Punjabi Stories/Kahanian
ਮਹਿੰਦਰ ਸਿੰਘ ਜੋਸ਼ੀ
Mohinder Singh Joshi
 Punjabi Kahani
Punjabi Kavita
  

Chacha Hetu Mohinder Singh Joshi

ਚਾਚਾ ਹੇਤੂ ਮਹਿੰਦਰ ਸਿੰਘ ਜੋਸ਼ੀ

ਅਗਲੇ ਦਿਨ ਸਾਡਾ ਅੰਗਰੇਜ਼ੀ ਦਾ ਇਮਤਿਹਾਨ ਸੀ, ਤੇ ਅਸੀਂ 'ਸੈਵਨ ਵੰਡਰਜ਼ ਆਫ਼ ਦਿ ਵਰਲਡ' ਨੂੰ ਘੋਟੇ ਲਾ ਰਹੇ ਸਾਂ। ਸਾਢੇ ਨੌਂ ਤੋਂ ਘੱਟ ਕੀ ਵੱਜੇ ਹੋਣਗੇ, ਜਦੋਂ ਚਾਚੇ ਦੀ ਗੱਜਦੀ ਗੂੰਜਦੀ ਆਵਾਜ਼ ਆਈ, "ਮੁੰਡਿਓ, ਓਇ ਮੁੰਡਿਓ!" ਇਸ ਆਵਾਜ਼ ਵਿਚ ਅਕੇਵੇਂ ਤੋਂ ਅੱਗੇ ਲੰਘ ਕੇ ਕਰੋਧ ਦੀ ਸੰਘਣੀ ਪਰਛਾਈਂ ਸੀ। ਮਾੜੇ ਕੀਤੇ ਚਾਚਾ ਹਰਖਦਾ ਨਹੀਂ ਹੁੰਦਾ। ਕਈ ਵਾਰੀ ਬੁਲਾ ਬੈਠਾ ਹੋਵੇਗਾ, ਸਾਨੂੰ ਹਾਕ ਸੁਣੀ ਨਹੀਂ ਹੋਣੀ। ਅਸੀਂ ਇਕਦਮ ਕਿਤਾਬਾਂ ਸੁੱਟ ਕੇ ਦਗੜ-ਦਗੜ ਕਰਦੇ ਹੇਠਾਂ ਉਤਰ ਆਏ। ਸਾਡੇ ਭੱਜ ਕੇ ਪਹੁੰਚਣ ਨਾਲ ਹੀ ਚਾਚੇ ਦਾ ਪਿੱਤਾ ਸ਼ਾਂਤ ਹੋ ਗਿਆ ਤੇ ਉਹ ਆਪਣੀ ਸੁਭਾਵਿਕ ਮਿਠਾਸ ਨਾਲ ਪੁੱਛਣ ਲੱਗਾ, "ਤੁਸੀਂ ਪਛਾਣਦੇ ਓ, ਇਹ ਕੌਣ ਐ?"
ਵੀਹ ਕੁ ਸਾਲ ਦਾ ਇਕ ਗਭਰੀਟ ਚਾਚੇ ਕੋਲ ਤੱਪੜ 'ਤੇ ਬੈਠਾ ਮੁਸਕੜੀਏ ਹੱਸ ਰਿਹਾ ਸੀ। ਅਸੀਂ ਬੜੇ ਧਿਆਨ ਨਾਲ ਉਹਦਾ ਹੁਲੀਆ ਪੜ੍ਹਿਆ, ਯਾਦ ਦੇ ਦਫ਼ਤਰਾਂ ਵਿਚ ਹਥਰੋਲੀਆਂ ਦਿੱਤੀਆਂ ਤੇ ਫਿਰ ਆਪਣੀ ਨਲਾਇਕੀ ਦੇ ਕੱਚੇ ਕੀਤੇ ਬੋਲੇ, "ਨਾ ਚਾਚਾ।"
"ਓਇ ਤੁਸੀਂ ਐਡੇ-ਐਡੇ ਹੋ ਗੇ ਬੁੱਢ-ਬਲੇਢ, ਐਦੂੰ ਪਿੱਛੋਂ ਕਦੋਂ ਆਪਣੇ ਰਿਸ਼ਤੇਦਾਰਾਂ ਨੂੰ ਜਾਣਨ ਲੱਗੋਂਗੇ? ਥੋਡਾ ਬਾਬਾ ਹੈ ਕਿ ਨਾ ਉਤਮ ਸੂੰ?"
ਰਲਦਾ ਸੀ ਇਹ ਬਾਬਾ, ਸਾਡੇ ਨਾਲ ਕਿਧਰੇ ਗਿਆਰ੍ਹਵੀਂ-ਬਾਰ੍ਹਵੀਂ ਪੀੜ੍ਹੀ ਵਿਚ। ਅਸੀਂ ਕਿਹਾ, "ਹਾਂ।"
"ਇਹ ਉਹਦੀ ਮਾਸੀ ਦੀ ਪੋਤੀ ਦੀ ਨਣਦ ਦੀ ਜਠਾਣੀ ਦਾ ਕੁੜਮੇਟਾ ਐ।"
ਸ਼ਰਮਿੰਦੇ ਅਸੀਂ ਬੜੇ ਸਾਂ ਆਪਣੇ ਇਸ ਰਿਸ਼ਤੇਦਾਰ ਤੋਂ ਜਾਣੂ ਨਾ ਹੋਣ ਲਈ, ਪਰ ਮੁਸੀਬਤ ਇਹ ਸੀ ਕਿ ਅਲਜ਼ਬਰੇ ਦੇ ਫਾਰਮੂਲਿਆਂ, ਜੁਮੈਟਰੀ ਦੀਆਂ ਪ੍ਰੌਪਜ਼ੀਸ਼ਨਾਂ, ਗੈਸਾਂ ਬਣਾਉਣ ਦੀਆਂ ਵਿਧੀਆਂ, ਇਤਿਆਦਿ ਨਾਲ ਗੜੁੱਚ ਦਿਮਾਗਾਂ ਤੋਂ ਸਾਨੂੰ ਉਕਾ ਆਸ ਨਹੀਂ ਸੀ ਕਿ ਜਦੋਂ ਅਗਲੀ ਵਾਰੀ ਸਾਡਾ ਇਹ ਸਕੇਲਾ ਚਾਚੇ ਨੇ ਦਿਖਾਇਆ, ਤਾਂ ਅਸੀਂ ਇਹਦੇ ਨਾਲ ਆਪਣੀ ਸੰਗਲੀ ਦੀਆਂ ਲੋੜੀਂਦੀਆਂ ਕੜੀਆਂ ਜੋੜ ਸਕਾਂਗੇ।
"ਮੇਰੇ ਮੂੰਹ ਕੰਨੀਂ ਨਾ ਝਾਕੀ ਜਾਉ ਹੁਣ। ਭਾਈ ਨੂੰ ਮੰਦਰ ਵਾਲੀ ਖੂਹੀ 'ਤੇ ਨਵ੍ਹਾ ਕੇ ਲਿਆਓ। ਮੈਂ ਇਹਦੀ ਰੋਟੀ ਬਣਾਉਨਾ।"
ਚਾਚਾ ਫਟਾਫਟ ਆਲੂ ਛਿੱਲਣ ਲੱਗ ਪਿਆ ਤੇ ਅਸੀਂ ਇਮਤਿਹਾਨ ਦੇ ਦਬਕਾਏ ਬਾਬੇ ਉਤਮ ਸਿੰਘ ਨੂੰ ਕੋਸਦੇ 'ਭਾਈ' ਨਾਲ ਮੰਦਰ ਨੂੰ ਤੁਰ ਪਏ।
ਚਾਚੇ ਨੂੰ ਸਾਡੀ ਪੜ੍ਹਾਈ ਵਿਚ ਦਿਲਚਸਪੀ ਨਾ ਹੋਵੇ, ਅਜਿਹੀ ਕੋਈ ਗੱਲ ਨਹੀਂ ਸੀ। ਉਹ ਤਾਂ ਸਾਨੂੰ ਨਾਜ਼ਮਾਂ, ਸਿਸ਼ਨ ਜੱਜਾਂ ਦੀਆਂ ਕੁਰਸੀਆਂ 'ਤੇ ਬੈਠੇ ਦੇਖਣਾ ਚਾਹੁੰਦਾ ਸੀ। ਇਸੇ ਚਾਅ ਵਿਚ ਉਹ ਆਪ ਸਾਡੇ ਕੱਪੜੇ ਧੋਂਦਾ, ਸਾਡਾ ਕਮਰਾ ਸੁੰਭਰਦਾ, ਸਵੇਰੇ ਚਾਰ ਵਜੇ ਜਗਾ ਕੇ ਸਾਨੂੰ ਚਾਹ ਪਿਆਲਦਾ। ਵਾਰਸ਼ਿਕ ਪ੍ਰੀਖਿਆ ਸੀ, ਜੇ ਅਸੀਂ ਰਹਿ ਜਾਂਦੇ, ਉਹਨੂੰ ਅੰਤਾਂ ਦਾ ਦੁੱਖ ਹੁੰਦਾ। ਅੱਧਾ ਘੰਟਾ ਪੜ੍ਹਨੋਂ ਹਟੇ ਰਹਿਣ ਨਾਲ ਨੰਬਰਾਂ ਨੂੰ ਧੱਕਾ ਵੱਜੇਗਾ, ਉਹਨੂੰ ਇਹ ਵੀ ਸਮਝ ਸੀ ਪਰ ਉਹਦੀ ਅਪਣੱਤ ਦਾ ਕੋਈ ਡੌਲ-ਬੰਨਾ ਨਹੀਂ ਸੀ। ਉਹ ਕਿਵੇਂ ਝੱਲ ਸਕਦਾ ਸੀ, ਕੋਈ ਭਾਈਬੰਦ, ਨੇੜੇ ਦਾ ਜਾਂ ਦੂਰ ਦਾ, ਉਹਦੇ ਹੁੰਦਿਆਂ ਸੁਨਾਮ ਆਵੇ ਤੇ ਉਹਦੀ ਪੁੱਛ-ਪ੍ਰਤੀਤ ਨਾ ਹੋਵੇ।
ਸਾਡੇ ਏਸ ਚਾਚੇ ਦੀ, ਜਿਹੜਾ ਆਪਣਾ ਨਾਂ ਗੁਰਹੇਤ ਸਿੰਘ ਲੈਂਦਾ ਹੈ, ਪਰ ਜਿਹਨੂੰ ਲੋਕ ਮੂੰਹ 'ਤੇ ਹੇਤ ਸਿੰਘ, ਤੇ ਪਿੱਠ ਪਿੱਛੇ ਹੇਤੂ ਕਹਿੰਦੇ ਸਨ, ਛੋਟੀ ਜਿਹੀ ਦੁਕਾਨ ਸੀ ਦੁੱਧ ਚਾਹ ਦੀ। ਤੇ ਉਹਦੇ ਚੁਬਾਰੇ ਵਿਚ ਅਸੀਂ ਰਹਿੰਦੇ ਸਾਂ। ਸਾਡੇ ਕੋਲ ਨਾ ਕੋਈ ਵਾਧੂ ਮੰਜਾ ਸੀ, ਨਾ ਬਿਸਤਰਾ। ਸੁਨਾਮ ਉਨ੍ਹੀਂ ਦਿਨੀਂ ਪਟਿਆਲਾ ਰਾਜ ਦਾ ਜ਼ਿਲ੍ਹਾ ਸੀ, ਚੌਥਾ ਪਾਵਾ ਤੇ ਪ੍ਰਾਹੁਣੇ ਧੜਾ-ਧੜ ਡਿਗਦੇ ਸਨ, ਕੋਈ ਕਿਵੇਂ, ਕੋਈ ਕਿਵੇਂ। ਆਉਣ ਵਾਲਾ ਜੇ ਚਾਚੇ ਦਾ ਯਾਰ-ਗਾਰ ਹੁੰਦਾ ਤਾਂ ਉਹਦੇ ਨਾਲ ਹੀ ਸੌਂ ਜਾਂਦਾ। ਕੋਈ ਹੋਰ ਚਿਟ-ਕੱਪੜੀਆ ਹੁੰਦਾ ਤਾਂ ਸਾਡੇ ਵਿਚੋਂ ਕਿਸੇ ਦਾ ਬਿਸਤਰਾ ਉਹਦੀ ਭੇਂਟ ਹੋ ਜਾਂਦਾ ਤੇ ਅਸੀਂ ਦੋਵੇਂ ਭਰਾ 'ਕੱਠੇ ਸੌਂਦੇ। ਤੇ ਜੇ ਉਹ ਪਹਿਨਣ-ਪੱਚਰਨ ਵਿਚ ਬਹੁਤ ਢਿੱਲਾ-ਮੱਠਾ ਹੁੰਦਾ ਤਾਂ ਚਾਚਾ ਉਹਨੂੰ ਆਪਣੀ ਦਰੀ-ਤਲਾਈ ਦੇਂਦਾ ਤੇ ਆਪ ਸਾਡੇ ਕੱਪੜਿਆਂ ਵਿਚ ਸੌਂਦਾ। ਕੇਸ ਧੌਣ ਨੂੰ ਅਸੀਂ ਕੋਈ ਐਤਵਾਰ ਨਾ ਖੁੰਝਾਉਂਦੇ ਤੇ ਤੜਕੇ ਆਥਣ ਕੰਘੀ ਦੇ ਬਰੀਕ ਪਾਸੇ ਨਾਲ ਵਹਾਈ ਕਰਦਿਆਂ ਖੋਪਰੀ ਦੀ ਚਮੜੀ ਉਧੇੜ ਲੈਂਦੇ ਪਰ ਜਦੋਂ ਵੀ ਪਿੰਡ ਜਾਂਦੇ, ਮਾਂ ਨੂੰ ਸਾਡੇ ਸਿਰ ਢੇਰਿਆਂ, ਧੱਖਾਂ, ਲੀਖਾਂ ਨਾਲ ਭਰੇ ਮਿਲਦੇ। ਪੂਰੇ ਚਿੜਿਆਘਰ। ਖ਼ਬਰੇ ਕਿਹੜਿਆਂ-ਕਿਹੜਿਆਂ ਪੱਤਣਾਂ ਦੇ ਪੰਛੀ ਘੁੰਮਦੇ-ਘੁੰਮਾਉਂਦੇ ਬਿਸਤਰਿਆਂ ਦੇ ਰਾਹ ਉਥੇ ਪਹੁੰਚ ਜਾਂਦੇ ਸਨ।
ਚਾਚਾ ਕਿਸੇ ਮਤ-ਧਰਮ ਦਾ ਚੀੜ੍ਹਾ ਅਨੁਇਆਈ ਨਹੀਂ ਸੀ। ਕਿਸੇ ਤੀਰਥ-ਧਾਮ 'ਤੇ ਤਾਂ ਕੀ ਜਾਣਾ ਸੀ (ਮਰ-ਮੁੱਕਿਆਂ ਦੇ ਫੁੱਲ ਗੰਗਾ ਪਾਉਣ ਤੋਂ ਛੁੱਟ), ਉਹ ਕਿਸੇ ਮੰਦਰ ਗੁਰਦੁਆਰੇ ਵੀ ਨਾ ਜਾਂਦਾ। ਬਿਲਕੁਲ ਨਿਰਅੱਖਰ ਹੋਣ ਕਰ ਕੇ ਉਹਨੂੰ ਗੁਟਕਾ ਪੜ੍ਹਨ ਦੀ ਜਾਚ ਨਹੀਂ ਸੀ। ਜ਼ਬਾਨੀ ਪਾਠ ਕਰਦਾ, ਪਰ ਸਿਆਲ ਦੇ ਮਹੀਨੇ ਇਸ਼ਨਾਨ ਦੇ ਨਾਲ-ਨਾਲ। ਏਧਰ ਕੱਛ ਨੁੱਚੜੀ, ਓਧਰ ਪਾਠ ਸਮਾਪਤ। ਜਪੁਜੀ ਤੇ ਆਸਾ ਦੀ ਵਾਰ ਦੀਆਂ ਪਉੜੀਆਂ ਤੇ ਫਰੀਦ, ਕਬੀਰ ਦੇ ਸ਼ਲੋਕਾਂ ਵਿਚ ਏਥੇ-ਉਥੇ ਸੁਣੀ ਸੁਣਾਈ ਦਾ ਮਿਰਚ ਮਸਾਲਾ ਪਾ ਕੇ ਉਹਨੇ ਬੜੀ ਅਚਰਜ ਅੰਨ-ਕੂਟ ਪਕਾਈ ਹੋਈ ਸੀ। ਮੈਂ ਕਿੰਨੀ ਵਾਰੀ ਉਹਨੂੰ ਉਹਦੀਆਂ ਭੁੱਲਾਂ ਦੱਸੀਆਂ। ਇਹ ਵੀ ਸਮਝਾਇਆ ਕਿ ਗੁਰਬਾਣੀ ਦਾ ਲਗ ਅੱਖਰ ਗ਼ਲਤ ਬੋਲਣਾ ਪਾਪ ਹੈ ਪਰ ਉਸ ਤੋਂ ਪੁਰਾਣੀ ਲੀਹ ਨਾ ਛੁੱਟੀ। ਕੀ ਪਤਾ, ਕਿੰਨੇ ਦਹਾਕਿਆਂ ਤੋਂ ਆਪਣੇ ਹੀ ਢੰਗ ਨਾਲ ਰਚੀ ਮੁਹਾਰਨੀ ਦੁਹਰਾਉਂਦਾ ਚਲਿਆ ਆ ਰਿਹਾ ਸੀ। ਕਿੱਥੋਂ ਸੁਧਾਈ ਹੋ ਸਕਦੀ ਸੀ ਉਹਦੀ ਕੋਈ ਹੁਣ। ਜਿਹੜੀਆਂ ਤੁਕਾਂ ਹੱਥੋਂ ਮੈਨੂੰ ਸਭ ਤੋਂ ਬਹੁਤ ਖਿਝ ਛੁੱਟਦੀ ਸੀ, ਉਹ ਸਨ,
ਔਖੀ ਘਾਟੀ ਮੁਸ਼ਕਲ ਪਾਣੀ।
ਕਹੁ ਕਬੀਆ ਤੈਂ ਕਿਸ ਬਿਧ ਜਾਣੀ।
ਸਿਰ ਪਰ ਹਾਥ ਢਾਕ ਪਰ ਘੜਾ।
ਕਹੁ ਨਾਰੀ ਤੈਂ ਕਿਸ ਬਿਧ ਭਰਾ।
"ਭਲਾ ਚਾਚਾ ਇਹ ਕਿਧਰ ਦਾ ਪਾਠ ਐ?" ਮੈਂ ਪੰਜਵੇਂ-ਸਤਵੇਂ ਦਿਨ ਸਤ ਕੇ ਪੁੱਛਦਾ।
"ਕਿਉਂ, ਚੰਗਾ ਭਲੈ! ਇਹ ਆਪਾਂ ਤੋਂ ਕੁਛ ਮੰਗਦੈ?"
ਅਗਲੇ ਦਿਨ ਫੇਰ ਉਹੀ ਇਸ਼ਨਾਨ ਤੇ ਫੇਰ ਉਹੀ ਮੰਤਰ ਜਾਪ। ਜਿਨ੍ਹੀਂ ਦਿਨੀਂ ਚਾਚੇ ਦੀ ਪੜ੍ਹਨ ਦੀ ਵਰੇਸ ਸੀ, ਟਾਵੇਂ-ਟੱਲੇ ਬੱਚੇ ਹੀ ਮਦਰੱਸੇ ਜਾਂਦੇ ਸਨ। ਜਦੋਂ ਵੀ ਕਿਸੇ ਨੇ ਸਕੂਲ ਮੁਆਇਨੇ ਲਈ ਆਉਣਾ, ਮੁੰਡਿਆਂ ਦੀ ਦਿਲ-ਵਧਾਈ ਲਈ ਮੋਤੀਚੂਰ ਦੇ ਲੱਡੂ ਵੰਡਣੇ। ਇਕ ਵਾਰੀ ਇਸ ਤਰ੍ਹਾਂ ਇੰਸਪੈਕਟਰ ਸਾਹਿਬ ਪਿੰਡ ਆਏ ਤਾਂ ਚਾਚਾ ਅਲਫ਼ ਬੇ ਦਾ ਇਕਹਿਰਾ ਕਾਗ਼ਜ਼ ਫੜੀ ਬੈਠਾ। ਉਨ੍ਹਾਂ ਨੇ ਉਹਨੂੰ ਪਿਆਰ ਨਾਲ ਕੋਲ ਬੁਲਾ ਕੇ ਪੁੱਛਿਆ, "ਇਹ ਕਿਵੇਂ ਐਂ, ਜਦੋਂ ਵੀ ਮੈਂ ਸਾਲ ਪਿੱਛੋਂ ਆਉਨਾਂ, ਤੂੰ ਅਲਫ਼ ਬੇ 'ਤੇ ਈ ਹੁੰਨੈ?"
ਚਾਰ ਤਜ਼ਾਬ ਸੋਨੇ ਵਿਚ ਖੋਟ ਹੋਵੇ ਤਾਂ ਹੋਵੇ, ਚਾਚੇ ਦੇ ਬੋਲ ਵਿਚ ਕਿਥੇ! ਕਹਿੰਦਾ, "ਮੈਂ ਤਾਂ ਜੀ ਡੰਗਰਾਂ ਦਾ ਪਾਲੀ ਆਂ, ਮਹਿਨੇ ਦੇ ਦਿਨ ਲੱਡੂਆਂ ਦਾ ਮਾਰਿਆ ਸਕਲ ਆ ਬੈਠਦਾਂ।"
ਇੰਸਪੈਕਟਰ ਸਾਹਿਬ ਉਹਦੇ ਉਤਰ 'ਤੇ ਬਹੁਤ ਪ੍ਰਸੰਨ ਹੋਏ ਤੇ ਉਹਨੂੰ ਦੋ ਲੱਡੂ ਹੋਰਾਂ ਨਾਲੋਂ ਜ਼ਿਆਦਾ ਮਿਲ ਗਏ।
ਪੜ੍ਹਨ ਤਾਂ ਪਾਇਆ ਗਿਆ ਸੀ ਚਾਚੇ ਨੂੰ ਸੰਤਾਂ ਦੇ ਡੇਰੇ, ਪਰ ਏਸ ਪਾਸੇ ਉਹਦਾ ਚਿੱਤ ਨਾ ਲੱਗਿਆ। ਮੋਟੇ-ਮੋਟੇ ਅੱਖਰਾਂ ਵਾਲੀ ਪੱਥਰ ਛਾਪੇ ਦੀ ਪੰਜ ਗ੍ਰੰਥੀ ਉਹਨੂੰ ਸੁਮੇਰ ਪਰਬਤ ਲਗਦੀ ਸੀ। ਛੇ ਮਹੀਨੇ ਲੰਘ ਕੇ ਉਹ ਛੇ ਅੱਖਰਾਂ ਦਾ ਵੀ ਸਿਆਣੂ ਨਾ ਹੋਇਆ। ਸੰਤ ਅੱਕ ਗਏ। ਕਹਿੰਦੇ, "ਡੰਗਰ-ਵੱਛਾ ਸਾਂਭ ਸੋਹਣਿਆ। ਤੂੰ ਕਿਵੇਂ ਪੜ੍ਹੇਂ। ਨਮਦਾ-ਬੁੱਧੀ ਪੇਸ਼ ਨਹੀਂ ਜਾਣ ਦਿੰਦੀ ਤੇਰੀ।"
ਘਰਦਿਆਂ ਦੇ ਭਾ ਦਾ ਚਾਚਾ ਸਾਊ ਤੇ ਸੁਲੱਗ ਹੀ ਨਹੀਂ, ਸਿਆਣਾ ਵੀ ਸੀ। ਉਨ੍ਹਾਂ ਨੇ ਸੋਚਿਆ, ਕੁਸੰਗ ਧਲੀ ਨਹੀਂ ਬੱਝਣ ਦਿੰਦਾ ਤੇ ਉਹਨੂੰ ਕਾਸ਼ੀ ਭੇਜ ਦਿੱਤਾ, ਜਿਥੇ ਸਾਡੇ ਇਕ ਵਿਦਵਾਨ ਬਜ਼ੁਰਗ ਨਿਆਇ ਸ਼ਾਸਤਰ ਪੜ੍ਹਾਉਂਦੇ ਸਨ। ਆਪਣੇ ਵਿਸ਼ੇ ਦੇ ਉਹ ਤਿੰਨ ਚੋਣਵੇਂ ਪੰਡਤਾਂ ਵਿਚੋਂ ਸਨ ਤੇ ਕਾਸ਼ੀ ਵਿਚ ਉਨ੍ਹਾਂ ਦਾ ਬੜਾ ਹੀ ਆਦਰ ਮਾਣ ਸੀ। ਦੋ ਵੇਲੇ ਸਾਬਣ ਤੇਲ ਨਾਲ ਨ੍ਹਾ ਕੇ ਤੇ ਪੰਜ-ਗਜ਼ੀਆਂ ਖੁੰਬ-ਚੜ੍ਹੀਆਂ ਧੋਤੀਆਂ ਪਹਿਨ ਕੇ ਚਾਚੇ ਦੀ ਰੂਹ ਨਿਕਲ ਆਈ। ਖੀਰਾਂ, ਪੂੜੇ, ਪਰਸ਼ਾਦ, ਨਿਰੇ ਪਦਾਰਥ ਚਾਚੇ ਨੂੰ ਛਕਣ ਨੂੰ ਮਿਲਦੇ ਤੇ ਉਹ ਚੰਗਾ ਵਾਹਵਾ ਪਰਚ ਗਿਆ ਪਰ ਜਦੋਂ ਮਹੀਨੇ, ਵੀਹ ਦਿਨ ਪਿੱਛੋਂ ਆਪਣੀ ਢਾਣੀ ਦੇ ਹਾਣੀਆਂ-ਪਾਲੀਆਂ ਨਾਲ ਨੱਚਣ-ਟੱਪਣ ਤੇ ਝੱਖਾਂ ਮਾਰਨ ਦਾ ਡੌਂ ਉਠਿਆ, ਚਾਚਾ ਸਿਰ ਸੁੱਟ ਕੇ ਪੈ ਪਿਆ। ਪੰਡਿਤ ਜੀ ਨੇ ਪੁੱਛਿਆ, "ਕੀ ਗੱਲ ਕਾਕਾ, ਤੂੰ ਰੋਟੀ ਕਿਉਂ ਛੱਡ ਦਿਤੀ?" ਜੇ ਭਲਾ ਦਿਲ ਦੀ ਘੁੰਡੀ ਖੋਲ੍ਹੇ ਬਿਨਾਂ ਹੀ ਸਰ ਜਾਵੇ, ਚਾਚਾ ਕਹਿੰਦਾ, "ਮੈਂ ਤਾਂ ਮੱਕੀ ਦੇ ਦਾਣੇ ਚੱਬੂੰ!" ਉਹਦਾ ਖਿਆਲ ਸੀ, ਮਠਿਆਈਆਂ ਤੇ ਹੋਰ ਸੁਆਦੀ ਮਾਲ ਦੀ ਕਿੰਨੀ ਹੀ ਭਰਮਾਰ ਹੋਵੇ, ਏਥੇ ਸੰਸਕ੍ਰਿਤ ਦੀ ਪਾਠਸ਼ਾਲਾ ਵਿਚ ਮੱਕੀ ਦੇ ਭੁੱਜੇ ਦਾਣੇ ਕਿਥੋਂ ਮਿਲਣਗੇ। ਚਾਚੇ ਦੇ ਬਹਾਨੇ ਵਿਚ ਏਨੀ ਜਾਨ ਨਹੀਂ ਸੀ, ਜਿੰਨੀ ਉਹ ਸਮਝ ਬੈਠਾ ਸੀ। ਪਾਠਸ਼ਾਲਾ ਦੇ ਸਰਪ੍ਰਸਤ ਸੇਠ ਕੋਲ ਏਸ ਨਿੱਕੇ ਬ੍ਰਹਮਚਾਰੀ ਦੀ ਰੁਚੀ ਦੀ ਭਿਣਕ ਪਹੁੰਚੀ ਤੇ ਬਿੰਦ-ਝੱਟ ਵਿਚ ਮੱਕੀ ਦੀਆਂ ਖਿੱਲਾਂ ਚਾਚੇ ਦੇ ਚੱਬਣ ਲਈ ਅੱਪੜ ਗਈਆਂ। ਜਦੋਂ ਪੱਜਾਂ ਦੀ ਦਾਲ ਗਲਦੀ ਨਾ ਦਿਸੀ, ਚਾਚਾ ਸਿੱਧੇ ਰਾਹ ਹੋ ਗਿਆ, "ਮੈਂ ਨੀ ਇਥੇ ਰਹਿੰਦਾ। ਮੇਰੇ ਤਾਂ ਪਿੰਡ ਦੇ ਮੁੰਡੇ ਜਿਆਦ ਆਉਂਦੇ 'ਨ।" ਪੰਡਿਤ ਜੀ ਨੇ ਤਾੜ ਲਿਆ, ਇਹ ਵਿਰਕਤ ਨਹੀਂ ਉਪਨਿਸ਼ਦਾਂ, ਦਰਸ਼ਨਾਂ ਦੀ ਲਪੇਟ ਵਿਚ ਆਉਣ ਵਾਲਾ, ਤੇ ਉਹਨੂੰ ਪਸ਼ੌਰ ਪਰਤਾ ਦਿਤਾ। ਕਹਿਣ ਨੂੰ ਤਾਂ ਚਾਚਾ ਕਈ ਵਾਰ ਕਹਿ ਲੈਂਦੇ, "ਹੇ ਉਦੋਂ ਸ਼ਾਸਤਰੀ ਪੜ੍ਹ ਲੈਂਦੇ, ਮੌਜ ਕਰਦੇ", ਪਰ ਚਾਚੇ ਨੂੰ ਜਾਣਨ ਵਾਲਾ ਕੋਈ ਕਿਵੇਂ ਕਿਸੇ ਭੁਲੇਖੇ ਵਿਚ ਆ ਸਕਦਾ ਹੈ। ਉਹ ਬਣਾਇਆ ਕਦੋਂ ਗਿਆ ਸੀ ਕੋਮਦੀਆਂ ਕੰਠ ਕਰਨ ਲਈ।
ਚਾਚੇ ਹੁਣਾਂ ਦੀ ਜੁੰਡੀ ਖੇਲ੍ਹਦੀ-ਮਲ੍ਹਦੀ ਕਿਸੇ ਸੁਲਫ਼ੇਬਾਜ਼ ਕੋਲ ਪਹੁੰਚ ਗਈ। ਵਿਚੋਂ ਕਿਸੇ ਨੇ ਦੇਖਾ-ਦੇਖੀ ਉਹਦੀ ਹੁਣੇ-ਹੁਣੇ ਭਰੀ ਚਿਲਮ ਫੜ ਲਈ। ਉਹ ਸੂਟਾ ਕਾਹਦਾ ਜਿਹਨੇ ਲਾਟ ਨਾ ਕੱਢੀ। ਨਵਾਂ ਪਿਆਕ ਖਿੱਚਦਾ-ਖਿਚਦਾ ਬੇਹੋਸ਼ ਹੋ ਗਿਆ। ਜੋੜੀਦਾਰਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਸਿਆਣਿਆਂ ਨੂੰ ਪਤਾ ਪੁਚਾਉਣ ਦੀ ਹਿੰਮਤ ਨਾ। ਮਿੱਤਰ ਆਪਣੇ ਨੂੰ ਲੱਤਾਂ-ਬਾਹਾਂ ਤੋਂ ਚੁੱਕ ਕੇ ਛੱਪੜ 'ਤੇ ਲੈ ਗਏ ਤੇ ਸੁਲਫ਼ੇ ਦੀ ਗਰਮੀ ਖੋਣ ਲਈ ਲੱਗੇ ਮਾਘ ਦੇ ਮਹੀਨੇ ਗੋਤੇ 'ਤੇ ਗੋਤਾ ਦੇਣ। ਇਕ ਘੰਟਾ ਡੁਬਕੀਆਂ ਚਲਦੀਆਂ ਰਹੀਆਂ ਤੇ ਫੇਰ ਉਹ ਟਾਟਕੇ ਵਿਚ ਪਾ ਦਿਤਾ। ਦੇਖਦੇ-ਦੇਖਦੇ ਮਰੀਜ਼ ਬਾਰਾਂ-ਵੰਨੀ ਦਾ ਹੋ ਗਿਆ ਤੇ ਬੇਲੀਆਂ ਨਾਲ ਘਰਾਂ ਨੂੰ ਤੁਰ ਪਿਆ।
ਮੂੰਹ ਸੁਆਦ ਕਰਨ ਨੂੰ ਜੀ ਲਲਚਾਇਆ ਤੇ ਚਾਚੇ ਹੁਣੀਂ ਨਿਆਈਂ ਦੀ ਇਮਲੀ ਦੇ ਉਦਾਲੇ ਹੋ ਗਏ। ਏਧਰ ਓਧਰ ਦੇਖਿਆ, ਤੁੱਕੇ ਤੋੜਨ ਲਈ ਕੁਝ ਨਜ਼ਰ ਨਾ ਆਵੇ। ਅਖ਼ੀਰ ਗਿਰਝਾਂ ਦੇ ਚੂੰਡੇ ਕਰੰਗ ਨਾਲ ਹੀ ਕੰਮ ਚਲਾਉਣ ਦੀ ਸੋਚੀ। ਪੰਜ ਦਸ ਵਾਰੀ ਹੱਡ ਵਗਾਹ ਕੇ ਸੁੱਟਿਆ ਤੇ ਤੁੱਕੇ ਟੁੱਟਣ ਦਾ ਕੰਮ ਖਾਸਾ ਚੰਗਾ ਰਿੜ੍ਹ ਪਿਆ। ਫੇਰ ਇਹ ਹਥਿਆਰ ਟਾਹਣੇ ਨਾਲ ਤਿੜਕਿਆ ਤੇ ਚਾਚੇ ਦੇ ਸ਼੍ਰੋਮਣੀ ਸਾਥੀ ਬਿਸ਼ਨੇ ਦੇ ਸਿਰ ਵਿਚ ਵੱਜਿਆ। ਖੋਪਰੀ ਵਿਚ ਪਾੜ ਖੁੱਲ੍ਹ ਗਿਆ ਤੇ ਲਹੂਆਂ ਦੇ ਘਰਾਲ ਵਗ ਤੁਰੇ। ਡਾਕਟਰ ਸੰਗ ਦੇ ਵਿਚ ਹੀ ਸਨ। ਬਿਸ਼ਨੇ ਨੂੰ ਢਾਬ ਦੇ ਅੰਮ੍ਰਿਤ ਕੁੰਡ 'ਤੇ ਲੈ ਜਾ ਕੇ ਘਾਅ ਚੀਕਣੀ ਮਿੱਟੀ ਨਾਲ ਭਰਿਆ, ਉਹਦੇ ਹੱਥ-ਮੂੰਹ ਤੇ ਕੱਪੜੇ ਧੋਤੇ ਤੇ ਗੋਮ-ਗੋਮੇ ਘਰ ਲਿਆ ਕੇ ਉਹਨੂੰ ਮੰਜੇ ਉਤੇ ਲਿਟਾ ਦਿਤਾ।
ਚੁਮਾਸੇ ਦੇ ਰੰਗੀਨ ਦਿਨ। ਮਿੱਤਰ ਮੰਡਲੀ ਅੰਬ ਚੂਪਣ ਨੂੰ ਬੇਚੈਨ। ਖੀਸੇ ਸਭ ਦੇ ਖਾਲੀ। ਮਾਈ ਦਿੱਤਾ ਕਹਿੰਦਾ, "ਮੈਂ ਆਪਣੇ ਤਾਏ ਦੇ ਪੈਸੇ ਚੁਰਾ ਕੇ ਲਿਆਉਨਾਂ, ਤੁਸੀਂ ਮੇਰੇ ਨਾਲ ਚੱਲੋ।"
ਦੁਕਾਨ ਨੂੰ ਜੰਦਰਾ ਵੱਜਾ ਸੀ, ਸਾਰੇ ਕੋਠੇ 'ਤੇ ਚੜ੍ਹ ਗਏ। ਲੱਕ ਨੂੰ ਪੱਗ ਬੰਨ੍ਹ ਕੇ ਮਾਈ ਦਿੱਤਾ ਮੋਘੇ ਵਿਚ ਹੇਠਾਂ ਲਮਕਾ ਦਿਤਾ ਤੇ ਜਦੋਂ ਗੱਲੇ ਦੀ ਨਕਦੀ ਕਾਬੂ ਹੋ ਗਈ, ਉਸੇ ਪੱਗ ਨਾਲ ਉਹਨੂੰ ਉਪਰ ਖਿੱਚਣ ਲੱਗੇ। ਪੱਗ ਪਰ ਐਸੀ ਸੋਧ ਕੇ ਬੱਝੀ, ਮਾਈ ਦਿੱਤਾ ਤਕੜੀ ਦੀ ਡੰਡੀ ਵਾਂਗ ਸਾਵਾਂ ਤੁਲ ਗਿਆ। ਇਕ-ਦੋ ਵਾਰ ਘਸੀਟਿਆਂ ਸਫ਼ਲਤਾ ਨਾ ਮਿਲੀ ਤਾਂ ਸਿਖੰਦੜ ਚੋਰ ਉਹਨੂੰ ਉਥੇ ਹੀ ਛੱਡ ਕੇ ਦੌੜ ਆਏ।
ਜੋ ਕੁਝ ਚਾਚੇ ਤੇ ਉਹਦੇ ਸਹਾਇਕ ਬਿਸ਼ਨੇ ਨੇ ਪਲੇਗ ਦੀ ਮਹਾਂਮਾਰੀ ਵੇਲੇ ਕੀਤਾ, ਜੇ ਉਹਦੀ ਕਦਰ ਪੈਂਦੀ ਤਾਂ ਉਨ੍ਹਾਂ ਨੂੰ ਸਰਦਾਰ-ਬਹਾਦਰੀ ਮਿਲਦੀ। ਬਿਮਾਰੀ ਬੜੀ ਭੈੜੀ ਸੀ, ਨਾ ਉਹਦਾ ਕੋਈ ਇਲਾਜ, ਨਾ ਕੋਈ ਟੂਣਾ। ਜਿਹੜਾ ਇਕ ਵਾਰੀ ਡਿੱਗ ਪਿਆ, ਉਠ ਹੀ ਨਾ ਸਕਿਆ। ਕਈ ਘਰਾਣੇ ਇਕ-ਇਕ ਦਿਨ ਵਿਚ ਹੀ ਗੁੱਲ ਹੋ ਗਏ। ਭਰੀਆਂ ਤੁੰਨੀਆਂ ਹਵੇਲੀਆਂ ਸੁੰਨੀਆਂ ਛੱਡ ਕੇ ਲੋਕ ਬਾਹਰ ਟਿੱਬਿਆਂ 'ਤੇ ਛੰਨਾ ਪਾਈ ਬੈਠੇ। ਭੈਅ ਏਨਾ ਕਿ 'ਪਲੇਗ' ਦਾ ਨਾਂ ਜ਼ਬਾਨ 'ਤੇ ਲਿਆਉਣ ਦਾ ਕਿਸੇ ਤੋਂ ਸਾਹਸ ਨਾ ਹੋਵੇ। ਮੁਰਦਿਆਂ ਦੀ ਗੱਲ ਵੱਖ, ਚੰਗੇ ਰਿਸ਼ਤੇਦਾਰ ਢਿੱਲਿਆਂ ਦੇ ਨੇੜੇ ਫਟਕਣ ਤੋਂ ਕੰਨੀਂ ਕਤਰਾਉਣ। ਸਿਮਰੂ ਬਾਣੀਆਂ ਸਬਾਤ ਵਿਚ ਪਿਆ ਸੜੀ ਜਾਵੇ ਤੇ ਘਰਦੇ ਕਹਿਣ, ਉਹ ਤਾਂ ਗਰੋਂ-ਘੋਈ ਗਿਐ। ਜਦੋਂ ਅਸਲੀਅਤ ਉਘੜੀ, ਚਾਚੇ ਨੇ ਜੰਦਰਾ ਤੋੜ ਕੇ ਉਹਨੂੰ ਸ਼ਮਸ਼ਾਨ ਵਿਚ ਲਿਆਂਦਾ ਤੇ ਉਹਦੀ ਮਿੱਟੀ ਟਿਕਾਣੇ ਲਾਈ। ਰੰਨ ਨਾ ਕੰਨ, ਚਾਚੇ ਨੂੰ ਪਲੇਗ ਦਾ ਕੀ ਡਰ ਸੀ। ਸ਼ਰਾਬ ਦੀ ਬੋਤਲ ਤੇ ਸੇਰ ਝਟਕਾ ਚਾਚੇ ਦਾ, ਤੇ ਏਨਾ ਕੁਝ ਹੀ ਬਿਸ਼ਨੇ ਦਾ, ਤੇ ਏਸ ਤਿਲ-ਫੁਲ ਬਦਲੇ ਉਹ ਦਿਨ ਤੇ ਰਾਤ ਮੁਰਦੇ ਸਾਂਭਣ ਲਈ ਪਿੰਡ ਦੇ ਗੁਲਾਮ। ਲਾਸ਼ ਨੂੰ ਗੱਡੇ 'ਤੇ ਸੁੱਟਣ, ਛੱਪੜ ਵਿਚ ਹੰਘਾਲਣ ਤੇ ਚਿਤਾ ਉਤੇ ਰੱਖ ਦੇਣ। ਲੱਕੜਾਂ ਦੇ ਜ਼ਖ਼ੀਰੇ ਮੁੱਕ ਗਏ ਤਾਂ ਛੱਤਾਂ ਦੀਆਂ ਸ਼ਤੀਰੀਆਂ ਤੇ ਚੁਬਾਰਿਆਂ ਦੀਆਂ ਪੌੜੀਆਂ ਪਾੜ ਲਈਆਂ। ਭਾਈਚਾਰੇ ਵਲੋਂ ਏਨੀ ਸੇਵਾ ਕਰਦਿਆਂ ਦਾ ਉਕਰ ਇਹ ਹੋਇਆ ਕਿ ਕੋਈ ਕਾਂਸੀ ਪਿੱਤਲ ਦੇ ਭਾਂਡਿਆਂ ਵਿਚ ਰੋਟੀ ਨਾ ਦੇਵੇ। ਠੀਕਰਿਆਂ ਵਿਚ ਪਾ-ਪਾ ਖਾਣ ਕੁੱਤੇ ਵਾਂਗੂ।
ਜਦੋਂ ਦੀ ਮੈਨੂੰ ਹੋਸ਼ ਆਈ ਹੈ, ਮੈਂ ਤਾਂ ਚਾਚੇ ਨੂੰ ਦੁੱਧ-ਚਾਹ ਦੀ ਹੱਟ ਕਰਦੇ ਹੀ ਦੇਖਿਆ ਹੈ ਪਰ ਉਹ ਦੱਸਦਾ ਹੈ, ਉਹਨੇ ਕਈ ਪਾਪੜ ਹੋਰ ਵੀ ਵੇਲੇ ਹਨ। ਵਿਦਿਆ ਪ੍ਰਾਪਤੀ ਤੋਂ ਖਹਿੜਾ ਛੁੱਟਿਆ ਤਾਂ ਉਹ ਪਹਿਲਵਾਨਾਂ ਨਾਲ ਘੁੰਮਣ ਲੱਗਾ। ਆਪ ਤਾਂ ਨਾ ਘੁਲਦਾ, ਨਾ ਸੌਂਚੀ ਪੱਕੀ ਖੇਡਦਾ; ਉਹਦਾ ਕੰਮ ਸੀ, ਦੁੱਧ ਦਾ ਗਜਾ ਕਰਨਾ ਤੇ ਬਦਾਮ ਘੋਟਣੇ। ਜੇ ਆਪਣਾ ਬੰਦਾ ਢਹਿ ਗਿਆ ਤਾਂ ਗਰਕ ਹੋਣ ਲਈ ਧਰਤੀ ਵਿਚ ਵਿਰਲਾਂ ਲੱਭਣੀਆਂ, ਤੇ ਜੇ ਜਿੱਤ ਗਿਆ ਤਾਂ ਚਾਂਘਰਾਂ ਮਾਰ ਕੇ ਤੇ ਬੱਕਰੇ ਬੁਲਾ ਕੇ ਤਾਰਿਆਂ ਦੇ ਕੰਨ ਬੋਲੇ ਕਰ ਦੇਣੇ। ਉਧਰੋਂ ਅੱਕਿਆ, ਨਚਾਰਾਂ ਨਾਲ ਜਾ ਰਲਿਆ। ਕਦੇ ਢੋਲਕੀ ਗਲ ਪਾ ਲਈ, ਕਦੇ ਮਸਾਲ ਫੜ ਲਈ। ਅੱਜ ਏਥੇ, ਕੱਲ੍ਹ ਉਥੇ।
ਚਾਚੇ ਨੂੰ ਕਵੀਸ਼ਰੀ ਸੁਣਨ ਦਾ ਵੀ ਸ਼ੌਕ ਸੀ। ਉਨ੍ਹੀਂ ਦਿਨੀਂ ਇਕ ਦਲਿਤ ਬੀਬੀ ਸੰਤੀ ਢੱਡ ਸਾਰੰਗੀ ਨਾਲ ਗਾਉਂਦੀ ਸੀ, ਇਕ ਸ਼ਿਵਦੇਵੀ ਬਾਹਮਣੀ। ਚਾਚਾ ਸ਼ੰਕਰ ਦੀ ਥਾਪਨਾ ਵਾਲੀ ਗਾਇਕਾ ਨੂੰ ਪਿੰਡ ਲੈ ਆਇਆ ਤੇ ਮਹਿਫ਼ਿਲ ਜੁੜ ਗਈ। ਚਾਚੇ ਨੂੰ ਸੋਚ ਸੀ, ਉਹ ਨਾ ਹੋਵੇ, ਪਿੰਡ ਆਈ ਕਲਾਕਾਰ ਦਾ ਮੁੱਲ ਹੀ ਨਾ ਪਵੇ। ਉਹਨੇ ਇਕ ਛਾਂਟਵਾਂ ਕਦਰਦਾਨ ਨਸ਼ੇ ਨਾਲ ਸਾਣ ਉਤੇ ਚਾੜ੍ਹ ਕੇ ਤੇ ਦੋ ਸੌ ਰੁਪਇਆ ਕਿਸੇ ਤੋਂ ਉਧਾਰ ਦਿਵਾ ਕੇ ਅਖਾੜੇ ਵਿਚ ਲਿਆ ਬਿਹਾਇਆ। ਸ਼ਿਵਦੇਵੀ ਜਦੋਂ ਵੀ ਭੌਂ ਕੇ ਉਹਦੇ ਸਾਹਮਣੇ ਆਉਂਦੀ, ਉਹ ਪੰਜ ਰੁਪਈਏ ਵਾਰ ਦਿੰਦਾ। ਇਸ ਖਰਬੂਜੇ ਦਾ ਰੰਗ ਹੋਰ ਖਰਬੂਜਿਆਂ 'ਤੇ ਚੜ੍ਹਿਆ। ਆਥਣੇ ਚਾਂਦੀ ਦੀ ਝੋਲੀ ਭਰੀ ਸ਼ਿਵਦੇਵੀ ਚਾਚੇ ਨੂੰ ਕਹਿੰਦੀ, "ਚੁੱਕ ਲੈ ਜੋ ਤੇਰੀ ਮਰਜ਼ੀ।" ਚਾਚੇ ਨੇ ਇਹਨੂੰ ਉਲਟਾ ਆਪਣਾ ਅਪਮਾਨ ਸਮਝਿਆ ਤੇ ਰੁੱਸ ਕੇ ਬਹਿ ਗਿਆ।
ਉਨ੍ਹਾਂ ਦਿਨਾਂ ਨੂੰ ਚਾਚਾ ਹੁਣ ਕਈ ਵਾਰ ਯਾਦ ਕਰ ਲੈਂਦਾ ਹੈ, "ਦੋ ਪੈਸੇ ਜੋੜ ਲੇ ਹੁੰਦੇ, ਬਿਆਹ ਈ ਹੋ ਜਾਂਦਾ।"
ਚਾਚੇ ਨੇ ਕੁਝ ਦੇਰ ਗੱਡਾ ਵੀ ਵਾਹਿਆ। ਪਸ਼ੌਰ ਤੋਂ ਪੰਜਾਹ ਕੋਹ ਹੈ ਖੰਨਾ। ਜਾਣ ਦਾ ਭਾੜਾ ਅੱਠ ਆਨੇ ਮਣ, ਤੇ ਮੁੜਨ ਦਾ ਚਾਰ ਆਨੇ ਮਣ। ਜਿਹੜੇ ਦੋ ਪੈਸੇ ਲਿਆਉਂਦਾ, ਘਰ ਖੁਹਾ ਲੈਂਦਾ। ਰਾਹ ਵਿਚ ਖਾਧੀ ਚੂਰੀ ਹੀ ਪੱਲੇ ਰਹਿ ਜਾਂਦੀ। ਹਲ ਫੜਿਆ ਤਾਂ ਉਹਦੇ ਭਰਾ, ਦੋਵੇਂ ਉਹਤੋਂ ਵੱਡੇ, ਧੀਦੋ ਦੇ ਵੀਰ ਬਣ ਕੇ ਟੱਕਰੇ। ਫਸਲ ਦੀ ਵਿਕਰੀ ਸਾਰਿਆਂ ਤੋਂ ਵੱਡੇ ਚੰਗੇ ਭਲੇ ਨੌਕਰ ਨੇ ਹਥਿਆ ਲਈ ਤੇ ਵਿਚਕਾਰਲੇ ਨੇ ਕੁਝ ਨਾ ਮਿਲਣ ਤੇ ਜਲੇਵੇਂ ਵਿਚ ਉਹਨੂੰ ਘਰੋਂ ਕੱਢ ਦਿਤਾ।
ਜਿਹੜਾ ਧੰਦਾ ਚਾਚੇ ਨੇ ਅਸਲੋਂ ਜੀਅ ਲਾ ਕੇ ਕੀਤਾ, ਉਹ ਸ਼ਰਾਬ ਦੀ ਠੇਕੇਦਾਰੀ ਸੀ। ਉਹਨੂੰ ਖੱਟੀ ਦੀ ਕੋਈ ਭੁੱਖ ਨਹੀਂ ਸੀ। ਲੋਕਾਂ ਨੂੰ ਪੀਂਦਿਆਂ ਨੂੰ ਦੇਖ ਕੇ ਹੀ ਰਾਜ਼ੀ ਰਹਿੰਦਾ। ਲਾਲ ਪਰੀ ਦਾ ਇਕ ਸ਼ੈਦਾਈ ਚਾਚੇ ਨੂੰ ਕਹਿੰਦਾ, "ਤੈਨੂੰ ਰੁਪਈਏ ਨੂੰ ਬੋਤਲ ਪੈਂਦੀ ਐ। ਤੂੰ ਮੈਨੂੰ ਭਾ ਦੇ ਭਾ ਦੇਹ। ਮੈਂ ਅੱਗੇ ਗਾਹਕ ਨੂੰ ਦੁਆਨੀ ਘਾਟਾ ਪਾ ਕੇ ਦੇਉਂ।" ਇਕ ਉਹਤੋਂ ਵੀ ਬਹੁਤ ਹੌਸਲੇ ਵਾਲਾ ਬੋਲਿਆ, "ਜਿਹੜਾ ਵੀ ਕੋਈ ਪੀਂਦੈ, ਉਹਨੂੰ ਮੇਰੇ ਪਲਿਓਂ ਪਿਆਓ ਤੇ ਜਦੋਂ ਤਕ ਢੋਲ ਨੀ ਮੁੱਕਦਾ, ਟੂਟੀ ਬੰਦ ਨਾ ਕਰੋ।"
ਗਲੀਓਂ ਗਲੀ ਹੋਕਾ ਫਿਰ ਗਿਆ। ਜਿਨ੍ਹਾਂ ਨੇ ਕਦੇ ਸਹੁੰ ਨਹੀਂ ਸੀ ਭੰਨੀ, ਉਹ ਵੀ ਮੁਫ਼ਤ ਦੀ ਪੀ ਕੇ ਲਟਬੌਰੇ ਹੋ ਗਏ। ਆਟੇ ਗੁੰਨ੍ਹਦੀਆਂ ਤੇ ਗੁਤਾਵੇ ਰਲਾਉਂਦੀਆਂ ਕਈ ਤੀਵੀਆਂ ਛੰਨੇ ਚੁੱਕ ਕੇ ਆ ਗਈਆਂ। ਪਿੰਡ ਵਿਚ ਸ਼ਰਾਬ ਦੇ ਸਦਾਵਰਤ ਦੀ ਲੀੜ੍ਹ ਤੁਰ ਪਈ। ਅੱਜ ਇਕ ਦਾ ਢੋਲ ਲੁੱਟ ਰਿਹਾ ਹੈ, ਕੱਲ੍ਹ ਦੂਜੇ ਦਾ। ਪਤਾ ਨਹੀਂ ਸੱਚ, ਪਤਾ ਨਹੀਂ ਝੂਠ, ਚਾਚਾ ਦਸਦੈ, ਚੀਨ ਦੇ ਇਕ ਨੌਕਰ ਨੇ ਆਪਣਾ ਸ਼ਰਾਬ ਦਾ ਕਰਜ਼ਾ ਚੌਦਾਂ ਸੌ ਵਿਚ ਜ਼ਮੀਨ ਧਰ ਕੇ ਤੇ ਏਨੇ ਨੂੰ ਹੀ ਵਹੁਟੀ ਵੇਚ ਕੇ ਉਤਾਰਿਆ। ਸਾਲ ਪਿੱਛੋਂ ਹਿਸਾਬ ਹੋਇਆ ਤਾਂ ਚਾਚਾ ਆਪ ਨੌਂ ਸੌ ਹੇਠ ਆਇਆ ਹੋਇਆ ਸੀ।
ਥੋੜ੍ਹੇ ਦਿਨ ਹੋਏ ਪਤਾ ਲੱਗਾ, ਚਾਚਾ ਕੈਂਸਰ ਦੇ ਨਾ-ਮੁਰਾਦ ਰੋਗ ਨੇ ਗ੍ਰਸ ਲਿਆ ਹੈ ਤੇ ਉਹ ਪਲ-ਪਲ ਕਰਾਹੁੰਦਾ ਆਪਣਾ ਅੰਤ ਉਡੀਕ ਰਿਹਾ ਹੈ। ਮੈਂ ਪਿੰਡ ਗਿਆ ਤਾਂ ਉਹ ਬੁਰੇ ਹਾਲੀਂ ਸੀ। ਰੰਗ ਦਾੜ੍ਹੀ-ਮੁੱਛਾਂ ਦੇ ਵਾਲਾਂ ਤੋਂ ਵੱਧ ਪੀਲਾ, ਚਿਹਰਾ ਸੁੱਕੇ ਬੇਰ ਵਾਂਗ ਪਿਚਕਿਆ, ਲਹੂ-ਮਾਸ ਨੁੱਚੜੀ ਦੇਹ ਐਉਂ ਪਈ ਜਿਵੇਂ ਮੰਜੇ ਦੀ ਤੀਜੀ ਬਾਹੀ ਹੋਵੇ। ਦੁੱਖ-ਸੁੱਖ ਪੁੱਛਿਆ ਤਾਂ ਗੱਲ ਟਾਲ ਕੇ ਆਪਣੇ ਬਚਪਨ ਤੇ ਜੁਆਨੀ ਦੀਆਂ ਕਹਾਣੀਆਂ ਤੋਰ ਲਈਆਂ। ਨਾ ਮੇਰੇ ਬੈਠੇ ਉਹਨੇ ਹੂੰਗਰ ਮਾਰੀ, ਨਾ ਆਪਣੀ ਕਿਸੇ ਥੁੜ੍ਹ ਤਕਲੀਫ਼ ਦਾ ਗਿਲਾ ਕੀਤਾ। ਮੈਂ ਆਉਣ ਲਈ ਉਠਿਆ ਤਾਂ ਕਹਿੰਦਾ, "ਤੂੰ ਲਿੱਸਾ ਹੋ ਰਿਹੈਂ, ਧਿਆਨ ਰੱਖਿਆ ਕਰ ਆਪਣੇ ਸਰੀਰ ਦਾ।"
ਖੋਜ ਦੱਸਦੀ ਹੈ, ਜਦੋਂ ਦੀ ਸ੍ਰਿਸ਼ਟੀ ਬਣੀ ਹੈ, ਬੇਅੰਤ ਕਿਸਮ ਦੇ ਜੀਵਾਂ ਦੀਆਂ ਨਸਲਾਂ ਨਸ਼ਟ ਹੋ ਚੁੱਕੀਆਂ ਹਨ। ਮੈਨੂੰ ਮੁੜ-ਮੁੜ ਖਿਆਲ ਆਉਂਦਾ ਹੈ, ਚਾਚੇ ਦੀ ਮੌਤ ਨਾਲ ਇਕ ਹੋਰ ਨਸਲ ਲੋਪ ਹੋ ਜਾਵੇਗੀ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)