਆ, ਪਰਬਤ ਸਿਖ਼ਰ ਪਹੁੰਚਦੇ ਯਾਰੋ, ਮੈਂ ਵੇਖੇ ਨੇ ਹਿੰਮਤੀਆਂ ਨੂੰ, ਹੌਂਸਲਿਆਂ ਦੇ ਪਰ ਵੀ ਲਗਦੇ। ਬਹਿ ਜਾਵੋ ਤਾਂ ਇਹ ਤਨ ਗੋਹਾ, ਜੇ ਤੁਰ ਪਉ ਬਣ ਜਾਵੇ ਲੋਹਾ, ਕਰਮ ਧਰਮ ਜੇ ਬਣ ਜਾਵੇ ਤਾਂ, ਮਨ ਤੰਦੂਰ ਨਿਰੰਤਰ ਮਘਦੇ। ਬਹੁਤੀ ਵਾਰੀ ਗੱਲੀਂ ਬਾਤੀਂ, ਜੋ ਹੁੰਦੇ ਨੇ ਸ਼ਬਦ-ਸਿਕੰਦਰ, ਇਮਤਿਹਾਨ ਵਿੱਚ ਪੈਣ ਸਾਰ ਹੀ, ਬਹਿ ਜਾਂਦੇ ਨੇ ਵਾਂਗੂੰ ਝਗ ਦੇ। ਪੰਜ ਦਰਿਆ ਸੀ ਸਿਦਕ ਸਮਰਪਣ ਸੇਵਾ ਸਿਮਰਨ ਸੱਚ ਤੇ ਪਹਿਰਾ, ਸਾਡੀ ਗਫ਼ਲਤ ਦੇ ਟਿੱਬਿਆਂ ਵਿੱਚ, ਜੀਰ ਗਏ ਕਿਉਂ ਪਾਣੀ ਵਗਦੇ। ਤਾਰਨਹਾਰ ਵਿਚਾਰ ਦੀ ਸ਼ਕਤੀ, ਵਾਧੂ ਵਸਤੂ ਵਾਂਗ ਵਿਸਾਰੇਂ, ਪੰਡਿਤ ਜੀ ਨੇ ਲਾ ਲਿਆ ਪਿੱਛੇ, ਤੈਨੂੰ ਕਿਉਂ ਮੁੰਦਰੀ ਦੇ ਨਗ ਦੇ।
ਧੋ ਦੇ ਰੂਹ ਤੋਂ ਨਕਸ਼ ਉਦਾਸੇ
ਧੋ ਦੇ ਰੂਹ ਤੋਂ ਨਕਸ਼ ਉਦਾਸੇ, ਹੱਸਿਆ ਕਰ ਮੁਸਕਾਇਆ ਕਰ ਤੂੰ। ਜ਼ਿੰਦਗੀ ਤਾਂ ਇੱਕ ਅਮਰ ਗੀਤ ਹੈ, ਨਾ ਦਿਲ ਚਾਹੇ ਗਾਇਆ ਕਰ ਤੂੰ। ਜਿਹੜੀ ਦਸਤਕ ਸੁਪਨੇ ਅੰਦਰ, ਵਾਰ ਵਾਰ ਖੜਕਾਵੇ ਬੂਹੇ, ਖੋਲ੍ਹ ਦਿਆ ਕਰ ਮਨ ਦੇ ਜੰਦਰੇ, ਉਸ ਨੂੰ ਦਰਦ ਸੁਣਾਇਆ ਕਰ ਤੂੰ। ਤੇਰੇ ਨਾਲੋਂ ਵਧ ਕੇ ਦੁਖੀਏ, ਹੋਰ ਬਥੇਰੇ ਉਹ ਵੀ ਲੋਕੀਂ, ਜਿੰਨ੍ਹਾਂ ਕੋਲ ਸ਼ਬਦ ਵੀ ਹੈ ਨਹੀਂ, ਦਿਲ ਨੂੰ ਇਹ ਸਮਝਾਇਆ ਕਰ ਤੂੰ। ਜਿੱਥੇ ਰੀਝਾਂ, ਸੁਪਨੇ ਸੂਹੇ, ਖ਼ੁਸ਼ਬੋਈਆਂ ਨੇ ਚੌਂਕ ਚੁਰਸਤੇ, ਘੁੰਮਣਘੇਰਾ ਤੋੜਨ ਮਗਰੋਂ, ਓਸ ਨਗਰ ਵੀ ਜਾਇਆ ਕਰ ਤੂੰ। ਤਰੇਲ ਦੇ ਮੋਤੀ ਫੁੱਲਾਂ ਉੱਤੇ, ਦਿਨ ਚੜ੍ਹਦੇ ਤਾਂ ਸਾਥ ਨਿਭਾਉਂਦੇ, ਰੰਗ ਉਦਾਸ ਨਾ ਹੋਣ ਦਿਆ ਕਰ, ਖ਼ੁਸ਼ਬੋਈ ਬਣ ਜਾਇਆ ਕਰ ਤੂੰ। ਦਰਦ ਪੋਟਲੀ ਦੇ ਜਾਂਦੇ ਨੇ, ਅਕਸਰ ਹੁਣ ਤਾਂ ਬਹੁਤੇ ਆਪਣੇ, ਇਹ ਅਣਮਿਣਵੀਂ ਮਹਿੰਗੀ ਪੂੰਜੀ, ਹੱਸ ਕੇ ਝੋਲੀ ਪਾਇਆ ਕਰ ਤੂੰ। ਵਿੰਗ ਤੜਿੰਗੇ ਰਾਹ ਤੇ ਪੈਂਡੇ, ਅਸਲ ਕਿਤਾਬ ਹਯਾਤੀ ਵਾਲੀ, ਡੋਲਦਿਆਂ ਕਦਮਾਂ ਨੂੰ ਇਸ ਤੋਂ, ਪੜ੍ਹ ਕੇ ਸਬਕ ਪੜ੍ਹਾਇਆ ਕਰ ਤੂੰ।
ਕਮਲ਼ੇ ਨੇ ਲੋਕ ਜਿਹੜੇ
ਕਮਲ਼ੇ ਨੇ ਲੋਕ ਜਿਹੜੇ, ਕਹਿਣ ਮਰ ਜਾਣੀਆਂ। ਸੁਹਜ ਤੇ ਸਲੀਕਾ ਦੇਣ, ਸਾਨੂੰ ਧੀਆਂ ਰਾਣੀਆਂ। ਰੰਗ ਤੇ ਸੁਗੰਧ ਇੱਕੋ, ਫੁੱਲ ਵਿੱਚ ਕਾਇਮ ਹੈ, ਫ਼ਲ ਪੈਣ ਸਾਰ ਇਹ ਤਾਂ, ਭਰ ਦੇਣ ਟਾਹਣੀਆਂ। ਏਸ ਦਾ ਇਲਾਜ ਕਰੋ, ਅੱਖ ਵਿੱਚ ਟੀਰ ਹੈ, ਇਹੀ ਪੁੱਤਾਂ ਧੀਆਂ 'ਚ, ਕਰਾਵੇ ਵੰਡਾਂ ਕਾਣੀਆਂ। ਗੁੱਡੀਆਂ ਪਟੋਲਿਆਂ 'ਚ, ਜਾਨ ਪੈਂਦੀ ਵੇਖ ਲਓ, ਚੰਨ ਉੱਤੇ ਪੈੜ ਪਾਈ, ਧੀਆਂ ਦੋ ਧਿਆਣੀਆਂ*। ਬਾਬਲੇ ਦੀ ਪੱਗ ਅਤੇ, ਮਾਵਾਂ ਦਾ ਦੁਪੱਟੜਾ, ਕਦੇ ਨਾ ਵਿਸਾਰਦੀਆਂ, ਚੇਤੇ 'ਚੋਂ ਸਵਾਣੀਆਂ। ਹੁਣ ਪਰਭਾਤ ਵੇਲਾ, ਚਹਿਕਦਾ ਨਾ ਟਹਿਕਦਾ, ਟੁੱਟ ਭੱਜ ਗਈਆਂ, ਜਦੋਂ ਚਾਟੀਆਂ ਮਧਾਣੀਆਂ। ਕੱਲ੍ਹੀ ਕੱਲ੍ਹੀ ਬਾਤ ਮੇਰੇ, ਅੰਗ ਸੰਗ ਤੁਰੀ ਹੈ, ਜਿਹੜੀਆਂ ਸੁਣਾਈਆਂ, ਵੱਡੀ ਭੈਣ ਨੇ ਕਹਾਣੀਆਂ। *ਕਲਪਨਾ ਚਾਵਲਾ ਤੇ ਸੁਨੀਤਾ ਵਿਲੀਅਮਜ਼
ਬਹੁਤ ਹਾਲੇ ਅਣਕਿਹਾ
ਬਹੁਤ ਹਾਲੇ ਅਣਕਿਹਾ, ਲਿਖਿਆ ਨਹੀਂ ਪੜ੍ਹਿਆ ਨਹੀਂ। ਕੰਢੇ ਕੰਢੇ ਫਿਰ ਰਿਹਾਂ, ਸਾਗਰ 'ਚ ਮੈਂ ਵੜਿਆ ਨਹੀਂ। ਬੇ ਸ਼ਨਾਸੇ, ਹੀਰੇ ਨੂੰ ਪੱਥਰ ਜਿਹਾ ਹੀ ਸਮਝਦੇ, ਜੌਹਰੀਆਂ ਦੀ ਨਜ਼ਰ ਉੱਤੇ, ਮੈਂ ਅਜੇ ਚੜ੍ਹਿਆ ਨਹੀਂ। ਜੇ ਅਜੇ ਮੈਂ ਰੜਕਦਾ ਹਾਂ, ਦੋਸ਼ ਇਹ ਵੀ ਵਕਤ ਦਾ, ਚਾੜ੍ਹ ਕੇ ਚੱਕ ਓਸ ਮੈਨੂੰ, ਠੀਕ ਜੇ ਘੜਿਆ ਨਹੀਂ। ਤੂੰ ਰਹੀਂ ਵਿਸ਼ਵਾਸ ਪਾਤਰ, ਰੂਪ ਬਣਕੇ ਸਿਦਕ ਦਾ, ਮੈਂ ਕਦੇ ਪਰਬਤ ਉਚੇਰੇ, ਸਾਥ ਬਿਨ ਚੜ੍ਹਿਆ ਨਹੀਂ। ਤੂੰ ਗੁਆਇਆ ਚੈਨ ਮੇਰਾ, ਖੋਹ ਲਿਆ ਸਾਰਾ ਸਕੂਨ, ਦੋਸ਼ ਬੇ ਬੁਨਿਆਦ ਐਵੇਂ, ਮੈਂ ਕਦੇ ਮੜ੍ਹਿਆ ਨਹੀਂ। ਤੂੰ ਹਮੇਸ਼ਾਂ ਤਾਰਿਆ, ਨਾ ਮਾਰਿਆ, ਹੇ ਜ਼ਿੰਦਗੀ, ਮੈਂ ਤੇਰੇ ਪੱਲੂ ਨੂੰ ਐਵੇਂ ਬੇ ਵਜ੍ਹਾ ਫੜਿਆ ਨਹੀਂ। ਸ਼ਬਦ ਮੇਰੀ ਢਾਲ ਹੈ, ਕਿਰਪਾਨ ਵੀ ਤੇ ਧਰਮ ਵੀ, ਮੈਂ ਨਿਗੂਣਾ ਜੰਗ, ਇਹਦੇ ਬਿਨ, ਕਦੇ ਲੜਿਆ ਨਹੀਂ।
ਵਿਹੜੇ ਦੇ ਵਿੱਚ ਬੀਜੀਆਂ ਰੀਝਾਂ
ਵਿਹੜੇ ਦੇ ਵਿੱਚ ਬੀਜੀਆਂ ਰੀਝਾਂ, ਬਿਰਖ਼ ਮੁਹੱਬਤਾਂ ਵਾਲੇ। ਪਰ ਇਨ੍ਹਾਂ ਨੂੰ ਫੁੱਲ ਕਿਉਂ ਪੈਂਦੇ, ਹਰ ਮੌਸਮ ਵਿੱਚ ਕਾਲੇ। ਹੰਸਣੀਆਂ ਤਿਰਹਾਈਆਂ ਰੀਝਾਂ, ਕੂੰਜੜੀਆਂ ਦੀਆਂ ਡਾਰਾਂ, ਬੇਕਦਰਾ ਤੂੰ ਵੇਖ ਨਜ਼ਰ ਭਰ, ਲਾਹ ਅੱਖੀਆਂ ਦੇ ਜਾਲੇ। ਚੰਦਨ ਰੁੱਖ ਨੂੰ ਨਾਗ ਵਲੇਵਾਂ, ਬੇਵੱਸ ਨੇ ਖ਼ੁਸ਼ਬੋਈਆਂ, ਜੇ ਤੂੰ ਜਾਨ ਸਲਾਮਤ ਚਾਹੇਂ, ਨੇੜ ਨਾ ਆਵੀਂ ਹਾਲੇ। ਆਲ੍ਹਣਿਆਂ ਵਿੱਚ ਰਾਤ ਗੁਜ਼ਾਰਨ, ਪੰਛੀ ਤੇ ਪਰਦੇਸੀ, ਏਸ ਨਗਰ ਤਾਂ ਕੋਇਲ ਪਪੀਹੇ, ਹੋਠੀਂ ਰੱਖਦੇ ਤਾਲੇ। ਬੂਹੇ ਅੱਗੇ ਥੋਹਰ ਦਾ ਬੂਟਾ, ਕਿਉਂ ਲਾਇਆ ਨੀ ਜਿੰਦੇ, ਇਹ ਕੰਡਿਆਰੀ ਮਾਰੂਥਲ ਦੀ, ਰੱਖ ਨਾ ਆਲ ਦੁਆਲੇ। ਚਾਰ ਦੀਵਾਰਾਂ ਉੱਪਰ ਛੱਤਾਂ, ਬਾਰੀਆਂ ਤੇ ਕੁਝ ਬੂਹੇ, ਏਸ ਮਕਾਨ 'ਚ ਡੁਸਕ ਰਹੇ, ਘਰ, ਖ਼ੁਸ਼ਬੂ ਕੌਣ ਸੰਭਾਲੇ। ਦਿਲ ਦਰਿਆ ਦਾ ਤਾਰੂ ਬਣ ਕੇ, ਮਾਰ ਕਦੇ ਤੂੰ ਝਾਤੀ, ਵੇਖ ਲਿਆ ਕਰ ਰੂਹ ਦੇ ਨੇੜੇ, ਵਹਿੰਦੇ ਨਦੀਆਂ ਨਾਲੇ।
ਲੋਚੀ ਤੇ ਮਨਜਿੰਦਰ ਨਾਂ ਦੇ
ਲੋਚੀ ਤੇ ਮਨਜਿੰਦਰ ਨਾਂ ਦੇ, ਸ਼ਹਿਰ ਮੇਰੇ ਵੱਲ ਆਉਂਦੇ ਰਾਹ ਨੇ। ਤੁਰਦੇ ਫਿਰਦੇ ਮਿਲਦੇ ਗਿਲਦੇ ਦੋਵੇਂ ਅਦਬ ਦੀ ਇੱਕ ਦਰਗਾਹ ਨੇ। ਇੱਕ ਦੀ ਮਿੱਟੀ ਮੁਕਤਸਰਾਂ ਦੀ ਦੂਜਾ ਪਿੰਡ ਧਨੋਏ ਜਣਿਆ, ਸ਼ਬਦ ਸਿਰਜਣਾ ਕਰਦੇ ਕਰਦੇ ਅੱਜ ਤਾਂ ਇਹ ਦੋਵੇਂ ਹਮਰਾਹ ਨੇ। ਮਿਸ਼ਰੀ ਵਿਚ ਇਲਾਇਚੀ ਕੁੱਟ ਕੇ ਜੀਕੂੰ ਮਿੱਠਖੁਸ਼ਬੋਈ ਬੋਲੇ, ਪੌਣ ਕੰਧੇੜੇ ਰਹਿੰਦੇ ਚੜ੍ਹਕੇ, ਧੜਕਣ ਇੱਕੋ ਪਰ ਦੋ ਸਾਹ ਨੇ। ਮਾਣ ਮਰਤਬੇ ਕੁਰਸੀਆਂ ਨੇ ਰਫ਼ਤਾਰ ਕਦੇ ਨਾ ਮੱਠੀ ਕੀਤੀ, ਮਨ ਮੌਜੀ ਇਹ ਸਿਰਜਣਹਾਰੇ ਲਾ ਪਰਵਾਹ ਨਹੀਂ, ਬੇ ਪਰਵਾਹ ਨੇ। ਪਾਤਰ, ਗੁਰਇਕਬਾਲ, ਰਵਿੰਦਰ ਤੇ ਸੁਖਵਿੰਦਰ ਦੇਣ ਗਵਾਹੀ, ਮਰੂੰ ਮਰੂੰ ਨਹੀਂ ਕਰਦੇ ਵੇਖੇ, ਦਿਲ ਦੀ ਦੌਲਤ ਕਰਕੇ ਸ਼ਾਹ ਨੇ। ਸੁਰਮ ਸਲਾਈ, ਦਿਲ ਦਰਵਾਜ਼ੇ, ਗ਼ਜ਼ਲ ਪੁਸਤਕਾਂ ਪੜ੍ਹ ਕੇ ਵੇਖੋ, ਸੱਤ ਸਮੁੰਦਰ ਪਾਰ ਵੀ ਮਹਿਮਾ ਦੋਹਾਂ ਦੇ ਹੀ ਸ਼ਬਦ ਮਲਾਹ ਨੇ। ਇਹ ਦੋ ਹਰਫ਼ ਰਸੀਦੀ ਤਾਂਹੀਂਓਂ, ਰਾਹਦਾਰੀ ਲਈ ਲਿਖ ਦਿੱਤੇ ਨੇ, ਹਰ ਥਾਂ ਤਾਂ ਮੈਂ ਨਾਲ ਨਹੀਂ ਜਾਣਾ, ਅੱਜ ਤੋਂ ਮੇਰੇ ਸ਼ਬਦ ਗਵਾਹ ਨੇ।
ਹੁਣੇ ਹੁਣੇ ਤੂੰ ਯਾਦ ਸੀ ਕੀਤਾ
ਹੁਣੇ ਹੁਣੇ ਤੂੰ ਯਾਦ ਸੀ ਕੀਤਾ, ਪਹੁੰਚ ਗਿਆ ਹਾਂ। ਵੇਖ ਜ਼ਰਾ ਮੈਂ ਤੇਰੇ ਦਿਲ ਵਿੱਚ, ਧੜਕ ਰਿਹਾ ਹਾਂ। ਬਣ ਗਈ ਮੇਰੀ ਕਵਿਤਾ, ਹੁਣ ਤੂੰ ਰੂਪ ਬਦਲ ਕੇ, ਚਿਤਵਦਿਆਂ ਮੈਂ ਧੁਰ ਅੰਦਰ ਤੱਕ, ਮਹਿਕ ਗਿਆ ਹਾਂ। ਇੱਕ ਸ਼ਬਦ ਹੀ ਯਾਦ ਮੇਰੀ ਵਿੱਚ, ਰਿਹਾ ਸਲਾਮਤ, ਵੇਖ ਅਜੇ ਵੀ ਪਾਰਾ ਬਣ ਕੇ, ਲਰਜ਼ ਰਿਹਾ ਹਾਂ। ਮੇਰਾ ਨਾਮ ਜਿਵੇਂ ਤੂੰ, ਹੱਕ ਦੇ ਨਾਲ ਪੁਕਾਰਿਆ, ਸੁਣ ਕੇ ਤੈਥੋਂ ਅੰਦਰੋਂ ਬਾਹਰੋਂ, ਮਹਿਕ ਗਿਆ ਹਾਂ। ਕੋਰੇ ਵਰਕੇ ਤਿਲਕ ਰਹੇ ਨੇ, ਪੜ੍ਹਦੇ ਪੜ੍ਹਦੇ, ਸ਼ਬਦਾਂ ਤੋਂ ਬਿਨ ਅਰਥਾਂ ਵਿੱਚ, ਗੁਆਚ ਗਿਆ ਹਾਂ। ਸ਼ਬਦ ਜਾਲ ਤੋਂ ਵੱਖਰੀ, ਹੁੰਦੀ ਚੁੱਪ ਦੀ ਭਾਸ਼ਾ, ਏਸ ਇਬਾਰਤ ਨੂੰ ਵੀ, ਹੁਣ ਮੈਂ, ਸਮਝ ਗਿਆ ਹਾਂ। ਪੱਥਰ ਦੇ ਭਗਵਾਨ ਅਗਾੜੀ ਨਤਮਸਤਕ ਹਾਂ, ਸਰਕਦਿਆਂ ਮੈਂ ਕਿੰਨਾ ਥੱਲੇ ਗਰਕ ਗਿਆ ਹਾਂ।
ਗੌਰੀ ਲੰਕੇਸ਼ ਦੇ ਕਤਲ 'ਤੇ
ਗੋਲੀ ਮਾਰਨ ਨਾਲ ਜਿਊਂਦੇ, ਸ਼ਬਦ ਕਦੇ ਵੀ ਠਰਦੇ ਨਹੀਂ। ਪੌਣਾਂ ਅੰਦਰ ਇੱਕ ਦਮ ਘੁਲ਼ਦੇ, ਵਕਤ ਅਜਾਈਂ ਮਰਦੇ ਨਹੀਂ। ਰਾਜੇ ਨੂੰ ਸ਼ੀਂਹ ਆਖਣ ਵਾਲੀ ਪਿਰਤ ਮੇਰੇ ਗੁਰੂ ਨਾਨਕ ਦੀ, ਹਾਲੇ ਤੀਕ ਮੁਕੱਦਮ ਜ਼ਹਿਰੀ, ਸ਼ੀਸ਼ੇ ਨੂੰ ਵੀ ਜਰਦੇ ਨਹੀਂ। ਅੰਬਰ ਦੇ ਵਿੱਚ ਕਿੰਨੇ ਤਾਰੇ, ਜਾਗ ਰਹੇ ਨੇ ਸਦੀਆਂ ਤੋਂ, ਇੱਕ ਅੱਧ ਨੁੱਕਰ ਭੁਰ ਜਾਵੇ, ਤਾਂ ਠੰਢੇ ਹਾਉਕੇ ਭਰਦੇ ਨਹੀਂ। ਧਰਤੀ ਦੀ ਮਰਯਾਦਾ ਏਹੀ, ਚੋਰਾਂ ਨੂੰ ਬੱਸ ਚੋਰ ਕਹੋ, ਹੱਕ ਸੱਚ ਤੇ ਇਨਸਾਫ਼ ਦੇ ਪਹਿਰੂ ਇੰਜ ਆਖਣ ਤੋਂ ਡਰਦੇ ਨਹੀਂ। ਅੰਨ੍ਹੇ ਕੁੱਤੇ 'ਵਾ ਨੂੰ ਭੌਂਕਣ, ਦੁਸ਼ਮਣ ਦੀ ਪਹਿਚਾਣ ਬਿਨਾ, ਆਪਣੀ ਨਸਲ ਬਿਨਾ, ਬੇਨਸਲੇ, ਹੋਰ ਕਿਸੇ ਨੂੰ ਜਰਦੇ ਨਹੀਂ। ਕਲਮਕਾਰ ਜੋ ਲਿਖੇ, ਮਿਟਾਵੇਂ, ਤੇਰੇ ਵੱਸ ਦੀ ਬਾਤ ਨਹੀਂ, ਸ਼ਾਸਤਰਾਂ ਨੂੰ ਸ਼ਸਤਰ ਮਾਰੇਂ, ਸੂਰੇ ਏਦਾਂ ਕਰਦੇ ਨਹੀਂ। ਇੱਕ ਦੀਵੇ ਦੀ ਲਾਟ ਬੁਝਾ ਕੇ ਤੇਜ਼ ਹਨ੍ਹੇਰੀ ਸਮਝੇ ਨਾ, ਬੰਨ੍ਹ ਕਤਾਰਾਂ, ਜਗਦੇ ਜੁਗਨੂੰ, ਪੈਰ ਪਿਛਾਂਹ ਨੂੰ ਧਰਦੇ ਨਹੀਂ।
ਸੁਣਿਆ ਸੀ ਮੈਂ ਜ਼ਖ਼ਮ ਦਿਲਾਂ ਦੇ
ਸੁਣਿਆ ਸੀ ਮੈਂ ਜ਼ਖ਼ਮ ਦਿਲਾਂ ਦੇ, ਨਾਲ ਮੁਹੱਬਤ ਭਰ ਜਾਂਦੇ ਨੇ। ਇੱਕ ਮੁਸਕਾਨ ਮਿਲੇ ਤਾਂ, ਡੁੱਬਦੇ, ਪੱਥਰ-ਚਿੱਤ ਵੀ ਤਰ ਜਾਂਦੇ ਨੇ। ਇੱਕ ਅੱਧ ਰਿਸ਼ਮ ਉਧਾਰੀ ਦੇ ਦੇ, ਇਸ ਨੂੰ ਮੈਂ ਹਥਿਆਰ ਬਣਾਵਾਂ, ਕਾਲਖ਼ ਦੇ ਵਣਜਾਰੇ ਨ੍ਹੇਰੇ, ਜੁਗਨੂੰ ਤੋਂ ਵੀ ਡਰ ਜਾਂਦੇ ਨੇ। ਕੁਝ ਸਾਹਵਾਂ ਦੀ ਸਾਂਝੀ ਧੜਕਣ, ਜ਼ਿੰਦਗੀ ਹੈ ਰੰਗਾਂ ਦਾ ਮੇਲਾ, ਬੇਕਦਰੇ, ਕੁਝ ਲੋਕ ਪਤਾ ਨਹੀਂ, ਕਿਉਂ ਬਦਰੰਗੀ ਕਰ ਜਾਂਦੇ ਨੇ। ਮਹਿੰਗੀ ਵਸਤ ਪਿਆਰ ਦੀ ਪੂੰਜੀ, ਮੁਫ਼ਤ ਮਿਲਣ ਤੇ ਜੋ ਨਾ ਮਾਨਣ, ਜ਼ਿੰਦਗੀ ਦੀ ਰਣਭੂਮੀ ਵਿੱਚ ਉਹ, ਜਿੱਤੀ ਬਾਜ਼ੀ ਹਰ ਜਾਂਦੇ ਨੇ। ਬਾਜ਼ ਭਰੇ ਪਰਵਾਜ਼ ਕਦੇ ਨਾ, ਦਾਣਾ ਦੁਣਕਾ ਖਾਣ ਦੀ ਖ਼ਾਤਿਰ, ਅੰਬਰ ਪਾਰ ਕਰਨ ਲਈ ਉਸਨੂੰ, ਲੈ ਕੇ ਹਿੰਮਤੀ ਪਰ ਜਾਂਦੇ ਨੇ। ਮੇਰੇ ਤੇਰੇ ਵਰਗੇ ਸਾਰੇ, ਅੰਨ ਦੇ ਕੀੜੇ ਜਾਣ ਨਾ ਸਕਦੇ, ਬਾਬਾ ਦੀਪ ਸਿੰਹੁ ਦੇ ਹਾਣੀ, ਸੀਸ ਤਲੀ ਕਿੰਜ ਧਰ ਜਾਂਦੇ ਨੇ। ਦੋ ਵਾਰੀ ਇੱਕ ਸਾਲ 'ਚ ਤੱਕੀਏ, ਆਜ਼ਾਦੀ ਦਾ ਨੂਰੀ ਮੁਖੜਾ, ਬਾਕੀ ਤਿੰਨ ਸੌ ਤਰੇਠ ਦਿਹਾੜੇ, ਬੱਦਲ ਪਰਦਾ ਕਰ ਜਾਂਦੇ ਨੇ।
ਏਕਮ ਦੇ ਚੰਨ ਮੁੰਦਰੀ ਅੰਦਰ
ਏਕਮ ਦੇ ਚੰਨ ਮੁੰਦਰੀ ਅੰਦਰ, ਜੇ ਮੈਨੂੰ ਜੜ ਦਏ ਸੁਨਿਆਰਾ। ਸੱਚ ਪੁੱਛੋ ਤਾਂ ਹੋਰ ਜਨਮ ਦੀ ਨਾ ਰਹੇ ਮੈਨੂੰ ਲੋੜ ਦੁਬਾਰਾ। ਦਿਲ ਦੀ ਜੂਹੇ ਫਿਰੇ ਉਦਾਸੀ ਤੇ ਹਿਰਨੋਟੀਆਂ ਨੂਰੀ ਚਸ਼ਮਾਂ, ਚੁੱਪ ਦਾ ਗੁੰਬਦ ਚਾਰ ਦੀਵਾਰੀ, ਅੰਦਰ ਦਰਦ ਸਮੁੰਦਰ ਖ਼ਾਰਾ। ਪਹਿਲੀ ਤੱਕਣੀ ਦਾ ਉਹ ਜਲਵਾ, ਰੋਮ ਰੋਮ ਝਰਨਾਟਾਂ ਛਿੜੀਆਂ, ਤੇਜ਼ ਤੇਰੀ ਤੱਕਣੀ ਦਾ ਤੋਬਾ, ਪਿਘਲ ਗਿਆਂ ਸਾਰੇ ਦਾ ਸਾਰਾ। ਥਰਮਾਮੀਟਰ ਦੇ ਵਿੱਚ ਕੈਦੀ, ਇੱਕ ਅੱਧ ਬੂੰਦ ਭਟਕਦੀ ਜੀਕੂੰ, ਮੈਨੂੰ ਜਾਪੇ ਤੜਪ ਮੇਰੀ ਹੈ, ਲੋਕੀਂ ਜਿਸਨੂੰ ਆਖਣ ਪਾਰਾ। ਬਿਨ ਬੋਲੇ ਤੋਂ ਜਾਣ ਲਵਾਂ ਮੈਂ, ਧੁਰ ਅੰਦਰ ਕੁਝ ਠੀਕ ਜਿਹਾ ਨਾ, ਰੂਹ ਤੋਂ ਰੂਹ ਵਿਚਕਾਰ ਤਾਰ ਦਾ, ਇਹ ਤੱਕ ਲੈ ਪ੍ਰਤਾਪ ਹੈ ਸਾਰਾ। ਸ਼ੁਕਰ ਤੇਰਾ ਧੰਨਵਾਦ ਨੀ ਜਿੰਦੇ, ਜੇ ਨਾ ਲਾਉਂਦੀ ਫਿਰ ਕੀ ਹੁੰਦਾ, ਸਾਰੀ ਜ਼ਿੰਦਗੀ ਦਾ ਇਹ ਹਾਸਿਲ, ਟੁੱਟਾ ਭੱਜਿਆ ਇੱਕ ਅੱਧ ਲਾਰਾ। ਅੰਬਰ ਵਿੱਚ ਜਦ ਟਿਮਕ ਰਿਹਾ ਸਾਂ, ਰਾਤ ਹਨ੍ਹੇਰੀ ਅੰਦਰ ਮੈਂ ਵੀ, ਤੇਰੀ 'ਵਾਜ਼ ਸੁਣੀ ਮੈਂ ਆਇਆ, ਲੋਕੀਂ ਆਖਣ ਟੁੱਟਿਆ ਤਾਰਾ।
ਮੈਂ ਸਾਹਾਂ ਵਿੱਚ ਸਾਂਭ ਲਵਾਂਗਾ
ਮੈਂ ਸਾਹਾਂ ਵਿੱਚ ਸਾਂਭ ਲਵਾਂਗਾ, ਇਹ ਮੁਸਕਾਨ ਉਧਾਰੀ ਦੇ ਦੇ। ਅੱਧ ਅਧੂਰੀ ਮੈਂ ਕੀ ਕਰਨੀ, ਜੇ ਦੇਣੀ ਤਾਂ ਸਾਰੀ ਦੇ ਦੇ। ਰੁੱਤ ਬਸੰਤੀ ਵਾਂਗੂੰ ਖਿੜੀਏ, ਧਰਤ ਸੁਹਾਗਣ ਰੂਪਵੰਤੀਏ, ਘਰ ਘਰ ਵੰਡਿਆ ਸ਼ਗਨਾਂ ਵੇਲਾ, ਮੈਨੂੰ ਵੀ ਇੱਕ ਖਾਰੀ ਦੇ ਦੇ। ਮਹਿਕਵੰਤੀਏ, ਕਲਾਵੰਤੀਏ, ਰੂਹ ਵੱਲੋਂ ਵੀ ਸੁਹਜਵੰਤੀਏ, ਇਹ ਸਾਰਾ ਕੁਝ ਮੇਰੇ ਕੰਮ ਦਾ, ਭਰ ਕੇ ਇੱਕ ਪਟਾਰੀ ਦੇ ਦੇ। ਬ੍ਰਹਿਮੰਡਲ ਸਭ ਅੰਬਰ, ਜਲ, ਥਲ, ਪੌਣਾਂ ਅੰਦਰ ਨੂਰ ਭਰਾਂਗਾ, ਏਨਾ ਕਰਮ ਕਮਾ ਦੇ ਹੁਣ ਤੂੰ, ਸੂਰਜ ਪਾਰ ਉਡਾਰੀ ਦੇ ਦੇ। ਹੇ ਕੁਦਰਤ ਤੂੰ ਜੋ ਜੋ ਵੰਡਦੀ, ਮਹਿਕਾਂ ਖੁਸ਼ੀਆਂ ਅਣਮੁੱਕ ਖੇੜੇ, ਮੈਂ ਤੇਰੇ ਦਰ ਖੜ੍ਹਾ ਸਵਾਲੀ, ਮੈਨੂੰ ਜਲਵਾਕਾਰੀ ਦੇ ਦੇ। ਬੰਦ ਕਮਰਾ ਸੰਸਾਰ ਵਚਿੱਤਰ ਕੰਕਰੀਟ ਦਾ ਨਿਕ ਸੁਕ ਮਾਰੂ, ਹੋਰ ਕਿਤੇ ਪਥਰਾ ਨਾ ਜਾਵਾਂ, ਵਿੱਚ ਬਗੀਚੇ ਬਾਰੀ ਦੇ ਦੇ। ਆਪਣੀ ਹਉਮੈਂ ਪਾਰ ਕਰਨ ਦੀ, ਸ਼ਕਤੀ ਦੇ ਤੂੰ ਦਾਨਵੰਤੀਏ, ਮੇਰੀ ਬੁੱਕਲ ਵੱਡੀ ਕਰ ਦੇ, ਵਿੱਚੇ ਧਰਤ ਪਿਆਰੀ ਦੇ ਦੇ।
ਜਿਸ ਦਿਨ ਤੂੰ ਨਜ਼ਰੀਂ ਆ ਜਾਵੇਂ
ਜਿਸ ਦਿਨ ਤੂੰ ਨਜ਼ਰੀਂ ਆ ਜਾਵੇਂ, ਓਹੀ ਦਿਵਸ ਗੁਲਾਬ ਦੇ ਵਰਗਾ। ਬਾਕੀ ਬਚਦਾ ਹਰ ਦਿਨ ਜੀਕੂੰ, ਰੁੱਸ ਗਏ ਦੇਸ ਪੰਜਾਬ ਦੇ ਵਰਗਾ। ਨਜ਼ਰ ਤੇਰੀ ਵਿੱਚ ਸੂਰਜ ਰੌਸ਼ਨ, ਤੋਰ ਜਿਵੇਂ ਦਰਿਆਈ ਲਹਿਰਾਂ, ਮੱਥਾ ਹੈ ਜਿਉਂ ਨੂਰ ਇਲਾਹੀ, ਗੋਲਮੋਲ ਮਾਹਤਾਬ ਦੇ ਵਰਗਾ। ਜਿਹੜੀ ਰਾਤ ਆਕਾਸ਼ ਦੇ ਤਾਰੇ, ਤੱਕਦੇ ਤੈਨੂੰ ਬੋਲੇ ਸਾਰੇ, ਆਪ ਸੁਣੇ ਮੈਂ ਚੰਦ ਨੂੰ ਕਹਿੰਦੇ, ਆਇਆ ਕੌਣ ਜਨਾਬ ਦੇ ਵਰਗਾ। ਰੋਲ ਦੇਈਂ ਨਾ ਬਿਨ ਪੜ੍ਹਿਆਂ ਤੋਂ, ਅੱਖਰ ਰਾਹ ਰੁਸ਼ਨਾਵਣਹਾਰੇ, ਹਰ ਪੱਤਰਾ ਗੁਰਮੰਤਰ ਇਸਦਾ, ਪਾਕ ਪਵਿੱਤ ਕਿਤਾਬ ਦੇ ਵਰਗਾ। ਮਰਦਾਨਾ ਬਾਣੀ ਦੇ ਅੰਗ ਸੰਗ, ਤੁਰਦਾ ਨਾ ਉਹ ਇਸ ਕਰਕੇ ਹੀ, ਨਾਨਕ ਨਾਲ ਵਜਾਵਣਹਾਰਾ, ਕਿਹੜਾ ਸਾਜ਼ ਰਬਾਬ ਦੇ ਵਰਗਾ। ਥਾਲ ਗਗਨ ਵਿੱਚ ਤਾਰਾ ਮੰਡਲ, ਮਹਿਕ ਰਹੀ ਪ੍ਰਕਿਰਤੀ ਪੰਡਿਤ, ਬ੍ਰਹਿਮੰਡ ਨੇ ਵੀ ਸੁਣਿਆ ਨਾ ਸੀ, ਇਸ ਤੋਂ ਸਾਫ਼ ਜਵਾਬ ਦੇ ਵਰਗਾ। ਓਸ ਗਿਰਾਂ ਨੂੰ ਰੱਬ ਵੀ ਚਾਹੇ, ਨਰਕੋਂ ਸੁਰਗ ਬਣਾ ਨਹੀਂ ਸਕਦਾ, ਨਸਲਕੁਸ਼ੀ ਲਈ ਮੁੱਖ ਦਰਵਾਜ਼ਾ, ਜਿਸ ਥਾਂ ਜ਼ਹਿਰ ਸ਼ਰਾਬ ਦੇ ਵਰਗਾ।
ਏਸ ਫ਼ਿਕਰ ਨੇ ਮਾਰ ਲਿਆ ਹੈ
ਏਸ ਫ਼ਿਕਰ ਨੇ ਮਾਰ ਲਿਆ ਹੈ, ਕਿਹੜਾ ਅੱਜ ਕੱਲ੍ਹ ਕੀ ਕਰਦਾ ਹੈ? ਏਸੇ ਕਰਕੇ ਹਰ ਇੱਕ ਬੰਦਾ, ਜੀਂਦਾ ਘੱਟ ਤੇ ਵੱਧ ਮਰਦਾ ਹੈ। ਇੱਕ ਦੂਜੇ ਤੋਂ ਏਨੀ ਚੋਰੀ, ਹੱਦੋਂ ਵਧ ਗਈ ਬੇਵਿਸ਼ਵਾਸੀ, ਸੱਜੇ ਹੱਥ ਨੂੰ ਖ਼ਬਰ ਨਾ ਕੋਈ, ਖੱਬਾ ਅੱਜ ਕੱਲ੍ਹ ਕੀ ਕਰਦਾ ਹੈ? ਦਿਲ ਅੰਦਰ ਕਈ ਨਦੀਆਂ ਨਾਲੇ, ਤਲਖ਼ ਸਮੁੰਦਰ ਖ਼ੌਰੂ ਪਾਵੇ, ਗ਼ਮ ਦਾ ਕਿੰਨਾ ਡੂੰਘਾ ਟੋਇਆ, ਉੱਛਲਦਾ, ਪਰ ਨਿੱਤ ਭਰਦਾ ਹੈ। ਮੰਜ਼ਿਲ ਵੱਲ ਨੂੰ ਪੈਰ ਨਿਰੰਤਰ, ਤੁਰਦੇ ਜਾਂਦੇ ਏਸੇ ਕਰਕੇ, ਇੱਕ ਰਤਾ ਕੁ ਤੁਰਦਾ ਪਿੱਛੇ, ਦੂਜਾ ਕਦਮ ਅਗਾਂਹ ਧਰਦਾ ਹੈ। ਸ਼ੀਸ਼ੇ ਅੰਦਰ ਹਰ ਬੰਦਾ ਹੀ, ਕਿਉਂ ਨਹੀਂ ਤੱਕਦਾ ਆਪਣਾ ਚਿਹਰਾ, ਮੇਰਾ ਆਪਣਾ ਆਪਾ ਵੀ ਹੁਣ, ਇਸ ਦੇ ਕੋਲੋਂ ਕਿਉਂ ਡਰਦਾ ਹੈ? ਜਾਨ ਤੋਂ ਪਿਆਰਾ ਆਖਣ ਵਾਲਾ, ਅੱਜ ਕੱਲ੍ਹ ਜੋ ਮੂੰਹ ਫੇਰ ਕੇ ਲੰਘਦੈ, ਦਿਲ ਤਾਂ ਕਰਦੈ ਪੁੱਛ ਲਵਾਂ, ਕਿ ਬਿਨ ਸਾਹਾਂ ਤੋਂ ਕਿੰਜ ਸਰਦਾ ਹੈ? ਵਿੱਚ ਹਨ੍ਹੇਰੇ ਤੀਰ ਚਲਾ ਕੇ, ਸਮਝ ਰਹੇ ਹਾਂ ਜਿੱਤ ਲਈ ਬਾਜ਼ੀ, ਸੋਨੇ ਦੀ ਲੰਕਾ ਵਿੱਚ ਬੈਠਾ, ਰਾਵਣ ਏਦਾਂ ਕਿੰਜ ਮਰਦਾ ਹੈ?
ਲੋਕ ਹੈਰਾਨ ਪਤਾ ਨਹੀਂ ਕਿਉਂ ਨੇ
ਲੋਕ ਹੈਰਾਨ ਪਤਾ ਨਹੀਂ ਕਿਉਂ ਨੇ, ਸਾਗਰ ਵਿੱਚ ਜੋ ਲਾਵਾ ਫੁੱਟਿਆ। ਇਹ ਤਾਂ ਓਹੀ ਜਬਰ ਸਮੇਂ ਦਾ, ਦੰਦਾਂ ਹੇਠ ਸੀ ਧਰਤੀ ਘੁੱਟਿਆ। ਅੱਖ ਦਾ ਤੇਜ, ਮੜਕ, ਮਰਯਾਦਾ, ਖੋਹ ਕੇ ਸਾਥੋਂ ਕਿਉਂ ਪੁੱਛਦੇ ਹੋ, ਕਿਸ ਨੇ ਸਿਖ਼ਰ ਦੁਪਹਿਰੇ ਸਾਡੇ, ਦੀਨ ਈਮਾਨ ਧਰਮ ਨੂੰ ਲੁੱਟਿਆ। ਦਿਨ ਚੜ੍ਹਦੇ ਓਸੇ ਵਿੱਚ ਆਪੇ, ਡਿੱਗ ਪਏ ਵੇਖੋ, ਬੜੇ ਸਿਆਣੇ, ਦੂਸਰਿਆਂ ਦੇ ਬੂਹੇ ਅੱਗੇ, ਜਿਨ੍ਹਾਂ ਰਾਤ ਸੀ, ਟੋਆ ਪੁੱਟਿਆ। ਅੱਤੋਂ ਅੱਗੇ ਅੰਤ ਪੜਾਅ ਹੈ, ਸਾਵਧਾਨ ਜੋ ਕਰਦਾ ਸੀ ਉਹ, ਅੰਨ੍ਹੀ ਤਾਕਤ ਅੰਨ੍ਹੀ ਹੋ ਕੇ, ਸਭ ਤੋਂ ਬਹੁਤਾ ਉਸ ਨੂੰ ਕੁੱਟਿਆ। ਸਫ਼ਰ ਨਿਰੰਤਰ ਸਾਹੀਂ ਮੇਰੇ, ਤੁਰਦੇ ਤੁਰਦੇ ਤੁਰਦੇ ਜਾਣਾ, ਮੰਜ਼ਿਲ ਤੀਕ ਤੁਰਨ ਦਾ ਦਾਈਆ, ਥੱਕਿਆ ਹਾਂ ਪਰ, ਮੈਂ ਨਹੀਂ ਟੁੱਟਿਆ। ਵਿਸ਼ਗੰਦਲਾ ਹਰ ਬੂਟਾ ਕਹਿੰਦੇ, ਪੈਲੀ ਵਿੱਚੋਂ ਮਾਰ ਮੁਕਾਉਣਾ, ਕਮਰਾਂ ਕੱਸ ਕੇ ਵੇਖ ਲਵੋ ਪਿੰਡ, ਸਾਰਾ ਹੈ, ਸਿਰ ਜੋੜ ਕੇ ਜੁੱਟਿਆ। ਅੱਧ ਵਰਿੱਤਾ ਜ਼ਖ਼ਮੀ ਕਰਕੇ, ਗਾਫ਼ਿਲ ਨਾ ਹੋ ਜਾਇਓ ਕਿਧਰੇ, ਹੱਥਾਂ ਬਾਝ ਕਰਾਰਿਆਂ ਦੁਸ਼ਮਣ, ਆਪ ਕਦੇ ਹਥਿਆਰ ਨਾ ਸੁੱਟਿਆ।
ਰੂਪ ਸਰੂਪ ਨਕਸ਼ਿਆਂ ਤੋਂ ਬਿਨ
ਰੂਪ ਸਰੂਪ ਨਕਸ਼ਿਆਂ ਤੋਂ ਬਿਨ, ਦਿਲ ਤੋਂ ਦਿਲ ਨੂੰ ਰਾਹ ਹੁੰਦੇ ਨੇ। ਸੌਖਾ ਨਹੀਂ ਮਹਿਸੂਸ ਕਰਨ ਇਹ, ਇੱਕ ਧੜਕਣ ਦੋ ਸਾਹ ਹੁੰਦੇ ਨੇ। ਫੁੱਲ ਪੱਤੀਆਂ ਵਿੱਚ ਜਿਉਂ, ਖ਼ੁਸ਼ਬੋਈ ਅਣਦਿਸਦੀ, ਪਰ ਹਾਜ਼ਰ ਹੋਵੇ, ਪੌਣਾਂ ਦੇ ਮਦਮਸਤ ਫੁਹਾਰੇ, ਇਸਦੇ ਅਸਲ ਗਵਾਹ ਹੁੰਦੇ ਨੇ। ਨੰਗੀ ਅੱਖ ਨੂੰ ਦਿਸਦਾ ਕੁਝ ਨਾ, ਕੀ ਹੈ ਮਨ ਦੇ ਅੰਦਰ ਤੁਰਦਾ, ਮੇਰੇ ਵਰਗੇ ਪਾਂਧੀ ਤਾਂਹੀਂਉਂ, ਰਾਹਾਂ ਵਿੱਚ ਗੁਮਰਾਹ ਹੁੰਦੇ ਨੇ। ਪਿਆਰ ਗੁਲਾਮ ਕਦੇ ਨਹੀਂ ਹੁੰਦਾ, ਘੜੀਆਂ ਪਹਿਰ ਦਿਵਸ ਦਾ ਭਲਿਓ, ਇੱਕ ਫੁੱਲ ਸੁਰਖ਼ ਗੁਲਾਬ ਸੌਂਪ ਕੇ, ਕਰਜ਼ੇ ਕਿੱਥੇ ਲਾਹ ਹੁੰਦੇ ਨੇ। ਇਹ ਤਾਂ ਸਾਡੇ ਅੰਦਰ ਤੁਰਦੀ, ਫਿਰਦੀ ਹੈ ਜੋ ਅਗਨ ਅਜੂਨੀ, ਓਦਾਂ ਮੋਹ ਦੀਆਂ ਤੰਦਾਂ ਖ਼ਾਤਿਰ, ਕਿੱਥੇ ਚਰਖ਼ੇ ਡਾਹ ਹੁੰਦੇ ਨੇ। ਆਪਸ ਵਿੱਚ ਵਿਸ਼ਵਾਸ ਦੇ ਪਾਤਰ, ਜੇਕਰ ਹੋਣ ਸਨੇਹ ਦੇ ਨਾਤੇ, ਸੱਚ ਪੁੱਛੋ ਤਾਂ ਇਹ ਹੀ ਰਿਸ਼ਤੇ, ਦੀਨ ਦੁਨੀ ਦੇ ਸ਼ਾਹ ਹੁੰਦੇ ਨੇ। ਧਰਤੀ ਅੰਬਰ ਪਾਰ ਸੂਰਜੋਂ, ਮਾਰ ਉਡਾਰੀ ਜਿਹੜੇ ਪਹੁੰਚਣ, ਕਾਲ ਮੁਕਤ ਹਿਰਨੋਟੇ ਮਨ ਹੀ, ਸੱਚੀਂ ਬੇਪਰਵਾਹ ਹੁੰਦੇ ਨੇ।
ਗਲ ਗਲ ਤੀਕ ਗ਼ਮਾਂ ਦਾ ਪਹਿਰਾ
ਗਲ ਗਲ ਤੀਕ ਗ਼ਮਾਂ ਦਾ ਪਹਿਰਾ, ਬੇਗ਼ਮ ਪੁਰਾ ਸ਼ਹਿਰ ਨਹੀਂ ਵੱਸਿਆ। ਹੇ ਰਵੀਦਾਸ! ਪਿਆਰੇ ਪੁਰਖ਼ੇ, ਸੱਚੋ ਸੱਚ ਮੈਂ ਤੈਨੂੰ ਦੱਸਿਆ। ਸ਼ਬਦ ਗੁਰੂ ਸਤਿਕਾਰਨ ਦੀ ਥਾਂ, ਪੂਜਣਹਾਰੇ ਹੋ ਗਏ ਕਾਬਜ਼, ਤਾਂਹੀਂ ਸ਼ਬਦ ਮੁਕਤੀਆਂ ਦਾਤਾ ਸਾਡੇ ਮਨ ਮੰਦਰ ਨਹੀਂ ਵੱਸਿਆ। ਆਪ ਕਬੀਰ ਨੂੰ ਮੈਂ ਖ਼ੁਦ ਪੁੱਛਿਆ, ਉਲਝੀ ਤਾਣੀ ਕਿੰਜ ਸੁਲਝੇਗੀ, ਓਸ ਕਿਹਾ ਕਿ ਤੋੜ ਜ਼ੰਜੀਰਾਂ, ਭਰਮ-ਜਾਲ ਦੀ ਕਾਲ਼ੀ ਮੱਸਿਆ। ਨਾਮਦੇਵ ਦੀ ਛਪਰੀ ਅੱਜ ਵੀ, ਘਿਰੀ ਪਈ ਹੈ ਫ਼ਿਕਰਾਂ ਅੰਦਰ, ਕਿਣਮਿਣ ਕਣੀਆਂ ਅੱਥਰੂ ਕਿਰਦੇ, ਦਰਦ ਸਦੀਵੀ ਮੀਂਹ ਬਣ ਵੱਸਿਆ। ਮਰਦਾਨੇ ਦੀ ਦਰਦ ਕਹਾਣੀ, ਪੁੱਛੋ ਨਾ ਬੱਸ ਰਹਿਣ ਦਿਓ ਜੀ, ਸੁਰ ਤੇ ਰਾਗ ਰਬਾਬ ਦੋਹਾਂ ਨੂੰ, ਗੁਰਬਤ ਜ਼ਹਿਰੀ ਨਾਗਣ ਡੱਸਿਆ। ਗਿਆਨ ਦੇ ਗਲ਼ ਵਿੱਚ ਰੱਸਾ ਪਾ ਕੇ, ਆਪਣੇ ਵੱਲ ਨੂੰ ਖਿੱਚੀ ਜਾਂਦੇ, ਵੇਖ ਲਵੋ ਕਿੰਜ ਬੌਣਿਆਂ ਰਲ ਕੇ, ਧੌਣ ਦੁਆਲੇ ਕਿੰਨਾ ਕੱਸਿਆ। ਸਰਬਕਾਲ ਪਰਮੇਸ਼ਰ ਪੋਥੀ, ਸ਼ਬਦਗੁਰੂ, ਸਰਬੱਤ ਦੀ ਖ਼ਾਤਰ, ਨਿਰਭਓ ਤੇ ਨਿਰਵੈਰ ਨੇ ਕੱਢਣਾ, ਜਿਹੜੀ ਮੈਂ ਦਲਦਲ ਵਿੱਚ ਧੱਸਿਆ।
ਕੀ ਆਖਾਂ ਹੁਣ ਇਸ ਤੋਂ ਵੱਧ ਮੈਂ
ਕੀ ਆਖਾਂ ਹੁਣ ਇਸ ਤੋਂ ਵੱਧ ਮੈਂ, ਦਰਦ ਸੁਣਾ ਕੇ ਦਿਲ ਨਹੀਂ ਭਰਿਆ। ਅਚਨਚੇਤ ਕਿਉਂ ਚੁੱਪ ਤੂੰ ਧਾਰੀ, ਦੱਸ ਕੀ ਅਜਬ ਸਿਤਮ ਹੈ ਕਰਿਆ। ਤੁਰਦੇ ਤੁਰਦੇ ਤੁਰੇ ਜਾਂਦਿਆਂ ਅੱਗੇ, ਜਿਉਂ ਧਰਤੀ ਮੁੱਕ ਜਾਵੇ, ਤੇਰੀ ਅੱਖ ਵਿੱਚ ਤੱਕਿਆ ਅੱਥਰੂ, ਲੱਗਦੈ ਖ਼ਾਰਾ ਸਾਗਰ ਭਰਿਆ। ਅੰਬਰ ਵਿੱਚ ਉਡਾਰੀ ਭਰਦਾਂ, ਜਾਂ ਤਰਦਾ ਹਾਂ ਤਲਖ਼ ਸਮੁੰਦਰ, ਮੇਰੇ ਵਿੱਚ ਨਿਰੰਤਰ ਵਹਿੰਦਾ, ਹਿੰਮਤ ਦਾ ਇੱਕ ਅੱਥਰਾ ਦਰਿਆ। ਸੋਨੇ ਦੀ ਲੰਕਾ ਵਿੱਚ ਵੇਖੋ, ਅੱਜ ਵੀ ਹੁਕਮ ਹਕੂਮਤ ਕਰਦਾ, ਹੇ ਭਗਵਾਨ! ਨਿਆਰੀ ਲੀਲ੍ਹਾ, ਸਾਥੋਂ ਕਿਉਂ ਰਾਵਣ ਨਹੀਂ ਮਰਿਆ। ਕਈ ਵਾਰੀ ਤਾਂ ਏਦਾਂ ਲੱਗਦੈ, ਤੂੰ ਚੰਨ ਟੋਟਾ ਬੱਦਲਾਂ ਓਹਲੇ, ਸੱਚ ਪੁੱਛੇਂ ਇਹ ਕਹਿਰ, ਹੁਸਨ ਦਾ ਮੇਰੇ ਤੋਂ ਨਾ ਜਾਵੇ ਜਰਿਆ। ਤੇਰੇ ਦਮ ਤੇ ਜੀਣ ਜੋਗੀਏ, ਹੁਣ ਤੀਕਰ ਹਾਂ ਸਾਬਤ ਬਚਿਆ, ਦੱਸ ਭਲਾ ਇਹ ਅਗਨ ਸਮੁੰਦਰ, ਕੱਲ੍ਹਿਆਂ ਅੱਜ ਤੱਕ ਕਿਸ ਨੇ ਤਰਿਆ। ਮੇਰੀ ਕਵਿਤਾ, ਗੀਤ, ਗ਼ਜ਼ਲ ਹੈ, ਅਣ ਆਖੇ ਦੀ ਸਰਲ ਵਿਆਖਿਆ, ਜੇ ਨਾ ਪਾਉਂਦਾ ਵਰਕਿਆਂ ਪੱਲੇ, ਮਨ ਰਹਿਣਾ ਸੀ ਭਰਿਆ ਭਰਿਆ।
ਤੇਰੇ ਦੋ ਨੈਣਾਂ ਵਿੱਚ ਸੁਪਨਾ
ਤੇਰੇ ਦੋ ਨੈਣਾਂ ਵਿੱਚ ਸੁਪਨਾ, ਦਿਨ ਵੇਲੇ ਜਿਉਂ ਸੂਰਜ ਦਗਦਾ। ਸ਼ਾਮ ਢਲੇ ਤੋਂ ਮਗਰੋਂ ਏਹੀ, ਪਤਾ ਨਹੀਂ ਕਿਉਂ ਚੰਨ ਹੈ ਲਗਦਾ। ਮੈਨੂੰ ਮਿਲਦੇ ਛੂਈ ਮੂਈ, ਹੋ ਜਾਂਦੀ ਏਂ ਲਾਜਵੰਤੀਏ, ਹੋਰਾਂ ਖਾਤਰ ਤੇਰੀ ਰੂਹ ਵਿੱਚ, ਇਤਰਾਂ ਦਾ ਦਰਿਆ ਹੈ ਵਗਦਾ। ਤੂੰ ਤੇ ਹਰ ਥਾਂ ਹਾਜ਼ਰ ਨਾਜ਼ਰ, ਚਾਨਣ ਜਹੀਏ ਨੂਰਵੰਤੀਏ, ਵੇਖ ਲਵਾਂ ਤੈਨੂੰ ਹਰ ਥਾਂ ਤੇ, ਜਿੱਥੇ ਕਿਧਰੇ ਦੀਵਾ ਜਗਦਾ। ਤੇਰਾ ਧਿਆਨ ਧਰਾਂ ਤੇ ਮਨ ਵਿੱਚ, ਖ਼ੁਸ਼ਬੂਆਂ ਦਾ ਲੱਗਦਾ ਮੇਲਾ, ਰੋਮ ਰੋਮ ਲਟਬੌਰੀ ਜਿੰਦ ਨੂੰ, ਦਿਨ ਤੇ ਰਾਤ ਫ਼ਰਕ ਨਾ ਲਗਦਾ। ਇੱਕ ਵਾਰੀ ਮੁਸਕਾਉਂਦੀ ਤੱਕਿਆ, ਹਾਏ! ਉਹ ਨੂਰੀ ਝਲਕਾਰਾ, ਹੁਣ ਤੀਕਰ ਵੀ ਚੇਤੇ ਆ ਕੇ, ਓਹੀ ਮੁੜ ਮੁੜ ਮੈਨੂੰ ਠਗਦਾ। ਤੂੰ ਪੁੱਛਿਆ ਕਈ ਵਾਰੀ ਮੈਨੂੰ, ਤੇਰਾ ਮੇਰਾ ਕੀ ਹੈ ਨਾਤਾ, ਸੌ ਦੀ ਇੱਕ ਸੁਣਾਵਾਂ ਤੈਨੂੰ, ਜੋ ਰਿਸ਼ਤਾ ਹੈ ਸਾਹ ਤੇ ਰਗ ਦਾ। ਨਾਲ ਤੁਰਦਿਆਂ ਬੜਾ ਜ਼ਰੂਰੀ, ਦੋ ਤਨ ਇੱਕ ਮਨ ਰੂਪ ਧਾਰਨਾ, ਸਾਂਭ ਲਿਆ ਲਿਸ਼ਕਾਰਾ ਮੈਂ ਤਾਂ, ਦਿਲ ਮੁੰਦਰੀ ਵਿੱਚ ਮੋਹ ਦੇ ਨਗ ਦਾ।
ਕੱਸਿਆ ਕਮਾਨ ਵਿੱਚ ਜੇ ਕੋਈ
ਕੱਸਿਆ ਕਮਾਨ ਵਿੱਚ ਜੇ ਕੋਈ, ਤੀਰ ਨਹੀਂ ਹੈ। ਸਮਝੀਂ ਨਾ ਮੇਰੀ ਕਲਮ ਇਹ, ਸ਼ਮਸ਼ੀਰ ਨਹੀਂ ਹੈ। ਇਹ ਰਾਜ ਤਖ਼ਤ, ਕਲਗੀਆਂ, ਪੌਣਾਂ ਦੇ ਵਾਂਗ ਨੇ, ਮਿਟਦੀ ਕਿਸੇ ਤੋਂ ਵਕਤ ਦੀ ਤਕਦੀਰ ਨਹੀਂ ਹੈ। ਫਿਰਦਾ ਸੁਹਾਗੇ ਮਾਰਦਾ ਤੇ, ਕਹਿੰਦਾ ਧਰਮ ਹੈ, ਸ਼ੈਤਾਨ ਦਾ ਸਰੂਪ ਇਹ, ਫ਼ਕੀਰ ਨਹੀਂ ਹੈ? ਧਰਤੀ ਦਾ ਧਰਮ ਪਾਲਣਾ, ਸਭ ਵੇਲ ਬੂਟੀਆਂ, ਆਰੀ ਚਲਾਉਣ ਵਾਲਾ ਹੁੰਦਾ, ਬੀਰ ਨਹੀਂ ਹੈ। ਸਾਂਝਾਂ ਦੀਆਂ ਫੁਲਕਾਰੀਆਂ ਨੂੰ, ਰੋਜ਼ ਕੁਤਰਦੈਂ, ਤੂੰ ਸਮਝਿਆ ਕਰ ਫੇਰ ਜੁੜਨੀ, ਲੀਰ ਨਹੀਂ ਹੈ। ਦਿਲ ਤੇ ਲਕੀਰ ਵਾਹੁਣ ਦੀ, ਕੀਮਤ ਨੂੰ ਜਾਣ ਲੈ, ਮਿਟਿਆ ਕਦੇ ਵੀ ਦਿਲ ਤੇ ਪਿਆ, ਚੀਰ ਨਹੀਂ ਹੈ। ਤੇਰਾ ਕਾਰਿੰਦਾ ਕਹਿ ਰਿਹਾ ਜੋ ਮੁਲਕ ਛੋੜ ਦੋ, ਇਹ ਦੇਸ਼ ਉਹਦੇ ਬਾਪ ਦੀ ਜਾਗੀਰ ਨਹੀਂ ਹੈ।
ਮਾਰ ਉਡਾਰੀ ਚੱਲ ਹੁਣ ਚੱਲੀਏ
ਮਾਰ ਉਡਾਰੀ ਚੱਲ ਹੁਣ ਚੱਲੀਏ, ਅੰਬਰ ਤੋਂ ਵੀ ਪਾਰ ਬਾਬਲਾ। ਧਰਤ ਕਲਾਵਾ ਭਰਿਆ ਮੈਂ ਤਾਂ, ਦੋ ਬਾਹਾਂ ਵਿਚਕਾਰ ਬਾਬਲਾ। ਮੇਰੇ ਮੱਥੇ ਸੂਰਜ ਧਰ ਦੇ, ਕਰ ਦੇ ਰੌਸ਼ਨ ਮੇਰੀਆਂ ਰਾਹਵਾਂ, ਸੋਚਾਂ ਵਿੱਚ ਗੁਲਤਾਨ ਕਿਉਂ ਹੈਂ, ਰੂਹ ਤੋਂ ਭਾਰ ਉਤਾਰ ਬਾਬਲਾ। ਕਾਲ ਕਲੂਟੇ ਅੰਬਰ ਦੇ ਵਿੱਚ, ਲੰਮੀਆਂ ਲੰਮੀਆਂ ਚਿੱਟੀਆਂ ਲੀਕਾਂ, ਪੰਖ ਪਸਾਰ ਉਡੇ ਸੈ ਕੋਸਾਂ, ਕੂੰਜੜੀਆਂ ਦੀ ਡਾਰ ਬਾਬਲਾ। ਧਰਮ ਧਰਾਤਲ ਧਰਤੀ ਸਾਂਭੇ, ਮੇਰੀ ਦਾਦੀ ਮਾਂ ਦੇ ਵਾਂਗੂੰ, ਮਾਂ ਬੋਲੀ ਹੈ ਸ਼ਕਤੀ ਤੀਜੀ, ਇਹ ਨੇ ਪਾਲਣਹਾਰ ਬਾਬਲਾ। ਪੈਸਾ ਪੀਰ ਬਣਾ ਕੇ ਪੂਜਣ, ਅਕਲੋਂ ਹੀਣੇ ਬਹੁਤੇ ਲੋਕੀਂ, ਏਸੇ ਕਰਕੇ ਹੋ ਚੱਲਿਆ ਏ, ਵਿਸ਼ ਗੰਦਲਾ ਸੰਸਾਰ ਬਾਬਲਾ। ਤੇਰੇ ਰੁੱਖ ਦੀ ਨਰਮ ਕਰੂੰਬਲ, ਮੈਂ ਕੀਤਾ ਇਕਰਾਰ ਨਿਭਾਊਂ, ਮਾਂ ਦੇ ਸਿਰ ਫੁਲਕਾਰੀ ਬਣਨਾ, ਤੇਰੀ ਵੀ ਦਸਤਾਰ ਬਾਬਲਾ। ਰਸਮ ਰਿਵਾਜ ਬਣਾ ਕੇ ਬੰਧਨ, ਮਗਰੋਂ ਫਿਰਨ ਗੁਲਾਮੀ ਕਰਦੇ, ਚੁੱਕੀ ਫਿਰਦੇ ਮਨ ਦੇ ਉੱਤੇ, ਧੀ ਤਿਤਲੀ ਦਾ ਭਾਰ ਬਾਬਲਾ।
ਚਾਨਣ ਕਣੀਆਂ ਆਹ ਫੜ ਸੂਰਜ
ਚਾਨਣ ਕਣੀਆਂ ਆਹ ਫੜ ਸੂਰਜ, ਰੂਹ ਦੇ ਵਿੱਚ ਜਗਾ ਲੈ ਤਾਰੇ। ਵੇਖੀਂ ਇਹ ਸਭ ਹੂੰਝ ਦੇਣਗੇ, ਤੇਰੇ ਮਨ ਦਾ 'ਨ੍ਹੇਰ ਪਿਆਰੇ। ਇਹ ਜਗਦੇ ਜੋ ਦੀਵੇ ਤੇਰੇ, ਮੱਥੇ ਅੰਦਰ ਵਾਂਗ ਮਸ਼ਾਲਾਂ, ਵੇਖੀਂ ਕਿਤੇ ਬੁਝਾ ਨਾ ਦੇਵਣ, ਨੈਣਾਂ ਵਿਚਲੇ ਹੰਝੂ ਖ਼ਾਰੇ। ਕਿੰਨੇ ਅੰਬਰ, ਧਰਤ, ਸਮੁੰਦਰ, ਦਿਨ ਤੇ ਰਾਤ ਕਰਨ ਪਰਿਕਰਮਾ, ਬੰਦਿਆ! ਤੇਰੀ ਸੇਵਾ ਖ਼ਾਤਰ, ਕਿੱਦਾਂ ਫ਼ਿਰਦੇ ਚੰਨ ਸਿਤਾਰੇ। ਹਿੰਮਤ ਨਾਲ ਘੁਮਾ ਦੇ ਚਾਬੀ, ਹਰ ਜੰਦਰੇ ਨੂੰ ਖੋਲ੍ਹਣਹਾਰੀ, ਉੱਡਣਗੇ ਫਿਰ ਵਾਂਗਰ ਬਾਜ਼ਾਂ, ਖ੍ਵਾਬ ਖ਼ਿਆਲ ਜੋ ਵਖ਼ਤਾਂ ਮਾਰੇ। ਪੰਛੀਆਂ ਦੇ ਆਜ਼ਾਦ ਪਰਾਂ ਨੂੰ, ਬੰਧਨ ਲਾਉਂਦੇ ਸ਼ਾਤਰ ਭਾਵੇਂ, ਨਾ ਭੁੱਲੀਂ, ਉੱਡ ਜਾਂਦੇ ਹਿੰਮਤੀ, ਡੋਰਾਂ ਲੈ ਕੇ ਉੱਡਣਹਾਰੇ। ਪਿੰਜਰੇ ਅੰਦਰ ਚੂਰੀਆਂ ਖਾਂਦੇ, ਵਿੱਚ ਬਗੀਚੇ ਅੰਬੀਆਂ ਟੁੱਕਣ, ਤੋਤਾ ਚਸ਼ਮ ਨਸਲ ਦੇ ਪੰਛੀ, ਹਰ ਥਾਂ ਹੋ ਗਏ ਕਾਬਜ਼ ਸਾਰੇ। ਮੈਂ ਸਮਿਆਂ ਦਾ ਰੋਜ਼ਨਾਮਚਾ ਮੁਣਸ਼ੀ ਵਾਂਗੂੰ ਲਿਖਦਾ ਰਹਿੰਦਾਂ, ਕੀ ਕਰਦਾ ਜੇ ਕੋਲ ਨਾ ਹੁੰਦੇ, ਪੁਰਖਿਆਂ ਦਿੱਤੇ ਸ਼ਬਦ ਸਹਾਰੇ।
ਤੇਰੇ ਲਈ ਦਰਿਆ ਹੈ ਰਾਵੀ
ਤੇਰੇ ਲਈ ਦਰਿਆ ਹੈ ਰਾਵੀ, ਮੇਰੇ ਲਈ ਇਹ ਦੇਸ ਵੀਰਿਆ। ਧਰਮੀ ਬਾਬਲ, ਮਾਂ ਹੈ ਰਾਵੀ, ਇਸ ਓਹਲੇ ਪਰਦੇਸ ਵੀਰਿਆ। ਤੂੰ ਕੀ ਜਾਣੇਂ ਡੇਹਰੇ* ਜਾ ਕੇ, ਕੀ ਕੁਝ ਟੁੱਟਦਾ ਮੇਰੇ ਅੰਦਰੋਂ, ਪੂਰਾ ਪੱਥਰ ਹੋਇਆ ਨਹੀਂ ਮੈਂ, ਹਾਲੇ ਅੰਦਰ ਲੇਸ ਵੀਰਿਆ। ਪੰਜ ਸਦੀਆਂ ਜੋ ਪਹਿਲਾਂ ਬੀਜਿਆ, ਗੁਰ ਮੇਰੇ ਰਾਵੀ ਦੇ ਕੰਢੇ, ਫ਼ਸਲ ਨਿਖ਼ਸਮੀ ਵਾਂਗੂੰ ਹੁਣ ਤਾਂ, ਸੁੱਕ ਰਿਹਾ ਉਪਦੇਸ ਵੀਰਿਆ। ਵਗਦਾ ਪਾਣੀ, ਅੱਖ ਦੇ ਅੱਥਰੂ, ਆਪੋ ਆਪਣੀ ਪੀੜ ਸੁਣਾਉਂਦੇ, ਬਿਰਖ਼ ਉਦਾਸ, ਹਵਾਵਾਂ ਸੋਗੀ, ਦਿਲ ਤੇ ਡੂੰਘੀ ਠੇਸ ਵੀਰਿਆ। ਕਿੰਜ ਵਿਸਾਰਾਂ ਗੁੜ੍ਹਤੀ ਵਾਂਗੂੰ, ਮਿਲੀਆਂ ਯਾਦਾਂ ਤੇ ਖ਼ੁਸ਼ਬੋਆਂ, ਮੈਂ ਤਾਂ ਮਾਂ ਦਾ ਬੁੰਬਲਾਂ ਵਾਲਾ, ਸਾਂਭ ਕੇ ਰੱਖਿਆ ਖੇਸ ਵੀਰਿਆ। ਸੱਤਰ ਸਾਲ ਖ਼ਰਚ ਕੇ ਹਾਲੇ, ਮਲ੍ਹਮ ਵਲਾਇਤੀ ਵਰਤ ਰਹੇ ਹਾਂ, ਸੂਰਮਿਆਂ ਦੇ ਖ੍ਵਾਬ ਦੀ ਰਲ ਮਿਲ, ਕੀਤੀ ਪੱਟੀ ਮੇਸ ਵੀਰਿਆ। ਰਾਵੀ ਕੰਢੇ ਹਾਲੇ ਤੱਕ ਵੀ ਆਲਮ* ਯਮਲਾ* ਮਿਲ ਕੇ ਬਣਦੇ, ਬੇਵਤਨਾਂ, ਬੇਜਿਸਮਾਂ ਖ਼ਾਤਰ, ਸੁਰ ਦਾ ਰੰਗਲਾ ਵੇਸ ਵੀਰਿਆ। *ਡੇਰਾ ਬਾਬਾ ਨਾਨਕ, *ਆਲਮ ਲੋਹਾਰ, *ਲਾਲ ਚੰਦ ਯਮਲਾ ਜੱਟ
ਦਿਨ ਚੜ੍ਹਿਆਂ ਤੇ ਵੇਖੀ ਜਦ ਮੈਂ
ਦਿਨ ਚੜ੍ਹਿਆਂ ਤੇ ਵੇਖੀ ਜਦ ਮੈਂ, ਚੰਨ ਦੇ ਟੁਕੜੇ ਸਿਰ ਫ਼ੁਲਕਾਰੀ। ਇਉਂ ਲੱਗਿਆ ਰੱਬ ਵਿਹਲੇ ਬਹਿ ਕੇ, ਤੇਰੀ ਸੂਰਤ ਆਪ ਸ਼ਿੰਗਾਰੀ। ਬਿਨ ਮੰਗੇ ਤੋਂ ਏਨੀ ਰਹਿਮਤ, ਮੇਰੀ ਨਿੱਕੀ ਝੋਲੀ ਅੰਦਰ, ਮਹਿਕ ਗਿਆ ਹੈ ਤਨ ਮਨ ਮੇਰਾ, ਮਿਹਰ ਤੇਰੀ ਸਦਕੇ ਬਲਿਹਾਰੀ। ਇੱਕੋ ਥਾਂ ਤੇ ਏਨੇ ਦੀਵੇ, ਜਗਮਗ ਨੂਰੋ ਨੂਰ ਚੁਫ਼ੇਰਾ, ਰਾਤ ਗਈ ਕਰ ਗੋਲ ਬਿਸਤਰਾ, ਹੁਣ ਸੂਰਜ ਦੀ ਆ ਗਈ ਵਾਰੀ। ਇੱਕ ਦੋ ਬੋਲ ਮਿਸ਼ਰੀਉਂ ਮਿੱਠੇ, ਜਿਉ ਮਿਲ ਗਈ ਹੈ ਦਾਤ ਇਲਾਹੀ, ਇਤਰ ਸਮੁੰਦਰ ਦੇ ਵਿੱਚ ਲੱਗਦੈ, ਰੂਹ ਨਿਰਵਸਤਰ ਲਾਵੇ ਤਾਰੀ। ਹਾਸਿਆਂ ਵਿੱਚ ਛਣਕਾਰ ਘੁੰਗਰੀਆਂ, ਛਣਕਦੀਆਂ ਨੇ ਪੌਣਾਂ ਅੰਦਰ, ਤਪਦੀ ਰੂਹ ਤੇ ਪੈਣ ਫੁਹਾਰਾਂ, ਕਿਣਮਿਣ ਕਣੀਆਂ ਹਿੱਕੜੀ ਠਾਰੀ। ਚੰਦਨ ਗੇਲੀ ਚੀਰਨ ਵਾਲੇ, ਇਸ ਗੱਲ ਤੋਂ ਅਣਜਾਣ ਜਾਪਦੇ, ਸਮਝਣ ਲੱਕੜੀ ਲੱਕੜਹਾਰੇ, ਮਹਿਕਾਂ ਦੀ ਜੜ੍ਹ ਫੇਰਨ ਆਰੀ। ਜਿੱਦਾਂ ਮਹਿਕੇ ਅੰਬ ਸੰਧੂਰੀ, ਜਾਂ ਮਰੂਏ ਦਾ ਬੂਟਾ ਕਿਧਰੇ, ਰੂਹ ਦੇ ਬਾਗੀਂ, ਇਉਂ ਲੱਗਿਆ ਹੈ, ਮੈਨੂੰ ਤੂੰ ਆਵਾਜ਼ ਹੈ ਮਾਰੀ।
ਸਿਰ ਤੇ ਲੈ ਬੱਦਲਾਂ ਦੀ ਚੁੰਨੀ
ਸਿਰ ਤੇ ਲੈ ਬੱਦਲਾਂ ਦੀ ਚੁੰਨੀ, ਆ ਅੰਬਰ ਵਿੱਚ ਪੀਂਘ ਚੜ੍ਹਾਈਏ। ਅਨਹਦ ਨਾਦ ਵਜਾਈਏ ਰੂਹ ਦਾ, ਪੌਣਾਂ ਨੂੰ ਗਲਵੱਕੜੀ ਪਾਈਏ। ਜੇ ਬਦਰੰਗਾ ਮੌਸਮ ਚੰਦਰਾ, ਸਾਹੀਂ ਬੇਵਿਸ਼ਵਾਸੀ ਘੋਲ਼ੇ, ਆਪਣੇ ਰੰਗ ਦੀ ਡੱਬੀ ਵਿੱਚੋਂ ਇੱਕ ਦੋ ਬੁਰਸ਼ ਅਸੀਂ ਵੀ ਲਾਈਏ। ਹਰ ਰਿਸ਼ਤੇ ਦੀ ਆਪਣੀ ਸੀਮਾ, ਪਰ ਖੁਸ਼ਬੋਈ ਅਨਹਦ ਹੋਵੇ, ਕੋਸ਼ਿਸ਼ ਕਰੀਏ ਤਨ ਤੋਂ ਅੱਗੇ, ਮਨ ਮੰਦਰ ਵਿੱਚ ਧੂਫ਼ ਧੁਖ਼ਾਈਏ। ਸ਼ਬਦ ਸਲਾਮਤ ਰਹਿਣ ਹਮੇਸ਼ਾਂ, ਜੇ ਸਾਹਾਂ ਵਿੱਚ ਬਰਕਤ ਹੋਵੇ, ਸਾਹਾਂ ਦੀ ਬਰਕਤ ਦੀ ਖ਼ਾਤਰ, ਹਰਕਤ ਨੂੰ ਵੀ ਨਾਲ ਮਿਲਾਈਏ। ਰੂਹ ਮੇਰੀ ਦੇ ਚਸ਼ਮੇ ਵਿੱਚੋਂ, ਲਾ ਲੈ ਡੀਕਾਂ ਪਿਆਸ ਬੁਝਾ ਲੈ, ਨਿੱਤਰੇ ਪਾਣੀ ਭਰੇ ਸਰੋਵਰ, ਨਿਰਮਲ ਜਲ ਤੇ ਤਰ ਮੁਰਗਾਈਏ। ਪਾਕ ਮੁਹੱਬਤ ਖ਼ਾਤਰ ਧਰਤੀ, ਹਾਲੇ ਤੀਕਰ ਬਹੁਤ ਛੋਟੇਰੀ, ਆ ਕਿਰਨਾਂ ਦੀ ਪੀਂਘ ਚੜ੍ਹਾਈਏ, ਸੂਰਜ ਓਹਲੇ ਦੀ ਥਾਹ ਪਾਈਏ। ਹੱਦ ਬੰਦੀਆਂ ਤਾਂ ਮਨ ਤੋਂ ਮਨ ਨੂੰ, ਦੂਰ ਕਰਦੀਆਂ ਵੇਖ ਲਿਆ ਏ, ਚਾਰ ਦੀਵਾਰਾਂ ਵਿੱਚ ਨਾ ਘਿਰੀਏ, ਜਦ ਦਿਲ ਚਾਹੇ ਆਈਏ ਜਾਈਏ।
ਇੱਕ ਪਾਸੇ ਕੰਜਕਾਂ ਨੂੰ ਪੂਜੋ
ਇੱਕ ਪਾਸੇ ਕੰਜਕਾਂ ਨੂੰ ਪੂਜੋ, ਦੂਜੇ ਬੰਨੇ ਕੁਖ਼ ਵਿੱਚ ਮਾਰੋ। ਨਸਲਘਾਤ ਕਰਵਾ ਬੈਠੋਗੇ, ਸਮਝੋ! ਸਮਝੋ! ਬਰਖ਼ੁਰਦਾਰੋ। ਪੁੱਤਰ ਦਾਤ ਲਈ ਅਰਦਾਸਾਂ, ਜੋ ਜੰਮਹਿ ਰਾਜਾਨ ਵੀ ਗਾਉ, ਇਹ ਦੋ ਅਮਲੀ ਕਦ ਛੱਡੋਗੇ, ਓ ਧਰਮਾਂ ਦੇ ਪਹਿਰੇਦਾਰੋ। ਮਨ ਤੇ ਮੁੱਖ ਦੇ ਅੰਤਰ ਨੂੰ ਤਾਂ, ਸ਼ੇਖ਼ ਫ਼ਰੀਦ ਵੀ ਲਾਣ੍ਹਤ ਪਾਈ, ਮਨ ਦਾ ਸ਼ੀਸ਼ਾ ਸਾਫ਼ ਕਰਨ ਲਈ, ਆਪਣੇ ਅੰਦਰ ਝਾਤੀ ਮਾਰੋ। ਸੋਨ ਸੁਨਹਿਰੀ ਸੁਪਨੇ ਚੋਰੀ ਕਰਦੇ ਫਿਰਦੇ ਚੋਰ ਲੁਟੇਰੇ, ਭਲਕ ਸੰਵਾਰਨ ਖ਼ਾਤਰ ਸੁੱਤੇ, ਜਾਗ ਪਵੋ ਸਿੰਘੋ ਸਰਦਾਰੋ। ਇੱਕ ਵਾਰੀ ਜੈਕਾਰਾ ਲਾ ਕੇ, ਬਹਿ ਨਾ ਜਾਇਓ ਸ਼ੇਰ ਬਾਂਕਿਓ, ਢਾਹ ਦੇਵੋ ਇਹ ਕੰਧ ਜਰਜਰੀ, ਹੋਰ ਜ਼ੋਰ ਦੀ ਹੱਲਾ ਮਾਰੋ। ਕਿਉਂ ਐਸੇ ਹਾਲਾਤ ਬਣਨ ਜੀ, ਕਲੀਆਂ ਬਿਨਾ ਕਿਆਰੀ ਸੁੰਨੀ, ਅਧਖਿੜੀਆਂ ਨੂੰ ਮਸਲੀ ਜਾਓ ਵੀਰੋ ਵੇ ਕਿਉਂ ਕਹਿਰ ਗੁਜ਼ਾਰੋ। ਇਹ ਰਾਹ ਸਿਵਿਆਂ ਦੇ ਵੱਲ ਜਾਵੇ ਅਣਜੰਮੀ ਵੀ ਮੈਂ ਇਹ ਜਾਣਾਂ, ਜਿੱਧਰ ਨੂੰ ਲੈ ਚੱਲੇ ਡੋਲੀ, ਆਪਣੀ ਧੀ ਦੀ ਆਪ ਕਹਾਰੋ।
ਸੁਰਖ਼ ਗੁਲਾਬਾਂ ਦੇ ਮੌਸਮ ਵਿੱਚ
ਸੁਰਖ਼ ਗੁਲਾਬਾਂ ਦੇ ਮੌਸਮ ਵਿੱਚ, ਫ਼ੁੱਲਾਂ ਦੇ ਰੰਗ ਕਾਲ਼ੇ ਕਿਉਂ ਨੇ। ਵੇਖਣ ਵਾਲੀ ਅੱਖ ਦੇ ਅੰਦਰ, ਏਨੇ ਗੂੜ੍ਹੇ ਜਾਲ਼ੇ ਕਿਉਂ ਨੇ। ਸੱਤਰ ਸਾਲ ਆਜ਼ਾਦੀ ਜਿਹੜੇ, ਘਰ ਪਰਿਵਾਰਾਂ ਰਲ਼ ਕੇ ਚੁੰਘੀ, ਨੀਤਾਂ ਵਾਲੇ ਖ਼ਾਲਮ ਖ਼ਾਲੀ, ਅੱਜ ਤੀਕਰ ਵੀ ਆਲ਼ੇ ਕਿਉਂ ਨੇ। ਭੋਗੀ ਯੋਗੀ ਰਲ ਗਏ ਵੇਖੋ, ਕਦ ਏਥੇ ਇਕਤਾਰਾ ਬੋਲੂ, ਤੇਰੇ ਮੇਰੇ ਸਭ ਦੇ ਮੂੰਹ ਤੇ, ਅਣਦਿਸਦੇ ਜਹੇ ਤਾਲ਼ੇ ਕਿਉਂ ਨੇ। ਕੱਲ੍ਹ ਜੰਮੇ ਅੱਜ ਗੱਭਰੂ ਹੋ ਗਏ, ਦੇਣ ਹਕਾਇਤਾਂ, ਆਪਾਂ ਸੁਣੀਏ, ਬਿਨ ਕੁਰਬਾਨੀ ਕੁਰਸੀ ਬੈਠੇ, ਰਾਣੀ ਖਾਂ ਦੇ ਸਾਲ਼ੇ ਕਿਉਂ ਨੇ। ਦਾਤਾ ਤੇਰੇ ਘਰ ਦੇ ਅੰਦਰ, ਡੱਠ ਨੇ ਗਈਆਂ ਬਾਈ ਮੰਜੀਆਂ, ਧਰਮ ਗੁਆਚਾ ਧੜਿਆਂ ਪਿੱਛੇ, ਇਹ ਸਭ ਘਾਲ਼ੇ ਮਾਲ਼ੇ ਕਿਉਂ ਨੇ। ਤੂੰ ਵੀ ਜੇਕਰ ਇੱਕੋ ਇੱਕ ਹੈਂ, ਸੂਰਜ ਵਾਂਗੂੰ ਸਭ ਦਾ ਸਾਂਝਾ, ਏਸ ਤਰ੍ਹਾਂ ਵਿਸ਼ਵਾਸਾਂ ਦੇ ਵੀ, ਹੁੰਦੇ ਰੋਜ਼ ਉਧਾਲ਼ੇ ਕਿਉਂ ਨੇ। ਤੂੰ ਸੀ ਸਾਡਾ ਰਾਹ ਰੁਸ਼ਨਾਉਣਾ, ਭੁੱਲੇ ਭਟਕੇ ਰਾਹੇ ਪਾਉਣਾ, ਵੰਨ ਸੁਵੰਨੇ ਰਾਹੂ ਕੇਤੂ, ਤੇਰੇ ਆਲ਼ੇ ਦੁਆਲ਼ੇ ਕਿਉਂ ਨੇ।
ਸਭ ਕੁੜੀਆਂ ਨਹੀਂ ਚੰਨ ਤੇ ਜਾਂਦੀਆਂ
ਸਭ ਕੁੜੀਆਂ ਨਹੀਂ ਚੰਨ ਤੇ ਜਾਂਦੀਆਂ, ਨਾ ਹੀ ਲਾਉਣ ਉਡਾਰੀਆਂ ਜੀ। ਬਹੁਤੀਆਂ ਨੇ ਸਿਰ ਅੱਜ ਵੀ ਚੁੱਕੀਆਂ, ਬੋਝਲ ਪੰਡਾਂ ਭਾਰੀਆਂ ਜੀ। ਕੱਚੇ ਰਾਹ ਜਾਂ ਪੱਕੇ ਹੋਵਣ, ਤੁਰਨਾ ਪੈਣੈਂ ਸਾਨੂੰ ਪੈਦਲ, ਸਾਡੇ ਅੱਖੀਂ ਘੱਟਾ ਪਾਉਂਦੀਆਂ, ਕਿਉਂ ਇਹ ਗੱਡੀਆਂ ਲਾਰੀਆਂ ਜੀ। ਕੁਖ਼ ਵਿੱਚ ਮਾਰਨ ਜਾਂ ਫਿਰ ਸਾੜਨ, ਧੀਆਂ ਧਰਮ ਧਰੇਕਾਂ ਨੂੰ, ਕਿਉਂ ਸਾਡੇ ਪੱਲੇ ਵਿੱਚ ਪੈਂਦੀਆਂ, ਵੱਡੀਆਂ ਬੇ ਇਤਬਾਰੀਆਂ ਜੀ। ਨਾ ਕਹਿ ਸਾਨੂੰ ਘਰ ਦਾ ਗਹਿਣਾ, ਖ਼ਤਮ ਕਰੋ ਹੁਣ ਨਾਟਕ ਨੂੰ, ਮਰਦ ਬਰਾਬਰ ਹੀ ਨਾ, ਵੱਧ ਨੇ, ਸਿਰ ਤੇ ਜ਼ਿੰਮੇਵਾਰੀਆਂ ਜੀ। ਜਦ ਤੂੰ ਮੇਰਾ ਸਾਥ ਦਏਂ ਤਾਂ, ਅੰਬਰ ਚੀਰ ਵਿਖਾ ਦੇਵਾਂ, ਬੁੱਕਲ ਦੇ ਵਿੱਚ ਲੈ ਕੇ ਧਰਤੀ, ਸਾਗਰ ਲਾਵਾਂ ਤਾਰੀਆਂ ਜੀ। ਤੇਰੇ ਨਾਲ ਬਰਾਬਰ ਹਰ ਥਾਂ, ਤੁਰਦੀ ਹਾਂ ਪਰ ਦਿਸਦੀ ਨਾ, ਗਿਣਦਾ ਗਿਣਦਾ ਥੱਕ ਜਾਂਦਾ ਏਂ, ਜੋ ਮੈਂ ਮੱਲਾਂ ਮਾਰੀਆਂ ਜੀ। ਘਰ ਵਿੱਚ ਤੇਰੇ ਜ਼ਹਿਮਤ ਦੀ ਥਾਂ, ਰਹਿਮਤ ਜਿੱਥੇ ਵੱਸਦੀ ਹੈ, ਇਹ ਤਾਂ ਬਹੁਕਰ* ਨਾਲ ਸੋਹਣਿਆ, ਮੈਂ ਹੀ ਜਗ੍ਹਾ ਬੁਹਾਰੀਆਂ ਜੀ। *ਝਾੜੂ, ਮਾਂਜਾ
ਜਿਸ ਦਮ ਤੈਨੂੰ ਚੇਤੇ ਕੀਤਾ
ਜਿਸ ਦਮ ਤੈਨੂੰ ਚੇਤੇ ਕੀਤਾ, ਉਸ ਪਲ ਬੂਹੇ ਦਸਤਕ ਹੋਈ। ਰੂਹ ਦੀ ਤਰਬ ਜਗਾ ਕੇ ਮੇਰੇ, ਅੰਦਰ ਤੀਕ ਹਿਲਾ ਗਿਆ ਕੋਈ। ਜਿਸਮ ਨਹੀਂ ਨਾ ਸੂਰਤ ਦੇਖੀ, ਰੂਪ ਨਹੀਂ ਨਾ ਰੰਗ ਸੀ ਉਸਦਾ, ਯਾਦ ਕਰਾਂ ਜੇ ਹੁਣ ਵੀ ਉਹ ਪਲ, ਕਣ ਕਣ ਵਿੱਚ ਲਰਜ਼ੇ ਖ਼ੁਸ਼ਬੋਈ। ਧਰਮ ਜ਼ਾਤ ਨਾ ਇਸ ਦਾ ਹੋਵੇ, ਰਿਸ਼ਤਾ ਤਾਂ ਅਹਿਸਾਸ ਦਾ ਨਾਂ ਹੈ, ਇਹ ਤਾਂ ਧੜਕੇ ਰੋਮ ਰੋਮ ਵਿੱਚ, ਸਾਹੀਂ ਜੀਕੂੰ ਨਬਜ਼ ਪਰੋਈ। ਮੈਂ ਚਾਨਣ ਦਾ ਨੂਰ ਇਲਾਹੀ, ਤੇਰੇ ਨੈਣਾਂ ਦੇ ਵਿੱਚ ਤੱਕਿਐ, ਪਲਕਾਂ ਅੰਦਰ ਕਿੱਦਾਂ ਰੱਖਦੀ, ਤੂੰ ਇਹ ਤਾਰੇ ਚੰਨ ਲੁਕੋਈ। ਠਾਰੇ ਪੱਤ ਟਾਹਣੀਆਂ ਸਾਰੇ, ਵਣ ਤ੍ਰਿਣ ਪੋਹ ਪਾਲੇ ਨੇ ਮਾਰੇ, ਵੇਖ ਫੁਟਾਰਾ ਚੜ੍ਹਦੇ ਚੇਤਰ, ਹਰ ਟਾਹਣੀ ਮੁੜ ਨਵੀਂ ਨਰੋਈ। ਸੌ ਜਨਮਾਂ ਦੇ ਵਿੱਛੜੇ ਮਾਧੋ, ਕਿਸ ਵੇਲੇ ਤੂੰ ਮੇਲ ਮਿਲਾਇਆ, ਵਗਦੇ ਦਰਿਆ ਠਹਿਰੇ ਜਾਪਣ, ਰਾਤ ਲਪੇਟੀ ਕਾਲ਼ੀ ਲੋਈ। ਸੂਰਜ ਤੀਕਰ ਪੀਂਘ ਚੜ੍ਹਾ ਕੇ, ਆ ਅੰਬਰ ਵਿੱਚ ਤਾਰੀ ਲਾਈਏ, ਕੁੱਲ ਸ੍ਰਿਸ਼ਟੀ ਨੂੰ ਇਹ ਦੱਸੀਏ, ਮੈਂ ਤੇਰਾ ਤੂੰ ਮੇਰੀ ਹੋਈ।
ਬਲ਼ਦੀ ਜਿਉਂ ਪਰਚੰਡ ਜਵਾਲਾ
ਬਲ਼ਦੀ ਜਿਉਂ ਪਰਚੰਡ ਜਵਾਲਾ, ਪਾਸ਼ ਕੋਈ ਅਵਤਾਰ ਨਹੀਂ ਸੀ। ਜਿੰਨਾ ਵੀ ਸੀ ਲਟ ਲਟ ਬਲ਼ਿਆ, ਉਹ ਕੱਲ੍ਹਾ ਇਕਰਾਰ ਨਹੀਂ ਸੀ। ਜਦ ਵੀ ਆਉਂਦਾ ਵਾਂਗ ਹਨ੍ਹੇਰੀ, ਝੱਖੜ ਵਾਂਗੂੰ ਝੁੱਲ ਜਾਂਦਾ ਉਹ, ਤਿੱਖੀ ਤੇਜ਼ ਨਜ਼ਰ ਦਾ ਸਾਂਈਂ, ਉਹ ਧਰਤੀ ਤੇ ਭਾਰ ਨਹੀਂ ਸੀ। ਅੱਥਰੂ ਨਹੀਂ ਸੀ, ਹਾਉਕਾ ਵੀ ਨਾ, ਉਹ ਸੀ ਬਿਖੜਾ ਸਫ਼ਰ ਨਿਰੰਤਰ, ਉਸ ਦੇ ਸ਼ਬਦ ਕੋਸ਼ ਵਿੱਚ ਲਿਖਿਆ, ਇੱਕ ਵਾਰੀ ਵੀ ਹਾਰ ਨਹੀਂ ਸੀ। ਵਿਧ ਮਾਤਾ ਤੋਂ ਮਰਨ ਦਿਹਾੜਾ, ਉਸ ਨੇ ਲਾਗੇ ਬਹਿ ਲਿਖਵਾਇਆ, ਤੇਈ ਮਾਰਚ ਤੋਂ ਵੱਧ ਸੋਹਣਾ, ਹੋਰ ਕੋਈ ਤਿੱਥ ਵਾਰ ਨਹੀਂ ਸੀ। ਉਸ ਦਾ ਜਾਣਾ ਏਦਾਂ ਲੱਗਿਆ ਜਿਉਂ ਕਲਬੂਤੋਂ ਰੂਹ ਉੱਡ ਜਾਵੇ, ਜਿਸ ਦਿਨ ਮਾਰ ਉਡਾਰੀ ਉੱਡਿਆ, ਕੰਬੀ ਕਿਹੜੀ ਤਾਰ ਨਹੀਂ ਸੀ। ਹੰਸ ਰਾਜ* ਚੱਲ ਨ੍ਹਾਵਣ ਚੱਲੀਏ, ਲੈ ਕੇ ਤੁਰਿਆ ਵਾਂਗ ਭਰਾਵਾਂ, ਨਾਲ ਸਵਾਸਾਂ ਨਿਭਣੇਹਾਰਾ, ਉਸ ਤੋਂ ਪੱਕਾ ਯਾਰ ਨਹੀਂ ਸੀ। ਸਾਲਮ ਸੂਰਾ ਸ਼ਬਦ ਬਾਣ ਸੀ, ਵੈਰੀ ਵਿੰਨ੍ਹਦਾ ਲਿਖ ਕਵਿਤਾਵਾਂ, ਵੇਖਣ ਨੂੰ ਉਸ ਦੇ ਹੱਥ ਭਾਵੇਂ, ਤਿੱਖੀ ਤੇਜ਼ ਕਟਾਰ ਨਹੀਂ ਸੀ। *ਲੋਕ ਕਵੀ ਪਾਸ਼ ਦਾ ਬਾਲ ਸਖਾਈ ਮਿੱਤਰ ਜੋ ਉਹਦੇ ਨਾਲ ਤੇਈ ਮਾਰਚ ੧੯੮੮ ਨੂੰ ਕਤਲ ਹੋਇਆ ਸੀ।
ਹੁਣੇ ਹੁਣੇ ਬੱਸ ਚੇਤੇ ਕੀਤਾ
ਹੁਣੇ ਹੁਣੇ ਬੱਸ ਚੇਤੇ ਕੀਤਾ, ਓਸੇ ਪਲ ਆਹ ਸੂਰਜ ਚੜ੍ਹਿਆ। ਕਿਰਨਾਂ ਚਾਰ ਚੁਫ਼ੇਰੇ ਝੁਰਮਟ, ਤੂੰ ਇਹ ਕਿਹੜਾ ਮੰਤਰ ਪੜ੍ਹਿਆ। ਦਿਨ ਤੇ ਰਾਤ ਮਿਲਾ ਕੇ ਚੌਵੀ, ਘੰਟੇ ਹੁੰਦੇ ਰੋਜ਼ ਦਿਹਾੜੀ, ਮੇਰੇ ਸਾਹਾਂ ਅੰਦਰ ਧੜਕੇਂ, ਲਾਵੇਂ ਅੱਖ, ਘੜੀ ਨਾ ਅੜਿਆ। ਮਨ ਸਾਂਭਣ ਲਈ ਤਨ ਦੀਵਾਰਾਂ, ਮਨ ਤੇ ਪਹਿਰਾ ਇਸ ਦੀ ਖ਼ਾਤਰ, ਮਹਿਕ ਤੇਰੀ ਦਾ ਮਾਣਕ ਮੋਤੀ, ਦਿਸਦਾ ਨਹੀਂ, ਇਹ ਮੁੰਦਰੀ ਜੜਿਆ। ਅਜੇ ਝਨਾਂ ਚੋਂ ਆਉਣ ਆਵਾਜ਼ਾਂ, ਪਾਰ ਲੰਘਾ ਦੇ ਸੋਹਣੀ ਨੂੰ ਤੂੰ, ਵੇ ਵੀਰਾ ਵੇ ਜੀਣ ਜੋਗਿਆ, ਖ਼ੁਰ ਨਾ ਜਾਵੀਂ ਸਿਦਕੀ ਘੜਿਆ। ਪੀਂਘ ਹੁਲਾਰੇ ਮਾਰ ਭਰ ਦਿਆਂ, ਸੂਰਜ ਤੋਂ ਵੀ ਪਾਰ ਉਡਾਰੀ, ਤੂੰ ਮਿਲਿਆ ਮਨ ਚੰਬਾ ਖਿੜਿਆ, ਜਾਪੇ ਜਿਉਂ ਹੈ ਚੇਤਰ ਚੜ੍ਹਿਆ। ਤੇਰੇ ਮੋਹ ਦੀ ਰਿਸ਼ਮ ਸੁਨਹਿਰੀ, ਮਹਿਕ ਰਹੀ ਚੰਬੇਲੀ ਵਾਂਗਰ, ਵੇਖ ਤੇਰੇ ਅਹਿਸਾਸ ਦੀ ਕੰਨੀ, ਨੂੰ ਮੈਂ, ਕਿੰਨਾ ਘੁੱਟ ਕੇ ਫੜਿਆ। ਦਿਨ ਦੇ ਚਿੱਟੇ ਚਾਨਣ ਅੰਦਰ, ਤੇਰੇ ਨੈਣਾਂ ਕੀ ਨਹੀਂ ਕੀਤਾ, ਫੇਰ ਪਤਾ ਨਹੀਂ ਕਿਉਂ ਤੂੰ ਸਾਰਾ, ਦੋਸ਼ ਹਨ੍ਹੇਰੇ ਦੇ ਸਿਰ ਮੜ੍ਹਿਆ।
ਖ਼ਬਰੇ ਹੈ ਇਹ ਕਿਸ ਦਾ ਚਿਹਰਾ
ਖ਼ਬਰੇ ਹੈ ਇਹ ਕਿਸ ਦਾ ਚਿਹਰਾ, ਜਿਸ ਨੂੰ ਆਖਣ ਵਤਨ ਪਿਆਰਾ। ਕਾਲੇ ਕਰਮੀਂ, ਮਾਰ ਨਹੁੰਦਰਾਂ, ਕੀਤਾ ਇਸ ਨੂੰ ਜ਼ਖ਼ਮੀ ਸਾਰਾ। ਇਸ ਵਿਚ ਕਿੱਥੇ ਸੁਰਗ ਨਜ਼ਾਰੇ, ਕਸ਼ਮੀਰੀ ਸੇਬਾਂ ਜਹੇ ਬੱਚੇ, ਕਿੱਥੇ ਮੇਰੇ ਦੇਸ ਪੰਜਾਬ ਦਾ, ਪਹਿਲ ਪਲੱਕੜਾ ਸੁਰਗ ਨਜ਼ਾਰਾ? ਕਿਸ ਧਰਤੀ ਤੋਂ ਸੂਰਜ ਚੜ੍ਹਦਾ, ਡੁੱਬਦਾ ਦੱਸੋ ਕਿੱਥੇ ਜਾ ਕੇ, ਕਿੱਥੇ ਉੱਗਣ ਸਬਜ਼ ਲੈਚੀਆਂ, ਕਿਸ ਥਾਂ ਤੇ ਹੈ ਲੌਂਗ ਕਿਆਰਾ? ਗਿੱਧਾ ਚੁੱਪ, ਗਵਾਚਾ ਬੀਹੂ, ਗੁੰਮ ਸੁੰਮ ਝੁੰਮਰ, ਕਿੱਕਲੀ, ਲੁੱਡੀ, ਨਿੰਮੋਝੂਣ ਧਮਾਲ ਪਈ ਹੈ, ਸੰਮੀ ਦਾ ਨਾ ਚਿੱਤ ਕਰਾਰਾ। ਹੱਦਾਂ ਤੇ ਸਰਹੱਦ ਦੀ ਰਾਖੀ, ਕਰਨ ਬੰਦੂਕਾਂ ਦਿਨ ਤੇ ਰਾਤੀਂ, ਦੱਸੋ ਕੌਣ ਲਗਾਉਂਦਾ ਏਦਾਂ, ਕੁੱਲੀਆਂ ਬੂਹੇ ਜੰਦਰਾ ਭਾਰਾ। ਸੋਨ ਚਿੜੀ ਦੇ ਖੰਭਾਂ ਉੱਤੇ, ਨਜ਼ਰ ਟਿਕਾਈ ਬੈਠੇ ਤਾਜਰ, ਕੌਣ ਬਚਾਵੇਗਾ ਦੱਸ ਤੈਨੂੰ, ਏਥੇ ਤੇਰਾ ਕੌਣ ਵਿਚਾਰਾ? ਮੈਂ ਆਪਣਾ ਮਨ ਜੇਕਰ ਚਾਹਾਂ, ਖੋਲ੍ਹ ਦਿਆਂ ਪਰ ਕਿਸ ਥਾਂ ਖੋਲ੍ਹਾਂ, ਗ਼ਜ਼ਲਾਂ ਤੇ ਕਵਿਤਾਵਾਂ ਤੋਂ ਬਿਨ, ਦੱਸੋ ਮੇਰਾ ਕੌਣ ਸਹਾਰਾ?
ਤੜਪ ਰਿਹੈ ਸੌ ਸਾਲ ਤੋਂ ਮਗਰੋਂ
ਤੜਪ ਰਿਹੈ ਸੌ ਸਾਲ ਤੋਂ ਮਗਰੋਂ, ਜੱਲ੍ਹਿਆਂ ਵਾਲਾ ਬਾਗ ਅਜੇ ਵੀ। ਡਾਇਰ ਤੇ ਓਡਵਾਇਰ ਰਲ ਕੇ, ਗਾਉਂਦੇ ਓਹੀ ਰਾਗ ਅਜੇ ਵੀ। ਆਜ਼ਾਦੀ ਦਾ ਮੁਕਤੀ ਮਾਰਗ, ਹਾਲੇ ਕਿੰਨੀ ਦੂਰ ਸਵੇਰਾ, ਥਾਲੀ ਵਿੱਚ ਅਣਚੋਪੜੀਆਂ ਤੇ, ਨਾਲ ਅਲੂਣਾ ਸਾਗ ਅਜੇ ਵੀ। ਸਰਹੱਦਾਂ ਤੇ ਪਹਿਰੇਦਾਰੀ, ਕਰ ਕਰ ਹਾਰੇ ਕੁੱਲੀਆਂ ਢਾਰੇ, ਸੋਗ ਸੁਨੇਹੇ ਫਿਰਨ ਬਨੇਰੇ, ਕੁਰਲਾਉਂਦਾ ਹੈ ਕਾਗ ਅਜੇ ਵੀ। ਸੁੱਤਿਆ ਲੋਕਾ ਤੇਰੀ ਗਠੜੀ, ਲੈ ਚੱਲੇ ਨੇ ਚੋਰ, ਮੁਸਾਫ਼ਿਰ, ਘਰ ਨੂੰ ਸਾਂਭਣ ਖ਼ਾਤਿਰ ਤੈਨੂੰ, ਕਿਉਂ ਨਾ ਆਵੇ ਜਾਗ ਅਜੇ ਵੀ। ਧਰਮ ਖੇਤ ਦੇ ਅੰਦਰ ਦੱਬੀ, ਸਾਰੀ ਫ਼ਸਲ ਨਦੀਨਾਂ ਮਾਰੀ, ਮਨ ਮੰਦਿਰ ਵਿੱਚ ਕੁਫ਼ਰ ਪਸਾਰਾ, ਕਹੀਏ ਸੁੱਤੇ ਭਾਗ ਅਜੇ ਵੀ। ਛੇ ਸਦੀਆਂ ਤੋਂ ਮਗਰੋਂ ਅੱਜ ਵੀ, ਮੇਰੀ ਕੁੱਲੀ ਓਸੇ ਥਾਂ ਤੇ, ਜਿੱਥੇ ਛੱਡ ਕੇ ਗਿਆ ਕਬੀਰਾ, ਗਲ ਕਟੀਅਨ ਕੇ ਲਾਗ ਅਜੇ ਵੀ। ਧਨਵੰਤੇ ਪਤਵੰਤੇ ਬਣ ਗਏ, ਰੋਲਣ ਪੱਤ ਜ਼ਮੀਰਾਂ ਬਦਲੇ, ਗੁਣਵੰਤੇ ਛੱਡ, ਬੇਕਦਰਾਂ ਹੱਥ, ਸਮਿਆਂ ਵਾਲੀ ਵਾਗ ਅਜੇ ਵੀ।
ਛੱਡ ਤਰਲੋਚਨ ਬੀਤੀਆਂ ਗੱਲਾਂ
ਛੱਡ ਤਰਲੋਚਨ ਬੀਤੀਆਂ ਗੱਲਾਂ, ਕੀ ਲੈਣਾ ਏਂ ਹੌਕੇ ਭਰ ਕੇ। ਏਨੇ ਕਦਮ ਸਬੂਤੇ ਰਹਿ ਗਏ, ਸਫ਼ਰ ਸਹੀ, ਵਿਸ਼ਵਾਸ ਦੇ ਕਰਕੇ। ਗਰਦਨ ਸਿੱਧੀ ਰੱਖਣਾ ਕਹਿ ਕੇ, ਪੈਂਦਾ ਹੈ ਤਲਵਾਰ ਤੇ ਤੁਰਨਾ, ਜੇ ਤੁਰ ਪਉ ਇੱਕ ਵਾਰ ਫੇਰ ਤਾਂ, ਮੁੜਦੇ ਹੋ ਮੰਜ਼ਿਲ ਸਰ ਕਰਕੇ। ਕੱਲ੍ਹਿਆਂ ਤੁਰਨਾ ਔਖਾ ਹੈ ਪਰ, ਮੇਰੇ ਅੰਗ ਸੰਗ ਕਿੰਨੇ ਸਾਥੀ, ਸਬਰ, ਸਿਦਕ, ਸੰਤੋਖ, ਸਮਰਪਣ, ਰੂਹ ਮੇਰੀ ਦੇ ਸੂਹੇ ਵਰਕੇ। ਕਿੰਨੀ ਵਾਰੀ ਮੋੜਾਂ ਬੂਹਿਉਂ, ਆ ਜਾਂਦਾ ਬਾਜ਼ਾਰ ਖ਼ਰੀਦਣ, ਵਿਕਿਆ ਨਹੀਂ ਮੈਂ, ਤਾਂ ਹੀ ਝਾਕੇ, ਅੱਖੀਆਂ ਅੰਦਰ ਹਸਰਤ ਭਰ ਕੇ। ਕੋਲ਼ੇ ਵਾਲੀ ਖਾਣ 'ਚ ਦੋਧੇ, ਵਸਤਰ ਚਿੱਟੇ ਰੱਖਣ ਖਾਤਰ, ਸੱਚ ਪੁੱਛੇਂ ਤਾਂ ਜੀਣਾ ਪੈਂਦਾ, ਪਲ ਅੰਦਰ ਸੌ ਵਾਰੀ ਮਰ ਕੇ। ਕੌੜਾ ਤੁੰਮਾ ਸੌ ਰੋਗਾਂ ਦੀ, ਜੜ੍ਹ ਦਾ ਵੈਰੀ ਰੁਲਦਾ ਤਾਂਹੀਂਉਂ, ਮਿੱਠਾ ਹੈ ਖਰਬੂਜ਼ਾ, ਵਿਕਦਾ ਮੰਡੀ ਦੇ ਵਿੱਚ ਏਸੇ ਕਰਕੇ। ਹੇ ਗੁਰਸ਼ਬਦ! ਨਾ ਡੋਲਣ ਦੇਵੀਂ, ਇੱਕ ਸਤਰੀ ਅਰਦਾਸ ਕਰਾਂ ਮੈਂ, ਭੁੱਲ ਜਾਂਦਾ ਹਾਂ ਕਿੰਨੀ ਵਾਰੀ, ਸਿਰ ਤੇਰੇ ਕਦਮਾਂ ਤੇ ਧਰ ਕੇ।
ਦੇ ਗਿਆ ਵਿਸ਼ਵਾਸ, ਪਰਤਾਂਗਾ
ਦੇ ਗਿਆ ਵਿਸ਼ਵਾਸ, ਪਰਤਾਂਗਾ, ਜਵਾਨੀ ਲੈ ਗਿਆ। ਜਾਣ ਲੱਗਾ ਵਕਤ ਮੈਥੋਂ, ਕੀ ਨਿਸ਼ਾਨੀ ਲੈ ਗਿਆ। ਸ਼ਬਦ ਬੀੜਨ ਦੀ ਲਿਆਕਤ, ਦੇ ਗਿਆ ਕੁਝ ਪਲ ਕੁ ਸਾਥ, ਸਾਂਭ ਕੇ ਰੱਖੀ ਮੇਰੀ, ਸਾਰੀ ਨਾਦਾਨੀ ਲੈ ਗਿਆ। ਵਕਤ ਮੇਰੇ ਨਾਲ ਕੈਸੀ, ਖੇਡ ਖੇਡੀ ਮਿਹਰਬਾਨ, ਬੋਲਦੇ ਵਰਕੇ ਮੇਰੇ ਹੱਥਾਂ 'ਚੋਂ, ਕਾਨੀ ਲੈ ਗਿਆ। ਤੋੜ ਕੇ ਤੰਦ, ਮਣਕਿਆਂ ਨੂੰ, ਰੁਲਣ ਜੋਗੇ ਕਰ ਗਿਆ, ਬੇਕਦਰ ਜ਼ਾਲਮ, ਮੇਰੇ ਸਾਹਾਂ ਦੀ, ਗਾਨੀ ਲੈ ਗਿਆ। ਆਦਮੀ ਫਿਰਦਾ ਗਵਾਚਾ, ਸ਼ਹਿਰ ਤੇ ਬਾਜ਼ਾਰ ਵਿੱਚ, ਵੇਖ ਲਉ ਮਿੱਟੀ ਦਾ ਮੂਰਾ*, ਕਦਰਦਾਨੀ ਲੈ ਗਿਆ। ਗਿਆਨ ਤੇ ਵਿਗਿਆਨ ਵੀ, ਮੰਡੀ 'ਚ ਵਿਕਦੈ ਵਸਤ ਵਾਂਗ, ਹੋਰ ਛੱਡੋ ਧਨ ਕਿਵੇਂ, ਧਰਮੀ ਗਿਆਨੀ ਲੈ ਗਿਆ। ਜਿਸ ਤਰ੍ਹਾਂ ਬਿੱਲੀਆਂ ਦੀ ਰੋਟੀ, ਲੈ ਗਿਆ ਬਾਂਦਰ ਚਲਾਕ, ਲੜਦਿਆਂ ਹੱਥੋਂ ਉਹ ਸਾਥੋਂ, ਰਾਜਧਾਨੀ ਲੈ ਗਿਆ। *ਨਕਲੀ ਬੁੱਤ
ਬੰਦ ਬੂਹਿਆਂ ਨੂੰ ਖੋਲ੍ਹਣ ਖਾਤਰ
ਬੰਦ ਬੂਹਿਆਂ ਨੂੰ ਖੋਲ੍ਹਣ ਖਾਤਰ, ਮਾਂ ਧੀ ਕਰਨ ਦਿਹਾੜੀ ਚੱਲੀਆਂ। ਮਨ ਰੇ ਗਾ ਦਾ ਗੀਤ ਗੁਆਚਾ, ਲੱਭਣ ਆਈਆਂ ਕੱਲ ਮੁ ਕੱਲ੍ਹੀਆਂ। ਫੁੱਲਾਂ ਵਰਗੇ ਬੱਚੜੇ ਖਾਤਰ, ਇੱਕ ਲਵੇਰੀ ਖ਼ਾਲੀ ਖੁਰਲੀ, ਖੇਤ ਬੇਗਾਨਾ ਮਾਲਕ ਵਰਜੇ, ਹਾਲੇ ਤੀਕ ਤਾਂ ਖਾਲੀ ਪੱਲੀਆਂ। ਪਿੰਡੋਂ ਆਈਆਂ ਦੋਵੇਂ ਕੱਠੀਆਂ, ਵੇਖਣ ਨੂੰ ਵੀ ਕੋਲ ਬੈਠੀਆਂ, ਜਿੰਦ ਫ਼ਿਕਰਾਂ ਦੇ ਪੇਂਜੇ ਪਿੰਜੀ, ਤੰਦਾਂ ਹੋਈਆਂ ਕੱਲ੍ਹੀਆਂ ਕੱਲ੍ਹੀਆਂ। ਵਾਢੀ ਮਗਰੋਂ, ਨੰਗੇ ਪੈਰੀਂ, ਰੱਤ ਨੇ ਵਾਹੀਆਂ ਮੋਰ ਬੂਟੀਆਂ, ਲਿੱਸੇ ਘਰ ਦੀਆਂ ਜਾਈਆਂ ਲੱਭਣ, ਵੱਢ ਵਿੱਚੋਂ ਕਣਕਾਂ ਦੀਆਂ ਬੱਲੀਆਂ। ਘੁੱਗੀਆਂ ਵਾਲੇ ਆਲ੍ਹਣਿਆਂ ਤੇ, ਕਬਜ਼ਾ ਕਰ ਜਿਉਂ ਕਾਗ ਬੈਠਦੇ, ਮਰਦ ਕਹਾਉਂਦੇ ਦਾਰੂਦਾਸੀਆਂ, ਕੂੰਜਾਂ ਕਿਰਤ ਕਮਾਵਣ ਘੱਲੀਆਂ। ਦੂਖ ਹਰੋ ਬਨਵਾਰੀ ਮੇਰੇ, ਯਾ ਰੱਬ ਅੱਲ੍ਹਾ ਕਸ਼ਟ ਨਿਵਾਰੋ, ਕਿੰਨੇ ਹੀ ਕੰਮਚੋਰ ਆਵਾਰਾ, ਐਵੇਂ, ਫਿਰਨ ਵਜਾਉਂਦੇ ਟੱਲੀਆਂ। ਰੱਜਿਆਂ ਪੁੱਜਿਆਂ ਨੂੰ ਅਫ਼ਰੇਵਾਂ, ਲਿਸਿਆਂ ਨੂੰ ਤਰਸੇਵਾਂ ਘੇਰੇ, ਖਵਰੇ ਕਿਸਦੇ ਬੱਚਿਆਂ ਦੇ ਲਈ, ਵਿਕਣ ਬਾਜ਼ਾਰੀਂ ਕੇਲੇ ਛੱਲੀਆਂ।
ਸਿਖ਼ਰ ਪਹਾੜੋਂ ਆਇਆ ਰੁੱਕਾ
ਸਿਖ਼ਰ ਪਹਾੜੋਂ ਆਇਆ ਰੁੱਕਾ, ਪੜ੍ਹ ਲਓ, ਫਿਰ ਮਗਰੋਂ ਨਾ ਕਹਿਣਾ। ਜਿੱਦਾਂ ਧਰਤੀ ਅੱਜ ਤਪਦੀ ਹੈ, ਚੋਟੀ ਦਾ ਜਲਵਾ ਨਹੀਂ ਰਹਿਣਾ। ਦਸ ਵਰ੍ਹਿਆਂ ਤੱਕ ਤਪਸ਼ ਨੇ ਵਧ ਕੇ, ਚਾਰ ਡਿਗਰੀਆਂ ਹੋਰ ਹੈ ਤਪਣਾ, ਮੇਰੀਆਂ ਸਭ ਬਰਫ਼ਾਨੀ ਟੀਸੀਆਂ, ਪਿਘਲ ਪਿਘਲ ਧਰਤੀ ਵੱਲ ਵਹਿਣਾ। ਬਿਰਖ਼ਾਂ ਦੀ ਹਰਿਆਲੀ ਛਤਰੀ ਤਾਣ ਦਿਓ ਜੀ ਇਸ ਦੇ ਸਿਰ 'ਤੇ, ਬੰਜਰ ਨਾ ਹੋ ਜਾਵੇ ਧਰਤੀ, ਆ ਨਾ ਜਾਵੇ ਵਕਤ ਕੁਲਹਿਣਾ। ਅਗਨ ਭੇਟ ਕਿਉਂ ਕਰਦੇ ਬੀਬਾ, ਜ਼ਹਿਰੀ ਗੈਸਾਂ ਵਾਲਾ ਨਿਕ ਸੁਕ, ਅੰਬਰ ਵਿੱਚ ਓਜ਼ੋਨ ਮਘੋਰਾ, ਹੋਰ ਜੇ ਵਧਿਆ, ਔਖਾ ਸਹਿਣਾ। ਜੋ ਜੋ ਸ਼ਹਿਰ ਸਮੁੰਦਰ ਕੰਢੇ, ਡੁੱਬ ਜਾਵਣਗੇ ਪਰਲੋ ਆਊ, ਪਿਘਲ ਗਲੇਛਰ ਭਰ ਭਰ ਨਦੀਆਂ, ਜਦ ਹੈ ਏਸ ਦਿਸ਼ਾ ਵੱਲ ਵਹਿਣਾ। ਮਾਰ ਪਵੇਗੀ ਐਸੀ ਮਾੜੀ, ਝੰਬ ਸੁੱਟੇਗੀ ਕੁੱਲ ਹਰਿਆਵਲ, ਤੂੰ ਤੇ ਮੈਂ ਕਿਸ ਬਾਗ ਦੀ ਮੂਲੀ, ਜੰਤ ਪਰਿੰਦਾ ਕੁਝ ਨਹੀਂ ਰਹਿਣਾ। ਪਵਨ ਗੁਰੂ ਤੇ ਪਾਣੀ ਬਾਬਲ, ਧਰਤੀ ਸਾਡੀ ਮਾਂ ਵਰਗੀ ਹੈ, ਜੇ ਬਚਣਾ ਤਾਂ ਪੱਲੇ ਬੰਨ੍ਹ ਲਓ, ਮੇਰੇ ਬਾਬੇ ਦਾ ਇਹ ਗਹਿਣਾ।
ਏਸੇ ਦਾ ਪਛਤਾਵਾ ਹੁਣ ਵੀ
ਏਸੇ ਦਾ ਪਛਤਾਵਾ ਹੁਣ ਵੀ, ਦਰਦ ਦਿਲੇ ਦਾ ਕਹਿ ਨਹੀਂ ਹੋਇਆ। ਇਹ ਗੱਲ ਵੀ ਮੈਂ ਤਾਂ ਦੱਸੀ ਏ, ਮੇਰੇ ਕੋਲੋਂ ਰਹਿ ਨਹੀਂ ਹੋਇਆ। ਤੁਰਿਆ ਰਹਿੰਦਾਂ ਸ਼ਾਮ ਸਵੇਰੇ, ਪੈਰੀਂ ਬੰਨ੍ਹ ਕੇ ਸਫ਼ਰ ਲੰਮੇਰੇ, ਸੂਰਜ ਦੀ ਟਿੱਕੀ ਨੂੰ ਚੁੰਮਣੈਂ, ਏਸੇ ਕਰਕੇ ਬਹਿ ਨਹੀਂ ਹੋਇਆ। ਮਾਣ ਮਰਤਬੇ ਦੁਨੀਆ ਅੰਦਰ, ਕੀ ਔਖੇ ਸੀ ਹਾਸਿਲ ਕਰਨੇ, ਸੱਚ ਪੁੱਛੋ ਤਾਂ ਗ਼ਰਜ਼ਾਂ ਖ਼ਾਤਰ, ਏਨਾ ਥੱਲੇ ਲਹਿ ਨਹੀਂ ਹੋਇਆ। ਅੱਖੀਆਂ ਅੰਦਰ ਮੇਰੇ ਵੀ ਤਾਂ, ਗ਼ਮ ਦੇ ਕਿੰਨੇ ਤਲਖ਼ ਸਮੁੰਦਰ, ਕੀ ਕਰਦਾ ਮੈਂ ਹੰਝੂਆਂ ਤੋਂ ਹੀ, ਪਿਘਲਣ ਮਗਰੋਂ ਵਹਿ ਨਹੀਂ ਹੋਇਆ। ਜਾਣਕਾਰ ਸਾਂ, ਕੰਧਾਂ ਮੈਨੂੰ, ਕਦੇ ਹੁੰਗਾਰਾ ਭਰਨਾ ਨਹੀਂਉਂ, ਮੇਰੇ ਤੋਂ ਹੀ ਚੁੱਪ ਦਾ ਪਰਬਤ, ਹਿੱਕੜੀ ਉੱਤੇ ਸਹਿ ਨਹੀਂ ਹੋਇਆ। ਸਾਨੂੰ ਗਿਣਨ ਮਸ਼ਾਲਚੀਆਂ ਵਿੱਚ, ਫੇਰ ਹਨ੍ਹੇਰਾ ਇਹ ਕਿਉਂ ਵਧਿਆ, ਅਸਲ ਨਿਸ਼ਾਨਾ ਤੈਥੋਂ ਮੈਥੋਂ, ਅੱਜ ਤੀਕਰ ਵੀ ਤਹਿ ਨਹੀਂ ਹੋਇਆ। ਚਾਰ ਚੁਫ਼ੇਰ ਹਨ੍ਹੇਰਾ ਕਾਲਖ਼, ਰਾਜ ਭਾਗ ਤੇ ਕਾਬਜ਼ ਤਾਂਹੀਉਂ, ਮਾਚਸ ਦੀ ਡੱਬੀ ਤੇ ਮੈਥੋਂ, ਤੀਲੀ ਬਣ ਕੇ ਖਹਿ ਨਹੀਂ ਹੋਇਆ।
ਸਦੀਆਂ ਲੰਮਾ ਸਫ਼ਰ ਮੁਕਾ ਕੇ
ਸਦੀਆਂ ਲੰਮਾ ਸਫ਼ਰ ਮੁਕਾ ਕੇ, ਮੇਰੇ ਹੱਥ ਜੇ ਅੱਜ ਵੀ ਕੜੀਆਂ। ਧਰਤੀ ਦੀ ਧੀ ਪੁੱਛਦੀ ਸਾਥੋਂ, ਕਿਹੜੇ ਕੰਮ ਕਿਤਾਬਾਂ ਪੜ੍ਹੀਆਂ। ਮੇਰੀ ਇੱਕ ਤਸਵੀਰ ਤੁਹਾਡੇ ਹੱਥਾਂ ਦੇ ਵਿੱਚ ਆ ਗਈ ਕਿਤਿਓਂ, ਮੇਰੇ ਜਹੀਆਂ ਸੰਗਲ ਬੱਧੀਆਂ ਹਰ ਧਰਤੀ ਤੇ ਧੀਆਂ ਬੜੀਆਂ। ਮੈਂ ਅਰਧਾਂਗਣ, ਸਦੀਆਂ ਮਗਰੋਂ, ਹਾਲੇ ਤੱਕ ਸੰਪੂਰਨ ਨਹੀਂਓਂ, ਅਗਨੀ ਪਰਖ਼, ਤਪੱਸਿਆ ਮੇਰੀਆਂ, ਨਿਰ ਫ਼ਲੀਆਂ ਨੇ ਤੋੜ ਨਾ ਚੜ੍ਹੀਆਂ। ਕਹਿਰ ਖ਼ੁਦਾਇਆ, ਜ਼ੁਲਮ ਤੇਰੇ ਦੀ, ਹਾਲੇ ਤੀਕ ਅਖ਼ੀਰ ਨ ਹੋਈ, ਆਦਮ ਨਸਲ ਦੀਆਂ ਜੋ ਸਿਰਜਕ, ਪਤੀ ਦੇਵ ਦੇ ਬੂਹੇ ਖੜ੍ਹੀਆਂ। ਹਰ ਧਰਤੀ ਤੇ ਹਰ ਯੁਗ ਅੰਦਰ, ਮਾਂ ਮੰਗਦੀ ਨਾ ਧੀ ਦੇ ਜੋਟੇ, ਮੰਗਦੀਆਂ ਨੇ ਜਦ ਵੀ ਮੰਗਣ, ਮੰਗਦੀਆਂ ਲਾਲਾਂ ਦੀਆਂ ਲੜੀਆਂ। ਜੀਂਦੇ ਜਿਸ ਇਨਸਾਨ ਦੀ ਕੀਮਤ, ਫੁੱਟੀ ਕੌਡੀ ਵੀ ਨਾ ਮੰਨੀ, ਕੀ ਕਰਦੇ ਬੇਹਿੰਮਤੇ ਮਗਰੋਂ, ਸਾਖੀਆਂ ਘੜ ਕੇ ਪੂਜਣ ਮੜ੍ਹੀਆਂ। ਨਸਲਕੁਸ਼ੀ ਦੇ ਮਾਰਗਪੰਥੀ, ਬਣ ਗਏ ਨੇ ਪਰ ਮੰਨਦੇ ਹੀ ਨਾ, ਧਰਤੀ ਧਰਮ ਗੁਆ ਕੇ ਆਪਣਾ, ਹੁਣ ਇਹ ਫ਼ੌਜਾਂ ਹੁਣ ਕਿੱਧਰ ਚੜ੍ਹੀਆਂ।
ਸਤਿਲੁਜ ਬਿਆਸ ਝਨਾਂ ਤੇ ਜਿਹਲਮ
ਸਤਿਲੁਜ ਬਿਆਸ ਝਨਾਂ ਤੇ ਜਿਹਲਮ ਪੰਜਵਾਂ ਦਰਿਆ ਮੇਰੀ ਮਾਂ ਹੈ। ਪਾਲ ਪੋਸ ਜਿਸ ਵੱਡਿਆਂ ਕੀਤਾ, ਰਾਵੀ ਉਸ ਦਾ ਦੂਜਾ ਨਾਂ ਹੈ। ਬਾਤ ਪਾਉਂਦਿਆਂ ਬਿਰਖ਼ਾਂ ਦੀ ਮੈਂ, ਸੀਸ ਝੁਕਾਵਾਂ ਪੁਰਖਿਆਂ ਨੂੰ ਵੀ, ਕੁਝ ਆਰੀ ,ਕੁਝ ਵਕਤ ਲੈ ਗਿਆ, ਫਿਰ ਵੀ ਸਿਰ ਵਿਰਸੇ ਦੀ ਛਾਂ ਹੈ। ਪਹਿਲਾਂ ਗੋਬਰ ਧਨ ਦੇਂਦੀ ਸੀ, ਹਾਲ਼ੀ ਬਲਦ ਤੇ ਅੰਮ੍ਰਿਤ ਧਾਰਾਂ, ਨੇਤਾ ਜੀ ਦੇ ਪੇੜੇ ਮਗਰੋਂ, ਅੱਜ ਕੱਲ੍ਹ ਵੋਟਾਂ ਦੇਂਦੀ ਗਾਂ ਹੈ। ਬੋਹੜੀਂ ਪਿੱਪਲੀਂ ਪੀਂਘਾਂ ਮੋਈਆਂ, ਰੱਸੀਆਂ ਦੇ ਸੱਪ ਬਣ ਗਏ ਫਾਹੀਆਂ, ਮਰਨ ਵਾਲਿਆਂ ਵਿੱਚ ਹਰ ਵਾਰੀ, ਮੇਰੇ ਬਾਬਲ ਦਾ ਕਿਉਂ ਨਾਂ ਹੈ। ਦੋਮੂੰਹੀਆਂ ਡੰਗ ਮਾਰਨ ਜ਼ਹਿਰੀ, ਅੱਜ ਕੱਲ੍ਹ ਮੀਸਣੀਆਂ ਮੁਸਕਾਨਾਂ, ਮੈਂ ਏਸੇ ਦਾ ਡੰਗਿਆ ਹੋਇਆਂ, ਤੈਨੂੰ ਇਹ ਮੈਂ, ਦੱਸਿਆ ਤਾਂ ਹੈ। ਧਰਮਸਾਲ ਵਿੱਚ ਧੜਿਆਂ ਕਾਰਨ, ਵਣਜ ਵਪਾਰੀ ਕਾਬਜ਼ ਹੋ ਗਏ, ਸ਼ੁਭ ਕਰਮਨ ਦੀ ਕਥਾ ਸੁਣਨ ਲਈ, ਧਰਮ ਕਰਮ ਦੀ ਕਿਹੜੀ ਥਾਂ ਹੈ। ਮਾਨ ਸਰੋਵਰ ਝੀਲ ਦੇ ਕੰਢਿਓਂ, ਕਹਿ ਕੇ ਹੰਸ ਉਡਾਰੀ ਭਰ ਗਏ, ਨਾਲ ਨਮੋਸ਼ੀ ਜੀਣਾ ਔਖਾ, ਜਿੱਥੋਂ ਦਾ ਹੁਣ ਮੁਖੀਆ ਕਾਂ ਹੈ।
ਹਾਕਮ ਹੁਕਮ ਹਕੂਮਤ ਖ਼ਾਤਰ
ਹਾਕਮ ਹੁਕਮ ਹਕੂਮਤ ਖ਼ਾਤਰ, ਸ਼ਬਦਾਂ ਨੂੰ ਤਵੀਆਂ ਤੇ ਧਰਦੇ। ਕੌਣ ਕਹੇ ਦੱਸ ਬੇਸਮਝਾਂ ਨੂੰ, ਅਰਥ ਕਦੇ ਏਦਾਂ ਨਹੀਂ ਮਰਦੇ। ਸ਼ਬਦਕਾਰ ਦੀ ਉੱਚੀ ਹਸਤੀ, ਸ਼ਹਿਰ ਲਾਹੌਰ ਦੀ ਰਾਵੀਉਂ ਤੁਰ ਕੇ, ਧਰਤ ਆਕਾਸ਼ ਪਤਾਲ 'ਚ ਘੁਲ ਗਈ, ਜਾ ਪਹੁੰਚੀ ਅੰਦਰ ਘਰ ਘਰ ਦੇ। ਜਬਰ ਜ਼ੁਲਮ ਦੀ ਤੱਤੀ ਰੇਤਾ, ਚਹੁੰ ਸਦੀਆਂ ਤੋਂ ਬਾਦ ਨਿਰੰਤਰ, ਸ਼ਬਦ ਗੁਰੂ ਦੇ ਸੀਸ ਤੇ ਪੈਂਦੀ, ਅੱਜ ਵੀ ਜਾਬਰ ਘੱਟ ਨਹੀਂ ਕਰਦੇ। ਸ਼ਬਦ ਵਿਧਾਨ ਲਿਖਣ ਤੋਂ ਮਗਰੋਂ, ਅਸਥਾਪਣ ਦਾ ਗੱਡਿਆ ਪਰਚਮ, ਚੁੱਪ ਰਹਿੰਦਾ ਕਿੰਜ ਤਖ਼ਤ ਲਾਹੌਰੀ, ਸੂਰਜ ਨੂੰ ਕਿੰਜ ਨ੍ਹੇਰੇ ਜਰਦੇ। ਪੀਰੀ ਨਾਲ ਜੁੜੀ ਫਿਰ ਮੀਰੀ, ਕਲਮ ਨਾਲ ਕਿਰਪਾਨ ਦੀ ਜੋਟੀ, ਤਖ਼ਤ ਅਕਾਲ ਸੁਣਾਇਆ ਜੱਗ ਨੂੰ ਨਿਰਭਉ ਤੇ ਨਿਰਵੈਰ ਨਾ ਡਰਦੇ। ਰਾਮਦਾਸ ਗੁਰ ਚੌਥਿਓਂ ਅੱਗੇ, ਕਿੱਥੇ ਪਹੁੰਚਾ ਤੇਗ ਬਹਾਦਰ, ਸੀਸ ਤਲੀ ਲਲਕਾਰੇ ਗੋਬਿੰਦ, ਮਾਰਨ ਵਾਲੇ ਜਾਂਦੇ ਖ਼ਰਦੇ। ਏਸ ਗੁਲਾਬ ਦੀਆਂ ਸਭ ਕਲਮਾਂ ਸਰਹੰਦ ਤੇ ਚਮਕੌਰ 'ਚ ਖਿੜੀਆਂ, ਪੂਰੀ ਧਰਤ ਗੁਲਾਬੀ ਹੁੰਦੀ, ਆਪਾਂ ਜੇ ਰਖਵਾਲੀ ਕਰਦੇ।
ਵੇ ਵੀਰਾ ਵੇ ਜੀਣ ਜੋਗਿਆ
ਵੇ ਵੀਰਾ ਵੇ ਜੀਣ ਜੋਗਿਆ, ਤੂੰ ਕਿਉਂ ਸੁੱਤਾ ਦਰਦ ਜਗਾਇਆ। ਕਾਲ਼ੇ ਦੌਰ ਦੀ ਕਾਲ਼ੀ ਮੂਰਤ, ਵੇਖਣ ਸਾਰ ਜ਼ਲਜ਼ਲਾ ਆਇਆ। ਅੱਖੀਆਂ ਦੇ ਵਿੱਚ ਸਹਿਮ ਸੰਨਾਟਾ, ਵੱਖੀਆਂ ਅੰਦਰ ਭੁੱਖ ਦਾ ਤਾਂਡਵ, ਬੰਨ੍ਹ ਕਾਫ਼ਲੇ ਨਾਰੋਵਾਲੋਂ, ਰੁਲ਼ਦਾ ਸਾਡਾ ਟੱਬਰ ਆਇਆ। ਦਾਦੀ ਮਾਂ ਦੀ ਗੋਦੀ ਚੜ੍ਹ ਕੇ, ਬੈਠੀ ਭੂਆ ਸਗਵੀਂ ਜਾਪੇ, ਬਾਪ-ਕੰਧੇੜੇ ਏਸ ਤਰ੍ਹਾਂ ਹੀ ਦੱਸਦੇ ਮੇਰਾ ਬਾਬਲ ਆਇਆ। ਚੁੱਲ੍ਹੇ ਅੰਦਰ ਬਲਦੀ ਅੱਗ ਤੇ, ਗੁੰਨਿਆ ਆਟਾ ਵਿੱਚ ਪਰਾਤੇ, ਨਹੀਂ ਸੀ ਵਿੱਚ ਨਸੀਬਾਂ ਰੋਟੀ, ਛੱਡ ਆਏ ਤੰਦੂਰ ਤਪਾਇਆ। ਅਲਫ਼ ਅੱਲ੍ਹਾ ਤੋਂ ਅਗਲਾ ਵਰਕਾ, ਪਾਟਿਆ ਜੋ ਸੰਤਾਲੀ ਵੇਲੇ, ਉਸਨੂੰ ਲੱਭਦਾ ਗੁਜ਼ਰ ਗਿਆ ਹੈ, ਸਾਲ ਕੁ ਪਹਿਲਾਂ ਮੇਰਾ ਤਾਇਆ। ਮਾਂ ਧਰਤੀ ਦਾ ਚੀਰ ਕੇ ਸੀਨਾ, ਅੱਧੀ ਰਾਤੀਂ ਕਿਹਾ ਆਜ਼ਾਦੀ, ਕਿਉਂ ਘਰ ਬਾਰ ਗੁਆਚਾ ਸਾਡਾ, ਸਾਨੂੰ ਹੁਣ ਤੱਕ ਸਮਝ ਨਾ ਆਇਆ। ਮੈਂ ਸੰਤਾਲੀ ਮਗਰੋਂ ਜੰਮਿਆਂ, ਪਰ ਨਹੀਂ ਛੱਡਦਾ ਖਹਿੜਾ ਮੇਰਾ, ਮੇਰੀ ਰੂਹ ਤੋਂ ਲਹਿੰਦਾ ਹੀ ਨਾ, ਆਦਮਖ਼ੋਰਾ ਖ਼ੂਨੀ ਸਾਇਆ।
ਬੱਲੀ* ਵੀਰੇ, ਮੈਂ ਸੁਣਿਆ ਹੈ
ਬੱਲੀ* ਵੀਰੇ, ਮੈਂ ਸੁਣਿਆ ਹੈ ਤੇਰੇ ਵਿਹੜੇ ਕੋਇਲ ਬੋਲਦੀ। ਕਹਿੰਦੇ ਉਹ ਤਾਂ ਰੂਹ ਦੇ ਜੰਦਰੇ, ਦਰਦ ਪੁਰਾਣੇ ਭੇਤ ਖੋਲ੍ਹਦੀ। ਕੰਕਰੀਟ ਦੇ ਚੰਡੀਗੜ੍ਹ ਵਿੱਚ, ਸ਼ੁਕਰ ਅਜੇ ਵੀ ਬਿਰਖ਼ ਜੀਉਂਦੇ, ਅੰਬਾਂ ਦੇ ਵਿੱਚ ਲੁਕ ਛਿਪ ਤਾਂਹੀਂਉਂ, ਦਿਲ ਦਾ ਜਾਨੀ ਫਿਰੇ ਟੋਲਦੀ। ਇਹ ਤਾਂ ਸਿਰਫ਼ ਆਵਾਜ਼ ਨਾ ਦੇਵੇ, ਹੋਰ ਬੜਾ ਕੁਝ ਇਹਦੇ ਅੰਦਰ, ਇਤਰਾਂ ਭਿੱਜੀ ਪੌਣ ਸਰਕਦੀ, ਜਿਉਂ ਸਾਹਾਂ ਦੇ ਕੋਲ ਕੋਲ ਦੀ। ਕਿੰਜ ਕਲ਼ਾਵਾ ਭਰ ਕੇ ਸਾਂਭਾਂ, ਏਸ ਮਹਿਕ ਨੂੰ ਸਮਝ ਨਾ ਆਵੇ, ਟਿਕੀ ਰਾਤ ਪ੍ਰਭਾਤ ਸਮੇਂ ਜੋ, ਮਨ ਮੰਦਰ ਗੁਲਕੰਦ ਘੋਲ਼ਦੀ। ਸ਼ਾਮ ਢਲੀ ਪਰਛਾਵੇਂ ਸੁੱਤੇ, ਸੂਰਜ ਨੇ ਵੀ ਲਿਆ ਬਿਸਤਰਾ, ਅੰਬਰ ਵਿੱਚ ਟਟੀਹਰੀ ਬੋਲੇ, ਰਾਤ ਦੀ ਬੁੱਕਲ ਫਿਰੇ ਫ਼ੋਲਦੀ। ਰੋਜ਼ ਦਵਾਖੇ ਅੰਦਰ ਦੀਵਾ, ਮਾਂ ਰੱਖਦੀ ਸੀ ਨੇਮ ਵਾਂਗਰਾਂ, ਉਸ ਦੇ ਮਗਰੋਂ ਇੰਜ ਕਿਉਂ ਲੱਗਦੈ, ਲਾਟੂ ਦੀ ਵੀ ਲਾਟ ਡੋਲਦੀ। ਮੈਂ ਛੇਕਾਂ ਦੀ ਵਿੰਨ੍ਹੀ ਵੰਝਲੀ, ਕੋਲੋਂ ਸਿਰਫ਼ ਸੁਭਾਵਕ ਪੁੱਛਿਆ, ਮੈਂ ਨਾ ਜੇਕਰ ਹੋਠ ਛੁਹਾਉਂਦਾ, ਦੱਸ ਮੱਟੀਏ** ਤੂੰ ਕਿਵੇਂ ਬੋਲਦੀ? *ਮੇਰਾ ਸੱਜਣ ਬਲਜੀਤ ਬੱਲੀ, **ਬਾਂਸ ਦੀ ਪੋਰੀ
ਲਿੰਬਣ ਪੋਚਣ, ਢਹਿ ਨਾ ਜਾਵੇ
ਲਿੰਬਣ ਪੋਚਣ, ਢਹਿ ਨਾ ਜਾਵੇ, ਕੱਚੇ ਘਰ ਨੂੰ ਪੱਕੇ ਵਾਸੀ। ਪਿਓ ਦਾਦੇ ਤੋਂ ਭੋਗ ਰਹੇ ਨੇ, ਇੱਕੋ ਰੰਗ ਦੀ ਜੂਨ ਚੌਰਾਸੀ। ਮਿੱਟੀ ਰੰਗੇ ਸਫ਼ਿਆਂ ਉੱਤੇ, ਮਿੱਟੀ ਨਾਲ ਇਬਾਰਤ ਲਿਖ ਕੇ, ਜਾਂਦੇ ਜਾਂਦੇ ਸੌਂਪ ਗਏ ਨੇ, ਪੁਰਖੇ ਸਾਨੂੰ ਸੁਰਗ ਨਿਵਾਸੀ। ਇੱਕ ਵੀ ਅੱਖਰ, ਹਿੰਦਸਾ ਕੋਈ, ਜੁੜਦਾ ਨਹੀਂਉਂ ਸਾਡੇ ਕੋਲੋਂ, ਪੜ੍ਹਦੇ ਪੜ੍ਹਦੇ ਮਰ ਚੱਲੇ ਹਾਂ, ਅੱਸੀਆਂ ਤੋਂ ਨਾ ਹੋਣ ਇਕਾਸੀ। ਟੁੱਟੀ ਮੰਜੀ ਵਾਣ ਪੁਰਾਣਾ, ਗੰਢਦੇ ਰਹੀਏ ਟੁੱਟਦੇ ਨਹੀਂਉਂ, ਕੱਚੇ ਰਾਹ ਦੇ ਮਾਰਗਪੰਥੀ, ਪੱਕੇ ਪੈਰੀਂ ਪਾਉਂਦੇ ਘਾਸੀ। ਸ਼ਿਕਵਾ ਕਦੇ ਸ਼ਿਕਾਇਤ ਕਰਨਾ, ਇਨ੍ਹਾਂ ਹਿੱਸੇ ਆਇਆ ਨਹੀਉਂ, ਖ਼ੁਰਦੀ ਭੁਰਦੀ ਜੁੜਦੀ ਰਹਿੰਦੀ, ਧਰਤੀ ਪੀੜਾਂ ਦੀ ਅਭਿਆਸੀ। ਸਣੇ ਪਰਾਤ ਤੇ ਬਲ਼ਦਾ ਚੁੱਲ੍ਹਾ, ਅਗਨ ਗਵਾਹੀ ਦੇਵੇ ਸਾਡੀ, ਸੜਦੀ ਸੜਦੀ ਸੜ ਚੱਲੀ ਹੈ, ਤਵਿਆਂ ਤੇ ਰੋਟੀ ਇੱਕਵਾਸੀ। ਹੇ ਜ਼ਿੰਦਗੀ! ਸ਼ੁਕਰਾਨਾ ਤੇਰਾ, ਟੁੱਟਿਆ ਭੱਜਿਆ ਜੋੜੀ ਰੱਖਿਆ, ਤੇਰੇ ਸਿਰ ਤੇ ਕਹਿੰਦਾ ਹਾਂ ਮੈਂ, ਹੁਣ ਤੀਕਰ ਵੀ ਮੌਤ ਨੂੰ ਮਾਸੀ।
ਵੱਸਦੇ ਪਿੰਡ ਉਜਾੜ ਕੇ
ਵੱਸਦੇ ਪਿੰਡ ਉਜਾੜ ਕੇ, ਪੱਥਰ ਸ਼ਹਿਰ ਉਸਾਰਿਆ। ਚੰਡੀਗੜ੍ਹ ਹੁਣ ਆਖਦੇ ਤੈਨੂੰ ਲਮਕੇ ਲਾਰਿਆ। ਮੰਗਿਆ ਤਾਂ ਸੀ ਮੇਘਲਾ, ਮਾਂ ਬੋਲੀ ਦੇ ਵਾਸਤੇ, ਤੂੰ ਤੇ ਔੜਾਂ ਬਖ਼ਸ਼ੀਆਂ, ਹਾਕਮ ਬੇਇਤਬਾਰਿਆ। ਸੂਹਾ ਫੁੱਲ ਗੁਲਾਬ ਦਾ, ਕਹਿ ਮਾਂ 'ਵਾਜ਼ਾਂ ਮਾਰਦੀ, ਮੇਰੀ ਬੋਲੀ ਭੁੱਲਿਆ, ਕਿਉਂ ਤੂੰ ਅੱਖ ਦੇ ਤਾਰਿਆ। ਪਿੱਠਾਂ ਕਰ ਕਿਉਂ ਬੈਠਦੇ, ਤੇਰੇ ਸ਼ਹਿਰ ਮਕਾਨ ਵੀ, ਕਿਉਂ ਨਿਰਮੋਹਾ ਹੋ ਗਿਆ, ਤੂੰ ਸਾਰੇ ਦੇ ਸਾਰਿਆ। ਦੋ ਗੱਦੀਆਂ ਦੀ ਮਾਲਕੀ, ਭਰਮ ਭੁਲੇਖੇ ਸ਼ਾਨ ਦੇ, ਤੇਰੇ ਮਾਲਿਕ ਹੋਰ ਨੇ, ਓ ਕਰਮਾਂ ਦੇ ਮਾਰਿਆ। ਬਿੱਲੀਆਂ ਲੜ ਕੀ ਖੱਟਿਆ, ਬਾਂਦਰ ਮੌਜਾਂ ਮਾਣਦਾ, ਵੰਡਦਾ ਰੋਟੀ ਲੈ ਗਿਆ, ਫੁੱਟ ਕੀ ਸਾਨੂੰ ਤਾਰਿਆ? ਕਿਸਦੀ ਹੋਰ ਮਜ਼ਾਲ ਸੀ, ਸਾਨੂੰ ਏਦਾਂ ਚੀਰਦੇ, ਬੰਦਾ ਜਦ ਵੀ ਹਾਰਿਆ, ਅਕਲਾਂ ਬਾਝੋਂ ਹਾਰਿਆ।
ਦੂਰ ਦੇਸ ਪਰਦੇਸ ਪੰਜਾਬੀ
ਦੂਰ ਦੇਸ ਪਰਦੇਸ ਪੰਜਾਬੀ, ਹਰ ਮੈਦਾਨ 'ਚ ਬੱਲੇ ਬੱਲੇ। ਖੁੱਲ੍ਹੇ ਡੁੱਲ੍ਹੇ ਘਰ ਤੇ ਕਾਰਾਂ, ਹੱਥਾਂ ਦੇ ਵਿੱਚ ਛਾਪਾਂ ਛੱਲੇ। ਰਹਿਮਤ ਦਾ ਮੀਂਹ ਵੱਸਦਾ ਖੁੱਲ੍ਹਕੇ, ਕਰਦੇ ਕਿਰਤ ਕਮਾਈਆਂ ਵੇਖੋ, ਅੰਬਰ ਨੂੰ ਮੁੱਠੀ ਵਿੱਚ ਰੱਖਦੇ, ਧਰਤੀ ਨੂੰ ਪੈਰਾਂ ਦੇ ਥੱਲੇ। ਗੁਰ ਦੀ ਕੀਰਤ ਨਗਰ ਪਸਾਰਨ, ਗੁਰ ਪੁਰਬਾਂ ਦੇ ਵੇਲੇ ਰਲ਼ਕੇ, ਇੱਕ ਮਾਲਕ ਦੇ ਸ਼ਰਧਾਵੰਤੇ, ਫਿਰ ਵੀ ਕਿਉਂ ਨੇ ਕੱਲ੍ਹੇ ਕੱਲ੍ਹੇ। ਜਿਹੜੇ ਪਿੰਡੋਂ ਚੱਲ ਕੇ ਆਏ, ਕੱਚੇ ਰਾਹ ਤੇ ਤੁਰਦੇ ਤੁਰਦੇ, ਹੁਣ ਵੀ ਯਾਦਾਂ ਦੇ ਪੰਖੇਰੂ, ਰੂਹ ਨੂੰ ਘੇਰਨ ਕਰ ਕਰ ਹੱਲੇ। ਲਿੱਸੇ ਘਰ ਦੇ ਬਾਲ ਸਕੂਲੇ, ਜਾਣਾ ਚਾਹੁੰਦੇ ਲੈ ਕੇ ਬਸਤੇ, ਖ਼ਾਲੀ ਖੀਸੇ ਵਾਲਾ ਬਾਬਲ, ਚਾਹੁੰਦਾ ਹੈ, ਪਰ ਕਿੱਦਾਂ ਘੱਲੇ। ਹੇ ਮੇਰੇ ਹਮਵਤਨੀ ਵੀਰੋ, ਇੱਕ ਇੱਕ ਬਾਲਕ ਛਾਤੀ ਲਾਓ, ਦਸਵਾਂ ਹਿੱਸਾ ਓਸੇ ਦਾ ਹੈ, ਜੋ ਗੁਰ ਪਾਇਆ ਸਾਡੇ ਪੱਲੇ। ਰੀਝਾਂ ਚਾਅ ਤੇ ਖ਼ੁਸ਼ੀਆਂ ਖੇੜੇ, ਏਹੀ ਨੇ ਫੁੱਲ ਬਣ ਕੇ ਖਿੜਨੇ, ਮੋਹ ਮਮਤਾ ਤੇ ਪਿਆਰ ਮੁਹੱਬਤ, ਜੇ ਜਿੰਦੜੀ ਦੇ ਸਾਹੀਂ ਚੱਲੇ।
ਬਲਿਹਾਰੀ ਤਾਂ ਆਪੇ ਕੁਦਰਤ
ਬਲਿਹਾਰੀ ਤਾਂ ਆਪੇ ਕੁਦਰਤ, ਤੂੰ ਲੱਭਦੈਂ ਸੰਗ ਮਰ ਮਰ ਅੰਦਰ। ਪੜ੍ਹਿਆ ਕਰ ਤੂੰ ਸ਼ਬਦ ਗੁਰੂ ਨੂੰ, ਹਰਿ ਤਾਂ ਵੱਸਦਾ ਹਰ ਹਰ ਅੰਦਰ। ਆਪਣੀ ਪੀੜ ਵਿਖਾ ਕੇ ਐਵੇਂ, ਹਮਦਰਦੀ ਨਾ ਮੰਗੀਂ ਸੱਜਣਾ, ਮਲ੍ਹਮ ਵਿਰਲਿਆਂ ਪੱਲੇ ਏਥੇ, ਲੂਣਦਾਨੀਆਂ ਘਰ ਘਰ ਅੰਦਰ। ਖੋਲ੍ਹ ਦਿਆ ਕਰ ਕੈਦਾਂ ਕੜੀਆਂ, ਰੂਹ ਦੇ ਪੰਛੀ ਉੱਡਣਾ ਚਾਹੁੰਦੇ, ਕਣ ਕਣ ਵਿੱਚ ਪਰਵਾਜ਼ ਭਰੀ ਤੇ, ਲਿਖੀ ਇਬਾਰਤ ਪਰ ਪਰ ਅੰਦਰ। ਅੰਦਰੋਂ ਕੁੰਡੀ ਬਾਹਰ ਵੀ ਜੰਦਰੇ, ਬੈਠੇ ਰਹੀਏ ਘੁਰਨੇ ਅੰਦਰੇ, ਹਾਏ! ਕੀ ਹੋ ਚੱਲਿਆ ਸਾਨੂੰ, ਮਰ ਚੱਲੇ ਹਾਂ ਡਰ ਡਰ ਅੰਦਰ। ਰਾਵੀ ਦਰਿਆ 'ਵਾਜਾਂ ਮਾਰੇ, ਆ ਜਾ ਮੇਰੇ ਪਿਆਰ ਦੁਲਾਰੇ, ਤੇਰੀ ਕਵਿਤਾ ਮੇਰੇ ਕੰਢੇ, ਸਰਕੜਿਆਂ ਦੀ ਸਰ ਸਰ ਅੰਦਰ। ਅਜਬ ਸਰੂਰ ਖ਼ੁਮਾਰੀ ਤਾਰੀ, ਰੂਹ ਦੇ ਬਾਗੀਂ ਖਿੜਿਆ ਚੰਬਾ, ਯਾਦਾਂ ਵਾਲੀ ਡਾਰ ਮੁੜੀ ਜਦ, ਤੂੰ ਵੀ ਸੀ ਉਸ ਫਰ ਫਰ ਅੰਦਰ। ਬੰਦ ਬੂਹਿਆਂ ਦੇ ਅੰਦਰੋਂ ਕੱਢੋ, ਸੰਸੇ ਝੋਰੇ ਤੇ ਹਟਕੋਰੇ, ਬਾਹਰ ਖਲੋਤੇ ਸੁਪਨ ਹਜ਼ਾਰਾਂ, ਲੰਘਣਾ ਚਾਹੁੰਦੇ ਦਰ ਦਰ ਅੰਦਰ।
ਨੰਗੇ ਪੈਰ ਤਾਂ ਰੱਦੀ ਚੁਗਦੇ
ਨੰਗੇ ਪੈਰ ਤਾਂ ਰੱਦੀ ਚੁਗਦੇ, ਰੱਜਿਆਂ ਮੋਢੇ ਬਸਤੇ ਨੇ। ਇੱਕ ਤਾਂ ਪੜ੍ਹਨ ਸਕੂਲੀਂ ਚੱਲੇ, ਲਿੱਸਿਆਂ ਦੇ ਵੱਖ ਰਸਤੇ ਨੇ। ਮੇਰੇ ਦੇਸ਼ ਆਜ਼ਾਦ 'ਚ, ਇੱਕੋ ਵੇਲੇ, ਕਿੰਨੇ ਭਾਰਤ ਨੇ, ਇਕਨਾਂ ਦੇ ਲਈ ਸਿੱਧੀਆਂ ਸੜਕਾਂ, ਸਾਡੇ ਕਿਉਂ ਬੰਦ ਰਸਤੇ ਨੇ। ਹੁਕਮਰਾਨ ਦੀ ਕਾਲ਼ੀ ਐਨਕ ਵੇਖਣ ਤੋਂ ਇਨਕਾਰੀ ਹੈ, ਕੁਰਸੀਧਾਰੀ ਅੰਨ੍ਹੇ ਬੋਲ਼ੇ, ਵੇਖ ਲਉ ਕਿੰਨੇ ਮਸਤੇ ਨੇ। ਕਮਜ਼ੋਰਾਂ ਦੀ ਹਸਤੀ ਤੇ, ਖ਼ੁਦਪ੍ਰਸਤੀ ਦੋਵੇਂ ਆਟੇ ਭਾਅ, ਕੱਚੇ ਘਰ ਦੇ ਕੜੀਆਂ ਬਾਲੇ, ਸੁਪਨੇ ਕਿੰਨੇ ਸਸਤੇ ਨੇ। ਸਾਡੇ ਪਿੰਡ ਦੇ ਛੱਪੜ ਅੰਦਰ, ਡੁੱਬਦੇ ਤਰਦੇ ਕਿੰਨੇ ਚਾਅ, ਗਿਣਨੋਂ ਬਾਹਰੇ ਰੀਝਾਂ ਸੁਪਨੇ, ਏਥੇ ਸੂਰਜ ਅਸਤੇ ਨੇ। ਇਹ ਤਾਂ ਅਮਨ ਕਾਨੂੰਨ ਦੇ ਰਾਖੇ, ਸਾਡੇ ਕੁਝ ਵੀ ਲੱਗਦੇ ਨਾ, ਵਰਦੀ ਪਹਿਨ ਬੰਦੂਕਾਂ ਵਾਲੇ, ਇਹ ਜੋ ਫਿਰਦੇ ਦਸਤੇ ਨੇ। ਪੌਣੀ ਸਦੀ ਗੁਜ਼ਾਰਨ ਮਗਰੋਂ, ਮੁੜ ਕੇ ਕਿੱਥੇ ਫੇਰ ਖੜ੍ਹੇ, ਆਜ਼ਾਦੀ ਦੇ ਬੂਹਿਆਂ ਵੱਲ ਨੂੰ, ਜਾਂਦੇ ਕਿਹੜੇ ਰਸਤੇ ਨੇ?
ਧੀ ਪੁੱਤ ਪਾਲਣ, ਸਦਾ ਸੰਭਾਲਣ
ਧੀ ਪੁੱਤ ਪਾਲਣ, ਸਦਾ ਸੰਭਾਲਣ, ਜੇਕਰ ਉਸਦੀ ਆਸ ਦਾ ਬੂਟਾ। ਧਰਤੀ ਮਾਂ ਵੀ ਸਦਾ ਸੰਭਾਲੇ, ਅਣਖ਼ੀਲੇ ਇਤਿਹਾਸ ਦਾ ਬੂਟਾ। ਹੋਰ ਜਗ੍ਹਾ ਜ਼ਰਖੇਜ਼ ਨਾ ਕੋਈ, ਜਿੱਥੇ ਹੈ ਇਹ ਜੜ੍ਹ ਲਾ ਸਕਦਾ, ਦਿਲ ਦੀ ਮਿੱਟੀ ਵੱਤਰ ਕਰ ਲਓ, ਜੇ ਲਾਉਣਾ ਵਿਸ਼ਵਾਸ ਦਾ ਬੂਟਾ। ਮਾਂ ਦੀ ਬੁੱਕਲ, ਬਾਬਲ ਦਾ ਹੱਥ, ਠੰਢ ਵਰਤਾਵੇ ਤਨ ਮਨ ਮੌਲੇ, ਹਰ ਥਾਂ ਹਰ ਪਲ ਨਾਲ ਤੁਰਦਿਆਂ, ਛਾਂ ਰੱਖਦਾ ਧਰਵਾਸ ਦਾ ਬੂਟਾ। ਦੂਰ ਦੇਸ ਪਰਦੇਸ 'ਚ ਵੀ ਮੈਂ, ਬਿਰਖ਼ ਉਗਾਏ ਫ਼ਲ ਤੇ ਆਏ, ਪੱਥਰਾਂ ਵਿੱਚ ਵੀ ਉੱਗਦਾ ਤੱਕਿਐ, ਚੰਗੇ ਬਚਨ ਬਿਲਾਸ ਦਾ ਬੂਟਾ। ਹਰ ਪਲ ਤੁਰਨਾ, ਨਹੀਂਓਂ ਝੁਰਨਾ, ਘਰੋਂ ਤੁਰਦਿਆਂ ਮਾਂ ਸਮਝਾਇਆ, ਮਰ ਜਾਂਦਾ ਏ ਏਦਾਂ ਪੁੱਤਰਾ, ਹੌਕਿਆਂ ਨਾਲ ਸਵਾਸ ਦਾ ਬੂਟਾ। ਬੂਰ ਝੜ ਗਿਆ ਪੱਤਰ ਪੀਲੇ, ਹਾਏ! ਪੁੱਤਰ ਟਾਹਣੀਂ ਲਮਕਣ, ਬਦਨੀਤਾਂ ਕਿਉਂ ਸਾਡੇ ਵਿਹੜੇ, ਲਾਇਆ ਇਹ ਸਲਫ਼ਾਸ* ਦਾ ਬੂਟਾ। ਇਸ ਜੰਗਲ ਵਿੱਚ ਜੰਤ ਜਨੌਰਾਂ, ਭਾਵੇਂ ਜੀਣਾ ਨਰਕ ਬਣਾਇਐ, ਜਦ ਵੀ ਉੱਗਦੈ, ਪੁੱਟ ਦੇਂਦਾ ਹਾਂ, ਮਨ ਅੰਦਰੋਂ ਪਰਵਾਸ ਦਾ ਬੂਟਾ। *ਕੀੜੇਮਾਰ ਜ਼ਹਿਰ
ਕਿੰਨੇ ਸੂਰਜ ਚੜ੍ਹ ਕੇ ਲਹਿ ਗਏ
ਕਿੰਨੇ ਸੂਰਜ ਚੜ੍ਹ ਕੇ ਲਹਿ ਗਏ, ਵਕਤ ਲਿਹਾਜ਼ ਕਦੇ ਨਹੀਂ ਕਰਦਾ। ਸਿਖ਼ਰ ਪਹਾੜ ਦੀ ਟੀਸੀ ਉੱਤੋਂ, ਉੱਤਰੇ ਬਾਝੋਂ ਕਿਸ ਦਾ ਸਰਦਾ। ਗੈਸ ਗੁਬਾਰੇ ਚੜ੍ਹਦੇ ਅੰਬਰੀਂ, ਕਿੱਥੇ ਡਿੱਗਦੇ ਵੇਖ ਲਿਆ ਕਰ, ਤੂੰ ਇਸ ਜੂਨੀ ਕਿਉਂ ਪੈਂਦਾ ਹੈਂ, ਜੇ ਮਨ ਰਹਿੰਦੈ ਅੰਦਰੋਂ ਡਰਦਾ। ਚੁਗਲੀ ਦੀ ਖੱਟੀ ਦਾ ਖੱਟਿਆ, ਖਾਣਾ ਸੌਖਾ, ਹਜ਼ਮ ਨਾ ਹੋਵੇ, ਬਿਨ ਆਈ ਤੋਂ ਤੇਰੇ ਵਰਗਾ, ਮੌਤੋਂ ਪਹਿਲਾਂ, ਤਾਂਹੀਂਉਂ ਮਰਦਾ। ਚੰਮ ਦੀ ਜੀਭ ਘੁਮਾ ਕੇ ਸੱਚ ਥਾਂ, ਕੂੜ ਕਮਾਵੇਂ, ਦਵੇਂ ਦਲੀਲਾਂ, ਮਨ ਦੀ ਏਸ ਅਦਾਲਤ ਅੰਦਰ, ਤਾਂਹੀਉਂ ਤੂੰ ਹਰਜਾਨੇ ਭਰਦਾ। ਜੇ ਇਨਸਾਫ਼ ਦੀ ਤੱਕੜੀ ਤੇਰੀ, ਦਏ ਨਿਆਂ ਨਾ, ਕਰੇ ਫ਼ੈਸਲੇ, ਦਿੱਤਾ ਪਾੜ ਵਕਾਲਤਨਾਮਾ, ਮੇਰਾ ਦਿਲ ਹਾਮੀ ਨਹੀਂ ਭਰਦਾ। ਥੱਲਿਉਂ ਸਿਉਂ ਲੈ ਨੀਤ ਦੀ ਬੋਰੀ, ਉੱਪਰੋਂ ਪਾਈਏ ਹੇਠਾਂ ਗਰਕੇ, ਬਦਨੀਤੀ 'ਚੋਂ ਬਦ ਨੂੰ ਲਾਹ ਦੇ, ਮਿੱਟੀ ਪਿੱਛੇ ਕਿਉਂ ਹੈਂ ਮਰਦਾ। ਏਨਾ ਤਾਂ ਇਤਿਹਾਸ ਨੂੰ ਪੁੱਛ ਲੈ, ਬੰਦਾ ਕਿਹੜੀ ਜੰਗ ਹਾਰਦਾ, ਆਲਮਗੀਰ ਸਿਕੰਦਰ ਜੇਤੂ, ਜਦ ਵੀ ਮਰਦਾ, ਨਿੱਜ ਤੋਂ ਮਰਦਾ।
ਇੱਟਾਂ ਵੱਟਿਆਂ ਹੁਣ ਕੀ ਦੱਸਣੀ
ਇੱਟਾਂ ਵੱਟਿਆਂ ਹੁਣ ਕੀ ਦੱਸਣੀ, ਰਾਤਾਂ ਵਾਲੀ ਦਰਦ ਕਹਾਣੀ। ਛਮ ਛਮ ਵੱਸਦਾ ਅੱਖੀਆਂ ਵਿੱਚੋਂ ਹੰਝੂਆਂ ਹਾਰ ਉਬਲਦਾ ਪਾਣੀ। ਬਸਤਾ ਕਲਮ ਦਵਾਤ ਜੋ ਰਹਿ ਗਏ, ਬੰਦ ਬੂਹਿਆਂ ਦੇ ਮਗਰ ਵਿਚਾਰੇ, ਕਿੱਦਾਂ ਲਿਖਦੇ, ਕਿਸਨੂੰ ਦੱਸਦੇ, ਰੂਹ ਦੀ ਕਸਕ ਕਿਸੇ ਨਾ ਜਾਣੀ। ਮਾਂ ਦੀ ਮਮਤਾ ਕੀ ਕਰਦੀ ਤਦ, ਛਵ੍ਹੀਆਂ ਦੀ ਸਰਦਾਰੀ ਅੱਗੇ, ਆਦਮਜ਼ਾਤ ਜ਼ੁਲਮ ਦੇ ਤਾਂਡਵ, ਮਾਰ ਮੁਕਾਏ ਰੂਹ ਦੇ ਹਾਣੀ। ਦਰਦ ਪਹਾੜੋਂ ਭਾਰਾ ਜਦ ਵੀ, ਰੂਹ ਤੇ ਭਾਰ ਪਵੇ ਤੇ ਪਿਘਲੇ, ਮਾਂ ਦੀ ਚੁੰਨੀ ਸਿੱਲ੍ਹੀ ਹੋ ਜੇ, ਵਹਿ ਜਾਵੇ ਦਿਲ ਅੱਖੀਆਂ ਥਾਣੀ। ਕਰਕ ਕਲੇਜੇ ਵਾਲੀ ਵੀਰੇ, ਵਸਤ ਨੁਮਾਇਸ਼ੀ ਹੁੰਦੀ ਨਹੀਂਉਂ, ਅੱਥਰੂ ਦਾ ਪਰਦਰਸ਼ਨ ਕਰੀਏ, ਬਣ ਜਾਂਦੈ ਇਹ ਗੰਧਲਾ ਪਾਣੀ। ਆਰ ਪਾਰ ਰੂਹ ਅੰਦਰ ਬਰਛੀ, ਹੁਣ ਵੀ ਰੜਕ ਪਵੇ ਜਦ ਬੋਲਾਂ, ਛੇੜ ਨਾ ਕਿੱਸੇ ਜ਼ਖ਼ਮਾਂ ਵਾਲੇ, ਤੇਰੇ ਲਈ ਇਹ ਕਥਾ ਕਹਾਣੀ। ਉੱਜੜ ਗਿਆ ਗੁਲਜ਼ਾਰ, ਬੁਲਬੁਲਾਂ, ਰੁਲ ਗਈਆਂ ਜੀ ਦੇਸ ਪਰਾਏ, ਰੁਲ਼ੇ ਪਰਾਂਦੇ ਸ਼ਗਨਾਂ ਵਾਲੇ, ਸਿਰ ਤੇ ਚਾਦਰ ਅੱਧੋਰਾਣੀ।
ਹਿੰਮਤ ਬਾਝੋਂ, ਭਲਿਆ ਲੋਕਾ
ਹਿੰਮਤ ਬਾਝੋਂ, ਭਲਿਆ ਲੋਕਾ, ਆਸ ਦੇ ਬੂਟੇ ਸੁੱਕ ਜਾਂਦੇ ਨੇ। ਮਾਰ ਗੁਲੇਲਾਂ ਜੇ ਨਾ ਵਰਜੋ, ਤੋਤੇ ਅੰਬੀਆਂ ਟੁੱਕ ਜਾਂਦੇ ਨੇ। ਖੂਹ ਦੀ ਮਾਲ੍ਹ ਜਿਹਾ ਤੂੰ ਹੋ ਜਾ, ਟਿੰਡਾਂ ਭਰ ਭਰ ਧਰਤੀ ਸਿੰਜ ਦੇ, ਵਿਹਲਾ ਨਾ ਬਹਿ, ਏਸ ਤਰ੍ਹਾਂ ਤਾਂ, ਭਰੇ ਭੜੋਲੇ ਮੁੱਕ ਜਾਂਦੇ ਨੇ। ਕਰ ਨਿਸ਼ਚਾ ਜੇ ਜਿੱਤਣਾ ਚਾਹੁੰਨੈਂ, ਜੀਵਨ ਬਾਜ਼ੀ,ਹਾਰ ਨਾ ਜਾਵੀਂ, ਦੁਸ਼ਮਣ ਦੀ ਪਹਿਚਾਣ ਕਰੇ ਬਿਨ, ਅਸਲ ਨਿਸ਼ਾਨੇ ਉੱਕ ਜਾਂਦੇ ਨੇ। ਅਸਲ ਸ਼ਿਕਾਰੀ ਖ਼ਾਲੀ ਹੱਥ, ਤੇ ਪੈਰਾਂ ਹੇਠ ਬਟੇਰ ਕਿਸੇ ਦੇ, ਜ਼ਿੰਦਗੀ ਦੇ ਵਿੱਚ ਕਦੇ ਕਦਾਈਂ ਐਸੇ ਢੋਅ ਵੀ ਢੁੱਕ ਜਾਂਦੇ ਨੇ। ਵੇਖੀਂ ਕਿਧਰੇ ਸੌਂ ਨਾ ਜਾਵੇ, ਹਰਕਤ ਤੇਰੀ ਵੀਣੀ ਅੰਦਰ, ਜਬਰ ਜ਼ੁਲਮ ਨੂੰ ਵੇਖਦਿਆਂ ਹੀ, ਸ਼ੇਰ ਮੈਦਾਨੇ ਬੁੱਕ ਜਾਂਦੇ ਨੇ। ਸੂਰਜ ਛਿਪਦੇ ਸਾਰ ਸਮੁੰਦਰ, ਕਿਹੜਾ ਆਖੇ, ਸੌਂ ਜਾਂਦਾ ਹੈ, ਏਸ ਤਰ੍ਹਾਂ ਨਾ ਸੋਚ ਕਿ ਏਦਾਂ, ਵਗਦੇ ਦਰਿਆ ਰੁਕ ਜਾਂਦੇ ਨੇ। ਦਿਲ ਦੇ ਦੂਲੇ, ਧਰਤੀ ਪੁੱਤਰ, ਮਰ ਜਾਂਦੇ ਪਰ ਮਿਟਦੇ ਨਹੀਂਉਂ, ਫ਼ਰਜ਼ਾਂ ਖ਼ਾਤਰ ਗਰਜ਼ ਤਿਆਗਣ, ਤਖ਼ਤਾਂ ਉੱਤੇ ਥੁੱਕ ਜਾਂਦੇ ਨੇ।
ਜੀਵਨ ਮੂਲ ਦਾ ਮਹਿੰਗਾ ਪੱਤਰਾ
ਜੀਵਨ ਮੂਲ ਦਾ ਮਹਿੰਗਾ ਪੱਤਰਾ, ਸ਼ਬਦ ਗੁਰੂ ਹੈ ਸਰਬ ਨਿਰੰਤਰ। ਜੱਗ ਰੁਸ਼ਨਾਇਆ ਚਹੁਦਿਸ ਜਿਸਨੇ, ਜਾਗਤ ਜੋਤ ਨਾ ਰੱਖਦੀ ਅੰਤਰ। ਦੇ ਦਿੱਤਾ ਉਪਦੇਸ਼ ਜਗਾਇਆ, ਚਹੁੰ ਵਰਣਾਂ ਨੂੰ ਗੂੜ੍ਹੀ ਨੀਂਦੋਂ, ਸਰਬ ਧਰਮ ਸਨਮਾਨ ਤੇ ਆਦਰ, ਸਰਬਕਾਲ ਲਈ ਇੱਕੋ ਮੰਤਰ। ਨਾ ਡਰਨਾ ਨਾ ਕਿਸੇ ਡਰਾਉਣਾ, ਹਉਮੈਂ ਵਾਲੇ ਰਾਹ ਨਹੀਂ ਜਾਣਾ, ਕਦਮ ਅਡੋਲ ਕਰਮ ਸ਼ੁਭ ਕਰਿਓ, ਜੇ ਰੱਖਣੀ ਏਂ ਹੋਂਦ ਸੁਤੰਤਰ। ਮਨ ਦੀ ਚਾਰ ਦੀਵਾਰੀ ਅੰਦਰ, ਨਿਰਭਓ ਤੇ ਨਿਰਵੈਰ ਬਸੇਰਾ, ਸ਼ਬਦ ਗੁਰੂ ਪਰਕਾਸ਼ ਕਰਦਿਆਂ, ਕਾਲ਼ੇ ਬੱਦਲ ਹੋਣ ਉਡੰਤਰ। ਮੋਹ ਮਮਤਾ ਦੀ ਅਮਰ ਵੇਲ ਤੇ ਕਾਮ ਕਰੋਧੀ ਹੈਂਕੜਬਾਜ਼ੀ, ਪੰਜੇ ਵੈਰੀ ਨੇੜ ਨਾ ਆਵਣ, ਰੂਹ ਵਿੱਚ ਵੱਸਦਾ ਜੇ ਗੁਰਮੰਤਰ। ਧਰਮ ਅਧੀਨ ਜੇ ਤਾਜ ਰਹੇ, ਤਾਂ ਲੋਕ ਸੁਖੀ ਪਰਲੋਕ ਸੁਹੇਲੇ, ਜੇ ਤਾਕਤ ਸਿਰ ਚੜ੍ਹ ਜਾਵੇ ਫਿਰ, ਕਿਹੜੇ ਲੋਕ ਤੇ ਕਿਹੜਾ ਤੰਤਰ? ਇੱਕ ਓਂਕਾਰ ਤੋਂ ਤੁਰਦਾ ਚਾਨਣ, ਸ਼ਬਦ ਅਨੰਤ ਚਿਰਾਗ ਸਫ਼ਰ ਤੇ, ਦੁਖ ਸੁਖ ਦੇ ਜੰਦਰੇ ਦੀ ਚਾਬੀ, ਸਰਬ ਕਲਾ ਦਾ ਏਹੀ ਯੰਤਰ।
ਆ ਜਾਂਦੇ ਨੇ, ਤੁਰ ਜਾਂਦੇ ਨੇ
ਆ ਜਾਂਦੇ ਨੇ, ਤੁਰ ਜਾਂਦੇ ਨੇ, ਦੁੱਖ ਸੁਖ ਤਾਂ ਮਹਿਮਾਨ ਜਹੇ ਨੇ। ਰੂਹ ਵਿੱਚ ਸੁਪਨੇ ਕਰਨ ਕਲੋਲਾਂ, ਉਹ ਤਾਂ ਮੇਰੀ ਜਾਨ ਜਹੇ ਨੇ। ਸਿਰ ਤੇ ਨੀਲਾ ਅੰਬਰ ਫਿਰ ਵੀ, ਲਾਉਂਦੇ ਹੇਕਾਂ ਦਿਨ ਤੇ ਰਾਤਾਂ, ਮੇਰੇ ਪਿੰਡ ਦੇ ਸਰਬ ਨਿਵਾਸੀ, ਨਿਰਧਨ ਵੀ ਧਨਵਾਨ ਜਹੇ ਨੇ। ਉਹ ਪਲ ਮੇਰੀ ਰੂਹ ਦੀ ਜ਼ੀਨਤ, ਜੋ ਖ਼ੁਸ਼ਬੋਈਆਂ ਬਣ ਕੇ ਆਉਂਦੇ, ਸੱਚ ਪੁੱਛੇਂ, ਜੇ ਫੇਰ ਦੁਬਾਰਾ, ਉਹ ਤੇਰੀ ਮੁਸਕਾਨ ਜਹੇ ਨੇ। ਸਿਦਕ ਸਬੂਰੀ ਰੂਹ ਦਾ ਗਹਿਣਾ, ਸਦਾ ਜਗਾ ਕੇ ਰੱਖਦੇ ਮੈਨੂੰ, ਵਿਚਲੀ ਗੱਲ ਤਾਂ ਕੇਵਲ ਏਨੀ, ਇਹ ਮਨ ਦੇ ਦਰਬਾਨ ਜਹੇ ਨੇ। ਮਾਂ ਦੀ ਬੁੱਕਲ ਅੰਦਰ ਬੈਠੇ, ਬਾਲ ਅਲੂੰਏਂ ਨਿਰਛਲ ਹੱਸਦੇ, ਰੂਹ ਦਾ ਚੰਬਾ ਖੇੜਨ ਖ਼ਾਤਰ, ਬਿਨ ਮੰਗੇ ਵਰਦਾਨ ਜਹੇ ਨੇ। ਮਨ ਮਸਤਕ ਦੀ ਚਾਰਦੀਵਾਰੀ ਅੰਦਰ ਬਾਲਣ ਜੋਤ ਨਿਰੰਤਰ, ਤੇਰੇ ਬੋਲ ਮੁਹੱਬਤ ਵਾਲੇ, ਮੇਰੇ ਲਈ ਭਗਵਾਨ ਜਹੇ ਨੇ। ਪਿਆਰ ਵਿਹੂਣੇ ਅੰਦਰੋਂ ਸੱਖਣੇ, ਅਗਨ ਅੰਗੀਠੀ ਬਾਲ਼ੀ ਰੱਖਣ, ਕੀ ਪੁੱਛਦੇ ਹੋ ਇਨ੍ਹਾਂ ਬਾਰੇ, ਤਨ ਮਨ ਕਬਰਿਸਤਾਨ ਜਹੇ ਨੇ।
ਵੇਚੇਂ ਗੁਲਕੰਦ ਤੂੰ ਗੁਲਾਬ
ਵੇਚੇਂ ਗੁਲਕੰਦ ਤੂੰ ਗੁਲਾਬ ਨੂੰ ਮਧੋਲ ਕੇ। ਪੁੱਛਿਆ ਵੀ ਕਰ ਕਦੇ, ਦੁਖ ਸੁਖ ਫ਼ੋਲ ਕੇ। ਤੇਰੀਆਂ ਬੁਲੰਦੀਆਂ 'ਚ, ਮੇਰਾ ਵੀ ਸ਼ੁਮਾਰ ਹੈ, ਹਸਤੀ ਨਾ ਮੇਟ ਸਾਡੀ, ਏਸ ਤਰ੍ਹਾਂ ਰੋਲ਼ ਕੇ। ਤੇਰੀਆਂ ਕਚਹਿਰੀਆਂ 'ਚ, ਹੋਣ ਸਦਾ ਫ਼ੈਸਲੇ, ਵਿਕੇ ਇਨਸਾਫ਼ ਕਾਹਤੋਂ, ਤੱਕੜੀ 'ਚ ਤੋਲ ਕੇ। ਪਾਰੇ ਵਾਂਗੂੰ ਕੰਬਦਾ, ਈਮਾਨ ਬੀਬਾ ਸਾਂਭ ਲੈ, ਮੁੱਕਦੇ ਨਾ ਪੈਂਡੇ ਕਦੇ, ਏਸ ਤਰ੍ਹਾਂ ਡੋਲ ਕੇ। ਘੁੱਟ ਘੁੱਟ ਜੀਣ ਦੇ, ਸਲੀਕਿਆਂ ਨੂੰ ਭੁੱਲ ਜਾ, ਦਿਲ ਦੀ ਜ਼ਬਾਨੋਂ ਬੋਲ, ਪੂਰਾ ਦਿਲ ਖੋਲ੍ਹ ਕੇ। ਡੱਬਿਆਂ 'ਚ ਬੰਦ ਕਸਤੂਰੀ, ਕਿਸੇ ਕਾਰ ਨਾ, ਮਾਣ ਕਦੇ ਸਾਹਾਂ 'ਚ, ਸੁਗੰਧੀਆਂ ਨੂੰ ਘੋਲ਼ ਕੇ। ਰੱਖੀਂ ਕਿਰਦਾਰ ਨੂੰ, ਬਾਜ਼ਾਰ ਕੋਲੋਂ ਦੂਰ ਹੀ, ਦੱਸੀਂ ਨਾ ਪਿਆਰ ਕਦੇ, ਆਪ ਮੂੰਹੋਂ ਬੋਲ ਕੇ।
ਜੋ ਜੋ ਸਬਕ ਸਿਖਾਵੇ ਕੁਰਸੀ
ਜੋ ਜੋ ਸਬਕ ਸਿਖਾਵੇ ਕੁਰਸੀ, ਓਸੇ ਨੂੰ ਦੁਹਰਾਈ ਚੱਲੋ। ਅੱਧੀ ਰਾਤੀਂ ਚੜ੍ਹਿਆ ਸੂਰਜ, ਅੱਖਾਂ ਮੀਟ ਵਿਖਾਈ ਚੱਲੋ। ਦਿਨ ਪਰਤਣਗੇ ਸੋਹਣੇ ਸੋਹਣੇ, ਰੰਗ ਬਰੰਗੇ ਤੇ ਮਨਮੋਹਣੇ, ਜਾਦੂਗਰ ਜੀ! ਧਰਤੀ ਉੱਤੇ, ਅਰਸ਼ੀ ਕਿਲ੍ਹੇ ਬਣਾਈ ਚੱਲੋ। ਬਚਪਨ ਦੇ ਵਿੱਚ ਸੁਣਿਆ ਸੀ ਮੈਂ, ਇੱਕ ਸਰਕਾਰੀ ਕੁੜਤੇ ਬਾਰੇ, ਅੱਗਾ ਪਿੱਛਾ ਹੈ ਨਹੀਂ ਜਿਸਦਾ, ਬਾਹਾਂ ਆਪ ਲੁਆਈ ਚੱਲੋ। ਕਮਜ਼ੋਰਾਂ ਨੂੰ ਘੁਰਕ ਦਿਓ ਤੇ, ਤਕੜੇ ਅੱਗੇ ਪੂਛ ਹਿਲਾਓ, ਕੂੜ ਦੀ ਹਾਂਡੀ ਮੱਠੀ ਅੱਗ ਤੇ, ਸ਼ਾਮ ਸਵੇਰ ਪਕਾਈ ਚੱਲੋ। ਲੋਕ ਨਾ ਕੁਸਕਣ ਨਾ ਹੀ ਡੁਸਕਣ, ਮੰਗਣ ਹੱਕ ਨਾ ਬੋਲਣ ਅੱਗੇ, ਦੇਸ਼ ਧਰਮ ਨੂੰ ਖ਼ਤਰਾ ਕਹਿ ਕੇ, ਢਿਬਰੀ ਖ਼ੂਬ ਘੁੰਮਾਈ ਚੱਲੋ। ਵਰਤਮਾਨ ਦਾ ਛੱਡੋ ਖਹਿੜਾ, ਬੀਤੇ ਨੂੰ ਵੀ ਗੋਲੀ ਮਾਰੋ, ਧਰਮ ਕਰਮ ਦੀ ਮਿੱਠੀ ਗੋਲੀ, ਸੁਪਨਾ ਸੁਰਗ ਵਿਖਾਈ ਚੱਲੋ। ਪਹਿਲਾਂ ਲੋਕ ਬਣਾਓ ਭੇਡਾਂ, ਉੱਨ ਉਤਾਰੋ ਕਰਕੇ ਝੇਡਾਂ, ਪੰਜੀਂ ਸਾਲੀਂ ਲਾਰੇ ਨਾਅਰੇ, ਲੋਕਾਂ ਨੂੰ ਵਰਤਾਈ ਚੱਲੋ।
ਪਿੰਡ ਵਿਚਾਰੇ ਲੁਕਦੇ ਫਿਰਦੇ
ਪਿੰਡ ਵਿਚਾਰੇ ਲੁਕਦੇ ਫਿਰਦੇ, ਆਣ ਚੜ੍ਹੇ ਨੇ ਸ਼ਹਿਰ, ਓ ਰੱਬਾ ਖ਼ੈਰ। ਰੁੱਖਾਂ ਦੇ ਮੁੱਢ ਫਿਰ ਗਈ ਆਰੀ ਸਿਰ ਤੇ ਸਿਖ਼ਰ ਦੁਪਹਿਰ, ਓ ਰੱਬਾ ਖ਼ੈਰ। ਕਿੱਧਰ ਤੁਰਿਆ, ਵਕਤ, ਜਵਾਨੀ, ਅਕਲਾਂ ਦਾ ਨਾ ਮੁੱਲ ਦਵਾਨੀ, ਗਲੀ ਗਲੀ ਵਿੱਚ ਹੋਕਾ, ਲੈ ਲਓ, ਪੁੜੀਆਂ ਦੇ ਵਿੱਚ ਜ਼ਹਿਰ, ਓ ਰੱਬਾ ਖ਼ੈਰ। ਅੱਖੀਆਂ ਵਿੱਚੋਂ ਅੱਥਰੂ ਮੁੱਕੇ, ਦਰਿਆਵਾਂ ਦੇ ਪਾਣੀ ਸੁੱਕੇ, ਉੱਧੜੇ ਖ੍ਵਾਬ, ਤਰੰਗਾਂ ਤੋਂ ਬਿਨ, ਦਿਲ ਦਰਿਆ ਦੀ ਲਹਿਰ, ਓ ਰੱਬਾ ਖ਼ੈਰ। ਕਦੇ ਕਦੇ ਇੱਕ ਸੁਪਨਾ ਆਵੇ, ਓਹੀ ਮੈਨੂੰ ਆਣ ਜਗਾਵੇ, ਗਲੀਆਂ ਦੇ ਵਿੱਚ ਕੌਣ ਵਿਲਕਦਾ, ਰਾਤ ਦੇ ਪਿਛਲੇ ਪਹਿਰ ਓ ਰੱਬਾ ਖ਼ੈਰ। ਥੱਲੇ ਧਰਤੀ ਉੱਤੇ ਅੰਬਰ, ਵਿੱਚ ਵਿਚਾਲੇ ਕੂੜ ਆਡੰਬਰ, ਅੱਥਰੇ ਘੋੜੇ, ਮਸਤੇ ਹਾਥੀ, ਢਾਹੀ ਜਾਂਦੇ ਕਹਿਰ, ਓ ਰੱਬਾ ਖ਼ੈਰ। ਵਰ੍ਹ ਜਾ ਬੱਦਲਾ ਖੁੱਲ੍ਹ ਕੇ ਵਰ੍ਹ ਜਾ, ਟੋਏ ਟਿੱਬੇ ਸਮਤਲ ਕਰ ਜਾ, ਕਿਉਂ ਅੱਖੀਆਂ ਵਿੱਚ ਲੈ ਕੇ ਫਿਰਦੈਂ, ਸੁਰਮੇ ਰੰਗੀ ਗਹਿਰ, ਓ ਰੱਬਾ ਖ਼ੈਰ। ਬੜੇ ਉਦਾਸ ਨੇ ਚੌਂਕੇ ਚੁੱਲ੍ਹੇ, ਅਗਨ ਗਵਾਚੀ ਨੂੰ ਘਰ ਭੁੱਲੇ, ਉੱਖੜੀ ਉੱਖੜੀ ਚਾਲ ਗ਼ਜ਼ਲ ਦੀ, ਔਖੀ ਨਿਭਣੀ ਬਹਿਰ, ਓ ਰੱਬਾ ਖ਼ੈਰ।
ਆਰ ਸਮੁੰਦਰ ਪਾਰ ਸਮੁੰਦਰ
ਆਰ ਸਮੁੰਦਰ ਪਾਰ ਸਮੁੰਦਰ, ਮਨ ਤੋਂ ਮਨ ਵਿਚਕਾਰ ਸਮੁੰਦਰ। ਇਹ ਸ਼ਕਤੀ ਵੀ ਬਣ ਸਕਦਾ ਹੈ, ਜਿਹੜਾ ਮਨ ਤੇ ਭਾਰ ਸਮੁੰਦਰ। ਤੇਰੇ ਮੇਰੇ ਇੱਕੋ ਦੁਸ਼ਮਣ, ਕਿਉਂ ਫਿਰ ਵੱਖ ਲੜਾਈ ਲੜੀਏ, ਪਹਿਲਾਂ ਆ ਜਾ ਕੱਠੇ ਹੋਈਏ, ਰਲ ਕੇ ਕਰੀਏ ਪਾਰ ਸਮੁੰਦਰ। ਵੇਖਣ ਵਾਲੀ ਅੱਖ ਸਲਾਮਤ, ਰੱਖਣੀ ਵੀ ਹੈ ਬਹੁਤ ਜ਼ਰੂਰੀ, ਇੱਕ ਅੱਧ ਤੁਪਕਾ ਅੱਥਰੂ ਹੁੰਦਾ, ਏਸੇ ਦਾ ਵਿਸਥਾਰ ਸਮੁੰਦਰ। ਲੋਕ ਹਮੇਸ਼ਾਂ ਅਗਨ ਲਗਨ ਦੀ, ਤੋਰ ਪਛਾਨਣ ਭਰਨ ਹੁੰਗਾਰੇ, ਪਲੋ ਪਲੀ ਵਿੱਚ ਬਣ ਜਾਂਦੇ ਨੇ, ਕਰਦਾ ਮਾਰੋ ਮਾਰ ਸਮੁੰਦਰ। ਜਣਨਹਾਰੀਆਂ ਮਾਵਾਂ ਭੈਣਾਂ, ਹਰ ਰਿਸ਼ਤੇ ਦੀ ਤਾਕਤ ਵੀਰੋ, ਰਣਭੂਮੀ ਵਿੱਚ ਮਾਈਆਂ ਭਾਗੋ, ਦੁਰਗਾ ਚੰਡੀ ਨਾਰ ਸਮੁੰਦਰ। ਕੰਡਿਆਂ ਕੋਲੋਂ ਬਚ ਕੇ ਤੁਰਦੈਂ, ਇਹ ਗੱਲ ਬੀਬਾ ਰੱਖੀਂ ਚੇਤੇ, ਫੁੱਲ ਵੀ ਅਕਸਰ ਬਣ ਜਾਂਦੇ ਨੇ, ਵਿਸ਼ਗੰਦਲਾ ਸੰਸਾਰ ਸਮੁੰਦਰ। ਧਰਤ ਪਰਾਈ ਹੋ ਜਾਂਦੀ ਹੈ, ਜੇ ਨਾ ਮਨ ਦਾ ਚੰਬਾ ਟਹਿਕੇ, ਰੀਝਾਂ ਬਣ ਕੇ ਕੂੰਜਾਂ ਉੱਡਣ, ਬਣ ਜਾਵਣ ਫਿਰ ਡਾਰ ਸਮੁੰਦਰ।
ਟੁੱਟ ਜਾਵਣ ਤਾਂ ਭੁਰ ਜਾਂਦੇ ਨੇ
ਟੁੱਟ ਜਾਵਣ ਤਾਂ ਭੁਰ ਜਾਂਦੇ ਨੇ, ਕਿਣਕਾ ਕਿਣਕਾ ਮਰ ਜਾਂਦੇ ਨੇ। ਕੇਸਰ ਤੁੱਰੀਆਂ ਜੀਂਦੇ ਰਿਸ਼ਤੇ, ਖ਼ੁਸ਼ਬੂ ਤੇ ਰੰਗ ਭਰ ਜਾਂਦੇ ਨੇ। ਮੋਹ ਮਮਤਾ ਮਾਇਆ ਦਾ ਸਾਗਰ, ਤਰਦੇ ਤਰਦੇ ਬਹੁਤੇ ਲੋਕੀਂ, ਡੁੱਬ ਜਾਂਦੇ ਨੇ ਏਨਾ ਡੂੰਘੇ, ਲਾਸ਼ ਦੇ ਵਾਂਗੂੰ ਤਰ ਜਾਂਦੇ ਨੇ। ਜ਼ਿੰਦਗੀ ਦੀ ਰਣਭੂਮੀ ਅੰਦਰ, ਜ਼ਖ਼ਮ ਭਲਾ ਨਹੀਂ ਕਿਸਨੂੰ ਹੁੰਦੇ, ਜੇ ਖ਼ੁਰਚੋ ਤਾਂ ਰਹਿਣ ਜਿਉਂਦੇ, ਭੁੱਲ ਜਾਉ ਤਾਂ ਭਰ ਜਾਂਦੇ ਨੇ। ਭਵਸਾਗਰ ਤੋਂ ਪਾਰ ਉਤਾਰਾ, ਸਿਦਕ ਸਹਾਰੇ ਚੁਟਕੀ ਮਾਤਰ, ਮੇਰੇ ਜਹੇ ਕਮਜ਼ੋਰ ਦਿਲੇ ਤਾਂ, ਕੰਢੇ ਬੈਠੇ ਡਰ ਜਾਂਦੇ ਨੇ। ਇੱਕੋ ਅੰਬਰ ਭਰਨ ਉਡਾਰੀ, ਪੌਣ ਪਰਿੰਦੇ ਰਹਿਣ ਇਕੱਠੇ, ਸ਼ਾਮ ਢਲੀ ਤੇ ਵੇਖੋ ਜੀ ਇਹ, ਆਪੋ ਆਪਣੇ ਘਰ ਜਾਂਦੇ ਨੇ। ਫ਼ਸਲਾਂ ਵਾਲਿਓ! ਅਕਲ ਸਹਾਰੇ, ਆਪਣਾ ਆਪ ਸੰਭਾਲਣ ਸਿੱਖੋ, ਗ਼ਫ਼ਲਤ ਵਿੱਚ ਹਰਿਆਲੀ ਪੈਲੀ, ਜੰਤ ਜਨੌਰੇ ਚਰ ਜਾਂਦੇ ਨੇ। ਅਣਖ਼ ਲਈ ਜੀਣਾ ਮਰਨਾ ਸਿੱਖੋ, ਪੈਰ ਟਿਕਾ ਕੇ ਧਰਨਾ ਸਿੱਖੋ, ਇਸ ਮੰਤਰ ਨੂੰ ਜਾਨਣ ਵਾਲੇ, ਹਰ ਮੰਜ਼ਿਲ ਨੂੰ ਵਰ ਜਾਂਦੇ ਨੇ।
ਇਨ੍ਹਾਂ ਦੀਆਂ ਅਜੇ ਤੀਕ ਆਸਾਂ
ਇਨ੍ਹਾਂ ਦੀਆਂ ਅਜੇ ਤੀਕ ਆਸਾਂ ਨਹੀਂਓ ਪੁੱਗੀਆਂ। ਤਿੱਪ ਤਿੱਪ ਚੋਂਦੀਆਂ ਗਰੀਬਾਂ ਦੀਆਂ ਝੁੱਗੀਆਂ। ਰੂੜ੍ਹੀ ਵਾਲੇ ਢੇਰ ਤੇ ਚੱਟਾਕ ਚਿੱਟੇ ਖਿੜ ਪਏ, ਹੋਈ ਬਰਸਾਤ ਵੇਖੋ, ਖੁੰਭਾਂ ਕਿਵੇਂ ਉੱਗੀਆਂ। ਮੋਤੀਆਂ ਦੀ ਚੋਗ ਦਾ ਭੁਲੇਖਾ ਖਾਧਾ ਹੰਸ ਨੇ, ਕੰਙਣੀ ਤੇ ਰੀਝ ਗਈਆਂ ਭੋਲ਼ੀਆਂ ਨੇ ਘੁੱਗੀਆਂ। ਤੋਤਿਆਂ ਦੀ ਡਾਰ ਨੂੰ ਉਡਾਓ ਬਾਗਾਂ ਵਾਲਿਓ, ਅੰਬੀਆਂ ਨੂੰ ਟੁੱਕਦੇ, ਵਜਾਓ ਡੁਗ ਡੁੱਗੀਆਂ। ਮਮਤਾ ਬਗੀਚੀ ਵਿੱਚੋਂ ਛਾਵਾਂ ਕੌਣ ਲੈ ਗਿਆ, ਧਰਤੀ 'ਚੋਂ ਧੀਆਂ ਤੇ ਧਰੇਕਾਂ ਕੀਹਨੇ ਖੁੱਗੀਆਂ। ਅਜੇ ਵੀ ਹੈ ਵਿਹੜੇ 'ਚ ਅਲਾਣੀ ਮੰਜੀ ਸਹਿਕਦੀ, ਘਰ ਦੀ ਸਵਾਣੀ ਦੀਆਂ ਬਾਹਾਂ ਅਜੇ ਲੁੱਗੀਆਂ। ਕੂੜ ਵਾਲੀ ਕੰਧ ਨੂੰ ਮਿਟਾਓ, ਸੱਚ ਵਾਲਿਓ, ਏਸ ਦੀਆਂ ਜਾਪਦੈ, ਮਿਆਦਾਂ ਹੁਣ ਪੁੱਗੀਆਂ।
ਡੁੱਬ ਚੱਲਿਆ ਹਾਂ ਵਾਹਵਾ ਡੂੰਘਾ
ਡੁੱਬ ਚੱਲਿਆ ਹਾਂ ਵਾਹਵਾ ਡੂੰਘਾ, ਦਿਲ ਦਰਿਆ ਵਿੱਚ ਤਰਦਾ ਤਰਦਾ। ਹਾਏ! ਮੇਰੀ ਜਾਨ ਬਚਾ ਲੈ, ਮੁੜ ਕੇ ਇਹ ਗਲਤੀ ਨਹੀਂ ਕਰਦਾ। ਮਾਨਸਰਾਂ ਦੇ ਮੋਤੀ ਚੁਗਣੇ, ਰੀਸ ਹੰਸ ਦੀ ਕਿਉਂ ਕਰ ਬੈਠਾ, ਗਲ਼ ਦੇ ਅੰਦਰ ਬੁਰਕੀ ਫਸ ਗਈ, ਬਚਿਆ ਹਾਂ ਅੱਜ ਮਰਦਾ ਮਰਦਾ। ਇੱਕ ਹੁੰਗਾਰਾ ਭਰ ਕੇ ਮਗਰੋਂ, ਮੂੰਹ ਤੇ ਲਾ ਲਏ ਚੁੱਪ ਦੇ ਜੰਦਰੇ, ਤੇਰੀ ਇਸ ਮਗਰੂਰੀ ਸਦਕਾ, ਹੁਣ ਇਹ ਦਿਲ ਹਰਜਾਨੇ ਭਰਦਾ। ਦਿਲ ਦਰਵੇਸ਼ਾਂ ਦਾ ਮੈਂ ਖ਼ਾਦਿਮ, ਹੰਕਾਰੀ ਦੀ ਛਾਂ ਨਹੀਂ ਬਹਿੰਦਾ, ਤੂੰ ਤੇ ਬਾਲ ਸਖਾਈ ਸੱਜਣ, ਤੇਰੇ ਤੋਂ ਕਿਸ ਗੱਲ ਦਾ ਪਰਦਾ। ਰਾਤ ਹਨ੍ਹੇਰੀ ਅੰਦਰ ਮੈਂ ਤਾਂ, ਬਣਿਆ ਭੰਬਟ ਲਾਟ ਦੇ ਉੱਤੇ, ਜਾਨ ਨਿਛਾਵਰ ਜੇ ਨਾ ਕਰਦਾ, ਰੂਹ ਦੇ ਨਸ਼ਤਰ ਕਿੱਦਾਂ ਜਰਦਾ। ਇੱਕ ਛੱਤ ਹੇਠਾਂ ਬਾਰਾਂ ਚੁੱਲ੍ਹੇ, ਆਪੋ ਆਪਣੀ ਅੱਗ ਦੇ ਰਾਖੇ, ਏਸ ਤਰ੍ਹਾਂ ਦੀ ਭੰਨਘੜ ਕੋਲੋਂ, ਬਾਬਰ ਜਾਬਰ ਵੀ ਕਿਉਂ ਡਰਦਾ। ਜੇ ਪੰਜਾਬ ਵਿਕਾਊ ਹੈ ਅੱਜ, ਇਸ ਵਿੱਚ ਤੂੰ ਤੇ ਮੈਂ ਵੀ ਦੋਸ਼ੀ, ਚਾਰ ਚੁਫ਼ੇਰ ਹਜ਼ਾਰਾਂ ਦੁਸ਼ਮਣ, ਕੱਲ੍ਹਾ ਸੀ ਉਹ, ਦੱਸ ਕੀ ਕਰਦਾ?
ਰਾਤ ਹਨ੍ਹੇਰੀ ਅੰਦਰ ਦਗਦੇ
ਰਾਤ ਹਨ੍ਹੇਰੀ ਅੰਦਰ ਦਗਦੇ, ਮਸਤੀ ਦੇ ਵਿੱਚ ਹੋ ਕੇ ਖੀਵੇ। ਹੋਰ ਨਹੀਂ ਕੁਝ ਖ਼ੁਸ਼ਬੂ ਜਹੀਏ, ਇਹ ਤਾਂ ਦੋ ਨੈਣਾਂ ਦੇ ਦੀਵੇ। ਅਜਬ ਜਹੀ ਕੁਝ ਮੇਰੇ ਸੰਗ ਹੈ, ਇਸ ਚਾਨਣ ਦੀ ਰਿਸ਼ਤੇਦਾਰੀ, ਹੋਰ ਕਿਤੇ ਰੁਸ਼ਨਾਈ ਵੰਡੇ, ਮੇਰਾ ਖ਼ੂਨ ਜਿਗਰ ਦਾ ਪੀਵੇ। ਕੈਂਚੀ ਵਾਲੇ ਰਾਜ ਕਰਨ, ਤੇ ਸੂਈਆਂ ਵਾਲੇ ਫਿਰਨ ਬਾਜ਼ਾਰੀਂ, ਸਿਰ ਤੋਂ ਪੈਰ ਲੰਗਾਰੀ ਜ਼ਿੰਦਗੀ, ਲੀਰਾਂ ਟੁਕੜੇ ਨਾ ਕੋਈ ਸੀਵੇ। ਬਾਗਬਾਨ ਜੀ, ਸੋਚ ਵਿਚਾਰੋ, ਜ਼ਿੰਦਗੀ ਨੂੰ ਉਪਰਾਮ ਕਰੋ ਨਾ, ਬਾਗ ਬਗੀਚਾ ਆਸਾਂ ਵਾਲਾ, ਹਿੰਮਤ ਦੇ ਸਿਰ ਜੁਗ ਜੁਗ ਜੀਵੇ। ਕੱਚੇ ਘਰ ਤੇ ਪੱਕੇ ਰਿਸ਼ਤੇ, ਲਾਉਂਦੇ ਦੁੱਖ ਦਰਿਆ ਵਿੱਚ ਤਾਰੀ, ਪੱਕੇ ਘਰ ਨੇ ਕੱਲ੍ਹ ਮੁ ਕੱਲ੍ਹੇ, ਅੰਦਰੋਂ ਸੱਖਣੇ, ਬਾਹਰੋਂ ਖੀਵੇ। ਹੁਣ ਸੁਕਰਾਤ ਸਿਆਣਾ ਹੋਵੇ, ਹੁਕਮਰਾਨ ਨੂੰ ਇਹ ਤਾਂ ਪੁੱਛੇ, ਜੇ ਇਨਸਾਫ਼ ਗੁਲਾਮ ਹੀ ਰਹਿਣਾ, ਉਹ ਕਿਉਂ ਜ਼ਹਿਰ ਪਿਆਲਾ ਪੀਵੇ? ਮਿੱਟੀ ਦੇ ਭਗਵਾਨ ਬਣਾ ਕੇ, ਵੇਚ ਰਿਹਾ ਘੁਮਿਆਰ ਚੀਨ ਦਾ, ਸ਼ਹਿਰ ਬਨੇਰੇ ਲਿਸ਼ਕਣ ਲੜੀਆਂ, ਦਿਸਦੇ ਨਹੀਂ ਮਿੱਟੀ ਦੇ ਦੀਵੇ।
ਮੈਂ ਏਥੇ ਰਹਿ ਰਿਹਾਂ
ਮੈਂ ਏਥੇ ਰਹਿ ਰਿਹਾਂ, ਪਰ ਸੱਚ ਪੁੱਛੋ, ਜੀਅ ਨਹੀਂ ਲੱਗਦਾ। ਅਜਬ ਬੇਗਾਨਗੀ ਹੈ, ਵਤਨ ਮੇਰਾ ਹੀ ਨਹੀਂ ਲੱਗਦਾ। ਕਦੇ ਵੀ ਰਿਸ਼ਤਿਆਂ ਨੂੰ, ਨਾਮ ਦੇ ਬੰਧਨ 'ਚ ਨਾ ਬੰਨ੍ਹੀਂ, ਹਮੇਸ਼ਾਂ ਯਾਦ ਰੱਖੀਂ ਇਹ, ਤੂੰ ਮੇਰਾ ਕੀਹ ਨਹੀਂ ਲੱਗਦਾ। ਯਕੀਨਨ ਏਸ ਰਾਹ ਤੂੰ, ਬਹੁਤ ਵਾਰੀ ਗੁਜ਼ਰਿਆ ਹੋਣੈਂ, ਇਕੱਲੇ ਆਦਮੀ ਦਾ ਸਫ਼ਰ ਓਦਾਂ ਲੀਹ ਨਹੀਂ ਲੱਗਦਾ। ਤੁਸੀਂ ਉੱਨੀ ਤੇ ਇੱਕੀ ਵਿੱਚ ਹੀ ਉਲਝਾ ਲਿਆ ਮੈਨੂੰ, ਤੁਹਾਡੀ ਸੋਚ ਅੰਦਰ ਇੱਕ ਹਿੰਦਸਾ ਵੀਹ ਨਹੀਂ ਲੱਗਦਾ। ਨਿਰੰਤਰ ਹੋ ਰਹੀ ਭਰਮਾਂ ਦੀ ਖੇਤੀ ਵੇਖ ਇਉਂ ਲੱਗੇ, ਕਿਸੇ ਵੀ ਸਾਂਭਿਆ ਧਰਮਾਂ ਦਾ ਸੁੱਚਾ ਬੀਅ ਨਹੀਂ ਲੱਗਦਾ। ਅਗਨ ਤਾਂ ਜ਼ਿੰਦਗੀ ਦੇ ਨਕਸ਼ ਡੌਲਣਹਾਰ ਸ਼ਕਤੀ ਹੈ, ਨਿਰੰਤਰ ਮਘ ਰਹੇ ਸੂਰਜ ਦੇ ਪਿੱਛੇ ਸੀ ਨਹੀਂ ਲੱਗਦਾ। ਤੁਸੀਂ ਪਾਣੀ ਤਾਂ ਪਾਓ, ਫੇਰ ਫ਼ਲ ਫੁੱਲ ਖ਼ੂਬ ਮਹਿਕਣਗੇ, ਭਲਾ ਜੀ! ਆਸ ਦੇ ਬੂਟੇ ਨੂੰ, ਦੱਸੋ ਕੀਹ ਨਹੀਂ ਲੱਗਦਾ?
ਰਾਤੀਂ ਤੈਨੂੰ ਰੱਜ ਕੇ ਤੱਕਿਆ
ਰਾਤੀਂ ਤੈਨੂੰ ਰੱਜ ਕੇ ਤੱਕਿਆ, ਪਰ ਤੱਕਿਆ ਸੀ ਖ੍ਵਾਬ ਦੇ ਅੰਦਰ। ਮਹਿਕ ਜਿਵੇਂ ਅਣਦਿਸਦੀ ਹੋਵੇ, ਸੁੱਚੇ ਸੁਰਖ਼ ਗੁਲਾਬ ਦੇ ਅੰਦਰ। ਚੰਦਨ ਰੁੱਖੜੇ ਅੰਦਰ ਬੈਠੀ, ਰੰਗ ਰੱਤੜੀ ਖ਼ੁਸ਼ਬੋਈ ਜੀਕੂੰ, ਸਾਹਾਂ ਦੇ ਵਿੱਚ ਮਹਿਕ ਨਿਰੰਤਰ, ਧੁਖਦੀ ਧੂਫ਼ ਜਨਾਬ ਦੇ ਅੰਦਰ। ਚਾਰ ਚੁਫ਼ੇਰ ਹਨ੍ਹੇਰ ਪਿਆ ਤੇ, ਨੈਣ ਮਿਰਗਣੇ ਟਿਮਕ ਰਹੇ ਨੇ, ਸੁਪਨੇ ਸੁਪਨੇ ਸੁਪਨੇ ਡਲ੍ਹਕਣ, ਮੋਤੀ ਨੈਣ ਤਲਾਬ ਦੇ ਅੰਦਰ। ਧਾਹ ਗਲਵੱਕੜੀ ਪਾਉਣ ਤੋਂ ਪਹਿਲਾਂ, ਪਤਾ ਨਹੀਂ ਕਿੰਜ ਨੀਂਦਰ ਖੁੱਲ੍ਹੀ, ਹੁਣ ਤੀਕਰ ਵੀ ਤਨ ਮਨ ਕੰਬ ਕੰਬਣੀ, ਮੋਹਵੰਤੇ ਸੈਲਾਬ ਦੇ ਅੰਦਰ। ਮਾਣ ਅਤੇ ਸਵੈਮਾਣ ਗੁਆ ਕੇ, ਅੱਥਰੇ ਦਰਿਆ ਕਿੱਥੇ ਵਹਿੰਦੇ, ਪਰਛਾਵੇਂ ਤੇ ਪੈੜਾਂ ਗੁੰਮੀਆਂ, ਲੱਭਦਾ ਫਿਰਾਂ ਪੰਜਾਬ ਦੇ ਅੰਦਰ। ਏਸ ਬੁਝਾਰਤ ਦਾ ਮੈਂ ਉੱਤਰ, ਦੇਵਾਂ ਤਾਂ ਹੁਣ ਕਿੱਦਾਂ ਦੇਵਾਂ, ਸੱਚ ਪੁੱਛੋ ਮਰਦਾਨੇ ਬਾਝੋਂ, ਰਸ ਨਹੀਂ ਰਿਹਾ ਰਬਾਬ ਦੇ ਅੰਦਰ। ਸੁਪਨ ਅਧੂਰੇ, ਹੌਕੇ ਹਾਵੇ, ਮੈਂ ਸੁਣਿਆ ਸੀ ਗੱਲਾਂ ਕਰਦੇ, ਗਿਣਤੀ-ਮਿਣਤੀ ਖਾ ਗਈ ਕਿੰਨੇ, ਰਿਸ਼ਤੇ ਗਲਤ ਹਿਸਾਬ ਦੇ ਅੰਦਰ।
ਚੱਲ ਪੱਤਣਾਂ ਤੇ ਰੋਂਦਿਆਂ ਨੂੰ
ਚੱਲ ਪੱਤਣਾਂ ਤੇ ਰੋਂਦਿਆਂ ਨੂੰ, ਚੁੱਪ ਤਾਂ ਕਰਾਈਏ। ਜਿੰਨਾ ਸਾਡੇ ਹਿੱਸੇ ਆਇਆ, ਓਨਾ ਧਰਮ ਨਿਭਾਈਏ। ਜਿਹੜੇ ਰਾਵੀ ਦਿਆਂ ਪੱਤਣਾਂ ਤੇ, ਮਾਰਦੇ ਆਵਾਜ਼ਾਂ, ਮੋਏ ਮਿੱਤਰਾਂ ਦੇ ਨਾਲ ਆ ਜਾ ਅੱਖ ਤਾਂ ਮਿਲਾਈਏ। ਭਾਵੇਂ ਆਰ ਅਤੇ ਪਾਰ, ਸਾਡਾ ਇੱਕੋ ਪਰਿਵਾਰ, ਕੁਝ ਉਨ੍ਹਾਂ ਦੀ ਵੀ ਸੁਣੀਏ, ਤੇ ਆਪਣੀ ਸੁਣਾਈਏ। ਵੇਖੀਂ ਸੁੱਕ ਜੇ ਨਾ ਆਸਾਂ, ਤੇ ਉਮੀਦਾਂ ਵਾਲਾ ਬਾਗ਼, ਮਾਤਾ ਇੱਛਰਾਂ ਦੀ ਰੀਝ, ਆ ਜਾ ਪੂਰਨਾ ਪੁਗਾਈਏ। ਸੁਣੇ ਦਿੱਲੀ ਤੇ ਲਾਹੌਰ, ਰੁੱਸੇ ਆਗਰਾ ਪਸ਼ੌਰ, ਪੌਣੀ ਸਦੀ ਅੱਗ ਮੱਚੀ, ਹੁਣ ਏਸ ਨੂੰ ਬੁਝਾਈਏ। ਸਾਡਾ ਅਣਖ਼ੀ ਹੈ ਦੁੱਲਾ, ਬੁੱਲ੍ਹਾ ਸੱਚ ਦਾ ਪੈਗ਼ਾਮ, ਭੈਣ ਨਾਨਕੀ ਦੇ ਵੀਰ ਦਾ, ਸੁਨੇਹਾ ਵਰਤਾਈਏ। ਅਸੀਂ ਹਾਥੀਆਂ ਦੇ ਪੈਰੀਂ ਬੱਝੇ, ਕਿਹੋ ਜਹੇ ਗੁਲਾਮ, ਜਿਹੜੇ ਲਿੱਸਿਆਂ ਨੂੰ ਬਣ ਬਣ, ਸੂਰਮੇ ਵਿਖਾਈਏ।
ਛੱਡ ਨਾ ਜਾਵੀਂ ਅੱਧ ਵਿਚਕਾਰੇ
ਛੱਡ ਨਾ ਜਾਵੀਂ ਅੱਧ ਵਿਚਕਾਰੇ, ਏਥੋਂ ਤੀਕ ਲਿਆਉਣ ਵਾਲਿਆ। ਕਾਲਾ ਅੰਬਰ ਤੂੰ ਰੁਸ਼ਨਾਉਣਾ, ਚਾਨਣ ਲੀਕਾਂ ਵਾਹੁਣ ਵਾਲਿਆ। ਇਹ ਧਰਤੀ ਤਾਂ ਸਦਾ ਉਡੀਕੇ, ਤੇਰੇ ਵਰਗੇ ਪੂਰਨ ਪੁੱਤਰ, ਤੁਰ ਨਾ ਜਾਵੀਂ, ਇੱਛਰਾਂ ਮਾਂ ਦੇ, ਨੈਣੀਂ ਜੋਤ ਜਗਾਉਣ ਵਾਲਿਆ। ਚਾਰ ਚੁਫ਼ੇਰੇ ਆਪਾ ਧਾਪੀ, ਕਾਵਾਂ ਰੌਲੀ ਵੰਨ ਸੁਵੰਨੀ, ਤੂੰ ਵੀ ਸਾਜ਼ ਸਮੇਟ ਲਵੀਂ ਨਾ, ਰੂਹ ਦੇ ਬੋਲ ਸੁਣਾਉਣ ਵਾਲਿਆ। ਦਿਨ ਤੇ ਰਾਤ ਪਹਿਰ ਤੇ ਘੜੀਆਂ, ਰੁਕ ਨਾ ਜਾਵਣ ਤੇਰੇ ਹੁੰਦਿਆਂ, ਮਿਲ ਜਾਇਆ ਕਰ ਦਿਨ ਵੇਲੇ ਵੀ, ਸੁਪਨੇ ਦੇ ਵਿੱਚ ਆਉਣ ਵਾਲਿਆ। ਸੁੰਨੀ ਮਾਂਗ ਸੰਧੂਰੀ ਕਰ ਤੂੰ, ਨੈਣ ਉਡੀਕਣ ਸਿਹਰੇ ਵਾਲਾ, ਧਰਤ ਉਡੀਕੇ ਤੈਨੂੰ ਚਿਰ ਤੋਂ, ਨਵੀਆਂ ਪੈੜਾਂ ਪਾਉਣ ਵਾਲਿਆ। ਸੁਰ ਤੇ ਸ਼ਬਦ ਸਾਧਨਾ ਰਲ਼ ਕੇ, ਮਨ ਮੰਦਰ ਵਿੱਚ ਕਰਨ ਉਜਾਲਾ, ਤੂੰ ਕਿਉਂ ਦੀਪ ਬੁਝਾਈ ਜਾਵੇਂ, ਵੇ ਵੀਰਾ ਵੇ ਗਾਉਣ ਵਾਲਿਆ। ਤਰਕ ਦਲੀਲਾਂ ਦੀ ਇਹ ਧਰਤੀ, ਗੁਰੂ ਨਾਨਕ ਤੋਂ ਲੈ ਕੇ ਹੁਣ ਵੀ, ਮਿਟ ਜਾਵੇਂਗਾ ਨਕਸ਼ੇ ਉੱਤੋਂ, ਸੱਚ ਦੀ ਲੀਕ ਮਿਟਾਉਣ ਵਾਲਿਆ।
ਸ਼ਹਿਰ ਤੇਰੇ ਤਿਰਕਾਲਾਂ ਮਗਰੋਂ
ਸ਼ਹਿਰ ਤੇਰੇ ਤਿਰਕਾਲਾਂ ਮਗਰੋਂ, ਅੰਬਰ ਦੇ ਵਿੱਚ ਚਮਕੇ ਤਾਰੇ। ਅੱਖੀਆਂ ਵਿੱਚੋਂ ਛਲਕਣ ਅੱਥਰੂ, ਮੋਤੀ ਜੀਕੂੰ ਮਣ ਮਣ ਭਾਰੇ। ਮਸਜਿਦ ਵਿੱਚ ਅਜ਼ਾਨ ਤੇ ਮੰਦਰ ਅੰਦਰ ਟੱਲੀਆਂ ਟੁਣਕਦੀਆਂ ਸੀ, ਸੰਖ ਪੂਰ ਰਹਿਰਾਸ ਤੋਂ ਮਗਰੋਂ, ਚੁੱਪ ਦਾ ਪਹਿਰਾ ਗੁਰੂ ਦਵਾਰੇ। ਟਿਕੀ ਰਾਤ ਵਿੱਚ ਚੰਨ ਦਾ ਟੋਟਾ, ਚੋਰ ਝਾਤੀਆਂ ਮਾਰ ਰਿਹਾ ਸੀ, ਘੂਕ ਪਏ ਸੀ ਨੀਂਦ ਵਿਗੁੱਤੇ, ਮੈਂ ਤੇ ਮੇਰੇ ਸੁਪਨੇ ਸਾਰੇ। ਅਚਨਚੇਤ ਇੱਕ ਹੌਕਾ ਆਇਆ, ਮਗਰੋਂ ਮੇਰੀ ਨੀਂਦਰ ਟਲ਼ ਗਈ, ਭਰਮ ਪਿਆ ਕਿ ਮੈਨੂੰ ਕੋਈ, ਦਿਸਦਾ ਨਾ ਪਰ 'ਵਾਜਾਂ ਮਾਰੇ। ਬਿਨ ਮਿਲਿਆਂ ਤੋਂ ਹੋ ਗਏ ਮੇਲੇ,ਕਣ ਕਣ ਵਿੱਚ ਖ਼ੁਸ਼ਬੂ ਦਾ ਵਾਸਾ, ਇਉਂ ਲੱਗਿਆ ਜਿਉਂ ਮੱਥਾ ਚੁੰਮਿਆ ਮੇਰਾ ਸੋਹਣੇ ਕ੍ਰਿਸ਼ਨ ਮੁਰਾਰੇ। ਇਹ ਤੇਰੇ 'ਤੇ ਨਿਰਭਰ ਹੈ ਹੁਣ, ਇਸ ਤੋਂ ਅੱਗੇ ਤੂੰ ਕੀ ਕਰਨਾ, ਰੂਹ ਮੇਰੀ ਨਿਰਵਸਤਰ ਫਿਰਦੀ, ਵੇਖ ਲਿਆ ਕਰ ਦਿਲ ਦਰਬਾਰੇ। ਨਿਮਖ ਨਾ ਵਿੱਛੜੀਂ ਧੜਕਣ ਜੇਹੀਏ, ਟਿਕ ਟਿਕ ਧੜਕ ਦਿਲੇ ਦੇ ਅੰਦਰ, ਜੇ ਨਾ ਸਾਥ ਨਿਭਾਇਆ ਤੂੰ ਫਿਰ, ਸਾਹ ਹੋ ਜਾਣੇ ਬੇਇਤਬਾਰੇ।
ਦਿਨ ਚੜ੍ਹਿਆ ਹੈ, ਸੂਰਜ ਵਿੱਚੋਂ
ਦਿਨ ਚੜ੍ਹਿਆ ਹੈ, ਸੂਰਜ ਵਿੱਚੋਂ ਤੇਰੇ ਨਕਸ਼ ਨਿਹਾਰ ਰਿਹਾ ਹਾਂ। ਕਿਰਨਾਂ ਵਿੱਚੋਂ ਤੇਰਾ ਚਿਹਰਾ, ਧੜਕਣ ਵਿੱਚ ਉਤਾਰ ਰਿਹਾ ਹਾਂ। ਤੇਰੀ ਨਾਭੀ ਵਿੱਚ ਕਸਤੂਰੀ, ਏਦਾਂ ਕੁਝ ਮਹਿਸੂਸ ਕਰਾਂ ਮੈਂ, ਮਹਿਕ ਦੁਆਰੇ ਪਹੁੰਚਣ ਦੇ ਲਈ ਆਪਣੇ ਪੰਖ ਪਸਾਰ ਰਿਹਾ ਹਾਂ। ਬਣ ਗਏ ਜੋ ਅੰਬਰ ਦੇ ਤਾਰੇ, ਜਿੰਨੇ ਮੇਰੇ ਯਾਰ ਪਿਆਰੇ, ਹਰ ਸਾਹ ਗੇੜੇ ਯਾਦ ਕਰਾਂ ਮੈਂ, ਦਮ ਦਮ ਚੀਖ਼ ਪੁਕਾਰ ਰਿਹਾ ਹਾਂ। ਇੱਕ ਅੱਧ ਕਿਰਨ ਉਧਾਰੀ ਦੇ ਦੇ ਨੀ ਖ਼ੁਸ਼ਬੋਈਏ ਰੂਪਵੰਤੀਏ, ਵਿੱਚ ਹਨ੍ਹੇਰੇ ਘਿਰਿਆ ਹਾਂ ਮੈਂ, ਤੈਨੂੰ 'ਵਾਜਾਂ ਮਾਰ ਰਿਹਾ ਹਾਂ। ਲੂੰ ਲੂੰ ਕਣ ਕਣ ਵਿੱਚ ਖ਼ੁਸ਼ਬੋਈ, ਜਿਸ ਰਿਸ਼ਤੇ ਦਾ ਨਾਮ ਨਾ ਕੋਈ, ਸੱਚ ਪੁੱਛੇਂ ਤਾਂ ਜੀਣ ਜੋਗੀਏ, ਓਹੀ ਕੁਝ ਵਿਸਥਾਰ ਰਿਹਾ ਹਾਂ। ਸਮਝ ਪਵੇ ਨਾ ਏਸ ਅਗਨ ਦੀ, ਇਕ ਪਲ ਜੋਗੀ ਦੂਜੇ ਭੋਗੀ, ਮਾਰ ਤਰੌਂਕਾ ਸ਼ਬਦ ਸਨੇਹ ਦਾ, ਏਹੀ ਅੰਦਰੋਂ ਮਾਰ ਰਿਹਾ ਹਾਂ। ਮੈਨੂੰ ਭੇਤ ਜ਼ਰਾ ਨਹੀਂ ਲੱਗਿਆ, ਕੀਕਣ ਠੱਗਿਆ ਦਿਲ ਮੇਰਾ ਤੂੰ, ਸਿਰਫ਼ ਤਸੱਲੀ ਏਨੀ, ਤੇਰੇ ਦਿਲ ਦੇ ਅੰਦਰਵਾਰ ਰਿਹਾ ਹਾਂ।
ਅੱਜ ਰਾਤੀਂ ਮੈਂ ਸੁਪਨੇ ਅੰਦਰ
ਅੱਜ ਰਾਤੀਂ ਮੈਂ ਸੁਪਨੇ ਅੰਦਰ ਹੱਸਦਾ ਹੱਸਦਾ ਰੱਜ ਕੇ ਰੋਇਆ। ਦਿਨ ਚੜ੍ਹਿਆ ਤੇ ਬੜਾ ਸੋਚਿਆ, ਸੁੱਤੇ ਸੁੱਤੇ ਇਹ ਕੀ ਹੋਇਆ। ਇੰਜ ਲੱਗਦਾ ਸੀ ਜਿਸਮ ਜਿਊਂਦਾ, ਅੰਦਰ ਹੈ ਕੁਝ ਮਰਦਾ ਜਾਂਦਾ, ਖੁੱਲ੍ਹੀ ਅੱਖ ਤੇ ਭਰਮ ਤਿੜਕਿਆ, ਸਾਲਮ ਸੀ ਮੈਂ ਨਵਾਂ ਨਰੋਇਆ। ਵੰਨ ਸੁਵੰਨੇ ਉੱਡਣੇ ਪੰਛੀ ਬੰਨ੍ਹ ਕਤਾਰਾਂ ਕਿੱਥੋਂ ਆ ਗਏ, ਚੋਗ ਚੁਗਣ ਦਾ ਇੱਛਿਆਧਾਰੀ, ਝੁਰਮਟ ਮੈਨੂੰ ਘੇਰ ਖਲੋਇਆ। ਨੀਂਦਰ ਉੱਖੜੀ ਫੇਰ ਪਈ ਨਾ, ਸੋਚਾਂ ਵਿੱਚ ਸੀ ਤਲਖ਼ ਸਮੁੰਦਰ, ਇਉਂ ਲੱਗਿਆ ਕਿ ਮੇਰਾ ਹੀ ਕੋਈ, ਦੂਰ ਦੁਰਾਡੇ ਹੁਬਕੀਂ ਰੋਇਆ। ਅਜਬ ਵਤੀਰਾ ਤੱਕਿਆ ਹੈ ਮੈਂ, ਕੁਰਸੀ ਨਾਲ ਮਿਲੇ ਨੇ ਧਰਮੀ, ਸੰਕਟ ਵੇਲੇ ਇਨ੍ਹਾਂ ਰਲ਼ ਕੇ, ਸਾਡਾ ਖ਼ੂਨ ਬਰੂਹੀਂ ਚੋਇਆ। ਵਕਤ ਮਿਲੇ ਤਾਂ ਗਿਣਤੀ ਕਰਨਾ, ਧਰਮ ਕਰਮ ਇਖ਼ਲਾਕ ਸਣੇ ਹੀ, ਜੋ ਕੁਝ ਮਰਦਾਂ ਅੰਦਰ ਚਾਹੀਏ, ਸਾਡੇ ਵਿੱਚੋਂ ਕੀ ਕੁਝ ਮੋਇਆ? ਤੇਰੇ ਅੰਦਰ ਕਿੰਨਾ ਲਾਵਾ, ਦਿਲ ਵਿੱਚ ਤੜਪੇ, ਦਸਤਕ ਦੇਵੇ, ਅੱਥਰੂ ਬਣ ਕਿਉਂ ਵਹਿ ਜਾਂਦਾ ਏ, ਦੱਸ ਤਾਂ ਸਹੀ ਅੱਖੀਆਂ ਦੇ ਕੋਇਆ।
ਬੇੜੀ ਅੰਦਰ ਚੋਰ ਮਘੋਰੇ
ਬੇੜੀ ਅੰਦਰ ਚੋਰ ਮਘੋਰੇ, ਨਾ ਚੱਪੂ ਨਾ ਦਿਸੇ ਖਵੱਈਆ। ਚੜ੍ਹਿਆ ਦਰਿਆ ਸ਼ੂਕ ਰਿਹਾ ਹੈ, ਸਣੇ ਮੱਲਾਹ ਦੇ ਡੋਲੇ ਨੱਈਆ। ਸੂਫ਼ੀ ਵੀ ਹੁਣ ਬੈਠ ਗਏ ਨੇ, ਝਾਂਜਰ ਪਾ ਕੇ ਸ਼ਹਿਰ ਬਾਜ਼ਾਰੀਂ, ਟਿਕਟਾਂ ਲਾ ਕੇ ਵੇਚ ਰਹੇ ਨੇ, ਬੁੱਲ੍ਹੇ ਸ਼ਾਹ ਦਾ ਥੱਈਆ ਥੱਈਆ। ਬੰਦੇ ਦਾ ਪੁੱਤ ਕਿੱਧਰ ਤੁਰਿਆ, ਵਿਕਿਆ ਹੈ ਜਾਂ ਵਿਕ ਜਾਵੇਗਾ, ਇਸ ਮੰਡੀ ਹਰ ਵਸਤ ਵਿਕਾਊ, ਬਣਿਆ ਸਭ ਦਾ ਬਾਪ ਰੁਪੱਈਆ। ਬਿੰਦਰਾਬਨ 'ਚੋਂ ਬਾਹਰ ਖਲੋ ਕੇ, ਲੋਕ ਮੁਕਤੀਆਂ ਦੀ ਗੱਲ ਤੋਰੇ, ਕਿੱਥੋਂ ਤੁਰ ਕੇ ਕਿੱਥੇ ਪੁੱਜਾ, ਸਾਡੇ ਯੁਗ ਦਾ ਲਾਲ ਘਨੱਈਆ*। ਵੇਖ ਲਵੋ ਮਿੱਟੀ ਦੀ ਤਾਕਤ, ਬਾਬਰ ਜਾਬਰ ਤੁਰਤ ਸਮੇਟੇ, ਸੂਲੀ ਉੱਤੇ ਚੜ੍ਹਦੇ ਸੂਰੇ, ਯਾਦ ਕਰੇ ਮਗਰੋਂ ਮੁਲਖਈਆ। ਜ਼ਾਤਪਾਤ ਦੇ ਸੰਗਲ ਪੱਕੇ, ਟੁੱਟਦੇ ਹੀ ਨਾ ਸਮਿਆਂ ਕੋਲੋਂ, ਰੰਗ ਨਸਲ ਦੇ ਤੰਦੂਆ ਜਾਲੋਂ, ਕਦ ਛੁੱਟਣੀ ਇਹ ਧਰਤੀ ਮੱਈਆ। ਨਾ ਮਿਰਦੰਗ, ਸਰੋਦ, ਸਿਤਾਰਾਂ, ਨਾ ਤੂੰਬੀ, ਅਲਗੋਜ਼ੇ ਦਿਸਦੇ, ਕਿੱਧਰ ਗਿਆ ਸਾਜ਼ੀਨਾ ਏਥੇ, ਦਿਸਦਾ ਨਾ ਕੋਈ ਸਾਜ਼ ਵਜੱਈਆ। *ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਦਾ ਸੁਚੇਤ ਵਿਦਿਆਰਥੀ ਆਗੂ
ਕਿੱਧਰ ਤੁਰ ਗਏ ਯਾਰ ਪੁਰਾਣੇ
ਕਿੱਧਰ ਤੁਰ ਗਏ ਯਾਰ ਪੁਰਾਣੇ ਲੱਭਦੇ ਨਹੀਂ। ਨਾ ਸਾਲਮ ਨਾ ਅੱਧੋਰਾਣੇ ਲੱਭਦੇ ਨਹੀਂ। ਨਾ ਧੁੱਪਾਂ ਨਾ ਛਾਵਾਂ ਕਿਧਰੇ ਲੱਭਦੀਆਂ ਨੇ, ਸੱਜਣ ਬੇਲੀ ਦਰਦ ਰੰਝਾਣੇ ਲੱਭਦੇ ਨਹੀਂ। ਅੰਬਰ ਗੰਗਾ ਕੰਢੇ ਵੱਗ ਵੀ ਚੁਗਦੇ ਨਾ, ਰਾਤ ਦਿਨੇ ਉਹ ਵਕਤ ਸੁਹਾਣੇ ਲੱਭਦੇ ਨਹੀਂ। ਜ਼ਿੰਦਗੀ ਵਾਲੀ ਤਾਣੀ ਅੰਦਰ ਗੁੰਝਲਾਂ ਨੇ, ਸਿੱਧੇ ਸਾਦੇ ਪੇਟੇ ਤਾਣੇ ਲੱਭਦੇ ਨਹੀਂ। ਕੁੜੀਆਂ ਚਿੜੀਆਂ ਦੀ ਤਾਂ ਚਿੰਤਾ ਕਰਦੇ ਹਾਂ, ਨਾ ਧਰਤੀ ਨਾ ਚੋਗਾ, ਦਾਣੇ ਲੱਭਦੇ ਨਹੀਂ। ਆਪੋ ਆਪਣੇ ਪਿੰਡ ਦੇ ਨਕਸ਼ੇ, ਲੱਭਦੇ ਹਾਂ, ਸ਼ਹਿਰ ਵਟਾਲੇ, ਤੇ ਲੁਧਿਆਣੇ ਲੱਭਦੇ ਨਹੀਂ। ਪਤਾ ਨਹੀਂ ਮੈਂ, ਕਿੱਥੇ ਗੁੰਮ ਗਵਾਚ ਗਿਆਂ, ਹੁਣੇ ਹੁਣੇ ਹੀ ਜੋ ਪਲ ਮਾਣੇ, ਲੱਭਦੇ ਨਹੀਂ।
ਵਕਤ ਬਦਲਦਾ ਹੈ ਜਦ ਅੱਖੀਆਂ
ਵਕਤ ਬਦਲਦਾ ਹੈ ਜਦ ਅੱਖੀਆਂ, ਸੱਚਮੁੱਚ ਭੇਤ ਜ਼ਰਾ ਨਹੀਂ ਲੱਗਦਾ। ਡੌਰ ਭੌਰਿਆ ਫਿਰਦਾ ਬੰਦਾ, ਹਾਸਾ ਬਣ ਜਾਂਦਾ ਹੈ ਜੱਗ ਦਾ। ਕੁੱਲ ਦੁਨੀਆਂ ਲਈ ਅੰਨ ਦਾਤਾ ਸੀ, ਅੱਜ ਖ਼ੁਦ ਅਲਖ਼ ਜਗਾਉਂਦਾ ਫਿਰਦਾ, ਸ਼ਮਲੇ ਵਾਲਾ ਕਮਲ਼ਾ ਹੋਇਆ, ਗਲ਼ ਵਿੱਚ ਫਾਹ ਹੈ ਆਪਣੀ ਪੱਗ ਦਾ। ਹੁਕਮਰਾਨ ਕਿਉਂ ਹਾਲੇ ਤੱਕ ਵੀ, ਵੇਖ ਰਿਹਾ ਹੈ ਵਾਂਗ ਤਮਾਸ਼ੇ, ਕਿਉਂ ਅੰਦਾਜ਼ਾ ਲਾਉਂਦਾ ਨਾ ਇਹ, ਲੱਕੜੀਆਂ ਵਿੱਚ ਬੈਠੀ ਅੱਗ ਦਾ। ਕਿੰਨੇ ਜ਼ਹਿਰ ਪਿਆਲੇ ਪੀ ਲਏ, ਇਸ ਧਰਤੀ ਦੇ ਪਾਲਣਹਾਰੇ, ਕਿਉਂ ਨਹੀਂ ਪੜ੍ਹਦੇ ਕੁਰਸੀਧਾਰੀ, ਵਰਕਾ ਵਰਕਾ ਮੂੰਹ ਦੀ ਝੱਗ ਦਾ। ਮੇਰੇ ਬਾਬੇ ਆਖੇ ਲੱਗ ਕੇ, ਸੱਜਣ ਠੱਗ ਸੀ ਭਗਤ ਬਣ ਗਿਆ, ਹੁਣ ਇਹ ਕੁੜਮ ਕਬੀਲਾ ਕਿਸਦਾ, ਦਿਨ ਦੀਵੀਂ ਜੋ ਲੁੱਟਦਾ ਠੱਗਦਾ। ਕਈ ਵਾਰੀ ਤਾਂ ਇਉਂ ਲੱਗਦਾ ਹੈ, ਪਸ਼ੂਆਂ ਵਾਲੇ ਵਾੜੇ ਵਿੱਚ ਹਾਂ, ਉਸ ਪਾਸੇ ਹੀ ਤੁਰ ਪੈਂਦੇ ਹਾਂ, ਜਿੱਧਰ ਹਿੱਕਦਾ ਵਾਗੀ ਵੱਗ ਦਾ। ਸੁਣਿਆ ਸੀ ਕਿ ਕਾਠ ਦੀ ਹਾਂਡੀ, ਦੂਜੀ ਵਾਰ ਨਹੀਂ ਚੜ੍ਹਦੀ ਜੀ, ਚਾਨਣ ਦੀ ਇੱਕ ਲੀਕ ਦੇ ਅੱਗੇ, ਗੂੜ੍ਹ ਹਨ੍ਹੇਰ ਕਦੇ ਨਹੀਂ ਤੱਗਦਾ।
ਜ਼ਿੰਦਗੀ! ਕਿੰਨੇ ਕੁ ਰਹਿੰਦੇ
ਜ਼ਿੰਦਗੀ! ਕਿੰਨੇ ਕੁ ਰਹਿੰਦੇ ਹੋਰ ਹਾਲੇ ਇਮਤਿਹਾਨ। ਤੰਦ ਢਿੱਲੀ ਕਰ ਦਿਆ ਕਰ, ਟੁੱਟ ਨਾ ਜਾਵੇ ਕਮਾਨ। ਸੁਪਨ ਨਗਰੀ ਵਿੱਚ ਰਹਿ ਕੇ, ਇਹ ਤੇ ਹੁਣ ਮੈਂ ਜਾਣਦਾਂ, ਬਹੁਤ ਔਖੇ ਸਾਂਭਣੇ ਹਨ, ਖ੍ਵਾਬ ਨੇ ਕੱਚ ਦਾ ਸਮਾਨ। ਲਹਿ ਗਿਆ ਹੈ ਸਾਲ ਇੱਕ, ਕਰਜ਼ਾ ਪੁਰਾਣਾ ਲਹਿ ਗਿਆ, ਹੁਣ ਨਵਾਂ ਇਹ ਸਾਲ ਕਿਧਰੇ, ਟੰਗ ਦਏ ਨਾ ਫੇਰ ਜਾਨ। ਧੁੰਦ ਵਿੱਚ ਗੁੰਮਿਆ ਹੈ ਸੂਰਜ, ਬਹੁਤ ਫਿੱਕੀ ਰੌਸ਼ਨੀ, ਵਰਕਿਆਂ ਤੇ ਸ਼ਬਦ ਸੁੱਤੇ, ਜਿਉਂ ਨਹੀਂ ਇਨ੍ਹਾਂ ਚ ਜਾਨ। ਫੇਰ ਹੋਕਾ ਦੇ ਰਿਹਾ ਹਾਂ, ਜਾਗਦੇ ਰਹੋ ਜਾਗਦੇ, ਕਿਸ ਤਰ੍ਹਾਂ ਰੁਲ਼ਿਆ ਰੁਪੱਈਆ, ਨਾ ਰਿਹਾ ਖੀਸੇ 'ਚ ਭਾਨ। ਪੱਤਿਆਂ ਦੇ ਵਾਂਗ ਟੰਗੇ, ਧਰਤੀ ਪੁੱਤਰ ਪੁੱਛਦੇ, ਖ਼ੁਦਕੁਸ਼ੀ ਮਾਰਗ ਤੇ ਤੋਰੋਗੇ, ਭਲਾ ਕਦ ਤੱਕ ਕਿਸਾਨ। ਲੋਕ ਨਾ ਕਿਉਂ ਜਾਗਦੇ ਤੇ ਇੰਜ ਕਿਉਂ ਨਾ ਕੂਕਦੇ, ਸਾਡਿਆਂ ਹੱਕਾਂ ਤੇ ਡਾਕਾ ਮਾਰਦਾ ਹੈ ਹੁਕਮਰਾਨ।
ਗਿਰ ਗਿਆ ਬੰਦਾ ਗੁਆਚੀ ਸਾਖ
ਗਿਰ ਗਿਆ ਬੰਦਾ ਗੁਆਚੀ ਸਾਖ ਹੈ ਕਿਰਦਾਰ ਦੀ। ਸੋਂਘਿਆਂ ਦੀ ਹੇੜ੍ਹ ਉੱਤੇ, ਟੇਕ ਹੈ ਸਰਕਾਰ ਦੀ। ਇਹ ਨਹੀਂ ਕੋਲੋਂ ਬਣਾਈ, ਖ਼ਬਰ ਨਾ ਹੀ ਵਾਰਤਾ, ਮੈਂ ਤਾਂ ਸੁਰਖ਼ੀ ਪੜ੍ਹ ਰਿਹਾ ਸਾਂ, ਅੱਜ ਦੇ ਅਖ਼ਬਾਰ ਦੀ। ਰਾਜ ਪਥ ਦੇ ਕਾਫ਼ਲੇ ਵਿੱਚ ਪੂਛਲਾਂ ਮੈਂ ਵੇਖੀਆਂ, ਇੱਕ ਟੁਕੜੀ ਤੁਰ ਰਹੀ ਸੀ, ਸੁੰਘਦੀ ਫੁੰਕਾਰਦੀ। ਤੋਪ ਗੜ੍ਹਕੀ ਧਰਤ ਕੰਬੀ, ਹੋ ਗਿਆ ਲਾਗੂ ਵਿਧਾਨ, ਲੀਕ ਅੰਬਰ ਪਾਰ ਕਰ ਗਈ, ਸੁਪਨਿਆਂ ਦੀ ਡਾਰ ਦੀ। ਅਮਨ ਦੀ ਘੁੱਗੀ ਵਿਚਾਰੀ, ਤੋਪ ਅੰਦਰ ਆਲ੍ਹਣਾ, ਹੋਰ ਨਾ ਹੁਣ ਲੋੜ ਰਹਿ ਗਈ, ਅਮਨ ਦੇ ਉਪਕਾਰ ਦੀ। ਹੇ ਮਲਾਹੋ! ਇਹ ਤਾਂ ਦੱਸੋ, ਪਾਰ ਹੈ ਕਦ ਪਹੁੰਚਣਾ, ਇਹ ਤਾਂ ਕਿਸ਼ਤੀ ਡੋਲਦੀ ਹੈ, ਲੱਗਦਾ ਨਹੀਂ ਤਾਰਦੀ। ਪੰਜ ਸਾਲਾਂ ਬਾਅਦ ਹਾਕਮ, ਆਉਣਗੇ ਫਿਰ ਗਾਉਣਗੇ, ਤਰਜ਼ ਬਦਲਣਗੇ ਗਵੱਈਏ, ਫਿਰ ਨਵੇਂ ਇਕਰਾਰ ਦੀ।
ਮਾਂ ਦੇ ਪੈਰਾਂ ਥੱਲੇ ਜੰਨਤ
ਮਾਂ ਦੇ ਪੈਰਾਂ ਥੱਲੇ ਜੰਨਤ, ਸੁਣੀ ਨਹੀਂ ਮੈਂ, ਜਾਣ ਲਈ ਹੈ। ਅਸਲ ਹਕੀਕਤ ਦੁਨੀਆਂ ਫਿਰ ਕੇ, ਆਖ਼ਰ ਨੂੰ ਪਹਿਚਾਨ ਲਈ ਹੈ। ਸ਼ਬਦ ਸਿਰਜਣਾ ਸੁਰ ਦੀ ਕੀਮਤ, ਲੋਰੀ ਅੱਗੇ ਕੁਝ ਵੀ ਨਹੀਉਂ, ਮਾਂ ਦੀ ਗੋਦੀ ਅੰਦਰ ਬਹਿ ਕੇ, ਮੈਂ ਇਹ ਖ਼ੁਸ਼ਬੂ ਮਾਣ ਲਈ ਹੈ। ਕੀਹ ਦੱਸਾਂ ਮੈਂ ਮਨ ਦੀ ਹਾਲਤ, ਉਸ ਵੇਲੇ ਤੋਂ ਤੜਪ ਰਿਹਾ ਹਾਂ, ਜਿਹੜੇ ਦਿਨ ਤੋਂ ਮਾਂ ਮੇਰੀ ਨੇ ਚੁੱਪ ਦੀ ਚਾਦਰ ਤਾਣ ਲਈ ਹੈ। ਲੱਭਦੇ ਨਹੀਂਉਂ ਲਾਲ ਗੁਆਚੇ, ਕਿਰ ਜਾਵਣ ਜਦ ਮਾਣਕ ਮੋਤੀ, ਲੱਭਦੇ ਲੱਭਦੇ ਕੁੱਲ ਦੁਨੀਆਂ ਦੀ, ਮਿੱਟੀ ਵੀ ਮੈਂ ਛਾਣ ਲਈ ਹੈ। ਤੂੰ ਜੋ ਸਬਕ ਸਿਖਾਇਆ ਮੈਨੂੰ, ਵਿੱਸਰਿਆ ਸੀ, ਤਾਂ ਹੀ ਦੁੱਖ ਸੀ, ਹੁਣ ਮੈਂ ਗੰਢ ਸੰਭਾਲ ਕੇ ਰੱਖੂੰ, ਪੱਕੀ ਮਨ ਵਿੱਚ ਠਾਨ ਲਈ ਹੈ। ਇਸਦੇ ਅਰਥ ਗੁਆਚ ਗਏ ਸੀ, ਮਾਂ ਮੇਰੀ ਨੇ ਲੱਭ ਕੇ ਦਿੱਤੇ, ਸਮਝੀਂ ਨਾ ਤੂੰ ਸ਼ਬਦ ਨਿਗੂਣਾ, ਇਹ ਕੇਵਲ ਗੁਣਗਾਨ ਲਈ ਹੈ। ਮਾਂ ਤੇਰੇ ਚਰਨਾਂ ਵਿੱਚ ਭੇਟਾ, ਇਹ ਸਤਰਾਂ ਪਰਵਾਨ ਕਰੀਂ ਤੂੰ, ਧਰਤੀ ਧਰਮ ਬਰਾਬਰ ਹੈਂ ਤੂੰ, ਇਹ ਗੱਲ ਕਰ ਪਰਵਾਨ ਲਈ ਹੈ।
ਲੋਕਤੰਤਰ ਝਾਕਦਾ ਹੈ
ਲੋਕਤੰਤਰ ਝਾਕਦਾ ਹੈ, ਲੰਘ ਚੱਲੀ ਜਨਵਰੀ। ਏਸ ਦੇ ਵੱਲ ਵੇਖਿਆ ਨਾ, ਓਸ ਨੇ ਤਾਂ ਸਰਸਰੀ। ਘਰ ਦੀਆਂ ਲੋੜਾਂ ਤੇ ਥੋੜਾਂ, ਕੌਣ ਵਿਰਲਾਂ ਪੂਰਦਾ, ਜੂਨ ਕਾਂਬਾ ਛੇੜਦੀ ਹੈ, ਸੇਕ ਮਾਰੇ ਜਨਵਰੀ। ਪਿੰਡ ਦੇ ਕੱਚੇ ਘਰਾਂ ਨੂੰ ਨੇਤਾ ਨਾ ਹੁਣ ਗੌਲਦਾ, ਸਿਰ ਤੇ ਦਿੱਲੀ ਚੌਰ ਝੁੱਲੇ, ਫ਼ਰਸ਼ ਪੈਰੀਂ ਮਰਮਰੀ। ਇਹ ਵਤੀਰਾ ਬਹੁਤ ਵਾਰੀ ਯਾਦ ਕਰਕੇ ਸੋਚਦਾਂ, ਕਿਉਂ ਭਲਾ ਜੀ ਤਖ਼ਤ ਕਰਦੇ, ਹਰ ਸਮੇਂ ਹੀ ਬਰਬਰੀ*। ਬਾਬਰਾਂ ਤੋਂ ਅੱਜ ਤੀਕਰ ਸਾਰੇ ਹਾਕਮ ਕਿਉਂ ਭਲਾ, ਧਰਮ ਨੂੰ ਹੀ ਵਰਤਦੇ ਨੇ ਕਹਿ ਕੇ ਆਈਨੇ ਅਕਬਰੀ।** ਜਦ ਮਿਲੇ ਸ਼ਕਤੀ ਨਿਰੁੰਕਸ਼ ਰਾਜ ਨੂੰ ਜਾਂ ਧਰਮ ਨੂੰ, ਆਖਦੇ ਨੇ ਜੋ ਕਿਹਾ ਮੈਂ, ਇਹ ਹੈ ਫਤਵਾ ਆਖ਼ਰੀ। ਵੇਖ ਲਉ ਸਾਡੀ ਸਿਆਣਪ, ਸੱਚ ਲੁਕਦਾ ਫਿਰ ਰਿਹਾ, ਨਾ ਰਿਹਾ, ਹੇ ਰਾਮ ਜੀ! ਘਰ, ਨਾ ਹੀ ਮਸਜਿਦ ਬਾਬਰੀ। *ਜ਼ੁਲਮ, ** ਅਕਬਰ ਵੇਲੇ ਦਾ ਇਨਸਾਫ਼ ਵਿਧਾਨ
ਸੁਰਖ਼ ਗੁਲਾਬਾਂ ਦੇ ਬਾਗ਼ਾਂ ਵਿੱਚ
ਸੁਰਖ਼ ਗੁਲਾਬਾਂ ਦੇ ਬਾਗ਼ਾਂ ਵਿੱਚ, ਪੀਲ਼ੀ ਰੁੱਤ ਵੀ ਆ ਜਾਂਦੀ ਹੈ। ਗੁਰਬਤ ਜੀਕੂੰ ਖੜ੍ਹੇ ਖਲੋਤੇ, ਸਾਬਤ ਬੰਦੇ ਖਾ ਜਾਂਦੀ ਹੈ। ਤਨ ਦੀ ਮਿੱਟੀ ਪਾਲਣ ਖ਼ਾਤਰ, ਮਨ ਦੇ ਮੌਸਮ ਗਿਰਵੀ ਕਰਨੇ, ਵੇਖ ਲਵੋ ਇੱਕ ਬੁਰਕੀ ਸਾਨੂੰ, ਕਿੰਨੇ ਸਬਕ ਸਿਖਾ ਜਾਂਦੀ ਹੈ। ਰੂਹ ਦੀ ਸ਼ਕਤੀ, ਯਾਰ ਗੁਆਚੇ, ਵਕਤ ਵਿਹਾ ਕੇ ਚੇਤੇ ਆਉਂਦੇ, ਪਾਰ ਸਮੁੰਦਰ ਜਾ ਕੇ ਹੀ ਕਿਉਂ, ਯਾਦ ਚਿਤਵਣੀ ਲਾ ਜਾਂਦੀ ਹੈ। ਵਿਰਸਾ, ਮਾਣ ਮੁਹੱਬਤ ਯਾਰਾ, ਮਹਿੰਗੀ ਪੂੰਜੀ ਥੋੜੇ ਸਾਂਭਣ, ਬਹੁਤਿਆਂ ਨੂੰ ਤਾਂ ਕਣਕ ਦੀ ਰੋਟੀ ਭੋਰ ਭੋਰ ਕੇ ਖਾ ਜਾਂਦੀ ਹੈ। ਬਹੁਤੀ ਚਿੰਤਾ ਕਰਿਆ ਨਾ ਕਰ, ਜੇ ਮੰਡੀ ਵਿੱਚ ਆ ਬੈਠਾ ਏਂ, ਏਥੇ ਤਾਂ ਬਈ ਨਮਦਾ ਬੁੱਧੀ, ਅਕਲ ਦੀ ਕੀਮਤ ਲਾ ਜਾਂਦੀ ਹੈ। ਉੱਡਣਾ ਪੁੱਡਣਾ ਮਨ ਦਾ ਪੰਛੀ, ਟਾਹਣੀ ਟਾਹਣੀ ਬਹਿੰਦਾ ਫਿਰਦੈ, ਬਿਰਤੀ ਜਦੋਂ ਵਿਕਾਊ ਹੋ ਜੇ, ਸਭ ਨੂੰ ਪਿੰਜਰੇ ਪਾ ਜਾਂਦੀ ਹੈ। ਇੱਕ ਮਾਰਗ ਦੇ ਪਾਂਧੀ ਆਪਾਂ, ਭਾਵੇਂ ਵੱਖਰੇ ਤੌਰ ਤਰੀਕੇ, ਝੁਰੀਏ ਨਾ ਜੇ ਤੁਰਦੇ ਰਹੀਏ, ਮੰਜ਼ਿਲ ਨੇੜੇ ਆ ਜਾਂਦੀ ਹੈ।
ਉਮਰ ਗਵਾਚ ਰਹੀ ਕਿਉਂ ਸਾਡੀ
ਉਮਰ ਗਵਾਚ ਰਹੀ ਕਿਉਂ ਸਾਡੀ, ਸਾੜਾ ਕੀਨਾ ਸੂਲੀ ਟੰਗਦੇ। ਸ਼ੁਭ ਕਰਮਨ ਦੀ ਦਾਤ ਬਖ਼ਸ਼ ਦੇ, ਦਰਦ ਮਜੀਠੀ ਦੇ ਵਿੱਚ ਰੰਗ ਦੇ। ਇੱਕ ਦੂਜੇ ਨੂੰ ਦਿਲ ਦੀ ਕਹਿਣਾ, ਜ਼ਿੰਦਗੀ ਵਿੱਚੋਂ ਖ਼ਾਰਜ ਹੋਇਆ, ਆਪਣਾ ਆਪ ਗੁਆਚ ਰਿਹਾ ਹੈ, ਆਪਣਿਆਂ ਤੋਂ ਸੰਗਦੇ ਸੰਗਦੇ। ਆਪਣੀ ਸੰਗਤ ਦੇ ਵਿੱਚ ਸ਼ਾਮਿਲ, ਮੈਂ ਤਾਂ ਖ਼ੁਦ ਹੀ ਆਪ ਨਹੀਂ ਹਾਂ, ਕੰਚਨ ਦੇਹੀ ਮਨ ਤੋਂ ਬਾਗੀ, ਗਰਜ਼ ਖੜੱਪੇ ਰਹਿੰਦੇ ਡੰਗਦੇ। ਸਾਡੇ ਹੁੰਦਿਆਂ ਸੁੰਦਿਆਂ ਏਥੇ, ਜ਼ੋਰ ਜਵਾਨੀ ਗੁੰਮਰਾਹ ਹੋਏ, ਸੋਨਾ ਰੇਤ ਰੁਲ ਗਿਆ ਸਾਡਾ, ਵਿਕ ਚੱਲਿਆ ਹੈ ਭਾਣੇ ਭੰਗ ਦੇ। ਸ਼ਬਦ ਨਿਰੰਤਰ ਕੂਕ ਰਹੇ ਨੇ, ਵਕਤ ਬੜਾ ਬੇਰਹਿਮ ਲਿਖਾਰੀ, ਮੈਥੋਂ ਰਹਿੰਦੇ ਸ਼ਾਮ ਸਵੇਰੇ, ਵੰਨ ਸੁਵੰਨੇ ਉੱਤਰ ਮੰਗਦੇ। ਉਂਗਲਾਂ ਗਿਣ ਲਉ, ਹੱਥ ਮਿਲਾ ਕੇ, ਕੁਰਸੀ ਵਾਲਿਆਂ ਕੋਲੋਂ ਅਕਸਰ, ਰਿਸ਼ਤੇ ਨਾਤੇ ਬਣ ਚੱਲੇ ਨੇ, ਵੇਖ ਲਵੋ ਹੁਣ ਕਿਹੜੇ ਢੰਗ ਦੇ। ਰੂਹ ਦੀ ਬਾਤ ਸੁਣਾਉਣਾ, ਸੁਣਨਾ, ਬੋਲੇ ਬਿਨਾ ਹੁੰਗਾਰਾ ਭਰਨਾ, ਕੁਝ ਹਥਿਆਰ ਨੇ ਇਹ ਵੀ ਯਾਰੋ, ਅਸਲ ਮੁਹੱਬਤ ਵਾਲੀ ਜੰਗ ਦੇ।
ਕਿੱਧਰ ਤੁਰਿਉਂ, ਕਿੱਥੇ ਪਹੁੰਚੋਂ
ਕਿੱਧਰ ਤੁਰਿਉਂ, ਕਿੱਥੇ ਪਹੁੰਚੋਂ, ਧਰਤੀ ਧਰਮ ਨਿਭੌਣ ਵਾਲਿਆ। ਭਟਕਣ ਚਾਰ ਚੁਫ਼ੇਰਿਉਂ ਘੇਰੇ, ਸਾਬਤ ਸਿਦਕ ਪੜੌਣ ਵਾਲਿਆ। ਦਿਨ ਤੇ ਰਾਤ ਹਨ੍ਹੇਰਾ ਗੂੜ੍ਹਾ, ਗ਼ਰਜ਼ਾਂ ਅੱਗੇ ਫ਼ਰਜ਼ ਗਵਾਚੇ, ਪੁੱਤਰ ਧੀਆਂ ਸਬਕ ਭੁਲਾਇਆ, ਸਾਡੇ ਰਾਹ ਰੁਸ਼ਨੌਣ ਵਾਲਿਆ। ਨਰਮ ਗਦੇਲੇ ਉੱਪਰ ਨੀਂਦਰ, ਗੋਲੀ ਖਾ ਕੇ ਵੀ ਨਾ ਆਵੇ, ਮਨ ਦੇ ਅੰਦਰ ਮਾਛੀਵਾੜਾ, ਕੰਡਿਆਂ ਉੱਤੇ ਸੌਣ ਵਾਲਿਆ। ਕੁੱਲ ਦੁਨੀਆਂ ਦੀ ਸਾਂਝੀ ਬੁੱਕਲ, ਹੋ ਚੱਲੀ ਏ ਤੰਦਾ ਤੀਰੀ*, ਖਿੱਲਰ ਚੱਲੀ ਰੂਹ ਦੀ ਦੌਲਤ, ਟੁੱਟੀ ਨੂੰ ਗੰਢ ਲੌਣ ਵਾਲਿਆ। ਮਾਂ ਭਾਗੋ ਦੇ ਧੀਆਂ ਪੁੱਤਰ, ਤੁਰਦੇ ਨਾ ਰਣਭੂਮੀ ਵੱਲ ਨੂੰ, ਧਰਮ ਧੁਰੇ ਤੋਂ ਨਿੱਖੜ ਚੱਲੇ, ਮੁਕਤੀ ਮਾਰਗ ਪੌਣ ਵਾਲਿਆ। ਤੇਜ਼ ਧਾਰ ਤਲਵਾਰੋਂ ਤਿੱਖੇ, ਸ਼ਬਦ ਬਾਣ ਫਿਰ ਕੱਸ ਕੇ ਮਾਰੋ, ਔਰੰਗਜ਼ੇਬ ਅਜੇ ਨਹੀਂ ਮਰਿਆ, ਮੁੜ ਮੁੜ ਕੇ ਸਮਝੌਣ ਵਾਲਿਆ। ਚਿੜੀਆਂ ਫੇਰ ਨਿਸ਼ਾਨੇ ਉੱਤੇ, ਬਾਜ਼ ਬਣੇ ਜਰਵਾਣੇ ਮੁੜ ਕੇ, ਜ਼ਾਲਮ ਸਾਨੂੰ ਫੇਰ ਵੰਗਾਰੇ, ਗਿੱਚੀ ਨੂੰ ਹੱਥ ਪੌਣ ਵਾਲਿਆ। *ਤਾਰੋ ਤਾਰ
ਨਜ਼ਰ ਭਰ ਤੂੰ ਵੇਖਿਆ
ਨਜ਼ਰ ਭਰ ਤੂੰ ਵੇਖਿਆ, ਮੁੜ ਦਿਲ ਦੀਵਾਨਾ ਹੋ ਗਿਆ। ਵਿੱਛੜਿਆਂ ਤੇਰੇ ਤੋਂ ਭਾਵੇਂ, ਇੱਕ ਜ਼ਮਾਨਾ ਹੋ ਗਿਆ। ਵੇਖ ਲੈ ਬਿਨ ਬੋਲਿਆਂ ਤੋਂ, ਇਹ ਮੁਹੱਬਤ ਦਾ ਕਮਾਲ, ਫ਼ਰਸ਼ ਬਣ ਗਈ ਧਰਤ, ਅੰਬਰ ਸ਼ਾਮਿਆਨਾ ਹੋ ਗਿਆ। ਜ਼ਿੰਦਗੀ ਦੁਸ਼ਵਾਰ ਰਾਹੀਂ, ਤੋਰਦੀ ਹੈ ਜਦ ਕਦੇ, ਜਾਪਦੈ ਇਹ ਜਿਸਮ ਵੀ, ਮਨ ਤੋਂ ਬੇਗਾਨਾ ਹੋ ਗਿਆ। ਸੱਖਣੀ ਦੀਵਾਰ ਉੱਤੇ, ਮੋਰ ਨਾ ਹੁਣ ਬੂਟੀਆਂ, ਘਰ ਰਹੇ ਨਾ ਘਰ, ਇਹ ਜਾਪਣ ਕੈਦ ਖ਼ਾਨਾ ਹੋ ਗਿਆ। ਫ਼ਿਰਕਿਆਂ ਵਿੱਚ ਚੀਰਿਆ ਹੈ, ਇਸ ਤਰ੍ਹਾਂ ਕਿਉਂ ਰਾਹਬਰੋ, ਓਪਰਾ ਕਿਉਂ ਇਸ ਤਰ੍ਹਾਂ, ਕੌਮੀ ਤਰਾਨਾ ਹੋ ਗਿਆ। ਐਟਮੀ ਬਾਰੂਦ ਚੁੱਕੀ ਫਿਰ ਰਹੇ ਨੇ, ਤਾਜ਼ਦਾਰ, ਅਮਨ ਦੀ ਰਾਖੀ ਦੀ ਖ਼ਾਤਰ, ਕੀ ਬਹਾਨਾ ਹੋ ਗਿਆ। ਮੇਰੇ ਮਗਰੋਂ ਸ਼ਬਦ ਮੇਰੇ, ਬਾਤ ਸਾਰੀ ਕਹਿਣਗੇ, ਜਿਸ ਘੜੀ ਇਸ ਜਿਸਮ 'ਚੋਂ, ਮੇਰਾ ਪਿਆਨਾ* ਹੋ ਗਿਆ। *ਚਲਾਣਾ
ਜਾਣ ਵਾਲਿਆ! ਤੁਰ ਤਾਂ ਚੱਲਿਐਂ
ਜਾਣ ਵਾਲਿਆ! ਤੁਰ ਤਾਂ ਚੱਲਿਐਂ, ਇਹ ਨਾ ਕਹਿਰ ਗੁਜ਼ਾਰ ਵੇ ਬੀਬਾ। ਕੱਲ੍ਹਿਆਂ ਤੋਂ ਨਹੀਂ ਚੁੱਕਿਆ ਜਾਣਾ, ਇੱਕ ਅੱਥਰੂ ਦਾ ਭਾਰ ਵੇ ਬੀਬਾ। ਤੂੰ ਮੋਹ ਤੋੜ ਕੇ ਜਿੱਧਰ ਚੱਲਿਐਂ, ਇਹ ਗੱਲ ਮੇਰੀ ਚੇਤੇ ਰੱਖੀਂ, ਫ਼ਰਜ਼ਾਂ ਦੀ ਥਾਂ ਗ਼ਰਜ਼ਾਂ ਵਾਲਾ, ਵਿਸ਼ਗੰਦਲਾ ਸੰਸਾਰ ਵੇ ਬੀਬਾ। ਮੈਂ ਤੇਰੇ ਸਾਹਾਂ ਵਿੱਚ ਹਾਜ਼ਰ, 'ਵਾਜ਼ ਦਏਂ ਤਾਂ ਹੋ ਜਾਂ ਨਾਜ਼ਰ, ਟੁੱਟਣੀ ਨਹੀਂਓਂ ਦਿਲ ਤੋਂ ਦਿਲ ਦੀ, ਇਹ ਅਣਦਿਸਦੀ ਤਾਰ ਵੇ ਬੀਬਾ। ਹੁਣ ਵੀ ਬੈਠਣ ਮਨ ਦੀ ਮਮਟੀ, ਕੂੰਜਾਂ ਦੇਸ ਦਸੌਰੋਂ ਆ ਕੇ, ਰੂਹ ਨੂੰ ਸੂਲੀ ਟੰਗ ਜਾਂਦੀ ਏ, ਇਹ ਕਿਰਨਾਂ ਦੀ ਡਾਰ ਵੇ ਬੀਬਾ। ਚਾਰ ਚੁਫ਼ੇਰੇ ਘੇਰਾ ਘਿਰਿਆ, ਕੱਲ੍ਹੀ ਜਾਨ ਫਸੀ ਵਿੱਚ ਸੋਚਾਂ, ਇੱਕੋ ਤੰਦ ਮੁਹੱਬਤ ਵਾਲੀ, ਲਾ ਸਕਦੀ ਏ ਪਾਰ ਵੇ ਬੀਬਾ। ਆਪਣੇ ਮਿਲਣ ਮਸਾਂ ਮਰ ਮਰ ਕੇ, ਪੱਕਦੀ ਵੇਲੇ ਯਾਰ ਅਨੇਕਾਂ, ਸੌ ਹੱਥ ਰੱਸਾ ਗੰਢ ਸਿਰੇ ਤੇ, ਜੀਵਨ ਦਾ ਇਹ ਸਾਰ ਵੇ ਬੀਬਾ। ਸਾਲ ਛਿਮਾਹੀ ਕਦੇ ਕਦਾਈਂ, ਇਹ ਵੀ ਪੇਸ਼ੀ ਭੁਗਤ ਲਿਆ ਕਰ, ਰੂਹ ਦੇ ਅਦਲੀ ਰਾਜੇ ਦਾ ਜੋ, ਲੱਗਦਾ ਹੈ ਦਰਬਾਰ ਵੇ ਬੀਬਾ।
ਤੂੰ ਪੁੱਛਿਆ ਗਣਤੰਤਰ ਕੀ ਹੈ
ਤੂੰ ਪੁੱਛਿਆ ਗਣਤੰਤਰ ਕੀ ਹੈ, ਕਿਹੜਾ ਗਣ ਤੇ ਕਿਹੜਾ ਤੰਤਰ। ਇਹ ਤਾਂ ਭੇਡਾਂ ਚਾਰਨ ਵਾਲੇ, ਆਜੜੀਆਂ ਹੱਥ ਆਇਆ ਮੰਤਰ। ਸੀਸ ਵਾਰ ਕੇ ਤੁਰ ਗਏ ਜਿਹੜੇ, ਜੇ ਪੁੱਛਣ ਤਾਂ ਕੀ ਆਖਾਂਗੇ, ਚੋਣਾਂ ਦੇ ਨਾਂ ਥੱਲੇ ਏਥੇ, ਹੁੰਦਾ ਫਿਰਦਾ ਕੀਹ ਛੜਯੰਤਰ। ਨਬਜ਼ ਸਮੇਂ ਦੀ ਦੱਸਣ ਵਾਲਾ, ਦਿੱਲੀ ਵਿੱਚ ਉਦਾਸ ਬੜਾ ਹੈ, ਧਰਨੇ ਰੋਸ ਮੁਜ਼ਾਹਰੇ ਮਗਰੋਂ, ਚੁੱਪ ਬੈਠਾ ਹੈ ਜੰਤਰ ਮੰਤਰ। ਲੁੱਟਣ ਕੁੱਟਣ ਵਾਲੇ ਦੇ ਹੱਥ, ਤੂੰ ਤੇ ਡੋਰਾਂ ਆਪ ਫੜਾਈਆਂ, ਚੱਲ ਜਮੂਰੇ ਕਹੇ ਮਦਾਰੀ, ਤੇਰਾ ਮੇਰਾ ਏਹੀ ਅੰਤਰ। ਬੈਠਾ ਰਹਿ ਤੂੰ ਦਾਰੂ ਪੀਂਦਾ, ਭੁੱਕੀ ਮਲਦਾ ਖ਼ੁਦ ਨੂੰ ਛਲਦਾ, ਤੇਰੇ ਖੰਭ ਕੁਤਰ ਕੇ ਹੋ ਗਏ, ਦੁਸ਼ਮਣ ਤੇਰੇ ਬਹੁਤ ਉਡੰਤਰ। ਤੇਰੇ ਮੁਕਤੀਦਾਤਾ ਬਹਿ ਗਏ, ਬਾਈ ਮੰਜੇ ਤੱਕ ਲੈ ਡਹਿ ਗਏ, ਖ਼ੁਦਗ਼ਰਜ਼ੀ ਦੀ ਚਾਰ ਦੀਵਾਰੀ, ਕਰਨ ਗੁਲਾਮੀ ਕਹਿਣ ਸੁਤੰਤਰ। ਕਰਮਭੂਮ ਨੂੰ ਧਰਮ ਬਣਾ ਲੈ, ਜੇ ਚਾਹੇਂ ਤੂੰ ਸੱਤੇ ਖ਼ੈਰਾਂ, ਆਪਣਾ ਮੂਲ ਪਛਾਨਣ ਵਾਲਾ, ਦਿੱਤਾ ਤੈਨੂੰ ਜੋ ਗੁਰਮੰਤਰ।
ਕੀ ਦੱਸਾਂ ਜੀ ਸਮਝ ਪਵੇ ਨਾ
ਕੀ ਦੱਸਾਂ ਜੀ ਸਮਝ ਪਵੇ ਨਾ, ਅੱਜ ਤੜਕੇ ਦੀ ਅੱਖ ਪਈ ਫਰਕੇ। ਜਾਂ ਤਾਂ ਖੜ੍ਹੀ ਮੁਸੀਬਤ ਸਿਰ ਤੇ, ਜਾਂ ਫਿਰ ਯਾਦ ਤੇਰੀ ਦੇ ਕਰਕੇ। ਦਰਦ ਕਥਾਵਾਂ ਉਮਰੋਂ ਲੰਮੀਆਂ, ਸਾਂਭ ਜ਼ਬਾਨੀ ਰੱਖ ਨਹੀਂ ਸਕਣਾ, ਲਿਖ ਛੱਡਿਆ ਕਰ ਏਥੇ ਆ ਕੇ, ਦਿਲ ਮੇਰੇ ਦੇ ਕੋਰੇ ਵਰਕੇ। ਸਮਝ ਪਵੇ ਨਾ ਇਸ ਦੇ ਹੇਠੋਂ, ਕਿੰਜ ਨਿਕਲੇਗਾ ਜਿਸਮ ਸਬੂਤਾ, ਰੂਹ ਤੇ ਪਰਬਤ ਆਣ ਪਿਆ ਹੈ, ਤੇਰੀ ਲੰਮੀ ਚੁੱਪ ਦੇ ਕਰਕੇ। ਮੇਰੀ ਬੁੱਕਲ ਦੇ ਵਿੱਚ ਖ਼ਬਰੇ, ਕੀ ਕੁਝ ਸੱਜਣ ਛੱਡ ਜਾਂਦੇ ਨੇ, ਬਹੁਤੀ ਵਾਰੀ ਦਰਦ ਕੰਵਾਰੇ, ਭੁੱਲ ਜਾਂਦੇ ਨੇ ਏਥੇ ਧਰ ਕੇ। ਨਰਕ ਸੁਰਗ ਦੀ ਅਸਲ ਹਕੀਕਤ, ਮੈਨੂੰ ਜਿੰਨੀ ਸਮਝ ਪਈ ਹੈ, ਤਨ ਦਾ ਤਪਣਾ ਨਰਕ ਬਰਾਬਰ, ਸੁਰਗ ਸਬੂਤੀ ਰੂਹ ਨੂੰ ਵਰ ਕੇ। ਤੂੰ ਮੇਰਾ ਖ਼ਾਕਾ ਤਾਂ ਬੁਣਿਆ, ਪਰ ਹੁਣ ਇਹ ਵੀ ਕਰਮ ਕਮਾ ਦੇ, ਨਕਸ਼ ਨੁਹਾਰ ਨਿਖ਼ਾਰ ਮੁਸੱਵਰ, ਰੂਹ ਵਾਲੇ ਰੰਗਾਂ ਨੂੰ ਭਰ ਕੇ। ਜ਼ਿੰਦਗੀ ਹੈ ਰੰਗਾਂ ਦਾ ਮੇਲਾ, ਗੂੜ੍ਹੀ ਫਿੱਕੀ ਜਿਉਂ ਸਤਰੰਗੀ, ਆ ਜਾ ਰਲ਼ ਕੇ ਪੀਂਘ ਚੜ੍ਹਾਈਏ, ਲੰਘ ਚੱਲੀ ਹੈ ਉਮਰਾ ਡਰ ਕੇ।
ਥੋਹਰਾਂ ਦੇ ਫੁੱਲ ਕਿੰਨੇ ਸੋਹਣੇ
ਥੋਹਰਾਂ ਦੇ ਫੁੱਲ ਕਿੰਨੇ ਸੋਹਣੇ ਕੰਡਿਆਂ ਵਾਲੀ ਟਾਹਣੀ ਬਹਿੰਦੇ। ਤੂੰ ਇਨ੍ਹਾਂ ਤੋਂ ਕੁਝ ਤਾਂ ਸਿੱਖ ਲੈ, ਚੁੱਪ ਕੀਤੇ ਇਹ ਕੀ ਕੁਝ ਕਹਿੰਦੇ। ਸੱਜਣਾਂ ਵਾਲੇ ਭੇਸ 'ਚ ਬੰਦਾ, ਦੁਸ਼ਮਣੀਆਂ ਦੀ ਫ਼ਸਲ ਉਗਾਵੇ, ਵੇਖ ਲਵੋ ਕਲਜੁਗ ਦਾ ਪਹਿਰਾ, ਅੱਗ ਤੇ ਪਾਣੀ ਇੱਕ ਥਾਂ ਰਹਿੰਦੇ। ਰੰਗ ਮੁਹੱਬਤ ਵਾਲੇ ਪੱਕੇ, ਨਾ ਖ਼ੁਰਦੇ ਨਾ ਭੁਰਦੇ ਸਦੀਆਂ, ਸੂਰਜ ਵਰਗੇ ਵੀ ਧਰਤੀ ਦੇ, ਚਾਰ ਚੁਫ਼ੇਰੇ ਚੜ੍ਹਦੇ ਲਹਿੰਦੇ। ਮੇਰਾ ਦਿਲ ਦਰਿਆ ਨਿੱਤ ਵਗਦਾ, ਸਿੰਜਦਾ ਰੂਹ ਦੇ ਵੱਟਾਂ ਬੰਨੇ, ਓਧਰ ਓਧਰ ਤਪਣ ਧਰਤੀਆਂ, ਜਿੱਧਰ ਨੂੰ ਇਹ ਨੀਰ ਨਾ ਵਹਿੰਦੇ। ਇੱਕ ਲੈਂਦਾ ਏ ਜਾਨ ਤੇ ਦੂਜਾ, ਸੀਸ ਤਲੀ ਤੇ ਧਰ ਕੇ ਆਵੇ, ਤਖ਼ਤ ਅਤੇ ਤਖ਼ਤਾ ਵੀ ਯਾਰੋ, ਦੋਵੇਂ ਇੱਕੋ ਥਾਂ ਨਹੀਂ ਡਹਿੰਦੇ। ਦੋਸ਼ ਕਿਸੇ ਨੂੰ ਕੀ ਦੇਣਾ ਏਂ, ਦੋਚਿੱਤੀ ਹੀ ਵੈਰ ਪਈ ਹੈ, ਮੇਰੇ ਵਰਗੇ ਮਨ ਦੇ ਕੋਹੜੀ, ਆਪਣੇ ਹੱਥੋਂ ਆਪੇ ਢਹਿੰਦੇ। ਆ ਜਾ ਰਲ ਕੇ ਇੱਕ ਥਾਂ ਬਹੀਏ, ਦਿਲ ਦੀ ਸੁਣੀਏ ਆਪਣੀ ਕਹੀਏ, ਸੁਰ ਤੇ ਸ਼ਬਦ ਮਿਲਾ ਕੇ ਗਾਈਏ, ਫੁੱਲ ਖੁਸ਼ਬੋਈ ਜੀਕੂੰ ਰਹਿੰਦੇ।
ਤੂੰ ਮੈਂ ਜੋ ਅੱਜ ਤੀਕ ਨਾ ਕੀਤਾ
ਤੂੰ ਮੈਂ ਜੋ ਅੱਜ ਤੀਕ ਨਾ ਕੀਤਾ, ਚੱਲ ਦੋਵੇਂ ਰਲ਼ ਉਹ ਕੰਮ ਕਰੀਏ। ਰੂਹ ਦੇ ਅੰਦਰੋਂ ਸਭ ਰੰਗ ਲੈ ਕੇ, ਸਾਹਾਂ ਦੀ ਪਿਚਕਾਰੀ ਭਰੀਏ। ਮੈਂ ਬਣ ਜਾਨਾਂ ਕ੍ਰਿਸ਼ਨ ਘਨੱਈਆ ਤੇ ਤੂੰ ਬਣ ਜਾ ਲੋਕ ਰਾਧਿਕਾ, ਹਰ ਪਲ ਹਰ ਸਾਹ ਕਣ ਕਣ ਹੋਲੀ, ਰੰਗਾਂ ਦੇ ਸਾਗਰ ਵਿੱਚ ਤਰੀਏ। ਚੁੱਪ ਬੈਠੇ ਨੇ ਲੋਕ ਚਿਰਾਂ ਤੋਂ, ਦਰਦ ਸਮੁੰਦਰ ਗਲ ਗਲ ਭਰਿਆ, ਲਾਵਾ ਨਾ ਬਣ ਜਾਵੇ ਕਿਧਰੇ, ਆ ਇਹ ਅਗਨੀਂ ਥਾਂ ਸਿਰ ਕਰੀਏ। ਤੇਰੇ ਖੰਭ ਕਤਰਨ ਦੀ ਖ਼ਾਤਰ, ਤਿੱਖੀ ਕੈਂਚੀ ਸੋਨ ਸੁਨਹਿਰੀ, ਵੇਖੀਂ ਐਵੇਂ ਘਿਰ ਨਾ ਜਾਵੀਂ, ਨੀ ਖ੍ਵਾਬਾਂ ਦੀ ਅੱਲੜ੍ਹ ਪਰੀਏ। ਤਰਨ ਤਲਾਬ ਦੇ ਤਾਰੂ ਡੁੱਬਦੇ, ਦਰਿਆ ਦੇ ਹੜ੍ਹ ਅੱਗੇ ਵੇਖੀਂ, ਦਿਲ ਦਰਿਆਵਾ ਤਕੜਾ ਹੋ ਜਾ, ਅਗਨ ਸਮੁੰਦਰ ਰਲ ਕੇ ਤਰੀਏ। ਸੋਨ ਪਰੀ ਤੇ ਸਬਜ਼ ਕਬੂਤਰ, ਮਰਤਬਾਨ ਤੇ ਪਿੰਜਰੇ ਵਿੱਚੋਂ, ਆ ਜਾ ਰਲ਼ ਕੇ ਮੁਕਤ ਕਰਾਈਏ, ਐਵੇਂ ਨਾ ਹੌਕੇ ਭਰ ਮਰੀਏ। ਚੁੱਪ ਰਹਿਣਾ ਵੀ ਮੌਤ ਬਰਾਬਰ, ਮਨ ਦੀ ਰੋਜ਼ ਕਚਹਿਰੀ ਲੱਗੇ, ਧਰਮ ਸਲਾਮਤ ਰੱਖਣ ਖ਼ਾਤਰ, ਹੱਕ ਦਾ ਪਰਚਮ ਉੱਚਾ ਕਰੀਏ।
ਬੇਕਦਰੇ! ਤੂੰ ਅੱਖ ਵਿੱਚ ਅੱਥਰੂ
ਬੇਕਦਰੇ! ਤੂੰ ਅੱਖ ਵਿੱਚ ਅੱਥਰੂ, ਵੇਖ ਲਿਆ ਕਰ। ਛਲਕ ਰਹੇ ਨੇ ਕਿੰਨੇ ਚਿਰ ਤੋਂ, ਵੇਖ ਲਿਆ ਕਰ। ਦਿਲ ਦੀ ਧੜਕਣ ਤੇਜ਼ ਧੜਕਦੀ ਘੜੀਆਂ ਨਾਲੋਂ, ਟਿਕ ਟਿਕ ਟਿਕ ਟਿਕ, ਰੁਕ ਨਾ ਜਾਵੇ, ਵੇਖ ਲਿਆ ਕਰ। ਮੈਂ ਤੇਰੇ ਸੁਪਨੇ ਵਿੱਚ ਆ ਕੇ, ਬੈਠ ਗਿਆ ਹਾਂ, ਘਰ ਆਏ ਮਹਿਮਾਨ ਕਦੇ ਤਾਂ, ਵੇਖ ਲਿਆ ਕਰ। ਰੰਗਾਂ ਤੇ ਖ਼ੁਸ਼ਬੋਈਆਂ ਦੀ ਮੈਂ, ਜੂਨ ਪਿਆ ਹਾਂ, ਵਿੱਚ ਕਿਆਰੀ ਖਿੜਿਆਂ ਨੂੰ ਵੀ, ਵੇਖ ਲਿਆ ਕਰ। ਤੇਰੇ ਚਿਹਰੇ ਅੰਦਰ ਹਾਂ ਮੈਂ, ਹਾਜ਼ਰ ਨਾਜ਼ਰ, ਸ਼ੀਸ਼ੇ ਅੰਦਰ ਆਪ ਕਦੇ ਤਾਂ, ਵੇਖ ਲਿਆ ਕਰ। ਮਿਹਰ ਨਜ਼ਰ ਦੀ ਭਿੱਖਿਆ ਪਾ ਦੇ, ਕਰਮ ਕਮਾ ਦੇ, ਦਿਲ ਦਰਵਾਜ਼ੇ ਜੋਗੀ ਆਏ, ਵੇਖ ਲਿਆ ਕਰ। ਚੱਲ ਰੂਹੇ ਨੀ ਪਾਰ ਜਿਸਮ ਤੋਂ, ਇੱਕਲਵਾਂਝੇ, ਦਿਲ ਜੇ ਚੁੱਪ ਹੈ, ਆਪ ਕਦੇ ਤਾਂ ਵੇਖ ਲਿਆ ਕਰ।
ਮੰਜ਼ਿਲ ਨੇੜੇ ਹੋ ਜਾਵੇ ਜਦ
ਮੰਜ਼ਿਲ ਨੇੜੇ ਹੋ ਜਾਵੇ ਜਦ ਜਗਣ ਚਿਰਾਗ ਬਨੇਰੇ ਤੇ। ਤੁਰਨਾ ਹੈ ਜਾਂ ਬਹਿ ਕੇ ਝੁਰਨਾ ਬਾਕੀ ਨਿਰਭਰ ਤੇਰੇ ਤੇ। ਸੂਰਜ ਹੁੰਦਿਆਂ ਸੁੰਦਿਆਂ ਸੁੱਤੇ ਰਹਿਣ ਵਾਲਿਓ ਜਾਗ ਪਵੋ, ਪਿੱਛੇ ਰਹਿ ਗਏ ਦੋਸ਼ ਧਰੋਗੇ, ਮਗਰੋਂ ਸਿਰਫ਼ ਹਨ੍ਹੇਰੇ ਤੇ। ਸਿਰ ਤੇ ਤਾਰਾ ਮੰਡਲ ਤਣਿਆ, ਚਾਨਣ ਦੀ ਫੁਲਕਾਰੀ ਵਾਂਗ, ਤੂੰ ਕਿਉਂ ਡਰੇਂ ਹਨ੍ਹੇਰੇ ਕੋਲੋਂ, ਗਗਨ ਚੰਦੋਆ ਤੇਰੇ ਤੇ। ਰਾਤ ਦੀ ਬੁੱਕਲ ਅੰਦਰ ਕੀ ਕੁਝ, ਲੱਭ ਲੈ ਕੋਸ਼ਿਸ਼ ਕਰਕੇ ਤੂੰ, ਬੇਹਿੰਮਤਾ ਕਿਉਂ ਸ਼ਿਕਵਾ ਕਰਦੈਂ, ਆਪਣੇ ਚਾਰ ਚੁਫ਼ੇਰੇ ਤੇ। ਜਿਵੇਂ ਪਤੰਗ ਤੇ ਡੋਰ ਦਾ ਰਿਸ਼ਤਾ, ਟੁੱਟ ਜਾਵੇ ਤਾਂ ਜੁੜਦਾ ਨਾ, ਤਨ ਤਾਂ ਰੁਲਦਾ, ਰੁੱਸ ਜਾਵੇ ਜੇ, ਰੂਹ ਸੱਜਣਾਂ ਦੇ ਡੇਰੇ ਤੇ। ਤੇਰੇ ਰਾਹਾਂ ਅੰਦਰ ਚਾਨਣ, ਖ਼ੁਸ਼ਬੋਈਆਂ ਦਾ ਰੂਪ ਬਣਾਂ, ਅਣਲਿਖਿਆ ਇਕਰਾਰ ਨਿਭਾਊਂ, ਕਰ ਵਿਸ਼ਵਾਸ ਤੂੰ ਮੇਰੇ ਤੇ। ਆਸ ਉਮੀਦਾਂ ਵਾਲੀ ਕੰਨੀ, ਘੁੱਟ ਕੇ ਫੜ ਲੈ, ਛੱਡੀਂ ਨਾ, ਚਾਂਦੀ ਰੰਗੀ ਕੋਰ ਲਿਸ਼ਕਦੀ, ਤੱਕ ਬੱਦਲਾਂ ਦੇ ਘੇਰੇ ਤੇ।
ਵੇਖ ਲੈ ਹੋਇਆ ਕੀ ਮੇਰਾ
ਵੇਖ ਲੈ ਹੋਇਆ ਕੀ ਮੇਰਾ ਹਾਲ ਹੈ। ਭੀੜ ਹੈ, ਪਰ ਦੋਸਤੀ ਦਾ ਕਾਲ਼ ਹੈ। ਵੇਖਿਆ ਅੰਬਰ 'ਚੋਂ ਰਾਤੀਂ ਸ਼ਹਿਰ ਨੂੰ, ਜਾਪਿਆ ਇਹ ਮੋਤੀਆਂ ਦਾ ਥਾਲ ਹੈ। ਧਰਤ ਉੱਤੇ ਤੂੰ ਖੜ੍ਹੀ ਨੇ ਇਹ ਕਿਹਾ, ਭਰਮ ਹੈ, ਇਹ ਰੌਸ਼ਨੀ ਦਾ ਜਾਲ਼ ਹੈ। ਛਣਕੀਆਂ ਫ਼ਲੀਆਂ ਸ਼ਰੀਂਹ ਤੇ, ਮੈਂ ਕਿਹਾ, ਸੁਣ ਜ਼ਰਾ ਇਹ ਬਿਰਖ਼ ਦਾ ਜੋ ਤਾਲ ਹੈ। ਤੂੰ ਕਿਹਾ, ਪੱਤਰ ਹਰੇ ਸੀ ਝੜ ਗਏ, ਇਹ ਤਾਂ ਓਸੇ ਦਰਦ ਦਾ ਇਕਬਾਲ ਹੈ। ਪੋਹ ਮਹੀਨੇ ਝੰਬ ਸੁੱਟੀ ਕਾਇਨਾਤ, ਜਜ਼ਬਿਆਂ ਨੂੰ ਨਿੱਘ ਦੀ ਹੁਣ ਭਾਲ ਹੈ। ਤੁਰ ਗਏ ਕਿੱਧਰ ਸਾਜ਼ਿੰਦੇ ਤੁਰ ਗਏ, ਜ਼ਿੰਦਗੀ ਬੇ ਬਹਿਰ ਬੇ ਸੁਰਤਾਲ ਹੈ।
ਇੱਕ ਦੀਵੇ ਤੋਂ ਦੂਜਾ ਜਗਦਾ
ਇੱਕ ਦੀਵੇ ਤੋਂ ਦੂਜਾ ਜਗਦਾ, ਕੁਝ ਨਹੀਂ ਘਟਦਾ ਚਾਨਣ ਦਾ। ਵੰਡਿਆ ਕਰ ਤੂੰ ਰੌਸ਼ਨੀਆਂ ਨੂੰ, ਵਕਤ ਹੈ ਰਲ਼ ਕੇ ਮਾਨਣ ਦਾ। ਰਾਹਗੀਰਾਂ ਨੂੰ ਰੁੱਖ ਹਰਿਆਲੇ, ਸਿਰਨਾਵਾਂ ਤਾਂ ਪੁੱਛਦੇ ਨਹੀਂ, ਵਕਤ ਖੁੰਝਾਉਂਦੇ ਨਾ ਉਹ ਇੱਕ ਪਲ, ਸਿਰ ਤੇ ਛਤਰੀ ਤਾਨਣ ਦਾ। ਬਹੁਤੀ ਵਾਰੀ ਸ਼ੀਸ਼ੇ ਕੋਲੋਂ, ਡਰ ਜਾਂਦੇ ਹਾਂ, ਖਵਰੇ ਕਿਉਂ, ਇਹ ਹੀ ਨੁਕਤਾ ਦੱਸਦੈ ਸਾਨੂੰ, ਖ਼ੁਦ 'ਚੋਂ ਖ਼ੁਦ ਨੂੰ ਜਾਨਣ ਦਾ। ਏਨੀ ਗੂੜ੍ਹੀ ਰਾਤ ਹਨ੍ਹੇਰੀ, ਵੇਖੋ ਜੁਗਨੂੰ ਕੀਹ ਕਹਿੰਦਾ, ਉੱਡਣੇ ਪੁੱਡਣੇ ਵੀਰੋ ਆਉ, ਇਹ ਹੀ ਵਕਤ ਸੰਭਾਲਣ ਦਾ। ਅੱਖੀਆਂ ਮੀਟ ਕਦੇ ਨਾ ਬੈਠੋ, ਜੇ ਜੀਂਦੇ ਪਰਮਾਣ ਦਿਓ, ਦਰਦ ਉਡੀਕੇ ਸੂਰਮਿਆਂ ਨੂੰ, ਵਕਤ ਨਹੀਂ ਇਹ ਟਾਲਣ ਦਾ। 'ਵਾਜਾਂ ਮਾਰ ਬੁਲਾਵੇ ਪੁੱਤਰਾ, ਮਰਯਾਦਾ ਇਸ ਮਿੱਟੀ ਦੀ, ਇਸ ਦਾ ਨੇਮ ਪੁਰਾਣਾ ਸਦੀਆਂ, ਲੱਗੀਆਂ ਦੀ ਲੱਜ ਪਾਲਣ ਦਾ। ਟਾਵਾਂ ਟਾਵਾਂ ਤਾਰਾ ਟਿਮਕੇ, ਤੜਕਸਾਰ ਜਹੇ ਰਾਤ ਢਲ਼ੇ, ਏਸੇ ਦੀ ਬੁੱਕਲ ਵਿੱਚ ਸਰਘੀ, ਜਿਗਰਾ ਕਰ ਤੂੰ ਭਾਲਣ ਦਾ।
ਪਤਾ ਨਹੀਂ, ਜ਼ਿੰਦਗੀ, ਤੂੰ ਕੀ
ਪਤਾ ਨਹੀਂ, ਜ਼ਿੰਦਗੀ, ਤੂੰ ਕੀ ਪੜ੍ਹਾਇਆ, ਹਾਦਸੇ ਵਰਗਾ। ਕਿ ਉਸ ਤੋਂ ਬਾਦ ਕੁਝ ਵੀ ਰਹਿ ਗਿਆ ਨਾ, ਜ਼ਿੰਦਗੀ ਵਰਗਾ। ਮੈਂ ਅਕਸਰ ਸੋਚਦਾ ਹਾਂ, ਕਦ ਮਿਲੇਗਾ ਇਸ਼ਟ ਇਨ੍ਹਾਂ ਨੂੰ, ਜਿਨ੍ਹਾਂ ਨੂੰ ਰਾਤ ਦਿਨ ਹੀ ਭਰਮ ਰਹਿੰਦਾ ਬੰਦਗੀ ਵਰਗਾ। ਤੁਸੀਂ ਮਿਥਿਹਾਸ ਨੂੰ ਇਤਿਹਾਸ ਦੇ ਭਾਅ, ਵੇਚਣਾ ਚਾਹੋ, ਖ਼ੁਦਾਇਆ ਕਿਉਂ ਵਿਖਾਇਆ ਵਕਤ ਇਹ, ਬੇਹੂਦਗੀ ਵਰਗਾ। ਕਦੇ ਬਾਜ਼ਾਰ ਵਿੱਚ ਵਿਕਦੇ ਸੀ ਸੌਦੇ, ਸਿਰਫ਼ ਜਿਸਮਾਂ ਦੇ, ਇਹ ਰੂਹ ਕੀ ਮੰਗਦੀ ਹੈ, ਵਣਜ ਕਰਕੇ ਦਿਲਲਗੀ ਵਰਗਾ। ਮੈਂ ਜੋ ਵੀ ਸੋਚਦਾ ਹਾਂ, ਕਹਿਣ ਵੇਲੇ ਜਰਕ ਜਾਂਦਾ ਹਾਂ, ਮੇਰੇ ਵਿੱਚ ਕੌਣ ਆ ਬੈਠਾ ਹੈ, ਬਿਲਕੁਲ ਅਜਨਬੀ ਵਰਗਾ। ਹਜ਼ਾਰਾਂ ਪੁਸਤਕਾਂ ਪੜ੍ਹੀਆਂ ਪੜ੍ਹਾਈਆਂ ਕੰਮ ਨਾ ਆਈਆਂ, ਕਿਤੋਂ ਵੀ ਹਰਫ਼ ਨਾ ਮਿਲਿਆ, ਨਿਰੰਤਰ ਤਾਜ਼ਗੀ ਵਰਗਾ। ਲਬਾਂ ਤੇ ਜਾਨ ਹੈ, ਈਮਾਨ ਮੇਰਾ ਲੜਖੜਾਉਂਦਾ ਹੈ, ਭਲਾ ਦਿੱਤਾ ਕਿਉਂ ਤੂੰ ਇਹ ਇਸ਼ਾਰਾ ਬੇਰੁਖ਼ੀ ਵਰਗਾ।
ਸਾਡੀ ਵੀ ਇਹ ਮਾਂ ਧਰਤੀ ਹੈ
ਸਾਡੀ ਵੀ ਇਹ ਮਾਂ ਧਰਤੀ ਹੈ, ਤੈਥੋਂ ਡਰ ਕੇ ਜੈ ਕਿਉਂ ਕਹੀਏ? ਚਾਰੇ ਚੱਕ ਜਾਗੀਰ ਅਸਾਡੀ, ਜਿੱਥੇ ਜਿੱਦਾਂ ਮਰਜ਼ੀ ਰਹੀਏ। ਸੀਸ ਤਲੀ ਤੇ ਆਪਾਂ ਧਰੀਏ, ਦੇਸ਼ ਆਜ਼ਾਦ ਕਰਾਵਣ ਵੇਲੇ, ਹੁਣ ਤੂੰ ਭਾਗ ਵਿਧਾਤਾ ਬਣਦੈਂ, ਦੱਸਦੈਂ ਕਿੱਥੇ ਉੱਠੀਏ ਬਹੀਏ। ਸਾਡੀ ਧਰਤੀ ਵੇਦ ਵਿਆਸੀ, ਵਾਲਮੀਕਿ, ਨਾਨਕ ਦੀ ਵਾਸੀ, ਸ਼ਬਦ ਗੁਰੂ ਨੇ ਸਾਵੇਂ ਰੱਖੇ, ਇਸ ਜ਼ਿੰਦਗੀ ਦੇ ਚਾਰੇ ਪਹੀਏ। ਤੇਰੀ ਲਿਖੀ ਇਬਾਰਤ ਅੰਦਰ, ਇੱਕੋ ਰੰਗ ਦੀ ਮੂਰਤ ਦਿਸਦੀ, ਏਸੇ ਬੇਵਿਸ਼ਵਾਸੀ ਕਰਕੇ, ਇੱਕ ਦੂਜੇ ਦੀ ਨਜ਼ਰੋਂ ਲਹੀਏ। ਵਤਨ ਮੇਰਾ ਫੁਲਕਾਰੀ ਵਰਗਾ, ਖੱਦਰ ਸ਼ਕਤੀ ਰੇਸ਼ਮ ਡੋਰਾਂ, ਸਭ ਰੰਗਾਂ ਦਾ ਮੇਲਾ ਧਰਤੀ, ਸਭ ਦੀ ਸੁਣੀਏ, ਸਭ ਨੂੰ ਕਹੀਏ। ਰਾਜ ਭਾਗ ਤਾਂ ਆਉਣੇ ਜਾਣੇ, ਬੱਦਲਾਂ ਦੇ ਪਰਛਾਵੇਂ ਵਾਂਗੂੰ, ਫੁੱਲਾਂ ਵਿੱਚ ਖੁਸ਼ਬੋਈ ਜੀਕੂੰ, ਰੰਗਾਂ ਅੰਦਰ ਵੱਸਦੇ ਰਹੀਏ। ਮਨ ਤੋਂ ਮਨ ਵਿਚਕਾਰ ਪਸਰਿਆ, ਸਹਿਮ ਜਿਹਾ ਤੇ ਚੁੱਪ ਦਾ ਪਹਿਰਾ, ਰੁੱਖ ਘਣਛਾਵੇਂ ਦੀ ਜੜ੍ਹ ਇੱਕੋ, ਟਾਹਣਾਂ ਵਾਂਗੂੰ ਕਾਹਨੂੰ ਖਹੀਏ।
ਰਾਵੀ ਪਾਰੋਂ ਅਸਦ ਅਮਾਨਤ
ਰਾਵੀ ਪਾਰੋਂ ਅਸਦ ਅਮਾਨਤ*, ਗਾ ਕੇ ਲਾਹਵੇ ਜਾਲ਼ੇ। ਸੁਰਖ਼ ਗੁਲਾਬਾਂ ਦੇ ਮੌਸਮ ਕਿਉਂ, ਫੁੱਲਾਂ ਦੇ ਰੰਗ ਕਾਲ਼ੇ। ਕਿਰਤੀ ਦੇ ਹੱਥਾਂ ਨੂੰ ਕੜੀਆਂ, ਹੋਰ ਮੁਸੀਬਤਾਂ ਬੜੀਆਂ, ਜੇ ਬੋਲੇ ਤਾਂ ਤੁਰਤ ਲਗਾਉਂਦੇ, ਜੀਭਾਂ ਉੱਪਰ ਤਾਲੇ। ਸ਼ਹਿਰ ਸ਼ਿਕਾਗੋ ਵਰਗਾ ਨਕਸ਼ਾ, ਹਰ ਜ਼ਾਲਮ ਦੇ ਮੱਥੇ, ਓਹੀ ਲਾਠੀ ਓਹੀ ਗੋਲ਼ੀ, ਕੀ ਗੋਰੇ ਕੀ ਕਾਲ਼ੇ। ਹਾਕਮ ਹੁਕਮ ਚਲਾਉਣ ਦੀ ਖ਼ਾਤਰ, ਕੀ ਕੀ ਰੰਗ ਵਟਾਉਂਦੇ, ਭੇਸ ਵਟਾਉਂਦੇ ਵਾਰੀ-ਵਾਰੀ, ਰਾਣੀ ਖਾਂ ਦੇ ਸਾਲੇ। ਜ਼ਿੰਦਗੀ ਵਾਲਾ ਘੁੰਮਦਾ ਪਹੀਆ, ਲੀਹ ਤੋਂ ਲੱਥਿਆ ਸਾਡਾ, ਕਿਸ ਜੰਗਲ ਨੂੰ ਤੁਰ ਪਏ ਸਾਰੇ ਜੋਗੀ ਅਕਲਾਂ ਵਾਲੇ। ਬੱਤੀ ਦੰਦਾਂ ਅੰਦਰ ਜੀਭਾ, ਜੀਕੂੰ, ਜਾਨ ਬਚਾਉਂਦੀ, ਇੰਜ ਕਿਉਂ ਲੱਗਦੈ, ਲੁਕਦੇ ਫਿਰਦੇ , ਹੱਕ ਸੱਚ ਦੇ ਰਖਵਾਲੇ। ਹੁਣ ਤਾਂ ਕੁਰਸੀ ਮੇਜ਼ ਨਿਬੇੜੇ, ਰਣ ਭੂਮੀ ਦੇ ਰੌਲ਼ੇ, ਮੈਂ ਕਿਉਂ ਹਾਲੇ ਚੁੱਕੀ ਫਿਰਦਾਂ, ਨੇਜ਼ੇ, ਛਵ੍ਹੀਆਂ, ਭਾਲੇ। * ਪਾਕਿਸਤਾਨ ਦਾ ਲੋਕ ਗਾਇਕ ਅਸਦ ਅਮਾਨਤ ਅਲੀ
ਅਜਬ ਸਰੂਰ ਜਿਹਾ ਇੱਕ ਮਿਲਦੈ
ਅਜਬ ਸਰੂਰ ਜਿਹਾ ਇੱਕ ਮਿਲਦੈ, ਸ਼ਹਿਰ ਤੇਰੇ 'ਚੋਂ ਲੰਘਦਿਆਂ ਵੀ। ਰਹਿ ਨਹੀਂ ਹੋਇਆ, ਕਹਿ ਦਿੱਤਾ ਹੈ, ਤੈਨੂੰ ਇਹ ਮੈਂ ਸੰਗਦਿਆਂ ਵੀ। ਨੀਮ ਜ਼ਹਿਰ ਵਿੱਚ ਘੂਕ ਪਿਆ ਹਾਂ, ਕੈਸਾ ਡੰਗ ਚਲਾਇਆ ਹੈ ਤੂੰ, ਸ਼ੁਕਰ ਤੇਰਾ ਤੂੰ ਚੇਤੇ ਰੱਖੀ, ਰਿਸ਼ਤੇਦਾਰੀ ਡੰਗਦਿਆਂ ਵੀ। ਇਹ ਤਾਂ ਤੈਨੂੰ ਐਵੇਂ ਲੱਗਦੈ, ਅੱਜ ਮੁਹੱਬਤ ਖ਼ਤਰੇ ਵਿੱਚ ਹੈ, ਕਸਰ ਨਹੀਂ ਸੀ ਛੱਡੀ ਹੀਰੇ, ਚਾਚੇ ਤਾਇਆਂ ਝੰਗ ਦਿਆਂ ਵੀ। ਰਾਤ ਦੀ ਰਾਣੀ ਬਣ ਚੰਬੇਲੀ, ਸਾਹੀਂ ਵੱਸ ਜਾ ਲਾਜਵੰਤੀਏ, ਸੱਚ ਪੁੱਛੇਂ ਤਾਂ ਡਰ ਜਾਂਦਾ ਹਾਂ, ਖ਼ੁਸ਼ਬੂ ਤੈਥੋਂ ਮੰਗਦਿਆਂ ਵੀ। ਸੱਚ ਤੇ ਹੱਕ ਜਤਾਉਣ ਦੀ ਕੀਮਤ, ਸੀਸ ਵਾਰ ਕੇ ਤਾਰ ਨੀ ਜਿੰਦੇ, ਜ਼ਾਲਮ ਨੇ ਨਹੀਂ ਪੁੱਛਣਾ ਪਹਿਲਾਂ, ਤੈਨੂੰ ਸੂਲੀ ਟੰਗਦਿਆਂ ਵੀ। ਥਿੰਦੇ ਕਾਗ਼ਜ਼ ਉੱਤੇ ਮੇਰੇ, ਸ਼ਬਦ ਇਬਾਰਤ ਤਾਂ ਨਹੀਂ ਬਣਨੇ, ਮੈਂ ਕਿਉਂ ਹਾਰਾਂ ਹਿੰਮਤ, ਤੇਰੀ ਰੂਹ ਵਿੱਚ, ਰੂਹ ਨੂੰ ਰੰਗਦਿਆਂ ਵੀ। ਮੈਂ ਤਾਂ ਤੇਰੀ ਅਰਦਲ ਅੰਦਰ, ਹੋ ਬੈਠਾ ਹਾਂ ਬੇ ਹਥਿਆਰਾ, ਤੂੰ ਕਿਉਂ ਭਰਮ ਭੁਲੇਖੇ ਪਾਲੇ, ਮੇਰੀ ਤਾਕਤ ਅੰਗਦਿਆਂ ਵੀ।
ਕੀ ਦੱਸਾਂ ਕੀ ਦੱਸਾਂ ਯਾਰਾ
ਕੀ ਦੱਸਾਂ ਕੀ ਦੱਸਾਂ ਯਾਰਾ, ਰਾਵੀ ਮੈਨੂੰ ਦੇਸ ਵਾਂਗ ਹੈ। ਜਿੱਥੇ ਆਹ ਮੈਂ ਰਹਿੰਦਾ ਮਰਦਾਂ, ਇਹ ਤਾਂ ਸਭ ਪਰਦੇਸ ਵਾਂਗ ਹੈ। ਬੇਦਖ਼ਲਾਂ ਵਿੱਚ ਮੇਰਾ ਨਾਵਾਂ, ਲਿਖਣਾ ਚਾਹੋ ਲਿਖ ਸਕਦੇ ਹੋ, ਇਹ ਧਰਤੀ ਤਾਂ ਸਾਡੀ ਖ਼ਾਤਰ, ਬਿਲਕੁਲ ਪਾਟੇ ਖੇਸ ਵਾਂਗ ਹੈ। ਸ਼ਿਵ ਤੇ ਫ਼ੈਜ਼ ਸੀ ਪੁਰਖ਼ੇ ਮੇਰੇ, ਕਾਦਰਯਾਰ ਸਵਾਸੀਂ ਰਮਿਆ, ਆਹ ਜੋ ਸ਼ਬਦ ਸੁਣਾਂ, ਮੈਂ ਲਿਖਦਾਂ, ਰੂਹ ਤੇ ਨਕਲੀ ਵੇਸ ਵਾਂਗ ਹੈ। ਬਾਬਰ ਵਾਲੀ ਜਾਬਰ ਚੱਕੀ, ਗੇੜ ਰਿਹਾਂ ਪਰ ਝੁਕਿਆ ਨਾ ਮੈਂ, ਹੱਕ ਸੱਚ ਤੇ ਇਨਸਾਫ਼ ਦੀ ਖ਼ਾਤਰ, ਪੈ ਗਏ ਝੂਠੇ ਕੇਸ ਵਾਂਗ ਹੈ। ਆਜ਼ਾਦੀ ਦੇ ਪਰਚਮ ਨੂੰ ਮੈਂ, ਇੱਕ ਦਿਨ ਪੁੱਛਿਆ,ਕਿੱਦਾਂ ਲੱਗਦੈ, ਓਸ ਕਿਹਾ ਬੱਸ ਲਟਕ ਰਿਹਾਂ, ਪਰ, ਦਿਲ ਤਾਂ ਲੱਗੀ ਠੇਸ ਵਾਂਗ ਹੈ। ਹਰ ਮੌਸਮ ਵਿੱਚ ਧੁੱਪੇ ਛਾਵੇਂ, ਮੀਂਹ ਕਣੀਆਂ ਬਰਫ਼ਾਨੀ ਰੁੱਤੇ, ਵਣ ਹਰਿਆਲੇ ਨੂੰ ਜਿਉਂ ਕੱਜਣ, ਸ਼ਬਦ ਬਗੀਚਾ ਭੇਸ ਵਾਂਗ ਹੈ। ਇਹ ਮਨ ਚੰਚਲ ਕੁੱਜੇ ਅੰਦਰ, ਸਗਲ ਸ੍ਰਿਸ਼ਟੀ ਪਾਉਣਾ ਚਾਹੇ, ਸੱਚ ਪੁੱਛੋ ਤਾਂ ਮੇਰੀ ਹਾਲਤ, ਬਿਲਕੁਲ ਬਾਲ ਵਰੇਸ ਵਾਂਗ ਹੈ।
ਮਿਲਣ ਆਇਆ ਧਰਤ ਨੂੰ
ਮਿਲਣ ਆਇਆ ਧਰਤ ਨੂੰ, ਮਿਲ ਕੇ ਬਰਾਬਰ ਹੋ ਗਿਆ। ਇਸ ਤਰ੍ਹਾਂ ਕਿਉਂ ਜਾਪਦਾ, ਨੀਵਾਂ ਹੈ ਅੰਬਰ ਹੋ ਗਿਆ। ਮਾਰ ਕੇ ਆਵਾਜ਼ ਮਗਰੋਂ, ਤੂੰ ਸੀ ਮੈਨੂੰ ਕੀ ਕਿਹਾ, ਯਾਦ ਨਾ, ਪਰ ਵੇਖ ਮੇਰਾ, ਦਿਲ ਤਾਂ ਕਾਫ਼ਰ ਹੋ ਗਿਆ। ਝੜ ਗਏ ਪੱਤਰ ਪੁਰਾਣੇ, ਫਿਰ ਪੁੰਗਾਰਾ ਪੁੰਗਰਿਆ, ਕੋਂਪਲਾਂ ਦਾ ਬਦਨ ਹੀ, ਰੱਬ ਦਾ ਪੈਗੰਬਰ ਹੋ ਗਿਆ। ਅੱਥਰੂ ਜਦ ਅੱਖ ਅੰਦਰ ਸੀ ਤਾਂ, ਤੁਪਕੇ ਵਾਂਗ ਸੀ, ਵਹਿ ਗਿਆ ਤਾਂ ਵੇਖ ਲੈ, ਪਲ ਵਿੱਚ ਸਮੁੰਦਰ ਹੋ ਗਿਆ। ਫੇਰ ਧੋਖਾ ਖਾਣ ਮਗਰੋਂ, ਕਿਉਂ ਭਲਾ ਖਾਂਦਾ ਵਿਸਾਹ, ਹੁਣ ਤਾਂ ਇਹ ਦਿਲ ਜਾਪਦੈ, ਮੇਰੇ ਤੋਂ ਨਾਬਰ ਹੋ ਗਿਆ। ਜਾਪਦੈ ਬਾਜ਼ਾਰ ਦੀ, ਲੱਗੀ ਹੈ ਇਸ ਨੂੰ ਇਹ ਹਵਾ, ਰਿਸ਼ਤਿਆਂ ਦਾ ਚਿਹਨ ਚੱਕਰ ਵੀ ਆਡੰਬਰ ਹੋ ਗਿਆ। ਕੱਢ ਕੇ ਸ਼ੀਸ਼ਾ ਵਿਖਾਇਆ, ਮੈਂ ਕਿਹਾ, ਕਿ ਵੇਖ ਲਓ, ਬਦ ਗੁਮਾਨਾਂ ਸਮਝਿਆ, ਸਾਡਾ ਨਿਰਾਦਰ ਹੋ ਗਿਆ।
ਕਿਵੇਂ ਲਿਖੇਂ ਤੂੰ ਮੁਹੱਬਤੀ
ਕਿਵੇਂ ਲਿਖੇਂ ਤੂੰ ਮੁਹੱਬਤੀ ਇਹ ਗ਼ਜ਼ਲ ਅਤੇ ਗੀਤ। ਕਿੱਦਾਂ ਸ਼ਬਦੀਂ ਪਰੋਨੈਂ, ਵਿੱਚ ਰਾਵੀ ਦਾ ਸੰਗੀਤ। ਸੁਣੋ ਇੱਕ ਵਾਰ ਸੁਣੋ, ਮੇਰਾ ਪਿੱਛਾ ਨਾਰੋਵਾਲ, ਅਸੀਂ ਉੱਜੜੇ ਆਜ਼ਾਦੀ ਹੱਥੋਂ, ਸੁਣੋ ਮੇਰੇ ਮੀਤ। ਕਿੱਥੇ ਸੁੱਟਿਆ ਲਿਆ ਕੇ ਸਾਨੂੰ, ਵੰਡ ਤੇ ਵੰਡਾਰੇ, ਜੜ੍ਹਾਂ ਅੱਜ ਤੀਕ ਭੁੱਲੀਆਂ, ਨਾ ਪਿਛਲੀ ਪ੍ਰੀਤ। ਜਿਸ ਪਿੰਡ ਵਿੱਚ ਜੰਮਿਆ ਤੇ, ਪਾਇਆ ਪਹਿਲਾ ਊੜਾ, ਓਸ ਪਾਠਸ਼ਾਲ ਥਾਵੇਂ ਪਹਿਲਾਂ ਹੁੰਦੀ ਸੀ ਮਸੀਤ। ਸਾਨੂੰ ਦਰਦਾਂ ਪੜ੍ਹਾਇਆ ਹੈ ਮੁਹੱਬਤਾਂ ਦਾ ਕਾਇਦਾ, ਤਾਂ ਹੀ ਪੈਰ ਪੈਰ ਉੱਤੇ ਪਿੱਛਾ ਛੱਡੇ ਨਾ ਅਤੀਤ। ਭਾਵੇਂ ਯਮਲਾ ਜੀ ਗਾਉਣ ਭਾਵੇਂ ਆਲਮ ਲੋਹਾਰ, ਸਦਾ ਲੱਗੇ ਮੈਨੂੰ ਗਾਉਣ ਸਾਡੇ ਪਿੰਡ ਦਾ ਸੰਗੀਤ। ਏਸ ਧਰਤੀ ਦੇ ਵੇਦ, ਸਾਰੇ ਗਰੰਥ ਤੇ ਕੁਰਾਨ, ਦੱਸੋ ਕਿਹੜਾ ਕਹੇ ਪੁੱਤ, ਕਰੋ ਜ਼ਿੰਦਗੀ ਪਲੀਤ।
ਖ਼ੂਨ ਜਿਗਰ ਦਾ ਪਾਉਣਾ ਪੈਂਦਾ
ਖ਼ੂਨ ਜਿਗਰ ਦਾ ਪਾਉਣਾ ਪੈਂਦਾ, ਸ਼ਬਦ ਸਦਾ ਕੁਰਬਾਨੀ ਮੰਗਦੇ। ਜੇ ਬੋਲੋ ਤਾਂ ਜਾਨ ਨੂੰ ਖ਼ਤਰਾ, ਨਾ ਬੋਲੋ ਤਾਂ ਸੂਲੀ ਟੰਗਦੇ। ਹਰ ਪਲ ਜੀਕੂੰ ਇਮਤਿਹਾਨ ਹੈ, ਰਹਿਣਾ ਪੈਂਦੈ ਲੱਤ ਇੱਕੋ ਤੇ, ਚੌਂਕੀਦਾਰ ਤੋਂ ਸਖ਼ਤ ਨੌਕਰੀ, ਫ਼ਿਕਰ ਚੁਫ਼ੇਰਿਓਂ ਰਹਿੰਦੇ ਡੰਗਦੇ। ਖਿੱਲਰੇ ਪੁੱਲਰੇ ਸੁਪਨ ਹਜ਼ਾਰਾਂ, ਸ਼ਬਦਾਂ ਨੂੰ ਮੈਂ ਰਹਾਂ ਸੌਂਪਦਾ, ਦਿਨ ਤੇ ਰਾਤ ਮੈਂ ਚੁਗਦਾ ਰਹਿੰਦਾ, ਖਿੱਲਰੇ ਟੋਟੇ ਰੰਗਲੀ ਵੰਗ ਦੇ। ਮਸ਼ਕ ਘਨੱਈਏ ਵਾਲੀ ਮੇਰੇ, ਸ਼ਬਦ ਉਸੇ ਪਲ ਬਣ ਜਾਂਦੇ ਨੇ, ਵਤਨਾਂ ਦੀ ਰਖਵਾਲੀ ਕਹਿ ਕੇ, ਬਣਨ ਆਸਾਰ ਜਦੋਂ ਵੀ ਜੰਗ ਦੇ। ਇਹ ਵੈਰੀ ਨੇ ਮਾਨਵਤਾ ਦੇ, ਤਾਰ ਤਾਰ ਫੁਲਕਾਰੀਆਂ ਕਰਦੇ, ਜੋ ਕਹਿੰਦੇ ਨੇ ਵਤਨ ਹਮਾਰਾ, ਹੋ ਜਾਓ ਸਭ ਇੱਕੋ ਰੰਗ ਦੇ। ਸੱਚ ਪੁੱਛੋ ਤਾਂ ਤੋਰੀ ਫਿਰਦੀ, ਮਿਰਗ ਨੂੰ ਜੀਕਣ ਗੰਧ ਕਥੂਰੀ, ਸ਼ਬਦ ਬਿਨਾ ਮੈਂ ਰੁਲ ਜਾਣਾ ਸੀ, ਜ਼ਿੰਦਗੀ ਜਾਂਦੀ ਭਾੜੇ ਭੰਗ ਦੇ। ਦੇਸ਼ ਆਜ਼ਾਦ ਭਲਾ ਕੀ ਹੋਇਆ, ਮੇਰੀ ਰਾਵੀ ਹੋ ਗਈ ਟੁਕੜੇ, ਪਹਿਲੀ ਵਾਰੀ ਤੱਕਿਆ ਜੱਗ ਨੇ, ਏਨੇ ਟੋਟੇ ਇੱਕੋ ਅੰਗ ਦੇ।
ਤਨ ਕੱਜਣ ਲਈ ਵਸਤਰ ਚੁਣੀਏ
ਤਨ ਕੱਜਣ ਲਈ ਵਸਤਰ ਚੁਣੀਏ, ਉੱਠਦਿਆਂ ਹੀ ਰੋਜ਼ ਸਵੇਰੇ। ਸ਼ਬਦ ਵਿਚਾਰ ਕਿਉਂ ਨਾ ਧਰੀਏ, ਮਨ ਮੰਦਰ ਦੇ ਸਿਖ਼ਰ ਬਨੇਰੇ। ਸ਼ੁਭ ਕਰਮਨ ਦੀ ਬਾਤ ਕਰਦਿਆਂ, ਘਸ ਚੱਲੀ ਹੈ ਜੀਭ ਨਿਮਾਣੀ, ਅਮਲਾਂ ਦੇ ਬਿਨ ਵਧ ਚੱਲੇ ਨੇ, ਜ਼ਿੰਦਗੀ ਦੇ ਵਿੱਚ ਗੂੜ੍ਹ ਹਨੇਰੇ। ਗਲਵੱਕੜੀ ਵਿੱਚ ਸੂਰਜ ਭਰ ਕੇ ਠਰਦੀ ਧਰਤੀ ਆ ਗਰਮਾਈਏ, ਇਹ ਕਿਉਂ ਕਹਿੰਦੈਂ, ਮੁਸ਼ਕਿਲ ਵੀਰੇ, ਨਾ ਵੱਸ ਤੇਰੇ ਨਾ ਵੱਸ ਮੇਰੇ। ਸਾਵਧਾਨ ਹੋ ਜਾ ਮਨ ਮੇਰੇ, ਧਰਮਸਾਲ ਵਿੱਚ ਧਾੜੇ ਪੈ ਗਏ, ਧਰਮ ਕਰਮ ਦਾ ਬੇੜਾ ਬਹਿ ਗਿਆ, ਕੰਮਚੋਰਾਂ ਨੇ ਲਾਏ ਡੇਰੇ। ਮਨ ਦਾ ਸਰਵਰ ਭਰ ਚੱਲਿਆ ਹੈ, ਤਰਨਾ ਹੋਇਆ ਬੜਾ ਦੁਹੇਲਾ, ਨੈਣ ਬਣੇ ਦਰਦਾਂ ਦੇ ਬੱਦਲ, ਕਿਣ ਮਿਣ ਕਣੀਆਂ ਅੱਥਰੂ ਕੇਰੇ। ਕੱਚੀ ਮਿੱਟੀ ਗੋ ਕੇ ਮੇਰੇ, ਬਾਬਲ ਇਹ ਦੀਵਾਰ ਬਣਾਈ, ਸਬਰ ਸਿਦਕ ਸੰਤੋਖ ਸਮਰਪਣ ਮੇਰੇ ਮਨ ਦੇ ਚਾਰ ਚੁਫ਼ੇਰੇ। ਕੂੜ ਕੁਫ਼ਰ ਦੀ ਬੁੱਕਲ ਦੇ ਵਿੱਚ, ਬੈਠ ਗਏ ਜੇ ਧਰਮੀ ਪੁੱਤਰ, ਰਾਜ ਭਾਗ 'ਨ੍ਹੇਰੇ ਦਾ ਤਾਂ ਹੀ, ਰਾਤ ਪਿਆਂ ਧਰਤੀ ਨੂੰ ਘੇਰੇ।