Punjabi Stories/Kahanian
ਸਆਦਤ ਹਸਨ ਮੰਟੋ
Saadat Hasan Manto
 Punjabi Kahani
Punjabi Kavita
  

Minni Stories Saadat Hasan Manto

ਮਿੰਨ੍ਹੀ ਕਹਾਣੀਆਂ ਸਆਦਤ ਹਸਨ ਮੰਟੋ

1. ਬੇਖ਼ਬਰੀ ਦਾ ਫਾਇਦਾ

ਘੋੜਾ ਦੱਬਿਆਂ ਪਿਸਤੌਲ ਵਿੱਚੋਂ ਝੁੰਝਲਾ ਕੇ ਗੋਲ਼ੀ ਬਾਹਰ ਨਿੱਕਲ਼ੀ। ਖਿੜਕੀ ਵਿੱਚੋਂ ਬਾਹਰ ਨਿੱਕਲਣ ਵਾਲ਼ਾ ਆਦਮੀ ਉੱਥੇ ਹੀ ਦੂਹਰਾ ਹੋ ਗਿਆ।
ਘੋੜਾ ਥੋੜ੍ਹੀ ਦੇਰ ਬਾਅਦ ਫਿਰ ਦੱਬਿਆ – ਦੂਜੀ ਗੋਲ਼ੀ ਮਚਲਦੀ ਹੋਈ ਬਾਹਰ ਨਿੱਕਲ਼ੀ। ਸੜਕ ਉੱਤੇ ਮਸ਼ਕੀ ਦੀ ਮਸ਼ਕ ਫਟੀ, ਉਹ ਮੂਧੇ ਮੂੰਹ ਡਿੱਗਿਆ ਅਤੇ ਉਹਦਾ ਖੂਨ ਮਸ਼ਕ ਦੇ ਪਾਣੀ ਵਿੱਚ ਘੁਲ਼ ਕੇ ਵਹਿਣ ਲੱਗਾ।
ਘੋੜਾ ਤੀਜੀ ਵਾਰ ਦੱਬਿਆ – ਨਿਸ਼ਾਨਾ ਖੁੰਝ ਗਿਆ, ਗੋਲ਼ੀ ਕੰਧ ਵਿੱਚ ਦਫਫ਼ਨ ਹੋ ਗਈ।
ਚੌਥੀ ਗੋਲ਼ੀ ਇੱਕ ਬੁੱਢੀ ਦੀ ਪਿੱਠ ਵਿੱਚ ਲੱਗੀ, ਉਹ ਚੀਕ ਵੀ ਨਾ ਸਕੀ ਅਤੇ ਉੱਥੇ ਹੀ ਢੇਰ ਹੋ ਗਈ।
ਪੰਜਵੀਂ ਅਤੇ ਛੇਵੀਂ ਗੋਲ਼ੀ ਬੇਕਾਰ ਗਈ, ਨਾ ਕੋਈ ਮਰਿਆ, ਨਾ ਜਖ਼ਮੀ ਹੋਇਆ।
ਗੋਲ਼ੀਆਂ ਚਲਾਉਣ ਵਾਲ਼ਾ ਹੈਰਾਨ ਹੋ ਗਿਆ।
ਅਚਾਨਕ ਸੜਕ ਉੱਤੇ ਇੱਕ ਛੋਟਾ ਜਿਹਾ ਬੱਚਾ ਦੌੜਦਾ ਹੋਇਆ ਦਿਖਾਈ ਦਿੱਤਾ। ਗੋਲ਼ੀਆਂ ਚਲਾਉਣ ਵਾਲ਼ੇ ਨੇ ਪਿਸਤੌਲ ਦਾ ਮੂੰਹ ਉਸ ਵੱਲ ਕੀਤਾ। ਉਸਦੇ ਸਾਥੀ ਨੇ ਕਿਹਾ – "ਇਹ ਕੀ ਕਰਦੈਂ?"
ਗੋਲ਼ੀਆਂ ਚਲਾਉਣ ਵਾਲ਼ੇ ਨੇ ਪੁੱਛਿਆ, "ਕਿਉਂ?"
"ਗੋਲ਼ੀਆਂ ਤਾਂ ਖਤਮ ਹੋ ਚੁੱਕੀਆਂ ਨੇ।"
"ਤੂੰ ਚੁੱਪ ਰਹਿ[ ਨਿੱਕੇ ਜਿਹੇ ਬੱਚੇ ਨੂੰ ਕੀ ਪਤਾ?"

2. ਹਲਾਲ ਅਤੇ ਝਟਕਾ

"ਮੈਂ ਉਹਦੇ ਗਲ਼ੇ 'ਤੇ ਚਾਕੂ ਰੱਖਿਆ, ਹੌਲ਼ੀ-ਹੌਲ਼ੀ ਫੇਰਿਆ ਤੇ ਉਹਨੂੰ ਹਲਾਲ ਕਰ ਦਿੱਤਾ।"
"ਇਹ ਤੂੰ ਕੀ ਕੀਤਾ?"
"ਕਿਉਂ?"
"ਉਹਨੂੰ ਹਲਾਲ ਕਿਉਂ ਕੀਤਾ?"
"ਸੁਆਦ ਆਉਂਦਾ ਹੈ, ਇਸ ਤਰ੍ਹਾਂ ਕਰਨ 'ਚ"
"ਮਜ਼ਾ ਆਉਂਦਾ ਹੈ ਦੇ ਬੱਚਿਆ… ਤੈਨੂੰ ਝਟਕਾਉਣਾ ਚਾਹੀਦਾ ਸੀ… ਇਸ ਤਰ੍ਹਾਂ।"
ਅਤੇ ਹਲਾਲ ਕਰਨ ਵਾਲ਼ੇ ਦੀ ਗਰਦਨ ਝਟਕਾ ਦਿੱਤੀ ਗਈ।

3. ਕਰਾਮਾਤ

ਲੁੱਟਿਆ ਹੋਇਆ ਮਾਲ ਬਰਾਮਦ ਕਰਨ ਲਈ ਪੁਲੀਸ ਨੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ। ਲੋਕ ਡਰ ਦੇ ਮਾਰੇ ਹਨੇਰਾ ਹੋਣ ’ਤੇ ਲੁੱਟਿਆ ਹੋਇਆ ਮਾਲ ਬਾਹਰ ਸੁੱਟਣ ਲੱਗੇ। ਕੁਝ ਅਜਿਹੇ ਵੀ ਸਨ, ਜਿਨ੍ਹਾਂ ਨੇ ਆਪਣਾ ਸਾਮਾਨ ਵੀ ਆਸੇ-ਪਾਸੇ ਕਰ ਦਿੱਤਾ ਤਾਂ ਕਿ ਕਾਨੂੰਨੀ ਖਿੱਚ-ਧੂਹ ਤੋਂ ਬਚੇ ਰਹਿਣ।
ਇੱਕ ਆਦਮੀ ਨੂੰ ਬੜੀ ਦਿੱਕਤ ਪੇਸ਼ ਆਈ। ਉਸ ਕੋਲ ਸ਼ੱਕਰ ਦੀਆਂ ਦੋ ਬੋਰੀਆਂ ਸਨ, ਜਿਹੜੀਆਂ ਉਸ ਨੇ ਪੰਸਾਰੀ ਦੀ ਦੁਕਾਨ ਤੋਂ ਲੁੱਟੀਆਂ ਸਨ। ਇੱਕ ਬੋਰੀ ਤਾਂ ਉਹ ਰਾਤ ਦੇ ਹਨੇਰੇ ’ਚ ਨੇੜਲੇ ਖੂਹ ਵਿੱਚ ਸੁੱਟ ਆਇਆ ਪਰ ਜਦੋਂ ਉਹ ਦੂਜੀ ਚੁੱਕ ਕੇ ਸੁੱਟਣ ਲੱਗਾ ਤਾਂ ਨਾਲ ਹੀ ਆਪ ਵੀ ਖੂਹ ਵਿੱਚ ਜਾ ਪਿਆ। ਰੌਲਾ ਸੁਣ ਕੇ ਲੋਕ ਇਕੱਠੇ ਹੋ ਗਏ। ਖੂਹ ਵਿੱਚ ਰੱਸੇ ਸੁੱਟੇ ਗਏ। ਦੋ ਨੌਜਵਾਨ ਥੱਲੇ ਉਤਰੇ ਅਤੇ ਉਸ ਆਦਮੀ ਨੂੰ ਬਾਹਰ ਕੱਢ ਲਿਆ ਪਰ ਕੁਝ ਘੰਟਿਆਂ ਬਾਅਦ ਉਹ ਮਰ ਗਿਆ। ਦੂਜੇ ਦਿਨ ਲੋਕਾਂ ਨੇ ਵਰਤੋਂ ਲਈ ਜਦ ਉਸ ਖੂਹ ਵਿੱਚੋਂ ਪਾਣੀ ਕੱਢਿਆ ਤਾਂ ਉਹ ਮਿੱਠਾ ਸੀ। ਉਸੇ ਰਾਤ ਤੋਂ ਉਸ ਆਦਮੀ ਦੀ ਕਬਰ ’ਤੇ ਦੀਵੇ ਜਗ ਰਹੇ ਹਨ।

ਅਨੁਵਾਦ: ਬਿਕਰਮਜੀਤ ਨੂਰ

ਪੰਜਾਬੀ ਕਹਾਣੀਆਂ (ਮੁੱਖ ਪੰਨਾ)