ਕਾਹਲ ਵਰਿਆਮ ਸਿੰਘ ਸੰਧੂ
ਉਸ ਕੁੜੀ ਨੇ ਕਿਹਾ, "ਜੇ ਆਪਾਂ ਵਿਛੜ ਗਏ ਤਾਂ ਮੈਂ ਇਕ ਪਲ ਵੀ ਨਹੀਂ ਜੀ ਸਕਾਂਗੀ । ਮੈਂ ਤਾਂ ਉਸੇ ਪਲ ਹੀ ਖ਼ੁਦਕੁਸ਼ੀ ਕਰ ਲਵਾਂਗੀ ।"
ਉਸ ਮੁੰਡੇ ਨੇ ਵੀ ਕਿਹਾ, "ਜੇ ਆਪਾਂ ਵਿਛੜ ਗਏ ਤਾਂ ਮੈਂ ਇਕ ਪਲ ਵੀ ਜੀ ਨਹੀਂ ਸਕਾਂਗਾ । ਮੈਂ ਤਾਂ ਉਸੇ ਪਲ ਹੀ ਖੁਦਕੁਸ਼ੀ ਕਰ ਲਵਾਂਗਾ ।"
ਤੇ ਫਿਰ ਸੱਚ ਮੁੱਚ ਕੁੜੀ ਤੇ ਮੁੰਡਾ ਵਿਛੜ ਗਏ ।
ਵਿਛੱੜਣ ਲੱਗਿਆਂ ਕੁੜੀ ਜ਼ਾਰ ਜ਼ਾਰ ਰੋਈ ।
ਵਿਛੱੜਣ ਲੱਗਿਆਂ ਮੁੰਡਾ ਵੀ ਜ਼ਾਰ ਜ਼ਾਰ ਰੋਇਆ ।
ਕੁੜੀ ਦੂਰ ਤੱਕ ਧੌਣ ਭੁਆਂ ਕੇ ਵਾਰ ਵਾਰ ਵੇਖਦੀ ਅੱਖੋਂ ਉਹਲੇ ਹੋ ਗਈ ਤਾਂ ਮੁੰਡੇ ਨੂੰ ਆਪਣੇ ਬੋਲ ਚੇਤੇ ਆਏ, "ਜੇ ਆਪਾਂ ਵਿਛੱੜ ਗਏ ਤਾਂ ਮੈਂ ਇਕ ਪਲ ਵੀ ਨਹੀਂ ਜੀ ਸਕਾਂਗਾ । ਮੈਂ ਤਾਂ ਉਸੇ ਪਲ ਹੀ ਖੁਦਕੁਸ਼ੀ ਕਰ ਲਵਾਂਗਾ ।"
ਤੇ ਉਸ ਦੀ ਨਜ਼ਰ ਵਿਚ ਇਕ ਪਲ ਵਿਚ ਉਹਨਾਂ ਆਉਣ ਵਾਲੇ ਸਾਰੇ ਸਾਲਾਂ ਤੇ ਤੈਰ ਗਈ , ਜਿਹੜੇ ਉਸ ਨੂੰ ਉਸ ਕੁੜੀ ਬਾਝੋਂ ਬਿਤਾਉਣੇ ਪੈਣਗੇ । "ਹਾਇ ! ਇਹਨਾਂ ਸਾਲਾਂ ਦਾ ਪਹਾੜੀ ਭਾਰ ਉਹਦੀ ਕੂਲੀ ਆਤਮਾ ਕਿਵੇਂ ਚੁੱਕੇਗੀ ! ਉਹ ਤਾਂ ਉਸ ਬਾਝੋਂ ਨਹੀਂ ਜੀ ਸਕਣ ਲੱਗਾ ।"
ਸੱਚਮੁੱਚ ਉਸ ਨੇ ਉਸੇ ਪਲ ਖੁਦਕੁਸ਼ੀ ਕਰ ਲਈ ।
ਖੁਦਕੁਸ਼ੀ ਕਰਨ ਤੋਂ ਪਿਛੋਂ ਮੁੰਡਾ ਕੁੜੀ ਨੂੰ ਬੜੀ ਤੀਬਰਤਾ ਨਾਲ ਉਡੀਕਣ ਲੱਗਾ ।
ਉਹ ਇਕ ਪਲ ਬੀਤ ਗਿਆ ।
ਕੁੜੀ ਨਾ ਆਈ ।
ਇਕ ਦਿਨ ਵੀ ਬੀਤ ਗਿਆ ।
ਪਰ ਕੁੜੀ ਨਾ ਆਈ ।
ਇੰਝ ਇਕ ਸਾਲ ਬੀਤ ਗਿਆ ।
ਕੁੜੀ ਫੇਰ ਨਾ ਆਈ ।
ਆਖਰ ਹੌਲੀ ਹੌਲੀ ਇਕ ਉਮਰ ਬੀਤ ਗਈ । ਮੁੰਡਾ ਉਡੀਕਦਾ ਉਡੀਕਦਾ ਬਿਕੁਲ ਥੱਕ ਗਿਆ ਪਰ ਕੁੜੀ ਅਜੇ ਵੀ ਨਾ ਆਈ ।
ਉਹ ਸੋਚਿਆ ; ਭਲਾ ਵੇਖ ਕੇ ਤਾਂ ਆਵਾਂ !
ਤੇ ਉਸ ਵੇਖਿਆ, ਨਿੱਕੇ ਨਿੱਕੇ ਬੱਚਿਆਂ ਵਿਚ ਘਿਰੀ ਬੈਠੀ, ਬਾਤਾਂ ਪਾਉਂਦੀ, ਚਿੱਟੇ ਵਾਲਾਂ ਵਾਲੀ ਉਹ ਕੁੜੀ ਉਸ ਨੂੰ ਵੇਖ ਕੇ ਕੰਬੀ, ਉਠੀ, ਉਸ ਦੇ ਹੋਂਠ ਫੜਕੇ ਤੇ ਅੱਖਾਂ ਵਿਚ ਸਾਰੇ ਜਹਾਨ ਦਾ ਦਰਦ ਇੱਕਠਾ ਕਰਕੇ ਉਹ ਭਰੇ ਗਲੇ ਨਾਲ ਬੋਲੀ, "ਹਾਇ ! ਮੈਂ ਮਰ ਜਾਂ । ਤੂੰ ਕਿੰਨਾ ਕਾਹਲਾ ਏਂ ! ਏਨੀ ਛੇਤੀ ਮੁੜ ਆਇਐਂ ? ਮੈਂ ਤਾਂ ਤੇਰੇ ਕੋਲ ਆਉਣ ਹੀ ਵਾਲੀ ਸਾਂ ।"
ਪੰਜਾਬੀ ਕਹਾਣੀਆਂ (ਮੁੱਖ ਪੰਨਾ) |