Pardarshi : Gurbhajan Gill
ਪਾਰਦਰਸ਼ੀ (ਕਾਵਿ ਸੰਗ੍ਰਹਿ) : ਗੁਰਭਜਨ ਗਿੱਲ
ਪਾਰਦਰਸ਼ੀ
ਓਸ ਕੁੜੀ ਨੂੰ, ਬੋਲਣ ਤੋਂ ਕਿਉਂ ਡਰ ਲੱਗਦਾ ਹੈ? ਸ਼ਬਦਾਂ ਨੂੰ ਨਾ ਦਰਦ ਸੁਣਾਵੇ। ਅੰਦਰੇ ਅੰਦਰ ਝੁਰਦੀ, ਖ਼ੁਰਦੀ, ਭੁਰਦੀ ਜਾਵੇ। ਰੀਝਾਂ, ਆਸਾਂ ਅਤੇ ਤਰੰਗਾਂ। ਸੁਪਨੇ ਵਰਗੀਆਂ ਲੱਖ ਉਮੰਗਾਂ। ਜੀਭਾਂ ’ਤੇ ਨਾ ਧਰਦੀ, ਮੂੰਹੋਂ ਕੁਝ ਨਾ ਕਹਿੰਦੀ। ਜਿਵੇਂ ਤਰੱਠੀ ਹਿਰਨੀ, ਕਿਸੇ ਸ਼ਿਕਾਰੀ ਕੋਲੋਂ ਡਰਦੀ ਮਾਰੀ, ਖੜੀ ਖਲੋਤੀ ਕੰਬੀ ਜਾਵੇ। ਲੂੰਅ ਲੂੰਅ ਦਰਦ ਸੁਣਾਵੇ। ਜਿਉਂ ਸ਼ਗਨਾਂ ਦੀ ਉਮਰੇ ਕੋਈ, ਪੀਂਘ ਚੜ੍ਹਾਉਂਦੀ ਡਿੱਗੀ, ਮੋਈ। ਸਿਰ ਸਾਲੂ ਮੁਟਿਆਰ ਦੇ ਹੱਥੀਂ ਬਲਦੀ ਮਹਿੰਦੀ। ਟੁੱਟੀ ਲੱਜ ਨੂੰ ਜਿਵੇਂ ਜੋੜਦੀ, ਸਾਰੀ ਉਮਰ ਸੋਚਦੀ ਸੋਚਾਂ, ਸੁਪਨੇ ਉਣਦੀ ਰਹਿੰਦੀ, ਮੂੰਹੋਂ ਕੁਝ ਨਾ ਕਹਿੰਦੀ। ਸੁਪਨੇ ਅੰਦਰ ਅੰਬਰ ਗਾਹੁੰਦੀ, ਦੋ ਬਾਹਾਂ ਦੇ ਬਾਹੂਬਲ ਨੂੰ, ਖੰਭ ਚਾਵਾਂ ਦੇ ਲਾਉਂਦੀ। ਖਿੱਤੀਆਂ ਤਾਰੇ ਬੇਇਤਬਾਰੇ, ਤੋੜ ਤੋੜ ਬੁੱਕਲ ਵਿਚ ਭਰਦੀ। ਟੁੱਟੇ ਤਾਰੇ ’ਕੱਠੇ ਕਰਦੀ, ਬੜੇ ਸਾਂਭਦੀ, ਚੰਦਰਮਾ ਸੰਗ ਖਹਿੰਦੀ, ਮੂੰਹੋਂ ਕੁਝ ਨਾ ਕਹਿੰਦੀ। ਸਾਹ ਤੇ ਬਦਨ ਜਦੋਂ ਵੀ ਤਪਦੇ, ਅੰਬਰ ਗੰਗਾ ਦੇ ਵਿਚ ਨਹਾਉਂਦੀ। ਭਰ ਭਰ ਗੜਵੇ ਨੀਰ ਚਾਨਣਾ, ਪਿੰਡੇ ਉੱਪਰ ਪਾਉਂਦੀ। ਕਸਤੂਰੀ ਨੂੰ ਲੱਭਦੀ ਲੱਭਦੀ, ਜਿਵੇਂ ਮਿਰਗਣੀ ਜੰਗਲ ਦੇ ਵਿਚ, ਨੱਸ ਨੱਸ ਜਾਨ ਗੁਆਉਂਦੀ। ਖ਼ੁਸ਼ਬੂ ਹੱਥ ਨਾ ਆਉਂਦੀ ਓਸ ਕੁੜੀ ਨੂੰ ਸ਼ਬਦਾਂ ਤੋਂ ਕਿਉਂ ਡਰ ਲੱਗਦਾ ਹੈ? ਕੁਲ ਦੁਨੀਆਂ ਤੋਂ ਬਿਲਕੁਲ ਵੱਖਰੀ, ਜੀਕੂੰ ਅਣਲਿਖੀਆਂ ਕਵਿਤਾਵਾਂ। ਨਿਰਮਲ ਜਲ ਵਿਚ ਘੁਲ਼ੀ ਚਾਨਣੀ, ਝੀਲ ਬਲੌਰੀ, ਘੁਲ਼ਿਆ ਵਿਚ ਪਰਛਾਵਾਂ। ਰਾਤਾਂ ਨੂੰ ਸੁੱਤੀ ਪਈ ਉੱਠਦੀ, ਸੁਪਨੇ ਜਿੰਦ ਧੜਕਾਉਂਦੀ। ਸੁਪਨ ਪਰੀ ਦੇ ਖੰਭਾਂ ਉੱਤੇ, ਮੋਰ ਬੂਟੀਆਂ ਵਾਹੁੰਦੀ। ਤੇਜ਼ ਤਰਾਰ ਰੇਲ ਤੇ ਚੜ੍ਹਦੀ, ਉੱਤਰਦੀ ਜਦ ਚਾਹੁੰਦੀ। ਓਸ ਕੁੜੀ ਨੂੰ ਬੋਲਣ ਤੋਂ ਕਿਉਂ ਡਰ ਲੱਗਦਾ ਹੈ? ਸੂਰਜ ਦੀ ਹਮਜੋਲਣ ਬਣ ਕੇ, ਕੁਲ ਧਰਤੀ ਰੁਸ਼ਨਾਉਂਦੀ। ਖ਼ੁਦ ਨੇਰ੍ਹੇ ਵਿਚ ਗੁੰਮ ਸੁੰਮ ਬਹਿੰਦੀ, ਨੈਣੋਂ ਨੀਰ ਵਹਾਉਂਦੀ। ਜੇ ਕੋਈ ਪੁੱਛਦਾ, ਦੱਸ ਨੀ ਨਦੀਏ? ਚਿੱਤੋਂ ਕੀ ਹੈ ਚਾਹੁੰਦੀ? ਗੁੰਮ ਸੁੰਮ ਤੁਰਦੀ, ਤੁਰਦੀ ਜਾਂਦੀ, ਠੁਮਕ ਠੁਮਕ ਲਹਿਰਾਉਂਦੀ। ਜੀਕਣ ਠੰਢੇ ਜਲ ਦੀ ਧਾਰਾ, ਵਗਦੀ ਵਗਦੀ, ਪੱਥਰਾਂ ਸੰਗ ਟਕਰਾਉਂਦੀ। ਨੀਵੀਂ ਹੋਰ ਨੀਵਾਣਾਂ ਦੇ ਵੱਲ, ਜਾਂਦੀ ਪੈਲਾਂ ਪਾਉਂਦੀ। ਗੀਟਿਆਂ ਨਾਲ ਕਰੇ ਅਠਖੇਲੀਆਂ, ਨੱਚਦੀ ਅੰਗ ਥਿਰਕਾਉਂਦੀ। ਕੱਚੇ ਵਿਹੜੇ ਮਿੱਟੀ ਉੱਤੇ, ਪੋਪੋ-ਪਾਈਆਂ ਵਾਹੁੰਦੀ। ਵਗਦਾ ਨੀਰ ਨਿਰੰਤਰ ਅੱਖੋਂ, ਇਹ ਨਾ ਬੋਲ ਅਲਾਉਂਦੀ। ਬੁਲਬੁਲਿਆਂ ਦੀ ਜੂਨ ਹੰਢਾਵੇ, ਲਹਿਰ ਲਹਿਰ ਲਹਿਰਾਉਂਦੀ। ਪਰ ਸ਼ਬਦਾਂ ਤੋਂ ਕਿਉਂ ਡਰਦੀ ਹੈ? ਇਹ ਗੱਲ ਸਮਝ ਨਾ ਆਉਂਦੀ। ਨਦੀਆਂ ਨਾਲੇ, ਸਾਗਰ, ਪਰਬਤ, ਇੱਕੋ ਛਾਲ ਮਾਰ ਕੇ ਟੱਪਦੀ, ਪੈਰ ਨਾ ਪਿੱਛੇ ਪਾਉਂਦੀ। ਚਿੱਤ ਨੂੰ ਕਰੇ ਇਕਾਗਰ ਏਦਾਂ, ਹੋਠੀਂ ਜੰਦਰੇ ਲਾਉਂਦੀ। ਭਰੀ ਨੀਰ ਦੀ ਗਾਗਰ ਜੀਕੂੰ, ਨਦੀਏ ਨੀਰ ਗੜੂੰਦੀ, ਉੱਭੇ ਸਾਹ ਨਾ ਲੈਂਦੀ। ਜਲਵਾ-ਗਰਨੀ ਹੱਸਦੀ ਤਾਂ ਟੁਣਕਾਰ ਟੁਣਕਦੀ, ਮੰਦ ਮੰਦ ਮੁਸਕਾਉਂਦੀ। ਸੁਪਨੇ ਚੇਤੇ ਰੱਖਦੀ ਉਮਰੋਂ ਲੰਮ ਸਲੰਮੇ, ਖ਼ੁਦ ਨੂੰ ਆਪ ਸੁਣਾਉਂਦੀ। ਹਾਉਕੇ ਪਾਲਣਹਾਰੀ ਵੇਖੋ, ਕਿਸੇ ਨਾ ਬੋਲ ਸੁਣਾਉਂਦੀ। ਸੁਪਨੇ ਦੇ ਵਿਚ ਉੱਡਦੀ-ਉੱਡਦੀ, ਅੱਧ ਅਸਮਾਨੇ ਜਾਂਦੀ- ਡੇਰਾ ਲਾਉਂਦੀ। ਧਰਤੀ ਉੱਪਰ ਮੁੜ ਆਉਂਦੀ ਹੈ, ਜਦ ਵੀ ਹੈ ਖ਼ੁਦ ਚਾਹੁੰਦੀ। ਓਸ ਕੁੜੀ ਨੂੰ ਮਹਿੰਦੀ ਤੋਂ ਕਿਉਂ ਡਰ ਲੱਗਦਾ ਹੈ? ਅੱਖਰ ਅੱਖਰ ਸੁਪਨੇ, ਯਾਦਾਂ ਦਾ ਸਰਮਾਇਆ। ਬੰਨ੍ਹ ਪੋਟਲੀ ਪਾਉਂਦੀ। ਅਣਬੁੱਝ ਕਠਿਨ ਬੁਝਾਰਤ ਔਖੀ, ਭੇਤ ਨਾ ਦੇਵੇ, ਬਿਲਕੁਲ ਸਮਝ ਨਾ ਆਉਂਦੀ। ਜਗਮਗ ਜਗਮਗ ਜਗਦੇ, ਦੋ ਨੈਣਾਂ ਦੇ ਦੀਵੇ। ਚੰਨ ਤੇ ਸੂਰਜ ਵੇਖ ਵੇਖ, ਹੁੰਦੇ ਨੇ ਖੀਵੇ। ਹਿੱਕ ਦੇ ਅੰਦਰ ਕਿੰਨਾ ਕੁਝ, ਆਕਾਰ ਨਾ ਧਾਰੇ। ਸ਼ਬਦ ਸ਼ਕਤੀਆਂ ਤੋਂ ਬਿਨ, ਹਾਉਕੇ ਬਣੇ ਵਿਚਾਰੇ। ਗੌਤਮ ਰਿਸ਼ੀ ਸਰਾਪੀ ਜਿਵੇਂ ਅਹਿੱਲਿਆ ਕੋਈ। ਪੱਥਰ ਹੋਈ, ਰਾਮ ਦੀ ਛੋਹ ਨੂੰ ਤਰਸ ਰਹੀ ਹੈ। ਮੂੰਹੋਂ ਕੁਝ ਨਾ ਬੋਲੇ, ਕਿਹੜਾ ਜੰਦਰੇ ਖੋਲ੍ਹੇ। ਨਾ ਨੈਣਾਂ 'ਚੋਂ ਬਰਸੇ, ਅੱਥਰੂ ਵੀ ਪਥਰਾਏ। ਯਤਨ ਕਰਦਿਆਂ ਉਮਰਾ ਬੀਤੀ, ਇਹ ਗੱਲ ਮੈਨੂੰ ਸਮਝ ਨਾ ਆਏ। ਏਹੋ ਸੋਚਾਂ, ਏਸ ਪਰਬਤੋਂ, ਗੰਗਾ ਯਮੁਨਾ ਕਿਉਂ ਨਹੀਂ ਲਹਿੰਦੀ? ਪੀੜ ਪਿਘਲ ਕੇ ਪੱਥਰਾਂ ਦੇ ਸੰਗ ਕਿਉਂ ਨਹੀਂ ਖਹਿੰਦੀ? ਅੰਬਰ ਦੇ ਵਿਚ ਉੱਡਦੀ ਥੱਲੇ ਕਿਉਂ ਨਹੀਂ ਲਹਿੰਦੀ? ਆਲ-ਦੁਆਲ਼ੇ ਵਲਗਣ ਕਿਉਂ ਹੈ ਵਲਦੀ ਰਹਿੰਦੀ? ਇਸ ਨੂੰ ਆਖੋ, ਇਹ ਸ਼ਬਦਾਂ ਦਾ ਸੰਗ ਕਰੇ। ਜਿੱਥੇ ਜਿੱਥੇ ਕੋਰੀ ਧਰਤੀ, ਰੰਗ ਭਰੇ। ਸ਼ਬਦ ਵਿਹੂਣੀ ਜ਼ਿੰਦਗੀ ਮਾਂਗ ਸੰਧੂਰ ਭਰੇ। ਚੁੱਪ ਨੂੰ ਤੋੜੇ, ਜ਼ਿੰਦਗੀ ਨੂੰ ਭਰਪੂਰ ਕਰੇ। ਇਸ ਨੂੰ ਆਖੋ ਜੀਣ ਜੋਗੀਏ! ਸੁਪਨੇ ਨੂੰ ਆਕਾਰ ਤਾਂ ਦੇਹ। ਜੋ ਬੋਲਣ ਤੋਂ ਵਰਜੇ, ਦੁਸ਼ਮਣ ਮਾਰ ਤਾਂ ਦੇਹ। ਸਦੀਆਂ ਤੋਂ ਬੋਲਣ ਤੋਂ ਡਰਦੀ, ਡਰਦੀ ਮਾਰੀ, ਹਰ ਹਰ ਕਰਦੀ, ਕਦੋਂ ਕਹੇਗੀ? ਮੈਨੂੰ ਤਾਂ ਇਹ ਧਰਤੀ ਸਾਰੀ, ਭਰਿਆ ਭਰਿਆ ਘਰ ਲੱਗਦਾ ਹੈ। ਵੇ ਵੀਰਾ ਵੇ ਜੀਣ ਜੋਗਿਆ, ਸਾਥ ਦਏਂ ਤਾਂ ਤੇਰੇ ਹੁੰਦਿਆਂ ਸੁੰਦਿਆਂ ਏਥੇ, ਹੁਣ ਨਾ ਮੈਨੂੰ ਬੋਲਣ ਲੱਗਿਆਂ ਡਰ ਲੱਗਦਾ ਹੈ।
ਇੱਕੀਵੀਂ ਸਦੀ ਦਾ ਔਰੰਗਜ਼ੇਬ
ਔਰੰਗਜ਼ੇਬ ਦੇ ਹੱਥ ਵਿਚ ਭਾਵੇਂ, ਹੁਣ ਕੋਈ ਤਲਵਾਰ ਨਹੀਂ ਹੈ । ਪਰ ਇਹ ਸਾਡਾ ਯਾਰ ਨਹੀਂ ਹੈ। ਇਸ ਦੀ ਅੱਖ, ਸ਼ਰਾਰਤ ਓਹੀ। ਧਰਮ ਕਰਮ ਦੇ ਨਾਂ ਦੇ ਥੱਲੇ । ਚਾਹੁੰ ਦਾ ਆਪਣੀ ਬੱਲੇ ਬੱਲੇ । ਚੋਲਾ ਬਦਲ ਬਦਲ ਕੇ ਆਵੇ । ਆਮ ਸਧਾਰਨ ਜਨ ਭਰਮਾਵੇ। ਕਦੇ ਆਖਦੈ ਪੰਥ ਨੂੰ ਖ਼ਤਰਾ, ਕਦੇ ਜਨੇਊ ਆਪ ਉਤਾਰੇ । ਆਖੀ ਜਾਵੇ, ਆਖੀ ਜਾਵੇ। ਇਕੋ ਰੰਗ ਦੇ ਕੱਪੜੇ ਪਾਉ , ਇਸ ਧਰਤੀ ਦੇ ਲੋਕੀਂ ਸਾਰੇ । ਬਾਹੂਬਲੀ ਵਿਖਾਵੇ ਖ਼ਾਤਰ, ਘੜਦੈ ਨਿਸ ਦਿਨ ਨਵੇਂ ਬਹਾਨੇ। ਕਰਨਾ ਚਾਹੁੰਦੈ ਮੁੱਠੀ ਦੇ ਵਿਚ, ਕੁੱਲ ਧਰਤੀ ਦੇ ਮਾਲ ਖ਼ਜ਼ਾਨੇ । ਰਾਮ ਰਹੀਮ ਵੀ ਬੁੱਝ ਨਹੀਂ ਸਕਦੇ, ਕੀਹ ਹੈ ਇਸ ਦੇ ਦਿਲ ਦੇ ਅੰਦਰ। ਖ਼ੁਦ ਰਖਵਾਲਾ ਬਣ ਬਹਿੰਦਾ ਏ , ਕੰਬੀ ਜਾਂਦੇ ਮਸਜਿਦ ਮੰਦਰ। ਸੇਹ ਦਾ ਤੱਕਲਾ ਗੱਡ ਦੇਂਦਾ ਏ , ਇਹ ਜਿਸ ਧਰਤੀ 'ਤੇ ਵੀ ਜਾਵੇ। ਇੱਟਾਂ ਵਾਂਗੂੰ ਬੰਦੇ ਪੱਥੇ , ਮਗਰੋਂ ਚਿਣ ਦਿੰਦਾ ਵਿਚ ਆਵੇ। ਕਦੇ ਵਿਕਾਸ ਕਰਨ ਦੇ ਨਾਂ 'ਤੇ ਪਰਲੂ ਫੇਰੇ ਜਿੱਧਰ ਜਾਵੇ। ਅਰਮਾਨਾਂ ਨੂੰ ਇਹ ਨਾ ਜਾਣੇ , ਵੰਡੀ ਜਾਵੇ ਹਾਉਕੇ ਹਾਵੇ। ਮਤਲਬ ਖ਼ਾਤਰ ਰੂਪ ਬਦਲਦਾ, ਮੱਥੇ ਤਿਲਕ, ਦਿਲੇ ਦਾ ਕਾਲਾ। ਧਰਮ ਕਰਮ ਦਾ ਕਾਰਜ ਕਹਿ ਕੇ, ਬੇਸ਼ਰਮੀ ਦੀ ਫੇਰੇ ਮਾਲਾ। ਕਦੇ ਅਯੁੱਧਿਆ ਦੇ ਵਿਚ ਜਾ ਕੇ, ਬਣੀ ਪੁਰਾਤਨ ਮਸਜਿਦ ਤੋੜੇ। ਲੋੜ ਪਈ ’ਤੇ ਗੁਰਧਾਮਾਂ ਵਿਚ, ਵਾੜੇ ਆਪਣੇ ਖੋਤੇ ਘੋੜੇ। ਇਸ ਦੀ ਖੋਟੀ ਨੀਅਤ ਅੱਗੇ, ਕੀ ਮਸਜਿਦ ਤੇ ਕੀਹ ਹੈ ਮੰਦਰ? ਰਿੱਛਾਂ ਵਾਂਗੂੰ ਲੋਕ ਨਚਾਵੇ, ਇਸ ਯੁੱਗ ਦਾ ਇਹ ਅਜਬ ਕਲੰਦਰ। ਔਰੰਗਜ਼ੇਬ ਤਜ਼ਾਰਤ ਸਿੱਖਿਆ, ਹੁਣ ਇਹ ਲੱਭਦਾ ਫਿਰਦੈ ਮੰਡੀਆਂ। ਜਿਸ ਧਰਤੀ 'ਤੇ ਜਾ ਬਹਿੰਦਾ ਏ, ਓਥੇ ਹੀ ਪਾ ਦੇਂਦੈ ਵੰਡੀਆਂ। ਘੜੇ ਵਿਧਾਨ ਜਿਵੇਂ ਖ਼ੁਦ ਚਾਹਵੇ, ਬਣ ਜਾਵੇ ਹਮਦਰਦ ਪੁਰਾਣਾ। ਇਸ ਦੇ ਜੈ ਜੈ ਕਾਰ ਬੁਲਾਵੇ, ਜਿਸ ਕੁਰਸੀ ਨੂੰ ਕਰਦੈ ਕਾਣਾ। ਨਵੀਂ ਨਸਲ ਦਾ ਇਹ ਅਬਦਾਲੀ, ਆਉਂਦਾ ਨਹੀਂ ਹੁਣ ਘੋੜੇ ਚੜ੍ਹ ਕੇ। ਸਬਕ ਪੜ੍ਹਾਵੇ, ਜੋ ਮਨ ਚਾਹਵੇ, ਪਾਠ ਪੁਸਤਕਾਂ ਅੰਦਰ ਵੜ ਕੇ । ਪੈਸੇ ਨਾਲ ਖ਼ਰੀਦ ਲਵੇ ਇਹ, ਪੜ੍ਹੇ ਲਿਖੇ ਸਭ ਘੁੱਗੂ ਘੋੜੇ । ਨਾਲ ਸਿਕੰਦਰ ਪੋਰਸ ਰਲਿਆ, ਵਾਗ ਏਸ ਦੀ ਜਿਹੜਾ ਮੋੜੇ । ਸਭ ਤੇਗਾਂ, ਕਿਰਪਾਨਾਂ ਹੁਣ ਤਾਂ, ਜਾਮ ਪਈਆਂ ਨੇ ਵਿਚ ਮਿਆਨਾਂ। ਧਰਤੀ ਦੀ ਮਰਿਯਾਦ ਭੁੱਲੀ, ਵਿੰਨ੍ਹਿਆਂ ਆਪਣੇ ਤੀਰ ਕਮਾਨਾਂ। ਸੀਸ ਤਲੀ ਤੇ ਧਰਕੇ ਕਿਹੜਾ ਸਾਡੇ ਲਈ ਸਰਬੰਸ ਲੁਟਾਵੇ ? ਦੀਨ ਦੁਖੀ ਦੀ ਢਾਲ ਬਣੇ ਤੇ, ਜਬਰ ਜ਼ੁਲਮ ਨੂੰ ਮਾਰ ਮੁਕਾਵੇ । ਸਾਡੇ ਰੌਸ਼ਨ ਕੱਲ੍ਹ ਦੀ ਖ਼ਾਤਰ, ਟੁਕੜੇ ਟੁਕੜੇ ‘ਅੱਜ’ ਕਰਵਾਵੇ। ਸ਼ੇਰ ਦੇ ਲੀੜੇ ਭੇਡੂ ਪਾ ਲਏ, ਉਸ ਨੂੰ ਕੋਈ ਸ਼ੇਰ ਨਹੀਂ ਕਹਿੰਦਾ। ਲੀਲ੍ਹਾ ਕਰਕੇ ਰਾਮ ਬਣੇ ਨਾ, ਰਾਮੂ ਤਾਂ ਰਾਮੂ ਹੀ ਰਹਿੰਦਾ। ਜਦ ਗਿੱਦੜ ਦੀ ਮੌਤ ਬੁਲਾਵੇ, ਹੰਕਾਰੀ ਹੈ ਹਰ ਥਾਂ ਖਹਿੰਦਾ। ਅੱਜ ਇਰਾਕ ਸੁਹਾਗਾ ਫੇਰੇ, ਪਹਿਲਾਂ ਵੀਅਤਨਾਮ ਤੇ ਚੜ੍ਹਿਆ। ਧਰਤੀ ਦੇ ਅਣਖੀਲੇ ਪੁੱਤਰਾਂ, ਇਸ ਦਾ ਅੱਥਰਾ ਘੋੜਾ ਫੜਿਆ। ਸਾਡੇ ਵਿਚੋਂ ਮਰ ਚੱਲਿਆ ਕਿਓਂ, ਸੱਚ ਦਾ ਪੁੱਤਰ, ਗੁਰ ਦਾ ਚੇਲਾ। ਨੱਕੋ ਨੱਕ ਜ਼ੁਲਮਾਂ ਦਾ ਸਰਵਰ, ਹੋਇਆ ਹੁਣ ਤਾਂ ਤਰਣ ਦੁਹੇਲਾ। ਜਾਗੋ, ਜਾਗੋ, ਸੌਣ ਵਾਲਿਉ, ਹੋ ਚੁੱਕਿਆ ਜਾਗਣ ਦਾ ਵੇਲਾ। ਚਾਰ ਦਿਨਾਂ ਦੀ ਕੁਲ ਜ਼ਿੰਦਗਾਨੀ, ਹੋ ਨਾ ਜਾਵੇ ਹੋਰ ਕੁਵੇਲਾ।
ਅਜਗਰ
ਅੱਖਾਂ ਭਾਂਬੜ ਮੂੰਹ ਵਿਚ ਅੱਗ ਹੈ। ਜ਼ਹਿਰੀ ਚਿਹਰਾ ਝੱਗੋ ਝੱਗ ਹੈ। ਅਜਗਰ ਵੇਖੋ ! ਜੰਗਲ ਵਿਚ ਦਹਾੜਦਾ ਹੈ। ਕੁੱਲ ਆਲਮ ਨੂੰ ਹਰ ਪਲ ਸੂਲ਼ੀ ਚਾੜ੍ਹਦਾ ਹੈ। ਧਰਤੀ ਦੀ ਕੁਖ਼ ਵਿਚ ਵੀ, ਇਹ ਹਥਿਆਰ ਧਰੇ। ਅੰਬਰ ਵਿਚ ਮਿਜ਼ਾਈਲਾਂ, ਮਾਰੋ ਮਾਰ ਕਰੇ। ਫੁੱਲ ਪੱਤੀਆਂ ਨੂੰ ਅੱਡੀਆਂ ਹੇਠ ਲਿਤਾੜਦਾ ਹੈ। ਕੁੱਲ ਆਲਮ ਨੂੰ, ਹਰ ਪਲ ਸੂਲੀ ਚਾੜ੍ਹਦਾ ਹੈ। ਅਮਨ ਚੈਨ ਦੇ ਅਰਥਾਂ ਨੂੰ ਤਬਦੀਲ ਕਰੇ। ਆਪਣੀ ਮੁੱਛ ਦੀ ਖ਼ਾਤਰ ਲੋਕ ਜ਼ਲੀਲ ਕਰੇ। ਕੌਡਾ ਰਾਖਸ਼, ਤੇਲ ਕੜਾਹੇ ਚਾੜ੍ਹਦਾ ਹੈ। ਅਜਗਰ ਵੇਖੋ! ਜੰਗਲ ਵਿਚ ਦਹਾੜਦਾ ਹੈ। ਪਾਣੀ ਪੌਣ ਧਰਤ ਨੂੰ, ਲਾਲੋ ਲਾਲ ਕਰੇ। ਅਜਬ ਕਸਾਈ ਸੁਪਨੇ ਫੜੇ ਹਲਾਲ ਕਰੇ। ਉੱਡਣੇ ਪੰਛੀ, ਪਿੰਜਰਿਆਂ ਵਿਚ ਤਾੜਦਾ ਹੈ। ਅਗਨ-ਦਰਿੰਦਾ ਜੰਗਲ ਵਿਚ ਦਹਾੜਦਾ ਹੈ। ਹਰੇ ਕਚੂਰ ਦਰਖ਼ਤੀਂ, ਪੱਤੇ ਛਾਣਨੀਆਂ। ਕਾਲਾ ਅੰਬਰ, ਲੁਕੀਆਂ ਰਾਤਾਂ ਚਾਨਣੀਆਂ। ਧਰਮ ਕਰਮ ਦੇ ਵਰਕੇ, ਬਾਂਦਰ ਪਾੜਦਾ ਹੈ। ਅਗਨ ਦਰਿੰਦਾ ਜੰਗਲ ਵਿਚ ਦਹਾੜਦਾ ਹੈ। ਦੂਜੇ ਦੇ ਘਰ ਝਾਕੇ, ਚੰਦਰੀ ਵਾਦੀ ਹੈ। ਲੋਕ ਰਾਜ ਦਾ ਜਾਪ, ਕਰੇ ਬਰਬਾਦੀ ਹੈ। ਸੁਪਨ ਪੰਘੂੜੇ, ਅਗਨੀ ਦੇ ਵਿਚ ਸਾੜਦਾ ਹੈ। ਆਦਮ ਖਾਣਾ ਜੰਤੂ, ਜਦ ਸਾਹ ਭਰਦਾ ਹੈ। ਮੁਲਕ ਸਬੂਤੇ, ਵਿਚ ਜਬਾੜੇ ਧਰਦਾ ਹੈ। ਤਪਦੀ ਲੋਹ 'ਤੇ, ਕੋਮਲ ਜ਼ਿੰਦਾਂ ਸਾੜਦਾ ਹੈ। ਵੀਤਨਾਮ ਤੋਂ ਤੁਰਿਆ, ਪਹੁੰਚ ਇਰਾਕ ਗਿਆ। ਉਹੀ ਬੂਟਾ ਸੁੱਕਿਆ, ਜਿੱਧਰ ਝਾਕ ਗਿਆ। ਗੁੰਡਾ ਗਰਦੀ ਕਰਦਾ, ਨਾਲੇ ਤਾੜਦਾ ਹੈ। ਅਗਨ ਦਰਿੰਦਾ ਜੰਗਲ ਵਿਚ ਦਹਾੜਦਾ ਹੈ। ਕੁੱਲ ਦੁਨੀਆਂ ਦੇ ਮਾਲ ਖ਼ਜ਼ਾਨੇ ਲੁੱਟਦਾ ਹੈ। ਜਿਹੜਾ ਅੱਗੋਂ ਬੋਲੇ ਦੱਬ ਕੇ ਕੁੱਟਦਾ ਹੈ। ਹੰਕਾਰੀ ਦੇ ਵਾਂਗ, ਫਿਰੇ ਚੰਗਿਆੜਦਾ ਹੈ। ਅਗਨ ਦਰਿੰਦਾ ਜੰਗਲ ਵਿਚ ਦਹਾੜਦਾ ਹੈ। ਅੱਥਰੇ ਘੋੜੇ ਦੀ ਹੁਣ, ਕਿਹੜਾ ਵਾਗ ਫੜੇ? ਮਾਰ ਪਲਾਕੀ ਜੋ ਹੁਣ, ਇਹਦੀ ਕੰਡ ਚੜ੍ਹੇ। ਸਾਡੀਆਂ ਫ਼ਸਲਾਂ, ਜਿਹੜਾ ਫਿਰੇ ਉਜਾੜਦਾ ਹੈ। ਅਗਨ ਦਰਿੰਦਾ ਜੰਗਲ ਵਿਚ ਦਹਾੜਦਾ ਹੈ।
ਅੱਜ ਤੂੰ ਮੈਨੂੰ ਫੇਰ ਮਿਲੀ ਹੈਂ
ਵਰ੍ਹਿਆਂ ਮਗਰੋਂ, ਅੱਜ ਤੂੰ ਮੈਨੂੰ ਫੇਰ ਮਿਲੀ ਹੈਂ। ਜਨਮ ਜਨਮ ਦਾ ਸਾਥ ਨਿਭਾਉਣੋਂ, ਪਹਿਲਾਂ ਤੁਰ ਗਈ। ਬੜਾ ਰੋਕਿਆ, ਕਿਣਕਾ ਕਿਣਕਾ, ਸਿਰ ਤੋਂ ਪੈਰਾਂ ਤੀਕਣ ਭੁਰ ਗਈ। ਅੱਜ ਤੂੰ ਮੇਰੀਆਂ ਅੱਖਾਂ ਦੇ ਵਿਚ, ਚੁੱਪ ਚੁਪੀਤੇ ਚਾਨਣ ਵਾਂਗੂੰ ਬੈਠ ਗਈ ਏਂ। ਖ਼ੁਸ਼ੀਆਂ ਵੇਲੇ ਹਾਜ਼ਰ ਨਾਜ਼ਰ, ਮਹਿਕ ਮਹਿਕ ਲਟਬੌਰਾ ਹੋਇਆ। ਮੈਂ ਖ਼ੁਦ ਨੂੰ ਵੀ ਦੱਸ ਨਹੀਂ ਸਕਦਾ, ਮੇਰੇ ਅੰਦਰ ਕੀਹ ਹੁੰਦਾ ਹੈ? ਦਿਲ ਦੀ ਧੜਕਣ ਤੇਜ਼ ਧੜਕਦੀ, ਹੋਠਾਂ ਤੇ ਵੀ ਅਜਬ ਥਿਰਕਣੀ, ਕਦਮਾਂ ਅੰਦਰ ਬਿਜਲੀ ਬਿਜਲੀ। ਸਾਹਾਂ ਵਿਚ ਖ਼ੁਸ਼ਬੂ ਦੇ ਬੁੱਲ੍ਹੇ। ਸ਼ੁਕਰ ਖ਼ੁਦਾਇਆ! ਤੈਨੂੰ ਵੀ ਉਹ ਪਲ ਨਹੀਂ ਭੁੱਲੇ। ਡੋਡੀ ਤੋਂ ਜਦ ਆਪਾਂ ਦੋਵੇਂ ਫੁੱਲ ਬਣੇ ਸਾਂ।
ਤੇਰੇ ਬਿਨ
ਜਦ ਧਰਤੀ ਹਾਉਕਾ ਭਰਦੀ ਹੈ, ਮੋਇਆਂ ਨੂੰ ਚੇਤੇ ਕਰਦੀ ਹੈ । ਅੱਖੀਆਂ ਦੇ ਤਲਖ਼ ਸਮੁੰਦਰ 'ਚੋਂ, ਹੰਝੂਆਂ ਦੀ ਬਾਰਸ਼ ਵਰ੍ਹਦੀ ਹੈ । ਕਿਸੇ ਬੇਬਸ ਕੈਦ ਪਰਿੰਦੇ ਦੀ, ਪਰਵਾਜ਼ ਜਦੋਂ ਵੀ ਮਰਦੀ ਹੈ । ਮੈਂ ਉਸ ਦੇ ਦਰਦ ਨੂੰ ਸੁਰ ਕਰ ਲਾਂ, ਇਹ ਹੀ ਕਵਿਤਾ ਦੀ ਹੂਕ ਬਣੇ। ਜਿੰਨ੍ਹਾਂ ਦੇ ਦਿਲ ਵਿਚ ਵਣਜ ਬਿਨਾਂ, ਕੋਈ ਸੁਪਨਾ ਹੀ ਨਾ ਪੈਰ ਧਰੇ । ਜ਼ਰਬਾਂ ਤਕਸੀਮਾਂ ਕਰਨ ਸਦਾ, ਉਨ੍ਹਾਂ ਤੋਂ ਜ਼ਿੰਦਗੀ ਰੋਜ਼ ਡਰੇ । ਜਿੰਨ੍ਹਾਂ ਨੇ ਸਾਰੀ ਖ਼ਲਕਤ ਨੂੰ, ਕਰ ਦਿੱਤੈ ਰੂਹ ਤੋਂ ਹੋਰ ਪਰੇ। ਜਿੰਨ੍ਹਾਂ ਦੀ ਹਕੂਮਤ ਇਹ ਚਾਹਵੇ, ਹਰ ਰੁੱਖ ਤੋਂ ਸਿਰਫ਼ ਬੰਦੂਕ ਬਣੇ। ਜਾਂ ਲਾਸ਼ਾਂ ਢੋਵਣ ਖ਼ਾਤਰ ਹੀ, ਬਕਸਾ ਜਾਂ ਸਿਰਫ਼ ਸੰਦੂਕ ਬਣੇ। ਕੋਈ ਮਰਦਾ ਹੈ, ਕੋਈ ਜਾਂਦਾ ਹੈ, ਜੰਗਬਾਜ਼ਾਂ ਨੂੰ ਕੋਈ ਫ਼ਰਕ ਨਹੀਂ। ਘੁੱਗੀਆਂ ਚੁੰਝ ਨਰਮ ਕਰੂੰਬਲ ਨੂੰ, ਝਪਟਣ ਦਾ ਕੋਈ ਤਰਕ ਨਹੀਂ। ਘੁੱਗੀਆਂ ਦਾ ਜੋੜਾ ਬਹਿ ਕੇ , ਜਦੋਂ ਕਲੋਲ ਕਰੇ । ਸਾਹਵਾਂ ਨੂੰ ਇਕਸੁਰ ਕਰਕੇ, ਗਾਨੀ ਕੋਲ ਕਰੇ। ਰੂਹਾਂ ਦਾ ਹੋਵੇ ਮੇਲ ਜਦੋਂ, ਅੰਬਰਾਂ 'ਚੋਂ ਪਵੇ ਤਰੇਲ ਉਦੋਂ, ਚੰਬਾ ਖਿੜ ਜਾਵੇ ਸਾਹਵਾਂ ਵਿਚ, ਕੁਝ ਇਹੋ ਜਿਹਾ ਸਲੂਕ ਬਣੇ। ਇਹ ਧੜਕਣ ਮਿੱਸਿਆਂ ਸਾਹਵਾਂ ਦੀ, ਮੇਰੇ ਗੀਤਾਂ ਦੀ ਇਕ ਟੂਕ ਬਣੇ। ਬੇਲੇ ਵਿਚ ਮੱਝੀਆਂ ਚਾਰਦਿਆਂ, ਹਰ ਕੈਦੋ ਅੱਗੇ ਹਾਰਦਿਆਂ। ਜ਼ਿੰਦਗੀ 'ਚੋਂ ਹੀਰ ਗੁਆਚੇ ਨਾ, ਇਸ ਦੀ ਹੀ ਕੀਮਤ ਤਾਰਦਿਆਂ। ਜਦ ਵੰਝਲੀ ਕੋਲ ਬੁਲਾਉਂਦੀ ਹੈ, ਦਿਲ ਵਾਲੇ ਛੇਕ ਵਿਖਾਉਂਦੀ ਹੈ। ਮੈਂ ਕੁਲ ਆਲਮ ਦਾ ਸੋਜ਼ ਉਦੋਂ, ਪੋਰੀ ਦੇ ਅੰਦਰ ਭਰਦਾ ਹਾਂ, ਬੱਸ ਤੈਨੂੰ ਚੇਤੇ ਕਰਦਾ ਹਾਂ। ਛੇਕਾਂ ਨੂੰ ਪੋਟੇ ਛੋਹਣ ਜਦੋਂ, ਹਟਕੋਰੇ ਭਰਦੀ ਪੌਣ ਉਦੋਂ। ਕੋਈ ਤਰਜ਼ ਗੁਆਚੀ ਉਮਰਾਂ ਦੀ, ਸੁਣ ਮਨ ਦਾ ਚੰਬਾ ਖਿਲਦਾ ਹੈ। ਮਾਰੂਥਲ ਵਿਚ ਤੁਰਦੇ ਰਾਹੀ ਨੂੰ, ਘੁੱਟ ਪਾਣੀ ਜੀਕਣ ਮਿਲਦਾ ਹੈ। ਮੈਨੂੰ ਵੀ ਉਸ ਪਲ ਇਉਂ ਜਾਪੇ, ਜਿਉਂ ਜੀਣ ਬਹਾਨਾ ਮਿਲਦਾ ਹੈ। ਸੱਜਣਾਂ ਦੀ ਅੱਖ ਦਾ ਖੋਟ ਜਦੋਂ, ਨਜ਼ਰਾਂ ਦੇ ਅੰਦਰ ਭਰ ਜਾਵੇ। ਧੜਕਣ ਵਿਚ ਕੈਦ ਪਰਿੰਦਿਆਂ ਦੀ, ਪਰਵਾਜ਼ ਉਸੇ ਪਲ ਮਰ ਜਾਵੇ। ਤੇ ਨੀਲੇ ਅੰਬਰੀਂ ਉਸ ਵੇਲੇ, ਕਲਮੂੰਹਾਂ ਧੂੰਆਂ ਭਰ ਜਾਵੇ। ਧਰਤੀ ਦੀ ਸਹੁੰ ਮੈਂ ਉਸ ਵੇਲੇ, ਕੱਲ੍ਹਾ, ਘਬਰਾਵਾਂ, ਡਰਦਾ ਹਾਂ। ਰੁੱਖਾਂ ਨੂੰ ਨੇੜਿਉਂ ਵੇਖਾਂ ਫਿਰ, ਪੱਤਿਆਂ ਨੂੰ ਸਿਜਦੇ ਕਰਦਾ ਹਾਂ। ਫੁੱਲਾਂ ਦੀਆਂ ਵੇਲਾਂ ਮਹਿਕਦੀਆਂ, ਇਹ ਗੀਤ ਰੁਮਕਦੀ ਪੌਣ ਸੁਣੇ। ਮੇਰੇ ਅਨਹਦ ਨਾਦ ਨੂੰ ਤੇਰੇ ਬਿਨ, ਇਸ ਧਰਤੀ ਤੇ ਦੱਸ ਕੌਣ ਸੁਣੇ ?
ਪਿੱਛੇ ਰਹਿਣ ਦੇ ਡਰ ਤੋਂ
ਪਿੰਡ ਰਹਿੰਦੇ ਸਾਂ, ਸਮਾਂ ਕਾਲ, ਘੜੀਆਂ ਦਾ ਕੋਈ ਫਿਕਰ ਨਹੀਂ ਸੀ। ਸੂਰਜ ਦੀ ਟਿੱਕੀ ਦੇ ਚੜ੍ਹਦੇ ਦਿਨ ਹੁੰਦਾ ਸੀ, ਅਸਤਣ ਵੇਲੇ ਰਾਤ ਚੁਫ਼ੇਰੇ। ਨੇਰ੍ਹੇ ਦੇ ਵਿਚ ਦੀਵਾ ਜਗਦਾ। ਰਾਤ ਚੀਰਦਾ, ਤਦ ਤਕ ਮਘਦਾ। ਜਦ ਤੱਕ ਰਹਿੰਦਾ ਤੇਲ ਤੇ ਬੱਤੀ। ਚਾਨਣ ਦੀ ਛਾਵੇਂ ਸਾਂ ਅੱਖਰ ਅੱਖਰ ਤੁਰਦੇ। ਆ ਪਹੁੰਚੇ ਹਾਂ ਸ਼ਹਿਰ ਤਰੱਕੀਆਂ ਲੱਭਦੇ ਲੱਭਦੇ। ਸੜਕਾਂ ਤੇ ਵੀ ਸਿਖ਼ਰ ਦੁਪਹਿਰੇ ਲਾਟੂ ਜਗਦੇ। ਗਲੀਆਂ ਕੂਚੇ ਜਾਗ ਰਹੇ ਨੇ। ਮੇਰੀਆਂ ਅੱਖਾਂ ਦੇ ਵਿਚ ਗੂੜ੍ਹੀ ਨੀਂਦ ਭਰੀ ਹੈ। ਪਿੱਛੇ ਰਹਿਣ ਦੇ ਡਰ ਤੋਂ, ਘੜੀਆਂ ਅੱਗੇ ਕਰਕੇ, ਮੈਂ ਸਮਿਆਂ ਦੇ ਨਾਲ ਬਰਾਬਰ ਦੌੜ ਰਿਹਾ ਹਾਂ। ਟਿਕ ਟਿਕ ਕਰਦੀ, ਘੜੀ ਟਿਕਟਿਕੀ ਲਾ ਕੇ ਮੈਨੂੰ ਵੇਖ ਰਹੀ ਹੈ। ਬਿਸਤਰ ਉੱਤੇ ਲੱਕੜ ਵਾਂਗ ਖ਼ਾਮੋਸ਼ ਪਿਆ ਹਾਂ। ਕਿਰਨ-ਮ-ਕਿਰਨੀ ਕਿਰ ਗਏ ਤਾਰੇ। ਮੁੱਠੀ ਵਿਚੋਂ ਰਾਤ ਕਿਰੀ ਹੈ।
ਮੈਂ ਰਾਤਾਂ ਨੂੰ ਜਾਗ ਜਾਗ ਕੇ
ਮੈਂ ਰਾਤਾਂ ਨੂੰ ਜਾਗ ਜਾਗ ਕੇ, ਬਹੁਤ ਵੇਖਿਐ। ਦਿਲ ਦੀ ਵੇਦਨ, ਦਰਦ ਪੁਰਾਣਾ, ਖ਼ੁਦ ਨੂੰ ਆਪ ਸੁਣਾਉਣਾ ਪੈਂਦੈ। ਮਨ ਦਾ ਮੋਰ ਨਚਾਵਣ ਖ਼ਾਤਰ, ਅੱਖੀਓਂ ਸਾਉਣ ਵਰਾਉਣਾ ਪੈਂਦੈ। ਨਿਰਮਲ ਅੰਬਰ ਦੇ ਵਿਚ, ਤਾਰਿਆਂ ਨਾਲ, ਸੰਵਾਦ ਰਚਾਉਣਾ ਪੈਂਦੈ। ਆਪਣੀ ਮੂਰਖ਼ਤਾ ਤੇ ਆਪੇ ਰੋਣਾ ਤੇ ਪਛਤਾਉਣਾ ਪੈਂਦੈ। ਮੈਂ ਰਾਤਾਂ ਨੂੰ ਜਾਗ ਜਾਗ ਕੇ, ਬਹੁਤ ਵੇਖਿਐ। ਸੁੱਤੀ ਸੱਟ ਦੀ ਪੀੜ ਸਹਿੰਦਿਆਂ, ਆਪੇ ’ਕੱਲਿਆਂ ਰੋਣਾ ਪੈਂਦੈ। ਚੰਨ ਵਿਚਲੇ ਦਾਗਾਂ ਨੂੰ ਤੱਕ ਕੇ, ਰਿਸ਼ਤੇਦਾਰ ਬਣਾਉਣਾ ਪੈਂਦੈ। ਅਣਲਿਖਿਆਂ ਗੀਤਾਂ ਨੂੰ ਆਪੇ, ਬੇਤਰਤੀਬੇ ਗਾਉਣਾ ਪੈਂਦੈ। ਰੁੱਸੇ ਜਜ਼ਬੇ ਮਾਰ ਹਲੂਣੇ, ਸੁਰ ਤੇ ਸਾਜ਼ ਜਗਾਉਣਾ ਪੈਂਦੈ। ਮੈਂ ਰਾਤਾਂ ਨੂੰ ਜਾਗ ਜਾਗ ਕੇ, ਬਹੁਤ ਵੇਖਿਐ। ਵਿੱਛੜੇ ਸੱਜਣ ਭਾਲਣ ਖ਼ਾਤਰ ਸਾਰਾ ਅੰਬਰ ਗਾਹੁਣਾ ਪੈਂਦੈ। ਧਰਤੀ ਦੀ ਬੁੱਕਲ ਵਿਚ ਬਹਿ ਕੇ, ਖ਼ੁਦ ਨੂੰ ਕਬਰ ਬਣਾਉਣਾ ਪੈਂਦੈ। ਆਪਣੇ ਚਿਹਰੇ ਉੱਤੋਂ ਆਪੇ ਨਕਲੀ ਚਿਹਰਾ ਲਾਹੁਣਾ ਪੈਂਦੈ। ਅੰਤਰ ਮਨ ਦਾ ਨਾਦ ਇਲਾਹੀ, ਖ਼ੁਦ ਨੂੰ ਆਪ ਸੁਣਾਉਣਾ ਪੈਂਦੈ। ਮੈਂ ਰਾਤਾਂ ਨੂੰ ਜਾਗ ਜਾਗਕੇ, ਬਹੁਤ ਵੇਖਿਐ। ਨੇਰ੍ਹੇ ਨਾਲ ਪੁਗਾਉਂਦੇ ਯਾਰੀ, ਅੰਬਰ ਦੇ ਵਿਚ ਚੰਨ ਤੇ ਤਾਰੇ। ਦਰਦ ਪਰੁੱਚੇ ਹਾਉਕੇ ਨੂੰ ਇਹ, ਭਰਨ ਕਦੇ ਨਾ ਆਪ ਹੁੰਗਾਰੇ। ਅਜਬ ਮੁਸਾਫ਼ਰ ਦਿਨ ਚੜ੍ਹਦੇ ਨੂੰ, ਬੰਨ੍ਹ ਬਿਸਤਰਾ ਜਾਂਦੇ ਸਾਰੇ। ਇਹ ਤਾਂ ਬੱਸ ਕਵਿਤਾ ਦਾ ਗਹਿਣਾ। ਇਸ ਤੋਂ ਵੱਧ ਮੈਂ ਕੁਝ ਨਹੀਂ ਕਹਿਣਾ। ਮੈਂ ਰਾਤਾਂ ਨੂੰ ਜਾਗ ਜਾਗਕੇ, ਬਹੁਤ ਵੇਖਿਐ। ਸੂਈ ਵਿਚ ਪਰੋਕੇ ਰੀਝਾਂ, ਆਪੇ ਮੋਤੀ ਜੜਨੇ ਪੈਂਦੇ। ਰਾਤ ਦੀ ਕਾਲੀ ਚਾਦਰ ਉੱਤੇ, ਤੰਦਾਂ ਸੁਪਨੇ ਮੜ੍ਹਨੇ ਪੈਂਦੇ। ਮਨ ਅੰਦਰਲੇ ਮੋਰ ਸੁਨਹਿਰੇ, ਪੋਟਿਆਂ ਦੇ ਸੰਗ ਫੜਨੇ ਪੈਂਦੇ। ਖਿੱਲਰੇ ਜਿਵੇਂ ਭੁਲਾਵੇਂ ਅੱਖਰ, ਜੋੜ ਜੋੜ ਕੇ ਪੜ੍ਹਨੇ ਪੈਂਦੇ। ਮੈਂ ਰਾਤਾਂ ਨੂੰ ਜਾਗ ਜਾਗਕੇ, ਬਹੁਤ ਵੇਖਿਐ। ਆਪਣੇ ਅੰਤਰਮਨ ਦੇ ਅੰਦਰ, ਡੂੰਘਿਓਂ ਡੂੰਘਾ ਲਹਿਣਾ ਪੈਂਦੈ। ਹਿਜਰ ਵਸਲ ਦੀਆਂ ਚਰਖੜੀਆਂ ਨੂੰ, ਤਨ ਤੇ ਮਨ ਤੇ ਸਹਿਣਾ ਪੈਂਦੇ। ‘ਚੁੱਪ’ ਨਿਰੀ ਹੈ ਮੌਤ ਬਰਾਬਰ, ਖ਼ੁਦ ਨੂੰ ਆਪੇ ਕਹਿਣਾ ਪੈਂਦੈ। ਨੇਰ੍ਹੇ ਨੂੰ ਮੇਟਣ ਦੀ ਖ਼ਾਤਰ, ਮਾਚਸ ਉੱਤੇ ਖਹਿਣਾ ਪੈਂਦੈ। ਮੈਂ ਰਾਤਾਂ ਨੂੰ ਜਾਗ ਜਾਗਕੇ, ਬਹੁਤ ਵੇਖਿਐ। ਮੈਂ ਰਾਤਾਂ ਨੂੰ ਜਦੋਂ ਜਾਗਦਾਂ, ਆਪਣੇ ਅੰਦਰ, ਸੁੱਤੀ ਧਰਤ ਜਗਾ ਲੈਂਦਾ ਹਾਂ। ਜਦ ਜੀਅ ਕਰਦੈ, ’ਵਾਜ਼ ਮਾਰ ਕੇ, ਅੰਬਰ ਥੱਲੇ ਲਾਹ ਲੈਂਦਾ ਹਾਂ। ਬਿਰਖਾਂ ਦੀ ਛਤਰੀ ਹਰਿਆਲੀ, ਪੱਤਿਆਂ ਥਾਈਂ ਸਾਹ ਲੈਂਦਾ ਹਾਂ। ਅੰਤਰ ਧਿਆਨ ਦੇ ਘੋੜੇ ਚੜ੍ਹ ਕੇ, ਸਗਲੀ ਧਰਤੀ ਗਾਹ ਲੈਂਦਾ ਹਾਂ। ਕਰਕੇ ਪੌਣ ਸਵਾਰੀ ਆਪੇ, ਅੰਬਰ ਦੀ ਵੀ ਥਾਹ ਲੈਂਦਾ ਹਾਂ। ਮੈਂ ਰਾਤਾਂ ਨੂੰ ਜਾਗ ਜਾਗਕੇ ਬਹੁਤ ਵੇਖਿਐ। ਰੰਗਾਂ ਦੀ ਸਤਰੰਗੀ ਲੀਲ੍ਹਾ, ਅੱਖਾਂ ਮੀਟ ਵਿਖਾ ਸਕਦਾ ਹਾਂ। ਬਿਨ ਸਾਜ਼ਾਂ ਤੋਂ ਬਿਰਖ਼ ਬਰੂਟੇ, ਗਾਉਂਦੇ ਗੀਤ ਸੁਣਾ ਸਕਦਾ ਹਾਂ। ਕੁਲ ਧਰਤੀ ਦਾ ਖ਼ਾਰਾ ਸਾਗਰ, ਗਾਗਰ ਦੇ ਵਿਚ ਪਾ ਸਕਦਾ ਹਾਂ। ਸਾਥ ਦਏਂ ਤਾਂ ਜਿਹੜਾ ਆਖੇਂ, ਤਾਰਾ ਅੰਬਰੋਂ ਲਾਹ ਸਕਦਾ ਹਾਂ। ਕੱਲ-ਮੁ-ਕੱਲੀ ਕੂੜ ਕਲਪਨਾ, ਕਦੇ ਸਾਕਾਰ ਆਕਾਰ ਨਾ ਧਾਰੇ। ਕਾਲੀ ਚਾਦਰ ਗੂੜ੍ਹੀ ਕਾਲ਼ੀ, ਬਿਨ ਚਾਨਣ ਨਾ ਕੋਈ ਲੰਗਾਰੇ। ਮੈਂ ਰਾਤਾਂ ਨੂੰ ਜਾਗ ਜਾਗਕੇ, ਬਹੁਤ ਵੇਖਿਐ। ਰਾਤਾਂ ਦੇ ਜਗਰਾਤੇ ਕੱਟ ਕੇ, ਕਦੇ ਕਿਤੇ ਸੂਰਜ ਨਹੀਂ ਚੜ੍ਹਦਾ। ਧਰਮ ਗਰੰਥ ਗਿਆਨ ਦੀ ਗੰਗਾ, ਨੇਰ੍ਹੇ ਅੰਦਰ ਕੋਈ ਨਾ ਪੜ੍ਹਦਾ। ਪਰ ਜੇ ਦੀਵਾ ਜਾਗ ਪਵੇ ਤਾਂ, ਉਸ ਅੱਗੇ ’ਨੇਰ੍ਹਾ ਨਹੀਂ ਖੜ੍ਹਦਾ। ਮੈਂ ਰਾਤਾਂ ਨੂੰ ਜਾਗ ਜਾਗ ਕੇ, ਬਹੁਤ ਵੇਖਿਐ।
ਸਾਰੀ ਧਰਤੀ ਮੇਰੀ
ਸਾਰੀ ਧਰਤੀ ਮੇਰੀ, ਕਿਉਂ ਮਹਿਮਾਨ ਬਣਾਂ? ਮੈਂ ਤਾਂ ਏਥੇ ਆਇਆਂ, ਡੇਰਾ ਲਾਵਾਂਗਾ। ਕਬਜ਼ੇ ਲਈ, ਇਕ ਗਿੱਠ ਵੀ ਮੈਨੂੰ ਲੋੜ ਨਹੀਂ, ਮੈਂ ਤਾਂ ਤੇਰੇ ਦਿਲ ਅੰਦਰ ਬਹਿ ਜਾਵਾਂਗਾ। ਜੀਕਣ ਫੁੱਲ ਵਿਚ ਰੰਗ ਤੇ ਖ਼ੁਸ਼ਬੂ ਵੱਸਦੀ ਹੈ। ਕਦਰਦਾਨ ਨੂੰ ਸਭ ਸਿਰਨਾਵੇਂ ਦੱਸਦੀ ਹੈ। ਕੱਲ-ਮੁ-ਕੱਲੀ ਰੋਂਦੀ, ਨਾਲੇ ਹੱਸਦੀ ਹੈ। ਮੈਂ ਵੀ ਤੇਰੇ ਅੰਗ ਸੰਗ ਏਦਾਂ ਚਾਹਵਾਂਗਾ। ਜਿਸ ਧਰਤੀ ਤੇ ਬਿਰਖ਼ ਬਰੂਟੇ ਦਿਸਦੇ ਨਹੀਂ। ਅੱਖੀਆਂ ਵਿਚੋਂ ਅੱਥਰੂ ਚਸ਼ਮੇ ਰਿਸਦੇ ਨਹੀਂ। ਦਰਦ ਵੇਖ ਕੇ ਦਿਲ ਦੇ ਛਾਲੇ ਫਿਸਦੇ ਨਹੀਂ। ਮਾਰੂਥਲ ਨੂੰ ਮੈਂ ਹੁਣ ਜੀਉਣ ਸਿਖਾਵਾਂਗਾ। ਚੱਲ ਧਰਤੀ ਨੂੰ ਕਹੀਏ, ਦਿਲ ਨਾ ਛੱਡ ਮਾਏ। ਕੀ ਹੋਇਆ? ਜੇ ਪੁੱਤਰ ਤੇਰੇ ਨਹੀਂ ਆਏ। ਹਰ ਸਾਹ ਵਿਚ ਹਟਕੋਰੇ ਹਿੱਸੇ ਜੇ ਆਏ। ਮੈਂ ਤੇਰੇ ਘਰ ਵੇਖੀਂ ਰੌਣਕ ਲਾਵਾਂਗਾ। ਰਾਤੀਂ ਬੋਲਣ ਬੀਂਡੇ ਜੋ ਗ਼ਮਗੀਨ ਜਹੇ। ਨਾ ਰੋਂਦੇ ਨਾ ਹੱਸਦੇ ਨਿਰੇ ਮਸ਼ੀਨ ਜਹੇ। ਬੇਕਦਰਾਂ ਨੇ ਚੁੱਲ੍ਹੇ ਡਾਹੀ ਬੀਨ ਜਹੇ। ਮੈਂ ਇਨ੍ਹਾਂ ਵਿਚ ਸੱਜਰੀ ਜਿੰਦ ਧੜਕਾਵਾਂਗਾ। ਮੈਂ ਪਰਵਾਸੀ ਪੰਛੀ ਵਾਂਗ ਉਦਾਸ ਨਹੀਂ। ਮੇਰੀਆਂ ਲੋੜਾਂ ਜੇ ਪੁੱਛਦੇ ਹੋ, ਖ਼ਾਸ ਨਹੀਂ। ਪਰ ਇਹ ਘੋਰ ਉਦਾਸੀ ਮੈਨੂੰ ਰਾਸ ਨਹੀਂ। ਮੈਂ ਪੌਣਾਂ ਦੇ ਪੈਰੀਂ ਝਾਂਜਰ ਪਾਵਾਂਗਾ। ਖ਼ਾਰੇ ਪਾਣੀ, ਅੱਥਰੂ ਦੇ ਵਿਚ ਅੰਤਰ ਹੈ। ਹਰ ਹਾਉਕੇ ਦੀ ਆਪਣੀ ਹੋਂਦ ਸੁਤੰਤਰ ਹੈ। ਜ਼ਿੰਦਗੀ ਨੂੰ ਪਹਿਚਾਨਣ ਦਾ ਇਹ ਮੰਤਰ ਹੈ। ਇਸ ਧਰਤੀ ਦੇ ਲੋਕਾਂ ਨੂੰ ਸਮਝਾਵਾਂਗਾ। ਚਾਰਦੀਵਾਰੀ ਅੰਦਰ ਪੰਛੀ ਵੱਸਦੇ ਨੇ । ਸੁਪਨ ਵਿਹੂਣੇ ਭੇਤ ਨਾ ਦਿਲ ਦਾ ਦੱਸਦੇ ਨੇ। ਧਰਤ ਬਰੇਤੀ ਤਪਦੀ, ਫਿਰ ਵੀ ਨੱਸਦੇ ਨੇ। ਮੈਂ ਹੀ ਏਥੇ ਪਹਿਲਾ ਬਿਰਖ਼ ਲਗਾਵਾਂਗਾ। ਅੰਬਰ ਗੰਗਾ ਸੋਹਣੀ, ਜਲ ਦੀ ਆਸ ਨਹੀਂ। ਸਦੀਆਂ ਤੋਂ ਜਿਸ ਦਿੱਤੀ ਕੋਈ ਧਰਵਾਸ ਨਹੀਂ। ਸੱਜਣਾਂ ਬਾਝੋਂ ਫੁੱਲਾਂ ਵਿਚ ਵੀ ਬਾਸ ਨਹੀਂ। ਸਾਥ ਦਏਂ ਤਾਂ ਫੁੱਲ ਵੀ ਮਹਿਕਣ ਲਾਵਾਂਗਾ। ਦੂਰ ਦੂਰ ਤਕ ਰਾਤ ਵਿਛਾਈਆਂ ਚਾਨਣੀਆਂ। ਤੇਰੇ ਮੇਰੇ ਬਾਝੋਂ ਕਿਸ ਨੇ ਮਾਨਣੀਆਂ। ਕਿਸਨੇ ਰੀਝਾਂ ਵਾਂਗ ਚੰਦੋਏ ਤਾਨਣੀਆਂ। ਸਾਹ-ਸੁਰ ਕਰਕੇ ਐਸੀ ਤਾਨ ਸੁਣਾਵਾਂਗਾ। ਮਾਰੂਥਲ ਦੀ ਪੀੜਾ ਕਿਸਨੇ ਜਾਣੀ ਹੈ। ਇਸ ਦੀ ਪਿਆਸ ਨਿਰੰਤਰ ਲੱਭਦੀ ਪਾਣੀ ਹੈ। ਹਰ ਧਰਤੀ ਦੀ ਵੱਖਰੀ ਦਰਦ ਕਹਾਣੀ ਹੈ। ਇਸ ਦੀ ਗਾਥਾ ਸਾਗਰ ਨੂੰ ਸਮਝਾਵਾਂਗਾ। ਰਾਂਝਾ ਵੰਝ ਨੂੰ ਵੰਝਲੀ ਜਿਵੇਂ ਬਣਾਉਂਦਾ ਹੈ। ਸੁਰ ਸ਼ਹਿਜਾਦੀ ਹੋਠਾਂ ਨਾਲ ਛੁਹਾਉਂਦਾ ਹੈ। ਉਸ ਪਲ ਮੈਨੂੰ ਤੇਰਾ ਚੇਤਾ ਆਉਂਦਾ ਹੈ। ਪੱਥਰਾਂ ਨੂੰ ਵੇਖੀਂ ਮੈਂ ਬੋਲਣ ਲਾਵਾਂਗਾ।
ਚੱਲ ਚੱਲ ਘੋੜਿਆ
ਚੱਲ ਚੱਲ ਘੋੜਿਆ! ਵੇ ਚੱਲ ਚੱਲ ਘੋੜਿਆ। ਵਕਤਾਂ ਦੇ ਪਹੀਏ ਅੱਗੇ, ਅੱਜ ਤੈਨੂੰ ਜੋੜਿਆ। ਚੱਲ ਬੱਦਲਾਂ ਤੋਂ ਦੂਰ। ਜਿੱਥੇ ਹਾਣੀਆਂ ਦਾ ਪੂਰ। ਬੈਠਾ ਹੋਇਆ ਮਗ਼ਰੂਰ। ਚਿੱਤ ਪੈਸੇ ਦਾ ਫ਼ਤੂਰ। ਭੁੱਲਾਂ ਅੰਬਾਂ ਵਾਲਾ ਬੂਰ। ਜਿੱਥੇ ਜਾਂਦੇ ਨੇ ਜਹਾਜ਼। ਜਿੱਥੇ ਪਹੁੰਚੇ ਨਾ ਆਵਾਜ਼। ਬੰਦਾ ਕੋਹਲੂ ਵਾਲਾ ਬੈਲ, ਜਿਨੂੰ ਭੁੱਲੀ ਪਰਵਾਜ਼। ਚੱਲ ਸਾਗਰਾਂ ਤੋਂ ਪਾਰ। ਭਾਵੇਂ ਮੀਲ ਨੇ ਹਜ਼ਾਰ। ਚੱਲ ਤੁਰ ਮਾਰੋ ਮਾਰ। ਜਿੱਥੇ ਵੱਸਦੇ ਮਾਹੀ ਨੂੰ, ਭੁੱਲੀ ਦਿਲਾਂ ਵਾਲ਼ੀ ਸਾਰ। ਜਿਥੇ ਠਰੀਆਂ ਹਵਾਵਾਂ। ਪੁੱਤ ਭੁੱਲ ਚੁੱਕੇ ਮਾਵਾਂ। ਨਾਲ਼ੇ ਲਈਆਂ ਹੋਈਆਂ ਲਾਵਾਂ। ਬਣੇ ਡਾਲਰਾਂ ਦੇ ਪੁੱਤ, ਭੁੱਲੇ ਬਾਪੂ ਦਿਆਂ ਚਾਵਾਂ। ਟੋਕਾ ਚੱਲੇ ਦਿਨ ਰਾਤ। ਟੁੱਕੀ ਜਾਵੇ ਜਜ਼ਬਾਤ। ਦਾਦੀ ਕਿਸ ਨੂੰ ਸੁਣਾਵੇ, ਪੋਤੇ ਸੁਣਦੇ ਨਾ ਬਾਤ। ਜਿੱਥੇ ਸੂਰਜਾ ਵੀ ਸੋਹਣਾ, ਜਿੱਥੇ ਵੱਡਾ ਸਾਰਾ ਚੰਦ। ਜਿੱਥੇ ਬਣਿਆ ਏ ਬੰਦਾ ਵੀ, ਮਸ਼ੀਨ ਵਾਂਗੂੰ ਸੰਦ। ਜਿੱਥੇ ਮਹਿੰਗੇ ਮੁੱਲ ਹਾਸੇ। ਅੱਡੀ ਭੋਰੇ ਨਾ ਪਤਾਸੇ। ਤੁਰ ਗਈਆਂ ਕਿਸੇ ਪਾਸੇ, ਜਿੱਥੋਂ ਕੂੰਜਾਂ ਦੀਆਂ ਡਾਰਾਂ। ਮਾਤਾ ਪੁੱਛਦੀ ਏ ਪੁੱਤਰੋ, ਆਵਾਜ਼ ਕੀਹਨੂੰ ਮਾਰਾਂ। ਜਿੱਥੇ ਸਾਰੇ ਮਹਿਮਾਨ। ਸਦਾ ਮੁੱਠੀ ਵਿਚ ਜਾਨ। ਚਿੱਤ ਕਿਸ਼ਤਾਂ 'ਚ ਘਿਰੇ, ਨਹੀਂਉਂ ਮੰਨਦੀ ਜ਼ਬਾਨ। ਜਿੱਥੇ ਹੱਥ ਵੀ ਬੇਵੱਸ, ਜਿਥੇ ਪੈਰ ਵੀ ਗੁਆਚੇ। ਖਾਈ ਜਾਂਦੀ ਏ ਸਿਉਂਕ, ਮੁੱਕ ਚੱਲੇ ਤਾਏ ਚਾਚੇ। ਜਿੱਥੇ ਸਮਿਆਂ ਨੂੰ ਘੜੀ, ਟਿੱਕ ਟਿੱਕ ਟੁੱਕੀ ਜਾਵੇ। ਜਿੱਥੇ ਟੁੱਟੇ ਪਰਿਵਾਰ ਤੇ, ਆਵਾਜ਼ ਵੀ ਨਾ ਆਵੇ। ਜਿੱਥੇ ਗਿਣਤੀ ਤੇ ਮਿਣਤੀ, ਹੀ ਬਣਿਆ ਵਿਹਾਰ। ਜਿੱਥੇ ਹੋਈ ਜਾਵੇ ਬੰਦਾ, ਚੱਲੀ ਚਾਲ ਦਾ ਸ਼ਿਕਾਰ ! ਜਿੱਥੇ ਸਭ ਨੂੰ ਭੁਲੇਖਾ, ਹਾਂ ਕਮਾਉਣ ਅਸੀਂ ਆਏ। ਪਰ ਕੋਈ ਵੀ ਨਾ ਮੰਨੇ, ਗੁੰਮ ਚੱਲੇ ਹਮਸਾਏ। ਚੱਲ ਚੱਲ ਘੋੜਿਆ। ਵੇ ਚੱਲ ਚੱਲ ਘੋੜਿਆ। ਦਰਿਆ ਨੂੰ ਵਾਗ ਫੜ, ਦੱਸ ਕੀਹਨੇ ਮੋੜਿਆ।
ਧੀਆਂ ਧਰਤੀ ਅਤੇ ਧਰੇਕਾਂ
ਜਿਸ ਘਰ ਵਿਚ ਧੀ ਜਨਮ ਮੁਬਾਰਕ ! ਉਸ ਘਰ ਰਹਿਮਤ ਛਾਂ ਰਹਿੰਦੀ ਹੈ। ਸੌ ਹਵਨਾਂ ਸੌ ਪਾਠਾਂ ਨਾਲੋਂ, ਵੱਧ ਪਵਿੱਤਰ ਥਾਂ ਰਹਿੰਦੀ ਹੈ । ਰਿਸ਼ਤੇ ਨਾਤੇ ਰਹਿਣ ਸਲਾਮਤ, ਥਾਂ ਸਿਰ ਵੱਸਣ ਪਿਆਰ ਭਰੱਪਣ, ਜਿਸ ਘਰ ਬਿਰਧ ਬਾਬਲਾ ਹੋਵੇ, ਧਰਤੀ ਵਰਗੀ ਮਾਂ ਰਹਿੰਦੀ ਹੈ । ਬਿਰਖ਼ ਬਰੂਟੇ ਬੋਹੜ ਤੇ ਪਿੱਪਲ, ਸਦ ਜੀਵੀ ਅਰਦਾਸ ਜਹੇ ਨੇ । ਤਪਦੀ ਅਗਨ ਵਰ੍ਹਾਉਂਦੀ ਰੁੱਤੇ, ਘਣਛਾਵੀਂ ਧਰਵਾਸ ਜਹੇ ਨੇ। ਵੇਖਿਓ ਕਿਧਰੇ ਜੜ੍ਹ ਨਾ ਸੁੱਕੇ, ਧਰਤੀ ਨਾਲ ਪਿਆਰ ਨਾ ਮੁੱਕੇ, ਇਨ੍ਹਾਂ ਦੀ ਬੁੱਕਲ ਵਿਚ ਬੈਠੋ, ਇਹ ਸਾਡੇ ਇਤਿਹਾਸ ਜਹੇ ਨੇ। ਧਰਤ ਬੇਗਾਨੀ ਫਿਰ ਕੀ ਹੋਇਆ, ਆਪਣੀ ਸੋਚ ਸਲਾਮਤ ਰੱਖਿਓ। ਪੀਂਘ ਹੁਲਾਰੇ ਵਰਗੀ ਸੋਹਣੀ, ਜੀਵਨ ਲੋਚ ਸਲਾਮਤ ਰੱਖਿਉ । ਧੀਆਂ ਧਰਤੀ ਅਤੇ ਧਰੇਕਾਂ, ਖ਼ਤਰੇ ਵਿਚ ਧੁੱਪਾਂ ਤੇ ਛਾਵਾਂ, ਸਦੀਆਂ ਦੀ ਪੂੰਜੀ ਨਾ ਗੁੰਮੇ, ਰੂਹ ਵਿਚ ਸਾਂਭ ਅਮਾਨਤ ਰੱਖਿਉ।
ਮੇਰੇ ਸ਼ਬਦ ਉਦਾਸ ਬੜੇ ਨੇ
ਮੇਰੇ ਸ਼ਬਦ ਉਦਾਸ ਬੜੇ ਨੇ। ਪੜ੍ਹਨ ਹਾਰਿਆਂ ਨੂੰ ਉਹ ਲੱਭਦੇ, ਕਿੱਥੋਂ ਕਿੱਥੇ ਪਹੁੰਚ ਗਏ ਨੇ। ਵਰਕਾ ਵਰਕਾ, ਵਿਸ਼ਵ ਗਿਆਨ ਦੀ ਅਣਮੁੱਕ ਪੂੰਜੀ, ਪੋਥੀਆਂ ਦੇ ਵਿਚ ਬੰਨ੍ਹੀ ਹੋਈ । ਅਲਮਾਰੀ ਵਿਚ ਦਮ ਘੁੱਟਦਾ ਹੈ। ਕਦਰਦਾਨ ਆਵੇਗਾ, ਏਸ ਉਡੀਕ 'ਚ ਬੈਠੇ, ਮੇਰੇ ਸ਼ਬਦ ਉਦਾਸ ਖੜੇ ਨੇ। ਜਿਸ ਧਰਤੀ ਦਾ ਪੰਥ ਗ੍ਰੰਥ ਹੈ, ਓਥੇ ਪੁਸਤਕ ਬਣੀ ਵਿਚਾਰੀ। ਵੇਦਾਂ ਤੇ ਉਪਨਿਸ਼ਦਾਂ ਨੂੰ ਵੀ, ਬੜੀ ਨਮੋਸ਼ੀ, ਕਿੱਥੇ ਤੁਰ ਗਈ ਕਦਰਵਾਨ, ਕੇਸਰ ਦੀ ਕਿਆਰੀ। ਮਨ-ਜ਼ਰਖੇਜ਼ ਬਗੀਚੀ ਅੰਦਰ, ਅੱਜਕੱਲ੍ਹ ਲੋਕੀ ਸ਼ਬਦ ਨਾ ਬੀਜਣ, ਖਾਣ ਪੀਣ ਮਾਨਣ ਤੇ ਰੀਝਣ। ਗਿਆਨ ਦੀ ਗੰਗਾ ਵਿਚੋਂ ਚੂਲੀ ਕਦੇ ਨਾ ਭਰਦੇ। ਸ਼ਬਦਾਂ ਦੇ ਵਿਸਫੋਟ ਤੋਂ ਹਰਦਮ ਰਹਿੰਦੇ ਡਰਦੇ। ਮਨ ਹਾਜ਼ਰ ਨਹੀਂ, ਤਨ ਹੀ ਤਨ ਹੈ। ਸੋਚਾਂ ਉੱਤੇ ਭਾਰੂ ਤਨ ਹੈ। ਸ਼ਬਦ ਵਿਹਾਜਣ ਵਾਲੇ ਕਿੱਥੇ ਤੁਰ ਗਏ ਸਾਰੇ। ਕਾਲ ਕਲੂਟੀ ਰਾਤ ਨਾ ਅੰਬਰੀਂ ਦਿਸਦੇ ਤਾਰੇ। ਸ਼ਬਦ ਹਨੇਰੀ ਕੰਦਰ ਅੰਦਰ ਜਗਦਾ ਦੀਵਾ। ਨੇੜੇ ਜਾਓ! ਜਾਣ ਲਵੋ ਖ਼ੁਦ, ਕਰਦੇ ਖੀਵਾ। ਨਗਨ ਚਾਂਦਨੀ ਲਿਸ਼ਕੇ ਜੀਕੂ ਅੰਬਰ ਉੱਤੇ। ਸ਼ਬਦ ਜਗਾਉਂਦੇ ਸੁਰਤੀ, ਮੌਲਣ ਸੁਪਨੇ ਸੁੱਤੇ। ਧਰਤੀ ਅੰਬਰ, ਪੌਣ, ਪਾਣੀਆਂ, ਅੰਦਰ ਜੇਕਰ ਜੀਣਾ ਚਾਹੋ। ਸ਼ਬਦਾਂ ਦੇ ਨੇੜੇ ਖ਼ੁਦ ਆਉ। ਇਨ੍ਹਾਂ ਅੰਦਰ ਘੁਲ ਮਿਲ ਜਾਉ। ਵੇਖ ਲਇਉ ਫਿਰ ਸ਼ਬਦ ਕਿਵੇਂ ਤਨ ਖੰਭੜੇ ਬਣਦੇ। ਭੇਤ ਇਲਾਹੀ ਜਾਣ ਲਵੋਗੇ ਖ਼ੁਦ ਕਣ ਕਣ ਦੇ। ਕੰਠ ਲਗਾਉ ਸ਼ਬਦ ਤੁਸੀਂ ਜੇ ਜੀਣਾ ਚਾਹੋ। ਸ਼ਬਦ ਬਣਨਗੇ ਅੰਮ੍ਰਿਤ ਜੇ ਖ਼ੁਦ ਪੀਣਾ ਚਾਹੋ।
ਰੇਤਾ ਤੇ ਲਿਖੀਆਂ ਕਵਿਤਾਵਾਂ
(ਬੀਕਾਨੇਰ ਕਵਿਤਾ-ਉਸਤਵ ਦੇ ਨਾਂ) ਕਿਸ ਧਰਤੀ ਤੋਂ ਪੌਣਾਂ ਆਈਆਂ। ਦੁੱਖੜੇ ਸੁਖੜੇ ਨਾਲ ਲਿਆਈਆਂ। ਨਵੀਂ ਇਬਾਰਤ ਨਵੀਂ ਲਿੱਪੀ ਹੈ, ਸਤਰਾਂ ਕੋਲ ਖੜੋ। ਰੇਤਾ ਤੇ ਲਿਖੀਆਂ ਕਵਿਤਾਵਾਂ, ਬਰਖ਼ੁਰਦਾਰ ਪੜ੍ਹੋ। ਨਾ ਇਹ ਅੱਥਰੂ, ਨਾ ਇਹ ਹਾਸੇ। ਨਾ ਇਹ ਹਾਉਕੇ ਨਾ ਧਰਵਾਸੇ। ਨਾ ਖੇੜਾ ਨਾ ਗੀਤ ਉਦਾਸੇ। ਇਹ ਤਾਂ ਧਰਤ ਬੁਝਾਰਤ ਪਾਈ, ਇਸ ਦੇ ਅਰਥ ਪੜ੍ਹੋ। ਰੇਤਾ ਜਿਉਂ ਦਰਿਆ ਦੀਆਂ ਲਹਿਰਾਂ। ਵੰਨ ਸੁਵੰਨ ਗਜ਼ਲ ਦੀਆਂ ਬਹਿਰਾਂ। ਇਨ੍ਹਾਂ ਕੋਲ ਜਦੋਂ ਵੀ ਠਹਿਰਾਂ। ਆਖਦੀਆਂ ਨੇ ਬੰਦਿਓ ਸਾਡੀ, ਕੋਈ ਤਾਂ ਨਬਜ਼ ਫੜੋ। ਏਥੇ ਵੀ ਦਰਿਆ ਵਹਿੰਦਾ ਸੀ। ਹਰ ਵੇਲੇ ਚੜ੍ਹਿਆ ਰਹਿੰਦਾ ਸੀ। ਸਾਡੇ ਨਾਲ ਸਦਾ ਖ਼ਹਿੰਦਾ ਸੀ। ਕਿੱਥੇ ਗਈ ਉਹਦੀ ਹੋਂਦ ਪਛਾਣੋ, ਤੁਸੀਂ ਵੀ ਸਬਕ ਪੜ੍ਹੋ। ਨਿਰਮਲ ਪੌਣ ਜਦੋਂ ਆਉਂਦੀ ਹੈ। ਪਹਿਲਾਂ ਰੱਜ ਕੇ ਖ਼ੁਦ ਗਾਉਂਦੀ ਹੈ। ਜਦ ਉਹ ਸਾਨੂੰ ਅੱਗ ਲਾਉਂਦੀ ਹੈ। ਕਣ ਕਣ ਗੀਤ ਬਣਾਵੇ ਆਖੇ, ਤਰਜ਼ਾਂ ਆਪ ਘੜੋ। ਕੁਲ ਧਰਤੀ ਨੂੰ ਭਰੇ ਕਲਾਵੇ। ਵਣ ਤ੍ਰਿਣ ਖੂਬ ਵਜਦ ਵਿਚ ਆਵੇ। ਜਿਉਂ ਕੋਈ ਤੰਤੀ-ਸਾਜ਼ ਵਜਾਵੇ। ਅਨਹਦ ਨਾਦ, ਸ਼ਬਦ ਸੁਰ ਪੌੜੀ, ਹਿੰਮਤ ਕਰੋ ਚੜ੍ਹੋ। ਏਥੇ ਹੁੰਦੀ ਸੀ ਹਰਿਆਲੀ। ਫੁੱਲ ਖਿੜਦੇ ਸੀ ਡਾਲੀ ਡਾਲੀ। ਇਹ ਜੋ ਹੈ ਕਿਲ੍ਹਿਆਂ ਦੀ ਲਾਲੀ। ਲੋਕਾਂ ਦੀ ਰੱਤ, ਚੂਸਣ ਵਾਲੇ, ਦੁਸ਼ਮਣ ਨਾਲ ਲੜੋ। ਮਾਰੂਥਲ ਅੱਜ ਰਾਜਪੂਤਾਨਾ। ਹੁੰਦਾ ਸੀ ਕਦੇ ਦੌਲਤ ਖ਼ਾਨਾ। ਅਣਖੀ ਕੌਮੀ ਮਾਣ ਤਰਾਨਾ। ਸਭ ਦੱਸਦੈ ਇਤਿਹਾਸ ਜੇ ਇਸਦੇ, ਅੰਦਰ ਰਤਾ ਵੜੋ। ਕਣ ਕਣ ਰੱਬ ਜਦੋਂ ਬਣ ਬਹਿੰਦਾ। ਭਟਕਣ ਵਿਚ ਭਟਕਦਾ ਰਹਿੰਦਾ। ਧਰਤੀ ਪੱਲੇ ਕੱਖ ਨਹੀਂ ਰਹਿੰਦਾ। ਜੁੜ ਬੈਠੇ ਤਾਂ ਪੈਣ ਬਰਕਤਾਂ, ਐਸੀ ਸ਼ਕਲ ਘੜੋ। ਰੇਤਾ ਤੇ ਲਿਖੀਆਂ ਕਵਿਤਾਵਾਂ, ਬਰਖ਼ੁਰਦਾਰ ਪੜ੍ਹੋ।
ਰੁੱਸ ਰੁੱਸ ਕੇ ਨਾ ਮਾਰ
ਰੁੱਸ ਰੁੱਸ ਕੇ ਨਾ ਮਾਰ ਓ ਜ਼ਾਲਮਾ, ਰੁੱਸ ਰੁੱਸ ਕੇ ਨਾ ਮਾਰ। ਜ਼ਿੰਦਗੀ ਦਾ ਥਲ ਡੂੰਘਾ ਪੈਂਡਾ, ਤੁਧ ਬਿਨ ਕੌਣ ਹਮਾਰ। ਓ ਜ਼ਾਲਮਾ! ਰੁੱਸ ਰੁੱਸ ਕੇ ਨਾ ਮਾਰ। ਤਪਦੀ ਰੇਤ ਕੜਾਹੀਆਂ ਅੰਦਰ। ਕੀ ਕੁਝ ਭੁੱਜਦਾ ਦਿਲ ਦੇ ਅੰਦਰ। ਵਰ੍ਹ ਜਾ, ਬੱਦਲ ਬਣ ਕੇ ਵਰ੍ਹ ਜਾ, ਹੋਰ ਨਾ ਕਹਿਰ ਗੁਜ਼ਾਰ। ਓ ਜ਼ਾਲਮਾ! ਰੁੱਸ ਰੁੱਸ ਕੇ ਨਾ ਮਾਰ। ਅੰਬਰ ਵਿਚ ਟਿਮਕਦੇ ਤਾਰੇ। ਜੀਕੂੰ ਨੈਣਾਂ ਅੱਥਰੂ ਖ਼ਾਰੇ। ਨਾ ਟਿਕਦੇ ਨਾ ਡਿੱਗਦੇ ਧਰਤੀ, ਰੂਹ ਤੇ ਓੜਕਾਂ ਭਾਰ। ਓ ਜ਼ਾਲਮਾ! ਸ ਰੁੱਸ ਕੇ ਨਾ ਮਾਰ। ਧਰਤੀ ਸੁੰਨੀ ਖੇਤ ਪਿਆਸੇ। ਬੀਜਣ ਵਾਲੇ ਫਿਰਨ ਉਦਾਸੇ। ਅੱਜ ਨੇ ‘ਅੱਜ ਤੋਂ ਬਾਦ ਨਹੀਂ ਆਉਣਾ, ‘ਕੱਲ੍ਹ’ ਦਾ ਕੀ ਇਤਬਾਰ। ਓ ਜ਼ਾਲਮਾ! ਰੁੱਸ ਰੁੱਸ ਕੇ ਨਾ ਮਾਰ। ਖੌਰੇ ਕਿੱਥੇ ਵਰ੍ਹਦਾ ਰਹਿੰਨੈਂ। ਜਲ ਥਲ ਮਹੀਅਲ ਕਰਦਾ ਰਹਿੰਨੈਂ। ਬੰਜਰ ਧਰਤੀ ਰੋਜ਼ ਉਡੀਕੇ, ਵਰ੍ਹ ਜਾ ਮੋਹਲੇਧਾਰ। ਓ ਜ਼ਾਲਮਾ! ਰੁੱਸ ਰੁੱਸ ਕੇ ਨਾ ਮਾਰ। ਲੰਘ ਜਾਨੈਂ ਸਾਡੇ ਸਿਰ ਥਾਣੀਂ। ਵਹਿ ਜਾਂਦੈ ਦਿਲ ਅੱਖੀਆਂ ਥਾਣੀਂ। ਰਹਿਮਤ ਦੀ ਬਰਸਾਤ ਵਰ੍ਹਾ ਦੇ, ਆਵੇ ਚੈਨ ਕਰਾਰ। ਓ ਜ਼ਾਲਮਾ! ਰੁੱਸ ਰੁੱਸ ਕੇ ਨਾ ਮਾਰ। ਕਹਿਣ ਤੂੰ ਰਾਖਾ ਸਭਨਾਂ ਜੀਆਂ। ਅਸੀਂ ਵੀ ਤੇਰੇ ਪੁੱਤਰ ਧੀਆਂ। ਏਨਾ ਫ਼ਰਕ ਵਿਤਕਰਾ ਫਿਰ ਕਿਉਂ? ਧਰਤੀ ਕਰੇ ਪੁਕਾਰ। ਓ ਜ਼ਾਲਮਾ! ਰੁੱਸ ਰੁੱਸ ਕੇ ਨਾ ਮਾਰ। ਜ਼ਿੰਦਗੀ ਦਾ ਥਲ ਡੂੰਘਾ ਪੈਂਡਾ, ਤੁਧ ਬਿਨ ਕੌਣ ਹਮਾਰ।
ਕੈਕਟਸ
ਧਰਤੀ ਅੰਬਰ ਅਤੇ ਸਮੁੰਦਰ, ਅੰਤ-ਬੇਅੰਤੇ ਦੁਨੀਆਂ ਜਾਣੇ। ਪਰ ਧਰਤੀ ਦੀ ਕੁੱਖ ਵਿਚ ਉੱਗੇ, ਵਣ ਹਰਿਆਲੇ, ਨਦੀਆਂ-ਨਾਲੇ। ਇਨ੍ਹਾਂ ਵਿਚਲਾ ਵੇਗ, ਅਗਨ ਨੂੰ ਕੌਣ ਸੰਭਾਲੇ? ਮਾਰੂਥਲ ਵਿਚ ਜਿੱਥੇ ਕਿਧਰੇ, ਜੰਤ-ਜਨੌਰ ਵੀ ਮਰ ਮੁੱਕ ਜਾਂਦੇ। ਵਣ-ਤ੍ਰਿਣ ਸੁੱਕਦੇ, ਜਾਂਦੇ ਮੁੱਕਦੇ, ਕੌਣ ਸੰਭਾਲੇ? ਇਨ੍ਹਾਂ ਦੀ ਇਕ ਅੰਤ ਨਿਸ਼ਾਨੀ, ਕੈਕਟਸ ਜਿਸ ਨੂੰ ਸਿਰ ਤੋਂ ਪੈਰਾਂ ਤੀਕਣ ਕੰਡੇ। ਵਰ੍ਹਿਆਂ ਬਾਅਦ ਏਸ ਤੇ, ਵੇਖੋ ਖੇੜਾ ਆਇਆ, ਇਹੀ ਕੈਕਟਸ ਮਹਿਕ ਖਿਲਾਰੇ, ਰੌਣਕ ਵੰਡੇ। ਪਰ ਇਸਨੂੰ ਕਿਹੜਾ ਪਹਿਚਾਣੇ? ਕਿਹੜਾ ਇਸਨੂੰ ਆਪਣੀ ਜਾਣੇ? ਮਾਨਣ ਹਾਰੇ ਦੂਰ-ਦੁਰਾਡੇ ਤੁਰ ਗਏ ਸਾਰੇ। ਉੱਡਦੇ-ਉੱਡਦੇ ਪੰਛੀ ਆਉਂਦੇ, ਕਿਤੇ ਨਾ ਬਹਿੰਦੇ। ਰੋਡੇ ਪਰਬਤ ਬੇ-ਇਤਬਾਰੇ। ਬਲਦੀ ਰੇਤ 'ਚ ਕਾਂ ਅੱਖ ਨਿਕਲੇ। ਏਨੀ ਗਰਮੀ ਕੌਣ ਸਹਾਰੇ? ਫਿਰ ਵੀ ਵੇਖੋ, ਕੈਕਟਸ ਸਾਨੂੰ ਦੂਰੋਂ ਵਾਜਾਂ ਮਾਰ ਬੁਲਾਵੇ। ਅਤੇ ਪੁਕਾਰੇ। ਆਖ ਰਹੀ ਹੈ, ਮੈਥੋਂ ਦੂਰੀ ਭੁੱਲ ਨਾ ਹੋਵੇ। ਮੇਰੇ ਪੁੱਤਰੋ। ਠੰਢੇ-ਠਾਰ ਪਹਾੜਾਂ ਵਾਲਿਓ ਹੇਠਾਂ ਉੱਤਰੋ। ਮੈਂ ਵੀ ਹਾਂ ਧਰਤੀ ਦੀ ਜਾਈ। ਖ਼ਲਕ ਤਮਾਸ਼ਾ ਵੇਖਣ ਆਈ। ਪਰ ਮੈਨੂੰ ਦੁਰਕਾਰ ਰਹੇ ਹੋ। ਆਪਣਾ ਆਪ ਵਿਸਾਰ ਰਹੇ ਹੋ। ਜ਼ਿੰਦਗੀ ਕੇਵਲ ਫੁੱਲਾਂ ਕੱਜੀ, ਸੇਜ ਨਹੀਂ ਹੈ। ਇਸ ਵਿਚ ਵੀ, ਕੰਡਿਆਂ ਦਾ ਵਾਸਾ। ਅੱਥਰੂ-ਅੱਥਰੂ ਹੋਵਣ ਪਿਛੋਂ, ਸਭ ਨੂੰ ਚੰਗਾ ਲਗਦੈ ਹਾਸਾ। ਮੈਂ ਕੰਡਿਆਂ ਦੀ ਜਾਈ, ਤਪਸ਼ਾਂ ਦੇ ਵਿਚ ਉੱਗੀ। ਨੀਲਾ ਅੰਬਰ ਮੇਰਾ ਬਾਬਲ, ਧਰਤੀ ਝੁੱਗੀ। ਮੇਰੇ ਜਿਸਮ ਦੇ ਪੰਜ ਤੱਤ ਵੇਖੋ। ਪੰਜਾਂ ਵਿਚ ਫਿਰ ਪੰਜ ਟਿਮਕਣੇ। ਫਿਰ ਪੰਜਾਂ ਵਿਚ ਪੰਜ ਨਿਸ਼ਾਨ। ਪੰਜੋ ਪੰਜ ਨੇ ਮੇਰੀ ਜਾਨ। ਵਿਸ਼ਵ ਅਮਨ ਦਾ ਚਿੱਟਾ ਝੰਡਾ ਮੇਰੀ ਹਿਕੜੀ ਦੇ ਵਿਚ ਵੇਖੋ। ਇਹੀ ਹੈ ਮੇਰੀ ਜਿੰਦ ਜਾਨ। ਹੇ ਧਰਤੀ ਦੇ ਸੋਹਣੇ ਜਾਇਓ। ਆਪਣੇ ਵੀਰਾਂ ਨੂੰ ਸਮਝਾਇਓ। ਕੈਕਟਸ ਕੇਵਲ ਕੰਡਿਆਂ ਦਾ, ਕੋਈ ਤਾਜ ਨਹੀਂ ਹੈ। ਜੋ ਸੁਣ ਸਕਦੇ, ਓਹੀ ਜਾਨਣ, ਕੁਦਰਤ ਨੇ ਜੋ ਬਿਨਾਂ ਯਤਨ ਤੋਂ, ਆਪ ਵਜਾਇਆ, ਇਸ ਤੋਂ ਮਿੱਠੜਾ ਸਾਜ਼ ਨਹੀਂ ਹੈ। ਸਾਹ ਰੋਕੋ, ਧੜਕਣ ਨੂੰ ਆਖੋ, ਕਿ ਕੁਝ ਪਲ ਰੁਕ ਜਾਵੇ। ਕੁਦਰਤ ਜੋ ਹੈ ਕਹਿੰਦੀ, ਉਸਨੂੰ ਕੌਣ ਸੁਣੇਗਾ? ਧਰਤੀ ਦੇ ਕਣ-ਕਣ ਵਿਚ ਵੱਸਦਾ, ਖਿੜਦਾ, ਮਹਿਕ ਖਿੰਡਾਉਂਦਾ, ਦਿਲ ਦਾ ਭੇਤ ਨਾ ਦੱਸਦਾ। ਸਿਰਜਣਹਾਰੇ ਨਾਲ ਵੀਰਿਓ ਸਾਂਝ ਵਧਾਓ। ਆਪਣੇ ਆਪ ਤੋਂ ਟੁੱਟ ਨਾ ਜਾਇਓ, ਕੁਦਰਤ ਮਾਂ ਦੇ ਨੇੜੇ ਆਓ।
ਬਿਰਖਾਂ ਕੋਲ ਤਾਂ ਪੱਤਰ
ਬਿਰਖਾਂ ਕੋਲ ਤਾਂ ਪੱਤਰ, ਬੱਸ ਨਿਰੀਆਂ ਕਵਿਤਾਵਾਂ। ਕੱਲ-ਮੁ-ਕੱਲ੍ਹਾ ਏਥੇ , ਕਿਸ ਨੂੰ ਦਰਦ ਸੁਣਾਵਾਂ? ਬਿਰਖਾਂ ਕੋਲ ਤਾਂ ਟਾਹਣੀ। ਚੜ੍ਹ ਕੇ ਬਹਿੰਦੇ ਹਾਣੀ। ਸੂਰਜ ਖਾ ਗਈ ਰਾਤ ਮੈਂ ਕਿਸ ਨੂੰ ਬਾਤ ਸੁਣਾਵਾਂ? ਬਿਰਖਾਂ ਕੋਲ ਤਾਂ ਜੜ੍ਹ ਹੈ। ਸ਼ਕਤੀ ਦਾ ਜੋ ਗੜ੍ਹ ਹੈ । ਅੱਕ ਕੁਕੜੀ ਦਾ ਫੰਬਾ, ਕਿਸ ਥਾਂ ਠਾਹਰ ਬਣਾਵਾਂ। ਬਿਰਖਾਂ ਕੋਲ ਤਾਂ ਫੁੱਲ ਨੇ। ਚਾਹੁੰਦੇ ਲੋਕੀਂ ਕੁੱਲ ਨੇ। ਮੈਂ ਤਾਂ ਖੜਸੁੱਕ ਝਾੜੀ, ਕਿਸ ਨੂੰ ਅੰਗ ਲਗਾਵਾਂ। ਬਿਰਖਾਂ ਕੋਲ ਤਾਂ ਮੇਵੇ। ਹਰ ਕੋਈ ਪਾਣੀ ਦੇਵੇ। ਮੈਂ ਕਿੱਕਰ ਦੀ ਝਾੜੀ, ਆਰੀ ਤੋਂ ਘਬਰਾਵਾਂ।
ਮੁਹੱਬਤ
ਜਿਸਮ ਦੇ ਅੰਦਰ ਰੂਹ, ਤੇ ਰੂਹ ਦੇ ਅੰਦਰ ਇਕ ਗੁਫ਼ਾ ਵਿਚ ਸ਼ਹਿ ਕੇ, ਕੰਦਰ ਵਿਚ ਮਾਸੂਮ ਪਰਿੰਦਾ ਬੈਠਾ ਹੋਇਆ। ਨਾ ਹੀ ਬੋਲੇ-ਚਾਲੇ, ਨਾ ਹੀ ਭਰੇ ਹੁੰਗਾਰੇ। ਪਰ ਕੰਨਾਂ ਨੂੰ ਇਉਂ ਜਾਪੇ ਜਿਉਂ ਦੂਰ ਕਿਤੋਂ ਕੋਈ ਵਾਜ਼ਾਂ ਮਾਰੇ। ਜਿਸਮ, ਜ਼ਮਾਨਾ, ਰੁਤਬੇ ਪਿੱਛੇ ਰਹਿ ਗਏ ਸਾਰੇ। ਚੁੱਪ ਚੁਪੀਤਾ, ਕੱਲਮ-ਕੱਲਾ ਭੀੜਾਂ ਵਿਚ ਬੇਚੈਨ ਖੜ੍ਹਾ ਹਾਂ। ਅਚਨਚੇਤ ਕੋਈ ਪੌਣ ਰਗਾਂ ਵਿਚ ਕਰੇ ਗੁਫ਼ਤਗੂ। ਨਿਰਸ਼ਬਦੀ ਗੱਲਬਾਤ ਨਿਰੰਤਰ, ਪੌਣ ਕਰੇ ਅਠਖੇਲੀ ਜੀਕੂੰ, ਤੇਰੀ ਖ਼ੁਸ਼ਬੂ ਬਾਤ ਅਨੋਖੀ ਕਹਿ ਜਾਂਦੀ ਏ। ਉਮਰਾਂ ਦੀ ਸਭ ਚਿੰਤ-ਥਕਾਵਟ ਲਹਿ ਜਾਂਦੀ ਏ। ਚੁੱਪ ਵੀ ਆਪ ਇਬਾਰਤ, ਇਸ ਨੂੰ ਪੜ੍ਹਨਾ, ਸਿੱਖੀਏ। ਰੂਹ ਦੇ ਅੰਦਰ ਇਸ ਬਾਝੋਂ, ਸੂਰਜ ਨਹੀਂ ਚੜ੍ਹਦਾ। ਚਾਨਣ ਹੋਵੇ ਪੱਲੇ ਤਾਂ, ਨੇਰਾ ਨਹੀਂ ਖੜ੍ਹਦਾ। ਇਹ ਕਰਤਾਰੀ ਪਲ ਹੀ ਕਰਦੈ ਸ਼ਬਦ ਸਿਰਜਣਾ। ਪੈਲੀਆਂ ਦੇ ਵਿਚ ਫ਼ਸਲ ਨਿਹਾਰਾਂ। ਤਰੇਲ ਦੇ ਮੋਤੀ, ਗਹਿਣਾ ਗੱਟਾ, ਕਣਕਾਂ ਦੇ ਸਿਰ ਲਹਿਰ ਲਹਿਰ ਲਹਿਰਾਵਣ ਬੱਲੀਆਂ। ਮੱਕੀ ਦੇ ਟਾਂਡੇ ਦੀ ਢਾਕ ਤੇ ਲਮਕਣ ਛੱਲੀਆਂ। ਜਿਵੇਂ ਸੁਆਣੀ ਕੁੱਛੜ ਬਾਲ ਅਲੂੰਆਂ ਕੋਈ। ਫੁੱਲਾਂ ਅੰਦਰ ਰੰਗ ਭਰਦਾ ਹੈ। ਗੰਨੇ ਦੇ ਵਿਚ ਰਸ ਭਰਦਾ ਹੈ। ਚੁੱਪ ਚੁਪੀਤੇ। ਤੂੰ ਮੇਰੇ ਸਾਹਾਂ ਵਿਚ ਜੀਕੂੰ ਫਿਰੇ ਸਿਮਰਨਾ। ਮਣਕਾ, ਮਣਕਾ ਧਰਤ ਸੁਹਾਗਣ, ਮਾਂਗ 'ਚ ਕਿਰਨ ਸੰਧੂਰ ਪਿਆ ਹੈ। ਮੱਥੇ ਦਮਕੇ ਸੂਰਜ-ਟਿੱਕਾ। ਤੂੰ ਨਾ ਹੋਵੇਂ, ਇਹ ਜੱਗ ਜਾਪੇ ਅਸਲੋਂ ਫਿੱਕਾ। ਬਹੁਤ ਪੁਸਤਕਾਂ ਪੜ੍ਹੀਆਂ, ਸਭ ਤੋਂ ਮੈਂ ਪੁੱਛਿਆ ਹੈ। ਕਿਸੇ ਨਾ ਅੱਜ ਤੱਕ ਦੱਸਿਆ ਮੈਨੂੰ, ਇਸ ਮੌਸਮ ਨੂੰ ਕੀ ਕਹਿੰਦੇ ਨੇ?
ਰੱਬ ਨਹੀਂ ਦਿਸਦਾ
ਕਿਤੇ ਰੱਬ ਨਹੀਂ ਦਿਸਦਾ ਕਿਤੇ, ਨਾ ਸਹੀ। ਪਰ ਉਹ ਕੌਣ ਹੈ? ਜੋ ਹਰ ਦੁੱਖ ਸੁਖ ਦੀ ਘੜੀ, ਮੇਰੀ ਪਿੱਠ ਤੇ ਆਣ ਖਲੋਂਦਾ ਹੈ। ਆਖਦਾ ਹੈ! ਘਬਰਾਵੀਂ ਨਾ, ਮੈਂ ਤੇਰੇ ਨਾਲ ਖੜ੍ਹਾ ਹਾਂ। ਕਦੇ ਮੇਰਾ ਬਾਪ ਬਣ ਜਾਂਦਾ ਹੈ। ਵਾਹੋਦਾਹੀ ਬਿਆਈਆਂ ਵਾਲੇ ਪੈਰਾਂ ਨੂੰ, ਧੌੜੀ ਦੀ ਜੁੱਤੀ 'ਚ ਫਸਾ ਕੇ, ਮੇਰੇ ਲਈ ਸਾਇੰਸ ਦੀ ਕਿਤਾਬ ਲੈਣ ਸ਼ਹਿਰ ਤੁਰ ਜਾਂਦਾ ਹੈ। ਜੇਬ ’ਚ ਕਿਰਾਇਆ ਨਾ ਹੋਣ ਦੇ ਦੁੱਖੋਂ ਪੈਦਲ ਸਵਾਰ। ਖ਼ੁਦ ਅਨਪੜ੍ਹ ਹੋ ਕੇ ਵੀ, ਅੱਧੀ ਅੱਧੀ ਰਾਤ ਤੀਕ ਮੇਰੇ ਨਾਲ ਨਾਲ ਜਾਗਦਾ ਹੈ। ਇਹ ਹੋਰ ਕੌਣ ਹੈ? ਜੋ ਕਦੇ ਮੇਰੀ ਮਾਂ ਬਣ ਜਾਂਦੀ ਹੈ। ਤੜਕਸਾਰ ਦੁੱਧ ਰਿੜਕਦੀ, ਘਿਉ ਦੀ ਕੌਡੀ ਕੌਡੀ ਜੋੜਦੀ, ਮੇਰੇ ਸਕੂਲ ਦੀ ਫ਼ੀਸ ਬਣ ਜਾਂਦੀ ਹੈ। ਕਦੇ ਵੱਡਾ ਵੀਰ ਬਣ ਜਾਂਦਾ ਹੈ। ਆਪਣੇ ਤੋਂ ਪਹਿਲਾਂ ਮੇਰੇ ਗੁੱਟ ਤੇ, ਵਕਤ ਵੇਖਣ ਵਾਲੀ ਘੜੀ ਬੰਨ੍ਹਦਾ। ਨਵੇਂ ਨਕੋਰ ਸਾਈਕਲ ਦੀ ਕਾਠੀ ਤੇ, ਆਪਣੇ ਤੋਂ ਪਹਿਲਾਂ ਬਿਠਾਉਂਦਾ ਹੈ। ਇਹ ਕੌਣ ਹੈ ਜੋ ਮੇਰੀ ਵੱਡੀ ਭੈਣ ਬਣ ਕੇ, ਮੈਨੂੰ ਨਿੱਕੀ ਤੇ ਵੱਡੀ ਏ .ਬੀ.ਸੀ. ਦਾ ਫ਼ਰਕ ਸਮਝਾਉਂਦਾ ਹੈ। ਸ਼ਬਦਾਂ ਦੀਆਂ ਸ਼ਕਲਾਂ ਵਿਚ, ਸੁਹਜ ਭਰਨ ਦਾ ਸਲੀਕਾ ਦੱਸਦਾ ਹੈ। ਕੌਣ ਹੈ ਜੋ ਚਾਰ ਲਾਵਾਂ ਮਗਰੋਂ, ਮੇਰੇ ਸਿਰ ਤੇ ਅੰਬਰ ਬਣਦੀ ਹੈ- ਸਹਿਜ ਦਾ ਚੰਦੋਆ ਤਣਦਾ ਹੈ। ਧੁੱਪੇ ਵੀ, ਛਾਵੇਂ ਵੀ, ਕਦੇ ਛਤਰੀ ਬਣਦੀ ਹੈ, ਕਦੇ ਨਿੱਘ। ਧਰਤੀ ਬਣ ਜਾਂਦੀ ਹੈ ਕਦੇ ਮੇਰੀ ਬੀਵੀ। ਮੌਸਮੀ ਤਪਸ਼ ਦੇ ਥਪੇੜਿਆਂ ਤੋਂ ਬਚਾਉਂਦੀ ਹੈ। ਭੂਚਾਲ ਦੇ ਝਟਕੇ ਸਹਿੰਦੀ ਹੈ। ਇਹ ਕੌਣ ਹੈ ਜੋ ਕਦੇ, ਪੁੱਤਰ ਬਣ ਜਾਂਦਾ ਹੈ ਕਦੇ ਧੀ। ਮਹਿਕ ਮਹਿਕ, ਖ਼ੁਸ਼ਬੂ ਖੁਸ਼ਬੂ ਵਿਹੜਾ ਭਰ ਜਾਂਦਾ ਹੈ। ਘਰ ਵਿਚ ਆਉਣ ਵਾਲੀ ਨੂੰਹ ਦੇ ਚਾਵਾਂ ਨਾਲ। ਜਿਸਦੇ ਹਾਸਿਆਂ ਦੀ ਛਣਕਾਰ ਸੁਣ ਕੇ, ਪੂਰਾ ਗਗਨ ਥਾਲ ਬਣ ਜਾਂਦਾ ਹੈ। ਵਿਚਕਾਰ ਸੂਰਜ ਤੇ ਚੰਦਰਮਾ, ਦੀਵਿਆਂ ਵਾਂਗ ਟਿਕ ਜਾਂਦੇ ਹਨ। ਤਾਰਿਆਂ ਦਾ ਜਾਲ - ਮੋਤੀਆਂ ਦਾ ਥਾਲ। ਸਮੁੱਚੀ ਕੁਦਰਤ ’ਚ ਇਤਰ ਘੁਲਦਾ ਹੈ। ਜੇ ਇਹ ਰੱਬ ਨਹੀਂ, ਤਾਂ ਹੋਰ ਕੌਣ ਹੈ?
ਸ਼ਬਦ ਬੋਲ ਪੈਂਦੇ ਨੇ
ਸ਼ਬਦ ਬੋਲ ਪੈਂਦੇ ਨੇ, ਤੁਸੀਂ ਦੱਸੋ ਨਾ ਦੱਸੋ, ਦੱਸ ਦੇਂਦੇ ਹਨ ਕਿ ਤੁਸੀਂ ਕਿੱਥੇ ਖੜ੍ਹੇ ਹੋ। ਨੇਤਾ ਦੇ ਕਤਲ ਤੋਂ ਬਾਦ, ਦਿੱਲੀ, ਕਾਨ੍ਹਪੁਰ, ਬੋਕਾਰੋ ਜਾਂ ਹੋਰ ਥਾਈਂ, ਦੰਗੇ ਹੋਏ ਸਨ ਤਾਂ ਕਤਲੇਆਮ । ਮੁਲਕ ਲਈ ਉਹ ਸਵੇਰ ਸੀ ਜਾਂ ਸ਼ਾਮ। ਤੁਸੀਂ ਭਾਵੇਂ ਕੁਝ ਨਾ ਕਹੋ- ਸ਼ਬਦ ਸਭ ਕੁਝ ਦੱਸ ਦੇਂਦੇ ਹਨ। ਸ਼ਬਦ ਤਾਂ ਹੁਲੀਆ ਵੀ ਬਿਆਨ ਕਰ ਜਾਂਦੇ ਨੇ, ਤੁਹਾਡੇ ਬਿਨਾਂ ਬੋਲਿਆਂ। ਸਾਫ਼ ਦੱਸ ਦੇਂਦੇ ਨੇ ਤੁਹਾਡਾ ਸ਼ਜਰਾ ਨਸਲ। ਗੁਜਰਾਤ ਵਿਚ ਚੱਲਦੀ ਟਰੇਨ 'ਚ ਸੜੇ ਲੋਕ, ਮਹਿਜ਼ ਹਾਦਸਾ ਸੀ ਜਾਂ ਡੂੰਘੀ ਸਾਜ਼ਿਸ਼ ਦਾ ਐਲਾਨ। ਧਰਮ ਦੀ ਰਾਖੀ ਸੀ ਜਾਂ ਨੱਚਦਾ ਸ਼ੈਤਾਨ। ਸ਼ਬਦ ਬਹੁਤ ਕੁਝ ਬੇਪਰਦ ਕਰ ਜਾਂਦੇ ਨੇ। ਇਹ ਵੀ ਦੱਸ ਜਾਂਦੇ ਨੇ ਸ਼ਬਦ, ਕਿ ਨੰਗ ਧੜੰਗਾ ਆਦਮੀ ਬਾਰ ਬਾਰ, ਖ਼ਾਲਿਸਤਾਨ ਜਾਂ ਕਸ਼ਮੀਰ ਹੀ ਕਿਉਂ ਮੰਗਦਾ ਹੈ? ਕੱਪੜਾ, ਮਕਾਨ ਤੇ ਰੋਟੀ ਕਿਉਂ ਨਹੀਂ ਮੰਗਦਾ? ਲੰਗਾਰੇ ਹੋਏ ਤਨ ਮਨ ਨਾਲ ਤੁਰਦਿਆਂ, ਹਰ ਰੋਜ਼ ਥੋੜ੍ਹਾ ਥੋੜ੍ਹਾ ਭੁਰਦਿਆਂ, ਤੇਜ਼ ਬਾਰਿਸ਼ ਵਿਚ ਸਾਬਣ ਦੀ ਚਿੱਪਰ ਵਾਂਗ ਖੁਰਦਿਆਂ, ਉਸਨੂੰ ਚੇਤਾ ਕਿਉਂ ਨਹੀਂ ਆਉਂਦਾ, ਕਿ ਧਰਮ ਦੇ ਨਾਂ ਤੇ ਕੱਟੜਤਾ ਦਾ ਨਾਗ, ਉਸ ਨੂੰ ਹਰ ਰੋਜ਼ ਡਸ ਰਿਹਾ ਹੈ। ਰੀਂਘਦੇ ਰੀਂਘਦੇ ਉਹ ਰੋਜ਼ਾਨਾ ਘਸ ਰਿਹਾ ਹੈ। ਉਹ ਬੋਲੇ ਨਾ ਬੋਲੇ, ਸ਼ਬਦ ਸਭ ਕੁਝ ਸੁਣਾ ਜਾਂਦੇ ਨੇ। ਸ਼ਬਦ ਕਿਸੇ ਦੇ ਗੁਲਾਮ ਨਹੀਂ ਹੁੰਦੇ। ਗੁਲਾਮ ਤਾਂ ਆਦਮੀ ਹੁੰਦਾ ਹੈ, ਜੋ ਗ਼ਰਜਾਂ ਦੇ ਕਿੱਲੇ ਨਾਲ ਬੱਧਾ, ਪਸ਼ੂਆਂ ਵਾਂਗ ਵਿਹਾਰ ਕਰਦਾ ਹੈ। ਖ਼ੁਰਲੀ ਵਿਚ ਮਾਲਕਾਂ ਵੱਲੋਂ ਪਾਏ ਪੱਠੇ, ਅਣਮੰਨੇ ਮਨ ਨਾਲ ਚਰੀ ਜਾਂਦਾ ਹੈ। ਸੁੱਕੀ ਤੂੜੀ ਨਾਲ ਸੱਖਣਾ ਢਿੱਡ ਭਰੀ ਜਾਂਦਾ ਹੈ। ਸ਼ਬਦਾਂ ਨੂੰ ਇਹੋ ਜਿਹਾ ਕੁਝ ਵੀ ਨਹੀਂ ਚਾਹੀਦਾ। ਉਹ ਤਾਂ ਨੰਗੇ ਧੜ ਵਿਚਰਦੇ, ਵਿਗਸਦੇ, ਮੌਲਦੇ ਨੇ। ਸ਼ਬਦ ਕੋਈ ਨਿਰਜਿੰਦ ਸ਼ਕਲਾਂ ਨਹੀਂ, ਜਿਉਂਦਾ ਜਾਗਦਾ ਆਕਾਰ ਹਨ। ਆਪਣੇ ਆਪ ਵਿਚ ਸੰਪੂਰਨ ਵਿਹਾਰ ਹਨ। ਸਾਹੀਂ ਸਵਾਸੀਂ ਜਾਗਦਾ ਪਰਿਵਾਰ ਹਨ। ਜ਼ਿੰਦਗੀ ਦਾ ਮਜ਼ਬੂਤ ਆਧਾਰ ਹਨ। ਸ਼ਬਦ ਅਗਨ ਹਨ, ਪਾਣੀ ਹਨ। ਹਾਉਕੇ, ਹਾਵੇ ਸੰਸਿਆਂ ਦੀ ਅਣਕਹੀ ਕਹਾਣੀ ਹਨ। ਸ਼ਬਦਾਂ ਨੂੰ ਨਿਰਜਿੰਦ ਨਾ ਸਮਝੋ।
ਉਸਨੂੰ ਅੱਜ ਤੱਕ ਰੱਬ ਨਹੀਂ ਲੱਭਿਆ
ਨਿੱਕੇ ਜਹੇ ਪ੍ਰਤਾਪ ਨੇ ਇਕ ਦਿਨ ਚਿੱਟੀ ਦਾੜ੍ਹੀ ਵਾਲੇ ਬਾਬੇ* ਕੋਲੋਂ ਪੁੱਛਿਆ “ਬਾਬਾ ਜੀ! ਤੁਸੀਂ ਰੱਬ ਦਾ, ਨਾਮ ਜਪਣ ਦੀ ਗੱਲ ਕਰਦੇ ਹੋ। ਆਪ ਨਿਰੰਤਰ ਚੌਵੀ ਘੰਟੇ ਬਹਿੰਦੇ ਹੀ ਨਹੀਂ, ਹਰ ਵੇਲੇ ਹੀ ਕੋਈ ਨਾ ਕੋਈ ਕੰਮ ਕਰਦੇ ਹੋ। ਹਰ ਮਸਲੇ ਦਾ ਹੱਲ ਕਰਦੇ ਹੋ। ਮੈਨੂੰ ਦੱਸੋ ! ਦੱਸੋ ਜੀ, ਰੱਬ ਕਿੱਥੇ ਰਹਿੰਦਾ? ਲੋਕ ਕਰਨ ਅਰਦਾਸਾਂ ਨਿੱਤ ਹੀ, ਲੋਕਾਂ ਕੋਲ, ਧਰਤ ਤੇ ਉੱਤੇ ਕਿਉਂ ਨਹੀਂ ਲਹਿੰਦਾ? ਬਾਬੇ ਨੇ ਪ੍ਰਤਾਪ ਨੂੰ ਆਪਣੀ ਗੋਦ ਬਿਠਾਇਆ, ਕੰਡ ਪਲੋਸੀ ਤੇ ਸਮਝਾਇਆ। ਰੱਬ ਕਿਤੇ ਵੱਖਰਾ ਨਹੀਂ ਰਹਿੰਦਾ, ਅੰਬਰ ਤੇ ਲੁਕ ਕੇ ਨਹੀਂ ਬਹਿੰਦਾ। ਬੰਦਾ ਜੇਕਰ, “ਖ਼ਚਰਬਾਨੀਆਂ” ਕਰਨੋਂ ਹਟ ਜੇ, ਚੁਸਤ ਚਲਾਕੀਆਂ, ਤੁਰਤ ਫੁਰਤੀਆਂ, ਰਾਤੋ ਰਾਤ ਅਮੀਰ ਹੋਣ ਦੀ ਭੁੱਖ ਤਿਆਗੇ। ਹਿੰਮਤ ਕਰਕੇ ਆਪਣੇ ਅੰਦਰੋਂ ਹੀ ਉਹ ਸਾਂਈਂ ਲੱਭ ਹੁੰਦਾ ਹੈ। ਅਸਲੀ ਵਿਚੋਂ ਗੱਲ ਹੈ ਪੁੱਤਰਾ ਕੇਵਲ ਏਨੀ, ਏਸ ਤਰਜ਼ ਦਾ ਹਰ ਬੰਦਾ ਹੀ ਰੱਬ ਹੁੰਦਾ ਹੈ। ਬੰਦਾ ਜੇਕਰ ਛੱਡ ਦਏ ਠੱਗੀ ਹੇਰਾ ਫੇਰੀ। ਥੁੱਕ ਦੇਵੇ ਜੇ ਆਪਣੇ ਅੰਦਰੋਂ ਮੈਂ ਮੈਂ ਮੇਰੀ। ਹੈਂਕੜ ਤੇ ਹੰਕਾਰ ਨੂੰ ਸਮਝੇ ਰੇਤ ਦੀ ਢੇਰੀ। ਸੁੱਚਮ ਸੁੱਚਾ ਮਨ ਦਾ ਸ਼ੀਸ਼ਾ, ਪਾਰਦਰਸ਼ਨੀ ਰੱਖ ਸਕਣਾ ਆਸਾਨ ਨਾ ਭਾਵੇਂ, ਹਿੰਮਤ ਕਰਕੇ ਲੱਭ ਲਈਂ ਅੰਦਰੋਂ, ਉਹ ਜੇ ਤੈਨੂੰ ਲੱਭ ਹੁੰਦਾ ਹੈ। ਪਰ ਪੁੱਤਰ ਜੀ, ਉਹ ਬੰਦਾ ਵੀ ਕੀਹ ਬੰਦਾ ਹੈ? ਜਿਸ ਨਾ ਕਦੇ ਪ੍ਰੀਖਿਆ ਦਿੱਤੀ। ਹਰ ਕਲਬੂਤ ਦੇ ਅੰਦਰ ਬੈਠਾ, ਹਰ ਵੇਲੇ ਹੀ ਚੁੱਪ ਚੁਪੀਤਾ ਰੱਬ ਹੁੰਦਾ ਹੈ। ਹੁਣ ਪ੍ਰਤਾਪ ਦੀ ਉਮਰ ਸਿਆਣੀ। ਬਾਬੇ ਦੀ ਗੱਲ ਚੇਤੇ ਕਰਕੇ, ਅੱਜ ਵੀ ਉਹ ਤਾਂ, ਭਰ ਲੈਂਦੇ ਅੱਖੀਆਂ ਵਿਚ ਪਾਣੀ। ਬਾਬੇ ਜੋ ਸਿਰਨਾਵਾਂ ਦੱਸਿਆ ਉਸ ਨੂੰ ਅੱਜ ਤੱਕ ਰੱਬ ਨਹੀਂ ਲੱਭਿਆ। *ਸੰਤ ਹਜ਼ਾਰਾ ਸਿੰਘ ਨਿੱਕੇ ਘੁੰਮਣਾਵਾਲੇ (ਗੁਰਦਾਸਪੁਰ)
ਪ੍ਰਣਾਮ ਸ਼ਹੀਦਾਂ ਨੂੰ
ਧਰਤੀ ਦੀ ਸ਼ਾਨ ਲਈ ਕੌਮੀ ਸਨਮਾਨ ਲਈ ਕਹੋ ਵੀਰ ਜਵਾਨਾਂ ਨੂੰ, ਭੁੱਲੜ ਇਨਸਾਨਾਂ ਨੂੰ, ਸਭ ਸੀਸ ਝੁਕਾ ਕਰੀਏ, ਪ੍ਰਣਾਮ ਸ਼ਹੀਦਾਂ ਨੂੰ। ਤਲੀਆਂ ਤੇ ਸੀਸ ਟਿਕਾ, ਜਿਹੜੇ ਜਾਨਾਂ ਵਾਰ ਗਏ, ਜਾਂ ਬਾਜ਼ ਮੁਰੀਦਾਂ ਨੂੰ। ਪ੍ਰਣਾਮ ਸ਼ਹੀਦਾਂ ਨੂੰ। ਤਵੀਆਂ ਤੇ ਬਹਿੰਦਿਆਂ ਨੂੰ ਇੱਕੋ ਗੱਲ ਕਹਿੰਦਿਆਂ ਨੂੰ। ਹੱਕ ਸੱਚ ਇਨਸਾਫ਼ ਲਈ, ਲੜਦਾ ਜੋ ਧਰਮੀ ਹੈ। ਮੇਰਾ ਸਹਿਪਾਠੀ ਹੈ, ਮੇਰਾ ਸਹਿਕਰਮੀ ਹੈ। ਇਸ ਪਾਵਨ ਅਗਨੀ ਨੂੰ ਖ਼ੁਦਦਾਰ ਉਮੀਦਾਂ ਨੂੰ। ਪ੍ਰਣਾਮ ਕਰੋ ਸਾਰੇ, ਗੁੰਮਨਾਮ ਸ਼ਹੀਦਾਂ ਨੂੰ। ਆਰੇ ਦੇ ਦੰਦਿਆਂ ਨੂੰ, ਅਣਖੀਲੇ ਬੰਦਿਆਂ ਨੂੰ। ਖੋਪੜ ਉਤਰਾਉਂਦਿਆਂ ਨੂੰ, ਜੈਕਾਰੇ ਲਾਉਂਦਿਆਂ ਨੂੰ। ਮੇਰੇ ਲੋਕੋ ਪਾਸ ਦਿਉ, ਇਹੀ ਵਿਸ਼ਵਾਸ ਦਿਉ। ਦੁੱਲੇ ਦੇ ਵੱਡਿਆਂ ਨੂੰ ਗੁੰਮਨਾਮ ਫ਼ਰੀਦਾਂ ਨੂੰ। ਜਦ ਤੀਕ ਜ਼ੁਲਮ ਜੀਂਦਾ, ਹੈ ਸਾਡੀ ਰੱਤ ਪੀਂਦਾ। ਤਦ ਤੀਕਰ ਲੜਨਾ ਹੈ ਜ਼ਾਲਮ ਤਲਵਾਰਾਂ ਨੂੰ ਵੀਣੀ ਤੋਂ ਫੜਨਾ ਹੈ ਕਹੋ ਭਗਤ ਸਰਾਭਿਆਂ ਨੂੰ ਤੇ ਗ਼ਦਰੀ ਬਾਬਿਆਂ ਨੂੰ ਜਿਸ ਖ਼ਾਤਰ ਲੜਦੇ ਸੀ, ਫਾਂਸੀ ਤੇ ਚੜ੍ਹਦੇ ਸੀ। ਕਿੱਥੇ ਆਜ਼ਾਦੀ ਗਈ? ਪੱਲੇ ਬਰਬਾਦੀ ਪਈ। ਕੋਈ ਧੀਰ ਬੰਨ੍ਹਾਵੇ ਨਾ, ਬੇਚੈਨ ਉਮੀਦਾਂ ਨੂੰ। ਕਿਤਿਓਂ ਵੀ ਸੁਣਦੀ ਨਾ, ਪ੍ਰਣਾਮ ਸ਼ਹੀਦਾਂ ਨੂੰ।
ਅੰਦਰਲੀ ਮਹਿਕ
ਉਹ ਮੇਰੇ ਸਾਹਾਂ ਵਿਚ ਰਮ ਗਈ ਤੇ ਮੈਂ ਵਜੂਦ ’ਚੋਂ ਲੱਭਦਾ ਰਿਹਾ। ਬਾਰੀਆਂ ਬੂਹੇ ਖੋਲ੍ਹੇ, ਫੋਲੇ। ਕਮਰਾ ਦਰ ਕਮਰਾ, ਪਰਤ ਦਰ ਪਰਤ, ਰਾਤ ਦਿਨ ਲੱਭਦਾ ਰਿਹਾ। ਸੂਰਜ ਨੂੰ ਪੁੱਛਿਆ ਚੰਨ, ਤਾਰਿਆਂ, ਵਾਕਿਫ਼ਾਂ, ਨਾ ਵਾਕਿਫ਼ਾਂ ਸਾਰਿਆਂ ਨੂੰ ਪੁੱਛਿਆ। ਉਨ੍ਹਾਂ ਸਾਰਿਆਂ ਨੇ ਮੈਨੂੰ ਇੱਕੋ ਉੱਤਰ ਮੋੜਿਆ! ਜਿਸ ਨੂੰ ਤੂੰ ਖ਼ੁਦ ਨਹੀਂ ਪਛਾਣ ਸਕਿਆ। ਜਿਸ ਨੂੰ ਤੂੰ ਖ਼ੁਦ ਨਹੀਂ ਜਾਣ ਸਕਿਆ। ਉਸ ਨੂੰ ਸਾਡੇ ਕੋਲੋਂ ਕਿੱਥੇ ਲੱਭਦਾ ਏਂ? ਆਪਣਾ ਆਪ ਫਰੋਲ। ਜਿੰਦ ਨਾ ਔਝੜ ਰਾਹਾਂ ’ਚ ਮਧੋਲ। ਤੈਨੂੰ ਖ਼ੁਦ ਲੱਭ ਪਵੇਗੀ, ਆਪਣੇ ਵਿਚੋਂ ਹੀ ਕਿਤੇ।
ਦਿਲ ਦੀ ਗੱਲ ਨਾ ਦਿਲ ਵਿਚ ਰੱਖਿਓ
ਦਿਲ ਦੀ ਗੱਲ ਨਾ ਦਿਲ ਵਿਚ ਰੱਖਿਓ, ਜੋ ਜੀਭ ਤੇ ਆਏ ਬੋਲ ਦਿਓ। ਜੇ ਅੱਥਰੂ ਹਾਂ ਤਾਂ ਸਾਂਭ ਲਵੋ, ਜੇ ਪਾਣੀ ਹਾਂ ਤਾਂ ਡੋਲ੍ਹ ਦਿਓ। ਮੈਂ ਮਨ ਦੀ ਧਰਮ ਕਚਹਿਰੀ ਵਿਚ, ਨਿਰਦੋਸ਼ਾ ਚਾਹੇ ਮੁਜਰਿਮ ਹਾਂ, ਸ਼ੀਸ਼ਾ ਬਣ ਜਾਵੋ ਮੇਰੇ ਲਈ, ਮੇਰੇ ਸੱਜਣੋ ਮਿੱਤਰੋ ਕੋਲ ਦਿਓ। ਕੁਝ ਭਰਮ ਭੁਲੇਖੇ ਪਾਲ਼ਦਿਆਂ, ਜੋ ਸੰਕਟ ਆਏ ਟਾਲਦਿਆਂ, ਜਿੰਨਾਂ ਵੀ ਬਾਕੀ ਬਚਿਆ ਹਾਂ, ਮੈਨੂੰ ਸੱਚ ਦੀ ਤੱਕੜੀ ਤੋਲ ਦਿਓ। ਜੋ ਪਿੱਠ ਦੇ ਪਿੱਛੇ ਮੇਰੇ ਲਈ, ਜਾਂ ਮੇਰੇ ਚਾਰ ਚੁਫੇਰੇ ਲਈ, ਤੁਸੀਂ ਦਿਲ ਦੀ ਜ਼ਹਿਰ ਸੰਭਾਲੋ ਨਾ, ਕੁਝ ਹਿੰਮਤ ਕਰਕੇ ਬੋਲ ਦਿਓ। ਜੋ ਮੇਰੇ ਜਿਉਂਦੇ ਕਹਿ ਨਾ ਸਕੇ, ਪਰ ਮਰਨੋਂ ਮਗਰੋਂ ਰਹਿ ਨਾ ਸਕੇ, ਮੇਰਾ ਅੰਤ ਸੁਨੇਹਾ ਉਨ੍ਹਾਂ ਲਈ ਸਿਵਿਆਂ ਦੀ ਮਿੱਟੀ ਫੋਲ ਦਿਉ।
ਚਿਰਾਗ ਬੁਝਣ ਮਗਰੋਂ
ਚਿਰਾਗ ਬਲਿਆ, ਖੂਬ ਬਲਿਆ। ਰਾਤ ਵੀ ਪੂਰੀ ਗੂੜ੍ਹੀ ਹਨੇਰੀ ਸੀ। ਉਸਨੇ ਬਹੁਤ ਕੁਝ ਕਿਹਾ, ਅਸੀਂ ਕੁਝ ਨਹੀਂ ਸੁਣਿਆ। ਉਸ ਦੇ ਇਸ਼ਾਰਿਆਂ ਨੂੰ, ਅਸੀਂ ਉੱਕਾ ਹੀ ਨਾ ਗੌਲਿਆ। ਉਸ ਵੱਲ ਕੋਈ ਵੀ ਤੁਰ ਸਕਦਾ ਸੀ। ਉਸ ਕੋਲ ਕੋਈ ਵੀ ਪਹੁੰਚ ਸਕਦਾ ਸੀ। ਪਰ ਅਸੀਂ ਘੋਗਲ ਕੰਨੇ ਹੋਏ ਰਹੇ। ਉਸ ਨੇ ਤਾਂ ਸਿਰਫ਼ ਰਾਹ ਦੱਸਣਾ ਸੀ, ਤੁਰਨਾ ਤਾਂ ਸਾਨੂੰ ਹੀ ਪੈਣਾ ਸੀ। ਅੱਜ ਕਿਉਂ ਮਾਰਗ ਦਰਸ਼ਕ ਲੱਭਦੇ ਹਾਂ? ਚਿਰਾਗ ਬੁਝਣ ਮਗਰੋਂ?
ਨਕਲੀ ਫੁੱਲ
ਨਕਲੀ ਫੁੱਲ ਉਦਾਸ ਨਹੀਂ ਹੁੰਦੇ। ਵਿਕਣ ਬਾਜ਼ਾਰਾਂ ਦੇ ਵਿਚ ਸਸਤੇ, ਮਹਿੰਗੇ ਵੀ ਕੋਈ ਖ਼ਾਸ ਨਹੀਂ ਹੁੰਦੇ।
ਚਾਨਣ ਵਿਚ ਛੇਕ
ਚਾਨਣ ਵਿਚ ਛੇਕ ਨਹੀਂ ਸੀ। ਅਸੀਂ ਹੀ ਅੱਖਾਂ ਅੱਗੇ, ਛਾਨਣੀ ਤਾਣੀ ਵੇਖਦੇ ਰਹੇ। ਚੰਨ ਨੂੰ ਵੇਖਦਿਆਂ ਨੀਲੇ ਅੰਬਰ 'ਚੋਂ ਚੰਨ ਨੂੰ ਨਿਹਾਰਦਿਆਂ। ਸਿਰ ਤੇ ਰਾਤ ਖੜੀ ਹੈ। ਕਾਲੀ ਐਨਕ ਨੂੰ ਉਤਾਰੋ। ਦੋ ਹਨੇਰਿਆਂ 'ਚ ਚੰਨ ਹੋਰ ਵੀ ਧੁੰਦਲਾ ਪੈ ਜਾਵੇਗਾ। ਆਪਣੇ ਨੇਤਰਾਂ ਨੂੰ ਚੰਨ ਵਿਚ ਗੱਡੋ। ਬਹੁਤ ਕੁਝ ਲੱਭੇਗਾ! ਮਾਂ ਦੀ ਮਾਂ - ਨਾਨੀ ਦੀ ਨਾਨੀ। ਦਾਦੀ ਦੀ ਦਾਦੀ - ਪੜਦਾਦੀ। ਚਰਖ਼ਾ ਕੱਤਦੀ - ਪੂਣੀਆਂ ਵੱਟਦੀ। ਅਟੇਰਨ ਟੇਰਦੀ - ਖਿੜ ਖਿੜ ਬਿਨ ਦੰਦਾਂ ਤੋਂ ਹੱਸਦੀ। ਚਿੱਟੇ ਦੁੱਧ ਵਾਲਾਂ ਵਾਲੀ, ਜੇ ਅੱਜ ਵੀ ਦਿਸਦੀ ਹੈ ਤਾਂ ਸੋਚੋ! ਜਦੋਂ ਇਹ ਸਾਰਾ ਕੁਝ ਧਰਤੀ ਤੇ ਸੀ, ਉਦੋਂ ਕਿਉਂ ਨਹੀਂ ਵੇਖਿਆ? ਅਜੇ ਵੀ ਬਦਲ ਜਾਓ ਚਾਨਣੀ ਨੂੰ ਛਾਨਣੀ ਵਿਚੋਂ ਦੀ ਨਾ ਵੇਖੋ! ਰੌਸ਼ਨੀ ਤੇ ਰਿਸ਼ਤੇ ਬਿਖ਼ਰ ਜਾਣਗੇ। ਅੰਕੜਿਆਂ ਤੇ ਟੋਟਿਆਂ ਵਿਚ ਬਦਲ ਜਾਣਗੇ!
ਕਿੱਥੇ ਪਹੁੰਚ ਗਏ ਹੋ ?
ਤੁਰਦੇ ਤੁਰਦੇ ਕਿੱਥੇ ਪਹੁੰਚ ਗਏ ਹੋ? ਆਪਣੇ ਤੋਂ ਬੇਖ਼ਬਰ। ਦੂਰ ਦੋਮੇਲ ਵੱਲ ਜਾਣ ਵਾਲੇ ਲੋਕ ਕਿਤੇ ਨਹੀਂ ਜਾਂਦੇ। ਆਪਣੇ ਆਪ ਦੀ ਪਰਿਕਰਮਾ ਕਰਦੇ ਕਰਦੇ, ਥੱਕੇ ਥੱਕੇ ਲੱਗਦੇ ਹੋ! ਹਾਰੇ ਹਾਰੇ ਜਾਪਦੇ ਹੋ! ਨਿਸ਼ਚਤ ਸੇਧ ਵੱਲ ਤੁਰੋ, ਪੈਂਡਾ ਲਾਜ਼ਮੀ ਮੁੱਕੇਗਾ। ਪੌੜੀ ਪੌੜੀ ਚੜ੍ਹੋਗੇ ਤਾਂ, ਅੰਬਰ ਦਾ ਪੈਂਡਾ ਵੀ ਦੂਰ ਨਹੀਂ। ਛਾਲ ਮਾਰੋਗੇ ਤਾਂ ਹੱਡ-ਪੈਰ ਤੁੜਾ ਬੈਠੋਗੇ। ਪਛਤਾਵੇ ਤੋਂ ਬਚੋ। ਅਜੇ ਵੀ ਕੁਝ ਨਹੀਂ ਵਿਗੜਿਆ। ਕਿਸੇ ਵੀ ਪੜਾਅ ਤੇ ਅੱਗੇ, ਪਿੱਛੇ, ਸੱਜੇ ਖੱਬੇ, ਤੁਰਿਆ ਜਾ ਸਕਦਾ ਹੈ। ਅੰਤਰ ਧਿਆਨ ਹੋਵੋ ! ਆਪਣੇ ਆਪ ਨੂੰ ਪੁੱਛ ਕੇ ਦੱਸੋ? ਕਿਥੇ ਪਹੁੰਚ ਗਏ ਹੋ? ਰਹਿੰਦੀ ਉਮਰ, ਮੈਂ ਤੁਹਾਡੇ ਜੁਆਬ ਦੀ ਉਡੀਕ ਕਰਾਂਗਾ।
ਇਕ ਪਲ ਮੇਰੇ ਕੋਲ ਖਲੋਵੋ
ਉਸ ਤੋਂ ਮਗਰੋਂ, ਭਾਵੇਂ ਏਥੋਂ ਤੁਰ ਜਾਣਾ, ਇਕ ਪਲ ਮੇਰੇ ਕੋਲ ਖਲੋਵੋ। ਇਸ ਪਲ ਮੈਨੂੰ ਸਿਰਫ਼ ਤੁਹਾਡੀ ਲੋੜ ਹੈ। ਇਸ ਵਕਤ ਮੇਰੇ ਫੁੱਲਾਂ ਵਿਚ ਰੰਗ ਭਰਨਾ ਹੈ। ਮਹਿਕ ਨੇ ਵਜੂਦ ਧਾਰਨਾ ਹੈ। ਫੁੱਲਾਂ ਨੇ ਫ਼ਲ ਵਿਚ ਤਬਦੀਲ ਹੋਣਾ ਹੈ। ਏਥੋਂ ਕਿਤੇ ਨਾ ਜਾਣਾ। ਮੇਰੇ ਲਈ ਧੁੱਪ ਬਣ ਜਾਵੋ। ਮੈਨੂੰ ਤੁਹਾਡਾ ਨਿੱਘ ਚਾਹੀਦੈ- ਮੇਰੇ ਲਈ ਪੌਣ ਬਣ ਜਾਵੋ। ਆਪਣੀ ਜੜ੍ਹ ਨਾਲ ਜੁੜਿਆ ਰਹਿ ਕੇ, ਮੈਂ ਝੂਮਣਾ ਚਾਹੁੰਦਾ ਹਾਂ। ਮੇਰੇ ਲਈ ਧਰਤੀ ਬਣ ਜਾਵੋ- ਮੈਂ ਲਗਾਤਾਰ ਜੀਉਣਾ ਚਾਹੁੰਦਾ ਹਾਂ। ਮੇਰੇ ਪੱਤਿਆਂ ਵਿਚੋਂ ਦੀ ਲੰਘੋ। ਮੈਂ ਆਪਣੀ ਸਰਸਰਾਹਟ 'ਚੋਂ, ਆਪਣੇ ਗੁੰਮੇ ਗੁਆਚੇ ਗੀਤ ਲੱਭਣੇ ਨੇ। ਮੇਰੇ ਨਾਲ ਗੱਲਾਂ ਕਰੋ, ਮੈਂ ਆਪਣੀ ਗੁੰਮ ਹੋਈ ਸੁਰਤੀ ਨੂੰ ਪ੍ਰਗਟ ਕਰਨਾ ਹੈ। ਇਕ ਪਲ ਮੇਰੇ ਕੋਲ ਖਲੋ ਜਾਵੋ- ਰਹਿੰਦੀ ਉਮਰ ਮੈਂ ਤੁਹਾਡੇ ਅੰਗ ਸੰਗ ਰਹਾਂਗਾ।
ਚੇਤਨਾ ਨਹੀਂ ਗੁਆਚਦੀ
ਕਦੇ ਚੇਤਨਾ ਨਹੀਂ ਗੁਆਚਦੀ। ਤੁਸੀਂ ਹੀ ਕਿਤੇ, ਏਧਰ ਓਧਰ ਹੋ ਜਾਂਦੇ ਹੋ। ਪੌਣਾਂ ਦੇ ਸਿਰਨਾਵੇਂ ਲੱਭਦੇ ਲੱਭਦੇ, ਘੁੰਮਣ ਘੇਰ ਚ ਉਲਝ ਜਾਂਦੇ ਹੋ। ਚੇਤਨਾ ਤਾਂ ਹਰ ਪਲ ਤੁਹਾਡੇ ਅੰਗ ਸੰਗ ਰਹਿੰਦੀ ਹੈ। ਛੋਹ ਕੇ ਵੇਖੋ। ਮਹਿਸੂਸ ਕਰੋਗੇ। ਅੱਖਾਂ ਤੇ ਪੱਟੀ ਬੰਨ੍ਹ ਕੇ ਨਹੀਂ, ਖੁੱਲ੍ਹੀ ਅੱਖ ਨਾਲ, ਜੜ੍ਹ ਵਾਂਗ ਚੇਤਨ ਨੂੰ ਵੀ ਵੇਖੋ! ਸੁਣਨਾ ਚਾਹੋ ਤਾਂ ਸੁਣ ਸਕਦੇ ਹੋ। ਚੇਤਨਾ ਦਾ ਜੈਕਾਰਾ, ਰੁਦਨ, ਕਿਲਕਾਰੀ। ਜਿਵੇਂ ਚਾਹੋ, ਜਿੱਥੋਂ ਚਾਹੋ, ਜਦੋਂ ਚਾਹੋ। ਪੱਥਰ ਤਾਂ ਸਿਰਫ਼ ਧਰਤ ਹੁੰਦੀ ਹੈ। ਖਿੰਘਰ ਤਾਂ ਕੇਵਲ ਅਗਨ ਹੁੰਦੀ ਹੈ। ਕਮਲੀ ਤਾਂ ਕੇਵਲ ਪੌਣ ਹੁੰਦੀ ਹੈ। ਚੇਤਨਾ ਕਿਤੇ ਨਹੀਂ ਜਾਂਦੀ, ਕਿਤੇ ਨਹੀਂ ਗੁਆਚਦੀ, ਪਰ ਸ਼ਰਤ ਇੱਕੋ ਹੈ- ਇਸ ਦਾ ਪੱਲਾ ਘੁੱਟ ਕੇ ਫੜੋ।
ਚਿੱਟਾ ਕੱਪੜਾ ਬਾਜ਼ਾਰ ਵਿਚੋਂ ਮੁੱਕ ਚੱਲਿਆ
ਹਟ ਹਾਕਮਾਂ ਤੇ ਤੂੰ ਵੀ ਟਲ ਸ਼ੇਰ ਬੱਲਿਆ। ਚਿੱਟਾ ਕੱਪੜਾ ਬਾਜ਼ਾਰ ਵਿਚੋਂ ਮੁੱਕ ਚੱਲਿਆ। ਸਾਡੇ ਸਹਿਮ ਚੱਟ ਗਿਆ, ਕਿਲਕਾਰੀਆਂ ਤੇ ਹਾਸੇ। ਮੋਰ ਪੈਲ ਪਾਉਣੀ ਭੁੱਲੇ, ਸੱਤੇ ਰੰਗ ਨੇ ਉਦਾਸੇ। ਵੇਖ ਮਿੱਧੀ ਜਾਂਦੇ ਘੋੜੇ, ਮਾਰ ਅੱਡੀਆਂ ਪਤਾਸੇ। ਮੈਥੋਂ ਅੱਖੀਆਂ 'ਚ ਜਾਂਦਾ ਨਹੀਉਂ ਨੀਰ ਠੱਲ੍ਹਿਆ। ਚਿੱਟਾ ਕੱਪੜਾ ਬਾਜ਼ਾਰ ਵਿਚੋਂ ਮੁੱਕ ਚੱਲਿਆ। ਰੱਤੋ ਰੱਤ ਹੋਈ ਧਰਤੀ ਨੂੰ ਕੀਹਦੇ ਨਾਲ ਧੋਵਾਂ। ਮੁੱਕੇ ਹੰਝੂਆਂ ਦੇ ਸੋਮੇ, ਮੈਂ ਸਵੇਰ ਸ਼ਾਮ ਰੋਵਾਂ। ਵੇਖ ਸਿਵਿਆਂ ਚ ਰੌਣਕਾਂ, ਮੈਂ ਗੁੰਮ ਸੁੰਮ ਹੋਵਾਂ। ਸਾਰਾ ਘਰ ਬਾਰ ਇੱਲ੍ਹਾਂ ਨੇ ਕਿਉਂ ਆਣ ਮੱਲਿਆ। ਚਿੱਟਾ ਕੱਪੜਾ ਬਾਜ਼ਾਰ ਵਿਚੋਂ ਮੁੱਕ ਚੱਲਿਆ। ਪੰਜ ਪਾਣੀਆਂ 'ਚ ਜ਼ਹਿਰ, ਵਰ੍ਹੇ ਰੱਤੀ ਬਰਸਾਤ। ਕਿੱਥੋਂ ਤੁਰੀ, ਕਿੱਥੇ ਪਹੁੰਚੀ ਤਕਰਾਰ ਵਾਲੀ ਬਾਤ। ਵੇਖ ਕਿੱਡੀ ਲੰਮੀ ਹੋ ਗਈ ਏ ਮੁਸੀਬਤਾਂ ਦੀ ਰਾਤ। ਤੀਰਾਂ ਆਪਣੇ ਬੇਗਾਨਿਆਂ ਕਲੇਜਾ ਸੱਲਿਆ। ਚਿੱਟਾ ਕੱਪੜਾ ਬਾਜ਼ਾਰ ਵਿਚੋਂ ਮੁੱਕ ਚੱਲਿਆ। ਟੁੱਟੀ ਕਲਮ ਦਵਾਤ, ਲੀਰੋ ਲੀਰ ਹੈ ਕਿਤਾਬ। ਹੇਕਾਂ ਗਲਿਆਂ ਚ ਰੋਣ, ਕਾਹਨੂੰ ਟੁੱਟ ਗਈ ਰਬਾਬ। ਸਾਡੇ ਪੁੱਤਰਾਂ ਨੂੰ ਅਜੇ ਵੀ ਨਾ ਲੱਗਦਾ ਹਿਸਾਬ। ਖਾਵੇ ਸਾਡਾ ਹੀ ਕਲੇਜਾ, ਕੀਹਨੇ ਦੈਂਤ ਘੱਲਿਆ। ਚਿੱਟਾ ਕੱਪੜਾ ਬਾਜ਼ਾਰ ਵਿਚੋਂ ਮੁੱਕ ਚੱਲਿਆ। ਹਟ ਹਾਕਮਾਂ ਤੇ ਤੂੰ ਵੀ ਟਲ ਸ਼ੇਰ ਬੱਲਿਆ।
ਹੁੰਗਾਰਾ ਕੌਣ ਭਰੇ
ਬੱਦਲਾਂ ਦੇ ਉੱਡਦੇ ਫੰਬਿਆਂ ’ਚੋਂ, ਅੰਬਰਾਂ ਵਿਚ ਸਫ਼ਰਾਂ ਲੰਬਿਆਂ ’ਚੋਂ, ਜਦ ਸੂਰਜ ਦੀ ਲਿਸ਼ਕੋਰ ਖਿੜੇ, ਧੁੱਪਾਂ ਦਾ ਮੋਹ ਬੇਚੈਨ ਕਰੇ । ਧਰਤੀ ਤੋਂ ਦੂਰ ਦਰਾਜ਼ ਕਿਤੇ, ਤੇ ਤਾਰਾ ਮੰਡਲੋਂ ਹੇਠਾਂ ਜਹੇ, ਮੈਂ ਕਿੱਥੋਂ ਕਿੱਥੇ ਪਹੁੰਚ ਗਿਆਂ, ਇਕ ਅਲੋਕਾਰ ਅਹਿਸਾਸ ਭਰੇ । ਮੈਂ ਪਿੰਡ ਦੇ ਕੱਚੇ ਵਿਹੜੇ ਵਿਚ, ਜਦ ਰਿੜ੍ਹਦਾ ਤੁਰਦਾ ਭੱਜਦਾ ਸਾਂ, ਖੰਭਾਂ ਬਿਨ ਏਥੇ ਪਹੁੰਚਾਂਗਾ, ਚਿੱਤ ਚੇਤੇ ਇਹ ਨਾ ਖ਼ਿਆਲ ਕਰੇ। ਇਹ ਉਡਣ ਖਟੋਲਾ ਲੋਹੇ ਦਾ, ਵਿਚ ਬਲਦਾ ਬਾਲਣ ਤਰਲ ਜਿਹਾ, ਵਿਗਿਆਨ ਦੇ ਏਸ ਨਜ਼ਾਰੇ ਦਾ, ਮੇਰੀ ਕਵਿਤਾ ਵੀ ਅਹਿਸਾਸ ਕਰੇ । ਅੰਬਰਾਂ ਦੀਆਂ ਜੂਹਾਂ ਫ਼ੋਲਦਿਆਂ, ਧੜਕਣ ਤੇ ਰੂਹਾਂ ਟੋਲਦਿਆਂ, ਮੇਰੇ ਅੰਦਰ ਕੈਦ ਪਰਿੰਦਾ ਜੋ , ਸੋਚਾਂ ਦੀ ਉਡਾਰੀ ਰੋਜ਼ ਭਰੇ। ਮੇਰੇ ਦੇਸ ਪੰਜਾਬੋਂ ਤੇਰੇ ਤੱਕ, ਗੋਰੀ ਧਰਤੀ ਤੋਂ ਮੇਰੇ ਤੱਕ, ਇਹ ਰੰਗਾਂ ਦੀ ਸਤਰੰਗੀ ਜੋ, ਹਰ ਪਲ ਹੀ ਨੈਣੀਂ ਸੰਗ ਕਰੇ । ਮੀਲਾਂ ਦੀ ਲੰਮੀ ਦੂਰੀ ਹੈ, ਪਹੁੰਚਣ ਲਈ ਸਫ਼ਰ ਜ਼ਰੂਰੀ ਹੈ, ਜੇ ਹਰ ਬੰਦਾ ਹੀ ਬੈਠਾ ਰਹੇ, ਸੁਪਨਾ ਵੀ ਕੀਕਣ ਸਫ਼ਰ ਕਰੇ । ਰਾਤਾਂ ਨੂੰ ਸੋਚਾਂ ਜਾਗਦਿਆਂ, ਤੇ ਔਝੜ ਪੈਂਡੇ ਝਾਗਦਿਆਂ, ਜਦ ਜਾਪੇ ਧਰਤੀ ਮੁੱਕ ਚੱਲੀ, ਤੁਧ ਬਾਝ ਹੁੰਗਾਰਾ ਕੌਣ ਭਰੇ।
ਸੁਪਨੇ ਠੀਕਰ ਠੀਕਰ
ਲੈ ਆਇਆ ਏ ਵਕਤ, ਅਸਾਨੂੰ ਕਿੱਥੋਂ ਤੀਕਰ। ਪਥਰਾਏ ਨੇ ਹਾਉਕੇ, ਸੁਪਨੇ ਠੀਕਰ ਠੀਕਰ। ਅੱਖੀਉਂ ਵਗਦੇ ਅੱਥਰੂ ਹੋਵੇ ਕਿਣ ਮਿਣ ਕਿਣ ਮਿਣ। ਤਪਦੀ ਧਰਤੀ ਕਿੰਜ ਪਾਲੇ, ਹਰਿਆਲੇ ਵਣ ਤ੍ਰਿਣ। ਚੜ੍ਹ ਚੜ੍ਹ ਬੱਦਲ ਆਏ, ਪਰ ਇਕ ਤੂੰ ਨਹੀਂ ਆਇਆ। ਧਰਤ ਪਿਆਸੀ ਦੇ ਦੱਸ, ਕਿਹੜੇ ਕੰਮ ਹੈ ਸਾਇਆ। ਵਰ੍ਹ ਜਾ, ਵਰ੍ਹ ਜਾ, ਵਰ੍ਹ ਜਾ। ਬੱਦਲਾ ਏਥੇ ਵਰ੍ਹ ਜਾ। ਜੋ ਕੁਝ ਤੇਰੇ ਪੱਲੇ, ਏਥੇ ਢੇਰੀ ਕਰ ਜਾ। ਸੁੰਨ ਮਸੁੰਨੀ ਧਰਤੀ ਨੂੰ, ਹਰਿਆਲੀ ਕਰ ਜਾ। ਸੁਪਨੇ ਤੇ ਪੰਖੇਰੂ, ਹਨ ਅਸਲੀ ਸਰਮਾਇਆ। ਜਿੰਨ੍ਹਾਂ ਰਲ ਕੇ ਮਾਨਵ ਨੂੰ ਹੈ, ਉੱਡਣ ਸਿਖਾਇਆ। ਏਡਾ ਵੱਡਾ ਅੰਬਰ, ਵਿਚ ਵਿਚ ਖਿੱਲਰੇ ਤਾਰੇ। ਇਹ ਵੀ ਜੀਕਣ ਰੱਬ ਨੇ, ਸੁੱਚੇ ਸੁਪਨ ਖਿਲਾਰੇ ।
ਘਰ ਨੂੰ ਮੁੜ ਆ
ਘਰੋਂ ਤੁਰਦਿਆਂ, ਮਾਂ ਦਾ ਭਰਿਆ ਠੰਢਾ ਹਾਉਕਾ, ਜਦ ਵੀ ਮੈਨੂੰ ਚੇਤੇ ਆਏ। ਦਿਨ ਵੇਲੇ ਵੀ ਨਜ਼ਰ ਪਾਟਦੀ, ਰਾਤੀਂ ਅੱਖੀਂ ਨੀਂਦ ਨਾ ਆਵੇ। ਜਗਦਾ ਬੁਝਦਾ ਚਿਹਰਾ ਮੈਨੂੰ ਰੋਜ਼ ਡਰਾਵੇ। ਜੇ ਕਿਧਰੇ ਅੱਖ ਲੱਗ ਜਾਵੇ ਤਾਂ, ਸੁਪਨੇ ਦੇ ਵਿਚ ਤੁਰ ਪੈਂਦਾ ਹਾਂ, ਫੜ ਫੜ ਕੇ ਮੰਜੀ ਦੇ ਪਾਵੇ। ਦਿਨ ਚੜ੍ਹਦੇ ਬੱਸ ਟੈਲੀਫ਼ੋਨ ਸਹਾਰਾ ਬਣਦਾ, ਮਾਂ ਨਾਲ ਜਿਹੜਾ ਬਾਤ ਕਰਾਵੇ। ਟੁੱਟਵੀਂ 'ਵਾਜ਼ ਸੁਣੇ ਤੇ, ਮਨੂਆ ਫਿਰ ਡਰ ਜਾਵੇ। ਮਾਂ ਕਹਿੰਦੀ ਹੈ, ਹੋਰ ਤਾਂ ਸਭ ਕੁਝ ਠੀਕ ਹੈ। ਪਰ ਲੱਤਾਂ ਨਾ ਭਾਰ ਸੰਭਾਲਣ। ਘਰ ਨੂੰ ਮੁੜ ਆ। ਫੇਰ ਕਹੇਂਗਾ ਮੇਰੇ ਮਗਰੋਂ ਚਲੀ ਗਈ ਏ, ਹੁਣ ਮੇਰਾ ਇਤਬਾਰ ਨਹੀਂ ਹੈ।
ਹਵਾਈ ਜਹਾਜ਼ ਵਿਚ ਸਫ਼ਰ ਕਰਦਿਆਂ
1. ਗੋਰੀ ਚਿੱਟੀ ਚਮੜੀ ਇਹ ਅਮਰੀਕਨ ਬੱਚਾ। ਬੀਬਾ ਰਾਣਾ, ਮੂੰਹ ਵਿਚ ਚੁੰਘਣੀ, ਮਾਂ ਨੂੰ ਛੇੜੇ - ਕੋਲ ਬੁਲਾਵੇ। ਪਰ ਇਸਨੂੰ ਕਿਹੜਾ ਸਮਝਾਵੇ। ਮਾਂ ਨੂੰ ਤਾਂ ਅਖ਼ਬਾਰ ਪੜ੍ਹਨ ਤੋਂ ਵਿਹਲ ਨਹੀਂ ਹੈ। 2. ਗੋਰੇ ਰੰਗ ਦੀ ਨਗਰੀ ਅੰਦਰ, ਕਿਤੇ ਕਿਤੇ ਜੇ, ਕਾਲੀ ਜ਼ੁਲਫ਼ ਜਹੀ ਲਹਿਰਾਵੇ। ਰੂਹਾਂ ਨੂੰ ਕੰਬਣੀ ਛਿੜ ਜਾਵੇ। 3. ਧਰਤੀ ਨਾਲੋਂ ਅੰਬਰ ਭਾਵੇਂ ਦੂਰ ਬੜਾ ਹੈ। ਪਰ ਵੇਖੋ ਵਿਗਿਆਨ ਕ੍ਰਿਸ਼ਮਾ, ਅੱਖ ਪਲਕਾਰੇ ਅੰਦਰ ਦੋਵੇਂ ਸਿਰੇ ਮਿਲਾਵੇ। ਲੋਹੇ ਨੂੰ ਖੰਭ ਲਾ ਕੇ ਕਿੱਥੇ ਪਿਆ ਪਹੁੰਚਾਵੇ। 4. ਕਿੱਥੋਂ ਆਇਐਂ, ਕਿੱਥੇ ਚੱਲਿਐਂ, ਅਤਾ ਪਤਾ ਨਾਂ ਦੱਸ ਪਰਦੇਸੀ। ਪਹਿਲੀ ਵਾਰੀ ਅੱਖ ਖੁੱਲ੍ਹੀ ਹੈ, ਨਜ਼ਰੀਂ ਆਇਐ ਸ਼ੀਸ਼ੇ ਅੰਦਰ ਆਪਣਾ ਚਿਹਰਾ, ਧਰਤ ਪਰਾਈ - ਬਣੇ ਕੁਦੇਸੀ। 5. ਮੇਮ ਦਾ ਬੱਚਾ ਗੋਰਾ ਚਿੱਟਾ, ਰੂੰ ਦਾ ਗੋਹੜਾ। ਬਿਲਕੁਲ ਸਾਡੇ ਬੱਚਿਆਂ ਵਾਂਗੂੰ। ਹੱਸਦਾ, ਰੋਂਦਾ, ਜ਼ਿਦ ਕਰਦਾ ਹੈ। ਜਦੋਂ ਦੁਲਾਰੇ ਚੁੱਪ ਕਰ ਜਾਵੇ। ਮੇਰੇ ਮਨ ਦਾ ਖ਼ਾਲੀ ਕਾਸਾ, ਅਜਬ ਨਸ਼ੇ ਵਿਚ, ਉਤਲੇ ਕੰਢੇ ਤੱਕ ਭਰ ਜਾਵੇ। 6. ਏਥੇ ਵੀ ਅਮਰੀਕਾ ਇੱਕ ਨਹੀਂ, ਦੋ, ਤਿੰਨ, ਚਾਰ, ਅਨੇਕਾਂ ਟੋਟੇ। ਘਰਾਂ, ਮਕਾਨਾਂ ਅਤੇ ਦੁਕਾਨਾਂ, ਖਾਣ ਪੀਣ ਦੇ ਸਭ ਪਕਵਾਨਾਂ, ਵਿੱਚੋਂ ਆਪੇ ਲੱਭ ਸਕਦੇ ਹੋ। 7. ਸਾਡੇ ਲੋਕਾਂ ਜੋ ਸੀ ਸੁਪਨ ਵਿਹਾਜਣ ਆਏ। ਡਾਲਰ ਦੀ ਛਣਕਾਰ ਜਦੋਂ ਕੁਝ ਪਲ ਰੁਕ ਜਾਏ। ਲੇਖਾ ਜੋਖਾ ਕਰਦੇ ਠੰਢੇ ਹਾਉਕੇ ਭਰਦੇ। ਬਾਰੀਂ ਬਰਸੀਂ ਖੱਟਣ ਗਏ ਜੋ, ਘਰ ਨਹੀਂ ਪਰਤੇ। ਕਿਹੜਾ ਜੋਗ ਕਮਾਵਣ ਆਏ। ਧਰਤ ਬੇਗਾਨੀ ਬਾਲ ਪੜ੍ਹਾਏ। ਜੜ ਹੀਣੇ ਜੇ ਹੋ ਚੱਲੇ ਹਾਂ, ਕੀਹ ਕਰਨੇ ਨੇ ਪੌਂਡ ਕਮਾਏ?
ਲਾਸ ਵੇਗਾਸ 'ਚ ਮੋਮ ਦੀਆਂ ਗੁੱਡੀਆਂ
ਇਸ ਧਰਤੀ ਦਾ ਮੋਮ ਅਜਬ ਹੈ, ਅੱਗ ਦੀ ਲਾਟ ਦੇ ਨੇੜੇ ਜਾ ਕੇ, ਪਿਘਲਣ ਤੋਂ ਇਨਕਾਰੀ। ਮੁੱਲ ਕਰਦੀ ਹੈ, ਭਾਅ ਦੱਸਦੀ ਹੈ, ਜਿਸਮਾਂ ਦੀ ਵਣਜਾਰੀ। ਇੱਕੀਵੀਂ ਸਦੀ ਦੇ ਪਹਿਰ ਪਲੇਠੇ, ਕੀ ਬੰਦਾ ਕੀ ਨਾਰੀ? ਜਿਸਮ ਖ਼ਰੀਦ ਫਰੋਖ਼ਤ ਕਰਦਾ, ਮੰਡੀ ਬੈਠ ਵਪਾਰੀ। ਅਲਫ ਨਗਨ ਮੁਦਰਾ ਵਿਚ ਬੈਠੇ, ਅੰਗਾਂ ਦੀ ਸਰਦਾਰੀ। ਸ਼ਰਮ ਸ਼ਰ੍ਹਾਂ ਦੇ ਪਰਦੇ ਸਨਮੁਖ ਨਗਨ ਦਰੋਪਦ ਹਾਰੀ। ਜੂਏਬਾਜ਼ਾਂ ਜੂਏ ਖ਼ਾਤਰ, ਰਿਸ਼ਤੇ ਘੜੇ ਵਿਹਾਰੀ। ਕੁਲ ਧਰਤੀ ਤੇ ਕਰੇ ਹਕੂਮਤ, ਪੈਸੇ ਦੀ ਸਰਦਾਰੀ। ਏਥੇ ਵੀ ਮਾਂ-ਧੀ ਵਿਕਦੀ ਹੈ, ਰਿਸ਼ਤੇ ਵੀ ਬਾਜ਼ਾਰੀ। ਰੌਸ਼ਨੀਆਂ ਦੀ ਚਕਾਚੌਂਧ ਵਿਚ, ਨੇਰ੍ਹੇ ਦੀ ਸਰਦਾਰੀ। ਸਾਲਮ ਨਗਨ ਮੂਰਤੀ ਮਾਣੇ, ਜਿਸ ਵੀ ਕੀਮਤ ਤਾਰੀ। ਇਸ ਮੰਡੀ ਵਿਚ ਰਿਸ਼ਤੇ ਮੋਏ, ਜਿਸਮਾਂ ਦੀ ਸਰਦਾਰੀ। ਇਨ੍ਹਾਂ ਗਲੀਆਂ ਦੇ ਵਿਚ ਫਿਰਦੇ, ਸਭਨਾਂ ਦੀ ਮੱਤ ਮਾਰੀ। ਜਿਸਮ ਬੰਸਰੀ ਲੱਭੇ ਰਾਧਾ, ਕਿਹੜਾ ਕ੍ਰਿਸ਼ਨ ਮੁਰਾਰੀ। ਮਾਛੀ ਬਾਪ ਦੇ ਜਾਲ 'ਚ ਫਾਥੀ, ਨਿਕਲੇ ਕਿਵੇਂ ਵਿਚਾਰੀ। ਪਰ ਕਮਲੀ ਨੂੰ ਕਿਹੜਾ ਦੱਸੇ? ਇਹ ਤਾਂ ਨਿਰੇ ਵਪਾਰੀ। ਰੂਪ ਤੋਲ ਕੇ ਵਣਜ ਕਰਦਿਆਂ, ਜਿੰਨ੍ਹਾਂ ਉਮਰ ਗੁਜ਼ਾਰੀ। ਆਪਣੇ ਵਿਹੜੇ ਖੇਹ ਉੱਡਦੀ ਹੈ, ਬਾਹਰ ਕਰਨ ਬੁਹਾਰੀ। ਵੇਖ ਓ ਬੰਦਿਆ ਕਿੱਥੋਂ ਤੁਰ ਕੇ, ਕਿੱਥੇ ਆਏ ਵਪਾਰੀ।
ਮੇਰਾ ਬਾਬਲ ਅੱਜ ਮੋਇਆ ਹੈ
ਘਰੋਂ ਤੁਰਦਿਆਂ ਬਾਪ ਕਿਹਾ ਸੀ, ਕਿਉਂ ਚੱਲਿਆ ਏਂ? ਦੂਰ ਦੇਸ ਵਿਚ, ਜਿੱਥੇ ਸਾਰੀ ਧਰਤ ਪਰਾਈ। ਜਿੱਥੇ ਤੇਰਾ ਬਾਪ ਨਾ ਮਾਈ। ਉਸ ਵੇਲੇ ਤਾਂ, ਕੱਚੀ ਉਮਰ ਦਾ ਤੇਜ਼ ਬੜਾ ਸੀ। ਗੋਰੀ ਧਰਤੀ ਪਹੁੰਚਣ ਦਾ ਵੀ, ਹੇਜ਼ ਬੜਾ ਸੀ। ਮੈਨੂੰ ਉਹ ਗੱਲ, ਉਸ ਵੇਲੇ ਤਾਂ ਸਮਝ ਨਾ ਆਈ। ਪਰ ਮੈਂ ਮੋਹ ਦੇ ਸੰਗਲ ਰੱਸੇ, ਆਪਣੇ ਰਾਹ ਵਿਚ ਰੋੜੇ ਸਮਝੇ। ਬਾਪੂ ਵਾਲੇ ਰਿਜ਼ਕ ਸਿਆੜ ਵੀ ਥੋੜ੍ਹੇ ਸਮਝੇ। ਭਰਮ ਜਿਹਾ ਸੀ, ਗੋਰੀ ਨਗਰੀ ਲੱਗਦੇ ਸੋਨ ਬਿਰਖ਼ ਨੂੰ ਪੱਤੇ। ਪਰ ਹੱਥਾਂ ਵਿਚ ਰਹਿ ਗਏ ਗੱਤੇ। ਟਿਕਟਾਂ, ਬਿੱਲਾਂ, ਕਿਸ਼ਤਾਂ ਦਾ ਭੁਗਤਾਨ ਕਰਦਿਆਂ, ਹਰ ਪਲ ਆਪਣੀ ਨਜ਼ਰੋਂ ਡਿੱਗ ਕੇ, ਇਸ ਪੀੜਾ ਨੂੰ ਆਪ ਜਰਦਿਆਂ। ਸੁਰਤ ਜਦੋਂ ਬਾਪੂ ਵੱਲ ਜਾਵੇ। ਮੰਜੇ ਥੱਲਿਓਂ ਖਿਸਕਣ ਪਾਵੇ। ਇਸ ਬੇਗਾਨੀ ਧਰਤੀ ਉੱਤੇ, ਬਾਪੂ ਕਿਧਰੇ ਨਜ਼ਰ ਨਾ ਆਵੇ। ਅੱਜ ਮੈਂ ਕਮਰੇ ਦੇ ਵਿਚ ਟੰਗੀ, ਬਾਪੂ ਜੀ ਦੀ ਵੱਡੀ ਮੂਰਤ। ਬੜਾ ਆਖਿਆ, ਬਾਪੂ ! ਜ਼ਰਾ ਪਛਾਣ ਖਾਂ ਮੈਨੂੰ, ਮੈਂ ਹਾਂ ਤੇਰਾ ਨਿੱਕੜਾ ਸੂਰਤ। ਮੇਰੀ ਕੰਡ ਤੇ ਹੱਥ ਤਾਂ ਧਰ ਦੇਹ। ਮੇਰਾ ਜਿਸਮ ਜਿਉਂਦਾ ਕਰਦੇ। ਪਰ ਮੂਰਤ ਨਾ ਦਏ ਹੁੰਗਾਰਾ। ਚੁੱਪ ਕਿਉਂ ਏਂ, ਗੱਲ ਨਹੀਂ ਕਰਦਾ, ਪੁੱਛਦਾ, ਮੈਨੂੰ ਟੱਬਰ ਸਾਰਾ। ਇਸ ਧਰਤੀ ਤੇ ਬੀਵੀ ਬੱਚੇ, ਸੋਹਣਾ ਘਰ ਹੈ। ਖ਼ੁਦ ਪਛਤਾਵਾ ਇੱਕੋ ਪਰ ਹੈ। ਕੰਡ ਤੇ ਹੱਥ ਨਹੀਂ, ਸਿਰ ਤੇ ਛਾਂ ਨਹੀਂ। ਬਾਪੂ ਦੀ ਬੁੱਕਲ ਤੋਂ ਨਿੱਘੀ, ਇਸ ਧਰਤੀ ਤੇ ਇੱਕ ਵੀ ਥਾਂ ਨਹੀਂ। ਖਾਣ ਨੂੰ ਆਏ ਸੁੰਨ ਮਸੁੰਨਾ, ਸੋਨ ਬਿਰਖ਼ ਦੀ ਧਰਤੀ ਵਾਲਾ ਦੇਸ਼ ਨਿਆਰਾ। ਬਾਬਲ ਬਾਝੋਂ ਧੂੰਏਂ ਵਿਚ ਜਿਓਂ, ਦਮ ਘੁਟਦਾ ਹੈ। ਅਵਾਜ਼ਾਰ ਹਾਂ ! ਨੋਟਾਂ ਦੀਆਂ ਤਿਤਲੀਆਂ ਗਿਣ ਗਿਣ ਅੱਜ ਇਹ ਮੈਨੂੰ ਕੀਹ ਹੋਇਆ ਹੈ? ਕਠਿਨ ਤਪੱਸਿਆ ਕਰਕੇ ਹਾਸਲ ਕੀਤੀ ਪੂੰਜੀ, ਮਿੱਟੀ ਹੋਈ। ਰੂਹ ਦਾ ਦੀਵਾ ਗੁੱਲ ਹੋਇਆ ਹੈ। ਇਉਂ ਲੱਗਦਾ ਹੈ, ਮੇਰਾ ਬਾਬਲ ਅੱਜ ਮੋਇਆ ਹੈ।
ਆਪਣੇ ਮਨ ਦਾ ਹੁਜਰਾ
ਪੋਲੇ ਪੈਰੀਂ ਤੁਰਦੀ ਤੁਰਦੀ, ਜਦ ਉਹ ਮੇਰੇ ਨੇੜੇ ਆਈ। ਸੁਪਨਾ ਟੁੱਟਾ, ਅੱਖੀਂ ਵੇਖੀ, ਸੱਚਮੁੱਚ ਜਿਉਂ ਮਰੀਅਮ ਦੀ ਜਾਈ। ਚਿਹਰਾ ਕਈ ਕੁਝ ਬੋਲ ਰਿਹਾ ਸੀ। ਤਿੰਨ ਕੋਨਾ ਜਾਂ ਗੋਲ ਜਿਹਾ ਸੀ। ਇਹ ਤਾਂ ਗੱਲ ਬੇਅਰਥੀ ਹੋਈ, ਡਾਢਾ ਹੀ ਅਣਭੋਲ ਜਿਹਾ ਸੀ। ਹੱਸਦੀ ਆਪੇ, ਚੁੱਪ ਕਰ ਜਾਂਦੀ। ਹਰ ਟਾਹਣੀ ਤੇ ਇਉਂ ਲੱਗਦਾ, ਸੌ ਫੁੱਲ ਖਿੜੇ ਨੇ। ਜਦ ਉਹ ਵੇਲ ਵਾਂਗ ਲਹਿਰਾਂਦੀ। ਆਪਣੇ ਆਪੇ ਨਾਲ ਜਦੋਂ ਉਹ ਗੱਲਾਂ ਕਰਦੀ। ਜਾਪੇ ਆਪ ਹੁੰਗਾਰੇ ਭਰਦੀ। ਸੁਰ ਵੱਜਦੀ ਸ਼ਹਿਨਾਈ ਵਾਂਗੂੰ, ਦਿਲ ਦੇ ਅੰਦਰ ਤਰਬਾਂ ਛੇੜੇ। ਸਾਹਾਂ ਦੀ ਵੰਝਲੀ ਵਿਚ, ਫੂਕਾਂ ਮਾਰ ਮਾਰ ਕੇ, ਜਿੰਦ ਧੜਕਾਉਂਦੀ। ਸਗਲ ਸ੍ਰਿਸ਼ਟੀ ਵਿਚੋਂ ਕੋਈ, ਤਸ਼ਬੀਹ ਉਸਦੇ ਮੇਚ ਨਾ ਆਉਂਦੀ। ਲੰਮ ਸਲੰਮੇ ਵਾਲਾਂ ਅੰਦਰ, ਜਦ ਉਹ ਪੋਟੇ ਫੇਰ ਰਹੀ ਸੀ। ਇਉਂ ਲੱਗਦਾ ਸੀ, ਬਿਨਾਂ ਬੀਨ ਤੋਂ ਕੋਈ ਸਪੇਰਨ, ਨਾਗ ਦੇ ਬੱਚੇ ਘੇਰ ਰਹੀ ਸੀ। ਬੜੀ ਮਾਸੂਮ ਨਜ਼ਰ ਸੀ ਉਸਦੀ, ਸਹਿਮੀ ਹੋਈ ਹਿਰਨੀ ਵਾਂਗ ਨਿਰੰਤਰ ਵੇਖੇ। ਅਣਛੋਹੇ ਮਰਮਰ ਦੇ ਬੁੱਤ ਦੇ ਪੈਣ ਭੁਲੇਖੇ। ਅੱਗ ਦੀ ਉਮਰੇ ਕੱਲੀ ਕਾਰੀ, ਆਪੇ ਨਾਲ ਗੁਫ਼ਤਗੂ ਕਰਦੀ, ਫਿਰਦੀ ਕੱਚ ਦੇ ਕੱਪੜੇ ਪਾਈ। ਮੈਂ ਕਸਤੂਰੀ ਵਾਲੀ ਹਿਰਨੀ, ਅੱਜ ਤੀਕਣ ਭਾਵੇਂ ਨਹੀਂ ਡਿੱਠੀ। ਇਸਨੂੰ ਵੇਖ ਕੇ ਏਦਾਂ ਲੱਗਿਆ, ਇਹ ਉਹ ਹਿਰਨੀ, ਮਹਿਕ ਰਹੀ ਜੋ, ਸੰਗਤ ਜਿਸਦੀ ਮਿੱਠੀ ਮਿੱਠੀ। ਜਿਵੇਂ ਸਿਆਲੀ ਰਾਤ ਦੇ ਮਗਰੋਂ, ਸਾਡੇ ਪਿੰਡੀਂ ਦਿਨ ਚੜ੍ਹਦਾ ਹੈ। ਘਾਹ ਦੇ ਹਰੇ ਕਚੂਰ ਬਿਸਤਰੇ, ਉੱਪਰ ਤਰੇਲ ਦਾ ਲੇਅ ਚੜ੍ਹਦਾ ਹੈ। ਇਸ ਮਾਸੂਮ ਕੁੜੀ ਦੇ ਹੋਠੀਂ, ਚਮਕਣ ਜਲਕਣ। ਅਸਲ ਮੋਤੀਆਂ ਨਾਲੋਂ ਵਧ ਲਿਸ਼ਕੰਦੜੇ ਵੇਖੋ, ਕਿੱਸਰਾਂ ਡਲ੍ਹਕਣ। ਸੱਤ ਸਮੁੰਦਰ ਡੂੰਘੀਆਂ ਅੱਖਾਂ। ਬਿਨ ਬੋਲੇ ਤੋਂ ਆਖ ਰਹੀ ਸੀ, ਇਹ ਮੈਂ ਕਿੰਜ ਸੰਭਾਲ ਕੇ ਰੱਖਾਂ? ਇਨ੍ਹਾਂ ਅੰਦਰ ਖ਼ੁਸ਼ੀ ਗਮੀ ਬੇਅੰਤ ਜਜ਼ੀਰੇ। ਧਰਤੀ ਵਾਲੇ ਵੇਖਣ ਮੈਨੂੰ ਟੀਰੇ ਹੀਰੇ। ਮੇਰਾ ਵੀ ਇਕ ਦਿਲ ਹੈ ਜਿਸਦਾ ਰੰਗ ਹੈ ਸੂਹਾ। ਮੇਰੇ ਚਾਵਾਂ ਦਾ ਬਾਹਰੀ ਵਿਸਥਾਰ ਨਹੀਂ ਹੈ। ਅੰਦਰ ਵੱਲ ਹਰ ਖੁੱਲ੍ਹਦਾ ਬੂਹਾ। ਏਸੇ ਕਰਕੇ ਮੇਰੇ ਸਾਹੀਂ ਚੰਬਾ ਖਿੜਦਾ, ਮੇਰੀ ਬੋਲੀਂ ਮਰੂਆ ਟਹਿਕੇ। ਸੱਜਰੇ ਸੁਪਨੇ ਨਿੱਤ ਕੱਤਦੀ ਹਾਂ, ਆਪਣੇ ਮਨ ਦੇ ਹੁਜਰੇ ਬਹਿਕੇ।
ਇਹ ਤਾਂ ਜੋ ਨਿਰੰਤਰ ਕੋਈ
(ਬਾਬਾ ਬੁੱਧ ਸਿੰਘ ਢਾਹਾਂ ਦੇ ਨਾਂ) ਦਰਦ ਪਰੁੱਚੀ ਧਰਤੀ ਉੱਤੇ, ਜਿਥੇ ਬਹੁਤੇ ਲੋਕੀਂ ਸੁੱਤੇ, ਚਾਰ ਚੁਫੇਰੇ ਅੰਨ੍ਹੀ ਬੋਲੀ, ਨੇਰ੍ਹੀ ਵੀ ਤੇਜ਼ ਵਗੇ। ਫਿਰ ਵੀ ਵੇਖੋ, ਇਸ ਝੱਖੜ ਵਿਚ ਸੁਰਖ਼ ਚਿਰਾਗ ਜਗੇ। ਗੁਰੂ ਨਾਨਕ ਦੇ ਸਿੱਖ ਦੀ ਬੁੱਧ ਨੇ, ਰੱਕੜਾਂ ਦੇ ਵਿਚ ਡੇਰਾ ਲਾਇਆ। ਕੱਲਰਾਂ ਦੀ ਚਮਕਾਰ ਡਰਾਵੇ, ਪਰ ਲੋਕਾਂ ਤੋਂ ਸ਼ਕਤੀ ਲੈ ਕੇ, ਰੜੇ ਮੈਦਾਨ 'ਚ ਕੰਵਲ ਉਗਾਇਆ। ‘ਢਾਹਾਂ’ ਵਾਲੇ ਅਰਥ ਬਦਲ ਕੇ, ਕੀਤੀ ਉਸ ਨੇ ਇੰਜ ਉਸਾਰੀ। ਦੋਆਬੇ ਦੀ ਧਰਤੀ ਅੰਦਰ, ਜੋੜੀ ਸਗਲ ਸ੍ਰਿਸ਼ਟੀ ਸਾਰੀ। ਬੱਬਰਾਂ ਦੀ ਮਿੱਟੀ ਦਾ ਜਾਇਆ। ਛੱਡ ਕੇ ਵੱਸਦਾ ਦੇਸ਼ ਕਨੇਡਾ। ਮੁੜ ਆਪਣੇ ਵਤਨਾਂ ਵੱਲ ਧਾਇਆ। ਵੀਹਵੀਂ ਸਦੀ ਦੇ ਅੰਤ ਪਹਿਰ ਵਿਚ, ਉਸ ਨੇ ਗ਼ਦਰੀ ਬਾਬਿਆਂ ਵਾਲਾ, ਵਰਕਾ ਪਲਟ, ਪਾਠ ਦੁਹਰਾਇਆ। ਉਸ ਨੇ ਚਾਹਿਆ। ਜੇ ਲੋਕਾਂ ਨੂੰ ਸਿਹਤ ਸਹੂਲਤ, ਸਿੱਖਿਆ ਤੇ ਸੰਸਾਰ ਦੀ ਸੋਝੀ, ਘਰ ਬੈਠੇ ਹਾਸਲ ਹੋ ਜਾਵੇ। ਉਸ ਤੋਂ ਮਗਰੋਂ ਮੈਨੂੰ ਭਾਵੇਂ, ਅਗਲਾ ਸਾਹ ਆਵੇ ਨਾ ਆਵੇ। ਉਸ ਨੇ ਹੋਕਾ ਦਿੱਤਾ ਲੋਕੋ, ਚੱਖਣਾ ਜਿਸ ਨੇ ਅਸਲੀ ਮੇਵਾ। ਕਰੋ ਸਮਰਪਿਤ ਜ਼ਿੰਦਗੀ ਏਥੇ, ਧਰਮ ਬਣਾਉ ਮਾਨਵ ਸੇਵਾ। ਸਿਰਫ਼ ਵਿਖਾਵਾ ਨਿਰਾ ਕਪਟ ਹੈ, ਗੁਰੂ ਨਾਨਕ ਦੇ ਬੋਲ ਪੁਗਾਉ। ਸੇਵਾ ਸਿਮਰਨ ਅਤੇ ਸ਼ਬਦ ਨੂੰ, ਘਰ ਘਰ ਅੰਦਰ ਤੁਰਤ ਪੁਚਾਉ। ਗੁਰੂ ਨਾਨਕ ਦੇ ਸਿੱਖ ਨੇ ਕੀਤੀ, ਕੁਲ ਦੁਨੀਆਂ ਨੂੰ ਇੰਜ ਅਪੀਲ। ਨਾ ਧਿਰਿਆਂ ਦੀ ਧਿਰ ਬਣ ਜਾਓ, ਜਿੰਨ੍ਹਾਂ ਦਾ ਨਾ ਕੋਈ ਵਕੀਲ। ਕੁਲ ਆਲਮ ਨੇ ਸੁਣਿਆ ਸਾਰੇ ਬਾਬੇ ਨੇ ਜੋ ਲਾਇਆ ਨਾਅਰਾ। ਪਰਤ ਕਿਹਾ, ਤੂੰ ਫ਼ਿਕਰ ਕਰੀਂ ਨਾ, ਅਸੀਂ ਦਿਆਂਗੇ ਠੋਸ ਹੁੰਗਾਰਾ। ਲੋਕ ਸ਼ਕਤੀਆਂ ਦੇ ਰੱਬ ਸੁਣਿਆ, ਇਸ ਦਰਗਾਹੇ ਇਹ ਜੈਕਾਰਾ। ਅੱਖ ਪਲਕਾਰੇ ਦੇ ਵਿਚ ਤੱਕਿਆ, ਸੁੱਕੇ ਰੁੱਖ ਨੂੰ ਪਿਆ ਫੁਟਾਰਾ। ਦੋਆਬੇ ਦੀ ਬਾਤ ਜਦੋਂ ਇਹ, ਤੁਰ ਪਈ ਸੱਤ ਸਮੁੰਦਰੋਂ ਪਾਰ। ਕੁੱਲ ਆਲਮ ਨੇ ਇਕ ਸੁਰ ਹੋ ਕੇ, ਸਿਰਜ ਲਿਆ ਅਦਭੁੱਤ ਸੰਸਾਰ। ਏਸ ਕਥਨ ਨੂੰ ਸੱਚ ਕਰ ਜਾਣਿਆਂ, ਘਰ ਬਾਹਰ ਤੇਰਾ ਭਰਵਾਸਾ। ਨੇਕ ਕਮਾਈ ਕਰਨ ਵਾਲਿਆ, ਭਰ ਦਿੱਤਾ ਮੂੰਹ ਤੀਕਣ ਕਾਸਾ। ਸੁਪਨੇ ਤੋਂ ਨਿਰਮਾਣ ਤੀਕਰਾਂ, ਜੋ ਵੀ ਰਾਹ ਵਿਚ ਰੋੜੇ ਆਏ। ਚੁਗ ਚੁਗ ਲੋਕਾਂ ਆਪ ਹਟਾਏ। ਬਣਨ ਤਾਂ ਜੋ ਸਾਂਝੇ ਸੁਪਨੇ ਨੂੰ, ਕੋਈ ਆਂਚ ਨਾ ਆਵੇ। ਏਸ ਕਾਫ਼ਲੇ ਅੰਦਰ ਰਲ ਗਏ, ਦੀਨ, ਦੁਨੀ ਤੇ ਹਰਕਤ ਵਾਲੇ। ਤਾਂ ਹੀ ਇਸ ਧਰਤੀ ਤੇ ਉੱਗੇ, ਸੁਪਨ ਸੁਨਹਿਰੀ ਬਰਕਤ ਵਾਲੇ। ਏਸ ਭਵਨ ਦੀ ਨੀਂਹ ਦੇ ਹੇਠਾਂ, ਬੈਠੇ ਨੇ ਜੋ ਲੋਕ ਅਸੀਲ। ਉਨ੍ਹਾਂ ਵਿਚ ਇਕ ਸਿਦਕਣ ਵੀ ਹੈ, ਲੋਕੀਂ ਜਿਸ ਨੂੰ ਕਹਿਣ ਸੁਸ਼ੀਲ। ਉਹ ਆਪਣੇ ਲਈ ਦੁਨੀਆਂ ਕੋਲੋਂ, ਸੁਖਾਂ ਪਰੁੱਚੀ ਥਾਂ ਨਹੀਂ ਮੰਗਦੀ। ਇੱਟਾਂ ਉਪਰ ਲਿਖਿਆ ਗੂੜ੍ਹਾ, ਲਿਸ਼ ਲਿਸ਼ਕੰਦੜਾ ਨਾਂ ਨਹੀਂ ਮੰਗਦੀ। ਇਹ ਤਾਂ ਕਿਰਪਾ ਬਿਰਖਾਂ ਦੀ ਹੈ, ਆਪਣੇ ਮੂੰਹੋਂ ਛਾਂ ਨਹੀਂ ਮੰਗਦੀ। ਇਹ ਤਾਂ ਜੋ ਨਿਰੰਤਰ ਕੋਈ, ਤੂਫ਼ਾਨਾਂ ਤੋਂ ਬਚ ਕੇ ਆਈ। ਕਰਮ ਭੂਮ ਬਣ ਗਈ ਕਲੇਰਾਂ, ਹੋਰ ਕਿਸੇ ਥਾਂ ਜੰਮੀ ਜਾਈ। ਜੰਗਲ ਦੇ ਵਿਚ ਮੰਗਲ ਜਿਥੇ, ਨਾ ਧਿਰਿਆਂ ਦੀ ਜਿੱਥੇ ਥਾਂ ਹੈ। ਮੇਰੀ ਇਹ ਸ਼ਬਦਾਂ ਦੀ ਅੰਜੁਲੀ, ਸਾਂਭੋ, ਇਹ ਸਭ ਉਸ ਦੇ ਨਾਂ ਹੈ।
ਇੱਕ ਚਿੱਟੀ ਦਸਤਾਰ
(ਪ੍ਰਿੰ. ਸੁਰਜੀਤ ਸਿੰਘ ਭਾਟੀਆ ਦੇ ਨਾਂ) ਇੱਕ ਚਿੱਟੀ ਦਸਤਾਰ, ਹੈ ਦਿਲ ਤੇ ਪੰਜ ਸਦੀਆਂ ਦਾ ਭਾਰ ਵਿਰਾਸਤ ਖੁਰਦੀ ਜਾਵੇ। ਕਿਰਤ ਕਰਮ ਦੇ ਵਿੱਛੜਿਆਂ ਨੂੰ ਕੌਣ ਮਿਲਾਵੇ? ਇਹਦਾ ਦਿਲ ਹੈ ਸ਼ਾਂਤ ਸਮੁੰਦਰ। ਖੌਰੇ ਕੀ ਕੁਝ ਇਸ ਦੇ ਅੰਦਰ। ਵਿੱਚੇ ਮਸਜਿਦ ਵਿੱਚੇ ਮੰਦਰ। ਵਿੱਚੇ ਗੁਰੂ ਦਾ ਪਾਵਨ ਦਰ ਹੈ। ਬੰਦਾ ਨਹੀਂ, ਇਹ ਜਲਵਾਗਰ ਹੈ। ਸੂਰਜ, ਇੱਕੋ ਧਰਤ ਅਨੇਕ। ਜਾਣੇ ਇਹ ਗੱਲ ਸ਼ਖ਼ਸ ਹਰੇਕ। ਫੁੱਲ ਕਿਰਮਚੀ ਸਬਜ਼ ਧਰੇਕ। ਰੁੱਤਾਂ ਲੰਘਣ ਸਾਹਾਂ ਥਾਣੀ । ਜੀਕੂੰ ਗੁਰੂ-ਬਾਬੇ ਦੀ ਬਾਣੀ। ਵੇਖੇ ਜਲ ਥਲ ਮਹੀਅਲ ਅੰਦਰ। ਦੀਵਾ ਧਰਦੈ ਮਨ ਦੇ ਮੰਦਰ। ਜਗਦੀ ਜੋਤ ਮਿਟੇ ਅੰਧਿਆਰਾ। ਇਸ ਦੀ ਬੁੱਕਲ ਆਲਮ ਸਾਰਾ। ਗੱਲਾਂ ਲਿਖਦੈ ਮਨ ਚਿੱਤ ਲਾ ਕੇ। ਛੱਡੇ ਪੱਥਰਾਂ ਨੂੰ ਪਿਘਲਾ ਕੇ । ਵਗਦੇ ਪਾਣੀ ਵਾਂਗ ਰਵਾਨੀ। ਸ਼ਬਦ ਉਡੀਕਣ ਇਸ ਦੀ ਕਾਨੀ। ਇਸ ਦੀ ਜੀਵਨ ਜੁਗਤ ਲਾਹੌਰੀ। ਕਦਮਾਂ ਵਿਚ ਰਫ਼ਤਾਰ ਪਸ਼ੌਰੀ। ਹਿੰਮਤ ਜੀਕੂੰ ਬਲਦ ਨਗੌਰੀ। ਸ਼ਕਤੀ ਵਿਰਸੇ ਦੀ ਪਹਿਚਾਣੇ। ਤਾਂ ਹੀ ਧਰਤੀ ਮਾਂ ਨੂੰ ਜਾਣੇ। ਨਕਸ਼ ਉਸਾਰੇ ਗੋ ਕੇ ਮਿੱਟੀ। ਮੱਥੇ ਚਿੰਤਨ ਪਗੜੀ ਚਿੱਟੀ। ਮੌਸਮ ਰੁੱਤਾਂ ਬਣੇ ਕਿਤਾਬ । ਪੰਨੇ ਪੰਜ ਦਰਿਆ ਪੰਜਾਬ। ਬਲ਼ਦੀ ਅਗਨ ਨਿਰੰਤਰ ਚੁੱਲ੍ਹੇ । ਕਰਦੇ ਚੌਰ ਪੌਣ ਦੇ ਬੁੱਲੇ। ਜਲ ਦੀ ਧਾਰਾ ਅੰਬਰੋਂ ਡੁੱਲ੍ਹੇ । ਧੜਕਣ ਜਪੁਜੀ ਤੇ ਰਹਿਰਾਸ । ਮਨ ਵਿਚ ਹਰ ਦਰਸ਼ਨ ਦੀ ਪਿਆਸ। ਕਰਦਾ ਇਕੋ ਹੀ ਅਰਦਾਸ। ਹਰ ਪਲ ਹੋਵੇ ਸ਼ਬਦ-ਵਿਗਾਸ। ਰੋਹੀਆਂ ਰੁੱਖ ਤੇ ਜੰਗਲ ਬੇਲੇ। ਕੁੱਲ ਸ੍ਰਿਸ਼ਟੀ ਗੋਦੀ ਖੋਲ੍ਹੇ । ਇਹ ਤਾਂ ਵਿੱਛੜਿਆਂ ਨੂੰ ਮੇਲੇ। ਇਹਦੇ ਥਾਂ ਥਾਂ ਜਾਗਣ ਚੇਲੇ। ਇਸ ਦੇ ਪੱਲੇ ਏਹੀ ਮੰਤਰ। ਬਲੇ ਚਿਰਾਗ ਹਨੇਰ੍ਹ ਉਡੰਤਰ। ਨਾ ਹੈ ਊਚ ਨੀਚ ਦਾ ਅੰਤਰ। ਤੁਰਦਾ ਚੇਤੰਨ ਸਫ਼ਰ ਨਿਰੰਤਰ। ਭਾਵੇਂ ਦੁਨੀਆਂ ਬਣ ਗਈ ਮੰਡੀ। ਇਸ ਨੇ ਸਿਰਫ਼ ਮਹਿਕ ਹੈ ਵੰਡੀ। ਸ਼ਬਦ ਗੁਰੂ 'ਚੋਂ ਪੜ੍ਹ ਸਮਝਾਇਆ। ‘ਆਸਾ’ ਬਣਦੀ ਕੀਕਣ ਚੰਡੀ। ਧਰਤੀ ਸਾਗਰ ਸ੍ਰਿਸ਼ਟ ਪਸਾਰਾ। ਇਸ ਦਾ ਆਪਣਾ ਟੱਬਰ ਸਾਰਾ। ਵਣ ਤ੍ਰਿਣ ਬੂਟੇ ਪੱਤ ਹਰਿਆਲੇ। ਇਸ ਨੇ ਬੱਚਿਆਂ ਵਾਂਗੂੰ ਪਾਲ਼ੇ । ਖ਼ੁਦ ਨੂੰ ਕਹੇ ਮੂੜ ਅਗਿਆਨੀ। ਸੁਘੜ ਸਰੂਪ ਹੈ ਵਿਦਿਆ ਦਾਨੀ। ਚਾਹੇ ਜਦ ਤੱਕ ਹੈ ਜ਼ਿੰਦਗਾਨੀ। ਹਰ ਪਲ ਵਹੇ ਨਿਰੰਤਰ ਕਾਨੀ। ਜੇ ਰੱਬ ਬੰਦਾ ਹੋਵੇ ਕਹੀਏ । ਆ ਜਾ ਇਸ ਦੀ ਛਾਵੇਂ ਬਹੀਏ। ਇਸ ਦੀ ਸੁਣੀਏ ਆਪਣੀ ਕਰੀਏ। ਮਗਰੋਂ ਰਹੀਏ ਜਾਂ ਨਾ ਰਹੀਏ। ਸੁਥਰੀ ਸੋਚ ਸਮਰਪਣ ਸੇਵਾ। ਇਹ ਨਾ ਕਦੇ ਉਡੀਕੇ ਮੇਵਾ। ਇਹ ਤਾਂ ਐਸਾ ਅਨਹਦ ਗੀਤ। ਕਰਦਾ ਮੋਇਆਂ ਨੂੰ ਸੁਰਜੀਤ।
ਇਨਕਲਾਬ ਦਾ ਪਾਂਧੀ
(ਭਾਜੀ ਗੁਰਸ਼ਰਨ ਸਿੰਘ ਦੇ ਨਾਂ) ਕਾਲੀ ਬੋਲੀ ਰਾਤ ਹਨੇਰ੍ਹੀ, ਚਿਹਰਾ ਨੂਰੋ-ਨੂਰ । ਹਰ ਪਲ ਮਘਦਾ, ਸੂਹਾ ਸੁਪਨਾ, ਤਪਦਾ ਜਿਵੇਂ ਤੰਦੂਰ। ਵੱਡੇ ਘਰ ਦਾ ਜੰਮਿਆ ਜਾਇਆ, ਨੀਵਿਆਂ ਦੇ ਸੰਗ ਯਾਰੀ। ਵਾਹੋ ਦਾਹੀ ਤੁਰਿਆ ਜਾਵੇ, ਕਰੇ ਨਾ ਨੀਂਦ ਪਿਆਰੀ। ਅੱਧੀ ਸਦੀ ਗੁਜ਼ਾਰੀ ਜਿਸ ਨੇ, ਦੇ ਦੇ ਇਹੀ ਹੋਕਾ। ਗਫ਼ਲਤ ਦੀ ਜੁੱਲੀ ਦੇ ਹੇਠੋਂ, ਜਾਗ-ਜਾਗ ਵੇ ਲੋਕਾ। ਸੁਪਨੇ ਤੋਂ ਆਦਰਸ਼ ਦਾ ਪੈਂਡਾ, ਸਾਹਾਂ ਵਿਚ ਪਰੋ ਕੇ। ਇਨਕਲਾਬ ਦਾ ਪਾਂਧੀ ਬਣਿਆ, ਜਿਸਮ ਲਹੂ ਵਿਚ ਗੋ ਕੇ। ਕੋਧਰਿਆਂ ਦੀ ਰੋਟੀ ਵਿਚੋਂ, ਆਪਣਾ ਖੂਨ ਪਛਾਣੇ । ਭਾਗੋ ਦੀ ਬਸਤੀ ਵਿਚ ਰਹਿੰਦਾ, ਫਿਰ ਵੀ ਛਾਤੀ ਤਾਣੇ। ਕਲਮਾਂ, ਕਿਰਤ-ਕਮਾਈਆਂ ਵਾਲੇ, ਕਰਕੇ ਕੱਠੇ ਸਾਰੇ। ਬਿਰਧ ਸਰੀਰ ਅਜੇ ਵੀ ਬੜਕੇ, ਲਾਵੇ ਚੋਟ ਨਗਾਰੇ। ਆਦਰਸ਼ਾਂ ਨੂੰ ਸ਼ਬਦ ਬਣਾਇਆ, ਲੋਹਾ ਸ਼ਬਦ ਬਣਾਏ। ਲੁੱਟ ਦਾ ਨੇਰ੍ਹ ਮੁਕਾਵਣ ਖ਼ਾਤਰ, ਸਾਡੇ ਰਾਹ ਰੁਸ਼ਨਾਏ। ਆਦਮ ਜਾਮੇ ਦੇ ਵਿਚ ਵੇਖੋ, ਕਰਮਯੋਗ ਦੀ ਮੂਰਤ। ਉਸ ਦੀ ਕਲਾ ਦ੍ਰਿਸ਼ਟੀ ਚਾਹਵੇ, ਘੜਨੀ ਐਸੀ ਸੂਰਤ। ਜਿਸ ਵਿਚ ਬੰਦਾ ਬੰਦੇ ਨੂੰ ਨਾ, ਲੁੱਟੇ ਨਾ ਦੁਰਕਾਰੇ। ਟੋਏ ਟਿੱਬੇ ਇਕ ਬਰਾਬਰ, ਕਰਨਾ ਚਾਹਵੇ ਸਾਰੇ । ਇੱਕੋ ਰੀਝ ਨਿਰੰਤਰ, ਬਣ ਜਾਂ ਇਸ ਦਾ ਮੈਂ ਪਰਛਾਵਾਂ। ਉਸਦੇ ਸਿਰੜ ਸਮਰਪਣ ਅੱਗੇ, ਆਪਣਾ ਸੀਸ ਝੁਕਾਵਾਂ।
ਮੈਂ ਜਦੋਂ ਗੋਦਾਵਰੀ ਕੰਢੇ ਖੜਾ ਸਾਂ
(ਬਾਬਾ ਬੰਦਾ ਬਹਾਦਰ ਦੇ ਨਾਂ...) ਮੈਂ ਜਦੋਂ ਗੋਦਾਵਰੀ ਕੰਢੇ ਖੜਾ ਸਾਂ, ਵਗ ਰਿਹਾ ਸੀ ਨੀਰ ਨਿਰਮਲ। ਤੁਰ ਰਿਹਾ ਇਤਿਹਾਸ, ਮੇਰੇ ਨਾਲ ਗੱਲਾਂ ਕਰ ਰਿਹਾ ਸੀ। ਕੰਢੇ ਤੇ ਬੈਠਾ ਬੈਰਾਗੀ ਆਪ ਅੱਖੀਂ ਵੇਖਿਆ ਜਿਸ, ਮਿੱਟੀ ਦੇ ਮਾਧੋ ਤੋਂ ਬੰਦਾ ਬਣ ਗਿਆ ਸੀ। ਜਿਊਣ ਤੋਂ ਉਪਰਾਮ ਹੋਇਆ ਨਿੰਮੋਝੂਣਾ, ਕਿਸ ਤਰ੍ਹਾਂ ਲਲਕਾਰ ਬਣਿਆ? ਅਰਜ਼ਮੰਦਾ ਇਹੀ ਬੰਦਾ, ਕਿਸ ਤਰ੍ਹਾਂ ਮੁੱਕੇ ਦੇ ਵਾਂਗੂ ਤਣ ਗਿਆ ਸੀ। ਵਗ ਰਿਹਾ ਪਾਣੀ ਕਹਾਣੀ ਕਹਿ ਰਿਹਾ ਸੀ। ਸੁਣਨ ਵਾਲੇ ਸੁਣਨ ਦੀ ਥਾਂ, ਲਾਮਡੋਰੀ ਬੰਨ੍ਹ ਆਈ ਜਾ ਰਹੇ ਸਨ। ਨਾ ਕੋਈ ਹੂੰਗਰ ਹੁੰਗਾਰਾ, ਬਾਬਿਆਂ ਦੇ ਦਰ ਤੇ ਸੁੱਖਣਾ ਲਾਹ ਰਹੇ ਸਨ। ਧਰਤ ਵੀ ਕੁਝ ਹੌਲੀ-ਹੌਲੀ ਕਹਿ ਰਹੀ ਸੀ। ਮੈਂ ਗੁਰੂ ਦਸ਼ਮੇਸ਼ ਅੱਖੀਂ ਵੇਖਿਆ ਹੈ। ਚਰਨ ਛੋਹ ਨੂੰ ਮਾਣਿਆ ਹੈ, ਆਖ਼ਰੀ ਵੇਲੇ ਜੋ ਉਸ ਦੇ ਦਿਲ ਦੇ ਅੰਦਰ ਖਲਬਲੀ ਸੀ, ਓਸ ਨੂੰ ਪਹਿਚਾਣਿਆ ਹੈ। ਜਲ ਰਹੀ ਹਾਲੇ ਵੀ ਦਿਸਦੀ ਹੈ ਜਵਾਲਾ। ਦੁੱਖ ਹੈ ਕਿ ਵਾਰਿਸਾਂ ਨੂੰ ਯਾਦ ਹੀ ਨਹੀਂ, ਕਹਿ ਗਿਆ ਕੀਹ ਜਾਣ ਵਾਲਾ? ਏਸ ਨਿਰਮਲ ਨੀਰ ਕੰਢੇ, ਓਸ ਨੇ ਬੰਦੇ ਨੂੰ ਬੱਸ ਏਨਾ ਕਿਹਾ ਸੀ। ਨਿੰਮੋਝੂਣਾ ਤੇ ਉਦਾਸਾ ਏਥੇ ਕਾਹਨੂੰ ਬਹਿ ਰਿਹਾ ਏਂ। ਮਰਦ ਬਣ, ਤੂੰ ਲਾਹ ਉਦਾਸੀ। ਤੇਰੇ ਦਿਲ ਵਿਚ ਜੋ ਵੀ ਆਉਂਦੈ, ਦੱਸ ਮੈਨੂੰ, ਕਿਹੜੀ ਗੱਲੋਂ, ਜ਼ਿੰਦਗੀ ਦੀ ਲੀਹ ਤੋਂ ਥੱਲੇ ਲਹਿ ਰਿਹਾ ਏਂ। ਬੰਦਾ ਗੋਡੇ ਭਾਰ ਹੋ ਅਰਦਲ ਖੜ੍ਹਾ ਸੀ। ਹੰਝੂ ਹੰਝੂ ਵਾਰਤਾ ਇਉਂ ਦੱਸ ਰਿਹਾ ਸੀ। ਮੈਂ ਕਦੇ ਗੁਰੂਦੇਵ ਹੁੰਦਾ ਸਾਂ ਸ਼ਿਕਾਰੀ। ਬਾਹੂਬਲ ਤੇ ਤੀਰਾਂ ਦੇ ਹੰਕਾਰ ਮੇਰੀ ਮੱਤ ਮਾਰੀ। ਜੰਗਲਾਂ ਵਿਚ ਖੇਡਦਾ ਸਾਂ ਮੈਂ ਸ਼ਿਕਾਰ। ਰਾਤ ਦਿਨ ਸੀ ਮਾਰੋ ਮਾਰ। ਤੀਰ ਨੂੰ ਚਿੱਲੇ ਚੜ੍ਹਾ ਕੇ, ਮਾਰਿਆ ਕੱਸ ਕੇ ਨਿਸ਼ਾਨਾ । ਇਕ ਹਿਰਨੀ ਮੈਂ ਸੀ ਮਾਰੀ। ਅੱਜ ਤੱਕ ਉਸ ਪੀੜ ਵਿਚ ਬਿਹਬਲ ਖੜ੍ਹਾ ਹਾਂ, ਮਿਰਗਣੀ ਸੀ ਗਰਭਧਾਰੀ। ਆਖਿਆ ਗੋਬਿੰਦ ਛਾਤੀ ਨਾਲ ਲਾ ਕੇ, ਜੀਕੂੰ ਵਗਦਾ ਨੀਰ ਨਿਰਮਲ, ਤੇਰੇ ਅੰਦਰ ਕਣ ਜੋ ਪਸ਼ਚਾਤਾਪ ਦਾ ਹੈ। ਤੇਰਾ ਮਨ ਬਰਤਨ ਮੈਂ ਅੰਦਰੋਂ ਪਰਖ਼ਿਆ ਹੈ, ਏਸ ਵਿਚ ਹੁਣ ਵਾਸ ਨੂਰੀ ਜਾਪਦਾ ਹੈ। ਕਮਰਕੱਸਾ ਕਰ ਕੇ ਬਣ ਜਾ ਖੜਗ ਧਾਰੀ। ਨਿਰਭਉ ਨਿਰਵੈਰ ਨੂੰ ਸਾਹੀਂ ਪਰੋ ਲੈ। ਹੱਕ ਸੱਚ ਇਨਸਾਫ਼ ਦੀ ਰਖਵਾਲੀ ਤੇਰੀ ਜ਼ਿੰਮੇਵਾਰੀ। ਨਿਕਲ ਜਾਹ! ਪਛਤਾਵਿਆਂ ਤੋਂ ਬਹੁਤ ਅੱਗੇ, ਜ਼ਿੰਦਗੀ ਉਪਰਾਮਤਾ ਦਾ ਨਾਂ ਨਹੀਂ ਹੈ। ਭਰਮ ਦੇ ਬਿਰਖਾਂ ਨੂੰ ਸੱਚੇ ਸਮਝ ਨਾ ਤੂੰ, ਇਨ੍ਹਾਂ ਦੀ ਧਰਤੀ ਤੇ ਕਿਧਰੇ ਛਾਂ ਨਹੀਂ ਹੈ।
ਗੁਰੂ ਦਾ ਪੂਰਨ ਸਿੰਘ
(ਭਗਤ ਪੂਰਨ ਸਿੰਘ ਪਿੰਗਲਵਾੜਾ ਵਾਲਿਆਂ ਦੇ ਨਾਂ) ਗੁਰੂ ਨਾਨਕ ਦੀ ਬਾਣੀ ਜਿਸ ਦੇ ਸਾਹੀਂ ਤੁਰਦੀ। ਗੁਰੂ ਅੰਗਦ ਦੀ ਸੇਵਾ-ਸ਼ਕਤੀ। ਭਰ ਭਰ ਗਾਗਰ, ਕਈ ਕਈ ਸਾਗਰ। ਦੀਨ ਦੁਖੀ ਦੀ ਪਿਆਸ ਬੁਝਾਈ। ਅਮਰਦਾਸ ਗੁਰ ਕੋਲੋਂ ਉਸਨੇ ਲੰਗਰ ਲੈ ਕੇ, ਰਾਮ ਦਾਸ ਦੀ ਧਰਤੀ ਤੇ ਸੇਵਾ ਵਰਤਾਈ। ਅਰਜੁਨ ਗੁਰ ਤੋਂ ਸਿਦਕ ਸਬਰੀ। ‘ਤੇਰਾ ਭਾਣਾ ਮੀਠਾ ਲਾਗੇ’। ਚਰਨਾਮ੍ਰਿਤ ਵਿਚ ਭਗਤੀ ਲੈ ਕੇ, ਅੰਮ੍ਰਿਤਸਰ ਵਿਚ ਡੇਰਾ ਲਾਇਆ। ਦਸ ਗੁਰੂਆਂ ਦੀ ਬਖਸ਼ਿਸ਼ ਸਦਕਾ, ਰਾਜੇਵਾਲ ਦਾ ਅਨਘੜ੍ਹ ਮੁੰਡਾ, ਗੁਰੂ ਦਾ ਪੂਰਨ ਸਿੰਘ ਅਖਵਾਇਆ। ਰੱਬ ਸੱਚੇ ਦੇ ਹੱਥੋਂ ਰਹੇ ਜੋ ‘ਅੱਧ ਅਧੂਰੇ’। ਉਨ੍ਹਾਂ ਦੀ ਸੇਵਾ ਵਿਚ ਆਪਣਾ ਜਨਮ ਲਗਾਇਆ। ਤੇ ਇਕ ਐਸਾ ਦੀਪ ਜਗਾਇਆ। ਜਿਸ ਨੇ ਨੇਰ੍ਹੀ ਰਾਤੇ ਸਾਡਾ ਰਾਹ ਰੁਸ਼ਨਾਇਆ। ਪਿੰਗਲਵਾੜਾ ਸੇਵਾ ਅਤੇ ਸੰਭਾਲ ਦੇ ਕਾਰਨ, ਅੱਜ ਬਣਿਆ ਇਕ ਐਸਾ ਘਰ ਹੈ। ਜਿਵੇਂ ਪਵਿੱਤਰ ਰੱਬ ਦਾ ਦਰ ਹੈ। ਲੂਲ੍ਹੇ ਲੰਗੜੇ, ਪਿੰਗਲੇ ਤੇ ਮੰਦ ਬੁੱਧੀ ਵਾਲੇ। ਪੂਰਨ ਸਿੰਘ ਨੇ ਆਪ ਸੰਭਾਲੇ। ਇਕੋ ਜਨਮ ’ਚ ਬਣਿਆ ਉਹ ਪਰਚੰਡ ਜਵਾਲਾ। ਨਾ ਧਿਰਿਆਂ ਨੂੰ ਨਿੱਘ ਵੰਡਦਾ ਜਦ ਲੱਗਦਾ ਪਾਲਾ। ਤੁਰਦਾ ਫਿਰਦਾ ਜਾਪੇ ਗਾਉਂਦਾ ਗੀਤ ਇਲਾਹੀ। ਇਕੋ ਧੁਨ ਵਿਚ ਮਸਤ ਦੁਨੀ ਤੋਂ ਬੇਪ੍ਰਵਾਹੀ। ਚੌਵੀ ਘੰਟੇ ਹੱਥ ਵਿਚ ਰੱਖਦਾ ਬਾਟਾ ਫੜਕੇ। ਵੰਡਦਾ ਅੱਗੋਂ ਅੱਗੇ ਕਿਣਕਾ ਕਿਣਕਾ ਕਰਕੇ। ਉਹ ਜਿੱਥੇ ਵੀ ਜਾਂਦਾ ਮੰਗਦਾ ਇੱਕੋ ਉੱਤਰ। ਧਰਤੀ ਬਾਂਝ ਬਣਾ ਕੇ ਕਿਉਂ ਅਖਵਾਉਂਦੇ ਪੁੱਤਰ? ਆਖੇ ਧਰਤੀ ਅੰਦਰ ਨਾ ਹੁਣ ਜ਼ਹਿਰ ਮਿਲਾਓ। ਵਿਗਿਆਨਾਂ ਦੇ ਅੱਥਰੇ ਘੋੜੇ ਨੂੰ ਨੱਥ ਪਾਉ। ਹੋ ਜਾਊ ਜ਼ਹਿਰੀਲਾ ਲੋਕੋ ਅੰਨ ਤੇ ਪਾਣੀ। ਕਿਸੇ ਤੁਹਾਡੇ ਚੌਕੇ ਫਿਰ ਨਾ ਰੋਟੀ ਖਾਣੀ। ਤੁਰਿਆ ਤੁਰਿਆ ਜਾਂਦਾ ਹੂੰਝੇ ਰਾਹ 'ਚੋਂ ਰੋੜੇ। ਕੱਲ ਮੁ ਕੱਲਾ ਵਾਗ ਸਮੇਂ ਦੀ ਏਦਾਂ ਮੋੜੇ। ਸਾਰੇ ਹਾੜ ਸਿਆਲ ਬਸੰਤਾਂ ਪੱਤਝੜ ਰੁੱਤੇ। ਛਪੇ ਹੋਏ ਅਖ਼ਬਾਰ ਦੇ ਫਿੱਕੇ ਪੰਨਿਆਂ ਉੱਤੇ। ਗਿਆਨ ਅਤੇ ਵਿਗਿਆਨ ਦੇ ਕਿਣਕੇ ਫਿਰ ਛਪਵਾਉਂਦਾ। ਮੱਥੇ ਦੀ ਮਮਟੀ ਤੇ ਜਗਦੇ ਦੀਵੇ ਧਰਦਾ, ਨੇਰ੍ਹ ਮਿਟਾਉਂਦਾ। ਚੌਂਕ ਚੁਰਸਤੇ ਪਿੰਡੀਂ ਸ਼ਹਿਰੀਂ ਹੋਕਾ ਲਾਵੇ। ਇਸ ਧਰਤੀ ਦਾ ਪੁੱਤਰ ਅਸਲੀ ਗੱਲ ਸਮਝਾਵੇ। ਅੰਨ੍ਹੇ ਹੋ ਕੇ ਵਰਤੀ ਜਾਓ, ਮੂਰਖ਼ ਲੋਕੋ ਜਿੱਸਰਾਂ ਪਾਣੀ। ਉਹ ਦਿਨ ਵੀ ਹੁਣ ਦੂਰ ਨਹੀਂ ਹੈ ਜਦ ਇਹ ਪੂੰਜੀ ਹੈ ਮੁੱਕ ਜਾਣੀ। ਉਸ ਦੇ ਫ਼ਿਕਰ ਨਹੀਂ ਸਨ ਚਾਰ ਦੀਵਾਰੀ ਵਾਲੇ। ਸਰੋਕਾਰ ਸਨ ਸੁੱਚੇ, ਪਰਉਪਕਾਰੀ ਵਾਲੇ। ਉਸ ਨੇ ਇਹ ਵਿਸ਼ਵਾਸ ਗੁਰਾਂ ਤੋਂ ਆਪ ਲਿਆ ਸੀ। ਦਰਦ ਕਿਸੇ ਦੇ ਬਾਪੂ ਦੀ ਜਾਗੀਰ ਨਹੀਂ ਹੈ। ਸੇਵਾ ਖ਼ਾਤਰ ਕੋਈ ਵੀ ਕਦਮ ਅਖ਼ੀਰ ਨਹੀਂ ਹੈ। ਉਸ ਨੂੰ ਸੀ ਵਿਸ਼ਵਾਸ ਕਿ ਜਿਸ ਦੇ ਹੱਥ ਵਿਚ ਬਾਟਾ। ਉਸ ਨੂੰ ਜ਼ਿੰਦਗੀ ਦੇ ਵਿਚ ਪੈਂਦਾ ਕਦੇ ਨਾ ਘਾਟਾ। ਹਰਿਮੰਦਰ ਦੇ ਬੂਹੇ ਬਹਿੰਦਾ ਆਪ ਨਿਰੰਤਰ। ਪਰ ਸੋਚਾਂ ਨੂੰ ਰੱਖਿਆ ਉਸਨੇ ਸਦਾ ਸੁਤੰਤਰ। ਸਰਬ ਧਰਮ ਵਿਸ਼ਵਾਸੀ ਉਹਦੇ ਸਾਥੀ ਹੋਏ। ਪਰ ਉਸ ਵਰਗਾ ਕਿਹੜਾ ਹੋਏ? ਚਾਰ ਚੁਫੇਰਿਉਂ ਲੱਭਦਾ ਰਹਿੰਦਾ ਪੈਦਲ ਤੁਰਦਾ, ਦੀਨ ਦੁਖੀ ਨੂੰ ਆਪਣੀ ਬੁੱਕਲ ਦੇ ਵਿਚ ਲੈਂਦਾ। ਤੇ ਇਹ ਕਹਿੰਦਾ। ਗੁਰ ਦਾ ਸਿੱਖ ਜੇ ਕਰੇ ਵਿਤਕਰਾ ਸਿੱਖ ਨਹੀਂ ਰਹਿੰਦਾ। ਸ਼ਬਦ ਚੇਤਨਾ, ਵਿਦਿਆ ਦਾ ਵੀ ਜਾਪ ਜਪਾਉਂਦਾ। ਚਾਨਣ ਦਾ ਦਰਿਆ, ਨੇਰ੍ਹੇ ਦੀ ਅਲਖ਼ ਮੁਕਾਉਂਦਾ। ਹੁਕਮ ਹਕੂਮਤ ਦੋਹਾਂ ਤੋਂ ਹੀ ਵੱਖਰਾ ਰਹਿੰਦਾ। ਜਬਰ ਜ਼ੁਲਮ ਨੂੰ ਤੱਕ ਕੇ ਉਹ ਮੂੰਹ ਆਈ ਕਹਿੰਦਾ। ਕੁਰਸੀ ਦੀ ਉਹ ਧੌਂਸ ਕਦੇ ਇਕ ਪਲ ਨਾ ਸਹਿੰਦਾ। ਖੱਦਰਧਾਰੀ, ਰੇਸ਼ਮ ਦਿਲ ਮਨ ਤੋਂ ਨਹੀਂ ਲਹਿੰਦਾ। ਇੱਕੋ ਨਾਅਰਾ ਲਾਉਂਦਾ, ਸੁਣਿਓਂ ਭੈਣ-ਭਰਾਉ। ਮੈਂ ਜਿਸ ਮਾਰਗ ਤੁਰਿਆਂ ਮੇਰੇ ਮਗਰੇ ਆਉ। ਮੇਰਾ ਮੁਰਸ਼ਦ ਨਾਨਕ ਉਸ ਦਾ ਵੰਸ਼ ਵਧਾਉ। ਨੇਕੀ ਦੇ ਹਰ ਚੌਂਕ ਚੁਰਸਤੇ ਬਿਰਖ਼ ਲਗਾਉ। ਸੇਵਾ ਸਿਮਰਨ ਸ਼ਕਤੀ ਦੇ ਸੰਗ ਰਿਸ਼ਤਾ ਜੋੜੋ। ਕਾਮ ਕਰੋਧੀਓ, ਮੋਹ ਦੇ ਬੰਧਨ ਲਾਲਚ ਤੋੜੋ। ਲੋਭੀ ਮਨ ਨੂੰ ਵਰਜੋ ਸਿੱਧੇ ਰਾਹ ਤੇ ਮੋੜੋ। ਜੋ ਗੁਰ ਦੱਸਿਆ ਭਲਾ ਸਰਬ ਦਾ ਹਰ ਪਲ ਲੋੜੋ।
ਪੁਸਤਕ ਪੰਥੀ
(ਡਾ. ਸਰੂਪ ਸਿੰਘ ਅਲੱਗ ਦੇ ਨਾਂ...) ਵਿਰਸੇ ਵਿਚੋਂ ਮਾਣਕ ਮੋਤੀ, ਖਿੱਲਰੇ ਪੁੱਲਰੇ ਚੰਨ ਤੇ ਤਾਰੇ, ਹੌਲੀ ਹੌਲੀ ਉਸਨੇ ਕੀਤੇ ’ਕੱਠੇ ਸਾਰੇ। ਧਰਤੀ ਦੀ ਹਰ ਨੁੱਕਰੇ ਜਾਵੇ। ਹੋਕਾ ਦੇਵੇ ਤੇ ਆਪਣੀ ਆਵਾਜ਼ ਪੁਚਾਵੇ। ਗੁਰੂ-ਮਾਰਗ ਤੋਂ ਉੱਖੜੇ ਲੋਕਾਂ ਨੂੰ ਸਮਝਾਵੇ। ਏਹੋ ਚਾਹਵੇ, ਨਾਨਕ ਤੋਂ ਗੋਬਿੰਦ ਗੁਰੂ ਤੱਕ, ਜੋ ਵੀ ਸੁਖਨ-ਸੁਨੇਹਾ ਹੈ, ਉਹ ਘਰ ਘਰ ਜਾਵੇ। ਤੇ ਲੋਕਾਂ ਘਰ ਚਾਨਣ ਆਵੇ। ਸੁਣਦੇ ਜਾਂ ਅਣਸੁਣਦੇ ਦੀ ਪ੍ਰਵਾਹ ਨਾ ਮੰਨੇ। ਕੁੱਲ ਦੁਨੀਆਂ ਦੇ ਬੰਨੇ ਚੰਨੇ। ਅੱਜ ਉਸ ਪੁਸਤਕ-ਪੰਥ ਚਲਾਇਆ। ‘ਸ਼ਬਦ ਯੱਗ’ ਵਿਚ ਆਪ ਨਹੀਂ ਉਹ ਕੱਲਾ ਤੁਰਿਆ, ਨਾਲ ਸਗਲ ਪਰਿਵਾਰ ਰਲਾਇਆ। ਦੇਸ਼ ਦੇਸ਼ਾਂਤਰ ਵੱਸਦੇ ਰਸਦੇ ਦਾਨਵੀਰ ਅੱਜ ਉਸਦੀਆਂ ਬਾਹਵਾਂ। ਧਰਮ ਕਰਮ ਦਾ ਵਣਜ ਕਮਾਉਂਦੇ, ਲੋਕਾਂ ਤੋਂ ਵੱਖ ਉਹਦੀਆਂ ਰਾਹਵਾਂ। ਗ੍ਰੰਥ ਗੁਰੂ ਹੈ, ਪੰਥ ਗੁਰੂ ਹੈ- ਉਸਦਾ ਨਾਅਰਾ। ਤਾਂ ਹੀ ਧਰਤੀ ਦੀ ਹਰ ਨੁੱਕਰੇ, ਹੋ ਚੱਲਿਆ ਏ ‘ਅਲੱਗ’ ਪਸਾਰਾ। ਕਦੇ ਕਦੇ ਮੈਨੂੰ ਇਉਂ ਲੱਗਦਾ ਹੈ, ਜੋ ਉਹ ਇਕ ਭਰ ਵਗਦਾ ਦਰਿਆ ਹੈ। ਜਿਸ ਦੇ ਦਿਲ ਵਿਚ ਸ਼ਬਦ-ਗੁਰੂ ਘਰ ਘਰ ਵਿਚ ਪਹੁੰਚੇ, ਏਸ ਸੋਚ ਦਾ ਅਨਹਦ ਚਾਅ ਹੈ। ਏਸੇ ਲਈ ਉਸ ਆਪ ਬਣਾਇਆ ਆਪਣਾ ਰਾਹ ਹੈ।
ਸ਼ਬਦ ਚੇਤਨਾ ਦਾ ਵਣਜਾਰਾ
(ਡਾ. ਪ੍ਰੇਮ ਪ੍ਰਕਾਸ਼ ਸਿੰਘ ਦੇ ਨਾਂ) ਇਸ ਧਰਤੀ ’ਤੇ, ਜਦ ਹਾਲੇ ਕੋਈ ਸ਼ਬਦ ਨਹੀਂ ਸੀ। ਅਗਨੀ, ਪੌਣ, ਧਰਤ ਤੇ ਪਾਣੀ, ਸ਼ਬਦ-ਵਿਹੂਣੇ ਨਿਰਵਸਤਰ ਸਨ। ਆਪਸ ਵਿਚ ਵਿਚਾਰ ਕੀ ਕਰਦੇ? ਨਿਰ ਸ਼ਬਦੇ ਸਨ। ਇਹ ਪੱਥਰਾਂ ਦੇ ਸੰਗ ਪੱਥਰ ਖਹਿੰਦੇ। ਮੂੰਹੋਂ ਇਕ ਵੀ ਬੋਲ ਨ ਕਹਿੰਦੇ। ਇਕ ਦੂਜੇ ਨੂੰ ਤੱਕਦੇ ਰਹਿੰਦੇ। ਚਾਰ ਚੁਫੇਰੇ ਨੇਰ੍ਹ ਪਸਾਰਾ, ਅਰਬਦ ਨਰਬਦ ਧੁੰਦੂਕਾਰਾ। ਸ਼ਬਦ ਬਣੇ ਤਾਂ ਧਰਤੀ ਤੇ ਰੁਸ਼ਨਾਈ ਆਈ। ਸਾਰੀ ਪ੍ਰਕਿਰਤੀ ਦੇ ਅੰਦਰ ਹਰਕਤ ਆਈ। ਬਾਤ ਤੁਰੀ ਤਾਂ ਹਰਕਤ ਕਰ ਕੇ ਬਰਕਤ ਆਈ। ਇਸ ਬਰਕਤ ਨੂੰ ਨਿਰਖ ਪਰਖ ਕੇ, ਆਦਿ ਕਾਲ ਤੋਂ ਅੱਜ ਤੀਕਣ, ਜਿਸ ਰੂਹ ਨੇ ਸਾਡੇ ਤੀਕ ਪਹੁੰਚਾਇਆ। ਦੇਸ ਪੰਜਾਬ ਧਰਤ ਦਾ ਜਾਇਆ। ਮਾਂ ਬੋਲੀ ਲਈ ਜਿਸ ਦਾ ਸੁੱਚਾ, ਪ੍ਰੇਮ ਜਦੋਂ ਪ੍ਰਕਾਸ਼ 'ਚ ਆਇਆ। ਮਾਂ ਧਰਤੀ ਨੇ “ਧੰਨ’ ਕਿਹਾ ਤੇ ਪਿਆਰ ਜਤਾਇਆ। ਆਖ ਸੁਣਾਇਆ, ਮੇਰੇ ਦੁੱਧ ਦਾ ਤੂੰ ਹੀ ਪੁੱਤਰਾ ਹੈ ਮੁੱਲ ਪਾਇਆ। ਨਿਰਮਲ ਮਨ ਤੇ ਬਦਨ ਇਕਹਿਰਾ, ਬਚਨ ਕਰਮ ਤੇ ਹਰ ਪਲ ਪਹਿਰਾ। ਮਨ ਮਸਤਕ ਵਿਚ ਚਿੰਤਨ ਕਿਸੇ ਸਮੰਦਰੋਂ ਗਹਿਰਾ। ਇਹ ਤਾਂ ਇਕ ਤਪੱਸਵੀ ਜਿਸ ਨੇ ਗਿਆਨ ਰਿੜਕਿਆ। ਚੌਦਾਂ ਰਤਨ ਨਿਖੇੜੇ, ਮੁੱਕੇ ਕੁੱਲ ਬਖੇੜੇ। ਧਰਤੀ ਪੁੱਤਰ ਸਾਰੇ ਹੀ ਜਗਿਆਸੂ ਬੋਲੇ, ਇਹ ਤਾਂ ਰਿਸ਼ੀ ਪਾਣਿਨੀ ਜਾਇਆ। ਕੀਤਾ ਜਿਸ ਨੇ ਸਾਨੂੰ ਮਾਂ ਬੋਲੀ ਦੇ ਨੇੜੇ ਉਲਝੀਆਂ ਤੰਦਾਂ ਭਾਸ਼ਾ ਦੇ ਵਿਗਿਆਨ ਵਾਲੀਆਂ, ਪੋਲੇ ਸ਼ਬਦੀਂ ਖੋਲ੍ਹ ਵਿਖਾਈਆਂ ਵੰਡੇ ਸਾਨੂੰ ਭਟਕਦਿਆਂ ਨੂੰ, ਖ਼ੁਸ਼ੀਆਂ ਖੇੜੇ। ਪੰਜ ਨਦੀਆਂ ਦਾ ਤਾਰੂ, ਅਣਵਿੱਧ ਮਾਣਕ ਮੋਤੀ, ਦਸਮ ਗੁਰੂ ਦੀ ਕਾਸ਼ੀ ਦਾ ਟਕਸਾਲੀ ਚੇਲਾ। ਜਿਸ ਦੇ ਮੱਥੇ ਰਹਿੰਦਾ ਹਰ ਪਲ ਸਫ਼ਰ ਨਵੇਲਾ। ਉਸ ਦੇ ਕਣ ਕਣ ਅੰਦਰ ਸਦਾ ਪੰਜਾਬੀ ਜੀਵੇ। ਕਦੇ ਬ੍ਰਿਜ ਦੀ ਭਾਸ਼ਾ ਧੜਕੇ ਪਿਉ ਦਾਦੇ ਦਾ ਖੋਲ੍ਹ ਖ਼ਜ਼ਾਨਾ, ਉਸ ਨੇ ਫੋਲੀ ਸੰਸਕ੍ਰਿਤ ਦੀ ਗੂੜ੍ਹ ਜ਼ਹਾਨਤ। ਪ੍ਰਾਕਿਰਤਾਂ ਦੀ ਗਿਆਨ ਅਮਾਨਤ। ਸਾਹਾਂ ਦੀ ਮਾਲਾ ਵਿਚ ਫਿਰਨ ਫ਼ਾਰਸੀ ਮਣਕੇ। ਤੁਰਦਾ ਸੀ ਵਿਸ਼ਵਾਸ ਧਰਤ ਦਾ ਉਸ ਦੇ ਅੰਗ ਸੰਗ, ਤਾਂ ਹੀ ਤਾਂ ਉਹ ਸਦਾ ਖਲੋਂਦਾ ਸੀ ਹਿੱਕ ਤਣ ਕੇ। ਵੱਡੀ ਸਾਰੀ ਬੁੱਕਲ ਨਾ ਕੋਈ ਸਾੜਾ ਕੀਨਾ। ਇੱਕੋ ਬੰਦਾ, ਇਕ ਜੀਵਨ ਵਿਚ, ਏਨਾ ਕੁਝ ਰਿੜਕੇ ਤੇ ਪਰਖੇ, ਸੋਚ ਸੋਚ ਕੇ ਆਏ ਪਸੀਨਾ। ਅੰਤਮ ਵੇਲੇ ਵੀ ਉਸ ਕੀਤਾ ਇਹ ਅਰਦਾਸਾ। ਇਸ ਧਰਤੀ ਦੇ ਪੰਜ ਆਬਾਂ ਵਿਚ, ਇਸ ਦੇ ਪੁੱਤਰਾਂ ਦੇ ਖ਼ਵਾਬਾਂ ਵਿਚ ਹੋਵੇ ਸ਼ਬਦ-ਗੁਰੂ ਦਾ ਵਾਸਾ। ਉਸ ਨੂੰ ਇਹ ਵੀ ਫ਼ਿਕਰ ਬੜਾ ਸੀ। ਦੇਸ਼ ਅਤੇ ਪਰਦੇਸ ਜਗ੍ਹਾ ਕੋਈ ਵੀ ਹੋਵੇ। ਮਾਂ ਬੋਲੀ ਤੋਂ ਟੁੱਟਣਾ ਕੋਈ ਧਰਮ ਨਹੀਂ ਹੈ। ਜੜ੍ਹ ਹੀਣੇ ਪੁੱਤਰਾਂ ਨੂੰ ਧਰਤੀ ਨਾਲ ਜੋੜਦਾ, ਤੇ ਇੰਜ ਕਹਿੰਦਾ, “ਮਾਂ ਬੋਲੀ ਨੂੰ ਛੱਡਣ ਨਾਲੋਂ ਵੱਡੀ ਹੋਰ ਕੋਈ ਸ਼ਰਮ ਨਹੀਂ ਹੈ।” ਉਸ ਦਾ ਸੀ ਵਿਸਵਾਸ ਪੁਰਾਣਾ, ਸਾਹਿਤ ਸਿਰਜਣਾ ਹੁੰਦਾ ਭਾਵੇਂ ਅਮਲ ਸੁਤੰਤਰ । ਪਰ ਨਾ ਭੁਲਿਓ! ਸਭਿਆਚਾਰ ਵੀ ਤੁਰਦਾ ਨਾਲੋ ਨਾਲ ਨਿਰੰਤਰ। ਹਉਕਾ ਭਰਦਾ ਤੇ ਫਿਰ ਕਹਿੰਦਾ, “ਦੋਹਾਂ ਵਿਚ ਸੰਵਾਦ ਭਲਾ ਕਿਉਂ ਅੱਜ ਉਡੰਤਰ।” ਉਸ ਦਾ ਇਹ ਵਿਸ਼ਵਾਸ ਅਟੱਲ ਸੀ। ਹਰ ਪਲ ਕਹਿੰਦਾ ਇੱਕੋ ਗੱਲ ਸੀ। ਆਪਣੇ ਚੌਂਕੇ ਦੇ ਵਿਚ ਆਪਣਾ ਆਟਾ ਗੁੰਨ੍ਹੀਏ। ਸੁੱਚੀ ਅਗਨੀ ਨਾਲ ਤਵੇ 'ਤੇ ਆਪ ਪਕਾਈਏ। ਹੋਰ ਕਿਸੇ ਧਨਵਾਨ ਦੇਸ਼ ਦੀ ਜੂਠ ਭਲਾ ਕਿਉਂ, ਆਪਣੀ ਥਾਲੀ ਦੇ ਵਿਚ ਪਾਈਏ। ਵਿਸ਼ਵ ਦ੍ਰਿਸ਼ਟੀ ਦੇ ਨਾਂ ਉੱਤੇ, ਵਿਕਦਾ ਹੈ ਜੋ ਕੂੜ ਕਬਾੜਾ, ਕਿਉਂ ਅਪਣਾਈਏ। ਵਿਸ਼ਵ ਗਿਆਨ ਪੰਘੂੜਾ ਭਾਰਤ, ਬੇ ਸਮਝੀ ਵਿਚ ਹੋਰ ਕਿਸੇ ਦਾ ਜੂਠਾ ਖਾਈਏ। ਪਾਠ ਪੁਸਤਕਾਂ ਅੰਦਰ ਆਪੇ ਜ਼ਹਿਰ ਮਿਲਾਈਏ। ਉਹ ਕਹਿੰਦਾ ਸੀ, ਇਸ ਧਰਤੀ ਨੇ ਕੁੱਲ ਆਲਮ ਨੂੰ ਜੀਣਾ ਥੀਣਾ ਕਰਮ ਸਿਖਾਇਆ। ਸ਼ਾਸਤਰਾਂ ਵਿਚ ਕਾਵਿ ਨੇ ਸਾਨੂੰ ਇਹ ਸਮਝਾਇਆ। ਇਸ ਧਰਤੀ ਵਿਚ ਆਪ ਰਲ ਗਿਆ, ਜਿਸ ਵੀ ਇਸ ਨੂੰ ਅੰਗ ਛੁਹਾਇਆ। ਕੰਨ ਪਾਟੇ ਨਾਥਾਂ ਦੀ ਕਵਿਤਾ, ਗੋਰਖ ਵਾਲੀ ਸਾਰੀ ਢਾਣੀ। ਉਸ ਨੇ ਪਰਖ ਛਾਨਣੀ ਲਾ ਕੇ, ਰੇਤੋਂ ਸੋਨ ਡਲੀ ਪਹਿਚਾਣੀ। ਦੁੱਧ ਦਾ ਦੁੱਧ ਪਾਣੀ ਦਾ ਪਾਣੀ। ਖ਼ੁਦ ਸੁਲਝਾਈ ਉਲਝੀ ਤਾਣੀ। ਉਸ ਦੇ ਸਾਹੀਂ ਤੁਰਦੀ ਦਸ ਗੁਰੂਆਂ ਦੀ ਬਾਣੀ। ਅਧਿਆਪਨ ਤੇ ਅਧਿਐਨ 'ਚ ਉਸ ਨੇ ਉਮਰ ਬਿਤਾਈ। ਹਰ ਪਲ ਇਕੋ ਨਿਸ਼ਚਾ ਕਰ ਲਾਂ ਸ਼ਬਦ ਕਮਾਈ। ਭੀੜਾਂ ਵਿਚ ਵੀ ਕੱਲ-ਮੁ-ਕੱਲਾ, ਗਹਿਰ ਗੰਭੀਰਾ, ਅੰਤਮ ਸਾਹਾਂ ਤੀਕ ਸ਼ਬਦ ਦੀ ਪ੍ਰੀਤ ਨਿਭਾਈ।
ਮਾਂ ਦੀ ਬੁੱਕਲ ਤੋਂ ਦੂਰ ਜਾ ਕੇ
ਘਰ ਤੋਂ ਜਦ ਮੈਂ, ਦੂਰ ਦੇਸ ਦੇ ਪੈਂਡੇ ਤੁਰਿਆ। ਏਸ ਤਰ੍ਹਾਂ ਦਾ ਇਲਮ ਨਹੀਂ ਸੀ, ਅੰਬਰ ਵਿਚ ਉਡਾਰੀ ਭਰਕੇ ਮਾਂ ਦੀ ਸੱਖਣੀ ਬੁੱਕਲ ਵੀ ਬੇਚੈਨ ਕਰੇਗੀ। ਅੰਬਰ ਵਿਚ ਜਹਾਜ਼ ਉਡਾਰੀ। ਬੈਠਿਆਂ ਲੱਗੇ, ਮੱਤ ਹੈ ਮਾਰੀ। ਘੜੀ ਮੁੜੀ ਮਾਂ ਚੇਤੇ ਆਵੇ। ਬੁੱਕਲ ਵੇਖਾਂ ਸੱਖਮ-ਸੱਖਣੀ। ਜਿਸ ਥਾਂ ਉਤੇ ਮੈਂ ਬਹਿੰਦਾ ਸਾਂ, ਓਥੇ ਘੋਰ ਉਦਾਸੀ ਵੱਸੇ ਮੇਰੀ ਮਾਂ ਹਟਕੋਰੇ ਭਰਦੀ। ਸੇਵਾ ਸਾਂਭ-ਸੰਭਾਲ ਦੇ ਵੱਲੋਂ ਕਸਰ ਨਾ ਕੋਈ। ਪਰ ਫਿਰ ਵੱਖਰੀ ਗੱਲ ਕੀ ਹੋਈ? ਚੁੱਪ ਚੁਪੀਤੀ, ਕੁਝ ਨਾ ਬੋਲੇ, ਕੁਝ ਨਾ ਦੱਸੇ। ਅੰਦਰ ਵੱਲ ਨੂੰ ਅੱਥਰੂ ਸੁੱਟੇ। ਜਗਦੇ ਬੁਝਦੇ ਨੈਣਾਂ ਅੰਦਰ ਗੂੜ੍ਹ ਹਨ੍ਹੇਰਾ। ਤੁਰਦੀ ਫਿਰਦੀ, ਲੱਭਦੀ ਹੈ ਪਰਛਾਵਾਂ ਮੇਰਾ।
ਗਿਆਨ ਦੀ ਚੂਲੀ
(ਸਤੀਸ਼ ਗੁਲਾਟੀ ਦੇ ਨਾਂ) ਗਿਆਨ ਅਤੇ ਵਿਗਿਆਨ ਦਾ ਸੂਰਜ, ਸੁਹਜ ਸਿਰਜਣਾ ਧੜਕਣ ਬਣ ਕੇ, ਜਦ ਮੱਥੇ ਵਿਚ ਬਣੇ ਚੇਤਨਾ। ਕਾਲਾ ਅੰਬਰ ਜਗ ਮਗ ਜਗ ਮਗ, ਨੂਰੋ ਨੂਰ ਪ੍ਰਿਥਵੀ ਸਾਰੀ। ਚਾਨਣ ਚਾਨਣ ਕਰ ਜਾਂਦਾ ਹੈ। ਗਿਆਨ ਦੀ ਚੂਲੀ ਮਨ ਮਸਤਕ ਵਿਚ, ਨਵਾਂ ਸੁਨੇਹਾ ਹਰ ਦਸਤਕ ਵਿਚ, ਸੱਖਣੇ ਮਨ ਦਾ ਖ਼ਾਲੀ ਭਾਂਡਾ, ਨੱਕੋ ਨੱਕ ਫਿਰ ਭਰ ਜਾਂਦਾ ਹੈ। ਗੀਤ ਦੇ ਸ਼ਬਦ ਚੇਤਨਾ ਅਲੋਕਾਰ ਹੈ, ਇੱਕੋ ਤਾਰੀ ਦੇ ਵਿਚ ਬੰਦਾ, ਸੱਤ ਸਮੁੰਦਰ ਤਰ ਜਾਂਦਾ ਹੈ। ਪੁਸਤਕ ਦਾ ਸੰਸਾਰ ਵਚਿੱਤਰ, ਰੌਸ਼ਨੀਆਂ ਦਾ ਅਜਬ ਚੰਦੋਆ, ਸਿਰ ਦੇ ਉੱਪਰ ਤਣ ਜਾਂਦਾ ਹੈ। ਜ਼ਿੰਦਗੀ ਵੀ ਇਕ ਇਮਤਿਹਾਨ ਹੈ, ਪਾਸ ਕਰਦਿਆਂ, ਬੰਦਾ ਡਿਗਰੀ ਬਣ ਜਾਂਦਾ ਹੈ। ਧੁੱਪਾਂ ਦੀ ਗੁਫ਼ਤਾਰ ਸੁਣਦਿਆਂ, ਛਾਵਾਂ ਥੱਲੇ ਨਿੱਸਲ ਹੋਈ, ਉਸਨੂੰ ਚੁੱਪ ਨਿਰੰਤਰ ਡੰਗੇ। ਤਾਂ ਹੀ ਉਹ ਹਰ ਮੌਸਮ ਕੋਲੋਂ, ਡੂੰਘੀ ਚੁੱਪ ਦਾ ਉੱਤਰ ਮੰਗੇ। ਗੁੰਗੀ ਧਰਤੀ ਉੱਪਰ ਵੱਸਦੇ, ਗੁੰਗੇ ਫੁੱਟੀ ਅੱਖ ਨਾ ਭਾਉਂਦੇ। ਤਾਂ ਹੀ ਉਸਦੀ ਛਤਰੀ ਉੱਤੇ, ਸੁਖ਼ਨ ਸਿਰਜਦੇ ਪੰਛੀ ਬਹਿੰਦੇ, ਬਾਤ ਸੁਣਾਉਂਦੇ। ਉਸਦੀ ਅੱਖ ਵਿਚ ਖੌਰੇ ਕਿਹੜਾ ਵੱਖਰਾ ਸ਼ੀਸ਼ਾ, ਵੇਖ ਰਿਹਾ ਜੋ ਚੁੱਪ ਦੇ ਬਾਹਰ ਨਾਲੇ ਅੰਦਰ। ਨੀਰ ਨਦੀ ਦੇ ਵਹਿੰਦੇ ਕੋਲੋਂ, ਚੁੱਪ ਚਪੀਤੇ ਪੁੱਛਦਾ ਰਹਿੰਦਾ, ਕੀ ਹੈ ਤੇਰੇ ਮਨ ਦੇ ਮੰਦਰ। ਸ਼ਬਦਾਂ ਦੀ ਪੌੜੀ ਦਰ ਪੌੜੀ, ਚੜ੍ਹਦੀ ਲਹਿੰਦਾ ਉੱਡਦਾ ਰਹਿੰਦਾ। ਅੰਦਰ ਵੱਲ ਨੂੰ ਖੁੱਲ੍ਹਦਾ ਬੂਹਾ, ਅੰਤਰ ਮਨ ਦੀ ਮੂਕ ਵੇਦਨਾ, ਆਪਣੀ ਜੀਭੋਂ ਕਦੇ ਨਾ ਕਹਿੰਦਾ। ਦਰਦ ਸਮੁੰਦਰ ਤਰਦਾ ਤਰਦਾ, ਉਹ ਹੁਣ ਜਿੱਥੇ ਪਹੁੰਚ ਗਿਆ ਹੈ। ਉਸ ਤੋਂ ਅੱਗੇ ਅਗਨ ਨਦੀ ਹੈ, ਪਿੱਛੇ ਪਾਣੀ। ਪਰ ਤੂੰ ਉਸਦੀ ਹਿੰਮਤ ਨੂੰ ਐਵੇਂ ਨਾ ਜਾਣੀਂ। ਉਸ ਦੇ ਮੱਥੇ ਤੀਜਾ ਨੇਤਰ, ਧੁਰੋਂ ਪਤਾਲੋਂ ਮਾਣਕ ਮੋਤੀ ਲੱਭ ਲਿਆਵੇ। ਅੰਬਰ ਦੇ ਵਿਚ ਮਾਰ ਉਡਾਰੀ, ਇਕ ਅੱਧ ਤਾਰਾ ਤੋੜ ਲਿਆਵੇ। ਇਸ ਦੀ ਹਿੰਮਤ ਵੇਖ ਵੇਖ ਕੇ, ਤਾਰੀ ਅਤੇ ਉਡਾਰੀ ਤੱਕ ਕੇ, ਮੈਨੂੰ ਇਕ ਸੁਆਲ ਸਤਾਵੇ। ਤੇ ਮੇਰਾ ਮਨ ਉਸਤੋਂ ਇਸਦਾ ਉੱਤਰ ਚਾਹਵੇ। ਨਹੀਂ ਬੋਲਦਾ, ਖੁੱਲ੍ਹ ਕੇ ਹੱਸਦਾ। ਦਿਲ ਦੀ ਘੁੰਡੀ ਖੋਲ੍ਹ ਕੇ ਦੱਸਦਾ। ਜਦੋਂ ਮੁਸੀਬਤ ਸਬਕ ਪੜ੍ਹਾਵੇ। ਸੂਰਜ ਸ਼ਬਦ ਬਣੇ ਮੁਸਕਾਵੇ। ਕਿਰਨਾਂ ਦਾ ਫਿਰ ਮੀਂਹ ਵਰ੍ਹ ਜਾਵੇ। ਦੁਨੀਆਂ ਦਾਰ ਜਮਾਤਾਂ ਦੀ ਥਾਂ, ਮਿੱਟੀ ਦਾ ਦੀਵਾ ਰੁਸ਼ਨਾਵੇ। ਗਿਆਨ ਦੀ ਛਹਿਬਰ ਵਿਚ ਮਨ ਨ੍ਹਾਵੇ। ਧੂੜਾਂ ਘੱਟੇ ਰਾਹਾਂ ਦੀ ਗੱਲ ਜਦੋਂ ਸੁਣਾਵੇ। ਉਸਦਾ ਚਿਹਰਾ ਲੂੰ ਲੂੰ ਕਣ ਕਣ, ਵਾਂਗ ਕਮਾਨ ਦੇ ਤਣ ਜਾਂਦਾ ਹੈ। ਦੇਵੇ ਤੀਰੋਂ ਤਿੱਖਾ ਉੱਤਰ, ਏਨੀ ਕਠਿਨ ਤਪੱਸਿਆ ਮਗਰੋਂ, ਕਾਗਜ਼ ਵਾਲੀ ਕੂੜ ਗਵਾਹੀ ਅਰਥਹੀਣ ਹੈ, ਬੰਦਾ ਡਿਗਰੀ ਬਣ ਜਾਂਦਾ ਹੈ।
ਸਿਰ 'ਤੇ ਲੈ ਫੁਲਕਾਰੀ ਮਾਏ
ਸਿਰ ’ਤੇ ਲੈ ਫੁਲਕਾਰੀ ਮਾਏ । ਪਹਿਲਾਂ ਵੀ ਤੂੰ ਘੱਟ ਨਹੀਂ ਭਾਵੇਂ, ਲੱਗੇਂ ਹੋਰ ਵੀ ਪਿਆਰੀ ਮਾਏ ! ਧਰਤੀ ਤਾਰੇ, ਅੰਬਰ ਗਾਹੁੰਦੇ। ਸ਼ਗਨਾਂ ਦੇ ਪਲ ਰੋਜ਼ ਨਹੀਂ ਆਉਂਦੇ। ਸਤਰੰਗੀ ਅਸਮਾਨ ਦੀ ਲੀਲ੍ਹਾ ਪਾ ਲੈ ਵਿਚ ਪਟਾਰੀ ਮਾਏ । ਸਿਰ 'ਤੇ ਲੈ ਫੁਲਕਾਰੀ ਮਾਏ । ਵੇਖ ਤੂੰ ਰੱਬ ਨੇ ਦਿੱਤਾ ਕੀਹ ! ਰੇਸ਼ਮ ਦੇ ਲੱਛੇ ਜਹੀ ਧੀ। ਸੂਰਜ ਤੋਂ ਲੈ ਧੁੱਪ ਤੇ ਚਾਨਣ, ਰੂਹ ਨੂੰ ਕਰ ਉਜਿਆਰੀ ਮਾਏ । ਸਿਰ 'ਤੇ ਲੈ ਫੁਲਕਾਰੀ ਮਾਏ । ਅੱਖੀਆਂ ਵਿਚ ਖ਼ੁਸ਼ੀਆਂ ਦੇ ਅੱਥਰ। ਵੇਖ ਕਿਸ ਤਰ੍ਹਾਂ ਪਿਘਲੇ ਪੱਥਰ। ਚਾਵਾਂ ਦੇ ਖੰਭਾਂ ਵਿਚ ਭਰ ਦੇ, ਅੰਬਰ ਤੀਕ ਉਡਾਰੀ ਮਾਏ । ਸਿਰ 'ਤੇ ਲੈ ਫੁਲਕਾਰੀ ਮਾਏ । ਧਰਤ ਖਿੜੀ ਅੱਜ ਵਾਂਗ ਸੁਹਾਗਣ। ਮੰਗਦੀ ਲਾਗ ਤੇਰੇ ਤੋਂ ਲਾਗਣ। ਦਿਲ ਦਾ ਬਟੂਆ ਖੋਲ੍ਹ ਨੀ ਛੇਤੀ, ਸ਼ੁਭ ਸ਼ਗਨਾਂ ਦੀ ਵਾਰੀ ਮਾਏ । ਸਿਰ 'ਤੇ ਲੈ ਫੁਲਕਾਰੀ ਮਾਏ । ਪਹਿਲਾਂ ਵੀ ਤੂੰ ਘੱਟ ਨਹੀਂ ਭਾਵੇਂ, ਲੱਗੇਂ ਹੋਰ ਵੀ ਪਿਆਰੀ ਮਾਏ !
ਰੁਲ਼ਦੀ ਪਈ ਫੁਲਕਾਰੀ
ਮੇਰੀ ਰੁਲ਼ਦੀ ਪਈ ਫੁਲਕਾਰੀ ਵੇ ਸਾਂਈਆਂ, ਰੁਲ਼ਦੀ ਪਈ ਫੁਲਕਾਰੀ। ਸੱਤ ਸਮੁੰਦਰੋਂ ਪਾਰ ਤੂੰ ਜਾ ਕੇ, ਪਿੱਛੇ ਝਾਤ ਨਾ ਮਾਰੀ। ਵੇ ਸਾਂਈਆਂ, ਰੁਲ਼ਦੀ ਪਈ ਫੁਲਕਾਰੀ। ਕਿਉਂ ਨਹੀਂ ਪਾਉਂਦੀ ਰੰਗ ਬਰੰਗੇ। ਮੈਥੋਂ ਹਰ ਪਲ ਉੱਤਰ ਮੰਗੇ। ਮੈਨੂੰ ਮੇਰਾ ਪਰਛਾਵਾਂ ਡੰਗੇ। ਕੱਲ ਮੁਕੱਲੀ ਫਿਰੇ ਰੁਕਮਣੀ, ਰਾਧਾ ਕੋਲ ਮੁਰਾਰੀ। ਵੇ ਸਾਂਈਆਂ, ਰੁਲ਼ਦੀ ਪਈ ਫੁਲਕਾਰੀ। ਰੀਝਾਂ ਨੂੰ ਕਿੰਜ ਮਾਰਾਂ ਜੰਦਰ। ਭੁੱਜਦੀ ਰੇਤ ਕੜਾਹੀਆਂ ਅੰਦਰ। ਠੰਢ ਨਾ ਪਾਉਂਦੇ ਮਸਜਿਦ ਮੰਦਰ। ਨਾ ਰੱਬ ਤੇ ਨਾ ਤੂੰ ਹੀ ਸੁਣਦਾ, ਕਰ ਅਰਦਾਸਾਂ ਹਾਰੀ। ਵੇ ਸਾਂਈਆਂ, ਰੁਲ਼ਦੀ ਪਈ ਫੁਲਕਾਰੀ। ਭੁੱਲ ਗਿਆ ਤੂੰ ਲਈਆਂ ਲਾਵਾਂ। ਕਿਹੜੇ ਸੂਰਜ ਅਰਘ ਚੜ੍ਹਾਵਾਂ। ਕਿਸ ਤੁਲਸੀ ਨੂੰ ਪਾਣੀ ਪਾਵਾਂ। ਚੰਨ ਦੀ ਚਾਨਣੀ ਗਈ ਗ੍ਰਹਿਣੀ, ਪੁੱਛੇ ਨਾ ਬਾਤ ਹਮਾਰੀ। ਵੇ ਸਾਂਈਆਂ, ਰੁਲ਼ਦੀ ਪਈ ਫੁਲਕਾਰੀ। ਹਾਰੀ ਸੁਣ ਗੱਡੀ ਦੀਆਂ ਚੀਕਾਂ। ਬਦਲੀ ਜਾਵੇਂ ਰੋਜ਼ ਤਰੀਕਾਂ। ਧਰਤੀ ਉੱਤੇ ਮਾਰਾਂ ਲੀਕਾਂ। ਔਸੀਆਂ ਪਾ ਪਾ ਹਾਰ ਗਈ ਮੈਂ, ਆ ਜਾ ਮਾਰ ਉਡਾਰੀ। ਵੇ ਸਾਂਈਆਂ, ਰੁਲ਼ਦੀ ਪਈ ਫੁਲਕਾਰੀ।
ਦੱਸ ਵੇ ਪੁੱਤਰਾ
ਦੱਸ ਵੇ ਪੁੱਤਰਾ ਦੱਸ ਤੂੰ ਮੇਰਾ ਘਰ ਕਿੱਥੇ ਹੈ? ਜਿਥੇ ਬੈਠ ਆਰਾਮ ਕਰਾਂ ਉਹ ਦਰ ਕਿੱਥੇ ਹੈ? ਦੂਰ ਦੇਸ ਪ੍ਰਦੇਸ ਗੁਆਚੀ ਛਾਂ ਪੁੱਛਦੀ। ਪੁੱਤਰ ਦੇ ਘਰ ਬੇਘਰ ਹੋਈ ਮਾਂ ਪੁੱਛਦੀ। ਵੇ ਪੁੱਤਰਾ ਤੈਨੂੰ ਲਾਡ ਲਡਾਇਆ। ਚਾਈਂ ਪੜ੍ਹਨ ਸਕੂਲੇ ਪਾਇਆ। ਕਦਮ ਕਦਮ ਤੇ ਜੋ ਸਮਝਾਇਆ। ਏਥੇ ਆ ਕੇ ਭੁੱਲ ਗਿਐਂ ਮੈਂ ਤਾਂ ਪੁੱਛਦੀ। ਪੁੱਤਰ ਦੇ ਘਰ ਬੇਘਰ ਹੋਈ ਮਾਂ ਪੁੱਛਦੀ। ਪੁੱਤ ਵਿਆਹੇ ਨੂੰਹਾਂ ਆਈਆਂ। ਉਨ੍ਹਾਂ ਆਣ ਨਕੇਲਾਂ ਪਾਈਆਂ। ਭੁੱਲ ਗਏ ਮਾਪੇ, ਚਾਚੀਆਂ ਤਾਈਆਂ। ਬਦਲ ਕੇ ਜਿਹੜਾ ਰੱਖਿਆ ਤੈਥੋਂ ਨਾਂ ਪੁੱਛਦੀ। ਪੁੱਤਰ ਦੇ ਘਰ ਬੇਘਰ ਹੋਈ ਮਾਂ ਪੁੱਛਦੀ। ਦੇਸ ਬੇਗਾਨੇ ਕੀਹਦਾ ਡਰ ਹੈ? ਵਹੁਟੀ ਆਖੇ ਮੇਰਾ ਵਰ ਹੈ। ਇਹ ਤਾਂ ਬੁੱਢੀਏ ਮੇਰਾ ਘਰ ਹੈ। ਦੱਸ ਵੇ ਪੁੱਤਰਾ ਕਿੱਥੇ ਮੇਰੀ ਥਾਂ ਪੁੱਛਦੀ। ਪੁੱਤਰ ਦੇ ਘਰ ਬੇਘਰ ਹੋਈ ਮਾਂ ਪੁੱਛਦੀ। ਅਮਰੀਕਾ ਇੰਗਲੈਂਡ ਕਨੇਡਾ। ਖਾ ਗਈ ਮੇਰਾ ਪੁੱਤਰ ਏਡਾ। ਮੇਰੇ ਲਈ ਤਾਂ ਨਿਰਾ ਛਲੇਡਾ। ਬੋਹੜਾਂ ਤੇ ਪਿੱਪਲਾਂ ਜਹੀ ਸੰਘਣੀ ਛਾਂ ਪੁੱਛਦੀ। ਪੁੱਤਰ ਦੇ ਘਰ ਬੇਘਰ ਹੋਈ ਮਾਂ ਪੁੱਛਦੀ। ਪੁੱਤ ਪੋਤਰੇ ਬੜੇ ਖਿਡਾਏ। ਪੋਤਰੀਆਂ ਦੇ ਲਾਡ ਲਡਾਏ। ਕੋਈ ਨਾ ਬੀਬੀ ਆਖ ਬੁਲਾਏ। ਬਿਨ ਸਿਰਨਾਵੇਂ ਆਪਣਾ ਸ਼ਹਿਰ ਗਿਰਾਂ ਪੁੱਛਦੀ। ਪੁੱਤਰ ਦੇ ਘਰ ਬੇਘਰ ਹੋਈ ਮਾਂ ਪੁੱਛਦੀ। ਜਿੱਥੇ ਵਾਧੂ ਹੋ ਗਏ ਮਾਪੇ। ਮੈਨੂੰ ਇਹ ਜੱਗ ਕਬਰਾਂ ਜਾਪੇ। ਪੁੱਛੀਂ ਤੂੰ ਵੀ ਖ਼ੁਦ ਨੂੰ ਆਪੇ। ਤੇਰੀ ਅੰਮੜੀ ਤੈਥੋਂ ਅਸਲ ਨਿਆਂ ਪੁੱਛਦੀ। ਪੁੱਤਰ ਦੇ ਘਰ ਬੇਘਰ ਹੋਈ ਮਾਂ ਪੁੱਛਦੀ।
ਦੂਰ ਖਲੋ ਕੇ
ਰਹਿ ਨੀ ਧਰਤੀਏ ਬੈਠੀ, ਮੈਂ ਹੁਣ ਅੰਬਰੀਂ ਚੱਲਿਆਂ। ਹੁਣ ਮੈਂ ਤੈਨੂੰ ਦੂਰੋਂ ਬੈਠ ਪਛਾਣ ਸਕਾਂਗਾ। ਤੇਰੇ ਬਿਰਖ਼, ਬਰੂਟੇ, ਬੰਦੇ, ਨਿਰਖ਼ ਪਰਖ਼ ਦੇ ਕੰਮ ਤੇ ਧੰਦੇ, ਕੋਈ ਸਭ ਤੋਂ ਮੁਕਤੀ ਮਾਣ ਸਕਾਂਗਾ। ਤੇਰੀ ਬੁੱਕਲ ਦੇ ਵਿਚ ਬਹਿ ਕੇ, ਜਨਮ ਘੜੀ ਤੋਂ ਇਸ ਉਮਰਾ ਤੱਕ, ਤੇਰੀ ਅਰਦਲ ਦੇ ਵਿਚ ਰਹਿ ਕੇ, ਫ਼ਾਸਲਿਆਂ ਦੇ ਅਰਥਾਂ ਤੋਂ, ਅਣਜਾਣ ਰਿਹਾ ਹਾਂ।
ਬਿਨਾਂ ਬੋਲੇ ਸੁਆਲ
ਜਿਹੜੇ ਪਿੰਡੇ ਤੇ ਵਾਰ ਜਰਦੇ ਨੇ। ਓਹੀ ਲੋਕੀਂ ਕਮਾਲ ਕਰਦੇ ਨੇ। ਆਪਣੇ ਉੱਤਰ ਨੂੰ ਠੀਕ ਜਾਨਣ ਲਈ, ਲੋਕੀਂ ਮੁੜ ਮੁੜ ਸਵਾਲ ਕਰਦੇ ਨੇ। ਚੁੱਪ ਬੈਠੇ, ਚਿਰਾਂ ਤੋਂ ਜਿਹੜੇ ਨੇ, ਓਹੀ ਮੈਨੂੰ ਹਲਾਲ ਕਰਦੇ ਨੇ। ਬਿਨਾਂ ਬੋਲੇ ਸੁਆਲ ਕਰਦੇ ਨੇ।
ਸ਼ਬਦ ਨਹੀਂ ਤਾਂ
ਸ਼ਬਦ ਨਹੀਂ ਤਾਂ, ਹੋਠਾਂ ਤੇ ਮੁਸਕਾਨ ਧਰੋ। ਮੋਮੀ ਬੁੱਤ ਵਿਚ ਧੜਕਣ ਪਾਉ, ਨਿਰਜਿੰਦ ਅੰਦਰ ਜਾਨ ਭਰੋ। ਨੈਣਾਂ ਅੰਦਰੋਂ ਘੋਰ ਉਦਾਸੀ ਹੂੰਝ ਦਿਓ। ਅੱਥਰੂਆਂ ਨੂੰ ਧੋ ਕੇ ਚਾਨਣਵਾਨ ਕਰੋ। ਧਰਤੀ ਦੇਵੇ ਫੁੱਲ ਬਗੀਚੇ ਮਾਨਣ ਲਈ, ਨਾਲ ਲਿਆਕਤ ਦੇਵੇ, ਸਭ ਕੁਝ ਜਾਨਣ ਲਈ, ਇਹ ਖ਼ੁਸ਼ਬੋਈਆਂ ਖੇੜੇ ਸਭ ਨੂੰ ਲੋੜੀਦੇ। ਟਾਹਣੀ ਉੱਤੇ ਖਿੜਦੇ ਫੁੱਲ ਨਹੀਂ ਤੋੜੀਦੇ।
ਕਰਮ ਕਰਦਿਆਂ
ਕਰਮ ਕਰਦਿਆਂ ਫ਼ਲ ਦੀ ਇੱਛਾ ਆ ਹੀ ਜਾਂਦੀ ਹੈ। ਚੰਨ ਦੇ ਅੱਗੇ ਕਾਲੀ ਬੱਦਲੀ, ਛਾ ਹੀ ਜਾਂਦੀ ਹੈ। ਚਿਹਰੇ ਉੱਤੇ ਨਕਲੀ ਹਾਸਾ, ਰੂਹ ਦਾ ਗੜਵਾ, ਖ਼ਾਲੀ ਕਾਸਾ, ਮਨ ਅੰਤਰ ਦੀ ਪੀੜਾ ਕਦੇ ਵੀ ਚੁੱਪ ਨਹੀਂ ਬਹਿੰਦੀ। ਬਿਨ ਬੋਲੇ ਤੋਂ ਆਪਣਾ ਦਰਦ ਸੁਣਾ ਜਾਂਦੀ ਹੈ। ਬਾਂਸ ਦੀਆਂ ਲੱਤਾਂ ਤੇ ਬੌਣਾ, ਜਿੱਥੋਂ ਤੀਕ ਤੁਰੇ, ਧੁਰ ਅੰਦਰ ਜੋ ਬੈਠੀ ਚਿੰਤਾ, ਖਾ ਹੀ ਜਾਂਦੀ ਹੈ।
ਤੇਰੇ ਬਗੈਰ
ਤੇਰੀ ਖ਼ੁਸ਼ਬੂ ਨੇੜੇ ਹੋਵੇ। ਦੂਰ ਦੇਸ ਪ੍ਰਦੇਸ ਨਾ ਹੋਵੇ। ਸਾਹਾਂ ਦੇ ਵਿਚ ਕਿਣ ਮਿਣ, ਸ਼ਾਮ ਸਵੇਰੇ ਏਦਾਂ ਈ ਹੋਵੇ। ਰੰਗ ਬਰੰਗੀਆਂ ਧੁੱਪਾਂ ਛਾਵਾਂ। ਵੇਖੀਆਂ ਤੇ ਅਣਵੇਖੀਆਂ ਰਾਹਵਾਂ। ਜੇ ਮੈਂ ਤੈਨੂੰ ਫੜਨਾ ਚਾਹਵਾਂ। ਗਲਵੱਕੜੀ ਵਿਚ ਫੜ ਨਾ ਹੋਵੇ। ਸੱਚ ਜਾਣੀਂ ਤੂੰ ਪੈਰੀਂ ਮੇਰੇ, ਬੱਝਦੇ ਭਾਰੇ ਭਾਰੇ ਪੱਥਰ, ਇੱਕ ਵੀ ਪੌੜੀ ਚੜ੍ਹ ਨਾ ਹੋਵੇ।
ਏਮਜ਼ ਯੂਨੀਵਰਸਿਟੀ ਦੇ ਤਿੱਤਲੀ ਬਾਗ ਵਿਚ
ਜਦ ਵੀ ਤਿੱਤਲੀ ਭਰੇ ਉਡਾਰੀ। ਰੰਗਾਂ ਵਿਚ ਰੂਹ ਲਾਵੇ ਤਾਰੀ। ਫੁੱਲ ਵੇਲਾਂ ਨੂੰ ਵਾਰੀ ਵਾਰੀ। ਮਿਲਦੀ ਫਿਰਦੀ ਕਿਵੇਂ ਵਿਚਾਰੀ। ਨਿੱਕੀ ਉਮਰੇ ਮੁੱਕ ਜਾਵੇਗੀ ਫੁੱਲਾਂ ਲੱਦੀ ਵੇਲ ਦੀ ਰੰਗ ਰੰਗੀਲੀ ਜਿੰਦੜੀ, ਬਿਨ ਧੜਕਣ ਤੋਂ ਰੁਕ ਜਾਵੇਗੀ।
ਅੰਬਰ ਦੇ ਵਿਚ ਤਾਰੇ
ਅੰਬਰ ਦੇ ਵਿਚ ਤਾਰੇ। ਇਉਂ ਲੱਗਦੈ, ਜਿਉਂ ਨਿੱਖੜੇ ਸੀ ਜੋ, ਮੇਰੇ ਯਾਰ ਪਿਆਰੇ। ਏਹੀ ਸਾਰੇ। ਨਾ ਬੋਲਣ ਨਾ ਚਾਲਣ, ਨਾ ਹੀ ਭਰਨ ਹੁੰਗਾਰੇ। ਅੰਬਰ ਵਿਚਲੇ ਤਾਰੇ।
ਕਿਹੜਾ ਗੀਤ ਸੁਣਾਵਾਂ
ਕਿਹੜਾ ਗੀਤ ਸੁਣਾਵਾਂ। ਜਿਸ ਦੇ ਗਲ ਵਿਚ ਚੰਨ ਦਾ ਕੈਂਠਾ, ਪੈਰਾਂ ਵਿਚ ਧਰਤੀ ਦੀ ਝਾਂਜਰ, ਬੋਲਾਂ ਵਿਚ ਸਤਰੰਗੀਆਂ ਮਹਿਕਾਂ, ਸਿਰ ਤੇ ਧੁੱਪਾਂ ਛਾਵਾਂ। ਜਾਂ ਫਿਰ ਜਿਸਦੇ ਪੈਰ ਬਿਆਈਆਂ। ਚੜ੍ਹਦੀ ਉਮਰੇ ਮੂੰਹ ਤੇ ਸਿਆਹੀਆਂ। ਜ਼ਿੰਦਗੀ ਖੇਡੇ ਲੁਕਣ ਮਚਾਈਆਂ। ਸੁੱਕੇ ਰੁੱਖੇ ਟੁੱਕਰ ਜਿੱਥੇ, ਖੋਹ ਲਏ ਹੱਥੋਂ ਕਾਵਾਂ। ਦੋਧੇ ਦੰਦ ਦੀ ਉਮਰੇ ਸਿਰ 'ਤੇ, ਫ਼ਿਕਰਾਂ ਦਾ ਪਰਛਾਵਾਂ। ਇਸ ਧਰਤੀ ਤੇ ਰਹਿੰਦੇ ਵੀ ਜਿਉਂ, ਖ਼ਤ ਕੋਈ ਬਿਨ ਸਿਰਨਾਵਾਂ। ਕਿਹੜਾ ਗੀਤ ਸੁਣਾਵਾਂ।
ਚੰਦ ਤੇ ਤਾਰਾ
ਚੰਦ ਨਾਲ ਇੱਕ ਨਿੱਕੜਾ ਤਾਰਾ। ਜਿਉਂ ਬਾਬੇ ਗੋਡੇ ਮੁੱਢ ਬੈਠਾ, ਨਿੱਕਾ ਪੋਤਰਾ, ਬਾਤ ਪਾਈ ਦਾ ਭਰੇ ਹੁੰਗਾਰਾ।
ਫੁੱਲ ਕਹਾਂ ਜਾਂ ਤਾਰਾ ਤੈਨੂੰ
ਫੁੱਲ ਕਹਾਂ ਜਾਂ ਤਾਰਾ ਤੈਨੂੰ। ਲੱਗੇਂ ਜਾਨ ਤੋਂ ਪਿਆਰਾ ਮੈਨੂੰ। ਚੰਨ ਤੇ ਸੂਰਜ ਦੋਵੇਂ ਤੈਥੋਂ, ਕਰ ਦੇਵਾਂ ਕੁਰਬਾਨ। ਤੈਨੂੰ ਕੀਹ ਦੇਵਾਂ, ਮੈਂ ਤਾਂ ਖ਼ੁਦ ਮਹਿਮਾਨ।
ਆਪਣੇ ਘਰ ਵਿਚ
ਆਪਣੇ ਘਰ ਵਿਚ ‘ਘਰ ਹੁੰਦਾ ਹੈ। ਉੱਸਰਨ ਵਾਲੇ ਦਿਨ ਤੋਂ ਲੈ ਕੇ, ਹਰ ਵੇਲੇ ਹੀ, ਟੁੱਟ ਜਾਣ ਦਾ ਡਰ ਹੁੰਦਾ ਹੈ। ਇਸੇ ਕਰਕੇ, ਡਰਦੇ ਮਾਰੇ ਇੱਕ ਦੂਜੇ ਸੰਗ ਜੁੜਿਆ ਰਹਿੰਦੈ।
ਸੋਨ ਬਿਰਖ਼ ਦੀ ਛਾਵੇਂ
ਸੋਨ ਬਿਰਖ਼ ਦੀ ਛਾਵੇਂ, ਮੇਰਾ ਦਮ ਘੁਟਦਾ ਹੈ। ਜਿੱਸਰਾਂ ਮੇਰੇ ਚਾਰ ਚੁਫ਼ੇਰੇ, ਅਚਨਚੇਤ ਕੋਈ ਗੈਬੀ-ਸ਼ਕਤੀ, ਕਰ ਦਏ ਚਾਰ ਦੀਵਾਰੀ। ਨਾ ਬੂਹਾ ਨਾ ਬਾਰੀ। ਨਾ ਹੀ ਨੀਲਾ ਅੰਬਰ ਦਿਸਦਾ, ਜਿੱਧਰ ਵੇਖਾਂ ਕੰਧਾਂ ਈ ਕੰਧਾਂ। ਰਾਤੋ ਰਾਤ ਉਸਾਰੀਆਂ। ਸੋਨ ਬਿਰਖ਼ ਦੀਆਂ ਪੱਤੀਆਂ ਹੱਸਣ, ਜੀਕੂੰ ਪਰੀ ਕਥਾ ਵਿਚ ਸੁਣੀਆਂ, ਪਰੀਆਂ ਟੂਣੇਹਾਰੀਆਂ। ਦੂਰ ਦੁਮੇਲ ਦੇ ਤੀਕਣ ਇਨ੍ਹਾਂ, ਮੈਨੂੰ ਘੇਰਨ ਖ਼ਾਤਰ ਭੁਜਾ ਖਿਲਾਰੀਆਂ।
ਕਾਹਲੀ ਕਾਹਲੀ
ਕਾਹਲੀ ਕਾਹਲੀ ਤੁਰਨ ਵਾਲਿਓ! ਅੱਗੇ ਲੰਘ ਕੇ ਬਿਲਕੁਲ ਕੱਲ੍ਹੇ ਰਹਿ ਜਾਉਗੇ! ਫਿਰ ਨਾ ਕਹਿਣਾ, ਕੋਈ ਏਥੇ ਭਰੇ ਹੁੰਗਾਰਾ।
ਵੱਸਦਾ ਰਹੁ ਆਜ਼ਾਦ ਕੈਨੇਡਾ
ਤੇਰੀਆਂ ਖੁਸ਼ੀਆਂ ਵਿਚ ਮੈਂ ਸ਼ਾਮਲ, ਵੱਸਦਾ ਰਹੁ ਆਜ਼ਾਦ ਕੈਨੇਡਾ। ਵੰਨ ਸੁਵੰਨੇ ਧੀਆਂ ਪੁੱਤਰ, ਰੱਖੀਂ ਸਦਾ ਆਬਾਦ ਕੈਨੇਡਾ। ਤੇਰੇ ਮੈਪਲ ਹੇਠਾਂ ਬੈਠੇ, ਸਾਡੇ ਬੋਹੜਾਂ ਵਰਗੇ ਬਾਬੇ । ਕਹਿੰਦੇ ਕਦੇ ਉਲਾਰ ਨਾ ਹੋਵਣ ਤੇਰੇ ਘਰ ਇਨਸਾਫ਼ ਦੇ ਛਾਬੇ। ਤੇਰੇ ਜਲ ਵਿਚ ਸਾਡੀ ਮਿਸ਼ਰੀ, ਸ਼ਰਬਤ ਬੜਾ ਸੁਆਦ ਕੈਨੇਡਾ। ਤੇਰੀਆਂ ਖ਼ੁਸ਼ੀਆਂ ਵਿਚ ਮੈਂ ਸ਼ਾਮਲ... ਜਿਸ ਧਰਤੀ ਤੇ ਆਦਰ ਹੋਵੇ, ਕਦੇ ਬੇਗਾਨਾ ਦੇਸ਼ ਨਹੀਂ ਹੁੰਦਾ। ਮਨ ਦਾ ਮੋਰ ਜੇ ਪੈਲਾਂ ਪਾਵੇ, ਕੋਈ ਵੀ ਥਾਂ ਪ੍ਰਦੇਸ ਨਹੀਂ ਹੁੰਦਾ। ਤੇਰੀ ਵੰਨਸੁਵੰਨਤਾ ਵਾਲਾ, ਗੂੰਜੇ ਅਨਹਦ ਨਾਦ ਕੈਨੇਡਾ। ਤੇਰੀਆਂ ਖੁਸ਼ੀਆਂ ਵਿਚ ਮੈਂ ਸ਼ਾਮਲ... ਤੇਰੇ ਘਰ ਵਿਚ ਵੇਖੀਂ ਕਿਧਰੇ, ਲੁੱਟੇ ਨਾ ਕੋਈ ਕਿਰਤ ਕਮਾਈ। ਕੰਮੀਂ ਕਾਰੀਂ ਰੁੱਝੇ ਗੱਭਰੂ, ਮੁਟਿਆਰਾਂ ਤੇ ਮਾਈ ਭਾਈ। ਕੁੱਲ ਦੁਨੀਆਂ ਦੇ ਪੁੱਤਰ ਤੇਰੀ ਸ਼ਕਤੀ ਬਣੇ ਫ਼ੌਲਾਦ ਕੈਨੇਡਾ। ਤੇਰੀਆਂ ਖ਼ੁਸ਼ੀਆਂ ਵਿਚ ਮੈਂ ਸ਼ਾਮਲ... ਰਹਿਣ ਸਲਾਮਤ ਤੇਰੇ ਵਿਹੜੇ, ਸੂਹੇ ਸੁਪਨੇ ਤੇ ਫੁੱਲ ਪੱਤੀਆਂ। ਜੀਵਣ ਜਾਗਣ ਠੰਢੀਆਂ ਛਾਵਾਂ, ਵਗਣ ਹਵਾਵਾਂ ਮਹਿਕਾਂ ਮੱਤੀਆਂ। ਮਾਂ ਬੋਲੀ ਨੂੰ ਭੁੱਲ ਕੇ ਮਾਪੇ, ਗੁਆ ਨਾ ਬਹਿਣ ਔਲਾਦ ਕੈਨੇਡਾ। ਤੇਰੀਆਂ ਖੁਸ਼ੀਆਂ ਵਿਚ ਮੈਂ ਸ਼ਾਮਲ... ਜੇ ਪੁੱਤਰਾਂ ਦਾ ਮੋਹ ਟੁੱਟ ਜਾਵੇ, ਉਹ ਧਰਤੀ ਫਿਰ ਮਾਂ ਨਹੀਂ ਰਹਿੰਦੀ। ਪੁੱਤਰ-ਪੱਤਰ ਜੇ ਝੜ ਜਾਵਣ, ਰੁੱਖਾਂ ਪੱਲੇ ਛਾਂ ਨਹੀਂ ਰਹਿੰਦੀ। ਸਾਡੇ ਵੀਰਾਂ ਨੂੰ ਸਮਝਾਵੀਂ, ਫਿਰ ਤੇਰਾ ਧੰਨਵਾਦ ਕੈਨੇਡਾ। ਤੇਰੀਆਂ ਖ਼ੁਸ਼ੀਆਂ ਵਿਚ ਮੈਂ ਸ਼ਾਮਲ... ਰੇਸ਼ਮ ਦੇ ਧਾਗੇ ਜਹੇ ਬੱਚੜੇ, ਸਾਂਝੇ ਸੁਪਨਿਆਂ ਦੀ ਫੁਲਕਾਰੀ। ਮੇਰੇ ਪਿੰਡ ਦੇ ਧੀਆਂ ਪੁੱਤਰਾਂ, ਤੇਰੀ ਸੋਹਣੀ ਧਰਤ ਸ਼ਿੰਗਾਰੀ। ਬਿਰਧ ਸਰੀਰਾਂ ਦਾ ਹੱਥ ਸਿਰ 'ਤੇ, ਰੱਖੀਂ ਦਿਲ ਵਿਚ ਯਾਦ ਕੈਨੇਡਾ। ਤੇਰੀਆਂ ਖ਼ੁਸ਼ੀਆਂ ਵਿਚ ਮੈਂ ਸ਼ਾਮਲ... ਸਾਂਝੀ ਰੱਤ ਦੇ ਕਾਰਨ ਦਮਕੇ, ਤੇਰੇ ਝੰਡੇ ਵਿਚ ਜੋ ਲਾਲੀ। ਵਿਸ਼ਵ ਅਮਨ ਦੇ ਚਿੱਟੇ ਰੰਗ ਨੇ, ਤੇਰੀ ਅਜ਼ਮਤ ਸਦਾ ਸੰਭਾਲੀ। ਬੁਰਿਆਂ ਨਾਲ ਯਾਰਾਨੇ ਪਾ ਕੇ, ਹੋ ਜਾਏਂਗਾ ਬਰਬਾਦ ਕੈਨੇਡਾ। ਤੇਰੀਆਂ ਖ਼ੁਸ਼ੀਆਂ ਵਿਚ ਮੈਂ ਸ਼ਾਮਲ, ਵੱਸਦਾ ਰਹੁ ਆਜ਼ਾਦ ਕੈਨੇਡਾ।
ਗ਼ਜ਼ਲ
ਲੱਤਾਂ ਤੇਰੀਆਂ ਨੇ ਚੁੱਕਣੋਂ ਅਖ਼ੀਰ ਤੇਰਾ ਭਾਰ। ਤੇਰਾ ਕੋਈ ਨਹੀਉਂ ਬੇਲੀ, ਤੇਰਾ ਕੋਈ ਨਹੀਉਂ ਯਾਰ। ਬਿਨਾਂ ਗੋਡੀਆਂ ਤੋਂ ਡੋਡੀਆਂ ਨਾ ਫੁੱਲ ਪੱਤੀਆਂ, ਏਦਾਂ ਬੈਠੇ ਬੈਠੇ ਆਉਣੀ ਨਹੀਓਂ ਵਿਹੜੇ 'ਚ ਬਹਾਰ। ਪੱਤਝੜਾਂ ਪਿੱਛੋਂ ਫੁੱਟਦਾ ਹੁੰਗਾਰਾ ਰੋਜ਼ ਮਾਣ, ਸੂਹੇ ਸੁਪਨੇ ਦੇ ਵਾਂਗ ਵੇਖ ਖਿੜਿਆ ਅਨਾਰ। ਵੇਖ ਅੰਬਾਂ ਉੱਤੇ ਬੂਰ, ਚੜ੍ਹੇ ਚਿੱਤ ਨੂੰ ਸਰੂਰ, ਸਾਂਭ ਅੰਬੀਆਂ ਨੂੰ ਟੁੱਕ ਦਏ ਨਾ ਤੋਤਿਆਂ ਦੀ ਡਾਰ। ਤੇਰੇ ਮੁੱਕ ਚੱਲੇ ਪਾਣੀ, ਰੁੱਸੀ ਚਾਟੀ ਤੋਂ ਮਧਾਣੀ, ਤੇਰੇ ਪੰਜ ਦਰਿਆਵਾਂ ਨੂੰ ਕੀਹ ਵਗ ਚੱਲੀ ਮਾਰ। ਤੇਰੇ ਪੁੱਤਰਾਂ ਦੇ ਹੱਥੀਂ ਨਸ਼ੇ ਵੈਰੀਆਂ ਫੜਾਏ , ਕੁਲ ਨਾਸ਼ ਦੇ ਵਸੀਲੇ, ਨਿੱਤ ਨਵੇਂ ਹਥਿਆਰ। ਮੋੜ ਵੈਰੀਆਂ ਦੇ ਹੱਲੇ, ਚੁੱਪ ਬੈਠਾ ਕਿਹੜੀ ਗੱਲੇ, ਰਣ ਭੂਮੀ ਵਿਚ ਜਾ ਕੇ ਤੂੰ ਵੀ ਵੈਰੀ ਲਲਕਾਰ। ਤੇਰੇ ਦੁਸ਼ਮਣਾਂ ਹੈ ਕੀਤਾ, ਭਾਵੇਂ ਆਪੋ ਵਿਚ ਏਕਾ, ਇੱਕ ਵਾਰ ਤਾਂ ਵੰਗਾਰ, ਹੋਵੇ ਜਿੱਤ ਭਾਵੇਂ ਹਾਰ।
ਗ਼ਜ਼ਲ
ਵਰਜ ਨਾ, ਕਿਓਂ ਆਖਦੈਂ, ਬੱਚੇ, ਖਿਡੌਣੇ ਤੋੜ ਨਾ। ਇਸ ਤਰ੍ਹਾਂ ਹੀ ਸਿੱਖਣੈ, ਇਨ੍ਹਾਂ ਨੇ ਸਭ ਕੁਝ ਜੋੜਨਾ। ਬੁਝ ਗਈ ਏ ਲਾਟ ਤਾਂ ਤੂੰ ਤੇਲ ਬੱਤੀ ਸੀਖ ਫੇਰ, ਦੀਵਿਆਂ ਤੇ ਕਿਉਂ ਖ਼ਫ਼ਾ ਏਂ, ਮਾਰ ਭੁੰਜੇ ਫੋੜ ਨਾ। ਤੂੰ ਸ਼ਿਕਾਰੀ ਜਾਲ ਪਾਵੇਂ, ਵਿਚ ਪਿੰਜਰੇ ਚੋਗ ਵੀ, ਮੈਂ ਪਰਿੰਦੇ ਨੂੰ ਸਿਖਾਵਾਂ, ਜਾਲ ਕਿੱਦਾਂ ਤੋੜਨਾ। ਤੂੰ ਸਦਾ ਬਿਫ਼ਰੇ ਸਮੁੰਦਰ ਵਾਂਗ ਆਉਨੈਂ, ਮੌਤ ਬਣ, ਜ਼ਿੰਦਗੀ ਮੈਨੂੰ ਸਿਖਾਇਐ, ਤੇਰੀ ਭਾਜੀ ਮੋੜਨਾ। ਬਲ ਰਹੀ ਚੁੱਲ੍ਹੇ 'ਚ ਭਾਵੇਂ, ਜਾਂ ਬਲ੍ਹੇ ਸ਼ਮਸ਼ਾਨ ਵਿਚ, ਅਗਨ ਪੂਜਣਯੋਗ ਦੇ ਤੂੰ, ਅਰਥ ਐਵੇਂ ਤੋੜ ਨਾ। ਜਕੜਿਆ ਕੁਰਸੀ ’ਚ ਬੰਦਾ, ਤਰਸਦੈ ਅੰਬਰ ਲਈ, ਉੱਡਣੇ ਪੰਛੀ ਨੂੰ ਪੈਂਦੀ, ਪੌੜੀਆਂ ਦੀ ਲੋੜ ਨਾ। ਸੱਚ ਦੀ ਹੱਟੀ ਤੋਂ ਸੌਦਾ ਲੈਣ ਵਾਲੇ ਤੁਰ ਗਏ, ਕੱਚ ਦੀ ਮੰਡੀ 'ਚ ਅੱਜਕੱਲ੍ਹ, ਗਾਹਕਾਂ ਦੀ ਥੋੜ ਨਾ। ਠੀਕ ਹੈ ਗਹਿਰਾ ਗੰਭੀਰਾ ਜੀਣ ਦਾ ਅੰਦਾਜ਼, ਪਰ, ਮੁਸਕਣੀ ਨੂੰ ਹੋਠਾਂ ਉੱਤੇ, ਆਉਣ ਤੋਂ ਤੂੰ ਹੋੜ ਨਾ।
ਗ਼ਜ਼ਲ
ਮੇਰਾ ਸੂਰਜ ਹਨੇਰ੍ਹਾ ਖਾ ਰਿਹਾ ਹੈ। ਫ਼ਿਜ਼ਾ 'ਚੋਂ ਨਿੱਘ ਖੁਰਦਾ ਜਾ ਰਿਹਾ ਹੈ। ਸ਼ਹਿਰ ਵਿਚ ਲੱਗ ਰਿਹਾ ਆਰੇ ਤੇ ਆਰਾ, ਅਜੇ ਵੀ ਪਿੰਡ ਨਿੰਮਾਂ ਲਾ ਰਿਹਾ ਹੈ। ਨਦੀ ਦੇ ਨੀਰ ਨੂੰ ਮੁੱਠੀ ’ਚ ਕਰਕੇ, ਕੋਈ ਫ਼ਸਲਾਂ ਨੂੰ ਸੁੱਕਣੇ ਪਾ ਰਿਹਾ ਹੈ। ਤੇਰੀ ਸ਼ਹਿਰੀ ਹਵਾ ਦਾ ਜ਼ਹਿਰ ਕੈਸਾ, ਮੇਰੇ ’ਚੋਂ ਪਿੰਡ ਮਰਦਾ ਜਾ ਰਿਹਾ ਹੈ। ਇਸੇ ਨੇ ਚੱਬ ਜਾਣੀ ‘ਧਰਤ' ਸਾਡੀ, ਇਹ ਜੋ ‘ਸੰਸਾਰ’ ਤੁਰਿਆ ਆ ਰਿਹਾ ਹੈ। ਇਹ ਬਲਦੀ ਅੱਗ ਨਾ ਬੁੱਝੇ , ਸੰਭਾਲੋ, ਕੋਈ ਭੱਠੀ ਤੇ ਪਾਣੀ ਪਾ ਰਿਹਾ ਹੈ। ਮਲਾਹੋ ! ਵਰਤਿਓ ਹੁਣ ਸਾਵਧਾਨੀ, ਸਮੁੰਦਰ ਫੇਰ ਖੌਰੂ ਪਾ ਰਿਹਾ ਹੈ। ਗੁਆਚੇ ਮਾਣ ਨਾ ਧਰਤੀ ਦਾ ਪੁੱਤਰੋ, ਸੁਣੋ! ਦਰਵੇਸ਼ ਇਹ ਕੀ ਗਾ ਰਿਹਾ ਹੈ?
ਗ਼ਜ਼ਲ
(ਦੇਬੀ ਮਖਸੂਸਪੁਰੀ ਦੇ ਨਾਂ) ਤੇਰੇ ਹੱਥ ਮੇਰੀ ਡੋਰ, ਰੱਖੀਂ ਖਿੱਚ ਕੇ ਤਣਾਵਾਂ। ਮਤਾਂ ਅੰਬਰਾਂ 'ਚ ਉੱਡਦਾ ਜ਼ਮੀਨ ਭੁੱਲ ਜਾਵਾਂ। ਤੇਰੇ ਕੋਲ ਬਹਿ ਕੇ ਉੱਡੂੰ-ਉੱਡੂੰ ਕਰੇ ਚਿੱਤ ਮੇਰਾ, ਜੀਕੂੰ ਗੋਦੀ 'ਚ ਬਿਠਾ ਕੇ ਦੇਣ ਲੋਰੀਆਂ ਹਵਾਵਾਂ। ਜਦੋਂ ਅੱਧੀ-ਅੱਧੀ ਰਾਤੀਂ ਕਿਤੇ ਬੋਲਦੀ ਚਕੋਰ, ਚਿੱਤ ਕਰੇ ਮੈਂ ਵੀ ਸੁੱਤੀ ਪਈ ਚਾਨਣੀ ਜਗਾਵਾਂ। ਉਦੋਂ ਹੋ ਜੇ ਮੇਰੀ ਬੱਸ, ਹੋਵਾਂ ਵੱਸ ਤੋਂ ਬੇਵੱਸ, ਜਦੋਂ ਫੜਿਆ ਨਾ ਜਾਵੇ ਮੈਥੋਂ ਤੇਰਾ ਪਰਛਾਵਾਂ। ਦੇ ਦੇ ਇਕੋ ਧਰਵਾਸ, ਰੱਖੀਂ ਸਾਹਾਂ ’ਚ ਨਿਵਾਸ, ਤੇਰੀ ਖ਼ੁਸ਼ਬੂ ਨੂੰ ਮਨ ਦੇ ਮੈਂ ਅੰਦਰ ਵਸਾਵਾਂ। ਇਸ ਮੰਡੀ ਵਿਚ ਪਿਆਰ ਵੀ ਹੈ ਬਣਿਆ ਵਪਾਰ, ਤੂੰ ਹੀ ਪੜ੍ਹਿਆ ਏ ਪਹਿਲੀ ਵਾਰੀ ਰੂਹ ਦਾ ਸਿਰਨਾਵਾਂ।
ਗ਼ਜ਼ਲ
ਵਗਦੇ ਪਾਣੀ ਨਾਲ ਅਜ਼ਲ ਤੋਂ ਸਾਡੀ ਗੂੜ੍ਹੀ ਯਾਰੀ ਹੈ। ਸਾਨੂੰ ਤੁਰਨ ਸਿਖਾਇਆ ਇਸ ਨੇ, ਦੱਸਿਆ ਲਾਉਣਾ ਤਾਰੀ ਹੈ। ਮਰ ਚੁੱਕੇ ਦਰਿਆਵਾਂ ਨੂੰ ਬਸ ਆਪਣੀ ਕਥਾ ਸੁਣਾਉਣੀ ਸੀ, ਮੈਂ ਤਾਂ ਸਿਰਫ਼ ਸਮੁੰਦਰ ਅੰਦਰ ਛਾਲ ਏਸ ਲਈ ਮਾਰੀ ਹੈ। ਗਰਮੀ ਖਾਂਦਾ, ਰੂਪ ਬਦਲਦਾ, ਅੰਬਰ ਵੱਲ ਤੁਰ ਜਾਂਦਾ ਹੈ, ਬੱਦਲ ਬਣ ਕੇ ਵਰ੍ਹੇ ਸਮੁੰਦਰ, ਫਿਰ ਵੀ ਧਰਤੀ ਪਿਆਰੀ ਹੈ। ਇਸ ਦੀ ਬੁੱਕਲ ਦੇ ਵਿਚ ਰੀਝਾਂ, ਸੁਪਨ ਪਰਿੰਦੇ ਦਫ਼ਨ ਪਏ, ਘੋਗੇ ਸਿੱਪੀਆਂ ਅੰਦਰ ਜੀਵਨ, ਕੈਸਾ ਅਜਬ ਸ਼ਿਕਾਰੀ ਹੈ। ਖੁੱਲ੍ਹੀਆਂ ਅੱਖਾਂ ਨਾਲ ਨਿਰੰਤਰ, ਵੇਖੀਂ ਜ਼ਰਾ ਸਮੁੰਦਰ ਨੂੰ, ਸਮਝ ਲਵੇਂਗਾ ਲਹਿਰਾਂ ਅੰਦਰ, ਹੁੰਦੀ ਅਜਬ ਉਡਾਰੀ ਹੈ। ਆਦਮ ਬੋ, ਆਦਮ ਬੋ ਕਰਦਾ, ਚੀਰੀ ਜਾਵੇ ਰੋਜ਼ ਗਲੋਬ, ਨਵੀਂ ਸਦੀ ਦਾ ਅਜਬ ਕੋਲੰਬਸ, ਹੱਥ ਵਿਚ ਜਿਸਦੇ ਆਰੀ ਹੈ। ਤਲਖ਼ ਸਮੁੰਦਰ ਕਰੇ ਤਬਾਹੀ, ਸਮਝ ਰਤਾ ਅਮਰੀਕ ਸਿਹਾਂ, ਅਸਲਾ ਚੁੱਕ ਕੇ ਤੁਰਿਆ ਫਿਰਨਾ, ਕਿੱਧਰਲੀ ਸਰਦਾਰੀ ਹੈ।
ਗ਼ਜ਼ਲ
ਅੱਖ ਤੇ ਅੱਥਰੂ ਜੀਕਣ ਕੱਠੇ, ਵੱਖਰੇ ਨਹੀਉਂ ਕਰ ਹੁੰਦੇ ਨੇ। ਟਾਹਣੀ ਨਾਲੋਂ ਟੁੱਟੇ ਫੁੱਲ ਤੋਂ, ਸਦਮੇ ਵੀ ਨਾ ਜਰ ਹੁੰਦੇ ਨੇ। ਤੂੰ ਮੇਰੀ ਉਂਗਲੀ ਨਾ ਛੱਡੀਂ, ਦੇਂਦਾ ਰਹੀਂ ਹਮੇਸ਼ ਹੁੰਗਾਰਾ, ਨੈਣਾਂ ਵਿਚਲੇ ਤਲਖ਼ ਸਮੁੰਦਰ, ਕੱਲਿਆਂ ਕਿੱਥੇ ਤਰ ਹੁੰਦੇ ਨੇ। ਤੋੜ ਕੇ ਜਿਸਮਾਂ ਦੀ ਵਲਗਣ ਨੂੰ, ਰੂਹ ਦੇ ਨੇੜੇ ਬੈਠ ਜ਼ਰਾ ਤੂੰ, ਕਿਲ੍ਹੇ ਮੁਹੱਬਤ ਵਾਲੇ ਸੱਜਣਾ, ਏਸ ਤਰ੍ਹਾਂ ਹੀ ਸਰ ਹੁੰਦੇ ਨੇ। ਉੱਛਲ ਕੇ ਬਰਬਾਦ ਕਰੇਂ, ਦਰਿਆਵਾ! ਰੋੜ੍ਹੇਂ ਫ਼ਸਲਾਂ ਨੂੰ ਵੀ, ਕੌਣ ਭਲਾ ਸਮਝਾਵੇ ਤੈਨੂੰ, ਮਿੱਟੀ ਦੇ ਵੀ ਘਰ ਹੁੰਦੇ ਨੇ। ਬੜ੍ਹਕਾਂ ਮਾਰਨ ਵਾਲੇ ਬੰਦੇ, ਹੁੰਦੇ ਨਹੀਂ ਦਲੇਰ ਕਦੇ ਵੀ, ਏਹੋ ਜਹੇ ਮਨ ਅੰਦਰ ਬੈਠੇ, ਵੰਨ ਸੁਵੰਨੇ ਡਰ ਹੁੰਦੇ ਨੇ। ਹੱਕ ਸੱਚ ਇਨਸਾਫ਼ ਦੀ ਪਹਿਰੇਦਾਰੀ ਕਰਨਾ ਸਹਿਲ ਨਹੀਂ ਹੈ, ਲੱਖ ਲੋਕਾਂ ਦੀ ਭੀੜ ਦੇ ਅੰਦਰ, ਵਿਰਲੇ ਬੰਦੇ ਨਰ ਹੁੰਦੇ ਨੇ। ਤਨ ਦੀ ਸ਼ਕਤੀ, ਮਨ ਦਾ ਨਿਸ਼ਚਾ, ਸੱਤ ਸਮੁੰਦਰ ਤਰ ਜਾਂਦਾ ਹੈ, ਪੈਰਾਂ ਥੱਲੇ ਧਰਤੀ ਹੋਵੇ, ਤਾਂ ਹੀ ਪੈਂਡੇ ਕਰ ਹੁੰਦੇ ਨੇ। ਨੋਚ ਕੇ ਮੇਰੇ ਖੰਭਾਂ ਨੂੰ ਤੂੰ ਸਮਝ ਲਿਆ ਮੈਂ ਹਾਰ ਗਿਆ ਹਾਂ, ਅੰਬਰ ਤੀਕ ਉਡਾਰੀ ਲਾਉਂਦੇ, ਖ਼ਵਾਬਾਂ ਦੇ ਵੀ ਪਰ ਹੁੰਦੇ ਨੇ। ਹੁਣ ਦੇ ਪਲ ਨੇ ਫਿਰ ਨਹੀਂ ਆਉਣਾ, ਮੇਰੇ ਵੱਲੇ ਪਿੱਠ ਨਾ ਕਰ ਤੂੰ, ਏਸ ਤਰ੍ਹਾਂ ਦੇ ਘਾਟੇ ਬੀਬਾ, ਮਗਰੋਂ ਕਿੱਥੇ ਭਰ ਹੁੰਦੇ ਨੇ।
ਗ਼ਜ਼ਲ
ਜਿਹੜੇ ਬੰਦੇ ਜਿੰਨਾ ਮਗਰੂਰ ਹੁੰਦੇ ਨੇ। ਜ਼ਿੰਦਗੀ ਤੋਂ ਓਹੀ ਓਨਾ ਦੂਰ ਹੁੰਦੇ ਨੇ। ਹਊਮੈਂ ਦੇ ਚੁਫ਼ੇਰ ਤੁਰੇ ਰਹਿਣ ਦਿਨ ਰਾਤ, ਓਹੀ ਲੋਕ ਥੱਕ ਥੱਕ ਚੂਰ ਹੁੰਦੇ ਨੇ। ਜਿੰਨ੍ਹਾਂ ਦਾ ਨਿਸ਼ਾਨਾ ਨੀਤੀ, ਸ਼ੀਸ਼ੇ ਵਾਂਗ ਸਾਫ਼, ਮੰਜ਼ਲਾਂ ਤੇ ਪਹੁੰਚਦੇ ਜ਼ਰੂਰ ਹੁੰਦੇ ਨੇ। ਸੁਪਨੇ ਨੂੰ ਐਵੇਂ ਹੀ ਨਾ ਸਮਝੋ ਜਨਾਬ, ਫ਼ਲੋਂ ਪਹਿਲਾਂ ਟਾਹਣੀਆਂ ਤੇ ਬੂਰ ਹੁੰਦੇ ਨੇ । ਮਾਘ ਦੇ ਮਹੀਨੇ ਸੁੱਕੀ ਵੇਲ ਨਾ ਗਿਣੋ , ਇਹਦੀ ਗੋਦੀ ਚੇਤਰੀਂ ਅੰਗੂਰ ਹੁੰਦੇ ਨੇ। ਨੇਰ੍ਹੀਆਂ ਤੂਫ਼ਾਨਾਂ 'ਚ ਵੀ ਰਹਿੰਦੇ ਨੇ ਅਡੋਲ, ਜਿਹੜੇ ਲੋਕ ਚਿੱਤੋਂ ਭਰਪੂਰ ਹੁੰਦੇ ਨੇ। ਜਾਨ ਤੋਂ ਪਿਆਰੇ ਜਦੋਂ ਜਾਂਦੇ ਅੱਖਾਂ ਫੇਰ, ਐਸੇ ਘਾਟੇ ਫੇਰ ਕਿੱਥੋਂ ਪੂਰ ਹੁੰਦੇ ਨੇ।
ਗ਼ਜ਼ਲ
ਲੜਨਾ ਹੁੰਦੈ ਸੌਖਾ ਯਾਰੋ, ਜੰਗਲ ਚਾਰ ਚੁਫੇਰੇ ਨਾਲ਼। ਸਭ ਤੋਂ ਔਖਾ ਹੁੰਦੈ ਲੜਨਾ, ਆਪਣੇ ਮਨ ਦੇ ਨੇਰ੍ਹੇ ਨਾਲ਼। ਆਪਣੇ ਨਾਲ ਵਿਚਾਰ ਕਦੇ ਮੈਂ, ਇੱਕ ਪਲ ਸਾਂਝਾ ਕੀਤਾ ਨਹੀਂ, ਚੌਵੀ ਘੰਟੇ ਚੱਲਦਾ ਰਹਿੰਦਾ, ਸਾਰੀਆਂ ਚਾਲਾਂ ਤੇਰੇ ਨਾਲ਼। ਆਪੇ ਚਾਰ ਦੀਵਾਰੀ ਘੜਦਾਂ, ਕਰਦਾਂ ਡਰ ਦਾ ਮਾਰਾ ਕੀਹ, ਮਨ ਦਾ ਮਣਕਾ ਫਿਰਦਾ ਹੀ ਨਹੀਂ, ਲੱਖਾਂ ਮਾਲਾਂ ਫੇਰੇ ਨਾਲ਼। ਸੁਪਨਾ ਦੁਨੀਆਂ ਜਿੱਤਣ ਦਾ ਪਰ ਇਕ ਨੁਕਤੇ ਤੇ ਸਿਮਟ ਗਿਆਂ, ਲੜਨਾ ਭੁੱਲ ਗਿਆ ਸਾਂ ਪਹਿਲਾਂ ਅਣਦਿਸਦੇ ਜਹੇ ਘੇਰੇ ਨਾਲ਼! ਆਰੀ ਤੇਜ਼, ਕੁਹਾੜਾ ਤਿੱਖਾ, ਸਭ ਨੀਅਤਾਂ ਬਦਨੀਤ ਕਿਓਂ, ਸਭ ਰੁੱਖਾਂ ਨੇ ਕੱਠਿਆਂ ਹੋ ਕੇ, ਸ਼ਿਕਵਾ ਕੀਤਾ ਮੇਰੇ ਨਾਲ਼ । ਧਰਤੀ ਦੀ ਹਰਿਔਲ ਉਦਾਸੀ, ਸੁੱਕ ਰਹੇ ਬਿਰਖ਼ ਬਰੂਟੇ ਵੀ, ਇਨ੍ਹਾਂ ਵਿਚ ਨਹੀਂ ਜਿੰਦ ਧੜਕਣੀ, ਫੋਕੇ ਹੰਝੂ ਕੇਰੇ ਨਾਲ। ਉੱਠੋ ਜਾਗੋ, ਨੀਂਦ ਤਿਆਗੋ, ਧਰਤੀ-ਪੁੱਤਰੋ ਕਰਮ ਕਰੋ, ਮੰਜ਼ਿਲ ਤੇ ਵਿਸ਼ਵਾਸ ਪੁਚਾਵੇ, ਪਰ ਜੇ ਕਰੀਏ ਜੇਰੇ ਨਾਲ।
ਗ਼ਜ਼ਲ
ਜ਼ਿੰਦਗੀ ਨਾ ਰੰਗਾਂ ਦੀ ਗੁਲਾਮ ਮੇਰੇ ਮਿੱਤਰਾ ਓ, ਜ਼ਿੰਦਗੀ ਨਾ ਰੰਗਾਂ ਦੀ ਗੁਲਾਮ। ਕਿਸੇ ਨੂੰ ਸਵੇਰ ਪਹਿਰ ਨੇਰ੍ਹ ਚੰਗਾ ਲੱਗਦਾ ਏ, ਕਿਸੇ ਨੂੰ ਸੰਧੂਰੀ ਹੋਈ ਸ਼ਾਮ। ਕੱਚਿਆਂ ਬਨੇਰਿਆਂ ਨੂੰ ਪੋਚ ਪੋਚ ਰੱਖਦੇ ਹਾਂ, ਜਿਥੇ ਬਹਿੰਦੇ ਘੁੱਗੀਆਂ ਤੇ ਮੋਰ, ਪੱਕਿਆਂ ਮਕਾਨਾਂ ਵਾਲੇ ਕੱਚ ਟੋਟੇ ਗੱਡਦੇ ਨੇ, ਪੰਛੀ ਕਿੱਥੇ ਕਰਨ ਆਰਾਮ? ਚਿਹਰੇ ਨੂੰ ਸ਼ਿੰਗਾਰਦੇ ਹਾਂ, ਸ਼ੀਸ਼ੇ ਨੂੰ ਨਿਹਾਰਦੇ ਹਾਂ, ਦਿਨ ਵਿਚ ਕਈ-ਕਈ ਵਾਰ, ਇਹਦੇ ਵਿਚੋਂ ਲੱਭਦੇ ਹਾਂ, ਗੁੰਮੇ ਹੋਏ ਮੁਹਾਂਦਰੇ ਨੂੰ, ਲੈ ਕੇ ਸਦਾ ਵੱਖ-ਵੱਖ ਨਾਮ। ਜਿੰਨ੍ਹਾਂ ਕਦੇ ਜ਼ਿੰਦਗੀ 'ਚ ਨੇਰ੍ਹ ਕਦੇ ਵੇਖਿਆ ਨਾ, ਚੰਨ ਦੀ ਕੀ ਉਨ੍ਹਾਂ ਨੂੰ ਪਛਾਣ, ਨੇਰ੍ਹੇ ਦੀ ਕਿਤਾਬ ਹੀ ਸਿਖਾਵੇ ਤੇ ਪੜ੍ਹਾਵੇ ਸਾਨੂੰ ਰਾਵਣਾਂ ਨੂੰ ਮਾਰੇ ਕਿਵੇਂ ਰਾਮ। ਜ਼ਿੰਦਗੀ ਦੇ ਰਣ ਵਿਚ ਜੂਝਦੇ ਜੁਝਾਰ ਸਦਾ, ਸਦੀਆਂ ਦੀ ਰੀਤ ਨੂੰ ਤੂੰ ਜਾਣ, ਮਨ ਵਾਲੀ ਨਗਰੀ ’ਚ ਚਾਨਣੇ ਦਾ ਵਾਸ ਰੱਖ, ਦੂਰੋਂ ਕਰ ’ਨੇਰ੍ਹ ਨੂੰ ਸਲਾਮ। ਜਾਮਨੀ, ਗੁਲਾਬੀ, ਨੀਲੇ, ਪੀਲੇ ਤੇ ਬਲੰਭਰੀ ਜੋ, ਲਾਲੀ ਦਾ ਪਸਾਰ ਬੇਸ਼ੁਮਾਰ, ਰੰਗਾਂ ਦੀ ਸਲਾਮਤੀ ਲਈ ਜਾਗੀਏ ਜਗਾਈਏ ਲੋਕ, ਹੋਏ ਪ੍ਰਮਾਣੂ ਬੇਲਗਾਮ।
ਗ਼ਜ਼ਲ
ਤਾਰੇ ਵੀ ਤਾਂ ਮਰਦੇ ਨੇ । ਅੰਬਰ ਖ਼ਾਲੀ ਕਰਦੇ ਨੇ। ਫੁੱਲ ਨੇ ਜੋ ਕਿਆਰੀ ਵਿਚ, ਇਹ ਤਾਂ ਮੇਰੇ ਘਰ ਦੇ ਨੇ। ਮਿੱਟੀ ਦਾ ਭਗਵਾਨ ਬਣਾ, ਆਪੇ ਲੋਕੀਂ ਡਰਦੇ ਨੇ । ਅੰਦਰਲੀ ਚੁੱਪ ਮਾਰਨ ਲਈ, ਠੰਢੇ ਹਾਉਕੇ ਭਰਦੇ ਨੇ। ਰੇਤੇ ਦੀ ਆਵਾਜ਼ ਸੁਣੋ, ਪੱਥਰ ਵੀ ਤਾਂ ਖ਼ਰਦੇ ਨੇ। ਜਿਹੜੇ ਲੋਕੀ ਜੰਮਦੇ ਨੇ, ਉਹੀ ਆਖ਼ਰ ਮਰਦੇ ਨੇ। ਕਰਾਮਾਤ ਵਿਗਿਆਨਾਂ ਦੀ, ਡੁੱਬਦੇ ਪੱਥਰ ਤਰਦੇ ਨੇ।
ਗ਼ਜ਼ਲ
ਕੁੱਖ਼ ਵਿਚ ਨਾ ਤੂੰ ਮਾਰ ਬਾਬਲਾ। ਕਰ ਨਾ ਅੱਤਿਆਚਾਰ ਬਾਬਲਾ। ਮਾਂ ਦੇ ਸਿਰ ਦੀ ਚੁੰਨੀ ਹਾਂ ਮੈਂ, ਤੇਰੀ ਵੀ ਦਸਤਾਰ ਬਾਬਲਾ। ਦੱਸ ਬਗੀਚੇ ਵਿਚ ਕੀ ਹੁੰਦੈ ? ਇਕ ਤਿੱਤਲੀ ਦਾ ਭਾਰ ਬਾਬਲਾ। ਨਾ ਤੋੜੀਂ ਨਾ ਤੋੜੀਂ, ਵੇਖੀਂ, ਮੈਂ ਜੀਵਨ ਦੀ ਤਾਰ ਬਾਬਲਾ। ਤੇਰੀਆਂ ਸੱਤੇ ਖੈਰਾਂ ਮੰਗਦੀ, ਸਭ ਕੂੰਜਾਂ ਦੀ ਡਾਰ ਬਾਬਲਾ। ਖ਼ੁਸ਼ਬੋਈ ਬਿਨ ਫੁੱਲ ਵੀ ਮੰਨਦੇ, ਰੰਗਾਂ ਦਾ ਵੀ ਭਾਰ ਬਾਬਲਾ। ਮੈਂ ਵੀ ਤੇਰੀ ਕੁਲ ਦਾ ਚਾਨਣ, ਕਿਉਂ ਸਮਝੇਂ ਤੂੰ ਭਾਰ ਬਾਬਲਾ। ਮੈਂ ਤੇਰੇ ਤੋਂ ਕੁਝ ਨਾ ਮੰਗਾਂ, ਲੈ ਬਾਹਾਂ ਵਿਚਕਾਰ ਬਾਬਲਾ।