ਦੀਵਾਲੀ ਦੇ ਦੀਵੇ ਸਆਦਤ ਹਸਨ ਮੰਟੋ
ਛੱਤ ਦੇ ਬਨੇਰੇ 'ਤੇ ਦੀਵਾਲੀ ਦੇ ਦੀਵੇ ਹਫਦੇ ਹੋਏ ਬੱਚਿਆਂ ਵਾਂਗ ਧੜਕ ਰਹੇ ਸਨ । ਮੁੰਨੀ ਦੌੜਦੀ ਹੋਈ ਆਈ । ਆਪਣੀ ਨਿੱਕੀ ਜਿਹੀ ਘੱਗਰੀ ਨੂੰ ਦੋਵਾਂ ਹੱਥਾਂ ਨਾਲ ਉੱਤੇ ਚੁੱਕਦੇ ਹੋਏ ਛੱਤ ਹੇਠਾਂ ਗਲੀ 'ਚ ਮੋਰੀ ਦੇ ਕੋਲ ਖਲੋ ਗਈ । ਉਹਦੀਆਂ ਰੋਂਦੀਆਂ ਅੱਖਾਂ 'ਚ ਬਨੇਰੇ 'ਤੇ ਫੈਲੇ ਹੋਏ ਦੀਵਿਆਂ ਨੇ ਕਈ ਚਮਕੀਲੇ ਨਗੀਨੇ ਜੜ੍ਹ ਦਿੱਤੇ ਸਨ, ਉਹਦਾ ਨਿੱਕਾ ਜਿਹਾ ਸੀਨਾ ਦੀਵੇ ਦੀ ਲੋਅ ਵਾਂਗ ਕੰਬਿਆ । ਮੁਸਕਰਾ ਕੇ ਉਹਨੇ ਆਪਣੀ ਮੁੱਠੀ ਖੋਲ੍ਹੀ । ਪਸੀਨੇ ਨਾਲ ਭਿੱਜੇ ਪੈਸੇ ਵੇਖੇ ਤੇ ਬਾਜ਼ਾਰ 'ਚੋਂ ਦੀਵੇ ਲੈਣ ਲਈ ਦੌੜ ਗਈ ।
ਛੱਤ ਦੇ ਬਨੇਰੇ 'ਤੇ ਸ਼ਾਮ ਦੀ ਸੁੱਕੀ ਹਵਾ 'ਚ ਦੀਵਾਲੀ ਦੇ ਦੀਵੇ ਫੜਫੜਾਂਦੇ ਰਹੇ ।
ਸੁਰਿੰਦਰ ਧੜਕਦੇ ਦਿਲ ਨੂੰ ਪਹਿਲੂ 'ਚ ਲੁਕੋਈ ਚੋਰਾਂ ਵਾਂਗ ਗਲੀ 'ਚ ਦਾਖਲ ਹੋਇਆ ਤੇ ਮੁੰਡੇਰ ਦੇ ਹੇਠਾਂ ਬੇਕਰਾਰੀ ਨਾਲ ਟਹਿਲਣ ਲੱਗਾ । ਉਹਨੇ ਦੀਵਿਆਂ ਦੀਆਂ ਕਤਾਰਾਂ ਵੱਲ ਵੇਖਿਆ । ਉਹਨੂੰ ਹਵਾ 'ਚ ਉਛਲਦੇ ਹੋਏ ਸ਼ੋਅਲੇ ਆਪਣੀਆਂ ਰਗਾਂ 'ਚ ਦੌੜਦੇ ਹੋਏ ਲਹੂ 'ਚ ਨੱਚਦੇ ਹੋਏ ਕਤਰੇ ਜਾਪੇ । ਚਾਣਚੱਕ ਸਾਹਮਣੇ ਵਾਲੀ ਬਾਰੀ ਖੁੱਲ੍ਹੀ, ਸੁਰਿੰਦਰ ਸਿਰ ਤੋਂ ਪੈਰਾਂ ਤੱਕ ਦ੍ਰਿਸ਼ਟੀ ਬਣ ਗਿਆ । ਬਾਰੀ ਦੇ ਡੰਡੇ ਦਾ ਸਹਾਰਾ ਲੈ ਕੇ ਉਸ ਮੁਟਿਆਰ ਨੇ ਝੁਕ ਕੇ ਗਲੀ 'ਚ ਵੇਖਿਆ ਤੇ ਝਟਪਟ ਉਹਦਾ ਚਿਹਰਾ ਤਮਤਮਾ ਉਠਿਆ ।
ਕੁਝ ਇਸ਼ਾਰੇ ਹੋਏ । ਬਾਰੀ ਚੂੜੀਆਂ ਦੀ ਖੜਖੜਾਹਟ ਨਾਲ ਬੰਦ ਹੋਈ ਤੇ ਸੁਰਿੰਦਰ ਉਥੋਂ ਨਸ਼ੀਲੀ ਹਾਲਤ 'ਚ ਚਲ ਪਿਆ ।
ਛੱਤ ਦੀ ਬਨੇਰੇ 'ਤੇ ਦੀਵਾਲੀ ਦੇ ਦੀਵੇ ਨਵ-ਵਿਆਹੁਤਾ ਦੀ ਸਾੜ੍ਹੀ 'ਚ ਟੰਗੇ ਹੋਏ ਤਾਰੇ ਵਾਂਗ ਚਮਕਦੇ ਰਹੇ । ਉਸੇ ਵੇਲੇ ਸਰਜੂ ਘੁਮਿਆਰ ਸੋਟੀ ਟੇਕਦਾ ਹੋਇਆ ਆਇਆ ਤੇ ਸਾਹ ਲੈਣ ਲਈ ਰੁਕ ਗਿਆ । ਲਗਭਗ ਉਹਦੀ ਛਾਤੀ ਸੜਕ ਕੁੱਟਣ ਵਾਲੇ ਇੰਜਣ ਵਾਂਗ ਫੜਕ ਰਹੀ ਸੀ । ਗਲੇ ਦੀਆਂ ਰਗਾਂ ਸਾਹ ਦੇ ਦੌਰੇ ਕਾਰਨ ਧਾਕਣੀ ਵਾਂਗ ਫੁੱਲ ਰਹੀਆਂ ਸਨ । ਕਦੇ ਸੁੰਗੜ ਜਾਂਦੀਆਂ ਸਨ । ਉਹਨੇ ਧੌਣ ਚੁੱਕ ਕੇ ਜਗਮਗ-ਜਗਮਗ ਕਰਦੇ ਦੀਵਿਆਂ ਵੱਲ ਧੁੰਦਲੀਆਂ ਅੱਖਾਂ ਨਾਲ ਵੇਖਿਆ ਤੇ ਉਹਨੂੰ ਜਾਪਿਆ ਕਿ ਦੂਰ[ ਬਹੁਤ ਦੂਰ ਬਹੁਤ ਸਾਰੇ ਬੱਚੇ ਕਤਾਰ ਬੰਨ੍ਹੀ ਖੇਡ-ਕੁੱਦ 'ਚ ਮਗਨ ਹਨ । ਸਰਜੂ ਘੁਮਿਆਰ ਦੀ ਸੋਟੀ ਜਾਣੋਂ ਭਾਰੀ ਹੋ ਗਈ । ਬਲਗਮ ਥੁੱਕ ਕੇ ਉਹ ਫਿਰ ਕੀੜੀ ਦੀ ਚਾਲ ਚੱਲਣ ਲੱਗ ਪਿਆ ।
ਛੱਤ ਦੇ ਬਨੇਰੇ 'ਤੇ ਦੀਵਾਲੀ ਦੇ ਦੀਵੇ ਜਗਮਗਾਉਂਦੇ ਰਹੇ ।
ਫਿਰ ਇਕ ਮਜ਼ਦੂਰ ਆਇਆ । ਪਾਟੇ ਹੋਏ ਗਿਰੇਬਾਨ 'ਚੋਂ ਉਹਦੀ ਛਾਤੀ ਦੇ ਵਾਲ ਟੁੱਟੀਆਂ ਫੁੱਟੀਆਂ ਆਲ੍ਹਣੇ ਦੀਆਂ ਤੀਲੀਆਂ ਵਾਂਗ ਵਿਖਰ ਰਹੇ ਸਨ । ਦੀਵਿਆਂ ਦੀ ਕਤਾਰ ਵੱਲ ਉਹਨੇ ਸਿਰ ਚੁੱਕ ਕੇ ਤੱਕਿਆ ਅਤੇ ਉਹਨੂੰ ਅਜਿਹਾ ਅਨੁਭਵ ਹੋਇਆ ਜਿਵੇਂ ਅਕਾਸ਼ ਦੇ ਧੁੰਦਲੇ ਮੱਥੇ 'ਤੇ ਪਸੀਨੇ ਦੀਆਂ ਮੋਟੀਆਂ-ਮੋਟੀਆਂ ਬੂੰਦਾਂ ਚਮਕ ਰਹੀਆਂ ਹਨ । ਫਿਰ ਉਹਨੂੰ ਆਪਣੇ ਘਰ ਦੇ ਹਨੇਰੇ ਦਾ ਖਿਆਲ ਆਇਆ ਤੇ ਉਹ ਉਨ੍ਹਾਂ ਧੜਕਦੇ ਹੋਏ ਸ਼ੋਅਲਿਆਂ ਦੇ ਚਾਨਣ ਨੂੰ ਕਨੱਖੀਆਂ ਨਾਲ ਵੇਖਦਾ ਹੋਇਆ ਅੱਗੇ ਵੱਲ ਗਿਆ ।
ਛੱਤ ਦੇ ਬਨੇਰੇ 'ਤੇ ਦੀਵਾਲੀ ਦੇ ਦੀਵੇ ਅੱਖਾਂ ਝਪਕਦੇ ਰਹੇ ।
ਨਵੇਂ ਤੇ ਚਮਕੀਲੇ ਬੂਟਾਂ ਦੀ ਚਰਚਰਾਹਟ ਨਾਲ ਇਕ ਆਦਮੀ ਆਇਆ ਤੇ ਕੰਧ ਦੇ ਨੇੜੇ ਸਿਗਰਟ ਸੁਲਗਾਣ ਲਈ ਠਹਿਰ ਗਿਆ । ਉਹਦਾ ਚਿਹਰਾ ਅਸ਼ਰਫੀ 'ਤੇ ਲੱਗੀ ਹੋਈ ਮੋਹਰ ਵਾਂਗ ਭਾਵਨਾਵਾਂ ਤੋਂ ਖਾਲੀ ਸੀ । ਕਾਲਰ ਚੜ੍ਹੀ ਧੌਣ ਚੁੱਕ ਕੇ ਉਹਨੇ ਦੀਵਿਆਂ ਵੱਲ ਵੇਖਿਆ ਤੇ ਉਹਨੂੰ ਜਾਪਿਆ ਕਿ ਜਿਵੇਂ ਬਹੁਤ ਸਾਰੀਆਂ ਕੁਠਾਲੀਆਂ 'ਚ ਸੋਨਾ ਪੰਘਰ ਰਿਹਾ ਹੈ । ਉਹਦੇ ਚਰਚਰਾਂਦੇ ਹੋਏ ਚਮਕੀਲੇ ਜੁੱਤਿਆਂ 'ਤੇ ਨੱਚ ਦੇ ਹੋਏ ਸ਼ੋਅਲਿਆਂ ਦਾ ਪ੍ਰਤੀਬਿੰਬ ਪੈ ਰਿਹਾ ਸੀ । ਉਹ ਉਨ੍ਹਾਂ ਨਾਲ ਖੇਡਦਾ ਅੱਗੇ ਵਧ ਗਿਆ ।
ਜੋ ਕੁਝ ਉਨ੍ਹਾਂ ਵੇਖਿਆ, ਜੋ ਕੁਝ ਉਨ੍ਹਾਂ ਸੁਣਿਆ । ਕਿਸੇ ਨੂੰ ਮਤਲਬ ਨਹੀਂ ਸੀ ਦੱਸਿਆ । ਹਵਾ ਦਾ ਇਕ ਤੇਜ਼ ਬੁੱਲ੍ਹਾ ਆਇਆ ਤੇ ਸਾਰੇ ਦੀਵੇ ਇਕ-ਇਕ ਕਰਕੇ ਬੁਝ ਗਏ ।
(ਅਨੁਵਾਦ: ਸੁਰਜੀਤ)
ਪੰਜਾਬੀ ਕਹਾਣੀਆਂ (ਮੁੱਖ ਪੰਨਾ) |