ਮੋਹ ਦੀ ਖਿੱਚ ਪਰਗਟ ਸਿੰਘ ਸਤੌਜ
ਕਈ ਪਲ ਸਾਰੀ ਜ਼ਿੰਦਗੀ ਲਈ ਯਾਦਗਾਰੀ ਬਣ ਜਾਂਦੇ ਹਨ। ਸਾਡਾ ਮਨ ਉਨ੍ਹਾਂ ਪਲਾਂ ਨੂੰ ਵਾਰ-ਵਾਰ ਮਾਣਨ ਨੂੰ ਕਰਦਾ ਹੈ ਪਰ ਭੱਜੇ ਜਾਂਦੇ ਸਮੇਂ ਦੀਆਂ ਵਾਗਾਂ ਫੜ ਕੇ ਪਿੱਛੇ ਨਹੀਂ ਮੋੜਿਆ ਜਾ ਸਕਦਾ। ਬਸ! ਯਾਦਾਂ ਹਨ, ਜਿਨ੍ਹਾਂ ਸਹਾਰੇ ਅਸੀਂ ਉਨ੍ਹਾਂ ਪਲਾਂ ਵਿੱਚੋਂ ਜਿੰਨੀ ਵਾਰ ਚਾਹੀਏ ਗੁਜ਼ਰ ਸਕਦੇ ਹਾਂ। ਇਹ ਯਾਦਾਂ ਬਚਪਨ ਜਾਂ ਜਵਾਨੀ ਨਾਲ ਜੁੜੀਆਂ ਹੋਣ ਤਾਂ ਹੋਰ ਵੀ ਮਿੱਠੀਆਂ ਤੇ ਪਿਆਰੀਆਂ ਹੋ ਜਾਂਦੀਆਂ ਹਨ।
ਜਦੋਂ ਮੇਰੀ ਨੌਕਰੀ ਲੱਗੀ, ਸਾਰੇ ਟੱਬਰ ਤੋਂ ਖੁਸ਼ੀ ਸਾਂਭੀ ਨਹੀਂ ਜਾਂਦੀ ਸੀ। ਘਰ ਦੇ ਨਸੀਹਤਾਂ ਦੇ ਰਹੇ ਸਨ, ‘‘ਫਲਾਣੇ ਥਾਂ ਡੱਬਾ ਜ਼ਰੂਰੀ ਦੇਈਂ, ਫਲਾਣੇ ਥਾਂ ਜ਼ਰੂਰ…।’’ ਪਰ ਮੇਰੇ ਚੇਤਿਆਂ ਦੀ ਪਟਾਰੀ ’ਚ ਕੋਈ ਹੋਰ ਥਾਂ ਘੁੰਮ ਰਹੀ ਸੀ। ਜਿੱਥੇ ਮੈਂ ਜਾਣਾ ਚਾਹੁੰਦਾ ਸੀ, ਉਸ ਥਾਂ ਨਾਲ ਜੁੜੀਆਂ ਯਾਦਾਂ ਮੈਨੂੰ ਆਵਾਜ਼ਾਂ ਮਾਰ ਰਹੀਆਂ ਸਨ।
ਮੇਰਾ ਉਸ ਪਿੰਡ ਨਾਲੋਂ ਨਾਤਾ ਟੁੱਟਿਆਂ ਦੋ ਦਹਾਕਿਆਂ ਤੋਂ ਉਪਰ ਹੋ ਗਿਆ ਸੀ। ਮੈਂ ਜਾਣਾ ਚਾਹੁੰਦਾ ਸੀ ਪਰ ਕੁਝ ਪਤਾ ਨਹੀਂ ਸੀ ਕਿੱਧਰ ਦੀ ਜਾਵਾਂ? ਅੱਗੇ ਕੌਣ ਮਿਲੇਗਾ? ਕਿਸ ਦਾ ਨਾਂ ਲਵਾਂ? ਹੁਣ ਤਾਂ ਉਨ੍ਹਾਂ ਦੇ ਨਾਂ ਵੀ ਚੇਤਿਆਂ ’ਚੋਂ ਤਿਲਕ ਗਏ ਸਨ। ਬਸ ਇੱਕ ਮੋਹ ਸੀ ਜਿਹੜਾ ਮੈਨੂੰ ਓਧਰ ਨੂੰ ਖਿੱਚ ਰਿਹਾ ਸੀ। ਪਹਿਲਾਂ ਤਾਂ ਮੈਂ ਝਿਜਕਦਾ ਰਿਹਾ। ਫਿਰ ਹੌਲ਼ੀ-ਹੌਲ਼ੀ ਆਪਣੇ ਮਨ ਦੀ ਗੰਢ ਮਾਂ ਕੋਲ ਖੋਲ੍ਹ ਦਿੱਤੀ। ਮੇਰੀ ਓਥੇ ਜਾਣ ਦੀ ਚਾਹਣਾ ਸੁਣ ਕੇ ਮਾਂ ਦੀਆਂ ਅੱਖਾਂ ਵਿੱਚ ਅਨੋਖੀ ਚਮਕ ਆ ਗਈ, ਚਿਹਰੇ ’ਤੇ ਖੁਸ਼ੀ ਧੂੜੀ ਗਈ। ਮਾਂ ਨੇ ਮੈਨੂੰ ਸਾਰੀ ਗੱਲ ਸਮਝਾ ਦਿੱਤੀ। ਮਾਂ ਤਾਂ ਹੋਰ ਵੀ ਬੜਾ ਕੁਝ ਕਹਿਣਾ ਚਾਹੁੰਦੀ ਸੀ, ਪਰ ਮੇਰੀ ਅੰਦਰਲੀ ਕਾਹਲ ਨੇ ਮੈਨੂੰ ਹੋਰ ਰੁਕਣ ਦੀ ਮੋਹਲਤ ਨਹੀਂ ਸੀ ਦਿੱਤੀ।
ਮੈਂ ਆਪਣੇ ਇੱਕ ਦੋਸਤ ਨੂੰ ਨਾਲ ਲੈ ਕੇ ਤੁਰ ਪਿਆ ਸੀ। ਜਿਸ ਪਿੰਡ ਮੈਂ ਜਾ ਰਿਹਾ ਸੀ ਉਹ ਮੇਰੀ ਮਾਂ ਦਾ ਪੇਕਾ ਪਿੰਡ ਸੀ। ਕਦੇ ਏਸ ਪਿੰਡ ਦੀਆਂ ਗਲੀਆਂ ਵਿੱਚ ਮੇਰੀ ਮਾਂ ਦਾ ਬਚਪਨ ਬੀਤਿਆ ਸੀ, ਜਵਾਨੀ ਚੜ੍ਹੀ ਸੀ।
ਜਦੋਂ ਮੇਰੀ ਨਾਨੀ ਨੂੰ ਉਸ ਦੇ ਪੇਕੇ ਪਿੰਡ ਜ਼ਮੀਨ ਮਿਲ ਗਈ ਸੀ ਤਾਂ ਮੇਰੇ ਨਾਨਕਿਆਂ ਦਾ ਸਾਰਾ ਪਰਿਵਾਰ ਇਸ ਪਿੰਡੋਂ ਉੱਠ ਕੇ ਮੇਰੀ ਨਾਨੀ ਦੇ ਪੇਕੇ ਪਿੰਡ ਜਾ ਟਿਕਿਆ ਸੀ। ਪਿੱਛੇ ਰਹਿ ਗਿਆ ਇਕੱਲਾ ਨਾਨਾ। ਨਾਨੇ ਨੂੰ ਘਰ ਨਾਲ ਮੋਹ ਸੀ, ਉਹ ਮੋਹ ਨਾ ਤਿਆਗ ਸਕਿਆ ਤੇ ਮਰਨ ਤੱਕ ਇੱਥੇ ਹੀ ਰਿਹਾ।
ਮੇਰੇ ਬਚਪਨ ਦੇ ਪਹਿਲੇ ਪੰਜ ਸੱਤ ਸਾਲ, ਜਿੰਨੀ ਦੇਰ ਨਾਨਾ ਜੀ ਜਿਉਂਦੇ ਰਹੇ, ਸਾਡੀ ਇੱਥੇ ਵੀ ਆਉਣੀ ਜਾਣੀ ਰਹੀ। ਫਿਰ ਨਾਨੇ ਦੇ ਮਰਨ ਤੋਂ ਬਾਅਦ ਉਸ ਪਿੰਡ ਨਾਲ ਸਾਂਝ ਘਟਦੀ-ਘਟਦੀ ਮੁੱਕ ਗਈ, ਪਰ ਅੱਜ ਦੋ ਦਹਾਕਿਆਂ ਬਾਅਦ ਮੇਰੇ ਅੰਦਰ ਬੈਠੇ ਪਤਾ ਨਹੀਂ ਕਿਹੜੇ ਮੋਹ ਜਾਲ਼ ਨੇ ਮੈਨੂੰ ਉਸ ਪਿੰਡ ਵੱਲ ਫਿਰ ਤੋਰ ਲਿਆ ਸੀ।
ਪਿੰਡ ਦੀ ਜੂਹ ’ਚ ਵੜੇ ਤਾਂ ਮੈਨੂੰ ਉਹ ਖੇਤ, ਉਹ ਪਹੀਆਂ ਯਾਦ ਆਈਆਂ ਜਿੱਥੇ ਮੈਂ ਨਾਨੇ ਕੇ ਗੁਆਂਢ ’ਚ ਰਹਿੰਦੀ ਮਾਂ ਦੀ ਚਾਚੀ ਮੂਰਤੀ ਦੀਆਂ ਕੁੜੀਆਂ ਨਾਲ ਬੇਰ ਤੋੜਨ ਆਉਂਦਾ ਹੁੰਦਾ ਸੀ। ਚਾਹੇ ਮੈਂ ਇਨ੍ਹਾਂ ਚਾਰੇ ਕੁੜੀਆਂ ਦਾ ਰਿਸ਼ਤੇ ਵਿੱਚ ਭਾਣਜਾ ਲੱਗਦਾ ਸੀ ਪਰ ਇਹ ਮੈਨੂੰ ਆਪਣੇ ਛੋਟੇ ਭਰਾ ਵਾਂਗ ਸਮਝਦੀਆਂ ਸਨ। ਛੋਟੀ ਕੁੜੀ ਤਾਂ ਮੇਰੇ ਹਾਣ ਦੀ ਸੀ। ਅਸੀਂ ਇਨ੍ਹਾਂ ਖੇਤਾਂ ’ਚ ਬੇਰ ਤੋੜਨ ਆਉਂਦੇ। ਉਹ ਕੁੜੀਆਂ ਪਹਿਲਾਂ ਆਪੋ-ਆਪਣੇ ਬੇਰ ਚੁਗਦੀਆਂ ਫਿਰ ਉਨ੍ਹਾਂ ’ਚੋਂ ਲੀਲੂ-ਲੀਲੂ ਬੇਰ ਛਾਂਟ ਕੇ ਮੈਨੂੰ ਦੇ ਦਿੰਦੀਆਂ ਤੇ ਅੱਧ-ਕੱਚੇ ਆਪ ਖਾਂਦੀਆਂ। ਕਿੰਨੇ ਮੋਹ ਭਿੱਜੇ ਸਨ ਉਹ ਦਿਨ। ਮੈਂ ਉਨ੍ਹਾਂ ਵੱਡੀਆਂ ਭੈਣਾਂ ਦੇ ਮੋਹ ਕਰਕੇ ਭਰ ਆਏ ਮਨ ਨੂੰ ਆਪਣੇ ਅੰਦਰ ਹੀ ਡੋਲ੍ਹ ਕੇ ਮੋਟਰਸਾਈਕਲ ਪਿੰਡ ਦੀ ਫਿਰਨੀ ’ਤੇ ਜਾ ਖੜ੍ਹਾਇਆ।
ਸਮੇਂ ਦੇ ਜ਼ਾਲਮ ਹੱਥਾਂ ਨੇ ਇਨ੍ਹਾਂ ਤੇਈ-ਚੌਵੀ ਸਾਲਾਂ ਦੌਰਾਨ ਪਿੰਡ ਦੇ ਨਕਸ਼ੇ ਤੋਂ ਕਿੰਨਾ ਕੁਝ ਮੇਟ ਕੇ ਨਵਾਂ ਉੱਕਰ ਦਿੱਤਾ ਸੀ, ਪਰ ਮੈਂ ਨਾਨੇ ਕੇ ਘਰ ਨੂੰ ਜਾਂਦੀ ਗਲੀ ਝੱਟ ਪਹਿਚਾਣ ਲਈ।
ਪਿੰਡ ਦੇ ਚੌਕ ਨੇੜੇ ਹੀ ਨਾਨੇ ਕਾ ਘਰ ਸੀ। ਇਸ ਚੌਕ ਵਿੱਚ ਕਦੇ ਮੈਂ ਬਾਜ਼ੀਗਰ ਦਾ ਖੇਡ ਵੇਖਿਆ ਸੀ। ਉਹ ਲੱਤਾਂ ਨਾਲ ਲੰਬੀਆਂ ਬਾਂਸ ਦੀਆਂ ਡਾਂਗਾਂ ਬੰਨ੍ਹ ਕੇ ਲਮਢੀਂਗ ਵਾਂਗ ਪਿੰਡ ਦੇ ਕੋਠਿਆਂ ਤੋਂ ਉੱਪਰ ਤੁਰ ਰਿਹਾ ਸੀ। ਇਸ ਬਾਜ਼ੀਗਰ ਤੋਂ ਪ੍ਰਭਾਵਿਤ ਹੋ ਕੇ ਮੈਂ ਵੀ ਘਰ ਆ ਕੇ ਲੱਤਾਂ ਨਾਲ ਡਾਂਗਾਂ ਬੰਨ੍ਹ ਕੇ ਤੁਰਨ ਦੀ ਸੋਚੀ ਸੀ ਪਰ ਮੈਂ ਦੋ ਤਿੰਨ ਵਾਰ ਮੂਧੇ ਮੂੰਹ ਡਿੱਗ ਕੇ ‘ਹੱਥ ਨਾ ਪੁੱਜੇ ਥੂ ਕੌੜੀ’ ਕਹਿੰਦੇ ਨੇ ਬਾਜ਼ੀਗਰ ਦੇ ਐਸੇ ਕਰਤੱਬ ਵੱਲ ਨੱਕ ਬੁੱਲ੍ਹ ਕੱਢ ਦਿੱਤੇ ਸਨ।
ਮੈਂ ਚੌਕ ਵਿੱਚ ਜਾ ਖੜ੍ਹਿਆ ਸੀ। ਅੱਗੇ ਦਿਮਾਗ਼ ਵਿੱਚ ਉੱਕਰੀ ਹੋਈ ਨਿਸ਼ਾਨਦੇਹੀ ਧੁੰਦਲੀ ਪੈ ਗਈ ਸੀ। ਚੌਕ ’ਚੋਂ ਲੰਘਦੇ ਇੱਕਾ-ਦੁੱਕਾ ਬੰਦਿਆਂ ਨੇ ਵੀ ਸ਼ਾਇਦ ਮੇਰੀ ਪ੍ਰੇਸ਼ਾਨੀ ਤਾੜ ਲਈ ਸੀ। ਫਿਰ ਮੈਂ ਉਂਜ ਹੀ ਮਨੋਂ ਅੰਦਾਜ਼ਾ ਲਾ ਕੇ ਇੱਕ ਬਾਰ ਅੱਗੇ ਮੋਟਰਸਾਈਕਲ ਰੋਕ ਲਿਆ।
‘‘ਭਲਾਂ ਫਲਾਣੇ ਦਾ ਘਰ ਕਿਹੜੈ ਜੀ?’’ ਮੈਂ ਮੇਰੇ ਵੱਲ ਆਉਂਦੇ ਇੱਕ ਬਜ਼ੁਰਗ ਨੂੰ ਪੁੱਛ ਲਿਆ। ਮਾਂ ਨੇ ਮੈਨੂੰ ਆਪਣੇ ਤਾਏ ਦੇ ਮੁੰਡੇ ਦਾ ਘਰ ਇੱਥੇ ਹੀ ਕਿਤੇ ਦੱਸਿਆ ਸੀ।
‘‘ਇਹੀ ਐ ਭਾਈ, ਜੀਹਦੇ ਮੂਹਰੇ ਤੁਸੀਂ ਖੜ੍ਹੇ ਓ। ਸਾਡਾ ਈ ਘਰ ਐ।’’
‘‘ਮੈਂ ਜੀ ਪਰਗਟ ਸਤੌਜ ਤੋਂ, ਫਲਾਣੇ ਦਾ ਮੁੰਡਾ।’’
‘‘ਅੱਛਿਆ!’’ ਮੇਰੀ ਏਨੀ ਕੁ ਗੱਲ ਸੁਣ ਕੇ ਉਸ ਬਜ਼ੁਰਗ ਦੇ ਚਿਹਰੇ ’ਤੇ ਖੁਸ਼ੀ ਝਾਂਬੜਾਂ ਪਾ ਗਈ। ਉਹ ਸਾਨੂੰ ਅੰਦਰ ਲੈ ਗਿਆ। ਅਸੀਂ ਅੰਦਰ ਵਰਾਂਡੇ ਵਿੱਚ ਜਾ ਬੈਠੇ। ਮੈਂ ਵੇਖਿਆ, ਕਾਠ ਦੀ ਛੱਤ ਵਾਲਾ ਵਰਾਂਡਾ ਹੇਠੋਂ ਵੀ ਕੱਚਾ, ਬਿਨਾਂ ਟੀਪ-ਟੱਲੇ ਤੋਂ। ਵਰਾਂਡੇ ਤੋਂ ਅੱਗੇ ਸਬ੍ਹਾਤ ਦੀ ਹਾਲਤ ਵੀ ਇੰਝ ਹੀ ਸੀ। ਟੇਢੀਆਂ-ਮੇਢੀਆਂ ਇੱਟਾਂ ਨਾਲ ਖੜ੍ਹੀਆਂ ਕੀਤੀਆਂ ਕੰਧਾਂ ਘਰ ਦੀ ਆਰਥਿਕ ਮੰਦਹਾਲੀ ਬਾਰੇ ਮੂੰਹੋਂ ਬੋਲ ਰਹੀਆਂ ਸਨ।
ਸਵਾਹ ਨਾਲ ਭਾਂਡੇ ਮਾਂਜਦੀ ਬਜ਼ੁਰਗ ਔਰਤ ਬੱਠਲ ਵਿੱਚ ਹੱਥ ਧੋ ਕੇ, ਮੈਲੀ ਚੁੰਨੀ ਨਾਲ ਪੂੰਝਦੀ ਸਾਡੇ ਕੋਲ ਆ ਗਈ। ਅਸੀਂ ਸਤਿ ਸ੍ਰੀ ਅਕਾਲ ਬੁਲਾਉਂਦਿਆਂ ਪੈਰੀਂ ਹੱਥ ਲਾ ਦਿੱਤੇ।
‘‘ਪਛਾਣ ਭਲਾਂ ਕੌਣ ਐ?’’ ਬਜ਼ੁਰਗ ਨੇ ਖੁਸ਼ੀ ਵਿੱਚ ਹੱਸਦਿਆਂ ਪੁੱਛਿਆ। ਮਾਈ ਕੁਝ ਦੇਰ ਮੇਰੇ ਵੱਲ ਵੇਖਦੀ ਕਿਸੇ ਜਾਣੂ ਦੇ ਨਕਸ਼ ਮੇਰੇ ’ਚੋਂ ਤਲਾਸ਼ਦੀ ਰਹੀ ਤੇ ਫਿਰ ‘ਨਾਂਹ’ ਵਿੱਚ ਸਿਰ ਮਾਰ ਦਿੱਤਾ।
‘‘ਪਤਾ ਨੀ ਲੱਗਿਆ?’’ ਬਜ਼ੁਰਗ ਆਪਣੀ ਜਿੱਤ ਵਿੱਚ ਮੁਸਕਰਾਇਆ। ਉਹ ਚਾਹੁੰਦਾ ਸੀ ਮਾਈ ਸਾਨੂੰ ਪਹਿਚਾਣ ਨਾ ਸਕੇ ਤੇ ਉਹ ਆਪ ਖੁਸ਼ੀ ਵਾਲੀ ਗੱਲ ਦੱਸ ਕੇ ਉਸ ਨੂੰ ਹੋਰ ਹੈਰਾਨ ਕਰ ਦੇਵੇ। ਮਾਈ ਨੇ ਆਪਣੇ ਚੇਤਿਆਂ ’ਚੋਂ ਗੁਆਚੇ, ਧੁੰਦਲੇ ਪਏ ਨੈਣ-ਨਕਸ਼ ਲੱਭੇ, ਮੇਰੇ ਨਾਲ ਮਿਲਾਏ ਤੇ ਫਿਰ ‘ਨਾਂਹ’ ਵਿੱਚ ਸਿਰ ਫੇਰ ਦਿੱਤਾ।
‘‘ਇਹ ਆਪਣਾ ਪਰਗਟ ਐ ਸਤੌਜ ਤੋਂ! ਪਾਲ ਦਾ ਮੁੰਡਾ।’’ ਬਜ਼ੁਰਗ ਨੇ ਉਸ ਦੇ ਕੰਨ ਕੋਲ ਲੋੜੋਂ ਵੱਧ ਉੱਚੀ ਬੋਲ ਕੇ ਕਿਹਾ।
ਮਾਈ ਦੀਆਂ ਚੌੜੀਆਂ ਹੋਈਆਂ ਅੱਖਾਂ ਵਿੱਚ ਚਮਕ ਆਈ, ਝੁਰੜੀਆਂ ਵਾਲੇ ਚਿਹਰੇ ’ਤੇ ਨੂਰ ਝਲਕਿਆ, ਬੁੱਲ੍ਹ ਫਰਕੇ, ਬਾਹਵਾਂ ਉੱਠੀਆਂ ਤੇ ਮੈਨੂੰ ਘੁੱਟ ਕੇ ਜੱਫੀ ਵਿੱਚ ਲੈ ਲਿਆ। ‘‘ਹਾਏ ਮੇਰਾ ਪੁੱਤ! ਜੁੱਗ-ਜੁੱਗ ਜੀਵੇਂ, ਜਵਾਨੀਆਂ ਮਾਣੇਂ। ਸਾਡੀ ਸਾਰੀ ਉਮਰ ਤੈਨੂੰ ਲੱਗ ਜੇ…!’’ ਉਹ ਮੈਨੂੰ ਕਲਾਵੇ ਵਿੱਚ ਲਈ ਅਸੀਸਾਂ ’ਤੇ ਅਸੀਸਾਂ ਦਿੰਦੀ ਗਈ। ਉਸ ਦੀਆਂ ਅੱਖਾਂ ਵਿੱਚ ਪਾਣੀ ਤੈਰ ਆਇਆ। ਮੈਂ ਵੀ ਮੋਹ ਵਿੱਚ ਭਰ ਆਏ ਮਨ ਨੂੰ ਅੰਦਰੇ ਦੱਬ-ਘੁੱਟ ਲਿਆ। ਕਲਾਵੇ ’ਚੋਂ ਵੱਖ ਹੁੰਦਿਆਂ, ਮਿਠਾਈ ਦਾ ਡੱਬਾ ਮਾਈ ਦੇ ਹੱਥ ’ਚ ਰੱਖ ਕੇ ਮੈਂ ਇੱਕ ਖੁਸ਼ੀ ਹੋਰ ਦੱਸ ਦਿੱਤੀ,‘‘ਮੈਨੂੰ ਨੌਕਰੀ ਮਿਲ ਗੀ ਮਾਮੀ।’’
‘‘ਵਾਹ ਵੇ ਪੁੱਤ…!’’ ਉਹ ਮੈਨੂੰ ਫਿਰ ਅਸੀਸਾਂ ਦੇਣ ਲੱਗ ਪਈ। ਚਾਹ ਪਾਣੀ ਪੀਂਦਿਆਂ ਅਸੀਂ ਕਿੰਨੀਆਂ ਹੀ ਅਗਲੀਆਂ ਪਿਛਲੀਆਂ ਗੱਲਾਂ ਕੀਤੀਆਂ। ਮਾਮੀ ਨੇ ਘਰ ਪਰਿਵਾਰ ਬਾਰੇ ਸੁੱਖ-ਸਾਂਦ ਪੁੱਛੀ।
ਇੱਧਰੋਂ ਇਜਾਜ਼ਤ ਲੈ ਕੇ ਅਸੀਂ ਨਾਨੇ ਕੇ ਗੁਆਂਢ ’ਚ ਰਹਿੰਦੀ ਮਾਂ ਦੀ ਚਾਚੀ ਮੂਰਤੀ ਕੇ ਘਰ ਵੱਲ ਤੁਰ ਪਏ। ਮੇਰੇ ਸਕੇ ਨਾਨੇ ਤੇ ਮੂਰਤੀ ਨਾਨੀ ਕੇ ਘਰ ਦੀਆਂ ਕੰਧਾਂ ਸਾਂਝੀਆਂ ਸਨ। ਘਰ ਕੋਲ ਪਹੁੰਚ ਕੇ ਮੈਂ ਵੇਖਿਆ, ਜਿੱਥੇ ਨਾਨੇ ਕਾ ਘਰ ਹੁੰਦਾ ਸੀ ਓਥੇ ਹੁਣ ਕੁਝ ਨਹੀਂ ਹੈ। ਇੱਕ ਗੁਹਾਰਾ ਖੜ੍ਹਾ ਹੈ ਤੇ ਪਾਥੀਆਂ ਪੱਥੀਆਂ ਪਈਆਂ ਹਨ। ਕਦੇ ਇਸੇ ਥਾਂ ਵਰਾਂਡੇ ਵਿੱਚ ਬੈਠਾ ਮੇਰਾ ਨਾਨਾ ਸਾਨੂੰ ਨਸੀਹਤਾਂ ਦਿੰਦਾ ਰਹਿੰਦਾ ਸੀ, ‘‘ਓਏ ਕੋਠੇ ’ਤੇ ਨਾ ਚੜ੍ਹਿਓ, ਓਏ ਆਹ ਨਾ ਕਰਿਓ, ਓਏ ਓਹ ਨਾ ਕਰਿਓ!’’ ਅਸੀਂ ਝਲਾਣੀ ਉਪਰੋਂ ਜਾਂਦੀ ਕੱਚੀ ਪੌੜੀ ਰਾਹੀਂ, ਕੱਚੀ ਸਬ੍ਹਾਤ ਉੱਪਰ ਚੜ੍ਹ ਜਾਂਦੇ ਤੇ ਨਾਨੇ ਦੀਆਂ ਝਿੜਕਾਂ ਸੁਣ ਕੇ ਫਿਰ ਉਤਰ ਆਉਂਦੇ। ਹੁਣ ਇੱਥੋਂ ਉਹ ਸਭ ਕੁਝ ਕਦੋਂ ਦਾ ਗੁਆਚ ਗਿਆ ਸੀ।
ਮੂਰਤੀ ਨਾਨੀ ਕਿਆਂ ਨੇ ਆਪਣਾ ਘਰ ਢਾਹ ਕੇ ਹੋਰ ਬਣਾ ਲਿਆ ਸੀ। ਅਸੀਂ ਝਿਜਕਦੇ ਜਿਹੇ ਅੰਦਰ ਲੰਘ ਗਏ। ਸਿਰਫ਼ ਇੱਕ ਕੁੜੀ ਤੋਂ ਇਲਾਵਾ ਘਰ ਕੋਈ ਨਹੀਂ ਸੀ। ਮੈਂ ਇਸ ਕੁੜੀ ਨੂੰ ਪਛਾਣ ਲਿਆ ਸੀ। ਇਹ ਮੂਰਤੀ ਨਾਨੀ ਦੀ ਹੀ ਕੁੜੀ ਸੀ ਪਰ ਇਹ ਨਹੀਂ ਪਤਾ ਛੋਟੀ ਕਿ ਵੱਡੀ। ਕੁੜੀ ਦੇ ਹਾਵਾਂ ਭਾਵਾਂ ਤੋਂ ਪਤਾ ਲੱਗਦਾ ਸੀ ਕਿ ਉਸ ਨੇ ਸਾਨੂੰ ਪਛਾਣਿਆ ਨਹੀਂ ਸੀ। ਜਦ ਉਹ ਝਿਜਕਦੀ ਜਿਹੀ ਪਾਣੀ ਲੈ ਕੇ ਆਈ ਤਾਂ ਮੈਂ ਵੇਖਿਆ ਉਸ ਦੀਆਂ ਅੱਖਾਂ ਵਿੱਚ ਕਿੰਨੇ ਹੀ ਸਵਾਲ ਲਟਕ ਰਹੇ ਸਨ।
‘‘ਪਛਾਣਿਆ ਭਾਈ?’’ ਮੈਂ ਪਾਣੀ ਲੈ ਕੇ ਆਈ ਕੁੜੀ ਨੂੰ ਪੁੱਛਿਆ।
‘‘ਨਾ ਭਾਈ!’’ ਉਸ ਨੇ ਨਾਂਹ ਵਿੱਚ ਜਵਾਬ ਵੀ ਦੇ ਦਿੱਤਾ ਤੇ ਮੈਨੂੰ ਪਛਾਣਨ ਦੀ ਕੋਸ਼ਿਸ਼ ਵੀ ਕਰਦੀ ਰਹੀ।
‘‘ਮੈਂ ਪਰਗਟ ਸਤੌਜ ਤੋਂ।’’
‘‘ਅੱਛਿਆ…!’’ ਉਸ ਦੇ ਘਬਰਾਏ ਚਿਹਰੇ ’ਤੇ ਖੇੜਾ ਆ ਗਿਆ। ਸ਼ੰਕਾਵਾਂ ਦੀ ਪੰਡ ਸਿਰ ਤੋਂ ਵਗਾਹ ਮਾਰੀ।
‘‘ਦੂਜੀਆਂ ਭੈਣਾਂ?’’ ਮੈਂ ਆਲ਼ੇ-ਦੁਆਲ਼ੇ ਨਿਗ੍ਹਾ ਮਾਰਦੇ ਨੇ ਪੁੱਛਿਆ।
‘‘ਉਹ ਤਾਂ ਵਿਆਹ ਤੀਆਂ ਬਾਈ।’’
‘‘ਨਾਨੀ?’’
‘‘ਪਾਸੇ ਗਈ ਐ।’’
‘‘ਭਾਈ?’’ ਮੇਰੀ ਚਾਹਣਾ ਸੀ ਸਾਰਿਆਂ ਨੂੰ ਇੱਕ ਵਾਰ ਜ਼ਰੂਰ ਵੇਖ ਲੈਂਦਾ।
‘‘ਭਾਈ ਵੀ ਕੰਮ ’ਤੇ ਗਿਐ। ਅੱਛਿਆ ਮੈਂ ਚਾਹ ਬਣਾ ਕੇ ਲਿਆਉਂਦੀ ਆਂ।’’ ਕੁੜੀ ਚਾਹ ਬਣਾਉਣ ਚਲੀ ਗਈ। ਮੇਰੇ ਦਿਮਾਗ਼ ਵਿੱਚ ਪੁਰਾਣੀਆਂ ਯਾਦਾਂ ਫਿਰ ਘੁਮੇਰੀਆਂ ਖਾਣ ਲੱਗੀਆਂ।
ਇਸੇ ਹੀ ਘਰ ਦੇ ਸਾਹਮਣੇ ਵਿਹੜੇ ਵਿੱਚ ਟੋਕਾ ਕੁਤਰਨੀ ਮਸ਼ੀਨ ਲੱਗੀ ਹੁੰਦੀ ਸੀ। ਮੂਰਤੀ ਨਾਨੀ ਲੋਕਾਂ ਦੇ ਖੇਤਾਂ ’ਚੋਂ ਗੰਨੇ ਘੜਨ ਗਈ ਆਗ ਲੈ ਆਉਂਦੀ। ਨਾਨੀ ਦੀ ਵੱਡੀ ਕੁੜੀ ਰੁੱਗ ਲਾਉਂਦੀ, ਨਾਨੀ ਮਸ਼ੀਨ ਫੇਰਦੀ। ਤਿੰਨੋਂ ਛੋਟੀਆਂ ਕੁੜੀਆਂ ਆਗਾਂ ਦੇ ਮਿੱਠੇ ਡੱਕਰੇ ਚੁਗ-ਚੁਗ ਮੈਨੂੰ ਖਵਾਉਂਦੀਆਂ ਰਹਿੰਦੀਆਂ। ਕਦੇ ਨਾਨੀ ਬਾਖੜੇ ਦੁੱਧ ’ਚ ਸੇਵੀਆਂ ਬਣਾਉਂਦੀ। ਕੁੜੀਆਂ ਪੰਡਤਾਂ ਵਾਂਗੂੰ ਪਹਿਲਾਂ ਮੇਰੀ ਸੇਵਾ ਕਰਦੀਆਂ, ਫਿਰ ਆਪ ਖਾਂਦੀਆਂ।
ਮੈਨੂੰ ਅੱਜ ਵੀ ਯਾਦ ਹੈ ਕਿ ਇੱਕ ਵਾਰ ਅਸੀਂ ਹਸਪਤਾਲ ਦੇ ਗੇਟਾਂ ਨਾਲ ਝੂਲ ਰਹੇ ਸੀ ਤਾਂ ਕਿੱਧਰੋਂ ਅਚਾਨਕ ਪਰਸਾ ਬੌਲ਼ਾ ਆ ਗਿਆ। ਇੱਕ ਕੁੜੀ ਚੀਕ ਮਾਰ ਕੇ ਘਰ ਵੱਲ ਨੂੰ ਸਰਪਟ ਦੌੜ ਪਈ। ਉਸ ਦੇ ਪਿੱਛੇ ਹੀ ਅਸੀਂ ਡੌਰ-ਭੌਰ ਹੋਏ ਵਰੋਲ਼ਾ ਬਣ ਗਏ। ਮੈਂ ਸਭ ਤੋਂ ਛੋਟਾ ਸੀ ਤੇ ਸਭ ਤੋਂ ਪਿੱਛੇ ਰਹਿ ਗਿਆ। ਪਰਸੇ ਦੇ ਹੱਥ ਆਉਣੋਂ ਡਰਦਿਆਂ ਮੈਂ ਜਾਨ ਬਚਾਉਣ ਲਈ ਹੋਰ ਤੇਜ਼ ਦੌੜਨ ਦੀ ਕੋਸ਼ਿਸ਼ ਕੀਤੀ ਤੇ ਠੋਕਰ ਖਾ ਕੇ ਗਲੀ ਵਿੱਚ ਗੇਂਦ ਵਾਂਗ ਲੋਟਣੀਆਂ ਖਾ ਗਿਆ। ਕੁੜੀਆਂ ਦੇ ਭੱਜੇ ਜਾਂਦੇ ਕਦਮ ਰੁਕੇ। ਭੈਅ ਨਾਲ ਪਿੱਛੇ ਵੇਖਿਆ ਤੇ ਫਿਰ ਮੈਨੂੰ ਉਹ ਬਾਹਵਾਂ ਉੱਪਰ ਚੁੱਕ ਕੇ ਘਰ ਲੈ ਗਈਆਂ। ਮੇਰੇ ਮੱਥੇ ਵਿੱਚ ਸੱਟ ਲੱਗੀ ਸੀ। ਨਾਨੀ ਮੇਰੇ ਮੱਥੇ ’ਤੇ ਓਹੜ-ਪੋਹੜ ਵੀ ਕਰਦੀ ਰਹੀ ਤੇ ਕੁੜੀਆਂ ਨੂੰ ਤੱਤਾ-ਠੰਢਾ ਵੀ ਸੁਣਾਉਂਦੀ ਰਹੀ। ਕੁੜੀਆਂ ਮੇਰੇ ਵੱਲ ਤਰਸ ਭਰੀਆਂ ਨਜ਼ਰਾਂ ਨਾਲ ਵੇਖਦੀਆਂ ਮੂਨਾਂ ਵਾਂਗ ਸਹਿਮੀਆਂ ਖੜ੍ਹੀਆਂ ਰਹੀਆਂ।
‘‘ਲਓ ਬਾਈ ਚਾਹ।’’ ਕੁੜੀ ਦੇ ਬੋਲਾਂ ਨੇ ਮੈਨੂੰ ਯਾਦਾਂ ’ਚੋਂ ਬਾਹੋਂ ਫੜ ਕੇ ਖਿੱਚ ਲਿਆ। ਅਸੀਂ ਮਿਠਾਈ ਫੜਾਉਂਦਿਆਂ ਆਪਣੇ ਆਉਣ ਦਾ ਮਕਸਦ ਦੱਸਿਆ ਤੇ ਚਾਹ ਪੀ ਕੇ ਤੁਰ ਪਏ।
ਜਦੋਂ ਅਸੀਂ ਪਿੰਡੋਂ ਨਿਕਲੇ, ਸੂਰਜ ਛਿਪ ਗਿਆ ਸੀ। ਅੱਗੋਂ ਰਾਤ ਦੀ ਆਮਦ ਤੋਂ ਪਹਿਲਾਂ ਹੀ ਪੰਛੀਆਂ ਨੇ ਆਪਣੇ ਆਲ੍ਹਣਿਆਂ ਵੱਲ ਵਹੀਰਾਂ ਘੱਤ ਦਿੱਤੀਆਂ ਸਨ। ਪਿੰਡ ਕੋਲੋਂ ਲੰਘਦੀ ਲਾਈਨ ’ਤੇ ਰੇਲ ਨੇ ਲੰਬੀ ਕੂਕ ਮਾਰੀ ਸੀ। ਫਿਰ ‘ਡੱਗ-ਸਿੱਕ ਡੱਗ-ਸਿੱਕ’ ਕਰਦੀ, ਹੌਲ਼ੀ-ਹੌਲ਼ੀ ਵਧਦੇ ਜਾਂਦੇ ਸ਼ਾਮ ਦੇ ਸੁਰਮਈ ਹਨੇਰੇ ਵਿੱਚ ਧੂੰਏਂ ਦੇ ਬੱਦਲ ਛੱਡਦੀ, ਪਿੰਡ ਨੂੰ ‘ਹਟ ਪਿੱਛੇ’ ਕਹਿੰਦੀ ਅੱਗੇ ਲੰਘ ਗਈ। ਮੋਟਰਸਾਈਕਲ ਪਿੰਡ ਦੀਆਂ ਜੂਹਾਂ ਟੱਪ ਕੇ ਪਲ-ਪਲ ਦੂਰ ਹੋ ਰਿਹਾ ਸੀ। ਇਸ ਪਿੰਡ ਵਿੱਚ ਬਿਤਾਏ ਪਲ ਵਾਰ-ਵਾਰ ਮੇਰੀਆਂ ਅੱਖਾਂ ਅੱਗੋਂ ਗੁਜ਼ਰ ਰਹੇ ਸਨ। ‘ਮਨਾਂ ਪਤਾ ਨਹੀਂ ਹੁਣ ਇੱਥੇ ਕਦ ਮੁੜਿਆ ਜਾਵੇਗਾ।’ ਅੰਦਰੋਂ ਲੰਬਾ ਹਉਕਾ ਉੱਠਿਆ। ਮੈਂ ਇੱਕ ਵਾਰ ਪਿੱਛੇ ਮੁੜ ਕੇ ਦੂਰ ਹੁੰਦੇ ਜਾ ਰਹੇ ਪਿੰਡ ਵੱਲ ਤੱਕਿਆ। ਮੈਨੂੰ ਇੰਝ ਲੱਗਿਆ ਜਿਵੇਂ ਸਾਰੇ ਪਿੰਡ ਨੇ ਬਾਹਵਾਂ ਉੱਚੀਆਂ ਕਰਕੇ ਮੋਹ ਭਰੇ ਬੋਲ ਸੁੱਟੇ ਹੋਣ, ‘‘ਪੁੱਤਰਾ! ਮਿਲਦਾ-ਗਿਲਦਾ ਰਹੀਂ ਓਏ…!’’
ਪੰਜਾਬੀ ਕਹਾਣੀਆਂ (ਮੁੱਖ ਪੰਨਾ) |