Punjabi Stories/Kahanian
ਸਆਦਤ ਹਸਨ ਮੰਟੋ
Saadat Hasan Manto
 Punjabi Kahani
Punjabi Kavita
  

Khol Do Saadat Hasan Manto

ਖੋਲ੍ਹ ਦੋ ਸਆਦਤ ਹਸਨ ਮੰਟੋ

ਅੰਮ੍ਰਿਤਸਰ ਤੋਂ ਟਰੇਨ ਸੁਭਾ ਦੇ ਦੋ ਵਜੇ ਚੱਲੀ ਅਤੇ ਅੱਠ ਘੰਟਿਆਂ ਤੋਂ ਬਾਅਦ ਮੁਗਲਪੁਰਾ ਪਹੁੰਚੀ । ਰਸਤੇ ਵਿੱਚ ਕਈ ਆਦਮੀ ਮਾਰੇ ਗਏ। ਅਨੇਕ ਜ਼ਖਮੀ ਹੋਏ ਅਤੇ ਕੁੱਝ ਇੱਧਰ-ਉੱਧਰ ਭਟਕ ਗਏ।
ਸੁਭਾ ਦਸ ਵਜੇ ਕੈਂਪ ਦੀ ਠੰਡੀ ਜ਼ਮੀਨ ਉੱਤੇ ਜਦੋਂ ਸਰਾਜੁਦੀਨ ਨੇ ਅੱਖਾਂ ਖੋਲ੍ਹੀਆਂ ਅਤੇ ਆਪਣੇ ਚਾਰੇ ਪਾਸੇ ਮਰਦਾਂ, ਔਰਤਾਂ ਅਤੇ ਬੱਚਿਆਂ ਦਾ ਇੱਕ ਉਮੜਦਾ ਸਮੁੰਦਰ ਦੇਖਿਆ ਤਾਂ ਉਸ ਦੀਆਂ ਸੋਚਣ ਸਮਝਣ ਦੀਆਂ ਤਾਕਤਾਂ ਹੋਰ ਵੀ ਬੁੱਢੀਆਂ ਹੋ ਗਈਆਂ ਅਤੇ ਉਹ ਦੇਰ ਤੱਕ ਗੰਧਲੇ ਅਸਮਾਨ ਨੂੰ ਟਿਕਟਿਕੀ ਬੰਨ੍ਹੀ ਦੇਖਦਾ ਰਿਹਾ। ਉਂਝ ਤਾਂ ਕੈਂਪ ਵਿੱਚ ਰੌਲ਼ਾ ਪੈ ਰਿਹਾ ਸੀ, ਪਰ ਬੁੱਢੇ ਸਰਾਜੁਦੀਨ ਦੇ ਕੰਨ ਜਿਵੇਂ ਬੰਦ ਸਨ। ਜਿਵੇਂ ਕੁੱਝ ਸੁਣਾਈ ਨਹੀਂ ਦਿੰਦਾ ਸੀ। ਕੋਈ ਉਸਨੂੰ ਦੇਖਦਾ ਤਾਂ ਇਹ ਖਿਆਲ ਕਰਦਾ ਕਿ ਉਹ ਕਿਸੇ ਗਹਿਰੀ ਨੀਂਦ ਵਿੱਚ ਗਰਕ ਹੈ ਪਰ ਅਜਿਹਾ ਨਹੀਂ ਸੀ। ਉਸਦੇ ਹੋਸ਼-ਹਵਾਸ਼ ਗਾਇਬ ਸਨ। ਉਸਦੀ ਸਾਰੀ ਹੋਂਦ ਖਲਾਅ ਵਿੱਚ ਲਟਕੀ ਹੋਈ ਸੀ।
ਗੰਧਲੇ ਅਸਮਾਨ ਵੱਲ ਬਗੈਰ ਕਿਸੇ ਇਰਾਦੇ ਦੇ ਦੇਖਦਿਆਂ ਸਰਾਜੁਦੀਨ ਦੀਆਂ ਨਜ਼ਰਾਂ ਸੂਰਜ ਨਾਲ਼ ਟਕਰਾਈਆਂ। ਤੇਜ਼ ਰੌਸ਼ਨੀ ਉਸਦੀ ਹੋਂਦ ਦੀ ਰਗ-ਰਗ ਵਿੱਚ ਉੱਤਰ ਗਈ ਅਤੇ ਉਹ ਜਾਗ ਉੱਠਿਆ। ਉੱਪਰ-ਥੱਲੇ ਉਸਦੇ ਦਿਮਾਗ਼ ਵਿੱਚ ਕਈ ਤਸਵੀਰਾਂ ਦੌੜ ਗਈਆਂ — ਲੁੱਟ, ਅੱਗ, ਭੱਜਾ-ਦੌੜੀ, ਸਟੇਸ਼ਨ-ਗੋਲ਼ੀਆਂ, ਰਾਤ ਅਤੇ ਸਕੀਨਾ … ਸਰਾਜੁਦੀਨ ਇੱਕ ਦਮ ਉੱਠ ਖੜਾ ਹੋਇਆ ਅਤੇ ਪਾਗ਼ਲਾਂ ਦੀ ਤਰ੍ਹਾਂ ਉਸਨੇ ਚਾਰੇ ਪਾਸੇ ਫੈਲੇ ਹੋਏ ਇਨਸਾਨਾਂ ਦੇ ਸਮੁੰਦਰ ਨੂੰ ਖੰਘਾਲਣਾ ਸ਼ੁਰੂ ਕਰ ਦਿੱਤਾ।
ਪੂਰੇ ਤਿੰਨ ਘੰਟੇ ਉਹ 'ਸਕੀਨਾ, ਸਕੀਨਾ' ਪੁਕਾਰਦਾ ਰਿਹਾ, ਕੈਂਪ ਦੀ ਖਾਕ ਛਾਣਦਾ ਰਿਹਾ ਪਰ ਉਸਨੂੰ ਆਪਣੀ ਜਵਾਨ ਇਕਲੌਤੀ ਧੀ ਦਾ ਕੋਈ ਪਤਾ ਨਾ ਲੱਗਿਆ। ਚਾਰੇ ਪਾਸੇ ਇੱਕ ਧਾਂਦਲੀ ਜਿਹੀ ਮੱਚੀ ਹੋਈ ਸੀ। ਕੋਈ ਆਪਣਾ ਬੱਚਾ ਲੱਭ ਰਿਹਾ ਸੀ, ਕੋਈ ਮਾਂ, ਕੋਈ ਪਤਨੀ ਕੋਈ ਬੇਟੀ। ਸਰਾਜੁਦੀਨ ਥੱਕ ਹਾਰ ਕੇ ਇੱਕ ਪਾਸੇ ਬੈਠ ਗਿਆ ਅਤੇ ਦਿਮਾਗ਼ ਉੱਤੇ ਜ਼ੋਰ ਦੇ ਕੇ ਸੋਚਣ ਲੱਗਾ ਕਿ ਸਕੀਨਾ ਉਸ ਨਾਲ਼ ਕਦੋਂ ਅਤੇ ਕਿੱਥੇ ਅਲੱਗ ਹੋਈ, ਪਰ ਸੋਚਦੇ-ਸੋਚਦੇ ਉਸਦਾ ਦਿਮਾਗ਼ ਸਕੀਨਾ ਦੀ ਮਾਂ ਦੀ ਲਾਸ਼ ਉੱਤੇ ਜੰਮ ਜਾਂਦਾ, ਜਿਸ ਦੀਆਂ ਸਾਰੀਆਂ ਆਂਤਾਂ ਬਾਹਰ ਨਿੱਕਲ਼ੀਆਂ ਹੋਈਆਂ ਸਨ। ਉਸ ਤੋਂ ਅੱਗੇ ਉਹ ਹੋਰ ਕੁੱਝ ਨਾ ਸੋਚ ਸਕਿਆ।
ਸਕੀਨਾ ਦੀ ਮਾਂ ਮਰ ਚੁੱਕੀ ਸੀ। ਉਸਨੇ ਸਰਾਜੁਦੀਨ ਦੀਆਂ ਅੱਖਾਂ ਦੇ ਸਾਹਮਣੇ ਦਮ ਤੋੜਿਆ ਸੀ, ਪਰ ਸਕੀਨਾ ਕਿੱਥੇ ਸੀ, ਜਿਸ ਬਾਰੇ ਉਸਦੀ ਮਾਂ ਨੇ ਮਰਦੇ ਹੋਏ ਕਿਹਾ ਸੀ, "ਮੈਨੂੰ ਛੱਡ ਦਿਓ ਅਤੇ ਸਕੀਨਾ ਨੂੰ ਲੈ ਕੇ ਜਲਦੀ ਇੱਥੋਂ ਭੱਜ ਜਾਓ।"
ਸਕੀਨਾ ਉਸਦੇ ਨਾਲ਼ ਹੀ ਸੀ। ਦੋਵੇਂ ਨੰਗੇ ਪੈਰੀਂ ਭੱਜ ਰਹੇ ਸਨ। ਸਕੀਨਾ ਦਾ ਦੁਪੱਟਾ ਡਿਗ ਪਿਆ ਸੀ, ਉਸਨੂੰ ਉਠਾਉਣ ਲਈ ਉਸਨੇ ਰੁਕਣਾ ਚਾਹਿਆ ਸੀ। ਸਕੀਨਾ ਨੇ ਚੀਕ ਕੇ ਕਿਹਾ ਸੀ, "ਅੱਬਾ ਜੀ ਛੱਡੋ।" ਪਰ ਉਸਨੇ ਦੁਪੱਟਾ ਚੁੱਕ ਲਿਆ ਸੀ। … ਇਹ ਸੋਚਦੇ-ਸੋਚਦੇ ਉਸਨੇ ਆਪਣੀ ਉੱਭਰੀ ਹੋਈ ਕੋਟ ਦੀ ਜੇਬ ਵੱਲ ਵੇਖਿਆ ਅਤੇ ਉਸ ਵਿੱਚ ਹੱਥ ਪਾ ਕੇ ਇੱਕ ਕੱਪੜਾ ਕੱਢਿਆ, ਇਹ ਸਕੀਨਾ ਦਾ ਉਹੀ ਦੁਪੱਟਾ ਸੀ, ਪਰ ਸਕੀਨਾ ਕਿੱਥੇ ਸੀ?
ਸਰਾਜੁਦੀਨ ਨੇ ਆਪਣੇ ਥੱਕੇ ਹੋਏ ਦਿਮਾਗ਼ ਉੱਤੇ ਬਹੁਤ ਜ਼ੋਰ ਦਿੱਤਾ ਪਰ ਉਹ ਕਿਸੇ ਨਤੀਜੇ ਉੱਤੇ ਨਾ ਪਹੁੰਚ ਸਕਿਆ। ਕੀ ਉਹ ਸਕੀਨਾ ਨੂੰ ਆਪਣੇ ਨਾਲ਼ ਸਟੇਸ਼ਨ ਤੱਕ ਲੈ ਆਇਆ ਸੀ? ਕੀ ਉਹ ਉਸਦੇ ਨਾਲ਼ ਹੀ ਗੱਡੀ ਵਿੱਚ ਸਵਾਰ ਸੀ? ਰਸਤੇ ਵਿੱਚ ਜਦੋਂ ਗੱਡੀ ਰੋਕੀ ਗਈ ਸੀ ਅਤੇ ਬਲਵਾਈ ਅੰਦਰ ਵੜ ਆਏ ਸਨ, ਤਾਂ ਕੀ ਉਹ ਬੇਹੋਸ਼ ਹੋ ਗਿਆ ਸੀ, ਜੋ ਉਹ ਸਕੀਨਾ ਨੂੰ ਚੁੱਕ ਕੇ ਲੈ ਗਏ?
ਸਰਾਜੁਦੀਨ ਦੇ ਦਿਮਾਗ਼ ਵਿੱਚ ਸਵਾਲ ਹੀ ਸਵਾਲ ਸਨ, ਜਵਾਬ ਕੋਈ ਵੀ ਨਹੀਂ ਸੀ। ਉਸਨੂੰ ਹਮਦਰਦੀ ਦੀ ਲੋੜ ਸੀ। ਸਰਾਜੁਦੀਨ ਨੇ ਰੋਣਾ ਚਾਹਿਆ ਪਰ ਅੱਖਾਂ ਨੇ ਉਸਦੀ ਮਦਦ ਨਹੀਂ ਕੀਤੀ। ਹੰਝੂ ਪਤਾ ਨਹੀਂ ਕਿੱਥੇ ਅਲੋਪ ਹੋ ਗਏ ਸਨ।
ਛੇ ਦਿਨਾਂ ਬਾਅਦ ਜਦੋਂ ਹੋਸ਼ੋ-ਹਵਾਸ ਕਿਸੇ ਹੱਦ ਤੱਕ ਦਰੁਸਤ ਹੋਏ ਤਾਂ ਸਰਾਜੁਦੀਨ ਉਨ੍ਹਾਂ ਲੋਕਾਂ ਨੂੰ ਮਿਲ਼ਿਆ ਜੋ ਉਸਦੀ ਮਦਦ ਕਰਨ ਲਈ ਤਿਆਰ ਸਨ। ਅੱਠ ਨੌਜਵਾਨ ਸਨ, ਜਿਨ੍ਹਾਂ ਕੋਲ਼ ਡਾਂਗਾਂ ਸਨ, ਬੰਦੂਕਾਂ ਸਨ। ਸਰਾਜੁਦੀਨ ਨੇ ਉਨ੍ਹਾਂ ਨੂੰ ਲੱਖ-ਲੱਖ ਦੁਆਵਾਂ ਦਿੱਤੀਆਂ ਅਤੇ ਸਕੀਨਾ ਦਾ ਹੁਲੀਆ ਦੱਸਿਆ, "ਗੋਰਾ ਰੰਗ ਹੈ ਅਤੇ ਬਹੁਤ ਖੂਬਸੂਰਤ ਹੈ … ਮੇਰੇ ਉੱਤੇ ਨਹੀਂ ਆਪਣੇ ਮਾਂ ਉੱਤੇ ਸੀ … ਉਮਰ ਸਤਾਰਾਂ ਵਰ੍ਹਿਆਂ ਦੇ ਕਰੀਬ ਹੈ। … ਅੱਖਾਂ ਵੱਡੀਆਂ-ਵੱਡੀਆਂ … ਵਾਲ਼ ਸਿਆਹ … ਸੱਜੀ ਗੱਲ੍ਹ ਉੱਤੇ ਮੋਟਾ ਜਿਹਾ ਤਿਲ … ਮੇਰੀ ਇਕਲੌਤੀ ਧੀ ਹੈ। ਲੱਭ ਲਿਆਓ ਖੁਦਾ ਤੁਹਾਡਾ ਭਲਾ ਕਰੇਗਾ।"
ਰਜਾਕਾਰ ਨੌਜਵਾਨਾਂ ਨੇ ਬੜੇ ਜਜ਼ਬੇ ਨਾਲ਼ ਬੁੱਢੇ ਸਰਾਜੁਦੀਨ ਨੂੰ ਯਕੀਨ ਦਿਵਾਇਆ ਕਿ ਜੇ ਉਸਦੀ ਧੀ ਜਿਉਂਦੀ ਹੋਈ ਤਾਂ ਕੁੱਝ ਦਿਨਾਂ ਵਿੱਚ ਹੀ ਉਸਦੇ ਕੋਲ਼ ਹੋਵੇਗੀ।
ਅੱਠਾਂ ਨੌਜਵਾਨਾਂ ਨੇ ਕੋਸ਼ਿਸ਼ ਕੀਤੀ। ਜਾਨ ਹਥੇਲ਼ੀ ਉੱਤੇ ਰੱਖ ਕੇ ਉਹ ਅੰਮ੍ਰਿਤਸਰ ਗਏ। ਕਈ ਥਾਵਾਂ ਅਤੇ ਬੱਚਿਆਂ ਨੂੰ ਕੱਢ-ਕੱਢ ਕੇ ਉਨ੍ਹਾਂ ਨੇ ਸੁਰੱਖਿਅਤ ਥਾਵਾਂ ਉੱਤੇ ਪਹੁੰਚਾਇਆ। ਦਸ ਦਿਨ ਗੁਜ਼ਰ ਗਏ ਪਰ ਉਹਨਾਂ ਨੂੰ ਸਕੀਨਾ ਨਾ ਮਿਲ਼ੀ।
ਇੱਕ ਦਿਨ ਇਸੇ ਸੇਵਾ ਦੇ ਲਈ ਲਾਰੀ ਉੱਤੇ ਅੰਮ੍ਰਿਤਸਰ ਜਾ ਰਹੇ ਸਨ ਕਿ ਛੇਹਰਟਾ ਦੇ ਕੋਲ਼ ਸੜਕ ਉੱਤੇ ਉਨ੍ਹਾਂ ਨੂੰ ਇੱਕ ਕੁੜੀ ਦਿਖਾਈ ਦਿੱਤੀ। ਲਾਰੀ ਦੀ ਅਵਾਜ਼ ਸੁਣ ਕੇ ਉਹ ਬਿਦਕੀ ਤੇ ਭੱਜਣਾ ਸ਼ੁਰੂ ਕਰ ਦਿੱਤਾ। ਰਜਾਕਾਰਾਂ ਨੇ ਮੋਟਰ ਰੋਕੀ ਅਤੇ ਸਾਰੇ ਦੇ ਸਾਰੇ ਉਸਦੇ ਪਿੱਛੇ ਭੱਜੇ। ਇੱਕ ਖੇਤ ਵਿੱਚ ਉਹਨਾਂ ਨੇ ਲੜਕੀ ਨੂੰ ਫੜ ਲਿਆ। ਦੇਖਿਆ ਤਾਂ ਬਹੁਤ ਖੂਬਸੂਰਤ ਸੀ। ਸੱਜੀ ਗੱਲ ਉੱਤੇ ਬਹੁਤ ਮੋਟਾ ਕਾਲ਼ਾ ਤਿਲ ਸੀ। ਇੱਕ ਮੁੰਡੇ ਨੇ ਉਸਨੂੰ ਕਿਹਾ, "ਘਬਰਾ ਨਾ, ਕੀ ਤੇਰਾ ਨਾਮ ਸਕੀਨਾ ਹੈ?"
ਕੁੜੀ ਦਾ ਰੰਗ ਹੋਰ ਵੀ ਪੀਲ਼ਾ ਪੈ ਗਿਆ। ਉਸਨੇ ਕੋਈ ਜਵਾਬ ਨਹੀਂ ਦਿੱਤਾ। ਪਰ ਜਦੋਂ ਬਾਕੀ ਮੁੰਡਿਆਂ ਨੇ ਉਸਨੂੰ ਦਮ ਦਿਲਾਸਾ ਦਿੱਤਾ ਤਾਂ ਉਸਦੀ ਦਹਿਸ਼ਤ ਦੂਰ ਹੋਈ ਅਤੇ ਉਸਨੇ ਮੰਨ ਲਿਆ ਕਿ ਉਹ ਸਰਾਜੁਦੀਨ ਦੀ ਧੀ ਸਕੀਨਾ ਹੈ।
ਅੱਠ ਰਜਾਕਾਰ ਨੌਜਵਾਨਾਂ ਨੇ ਇਸ ਤਰ੍ਹਾਂ ਸਕੀਨਾ ਦੀ ਦਿਲਜੋਈ ਕੀਤੀ। ਉਸਨੂੰ ਖਾਣਾ ਖੁਆਇਆ, ਦੁੱਧ ਪਿਆਇਆ ਅਤੇ ਲਾਰੀ ਵਿੱਚ ਬਿਠਾ ਦਿੱਤਾ। ਇੱਕ ਨੇ ਆਪਣਾ ਕੋਟ ਲਾਹ ਕੇ ਉਸਨੂੰ ਦੇ ਦਿੱਤਾ, ਕਿਉਂਕਿ ਦੁਪੱਟਾ ਨਾ ਹੋਣ ਕਾਰਨ ਉਹ ਬਹੁਤ ਉਲ਼ਝਣ ਮਹਿਸੂਸ ਕਰ ਰਹੀ ਸੀ ਅਤੇ ਵਾਰ-ਵਾਰ ਆਪਣੀਆਂ ਬਾਹਾਂ ਨਾਲ਼ ਆਪਣੇ ਸੀਨੇ ਨੂੰ ਢਕਣ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਸੀ।
ਕਈ ਦਿਨ ਬੀਤ ਗਏ, ਸਰਾਜੁਦੀਨ ਨੂੰ ਸਕੀਨਾ ਦੀ ਕੋਈ ਖ਼ਬਰ ਨਾ ਮਿਲ਼ੀ। ਉਹ ਦਿਨ ਭਰ ਵੱਖ-ਵੱਖ ਕੈਂਪਾਂ ਅਤੇ ਦਫ਼ਤਰਾਂ ਦੇ ਚੱਕਰ ਕੱਟਦਾ ਰਹਿੰਦਾ, ਪਰ ਕਿਤੋਂ ਵੀ ਉਸਦੀ ਧੀ ਦਾ ਪਤਾ ਨਾ ਚੱਲਿਆ। ਰਾਤ ਨੂੰ ਉਹ ਬਹੁਤ ਦੇਰ ਤੱਕ ਉਨ੍ਹਾਂ ਰਜਾਕਾਰ ਨੌਜਵਾਨਾਂ ਦੀ ਕਾਮਯਾਬੀ ਲਈ ਦੁਆ ਮੰਗਦਾ ਰਹਿੰਦਾ ਜਿਨ੍ਹਾਂ ਨੇ ਉਸਨੂੰ ਯਕੀਨ ਦਿਵਾਇਆ ਸੀ ਕਿ ਜੇ ਸਕੀਨਾ ਜਿਉਂਦੀ ਹੋਈ ਤਾਂ ਕੁੱਝ ਦਿਨਾਂ ਵਿੱਚ ਉਸਨੂੰ ਲੱਭ ਲਿਆਉਣਗੇ।
ਇੱਕ ਦਿਨ ਸਰਾਜੁਦੀਨ ਨੇ ਕੈਂਪ ਵਿੱਚ ਉਨ੍ਹਾਂ ਰਜਾਕਾਰ ਨੌਜਵਾਨਾਂ ਨੂੰ ਦੇਖਿਆ। ਲਾਰੀ ਵਿੱਚ ਬੈਠੇ ਸਨ। ਸਰਾਜੁਦੀਨ ਭੱਜਿਆ-ਭੱਜਿਆ ਉਨ੍ਹਾਂ ਕੋਲ਼ ਗਿਆ। ਲਾਰੀ ਚੱਲਣ ਹੀ ਵਾਲ਼ੀ ਸੀ ਕਿ ਉਸਨੇ ਪੁੱਛਿਆ — "ਬੇਟਾ ਮੇਰੀ ਸਕੀਨਾ ਦਾ ਪਤਾ ਲੱਗਾ?"
ਸਭ ਨੇ ਇੱਕ ਜਵਾਬ ਹੋਕੇ ਕਿਹਾ, "ਲੱਗ ਜਾਵੇਗਾ, ਲੱਗ ਜਾਵੇਗਾ।" ਅਤੇ ਲਾਰੀ ਅੱਗੇ ਵਧਾ ਦਿੱਤੀ। ਸਰਾਜੁਦੀਨ ਨੇ ਇੱਕ ਵਾਰ ਫੇਰ ਉਨ੍ਹਾਂ ਨੌਜਵਾਨਾਂ ਦੀ ਕਾਮਯਾਬੀ ਲਈ ਦੁਆ ਮੰਗੀ ਅਤੇ ਉਸਦਾ ਜੀਅ ਕੁੱਝ ਹਲਕਾ ਹੋਣ ਲੱਗਾ।
ਸ਼ਾਮ ਦੇ ਕਰੀਬ ਚਾਰ ਵਜੇ ਕੈਂਪ ਵਿੱਚ ਜਿੱਥੇ ਸਰਾਜੁਦੀਨ ਬੈਠਾ ਸੀ ਉਸਦੇ ਕੋਲ਼ ਹੀ ਕੁੱਝ ਗੜਬੜ ਜਿਹੀ ਹੋਈ। ਚਾਰ ਆਦਮੀ ਕੁੱਝ ਚੁੱਕ ਕੇ ਲਿਆ ਰਹੇ ਸਨ। ਉਸ ਨੇ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਇੱਕ ਕੁੜੀ ਰੇਲਵੇ ਲਾਈਨ ਦੇ ਕੋਲ਼ ਬੇਹੋਸ਼ ਪਈ ਸੀ। ਲੋਕ ਉਸਨੂੰ ਚੁੱਕ ਕੇ ਲਿਆਏ ਹਨ। ਸਰਾਜੁਦੀਨ ਉਨ੍ਹਾਂ ਦੇ ਪਿੱਛੇ ਹੋ ਲਿਆ। ਲੋਕਾਂ ਨੇ ਕੁੜੀ ਨੂੰ ਹਸਪਤਾਲ ਵਾਲ਼ਿਆਂ ਦੇ ਸਪੁਰਦ ਕੀਤਾ ਅਤੇ ਚਲੇ ਗਏ।
ਕੁੱਝ ਦੇਰ ਉਹ ਇੰਝ ਹੀ ਹਸਪਤਾਲ ਦੇ ਬਾਹਰ ਲੱਗੇ ਹੋਏ ਲੱਕੜਾਂ ਦੇ ਖੰਭੇ ਨਾਲ਼ ਲੱਗ ਕੇ ਖੜਾ ਰਿਹਾ। ਫੇਰ ਹੌਲ਼ੀ-ਹੌਲ਼ੀ ਅੰਦਰ ਚਲਾ ਗਿਆ। ਕਮਰੇ ਵਿੱਚ ਕੋਈ ਨਹੀਂ ਸੀ। ਇੱਕ ਸਟਰੈਚਰ ਸੀ, ਜਿਸ ਉੱਤੇ ਇੱਕ ਲਾਸ਼ ਪਈ ਸੀ। ਸਰਾਜੁਦੀਨ ਛੋਟੇ-ਛੋਟੇ ਕਦਮ ਚੁੱਕਦਾ ਹੋਇਆ ਉਸ ਵੱਲ ਵਧਿਆ। ਕਮਰੇ ਵਿੱਚ ਰੌਸ਼ਨੀ ਹੋਈ। ਸਰਾਜੁਦੀਨ ਨੇ ਲਾਸ਼ ਦੇ ਚਿਹਰੇ ਉੱਤੇ ਚਮਕਦਾ ਹੋਇਆ ਤਿਲ ਦੇਖਿਆ ਅਤੇ ਚੀਕਿਆ, "ਸਕੀਨਾ।"
ਸਰਾਜੁਦੀਨ ਦੇ ਹਲ਼ਕ ਵਿੱਚੋਂ ਸਿਰਫ਼ ਇੰਨਾ ਨਿੱਕਲ਼ ਸਕਿਆ, "ਜੀ ਮੈਂ … ਜੀ ਮੈਂ … ਇਸਦਾ ਬਾਪ ਹਾਂ।"
ਡਾਕਟਰ ਨੇ ਸਟਰੈਚਰ 'ਤੇ ਪਈ ਲਾਸ਼ ਦੀ ਨਬਜ਼ ਦੇਖੀ ਅਤੇ ਸਰਾਜੁਦੀਨ ਨੂੰ ਕਿਹਾ, "ਖਿੜਕੀ ਖੋਲ੍ਹ ਦੋ।"
ਸਕੀਨਾ ਦੇ ਮੁਰਦਾ ਜਿਸਮ ਵਿੱਚ ਹਲਚਲ ਹੋਈ। ਬੇਜਾਨ ਹੱਥਾਂ ਨਾਲ਼ ਉਸਨੇ ਨਾਲ਼ਾ ਖੋਲ੍ਹ ਦਿੱਤਾ ਅਤੇ ਸਲਵਾਰ ਹੇਠਾਂ ਖਿਸਕਾ ਦਿੱਤੀ। ਬੁੱਢਾ ਸਰਾਜੁਦੀਨ ਖ਼ੁਸ਼ੀ ਨਾਲ਼ ਚੀਕਿਆ, "ਜਿਉਂਦੀ ਹੈ — ਮੇਰੀ ਧੀ ਜਿਉਂਦੀ ਹੈ।"
ਡਾਕਟਰ ਸਿਰ ਤੋਂ ਪੈਰ ਤੱਕ ਪਸੀਨੇ ਵਿੱਚ ਗਰਕ ਹੋ ਗਿਆ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)