Punjabi Stories/Kahanian
ਮਹਿੰਦਰ ਸਿੰਘ ਜੋਸ਼ੀ
Mohinder Singh Joshi
 Punjabi Kahani
Punjabi Kavita
  

Do Hanjhu Mohinder Singh Joshi

ਦੋ ਹੰਝੂ ਮਹਿੰਦਰ ਸਿੰਘ ਜੋਸ਼ੀ

ਮੈਂ ਆਪਣੀਆਂ ਸਾਲਾਨਾ ਛੁੱਟੀਆਂ ਵਿਚੋਂ ਕੁਝ ਦਿਨ ਕੱਟਣ ਪਿੰਡ ਗਿਆ ਸਾਂ। ਇਕ ਸਵੇਰ ਧਰਮਸ਼ਾਲਾ ਕੋਲੋਂ ਲੰਘਦਿਆਂ ਆਪਣੇ ਬਚਪਨ ਦੇ ਮਿੱਤਰ ਸਾਧੂ ਨੂੰ ਉਥੇ ਬੈਠਾ ਦੇਖ ਕੇ ਰੁਕ ਗਿਆ। ਨਾਲ ਦੇ ਘਰ ਧਾਲੀਵਾਲਾਂ ਦੇ ਸੰਤੋਖ ਦਾ ਵਿਆਹ ਸੀ, ਤੇ ਸੁਨਾਮੋਂ ਆਇਆ ਬੈਂਡ ਵੱਜ ਰਿਹਾ ਸੀ। ਇਕ ਬਿਰਧ ਜਿਹੜਾ ਪਹਿਲਾਂ ਕਦੇ ਮੇਰਾ ਦੇਖਿਆ ਪ੍ਰਤੀਤ ਨਹੀਂ ਸੀ ਹੁੰਦਾ, ਅੱਗੇ ਜਾਂਦਾ ਖੜੋ ਕੇ ਵਾਜਾ ਸੁਣਨ ਲੱਗਾ। ਉਹਨੇ ਸੋਟੀ ਜ਼ਮੀਨ 'ਤੇ ਟੇਕ ਕੇ ਆਪਣੀ ਕੁੱਬੀ ਕਮਰ ਨੂੰ ਸਹਾਰਾ ਦਿੱਤਾ ਹੋਇਆ ਸੀ, ਤਦ ਵੀ ਉਹਦੀਆਂ ਮਾਸ-ਢਿਲਕੀਆਂ ਲੱਤਾਂ ਥਰ ਥਰ ਕੰਬ ਰਹੀਆਂ ਸਨ। ਉਹਨੂੰ ਬਾਹੋਂ ਫੜ ਕੇ ਮੈਂ ਆਪਣੇ ਕੋਲ ਬਹਾਇਆ ਤਾਂ ਉਹਦੀਆਂ ਅੱਖਾਂ ਦੇ ਕੋਇਆਂ ਵਿਚ ਦੋ ਨਿੱਕੇ ਨਿੱਕੇ ਹੰਝੂ ਅਟਕੇ ਨਜ਼ਰ ਆਏ। ਮੈਂ ਇਕ ਪਾਸੇ ਮੂੰਹ ਕੀਤਾ ਤਾਂ ਉਹਨੇ ਪਾਣੀ ਦੀਆਂ ਉਹ ਛਿੱਟਾਂ ਆਪਣੇ ਮੋਢੇ 'ਤੇ ਰੱਖੇ ਪਰਨੇ ਨਾਲ ਪੂੰਝ ਛੱਡੀਆਂ।
ਮੈਂ ਸਾਧੂ ਤੋਂ ਪੁੱਛਿਆ, "ਕਿਥੋਂ ਵਿਆਹ ਕੇ ਲਿਆਏ ਨੇ ਇਹ ਕੁੜੀ?"
ਉਹ ਕਹਿੰਦਾ, "ਕੁੜੀ ਕਿਉਂ ਜੀ, ਪਰੀ ਕਹੋ। ਦੱਸਦੇ ਨੇ ਬਾਰਾਂ ਜਮਾਤਾਂ ਪੜ੍ਹੀ ਐ, ਤੇ ਹੱਥ ਲਾਏ ਤੋਂ ਮੈਲੀ ਹੁੰਦੀ ਐ। ਉਹਦੇ ਨਾਲ ਦੀ ਇਕ ਵੀ ਬਹੂ ਅੱਜ ਤੱਕ ਪਿੰਡ 'ਚ ਨ੍ਹੀਂ ਆਈ।"
ਮੈਂ ਕਿਹਾ, "ਮੁੰਡੇ ਦਾ ਮੂੰਹ ਤਾਂ ਕਿਸੇ ਲੰਗੂਰ ਤੋਂ ਉਧਾਰ ਲਿਆ ਲੱਗਦੈ।"
"ਜੀ ਤੀਵੀਂ ਤਾਂ ਘਰ ਨੂੰ ਮਿਲਦੀ ਐ, ਬੰਦੇ ਨੂੰ ਕੌਣ ਪੁੱਛਦੈ!" ਸਾਧੂ ਨੇ ਜਵਾਬ ਦਿੱਤਾ।
ਸਾਡੀ ਵਾਰਤਾਲਾਪ ਬਾਬੇ ਦੇ ਕੰਨੀਂ ਪੈ ਗਈ, ਤੇ ਉਹ ਇਹਦੇ ਵਿਚ ਸ਼ਾਮਲ ਹੁੰਦਿਆਂ ਬੋਲਿਆ,
"ਇਹ ਝੂਠ ਐ, ਬਿਓਹ ਮਾਤਾ ਜਿਹੜੇ ਅੱਖਰ ਲਿਖ ਦਿੰਦੀ ਐ, ਬਿਨ ਪੁੱਛੇ ਪਾਰ ਹੋ ਜਾਂਦੇ ਨੇ। ਚੰਗੀ ਕੁੜੀ ਘਰ ਨੂੰ ਨ੍ਹੀਂ, ਭਾਗ ਨੂੰ ਜੁੜਦੀ ਐ।"
ਇਹ ਕਿਸਮਤ ਦੀਆਂ ਲਕੀਰਾਂ ਵਾਲਾ ਸਿਧਾਂਤ ਮੈਂ ਪੜ੍ਹੇ ਲਿਖੇ ਨੇ ਤਾਂ ਕੀ ਸਵੀਕਾਰ ਕਰਨਾ ਸੀ, ਸਾਧੂ ਨੇ ਵੀ ਨਾ ਮੰਨਿਆ।
ਸਾਨੂੰ ਆਪਣੇ ਮਤ ਦਾ ਅਨੁਆਈ ਬਣਾਉਣ ਲਈ ਬਾਬੇ ਨੇ ਗੱਲ ਛੇੜੀ, ਜਿੰਨਾ ਮੇਰਾ ਬਾਪ ਹੱਸਮੁਖ ਸੀ, ਮਾਂ ਓਨੀਂ ਹੀ ਕਬੈੜੀ ਸੀ। ਬਿੱਸਵਾ ਬਹੁਤ ਸੀ, ਘਰ ਨੂੰ ਅੱਗ ਲਾਈ ਨ੍ਹੀਂ ਸੀ ਲੱਗਦੀ। ਤਾਂ ਵੀ ਪਤਾ ਨਹੀਂ ਕੀ ਉਹਦੇ ਢਿੱਡ 'ਚ ਸੂਲ ਉਠਦਾ, ਬਿਨਾਂ ਬਹਾਨੇ ਉਹਦੇ ਨਾਲ ਆਢਾ ਬੰਨ੍ਹੀ ਰੱਖਦੀ। ਇਕ ਵਾਰੀ ਉਹ ਪਾਣੀ ਝਾਰੇ ਨਾਲ ਮੰਜੇ ਪੈ ਕੇ ਇੱਕੀ ਦਿਨਾਂ ਪਿੱਛੋਂ ਸੱਥ 'ਚ ਗਿਆ ਤਾਂ ਉਥੇ ਪਹੁੰਚ ਕੇ ਵੀ ਉਹਦੇ ਅਗਲੇ ਪਿਛਲੇ ਪੁਣਨ ਲੱਗ ਪਈ। ਬਿਮਾਰ ਆਦਮੀ ਚਿੜਚਿੜਾ ਹੋ ਜਾਂਦੈ। ਮੇਰੇ ਬਾਪ ਨੇ ਤਾਓ ਖਾ ਕੇ ਗੋਰਲੇ ਖੂਹ 'ਚ ਛਾਲ ਜਾ ਮਾਰੀ। ਲੋਕਾਂ ਨੇ ਕਈ ਕੰਡੇ ਸਿੱਟ ਕੇ ਹਲਾਏ, ਪਰ ਉਹ ਮਰ ਕੇ ਈ ਬਾਹਰ ਆਇਆ।
ਅੰਦਰੋਂ ਪਿਆਰ ਦੋਹਾਂ ਜੀਆਂ ਦਾ ਐਨਾ ਸੀ, ਬੁੱਢੇ ਗੁਜਰੇ ਪਿੱਛੋਂ ਮਾਂ ਨੇ ਚਾਰ ਮਹੀਨੇ ਬੀ ਨਾ ਕੱਟੇ। ਐਵੇਂ ਘੁਰ ਘੁਰ ਕਰਨ ਦੀ ਬਾਣ ਹੁੰਦੀ ਐ ਜ਼ਨਾਨੀਆਂ ਨੂੰ। ਕਹਿੰਦੇ, ਜੇ ਅੰਦਰ ਦਾ ਗੁਬਾਰ ਨਾ ਕੱਢਣ, ਅੰਨ੍ਹੀਆਂ ਹੋ ਜਾਣ।
ਮੈਂ ਤੜਕੇ ਆਥਣੇ ਤਿੰਨ ਸੇਰ ਪੱਕਾ ਦੁੱਧ ਕਾਹੜਨਾ ਤੇ ਅੱਧਾ ਰਹੇ ਤੋਂ ਪੀ ਲੈਣਾ। ਕਦੇ ਮਲਾਈ ਨੂੰ ਤੌੜੀ ਪਾੜ ਲਈ, ਕਦੇ ਦਹੀਂ ਨੂੰ ਹੱਥ ਮਾਰ ਲਿਆ। ਮੂੰਹ ਦਾ ਸੁਆਦ ਬਣਾਉਣ ਨੂੰ ਇਕ ਅੱਧੀ ਗੁੱਲੀ ਦੀ ਲੋੜ ਹੁੰਦੀ, ਉਹ ਮੇਰੀ ਛੋਟੀ ਭੈਣ ਥੱਪ ਦਿੰਦੀ।
ਖ਼ੁਰਾਕ ਤੇ ਮਿਹਨਤ ਨਾਲ ਮੇਰਾ ਸਰੀਰ ਸ਼ਤੀਰ ਜਿੰਨਾ ਲੰਮਾ ਹੋ ਗਿਆ ਤੇ ਸਿਲ ਬਰਗਾ ਕਾਠਾ। ਮੇਰੇ ਕੋਲ ਸੱਤ ਪੋਰੀਆਂ ਦੀ ਡਾਂਗ ਹੁੰਦੀ ਤੇਲ 'ਚ ਭਿੱਜੀ ਹੋਈ। ਮੁੰਡੇ ਪੁੱਛਦੇ 'ਤੂੰ ਸੰਮ ਨ੍ਹੀਂ ਲਵਾਉਂਦਾ?' ਮੈਂ ਕਹਿੰਦਾ, 'ਸੰਮ ਮੇਰੀਆਂ ਮੁੱਠੀਆਂ ਵਿਚ ਐ।' ਇਕ ਵਾਰ ਖੜਕਾ ਹੋ ਕੇ ਅੱਭੜਵਾਇਆ ਉਠਿਆ ਤਾਂ ਐਂ ਲੱਗਿਆ ਜਿਵੇਂ ਅੰਦਰ ਚੋਰ ਹੁੰਦੈ। ਮੈਂ ਦੋਹਾਂ ਹੱਥਾਂ 'ਚ ਫੜ ਸੋਟੀ ਮਾਰੀ ਤੇ ਬੁਰਜੀ ਦੇ ਬਚਾਲਿਓਂ ਇੱਟ ਬੁੜ੍ਹਕ ਕੇ ਬਾਹਰ ਆ ਡਿੱਗੀ! ਉਹ ਸੋਟੀ ਜੇ ਝੋਟੇ ਦੇ ਬੱਜੀ ਹੁੰਦੀ, ਲੱਕ ਤੋੜ ਦਿੰਦੀ। ਫੇਰ ਇਕ ਬਾਰੀ ਮੈਂ ਮੇਲਾ ਦੇਖ ਕੇ ਮੁੜਿਆ ਆਉਂਦਾ ਸੀ। ਰਾਹ 'ਚ ਬੰਦੇ ਲੜੀ ਜਾਣ, ਚਾਰ ਇਕ ਪਿੰਡ ਦੇ, ਤਿੰਨ ਇਕ ਦੇ। ਉਨ੍ਹਾਂ ਨੂੰ ਭਿੜਦੇ ਦੇਖ ਕੇ ਮੇਰਾ ਹੱਥ ਰਸਾਉਣ ਨੂੰ ਜੀ ਕਰ ਆਇਆ। ਮੈਂ ਮਾੜਿਆਂ ਦਾ ਦਰਦੀ ਹੋ ਕੇ ਚਾਰਾਂ ਵਿਚੋਂ ਇਕ ਦੇ ਪੁੜੇ 'ਤੇ ਡਾਂਗ ਛੱਡੀ। ਉਹ ਪਿਛਾਂਹ ਝਾਕਿਆ, ਤਾਂ ਮੈਂ; ਜਿਹਦੇ ਨਾਲ ਜਾਣ ਨਾ ਪਛਾਣ। ਚਾਰ ਉਹ ਤੇ ਤਿੰਨ ਉਹ, ਸਾਰੇ ਮੇਰੇ ਪਿੱਛੇ ਪੈ ਗਏ। ਮੈਂ ਇਕ ਭੜੀਂ ਨਾਲ ਪਿੱਠ ਜੋੜ ਕੇ ਸੋਟੀ ਚਲਾਈ ਤੇ ਸੱਤਾਂ ਨੂੰ ਭਾਜੜਾਂ ਪਾ ਦਿੱਤੀਆਂ।
ਮੈਂ ਅਜੇ ਮਛੋਹਰ ਈ ਸੀ, ਜਦ ਨਾਤਿਆਂ ਵਾਲਿਆਂ ਨੇ ਦਿਹਲੀ ਨੀਵੀਂ ਕਰ ਦਿੱਤੀ। ਮੈਂ ਬਾਪ ਨਾਲ ਬੀਤੀ ਯਾਦ ਕਰ ਕੇ ਵਿਆਹ ਤੋਂ ਚਲਦਾ ਸੀ। ਮੈਂ ਕਿਹਾ, ਪਤਾ ਨ੍ਹੀਂ ਕਿਹੜੀ ਕਲਜੋਗਣ ਦੇ ਬਸ ਪੈ ਜਾਂਗੇ। ਜੀਹਨੇ ਸਗਾਈ ਨੂੰ ਟੋਕਣਾ, ਮੈਂ ਉਹਨੂੰ ਇਹੀ ਕਹਿ ਕੇ ਟਾਲ ਦੇਣਾ, 'ਭਾਈ ਪਹਿਲਾਂ ਕੁੜੀ ਨੂੰ ਬਾਰੋਂ ਉਠਾ ਲਾਈਏ।'
ਇਕ ਦਿਨ ਖੁੰਢਾਂ 'ਤੇ ਗੱਲਾਂ ਤੁਰਦੀਆਂ 'ਚ ਕਿਸੇ ਨੇ ਕਿਹਾ, 'ਗੋਈਆਂ ਦੀ ਛੋਟੀ ਨੂੰਹ, ਬੜੀ ਛੈਲ ਐ।'
ਕੋਲੋਂ ਕੋਈ ਬੋਲਿਆ, 'ਗੋਈਆਂ ਦੀ ਨੂੰਹ ਨਾ ਹੋਈ, ਸਾਲੀ ਕਾਰੋ ਹੋ ਗਈ ਅਬਦੁਲ ਗੜ੍ਹ ਵਾਲੀ।'
ਮੈਂ ਕਿਹਾ, 'ਓਇ ਇਹ ਕਾਰੋ ਕੌਣ ਐਂ।'
ਉਹ ਕਹਿੰਦਾ, 'ਹੀਰ ਜੰਮੀ ਐ ਮੁੜ ਕੇ ਜੱਟਾਂ ਦੇ ਘਰ। ਰੱਜ ਕੇ ਸੋਹਣੀ, ਉਹਦਾ ਮੂੰਹ ਦੇਖ ਕੇ ਭੁੱਖ ਲਹਿੰਦੀ ਐ। ਬੜੇ ਬੜੇ ਪਿੰਡਾਂ ਦੇ ਮਾਲਕ ਉਹਦੇ ਸਾਕ ਨੂੰ ਹੱਥ ਬੰਨ੍ਹਦੇ ਫਿਰਦੇ ਨੇ, ਕਹਿੰਦੇ ਉਹਦੀ ਡੋਲੀ ਕਈ ਲੋਥਾਂ ਉਤੋਂ ਲੰਘੂ!'
ਮੈਂ ਚਿੜੀ ਚੂਹਕਦੀ ਨਾਲ ਘੋੜੀ 'ਤੇ ਕਾਠੀ ਪਾਈ ਤੇ ਰਤਾ ਕੁ ਦਿਨ ਚੜ੍ਹਦੇ ਨੂੰ ਅਬਦੁਲਗੜ੍ਹ ਪਹੁੰਚ ਗਿਆ। ਮੈਂ ਪਾਲੀਆਂ ਨੂੰ ਪੁੱਛਿਆ, 'ਓਇ ਥੋਡੇ ਪਿੰਡ ਕੋਈ ਕਾਰੋ ਐ।' ਕਹਿੰਦੇ, 'ਆਹੋ ਹੈ, ਹੁਣੇ ਹੁਣੇ ਹਾਜ਼ਰੀ ਲੈ ਕੇ ਖੇਤ ਗਈ ਐ।' ਮੈਂ ਘੋੜੀ ਰੇਬੀਏ ਪਾ ਲਈ। ਪਿੰਡੋਂ ਕੋਹ ਕੁ 'ਤੇ ਇਕ ਜ਼ਨਾਨੀ ਦਿਸੀ। ਤੋਰ ਕੀ ਸੀ, ਲੋਹੜਾ ਸੀ। ਨਿੱਕੀ ਨਿੱਕੀ ਡਿੰਘ, ਜਾਣੋਂ ਮੁਰਗਾਬੀ ਢਾਬ 'ਚ ਛੱਲਾਂ ਉਠਾਉਂਦੀ ਤੁਰੀ ਜਾਂਦੀ ਐ। ਮੇਰੇ ਮਨ ਨੇ ਕਿਹਾ, 'ਕਾਰੋ ਤਾਂ ਏਹੀ ਐ।' ਬਰਾਬਰ ਹੋ ਕੇ ਮੈਂ ਉਹਦਾ ਮੂੰਹ ਦੇਖਿਆ। ਭਾਵੇਂ ਉਹਨੂੰ ਸੂਰਜ ਕਹਿ ਲਓ, ਭਾਵੇਂ ਚੰਦ ਕਹਿ ਲਓ। ਨਾਉਂ ਪੁੱਛ ਕੇ ਕੀ ਕਰਨਾ ਸੀ। ਮੈਂ ਝਾਕਦਾ ਝਾਕਦਾ ਅੱਗੇ ਲੰਘ ਗਿਆ ਤੇ ਫੇਰ ਘੋੜੀ ਮੋੜ ਕੇ ਝਾਕਦਾ ਝਾਕਦਾ ਪਿੱਛੇ ਲੰਘ ਗਿਆ। ਦੋ ਤਿੰਨ ਗੇੜੇ ਏਵੇਂ ਮਾਰੇ। ਜਦੋਂ ਉਹ ਰੋਟੀ ਖਵਾ ਕੇ ਆਈ ਤਾਂ ਮੈਂ ਫੇਰ ਉਹਨੂੰ ਖੇਤਾਂ ਨੂੰ ਜਾਂਦਾ ਮਿਲਿਆ। ਉਹ ਮੇਰੇ ਰਾਹ ਵਿਚਾਲੇ ਹੋ ਕੇ ਖੜੋ ਗਈ। ਕਹਿੰਦੀ, 'ਤੂੰ ਕੌਣ ਐਂ?'
ਮੈਂ ਕਿਹਾ, 'ਮੈਂ ਬਚਿੱਤਰ ਆਂ ਬਲਬੇਹੜੇ ਵਾਲੇ ਜੋਰਾਬਰ ਸਿੰਘ ਜ਼ੈਲਦਾਰ ਦਾ ਮੁੰਡਾ।'
ਕਹਿੰਦੀ, 'ਕਿਵੇਂ ਆਇਐਂ?'
ਮੈਂ ਕਿਹਾ 'ਐਵੇਂ।'
ਕਹਿੰਦੀ, 'ਜੇ ਐਵੇਂ ਆਇਆ ਸੀ, ਤਾਂ ਡੰਡੀ ਕਿਹੜੇ ਕਸੂਰੋਂ ਘੋੜੀ ਦੇ ਖੁਰਾਂ ਤੋਂ ਬਢਵਾਤੀ।'
ਉਹਦੀ ਮੁਸਕੜੀ ਦੇਖ ਕੇ ਮੈਨੂੰ ਹੌਸਲਾ ਹੋ ਗਿਆ। ਮੈਂ ਕਿਹਾ, 'ਭਾਗਮਾਨ, ਮਾਰ ਭਾਵੇਂ ਛੱਡ, ਮੈਂ ਤਾਂ ਤੇਰਾ ਨਾਉਂ ਸੁਣ ਕੇ ਆਇਆਂ। ਸੱਤ ਸੌ ਵਿੱਘੇ ਜ਼ਮੀਨ ਐ, ਦੋ ਜੋੜੀਆਂ ਬਲਦਾਂ ਦੀਆਂ ਨੇ, ਚਾਰ ਮ੍ਹੈਸਾਂ ਨੇ। ਕਿਸੇ ਗੱਲ ਦਾ ਤੋੜਾ ਨੀਂ, ਜੇ ਦਿਲ ਗੱਡਦੈ ਘੋੜੀ 'ਤੇ ਬਹਿ ਜਾ।'
ਉਹਨੇ ਮੇਰੀ ਜੁੱਤੀ ਤੋਂ ਜੂੜੇ ਤਕ ਐਂ ਨਿਗ੍ਹਾ ਮਾਰੀ ਜਿਵੇਂ ਮੰਡੀ 'ਤੇ ਖ਼ਰੀਦਣ ਤੋਂ ਪਹਿਲਾਂ ਬਹਿੜਕਾ ਅੰਗੀਦੈ। ਫੇਰ ਕਹਿੰਦੀ, 'ਤੱਤਾ ਨਾ ਲੱਕ। ਭਲੇ ਘਰਾਂ ਦੀਆਂ ਧੀਆਂ ਉਧਲ ਕੇ ਨ੍ਹੀਂ ਜਾਂਦੀਆਂ ਹੁੰਦੀਆਂ। ਬਾਪੂ ਨਾਲ ਗੱਲ ਕਰ ਲੈ। ਕੀ ਪਤਾ ਮੈਂ ਵੀ ਕੋਲੋਂ ਹੰਗੂਰਾ ਭਰ ਦਿਆਂ।'
ਮੈਂ ਉਨ੍ਹਾਂ ਦੇ ਨਾਈ ਦੇ ਹੱਥ ਉਤੇ ਅੱਧ ਪਾ ਚਾਂਦੀ ਰੱਖੀ ਤੇ ਉਹਨੂੰ ਅਤਾ ਪਤਾ ਸਮਝਾ ਕੇ ਆ ਗਿਆ, ਨਾਈ ਨੇ ਕੁੜੀ ਦੇ ਪਿਉ ਨੂੰ ਦੱਸ ਪਾਈ ਤੇ ਡੂੰਮਾਂ ਜਿਉਂ ਮੇਰੇ ਸੋਹਲੇ ਗਾਏ। ਉਹ ਕਹਿੰਦਾ, 'ਜਾ ਕੇ ਘਰ ਬਾਹਰ ਦੇਖ ਆ।' ਨਾਈ ਸਾਡੇ ਪਿੰਡ ਆਇਆ ਤਾਂ ਮੈਂ ਭਰੀ ਵਾਂਸਲੀ ਉਹਦੇ ਲੱਕ ਨੂੰ ਬੰਨ੍ਹ ਦਿੱਤੀ ਪਰ ਕਰਮ ਮੇਰੇ ਖੋਟੇ, ਨੇਪਰੇ ਗੱਲ ਫੇਰ ਵੀ ਨਾ ਚੜ੍ਹੀ। ਬੁੱਢਾ ਕਹਿੰਦਾ, 'ਇਕ ਧੀ ਐ ਮੈਂ ਨ੍ਹੀਂ ਉਹ ਪੂੰਨੀਏਂ ਜੱਟਾਂ ਦੇ ਵਿਆਹੁਣੀ।'
ਮੈਂ ਫੇਰ ਜਾ ਕੇ ਕਾਰੋ ਦੇ ਹੱਥੀਂ ਪੈਰੀਂ ਪਿਆ। ਉਹ ਕਹਿੰਦੀ, 'ਦਿਲ ਨਾ ਛੱਡ। ਜ਼ਮੀਨ ਤਾਂ ਤੇਰੇ ਨਾਲੋਂ ਬਹੁਤੀ ਇਕ ਸਰਦਾਰ ਕੋਲ ਐ, ਜਿਹਨੇ ਗੇੜਿਆਂ ਮੂੰਹੋਂ ਆਪਣਾ ਤੇ ਸਾਡਾ ਪਿੰਡ ਇਕ ਕਰ ਰੱਖੇ 'ਨ; ੪੦੦੦ ਵਿੱਘੇ। ਤੂੰ ਘਰ ਉਹਦੇ ਨਾਲੋਂ ਸੋਹਣਾ ਪਾ ਲੈ, ਮੈਂ ਆਪੇ ਬਾਪੂ ਨੂੰ ਤੇਰੇ ਪਿੱਛੇ ਮਨਾ ਲਊਂ।'
ਮੈਂ ਸ਼ਹਿਰ ਦੇ ਇਕ ਬੁੱਢੇ ਮਿਸਤਰੀ ਦਾ ਸਿਆਣੂੰ ਸੀ। ਉਹਨੂੰ ਮਿਲ ਕੇ ਕਿਹਾ, 'ਇਕ ਘਰ ਪਾ ਦੇ ਜਿਹਦੇ ਨਾਲ ਦਾ ਪੰਜਾਹ ਪੰਜਾਹ ਕੋਹ 'ਚ ਕਿਸੇ ਕੋਲ ਨਾ ਹੋਵੇ।' ਹਾੜ੍ਹੀ ਬੜੀ ਸੁਹਣੀ ਲੱਗੀ ਸੀ ਤੇ ਉਹਦੀ ਬੱਟਤ ਪੱਲੇ ਸੀ। ਮੈਂ ਉਹ ਸਾਰੀ ਉਹਦੇ ਹੱਥ 'ਤੇ ਰੱਖ ਦਿੱਤੀ, ਪਰ ਉਹਨੇ ਸਿਰ ਹਿਲਾਇਆ, ਕਹਿੰਦਾ, 'ਇਹਦੇ ਨਾਲ ਕੁਸ਼ ਨ੍ਹੀਂ ਬਣਨਾ।' ਜੀ ਨੇ ਕਿਹਾ, ਵਿਆਹ ਪਿੱਛੋਂ ਕੀ ਲਹਿੰਗਾ ਫੂਕਾਂਗੇ। ਮੈਂ ਅੱਧੀ ਜ਼ਮੀਨ ਆਡ ਰਹਿਣ ਕਰ ਦਿੱਤੀ ਤੇ ਮਿਸਤਰੀ ਮੂਹਰੇ ਰੁਪਈਆਂ ਦਾ ਢੇਰ ਲਾ ਦਿੱਤਾ। ਉਹ ਦਸੌਰ ਗਿਆ ਤੇ ਗੱਡੀ ਪੱਥਰ ਦੀ ਭਰ ਲਿਆਇਆ। ਬਾਰੀਆਂ, ਝਰੋਖੇ, ਥਮ੍ਹਲੇ ਤੇ ਹੋਰ ਨਿਕ ਸੁਕ। ਉਹਨੇ ਕਦੇ ਕਿਸੇ ਰਾਜੇ ਦੇ ਮਹੱਲ 'ਤੇ ਕੰਮ ਕੀਤਾ ਸੀ। ਕਹਿੰਦਾ, 'ਉਹ ਚੀਜ਼ ਬਣਾ ਕੇ ਦੇਊਂ, ਜਿਹੜੀ ਯਾਦ ਰੱਖੇਂ।'
ਮੇਰਾ ਮਕਾਨ ਉਸਰਨਾ ਸ਼ੁਰੂ ਹੋਇਆ। ਚਾਰੇ ਪਾਸੇ ਖੁੱਲ੍ਹੇ ਬਰਾਂਡੇ, ਉਨ੍ਹਾਂ ਦੀਆਂ ਲਾਲ ਪੱਥਰ ਦੀਆਂ ਕੂਲੀਆਂ ਥਮ੍ਹਲੀਆਂ, ਥਮ੍ਹਲੀਆਂ ਵਿਚਾਲੇ ਚਿੱਟੇ ਪੱਥਰ ਦੀਆਂ ਫੁੱਲਦਾਰ ਜਾਲੀਆਂ ਤੇ ਅੰਦਰ ਅੰਤਾਂ ਦੇ ਕਮਰੇ। ਦਿਨਾਂ ਵਿਚ ਈ ਥਂੌ ਥੌਂ ਏਸ ਘਰ ਦੀ ਚਰਚਾ ਹੋਣ ਲੱਗੀ। ਪਿੰਡ ਵਿਚੋਂ ਰਾਹੀ ਲੰਘਦੇ, ਤਾਂ ਇਹਨੂੰ ਵਿੰਗ ਪਾ ਕੇ ਦੇਖ ਕੇ ਜਾਂਦੇ। ਇਕ ਦਿਨ ਅਬਦੁਲਗੜ੍ਹ ਗਿਆ ਤਾਂ ਕਾਰੋ ਦੇ ਭਾ ਦਾ ਚੰਦ ਚੜ੍ਹ ਗਿਆ। ਮੇਰੇ ਮੋਢੇ 'ਤੇ ਹੱਥ ਧਰ ਕੇ ਕਹਿੰਦੀ, 'ਮੈਂ ਸੁਣ ਲਈਆਂ ਤੇਰੀ ਹਬੇਲੀ ਦੀਆਂ ਗੱਲਾਂ। ਪੂਰੀ ਕਰ ਲੈ, ਤੇ ਆਪਾਂ ਆਪਣਾ ਕੌਲ ਨਭਾਉਣ ਨੂੰ ਹਾਜ਼ਰ ਆਂ।'
ਪੁੱਠੇ ਮੁੜਦੇ ਦੀ ਮੇਰੀ ਘੋੜੀ ਤਾਰਿਆਂ ਦੇ ਛੜਾਂ ਮਾਰਦੀ ਜਾਵੇ।
ਮੈਂ ਆਉਂਦਿਆਂ ਈ ਕਾਰੀਗਰ ਨੂੰ ਕਿਹਾ, 'ਭਾਵੇਂ ਕੰਧ ਕੰਧ ਉਤੇ ਰਾਜ ਖੜ੍ਹਾ ਕਰ ਦੇ, ਪਰ ਘਰ ਹੁਣ ਬਣਿਆ ਹੀ ਦਿਸੇ।'
ਮਾਜਨਾ ਮੇਰਾ ਐਡਾ ਨਹੀਂ ਸੀ, ਜਿੱਡਾ ਕੰਮ ਵਿੱਢ ਲਿਆ। ਦੋ ਕੁ ਮਹੀਨੇ ਪਿੱਛੋਂ ਮਿਸਤਰੀ ਫੇਰ ਪੈਸਿਆਂ ਨੂੰ ਉਦਾਲੇ ਹੋ ਗਿਆ। ਦਾਣੇ ਅਜੇ ਦੂਰ ਸੀ। ਮੈਂ ਸ਼ਾਹਾਂ ਕੋਲ ਗਿਆ ਤੇ ਬਾਕੀ ਰਹਿੰਦੀ ਜ਼ਮੀਨ ਵੀ ਗਹਿਣੇ ਪਾ ਦਿੱਤੀ।
ਮੈਨੂੰ ਹੁਣ ਇਕੋ ਲਗਨ ਸੀ, ਘਰ ਦੀ। ਫ਼ਿਰਨਾ ਤੁਰਨਾ ਕੀਤਾ ਬੰਦ। ਲੋਅ ਹੋਣ ਤੋਂ ਹਟਣ ਤੱਕ ਖੇਤਾਂ ਵਿਚ ਸੰਦ ਚਲਾਉਣੇ, ਰਾਤ ਨੂੰ ਫ਼ਸਲਾਂ ਦੀ ਰਾਖੀ ਸੌਣਾ। ਦੁੱਧ ਦੀ ਥਾਂਉਂ ਲੱਸੀ ਪੀਣੀ, ਰੋਟੀਆਂ ਕਦੇ ਚੋਪੜਨੀਆਂ ਹੋਈਆਂ ਚੋਪੜ ਲਈਆਂ, ਨਹੀਂ ਤਾਂ ਅਨ-ਚੋਪੜੀਆਂ ਹੀ ਖਾ ਲਈਆਂ। ਜਿਹੜਾ ਘਿਉ ਨਿਕਲਣਾ ਉਹਦੀ ਤਿੱਪ ਤਿੱਪ ਲੋਕਾਂ ਨੂੰ ਤੋਲ ਦੇਣੀ। ਕੌਡੀ ਕੌਡੀ ਦੀ ਕਿਰਸ ਕੀਤੀ। ਸਮਾਂ ਦੱਬ ਕੇ ਲੱਗਿਆ, ਬੇਸ਼ੁਮਾਰ ਜਿਣਸ ਹੋਈ ਪਰ ਜਿਹੜੀ ਰਕਮ ਵੱਟੀ, ਪਤਾ ਨਹੀ ਕਿਹੜੀਆਂ ਖੱਡਾਂ ਵਿਚ ਵੜ ਗਈ। ਮਿਸਤਰੀ ਨੇ ਕਾਠ ਖਰੀਦਣ ਜਾਣਾ ਸੀ। ਕਹਿੰਦਾ, 'ਪੈਸੇ ਕੱਢ।' ਮੈਂ ਦੋ ਬਲਦ ਵੇਚੇ, ਚਾਰੇ ਮ੍ਹੈਸਾਂ, ਸਾਰੀਆਂ ਟੂੰਮਾਂ। ਫ਼ੇਰ ਵੀ ਪੂੰਜੀ ਥੋੜ੍ਹੀ ਰਹਿੰਦੀ ਦਿਸੀ, ਤਾਂ ਮੈਂ ਹਿੱਕ 'ਤੇ ਪੱਥਰ ਧਰ ਕੇ ਘੋੜੀ ਕਿੱਲਿਉਂ ਖੋਲ੍ਹ ਦਿੱਤੀ।
ਮਿਸਤਰੀ ਦੀ ਉਡੀਕ ਵਿਚ ਕੰਮ ਬੰਦ ਸੀ। ਮੈਂ ਕਿਹਾ, ਭੱਜ ਕੇ ਕਾਰੋ ਦਾ ਮੂੰਹ ਦੇਖ ਆਵਾਂ।
ਕਹਿੰਦੀ, 'ਕੀ ਹਾਲ ਐ ਘਰ ਦਾ?'
ਮੈਂ ਕਿਹਾ, 'ਛੱਤਾਂ 'ਤੇ ਐ।'
ਕਹਿੰਦੀ, 'ਹੋਣਾ ਸੀ ਹੌਸਲੇ ਨਾਲ ਤਕੜਾ, ਤੂੰ ਸੁਕਦਾ ਜਾਨੈਂ?'
ਮੈਂ ਕਿਹਾ, 'ਨਹੀਂ ਸੁੱਕਣਾ ਕਿਉਂ ਐ, ਇਹ ਤਾਂ ਐਵੇਂ ਭਖ ਹੋ ਗਈ ਸੀ ਪੰਜ ਚਾਰ ਦਿਨ।'
ਫ਼ੇਰ ਪੁੱਛਦੀ ਐ, 'ਐਤਕੀਂ ਜੁੱਤੀ 'ਤੇ ਈ ਸਵਾਰ ਹੋ ਕੇ ਆਇਐਂ?'
ਮੈਂ ਜਵਾਬ ਦਿੱਤਾ, 'ਘੋੜੀ ਆਪਣੀ ਕੋਈ ਮੰਗ ਕੇ ਵਾਂਢੇ ਲੈ ਗਿਆ ਸੀ ਯਾਰ ਦੋਸਤ।'
ਕਹਿੰਦੀ, 'ਚੰਗਾ ਜਾਹ, ਛੱਤਾਂ ਪਾ ਕੇ ਆਵੇਂਗਾ ਤਾਂ ਬ੍ਰਾਹਮਣ ਤੋਂ ਵਿਆਹ ਦੀ ਤਰੀਕ ਵੀ ਕਢਵਾ ਲਿਆਈਂ, ਬਾਪੂ ਮੰਨ ਗਿਐ।'
ਮੈਨੂੰ ਅਚਮੀ ਲੱਗ ਗਈ। ਕਦ ਮਕਾਨ ਸਿਰੇ ਚੜ੍ਹੇ, ਕਦ ਉਹਦੇ ਦਰ 'ਤੇ ਰੰਗਲੇ ਚੂੜੇ ਵਾਲੀ ਕਾਰੋ ਨੂੰ ਰੱਥ ਵਿਚੋਂ ਉਤਾਰਾਂ। ਮੈਂ ਤਖਾਣਾਂ ਦੇ ਨਾਸੀਂ ਧੂੰਆਂ ਚਾੜ੍ਹ ਦਿੱਤਾ, 'ਛੇਤੀ ਕਰੋ ਓਇ, ਛੇਤੀ ਕਰੋ', ਤੇ ਉਨ੍ਹਾਂ ਨੇ ਵੀ ਖਪਣ ਕੰਨੀਉਂ ਕੋਈ ਕਸਰ ਨਾ ਰੱਖੀ। ਸਾਡੇ ਬਨੇਰਿਆਂ 'ਤੇ ਪਲੱਸਤਰ ਹੋ ਰਿਹਾ ਸੀ, ਤੇ ਮੈਂ ਸੋਚੀ ਜਾਂਦਾ ਸੀ, ਅੱਜਕੱਲ੍ਹ ਵਿਚ ਟੱਕਰਾਂਗੇ ਕਾਰੋ ਦੇ ਬਾਪ ਨੂੰ, ਜਦ ਨਾਈ ਆ ਗਿਆ, ਅਬਦੁਲਗੜ੍ਹ ਤੋਂ ਪਾਟੀ ਚਿੱਠੀ ਲੈ ਕੇ। ਮੈਂ ਕਿਹਾ, 'ਸੁਖ ਐ?' ਕਹਿੰਦਾ, 'ਚਲਾਣਾ ਕਰ ਗਈ ਕਰਤਾਰ ਕੁਰ।'
ਬਾਬੇ ਦੀ ਪਿਛਲੀ ਗੱਲ ਸੁਣ ਕੇ ਮੇਰੇ ਦਿਲ ਨੂੰ ਝਟਕਾ ਵੱਜਿਆ ਤੇ ਮੇਰੇ ਮੂੰਹੋਂ ਨਿਕਲਿਆ, 'ਚਲਾਣਾ ਕਰ ਗਈ?'
ਉਹ ਕਹਿੰਦਾ, "ਹਾਂ। ਜਿਹੜੇ ਸਰਦਾਰ ਦੀ ਗੱਲ ਮੈਂ ਕੀਤੀ ਸੀ, ਉਹਨੂੰ ਸੂਹ ਸੀ ਬਈ ਮੇਰੇ ਘਰ ਬਣਿਆ ਤੇ ਕਾਰੋ ਗਈ। ਉਹ ਮੌਕਾ ਤਾੜ ਕੇ ਨੌਕਰਾਂ ਨਾਲ ਉਹਨੂੰ ਝਿੜੀ ਵਿਚ ਚੱਕਣ ਆ ਪਿਆ। ਪੰਜ ਓਪਰੇ ਬੰਦੇ, ਸਾਰਿਆਂ ਕੋਲ ਹਥਿਆਰ, ਤੇ ਆਲੇ ਦੁਆਲੇ ਪਿੰਡ ਦਾ ਕੋਈ ਨਾ। ਕਾਰੋ ਚੁੱਪ ਕਰ ਕੇ ਦੁਸ਼ਮਣ ਮੂਹਰੇ ਘੋੜੇ 'ਤੇ ਬਹਿ ਗਈ। ਨੌਕਰਾਂ ਕੋਲ ਦੋ ਬੋਤੇ ਸੀ। ਉਹ ਉਨ੍ਹਾਂ ਨੇ ਅੱਗੇ ਪਿੱਛੇ ਕਰ ਲਏ। ਜਦੋਂ ਪਿੰਡ ਦੀ ਜੂਹ ਟੱਪਣ ਲੱਗੇ, ਕਾਰੋ ਨੇ ਮੁੜ ਕੇ ਸਰਦਾਰ ਦੀ ਗਰਦਨ ਨੂੰ ਜੱਫ਼ਾ ਮਾਰਿਆ ਤੇ ਖਿੱਚ ਕੇ ਭੁੰਜੇ ਸਿੱਟ ਲਿਆ। ਉਹਦੇ ਹਮੈਤੀ ਬੋਤੇ ਬਹਾ ਕੇ ਭੱਜੇ ਪਰ ਉਨ੍ਹਾਂ ਦੇ ਨੇੜੇ ਲੱਗਣ ਤੋਂ ਪਹਿਲਾਂ ਕਾਰੋ ਨੇ ਉਹਦੀ ਘੰਡੀ ਭੰਨ ਦਿੱਤੀ। ਇਕ ਨੌਕਰ ਨੇ ਬਰਛਾ ਚਲਾਇਆ ਤੇ ਉਹ ਸਾਰਾ ਉਹਦੀ ਵੱਖੀ ਵਿਚ ਲਹਿ ਗਿਆ। ਕਾਰੋ ਨੇ ਬਰਛਾ ਜੋਰ ਨਾਲ ਖਿੱਚ ਕੇ ਮੋੜਵਾਂ ਉਹਦੇ ਕਾਲਜੇ ਵਿਚ ਮਾਰਿਆ ਤੇ ਉਹ ਥਾਉਂ 'ਤੇ ਈ ਚਿੱਤ।"
ਇਕ ਦਿਨ ਮੈਂ ਕਾਰੋ ਦਾ ਹੱਥ ਫ਼ੜਨ ਨੂੰ ਤਕਾਇਆ ਸੀ। ਕਹਿੰਦੀ, 'ਚੋਰੀ ਕਿਉਂ ਕਰਦੈਂ, ਬਾਪੂ ਨੇ ਇਹ ਤੈਨੂੰ ਭਰੀ ਪੰਚਾਇਤ ਵਿਚ ਫੜਾ ਦੇਣੈ, ਪਰ ਉਹ ਹੱਥ ਮੈਨੂੰ ਮਰੀ ਦਾ ਵੀ ਫੜਨਾ ਨਾ ਮਿਲਿਆ। ਮੇਰੇ ਜਾਣ ਤੋਂ ਪਹਿਲਾਂ ਉਹਨੂੰ ਲਾਂਬੂ ਲਾਈ ਬੈਠੇ ਸੀ।
"ਘਰ ਤੇਰਾ ਭਾਵੇਂ ਕਿੰਨਾ ਹੀ ਸੁਹਣਾ ਹੋਵੇ, ਪਰ ਉਹਦੇ ਵਿਚ ਹੁਣ ਕਿਵੇਂ ਜੀ ਲਗਦਾ ਹੋਊ ਬਾਬਾ ਤੇਰਾ?" ਮੈਂ ਪੁੱਛਿਆ।
"ਜੀ ਕਹਿੰਦੇ ਹੁੰਦੇ ਨੇ, ਜਿੱਧਰ ਗਿਆ ਬਾਣੀਆਂ ਉਧਰ ਗਿਆ ਬਾਜ਼ਾਰ", ਉਹ ਬੋਲਿਆ। "ਕਾਰੋ ਮਰੀ ਪਿੱਛੋਂ ਕਾਲ ਪਿਆ, ਤਿੰਨ ਸਾਲ, ਅਛਾ ਕੁੱਠ। ਦਾਣੇ ਜਿਮੀਂ ਵਿਚ ਸਿੱਟ ਆਈਏ, ਤੇ ਉਹ ਪਏ ਈ ਝੁਲਸੇ ਜਾਣ। ਮੈਂ ਚੱਪਾ ਚੱਪਾ ਰੋਟੀ ਨੂੰ ਤਰਸਦਾ ਸੀ। ਸ਼ਾਹ ਦਾ ਕਰਜ਼ਾ ਕਿਵੇਂ ਉਤਾਰਦਾ। ਉਹਨੇ ਕੁਰਕੀ ਕਰਾ ਕੇ ਵਿਆਜ ਵਿਆਜ ਵਿਚ ਘਰ ਖਰੀਦ ਲਿਆ।"
ਬੈਂਡ ਹੁਣ ਤੱਕ ਖ਼ਾਮੋਸ਼ ਹੋ ਚੁੱਕਾ ਸੀ। ਬਾਬੇ ਨੇ ਡੰਗੋਰੀ ਚੁੱਕੀ ਤੇ ਤੁਰ ਗਿਆ। ਉਹਦੀ ਪ੍ਰੀਤ ਕਥਾ ਸੁਣ ਕੇ ਮੇਰੀ ਛਾਤੀ ਵਿੰਨ੍ਹੀ ਗਈ ਤੇ ਪਲਕਾਂ ਸਿੱਜ ਗਈਆਂ। ਮੈਂ ਸਾਧੂ ਨੂੰ ਪੁੱਛਿਆ, "ਇਹ ਕਿਹਦੇ ਵੱਲ ਆਇਐ ਬਾਬਾ, ਅੱਗੇ ਦੇਖਿਆ ਨਹੀਂ ਕਦੇ!"
"ਤੁਸੀਂ ਨ੍ਹੀਂ ਜਾਣਦੇ", ਉਹ ਬੋਲਿਆ, "ਇਹ ਗੱਜਣ ਚਾਹਲ ਦਾ ਰਿਸ਼ਤੇਦਾਰ ਐ। ਇਹਨੂੰ 'ਗੱਪੀ' 'ਗੱਪੀ' ਕਹਿੰਦੇ ਨੇ।"

ਪੰਜਾਬੀ ਕਹਾਣੀਆਂ (ਮੁੱਖ ਪੰਨਾ)