Punjabi Stories/Kahanian
ਕੁਲਵੰਤ ਸਿੰਘ ਵਿਰਕ
Kulwant Singh Virk
 Punjabi Kahani
Punjabi Kavita
  

Navin Dunian-Kulwant Singh Virk

ਨਵੀਂ ਦੁਨੀਆਂ ਕੁਲਵੰਤ ਸਿੰਘ ਵਿਰਕ

ਨਵੀਂ ਦੁਨੀਆਂ

ਆਖ਼ਰ ਮਦਨ ਨੂੰ ਦਫ਼ਤਰੋਂ ਦੋ ਛੁੱਟੀਆਂ ਮਿਲ ਹੀ ਗਈਆਂ। ਇਹ ਛੁੱਟੀਆਂ ਉਸ ਨੂੰ ਕਈ ਮਹੀਨਿਆਂ ਦੇ ਲਗਾਤਾਰ ਕੰਮ ਪਿਛੋਂ ਮਿਲੀਆਂ ਸਨ, ਲਗਾਤਾਰ ਕੰਮ ਜੋ ਉਸ ਦੇ ਦਿਮਾਗ਼ ਨੂੰ ਘੁਟਦਾ ਰਿਹਾ ਸੀ ਤੇ ਸਰੀਰ ਨੂੰ ਸੁਕੜਾਂਦਾ ਰਿਹਾ ਸੀ। ਕੰਮ ਕਰਦਿਆਂ ਤੇ ਉਸ ਨੂੰ ਇਹ ਖ਼ਿਆਲ ਨਹੀਂ ਸੀ ਕਿ ਇਸ ਦਾ ਕੋਈ ਇਸ ਕਿਸਮ ਦਾ ਅਸਰ ਹੈ। ਇਹ ਤੇ ਉਸ ਨੂੰ ਉਦੋਂ ਹੀ ਪਤਾ ਲਗਾ ਜਦੋਂ ਇਨ੍ਹਾਂ ਦੋ ਛੁੱਟੀਆਂ ਨੂੰ ਆਪਣੇ ਸਰੀਰ ਦੇ ਅੰਗ ਅੰਗ ਪੋਟੇ ਪੋਟੇ ਵਿਚ ਵਸਾ ਕੇ ਉਹ ਘਰ ਨੂੰ ਜਾਣ ਲੱਗਾ। ਦਫ਼ਤਰ ਵਿਚ ਵੀ ਜੇ ਕੋਈ ਝਾੜਾਂ ਝਪਾੜਾਂ ਨਾ ਪੈਣ ਤਾਂ ਜਿੰਦ ਵਾਹਵਾ ਸੁਖੀ ਜਾਪਦੀ ਪਰ ਝਾੜਾਂ ਤੋਂ ਬਚਣਾ ਕੁਝ ਔਖਾ ਹੀ ਸੀ। ਟਾਈਪ ਕਰਨ ਵਿਚ ਕੋਈ ਗ਼ਲਤੀ ਹੋ ਜਾਂਦੀ, ਕੋਈ ਕਾਗ਼ਜ ਇਧਰ ਉਧਰ ਹੋ ਜਾਂਦਾ ਜਾਂ ਕੋਈ ਚੀਜ਼ ਵਕਤ ਸਿਰ ਲੱਭਦੀ ਨਾ ਤੇ ਫਿਰ ਜਾਨ ਉਤੇ ਬੜੀ ਔਖੀ ਬਣਦੀ।

ਪਰ ਹੁਣ ਤੇ ਆਖ਼ਰ ਛੁਟੀਆਂ ਮਿਲ ਗਈਆਂ ਸਨ। ਦੋ ਛੁਟੀਆਂ ਲੈਣ ਲਈ ਭਾਵੇਂ ਉਸ ਨੇ ਕੀ ਬਹਾਨਾ ਕੀਤਾ ਹੋਵੇ, ਅਸਲ ਵਿਚ ਉਸ ਨੂੰ ਕੋਈ ਖ਼ਾਸ ਕੰਮ ਨਹੀਂ ਸੀ। ਉਹ ਤੇ ਕੇਵਲ ਛੁਟੀਆਂ ਮਾਨਣਾ ਚਾਹੁੰਦਾ ਸੀ, ਘਰ ਜਾ ਕੇ, ਤੇ ਘਰ ਜਾਣ ਲਈ ਉਹ ਸਟੇਸ਼ਨ ਵਲ ਤੁਰ ਪਿਆ।
ਇਨ੍ਹਾਂ ਰਸਤਿਆਂ ਤੇ ਉਹ ਪਹਿਲਾਂ ਵੀ ਕਈ ਵੇਰ ਲੰਘਿਆ ਸੀ, ਪਰ ਅਗੇ ਨਾ ਤੇ ਕਦੀ ਉਸ ਨੂੰ ਏਨਾ ਕੁਝ ਨਜ਼ਰੀਂ ਪਿਆ ਸੀ ਤੇ ਨਾ ਹੀ ਆਲਾ-ਦਵਾਲਾ ਕਦੀ ਏਨਾ ਸਵਾਦੀ ਲੱਗਾ ਸੀ। ਅਜ ਤੇ ਹਰ ਸ਼ੈ ਤੇ ਇਕ ਨਵੀਂ ਰੰਗਤ ਚੜ੍ਹੀ ਹੋਈ ਸੀ, ਇਕ ਨਵੀਂ ਦੁਨੀਆਂ ਪਈ ਵਸਦੀ ਸੀ।

ਸੜਕ ਦੇ ਇਕ ਪਾਸਿਓਂ ਕੁਝ ਨੱਚਣ ਗੌਣ ਦੀ ਆਵਾਜ਼ ਆ ਰਹੀ ਸੀ ਜਿਸ ਤਰ੍ਹਾਂ ਕੋਈ ਸਿਨਮਾ ਘਰ ਹੋਵੇ। ਕਿਸੇ ਸਿਗਰਟ ਬੀੜੀ ਦਾ ਪ੍ਰਾਪੇਗੰਡਾ ਹੋ ਰਿਹਾ ਸੀ।
ਗਲੇ ਕੋ ਹੈ ਸਾਫ਼ ਕਰਤੀ, ਮਜ਼ੇ ਕੀ ਯਿਹ ਬਾਤ ਹੈ।
ਏਕ ਬਾਰ ਪੀ ਕੇ ਦੇਖੋ, ਸੀ.ਪੀ. ਕੀ ਸੁਗਾਤ ਹੈ।
ਗਾਉਣ ਵਾਲੀ ਇਕ ਪਾਰਟੀ ਹਾਰਮੋਨੀਅਮ ਨਾਲ ਬੜਾ ਪਿਆਰਾ ਗਉਂ ਰਹੀ ਸੀ ਤੇ ਨਾਲ ਇਕ ਛੋਟੀ ਜਿਹੀ ਕੁੜੀ ਘੁੰਗਰੂ ਪਾਈ ਫੇਰੀਆਂ ਲੈ ਲੈ ਕੇ ਨੱਚ ਰਹੀ ਸੀ। ਢੇਰ ਸਾਰੇ ਮਜ਼ਦੂਰ, ਪਿੰਡਾਂ ਵਿਚੋਂ ਆਏ ਹੋਏ ਜੱਟ, ਫ਼ਰੰਤੂ ਮੁੰਡੇ ਇਹ ਗੌਣ ਸੁਣ ਰਹੇ ਸਨ। ਮਦਨ ਵੀ ਸੁਨਣ ਲਈ ਖਲੋ ਗਿਆ। ਕਿੰਨਾ ਵਧੀਆ ਗੌਂ ਰਹੇ ਸਨ ਇਹ ਤੇ ਉਹ ਘੁੰਗਰੂਆਂ ਵਾਲੀ ਕੁੜੀ ਕਿਸ ਤਰ੍ਹਾਂ ਤਾਲ ਬੰਨ੍ਹ ਕੇ ਨੱਚ ਰਹੀ ਸੀ। ਜਿਸ ਕਿਸੇ ਨੂੰ ਵਿਹਲ ਹੋਵੇ ਉਹ ਇਨ੍ਹਾਂ ਦਾ ਗਾਣਾ ਸੁਣ ਸਕਦਾ ਸੀ। ‘‘ਇਸ ਦੁਨੀਆਂ ਵਿਚ ਕਿੰਨੀਆਂ ਮੌਜਾਂ ਨੇ’’ ਮਦਨ ਨੇ ਸੋਚਿਆ।

ਗਾਉਣ ਵਾਲਿਆਂ ਫਿਰ ਗਾਉਣਾ ਬੰਦ ਕਰ ਦਿਤਾ। ਕੋਲ ਦੀ ਪਾਨਾਂ ਵਾਲੀ ਹੱਟੀ ਤੋਂ ਉਹ ਪਾਨ ਲੈ ਕੇ ਖਾਣ ਲਗ ਪਏ ਤੇ ਮਦਨ ਵੀ ਅਗਾਂਹ ਟੁਰ ਪਿਆ। ਇਕ ਆਦਮੀ ਸੜਕ ਤੇ ਗਾ ਗਾ ਕੇ ਕਿੱਸੇ ਵੇਚ ਰਿਹਾ ਸੀ, ਜਾਨਦਾਰ ਪੇਂਡੂ ਕਵੀਆਂ ਦੇ ਲਿਖੇ ਹੋਏ ਮਜ਼ੇਦਾਰ ਕਿੱਸੇ, ਜਿਨ੍ਹਾਂ ਉਤੇ ਐਕਟ੍ਰੈਸਾਂ ਦੀਆਂ ਮੂਰਤਾਂ ਬਣੀਆਂ ਹੋਈਆਂ ਸਨ। ਵੇਚਣ ਵਾਲਾ ‘‘ਨੂੰਹ ਸੌਹਰਾ’’ ਤੇ ‘‘ਨਿੱਕਾ ਖਸਮ ਤੇ ਵੱਡੀ ਵਹੁਟੀ’’ ਦੇ ਕਿੱਸਿਆਂ ਵਿਚੋਂ ਚੋਣਵੇਂ ਬੈਂਤ ਪੜ੍ਹ ਪੜ੍ਹ ਕੇ ਇਸ ਤਰ੍ਹਾਂ ਦੀ ਹਵਾ ਬੰਨ੍ਹ ਰਿਹਾ ਸੀ ਜਿਵੇਂ ਲੁਚਪੁਣੇ ਤੋਂ ਬਿਨਾਂ ਕਿਸੇ ਨੂੰ ਹੋਰ ਕੋਈ ਕੰਮ ਹੀ ਨਹੀਂ। ਚਾਰ ਆਨੇ ਦੇ ਉਸ ਇਹ ਦੋਵੇਂ ਕਿੱਸੇ ਖ਼ਰੀਦ ਲਏ ਤੇ ਪੜ੍ਹਦਾ ਪੜ੍ਹਦਾ ਅਗ੍ਹਾਂ ਟੁਰੀ ਗਿਆ।

ਸਟੇਸ਼ਨ ਦੇ ਨੇੜੇ ਪੇਸ਼ਾਵਰ ਮੰਗਤਿਆਂ ਦੇ ਬੱਚੇ ਖੇਡ ਰਹੇ ਸਨ। ਆਪਣੀਆਂ ਤਰਸਯੋਗ ਸ਼ਕਲਾਂ ਤਿਆਗ ਕੇ ਉਹ ਇਸ ਵੇਲੇ ਹੱਸੂੰ ਹੱਸੂੰ ਪਏ ਕਰਦੇ ਸਨ ਤੇ ਬੜੇ ਪਿਆਰੇ ਲਗਦੇ ਸਨ। ਅੱਧੇ ਇਕ ਪਾਸੇ ਹੋ ਕੇ ਪਾਕਿਸਤਾਨੀ ਬਣੇ ਹੋਏ ਸਨ ਤੇ ਅੱਧੇ ਦੂਜੇ ਪਾਸੇ ਹੋ ਕੇ ਹਿੰਦੁਸਤਾਨੀ, ਤੇ ਦਰੱਖ਼ਤਾਂ ਨਾਲੋਂ ਸਜਰੇ ਤੋੜੇ ਹੋਏ ਪਤਰਾਂ ਵਾਲੇ ਛਾਪਿਆਂ ਨਾਲ ਲੜ ਰਹੇ ਸਨ। ਮਦਨ ਵੀ ਖੜਾ ਹੋ ਕੇ ਉਨ੍ਹਾਂ ਦੀ ਲੜਾਈ ਵੇਖਣ ਲਗ ਪਿਆ।
‘‘ਆਜ ਤੁਮ ਮਾਂਗਨੇ ਕਿਉਂ ਨਹੀਂ ਗਏ’’? ਮਦਨ ਨੇ ਉਨ੍ਹਾਂ ਤੋਂ ਹਿੰਦੁਸਤਾਨੀ ਵਿਚ ਪੁਛਿਆ ਕਿਉਂਕਿ ਉਹ ਹਿੰਦੁਸਤਾਨੀ ਵਿਚ ਹੀ ਲੜ ਰਹੇ ਸਨ।
‘‘ਅਗਰ ਹਮ ਹਰ ਵਕਤ ਮਾਂਗਤੇ ਹੀ ਰਹੇਂ, ਬਾਬੂ ਜੀ, ਤੋ ਹਮ ਭੀ ਐਸੀ ਮੋਟਰੋਂ ਮੇਂ ਚੜ੍ਹੇ ਫਿਰੇਂ।’’ ਇਕ ਮੰਗਤੇ ਮੁੰਡੇ ਨੇ ਕੋਲੋਂ ਲੰਘਦੀ ਇਕ ਕਾਰ ਵਲ ਹੱਥ ਕਰਕੇ ਕਿਹਾ, ‘‘ਦੋ ਤੀਨ ਘੰਟੇ ਮਾਂਗਨਾ ਕਿਆ ਥੋੜ੍ਹਾ ਹੋਤਾ ਹੈ?’’

‘‘ਦੋ ਤੀਨ ਘੰਟੇ ਮਾਂਗਨੇ ਕੀ ਭੀ ਕਿਆ ਜ਼ਰੂਰਤ ਹੈ’’ ਇਕ ਹੋਰ ਕਾਂਟੇ ਜਿਹੇ ਮੁੰਡੇ ਨੇ ਗੱਲ ਫੜੀ, ‘‘ਆਜ ਕਲ ਸਰਦੀਓਂ ਮੇਂ ਪਤਲਾ ਸਾ ਕਪੜਾ ਲੇ ਕਰ ਠਿਠਰਤੇ ਹੂਏ ਸਟੇਸ਼ਨ ਕੇ ਰਾਸਤੇ ਪਰ ਬੈਠ ਜਾਓ, ਆਧੇ ਘੰਟੇ ਮੇਂ ਪੈਸੇ ਹੀ ਪੈਸੇ ਹੋ ਜਾਏਂਗੇ।’’ ਤੇ ਫਿਰ ਉਹ ਆਪੋ ਵਿਚ ਲੜਨ ਵਿਚ ਜੁਟ ਗਏ।
ਮਦਨ ਹੈਰਾਨ ਸੀ ਕਿ ਇਹ ਦੁਨੀਆਂ ਕੀ ਤਮਾਸ਼ਾ ਹੈ! ਜਦ ਗ਼ਰੀਬ ਅਮੀਰ ਸਾਰੇ ਹੀ ਨੱਚ ਰਹੇ ਸਨ, ਖੇਡ ਰਹੇ ਸਨ ਤਾਂ ਫਿਰ ਇਹ ਵੱਧ ਘੱਟ ਪੈਸਾ ਹੋਣ ਦਾ ਕੀ ਰੌਲਾ ਹੈ? ਇਹ ਤਰੱਕੀ ਤੇ ਸਾਰਿਆਂ ਲਈ ਆਜ਼ਾਦੀ ਦੀ ਗੱਲ ਕੀ ਹੈ? ਇਹ ਉਤ੍ਹਾਂ ਨੂੰ ਚੜ੍ਹਣ ਬਾਰੇ ਇੰਨੀ ਘਬਰਾਹਟ ਕਿਉਂ ਹੈ?
ਸਟੇਸ਼ਨ ਤੇ ਅਪੜ ਕੇ ਉਸ ਬੁਕ ਸਟਾਲ ਤੋਂ ਅੰਗਰੇਜ਼ੀ ਕਹਾਣੀਆਂ ਦਾ ਸੰਗ੍ਰਹਿ ਖ਼ਰੀਦਿਆ ਤੇ ਗੱਡੀ ਵਿਚ ਬੈਠਦਿਆਂ ਸਾਰ ਹੀ ਉਹ ਕਹਾਣੀਆਂ ਪੜ੍ਹਨ ਵਿਚ ਜੁਟ ਗਿਆ। ਘਰ ਅਪੜ ਕੇ ਵੀ ਦੋਵੇਂ ਛੁਟੀਆਂ ਉਹ ਕਹਾਣੀਆਂ ਪੜ੍ਹਨ ਵਿਚ ਹੀ ਮਸਤ ਰਿਹਾ।

ਇਨ੍ਹਾਂ ਕਹਾਣੀਆਂ ਵਿਚ ਹੋਰ ਹੀ ਤਰ੍ਹਾਂ ਦੀਆਂ ਗੱਲਾਂ ਲਿਖੀਆਂ ਹੋਈਆਂ ਸਨ। ਲੇਖਕ ਦੇ ਖ਼ਿਆਲ ਵਿਚ ਉਹ ਆਦਮੀ ਦੁਨੀਆਂ ਵਿਚੋਂ ਵਧੇਰੇ ਖਟਦਾ ਸੀ ਜੋ ਆਜ਼ਾਦੀ ਤੇ ਬੇਫ਼ਿਕਰੀ ਨਾਲ ਆਪਣੀਆਂ ਰੁਚੀਆਂ ਪਿਛੇ ਜਾਂਦਾ ਸੀ, ਜੋ ਜ਼ਿੰਦਗੀ ਨੂੰ ਦੋਹਾਂ ਹੱਥਾਂ ਵਿਚ ਫੜ ਕੇ ਉਸ ਨੂੰ ਆਪਣੀ ਇੱਛਾ ਅਨੁਸਾਰ ਢਾਲਦਾ ਸੀ। ਵਡੇ ਆਦਮੀ ਉਹ ਸਨ, ਜਿਨ੍ਹਾਂ ਜੋ ਮਰਜ਼ੀ ਆਈ ਉਹ ਕੀਤਾ, ਭਾਵੇਂ ਉਹ ਔਖੇ ਹੋਏ, ਭਾਵੇਂ ਸੌਖੇ। ਪਾਤਰ ਜਰਨੈਲੀਆਂ ਛੱਡ ਕੇ ਖੁਲ੍ਹਾ ਡੁਲ੍ਹਾ ਜੀਵਨ ਬਿਤਾਂਦੇ ਤੇ ਅਖ਼ੀਰ ਤੇ ਜਦੋਂ ਸਾਰੇ ਜੀਵਨ ਦਾ ਹਿਸਾਬ ਕਿਤਾਬ ਕਰਦੇ ਤਾਂ ਇਹੀ ਕਹਿੰਦੇ ਕਿ ਨਫ਼ੇ ਵਿਚ ਹੀ ਰਹੇ ਹਾਂ। ਉਹਨਾਂ ਦੇ ਜੀਵਨ, ਮਦਨ ਦੇ ਖ਼ਿਆਲ ਵਿਚ, ਸੱਚੀ ਮੁਚੀਂ ਹੀ ਬੜੇ ਵਧੀਆ ਸਨ। ਪਿਆਰ ਦੇ ਜੀਵਨ, ਮਨ-ਮਰਜ਼ੀ ਦੇ ਜੀਵਨ, ਭਲਾ ਇਨ੍ਹਾਂ ਨਾਲ ਕਿਸੇ ਹੋਰ ਜੀਵਨ ਦਾ ਕੀ ਟਾਕਰਾ ਸੀ? ਮਦਨ ਨੂੰ ਇਸ ਤਰ੍ਹਾਂ ਲਗਾ ਜਿਵੇਂ ਉਹ ਹੁਣ ਤਕ ਕਿਸੇ ਗ਼ਲਤ ਰਸਤੇ ਤੇ ਘੁੰਮਦਾ ਰਿਹਾ ਹੋਵੇ ਤੇ ਫੇਰ ਘੁੰਮਣ ਘੁੰਮਾਣ ਪਿਛੋਂ ਠੀਕ ਰਸਤਾ ਅਜ ਉਸ ਦੀ ਨਜ਼ਰੀਂ ਪੈ ਗਿਆ ਹੋਵੇ। ਇਸ ਨਵੇਂ ਰਸਤੇ ਤੇ ਟੁਰਨ ਦਾ ਉਸ ਨੂੰ ਬੜਾ ਚਾਅ ਸੀ।
ਛੁੱਟੀਆਂ ਤੋਂ ਵਾਪਸ ਆ ਉਹ ਫਿਰ ਆਪਣੇ ਸਟੇਸ਼ਨ ਤੇ ਉਤਰਿਆ ਤੇ ਘਰ ਜਾਣ ਲਈ ਟਾਂਗੇ ’ਤੇ ਬੈਠ ਗਿਆ। ਅਜ ਉਹ ਹਰ ਬੰਦੇ ਦਾ ਦੋਸਤ ਸੀ ਤੇ ਹਰ ਇਕ ਵਿਚ ਡੂੰਘੀ ਦਿਲਚਸਪੀ ਰਖਦਾ ਸੀ। ਟਾਂਗੇ ਵਿਚ ਬੈਠ ਕੇ ਉਹ ਟਾਂਗੇ ਵਾਲੇ ਨਾਲ ਗੱਲਾਂ ਕਰਨ ਲਗ ਪਿਆ।

‘‘ਜੀ ਟਾਂਗਾ ਚਲਾਣ ਤੇ ਰੱਬ ਦੁਸ਼ਮਣ ਨੂੰ ਵੀ ਨਾ ਲਾਏ’’ ਟਾਂਗੇ ਵਾਲਾ ਦਿਲ ਦੀ ਭੜਾਸ ਕਢਣ ਲਗਾ, ‘‘ਚੂਹੜਾ ਹੋਵੇ ਉਸ ਦੇ ਵੀ ਤਰਲੇ ਕਰੋ ਤੇ ਉਹਦਾ ਭਾਰ ਚੁਕੋ। ਦੋ ਪੈਸੇ ਦਾ ਸਿਪਾਹੀ ਹੁੰਦਾ ਏ, ਜਦੋਂ ਉਹਦਾ ਜੀ ਕਰੇ, ਸਾਡੀ ਪੱਗ ਲਾਹ ਦਿੰਦਾ ਏ। ਮੈਂ ਤੇ ਐਵੇਂ ਵੇਖੋ ਵੇਖੀ ਫਸ ਗਿਆ ਜੇ, ਭਲਾ ਮੈਂ ਕੀ ਲੈਣਾ ਸੀ ਏਸ ਕੰਮ ਵਿਚੋਂ। ਜਿਦ੍ਹੇ ਪੱਲੇ ਗੁਣ ਹੋਵੇ, ਉਹਨੂੰ ਟਾਂਗਾ ਵਾਹੁਣ ਦੀ ਕੀ ਲੋੜ ਏ। ਮੈਂ ਤੇ ਚੰਗਾ ਭਲਾ ਬਾਲਟੀਆਂ ਬਣਾਂਦਾ ਸਾਂ ਜੇ, ਹੁਣ ਵੀ ਓਸੇ ਈ ਕੰਮ ਤੇ ਟੁਰ ਜਾਣਾ ਏ। ਜਦੋਂ ਜੀ ਕੀਤਾ ਬੁਕਲ ਮਾਰ ਕੇ ਲਗ ਗਏ, ਜਿੰਨਾ ਕੰਮ ਕੀਤਾ ਓਨੇ ਪੈਸੇ ਲੈ ਕੇ ਲੌਢੇ ਵੇਲੇ ਘਰ ਆ ਗਏ। ਕੋਈ ਵਾਧਾ ਨਹੀਂ ਘਾਟਾ ਨਹੀਂ, ਚਾਕਰੀ ਨਹੀਂ, ਮੁਥਾਜੀ ਨਹੀਂ।’’
‘‘ਸਾਰੀ ਦੁਨੀਆਂ ਚਾਕਰੀ ਤੇ ਬਝੇਵੇਂ ਤੋਂ ਖ਼ਲਾਸੀ ਕਰਾ ਰਹੀ ਹੈ, ਕੋਈ ਆਦਮੀ ਬੰਦਸ਼ ਵਿਚ ਨਹੀਂ ਰਹਿਣਾ ਚਾਹੁੰਦਾ’’ ਮਦਨ ਸੋਚ ਰਿਹਾ ਸੀ। ‘‘ਪਰ ਮੈਂ ਥੋੜੇ ਜਿਹੇ ਪੈਸਿਆਂ ਲਈ ਰੋਜ਼ ਝਾੜਾਂ ਖਾਂਦਾ ਹਾਂ। ਮੈਂ ਵੀ ਕਲ ਦਫ਼ਤਰ ਨਹੀਂ ਜਾਵਾਂਗਾ’’, ਉਸ ਨੇ ਅਖ਼ੀਰ ਫ਼ੈਸਲਾ ਕੀਤਾ।
ਉਹ ਨਹੀਂ ਜਾਣਦਾ ਸੀ ਕਿ ਜੇ ਉਹ ਦਫ਼ਤਰ ਨਾ ਗਿਆ ਤਾਂ ਹੋਰ ਕੀ ਕੰਮ ਕਰੇਗਾ ਸ਼ਾਇਦ ਉਸ ਦਾ ਖ਼ਿਆਲ ਹੋਵੇ ਕਿ ਉਹ ਵੀ ਕੋਈ ਇਹੋ ਜਿਹਾ ਕੰਮ ਸੋਚ ਲਏਗਾ, ਜਿਸ ਵਿਚ ਬਝੇਵਾਂ ਨਾ ਹੋਵੇ, ਜਿਸ ਵਿਚ ਕਿਸੇ ਦਾ ਡਰ ਨਾ ਹੋਵੇ, ਪੈਸੇ ਭਾਵੇਂ ਥੋੜੇ ਹੀ ਹੋਣ।

ਅਗਲੇ ਦਿਨ ਉਹ ਦਫ਼ਤਰ ਲਈ ਤਿਆਰ ਨਾ ਹੋਇਆ। ਰਜ਼ਾਈ ਵਿਚ ਪਿਆ ਹੀ ਕਹਾਣੀਆਂ ਦੀ ਕਿਤਾਬ ਪੜ੍ਹਦਾ ਰਿਹਾ। ‘‘ਜੀ ਅਜ ਦਫ਼ਤਰ ਨਹੀਂ ਜਾਣਾ?’’ ਉਸ ਦੀ ਵਹੁਟੀ ਨੇ ਹੈਰਾਨ ਹੋ ਕੇ ਪੁਛਿਆ।
‘‘ਨਹੀਂ’’।
‘‘ਜੀ, ਕਿਉਂ ਨਹੀਂ ਜਾਣਾ?’’ ਉਹ ਜਾਣਦੀ ਸੀ ਕਿ ਛੁਟੀਆਂ ਖ਼ਤਮ ਹੋ ਗਈਆਂ ਹਨ।
‘‘ਬਸ ਹਮ ਨਹੀਂ ਜਾਏਂਗੇ,’’ ਮਦਨ ਨੇ ਆਕੜ ਕੇ ਉਰਦੂ ਵਿਚ ਜਵਾਬ ਦਿਤਾ ਤੇ ਫਿਰ ਕਿਤਾਬ ਪੜ੍ਹਨ ਲਗ ਪਿਆ।
ਉਸ ਦੇ ਬੱਚੇ ਉਸ ਦੇ ਦੁਆਲੇ ਖੇਡਦੇ ਪਏ ਸਨ, ਪਰ ਅਜ ਉਹ ਇਨ੍ਹਾਂ ਤੋਂ ਖਿੱਝਦਾ ਨਹੀਂ ਸੀ, ਸਗੋਂ ਉਸ ਨੂੰ ਉਹ ਡਾਹਢੇ ਪਿਆਰੇ ਲਗਦੇ ਸਨ। ਉਸ ਨੂੰ ਇਸ ਤਰ੍ਹਾਂ ਜਾਪਦਾ ਸੀ ਜਿਵੇਂ ਉਸ ਦੀ ਅਕਲ ਤੋਂ ਕੋਈ ਪੁਰਾਣਾ ਪਰਦਾ ਲਹਿ ਗਿਆ ਹੋਵੇ। ਅਜ ਉਹ ਆਲੇ ਦੁਆਲੇ ਦੇ ਹਰ ਇਸਤਰੀ ਮਰਦ ਨੂੰ ਆਪਣਾ ਜੀਵਨ ਸਵਾਦਲਾ ਬਨਾਣ ਬਾਰੇ ਸਲਾਹ ਦੇ ਸਕਦਾ ਸੀ। ਉਸ ਦਾ ਜੀ ਕਰਦਾ ਸੀ ਕਿ ਲੋਕਾਂ ਦੇ ਘਰੀਂ ਜਾ ਕੇ ਆਖੇ, ‘‘ਮੈਨੂੰ ਜੀਵਨ ਦਾ ਅਸਲੀ ਭੇਦ ਲੱਭ ਪਿਆ ਹੈ, ਤੁਹਾਡੇ ਭਲੇ ਲਈ ਮੈਂ ਤੁਹਾਨੂੰ ਵੀ ਦਸਣ ਆਇਆ ਹਾਂ।’’

ਪਿਛਲੇ ਦਿਨੀਂ ਆਂਢ-ਗੁਆਂਢ ਹੋਈਆਂ ਘਟਨਾਵਾਂ ਉਸ ਨੇ ਇਸ ਨਵੀਂ ਆਈ ਅਕਲ ਤੇ ਜਾਚਣੀਆਂ ਸ਼ੁਰੂ ਕੀਤੀਆਂ।
‘‘ਇਹ ਸਾਹਮਣੇ ਘਰ ਵਾਲੀ ਕੁੜੀ ਜੇ ਉਸ ਦਿਨ ਆਪਣੇ ਦੋਸਤ ਨਾਲ ਦੌੜ ਜਾਂਦੀ ਤੇ ਦੁਨੀਆਂ ਤੋਂ ਡਰ ਕੇ ਉਹਨੂੰ ਨਾਂਹ ਨਾ ਕਰਦੀ ਤਾਂ ਬਾਕੀ ਦੀ ਉਮਰ ਬੜੀ ਸੌਖੀ ਕਟਦੀ।’’ ਮਦਨ ਨੇ ਦਿਲ ਵਿਚ ਫ਼ੈਸਲਾ ਦਿਤਾ। ‘‘ਇਸ ਨਵੇਂ ਵਿਆਹੇ ਮੁੰਡੇ ਨੇ ਬੜੀ ਭਾਰੀ ਗ਼ਲਤੀ ਕੀਤੀ ਹੈ ਜੋ ਚੋਖੇ ਦਾਜ ਪਿਛੇ ਪੈ ਕੇ ਆਪਣੇ ਪਿਆਰ ਵਾਲੀ ਕੁੜੀ ਛੱਡ ਕੇ ਦੂਸਰੀ ਨਾਲ ਵਿਆਹ ਕਰਾਇਆ।’’ ਉਸ ਨੇ ਇਕ ਹੋਰ ਮੁਆਮਲੇ ਤੇ ਆਪਣੀ ਸਿਆਣੀ ਰਾਏ ਪ੍ਰਗਟ ਕੀਤੀ।

ਕਿਤਾਬ ਖ਼ਤਮ ਕਰਕੇ ਉਸ ਦੁਪਹਿਰ ਦੀ ਰੋਟੀ ਖਾਧੀ ਤੇ ਫਿਰ ਸੋਚਣ ਲਗਾ ਕਿ ਉਸ ਨੇ ਅਗੋਂ ਕੀ ਕਰਨਾ ਹੈ, ਰਾਤ ਤਕ ਉਹ ਸੋਚਦਾ ਰਿਹਾ, ਪਰ ਸੁਝਿਆ ਕੁਝ ਨਾ ਤੇ ਅਖ਼ੀਰ ਇਹ ਫ਼ੈਸਲਾ ਕੀਤਾ ਕਿ ਅਜੇ ਦਫ਼ਤਰ ਹੀ ਜਾਓ ਤੇ ਜਦੋਂ ਕਦੀ ਹੋਰ ਕੋਈ ਕੰਮ ਸੁੱਝੇਗਾ ਤਾਂ ਨੌਕਰੀ ਛੱਡ ਦੇਵਾਂਗਾ।

ਅਗਲੀ ਸਵੇਰ ਦਫ਼ਤਰ ਜਾਂਦਿਆਂ ਮਦਨ ਦੇ ਦਿਲ ਵਿਚ ਡਰ ਸੀ ਕਿ ਕਲ ਦੀ ਗ਼ੈਰ ਹਾਜ਼ਰੀ ਦਾ ਕੀ ਬਣੇਗਾ? ਦਫ਼ਤਰ ਵਿਚ ਵੀ ਉਸ ਦੇ ਮਿੱਤਰਾਂ ਦੇ ਦਿਲ ਵਿਚ ਘਬਰਾਹਟ ਸੀ ਕਿ ਪਤਾ ਨਹੀਂ ਮਦਨ ਨੂੰ ਕੀ ਸਜ਼ਾ ਮਿਲੇ। ਸਾਢੇ ਦਸ ਵਜੇ ਮਦਨ ਨੂੰ ਸੁਪਰਿਟੈਂਡੈਂਟ ਵਲੋਂ ਸੱਦਾ ਆ ਗਿਆ।

ਸੁਪਰੈਂਟੈਂਡੈਂਟ ਸਾਹਿਬ ਆਪਣੇ ਦਫ਼ਤਰ ਵਿਚ ਕੁਰਸੀ ਨਾਲ ਢੋ ਲਾਈ ਖੜੇ ਸਨ। ਹੱਥ ਵਿਚ ਉਨ੍ਹਾਂ ਮਘਿਆ ਹੋਇਆ ਸਿਗਰਟ ਫੜਿਆ ਹੋਇਆ ਸੀ।
‘‘ਕਲ ਕਿਉਂ ਨਹੀਂ ਆਏ ਤੁਸੀਂ?’’
ਮਦਨ ਚੁਪ ਸੀ, ‘‘ਇਹ ਵੀ ਤੇ ਆਖ਼ਰ ਸਰਕਾਰੀ ਦਫ਼ਤਰ ਹੈ, ਇਹ ਤੇ ਨਹੀਂ ਨਾ ਹੋ ਸਕਦਾ ਕਿ ਜਦੋਂ ਮਰਜ਼ੀ ਹੋਵੇ ਆ ਜਾਉ ਤੇ ਜਦੋਂ ਮਰਜ਼ੀ ਹੋਵੇ ਨਾ ਆਓ।’’ ‘‘ਜੀ, ਇਕ ਵਾਰੀ ਮੇਰਾ ਕਸੂਰ ਮੁਆਫ਼ ਕੀਤਾ ਜਾਏ’’, ਮਦਨ ਨੇ ਬੜੇ ਔਖੇ ਹੋ ਕੇ ਸੰਘੋਂ ਆਵਾਜ਼ ਕੱਢੀ, ਪਰ ਉਸ ਦਾ ਅੰਦਰ ਘਿਰ ਰਿਹਾ ਸੀ। ਉਸ ਨੂੰ ਇਸ ਤਰ੍ਹਾਂ ਲਗਦਾ ਸੀ ਜਿਵੇਂ ਉਸ ਨੂੰ ਬੜੀ ਤੇਹ ਲਗੀ ਹੋਈ ਹੈ ਤੇ ਜੇ ਝਟ ਪਟ ਪਾਣੀ ਨਾ ਮਿਲਿਆ ਤਾਂ ਉਹ ਖੜਾ ਨਹੀਂ ਰਹਿ ਸਕੇਗਾ।

‘‘ਕਸੂਰ ਮੁਆਫ ਕਰਨਾ ਤੇ ਮੇਰੇ ਵੱਸ ਦੀ ਗੱਲ ਨਹੀਂ, ਤੈਨੂੰ ਪਤਾ ਹੈ ਕਿ ਮੈਂ ਤੈਨੂੰ ਸੀਨੀਅਰ ਕਲਰਕ ਬਣਾਏ ਜਾਣ ਲਈ ਸਿਫ਼ਾਰਸ਼ ਕੀਤੀ ਸੀ। ਉਹ ਗੱਲ ਤੇ ਹੁਣ ਗਈ। ਤੈਨੂੰ ਸਜ਼ਾ ਕੀ ਮਿਲਣੀ ਹੈ ਇਹ ਫ਼ੈਸਲਾ ਡਿਪਟੀ ਸੈਕਰੇਟਰੀ ਸਾਹਿਬ ਨੇ ਕਰਨਾ ਹੈ। ਪਰ ਮੁਸ਼ਕਲ ਹੈ ਤੇ ਇਹ ਹੈ ਕਿ ਇਨ੍ਹਾਂ ਕੱਚੀਆਂ ਨੌਕਰੀਆਂ ਵਿਚ ਅਫ਼ਸਰ ਜੋ ਸਜ਼ਾ ਚਾਹੇ ਦੇ ਸਕਦਾ ਹੈ। ਨੌਕਰੀਉਂ ਜਵਾਬ ਮਿਲ ਜਾਣਾ ਕੋਈ ਵੱਡੀ ਗੱਲ ਨਹੀਂ। ਮੈਂ ਹੈਰਾਨ ਹਾਂ ਕਿ ਤੁਸਾਂ ਲੋਕਾਂ ਨੂੰ ਆਪਣੇ ਆਪ ਦਾ ਆਪਣੇ ਬਾਲ ਬੱਚੇ ਦਾ ਰਤੀ ਫ਼ਿਕਰ ਨਹੀਂ।’’

ਮਦਨ ਦੇ ਲੱਤਾਂ ਪੈਰ ਨਿਘਰ ਚੁਕੇ ਸਨ। ਉਸ ਨੂੰ ਆਪਣੇ ਸਾਹਮਣੇ ਹਨੇਰਾ ਲਗ ਰਿਹਾ ਸੀ। ਇਸ ਤਰ੍ਹਾਂ ਜਾਪਦਾ ਸੀ ਜਿਵੇਂ ਉਸ ਦੀ ਛਾਤੀਂ ਵਿਚੋਂ ਕਿਸੇ ਰੁੱਗ ਭਰ ਕੇ ਆਂਦਰਾਂ ਕੱਢ ਲਈਆਂ ਹੋਣ ਤੇ ਉਸ ਦਾ ਸਾਰਾ ਦਿਲ ਨਚੋੜ ਲਿਆ ਹੋਵੇ। ਉਹ ਢਹਿਣ ਲੱਗਾ ਪਰ ਸੁਪਰਿਟੈਂਡੈਂਟ ਸਾਹਿਬ ਦੇ ਦੋਹਾਂ ਮੋਢਿਆਂ ਨੂੰ ਹੱਥ ਪਾ ਕੇ ਉਨ੍ਹਾਂ ਦੀ ਛਾਤੀ ਤੇ ਢੋ ਲਾ ਕੇ ਡਿਗਨੋਂ ਬਚ ਗਿਆ। ਉਸ ਨੂੰ ਏਨਾ ਸਮਝਣ ਦੀ ਹੋਸ਼ ਅਜੇ ਬਾਕੀ ਸੀ ਕਿ ਇਸ ਤਰ੍ਹਾਂ ਖੜੇ ਹੋਣਾ ਬੜੀ ਬਦਤਮੀਜੀ ਹੈ, ਪਰ ਉਹ ਭੋਂ ਤੇ ਡਿਗਣਾ ਨਹੀਂ ਚਾਹੁੰਦਾ ਸੀ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)