ਸਆਦਤ ਹਸਨ ਮੰਟੋ
ਸਆਦਤ ਹਸਨ ਮੰਟੋ (੧੧ ਮਈ ੧੯੧੨–੧੮ ਜਨਵਰੀ ੧੯੫੫) ਦਾ ਜਨਮ ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਪਪੜੌਦੀ (ਸਮਰਾਲਾ ਨੇੜੇ) ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਗ਼ੁਲਾਮ ਹਸਨ ਮੰਟੋ ਕਸ਼ਮੀਰੀ ਸਨ। ਮੰਟੋ ਦੇ ਜਨਮ ਤੋਂ ਜਲਦ ਬਾਅਦ ਉਹ ਅੰਮ੍ਰਿਤਸਰ ਚਲੇ ਗਏ ।ਮੰਟੋ ਦੀ ਮੁੱਢਲੀ ਪੜ੍ਹਾਈ ਘਰ ਵਿਖੇ ਹੀ ਹੋਈ ।੧੯੩੧ ਵਿੱਚ ਉਨ੍ਹਾਂ ਮੈਟ੍ਰਿਕ ਪਾਸ ਕੀਤੀ ਅਤੇ ਉਸ ਤੋਂ ਬਾਅਦ ਹਿੰਦੂ ਸਭਾ ਕਾਲਜ ਵਿੱਚ ਐਫ਼ ਏ ਵਿੱਚ ਦਾਖਲਾ ਲਿਆ। ਉਹ ਉੱਘੇ ਉਰਦੂ ਕਹਾਣੀਕਾਰ ਸਨ। ਉਨ੍ਹਾਂ ਦੀਆਂ ਸ਼ਾਹਕਾਰ ਕਹਾਣੀਆਂ ਹਨ; ਟੋਭਾ ਟੇਕ ਸਿੰਘ, ਬੂ, ਠੰਡਾ ਗੋਸ਼ਤ, ਖੋਲ੍ਹ ਦੋ । ਮੰਟੋ ਦੇ ਬਾਈ ਨਿੱਕੀ ਕਹਾਣੀ ਸੰਗ੍ਰਹਿ, ਪੰਜ ਰੇਡੀਓ ਨਾਟਕ ਸੰਗ੍ਰਹਿ, ਇੱਕ ਨਾਵਲ, ਤਿੰਨ ਨਿੱਜੀ ਸਕੈੱਚ ਸੰਗ੍ਰਹਿ ਅਤੇ ਤਿੰਨ ਲੇਖ ਸੰਗ੍ਰਹਿ ਛਪੇ ਹਨ। ਜਲ੍ਹਿਆਂਵਾਲਾ ਬਾਗ਼ ਹੱਤਿਆਕਾਂਡ ਦੀ ਮੰਟੋ ਦੇ ਮਨ ਤੇ ਗਹਿਰੀ ਛਾਪ ਸੀ। ਇਸ ਨੂੰ ਲੈ ਕੇ ਹੀ ਮੰਟੋ ਨੇ ਆਪਣੀ ਪਹਿਲੀ ਕਹਾਣੀ 'ਤਮਾਸ਼ਾ' ਲਿਖੀ ਸੀ । ਉਨ੍ਹਾਂ ਦੀਆਂ ਰਚਨਾਵਾਂ ਹਨ: ਆਤਿਸ਼ਪਾਰੇ, ਮੰਟੋ ਕੇ ਅਫ਼ਸਾਨੇ, ਧੂੰਆਂ, ਅਫ਼ਸਾਨੇ ਔਰ ਡਰਾਮੇ, ਲਜ਼ਤ-ਏ-ਸੰਗ, ਸਿਆਹ ਹਾਸ਼ੀਏ, ਬਾਦਸ਼ਾਹਤ ਕਾ ਖਾਤਮਾ, ਖਾਲੀ ਬੋਤਲੇਂ, ਲਾਊਡ ਸਪੀਕਰ (ਸਕੈਚ), ਗੰਜੇ ਫ਼ਰਿਸ਼ਤੇ (ਸਕੈਚ), ਮੰਟੋ ਕੇ ਮਜ਼ਾਮੀਨ, ਨਿਮਰੂਦ ਕੀ ਖ਼ੁਦਾਈ, ਠੰਡਾ ਗੋਸ਼ਤ, ਯਾਜਿਦ, ਪਰਦੇ ਕੇ ਪੀਛੇ, ਸੜਕ ਕੇ ਕਿਨਾਰੇ, ਬਗੈਰ ਉਨਵਾਨ ਕੇ, ਬਗੈਰ ਇਜਾਜ਼ਤ, ਬੁਰਕੇ, ਫੂੰਦੇ, ਸਰਕੰਡੋਂ ਕੇ ਪੀਛੇ, ਸ਼ੈਤਾਨ, ਸ਼ਿਕਾਰੀ ਔਰਤੇਂ, ਰੱਤੀ,ਮਾਸ਼ਾ,ਤੋਲਾ, ਕਾਲੀ ਸ਼ਲਵਾਰ, ਮੰਟੋ ਕੀ ਬੇਹਤਰੀਨ ਕਹਾਣੀਆਂ ।