Punjabi Stories/Kahanian
ਸਆਦਤ ਹਸਨ ਮੰਟੋ
Saadat Hasan Manto
 Punjabi Kahani
Punjabi Kavita
  

Panj Din Saadat Hasan Manto

ਪੰਜ ਦਿਨ ਸਆਦਤ ਹਸਨ ਮੰਟੋ

ਜੰਮੂ ਤਵੀ ਦੇ ਰਸਤੇ ਕਸ਼ਮੀਰ ਜਾਈਏ ਤਾਂ ਕੁਦ ਤੇ ਅੱਗੇ ਇਕ ਛੋਟਾ ਜਿਹਾ ਪਹਾੜੀ ਪਿੰਡ ਬਟੌਤ ਆਉਂਦਾ ਹੈ – ਸਿਹਤ ਲਈ ਬੜੀ ਵਧੀਆ ਥਾਂ ਹੈ! ਏਥੇ ਦਿੱਕ ਦੇ ਮਰੀਜ਼ਾਂ ਲਈ ਇਕ ਨਿੱਕਾ ਜਿਹਾ ਸੈਨੇਟੋਰੀਅਮ ਹੈ।
ਉਂਝ ਤਾਂ ਅੱਜ ਤੋਂ ਅੱਠ-ਨੌਂ ਵਰ੍ਹੇ ਪਹਿਲਾਂ ਮੈਂ ਬਟੌਤ ਵਿਚ ਪੂਰੇ ਤਿੰਨ ਮਹੀਨੇ ਬਿਤਾਅ ਚੁੱਕਿਆ ਹਾਂ ਅਤੇ ਇਸ ਸਿਹਤ ਅਫ਼ਜ਼ਾ ਮੁਕਾਮ ਨਾਲ ਮੇਰੀ ਜੁਆਨੀ ਦਾ ਇਕ ਅੱਧ-ਪੱਕਿਆ ਰਿਹਾ ਇਸ਼ਕ ਵੀ ਜੁੜਿਆ ਹੋਇਐ, ਪਰ ਇਸ ਕਹਾਣੀ ਨਾਲ ਮੇਰੀ ਕਿਸੇ ਵੀ ਕਮਜ਼ੋਰੀ ਦਾ ਕੋਈ ਸਬੰਧ ਨਹੀਂ।
ਛੇ-ਸੱਤ ਮਹੀਨੇ ਹੋਏ ਮੈਨੂੰ ਬਟੌਤ ਵਿਚ ਆਪਣੇ ਇਕ ਮਿੱਤਰ ਦੀ ਪਤਨੀ ਦੀ ਖ਼ਬਰ ਸਾਰ ਪੁੱਛਣ ਲਈ ਜਾਣਾ ਪਿਆ, ਜੋ ਓਥੇ ਸੈਨੇ-ਟੋਰੀਅਮ ਵਿਚ ਜ਼ਿੰਦਗੀ ਦੇ ਆਖ਼ਰੀ ਸਾਹ ਲੈ ਰਹੀ ਸੀ। ਮੇਰੇ ਓਥੇ ਪੁਜਦਿਆਂ ਹੀ ਇਕ ਮਰੀਜ਼ ਪੂਰਾ ਹੋ ਗਿਆ ਅਤੇ ਵਿਚਾਰੀ ਪਦਮਾ ਦੇ ਸਾਹ, ਜੋ ਪਹਿਲਾਂ ਹੀ ਉੱਖੜੇ ਹੋਏ ਸਨ, ਹੋਰ ਵੀ ਬੇਵਸਾਹੀ ਦੀ ਹੱਦ ਤੱਕ ਪਹੁੰਚ ਗਏ।
ਮੈਂ ਕਹਿ ਨਹੀਂ ਸਕਦਾ ਕਿ ਕਾਰਨ ਕੀ ਸੀ, ਪਰ ਮੇਰਾ ਖ਼ਿਆਲ ਹੈ ਕਿ ਇਹ ਕੇਵਲ ਇਤਫ਼ਾਕ ਸੀ ਕਿ ਚਾਰ ਦਿਨਾਂ ਦੇ ਅੰਦਰ-ਅੰਦਰ ਉਸ ਨਿੱਕੇ ਜਿਹੇ ਸੈਨੇਟੋਰੀਅਮ ਵਿਚ ਤਿੰਨ ਮਰੀਜ਼ ਉਪਰੋ-ਥਲੀ ਮਰ ਗਏ… ਜਿਉਂ ਹੀ ਕੋਈ ਬਿਸਤਰਾ ਖ਼ਾਲੀ ਹੁੰਦਾ ਜਾਂ ਰੋਗੀ ਦੀ ਸੇਵਾ ਕਰਦੇ ਕਰਦੇ ਥੱਕੇ ਹੋਏ ਇਨਸਾਨਾਂ ਦੀ ਥੱਕੀ ਹੋਈ ਚੀਕ-ਪੁਕਾਰ ਉੱਠਦੀ ਤਾਂ ਸਾਰੇ ਸੈਨੇਟੋਰੀਅਮ ਉਤੇ ਇਕ ਅਜੀਬ ਕਿਸਮ ਦੀ ਮਟਮੈਲੀ ਉਦਾਸੀ ਛਾਂ ਜਾਂਦੀ ਅਤੇ ਉਹ ਮਰੀਜ਼ ਜੋ ਉਮੀਦ ਦੇ ਪਤਲੇ ਧਾਗੇ ਨਾਲ ਚਿੰਬੜੇ ਹੁੰਦੇ ਸਨ, ਨਿਰਾਸ਼ਾ ਦੀਆਂ ਅਥਾਹ ਗਹਿਰਾਈਆਂ ਵਿਚ ਡੁੱਬ ਜਾਂਦੇ।
ਮੇਰੇ ਮਿੱਤਰ ਦੀ ਬੀਵੀ ਪਦਮਾ ਦਾ ਤਾਂ ਸਾਹ ਹੀ ਸੂਤਿਆ ਜਾਂਦਾ, ਉਸਦੇ ਪਤਲੇ ਬੁੱਲ੍ਹਾਂ ਉਤੇ ਮੌਤ ਦੀ ਪਿਲੱਤਣ ਕੰਬਣ ਲੱਗਦੀ ਅਤੇ ਉਸਦੀਆਂ ਡੂੰਘੀਆਂ ਅੱਖਾਂ 'ਚ ਇਕ ਨਿਹਾਇਤ ਹੀ ਤਰਸ ਭਰਿਆ ਪ੍ਰਸ਼ਨ ਪੈਦਾ ਹੋ ਜਾਂਦਾ, ਸਭ ਤੋਂ ਅੱਗੇ ਇਕ ਘਬਰਾਇਆ ਹੋਇਆ 'ਕਿਉਂ'? ਤੇ ਉਸ ਦੇ ਪਿੱਛੇ ਬਹੁਤ ਸਾਰੇ ਡਰਪੋਕ 'ਨਹੀਂ!'
ਤੀਜੇ ਮਰੀਜ਼ ਦੀ ਮੌਤ ਪਿਛੋਂ ਮੈਂ ਬਾਹਰ ਵਰਾਂਡੇ 'ਚ ਬੈਠ ਕੇ ਜ਼ਿੰਦਗੀ ਅਤੇ ਮੌਤ ਬਾਰੇ ਸੋਚਣ ਲੱਗਿਆ; ਸੈਨੇਟੋਰੀਅਮ ਇਕ ਮਰਤਬਾਨ ਵਰਗਾ ਲਗਦਾ ਹੈ, ਜਿਸ ਵਿਚ ਮਰੀਜ਼ ਗੰਢਿਆਂ ਵਾਂਗੂੰ ਸਿਰਕੇ ਵਿਚ ਡੁੱਬੇ ਹੋਏ ਨੇ… ਇਕ ਕਾਂਟਾ ਆਉਂਦਾ ਹੈ ਅਤੇ ਜਿਹੜਾ ਗੰਢਾ ਚੰਗੀ ਤਰ੍ਹਾਂ ਗਲ਼ ਗਿਆ ਹੈ, ਉਸਨੂੰ ਲੱਭਦਾ ਹੈ ਅਤੇ ਕੱਢ ਕੇ ਲੈ ਜਾਂਦਾ ਹੈ…
ਕਿੰਨੀ ਹਾਸੋਹੀਣੀ ਉਪਮਾ ਸੀ, ਪਰ ਪਤਾ ਨਹੀਂ ਕਿਉਂ ਵਾਰ-ਵਾਰ ਇਹੀ ਉਪਮਾ ਮੇਰੇ ਦਿਮਾਗ਼ ਵਿਚ ਆਈ ਅਤੇ ਮੈਂ ਇਸ ਤੋਂ ਅੱਗੇ ਹੋਰ ਕੁਝ ਨਾ ਸੋਚ ਸਕਿਆ ਕਿ ਮੌਤ ਇਕ ਬਹੁਤ ਹੀ ਕੋਝੀ ਚੀਜ਼ ਹੈ। ਤੁਸੀਂ ਚੰਗੇ ਭਲੇ ਜੀ ਰਹੇ ਓ, ਫੇਰ ਇਕ ਬਿਮਾਰੀ ਕਿਤੋਂ ਆ ਕੇ ਚੰਬੜ ਜਾਂਦੀ ਹੈ ਅਤੇ ਤੁਸੀਂ ਮਰ ਜਾਂਦੇ ਹੋ… ਕਹਾਣੀਕਾਰੀ ਦੇ ਦ੍ਰਿਸ਼ਣੀਕੋਣ ਤੋਂ ਵੀ ਜ਼ਿੰਦਗੀ ਦੀ ਕਹਾਣੀ ਦਾ ਇਹ ਅੰਤ ਕੁਝ ਚੁਸਤ ਨਹੀਂ ਲਗਦਾ।
ਵਰਾਂਡੇ 'ਚੋਂ ਉੱਠ ਕੇ ਮੈਂ ਵਾਰਡ ਅੰਦਰ ਜਾ ਵੜਿਆ।
ਅਜੇ ਮੈਂ ਦਸ ਪੰਦਰਾਂ ਕਦਮ ਹੀ ਚੱਲਿਆ ਹੋਵਾਂਗਾ ਕਿ ਪਿਛਿਉਂ ਆਵਾਜ਼ ਆਈ, "ਦਫ਼ਨਾਅ ਆਏ ਤੁਸੀਂ ਨੰਬਰ ਬਾਈ ਨੂੰ?"
ਮੈਂ ਮੁੜ ਕੇ ਦੇਖਿਆ – ਚਿੱਟੇ ਬਿਸਤਰੇ ਉਤੇ ਦੋ ਕਾਲੀਆਂ ਅੱਖਾਂ ਮੁਸਕਰਾਅ ਰਹੀਆਂ ਸਨ। ਉਹ ਅੱਖਾਂ ਜਿਵੇਂ ਕਿ ਮੈਨੂੰ ਪਿਛੋਂ ਪਤਾ ਲੱਗਿਆ, ਇਕ ਬੰਗਾਲੀ ਔਰਤ ਦੀਆਂ ਸਨ, ਜੋ ਦੂਜੇ ਮਰੀਜ਼ਾਂ ਨਾਲੋਂ ਬਿਲਕੁਲ ਵੱਖਰੇ ਢੰਗ ਨਾਲ ਆਪਣੀ ਮੌਤ ਨੂੰ ਉਡੀਕ ਰਹੀ ਸੀ।
ਉਹਨੇ ਜਦੋਂ ਕਿਹਾ ਸੀ, 'ਦਫ਼ਨਾਅ ਆਏ ਤੁਸੀਂ ਨੰਬਰ ਬਾਈ ਨੂੰ' ਤਾਂ ਮੈਨੂੰ ਅਹਿਸਾਸ ਹੋਇਆ ਸੀ ਕਿ ਅਸੀਂ ਇਕ ਇਨਸਾਨ ਨੂੰ ਨਹੀਂ, ਇਕ ਨਗ ਨੂੰ ਦਫ਼ਨਾਅ ਕੇ ਆ ਰਹੇ ਆਂ ਤੇ ਸੱਚ ਪੁੱਛੋ ਤਾਂ ਉਸ ਮਰੀਜ਼ ਨੂੰ ਕਬਰ ਦੇ ਹਵਾਲੇ ਕਰਦਿਆਂ ਮੇਰੇ ਦਿਲ-ਦਿਮਾਗ਼ ਦੇ ਕਿਸੇ ਖੂੰਜੇ ਵਿਚ ਵੀ ਇਹ ਅਹਿਸਾਸ ਪੈਦਾ ਨਹੀਂ ਹੋਇਆ ਕਿ ਉਹ ਇਕ ਇਨਸਾਨ ਸੀ ਅਤੇ ਉਸਦੀ ਮੌਤ ਨਾਲ ਦੁਨੀਆਂ ਵਿਚ ਇਕ ਖੱਪਾ ਪੈਦਾ ਹੋ ਗਿਆ ਹੈ।
ਮੈਂ ਜਦੋਂ ਹੋਰ ਗੱਲਾਂ ਬਾਤਾਂ ਕਰਨ ਲਈ ਉਸ ਬੰਗਾਲੀ ਔਰਤ ਕੋਲ ਬੈਠਿਆ, ਜਿਸ ਦੀਆਂ ਸ਼ਾਹ ਕਾਲੀਆਂ ਅੱਖਾਂ, ਇਹੋ ਜਿਹੀ ਹੌਲਨਾਕ ਬੀਮਾਰੀ ਦੇ ਬਾਵਜੂਦ ਤਰੋ-ਤਾਜ਼ਾ ਅਤੇ ਚਮਕੀਲੀਆਂ ਸਨ ਤਾਂ ਉਸਨੇ ਠੀਕ ਉਸੇ ਤਰ੍ਹਾਂ ਮੁਸਕਰਾਅ ਕੇ ਕਿਹਾ, "ਮੇਰਾ ਨੰਬਰ ਚਾਰ ਹੈ…" ਫੇਰ ਉਹਨੇ ਚਿੱਟੀ ਚਾਦਰ ਦੀਆਂ ਕੁਝ ਸਿਲਵਟਾਂ ਆਪਣੇ ਸੁੱਕੇ ਪਿੰਜਰ ਜਿਹੇ ਹੱਥ ਨਾਲ ਸਿੱਧੀਆਂ ਕੀਤੀਆਂ ਅਤੇ ਬੜੇ ਬੇਬਾਕ ਢੰਗ ਨਾਲ ਆਖਿਆ, "ਤੁਸੀਂ ਮੁਰਦਿਆਂ ਨੂੰ ਜਲਾਉਣ-ਦਫ਼ਨਾਉਣ ਵਿਚ ਕਾਫ਼ੀ ਦਿਲਚਸਪੀ ਲੈਂਦੇ ਹੋ।"
ਮੈਂ ਐਵੇਂ-ਜਿਹਾ ਉੱਤਰ ਦਿੱਤਾ, "ਨਹੀਂ ਤਾਂ…"
ਇਸ ਪਿਛੋਂ ਇਹ ਸੰਖੇਪ ਜਿਹੀ ਗੱਲ-ਬਾਤ ਮੁੱਕ ਗਈ ਅਤੇ ਮੈਂ ਆਪਣੇ ਮਿੱਤਰ ਦੇ ਕੋਲ ਚਲਿਆ ਗਿਆ।
ਦੂਜੇ ਦਿਨ ਮੈਂ ਆਮ ਵਾਂਗ ਸੈਰ ਨੂੰ ਨਿਕਲਿਆ… ਹਲਕੀ ਹਲਕੀ ਫ਼ੁਹਾਰ ਪੈ ਰਹੀ ਸੀ ਅਤੇ ਵਾਤਾਵਰਨ ਬਹੁਤ ਹੀ ਪਿਆਰਾ ਅਤੇ ਮਾਸੂਮ ਹੋ ਗਿਆ ਸੀ; ਜਿਵੇਂ ਵਾਤਾਵਰਨ ਨੂੰ ਉਹਨਾਂ ਮਰੀਜ਼ਾਂ ਨਾਲ ਕੋਈ ਸਰੋਕਾਰ ਹੀ ਨਾ ਹੋਵੇ, ਮਰੀਜ਼ ਜੋ ਜਰਾਸੀਮ ਭਰੇ ਸਾਹ ਲੈ ਰਹੇ ਸਨ … ਚੀਲ੍ਹ ਦੇ ਲੰਬੇ ਲੰਬੇ ਰੁੱਖ, ਨੀਲੀਆਂ ਨੀਲੀਆਂ ਧੁੰਦ ਨਾਲ ਭਰੀਆਂ ਪਹਾੜੀਆਂ, ਸੜਕ ਉਤੇ ਲੁੜਕਦੇ ਹੋਏ ਪੱਥਰ, ਮਧਰੀਆਂ ਪਰ ਨਰੋਈਆਂ ਮ੍ਹੈਸਾਂ, ਹਰ ਪਾਸੇ ਖ਼ੂਬਸੂਰਤੀ ਸੀ, ਇਕ ਵਿਸ਼ਵਾਸ ਭਰੀ ਖ਼ੂਬਸੂਰਤੀ, ਜਿਸ ਨੂੰ ਕਿਸੇ ਚੋਰ ਦਾ ਤੌਖਲਾ ਨਹੀਂ ਸੀ।
ਮੈਂ ਸੈਰ ਤੋਂ ਮੁੜ ਕੇ ਸੈਨੇਟੋਰੀਅਮ ਵਿਚ ਵੜਿਆ ਤਾਂ ਮਰੀਜ਼ਾਂ ਦੇ ਉੱਤਰੇ ਹੋਏ ਚਿਹਰਿਆਂ ਤੋਂ ਹੀ ਮੈਨੂੰ ਪਤਾ ਲੱਗ ਗਿਆ ਕਿ ਇਕ ਹੋਰ ਨਗ ਚੱਲ ਵੱਸਿਆ ਹੈ। ਗਿਆਰਾਂ ਨੰਬਰ ਭਾਵ ਮੇਰੇ ਮਿੱਤਰ ਦੀ ਬੀਵੀ ਪਦਮਾ।
ਪਦਮਾ ਦੀਆਂ ਧਸੀਆਂ ਹੋਈਆਂ ਅੱਖਾਂ ਵਿਚ, ਜੋ ਖੁੱਲ੍ਹੀਆਂ ਰਹਿ ਗਈਆਂ ਸਨ, ਮੈਂ ਬਹੁਤ ਸਾਰੇ ਘਬਰਾਏ ਹੋਏ 'ਕਿਉਂ' ਅਤੇ ਅਣਗਿਣਤ ਡਰਪੋਕ 'ਨਹੀਂ' ਜੰਮੇ ਹੋਏ ਦੇਖੇ… ਵਿਚਾਰੀ!
ਮੀਂਹ ਵਰ੍ਹ ਰਿਹਾ ਸੀ, ਇਸ ਲਈ ਸੁੱਕਾ ਬਾਲਣ ਇਕੱਠਾ ਕਰਨ ਵਿਚ ਬੜੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਖ਼ੈਰ! ਉਸ ਗਰੀਬ ਦੀ ਲਾਸ਼ ਨੂੰ ਅੱਗੇ ਦੇ ਹਵਾਲੇ ਕਰ ਦਿੱਤਾ ਗਿਆ। ਮੇਰਾ ਮਿੱਤਰ ਓਥੇ ਈ ਚਿਤਾ ਕੋਲ ਬੈਠਾ ਰਿਹਾ ਅਤੇ ਮੈਂ ਉਸਦਾ ਸਾਮਾਨ ਵਗੈਰਾ ਸੰਭਾਲਣ ਲਈ ਸੈਨੇਟੋਰੀਅਮ ਆ ਗਿਆ।
ਵਾਰਡ ਦੇ ਅੰਦਰ ਵੜਦਿਆਂ ਹੀ ਮੈਨੂੰ ਉਸ ਬੰਗਾਲੀ ਔਰਤ ਦੀ ਆਵਾਜ਼ ਸੁਣਾਈ ਦਿੱਤੀ, "ਬੜਾ ਚਿਰ ਲੱਗ ਗਿਆ ਤੁਹਾਨੂੰ।"
"ਜੀ ਹਾਂ… ਮੀਂਹ ਦੇ ਕਾਰਨ ਸੁੱਕਾ ਬਾਲਣ ਨਹੀਂ ਸੀ ਮਿਲ ਰਿਹਾ, ਇਸ ਕਰਕੇ ਦੇਰ ਹੋ ਗਈ।"
"ਹੋਰਨਾਂ ਥਾਵਾਂ 'ਤੇ ਤਾਂ ਬਾਲਣ ਦੀਆਂ ਦੁਕਾਨਾਂ ਹੁੰਦੀਆਂ ਨੇ, ਪਰ ਮੈਂ ਸੁਣਿਐਂ ਏਥੇ ਏਧਰੋਂ ਓਧਰੋਂ ਆਪ ਹੀ ਲੱਕੜੀਆਂ ਕੱਟਣੀਆਂ ਅਤੇ ਚੁਗਣੀਆਂ ਪੈਂਦੀਆਂ ਨੇ…"
"ਜੀ ਹਾਂ।"
"ਬੈਠੋ ਨਾ, ਕੁਝ ਚਿਰ।"
ਮੈਂ ਉਹਦੇ ਕੋਲ ਸਟੂਲ ਉਤੇ ਬੈਠ ਗਿਆ ਤਾਂ ਉਸਨੇ ਇਕ ਅਜੀਬ ਜਿਹਾ ਸਵਾਲ ਕੀਤਾ,
"ਲੱਭਦਿਆਂ ਲੱਭਦਿਆਂ ਜਦ ਤੁਹਾਨੂੰ ਸੁੱਕੀ ਲੱਕੜੀ ਦਾ ਕੋਈ ਟੁਕੜਾ ਮਿਲ ਜਾਂਦਾ ਹੋਵੇਗਾ ਤਾਂ ਤੁਸੀਂ ਬਹੁਤ ਖੁਸ਼ ਹੋ ਜਾਂਦੇ ਹੋਵੋਗੇ?" ਉਸਨੇ ਮੇਰੇ ਉੱਤਰ ਦੀ ਉਡੀਕ ਨਾ ਕੀਤੀ ਅਤੇ ਆਪਣੀਆਂ ਚਮਕੀਲੀਆਂ ਅੱਖਾਂ ਨਾਲ ਮੈਨੂੰ ਧਿਆਨ ਨਾਲ ਦੇਖਦਿਆਂ ਹੋਇਆ ਕਿਹਾ, "ਮੌਤ ਬਾਰੇ ਤੁਹਾਡਾ ਕੀ ਵਿਚਾਰ ਹੈ?"
"ਮੈਂ ਕਈ ਵਾਰ ਸੋਚਿਆ ਹੈ, ਪਰ ਕੁਝ ਸਮਝ ਨਹੀਂ ਸਕਿਆ…"
ਉਹ ਸਿਆਣਿਆਂ ਵਾਂਗ ਮੁਸਕਰਾਈ ਅਤੇ ਫੇਰ ਬੱਚਿਆਂ ਵਰਗੇ ਲਹਿਜੇ ਵਿਚ ਕਹਿਣ ਲੱਗੀ, "ਮੈਂ ਕੁਝ ਕੁਝ ਸਮਝ ਸਕੀ ਹਾਂ, ਇਸ ਲਈ ਕਿ ਬਹੁਤ ਮੌਤਾਂ ਦੇਖ ਚੁੱਕੀ ਹਾਂ… ਐਨੀਆਂ ਕਿ ਤੁਸੀਂ ਸ਼ਾਇਦ ਹਜ਼ਾਰ ਵਰ੍ਹੇ ਵੀ ਜਿਉਂਦੇ ਰਹਿ ਕੇ ਨਾ ਦੇਖ ਸਕੋ… ਮੈਂ ਬੰਗਾਲ ਦੀ ਰਹਿਣ ਵਾਲੀ ਆਂ, ਜਿੱਥੋਂ ਦਾ ਇਕ ਕਾਲ਼ ਅੱਜ ਕਲ੍ਹ ਬੜਾ ਮਸ਼ਹੂਰ ਹੈ… ਤੁਹਾਨੂੰ ਤਾਂ ਪਤਾ ਹੀ ਹੋਵੇਗਾ, ਲੱਖਾਂ ਆਦਮੀ ਓਥੇ ਮਰ ਚੁੱਕੇ ਹਨ, ਬਹੁਤ ਸਾਰੀਆਂ ਕਹਾਣੀਆਂ ਛਪ ਚੁੱਕੀਆਂ ਹਨ, ਸੈਂਕੜੇ ਲੇਖ ਲਿਖੇ ਜਾ ਚੁੱਕੇ ਹਨ… ਫੇਰ ਵੀ ਸੁਣਿਆਂ ਹੈ, ਇਨਸਾਨ ਦੀ ਇਸ ਬਿਪਤਾ ਦਾ ਚੰਗੀ ਤਰ੍ਹਾਂ ਨਕਸ਼ਾ ਨਹੀਂ ਖਿੱਚਿਆ ਜਾ ਸਕਿਆ… ਮੌਤ ਦੀ ਇਸੇ ਮੰਡੀ ਵਿਚ ਮੈਂ ਮੌਤ ਬਾਰੇ ਕੁਝ ਸੋਚਿਆ ਹੈ…"
ਮੈਂ ਪੁੱਛਿਆ, "ਕੀ?"
ਉਹਨੇ ਉਸੇ ਲਹਿਜੇ ਵਿਚ ਜਵਾਬ ਦਿੱਤਾ, "ਮੈਂ ਸੋਚਿਆ ਹੈ ਕਿ ਇਕ ਆਦਮੀ ਦਾ ਮਰਨਾ ਮੌਤ ਹੈ, ਇਕ ਲੱਖ ਆਦਮੀਆਂ ਦਾ ਮਰਨਾ ਤਮਾਸ਼ਾ ਹੈ… ਮੈਂ ਸੱਚ ਕਹਿੰਦੀ ਹਾਂ, ਮੌਤ ਦਾ ਉਹ ਭੈਅ ਜੋ ਕਦੇ ਮੇਰੇ ਦਿਲ ਵਿਚ ਹੋਇਆ ਕਰਦਾ ਸੀ, ਬਿਲਕੁਲ ਦੂਰ ਹੋ ਗਿਆ ਹੈ… ਹਰ ਬਜ਼ਾਰ ਵਿਚ ਦਸ-ਵੀਹ ਅਰਥੀਆਂ ਅਤੇ ਜਨਾਜ਼ੇ ਦਿਖਾਈ ਦੇਣ ਤਾਂ ਕੀ ਮੌਤ ਦਾ ਅਸਲੀ ਮਤਲਬ ਖ਼ਤਮ ਨਹੀਂ ਹੋ ਜਾਵੇਗਾ… ਮੈਂ ਕੇਵਲ ਏਨਾ ਸਮਝ ਸਕੀ ਹਾਂ ਕਿ ਇਹੋ ਜਿਹੀਆਂ ਅਣਗਿਣਤ ਮੌਤਾਂ ਉਤੇ ਰੋਣਾ ਬੇਕਾਰ ਹੈ, ਬੇਵਕੂਫ਼ੀ ਹੈ… ਅੱਵਲ ਤਾਂ ਏਨੇ ਆਦਮੀਆਂ ਦਾ ਮਰ ਜਾਣਾ ਹੀ ਸਭ ਤੋਂ ਵੱਡੀ ਮੂਰਖ਼ਤਾ ਹੈ…"
ਮੈਂ ਤੁਰੰਤ ਪੁਛਿਆ, "ਕਿਸ ਦੀ?"
"ਕਿਸੇ ਦੀ ਵੀ ਹੋਵੇ… ਮੂਰਖ਼ਤਾ ਮੂਰਖ਼ਤਾ ਹੈ… ਇਕ ਭਰੇ ਸ਼ਹਿਰ ਉਤੇ ਤੁਸੀਂ ਉਪਰੋਂ ਬੰਬ ਸੁੱਟ ਦਿਓ, ਲੋਕ ਮਰ ਜਾਣਗੇ… ਖੂਹਾਂ 'ਚ ਜ਼ਹਿਰ ਪਾ ਦਿਓ, ਜਿਹੜਾ ਵੀ ਓਥੋਂ ਪਾਣੀ ਪੀਵੇਗਾ, ਮਰ ਜਾਵੇਗਾ… ਇਹ ਕਾਲ, ਕਹਿਰ, ਜੰਗ ਅਤੇ ਬੀਮਾਰੀਆਂ ਸਭ ਵਾਹੀਆਤ ਹਨ… ਇਹਨਾਂ ਨਾਲ ਮਰ ਜਾਣਾ ਬਿਲਕੁਲ ਇਉਂ ਹੀ ਐ, ਜਿਵੇਂ ਉਪਰੋਂ ਛੱਤ ਆ ਗਿਰੇ… ਹਾਂ, ਦਿਲ ਦੀ ਇਕ ਜਾਇਜ਼ ਇੱਛਾ ਦੀ ਮੌਤ ਬਹੁਤ ਵੱਡੀ ਮੌਤ ਹੈ… ਇਨਸਾਨ ਨੂੰ ਮਾਰਨਾ ਕੁਝ ਨਹੀਂ, ਪਰ ਉਸਦੀ ਫ਼ਿਤਰਤ ਨੂੰ ਕਤਲ ਕਰ ਦੇਣਾ ਬਹੁਤ ਵੱਡਾ ਜ਼ੁਲਮ ਹੈ…" ਇਹ ਕਹਿ ਕੇ ਉਹ ਕੁਝ ਚਿਰ ਚੁੱਪ ਰਹੀ, ਫੇਰ ਪਾਸਾ ਵੱਟ ਕੇ ਕਹਿਣ ਲੱਗੀ, "ਮੇਰੇ ਵਿਚਾਰ ਪਹਿਲਾਂ ਏਦਾਂ ਦੇ ਨਹੀਂ ਸਨ… ਸੱਚ ਪੁੱਛੋਂ ਤਾਂ ਮੈਨੂੰ ਸੋਚਣ-ਸਮਝਣ ਦਾ ਮੌਕਾ ਹੀ ਨਹੀਂ ਸੀ ਮਿਲਿਆ, ਪਰ ਇਸ ਕਹਿਰ ਨੇ ਮੈਨੂੰ ਇਕ ਬਿਲਕੁਲ ਨਵੀਂ ਦੁਨੀਆਂ ਵਿਚ ਲਿਆ ਸੁੱਟਿਆ…" ਰਤਾ ਰੁਕ ਕੇ ਇਕਦਮ ਉਹਦਾ ਧਿਆਨ ਮੇਰੇ ਵੱਲ ਹੋਇਆ।
ਮੈਂ ਆਪਣੀ ਨੋਟ ਬੁੱਕ ਵਿਚ ਯਾਦ ਵਜੋਂ ਉਸਦੀਆਂ ਕੁਝ ਗੱਲਾਂ ਲਿਖ ਰਿਹਾ ਸੀ।
"ਇਹ ਤੁਸੀਂ ਕੀ ਲਿਖ ਰਹੇ ਓ?" ਉਹਨੇ ਪੁੱਛਿਆ।
ਮੈਂ ਸੱਚੋ ਸੱਚ ਦੱਸਣਾ ਠੀਕ ਸਮਝਿਆ ਅਤੇ ਕਿਹਾ, "ਮੈਂ ਇਕ ਕਹਾਣੀਕਾਰ ਹਾਂ… ਜਿਹੜੀਆਂ ਗੱਲਾਂ ਮੈਨੂੰ ਦਿਲਚਸਪ ਲੱਗਣ, ਮੈਂ ਲਿਖ ਲਿਆ ਕਰਦਾ ਹਾਂ।"
"ਓਹ… ਫੇਰ ਤਾਂ ਮੈਂ ਤੁਹਾਨੂੰ ਆਪਣੀ ਪੂਰੀ ਕਹਾਣੀ ਸੁਣਾਵਾਂਗੀ।"
ਤਿੰਨ ਘੰਟੇ ਤਕ ਕਮਜ਼ੋਰ ਆਵਾਜ਼ ਵਿਚ ਉਹ ਮੈਨੂੰ ਆਪਣੀ ਕਹਾਣੀ ਸੁਣਾਉਂਦੀ ਰਹੀ। ਹੁਣ ਉਹੀ ਕਹਾਣੀ ਮੈਂ ਆਪਣੇ ਸ਼ਬਦਾਂ ਵਿਚ ਬਿਆਨ ਕਰਦਾ ਹਾਂ :
ਬੇਲੋੜੇ ਵੇਰਵਿਆਂ 'ਚ ਜਾਣ ਦੀ ਜ਼ਰੂਰਤ ਨਹੀਂ… ਬੰਗਾਲ 'ਚ ਜਦੋਂ ਕਾਲ ਪਿਆ ਤਾਂ ਲੋਕ ਧੜਾ ਧੜ ਮਰਨ ਲੱਗੇ ਤਾਂ ਸਕੀਨਾ ਨੂੰ ਉਹਦੇ ਚਾਚੇ ਨੇ ਇਕ ਅਵਾਰਾ ਆਦਮੀ ਦੇ ਹੱਥ ਪੰਜ ਸੌ ਰੁਪਏ ਵਿਚ ਵੇਚ ਦਿੱਤਾ, ਜੋ ਉਹਨੂੰ ਲਾਹੌਰ ਲੈ ਆਇਆ ਅਤੇ ਇਕ ਹੋਟਲ ਵਿਚ ਠਹਿਰਾਅ ਕੇ ਉਸ ਤੋਂ ਰੁਪਿਆ ਕਮਾਉਣ ਦੀ ਕੋਸ਼ਿਸ਼ ਕਰਨ ਲੱਗਿਆ… ਪਹਿਲਾ ਬੰਦਾ ਜੋ ਸਕੀਨਾ ਕੋਲ ਇਸ ਸਿਲਸਿਲੇ ਵਿਚ ਲਿਆਂਦਾ ਗਿਆ, ਇਕ ਸੁੰਦਰ ਅਤੇ ਤੰਦਰੁਸਤ ਨੌਜੁਆਨ ਸੀ… ਕਾਲ ਪੈਣ ਤੋਂ ਪਹਿਲਾਂ ਜਦ ਸਕੀਨਾ ਨੂੰ ਰੋਟੀ-ਕੱਪੜੇ ਦੀ ਫ਼ਿਕਰ ਨਹੀਂ ਸੀ, ਉਹ ਇਹੋ ਜਿਹੇ ਹੀ ਨੌਜੁਆਨ ਦੇ ਸੁਫ਼ਨੇ ਦੇਖਦੀ ਹੁੰਦੀ ਸੀ, ਜੋ ਉਹਦਾ ਪਤੀ ਬਣੇ; ਪਰ ਏਥੇ ਤਾਂ ਉਸਦਾ ਸੌਦਾ ਕੀਤਾ ਜਾ ਰਿਹਾ ਸੀ, ਇਕ ਇਹੋ ਜਿਹੀ ਕਰਤੂਤ ਲਈ ਉਹਨੂੰ ਮਜਬੂਰ ਕੀਤਾ ਜਾ ਰਿਹਾ ਸੀ, ਜਿਸਦੀ ਕਲਪਨਾ ਨਾਲ ਹੀ ਉਸਨੂੰ ਕਾਂਬਾ ਛਿੜਦਾ ਜਾ ਰਿਹਾ ਸੀ।
ਜਦੋਂ ਉਹ ਕਲਕੱਤੇ ਤੋਂ ਲਾਹੌਰ ਲਿਆਂਦੀ ਗਈ ਸੀ, ਉਹਨੂੰ ਪਤਾ ਸੀ ਕਿ ਉਹਦੇ ਨਾਲ ਕੀ ਸਲੂਕ ਹੋਣ ਵਾਲਾ ਹੈ। ਉਹ ਸਿਆਣੀ ਕੁੜੀ ਸੀ ਅਤੇ ਚੰਗੀ ਤਰ੍ਹਾਂ ਜਾਣਦੀ ਸੀ ਕਿ ਕੁਝ ਕੁ ਦਿਨਾਂ 'ਚ ਹੀ ਉਹਨੂੰ ਇਕ ਸਿੱਕਾ ਬਣਾਅ ਕੇ ਥਾਂ-ਥਾਂ ਭੁਨਾਇਆ ਜਾਵੇਗਾ। ਉਸਨੂੰ ਇਸ ਸਭ ਕੁਝ ਦਾ ਪਤਾ ਸੀ, ਪਰ ਉਸ ਕੈਦੀ ਵਾਂਗ, ਜੋ ਰਹਿਮ ਦੀ ਆਸ ਨਾ ਹੋਣ 'ਤੇ ਵੀ ਉਮੀਦ ਲਾਈ ਰੱਖਦਾ ਹੈ, ਉਹ ਇਹ ਅਸੰਭਵ ਘਟਨਾ ਵਾਪਰ ਜਾਣ ਦੀ ਟੇਕ ਲਾਈ ਬੈਠੀ ਸੀ।
ਉਹ ਘਟਨਾ ਤਾਂ ਨਾ ਵਾਪਰੀ, ਪਰ ਉਸ ਵਿਚ ਏਨੀ ਹਿੰਮਤ ਪੈਦਾ ਹੋ ਗਈ ਕਿ ਉਹ ਉਸ ਰਾਤ ਨੂੰ, ਕੁਝ ਆਪਣੀ ਹੁਸ਼ਿਆਰੀ ਨਾਲ ਅਤੇ ਕੁਝ ਉਸ ਨੌਜੁਆਨ ਦੇ ਅਣਜਾਣ ਪੁਣੇ ਸਦਕਾ, ਹੋਟਲ ਵਿਚੋਂ ਭੱਜ ਜਾਣ ਵਿਚ ਸਫ਼ਲ ਹੋ ਗਈ।
ਹੁਣ ਲਾਹੌਰ ਦੀਆਂ ਸੜਕਾਂ ਸਨ ਅਤੇ ਉਨ੍ਹਾਂ ਦੇ ਨਵੇਂ ਖ਼ਤਰੇ… ਕਦਮ ਕਦਮ 'ਤੇ ਉਹਨੂੰ ਇਉਂ ਲੱਗਦਾ ਸੀ ਕਿ ਲੋਕਾਂ ਦੀਆਂ ਨਜ਼ਰਾਂ ਉਸਨੂੰ ਖਾ ਜਾਣਗੀਆਂ; ਲੋਕ ਉਸਨੂੰ ਘੱਟ ਦੇਖਦੇ ਸਨ, ਪਰ ਉਸਦੇ ਜੋਬਨ ਨੂੰ, ਜੋ ਛੁਪਣ ਵਾਲੀ ਚੀਜ਼ ਨਹੀਂ ਸੀ, ਕੁਝ ਏਨਾ ਵੱਧ ਘੂਰਦੇ ਸਨ, ਜਿਵੇਂ ਵਰਮੇ ਨਾਲ ਉਸਦੇ ਅੰਦਰ ਮੋਰੀ ਕਰ ਰਹੇ ਹੋਣ; ਸੋਨੇ-ਚਾਂਦੀ ਦਾ ਕੋਈ ਗਹਿਣਾ ਜਾਂ ਮੋਤੀ ਹੁੰਦਾ ਤਾਂ ਉਹ ਸ਼ਾਇਦ ਲੋਕਾਂ ਦੀਆਂ ਨਜ਼ਰਾਂ ਤੋਂ ਬਚਾਅ ਲੈਂਦੀ, ਪਰ ਉਹ ਇਕ ਅਜਿਹੀ ਚੀਜ਼ ਦੀ ਰੱਖਿਆ ਕਰ ਰਹੀ ਸੀ, ਜਿਸ ਉਤੇ ਕੋਈ ਵੀ ਆਸਾਨੀ ਨਾਲ ਹੱਥ ਮਾਰ ਸਕਦਾ ਸੀ।
ਤਿੰਨ ਦਿਨ ਅਤੇ ਤਿੰਨ ਰਾਤਾਂ ਉਹ ਕਦੇ ਏਧਰ, ਕਦੇ ਓਧਰ ਘੁੰਮਦੀ-ਭਟਕਦੀ ਰਹੀ। ਭੁੱਖ ਨਾਲ ਉਸਦਾ ਬੁਰਾ ਹਾਲ ਸੀ, ਪਰ ਉਸਨੇ ਕਿਸੇ ਮੂਹਰੇ ਹੱਥ ਨਾ ਅੱਡਿਆ। ਉਹ ਡਰਦੀ ਸੀ ਕਿ ਉਸਦਾ ਅੱਡਿਆ ਹੋਇਆ ਹੱਥ ਉਸਦੀ ਇੱਜ਼ਤ ਸਮੇਤ ਕਿਸੇ ਹਨੇਰੀ ਕੋਠੜੀ ਵਿਚ ਖਿੱਚ ਲਿਆ ਜਾਵੇਗਾ… ਉਹ ਦੁਕਾਨਾਂ ਵਿਚ ਸਜੀਆਂ ਹੋਈਆਂ ਮਿਠਾਈਆਂ ਦੇਖਦੀ ਸੀ; ਭੋਜਨ-ਭੰਡਾਰਾਂ ਵਿਚ ਲੋਕ ਬੜੇ ਬੜੇ ਬੁਰਕ ਤੋੜ ਕੇ ਖਾਂਦੇ ਸਨ; ਉਸਦੇ ਹਰ ਪਾਸੇ ਖਾਣ-ਪੀਣ ਦੀਆਂ ਚੀਜ਼ਾਂ ਨੂੰ ਬੜੀ ਬੇਦਰਦੀ ਨਾਲ ਵਰਤਿਆ ਜਾਂਦਾ ਸੀ; ਪਰ ਇਉਂ ਲਗਦਾ ਸੀ ਜਿਵੇਂ ਦੁਨੀਆ ਵਿਚ ਉਹਦੇ ਭਾਗਾਂ ਦਾ ਕੋਈ ਦਾਣਾ ਹੀ ਨਹੀਂ ਸੀ ਰਿਹਾ।
ਉਸਨੂੰ ਜ਼ਿੰਦਗੀ ਵਿਚ ਪਹਿਲੀ ਵਾਰ ਖਾਣੇ ਦੀ ਮਹੱਤਤਾ ਦਾ ਅਹਿਸਾਸ ਹੋਇਆ। ਪਹਿਲਾਂ ਉਸਨੂੰ ਖਾਣਾ ਮਿਲ ਜਾਂਦਾ ਸੀ, ਹੁਣ ਉਹ ਖਾਣੇ ਨੂੰ ਮਿਲਣਾ ਚਾਹੁੰਦੀ ਸੀ ਅਤੇ ਮਿਲ ਨਹੀਂ ਸਕਦੀ ਸੀ… ਚਾਰ ਦਿਨਾਂ ਦੇ ਫ਼ਾਕਿਆਂ ਨੇ ਉਸਨੂੰ ਆਪਣੀਆਂ ਹੀ ਨਜ਼ਰਾਂ ਵਿਚ ਇਕ ਬਹੁਤ ਵੱਡਾ ਸ਼ਹੀਦ ਤਾਂ ਬਣਾ ਦਿੱਤਾ, ਪਰ ਉਸ ਦੇ ਜਿਸਮ ਦੀਆਂ ਸਾਰੀਆਂ ਨੀਹਾਂ ਹਿਲਾਅ ਕੇ ਰੱਖ ਦਿੱਤੀਆਂ… ਉਹ ਜੋ ਰੂਹਾਨੀ ਸੰਤੋਖ ਹੁੰਦਾ ਹੈ, ਇਕ ਵੇਲਾ ਆ ਗਿਆ ਕਿ ਉਹ ਵੀ ਸੁੰਗੜਨ ਲੱਗਿਆ।
ਚੌਥੇ ਦਿਨ ਆਥਣੇ ਉਹ ਇਕ ਗਲੀ ਵਿਚੋਂ ਲੰਘ ਰਹੀ ਸੀ ਕਿ ਪਤਾ ਨਹੀਂ ਉਸਦੇ ਜੀਅ ਵਿਚ ਕੀ ਆਇਆ, ਉਹ ਇਕ ਮਕਾਨ ਦੇ ਅੰਦਰ ਵੜ ਗਈ। ਮਕਾਨ ਦੇ ਅੰਦਰ ਵੜਦਿਆਂ ਹੀ ਉਸਨੂੰ ਖ਼ਿਆਲ ਆਇਆ ਕਿ ਨਹੀਂ, ਕੋਈ ਫੜ ਲਏਗਾ ਅਤੇ ਕੁੱਲ ਕੀਤੇ ਕਰਾਏ ਉਤੇ ਪਾਣੀ ਫਿਰ ਜਾਵੇਗਾ ਅਤੇ ਹੁਣ ਉਸ ਵਿਚ ਏਨੀ ਸੱਤਿਆ ਵੀ ਤਾਂ ਨਹੀਂ ਹੈ ਕਿ ਉਹ… ਸੋਚਦੀ ਸੋਚਦੀ ਉਹ ਵਿਹੜੇ ਕੋਲ ਪੁੱਜ ਚੁੱਕੀ ਸੀ… ਧੁੰਦਲੇ ਹਨੇਰੇ ਵਿਚ ਉਹਨੇ ਘੜੌਂਜੀਆਂ ਉਤੇ ਦੋ ਸਾਫ਼ ਸੁਥਰੇ ਘੜੇ ਦੇਖੇ ਅਤੇ ਉਸਦੇ ਕੋਲ ਹੀ ਫਲਾਂ ਨਾਲ ਭਰੇ ਹੋਏ ਦੋ ਥਾਲ; ਸਿਓ, ਨਾਸ਼ਪਤੀਆਂ, ਅਨਾਰ… ਉਸਨੇ ਸੋਚਿਆ: ਅਨਾਰ ਬਕਵਾਸ ਹੈ… ਸਿਓ ਤੇ ਨਾਸ਼ਪਤੀਆਂ ਠੀਕ ਨੇ। ਘੜੇ ਦੇ ਉੱਪਰ ਚੱਪਣੀ ਦੀ ਥਾਂ ਤਸ਼ਤਰੀ ਨਾਲ ਢਕਿਆ ਹੋਇਆ ਇਕ ਪਿਆਲਾ ਰੱਖਿਆ ਹੋਇਆ ਸੀ… ਉਹਨੇ ਤਸ਼ਤਰੀ ਚੁੱਕ ਕੇ ਦੇਖਿਆ; ਪਿਆਲਾ ਮਲਾਈ ਨਾਲ ਭਰਿਆ ਹੋਇਆ ਸੀ।
ਉਹਨੇ ਪਿਆਲਾ ਚੁੱਕ ਲਿਆ ਅਤੇ ਇਸ ਤੋਂ ਪਹਿਲਾਂ ਕਿ ਉਹ ਕੁਝ ਸੋਚ ਸਕੇ, ਉਹਨੇ ਛੇਤੀ ਛੇਤੀ ਮਲਾਈ ਨਿਗਲਣੀ ਸ਼ੁਰੂ ਕਰ ਦਿੱਤੀ। ਕੁਝ ਕੁ ਪਲਾਂ 'ਚ ਸਾਰੀ ਮਲਾਈ ਉਹਦੇ ਢਿੱਡ ਵਿਚ ਸੀ। ਉਹਦੇ ਲਈ ਉਹ ਸੁਖਦਾਇਕ ਘੜੀ ਸੀ… ਉਹ ਭੁੱਲ ਗਈ ਸੀ ਕਿ ਉਹ ਕਿਸੇ ਓਪਰੇ ਮਕਾਨ ਵਿਚ ਹੈ। ਓਥੇ ਈ ਬੈਠ ਕੇ ਉਹਨੇ ਸਿਓ ਅਤੇ ਨਾਸ਼ਪਤੀਆਂ ਖਾਧੀਆਂ।
ਘੜੌਂਜੀ ਹੇਠਾਂ ਕੁਝ ਹੋਰ ਵੀ ਸੀ… ਸੂਪ, ਠੰਢਾ ਸੂਪ ਅਤੇ ਉਹਨੇ ਸਾਰੀ ਪਤੀਲੀ ਮੁਕਾਅ ਦਿੱਤੀ।
ਫੇਰ ਇਕਦਮ ਪਤਾ ਨਹੀਂ ਕਿ ਹੋਇਆ ਕਿ ਉਸਦੇ ਢਿੱਡ ਦੇ ਧੁਰ ਅੰਦਰੋਂ ਇਕ ਉਬਾਲ ਜਿਹਾ ਉੱਠਿਆ ਅਤੇ ਉਸਦਾ ਸਿਰ ਚਕਰਾਉਣ ਲੱਗਿਆ।
ਉਸੇ ਸਮੇਂ ਉਸਨੇ ਖੰਘਣ ਦੀ ਆਵਾਜ਼ ਸੁਣੀ… ਉਹ ਉੱਠ ਖੜ੍ਹੀ ਹੋਈ; ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਚਕਰਾ ਕੇ ਡਿੱਗ ਪਈ ਅਤੇ ਬੇਹੋਸ਼ ਹੋ ਗਈ।
ਜਦੋਂ ਉਸ ਨੂੰ ਹੋਸ਼ ਆਈ ਤਾਂ ਉਹ ਇਕ ਸਾਫ਼ ਸੁਥਰੇ ਬਿਸਤਰੇ ਉਤੇ ਲੰਮੀ ਪਈ ਸੀ… ਸਭ ਤੋਂ ਪਹਿਲਾਂ ਉਸਨੂੰ ਖ਼ਿਆਲ ਆਇਆ ਕਿ ਉਹ ਕਿਤੇ ਲੁੱਟੀ ਤਾਂ ਨਹੀਂ ਗਈ, ਪਰ ਤੁਰੰਤ ਹੀ ਉਸਨੂੰ ਤਸੱਲੀ ਹੋ ਗਈ ਕਿ ਉਹ ਸਹੀ ਸਲਾਮਤ ਹੈ।
ਉਹ ਕੁਝ ਹੋਰ ਸੋਚਣ ਲੱਗੀ ਕਿ ਉਸਨੂੰ ਧੀਮੀ ਧੀਮੀ ਖੰਘ ਦੀ ਆਵਾਜ਼ ਸੁਣਾਈ ਦਿੱਤੀ ਅਤੇ ਫੇਰ ਹੱਡੀਆਂ ਦਾ ਇਕ ਢਾਂਚਾ ਕਮਰੇ ਵਿਚ ਵੜਿਆ।
ਸਕੀਨਾ ਨੇ ਆਪਣੇ ਪਿੰਡ ਵਿਚ ਬਹੁਤ ਸਾਰੇ ਅਕਾਲ ਦੇ ਮਾਰੇ ਇਨਸਾਨ ਦੇਖੇ ਸਨ, ਪਰ ਇਹ ਇਨਸਾਨ ਉਨ੍ਹਾਂ ਤੋਂ ਬਿਲਕੁਲ ਵੱਖਰਾ ਸੀ; ਬੇਚਾਰਗੀ ਉਸ ਦੀਆਂ ਅੱਖਾਂ ਵਿਚ ਵੀ ਸੀ, ਪਰ ਇਸ ਬੇਚਾਰਗੀ ਵਿਚ ਉਹ ਅਨਾਜ ਦੀ ਤਰਸੀ ਹੋਈ ਇੱਛਾ ਨਹੀਂ ਸੀ… ਸਕੀਨਾ ਨੇ ਢਿੱਡ ਦੇ ਭੁੱਖੇ ਦੇਖੇ ਸਨ, ਜਿਨ੍ਹਾਂ ਦੀਆਂ ਨਿਗਾਹਾਂ ਵਿਚ ਇਕ ਨੰਗੀ ਅਤੇ ਕੋਝੀ ਲਾਲਸਾ ਹੁੰਦੀ ਹੈ, ਪਰ ਇਸ ਮਰਦ ਦੀਆਂ ਨਜ਼ਰਾਂ ਵਿਚ ਉਹਨੂੰ ਇਕ ਚਿਲਮਨ ਜਿਹੀ ਦਿਖਾਈ ਦਿੱਤੀ, ਇਕ ਧੁੰਦਲਾ ਪਰਦਾ, ਜਿਸਦੇ ਪਿਛੋਂ ਦੀ ਉਹ ਡਰਿਆ-ਸਹਿਮਿਆ ਉਸਦੇ ਵੱਲ ਦੇਖ ਰਿਹਾ ਸੀ।
ਘਬਰਾਹਟ ਸਕੀਨਾ ਨੂੰ ਹੋਣੀ ਚਾਹੀਦੀ ਸੀ, ਪਰ ਸਹਿਮਿਆ ਹੋਇਆ ਉਹ ਸੀ – ਉਹਨੇ ਰੁਕ-ਰੁਕ ਕੇ, ਕੁਝ ਝੇਂਪਦਿਆਂ, ਕੁਝ ਅਜੀਬ ਕਿਸਮ ਦਾ ਸੰਕੋਚ ਮਹਿਸੂਸ ਕਰਦੇ ਹੋਏ ਸਕੀਨਾ ਨੂੰ ਕਿਹਾ, "ਜਦ ਤੂੰ ਖਾ ਰਹੀ ਸੀ, ਮੈਂ ਤੇਰੇ ਤੋਂ ਕੁਝ ਦੂਰ ਖੜ੍ਹਾ ਸੀ… ਹਾਇ! ਮੈਂ ਕਿੰਨਾ ਔਖਾ ਹੋ ਕੇ ਆਪਣੀ ਖੰਘ ਰੋਕੀ ਰੱਖੀ ਕਿ ਤੂੰ ਆਰਾਮ ਨਾਲ ਖਾ ਸਕੇਂ ਤੇ ਇਹ ਖ਼ੂਬਸੂਰਤ ਨਜ਼ਾਰਾ ਬਹੁਤੀ ਦੇਰ ਤਕ ਦੇਖ ਸਕਾਂ… ਭੁੱਖ ਬੜੀ ਪਿਆਰੀ ਚੀਜ਼ ਹੈ… ਇਹ ਮੈਂ ਹਾਂ ਕਿ ਨਿਹਮਤ ਤੋਂ ਵਾਂਝਾ ਹਾਂ… ਨਹੀਂ, ਵਾਂਝਾ ਨਹੀਂ, ਕਹਿਣਾ ਚਾਹੀਦਾ ਹੈ ਕਿ ਮੈਂ ਆਪ ਇਸ ਨੂੰ ਕਤਲ ਕੀਤਾ ਹੈ…"
ਉਹ ਕੁਝ ਵੀ ਨਾ ਸਮਝ ਸਕੀ।
ਉਸਦੀਆਂ ਗੱਲਾਂ ਇਕ ਬੁਝਾਰਤ ਸਨ… ਸਕੀਨਾ ਨੇ ਬੁੱਝਣ ਦੀ ਕੋਸ਼ਿਸ਼ ਕੀਤੀ ਤਾਂ ਉਹ ਇਕ ਹੋਰ ਬੁਝਾਰਤ ਬਣ ਗਈ; ਇਸਦੇ ਬਾਵਜੂਦ ਸਕੀਨਾ ਨੂੰ ਉਸਦੀਆਂ ਗੱਲਾਂ ਚੰਗੀਆਂ ਲੱਗੀਆਂ, ਉਹਨਾਂ ਵਿਚ ਇਨਸਾਨੀਅਤ ਦੀ ਗਰਮੀ ਸੀ।
ਸਕੀਨਾ ਨੇ ਆਪਣੀ ਸਾਰੀ ਹੱਡ-ਬੀਤੀ ਉਸਨੂੰ ਸੁਣਾਅ ਦਿੱਤੀ।
ਜਦੋਂ ਸਕੀਨਾ ਉਸਦਾ ਧੰਨਵਾਦ ਕਰਨ ਲੱਗੀ ਤਾਂ ਉਹਦੀਆਂ ਅੱਖਾਂ, ਜੋ ਹੰਝੂਆਂ ਤੋਂ ਬੇਪ੍ਰਵਾਹ ਲੱਗਦੀਆਂ ਸਨ, ਇਕਦਮ ਸਿੱਲ੍ਹੀਆਂ ਹੋ ਗਈਆਂ ਅਤੇ ਉਹਨੇ ਡੁਬਡੁਬਾਈ ਹੋਈ ਆਵਾਜ਼ ਵਿਚ ਕਿਹਾ, "ਏਥੇ ਈ ਰਹਿ ਪਓ ਸਕੀਨਾ… ਮੈਂ ਦਿੱਕ ਦਾ ਮਰੀਜ਼ ਹਾਂ… ਮੇਰੀ ਭੁੱਖ ਮਰ ਚੁੱਕੀ ਹੈ… ਮੈਨੂੰ ਕੋਈ ਖਾਣਾ, ਕੋਈ ਫਲ ਚੰਗਾ ਨਹੀਂ ਲੱਗਦਾ… ਤੂੰ ਖਾਇਆ ਕਰੀਂ ਅਤੇ ਮੈਂ ਤੈਨੂੰ ਦੇਖਿਆ ਕਰਾਂਗਾ…" ਤਦੇ ਹੀ ਉਹ ਮੁਸਕਰਾਉਣ ਲੱਗਿਆ… "ਕੀ ਹਿਮਾਕਤ ਹੈ… ਕੋਈ ਹੋਰ ਸੁਣਦਾ ਤਾਂ ਕੀ ਕਹਿੰਦਾ… ਜਾਣੀ ਦੂਜਾ ਖਾਇਆ ਕਰੇ ਅਤੇ ਮੈਂ ਦੇਖਿਆ ਕਰਾਂ… ਨਹੀਂ ਸਕੀਨਾ… ਉਂਝ ਮੇਰੀ ਦਿਲੀ ਇੱਛਾ ਹੈ ਕਿ ਤੂੰ ਏਥੇ ਈ ਰਹੇਂ…"
ਸਕੀਨਾ ਕੁਝ ਸੋਚਣ ਲੱਗੀ; ਫੇਰ ਉਸਨੇ ਕਿਹਾ, "ਜੀ ਨਹੀਂ, ਮੇਰਾ ਮਤਲਬ ਹੈ, ਤੁਸੀਂ ਇਸ ਘਰ ਚ ਇਕੱਲੇ ਹੋ ਅਤੇ ਮੈਂ… ਨਹੀਂ ਨਹੀਂ… ਗੱਲ ਇਹ ਹੈ ਕਿ ਮੈਂ…"
ਸਕੀਨਾ ਦੀ ਗੱਲ ਸੁਣ ਕੇ ਉਸਨੂੰ ਕੁਝ ਅਜਿਹਾ ਧੱਕਾ ਲਗਿਆ ਕਿ ਉਹ ਥੋੜ੍ਹੀ ਦੇਰ ਲਈ ਬਿਲਕੁਲ ਗੁਆਚ ਜਿਹਾ ਗਿਆ। ਜਦੋਂ ਉਹ ਬੋਲਿਆ ਤਾਂ ਉਹਦੀ ਆਵਾਜ਼ ਥੋਥੀ ਜਿਹੀ ਸੀ, "ਮੈਂ ਦਸ ਵਰ੍ਹੇ ਤਕ ਕਾਲਜ ਵਿਚ ਕੁੜੀਆਂ ਨੂੰ ਪੜ੍ਹਾਉਂਦਾ ਰਿਹਾ ਹਾਂ। ਮੈਂ ਸਦਾ ਉਹਨਾਂ ਨੂੰ ਆਪਣੀਆਂ ਬੱਚੀਆਂ ਸਮਝਿਆ … ਤੂੰ… ਤੂੰ ਇਕ ਹੋਰ ਹੋ ਜਾਵੇਂਗੀ…"
ਸਕੀਨਾ ਲਈ ਕੋਈ ਹੋਰ ਥਾਂ ਹੀ ਨਹੀਂ ਸੀ। ਉਹ ਉਸ ਪ੍ਰੋਫ਼ੈਸਰ ਦੇ ਕੋਲ ਰਹਿਣ ਲੱਗੀ।
ਪ੍ਰੋਫ਼ੈਸਰ ਇਕ ਵਰ੍ਹਾ ਅਤੇ ਕੁਝ ਮਹੀਨੇ ਜਿਉਂਦਾ ਰਿਹਾ… ਇਸ ਸਮੇਂ ਦੌਰਾਨ ਬਜਾਇ ਇਸ ਦੇ ਕਿ ਸਕੀਨਾ ਉਸਦੀ ਦੇਖਭਾਲ ਕਰਦੀ, ਉਲਟਾ ਉਹ ਜੋ ਬੀਮਾਰ ਸੀ, ਸਕੀਨਾ ਨੂੰ ਸੁਖ ਸੁਵਿਧਾ ਪੁਚਾਉਣ ਲਈ ਕੁਝ ਇਸ ਸਲੀਕੇ ਨਾਲ ਰੁਝਿਆ ਰਿਹਾ, ਜਿਵੇਂ ਉਹ ਬਹੁਤ ਕਾਹਲੀ ਵਿਚ ਹੋਵੇ।
ਪ੍ਰੋਫ਼ੈਸਰ ਦੀ ਦੇਖ ਭਾਲ ਨੇ ਸਕੀਨਾ ਨੂੰ ਕੁਝ ਮਹੀਨਿਆਂ ਵਿਚ ਹੀ ਨਿਖ਼ਾਰ ਦਿੱਤਾ। ਫੇਰ ਠਹ ਸਕੀਨਾ ਤੋਂ ਕੁਝ ਦੂਰ ਦੂਰ ਰਹਿਣ ਲੱਗਿਆ, ਪਰ ਉਸਦੀ ਦੇਖਭਾਲ ਵਿਚ ਕੋਈ ਫ਼ਰਕ ਨਾ ਪਿਆ।
ਆਖ਼ਰੀ ਦਿਨਾਂ ਵਿਚ ਅਚਾਨਕ ਉਹਦੀ ਹਾਲਤ ਖ਼ਰਾਬ ਹੋ ਗਈ। ਇਕ ਰਾਤ ਜਦੋਂ ਸਕੀਨਾ ਉਸਦੇ ਨੇੜੇ ਹੀ ਸੁੱਤੀ ਪਈ ਸੀ, ਉਹ ਬੌਂਦਲ ਕੇ ਉੱਠ ਬੈਠਾ ਅਤੇ ਜ਼ੋਰ ਜ਼ੋਰ ਦੀ ਕੂਕਣ ਲੱਗਾ, "ਸਕੀਨਾ… ਸਕੀਨਾ!" ਉਸਦੀਆਂ ਚੀਕਾ ਸੁਣ ਕੇ ਸਕੀਨਾ ਘਬਰਾਅ ਗਈ।
ਉਸਦੀਆਂ ਧਸੀਆਂ ਹੋਈਆਂ ਅੱਖਾਂ 'ਚ, ਉਹ ਜੋ ਚਿਲਮਨ ਜਿਹੀ ਹੁੰਦੀ ਸੀ, ਕਿਤੇ ਦਿਖਾਈ ਨਹੀਂ ਸੀ ਦੇ ਰਹੀ… ਉਹਨਾਂ ਅੱਖਾਂ ਵਿਚ ਸਕੀਨਾ ਨੂੰ ਇਕ ਅਥਾਹ ਦੁੱਖ ਨਜ਼ਰ ਆਇਆ।
ਉਸਨੇ ਆਪਣੇ ਕੰਬਦੇ ਹੋਏ ਹੱਥਾਂ ਨਾਲ ਸਕੀਨਾ ਦੇ ਹੱਥ ਫੜੇ ਅਤੇ ਕਿਹਾ, "ਮੈਂ ਮਰ ਰਿਹਾ ਹਾਂ, ਪਰ ਇਸ ਮੌਤ ਦਾ ਮੈਨੂੰ ਦੁੱਖ ਨਹੀਂ, ਕਿਉਂਕਿ ਬਹੁਤ ਸਾਰੀਆਂ ਮੌਤਾਂ ਮੇਰੇ ਅੰਦਰ ਵਾਪਰ ਚੁੱਕੀਆਂ ਨੇ… ਤੂੰ ਸੁਣਨਾ ਚਾਹੁੰਦੀ ਐ ਮੇਰੀ ਵਿਥਿਆ… ਜਾਣਨਾ ਚਾਹੁੰਦੀ ਐ, ਮੈਂ ਕੀ ਆਂ…? ਸੁਣ… ਮੈਂ ਇਕ ਝੂਠ ਹਾਂ, ਬਹੁਤ ਵੱਡਾ ਝੂਠ… ਮੇਰੀ ਸਾਰੀ ਜ਼ਿੰਦਗੀ ਆਪਣੇ ਆਪ ਨਾਲ ਝੂਠ ਬੋਲਣ ਅਤੇ ਫੇਰ ਉਸਨੂੰ ਸੱਚ ਬਨਾਉਣ ਵਿਚ ਲੰਘੀ ਹੈ… ਹਾਇ ਇਹ ਕਿੰਨਾ ਦੁਖਦਾਈ, ਅਸੁਭਾਵਕ ਅਤੇ ਅਣਮਨੁੱਖੀ ਕੰਮ ਸੀ… ਮੈਂ ਇਕ ਸੁਭਾਵਕ ਇੱਛਾ ਨੂੰ ਮਾਰਿਆ ਸੀ, ਪਰ ਮੈਨੂੰ ਇਹ ਪਤਾ ਨਹੀਂ ਸੀ ਕਿ ਇਸ ਕਤਲ ਦੇ ਪਿੱਛੇ ਮੈਨੂੰ ਹੋਰ ਬਹੁਤ ਸਾਰੇ ਖ਼ੂਨ ਕਰਨੇ ਪੈਣਗੇ… ਮੈਂ ਸਮਝਦਾ ਸੀ ਕਿ ਇਕ ਮੁਸਾਮ ਬੰਦ ਕਰ ਦੇਣ ਨਾਲ ਕੀ ਫ਼ਰਕ ਪਵੇਗਾ; ਮੈਨੂੰ ਇਹ ਪਤਾ ਨਹੀਂ ਸੀ ਕਿ ਫੇਰ ਆਪਣੇ ਸਰੀਰ ਦੇ ਸਾਰੇ ਦਰਵਾਜ਼ੇ ਬੰਦ ਕਰਨੇ ਪੈਣਗੇ… ਸਕੀਨਾ, ਇਹ ਜੋ ਕੁਝ ਮੈਂ ਕਹਿ ਰਿਹਾ ਹਾਂ, ਫ਼ਲਸਫ਼ੀ ਬਕਵਾਸ ਹੈ… ਸਿੱਧੀ ਗੱਲ ਇਹ ਹੈ ਕਿ ਮੈਂ ਆਪਣਾ ਕਰੈਕਟਰ ਉੱਚਾ ਕਰਦਾ ਰਿਹਾ ਅਤੇ ਆਪ ਅਤਿਅੰਤ ਡੂੰਘੀਆਂ ਦਲਦਲਾਂ ਵਿਚ ਧਸਦਾ ਰਿਹਾ… ਮੈਂ ਮਰ ਜਾਵਾਂਗਾ ਅਤੇ ਮੇਰਾ ਇਹ ਕਰੈਕਟਰ… ਇਹ ਬੇਰੰਗਾ ਝੰਡਾ ਮੇਰੀ ਮਿੱਟੀ ਉਤੇ ਉਡਦਾ ਰਹੇਗਾ… ਉਹ ਸਾਰੀਆਂ ਕੁੜੀਆਂ ਜਿਨ੍ਹਾਂ ਨੂੰ ਮੈਂ ਕਾਲਜ ਵਿਚ ਪੜ੍ਹਾਇਆ ਕਰਦਾ ਸੀ, ਜਦ ਕਦੇ ਮੈਨੂੰ ਯਾਦ ਕਰਨਗੀਆਂ, ਇਹੀ ਕਹਿਣਗੀਆਂ ਕਿ ਇਕ ਫ਼ਰਿਸ਼ਤਾ ਸੀ, ਜੋ ਇਨਸਾਨਾਂ ਵਿਚ ਆ ਗਿਆ ਸੀ… ਤੂੰ ਵੀ ਮੇਰੀਆਂ ਨੇਕੀਆਂ ਨੂੰ ਨਹੀਂ ਭੁੱਲੇਂਗੀ… ਪਰ ਹਕੀਕਤ ਇਹ ਹੈ ਕਿ ਜਦ ਤੋਂ ਤੂੰ ਇਸ ਘਰ ਵਿਚ ਆਈ ਹੈਂ, ਇਕ ਛਿਣ ਵੀ ਅਜਿਹਾ ਨਹੀਂ ਲੰਘਿਆ, ਜਦ ਮੈਂ ਤੇਰੀ ਜੁਆਨੀ ਨੂੰ ਚੋਰ ਅੱਖ ਨਾਲ ਨਾ ਦੇਖਿਆ ਹੋਵੇ… ਮੈਂ ਕਲਪਨਾ ਵਿਚ ਕਈ ਵਾਰ ਤੇਰਿਆਂ ਬੁੱਲ੍ਹਾਂ ਨੂੰ ਚੁੰਮਿਆ ਹੈ… ਕਈ ਵਾਰ ਖ਼ਿਆਲਾਂ ਖ਼ਿਆਲਾਂ ਵਿਚ ਮੈਂ ਤੇਰੀਆਂ ਬਾਹਾਂ ਵਿਚ ਆਪਣਾ ਸਿਰ ਰੱਖਿਆ ਹੈ… ਅਤੇ ਹਰ ਵਾਰ ਮੈਨੂੰ ਇਹਨਾਂ ਤਸਵੀਰਾਂ ਦੇ ਪੁਰਜ਼ੇ-ਪੁਰਜ਼ੇ ਕਰਨੇ ਪਏ, ਫੇਰ ਇਨ੍ਹਾਂ ਪੁਰਜ਼ਿਆਂ ਨੂੰ ਜਲਾਅ ਕੇ ਮੈਂ ਸੁਆਹ ਬਣਾਈ ਹੈ ਕਿ ਇਹਨਾਂ ਦਾ ਨਾਂ-ਨਿਸ਼ਾਨ ਤੱਕ ਬਾਕੀ ਨਾ ਰਹੇ… ਕਾਸ਼! ਮੇਰੇ ਵਿਚ ਏਨੀ ਹਿੰਮਤ ਹੁੰਦੀ ਕਿ ਮੈਂ ਆਪਣੇ ਇਸ ਉੱਚੇ ਕਰੈਕਟਰ ਨੂੰ ਇਕ ਲੰਬੇ ਬਾਂਸ ਉਤੇ ਲੰਗੂਰ ਵਾਂਗ ਬਿਠਾਅ ਸਕਦਾ ਅਤੇ ਡੁਗਡੁਗੀ ਵਜਾਅ ਕੇ ਲੋਕਾਂ ਨੂੰ ਇਕੱਠਾ ਕਰ ਸਕਦਾ ਅਤੇ ਕਹਿ ਸਕਦਾ ਕਿ ਆਓ ਦੇਖੋ ਅਤੇ ਨਸੀਹਤ ਲਵੋ…"
ਇਸ ਘਟਨਾ ਤੋਂ ਪਿਛੋਂ ਪ੍ਰੋਫ਼ੈਸਰ ਕੇਵਲ ਪੰਜ ਦਿਨ ਜਿਉਂਦਾ ਰਿਹਾ। ਸਕੀਨਾ ਦਾ ਬਿਆਨ ਹੈ ਕਿ ਮਰਨ ਤੋਂ ਪਹਿਲਾਂ ਉਹ ਬਹੁਤ ਖ਼ੁਸ਼ ਸੀ।
ਜਦੋਂ ਉਹ ਆਖ਼ਰੀ ਸਾਹ ਲੈ ਰਿਹਾ ਸੀ, ਉਸਨੇ ਸਕੀਨਾ ਨੂੰ ਕੇਵਲ ਏਨਾ ਆਖਿਆ ਸੀ,
"ਸਕੀਨਾ, ਮੈਂ ਲਾਲਚੀ ਨਹੀਂ ਹਾਂ… ਜ਼ਿੰਦਗੀ ਦੇ ਇਹ ਆਖ਼ਰੀ ਪੰਜ ਦਿਨ ਮੇਰੇ ਲਈ ਬਹੁਤ ਨੇ… ਮੈਂ ਤੇਰਾ ਧੰਨਵਾਦੀ ਹਾਂ…"

(ਅਨੁਵਾਦ: ਪਰਦੁਮਨ ਸਿੰਘ ਬੇਦੀ)

ਪੰਜਾਬੀ ਕਹਾਣੀਆਂ (ਮੁੱਖ ਪੰਨਾ)