ਸਹਾਏ ਸਆਦਤ ਹਸਨ ਮੰਟੋ
'ਇਹ ਨਾ ਕਹੋ ਕਿ ਇਕ ਲੱਖ ਹਿੰਦੂ ਤੇ ਇਕ ਲੱਖ ਮੁਸਲਮਾਨ ਮਰੇ ਨੇ—ਇਹ ਕਹੋ ਕਿ ਦੋ ਲੱਖ ਇਨਸਾਨ ਮਰੇ ਨੇ।...ਤੇ ਇਹ ਏਡੀ ਵੱਡੀ ਟ੍ਰੇਜ਼ਡੀ ਨਹੀਂ ਕਿ ਦੋ ਲੱਖ ਇਨਸਾਨ ਮਰੇ ਨੇ; ਟ੍ਰੇਜ਼ਡੀ ਤਾਂ ਅਸਲ ਵਿਚ ਇਹ ਹੈ ਕਿ ਮਾਰਨ ਤੇ ਮਰਨ ਵਾਲੇ ਕਿਸੇ ਵੀ ਖਾਤੇ ਵਿਚ ਨਹੀਂ ਗਏ। ਲੱਖ ਹਿੰਦੂ ਮਾਰ ਕੇ ਮੁਸਲਮਾਨਾਂ ਨੇ ਇਹ ਸਮਝਿਆ ਹੋਏਗਾ ਕਿ ਹਿੰਦੂ ਧਰਮ ਮਰ ਗਿਆ ਹੈ, ਪਰ ਉਹ ਜਿਉਂਦਾ ਹੈ ਤੇ ਜਿਉਂਦਾ ਰਹੇਗਾ। ਇੰਜ ਹੀ ਲੱਖ ਮੁਸਲਮਾਨਾਂ ਨੂੰ ਕਤਲ ਕਰਕੇ ਹਿੰਦੂਆਂ ਨੇ ਕੱਛਾਂ ਵਜਾਈਆਂ ਹੋਣਗੀਆਂ ਕਿ ਇਸਲਾਮ ਖ਼ਤਮ ਹੋ ਗਿਆ ਹੈ, ਪਰ ਹਕੀਕਤ ਤੁਹਾਡੇ ਸਾਹਮਣੇ ਹੈ ਕਿ ਇਸਲਾਮ ਉਪਰ ਇਕ ਹਲਕੀ-ਜਿਹੀ ਖਰੋਂਚ ਵੀ ਨਹੀਂ ਆਈ। ਉਹ ਲੋਕ ਬੇਵਕੂਫ਼ ਨੇ ਜਿਹੜੇ ਸਮਝਦੇ ਨੇ ਕਿ ਕਿਸੇ ਧਰਮ ਜਾਂ ਮਜ਼ਹਬ ਦਾ ਸ਼ਿਕਾਰ ਕੀਤਾ ਜਾ ਸਕਦਾ ਏ। ਮਜ਼ਹਬ, ਦੀਨ, ਈਮਾਨ, ਧਰਮ, ਯਕੀਨ, ਵਿਸ਼ਵਾਸ...ਇਹ ਜੋ ਕੁਝ ਵੀ ਹੈ, ਸਾਡੇ ਜਿਸਮ ਵਿਚ ਨਹੀਂ, ਰੂਹ ਵਿਚ ਹੁੰਦਾ ਏ...ਸੋ ਛੁਰੇ, ਚਾਕੂ ਜਾਂ ਗੋਲੀ ਨਾਲ ਕਿੰਜ ਫਨਾਹ/ਨਸ਼ਟ ਹੋ ਸਕਦਾ ਏ?''
ਮੁਮਤਾਜ਼ ਉਸ ਦਿਨ ਖਾਸਾ ਭਖਿਆ ਹੋਇਆ ਸੀ। ਅਸੀਂ ਸਿਰਫ ਤਿੰਨ ਸਾਂ, ਜਿਹੜੇ ਉਸ ਨੂੰ ਜਹਾਜ਼ ਚੜ੍ਹਾਉਣ ਆਏ ਸਾਂ। ਉਹ ਅਣਮਿਥੇ ਸਮੇਂ ਲਈ ਸਾਥੋਂ ਵਿੱਛੜ ਕੇ ਪਾਕਿਸਤਾਨ ਜਾ ਰਿਹਾ ਸੀ, ਜਿਸ ਦੇ ਹੋਂਦ ਵਿਚ ਆਉਣ ਬਾਰੇ ਅਸੀਂ ਕਦੀ ਸੁਪਨੇ ਵਿਚ ਵੀ ਨਹੀਂ ਸੀ ਸੋਚਿਆ।
ਅਸੀਂ ਤਿੰਨੇ ਹਿੰਦੂ ਸਾਂ। ਪੱਛਮੀ ਪੰਜਾਬ ਵਿਚ ਸਾਡੇ ਰਿਸ਼ਤੇਦਾਰਾਂ ਦਾ ਬੜਾ ਮਾਲੀ ਤੇ ਜਾਨੀ ਨੁਕਸਾਨ ਹੋਇਆ ਸੀ। ਜੁਗਲ ਨੂੰ ਲਾਹੌਰ ਤੋਂ ਖ਼ਤ ਆਇਆ ਸੀ ਕਿ 'ਫਸਾਦਾਂ ਵਿਚ ਉਸ ਦਾ ਚਾਚਾ ਮਾਰਿਆ ਗਿਆ ਹੈ।' ਉਸ ਨੂੰ ਬੜਾ ਦੁੱਖ ਹੋਇਆ ਸੀ ਤੇ ਇਕ ਦਿਨ ਇਸੇ ਦੁੱਖ ਦੇ ਸਦਮੇਂ ਅਧੀਨ, ਗੱਲਾਂ ਗੱਲਾਂ ਵਿਚ ਹੀ, ਉਸ ਨੇ ਮੁਮਤਾਜ਼ ਨੂੰ ਕਿਹਾ ਸੀ, ''ਮੈਂ ਸੋਚ ਰਿਹਾਂ, ਜੇ ਕਦੀ ਸਾਡੇ ਮੁਹੱਲੇ ਵਿਚ ਫਸਾਦ ਸ਼ੁਰੂ ਹੋ ਪੈਣ ਤਾਂ ਮੈਂ ਕੀ ਕਰਾਂਗਾ?''
ਮੁਮਤਾਜ਼ ਨੇ ਪੁੱਛਿਆ, ''ਕੀ ਕਰੇਂਗਾ...?''
ਜੁਗਲ ਨੇ ਬੜੀ ਸੰਜੀਦਗੀ ਨਾਲ ਉਤਰ ਦਿੱਤਾ, ''ਸੋਚ ਰਿਹਾਂ, ਹੋ ਸਕਦਾ ਏ ਮੈਂ ਤੈਨੂੰ ਮਾਰ ਦਿਆਂ!''
ਇਹ ਸੁਣ ਕੇ ਮੁਮਤਾਜ਼ ਬਿਲਕੁਲ ਚੁੱਪ ਹੋ ਗਿਆ ਸੀ ਤੇ ਉਸ ਦੀ ਇਹ ਚੁੱਪੀ ਲਗਭਗ ਅੱਠ ਦਿਨ ਜਾਰੀ ਰਹੀ ਸੀ...ਤੇ ਅਚਾਨਕ ਉਦੋਂ ਟੁੱਟੀ ਸੀ ਜਦੋਂ ਉਸ ਨੇ ਸਾਨੂੰ ਇਹ ਦੱਸਿਆ ਸੀ ਕਿ 'ਉਹ ਪੌਂਣੇ ਚਾਰ ਵਜੇ ਵਾਲੇ ਸਮੁੰਦਰੀ ਜਹਾਜ਼ ਰਾਹੀਂ ਕਰਾਚੀ ਜਾ ਰਿਹਾ ਹੈ।'
ਸਾਡੇ ਤਿੰਨਾਂ ਵਿਚੋਂ ਕਿਸੇ ਨੇ ਵੀ ਉਸ ਦੇ ਇਸ ਅਚਾਨਕ ਫੈਸਲੇ ਬਾਰੇ ਕੋਈ ਗੱਲ ਨਹੀਂ ਕੀਤੀ। ਜੁਗਲ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਮੁਮਤਾਜ਼ ਦੇ ਜਾਣ ਦਾ ਮੁੱਖ ਕਾਰਣ ਉਸ ਦਾ ਉਹ ਵਾਕ ਸੀ, 'ਸੋਚ ਰਿਹਾਂ, ਹੋ ਸਕਦਾ ਏ ਮੈਂ ਤੈਨੂੰ ਮਾਰ ਦਿਆਂ।' ਸ਼ਾਇਦ ਉਹ ਹੁਣ ਤਕ ਇਹੀ ਸੋਚ ਰਿਹਾ ਸੀ ਕਿ ਕੀ ਉਹ ਉਤੇਜਤ ਹੋ ਕੇ ਮੁਮਤਾਜ਼ ਨੂੰ ਮਾਰ ਸਕਦਾ ਹੈ ਜਾਂ ਨਹੀਂ?...ਉਸ ਮੁਮਤਾਜ਼ ਨੂੰ, ਜਿਹੜਾ ਉਸ ਦਾ ਜਿਗਰੀ ਯਾਰ ਸੀ। ਇਹੀ ਕਾਰਣ ਹੈ ਕਿ ਉਹ ਸਾਡੇ ਤਿੰਨਾਂ ਵਿਚੋਂ ਸਭ ਤੋਂ ਵੱਧ ਦੁੱਖੀ ਤੇ ਚੁੱਪ-ਚੁੱਪ ਨਜ਼ਰ ਆ ਰਿਹਾ ਸੀ, ਪਰ ਅਜੀਬ ਗੱਲ ਇਹ ਹੋਈ ਸੀ ਕਿ ਰਵਾਨਗੀ ਤੋਂ ਕੁਝ ਘੰਟੇ ਪਹਿਲਾਂ ਮੁਮਤਾਜ਼ ਕੁਝ ਵਧੇਰੇ ਹੀ ਗਾਲੜੀ ਹੋ ਗਿਆ ਸੀ।
ਸਵੇਰੇ ਉੱਠਦਿਆਂ ਹੀ ਉਸ ਨੇ ਪੀਣੀ ਸ਼ੁਰੂ ਕਰ ਦਿੱਤੀ ਸੀ। ਸਾਮਾਨ ਵਗ਼ੈਰਾ ਕੁਝ ਇਸ ਤਰ੍ਹਾਂ ਬੰਨ੍ਹਿਆਂ-ਬੰਨ੍ਹਵਾਇਆ ਸੀ ਜਿਵੇਂ ਕਿਤੇ ਸੈਰ-ਸਪਾਟੇ ਲਈ ਜਾ ਰਿਹਾ ਹੋਵੇ। ਆਪ ਹੀ ਗੱਲ ਕਰਦਾ ਸੀ, ਤੇ ਆਪੁ ਹੀ ਹੱਸ ਪੈਂਦਾ ਸੀ...ਜੇ ਕੋਈ ਹੋਰ ਦੇਖਦਾ ਤਾਂ ਸਮਝਦਾ ਕਿ ਉਸ ਬੰਬਈ ਛੱਡਣ ਸਮੇਂ ਅੰਤਾਂ ਦੀ ਖੁਸ਼ੀ ਮਹਿਸੂਸ ਕਰ ਰਿਹਾ ਹੈ, ਪਰ ਅਸੀਂ ਤਿੰਨੇ ਚੰਗੀ ਤਰ੍ਹਾਂ ਜਾਣਦੇ ਸਾਂ ਕਿ ਉਹ ਸਿਰਫ ਆਪਣੇ ਜਜ਼ਬਾਤ ਛਿਪਾਉਣ ਖਾਤਰ...ਤੇ ਸਾਨੂੰ ਤੇ ਆਪਣੇ ਆਪ ਨੂੰ ਧੋਖਾ ਦੇਣ ਖਾਤਰ ਹੀ ਇੰਜ ਕਰ ਰਿਹਾ ਹੈ।
ਮੈਂ ਬਹੁਤ ਚਾਹਿਆ ਕਿ ਉਸ ਨਾਲ ਇਸ ਅਚਾਨਕ ਰਵਾਨਗੀ ਦੇ ਸਬੱਬ ਬਾਰੇ ਗੱਲ ਬਾਤ ਕਰਾਂ ਤੇ ਇਸ਼ਾਰੇ ਨਾਲ ਜੁਗਲ ਨੂੰ ਵੀ ਕਿਹਾ ਕਿ ਉਹ ਗੱਲ ਛੇੜੇ, ਪਰ ਮੁਮਤਾਜ਼ ਨੇ ਸਾਨੂੰ ਕੋਈ ਮੌਕਾ ਨਹੀਂ ਦਿੱਤਾ।
ਜੁਗਲ ਤਿੰਨ ਚਾਰ ਪੈਗ ਪੀ ਕੇ ਹੋਰ ਵੀ ਚੁੱਪ ਹੋ ਗਿਆ ਤੇ ਦੂਜੇ ਕਮਰੇ ਵਿਚ ਜਾ ਕੇ ਪੈ ਗਿਆ। ਮੈਂ ਤੇ ਬ੍ਰਿਜਮੋਹਨ ਉਸ ਦੇ ਨਾਲ ਰਹੇ। ਉਸ ਨੇ ਕਈ ਜਣਿਆਂ ਦਾ ਭੁਗਤਾਨ ਕਰਨਾ ਸੀ—ਡਾਕਟਰ ਦੀਆਂ ਫੀਸਾਂ ਦੇਣੀਆਂ ਸਨ, ਧੋਬੀ ਤੋਂ ਕੱਪੜੇ ਲੈਣੇ ਸਨ।...ਤੇ ਇਹ ਸਾਰੇ ਕੰਮ ਉਸ ਨੇ ਹੱਸਦਿਆਂ-ਖੇਡਦਿਆਂ ਨਬੇੜੇ ਲਏ, ਪਰ ਜਦੋਂ ਨਾਕੇ ਦੇ ਹੋਟਲ ਦੇ ਨਾਲ ਵਾਲੇ ਤੋਂ ਇਕ ਪਾਨ ਲਿਆ ਤਾਂ ਉਸ ਦੀਆਂ ਅੱਖਾਂ ਸਿੱਜਲ ਹੋ ਗਈਆਂ।
ਬ੍ਰਿਜਮੋਨ ਦੇ ਮੋਢੇ ਉੱਤੇ ਹੱਥ ਰੱਖ ਕੇ, ਉੱਥੋਂ ਤੁਰਨ ਲੱਗਿਆਂ, ਉਸ ਨੇ ਧੀਮੀ ਆਵਾਜ਼ ਵਿਚ ਕਿਹਾ, ''ਯਾਦ ਏ ਬ੍ਰਿਜ ਅਜ ਤੋਂ ਦਸ ਸਾਲ ਪਹਿਲਾਂ ਜਦੋਂ ਆਪਣੀ ਹਾਲਤ ਕਾਫੀ ਪਤਲੀ ਹੁੰਦੀ ਸੀ, ਗੋਬਿੰਦ ਨੇ ਆਪਾਂ ਨੂੰ ਇਕ ਰੁਪਈਆ ਉਧਾਰ ਦਿੱਤਾ ਸੀ।''
ਰਸਤੇ ਵਿਚ ਮੁਮਤਾਜ਼ ਚੁੱਪ ਰਿਹਾ, ਪਰ ਘਰ ਪਹੁੰਚਦਿਆਂ ਹੀ ਉਸ ਨੇ ਗੱਲਾਂ ਦਾ ਨਾ ਖ਼ਤਮ ਹੋਣ ਵਾਲਾ ਸਿਲਸਿਲਾ ਸ਼ੁਰੂ ਕਰ ਦਿੱਤਾ—ਅਜਿਹੀਆਂ ਗੱਲਾਂ ਜਿਹਨਾਂ ਦਾ ਨਾ ਕੋਈ ਸਿਰ ਸੀ, ਨਾ ਪੈਰ—ਪਰ ਉਹ ਕੁਝ ਅਜਿਹੀਆਂ ਅਪਣੱਤ ਭਰੀਆਂ ਗੱਲਾਂ ਕਰ ਰਿਹਾ ਸੀ ਕਿ ਮੈਂ ਤੇ ਬ੍ਰਿਜਮੋਹਨ ਬਰਾਬਰ ਉਹਨਾਂ ਵਿਚ ਹਿੱਸਾ ਲੈਂਦੇ ਰਹੇ ਸਾਂ। ਜਦੋਂ ਰਵਾਨਗੀ ਦਾ ਸਮਾਂ ਨੇੜੇ ਆਇਆ ਤਾਂ ਜੁਗਲ ਵੀ ਸਾਡੇ ਵਿਚ ਸ਼ਾਮਲ ਹੋ ਗਿਆ..ਤੇ ਜਦੋਂ ਟੈਕਸੀ ਬੰਦਰਗਾਹ ਵੱਲ ਤੁਰ ਚੱਲੀ ਤਾਂ ਸਾਰੇ ਖਾਮੋਸ਼ ਹੋ ਗਏ।
ਮੁਮਤਾਜ਼ ਦੀਆਂ ਨਜ਼ਰਾਂ ਬੰਬਈ ਦੇ ਵਿਸ਼ਾਲ ਬਾਜ਼ਾਰਾਂ ਨੂੰ ਅਲਵਿਦਾ ਕਹਿੰਦੀਆਂ ਰਹੀਆਂ। ਇੱਥੋਂ ਤਕ ਕਿ ਟੈਕਸੀ ਆਪਣੀ ਮੰਜ਼ਿਲ ਉੱਤੇ ਪਹੁੰਚ ਗਈ।
ਉੱਥੇ ਬੜੀ ਭੀੜ ਸੀ। ਹਜ਼ਾਰਾਂ ਰਫ਼ੂਜ਼ੀ ਜਾ ਰਹੇ ਸਨ—ਖੁਸ਼ਹਾਲ ਬੜੇ ਘੱਟ ਤੇ ਬਦਹਾਲ ਬੜੇ ਜ਼ਿਆਦਾ। ਅੰਤਾਂ ਦੀ ਭੀੜ ਸੀ, ਪਰ ਮੈਨੂੰ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਇਕੱਲਾ ਮੁਮਤਾਜ਼ ਹੀ ਜਾ ਰਿਹਾ ਹੈ। ਸਾਨੂੰ ਛੱਡ ਕੇ ਕਿਸੇ ਅਜਿਹੀ ਥਾਂ ਜਾ ਰਿਹਾ ਹੈ, ਜਿਹੜੀ ਉਸ ਦੀ ਦੇਖੀ-ਭਾਲੀ ਹੋਈ ਨਹੀਂ, ਤੇ ਜਿਹੜੀ ਜਾਣ-ਪਛਾਣ ਹੋ ਜਾਣ ਪਿੱਛੋਂ ਵੀ ਉਸ ਲਈ ਓਪਰੀ ਹੀ ਰਹੇਗੀ...ਪਰ ਇਹ ਮੇਰਾ ਆਪਣਾ ਖ਼ਿਆਲ ਸੀ। ਮੈਂ ਨਹੀਂ ਕਹਿ ਸਕਦਾ ਕਿ ਮੁਮਤਾਜ਼ ਕੀ ਸੋਚ ਰਿਹਾ ਹੈ।
ਜਦੋਂ ਕੈਬਿਨ ਵਿਚ ਸਾਰਾ ਸਾਮਾਨ ਚਲਾ ਗਿਆ ਤਾਂ ਮੁਮਤਾਜ਼ ਸਾਨੂੰ ਅਰਸ਼ੇ (ਡੈਕ) 'ਤੇ ਲੈ ਗਿਆ। ਉਧਰ ਜਿਧਰ ਆਸਮਾਨ ਤੇ ਸਮੁੰਦਰ ਆਪਸ ਵਿਚ ਮਿਲ ਰਹੇ ਸਨ, ਮੁਮਤਾਜ਼ ਖਾਸੀ ਦੇਰ ਤਕ ਉਧਰ ਦੇਖਦਾ ਰਿਹਾ। ਫੇਰ ਉਸ ਨੇ ਜੁਗਲ ਦਾ ਹੱਥ ਆਪਣੇ ਹੱਥ ਵਿਚ ਫੜ ਕੇ ਕਿਹਾ, ''ਇਹ ਸਿਰਫ ਨਜ਼ਰ ਦਾ ਧੋਖਾ ਏ...ਆਸਮਾਨ ਤੇ ਸਮੁੰਦਰ ਦਾ ਆਪਸ ਵਿਚ ਮਿਲਣਾ। ਪਰ ਇਹ ਨਜ਼ਰ ਦਾ ਧੋਖਾ, ਇਹ ਮਿਲਾਪ, ਵੀ ਕਿੰਨਾ ਦਿਲਕਸ਼ ਹੈ।''
ਜੁਗਲ ਚੁੱਪ ਰਿਹਾ। ਸ਼ਾਇਦ ਇਸ ਸਮੇਂ ਵੀ ਉਸ ਦੇ ਦਿਲ ਦਿਮਾਗ਼ ਵਿਚ ਉਸ ਦੀ ਆਖੀ ਹੋਈ ਗੱਲ ਚੁਭ ਰਹੀ ਸੀ। ''ਸੋਚ ਰਿਹਾਂ, ਹੋ ਸਕਦਾ ਏ ਮੈਂ ਤੈਨੂੰ ਮਾਰ ਦਿਆਂ।''
ਮੁਮਤਾਜ਼ ਨੇ ਜਹਾਜ਼ ਦੇ ਬਾਰ ਵਿਚੋਂ ਬਰਾਂਡੀ ਮੰਗਵਾਈ, ਕਿਉਂਕਿ ਉਹ ਸਵੇਰ ਦਾ ਇਹੀ ਪੀ ਰਿਹਾ ਸੀ। ਅਸੀਂ ਚਾਰੇ ਗ਼ਲਾਸ ਹੱਥਾਂ ਵਿਚ ਫੜ੍ਹੀ ਜੰਗਲੇ ਕੋਲ ਖੜ੍ਹੇ ਸਾਂ। ਰਫ਼ੂਜ਼ੀ ਧੜਾਧੜ ਜਹਾਜ਼ ਵਿਚ ਸਵਾਰ ਹੋ ਰਹੇ ਸਨ ਤੇ ਲਗਭਗ ਸ਼ਾਂਤ ਸਮੁੰਦਰ ਉੱਤੇ ਜਲ-ਪੰਛੀ ਉਡਾਰੀਆਂ ਮਾਰ ਰਹੇ ਸਨ।
ਜੁਗਲ ਨੇ ਅਚਾਨਕ ਇਕੋ ਘੁੱਟ ਵਿਚ ਆਪਣਾ ਗ਼ਲਾਸ ਖਾਲੀ ਕਰ ਦਿੱਤਾ ਤੇ ਬੜੀ ਹੀ ਥਿੜਕਦੀ ਜਿਹੀ ਆਵਾਜ਼ ਵਿਚ ਮੁਮਤਾਜ਼ ਨੂੰ ਕਿਹਾ, ''ਮੈਨੂੰ ਮੁਆਫ਼ ਕਰ ਦੇਈਂ ਮੁਮਤਾਜ਼, ਮੇਰਾ ਖ਼ਿਆਲ ਏ ਮੈਂ ਉਸ ਦਿਨ ਤੈਨੂੰ ਦੁੱਖ ਪਹੁੰਚਾਇਆ ਸੀ।''
ਮੁਮਤਾਜ਼ ਨੇ ਕੁਝ ਚਿਰ ਚੁੱਪ ਰਹਿ ਕੇ ਜੁਗਲ ਨੂੰ ਸਵਾਲ ਕੀਤਾ, ''ਜਦ ਤੂੰ ਕਿਹਾ ਸੀ 'ਸੋਚ ਰਿਹਾਂ, ਹੋ ਸਕਦਾ ਏ ਮੈਂ ਤੈਨੂੰ ਮਾਰ ਦਿਆਂ'...ਕੀ ਵਾਕਈ ਉਦੋਂ ਤੂੰ ਇਹੀ ਸੋਚ ਰਿਹਾ ਸੈਂ...ਦਿਲੋਂ, ਇਮਾਨਦਾਰੀ ਨਾਲ, ਦੱਸੀਂ ਕੀ ਇਸੇ ਨਤੀਜੇ 'ਤੇ ਪਹੁੰਚਿਆ ਸੈਂ ਤੂੰ?''
ਜੁਗਲ ਨੇ ਹਾਂ ਵਿਚ ਸਿਰ ਹਿਲਾ ਦਿੱਤਾ, ''ਪਰ ਮੈਨੂੰ ਅਫ਼ਸੋਸ ਏ!''
''ਤੂੰ ਮੈਨੂੰ ਮਾਰ ਦਿੰਦਾ ਤਾਂ ਤੈਨੂੰ ਇਸ ਤੋਂ ਵੀ ਵੱਧ ਅਫ਼ਸੋਸ ਹੋਣਾ ਸੀ,'' ਮੁਮਤਾਜ਼ ਨੇ ਕਿਸੇ ਦਾਰਸ਼ਨਿਕ ਵਾਂਗ ਕਿਹਾ, ''ਉਸ ਮਨੋਦਸ਼ਾ ਤੋਂ ਬਾਅਦ ਜਦ ਤੂੰ ਗੌਰ ਕਰਦਾ ਕਿ ਤੂੰ ਮੁਮਤਾਜ਼ ਨੂੰ...ਇਕ ਮੁਸਲਮਾਨ ਨੂੰ ਜਾਂ ਇਕ ਦੋਸਤ ਨੂੰ ਨਹੀਂ, ਬਲਕਿ ਇਕ ਇਨਸਾਨ ਨੂੰ ਮਾਰਿਆ ਏ...ਜੇ ਉਹ ਹਰਾਮਜਾਦਾ ਸੀ ਤਾਂ ਤੂੰ ਉਸ ਦੀ ਹਰਾਮਜਾਦਗੀ ਨੂੰ ਨਹੀਂ, ਬਲਕਿ ਖ਼ੁਦ ਉਸ ਨੂੰ ਮਾਰ ਦਿੱਤਾ ਏ।...ਜੇ ਉਹ ਮੁਸਲਮਾਨ ਸੀ ਤਾਂ ਤੂੰ ਮੁਸਲਮਾਨੀਅਤ ਨੂੰ ਨਹੀਂ, ਉਸ ਦੀ ਹਸਤੀ ਨੂੰ ਖ਼ਤਮ ਕਰ ਦਿੱਤਾ ਏ।...ਜੇ ਉਸ ਦੀ ਲਾਸ਼ ਮੁਸਲਮਾਨਾਂ ਦੇ ਹੱਥ ਲੱਗ ਜਾਂਦੀ ਤਾਂ ਕਬਰਸਤਾਨ ਵਿਚ ਇਕ ਕਬਰ ਦਾ ਵਾਧਾ ਹੋ ਜਾਂਦਾ, ਪਰ ਦੁਨੀਆਂ ਵਿਚੋਂ ਇਕ ਇਨਸਾਨ ਘਟ ਜਾਂਦਾ।''
ਕੁਝ ਚਿਰ ਚੁੱਪ ਰਹਿਣ ਪਿੱਛੋਂ ਤੇ ਕੁਝ ਸੋਚ ਕੇ ਉਸ ਨੇ ਫੇਰ ਬੋਲਣਾ ਸ਼ੁਰੂ ਕੀਤਾ, ''ਹੋ ਸਕਦਾ ਹੈ, ਮੇਰੇ ਧਰਮ ਵਾਲੇ ਮੈਨੂੰ ਸ਼ਹੀਦ ਕਹਿੰਦੇ, ਪਰ ਖ਼ੁਦਾ ਦੀ ਸੌਂਹ ਜੇ ਸੰਭਵ ਹੁੰਦਾ ਤਾਂ ਮੈਂ ਕਬਰ ਪਾੜ ਕੇ ਚੀਕਣਾ-ਕੂਕਣਾ ਸ਼ੁਰੂ ਕਰ ਦੇਂਦਾ, 'ਮੈਨੂੰ ਸ਼ਹੀਦ ਦੀ ਇਹ ਪਦਵੀ ਮੰਜ਼ੂਰ ਨਹੀਂ...ਮੈਨੂੰ ਇਹ ਡਿਗਰੀ ਨਹੀਂ ਚਾਹੀਦੀ, ਜਿਸ ਦਾ ਇਮਤਿਹਾਨ ਮੈਂ ਦਿੱਤਾ ਹੀ ਨਹੀਂ'...ਲਾਹੌਰ ਵਿਚ ਤੇਰੇ ਚਾਚੇ ਨੂੰ ਇਕ ਮੁਸਲਮਾਨ ਨੇ ਮਾਰ ਦਿੱਤਾ...ਤੂੰ ਇਹ ਖ਼ਬਰ ਬੰਬਈ ਵਿਚ ਸੁਣੀ ਤੇ ਮੈਨੂੰ ਕਤਲ ਕਰ ਦਿੱਤਾ...ਦੱਸ, ਤੂੰ ਤੇ ਮੈਂ ਕਿਸ ਤਮਗ਼ੇ ਦੇ ਹੱਕਦਾਰ ਹਾਂ?...ਤੇ ਲਾਹੌਰ ਵਿਚ ਤੇਰਾ ਚਾਚਾ ਤੇ ਕਾਤਲ ਕਿਸ ਖਿੱਲਤ ਦੇ ਹੱਕਦਾਰ ਨੇ? ਮਰਨ ਵਾਲੇ ਕੁੱਤੇ ਦੀ ਮੌਤ ਮਰੇ ਤੇ ਮਾਰਨ ਵਾਲਿਆਂ ਨੇ ਬੇਕਾਰ...ਬਿਲਕੁਲ ਬੇਕਾਰ, ਆਪਣੇ ਹੱਥ ਖ਼ੂਨ ਨਾਲ ਰੰਗੇ...''
ਗੱਲਾਂ ਕਰਦਾ ਹੋਇਆ ਮੁਮਤਾਜ਼ ਖਾਸਾ ਭਾਵੁਕ ਹੋ ਗਿਆ ਸੀ ਪਰ ਉਸ ਭਾਵੁਕਤਾ ਵਿਚ ਮੋਹ ਬਰਾਬਰ ਦਾ ਸੀ। ਮੇਰੇ ਦਿਲ ਉੱਤੇ ਖਾਸ ਕਰਕੇ ਉਸ ਦੀ ਉਸ ਗੱਲ ਦਾ ਬੜਾ ਅਸਰ ਹੋਇਆ ਸੀ ਕਿ 'ਮਜ਼ਹਬ, ਦੀਨ, ਈਮਾਨ, ਧਰਮ, ਯਕੀਨ, ਵਿਸ਼ਵਾਸ...ਇਹ ਜੋ ਕੁਝ ਵੀ ਹੈ, ਸਾਡੇ ਜਿਸਮ ਵਿਚ ਨਹੀਂ, ਰੂਹ ਵਿਚ ਹੁੰਦਾ ਏ...ਸੋ ਛੁਰੇ, ਚਾਕੂ ਜਾਂ ਗੋਲੀ ਨਾਲ ਕਿੰਜ ਫਨਾਹ ਹੋ ਸਕਦੈ?' ''
ਅਖ਼ੀਰ ਮੈਂ ਉਸ ਨੂੰ ਕਿਹਾ ਸੀ, ''ਤੂੰ ਬਿਲਕੁਲ ਠੀਕ ਕਹਿ ਰਿਹਾ ਏਂ!''
ਇਹ ਸੁਣ ਕੇ ਮੁਮਤਾਜ਼ ਨੇ ਆਪਣੇ ਵਿਚਾਰਾਂ ਨੂੰ ਟਟੋਲਿਆ ਤੇ ਕੁਝ ਬੇਚੈਨੀ ਨਾਲ ਕਿਹਾ, ''ਨਹੀਂ, ਬਿਲਕੁਲ ਠੀਕ ਨਹੀਂ...ਮੇਰਾ ਮਤਲਬ ਏ ਕਿ ਜੇ ਇਸ ਸਭ ਕੁਝ ਠੀਕ ਏ ਤਾਂ ਸ਼ਾਇਦ ਜੋ ਕੁਝ ਮੈਂ ਕਹਿਣਾ ਚਾਹੁੰਦਾ ਹਾਂ, ਠੀਕ ਤਰੀਕੇ ਨਾਲ ਨਹੀਂ ਕਹਿ ਸਕਿਆ। ਮਜ਼ਹਬ ਤੋਂ ਮੇਰੀ ਮੁਰਾਦ ਇਹ ਮਜ਼ਹਬ ਨਹੀਂ, ਇਹ ਧਰਮ ਨਹੀਂ, ਜਿਸ ਵਿਚ ਅਸੀਂ ਲੋਕ ਨੜ੍ਹਿਨਵੇਂ ਪ੍ਰਤੀਸ਼ਤ ਖੁੱਭੇ ਹੋਏ ਹਾਂ...ਮੇਰਾ ਭਾਵ ਉਸ ਖਾਸ ਚੀਜ਼ ਤੋਂ ਹੈ, ਜੋ ਵੱਖਰੀ ਕਿਸਮ ਦੀ ਹੈਸੀਅਤ ਬਖ਼ਸ਼ਦੀ ਹੈ...ਉਹ ਚੀਜ਼ ਜਿਹੜੀ ਇਨਸਾਨ ਨੂੰ ਅਸਲੀ ਇਨਸਾਨ ਸਾਬਤ ਕਰਦੀ ਹੈ...ਪਰ ਉਹ ਸ਼ੈ ਹੈ ਕੀ?...ਅਫਸੋਸ ਹੈ ਕਿ ਮੈਂ ਉਸ ਨੂੰ ਹਥੇਲੀ ਉਪਰ ਰੱਖ ਕੇ ਨਹੀਂ ਵਿਖਾ ਸਕਦਾ।'' ਇਹ ਕਹਿੰਦਿਆਂ ਹੋਇਆਂ ਅਚਾਨਕ ਉਸ ਦੀਆਂ ਅੱਖਾਂ ਵਿਚ ਇਕ ਚਮਕ ਜਿਹੀ ਆ ਗਈ ਤੇ ਉਸ ਨੇ ਜਿਵੇਂ ਆਪਣੇ ਆਪ ਨੂੰ ਪੁੱਛਣਾ ਸ਼ੁਰੂ ਕੀਤਾ, ''ਪਰ ਉਸ ਵਿਚ ਉਹ ਖਾਸ ਗੱਲ ਸੀ—ਕੱਟੜ ਹਿੰਦੂ ਸੀ...ਪੇਸ਼ਾ ਬੜਾ ਹੀ ਜਲੀਲ, ਪਰ ਇਸ ਦੇ ਬਾਵਜ਼ੂਦ ਉਸ ਦੀ ਰੂਹ ਕਿੰਨੀ ਰੌਸ਼ਨ ਸੀ!''
ਮੈਂ ਪੁੱਛਿਆ, ''ਕਿਸ ਦੀ?''
''ਇਕ ਭੜੂਏ ਦੀ!''
ਅਸੀਂ ਤਿੰਨੇ ਹੈਰਾਨੀ ਨਾਲ ਤ੍ਰਭਕੇ, ਮੁਮਤਾਜ਼ ਦੀ ਆਵਾਜ਼ ਵਿਚ ਕੋਈ ਝਿਜਕ ਨਹੀਂ ਸੀ, ਸੋ ਮੈਂ ਪੁੱਛਿਆ, ''ਭੜੂਏ ਦੀ...?''
ਮੁਮਤਾਜ਼ ਨੇ ਹਾਂ ਵਿਚ ਸਿਰ ਹਿਲਾਇਆ, ''ਮੈਂ ਆਪ ਹੈਰਾਨ ਹਾਂ ਕਿ ਉਹ ਕਿਹੋ-ਜਿਹਾ ਆਦਮੀ ਸੀ ਤੇ ਬਹੁਤੀ ਹੈਰਾਨੀ ਇਸ ਗੱਲ ਦੀ ਹੈ ਕਿ ਉਹ ਆਮ ਭਾਸ਼ਾ ਵਿਚ ਇਕ ਭੜੂਆ ਸੀ...ਔਰਤਾਂ ਦਾ ਦਲਾਲ...ਪਰ ਉਸ ਦੀ ਜਮੀਰ ਬੜੀ ਰੌਸ਼ਨ ਸੀ।''
ਮੁਮਤਾਜ਼ ਕੁਝ ਚਿਰ ਲਈ ਰੁਕਿਆ, ਜਿਵੇਂ ਉਸ ਪੁਰਾਣੀ ਘਟਣਾ ਨੂੰ ਆਪਣੇ ਅੰਦਰੇ-ਅੰਦਰ ਦਹੁਰਾ ਰਿਹਾ ਹੋਵੇ...ਕੁਝ ਪਲ ਬਾਅਦ ਉਸ ਨੇ ਫੇਰ ਬੋਲਣਾ ਸ਼ੁਰੂ ਕੀਤਾ, ''ਉਸ ਦਾ ਪੂਰਾ ਨਾਂ ਮੈਨੂੰ ਯਾਦ ਨਹੀਂ...ਕੁਝ '...ਸਹਾਏ' ਸੀ। ਬਨਾਰਸ ਦਾ ਰਹਿਣ ਵਾਲਾ ਤੇ ਬੜਾ ਹੀ ਸਫਾਈ-ਪਸੰਦ ਸੀ। ਉਹ ਜਗ੍ਹਾ, ਜਿੱਥੇ ਉਹ ਰਹਿੰਦਾ ਸੀ, ਬੜੀ ਛੋਟੀ ਸੀ, ਪਰ ਉਸ ਨੇ ਬੜੇ ਸੁਚੱਜੇ ਢੰਗ ਨਾਲ ਉਸ ਨੂੰ ਵੱਖ-ਵੱਖ ਹਿੱਸਿਆਂ ਵਿਚ ਵੰਡਿਆ ਹੋਇਆ ਸੀ। ਪਰਦਾ-ਦਾਰੀ ਦਾ ਪੂਰਾ ਪ੍ਰਬੰਧ ਸੀ, ਮੰਜੇ ਤੇ ਪਲੰਘ ਨਹੀਂ ਸਨ...ਚਾਦਰਾਂ ਤੇ ਗਿਲਾਫ਼ ਹਮੇਸ਼ਾ ਚਮਕਦੇ ਰਹਿੰਦੇ। ਇਕ ਨੌਕਰ ਵੀ ਸੀ, ਪਰ ਸਫਾਈ ਉਹ ਖ਼ੁਦ ਆਪਣੇ ਹੱਥੀਂ ਕਰਦਾ ਸੀ। ਸਿਰਫ ਸਫਾਈ ਹੀ ਨਹੀਂ, ਹਰ ਕੰਮ...ਫਾਹਾ-ਵੱਢ ਕਦੀ ਨਹੀਂ ਸੀ ਕਰਦਾ। ਥੋਖਾ ਜਾਂ ਫਰੇਬ ਵੀ ਨਹੀਂ ਸੀ ਕਰਦਾ। ਰਾਤ ਬਹੁਤੀ ਹੋ ਗਈ ਹੁੰਦੀ ਤਾਂ ਆਸ ਪਾਸ ਦੇ ਇਲਾਕੇ 'ਚੋਂ ਪਾਣੀ ਰਲੀ ਸ਼ਰਾਬ ਮਿਲਦੀ, ਤੇ ਉਹ ਸਾਫ ਕਹਿ ਦਿੰਦਾ ਸੀ ਕਿ ਸਾਹਬ, ਆਪਣੇ ਪੈਸੇ ਬਰਬਾਦ ਨਾ ਕਰੋ...ਜੇ ਕਿਸੇ ਕੁੜੀ ਬਾਰੇ ਉਸ ਨੂੰ ਕੋਈ ਸ਼ੱਕ ਹੁੰਦਾ ਤਾਂ ਉਹ ਉਸ ਨੂੰ ਛਿਪਾਂਦਾ ਨਹੀਂ ਸੀ। ਹੋਰ ਤਾਂ ਹੋਰ...ਉਸ ਨੇ ਮੈਨੂੰ ਇਹ ਵੀ ਦੱਸ ਦਿੱਤਾ ਸੀ ਕਿ ਪਿਛਲੇ ਤੀਹ ਸਾਲਾਂ ਵਿਚ ਉਸ ਨੇ ਵੀਹ ਹਜ਼ਾਰ ਰੁਪਏ ਕਮਾਏ ਨੇ...ਹਰ ਦਸ ਵਿਚੋਂ ਢਾਈ ਕਮੀਸ਼ਨ ਦੇ ਲੈ ਕੇ...ਉਸ ਨੇ ਸਿਰਫ ਦਸ ਹਜ਼ਾਰ ਹੋਰ ਕਮਾਉਣੇ ਸੀ...ਪਤਾ ਨਹੀਂ, ਸਿਰਫ ਦਸ ਹਜ਼ਾਰ ਹੋਰ ਕਿਉਂ?...ਜ਼ਿਆਦਾ ਕਿਉਂ ਨਹੀਂ?...ਉਸ ਨੇ ਮੈਨੂੰ ਕਿਹਾ ਸੀ ਕਿ ਤੀਹ ਹਜ਼ਾਰ ਰੁਪਏ ਪੂਰੇ ਕਰਕੇ ਉਹ ਵਾਪਸ ਬਨਾਰਸ ਚਲਾ ਜਾਏਗਾ ਤੇ ਬਜਾਜੀ ਦੀ ਦੁਕਾਨ ਕਰ ਲਏਗਾ!...ਮੈਂ ਇਹ ਵੀ ਨਹੀਂ ਪੁੱਛਿਆ ਕਿ ਉਹ ਸਿਰਫ ਬਜਾਜੀ ਦੀ ਦੁਕਾਨ ਕਰਨ ਦਾ ਇੱਛੁਕ ਹੀ ਕਿਉਂ ਸੀ...?''
ਮੈਂ ਇੱਥੋਂ ਤਕ ਸੁਣ ਚੁੱਕਿਆ ਤਾਂ ਮੇਰੇ ਮੂੰਹੋਂ ਨਿਕਲਿਆ, ''ਅਜੀਬ ਆਦਮੀ ਸੀ।''
ਮੁਮਤਾਜ਼ ਨੇ ਆਪਣੀ ਗੱਲ ਜਾਰੀ ਰੱਖੀ, ''ਮੇਰਾ ਖ਼ਿਆਲ ਸੀ ਕਿ ਉਹ ਸਿਰ ਤੋਂ ਪੈਰਾਂ ਤੀਕ ਬਨਾਉਟੀ ਹੈ...ਇਕ ਵੱਡਾ ਫਰਾਡ...ਕੌਣ ਯਕੀਨ ਕਰ ਸਕਦਾ ਹੈ ਕਿ ਉਹ ਉਹਨਾਂ ਸਾਰੀਆਂ ਕੁੜੀਆਂ ਨੂੰ, ਜਿਹੜੀਆਂ ਉਸ ਦੇ ਧੰਦੇ ਵਿਚ ਸ਼ਾਮਲ ਨੇ, ਆਪਣੀਆਂ ਧੀਆਂ ਸਮਝਦਾ ਸੀ। ਇਹ ਗੱਲ ਵੀ ਉਸ ਸਮੇਂ ਮੈਨੂੰ ਹਜ਼ਮ ਨਹੀਂ ਸੀ ਆਈ ਕਿ ਉਸ ਨੇ ਹਰੇਕ ਕੁੜੀ ਦੇ ਨਾਂ ਦਾ ਪੋਸਟ ਆਫਿਸ ਵਿਚ ਸੇਵਿੰਗ ਅਕਾਉਂਟ ਖੋਲ੍ਹਿਆ ਹੋਇਆ ਸੀ ਤੇ ਹਰ ਮਹੀਨੇ ਉਹਨਾਂ ਦੇ ਹਿੱਸੇ ਦੀ ਕੁਲ ਆਮਦਨ ਉੱਥੇ ਜਮ੍ਹਾਂ ਕਰਵਾਂਦਾ ਸੀ...ਤੇ ਇਹ ਗੱਲ ਤਾਂ ਬਿਲਕੁਲ ਹੀ ਵਿਸ਼ਵਾਸ ਕਰਨ ਵਾਲੀ ਨਹੀਂ ਸੀ ਕਿ ਉਸ ਦਸ ਬਾਰਾਂ ਕੁੜੀਆਂ ਦੇ ਖਾਣ-ਪੀਣ ਦਾ ਖਰਚ ਆਪਣੇ ਪੱਲਿਓਂ ਕਰਦਾ ਏ...ਉਸ ਦੀ ਹਰੇਕ ਗੱਲ ਮੈਨੂੰ ਜ਼ਰੂਰਤ ਤੋਂ ਵੱਧ ਬਨਾਉਟੀ ਲੱਗੀ ਸੀ। ਇਕ ਦਿਨ ਮੈਂ ਉਸ ਦੇ ਠਿਕਾਣੇ 'ਤੇ ਗਿਆ ਤਾਂ ਉਸ ਨੇ ਮੈਨੂੰ ਕਿਹਾ, 'ਅਮੀਨਾ ਤੇ ਸਕੀਨਾ ਦੋਵੇਂ ਛੁੱਟੀ 'ਤੇ ਨੇ...ਮੈਂ ਹਰ ਹਫ਼ਤੇ ਉਹਨਾਂ ਦੋਵਾਂ ਨੂੰ ਛੁੱਟੀ ਦੇ ਦਿੰਦਾ ਹਾਂ, ਤਾਂਕਿ ਬਾਹਰ ਜਾ ਕੇ ਕਿਸੇ ਹੋਟਲ ਵਿਚ ਮਾਸ-ਮੱਛੀ ਵਗ਼ੈਰਾ ਖਾ ਆਉਣ...ਏਥੇ ਤਾਂ ਤੁਸੀਂ ਜਾਣਦੇ ਹੀ ਹੋ, ਸਭ ਵੈਸ਼ਨੂੰ ਨੇ...' ਮੈਂ ਇਹ ਸੁਣ ਕੇ ਮਨ ਹੀ ਮਨ ਮੁਸਕਰਾਇਆ ਕਿ ਮੈਨੂੰ ਚਾਰ ਰਿਹੈ...! ਇਕ ਦਿਨ ਉਸ ਨੇ ਮੈਨੂੰ ਦੱਸਿਆ ਕਿ ਅਹਿਮਦਾਬਾਦ ਦੀ ਇਕ ਹਿੰਦੂ ਕੁੜੀ ਦੀ ਸ਼ਾਦੀ ਉਸ ਨੇ ਇਕ ਮੁਸਲਮਾਨ ਗਾਹਕ ਨਾ ਕਰਵਾ ਦਿੱਤਾ ਸੀ, ਲਾਹੌਰ ਤੋਂ ਉਸਦਾ ਖ਼ਤ ਆਇਆ ਏ ਕਿ ਦਾਤਾ ਸਾਹਬ ਦੇ ਦਰਬਾਰ ਵਿਚ ਉਸ ਨੇ ਇਕ ਮੰਨਤ ਮੰਨੀ ਸੀ, ਜਿਹੜੀ ਪੂਰੀ ਹੋ ਗਈ ਏ। ਹੁਣ ਉਸ ਨੇ ਸਹਾਏ ਲਈ ਮੰਨਤ ਮੰਗੀ ਹੈ ਕਿ ਜਲਦੀ ਤੋਂ ਜਲਦੀ ਉਸ ਦੇ ਤੀਹ ਹਜ਼ਾਰ ਰੁਪਏ ਪੂਰੇ ਹੋਣ ਤੇ ਉਹ ਬਨਾਰਸ ਜਾ ਕੇ ਬਜਾਜੀ ਦੀ ਦੁਕਾਨ ਖੋਹਲ ਲਏ।' ਇਹ ਸੁਣ ਕੇ ਮੈਂ ਅੰਦਰੇ-ਅੰਦਰ ਹੱਸਿਆ ਸਾਂ...ਸੋਚਿਆ ਸੀ ਕਿਉਂਕਿ ਮੈਂ ਮੁਸਲਮਾਨ ਹਾਂ, ਇਸ ਲਈ, ਮੈਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਏ।''
ਮੈਂ ਮੁਮਤਾਜ਼ ਤੋਂ ਪੁੱਛਿਆ, ''ਤਾਂ ਕੀ ਤੇਰਾ ਖ਼ਿਆਲ ਗ਼ਲਤ ਸੀ?''
''ਬਿਲਕੁਲ...ਉਸ ਦੀ ਕੱਥਨੀ ਤੇ ਕਰਨੀ ਵਿਚ ਕੋਈ ਫਰਕ ਨਹੀਂ ਸੀ। ਹੋ ਸਕਦਾ ਏ ਉਸ ਦੀ ਨਿੱਜੀ ਜ਼ਿੰਦਗੀ ਵਿਚ ਕਈ ਖ਼ਾਮੀਆਂ ਹੋਣ; ਇਹ ਵੀ ਹੋ ਸਕਦਾ ਹੈ ਕਿ ਉਸ ਤੋਂ ਆਪਣੀ ਜ਼ਿੰਗਦੀ ਵਿਚ ਕਈ ਗ਼ਲਤੀਆਂ ਹੋਈਆਂ ਹੋਣ...ਪਰ ਉਹ ਇਕ ਬੜਾ ਹੀ ਵਧੀਆ ਇਨਸਾਨ ਸੀ!''
ਜੁਗਲ ਨੇ ਸਵਾਲ ਕੀਤਾ, ''ਇਹ ਤੈਨੂੰ ਕਿਸ ਦੱਸਿਆ ਸੀ?''
''ਉਸ ਦੀ ਮੌਤ ਨੇ।'' ਇਹ ਕਹਿ ਕੇ ਮੁਮਤਾਜ਼ ਕੁਝ ਚਿਰ ਲਈ ਚੁੱਪ ਹੋ ਗਿਆ। ਥੋੜ੍ਹੀ ਦੇਰ ਬਾਅਦ ਉਸ ਨੇ ਉਧਰ ਦੇਖਣਾ ਸ਼ੁਰੂ ਕਰ ਦਿੱਤਾ ਜਿੱਧਰ ਆਸਮਾਨ ਤੇ ਸਮੁੰਦਰ ਇਕ ਧੰਦਲੀ ਜਿਹੀ ਗਲਵੱਕੜੀ ਵਿਚ ਲਿਪਟੇ ਹੋਏ ਸਨ, ''ਫਸਾਦ ਸ਼ੁਰੂ ਹੋ ਚੁੱਕੇ ਸਨ। ਮੈਂ ਸਵੇਰੇ ਭਿੰਡੀ ਬਾਜ਼ਾਰ ਵਿਚੋਂ ਲੰਘ ਰਿਹਾ ਸਾਂ...ਕਰਫ਼ਿਊ ਕਾਰਣ ਬਾਜ਼ਾਰ ਵਿਚ ਲੋਕਾਂ ਦੀ ਆਵੀ-ਜਾਈ ਬੜੀ ਘੱਟ ਸੀ। ਟ੍ਰਾਮਾਂ ਵੀ ਨਹੀਂ ਸਨ ਚੱਲ ਰਹੀਆਂ। ਟੈਕਸੀ ਲੱਭਦਾ ਹੋਇਆ ਜਦੋਂ ਮੈਂ ਜੇ.ਜੇ. ਹਸਪਤਾਲ ਕੋਲ ਪਹੁੰਚਿਆ ਤਾਂ ਇਕ ਆਦਮੀ ਨੂੰ ਇਕ ਵੱਡੇ ਸਾਰੇ ਟੋਕਰੇ ਕੋਲ ਗਠੜੀ ਵਾਂਗ ਪਿਆ ਦੇਖਿਆ। ਮੈਂ ਸੋਚਿਆ, ਕੋਈ ਫੁਟਪਾਥੀ ਮਜ਼ਦੂਰ ਸੁੱਤਾ ਹੋਇਆ ਏ, ਪਰ ਜਦੋਂ ਪੱਥਰ ਦੇ ਟੁਕੜਿਆਂ ਉੱਤੇ ਖ਼ੂਨ ਦੇ ਲੋਥੜੇ ਦਿਖਾਈ ਦਿੱਤੇ ਤਾਂ ਮੈਂ ਰੁਕ ਗਿਆ। ਵਾਰਦਾਤ ਕਤਲ ਦੀ ਸੀ। ਮੈਂ ਸੋਚਿਆ, ਮੈਨੂੰ ਖਿਸਕ ਜਾਣਾ ਚਾਹੀਦਾ ਏ।...ਪਰ ਲਾਸ਼ ਵਿਚ ਹਰਕਤ ਪੈਦਾ ਹੋਈ ਤਾਂ ਮੈਂ ਰੁਕ ਗਿਆ। ਆਸੇ-ਪਾਸੇ ਕੋਈ ਨਹੀਂ ਸੀ। ਮੈਂ ਝੁਕ ਕੇ ਦੇਖਿਆ; ਮੈਨੂੰ ਸਹਾਏ ਦਾ ਜਾਣਿਆ-ਪਛਾਣਿਆ ਚਿਹਰਾ ਨਜ਼ਰ ਆਇਆ, ਉਹ ਲਹੂ ਨਾਲ ਲਿਬੜਿਆ ਹੋਇਆ। ਮੈਂ ਉਸ ਦੇ ਕੋਲ ਹੀ ਫੁਟਪਾਥ ਉੱਤੇ ਬੈਠ ਗਿਆ ਤੇ ਦੇਖਿਆ ਕਿ ਉਸ ਦੀ ਸਫ਼ੈਦ ਕਮੀਜ਼, ਜਿਹੜੀ ਹਮੇਸ਼ਾ ਬੇਦਾਗ਼ ਹੁੰਦੀ ਸੀ, ਲਹੂ ਨਾਲ ਤਰ ਹੋਈ ਹੋਈ ਸੀ। ਜ਼ਖ਼ਮ ਸ਼ਾਇਦ ਪਸਲੀਆਂ ਕੋਲ ਸੀ। ਉਹ ਹੌਲੀ-ਹੌਲੀ ਕਰਾਹਾ ਰਿਹਾ ਸੀ। ਮੈਂ ਸਾਵਧਾਨੀ ਨਾਲ ਉਸ ਨੂੰ ਮੋਢੇ ਤੋਂ ਫੜ੍ਹ ਕੇ ਹਲੂਣਿਆਂ, ਜਿਵੇਂ ਕਿਸੇ ਸੁੱਤੇ ਨੂੰ ਜਗਾ ਰਿਹਾ ਹੋਵਾਂ। ਇਕ ਦੋ ਵਾਰੀ ਮੈਂ ਉਸ ਨੂੰ ਉਸ ਦੇ ਅਧੂਰੇ ਨਾਂ ਨਾਲ ਵੀ ਬੁਲਾਇਆ, ਪਰ ਉਸ ਨੇ ਅੱਖਾਂ ਨਹੀਂ ਖੋਲ੍ਹੀਆਂ। ਮੈਂ ਉੱਠ ਦੇ ਜਾਣ ਹੀ ਲੱਗਿਆ ਸਾਂ ਕਿ ਉਸ ਨੇ ਅੱਖਾਂ ਖੋਲ੍ਹੀਆਂ ਤੇ ਦੇਰ ਤੀਕ ਉਹਨਾਂ ਅੱਧ ਖੁੱਲ੍ਹੀਆਂ ਨਾਲ ਇਕ ਟੱਕ ਮੇਰੇ ਵੱਲ ਦੇਖਦਾ ਰਿਹਾ। ਫੇਰ ਉਸ ਦੇ ਸਾਰੇ ਸਰੀਰ ਵਿਚ ਇਕ ਪੀੜ-ਪਰੁੱਚੀ ਕੰਬਣੀ ਛਿੜ ਪਈ ਤੇ ਉਸ ਨੇ ਮੈਨੂੰ ਪਛਾਣਦਿਆਂ ਹੋਇਆਂ ਕਿਹਾ, 'ਤੁਸੀਂ? ਤੁਸੀਂ?'
''ਮੈਂ ਉਪਰ ਥੱਲੇ ਉਸ ਨੂੰ ਬਹੁਤ ਸਾਰੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ...ਉਹ ਏਧਰ ਕਿਉਂ ਆਇਆ ਸੀ, ਕਿਸ ਨੇ ਉਸ ਨੂੰ ਜ਼ਖ਼ਮੀ ਕੀਤਾ ਏ ਤੇ ਕਦੋਂ ਦਾ ਫੁਟਪਾਥ ਉੱਤੇ ਪਿਆ ਏ???...ਸਾਹਮਣੇ ਹਸਪਤਾਲ ਏ, ਕੀ ਮੈਂ ਉਹਨਾਂ ਨੂੰ ਖ਼ਬਰ ਕਰ ਦਿਆਂ?
''ਉਸ ਵਿਚ ਬੋਲਣ ਦੀ ਹਿੰਮਤ ਨਹੀਂ ਸੀ। ਜਦੋਂ ਮੈਂ ਸਾਰੇ ਸਵਾਲ ਕਰ ਹਟਿਆ ਤਾਂ ਉਸ ਨੇ ਕਰਾਂਹਦਿਆਂ ਹੋਇਆਂ ਬੜੀ ਮੁਸ਼ਕਿਲ ਨਾਲ ਇਹ ਸ਼ਬਦ ਕਹੇ, 'ਮੇਰੇ ਦਿਨ ਪੂਰੇ ਹੋ ਗਏ ਸੀ...ਭਗਵਾਨ ਨੂੰ ਇਹੀ ਮੰਜ਼ੂਰ ਸੀ!'
'ਭਗਵਾਨ ਨੂੰ ਪਤਾ ਨਹੀਂ ਕੀ ਮੰਜ਼ੂਰ ਸੀ, ਪਰ ਮੈਨੂੰ ਇਹ ਮੰਜ਼ੂਰ ਨਹੀਂ ਸੀ ਕਿ ਮੈਂ ਇਕ ਮੁਸਲਮਾਨ ਹੋ ਕੇ, ਮੁਸਲਮਾਨਾਂ ਦੇ ਇਲਾਕੇ ਵਿਚ ਇਕ ਆਦਮੀ ਨੂੰ, ਜਿਸ ਬਾਰੇ ਮੈਂ ਜਾਣਦਾ ਸਾਂ ਕਿ ਉਹ ਹਿੰਦੂ ਹੈ, ਇਸ ਅਹਿਸਾਸ ਨਾਲ ਮਰਦੇ ਦੇਖਾਂ ਕਿ ਉਸ ਨੂੰ ਮਾਰਨ ਵਾਲਾ ਮੁਸਲਮਾਨ ਸੀ...ਤੇ ਆਖ਼ਰੀ ਵਕਤ ਉਸ ਦੀ ਮੌਤ ਦੇ ਸਿਰਹਾਣੇ, ਜਿਹੜਾ ਆਦਮੀ ਖਲੋਤਾ ਸੀ ਉਹ ਵੀ ਇਕ ਮੁਸਲਮਾਨ ਸੀ...। ਮੈਂ ਡਰਪੋਕ ਨਹੀਂ, ਪਰ ਉਦੋਂ ਮੇਰੀ ਹਾਲਤ ਡਰਪੋਕਾਂ ਨਾਲੋਂ ਵੀ ਵੱਧ ਸੀ...ਇਕ ਜੱਫਾ ਇਸ ਡਰ ਨੇ ਮਾਰਿਆ ਹੋਇਆ ਸੀ ਕਿ ਹੋ ਸਕਦਾ ਹੈ ਮੈਨੂੰ ਹੀ ਫੜ੍ਹ ਲਿਆ ਜਾਵੇ...ਜੇ ਫੜਿਆ ਗਿਆ ਤਾਂ ਪੁੱਛਗਿੱਛ ਤੇ ਧੂ-ਘੜੀਸ ਵੀ ਕੀਤੀ ਜਾਏਗੀ। ਜੇ ਮੈਂ ਇਸ ਨੂੰ ਹਸਪਤਾਲ ਲੈ ਗਿਆ ਤਾਂ ਕੀ ਪਤੈ, ਆਪਣਾ ਬਦਲਾ ਲੈਣ ਖਾਤਰ ਮੈਨੂੰ ਹੀ ਫਸਾ ਦਏ...ਸੋਚੇ, ਮਰਨਾ ਤਾਂ ਹੈ ਹੀ ਕਿਉਂ ਨਾ ਇਸ ਨੂੰ ਨਾਲ ਲੈ ਮਰੀਏ। ਇਸ ਕਿਸਮ ਦੀਆਂ ਗੱਲਾਂ ਸੋਚ ਕੇ ਮੈਂ ਤੁਰਨ ਹੀ ਲੱਗਿਆ ਸਾਂ, ਜਾਂ ਇੰਜ ਕਹਿ ਲਓ ਭੱਜਣ ਲੱਗਿਆ ਸਾਂ ਕਿ ਸਹਾਏ ਨੇ ਮੈਨੂੰ ਬੁਲਾਇਆ...ਮੈਂ ਰੁਕ ਗਿਆ...ਨਾ ਰੁਕਣ ਦੇ ਇਰਾਦੇ ਦੇ ਬਾਵਜ਼ੂਦ ਮੇਰੇ ਪੈਰ ਥਾਵੇਂ ਗੱਡੇ ਗਏ ਸਨ...ਮੈਂ ਉਸ ਵੱਲ ਇਸ ਅੰਦਾਜ਼ ਨਾਲ ਦੇਖਿਆ ਜਿਵੇਂ ਕਹਿ ਰਿਹਾ ਹੋਵਾਂ...ਜਲਦੀ ਕਰੋ ਮੀਆਂ, ਮੈਂ ਜਾਣਾ ਏਂ। ਉਸ ਨੇ ਦਰਦ ਦੀ ਤਕਲੀਫ ਨਾਲ ਦੂਹਰੇ ਹੁੰਦਿਆਂ, ਬੜੀ ਮੁਸ਼ਕਿਲ ਨਾਲ, ਆਪਣੀ ਕਮੀਜ਼ ਦੇ ਬਟਨ ਖੋਲ੍ਹੇ ਤੇ ਅੰਦਰ ਹੱਥ ਪਾਇਆ...ਪਰ ਜਦੋਂ ਕੁਝ ਹੋਰ ਕਰਨ ਦੀ ਹਿੰਮਤ ਜਵਾਬ ਦੇ ਗਈ ਤਾਂ ਮੈਨੂੰ ਕਿਹਾ, 'ਹੇਠਾਂ ਬੰਡੀ ਏ...ਉਸ ਦੀ ਜੇਬ ਵਿਚ ਕੁਝ ਜੇਵਰ ਤੇ ਬਾਰਾਂ ਸੌ ਰੁਪਏ ਨੇ...ਇਹ...ਇਹ...ਸੁਲਤਾਨਾ ਦਾ ਮਾਲ ਏ...ਮੈਂ...ਮੈਂ ਇਕ ਦੋਸਤ ਕੋਲ ਰੱਖਿਆ ਹੋਇਆ ਸੀ...ਅੱਜ ਉਸ...ਉਸ ਨੂੰ ਭੇਜਣਾ ਸੀ...ਕਿਉਂਕਿ...ਕਿਉਂਕਿ ਤੁਸੀਂ ਜਾਣਦੇ ਹੀ ਹੋ, ਖਤਰਾ ਬੜਾ ਵਧ ਗਿਐ ...ਉਸ ਨੂੰ ਦੇ ਦੇਣਾ...ਤੇ ਕਹਿਣਾ, ਫੌਰਨ ਚਲੀ ਜਾਏ...ਪਰ...ਖ਼ਿਆਲ ਰੱਖਣਾ ਇਹ ਉਸਦੀ ਇਮਾਨਤ ਹੈ...!' ''
ਮੁਮਤਾਜ਼ ਚੁੱਪ ਹੋ ਗਿਆ, ਪਰ ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਇਹ ਉਸ ਦੀ ਆਵਾਜ਼ ਨਹੀਂ, ਸਹਾਏ ਦੀ ਆਵਾਜ਼ ਹੈ...ਜਿਹੜਾ ਜੇ.ਜੇ. ਹਸਪਤਾਲ ਸਾਹਮਣੇ, ਫੁਟਪਾਥ ਉੱਤੇ ਉਪਜੀ ਸੀ ਤੇ ਹੁਣ ਦੂਰ...ਉਧਰ, ਜਿੱਥੇ ਆਸਮਾਨ ਤੇ ਸਮੁੰਦਰ ਇਕ ਧੁੰਦਲੀ ਜਿਹੀ ਸ਼ਾਮ ਵਿਚ ਗਲ਼ੇ ਮਿਲ ਰਹੇ ਸਨ, ਅਲੋਪ ਹੋ ਰਹੀ ਹੈ !
ਜਹਾਜ਼ ਨੇ ਪਹਿਲੀ ਸੀਟੀ ਮਾਰੀ ਤਾਂ ਮੁਮਤਾਜ਼ ਨੇ ਕਿਹਾ, ''ਮੈਂ ਸੁਲਤਾਨਾ ਨੂੰ ਮਿਲਿਆ...ਉਸ ਨੂੰ ਜੇਵਰ ਤੇ ਰੁਪਏ ਦਿੱਤੇ ਤਾਂ ਉਸ ਦੀਆਂ ਅੱਖਾਂ ਭਿੱਜ ਗਈਆਂ...!''
ਜਦੋਂ ਅਸੀਂ ਮੁਮਤਾਜ਼ ਤੋਂ ਵਿਦਾਅ ਲੈ ਕੇ ਹੇਠਾਂ ਉਤਰੇ ਤਾਂ ਉਹ ਡੈਕ ਦੇ ਜੰਗਲੇ ਨੂੰ ਫੜ੍ਹੀ ਖੜ੍ਹਾ ਸੀ...ਉਸ ਦਾ ਸੱਜਾ ਹੱਥ ਹਿੱਲ ਰਿਹਾ ਸੀ...ਮੈਂ ਜੁਗਲ ਨੂੰ ਕਿਹਾ, ''ਕੀ ਤੈਨੂੰ ਇੰਜ ਮਹਿਸੂਸ ਨਹੀਂ ਹੁੰਦਾ ਕਿ ਮੁਮਤਾਜ਼ ਸਹਾਏ ਦੀ ਰੂਹ ਨੂੰ ਬੁਲਾਅ ਰਿਹਾ ਹੈ...ਆਪਣਾ ਹਮਸਫ਼ਰ ਬਣਾਉਣ ਲਈ ?''
ਜੁਗਲ ਨੇ ਸਿਰਫ ਏਨਾ ਕਿਹਾ, ''ਕਾਸ਼, ਮੈਂ ਸਹਾਏ ਦੀ ਰੂਹ ਹੁੰਦਾ !''
(ਅਨੁਵਾਦ: ਮਹਿੰਦਰ ਬੇਦੀ, ਜੈਤੋ)
ਪੰਜਾਬੀ ਕਹਾਣੀਆਂ (ਮੁੱਖ ਪੰਨਾ) |