ਗਤੀ ਗੁਰਬਚਨ ਸਿੰਘ ਭੁੱਲਰ
ਮਾਂ ਦੀ ਗਤੀ ਨਹੀਂ ਸੀ ਹੋਈ।
ਜਾਗਦੇ ਨੂੰ ਮਾਂ ਦੀ ਯਾਦ ਹੀ ਆਉਂਦੀ ਪਰ ਸੁਤਿਆਂ ਉਹ ਆਪ ਆ ਜਾਂਦੀ। ਸੁਫ਼ਨਾ ਬਣ ਕੇ ਆਉਂਦੀ ਅਤੇ ਪਾਣੀ ਮੰਗਦੀ। ਉਹਦਾ ਦੁੱਧ-ਚਿਟਾ ਬਾਣਾ ਚੰਦ ਦੀ ਚਾਨਣੀ ਵਾਂਗ ਜਗ ਰਿਹਾ ਹੁੰਦਾ। ਉਹ ਕਦੀ ਵੀ ਕੋਈ ਹੋਰ ਗੱਲ ਨਾ ਕਰਦੀ, ਬਸ ਸੁਕੇ ਹੋਏ ਬੁੱਲ੍ਹਾਂ ਉਤੇ ਜੀਭ ਫੇਰਦੀ ਅਤੇ ਨਿਰਬਲ ਆਵਾਜ਼ ਵਿਚ ਆਖਦੀ, "ਆ ਗਿਐਂ ਛੋਟਿਆ, ਪੁੱਤਰ ਪਾਣੀ ਦੇ!"
ਮੇਰੀ ਨੀਂਦ ਟੁਟ ਜਾਂਦੀ। ਮਾਂ ਦਾ ਚਾਨਣਾ ਵਜੂਦ ਹਨੇਰੇ ਵਿਚ ਘੁਲ ਜਾਂਦਾ। ਮੇਰਾ ਤਨ ਪਸੀਨੇ ਨਾਲ ਗਿਲਾ ਹੋਇਆ ਹੁੰਦਾ ਪਰ ਮੂੰਹ ਸੁਕਿਆ ਪਿਆ ਹੁੰਦਾ। ਬੁੱਲ੍ਹ ਜਿਵੇਂ ਪਾਟੇ ਹੋਏ ਹੋਣ ਅਤੇ ਜੀਭ ਜਿਵੇਂ ਕਾਠ ਦੀ ਬਣੀ ਹੋਈ ਹੋਵੇ। ਮਾਂ ਦੀ ਤੇਹ ਮੇਰੇ ਸੁੱਕੇ ਸੰਘ ਵਿਚ ਕੰਡਿਆਂ ਵਾਂਗ ਚੁਭ ਰਹੀ ਹੁੰਦੀ। ਮੈਂ ਪਾਣੀ ਪੀਂਦਾ। ਮੇਰੀ ਤੇਹ ਤਾਂ ਕੁਝ ਬੁਝ ਜਾਂਦੀ ਪਰ ਮਾਂ ਦੀ ਤੇਹ ਮੱਠੀ ਨਹੀਂ ਸੀ ਪੈਂਦੀ। ਅਗਲੀ ਰਾਤ ਉਹ ਫੇਰ ਸੁੱਕੇ ਹੋਏ ਬੁੱਲ੍ਹਾਂ ਉਤੇ ਜੀਭ ਫੇਰਦਿਆਂ ਆ ਪਾਣੀ ਮੰਗਦੀ,
"ਪੁੱਤਰ, ਪਾਣੀ ਦੇ!"
ਮਾਂ ਦੇ ਸੁਫ਼ਨੇ ਨਾਲ ਬੇਹਾਲ ਹੋ ਕੇ ਜਾਗਿਆ ਮੈਂ ਪਾਸੇ ਪਰਤਦਾ ਹੋਇਆ ਸੌਣ ਦਾ ਯਤਨ ਕਰਦਾ ਪਰ ਨੀਂਦ ਇਸ ਪਿਛੋਂ ਅੱਖਾਂ ਨਾਲ ਰੁੱਸ ਬੈਠਦੀ।
ਲੋਕ ਆਖਦੇ, ਮਰਨ ਲਗੀ ਮਾਂ ਦੀ ਸੁਰਤ ਤੇਰੇ ਵੱਲ ਲਗੀ ਹੋਈ ਸੀ, ਇਸੇ ਕਰਕੇ ਉਹ ਤੇਰੇ ਸੁਫ਼ਨਿਆਂ ਵਿਚ ਆਉਂਦੀ ਹੈ। ਜਦੋਂ ਉਹਦੀ ਜਿੰਦ ਨੇ ਉਡਾਰੀ ਲਾਈ, ਉਹ ਤੈਥੋਂ ਹੀ ਪਾਣੀ ਮੰਗ ਰਹੀ ਸੀ, "ਛੋਟਿਆ, ਪੁੱਤਰ ਪਾਣੀ ਦੇ!"
ਭੈਣ-ਭਰਾਵਾਂ ਵਿਚੋਂ ਸਭ ਤੋਂ ਛੋਟਾ ਹੋਣ ਕਰਕੇ ਮਾਂ ਨਾਂ ਲੈਣ ਦੀ ਥਾਂ ਛੋਟਾ ਹੀ ਆਖਦੀ। ਜੇ ਕਦੀ ਉਹ ਨਾਂ ਲੈ ਕੇ ਬੁਲਾਉਂਦੀ, ਮੈਨੂੰ ਵੀ ਅਜੀਬ ਲਗਦਾ। ਜਿਵੇਂ ਕਿਸੇ ਕਾਰਨ ਵਿੱਥ ਉਤੇ ਖਲੋ ਕੇ ਗੱਲ ਕਰ ਰਹੀ ਹੋਵੇ। ਉਹਦੇ ਮੂੰਹੋਂ ਨਿਕਲਦੇ 'ਛੋਟਿਆ' ਵਿਚੋਂ ਅਸੀਮ ਮਮਤਾ ਛਲਕਦੀ, ਅਥਾਹ ਮੋਹ ਡੁੱਲ੍ਹ-ਡੁੱਲ੍ਹ ਪੈਂਦਾ।
ਭੈਣ-ਭਰਾ ਮੇਰੇ ਨਾਲ ਮਿੱਠੀ ਈਰਖਾ ਕਰਦੇ ਅਤੇ ਮਾਂ ਨੂੰ ਮਿੱਠੀ ਟਿੱਚਰ ਕਰਦੇ, "ਮਾਂ, ਅਸੀਂ ਸਾਰੇ ਤਾਂ ਦਾਣਿਆਂ ਵਟੇ ਵਟਾਏ ਹੋਏ ਹਾਂ, ਤੇਰੀ ਕੁੱਖੋਂ ਤਾਂ ਇਹੋ ਜੰਮਿਆ ਹੈ!"
ਮਾਂ ਆਖਦੀ, "ਪਿਆਰੇ ਤਾਂ ਸਾਰੇ ਹੀ ਬਥੇਰੇ ਹੋ, ਪਰ ਇਹ ਮੇਰੀ ਬਚੀ-ਖੁਚੀ ਪੂੰਜੀ ਦੀ ਖਰੀਦ ਐ ਮੇਰਾ ਪੇਟ-ਘਰੋੜੀ ਦਾ ਲਾਡਲਾ!" ਉਨ੍ਹਾਂ ਨੂੰ ਉਸੇ ਲਹਿਜੇ ਵਿਚ ਚਿੜਾਉਂਦੀ, "ਸੱਚ ਗੱਲ ਐ, ਥੋਡੇ ਨਾਲੋਂ ਥੋੜਾ ਜਿਹਾ ਵੱਧ ਪਿਆਰਾ।" ਆਪਣੀ ਉਂਗਲ ਦੇ ਪੋਟੇ ਨੂੰ ਗੂਠੇ ਨਾਲ ਛੋਹ ਕੇ ਹੱਸ ਪੈਂਦੀ, "ਬੱਸ ਐਵੇਂ ਐਨਾ ਕੁ ਵੱਧ ਪਿਆਰਾ!" ਨਾਲ ਹੀ ਅਸੀਂ ਸਾਰੇ ਵੀ ਹੱਸ ਪੈਂਦੇ।
ਇਸੇ ਕਰਕੇ ਜਦੋਂ ਮਾਂ ਨੇ ਪਾਣੀ ਮੰਗਿਆ, ਮੇਰਾ ਨਾਂ ਲੈ ਕੇ ਹੀ ਮੰਗਿਆ, "ਛੋਟਿਆ, ਪੁੱਤਰ ਪਾਣੀ ਦੇ।"
ਵੱਡੇ ਭਾਈ ਨੇ ਪਾਣੀ ਦਾ ਚਮਚਾ ਬੁੱਲ੍ਹਾਂ ਨੂੰ ਛੁਹਾਇਆ ਤਾਂ ਉਹਨੇ ਅਧ-ਸੁਰਤੀ ਨੂੰ ਇਕਾਗਰ ਕਰਨ ਦਾ ਅਤੇ ਅੱਖਾਂ ਖੋਲ੍ਹਣ ਦਾ ਯਤਨ ਕੀਤਾ। ਉਹ ਆਪਣੇ ਚੁਫੇਰੇ ਪਸਰੀ ਧੁੰਦ ਵਿਚੋਂ ਉਹਦਾ ਚਿਹਰਾ ਪਛਾਣ ਗਈ ਲਗਦੀ ਸੀ। ਡੁਬਦੇ ਬੋਲਾਂ ਵਿਚ ਪੁਛਿਆ, "ਆਇਆ ਨਹੀਂ ਛੋਟਾ ਅਜੇ?"
ਭਾਈ ਬੋਲਿਆ, "ਆਉਂਦਾ ਹੈ ਛੋਟਾ ਵੀ ਮਾਂ, ਲੈ ਤੂੰ ਪਾਣੀ ਪੀ। ਉਹਨੇ ਪਾਣੀ ਦਾ ਚਮਚਾ ਮਾਂ ਦੇ ਖੁਲ੍ਹੇ ਬੁੱਲ੍ਹਾਂ ਵਿਚ ਪਾ ਦਿੱਤਾ। ਸਾਰਾ ਪਾਣੀ ਖਾਖ ਵਿਚੋਂ ਬਾਹਰ ਡੁੱਲ੍ਹ ਗਿਆ ਅਤੇ ਮਾਂ ਦਾ ਸਿਰ ਇਕ ਪਾਸੇ ਨੂੰ ਡਿੱਗ ਪਿਆ। ਖੇਡ ਖ਼ਤਮ ਹੋ ਗਈ। ਮਾਂ ਤਿਹਾਈ ਹੀ ਲੰਮੇ ਪੰਧ ਉਤੇ ਤੁਰ ਗਈ।
ਮੈਨੂੰ ਘਰੋਂ ਗਿਆਂ ਇਸ ਵਾਰ ਤਿੰਨ ਦਿਨ ਹੋ ਗਏ ਸਨ। ਮੇਰੇ ਜ਼ਿਲੇ ਦੇ ਇਕ ਹਲਕੇ ਤੋਂ ਵਿਧਾਨ ਸਭਾ ਲਈ ਉਪ-ਚੋਣ ਹੋ ਰਹੀ ਸੀ। ਪਿਛਲੀਆਂ ਚੋਣਾਂ ਵੇਲੇ ਇਥੋਂ ਜਿੱਤਿਆ ਵਿਧਾਇਕ ਉਸ ਪਿਛੋਂ ਹੋਈਆਂ ਲੋਕ ਸਭਾ ਚੋਣਾਂ ਵਿਚ ਐਮ ਪੀ ਬਣ ਗਿਆ ਸੀ। ਆਪਣੇ ਅਖ਼ਬਾਰ ਦਾ ਜ਼ਿਲਾ ਪੱਤਰ ਪ੍ਰੇਰਕ ਹੋਣ ਕਰਕੇ ਮੈਂ ਇਨ੍ਹੀਂ ਦਿਨੀਂ ਬਹੁਤਾ ਧਿਆਨ ਇਸੇ ਚੋਣ ਵੱਲ ਦੇ ਰਿਹਾ ਸੀ। ਇਕ ਪਾਰਟੀ ਦੇ ਵਡੇ ਆਗੂ ਨੇ ਸਾਲਾ ਉਮੀਦਵਾਰ ਬਣਾਇਆ ਸੀ ਅਤੇ ਦੂਜੀ ਦੇ ਵਡੇ ਆਗੂ ਨੇ ਭਣੋਈਆ। ਇਸ ਸਿੰਗ-ਫਸਵੇਂ ਮੁਕਾਬਲੇ ਵਿਚ ਬਾਕੀ ਸਭ ਖ਼ਬਰਾਂ ਪਿਛੇ ਰਹਿ ਗਈਆਂ ਸਨ। ਮੈਂ ਸਵੇਰੇ ਸੁਵਖਤੇ ਘਰੋਂ ਨਿਕਲਦਾ ਅਤੇ ਸ਼ਾਮ ਨੂੰ, ਕਦੀ ਕਦੀ ਤਾਂ ਰਾਤ ਪਈ ਤੋਂ ਪਰਤਦਾ।
ਸੰਪਾਦਕ ਦਾ ਸੁਝਾਅ ਸੀ ਕਿ ਮੈਂ ਮੁੱਖ ਉਮੀਦਵਾਰਾਂ ਦਾ ਪੂਰੇ ਦਿਨ ਦਾ ਰੁਝੇਵਾਂ ਲਿਖ ਭੇਜਾਂ। ਉਨ੍ਹਾਂ ਦਾ ਦਿਸਦਾ ਹਾਲ ਅਤੇ ਜਿਥੋਂ ਤੱਕ ਹੋ ਸਕੇ, ਉਨ੍ਹਾਂ ਦੇ ਪਰਦੇ ਪਿਛਲੇ ਕਾਰਨਾਮੇ। ਮਾਇਆ ਦੇ ਗੱਫੇ ਤੇ ਨਸ਼ਿਆਂ ਦਾ ਪ੍ਰਸ਼ਾਦ। ਮਿੰਨਤਾਂ ਤੇ ਧਮਕੀਆਂ। ਪਾਰਟੀਆਂ ਦੇ ਗੁੰਡੇ ਪੱਗਾਂ ਸਿਰਾਂ ਉਤੇ ਬੰਨ੍ਹਣ ਦੀ ਥਾਂ ਮੋਢਿਆਂ ਉਤੇ ਰਖੀਂ ਫਿਰਦੇ ਸਨ। ਤਕੜੇ ਦੇ ਪੈਰਾਂ ਉਤੇ ਰੱਖਣ ਵਿਚ ਉਨ੍ਹਾਂ ਨੂੰ ਕੋਈ ਸ਼ਰਮ ਨਹੀਂ ਸੀ ਤੇ ਮਾੜੇ ਦੇ ਗਲ ਵਿਚ ਪਾਉਣ ਤੋਂ ਉਨ੍ਹਾਂ ਨੂੰ ਕੋਈ ਸੰਕੋਚ ਨਹੀਂ ਸੀ। ਸਵੇਰ ਤੋਂ ਡੂੰਘੀ ਰਾਤ ਤੱਕ ਸਾਲੇ ਅਤੇ ਭਣੋਈਏ ਦੇ ਵੰਨਸੁਵੰਨੇ ਰੰਗ ਦੇਖਦਿਆਂ ਇਸ ਵਾਰ ਮੈਂ ਇਕੱਠੇ ਤਿੰਨ ਦਿਨ ਘਰੋਂ ਬਾਹਰ ਰਿਹਾ। ਚੌਥੇ ਦਿਨ ਘਰ ਪਰਤਿਆ ਤਾਂ ਮਾਂ ਦੀ ਅਰਥੀ ਚੁੱਕਣ ਦੀ ਤਿਆਰੀ ਹੋ ਰਹੀ ਸੀ। ਅੰਮ੍ਰਿਤ ਵੇਲੇ ਉਹਦੇ ਪ੍ਰਾਣ-ਪੰਖੇਰੂ ਉਡਾਰੀ ਲਾ ਗਏ ਸਨ। ਇਧਰ-ਉਧਰ ਮੇਰੀ ਭਾਲ ਹੁੰਦੀ ਰਹੀ। ਆਖ਼ਰ ਵੇਲੇ ਸਿਰ ਮੇਰੇ ਮੁੜਨ ਦੀ ਆਸ ਮੁਕਾ ਕੇ ਉਹ ਮਿੱਟੀ ਸਮੇਟਣ ਲਗੇ ਸਨ।
ਮੈਂ ਪਰਤਿਆ ਤਾਂ ਸਭ ਦਾ ਧਿਆਨ ਮੇਰੇ ਵੱਲ ਹੋਣਾ ਸੁਭਾਵਿਕ ਸੀ। ਅੱਖਾਂ ਪੂੰਝਦੇ ਉਹ ਇਕੋ ਗੱਲ ਦੱਸ ਰਹੇ ਸਨ, ਤੈਥੋਂ ਪਾਣੀ ਮੰਗਦੀ ਤੁਰ ਗਈ ਮਾਂ!
ਮੈਂ ਪਛਤਾਉਂਦਾ, ਜੇ ਘਰ ਹੁੰਦਾ, ਮਾਂ ਦੇ ਮੂੰਹ ਵਿਚ ਪਾਣੀ ਤਾਂ ਪਾ ਦਿੰਦਾ। ਭਾਵੇਂ ਮੇਰਾ ਪਾਣੀ ਭਾਈ ਦੇ ਪਾਣੀ ਨਾਲੋਂ ਵੱਧ ਕਾਰਗਰ ਨਹੀਂ ਸੀ ਹੋਣਾ, ਮਾਂ ਦੀ ਅੰਤਿਮ ਇੱਛਾ ਤਾਂ ਪੂਰੀ ਹੋ ਜਾਂਦੀ। ਫੇਰ ਉਹਨੂੰ ਮੇਰੇ ਸੁਫਨਿਆਂ ਵਿਚ ਇਉਂ ਤਿਹਾਈ ਨਾ ਭਟਕਣਾ ਪੈਂਦਾ।
ਇਹ ਅਜਿਹਾ ਪਛਤਾਵਾ ਸੀ ਜਿਸ ਦਾ ਨਾ ਕੋਈ ਉਪਾਅ ਸੀ ਤੇ ਨਾ ਅੰਤ। ਰੋਜ਼ ਸਵੇਰੇ ਮੈਂ ਪਾਪ-ਬੋਧ ਨਾਲ ਉਠਦਾ। ਇਸ ਵਿਚ ਭਾਵੇਂ ਮੇਰਾ ਕੋਈ ਦੋਸ਼ ਨਹੀਂ ਸੀ, ਮਾਂ ਦੀ ਰੂਹ ਭਟਕ ਤਾਂ ਮੇਰੇ ਕਾਰਨ ਹੀ ਰਹੀ ਸੀ। ਜਦੋਂ ਫੁੱਲ ਜਲ ਵਿਚ ਪ੍ਰਵਾਹੇ ਗਏ ਸਨ, ਲੋਕ ਮਾਂ ਦੀ ਸੰਸਾਰ-ਯਾਤਰਾ ਦਾ ਅੰਤ ਹੋ ਗਿਆ ਆਖਦੇ ਸਨ। ਫੁੱਲ ਪਾਉਣ ਦਾ ਇਕ ਮਨੋਰਥ ਜਿਉਂਦਿਆਂ ਨੂੰ ਇਹ ਅਹਿਸਾਸ ਕਰਾਉਣਾ ਹੁੰਦਾ ਹੈ ਕਿ ਜਾਣ ਵਾਲੇ ਦੀ ਵਿਦਾਇਗੀ ਹੋ ਗਈ। ਪਰਿਵਾਰ ਨਾਲੋਂ, ਸੰਸਾਰ ਨਾਲੋਂ ਉਸ ਦੇ ਨਾਤੇ ਦੀ ਆਖਰੀ ਤੰਦ ਟੁੱਟ ਗਈ। ਫੁੱਲ ਤਾਰਨ ਪਿਛੋਂ ਵੀ ਪਰ ਮੇਰੇ ਮਨ ਵਿਚ ਤਾਂ ਇਹ ਭਾਵਨਾ ਪੈਦਾ ਨਾ ਹੀ ਹੋਈ। ਨਾ ਹੀ ਅੰਤਿਮ ਰਸਮਾਂ ਸਮੇਂ ਸਭ ਵਲੋਂ ਮਿਲ ਕੇ ਪਰਮਾਤਮਾ ਅਗੇ ਕੀਤੀ ਗਈ ਅਰਦਾਸ ਪ੍ਰਵਾਨ ਹੋਈ ਲਗਦੀ ਸੀ। ਕਿਥੇ ਮਿਲੀ ਜਿਉਂਦਿਆਂ ਨੂੰ ਭਾਣਾ ਮੰਨਣ ਦੀ ਸ਼ਕਤੀ! ਮੈਨੂੰ ਤਾਂ ਮਿਲੀ ਹੀ ਨਹੀਂ ਸੀ। ਨਾ ਮਰਨ ਵਾਲੀ ਨੂੰ ਉਹਨੇ ਆਪਣੇ ਚਰਨਾਂ ਵਿਚ ਨਿਵਾਸ ਦਿੱਤਾ ਲਗਦਾ ਸੀ। ਨਹੀਂ ਤਾਂ ਮਾਂ ਮੇਰੇ ਸੁਫ਼ਨਿਆਂ ਵਿਚ ਮੁੜ-ਮੁੜ ਕਿਉਂ ਆਉਂਦੀ? 'ਜਨ ਕੀ ਅਰਦਾਸ' ਬਿਰਥੀ ਹੀ ਚਲੀ ਗਈ ਸੀ!
ਮੇਰਾ ਕੰਮ ਹੀ ਅਜਿਹਾ ਸੀ, ਪਤਾ ਨਹੀਂ ਕਦੋਂ ਕਿਥੇ ਜਾਣਾ ਪੈ ਜਾਵੇ। ਇਹ ਵੀ ਪਤਾ ਨਹੀਂ ਸੀ, ਕਿੰਨਾ ਚਿਰ ਘਰੋਂ ਬਾਹਰ ਬੀਤ ਜਾਵੇ। ਯੂਨੀਵਰਸਿਟੀ ਵਿਚ ਪੜ੍ਹਦਿਆਂ ਮੈਂ ਸਮਾਜਕ ਸਮਸਿਆਵਾਂ ਬਾਰੇ, ਲੋਕਾਂ ਦੀਆਂ ਮੁਸ਼ਕਿਲਾਂ ਬਾਰੇ ਲਿਖਣ ਲੱਗ ਪਿਆ ਸੀ। ਮੈਨੂੰ ਦੂਹਰੀ ਤਸੱਲੀ ਹੁੰਦੀ। ਸਾਧਾਰਨ ਜੀਵਨ ਨੂੰ ਮੈਂ ਹਾਕਮਾਂ ਤੇ ਪਾਠਕਾਂ ਦੀ ਨਜ਼ਰ ਵਿਚ ਲਿਆ ਰਿਹਾ ਸੀ ਅਤੇ ਆਮ ਵਿਦਿਆਰਥੀਆਂ ਦੇ ਉਲਟ ਮੇਰੀ ਪਛਾਣ ਬਣਦੀ ਜਾ ਰਹੀ ਸੀ। ਪੜ੍ਹਾਈ ਖ਼ਤਮ ਹੋਣ ਮਗਰੋਂ ਭਾਵੇਂ ਮੇਰੇ ਸਾਹਮਣੇ ਕਈ ਰਾਹ ਸਨ, ਪਰ ਲਿਖਣ ਦੀ ਆਪਣੀ ਚਾਹ ਅਤੇ ਕਲਮ ਦੇ ਪ੍ਰਭਾਵ ਤੋਂ ਪ੍ਰੇਰਿਤ ਹੋ ਕੇ ਮੈਂ ਪੱਤਰਕਾਰੀ ਵਿਚ ਦਾਖ਼ਲਾ ਲੈ ਲਿਆ।
ਸਬੱਬ ਅਜਿਹਾ ਬਣਿਆ ਕਿ ਇਧਰ ਮੇਰਾ ਕੋਰਸ ਪੂਰਾ ਹੋਇਆ, ਉਧਰ 'ਜਨਮੰਚ' ਅਖ਼ਬਾਰ ਦਾ ਸਾਡੇ ਜ਼ਿਲੇ ਦਾ ਪੱਤਰ ਪ੍ਰੇਰਕ ਕੰਮ ਤੋਂ ਹਟਾ ਦਿੱਤਾ ਗਿਆ। ਦੋਸ਼ ਸੀ ਕਿ ਉਹਨੇ ਆਪਣੀ ਕਲਮ ਨੂੰ ਪੈਸੇ ਹੂੰਝਣ ਦਾ ਵਸੀਲਾ ਬਣਾਇਆ ਹੋਇਆ ਸੀ। ਕਿਸੇ ਦੀ ਜੇਬ ਉਹ ਵਿਰੋਧ ਵਿਚ ਨਾ ਲਿਖਣ ਦੇ ਇਕਰਾਰ ਨਾਲ ਝਾੜ ਲੈਂਦਾ ਸੀ ਅਤੇ ਕਿਸੇ ਦੇ ਪੱਖ ਵਿਚ ਲਿਖ ਕੇ ਉਹਦੀ ਤਸੱਲੀ ਦਾ ਮੁੱਲ ਮੰਗ ਲੈਂਦਾ। ਨਵਾਂ ਪੱਤਰ ਪ੍ਰੇਰਕ ਰੱਖਣ ਸਮੇਂ ਪੱਤਰਕਾਰੀ ਦੀ ਡਿਗਰੀ ਦੇ ਨਾਲ ਨਾਲ ਮੇਰੀਆਂ ਅਖ਼ਬਾਰੀ ਲਿਖਤਾਂ ਦੀ ਫ਼ਾਈਲ ਵੀ ਬਹੁਤ ਕੰਮ ਆਈ।
ਘਰ ਵਾਲੇ ਮੇਰੇ ਕੰਮ ਨੂੰ ਚੌਵੀ ਘੰਟੇ ਦਾ ਝੰਜਟ ਆਖਦੇ। ਮੈਨੂੰ ਪਰ ਪੱਤਰਕਾਰੀ ਦੀ ਧੁਨ ਵਿਚ ਵੇਲੇ-ਕੁਵੇਲੇ ਕਿਧਰੇ ਵੀ ਜਾਣਾ ਔਖਾ ਨਹੀਂ ਸੀ ਲਗਦਾ। ਅੱਧੀ ਰਾਤ ਕਿਤੇ ਕੁਝ ਹੋ ਜਾਂਦਾ, ਮੈਂ ਸਕੂਟਰ ਕੱਢ ਲੈਂਦਾ। ਕੋਈ ਘਟਨਾ, ਕੋਈ ਦੁਰਘਟਨਾ, ਕੋਈ ਲੜਾਈ-ਝਗੜਾ, ਕੁਝ ਵੀ, ਕਿਤੇ ਵੀ, ਕਦੇ ਵੀ ਵਾਪਰ ਸਕਦਾ ਸੀ। ਉਹਦੀ ਤਹਿ ਤੱਕ ਜਾਣਾ ਮੇਰੇ ਲਈ ਅਖ਼ਬਾਰੀ ਫ਼ਰਜ਼ ਹੀ ਨਹੀਂ ਸੀ ਹੁੰਦਾ, ਸਮਾਜਕ ਜ਼ਿੰਮੇਵਾਰੀ ਵੀ ਹੁੰਦੀ।
ਮਾਂ ਦੇ ਚਲਾਣੇ ਨਾਲ ਜ਼ਰੂਰ ਪਹਿਲੀ ਵਾਰ ਇਹ ਅਹਿਸਾਸ ਹੋਇਆ ਕਿ ਅਤੇ-ਪਤੇ ਤੋਂ ਬਿਨਾਂ ਘਰੋਂ ਬਾਹਰ ਰਹਿਣਾ ਕਦੀ ਕਦੀ ਕਿੰਨਾ ਦੁਖਦਾਈ ਵੀ ਹੋ ਸਕਦਾ ਹੈ। ਕੋਈ ਇਕ ਟਿਕਾਣਾ ਦੱਸੇ ਬਿਨਾਂ ਘਰੋਂ ਗਏ ਬੰਦੇ ਨੂੰ ਲੱਭਣ ਵਾਲੇ ਲੱਭਣ ਤਾਂ ਕਿਥੇ ਲੱਭਣ!
ਮਗਰੋਂ ਜੇਬੀ ਫੋਨ ਦਾ ਜੁੱਗ ਆਇਆ। ਦੇਖਦਿਆਂ ਹੀ ਦੇਖਦਿਆਂ ਉਹਦਾ ਪ੍ਰਵੇਸ਼ ਸਾਡੇ ਇਲਾਕੇ ਦੇ ਪਿੰਡਾਂ ਤੱਕ ਹੋ ਗਿਆ। ਮੇਰਾ ਪਛਤਾਵਾ ਤਾਂ ਵਧਣਾ ਹੀ ਹੋਇਆ। ਜੇ ਜੇਬੀ ਫੋਨ ਦੀ ਸਹੂਲਤ ਕੁਝ ਸਮਾਂ ਪਹਿਲਾਂ ਮੇਰੇ ਵਰਗਿਆਂ ਤੱਕ ਪੁਜਦੀ ਹੋ ਜਾਂਦੀ, ਮੈਂ ਕਿਤੇ ਵੀ ਹੁੰਦਾ, ਮਾਂ ਦੇ ਮੂੰਹ ਵਿਚ ਪਾਣੀ ਪਾਉਣ ਲਈ ਪਹੁੰਚ ਗਿਆ ਹੁੰਦਾ। ਮਾਂ ਬਿਰਧ ਤਾਂ ਹੋ ਹੀ ਚੁੱਕੀ ਸੀ। ਸਰੀਰ ਡੋਬੇ-ਸੋਕੇ ਰਹਿੰਦਾ। ਤਾਂ ਵੀ ਮੇਰੇ ਜਾਣ ਸਮੇਂ ਅਜਿਹਾ ਕੋਈ ਸੰਸਾ ਨਹੀਂ ਸੀ ਕਿ ਉਹ ਅਚਾਨਕ ਢਿੱਲੀ ਹੋ ਕੇ ਕਿਸੇ ਓਹੜ-ਪੋਹੜ ਤੋਂ ਪਹਿਲਾਂ ਹੀ ਤੁਰ ਜਾਵੇਗੀ। ਮੇਰੀ ਉਡੀਕ ਦਾ ਮੌਕਾ ਵੀ ਉਹਨੂੰ ਨਾ ਮਿਲਿਆ। ਜਦੋਂ ਮਾਂ ਨੇ ਆਖਿਆ ਸੀ, "ਛੋਟਿਆ, ਪੁੱਤਰ ਪਾਣੀ ਦੇ", ਮੈਂ ਹਾਜ਼ਰ ਹੁੰਦਾ ਤਾਂ ਮਾਂ ਦੀ ਰੂਹ ਤ੍ਰਿਪਤ ਹੋ ਜਾਂਦੀ। ਮਰਨ ਪਿਛੋਂ ਉਹਨੂੰ ਇਉਂ ਭਟਕਣਾ ਨਾ ਪੈਂਦਾ। ਤੇਹ ਨਾਲ ਬੇਹਾਲ ਉਹ ਮੇਰੇ ਸੁਫ਼ਨਿਆਂ ਵਿਚ ਆ ਆ ਕੇ ਪਾਣੀ ਨਾ ਮੰਗਦੀ।
ਕਈ ਲੋਕ ਆਖਦੇ, ਜੇ ਕਦੀ ਸੁਫ਼ਨੇ ਵਿਚ ਤੇਰੇ ਹੱਥੋਂ ਮਾਂ ਦੇ ਮੂੰਹ ਵਿਚ ਪਾਣੀ ਪੈ ਜਾਵੇ, ਉਹਦੀ ਤੇਹ ਤ੍ਰਿਪਤ ਹੋ ਜਾਵੇ। ਭਟਕ ਰਹੀ ਉਹਦੀ ਆਤਮਾ ਦੀ ਗਤੀ ਹੋ ਜਾਵੇ ਤਾਂ ਉਹ ਤੇਰੇ ਸੁਫ਼ਨਿਆਂ ਵਿਚ ਆਉਣੋਂ ਹਟ ਜਾਵੇ। ਪਰ ਮੇਰਾ ਸੁਫ਼ਨਾ ਤਾਂ ਸੁੱਕੇ ਬੁਲ੍ਹਾਂ ਉਤੇ ਜੀਭ ਫੇਰਦੀ ਮਾਂ ਦੇ ਟੁਟਦੇ ਬੋਲਾਂ, "ਛੋਟਿਆ ਪੁੱਤਰ ਪਾਣੀ ਦੇ" ਨਾਲ ਹੀ ਟੁੱਟ ਜਾਂਦਾ। ਸੁਫ਼ਨੇ ਨੂੰ ਹੋਰ ਲੰਮਾ ਕਰ ਲੈਣਾ ਅਤੇ ਮਾਂ ਦੇ ਬੋਲਾਂ ਨਾਲ ਜਾਗਣ ਦੀ ਥਾਂ ਸੁੱਤਾ ਰਹਿ ਕੇ ਤਿਹਾਈ ਮਾਂ ਨੂੰ ਪਾਣੀ ਪਿਆ ਦੇਣਾ ਮੇਰੇ ਵੱਸ ਵਿਚ ਤਾਂ ਨਹੀਂ ਸੀ। ਮਾਂ ਦੇ ਪਾਣੀ ਮੰਗਣ ਨਾਲ ਹੀ ਨੀਂਦ ਟੁੱਟ ਜਾਂਦੀ ਅਤੇ ਸੁਫ਼ਨਾ ਮੁੱਕ ਜਾਂਦਾ। ਮਾਂ ਨੂੰ ਪਾਣੀ ਪਿਆਉਣ ਦਾ ਮੌਕਾ ਕਿਥੋਂ ਮਿਲਦਾ!
ਕਈ ਲੋਕ ਸਲਾਹ ਦਿੰਦੇ, ਤੂੰ ਪਹੋਏ ਜਾ ਕੇ ਮਾਂ ਦੀ ਗਤੀ ਕਰਵਾ ਆ। ਮੈਨੂੰ ਪਰ ਅਜਿਹਾ ਸਭ ਕੁਛ ਅੰਧਵਿਸ਼ਵਾਸ ਅਤੇ ਤਰਕਹੀਣ ਲਗਦਾ। ਮੌਤ ਮਗਰੋਂ ਕੋਈ ਆਤਮਾ ਸਰੀਰ ਵਿਚੋਂ ਉਡਾਰੀ ਨਹੀਂ ਲਾਉਂਦੀ ਜੋ ਅਤ੍ਰਿਪਤੀ ਦੀ ਹਾਲਤ ਵਿਚ ਭਟਕਦੀ ਰਹੇ ਅਤੇ ਤ੍ਰਿਪਤੀ ਦੀ ਸੂਰਤ ਵਿਚ ਸ਼ਾਂਤ ਹੋ ਜਾਵੇ। ਮੈਂ ਸਮਝਦਾ, ਆਖਰੀ ਸਮੇਂ ਮਾਂ ਦੇ ਮੂੰਹ ਵਿਚ ਪਾਣੀ ਨਾ ਪਾ ਸਕਣ ਦਾ ਪਛਤਾਵਾ ਸੁਫ਼ਨਾ ਬਣ ਕੇ ਪ੍ਰਗਟ ਹੁੰਦਾ ਹੈ। ਇਸ ਵਿਚ ਗਤੀ-ਬੇਗਤੀ ਕਿਥੋਂ ਆ ਗਈ। ਤਾਂ ਵੀ ਕਈ ਵਾਰ ਮੈਂ ਦੁਬਿਧਾ ਵਿਚ ਪੈ ਜਾਂਦਾ। ਮੇਰੇ ਸੁਫ਼ਨਿਆਂ ਵਿਚ ਹੀ ਸਹੀ, ਮਾਂ ਆਖ਼ਰ ਭਟਕ ਤਾਂ ਰਹੀ ਸੀ। ਜੇ ਭਲਾ ਕਿਸੇ ਹੀਲੇ ਉਹਦੀ ਭਟਕਣ ਮੁੱਕ ਸਕੇ! ਜੇ ਭਲਾ ਕਿਸੇ ਰੀਤ-ਰਸਮ ਦੇ ਮਨੋਵਿਗਿਆਨਕ ਪ੍ਰਭਾਵ ਸਦਕਾ ਮੈਨੂੰ ਇਹ ਸੁਫ਼ਨਾ ਆਉਣਾ ਬੰਦ ਹੋ ਜਾਵੇ!
ਪਰ ਮਾਂ ਦੀ ਗਤੀ ਦਾ ਉਹ ਜੋ ਢੰਗ ਦਸਦੇ, ਉਹ ਮੈਨੂੰ ਹਾਸੋਹੀਣਾ ਲਗਦਾ। ਉਸ ਉਤੇ ਵਿਸ਼ਵਾਸ ਕਰਨਾ ਤਾਂ ਦੂਰ ਦੀ ਗੱਲ ਸੀ। ਮੈਂ ਆਪਣੀ ਨਜ਼ਰ ਨੂੰ ਆਪ ਹੀ ਮੂਰਖ ਲੱਗਣਾ ਸੀ।
ਘਰੋਂ ਸਫ਼ਰ ਦੀ ਪੂਰੀ ਤਿਆਰੀ ਕਰ ਕੇ ਮਾਂ ਦੇ ਸਿਵੇ ਕੋਲ ਆਖਣਾ ਹੋਵੇਗਾ, ਮਾਂ ਚੱਲ ਉਠ, ਆਪਾਂ ਪਹੋਏ ਚੱਲੀਏ। ਸਕੂਟਰ ਦੀ ਪਿਛਲੀ ਸੀਟ ਝਾੜ-ਪੂੰਝ ਕੇ ਕਹਿਣਾ ਹੋਵੇ, ਬੈਠ ਮਾਂ ਠੀਕ ਹੋ ਕੇ। ਟੱਬਰ ਨੇ ਆਪਣੇ ਆਪਣੇ ਰਿਸ਼ਤੇ ਅਨੁਸਾਰ ਸੰਬੋਧਨ ਕਰਦਿਆਂ ਉਹਨੂੰ ਪ੍ਰਲੋਕ ਵਾਲੇ ਟਿਕਾਣੇ ਪਹੁੰਚਣ ਲਈ ਵਿਦਾਅ ਕਰਨਾ ਹੋਵੇਗਾ। ਸਟੇਸ਼ਨ ਕੋਲ ਸਕੂਟਰ ਖੜ੍ਹਾ ਕਰ ਕੇ ਮਾਂ ਨੂੰ ਉਤਰਨ ਲਈ ਕਹਿਣਾ ਹੋਵੇਗਾ। ਪਲੇਟਫ਼ਾਰਮ ਉਤੇ ਉਹਨੂੰ ਕਿਸੇ ਅਜਿਹੀ ਨਿਵੇਕਲੀ ਥਾਂ ਬਿਠਾਉਣਾ ਹੋਵੇਗਾ ਜਿਸ ਨੂੰ ਖਾਲੀ ਸਮਝ ਕੇ ਕਿਸੇ ਹੋਰ ਦੇ ਆ ਬੈਠਣ ਦੀ ਸੰਭਾਵਨਾ ਨਾ ਹੋਵੇ। ਟਿਕਟਾਂ ਦੋ ਲੈਣੀਆਂ ਹੋਣਗੀਆਂ, ਇਕ ਆਪਣੀ ਅਤੇ ਦੂਜੀ ਮਾਂ ਦੀ। ਗੱਡੀ ਆਈ ਤੋਂ ਆਵਾਜ਼ ਦੇਣੀ ਹੋਵੇਗੀ, ਆ ਮਾਂ, ਚੜ੍ਹੀਏ, ਗੱਡੀ ਆ ਗਈ।
ਉਹ ਦਸਦੇ, ਗੱਡੀ ਵਿਚ ਸੀਟ ਜੇ ਖਾਲੀ ਨਾ ਵੀ ਹੋਵੇ, ਕੋਈ ਮੁਸ਼ਕਿਲ ਨਹੀਂ ਆਵੇਗੀ। ਜਦੋਂ ਕਹੇਂਗਾ, ਮੈਂ ਮਾਂ ਨੂੰ ਲੈ ਕੇ ਪਹੋਏ ਚੱਲਿਆ ਹਾਂ, ਕੋਈ ਨਾ ਕੋਈ ਝੱਟ ਖੜ੍ਹਾ ਹੋ ਜਾਵੇਗਾ। ਇਸ ਰੀਤ ਬਾਰੇ ਸਭ ਜਾਣਦੇ ਹਨ। ਲੋਕ ਗਤੀ ਲਈ ਜਾਣ ਵਾਲਿਆਂ ਵਾਸਤੇ ਸੀਟ ਵਿਹਲੀ ਕਰਨ ਨੂੰ ਪੁੰਨ ਸਮਝਦੇ ਹਨ। ਗੱਡੀ ਤੋਂ ਉਤਰ ਕੇ ਉਹਨੂੰ ਇਉਂ ਹੀ ਨਾਲ ਨਾਲ ਤੋਰਦਿਆਂ ਸਟੇਸ਼ਨ ਤੋਂ ਪਹੋਏ ਤੱਕ ਲਿਜਾਣਾ ਹੋਵੇਗਾ। ਉਥੇ ਪੰਡਿਤ ਆਪੇ ਪੂਜਾਪਾਠ ਕਰ ਦੇਣਗੇ। ਪੂਜਾ ਦੀ ਸਮਾਪਤੀ ਮਗਰੋਂ ਮਾਂ ਸਭੇ ਰਿਸ਼ਤੇ ਤੋੜ ਕੇ ਉਥੇ ਰਹਿ ਜਾਵੇਗੀ, ਤੂੰ ਇਕੱਲਾ ਪਿੰਡ ਆ ਜਾਵੀਂ।
ਪੰਡਿਤ ਗੋਪਾਲ ਦਾਸ ਨੂੰ ਪਤਾ ਲੱਗਿਆ ਤਾਂ ਉਹਨੇ ਕਿਹਾ, "ਜੇ ਤੂੰ ਮਾਂ ਦੀ ਪੱਕੀ ਗਤੀ ਕਰਵਾਉਣੀ ਹੈ ਤਾਂ ਥੋੜਾ ਚਿਰ ਹੋਰ ਠਹਿਰ ਜਾ। ਚੇਤਰ ਦੀ ਚੌਦਸ ਨੂੰ ਪਹੋਏ ਦੇ ਫਲਗੂ ਤੀਰਥ ਜਾਈਂ! ਬੜਾ ਮਹਾਤਮ ਹੈ ਫਲਗੂ ਤੀਰਥ ਦਾ। ਗਤੀ ਲਈ ਪੁਰਾਤਨ ਕਾਲ ਤੋਂ ਗਯਾ ਜੀ ਨੂੰ ਪਵਿੱਤਰ ਸਥਾਨ ਮੰਨਿਆ ਜਾਂਦਾ ਸੀ। ਉਥੋਂ ਦੇ ਹੀ ਸਨ ਫਲਗੂ ਜੀ ਰਿਸ਼ੀ। ਸੀਤਾ ਮਾਤਾ ਨੇ ਵੀ ਸ੍ਰੀ ਰਾਮ ਜੀ ਦੀ ਆਗਿਆ ਨਾਲ ਪਿਤਾ ਜਨਕ ਦੀ ਗਤੀ ਗਯਾ ਜੀ ਪਹੁੰਚ ਕੇ ਹੀ ਕਰਵਾਈ ਸੀ। ਫਲਗੂ ਰਿਸ਼ੀ ਪਹੋਏ ਵਿਆਹੇ ਹੋਏ ਸਨ। ਇਕ ਵਾਰ ਪਹੋਏ ਦੇ ਲੋਕਾਂ ਨੇ ਉਨ੍ਹਾਂ ਨੂੰ ਗਯਾ ਜੀ ਪਹੁੰਚਣ ਵਿਚ ਆਉਂਦੀਆਂ ਦੁਸ਼ਵਾਰੀਆਂ ਬਾਰੇ ਦੱਸਿਆ। ਲੰਮੇ-ਬਿਖੜੇ ਪੰਧ ਤੇ ਸ਼ੇਰ-ਬਘੇਰਿਆਂ ਵਾਲੇ ਜੰਗਲ-ਬੇਲੇ। ਫਲਗੂ ਰਿਸ਼ੀ ਕੁਛ ਪਲ ਧਿਆਨ ਵਿਚ ਗਏ ਤੇ ਫੇਰ ਅੱਖਾਂ ਖੋਲ੍ਹ ਕੇ ਬਚਨ ਕੀਤਾ, ਠੀਕ ਹੈ, ਮੈਂ ਹਰ ਵਾਰ ਚੇਤਰ ਦੀ ਚੌਦਸ ਨੂੰ ਪਹੋਏ ਆਪ ਆਇਆ ਕਰਾਂਗਾ ਤੇ ਇਥੋਂ ਦੀ ਗਤੀ ਦਾ ਗਯਾ ਜੀ ਜਿੰਨਾ ਹੀ ਮਹਾਤਮ ਹੋਵੇਗਾ। ਪਹੋਏ ਦਾ ਫਲਗੂ ਤੀਰਥ ਉਨ੍ਹਾਂ ਨਮਿਤ ਹੀ ਹੈ। ਵੈਸੇ ਤਾਂ ਉਥੇ ਕਰਵਾਈ ਗਤੀ ਸਾਰਾ ਸਾਲ ਹੀ ਸੰਪੂਰਨ ਮੰਨੀ ਜਾਂਦੀ ਹੈ, ਪਰ ਚੇਤਰ ਦੀ ਚੌਦਸ ਨੂੰ ਹੋਈ ਗਤੀ ਮਗਰੋਂ ਪ੍ਰਾਣੀ ਨੂੰ ਸਵਰਗ ਦੇ ਦੁਆਰ ਖੁੱਲ੍ਹੇ ਮਿਲਦੇ ਹਨ। ਤੂੰ ਚੇਤਰ ਦੀ ਚੌਦਸ ਨੂੰ ਹੀ ਜਾਈਂ!
ਚਿੱਤ ਵਿਚ ਆਇਆ, ਪੰਡਿਤ ਜੀ ਨੂੰ ਪੁੱਛਾਂ, ਸਵਰਗ ਦੇ ਦੁਆਰ ਤਾਂ ਉਨ੍ਹਾਂ ਲੋਕਾਂ ਨੂੰ ਵੀ ਖੁੱਲ੍ਹੇ ਮਿਲਦੇ ਦਸਦੇ ਹਨ ਜੋ ਅੰਮ੍ਰਿਤ ਵੇਲੇ ਪੂਰੇ ਹੁੰਦੇ ਹਨ। ਮਾਂ ਦੀ ਜੀਵਨ-ਲੀਲ੍ਹਾ ਵੀ ਅੰਮ੍ਰਿਤ ਵੇਲੇ ਸਮਾਪਤ ਹੋਈ। ਤਾਂ ਫੇਰ ਉਹਨੂੰ ਸਵਰਗ ਦੇ ਦੁਆਰ ਖੁੱਲ੍ਹੇ ਕਿਉਂ ਨਾ ਮਿਲੇ? ਉਹਨੂੰ ਗਤੀ ਦੀ ਲੋੜ ਕਿਉਂ ਦੱਸੀ ਜਾਂਦੀ ਹੈ? ਪਰ ਮਾਂ ਨੂੰ ਲੈ ਕੇ ਮੈਂ ਕਿਸੇ ਬਹਿਸਬਾਜ਼ੀ ਵਿਚ ਪੈਣਾ ਨਹੀਂ ਸੀ ਚਾਹੁੰਦਾ। ਮੈਂ ਚੁੱਪ ਰਹਿਣਾ ਹੀ ਠੀਕ ਸਮਝਿਆ।
ਚੇਤਰ ਦੀ ਚੌਦਸ ਅਜੇ ਦੂਰ ਸੀ। ਪਰ ਜਦੋਂ ਉਹ ਆਈ ਵੀ, ਪਤਾ ਨਹੀਂ ਪ੍ਰੇਸ਼ਾਨੀ ਦੇ ਬਾਵਜੂਦ ਆਪਣੇ ਮਨ ਨੂੰ ਉਥੇ ਜਾਣ ਲਈ ਮਨਾ ਵੀ ਸਕਾਂਗਾ ਕਿ ਨਹੀਂ।
ਇਕ ਦਿਨ ਅਚਾਨਕ ਨੇੜੇ ਦੇ ਕਸਬੇ ਵਿਚ ਝਗੜਾ ਹੋ ਗਿਆ। ਕੋਈ ਮੁਸਲਮਾਨ ਅੱਲਾ ਨੂੰ ਪਿਆਰਾ ਹੋ ਗਿਆ ਸੀ। ਉਹਨੂੰ ਪੁਰਾਣੇ ਕਬਰਿਸਤਾਨ ਵਿਚ ਦਫ਼ਨਾਉਣ ਦੀ ਤਿਆਰੀ ਹੋਣ ਲਗੀ ਤਾਂ ਗੈਰ-ਮੁਸਲਮਾਨਾਂ ਨੇ ਅੜਿੱਕਾ ਡਾਹ ਦਿਤਾ। ਉਨ੍ਹਾਂ ਦਾ ਕਹਿਣਾ ਸੀ, ਇਹ ਥਾਂ ਪੁਰਾਣੇ ਵੇਲਿਆਂ ਤੋਂ ਗਊਸ਼ਾਲਾ ਦੀ ਸੰਪਤੀ ਹੈ ਜਿਸ ਨੂੰ ਕਬਰਾਂ ਲਈ ਹਥਿਆ ਲਿਆ ਗਿਆ। ਉਨ੍ਹਾਂ ਦਾ ਦੋ-ਟੁੱਕ ਫ਼ਰਮਾਨ ਸੀ, ਅੱਗੇ ਤੋਂ ਗਊ ਮਾਤਾ ਦੀ ਪਵਿੱਤਰ ਭੂਮੀ ਉਤੇ ਉਹ ਇਕ ਵੀ ਮੁਰਦਾ ਦਫ਼ਨਾਉਣ ਨਹੀਂ ਦੇਣਗੇ।
ਦੇਸ ਵਿਚ ਧਰਮਾਂ ਵਿਚਕਾਰ ਪਾੜਾ ਵਧ ਰਿਹਾ ਸੀ। ਫਿਰਕੂ ਮਾਹੌਲ ਦੀ ਤਣਾ-ਤਣੀ ਸੰਘਣੀ ਹੁੰਦੀ ਜਾਂਦੀ ਸੀ। ਧਰਮਾਂ ਵਿਚਕਾਰ ਖਾਈ ਡੂੰਘੀ ਹੁੰਦੇ ਜਾਣ ਨਾਲ ਕਈ ਸ਼ਕਤੀਆਂ ਨੂੰ ਲਾਭ ਪੁਜਦਾ ਸੀ। 'ਧਾਰਮਿਕ ਸਦਭਾਵ' ਦੇ ਨਾਂ ਉਤੇ ਮੁਸਲਮਾਨਾਂ ਨੂੰ ਮੁਰਦਾ ਨੇੜਲੇ ਸ਼ਹਿਰ ਦੇ ਕਬਰਿਸਤਾਨ ਵਿਚ ਦਫ਼ਨਾਉਣ ਦੀ ਸਲਾਹ ਦਿੱਤੀ ਜਾ ਰਹੀ ਸੀ। ਕਰੋਧ ਵਿਚ ਆਏ ਮੁਸਲਮਾਨਾਂ ਨੇ ਆਪਣਾ ਹੱਕ ਜਤਾਉਣਾ ਚਾਹਿਆ ਪਰ ਛੇਤੀ ਹੀ ਹਾਲਾਤ ਨੇ ਕਰੋਧ ਨੂੰ ਬੇਵਸੀ ਵਿਚ ਬਦਲ ਦਿੱਤਾ। ਉਨ੍ਹਾਂ ਨੂੰ ਸਬਕ ਸਿਖਾਉਣ ਲਈ ਰਾਤ ਨੂੰ ਹਮਲਾ ਹੋਣ ਦੀਆਂ ਸਲਾਹਾਂ ਦੀ ਅਫ਼ਵਾਹ ਫੈਲੀ ਤਾਂ ਮੁਸਲਮਾਨ ਮੁਰਦਾ ਲੈ ਕੇ ਹੀ ਸ਼ਹਿਰ ਨਾ ਗਏ ਸਗੋਂ ਘਰਾਂ ਨੂੰ ਜਿੰਦੇ ਲਾ ਕੇ ਬੀਵੀਆਂ-ਬੱਚਿਆਂ ਨੂੰ ਵੀ ਨਾਲ ਹੀ ਲੈ ਗਏ। ਜਿਨ੍ਹਾਂ ਦਾ ਉਥੇ ਕੋਈ ਆਪਣਾ ਨਹੀਂ ਸੀ, ਉਨ੍ਹਾਂ ਨੇ ਸ਼ਹਿਰ ਦੀ ਮਸੀਤ ਵਿਚ ਪਨਾਹ ਲੈ ਲਈ।
ਕੈਮਰਾ ਮੋਢੇ ਪਾ ਕੇ ਮੈਂ ਸਕੂਟਰ ਤੋਰ ਲਿਆ। ਧਿਆਨ ਇਸ ਝਗੜੇ ਤੋਂ ਤੁਰਦਾ ਮਾਂ ਤੱਕ ਪੁੱਜ ਗਿਆ। ਉਹ ਜਦੋਂ ਕਿਸੇ ਦੰਗੇ-ਫਸਾਦ ਬਾਰੇ ਸੁਣਦੀ, ਸਦਾ ਇਹੋ ਆਖਦੀ, ਰੱਬ ਨੇ ਤਾਂ ਬੰਦੇ ਇਕੋ ਸਾਂਚੇ ਵਿਚ ਢਾਲੇ ਨੇ, ਇਹ ਆਪੇ ਹਿੰਦੂ, ਸਿੱਖ ਤੇ ਮੁਸਲਮਾਨ ਬਣ ਬੈਠੇ। ਉਹ ਪੜ੍ਹੀ-ਲਿਖੀ ਤਾਂ ਬਹੁਤੀ ਨਹੀਂ ਸੀ ਪਰ ਗੱਲਾਂ ਗਿਆਨੀਆਂ ਵਾਲੀਆਂ ਕਰਦੀ। ਆਖਦੀ, ਜਿਹੜਾ ਕੋਈ ਹੁਣ ਆਪਣੇ ਧਰਮ ਲਈ ਮਰਨ-ਮਾਰਨ ਨੂੰ ਤਿਆਰ ਫਿਰਦਾ ਹੈ, ਜੇ ਦੂਜੇ ਧਰਮ ਵਾਲੇ ਮਾਪਿਆਂ ਦੇ ਘਰ ਜੰਮ ਪੈਂਦਾ, ਉਹਦੇ ਲਈ ਮਰਦਾ-ਮਾਰਦਾ ਫਿਰਦਾ। ਉਹ ਹਉਕਾ ਲੈ ਕੇ ਨਿਬੇੜਾ ਕਰਦੀ, ਧਰਮ ਦਾ ਨਾਂ ਲੈ ਕੇ ਅਧਰਮ ਕਮਾਉਂਦੇ ਨੇ, ਪਾਪੀ ਕਿਸੇ ਥਾਂ ਦੇ!
ਮਾਂ ਦੇ ਮੂੰਹੋਂ ਅਜਿਹੀਆਂ ਗੱਲਾਂ ਸੁਣ ਕੇ ਹੈਰਾਨੀ ਹੁੰਦੀ। ਦੇਸ ਦੀ ਵੰਡ ਵੇਲੇ ਜੋ ਆਦਮ-ਦਾਹੀ ਭਾਂਬੜ ਬਲੇ ਸਨ, ਉਨ੍ਹਾਂ ਦਾ ਸੇਕ ਮਾਂ ਨੂੰ ਵੀ ਲੱਗਿਆ ਸੀ। ਨਾਨਾ-ਨਾਨੀ ਭਾਵੇਂ ਬੱਚਿਆਂ ਸਮੇਤ ਸਹੀ-ਸਲਾਮਤ ਇਧਰ ਆ ਗਏ ਸਨ ਪਰ ਆਏ ਖਾਲੀ ਹੱਥ ਅਤੇ ਭਰੇ ਹੋਏ ਮਨ ਨਾਲ ਸਨ। ਅਨੇਕ ਆਪਣਿਆਂ ਦੀ ਦਰਦਨਾਕ ਮੌਤ ਵੀ ਦੇਖਣੀ-ਸੁਣਨੀ ਪਈ ਅਤੇ ਸਭ ਜ਼ਮੀਨ-ਜਾਇਦਾਦ ਵੀ ਉਧਰੇ ਛੱਡਣੀ ਪਈ। ਉਖੜੀਆਂ-ਕੱਟੀਆਂ ਜੜਾਂ 'ਪਰਾਏ ਦੇਸ' ਵਿਚ ਨਵੇਂ ਸਿਰਿਉਂ ਲਾਉਣੀਆਂ ਅਸੰਭਵ ਲਗਦੀਆਂ ਸਨ। ਇਹ ਸਭ ਏਨਾ ਦਿਲ-ਚੀਰਵਾਂ ਸੀ ਕਿ ਮਾਂ ਪਰਤਵੀਂ ਝਾਤ ਪਾਉਣ ਤੋਂ ਸੰਕੋਚ ਕਰਦੀ। ਜੇ ਕਦੀ ਉਸ ਸਮੇਂ ਵੱਲ ਪਰਤਣਾ ਪੈਂਦਾ, ਉਹ ਪੀੜ-ਪੀੜ ਹੋ ਜਾਂਦੀ ਅਤੇ ਸੁਣਨ ਵਾਲੇ ਦਾ ਹਿਰਦਾ ਕੰਬ ਜਾਂਦਾ।
ਤਾਂ ਵੀ ਮਾਂ ਦੀਆਂ ਗੱਲਾਂ ਵਿਚ ਨਫ਼ਰਤ ਦੀ ਕੋਈ ਭਾਹ ਨਾ ਦੇਖ ਕੇ ਹੈਰਾਨੀ ਹੁੰਦੀ। ਉਨ੍ਹਾਂ ਨੂੰ ਕਿਹੋ ਜਿਹੇ ਦਿਨਾਂ ਵਿਚੋਂ ਦੀ ਲੰਘਣਾ ਪਿਆ ਸੀ ਕਿ ਸਾਡਾ ਦਰਦ ਉਹ ਦਿਨ ਦਿਖਾਉਣ ਵਾਲਿਆਂ ਲਈ ਨਫ਼ਰਤ ਵਿਚ ਵਟਣ ਲਗਦਾ। ਮਾਂ ਆਖਦੀ, ਨਫ਼ਰਤ ਬੰਦੇ ਨੂੰ ਜਾਨਵਰ ਬਣਾ ਦਿੰਦੀ ਹੈ। ਉਹ ਸਮਝਾਉਂਦੀ, ਕਿਸੇ ਹੋਰ ਲਈ ਨਫ਼ਰਤ ਕਿਸੇ ਹੋਰ ਦੀ ਝੋਲੀ ਕਾਹਤੋਂ ਪਾਉਣੀ ਹੋਈ, ਸਾਨੂੰ ਬਚਾਉਣ ਵਾਲੇ ਵੀ ਤਾਂ ਮੁਸਲਮਾਨ ਹੀ ਸਨ, ਬੱਚਿਉ! ਉਹ ਸਾਡੇ ਮਨਾਂ ਨੂੰ ਇਹ ਆਖ ਕੇ ਸੰਤੁਲਿਤ ਕਰਨ ਦਾ ਯਤਨ ਕਰਦੀ, ਐਧਰ ਵਾਲਿਆਂ ਨੇ ਵੀ ਕੋਈ ਘੱਟ ਨਹੀਂ ਸੀ ਕੀਤੀ। ਮੈਂ ਚੁੱਪ ਰਹਿੰਦਾ। ਅਚੇਤ ਹੀ ਪਰ ਮਾਂ ਦੀਆਂ ਦੱਸੀਆਂ ਗੱਲਾਂ ਅੱਖੀਂ ਦੇਖੀਆਂ ਆਤੰਕੀ ਘਟਨਾਵਾਂ ਨਾਲ ਜੁੜਨ ਲਗਦੀਆਂ। ਪ੍ਰੇਸ਼ਾਨੀ ਵਧਣ ਲਗਦੀ ਤਾਂ ਮਾਂ ਦੀ ਸੂਝ ਅਤੇ ਸੋਚ ਹੀ ਠੰਡਾ ਛਿੜਕਣ ਦਾ ਕੰਮ ਕਰਦੀ।
ਨਾਲੋ-ਨਾਲ ਬਣੇ ਮੰਦਰ ਤੇ ਗੁਰਦੁਆਰੇ ਦੇ ਸਾਹਮਣੇ ਲੋਕ ਜੁੜੇ ਖਲੋਤੇ ਸਨ। ਮੇਰੇ ਚੇਤੇ ਵਿਚ ਉਹ ਅਣ-ਦੇਖੀਆਂ ਭੀੜਾਂ ਉਭਰੀਆਂ ਜੋ ਮਾਂ ਦੀਆਂ ਗੱਲਾਂ ਵਿਚ ਸੁਣੀਆਂ ਸਨ। ਸ਼ੁਭਚਿੰਤਕ ਮੁਸਲਮਾਨਾਂ ਦੇ ਘੇਰੇ ਵਿਚਕਾਰ ਘਰ ਤੋਂ ਹਿੰਦੂ-ਸਿਖ ਕੈਂਪ ਵੱਲ ਜਾਂਦਿਆਂ ਰਾਹ ਵਿਚ ਉਨ੍ਹਾਂ ਨੂੰ ਅਜਿਹੀਆਂ ਹੀ ਭੀੜਾਂ ਕੋਲੋਂ ਲੰਘਣਾ ਪਿਆ ਸੀ। ਭੀੜਾਂ ਵਿਚੋਂ ਲੋਕ ਇਨ੍ਹਾਂ ਦੇ ਰਾਖੇ ਮੁਸਲਮਾਨਾਂ ਨੂੰ ਕੌਮ ਦੇ ਗ਼ੱਦਾਰ ਆਖ ਕੇ ਚਿੜਾਉਂਦੇ ਸਨ ਅਤੇ ਦੁਸ਼ਮਣਾਂ ਦੇ ਰਖਵਾਲੇ ਹੋਣ ਦੇ ਮਿਹਣੇ ਮਾਰਦੇ ਸਨ।
ਮੁਸਲਮਾਨਾਂ ਵਾਲੇ ਪਾਸੇ ਸੁੰਨ ਵਰਤੀ ਪਈ ਸੀ। ਉਹ ਉਹੋ ਜਿਹਾ ਉਜਾੜਾ ਸੀ ਜਿਹੋ ਜਿਹਾ ਮੁਹੱਲੇ ਵਿਚੋਂ ਨਿੱਕਲਣ ਸਮੇਂ ਮਾਂ ਸਮੇਤ ਸਾਰਿਆਂ ਨੇ ਨਜ਼ਰਾਂ ਪਿਛੇ ਮੋੜ ਕੇ ਦੇਖਿਆ ਸੀ।
ਸੁੰਨੇ ਮੁਸਲਮਾਨ-ਮੁਹੱਲੇ ਦੇ ਬਾਹਰ ਬੱਸ ਚਾਰ ਕੁ ਪੁਲਸੀਏ ਡਾਂਗਾਂ ਫੜੀਂ ਖਲੋਤੇ ਸਨ।
ਮੈਨੂੰ ਦੇਖ ਕੇ ਮੁਸਕਰਾਏ, "ਆ ਗਏ ਜਨਾਬ ਵੀ!"
"ਦੇਖੋ ਜੀ, ਸਾਡੇ ਅਖ਼ਬਾਰ ਨੂੰ ਤਾਂ ਜਾਣਦੇ ਹੀ ਹੋਂ, ਅਸੀਂ ਤਾਂ ਹਮੇਸ਼ਾ ਠੰਡਾ ਹੀ ਛਿੜਕਦੇ ਹਾਂ।"
ਮੈਂ ਵੀ ਮੁਸਕਰਾਉਣ ਦਾ ਯਤਨ ਕੀਤਾ। "ਆਪਣੀਆਂ ਅੱਖਾਂ ਨਾਲ ਦੇਖਾਂਗੇ ਤਾਂ ਲੋਕਾਂ ਨੂੰ ਦੱਸਾਂਗੇ ਕਿ ਕੋਈ ਵੱਡਾ ਝਗੜਾ ਨਹੀਂ। ਇਹ ਵੀ ਲਿਖਾਂਗੇ ਕਿ ਭਰਮ-ਭੁਲੇਖੇ ਕਾਰਨ ਸ਼ਹਿਰ ਚਲੇ ਗਏ ਮੁਸਲਮਾਨ ਭਰਾਵਾਂ ਨੂੰ ਮੋੜ ਲਿਆਉਣ ਦੀਆਂ ਸਲਾਹਾਂ ਹੋ ਰਹੀਆਂ ਨੇ ਤੇ ਉਨ੍ਹਾਂ ਦੇ ਘਰ-ਘਾਟ ਪੁਲਿਸ ਦੀ ਨਜ਼ਰ ਹੇਠ ਬਿਲਕੁਲ ਸੁਰਖਿਅਤ ਨੇ।" ਮੈਂ ਦਾਅ ਖੇਡਿਆ, "ਪੁਲਿਸ ਦਾ ਬੰਦੋਬਸਤ ਦਿਖਾਉਣ ਲਈ ਪਹਿਲਾਂ ਤੁਹਾਡੀ ਤਸਵੀਰ ਤਾਂ ਲੈ ਲਵਾਂ।"
ਉਹ ਡਾਂਗਾਂ ਅਗੇ ਕਰ ਕੇ ਸਾਵਧਾਨ ਖਲੋ ਗਏ।
ਮਾਹੌਲ ਠੀਕ ਬਣਿਆ ਦੇਖ ਕੇ ਮੈਂ ਪੁੱਛਣ ਨਾਲੋਂ ਬਹੁਤਾ ਜਿਵੇਂ ਉਨ੍ਹਾਂ ਨੂੰ ਦੱਸਿਆ ਹੋਵੇ,
"ਸੁਰਖਿਅਤ ਮੁਸਲਮਾਨ ਘਰਾਂ ਦੀਆਂ ਕੁਛ ਤਸਵੀਰਾਂ ਵੀ ਲੈ ਆਵਾਂ।"
ਬੰਦ ਘਰਾਂ ਦੇ ਬੂਹਿਆਂ ਉਤੇ ਤਾਲੇ ਲਟਕ ਰਹੇ ਸਨ। ਗਲੀ ਦਾ ਮੋੜ ਮੁੜ ਕੇ ਦੇਖਿਆ, ਇਕ ਘਰ ਦਾ ਕੇਵਲ ਕੁੰਡਾ ਹੀ ਬੰਦ ਸੀ। ਸ਼ਾਇਦ ਭੱਜ-ਭਜਾਈ ਵਿਚ ਕਿਸੇ ਨੂੰ ਤਾਲਾ ਲੱਭਣ-ਲਾਉਣ ਦਾ ਸਮਾਂ ਨਹੀਂ ਸੀ ਮਿਲਿਆ। ਜਾਂ ਹੋ ਸਕਦਾ ਹੈ, ਦੂਰ-ਨੇੜੇ ਅਕਸਰ ਹੀ ਹੁੰਦੇ ਰਹਿੰਦੇ ਦੰਗਿਆਂ ਦੇ ਅਨੁਭਵ ਤੋਂ ਉਹਨੇ ਸੋਚਿਆ ਹੋਵੇ, ਲੁੱਟਣ ਵਾਲੇ ਆਏ ਤਾਂ ਤਾਲੇ ਨੇ ਕਿਹੜਾ ਉਨ੍ਹਾਂ ਦੇ ਹੱਥ ਫੜ ਲੈਣੇ ਨੇ।
ਮੈਂ ਬੂਹੇ ਕੋਲ ਰੁਕ ਗਿਆ। ਘਰ ਛਡਦਿਆਂ ਉਨ੍ਹਾਂ ਦੇ ਦਿਲ ਉਤੇ ਉਹੋ ਬੀਤੀ ਹੋਵੇਗੀ ਜੋ ਮਾਂ ਦੇ ਪਰਿਵਾਰ ਦੇ ਦਿਲ ਉਤੇ ਘਰ ਛਡਦਿਆਂ ਬੀਤੀ ਸੀ। ਖੁੱਲ੍ਹੇ ਘਰ ਵਿਚ ਉਹ ਭਲਾ ਕੀ ਕੁਝ ਛੱਡ ਗਏ ਹੋਣਗੇ? ਮੈਂ ਇਧਰ-ਉਧਰ ਦੇਖਿਆ, ਕੋਈ ਨਹੀਂ ਸੀ ਦੇਖ ਰਿਹਾ। ਕੁੰਡਾ ਖੋਲ੍ਹ ਕੇ ਅੰਦਰ ਲੰਘਦਿਆਂ ਮੈਂ ਪਿਛੇ ਬੂਹਾ ਬੰਦ ਕਰ ਦਿੱਤਾ।
ਖੱਬੇ ਪਾਸੇ ਵਾਲੀ ਕੋਠੜੀ ਵਿਚੋਂ ਨਿਰਬਲ ਜਿਹੀ ਆਵਾਜ਼ ਆਈ, "ਆ ਗਿਆ ਹੈਂ ਬਸ਼ੀਰਿਆ ਪੁੱਤਰ ਪਾਣੀ ਦੇ।"
ਮੰਜੀ ਉਤੇ ਇਕ ਬਿਰਧ ਮਾਈ ਪਈ ਸੀ। ਉਹਨੇ ਬਾਹਰਲੇ ਬੂਹੇ ਦੀ ਆਵਾਜ਼ ਅਤੇ ਮੇਰੀ ਪੈੜਚਾਲ ਸੁਣ ਲਈ ਸੀ।
ਮੇਰੇ ਮੂੰਹੋਂ ਆਪਣੇ-ਆਪ ਨਿੱਕਲਿਆ, "ਹਾਂ ਮਾਂ, ਮੈਂ ਆ ਗਿਆ!"
ਮਾਈ ਨੇ ਸੁੱਕੇ ਬੁੱਲ੍ਹਾਂ ਉਤੇ ਜੀਭ ਫੇਰਨ ਦਾ ਯਤਨ ਕੀਤਾ ਅਤੇ ਡੁਬਦੀ ਆਵਾਜ਼ ਵਿਚ ਬੋਲੀ, "ਪੁੱਤਰ ਪਾਣੀ ਦੇ।"
ਸਰ੍ਹਾਣੇ ਵੱਲ ਬੈਠਦਿਆਂ ਉਹਦਾ ਸਿਰ ਚੁੱਕ ਕੇ ਮੈਂ ਆਪਣੇ ਪੱਟ ਉਤੇ ਟਿਕਾ ਲਿਆ ਅਤੇ ਪਾਣੀ ਦਾ ਗਲਾਸ ਮੂੰਹ ਨੂੰ ਲਾ ਦਿੱਤਾ। ਪਾਣੀ ਅੰਦਰ ਲੰਘਣ ਦੀ ਥਾਂ ਸਾਰੇ ਦਾ ਸਾਰਾ ਖਾਖ ਵਿਚੋਂ ਬਾਹਰ ਡੁੱਲ੍ਹ ਗਿਆ। ਨਿਰਜਿੰਦ ਧੌਣ ਢਿੱਲੀ ਪੈ ਗਈ ਅਤੇ ਸਿਰ ਮੁੜ ਕੇ ਮੇਰੀ ਬੁੱਕਲ ਵਿਚ ਟਿਕ ਗਿਆ।
ਧੁਰ ਅੰਦਰੋਂ ਮੇਰੀ ਭੁੱਬ ਨਿਕਲੀ, "ਮਾਂ!"
ਮੇਰੇ ਹੰਝੂਆਂ ਦੀਆਂ ਧਾਰਾਂ ਉਹਦੇ ਬੁਲ੍ਹਾਂ ਉਤੇ ਚੋਅਣ ਲੱਗੀਆਂ।
ਉਸ ਪਿਛੋਂ ਮੈਨੂੰ ਕਦੀ ਤਿਹਾਈ ਮਾਂ ਦਾ ਸੁਫ਼ਨਾ ਨਹੀਂ ਆਇਆ!
ਪੰਜਾਬੀ ਕਹਾਣੀਆਂ (ਮੁੱਖ ਪੰਨਾ) |