ਤੇ ਦੇਵਤਾ ਗੂੰਗੇ ਹੋ ਗਏ ਕ੍ਰਿਸ਼ਨ ਚੰਦਰ
ਇਹ ਉਸ ਜ਼ਮਾਨੇ ਦੀ ਗੱਲ ਹੈ ਜਦੋਂ ਦੇਵਤੇ ਮੱਨੁਖਾਂ ਵਿਚਕਾਰ ਇਸੇ ਧਰਤੀ ਉਤੇ ਰਹਿੰਦੇ, ਖਾਂਦੇ-ਪੀਂਦੇ ਤੇ ਗੱਲਾਂ ਕਰਦੇ ਹੁੰਦੇ ਸਨ। ਉਹ ਭੀੜ-ਸੰਘੀੜ ਵਿਚ ਲੋਕਾਂ ਨੂੰ ਸਹੀ ਮਸ਼ਵਰੇ ਅਤੇ ਨੇਕ-ਸਲਾਹਾਂ ਦਿੰਦੇ ਰਹਿੰਦੇ ਸਨ। ਲੋਕ ਵੀ ਉਹਨਾਂ ਦਾ ਚੰਗਾ ਆਦਰ-ਮਾਣ ਕਰਦੇ ਸਨ। ਉਹ ਆਪਣੀ ਸਿਆਣਪ, ਹੌਸਲੇ ਤੇ ਦਲੇਰੀ ਸਦਕਾ ਪੂਜੇ ਜਾਂਦੇ ਸਨ। ਉਹਨਾਂ ਦਿਨਾਂ ਵਿਚ ਲੋਕਾਂ ਤੇ ਦੇਵਤਿਆਂ ਵਿਚਕਾਰ ਸਿੱਧਾ ਮੇਲ-ਜੋਲ ਹੋ ਸਕਦਾ ਸੀ। ਸੋ ਲੋਕ ਆਪਣੇ ਸਾਰੇ ਦੁਖੜੇ ਉਹਨਾਂ ਅੱਗੇ ਫਰੋਲ ਸਕਦੇ ਸਨ।
ਉਸੇ ਜ਼ਮਾਨੇ ਵਿਚ ਚੱਕ ਡੋਡਾਂ ਕਲਾਂ, ਨੰਬਰ ੨੧੬, ਜ਼ਿਲਾ ਹੁਸ਼ਿਆਰਪੁਰ ਵਿਚ ਇਕ ਪਿੱਪਲ ਦੇ ਰੁੱਖ ਹੇਠਾਂ ਇਕ ਦੇਵਤਾ ਰਹਿੰਦਾ ਸੀ—ਗੁਜਗੁਜ ਦੇਵਤਾ। ਉਸਦੇ ਪਿੰਡੇ ਉਤੇ ਸੰਧੂਰ, ਭਬੂਤੀ ਵਾਂਗ ਮਲਿਆ ਹੁੰਦਾ ਸੀ। ਸੋ ਹਰੇ ਪਿੱਪਲ ਹੇਠ ਉਸਦਾ ਲਾਲ ਪਿੰਡਾ ਦੂਰੋਂ ਹੀ ਲੋਕਾਂ ਨੂੰ ਦਿਸ ਪੈਂਦਾ ਸੀ। ਦੁਖੀ ਲੋਕ ਉਸ ਕੋਲ ਆਉਂਦੇ, ਮੱਥਾ ਟੇਕਦੇ, ਫੁੱਲ-ਪਤਾਸੇ ਚੜਾਉਂਦੇ ਤੇ ਦੇਵਤਾ ਹੁਰਾਂ ਦਾ ਪੂਰਾ-ਪੂਰਾ ਲਾਭ ਉਠਾਉਂਦੇ। ਜ਼ਿਆਦਾ ਕਰਕੇ ਲੋਕ ਉਸ ਕੋਲ ਹੀ ਆਉਂਦੇ ਸਨ।
ਉਹਨਾਂ ਦਿਨਾਂ ਵਿਚ ਹੀ, ਚੱਕ ਡੋਡਾਂ ਕਲਾਂ, ਨੰਬਰ ੨੧੬, ਜ਼ਿਲਾ ਹੁਸ਼ਿਆਰਪੁਰ ਵਿਚ ਇਕ ਗਰੀਬ ਕਿਸਾਨ ਵੀ ਰਹਿੰਦਾ ਸੀ। ਉਹ ਲੋੜਾਂ-ਥੁੜਾਂ ਦਾ ਮਾਰਿਆ, ਗਰੀਬੜਾ ਜਿਹਾ ਬੰਦਾ ਹਮੇਸ਼ਾ ਨੀਵੀਂ ਪਾ ਕੇ ਤੁਰਦਾ, ਬੜੀ ਹਲੀਮੀ ਨਾਲ ਗੱਲਾਂ ਕਰਦਾ ਤੇ ਆਪਣੇ ਤੋਂ ਵੱਡਿਆਂ ਦਾ ਆਦਰ-ਸਤਿਕਾਰ ਕਰਦਾ। ਕਦੀ ਕਿਸੇ ਨੇ ਉਸਦੇ ਮੂੰਹੋਂ ਮੰਦੇ ਬੋਲ ਨਹੀਂ ਸੀ ਸੁਣੇ। ਉਸ ਮਿੱਠ-ਬੋਲੜੇ ਬੰਦੇ ਕੋਲ ਸਭ ਤੋਂ ਘੱਟ ਜ਼ਮੀਨ ਸੀ, ਇਕ ਬਲਦਾਂ ਦੀ ਜੋੜੀ ਸੀ ਤੇ ਇਕ ਮਕਾਨ ਜਿਹੜਾ ਪਿੰਡ ਵਿਚ ਸਭ ਤੋਂ ਛੋਟਾ ਸੀ—ਫੇਰ ਵੀ ਉਹ ਰੱਬ ਦੀ ਰਜ਼ਾ ਵਿਚ ਖੁਸ਼ ਰਹਿੰਦਾ ਸੀ। ਉਹ ਬੜਾ ਮਿਹਨਤੀ ਤੇ ਨੇਕ ਦਿਲ ਕਿਸਾਨ ਸੀ ਤੇ ਆਪਣੀ ਭੋਇੰ, ਨਿੱਕੇ ਜਿਹੇ ਘਰ, ਆਪਣੀ ਪਿਆਰੀ ਘਰਵਾਲੀ ਤੇ ਦੋ ਬੱਚਿਆਂ ਵਿਚ ਮਸਤ ਰਹਿੰਦਾ ਸੀ। ਗੁਜਗੁਜ ਦੇਵਤਾ ਵੀ ਉਸ ਉੱਤੇ ਬੜੇ ਪ੍ਰਸੰਨ ਸਨ ਤੇ ਹੋਰਾਂ ਨੂੰ ਉਪਦੇਸ਼ ਕਰਦੇ ਹੋਏ ਉਸਦੀ ਉਦਾਹਰਣ ਦਿੰਦੇ ਸਨ।
ਪਰ ਇਕ ਦਿਨ ਕੀ ਹੋਇਆ ਕਿ ਉਹੀ ਗਰੀਬ ਕਿਸਾਨ ਤਿੱਖੜ ਦੁਪਹਿਰ ਵਿਚ ਬੜਾ ਹੀ ਘਬਰਾਇਆ ਹੋਇਆ ਦੇਵਤਾ ਦੀ ਹਜ਼ੂਰੀ ਵਿਚ ਆਣ ਕੇ ਹਾਜ਼ਰ ਹੋ ਗਿਆ ਤੇ ਹੱਥ ਬੰਨ੍ਹ ਕੇ ਬੋਲਿਆ...:
'ਮਹਾਰਾਜ ਜੀ! ਮੇਰੇ ਨਾਲ ਤਾਂ ਜੱਗੋਂ ਬਾਹਰੀ ਹੋ ਗਈ। ਉਤਰ ਵੱਲੋਂ ਆਹਣ ਆ ਕੇ ਮੇਰੇ ਖੇਤ ਵਿਚ ਟਿਕੀ—ਕਿਸੇ ਹੋਰ ਵੱਲ ਗਈ ਈ ਨਹੀਂ। ਬਸ ਮੇਰੇ 'ਚ ਈ ਆ ਕੇ ਬੈਠ ਗਈ ਤੇ ਸਾਰੀ ਫਸਲ ਚੱਟਮ ਕਰਕੇ ਉੱਡਦੀ ਬਣੀ। ਮਹਾਰਾਜ ਮੈਂ ਤਬਾਹ ਹੋ ਗਿਆ,ਬਰਬਾਦ ਹੋ ਗਿਆ। ਹੁਣ ਅਗਲੇ ਛੇ ਮਹੀਨੇ ਸਾਡਾ ਟੱਬਰ ਕੀ ਖਾਊਗਾ?'
ਬੜੀ ਦੇਰ ਮਗਰੋਂ ਗੁਜਗੁਜ ਦੇਵਤਾ ਦੀ ਸਮਾਧੀ ਭੰਗ ਹੋਈ, ਅੱਖਾਂ ਖੁੱਲ੍ਹੀਆਂ ਤੇ ਫਰਿਆਦੀ ਵੱਲ ਵਿੰਹਦਿਆਂ ਉਹ ਬੋਲੇ, 'ਜਦੋਂ ਆਹਣ ਫਸਲ ਖਾ ਕੇ ਉੱਡੀ ਜਾ ਰਹੀ ਸੀ, ਤੈਨੂੰ ਆਕਾਸ਼ ਵਿਚ ਤੈਰਦੇ ਬੱਦਲਾਂ ਦੀ ਝਲਕ ਨਹੀਂ ਦਿਸੀ? ਜਿਹਨਾਂ ਦੀ ਹਿੱਕ ਵਿਚ ਨਵੀਂ ਫਸਲ ਲਈ ਸ਼ੁਭ ਕਾਮਨਾਵਾਂ ਦੇ ਸੁਨੇਹੇਂ ਹੁੰਦੇ ਨੇ।'
ਕਿਸਾਨ ਨੂੰ ਕੋਈ ਗੱਲ ਨਾ ਔੜੀ। ਉਹ ਦੇਵਤਾ ਦੇ ਪੈਰੀਂ ਹੱਥ ਲਾ ਕੇ ਚੁੱਪਚਾਪ ਆਪਣੇ ਘਰ ਵੱਲ ਤੁਰ ਪਿਆ।
ਇਕ ਸਾਲ ਪਿੱਛੋਂ ਫੇਰ ਉਹੀ ਕਿਸਾਨ ਆਪਣੇ ਵਾਲ ਪੁੱਟਦਾ ਹੋਇਆ ਆਇਆ ਤੇ ਦੇਵਤਾ ਦੇ ਸਾਹਮਣੇ ਹੱਥ ਬੰਨ੍ਹ ਕੇ ਖੜ੍ਹਾ ਹੋ ਗਿਆ ਤੇ ਘੱਗੀ ਆਵਾਜ਼ ਵਿਚ ਬੋਲਿਆ...:
ਗੁਜਗੁਜ ਦੇਵਤਾ ਜੀ। ਨਦੀ ਵਿਚ ਹੜ੍ਹ ਆ ਗਿਆ ਏ, ਕਿਸੇ ਦਾ ਛੱਪਰ ਟੁੱਟਾ, ਕਿਸੇ ਦੇ ਬਲ੍ਹਦ ਰੁੜ੍ਹੇ ਪਰ ਮੇਰੀ ਤਾਂ ਤਿੰਨਾਂ ਕਿਆਰਿਆਂ ਦੀ ਫਸਲ ਈ ਰੁੜ੍ਹ ਗਈ, ਮਹਾਰਾਜ। ਮੇਰੀ ਸਾਰੀ ਪੂੰਜੀ, ਧਾਈਂ ਦੇ ਇਹ ਤਿੰਨ ਕਿਆਰੇ ਹੀ ਸਨ—ਹੁਣ ਮੇਰੇ ਬੱਚੇ ਚੌਲਾਂ ਦੇ ਇਕ-ਇਕ ਦਾਨੇ ਨੂੰ ਤਰਸਣਗੇ।'
ਦੇਵਤਾ ਬੋਲੇ, 'ਜਿਹੜੇ ਲੋਕ ਧਾਈਂ ਨਹੀਂ ਉਗਾਅ ਸਕਦੇ ਉਹ ਮੱਕੀ, ਜਵਾਰ ਤੇ ਕਣਕ ਉਗਾਅ ਲੈਂਦੇ ਨੇ ਤੇ ਦੋਏ ਵੇਲੇ ਪੇਟ ਭਰ ਕੇ ਪ੍ਰਮਾਤਮਾ ਦਾ ਸ਼ੁਕਰ ਕਰਦੇ ਨੇ।'
ਦੇਵਤਾ ਦੀ ਗੱਲ ਸੁਣ ਕੇ ਕਿਸਾਨ ਚੁੱਪਚਾਪ ਨੀਵੀਂ ਪਾ ਕੇ ਉਥੋਂ ਤੁਰ ਗਿਆ।
ਦੋ ਸਾਲ ਪਿੱਛੋਂ ਉਸੇ ਕਿਸਾਨ ਦੋ ਦੋਏ ਬੱਚੇ ਚੇਚਕ ਨਾਲ ਮਰ ਗਏ—ਇਕ ਮੁੰਡਾ ਸੀ ਤੇ ਇਕ ਕੁੜੀ। ਉਹ ਦੋਹਾਂ ਦੀਆਂ ਲਾਸ਼ਾਂ ਨੂੰ ਹਿੱਕ ਨਾਲ ਲਈ ਰੋਂਦਾ ਕੁਰਲਾਂਦਾ ਹੋਇਆ ਦੇਵਤਾ ਕੋਲ ਆਇਆ ਤੇ ਉਸਦੇ ਚਰਨਾਂ ਵਿਚ ਢੈਅ ਪਿਆ...:
'ਮੇਰੇ ਦੋਏ ਬੱਚੇ ਮਰ ਗਏ, ਮੈਂ ਔਤ ਹੋ ਗਿਆ ਦੇਵਤਾ ਜੀ—ਰੱਬ ਦਾ ਵਾਸਤਾ ਈ ਇਹਨਾਂ ਨੂੰ ਜਿਵਾ ਦਿਓ...'
ਗੁਜਗੁਜ ਦੇਵਤਾ ਬੋਲੇ, 'ਜਿਹੜੇ ਮਰ ਜਾਂਦੇ ਨੇ ਉਹ ਮੁੜ ਜਿਉਂਦੇ ਨਹੀਂ ਹੁੰਦੇ—ਮੌਤ ਅੱਟਲ ਹੈ, ਇਸ ਲਈ ਅਖੀਰ ਮੌਤ ਦੇ ਦੁੱਖ ਨੂੰ ਸਾਰੇ ਭੁੱਲ ਜਾਂਦੇ ਨੇ।'
'ਹਾਏ ਮੇਰੀ ਕੁਲ ਦਾ ਨਾਸ ਹੋ ਗਿਆ, ਗੁਜਗੁਜ ਦੇਵਤਾ ਜੀ।' ਕਿਸਾਨ ਦੀਆਂ ਭੁੱਬਾਂ ਨਿਕਲ ਗਈਆਂ, 'ਮੇਰੇ ਬੱਚੇ ਮਰ ਗਏ-ਓ-ਏ...'
ਗੁਜਗੁਜ ਦੇਵਤਾ ਨੇ ਗੁਸੈਲੀਆਂ ਨਿਗਾਹਾਂ ਨਾਲ ਉਸ ਵੱਲ ਵਿੰਹਦਿਆਂ ਕਿਹਾ, 'ਬਰਸਾਤੀ ਮੌਸਮ ਵਿਚ ਤਾਂ ਬੰਜਰ ਧਰਤੀ 'ਤੇ ਵੀ ਫੁੱਲ ਖਿੜ ਪੈਂਦੇ ਨੇ—ਤੇਰੀ ਪਤਨੀ ਜਵਾਨ ਏਂ, ਸੁੰਦਰ ਏ ਤੇ ਅਜੇ ਕੁੱਖ ਵਾਲੀ ਏ।'
ਦੇਵਤਾ ਦੇ ਇਸ ਉਤਰ ਨੇ ਕਿਸਾਨ ਨੂੰ ਇਕ ਵਾਰੀ ਫੇਰ ਚੁੱਪ ਕਰਵਾ ਦਿੱਤਾ ਸੀ। ਪਰ ਉਸਦੀ ਆਤਮਾਂ ਸ਼ਾਂਤ ਨਹੀਂ ਸੀ ਹੋਈ। ਉਹ ਆਪਣੇ ਬੱਚਿਆਂ ਦੀਆਂ ਲਾਸ਼ਾਂ ਹਿੱਕ ਨਾਲ ਘੁੱਟੀ ਉਥੋਂ ਤੁਰ ਗਿਆ।
ਪਰ ਛੇ ਮਹੀਨਿਆਂ ਪਿੱਛੋਂ ਹੀ ਉਹ ਫੇਰ ਦੇਵਤਾ ਦੇ ਪੈਰਾਂ ਵਿਚ ਲਿਟ ਰਿਹਾ ਸੀ ਤੇ ਉੱਚੀ ਉੱਚੀ ਰੋ ਰਿਹਾ ਸੀ।
'ਕੀ ਗੱਲ ਏ?' ਦੇਵਤਾ ਨੇ ਪੁੱਛਿਆ।
'ਮੇਰੀ ਘਰਵਾਲੀ...' ਕਿਸਾਨ ਆਪਣੀਆਂ ਹੰਝੂ-ਭਿੱਜੀਆਂ ਗੱਲ੍ਹਾਂ, ਦੇਵਤਾ ਦੇ ਪੈਰਾਂ ਨਾਲ ਰਗੜਦਾ ਹੋਇਆ ਬੋਲਿਆ, '...ਵੀ ਮਰ ਗਈ। ਪਹਿਲਾਂ ਮੇਰੀ ਫਸਲ ਉੱਜੜੀ, ਫੇਰ ਮੇਰੀ ਖੇਤੀ ਰੁੜ੍ਹੀ, ਫੇਰ ਮੇਰੇ ਬੱਚੇ ਮਰ ਗਏ ਤੇ ਹੁਣ—ਹੁਣ ਘਰਵਾਲੀ ਵੀ ਮੁੱਕ ਗਈ। ਹਾਇ ਓ ਮੇਰੀ ਜ਼ਿੰਦਗੀ ਦਾ ਆਖਰੀ ਸਹਾਰਾ...ਦੇਵਤਾ ਜੀ ਹੁਣ ਮੈਂ ਕੀ ਕਰਾਂ...?'
ਦੇਵਤਾ ਕਾਫੀ ਚਿਰ ਤਾਈਂ ਚੁੱਪਚਾਪ ਬੈਠੇ ਰਹੇ, ਉਹਨਾਂ ਦੇ ਸਦਾ-ਸ਼ਾਂਤ ਮੁਖ ਉੱਤੇ ਚਿੰਤਾ ਦੀਆਂ ਝੁਰੜੀਆਂ ਦਿਸ ਰਹੀਆਂ ਸਨ। ...ਤੇ ਫੇਰ ਉਹਨਾਂ ਦੇ ਚਿਹਰੇ ਉੱਤੇ ਉਹੀ ਮੁਸਕਾਨ ਆ ਗਈ। ਉਹ ਬੜੇ ਕੋਮਲ, ਗੰਭੀਰ ਤੇ ਹਮਦਰਦੀ ਭਰੇ ਲਹਿਜੇ ਵਿਚ ਬੋਲੇ, 'ਜਦੋਂ ਤੂੰ ਆਪਣੀ ਘਰਵਾਲੀ ਦੀ ਚਿਤਾ ਨੂੰ ਅੱਗ ਵਿਖਾ ਕੇ ਵਾਪਸ ਆ ਰਿਹਾ ਸੈਂ ਤਾਂ ਤੂੰ ਘਾਟ ਦੇ ਕਿਨਾਰੇ ਖਿੜੇ ਹੋਏ ਜੂਹੀ ਦੇ ਫੁੱਲ ਨਹੀਂ ਵੇਖੇ ਸਨ?'
'ਵੇਖੇ ਸਨ। ' ਕਿਸਾਨ ਬੋਲਿਆ, 'ਪਰ ਮਹਾਰਾਜ ਜੀ, ਜੂਹੀ ਦੇ ਫੁੱਲਾਂ ਤੇ ਮੇਰੀ ਘਰਵਾਲੀ ਦੀ ਮੌਤ ਦਾ ਕੀ ਸਬੰਧ?'
ਦੇਵਤਾ ਨੇ ਉਸਨੂੰ ਸਮਝਾਇਆ, 'ਜਿੱਥੇ ਚਿਤਾਵਾਂ ਬਲਦੀਆਂ ਨੇ ਉੱਥੇ ਜੂਹੀ ਦੇ ਫੁੱਲ ਵੀ ਖਿੜਦੇ ਹੈਨ।'
ਪਰ ਕਿਸਾਨ ਦੀ ਸਮਝ ਵਿਚ ਕੁਝ ਨਾ ਆਇਆ। ਘਰਵਾਲੀ ਦੀ ਮੌਤ ਨੇ ਉਸਦੀ ਅਕਲ ਹੀ ਮਾਰ ਦਿੱਤੀ ਸੀ। ਉਸਨੇ ਦੇਵਤਾ ਦੇ ਪੈਰ ਘੁੱਟ ਕੇ ਫੜ ਲਈ ਤੇ ਦੁੱਖ ਤੇ ਗੁੱਸੇ ਸਦਕਾ ਪਾਟੀ-ਭਰੜਾਈ ਆਵਾਜ਼ ਵਿਚ ਕੂਕਿਆ, ' ਪਰ ਮਹਾਰਾਜ ਉਹ ਮੇਰੀ ਘਰਵਾਲੀ ਸੀ, ਘਰਵਾਲੀ। ਮੇਰੇ ਦਿਲ ਦਾ ਅਖਰੀ ਸਹਾਰਾ, ਅੱਜ ਉਹ ਸਹਾਰਾ ਵੀ ਨਹੀਂ ਰਿਹਾ...ਦੇਵਤਿਓ।'
ਦੇਵਤਾ ਰਤਾ ਵਿਸਥਾਰ ਵਿਚ ਗਏ, 'ਤੇ ਜਦੋਂ ਤੂੰ ਚਿਤਾ ਨੂੰ ਅਗਨੀ ਹਵਾਲੇ ਕਰਕੇ ਵਾਪਸ ਆ ਰਿਹਾ ਸੈਂ ਤਾਂ ਕੀ ਰਾਹ ਵਿਚ ਤੂੰ ਪਿੰਡ ਦੀ ਖੂਹੀ ਉੱਤੇ ਪਾਣੀ ਭਰੇਂਦੀਆਂ ਮੁਟਿਆਰਾਂ ਨਹੀਂ ਵੇਖੀਆਂ? ਉਹਨਾਂ ਦੀਆਂ ਨਜ਼ਰਾਂ ਦੇ ਅੰਦਾਜ, ਉਹਨਾਂ ਦੇ ਮਿੱਠੇ ਬੋਲਾਂ ਦੀ ਮਹਿਕ, ਉਹਨਾਂ ਦੀ ਸਰੀਰਕ ਰਚਨਾਂ ਦੀ ਆਨੰਦ ਮਈ ਗੂੰਜ—ਕੀ ਤੈਨੂੰ ਚੇਤੇ ਨਹੀਂ ਰਹੀ?'
ਤੇ ਦੇਵਤਾ ਮੋਨ ਹੋ ਗਏ। ਕਿਸਾਨ ਬੜੀ ਦੇਰ ਤਕ ਉਹਨਾਂ ਦੇ ਮੂੰਹ ਵੱਲ ਵਿੰਹਦਾ ਰਿਹਾ। ਪਰ ਜਦੋਂ ਦੇਵਤਾ ਦੇ ਮੂੰਹੋਂ ਹੋਰ ਕੋਈ ਸ਼ਬਦ ਨਾ ਨਿਕਲਿਆ ਤਾਂ ਉਹ ਬੁੜ੍ਹਕ ਕੇ ਦੇਵਤਾ ਦੇ ਪੈਰਾਂ ਤੋਂ ਉਠਿਆ ਤੇ ਪਾਗਲਾਂ ਵਾਂਗ ਘੂਰੀ ਜਿਹੀ ਵੱਟ ਕੇ ਉਸਨੇ ਦੇਵਤਾ ਦੀ ਧੌਣ ਫੜ੍ਹ ਲਈ ਤੇ ਪੂਰੇ ਜ਼ੋਰ ਨਾਲ ਉਸਦਾ ਸਿਰ ਪਿਪਲ ਦੇ ਮੁੱਢ ਨਾਲ ਮਾਰਿਆ। ਦੇਵਤਾ ਦੇ ਮੱਥੇ ਵਿਚੋਂ ਲਹੂ ਵਗ ਤੁਰਿਆ। ਉਹ ਡਰ ਤੇ ਪੀੜ ਨਾਲ ਕੂਕੇ, 'ਓ ਮੇਰਾ ਸਿਰ ਪਾੜ ਗਿਆ ਏ।'
ਕਿਸਾਨ ਨੇ ਕਿਹਾ, 'ਸਿਰ ਪਾੜ ਗਿਆ ਏ ਤਾਂ ਕੀ ਹੋਇਆ? ਔਧਰ ਵੇਖ ਅਸਮਾਨ ਉੱਤੇ ਅਬਾਬੀਲਾਂ ਉੱਡ ਰਹੀਆਂ ਨੇ।' ਤੇ ਨਾਲ ਦੀ ਨਾਲ ਕਿਸਾਨ ਨੇ ਗੁਜਗੁਜ ਦੇਵਤਾ ਦੇ ਮੂੰਹ ਉੱਤੇ ਘਸੁੰਨ ਵੀ ਜੜ ਦਿੱਤਾ।
'ਹਾਇ ਓ ਮੇਰੇ ਦੰਦ ਟੁੱਟ ਗਏ।' ਗੁਜਗੁਜ ਦੇਵਤਾ ਪੀੜ ਨਾਲ ਕੂਕਿਆ।
'ਦੰਦ ਟੁੱਟ ਗਏ ਤਾਂ ਕੀ ਹੋ ਗਿਆ? ਔਹ ਵੇਖ ਪੀਪਲ ਦੇ ਪਰਲੇ ਪਾਸੇ ਤਲਾਅ ਕੋਲ ਕਿੱਡੇ ਸੋਹਣੇ ਫੁੱਲ ਖਿੜੇ ਹੋਏ ਨੇ।' ਤੇ ਫੇਰ ਕਿਸਾਨ ਨੇ ਦੇਵਤਾ ਦੀ ਬਾਂਹ ਮਰੋੜ ਕੇ ਕਿਸੇ ਟਾਹਣੇ ਵਾਂਗ ਭੰਨ ਦਿੱਤੀ।
ਦੇਵਤਾ ਧਾਹਾਂ ਮਾਰਨ ਲੱਗ ਪਿਆ, 'ਹਾਏ ਹਾਏ, ਮੇਰੀ ਬਾਂਹ ਟੁੱਟ ਗਈ।'
'ਬਾਂਹ ਟੁੱਟ ਗਈ ਤਾਂ ਕੀ ਹੋ ਗਿਆ ਓਇ?' ਕਿਸਾਨ ਹਿਰਖ ਕੇ ਬੋਲਿਆ, 'ਸ਼ੁਕਰ ਕਰ ਤੂੰ ਅੰਨ੍ਹਾਂ ਨਹੀਂ ਹੋਇਆ।'
ਤੇ ਉਸੇ ਦਿਨ ਤੋਂ ਰੱਬ ਨੇ ਫੈਸਲਾ ਕਰ ਲਿਆ ਕਿ ਸਾਰੇ ਦੇਵਤੇ ਪੱਥਰ ਦੇ ਹੋਇਆ ਕਰਨਗੇ ਤੇ ਮੂੰਹੋਂ ਕੁਝ ਨਹੀਂ ਬੋਲਣਗੇ।
...ਤੇ ਦੇਵਤਾ ਗੂੰਗੇ ਹੋ ਗਏ।
(ਅਨੁਵਾਦ : ਮਹਿੰਦਰ ਬੇਦੀ, ਜੈਤੋ)
ਪੰਜਾਬੀ ਕਹਾਣੀਆਂ (ਮੁੱਖ ਪੰਨਾ) |