Punjabi Stories/Kahanian
ਵਰਿਆਮ ਸਿੰਘ ਸੰਧੂ
Waryam Singh Sandhu
 Punjabi Kahani
Punjabi Kavita
  

Rim Jhim Parbat Waryam Singh Sandhu

ਰਿਮ ਝਿਮ ਪਰਬਤ ਵਰਿਆਮ ਸਿੰਘ ਸੰਧੂ

ਤਿੰਨੋਂ ਮੁੰਡੇ ਸੜਕੋਂ ਉੱਤਰ ਕੇ ਕਮਾਦਾਂ ਦੇ ਓਹਲੇ ਵਿਚੋਂ ਲੰਘ ਕੇ ਅੱਗੇ ਹੋਏ ਤਾਂ ਵੇਖਿਆ ਅਰਜਨ ਸਿੰਘ ਗੋਭੀ ਦੀ ਪਨੀਰੀ ਗੋਡ ਰਿਹਾ ਸੀ। ਮਸਾਂ ਪੰਜਾਹ ਗਜ਼ 'ਤੇ ਉਹਨਾਂ ਦੀ ਬੰਬੀ ਚੱਲ ਰਹੀ ਸੀ। ਬੰਬੀ ਦੀ ਕੰਧ ਵਿਚ ਗੱਡੀ ਲੋਹੇ ਦੀ ਨਿੱਕੀ ਜਿਹੀ ਕਿੱਲੀ ਨਾਲ ਉਹਨੇ ਆਪਣੀ ਤਿੰਨ ਫੁੱਟੀ ਕਿਰਪਾਨ ਟੰਗੀ ਹੋਈ ਸੀ। ਮੁੰਡਿਆਂ ਵੱਲ ਉਹਦੀ ਪਿੱਠ ਸੀ।"ਚੜ੍ਹਾ ਦਾਂ ਗੱਡੀ ਬੁੱਢੇ ਨੂੰ?" ਉਹਨਾਂ ਦੇ ਆਗੂ 'ਲੈਫ਼ਟੀਨੈਂਟ ਜਨਰਲ' ਗੁਰਜੀਤ ਸਿੰਘ ਨੇ ਪਤਾ ਨਹੀਂ ਇਸ਼ਾਰੇ ਨਾਲ ਕੀ ਸਮਝਾਇਆ ਕਿ ਬਿੱਲੂ ਨੇ ਸਟੇਨ ਦੀ ਨਾਲੀ ਹਾਲ ਦੀ ਘੜੀ ਨੀਵੀਂ ਕਰ ਲਈ। ਉਹ ਬੰਬੀ ਦੇ ਚੁਬੱਚੇ ਕੋਲ ਆ ਕੇ ਰੁਕੇ। ਆਗੂ ਮੂੰਹ ਹੱਥ ਧੋਣ ਲੱਗਾ। ਬਿੱਲੂ ਨੇ ਸਟੇਨ ਨਾਲ ਦੇ ਮੁੰਡੇ ਨੂੰ ਫੜਾਈ ਤੇ ਆਪ ਮਨ-ਪਸੰਦ ਗੰਨਾ ਭੰਨਣ ਲਈ ਕਮਾਦ ਵਿਚ ਵੜ ਗਿਆ।
ਕਮਾਦ ਦੇ ਓਹਲੇ ਵਿਚ ਡੁੱਬਣ ਲਈ ਹੇਠਾਂ ਨੂੰ ਜਾਂਦੇ ਸੂਰਜ ਦੀ ਲਾਲੀ ਅਸਮਾਨ 'ਤੇ ਫੈਲੀ ਹੋਈ ਸੀ, ਜਿਸ ਨਾਲ ਚਾਰ-ਚੁਫ਼ੇਰੇ ਵਿਛੀਆਂ ਨਿੱਕੀਆਂ-ਨਿੱਕੀਆਂ ਹਰੀਆਂ ਕਣਕਾਂ ਵੀ ਲਿਸ਼ਕ ਉੱਠੀਆਂ ਸਨ।
ਅਰਜਨ ਸਿੰਘ ਆਪਣੀ ਮਸਤੀ ਵਿਚ ਪਨੀਰੀ ਵਿਚੋਂ ਘਾਹ-ਬੂਟ ਪੁੱਟ ਰਿਹਾ ਸੀ। ਉਹਨੂੰ ਮੁੰਡਿਆਂ ਦੇ ਆਉਣ ਦੀ ਕੋਈ ਖ਼ਬਰ-ਸੁਰਤ ਨਹੀਂ ਸੀ। ਕਮਾਦ ਵਿਚੋਂ ਗੰਨਾਂ ਭੱਜਣ ਦਾ ਖੜਾਕ ਆਇਆ ਤਾਂ ਉਸਨੇ ਚੌਕੰਨਾਂ ਹੋ ਕੇ ਓਧਰ ਵੇਖਿਆ। ਬਿੱਲੂ ਆਗ ਦਾ ਸਿਰਾ ਭੰਨਦਾ ਕਮਾਦ ਵਿਚੋਂ ਬਾਹਰ ਆ ਰਿਹਾ ਸੀ। ਦੂਜੇ ਮੁੰਡੇ ਨੇ ਉਸਨੂੰ ਸਟੇਨ ਫੜਾ ਕੇ ਮੂੰਹ-ਹੱਥ ਧੋਣਾ ਚਾਹਿਆ ਤਾਂ ਗੰਨਾਂ ਚੂਪਦੇ ਬਿੱਲੂ ਨੇ ਸਿਰ ਹਿਲਾ ਕੇ ਉਸਨੂੰ ਕਿੱਲੀ ਉੱਤੇ ਸਟੇਨ ਟੰਗਣ ਦਾ ਇਸ਼ਾਰਾ ਕੀਤਾ। ਉਸਦੇ ਹੱਥ ਵਿਹਲੇ ਨਹੀਂ ਸਨ।
ਅਰਜਨ ਸਿੰਘ ਨੇ ਆਪਣੀ ਕਿਰਪਾਨ ਉੱਤੇ ਸਟੇਨ ਟੰਗਦਾ ਵੇਖ ਕੇ ਮੁੰਡੇ ਨੂੰ ਲਲਕਾਰਨਾ ਚਾਹਿਆ, "ਨਾ ਉਏ! ਮੇਰੀ ਕਿਰਪਾਨ ਨੂੰ ਆਪਣੀ ਸਟੇਨ ਦੇ ਹੇਠਾਂ ਨਾ ਦੱਬੀਂ।"
ਉਹਦੇ ਲਈ ਤਾਂ ਇਹ ਕਿਰਪਾਨ ਪਵਿੱਤਰ ਯਾਦ ਵਰਗੀ ਸੀ! ਕਿਸੇ ਅਜਾਇਬ ਘਰ ਵਿਚ ਸਾਂਭਣ ਵਾਲੀ ਯਾਦ-ਯੋਗ ਵਸਤ!
ਤੇ ਉਹਨਾਂ ਮੁੰਡਿਆਂ ਨੇ ਇਸਨੂੰ 'ਆਪਣੀ ਸਟੇਨ ਹੇਠਾਂ ਲੈ ਲਿਆ ਸੀ!
ਪਰ ਉਹ ਮੌਕਾ ਵੇਖ ਕੇ ਚੁੱਪ ਕਰ ਰਿਹਾ। ਉਹਦਾ ਰੰਬਾ ਘਾਹ ਦੀ ਤਿੜ੍ਹ ਨੂੰ ਪੁੱਟਦਾ-ਪੁੱਟਦਾ ਗੋਭੀ ਦੇ ਬੂਟੇ ਦੀਆਂ ਜੜ੍ਹਾਂ ਵਿਚ ਖੁਭ ਗਿਆ। ਕੱਟਿਆ ਬੂਟਾ ਧੌਣ ਸੁੱਟ ਕੇ ਇਕ ਪਾਸੇ ਲੁੜਕ ਗਿਆ। ਉਸਨੇ ਕੱਟੇ ਬੂਟੇ ਨੂੰ ਹੱਥ ਵਿਚ ਫੜ੍ਹ ਕੇ ਪਲੋਸਿਆ। ਇਕ ਪਲ ਲਈ ਉਸਦਾ ਮਨ ਭਿੱਜ ਗਿਆ। ਫਿਰ ਉਸਨੂੰ ਮੁੰਡਾ ਵੀ ਤੇ ਆਪਣਾ ਆਪ ਵੀ ਮੂਰਖ਼ ਲੱਗੇ। ਦੋਵਾਂ ਦੇ ਹਥਿਆਰ ਇਸ ਵੇਲੇ ਦੋਵਾਂ ਦੇ ਹੱਥਾਂ ਵਿਚ ਨਹੀਂ ਸਨ!
ਉਹਦੀ ਯਾਦਦਾਸ਼ਤ ਹਰੀ ਸਿੰਘ ਨਲੂਏ ਦੀ ਵਾਰ ਵਿਚੋਂ ਕੁਝ ਸਤਰਾਂ ਕੱਢ ਲਿਆਈ:
"ਮੇਰੇ ਹੱਥੀਂ ਖੰਡਾ ਪਰਖਿਆ ਮੇਰੇ ਨਾਲ ਟਿਕਾਉਣਾ।"
"ਸ਼ਸ਼ਤਰ ਬਾਝੋਂ ਸੂਰਮਾ ਕਿਹੜੇ ਕੰਮ ਆਉਣਾ।"
ਜੇ ਲੋੜ ਵੇਲੇ ਹਥਿਆਰ ਕੋਲ ਨਹੀਂ ਹੋਣਾ ਤਾਂ ਅੱਗੋਂ ਪਿੱਛੋਂ ਐਵੇਂ ਭਾਰ ਚੁੱਕੀ ਫਿਰਨ ਦਾ ਕੀ ਫ਼ਾਇਦਾ!
ਕਿਰਪਾਨ ਉੱਤੇ ਸਟੇਨ ਟੰਗੀ ਵੇਖ ਕੇ ਉਹਦਾ ਦਮ ਘੁੱਟਣ ਲੱਗਾ।
ਭਾਰ ਹੇਠਾਂ ਦੱਬਿਆ ਗਿਆ ਸੀ ਉਹ!
ਮਸਾਂ ਅੱਠ-ਨੌਂ ਸਾਲ ਦਾ ਬਾਲ। ਕਿਸੇ ਵਿਆਹ ਦੀ ਗੱਲ ਸੀ ਸ਼ਾਇਦ! ਉਹ ਰਾਤ ਨੂੰ ਛੇਤੀ ਬਿਸਤਰਾ ਮੱਲ ਕੇ ਉੱਤੇ ਰਜਾਈ ਲਈ ਪਿਆ ਸੀ। ਇੱਕ ਮੋਟਾ ਮਦ-ਮਸਤ ਸ਼ਰਾਬੀ ਆਇਆ ਤੇ ਮੰਜਾ ਖਾਲੀ ਸਮਝ ਕੇ ਉਸ ਉੱਤੇ ਢੇਰੀ ਹੋ ਗਿਆ। ਉਹ ਪਹਾੜ ਹੇਠਾਂ ਆ ਗਿਆ ਸੀ। ਸਾਹ ਘੁੱਟਿਆ ਗਿਆ। ਮਰਨ-ਹਾਕਾ। ਉਹਦੀ ਤਾਂ ਚੀਕ ਵੀ ਗਲ਼ੇ ਵਿਚ ਭਰੜਾ ਗਈ। ਸ਼ਾਇਦ ਉਹ ਤਾਂ ਉਦੋਂ ਹੀ 'ਗੱਡੀ ਚੜ੍ਹ ਜਾਂਦਾ' ਜੇ ਉਸਦੀ ਮਾਂ ਕਾਹਲੀ ਨਾਲ ਆ ਕੇ ਸ਼ਰਾਬੀ ਨੂੰ ਨਾ ਹਲੂਣਦੀ, "ਹੈ ਹਾਇ! ਸਿੰਘ ਜੀ! ਮੁੰਡਾ ਹੇਠਾਂ ਲੈ ਕੇ ਮਾਰਨਾ ਜੇ!"
ਮਦ-ਮਸਤ ਹੋਈ ਸਟੇਨ ਨੇ ਥੱਲੇ ਲੈ ਕੇ ਉਹਦੀ ਕਿਰਪਾਨ ਦਾ ਸਾਹ ਘੁੱਟ ਛੱਡਿਆ ਸੀ।
ਇਹ ਕਿਰਪਾਨ ਉਹਦੇ ਵਡੇਰਿਆਂ ਤੇ ਉਹਦੀ ਵਿਰਾਸਤ ਦੀ ਯਾਦਗ਼ਾਰ ਸੀ। ਉਹਦੇ 'ਜ਼ਿੰਦਾ-ਸ਼ਹੀਦ' ਬਾਪ ਇੰਦਰ ਸਿੰਘ ਦੀ ਨਿਸ਼ਾਨੀ!
ਉਹਦਾ ਬਾਪ ਜਿਸ ਦਿਨ ਗੁਰੂ ਕੇ ਬਾਗ਼ ਦੇ ਮੋਰਚੇ ਵਿਚ ਜਥੇ ਨਾਲ ਗਿਆ ਸੀ, ਉਸ ਦਿਨ ਉਸਨੇ ਇਸਨੂੰ ਉਤਾਰ ਕੇ ਕਿੱਲੀ ਉੱਤੇ ਟੰਗਿਆ ਸੀ। ਅੰਮ੍ਰਿਤ ਛਕੇ ਦੀ ਸਾਖੀ ਭਰਦੀ ਛੋਟੀ ਕਿਰਪਾਨ ਉਸਦੇ ਗਲ ਵਿਚ ਹੈ ਸੀ।
ਕਹਿੰਦਾ ਸੀ, 'ਗੁਰੂ ਅਰਜਨ ਤੇ ਗੁਰੂ ਤੇਗ਼ ਬਹਾਦਰ ਦੇ ਗੁਰਦਵਾਰਿਆਂ ਨੂੰ ਆਜ਼ਾਦ ਕਰਾਉਣ ਜਾਣੈਂ ਮਹੰਤਾਂ ਹੱਥੋਂ। ਦੋਵਾਂ ਗੁਰੂਆਂ ਨੇ ਜਬਰ ਦਾ ਮੁਕਾਬਲਾ ਸਬਰ ਨਾਲ ਕੀਤਾ ਸੀ। ਤੇ ਹੁਣ ਅਸੀਂ ਵੀ ਵੇਖਣੈ ਕਿ ਉਹਨਾਂ ਦੇ ਕਿੰਨੇ ਕੁ ਸੱਚੇ ਸਿੱਖ ਆਂ! ਜਗਤ ਸਿੰਘ ਤੇ ਪ੍ਰੇਮ ਸਿੰਘ ਜਿਊਂਦੇ ਹੁੰਦੇ ਤਾਂ ਪਤਾ ਨਹੀਂ ਕੀ ਸੋਚਦੇ ਤੇ ਕੀ ਆਖਦੇ! ਉਹਨਾਂ ਨੂੰ ਤਾਂ ਸ਼ਾਇਦ ਇੰਜ ਹਥਿਆਰ ਕਿੱਲੀ 'ਤੇ ਟੰਗਣਾ ਬੁਜ਼ਦਿਲੀ ਲੱਗਦੀ! ਪਰ ਨਹੀਂ, ਉਹਨਾਂ ਵੀ ਸ਼ਾਇਦ ਮੇਰੇ ਨਾਲ ਹੀ ਹੋਣਾ ਸੀ, ਜਥੇ ਦਾ ਆਗੂ ਬਣ ਕੇ।"
ਗ਼ਦਰ ਪਾਰਟੀ ਦੇ ਸ਼ਹੀਦਾਂ ਜਗਤ ਸਿੰਘ ਤੇ ਪ੍ਰੇਮ ਸਿੰਘ ਦਾ ਪਿੰਡ-ਸਾਥੀ ਤੇ ਲਹਿਰ-ਸਾਥੀ ਰਿਹਾ ਸੀ ਉਹਦਾ ਬਾਪੂ। ਉਹਨਾਂ ਨਾਲ ਲੋਕਾਂ ਨੂੰ ਜੋੜਨ ਤੇ ਗ਼ਦਰ ਦਾ ਪਰਚਾਰ ਕਰਨ ਪਿੰਡ ਪਿੰਡ ਮੀਟਿੰਗਾਂ 'ਤੇ ਜਾਂਦਾ। ਲਾਹੌਰ ਮੀਆਂ-ਮੀਰ ਦੀ ਛਾਉਣੀ ਨੂੰ ਗ਼ਦਰ ਕਰਨ ਲਈ ਜਦੋਂ ਉਹ ਮਾਝੇ ਵਿਚੋਂ ਜਥਾ ਲੈ ਕੇ ਗਏ ਸਨ ਤਾਂ ਉਹ ਵੀ ਉਹਨਾਂ ਨਾਲ ਮੁਹਰਲੀਆਂ ਸਫ਼ਾਂ ਵਿਚ ਸੀ। ਗ਼ਦਰ ਫ਼ੇਲ ਹੋ ਗਿਆ ਤੇ ਗ਼ਦਰੀਆਂ ਦੀ ਫੜੋ-ਫੜਾਈ ਸ਼ੁਰੂ ਹੋ ਗਈ। ਉਹ ਵੀ ਫੜਿਆ ਗਿਆ ਸੀ। ਜਗਤ ਸਿੰਘ ਤੇ ਪ੍ਰੇਮ ਸਿੰਘ ਦੋਵੇਂ ਤਾਂ ਵੱਖ ਵੱਖ ਮੁਕੱਦਮਿਆਂ ਵਿਚ ਫ਼ਾਂਸੀ ਲੱਗ ਗਏ ਸਨ ਤੇ ਅੱਧੀ ਦਰਜਨ ਤੋਂ ਵੱਧ ਉਸਦੇ ਗਿਰਾਈਂਆਂ ਨੂੰ ਉਮਰ ਕੈਦ, ਜਾਇਦਾਦ-ਜ਼ਬਤੀ ਤੇ ਕਾਲੇ-ਪਾਣੀ ਦੀ ਸਜ਼ਾ ਹੋ ਗਈ ਸੀ ਪਰ ਉਹਨੂੰ ਤੇ ਇਕ ਹੋਰ ਸਾਥੀ ਨੂੰ ਸਿਰਫ਼ ਚਾਰ-ਚਾਰ ਸਾਲ ਸਖ਼ਤ ਕੈਦ ਦਾ ਹੀ ਹੁਕਮ ਹੋਇਆ ਸੀ।
ਉਹ ਕੈਦ ਕੱਟ ਕੇ ਆਇਆ ਸੀ ਤਾਂ ਪੰਜਾਬ ਵਿਚ ਲੜਾਈ ਦਾ ਨਵਾਂ ਦੌਰ ਸ਼ੁਰੂ ਹੋ ਗਿਆ ਸੀ। ਸ਼੍ਰੋਮਣੀ ਕਮੇਟੀ ਬਣ ਚੁੱਕੀ ਸੀ। ਗੁਰਦਵਾਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਾਉਣ ਦੀ ਲਹਿਰ ਜੋਬਨ 'ਤੇ ਸੀ।
ਉਹ ਤੇ ਉਹਦੇ ਸਾਥੀ ਤਾਂ ਕਦੀ 'ਜੇ ਚਿਤ ਪ੍ਰੇਮ ਖੇਲਣ ਕਾ ਚਾਓ' ਪੜ੍ਹ ਕੇ ਹੀ 'ਪ੍ਰੇਮ ਦੀ ਇਸ ਗਲ਼ੀ ਵਿਚ' ਉੱਤਰੇ ਸਨ। ਜੇ ਉਹਨਾਂ ਦੇ ਗੁਰੂ ਦੀ ਮਰਜ਼ੀ ਇਹ ਸੀ ਕਿ ਡਾਂਗ ਝੱਲ ਕੇ ਅੱਗੋਂ ਮੋੜਵੀਂ ਡਾਂਗ ਮਾਰੋ ਤਾਂ ਉਹਨਾਂ ਉਹ ਕੰਮ ਕੀਤਾ। ਜੇ ਹੁਣ ਗੁਰੂ ਚਾਹੁੰਦਾ ਸੀ ਕਿ ਨਹੀਂ; ਸ਼ਾਂਤ ਰਹਿ ਕੇ ਡਾਂਗਾਂ ਖਾਓ ਤੇ ਆਪਣੇ ਸਬਰ ਤੇ ਸਹਿਣ-ਸ਼ਕਤੀ ਦੀ ਸਿਖ਼ਰ ਸਿਰਜ ਕੇ ਆਪਣੇ ਲੋਕਾਂ ਦੇ ਮਨਾਂ ਵਿਚ ਜ਼ਾਲਮ ਹਕੂਮਤ ਦੇ ਖਿਲਾਫ਼ ਰੋਹ ਦਾ ਸੂਰਜ ਬਾਲ ਦਿਓ! ਤਾਂ ਉਹ ਸਾਰੇ ਜਣੇ ਇਸ ਲਈ ਵੀ ਤਿਆਰ ਹੋਣੇ ਸਨ।
ਉਸ ਸੂਰਬੀਰ ਤੇ ਦੇਸ਼ਭਗਤ ਪਿਓ ਦੀ ਨਿਸ਼ਾਨੀ ਇਹ ਕਿਰਪਾਨ ਸਾਲਾਂ ਤੋਂ ਉਹਨਾਂ ਦੇ ਸੁਫ਼ੇ ਵਿਚਲੀ ਸਾਹਮਣੀ ਵਿਚਕਾਰਲੀ ਕਿੱਲੀ 'ਤੇ ਟੰਗੀ ਰਹੀ ਸੀ।
ਇਕ ਵਾਰ ਉਸਨੇ ਬਾਪੂ ਦੀ ਹਾਜ਼ਰੀ ਵਿਚ ਕਿਰਪਾਨ ਨੂੰ ਕਿੱਲੀ ਤੋਂ ਲਾਹਿਆ। ਉਸਨੂੰ ਮਿਆਨ ਵਿਚੋਂ ਬਾਹਰ ਕੱਢਣ ਲੱਗਾ ਤਾਂ ਬਾਪੂ ਨੇ ਆਖਿਆ, "ਏਦਾਂ ਨਹੀਂ ਕੱਢੀਦਾ ਕਿਰਪਾਨ ਨੂੰ ਮਿਆਨ ਵਿਚੋਂ।"
"ਕਿੱਦਾਂ ਤੇ ਕੱਦੋਂ ਕੱਢੀਦੈ ਫਿਰ?"
"ਉਦੋਂ ਜਦੋਂ ਆਪਣਾ ਬਚਾਅ ਜਾਂ ਕਿਸੇ ਦੀਨ-ਦੁਖੀ ਦੀ ਰੱਖਿਆ ਕਰਨੀ ਹੋਵੇ!"
ਉਸਨੇ ਕੱਢੀ ਕਿਰਪਾਨ ਮਿਆਨ ਵਿਚ ਪਾ ਦਿੱਤੀ ਤੇ ਉਸਨੂੰ ਅਡੋਲ ਕਿੱਲੀ ਉੱਤੇ ਟੰਗ ਦਿੱਤਾ।
ਆਪ ਸਦਾ ਲਈ ਹੱਥ ਵਿਚ ਹਲ਼ ਦੀ ਜੰਘੀ ਫੜ੍ਹੀ ਰੱਖਣ ਦਾ ਪ੍ਰਣ ਕਰ ਲਿਆ। ਘਰ ਨੂੰ ਇਸਦੀ ਹੀ ਲੋੜ ਸੀ।
ਪਿੱਛੋਂ ਵੀ ਬਾਪੂ ਦੇ ਆਜ਼ਾਦੀ ਲਈ ਕੀਤੇ ਸੰਘਰਸ਼ ਤੇ ਜੇਲ੍ਹ ਯਾਤਰਾਵਾਂ ਨੇ ਉਸਨੂੰ ਘਰ ਦੇ ਦੂਜੇ ਪਾਸੇ ਲੱਗੇ ਮੂੰਹ ਨੂੰ ਸਿੱਧੇ ਪਾਸੇ ਕਰਨ ਦੀ ਸੋਚ ਦੇ ਲੜ ਲਾਈ ਰੱਖਿਆ। ਉਹਨਾਂ ਵੇਲਿਆਂ ਦੀਆਂ ਦਸ ਜਮਾਤਾਂ ਪਾਸ ਸੀ; ਪਰ ਉਹ ਅੰਗਰੇਜ਼ ਸਰਕਾਰ ਦੀ ਨੌਕਰੀ ਕਰੇ! ਇਹ ਗੱਲ ਬਾਪੂ ਨੂੰ ਤਾਂ ਕਿਸੇ ਸੂਰਤ ਵਿਚ ਵੀ ਪਸੰਦ ਨਹੀਂ ਸੀ। ਉਸ ਆਪ ਵੀ ਕਦੀ ਅਜਿਹਾ ਨਹੀਂ ਸੀ ਚਾਹਿਆ, ਸੋਚਿਆ।
"ਤੂੰ ਭਾਵੇਂ ਕੁੱਕੜ, ਕਬੂਤਰ ਤੇ ਚਿੜੀਆਂ-ਜਨੌਰ ਪਾਲ ਤੇ ਭਾਵੇਂ ਘੋੜੀਆਂ ਤੇ ਮੱਝਾਂ-ਗਾਵਾਂ। ਪਰ ਇਸ ਘਰ ਨੂੰ ਪਾਲਣਾ ਵੀ ਤੇਰੀ ਜ਼ਿੰਮੇਵਾਰੀ ਐ। ਮੈਨੂੰ ਤੂੰ ਮੇਰੇ ਦੇਸ਼ ਤੇ ਮੇਰੇ ਲੋਕਾਂ ਲਈ ਵਿਹਲਾ ਕਰ ਛੱਡ!"
ਬਾਪੂ ਦੇ ਇਹ ਬੋਲ ਸਾਰੀ ਉਮਰ ਉਸਦੇ ਅੰਗ-ਸੰਗ ਰਹੇ ਸਨ।
ਉਸਨੂੰ ਉਹ ਛਿਣ ਵੀ ਯਾਦ ਆਏ ਜਦੋਂ ਉਸਨੇ ਏਸੇ ਕਿਰਪਾਨ ਨੂੰ ਕਿੱਲੀ ਤੋਂ ਲਾਹ ਕੇ ਪਹਿਲੀ ਵਾਰ ਮਿਆਨ ਵਿਚੋਂ ਬਾਹਰ ਕੱਢਿਆ ਸੀ।
ਦੇਸ਼-ਵੰਡ ਦੇ ਘਲੂਘਾਰੇ ਦੇ ਦਿਨ ਸਨ। ਉਹਦਾ ਬਾਪੂ ਨੇੜੇ-ਤੇੜੇ ਦੇ ਪਿੰਡਾਂ ਵਿਚ ਹਮ-ਖਿਆਲ ਲੋਕਾਂ ਨੂੰ ਮਿਲ ਕੇ 'ਅਮਨ-ਕਮੇਟੀਆਂ' ਬਣਾ ਰਿਹਾ ਸੀ। ਪਰ ਇਤਿਹਾਸ ਉਸਦੇ ਹੱਥਾਂ 'ਚੋਂ ਖਿਸਕ ਗਿਆ ਸੀ ਤੇ ਅੰਨ੍ਹੇ ਹੋਏ ਫਿਰਕੂ ਲੋਕਾਂ ਦੀ ਪਕੜ ਵਿਚ ਆ ਗਿਆ ਸੀ। ਉਹ ਨਿਆਈਂ ਵਾਲੇ ਖੇਤਾਂ ਵਿਚ ਪੱਠੇ ਵੱਢਦਾ ਪਿਆ ਸੀ ਕਿ ਉਸਨੇ ਕਿਸੇ ਮੁਟਿਆਰ ਦੀਆਂ ਚੀਕਾਂ ਦੀ ਆਵਾਜ਼ ਸੁਣੀ, 'ਬਹੁੜੀ ਵੇ ਵੀਰਾ! ਬਚਾ ਲੈ ਮੈਨੂੰ। ਮੈਂ ਤੁਹਾਡੇ ਪਿੰਡ ਦੀ ਧੀ, ਤੇਰੀ ਭੈਣ ਵੇ। ਮੈਨੂੰ ਮੇਰੇ ਸਹੁਰਿਆਂ ਦੇ ਪਿੰਡੋਂ ਇਹ ਜ਼ਾਲਮ ਲੁੱਟ ਦਾ ਮਾਲ ਸਮਝ ਕੇ ਧੂਹ ਲਿਆਏ ਵੇ। ਮੇਰੇ ਸੋਹਣਿਆਂ ਵੀਰਾ। ਮੈਂ ਤੁਹਾਡੇ ਪਿੰਡ ਦੀ ਧੀ ਵੇ; ਤੁਹਾਡੀ ਭੈਣ!"
ਕਿੱਲੇ ਦੀ ਵਾਟ 'ਤੇ ਦੋ ਜਣੇ ਲਿਸ਼ਕਦੀਆਂ ਨੰਗੀਆਂ ਤਲਵਾਰਾਂ ਦੇ ਪਰਛਾਵੇਂ ਹੇਠਾਂ ਕੁੜੀ ਨੂੰ ਧੂਹੀ ਲਿਜਾ ਰਹੇ ਸਨ। ਸਿਰੋਂ ਨੰਗੀ, ਖਿੱਲਰੇ ਵਾਲ, ਬੰਦਿਆਂ ਹੱਥੋਂ ਛੁੱਟ ਛੁੱਟ ਮਦਦ ਲਈ ਬਾਹਵਾਂ ਉਲਾਰਦੀ। ਮਿਆਂਕਦੀ ਹੋਈ ਬੱਕਰੀ ਕਸਾਈਖਾਨੇ ਵੱਲ ਬਹੁੜੀਆਂ ਪਾਉਂਦੀ ਜਾ ਰਹੀ ਸੀ। ਕੁੜੀ ਦੇ ਬੋਲਾਂ ਨੇ ਉਹਦੇ ਕਲੇਜੇ ਦਾ ਰੁੱਗ ਭਰ ਲਿਆ ਸੀ। ਉਹ ਸਿਰਫ਼ ਉਸਨੂੰ ਹੀ ਨਹੀਂ, ਉਹ ਤਾਂ ਆਪਣੇ ਪੂਰੇ ਪਿੰਡ ਨੂੰ ਆਪਣੀ ਰੱਖਿਆ ਲਈ ਆਵਾਜ਼ਾਂ ਮਾਰ ਰਹੀ ਸੀ। ਪਿੰਡ ਦੀ ਕੋਈ ਧੀ, ਪਿੰਡ ਦੀ ਕੋਈ ਭੈਣ!
ਉਹ ਦਾਤਰੀ ਟੱਕ ਵਿਚ ਛੱਡ ਕੇ ਉੱਠਿਆ। ਖਾਲੀ ਹੱਥ। ਉਸਦਾ ਸਾਥ ਦੇਣ ਵਾਲਾ ਵੀ ਨੇੜੇ-ਤੇੜੇ ਕੋਈ ਨਹੀਂ ਸੀ। ਕੁਝ ਸੋਚਿਆ ਤੇ ਘੋੜੀ ਦੇ ਨੰਗੇ ਪਿੰਡੇ 'ਤੇ ਪਲਾਕੀ ਮਾਰ ਕੇ ਹਵੇਲੀ ਨੂੰ ਘੋੜੀ ਦੁੜਾ ਲਈ। ਕਿੱਲੀ ਨਾਲੋਂ ਕਿਰਪਾਨ ਲਾਹੀ ਤੇ ਮਿਆਨੋਂ ਕੱਢ ਕੇ ਨੰਗੀ ਤਲਵਾਰ ਲਹਿਰਾਉਂਦਾ, ਘਰ ਦਿਆਂ ਦੇ ਪੁੱਛਦਿਆਂ, ਰੋਕਦਿਆਂ ਤੇ ਲੋਕਾਂ ਦੇ ਵਿੰਹਦਿਆਂ ਪਲਾਂ-ਛਿਣਾਂ ਵਿਚ ਪਿੰਡੋਂ ਬਾਹਰ ਆ ਗਿਆ।
ਕੁੜੀ ਤੇ ਬੰਦੇ ਏਨੇ ਵਿਚ ਨਜ਼ਰੋਂ ਓਹਲੇ ਹੋ ਗਏ ਸਨ।
ਸਾਹਮਣੇ ਓਸੇ ਕੁੜੀ ਦੇ ਪਿੰਡ ਨੂੰ ਸਵੇਰੇ ਲੁੱਟਣ ਚੜ੍ਹੇ, ਦੋ ਜਣੇ, ਘੋੜੀਆਂ 'ਤੇ ਸਵਾਰ, ਉਹਦੇ ਆਪਣੇ ਪਿੰਡ ਦੇ ਗੱਭਰੂ, ਉਸਨੂੰ ਸਾਹਮਣਿਓਂ ਟੱਕਰੇ।
"ਕਿਧਰ ਚੱਲਿਐਂ ਅਰਜਨ ਸਿਅਹਾਂ!" ਉਹਨਾਂ ਪੁੱਛਿਆ ਤਾਂ ਉਹਨੇ ਉਹਨਾਂ ਵੱਲ ਵੇਖ ਕੇ ਨਫ਼ਰਤ ਨਾਲ ਥੁੱਕਿਆ ਤੇ ਇਹ ਕਹਿੰਦਿਆਂ ਘੋੜੀ ਨੂੰ ਅੱਡੀ ਲਾ ਦਿੱਤੀ, "ਮੇਰੀ ਭੈਣ ਨੂੰ ਲੈ ਗੇ' ਨੇ ਉਹ ਕੁੱਤੇ!"
ਉਹਨਾਂ ਵੀ ਮਗਰੇ ਘੋੜੀਆਂ ਭਜਾ ਲਈਆਂ। ਅੱਧੇ ਕੋਹ ਦੀ ਵਾਟ 'ਤੇ ਜਾ ਕੇ ਉਸਨੇ ਉਹਨਾਂ ਬੰਦਿਆਂ ਨੂੰ ਢਾਹ ਲਿਆ। ਬੰਦੇ ਜਾਣੂ ਸਨ। ਗੁਆਂਢੀ ਪਿੰਡ ਦੇ। ਸਿਰ ਉੱਤੇ ਉੱਲਰੀ, ਵਾਰ ਕਰਨ ਨੂੰ ਕਾਹਲੀ ਅਰਜਨ ਦੀ ਕਿਰਪਾਨ ਵੇਖ ਕੇ ਤਰਲੇ ਲੈਣ ਲੱਗੇ। ਅਰਜਨ ਅੱਗੇ ਹੱਥ ਜੋੜੇ। ਆਪਣੇ ਬਚਾਅ ਵਾਸਤੇ ਉਹਨਾਂ ਕੁੜੀ ਨੂੰ ਦੋਵਾਂ ਬਾਹਵਾਂ ਤੋਂ ਫੜ੍ਹ ਕੇ ਢਾਲ ਵਜੋਂ ਉਸਦੇ ਅੱਗੇ ਕੀਤਾ।
"ਵੇਖੀਂ! ਜਾਹ ਜਾਂਦੀ ਨਾ ਹੋ ਜਾਏ ਕਿਤੇ, ਅਰਜਨਾ!" ਤਰਲਾ ਗੂੰਜਿਆ।
"ਇਹਦੀਆਂ ਬਾਹਵਾਂ ਛੱਡ ਦਿਓ ਕੁੱਤਿਓ! ਮੇਰੀ ਭੈਣ ਦੀਆਂ।"
ਦੂਜੇ ਦੋਵੇਂ ਗੱਭਰੂ ਵੀ ਸਿਰ 'ਤੇ ਆਣ ਖਲੋਤੇ ਵੇਖ ਕੇ ਉਹਨਾਂ ਕੁੜੀ ਨੂੰ ਧੱਕਾ ਮਾਰ ਕੇ ਜ਼ਮੀਨ 'ਤੇ ਸੁੱਟ ਦਿੱਤਾ ਤੇ ਆਪ ਭੱਜ ਗਏ।
ਅਰਜਨ ਨੇ ਭੱਜੇ ਜਾਂਦੇ ਬੰਦਿਆਂ ਦਾ ਪਿੱਛਾ ਕਰਨਾ ਮੁਨਾਸਬ ਨਹੀਂ ਸੀ ਸਮਝਿਆ। ਉਹ ਤਾਂ ਕੁੜੀ ਨੂੰ ਬਚਾਉਣ ਆਇਆ ਸੀ। ਘੋੜੀ ਤੋਂ ਉੱਤਰ ਕੇ ਉਹ ਡਿੱਗੀ ਹੋਈ ਕੁੜੀ ਨੂੰ ਉਠਾਉਣ ਲੱਗਾ ਤਾਂ ਕੁੜੀ ਨੇ ਭੱਜ ਕੇ ਅਰਜਨ ਨੂੰ ਜੱਫ਼ੀ ਪਾ ਲਈ।
ਸਾਰਿਆਂ ਇਕ-ਦੂਜੇ ਨੂੰ ਪਛਾਣ ਲਿਆ ਸੀ।
"ਜੁਗ ਜੁਗ ਜੀਓ ਵੇ ਮੇਰਿਓ ਛਿੰਦਿਓ ਵੀਰੋ!"
ਉਹ ਤਾਂ ਸੱਚਮੁਚ ਉਹਨਾਂ ਦੇ ਪਿੰਡ ਦੀ ਧੀ, ਉਹਨਾਂ ਦੀ ਭੈਣ ਸੀ! ਜੁੰਮੇਂ ਤੇਲੀ ਦੀ ਧੀ ਤੇ ਅਰਜਨ ਦੇ ਯਾਰ ਫੱਜੇ ਦੀ ਭੈਣ ਫ਼ਾਤਮਾ!
ਵੱਡੀ ਗੱਲ ਤਾਂ ਇਹ ਹੋਈ ਕਿ ਉਹ ਤਿੰਨੇ ਸਵਾਰ ਫ਼ਾਤਮਾ ਨੂੰ ਲੈ ਕੇ ਜਦੋਂ ਜੁੰਮੇਂ ਦੇ ਘਰ ਪੁੱਜੇ ਤਾਂ ਇਕ ਭੀੜ ਜੁੜ ਗਈ ਸੀ ਉਹਨਾਂ ਦਵਾਲੇ ਸ਼ਾਬਾਸ਼ ਦੇਣ ਵਾਲਿਆਂ ਦੀ। ਉਹਦਾ ਬਾਪੂ ਇੰਦਰ ਸਿੰਘ ਵੀ ਵੈਸਾਖੀਆਂ ਦੇ ਸਹਾਰੇ ਲੜਖੜਾਉਂਦਾ ਹੋਇਆ ਭੀੜ ਨੂੰ ਚੀਰਦਾ ਅੱਗੇ ਆਇਆ ਤੇ ਆਪਣੇ ਪੁੱਤ ਤੋਂ ਵੀ ਪਹਿਲਾਂ ਦੂਜੇ ਦੋਵਾਂ ਗੱਭਰੂਆਂ ਨੂੰ ਗਲ਼ ਨਾਲ ਲਾ ਲਿਆ।
"ਸ਼ਾਬਾਸ਼ੇ ਪੁੱਤਰੋ! ਗੁਰੂ ਦੇ ਸੱਚੇ ਸਿੱਘਾਂ ਵਾਲੀ ਕੀਤੀ ਜੇ!"
ਦੋਵੇਂ ਨੌਜਵਾਨ ਆਪਣੀ ਸ਼ਰਮ ਦੇ ਮਾਰੇ ਹੋਏ ਚੋਰ ਅੱਖੀਂ ਇਕ ਦੂਜੇ ਵੱਲ ਵੇਖ ਰਹੇ ਸਨ। ਇੱਕ ਨੇ ਆਪਣੀ ਜੇਬ ਵਿਚੋਂ ਲੁੱਟੀਆਂ ਹੋਈਆਂ ਟੂੰਮਾਂ ਦੀ ਪੋਟਲੀ ਕੱਢੀ ਤੇ ਹੇਠਾਂ ਫ਼ਾਤਮਾ ਦੇ ਪੈਰਾਂ ਅੱਗੇ ਰੱਖ ਦਿੱਤੀ, " ਲੈ ਭੈਣਾ! ਇਹ ਹੁਣ ਤੇਰੀ। ਸਾਨੂੰ ਮਾਫ਼ ਕਰੀਂ।"
ਦੂਜੇ ਨੇ ਵੀ ਇੰਜ ਹੀ ਕੀਤਾ ਤੇ ਲੁੱਟਿਆ ਹੋਇਆ ਸੋਨੇ ਦਾ ਕੈਂਠਾ ਪੈਰਾਂ ਵਿਚ ਰੱਖਦਿਆਂ ਫ਼ਾਤਮਾ ਦੇ ਪੈਰ ਵੀ ਛੁਹ ਲਏ।
"ਬੀਬੀ! ਤੂੰ ਸਾਡੀ ਵੱਡੀ ਭੈਣ ਏਂ। ਸਾਡੇ ਪਾਪ ਬਖ਼ਸ਼ ਦੇ।"
"ਵੇ ਮੇਰੇ ਵੀਰੋ! ਤੁਸੀਂ ਤਾਂ ਮੇਰੇ ਰੱਬ ਵੇ! ਮੇਰੀਆਂ ਇੱਜ਼ਤਾਂ ਦੇ ਰਾਖੇ! ਮੈਂ ਕੌਣ ਹੁੰਦੀ ਆਂ ਤੁਹਾਡੇ ਪਾਪ ਬਖ਼ਸ਼ਣ ਵਾਲੀ!"
ਅਰਜਨ ਨੇ ਫ਼ਾਤਮਾ ਦੇ ਬਾਕੀ ਪਰਿਵਾਰ ਬਾਰੇ ਪੁੱਛਿਆ। ਪਤਾ ਲੱਗਾ ਹਮਲਾ ਹੋਣ ਦੀ ਖ਼ਬਰ ਸੁਣ ਕੇ ਸਾਰੇ ਏਧਰ-ਓਧਰ ਲੁਕਣ ਲਈ ਭੱਜੇ ਸਨ। ਤੇ ਫਿਰ ਪਤਾ ਈ ਨਾ ਲੱਗਾ ਕਦੋਂ ਉਹਨੂੰ ਰੋਂਦੀ ਕੁਰਲਾਉਂਦੀ ਨੂੰ ਪਿਛਲੇ ਅੰਦਰ ਲੁਕੀ ਨੂੰ ਜੱਫਾ ਮਾਰ ਕੇ 'ਉਹ' ਬਾਹਰ ਕੱਢ ਲਿਆਏ ਸਨ। ਤਿੰਨੇ ਗੱਭਰੂ ਵਾਪਸ ਘੋੜੀਆਂ 'ਤੇ ਸਵਾਰ ਹੋ ਕੇ ਨਿਕਲ ਪਏ ਤੇ ਤਿਰਕਾਲਾਂ ਤੱਕ ਫ਼ਾਤਮਾ ਦਾ ਸਾਰਾ ਪਰਿਵਾਰ ਲੱਭ ਕੇ ਪਿੰਡ ਪਰਤ ਆਏ। ਉਹਦਾ ਸੱਸ-ਸਹੁਰਾ, ਪਤੀ ਤੇ ਛੋਟਾ ਜਿਹਾ ਦਿਉਰ ਤੂੜੀ ਦੇ ਮੂਸਲ ਵਿਚ ਲੁਕੇ ਉਹਨਾਂ ਨੇ ਜਾ ਲੱਭੇ ਸਨ। ਉਸਦਾ ਬਾਪੂ ਕਈ ਸਾਲ ਇਹ ਕਹਿੰਦਾ ਰਿਹਾ ਸੀ ਕਿ ਇਹ ਅਰਜਨ ਵੱਲੋਂ ਐਨ ਸਮੇਂ ਸਿਰ ਮਿਆਨੋਂ ਕੱਢੀ ਤੇਗ਼ ਦੀ ਹੀ ਕਰਾਮਾਤ ਸੀ ਕਿ ਸਾਰੇ ਪਿੰਡ ਨੂੰ ਆਪਣੀ ਗਵਾਚੀ ਧੀ ਲੱਭ ਪਈ ਸੀ। ਉਹਨਾਂ ਦੇ ਪਿੰਡ ਦੀ ਇੱਜ਼ਤ ਬਚ ਗਈ ਸੀ। ਪਿੰਡ ਦੇ ਹਰ ਘਰ 'ਚੋਂ ਕਿਸੇ ਰੇਜਾ, ਕਿਸੇ ਖੇਸ, ਕਿਸੇ ਦਰੀ-ਚੁਤੈਹੀ ਤੇ ਕਿਸੇ ਬਣਦੇ-ਸਰਦੇ ਚਵਾਨੀ-ਅਠਿਆਨੀ, ਰੁਪਈਆ, ਦੋ ਰੁਪਈਏ ਫ਼ਾਤਮਾ ਦੀ ਝੋਲੀ ਪਾਏ। ਜਿਵੇਂ ਸਾਰਾ ਪਿੰਡ ਧੀ ਦਾ ਦਾਜ ਤਿਆਰ ਕਰ ਰਿਹਾ ਹੋਵੇ! ਤੇ ਫਿਰ ਜੁੰਮੇ ਤੇ ਉਹਦੇ ਕੁੜਮਾਂ ਦਾ ਸਮਾਨ ਆਪ ਗੱਡੇ 'ਤੇ ਲੱਦ ਕੇ ਪਿੰਡ ਦੇ ਗੱਭਰੂ ਉਹਨਾਂ ਨੂੰ ਹੱਦ ਪਾਰ ਕਰਾ ਕੇ ਆਏ ਸਨ।
ਅਰਜਨ ਦੀ ਜਥੇਦਾਰੀ ਵਿਚ ਉਹਨਾਂ ਗੱਭਰੂਆਂ ਨੇ ਮਿਲ ਕੇ ਆਪਣੇ ਪਿੰਡ ਦਾ ਜਥਾ ਬਣਾ ਲਿਆ ਸੀ। ਆਪਣੇ ਪਿੰਡ ਦੇ ਮੁਸਲਮਾਨਾਂ ਦੀ ਰਾਖੀ ਲਈ ਹੀ ਨਹੀਂ, ਸਗੋਂ ਨੇੜੇ ਤੇੜੇ ਦੇ ਪਿੰਡਾਂ ਵਿਚ ਵੀ ਉਹ ਫ਼ਸੇ ਹੋਏ ਮੁਸਲਮਾਨ ਟੱਬਰਾਂ ਨੂੰ ਕੱਢ ਕੇ ਹੱਦ ਪਾਰ ਕਰਾ ਕੇ ਆਉਣ ਲੱਗੇ। ਅਮਨ ਕਮੇਟੀਆਂ ਵਿਚ ਉਹ ਬਾਪੂ ਤੇ ਉਹਦੇ ਸਾਥੀਆਂ ਦੀ ਸਰਗਰਮ ਧਿਰ ਹੋ ਨਿੱਬੜੇ ਸਨ।
ਠੰਢ-ਠੰਢੌੜਾ ਹੋਇਆ ਤਾਂ ਅਰਜਨ ਨੇ ਕਿਰਪਾਨ ਮੁੜ ਕਿੱਲੀ 'ਤੇ ਟੰਗ ਦਿੱਤੀ ਤੇ ਫਿਰ ਤੋਂ ਹਲ਼ ਦੀ ਜੰਘੀ ਫੜ੍ਹ ਲਈ। ਉਹ ਸਿਪਾਹੀ ਤੋਂ ਮੁੜ ਕਿਰਤੀ ਬਣ ਗਿਆ।
ਸਿਪਾਹੀ ਅਤੇ ਕਿਰਤੀ ਦੀਆਂ ਡਿਊਟੀਆਂ ਦੋਵਾਂ ਪਿਓ-ਪੁੱਤਾਂ ਨੇ ਸਹਿਵਨ ਹੀ ਸੰਭਾਲ ਲਈਆਂ ਸਨ। ਤੇ ਉਦੋਂ ਤੋਂ ਸੰਭਾਲ ਲਈਆਂ ਸਨ ਜਦੋਂ ਅਜੇ ਅਰਜਨ ਸਿੰਘ ਨੇ ਸੁਰਤ ਹੀ ਸੰਭਾਲੀ ਸੀ। ਬਾਪੂ ਗੁਰੂ ਕੇ ਬਾਗ਼ ਦੇ ਮੋਰਚੇ ਵਿਚ ਗਿਆ, ਇਕ ਤਰ੍ਹਾਂ ਨਾਲ ਅਪਾਹਜ ਹੋ ਕੇ ਪਰਤਿਆ ਸੀ ਤੇ ਅਰਜਨ ਨੂੰ ਸਕੂਲ ਜਾਣ ਦੇ ਨਾਲ ਨਾਲ ਖੇਤੀ-ਬਾੜੀ ਦਾ ਕੰਮ ਵੀ ਮਾਂ ਨਾਲ ਮਿਲ ਕੇ ਆਪ ਹੀ ਸੰਭਾਲਣਾ ਪੈ ਗਿਆ ਸੀ। ਬਾਪੂ ਦੀ ਪਰਿਵਾਰਕ ਜਿੰਮੇਵਾਰੀ ਆਪਣੇ ਸਿਰ ਪੈ ਜਾਣ ਦਾ ਉਸਨੂੰ ਅਫ਼ਸੋਸ ਨਹੀਂ ਸੀ। ਜੇ ਬਾਪੂ ਸਰਕਾਰ ਦੇ ਜ਼ੁਲਮ ਦਾ ਭਾਰ ਸਿਰ 'ਤੇ ਚੁੱਕ ਸਕਦਾ ਸੀ ਤਾਂ ਉਹ ਬਾਪੂ ਦੇ ਕਹਿਣ 'ਤੇ ਪਰਿਵਾਰ ਦਾ ਭਾਰ ਸਿਰ 'ਤੇ ਭਲਾ ਕਿਉਂ ਨਹੀਂ ਚੁੱਕ ਸਕਦਾ!
ਉਹਦਾ ਬਾਪੂ ਆਪਣੀਆਂ ਕੁਰਬਾਨੀਆਂ ਨਾਲ ਪਿੰਡ ਤੇ ਇਲਾਕੇ ਦਾ ਮਾਣ ਬਣ ਗਿਆ ਸੀ। ਬਾਪੂ ਕੋਲੋਂ ਸਾਕਿਆਂ ਦੀਆਂ ਗੱਲਾਂ ਸੁਣ ਸੁਣ ਕੇ ਅਰਜਨ ਨੂੰ ਲੱਗਦਾ ਕਿ ਕੁਝ ਨਾ ਕੁਝ ਕੁਰਬਾਨੀ ਕਰਨੀ ਤਾਂ ਉਸ ਦੇ ਹਿੱਸੇ ਵੀ ਆਉਣੀ ਹੀ ਸੀ! ਉਹ ਕਲਪਨਾ ਹੀ ਕਲਪਨਾ ਵਿਚ ਬਾਪੂ ਦੇ ਸਿਰ 'ਤੇ ਪੁਲਿਸ ਅਫ਼ਸਰ ਬੀਟੀ ਵੱਲੋਂ ਵਰ੍ਹਾਈਆਂ ਡਾਂਗਾਂ ਨੂੰ ਹਵਾ ਵਿਚ ਹੀ ਰੋਕ ਲੈਂਦਾ ਤੇ ਡਾਂਗਾਂ ਦੀ ਛਾਵੇਂ ਬੈਠਾ ਬਾਪੂ ਇੰਦਰ ਸਿੰਘ ਮੋਰਚੇ 'ਤੇ ਜਾ ਡਟਣ ਦਾ ਬਿਰਤਾਂਤ ਸੁਨਾਉਣ ਲੱਗਦਾ:
"ਅਸੀਂ ਚੌਕੜੀ ਮਾਰੀ ਬੈਠੇ ਸ਼ਬਦ ਪੜ੍ਹ ਰਹੇ ਸਾਂ ਹੱਥ ਜੋੜੀ, "ਜੋ ਲਰੈ ਦੀਨ ਕੇ ਹੇਤ; ਸੂਰਾ ਸੋਈ, ਸੂਰਾ ਸੋਈ।" ਮੈਂ ਅਗਲੀ ਕਤਾਰ ਵਿਚ ਬੈਠਾ ਸਾਂ। ਪੁਲਿਸ ਹਥਿਆਰ ਤੇ ਸੰਮਾਂ ਵਾਲੀਆਂ ਡਾਂਗਾਂ ਲੈ ਕੇ ਕੁਝ ਕਦਮਾਂ ਦੀ ਵਿੱਥ 'ਤੇ ਸੀ। ਬੀਟੀ ਤੇ ਹੋਰ ਗੋਰੇ ਅਫ਼ਸਰ ਵੀ ਨਾਲ ਸਨ। ਸ਼ਬਦ ਦੀ ਆਵਾਜ਼ ਉੱਚੀ ਹੁੰਦੀ ਤਾਂ ਉਹ ਕਚੀਚੀਆਂ ਵੱਟਦੇ। ਖਿਝ ਕੇ ਇੱਕ ਜਣੇ ਨੇ ਮੇਰੇ ਗਲੇ ਦੀ ਹੱਡੀ 'ਤੇ ਡਾਂਗ ਦਾ ਸੰਮ ਖੁਭੋਇਆ। ਮੈਂ ਪਿੱਛੇ ਨੂੰ ਡਿੱਗਿਆ। ਫਿਰ ਉੱਠਿਆ। ਉੱਚੀ ਆਵਾਜ਼ ਵਿਚ ਸ਼ਬਦ ਦੀ ਸੁਰ ਨਾਲ ਸੁਰ ਮਿਲਾਈ, "ਸੂਰਾ ਸੋਈ, ਸੂਰਾ ਸੋਈ!" ਤਾਂ ਉਸਨੇ ਹੋਰ ਵੀ ਜ਼ੋਰ ਨਾਲ ਡਾਂਗ ਮਾਰੀ। ਮੇਰੇ ਹੱਸ ਦਾ ਕੜਾਕਾ ਪਿਆ। ਪੀੜ ਨਾਲ ਮੇਰਾ ਆਪਾ ਸੂਤਿਆ ਗਿਆ। ਮੈਂ ਸੰਭਲ ਕੇ ਜੈਕਾਰਾ ਛੱਡਿਆ, "ਬੋਲੇ ਸੋ ਨਿਹਾਲ!" ਜਵਾਬ ਵਿਚ ਜਿਵੇਂ ਹਜ਼ਾਰਾਂ ਆਵਾਜ਼ਾਂ ਗੂੰਜੀਆਂ, "ਸਤਿ ਸ੍ਰੀ ਅਕਾਲ।" ਪੁਲਿਸ ਅਫ਼ਸਰ ਬੀਟੀ ਨੇ ਗੁੱਸੇ ਤੇ ਨਫ਼ਰਤ ਵਿਚ ਉੱਬਲਦਿਆਂ ਮੇਰੇ ਕਲੇਜੇ ਵਿਚ ਜ਼ੋਰ ਦਾ ਠੁੱਡ ਮਾਰਿਆ। ਮੈਂ ਪੀੜ ਨਾਲ 'ਕੱਠਾ ਹੋ ਗਿਆ। ਫਿਰ ਕੀ ਸੀ! ਪੁਲਿਸ ਵੱਲੋਂ ਦੇ ਡਾਂਗ 'ਤੇ ਡਾਂਗ। ਬੀਟੀ ਆਪ ਹਲ਼ਕਾ ਹੋਇਆ ਪਿਆ ਸੀ। ਉਸਨੇ ਮੇਰੇ 'ਤੇ ਵਰ੍ਹਾਈਆਂ ਸਭ ਤੋਂ ਪਹਿਲੀਆਂ ਡਾਂਗਾਂ। ਤੇ ਫਿਰ ਡਿੱਗੇ ਪਏ ਦੇ ਮੇਰੇ ਗਲੇ 'ਤੇ ਬੂਟ ਰੱਖ ਕੇ ਮੇਰੇ ਗਲ਼ ਨੂੰ ਏਦਾਂ ਮਿੱਧਿਆ ਜਿਵੇਂ ਕੋਈ ਕਿਸੇ ਕੀੜੇ ਨੂੰ ਮਸਲਦਾ ਹੈ। ਪਹਿਲਾਂ ਟੁੱਟ ਚੁੱਕਾ ਮੇਰਾ ਹੱਸ ਹੋਰ ਤਿੜਕ ਗਿਆ। ਪਰ ਅਸੀਂ ਤਾਂ ਗੁਰੂ ਦੇ ਸਿੰਘ ਸਾਂ। ਕੋਈ ਕੀੜੇ-ਕਾਢੇ ਨਹੀਂ ਸਾਂ, ਜਿਹੜੇ ਉਸਦੇ ਮਾਰਿਆਂ ਮਰ ਜਾਂਦੇ।"
ਗੱਲਾਂ ਸੁਣਾਉਂਦਿਆਂ ਬਾਪੂ ਦੇ ਚਿਹਰੇ 'ਤੇ ਅਜੀਬ ਤੇਜ ਹੁੰਦਾ ਸੀ। ਉਹ ਆਪਣੇ ਗਲ਼ੇ ਦੀ ਟੁੱਟੀ ਤੇ ਵਿੰਗੀ ਹੋਈ ਹੱਡੀ ਹੱਥ ਨਾਲ ਵਿਖਾਉਂਦਾ, "ਆਹ ਮੇਰਾ ਹੱਸ ਉਦੋਂ ਦਾ ਈ ਵਿੰਗਾ ਹੋਇਐ। ਉਹਨਾਂ ਮੇਰੀ ਗਲੇ ਦੀ ਹੱਡੀ ਤਾਂ ਵਿੰਗੀ ਕਰ ਦਿੱਤੀ, ਮੇਰੀ ਰੀੜ੍ਹ ਦੀ ਹੱਡੀ ਦੇ ਮਣਕੇ ਤਾਂ ਤੋੜ ਦਿੱਤੇ ਪਰ ਉਹ ਮੇਰੀ ਧੌਣ ਵਿੰਗੀ ਨਾ ਕਰ ਸਕੇ ਤੇ ਨਾ ਹੀ ਮੇਰਾ ਹੌਸਲਾ ਤੋੜ ਸਕੇ।"
ਇਹ ਧੌਣ ਬਾਪੂ ਨੇ ਸੱਚਮੁਚ ਸਾਰੀ ਉਮਰ ਨੀਵੀਂ ਨਹੀਂ ਸੀ ਹੋਣ ਦਿੱਤੀ। ਰੀੜ੍ਹ ਦੀ ਹੱਡੀ 'ਤੇ ਲੱਗੀ ਸੱਟ ਨੇ ਉਹਨੂੰ ਸਰੀਰਕ ਤੌਰ 'ਤੇ ਅਪਾਹਜ ਬਣਾ ਦਿੱਤਾ ਸੀ। ਉਹ ਸਾਰੀ ਉਮਰ ਵੈਸਾਖੀਆਂ ਨਾਲ ਲੰਗੜਾ ਕੇ ਤੁਰਨ ਜੋਗਾ ਰਹਿ ਗਿਆ ਸੀ। ਪਰ ਜਦੋਂ ਵੇਲੇ ਦੇ ਮੁਖ-ਮੰਤਰੀ ਪਰਤਾਪ ਸਿੰਘ ਕੈਰੋਂ ਨੇ ਪਿੰਡ ਦੇ ਕਿਸੇ ਸਮਾਗ਼ਮ 'ਤੇ ਬਾਪੂ ਦੇ ਗੋਡਿਆਂ ਨੂੰ ਹੱਥ ਲਾ ਕੇ ਕਿਹਾ ਸੀ, "ਬਾਬਾ ਜੀ! ਮੇਰੇ ਅਫ਼ਸਰ ਆਉਣਗੇ ਤੁਹਾਡੇ ਕੋਲ। ਇਹ ਆਪੇ ਈ ਇਕ ਫ਼ਾਰਮ 'ਤੇ ਦਸਤਖ਼ਤ ਕਰਵਾ ਕੇ ਲੈ ਜਾਣਗੇ ਤੁਹਾਡੇ ਕੋਲੋਂ। ਸਾਡੀ ਸਰਕਾਰ ਨੇ ਦੇਸ਼ ਭਗਤਾਂ ਦੀਆਂ ਪੈਨਸ਼ਨਾਂ ਲਾਉਣ ਦਾ ਫ਼ੈਸਲਾ ਕੀਤੈ। ਤੁਸੀਂ ਸਾਡੇ ਏਡੇ ਵੱਡੇ ਦੇਸ਼-ਭਗਤ ਓ," ਤਾਂ ਬਾਪੂ ਨੇ ਕਿਹਾ ਸੀ, " ਪਰਤਾਪ ਸਿਅਹਾਂ! ਮੈਂ ਬੜਾ ਖ਼ੁਸ਼ ਆਂ ਕਿ ਤੁਸੀਂ ਏਨੇ ਅਮੀਰ ਹੋ ਗਏ ਓ ਕਿ ਸਾਨੂੰ ਹੀ ਖ਼ਰੀਦ ਸਕੋ। ਪਰ ਮੇਰੀ ਇੱਕ ਗੱਲ ਕੰਨ ਖੋਲ੍ਹ ਕੇ ਸੁਣ ਲੈ! ਮੇਰੀ ਪੈਨਸ਼ਨ ਦੀ ਗੱਲ ਉਦੋਂ ਕਰੀਂ ਜਦੋਂ ਮੇਰੇ ਦੇਸ਼ ਦੇ ਸਾਰੇ ਬਜ਼ੁਰਗਾਂ ਦੀਆਂ ਤੂੰ ਪੈਨਸ਼ਨਾਂ ਲਾ ਦੇਵੇਂਗਾ!"
- ਅੱਜ ਇਹ ਮੁੰਡੇ ਅਰਜਨ ਸਿੰਘ ਦੇ ਬਾਪੂ ਦੇ ਓਸ ਇਤਿਹਾਸ ਨੂੰ ਵੰਗਾਰਨ ਆਏ ਸਨ। ਉਹਦੀ ਕਿਰਪਾਨ ਦੀ ਲਿਸ਼ਕ ਨੂੰ ਮੈਲਾ ਕਰਨ ਆਏ ਸਨ!
ਉਹ ਹੱਥਲਾ ਕੰਮ ਛੱਡ ਕੇ ਉਹਨਾਂ ਵੱਲ ਟਿਕਟਿਕੀ ਲਾ ਕੇ ਵੇਖਣ ਲੱਗਾ। ਹੁਣ ਦੂਜੇ ਦੋਵੇਂ ਮੁੰਡੇ ਵੀ ਕਮਾਦ ਵਿਚੋਂ ਗੰਨੇ ਭੰਨ ਕੇ ਖਾਲ਼ ਦੀ ਵੱਟ 'ਤੇ ਬਹਿ ਕੇ ਚੂਪਣ ਲੱਗੇ।
ਉਹਦੇ ਅੰਦਰਲੇ ਨੇ ਜੋਸ਼ ਮਾਰਿਆ। ਉਹ ਸ਼ਾਇਦ ਉਹਦੇ ਕਮਾਦ 'ਚੋਂ ਗੰਨੇ ਭੰਨ ਕੇ ਉਸਨੂੰ ਨੇੜੇ ਆਉਣ ਲਈ ਹੀ ਵੰਗਾਰ ਰਹੇ ਸਨ। ਉਹਨੇ ਰੰਬਾ ਪਾਸੇ ਰੱਖਿਆ। ਉੱਠਣ ਦੀ ਸੋਚੀ। ਉਂਜ ਵੀ ਸੂਰਜ ਡੁੱਬਣ ਵਿਚ ਮਸਾਂ ਹੱਥ ਭਰ ਦੀ ਹੀ ਵਿੱਥ ਸੀ। ਬੋਤੀ 'ਤੇ ਛਟਾਲੇ ਦੀ ਚਿੱਲੀ ਲੱਦਦਿਆਂ ਵੇਖ ਕੇ ਉਸਨੇ ਆਪ ਹੀ ਆਪਣੇ ਛੋਟੇ ਪੁੱਤ ਹਰਜੀਤ ਤੇ ਵਰ੍ਹਿਆਂ ਤੋਂ ਨਾਲ ਤੁਰੇ ਆਉਂਦੇ ਕਾਮੇਂ ਫੁੰਮਣ ਨੂੰ ਕਿਹਾ ਸੀ, "ਤੁਸੀਂ ਜਾਓ, ਪੱਠਾ-ਦੱਥਾ ਪਾਓ ਪਸ਼ੂਆਂ ਨੂੰ। ਮੈਂ ਨਾਲੇ ਪਨੀਰੀ ਦੀ ਗੋਡੀ ਦਾ ਕੰਮ ਬੰਨੇਂ ਲਾ ਆਵਾਂ; ਨਾਲੇ ਓਨੇ ਚਿਰ ਤੱਕ ਬੱਤੀ ਜਾਣ ਦਾ ਟੈਮ ਵੀ ਹੋ ਜਾਣੈਂ। ਪਾਣੀ ਲੱਗੀ ਕਣਕ ਦਾ ਕਿੱਲਾ ਵੀ ਉਦੋਂ ਤੱਕ ਸਿੰਜਿਆ ਜਾਊ। ਆਉਂਦਾ ਹੋਇਆ ਮੋਟਰ ਵਾਲੇ ਕਮਰੇ ਨੂੰ ਵੀ ਤਾਲਾ ਲਾਉਂਦਾ ਆਊਂ।"
ਦੁਨਿਆਵੀ ਸਿਆਣਪ ਨੇ ਉਸਨੂੰ ਮੁੰਡਿਆਂ ਵੱਲ ਜਾਣੋਂ ਰੋਕਿਆ, "ਦੋ ਮਿੰਟ ਰੁਕ ਜਾਹ! ਕੀ ਪਤਾ ਹੁਣੇ ਚਲੇ ਜਾਣ।"
ਪਿਛਲੇ ਸਮੇਂ ਤੋਂ ਦੋਵਾਂ ਧਿਰਾਂ ਵਿਚ ਚੰਗੇ ਸੰਬੰਧ ਨਹੀਂ ਸਨ। ਉਹ ਉਸਨੂੰ ਮਾਰਨ ਵੀ ਆਏ ਹੋ ਸਕਦੇ ਨੇ! ਸਗੋਂ ਆਏ ਈ ਏਸੇ ਕਰਕੇ ਨੇ। ਇਹਨਾਂ ਦੀ ਤਾਂ ਉਹ ਕਈ ਚਿਰ ਤੋਂ 'ਹਿੱਟ ਲਿਸਟ' 'ਤੇ ਸੀ। ਹੋਣਾ ਵੀ ਚਾਹੀਦਾ ਸੀ!
ਉਹ ਵੀ ਇਹਨਾਂ ਦੀ ਉਡੀਕ ਵਿਚ ਹੀ ਤਾਂ ਏਨੇ ਸਮੇਂ ਤੋਂ ਕਿਰਪਾਨ ਚੁੱਕੀ ਫਿਰਦਾ ਸੀ। ਉਹਦੇ ਆਪਣੇ ਪੁੱਤ ਤਾਂ ਸਦਾ ਉਹਨੂੰ ਹਨੇਰੇ-ਸਵੇਰੇ ਬਾਹਰ ਨਿਕਲਣੋਂ ਮਨ੍ਹਾ ਕਰਦੇ ਰਹਿੰਦੇ ਸਨ ਪਰ ਉਹ ਉਹਨਾਂ ਦੀ ਸੁਣਦਾ ਕਦੋਂ ਸੀ! ਅੱਜ ਵੀ ਅਜੇ ਹਰਜੀਤ ਨੇ ਆਖਿਆ ਹੀ ਸੀ, "ਬਾਪੂ ਜੀ! ਚੱਲੋ ਚੱਲੀਏ ਪਿੰਡ ਨੂੰ। ਫੁੰਮਣ ਆਪੇ ਮੋਟਰ ਬੰਦ ਕਰ ਆਉਂਦੈ।" ਤਾਂ ਉਹਨੇ ਉਹਨਾਂ ਨੂੰ ਕਹਿ ਦਿੱਤਾ ਸੀ ਕਿ ਉਹ ਚਲੇ ਜਾਣ। ਉਹ ਆਪ ਪਿੱਛੋਂ ਆ ਜਾਵੇਗਾ। ਉਹਨਾਂ ਦਾ ਵੈਰ ਵੀ ਤਾਂ ਵੰਗਾਰਵਾਂ ਬਣ ਗਿਆ ਹੋਇਆ ਸੀ। ਉਸਨੇ ਇਸ ਵੈਰ ਦੇ ਪਿਛੋਕੜ 'ਤੇ ਤਰਦੀ ਜਿਹੀ ਝਾਤ ਮਾਰੀ। ਅਰਜਨ ਸਿੰਘ ਦਾ ਵੱਡਾ ਮੁੰਡਾ ਜਗਜੀਤ ਸਿਹਤ ਵਿਭਾਗ ਦਾ ਕਰਮਚਾਰੀ ਸੀ ਤੇ ਪੈਰਾ-ਮੈਡੀਕਲ ਕਾਮਿਆਂ ਦੀ ਯੂਨੀਅਨ ਦਾ ਸਟੇਟ ਕਮੇਟੀ ਦਾ ਸਕੱਤਰ ਵੀ। ਮੁਲਾਜ਼ਮ ਘੋਲਾਂ ਵਿਚ ਕਈ ਸਾਲਾਂ ਤੋਂ ਸਰਗਰਮ। ਪਹਿਲਾਂ ਤਾਂ ਬਾਬੇ ਕਰਕੇ ਉਹਨਾਂ ਦਾ ਘਰ 'ਗ਼ਦਰੀਆਂ' ਜਾਂ 'ਜਥੇਦਾਰਾਂ' ਦਾ ਘਰ ਵੀ ਵੱਜਦਾ ਸੀ। ਬਾਪੂ ਕਿਰਤੀ ਪਾਰਟੀ ਨਾਲ ਵੀ ਜੁੜਿਆ ਰਿਹਾ ਸੀ ਤੇ ਆਖ਼ਰ ਵਿਚ 'ਕਾਮਰੇਡ' ਵੀ ਵੱਜਣ ਲੱਗ ਪਿਆ ਸੀ। ਕਦੀ ਕੋਈ ਉਹਨੂੰ 'ਜਥੇਦਾਰ ਜੀ' ਤੇ ਕਦੇ ਕੋਈ 'ਕਾਮਰੇਡ ਜੀ' ਆਖ ਕੇ ਵੀ ਸੰਬੋਧਨ ਕਰ ਲੈਂਦਾ। ਉਹ 'ਅੰਮ੍ਰਿਤਧਾਰੀ ਕਾਮਰੇਡ!' ਸੀ! ਪਰ ਬਾਪੂ ਦੇ ਚਲਾਣੇ ਤੋਂ ਬਾਅਦ ਤੇ ਜਗਜੀਤ ਦੀ ਚੜ੍ਹਤ ਪਿੱਛੋਂ ਉਹਨਾਂ ਦਾ ਟੱਬਰ 'ਕਾਮਰੇਡਾਂ ਦਾ ਟੱਬਰ' ਵੱਜਣ ਲੱਗ ਪਿਆ। ਉਂਝ ਅਰਜਨ ਸਿੰਘ ਨੂੰ ਵੀ ਲੋਕੀਂ ਅਜੇ ਵੀ ਕਦੀ 'ਕਾਮਰੇਡ' ਤੇ ਕਦੇ 'ਜਥੇਦਾਰ' ਕਹਿ ਕੇ ਬੁਲਾ ਲੈਂਦੇ। ਉਹ ਦੋਵਾਂ ਤਰ੍ਹਾਂ ਨਾਲ ਬੁਲਾਏ ਜਾਣ 'ਤੇ ਖ਼ੁਸ਼ ਸੀ। ਜੇ ਉਸਦੇ ਬਾਪੂ ਨੂੰ ਅਜਿਹਾ ਅਖਵਾਉਣ 'ਤੇ ਉਜਰ ਨਹੀਂ ਸੀ ਤਾਂ ਉਸਨੂੰ ਕਿਉਂ ਹੁੰਦਾ! ਕਾਮਰੇਡ ਵੀ ਉਹਨੂੰ ਓਨੇ ਹੀ ਆਪਣੇ ਤੇ ਪਿਆਰੇ ਸਨ। ਜਗਜੀਤ ਕਰ ਕੇ ਹੋਰ ਵੀ 'ਆਪਣੇ ਪੁੱਤਾਂ' ਵਰਗੇ ਲੱਗਦੇ। ਪਰ ਇਹਨੀਂ ਦਿਨੀਂ 'ਕਾਮਰੇਡਾਂ' ਤੇ 'ਨਵੇਂ ਜਥੇਦਾਰ ਬਣੇ' ਮੁੰਡਿਆਂ ਦੀ ਆਪਸੀ ਦੁਸ਼ਮਣੀ ਤਾਂ ਜੱਗ-ਜ਼ਾਹਿਰ ਸੀ। ਅਰਜਨ ਸਿੰਘ ਇਹਨੀਂ ਦਿਨੀਂ ਪੂਰੇ ਦਾ ਪੂਰਾ ਕਿਸੇ ਧਿਰ ਨਾਲ ਵੀ ਨਹੀਂ ਸੀ ਰਹਿ ਗਿਆ। ਨਾ ਕਾਮਰੇਡਾਂ ਨਾਲ ਨਾ ਨਵੇਂ ਬਣੇ 'ਜਥੇਦਾਰਾਂ ਜਰਨੈਲਾਂ' ਨਾਲ। ਅਰਜਨ ਸਿੰਘ ਦਾ ਛੋਟਾ ਪੁੱਤ ਹਰਜੀਤ ਸਿੰਘ ਪਿੰਡ ਦੇ ਹਾਈ ਸਕੂਲ ਵਿਚ ਹੀ ਮਾਸਟਰ ਸੀ। ਉਹ ਪਿਤਾ ਨਾਲ ਰਲ ਕੇ ਨਾਲ ਨਾਲ ਖੇਤੀ ਦਾ ਕੰਮ ਵੀ ਵੇਖੀ ਜਾਂਦਾ। ਖਿਆਲਾਂ ਪੱਖੋਂ ਆਪਣੇ ਬਾਪ ਅਰਜਨ ਸਿੰਘ ਵਾਂਗ ਹੀ ਸੀ ਉਹ। ਦੋਵਾਂ ਧਿਰਾਂ ਦੇ ਵਿਚ ਵਿਚਾਲੇ। ਨਾ ਮੁੰਡਿਆਂ ਵੱਲ ਨਾ ਨਿਰ੍ਹਾ ਕਾਮਰੇਡਾਂ ਵੱਲ। ਸਰਕਾਰ ਤੇ ਕਾਮਰੇਡਾਂ ਦਾ ਮੁੰਡਿਆਂ ਬਾਰੇ ਅੱਜ-ਕੱਲ੍ਹ ਇੱਕੋ ਜਿਹਾ ਪੈਂਤੜਾ ਹੀ ਸੀ। ਪਰ ਅਸਲ ਵਿਚ ਗੱਲ ਤਾਂ ਵਿਗੜੀ ਸੀ ਗ਼ਦਰੀ ਸ਼ਹੀਦਾਂ ਦੀ ਬਣਾਈ ਯਾਦਗ਼ਾਰ 'ਤੇ ਕਬਜ਼ੇ ਦੀ ਲੜਾਈ ਪਿੱਛੋਂ।
ਯਾਦਗ਼ਾਰ ਦੀ ਨੀਂਹ ਤਾਂ ਅਰਜਨ ਸਿੰਘ ਦੇ ਬਾਪੂ ਨੇ ਢਾਈ ਦਹਾਕੇ ਪਹਿਲਾਂ ਆਪਣੇ ਯੁਧ-ਸਾਥੀ ਤੇ ਆਗੂ ਬਾਬਾ ਸੋਹਨ ਸਿੰਘ ਭਕਨਾ ਤੋਂ ਰਖਵਾਈ ਸੀ। ਬਾਬੇ ਭਕਨੇ ਨੇ ਹੀ ਇਕ ਵਾਰ ਪਿੰਡ ਵਿਚ ਹੋਏ ਜਲਸੇ ਵਿਚ ਸਟੇਜ ਤੋਂ ਉਹਨਾਂ ਦੇ ਬਾਪੂ ਨੂੰ ਉਲ੍ਹਾਮਾਂ ਦਿੱਤਾ ਸੀ, "ਇੰਦਰ ਸਿਅਹਾਂ! ਤੇਰੇ ਆਪਣੇ ਗ਼ਦਰੀ ਭਰਾਵਾਂ ਦੀ ਕੁਰਬਾਨੀ ਤੇਰੇ ਪਿੰਡ ਦੇ ਪੁੱਤਾਂ-ਪੋਤਰਿਆਂ ਨੂੰ ਵੀ ਚੇਤੇ ਰਹਿ ਜਾਏ, ਉਹਨਾਂ ਦੀ ਕੋਈ ਯਾਦ ਹੀ ਬਣਵਾ ਛੱਡ ਪਿੰਡ ਆਪਣੇ ਵਿਚ। ਉਹਨਾਂ ਨੂੰ ਭੁਲਾਉਣ ਵਾਲਿਆਂ ਤਾਂ ਕੋਈ ਕਸਰ ਨਹੀਂ ਛੱਡੀ ਪਹਿਲਾਂ ਈ।"
ਬਾਪੂ ਨੂੰ ਲੱਗਾ ਸੀ, ਬਾਬੇ ਭਕਨੇ ਦੀ ਗੱਲ ਕਿੰਨੀ ਠੀਕ ਸੀ! ਬਾਬਾ ਭਕਨਾ ਦੇਸ਼ ਭਗਤਾਂ ਵੱਲ ਹੁਣ ਦੀ ਸਰਕਾਰ ਦੇ ਰਵੱਈਏ ਨੂੰ ਕੋਸ ਰਿਹਾ ਸੀ।
ਅਰਜਨ ਸਿੰਘ ਨੂੰ ਅੰਗਰੇਜ਼ੀ ਰਾਜ ਦੇ ਸਮੇਂ ਦੀ ਗੱਲ ਯਾਦ ਸੀ। ਅਰਜਨ ਅਠਵੀਂ ਜਮਾਤ ਦਾ ਵਿਦਿਆਰਥੀ ਸੀ। ਇਕ ਦਿਨ ਉਸਨੇ ਘਰ ਆ ਕੇ ਦੱਸਿਆ ਕਿ ਅੰਗਰੇਜ਼ ਸਰਕਾਰ ਨੇ ਉਹਨਾਂ ਦੇ ਸਕੂਲ ਦੇ ਮੱਥੇ 'ਤੇ ਇੱਕ ਵੱਡੀ ਸਾਰੀ ਸੰਗਮਰਮਰ ਦੀ ਸਿਲ਼ ਲਾਈ ਸੀ। ਇਸ ਮਕਸਦ ਲਈ ਪਿੰਡ ਦੇ ਕੁਝ ਸਰਕਾਰ ਹਮਾਇਤੀ ਬੰਦੇ ਤੇ ਫੌਜੀਆਂ ਦੇ ਕੁਝ ਪਰਿਵਾਰ ਸੱਦ ਕੇ ਸਮਾਗ਼ਮ ਵੀ ਕੀਤਾ ਗਿਆ ਸੀ। ਬਾਪੂ ਇੰਦਰ ਸਿੰਘ ਨੂੰ ਵੀ ਇਸ ਸਮਾਗਮ ਦਾ ਪਤਾ ਸੀ। ਪਰ ਉਸਨੂੰ ਨਾ ਕਿਸੇ ਸੱਦਣਾ ਸੀ ਤੇ ਨਾ ਉਹ ਗਿਆ। ਪਿੱਛੋਂ ਇਕ ਦਿਨ ਜਾ ਕੇ ਉਹ ਸਿਲ਼ ਪੜ੍ਹ ਆਇਆ। ਚਿੱਟੀ ਸਿਲ਼ 'ਤੇ ਕਾਲੇ ਅੱਖਰਾਂ ਵਿਚ ਅੰਗਰੇਜ਼ੀ ਜ਼ਬਾਨ ਵਿਚ ਖ਼ੁਦਿਆ ਹੋਇਆ ਸੀ ਕਿ ਇਸ ਪਿੰਡ ਵਿਚੋਂ ਪਹਿਲੀ ਵੱਡੀ ਜੰਗ ਵਿਚ ਭਾਗ ਲੈਣ ਲਈ ੧੨੧ ਬੰਦੇ ਸ਼ਾਮਲ ਹੋਏ ਜਿਨ੍ਹਾਂ ਵਿਚੋਂ ਇਕ ਦੀ ਜਾਨ ਵੀ ਚਲੀ ਗਈ ਸੀ।
ਜੰਗ ਵਿਚ ਸ਼ਾਮਲ ਹੋਏ ਬੰਦਿਆਂ ਦੇ ਪਰਿਵਾਰਾਂ ਨੂੰ ਬੁਲਾਇਆ ਗਿਆ ਸੀ ਉਸ ਸਮਾਗ਼ਮ 'ਤੇ ਅਤੇ ਮਾਰੇ ਗਏ ਜਵਾਨ ਦੇ ਪਰਿਵਾਰ ਨੂੰ ਪੰਜਾਹ ਰੁਪਏ ਦਾ ਇਨਾਮ ਤੇ ਸਰਟੀਫਿਕੇਟ ਵੀ ਦਿੱਤਾ ਗਿਆ ਸੀ ਅੰਗਰੇਜ਼ ਅਫ਼ਸਰ ਵੱਲੋਂ।
ਅੰਗਰੇਜ਼ ਆਪਣੇ ਲਈ ਲੜਨ ਵਾਲਿਆਂ ਦੀ 'ਕਦਰ' ਪਾ ਰਿਹਾ ਸੀ। ਉਹਨਾਂ ਲਈ ਵਫ਼ਾਦਾਰ ਰਹਿਣ ਤੇ ਲੜਨ ਮਰਨ ਵਾਲਿਆਂ ਦੀ ਯਾਦਗ਼ਾਰੀ ਸਿਲ ਲਾ ਕੇ ਨਵੀਂ ਪੀੜ੍ਹੀ ਦੇ ਮਨਾਂ ਵਿਚ ਆਪਣੀ ਵਫ਼ਾਦਾਰੀ ਬਣਾਈ ਰੱਖਣ ਦੀ ਨੀਂਹ ਪੱਕੀ ਕਰ ਰਿਹਾ ਸੀ, ਪਰ ਦੂਜੇ ਪਾਸੇ ਦੇਸ਼ ਲਈ ਲੜਨ ਵਾਲਿਆਂ ਸੂਰਬੀਰਾਂ ਸ਼ਹੀਦਾਂ ਨੂੰ ਭੁਲਾ ਵਿਸਾਰ ਦਿੱਤਾ ਗਿਆ ਸੀ ਤੇ ਜਾਂ ਉਹਨਾਂ ਬਾਰੇ ਡਾਕੂ, ਕਾਤਲ ਤੇ ਲੁਟੇਰੇ ਹੋਣ ਦਾ ਜਾਲ਼ ਬੁਣ ਦਿੱਤਾ ਸੀ ਜਿਸ ਵਿਚ ਫਸੇ ਉਹ ਤੜਫ਼ ਰਹੇ ਸਨ। ਬਾਬੇ ਇੰਦਰ ਸਿੰਘ ਨੇ ਆਪਣੇ ਕੋਲੋਂ ਪੈਸੇ ਖ਼ਰਚ ਕੇ ਪਿੰਡ ਦੀ ਪਹੁੰਚ-ਸੜਕ 'ਤੇ ਦੋ ਕਨਾਲ ਜ਼ਮੀਨ ਖ਼ਰੀਦੀ ਸੀ। ਉਸ ਵਿਚ ਇੱਕ ਸ਼ਹੀਦੀ ਲਾਟ ਬਣਾ ਕੇ ਉਸ ਉੱਤੇ ਗ਼ਦਰੀ ਸ਼ਹੀਦਾਂ ਅਤੇ ਹੋਰ ਕੁਰਬਾਨੀ ਵਾਲੇ ਲੋਕਾਂ ਦੇ ਨਾਂ ਖੁਦਵਾ ਦਿੱਤੇ ਸਨ। ਵਿਚ ਨਿੱਕਾ ਜਿਹਾ ਬਗ਼ੀਚਾ ਵੀ ਲਵਾ ਦਿੱਤਾ ਸੀ। ਪਿੰਡ ਦੇ ਅਗਾਂਹਵਧੂ ਨੌਜਵਾਨਾਂ ਤੇ ਕੁਰਬਾਨੀ ਵਾਲੇ ਪਰਿਵਾਰਾਂ ਦੇ ਸਿਆਣੇ ਬੰਦਿਆਂ ਦੀ ਕਮੇਟੀ ਵੀ ਬਣਵਾ ਦਿੱਤੀ ਸੀ। ਪਹਿਲਾਂ ਬਾਬਾ ਇੰਦਰ ਸਿੰਘ, ਫਿਰ ਅਰਜਨ ਸਿੰਘ ਤੇ ਹੁਣ ਕੁਝ ਸਾਲਾਂ ਤੋਂ ਜਗਜੀਤ ਇਸ ਕਮੇਟੀ ਦਾ ਪ੍ਰਧਾਨ ਸੀ।
ਸਤਵੇਂ ਦਹਾਕੇ ਦੇ ਮੁਢਲੇ ਸਾਲਾਂ ਵਿਚ ਅਗਾਂਹਵਧੂ ਲਹਿਰ ਵਿਚ ਆਏ ਉਭਾਰ ਕਾਰਨ ਕਮੇਟੀ ਨੂੰ ਚਲਾਉਣ ਵਾਲੇ ਆਗੂ ਨੌਜਵਾਨਾਂ ਨੇ ਪਿੰਡ ਤੇ ਇਲਾਕੇ ਵਿਚੋਂ ਉਗਰਾਹੀ ਕਰ ਕੇ ਅਤੇ ਬਾਹਰਲੇ ਮੁਲਕਾਂ ਵਿਚ ਰਹਿੰਦੇ ਪਿੰਡ ਵਾਸੀਆਂ ਨੂੰ ਵੰਗਾਰ ਕੇ ਮਾਇਆ ਇਕੱਤਰ ਕੀਤੀ ਤੇ ਏਥੇ ਇਕ ਛੋਟਾ ਹਾਲ ਕਮਰਾ ਵੀ ਬਣਵਾ ਦਿੱਤਾ। ਹਾਲ ਵਿਚ ਮੇਜ਼ ਕੁਰਸੀਆਂ ਲਾ ਕੇ ਅਖ਼ਬਾਰਾਂ ਰਿਸਾਲਿਆਂ ਦਾ ਹੀ ਪ੍ਰਬੰਧ ਨਹੀਂ ਸੀ ਕੀਤਾ ਸਗੋਂ ਚੰਗੇ ਸਾਹਿਤ ਤੇ ਇਨਕਲਾਬੀ ਇਤਿਹਾਸ ਨਾਲ ਸੰਬੰਧਿਤ ਪੁਸਤਕਾਂ ਵਾਲੀ ਲਾਇਬ੍ਰੇਰੀ ਵੀ ਚਾਲੂ ਕਰ ਦਿੱਤੀ ਸੀ। ਕੋਈ ਨਾ ਕੋਈ ਨੌਜਵਾਨ ਵਾਰੀ ਨਾਲ ਲਾਇਬ੍ਰੇਰੀ ਦੀ ਦੇਖ-ਭਾਲ ਲਈ ਤੇ ਕਿਤਾਬਾਂ ਇਸ਼ੂ ਕਰਨ ਲਈ ਵੀ ਓਥੇ ਬੈਠਣ ਲੱਗਾ। ਬਾਬੇ ਇੰਦਰ ਸਿੰਘ ਦੇ ਚੜ੍ਹਾਈ ਕਰ ਜਾਣ ਪਿੱਛੋਂ ਅਰਜਨ ਸਿੰਘ ਆਪ ਤੇ ਉਹਦੇ ਦੋਵੇਂ ਪੁੱਤ ਲਾਇਬ੍ਰੇਰੀ ਨੂੰ ਬਨਾਉਣ, ਚਲਾਉਣ ਤੇ ਖੋਲ੍ਹਣ ਵਿਚ ਸਦਾ ਅੱਗੇ ਅੱਗੇ ਰਹੇ ਸਨ।
ਪਿਛਲੇ ਦਹਾਕੇ ਵਿਚ ਯਾਦਗ਼ਾਰ ਨਾਲ ਜੁੜੇ ਨੌਜਵਾਨ ਜਾਂ ਤਾਂ ਕੰਮਾਂ ਧੰਦਿਆਂ 'ਤੇ ਜਾ ਲੱਗੇ ਸਨ ਤੇ ਜਾਂ ਸਮੇਂ ਨਾਲ ਕਈਆਂ ਦੀ 'ਲਾਲੀ' ਫਿੱਕੀ ਪੈ ਗਈ ਸੀ। ਕੁਝ ਦੀ 'ਲਾਲੀ' ਤਾਂ 'ਨਿਲੱਤਣ' ਵਿਚ ਵੀ ਵਟ ਗਈ ਸੀ। ਕੁਝ ਲੋਕ, ਆਪਣੀ ਲਾਲਸਾ ਨੂੰ ਪੱਠੇ ਪਾਉਣ ਲਈ, ਕੁਝ ਨਵੇਂ ਹਾਲਾਤ ਦੇ ਦਬਾਓ ਅਧੀਨ, ਕੁਝ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਡਰੇ ਡਰਾਏ ਕਮੇਟੀ ਵਿਚ ਆਪਣੀ ਮਰਜ਼ੀ ਦੀ ਤਬਦੀਲੀ ਕਰਨਾ ਚਾਹੁੰਦੇ ਸਨ ਤੇ ਯਾਦਗ਼ਾਰ ਨੂੰ ਵਰਤਣਾ ਵੀ ਆਪਣੇ ਮਕਸਦ ਲਈ ਲੋੜਦੇ ਸਨ। ਉਹਨਾਂ ਦੇ ਮਕਸਦ ਦੀ ਸੂਹ ਅਰਜਨ ਸਿੰਘ ਨੂੰ ਵੀ ਮਿਲਦੀ ਰਹਿੰਦੀ ਸੀ। ਇਸ ਤਬਦੀਲੀ ਲਈ ਵਿਰੋਧੀ ਧੜੇ ਨੇ ਸਕੱਤਰ ਮੋਹਨ ਸਿੰਘ ਤੇ ਪ੍ਰਧਾਨ ਜਗਜੀਤ ਸਿੰਘ ਦੀ ਸਲਾਹ ਅਤੇ ਮਰਜ਼ੀ ਤੋਂ ਬਿਨਾਂ ਹੀ ਮੀਟਿੰਗ ਵੀ ਸੱਦ ਲਈ। ਪਿੰਡ ਵਿਚ ਢੋਲ ਵੀ ਮਰਵਾ ਦਿੱਤਾ।
ਅੱਜ ਕੱਲ੍ਹ ਉਹਨਾਂ ਦਾ 'ਰਾਜ' ਸੀ। ਬੇਮੁਹਾਰ ਹਥਿਆਰਾਂ ਦੀ ਤਾਕਤ ਸੀ ਉਹਨਾਂ ਦੀ ਪਿੱਠ ਪਿੱਛੇ। ਇਕੱਠ ਵਾਲੇ ਦਿਨ ਕਾਮਰੇਡ ਜਗਜੀਤ ਨੇ ਤਾਂ ਓਥੇ ਜਾਣਾ ਬਿਹਤਰ ਨਾ ਸਮਝਿਆ। ਅੱਗ ਵਾਂਗ ਭਖ਼ਦੇ ਮਾਹੌਲ ਵਿਚ ਛਾਲ ਮਾਰਨੋਂ ਝਿਜਕਦਾ ਸੀ ਉਹ। ਉਂਝ ਵੀ ਮੀਟਿੰਗ ਕਿਹੜੀ ਕਮੇਟੀ ਦੇ ਨਿਸਚਿਤ ਸੰਵਿਧਾਨ ਅਨੁਸਾਰ ਹੋ ਰਹੀ ਸੀ! ਹਿੱਕ ਦੇ ਧੱਕੇ ਵਾਲਿਆਂ ਦਾ ਆਪ-ਮੁਹਾਰਾ ਇਕੱਠ ਸੀ। ਪਰ ਅਰਜਨ ਸਿੰਘ ਨੇ ਨੀਲੀ ਦਸਤਾਰ ਬੱਧੀ ਤੇ ਹੱਥ ਵਿਚ ਤਿੰਨ ਫੁੱਟੀ ਕਿਰਪਾਨ ਲੈ ਕੇ ਇਕੱਠ ਵਿਚ ਇੱਕ ਨੁੱਕਰੇ ਜਾ ਖਲੋਤਾ। ਕਿਸੇ ਨੇ ਉਹਦੀ ਬਜ਼ੁਰਗ਼ੀ ਦਾ ਖਿਆਲ ਰੱਖਦਿਆਂ ਉਸਨੂੰ ਬੈਠਣ ਵਾਸਤੇ ਵੀ ਨਾ ਕਿਹਾ। ਆਪ ਉਸਨੇ ਬੈਠਣਾ ਮੁਨਾਸਬ ਹੀ ਨਾ ਸਮਝਿਆ। ਇਕ ਧੜੇ ਦੇ ਕੁਝ ਕੁ ਕਮੇਟੀ ਮੈਂਬਰਾਂ ਤੋਂ ਇਲਾਵਾ ਪਿੰਡ ਦੀ ਹੋਰ ਮੁੰਡ੍ਹੀਰ ਵੀ ਤਮਾਸ਼ਾ ਵੇਖਣ ਲਈ ਆਣ ਜੁੜੀ ਸੀ ਤੇ ਕੁਰਸੀਆਂ 'ਤੇ 'ਬਿਰਾਜਮਾਨ' ਸੀ। ਬਹੁਤੇ ਮੈਂਬਰ ਮਰਜ਼ੀ ਨਾਲ ਜਾਂ ਇਸ ਝਗੜੇ ਤੋਂ ਡਰਦੇ ਆਏ ਹੀ ਨਹੀਂ ਸਨ। ਕੌਣ ਬਲਦੀ ਦੇ ਬੁੱਥੇ ਆਉਂਦਾ!
'ਲੈਫ਼ਟੀਨੈਂਟ ਜਨਰਲ' ਗੁਰਜੀਤ ਦਾ ਵੱਡਾ ਭਰਾ ਅਜਾਇਬ ਸਿੰਘ ਆਖਣ ਲੱਗਾ, "ਸਾਧ ਸੰਗਤ ਜੀ! ਅੱਜ ਜਦੋਂ ਕੌਮ ਆਪਣੀ ਅਜ਼ਾਦੀ ਦੀ ਲੜਾਈ ਲੜ ਰਹੀ ਆ ਤਾਂ ਕਾਮਰੇਡ ਸਰਕਾਰ ਦਾ ਸਾਥ ਦੇ ਕੇ ਪੰਥ ਨਾਲ ਧ੍ਰੋਹ ਕਮਾ ਰਹੇ ਹਨ। ਸਾਡੀ ਪਹਿਲੀ ਮੰਗ ਤਾਂ ਇਹ ਹੈ ਕਿ ਕਮੇਟੀ ਦਾ ਪ੍ਰਧਾਨ ਕੋਈ 'ਕਾਮਰੇਡ' ਨਹੀਂ ਹੋਣਾ ਚਾਹੀਦਾ। ਉਂਝ ਵੀ ਖ਼ਾਲਸਾ ਜੀ! ਇਹ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਜੋ ਵਰ੍ਹਿਆਂ ਤੋਂ ਇਕੋ ਪਰਿਵਾਰ ਦਾ ਹੀ ਕੋਈ ਨਾ ਕੋਈ ਬੰਦਾ ਇਹਦਾ ਪ੍ਰਧਾਨ ਤੁਰਿਆ ਆਵੇ!"
ਅਕਾਲੀ ਵਿਚਾਰਾਂ ਦਾ ਕਮੇਟੀ ਮੈਂਬਰ ਭਜਨ ਸਿੰਘ ਹੁੰਗਾਰਿਆ, "ਹੂੰ, ਹੂੰ, ਆਹੋ। ਅਸੀਂ ਤਾਂ ਕਈ ਚਿਰ ਦੇ ਆਂਹਦੇ ਆਂ।"
ਉਹ ਵੀ ਪਿੰਡ ਦੇ ਕਿਸੇ ਗ਼ਦਰੀ ਪਰਿਵਾਰ ਦਾ ਪੋਤਰਾ ਸੀ। ਇਸੇ ਕਰਕੇ ਕਮੇਟੀ ਦਾ ਮੈਂਬਰ ਸੀ। ਬਹੁਤੇ ਮੈਂਬਰ ਹੈ ਈ ਉਹ ਸਨ ਜਿਹਨਾਂ ਦਾ ਕੋਈ ਨਾ ਕੋਈ ਵਡੇਰਾ ਗ਼ਦਰ ਪਾਰਟੀ ਵਿਚ ਸ਼ਾਮਲ ਰਿਹਾ ਸੀ ਜਾਂ ਜਿਨ੍ਹਾਂ ਦੇ ਕਿਸੇ ਬਜ਼ੁਰਗ ਨੇ ਗੁਰਦਵਾਰਿਆਂ ਨੂੰ ਆਜ਼ਾਦ ਕਰਾਉਣ ਲਈ ਕਿਸੇ ਮੋਰਚੇ ਵਿਚ ਜਾਂ ਕਿਸੇ ਕਿਸਾਨ ਮੋਰਚੇ ਵਿਚ ਆਜ਼ਾਦੀ ਤੋਂ ਪਹਿਲਾਂ ਕੈਦ ਕੱਟੀ ਸੀ। ਕੁਝ ਮੈਂਬਰ ਉਹ ਵੀ ਸਨ ਜਿਹੜੇ ਦਿੱਖ ਵਜੋਂ ਅਗਾਂਹਵਧੂ ਵਿਚਾਰਾਂ ਦੇ ਸਨ। ਕੁਝ ਸਾਲ ਪਹਿਲਾਂ ਜਦੋਂ ਗੁਰਜੀਤ ਦਾ ਵੱਡਾ ਭਰਾ ਅਜਾਇਬ ਸਿੰਘ ਇਸ ਕਮੇਟੀ ਦਾ ਮੈਂਬਰ ਬਣਿਆਂ ਸੀ ਤਾਂ ਉਹ ਵੀ 'ਕਾਮਰੇਡ' ਹੀ ਹੁੰਦਾ ਸੀ!
ਇਕੱਠ ਵਿਚ ਖ਼ਾਮੋਸ਼ੀ ਛਾ ਗਈ। ਸਾਰੇ ਅਰਜਨ ਸਿੰਘ ਦੇ ਮੂੰਹ ਵੱਲ ਵੇਖਣ ਲੱਗੇ। ਕੋਈ ਵੀ ਬੋਲ ਨਹੀਂ ਸੀ ਰਿਹਾ।
ਅਰਜਨ ਸਿੰਘ ਨੇ ਜੇਬ ਵਿਚੋਂ ਇਕ ਕਾਗਜ਼ ਕੱਢਿਆ ਤੇ ਲਾਗੇ ਖਲੋਤੇ ਮੁੰਡੇ ਦੇ ਹੱਥ ਵਿਚ ਫੜਾ ਦਿੱਤਾ। ਹੱਥੋ ਹੱਥ ਤੁਰਦਾ ਕਾਗ਼ਜ਼ ਮੁੱਖ ਬੁਲਾਰੇ ਕੋਲ ਪਹੁੰਚ ਗਿਆ। ਇਹ ਕਮੇਟੀ ਦੀ ਪ੍ਰਧਾਨਗੀ ਤੋਂ ਜਗਜੀਤ ਸਿੰਘ ਦਾ ਅਸਤੀਫ਼ਾ ਸੀ। ਅਜਾਇਬ ਸਿੰਘ ਨੇ ਬੜੇ ਉਤਸ਼ਾਹ ਵਿਚ ਪੜ੍ਹ ਕੇ ਸੁਣਾਇਆ। ਅੱਜ ਜਿਹੜੇ ਮੁੰਡੇ ਬਿੱਲੂ ਦੇ ਹੱਥ ਵਿਚ ਸਟੇਨ ਗੰਨ ਸੀ, ਉਹ ਉਹਨੀਂ ਦਿਨੀਂ ਅਜੇ 'ਭਗੌੜਾ' ਨਹੀਂ ਸੀ ਹੋਇਆ। ਉਸਨੇ ਜ਼ੋਰ ਦੀ ਜੈਕਾਰਾ ਬੁਲਾਇਆ ਅਤੇ ਫਿਰ ਆਪ ਹੀ ਪਹਿਲਾਂ ਸੋਚਿਆ ਫ਼ੈਸਲਾ ਸੁਣਾ ਦਿੱਤਾ, "ਲੈਫ਼ਟੀਨੈਂਟ ਜਰਨੈਲ ਗੁਰਜੀਤ ਸਿੰਘ ਦੇ ਵੱਡੇ ਭਾ ਜੀ ਸਰਦਾਰ ਅਜਾਇਬ ਸਿੰਘ ਅੱਜ ਤੋਂ ਏਸ ਕਮੇਟੀ ਦੇ ਪ੍ਰਧਾਨ ਹੋਏ।" ਮੁੰਡ੍ਹੀਰ ਵਿਚੋਂ ਕਿਸੇ ਨੇ ਫੇਰ ਜੈਕਾਰਾ ਛੱਡਿਆ।
ਅੰਦਰੇ ਅੰਦਰ ਅਰਜਨ ਸਿੰਘ ਨੂੰ ਆਪਣੇ ਇਕੱਲੇ ਰਹਿ ਜਾਣ 'ਤੇ ਸ਼ਰਮਿੰਦਗੀ ਆਈ। ਉਸਨੂੰ 'ਕਾਮਰੇਡਾਂ' 'ਤੇ ਗੁੱਸਾ ਵੀ ਆਇਆ ਕਿ ਉਹਨਾਂ ਦੀ ਧਿਰ ਖੁਰਦੀ ਖੁਰਦੀ ਅਸਲੋਂ ਹੀ ਕਿਉਂ ਖੁਰ ਗਈ ਸੀ! ਉਹਨਾਂ ਵਿਚੋਂ ਜਾਂ ਉਹਨਾਂ ਵੱਲੋਂ ਕੋਈ ਤਾਂ ਬੋਲਣ ਵਾਲਾ ਹੁੰਦਾ ਏਥੇ!
ਚੁਣੀ ਹੋਈ ਕਮੇਟੀ ਦੇ ਪੰਝੀ ਬੰਦਿਆਂ ਵਿਚੋਂ ਉਹਦੇ ਆਪਣੇ ਸਣੇ ਮਸਾਂ ਸੱਤ ਮੈਂਬਰ ਹਾਜ਼ਰ ਸਨ। ਬਾਕੀ ਭੀੜ ਤਾਂ ਤਮਾਸ਼ਬੀਨਾਂ ਦੀ ਸੀ। ਨਵਾਂ ਬਣਿਆਂ 'ਪ੍ਰਧਾਨ' ਕਹਿਣ ਲੱਗਾ, "ਸਾਧ ਸੰਗਤ ਜੀ! ਬਾਕੀ ਮੈਂਬਰ ਅਸੀਂ ਆਪੇ ਹੀ ਆਪਸ ਵਿਚ ਬੈਠ ਕੇ ਆਪਸੀ ਸਲਾਹ ਨਾਲ ਚੁਣ ਲਵਾਂਗੇ। ਦੂਜੀ ਗੱਲ ਜਿਹੜੀ ਅਸੀਂ ਸਭ ਤੋਂ ਪਹਿਲਾਂ ਕਰਨੀ ਏਂ ਉਹ ਇਹ ਹੈ ਕਿ ਅਸੀਂ ਲਾਇਬ੍ਰੇਰੀ ਵਿਚ ਲੱਗੀਆਂ ਇਹਨਾਂ ਦੇਸ਼ ਭਗਤਾਂ ਦੀਆਂ ਤਸਵੀਰਾਂ ਦੇ ਨਾਲ 'ਆਪਣੇ ਹੁਣ ਵਾਲੇ ਏਸ ਦੌਰ ਦੇ ਧਰਮ ਯੁਧ ਦੇ ਸ਼ਹੀਦਾਂ ਸੂਰਮਿਆਂ' ਦੀਆਂ ਤਸਵੀਰਾਂ ਵੀ ਲਾਉਣੀਆਂ ਨੇ ਤਾਕਿ ਉਹਨਾਂ ਦੀ ਯਾਦ ਵੀ ਰਹਿੰਦੀ ਦੁਨੀਆਂ ਤੱਕ ਪੰਥ ਦੇ ਚੇਤਿਆਂ ਵਿਚ ਜਿਊਂਦੀ ਰਹਿ ਸਕੇ।"
ਨਾਲ ਖਲੋਤੇ ਬਿੱਲੂ ਨੇ ਫਿਰ ਤੋਂ ਜੈਕਾਰਾ ਛੱਡਿਆ।
"ਖਲੋ ਜਾ ਉਏ! ਭੂਤਰੀ ਮੁੰਡ੍ਹੀਰੇ!"
ਅੱਗ ਭਬੂਕਾ ਹੋ ਕੇ ਅਰਜਨ ਸਿੰਘ ਗਰਜਿਆ। ਲ਼ਾਲ ਅੱਖਾਂ। ਤਪਦਾ ਚਿਹਰਾ।
ਉਹ 'ਨਵੇਂ ਚੁਣੇ ਪ੍ਰਧਾਨ' ਨੂੰ ਸਿੱਧਾ ਮੁਖ਼ਾਤਬ ਹੋਇਆ, "ਬਾਕੀ ਮੈਂਬਰ ਤੂੰ ਆਪੇ ਆਪਣੀ ਸਲਾਹ ਨਾਲ ਚੁਣ ਲਏਂਗਾ! ਹੈਂਅ! ਕਿਉਂ ਤੇਰੇ ਪਿਉ ਦਾ ਰਾਜ ਆ ਉਏ! ਤੇ ਜਿਹੜੇ 'ਸ਼ਹੀਦਾਂ' ਦੀਆਂ ਤੂੰ ਏਥੇ ਫੋਟੋ ਲਾਉਣਾ ਚਾਹੁੰਦੈਂ, ਉਹਨਾਂ ਦੀ ਗੱਲ ਤਾਂ ਬਾਅਦ 'ਚ ਕਰਦਾਂ ਪਹਿਲਾਂ ਐਥੇ ਹੀ ਮੇਰੇ ਹੱਥੋਂ ਜਿਹੜਾ ਮਾਈ ਦਾ ਲਾਲ ਸ਼ਹੀਦ ਹੋਣਾ ਚਾਹੁੰਦੈ, ਉਹਦੀ ਫੋਟੋ ਲਾਇਓ ਏਥੇ। ਹੁਣ ਅੱਗੇ ਆਵੇ ਕੋਈ ਆਪਣੀ ਤਸਵੀਰ ਲਵਾਉਣ ਵਾਲਾ! ਮੈਂ ਛਕਾਉਂਦਾ ਉਹਨੂੰ ਸ਼ਹੀਦੀ ਬਾਟਾ!" ਉਸਨੇ ਪਿੱਛੇ ਹਟ ਕੇ ਮਿਆਨ 'ਚੋਂ ਲਿਸ਼ਕਦੀ ਤਲਵਾਰ ਕੱਢ ਕੇ ਵਾਰ ਕਰਨ ਵਰਗਾ ਪੈਂਤੜਾ ਲੈ ਲਿਆ। ਸਭ ਨੂੰ ਸੱਪ ਸੁੰਘ ਗਿਆ। ਮੂੰਹਾਂ ਉੱਤੋਂ ਹਵਾਈਆਂ ਛੁੱਟਣ ਲੱਗੀਆਂ।
"ਉਸ ਠੇਠਰ ਦੀ ਫੋਟੋ ਲਾਉਣੀ ਜੇ ਏਥੇ ਜਿਹੜਾ ਗਰੀਬ ਜੱਟਾਂ ਦੀ ਧੀ ਦੀ ਇਜ਼ਤ ਕਮਾਦਾਂ ਵਿਚ ਰੋਲਦਾ ਰਿਹਾ ਤੇ ਫਿਰ ਘੇਰਾ ਪੈਣ 'ਤੇ 'ਸ਼ਹੀਦ' ਹੋ ਗਿਆ!"
ਅਰਜਨ ਸਿੰਘ ਨੇ ਆਪਣੇ ਹੀ ਭਾਈਚਾਰੇ ਦੇ ਉਸ ਮੁੰਡੇ ਦਾ ਜ਼ਿਕਰ ਕੀਤਾ ਜਿਹੜਾ ਆਪਣੇ ਗੁਪਤਵਾਸ ਸਮੇਂ ਕਿਸੇ ਬਹਿਕ 'ਤੇ ਅਕਸਰ ਜਾਂਦਾ ਰਹਿੰਦਾ ਸੀ। ਜਿਸਨੇ ਉਹਨਾਂ ਦੀ ਮੁਟਿਆਰ ਧੀ ਫੁਸਲਾ ਕੇ ਆਪਣੇ ਨਾਲ ਭਜਾ ਲਈ ਸੀ ਤੇ ਉਸਦੀ ਪਤ ਰੋਲਦਾ ਰਿਹਾ ਸੀ। ਉਸ ਗ਼ਰੀਬ ਕਿਸਾਨ ਨੇ ਆਪਣੀ ਧੀ ਮੋੜ ਦੇਣ ਲਈ ਕਈ ਥਾਈਂ ਟੱਕਰਾਂ ਮਾਰੀਆਂ ਸਨ। ਤਰਲੇ ਲਏ ਸਨ। ਅਰਜਨ ਸਿੰਘ ਨੂੰ ਅਸਰ-ਰਸੂਖ ਵਾਲਾ ਬੰਦਾ ਸਮਝ ਕੇ ਉਹ ਉਸ ਕੋਲ ਵੀ ਆਇਆ ਸੀ। ਉਹਦੀ ਧੀ ਤਾਂ ਮੁੰਡੇ ਦੇ ਮਾਰੇ ਜਾਣ ਤੋਂ ਪਿੱਛੋਂ ਪੁਲਿਸ ਨੂੰ ਅਰਧ-ਕਮਲੀ ਹੋਈ ਕਮਾਦ ਵਿਚੋਂ ਮਿਲੀ ਸੀ।
ਕਿਸੇ ਦੇ ਮੂੰਹ ਵਿਚ ਜਿਵੇਂ ਜ਼ਬਾਨ ਨਹੀਂ ਸੀ।
"ਆਓ ਤਾਂ ਸਹੀ ਕੋਈ ਅੱਗੇ। ਮੈਂ ਤਾਂ ਮਰਨਾ ਠਾਣ ਲਿਐ। ਪਰ ਤੁਹਾਨੂੰ ਕਿਸੇ ਨਾ ਕਿਸੇ ਨੂੰ 'ਸ਼ਹੀਦੀ ਜਾਮ' ਪਿਆ ਕੇ ਈ ਮਰੂੰ। ਤੇ ਤੂੰ ਕਹਿੰਦੈਂ ਇਹ ਯਾਦਗ਼ਾਰ ਕਿਸੇ ਦੀ 'ਨਿੱਜੀ ਜਾਇਦਾਦ' ਨਹੀਂ! ਜੇ ਫੇਰ ਪੁੱਛਦੈਂ ਤਾਂ ਇਹ ਮੇਰੀ 'ਨਿੱਜੀ ਜਾਇਦਾਦ' ਈ ਊ ਉਏ! ਇਸ ਕਰਕੇ ਨਹੀਂ ਕਿ ਮੇਰੇ ਪਿਓ ਨੇ ਆਪਣੇ ਪੱਲਿਓ ਪੈਸੇ ਖ਼ਰਚ ਕੇ ਇਹ ਥਾਂ ਖ਼ਰੀਦੀ ਸੀ ਤੇ ਏਥੇ ਯਾਦਗ਼ਾਰ ਉਸਾਰੀ ਸੀ। ਇਹ ਮੇਰੀ 'ਨਿੱਜੀ ਜਾਇਦਾਦ' ਇਸ ਕਰਕੇ ਹੈ ਕਿ ਇਹ ਜਿਨ੍ਹਾਂ ਦੀ ਯਾਦ ਵਿਚ ਉਸਾਰੀ ਗਈ ਹੈ, ਉਹ ਸਾਰੇ ਮੇਰੇ ਆਪਣੇ 'ਨਿੱਜੀ' ਸਨ, ਮੇਰੇ 'ਨਿਗਦੇ' ਸਨ। ਉਹ ਕਿਸੇ ਨਿੱਜੀ ਰਿਸ਼ਤੇ ਕਰਕੇ ਨਹੀਂ, ਵਿਚਾਰਾਂ ਦੀ ਸਾਂਝ ਕਰਕੇ ਮੇਰੇ ਆਪਣੇ ਨੇ। ਉਹਨਾਂ ਦੇ ਵਿਚਾਰਾਂ ਦੀ, ਉਹਨਾਂ ਦੇ ਅਮਲਾਂ ਦੀ ਵਿਰਾਸਤ ਮੇਰੀ ਆਪਣੀ ਹੈ। ਮੇਰੀ 'ਨਿੱਜੀ'। ਇਹ ਧਰਮ-ਨਿਰਪੱਖ, ਅਗਾਂਹਵਧੂ ਵਿਚਾਰਾਂ ਵਾਲੀ ਤੇ ਸਰਬੱਤ ਦਾ ਭਲਾ ਚਾਹੁਣ ਵਾਲੀ ਵਿਰਾਸਤ ਹੀ ਮੇਰੀ 'ਨਿੱਜੀ ਜਾਇਦਾਦ' ਹੈ। ਮੈਂ ਇਸ ਨਿੱਜੀ ਜਾਇਦਾਦ 'ਤੇ ਇੰਜ ਕਿਸੇ ਡਾਕਾ ਨਹੀਂ ਪੈਣ ਦੇਣਾ ਉਏ!"
ਉਸਦੀ ਨਜ਼ਰ ਅਚਨਚੇਤ ਆਪਣੇ ਸੱਜੇ-ਖੱਬੇ ਆਣ ਖੜੋਤੇ ਦੋ ਨੌਜਵਾਨਾਂ ਵੱਲ ਮੁੜੀ। ਉਹਦੇ ਦੋਵੇਂ ਪੋਤਰੇ ਸਨ। ਮਸ-ਫੁੱਟ। ਜਵਾਨੀ ਦੀਆਂ ਬਰੂਹਾਂ ਦੇ ਆਰ-ਪਾਰ ਖਲੋਤੇ ਦਰਸ਼ਨੀ ਜਵਾਨ। ਹੱਥਾਂ ਵਿਚ ਹਾਕੀ-ਸਟਿੱਕਾਂ ਮਜ਼ਬੂਤੀ ਨਾਲ ਫੜ੍ਹੀਆਂ ਹੋਈਆਂ। ਉਹਨਾਂ ਦੋਵਾਂ ਵੱਲ ਤਰਦੀ ਝਾਤੀ ਸੁੱਟ ਕੇ ਉਸਨੇ ਲਲਕਾਰਾ ਮਾਰਿਆ ਤੇ ਕੁਰਸੀ ਮੱਲ ਕੇ ਬੈਠੇ ਕਿਸੇ ਵਾਫ਼ਰ ਮੁੰਡੇ ਦੀ ਕੁਰਸੀ ਨੂੰ ਪਾਸੇ ਧੱਕਿਆ, "ਪਾਸੇ ਹੋ ਉਏ ਛੋਕਰਿਆ! ਰਾਹ ਛੱਡ।"
ਤੇ ਉਹ ਉੱਘਰੀ ਕਿਰਪਾਨ ਲੈ ਕੇ ਇਕੱਠ ਦੇ ਵਿਚਕਾਰ ਜਾ ਖਲੋਤਾ ਤੇ ਲਲਕਾਰਾ ਮਾਰਿਆ,
"ਏਥੇ ਕਿਉਂਕਿ ਕਮੇਟੀ ਦੀ ਮੀਟਿੰਗ ਈ ਸੱਦੀ ਗਈ ਏ, ਭਾਵੇਂ ਇਹ ਠੀਕ ਆ ਜਾਂ ਗ਼ਲਤ, ਇਹਦਾ ਫ਼ੈਸਲਾ ਵੀ ਹੋ ਜਾਊ। ਪਰ ਹਾਲ ਦੀ ਘੜੀ ਜਿਹੜਾ ਕਮੇਟੀ ਦਾ ਮੈਂਬਰ ਏ ਉਹ ਈ ਏਥੇ ਬੈਠਾ ਰਹੇ ਤੇ ਬਾਕੀ ਭਲੇਮਾਣਸ ਬਣ ਕੇ ਹਾਲ ਕਮਰੇ 'ਚੋਂ ਬਾਹਰ ਹੋ ਜਾਓ। ਇਕ ਮਿੰਟ ਵਿਚ। ਫੇਰ ਨਾ ਆਖਿਓ। ਭਗਉਤੀ ਮੇਰੇ ਹੱਥ 'ਚ ਏ। ਕਿਤੇ ਇਹ ਗੁਰੂ ਦੇ ਹੁਕਮ ਨਾਲ ਚੱਲ ਨਾ ਜਾਵੇ! ਤੁਹਾਡਾ ਏਥੇ ਕੋਈ ਕੰਮ ਨਹੀਂ।"
ਕਿਰਨ-ਮ-ਕਿਰਨੀ ਸਾਰਾ ਛੋਕਰ-ਵਾਧਾ ਉੱਠ ਕੇ ਬਾਹਰ ਨੂੰ ਤੁਰ ਪਿਆ। "ਵਾਧਾ ਕਰਦਾ ਏਂ ਤੂੰ ਚਾਚਾ ਅਰਜਨ ਸਿਅਹਾਂ!" ਅਕਾਲੀ ਮੈਂਬਰ ਭਜਨ ਸਿੰਘ ਨੇ ਕਿਹਾ।
ਹੁਣ ਸਿਰਫ਼ ਅਰਜਨ ਸਿੰਘ ਦੇ ਦੋਵਾਂ ਪੋਤਰਿਆਂ ਤੋਂ ਇਲਾਵਾ ਕਮੇਟੀ ਦੇ ਚੁਣੇ ਹੋਏ ਸੱਤ ਮੈਂਬਰ ਹੀ ਹਾਲ ਵਿਚ ਰਹਿ ਗਏ ਸਨ।
"ਮੁੰਡਿਓ! ਤੁਸੀਂ ਵੀ ਬਾਹਰ ਜਾ ਕੇ ਖਲੋਵੋ।"
ਅਰਜਨ ਸਿੰਘ ਨੇ ਆਪਣੇ ਪੋਤਰਿਆਂ ਨੂੰ ਕਿਹਾ ਤੇ ਫਿਰ ਭਜਨ ਸਿੰਘ ਨੂੰ ਮੁਖ਼ਾਤਬ ਹੋਇਆ,
"ਵਾਧਾ ਤਾਂ ਤੂੰ ਕੀਤੈ ਭਜਨ ਸਿਅਹਾਂ! ਕਈ ਚਿਰ ਦਾ ਤੂੰ ਆਪ ਪ੍ਰਧਾਨਗੀ ਲਈ ਖੁੱਡ ਪੁੱਟਦਾ ਪਿਆ ਸੈਂ ਅੰਦਰੇ ਅੰਦਰ। ਸਾਨੂੰ ਭਲਾ ਇਸਦੀ ਖ਼ਬਰ ਨਹੀਂ ਸੀ! ਪਰ ਆਹ ਕੀ ਤਰੀਕਾ ਵਰਤਿਆ ਈ! ਮੁੰਡਿਆਂ ਦੇ ਹਥਿਆਰਾਂ ਦੇ ਜ਼ੋਰ 'ਤੇ ਪ੍ਰਧਾਨਗੀ ਹਥਿਆਉਣਾ ਚਾਹੁੰਦਾ ਸੈਂ ਨਾ! ਮਿਲੀ ਤੈਨੂੰ ਉਹ ਵੀ ਨਾ। ਪ੍ਰਧਾਨਗੀ ਤਾਂ ਲੈ ਗਿਆ ਅਜੈਬ ਸੁੰਹ। ਪਰ ਅਜੈਬ ਸਿਅਹਾਂ! ਪ੍ਰਧਾਨ ਤੂੰ ਵੀ ਨਹੀਂ। ਕਿਉਂਕ ਇਹ ਮੀਟਿੰਗ ਨਿਯਮ ਅਨੁਸਾਰ ਨਹੀਂ ਸੱਦੀ ਗਈ। ਤੇ ਜੇ ਇਸ ਮੀਟਿੰਗ ਨੂੰ ਜਾਇਜ਼ ਸੱਦਿਆ ਮੰਨ ਵੀ ਲਈਏ ਤਾਂ ਅਹੁਦੇਦਾਰਾਂ ਨੂੰ ਅਹੁਦੇ ਤੋਂ ਲਾਹੁਣ ਲਈ ਕੋਰਮ ਪੂਰਾ ਨਹੀਂ। ਤੇ ਤੂੰ ਤਾਂ ਕਿਸੇ ਸੂਰਤ ਵਿਚ ਪ੍ਰਧਾਨ ਬਣ ਈ ਨਹੀਂ ਸਕਦਾ ਕਿਉਂਕਿ ਕਮੇਟੀ ਦੇ ਵਿਧਾਨ ਅਨੁਸਾਰ ਮੁੱਖ ਅਹੁਦੇਦਾਰ ਸਿਰਫ਼ ਦੇਸ਼ ਭਗਤਾਂ ਦੇ ਪਰਿਵਾਰਾਂ ਵਿਚੋਂ ਈ ਕੋਈ ਬਣ ਸਕਦੈ। ਜਿੱਥੋਂ ਤੱਕ ਸਾਡੇ ਟੱਬਰ ਦੀ ਗੱਲ ਏ, ਅਸੀਂ ਅੱਗੇ ਤੋਂ ਪ੍ਰਧਾਨਗੀ ਛੱਡੀ। ਪਰਿਵਾਰਵਾਦ ਵਾਲੀ ਗੱਲ ਹੈ ਈ ਮਾੜੀ। ਪਰ ਸਾਨੂੰ ਅੱਗੇ ਲਾਉਂਦੇ ਵੀ ਤਾਂ ਤੁਸੀਂ ਹੀ ਰਹੇ ਓ। ਭਜਨ ਸਿਅਹਾਂ! ਜੇ ਕਮੇਟੀ ਮੈਂਬਰ ਤੈਨੂੰ ਪ੍ਰਧਾਨ ਬਨਾਉਣਗੇ ਤਾਂ ਤੂੰ ਈ ਬਣ ਜਾਵੀਂ ਪਰ ਬਣੇਂਗਾ ਲੋਕ-ਰਾਜੀ ਢੰਗ ਨਾਲ। ਵੋਟਾਂ ਪੈ ਕੇ। ਤੇ ਜਿੰਨਾਂ ਚਿਰ ਨਵੇਂ ਪ੍ਰਧਾਨ ਦੀ ਚੋਣ ਲੋਕ-ਰਾਜੀ ਢੰਗ ਨਾਲ ਨਹੀਂ ਹੁੰਦੀ, ਓਨੇ ਦਿਨ ਏਥੇ ਮੇਰਾ ਡਿਕਟੇਟਰੀ ਰਾਜ ਚੱਲੂ। ਤੁਸੀਂ ਹੁਣ ਵਾਹਗੁਰੂ ਕਹਿ ਕੇ ਏਥੋਂ ਉੱਠੋ ਤੇ ਬਾਹਰ ਚੱਲੋ।"
"ਅਸੀਂ ਤਾਂ ਪਹਿਲਾਂ ਈ ਇਹਨਾਂ ਨੂੰ ਇਹ ਗੱਲ ਆਖਦੇ ਸਾਂ।" ਦੋ ਕੁ ਮੈਂਬਰਾਂ ਨੇ ਉੱਠਦਿਆਂ ਬੁੜ ਬੁੜ ਕੀਤੀ।
ਉਸ ਰਾਤ ਨੂੰ ਸਾਰਾ ਪਰਿਵਾਰ ਰੋਟੀ ਖਾ ਕੇ ਸੁਫ਼ੇ ਵਿਚ ਮੰਜਿਆਂ 'ਤੇ ਜੁੜ ਬੈਠੇ ਤਾਂ ਅਚਨਚੇਤ ਵੱਡੇ ਪੋਤਰੇ ਨੇ ਕਿੱਲੀ 'ਤੇ ਲਿਆ ਕੇ ਟੰਗੀ ਬਾਪੂ ਦੀ ਕਿਰਪਾਨ ਲਾਹ ਲਈ। ਫਿਰ ਉਹਨੂੰ ਮੁੱਠ ਤੋਂ ਫੜ੍ਹ ਕੇ ਥੋੜ੍ਹਾ ਕੁ ਮਿਆਨੋਂ ਬਾਹਰ ਕੱਢ ਕੇ ਹੱਸਿਆ, "ਅੱਜ ਬਾਪੂ ਜੀ ਦੇ ਹੱਥ ਫੜ੍ਹੀ ਕਿਰਪਾਨ ਦਾ ਚਮਤਕਾਰ ਵੇਖਿਆ। ਇੱਕੋ ਲਲਕਾਰਾ ਮਾਰਿਆ; ਸਭ ਕੱਚੇ ਪਿੱਲੇ ਝੜ ਗਏ ਤੇ ਹਾਲ ਵਿਚੋਂ ਬਾਹਰ ਹੋ ਗਏ।"
ਅਰਜਨ ਸਿੰਘ ਨੇ ਵਰਜਿਆ, "ਕਾਕਾ! ਕਿਰਪਾਨ ਐਵੇਂ ਇਸਤਰ੍ਹਾਂ ਮਿਆਨ ਵਿਚੋਂ ਬਾਹਰ ਨਹੀਂ ਕੱਢੀਦੀ!"
"ਕਿਉਂ ਬਾਪੂ ਜੀ?"
ਅਰਜਨ ਸਿੰਘ ਨੂੰ ਆਪਣਾ ਬਾਪੂ ਚੇਤੇ ਆਇਆ, "ਉਦੋਂ ਕੱਢੀਦੀ ਏ ਜਦੋਂ ਆਪਣਾ ਬਚਾਅ ਕਰਨਾ ਹੋਵੇ ਜਾਂ ਕਿਸੇ ਦੀਨ-ਦੁਖੀ ਦੀ ਰੱਖਿਆ ਕਰਨੀ ਹੋਵੇ!"
ਤੇ ਉਸਨੇ ਕੁਝ ਹੋਰ ਵੀ ਨਾਲ ਜੋੜ ਲਿਆ, "ਤੇ ਜਾਂ ਫਿਰ ਉਦੋਂ ਜਦੋਂ ਤੁਹਾਡੇ ਅੰਦਰ ਬੈਠਾ ਗੁਰੂ ਤੁਹਾਨੂੰ ਵੰਗਾਰ ਕੇ ਆਖੇ ਕਿ ਭਾਈ ਸਿੱਖਾ! ਹੁਣ ਸੱਚ ਸੁਣਾ, ਸੱਚ ਸੁਨਾਉਣ ਦਾ ਵੇਲਾ ਆ ਗਿਐ; ਤੇ ਜੇ ਕਿਸੇ ਨੂੰ ਫਿਰ ਵੀ ਬੋਲਿਆ ਗਿਆ ਸੱਚ ਨਹੀਂ ਸੁਣਦਾ, ਜਾਂ ਉਹ ਸੁਣਨਾ ਹੀ ਨਹੀਂ ਚਾਹੁੰਦਾ ਤੇ ਘੋਗਲ-ਕੰਨਾਂ ਬਣਿਆਂ ਫਿਰਦੈ ਤਾਂ ਫਿਰ ਸ਼ਾਇਦ ਉਸਨੂੰ ਕਿਰਪਾਨ ਦੀ ਆਵਾਜ਼ ਸੁਨਾਉਣੀ ਹੀ ਠੀਕ ਲੱਗਦੀ ਏ।"
"ਏਸੇ ਕਰਕੇ ਹੀ ਤਾਂ ਅਰਦਾਸ ਕਰਦਿਆਂ ਸਭ ਤੋਂ ਪਹਿਲਾਂ ਭਗਉਤੀ ਨੂੰ ਸਿਮਰਿਆ ਜਾਂਦਾ ਏ। ਕਹਿੰਦੇ ਨੇ ਨਾ, 'ਪ੍ਰਿਥਮ ਭਗਉਤੀ ਸਿਮਰ ਕੇ ਨਾਨਕ ਲਈਂ ਧਿਆਏ।' ਬੜੀ ਕਰਾਮਾਤ ਹੈ ਭਗਉਤੀ ਵਿਚ!" ਮਾਸਟਰ ਹਰਜੀਤ ਸਿੰਘ ਨੇ ਕਿਹਾ।
"ਨਾ ਨਾ ਨਾ! ਮੈਂ ਪਹਿਲਾਂ ਏਹ ਭਗਉਤੀ ਨਹੀਂ ਸਿਮਰਦਾ।"
"ਫਿਰ?"
"ਅਰਦਾਸ ਵਿਚ ਤਾਂ 'ਭਗਉਤੀ' ਦੇ ਅਰਥ ਸ਼ਾਇਦ ਓਸ ਵਾਹਗੁਰੂ ਜਾਂ ਪਾਰਬ੍ਰਹਮ ਦੇ ਹੀ ਨੇ, ਪਰ ਇਸਨੂੰ ਸੁਣਨ ਤੇ ਸਮਝਣ ਵਾਲਿਆਂ ਇਹ ਅਰਥ ਸਿਰਫ਼ ਕਿਰਪਾਨ ਤੱਕ ਹੀ ਘਟਾ ਲਏ ਨੇ। ਤੇ ਜੇ 'ਵਾਹਗੁਰੂ' ਦੇ ਥਾਂ ਉਸਦੇ ਅਰਥ ਸਿਰਫ਼ ਕਿਰਪਾਨ ਦੇ ਹੀ ਲਏ ਜਾਣੇ ਨੇ ਤਾਂ ਫਿਰ ਮੈਂ ਤਾਂ ਪਹਿਲਾਂ 'ਪ੍ਰਿਥਮੈ ਨਾਨਕ ਸਿਮਰ ਕੇ' ਹੀ ਅੱਗੇ ਤੁਰਦਾਂ। ਨਾਨਕ ਨੂੰ ਸਿਮਰੇ ਬਿਨਾਂ ਜਾਂ ਨਾਨਕ ਤੱਕ ਪਹੁੰਚਣ ਤੋਂ ਪਹਿਲਾਂ ਚੱਲੀ ਭਗਉਤੀ ਬੜੀਆਂ ਗੜਬੜਾਂ ਕਰ ਸਕਦੀ ਏ।"
ਜਗਜੀਤ ਸਿੰਘ ਹੱਸਿਆ, "ਬਾਪੂ ਜੀ! ਤੁਹਾਡੀ ਖ਼ਾਹ-ਮ-ਖ਼ਾਹ ਪੰਗਾ ਲੈਣ ਦੀ ਆਦਤ ਨਹੀਂ ਜਾਂਦੀ। ਪਹਿਲਾਂ ਤਾਂ ਤੁਹਾਨੂੰ ਅੱਜ ਜਾਣਾ ਨਹੀਂ ਸੀ ਚਾਹੀਦਾ ਓਥੇ। ਕੋਈ ਅਭੀ ਨਭੀ ਹੋ ਜਾਂਦੀ ਤਾਂ! ਮੈਂ ਤਾਂ ਤੁਹਾਡੀ ਜ਼ਿਦ ਕਰਕੇ ਅਸਤੀਫ਼ਾ ਲਿਖ ਕੇ ਦੇ ਦਿੱਤਾ ਤੇ ਤੁਹਾਨੂੰ ਜਾਣ ਵੀ ਦਿਤਾ। ਉਂਝ ਵੀ ਤੁਸਾਂ ਕਰਨੀ ਤਾਂ ਮਨ ਦੀ ਮਰਜ਼ੀ ਈ ਹੁੰਦੀ ਏ। ਮੈਂ ਲੈਣਾ ਵੀ ਕੀ ਏ ਇਸ ਪ੍ਰਧਾਨਗੀ ਤੋਂ। ਬਣਿਆਂ ਵੀ ਤੁਹਾਡੇ ਆਖੇ ਸਾਂ। ਮੇਰੇ ਕੋਲੋਂ ਤਾਂ ਆਪਣੇ ਮਹਿਕਮੇ ਦੀ ਸਟੇਟ ਦੀ ਸਕੱਤਰੀ ਸਾਂਭਣੀ ਮੁਸ਼ਕਲ ਹੋਈ ਪਈ ਏ। ਪਰ ਝਗੜਾ ਹੋਣ ਦਾ ਤਾਂ ਓਥੇ ਸਾਰਾ ਸਮਾਨ ਅਗਲਿਆਂ ਕੀਤਾ ਹੋਇਆ ਸੀ ਨਾ! ਅਸੀਂ ਏਸੇ ਕਰਕੇ ਮੁੰਡੇ ਪਿੱਛੇ ਘੱਲੇ ਸਨ। ਹੁਣ ਵੀ ਹਾਅ ਗੱਲ ਕਿਧਰੇ ਬਾਹਰ ਨਾ ਕਰਨ ਲੱਗ ਪਿਓ, ਅਗਲੇ ਕਹਿਣਗੇ ਇਹ 'ਸਾਡੀ ਅਰਦਾਸ' ਈ ਉਲਟ-ਪੁਲਟ ਕਰਨ ਲੱਗ ਪਿਐ।"
"ਮੈਂ ਉਲਟ-ਪੁਲਟ ਕੀ ਕਰਨੈਂ! ਇਹ ਤਰਤੀਬ ਤਾਂ ਮੇਰੇ ਗੁਰੂਆਂ ਨੇ ਹੀ ਬਣਾਈ ਏ। ਮੈਂ ਉਹਨਾਂ ਦੀ ਬਣਾਈ ਤਰਤੀਬ ਨੂੰ ਕਿਵੇਂ ਬਦਲ ਸਕਦਾਂ! ਉਹਨਾਂ ਤਾਂ 'ਵਾਹਿਗੁਰੂ' ਜਾਂ ਪਾਰਬ੍ਰਹਮ' ਨੂੰ ਹੀ ਪਹਿਲ ਦਿੱਤੀ ਸੀ। ਪਰ ਅਰਥਾਂ ਦੇ ਅਨਰਥ ਕਰਨ ਵਾਲਿਆਂ ਨੇ ਪਹਿਲ 'ਹਥਿਆਰ' ਨੂੰ ਦੇ ਦਿੱਤੀ। ਏਸੇ ਕਰਕੇ ਬੇਮੁਹਾਰ ਹੋਏ ਹਥਿਆਰ ਗੁਰੂਆਂ ਦੇ ਨਾਂ 'ਤੇ ਚੱਲੀ ਜਾ ਰਹੇ ਨੇ!"
"ਹੱਛਾ! ਏਹ ਗੱਲ ਐ! ਸਾਨੂੰ ਤਾਂ ਪਤਾ ਨਹੀਂ ਸੀ!" ਹਰਜੀਤ ਲਈ ਸ਼ਾਇਦ ਇਹ ਸੱਚਮੁਚ ਨਵੀਂ ਗੱਲ ਸੀ।
"ਮੈਨੂੰ ਕਿਹੜਾ ਸਾਰਾ ਪਤੈ! 'ਵਾਹਗੁਰੂ' ਦਾ ਤਾਂ ਮੈਨੂੰ ਵੀ ਪਤਾ ਨਹੀਂ ਕਿ ਕੀ ਹੈ, ਕਿੱਥੇ ਹੈ, ਕੌਣ ਹੈ! ਮੈਨੂੰ ਤਾਂ ਥੋੜਾ-ਬਹੁਤਾ ਬਾਬੇ ਨਾਨਕ ਦਾ ਈ ਪਤੈ। ਏਸੇ ਕਰਕੇ ਮੈਂ ਤਾਂ ਪਹਿਲਾਂ ਆਪਣੇ ਬਾਬੇ ਦੇ ਆਖੇ ਈ ਲੱਗਣੈਂ। ਉਹ ਜੇ ਆਖੂ ਸੱਚ ਬੋਲ, ਸੱਚ ਬੋਲਾਂਗਾ; ਜੇ ਆਖੂ ਹੁਣ ਏਨੇ ਨਾਲ ਸਰਦਾ ਨਹੀਂ; ਕਿਰਪਾਨ ਚੁੱਕ ਤਾਂ ਕਿਰਪਾਨ ਚੁੱਕ ਲਊਂ। ਮੇਰਾ ਗੁਰੂ ਵੀ ਅਮਲ ਵਿਚ ਤਾਂ ਇਹੋ ਹੀ ਆਖਦਾ ਹੈ ਕਿ ਜਦੋਂ ਸਾਰੇ ਹੀਲੇ-ਵਸੀਲੇ ਫੇਲ੍ਹ ਹੋ ਜਾਣ ਤਾਂ ਹੀ ਤਲਵਾਰ ਦੀ ਮੁੱਠ 'ਤੇ ਹੱਥ ਜਾਣਾ ਜਾਇਜ਼ ਹੈ। ਮੇਰੇ ਗੁਰੂ ਤਾਂ ਜੰਗ ਦੇ ਮੈਦਾਨਾਂ ਵਿਚ ਵੀ ਸੈਦ ਖਾਂ ਤੇ ਪੈਂਦੇ ਖ਼ਾਨ ਵਰਗਿਆਂ ਦੇ ਵੰਗਾਰਵੇਂ ਪਹਿਲੇ ਦੋ ਵਾਰ ਝੱਲ ਕੇ ਤੀਜਾ ਵਾਰ ਹੀ ਤਲਵਾਰ ਦਾ ਬਖ਼ਸ਼ਦੇ ਸਨ।"
ਜਗਜੀਤ ਸਿੰਘ ਦਾ ਚਿਹਰਾ ਅਜੇ ਵੀ ਕੱਸਿਆ ਹੋਇਆ ਸੀ।
"ਪਾਪਾ! ਤੁਸੀਂ ਐਵੇਂ ਬਾਪੂ ਜੀ ਨੂੰ ਕਹਿੰਦੇ ਰਹਿੰਦੇ ਓ। ਜੇ ਉਹ ਅੱਜ ਓਥੇ ਨਾ ਜਾਂਦੇ ਤਾਂ ਉਹ ਤਾਂ ਕਰ ਗਏ ਸੀ ਨਾ ਯਾਦਗ਼ਾਰ 'ਤੇ ਕਬਜ਼ਾ।" ਛੋਟੇ ਪੋਤਰੇ ਨੇ ਕਿਹਾ।
"ਕਾਕਾ! ਤੇਰਾ ਪਾਪਾ ਜਿਹਨੂੰ ਮੇਰਾ 'ਪੰਗਾ ਲੈਣਾ' ਆਖਦੈ, ਮੈਨੂੰ ਉਹ ਆਪਣੀ ਜਿੰਮੇਵਾਰੀ ਨਿਭਾਉਣੀ ਜਾਪਦੀ ਏ।" ਆਖਦਾ ਹੋਇਆ ਅਰਜਨ ਸਿੰਘ ਆਪਣਾ ਪਰਨਾ ਸੰਭਾਲਦਾ ਸੌਣ ਲਈ ਆਪਣੇ ਕਮਰੇ ਵੱਲ ਤੁਰ ਪਿਆ।
"ਤੁਹਾਡੀਆਂ ਤੁਸੀਂ ਜਾਣੋਂ। ਪਰ ਹੁਣ ਹਾਲਾਤ ਇਹੋ ਜਿਹੇ ਬਣ ਗਏ ਨੇ ਕਿ ਬਹੁਤ ਸਾਵਧਾਨ ਹੋ ਕੇ ਬਾਹਰ ਨਿਕਲਣ ਦੀ ਲੋੜ ਹੈ ਸਾਰਿਆਂ ਨੂੰ। ਚਿੱਪ ਚੜ੍ਹ ਕੇ ਉਹ ਕੁਝ ਵੀ ਕਰ ਕਰਾ ਸਕਦੇ ਨੇ! ਪਤਾ ਨਹੀਂ ਕਿਹੜੇ ਵੇਲੇ ਕਿਹੜੀ ਗਲੀ 'ਚੋਂ, ਕਿਹੜੇ ਪਾਸੇ ਤੋਂ ਕਿਸੇ ਨੇ ਕਦੋਂ ਹਮਲਾ ਕਰ ਦੇਣੈਂ। ਲਗ਼ਾਤਾਰ ਚੌਕਸੀ ਬਹੁਤ ਜ਼ਰੂਰੀ ਏ ਸਾਰੇ ਟੱਬਰ ਲਈ। ਪਰ ਬਾਪੂ ਜੀ ਤੁਹਾਡੇ ਲਈ ਇਹਦੀ ਕੁਝ ਜ਼ਿਆਦਾ ਈ ਜ਼ਰੂਰਤ ਏ।" ਤੁਰੇ ਜਾਂਦੇ ਅਰਜਨ ਸਿੰਘ ਨੂੰ ਜਗਜੀਤ ਸਿੰਘ ਦੀ ਚੇਤਾਵਨੀ ਸੀ।
- ਪਰ ਅੱਜ ਤਾਂ ਉਹ ਬਿਨਾਂ ਚੌਕਸੀ ਤੋਂ ਈ 'ਕਾਬੂ' ਆ ਗਿਆ ਲੱਗਦਾ ਸੀ। ਸ਼ਾਇਦ ਮੁੰਡਿਆਂ ਦਾ ਇਹ ਟੋਲਾ ਅੱਜ ਉਹਦੇ ਪਿੱਛੇ ਖੇਤਾਂ ਵਿਚ ਉਸਨੂੰ ਮਾਰਨ ਹੀ ਆਇਆ ਸੀ। ਜੇ ਮਰਨਾ ਹੀ ਏਂ ਤਾਂ ਪਿੱਠ 'ਚ ਗੋਲੀ ਕਿਉਂ ਖਾਵੇ! ਪਰ ਫਿਰ ਖਿਆਲ ਆਇਆ; ਜੇ ਉਹਨਾਂ ਚੁੱਪ-ਚੁਪੀਤੇ ਮਾਰਨਾ ਹੁੰਦਾ ਤਾਂ ਉਹਦੀ ਪਿੱਠ ਪਿਛਲੀ ਵੱਟੇ ਹੀ ਉਹ ਬੰਬੀ ਵੱਲ ਆਏ ਜਾਪਦੇ ਸਨ। ਮਾਰ ਦਿੰਦੇ। ਤਾਂ ਕੀ ਹੁਣ ਉਸਨੂੰ ਵੰਗਾਰ ਕੇ ਮਾਰਨਗੇ? ਉਹਨਾਂ ਮਾਰਨਾ ਈ ਏਂ ਤਾਂ ਵੇਖੀ ਜਾਊ। ਪਰ ਉਹਨਾਂ ਨੂੰ ਵੰਗਾਰਨ ਦਾ ਮੌਕਾ ਦੇਣ ਤੋਂ ਪਹਿਲਾਂ ਆਪ ਕਿਉਂ ਨਾ ਵੰਗਾਰ ਬਣ ਕੇ ਉਹਨਾਂ ਅੱਗੇ ਜਾ ਖਲੋਵਾਂ! ਗੁਰੂ ਦਾ ਸਿੰਘ ਹੋ ਕੇ ਮੈਦਾਨ ਛੱਡ ਕੇ ਭੱਜਦਾ ਕੀ ਮੈਂ ਚੰਗਾ ਲੱਗਾਂਗਾ!
ਸੇਕ ਉਹਦੇ ਸਿਰ ਨੂੰ ਚੜ੍ਹਦਾ ਜਾਂਦਾ ਸੀ। ਉਹ ਇਸ ਸੇਕ ਤੋਂ ਭਾਰ-ਮੁਕਤ ਹੋਣਾ ਚਾਹੁੰਦਾ ਸੀ। ਅੰਦਰੋਂ ਬਹੁਤ ਕਾਹਲਾ ਪਰ ਬਾਹਰੋਂ ਠਰ੍ਹੰਮੇਂ ਨਾਲ ਹੌਲੀ ਹੌਲੀ ਤੁਰਦਾ ਉਹ ਬੰਬੀ ਕੋਲ ਗਿਆ। ਮੁੰਡਿਆਂ ਨੇ ਉਹਦੇ ਵੱਲ ਵੇਖਿਆ। ਉਹ ਕਿੱਲੀ ਵੱਲ ਵਧਿਆ। ਕਿਰਪਾਨ ਨੂੰ ਹੱਥ ਲਾਉਣ ਤੋਂ ਪਹਿਲਾਂ ਉਸਨੇ ਆਖਿਆ, "ਸ-ਸ- ਸਿੰ"
ਪਰ ਉਹਦੀ ਜ਼ਬਾਨ ਰੁਕ ਗਈ।
"ਸਿੰਘਾ! ਆਹ ਹਥਿਆਰ ਪਾਸੇ ਕਰੀਂ ਜ਼ਰਾ" ਆਖਣ ਨੂੰ ਉਹਦਾ ਚਿੱਤ ਨਾ ਕੀਤਾ।
"ਕਾਕਾ! ਆਹ ਹਥਿਆਰ ਪਾਸੇ ਕਰੀਂ ਜ਼ਰਾ" ਉਸਨੇ ਆਖਿਆ।
ਬਿੱਲੂ ਨੇ ਅੱਖਾਂ ਹੀ ਅੱਖਾਂ ਵਿਚ ਆਗੂ ਗੁਰਜੀਤ ਨੂੰ ਪੁੱਛਿਆ ਤੇ ਇਸ਼ਾਰਾ ਪਾ ਕੇ ਗੰਨੇ ਦੀ ਛਿੱਲੀ ਗੁੱਲੀ ਨੂੰ ਡੱਕੀ ਵੱਢਦਿਆਂ ਗਨੇਰੀ ਮੂੰਹ ਵਿਚ ਪਾਈ ਤੇ ਗੰਨਾਂ ਚੁਬੱਚੇ ਦੇ ਬੰਨੇਂ 'ਤੇ ਰੱਖਦਿਆਂ ਸਟੇਨ ਲਾਹ ਕੇ ਹੱਥ ਵਿਚ ਫੜ੍ਹ ਲਈ।
ਅਰਜਨ ਸਿੰਘ ਨੇ ਕਿਰਪਾਨ ਨੂੰ ਆਰਾਮ ਨਾਲ ਕਿੱਲੀ ਤੋਂ ਲਾਹਿਆ। ਉਹਦੇ ਮੱਥੇ ਵਿਚ ਫ਼ੈਲੀ ਗੈਸ ਦਾ ਦਬਾਓ ਘਟਣਾ ਸ਼ੁਰੂ ਹੋ ਗਿਆ। ਉਹ ਟਿਕਾਓ ਵਿਚ ਆ ਗਿਆ।
ਸਟੇਨ ਫੜ੍ਹ ਕੇ ਬਿੱਲੂ ਚੁਬੱਚੇ ਦੇ ਪਰਲੇ ਪਾਸੇ ਖਲੋਤੇ ਗੁਰਜੀਤ ਕੋਲ ਗਿਆ ਤੇ ਹੌਲੀ ਜਿਹੀ ਉਸਦੇ ਕੰਨ ਵਿਚ ਖੁਸਰ-ਫੁਸਰ ਕੀਤੀ, "ਹੋਰ ਨਹੀਂ ਤਾਂ ਇਹਦੇ ਪਿਓ ਮਾਇਆ ਰਾਮ ਦਾ ਸੁਨੇਹਾਂ ਤਾਂ ਇਹਨੂੰ ਦੇ ਈ ਜਾਈਏ। ਇਹਨੂੰ ਵੀ ਕੰਨ ਹੋ ਜਾਣ!" ਧਿਆਨ ਦੇਣ ਤੇ ਜ਼ੋਰ ਲਾਉਣ ਦੇ ਬਾਵਜੂਦ ਵੀ ਅਰਜਨ ਸਿੰਘ ਨੂੰ ਬੰਬੀ ਦੇ ਚੁਬੱਚੇ ਵਿਚ ਡਿੱਗਦੇ ਪਾਣੀ ਦੇ ਸ਼ੋਰ ਵਿਚ ਉਹਨਾਂ ਦੀ ਗੱਲ ਨਾ ਸੁਣੀ।
ਤੁਰਨ ਲੱਗੇ ਆਗੂ ਗੁਰਜੀਤ ਦੇ ਮਨ ਵਿਚ ਪਤਾ ਨਹੀਂ ਕੀ ਗੱਲ ਆਈ, ਕਹਿੰਦਾ, "ਚੰਗਾ ਬਾਪੂ ਜੀ! ਵਾਹਿਗੁਰੂ ਜੀ ਕਾ ਖ਼ਾਲਸਾ; ਵਾਹਿਗੁਰੂ ਜੀ ਕੀ ਫ਼ਤਹਿ!"
ਅਰਜਨ ਸਿੰਘ ਉਹਨਾਂ ਨੂੰ ਬੜੀ ਭੈੜੀ ਬਦ-ਅਸੀਸ ਦੇਣੀ ਚਾਹੁੰਦਾ ਸੀ। ਜਿਹੜੀ ਕਰਤੂਤ ਉਹਨਾਂ ਨੇ ਪਰਸੋਂ ਕੀਤੀ ਸੀ, ਉਹਦੇ ਲਈ ਤਾਂ ਉਹ ਵੱਡੀ ਤੋਂ ਵੱਡੀ ਸਜ਼ਾ ਦੇ ਹੱਕਦਾਰ ਸਨ। ਉਹਨਾਂ ਨੇ ਉਹਦੇ ਇਸ਼ਟ ਦਾ ਕਤਲ਼ ਕੀਤਾ ਸੀ! ਉਹਦੇ ਰਹਿਬਰ ਦਾ!
ਪਰ ਉਸਦੇ ਮੂੰਹੋਂ ਨਿਕਲ ਗਿਆ:
"ਵਾਹਰ ਜੀ ਕਾ ਖ਼ਾਲਸਾ ਪੁੱਤਰੋ! ਜਿਊਂਦੇ ਵੱਸਦੇ ਰਹੋ।"
ਉਹਨੇ ਜਾਂਦੇ ਤਿੰਨਾਂ ਮੁੰਡਿਆਂ ਦੀਆਂ ਪਿੱਠਾਂ ਵੱਲ ਵੇਖਿਆ। ਇਕ ਪਲ ਉਹਨੂੰ ਜਗਜੀਤ, ਹਰਜੀਤ ਤੇ ਫੁੰਮਣ ਜਾਂਦੇ ਲੱਗੇ।
ਆਪਣੇ ਆਪ 'ਤੇ ਹਾਸਾ ਵੀ ਆਇਆ। ਇਕ ਦਮ ਕੀ ਹੋ ਜਾਂਦੈ ਉਸਨੂੰ! ਕਦੀ ਅੱਗ ਦਾ ਬਲਦਾ ਗੋਲ਼ਾ; ਕਦੀ ਪਿਘਲੀ ਹੋਈ ਬਰਫ਼!
ਦੋ ਤਿੰਨ 'ਜਾਣ-ਪਛਾਣ' ਵਾਲੀਆਂ ਚਿੜੀਆਂ ਉਹਦੇ ਲਾਗੇ ਆ ਕੇ 'ਚੂੰ! ਚੂੰ' ਕਰਨ ਲੱਗੀਆਂ। "ਦਾਣਾ ਦੇ! ਦਾਣਾ ਦੇ!" ਨਿਆਣਿਆਂ ਵਾਲੀ ਜ਼ਿਦ!
ਬਰਫ਼ ਪਿਘਲ ਗਈ। ਬੰਬੀ ਵਾਲੇ ਕੋਠੇ ਵਿਚ ਗਿਆ ਤੇ ਮਿੱਟੀ ਦੇ ਵੱਡੇ ਮੱਘੇ ਵਿਚ ਇਸੇ ਮਕਸਦ ਲਈ ਰੱਖੇ, ਕਣਕ, ਬਾਜਰੇ ਤੇ ਚੌਲਾਂ ਦੇ ਟੋਟੇ ਦੀ ਮੁੱਠ ਭਰ ਲਿਆਇਆ। ਚੁਬੱਚੇ ਦੀ ਚੌੜੀ ਬੰਨੀ 'ਤੇ ਥੋੜ੍ਹੀ ਜਿਹੀ ਮੁੱਠ ਢਿੱਲੀ ਕੀਤੀ ਤਾਂ ਤਿੰਨ ਚਾਰ ਹੋਰ ਚਿੜੀਆਂ ਵੀ ਪਤਾ ਨਹੀਂ ਕਿਧਰੋਂ ਆਣ ਟਪਕੀਆਂ। ਉਹ ਲਾਗੇ ਖਲੋਤਾ ਉਹਨਾਂ ਦੀਆਂ ਤੇਜ਼ ਚੱਲਦੀਆਂ ਨਿੱਕੀਆਂ ਨਿੱਕੀਆਂ ਚੁੰਝਾਂ, ਢੁਕਵਾਂ ਥਾਂ ਬਦਲਣ ਲਈ ਟਪੂਸੀਆਂ ਲਾਉਂਦੇ ਪੈਰਾਂ ਤੇ ਫੜਕਦੇ ਖੰਭਾਂ ਨੂੰ ਨਿਹਾਰਨ ਲੱਗਾ ਕਿਸੇ ਡੂੰਘ ਵਿਚ ਉੱਤਰ ਗਿਆ।
ਦੇਸ਼ ਦੀ ਵੰਡ ਤੋਂ ਪਹਿਲਾਂ ਦੇ ਦਿਨ। ਜਵਾਨੀ ਦਾ ਵਾਰਾ ਪਹਿਰਾ! ਉਹਦੇ ਅਜੀਬ ਸ਼ੌਕ! ਕੁੱਕੜ, ਕਬੂਤਰ ਤੇ ਬਟੇਰੇ ਪਾਲਣੇ। ਉਹਨਾਂ ਨੂੰ ਚਾਂਦੀ ਦੇ ਵਰਕਾਂ ਵਿਚ ਬਦਾਮਾਂ, ਮੇਵਿਆਂ ਤੇ ਮੁਨੱਕਿਆਂ ਦਾ ਚੂਰਾ ਲਪੇਟ ਕੇ ਖਵਾਉਣਾ। ਫਿਰ ਕੁੱਕੜਾਂ, ਬਟੇਰਿਆਂ ਦੀ ਲੜਾਈ ਤੇ ਕਬੂਤਰਾਂ ਨੂੰ ਉਡਾਉਣ ਦੀਆਂ ਸ਼ਰਤਾਂ ਲਾਉਣੀਆਂ।
ਇਕ ਵਾਰ ਤਰਨਤਾਰਨੋਂ ਮੱਸਿਆ ਵੇਖ ਕੇ ਆਉਂਦਿਆਂ ਉਸਨੂੰ ਆਪਣੇ ਬੇਲੀ ਫੱਜੇ ਤੇਲੀ ਦੀ ਦੱਸੀ ਗੱਲ ਯਾਦ ਆਈ, "ਝਬਾਲ ਅੱਡੇ 'ਤੇ ਮਾਇਆ ਰਾਮ ਮਸ਼ੀਨ ਵਾਲਾ ਜਨੌਰਾਂ ਦਾ ਬੜਾ ਵਧੀਆ ਦਾਣਾ ਰੱਖਦੈ। ਅਗਲੇ ਗੇੜੇ ਜਦੋਂ ਮੱਸਿਆ ਗਏ ਤਾਂ ਓਥੋਂ ਹੁੰਦੇ ਆਵਾਂਗੇ।"
ਉਹਨੇ ਘੁੱਗੂ ਦੀ ਆਵਾਜ਼ ਦੀ ਸੂਹ ਨਾਲ ਮਸ਼ੀਨ ਲੱਭ ਲਈ। ਮਾਇਆ ਰਾਮ ਕੰਡੇ 'ਤੇ ਬੈਠਾ ਦਾਣੇ ਜੋਖ ਰਿਹਾ ਸੀ। ਇੱਕ ਮੁੰਡਾ ਚੱਲਦੀ ਮਸ਼ੀਨ ਅੱਗੇ ਪੀਸੀਦਾ ਆਟਾ ਪਾਉਣ ਲਈ ਬੋਰੀ ਲਾਈ ਖੜਾ ਸੀ।
"ਸ਼ਾਹ ਜੀ! ਜਨੌਰਾਂ ਲਈ ਦਾਣਾ ਚਾਹੀਦੈ।"
"ਜਿੰਨਾਂ ਚਾਹੇਂ ਜਵਾਨਾ!" ਮਾਇਆ ਰਾਮ ਆਪ ਉੱਠ ਕੇ ਇੱਕ ਨੁੱਕਰ ਵੱਲ ਵਧਿਆ। ਉਹਨੇ ਦੋ ਦੋ ਸੇਰ ਦੀਆਂ ਗੁੱਥੀਆਂ ਚੁੱਕ ਕੇ ਪਾਸੇ ਕਰਦਿਆਂ ਕਿਹਾ, "ਆਹ ਲੈ ਕੰਗਣੀ, ਆਹ ਬਾਜਰਾ, ਆਹ ਚੌਲਾਂ ਦਾ ਟੋਟਾ ਤੇ ਆਹ-।"
ਪੰਜ ਸੱਤ ਥੈਲੀਆਂ ਅਰਜਨ ਨੇ ਪਾਸੇ ਰਖਵਾ ਲਈਆਂ। ਬੋਝੇ ਵਿਚ ਹੱਥ ਪਾਇਆ ਤਾਂ ਹੱਥਾਂ ਦੇ ਤੋਤੇ ਉੱਡ ਗਏ। ਹੱਥ ਸ਼ਰਮਿੰਦਾ ਹੋਇਆ ਬੋਝੇ ਵਿਚੋਂ ਹੇਠਾਂ ਨਿਕਲ ਗਿਆ। ਸੋਲਾਂ ਰੁਪਏ ਸਨ ਗੰਢ ਦੇ ਪੱਲੇ। ਕਿਸੇ ਨੇ ਮੱਸਿਆ ਵਿਚ ਉਹਦੀ ਗੰਢ ਖਿਸਕਾ ਲਈ ਸੀ। ਨਿਰਾਸ਼ਾ ਵਿਚ ਸਿਰ ਹਿਲਾ ਕੇ ਉਹਨੇ ਆਖਿਆ, "ਸ਼ਾਹ ਜੀ! ਰਹਿਣ ਦਿਓ ਦਾਣਾ। ਕੋਈ ਗੰਢ ਕੱਪ ਦਾਅ ਲਾ ਗਿਆ ਪੈਸਿਆਂ ਨੂੰ।"
ਉਸਨੇ ਆਪ ਹੀ ਦਾਣੇ ਵਾਲੀਆਂ ਗੁੱਥੀਆਂ ਚੁੱਕ ਕੇ ਟਿਕਾਣੇ ਸਿਰ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਮਾਇਆ ਰਾਮ ਕਹਿੰਦਾ, "ਜਵਾਨਾ! ਗੁੱਥੀਆਂ ਲੈ ਜਾ। ਪੈਸੇ ਆਪੇ ਆ ਜਾਣਗੇ! ਪੈਸਿਆਂ ਦਾ ਫਿਕਰ ਨਾ ਕਰ ਤੂੰ।"
ਉਹ ਮਾਇਆ ਰਾਮ ਦੀ ਸਖ਼ਾਵਤ ਤੇ ਦਰਿਆ ਦਿਲੀ ਤੇ ਹੈਰਾਨ! ਚੰਗੇ ਭਲੇ ਜਾਣ-ਪਛਾਣ ਵਾਲਿਆਂ ਨੂੰ ਵੀ ਕੋਈ ਛੇਤੀ ਕੀਤੇ ਹੁਧਾਰ ਨਹੀਂ ਦਿੰਦਾ। ਉਸ ਨਾਲ ਤਾਂ ਮਾਇਆ ਰਾਮ ਦੀ ਨਾ ਕੋਈ ਜਾਣ ਨਾ ਪਛਾਣ। ਨਾ ਉਹਦੇ ਪਿੰਡ ਦਾ ਉਹਨੂੰ ਕੋਈ ਥਹੁ ਪਤਾ। ਪਹਿਲੀ ਵਾਰ ਇਕ ਦੂਜੇ ਨੂੰ ਮਿਲੇ।
"ਸ਼ਾਹ ਜੀ! ਦਾਣਾ ਤਾਂ ਮੈਂ ਲੈ ਜਾਊਂ ਪਰ ਪਹਿਲਾਂ ਮੇਰਾ ਇੱਕ ਸ਼ੰਕਾ ਨਵਿਰਤ ਕਰੋ।"
"ਪੁੱਛ ਜਵਾਨਾ!"
"ਨਾ ਤੁਸੀਂ ਮੈਨੂੰ ਜਾਣੋਂ, ਨਾ ਪਛਾਣੋਂ। ਨਾ ਮੇਰੇ ਅੱਗੇ-ਪਿੱਛੇ ਦਾ ਤੁਹਾਨੂੰ ਕੋਈ ਪਤਾ। ਕੱਲ੍ਹ ਨੂੰ ਮੈਂ ਤੁਹਾਡੇ ਪੈਸੇ ਦੇਣ ਆਵਾਂ ਈ ਨਾ! ਤੁਸੀਂ ਇਹ ਨਹੀ ਸੋਚਿਆ ਕਿ ਮੈਨੂੰ ਕਿੱਥੋਂ ਲੱਭੋਗੇ!"
ਮਾਇਆ ਰਾਮ ਖਿਚੜੀ ਮੁੱਛਾਂ 'ਚੋਂ ਮੁਸਕਰਾਇਆ।
"ਜਵਾਨਾਂ! ਮੈਨੂੰ ਪਤੈ ਮੇਰੇ ਇਹ ਪੈਸੇ ਮੁੜ ਆਉਣੇ ਨੇ। ਤੂੰ ਪੁੱਛ ਕਿਉਂ? ਭਲਿਆ-ਮਾਣਸਾ! ਜਿਹੜਾ ਬੰਦਾ ਪੰਛੀਆਂ ਜਨੌਰਾਂ ਨੂੰ ਦਾਣਾ ਪਾਉਂਦੈ, ਉਹ ਮੇਰੇ ਪੈਸੇ ਕਦੀ ਮਾਰ ਈ ਨਹੀਂ ਸਕਦਾ!" ਮਾਇਆ ਰਾਮ ਦੇ ਚਿਹਰੇ 'ਤੇ ਜਗਦਾ ਸਵੈ-ਵਿਸ਼ਵਾਸ ਉਹਦੇ ਆਪਣੇ ਚਿਹਰੇ 'ਤੇ ਸਵੈ-ਮਾਣ ਦੀ ਆਭਾ ਬਣ ਕੇ ਲਿਸ਼ਕ ਉੱਠਿਆ। ਉਸਨੇ ਅੱਗੇ ਵਧ ਕੇ ਮਾਇਆ ਰਾਮ ਦੇ ਗੋਡਿਆਂ ਨੂੰ ਹੱਥਾਂ ਵਿਚ ਘੁੱਟ ਲਿਆ।
"ਸ਼ਾਹ ਜੀ, ਤੁਹਾਡੇ ਪੈਸੇ ਤਾਂ ਅੱਜ-ਭਲਕ ਵਿਚ ਖ਼ਰੇ ਹੋ ਜਾਣਗੇ। ਪਰ ਜੇ ਅੱਗੋਂ ਕਿਧਰੇ ਜਿੰਦਗੀ ਵਿਚ ਮੇਰਾ ਕਿਸੇ ਗੱਲੋਂ ਕਦੇ ਬੇਈਮਾਨ ਬਣਨ ਨੂੰ ਜੀਅ ਕੀਤਾ ਵੀ ਤਾਂ ਤੁਹਾਡਾ ਭਰੋਸਾ ਮੈਨੂੰ ਡਿੱਗਦੇ ਨੂੰ ਸੰਭਾਲ ਲਿਆ ਕਰੂ।"
ਮਾਇਆ ਰਾਮ ਦੇ ਬੋਲਾਂ ਨੇ ਪਤਾ ਨਹੀਂ ਉਹਨੂੰ ਕੀ ਕਰ ਦਿੱਤਾ ਸੀ! ਉਹ ਕੁਝ ਹੋਰ ਦਾ ਹੋਰ ਸੋਚੀ ਜਾ ਰਿਹਾ ਸੀ; ਹੋਰ ਦਾ ਹੋਰ ਹੁੰਦਾ ਜਾ ਰਿਹਾ ਸੀ! ਬਾਰ ਬਾਰ ਆਪਣੇ ਆਪ ਨੂੰ ਸਵਾਲ ਕਰਦਾ, "ਕੀ ਮੈਂ ਵਾਕਿਆ ਹੀ ਬੜੇ ਦਰਦਮੰਦ ਦਿਲ ਵਾਲਾ ਹਾਂ! ਕੀ ਮੈਂ ਪੰਛੀਆਂ-ਜਨੌਰਾਂ ਨੂੰ ਇਸੇ ਕਰਕੇ ਚੋਗਾ ਪਾਉਂਦਾ ਹਾਂ ਕਿਉਂਕਿ ਮੈਂ ਉਹਨਾਂ ਨੂੰ ਦਿਲੋਂ ਬੜਾ ਪਿਆਰ ਕਰਦਾ ਹਾਂ ਤੇ ਉਹਨਾਂ ਦੀ ਚੋਗੇ ਦੀ ਲੋੜ ਤੇ ਭੁੱਖ ਮੈਨੂੰ ਆਪਣੀ ਲੋੜ ਤੇ ਭੁੱਖ ਵਾਂਗ ਲੱਗਦੀ ਹੈ! ਕਿ ਕੋਈ ਹੋਰ ਵੀ ਗੱਲ ਹੈ ਇਸ ਪਿੱਛੇ?
ਡੂੰਘੇ ਅੰਦਰੋਂ ਲੱਭ ਕੇ ਉਹਦੇ ਮਨ ਨੇ ਆਖਿਆ, 'ਹੋਰ ਗੱਲ ਵੀ ਹੈ ਇਸਦੇ ਪਿੱਛੇ!'
ਉਹ ਗੱਲ ਹੈ ਕੀ? ਉਸਨੂੰ ਇਸਦਾ ਜਵਾਬ ਅੰਦਰੋਂ ਮਿਲਿਆ ਨਾ।
ਅਗਲੇ ਦਿਨ ਹੀ ਉਹਨੂੰ ਕੁੱਕੜਾਂ ਦੀ ਲੜਾਈ ਲਈ ਲੱਗੀ ਸ਼ਰਤ ਭੁਗਤਾਉਣ ਲਾਗਲੇ ਪਿੰਡ ਜਾਣਾ ਪੈਣਾ ਸੀ।
ਲੜਾਈ ਲਈ ਉਹਦਾ 'ਲਾਲ ਸਿਰਾ' ਪੂਰੀ ਤਿਆਰੀ ਵਿਚ ਸੀ। ਫ਼ੈਸਲਾ ਦੇਣ ਵਾਲੇ ਪੰਚ ਇਕ ਪਾਸੇ ਵੱਡੇ ਮੰਜਿਆਂ 'ਤੇ ਬੈਠੇ ਸਨ। ਮੁੱਖ ਪੰਚ ਦੀਵਾਨ ਚੰਦ ਦੇ ਹੱਥ ਵਿਚ ਮਘਦੇ ਹੁੱਕੇ ਦੀ ਨੜੀ ਸੀ। ਲੜਾਈ ਕਰਾਉਣ ਵਾਲਾ ਪੰਚ ਸ਼ਹਾਬੁਦੀਨ ਅਖਾੜੇ ਵਿਚਕਾਰ ਖਲੋਤਾ ਸੀ। ਉਸਨੇ ਕੁੱਕੜਾਂ ਦੇ ਮਾਲਕਾਂ ਨੂੰ ਆਵਾਜ਼ ਦਿੱਤੀ। ਦੋਵੇਂ ਮਾਲਕ ਮੈਦਾਨ ਦੇ ਅੱਧ ਵਿਚਕਾਰ ਪਹੁੰਚੇ। ਅਰਜਨ ਨੇ ਲਾਲ-ਸਿਰੇ ਦੀ ਕਲਗੀ ਨੂੰ ਚੁੰਮਿਆਂ, ਉਹਦੀ ਧੌਣ 'ਤੇ ਹੱਥ ਫੇਰਿਆ ਤੇ ਹੱਥੋਂ ਨਿਕਲ ਨਿਕਲ ਜਾਂਦੇ ਜਨੌਰ ਨੂੰ ਲੜਨ ਲਈ ਛੱਡ ਦਿਤਾ।
ਦੋਵੇਂ ਕੁੱਕੜ ਨੀਵੀਆਂ ਤੇ ਲੰਮੀਆਂ ਧੌਣਾਂ ਕਰਦੇ ਭਲਵਾਨਾਂ ਵਾਂਗ ਦਾਅ ਲਾਉਣ ਲਈ ਗੇੜੀਆਂ ਕੱਢਣ ਲੱਗੇ। ਦੋ-ਤਿੰਨ ਚੱਕਰ ਲਾ ਕੇ ਵਿਰੋਧੀ ਕੁੱਕੜ ਪੈਰ ਜਮਾ ਕੇ ਖਲੋ ਗਿਆ ਤੇ ਇਕ ਪਲ ਲਈ ਲਾਲ-ਸਿਰੇ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਉਸ 'ਤੇ ਸਿੱਧਾ ਭਰਪੂਰ ਹਮਲਾ ਕਰ ਦਿੱਤਾ। ਲਾਲ-ਸਿਰਾ ਮੁਕਾਬਲੇ ਲਈ ਤਿਆਰ ਸੀ। ਦੋਵੇਂ ਹਵਾ ਵਿਚ ਉੱਛਲੇ। ਜ਼ਮੀਨ 'ਤੇ ਪੈਰ ਲਾਉਂਦਿਆਂ ਲਾਲ-ਸਿਰਾ ਥੋੜਾ ਕੁ ਪਿੱਛੇ ਨੂੰ ਉੱਲਰਿਆ। ਪਰ ਛੇਤੀ ਹੀ ਸੰਭਲ ਗਿਆ। ਅਖਾੜੇ ਵਿਚ ਸ਼ੋਰ ਦੀ ਇੱਕ ਲਹਿਰ ਉੱਠੀ। ਦੋਵਾਂ ਧਿਰਾਂ ਦੇ ਹਮਾਇਤੀ ਆਪਣੇ ਆਪਣੇ ਪੱਠੇ ਨੂੰ ਲਲਕਾਰ ਰਹੇ ਸਨ। ਭਖ਼ੇ ਮੈਦਾਨ ਵਿਚ ਦੋਵੇਂ ਕੁੱਕੜ ਹਟ ਹਟ ਕੇ ਹਮਲਾ ਕਰਦੇ। ਬਰਾਬਰ ਦਾ ਜੋੜ। ਜੇ ਇਕ ਪਲ ਲਈ ਇੱਕ ਦਾ ਹੱਥ ਉੱਤੇ ਹੁੰਦਾ ਤਾਂ ਦੂਜੇ ਪਲ ਦੂਜਾ ਹਾਵੀ ਹੋ ਜਾਂਦਾ। ਹਵਾ ਵਿਚ ਲਲਕਾਰੇ ਤੇ ਆਵਾਜ਼ਾਂ ਗੂੰਜ ਰਹੀਆਂ ਸਨ। ਯੁਧ ਦਾ ਲੰਮਾਂ ਸਮਾਂ। ਦੋਵੇਂ ਇੱਕ-ਦੂਜੇ 'ਤੇ ਹਟ ਹਟ ਕੇ ਵਾਰ ਕਰਦੇ। ਲੜਦੇ ਲੜਦੇ ਹਵਾ ਵਿਚ ਉੱਛਲਦੇ। ਡਿੱਗਦੇ, ਉੱਠਦੇ ਤੇ ਫਿਰ ਜੁੱਟ ਪੈਂਦੇ। ਦੋਵੇਂ ਜ਼ਖ਼ਮੀ ਤੇ ਲਹੂ-ਲੁਹਾਨ! ਲੜਾਈ ਦੇ ਅੰਤਮ ਪਲ। ਪਤਾ ਨਹੀਂ ਕੀ ਹੋਇਆ! ਦੋਵਾਂ ਨੇ ਹਟ ਕੇ ਟੱਕਰ ਮਾਰੀ। ਹਵਾ ਵਿਚ ਉੱਛਲੇ ਤੇ ਫਿਰ ਦੋਵੇਂ ਇਕ ਵਾਰਗੀ ਧਰਤੀ 'ਤੇ ਡਿੱਗੇ। ਵਿਰੋਧੀ ਕੁੱਕੜ ਹਰਫ਼ਲਿਆ ਹੋਇਆ ਉੱਠਿਆ ਤੇ ਮੈਦਾਨ ਵਿਚੋਂ ਬਾਹਰ ਭੱਜ ਗਿਆ। 'ਲਾਲ-ਸਿਰਾ' ਅਜੇ ਵੀ ਜ਼ਮੀਨ 'ਤੇ ਵਿਛਿਆ ਪਿਆ ਸੀ।
ਅਰਜਨ ਨੇ ਲਲਕਾਰਾ ਮਾਰਿਆ, "ਉੱਠ ਉਏ ਮੇਰੇ ਸ਼ੇਰ ਬੱਚਿਆ! ਛਾਲ ਮਾਰ। ਐਲੀ ਐਲੀ ਕਰ। ਮੈਦਾਨ ਖਾਲੀ ਹੋ ਗਿਆ ਈ।"
ਜਿੱਤਣ ਲਈ ਜੇਤੂ ਕੁੱਕੜ ਦਾ ਮੈਦਾਨ ਵਿਚ ਖੜਾ ਹੋਣਾ ਲਾਜ਼ਮੀ ਸੀ। 'ਲਾਲ-ਸਿਰੇ' ਨੇ ਉਹਦੀ ਲਲਕਾਰ ਸੁਣੀ। ਉੱਠ ਕੇ ਖੰਭ ਫ਼ੜਫੜਾਏ। ਲੰਗੜਾਉਂਦਾ ਹੋਇਆ ਏਧਰ ਓਧਰ ਨਜ਼ਰ ਦੌੜਾ ਕੇ ਦੁਸ਼ਮਣ ਨੂੰ ਲੱਭਣ ਲੱਗਾ।
ਓਧਰ ਉਹਦੀ ਜਿੱਤ ਦਾ ਐਲਾਨ ਹੋਇਆ; ਓਧਰ ਲੜਖੜਾ ਕੇ ਤੁਰਦੇ ਲਾਲ-ਸਿਰੇ ਨੂੰ ਅਰਜਨ ਨੇ ਭੱਜ ਕੇ ਜਾ ਚੁੱਕਿਆ ਤੇ ਆਪਣੇ ਗਲ਼ ਨਾਲ ਘੁੱਟ ਲਿਆ। ਉਸਨੇ ਉਹਦੀ ਜ਼ਖ਼ਮੀ ਧੌਣ 'ਤੇ ਹੱਥ ਫੇਰਿਆ। ਹੱਥ ਲਹੂ ਵਿਚ ਭਿੱਜ ਗਿਆ। ਤ੍ਰਿਪ! ਤ੍ਰਿਪ! ਉਹਦਾ ਚਿੱਟਾ ਕੁੜਤਾ ਵੀ ਲਾਲ ਹੋ ਗਿਆ। ਸਹਿਮ ਕੇ ਉਸਨੇ ਲਾਲ-ਸਿਰੇ ਦੇ ਮੂੰਹ ਵੱਲ ਵੇਖਿਆ। ਲਾਲ-ਸਿਰੇ ਨੇ ਪੀਲੀਆਂ ਭੂਰੀਆਂ ਪਲਕਾਂ ਵਿਚੋਂ ਅਰਜਨ ਵੱਲ ਵੇਖਿਆ। ਤੇ ਫਿਰ ਜਿਵੇਂ ਉਹਦੀਆਂ ਅੱਖਾਂ ਅੱਗੇ ਭੰਬੂ-ਤਾਰੇ ਨੱਚਣ ਲੱਗੇ ਹੋਣ। ਉਹਦੀਆਂ ਖੁੱਲ੍ਹੀਆਂ ਅੱਖਾਂ ਕੰਬਦੀਆਂ ਕੰਬਦੀਆਂ ਹੌਲੀ ਹੌਲੀ ਮਿਚਣ ਲੱਗੀਆਂ ਤੇ ਅਗਲੇ ਪਲ ਉਹ ਅਰਜਨ ਦੀਆਂ ਬਾਹਵਾਂ ਵਿਚ ਲੁੜਕ ਗਿਆ।
"ਉਹ ਮੇਰਿਆ ਰੱਬਾ!" ਅਰਜਨ ਨੇ ਧਾਹ ਮਾਰਨ ਵਰਗੀ ਆਵਾਜ਼ ਕੱਢੀ।
ਦੁਖ-ਸੁਖ ਦਾ ਕੇਹਾ ਅਜੀਬ ਸੁਮੇਲ ਸੀ! ਅਰਜਨ ਨੂੰ ਵਧਾਈਆਂ ਵੀ ਮਿਲ ਰਹੀਆਂ ਸਨ; ਆਖ਼ਰ ਉਹ ਸੌ ਰੁਪਏ ਦੀ ਸ਼ਰਤ ਜਿੱਤਿਆ ਸੀ ਤੇ ਇਹ ਕੋਈ ਛੋਟੀ ਰਕਮ ਨਹੀਂ ਸੀ! ਪਰ ਨਾਲ ਹੀ ਉਸ ਨਾਲ 'ਲਾਲ-ਸਿਰੇ' ਦੀ ਮੌਤ ਦਾ ਅਫ਼ਸੋਸ ਵੀ ਸਾਂਝਾ ਕੀਤਾ ਜਾ ਰਿਹਾ ਸੀ।
ਅਰਜਨ ਨੇ ਲਾਲ-ਸਿਰੇ ਦੀ ਲੋਥ ਹਿੱਕ ਨਾਲ ਘੁੱਟੀ ਤੇ ਪੱਗ ਦੇ ਲੜ ਨਾਲ ਅੱਖਾਂ ਪੂੰਝਦਾ ਅਖਾੜੇ 'ਚੋਂ ਬਾਹਰ ਨਿਕਲਣ ਲੱਗਾ। ਮੁੱਖ ਪੰਚ ਦੀਵਾਨ ਚੰਦ ਨੇ ਅੱਗੇ ਵਧ ਕੇ ਵਧਾਈ ਦਿੰਦਿਆਂ ਤੇ ਉਸਦੇ ਹੱਥ ਵਿਚ ਸੌ ਦਾ ਨੋਟ ਫੜਾਉਂਦਿਆਂ ਦੁੱਖ ਸਾਂਝਾ ਕੀਤਾ, "ਅਰਜਨ ਸਿਅਹਾਂ! ਤੇਰਾ 'ਲਾਲ ਸਿਰਾ' ਤਾਂ ਭਰਾਵਾ ਵੱਡੇ ਵੱਡੇ ਰਣਾਂ ਦਾ ਜੇਤੂ ਸੀ। ਇਹੋ ਜਿਹੇ ਸ਼ੇਰ ਕਿਤੇ ਰੋਜ਼ ਰੋਜ਼ ਜੰਮਦੇ ਨੇ!"
"ਨਹੀਂ ਚਾਚਾ! ਮੈਂ ਆਪਣੇ ਪੁੱਤ ਦੀ ਮੌਤ ਦਾ ਮੁੱਲ ਨਹੀਂ ਲੈਣਾ!"
ਉਸਨੇ ਨੋਟ ਵਾਪਸ ਮੋੜਦਿਆਂ ਕਿਹਾ, "ਜਿਧਰ ਗਈਆਂ ਬੇੜੀਆਂ ਓਧਰ ਗਏ ਮਲਾਹ! ਜਿੱਥੇ ਇਹ ਗਿਆ, ਓਧਰ ਗਈਆਂ ਇਹਦੀਆਂ ਜਿੱਤੀਆਂ ਸ਼ਰਤਾਂ!"
ਦੀਵਾਨ ਚੰਦ ਨੇ ਨੋਟ ਉਹਦੇ ਬੋਝੇ ਵਿਚ ਤੁੰਨ ਦਿੱਤਾ।
ਉਹ ਆਪਣੀ ਢਾਣੀ ਨਾਲ ਪਿੰਡ ਨੂੰ ਤੁਰ ਪਿਆ। ਉਹਦੇ ਸਾਥੀ ਫੱਜੇ ਤੇਲੀ ਨੇ ਆਖਿਆ,
"ਸਰਦਾਰ! ਆਪਣਾ ਲਾਲ-ਸਿਰਾ ਮੈਦਾਨ ਵਿਚ ਸ਼ਹੀਦ ਹੋ ਗਿਆ। ਰਣ-ਤੱਤੇ ਦਾ ਸੂਰਮਾ! ਇਹਦੀ ਤਾਂ ਯਾਦਗ਼ਾਰੀ ਸਮਾਧੀ ਬਨਾਉਣੀ ਚਾਹੀਦੀ ਹੈ।"
"ਉਏ ਚੱਲ ਉਏ ਬਿੱਜੂਆ ਜਿਹਾ। ਮੂੰਹ ਨਾ ਚੰਗਾ ਹੋਵੇ ਤਾਂ ਬੰਦਾ ਗੱਲ ਤਾਂ ਚੱਜ ਦੀ ਕਰੇ। ਜਾ ਕੇ ਮਸਾਲਾ ਲਾ ਕੇ ਭੁੰਨ ਕੇ ਖਾਂਦੇ ਆਂ। ਸੌ ਦਾ ਖੜ ਖੜ ਕਰਦਾ ਨੋਟ ਜੱਟ ਦੇ ਬੋਝੇ 'ਚ ਆ। ਠੇਕੇ ਦੀਆਂ ਦੋ ਬੋਤਲਾਂ ਲੈਂਦੇ ਜਾਂਦੇ ਆਂ। ਜਸ਼ਨ ਹੋਊ ਅੱਜ ਤਾਂ।" ਅਰਜਨ ਦੇ ਚਚੇਰੇ ਭਰਾ ਪ੍ਰੀਤੂ ਨੇ ਫੱਜੇ ਨੂੰ ਝਿੜਕਿਆ ਤਾਂ ਅਰਜਨ ਨੇ ਲਾਲ ਗਹਿਰੀਆਂ ਅੱਖਾਂ ਨਾਲ ਉਸ ਵੱਲ ਘੂਰ ਕੇ ਵੇਖਿਆ। ਫਿਰ ਨਹੀਂ ਸਾਰੇ ਰਾਹ ਕਿਸੇ ਨੇ ਗੱਲ ਕੀਤੀ।
ਘਰ ਜਾ ਕੇ ਚਿੱਟੇ ਲੱਠੇ ਦੇ ਨਵੇਂ ਕੱਪੜੇ ਵਿਚ 'ਲਾਲ-ਸਿਰੇ' ਨੂੰ ਲਪੇਟਿਆ ਤੇ ਹਵੇਲੀ ਦੀ ਇੱਕ ਨੁੱਕਰੇ ਟੋਆ ਪੁੱਟ ਕੇ ਉਸਨੂੰ ਜ਼ਮੀਨ ਵਿਚ ਨੱਪ ਦਿੱਤਾ। ਉਸਦੀ ਨਵੀਂ ਬਣੀ 'ਸਮਾਧ' ਦੇ ਸਿਰਹਾਣੇ ਬਹਿੰਦਿਆਂ ਅਰਜਨ ਨੇ ਪੁੱਠੇ ਹੱਥ ਨਾਲ ਸਭ ਨੂੰ ਤੁਰ ਜਾਣ ਦਾ ਇਸ਼ਾਰਾ ਕੀਤਾ। ਫੱਜਾ ਉਹਦੇ ਮੋਢੇ ਨੂੰ ਘੁੱਟ ਕੇ ਉਹਦੇ ਕੋਲ ਹੀ ਬਹਿ ਗਿਆ।
"ਫੱਜਿਆ! ਮੈਨੂੰ ਕੱਲ੍ਹ ਪੰਡਤ ਮਾਇਆ ਰਾਮ ਨੇ ਜਿਹੜੀ ਗੱਲ ਆਖੀ ਸੀ ਉਹਦੀ ਸੋਝੀ ਤਾਂ ਮੈਨੂੰ ਹੁਣ ਆਈ ਏ। ਉਹ ਸ਼ਾਇਦ ਮੈਨੂੰ ਬੜਾ ਦਿਆਲੂ ਤੇ ਦਇਆਵਾਨ ਸਮਝਦਾ ਸੀ। ਪਰ ਮੇਰਾ ਕੰਮ ਤਾਂ ਹੈ ਸੀ ਸ਼ਰਤਾ ਲਾਉਣੀਆਂ ਤੇ ਜਿੱਤਣੀਆਂ! ਵਧਾਈਆਂ ਲੈਣਾ, ਜਿੱਤ ਦੇ ਜਸ਼ਨ ਮਨਾਉਣਾ। ਵਧੀਆ ਜਨੌਰ ਪਾਲਣ ਦੀ ਸਰਦਾਰੀ ਦਾ ਮਾਣ ਕਰਨਾ ਤੇ ਨਾਲ ਲੋਕਾਂ ਦੀ ਬੱਲੇ! ਬੱਲੇ! ਸੁਣ ਕੇ ਖ਼ੁਸ਼ ਹੋਣਾ! ਇਹ ਸੀ 'ਉਹ ਹੋਰ ਗੱਲ' ਜਿਸਦੀ ਮੈਨੂੰ ਸਮਝ ਨਹੀਂ ਸੀ ਪਈ! ਪਰ ਸ਼ਰਤਾਂ ਨਿਭਾਉਂਦੇ ਆਪਣੇ ਜਨੌਰਾਂ ਦਾ ਹੁੰਦਾ ਘਾਣ ਤੇ ਉਹਨਾਂ ਦੀ ਤਕਲੀਫ਼ ਮੈਂ ਕਦੀ ਇਸਤਰ੍ਹਾਂ ਮਹਿਸੂਸ ਨਹੀਂ ਸੀ ਕੀਤੀ। ਸ਼ਾਇਦ ਮਹਿਸੂਸ ਤਾਂ ਮੈਂ ਕਰਦਾ ਸਾਂ ਪਰ--"
ਮਾਇਆ ਰਾਮ ਦੀ ਗੱਲ ਨੇ ਉਸਨੂੰ ਹੋਰ ਹੀ ਪਾਸੇ ਸੋਚਣ ਲਾ ਦਿੱਤਾ ਸੀ। ਉਹਨੂੰ ਲੱਗਾ; ਉਹ ਮਾਇਆ ਰਾਮ ਅੱਗੇ ਪੂਰਾ ਸੱਚਾ ਨਹੀਂ! ਉਹ ਨਿਰਸਵਾਰਥ ਹੋ ਕੇ ਨਹੀਂ ਸੀ ਪੰਛੀਆਂ ਜਨੌਰਾਂ ਨੂੰ ਚੋਗਾ ਪਾਉਂਦਾ। ਇਸ ਪਿੱਛੇ ਤਾਂ ਉਸਦਾ ਆਪਣਾ ਲਾਲਚ ਸੀ। ਆਪਣਾ ਮਕਸਦ। ਉਹਦੇ 'ਪਹਿਲਵਾਨ' ਸਰੀਰੋਂ ਤਕੜੇ ਰਹਿਣ ਤੇ ਜਿੱਤਾਂ ਤੇ ਮੱਲਾਂ ਮਾਰ ਕੇ ਆਉਣ। ਉਹ ਏਡਾ ਦਿਆਲੂ ਤੇ ਦਇਆਵਾਨ ਕਿੱਥੇ ਸੀ!
ਅਗਲੇ ਦਿਨ ਸਵੇਰੇ ਹੀ ਲੱਸੀ-ਪਾਣੀ ਪੀ ਕੇ ਉਹ ਤੇ ਫੱਜਾ ਘੋੜੀ ਲੈ ਕੇ ਮਾਇਆ ਰਾਮ ਦਾ ਕਰਜ਼ ਲਾਹੁਣ ਝਬਾਲ ਨੂੰ ਤੁਰ ਪਏ। ਮਾਇਆ ਰਾਮ ਦਾ ਹੁਦਾਰ ਉਹਦੇ ਹੱਥ ਫੜਾ ਕੇ ਅਤੇ 'ਲਾਲ-ਸਿਰੇ' ਦੀ ਮੌਤ ਦੀ ਕਹਾਣੀ ਸੁਣਾ ਕੇ ਅਰਜਨ ਕਹਿੰਦਾ, "ਸ਼ਾਹ ਜੀ! ਤੁਸੀਂ ਤਾਂ ਮੈਨੂੰ ਬੜੇ ਦਰਦਮੰਦ ਦਿਲ ਵਾਲਾ ਬੰਦਾ ਸਮਝਿਆ ਸੀ, ਜਿਹੜਾ ਜਨੌਰਾਂ ਨੂੰ ਰੱਬ ਦੇ ਜੀਅ ਸਮਝ ਕੇ ਦਾਣਾ ਪਾਉਂਦਾਂ; ਪਰ ਮੈਂ ਤਾਂ ਅਸਲ ਵਿਚ ਧੁਰ ਅੰਦਰੋਂ ਕਿਤੇ ਜ਼ਾਲਮ ਸਾਂ। ਸੱਚੀ ਪੁੱਛਦੇ ਓ ਮੈਂ ਤਾਂ ਕਾਤਲ ਆਂ ਆਪਣੇ 'ਲਾਲ-ਸਿਰੇ' ਦਾ। ਤੁਹਾਡੇ ਪੈਰਾਂ ਦੀ ਸਹੁੰ। ਜਨੌਰਾਂ ਨੂੰ ਦਾਣਾ ਤਾਂ ਪਾਊਂ, ਪਰ ਸ਼ਰਤਾਂ ਤੇ ਮੁਕਾਬਲੇ ਅੱਗੋਂ ਤੋਂ ਸਦਾ ਲਈ ਬੰਦ।"
ਫਿਰ ਕਈ ਦਹਾਕੇ ਬੀਤ ਗਏ, ਉਹ ਗੱਭਰੂ-ਜਵਾਨ ਤੋਂ ਬਾਬਾ ਬਣ ਗਿਆ। ਸ਼ਰਤਾਂ ਲਾਉਣੀਆਂ ਤਾਂ ਦੂਰ ਉਸਨੇ ਪੰਛੀ, ਜਨੌਰ ਰੱਖਣੇ ਹੀ ਬੰਦ ਕਰ ਦਿੱਤੇ ਪਰ ਉਹਨਾਂ ਨੂੰ ਦਾਣਾ ਪਾਉਣਾ ਨਾ ਛੱਡਿਆ। ਉਸਨੇ ਹਵੇਲੀ ਵਿਚ ਵੀ ਪਾਣੀ ਦਾ ਵੱਡਾ ਕੁੱਜਾ ਇੱਕ ਨੁੱਕਰੇ ਰੱਖਿਆ ਹੋਇਆ ਸੀ ਤੇ ਸਵੇਰੇ ਸ਼ਾਮ ਓਥੇ ਜਾਨਵਰਾਂ ਲਈ ਦਾਣਾ ਖਿਲਾਰਦਾ ਸੀ। ਚਿੜੀਆਂ, ਗੁਟਾਰਾਂ, ਘੁੱਗੀਆਂ ਉਸਦੇ ਦੁਆਲੇ ਬੇਖ਼ੌਫ਼ ਹੋ ਕੇ ਟਪੂਸੀਆਂ ਮਾਰਦੀਆਂ। ਦਾਣਾ ਚੁਗਦੀਆਂ। ਕਦੀ ਕਦੀ ਕੋਈ ਉਹਦੇ ਮੋਢੇ ਤੇ ਹੱਥਾਂ 'ਤੇ ਵੀ ਆ ਬੈਠਦੀ। ਖੇਤਾਂ ਵਿਚ ਵੀ ਬੰਬੀ ਵਾਲੇ ਕੋਠੇ ਵਿਚ ਉਸਨੇ ਦਾਣਿਆਂ ਵਾਲਾ ਕੁੱਜਾ ਏਸੇ ਮਕਸਦ ਲਈ ਰੱਖਿਆ ਹੋਇਆ ਸੀ। ਪੁਤ ਪੋਤਰੇ ਕਹਿੰਦੇ ਸਨ ਕਿ ਬਾਪੂ ਤਾਂ ਫ਼ਸਲਾਂ ਦਾ ਨਾਸ ਮਾਰਨ ਲਈ ਜਨੌਰਾਂ ਨੂੰ ਆਪ 'ਰੋਟੀ ਵਰਜਦੈ!'
ਪਰ ਉਹ ਹੱਸ ਕੇ ਆਖਦਾ, "ਏਹਨਾਂ ਜਨੌਰਾਂ ਦੇ ਪੈਰਾਂ ਪਿੱਛੇ ਈ ਰੱਬ ਸਾਨੂੰ ਰੋਟੀ ਦਿੰਦੈ।"
- ਉਹਨੇ ਮੁੱਠ ਵਿਚ ਰਹਿ ਗਏ ਦਾਣੇ ਵੀ ਚੁਬੱਚੇ ਦੀ ਬੰਨੀ 'ਤੇ ਖਿਲਾਰ ਦਿੱਤੇ ਤੇ ਚਿੜੀਆਂ ਨੂੰ ਚੋਗ ਚੁਗਦਿਆਂ ਵੇਖ ਡੂੰਘੀ ਉਦਾਸੀ ਵਿਚ ਡੁੱਬ ਗਿਆ।
ਮੁੰਡੇ ਸ਼ਾਇਦ ਉਹਨੂੰ ਹੀ ਮਾਰਨ ਆਏ ਸਨ ਪਰ ਪਤਾ ਨਹੀਂ ਕਿਉਂ ਛੱਡ ਗਏ! ਇਸੇ ਗੁਰਜੀਤ ਨੇ, ਜਿਹੜਾ ਹੁਣ ਸਵੈ-ਸਿਰਜਤ 'ਲੈਫ਼ਟੀਨੈਂਟ ਜਨਰਲ' ਬਣਿਆਂ ਹੋਇਆ ਸੀ, ਆਪਣੇ ਦਸਤਖ਼ਤਾਂ ਵਾਲੇ ਪੈਡ 'ਤੇ ਮਾਇਆ ਰਾਮ ਦੇ ਕਤਲ਼ ਦੀ ਜਿੰਮੇਵਾਰੀ ਓਟੀ ਸੀ। ਨੱਬੇ ਸਾਲ ਦਾ ਬੁੱਢਾ ਮਾਇਆ ਰਾਮ ਮਾਰ ਕੇ ਉਹ ਬੜੀ ਸਰਹੰਦ ਫ਼ਤਹਿ ਕੀਤੀ ਸਮਝਦੇ ਸਨ! ਮਾਇਆ ਰਾਮ ਦੀ ਅਗਲੀ ਔਲਾਦ ਨੇ ਵੀ ਬਥੇਰੀ ਕਮਾਈ ਕੀਤੀ ਸੀ। ਸ਼ੈਲਰ ਲਾ ਲਏ ਸਨ। ਕੱਪੜੇ ਦੀ ਵੱਡੀ ਦੁਕਾਨ ਚੱਲਦੀ ਸੀ। ਹੋਰ ਕਾਰੋਬਾਰ ਵੀ ਸਨ। ਇਹਨਾਂ ਨੇ ਮਾਇਆ ਰਾਮ ਨੂੰ ਅਗਵਾ ਕਰ ਲਿਆ ਸੀ। ਪੰਜ ਲੱਖ ਮੰਗਦੇ ਸਨ।
'ਸਮੇਂ ਸਿਰ' ਪੈਸੇ ਨਾ ਪਹੁੰਚੇ ਤੇ ਵਿਚਾਰਾ ਮਾਇਆ ਰਾਮ!
ਕੱਲ੍ਹ ਦੀ ਅਖ਼ਬਾਰ ਵਿਚ ਲਹੂ ਵਿਚ ਭਿੱਜੀ ਮਾਇਆ ਰਾਮ ਦੀ ਲਾਸ਼ ਦੀ ਤਸਵੀਰ ਵੇਖ ਕੇ ਅਤੇ ਉਹਦੀ ਮੌਤ ਦੀ ਜਿੰਮੇਵਾਰੀ ਲੈਂਦੀ 'ਲੈਫ਼ਟੀਨੈਂਟ ਜਨਰਲ' ਗੁਰਜੀਤ ਸਿੰਘ ਦੀ ਚਿੱਠੀ ਦਾ ਹਵਾਲਾ ਪੜ੍ਹ ਕੇ ਅਰਜਨ ਸਿੰਘ ਬੌਂਦਲ ਗਿਆ ਸੀ। ਮਾਇਆ ਰਾਮ ਅਜੇ ਵੀ ਮੁਸਕੜੀਆਂ ਵਿਚ ਹੱਸਦਾ ਉਸਨੂੰ ਕਹਿ ਰਿਹਾ ਸੀ, "ਜਿਹੜਾ ਬੰਦਾ ਪੰਛੀਆਂ ਜਨੌਰਾਂ ਨੂੰ ਦਾਣਾ ਪਾਉਂਦੈ, ਉਹ ਮੇਰੇ ਪੈਸੇ ਕਦੀ ਮਾਰ ਈ ਨਹੀਂ ਸਕਦਾ!"
"ਤੇ ਜਿਹੜਾ ਕੋਈ ਗੁਰੂ ਦਾ ਸਿੰਘ ਅਖਵਾਏ, ਉਹਦਾ ਦੱਸਿਆ ਬਾਣਾ ਪਾਏ, ਉਹਦੀ ਬਾਣੀ ਦਾ ਪਾਠ ਕਰੇ ਤੇ ਫਿਰ ਤੈਨੂੰ ਹੀ ਮਾਰ ਦਏ ਮਾਇਆ ਰਾਮਾ, ਗੁਰੂ ਦੇ ਸਿੱਖ ਨੂੰ! ਉਹ ਗੁਰੂ ਦਾ ਕੀ ਲੱਗਦਾ ਏ!"
ਉਹਦੇ ਅੰਦਰੋਂ ਹੌਕਾ ਨਿਕਲਿਆ।
ਉਹਨਾਂ ਨੇ ਉਹਦੇ ਇਸ਼ਟ ਦਾ ਕਤਲ ਕਰ ਦਿੱਤਾ ਸੀ।
ਪਹਿਲੀਆਂ ਦੋ ਮਿਲਣੀਆਂ ਤੋਂ ਬਾਅਦ ਉਹ ਮਾਇਆ ਰਾਮ ਦਾ ਮੁਰੀਦ ਹੋ ਗਿਆ ਸੀ।
"ਸ਼ਾਹ ਜੀ! ਤੁਸੀਂ ਮੈਨੂੰ ਦੁਨੀਆਂ ਨੂੰ ਵੇਖਣ ਵਾਲੀ ਨਵੀਂ ਨਜ਼ਰ ਦਿੱਤੀ ਹੈ। ਤੁਸੀਂ ਮੇਰੇ ਗੁਰੂ ਓ।"
"ਰਾਮ ਰਾਮ ਕਹੁ ਸਰਦਾਰ ਅਰਜਨ ਸਿਅਹਾਂ! ਮੈਂ ਪਾਪੀ ਬੰਦਾ। ਤੱਕੜੀ ਨੂੰ ਠੂੰਗਾ ਮਾਰਨ ਵਾਲਾ। ਛੋਟੀਆਂ ਮੋਟੀਆਂ ਬੇਈਮਾਨੀਆਂ ਕਰਨ ਵਾਲਾ। ਏਨਾ ਭਾਰ ਨਾ ਮੇਰੇ ਸਿਰ 'ਤੇ ਚਾੜ੍ਹ।"
ਪਰ ਅਰਜਨ ਸਿੰਘ ਦੇ ਮਨ ਵਿਚ, ਸਾਲਾਂ ਦੇ ਸਾਲ ਬੀਤ ਗਏ, ਮਾਇਆ ਰਾਮ ਦੀ ਕਦਰ ਜਿਉਂ ਦੀ ਤਿਉਂ ਕਾਇਮ ਸੀ। ਉਹ ਜਦੋਂ ਵੀ ਕਦੀ ਦੋਂਹ ਚਹੁੰ-ਮਹੀਨੀਂ ਓਧਰ ਲੰਘਦਾ, ਉਚੇਚਾ ਮਾਇਆ ਰਾਮ ਦੇ ਗੋਡਿਆਂ ਨੂੰ ਹੱਥ ਲਾ ਕੇ ਆਉਂਦਾ।
ਅਰਜਨ ਸਿੰਘ ਆਖਦਾ ਹੁੰਦਾ ਸੀ ਕਿ ਉਸਦਾ ਗੁਰੂ, ਉਸਦਾ ਇਸ਼ਟ ਤਾਂ ਟੋਟੋ ਟੋਟੋ ਹੋ ਕੇ ਛੋਟੇ ਛੋਟੇ ਟੁਕੜਿਆਂ ਵਿਚ ਸਾਰੇ ਬੰਦਿਆਂ ਵਿਚ ਬੈਠਾ ਹੋਇਆ ਹੈ।
ਅੱਜ ਇਹਨਾਂ 'ਗੁਰੂ ਦੇ ਸਿੰਘਾਂ' ਨੇ ਮਾਇਆ ਰਾਮ ਦੇ ਅੰਦਰ ਬੈਠਾ ਅਰਜਨ ਸਿੰਘ ਦੇ 'ਗੁਰੂ' ਦਾ ਇਕ ਹਿੱਸਾ ਕਤਲ ਕਰ ਦਿੱਤਾ ਸੀ।
ਉਸਨੇ ਤੁਰੇ ਜਾਂਦੇ 'ਜਰਨੈਲ' ਦੇ ਹੱਥ ਵਿਚ ਫੜ੍ਹੀ ਸਟੇਨ 'ਤੇ ਨਜ਼ਰ ਮਾਰੀ ਤਾਂ ਮਾਇਆ ਰਾਮ ਤੜਫ਼ਦਾ ਦਿਖਾਈ ਦਿੱਤਾ। 'ਬਾਜ਼' 'ਚਿੜੀਆਂ' ਨੂੰ 'ਤੋੜ' ਰਹੇ ਸਨ। ਉਹਦੇ ਆਸੇ ਪਾਸੇ ਮਾਇਆ ਰਾਮ ਦੀ ਮੌਤ 'ਤੇ ਵੈਣ ਪਾਉਂਦੀਆਂ ਚਿੜੀਆਂ ਚਿਚਲਾ ਰਹੀਆਂ ਸਨ।
ਉਹਦੇ ਅੰਦਰੋਂ ਹਾਅ ਵਰਗਾ ਹੌਕਾ ਨਿਕਲਿਆ, "ਸੱਚਿਆ ਪਾਤਸ਼ਾਹ! ਇਹ ਕੇਹਾ ਸਿਤਮ ਏਂ ਕਿ ਬਾਜ਼ ਤੇਰਾ ਹੀ ਨਾਂ ਲੈ ਲੈ ਕੇ ਤੇਰੀਆਂ ਚਿੜੀਆਂ ਨੂੰ ਤੋੜ ਰਹੇ ਨੇ!"
ਉਹਨਾਂ ਦੇ ਕਾਬੂ ਆਏ ਮਾਇਆ ਰਾਮ ਨੂੰ ਜਦੋਂ 'ਲੈਫ਼ਟੀਨੈਂਟ ਜਨਰਲ' ਦੇ ਨਾਂ ਦਾ ਪਤਾ ਲੱਗਾ ਸੀ ਤਾਂ ਉਸਨੂੰ ਉਹਦਾ ਪਿੰਡ ਵੀ ਪਤਾ ਲੱਗ ਗਿਆ ਸੀ। ਅਖ਼ਬਾਰਾਂ ਵਿਚ ਦੂਜੇ ਚੌਥੇ ਦਿਨ ਉਹਦਾ ਨਾਂ ਅਖ਼ਬਾਰਾਂ ਵਿਚ ਛਪਦਾ ਹੀ ਤਾਂ ਰਹਿੰਦਾ ਸੀ। ਮਾਇਆ ਰਾਮ ਨੇ ਉਸਨੂੰ ਓਸੇ ਪਿੰਡ ਦਾ ਜਾਣ ਕੇ ਅਰਜਨ ਸਿੰਘ ਦੀ ਪਛਾਣ ਅਤੇ ਮਿੱਤਰਤਾ ਦਾ ਵੀ ਵਾਸਤਾ ਪਾਇਆ ਸੀ। ਗੁਰਜੀਤ ਸਿੰਘ ਨੇ ਉਦੋਂ ਜ਼ਹਿਰੀ ਹਾਸਾ ਹੱਸਦਿਆਂ ਕਿਹਾ ਸੀ, "ਕੋਈ ਗੱਲ ਨਹੀਂ; ਉਹਨੂੰ ਪਾਗ਼ਲ ਬੁੱਢੇ ਨੂੰ ਵੀ ਤੇਰੀ ਫਤਹਿ ਬੁਲਾ ਆਵਾਂਗੇ।"
ਕਮਾਦ ਦੇ ਓਹਲੇ ਹੋਣ ਤੋਂ ਪਹਿਲਾਂ ਬਿੱਲੂ ਨੇ ਧੌਣ ਭੁਆ ਕੇ ਉੱਚੀ ਆਵਾਜ਼ ਵਿਚ ਆਖਿਆ,
"ਬਾਬਾ! ਮਾਇਆ ਰਾਮ ਮਰਨ ਤੋਂ ਪਹਿਲਾਂ ਤੈਨੂੰ 'ਆਪਣੀ ਰਾਮ ਰਾਮ' ਬੁਲਾਉਂਦਾ ਸੀ!"
ਤਿੱਖਾ ਤੀਰ ਖੁਭ ਗਿਆ ਉਸਦੇ ਕਲੇਜੇ ਵਿਚ!
"ਓਹ! ਜ਼ਾਲਮੋਂ!! ਮੈਨੂੰ ਏਹੋ ਗੋਲੀ ਮਾਰਨ ਆਏ ਸਾਓ ਏਥੇ!"
- ਕਲੇਜਾ ਘੁੱਟ ਕੇ ਉਹ ਕਣਕ ਦੇ ਕਿਆਰੇ ਦਾ ਪਾਣੀ ਵੇਖਣ ਤੁਰ ਪਿਆ। ਹੋਰ ਪੰਜ ਕੁ ਮਿੰਟ ਤੱਕ ਕਿਆਰਾ ਬੰਨੇ ਲੱਗ ਜਾਣਾ ਸੀ।
ਅਚਨਚੇਤ ਵੇਖਿਆ; ਉਹਨਾਂ ਦੇ ਖੇਤਾਂ ਨੂੰ ਆਉਂਦੀ ਕੱਚੀ ਸੜਕ 'ਤੇ ਪੁਲਿਸ ਦੀਆਂ ਦੋ ਜੀਪਾਂ ਧੂੜ ਉਡਾਉਂਦੀਆਂ ਆ ਰਹੀਆਂ ਸਨ। ਬੰਬੀ ਕੋਲ ਆ ਕੇ ਜੀਪਾਂ ਰੁਕ ਗਈਆਂ ਤੇ ਪੁਲਿਸ ਤੇ ਸੀ ਆਰ ਪੀ ਦੀ ਧਾੜ ਦੀ ਧਾੜ ਬਾਹਰ ਨਿਕਲ ਕੇ ਉਸ ਵੱਲ ਵਧੀ। ਕੋਲ ਆ ਕੇ ਥਾਣੇਦਾਰ ਕਹਿਣ ਲੱਗਾ:
"ਸਾਨੂੰ ਪੱਕੀ ਸੂਹ ਮਿਲੀ ਏ ਕਿ ਮੁੰਡੇ ਏਧਰ ਆਏ ਨੇ। ਤੇਰੀ ਬੰਬੀ 'ਤੇ ਨਹਾਉਂਦਿਆਂ ਵੇਖੇ ਨੇ ਕਿਸੇ ਨੇ। ਪੰਜ ਮਿੰਟ ਨਹੀਂ ਹੋਏ ਅਜੇ ਇਸ ਗੱਲ ਨੂੰ। ਬੁੱਢਿਆ! ਬੰਦਾ ਬਣ ਕੇ ਦੱਸ ਦੇ ਕਿੱਥੇ ਲੁਕਾਏ ਈ?"
ਅਰਜਨ ਸਿੰਘ ਦੇ ਸਿਰ ਨੂੰ ਗੁੱਸੇ ਦੀ ਕਾਂਗ ਚੜ੍ਹੀ, "ਬੰਦਾ ਤਾਂ ਮੈਂ ਸਾਰੀ ਉਮਰ ਬਣਨ ਦੀ ਕੋਸ਼ਿਸ਼ ਵਿਚ ਲੱਗਾ ਰਿਹਾਂ ਪਰ ਬੰਦਾ ਬਣਿਆਂ ਈ ਨਹੀਂ ਜਾ ਸਕਿਆ। ਪਰ ਸਰਦਾਰਾ! ਬੰਦਿਆਂ ਵਾਲੀ ਜ਼ਬਾਨ 'ਚ ਗੱਲ ਕਰਨੀ ਤੈਨੂੰ ਵੀ ਨਹੀਂ ਆਉਂਦੀ। ਮੈਂ ਵੀ ਗੁਰੂ ਦਾ ਸਿੱਖ ਆਂ ਤੇ ਵੇਖਣ ਨੂੰ ਤਾਂ ਤੂੰ ਵੀ ਇੰਝ ਈ ਲੱਗਦੈਂ। ਇਕ ਬਜ਼ੁਰਗ ਨਾਲ, ਜਿਹੜਾ ਦਸ ਸਾਲ ਪਿੰਡ ਦਾ ਸਰਪੰਚ ਵੀ ਰਿਹਾ ਹੋਵੇ, ਗੱਲ-ਬਾਤ ਕਰਨ ਦਾ ਇਹ ਕਿਹੜਾ ਸਲੀਕਾ ਤੇ ਕਿਹੜਾ ਤਰੀਕਾ ਏ ਭਾਈ!"
ਥਾਣੇਦਾਰ ਕੋਈ ਨਵਾਂ ਹੀ ਆਇਆ ਲੱਗਦਾ ਸੀ, ਜਿਹੜਾ ਅਰਜਨ ਸਿੰਘ ਦਾ ਜਾਣੂ ਨਹੀਂ ਸੀ। ਅਰਜਨ ਸਿੰਘ ਦੀ ਝਾੜ ਸੁਣ ਕੇ ਥੋੜ੍ਹਾ ਕੁ ਝੇਪਿਆ ਜ਼ਰੂਰ ਪਰ ਫਿਰ ਸੰਭਲ ਗਿਆ।
"ਮੇਰੇ ਨਾਲ ਬਹੁਤਾ ਗਿਆਨ ਨਾ ਘੋਟ ਤੇ ਸਿੱਧੀ ਤਰ੍ਹਾਂ ਦੱਸ ਉਹ ਏਥੋਂ ਗਏ ਕਿਧਰ ਨੂੰ ਨੇ?" ਸੀ ਆਰ ਪੀ ਦਾ ਇੰਸਪੈਕਟਰ ਤਿਵਾੜੀ ਅਰਜਨ ਸਿੰਘ ਨੂੰ ਜਾਣਦਾ ਸੀ। ਅਰਜਨ ਸਿੰਘ ਪਿਛਲੇ ਦਿਨੀਂ ਕਿਸੇ ਕੰਮ ਲਈ ਉਸਨੂੰ ਦੋ-ਚਾਰ ਵਾਰ ਮਿਲਿਆ ਵੀ ਹੋਇਆ ਸੀ। ਗੱਲ-ਬਾਤ ਦੀ ਵਾਗ-ਡੋਰ ਤਿਵਾੜੀ ਨੇ ਆਪਣੇ ਹੱਥ ਲੈਣੀ ਚਾਹੀ, "ਬਾਬਾ ਜੀ! ਨਰਾਜ਼ ਮੱਤ ਹੋਈਏ। ਆਏ ਤੋ ਵੋਹ ਇਧਰ ਹੀ ਹੈਂ ਆਪ ਕੇ ਪਾਸ।"
ਬਿੱਲੂ ਦੀ ਬੋਲੀ ਨੇ ਅਰਜਨ ਸਿੰਘ ਦਾ ਕਲੇਜਾ ਚੀਰਿਆ ਹੋਇਆ ਸੀ।
ਅੱਜ ਉਹਨੂੰ ਆਪਣੇ ਪੁੱਤ ਜਗਜੀਤ ਸਿੰਘ ਦਾ ਪੈਂਤੜਾ ਵੀ ਠੀਕ ਹੀ ਲੱਗਾ। ਭਾਵੇਂ ਪਹਿਲਾਂ ਕਦੀ ਇਸ ਬਾਰੇ ਉਸਦੀ ਸਹਿਮਤੀ ਨਹੀਂ ਸੀ ਹੋਈ।
"ਇਹਨਾਂ ਕਾਤਲ ਟੋਲਿਆਂ ਨਾਲ ਤਾਂ ਬੇਕਿਰਕ ਹੋ ਕੇ ਨਜਿੱਠਣ ਦੀ ਲੋੜ ਏ। ਇਸ ਤੋਂ ਪਹਿਲਾਂ ਕਿ ਉਹ ਤੁਹਾਡੇ 'ਤੇ ਵਾਰ ਕਰਨ ਤੁਹਾਨੂੰ ਉਹਨਾਂ 'ਤੇ ਵਾਰ ਕਰ ਦੇਣਾ ਚਾਹੀਦਾ ਐ। ਜਦੋਂ ਕੋਈ ਤੁਹਾਡੇ ਖਿਲਾਫ਼ ਹਥਿਆਰ ਚੁੱਕ ਕੇ ਤੁਰ ਪਿਐ, ਫਿਰ ਇਹ ਨਾ ਵੇਖੋ ਕਿ ਉਸਦਾ ਕਸੂਰ ਕਿੰਨਾ ਕੁ ਹੈ ਤੇ ਕਿੰਨਾ ਕੁ ਨਹੀਂ! ਮੌਕਾ ਮਿਲੇ ਤੋਂ ਪਹਿਲਾਂ ਆਪਣਾ ਵਾਰ ਕਰ ਦਿਓ। ਕੋਈ ਲਿਹਾਜ ਨਹੀਂ, ਕੋਈ ਤਰਸ ਨਹੀਂ। ਇਹ ਕਿਹੜਾ ਕਿਸੇ 'ਤੇ ਤਰਸ ਖਾਂਦੇ ਨੇ!" ਉਸ ਅੰਦਰੋਂ ਉਸਦੇ ਪੁੱਤਰ ਜਗਜੀਤ ਦੀ ਪਾਰਟੀ-ਲਾਈਨ ਬੋਲਣ ਲੱਗੀ।
ਉਸਨੂੰ ਖੁਦ 'ਸਰਕਾਰੀ' ਹੋਣ ਤੋਂ ਬੜੀ ਚਿੜ ਸੀ। ਸਰਕਾਰ ਅਤੇ ਸਥਾਪਤੀ ਨਾਲ ਤਾਂ ਉਹਦਾ ਖ਼ਾਨਦਾਨੀ ਵੈਰ ਸੀ। ਭਾਵੇਂ ਉਹਨੇ ਆਪ ਹੀ ਘਰ ਦੇ ਮੁਹਾਜ਼ 'ਤੇ ਲੜਨ ਦਾ ਨਿਰਣਾ ਲਿਆ ਹੋਇਆ ਸੀ ਤੇ 'ਬਾਹਰਲੀ ਵੱਡੀ ਲੜਾਈ' ਲਈ ਬਾਪੂ ਇੰਦਰ ਸਿੰਘ ਸਮਰਪਿਤ ਸੀ ਤਦ ਵੀ ਕਦੀ ਕਦੀ ਉਹਦਾ ਬਾਗ਼ੀ ਆਪਾ ਉਛਾਲ ਮਾਰ ਜਾਂਦਾ ਰਿਹਾ ਸੀ। ਪੰਜਾਬੀ ਸੂਬੇ ਦੇ ਮੋਰਚੇ ਵਿਚ ਤਾਂ ਉਹ ਬਾਪੂ ਇੰਦਰ ਸਿੰਘ ਨਾਲ ਜੇਲ੍ਹ ਵਿਚ ਆਪ ਵੀ ਗਿਆ ਸੀ। ਖ਼ੁਸ਼ ਹੈਸੀਅਤੀ ਟੈਕਸ ਦੇ ਵਿਰੋਧ ਵਿਚ ਉੱਠੀ ਕਮਿਊਨਿਸਟ ਲਹਿਰ ਵਿਚ ਵੀ ਦੋਵੇਂ ਪਿਓ-ਪੁੱਤ ਗ੍ਰਿਫ਼ਤਾਰ ਹੋਏ ਸਨ। ਉਂਜ ਤੇ ਜਗਜੀਤ ਦੀ ਸਾਰੀ ਉਮਰ ਵੀ ਸਰਕਾਰ ਦੀਆਂ ਵਧੀਕੀਆਂ ਨਾਲ ਲੜਦਿਆਂ ਤੇ ਮੁਲਾਜ਼ਮ ਘੋਲ ਕਰਦਿਆਂ ਲੰਘੀ ਸੀ। ਇਕ ਵਾਰ ਮੁਲਾਜ਼ਮ ਮੰਗਾਂ ਲਈ ਉਹ ਲੰਮੀ ਭੁੱਖ ਹੜਤਾਲ 'ਤੇ ਬੈਠਾ ਸੀ ਤਾਂ ਉਹ ਮਰਦਿਆਂ ਮਰਦਿਆਂ ਮਸਾਂ ਬਚਿਆ ਸੀ। ਉਹਨੀਂ ਦਿਨੀਂ ਤਾਂ ਅਰਜਨ ਸਿੰਘ ਨੂੰ ਉਸ 'ਤੇ ਅੰਤਾਂ ਦਾ ਮੋਹ ਤੇ ਲਾਡ ਆਇਆ ਸੀ। ਮੋਹ ਤਾਂ ਉਹਦੇ ਅਗਾਂਹਵਧੂ ਵਿਚਾਰਾਂ ਤੇ ਕਰਮਾਂ ਨੂੰ ਉਹ ਅਜੇ ਵੀ ਕਰਦਾ ਸੀ। ਉਸ 'ਤੇ ਮਾਣ ਵੀ ਸੀ ਉਸਨੂੰ। ਯੋਧਾ ਸੀ ਉਹ ਵੀ ਉਹਦੇ ਲਈ। ਪਰ ਅੱਜ ਕੱਲ੍ਹ ਉਸਦੇ ਇਸ 'ਸਰਕਾਰੀ ਪੈਂਤੜੇ' ਨਾਲ ਉਹਦੀ ਸਹਿਮਤੀ ਨਹੀਂ ਸੀ। ਕਿਸੇ ਮੁੰਡੇ ਨੂੰ ਵਿੰਹਦਿਆਂ ਜਾਂ ਫੜਦਿਆਂ ਹੀ ਅਗਲੇ ਨੂੰ ਗੋਲੀ ਮਾਰ ਦੇਣ ਦਾ ਸਰਕਾਰ ਤੇ ਪੁਲਿਸ ਦਾ ਫ਼ੈਸਲਾ ਉਸਨੂੰ ਹਜ਼ਮ ਹੀ ਨਹੀਂ ਸੀ ਹੁੰਦਾ।
"ਤੂੰ ਤੇ ਤੇਰੀ ਪਾਰਟੀ ਤਾਂ ਹੁਣ ਅਸਲੋਂ ਈ ਸਰਕਾਰੀ ਹੁੰਦੀ ਜਾਂਦੀ ਏ। ਤੂੰ ਵੀ ਸਰਕਾਰੀ ਬੰਦਾ ਬਣਦਾ ਜਾਂਦਾ ਏਂ ਜਗਜੀਤ ਸਿਅਹਾਂ!"
" ਬਾਪੂ ਜੀ, ਸਾਡੇ ਹੀਰਿਆਂ ਵਰਗੇ ਕਾਮਰੇਡ ਇਹਨਾਂ ਮੁੰਡਿਆਂ ਨੇ ਸ਼ਹੀਦ ਕਰ ਦਿੱਤੇ। ਅਸੀਂ ਇਹਨਾਂ ਨੂੰ ਮਾਫ਼ ਕਿਵੇਂ ਕਰ ਦਈਏ? ਇਹਨਾਂ ਖਿਲਾਫ਼ ਬੇਕਿਰਕ ਲੜਾਈ ਲੜਨ ਦੀ ਹੀ ਲੋੜ ਹੈ।"
ਇਹ ਬਹਿਸ ਉਹਨਾਂ ਦੇ ਪਰਿਵਾਰ ਵਿਚ ਪਿਛਲੇ ਤੋਂ ਪਿਛਲੇ ਮਹੀਨੇ ਬੜਾ ਡਾਢਾ ਜ਼ੋਰ ਫੜ੍ਹ ਗਈ ਸੀ। ਰਾਤ ਨੂੰ ਟੱਬਰ ਵਿਚ ਬੈਠਿਆਂ ਉਹ ਗੱਲਾਂ-ਬਾਤਾਂ ਕਰ ਰਹੇ ਸਨ ਕਿ 'ਲਹੀਆਂ ਦੀ ਪੱਤੀ' ਦਾ ਪਰਤਾਪ ਸਿੰਘ ਤੇ ਉਹਦੇ ਭਾਈਚਾਰੇ ਦੇ ਦੋ-ਤਿੰਨ ਬੰਦੇ ਉਹਨਾਂ ਦੇ ਘਰ ਆਏ ਸਨ। ਉਹਨਾਂ ਦੇ 'ਬੇਕਸੂਰ' ਮੁੰਡੇ ਪਰਮਜੀਤ ਨੂੰ ਪਰਸੋਂ ਬਾਬਾ ਬੁੱਢਾ ਸਾਹਿਬ ਦੇ ਗੁਰਦੁਆਰੇ ਟੱਬਰ ਨਾਲ ਮੱਥਾ ਟੇਕਣ ਜਾਂਦਿਆ ਨੂੰ ਸੀ ਆਰ ਪੀ ਵਾਲਿਆਂ ਨੇ ਟਰਾਲੀ ਤੋਂ ਲਾਹ ਲਿਆ ਸੀ। ਕੱਲ੍ਹ ਉਹ ਮੁੰਡੇ ਦੇ ਪਿੱਛੇ ਗਏ ਸਨ, ਪਰ ਸੀ ਆਰ ਪੀ ਵਾਲੇ ਕਹਿੰਦੇ ਸਨ; ਪੁਲਿਸ ਨੂੰ ਪੁੱਛੋ, ਅਸੀਂ ਤਾਂ ਫੜ ਕੇ ਬੰਦੇ ਪੁਣ-ਛਾਣ ਲਈ ਪੁਲਿਸ ਨੂੰ ਹੀ ਦੇ ਦਿੰਦੇ ਆਂ। ਜੇ ਇਸ ਨਾਂ ਦਾ ਕੋਈ ਮੁੰਡਾ ਹੋਇਆ ਤਾਂ ਪੁਲਿਸ ਨੂੰ ਪਤਾ ਹੋਊ। ਅੱਗੋਂ ਪੁਲਿਸ ਉਹਨਾਂ ਨੂੰ ਕੋਈ ਨਿਆਂ ਨਹੀਂ ਸੀ ਦਿੰਦੀ। ਸਵੇਰੇ ਉਹਨਾਂ ਪੁਲਿਸ ਕੋਲ ਫੇਰ ਜਾਣਾ ਸੀ ਤੇ ਉਹ ਅਰਜਨ ਸਿੰਘ ਨੂੰ ਆਖਣ ਆਏ ਸਨ ਕਿ ਉਹ ਉਹਨਾਂ ਦੇ ਨਾਲ ਜਾਵੇ। ਪੁਰਾਣਾ ਸਰਪੰਚ ਰਿਹਾ ਹੋਣ ਕਰ ਕੇ, ਗੱਲ-ਬਾਤ ਦਾ ਸਲੀਕਾ ਜਾਨਣ ਕਰਕੇ ਤੇ ਦਲੀਲ ਵਿਚ ਜ਼ੋਰ ਹੋਣ ਕਰ ਕੇ ਅਜੇ ਵੀ ਲੋਕ ਉਹਦਾ ਆਸਰਾ ਤੱਕਦੇ ਰਹਿੰਦੇ ਸਨ। ਉਹ ਇਸ ਲਈ ਵੀ ਆਏ ਸਨ ਕਿ ਜਗਜੀਤ ਸਿੰਘ ਦੀ ਡੀ ਐਸ ਪੀ ਨਾਲ ਵੀ ਨੇੜਤਾ ਸੁਣੀਂਦੀ ਸੀ। ਜੇ ਉਹ ਵੀ ਡੀ ਐਸ ਪੀ ਨੂੰ ਆਖ ਦੇਵੇ ਤਾਂ!
ਉਹਨਾਂ ਦੇ ਜਾਣ ਤੋਂ ਬਾਅਦ ਜਦੋਂ ਅਰਜਨ ਸਿੰਘ ਨੇ ਕਿਹਾ, "ਜਗਜੀਤ! ਕਰ ਵਿਚਾਰੇ ਗ਼ਰੀਬ ਜੱਟ ਦੀ ਮਦਦ; ਜੇ ਕੁਝ ਕਰ ਸਕਦਾ ਏਂ ਤਾਂ!"
"ਬਾਪੂ ਜੀ, ਮੈਂ ਤਾਂ ਕਾਤਲਾਂ ਦੇ ਟੋਲੇ ਨਾਲ ਦੁਸ਼ਮਣਾਂ ਵਾਂਗ ਨਜਿੱਠਣ ਦੇ ਹੱਕ ਵਿਚ ਆਂ। ਮਾਪਿਆਂ ਦੇ ਇਸ 'ਬੇਕਸੂਰ' ਮੁੰਡੇ ਨੇ ਕੀ ਪਤਾ ਕਿੰਨੇ ਬੇਕਸੂਰ ਲੋਕਾਂ ਦਾ ਘਾਣ ਕੀਤੈ! ਪਿਛਲੇ ਤਿੰਨ ਮਹੀਨੇ ਇਹ ਘਰੋਂ ਮੁੰਡਿਆਂ ਨਾਲ ਭੱਜਿਆ ਰਿਹੈ। ਉਹਨਾਂ ਨਾਲ ਦੀਵਾਲੀ ਵੇਖਣ ਤਾਂ ਨਹੀਂ ਸੀ ਗਿਆ! ਮੈਂ ਤਾਂ ਤੁਹਾਨੂੰ ਵੀ ਰੋਕੂੰ। ਪਰ ਤੁਸੀਂ ਤਾਂ ਆਪਣੀ ਮਰਜ਼ੀ ਈ ਕਰਨੀ ਹੁੰਦੀ ਏ। ਕਿਹੜਾ ਕਿਸੇ ਦੀ ਸੁਣਨੀ ਜਾਂ ਮੰਨਣੀ ਹੁੰਦੀ ਏ!"
ਉਸਨੇ ਤਾਂ ਅਸਲੋਂ ਹੱਥ ਖੜੇ ਕਰ ਦਿੱਤੇ ਸਨ।
ਮੁੰਡਾ ਹਰਜੀਤ ਦਾ ਵਿਦਿਆਰਥੀ ਰਿਹਾ ਸੀ। ਉਸਨੇ ਕੋਲੋਂ ਗਵਾਹੀ ਦਿੱਤੀ, "ਬਾਪੂ ਜੀ, ਮੁੰਡੇ ਨੇ ਪਿਛਲੇ ਸਾਲ ਹੀ ਅਜੇ ਦਸਵੀਂ ਕੀਤੀ ਏ। ਮੇਰੇ ਕੋਲ ਪੜ੍ਹਦਾ ਸੀ। ਪੜ੍ਹਦੇ ਸਮੇਂ ਨਿਹਾਇਤ ਬੀਬਾ ਮੁੰਡਾ ਸੀ। ਹੁਣ ਹਰ ਘਰ ਤੇ ਹਰ ਬਹਿਕ 'ਤੇ ਤਾਂ ਜਦੋਂ ਜੀ ਕਰੇ ਮੁੰਡੇ ਆ ਵੜਦੇ ਨੇ। ਇਹਨਾਂ ਦੀ ਬਹਿਕ 'ਤੇ ਵੀ ਆਉਂਦੇ-ਜਾਂਦੇ ਸਨ। ਉਹਨਾਂ ਦੀਆਂ ਗੱਲਾਂ, ਬਦਾਮਾਂ ਦੀਆਂ ਗਿਰੀਆਂ ਤੇ ਹਥਿਆਰਾਂ ਦੇ ਰੁਮਾਂਸ ਨੇ ਖਿੱਚ ਤਾਂ ਉਹਨੂੰ ਪਾ ਲਈ ਤੇ ਉਹ ਦੋ ਮਹੀਨੇ ਘਰੋਂ ਭੱਜਾ ਵੀ ਰਿਹੈ। ਪਰ ਮਾਪਿਆਂ ਦਾ ਇੱਕੋ ਇੱਕ ਪੁੱਤ ਹੋਣ ਕਰ ਕੇ ਇਕ ਤਾਂ ਮਾਪਿਆਂ ਨੇ ਅਗਲਿਆਂ ਦੇ ਤਰਲੇ ਕੀਤੇ ਕਿ ਸਾਡੇ ਪੁੱਤ ਨੂੰ ਮੋੜ ਦਿਓ ਤੇ ਦੂਜਾ ਮੁੰਡਾ ਵੀ ਉਹਨਾਂ ਨਾਲ ਜਾ ਕੇ ਫ਼ਸ ਗਿਆ ਮਹਿਸੂਸ ਕਰਦਾ ਸੀ। ਅਜੇ ਹਫ਼ਤਾ ਨਹੀਂ ਹੋਇਆ, ਉਹ ਮੈਨੂੰ ਮਿਲਿਆ ਸੀ। ਉਹਨੂੰ ਖੁੱਲ੍ਹਾ ਫਿਰਦਾ ਵੇਖ ਕੇ ਮੈਂ ਵੀ ਪੁੱਛ ਲਿਆ ਤਾਂ ਉਹ ਫਿੱਸ ਪਿਆ। ਕਹਿੰਦਾ, "ਮਾਸਟਰ ਜੀ ਐਵੇਂ ਚਾਅ ਚਾਅ ਵਿਚ ਈ ਉਹਨਾਂ ਦਾ ਝੋਲਾ ਚੁੱਕ ਕੇ ਤੁਰ ਪਿਆ ਸਾਂ। ਅੱਗੇ ਤੋਂ ਕੰਨਾਂ ਨੂੰ ਹੱਥ ਲਾਏ। ਜਿੰਨੀ ਨ੍ਹਾਤੀ ਓਨਾ ਪੁੰਨ! ਮੈਂ ਤਾਂ ਹੁਣ ਓਧਰ ਮੂੰਹ ਨਹੀਂ ਕਰਦਾ। ਸ਼ੁਕਰ ਏ ਜਿਊਂਦਿਆਂ ਘਰ ਆ ਗਏ ਆਂ। ਉਹਨਾਂ ਨਾਲ ਬਦਾਮਾਂ ਦੀਆਂ ਗਿਰੀਆਂ ਖਾਣ ਨਾਲੋਂ ਭੁੱਖੇ ਰਹਿਣਾ ਚੰਗਾ।"
"ਤਾਂ ਇਹ ਗੱਲ ਹੈ? ਵਾਕਿਆ ਈ ਕਸੂਰ ਕੋਈ ਨਹੀਂ ਉਹਦਾ?"
"ਵੇਖੋ ਜੀ, ਮੈਂ ਤਾਂ ਇਹ ਵੀ ਪੁੱਛਿਆ ਸੀ ਉਹਨੂੰ। ਉਹਨੇ ਸਹੁੰ ਖਾ ਕੇ ਆਖਿਆ ਸੀ ਕਿ ਉਸਦਾ ਕਿਸੇ ਵਾਰਦਾਤ ਵਿਚ ਕੋਈ ਹੱਥ ਨਹੀਂ। ਮੈਂ ਤਾਂ ਉਸਨੂੰ ਜਦੋਂ ਇਹ ਪੁੱਛਿਆ ਕਿ ਹੁਣ ਤੂੰ ਕਰਨਾ ਕੀ ਚਾਹੁੰਦੈਂ! ਤਾਂ ਬੜਾ ਮਾਸੂਮ ਜਵਾਬ ਦਿੱਤਾ, "ਮਾਸਟਰ ਜੀ! ਮੈਂ ਤਾਂ ਜਿਊਣਾਂ ਚਾਹੁੰਦਾਂ!" ਘਰਦਿਆਂ ਨਾਲ ਬਾਬੇ ਬੁੱਢੇ ਮੱਥਾ ਟੇਕਣ ਜਾਣ ਵਾਲੇ ਦਿਨ ਵੀ ਉਹ 'ਨਵਿਆਂ' ਦੀ ਟਰਾਲੀ 'ਤੇ ਬਹਿ ਕੇ ਸੁੱਖਣਾ ਲਾਹੁਣ ਈ ਜਾ ਰਹੇ ਸਨ ਕਿ ਉਹਨਾਂ ਦਾ ਪੁੱਤ ਬਾਬੇ ਦੀ ਮਿਹਰ ਨਾਲ ਜਿਊਂਦਾ ਜਾਗਦਾ ਘਰ ਮੁੜ ਆਇਐ!"
"ਫਿਰ ਤਾਂ ਜਗਜੀਤ ਸਿਅਹਾਂ ਮੁੰਡੇ ਨੂੰ ਬਚਾਈਏ ਯਾਰ ਕਿਸੇ ਤਰ੍ਹਾਂ।" ਅਰਜਨ ਸਿੰਘ ਨੇ ਤਰਲਾ ਲਿਆ।
ਪਰ ਜਗਜੀਤ ਨਹੀਂ ਸੀ ਮੰਨਿਆਂ। ਆਪਣੇ 'ਸਿਧਾਂਤਕ ਪੈਂਤੜੇ' ਤੇ ਕਾਇਮ ਰਿਹਾ ਸੀ। ਅਰਜਨ ਸਿੰਘ ਪਿੰਡ ਦੇ ਹੋਰ ਮੋਅਹਤਬਰਾਂ ਨਾਲ ਮਿਲ ਕੇ ਮੁੰਡੇ ਦਾ ਪਤਾ ਕਰਨ ਜਾਂਦਾ ਰਿਹਾ ਸੀ। ਪਹਿਲਾਂ ਤਾਂ ਪੁਲਿਸ ਹੱਥ ਪੱਲਾ ਈ ਨਹੀਂ ਸੀ ਫੜਾਉਂਦੀ। ਪਰ ਆਖ਼ਰ ਉਹਨਾਂ ਨੂੰ ਸੂਹ ਮਿਲ ਗਈ ਕਿ ਮੁੰਡਾ ਸੀ ਆਰ ਪੀ ਦੇ ਇੰਸਪੈਕਟਰ ਤਿਵਾੜੀ ਕੋਲ ਹੈ। ਉਹ ਤਿਵਾੜੀ ਕੋਲ ਪੁੱਜੇ। ਤਿਵਾੜੀ ਮੰਨ ਤਾਂ ਗਿਆ ਕਿ ਮੁੰਡਾ ਉਹਦੇ ਕੋਲ ਹੈ ਪਰ ਉਹ ਛੱਡੇਗਾ ਨਹੀਂ ਕਿਉਂਕਿ ਅਜੇ ਉਸ ਕੋਲੋਂ ਪੁੱਛ-ਪੜਤਾਲ ਕਰ ਰਿਹਾ ਹੈ! ਅਰਜਨ ਸਿੰਘ ਨੇ ਦਲੀਲ ਦਿੱਤੀ, "ਮੰਨ ਲਿਆ, ਮੁੰਡਾ ਤੁਸੀਂ ਫੜਿਆ ਹੈ। ਪਰ ਪਿਛਲੇ ਏਨੇ ਦਿਨਾਂ ਵਿਚ ਮੁਢਲੀ ਪੁੱਛ-ਗਿੱਛ ਤਾਂ ਹੋ ਈ ਗਈ ਹੋਵੇਗੀ! ਜੇ ਉਹਦੇ 'ਚ ਕੁਝ ਹੁੰਦਾ ਤਾਂ ਹੁਣ ਤੱਕ ਨਿਕਲ ਆਉਣਾ ਸੀ। ਅਸੀਂ ਸਹੁੰ ਦਿੰਦੇ ਆਂ ਉਹਦੀ ਕਿ ਸਾਡੇ ਮੁੰਡੇ ਨੇ ਕੀਤਾ ਕਰਾਇਆ ਕੁਝ ਨਹੀਂ। ਤੁਹਾਨੂੰ ਵੀ ਪਤਾ ਲੱਗ ਗਿਆ ਹੋਣੈਂ। ਉਂਝ ਵੀ ਜੇ ਕੱਲ੍ਹ-ਕਲੋਤਰ ਨੂੰ ਉਹਦੀ ਕੋਈ ਗੱਲ ਨਿਕਲ ਆਵੇ ਤਾਂ ਅਸੀਂ ਆਪ ਮੁੰਡੇ ਨੂੰ ਤੁਹਾਡੇ ਅੱਗੇ ਪੇਸ਼ ਕਰ ਦਿਆਂਗੇ।" ਤਿਵਾੜੀ ਅਰਜਨ ਸਿੰਘ ਨੂੰ ਪਾਸੇ ਲੈ ਗਿਆ, "ਬਾਬਾ ਜੀ! ਆਪਸ ਕੀ ਬਾਤ ਹੈ। ਕੂਏਂ ਮੇ ਗਿਰੀ ਈਂਟ ਤੋ ਬਾਹਰ ਸੂਖੀ ਨਾਹੀਂ ਨਿਕਲੇ। ਏਕ ਲਾਖ ਪਰਸੋਂ ਤਕ ਲੇ ਆਨਾ ਔਰ ਲੜਕਾ ਲੇ ਜਾਨਾ।"
ਅਰਜਨ ਸਿੰਘ ਨੇ ਦੁਹਾਈ ਪਾਈ, "ਜੀ ਉਹਦਾ ਪਿਓ ਤਾਂ ਵਿਚਾਰਾ ਡਾਢਾ ਗਰੀਬ ਜੱਟ ਐ। ਸਿਰਫ਼ ਸਾਢੇ ਤਿੰਨ ਕਿੱਲੇ ਪੈਲੀ। ਕਰਜ਼ੇ ਦਾ ਪਹਿਲਾਂ ਈ ਭੰਨਿਆਂ ਹੋਇਆ। ਗੰਜੀ ਖਾਊ ਕੀ ਤੇ ਨਿਚੋੜੂ ਕੀ! ਕਿੱਥੋਂ ਦੇ ਲਊ ਤੁਹਾਨੂੰ ਲੱਖ ਰੁਪੈਆ! ਏਦਾਂ ਗਰੀਬ ਮਾਰ ਨਾ ਕਰੋ।"
"ਮੈਂ ਨੇ ਏਕ ਬਾਤ ਕਹਿ ਦੀ, ਸੋ ਕਹਿ ਦੀ। ਪਰਸੋਂ ਆ ਜਾਨਾ। ਨਹੀਂ ਤੋ--। ਯੇਹ ਭੀ ਆਪ ਕੇ ਕਹਿਨੇ ਪਰ ਬੋਲ ਰਹਾ ਹੂੰ।"
ਉਸਨੇ ਢੱਠੇ ਦਿਲ ਨਾਲ ਆ ਕੇ ਸਾਰਿਆਂ ਨੂੰ ਤਿਵਾੜੀ ਦਾ ਫ਼ੈਸਲਾ ਸੁਣਾ ਦਿੱਤਾ। ਸਾਰੇ ਆਖਣ ਲੱਗੇ, ਇਸ ਬਿਨਾਂ ਹੋਰ ਕੋਈ ਚਾਰਾ ਨਹੀਂ। ਮੁੰਡੇ ਦੀ ਜਾਨ ਨਾਲੋਂ ਪੈਸੇ ਚੰਗੇ ਨੇ ਕਿਤੇ! ਉਸਨੂੰ ਤਾਂ ਕਿਸੇ ਤਰ੍ਹਾਂ ਬਚਾਉਣਾ ਈ ਹੋਇਆ!
ਤਿਵਾੜੀ ਨੂੰ ਮਿਲਣ ਜਾਣ ਵਾਲੇ ਦਿਨ ਅੱਖਾਂ ਦੇ ਕੋਇਆਂ ਵਿਚ ਪਾਣੀ ਅਤੇ ਕੰਬਦੇ ਹੱਥੀਂ ਪਰਤਾਪ ਸਿੰਘ, ਅਰਜਨ ਸਿੰਘ ਕੋਲ ਆਇਆ, "ਜਥੇਦਾਰਾ! ਕੀ ਕਰੀਏ ਹੁਣ। ਮੈਂ ਤਾਂ ਸਾਰੇ ਅੰਗਾਂ ਸਾਕਾਂ ਦੇ ਖੱਲਾਂ-ਖੂੰਜੇ ਫ਼ਰੋਲ ਲਏ। ਮੇਰੇ ਕੋਲੋਂ ਤਾਂ ਮਸਾਂ ਤੀਹ ਹਜ਼ਾਰ ਹੋਇਐ। ਨੰਬਰਦਾਰ ਹਰਸਾ ਸੁੰਹ ਨੂੰ ਜ਼ਮੀਨ ਲਿਖਾ ਲੈਣ ਨੂੰ ਕਿਹੈ ਮੰਨ ਵੀ ਗਿਐ ਉਹ। ਪਰ ਉਹਦੇ ਆੜ੍ਹਤੀਏ ਨੇ ਪੈਸਿਆਂ ਦਾ ਪਰਸੋਂ ਦਾ ਕਰਾਰ ਕੀਤੈ।"
ਅਰਜਨ ਸਿੰਘ ਨੇ ਆਪਣੇ ਘਰ ਪਿਆ ਦਸ ਹਜ਼ਾਰ ਰੁਪੈਆ ਵੀ ਫੜ੍ਹ ਲਿਆ। ਉਹ ਤਿਵਾੜੀ ਕੋਲ ਗਏ। ਅਰਜਨ ਸਿੰਘ ਨੇ ਹੱਥ ਜੋੜੇ, "ਤਿਵਾੜੀ ਸਾਹਿਬ! ਆਹ ਚਾਲੀ ਹਜ਼ਾਰ ਫੜ੍ਹੋ ਹਾਲ ਦੀ ਘੜੀ। ਅਜੇ ਸਾਰਾ ਤਾਣ ਲਾ ਕੇ ਮਸਾਂ ਏਨਾ ਈ ਸਰਿਐ। ਕੱਲ੍ਹ ਜਾਂ ਹੱਦ ਪਰਸੋਂ ਤੱਕ ਬਾਕੀ ਪੈਸੇ ਮੈਂ ਆਪ ਲੈ ਕੇ ਆਊਂ। ਪਰ ਅੱਜ ਮਿਹਰਬਾਨੀ ਕਰ ਕੇ ਮੁੰਡਾ ਸਾਨੂੰ ਦੇ ਦਿਓ। ਤੁਹਾਡੇ ਅੱਗੇ ਹੱਥ ਬੰਨ੍ਹਦੇ ਆਂ।"
ਤਿਵਾੜੀ ਨੇ ਨੋਟਾਂ ਦੀ ਦੱਥੀ ਵਾਪਸ ਮੋੜਦਿਆਂ ਕਿਹਾ, "ਮੈਂ ਨੇ ਏਕ ਬਾਤ ਕਰੀ ਥੀ ਆਪ ਸੇ। ਵੋਹ ਭੀ ਗੁਰੂ ਕਾ ਸਿੱਖ ਜਾਨ ਕਰ। ਅਭੀ ਭੀ ਸ਼ਾਮ ਤੱਕ ਕਾ ਸਮੇਂ ਹੈ ਆਪ ਕੇ ਪਾਸ। ਪੈਸੇ ਲੇ ਆਓ, ਲੜਕਾ ਲੇ ਜਾਓ!"
ਨਿਰਾਸ ਹੋਏ ਉਹ ਵਾਪਸ ਪਰਤੇ ਸਨ। ਤਿਵਾੜੀ ਦੇ ਆਖੇ ਸ਼ਬਦ, "ਗੁਰੂ ਕਾ ਸਿੱਖ ਜਾਨ ਕਰ!" ਉਹਨੂੰ ਲਾਹਨਤਾਂ ਪਾ ਰਹੇ ਸਨ। ਉਹ ਗੁਰੂ ਅੱਗੇ ਸ਼ਰਮਿੰਦਾ ਸੀ। ਉਹਨੇ ਹੱਥ ਜੋੜੇ, "ਸੱਚਿਆ ਪਾਤਸ਼ਾਹ! ਮੈਂ ਦੱਲਾ ਨਹੀਂ। ਤੂੰ ਵੀ ਜਾਣਦੈਂ ਮੈਂ ਕਦੀ ਇਹੋ ਜਿਹੀ ਦਲਾਲੀ ਨਹੀਂ ਕੀਤੀ। ਕੀ ਕਰਦਾ ਮੈਂ? ਮੇਰਾ ਮੁੰਡਾ ਹੁੰਦਾ ਤਾਂ ਮੈਂ ਲੜਦਾ। ਧਰਨੇ ਦਿੰਦਾ। ਭੀੜਾਂ ਇਕੱਠੀਆਂ ਕਰਦਾ। ਅਖ਼ਬਾਰਾਂ ਕੋਲ ਜਾਂਦਾ। ਲੜਾਈ ਲੜਦਾ। ਪਰ ਏਥੇ ਕੀ ਕਰਦਾ? ਮੁੰਡੇ ਦੇ ਘਰ ਦੇ ਤਰਲੇ ਲੈਂਦੇ ਸਨ, ਹੱਥ ਜੋੜਦੇ ਸਨ, ਕਹਿੰਦੇ ਸਨ ਮੈਂ ਗਰਮ ਨਾ ਹੋਵਾਂ! ਬਣਦੀ ਖੇਡ ਕਿਤੇ ਵਿਗੜ ਨਾ ਜਾਵੇ। ਜਿਵੇਂ ਵੀ ਹੋਵੇ, ਮੁੰਡਾ ਛੁਡਵਾ ਲਈਏ। ਪਰਸੋਂ ਵਿਚ ਇਕ ਦਿਨ ਹੀ ਤਾਂ ਬਾਕੀ ਹੈ।"
ਪਰ ਮੁੰਡੇ ਦੀ ਜਿਊਂਦੇ ਰਹਿਣ ਦੀ ਸੱਧਰ ਅਧੂਰੀ ਰਹਿ ਗਈ ਸੀ। ਲੱਖ ਰੁਪਏ ਤੇ ਮੁੰਡੇ ਵਿਚਲਾ ਇੱਕ ਦਿਨ ਉਮਰਾਂ ਨਾਲੋਂ ਲੰਮਾਂ ਹੋ ਗਿਆ ਸੀ। ਸ਼ਾਮ ਤੱਕ ਉਹ 'ਵਾਅਹਦੇ ਮੁਤਾਬਕ' ਇੱਕ ਲੱਖ ਰੁਪਈਆ ਨਹੀਂ ਪੁਚਾ ਸਕੇ ਸਨ। ਅਗਲੇ ਦਿਨ ਪਰਮਜੀਤ ਦੇ 'ਮੁਕਾਬਲੇ' ਵਿਚ ਮਾਰੇ ਜਾਣ ਦੀ ਖ਼ਬਰ ਆ ਗਈ ਸੀ।
ਕਈ ਦਿਨ ਪਰਮਜੀਤ ਦੇ ਬੋਲ ਜਿਹੜੇ ਅਰਜਨ ਸਿੰਘ ਨੇ ਹਰਜੀਤ ਦੀ ਜ਼ਬਾਨੀ ਸੁਣੇ ਸਨ ਉਹਦੇ ਕੰਨਾਂ ਵਿਚ ਗੂੰਜਦੇ ਰਹੇ, "ਮੈਂ ਜਿਊਣਾ ਚਾਹੁੰਦਾਂ! ਮੈਂ ਜਿਊਣਾ ਚਾਹੁੰਦਾਂ!"
- ਪਰ ਪਰਮਜੀਤ, ਪੁਲਿਸ ਅਤੇ ਮੁੰਡਿਆਂ ਵਿਚਕਾਰ ਅਚਨਚੇਤ ਫੇਰ ਮਾਇਆ ਰਾਮ ਆ ਕੇ ਖਲੋ ਗਿਆ।
ਗੁੱਸੇ ਵਿਚ ਭਰੇ ਅਰਜਨ ਸਿੰਘ ਦਾ ਜੀ ਕੀਤਾ ਪੁਲਿਸ ਨੂੰ ਆਖੇ, "ਔਹ ਜਾਂਦੇ ਨੇ ਐਂ ਨੂੰ। ਕਮਾਦ ਦੇ ਓਹਲੇ ਹੋਇਆਂ ਅਜੇ ਮਸਾਂ ਪੰਜ ਮਿੰਟ ਨਹੀਂ ਹੋਏ।"
ਉਹ ਮਾਇਆ ਰਾਮ ਨੂੰ ਕਤਲ ਕੀਤੇ ਜਾਣ ਅਤੇ ਹੁਣੇ ਕਲੇਜੇ ਵਿਚ ਬਰਛੀ ਵਾਂਗ ਖੋਭੀ 'ਬੋਲੀ' ਦਾ ਤੱਤੇ ਘਾਹ ਹੀ ਬਦਲਾ ਲੈ ਲੈਣਾ ਚਾਹੁੰਦਾ ਸੀ। ਪਰ ਉਹਦੀਆਂ ਅੱਖਾਂ ਅੱਗੇ ਜਿਊਣ ਲਈ ਤਰਲੇ ਲੈਂਦਾ ਪਰਮਜੀਤ ਆ ਕੇ ਖਲੋ ਗਿਆ। ਆਖਣ ਲੱਗਾ, "ਮੈਂ ਜਿਊਣਾ ਚਾਹੁੰਦਾਂ!"
ਅਗਲੇ ਪਲ ਪਰਮਜੀਤ ਦਾ ਤਰਲਾ ਮਾਇਆ ਰਾਮ ਦੇ ਤਰਲਿਆਂ ਵਿਚ ਵਟ ਗਿਆ।
ਚਾਰ ਚੇਫ਼ੇਰੇ ਆਵਾਜ਼ਾਂ ਆਉਣ ਲੱਗੀਆਂ, "ਮੈਂ ਜਿਊਣਾ ਚਾਹੁੰਦਾਂ! ਮੈਂ ਜਿਊਣਾ ਚਾਹੁੰਦਾਂ!"
ਉਹ ਦੁਬਿਧਾ ਵਿਚ ਪੈ ਗਿਆ।
ਕੀ ਪੈਂਤੜਾ ਲਵੇ ਉਹ ਹੁਣ?
"ਆਹ ਵੇਖ ਤਾਜ਼ਾ ਗੰਨੇ ਚੂਪੇ ਹੋਏ।" ਥਾਣੇਦਾਰ ਨੇ ਦਾਣਾ ਚੁਗਦੀਆਂ ਚਿੜੀਆਂ ਨੂੰ ਸਿਸ਼ਕਾਰ ਕੇ ਉਡਾਇਆ ਤੇ ਚੁਬੱਚੇ ਲਾਗੇ ਚੂਪ ਕੇ ਸੁੱਟੀਆਂ ਗੰਨੇ ਦੀਆਂ ਛਿੱਲਾਂ ਨੂੰ ਵਿਖਾਉਣ ਲੱਗਾ ਏਨੇ ਚਿਰ ਵਿਚ ਅਰਜਨ ਸਿੰਘ ਨੇ ਆਪਣੇ ਮਨ ਵਿਚ ਪੈਂਤੜਾ ਬਣਾ ਲਿਆ ਸੀ।
"ਇੱਕ ਮਿੰਟ ਖਲੋ ਜੋ।" ਅਰਜਨ ਸਿੰਘ ਬੰਬੀ ਨਾਲ ਲੱਗਦੇ ਕਮਾਦ ਵੱਲ ਵਧਿਆ ਤੇ ਮੁੰਡਿਆਂ ਵੱਲੋਂ ਭੰਨੇ ਗੰਨਿਆਂ ਦਾ ਆਗ ਫੜ੍ਹ ਕੇ ਹੌਲੀ ਜਿਹੀ ਤੁਰਦਾ ਉਹਨਾਂ ਕੋਲ ਆਇਆ। ਉਹ ਉਤਸੁਕਤਾ ਨਾਲ ਵੇਖ ਰਹੇ ਸਨ ਕਿ ਇਹ ਕੀ ਕਰ ਰਿਹਾ ਹੈ! ਅਰਜਨ ਸਿੰਘ ਚਾਹੁੰਦਾ ਸੀ ਕਿ ਜਿੰਨਾਂ ਵੱਧ ਤੋਂ ਵੱਧ ਸਮਾਂ ਲੰਘਾ ਸਕੇ ਚੰਗਾ ਹੈ, ਓਨੇ ਚਿਰ ਤੱਕ ਮੁੰਡੇ ਥੋੜ੍ਹਾ ਦੂਰ ਨਿਕਲ ਜਾਣਗੇ। ਇਹ ਉਹ ਜਾਣ ਗਿਆ ਸੀ ਕਿ ਪੁਲਿਸ ਵਾਲੇ ਹੁਣੇ ਹੀ ਕਿਸੇ ਵੱਲੋਂ ਦਿੱਤੀ ਪੱਕੀ ਸੂਹ ਨਾਲ ਆਏ ਹਨ। ਉਹਨਾਂ ਅੱਗੇ ਕੋਰਾ ਝੂਠ ਬੋਲਿਆਂ ਹੁਣ ਗੁਜ਼ਾਰਾ ਨਹੀਂ ਹੋਣਾ।
ਉਹਨਾਂ ਕੋਲ ਆ ਕੇ ਕਹਿੰਦਾ, "ਮੈਂ ਕਦੋਂ ਕਹਿੰਦਾਂ ਉਹਨਾਂ ਗੰਨੇ ਨਹੀਂ ਚੂਪੇ। ਆਹ ਵੇਖੋ! ਭੰਨੇ ਹੋਏ ਗੰਨਿਆਂ ਦੇ ਆਗ। ਛਿੱਲਾਂ ਵੀ ਠੀਕ ਉਹਨਾਂ ਦੀਆਂ ਨੇ। ਪਰ ਜਿੱਥੋਂ ਤੱਕ ਨਹਾਉਣ ਦੀ ਗੱਲ ਏ, ਉਹ ਏਥੇ ਨ੍ਹਾਤੇ ਬਿਲਕੁਲ ਨਹੀਂ। ਮੂੰਹ ਹੱਥ ਜ਼ਰੂਰ ਧੋਤਾ। ਮੈਂ ਤਾਂ ਔਹ ਗੋਭੀ ਦੀ ਪਨੀਰੀ ਗੋਡਣ ਡਿਹਾ ਸਾਂ। ਓਥੇ ਈ ਰਿਹਾਂ ਮੈਂ ਤਾਂ। ਡਰਦਾ ਸਾਂ ਕਿ ਕਿਤੇ ਮੈਨੂੰ ਈ ਮਾਰਨ ਨਾ ਆਏ ਹੋਣ। ਮੈਂ ਤਾਂ ਸਾਹਬ ਜੀ ਕੋਲ ਈ ਨਹੀਂ ਆਇਆ ਉਹਨਾਂ ਦੇ। ਕਿਹੜਾ ਮੌਤ ਨੂੰ ਮਾਸੀ ਆਖੇ!" ਉਹ ਜਾਣ ਬੁੱਝ ਕੇ ਬੇਮਤਲਬ ਗੱਲ ਲੰਮੀ ਕਰੀ ਜਾ ਰਿਹਾ ਸੀ।
"ਬਜ਼ੁਰਗਾ! ਬਹੁਤੀਆਂ ਕ੍ਹਾਣੀਆਂ ਨਾ ਪਾਈ ਜਾ। ਤੂੰ ਇਹ ਦੱਸ ਏਥੋਂ ਗਏ ਕਿਧਰ ਨੂੰ ਨੇ ਉਹ? ਸਾਡੇ ਕੋਲ ਤੇਰੀ ਰਮਾਇਣ ਸੁਣਨ ਦਾ ਟੈਮ ਨਹੀਂ।" ਥਾਣੇਦਾਰ ਖਿਝ ਗਿਆ ਸੀ।
"ਗਏ?" ਅਰਜਨ ਸਿੰਘ ਨੇ ਜਿਵੇਂ ਆਪਣੇ ਆਪ ਨੂੰ ਪੁੱਛਿਆ। ਫਿਰ ਉਹ ਚਾਰੇ ਪਾਸੇ ਵੇਖਦਾ ਚਾਰੇ ਦਿਸ਼ਾਵਾਂ ਵੱਲ ਘੁੰਮਿਆਂ ਤੇ ਆਖ਼ਰਕਾਰ ਇਸ ਸੌ ਅੱਸੀ ਦਰਜੇ ਦੇ ਕੋਨ 'ਤੇ ਮੁੰਡਿਆਂ ਦੇ ਜਾਣ ਦੀ ਬਿਲਕੁਲ ਉਲਟ ਦਿਸ਼ਾ ਵੱਲ ਹੱਥ ਕਰ ਦਿੱਤਾ, "ਐਧਰ ਨੂੰ ਗਏ ਨੇ। ਮਸਾਂ ਪੰਜ ਮਿੰਟ ਹੋਏ ਹੋਣਗੇ।"
ਉਸਦਾ ਖਿਆਲ ਸੀ ਕਿ ਜਿੰਨੇ ਚਿਰ ਵਿਚ ਉਹ ਉਹਨਾਂ ਨੂੰ ਇਸ ਪਾਸਿਓਂ ਲੱਭਦੇ ਨਿਰਾਸ ਹੋ ਕੇ ਮੁੜਨਗੇ, ਓਨੇ ਚਿਰ ਤੱਕ ਮੁੰਡੇ ਦੂਜੇ ਪਾਸੇ ਦੂਰ ਨਿਕਲ ਜਾਣਗੇ।
"ਚੱਲੋ, ਛੇਤੀ ਕਰੋ। ਹਰੀ ਅੱਪ।" ਉਹ ਫਟਾ ਫਟ ਗੱਡੀਆਂ 'ਤੇ ਸਵਾਰ ਹੋਏ ਤੇ ਅਰਜਨ ਸਿੰਘ ਦੀ ਦੱਸੀ ਦਿਸ਼ਾ ਵੱਲ ਗੱਡੀਆਂ ਭਜਾ ਲਈਆਂ।
ਉਹ ਅੰਦਰੇ ਅੰਦਰ 'ਪੁੰਨ ਦਾ ਕੰਮ' ਕਰਕੇ ਖ਼ੁਸ਼ ਸੀ। ਮਾਇਆ ਰਾਮ ਉਸਦੇ ਸਾਹਮਣੇ ਆ ਕੇ ਖਲੋ ਗਿਆ, "ਮੇਰੇ ਕਾਤਲਾਂ ਨੂੰ ਬਚਾ ਕੇ ਤੂੰ ਚੰਗਾ ਨਹੀਂ ਕੀਤਾ।"
ਉਹ ਮਾਇਆ ਰਾਮ ਨਾਲ ਅੱਖਾਂ ਨਹੀਂ ਸੀ ਮਿਲਾ ਸਕਦਾ। ਸ਼ਰਮਿੰਦਾ ਜਿਹਾ ਹੋ ਗਿਆ ਉਹ!
ਏਨੇ ਚਿਰ ਵਿਚ ਬੰਬੀ ਦੀ ਬੱਤੀ ਚਲੀ ਗਈ। ਉਸਨੇ ਕੋਠੇ ਨੂੰ ਤਾਲਾ ਲਾਇਆ ਤੇ ਕਿਰਪਾਨ ਹੱਥ ਵਿਚ ਫੜ੍ਹ ਕੇ ਪਿੰਡ ਨੂੰ ਤੁਰਨ ਲੱਗਾ। ਦੋ ਕਦਮ ਹੀ ਚੱਲਿਆ ਸੀ ਕਿ ਗੋਲੀਆਂ ਦੀ ਗੜਗੜਾਹਟ ਨਾਲ ਚੌਗਿਰਦਾ ਗੂੰਜ ਉੱਠਿਆ। ਦਾਣਾ ਚੁਗਦੀਆਂ ਚਿੜੀਆਂ-ਗੁਟਾਰਾਂ ਦਾ ਝੁੰਡ 'ਚੀਂ ਚੀਂ' ਦਾ ਸ਼ੋਰ ਕਰਦਾ ਉੱਡ ਗਿਆ। ਅਰਜਨ ਸਿੰਘ ਨੇ ਕਲੇਜਾ ਫੜ੍ਹ ਲਿਆ।
"ਜਾਹ ਜਾਂਦੀਏ! ਹੋਣੀ ਵਰਤ ਗਈ ਲੱਗਦੀ ਐ!"
ਪਰ ਮੁੰਡੇ ਤਾਂ ਗੋਲੀ ਚੱਲਣ ਦੀ ਉਲਟ ਦਿਸ਼ਾ ਨੂੰ ਗਏ ਸਨ! ਓਧਰ ਕਿਉਂ ਮੁੜ ਗਏ? ਕਿਵੇਂ ਮੁੜ ਗਏ!
ਅਰਜਨ ਸਿੰਘ ਦੇ ਕਦਮਾਂ ਨਾਲ ਪਹਾੜ ਬੱਝ ਗਿਆ ਸੀ। ਤੁਰਨਾ ਮੁਹਾਲ ਹੋ ਗਿਆ। ਆਪਣੇ ਆਪ ਨੂੰ ਖਿੱਚਦਿਆਂ ਧੂਹਦਿਆਂ ਉਹ ਅਜੇ ਪਿੰਡ ਨੂੰ ਜਾਂਦੀ ਪੱਕੀ ਸੜਕੇ ਚੜ੍ਹਿਆ ਹੀ ਸੀ ਕਿ ਪੁਲਿਸ ਦੀ ਜੀਪ ਪਿਛੋਂ ਆਉਂਦੀ ਦਿਸੀ। ਥਾਣੇਦਾਰ ਨੇ ਬਾਬੇ ਨੂੰ ਤੁਰਿਆਂ ਜਾਂਦਾ ਪਛਾਣ ਕੇ ਡਰਾਈਵਰ ਨੂੰ ਜੀਪ ਹੌਲੀ ਕਰਨ ਦਾ ਇਸ਼ਾਰਾ ਕੀਤਾ ਤੇ ਹੌਲੀ ਹੋਈ ਜੀਪ ਵਿਚੋਂ ਉਸ ਵੱਲ ਹੱਥ ਹਿਲਾਉਂਦਾ ਬੋਲਿਆ, "ਬਾਬਾ! ਵਧਾਈ ਹੋਵੇ। ਤੇਰੇ ਦੱਸੇ ਤਿੰਨੇ ਦੇ ਤਿੰਨੇ ਪੰਛੀ ਫੁੰਡੇ ਗਏ ਨੇ!" ਤੇ ਜੀਪ ਧੂੜਾਂ ਉਡਾਉਂਦੀ ਥਾਣੇ ਵੱਲ ਭੱਜ ਗਈ। ਸਪੀਡ ਫੜ ਰਹੀ ਜੀਪ ਦਾ ਅਨੁਮਾਨ ਲਾਉਂਦਿਆਂ ਨੇੜੇ ਬੈਠੇ ਹੌਲਦਾਰ ਨੇ ਸੁਝਾ ਦਿੱਤਾ, "ਬਾਬੇ ਤੋਂ ਈ ਨਾ ਇਹਨਾਂ ਦੀ ਸ਼ਨਾਖ਼ਤ ਕਰਾ ਲਈਏ!"
"ਸ਼ਨਾਖ਼ਤਾਂ ਤੇ ਕਾਗ਼ਜ਼ੀ ਕਾਰਵਾਈ ਬਾਅਦ ਦੀ ਗੱਲ ਏ। ਢੇਕਿਆ! ਪਹਿਲਾਂ ਵੱਡੇ ਅਫ਼ਸਰਾਂ ਨੂੰ ਖ਼ੁਸ਼ੀ ਦੀ ਖ਼ਬਰ ਤਾਂ ਸੁਣਾ ਲਈਏ।"
ਅਰਜਨ ਸਿੰਘ ਦੇ ਤਾਂ ਥਾਂ 'ਤੇ ਹੀ ਪੈਰ ਜੰਮ ਗਏ। ਥਾਣੇਦਾਰ ਦੇ ਬੋਲ ਗੋਲੀਆਂ ਦੀ ਗੜਗੜਾਹਟ ਵਾਂਗ ਹੀ ਉਸਦੇ ਅੰਦਰ ਗੂੰਜਣ ਲੱਗੇ।
"ਬਾਬਾ! ਵਧਾਈ ਹੋਵੇ। ਤੇਰੇ ਦੱਸੇ ਤਿੰਨੇ ਦੇ ਤਿੰਨੇ ਪੰਛੀ ਫੁੰਡੇ ਗਏ ਨੇ! ਤੇਰੇ ਦੱਸੇ -–ਤੇਰੇ ਦੱਸੇ--ਤੇਰੇ ਦੱਸੇ-।"
"ਮੇਰੇ ਦੱਸੇ? ਮੇਰੇ ਦੱਸੇ! ਪਰ ਮੈਂ ਕਦੋਂ ਦੱਸਿਆ ਸੀ। ਤੂੰ ਦੱਸਿਆ ਨਹੀਂ ਸੀ? ਕਦੋ? ਨਹੀਂ ਦੱਸਿਆ। ਦੱਸਿਆ ਸੀ। ਨਹੀਂ।"
ਭੱਜੀ ਜਾਂਦੀ ਧੂੜਾਂ ਉਡਾਉਂਦੀ ਜੀਪ ਦਾ ਘੱਟਾ ਉਹਦੇ ਅੰਦਰ ਧੁੰਦੂਕਾਰ ਬਣ ਕੇ ਫੈਲ ਗਿਆ। ਜੀਪ ਦੀ ਆਵਾਜ਼ ਆਖੀ ਜਾਂਦੀ ਸੀ, "ਅਰਜਨ ਸਿੰਘ ਸਾਡਾ ਮੁਖ਼ਬਰ! ਅਰਜਨ ਸਿੰਘ ਸਾਡਾ ਮੁਖ਼ਬਰ!"
ਇਤਿਹਾਸ ਦੇ ਸਾਰੇ ਮੁਖ਼ਬਰ ਉਹਦੀਆਂ ਅੱਖਾਂ ਅੱਗੇ ਘੁੰਮਣ ਲੱਗੇ। ਲੋਕਾਂ ਦੀਆਂ ਫਿਟਕਾਰਾਂ ਦੇ ਮਾਰੇ ਹੋਏ! ਉਹਨਾਂ ਵਿਚ ਉਹ ਵੀ ਖਲੋਤਾ ਸੀ!
ਉਹ ਬੌਂਦਲ ਗਿਆ।
"ਮੇਰਾ ਕੀ ਕਸੂਰ ਐ ਇਹਦੇ ਵਿਚ? ਮੈਂ ਤਾਂ ਨਹੀਂ ਦਿੱਤੀ ਉਹਨਾਂ ਦੀ ਸੂਹ!" ਉਸ ਆਪਣੇ ਆਪ ਨੂੰ ਕਿਹਾ।
ਸਾਰਾ ਤਾਣ ਲਾ ਕੇ ਜ਼ਮੀਨ ਨਾਲ ਚਿੰਬੜ ਗਏ ਆਪਣੇ ਪੈਰ ਪੁੱਟੇ ਤੇ ਪਿੰਡ ਨੂੰ ਤੁਰਨ ਲੱਗਾ। ਅੱਖਾਂ ਅੱਗੇ ਬਾਰ ਬਾਰ ਹਨੇਰਾ ਆਵੇ।
ਏਨੇ ਚਿਰ ਵਿਚ ਏਧਰ ਮੁੜਦੀ ਸੜਕ 'ਤੇ ਥਾਣੇਦਾਰ ਜਾਂਦਾ ਜਾਂਦਾ ਦੋ ਸਿਪਾਹੀ ਖੜੇ ਕਰ ਗਿਆ ਸੀ। ਉਹ ਪਿੰਡ ਵੱਲੋਂ ਏਸ ਰਾਹੇ ਜਾਣ ਵਾਲਿਆਂ ਨੂੰ ਰੋਕ ਰਹੇ ਸਨ, "ਓਧਰ ਮੁਕਾਬਲਾ ਹੋਇਐ!"
ਨਾਕੇ 'ਤੇ ਡੱਕੇ ਖਲੋਤੇ ਦੋ-ਚਾਰ ਜਣਿਆਂ ਨੇ ਸਾਹਮਣਿਓਂ ਅਰਜਨ ਸਿੰਘ ਨੂੰ ਆਉਂਦਾ ਵੇਖਿਆ। ਇਕ ਗੱਭਰੂ ਨੇ ਪੁੱਛਿਆ, "ਬਾਬਾ! ਤ੍ਹਾਡੀਆਂ ਪੈਲੀਆਂ ਕੋਲ ਹੋਇਆ ਲੱਗਦੈ ਮੁਕਾਬਲਾ! ਓਥੋਂ ਕੁ ਖੜਾਕ ਸੁਣਿਆਂ ਸੀ ਗੋਲੀਆਂ ਦਾ! ਕੌਣ ਸਨ ਭਲਾ?"
ਅਰਜਨ ਸਿੰਘ ਨੂੰ ਜਾਪਿਆ ਜਿਵੇਂ ਗੱਭਰੂ ਨੇ ਵੀ ਉਸਨੂੰ ਟੇਢੇ ਤਰੀਕੇ ਨਾਲ ਇਹੋ ਕਿਹਾ ਹੋਵੇ ਕਿ ਤੇਰੇ ਦੱਸਣ 'ਤੇ ਈ ਤੇਰੀਆਂ ਪੈਲੀਆਂ ਕੋਲ ਮਾਰੇ ਗਏ ਨੇ ਮੁੰਡੇ!
"ਮੈਨੂੰ ਨਹੀਂ ਕੁਝ ਵੀ ਪਤਾ ਜਵਾਨਾਂ!" ਉਸਨੇ ਖਿਝ ਕੇ ਆਖਿਆ ਤੇ ਪਿੰਡ ਦੇ ਰਾਹੇ ਪੈ ਗਿਆ। "ਸਭ ਪਤੈ ਬਾਬੇ ਨੂੰ।" ਉਸਨੂੰ ਪਿੱਛੋਂ ਆਵਾਜ਼ ਸੁਣੀ। ਇਹ ਨਾਕੇ 'ਤੇ ਖਲੋਤਾ ਸਿਪਾਹੀ ਸੀ, ਜਿਹੜਾ ਕੁਝ ਚਿਰ ਪਹਿਲਾਂ ਪੁਲਿਸ ਦੀ ਜੀਪ ਵਿਚ ਉਹਨਾਂ ਦੀ ਬੰਬੀ 'ਤੇ ਪੁਲਿਸ ਨਾਲ ਗਿਆ ਸੀ।
ਸਿਰ ਵਿਚ ਬੰਬ ਫਟਣ ਲੱਗੇ।
"ਤੇਰੇ ਦੱਸੇ ਤਿੰਨੇ ਦੇ ਤਿੰਨੇ ਪੰਛੀ ਫੁੰਡੇ ਗਏ ਨੇ!--- ਸਭ ਪਤੈ ਬਾਬੇ ਨੂੰ!"
ਲੱਗਾ ਹੁਣੇ ਸਿਪਾਹੀ ਨੇ ਨਾਕੇ 'ਤੇ ਖਲੋਤੇ ਬੰਦਿਆਂ ਕੋਲ ਸਾਰੀ ਗੱਲ ਖੋਲ੍ਹ ਦੇਣੀ ਐਂ। ਤੇ ਸਵੇਰ ਤੱਕ ਉਹਦੀ 'ਕਰਤੂਤ' ਤਾਂ ਬੱਚੇ ਬੱਚੇ ਦੀ ਜ਼ਬਾਨ 'ਤੇ ਹੋਵੇਗੀ।
"ਮੈਂ ਨਹੀਂ ਮੁੰਡਿਆਂ ਦਾ ਕਾਤਲ।" ਉਹਨਾਂ ਜ਼ੋਰ ਨਾਲ ਆਪਣੇ ਆਪ ਨੂੰ ਆਖਣਾ ਚਾਹਿਆ। ਪਰ ਉਹਦੇ ਅੰਦਰਲੇ ਨੇ ਇਸ ਆਵਾਜ਼ ਨੂੰ ਸੁਣਨੋਂ ਇਨਕਾਰ ਕਰ ਦਿੱਤਾ।
ਘਰ ਆਉਂਦਿਆਂ ਤੱਕ ਅਰਜਨ ਸਿੰਘ ਨੂੰ ਜਿਹੜਾ ਵੀ ਬੰਦਾ ਰਾਹ ਵਿਚ ਆਉਂਦਾ ਮਿਲਿਆ, ਉਹਦੀਆਂ ਨਜ਼ਰਾਂ ਇਹੋ ਕਹਿੰਦੀਆਂ ਲੱਗੀਆਂ, "ਮੁੰਡੇ ਮਰਵਾ ਕੇ ਤੂੰ ਚੰਗਾ ਨਹੀਂ ਕੀਤਾ ਅਰਜਨ ਸਿਅਹਾਂ!"
ਗਲੀਆਂ ਦੇ ਕੱਖ ਵੀ ਉਹਨੂੰ ਮਿਹਣੇ ਮਾਰ ਰਹੇ ਸਨ , "ਬੜਾ ਪਾਪ ਕੀਤੈ ਤੂੰ! ਦੁਰ ਲਾਹਨਤ ਏ ਤੈਨੂੰ!"
"ਮੈਨੂੰ ਕਾਹਦੀ ਦੁਰ ਲਾਹਨਤ! ਦੁਰ ਲਾਹਨਤ ਉਹਨਾਂ ਨੂੰ ਜਿਹੜੇ ਬੇਦੋਸਿਆਂ ਦੇ ਖੂੰਨ ਵਿਚ ਨਹਾਉਂਦੇ ਨੇ ਹਰ ਰੋਜ਼! ਜਿਹਨਾਂ ਮਾਇਆ ਰਾਮ ਜਿਹੀ ਹਸਤੀ ਨੂੰ ਕਤਲ ਕੀਤੈ! ਨਾਲੇ ਮੈਂ ਤਾਂ ਆਪਣੀ ਵੱਲੋਂ ਉਹਨਾਂ ਨੂੰ ਬਚਾਉਣ ਦੀ ਹੀ ਕੋਸ਼ਿਸ਼ ਕੀਤੀ ਸੀ।"
ਥਾਣੇਦਾਰ ਦੇ ਬੋਲ ਉਹਦੇ ਟਿਕਣ ਦਾ ਯਤਨ ਕਰ ਰਹੇ ਮਨ ਵਿਚ ਫਿਰ ਵਿਸਫ਼ੋਟ ਕਰਨ ਲੱਗਦੇ, "ਬਾਬਾ! ਵਧਾਈ ਹੋਵੇ। ਤੇਰੇ ਦੱਸੇ ਤਿੰਨੇ ਦੇ ਤਿੰਨੇ ਪੰਛੀ ਫੁੰਡੇ ਗਏ ਨੇ! ਤੇਰੇ ਦੱਸੇ -–ਤੇਰੇ ਦੱਸੇ--ਤੇਰੇ ਦੱਸੇ-।"
ਉਹ ਆਪਣੇ ਆਪ ਨੂੰ ਗੁਨਾਹਗਾਰ ਸਮਝਣ ਲੱਗ ਪਿਆ ਸੀ। ਅੱਜ ਸਿਪਾਹੀ ਨੇ ਦੱਸ ਸਿੱਤਾ ਸੀ ਕੱਲ੍ਹ ਨੂੰ ਥਾਣੇਦਾਰ ਨੇ ਸਾਰੀ ਦੁਨੀਆਂ ਨੂੰ ਦੱਸ ਦੇਣੈਂ ਕਿ ਮੈਂ ਹੀ ਉਹਨਾਂ ਨੂੰ ਮੁੰਡਿਆਂ ਦੀ ਸੂਹ ਦਿੱਤੀ ਸੀ। ਗੱਲ ਬਾਹਰ ਆਉਣੋਂ ਤਾਂ ਰਹਿਣੀ ਨਹੀਂ! ਬਾਹਰ ਤਾਂ ਆ ਈ ਗਈ ਏ ਹੁਣ ਤਾਂ!
ਪੁੱਤਰਾਂ ਉਹਦਿਆਂ ਬੜਾ ਸਮਝਾਇਆ, "ਬਾਪੂ ਜੀ! ਇਸ ਵਿਚ ਤੁਹਾਡਾ ਕਸੂਰ ਕੀ ਏ! ਪਹਿਲੀ ਗੱਲ ਤਾਂ ਤੁਸੀਂ ਉਹਨਾਂ ਨੂੰ ਨਾ ਫੜਵਾਇਆ ਤੇ ਨਾ ਮਰਵਾਇਆ ਏ। ਤੁਸਾਂ ਤਾਂ ਪੁਲਿਸ ਨੂੰ ਉਹਨਾਂ ਤੋਂ ਉਲਟ ਰਾਹੇ ਤੋਰ ਕੇ ਆਪਣੀ ਵੱਲੋਂ ਬਚਾਉਣ ਦਾ ਹੀ ਚਾਰਾ ਕੀਤਾ ਸੀ। ਇਹ ਤਾਂ ਉਹਨਾਂ ਦੀ ਮਾੜੀ ਕਿਸਮਤ ਕਿ ਓਸੇ ਪਾਸੇ ਮੋੜਾ ਕੱਟ ਗਏ ਤੇ ਪੁਲਿਸ ਨੂੰ ਟੱਕਰ ਗਏ। ਜੇ ਕਸੂਰ ਗਿਣੀਏਂ ਵੀ ਤਾਂ ਕਿਸੇ ਓਸ ਦਾ ਏ, ਜਿਸ ਨੇ ਉਹਨਾਂ ਨੂੰ ਆਪਣੀ ਬੰਬੀ ਵੱਲ ਆਉਂਦਿਆਂ ਵੇਖਿਆ ਤੇ ਪੁਲਿਸ ਨੂੰ ਸੂਹ ਦਿੱਤੀ। ਤੁਸੀਂ ਤਾਂ ਬਿਲਕੁਲ ਨਿਰਦੋਸ਼ ਓ। ਉਝ ਵੀ ਉਹ ਜਿਹੜੀਆਂ ਕਰਤੂਤਾਂ ਕਰਦੇ ਸਨ, ਉਹਨਾਂ ਦੀ ਕੀਤੀ ਦਾ ਫ਼ਲ ਕਿਸੇ ਨਾ ਕਿਸੇ ਦਿਨ ਮਿਲਣਾ ਈ ਸੀ ਉਹਨਾਂ ਨੂੰ। ਕੱਲ੍ਹ ਨਹੀਂ ਤਾਂ ਅੱਜ ਮਿਲ ਗਿਆ।"
ਪਰ ਅਰਜਨ ਸਿੰਘ ਦਾ ਮਨ ਧੀਰ ਨਹੀਂ ਸੀ ਧਰ ਰਿਹਾ।
"ਮੈਂ ਆਪਣੀ ਅਣਖ਼ ਲਈ, ਖ਼ਾਨਦਾਨ ਦੀ ਇੱਜ਼ਤ ਲਈ ਆਪਣਾ ਪੁੱਤ ਤਾਂ ਮਰਵਾ ਸਕਦਾਂ, ਪਰ ਕਦੀ ਪੁਲਿਸ ਦਾ ਮੁਖ਼ਬਰ ਨਹੀਂ ਬਣ ਸਕਦਾ!"
ਤੇ ਉਹਦੇ ਪੁੱਤ ਜਗਜੀਤ ਸਿੰਘ ਨੂੰ ਉਹ ਦਿਨ ਚੇਤੇ ਆਏ ਜਦੋਂ ਉਸਨੇ ਆਪਣੀ ਜਥੇਬੰਦੀ ਦੇ ਫ਼ੈਸਲੇ ਅਨੁਸਾਰ ਮੁਲਾਜ਼ਮ ਮੰਗਾਂ ਦੀ ਪੂਰਤੀ ਲਈ ਚੰਡੀਗੜ੍ਹ ਵਿਚ ਪੰਜਾਹ ਦਿਨ ਦੀ ਲੰਮੀ ਭੁੱਖ ਹੜਤਾਲ ਨਿਭਾਈ ਸੀ। ਉਦੋਂ ਤਾਂ ਅਜੇ ਬਾਪੂ ਇੰਦਰ ਸਿੰਘ ਵੀ ਜਿਊਂਦਾ ਸੀ। ਬਾਪੂ ਇੰਦਰ ਸਿੰਘ ਨੇ ਕਿਹਾ ਸੀ, "ਸਾਡਾ ਮੁੰਡਾ ਗ਼ਲਤ ਫ਼ੈਸਲਾ ਲੈ ਬੈਠੈ। ਭੁੱਖ ਹੜਤਾਲ ਸਿਰੇ ਚੜ੍ਹਾਉਣਾ ਬੜਾ ਔਖਾ ਕੰਮ ਏਂ। ਅਸੀਂ ਕਰ ਕਰ ਕੇ ਵੇਖੀਆਂ ਨੇ। ਮਾਸਟਰ ਤਾਰਾ ਸਿੰਘ ਤੇ ਸੰਤ ਫ਼ਤਹਿ ਸਿੰਘ ਨੇ ਬਿਨਾਂ ਕੁਝ ਪ੍ਰਾਪਤ ਕੀਤਿਆਂ ਮਰਨ ਵਰਤ ਤੋੜ ਕੇ ਆਪਣੀ ਤੇ ਕੌਮ ਦੀ ਬੜੀ ਹੇਠੀ ਕਰਾਈ ਏ। ਇਹ ਤਾਂ ਫੇਰੂਮਾਨ ਰੱਖ ਵਿਖਾ ਗਿਆ ਤੇ ਇਹਨਾਂ ਵੱਲੋਂ ਲਬੇੜਿਆ ਕੌਮ ਦਾ ਮੂੰਹ ਧੋ ਗਿਆ। ਹੁਣ ਸਾਡਾ ਮੁੰਡਾ ਕਿਤੇ ਸਾਨੂੰ ਉਲ੍ਹਾਮਾਂ ਨਾ ਦਿਵਾ ਦੇਵੇ! ਮੇਰੇ 'ਚ ਤਾਂ ਇਸ ਉਮਰ 'ਚ ਜਾਣ ਦੀ ਹਿੰਮਤ ਨਹੀਂ। ਜਾਓ ਮੁੰਡੇ ਨੂੰ ਦਿਲਬਰੀ ਦੇ ਕੇ ਆਓ।"
ਜਿਸ ਦਿਨ ਉਹਦਾ ਪਿਓ ਅਰਜਨ ਸਿੰਘ ਪਿੰਡ ਦੇ ਦਸ ਬੰਦਿਆਂ ਨੂੰ ਨਾਲ ਲੈ ਕੇ ਉਹਨੂੰ ਭੁੱਖ-ਹੜਤਾਲ ਤੇ ਬੈਠੇ ਨੂੰ ਮਿਲਣ ਗਿਆ ਸੀ ਤਾਂ ਜਗਜੀਤ ਦੀ ਭੁੱਖ ਹੜਤਾਲ ਨੂੰ ਬੱਤੀ ਦਿਨ ਗੁਜ਼ਰ ਚੁੱਕੇ ਸਨ। ਉਹ ਮਰਨ-ਹਾਰ, ਨਿਢਾਲ ਹੋਇਆ ਅੱਧ ਮੀਟੀਆਂ ਅੱਖਾਂ 'ਚੋਂ ਪਿੰਡ ਦੇ ਬਜ਼ੁਰਗਾਂ ਵੱਲ ਝਾਕਿਆ ਸੀ। ਬਾਪ ਅਰਜਨ ਸਿੰਘ ਦੀ ਚਿੱਟੀ ਹੋ ਗਈ ਦਾਹੜੀ ਵੱਲ ਵੇਖਦਿਆਂ ਉਸ ਸੋਚਿਆ ਸੀ, "ਪਹਿਲਾਂ ਵੱਡੇ ਬਾਪੂ ਜੀ ਦੇ ਬਿਖੜੇ ਰਾਹੀਂ ਤੁਰਨ ਕਰਕੇ ਮੇਰੇ ਬਾਪੂ ਨੂੰ ਸਾਰੀ ਉਮਰ ਆਪਣੇ ਭੈਣ ਭਰਾਵਾਂ ਦਾ ਤੇ ਸਾਡਾ ਪਰਿਵਾਰ ਪਾਲਣਾ ਪਿਆ ਸੀ। ਤੇ ਹੁਣ ਭਾਵੇਂ ਮੇਰੇ ਮਰਨ ਤੋਂ ਬਾਅਦ ਉਸਨੂੰ ਮੇਰਾ ਪਰਿਵਾਰ ਵੀ ਪਾਲਣਾ ਪੈ ਜਾਏ!"
ਬਾਪ ਦੇ ਉਮਰ ਭਰ ਲੰਮੇ ਸੰਘਰਸ਼ ਦਾ ਧਿਆਨ ਧਰਦਿਆਂ ਉਸਦੀਆਂ ਅੱਖਾਂ ਵਿਚ ਪਾਣੀ ਭਰ ਆਇਆ ਸੀ। ਪਰ ਇਹ ਕਿਸੇ ਕਮਜ਼ੋਰੀ ਦਾ ਪਾਣੀ ਨਹੀਂ ਸੀ। ਦਾਦੇ ਤੇ ਬਾਪ ਬਾਰੇ ਸੋਚਦਿਆਂ ਪੈਦਾ ਹੋਏ ਗੌਰਵ ਦਾ ਅਹਿਸਾਸ ਸੀ। ਉਹਦੀ ਅੱਖ ਦੇ ਕੋਏ 'ਚੋਂ ਕਿਰਦੀ ਪਾਣੀ ਦੀ ਬੂੰਦ ਉਹਦੇ ਪਿਉ ਨੇ ਤਾੜ ਲਈ ਸੀ। ਉਸਦੀ ਆਵਾਜ਼ ਗਰਜੀ ਸੀ, "ਜਗਜੀਤ ਸਿੰਅਹਾਂ, 'ਅਜੀਤ' ਬਣ! ਤੇਰਾ ਪਿੰਡ ਸ਼ਹੀਦਾਂ ਸੂਰਮਿਆਂ ਦਾ ਪਿੰਡ ਏ। ਓਸ ਪਿੰਡ ਦੇ ਨਾਂ ਨੂੰ ਵੱਟਾ ਨਾ ਲਾਵੀਂ। ਆਪਣੇ ਦਾਦੇ ਤੇ ਪਿਓ ਦੀ ਚਿੱਟੀ ਦਾਹੜੀ ਤੇ ਉਜਲੀ ਪੱਗ ਨੂੰ ਦਾਗ਼ ਨਾ ਲੱਗਣ ਦਈਂ। ਵੇਖੀਂ ਕਿਧਰੇ ਰਾਹ 'ਚੋਂ ਨਾ ਮੁੜ ਆਈਂ। ਪਿੱਛੇ ਦੀ ਫਿਕਰ ਨਾ ਕਰੀਂ। ਆਹ ਤੇਰੇ ਸਾਥੀ ਤੇ ਵਡੇਰੇ ਤੈਨੂੰ ਏਹੋ ਗੱਲ ਆਖਣ ਆਏ ਆਂ, ਸ਼ਹੀਦ ਹੋਣਾ ਪਏ ਤਾਂ ਖਿੜੇ ਮੱਥੇ ਹੋਈਂ। ਘਬਰਾਈਂ ਨਾ। ਮੇਰੇ ਗੁਰੂ ਦੇ ਪੁੱਤ ਵੀ ਮੈਦਾਨ ਵਿਚੋਂ ਨਹੀਂ ਸੀ ਮੁੜੇ ਤੇ ਮੇਰਾ ਪੁੱਤ ਵੀ ਨਹੀਂ ਮੁੜਨਾ ਚਾਹੀਦਾ।"
ਬਾਪੂ ਦੇ ਗਰਜਦੇ ਬੋਲ ਉਹਦੀ ਤਾਕਤ ਬਣ ਗਏ ਸਨ ਤੇ ਉਹਨਾਂ ਦੇ ਆਸਰੇ ਉਹ ਬਾਕੀ ਅਠਾਰਾਂ ਦਿਨ ਵੀ ਕੱਢ ਗਿਆ ਸੀ। ਸਰਕਾਰ ਨੂੰ ਉਹਨਾਂ ਦੀਆਂ ਮੰਗਾਂ ਮੰਨਣ ਲਈ ਆਖ਼ਰਕਾਰ ਝੁਕਣਾ ਪਿਆ ਸੀ।
ਜਗਜੀਤ ਨੇ ਫੇਰ ਸਮਝਾਇਆ, "ਬਾਪੂ ਜੀ! ਤੁਹਾਡਾ ਕੋਈ ਕਸੂਰ ਨਹੀਂ। ਤੁਸੀਂ ਐਵੇਂ ਮਨ ਨੂੰ ਵਹਿਮ ਲਾ ਲਿਐ।"
"ਕਿਉਂ ਹਰਜੀਤ ਸਿਅਹਾਂ! ਜਗਜੀਤ ਸੁੰਹ ਠੀਕ ਆਖਦੈ? ਮੈਨੂੰ ਤਾਂ ਲੱਗਦੈ ਕਿ ਸਵੇਰੇ ਸਾਰਾ ਪਿੰਡ ਮੈਨੂੰ ਥੂਹ ਥੂਹ ਕਰੂਗਾ।"
"ਬਾਪੂ ਜੀ ਕੀ ਗੱਲਾਂ ਕਰਦੇ ਓ! ਤੁਹਾਡਾ ਸਾਰਾ ਜੀਵਨ ਸਾਫ਼ ਸੁਥਰੀ ਸਲੇਟ ਹੈ। ਅਸਲੋਂ ਬੇਦਾਗ਼! ਤੁਹਾਨੂੰ ਕੋਈ ਇਹੋ ਜਿਹੀ ਤੁਹਮਤ ਕਿਵੇਂ ਲਾ ਸਕਦਾ ਐ!" ਹਰਜੀਤ ਨੇ ਹੌਂਸਲਾ ਦਿੱਤਾ। ਉਸਨੇ ਕੋਲ ਖਲੋਤੇ ਆਪਣੇ ਪੁੱਤ ਤੇ ਭਤੀਜੇ ਨੂੰ ਇਸ਼ਾਰਾ ਕੀਤਾ ਤੇ ਅਗਲੇ ਪਲ ਦੋਵਾਂ ਪੋਤਰਿਆਂ ਨੇ ਆਪਣੇ ਦਾਦੇ ਦੇ ਗਲ ਨੂੰ ਜੱਫ਼ੀ ਪਾ ਲਈ।
"ਸਾਡਾ ਬਾਪੂ ਦਲਾ ਦਾ ਸੂਰਮਾਂ। ਸ਼ੇਰ ਬੱਬਰ" ਵੱਡੇ ਪੋਤਰੇ ਨੇ ਉਹਦੀ ਸਫ਼ੈਦ ਦਾੜ੍ਹੀ ਨੂੰ ਲਾਡ ਨਾਲ ਸਹਿਲਾਇਆ।
ਅਰਜਨ ਸਿੰਘ ਨੂੰ ਕੋਈ ਭੁੱਲੀ ਹੋਈ ਗੱਲ ਚੇਤੇ ਆ ਗਈ, "ਬੱਚਿਓ! ਤੁਹਾਡਾ ਵੱਡਾ ਬਾਪੂ ਅਜੇ ਜਿਊਂਦਾ ਸੀ, ਜਦ ਇਕ ਦਿਨ ਮੈਂ ਸਭਾਉਕੀ ਉਹਨੂੰ ਆਖਿਆ, "ਬਾਪੂ ਜੀ! ਤੁਸੀਂ ਤਾਂ ਆਪਣੀ ਜਿੰਦਗੀ ਸੋਹਣੀ ਨਿਭਾ ਲਈ; ਅੱਗੋਂ ਸਾਡੀ ਵੇਖੀਏ ਕਿਵੇਂ ਲੰਘਦੀ ਐ। ਤਾਂ ਉਹਨੇ ਅੱਗੋਂ ਪਤੈ ਕੀ ਅਖਿਆ ਸੀ? ਆਖਣ ਲੱਗਾ, "ਅਰਜਨ ਸਿਅਹਾਂ! ਪੁੱਤਰਾ!! ਕਾਹਦੀ ਚੰਗੀ ਨਿਭ ਗਈ! ਮੇਰੀ ਪੂਰੀ ਚੰਗੀ ਨਿਭੀ ਉਸ ਦਿਨ ਜਾਣਿਓਂ ਜਿਸ ਦਿਨ ਆਹ ਚਿੱਟੀ ਦਾਹੜੀ ਏਸਤਰ੍ਹਾਂ ਚਿੱਟੀ ਦੀ ਚਿੱਟੀ ਹੀ ਮੇਰੇ ਨਾਲ ਮੜ੍ਹੀਆਂ ਵਿਚ ਸੜ ਗਈ। ਬੰਦੇ ਦਾ ਕੀ ਪਤਾ ਕਿਹੜੇ ਵੇਲੇ ਕਦੋਂ ਕਾਲਖ਼ ਲੱਗ ਜਾਵੇ!-"
ਏਨੀ ਆਖ ਕੇ ਉਸ ਨੇ ਦੋ-ਤਿੰਨ ਵਾਰ ਨਾਂਹ ਵਿਚ ਸਿਰ ਹਿਲਾਇਆ।
"ਬਾਪੂ ਤੂੰ ਤਾਂ ਲੈ ਗਿਓਂ ਚਿੱਟੀ ਦਾਹੜੀ ਨਾਲ ਆਪਣੇ ਪਰ ਮੇਰੀ ਤਾਂ ਦਾਹੜੀ ਨੂੰ ਲੱਗ ਗਈ ਕਾਲਖ਼!"
ਉਸਨੇ ਧਾਹ ਮਾਰਨ ਵਾਂਗ ਆਖਿਆ ਤੇ ਦੋਵਾਂ ਹੱਥਾਂ ਵਿਚ ਸਿਰ ਘੁੱਟ ਲਿਆ।
ਟੱਬਰ ਦੇ ਜ਼ੋਰ ਦੇਣ 'ਤੇ ਵੀ ਉਸ ਰੋਟੀ ਦੀ ਬੁਰਕੀ ਮੂੰਹ ਨਾ ਲਾਈ। ਸਾਰੀ ਰਾਤ ਬਿਸਤਰੇ 'ਤੇ ਪਿਆ ਉੱਸਲ ਵੱਟੇ ਲੈਂਦਾ ਰਿਹਾ। ਉਹਦੀ ਨਜ਼ਰ ਆਪਣੇ ਪਿੰਡ ਦੇ ਮਾਣ-ਮੱਤੇ ਇਤਿਹਾਸ 'ਤੇ ਫ਼ੈਲ ਗਈ। ਏਸੇ ਪਿੰਡ ਦੇ ਭਾਈ ਹਰਦਾਸ ਸਿੰਘ ਨੇ ਉਹ ਨਾਗ਼ਣੀ ਬਣਾਈ ਸੀ ਜਿਹੜੀ ਭਾਈ ਬਚਿੱਤਰ ਸਿੰਘ ਨੇ ਗੁਰੂ ਦਾ ਥਾਪੜਾ ਲੈ ਕੇ ਮਸਤ ਹੋਏ ਹਾਥੀ ਦੇ ਮੱਥੇ ਵਿਚ ਮਾਰੀ ਸੀ। ਪਰ ਅੱਜ ਇਹ ਨਾਗਣੀ ਉਸਦੇ ਆਪਣੇ ਕਲੇਜੇ ਵਿਚ ਖੁਭੀ ਪਈ ਸੀ। ਏਸੇ ਪਿੰਡ ਦੇ ਭਾਈ ਮਹਾਂ ਸਿੰਘ ਨੇ ਸਿਰ ਦੀ ਬਾਜ਼ੀ ਲਾ ਕੇ ਗੁਰੂ ਦੀ ਗੋਦ ਦਾ ਨਿੱਘ ਮਾਣਿਆਂ ਸੀ ਤੇ ਭਰਾਵਾਂ ਵੱਲੋਂ ਲਿਖਿਆ ਬੇਦਾਵਾ ਪੜਵਾ ਕੇ ਮੁੜ ਤੋਂ 'ਟੁੱਟੀ ਗੰਢ ਲਈ ਸੀ।' ਪਰ ਅੱਜ ਗੁਰੂ ਨੇ ਉਸ ਨਾਲੋਂ ਆਪ ਹੀ ਤੋੜ ਲਈ ਸੀ। ਉਸਨੂੰ ਖ਼ੁਦ ਨੂੰ ਗੋਦ ਵਿਚੋਂ ਧੱਕਾ ਦੇ ਕੇ ਗੁਰੂ ਨੇ ਪਾਸੇ ਸੁੱਟ ਦਿੱਤਾ ਸੀ। ਉਹ ਆਪਣੇ ਗੁਰੂ ਘਰੋਂ ਧੱਕਿਆ ਗਿਆ ਸੀ। ਨਮੋਸ਼ੀ ਵਿਚ ਗਲ਼ ਗਲ਼ ਧਸਿਆ ਹੋਇਆ! ਉਸ ਮਹਿਸੂਸ ਕੀਤਾ ਉਹਦੀ ਦਾੜ੍ਹੀ ਅੱਥਰੂਆਂ ਨਾਲ ਭਿੱਜ ਚੱਲੀ ਸੀ।
ਕਦੀ ਉਹਨੂੰ ਆਪਣੇ ਗ਼ਦਰੀ ਸੂਰਮਿਆਂ 'ਤੇ ਬੜਾ ਮਾਣ ਸੀ। ਆਪਣੇ ਪਿੰਡ ਦਾ ਤੇ ਆਪਣੇ ਖ਼ਾਨਦਾਨ ਦਾ ਗੌਰਵਮਈ ਇਤਿਹਾਸ ਲੋਕਾਂ ਨਾਲ ਸਾਂਝਾ ਕਰਦਿਆਂ ਉਹਦੀ ਛਾਤੀ ਮਾਣ ਵਿਚ ਫੁੱਲ ਜਾਇਆ ਕਰਦੀ ਸੀ। ਚਿਹਰੇ 'ਤੇ ਜਲਾਲ ਆ ਜਾਂਦਾ ਸੀ। ਪਰ ਅੱਜ ਉਹਨੂੰ ਆਪਣੇ ਪਿੰਡ ਦੇ ਗ਼ਦਰੀ ਪ੍ਰੇਮ ਸਿੰਘ ਨੂੰ ਧੋਖੇ ਨਾਲ ਫੜਾਉਣ ਵਾਲੇ ਉਹਦੇ ਗ਼ਦਰੀ ਯਾਰ ਭੂਰਿਆਂ ਵਾਲੇ ਲਾਲ ਸਿੰਘ ਦੇ ਪੁੱਤ ਚੰਨਣ ਸਿੰਘ ਦਾ ਖਿਆਲ ਆ ਰਿਹਾ ਸੀ ਜਿਸਨੇ ਆਪਣੇ ਮਾਮੇ ਬਲਵੰਤ ਸਿੰਘ ਨਾਲ ਮਿਲ ਕੇ ਪ੍ਰੇਮ ਸਿੰਘ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ ਸੀ। ਅੱਜ ਉਹ ਆਪ ਚੰਨਣ ਸਿੰਘ ਤੇ ਬਲਵੰਤ ਸਿੰਘ ਬਣ ਗਿਆ ਸੀ!
ਫਿਰ ਉਹਦੀ ਸੋਚ ਉਹਨੂੰ ਹੋਰ ਪਾਸੇ ਖਿੱਚ ਕੇ ਲੈ ਗਈ। ਉਹ ਤਾਂ ਐਵੇਂ ਆਪਣੇ ਪਿੰਡ ਦੇ ਮਾਣ-ਮੱਤੇ ਇਤਿਹਾਸ ਅਤੇ ਗੌਰਵ ਦਾ ਰੌਲਾ ਪਾਉਂਦਾ ਰਿਹਾ ਸੀ। ਮਾਇਆ ਰਾਮ ਦੇ ਕਾਤਲ ਇਹ ਮੁੰਡੇ ਵੀ ਤਾਂ ਏਸੇ ਪਿੰਡ ਦੇ ਸਨ। ਕਿਸੇ ਗ਼ਰੀਬ ਜੱਟ ਦੀ ਕੁੜੀ ਦੀ ਇੱਜ਼ਤ ਰੋਲਣ ਵਾਲਾ ਅੱਜ ਦਾ 'ਸ਼ਹੀਦ ਸੂਰਮਾ!' ਵੀ ਤਾਂ ਏਸੇ ਪਿੰਡ ਦਾ ਸੀ ਤੇ ਸੀ ਵੀ ਉਹਦੇ ਆਪਣੇ ਭਾਈਚਾਰੇ ਵਿਚੋਂ! ਨਿਹਾਲ ਸਿੰਘ ਵੀ ਤਾਂ ਏਸੇ ਹੀ ਪਿੰਡ ਦਾ ਸੀ, ਜਿਹੜਾ ਪ੍ਰੇਮ ਸਿੰਘ ਹੁਰਾਂ ਦਾ ਸਾਥੀ ਸੀ ਤੇ ਜਿਸਨੇ ਪਿੱਛੋਂ ਵਾਅਹਦਾ ਮੁਆਫ਼ ਗਵਾਹ ਬਣ ਕੇ ਪ੍ਰੇਮ ਸਿੰਘ ਹੁਰਾਂ ਨੂੰ ਫਾਹੇ ਲਵਾਇਆ ਸੀ! ਉਸਨੂੰ ਅਦਾਲਤ ਵਿਚ ਵਾਅਹਦਾ ਮੁਆਫ਼ ਬਣਿਆਂ ਵੇਖ ਕੇ ਪ੍ਰੇਮ ਸਿੰਘ ਨੇ ਆਪਣਾ ਮੂੰਹ ਪਰਨੇ ਨਾਲ ਢੱਕ ਲਿਆ ਸੀ ਤੇ ਕਿਹਾ ਸੀ, "ਮੈਂ ਇਸ ਗ਼ਦਾਰ ਦਾ ਮੂੰਹ ਨਹੀਂ ਵੇਖਣਾ ਚਾਹੁੰਦਾ।"
ਪ੍ਰੇਮ ਸਿੰਘ ਨੇ ਤਾਂ ਇਹ ਵੀ ਕਿਹਾ ਸੀ, "ਨਿਹਾਲ ਸਿਅਹਾਂ! ਜਿਹੜੀ ਮੌਤ ਤੋਂ ਡਰਦਿਆਂ ਤੂੰ ਵਾਅਹਦਾ ਮੁਆਫ਼ ਬਣਿਆਂ ਏਂ, ਯਾਦ ਰੱਖੀਂ! ਤੇਰੀ ਗ਼ਦਾਰੀ ਤੇ ਤੇਰੀ ਨਮੋਸ਼ੀ ਤੈਨੂੰ ਸਾਡੇ ਤੋਂ ਵੀ ਪਹਿਲਾਂ ਲੈ ਡੁੱਬੇਗੀ। ਸਾਡੇ ਤੋਂ ਪਹਿਲਾਂ ਮਰੇਂਗਾ ਤੂੰ!"
ਨਿਹਾਲ ਸਿੰਘ ਨਮੋਸ਼ੀ ਦਾ ਮਾਰਿਆ ਘਰ ਆ ਕੇ ਪਿਛਲੇ ਅੰਦਰ ਲੁਕ ਗਿਆ ਸੀ। ਪ੍ਰੇਮ ਸਿੰਘ ਦੀ ਬੋਲੀ ਉਸਦੇ ਅੰਦਰ ਖੁਭ ਗਈ ਸੀ। ਜੇ ਕਿਤੇ ਹਨੇਰੇ-ਸਵੇਰੇ, ਬਾਹਰ-ਅੰਦਰ ਜੰਗਲ-ਪਾਣੀ ਜਾਂਦਾ ਵੀ ਤਾਂ ਕਿਸੇ ਨਾਲ ਅੱਖ ਮਿਲਾਉਣੋਂ ਡਰਦਾ। ਉਸਨੂੰ ਲੱਗਦਾ ਸੀ ਜਿਵੇਂ ਉਹਨੂੰ ਵੇਖਣ ਵਾਲਾ ਹਰ ਬੰਦਾ ਵੇਖਦੇ ਸਾਰ ਮੂੰਹ ਉੱਤੇ ਪਰਨਾ ਲੈ ਲੈਣ ਲੱਗਾ ਹੋਵੇ! ਸਾਰਾ ਦਿਨ ਉਹ ਪਿਛਲੇ ਕਮਰੇ ਦੇ ਹਨੇਰੇ ਵਿਚ ਲੁਕਿਆ ਰਹਿੰਦਾ। ਆਏ ਗਏ ਕਿਸੇ ਨੂੰ ਵੀ ਮਿਲਦਾ ਨਹੀਂ ਸੀ। ਪਿਛਲੇ ਦਿਨਾਂ ਵਿਚ ਤਾਂ ਉਹ ਘਰ ਦੇ ਜੀਆਂ ਨੂੰ ਵੀ ਕਹਿਣ ਲੱਗ ਪਿਆ ਸੀ, "ਆਪਣੇ ਮੂੰਹ ਤੋਂ ਪਰਨਾ ਪਾਸੇ ਕਿਉਂ ਨਹੀਂ ਕਰਦੇ! ਕੀ ਵਿਗਾੜਿਐ ਮੈਂ ਤੁਹਾਡਾ! ਮੇਰੇ ਵੱਲ ਵਿੰਹਦੇ ਕਿਉਂ ਨਹੀਂ ਤੁਸੀਂ? ਕਿਉਂ ਮੂੰਹ ਮੋੜਦੇ ਓ ਮੇਰੇ ਤੋਂ?"
ਤੇ ਸੱਚੀਂ ਨਮੋਸ਼ੀ ਦਾ ਮਾਰਿਆ ਨਿਹਾਲ ਸਿੰਘ ਪ੍ਰੇਮ ਸਿੰਘ ਹੁਰਾਂ ਦੇ ਫਾਹੇ ਲੱਗਣ ਤੋਂ ਪਹਿਲਾਂ ਹੀ ਪ੍ਰਾਣ ਤਿਆਗ ਗਿਆ ਸੀ। ਇਹ ਕਿਸੇ ਵਲੀ-ਔਲੀਏ ਪ੍ਰੇਮ ਸਿੰਘ ਦਾ ਸਰਾਪ ਨਹੀਂ ਸੀ। ਇਹ ਤਾਂ ਇਕ ਦੇਸ਼ ਭਗਤ ਅੰਦਰੋਂ ਗ਼ਦਾਰੀ ਕਰ ਗਏ ਆਪਣੇ ਹੀ ਸਾਥੀ ਲਈ ਸਹਿਜ-ਸੁਭਾ ਨਿਕਲੀ ਦੁਰ-ਅਸੀਸ ਸੀ, ਜਿਸ ਨੇ ਭੈਅ ਵਿਚ ਫਸ ਕੇ ਆਦਰਸ਼ੋਂ ਡਿੱਗ ਪਏ ਨਿਹਾਲ ਸਿੰਘ ਦੀ ਜ਼ਮੀਰ ਨੂੰ ਲਾਹਨਤ ਪਾਈ ਸੀ। ਆਪਣੇ ਹੀ ਅੰਦਰੋਂ ਪਈ ਇਸ ਫਿਟਕਾਰ ਨੇ ਉਹਦੀ ਜ਼ਮੀਰ ਢੇਰੀ ਕਰ ਦਿੱਤੀ ਸੀ ਤੇ ਨਾਲ ਹੀ ਸਰੀਰ ਵੀ।
ਅੱਜ ਉਹ ਖ਼ੁਦ ਵੀ ਨਿਹਾਲ ਸਿੰਘ ਬਣ ਗਿਆ ਸੀ!
ਸਵੇਰੇ ਕਿਸੇ ਨੂੰ ਕੀ ਮੂੰਹ ਵਿਖਾਏਗਾ ਉਹ! ਸਾਰੇ ਲੋਕ ਉਹਨੂੰ ਵੇਖ ਕੇ ਮੂੰਹ 'ਤੇ ਪਰਨੇ ਲੈ ਲੈਣਗੇ। ਕਿਵੇਂ ਕਰੇਗਾ ਉਹ ਉਹਨਾਂ ਦਾ ਸਾਹਮਣਾ! ਕੀ ਹੁਣ ਉਹ ਵੀ ਪਿਛਲੇ ਅੰਦਰ ਲੁਕ ਜਾਵੇ! ਜਗਜੀਤ ਤੇ ਹਰਜੀਤ ਤਾਂ ਬਾਰ ਬਾਰ ਆਖਦੇ ਸਨ ਕਿ ਉਸਦਾ ਕੋਈ ਕਸੂਰ ਨਹੀਂ! ਮੁੰਡਿਆਂ ਦੀ ਮੌਤ ਤਾਂ 'ਬਾਜ਼ਾਂ' ਦੀ 'ਬਾਜ਼ਾਂ' ਨਾਲ ਲੜਾਈ ਦਾ ਫ਼ਲ ਸੀ। ਉਹਨਾਂ 'ਬਾਜ਼ਾਂ' ਨੇ ਹੀ ਤਾਂ ਮਾਇਆ ਰਾਮ ਦਾ ਕਤਲ ਕੀਤਾ ਸੀ। ਮਾਇਆ ਰਾਮ ਦੇ ਕਾਤਲ ਪ੍ਰੇਮ ਸਿੰਘ ਦੀ ਥਾਂ ਕਿਵੇਂ ਲੈ ਸਕਦੇ ਸਨ! ਪ੍ਰੇਮ ਸਿੰਘ ਤੇ ਉਹ ਆਪ ਤਾਂ 'ਚਿੜੀਆਂ ਦੇ ਯਾਰ' ਸਨ!
ਠੀਕ ਹੀ ਤਾਂ ਸੀ। ਮਾਇਆ ਰਾਮ ਦੇ ਕਾਤਲ ਪ੍ਰੇਮ ਸਿੰਘ ਦੀ ਥਾਂ ਕਿਵੇਂ ਲੈ ਸਕਦੇ ਨੇ! ਪਰ ਥਾਣੇਦਾਰ ਹੱਸਦਾ ਹੋਇਆ ਆਖ ਰਿਹਾ ਸੀ, "ਬਾਬਾ! ਵਧਾਈ ਹੋਵੇ। ਤੇਰੇ ਦੱਸੇ ਤਿੰਨੇ ਦੇ ਤਿੰਨੇ ਪੰਛੀ ਫੁੰਡੇ ਗਏ ਨੇ! ਤੇਰੇ ਦੱਸੇ -–ਤੇਰੇ ਦੱਸੇ--ਤੇਰੇ ਦੱਸੇ-।"
ਉਹ ਇੱਕ ਤਰ੍ਹਾਂ ਆਪਣੇ ਮੁੰਡਿਆਂ 'ਤੇ ਚੀਕ ਪਿਆ, "ਮਸਲਾ 'ਮਾਇਆ ਰਾਮ ਦੇ ਕਾਤਲ ਮਾਰੇ ਹੀ ਜਾਣੇ ਚਾਹੀਦੇ ਨੇ' ਦਾ ਨਹੀਂ ਸਗੋਂ ਮਸਲਾ ਮੇਰੇ ਸਹਿਵਨ ਹੀ 'ਮੁਖ਼ਬਰ' ਬਣ ਜਾਣ ਦਾ ਹੈ; ਜਿਸਦੀ ਧੁੱਖ ਥਾਣੇਦਾਰ ਤੇ ਹੋਰਨਾਂ ਪੁਲਸੀਆਂ ਰਾਹੀਂ ਅੱਜ-ਭਲਕ ਬਾਹਰ ਨਿਕਲ ਹੀ ਜਾਣੀ ਹੈ! ਉਸਨੇ ਫਿਰ ਤੋਂ ਸਿਰ ਫੜ੍ਹ ਲਿਆ।
ਸਾਰੀ ਰਾਤ ਉਸ ਜਾਗਦਿਆਂ ਕੱਟੀ। ਲੋਅ ਲੱਗੀ ਤਾਂ ਉਸਨੇ ਦੀਵਾਰ 'ਤੇ ਟੰਗੀਆਂ ਗੁਰੂ ਨਾਨਕ ਦੇਵ ਤੇ ਗੁਰੂ ਗੋਬਿੰਦ ਸਿੰਘ ਦੀਆਂ ਤਸਵੀਰਾਂ ਵੱਲ ਵੇਖਿਆ।
"ਮੇਰੇ ਬਾਬਾ ਨਾਨਕਾ! ਮੈਂ ਤਾਂ ਸਦਾ ਪਹਿਲਾਂ ਤੈਨੂੰ ਈ ਸਿਮਰਿਐ! ਤੂੰ ਈ ਹੁਣ ਰਾਹ ਦੱਸ ਕੋਈ। ਮੇਰੇ ਨਾਨਕ ਦੀ ਦਸਵੀਂ ਜੋਤ, ਹੋਰਨਾਂ ਦੇ 'ਬਾਜ਼ਾਂ ਵਾਲਿਆ', ਪਰ ਮੇਰਿਆ 'ਚਿੜੀਆਂ ਵਾਲਿਆ!' ਤੂੰ ਤਾਂ ਜਾਣਦੈਂ ਕਿ ਮੈਂ ਕਿਤਿਓਂ ਵੀ ਅੰਮ੍ਰਿਤ ਨਹੀਂ ਸੀ ਛਕਿਆ। ਮੈਂ ਤਾਂ ਜਦੋਂ ਫ਼ਾਤਮਾਂ ਨੂੰ ਛੁਡਾਉਣ ਜਾਣ ਲਈ ਘਰੋਂ ਕਿੱਲੀ ਨਾਲੋਂ ਬਾਪੂ ਦੀ ਕਿਰਪਾਨ ਲਾਹੀ ਸੀ ਤਾਂ ਕੇਵਲ ਤੇਰਾ ਹੀ ਆਸਰਾ ਤਕਾਇਆ ਸੀ। ਮੈਂ ਤਾਂ ਲੋੜ ਵੇਲੇ ਆਪਣੀ ਜਿੰਮੇਵਾਰੀ ਸਮਝਦਿਆਂ ਤੇਰਾ ਨਾਂ ਲੈ ਕੇ ਤੇਰੀ ਕਿਰਪਾਨ ਕਦੀ ਕਦੀ ਉਠਾ ਲੈਂਦਾ ਸਾਂ ਤਾਂ ਭੋਲੇ ਲੋਕ ਸਮਝਦੇ ਸਨ ਕਿ ਮੈਂ ਅੰਮ੍ਰਿਤ ਛਕਿਆ ਹੋਇਐ! ਲੋਕਾਂ ਲਈ ਮੈਂ ਅੰਮ੍ਰਿਤਧਾਰੀ ਸਾਂ। ਮੈਂ ਲੋਕਾਂ ਦੇ ਵਿਸ਼ਵਾਸ ਨੂੰ ਤੋੜ ਕੇ ਤੇਰੀ ਹੇਠੀ ਨਹੀਂ ਸਾਂ ਕਰਵਾਉਣਾ ਚਾਹੁੰਦਾ। ਇਸ ਲਈ ਅਣਛਕੇ ਅੰਮ੍ਰਿਤ ਦਾ ਭੇਦ ਮੈਂ ਕਦੀ ਕਿਸੇ 'ਤੇ ਉਜਾਗਰ ਨਹੀਂ ਸੀ ਹੋਣ ਦਿੱਤਾ। ਮੈਂ ਅਣਛਕਿਆ ਅੰਮ੍ਰਿਤ ਵੀ ਕਦੀ ਤੇਰੇ ਲਈ ਮਿਹਣਾ ਨਹੀਂ ਸੀ ਬਣਨ ਦਿੱਤਾ। ਹੁਣ ਤੂੰ ਦੱਸ ਤਾਂ ਸਹੀ ਮੈਂ ਮਾਛੀਵਾੜੇ ਦੇ ਜੰਗਲ ਵਿਚੋਂ ਕਿਵੇਂ ਪਾਰ ਜਾਵਾਂ! ਫਸ ਗਿਆ ਮੈਂ ਤਾਂ ਭੁੱਲ ਭੁਲਈਆਂ ਵਿਚ।"
ਦੋਵੇਂ ਬਾਬੇ ਅੱਗੋਂ ਕੁਝ ਨਹੀਂ ਬੋਲੇ। ਉਹ ਪਰੇਸ਼ਾਨ ਹੋਇਆ ਆਪਣੇ 'ਪਿੰਡ' ਨੂੰ ਪੁੱਛਣ ਲੱਗਾ। ਸਾਰੇ ਜਿਵੇਂ ਕਹਿ ਰਹੇ ਸਨ; ਤੂੰ ਸਾਨੂੰ ਕਿਉਂ ਪੁੱਛਦਾ ਏਂ; ਆਪਣੇ ਮਨ ਨੂੰ ਪੁੱਛ। ਪਰ ਮਨ ਵਿਚ ਤਾਂ ਚਾਰ ਚੁਫ਼ੇਰੇ ਹਨੇਰਾ ਹੀ ਹਨੇਰਾ ਸੀ।
ਉਹ ਵਾਰ ਵਾਰ ਆਪਣੇ ਆਪ ਨੂੰ ਸਵਾਲ ਕਰਦਾ। ਵਾਰ ਵਾਰ ਵੱਖਰੇ ਵੱਖਰੇ ਜਵਾਬ ਮਿਲਦੇ।
ਤੇ ਫੇਰ ਜਿਵੇਂ ਉਸਨੂੰ ਅਚਨਚੇਤ ਰਾਹ ਦਿਸ ਪਿਆ ਹੋਵੇ।
ਦਿਨ ਚੜ੍ਹੇ ਉਹ ਖ਼ੁਸ਼ੀ ਖ਼ੁਸ਼ੀ ਸਾਰੇ ਟੱਬਰ ਨੂੰ ਮਿਲਿਆ। ਚਾਹ ਵੀ ਪੀਤੀ, ਨਾਸ਼ਤਾ ਵੀ ਕੀਤਾ। ਕਿਰਪਾਨ ਕਿੱਲੀ ਨਾਲੋਂ ਲਾਹੀ ਤੇ ਮਜ਼ਬੂਤ ਕਦਮੀਂ ਤੁਰਦਾ ਉਹ ਪਿੰਡ ਵਿਚ ਵੜਦੀ ਸੜਕ ਦੇ ਸਾਹਮਣੇ ਪੈਂਦੇ ਚੌਰਾਹੇ ਵਿਚਲੇ ਥੜ੍ਹੇ 'ਤੇ ਆ ਕੇ ਬੈਠ ਗਿਆ। ਉਸਨੂੰ ਪਤਾ ਸੀ ਪੁਲਿਸ ਇਸ ਵੇਲੇ ਰੋਜ਼ ਗ਼ਸ਼ਤ 'ਤੇ ਆਉਂਦੀ ਹੈ।
ਪੁਲਿਸ ਦੀ ਜੀਪ ਆਈ ਤਾਂ ਉਸਨੇ ਹੱਥ ਦੇ ਕੇ ਰੋਕ ਲਈ।
"ਕੱਲ੍ਹ ਵਾਲਾ ਬਾਬਾ ਅਰਜਨ ਸੁੰਹ ਏਂ।" ਹੌਲਦਾਰ ਨੇ ਥਾਣੇਦਾਰ ਨੂੰ ਆਖਿਆ।
"ਸੁਣਾ ਬਾਬਾ!" ਥਾਣੇਦਾਰ ਨੇ 'ਆਪਣਾ ਬੰਦਾ' ਜਾਣ ਕੇ ਚਾਅ ਵਿਚ ਖੱਬਾ ਪੈਰ ਜੀਪ ਤੋਂ ਹੇਠਾਂ ਲਾਹੁੰਦਿਆਂ ਉਤਸ਼ਾਹ ਨਾਲ ਪੁੱਛਿਆ।
"ਸੁਣਾਉਂਦਾਂ ਤੈਨੂੰ ਹਰਾਮੀਆਂ!" ਉਹਨੇ ਮਿਆਨ ਸਣੇ ਕਿਰਪਾਨ ਉਹਦੀਆਂ ਬਾਹਵਾਂ 'ਤੇ ਮਾਰੀ। ਉਹਦੀ ਗਰਜਦੀ ਆਵਾਜ਼ ਦੂਰ ਦੂਰ ਖਲੋਤੇ ਲੋਕਾਂ ਦੇ ਕੰਨਾਂ ਤੱਕ ਜਾ ਗੂੰਜੀ।
"ਤੂੰ ਮੈਨੂੰ ਮੁਖ਼ਬਰ ਬਣਾ 'ਤਾ ਕੰਜਰਾ! ਮੈਂ ਦੁਨੀਆਂ ਸਾਹਮਣੇਂ ਕਿਤੇ ਮੂੰਹ ਦੇਣ ਜੋਗਾ ਨਹੀਂ ਰਹਿ ਗਿਆ। ਹਰਾਮੀਆਂ! ਕਲੰਕ ਲਵਾ 'ਤਾ ਈ ਮੇਰੇ ਮੱਥੇ 'ਤੇ। ਮੇਰੇ ਪਿੰਡ ਦੇ ਮੱਥੇ 'ਤੇ। ਮੇਰੀ ਉਮਰ ਭਰ ਦੀ ਕਮਾਈ ਮਿੱਟੀ ਚ ਰੋੜ੍ਹ 'ਤੀ। ਮੁੰਡਿਆਂ ਨੇ ਤਾਂ ਜੋ ਉਹ ਕਰਦੇ ਸਨ, ਅੱਜ ਭਲਕ ਮਰਨਾ ਈ ਸੀ। ਪਰ ਤੂੰ ਉਹਨਾਂ ਦੀ ਮੌਤ ਮੇਰੇ ਲੇਖੇ ਕਿਉਂ ਪਾ 'ਤੀ। ਦੱਲਾ ਬਣਾ 'ਤਾ ਤੂੰ ਮੈਨੂੰ।" ਪੁਲਿਸ ਦੇ ਬੰਦੇ ਭੱਜ ਕੇ ਬਾਹਰ ਨਿਕਲੇ। ਅਰਜਨ ਸਿੰਘ ਦਾ ਹਮਲਾ ਜੀਪ ਦੇ ਸਾਹਮਣੇ ਪਾਸਿਓਂ ਹੋਣ ਕਰ ਕੇ ਪਿਛਲੀਆਂ ਸੀਟਾਂ ਤੋਂ ਉੱਤਰੇ ਸਿਪਾਹੀਆਂ ਦੇ ਅੱਗੇ ਅਰਜਨ ਸਿੰਘ ਨਾਲ ਗੁੱਥ-ਮ-ਗੁੱਥਾ ਹੁੰਦਾ ਥਾਣੇਦਾਰ ਆ ਗਿਆ। ਉਹ ਪਾਸਾ ਵਲ਼ ਕੇ ਹਰਫ਼ਲੀ ਕਾਹਲੀ ਨਾਲ ਅਰਜਨ ਸਿੰਘ ਵੱਲ ਵਧਣ ਲਈ ਲਪਕੇ।
ਅਰਜਨ ਸਿੰਘ ਪਹਿਲਾਂ ਤਾਂ ਤਲਵਾਰ ਨੂੰ ਮਿਆਨੋਂ ਕੱਢਣ ਲੱਗਾ ਪਰ ਫਿਰ ਕੁਝ ਸੋਚ ਕੇ ਉਸਨੇ ਥਾਣੇਦਾਰ ਦੀ ਪੇਟੀ ਨਾਲ ਲਮਕਦੇ ਰੀਵਾਲਵਰ ਨੂੰ ਹੱਥ ਪਾ ਲਿਆ। ਥਾਣੇਦਾਰ ਨੇ ਉਸਨੂੰ ਧੱਕਾ ਮਾਰ ਕੇ ਨਾਲੋਂ ਤੋੜਨਾ ਚਾਹਿਆ। ਪਰ ਉਹਦੇ ਹੱਥ ਤਾਂ ਲੋਹੇ ਦੇ ਬਣੇ ਹੋਏ ਸਨ। ਜੀਪ ਤੋਂ ਭੱਜ ਕੇ ਉਤਰੇ ਸਾਹੋ-ਸਾਹ ਹੋਏ ਹਵਾਲਦਾਰ ਨੇ ਉਸਨੂੰ ਪਿੱਛੋਂ ਦੀ ਜੱਫਾ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਝਟਕੇ ਨਾਲ ਉਸਦੇ ਜੱਫੇ 'ਚੋਂ ਨਿਕਲ ਗਿਆ। ਪੂਰੇ ਜ਼ੋਰ ਨਾਲ ਉਸਨੇ ਥਾਣੇਦਾਰ ਦਾ ਰੀਵਾਲਵਰ ਖਿਚ ਲਿਆ।
"ਫੜ੍ਹੋ ਉਏ ਇਹਨੂੰ। ਜਦੋਂ ਮੈਨੂੰ ਮਾਰ ਈ ਦਊਗਾ, ਉਦੋਂ ਈ ਕੁਝ ਕਰੋਗੇ।" ਥਾਣੇਦਾਰ ਦੀ ਕੰਬਦੀ-ਵਿਲਕਦੀ ਚੀਕ ਗੂੰਜੀ।
"ਕੁੱਤਿਆ ਮੈਂ ਤੈਨੂੰ ਮਾਰਨਾ ਨਹੀਂ। ਪਰ ਮੈਂ ਤੈਨੂੰ ਸੁੱਕਾ ਵੀ ਨਹੀਂ ਛੱਡਣਾ। ਤੇਰੇ ਲਹੂ ਨਾਲ ਮੈਂ ਆਪਣੇ ਮੱਥੇ 'ਤੇ ਲੱਗ ਗਈ ਕਾਲਖ਼ ਧੋਣੀ ਐਂ।" ਉਹਨੇ ਖੱਬੇ ਹੱਥ ਵਿਚ ਕਿਰਪਾਨ ਸੰਭਾਲੀ ਤੇ ਸੱਜੇ ਹੱਥ ਨਾਲ ਰੀਵਾਲਵਰ ਦਾ ਬੱਟ ਪੂਰੇ ਤਾਣ ਨਾਲ ਥਾਣੇਦਾਰ ਦੇ ਮੱਥੇ ਵਿਚ ਮਾਰਿਆ। ਲਹੂ ਦੀਆਂ ਘਰਾਲਾਂ ਵਗਣ ਲੱਗੀਆਂ।
"ਬੱਅਅਸ!" ਏਨੀ ਕਰ ਕੇ ਉਸ ਤਸੱਲੀ ਦਾ ਡੂੰਘਾ ਸਾਹ ਲਿਆ ਤੇ ਰੀਵਲਵਰ ਨੂੰ ਹਵਾ ਵਿਚ ਉੱਚਾ ਉਛਾਲ ਕੇ ਦੂਰ ਸੁੱਟਦਿਆਂ ਜੇਤੂ ਖ਼ੁਸ਼ੀ ਵਿਚ ਕਿਹਾ, "ਹੇਅ, ਆਹ ਲੈ।"
ਮੀਚੀ ਮੁੱਠੀ ਵਾਲਾ ਉਸਦਾ ਸੱਜਾ ਗੁੱਟ ਮਜ਼ਬੂਤੀ ਨਾਲ ਅੱਗੇ ਵਧਿਆ ਵੰਗਾਰ ਰਿਹਾ ਸੀ, "ਲਓ, ਫੜ੍ਹ ਲਓ ਮੈਨੂੰ।"
ਦੋ ਪੁਲਸੀਆਂ ਨੇ ਅਰਜਨ ਸਿੰਘ ਨੂੰ ਜੱਫਾ ਮਾਰ ਲਿਆ।
ਲਹੂ ਚੋਂਦੇ ਮੱਥੇ ਨੂੰ ਪੂੰਝਦਿਆਂ ਘਰਕਦੇ ਹੋਏ ਥਾਣੇਦਾਰ ਨੇ ਨਾਲ ਦੇ ਸਾਥੀਆਂ ਨੂੰ ਲਲਕਾਰਿਆ, "ਹੁਣ ਮਾਰੋ ਵੀ ਗੋਲੀ ਇਹਨੂੰ ਭੈਣ ਚੋਦੋ! ਪਿਓ ਨੂੰ ਜੱਫੀਆਂ ਕਾਹਦੀਆਂ ਪਾਉਣ ਡਹੇ ਜੇ!"
ਜੱਫਾ ਪਾਉਣ ਵਾਲਿਆਂ ਅਰਜਨ ਸਿੰਘ ਨੂੰ ਧੱਕਾ ਦੇ ਕੇ ਇੱਕ ਪਾਸੇ ਕਰ ਦਿੱਤਾ।
ਸਿਪਾਹੀ ਨੇ ਸਟੇਨਗੰਨ ਸਿੱਧੀ ਕੀਤੀ ਤੇ ਨਿਸ਼ਾਨਾ ਬੰਨ੍ਹ ਕੇ ਗੋਲੀ ਚਲਾ ਦਿੱਤੀ। 'ਗੜ ਗੜ' ਹੋਈ ਤੇ ਅਗਲੇ ਪਲ ਅਰਜਨ ਸਿੰਘ ਜ਼ਮੀਨ 'ਤੇ ਡਿੱਗਾ, ਲਹੂ ਵਿਚ ਲੱਥ ਪੱਥ, ਤੜਫ਼ ਰਿਹਾ ਸੀ।
ਪਲਾਂ ਵਿਚ ਲੋਕਾਂ ਦੀ ਭੀੜ ਜਮ੍ਹਾਂ ਹੋ ਗਈ। ਇਹ ਕੀ ਭਾਣਾ ਵਾਪਰ ਗਿਆ ਸੀ!
ਰੁਮਾਲ ਨਾਲ ਮੱਥੇ ਤੋਂ ਲਹੂ ਪੂੰਝਦਾ ਹੋਇਆ ਥਾਣੇਦਾਰ ਕਦੇ ਮੁੱਠ-ਭੇੜ ਵਿਚ ਪਾਟ ਗਈ ਤੇ ਤਿਪ ਤਿਪ ਡੁੱਲ੍ਹਦੇ ਲਹੂ ਨਾਲ ਲਿਬੜ ਰਹੀ ਆਪਣੀ ਵਰਦੀ ਵੱਲ ਵੇਖ ਰਿਹਾ ਸੀ; ਕਦੀ ਜ਼ਮੀਨ 'ਤੇ ਡਿੱਗੇ ਅਰਜਨ ਸਿੰਘ ਵੱਲ। ਲਹੂ ਚੋ ਚੋ ਕੇ ਉਹਦੇ ਚਿਹਰੇ ਤੇ ਅੱਖਾਂ ਨੂੰ ਭਿਉਂ ਰਿਹਾ ਸੀ। ਪੁਲਿਸ ਨੇ ਦਬਕਾ ਮਾਰ ਕੇ ਭੀੜ ਨੂੰ ਪਾਸੇ ਹਟ ਜਾਣ ਲਈ ਕਿਹਾ। ਲੋਕ ਦੂਰ ਜਾ ਕੇ ਖੜੇ ਹੋ ਗਏ। ਜਿਨ੍ਹਾਂ ਕੁਝ ਇਕ ਜਣਿਆਂ ਨੇ ਆਪਣੀ ਹਾਜ਼ਰੀ ਵਿਚ ਘਟਨਾ ਵਾਪਰਦੀ ਵੇਖੀ ਸੀ, ਉਹ ਡਰੇ-ਸਹਿਮੇ ਵੀ ਸਨ ਤੇ ਹੁਲਾਸ ਵਿਚ ਵੀ ਸਨ। ਕੰਬਦੇ, ਸਹਿਮੇਂ ਤੇ ਉਤਸ਼ਾਹੀ ਬੋਲਾਂ ਨਾਲ ਉਹ ਘਟਨਾ ਦਾ ਬਿਆਨ ਕਰ ਰਹੇ ਸਨ। ਵਧਾ ਚੜ੍ਹਾ ਕੇ ਅਰਜਨ ਸਿੰਘ ਦੀ ਬਹਾਦਰੀ ਤੇ ਜਵਾਂ-ਮਰਦੀ ਦੀ ਕਹਾਣੀ ਸੁਣਾ ਰਹੇ ਸਨ।
"ਨਹੀਂ ਉਏ ਰੀਸਾਂ! ਸਾਡੇ ਸੂਰਮੇ ਬਾਪੂ ਦੀਆਂ! ਓਸ ਬੱਬਰ ਸ਼ੇਰ ਦੀਆਂ!" ਕਿਸੇ ਨੇ ਜੋਸ਼ ਵਿਚ ਭਰ ਕੇ ਪਰ ਪੁਲਿਸ ਤੋਂ ਡਰਦਿਆਂ ਹੌਲੀ ਜਿਹੀ ਆਖਿਆ।
ਭੀੜ ਤੋਂ ਪਰ੍ਹੇ ਇਕ ਪਾਸੇ ਆਣ ਖਲੋਤਾ ਅਕਾਲੀ ਭਜਨ ਸਿੰਘ ਆਪਣੇ ਨਾਲ ਖਲੋਤੇ ਸਾਥੀ ਨੂੰ ਹੌਲੀ ਜਿਹੀ ਕਹਿੰਦਾ, "ਇਹੋ ਜਿਹੇ ਇੰਜ ਈ ਕੁੱਤੇ ਦੀ ਮੌਤ ਮਰਦੇ ਹੁੰਦੇ ਨੇ। ਜਿਹੜੇ ਨਾ ਏਧਰ ਹੋਣ ਨਾ ਓਧਰ।"
"ਸ਼ਰਮ ਕਰ ਓ ਭਜਨ ਸਿਅਹਾਂ! ਉਂਜ 'ਅਕਾਲੀ' ਬਣਿਆਂ ਫਿਰਦੈਂ!" ਨਾਲ ਦੇ ਗਾਲ੍ਹ ਕੱਢਣ ਵਾਂਗ ਆਖਿਆ।
"ਠਾਣੇਦਾਰ ਨੇ ਤਾਂ ਆਪਣੀ ਡਿਊਟੀ ਨਿਭਾਉਣੀ ਸੀ! ਪਹਿਲਾਂ ਮੁੰਡਿਆਂ ਦੀ ਸੂਹ ਨਾ ਦਿੰਦਾ ਇਹ!" ਭਜਨ ਸਿੰਘ ਅਜੇ ਵੀ ਆਪਣੀ ਗੱਲ 'ਤੇ ਕਾਇਮ ਸੀ।
"ਕੋਈ ਨਹੀਂ ਉਹਨੇ ਵੀ ਆਪਣੀ ਡਿਊਟੀ ਨਿਭਾ ਦਿੱਤੀ ਆ।"
ਭਜਨ ਸਿੰਘ ਦੇ ਮੋਢੇ 'ਤੇ ਕਿਸੇ ਨੇ ਹੱਥ ਰੱਖਿਆ।
ਇਹ ਪਿੱਛੇ ਆ ਖਲੋਤਾ ਬਾਬੇ ਦਾ ਮੁੰਡਾ ਜਗਜੀਤ ਸਿੰਘ ਸੀ ਜਿਹੜਾ ਕਿਸੇ ਦੁਕਾਨ ਤੋਂ ਹਾਦਸੇ ਦੀ ਖ਼ਬਰ ਸੁਣਕੇ ਭੱਜਾ ਆਇਆ ਸੀ।
ਜਗਜੀਤ ਕਾਹਲੀ ਨਾਲ ਖੂੰਨ ਵਿਚ ਲਿੱਬੜੇ ਬਾਪੂ ਦੀ ਲਾਸ਼ ਵੱਲ ਵਧਿਆ। ਲਹੂ ਦਾ ਛੱਪੜ ਲੱਗਾ ਹੋਇਆ ਸੀ। ਛਾਤੀ ਗੋਲੀਆਂ ਨਾਲ ਛਲਣੀ ਹੋਈ ਪਈ ਸੀ। ਤੇ ਛਾਤੀ ਦੇ ਨਾਲ ਹੀ ਖੱਬੇ ਪਾਸੇ ਉਸਦੀ ਮੁੱਠ ਵਿਚ ਘੁੱਟੀ ਉਹਦੇ ਬਾਬੇ ਦੀ ਕਿਰਪਾਨ ਪਈ ਸੀ।
ਚੜ੍ਹਦੇ ਸੂਰਜ ਦੀਆਂ ਕਿਰਨਾਂ ਦੇ ਸੁਨਹਿਰੀ ਚਾਨਣ ਵਿਚ ਬਾਬੇ ਦੀ ਚਿੱਟੀ ਦਾੜ੍ਹੀ ਲਿਸ਼ ਲਿਸ਼ ਕਰ ਰਹੀ ਸੀ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)