Punjabi Stories/Kahanian
ਐਂਤਨ ਚੈਖਵ
Anton Chekhov
 Punjabi Kahani
Punjabi Kavita
  

Ik Chhota Jiha Majaak Anton Chekhov

ਇੱਕ ਛੋਟਾ ਜਿਹਾ ਮਜਾਕ ਐਂਤਨ ਚੈਖਵ

ਸਰਦੀਆਂ ਦੀ ਖ਼ੂਬਸੂਰਤ ਦੁਪਹਿਰ … ਸਰਦੀ ਬਹੁਤ ਤੇਜ ਹੈ । ਨਾਦੀਆ ਨੇ ਮੇਰੀ ਬਾਂਹ ਫੜ ਰੱਖੀ ਹੈ । ਉਸਦੇ ਘੁੰਘਰਾਲੇ ਵਾਲਾਂ ਵਿੱਚ ਬਰਫ ਇਸ ਤਰ੍ਹਾਂ ਜਮ ਗਈ ਹੈ ਕਿ ਉਹ ਚਨਣੀ ਵਾਂਗ ਚਮਕਣ ਲੱਗੇ ਹਨ । ਬੁੱਲਾਂ ਦੇ ਉੱਤੇ ਵੀ ਬਰਫ ਦੀ ਇੱਕ ਲਕੀਰ–ਜਿਹੀ ਵਿਖਾਈ ਦੇਣ ਲੱਗੀ ਹੈ । ਅਸੀਂ ਇੱਕ ਪਹਾੜੀ ਤੇ ਖੜੇ ਹੋਏ ਹਾਂ । ਸਾਡੇ ਪੈਰਾਂ ਦੇ ਹੇਠਾਂ ਮੈਦਾਨ ਤੇ ਇੱਕ ਢਲਾਣ ਫੈਲੀ ਹੋਈ ਹੈ ਜਿਸ ਵਿੱਚ ਸੂਰਜ ਦੀ ਰੋਸ਼ਨੀ ਇਵੇਂ ਚਮਕ ਰਹੀ ਹੈ ਜਿਵੇਂ ਉਸਦੀ ਪਰਛਾਈ ਸ਼ੀਸ਼ੇ ਵਿੱਚ ਪੈ ਰਹੀ ਹੋਵੇ । ਸਾਡੇ ਪੈਰਾਂ ਦੇ ਕੋਲ ਹੀ ਇੱਕ ਸਲੈੱਜ ਪਈ ਹੋਈ ਹੈ ਜਿਸਦੀ ਗੱਦੀ ਤੇ ਲਾਲ ਕੱਪੜਾ ਲਗਾ ਹੋਇਆ ਹੈ ।
"ਚਲੋ ਨਾਦੀਆ, ਇੱਕ ਵਾਰ ਫਿਸਲੀਏ !" ਮੈਂ ਨਾਦੀਆ ਨੂੰ ਕਿਹਾ, "ਸਿਰਫ ਇੱਕ ਵਾਰ ! ਘਬਰਾਓ ਨਹੀਂ, ਸਾਨੂੰ ਕੁੱਝ ਨਹੀਂ ਹੋਵੇਗਾ, ਅਸੀਂ ਠੀਕ–ਠਾਕ ਹੇਠਾਂ ਪਹੁੰਚ ਜਾਵਾਂਗੇ ।"
ਲੇਕਿਨ ਨਾਦੀਆ ਡਰ ਰਹੀ ਹੈ । ਇੱਥੋਂ, ਪਹਾੜੀ ਦੇ ਕਗਾਰ ਤੋਂ, ਹੇਠਾਂ ਮੈਦਾਨ ਤੱਕ ਦਾ ਰਸਤਾ ਉਸਨੂੰ ਬੇਹੱਦ ਲੰਬਾ ਲੱਗ ਰਿਹਾ ਹੈ । ਉਹ ਡਰ ਨਾਲ ਪੀਲੀ ਪੈ ਗਈ ਹੈ । ਜਦੋਂ ਉਹ ਉੱਤੋਂ ਹੇਠਾਂ ਵੱਲ ਝਾਕਦੀ ਹੈ ਅਤੇ ਜਦੋਂ ਮੈਂ ਉਸ ਨੂੰ ਸਲੈੱਜ ਤੇ ਬੈਠਣ ਨੂੰ ਕਹਿੰਦਾ ਹਾਂ ਤਾਂ ਜਿਵੇਂ ਉਸਦਾ ਦਮ ਨਿਕਲ ਜਾਂਦਾ ਹੈ । ਮੈਂ ਸੋਚਦਾ ਹਾਂ–– ਲੇਕਿਨ ਫਿਰ ਕੀ ਹੋਵੇਗਾ, ਜਦੋਂ ਉਹ ਹੇਠਾਂ ਫਿਸਲਣ ਦਾ ਖ਼ਤਰਾ ਉਠਾ ਲਵੇਗੀ ! ਉਹ ਤਾਂ ਡਰ ਨਾਲ ਮਰ ਹੀ ਜਾਵੇਗੀ ਜਾਂ ਪਾਗਲ ਹੀ ਹੋ ਜਾਵੇਗੀ ।
" ਮੇਰੀ ਬਾਤ ਮੰਨ ਲੈ !" ਮੈਂ ਉਸਨੂੰ ਕਿਹਾ " ਨਾ,ਨਾ, ਡਰ ਨਾ, ਤੇਰੇ ਵਿੱਚ ਹਿੰਮਤ ਦੀ ਕਮੀ ਹੈ ਕੀ ?"
ਆਖਿਰਕਾਰ ਉਹ ਮੰਨ ਜਾਂਦੀ ਹੈ । ਅਤੇ ਮੈਂ ਉਸਦੇ ਚਿਹਰੇ ਦੇ ਭਾਵਾਂ ਨੂੰ ਪੜ੍ਹਦਾ ਹਾਂ । ਇਉਂ ਲੱਗਦਾ ਹੈ ਜਿਵੇਂ ਮੌਤ ਦਾ ਖ਼ਤਰਾ ਮੁਲ ਲੈ ਕੇ ਹੀ ਉਸਨੇ ਮੇਰੀ ਇਹ ਗੱਲ ਮੰਨੀ ਹੈ । ਉਹ ਡਰ ਨਾਲ ਬੱਗੀ ਪੈ ਚੁੱਕੀ ਹੈ ਅਤੇ ਕੰਬ ਰਹੀ ਹੈ । ਮੈਂ ਉਹਨੂੰ ਸਲੈੱਜ ਤੇ ਬਿਠਾ ਕੇ, ਉਸਦੇ ਮੋਢਿਆਂ ਤੇ ਆਪਣਾ ਹੱਥ ਰੱਖ ਕੇ ਉਸਦੇ ਪਿੱਛੇ ਬੈਠ ਜਾਂਦਾ ਹਾਂ । ਅਸੀਂ ਉਸ ਅਥਾਹ ਗਹਿਰਾਈ ਦੇ ਵੱਲ ਫਿਸਲਣ ਲੱਗਦੇ ਹਾਂ । ਸਲੈੱਜ ਗੋਲੀ ਦੀ ਤਰ੍ਹਾਂ ਬੜੀ ਤੇਜੀ ਨਾਲ ਹੇਠਾਂ ਜਾ ਰਹੀ ਹੈ । ਬੇਹੱਦ ਠੰਡੀ ਹਵਾ ਸਾਡੇ ਚੇਹਰਿਆਂ ਤੇ ਚੋਟ ਕਰ ਰਹੀ ਹੈ । ਹਵਾ ਇਉਂ ਚੰਘਿਆੜ ਰਹੀ ਹੈ ਕਿ ਲੱਗਦਾ ਹੈ, ਜਿਵੇਂ ਕੋਈ ਤੇਜ ਸੀਟੀ ਵਜਾ ਰਿਹਾ ਹੋਵੇ । ਹਵਾ ਜਿਵੇਂ ਗ਼ੁੱਸੇ ਨਾਲ ਸਾਡੇ ਬਦਨ ਚੀਰ ਰਹੀ ਹੈ, ਉਹ ਸਾਡੇ ਸਿਰ ਉਤਾਰ ਲੈਣਾ ਚਾਹੁੰਦੀ ਹੈ । ਹਵਾ ਇੰਨੀ ਤੇਜ ਹੈ ਕਿ ਸਾਹ ਲੈਣਾ ਵੀ ਮੁਸ਼ਕਲ ਹੈ । ਲੱਗਦਾ ਹੈ, ਜਿਵੇਂ ਸ਼ੈਤਾਨ ਸਾਨੂੰ ਆਪਣੇ ਪੰਜਿਆਂ ਵਿੱਚ ਜਕੜ ਕੇ ਗਰਜਦੇ ਹੋਏ ਨਰਕ ਦੇ ਵੱਲ ਖਿੱਚ ਰਿਹਾ ਹੈ । ਆਸਪਾਸ ਦੀਆਂ ਸਾਰੀਆਂ ਚੀਜਾਂ ਜਿਵੇਂ ਇੱਕ ਤੇਜੀ ਨਾਲ ਭੱਜਦੀ ਹੋਈ ਲਕੀਰ ਵਿੱਚ ਬਦਲ ਗਈਆਂ ਹਨ । ਐਸਾ ਮਹਿਸੂਸ ਹੁੰਦਾ ਹੈ ਕਿ ਆਣ ਵਾਲੇ ਪਲ ਵਿੱਚ ਹੀ ਅਸੀਂ ਮਰ ਜਾਵਾਂਗੇ ।
"ਮੈਂ ਤੈਨੂੰ ਪਿਆਰ ਕਰਦਾ ਹਾਂ, ਨਾਦੀਆ !" ਮੈਂ ਹੌਲੀ ਜਿਹੇ ਕਹਿੰਦਾ ਹਾਂ ।
ਸਲੈੱਜ ਦੀ ਰਫ਼ਤਾਰ ਹੌਲੀ–ਹੌਲੀ ਘੱਟ ਹੋ ਜਾਂਦੀ ਹੈ । ਹਵਾ ਦਾ ਗਰਜਣਾ ਅਤੇ ਸਲੈੱਜ ਦਾ ਗੂੰਜਣਾ ਹੁਣ ਇੰਨਾ ਭਿਆਨਕ ਨਹੀਂ ਲੱਗਦਾ । ਸਾਡੇ ਦਮ ਵਿੱਚ ਦਮ ਆਉਂਦਾ ਹੈ ਅਤੇ ਆਖਿਰਕਾਰ ਅਸੀਂ ਹੇਠਾਂ ਪਹੁੰਚ ਜਾਂਦੇ ਹਾਂ । ਨਾਦੀਆ ਅੱਧਮਰੀ –ਜਿਹੀ ਹੋ ਰਹੀ ਹੈ । ਉਹ ਬੱਗੀ ਪੈ ਗਈ ਹੈ । ਉਸਦੇ ਸਾਹ ਬਹੁਤ ਹੌਲੀ–ਹੌਲੀ ਚੱਲ ਰਹੇ ਹਨ . . . ਮੈਂ ਉਸਦੀ ਸਲੈੱਜ ਤੋਂ ਉੱਠਣ ਵਿੱਚ ਮਦਦ ਕਰਦਾ ਹਾਂ ।
"ਹੁਣ ਚਾਹੇ ਜੋ ਵੀ ਹੋ ਜਾਵੇ ਮੈਂ ਕਦੇ ਨਹੀਂ ਫਿਸਲੂੰਗੀ, ਹਰਗਿਜ਼ ਨਹੀਂ ! ਅੱਜ ਤਾਂ ਮੈਂ ਮਰਦੇ–ਮਰਦੇ ਬਚੀ ਹਾਂ ।" ਮੇਰੇ ਵੱਲ ਵੇਖਦੇ ਹੋਏ ਉਹਨੇ ਕਿਹਾ । ਉਸਦੀਆਂ ਵੱਡੀਆਂ–ਵੱਡੀਆਂ ਅੱਖਾਂ ਵਿੱਚ ਖੌਫ ਦਾ ਸਾਇਆ ਵਿਖਾਈ ਦੇ ਰਿਹਾ ਹੈ । ਪਰ ਥੋੜ੍ਹੀ ਹੀ ਦੇਰ ਬਾਅਦ ਉਹ ਸਹਿਜ ਹੋ ਗਈ ਅਤੇ ਮੇਰੀ ਵੱਲ ਸਵਾਲੀਆ ਨਿਗਾਹਾਂ ਨਾਲ ਦੇਖਣ ਲੱਗੀ । ਕੀ ਉਸਨੇ ਸਚਮੁੱਚ ਉਹ ਸ਼ਬਦ ਸੁਣੇ ਸਨ ਜਾਂ ਉਸਨੂੰ ਐਸਾ ਬਸ ਮਹਿਸੂਸ ਹੋਇਆ ਸੀ, ਸਿਰਫ ਹਵਾ ਦੀ ਗਰਜ ਸੀ ਉਹ ? ਮੈਂ ਨਾਦੀਆ ਦੇ ਕੋਲ ਹੀ ਖੜਾ ਹਾਂ, ਮੈਂ ਸਿਗਰਟ ਪੀ ਰਿਹਾ ਹਾਂ ਅਤੇ ਆਪਣੇ ਦਸਤਾਨੇ ਨੂੰ ਧਿਆਨ ਨਾਲ ਵੇਖ ਰਿਹਾ ਹਾਂ ।
ਨਾਦੀਆ ਮੇਰਾ ਹੱਥ ਆਪਣੇ ਹੱਥ ਵਿੱਚ ਲੈ ਲੈਂਦੀ ਹੈ ਅਤੇ ਅਸੀਂ ਦੇਰ ਤੱਕ ਪਹਾੜੀ ਦੇ ਆਸਪਾਸ ਘੁੰਮਦੇ ਰਹਿੰਦੇ ਹਾਂ । ਇਹ ਪਹੇਲੀ ਉਹਨੂੰ ਵਿਆਕੁਲ ਕਰ ਰਹੀ ਹੈ । ਉਹ ਸ਼ਬਦ ਜੋ ਉਸਨੇ ਪਹਾੜੀ ਤੋਂ ਹੇਠਾਂ ਫਿਸਲਦੇ ਹੋਏ ਸੁਣੇ ਸਨ, ਸੱਚ ਮੁਚ ਕਹੇ ਗਏ ਸਨ ਜਾਂ ਨਹੀਂ ? ਇਹ ਗੱਲ ਅਸਲ ਵਿੱਚ ਹੋਈ ਜਾਂ ਨਹੀਂ । ਇਹ ਸੱਚ ਹੈ ਜਾਂ ਝੂਠ ? ਹੁਣ ਇਹ ਸਵਾਲ ਉਸਦੇ ਲਈ ਸਵੈ ਅਭਿਮਾਨ ਦਾ ਸਵਾਲ ਹੋ ਗਿਆ ਹੈ .. ਉਸਦੀ ਇਜ਼ਤ ਦਾ ਸਵਾਲ ਹੋ ਗਿਆ ਹੈ।ਜਿਵੇਂ ਉਸਦੀ ਜਿੰਦਗੀ ਅਤੇ ਉਸਦੇ ਜੀਵਨ ਦੀ ਖ਼ੁਸ਼ੀ ਇਸ ਗੱਲ ਤੇ ਨਿਰਭਰ ਕਰਦੀ ਹੈ। ਇਹ ਗੱਲ ਉਸ ਲਈ ਮਹਤਵਪੂਰਨ ਹੈ, ਦੁਨੀਆਂ ਵਿੱਚ ਸ਼ਾਇਦ ਸਭ ਤੋਂ ਵਧ ਮਹਤਵਪੂਰਨ । ਨਾਦੀਆ ਮੈਨੂੰ ਆਪਣੀਆਂ ਅਧੀਰਤਾ ਭਰੀਆਂ ਉਦਾਸ ਨਜ਼ਰਾਂ ਨਾਲ ਵੇਖਦੀ ਹੈ, ਜਿਵੇਂ ਮੇਰੇ ਅੰਦਰ ਦੀ ਗੱਲ ਭਾਂਪਣਾ ਚਾਹੁੰਦੀ ਹੋਵੇ । ਮੇਰੇ ਸਵਾਲਾਂ ਦਾ ਉਹ ਕੋਈ ਅਢੁਕਵਾਂ–ਜਿਹਾ ਜਵਾਬ ਦਿੰਦੀ ਹੈ । ਉਹ ਇਸ ਉਡੀਕ ਵਿੱਚ ਹੈ ਕਿ ਮੈਂ ਉਸ ਨਾਲ ਫਿਰ ਉਹੀ ਗੱਲ ਸ਼ੁਰੂ ਕਰਾਂ । ਮੈਂ ਉਸਦੇ ਚਿਹਰੇ ਨੂੰ ਧਿਆਨ ਨਾਲ ਵੇਖਦਾ ਹਾਂ–– ਓਏ, ਉਸਦੇ ਪਿਆਰੇ ਚਿਹਰੇ ਤੇ ਇਹ ਕਿਵੇਂ ਦੇ ਭਾਵ ਹਨ ? ਮੈਂ ਵੇਖਦਾ ਹਾਂ ਕਿ ਉਹ ਆਪਣੇ ਆਪ ਨਾਲ ਲੜ ਰਹੀ ਹੈ, ਉਸ ਨੇ ਮੈਨੂੰ ਕੁੱਝ ਕਹਿਣਾ ਹੈ, ਉਹ ਕੁੱਝ ਪੁੱਛਣਾ ਚਾਹੁੰਦੀ ਹੈ । ਲੇਕਿਨ ਉਹ ਆਪਣੇ ਖਿਆਲਾਂ ਨੂੰ, ਆਪਣੀਆਂ ਭਾਵਨਾਵਾਂ ਨੂੰ ਸ਼ਬਦਾਂ ਦੇ ਰੂਪ ਵਿੱਚ ਜ਼ਾਹਰ ਨਹੀਂ ਕਰ ਪਾਉਂਦੀ । ਉਹ ਝੇਂਪ ਰਹੀ ਹੈ, ਉਹ ਡਰ ਰਹੀ ਹੈ, ਉਸਦੀ ਆਪਣੀ ਹੀ ਖੁਸ਼ੀ ਉਸਨੂੰ ਤੰਗ ਕਰ ਰਹੀ ਹੈ . . . ।
"ਸੁਣੋ !" ਮੇਰੇ ਕੋਲੋਂ ਮੂੰਹ ਚੁਰਾਉਂਦੇ ਹੋਏ ਉਹ ਕਹਿੰਦੀ ਹੈ । "ਕੀ ?" ਮੈਂ ਪੁੱਛਦਾ ਹਾਂ।"ਚੱਲੀਏ, ਇੱਕ ਵਾਰ ਫਿਰ ਫਿਸਲੀਏ ।" ਅਸੀਂ ਫਿਰ ਤੋਂ ਪਹਾੜੀ ਦੇ ਉੱਤੇ ਚੜ੍ਹ ਜਾਂਦੇ ਹਾਂ । ਮੈਂ ਫਿਰ ਤੋਂ ਡਰ ਨਾਲ ਬੱਗੀ ਪੈ ਚੁੱਕੀ ਅਤੇ ਕੰਬਦੀ ਹੋਈ ਨਾਦੀਆ ਨੂੰ ਸਲੈੱਜ ਤੇ ਬਿਠਾਉਂਦਾ ਹਾਂ । ਅਸੀਂ ਫਿਰ ਤੋਂ ਭਿਆਨਕ ਗਹਿਰਾਈ ਦੇ ਵੱਲ ਫਿਸਲਦੇ ਹਾਂ । ਫਿਰ ਤੋਂ ਹਵਾ ਦੀ ਗਰਜ ਅਤੇ ਸਲੈੱਜ ਦੀ ਗੂੰਜ ਸਾਡੇ ਕੰਨਾਂ ਨੂੰ ਪਾੜਦੀ ਹੈ ਅਤੇ ਫਿਰ ਜਦੋਂ ਰੌਲਾ ਸਭ ਤੋਂ ਜਿਆਦਾ ਸੀ ਮੈਂ ਹੌਲੀ ਅਵਾਜ ਵਿੱਚ ਕਹਿੰਦਾ ਹਾਂ : – -"ਮੈਂ ਤੈਨੂੰ ਪਿਆਰ ਕਰਦਾ ਹਾਂ, ਨਾਦੀਆ !"
ਹੇਠਾਂ ਪੁੱਜ ਕੇ ਜਦੋਂ ਸਲੈੱਜ ਰੁਕ ਜਾਂਦੀ ਹੈ ਤਾਂ ਨਾਦੀਆ ਇੱਕ ਨਜ਼ਰ ਪਹਿਲਾਂ ਉੱਤੇ ਦੀ ਤਰਫ ਢਲਾਨ ਨੂੰ ਵੇਖਦੀ ਹੈ ਜਿਸ ਤੋਂ ਅਸੀਂ ਹੁਣੇ–ਹੁਣੇ ਹੇਠਾਂ ਫਿਸਲੇ ਹਾਂ, ਫਿਰ ਦੂਜੀ ਨਜ਼ਰ ਮੇਰੇ ਚਿਹਰੇ ਤੇ ਪਾਉਂਦੀ ਹੈ । ਉਹ ਧਿਆਨ ਨਾਲ ਮੇਰੀ ਬੇਪਰਵਾਹ ਅਤੇ ਭਾਵਹੀਨ ਅਵਾਜ਼ ਨੂੰ ਸੁਣਦੀ ਹੈ । ਉਸਦੇ ਚਿਹਰੇ ਤੇ ਹੈਰਾਨੀ ਹੈ । ਨਾ ਸਿਰਫ ਚਿਹਰੇ ਤੇ ਸਗੋਂ ਉਸਦੇ ਸਾਰੇ ਹਾਵ–ਭਾਵ ਤੋਂ ਹੈਰਾਨੀ ਝਲਕਦੀ ਹੈ । ਉਹ ਹੈਰਾਨ ਹੈ ਅਤੇ ਜਿਵੇਂ ਉਸਦੇ ਚਿਹਰੇ ਤੇ ਇਹ ਲਿਖਿਆ ਹੈ–– ਕੀ ਗੱਲ ਹੈ ? ਉਹ ਸ਼ਬਦ ਕਿਸਨੇ ਕਹੇ ਸਨ ? ਸ਼ਾਇਦ ਇਸ ਨੇ ? ਜਾਂ ਹੋ ਸਕਦਾ ਹੈ ਮੈਨੂੰ ਬਸ ਐਸਾ ਲਗਿਆ ਹੋਵੇ, ਬਸ ਐਵੇਂ ਹੀ ਉਹ ਸ਼ਬਦ ਸੁਣਾਈ ਦਿੱਤੇ ਹੋਣ ?
ਉਸਦੀ ਪਰੇਸ਼ਾਨੀ ਵੱਧ ਜਾਂਦੀ ਹੈ ਕਿ ਉਹ ਇਸ ਸੱਚਾਈ ਤੋਂ ਅਣਭਿਜ ਹੈ । ਇਹ ਮੂਰਖਤਾ ਉਸਦੀ ਅਧੀਰਤਾ ਨੂੰ ਵਧਾਉਂਦੀ ਹੈ । ਮੈਨੂੰ ਉਸ ਤੇ ਤਰਸ ਆ ਰਿਹਾ ਹੈ । ਬੇਚਾਰੀ ਕੁੜੀ ! ਉਹ ਮੇਰੇ ਪ੍ਰਸ਼ਨਾਂ ਦਾ ਕੋਈ ਜਵਾਬ ਨਹੀਂ ਦਿੰਦੀ ਅਤੇ ਨੱਕ–ਭਰਵੱਟੇ ਚੜ੍ਹਾ ਲੈਂਦੀ ਹੈ । ਲੱਗਦਾ ਹੈ ਉਹ ਰੋਣ ਹੀ ਵਾਲੀ ਹੈ । "ਘਰ ਚੱਲੀਏ ?" ਮੈਂ ਪੁੱਛਦਾ ਹਾਂ । "ਲੇਕਿਨ ਮੈਨੂੰ . . . ਮੈਨੂੰ ਤਾਂ ਇੱਥੇ ਫਿਸਲਣ ਵਿੱਚ ਖ਼ੂਬ ਮਜਾ ਆ ਰਿਹਾ ਹੈ ।" ਉਹ ਸ਼ਰਮ ਨਾਲ ਲਾਲ ਹੋਕੇ ਕਹਿੰਦੀ ਹੈ ਅਤੇ ਫਿਰ ਮੈਨੂੰ ਅਨੁਰੋਧ ਕਰਦੀ ਹੈ : "ਕਿਉਂ ਨਾ ਆਪਾਂ ਇੱਕ ਵਾਰ ਫਿਰ ਫਿਸਲੀਏ ?"
ਹੁਮ . . . ਤਾਂ ਉਸਨੂੰ ਇਹ ਫਿਸਲਣਾ ਚੰਗਾ ਲੱਗਦਾ ਹੈ । ਪਰ ਸਲੈੱਜ ਤੇ ਬੈਠਦੇ ਹੋਏ ਤਾਂ ਉਹ ਪਹਿਲਾਂ ਦੀ ਤਰ੍ਹਾਂ ਹੀ ਡਰ ਨਾਲ ਬੱਗੀ ਵਿਖਾਈ ਦੇ ਰਹੀ ਹੈ ਅਤੇ ਕੰਬ ਰਹੀ ਹੈ । ਉਸਨੂੰ ਸਾਹ ਲੈਣਾ ਵੀ ਮੁਸ਼ਕਲ ਹੋ ਰਿਹਾ ਹੈ । ਲੇਕਿਨ ਮੈਂ ਆਪਣੇ ਬੁੱਲਾਂ ਨੂੰ ਰੁਮਾਲ ਨਾਲ ਪੂੰਝ ਕੇ ਹੌਲੀ-ਹੌਲੀ ਜਿਹੇ ਖੰਘਦਾ ਹਾਂ ਅਤੇ ਜਦੋਂ ਫਿਰ ਤੋਂ ਹੇਠਾਂ ਫਿਸਲਦੇ ਹੋਏ ਅਸੀਂ ਅੱਧੇ ਰਸਤੇ ਵਿੱਚ ਪਹੁੰਚ ਜਾਂਦੇ ਹਾਂ ਤਾਂ ਮੈਂ ਇੱਕ ਵਾਰ ਫਿਰ ਕਹਿੰਦਾ ਹਾਂ, "ਮੈਂ ਤੈਨੂੰ ਪਿਆਰ ਕਰਦਾ ਹਾਂ, ਨਾਦੀਆ !"
ਅਤੇ ਇਹ ਪਹੇਲੀ ਪਹੇਲੀ ਹੀ ਰਹਿ ਜਾਂਦੀ ਹੈ । ਨਾਦੀਆ ਚੁਪ ਰਹਿੰਦੀ ਹੈ, ਉਹ ਕੁਛ ਸੋਚਦੀ ਹੈ . . . ਮੈਂ ਉਸਨੂੰ ਉਸਦੇ ਘਰ ਤੱਕ ਛੱਡਣ ਜਾਂਦਾ ਹਾਂ । ਉਹ ਧੀਮੇ–ਧੀਮੇ ਕਦਮਾਂ ਨਾਲ ਚੱਲ ਰਹੀ ਹੈ ਅਤੇ ਉਡੀਕ ਕਰ ਰਹੀ ਹੈ ਕਿ ਸ਼ਾਇਦ ਮੈਂ ਉਸਨੂੰ ਕੁੱਝ ਕਹਾਂਗਾ । ਮੈਂ ਇਹ ਨੋਟ ਕਰਦਾ ਹਾਂ ਕਿ ਉਸਦਾ ਦਿਲ ਕਿਵੇਂ ਤੜਫ਼ ਰਿਹਾ ਹੈ । ਲੇਕਿਨ ਉਹ ਚੁਪ ਰਹਿਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਆਪਣੇ ਮਨ ਦੀ ਗੱਲ ਨੂੰ ਆਪਣੇ ਦਿਲ ਵਿੱਚ ਹੀ ਰੱਖ ਰਹੀ ਹੈ । ਸ਼ਾਇਦ ਉਹ ਸੋਚ ਰਹੀ ਹੈ ।
ਦੂਜੇ ਦਿਨ ਮੈਨੂੰ ਉਸਦਾ ਇੱਕ ਰੁੱਕਾ ਮਿਲਦਾ ਹੈ : ਅੱਜ ਜਦੋਂ ਤੁਸੀਂ ਪਹਾੜੀ ਤੇ ਫਿਸਲਣ ਲਈ ਜਾਓ ਤਾਂ ਮੈਨੂੰ ਆਪਣੇ ਨਾਲ ਲੈ ਲੈਣਾ । ਨਾਦੀਆ । ਉਸ ਦਿਨ ਤੋਂ ਅਸੀਂ ਦੋਨੋਂ ਰੋਜ ਫਿਸਲਣ ਲਈ ਪਹਾੜੀ ਤੇ ਜਾਂਦੇ ਹਾਂ ਅਤੇ ਸਲੈੱਜ ਤੇ ਹੇਠਾਂ ਫਿਸਲਦੇ ਹੋਏ ਹਰ ਵਾਰ ਮੈਂ ਹੌਲੀ ਅਵਾਜ ਵਿੱਚ ਉਹ ਹੀ ਸ਼ਬਦ ਕਹਿੰਦਾ ਹਾਂ : "ਮੈਂ ਤੈਨੂੰ ਪਿਆਰ ਕਰਦਾ ਹਾਂ, ਨਾਦੀਆ !"
ਜਲਦੀ ਹੀ ਨਾਦੀਆ ਨੂੰ ਇਹਨਾਂ ਸ਼ਬਦਾਂ ਦਾ ਨਸ਼ਾ–ਜਿਹਾ ਹੋ ਜਾਂਦਾ ਹੈ, ਉਹੋ ਜਿਹਾ ਹੀ ਨਸ਼ਾ ਜਿਹੋ ਜਿਹਾ ਸ਼ਰਾਬ ਜਾਂ ਮਾਰਫੀਨ ਦਾ ਨਸ਼ਾ ਹੁੰਦਾ ਹੈ । ਉਹ ਹੁਣ ਇਹਨਾਂ ਸ਼ਬਦਾਂ ਦੀ ਖੁਮਾਰੀ ਵਿੱਚ ਰਹਿਣ ਲੱਗੀ ਹੈ । ਹਾਲਾਂਕਿ ਉਸਨੂੰ ਪਹਾੜੀ ਤੋਂ ਹੇਠਾਂ ਫਿਸਲਣ ਵਿੱਚ ਪਹਿਲਾਂ ਦੀ ਤਰ੍ਹਾਂ ਡਰ ਲੱਗਦਾ ਹੈ ਲੇਕਿਨ ਹੁਣ ਡਰ ਅਤੇ ਖ਼ਤਰਾ ਮੁਹੱਬਤ ਨਾਲ ਭਰੇ ਉਨ੍ਹਾਂ ਸ਼ਬਦਾਂ ਵਿੱਚ ਇੱਕ ਨਵਾਂ ਸਵਾਦ ਪੈਦਾ ਕਰਦੇ ਹਨ ਜੋ ਪਹਿਲਾਂ ਦੀ ਤਰ੍ਹਾਂ ਉਸਦੇ ਲਈ ਇੱਕ ਪਹੇਲੀ ਬਣੇ ਹੋਏ ਹਨ ਅਤੇ ਉਸਦੇ ਦਿਲ ਨੂੰ ਤੜਫਾਉਂਦੇ ਹਨ। ਉਸਦਾ ਸ਼ਕ ਅਸੀਂ ਦੋ ਹੀ ਜਣਿਆਂ ਤੇ ਹੈ–– ਮੇਰੇ ਤੇ ਅਤੇ ਹਵਾ ਤੇ । ਸਾਡੇ ਦੋਨਾਂ ਵਿੱਚੋਂ ਕੌਣ ਉਸਦੇ ਸਾਹਮਣੇ ਆਪਣੀ ਭਾਵਨਾ ਦਾ ਇਜ਼ਹਾਰ ਕਰਦਾ ਹੈ, ਉਸਨੂੰ ਪਤਾ ਨਹੀਂ । ਪਰ ਹੁਣ ਉਸਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ । ਸ਼ਰਾਬ ਚਾਹੇ ਕਿਸੇ ਵੀ ਬਰਤਨ ਤੋਂ ਕਿਉਂ ਨਾ ਪੀਤੀ ਜਾਵੇ–– ਨਸ਼ਾ ਤਾਂ ਉਹ ਓਨਾ ਹੀ ਦਿੰਦੀ ਹੈ । ਅਚਾਨਕ ਇੱਕ ਦਿਨ ਦੁਪਹਿਰ ਦੇ ਸਮੇਂ ਮੈਂ ਇਕੱਲਾ ਹੀ ਉਸ ਪਹਾੜੀ ਤੇ ਜਾ ਅੱਪੜਿਆ । ਭੀੜ ਦੇ ਪਿੱਛੋਂ ਮੈਂ ਵੇਖਿਆ ਕਿ ਨਾਦੀਆ ਉਸ ਢਲਾਨ ਦੇ ਕੋਲ ਖੜੀ ਹੈ, ਉਸਦੀਆਂ ਅੱਖਾਂ ਮੈਨੂੰ ਹੀ ਤਲਾਸ਼ ਰਹੀਆਂ ਹਨ। ਫਿਰ ਉਹ ਹੌਲੀ–ਹੌਲੀ ਪਹਾੜੀ ਤੇ ਚੜ੍ਹਨ ਲੱਗਦੀ ਹੈ . . . ਇਕੱਲੇ ਫਿਸਲਣ ਵਿੱਚ ਹਾਲਾਂਕਿ ਉਸਨੂੰ ਡਰ ਲੱਗਦਾ ਹੈ, ਬਹੁਤ ਜ਼ਿਆਦਾ ਡਰ ! ਉਹ ਬਰਫ ਦੀ ਤਰ੍ਹਾਂ ਬੱਗੀ ਪੈ ਚੁੱਕੀ ਹੈ, ਉਹ ਕੰਬ ਰਹੀ ਹੈ, ਜਿਵੇਂ ਉਸਨੂੰ ਫਾਹੀ ਤੇ ਚੜ੍ਹਾਇਆ ਜਾ ਰਿਹਾ ਹੋਵੇ । ਪਰ ਉਹ ਅੱਗੇ ਹੀ ਅੱਗੇ ਵੱਧਦੀ ਜਾ ਰਹੀ ਹੈ, ਬਿਨਾਂ ਝਿਝਕੇ, ਬਿਨਾਂ ਰੁਕੇ । ਸ਼ਾਇਦ ਆਖਿਰ ਉਸਨੇ ਫੈਸਲਾ ਕਰ ਹੀ ਲਿਆ ਕਿ ਉਹ ਇਸ ਵਾਰ ਇਕੱਲੀ ਹੇਠਾਂ ਫਿਸਲ ਕੇ ਦੇਖੇਗੀ ਕਿ ਜਦੋਂ ਮੈਂ ਇਕੱਲੀ ਹੋਵਾਂਗੀ ਤਾਂ ਕੀ ਮੈਨੂੰ ਉਹ ਮਿੱਠੇ ਸ਼ਬਦ ਸੁਣਾਈ ਦੇਣਗੇ ਜਾਂ ਨਹੀਂ ? ਮੈਂ ਵੇਖਦਾ ਹਾਂ ਕਿ ਉਹ ਬੇਹੱਦ ਘਬਰਾਈ ਹੋਈ ਡਰ ਨਾਲ ਮੂੰਹ ਖੋਲਕੇ ਸਲੈੱਜ ਤੇ ਬੈਠ ਜਾਂਦੀ ਹੈ । ਉਹ ਆਪਣੀਆਂ ਅੱਖਾਂ ਬੰਦ ਕਰ ਲੈਂਦੀ ਹੈ ਅਤੇ ਜਿਵੇਂ ਜੀਵਨ ਤੋਂ ਵਿਦਾ ਲੈ ਕੇ ਹੇਠਾਂ ਦੇ ਵੱਲ ਫਿਸਲ ਪੈਂਦੀ ਹੈ . . . ਸਲੈੱਜ ਦੇ ਫਿਸਲਣ ਦੀ ਗੂੰਜ ਸੁਣਾਈ ਪੈ ਰਹੀ ਹੈ । ਨਾਦੀਆ ਨੂੰ ਉਹ ਸ਼ਬਦ ਸੁਣਾਈ ਦਿੱਤੇ ਜਾਂ ਨਹੀਂ–– ਮੈਨੂੰ ਨਹੀਂ ਪਤਾ . . . ਮੈਂ ਬਸ ਇਹ ਵੇਖਦਾ ਹਾਂ ਕਿ ਉਹ ਬੇਹੱਦ ਥਕੀ ਹੋਈ ਅਤੇ ਕਮਜ਼ੋਰ–ਜਿਹੀ ਸਲੈੱਜ ਤੋਂ ਉੱਠਦੀ ਹੈ । ਮੈਂ ਉਸਦੇ ਚਿਹਰੇ ਤੇ ਇਹ ਪੜ੍ਹ ਸਕਦਾ ਹਾਂ ਕਿ ਉਹ ਖ਼ੁਦ ਨਹੀਂ ਜਾਣਦੀ ਕਿ ਉਸਨੂੰ ਕੁੱਝ ਸੁਣਾਈ ਦਿੱਤਾ ਜਾਂ ਨਹੀਂ । ਹੇਠਾਂ ਫਿਸਲਦੇ ਹੋਏ ਉਸਨੂੰ ਇੰਨਾ ਡਰ ਲਗਾ ਕਿ ਉਸਦੇ ਲਈ ਕੁੱਝ ਵੀ ਸੁਣਨਾ ਜਾਂ ਸਮਝਣਾ ਮੁਸ਼ਕਲ ਸੀ । ਫਿਰ ਕੁੱਝ ਹੀ ਸਮਾਂ ਬਾਅਦ ਬਸੰਤ ਦਾ ਮੌਸਮ ਆ ਗਿਆ । ਮਾਰਚ ਦਾ ਮਹੀਨਾ ਹੈ . . . ਸੂਰਜ ਦੀਆਂ ਕਿਰਨਾਂ ਪਹਿਲਾਂ ਤੋਂ ਜਿਆਦਾ ਗਰਮ ਹੋ ਗਈਆਂ ਹਨ। ਸਾਡੀ ਬਰਫ ਨਾਲ ਢਕੀ ਉਹ ਬੱਗੀ ਪਹਾੜੀ ਵੀ ਕਾਲੀ ਪੈ ਗਈ ਹੈ, ਉਸਦੀ ਚਮਕ ਖ਼ਤਮ ਹੋ ਗਈ ਹੈ । ਹੌਲੀ–ਹੌਲੀ ਸਾਰੀ ਬਰਫ ਪਿਘਲ ਜਾਂਦੀ ਹੈ । ਸਾਡਾ ਫਿਸਲਣਾ ਬੰਦ ਹੋ ਗਿਆ ਹੈ ਅਤੇ ਹੁਣ ਨਾਦੀਆ ਉਨ੍ਹਾਂ ਸ਼ਬਦਾਂ ਨੂੰ ਨਹੀਂ ਸੁਣ ਪਾਏਗੀ । ਉਸ ਨੂੰ ਉਹ ਸ਼ਬਦ ਕਹਿਣ ਵਾਲਾ ਵੀ ਹੁਣ ਕੋਈ ਨਹੀਂ ਹੈ : ਹਵਾ ਖ਼ਾਮੋਸ਼ ਹੋ ਗਈ ਹੈ ਅਤੇ ਮੈਂ ਇਹ ਸ਼ਹਿਰ ਛੱਡਕੇ ਪੀਟਰਜਬਰਗ ਜਾਣ ਵਾਲਾ ਹਾਂ–– ਹੋ ਸਕਦਾ ਹੈ ਕਿ ਮੈਂ ਹਮੇਸ਼ਾ ਲਈ ਉੱਥੇ ਚਲਾ ਜਾਵਾਂ ।
ਮੇਰੇ ਪੀਟਰਜਰਗ ਰਵਾਨਾ ਹੋਣ ਤੋਂ ਸ਼ਾਇਦ ਦੋ ਦਿਨ ਪਹਿਲਾਂ ਦੀ ਗੱਲ ਹੈ । ਸ਼ਾਮ ਸਮੇਂ ਮੈਂ ਬਗੀਚੇ ਵਿੱਚ ਬੈਠਾ ਸੀ । ਜਿਸ ਮਕਾਨ ਵਿੱਚ ਨਾਦੀਆ ਰਹਿੰਦੀ ਹੈ ਇਹ ਬਾਗ਼ ਉਸ ਨਾਲ ਜੁੜਿਆ ਹੋਇਆ ਸੀ ਅਤੇ ਇੱਕ ਉੱਚੀ ਵਾੜ ਹੀ ਨਾਦੀਆ ਦੇ ਮਕਾਨ ਨੂੰ ਉਸ ਬਗੀਚੇ ਤੋਂ ਵੱਖ ਕਰਦੀ ਸੀ । ਅਜੇ ਵੀ ਮੌਸਮ ਵਿੱਚ ਕਾਫ਼ੀ ਠੰਡ ਹੈ, ਕਿਤੇ–ਕਿਤੇ ਬਰਫ ਪਈ ਵਿਖਾਈ ਦਿੰਦੀ ਹੈ, ਹਰਿਆਲੀ ਅਜੇ ਨਹੀਂ ਹੈ ਲੇਕਿਨ ਬਸੰਤ ਦੀ ਸੁਗੰਧ ਮਹਿਸੂਸ ਹੋਣ ਲੱਗੀ ਹੈ । ਸ਼ਾਮ ਨੂੰ ਪੰਛੀਆਂ ਦੀ ਚਹਿਚਹਾਟ ਸੁਣਾਈ ਦੇਣ ਲੱਗੀ ਹੈ । ਮੈਂ ਵਾੜ ਦੇ ਕੋਲ ਆ ਜਾਂਦਾ ਹਾਂ ਅਤੇ ਇੱਕ ਦਰਾਰ ਵਿੱਚੋਂ ਨਾਦੀਆ ਦੇ ਘਰ ਦੀ ਤਰਫ ਵੇਖਦਾ ਹਾਂ । ਨਾਦੀਆ ਬਰਾਂਡੇ ਵਿੱਚ ਖੜੀ ਹੈ ਅਤੇ ਉਦਾਸ ਨਜਰਾਂ ਨਾਲ ਅਸਮਾਨ ਵੱਲ ਵੇਖ ਰਹੀ ਹੈ । ਬਸੰਤੀ ਹਵਾ ਉਸਦੇ ਉਦਾਸ ਫਿੱਕੇ ਚਿਹਰੇ ਨੂੰ ਸਹਿਲਾ ਰਹੀ ਹੈ । ਇਹ ਹਵਾ ਉਸਨੂੰ ਉਸ ਹਵਾ ਦੀ ਯਾਦ ਦਿਲਾਉਂਦੀ ਹੈ ਜੋ ਫਿਰ ਪਹਾੜੀ ਤੇ ਗਰਜਿਆ ਕਰਦੀ ਸੀ ਜਦੋਂ ਉਸਨੇ ਉਹ ਸ਼ਬਦ ਸੁਣੇ ਸਨ । ਉਸਦਾ ਚਿਹਰਾ ਹੋਰ ਉਦਾਸ ਹੋ ਜਾਂਦਾ ਹੈ, ਗੱਲ੍ਹ ਤੇ ਅੱਥਰੂ ਤਿਲਕਣ ਲੱਗਦੇ ਹਨ. . . ਅਤੇ ਬੇਚਾਰੀ ਕੁੜੀ ਆਪਣੇ ਹੱਥ ਇਸ ਤਰ੍ਹਾਂ ਨਾਲ ਅੱਗੇ ਵਧਾਉਂਦੀ ਹੈ ਜਿਵੇਂ ਉਹ ਉਸ ਹਵਾ ਨੂੰ ਇਹ ਅਰਦਾਸ ਕਰ ਰਹੀ ਹੋਵੇ ਕਿ ਉਹ ਇੱਕ ਵਾਰ ਫਿਰ ਉਸਦੇ ਲਈ ਉਹ ਸ਼ਬਦ ਦੋਹਰਾਏ । ਅਤੇ ਜਦੋਂ ਹਵਾ ਦਾ ਇੱਕ ਝੋਕਾ ਆਉਂਦਾ ਹੈ ਤਾਂ ਮੈਂ ਫਿਰ ਹੌਲੀ ਅਵਾਜ ਵਿੱਚ ਕਹਿੰਦਾ ਹਾਂ : – "ਮੈਂ ਤੈਨੂੰ ਪਿਆਰ ਕਰਦਾ ਹਾਂ, ਨਾਦੀਆ !"
ਅਚਾਨਕ ਨਾ ਜਾਣੇ ਨਾਦੀਆ ਨੂੰ ਕੀ ਹੋਇਆ ! ਉਹ ਚੌਂਕ ਕੇ ਮੁਸਕਰਾਉਣ ਲੱਗਦੀ ਹੈ ਅਤੇ ਹਵਾ ਦੇ ਵੱਲ ਹੱਥ ਵਧਾਉਂਦੀ ਹੈ । ਉਹ ਬੇਹੱਦ ਖ਼ੁਸ਼ ਹੈ, ਬੇਹੱਦ ਸੁਖੀ, ਬੇਹੱਦ ਸੁੰਦਰ ।
ਅਤੇ ਮੈਂ ਆਪਣਾ ਸਾਮਾਨ ਬੰਨ੍ਹਣ ਲਈ ਘਰ ਪਰਤ ਆਉਂਦਾ ਹਾਂ . . . ।
ਇਹ ਬਹੁਤ ਪਹਿਲਾਂ ਦੀ ਗੱਲ ਹੈ । ਹੁਣ ਨਾਦੀਆ ਦਾ ਵਿਆਹ ਹੋ ਚੁੱਕਾ ਹੈ । ਉਸਨੇ ਖ਼ੁਦ ਵਿਆਹ ਦਾ ਫੈਸਲਾ ਕੀਤਾ ਜਾਂ ਨਹੀਂ–– ਇਸ ਨਾਲ ਕੋਈ ਫਰਕ ਨਹੀਂ ਪੈਂਦਾ । ਉਸਦਾ ਪਤੀ––ਇੱਕ ਵੱਡਾ ਅਫਸਰ ਹੈ ਅਤੇ ਉਨ੍ਹਾਂ ਦੇ ਤਿੰਨ ਬੱਚੇ ਹਨ । ਉਹ ਉਸ ਸਮੇਂ ਨੂੰ ਅੱਜ ਵੀ ਨਹੀਂ ਭੁੱਲੀ, ਜਦੋਂ ਅਸੀਂ ਫਿਸਲਣ ਲਈ ਪਹਾੜੀ ਤੇ ਜਾਇਆ ਕਰਦੇ ਸਾਂ । ਹਵਾ ਦੇ ਉਹ ਸ਼ਬਦ ਉਸਨੂੰ ਅੱਜ ਵੀ ਯਾਦ ਹਨ, ਇਹ ਉਸਦੇ ਜੀਵਨ ਦੀ ਸਭ ਤੋਂ ਸੁਖਦ, ਦਿਲ ਟੁੰਬਵੀਂ ਅਤੇ ਖ਼ੂਬਸੂਰਤ ਯਾਦ ਹੈ ।
ਅਤੇ ਹੁਣ, ਜਦੋਂ ਮੈਂ ਪ੍ਰੌੜ੍ਹ ਹੋ ਚੁਕਾ ਹਾਂ, ਮੈਂ ਇਹ ਨਹੀਂ ਸਮਝ ਲਗਦਾ ਕਿ ਮੈਂ ਉਸ ਨੂੰ ਉਹ ਸ਼ਬਦ ਕਿਉਂ ਕਹੇ ਸਨ, ਕਿਸ ਲਈ ਮੈਂ ਉਸਦੇ ਨਾਲ ਐਸਾ ਮਜਾਕ ਕੀਤਾ ਸੀ ! .

ਪੰਜਾਬੀ ਕਹਾਣੀਆਂ (ਮੁੱਖ ਪੰਨਾ)