ਸੰਤ ਸਿੰਘ ਸੇਖੋਂ
ਸੰਤ ਸਿੰਘ ਸੇਖੋਂ (੩੦ ਮਈ ੧੯੦੮-੭ ਅਕਤੂਬਰ ੧੯੯੭) ਪੰਜਾਬੀ ਦੇ ਇੱਕ ਨਾਟਕਕਾਰ, ਗਲਪ-ਲੇਖਕ ਅਤੇ ਖੋਜੀ ਆਲੋਚਕ ਸਨ।ਉਨ੍ਹਾਂ ਦਾ ਜਨਮ ਸ: ਹੁਕਮ ਸਿੰਘ ਦੇ ਘਰ ਚੱਕ ਨੰਬਰ ੭੦ ਫ਼ੈਸਲਾਬਾਦ ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਵਿਖੇ ਹੋਇਆ। ਬੀਰ ਖਾਲਸਾ ਹਾਈ ਸਕੂਲ ਵਿਚੋਂ ਦਸਵੀਂ ਪਾਸ ਕਰਕੇ ਉਚੇਰੀ ਸਿੱਖਿਆ ਲਈ ਉਹ ਐਫ. ਸੀ. ਕਾਲਜ ਲਾਹੌਰ ਵਿਚ ਦਾਖ਼ਲ ਹੋ ਗਏ। ਫਿਰ ਉਨ੍ਹਾਂ ਅੰਗਰੇਜ਼ੀ ਅਤੇ ਅਰਥ-ਵਿਗਿਆਨ ਵਿਸ਼ਿਆਂ ਵਿਚ ਪੋਸਟ-ਗ੍ਰੈਜੂਏਸ਼ਨ ਕੀਤੀ।ਉਨ੍ਹਾਂ ਨੇ ਬਹੁਤਾ ਸਮਾਂ ਅੰਗਰੇਜ਼ੀ ਦੇ ਅਧਿਆਪਕ ਦੇ ਤੌਰ ਤੇ ਕੰਮ ਕੀਤਾ ।ਸੰਤ ਸਿੰਘ ਸੇਖੋਂ ਨੇ ਪਹਿਲਾਂ ਅੰਗਰੇਜ਼ੀ ਵਿਚ ਲਿਖਣਾ ਸ਼ੁਰੂ ਕੀਤਾ ਪਰ ਪ੍ਰਿੰਸੀਪਲ ਤੇਜਾ ਸਿੰਘ ਦੀ ਪ੍ਰੇਰਨਾ ਨਾਲ ਉਨ੍ਹਾਂ ਨੇ ਪੰਜਾਬੀ ਵਿਚ ਲਿਖਣਾ ਸ਼ੁਰੂ ਕਰ ਦਿੱਤਾ।੧੯੭੨ ਵਿੱਚ ਨਾਟਕ ਮਿੱਤਰ ਪਿਆਰਾ ਲਈ ਉਨ੍ਹਾਂ ਨੂੰ ਸਾਹਿਤ ਆਕਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ 'ਪਦਮ ਸ਼੍ਰੀ' ਤੇ ਹੋਰ ਵੀ ਕਈ ਸਨਮਾਨ ਮਿਲੇ । ਉਨ੍ਹਾਂ ਦੀਆਂ ਰਚਨਾਵਾਂ ਹਨ; ਕਹਾਣੀ ਸੰਗ੍ਰਹਿ: ਕਾਮੇ ਤੇ ਯੋਧੇ, ਸਮਾਚਾਰ, ਬਾਰਾਂਦਰੀ, ਅੱਧੀ ਵਾਟ, ਤੀਜਾ ਪਹਿਰ, ਸਿਆਣਪਾਂ; ਇਕਾਂਗੀ ਸੰਗ੍ਰਹਿ: ਛੇ ਘਰ, ਤਪਿਆ ਕਿਉਂ ਖਪਿਆ, ਨਾਟ ਸੁਨੇਹੇ, ਸੁੰਦਰ ਪਦ, ਵਿਉਹਲੀ (ਕਾਵਿ ਨਾਟਕ), ਬਾਬਾ ਬੋਹੜ (ਕਾਵਿ ਨਾਟਕ); ਨਾਟਕ: ਭੂਮੀਦਾਨ, ਕਲਾਕਾਰ, ਨਲ ਦਮਯੰਤੀ, ਨਾਰਕੀ; ਇਤਿਹਾਸਕ ਨਾਟਕ: ਮੁਇਆਂ ਸਾਰ ਨਾ ਕਾਈ, ਬੇੜਾ ਬੰਧ ਨਾ ਸਕਿਓ, ਵਾਰਿਸ, ਬੰਦਾ ਬਹਾਦਰ, ਵੱਡਾ ਘੱਲੂਘਾਰਾ, ਮਿੱਤਰ ਪਿਆਰਾ; ਖੋਜ ਤੇ ਆਲੋਚਨਾ: ਸਾਹਿਤਾਰਥ, ਪ੍ਰਸਿੱਧ ਪੰਜਾਬੀ ਕਵੀ, ਪ੍ਰਗਤੀ ਪੰਧ, ਪੰਜਾਬੀ ਕਾਵਿ ਸ਼੍ਰੋਮਣੀ, ਹੀਰ ਵਾਰਿਸ, ਨਾਵਲ ਤੇ ਪਲਾਟ; ਅਨੁਵਾਦ: ਅੰਤੋਨੀ ਤੇ ਕਲਪੋਤਰਾ (ਵਿਲੀਅਮ ਸ਼ੈਕਸਪੀਅਰ), ਐਨਾ ਕੈਰਿਨੀਨਾਂ (ਟਾਲਸਟਾਏ), ਫ਼ਾਊਸਤ (ਗੈਟੇ) ।