ਟੇਢੇ ਲੋਕ ਪਰਗਟ ਸਿੰਘ ਸਤੌਜ
ਕਈ-ਕਈ ਦਿਨ ਘਰੋਂ ਬਾਹਰ ਰਹਿਣ ਕਰ ਕੇ ਪਤਾ ਨਹੀਂ ਲੱਗਦਾ ਕਿ ਪਿੰਡ ਵਿੱਚ ਕੀ ਵਾਪਰ ਗਿਆ ਹੈ। ਜਦੋਂ ਹੁਣ ਕਾਫੀ ਸਮੇਂ ਬਾਅਦ ਘਰ ਵਾਪਸ ਆਇਆ ਤਾਂ ਪਤਾ ਲੱਗਾ ਕਿ ਮੇਰੇ ਗਏ ਤੋ ਪੰਜ ਦਿਨਾਂ ਬਾਅਦ ਕਾਲੀਆਂ ਦਾ ਜੰਗੀਰ ਪੂਰਾ ਹੋ ਗਿਆ ਸੀ ਤੇ ਅੱਜ ਉਸ ਦਾ ਭੋਗ ਹੈ। ਪਿੰਡਾਂ ਵਿਚਲੀ ਭਾਈਚਾਰਕ ਸਾਂਝ ਕਰ ਕੇ ਭੋਗ 'ਤੇ ਸ਼ਾਮਲ ਹੋਣ ਲਈ ਚਲਾ ਗਿਆ। ਭੋਗ 'ਤੇ ਗਿਣਵੇਂ-ਚੁਣਵੇਂ ਬੰਦੇ ਵੇਖ ਕੇ ਦੁੱਖ ਹੋਇਆ ਕਿ ਹੁਣ ਪਿੰਡਾਂ ਵਿੱਚ ਭਾਈਚਾਰਕ ਸਾਂਝਾਂ ਕਿੰਨੀਆਂ ਸੁੰਗੜ ਗਈਆਂ ਹਨ।
ਫਿਰ ਜੰਗੀਰ ਕੇ ਟਾਵੇਂ-ਟਾਵੇਂ ਬੰਦੇ ਨਾਲੋਂ ਸਰਦਾਰਾਂ ਦੇ ਘਰ ਭਰਵਾਂ ਇਕੱਠ ਵੇਖ ਕੇ ਮੇਰੀ ਸੋਚ ਅਮੀਰੀ-ਗਰੀਬੀ ਨੂੰ ਪੱਲੜਿਆਂ ਵਿੱਚ ਪਾ ਬੈਠੀ। ਕੋਲ ਬੈਠੇ ਆਦਮੀ ਨੂੰ ਧੀਮੀ ਸੁਰ ਵਿੱਚ ਪੁੱਛਿਆ, ''ਸਰਦਾਰਾਂ ਦੇ ਕਾਹਦਾ ਇਕੱਠ ਹੈ?"
''ਸਰਦਾਰਾਂ ਦਾ ਸਿਕੰਦਰ ਮਰ ਗਿਆ, ਅੱਜ ਭੋਗ ਐ।" ਉਹ ਬੰਦਾ ਬੁੱਲ੍ਹਾਂ 'ਚ ਮੀਸਣਾ ਜਿਹਾ ਹੱਸਦਾ ਕਹਿ ਗਿਆ।
ਪਹਿਲਾਂ ਮੈਨੂੰ ਉਸ ਆਦਮੀ 'ਤੇ ਕਿਸੇ ਬੰਦੇ ਦੇ ਮਰਨ ਦੀ ਖਬਰ ਹੱਸ ਕੇ ਦੇਣ 'ਤੇ ਗੁੱਸਾ ਆਇਆ। ਫੇਰ ਮੈਂ ਸਿਆਣਪ ਸੋਚਦਾ ਚੁੱਪ ਕਰ ਗਿਆ।
ਜੰਗੀਰ ਕੇ ਬੈਠਣ ਤੋਂ ਬਾਅਦ ਮੈਂ ਮੂੰਹ ਮੁਲਾਹਜੇ ਕਰ ਕੇ ਸਰਦਾਰਾਂ ਦੇ ਘਰ ਹੋ ਤੁਰਿਆ। ਸਰਦਾਰਾਂ ਨੇ ਪੁੰਨ ਕਰਨ ਲਈ ਟੈਂਟ ਵਿੱਚ ਵਧੀਆ ਲੰਗਰ ਚਲਾ ਰੱਖਿਆ ਸੀ। ਬਦਾਮਾਂ ਵਾਲੀ ਖੀਰ ਵਰਤਾਈ ਜਾ ਰਹੀ ਸੀ। ਮਿੱਠੀ ਸੁਰ ਵਿੱਚ ਕੀਰਤਨ ਹੋ ਰਿਹਾ ਸੀ। ਜਿਉਂ ਹੀ ਮੈਂ ਮੱਥਾ ਟੇਕਣ ਲਈ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਹੋਇਆ ਤਾਂ ਸਾਹਮਣੇ ਦ੍ਰਿਸ਼ ਵੇਖ ਕੇ ਕਿੰਨੇ ਹੀ ਸਵਾਲਾਂ ਨੇ ਮੇਰੇ ਦਿਮਾਗ ਨੂੰ ਸੁੰਨ ਕਰ ਦਿੱਤਾ। ਸਾਹਮਣੇ ਰੱਖੀ ਫੋਟੋ 'ਤੇ ਕਿਸੇ ਮਨੁੱਖ ਦੀ ਥਾਂ ਵਲੈਤੀ ਨਸਲ ਦੇ ਕੁੱਤੇ ਦੇ ਹਾਰ ਪਾਏ ਹੋਏ ਸਨ।
ਪੰਜਾਬੀ ਕਹਾਣੀਆਂ (ਮੁੱਖ ਪੰਨਾ) |