ਸੁਰਿੰਦਰ ਸਿੰਘ ਨਰੂਲਾ
ਸੁਰਿੰਦਰ ਸਿੰਘ ਨਰੂਲਾ (੮ ਨਵੰਬਰ ੧੯੧੭-੨੦੦੭) ਨੇ ਨਾਵਲ, ਕਹਾਣੀ,ਆਲੋਚਨਾ ਅਤੇ ਕਵਿਤਾ ਆਦਿ ਪੰਜਾਬੀ ਸਾਹਿਤ ਦੇ ਵੱਖ ਵੱਖ ਰੂਪਾਂ ਵਿੱਚ ਰਚਨਾ ਕੀਤੀ। ਉਨ੍ਹਾਂ ਦਾ ਜਨਮ ਅੰਮ੍ਰਿਤਸਰ ਵਿਖੇ ਪਿਤਾ ਜਵਾਹਰ ਸਿੰਘ ਤੇ ਮਾਤਾ ਜਸਵੰਤ ਕੌਰ ਦੇ ਘਰ ਹੋਇਆ। ਦਸਵੀਂ ਤੋਂ ਬਾਅਦ ੧੯੩੬ ਵਿੱਚ ਇੰਟਰਮੀਡੀਏਟ ਅਤੇ ੧੯੩੮ ਵਿੱਚ ਬੀ.ਏ. ਪਾਸ ਕੀਤੀ। ਉਨ੍ਹਾਂ ਨੇ ੧੯੪੨ ਵਿੱਚ ਐਮ.ਏ.(ਅੰਗ੍ਰੇਜ਼ੀ) ਦੀ ਪ੍ਰੀਖਿਆ ਪਾਸ ਕੀਤੀ। ਉਨ੍ਹਾਂ ਨੇ ਖਾਲਸਾ ਕਾਲਜ ਅੰਮ੍ਰਿਤਸਰ ਅਤੇ ਖਾਲਸਾ ਕਾਲਜ ਰਾਵਲਪਿੰਡੀ ਵਿੱਚ ਲੈਕਚਰਾਰ ਦੀ ਨੌਕਰੀ ਕੀਤੀ । ੧੯੭੫ ਵਿੱਚ ਗੌਰਮਿੰਟ ਕਾਲਜ ਲੁਧਿਆਣਾ ਦੇ ਅੰਗ੍ਰੇਜ਼ੀ ਵਿਭਾਗ ਦੇ ਮੁੱਖੀ ਵਜੋਂ ਰਿਟਾਇਰ ਹੋਏ। ਉਨ੍ਹਾਂ ਦੀਆਂ ਰਚਨਾਵਾਂ ਹਨ; ਕਵਿਤਾ: ਕਾਮਾਗਾਟਾ ਮਾਰੂ, ਪੀਲੇ ਪੱਤਰ; ਨਾਵਲ: ਪਿਉ ਪੁੱਤਰ, ਦੀਨ ਤੇ ਦੁਨੀਆਂ, ਨੀਲੀ ਬਾਰ, ਲੋਕ ਦਰਸ਼ਨ, ਜਗ ਬੀਤੀ, ਸਿਲ ਅਲੂਣੀ, ਦਿਲ ਦਰਿਆ, ਗੱਲਾਂ ਦਿਨ ਰਾਤ ਦੀਆਂ, ਰਾਹੇ ਕੁਰਾਹੇ; ਕਹਾਣੀ ਸੰਗ੍ਰਹਿ: ਲੋਕ ਪਰਲੋਕ, ਰੂਪ ਦੇ ਪਰਛਾਵੇਂ, ਜੰਜਾਲ, ਗਲੀ ਗੁਆਂਢ; ਆਲੋਚਨਾ; ਪੰਜਾਬੀ ਸਾਹਿਤ ਦੀ ਜਾਣ-ਪਛਾਣ, ਸਾਡੇ ਨਾਵਲਕਾਰ, ਭਾਈ ਵੀਰ ਸਿੰਘ, ਪੰਜਾਬੀ ਸਾਹਿਤ ਦਾ ਇਤਿਹਾਸ, ਸਾਹਿਤ ਸਮਾਚਾਰ, ਆਲੋਚਨਾ ਵਿਸਥਾਰ, ਮੋਹਨ ਸਿੰਘ; ਜੀਵਨੀ: ਸਾਹਿਤਿਕ ਸਵੈ-ਜੀਵਨੀ ਆਦਿ ।