Punjabi Stories/Kahanian
ਮੋਹਨ ਭੰਡਾਰੀ
Mohan Bhandari
 Punjabi Kahani
Punjabi Kavita
  

Khushkhabri Mohan Bhandari

ਖ਼ੁਸ਼ਖ਼ਬਰੀ ਮੋਹਨ ਭੰਡਾਰੀ

ਭੂਚਾਲ ਆਇਆ ਅਤੇ ਚਲਿਆ ਗਿਆ। ਅਣਗਿਣਤ ਲੋਕ ਮਾਰੇ ਗਏ। ਘਰ ਢਹਿ ਗਏ। ਰੁੱਖ ਉੱਖੜ ਗਏ। ਇੱਕ ਚਿੜੀ ਤੇ ਚਿੜਾ ਬਚ ਗਏ। ਉਹ ਉੱਡਦੇ-ਉੱਡਦੇ ਇੱਕ ਢੱਠੇ ਹੋਏ ਘਰ ’ਚ ਜਾ ਵੜੇ। ਇੱਕ ਸੁਰੱਖਿਅਤ ਜਾਪਦਾ ਖੂੰਜਾ, ਉਨ੍ਹਾਂ ਜਾ ਮੱਲਿਆ। ਉੱਥੋਂ ਉਨ੍ਹਾਂ ਨੂੰ ਉਡਾਉਣ ਵਾਲਾ ਕੋਈ ਨਹੀਂ ਸੀ।
ਕੁਝ ਹੋਸ਼ ਆਈ ਤਾਂ ਚਿੜੇ ਨੇ ਕਿਹਾ, ‘‘ਸ਼ੁਕਰ ਐ, ਜਾਨ ਤਾਂ ਬਚੀ।’’ ਪਰ ਚਿੜੀ ਹਾਲੇ ਵੀ ਡਰੀ ਹੋਈ ਸੀ। ਉਹ ਕੰਬਦੀ ਆਵਾਜ਼ ਵਿੱਚ ਬੋਲੀ, ‘‘ਅਜੇ ਕੀ ਪਤੈ, ਫੇਰ ਤੂਫ਼ਾਨ ਆ ਜਾਵੇ, ਇਸ ਘਰ ਦੀ ਕੋਈ ਛੱਤ ਵੀ ਨਹੀਂ। ਮੈਂ ਤਾਂ ਕਹਿਨੀ ਆਂ ਕਿ ਆਪਾਂ ਏਥੋਂ ਕਿਸੇ ਦੂਰ-ਦੁਰਾਡੇ ਦੇਸ਼ ਵਿੱਚ ਚਲੇ ਚੱਲੀਏ।’’ ਚਿੜੇ ਨੇ ਗੁੱਸੇ ਹੋ ਕੇ ਆਖਿਆ, ‘‘ਕਿਉਂ ਚਿੜ-ਚਿੜ ਕਰੀ ਜਾਨੀ ਏਂ! ਓਥੇ ਭੁਚਾਲ ਨਹੀਂ ਆ ਸਕਦਾ? ਆਪਣਾ ਦੇਸ਼ ਛੱਡ ਕੇ ਨਹੀਂ ਜਾਈਦਾ। ਨਵੀਂ ਥਾਂ, ਨਵੀਆਂ ਮੁਸੀਬਤਾਂ।’’
ਚਿੜੀ ਚੁੱਪ ਰਹੀ।
ਅਗਲੇ ਦਿਨ, ਸਵੇਰੇ-ਸਵੇਰੇ, ਉਨ੍ਹਾਂ ਨੇ ਹਿੰਮਤ ਨਾਲ ਇੱਕ-ਇੱਕ ਤੀਲਾ ਇਕੱਠਾ ਕਰ ਕੇ ਕੰਮ-ਚਲਾਊ ਆਲ੍ਹਣਾ ਬਣਾ ਲਿਆ। ਚਿੜੇ ਨੂੰ ਭੁੱਖ ਲੱਗੀ ਤਾਂ ਉਸ ਨੇ ਚਿੜੀ ਦੀ ਖ਼ੂਬ ਤਾਰੀਫ਼ ਕੀਤੀ ਤੇ ਖਿਚੜੀ ਬਣਾਉਣ ਲਈ ਕਿਹਾ। ਚਿੜੀ ਖ਼ੁਸ਼ ਹੋਈ।
ਉਸ ਨੇ ਨਿੱਕੀਆਂ-ਨਿੱਕੀਆਂ ਇੱਟਾਂ ਦਾ ਚੁੱਲ੍ਹਾ ਬਣਾਇਆ। ਘਰ ਵਿੱਚੋਂ ਹੀ ਲੱਕੜੀ ਦੇ ਛੋਟੇ-ਛੋਟੇ ਟੁਕੜੇ ਇਕੱਠੇ ਕਰ ਕੇ ਕਿਸੇ ਤਰ੍ਹਾਂ ਅੱਗ ਬਾਲੀ ਤੇ ਖਿਚੜੀ ਪਕਾਈ। ਦੋਵਾਂ ਨੇ ਰੱਜ ਕੇ ਖਾਧੀ।
ਬੱਸ ਫੇਰ ਕੀ ਸੀ? ਉਨ੍ਹਾਂ ਦੀ ਦੇਖਾ-ਦੇਖੀ ਹੌਲੀ-ਹੌਲੀ ਦੂਜੇ ਪੰਛੀ ਅਤੇ ਜਨੌਰ ਵੀ ਗੁਆਂਢ ’ਚ ਆ ਕੇ ਰਹਿਣ ਲੱਗੇ। ਉਹ ਇੱਕ-ਦੂਜੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣ ਲੱਗੇ। ਚਿੜੀ ਨੇ ਹੌਲੀ ਜਿਹੀ ਚਿੜੇ ਦੇ ਕੰਨ ’ਚ ਕਿਹਾ, ‘‘ਇਨ੍ਹਾਂ ਦਾ ਏਥੇ ਕੀ ਕੰਮ?’’ ਚਿੜੇ ਨੇ ਉਸ ਨੂੰ ਦਿਲਾਸਾ ਦਿੱਤਾ ਤੇ ਕਹਿਣ ਲੱਗਾ, ‘‘ਕੋਈ ਗੱਲ ਨਹੀਂ। ਸਾਡਾ ਆਲ੍ਹਣਾ ਬਹੁਤ ਉੱਚਾ ਹੈ। ਇਹ ਏਥੇ ਨਹੀਂ ਚੜ੍ਹ ਸਕਦੇ। ਤੂੰ ਨਿਸ਼ਚਿੰਤ ਰਹਿ। ਚੁੱਪ-ਚਾਪ ਆਪਣਾ ਵਕਤ ਕੱਟੀਏ। ਬਚਾਅ ਵਿੱਚ ਹੀ ਬਚਾਅ ਐ।’’ ‘‘ਇਹ ਆਪਣੇ ਸ਼ਰੀਕ ਨੇ…’’ ਚਿੜੀ ਨੇ ਅਜੇ ਆਪਣੀ ਗੱਲ ਪੂਰੀ ਵੀ ਨਹੀਂ ਸੀ ਕੀਤੀ ਕਿ ਚਿੜੇ ਨੇ ਵਿੱਚੋਂ ਟੋਕਦਿਆਂ ਆਖਿਆ, ‘‘ਓਹੀ ਕੀਤੀ ਨਾ, ਤੀਮੀਆਂ ਵਾਲੀ ਚਲਾਕੀ? ਕਮਲੀਏ! ਇਹ ਆਪਣੇ ਭਾਈਵੰਦ ਨੇ। ਦੁੱਖ-ਸੁੱਖ ਦੇ ਸਾਥੀ। ਲੋੜ ਵੇਲੇ ਇਹੀ ਕੰਮ ਆਉਂਦੇ ਹੁੰਦੇ ਨੇ। ਸਮਝੀ?’’ ਚਿੜੀ ਨੇ ਸਿਆਣਪ ਤੋਂ ਕੰਮ ਲਿਆ। ਐਵੇਂ ਗੱਲ ਵਧਾਈ ਜਾਣੀ, ਕਲੇਸ਼ ਦਾ ਸਬੱਬ ਬਣ ਜਾਂਦੀ। ਚਿੜੇ ਨੇ ਸਮਝ ਲਿਆ ਕਿ ਉਹ ਸਮਝ ਗਈ।
ਕੁਝ ਦਿਨ ਲੰਘ ਗਏ। ਉੱਥੇ ਲਾਗਲੇ ਘਰਾਂ ਵਿੱਚ ਲੋਕ ਆਉਣੇ ਸ਼ੁਰੂ ਹੋ ਗਏ। ਚਿੜੀ ਤੋਂ ਹੋਰ ਚੁੱਪ ਨਾ ਰਿਹਾ ਗਿਆ। ਉਹ ਬੋਲ ਉੱਠੀ, ‘‘ਹੁਣ ਕੀ ਕੀਤਾ ਜਾਵੇ?’’ ਚਿੰਤਾ ਤਾਂ ਚਿੜੇ ਨੂੰ ਵੀ ਹੋਈ ਪਰ ਉਹ ਡਰਪੋਕ ਨਹੀਂ ਸੀ ਕਹਾਉਣਾ ਚਾਹੁੰਦਾ। ਡਰੀ ਹੋਈ ਦਲੇਰੀ ਨਾਲ ਉਹ ਬੋਲਿਆ, ‘‘ਤੂੰ ਘਬਰਾਈ ਕਿਉਂ ਜਾਨੀ ਐਂ! ਕਾਂ, ਕਬੂਤਰ, ਗੁਟਾਰਾਂ ਤੇ ਘੁੱਗੀਆਂ… ਜਦੋਂ ਇਸ ਘਰ ਦਾ ਮਾਲਕ ਆਵੇਗਾ ਤਾਂ ਦੇਖ ਲਵਾਂਗੇ।’’
ਚਿੜੀ ਨੇ ਹੁੰਗਾਰਾ ਦਿੱਤਾ, ‘‘ਗੱਲ ਤਾਂ ਤੇਰੀ ਸਹੀ ਐ ਪਰ ਮੈਨੂੰ ਆਦਮੀਆਂ ਤੋਂ ਬਹੁਤ ਡਰ ਲੱਗਦੈ। ਇਹ ਗੋਲੀ ਮਾਰਨ ਲੱਗਿਆਂ ਅੱਗਾ-ਪਿੱਛਾ ਨਹੀਂ ਦੇਖਦੇ।’’ ਚਿੜੇ ਨੇ ਉਸ ਦੀ ਹਾਮੀ ਭਰਦਿਆਂ ਆਖਿਆ, ‘‘ਚਲੋ ਕਾਂ ਨਾਲ ਸਲਾਹ ਕਰਦੇ ਆਂ। ਉਹ ਬੜਾ ਹੁਸ਼ਿਆਰ ਐ…। ਸਭ ਤੋਂ ਚਲਾਕ। ਕੋਈ ਨਾ ਕੋਈ ਰਾਹ ਨਿਕਲ ਆਏਗਾ।’’
ਕਾਂ ਨੇ ਧੀਰਜ ਨਾਲ ਸਾਰੀ ਗੱਲ ਸੁਣ ਕੇ ਉਨ੍ਹਾਂ ਨੂੰ ਹੌਸਲਾ ਦਿੱਤਾ, ‘‘ਅਸੀਂ ਸਾਰੇ ਇਕੱਠੇ ਰਹਾਂਗੇ, ਚਿੰਤਾ ਨਾ ਕਰੋ। ਮੇਰੀ ਅੱਖ ਬੜੀ ਤੇਜ਼ ਐ…. ਦੂਰੋਂ ਸਭ ਕੁਝ ਦੇਖ ਲੈਂਦੀ ਐ। ਮੈਂ ਚੋਰੀ-ਚੋਰੀ ਇਨ੍ਹਾਂ ਲੋਕਾਂ ਦੀਆਂ ਗੱਲਾਂ ਸੁਣਾਂਗਾ, ਫੇਰ ਤੁਹਾਨੂੰ ਦੱਸਾਂਗਾ ਕਿ ਇਨ੍ਹਾਂ ਦੇ ਮਨ ਵਿੱਚ ਕੀ ਐ?’’
ਕਾਂ ਉਡਾਰੀ ਮਾਰ ਇੱਕ ਹਵੇਲੀ ਦੀ ਛੱਤ ’ਤੇ ਜਾ ਬੈਠਾ। ਖੁੱਲ੍ਹੇ ਵਿਹੜੇ ਵਿੱਚ ਆਦਮੀਆਂ ਦਾ ਜਲਸਾ ਹੋ ਰਿਹਾ ਸੀ। ਇੱਕ ਨੇਤਾ ਭਾਸ਼ਣ ਦੇ ਰਿਹਾ ਸੀ, ‘‘ਅਸੀਂ ਨਵੇਂ ਭਾਰਤ ਦਾ ਨਿਰਮਾਣ ਕਰਨਾ ਹੈ। ਗੌਰਵ ਯਾਤਰਾ ਬੜੀ ਸ਼ਾਂਤੀ ਨਾਲ ਸੰਪੂਰਨ ਹੋ ਗਈ ਹੈ। ਸਾਡੇ ਦੇਸ਼ ਵਿੱਚ ਲੋਕਤੰਤਰ ਹੈ… ਲੋਕਤੰਤਰ ਦੀ ਸ਼ਰਤ ਹੁੰਦੀ ਹੈ, ਇਲੈਕਸ਼ਨ। ਅਸੀਂ ਇਲੈਕਸ਼ਨ ਕਰਾਵਾਂਗੇ ਅਤੇ ਜਿੱਤਾਂਗੇ।’’ ਕਿਸੇ ਨੇ ਲੋਕਾਂ ਵਿੱਚੋਂ ਖੜ੍ਹੇ ਹੋ ਕੇ ਸਵਾਲ ਕੀਤਾ, ‘‘ਕੀ ਇਹ ਵਾਜਬ ਹੈ ਕਿ ਜਦੋਂ ਜਨਤਾ ਦੀਆਂ ਭਾਵਨਾਵਾਂ ਭੜਕੀਆਂ ਹੋਣ ਤਾਂ ਚੋਣਾਂ ਕਰਵਾਈਆਂ ਜਾਣ? ਇਹ ਬਾਅਦ ਵਿੱਚ ਨਹੀਂ ਕਰਵਾਈਆਂ ਜਾ ਸਕਦੀਆਂ? ਜਦ ਅਮਨ ਚੈਨ ਹੋਵੇ।’’ ਨੇਤਾ ਨੇ ਬੜੇ ਆਰਾਮ ਨਾਲ ਮੁਸਕਰਾਉਂਦਿਆਂ ਹੋਇਆਂ ਕਿਹਾ, ‘‘ਸਾਡੇ ਰਾਸ਼ਟਰਪਤੀ ਜੀ ਦਾ ਫੁਰਮਾਨ ਹੈ, ਜੋ ਕੱਲ੍ਹ ਕਰਨਾ ਹੈ, ਅੱਜ ਕਰ।’’ ਵਿਹੜਾ ਲੋਕਾਂ ਦੀਆਂ ਤਾੜੀਆਂ ਨਾਲ ਗੂੰਜ ਉੱਠਿਆ।
ਕਾਂ ਉੱਡ ਕੇ ਚਿੜੇ ਕੋਲ ਆਇਆ। ਉਸ ਨੂੰ ਖ਼ੁਸ਼ਖ਼ਬਰੀ ਦਿੱਤੀ, ‘‘ਅਜੇ ਆਦਮੀ ਆਪਸ ਵਿੱਚ ਲੜ ਰਹੇ ਨੇ… ਸਾਨੂੰ ਜਨੌਰਾਂ ਨੂੰ ਕੋਈ ਖ਼ਤਰਾ ਨਹੀਂ।’’

ਪੰਜਾਬੀ ਕਹਾਣੀਆਂ (ਮੁੱਖ ਪੰਨਾ)