ਵੱਡਾ ਡਾਕਟਰ ਨਾਨਕ ਸਿੰਘ
(੧)
ਦਫ਼ਤਰੋਂ ਛੁਟੀ ਹੋਈ ਸੀ, ਬਾਬੂ ਦੀਨਾ ਨਾਥ ਸੋਟੀ ਹਿਲਾਉਂਦਾ ਹੋਇਆ ਘਰ
ਵਲ ਜਾ ਰਿਹਾ ਸੀ। ਜਦ ਉਹ ਮੁਨਿਆਰਾਂ ਦੇ ਬਾਜ਼ਾਰ ਵਿਚੋਂ ਲੰਘਿਆ ਤਾਂ ਉਸ ਨੂੰ
ਆਪਣੇ ਕਾਕੇ ਜਗਦੀਸ਼ ਦਾ ਖ਼ਿਆਲ ਆਇਆ ਜਿਹੜਾ ਖਿਡੌਣਿਆਂ ਦਾ ਬੜਾ ਲੋਭੀ
ਸੀ।
ਉਹ ਇਕ ਮੁਨਿਆਰ ਦੀ ਹੱਟੀ ਅੱਗੇ ਜਾ ਖਲੋਤਾ ਤੇ ਬਹੁਤ ਸਾਰੇ ਖਿਡੌਣਿਆਂ
ਵਿਚੋਂ ਉਸ ਨੇ ਇਕ ਜੱਤ ਵਾਲਾ ਕੁੱਤਾ ਪਸੰਦ ਕੀਤਾ। ਪੈਸੇ ਦੁਕਾਨਦਾਰ ਨੂੰ ਦੇ,
ਕੁੱਤਾ ਖੀਸੇ ਵਿਚ ਪਾ ਉਹ ਘਰ ਵਲ ਟੁਰ ਪਿਆ। ਸਾਰੇ ਖਿਡੌਣਿਆਂ ਵਿਚੋਂ ਉਸ ਨੇ
ਜੱਤ ਵਾਲਾ ਕੁੱਤਾ ਹੀ ਕਿਉਂ ਪਾਸੰਦ ਕੀਤਾ, ਇਸ ਦਾ ਵੀ ਇਕ ਖ਼ਾਸ ਕਾਰਨ ਸੀ।
ਜਗਦੀਸ਼ ਨੂੰ ਸ਼ੌਕ ਸੀ ਜਾਨਦਾਰ ਖਿਡੌਣਿਆਂ ਨਾਲ ਖੇਡਣ ਦਾ, ਪਰ ਦੀਨਾ ਨਾਥ ਨੂੰ
ਮੁੰਡੇ ਦੀ ਇਹ ਆਦਤ ਪਾਸੰਦ ਨਹੀਂ ਸੀ।
ਜਦ ਉਹ ਘਰ ਪੁੱਜਾ ਤਾਂ ਥੜੇ ਉਤੇ ਅੱਜ ਵੀ ਉਸ ਨੇ ਜਗਦੀਸ਼ ਨੂੰ ਇਕ
ਜਾਨਦਾਰ ਖਿਡੌਣੇ ਨਾਲ ਖੇਡਦਿਆਂ ਵੇਖਿਆ। ਡਾਢਾ ਕੂਲਾ, ਰਿਸ਼ਟ ਪੁਸ਼ਟ, ਤੇ ਗੁਦ
ਗੁਦਾ ਖਿਡੌਣਾ, ਇਹ ਇਕ ਬਿਲੀ ਦਾ ਬੱਚਾ ਸੀ।
ਬਾਬੂ ਦੀਨਾ ਨਾਥ ਵੱਲ ਜਗਦੀਸ਼ ਦੀ ਪਿੱਠ ਸੀ, ਜਿਸ ਕਰਕੇ ਉਹ ਮੂੰਹ
ਧਿਆਨ ਆਪਣੀ ਖੇਡੇ ਰੁੱਝਾ ਰਿਹਾ। ਬਲੂੰਗੜੇ ਦੀਆਂ ਅਗਲੀਆਂ ਲੱਤਾਂ ਨੂੰ ਫੜ ਕੇ
ਉਹ ਉਸ ਨੂੰ ਸਿੱਧਾ ਖੜਾ ਕਰਨਾ ਚਾਹੁੰਦਾ ਸੀ, ਪਰ ਉਹ ਮੁੜ ਚਹੁੰ ਲੱਤਾਂ ਪਰਨੇ ਹੋ
ਜਾਂਦਾ।
ਬਲੂੰਗੜਾ ਘੜੀ ਮੁੜੀ ਉਸਦਾ ਮੂੰਹ ਚੁੰਮਣ ਲਈ ਬੂਥੀ ਚੁੱਕਦਾ, ਪਰ ਜਗਦੀਸ਼
ਉਸ ਨੂੰ ਧੱਕ ਕੇ ਪਰੇ ਕਰ ਦੇਂਦਾ ਸੀ। ਅਖ਼ੀਰ ਇਕ ਵਾਰੀ ਉਸ ਨੇ ਮੁੰਡੇ ਦਾ ਮੂੰਹ ਚੁੰਮ
ਲਿਆ।
ਆਪਣੀ ਖੇਡ ਵਿਚ ਜਗਦੀਸ਼ ਇੰਨਾ ਮਸਤ ਸੀ ਕਿ ਉਸ ਨੂੰ ਆਪਣੀ ਨਿੱਕਰ
ਅਤੇ ਝੱਗੇ ਦਾ ਵੀ ਖ਼ਿਆਲ ਨਾ ਰਿਹਾ, ਜਿਹੜੇ ਬਲੂੰਗੜੇ ਦੇ ਚਿੱਕੜ ਭਰੇ ਪੰਜਿਆਂ
ਨਾਲ ਨਾਸ ਹੋ ਰਹੇ ਸਨ।
ਪਿੱਛੇ ਖਲੋਤੇ ਬਾਬੂ ਦੀਨਾ ਨਾਥ ਨੇ ਇਹ ਸਭ ਕੁਝ ਦੇਖਿਆ ਅਤੇ ਗੁੱਸੇ ਨਾਲ
ਉਸਦਾ ਚਿਹਰਾ ਤਮਤਮਾ ਉਠਿਆ। ਉਸ ਨੇ ਪੈਂਦਿਆਂ ਹੀ ਇਕ ਖ਼ਰਵੇ ਹੱਥ ਨਾਲ
ਬਲੂੰਗੜਾ ਉਸ ਤੋਂ ਖੋਹ ਕੇ ਇਕ ਪਾਸੇ ਸੁੱਟ ਦਿੱਤਾ ਤੇ ਕਹਿਣ ਲੱਗਾ-'ਛੱ ਡ ਨਲੈਕਾ
ਇਸ ਬਲਾ ਨੂੰ। ਵੇਖ ਤੇ ਸਹੀ, ਕੀ ਹਾਲ ਕੀਤਾ ਈ ਨਵੇਂ ਕਪੜਿਆਂ ਦਾ!''
ਪਿਉ ਦੇ ਆਉਣ ਤੋਂ ਪਹਿਲਾਂ ਜਗਦੀਸ਼ ਕੁਝ ਹੋਰ ਹੀ ਸੋਚ ਰਿਹਾ ਸੀ। ਉਹ
ਇਸ ਖ਼ਿਆਲ ਵਿਚ ਸੀ ਕਿ ਆਪਣੇ ਬਾਬੂ ਜੀ ਦੇ ਆਉਣ 'ਤੇ ਉਹ ਆਪਣੇ ਇਸ ਨਵੇਂ
ਦੋਸਤ ਦੀ ਜਾਣ ਪਛਾਣ ਉਸ ਨਾਲ ਕਰਾਵੇਗਾ ਤੇ ਬਾਊ ਇਸ ਨੂੰ ਵੇਖ ਕੇ ਬਹੁਤ ਖੁਸ਼
ਹੋਵੇਗਾ। ਪਰ ਪਿਉ ਦੇ ਇਸ ਵਰਤਾਉ ਨੇ ਉਸ ਦੇ ਉਤਸ਼ਾਹ ਨੂੰ ਸਲਾਬਾ ਚੜ੍ਹਾ ਦਿੱਤਾ।
ਉਸਨੇ ਇਕ ਸਹਿਮੀ ਨਜ਼ਰ ਨਾਲ ਆਪਣੇ ਪਿਉ ਵਲ ਤਕਿਆ ਤੇ ਫਿਰ
ਪਿਆਰ, ਤਰਸ ਤੇ ਬੇਵਸੀ ਦੀ ਨਜ਼ਰ ਨਾਲ ਵੇਖਿਆ-ਕਈਆਂ ਕਦਮਾਂ 'ਤੇ ਡਿੱਗੇ ਪਏ
ਆਪਣੇ ਬਲੂੰਗੜੇ ਨੂੰ।
ਪਤੀ ਦੀ ਕੜਕਵੀ ਆਵਾਜ਼ ਸੁਣ ਕੇ ਅੰਦਰੋਂ ਉਮਾ ਦੇਵੀ ਨਿਕਲ ਆਈ।
ਉਸ ਨੂੰ ਵੇਖਦਿਆਂ ਹੀ ਬਾਬੂ ਦੀਨਾ ਨਾਥ ਦਾ ਕ੍ਰੋਧ ਉਸ ਉਤੇ ਵਰਨ ਲੱਗਾ। ਉਹ ਉਸ
ਵੱਲ ਤਕ ਕੇ ਬੋਲਿਆ, ''ਤੂੰ ਕਿਤਨੀ ਬੇ ਸਮਝ ਏ! ਤੈਨੂੰ ਪਤਾ ਨਹੀਂ ਬਿੱਲੀਆਂ
ਕੁੱਤਿਆਂ ਦੇ ਮੂੰਹ ਦੀ ਹਵਾੜ ਤੇ ਇਨ੍ਹਾਂ ਦੇ ਵਾਲ ਕਿੰਨੇ ਖ਼ਤਰਨਾਕ ਹੁੰਦੇ ਨੇ? ਵੇਖਦੀ
ਨਹੀਂ, ਕਿਹੜੇ ਵੇਲੇ ਦਾ ਬਲੂੰਗੜੇ ਨੂੰ ਚੁੰਮਣ ਡਿਹਾ ਹੋਇਆ ਏ ਤੇ ਕੱਪੜਿਆਂ ਦਾ
ਸੱਤਿਆਨਾਸ ਵੱਖਰਾ ਕਰ ਛੱਡਿਆ ਸੂ! ਨਾਲੇ ਠੰਢ ਵਿਚ ਇਸ ਵੇਲੇ ਤੱਕ ਬਾਹਰ ਥੜੇ
'ਤੇ ਬੈਠਾ ਹੋਇਆ ਏ!''
ਤਿੰਨਾਂ ਵਰ੍ਹਿਆਂ ਦੇ ਬਾਲ ਨੂੰ ਬਾਬੂ ਦੀਨਾ ਨਾਥ ਆਪਣੀ ਅਕਲ ਦੇ ਗ਼ਜ਼ਾਂ
ਨਾਲ ਮਿਣਨਾ ਚਾਹੁੰਦਾ ਸੀ, ਪਰ ਉਮਾ ਦੇਵੀ ਦੇ ਸੀਨੇ ਵਿਚ ਮਾਂ ਦਾ ਦਿਲ ਸੀ। ਉਹ
ਬਾਲਾਂ ਦੇ ਸੁਭਾ ਤੋਂ ਵਧੇਰੇ ਜਾਣੂ ਸੀ।
ਉਮਾ ਦੇਵੀ ਪਤੀ ਨੂੰ ਕਹਿਣ ਲੱਗੀ-''ਹੱਛਾ ਫੇਰ ਕੀ ਹੋਇਆ, ਅੰਞਾਣਾ ਜ਼ੂ
ਹੋਇਆ, ਸਾਰੇ ਬਾਲ ਇਸੇ ਤਰ੍ਹਾਂ ਹੁੰਦੇ ਨੇ ਕਿ!''
ਦੀਨਾ ਨਾਥ ਹੋਰ ਤੇਜ਼ ਹੋ ਕੇ ਬੋਲਿਆ-''ਸਾਰੇ ਬਾਲ ਤੇ ਹੋਏ ਜੰਗਲੀਆਂ
ਅਨਪੜ੍ਹਾਂ ਦੇ। ਇਹੇ ਜਿਹੋ ਗਵਾਰਾਂ ਦੀ ਸੁਹਬਤ ਵਿਚ ਮੈਂ ਨਹੀਂ ਪੈਣ ਦੇਣਾ ਚਾਹੁੰਦਾ
ਮੁੰਡੇ ਨੂੰ।
ਪਿਉ ਦਾ ਹੁਕਮ ਪਾ ਕੇ ਜਗਦੀਸ਼ ਮੁਜਰਮ ਵਾਂਗ ਉਸ ਦੇ ਅਗੇ ਅਗੇ ਟੁਰ
ਪਿਆ। ਅੰਦਰ ਪਹੁੰਚਦਿਆਂ ਤਾਈਂ ਉਸ ਨੇ ਪਿਉ ਦੀ ਅੱਖ ਬਚਾ ਕੇ ਕਈ ਵਾਰ
ਪਿਛਾਂਹ ਤੱਕਿਆ, ਪਰ ਬਲੂੰਗੜਾ ਹੁਣ ਉਥੇ ਨਹੀਂ ਸੀ।
(੨)
ਸਭ ਤੋਂ ਪਹਿਲਾਂ ਉਸ ਦੇ ਕੱਪੜੇ ਬਦਲਾਏ ਗਏ ਅਤੇ ਇਸ ਤੋਂ ਬਾਅਦ ਬਾਬੂ
ਦੀਨਾ ਨਾਥ ਨੇ ਉਸ ਨੂੰ ਪਿਆਰ ਨਾਲ ਕੁੱਛੜ ਲਿਆ। ਉਸਦਾ ਮੂੰਹ ਚੁੰਮਦਾ ਹੋਇਆ
ਉਹ ਦਿਲ ਵਿਚ ਆਪਣੀ ਸਖਤੀ 'ਤੇ ਪਛਤਾਉਣ ਲੱਗਾ। ਪਰ ਬੱਚੇ ਦੀ ਅਰੋਗਤਾ
ਲਈ ਉਸ ਨੂੰ ਇਹ ਸਭ ਕੁਝ ਕਰਨਾ ਹੀ ਪੈਣਾ ਸੀ।
ਜਗਦੀਸ਼ ਉਸ ਦੀ ਗੋਦ ਵਿਚ ਬੈਠਾ ਸੀ, ਪਰ ਅਗੇ ਵਾਂਗ ਖੁਸ਼ੀ ਖੁਸ਼ੀ ਨਹੀਂ,
ਸਗੋਂ ਡਾਢਾ ਬੇਕਲ ਜਿਹਾ ਹੋ ਕੇ।
ਬਾਬੂ ਦੀਨਾ ਨਾਥ ਨੂੰ ਖਿਡੌਣੇ ਦਾ ਚੇਤਾ ਆ ਗਿਆ। ਉਸ ਨੇ ਝੱਟ ਟੰਗੇ ਹੋਏ
ਕੋਟ ਦੀ ਜੇਬ ਵਿਚੋਂ ਜੱਤ ਵਾਲਾ ਕੁੱਤਾ ਕੱਢ ਕੇ ਜਗਦੀਸ਼ ਨੂੰ ਫੜਾ ਦਿੱਤਾ।
ਕੁੱਤਾ ਬੜਾ ਸੋਹਣਾ ਸੀ, ਪਰ ਜਗਦੀਸ਼ ਨੂੰ ਉਸ ਪਾਸੋਂ ਕੋਈ ਖੁਸ਼ੀ ਨਾ ਮਿਲ
ਸਕੀ। ਉਹ ਉਸ ਨੂੰ ਵੇਖ ਕੇ ਖੁਸ਼ ਹੋਣਾ ਚਾਹੁੰਦਾ ਸੀ, ਪਰ ਬਲੂੰਗੜੇ ਦਾ ਧਿਆਨ ਸਗੋਂ
ਉਸ ਨੂੰ ਵਧੇਰੇ ਬੇਚੈਨ ਕਰੀ ਜਾਂਦਾ ਸੀ।
ਰਾਤੀਂ ਸੌਣ ਲੱਗਿਆਂ ਉਸ ਨੇ ਕੁੱਤੇ ਨੂੰ ਆਪਣੇ ਨਾਲ ਹੀ ਪੰਘੂੜੇ ਤੇ
ਸਵਾਇਆ।
ਇਸ ਵੇਲੇ ਸਾਰੇ ਸੁੱਤੇ ਹੋਏ ਸਨ। ਕੇਵਲ ਜਗਦੀਸ਼ ਹੀ ਆਪਣੀ ਵਿਛਾਈ 'ਤੇ
ਲੇਟਿਆ ਕਿਸੇ ਦੀ ਯਾਦ ਵਿਚ ਮਗਨ ਸੀ। ਥੋੜੀ ਦੇਰ ਬਾਅਦ ਉਹ ਉਠ ਕੇ ਬੈਠ
ਗਿਆ ਤੇ ਸਰਾਂਦੀ ਪਏ ਕੁੱਤੇ ਨੂੰ ਚੁੱਕ ਕੇ ਤੇ ਉਸ ਨੂੰ ਅਗਲੀਆਂ ਲੱਤਾਂ ਤੋਂ ਫੜ ਕੇ
ਖੜਾ ਕਰਨ ਲਗਾ। ਪਰ ਇਹ ਬਲੂੰਗੜਾ ਵਾਂਗ ਸ਼ਰਾਰਤਾਂ ਨਹੀਂ ਸੀ ਕਰਦਾ, ਨਾ ਹੀ
ਉਸਦਾ ਮੂੰਹ ਚੁੰਮਣ ਨੂੰ ਹੰਭਲੇ ਮਾਰਦਾ ਸੀ। ਅਰਥਾਤ ਬਲੂੰਗੜੇ ਦੀਆਂ ਜਿਨ੍ਹਾਂ
ਹਰਕਤਾਂ ਕਰਕੇ ਜਗਦੀਸ਼ ਨੂੰ ਗੁੱਸਾ ਆਉਂਦਾ ਸੀ, ਉਹ ਇਸ ਕੁੱਤੇ ਵਿਚ ਨਹੀਂ ਸਨ।
ਪਰ ਫਿਰ ਵੀ ਜਗਦੀਸ਼ ਨੂੰ ਇਹ ਚੰਗਾ ਨਹੀਂ ਸੀ ਲੱਗਦਾ। ਉਹ ਚਾਹੁੰਦਾ ਸੀ ਇਹ ਵੀ
ਬਲੂੰਗੜੇ ਵਾਂਗ ਸ਼ਰਾਰਤਾਂ ਕਰੇ ਤੇ ਇਸ ਦੇ ਬਦਲੇ ਉਸ ਨੂੰ ਉਹੋ ਜਿਹਾ ਗੁੱਸਾ ਆਵੇ।
ਪਰ ਇਹ ਨਾ ਹੋ ਸਕਿਆ।
ਹੌਲੀ ਹੌਲੀ ਉਸ ਨੂੰ ਇਸ ਕੁੱਤੇ ਪਾਸੋਂ ਨਫ਼ਰਤ ਹੋਣ ਲੱਗੀ। ਤੇ ਥੋੜੇ ਚਿਰ
ਬਾਅਦ ਉਸ ਨੇ ਕੁੱਤੇ ਨੂੰ ਚੁੱਕ ਕੇ ਹੇਠਾਂ ਸੁੱਟ ਦਿੱਤਾ।
ਉਹ ਲੰਮਾ ਪੈ ਗਿਆ ਤੇ ਪਿਆ ਪਿਆ ਸੋਚਣ ਲੱਗਾ-''ਕੀ ਹੁਣ ਉਹ ਨਹੀਂ
ਆਵੇਗਾ? ਕੀ ਬਾਊ ਜੀ ਦੇ ਵਰਤਾਉ ਤੋਂ ਉਹ ਮੇਰੇ ਨਾਲ ਵੀ ਗੁੱਸੇ ਹੋ ਜਾਏਗਾ?
ਇਸ ਵੇਲੇ ਉਹ ਕਿਥੇ ਹੋਵੇਗਾ-ਕੀ ਕਰਦਾ ਹੋਵੇਗਾ? ਸ਼ਾਇਦ ਕਿਤੋਂ ਹੁਣੇ ਹੀ ਆ
ਨਿਕਲੇ-ਸ਼ਾਇਦ ਹੁਣੇ ਹੀ ਉਸ ਦੀ ਮਿੱਠੀ ਮਿੱਠੀ ਮਿਆਊਂ ਮੇਰੇ ਕੰਨੀ ਆ ਪਵੇ!''
ਇਸ ਦੇ ਨਾਲ ਹੀ ਉਸ ਨੂੰ ਇਕ ਹੋਰ ਖਿਆਲ ਆਇਆ। ਉਸ ਨੂੰ ਖਿਆਲ
ਆ ਗਿਆ ਆਪਣੇ ਗੁਆਂਢੀਆਂ ਦੇ ਕੁਤੇ ਜੈਕ ਦਾ, ਜਿਹੜਾ ਬਿੱਲੀਆਂ ਨੂੰ ਵੇਖ ਕੇ
ਖਾਣ ਨੂੰ ਪੈਂਦਾ ਸੀ।
ਉਹ ਸੋਚਣ ਲੱਗਾ-ਸਾਡੇ ਘਰ ਵੀ ਤਾਂ ਇਸ ਵੇਲੇ ਕੁੱਤਾ ਮੌਜੂਦ ਏ। ਇਸ ਦੇ
ਹੁੰਦਿਆਂ ਬਲੂੰਗੜਾ ਸਾਡੇ ਘਰ ਨਹੀਂ ਆ ਸਕੇਗਾ।
ਉਸ ਨੇ ਕਮਰੇ ਵਿਚ ਵੇਖਿਆ। ਬਿਜਲੀ ਦੇ ਚਾਨਣ ਵਿਚ ਉਹੀ ਜੱਤ ਵਾਲਾ
ਕੁੱਤਾ ਇਕ ਨੁਕਰੇ ਪਿਆ ਦਿਸਿਆ।
ਉਹ ਅਛੋਪਲਾ ਪੰਘੂੜੇ ਚੋਂ ਉਤਰਿਆਂ ਤੇ ਜਾ ਕੇ ਕੁਤੇ ਨੂੰ ਚੁਕ ਲਿਆਇਆ,
ਇਕ ਪਾਸੇ ਪੁਰਾਣੇ ਕੱਪੜੇ ਕੱਠੇ ਹੋਏ ਪਏ ਸਨ। ਉਸ ਨੇ ਕੁਤੇ ਨੂੰ ਉਨ੍ਹਾਂ ਕੱਪੜਿਆਂ
ਥੱਲੇ ਨੱਪ ਦਿੱਤਾ ਤੇ ਫੇਰ ਆਪਣੇ ਬਿਸਤਰੇ 'ਤੇ ਆ ਲੇਟਿਆ।
ਹੁਣ ਉਹ ਬੜੀ ਬੇਸਬਰੀ ਨਾਲ ਬੈਠਾ ਬੈਠਾ ਬਲੂੰਗੜੇ ਦੀ ਉਡੀਕ ਕਰਨ
ਲੱਗਾ। ਇਸੇ ਉਡੀਕ ਦੇ ਸਮੇਂ ਉਸ ਨੂੰ ਇਉਂ ਅਨੁਭਵ ਹੋਣ ਲੱਗਾ ਜੀਕਣ ਬਲੂੰਗੜਾ
ਉਸ ਦੇ ਆਸ ਪਾਸ ਆਉਣਾ ਚਾਹੁੰਦਾ ਹੈ, ਪਰ ਜੱਤ ਵਾਲਾ ਕੁੱਤਾ ਘੜੀ ਮੁੜੀ
ਕਪੜਿਆਂ ਹੇਠੋਂ ਨਿਕਲ ਕੇ ਉਸ ਨੂੰ ਨਸਾ ਦੇਂਦਾ ਹੈ।
ਉਹ ਫਿਰ ਉਠਿਆ 'ਤੇ ਕੁੱਤੇ ਨੂੰ ਕੱਪੜਿਆਂ ਹੇਠੋਂ ਕੱਢ ਲਿਆਇਆ। ਫਿਰ
ਸਹਿਜ ਨਾਲ ਉਸ ਨੇ ਬਾਰੀ ਦਾ ਕੁੰਡਾ ਖੋਲਿਆ ਤੇ ਕੁੱਤੇ ਨੂੰ ਸੀਖਾਂ ਵਲ ਦੀ ਧੱਕ ਕੇ
ਬਾਰੀ ਤੋਂ ਬਾਹਰ ਸੁੱਟ ਦਿੱਤਾ।
ਸੁੱਟ ਤਾਂ ਉਸ ਨੇ ਦਿਤਾ, ਪਰ ਇਸ ਨਾਲ ਵੀ ਉਸ ਦੀ ਤਸੱਲੀ ਨਾ ਹੋ ਸਕੀ।
ਗਸੋਂ ਉਸਦਾ ਤੋਖਲਾ ਹੋਰ ਵੱਧ ਗਿਆ। ਕਾਰਨ? ਕੁਤਾ ਹੁਣ ਬਿਲਕੁਲ ਬੂਹੇ ਦੇ ਲਾਗੇ
ਗਲੀ ਵਿਚ ਬੈਠਾ ਹੋਵੇਗਾ ਤੇ ਇਸ ਜ਼ਾਲਮ ਨੇ ਕਦ ਬਲੂੰਗੜਾ ਅੰਦਰ ਆਉਣ ਦੇਣਾ
ਹੈ।
ਇਸੇ ਬੇਚੈਨੀ ਵਿਚ ਉਹ ਪਤਾ ਨਹੀਂ ਕਿੰਨਾ ਚਿਰ ਛਟਪਟਾਂਦਾ ਰਿਹਾ ਤੇ
ਅਖ਼ੀਰ ਉਸ ਨੂੰ ਨੀਂਦ ਆ ਗਈ।
(੩)
''ਹੈਂ ਜੀ, ਤੁਸਾਂ ਬਾਰੀ ਨਹੀਂ ਸੀ ਬੰਦ ਕੀਤੀ?'' ਪਰਭਾਤ ਵੇਲੇ ਨਾਲ ਉਮਾਂ
ਦੇਵੀ ਨੇ ਪਾਸਾ ਪਰਤਿਆਂ ਹੋਇਆਂ ਪਤੀ ਨੂੰ ਕਿਹਾ-''ਕਿਡੀ ਠੰਢੀ ਵਾ ਆਉਣ ਡਹੀ
ਹੋਈ ਏ।''
ਬਾਬੂ ਦੀਨਾ ਨਾਥ ਨੇ ਰਜਾਈ ਚੋਂ ਉਠ ਕੇ ਵੇਖਿਆ-ਬਾਰੀ ਖੁਲੀ ਹੋਈ ਸੀ,
ਪਰ ਉਹ ਹੈਰਾਨੀ ਨਾਲ ਸੋਚਣ ਲੱਗਾ ਇਸ ਨੂੰ ਤਾਂ ਮੈਂ ਆਪ ਬੰਦ ਕਰਕੇ ਸੁੱਤਾ ਸਾਂ।
ਇਸ ਤੋਂ ਬਾਅਦ ਦੋਵੇਂ ਉਠ ਬੈਠੇ। ਉਨ੍ਹਾਂ ਨੂੰ ਬੜਾ ਫਿਕਰ ਹੋਣ ਲੱਗਾ ਜੋ
ਬਾਰੀ ਕਿਸ ਤਰ੍ਹਾਂ ਖੁਲ ਗਈ। ਝੱਟ ਪੱਟ ਉਨ੍ਹਾਂ ਨੇ ਉਠ ਕੇ ਸੰਦੂਕਾਂ ਟਰੰਕਾਂ ਦੇ ਜੰਦਰੇ
ਟੋਹਣੇ ਸ਼ੁਰੂ ਕਰ ਦਿੱਤੇ। ਸਭ ਕੁਝ ਜਿਉਂ ਦਾ ਤਿਉਂ ਸੀ। ਕੋਈ ਅੰਦਰ ਆਉਂਦਾ ਤਾਂ
ਖ਼ਾਲੀ ਕਿਸ ਤਰ੍ਹਾਂ ਚਲਾ ਜਾਂਦਾ। ਤੇ ਨਾਲੇ ਬਾਬੂ ਦੀਨਾ ਨਾਥ ਆਪਣੇ ਹੱਥੀਂ ਬਾਰੀ ਦਾ
ਕੁੰਡਾ ਅੜਾ ਕੇ ਸੁੱਤਾ ਸੀ। ਬਾਹਰਲਾ ਬੂਹਾ ਵੇਖਿਆ। ਉਹ ਵੀ ਜਿਉਂ ਦਾ ਤਿਉਂ ਬੰਦ
ਸੀ-ਕੁੰਡਾ ਅੰਦਰੋਂ ਵੱਜਾ ਹੋਇਆ ਸੀ।
ਬਾਬੂ ਦੀਨਾ ਨਾਥ ਨੇ ਬੂਹਾ ਖੋਲ ਕੇ ਬਾਹਰ ਗਲੀ ਵਿਚ ਝਾਤੀ ਮਾਰੀ ਤਾਂ ਸਭ
ਤੋਂ ਪਹਿਲਾਂ ਓਹੀ ਕਲ ਦਾ ਲਿਆਂਦਾ ਹੋਇਆ ਜੱਤ ਵਾਲਾ ਕੁਤਾ ਉਸ ਦੀ ਨਜ਼ਰੀ
ਪਿਆ।
ਉਸ ਨੂੰ ਸਮਝਣ ਵਿਚ ਚਿਰ ਨਾ ਲੱਗਾ ਕਿ ਇਹ ਜਗਦੀਸ਼ ਦੀ ਹੀ ਕਾਰਸਤਾਨੀ
ਹੈ। ਮੁੰਡੇ ਦੀ ਬੇਸਮਝੀ ਉਤੇ ਉਸ ਨੂੰ ਖਿਝ ਆਈ, ਪਰ ਜਗਦੀਸ਼ ਸੁਤਾ ਪਿਆ ਸੀ, ਇਸ
ਲਈ ਬਾਬੂ ਦੀਨਾ ਨਾਥ ਗੁੱਸਾ ਪੀ ਗਿਆ। ਹਾਂ, ਜੇ ਕਦੇ ਜਾਗਦਾ ਹੁੰਦਾ, ਤਾਂ ਜ਼ਰੂਰ ਦੋ
ਚਾਰ ਝਿੜਕਾਂ ਤੇ ਇਕ ਅੱਧ ਚਪੇੜ ਉਹ ਖਾਂਦਾ।
ਪਰ ਉਮਾ ਦੇਵੀ ਨੇ ਜਦ ਪਤੀ ਦੀ ਜ਼ਬਾਨੀ ਇਹ ਗੱਲ ਸੁਣੀ ਤਾਂ ਉਸ ਦੇ
ਬੁੱਲ੍ਹਾਂ ਚੋਂ ਹਾਸਾ ਨਿਕਲ ਗਿਆ।
ਬੂਹੇ ਬਾਰੀਆਂ ਬੰਦ ਕਰਕੇ ਜਦ ਦੀਨਾ ਨਾਥ ਲੰਮਾ ਪੈਣ ਲੱਗਾ ਤਾਂ ਉਸ ਦੀ
ਨਜ਼ਰ ਜਗਦੀਸ਼ ਦੇ ਪੰਘੂੜੇ 'ਤੇ ਪਈ। ਬਲੂੰਗੜਾ ਜਗਦੀਸ਼ ਦੀ ਬਾਂਹ ਵਿਚ ਸਿਰ ਦੇਈ
ਘੁਰ ਘੁਰ ਕਰ ਰਿਹਾ ਸੀ ਤੇ ਸੁੱਤੇ ਹੋਏ ਜਗਦੀਸ਼ ਦਾ ਹੱਥ ਸਹਿਜੇ ਸਹਿਜ ਉਸ ਦੀ ਪਿਠ
'ਤੇ ਫਿਰ ਰਿਹਾ ਸੀ। ਜਗਦੀਸ਼ ਦੇ ਚਿਹਰੇ ਉਤੇ ਇਸ ਵੇਲੇ ਮੁਸਕਰਾਹਟ ਖੇਡ ਰਹੀ ਸੀ।
''ਹੈਂ! ਬਦਜ਼ਾਤ ਫਿਰ ਆ ਵੜਿਆ!'' ਕਹਿੰਦਿਆਂ ਕਹਿੰਦਿਆਂ ਦੀਨਾ ਨਾਥ
ਨੇ ਜਗਦੀਸ਼ ਦੀ ਬਾਂਹ ਵਿਚੋਂ ਬਲੂੰਗੜਾ ਖਿੱਚ ਲਿਆ। ਇਸ ਦੇ ਨਾਲ ਹੀ ਜਗਦੀਸ਼
ਜਾਗ ਪਿਆ, ਉਸ ਨੇ ਆਪਣੇ ਬੂੰਗੇ ਨੂੰ ਵੇਖਿਆ, ਪਰ ਵਿਛੋੜੇ ਦੇ ਵੇਲੇ। ਮਿਲਾਪ
ਦੀਆਂ ਸੁਨਿਹਰੀ ਘੜੀਆਂ ਕਿਵੇਂ ਬੀਤ ਗਈਆਂ, ਇਸ ਦਾ ਉਸ ਨੂੰ ਕੋਈ ਪਤਾ ਨਹੀਂ।
ਉਸਨੇ ਅਰਮਾਨ ਭਰੀ ਨਜ਼ਰ ਨਾਲ ਆਪਣੀ ਨਿੱਘੀ ਬਾਂਹ ਵਿਚੋਂ ਬਲੂੰਗੜੇ ਨੂੰ ਖਚੀ ਦਾ
ਵੇਖਿਆ-ਮਾਨੋ ਉਸ ਨੇ ਸੀਨੇ ਵਿਚੋਂ ਦਿਲ ਨੂੰ ਖਿਚੀਦਾ ਵੇਖਿਆ।
ਉਸਨੇ ਚਾਹਿਆ ਕਿ ਝਟ ਪਟ ਉਠ ਕੇ ਪਿਉ ਪਾਸੋਂ ਆਪਣੇ ਬੂੰਗੇ ਨੂੰ ਖੋਹ
ਵਲੇ, ਪਰ ਪਿਉ ਦੀਆਂ ਲਾਲ ਲਾਲ ਅੱਖਾਂ ਤੇ ਗੁੱਸੇ ਭਰਿਆ ਚਿਹਰਾ ਵੇਖ ਕੇ ਉਸ ਦੇ
ਦਿਲ ਦੀਆਂ ਦਿਲ ਵਿਚ ਹੀ ਰਹਿ ਗਈਆਂ।
ਬਲੂੰਗੜੇ ਨੇ ਤਾਂ ਨਹੁੰਦਰਾਂ ਦੀ ਮਦਦ ਨਾਲ ਆਪਣੇ ਗੁੱਸੇ ਨੂੰ ਕਿਸੇ ਹੱਦ
ਤੱਕ ਪ੍ਰਗਟ ਕੀਤਾ, ਪਰ ਜਗਦੀਸ਼ ਵਿਚਾਰਾ ਆਪਣੇ ਪ੍ਰੀਤਮ ਵਿਛੋੜੇ ਨੂੰ ਕਿਸੇ ਤਰ੍ਹਾਂ
ਵੀ ਜ਼ਾਹਿਰ ਨਾ ਕਰ ਸਕਿਆ।
ਉਮਾ ਦੇਵੀ ਨੇ ਬਥੇਰਾ ਰੋਕਿਆ, ਵਾਸਤੇ ਪਾਏ, ਪਰ ਦੀਨਾ ਨਾਥ ਨੇ ਇਕ
ਨਾ ਮੰਨੀ। ਉਸ ਨੇ ਝਟ ਪਟ ਨਾਲ ਦੀ ਕੋਠੜੀ ਵਿਚੋਂ ਨੌਕਰ ਮੁੰਡੇ ਨੂੰ ਆਵਾਜ਼ ਦਿੱਤੀ।
ਨੌਕਰ ਆਇਆ ਤੇ ਦੀਨਾ ਨਾਥ ਨੇ ਬਲੂੰਗੜਾ ਉਸ ਨੂੰ ਫੜਾਂਦਿਆਂ ਹੋਇਆ
ਕਿਹਾ-''ਜਾਹ ਇਸ ਨੂੰ ਸਹਿਰੋਂ ਬਾਹਰ ਗੰਦੇ ਨਾਲੇ ਤੋਂ ਪਾਰ ਛੱਡ ਕੇ ਆ।''
''ਬਾਊ ਜੀ, ਮੇਰਾ ਬੂੰਗਾ!'' ਬੜੀ ਦਰਦ ਭਰੀ ਆਵਾਜ਼ ਵਿਚ ਜਗਦੀਸ਼ ਦੇ
ਮੂੰਹੋਂ ਨਿਕਲਿਆ।
ਬਾਬੂ ਦੀਨਾ ਨਾਥ ਨੂੰ ਉਸ ਉਤੇ ਇਕ ਤਾਂ ਅੱਠਾ ਆਨਿਆਂ ਦੇ
ਖਿਡੌਣੇ ਦਾ ਗੁੱਸਾ ਸੀ, ਉਤੋਂ ਇਸ ਦਾ ਇਹ ਪਾਗਲਪੁਣਾ ਕਿ ਬਲੂੰਗੜੇ ਦੇ ਮੂੰਹ ਨਾਲ
ਮੂੰਹ ਜੋੜ ਕੇ ਪਤਾ ਨਹੀਂ ਕਿੰਨੇ ਚਿਰ ਤੋਂ ਸੁੱਤਾ ਰਿਹਾ। ਉਸ ਨੇ ਇਕ ਹੌਲਾ ਜਿਹਾ
ਥੱਪੜ ਜਗਦੀਸ਼ ਦੇ ਸਿਰ 'ਤੇ ਮਾਰ ਕੇ ਕਿਹਾ-''ਚੁੱਪ ਕਰਨਾ ਇਹ ਕਿ ਨਹੀਂ? ਬੂੰਗੇ ਦਾ
ਬੱਚਾ! ਖ਼ਬਰਦਾਰ ਜੇ ਮੁੜ ਕੇ ਇਹਦਾ ਨਾਂ ਲਿਆ ਤੇ!''
ਉਮਾ ਦੇਵੀ ਪਾਸੋਂ ਮੁੰਡੇ ਦੀ ਹਾਲਤ ਦੇਖੀ ਨਾ ਗਈ। ਉਹ ਗਿੜ ਗਿੜਾ ਕੇ
ਬੋਲੀ-''ਰਹਿਣ ਦਿਓ ਸੂ ਝਟ ਪਲ, ਕਿਉਂ ਮੁੰਡੇ ਦਾ ਦਿਲ ਤੋੜਦੇ ਓ'
ਪਰ ਦੀਨਾ ਨਾਥ ਦੇ ਦਿਲ 'ਤੇ ਇਸ ਦਾ ਕੋਈ ਵੀ ਅਸਰ ਨਾ ਹੋਇਆ। ਉਹ
ਬੱਚੇ ਦੀ ਸਿਹਤ ਬਦਲੇ ਸਭ ਕੁਝ ਸਹਿਣ ਨੂੰ ਤਿਆਰ ਸੀ। ਘੁਰਕ ਕੇ ਉਸ ਨੂੰ ਕਹਿਣ
ਲੱਗਾ-''ਤੂੰਹੀਓ ਤੇ ਬਹੁਤਾ ਇਸ ਨੂੰ ਸਿਰੇ ਚੜ੍ਹਾ ਛੱਡਿਆ ਏ। ਤੂੰ ਮੁੰਡੇ ਨੂੰ ਜ਼ਰੂਰ
ਬੀਮਾਰ ਕਰ ਕੇ ਰਹਿਣਾ ਏ! ਤੈਨੂੰ ਇਕ ਵਾਰੀ ਜੂ ਸਮਝਾਇਆ ਏ, ਬਿਲੀਆ ਕੁੱਤੇ ਨਿਰਾ
ਬੀਮਾਰੀ ਦਾ ਘਰ ਹੁੰਦੇ ਨੇ।'' ਫਿਰ ਨੌਕਰ ਵੱਲ ਤੱਕ ਕੇ ਕਹਿਣ ਲੱਗਾ-''ਲੈ ਜਾ ਉਏ
ਮੁੰਡਿਆ ਛੱਡ ਆ ਇਸ ਨੂੰ ਛੇਤੀ ਜਾਹ।''
ਜਗਦੀਸ਼ ਨੂੰ ਜੇ ਹੋਰ ਕਿਸੇ ਕਾਰਨ ਧੱਪਾ ਪੈਂਦਾ ਤਾਂ ਉਹ ਛੱਤ ਸਿਰ 'ਤੇ ਚੁੱਕ
ਲੈਂਦਾ, ਪਰ ਇਸ ਵੇਲੇ ਉਹ ਕੁਸਕਿਆਂ ਤੱਕ ਨਹੀਂ। ਸਗੋਂ ਅਜਿਹੀ ਨਜ਼ਰ ਨਾਲ ਪਿਉ
ਵੱਲ ਤੱਕਣ ਲੱਗਾ, ਮਾਨੋ ਉਸ ਨੇ ਕੋਈ ਬੜਾ ਭਾਰੀ ਕਸੂਰ ਕੀਤਾ ਹੈ। ਉਸਨੇ ਆਪਣੇ
ਪਿਆਰੇ ਬਲੂੰਗੇ ਲਈ ਸ਼ਹਿਰ ਨਿਕਾਲੇ ਦਾ ਹੁਕਮ ਸੁਣਿਆ ਤੇ ਕਲੇਜਾ ਮਸੋਸ ਕੇ ਰਹਿ
ਗਿਆ। ਜਦ ਬੂੰਗੇ ਨੂੰ ਉਸ ਨੇ ਇਕ ਵਾਰੀ ਨਜ਼ਰ ਭਰ ਕੇ ਵੇਖਣਾ ਚਾਹਿਆ, ਪਰ ਸਿਰ
'ਤੇ ਪਿਉ ਨੂੰ ਖੜਾ ਵੇਖ ਕੇ ਅੱਖਾਂ ਨਾ ਚੁੱਕ ਸਕਿਆ। ਅਖ਼ੀਰ ਜਦ ਸਾਰਾ ਤਾਣ ਲਾ ਕੇ
ਉਸ ਨੇ ਨਜ਼ਰ ਫੇਰੀ ਵੀ, ਤਾਂ ਉਸ ਦਾ ਬੂੰਗਾ ਉਥੇ ਨਹੀਂ ਸੀ-ਉਸ ਦੇ ਪੁੰਨੁ ਨੂੰ ਹੋਤਾ ਨੇ
ਦੂਰ ਪਹੁੰਚਾ ਦਿੱਤਾ ਸੀ।
ਸਾਰਾ ਦਿਨ ਜਗਦੀਸ਼ ਉਦਾਸ ਰਿਹਾ। ਉਹ ਘੜੀ ਮੁੜੀ ਕਿਸੇ ਬਹਾਨੇ ਗਲੀ
ਦਾ ਮੋੜ ਭਉਂ ਕੇ ਬਜ਼ਾਰ ਦੇ ਸਿਰੇ ਤੀਕ ਜਾਂਦਾ ਤੇ ਜਿਥੇ ਤਕ ਉਸਦੀ ਨਜ਼ਰ ਜਾ
ਸਕਦੀ ਸੀ, ਬਜ਼ਾਰ ਦੇ ਦੁਹਾਂ ਸਿਰਿਆਂ ਨੂੰ ਵੇਖਦਾ। ਪਰ ਹਰ ਵਾਰੀ ਉਸ ਨੂੰ ਨਿਰਾਸ਼ ਹੀ
ਮੁੜਨਾ ਪੈਂਦਾ।
ਜਗਦੀਸ਼ ਨੂੰ ਪੱਕਾ ਵਿਸ਼ਵਾਸ਼ ਸੀ ਕਿ ਰਾਤ ਨੂੰ ਉਸ ਦਾ ਬੂੰਗਾ ਕਲ ਵਾਂਗ
ਆ ਨਿਕਲੇਗਾ। ਕਲ ਦੀ ਬਾਬਤ ਉਸ ਨੂੰ ਘੜੀ ਮੁੜੀ ਅਫ਼ਸੋਸ ਹੁੰਦਾ ਕਿ ਉਹ ਕਿਉਂ
ਨਾ ਜਾਗਦਾ ਰਿਹਾ, ਤਾਂ ਜੁ ਜਿੰਨਾ ਚਿਰ ਬੂੰਗਾ ਉਸ ਦੇ ਨਾਲ ਰਿਹਾ ਸੀ, ਉਹ ਰੱਜ ਕੇ
ਉਸ ਨੂੰ ਪਿਆਰ ਤਾਂ ਕਰ ਲੈਂਦਾ।
ਅਖ਼ੀਰ ਉਸ ਨੇ ਫ਼ੈਸਲਾਂ ਕਰ ਲਿਆ ਕਿ ਅੱਜ ਸਾਰੀ ਰਾਤ ਨਹੀਂ ਸਵਾਂਗਾ।
ਜ਼ਰਾ ਕੁ ਉਸਦੀ ਅੱਖ ਲੱਗਣ ਲੱਗਦੀ ਤਾਂ ਉਹ ਝਟਪਟ ਸੁਚੇਤ ਹੋ ਜਾਂਦਾ ਤੇ
ਮੁੜ ਮੁੜ ਬਿਸਤਰੇ ਦੇ ਸੱਜੇ ਖੱਬੇ ਹਥ ਮਾਰਦਾ ਤੇ ਕਦੇ ਕਮਰੇ ਵਿਚ ਨਜ਼ਰ ਦੁੜਾਂਦਾ।
ਸੁਤਿਆਂ ਸੁਤਿਆਂ ਕਿਸੇ ਵੇਲੇ ਉਸ ਦੇ ਕੰਨਾਂ ਨੂੰ 'ਮਿਆਉਂ' ਦਾ ਭਰਮ ਜਿਹਾ ਪੈਂਦਾ ਤੇ
ਉਹ ਝਟ ਉਠ ਕੇ ਬੈਠ ਜਾਂਦਾ ਜਦ ਉਸ ਨੂੰ ਸਮਝ ਆਉਂਦੀ ਕਿ ਇਹ ਤਾਂ ਕੋਈ ਟਿੱਡੀ
ਟੀ ਟੀ ਕਰ ਰਹੀ ਹੈ, ਅਥਵਾ ਉਸ ਦੇ ਸੁਤੇ ਹੋਏ ਬਾਬੂ ਜੀ ਦੇ ਸਾਹ ਲੈਣ ਦੀ ਆਵਾਜ਼ ਹੈ।
ਉਸ ਦੀ ਇਹ ਰਾਤ ਲਗਪਗ ਸਾਰੀ ਹੀ ਬੜੀ ਬੇਆਰਾਮੀ ਨਾਲ ਬੀਤੀ।
(੪)
ਵੱਡੇ ਵੇਲੇ ਜਗਦੀਸ਼ ਆਪਣੇ ਨੀਯਤ ਸਮੇਂ ਜਾਗਿਆ। ਉਮਾ ਦੇਵੀ ਨੇ ਜਦ
ਉਸ ਨੂੰ ਜਗਾਇਆ ਤਾਂ ਉਸ ਨੂੰ ਪਤਾ ਲੱਗਾ ਕਿ ਜਗਦੀਸ਼ ਨੂੰ ਪੰਜ ਪੱਠ ਬੁਖਾਰ
ਚੜ੍ਹਿਆ ਹੋਇਆ ਹੈ।
ਬਾਬੂ ਦੀਨਾ ਨਾਥ ਅੱਜ ਸਾਰੀ ਰਾਤ ਦਫ਼ਤਰ ਵਿਚ ਬੈਚੇਨ ਜਿਹਾ ਰਿਹਾ। ਉਸ
ਨੂੰ ਮੁੜ ਮੁੜ ਕੇ ਇਹੋ ਖ਼ਿਆਲ ਆਉਂਦਾ ਕਿ ਮੁੰਡੇ ਨੂੰ ਭਾਵੇਂ ਬਲੂੰਗੜੇ ਨੇ ਹੀ ਬੀਮਾਰ
ਕਰ ਦਿੱਤਾ ਹੋਵੇ। ਉਮਾ ਦੇਵੀ ਉਤੇ ਉਸ ਨੂੰ ਘੜੀ ਮੁੜੀ ਗੁੱਸਾ ਆਉਂਦਾ। ਉਹ ਦਿਲ
ਵਿਚ ਕਹਿੰਦਾ-ਇਸ ਨੂੰ ਹਜ਼ਾਰ ਵੇਰ੍ਹਾ ਸਮਝਾ ਚੁੱਕਾ ਸਾਂ ਕਿ ਬਿੱਲੀਆਂ ਦੇ ਨੱਕ ਮੂੰਹ ਦੀ
ਗੰਦੀ ਹਵਾ ਬੜੀ ਖ਼ਤਰਨਾਕ ਹੁੰਦੀ ਹੈ-ਮੁੰਡੇ ਨੂੰ ਇਹਨਾਂ ਨਾਲ ਨਾ ਖੇਡਣ ਦਿਆ ਕਰੇ,
ਪਰ ਇਸ ਬੇ ਸਮਝ ਤੀਵੀਂ ਨੇ ਇਕ ਨਾ ਸੁਣੀ। ਨਾ ਜਾਣੀਏਂ ਬਲੂੰਗੜੇ ਦਾ ਕੋਈ ਵਾਲ
ਮੁੰਡੇ ਦੇ ਅੰਦਰ ਚਲਾ ਗਿਆ ਹੋਵੇ-ਮੂੰਹ ਨਾਲ ਮੂੰਹ ਲਾਈ ਤਾਂ ਮੈਂ ਉਸ ਨੂੰ ਆਪ
ਵੇਖਿਆ ਸੀ।
ਬਾਬੂ ਦੀਨਾ ਨਾਥ ਅੱਜ ਵਕਤ ਤੋਂ ਪਹਿਲਾਂ ਹੀ ਦਫ਼ਤਰੋਂ ਆ ਗਿਆ। ਜਗਦੀਸ਼
ਬੁਖਾਰ ਨਾਲ ਬੇਸੁਰਤ ਪਿਆ ਸੀ। ਦੀਨਾ ਨਾਥ ਘੜੀ ਮੁੜੀ ਉਮਾ ਦੇਵੀ ਨੂੰ ਛਿੱਥਾ
ਪੈਂਦਾਤੇ ਉਹ ਵਿਚਾਰੀ ਸਿਰ ਨੀਵਾਂ ਪਾ ਲੈਂਦੀ।
ਬੁਖਾਰ ਦਿਨੋਂ ਦਿਨ ਭਿਆਨਕ ਸ਼ਕਲ ਫੜਦਾ ਗਿਆ। ਅਖ਼ੀਰ ਦੀਨਾ ਨਾਥ ਨੂੰ
ਦਫ਼ਤਰੋਂ ਕੁਝ ਦਿਨਾਂ ਦੀ ਛੁਟੀ ਲੈਣੀ ਪਈ।
(੫)
ਸਿਆਲ ਦੀਆਂ ਲੰਮੀਆਂ ਰਾਤਾਂ ਅੱਖਾਂ ਵਿਚ ਤੇ ਦਿਨ ਨੱਠੋ ਭੱਜੀ ਵਿਚ
ਬਤਾਇਆ ਪੂਰੇ ਤਿੰਨ ਹਫ਼ਤੇ ਹੋ ਗਏ। ਪਰ ਜਗਦੀਸ਼ ਨੇ ਮੰਜੇ ਦੀ ਸਾਂਝ ਨਾ ਛੱਡੀ।
ਉਮਾ ਦੇਵੀ ਜਦ ਉਸ ਨੂੰ ਵੇਖਦੀ ਤਾਂ ਉਸ ਦਾ ਦਿਲ ਰੋ ਉਠਦਾ ਜਗਦੀਸ਼ ਵਿਚ ਹੁਣ
ਬੋਲਣ ਚਾਲਣ ਦੀ ਵੀ ਸਮਰੱਥਾ ਨਹੀਂ ਸੀ। ਉਸਦੇ ਮਘਦੇ ਬੁਲ੍ਹਾ ਨਾਲ ਬੁਲ ਜੋੜੀ
ਉਮਾ ਦੇਵੀ ਕਿੰਨਾ ਚਿਰ ਅੱਥਰੂਆਂ ਨਾਲ ਉਸਦਾ ਮੂੰਹ ਧੋਦੀ ਰਹਿੰਦੀ ਤੇ ਅੱਥਰੂ
ਜਗਦੀਸ਼ ਦੇ ਬੁਲ੍ਹਾ ਚੋਂ ਆ ਰਹੇ ਸੇਕ ਨਾਲ ਗਰਮ ਹੋ ਜਾਂਦੇ।
ਦੀਨ ਨਾਥ ਤਾਂ ਮਾਨੋ ਪਾਗਲ ਹੀ ਹੋਇਆ ਫਿਰਦਾ ਸੀ। ਉਸ ਨੂੰ ਕੁਝ ਪਤਾ
ਨਹੀਂ ਸੀ ਲਗਦਾ ਕਿ ਏਨੀ ਛੇਤੀ ਇਹ ਕੀ ਭਾਣਾ ਵਰਤ ਗਿਆ ਹੈ। ਉਸ ਨੂੰ ਸਹੇ ਛੱਡ
ਪਹੇ ਦੀ ਪੈ ਗਈ ਸੀ। ਜਗਦੀਸ਼ ਦੇ ਨਾਲ ਹੀ ਉਮਾ ਦੇਵੀ ਦੀ ਜਾਨ ਵੀ, ਉਸ ਨੂੰ ਖ਼ਤਰੇ
ਵਿਚ ਦਿਸ ਰਹੀ ਸੀ, ਜਿਸ ਨੇ ਅੱਜ ਕਈਆਂ ਦਿਨਾਂ ਤੋਂ ਅੰਨ ਦਾ ਭੋਰਾ ਨਹੀਂ ਸੀ
ਛੋਹਿਆ। ਦੀਨਾ ਨਾਥ ਦੀ ਫੁਲਵਾੜੀ ਫੁੱਲਾਂ ਸਣੇ ਮੁਰਝਾ ਰਹੀ ਸੀ।
(੬)
ਦੁਹਾਂ ਪਤੀ ਪਤਨੀ ਲਈ ਅੱਜ ਰਾਤ ਖ਼ਾਸ ਤੌਰ 'ਤੇ ਡਾਢੀ ਹੀ ਮੁਸੀਬਤ ਦੀ
ਸੀ, ਜਦ ਕਿ ਸ਼ਾਮ ਨੂੰ ਡਾਕਟਰ ਜਾਂਦਾ ਹੋਇਆ ਉਨ੍ਹਾਂ ਨੂੰ ਕਹਿ ਗਿਆ ਸੀ ਕਿ ਅੱਜ
ਮੁੰਡੇ ਦਾ ਖ਼ਾਸ ਖ਼ਿਆਲ ਰੱਖਣਾ-ਜੇ ਰਾਤ ਸੁੱਖ ਸਾਂਦ ਦੀ ਲੰਘ ਗਈ ਤਾਂ ਵੱਡੇ ਵੇਲੇ
ਸਵੇਰੇ ਹੀ ਮੈਨੂੰ ਖ਼ਬਰ ਕਰਨੀ।
ਦੁਹਾਂ ਵਹੁਟੀ ਗੱਭਰੂ ਨੇ ਬੈਠਿਆਂ ਤਿੰਨ ਪਹਿਰ ਬਤਾ ਦਿੱਤੇ। ਦੀਨਾ ਨਾਥ
ਬਥੇਰੀ ਕੋਸ਼ਿਸ਼ ਕਰਦਾ ਕਿ ਜਗਦੀਸ਼ ਨੂੰ ਲੈ ਲਵੇ, ਪਰ ਉਮਾ ਦੇਵੀ ਇਕ ਮਿੰਟ ਲਈ ਵੀ
ਉਸ ਨੂੰ ਆਪਣੀ ਗੋਦ ਤੋਂ ਵੱਖ ਨਹੀਂ ਸੀ ਕਰਨਾ ਚਾਹੁੰਦੀ। ਉਹ ਬਰਾਬਰ ਉਸਦੇ
ਚਿਹਰੇ 'ਤੇ ਨਜ਼ਰ ਟਕਾਈ ਬੈਠੀ ਰਹੀ ਅਤੇ ਇਸੇ ਬੈਠਕ ਵਿਚ ਉਸ ਨੇ ਰਾਤ ਤੋਂ ਪਰਭਾਤ
ਕਰ ਦਿੱਤੀ। ਜਗਦੀਸ਼ ਨੂੰ ਅੱਖ ਪੁੱਟਿਆਂ ਚੌਵੀਂ ਘੰਟੇ ਹੋ ਗਏ ਸਨ।
ਜਦ ਇਸੇ ਤਰ੍ਹਾਂ ਬੈਠਿਆਂ ਉਸ ਦਾ ਲੱਕ ਆਕੜ ਗਿਆ ਤੇ ਲੱਤਾਂ ਸਉਂ
ਗਈਆਂ, ਤਾਂ ਉਮਾ ਦੇਵੀ ਨੇ ਪਤੀ ਵਲ ਤਕਿਆ, ਪਰ ਉਹ ਸੁਤਾ ਹੋਇਆ ਸੀ।
ਉਸ ਨੇ ਜਗਦੀਸ਼ ਨੂੰ ਮੰਜੇ 'ਤੇ ਪਾ ਦਿੱਤਾ ਤੇ ਆਪ ਉਠ ਕੇ ਖੜੀ ਹੋ ਗਈ।
ਇਸੇ ਵੇਲੇ ਉਸ ਦ ਕੰਨਾਂ ਵਿਚ ਖਟ ਖਟ ਦੀ ਆਵਾਜ਼ ਪਈ, ਪਰ ਉਸ ਦਾ ਸਾਰਾ
ਧਿਆਨ ਤਾਂ ਜਗਦੀਸ਼ ਵਲ ਸੀ। ਜਗਦੀਸ਼ ਦੀਆਂ ਅੱਖਾਂ ਅੱਜ ਉਂਝ ਹੀ ਡਰਾਉਂਣੀਆਂ
ਜਿਹੀਆਂ ਜਾਪਦੀਆ ਸਨ। ਇਸ ਕਰਕੇ ਉਹ ਬਰਾਬਰ ਇਨ੍ਹਾਂ ਵਲ ਤੱਕ ਰਹੀ ਸੀ ਤੇ
ਇਸ ਦੇ ਨਾਲ ਹੀ ਕਈ ਤਰ੍ਹਾਂ ਦੇ ਭੈੜੇ ਖਿਆਲ ਆ ਆ ਕੇ ਉਸ ਦੇ ਦਿਲ ਨੂੰ ਤੜਫਾ
ਰਹੇ ਸਨ।
ਖਲਿਆਂ ਖਲਿਆਂ ਉਸ ਦਾ ਧਿਆਨ ਹੋਰ ਵਧੇਰੇ ਜਗਦੀਸ਼ ਵਲ ਖਿੱਚਿਆ
ਗਿਆ। ਜਦ ਉਸ ਨੇ ਦੇਖਿਆ ਕਿ ਉਹ ਬੜੀ ਕੋਸ਼ਿਸ਼ ਨਾਲ ਅੱਖਾਂ ਖੋਲਣ ਦਾ ਯਤਨ
ਕਰ ਰਿਹਾ ਹੈ ਤੇ ਉਸ ਦੇ ਬੁਲ੍ਹ ਵੀ ਕੁਝ ਫ਼ਰਕ ਰਹੇ ਸਨ।
ਝਟ ਪਟ ਮੰਜੇ 'ਤੇ ਬੈਠ ਕੇ ਉਸ ਨੇ ਜਗਦੀਸ਼ ਨੂੰ ਗੋਦ ਵਿਚ ਲੈ ਲਿਆ। ਇਸ
ਵੇਲੇ ਫੇਰ ਉਸ ਨੂੰ ਬਾਹਰੋਂ ਆਵਾਜ਼ ਆਈ, ਜਿਸ ਤਰ੍ਹਾਂ ਕੋਈ ਬੂਹੇ ਨੂੰ ਖਰੋਚ ਰਿਹਾ ਹੈ।
ਉਸ ਨੇ ਫਿਰ ਵੀ ਉਸ ਪਾਸੇ ਧਿਆਨ ਨਾ ਦਿੱਤਾ, ਕਿਉਂ ਕਿ ਜਗਦੀਸ਼ ਇਸ ਵੇਲੇ ਅੱਧ
ਖੁਲੀਆਂ ਅੱਖਾਂ ਨਾਲ ਮਾਂ ਵੱਲ ਤਕ ਰਿਹਾ ਸੀ। ਨਾਲ ਹੀ ਬੁਲ੍ਹਾ ਵਿਚ ਕੁਝ ਕਹਿ ਰਿਹਾ
ਸੀ, ਜਿਸ ਨੂੰ ਉਮਾਂ ਦੇਵੀ ਸਮਝਣ ਦਾ ਯਤਨ ਕਰ ਰਹੀ ਸੀ।
ਜਗਦੀਸ਼ ਨੂੰ ਕਈ ਦਿਨਾਂ ਬਾਅਦ ਅੱਜ ਅਚਾਨਕ ਇਸ ਤਰ੍ਹਾਂ ਦੀ ਹਰਕਤ
ਕਰਦਾ ਵੇਖ ਕੇ ਉਮਾਂ ਦੇਵੀ ਦੇ ਅੰਦਰ ਇਕ ਖੁਸ਼ੀ ਦੀ ਲਹਿਰ ਦੌੜ ਗਈ। ਪਰ ਝਟ ਹੀ
ਇਕ ਹੋਰ ਡਰਾਉਣੇ ਖਿਆਲ ਨੇ ਆ ਕੇ ਉਸ ਦਾ ਗਲਾ ਘੁੱਟ ਲਿਆ। ਉਸ ਨੂੰ ਖ਼ਿਆਲ
ਆ ਗਿਆ ਕਿ ਅੰਤਿਮ ਘੜੀਆਂ ਉਤੇ ਰੋਗੀ ਅਕਸਰ ਇਹੋ ਜਿਹੀਆਂ ਹਰਕਤਾਂ ਕਰਿਆਂ
ਕਰਦੇ ਹਨ ਤੇ ਕੁਝ ਚੇਤੰਨ ਵੀ ਹੋ ਜਾਇਆ ਕਰਦੇ ਹਨ।
ਉਸ ਨੇ ਜਗਦੀਸ਼ ਦੇ ਮੱਥੇ 'ਤੇ ਹੱਥ ਫੇਰਦਿਆਂ ਸਹਿਮ ਭਰੀ ਆਵਾਜ਼ ਵਿਚ
ਕਿਹਾ-''ਜਗਦੀਸ਼! ਕਿਉਂ ਕਾਕਾ? ਕੀ ਕਿਹਾ ਈ? ਉਚੀ ਬੋਲ ਕੇ.......''
ਉਸ ਦਾ ਵਾਕ ਅਜੇ ਖ਼ਤਮ ਵੀ ਨਹੀਂ ਸੀ ਹੋਇਆ ਕਿ ਬਾਹਰੋਂ ਬੜੀ ਧੀਮੀ
ਜਿਹੀ ਆਵਾਜ਼ ਆਈ,''ਮਿਆਊ'' ਤੇ ਨਾਲ ਹੀ ਇਸ ਨਾਲੋਂ ਵੀ ਧੀਮੀ ਆਵਾਜ਼ ਵਿਚ
ਜਗਦੀਸ਼ ਦੇ ਮੂੰਹੋਂ ਨਿਕਲਿਆਂ-''ਬੀਬੀ ਬਲੂੰਗੜਾ''। ਤੇ ਹਥ ਦਾ ਇਸ਼ਾਰਾ ਉਸ ਨੇ ਬੂਹੇ
ਵੱਲ ਕੀਤਾ।
ਜਿਸ ਤਰ੍ਹਾਂ ਕੋਈ ਸੁਤਾ ਤ੍ਰਭਕ ਉਠਦਾ ਹੈ, ਇਸ ਤਰ੍ਹਾਂ ਉਮਾਂ ਦੇਵੀ ਨੂੰ ਇਕ
ਭੁਲੀ ਹੋਈ ਯਾਦ ਆ ਗਈ ਤੇ ਉਹ ਬਿਨਾਂ ਇਕ ਪਲ ਠਹਿਰਨ ਦੇ ਬੂਹੇ ਵਲ ਨੱਸੀ।
ਉਸਨੇ ਬੂਹਾ ਖੋਲਿਆ। ਇਕ ਮਰੀਅਲ ਜਿਹਾ ਬਲੂੰਗੜਾ-ਜਿਸ ਦਾ ਸਰੀਰ
ਕੇਵਲ ਹੱਡੀਆਂ ਤੇ ਖੱਲੜੀ ਮਾਤਰ ਹੀ ਸੀ-ਅਗਲੇ ਪੰਜਿਆਂ ਨਾਲ ਬੂਹੇ ਨੂੰ ਖਰੋਚ ਰਿਹਾ
ਸੀ ਤੇ ਬੂਹਾ ਖੁਲਦਿਆ ਹੀ ਦਲੀਜ ਟੱਪਣ ਲਈ ਜ਼ੋਰ ਲਾਉਣ ਲੱਗਾ।
ਇਧਰ ਬਲੂੰਗੜਾ ਦਲੀਜ ਟੱਪਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਉਧਰ
ਜਗਦੀਸ਼ ਉਠਣ ਦੀਆਂ ਅਸਫਲ ਕੋਸ਼ਿਸ਼ਾਂ ਕਰ ਰਿਹਾ ਸੀ। ਪਰ ਦੋਹਾਂ ਨੂੰ ਹੋਰ ਖੇਚਲ
ਕਰਨ ਦੀ ਲੋੜ ਨਾ ਪਈ। ਦੂਜੇ ਪਲ ਹੀ ਉਮਾ ਦੇਵੀ ਨੇ ਚਿੱਕੜ ਮਿਟੀ ਨਾਲ ਲਿਬੜਿਆ
ਬਲੂੰਗੜਾ ਲਿਆ ਕੇ ਜਗਦੀਸ਼ ਦੀ ਛਾਤੀ 'ਤੇ ਰੱਖ ਦਿੱਤਾ।
ਜਗਦੀਸ਼ ਦੇ ਚਿਹਰੇ 'ਤੇ ਇਕ ਅਨੋਖੀ ਮੁਸਕਰਾਹਟ ਆਈ ਤੇ ਉਹ ਕਾਹਲੇ
ਸਾਹ ਲੈਂਦਾ ਹੋਇਆ ਉਮਾ ਦੇਵੀ ਵਲ ਤੱਕ ਕੇ ਬੋਲਿਆ-''ਬੀਬੀ ਬੂੰਗਾ-ਮੇਆ ਬੂੰਗਾ!''
ਇਸ ਵੇਲੇ ਦੀਨਾ ਨਾਥ ਦੀ ਵੀ ਅੱਖ ਖੁੱਲ ਗਈ ਸੀ ਤੇ ਉਹ ਇਕ ਸੁਨਹਿਰੀ
ਸੁਪਨੇ ਵਾਂਗ ਇਹ ਸਭ ਕੁਝ ਵੇਖ ਰਿਹਾ ਸੀ। ਉਮਾ ਦੇਵੀ ਤਾਂ ਖੁਸ਼ੀ ਨਾਲ ਦਿਲ ਛਾਤੀਓ
ਬਾਹਰ ਨਿਕਲ ਨਿਕਲ ਪੈਂਦਾ ਸੀ। ਉਸ ਨੇ ਪਤੀ ਵਲ ਇਕ ਭੇਤ ਭਰੀ ਨਜ਼ਰ ਨਾਲ
ਤੱਕਿਆ ਤੇ ਦੀਨਾ ਨਾਥ ਨੇ ਖੁਸ਼ੀ ਭਰੀ ਸ਼ਰਮਿੰਦਗੀ ਨਾਲ ਸਿਰ ਨੀਵਾਂ ਪਾ ਲਿਆ।
ਬਲੂੰਗੜਾ ਕੀ ਆਇਆ, ਜਗਦੀਸ਼ ਲਈ ਧਨੰਤਰ ਵੈਦ ਆ ਗਿਆ। ਅੱਧੇ
ਘੰਟੇ ਦੇ ਅੰਦਰ ਅੰਦਰ ਉਹ ਚੰਗੀ ਤਰ੍ਹਾਂ ਹਿਲਣ ਜੁਲਣ ਜੋਗਾ ਹੋ ਗਿਆ। ਇਸ ਵੇਲੇ
ਬਲੂੰਗੜਾ ਉਸ ਦੀ ਛਾਤੀ ਨਾਲ ਸੀ ਤੇ ਮੂੰਹ ਉਸ ਦੇ ਮੂੰਹ ਨਾਲ। ਦੀਨਾ ਨਾਥ ਹੈਰਾਨ
ਹੋਇਆ। ਉਹਨਾਂ ਦਾ ਇਹ ਕੌਤਕ ਵੇਖ ਰਿਹਾ ਸੀ। ਬਲੂੰਗੜੇ ਨੂੰ ਜਗਦੀਸ਼ ਪਾਸੋਂ
ਖੋਹਣਾ ਅੱਗੇ ਨਾਲੋਂ ਬਹੁਤ ਸੁਖਾਲਾ ਕੰਮ ਸੀ-ਜਦ ਕਿ ਨਾ ਤਾਂ ਜਗਦੀਸ਼ ਵਿਚ ਹੀ
ਅੜੀ ਕਰਨ ਦੀ ਤਾਕਤ ਸੀ ਅਤੇ ਨਾ ਹੀ ਬਲੂੰਗੜਾ ਨਹੁੰਦਰਾਂ ਮਾਰਨ ਜੋਗਾ ਸੀ, ਪਰ
ਦੀਨ ਨਾਥ ਵਿਚ ਏਨੀ ਤਾਕਤ ਕਿਥੇ ਸੀ ਜੁ ਇਨ੍ਹਾਂ ਦੋਹਾਂ ਚਿਰੀ ਵਿਛੁੰਨੀਆਂ ਰੂਹਾਂ ਨੂੰ
ਨਿਖੇੜ ਸਕਦਾ!
ਰੋਜ਼ ਦੇ ਨੇਮ ਅਨੁਸਾਰ ਉਸਨੇ ਜਗਦੀਸ਼ ਨੂੰ ਜਦ ਥਰਮਾਮੀਟਰ ਲਾ ਕੇ ਵੇਖਿਆਤਾਂ
ਬੁਖਾਰ-ਜਿਹੜਾ ਰਾਤੀ ੧੦੪ ਤੋਂ ਵੀ ਉਪਰ ਸੀ-ਇਸ ਵੇਲੇ ਨਾਰਮਲ ਡਿਗਰੀ 'ਤੇ ਪੁਜਾ
ਹੋਇਆ ਸੀ।
ਇਸ ਵੇਲੇ ਨੌਕਰ ਆਇਆ ਤੇ ਕਹਿਣ ਲੱਗਾ-''ਬਾਊ ਜੀ! ਡਾਕਟਰ ਵਲ
ਜਾਵਾਂ? ਕੀ ਕਹਾਂ ਉਸ ਨੂੰ?''
ਦੀਨਾ ਨਾਥ ਦੇ ਉਤਰ ਦੇਣ ਤੋਂ ਪਹਿਲਾਂ ਹੀ ਉਮਾ ਦੇਵੀ ਮੁਸਕਰਾਉਂਦੀ ਹੋਈ
ਨੌਕਰ ਨੂੰ ਕਹਿਣ ਲੱਗੀ-''ਨਹੀਂ, ਹੁਣ ਡਾਕਟਰ ਵਲ ਜਾਣ ਦੀ ਲੋੜ ਨਹੀਂ -ਸਾਡੇ ਘਰ
'ਵੱਡਾ ਡਾਕਟਰ' ਆ ਗਿਆ ਹੈ।''
ਪੰਜਾਬੀ ਕਹਾਣੀਆਂ (ਮੁੱਖ ਪੰਨਾ) |