ਸੁਨਹਿਰੀ ਜਿਲਦ ਨਾਨਕ ਸਿੰਘ
''ਕਿਉਂ ਜੀ ਤੁਸੀਂ ਸੁਨਿਹਰੀ ਜਿਲਦਾਂ ਵੀ ਬੰਨ੍ਹਦੇ ਹੁੰਦੇ ਓ?''
ਖ਼ੈਰ ਦੀਨ ਦਫਤਰੀ ਜੋ ਜਿਲਦਾਂ ਨੂੰ ਪੁਸ਼ਤੇ ਲਾ ਰਿਹਾ ਸੀ, ਗਾਹਕ ਦੀ ਗਲ
ਸੁਣ ਕੇ ਬੋਲਿਆ-
''ਆਹੋ ਜੀ ਜਿਹੋ ਜਿਹੀ ਕਹੋ।''
ਗਾਹਕ ਇਕ ਅਧਖੜ ਉਮਰ ਦਾ ਸਿੱਖ ਸੀ। ਹੱਟੀ ਦੇ ਫੱਟੇ ਤੇ ਬੈਠ ਕੇ ਉਹ
ਕਿਤਾਬ ਉਤਲੇ ਰੁਮਾਲਾਂ ਨੂੰ ਬੜੇ ਅਦਬ ਅਤੇ ਕੋਮਲਤਾ ਨਾਲ ਖੋਲਣ ਲੱਗ ਪਿਆ।
ਪੰਜ ਛੇ ਰੁਮਾਲ ਉਤਾਰਨ ਤੋਂ ਬਾਅਦ ਉਸ ਨੇ ਵਿਚੋਂ ਇਕ ਕਿਤਾਬ ਕੱਢੀ। ਦਫ਼ਤਰੀ
ਦੀ ਹੱਟੀ ਵਿਚ ਜਿੰਨੇ ਕਾਰੀਗਰ ਕੰਮ ਕਰ ਰਹੇ ਸਨ, ਸਾਰੇ ਹੀ ਕਿਤਾਬ ਵਲ ਤੱਕ ਕੇ
ਮੂੰਹ ਨੀਵਾਂ ਪਾ ਕੇ ਹੱਸਣ ਲੱਗ ਪਏ। ਇਕ ਨੇ ਤਾਂ ਪੋਲੇ ਜਿਹੇ ਮੂੰਹ ਨਾਲ ਆਖ ਹੀ
ਦਿੱਤਾ-''ਕੱਖਾਂ ਦੀ ਕੁੱਲੀ ਅਤੇ ਹਾਥੀ ਦੰਦ ਦਾ ਪਰਨਾਲਾ।''
ਕਿਤਾਬ ਸਾਰੀ ਵਰਕਾ ਵਰਕਾ ਹੋਈ ਹੋਈ ਸੀ। ਉਸ ਦੇ ਧੂੰਏ ਰੰਗੇ ਸਫ਼ੇ, ਹੱਥ
ਲਾਇਆਂ ਭੁਰਦੇ ਜਾਂਦੇ ਸਨ। ਜਿਲਦ ਦੀ ਥਾਂ ਉਸਦੇ ਦੋਹੀਂ ਪਾਸੇ ਦੋ ਮੋਟੇ ਅਤੇ ਡਾਢੇ
ਮੈਲੇ ਗੱਤੇ ਸਨ ਜਿਨ੍ਹਾਂ ਦੀਆਂ ਨੁੱਕਰਾਂ ਮੁੜੀਆਂ ਸਨ। ਇਉਂ ਜਾਪਦਾ ਸੀ ਕਿ ਕਦੇ ਇਹ
ਚਮੜੇ ਦੀ ਜਿਲਦ ਦੇ ਰੂਪ ਵਿਚ ਰਹਿ ਚੁਕੇ ਹੋਣ।
ਕਿਤਾਬ ਦਫ਼ਤਰੀ ਨੇ ਹੱਥ ਵਿਚ ਫੜੀ ਤੇ ਉੱਥਲ ਪੁੱਥਲ ਕੇ ਵੇਖੀ। ਵੇਖਦਿਆਂ
ਹੀ ਬਿਟਰ ਬਿਟਰ ਗਾਹਕ ਦੇ ਮੂੰਹ ਵੱਲ ਤੱਕਣ ਲੱਗ ਪਿਆ। ਇਹ ਇਕ ਹੱਥਾਂ ਦਾ
ਲਿਖਿਆ ਹੋਇਆ ਕੁਰਾਨ ਸਰੀਫ਼ ਸੀ।
ਦਫ਼ਤਰੀ ਨੇ ਕਿਹਾ, ''ਬਣ ਜਾਏਗੀ ਸਰਦਾਰ ਜੀ।'' ਫਿਰ ਸੰਕੋਚਵੇਂ ਭਾਵ ਨਾਲ ਪੁਛਣ ਲੱਗਾ, ''ਸਰਦਾਰ ਜੀ ਕੁਰਾਨ ਸਰੀਫ ਤੁਹਾਡਾ ਆਪਣਾ ਏਂ? ਲਿਖਾਈ ਤਾਂ ਬੜੀ ਕਮਾਲ ਦੀ ਏ।''
''ਨਹੀਂ ਇਹ ਮੇਰੀ ਲੜਕੀ ਦਾ ਏ।''
''ਹੱਛਾ ਚੀਜ਼ ਤਾਂ ਸਰਦਾਰ ਜੀ ਬੜੀ ਚੰਗੀ ਏ, ਪਰ ਵਰਕੇ ਬੜੇ ਖ਼ਸਤਾ ਹੋ
ਗਏ ਨੇ। ਇਸ ਨਾਲੋਂ ਜੇ ਕਿਤੇ ਛਾਪੇ ਲੈ ਜਾ ਕੇ ਜਿਲਦ ਬਣਵਾਂਦੇ ਤਾਂ ਚੰਗਾ ਸੀ।
''ਤੁਸੀਂ ਠੀਕ ਕਹਿੰਦੇ ਹੋ, ਪਰ ਕੁੜੀ ਦੀ ਇਸ ਨਾਲ ਬੜੀ ਮੁਹੱਬਤ ਏ, ਇਹ
ਉਸਦੇ ਪਿਉ ਦੀ ਨਿਸ਼ਾਨੀ ਏ।''
ਦਫ਼ਤਰੀ ਨੂੰ ਹੈਰਾਨੀ ਦੇ ਨਾਲ ਹੀ ਕੁਝ ਕੁਝ ਸ਼ੱਕ ਵੀ ਹੋਣ ਲੱਗਾ, ''ਮੇਰੀ
ਲੜਕੀ'' ਅਤੇ ਫਿਰ ''ਉਸਦੇ ਪਿਉ ਦੀ ਨਿਸ਼ਾਨੀ'' ਗੱਲ ਉਸਦੀ ਸਮਝ ਵਿਚ ਨਾ
ਆਈ। ਉਸ ਨੇ ਫਿਰ ਪੁੱਛਿਆ।
''ਤਾਂ ਤੁਹਾਡੇ ਕਿਸੇ ਰਿਸ਼ਤੇਦਾਰ ਦੀ ਬੀਬੀ ਏ।''
''ਆਹੋ....ਨਹੀਂ ਮੇਰੀ ਆਪਣੀ ਲੜਕੀ ਏ....ਹਾਂ ਦਸੋ, ਕਦ ਤੱਕ ਦਿਓਗੇ?
ਮੈਨੂੰ ਇਸ ਦੀ ਬਹੁਤ ਛੇਤੀ ਲੋੜ ਏ। ਅੱਜ ਤੋਂ ਚੌਥੇ ਦਿਨ ਲੜਕੀ ਦਾ ਵਿਆਹ ਏ ਤੇ ਮੈਂ
ਉਸ ਨੂੰ ਦਾਜ ਵਿਚ ਦੇਣਾ ਏ। ਹਾਂ ਸਚ, ਇਕ ਕੰਮ ਹੋਰ ਕਰਨਾ, ਜਿਲਦ ਉਤੇ
ਸੁਨਿਹਰੀ ਅੱਖਰਾਂ ਵਿਚ 'ਬੀਬੀ ਜੈਨਾ' ਲਿਖ ਦੇਣਾ। ਪੈਸਿਆਂ ਦਾ ਕੋਈ ਖਿਆਲ ਨਾ
ਕਰਨਾ, ਜੋ ਕਹੋਗੇ ਦਿਆਂਗਾ।''
ਜਿਉਂ ਜਿਉਂ ਦਫ਼ਤਰੀ ਇਸ ਪੇਚ ਨੂੰ ਖੋਲਣ ਦੀ ਕੋਸ਼ਿਸ਼ ਕਰਦਾ ਸੀ, ਤਿਉਂ
ਤਿਉਂ ਉਹ ਹੋਰ ਉਲਝਣ ਵਿਚ ਪੈਂਦਾ ਜਾਂਦਾ ਸੀ। ਇਸ ਅਨੋਖੀ ਗਲ ਕਥ ਨੇ ਉਸ ਦੇ
ਹੋਰ ਸਾਥੀਆਂ ਤੋਂ ਵੀ ਆਰਾ ਮਿਸਤਰ ਛੁਡਾ ਦਿੱਤੇ।
ਕਰਮ ਸਿੰਘ ਨੇ ਜਦ ਵੇਖਿਆ ਕਿ ਸਾਰੇ ਜਾਣੇ ਹੀ ਇਹ ਹਾਲ ਸੁਣਨ ਦੇ ਚਾਹਵਾਨ ਹਨ
ਤੇ ਉਸ ਨੇ ਉਹਨਾਂ ਨੂੰ ਇਸ ਤਰ੍ਹਾਂ ਦੱਸਣਾ ਸ਼ੁਰੂ ਕਰ ਦਿੱਤਾ, ''ਅੱਜ ਤੋਂ ਪੰਜ ਵਰ੍ਹੇ ਪਹਿਲਾਂ ਦਾ ਜ਼ਿਕਰ ਹੈ। ਜਦ ਇਸ ਸ਼ਹਿਰ ਵਿਚ ਹਿੰਦੂਆਂ ਮੁਸਲਮਾਨਾਂ ਦਾ ਬੜਾ ਭਾਰੀ ਫ਼ਸਾਦ ਹੋਇਆ ਸੀ, ਉਹਨੀ ਦਿਨੀ ਮੈਂ ਬਜ਼ਾਜ਼ੀ ਦੀ ਹੱਟੀ ਕਰਦਾ ਸਾਂ। ਘਰ ਵਿਚ ਅਸੀਂ ਦੋਵੇਂ ਜੀ ਸਾਂ-ਮੈਂ ਤੇ ਮੇਰੀ ਘਰ ਵਾਲੀ।
''ਦੁਪਹਿਰ ਵੇਲੇ ਸਾਰੇ ਸ਼ਹਿਰ ਵਿਚ ਰੌਲਾ ਪੈ ਗਿਆ। ਮੇਰੇ ਪੈਰਾਂ ਹੇਠੋਂ ਮਿੱਟੀ
ਨਿਕਲ ਗਈ। ਫ਼ਸਾਦ ਦਾ ਮੁਢ ਉਸੇ ਮੁਹੱਲੇ ਤੋਂ ਬੱਝਾ ਜਿਸ ਵਿਚ ਮੇਰਾ ਘਰ ਸੀ, ਤੇ
ਇਹ ਮਹੱਲਾ ਲਗ ਭਗ ਮੁਲਸਮਾਨਾਂ ਦਾ ਹੀ ਸੀ। ਹੱਟੀ ਬੰਦ ਕਰਕੇ ਮੈਂ ਵਾਹੋ ਦਾਹੀ ਘਰ
ਵਲ ਭੱਜਾ। ਰਾਹ ਵਿਚ ਟੋਲਿਆਂ ਦੇ ਟੋਲੇ, ਡਾਂਗਾਂ ਫੜੀ ਦਗੜ ਦਗੜ ਕਰਦੇ ਫਿਰਦੇ
ਸਨ।
''ਮੈਂ ਘਰ ਪੁੱਜਾ ਪਰ ਦਰਵਾਜ਼ੇ ਨੂੰ ਜੰਦਰਾ ਲੱਗਾ ਵੇਖਕੇ ਮੇਰੀ ਤਸੱਲੀ ਹੋ ਗਈ
ਕਿ ਸਤਵੰਤ ਕੌਰ ਆਪਣੀ ਮਾਸੀ ਦੇ ਘਰ ਚਲੀ ਗਈ ਹੈ। ਉਸ ਦੀ ਮਾਸੀ ਦਾ ਘਰ
ਖਤਰੰਮੇ ਪਾਸੇ ਸੀ।
''ਉਸ ਦੀ ਦੂਰ ਅੰਦੇਸ਼ੀ ਨੂੰ ਦਿਲ ਵਿਚ ਸਲਾਹੁੰਦਾ ਹੋਇਆ ਮੈਂ ਆਪਣੀ
ਮਸੇਸ ਦੇ ਘਰ ਵਲ ਟੁਰ ਪਿਆ।
''ਮੇਰਾ ਉਤਲਾ ਸਾਹ ਉਤੇ ਅਤੇ ਹੇਠਲਾ ਹੇਠਾ ਰਹਿ ਗਿਆ। ਜਦੋਂ ਮੈਨੂੰ ਪਤਾ
ਲੱਗਾ ਕਿ ਸਤਵੰਤ ਕੌਰ ਇਥੇ ਨਹੀਂ ਆਈ। ਮੱਥੇ ਤੇ ਹੱਥ ਮਾਰ ਕੇ ਮੈਂ ਉਥੇ ਹੀ ਬੈਠ
ਗਿਆ।
''ਸਾਡੀ ਸਾਰੇ ਦਿਨ ਦੀ ਸਿਰ ਤੋੜ ਢੂੰਡ ਭਾਲ ਦਾ ਕੁਝ ਵੀ ਸਿੱਟਾ ਨਾ
ਨਿਕਲਿਆ। ਇਧਰ ਫਸਾਦ ਪਲ ਪਲ ਜ਼ੋਰਾਂ ਤੇ ਹੁੰਦਾ ਜਾਂਦਾ ਸੀ। ਕਈ ਮਹੱਲੇ ਫੂਕੇ
ਗਏ। ਕਈ ਦੁਕਾਨਾਂ ਲੁੱਟੀਆਂ ਗਈਆਂ ਤੇ ਕਈਆਂ ਬੇਦੋਸ਼ਿਆਂ ਦੇ ਲਹੂ ਵਹਾਏ ਗਏ।
''ਹਫ਼ ਹੁਟ ਕੇ ਮੈਂ ਘਰ ਜਾ ਡਿੱਗਾ। ਚੰਗਾ ਹਨੇਰਾ ਪੈ ਗਿਆ ਸੀ। ਸਾਰੀ ਗਲੀ
ਵਿਚ ਸੁੰਨਸਾਨ ਸੀ। ਕਿਸੇ ਕਿਸੇ ਵੇਲੇ ਪੈਦਲ ਤੇ ਸਵਾਰ ਸਿਪਾਹੀਆਂ ਦੇ ਫਿਰਨ ਦੀ
ਆਵਾਜ਼ ਆਉਂਦੀ ਸੀ। ਇਸ ਵੇਲੇ ਸੇਵਾ ਸੰਮਤੀ ਦਾ ਇਕ ਵਲੰਟੀਅਰ ਮੇਰੇ ਘਰ
ਆਇਆ। ਉਸ ਨੇ ਮੈਨੂੰ ਦੱਸਿਆ ਕਿ ਮੇਰੀ ਵਹੁਟੀ ਸਰਕਾਰੀ ਹਸਪਤਾਲ ਵਿਚ ਮੈਨੂੰ
ਉਡੀਕ ਰਹੀ ਹੈ।
''ਮੈਨੂੰ ਸੁਣ ਕੇ ਖੁਸ਼ੀ ਹੋਈ, ਪਰ ਡਰ ਤੇ ਸਹਿਮ ਦੀ ਭਰੀ ਹੋਈ। ਕਈ ਤਰ੍ਹਾਂ
ਦੀਆਂ ਸੋਚਾਂ ਸੋਚਦਾ ਹੋਇਆ ਮੈਂ ਹਸਪਤਾਲ ਪਹੁੰਚਿਆ।
''ਉਥੇ ਜਾ ਕੇ ਮੈਂ ਜੋ ਕੁਝ ਡਿੱਠਾ ਉਸ ਨੇ ਮੈਨੂੰ ਹੋਰ ਵੀ ਹੈਰਾਨੀ ਵਿਚ ਪਾ
ਦਿੱਤਾ। ਇਕ ਬੁੱਢਾ ਮੁਸਲਮਾਨ ਸਿਰ ਤੋਂ ਪੈਰਾਂ ਤੱਕ ਪੱਟੀਆਂ ਨਾਲ ਤੇ ਸਤਵੰਤ ਕੌਰ
ਉਸ ਦੇ ਪਾਸ ਬੈਠੀ ਅੱਥਰੂ ਵਹਾਂਦੀ ਹੋਈ, ਉਸ ਦੇ ਮੂੰਹ ਵਿਚ ਦੁੱਧ ਪਾਣ ਦਾ ਯਤਨ
ਕਰ ਰਹੀ ਸੀ।
''ਮੈਨੂੰ ਦੇਖਦਿਆਂ ਹੀ ਉਹ ਡਡਿਆ ਕੇ ਮੇਰੇ ਗਲ ਲਗ ਗਈ। ਹੈਰਾਨੀ ਭਰੀ
ਨਜ਼ਰ ਨਾਲ ਉਸ ਵੱਲ ਤੱਕਦਿਆਂ ਮੈਂ ਉਸ ਨੂੰ ਪਿਆਰ ਦਿਲਾਸਾ ਦਿੱਤਾ। ਮੇਰਾ ਭਾਵ
ਸਮਝ ਕੇ ਉਹ ਬੋਲੀ, ''ਜੇ ਇਹ ਨਾ ਹੁੰਦੇ ਤਾਂ...!” ਇਸ ਦੇ ਅਗੋਂ ਉਹ ਨਾ ਬੋਲ ਸਕੀ।
ਅੰਤ ਉਸ ਨੇ ਵੇਰਵੇ ਨਾਲ ਬੈਠ ਕੇ ਸਾਰੀ ਹੱਡ ਬੀਤੀ ਮੈਨੂੰ ਸੁਣਾਈ। ਉਸ ਨੇ
ਦੱਸਿਆ, ''ਫ਼ਸਾਦ ਦੀ ਖ਼ਬਰ ਸੁਣਦਿਆਂ ਹੀ ਸਾਰਾ ਗਹਿਣਾ ਗੱਟਾ ਤੇ ਨਕਦੀ ਇਕ
ਨਿੱਕੇ ਟਰੰਕ ਵਿਚ ਪਾ ਕੇ ਤੇ ਕੱਛੇ ਮਾਰ ਕੇ ਮੈਂ ਮਾਸੀ ਦੇ ਘਰ ਵਲ ਟੁਰ ਪਈ। ਰਸਤੇ
ਵਿਚ ਗੁੰੰਡਿਆਂ ਦਾ ਇਕ ਟੋਲਾ ਮੈਂ ਆਪਣੇ ਵਲ ਆਉਂਦਾ ਡਿੱਠਾ। ਉਹਨਾਂ ਤੋਂ ਬਚਣ
ਲਈ ਮੈਂ ਘਾਬਰ ਕੇ ਇਧਰ ਉਧਰ ਤੱਕਣ ਲੱਗੀ। ਜਦ ਮੈਨੂੰ ਨੱਠਣ ਦਾ ਕੋਈ ਰਾਹ ਨਾ
ਲੱਭਾ ਤਾਂ ਮੈਂ ਨੱਠ ਕੇ ਇਸ ਬੁੱਢੇ ਹਲਵਾਈ ਦੀ ਹੱਟੀ ਵਿਚ ਜਾ ਖਲੋਤੀ। ਪਰ ਮੇਰੇ ਪਿੱਛੇ
ਹੀ ਗੁੰਡਿਆਂ ਦੀ ਧਾੜ ਆ ਪੁੱਜੀ। ਮੇਰਾ ਟਰੰਕ ਵੇਖਕੇ ਉਹ ਸਮਝ ਗਏ ਸਨ ਕਿ ਇਸ
ਵਿਚ ਚੋਖਾ ਮਾਲ ਹੈ।
'ਇਸ ਬਾਬੇ ਦਾ ਰਬ ਦੋਨਾਂ ਜਹਾਨਾਂ ਵਿਚ ਭਲਾ ਕਰੇ। ਇਸ ਨੇ ਮੈਨੂੰ ਪਿਛਲੇ
ਅੰਦਰ ਵਾੜ ਦਿੱਤਾ ਅਤੇ ਆਪ ਹੱਟੀ ਵਿਚ ਡਟ ਕੇ ਗੁੰਡਿਆਂ ਦੇ ਟਾਕਰੇ ਲਈ ਖਲੋ
ਗਿਆ। ਇਸ ਨੇ ਉਹਨਾਂ ਲੋਕਾਂ ਨੂੰ ਬਥੇਰਾ ਸਮਝਾਇਆ, ਪਰ ਉਹਨਾਂ ਦਾ ਇਹੋ ਕਹਿਣਾ
ਸੀ। ਕਿ ਟਰੰਕ ਸਾਡੇ ਹਵਾਲੇ ਕਰ ਦਏ ਤਾਂ ਅਸੀਂ ਚਲੇ ਜਾਂਦੇ ਹਾਂ।
'ਅੰਤ ਜਦ ਉਹ ਨਾ ਟਲੇ ਤਾਂ ਇਸ ਨੇ ਕੜਦੇ ਦੁੱਧ ਦੇ ਪਿਆਲੇ ਉਹਨਾਂ
ਉਤੇ ਭਰ ਭਰ ਕੇ ਸੁੱਟਣੇ ਸ਼ੁਰੂ ਕਰ ਦਿੱਤੇ। ਉਹ ਇਕ ਵਾਰੀ ਤਾਂ ਨੱਸ ਗਏ ਪਰ ਜਦ
ਉਹਨਾਂ ਵੇਖਿਆ ਕਿ ਦੁਧ ਦੀ ਕੜਾਹੀ ਖਾਲੀ ਹੋ ਗਈ ਹੈ, ਉਹ ਫਿਰ ਮੁੜ ਆਏ।
''ਦੂਜੀ ਵੇਰਾਂ ਉਸਨੇ ਚੁੱਲੇ ਵਿਚੋਂ ਅੱਗ ਅਤੇ ਤੱਤੀ ਫੂਸਲ ਕੱਢ ਕਢ ਕੇ
ਉਹਨਾਂ ਉਤੇ ਵਰਾਣੀ ਸ਼ੁਰੂ ਕਰ ਦਿੱਤੀ। ਕਈਆਂ ਦੇ ਮੂੰਹ ਸਿਰ ਅਤੇ ਕੱਪੜੇ ਝੁਲਸ
ਗਏ, ਪਰ ਇਸ ਨਾਲ ਉਹਨਾਂ ਦਾ ਜੋਸ਼ ਹੋਰ ਵੀ ਵੱਧ ਗਿਆ। ਜਦ ਚੁਲ੍ਹਾ ਵੀ ਖਾਲੀ ਹੋ
ਗਿਆ ਤੇ ਇਸ ਬਾਬੇ ਪਾਸ ਹੋਰ ਕੋਈ ਹਥਿਆਰ ਨਾ ਰਿਹਾ ਤਾਂ ਉਹ ਸਾਰੇ ਹੱਟੀ ਤੇ ਆ
ਚੜ੍ਹੇ ਤੇ 'ਕਾਫ਼ਰ ਕਾਫ਼ਰ' ਕਹਿ ਕੇ ਇਸ ਵਿਚਾਰੇ ਨੂੰ ਹੱਥੋ ਹੱਥ ਲੈ ਲਿਆ-ਮਾਰ ਮਾਰ ਕੇ
ਗ਼ਰੀਬ ਨੂੰ ਫ਼ੇਹ ਸੁੱਟਿਆ।
''ਫਿਰ ਉਹ ਗੁੰਡੇ ਮੇਰੇ ਵੱਲ ਵਧੇ, ਪਰ ਮੈਂ ਅੰਦਰੋਂ ਕੁੰਡਾ ਮਾਰ ਲਿਆ ਸੀ।
ਉਹਨਾਂ ਨੂੰ ਬੂਹਾ ਭੰਨਣ ਵਿਚ ਚੋਖਾ ਚਿਰ ਲੱਗ ਗਿਆ। ਇਸ ਵੇਲੇ ਪੁਲਿਸ ਆ ਗਈ
ਦਾ ਰੌਲਾ ਪੈ ਗਿਆ ਤੇ ਸਾਰੇ ਜਿਧਰ ਮੂੰਹ ਆਇਆ ਨਸ ਗਏ।
''ਬਾਬਾ ਲਹੂ ਲੁਹਾਣ ਹੋਇਆ ਪਿਆ ਸੀ। ਸੇਵਾ ਸੰਮਤੀ ਵਾਲਿਆਂ ਉਸਨੂੰ
ਸਟ੍ਰੇਚਰ ਤੇ ਪਾ ਲਿਆ। ਮੈਂ ਵੀ ਆਪਣਾ ਟਰੰਕ ਚੱਕ ਕੇ ਬਾਬੇ ਦੇ ਨਾਲ ਹੀ ਇਥੇ
ਹਸਪਤਾਲ ਆ ਗਈ। ਦਿਹਾੜੀ ਵਿਚ ਕਈ ਵਾਰੀ ਸੇਵਾ ਸੰਮਤੀ ਵਾਲੇ ਤੁਹਾਨੂੰ ਘਰੋਂ
ਅਤੇ ਹੱਟੀਓ ਲੱਭਣ ਗਏ ਪਰ ਤੁਹਾਡਾ ਕੁਝ ਪਤਾ ਨਾ ਲੱਗਾ।''
ਥੋੜਾ ਚਿਰ ਠਹਿਰ ਕੇ ਕਰਮ ਸਿੰਘ ਦਫ਼ਤਰੀ ਨੂੰ ਫਿਰ ਸੁਣਾਨ ਲੱਗਾ।
''ਸਤਵੰੰਤ ਕੌਰ ਦੀਆਂ ਗੱਲਾਂ ਸੁਣ ਕੇ ਮੇਰੇ ਲੂੰਅ ਕੰਡੇ ਖੜੇ ਹੋ ਗਏ। ਮੈਂ
ਬੇਹੋਸ਼ ਪਏ ਬਾਬੇ ਦੇ ਪੈਰਾਂ 'ਤੇ ਸ਼ਰਧਾ ਨਾਲ ਕਈ ਵਾਰ ਮੱਥਾ ਟੇਕਿਆ।
''ਦੂਜੇ ਦਿਨ ਸਵੇਰ ਵੇਲੇ ਬਾਬੇ ਨੂੰ ਹੋਸ਼ ਆਈ। ਉਸ ਦੇ ਮੂੰਹੋਂ ਪਹਿਲਾ ਵਾਕ
ਨਿਕਲਿਆ, "ਜ਼ੈਨਾ! ਪੁੱਤ ਤੂੰ ਕਿੱਥੇ ਐਂ?''
''ਥੋੜ੍ਹੇ ਜਿਰ ਪਿੱਛੋਂ ਉਸ ਦੀ ਹੋਸ਼ ਚੰਗੀ ਤਰ੍ਹਾਂ ਫਿਰ ਪਈ ਤੇ ਆਪਣੇ ਆਪ ਹੀ
ਉਸ ਨੂੰ ਸਾਰੀ ਗਲ ਦੀ ਚੰਗੀ ਤਰ੍ਹਾਂ ਸਮਝ ਆ ਗਈ। ਅਸੀਂ ਦੋਵੇਂ ਉਸਦੇ ਪੈਰ੍ਹਾਂ ਤੇ ਸਿਰ
ਰੱਖ ਕੇ ਉਸ ਦਾ ਧੰਨਵਾਦ ਕਰਨ ਲੱਗ ਪਏ। ਬਾਬਾ ਪਿਆਰ ਨਾਲ ਸਾਨੂੰ ਇਸ ਕੰੰਮੋਂ
ਰੋਕਦਾ ਹੋਇਆ ਬੋਲਿਆ-
''ਸਰਦਾਰ ਜੀ! ਮੈਂ ਤੁਹਾਡੇ ਉਤੇ ਕੋਈ ਹਸਾਨ ਨਹੀਂ ਕੀਤਾ। ਜਹੀ ਮੇਰੀ ਜ਼ੈਨਾ ਬੱਚੀ ਤਹੀ ਇਹ। ਪਰ ਸਰਦਾਰ ਜੀ! ਅੱਲਾ ਦੇ ਵਾਸਤੇ ਉਸ ਨੂੰ ਏਥੇ ਲੈ ਆਓ, ਇਕੱਲੀ ਮਰ ਜਾਏਗੀ। ਜੇ ਵਿਚਾਰੀ ਦੀ ਮਾਂ ਜਿਊਦੀ ਹੁੰਦੀ ਤਾਂ ਵੀ ਮੇਰੇ ਪਿੱਛੋਂ ਰੁਲ ਖੁਲ ਕੇ ਪਲ ਜਾਂਦੀ, ਹੁਣ ਕੌਣ ਉਸ ਨੂੰ....।' ਕਹਿੰਦਾ ਕਹਿੰਦਾ ਬੁੱਢਾ ਰੋਣ ਲੱਗ ਪਿਆ।
''ਉਸ ਦੇ ਦੱਸੇ ਪਤੇ ਤੇ ਜਾ ਕੇ ਅਸੀਂ ਜ਼ੈਨਾਂ ਨੂੰ ਲੈ ਆਏ। ਜ਼ੈਨਾਂ ਉਸ ਵੇਲੇ
ਦਸਾਂ ਕੁ ਵਰ੍ਹਿਆਂ ਦੀ ਸੀ, ਡਾਢੀ ਭੋਲੀ ਭਾਲੀ, ਭਾਵੇਂ ਰੋ ਰੋ ਕੇ ਉਹ ਬੇਹਾਲ ਹੋਈ ਹੋਈ
ਸੀ, ਪਰ ਪਿਉ ਦੇ ਗਲ ਲੱਗ ਕੇ ਉਸਦਾ ਦੁੱਖ ਅੱਧਾ ਹੋ ਗਿਆ।
''ਸਵਾ ਮਹੀਨਾ ਹਸਪਤਾਲ ਰੱਖਣ 'ਤੇ ਵੀ ਜਦ ਅਸੀਂ ਬਾਬੇ ਨੂੰ ਕੋਈ ਵੀ
ਫ਼ਰਕ ਨਾ ਪੈਂਦਾ ਡਿੱਠਾ ਤਾਂ ਅਸੀਂ ਉਸ ਨੂੰ ਆਪਣੇ ਘਰ ਲੈ ਆਏ। ਅੰਦਰ ਦੀਆਂ ਸੱਟਾਂ
ਨੇ ਉਸਦਾ ਲੱਕ ਉੱਕਾ ਹੀ ਨਕਾਰਾ ਕਰ ਦਿੱਤਾ ਸੀ। ਛਾਤੀ ਦੀਆਂ ਸੱਟਾਂ ਵੀ ਗੁੱਝੀਆਂ
ਸਨ।
''ਘਰ ਆ ਕੇ ਜ਼ੈਨਾਂ ਸਾਡੇ ਨਾਲ ਇਸ ਤਰ੍ਹਾਂ ਹਿਲ ਮਿਲ ਗਈ ਜਿਵੇਂ ਸਾਡੇ ਹੀ
ਘਰ ਜੰਮੀ ਪਲੀ ਹੈ। ਉਹ ਸਾਨੂੰ ਡਾਢੀ ਪਿਆਰੀ ਲੱਗਦੀ ਸੀ। ਸਤਵੰਤ ਕੌਰ ਨੂੰ ਤਾਂ
ਜਿਵੇਂ ਕੋਈ ਖ਼ਜ਼ਾਨਾ ਲੱਭ ਪਿਆ ਸੀ। ਸਾਡੀ ਵੀ ਕਦੇ ਤਿੰਨਾਂ ਵਰ੍ਹਿਆਂ ਦੀ ਇਕ ਕੁੜੀ
ਸੀ, ਜੋ ਰੱਬ ਨੇ ਸਾਨੂੰ ਦੇ ਕੇ ਫਿਰ ਲੈ ਲਈ ਸੀ। ਸਾਨੂੰ ਇਹੋ ਜਾਪਦਾ ਸੀ ਕਿ ਰੱਬ ਨੇ
ਸਾਥੋਂ ਖੋਹੀ ਹੋਈ ਚੀਜ਼ ਫਿਰ ਸਾਨੂੰ ਮੋੜ ਦਿੱਤੀ ਹੈ। ਅਸੀਂ ਇਕ ਪਲ ਵੀ ਜ਼ੈਨਾਂ ਨੂੰ ਅੱਖੋਂ
ਉਹਲੇ ਨਹੀਂ ਸੀ ਕਰ ਸਕਦੇ।
''ਮੰਜੇ ਤੇ ਪਿਆ ਬਾਬਾ ਜਦ ਸਾਨੂੰ ਜ਼ੈਨਾਂ ਨਾਲ ਪਿਆਰ ਕਰਦਾ ਵੇਖਦਾ ਸੀ
ਤਾਂ ਖ਼ੁਸ਼ੀ ਨਾਲ ਉਸਦੀਆਂ ਅੱਖਾਂ ਵਿਚ ਅੱਥਰੂ ਆ ਜਾਂਦੇ ਸਨ।
''ਬਥੇਰੇ ਡਾਕਟਰ ਬਦਲੇ ਪਰ ਬਾਬੇ ਨੂੰ ਫ਼ਰਕ ਨਾ ਪਿਆ।
''ਅਚਾਨਕ ਹੀ ਉਸਦੀ ਛਾਤੀ ਚੋਂ ਲਹੂ ਆਉਣ ਲੱਗ ਪਿਆ ਅਤੇ ਪੈਰੋਂ ਪੈਰ
ਉਸ ਦੀ ਹਾਲਤ ਖ਼ਰਾਬ ਹੋਣ ਲੱਗੀ।
''ਅਖ਼ੀਰ ਇਕ ਰਾਤ ਉਹ ਜ਼ੈਨਾਂ ਦੀ ਬਾਂਹ ਸਤਵੰਤ ਦੇ ਹੱਥ ਫੜਾ ਕੇ ਸ਼ਾਂਤੀ,
ਤਸੱਲੀ ਅਤੇ ਬੇਫ਼ਿਕਰੀ ਨਾਲ ਇਸ ਦੁਨੀਆਂ ਤੋਂ ਵਿਦਾ ਹੋ ਗਿਆ।
ਦੂਜੇ ਦਿਨ ਇਕ ਸਿਖ ਦੇ ਘਰ ਵਿਚੋਂ ਮੁਸਲਮਾਨ ਦਾ ਜ਼ਨਾਜ਼ਾ, ਨਿਰੋਲ
ਮੁਸਲਮਾਨੀ ਤਰੀਕੇ ਨਾਲ, ਨਿਕਲਦਾ ਵੇਖਕੇ ਸਾਰਾ ਗਲੀ ਮੁਹੱਲਾ ਪਿਆਰ ਦੇ ਅੱਥਰੂ
ਵਹਾ ਰਿਹਾ ਸੀ।
''ਉਸੇ ਦਿਨ ਤੋਂ ਮੈਂ ਜ਼ੈਨਾਂ ਲਈ ਇਕ ਹਾਫ਼ਜ਼ ਮੌਲਵੀ ਉਸਤਾਦ ਰੱਖ ਦਿੱਤਾ
ਜੋ ਦੋਵੇਂ ਵੇਲੇ ਆ ਕੇ ਉਸ ਨੂੰ ਕੁਰਾਨ ਸ਼ਰੀਫ਼ ਪੜ੍ਹਾਂਦਾ ਸੀ।
''ਹੁਣ ਜ਼ੈਨਾਂ ਦੀ ਉਮਰ ਪੰਦਰਾਂ ਵਰ੍ਹਿਆਂ ਦੀ ਹੈ ਤੇ ਸਾਰਾ ਕੁਰਾਨ ਸਰੀਫ਼
ਇਨ੍ਹਾਂ ਪੰਜਾਂ ਵਰ੍ਹਿਆਂ ਵਿਚ ਉਸ ਨੇ ਹਿਫ਼ਜ਼ ਕਰ ਲਿਆ ਹੈ। ਇਕ ਖ਼ਾਨਦਾਨੀ ਮੁਸਲਮਾਨ
ਨਾਲ ਉਸ ਦੀ ਮੰਗਣੀ ਹੋ ਚੁੱਕੀ ਹੈ ਅਜ ਤੋਂ ਚੌਥੇ ਦਿਨ ਉਸ ਦਾ ਨਿਕਾਹ ਹੋਣ ਵਾਲਾ
ਹੈ। ਵਿਆਹ ਭਾਵੇਂ ਮੁਸਲਮਾਨੀ ਸਰ੍ਹਾ ਨਾਲ ਹੋਵੇਗਾ, ਪਰ ਜੰਞੇ ਹਿੰਦੂ, ਮੁਸਲਮਾਨ,
ਸਿੱਖ ਸਾਰੇ ਹੀ ਆਉਣਗੇ।
ਜ਼ੈਨਾਂ ਦਾ ਦਾਜ ਬਣਾਣ ਵਿਚ ਅਸਾਂ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ
ਪਰ ਇਹ ਕੁਰਾਨ ਸਰੀਫ਼ ਜ਼ੈਨਾਂ ਨੂੰ ਬਹੁਤ ਪਿਆਰਾ ਹੈ। ਇਹੋ ਉਸਦਾ ਪਿਉ ਪੜ੍ਹਿਆ
ਕਰਦਾ ਸੀ ਤੇ ਇਸੇ ਤੋਂ ਹੀ ਜ਼ੈਨਾਂ ਨੇ ਤਾਲੀਮ ਹਾਸਿਲ ਕੀਤੀ ਹੈ। ਇਸੇ ਕਰਕੇ ਮੈਂ
ਇਸਦੀ ਵਧੀਆ ਜਿਲਦ ਬਣਵਾ ਕੇ ਉਸ ਦੇ ਦਾਜ ਵਿਚ ਦੇਣਾ ਚਾਹੁੰਦਾ ਹਾਂ।''
ਖ਼ੈਰ ਦੀਨ ਦਫ਼ਤਰੀ ਅਤੇ ਉਸ ਦੇ ਕਾਰੀਗਰਾਂ ਨੇ ਮਾਨੋ ਪੱਥਰ ਦੇ ਬੁੱਤ ਬਣ ਕੇ
ਸਾਰੀ ਵਾਰਤਾ ਸੁਣੀ। ਓਹਨਾਂ ਅਦਬ ਨਾਲ ਸਿਰ ਨਿਵਾਇਆ ਤੇ ਅੱਖਾਂ ਪੂੰਝੀਆਂ।
ਕਿਸੇ ਕਿਸੇ ਨੇ ਇਕ ਦੋ ਹਾਉਕੇ ਵੀ ਭਰੇ ਤੇ ਫਿਰ ਆਪਣੇ ਕੰਮ ਲੱਗ ਪਏ।
ਜਿਲਦ, ਵੇਲੇ ਸਿਰ ਬੰਨ੍ਹ ਦੇਣ ਦੀ ਪੱਕੀ ਕਰਕੇ ਰੁਮਾਲਾਂ ਨੂੰ ਲਪੇਟ ਕੇ ਖ਼ੀਸੇ
ਵਿਚ ਪਾਂਦਾ ਹੋਇਆ ਕਰਮ ਸਿੰਘ ਆਪਣੇ ਰਾਹ ਪਿਆ।
ਪੰਜਾਬੀ ਕਹਾਣੀਆਂ (ਮੁੱਖ ਪੰਨਾ) |