ਸੰਤੋਖ ਸਿੰਘ ਧੀਰ
ਸੰਤੋਖ ਸਿੰਘ ਧੀਰ (੨ ਦਸੰਬਰ, ੧੯੨੦ ਈ.- ੮ ਫਰਵਰੀ, ੨੦੧੦)ਦਾ ਜਨਮ ਸ: ਈਸ਼ਰ ਸਿੰਘ ਦੇ ਘਰ ਮਾਤਾ ਜਮਨਾ ਦੇਵੀ ਦੀ ਕੁੱਖੋਂ ਪਿੰਡ ਬੱਸੀ ਪਠਾਣਾਂ, ਜ਼ਿਲ੍ਹਾ ਪਟਿਆਲਾ (ਮੌਜੂਦਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ) ਵਿਖੇ ਹੋਇਆ। ਇਥੇ ਉਸ ਦੇ ਨਾਨਕੇ ਸਨ। ਉਸ ਦਾ ਅਸਲ ਪਿੰਡ ਜ਼ਿਲ੍ਹਾ ਲੁਧਿਆਣਾ ਵਿਚ ਖੰਨਾ ਦੇ ਨੇੜੇ ਪਿੰਡ ਡਡਹੇੜੀ ਸੀ।ਘਰੋਗੀ ਤੇ ਆਰਥਿਕ ਹਾਲਤ ਚੰਗੀ ਨਾ ਹੋਣ ਕਰਕੇ ਉਹ ਉੱਚ ਵਿਦਿਆ ਹਾਸਲ ਨਾ ਕਰ ਸਕਿਆ। ਉਹਨੇ ਗਿਆਨੀ (੧੯੪੫) ਅਤੇ ਮੈਟ੍ਰਿਕ (੧੯੫੨, ਸਿਰਫ਼ ਅੰਗਰੇਜ਼ੀ) ਦੀ ਪ੍ਰੀਖਿਆ ਪਾਸ ਕੀਤੀ। ਕੁਝ ਚਿਰ ਸਕੂਲ ਅਧਿਆਪਕ ਵਜੋਂ ਸੇਵਾ ਨਿਭਾਈ, ਪਰ ਛੇਤੀ ਹੀ ਉਹ ਸਾਹਿਤ ਲੇਖਣ ਵੱਲ ਰੁਚਿਤ ਹੋ ਗਿਆ ਅਤੇ ਨਿਰੋਲ ਸਾਹਿਤਕਾਰ ਸਾਰੀ ਉਮਰ ਲੰਘਾ ਦਿੱਤੀ। ਉਨ੍ਹਾਂ ਦੀ ਸਾਹਿਤ ਰਚਨਾ ਵਿੱਚ ਕਾਵਿ ਸੰਗ੍ਰਹਿ: ਪਹੁ-ਫੁਟਾਲਾ, ਧਰਤੀ ਮੰਗਦੀ ਮੀਂਹ ਵੇ, ਪੱਤ ਝੜੇ ਪੁਰਾਣੇ, ਬਿਰਹੜੇ, ਅੱਗ ਦੇ ਪੱਤੇ, ਕਾਲੀ ਬਰਛੀ, ਸੰਜੀਵਨੀ, ਸਿੰਘਾਵਲੀ, ਆਉਣ ਵਾਲਾ ਸੂਰਜ, ਜਦੋਂ ਅਸੀਂ ਆਵਾਂਗੇ, ਪੈਰ, ਝੱਖੜ ਝੁੱਲਣ, ਕੋਧਰੇ ਦਾ ਮਹਾਂਗੀਤ; ਕਹਾਣੀ ਸੰਗ੍ਰਹਿ: ਸਿੱਟਿਆਂ ਦੀ ਛਾਂ, ਸਵੇਰ ਹੋਣ ਤੱਕ, ਸਾਂਝੀ ਕੰਧ, ਸ਼ਰਾਬ ਦਾ ਗਲਾਸ, ਸ਼ੇਰਾਂ ਦੀ ਆਵਾਜ਼ (ਸਿੱਖ ਇਤਿਹਾਸ ਦੀਆਂ ਕਹਾਣੀਆਂ), ਊਸ਼ਾ ਭੈਣ ਜੀ ਚੁੱਪ ਸਨ, ਪੱਖੀ, ਇਕ ਕੁੱਤਾ ਤੇ ਮੈਂ, ਪੱਕਾ ਰਾਗ, ਖੱਬੇ ਪੱਖੀ; ਨਾਵਲ: ਦੋ ਫੁੱਲ, ਉਹ ਦਿਨ, ਯਾਦਗਾਰ, ਮੈਨੂੰ ਇਕ ਸੁਫਨਾ ਆਇਆ, ਹਿੰਦੋਸਤਾਂ ਹਮਾਰਾ, ਨਵਾਂ ਜਨਮ, ਨਹੀਂ ਜੀ, ਖਿਮਾ ਆਦਿ ਸ਼ਾਮਿਲ ਹਨ ।