Punjabi Stories/Kahanian
ਕ੍ਰਿਸ਼ਨ ਚੰਦਰ
Krishan Chander
 Punjabi Kahani
Punjabi Kavita
  

Manto (Shabad Chitar) Krishan Chander

ਮੰਟੋ (ਸ਼ਬਦ ਚਿੱਤਰ) ਕ੍ਰਿਸ਼ਨ ਚੰਦਰ

ਲੰਮਾਂ, ਤਿਰਛਾ, ਚਪਟਾ-ਚਪਟਾ, ਗੋਰਾ-ਚਿੱਟਾ, ਹੱਥਾਂ ਦੀਆਂ ਨਾੜਾਂ ਉਭਰੀਆਂ ਹੋਈਆਂ, ਗਰਦਨ ਦੀ ਘੰਡੀ ਬਾਹਰ ਵੱਲ ਨੂੰ, ਸੁੱਕੀਆਂ ਲੱਤਾਂ ਤੇ ਵੱਡੇ-ਵੱਡੇ ਪੈਰ…ਪਰ ਬੇਡੌਲ ਨਹੀਂ ਲੱਗਦਾ। ਸਾਫ-ਸੁਥਰਾ ਰਹਿਣ ਵਿਚ ਔਰਤਾਂ ਜਿਹੀ ਤਤਪਰਤਾ, ਚਿਹਰੇ ਉੱਤੇ ਝੁੰਜਲਾਹਟ, ਆਵਾਜ਼ ਵਿਚ ਕੁੜਿਤਣ, ਲਿਖਣ ਲਈ ਬੇਚੈਨ, ਜ਼ੁਬਾਨ ਦਾ ਕੌੜਾ, ਚਾਲ ਵਿਚ ਤੇਜ਼ੀ…ਸਆਦਤ ਹਸਨ ਮੰਟੋ ਨੂੰ ਪਹਿਲੀ ਵਾਰੀ ਵੇਖ ਕੇ ਇਹਨਾਂ ਗੱਲਾਂ ਦਾ ਅਹਿਸਾਸ ਹੁੰਦਾ ਹੈ ਤੇ ਦੂਜੇ ਪਲ ਹੀ ਇਸ ਅਹਿਸਾਸ ਉੱਤੇ ਇਕ ਹੋਰ ਚੀਜ਼ ਭਾਰੂ ਹੋ ਜਾਂਦੀ ਹੈ…ਉਹ ਹੈ ਉਸਦਾ ਚੌੜਾ-ਮੱਥਾ। ਮੰਟੋ ਦੇ ਮੱਥੇ ਦਾ ਚੌਖਟਾ ਉਸਦੇ ਦਿਮਾਗ਼ ਜਿੰਨਾ ਵਿਸ਼ਾਲ ਤੇ ਵਚਿੱਤਰ ਹੈ। ਆਮ ਤੌਰ 'ਤੇ ਪ੍ਰ੍ਰਭਾਵਸ਼ਾਲੀ ਵਿਆਕਤੀਆਂ ਦੇ ਮੱਥੇ, ਉਹਨਾਂ ਤਸਵੀਰਾਂ ਨਾਲ ਮੇਲ ਖਾਂਦੇ ਹੁੰਦੇ ਨੇ ਜਿਹੜੀਆਂ ਪੱਛਮੀ ਕਲਾਕਾਰ ਸ਼ੈਤਾਨ ਦੀ ਸ਼ਕਲ ਉਘਾੜਨ ਲਈ ਬਣਾਉਂਦੇ ਨੇ…ਯਾਨੀ ਚੌੜਾ-ਮੱਥਾ, ਵਾਲ, ਘੁੰਗਰਾਲੇ ਤੇ ਪੁੜਪੁੜੀਆਂ ਤੋਂ ਪਿਛਾਂਹ ਵੱਲ ਜਾ ਕੇ ਅਚਾਨਕ ਅਲੋਪ ਹੁੰਦੇ ਹੋਏ। ਪਰ ਮੰਟੋ ਦਾ ਮੱਥਾ ਸ਼ੈਤਾਨ ਦੇ ਮੱਥੇ ਵਰਗਾ ਨਹੀਂ…ਬਲਿਕੇ, ਆਇਤਾਕਾਰ ਹੈ, ਕਿਸੇ ਸਿਨੇਮੇ ਦੀ ਸਕਰੀਨ ਵਾਂਗਰ ਹੇਠੋਂ ਚੌੜਾ ਤੇ ਉੱਪਰੋਂ ਹੋਰ ਚੌੜਾ ਹੁੰਦਾ ਹੋਇਆ। ਵਾਲ ਸਿੱਧੇ, ਲੰਮੇਂ ਤੇ ਸੰਘਣੇ ਨੇ। ਅੱਖਾਂ ਵਿਚ ਇਕ ਵਹਿਸ਼ੀ ਚਮਕ ਹੈ, ਇਕ ਨਿਰਭੈ-ਕੁਸੈਲ ਜਿਹੀ…ਜਾਪਦਾ ਹੈ ਉਹ ਮੌਤ ਦਾ ਬੂਹਾ ਖੜਕਾਅ ਕੇ ਵਾਪਸ ਆਇਆ ਹੈ। ਭਾਵੇਂ ਕਦੇ ਮੈਂ ਮੰਟੋ ਨਾਨ ਇਸ ਵਿਸ਼ੇ ਉੱਤੇ ਗੱਲ ਨਹੀਂ ਕੀਤੀ ਪਰ ਸੁਣਿਆ ਜ਼ਰੂਰ ਹੈ ਕਿ ਉਹ ਤਪਦਿਕ ਜਾਂ ਅਜਿਹੀ ਹੀ ਕਿਸੇ ਹੋਰ ਬਿਮਾਰੀ ਦਾ ਸ਼ਿਕਾਰ ਹੋ ਗਿਆ ਸੀ…। ਖ਼ੈਰ ! ਉਸਦੀਆਂ ਮੋਟੀਆਂ-ਮੋਟੀਆਂ ਅੱਖਾਂ ਵਿਚਲਾ ਦਰਦ ਤੇ ਕੁਸੈਲ ਇਸ ਗੱਲ ਦੇ ਗਵਾਹ ਨੇ ਕਿ ਮੰਟੋ ਜ਼ਿੰਦਗੀ ਦੇ ਹੱਦਾਂ-ਬੰਨਿਆਂ ਤੋਂ ਖਾਸਾ ਅਗਾਂਹ ਲੰਘ ਕੇ ਵਾਪਸ ਆਇਆ ਹੈ। ਹੋ ਸਕਦਾ ਹੈ ਉਹ ਕੋਈ ਭਿਆਨਕ ਬਿਮਾਰੀ ਨਾ ਹੋਵੇ, ਕੋਈ ਖ਼ਤਰਨਾਕ ਇਸ਼ਕ-ਕਹਾਣੀ ਹੋਵੇ। ਇਸ਼ਕ ਆਪਣੇ ਆਪ ਵਿਚ ਇਕ ਭਿਆਨਕ ਰੋਗ ਹੁੰਦਾ ਹੈ…ਖ਼ੈਰ ਕੁਝ ਵੀ ਹੋਵੇ, ਮੰਟੋ ਨੂੰ ਉਹ ਤਜ਼ੁਰਬਾ ਮਹਿੰਗਾ ਨਹੀਂ ਪਿਆ। ਉਸ ਨੇ ਉਸ ਨੂੰ ਕੁੰਦਨ ਬਣਾ ਦਿੱਤਾ।
ਮੰਟੋ ਜਵਾਹਰ ਲਾਲ ਤੇ ਇਕਬਾਲ ਵਾਂਗ ਇਕ ਕਸ਼ਮੀਰੀ ਪੰਡਤ ਹੈ। ਪਰ ਉਸਦਾ ਖ਼ਾਨਦਾਨ ਇਕ ਲੰਮੇ ਅਰਸੇ ਤੋਂ ਅੰਮ੍ਰਿਤਸਰ ਵਿਚ ਰਹਿ ਰਿਹਾ ਹੈ। ਉਸਦੇ ਦੋਵੇਂ ਵੱਡੇ ਭਰਾ ਹਿੰਦੁਸਤਾਨ 'ਚੋਂ ਪ੍ਰਵਾਸ ਕਰ ਗਏ ਨੇ। ਵੱਡਾ ਕੀਨੀਆਂ ਵਿਚ ਬੈਰਿਸਟਰ ਹੈ, ਸ਼ਰਈ ਦਾੜ੍ਹੀ (ਇਸਲਾਮੀ ਪ੍ਰੰਪਰਾ ਅਨੁਸਾਰ ਕਤਰੀ ਹੋਈ ਦਾੜ੍ਹੀ-ਅਨੁ.) ਵਾਲਾ, ਬੇਹੱਦ ਨੇਮੀ-ਧਰਮੀ ਤੇ ਨਮਾਜ਼ੀ ਮੁਸਲਮਾਨ। ਪਰ ਮੰਟੋ…ਮੰਟੋ ਉਹ ਸਭ ਕੁਝ ਹੈ ਜੋ ਉਸਦੇ ਦੋਵੇਂ ਵੱਡੇ ਭਰਾ ਨਹੀਂ। ਉਸਦੇ ਦਿਲ ਵਿਚ ਆਪਣੇ ਬਜ਼ੁਰਗਾਂ ਪ੍ਰਤੀ ਸਤਿਕਾਰ ਹੈ, ਵਿਖਾਵੇ ਵਾਲਾ ਪਿਆਰ ਨਹੀਂ। ਸ਼ੁਰੂ ਤੋਂ ਹੀ ਉਹਨਾਂ ਦੇ ਸੁਭਾ, ਵਤੀਰੇ ਤੇ ਦ੍ਰਿਸ਼ਟੀਕੋਨ ਵਿਚ ਏਨਾ ਫ਼ਰਕ ਸੀ ਕਿ ਮੰਟੋ ਨੇ ਬਚਪਨ ਵਿਚ ਹੀ ਆਪਣਾ ਘਰ ਤਿਆਗ ਦਿੱਤਾ ਤੇ ਆਪਣੇ ਲਈ ਜ਼ਿੰਦਗੀ ਦੇ ਨਵੇਂ ਰਸਤੇ ਲੱਭਣੇ ਸ਼ੁਰੂ ਕਰ ਦਿੱਤੇ…ਅਲੀਗੜ੍ਹ, ਲਾਹੌਰ, ਅੰਮ੍ਰਿਤਸਰ, ਬੰਬਈ, ਦਿੱਲੀ…ਇਹਨਾਂ ਸ਼ਹਿਰਾਂ ਨੇ ਮੰਟੋ ਦੀ ਜ਼ਿੰਦਗੀ ਦੇ ਵੱਖ-ਵੱਖ ਰੂਪ ਦੇਖੇ ਨੇ, ਰੂਸੀ ਸਾਹਿਤ ਦਾ ਪੁਜਾਰੀ ਮੰਟੋ, ਚੀਨੀ ਸਾਹਿਤ ਦਾ ਪ੍ਰੇਮੀ ਮੰਟੋ, ਜ਼ਿੰਦਗੀ ਦੀ ਕੁਸੈਲ ਤੇ ਨਿਰਾਸ਼ਾ ਦਾ ਸ਼ਿਕਾਰ ਮੰਟੋ, ਗੁੰਮਨਾਮ ਮੰਟੋ, ਬਦਨਾਮ ਮੰਟੋ…ਰੰਡੀਖਾਨਿਆਂ, ਸ਼ਰਾਬਖਾਨਿਆਂ ਤੇ ਕਾਹਵਾਖਾਨਿਆਂ ਵਿਚ ਭਟਕਦਾ ਹੋਇਆ ਮੰਟੋ…ਤੇ ਫੇਰ ਗ੍ਰਹਿਸਤੀ ਮੰਟੋ, ਪਿਆਰ-ਮੁਹੱਬਤ ਵੰਡ ਰਿਹਾ ਮੰਟੋ, ਦੋਸਤਾਂ ਦਾ ਮਦਦਗਾਰ ਮੰਟੋ, ਕੁਸੈਲਾਂ-ਕੁੜਿਤਣਾ ਨੂੰ ਮਿਠਾਸ ਵਿਚ ਬਦਲ ਦੇਣ ਵਾਲਾ ਮੰਟੋ, ਉਰਦੂ ਸਾਹਿਤ ਦਾ ਸੁਪ੍ਰਸਿੱਧ ਸਾਹਿਤਕਾਰ ਮੰਟੋ। ਜ਼ਿੰਦਗੀ ਨੇ ਮੰਟੋ ਨੂੰ ਹਰ ਰੰਗ ਵਿਚ ਦੇਖਿਆ ਤੇ ਮੰਟੋ ਨੇ ਉਸਦੇ ਹਰੇਕ ਰੂਪ ਨੂੰ ਹੰਢਾਇਆ ਹੈ।
ਮੰਟੋ ਉਰਦੂ ਸਾਹਿਤ ਦਾ ਇਕਲੌਤਾ ਸ਼ੰਕਰ ਹੈ, ਜਿਸਨੇ ਜ਼ਿੰਦਗੀ ਦੇ ਜ਼ਹਿਰ ਨੂੰ ਆਪਣੇ ਹੱਥੀਂ ਘੋਲਿਆ, ਪੀਤਾ ਤੇ ਉਸਦੇ ਸਵਾਦ ਨੂੰ ਖੁੱਲ੍ਹ ਕੇ ਬਿਆਨ ਕੀਤਾ ਹੈ। ਲੋਕ ਡਰਦੇ ਨੇ, ਤ੍ਰਬਕਦੇ ਨੇ ਪਰ ਉਸਦੀ ਖੋਜ ਦੇ ਸੱਚ-ਤੱਥ ਤੋਂ ਮੁੱਕਰ ਨਹੀਂ ਸਕਦੇ। ਜ਼ਹਿਰ ਪੀਣ ਕਰਕੇ ਸ਼ੰਕਰ ਦਾ ਗਲਾ ਨੀਲਾ ਹੋ ਗਿਆ ਸੀ ਤਾਂ ਮੰਟੋ ਨੇ ਵੀ ਆਪਣੀ ਸਿਹਤ ਗਵਾਈ ਹੈ, ਉਸਦਾ ਜੀਵਨ ਟੀਕਿਆਂ ਉੱਤੇ ਨਿਰਭਰ ਹੋ ਕੇ ਰਹਿ ਗਿਆ ਹੈ। ਇਹ ਜ਼ਹਿਰ ਮੰਟੋ ਹੀ ਪੀ ਸਕਦਾ ਸੀ ਕੋਈ ਹੋਰ ਨਹੀਂ, ਕੋਈ ਹੋਰ ਹੁੰਦਾ ਤਾਂ ਪਾਗਲ ਹੋ ਗਿਆ ਹੁੰਦਾ। ਪਰ ਮੰਟੋ ਦੇ ਵਜੂਦ ਨੇ ਇਹ ਜ਼ਹਿਰ ਵੀ ਹਜ਼ਮ ਕਰ ਲਿਆ…ਉਹਨਾਂ ਦਰਵੇਸ਼ਾਂ ਵਾਂਗ, ਜਿਹੜੇ ਗਾਂਜੇ ਤੋਂ ਸ਼ੁਰੂ ਹੁੰਦੇ ਨੇ ਤੇ ਹੌਲੀ-ਹੌਲੀ ਜ਼ਹਿਰ ਖਾਣਾ ਸ਼ੁਰੂ ਕਰ ਦਿੰਦੇ ਨੇ ਤੇ ਫੇਰ ਸੱਪਾਂ ਤੋਂ ਆਪਣੀ ਜੀਭ ਉੱਤੇ ਡੰਗ ਮਰਵਾਉਣ ਲੱਗ ਪੈਂਦੇ ਨੇ। ਸਾਹਿਤ ਦੇ ਖੇਤਰ ਵਿਚ ਮੰਟੋ ਦੀ ਪ੍ਰਗਤੀ, ਪ੍ਰਾਪਤੀ ਤੇ ਉਸਦੀ ਕਲਮ ਦੇ ਡੰਗ ਇਸ ਗੱਲ ਦਾ ਪ੍ਰਤੀਕ ਨੇ ਕਿ ਉਸਦੀ ਫ਼ਕੀਰੀ ਅਵਸਥਾ ਆਖ਼ਰੀ ਪੜਾ ਵਿਚ ਪਹੁੰਚ ਚੁੱਕੀ ਹੈ।
ਮੰਟੋ ਨੂੰ ਮਿਲਣ ਤੋਂ ਪਹਿਲਾਂ ਮੈਂ ਉਸਦੀਆਂ ਕਈ ਕਹਾਣੀਆਂ ਪੜ੍ਹੀਆਂ ਸਨ। 'ਹਫਤਾਵਾਰੀ, ਮੁਸੱਵਰ, ਬੰਬਈ' ਵਿਚ ਉਹਦੀਆਂ ਕਿਰਤਾਂ ਛਪਦੀਆਂ ਰਹਿੰਦੀਆਂ ਸਨ। ਉਹ ਕਹਾਣੀਆਂ ਏਨੀਆਂ ਨੁਕੀਲੀਆਂ ਸਨ, ਏਨੀਆਂ ਵਚਿੱਤਰ ਸਨ ਤੇ ਏਨੇ ਟੇਢੇ ਢੰਗ ਨਾਲ ਲਿਖੀਆਂ ਹੁੰਦੀਆਂ ਸਨ ਕਿ ਮੈਂ ਉਸਦੀ ਕਲਮ ਦਾ ਲੋਹਾ ਮੰਨ ਗਿਆ ਸਾਂ, 'ਸ਼ੋਸ਼ੋ', 'ਖੁਸ਼ੀਆ', 'ਦੀਵਾਲੀ' ਤੇ 'ਅੱਡੇ' ਸ਼ਾਇਦ ਉਹ ਕਹਾਣੀਆਂ ਹਨ ਜਿਹੜੀਆਂ ਮੈਂ ਮੁਸੱਵਰ ਵਿਚ ਪੜ੍ਹੀਆਂ ਸਨ ਤੇ ਮੰਟੋ ਨੂੰ ਉਹਨਾਂ ਬਾਰੇ ਪ੍ਰਸ਼ੰਸਾਤਮਕ ਖ਼ਤ ਵੀ ਲਿਖੇ ਸਨ। ਉਦੋਂ ਉਹ ਬੰਬਈ ਵਿਚ ਰਹਿੰਦਾ ਸੀ ਤੇ ਫਿਲਮ 'ਕੀਚੜ' ਦੀ ਕਹਾਣੀ ਦਾ ਸਕਰੀਨ ਪਲੇ ਤੇ ਸੰਵਾਦ ਲਿਖ ਰਿਹਾ ਸੀ। ਪ੍ਰੇਮ ਚੰਦ ਤੋਂ ਬਾਅਦ ਮੰਟੋ ਪਹਿਲਾ ਸਾਹਿਤਕਾਰ ਹੈ, ਜਿਸ ਨੇ ਸਾਹਿਤ ਤੋਂ ਫਿਲਮਾਂ ਵੱਲ ਕੂਚ ਕੀਤਾ, ਪਰ ਸ਼ਾਇਦ ਮੰਟੋ ਬਾਰੇ ਇੰਜ ਕਹਿਣਾ ਠੀਕ ਨਹੀਂ, ਕਿਉਂਕਿ ਸਾਹਿਤਕ ਪਿੜਾਂ ਵਿਚ ਉਸਦੀ ਪ੍ਰਸਿੱਧੀ ਫਿਲਮ ਲਾਈਨ ਵਿਚ ਜਾਣ ਤੋਂ ਬਾਅਦ ਹੀ ਸ਼ੁਰੂ ਹੋਈ ਸੀ। ਸ਼ਾਇਦ ਮੰਟੋ ਉਹ ਪਹਿਲਾ ਸਾਹਿਤਕਾਰ ਹੈ, ਜਿਹੜਾ ਫਿਲਮਾਂ ਤੋਂ ਸਾਹਿਤ ਵੱਲ ਆਇਆ ਤੇ ਆਪਣੀ ਪ੍ਰਸਿੱਧੀ ਦੀਆਂ ਨੀਹਾਂ ਮਜ਼ਬੂਤ ਕਰਕੇ ਫੇਰ ਫਿਲਮਾਂ ਵੱਲ ਪਰਤ ਗਿਆ। ਉਸਦੀ ਹਰ ਗੱਲ ਨਿਰਾਲੀ ਹੈ।
ਇਹ ਕਹਾਣੀਆਂ ਪੜ੍ਹਨ ਪਿੱਛੋਂ ਮੈਂ ਉਸ ਦੀ ਕਹਾਣੀ 'ਲਾਲਟੈਨ' ਪੜ੍ਹੀ, ਜਿਹੜੀ ਬਟੂਰ ਨਾਲ ਸਬੰਧਤ ਹੈ ਤੇ ਜਿੱਥੇ ਸ਼ਾਇਦ ਮੰਟੋ ਨੂੰ ਆਪਣੀ ਮਨਹੂਸ ਬਿਮਾਰੀ ਦੌਰਾਨ ਰਹਿਣਾ ਪਿਆ ਸੀ। ਇਸ ਕਹਾਣੀ ਦਾ ਵਧੇਰੇ ਹਿੱਸਾ ਉਸਦੀ ਜ਼ਿੰਦਗੀ ਨਾਲ ਸੰਬੰਧਤ ਜਾਪਦਾ ਹੈ। ਉਹਨਾਂ ਨਿੱਕੀਆਂ-ਨਿੱਕੀਆਂ ਘਟਨਾਵਾਂ ਤੇ ਕਹਾਣੀ ਦੇ ਅੰਤ ਵਿਚੋਂ ਜਿਹੜੀ ਉਦਾਸੀ ਝਲਕਦੀ ਹੈ, ਉਹ ਰੁਮਾਨੀ ਮੰਟੋ ਦੀ ਜ਼ਿੰਦਗੀ ਦਾ ਅੰਗ ਜਾਪਦੀ ਹੈ। ਉਸ ਤੋਂ ਪਿੱਛੋਂ ਦੀਆਂ ਕਹਾਣੀਆਂ ਵਿਚੋ, ਪਤਾ ਨਹੀਂ ਕਿਸ ਨੇ, ਉਹ ਸਾਰੀ ਕੋਮਲਤਾ, ਨਰਮੀਂ ਤੇ ਮਿਠਾਸ ਚੂਸ ਲਈ ਹੈ ?...ਜਾਂ ਫੇਰ ਮੰਟੋ ਨੇ ਹੀ ਇਹਨਾਂ ਸਭਨਾਂ ਨੂੰ ਧੱਕ-ਧਰੀਕ ਕੇ ਬਾਹਰ ਕੱਢ ਸੁੱਟਿਆ ਹੈ। ਜਾਪਦਾ ਹੈ ਜਿਵੇਂ ਉਹ ਕਿਸੇ ਪੀੜ ਨੂੰ ਹੰਢਾਉਣ ਦੇ ਮੰਤਵ ਨਾਲ ਇੰਜ ਕਰ ਰਿਹਾ ਹੈ। ਨਿਕਲ ਚੱਲੋ, ਨਿਕਲ ਚੱਲੋ, ਨਿਕਲ ਚੱਲੋ…ਇਹ ਜ਼ਿੰਦਗੀ ਬੜੀ ਤਲਖ਼ ਹੈ। ਇਸ ਵਿਚ ਅਜਿਹੀਆਂ ਭਾਵਨਾਵਾਂ ਦੀ ਕੋਈ ਕਦਰ ਨਹੀਂ, ਚੰਗਾ ਹੈ ਇੱਥੋਂ ਨਿਕਲ ਚੱਲੋ। ਉਸਦੀਆਂ ਕਈ ਕਹਾਣੀਆਂ ਨੂੰ ਪੜ੍ਹਨ ਤੇ ਇੰਜ ਲੱਗਦਾ ਹੈ ਜਿਵੇਂ ਉਸਨੇ ਜਾਣ-ਬੁੱਝ ਕੇ ਅਜਿਹੀਆਂ ਭਾਵਨਾਵਾਂ ਨੂੰ ਧੱਕੇ ਮਾਰ-ਮਾਰ ਕੇ ਬਾਹਰ ਕੱਢਿਆ ਹੋਵੇ। ਕਦੀ ਬੱਚਿਆਂ ਵਾਂਗ ਰੀਂ-ਰੀਂ ਕਰਦਾ ਨਜ਼ਰ ਆਉਂਦਾ ਹੈ ਤੇ ਕਦੀ ਕੌੜੇ ਮੂੰਹ ਇਹਨਾਂ ਭਾਵਨਾਵਾਂ ਦਾ ਮਜ਼ਾਕ ਉਡਾਉਂਦਾ। ਇਹ ਕੋਈ ਨਹੀਂ ਸਮਝ ਸਕਦਾ ਕਿ ਇਹਨਾਂ ਕੁਸੈਲੇ, ਜ਼ਹਿਰ-ਭਿੱਜੇ ਤੇ ਵਿਅੰਗਮਈ ਬੋਲਾਂ ਪਿੱਛੇ ਕਿੰਨੀ ਨਰਮੀ, ਕੋਮਲਤਾ ਤੇ ਜ਼ਿੰਦਗੀ ਲਈ ਚਾਹ ਛੁਪੀ ਹੋਈ ਹੈ। ਇਕ ਅਜਿਹੀ ਚਾਹ ਜਿਸ ਦੀ ਭੁੱਖ ਅਮਰ ਹੈ, ਕਦੀ ਮਿਟ ਨਹੀਂ ਸਕਦੀ…ਚਾਹੇ ਕੋਈ ਲੱਖਾਂ ਜਤਨ ਕਿਉਂ ਨਾ ਕਰ ਲਏ। ਮੰਟੋ ਆਦਿਕਾਲ ਦਾ ਭੁੱਖਾ ਹੈ, ਤੁਸੀਂ ਉਸਦੀਆਂ ਗੱਲਾਂ ਵਿਚ ਨਾ ਆ ਜਾਣਾ…ਉਹ ਹਜ਼ਾਰ ਵਾਰ ਕਹੇਗਾ, 'ਮੈਨੂੰ ਇਨਸਾਨ ਨਾਲ ਉੱਕਾ ਮੁਹੱਬਤ ਨਹੀਂ, ਮੈਂ ਇਕ ਪਾਂ-ਖਾਧੇ ਕੁੱਤੇ ਨੂੰ ਪਿਆਰ ਕਰ ਸਕਦਾਂ, ਪਰ ਆਦਮੀ ਨੂੰ ਨਹੀਂ। ਪ੍ਰਗਤੀਸ਼ੀਲਤਾ ਨਿਰੀ ਬਕਵਾਸ ਹੈ, ਮੈਂ ਤਰੱਕੀ-ਪਸੰਦ ਨਹੀਂ…ਸਿਰਫ ਮੰਟੋ ਹਾਂ ਤੇ ਸ਼ਾਇਦ ਉਹ ਵੀ ਨਹੀਂ।' ਇਹ ਸਾਰੀਆਂ ਗੱਲਾਂ ਉਹ ਸਿਰਫ ਕੁਝ ਕਹਿੰਦੇ ਰਹਿਣ ਲਈ ਹੀ ਕਹਿੰਦਾ ਹੈ!...ਜਾਂ ਫੇਰ ਆਪਣੇ ਆਪ ਨੂੰ ਧੋਖਾ ਦੇਣ ਲਈ। ਪਰ ਉਸਦੀਆਂ ਅੱਖਾਂ ਕੁਝ ਹੋਰ ਕਹਿ ਰਹੀਆਂ ਹੁੰਦੀਆਂ ਨੇ ਤੇ ਕਲਮ ਕੁਝ ਹੋਰ। ਸਾਡੇ ਚੰਗੇ ਭਾਗ ਨੇ ਕਿ ਉਸਦੀ ਜ਼ੁਬਾਨ ਵਾਂਗ ਉਸਦੀ ਕਲਮ ਵੀ ਉਸਦਾ ਸਾਥ ਨਹੀਂ ਦੇਂਦੀ। ਉਹ ਆਪਣੀ ਇਨਸਾਨੀਅਤ, ਆਪਣੀ ਪ੍ਰਗਤੀਸ਼ੀਲਤਾ ਤੇ ਜ਼ਿੰਦਗੀ ਪ੍ਰਤੀ ਆਪਣੀ ਚਾਹ ਉੱਪਰ ਹਜ਼ਾਰ ਪਰਦੇ ਪਾਉਣ ਦੀ ਕੋਸ਼ਿਸ਼ ਕਰਦਾ ਹੈ, ਆਪਣੀਆਂ ਕਹਾਣੀਆਂ ਉੱਤੇ ਇਸ ਮਜ਼ਾਕ ਦੀ ਪੁੱਠ ਚੜਾਉਣ ਦੀਆਂ ਲੱਖ ਕੋਸ਼ਿਸ਼ਾਂ ਕਰਦਾ ਹੈ…ਪਰ ਉਸਦੀ ਕਲਮ ਉਸਦਾ ਸਾਥ ਨਹੀਂ ਦੇਂਦੀ, ਤਦੇ ਤਾਂ ਉਸਦੀ ਹਰ ਕਹਾਣੀ ਦੇ ਅੰਤ ਵਿਚ ਇਨਸਾਨੀਅਤ ਸਾਕਾਰ ਹੋ ਉਠਦੀ ਹੈ।
ਉਹਨੀਂ ਦਿਨੀ ਮੈਂ 'ਨਏ ਜਾਵੀਏ' ਦੇ ਪਹਿਲੇ ਭਾਗ ਦਾ ਸੰਪਾਦਨ ਕਰ ਰਿਹਾ ਸਾਂ। ਮੰਟੋ ਨੂੰ ਉਸ ਵਿਚ ਹਿੱਸਾ ਪਾਉਣ ਲਈ ਲਿਖਿਆ। ਉਸਨੇ ਤੁਰੰਤ ਆਪਣੀ ਉਹ ਕਹਾਣੀ ਭੇਜ ਦਿੱਤੀ ਜਿਹੜੀ ਮੇਰੇ ਖ਼ਿਆਲ ਵਿਚ ਉਰਦੂ ਸਾਹਿਤ ਦੀਆਂ ਵਧੀਆ ਕਹਾਣੀਆਂ ਵਿਚੋਂ ਹੈ ਤੇ ਸਾਹਿਤ ਵਿਚ ਉਸਦਾ ਉਹੀ ਸਥਾਨ ਹੈ ਜਿਹੜਾ ਰਾਜਿੰਦਰ ਸਿੰਘ ਬੇਦੀ ਦੀ 'ਕ੍ਰਿਸ਼ਨ' ਤੇ ਹਯਾਤੁੱਲਾ ਅੰਸਾਰੀ ਦੀ 'ਆਖ਼ਰੀ ਕੋਸ਼ਿਸ਼' ਦਾ ਹੈ। ਏਨੀਆਂ ਵਧੀਆ ਕਹਾਣੀਆਂ ਹੁਣ ਉਰਦੂ ਸਾਹਿਤ ਵਿਚ ਔਖੀਆਂ ਹੀ ਲਿਖੀਆਂ ਜਾਣਗੀਆਂ। ਮੈਂ ਰੂਸੀ ਸ਼ਾਹਕਾਰ 'ਯਾਮਾ' ਪੜ੍ਹਿਆ ਹੈ ਤੇ ਇਸੇ ਵਿਸ਼ੇ ਉੱਤੇ ਲਿਖੀਆਂ ਕਈ ਹੋਰ ਫਰਾਂਸੀਸੀ ਕਹਾਣੀਆਂ ਵੀ ਪੜ੍ਹੀਆਂ ਨੇ, 'ਉਮਰਾਓ ਜਾਨ ਅਦਾ' ਦੀ ਪਾਤਰ ਦਾ ਅਧਿਅਨ ਵੀ ਕੀਤਾ ਹੈ…ਪਰ 'ਹੱਤਕ' ਦੀ ਹੀਰੋਇਨ ਦੀ ਟੱਕਰ ਦਾ ਇਕ ਵੀ ਪਾਤਰ ਨਜ਼ਰ ਨਹੀਂ ਆਇਆ। ਇਕ-ਇਕ ਕਰਕੇ ਮੰਟੋ ਨੇ ਮੌਜੂਦਾ ਸਮਾਜੀ ਢਾਂਚੇ ਵਿਚ ਰਹਿ ਰਹੀ ਵੇਸਵਾ ਦੇ ਜੀਵਨ ਦੀ ਹਰੇਕ ਪਰਤ ਲਾਹੀ…ਇੰਜ ਕਿ ਕਹਾਣੀ ਵਿਚ ਨਾ ਸਿਰਫ ਵੇਸਵਾ ਦਾ ਸਰੀਰ, ਬਲਿਕੇ ਉਸਦੀ ਆਤਮਾਂ ਦੀ ਝਲਕ ਵੀ ਸਾਫ ਦਿਖਾਈ ਦੇਣ ਲੱਗੀ। ਉਸ ਪਾਰਦਰਸ਼ੀ ਸ਼ੀਸ਼ੇ ਵਾਂਗ ਜਿਸ ਵਿਚੋਂ ਅਸੀਂ ਆਰ-ਪਾਰ ਵੇਖ ਸਕਦੇ ਹਾਂ, ਵੇਖਿਆ…ਕਿੰਜ ਬੇਦਰਦੀਆਂ ਵਾਂਗ ਮੰਟੋ ਨੇ ਨਰਦਈ ਬਣ ਕੇ ਉਸਨੂੰ ਨੰਗਿਆਂ ਕੀਤਾ ਹੈ, ਪਰ ਇਸ ਬਦਸੂਰਤ ਖਾਕੇ ਦਾ ਰੰਗ, ਬਦਰੰਗ ਹੁੰਦਾ ਹੋਇਆ ਵੀ ਇਕ ਖਾਸ ਖ਼ੂਬਸੂਰਤੀ ਦਾ ਨਿਰਮਾਣ ਕਰਦਾ ਹੈ। ਵੇਸਵਾ ਬਿਰਤੀ ਨੂੰ ਸ਼ਹਿ ਨਹੀਂ ਦੇਂਦਾ…'ਸੁਗੰਧੀ' ਜਾਂ ਉਸਦੀ ਜ਼ਿੰਦਗੀ ਉੱਤੇ ਤਰਸ ਵੀ ਨਹੀਂ ਆਉਂਦਾ…ਪਰ ਉਸਦੇ ਭੋਲੇਪਨ, ਔਰਤਪਨ ਤੇ ਜ਼ਿੰਦਗੀ ਪ੍ਰਤੀ ਮੋਹ ਵਿਚ ਵਿਸ਼ਵਾਸ ਪੈਦਾ ਹੋ ਜਾਂਦਾ ਹੈ। ਏਹੀ ਸਦੀਵੀ ਸੱਚ ਹੈ ਤੇ ਮਹਾਨ ਸਾਹਿਤ ਦਾ ਗੁਣ ਵੀ।
'ਹੱਤਕ' ਤੋਂ ਬਾਅਦ ਮੰਟੋ ਦੀਆਂ ਕਈ ਕਹਾਣੀਆਂ, ਕਈ ਮਾਸਿਕ ਪਰਚਿਆਂ ਵਿਚ ਲਗਾਤਾਰ ਛਪੀਆਂ ਤੇ ਉਹ ਬਿਜਲੀ ਦੀ ਲਿਸ਼ਕ ਵਾਂਗ ਲੋਕਾਂ ਦੀਆਂ ਨਜ਼ਰਾਂ ਵਿਚ ਅਟਕ ਗਿਆ। ਉਹਨਾਂ ਦਿਨਾਂ ਵਿਚ ਹੀ ਆਲ ਇੰਡੀਆ ਰੇਡੀਓ ਵਾਲਿਆਂ ਦਾ ਸੱਦਾ ਆਇਆ ਤੇ ਮੈਂ ਲਾਹੌਰ ਤੋਂ ਦਿੱਲੀ ਚਲਾ ਗਿਆ। ਇੱਥੇ ਆਇਆਂ ਅਜੇ ਮਹੀਨਾਂ ਵੀ ਨਹੀਂ ਸੀ ਹੋਇਆ ਕਿ ਮੰਟੋ ਦਾ ਖ਼ਤ ਮਿਲਿਆ ਕਿ ਉਹ ਦਿੱਲੀ ਆ ਰਿਹਾ ਹੈ ਤੇ ਮੇਰੇ ਕੋਲ ਹੀ ਠਹਿਰੇਗਾ। ਫ਼ਿਕਰ ਵਾਲੀ ਗੱਲ ਨਹੀਂ ਸੀ ਕਿਉਂਕਿ ਤੀਹ ਹਜ਼ਾਰੀ ਵਿਚ ਮੈਨੂੰ ਮਕਾਨ ਮਿਲ ਗਿਆ ਸੀ ਤੇ ਇਕ ਨੌਕਰ ਵੀ। ਸ਼ਾਮੀ ਛੇ ਕੁ ਵਜੇ ਦਫ਼ਤਰੋਂ ਆ ਕੇ ਮੈਂ ਆਪਣੇ ਮਕਾਨ ਦੇ ਸਾਹਮਣੇ ਟਹਿਲ ਰਿਹਾ ਸਾਂ ਕਿ ਇਕ ਲੰਮੇ, ਪਤਲੇ, ਤਿਰਛੇ, ਗੋਰੇ-ਚਿੱਟੇ ਸਾਹਬ ਆਏ ਜਿਹਨਾਂ ਦੀ ਕੱਛ ਵਿਚ ਇਕ ਚਮੜੇ ਦਾ ਬੈਗ ਸੀ ਤੇ ਮੇਰੇ ਵੱਲ ਦੇਖ ਕੇ ਮੁਸਕਰਾਉਣ ਲੱਗ ਪਏ।
"ਤੂੰ ਕ੍ਰਿਸ਼ਨ ਚੰਦਰ ਏਂ ਨਾ ?" ਉਹਨਾਂ ਕਿਹਾ ਤੇ ਯਕਦਮ ਅਸਾਂ ਦੋਹਾਂ ਇਕ ਦੂਜੇ ਨੂੰ ਪਛਾਣ ਲਿਆ।
"ਮੰਟੋ !" ਜਵਾਬ ਵਿਚ ਮੈਂ ਕਿਹਾ ਤੇ ਅਸਾਂ ਦੋਹਾਂ ਜੱਫੀ ਪਾ ਲਈ।
ਮੰਟੋ ਨੇ ਇਕ ਲੰਮਾਂ ਸਾਰਾ ਓਵਰ ਕੋਟ ਪਾਇਆ ਹੋਇਆ ਸੀ। ਕਮਰੇ ਵਿਚ ਆਉਂਦਿਆਂ ਹੀ ਉਸਨੇ ਓਵਰ ਕੋਟ ਲਾਹ ਦਿੱਤਾ, ਬੈਗ ਸੋਫੇ ਉੱਤੇ ਸੁੱਟਿਆ ਤੇ ਆਪ ਇਕ ਕੁਰਸੀ ਉੱਤੇ ਲੱਤਾਂ ਮੋੜ ਕੇ ਬੈਠ ਗਿਆ ਜਿਵੇਂ ਘਨ੍ਹੱਈਆ ਲਾਲ ਫਿਲਮਾਂ ਵਿਚ ਜੇਬ ਕਤਰੇ ਦਾ ਪਾਰਟ ਕਰਦਿਆਂ ਬੈਠਦਾ ਹੁੰਦਾ ਹੈ…ਤੇ ਮੇਰਾ ਹਾਸਾ ਨਿਕਲ ਗਿਆ।
"ਲੈ, ਸਿਗਰੇਟ ਪੀ," ਮੈਂ ਕਿਹਾ। ਉਹ ਕੋਈ ਘਟੀਆ ਕਵਾਲਟੀ ਦਾ ਸਿਗਰੇਟ ਸੀ। ਉਹ ਤਿੱਖੀ ਸੁਰ ਵਿਚ ਕੂਕਿਆ :
"ਲਾਹੌਲ ਵਲਾਕੁਵੱਤ, ਤੂੰ ਇਹ ਸਿਗਰੇਟ ਪੀਂਦਾ ਏਂ ? ਹੈਰਾਨੀ ਹੋਈ, ਇਹਨਾਂ ਨੂੰ ਪੀ ਕੇ ਏਨਾ ਚੰਗਾ ਲਿਖ ਕਿਵੇਂ ਲੈਂਦਾ ਏਂ ? ਇਹ ਬਰਾਂਡ ਪੀ ਕੇ ਤਾਂ ਕਿਸੇ ਦਫ਼ਤਰ ਵਿਚ ਕਲਰਕੀ ਈ ਕੀਤੀ ਜਾ ਸਕਦੀ ਏ ਬਈ ਕ੍ਰਿਸ਼ਨ ਚੰਦਰ ਐਮ.ਏ.। ਲੈ ਇਹ ਪੀ ਤੇ ਭੁੱਲ ਜਾ ਹੋਰਾਂ ਸਿਗਰੇਟਾਂ ਨੂੰ।"
ਉਦੋਂ ਹੀ ਨੌਕਰ ਗਰਮਾ-ਗਰਮ ਫੁਲਕੀਆਂ (ਨਮਕੀਨ ਪਾਪੜੀਆਂ) ਪਲੇਟ ਵਿਚ ਸਜਾ ਕੇ ਰੱਖ ਲਿਆਇਆ। ਮੈਂ ਕਿਹਾ, "ਲੈ ਖਾਹ, ਇਹ ਦੇਸੀ ਘੀ ਵਿਚ ਤਲੀਆਂ ਹੋਈਆਂ ਨੇ। ਸ਼ੁੱਧ ਦੇਸੀ ਘੀ ਪੰਜਾਬ ਤੋਂ ਮੰਗਵਾਇਆ ਏ।"
"ਫੁਲਕੀਆਂ…? ਘੀ ਵਿਚ…?" ਮੰਟੋ ਫੇਰ ਕੂਕਿਆ, "ਲਾਹੌਲ ਵਲਾਕੁਵੱਤ ! ਮੀਆਂ ਥੋਨੂੰ ਲੋਕਾਂ ਨੂੰ ਅਕਲ ਨਹੀਂ ਆ ਸਕਦੀ ਕਦੀ। ਕਿਹੜਾ ਬੇਵਕੂਫ਼ ਏ ਜਿਹੜਾ ਫੁਲਕੀਆਂ ਘੀ 'ਚ ਤਲਦਾ ਏ ? ਏਦਾਂ ਤਾਂ ਇਹਨਾਂ ਦਾ ਸਵਾਦ ਈ ਮਾਰਿਆ ਜਾਂਦੈ। ਤਲਣ ਲਈ ਘੀ ਨਹੀਂ ਡਾਲਡਾ ਬਿਹਤਰ ਏ…ਡਾਲਡੇ ਵਰਗੀ ਫਰਾਈ ਕਿਸੇ ਹੋਰ ਸ਼ੈ ਵਿਚ ਹੋ ਹੀ ਨਹੀਂ ਸਕਦੀ। ਮੇਰੀ ਘਰਵਾਲੀ ਨੂੰ ਆ ਲੈਣ ਦੇ, ਫੇਰ ਖੁਆਵਾਂਗਾ ਤੈਨੂੰ ਫੁਲਕੀਆਂ…ਚਟਪਟੀਆਂ, ਕੁਰ-ਕੁਰੀਆਂ ਤੇ ਮਜ਼ੇਦਾਰ, ਬੰਬਈ ਦੀਆਂ 'ਘਾਟਨਾਂ' ਵਰਗੀਆਂ। ਕਦੀ ਬੰਬਈ ਗਿਆ ਏਂ ?" ਮੈਂ ਕਿਹਾ, "ਮੈਂ ਤਾਂ ਦਿੱਲੀ ਵੀ ਪਹਿਲੀ ਵਾਰ ਆਇਆਂ…ਏਸ ਤੋਂ ਅੱਗੇ ਦੁਨੀਆਂ ਕੈਸੀ ਹੈ, ਪਤਾ ਨਹੀਂ ਬਈ !"
"ਬੰਬਈ ਚੱਲ, ਛੱਡ ਏਸ ਰੇਡੀਓ-ਵੇਡੀਓ ਦਾ ਖਹਿੜਾ…ਲੈ ਅਹਿ ਦਾਰੂ ਪੀ।" ਕਹਿੰਦਿਆਂ ਮੰਟੋ ਨੇ ਆਪਣੇ ਛੋਟੇ ਕੋਟ ਦੀ ਜੇਬ ਵਿਚੋਂ ਇਕ ਬੋਤਲ ਕੱਢ ਲਈ, ਸੋਲਨ ਵਿਸਕੀ ਨੰਬਰ ਵਨ।…ਤੇ ਉਸਦਾ ਡੱਟ ਖੋਹਲ ਕੇ ਬੋਲਿਆ, "ਗਲਾਸ ਮੰਗਵਾ, ਛੇਤੀ ਕਰ ਦੇਰ ਹੋ ਰਹੀ ਏ।"
ਉਦੋਂ ਤਕ ਮੈਂ ਸ਼ਰਾਬ ਦਾ ਸਵਾਦ ਵੀ ਨਹੀਂ ਸੀ ਦੇਖਿਆ…ਪਰ ਮੰਟੋ ਦਾ ਚਿਹਰਾ ਏਨਾ ਕਠੋਰ ਤੇ ਆਵਾਜ਼ ਏਨੀ ਤਿੱਖੀ ਸੀ ਕਿ ਮੈਨੂੰ ਲੱਗਿਆ ਕਿ ਜੇ ਮੈਂ ਇਨਕਾਰ ਕੀਤਾ ਤਾਂ ਉਹ ਮੈਨੂੰ ਕੁਟਾਪਾ ਚਾੜ੍ਹ ਦਏਗਾ।
ਮੈਂ ਬੜੇ ਹੌਸਲੇ ਨਾਲ ਦੋ ਗਲਾਸ ਮੰਗਵਾਏ…ਮੰਟੋ ਨੇ ਸ਼ਰਾਬ ਪਾਉਣੀ ਸ਼ੁਰੂ ਕਰ ਦਿੱਤੀ ਤੇ ਪੁੱਛਿਆ, "ਤੂੰ ਕਿਹੜੀ ਪੀਂਦਾ ਏਂ ?"
ਮੈਂ ਕਿਹਾ, "ਬਰਾਂਡੀ, ਜਾਂ ਫੇਰ ਕੋਈ ਚੰਗੀ ਜਿਹੀ ਅੰਗਰੇਜ਼ੀ ਵਿਸਕੀ।"
"ਅੰਗਰੇਜ਼ੀ ਵਿਸਕੀ ਕਿਹੜੀ ?" ਉਸਦੀ ਸੁਰ ਤਿੱਖੀ ਹੋ ਗਈ ਸੀ," ਵਿਸਕੀ ਅੰਗਰੇਜ਼ੀ-ਵੰਗਰੇਜ਼ੀ ਨਹੀਂ ਹੁੰਦੀ, ਸਕਾਚ ਹੁੰਦੀ ਏ। ਅੰਗਰੇਜ਼ ਸਾਲੇ ਸ਼ਰਾਬ ਤਾਂ ਖਿੱਚ ਈ ਨਹੀਂ ਸਕਦੇ…ਹਿੰਦੂਸਤਾਨ ਤੇ ਰਾਜ ਕਰਦੇ ?"
ਉਦੋਂ ਹੀ ਮੈਨੂੰ ਇਕ ਅੰਗਰੇਜ਼ੀ ਸਕਾਚ ਵਿਸਕੀ ਦਾ ਇਸ਼ਤਿਹਾਰ ਚੇਤੇ ਆ ਗਿਆ…ਮੈਂ ਤੁਰੰਤ ਕਹਿ ਦਿੱਤਾ, "ਮੈਨੂੰ 'ਹੇਗ' ਪਸੰਦ ਏ।"
"ਹੇਗ…ਬਕਵਾਸ।" ਮੰਟੋ ਨੇ ਜਿਵੇਂ ਆਪਣਾ ਫੈਸਲਾ ਸੁਣਾਇਆ, "ਸੋਲਨ ਵਿਸਕੀ ਨੰਬਰ ਵਨ, ਸਾਰੀਆਂ ਨਾਲੋਂ ਵਧੀਆ ਹੈ…ਇਕ ਤਾਂ ਪੈਸੇ ਘੱਟ ਨੇ ਤੇ ਦੂਜਾ ਸਵਾਦ ਤੇ ਨਸ਼ਾ ਹੋਰਾਂ ਨਾਲੋਂ ਬਿਹਤਰ। ਅੱਗੇ ਤੋਂ ਹੇਗ ਨਾ ਪੀਆ ਕਰ। ਸਿਰਫ ਸੋਲਨ ਵਿਸਕੀ ਨੰਬਰ ਵਨ, ਸਮਝਿਆ ?"
"ਚਲੋ ਠੀਕ ਹੈ।" ਮੈਂ ਝੱਟ ਕਿਹਾ, "ਅੱਗੇ ਤੋਂ ਹੇਗ ਨਹੀਂ ਪੀਵਾਂਗਾ।"
"ਹੋਰ ਪਾਵਾਂ ?" ਮੰਟੋ ਨੇ ਮੇਰੇ ਗਲਾਸ ਵੱਲ ਵੇਖਦਿਆਂ, ਜਿਹੜਾ ਲਗਭਗ ਚੌਥਾ ਹਿੱਸਾ ਭਰ ਗਿਆ ਸੀ, ਪੁੱਛਿਆ। "ਨਹੀਂ…ਨਹੀਂ, ਜਿਵੇਂ ਤੇਰੀ ਮਰਜ਼ੀ, ਪਾ ਦੇਅ।"
"ਤਾਂ ਪਟਿਆਲ ਪੀਣ ਦਾ ਇਰਾਦਾ ਏ ?" ਮੰਟੋ ਨੇ ਮੇਰੇ ਵੱਲ ਵੇਖਦਿਆਂ ਕਿਹਾ।
ਮੈਂ ਝੱਟ 'ਹਾਂ' ਵਿਚ ਸਿਰ ਮਾਰ ਦਿੱਤਾ। ਅਸਲ ਵਿਚ ਮੈਨੂੰ ਪਤਾ ਹੀ ਨਹੀਂ ਸੀ ਕਿ ਪਟਿਆਲਾ ਕੀ ਹੁੰਦਾ ਹੈ। ਬਸ ਹਾਂ ਕਹਿਣ ਨਾਲ ਖਹਿੜਾ ਛੁੱਟ ਗਿਆ ਸੀ।
ਪਹਿਲੇ ਪੈਗ ਨੇ ਹੀ ਮੈਨੂੰ ਨਿਹਾਲ ਕਰ ਦਿੱਤਾ ਸੀ। ਮੈਂ ਹੋਰ ਨਹੀਂ ਲਈ ਤੇ ਨਾ ਹੀ ਮੰਟੋ ਨੇ ਜ਼ਿੱਦ ਕੀਤੀ। ਉਹ ਮੇਰੀ ਹਾਲਤ ਵੇਖ ਹੀ ਰਿਹਾ ਸੀ। ਮੈਂ ਇਸ ਗੱਲ ਦਾ ਇਕਰਾਰ ਕੀਤਾ ਕਿ ਮੈਂ ਪਹਿਲੀ ਵੇਰ ਪੀ ਰਿਹਾ ਹਾਂ। ਫੇਰ ਮੰਟੋ ਨੇ ਸ਼ਰਾਬ ਦੇ ਫਾਇਦੇ ਗਿਣਾਉਣੇ ਸ਼ੁਰੂ ਕਰ ਦਿੱਤੇ ਸਨ… "ਗੁਨਾਹ ਦਾ ਮਜ਼ਾ ਸ਼ਰਾਬ ਵਿਚ ਹੈ, ਔਰਤ ਦਾ ਰੰਗ ਸ਼ਰਾਬ ਵਿਚ ਹੈ, ਅਦਬ ਦੀ ਚਾਸ਼ਣੀ ਸ਼ਰਾਬ ਵਿਚ ਹੈ, ਦੁਨੀਆਂ ਦੀ ਗੰਦਗੀ ਤੋਂ ਮੁਕਤੀ ਸ਼ਰਾਬ ਹੀ ਦਿਵਾਉਂਦੀ ਹੈ…ਤੂੰ ਕਦੋਂ ਤੀਕ ਪੰਡਿਤ ਬਣਿਆਂ ਰਹੇਂਗਾ ਬਈ ? ਆਖ਼ਰ ਸਾਹਿਤ ਸਿਰਜਨਾਂ ਏਂ ਤੂੰ…ਕੋਈ ਸਕੂਲ ਮਾਸਟਰੀ ਤਾਂ ਕਰਨੀ ਨਹੀਂ। ਮੌਤ ਨਾਲ ਅੱਖਾਂ ਨਾ ਮਿਲਾਵੇਂਗਾ ਤਾਂ ਜ਼ਿੰਦਗੀ ਕਿੰਜ ਵੇਖ ਸਕੇਂਗਾ ? ਗੁਨਾਹ ਨਹੀਂ ਕਰੇਂਗਾ, ਗ਼ਮ ਦਾ ਸਵਾਦ ਨਹੀਂ ਚੱਖੇਂਗਾ ; ਸੋਲਨ ਵਿਸਕੀ ਨੰਬਰ ਵਨ ਨਹੀਂ ਪੀਏੱਗਾ ਤਾਂ ਲਿਖੇਂਗਾ ਕੀ ਸਵਾਹ ਜਾਂ ਖੇਹ?"
ਬੋਤਲ ਮੁਕਾਅ ਕੇ ਉਹ ਵੀ ਆਊਟ ਹੋ ਗਿਆ ਸੀ। ਪੁੱਛਣ ਲੱਗਿਆ ਕਿ 'ਮੈਂ ਕ੍ਰਿਸ਼ਨ ਚੰਦਰ ਐਮ.ਏ. ਕਿਉਂ ਹਾਂ, ਸਿਰਫ ਕ੍ਰਿਸ਼ਨ ਚੰਦਰ ਕਿਉਂ ਨਹੀਂ ?' ਫੇਰ ਮੈਨੂੰ ਚਿੜਾਉਣ ਵਾਸਤੇ ਵਾਰੀ-ਵਾਰੀ 'ਕ੍ਰਿਸ਼ਨ ਚੰਦਰ ਐਮ.ਏ., ਕ੍ਰਿਸ਼ਨ ਚੰਦਰ ਐਮ.ਏ.' ਕਹਿਣ ਲੱਗ ਪਿਆ ਸੀ ਤੇ ਮੈਂ ਵੀ ਵਾਰੀ ਦਾ ਵੱਟਾ ਲਾਹੁੰਦਿਆਂ ਪੁੱਛਿਆ ਸੀ, "ਬਈ ਤੂੰ ਮਿੰਟੋ ਏਂ, ਮੰਟੋ ਏਂ ਜਾਂ ਮਾਂਟੋ ਏਂ…ਕਿੱਦਾਂ ਬੁਲਾਈਏ ਤੈਨੂੰ ਮਿਸਟਰ ਮਿੰਟੋ, ਮੰਟੋ, ਮਾਂਟੋ…?"
ਉਹ ਰਟਦਾ ਰਿਹਾ, 'ਕ੍ਰਿਸ਼ਨ ਚੰਦਰ ਐਮ.ਏ., ਕ੍ਰਿਸ਼ਨ ਚੰਦਰ ਐਮ.ਏ.' ਤੇ ਮੈਂ, 'ਮਿੰਟੋ, ਮੰਟੋ, ਮਾਂਟੋ…'
ਇੰਜ ਹੀ ਭੁਕਾਈ ਮਾਰਦੇ ਅਸੀਂ ਸੌਂ ਗਏ ਸੀ, ਉਹ ਕੁਰਸੀ ਉੱਤੇ ਸੀ ਤੇ ਮੈਂ ਸੋਫੇ ਉੱਤੇ।
ਸਵੇਰੇ ਜਦੋਂ ਮੇਰੀ ਅੱਖ ਖੁੱਲ੍ਹੀ ਉਹ ਓਵੇਂ ਹੀ ਗੋਡਿਆਂ 'ਚ ਸਿਰ ਲੁਕਾਈ ਪਿਆ ਸੀ। ਖ਼ਾਲੀ ਬੋਤਲ ਮੇਜ਼ ਉੱਤੇ ਲੁੜਕੀ ਪਈ ਸੀ, ਗਲਾਸ ਡਿੱਗੇ ਪਏ ਸਨ ਤੇ ਫੁਲਕੀਆਂ ਬਾਸੀ ਹੋ ਚੁੱਕੀਆਂ ਸਨ। ਮੈਂ ਉਸਨੂੰ ਜਗਾਇਆ, "ਉਠੋ, ਮਹਾਪੁਰਸ਼ੋ।"
ਉਠਣ ਸਾਰ ਉਸਨੇ ਕਿਹਾ, "ਥੋੜ੍ਹੀ ਕੁ ਮਿਲ ਜਾਏ ਯਾਰ ਤਾਂ ਮੂੰਹ ਦਾ ਸਵਾਦ ਠੀਕ ਹੋ ਜਾਏ। ਤੈਨੂੰ ਪਤੈ, ਰਾਤ ਦੀ ਪੀਤੀ ਲਾਹੁਣ ਲਈ ਇਹੀ ਤਰੀਕਾ ਏ ਕਿ ਬੰਦਾ ਸਵੇਰੇ ਉਠ ਕੇ ਦੋ ਘੁੱਟ ਲਾ ਲਏ…ਸਮਝਿਆ ? ਸ਼ਰਾਬ ਮੰਗਵਾ। ਫੇਰ ਮੈਂ ਆਲ ਇੰਡੀਆ ਰੇਡੀਓ ਵਾਲਿਆਂ ਵੱਲ ਜਾਣਾ ਏਂ।"
"ਕਿਉਂ ?" ਮੈਂ ਪੁੱਛਿਆ।
"ਮੈਨੂੰ ਇੱਥੇ ਡਰਾਮੇ ਲਿਖਣ ਵਾਸਤੇ ਸੱਦਿਆ ਗਿਐ।"
"ਤੇ ਤੂੰ ਰਾਤੀਂ ਮੈਨੂੰ ਬੰਬਈ ਭੇਜ ਰਿਹਾ ਸੈਂ, ਫਿਲਮਾਂ ਲਈ ਕੰਮ ਕਰਨ ਵਾਸਤੇ।"
"ਗੋਲੀ ਮਾਰ ਯਾਰ ਬੰਬਈ ਨੂੰ, ਬਕ-ਬਕ ਬੰਦ ਕਰ ਤੇ ਸ਼ਰਾਬ ਮੰਗਵਾ।" ਕਹਿ ਕੇ ਉਸਨੇ ਆਪਣਾ ਬੈਗ ਖੋਹਲਿਆ। ਉਸ ਵਿਚੋਂ ਇਕ ਕਹਾਣੀ ਕੱਢੀ ਤੇ ਮੈਨੂੰ ਫੜਾ ਦਿੱਤੀ… "ਲੈ ਇਹਨੂੰ ਪੜ੍ਹ ਲੈ। ਮੈਂ ਆਪਣੀ ਕਹਾਣੀ ਕਿਸੇ ਨੂੰ ਨਹੀਂ ਵਿਖਾਂਦਾ। ਉਂਜ ਕਹਾਣੀਆਂ ਤੂੰ ਵੀ ਬਹੁਤੀਆਂ ਚੰਗੀਆਂ ਨਹੀਂ ਲਿਖਦਾ, ਪਰ ਕੋਈ ਗੱਲ ਹੈ ਜ਼ਰੂਰ ਉਹਨਾਂ ਵਿਚ…ਕ੍ਰਿਸ਼ਨ ਚੰਦਰ ਐਮ.ਏ.….ਜਿਸ ਨੂੰ ਮੈਂ ਮੰਨਦਾਂ।"
…… ………… ……
ਰੇਡੀਓ ਵਿਚ ਅਸੀਂ ਦੋ ਸਾਲ ਇਕੱਠੇ ਰਹੇ…ਬਾਅਦ ਵਿਚ ਉਪਿੰਦਰਨਾਥ ਅਸ਼ਕ ਵੀ ਆ ਗਿਆ। ਮੈਂ ਡਰਾਮਾ ਪ੍ਰੋਡਿਊਸਰ ਸਾਂ, ਮੰਟੋ ਤੇ ਅਸ਼ਕ ਦੋਵੇਂ ਡਰਾਮੇਂ ਲਿਖਦੇ ਸਨ…ਤੇ ਮੈਨੂੰ, ਉਹਨਾਂ ਵਿਚਕਾਰ ਸੰਤੁਲਨ ਰੱਖਣਾ ਪੈਂਦਾ ਸੀ। ਦੋਵੇਂ ਵਧੀਆ ਸਾਹਿਤਕਾਰ ਸਨ ਤੇ ਆਪੋ-ਆਪਣੇ ਸਟੈਂਡ ਉੱਤੇ ਅਡਿੱਗ ਸਨ। ਨਤੀਜਾ ਇਹ ਹੋਇਆ ਕਿ ਇਹਨਾਂ ਦਿਨਾਂ ਵਿਚ ਬੜੇ ਵਧੀਆ ਰੇਡੀਆਈ ਡਰਾਮੇਂ ਲਿਖੇ ਗਏ। ਇਹ ਡਰਾਮੇਂ ਕਿਸੇ ਹੋਰ ਭਾਸ਼ਾ ਦੇ ਅਨੁਵਾਦ ਨਹੀਂ ਸਨ, ਬਲਿਕੇ ਦੋ ਮਹਾਨ ਦਿਮਾਗ਼ਾਂ ਦੀਆਂ ਮਹਾਨ ਕਿਰਤਾਂ ਸਨ, ਜਿਹਨਾਂ ਨਾਲ ਉਰਦੂ ਡਰਾਮਾ ਸਾਹਿਤ ਦੀ ਖਾਸੀ ਤਰੱਕੀ ਹੋਈ। ਬਲਿਕੇ ਇਸ ਤੋਂ ਬਾਅਦ ਅਸ਼ਕ ਨੇ ਆਪਣਾ ਸਾਰਾ ਧਿਆਨ ਡਰਾਮੇਂ ਲਿਖਣ ਵਿਚ ਲਾ ਦਿੱਤਾ। ਉਹ ਬੜਾ ਮਜ਼ੇਦਾਰ ਜ਼ਮਾਨਾਂ ਸੀ। ਕਹਾਣੀਆਂ ਲਿਖੀਆਂ ਜਾਂਦੀਆਂ, ਡਰਾਮੇਂ ਲਿਖੇ ਜਾਂਦੇ। ਲਿਖਤਾਂ ਇਕ ਦੂਜੇ ਨੂੰ ਸੁਣਾਈਆਂ ਜਾਂਦੀਆਂ। ਫੇਰ ਕੁਝ ਦਿਨਾਂ ਲਈ ਬੇਦੀ ਵੀ ਆ ਗਏ। ਫੇਰ ਅਹਿਮਦ ਨਦੀਮ ਕਾਸਮੀ ਤੇ ਐਨ.ਐਸ. ਰਾਸ਼ਿਦ ਵੀ। ਇਹਨਾਂ ਸਾਰਿਆਂ ਨੇ ਰਲਮਿਲ ਕੇ ਉਰਦੂ ਸਾਹਿਤ ਵਿਚ ਇਕ ਨਵਾਂ ਮੋੜ ਲਿਆਂਦਾ, ਨਦੀਮ ਨੇ ਇਕ ਅਪੇਰਾ ਲਿਖਿਆ, ਬੇਦੀ ਨੇ ਪਹਿਲੀ ਵਾਰੀ ਡਰਾਮਾਂ ਲਿਖਣ ਵੱਲ ਧਿਆਨ ਦਿੱਤਾ ਤੇ ਰਾਸ਼ਿਦ ਦੀ 'ਮਾਵਰਾ' ਵੀ ਇਹਨੀਂ ਦਿਨੀ ਪ੍ਰਕਾਸ਼ਤ ਹੋਈ। ਦੇਵਿੰਦਰ ਸਤਿਆਰਥੀ ਵੀ ਤਸ਼ਰੀਫ਼ ਲੈ ਆਏ…ਉਂਜ ਹੀ ਘੁੰਮਦੇ, ਘੁਮਾਂਦੇ ਹੋਏ। ਇਕ ਦੋ ਦਿਨ ਤਾਂ ਉਹਨਾਂ ਦੀ ਤੇ ਮੰਟੋ ਦੀ ਵਾਹਵਾ ਸੁਰ ਰਲੀ, ਪਰ ਮੰਟੋ ਤੇ ਸੁਭਾਅ ਵਿਚਲੀ ਕੁੜਿਤਣ ਸਤਿਆਰਥੀ ਦੇ ਮਿੱਠੜੇ ਸੁਭਾਅ ਨੂੰ ਉੱਕਾ ਹੀ ਰਾਸ ਨਹੀਂ ਆਈ…ਸੋ ਉਹਨਾਂ ਦੀ ਬਹੁਤੇ ਦਿਨ ਨਿਭ ਨਹੀਂ ਸਕੀ। ਮੰਟੋ ਨੇ ਆਪਣੀ ਇਕ ਕਹਾਣੀ ਵਿਚ ਉਹਨਾਂ ਉੱਪਰ ਚੋਟ ਕੀਤੀ, ਸਤਿਆਰਥੀ ਨੇ 'ਨਏ ਦੇਵਤਾ' ਵਿਚ ਉਸਦੀ ਭਾਜੀ ਮੋੜ ਦਿੱਤੀ। ਮੰਟੋ ਨੂੰ ਇਹ ਗੱਲ ਰੜਕੀ, ਦੋ ਤਿੰਨ ਦਿਨ ਉਸ ਉੱਤੇ ਕਹਾਣੀ ਦਾ ਖਾਸਾ ਅਸਰ ਨਜ਼ਰ ਆਇਆ। ਆਖ਼ਰ ਉਸ ਕਿਹਾ… "ਇਹ 'ਨਏ ਦੇਵਤਾ'…ਉਂਹ…ਖ਼ੈਰ ਛੱਡੋ, ਠੀਕ ਏ।" ਮੈਂ ਕਦੀ ਉਸ ਨਾਲ ਇਸ ਵਿਸ਼ੇ ਉੱਤੇ ਗੱਲ ਨਹੀਂ ਕੀਤੀ। ਮੰਟੋ ਕਈ ਵਾਰੀ ਕਹਿੰਦਾ, "ਬਈ ਤੇਰੀ ਇਹ ਗੱਲ ਮੈਨੂੰ ਬਿਲਕੁਲ ਪਸੰਦ ਨਹੀਂ…ਮੈਂ ਤੇਰੇ ਨਾਲ ਲੜਨਾ ਚਾਹੁਦਾਂ ਤੇ ਤੂੰ ਹਮੇਸ਼ਾ ਟਾਲ ਜਾਂਦਾ ਏਂ।…ਤੇਰੀ ਇਹ ਪੈਂਤਰੇ ਬਾਜੀ ਮੈਨੂੰ ਪਸੰਦ ਨਹੀਂ।" ਮੈਂ ਕਿਹਾ... "ਲੜਨ ਵਾਸਤੇ ਇਕ ਅਸ਼ਕ ਕਾਫੀ ਨਹੀਂ ?" ਅਸ਼ਕ ਤੇ ਮੰਟੋ ਦੇ ਸਿੰਗ ਅਕਸਰ ਭਿੜੇ ਰਹਿੰਦੇ, ਦੁਨੀਆਂ ਦੇ ਹਰ ਵਿਸ਼ੇ ਦੀ ਧੂ, ਘਸੀਟ ਹੁੰਦੀ, ਸਾਰਾ ਦਿਨ ਦਿਲ ਲੱਗਿਆ ਰਹਿੰਦਾ।
ਮੰਟੋ ਕੋਲ ਇਕ ਉਰਦੂ ਟਾਈਪ ਰਾਈਟਰ ਸੀ। ਉਸਦਾ ਡਰਾਮੇਂ ਵਗ਼ੈਰਾ ਲਿਖਣ ਦਾ ਢੰਗ ਇਹ ਸੀ ਕਿ ਉਹ ਟਾਈਪ ਰਾਈਟਰ ਵਿਚ ਕਾਗਜ਼ ਪਾ ਲੈਂਦਾ ਖਟਾਖਟ ਟਾਈਪ ਕਰਨ ਬੈਠ ਜਾਂਦਾ। ਉਸਦੇ ਵਿਚਾਰ ਵਿਚ 'ਟਾਈਪ ਰਾਈਟਰ ਨਾਲੋਂ ਵੱਧ ਵਿਚਾਰ, ਜਨਣੀ ਮਸ਼ੀਨ ਕੋਈ ਹੋਰ ਨਹੀਂ…ਘੜੇ ਘੜਾਏ, ਮੋਤੀਆਂ ਵਰਗੇ, ਸਾਫ ਸੁਥਰੇ ਸ਼ਬਦ ਮਸ਼ੀਨ ਵਿਚੋਂ ਨਿਕਲੇ ਤੁਰੇ ਆਉਂਦੇ ਨੇ। ਕਲਮ ਵਾਲੀ ਕੋਈ ਮੁਸ਼ਕਿਲ ਨਹੀਂ, ਹੁਣ ਨਿੱਭ ਘਿਸ ਗਿਆ, ਹੁਣ ਸਿਆਹੀ ਮੁੱਕ ਗਈ ਜਾਂ ਕਾਗਜ਼ ਪਤਲਾ ਹੈ। ਇਕ ਸਾਹਿਤਕਾਰ ਲਈ ਟਾਈਪ ਮਸ਼ੀਨ ਦਾ ਹੋਣਾ ਓਨਾ ਹੀ ਜ਼ਰੂਰੀ ਹੈ, ਜਿੰਨਾਂ ਇਕ ਪਤੀ ਲਈ ਪਤਨੀ ਦਾ।…ਤੇ ਇਕ ਉਪਿੰਦਰਨਾਥ ਹੁਰੀਂ ਨੇ ਤੇ ਇਹ ਕ੍ਰਿਸ਼ਨ ਚੰਦਰ ਐਮ.ਏ. ਜੀ ਨੇ, ਸਾਰਾ ਦਿਨ ਕਲਮ ਘਿਸਾਈ ਕਰਦੇ ਰਹਿੰਦੇ ਨੇ। ਬੱਲਿਓ, ਕਦੀ ਅੱਠਾਂ ਆਨਿਆਂ ਦੇ ਪੈਨ, ਹੋਲਡਰ ਨਾਲ ਵੀ ਮਹਾਨ ਸਾਹਿਤ ਸਿਰਜਿਆ ਜਾ ਸਕਦਾ ਏ ! ਤੁਸੀਂ ਗਧੇ ਹੋ, ਨਿਰੇ ਖੋਤੇ।'
ਮੈਂ ਤਾਂ ਚੁੱਪ ਵੱਟ ਗਿਆ, ਪਰ ਦੋ ਤਿੰਨ ਦਿਨ ਬਾਅਦ ਅਸੀਂ ਦੇਖਿਆ ਕਿ ਜਨਾਬ ਅਸ਼ਕ ਸਾਹਬ ਇਕ ਨਵਾਂ ਉਰਦੂ ਟਾਈਪ ਰਾਈਟਰ ਚੁੱਕੀ ਆ ਰਹੇ ਨੇ। ਉਹਨਾਂ ਮੰਟੋ ਦੀ ਮੇਜ਼ ਸਾਹਮਣੇ ਲੱਗੀ, ਆਪਣੀ ਮੇਜ਼ ਉੱਤੇ ਟਾਈਪ ਮਸ਼ੀਨ ਸਜਾ ਲਈ ਤੇ ਲੱਗੇ 'ਖਟਾਖਟ, ਖਟਾਖਟ' ਕਰਨ।
" 'ਕੱਲੀ ਉਰਦੂ ਟਾਈਪ ਰਾਈਟਰ ਦਾ ਫਾਇਦਾ, ਅੰਗਰੇਜ਼ੀ ਟਾਈਪ ਰਾਈਟਰ ਹੋਣਾ ਵੀ ਲਾਜ਼ਮੀ ਹੈ। ਕ੍ਰਿਸ਼ਨ ਤੂੰ ਮੇਰੀ ਅੰਗਰੇਜ਼ੀ ਟਾਈਪ ਰਾਈਟਰ ਦੇਖੀ ਏ ਨਾ ? ਸਾਰੀ ਦਿੱਲੀ 'ਚ ਉਸ ਜਿਹੀ ਮਸ਼ੀਨ ਨਹੀਂ ਹੋਣੀ…ਕਦੀ ਲਿਆ ਕੇ ਵਿਖਾਵਾਂਗਾ ਤੁਹਾਨੂੰ।"
…ਤੇ ਅਸ਼ਕ ਸਾਹਬ ਇੱਕਲੀ ਅੰਗਰੇਜ਼ੀ ਦੀ ਹੀ ਨਹੀਂ ਹਿੰਦੀ ਦੀ ਟਾਈਪ ਮਸ਼ੀਨ ਵੀ ਲੈ ਆਏ। ਜਦੋਂ ਅਸ਼ਕ ਕਮਰੇ ਵਿਚ ਆਉਂਦਾ, ਚਪੜਾਸੀ ਤਿੰਨੇ ਮਸ਼ੀਨਾਂ ਲਿਆ ਕੇ ਉਸਦੀ ਮੇਜ਼ ਉੱਤੇ ਰੱਖ ਦਿੰਦਾ। ਅਖ਼ੀਰ ਹਿਰਖ ਕੇ ਇਕ ਦਿਨ ਮੰਟੋ ਨੇ ਆਪਣੀ ਅੰਗਰੇਜ਼ੀ ਦੀ ਟਾਈਪ ਮਸ਼ੀਨ ਵੇਚ ਦਿੱਤੀ। ਉਹ ਉਰਦੂ ਟਾਈਪ ਰਾਈਟਰ ਵੀ ਨਹੀਂ ਸੀ ਰੱਖਣੀ ਚਾਹੁੰਦਾ, ਪਰ ਉਸ ਨਾਲ ਕੰਮ ਜ਼ਰਾ ਛੇਤੀ ਨਿਬੜ ਜਾਂਦਾ ਸੀ, ਇਸ ਲਈ ਉਸਨੇ ਉਸਨੂੰ ਨਹੀਂ ਵੇਚਿਆ। ਪਰ ਤਿੰਟ ਟਾਈਪ ਮਸ਼ੀਨਾਂ ਦੀ ਖਟਾਖਟ ਉਹ ਕਦੋਂ ਤੱਕ ਬਰਦਾਸ਼ਤ ਕਰਦਾ, ਆਖ਼ਰ ਉਸਨੇ ਉਰਦੂ ਦੀ ਟਾਈਪ ਮਸ਼ੀਨ ਵੀ ਵੇਚ ਦਿੱਤੀ ਤੇ ਕਹਿਣ ਲੱਗਾ, "ਭਾਵੇਂ ਕੋਈ ਲੱਖ ਆਖੀ ਜਾਵੇ ਬਈ, ਪਰ ਉਹ ਗੱਲ ਮਸ਼ੀਨਾਂ ਨਾਲ ਨਹੀਂ ਬਣਦੀ…ਜਿਹੜੀ ਪੈਨ ਨਾਲ ਬਣਦੀ ਏ। ਜੋ ਰਿਸ਼ਤਾ ਕਾਗਜ, ਕਲਮ ਤੇ ਦਿਮਾਗ਼ ਦਾ ਹੈ, ਟਾਈਪ ਰਾਈਟਰ ਦਾ ਕਿੱਥੇ ! ਕੰਬਖ਼ਤ ਲਗਾਤਾਰ ਰੌਲਾ ਪਾਂਦੀ ਰਹਿੰਦੀ ਏ…ਖਟਾਖਟ, ਖਟਾਖਟ, ਖਟਾਖਟ !...ਤੇ ਪੈਨ ਜਿਸ ਰਵਾਨੀ ਨਾਲ ਚੱਲਦੈ, ਇੰਜ ਜਾਪਦੈ ਜਿਵੇਂ ਸਿਆਹੀ ਸਿੱਧੀ ਦਿਮਾਗ਼ 'ਚੋਂ ਨਿਕਲ ਕੇ ਕਾਗਜ ਉੱਤੇ ਤੈਰ ਰਹੀ ਹੁੰਦੀ ਏ। ਬਈ ਵਾਹ, ਸਦਕੇ ਜਾਈਏ ਏਸ ਸ਼ੇਫਰ ਪੈਨ ਦੇ, ਕਿੱਡਾ ਖ਼ੁਬਸੂਰਤ ਏ। ਇਹਦਾ ਨੁਕੀਲਾ ਸਟ੍ਰੀਮ, ਲਾਈਨ ਸੁਹੱਪਣ ਤਾਂ ਦੇਖੋ, ਬਾਂਦਰਾ ਦੀ ਕਿਸੇ ਕ੍ਰਿਸ਼ਚਿਨ ਕੁੜੀ ਵਰਗਾ।"
…ਤੇ ਅਸ਼ਕ ਨੇ ਚਿੜ ਕੇ ਕਿਹਾ, "ਤੇਰਾ ਕੋਈ ਦੀਨ-ਈਮਾਨ ਵੀ ਹੈ ਜਾਂ ਨਹੀਂ ? ਉਦੋਂ ਟਾਈਪ ਮਸ਼ੀਨ ਦੀਆਂ ਤਾਰੀਫ਼ਾਂ ਕਰਦਾ ਹੁੰਦਾ ਸੈਂ ਤੇ ਜਦ ਅਸਾਂ ਟਾਈਪ ਮਸ਼ੀਨਾਂ ਖ਼ਰੀਦ ਲਿਆਂਦੀਆਂ ਤਾਂ ਕਲਮਾਂ, ਪੈਨਾਂ ਦੇ ਗੁਣ ਗਾਉਣ ਲੱਗ ਪਿਐਂ ? ਵਾਹ, ਇਹ ਵੀ ਕੋਈ ਗੱਲ ਹੋਈ…ਸਾਡਾ ਹਜਾਰਾਂ ਰੁਪਏ ਦਾ ਵਾਹਣ ਹੋ ਗਿਆ।"
………… ……………
ਉਸ ਦਿਨ ਮੰਟੋ ਮੇਰੇ ਕੋਲ ਆਇਆ ਤਾਂ ਬੜਾ ਖੁਸ਼ ਸੀ। ਕਹਿਣ ਲੱਗਾ, "ਅਹਿਮਦ ਨਦੀਮ ਕਾਸਮੀਂ ਦਾ ਖ਼ਤ ਆਇਆ ਏ। ਤੈਨੂੰ ਵੀ ਸਲਾਮ ਲਿਖਿਆ ਏ। ਲੈ ਜ਼ਰਾ ਪੜ੍ਹ ਲੈ।"
ਮੈਂ ਖ਼ਤ ਪੜ੍ਹਿਆ ਬੜਾ ਪਿਆਰਾ ਖ਼ਤ ਸੀ ਉਹ। ਪਰ ਮੰਟੋ ਨੇ ਮੈਨੂੰ ਸ਼ਾਇਦ ਉਹ ਖ਼ਤ ਇਸ ਲਈ ਪੜ੍ਹਾਇਆ ਸੀ ਕਿ ਉਸ ਵਿਚ ਉਸਦੀ ਕਹਾਣੀ ਕਲਾ ਦੀ ਖਾਸੀ ਤਾਰੀਫ਼ ਕੀਤੀ ਸੀ। ਆਖ਼ਰੀ ਵਾਕ ਸੀ, 'ਤੁਸੀਂ ਕਹਾਣੀ ਜਗਤ ਦੇ ਬਾਦਸ਼ਾਹ ਹੋ।'
ਮੇਰੇ ਖ਼ਤ ਵਿਚ ਨਦੀਮ ਨੇ ਮੇਰੀਆਂ ਕਹਾਣੀਆਂ ਦੀ ਤਾਰੀਫ਼ ਕੀਤੀ ਹੋਈ ਸੀ। ਆਖ਼ਰੀ ਵਾਕ ਸੀ, 'ਤੁਸੀਂ ਕਹਾਣੀ ਜਗਤ ਦੇ ਸ਼ਹਿਨਸ਼ਾਹ ਹੋ।'
ਮੈਂ ਕਿਹਾ, "ਮੰਟੋ ਸਾਹਬ ਤੁਸੀਂ ਤਾਂ ਸਿਰਫ ਬਾਦਸ਼ਾਹ ਹੋ ਤੇ ਅਸੀਂ, ਅਸੀਂ ਸ਼ਹਿਨਸ਼ਾਹ ਹਾਂ। ਤੁਹਾਥੋਂ ਵੱਡੇ। ਹੁਣ ਬੋਲੋ ਕੀ ਵਿਚਾਰ ਏ ?" ਇੱਥੇ ਬੁਲਾ ਲਈਏ।"
ਫੇਰ ਅਸੀਂ ਦੋਵੇਂ ਹੱਸ ਪਏ। ਨਦੀਮ ਨੇ ਸਾਡੇ ਨਾਲ ਕਿੰਨਾਂ ਸੋਹਣਾ ਮਜ਼ਾਕ ਕੀਤਾ ਸੀ। ਮੰਟੋ ਨੇ ਕਿਹਾ, "ਆਪਾਂ ਦੋਵੇਂ ਖ਼ਤ ਲਿਖ ਕੇ ਉਸਨੂੰ
……… ………………
ਉਹਨੀਂ ਦਿਨੀ ਸ਼ਰੀਫ ਘਰਾਣਿਆਂ ਦੀਆਂ ਪੜ੍ਹੀਆਂ ਲਿਖੀਆਂ ਕੁੜੀਆਂ ਡਰਾਮੇਂ ਵਿਚ ਭਾਗ ਲੈਣ ਤੋਂ ਕਤਰਾਉਂਦੀਆਂ ਹੁੰਦੀਆਂ ਸਨ। ਜਦੋਂ ਮੈਂ ਦਿੱਲੀ ਆਇਆ ਸਾਂ, ਤਿੰਨ ਚਾਰ ਕੁੜੀਆਂ ਹੀ ਅਜਿਹੀਆਂ ਸਨ ਜਿਹੜੀਆਂ ਸਾਡੇ ਡਰਾਮਿਆਂ ਵਿਚ ਹਿੱਸਾ ਲੈਂਦੀਆਂ ਸਨ। ਜਦੋਂ ਨਵੀਂ ਤਕਨੀਕ ਦੇ ਡਰਾਮੇਂ ਲਿਖੇ ਜਾਣ ਲੱਗੇ, ਜਿਹਨਾਂ ਵਿਚ ਮੱਧ ਵਰਗ ਜਾਂ ਉੱਚ ਵਰਗ ਦਾ ਜੀਵਨ ਚਿੱਤਰਿਆ ਹੁੰਦਾ ਸੀ ਤਾਂ ਮੈਂ ਆਪਣੇ ਗਰੁੱਪ ਨੂੰ ਵਧਾਉਣ ਦੀ ਲੋੜ ਮਹਿਸੂਸ ਕੀਤੀ ਤੇ ਬੜੀ ਮਿਹਨਤ ਨਾਲ ਦਸ ਬਾਰਾਂ ਕੁੜੀਆਂ ਉਸ ਵਿਚ ਸ਼ਾਮਲ ਕਰ ਲਈਆਂ। ਇਕ ਦਿਨ ਮੰਟੋ ਨੇ ਪੁੱਛਿਆ, "ਕਿਉਂ ਬਈ ਤੂੰ ਆਪਣੇ ਡਰਾਮੇ ਲਈ ਕਿੰਨੀਆਂ ਕੁੜੀਆਂ ਲਿਆ ਸਕਦਾ ਏਂ ?"
"ਕਿੰਨੀਆਂ ਦਾ ਕੀ ਮਤਲਬ, ਜਿੰਨੀਆਂ ਤੂੰ ਆਖੇਂ।"
"ਮੈਂ ਤੈਥੋਂ ਪੁੱਛ ਰਿਹਾਂ…।"
"ਪੁੱਛਣ ਦਾ ਕੀ ਮਤਲਬ ਏ ?...ਤੁੰ ਡਰਾਮਾ ਲਿਖ, ਜਿੰਨੇ ਪਾਤਰ ਹੋਏ, ਲਿਆ ਦਿਆਂਗਾ।"
"ਅੱਛਾ ! ਤਾਂ ਤੇ ਫੇਰ ਮੈਨੂੰ ਇਕ ਅਜਿਹਾ ਡਰਾਮਾ ਲਿਖਣਾ ਪਏਗਾ, ਜਿਸ ਵਿਚ ਕੁੜੀਆਂ ਹੀ ਕੁੜੀਆਂ ਹੋਣ…ਛੱਬੀ ਸਤਾਈ ਕੁੜੀਆਂ..."
ਮੈਂ ਛੇੜਿਆ, "ਤੇ ਉਸਦਾ ਨਾਂਅ ਰੱਖੀਂ 'ਇਕ ਮਰਦ'।" ਡਰਾਮਾ ਲਿਖਿਆ ਗਿਆ, ਬਰਾਡਕਾਸਟ ਵੀ ਹੋਇਆ ਤੇ ਹਰੇਕ ਪਾਤਰ ਲਈ ਕੁੜੀ ਵੀ ਮਿਲ ਗਈ।
ਇੱਦਾਂ ਹਰੇਕ ਕੰਮ ਜਿਦੋ ਜਿਦੀ ਕੀਤਾ ਜਾਂਦਾ ਸੀ। ਮੈਂ ਕੋਈ ਚੰਗੀ ਕਹਾਣੀ ਲਿਖੀ ਤਾਂ ਮੰਟੋ ਨੇ ਵੀ ਲਿਖੀ ਤੇ ਅਸ਼ਕ ਨੇ ਵੀ…ਰਾਸ਼ਿਦ ਨੇ ਕੋਈ ਨਜ਼ਮ ਰਚ ਦਿੱਤੀ। ਮੰਟੋ ਨੇ ਡਰਾਮਾਂ ਲਿਖਿਆ ਤਾਂ ਅਸ਼ਕ ਵੀ ਜ਼ਰੂਰ ਲਿਖੇਗਾ ਤੇ ਰੀਸੋ ਰੀਸੀ ਮੈਂ ਵੀ ਲਿਖਣ ਦੀ ਕੋਸ਼ਿਸ਼ ਕਰਾਂਗਾ। ਮੇਰੇ ਸਾਰੇ ਰੇਡੀਆਈ ਡਰਾਮੇਂ ਜਿਹਨਾਂ ਵਿਚ 'ਸਰਾਏ ਕੇ ਬਾਹਰ' ਵੀ ਹੈ, ਉਹਨਾਂ ਦਿਨਾਂ ਦੀ ਪੈਦਾਵਾਰ ਨੇ, ਜਦ ਮੈਂ ਤੇ ਮੰਟੋ ਇੱਕਠੇ ਰਹਿੰਦੇ ਹੁੰਦੇ ਸਾਂ। ਉਹ ਦਿਨ ਏਨੇ ਚੰਗੇ ਸਨ ਕਿ ਆਰਥਕ ਤੰਗੀ ਦੇ ਬਾਵਜੂਦ ਵੀ ਅਸੀਂ ਬੜੇ ਖੁਸ਼ ਰਹਿੰਦੇ ਸਾਂ, ਬੜਾ ਕੁਝ ਲਿਖ ਲੈਂਦੇ ਸਾਂ ਤੇ ਲਿਖਦੇ ਵੀ ਮੁਰਝਾਏ ਹੋਏ ਦਿਲ ਨਾਲ ਨਹੀਂ ਸਾਂ। ਉਸੇ ਸਮੇਂ ਵਿਚ ਮੰਟੋ ਨੇ ਆਪਣੀ ਜ਼ਿੰਦਗੀ ਦੇ ਬੇਹਤਰੀਨ ਡਰਾਮੇਂ ਤੇ ਕਹਾਣੀਆਂ ਲਿਖੀਆਂ ਨੇ। ਉਹਨੀਂ ਦਿਨੀ ਉਸਦੀ ਕਲਮ ਪੂਰੀ ਰਵਾਂ ਹੋਈ ਹੋਈ ਸੀ ਤੇ ਉਹ ਹਰ ਦੂਜੇ ਚੌਥੇ ਦਿਨ ਕੋਈ ਨਵੀਂ ਚੀਜ਼…ਡਰਾਮਾਂ ਜਾਂ ਕਹਾਣੀ…ਲਿਖ ਮਾਰਦਾ ਸੀ। ਡੰਗ ਤੇ ਚੋਭਾਂ ਦੇ ਬਾਵਜੂਦ ਸਾਡੇ ਤਿੰਨਾਂ ਵਿਚਕਾਰ ਏਨਾ ਤਾਲਮੇਲ ਜ਼ਰੂਰ ਸੀ ਕਿ ਦਿਨ ਰਾਤ ਇੱਕਠੇ ਰਹਿੰਦੇ ਤੇ ਆਪਣੇ ਪ੍ਰੋਗ੍ਰਾਮ ਨੂੰ ਬਿਹਤਰ ਬਣਾਉਣ ਦੀਆਂ ਤਰਕੀਬਾਂ ਸੋਚਦੇ ਰਹਿੰਦੇ। ਰੇਡੀਓ ਆਰਟਿਸਟ ਮੰਟੋ ਨੂੰ ਬੜਾ ਪਸੰਦ ਕਰਦੇ ਸਨ। ਉਹ ਸਾਡੀ ਰਿਹਰਸਲ ਵਿਚ ਬੜਾ ਘੱਟ ਆਉਂਦਾ ਸੀ ਤੇ ਜਦੋਂ ਆਉਂਦਾ ਸੀ ਤਾਂ ਆਪਣੇ ਟੋਟਕਿਆਂ ਨਾਲ ਮਾਹੌਲ ਨੂੰ ਏਨਾ ਸੁਖਾਂਵਾ ਬਣਾ ਦਿੰਦਾ ਸੀ ਕਿ ਘੰਟਿਆਂ ਬੱਧੀ ਉਸਦੇ ਚਰਚੇ ਛਿੜੇ ਰਹਿੰਦੇ ਸਨ। ਉਹਨਾਂ ਆਰਟਿਸਟਾਂ ਨੇ ਮੰਟੋ ਦੇ ਡਰਾਮੇਂ ਕਿੰਨੀ ਮਿਹਨਤ ਤੇ ਲਗਣ ਨਾਲ ਕੀਤੇ ਸਨ, ਇਸ ਗੱਲ ਦਾ ਸਬੂਤ ਇਹ ਹੈ ਕਿ ਮੰਟੋ ਨੇ ਆਪਣੇ ਰੇਡੀਆਈ ਡਰਾਮਿਆਂ ਦਾ ਇਕ ਸੰਗ੍ਰਹਿ ਉਹਨਾਂ ਆਰਟਿਸਟਾਂ ਦੇ ਨਾਂ ਕਰ ਦਿੱਤਾ ਸੀ। ਉਹ ਡਰਾਮੇਂ ਲੋਕਾਂ ਨੇ ਵੀ ਬੜੇ ਪਸੰਦ ਕੀਤੇ ਸਨ। ਇਸ ਦੌਰਾਨ ਹੀ ਮੰਟੋ ਨੇ, ਤੇ ਮੈਂ ਰਲ ਕੇ ਇਕ ਫਿਲਮੀਂ ਕਾਹਣੀ ਵੀ ਲਿਖੀ ਸੀ…ਮੇਰਾ ਉਹ ਪਹਿਲਾ ਫਿਲਮੀਂ ਜਤਨ ਸੀ। ਉਹ ਕਹਾਣੀ 'ਵੰਗਾਰ' ਦਿੱਲੀ ਦੇ ਇਕ ਡਿਸਟਰੀ ਬਿਊਟਰ ਨੂੰ ਵੇਚ ਦਿੱਤੀ ਗਈ ਸੀ, ਕਿਉਂਕਿ ਅਸੀਂ ਨਵੇਂ ਸੂਟ ਬਣਵਾਉਣੇ ਸਨ ਤੇ ਇਕ ਲੰਮੇਂ ਅਰਸੇ ਤਕ ਕਿਸੇ ਪਬਲਿਸ਼ਰ ਤੋਂ ਪੈਸੇ ਮਿਲਣ ਦੀ ਝਾਕ ਨਹੀਂ ਸੀ। ਇੱਥੇ ਇਸ ਫਿਲਮੀਂ ਕਹਾਣੀ ਦਾ ਜ਼ਿਕਰ ਮੈਂ ਸਾਡੇ ਸੂਟਾਂ ਦੀ ਲੋੜ ਦੱਸਣ ਲਈ ਨਹੀਂ ਕਰ ਰਿਹਾ, ਬਲਿਕੇ ਆਪਣਾ ਇਕ ਨਿੱਜੀ ਅਨੁਭਵ ਦੱਸਣ ਲਈ ਕਰ ਰਿਹਾ ਹਾਂ। ਕਹਾਣੀ ਸੁਣ ਕੇ ਸੇਠ ਨੇ ਕਿਹਾ…"ਕਹਾਣੀ ਬਹੁਤ ਅੱਛੀ ਹੈ। ਹਮ ਲੋਗ ਖ਼ਰੀਦ ਲੇਗਾ। ਲੇਕਿਨ ਮੰਟੋ ਸਾ'ਬ ਆਪ ਫਿਲਮ ਮੇਂ ਮੈਨੇਜ਼ਰ ਕੋ ਬਹੁਤ ਬੁਰਾ ਬਤਾਤਾ ਹੈ। ਉਸੇ ਅੱਛਾ ਦਿਖਾਨਾ ਚਾਹੀਏ। ਵਰਨਾ ਮਜ਼ਦੂਰੋਂ ਪਰ ਬੁਰਾ ਅਸਰ ਪੜੇਗਾ।"
"ਤੋ ਅੱਛਾ ਦਿਖਾ ਦੇਂਗੇ।"
ਮੈਂ ਹੈਰਾਨੀ ਨਾਲ ਮੰਟੋ ਵੱਲ ਵੇਖਦਾ ਰਹਿ ਗਿਆ ਸਾਂ। ਮੈਂ ਕਹਿਣ ਲੱਗਾ ਸਾਂ, ਇਹ ਕਿਵੇਂ ਹੋ ਸਕਦਾ ਹੈ…ਪਰ ਉਸਨੇ ਮੈਨੂੰ ਚੁੱਪ ਰਹਿਣ ਦਾ ਇਸ਼ਾਰਾ ਕਰ ਦਿੱਤਾ ਸੀ ਤੇ ਸੇਠ ਫੇਰ ਬੋਲਿਆ…"ਔਰ ਜੋ ਮੈਨੇਜ਼ਰ ਕਾ ਬੀਵੀ ਹੈ। ਯਹ ਅਗਰ ਉਸਕੀ ਕੁਆਰੀ ਬਹਿਨ ਹੋ ਔਰ ਹੀਰੋ ਸੇ ਪ੍ਰੇਮ ਕਰੇ, ਏਕ ਵੈਂਪ ਕੇ ਮਾਫ਼ਿਕ, ਤੋ ਕੈਸਾ ਰਹੇਗਾ ਮੰਟੋ ਸਾ'ਬ !"
"ਬਹੁਤ ਅੱਛਾ, ਬੜਾ ਹੀ ਅੱਛਾ।" ਮੰਟੋ ਨੇ ਕਿਹਾ। ਮੈਂ ਹੈਰਾਨ ਪ੍ਰੇਸ਼ਾਨ ਜਿਹਾ ਖੜ੍ਹਾ ਮੰਟੋ ਦੀ ਸ਼ਕਲ ਵਿੰਹਦਾ ਰਹਿ ਗਿਆ ਸਾਂ ਕਿ ਕੀ ਇਹ ਉਹੀ ਮੰਟੋ ਸੀ, ਜਿਹੜਾ ਆਪਣੀ ਇਕ ਸਤਰ ਤਾਂ ਕੀ ਇਕ ਸ਼ਬਦ ਵੀ ਨਹੀਂ ਸੀ ਬਦਲਣ ਦੇਂਦਾ ਹੁੰਦਾ। ਉਸ ਦੀਆਂ ਕਹਾਣੀਆਂ ਜਿਵੇਂ ਦੀ ਤਿਵੇਂ ਛਪਣੀਆਂ ਚਾਹੀਦੀਆਂ ਨੇ, ਨਹੀਂ ਤਾਂ ਉਹ ਵਾਪਸ ਮੰਗਵਾ ਲੈਂਦਾ ਹੈ। ਕੀ ਇਹ ਉਹੀ ਮੰਟੋ ਹੈ ? ਮੈਂ ਹੈਰਾਨ ਖੜ੍ਹਾ ਉਸ ਵੱਲ ਵੇਖਦਾ ਰਿਹਾ।
ਜਦੋਂ ਅਸੀਂ ਸੇਠ ਦੇ ਕਮਰੇ ਵਿਚੋਂ ਬਾਹਰ ਆਏ ਤਾਂ ਮੰਟੋ ਨੇ ਕਿਹਾ, "ਭਰਾ ਮੇਰੇ, ਇਹ ਸਾਹਿਤ ਨਹੀਂ, ਫਿਲਮ ਲਾਈਨ ਏਂ…ਜਿਹੜੀ ਪੜ੍ਹੇ-ਲਿਖੇ ਲੋਕਾਂ ਦੇ ਹੱਥ ਵਿਚ ਨਹੀਂ। ਸਾਡੀਆਂ ਕਹਾਣੀਆਂ ਦੀ ਪਰਖ ਕਰਨ ਵਾਲੇ ਮੌਲਾਨਾ ਸਲਾਹੂਦੀਨ, ਕਲੀਮੁੱਲਾ, ਹਾਮਿਦ ਅਲੀ ਖ਼ਾਂ ਨੇ…ਇਹ ਸਾਰੂਭਾਈ ਟੋਕਰ ਜੀ ਪਟੇਲ ਜਾਂ ਮੰਗੂ, ਭੰਗੂ ਐਂਡ ਬਰਾਦਰਜ਼ ਨਹੀਂ। ਇਸ ਲਈ ਫਿਲਮ ਵਿਚ ਮਾਂ ਨੂੰ ਭੈਣ, ਭੈਣ ਨੂੰ ਮਾਸ਼ੂਕਾ ਤੇ ਮਾਸ਼ੂਕਾ ਨੂੰ ਵੈਂਪ ਬਣਾ ਦੇਣਾ ਸਾਡੇ ਖੱਬੇ ਹੱਥ ਦੀ ਖੇਡ ਹੈ। ਸਮਝਿਆ ? ਤਨੋ, ਮਨੋ ਸਾਹਿਤ ਦੀ ਸੇਵਾ ਕਰੋ ਤੇ ਫਿਲਮਾਂ ਤੋਂ ਨੋਟ ਕਮਾਓ…ਹੁਣ ਇਹ ਦੱਸ ਬਈ ਤੈਨੂੰ ਸੂਟ ਦੀ ਲੋੜ ਹੈ ਕਿ ਨਹੀਂ ?"
"ਹੈ, ਹੈ ਕਿਉਂ ਨਹੀਂ।"
"ਤਾਂ ਫੇਰ ਫਿਲਮ ਦੀ ਕਹਾਣੀ ਵਿਚ 'ਪਰਵਰਤਣ' ਜ਼ਰੂਰ ਹੋਏਗਾ।"
"ਹੋਏਗਾ, ਜ਼ਰੂਰ ਹੋਏਗਾ ਵੀਰ ਮੇਰਿਆ।"
ਸਿਹਤ ਸਰੀਰ ਤੇ ਆਤਮਾਂ ਪੱਖੋਂ ਮੰਟੋ ਅੱਜ ਵੀ ਕਸ਼ਮੀਰੀ ਪੰਡਿਤ ਹੈ। ਉਸਦੀਆਂ ਕਈ ਗੱਲਾਂ ਅਸ਼ਕ ਨਾਲ ਮਿਲਦੀਆਂ ਨੇ। ਮੈਂ ਜਾਣਦਾ ਹਾਂ ਇਹ ਪੜ੍ਹ ਕੇ ਉਹ ਬੇਚੈਨ ਹੋ ਜਾਏਗਾ, ਪਰ ਇਹ ਇਕ ਸੱਚਾਈ ਹੈ ਕਿ ਅਸ਼ਕ ਵੀ ਇਕ ਬ੍ਰਾਹਮਣ ਹੈ…ਇਕ ਪੰਡਿਤ ਹੈ। ਦੋਵੇਂ ਪਤਲੇ ਤੇ ਲੰਮੇਂ ਨੇ, ਦੋਵੇਂ ਦਿਨ ਰਾਤ ਇੰਜੈਕਸ਼ਨਾਂ ਦੀ ਫਿਕਰ ਵਿਚ ਰਹਿੰਦੇ ਨੇ, ਦੋਵੇਂ ਹਠਧਰਮੀ ਤੇ ਜ਼ਿੱਦੀ ਨੇ, ਦੋਵੇਂ ਬੁੱਧੀਮਾਨ ਤੇ ਚਿੜਚਿੜੇ ਨੇ ਤੇ ਦੋਵੇਂ ਬੜੀਆਂ ਗੱਲਾਂ ਮਾਰਦੇ ਨੇ। ਪਰ ਮੰਟੋ ਦੀਆਂ ਕਈ ਗੱਲਾਂ ਵਚਿੱਤਰ ਹੁੰਦੀਆਂ ਨੇ ; ਤੁਸੀਂ ਉਸ ਨਾਲ ਦੁਨੀਆਂ ਦੇ ਕਿਸੇ ਵਿਸ਼ੇ ਉੱਤੇ ਗੱਲ ਕਰ ਦੇਖੋ, ਉਹ ਨਵੇਕਲੀ ਸੁਰ ਵਿਚ ਬੋਲੇਗਾ। ਆਮ ਰਸਤਿਆਂ ਤੋਂ ਹਟ ਕੇ ਤੁਰਨ ਦੀ ਆਦਤ ਹੁਣ ਉਸਦੇ ਸੁਭਾਅ ਦੀ ਵਿਸ਼ੇਸ਼ਤਾ ਬਣ ਚੁੱਕੀ ਹੈ। ਉਹ ਇਸਨੂੰ ਛੱਡ ਹੀ ਨਹੀਂ ਸਕਦਾ। ਜੇ ਤੁਸੀਂ ਦੋਸਤੋਵਸਕੀ ਦੀ ਪ੍ਰਸ਼ੰਸਾ ਕਰੋਗੇ, ਉਹ ਸੋਮਸੈੱਟ ਮਾਹਮ ਦੇ ਗੁਣ ਗਾਉਣ ਲੱਗ ਪਏਗਾ। ਤੁਸੀਂ ਬੰਬਈ ਸ਼ਹਿਰ ਦੀ ਤਾਰੀਫ਼ ਕਰੋਗੇ, ਉਹ ਅੰਮ੍ਰਿਤਸਰ ਦੀਆਂ ਖੂਬੀਆਂ ਗਿਣਾਉਣ ਲੱਗ ਪਏਗਾ। ਤੁਸੀਂ ਜਿਨਾਹ ਜਾਂ ਗਾਂਧੀ ਦੀ ਮਹਾਨਤਾ ਉੱਤੇ ਵਿਸ਼ਵਾਸ ਕਰਦੇ ਨਜ਼ਰ ਆਓਗੇ, ਉਹ ਆਪਣੇ ਮੁਹੱਲੇ ਦੇ ਮੋਚੀ ਦੀ ਵਡਿਆਈ ਕਰੇਗਾ ।..ਤੇ ਜਨਾਬ ਜੇ ਤੁਸੀਂ ਕੁਆਰੇ ਰਹਿਣ ਨੂੰ ਚੰਗਾ ਸਮਝਦੇ ਹੋਵੋਗੇ ਤਾਂ ਉਹ ਤੁਹਾਨੂੰ ਵਿਆਹ ਦੇ ਪੱਖ ਵਿਚ ਰਾਏ ਦਏਗਾ !...ਤੇ ਜਨਾਬ ਜੇ ਤੁਸੀਂ ਕੁਆਰੇ ਰਹਿਣ ਨੂੰ ਚੰਗਾ ਸਮਝਦੇ ਹੋਵੋਗੇ ਤਾਂ ਉਹ ਤੁਹਾਨੂੰ ਵਿਆਹ ਦੇ ਪੱਖ ਵਿਚ ਦਲੀਲਾਂ ਦੇ ਦੇ ਕੇ ਵਿਆਹ ਕਰ ਲੈਣ ਲਈ ਮਜ਼ਬੂਰ ਕਰ ਦਏਗਾ। ਤੁਸੀਂ ਉਸਦੇ ਕਿਸੇ ਅਹਿਸਾਨ ਦਾ ਧੰਨਵਾਦ ਜਾਂ ਤਾਰੀਫ਼ ਕਰੋਗੇ ਤਾਂ ਉਹ ਹਿਰਖ ਕੇ ਬੁਰਾ-ਭਲਾ ਕਹਿਣ ਲੱਗ ਪਏਗਾ। ਤੁਸੀਂ ਉਸਨੂੰ ਗਾਲ੍ਹਾਂ ਕੱਢੋਗੇ ਜਾਂ ਉਸਦੀ ਬਦਖੋਈ ਕਰੋਗੇ ਤਾਂ ਉਹ ਤੁਹਾਡੇ ਲਈ ਪੰਜ ਸੌ ਰੁਪਏ ਦੀ ਨੌਕਰੀ ਲੱਭਦਾ ਨਜ਼ਰ ਆਏਗਾ। ਮੰਟੋ ਦੇ ਸੁਭਾਅ ਵਾਂਗ ਉਸਦੀ ਦੋਸਤੀ, ਉਸਦੀ ਦੁਸ਼ਮਣੀ ਤੇ ਉਸਦਾ ਬਦਲਾ ਵੀ ਨਿਰਾਲਾ ਹੁੰਦਾ ਹੈ। ਉਸ ਵਿਚ ਸੱਚੀ-ਸੁੱਚੀ ਮਨੁਖਤਾ ਵਾਲੇ ਕਈ ਅੰਸ਼ ਦੇਖੇ ਜਾ ਸਕਦੇ ਹਨ। ਉਸਦੀ ਕਠੋਰਤਾ, ਉਸਦੀ ਨਿਡਰਤਾ ਤੇ ਉਸਦੀ ਕੁੜਿਤਣ ਸਿਰਫ ਇਕ ਖੋਲ ਹੈ, ਜਿਹੜਾ ਉਸਨੇ ਆਪਣੇ ਕੋਮਲ ਵਿਅਕਤੀਤਵ ਦੀ ਰੱਖਿਆ ਲਈ ਚੜ੍ਹਾਇਆ ਹੋਇਆ ਹੈ…ਆਪਣੇ ਆਪ ਨੂੰ ਦੂਜਿਆਂ ਨਾਲੋਂ ਵੱਖ ਰੱਖਣ ਲਈ ; ਹਾਲਾਂਕਿ ਉਹ ਬਿਲਕੁਲ ਸਾਡੇ ਵਰਗਾ ਹੈ, ਬਲਕਿ ਅੰਦਰੋਂ ਸਾਡੇ ਨਾਲੋਂ ਵੱਧ ਜ਼ਖ਼ਮੀ, ਵੱਧ ਭਾਵੁਕ ਤੇ ਵੱਧ ਹਮਦਰਦ ਵੀ।
ਅਕਸਰ ਲੋਕਾਂ ਨੇ ਮੰਟੋ ਨੂੰ ਹੱਸਦਿਆਂ, ਸ਼ਰਾਬ ਪੀਂਦਿਆਂ, ਯਾਰਾਂ-ਮਿੱਤਰਾਂ ਦਾ ਮਜ਼ਾਕ ਉਡਾਉਂਦਿਆਂ ਤੇ ਇਹੋ ਜਿਹੇ ਸੱਚ-ਤੱਥ ਦਾ ਜਿਸਨੂੰ ਸਾਰੀ ਦੁਨੀਆਂ ਮੰਨਦੀ ਹੈ, ਬੜੇ ਵਿਅੰਗਮਈ ਢੰਗ ਨਾਲ ਖੰਡਨ ਕਰਦਿਆਂ ਦੇਖਿਆ ਹੈ। ਪਰ ਮੈਂ ਮੰਟੋ ਨੂੰ ਰੋਂਦਿਆਂ ਵੀ ਦੇਖਿਆ ਹੈ। ਉਹ ਦੁਨੀਆਂ ਦੇ ਦੁੱਖਾਂ ਉੱਤੇ ਨਹੀਂ ਰੋਂਦਾ ; ਉਸਨੂੰ ਕੋਈ ਪ੍ਰੇਮ ਰੋਗ ਵੀ ਨਹੀਂ ਤੇ ਨਾ ਕਿਸੇ ਭਿਆਨਕ ਬਿਮਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ…ਉਹ ਆਪਣੇ ਡੇਢ ਸਾਲ ਦੇ ਬੱਚੇ ਦੀ ਮੌਤ ਉੱਤੇ ਰੋ ਰਿਹਾ ਸੀ। ਜਦੋਂ ਖ਼ਬਰ ਮਿਲੀ, ਮੈਂ ਤੁਰੰਤ ਉਸਦੇ ਘਰ ਪਹੁੰਚਿਆ। ਉਸਨੇ ਆਪਣੀਆਂ ਲਾਲ ਸੁਰਖ਼ ਅੱਖਾਂ ਨਾਲ ਮੈਨੂੰ ਇੰਜ ਘੂਰਿਆ ਜਿਵੇਂ ਪੁੱਛ ਰਿਹਾ ਹੋਵੇ…'ਹੁਣ ਆ ਵੜਿਆ ਏਂ, ਜਦੋਂ ਉਹ ਮਰ ਗਿਐ ; ਪਹਿਲਾਂ ਕਿੱਥੇ ਸੈਂ ?' ਉਸਨੇ ਕਿਹਾ, "ਮੈਂ ਮੌਤ ਤੋਂ ਨਹੀਂ ਡਰਦਾ, ਕਿਸੇ ਦੀ ਮੌਤ 'ਤੇ ਪ੍ਰਭਾਵਿਤ ਨਹੀਂ ਹੁੰਦਾ ਪਰ ਇਹ ਬੱਚਾ…ਇਸ ਕਰਕੇ ਨਹੀਂ ਕਿ ਇਹ ਮੇਰਾ ਬੱਚਾ ਹੈ, ਬਲਕਿ ਇਸ ਲਈ ਕਹਿ ਰਿਹਾਂ…ਕ੍ਰਿਸ਼ਨ ਤੂੰ ਆਪ ਹੀ ਵੇਖ ਇਸ ਵੇਲੇ ਵੀ ਕਿੰਨਾਂ ਮਾਸੂਮ, ਕਿੱਡਾ ਪਿਆਰਾ ਤੇ ਕਿੰਜ ਨਵਾਂ ਨਵਾਂ ਲੱਗ ਰਿਹਾ ਹੈ। ਮੈਂ ਸੋਚਦਾਂ ਕਿ ਜਦੋਂ ਕੋਈ ਨਵਾਂ ਖ਼ਿਆਲ ਜਾਂ ਕੋਈ ਨਵਾਂ ਸੁਪਨਾ ਪੂਰਾ ਹੋਣ ਤੋਂ ਪਹਿਲੋਂ ਹੀ ਟੁੱਟ ਜਾਂਦੈ ਤਾਂ ਕਿੰਨੀ ਵੱਡੀ ਘਟਨਾ ਵਾਪਰਦੀ ਹੈ ? ਹਰੇਕ ਨਿੱਕਾ ਬਾਲ ਕਿਸੇ ਨਵੇਂ ਸੁਪਨੇ ਵਰਗਾ ਹੀ ਹੁੰਦਾ ਏ…ਇਹ ਕਿਉਂ ਟੁੱਟ ਗਿਆ ? ਹੁਣੇ ਹੁਣੇ ਮੈਂ ਇਸਨੂੰ ਮੌਤ ਦੀ ਤਕਲੀਫ਼ ਝੱਲਦਿਆਂ ਵੇਖਿਆ ਹੈ। ਮੈਂ ਮਰ ਜਾਂਦਾ, ਤੂੰ ਮਰ ਜਾਂਦਾ ; ਬੁੱਢੇ, ਜਵਾਨ ਤੇ ਪੱਕੀ ਉਮਰ ਦੇ ਲੋਕ ਅਕਸਰ ਮਰਦੇ ਰਹਿੰਦੇ ਨੇ…ਪਰ ਇਹ ਨਿੱਕਾ ਬਾਲ ! ਕੁਦਰਤ ਨੂੰ ਕਿਸੇ ਨਵੇਂ ਖ਼ਿਆਲ ਜਾਂ ਨਵੇਂ ਸੁਪਨੇ ਨੂੰ ਏਨੀ ਛੇਤੀ ਨਹੀਂ ਤੋੜਨਾ ਚਾਹੀਦਾ ਨਾ ?" ਤੇ ਉਹ ਉੱਚੀ ਉੱਚੀ ਰੋਣ ਲੱਗ ਪਿਆ ਸੀ। ਉਸ ਉੱਪਰ ਚੜ੍ਹੇ ਨਕਲੀ ਖੋਲ ਦੇ ਕਈ ਟੁੱਕੜੇ ਹੋ ਗਏ ਸਨ।
ਉਸ ਦਿਨ ਤੋਂ ਬਾਅਦ ਮੈਂ ਕਦੀ ਉਸਨੂੰ ਰੋਂਦਿਆਂ ਨਹੀਂ ਦੇਖਿਆ। ਪਰ ਉਹਨਾਂ ਹੰਝੂਆਂ ਮੈਨੂੰ ਮੰਟੋ ਦੇ ਅੰਦਰਲੇ ਉਸ ਸਮੁੰਦਰ ਤੱਕ ਪਹੁੰਚਾ ਦਿੱਤਾ ਸੀ, ਜਿੱਥੋਂ ਉਸਦਾ ਸਾਹਿਤ ਉਪਜਦਾ ਹੈ। ਇਸ ਸਮੁੰਦਰ ਦਾ ਰੰਗ ਗੂੜ੍ਹਾ ਹਰਾ ਤੇ ਸੁਨਿਹਰੀ ਹੈ ਤੇ ਪਾਣੀ ਖਾਰਾ। ਸ਼ਾਰਕ ਮੱਛੀਆਂ, ਆਕਟੋਪਸ ਤੇ ਹੋਰ ਕਈ ਕਿਸਮ ਦੇ ਖਤਰਨਾਕ ਜਾਨਵਰ ਉਸਦੀ ਤੈਹ ਵਿਚ ਛੁਪੇ ਹੋਏ ਨੇ।…ਤੇ ਉੱਥੇ ਵੰਨ, ਸੁਵੱਨੀਆਂ ਚਟਾਨਾਂ ਤੇ ਢਲਵਾਨਾਂ ਵੀ ਨੇ ਜਿਹਨਾਂ ਦੀ ਮਖ਼ਮਲੀ ਹਰਿਆਲੀ ਉੱਤੇ ਸਿੱਪੀਆਂ ਤੇ ਮੋਤੀ ਆਰਾਮ ਫਰਮਾਅ ਰਹੇ ਨੇ। ਇਸ ਵਿੱਲਖਣ ਦ੍ਰਿਸ਼ ਨੂੰ ਮੈਂ ਸਿਰਫ ਇਕੋ ਵਾਰ ਦੇਖਿਆ ਹੈ। ਤੁਸੀਂ ਉਹ ਮੋਤੀ ਦੇਖੇ ਨੇ, ਜਿਹਨਾਂ ਨੂੰ ਮੰਟੋ ਨੇ ਮਾਹਰ ਗੋਤਾਖੋਰ ਵਾਂਗ ਆਪਣੇ ਦਿਲ ਦੀਆਂ ਗਹਿਰਾਈਆਂ 'ਚੋਂ ਕੱਢ ਕੇ ਲਿਆਂਦਾ ਹੈ…ਉਹ ਉਸਦੇ ਜੰਮੇ ਹੋਏ ਖ਼ੂਨ ਦੀਆਂ ਬੂੰਦਾਂ ਨੇ, ਜਿਹਨਾਂ ਨੂੰ ਆਪਣੇ ਵਿਅੰਗਾਂ ਦਾ ਮੁਲੱਮਾ ਚੜ੍ਹਾ ਕੇ ਬੜੇ ਕਲਾਮਈ ਢੰਗ ਨਾਲ ਤੁਹਾਡੇ ਸਾਹਮਣੇ ਪੇਸ਼ ਕਰਦਾ ਹੈ। ਤੁਸੀਂ ਉਸਦੀ ਸ਼ੈਲੀ ਤੇ ਨਾ ਜਾਓ…ਇਹ ਸੁੱਚੇ ਮੋਤੀ ਨੇ। ਸਾਡੇ ਦੇਸ਼ ਦੀ ਬਦਕਿਸਮਤੀ ਇਹ ਹੈ ਕਿ ਅਸੀਂ ਉਸਦੀ ਕਦਰ ਨਹੀਂ ਕਰਦੇ। ਉਂਜ ਕਹਿਣ ਲਈ ਹਿੰਦੁਸਤਾਨ ਸਾਹਿਤ, ਸਭਿਅਤਾ, ਸੰਸਕ੍ਰਿਤੀ ਤੇ ਲਲਿਤ ਕਲਾਵਾਂ ਦਾ ਝੂਲਾ ਹੈ, ਪਰ ਸਦੀਆਂ ਤੋਂ ਅਸੀਂ ਆਪਣੇ ਮਹਾਨ ਕਲਾਕਾਰਾਂ ਵੱਲੋਂ ਅਜਿਹੀ ਲਾਪ੍ਰਵਾਹੀ ਵਰਤ ਰਹੇ ਹਾਂ ਕਿ ਸਾਨੂੰ ਆਪਣੇ ਜ਼ੁਰਮ ਦਾ ਅਹਿਸਾਸ ਵੀ ਨਹੀਂ ਹੁੰਦਾ। ਮੇਰੇ ਸਾਹਮਣੇ ਸਹਿਗਲ ਦਾ ਉਦਾਹਰਣ ਹੈ ; ਜਦੋਂ ਉਸਦੀ ਮੌਤ ਹੋਈ ਸੀ, ਸਾਡੇ ਦੇਸ਼ ਦੇ ਮਹਾਨ ਵਿਅਕਤੀਆਂ ਵਿਚੋਂ ਕਿਸੇ ਦੇ ਮੂੰਹੋਂ ਅਫ਼ਸੋਸ ਦੇ ਦੋ ਸ਼ਬਦ ਨਹੀਂ ਸਨ ਨਿਕਲੇ।…ਤੇ ਇਹ ਉਹ ਲੋਕ ਹਨ, ਜਿਹੜੇ ਦਿਨ ਰਾਤ ਆਪਣੀ ਸਭਿਅਤਾ, ਸੰਸਕ੍ਰਤੀ ਤੇ ਕਲਚਰ ਦੇ ਅਮਰ ਹੋਣ ਦਾ ਗੋਗਾ ਪਿਟਦੇ ਨਹੀਂ ਥੱਕਦੇ, ਪਰ ਜੇ ਉਹਨਾਂ ਨੂੰ ਇਹ ਪੁੱਛੀਏ ਕਿ ਹਿੰਦੁਸਤਾਨ ਦੇ ਮਹਾਨ ਕਲਾਕਾਰ, ਸਾਹਿਤਕਾਰ, ਚਿੱਤਰਕਾਰ ਜਾਂ ਬੁੱਤ-ਤਰਾਸ਼ ਕਿਹੜੇ ਕਿਹੜੇ ਨੇ ਤੇ ਅੱਜ ਕੱਲ੍ਹ ਕੀ ਕਰ ਰਹੇ ਨੇ ?...ਤਾਂ ਉਹਨਾਂ ਦੀ ਜ਼ਬਾਨ ਠਾਕੀ ਜਾਏਗੀ ਤੇ ਉਹ ਆਪਣੇ ਰੁਝੇਵਿਆਂ ਦਾ ਬਹਾਨਾ ਬਣਾ ਕੇ ਖਿਸਕ ਜਾਣਗੇ।
ਮੰਟੋ ਮਹਿੰਗੇ ਕਪੜਿਆਂ ਦਾ ਸ਼ੌਕੀਨ ਨਹੀਂ; ਉਸਨੂੰ ਚੰਗੇ ਘਰ, ਚੰਗੇ ਖਾਣੇ ਤੇ ਚੰਗੀ ਸ਼ਰਾਬ ਦਾ ਸ਼ੌਕ ਹੈ। ਤੁਹਾਨੂੰ ਉਸਦਾ ਘਰ ਹਮੇਸ਼ਾ ਢੰਗ ਨਾਲ ਸਜਿਆ ਹੋਇਆ ਦਿਸੇਗਾ। ਉਸਨੂੰ ਸਾਫ ਸੁਥਰੇ ਮਾਹੌਲ ਵਿਚ ਕੰਮ ਕਰਨ ਦੀ ਆਦਤ ਹੈ। ਸਫ਼ਾਈ ਪਸੰਦ, ਵਕਤ ਦਾ ਪਾਬੰਦ ਤੇ ਚੰਗੀ ਕਵਾਲੀ ਦਾ ਸ਼ੈਦਾਈ ਹੈ ਉਹ। ਲਾਪ੍ਰਵਾਹੀ, ਬੇਤਰਤੀਬੀ ਤੇ ਖਿਲਾਰਾ ਜਿਹੜਾ ਆਮ ਸਾਹਿਤਕਾਰਾਂ ਦੇ ਘਰੀਂ ਦੇਖਿਆ ਜਾਂਦਾ ਹੈ, ਉਹ ਮੰਟੋ ਦੇ ਘਰ ਨਹੀਂ ਦਿਸਦਾ। ਮੰਟੋ ਦੇ ਘਰ ਦੀ ਕੋਈ ਕੰਧ ਤੁਹਾਨੂੰ ਟੇਢੀ ਨਜ਼ਰ ਨਹੀਂ ਆਏਗੀ…ਹਾਂ, ਮਾਲਕ-ਮਕਾਨ ਦਾ ਸੋਚ ਢੰਗ ਜ਼ਰਾ ਟੇਢਾ ਜ਼ਰੂਰ ਹੈ; ਤੇ ਉਸਦੇ ਟੇਢੇਪਣ ਦਾ ਕਾਰਣ ਉਸਦੀ ਕਹਾਣੀ ਦੇ ਅੰਤ ਵਿਚ ਸਪਸ਼ਟ ਹੋ ਜਾਂਦਾ ਹੈ।
ਮੰਟੋ ਦੀ ਹਰ ਕਹਾਣੀ ਉਸਦੇ ਸੁਭਾਅ ਤੇ ਮਾਹੌਲ ਦਾ ਅਕਸ ਹੁੰਦੀ ਹੈ। ਮੰਟੋ ਆਪਣੀ ਕਹਾਣੀ ਦਾ ਜਾਮਾ ਬੜੀ ਮਿਹਨਤ ਨਾਲ ਤਿਆਰ ਕਰਦਾ ਹੈ, ਉਸ ਵਿਚ ਕਿਤੇ ਕੋਈ ਝੋਲ ਨਹੀਂ ਹੁੰਦਾ। ਕਿਤੇ ਕੋਈ ਟਾਂਕਾ ਕੱਚਾ ਨਹੀਂ ਹੁੰਦਾ…ਪ੍ਰੈਸ ਕੀਤੀਆਂ ਹੋਈਆਂ ਟਿਚਨ ਕਹਾਣੀਆਂ ; ਸ਼ੈਲੀ ਮੰਜੀ ਹੋਈ, ਸ਼ੁੱਧ ਤੇ ਸਾਦੀ। ਹਾਂ, ਉਸਦੀਆਂ ਕਹਾਣੀਆਂ ਦੇ ਰੰਗ ਢੰਗ ਕੁਝ ਨਿਰਾਲੇ ਹੁੰਦੇ ਨੇ…ਉਪਮਾਵਾਂ ਤੇ ਅਲੰਕਾਰ ਵਿਲੱਖਣ। ਉਹਨਾਂ ਵਿਚ ਰਸ, ਕਾਵਿ ਸ਼ੈਲੀ ਜਾਂ ਦਇਆ, ਭਾਵਨਾ ਪ੍ਰਧਾਨ ਨਹੀਂ ਹੁੰਦੀ। ਉਹ ਸੂਝ, ਸਵਾਦ ਤੇ ਸੁਹੱਪਣ ਨੂੰ ਮਹੱਤਵ ਨਹੀਂ ਦਿੰਦਾ…ਗਣਿਤ ਦਾ ਕਾਇਲ ਹੈ। ਹਰ ਚੀਜ਼ ਨਾਪੀ ਤੋਲੀ ਪਸੰਦ ਕਰਦਾ ਹੈ ; ਉਸਦੇ ਰੂਪਕ, ਅਰਥ, ਪ੍ਰਭਾਵ ਤੇ ਪਲਾਟ, ਸੁਚੇਤ ਮਨ ਦੀ ਉਪਜ ਹੁੰਦੇ ਨੇ; ਨਾ ਕਿ ਮਨ ਦੀ ਕਲਪਨਾ। ਉਹ ਕ੍ਰਮਬੱਧ ਜਿਊਮੈਟਰੀ ਚਿੱਤਰਾਂ ਵਰਗਾ ਠੋਸ ਪ੍ਰਭਾਵ ਛੱਡਦੀਆਂ ਨੇ ਤੇ ਰੁਮਾਨੀਅਤ ਪਸੰਦ ਲਿਖਤਾਂ ਨਾਲੋਂ ਵੱਧ ਕਾਮਯਾਬ ਆਖੀਆਂ ਜਾ ਸਕਦੀਆਂ ਨੇ।
ਮੰਟੋ ਧਰਤ ਦੇ ਬੜਾ ਨੇੜੇ ਹੈ…ਏਨਾ ਨੇੜੇ ਕਿ ਘਾਹ ਵਿਚ ਰੀਂਗਣ ਵਾਲੇ ਕੀੜਿਆਂ ਨੂੰ ਉਹਨਾਂ ਦੇ ਹਰੇਕ ਗੁਣ ਸਮੇਤ ਦੇਖ ਸਕਦਾ ਹੈ। ਜਿਹੜੇ ਲੋਕ ਜ਼ਿੰਦਗੀ ਨੂੰ ਇਕ ਸਰਸਰੀ ਜਾਂ ਉਡਦੀ ਨਜ਼ਰ ਨਾਲ ਦੇਖਣ ਦੇ ਆਦੀ ਹੋ ਗਏ ਨੇ, ਉਹ ਮੰਟੋ ਦੇ ਡੂੰਘੇ ਤੱਥ ਤੇ ਤੀਖਣ ਦ੍ਰਿਸ਼ਟੀ ਦੀ ਪ੍ਰਸੰਸਾ ਨਹੀਂ ਕਰ ਸਕਦੇ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕਦੇ ਕਦੇ ਉਸਦਾ ਹੱਦੋਂ ਵੱਧ ਸਵੈਮਾਣ ਵੀ ਉਸਨੂੰ ਧੋਖਾ ਦੇ ਜਾਂਦਾ ਹੈ ਜਾਂ ਇੰਜ ਹੁੰਦਾ ਹੈ ਕਿ ਉਹ ਘਾਹ ਦੇ ਕੀੜਿਆਂ ਤੇ ਆਸਮਾਨ ਵਿਚ ਤੈਰਦੇ ਹੋਏ ਬੱਦਲਾਂ ਵਿਚਕਾਰ ਜ਼ਿੰਦਗੀ ਤੇ ਸਾਹਿਤ ਦਾ ਸੰਤੁਲਨ ਠੀਕ ਨਹੀਂ ਰੱਖ ਸਕਦਾ ਤੇ ਵਿਅਕਤੀਵਾਦੀ ਅਰਾਜਕਤਾ ਦੇ ਰਾਹ ਤੇ ਤੁਰ ਪੈਂਦਾ ਹੈ। ਪਰ ਇੰਜ ਬੜਾ ਘੱਟ ਹੁੰਦਾ ਹੈ। ਉਸਦੀਆਂ ਵਧੇਰੇ ਕਿਰਤਾਂ ਮਹਾਨ, ਮਨੁੱਖਤਾ ਦੀ ਲੀਹ ਉੱਤੇ ਤੁਰਦੀਆਂ ਨੇ ਤੇ ਉਸਦੀ ਸਾਦਗੀ, ਸੱਚਾਈ ਤੇ ਕੁੜਿਤਣ ਵਿਚ ਇਕ ਅਜਿਹਾ ਸੁਹੱਪਣ ਲਿਸ਼ਕਦਾ ਹੈ, ਜਿਸ ਦੀ ਪ੍ਰਾਪਤੀ ਲਈ ਮਨੁੱਖੀ ਮਨ ਸਦੀਆਂ ਤੋਂ ਤਰਸ ਰਿਹਾ ਹੈ।
ਸ਼ੁਰੂ ਸ਼ੁਰੂ ਵਿਚ ਮੰਟੋ ਉੱਪਰ ਰੂਸੀ ਸਾਹਿਤ ਦਾ ਪ੍ਰਭਾਵ ਪ੍ਰਤੱਖ ਸੀ। ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ। ਦੁਨੀਆਂ ਭਰ ਦੇ ਪ੍ਰਗਤੀਸ਼ੀਲ ਲੇਖਕਾਂ ਨੇ ਤੇ ਅਜਿਹੇ ਲੇਖਕਾਂ ਨੇ ਵੀ ਜਿਹੜੇ ਆਪਣੇ ਆਪ ਨੂੰ ਪ੍ਰਗਤੀਸ਼ੀਲ ਸਮਝਦੇ ਸਨ, ਰੂਸੀ ਸਾਹਿਤ ਦੀ ਵਿਰਾਸਤ ਤੋਂ ਲਾਭ ਉਠਾਇਆ ਹੈ। ਪਰ ਕੁਝ ਚਿਰ ਵਿਚ ਹੀ ਮੰਟੋ ਨੇ ਆਪਣੀ ਨਵੇਕਲੀ ਸ਼ੈਲੀ ਬਣਾ ਲਈ…ਜਿਹੜੀ ਨਿਰੋਲ ਉਸਦੀ ਆਪਣੀ ਹੈ। ਅੱਬਾਸ, ਅਸ਼ਕ, ਇਸਮਤ ਤੇ ਕ੍ਰਿਸ਼ਨ ਚੰਦਰ ਦੀ ਨਕਲ ਕਰਨ ਵਾਲੇ ਬਥੇਰੇ ਮਿਲ ਜਾਣਗੇ, ਪਰ ਮੰਟੋ ਤੇ ਕਿਸੇ ਹੱਦ ਤੱਕ ਬੇਦੀ ਦੀ ਸ਼ੈਲੀ ਨੂੰ ਹਾਲੇ ਤੀਕ ਕੋਈ ਨਹੀਂ ਅਪਣਾਅ ਸਕਿਆ। ਉਰਦੂ ਸਾਹਿਤ ਵਿਚ ਇਕੋ ਇਕ ਮੰਟੋ ਹੈ ਤੇ ਇਕ ਹੀ ਬੇਦੀ। ਹੋਰ ਸਾਹਿਤਕਾਰਾਂ ਦੇ ਕਾਮਯਾਬ ਡੁਪਲੀਕੇਟ ਤੁਹਾਨੂੰ ਕਿਤੇ ਨਾ ਕਿਤੇ ਜ਼ਰੂਰ ਦਿਸ ਪੈਣਗੇ। ਖਾਸ ਤੌਰ 'ਤੇ ਔਰਤ ਤੇ ਮਰਦ ਦੇ ਸੰਬੰਧਾਂ ਬਾਰੇ ਜਿੰਨੀ ਨਿਡਰਤਾ, ਹੌਸਲੇ ਤੇ ਦਲੇਰੀ ਨਾਲ ਮੰਟੋ ਨੇ ਕਲਮ ਚਲਾਈ ਹੈ…ਸਾਡੇ ਸਾਹਿਤ ਵਿਚ ਜਾਂ ਜਿੰਨੇ ਕੁ ਮੈਂ ਮਰਾਠੀ, ਗੁਜਰਾਤੀ ਤੇ ਬੰਗਾਲੀ ਭਾਸ਼ਾਵਾਂ ਦੇ ਅਨੁਵਾਦ ਪੜ੍ਹੇ ਨੇ, ਕਿਸੇ ਭਾਸ਼ਾ ਵਿਚ ਵੀ ਮੰਟੋ ਦਾ ਮੈਚ ਲੱਭਣਾ ਮੁਸ਼ਕਲ ਹੈ। ਮੰਟੋ ਨੇ ਪਹਿਲਾਂ ਸੰਗ ਤੇ ਸ਼ਰਮ ਦੇ ਕੱਪੜੇ ਉਤਾਰੇ, ਫੇਰ ਗੰਦਗੀ ਦੀਆਂ ਪਰਤਾਂ ਨੂੰ ਸਾਫ ਕੀਤਾ ਤੇ ਫੇਰ ਮੂਲ ਵਿਸ਼ੇ ਨੂੰ ਸਾਬਨ ਨਾਲ ਧੋ ਸੰਵਾਰ ਕੇ ਏਨਾ ਨਿਖਾਰਿਆ ਕਿ ਸਾਡੇ ਵਿਚੋਂ ਹਰੇਕ ਬੰਦਾ, ਔਰਤ ਤੇ ਮਰਦ ਦੇ ਸੰਬੰਧਾਂ ਦੇ ਮਹੱਤਵ, ਉਹਨਾਂ ਦੀਆਂ ਉਲਝਣਾ ਤੇ ਪ੍ਰਭਾਵਾਂ ਤੋਂ ਚੰਗੀ ਤਰ੍ਹਾਂ ਜਾਣੂ ਹੋ ਗਿਆ। ਇਸ ਸਿੱਖਿਆ ਲਈ ਅਸੀਂ ਮੰਟੋ ਦੇ ਧੰਨਵਾਦੀ ਹਾਂ। ਇਹ ਸਿੱਖਿਆ ਉਸਨੇ ਸਾਨੂੰ ਆਪਣੀ ਜਵਾਨੀ ਤੇ ਸਿਹਤ ਗੁਆ ਕੇ ਦਿੱਤੀ। ਬੰਬਈ ਦੀਆਂ ਚਾਲਾਂ, ਬੰਬਈ ਦੀਆਂ ਗਲੀਆਂ, ਸ਼ਰਾਬਖਾਨੇ, ਜੁਆਖਾਨੇ, ਵੇਸਵਾਵਾਂ ਦੇ ਕੋਠੇ, ਗੱਲ ਕੀ, ਮੰਟੋ ਨੇ ਬੰਬਈ ਦੀ ਅਪਰਾਧ ਨਗਰੀ ਦਾ ਬੜੀ ਬਾਰੀਕੀ ਨਾਲ ਅਧਿਐਨ ਕੀਤਾ ਹੈ। ਸੱਚਾਈ ਦੀ ਖੋਜ ਵਿਚ ਆਪ ਇਸ ਚਿੱਕੜ ਵਿਚ ਗੋਡੇ ਗੋਡੇ ਧਸਿਆ ਹੈ ; ਉਸਦੇ ਕੱਪੜੇ ਖਰਾਬ ਹੋ ਗਏ ਪਰ ਉਸਦੀ ਆਤਮਾਂ ਕਦੰਤ ਮੈਲੀ ਨਹੀਂ ਹੋਈ। ਉਸਦੀਆਂ ਕਹਾਣੀਆਂ ਵਿਚਲਾ ਇਕ ਗੁੱਝਿਆ ਦਰਦ ਇਸ ਗੱਲ ਦਾ ਗਵਾਹ ਹੈ।
ਮੰਟੋ ਔਰਤ ਦੀ ਇੱਜ਼ਤ ਕਰਦਾ ਹੈ ਤੇ ਉਸਦੀ ਪਵਿੱਤਰਤਾ ਅਤੇ ਘਰੇਲੂਪਨ ਦਾ ਏਨਾ ਕਾਇਲ ਹੈ ਕਿ ਕੋਈ ਹੋਰ ਸ਼ਾਇਦ ਹੀ ਹੋਵੇ। ਪਰ ਜਦੋਂ ਉਹ ਔਰਤ ਦੀ ਇੱਜ਼ਤ ਲੁੱਟੀ ਜਾਂਦੀ ਦੇਖਦਾ ਹੈ ਜਾਂ ਉਸਨੂੰ ਸਤ ਤਿਆਗਦਿਆਂ ਦੇਖਦਾ ਹੈ ਤਾਂ ਵਿਆਕੁਲ ਹੋ ਜਾਂਦਾ ਹੈ ਤੇ ਇਹ ਜਾਣਨ ਲਈ ਬੇਚੈਨ ਹੋ ਜਾਂਦਾ ਹੈ ਕਿ ਇੰਜ ਕਿਉਂ ਹੋ ਰਿਹਾ ਹੈ ? ਕਿਉਂ ਹੋ ਰਿਹਾ ਹੈ ਇਹ ਸਭ ਕੁਝ ? ਜਦੋਂ ਉਹ ਆਪਣੇ ਤਜ਼ੁਰਬੇ ਨਾਲ ਸਮਾਜਿਕ ਵਿਧਾਨ ਦਾ ਇਕੋ ਪ੍ਰਤੀਕਰਮ ਦੇਖਦਾ ਹੈ ਤਾਂ ਉਸਦੇ ਚਪੇੜ ਕੱਢ ਮਾਰਦਾ ਹੈ। ਉਸਦੀ ਹਰੇਕ ਕਹਾਣੀ ਦੇ ਅੰਤ ਵਿਚ ਇਕ ਚਪੇੜ ਵੱਜਦੀ ਤੇ ਪਾਠਕ ਬੁਰੀ ਤਰ੍ਹਾਂ ਤਿਲਮਿਲਾ ਕੇ ਰਹਿ ਜਾਂਦਾ ਹੈ। ਉਹ ਮੰਟੋ ਨੂੰ ਬੁਰਾ ਭਲਾ ਵੀ ਕਹਿੰਦਾ ਹੈ, ਪਰ ਮੰਟੋ ਕਦੇ ਇਸ ਹਰਕਤ ਤੋਂ ਬਾਅਜ਼ ਨਹੀਂ ਆਉਂਦਾ ਤੇ ਕਦੇ ਬਾਅਜ਼ ਆਵੇਗਾ ਵੀ ਨਹੀਂ। ਇਸ ਨੂੰ ਕਈ ਲੇਖਕ ਉਸ ਦੀ ਪੀੜ-ਪ੍ਰੇਮ ਕਹਿੰਦੇ ਨੇ, ਪਰ ਇਹ ਗੱਲ ਉਸਦੇ ਪੀੜ ਦੇ ਪ੍ਰੇਮੀ ਹੋਣ ਦੀ ਪ੍ਰਤੀਕ ਨਹੀਂ, ਬਲਕਿ ਉਸਦੀ ਮਿੱਧੀ-ਮਰੂੰਡੀ, ਜ਼ਖ਼ਮੀ ਇਨਸਾਨੀਅਤ ਦਾ ਵਿਗੜਿਆ ਹੋਇਆ ਰੂਪ ਹੈ। ਇਹੀ ਗੱਲ ਤੁਹਾਨੂੰ ਮੰਟੋ ਦੀ ਗੱਲਬਾਤ, ਉਸਦੀ ਹਰੇਕ ਕਿਰਤ, ਉਸਦੇ ਵਚਨ ਤੇ ਕਰਮ ਵਿਚ ਥਾਂ-ਥਾਂ ਨਜ਼ਰ ਆਏਗੀ। ਮੰਟੋ ਵਿਚ ਕਈ ਗੱਲਾਂ ਅਜਿਹੀਆਂ ਨੇ, ਜਿਹੜੀਆਂ ਉਸਦੀ ਜ਼ਿੰਦਗੀ ਵਿਚ ਹਨ…ਨਹੀਂ ਆਖੀਆਂ ਜਾ ਸਕਦੀਆਂ, ਇਸ ਲਈ ਲਿਖੀਆਂ ਵੀ ਨਹੀਂ ਜਾ ਸਕਦੀਆਂ। ਪਰ ਇਕ ਘਟਨਾ ਦਾ ਜ਼ਿਕਰ ਮੈਂ ਜ਼ਰੂਰ ਕਰਾਂਗਾ ; ਇਹ ਘਟਨਾ ਉਦੋਂ ਵਾਪਰੀ, ਜਦੋਂ ਮੈਂ ਸ਼ਾਲੀਮਾਰ ਪਿਕਚਰਜ਼ ਵਿਚ ਨੌਕਰੀ ਕਰਦਾ ਸਾਂ। ਮੈਂ ਬੰਬਈ ਵਿਚ ਹੋ ਰਹੀ ਪ੍ਰਗਤੀਸ਼ੀਲ ਲੇਖਕ ਕਾਨਫਰੰਸ ਵਿਚ ਜਾ ਰਿਹਾ ਸਾਂ, ਅਚਾਨਕ ਗੱਡੀ ਵਿਚ ਮੰਟੋ ਨਾਲ ਮੁਲਾਕਾਤ ਹੋ ਗਈ। ਕੁਝ ਚਿਰ ਅਸੀਂ ਇਧਰ ਉਧਰ ਦੀਆਂ ਗੱਲਾਂ ਕਰਦੇ ਰਹੇ ਫੇਰ ਮੰਟੋ ਨੇ ਪੁੱਛਿਆ, "ਉਹ ਮੈਂ ਇਕ ਕੁੜੀ 'ਸ਼ੀਨ' ਸਾਹਬ ਵੱਲ ਭੇਜੀ ਸੀ, ਐਕਟ੍ਰੇਸ ਬਣਨਾ ਚਾਹੁੰਦੀ ਸੀ, ਉਸਦਾ ਕੀ ਬਣਿਆ ?" ਮੈਂ ਕਿਹਾ, "ਉਹ ਅੱਜ ਕੱਲ੍ਹ 'ਪੇ' ਸਾਹਬ ਕੋਲ ਏ।" ਫੇਰ ਪੁੱਛਿਆ, "ਤੂੰ ਤਾਂ ਉਸਦਾ ਅਧਿਐਨ ਕੀਤਾ ਹੋਏਗਾ, ਕੀ ਬਲਾਅ ਏ ਉਹ ?" ਮੰਟੋ ਨੇ ਤ੍ਰਬਕ ਕੇ ਕਿਹਾ, "ਲਾਹੌਲ ਵਲਾਕੁਵੱਤ ! ਮੈਂ ਸਿਰਫ ਵੇਸਵਾਵਾਂ ਦਾ ਅਧਿਅਨ ਕਰਦਾਂ ਬਾਈ ਜੀ, ਸ਼ਰੀਫ ਕੁੜੀਆਂ ਦਾ ਨਹੀਂ।"
ਇਹੀ ਮੰਟੋ ਦਾ ਖਾਸ ਅੰਦਾਜ਼ ਹੈ। ਫੇਰ ਉਸਨੇ ਰੁਕ ਕੇ ਕਿਹਾ, "ਮੈਨੂੰ ਤਾਂ ਵਿਚਾਰੀ ਖਾਸੀ ਸ਼ਰੀਫ ਲੱਗਦੀ ਸੀ, ਪਰ ਢਿੱਡ ਬੁਰੀ ਬਲਾਅ ਹੁੰਦੈ…" ਉਹ ਬੜੀ ਦੇਰ ਤੱਕ ਚੁੱਪ ਬੈਠਾ ਰਿਹਾ ਤੇ ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਇਸ ਆਦਮੀ ਅੰਦਰ ਅਥਾਹ ਝਿਜਕ, ਅਸੀਮ ਸ਼ਰਮ ਤੇ ਅਨੰਤ ਪਵਿੱਤਰਤਾ ਛਿਪੀ ਹੋਈ ਹੈ। ਉਹ ਔਰਤ ਨੂੰ ਕਿੰਨੀ ਸਾਫ ਸੁਥਰੀ, ਪਵਿੱਤਰ ਤੇ ਪਾਕੀਜ਼ ਦੇਖਣ ਦਾ ਇੱਛੁਕ ਹੈ ! ਜਦੋਂ ਕੋਈ ਜ਼ਿੰਦਗੀ, ਸ੍ਰਿਸ਼ਟੀ ਤੇ ਸੁਹੱਪਣ ਨੂੰ ਗੰਦਗੀ ਤੇ ਅਪਵਿਤਰਤਾ ਨਾਲੋਂ ਵੱਖ ਕਰਕੇ ਦੇਖਣਾ ਚਾਹੇ ਤਾਂ ਉਸਦੇ ਸਵੱਛ ਦ੍ਰਿਸ਼ਟੀਕੋਣ ਵਿਚ ਕੋਈ ਸ਼ੱਕ ਨਹੀਂ ਰਹਿੰਦਾ। ਉਸਦੀ ਸ਼ਰਧਾ ਉੱਤੇ ਵਿਸ਼ਵਾਸ ਕਰਨਾ ਹੀ ਪੈਂਦਾ ਹੈ। ਘੱਟੋਘੱਟ ਮੈਨੂੰ ਇਸ ਗੱਲ ਦਾ ਪੂਰਾ ਵਿਸ਼ਵਾਸ ਹੈ ਕਿ ਮੰਟੋ ਫਕੀਰੀ ਦੇ ਅੰਤਮ ਪੜਾਅ ਤੇ ਪਹੁੰਚ ਚੁੱਕਿਆ ਹੈ। ਇਹ ਗੱਲ ਹੋਰ ਹੈ ਕਿ ਉਹ ਮੈਨੂੰ ਝੂਠਾ ਸਿੱਧ ਕਰਨ ਲਈ, ਅੱਜ ਹੀ ਇਕ ਦੋ ਕਹਾਣੀਆਂ ਮੇਰੀਆਂ ਇਹਨਾਂ ਦਲੀਲਾਂ ਦੇ ਵਿਰੁੱਧ ਲਿਖ ਦਏ। ਉਹ ਅਜਿਹੀ ਹਰਕਤ ਕਰ ਸਕਦਾ ਹੈ, ਪਰ ਇਹ ਪ੍ਰਤੀਕਰਮ ਵੀ ਉਸਦੇ ਸੁਭਾਅ ਦਾ ਕਮਾਲ ਹੀ ਹੋਏਗਾ। ਉਸਦੇ ਇਸ ਕਲਾਤਮਕ ਜੌਹਰ ਦਾ ਵਧੇਰੇ ਹਿੱਸਾ ਮਨੁੱਖੀ ਭਰੱਪਣ, ਮਨੁੱਖੀ ਹਮਦਰਦੀ ਤੇ ਮਨੁੱਖਤਾ ਦੀਆਂ ਜੜਾਂ ਮਜ਼ਬੂਤ ਕਰਨ ਦੀ ਉਸਦੀ ਇੱਛਾ ਦੀ ਚੁਗਲੀ ਕਰਦਾ ਹੈ ਤੇ ਇਹੀ ਉਸਦੇ ਸਾਹਿਤ ਦੀ ਗੁੱਝੀ ਪੈੜ ਹੈ।

(ਅਨੁਵਾਦ : ਮਹਿੰਦਰ ਬੇਦੀ ਜੈਤੋ)

ਪੰਜਾਬੀ ਕਹਾਣੀਆਂ (ਮੁੱਖ ਪੰਨਾ)